1
ਵਿਸਾਖ ਦੇ ਅਖ਼ੀਰਲੇ ਪੱਖ ਵਿਚ ਗਰਮੀ ਛਾਲਾਂ ਮਾਰ-ਮਾਰ ਵਧ ਰਹੀ ਸੀ। ਹਾੜੀ ਦੀ ਸਾਰੀ ਫ਼ਸਲ ਖਲਵਾੜਿਆਂ ਵਿਚ ਇਕੱਠੀ ਹੋ ਚੁੱਕੀ ਸੀ ਤੇ ਹਿੰਮਤ ਵਾਲਿਆਂ ਗਾਹ ਵੀ ਪਾ ਲਏ ਸਨ। ਵੱਟਾਂ ਦੇ ਹਰਿਆਉਲੇ ਘਾਹ ਨੂੰ ਡੰਗਰਾਂ ਖੇਤ ਵਿਹਲਿਆਂ ਹੁੰਦੇ ਭਾਰ ਚੂੰਡ ਲਿਆ ਸੀ। ਦੂਰ ਤਕ ਖੇਤਾਂ ਵਿਚ ਸਵਾਏ ਸਰ੍ਹੋਂ ਦੇ ਜੜ੍ਹਾਂਗਿਆਂ ਦੇ ਕੁਝ ਨਹੀਂ ਦਿਸਦਾ ਸੀ। ਇਹ ਜੜ੍ਹਾਂਗੇ ਵੀ ਸਰਦੇ-ਪੁਜਦੇ ਸਰਦਾਰਾਂ ਦੇ ਖੇਤਾਂ ਵਿਚ ਹੀ ਰਹਿ ਗਏ ਸਨ, ਜਿਨ੍ਹਾਂ ਨੂੰ ਬਾਲਣ ਦੀ ਲੋੜ ਨਹੀਂ ਸੀ। ਤਪੇ ਤੇ ਖ਼ੁਸ਼ਕ ਖੇਤਾਂ ਵਿਚੋਂ ਵਰੋਲੇ ਘੁੰਮਰ ਪਾ ਪਾ ਲੰਘ ਰਹੇ ਸਨ। ਇਹਨਾਂ ਜੜ੍ਹਾਂਗਿਆਂ ਨੂੰ ਕਮੀਣ ਕਾਹਲੀ-ਕਾਹਲੀ ਤੋੜ ਤੋੜ ਬਾਲਣ ਦੇ ਭੰਡਾਰ ਬਣਾ ਰਹੇ ਸਨ। ਸੁੱਕੇ ਬਿਨਾਂ ਕੰਡਿਆਂ ਤੇ ਤੇਲ-ਅੰਸ ਰੱਖਣ ਕਾਰਨ ਇਹ ਜੜ੍ਹਾਂਗੇ ਵਧੀਆ ਬਾਲਣ ਸਮਝਿਆ ਜਾਂਦਾ ਹੈ। ਤਾਪੀ ਮਹਿਰੀ ਲਈ ਇਹ ਬਾਲਣ ਜ਼ਿੰਦਗੀ ਦਾ ਬੁਨਿਆਦੀ ਸਹਾਰਾ ਸੀ, ਜਿਹੜਾ ਭੱਠੀ ਹੇਠ ਬਲ ਕੇ ਸ਼ਰਬਤੀ ਕਣਕ, ਆਟਾ, ਰੋਟੀ, ਮਿੱਠੀ ਨੀਂਦ ਤੇ ਫਿਰ ਜ਼ਿੰਦਗੀ ਦਾ ਸੁੱਚਾ ਹੁਲਾਰਾ ਹੋ ਜਾਂਦਾ ਸੀ।
ਤਾਪੀ ਤੇ ਉਸ ਦੀ ਜਵਾਨ ਹੋ ਰਹੀ ਇਕੋ-ਇਕ ਧੀ ਧੰਤੋ, ਇਸ ਦੁਪਹਿਰ ਵਿਚ ਜੜ੍ਹਾਂਗਿਆਂ ਦੇ ਭਾਰ ਬਣਾ ਰਹੀਆਂ ਸਨ। ਮਾਂ ਧੀ ਦੋਹਾਂ ਨੂੰ ਨਿੱਤ ਹੱਡ-ਤੋੜਵਾਂ ਕੰਮ ਕਰਨਾ ਪੈਂਦਾ, ਤਦ ਜਾ ਕੇ ਰੋਟੀ ਦੇ ਸਿਰੇ ਹੁੰਦੀਆਂ ਸਨ ! ਦਾਤੀ ਪੈਣ ਦੇ ਦਿਨਾਂ ਤੋਂ ਲੈ ਕੇ ਹੁਣ ਤਕ ਉਹ ਕੁੱਕੜ ਦੀ ਬਾਂਗ ਨਾਲ ਉਠਦੀਆਂ, ਧੰਤੋ ਚੁੱਲ੍ਹੇ ਅੱਗ ਬਾਲਦੀ ਤੇ ਉਸ ਦੀ ਮਾਂ ਅੱਧੋਰਾਣੀ ਗੱਭਣ ਮੱਝ ਤੇ ਉਸ ਦੀ ਪਿਛਲੇਰੇ ਸਾਲ ਦੀ ਕੱਟੀ ਨੂੰ ਪੱਠੇ ਪਾਉਂਦੀ ਤੇ ਫਿਰ ਉਹਨਾਂ ਦਾ ਗੋਹਾ ਬਾਹਰ ਹਨੇਰੇ ਹਨੇਰੇ ਥੱਪ ਆਉਂਦੀ। ਏਨੇ ਸਮੇਂ ਵਿਚ ਧੰਤੋ ਚਾਹ ਬਣਾ ਕੇ ਆਪਣੇ ਬਾਪੂ ਕਿਸ਼ਨੇ ਦੇ ਸਿਰਹਾਣੇ ਰੱਖ ਦੇਂਦੀ, ਜਿਹੜਾ ਟੁੱਟੇ ਹੱਡ ਸਮੇਟਦਾ ਪਹਿਲੋਂ ਅਫ਼ੀਮ ਵਾਲੀ ਡੱਬੀ ਟੋਲਦਾ, ਫਿਰ ਖੁੱਲ੍ਹੀਆਂ ਜਟੂਰੀਆਂ ਤੇ ਉਬਾਸੀਆਂ ਦੀ ਭਰਮਾਰ ਵਿਚ ਮਾਵਾ ਮੂੰਹ ਪਾ ਲੈਂਦਾ। ਚਾਹ ਦਾ ਘੁਟ ਭਰ ਲੈਣ ਪਿਛੋਂ ਉਸ ਨੂੰ ਆਪਣਾ ਛੋਟਾ ਜਿਹਾ ਜਹਾਨ ਦਿੱਸਣ ਲੱਗ ਪੈਂਦਾ। ਥੋੜ੍ਹੇ ਸਮੇਂ ਪਿਛੋਂ ਹੀ ਨਸ਼ਾ ਆ ਜਾਣ ਤੇ ਉਹ ਇਕ ਨਵੇਂ ਸਵਰਗ ਵਿਚ ਆ ਜਾਂਦਾ ਤੇ ਉਸ ਨੂੰ ਆਪਣਾ ਛੋਟਾ ਜਿਹਾ ਜਹਾਨ ਦਿਸਣੋਂ ਬੰਦ ਹੋ ਜਾਂਦਾ। ਚਿਲਮ ਵਿਚ ਅੱਗ ਭਰ ਕੇ ਉਹ ਮੰਜੇ ‘ਤੇ ਮੁੜ ਪੈ ਜਾਂਦਾ ਤੇ ਆਪਣੀ ਸਾਥਣ ਹੁੱਕੀ ਨਾਲ ਗੱਲਾਂ ਕਰਨ ਲੱਗ ਪੈਂਦਾ।
ਓਧਰੋਂ ਦੋਵੇਂ ਮਾਂ ਧੀ ਚਾਹ ਦਾ ਘੁਟ-ਘੁਟ ਪੀ, ਜੇ ਰਾਤ ਦੀ ਬੇਹੀ ਰੋਟੀ ਬਚੀ ਹੁੰਦੀ, ਤਦ ਚਾਹ ਨਾਲ ਖਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਖੇਤਾਂ ਵਿਚ ਆ ਜਾਂਦੀਆਂ ਤੇ ਸਿੱਟੇ ਚੁਗਣੇ ਸ਼ੁਰੂ ਕਰ ਦੇਂਦੀਆਂ। ਦੋ ਢਾਈ ਘੰਟੇ ਸੂਰਜ ਚੜ੍ਹ ਆਉਣ ਤਕ ਉਹ ਖੇਤ ਖੇਤ ਸਿੱਟੇ ਚੁਣਦੀਆਂ ਰਹਿੰਦੀਆਂ, ਜਦ ਭਾਰ ਬਣ ਜਾਂਦਾ, ਉਹ ਘਰ ਨੂੰ ਪਰਤ ਪੈਂਦੀਆਂ। ਧੰਤੋ ਰੋਟੀ ਦੇ ਆਹਰ ਲੱਗ ਜਾਂਦੀ ਅਤੇ ਤਾਪੀ ਮੱਝ ਛੱਪੜ ਛੱਡ ਲੈਂਦੀ। ਕਿਸ਼ਨਾ ਮੌਜ ਵਿਚ ਆਇਆ ਘਾਹ ਦੀ ਝੋਲੀ ਲੈ ਆਉਂਦਾ, ਨਹੀਂ ਤਾਂ ਜਗਨੇ ਬਾਹਮਣ ਦੀ ਹੱਟੀ ਉਤੇ ਜੱਕੜ ਮਾਰ ਛਡਦਾ। ਜਗਨਾ ਸ਼ਤਰੰਜ ਦਾ ਖਿਲਾੜੀ ਸੀ। ਉਸ ਕਿਸ਼ਨੇ ਦਾ ਕੱਦ ਲੰਮਾ ਹੋਣ ਕਾਰਨ ਫੀਲਾ ਨਾਂ ਪਾ ਲਿਆ ਸੀ। ਸਰੀਰ ਅਤੇ ਸੁਭਾਅ ਨਾਲ ਮਿਲਦਾ ਜੁਲਦਾ ਇਕ ਵਾਧੂ ਨਾਂ ਲੋਕ ਜ਼ਰੂਰ ਦੇਂਦੇ ਹਨ ਤੇ ਬਹੁਤੀ ਵਾਰ ਗ਼ਰੀਬਾਂ ਤੇ ਕਮੀਣਾਂ ਦੇ ਅਸਲ ਨਾਂ ਟੁੱਟ ਕੇ ਅੱਧੇ ਹੀ ਰਹਿ ਜਾਂਦੇ ਹਨ, ਜਿਵੇਂ ਤਾਪੀ ਨੂੰ ਕਿਸੇ ਪ੍ਰਤਾਪ ਕੌਰ ਨਹੀਂ ਆਖਿਆ ਸੀ। ਤਾਪੀ ਮੱਝ ਤੇ ਕੱਟੀ ਨੂੰ ਨੁਹਾ ਕੇ ਬਾਹਰ ਗਲੀ ਵਿਚ ਨਿੰਮ ਦੀ ਛਾਵੇਂ ਬੰਨ੍ਹ ਦੇਂਦੀ, ਜੇ ਕਿਸ਼ਨਾ ਥੋੜਾ ਬਹੁਤ ਘਾਹ ਲੈ ਆਇਆ ਹੁੰਦਾ, ਤਾਂ ਝਾੜ ਕੇ ਉਹਨਾਂ ਨੂੰ ਪਾ ਦੇਂਦੀ, ਜਿਸ ਨੂੰ ਬਹੁਤੀ ਵਾਰ ਪੰਚਾਇਤ ਦਾ ਸਾਹਨ ਹੀ ਖਾ ਜਾਂਦਾ ਸੀ।
ਦੂਜੀ ਫੇਰੀ ਲਈ ਉਹ ਦੋਵੇਂ ਰੱਸੇ ਤੇ ਦੁਸਾਂਗ ਚੁੱਕ ਕੇ ਬਾਲਣ ਲੈਣ ਲਈ ਖੇਤਾਂ ਨੂੰ ਮੁੜ ਨਿਕਲ ਤੁਰਦੀਆਂ। ਸ਼ਾਮ ਨੂੰ ਧੰਤੋ ਭੱਠੀ ਤਪਾਉਂਦੀ ਤੇ ਉਸ ਦੀ ਮਾਂ ਸਿਲਾਂ ਚੁਗਣ ਲਈ ਇਕ ਹੋਰ ਚੱਕਰ ਮਾਰਦੀ। ਰਾਤੀਂ ਰਲ ਕੇ ਰਸੋਈ ਤਿਆਰ ਕਰਦੀਆਂ ਤੇ ਬਹੁਤੀ ਵਾਰ ਰੋਟੀ ਖਾਣ ਖੁਣੋਂ ਦੁੱਭਰ ਹੋ ਜਾਂਦੀ, ਜਦ ਕਿਸ਼ਨਾ ਬਾਹਾਂ ਚੁੱਕ ਚੁੱਕ ਫੀਲਾ ਬਣ ਕੇ ਵਖਾਉਂਦਾ ਅਤੇ ਸ਼ਰਾਬੀ ਹੋਇਆ ਤਾਪੀ ਨੂੰ ਗਾਲਾਂ ਦੀ ਸੂੜ ਧਰ ਲੈਂਦਾ। ਇਹ ਗਾਲ੍ਹਾਂ ਤਾਂ ਨਿੱਤ ਵਾਪਰਨ ਵਾਲੀ ਘਟਨਾ ਹੀ ਹੋ ਗਈਆਂ ਸਨ। ਹਾਲੇ ਸ਼ੁਕਰ ਰੱਬ ਦਾ ਕਿ ਧੌਲ-ਧੱਫਾ ਬੰਦ ਹੋ ਗਿਆ ਸੀ। ਆਪਣੇ ਮਾਲਕ ਤੋਂ ਬਲੋਂ ਤਕੜੀ ਹੁੰਦਿਆਂ ਵੀ ਤਾਪੀ ਨੇ ਅੱਗੋਂ ਕਦੇ ਹੱਥ ਨਹੀਂ ਚੁਕਿਆ ਸੀ, ਬਿਲਕੁਲ ਆਗਿਆਕਾਰ ਹਿੰਦੁਸਤਾਨੀ ਪਤਨੀ ਵਾਂਗ। ਪਰ ਜਵਾਨ ਹੋ ਰਹੀ ਧੰਤੋ ਤੋਂ ਨਿਰਦੋਸ਼ ਤੇ ਕਮਾਊ ਮਾਂ ਉਤੇ ਇਹ ਨਿੱਤ ਦਾ ਜ਼ੁਲਮ ਇਕ ਦਿਨ ਨਾ ਸਹਾਰਿਆ ਗਿਆ। ਉਸ ਅਣਖੀਲੇ ਮੁੰਡਿਆਂ ਵਾਂਗ ਬਾਪੂ ਨੂੰ ਵੰਗਾਰਿਆ, “ਬਾਪੂ! ਜੇ ਮਾਂ ਨੂੰ ਹੁਣ ਮਾਰਿਆ, ਤਾਂ ਤੂੰ ਕੀਤਾ ਪਾਵੇਂਗਾ।” ਧੀ ਨੂੰ ਮੂੰਹ ਚੜ੍ਹ ਕੇ ਬੋਲਦਿਆਂ ਸੁਣ, ਫੀਲਾ ਡਰ ਗਿਆ। ਕਿਉਂਕਿ ਸਰੀਰੋਂ ਮਾੜਾ ਹੋਣ ਕਾਰਨ ਉਹ ਜ਼ਬਰਦਸਤੀ ਨਹੀਂ ਕਰ ਸਕਦਾ ਸੀ, ਪਰ ਤਾਪੀ ਨਾਲ ਧੀ ਵੀ ਉਸ ਦੇ ਮਨੋ ਲਹਿ ਗਈ। ਸਿਵਾਏ ਨਸ਼ਿਆਂ ਅਤੇ ਆਪਣੇ ਜੁੰਡੀਦਾਰ ਯਾਰਾਂ ਦੇ ਉਸ ਦੀ ਸੱਚੀ ਮੁਚੀ ਦੁਨੀਆਂ ਅਸਲੋਂ ਸੁੱਕੜ ਗਈ। ਇਸ ਤਰ੍ਹਾਂ ਮਾਂ ਧੀ ਦੀ ਜ਼ਿੰਦਗੀ ਘਰ ਵਿਚ ਮੁਰਝਾਈ ਤੇ ਵਾਹਣਾਂ ‘ਚ ਠੇਡੇ ਖਾਂਦਿਆਂ ਬੀਤ ਰਹੀ ਸੀ। ਫਿਰ ਵੀ ਅਸਮਾਨੀ ਧੁੱਪ ਉਹਨਾਂ ਨੂੰ ਸਾੜ ਨਾ ਸਕੀ— ਸੂਲਾਂ ਜ਼ਿੰਦਗੀ ਦੀ ਤੋਰ ਵਿਚ ਭੋਰਾ ਫ਼ਰਕ ਨਾ ਪਾ ਸਕੀਆਂ, ਪਰ ਏਹੀ ਧੁੱਪ ਰਾਤੀਂ ਬੁਖਾਰ ਬਣ ਜਾਂਦੀ ਤੇ ਸੂਲਾਂ ਰੂਹ ਨੂੰ ਜੋਕਾਂ ਲੱਗ ਜਾਂਦੀਆਂ।
ਦੁੱਖ ਜ਼ਿੰਦਗੀ ਦਾ ਗਲ ਘੁਟ ਦੇਣ ਦੇ ਬਾਵਜੂਦ ਉਸ ਨੂੰ ਮਾਰ ਨਹੀ ਸਕੇ। ਮਿਹਨਤ ਦੁੱਖਾਂ ਦੇ ਮੂੰਹ ਉਤੇ ਥੱਪੜ ਮਾਰਦੀ ਹੈ ਤੇ ਜ਼ਿੰਦਗੀ ਨੂੰ ਆਪਣੀ ਬੁੱਕਲ ਵਿਚ ਲੈ ਕੇ ਹੌਸਲਾ ਦੇਂਦੀ ਹੈ।
ਉਹ ਜ਼ਿੰਦਗੀ ਦਾ ਅੱਥਰਾਇਆ ਮੂੰਹ ਚੁੰਮ ਕੇ ਉਸ ਨੂੰ ਅਜਿਹੀ ਸ਼ਕਤੀ ਬਖ਼ਸ਼ਦੀ ਹੈ, ਜਿਹੜੀ ਸਮੇਂ ਤੋਂ ਪਹਿਲੋਂ ਆਈ ਮੌਤ ਨੂੰ ਹਾਰ ਦੇ ਸਕੇ। ਤਾਪੀ ਨੇ ਕਰੜੀ ਮਿਹਨਤ ਨਾਲ ਇਕ ਬੂਟਾ ਪਾਲਿਆ ਸੀ ਤੇ ਹੁਣ ਉਹ ਸਮਝਦੀ ਸੀ, ਸ਼ਾਇਦ ਮੈਂ ਇਸ ਦੀ ਛਾਵੇਂ ਕੁਝ ਸੁਖਾਲੇ ਸਾਹ ਲੈ ਸਕਾਂ, ਜਿਹੜੇ ਮੇਰੇ ਭਾਗਾਂ ਵਿਚੋਂ ਨਖੁੱਟ ਗਏ ਸਨ। ਕਿਸ਼ਨੇ ਦੇ ਨਸ਼ੇ ਵਿਚ ਮੌਤ ਵਰਗੀ ਤਲਖੀ ਹੁੰਗਾਰ ਰਹੀ ਸੀ ਤੇ ਤਾਪੀ ਦੇ ਨਸ਼ੇ ਵਿਚੋਂ ਜ਼ਿੰਦਗੀ ਦੀ ਸੁੱਚੀ ਮਹਿਕ ਆ ਰਹੀ ਸੀ। ਤਾਪੀ ਵਾਹ ਲਗਦੀ ਧੰਤੋ ਨੂੰ ਔਖੀ ਨਾ ਹੋਣ ਦੇਂਦੀ ਤੇ ਉਸ ਦਾ ਹਰ ਤਰ੍ਹਾਂ ਖ਼ਿਆਲ ਰੱਖਦੀ ਸੀ। ਪਰ ਇਸ ਦੇ ਉਲਟ ਧੰਤੋ ਸਮਝਦੀ ਸੀ, ਮੇਰੀ ਮਾਂ ਨੇ ਸਾਰੀ ਉਮਰ ਨਰਕ ਭੋਗਿਆ ਹੈ, ਮੈਂ ਇਸ ਦਾ ਕੁਝ ਤਾਂ ਸਾਹ ਸੁਖਾਲਾ ਕਰਾਂ। ਮਾਂ ਧੀ ਵਿਚ ਸਹੇਲੀਆਂ ਵਾਲੀ ਪਿਆਰ, ਹਮਦਰਦੀ ਅਤੇ ਸਾਊ ਪਿਉ ਤੇ ਅਸੀਲ ਪੁੱਤਰ ਵਰਗੀ ਕਮਾਊ ਸਾਂਝ ਬਣੀ ਹੋਈ ਸੀ।
ਸੱਜੇ ਬੰਨਿਉਂ ਰੇਲ ਨੇ ਚੀਕ ਮਾਰੀ। ਬੱਦੋਵਾਲ ਪਿੰਡ ਤੋਂ ਰੇਲਵੇ ਸਟੇਸ਼ਨ ਥੋੜੀ ਵਿੱਥ ਨਾਲ ਸੀ। ਤਾਪੀ ਨੇ ਸਿਰ ਉਤਾਂਹ ਚੁੱਕ ਕੇ ਸੂਰਜ ਵੱਲ ਵੇਖਿਆ- ਦੁਪਹਿਰਾ ਜਵਾਨੀ ਦੇ ਸੇਕ ਵਿਚ ਸੜ ਉਠਿਆ ਸੀ। ਦੁਪਹਿਰ ਦੀ ਗੱਡੀ ਸਮੇਂ ਉਹ ਘਰ ਨੂੰ ਪਰਤ ਜਾਇਆ ਕਰਦੀਆਂ ਸਨ। ਤਾਪੀ ਨੇ ਧੰਤੋ ਵੱਲ ਵੇਖਿਆ ਤੇ ਧੰਤੋ ਨੇ ਤਾਪੀ ਵੱਲ, ਜਿਵੇਂ ਦੋਹਾਂ ਆਖੀ ਜਾਣ ਵਾਲੀ ਗੱਲ ਨੂੰ ਸਮਝ ਲਿਆ ਹੋਵੇ।
“ਰਾਹ ਵਾਲੇ ਨਲਕੇ ਤੋਂ ਪਾਣੀ ਨਾ ਪੀ ਆਈਏ ?” ਤੁਰਨ ਤੋਂ ਪਹਿਲਾਂ ਤਾਪੀ ਨੇ ਤਰੇਹ ਅਨੁਭਵ ਕੀਤੀ।
“ਹਾਂ, ਤੇਹ ਤਾਂ ਮੈਨੂੰ ਵੀ ਬੜੀ ਲੱਗੀ ਏ।” ਧੰਤੋ ਨੇ ਹਥਲਾ ਰੁੱਗ ਢੇਰ ਉਤੇ ਰੱਖ ਦਿੱਤਾ।
ਉਹ ਟਾਹਲੀ ਹੇਠ ਲੱਗੇ ਨਲਕੇ ਵੱਲ ਤੁਰ ਪਈਆਂ, ਜਿਹੜਾ ਇਕ ਔਂਤ ਜਾਂਦੇ ਸਰਦਾਰ ਨੇ ਪੁੰਨ ਵਜੋਂ ਰਾਹੀ ਪਾਂਧੀ ਦੇ ਪਾਣੀ ਪੀਣ ਲਈ ਲਵਾਇਆ ਸੀ। ਤਾਪੀ ਦੇ ਹੱਥ ਵਿਚ ਸ਼ਿਵਜੀ ਦੇ ਤਰਸੂਲ ਵਾਂਗ ਦੁਸਾਂਗ ਫੜੀ ਹੋਈ ਸੀ। ਦੋਹਾਂ ਟਾਹਲੀ ਦੀ ਛਾਵੇਂ ਝਟ ਕੁ ਦਮ ਮਾਰਿਆ। ਗੱਡੀ ‘ਛਕ ਛਕ ਕਰਦੀ ਲਾਗੋਂ ਲੰਘ ਗਈ। ਧੰਤੋ ਨੂੰ ਛੀਂਬਿਆਂ ਦੀ ਨੂੰਹ ਪਿਆਰੋ ਚੇਤੇ ਆ ਗਈ, ਜਿਹੜੀ ਪਿਛਲੇ ਮਹੀਨੇ ਗੱਡੀ ਹੇਠ ਆ ਕੇ ਵੱਢੀ ਗਈ ਸੀ। ਪਿਆਰੋ ਭਾਵੇਂ ਧੰਤੋ ਦੀ ਸਹੇਲੀ ਨਹੀਂ ਸੀ, ਪਰ ਧੰਤੋ ਪਿਆਰੋ ਦੇ ਦੁੱਖਾਂ-ਦਰਦਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਪਿਆਰੋ ਦਾ ਨਾਂ ਵੀ ਕਿਸੇ ਚੰਦਰੇ ਦਿਨ ਹੀ ਰੱਖਿਆ ਗਿਆ ਹੋਵੇਗਾ, ਕਿਉਂਕਿ ਉਸ ਨੂੰ ਹੌਸਲਾ ਤੇ ਪਿਆਰ ਕਿਸੇ ਪੱਖੋਂ ਵੀ ਨਹੀਂ ਮਿਲਿਆ ਸੀ। ਮਾਂ ਛੋਟੀ ਹੁੰਦੀ ਦੀ ਮਰ ਗਈ ਸੀ ਤੇ ਪਿਉ ਨੇ ਘਰ ਵੇਚ ਵਟ ਕੇ ਉਸ ਦਾ ਵਿਆਹ ਕਰ ਦਿੱਤਾ, ਪਰ ਸਹੁਰੇ ਆ ਜਾਣ ਤੇ ਰੱਬ ਜਾਣੇ ਉਸ ਦਾ ਜੀਅ ਜੀਅ ਵੈਰੀ ਕਿਉਂ ਹੋ ਗਿਆ। ਮਾਲਕ ਉਸ ਦਾ ਨਿਆਣਾ ਸੀ ਤੇ ਨਣਾਨ ਸੱਸ ਨੇ ਰਲ ਕੇ ਮਾਂ-ਬਾਹਰੀ ਪਿਆਰੋ ਦਾ ਉਹ ਬੁਰਾ ਹਾਲ ਕੀਤਾ ਕਿ ਦੋ ਸਾਲ ਪਿਛੋਂ ਹੀ ਵਿਚਾਰੀ ਨੇ ਨਿੱਤ ਦੀ ਕੋਹ-ਕੁਹਾਈ ਨਾਲੋਂ ਗੱਡੀ ਹੇਠ ਆ ਕੇ ਮਰਨ ਸੁਖਾਲਾ ਕਰ ਲਿਆ। ਧੰਤੋ ਨੇ ਪਿਆਰੋ ਨੂੰ ਗੱਡੀ ਹੇਠ ਕਟੀ ਹੋਈ ਨੂੰ ਆਪ ਆ ਕੇ ਵੇਖਿਆ ਸੀ। ਉਸ ਦੀ ਕਟੀ ਹੋਈ ਖੱਬੀ ਬਾਂਹ ਵਿਚ ਹਾਲੇ ਸੁਹਾਗ ਦੀਆਂ ਦੋ ਚੂੜੀਆਂ ਟੁੱਟਣ ਖੁਣੋਂ ਰਹਿ ਗਈਆਂ ਸਨ, ਜਿਹੜੀਆਂ ਅਸਲੋਂ ਸਫੈਦ ਹੋ ਚੁਕੀਆਂ ਸਨ। ਧੰਤੋ ਪਿਆਰੋ ਦੀ ਮੌਤ ਤੇ ਬੜਾ ਰੋਈ ਸੀ। ਹੁਣ ਵੀ ਉਸ ਨੂੰ ਯਾਦ ਕਰ ਕੇ ਉਹਦਾ ਮਨ ਭਰ ਆਇਆ। ਉਸ ਨਲਕਾ ਗੇੜਦੀ ਆਪਣੀ ਮਾਂ ਵੱਲ ਤੱਕਿਆ, ਫਿਰ ਉਸ ਨੂੰ ਖ਼ਿਆਲ ਆਇਆ, ਮੇਰੀ ਮਾਂ ਜਿਊਂਦੀ ਹੈ, ਜਿਹੜੀ ਮੈਨੂੰ ਕਿਸੇ ਤਰ੍ਹਾਂ ਦੀ ਤੱਤੀ ਵਾ ਨਹੀਂ ਲੱਗਣ ਦੇਵੇਗੀ। ਤਾਪੀ ਨੇ ਮੂੰਹ ਧੋਤਾ ਅਤੇ ਸ਼ਾਂਤੀ ਨਾਲ ਪਾਣੀ ਪੀਤਾ। ਉਸ ਨੂੰ ਵੇਖਿਆ ਪ੍ਰਤੀਤ ਹੁੰਦੀ ਸੀ, ਜਿਵੇਂ ਉਹ ਚਾਲ੍ਹੀਆਂ ਵਿਚ ਵੀ ਮੁਟਿਆਰ ਹੀ ਜਾਪਦੀ ਹੈ।
“ਧੰਤੋ ! ਆ ਜਾ ਨੀ, ਪੀ ਲੈ, ਫਿਰ ਚਲੀਏ !” ਤਾਪੀ ਨੇ ਨਲਕੇ ਉਤੇ ਬੈਠੀ ਨੇ ਹੀ ਪੁਕਾਰਿਆ।
ਧੰਤੋ ਉਠ ਕੇ ਨਲਕੇ ਹੇਠ ਆ ਗਈ। ਪਾਣੀ ਪੀ ਲੈਣ ਪਿਛੋਂ ਉਸ ਵੀ ਮੂੰਹ ਉਤੇ ਛਿੱਟੇ ਮਾਰੇ ਅਤੇ ਚੁੰਨੀ ਦੇ ਸਰਦਈ ਲੜ ਨਾਲ ਰਗੜ ਕੇ ਸਾਰਾ ਚਿਹਰਾ ਪੂੰਝ ਸੁੱਟਿਆ। ਮਾਂ ਨੂੰ ਖ਼ਿਆਲ ਆਇਆ, ਉਸ ਦੀ ਧੀ ਅੱਗੇ ਜਿੰਨੀ ਸੌਲੀ ਨਹੀਂ, ਸਗੋਂ ਸ਼ਰਬਤੀ ਕਣਕ ਵੰਨਾ ਰੰਗ ਸਮੇਂ ਨਾਲ ਭਾਹ ਮਾਰ ਆਇਆ ਹੈ। ਹੁਣ ਉਹਦੇ ਮਾਤਾ ਦੇ ਦਾਗ਼ ਵੀ ਭਰ ਕੇ ਬਰਾਬਰ ਹੋ ਗਏ ਸਨ। ਧੰਤੋ ਨੂੰ ਛੋਟੀ ਹੁੰਦੀ ਨੂੰ ਤਾਪੀ ਨੇ ਇਕ ਤਰ੍ਹਾਂ ਮਾਤਾ ਰਾਣੀ (ਬਿਮਾਰੀ) ਕੋਲੋਂ ਲੋਹੜੇ ਦੇ ਤਰਲਿਆਂ ਤੇ ਵਾਸਤਿਆਂ ਨਾਲ ਮੰਗ ਕੇ ਲਿਆ ਸੀ। ਜਿੰਨਾ ਚਿਰ ਧੰਤੋ ਤਕੜੀ ਨਹੀਂ ਹੋ ਗਈ ਸੀ, ਤਾਪੀ ਘੁਮਿਆਰਾਂ ਦੇ ਗਧੇ ਨੂੰ ਮਾਤਾ ਰਾਣੀ ਦੇ ਵਾਹਣ ਵਜੋਂ ਨਿੱਤ ਜੌਂ ਪਾਇਆ ਕਰਦੀ ਸੀ। ਤਾਪੀ ਨੂੰ ਧੰਤੋ ਉਤੇ ਬੜਾ ਗਰਵ ਸੀ, ਜਿਵੇਂ ਉਹ ਉਸ ਦੀ ਜੰਮਣ ਵਾਲੀ ਹੀ ਨਹੀਂ, ਸਗੋਂ ਜ਼ਿੰਦਗੀ ਦੇਣ ਵਾਲੀ ਵਿਧਮਾਤਾ ਵੀ ਹੈ। ਉਹ ਆਪਣੇ ਦਿਮਾਗ਼ ਵਿਚ ਕਿੰਨੀ ਹੀ ਤਰ੍ਹਾਂ ਦੀਆਂ ਆਸਾਂ ਨੂੰ ਜਵਾਨ ਹੁੰਦਿਆਂ ਤੇ ਧੰਤੋ ਨੂੰ ਜ਼ਿੰਦਗੀ ਦੇ ਸਾਰੇ ਸੁਖਾਂ ਵਿਚ ਰੱਜੀ-ਪੁੱਜੀ ਵੇਖ ਕਲਪਨਾ ਵਿਚ ਹੀ ਮੁਸਕਾ ਪੈਂਦੀ। ਘੱਟ ਤੋਂ ਘੱਟ ਉਹ ਆਪਣੇ ਦਿਲ ਵਿਚ ਪੱਕਾ ਨਿਸਚਾ ਕਰੀ ਬੈਠੀ ਸੀ ਕਿ ਧੰਤੋ ਨੂੰ ਆਪਣੇ ਵਰਗੀ ਦੁਰਜ਼ਿੰਦਗੀ ਵਿਚ ਨਹੀਂ ਪੈਣ ਦੇਣਾ। ਤਾਪੀ ਅਠਾਰਾਂ ਵਰ੍ਹਿਆਂ ਦੀ ਸੀ, ਜਦ ਉਸ ਨੂੰ ਪੈਂਤੀਆਂ ਦੇ ਦੁਹਾਜੂ ਕਿਸ਼ਨੇ ਨਾਲ ਨਰੜ ਦਿੱਤਾ ਗਿਆ ਸੀ। ਤਾਪੀ ਦੇ ਪਿਉ ਨੇ ਕਿਸ਼ਨੇ ਤੋਂ ਪੈਸੇ ਲਏ ਸਨ। ਇਸ ਧੌਂਸ ਕਾਰਨ ਹੀ ਸਾਰੀ ਉਮਰ ਕਿਸ਼ਨੇ ਅੱਗੇ ਤਾਪੀ ਦੀ ਧੌਣ ਉੱਚੀ ਨਹੀਂ ਉੱਠੀ ਸੀ।
“ਮਾਂ ! ਕਾਰਾ ਆਉਂਦਾ ਏ।” ਧੰਤੋ ਨੇ ਰਾਹ ਆਉਂਦੇ ਇਕ ਰਾਹੀ ਨੂੰ ਦੂਰੋਂ ਪਛਾਣਦਿਆਂ ਸੁਭਾਵਕ ਕਿਹਾ।
“ਹੈਂ, ਇਹ ਟੁੱਟ ਪੈਣਾ ਐਨੀ ਦੁਪਹਿਰ ਵਿਚ ਕਿਧਰੋਂ।” ਤਾਪੀ ਨੇ ਮੱਥੇ ‘ਤੇ ਹੱਥ ਰੱਖ ਕੇ ਵੇਖਿਆ, “ਖ਼ਬਰੇ ਕਿਥੋਂ ਲਾਈਆਂ-ਬੁਝਾਈਆਂ ਕਰਦਾ ਆਇਆ ਏ, ਇਹ ਮਰ ਕੇ ਵੀ ਭੂਤ ਬਣੇਗਾ।”
ਧੰਤੋ ਦਾ ਮਲੋ ਮਲੀ ਹਾਸਾ ਨਿਕਲ ਗਿਆ।
ਕਾਰਾ, ਜਿਸ ਦਾ ਅਸਲ ਨਾਂ ਕਰਤਾਰਾ ਸੀ, ਕਿਸ਼ਨੇ ਦਾ ਪਗ-ਵਟ ਯਾਰ-ਭਰਾ ਸੀ।
ਬੱਦੋਵਾਲ ਤੋਂ ਉਸ ਦਾ ਪਿੰਡ ਪਮਾਲ ਦੋ ਕੁ ਮੀਲ ਦੂਰ ਸੀ। ਪਰ ਉਹ ਛੜਾ-ਛਟਾਂਗ ਹੋਣ ਕਾਰਨ ਆਪਣੇ ਯਾਰ ਕਿਸ਼ਨੇ ਕੋਲ ਆਥਣ-ਸਵੇਰ ਆਉਂਦਾ ਜਾਂਦਾ ਰਹਿੰਦਾ। ਉਮਰ ਵਿਚ ਉਹ ਆਪਣੇ ਯਾਰ ਨਾਲੋਂ ਵੀ ਪੰਜ ਵਰ੍ਹੇ ਵੱਡਾ ਸੀ, ਪਰ ਉਸ ਤਾਪੀ ਦਾ ਦਿਉਰ ਬਣਨ ਦੀ ਖ਼ਾਹਸ਼ ਤੋਂ ਜਦੋਜਹਿਦ ਛੱਡੀ ਨਹੀਂ ਸੀ। ਉਸ ਦੀ ਖ਼ਾਹਸ਼ ਸੀ, ਤਾਪੀ ਉਸ ਨੂੰ ਇਕ ਵਾਰ ‘ਆ ਦਿਉਰਾ’ ਕਹਿ ਦੇਵੇ, ਉਹ ਆਪਣੀ ਸਾਰੀ ਜਟਕੀ ਸ਼ਾਨ ਉਸ ਉਤੋਂ ਨਛਾਵਰ ਕਰ ਸਕਦਾ ਹੈ। ਭਾਵੇਂ ਉਸ ਦੀ ਜਟਕੀ ਸ਼ਾਨ ਹੈ ਹੀ ਕੋਈ ਨਹੀਂ ਸੀ। ਕਿਉਂਕਿ ਉਸ ਦੀ ਮਾਂ ਨੂੰ ਪਮਾਲ ਦਾ ਇਕ ਜੱਟ ਕਿਸੇ ਮੱਸਿਆ ਦੇ ਮੇਲੇ ਤੋਂ ਖਿਸਕਾ ਕੇ, ਲੈ ਆਇਆ ਸੀ ਤੇ ਕਾਰਾ ਓਦੋਂ ਉਸ ਦੇ ਕੁੱਛੜ ਸੀ : ਹੁਣ ਇਹ ਕੋਈ ਨਹੀਂ ਸੀ ਜਾਣਦਾ ਕਿ ਕਾਰਾ ਸਚੀਂ ਜੱਟ ਦਾ ਪੁੱਤਰ ਹੈ। ਪਰ ਉਹ ਆਪਣੇ ਆਪ ਨੂੰ ਜੱਟ ਜ਼ਰੂਰ ਸਮਝਦਾ ਸੀ। ਛੋਟੀ ਉਮਰ ਵਿਚ ਉਸ ਨੂੰ ‘ਹਰਾਮਦਿਆਂ’ ਜਾਂ ਗਾਲ੍ਹ ਕੱਢ ਕੇ ਸੁਭਾਵਕ ਹੀ ਬੁਲਾਇਆ ਜਾਂਦਾ ਸੀ ਤੇ ਵੱਡੀ ਉਮਰ ਤਕ ਵੀ ਪਿੰਡ ਵਿਚੋਂ ਉਸ ਦਾ ਕੋਈ ਮੁੰਡਾ ਚਜ ਦਾ ਯਾਰ ਨਾ ਬਣ ਸਕਿਆ। ਜਵਾਨ ਹੋਣ ਤਕ ਉਹ ਇਸ ਹਰਾਮੀ ਮਾਹੌਲ ਤੋਂ ਤੰਗ ਆ ਗਿਆ ਤੇ ਭਰਤੀ ਹੋ ਗਿਆ। ਫ਼ੌਜੀ ਵਰਦੀ ਵਿਚ ਵੀ ਉਸ ਨੂੰ ਕਿਸੇ ਹੱਸ ਕੇ ਨਹੀਂ ਬੁਲਾਇਆ ਸੀ ਅਤੇ ਕਿਸੇ ਮੁਟਿਆਰ ਨਾਲ ਅੱਖ ਲੜਾਣ ਦਾ ਉਸ ਜੇਰਾ ਨਹੀਂ ਕੀਤਾ ਸੀ। ਜਦੋਂ ਮਾਲਕੀ ਦੀ ਕੋਲ ਜ਼ਮੀਨ ਵੀ ਨਾ ਹੋਵੇ, ਅਜਿਹੀ ਭੈੜੀ ਅਵਸਥਾ ਵਿਚ ਵਿਆਹ ਦਾ ਤਾਂ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਮਨ ਹੀ ਮਨ ਵਿਚ ਅੱਕਿਆ-ਸਤਿਆ ਉਹ ਕਈ ਕਈ ਸਾਲ ਛੁੱਟੀ ਵੀ ਨਾ ਆਉਂਦਾ। ਫ਼ੌਜੀ ਨੌਕਰੀ ਦੇ ਹੀ ਵਿਚਕਾਰ ਉਸ ਦੀ ਮਾਂ ਅਤੇ ਉਸ ਨੂੰ ਉਧਾਲ ਕੇ ਲੈ ਆਉਣ ਵਾਲਾ ਜੱਟ ਥੋੜੀ ਬਹੁਤ ਅਗੇਤ-ਪਛੇਤ ਨਾਲ ਇਸ ਸੰਸਾਰ ਤੋਂ ਹਮੇਸ਼ਾਂ ਲਈ ਤੁਰ ਗਏ ਸਨ। ਉਹਨਾਂ ਦੀ ਮੌਤ ਦਾ ਉਸ ਨੂੰ ਭੋਰਾ ਅਫ਼ਸੋਸ ਨਾ ਹੋਇਆ, ਸ਼ਾਇਦ ਉਸ ਦੇ ਪੁਰਾਣੇ ਬੀਮਾਰ ਮਨ ਨੇ ਸਾਹ ਸੁਖਾਲਾ ਲਿਆ ਕਿ ਹੋ ਸਕਦਾ ਹੈ ਕਿ ਇਹ ਹਰਾਮੀ ਲਾਹਨਤ ਹੁਣ ਉਸ ਦੇ ਗਲੋਂ ਲਹਿ ਜਾਏ। ਪਰ ਇਹ ਲਾਹਨਤ ਅਜਿਹੀ ਲਾਹਨਤ ਸੀ, ਜਿਹੜੀ ਉਸ ਦੀ ਮੌਤ ਪਿਛੋਂ ਵੀ ਮਰਨਾ ਨਹੀਂ ਚਾਹੁੰਦੀ ਸੀ। ਉਹ ਫ਼ੌਜੀ ਨੌਕਰੀ ਪੂਰੀ ਕਰ ਕੇ ਪੈਨਸ਼ਨ ਆ ਗਿਆ- ਉਸ ਕਈਆਂ ਸ਼ਰੀਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ— ਕਈਆਂ ਲੋਕਾਂ ਦੇ ਕੰਮ ਵੀ ਆਇਆ, ਪਰ ਨਾ ਉਸ ਨੂੰ ਕੋਈ ਜੱਟ ਮੰਨਣ ਲਈ ਤਿਆਰ ਹੋਇਆ ਤੇ ਨਾ ਹੀ ਦਿਲੋਂ ਆਪਣਾ ਭਰਾ ਬਣਾਉਣ ਲਈ। ਉਸ ਪੈਰ ਪੈਰ ਸੋਚਿਆ ਸੀ, ਇਹ ਦੁਨੀਆਂ ਕਿੰਨੀ ਨਿਰਦਈ ਹੈ, ਪੱਥਰ ਦੇ ਲੋਕ, ਜਿਨ੍ਹਾਂ ਉਤੇ ਨਾ ਪ੍ਰਾਰਥਨਾ ਅਸਰ ਕਰਦੀ ਹੈ ਤੇ ਨਾ ਹੀ ਸੇਵਾ। ਫਿਰ ਉਹ ਪੱਕਾ ਢੀਠ ਹੋ ਗਿਆ। ਉਸ ਦੇ ਦਿਲ ਦਿਮਾਗ਼ ਨੇ ਭੈੜੀਆਂ ਗੱਲਾਂ ਦਾ ਅਸਰ ਕਬੂਲਣੋਂ ਹੀ ਨਾਂਹ ਕਰ ਦਿੱਤੀ। ਉਸ ਦੇ ਦਿਲ ਬਦਲਾ ਲਊ ਭਾਵਨਾਵਾਂ ਜਾਗ ਪੈਂਦੀਆਂ ਤੇ ਉਸ ਕਮਜ਼ੋਰ ਜੇਰੇ ਨਾਲ ਵੀ ਆਪਣੇ ਵਿਰੋਧੀ ਵਾਤਾਵਰਨ ਉਤੇ ਮੋੜਵੇਂ ਹਮਲੇ ਸ਼ੁਰੂ ਕਰ ਦਿੱਤੇ।
ਕਿਸ਼ਨੇ ਦਾ ਉਹ ਦਿਲੋਂ ਬੜਾ ਕਿਰਤੱਗਯ ਸੀ, ਜਿਸ ਉਸ ਨੂੰ ਸ਼ਰਾਬ ਦੇ ਪਿਆਲੇ ਦੀ ਸਾਂਝ ਨਾਲ ਹੀ ਯਾਰ ਬਣਾ ਲਿਆ ਸੀ ਤੇ ਉਹਨਾਂ ਸ਼ਰਾਬ ਦੇ ਨਸ਼ੇ ਵਿਚ ਪੱਗਾਂ ਵੀ ਵਟਾ ਲਈਆਂ ਸਨ ਫਿਰ ਕਾਰੇ ਨੇ ਦੋਸਤੀਆਂ ਦੀਆਂ ਇਹਨਾਂ ਕੱਚੀਆਂ ਤੰਦਾਂ ਨੂੰ ਆਪਣੀ ਮਿਲਵਰਤਣ ਨਾਲ ਰੇਸ਼ਮ ਦੀ ਪੱਕੀ ਡੋਰ ਬਣਾ ਲਿਆ। ਅੱਜ ਉਹ ਆਪਣੇ ਉਤੇ ਫ਼ਖ਼ਰ ਕਰ ਸਕਦਾ ਸੀ ਕਿ ਉਸ ਕੋਲ ਯਾਰ ਹੈ ਪੱਗ-ਵੱਟ ਭਰਾ ਹੈ ਤੇ ਲਾਲੜੀ ਵਰਗੀ ਭਰਜਾਈ ਵੀ।
ਜਦ ਕਾਰਾ ਤਾਪੀ ਕੋਲ ਟਾਹਲੀ ਹੇਠ ਆਇਆ, ਤਦ ਤਾਪੀ ਨੇ ਜੇਠ ਸਮਝ ਕੇ ਥੋੜਾ ਪਾਸਾ ਵਟ ਲਿਆ ਤੇ ਪੱਲਾ ਨੀਵਾਂ ਕਰ ਲਿਆ। ਬਸ ਐਨੀ ਹੇਠੀ ਨਾਲ ਹੀ ਕਾਰੇ ਦਾ ਅੰਦਰ ਸੁਆਹ ਹੋ ਗਿਆ, ਸੜਿਆ-ਬਲਿਆ ਤਾਂ ਉਹ ਪਹਿਲਾਂ ਹੀ ਰਹਿੰਦਾ ਸੀ। ਉਸ ਕਿਸੇ ਤਰ੍ਹਾਂ ਦੀ ਚੋਟ ਮਾਰਨ ਤੋਂ ਪਹਿਲਾਂ ਹਮਦਰਦੀ ਜਤਾਉਣੀ ਹੀ ਠੀਕ ਸਮਝੀ ਤੇ ਬੋਲਿਆ :
“ਇਕ ਤੇਰੀ ਕੁੜੀ ਐ, ਕਿਉਂ ਦੁਪਹਿਰਾਂ ‘ਚ ਖੱਪਦੀ ਏਂ, ਰਾਜ ਕਰਨ ਵਾਲੇ ਥਾਂ ਵਿਆਹ ਦਿਆਂਗਾ।”
ਕਾਰੇ ਨੇ ਜਦ ਸਿਰੋਂ ਪੱਗ ਲਾਹੀ, ਵਿਚੋਂ ਗੰਜਾ ਸਿਰ ਨਿਕਲ ਆਇਆ, ਜਿਹੜਾ ਮੁੜ੍ਹਕੇ ਨਾਲ ਭਿੱਜਾ ਪਿਆ ਸੀ। ਉਸ ਦੀ ਦਾੜੀ ਇਕਮੁੱਠ ਤੇ ਦੋ ਉਂਗਲੀ ਲੰਮੀ ਸੀ, ਉਹ ਵੀ ਠੋਡੀ ਉਤੇ ਹੀ, ਜਿਸ ਵਿਚ ਕਾਲਾ ਵਾਲ ਮੁਸ਼ਕਲ ਨਾਲ ਰਹਿ ਗਿਆ ਸੀ। ਵਿਆਹ ਦੀ ਗੱਲ ਸੁਣ ਕੇ ਧੰਤੋ ਬਾਲਣ ਇਕੱਠਾ ਕਰਨ ਜਾ ਲੱਗੀ ਤੇ ਤਾਪੀ ਨੇ ਗੁੱਸਾ ਮਨ ਵਿਚ ਮਾਰ ਕੇ ਆਖਿਆ :
“ਤੈਨੂੰ ਭਾਈ ਜੀ (ਜੇਠ) ਬੀਹ ਬਾਰੀਂ ਆਖਿਆ ਏ, ਕੁੜੀ ਸਾਹਮਣੇ ਵਿਆਹ ਦੀ ਗੱਲ ਨਾ ਕਰਿਆ ਕਰ।”
“ਬਸ ਤੂੰ ‘ਭਾਈ ਜੀ’ ਕਹਿਣੋਂ ਨਾ ਹਟੀਂ। ਜਦੋਂ ਕੁੜੀ ਚਾਚਾ ਆਖ ਕੇ ਰਾਜੀ ਏ, ਤੈਨੂੰ ਕੀ ਤਰਾਜ ਐ ?”
“ਤੈਨੂੰ ਪਤਾ ਏ ਤੇਰਾ ਸਿਰ ਕਿਵੇਂ ਗੰਜਾ ਹੋਇਆ ਏ ?” ਤਾਪੀ ਘੁੰਡ ਵਿਚੋਂ ਮਿੰਨ੍ਹਾਂ ਜਿਹਾ ਹੱਸ ਪਈ।
“ਵੇਖ, ਸੌ ਸੁਖ ਦੀ ਤੂੰ ਇੱਕੋ ਇੱਕ ਭਰਜਾਈ, ਜੁੱਤੀਆਂ ਮਾਰ, ਭਾਵੇਂ ਫੁੱਲ, ਆਪਾਂ ਨਾਂਹ ਥੋੜੋਂ ਕਰਨੀ ਏਂ। ਸਾਅਬ ਦਾ ਹੁਕਮ ਸੀ ਆਪਣੇ ਤੋਂ ਵੱਡੇ ਅੱਗੇ ਅਟੈਨਸ਼ਨ ਰਹੋ।” ਕਾਰਾ ਅਟੈਨਸ਼ਨ ਹੋਣ ਦੀ ਤਿਆਰੀ ਵਿਚ ਸੀ !
“ਫੇਰ ਤੂੰ ਪਹਿਲੋਂ ਪੁੱਠੀਆਂ ਕਾਹਤੋਂ ਪਾਉਨਾ ਏਂ।” ਤਾਪੀ ਥੋੜੀ ਨਰਮ ਪੈ ਗਈ।
“ਮੇਰੀ ਸਿੱਧੀ ਵੀ ਤੂੰ ਸਮਝੇਂ” ਕਾਰੇ ਨੇ ਜਾਣ ਕੇ ਲੰਮਾ ਹਉਕਾ ਲਿਆ। “ਰੱਬ ਸਾਰਿਆਂ ਦਾ ਹੈ, ਪਰ ਸਾਲਾ ਮੇਰਾ ਹੀ ਨਹੀਂ।”
“ਤੈਨੂੰ ਆਪਣੀ ਦਾਹੜੀ ਤਾਂ ਨਹੀਂ ਦਿਸਦੀ ਹੋਣੀ ?” ਤਾਪੀ ਦਾ ਅੰਦਰ ਹੱਸ ਰਿਹਾ ਸੀ।
“ਤੂੰ ਮੂੰਹੋਂ ਫੁਟ ਸਹੀ ਦਾਹੜੀ ਤਾਂ ਭਾਬੀ ਮਿੰਟਾਂ ਸਕਿੰਟਾਂ ‘ਚ ਕਾਲੀ ਹੋ ਸਕਦੀ ਹੈ।”
“ਜੇ ਸਲੰਗ ਮੈਂ ਤੇਰੇ ਗਲ ‘ਚ ਫਸਾ ਲਈ, ਸਾਹ ਲੈਣ ਨੂੰ ਵੀ ਤਰਸੇਂਗਾ। ਜਾਂ ਤਾਂ ਮੈਨੂੰ ਅਗੋਂ ਬਲਾਈਂ ਨਾ, ਨਹੀਂ ਸਿੱਧੀ ਨੀਤ ਨਾਲ ਗੱਲ ਕਰਿਆ ਕਰ।” ਤਾਪੀ ਨੇ ਘੁੰਡ ਵਿਚੋਂ ਉਸ ਨੂੰ ਘੂਰਿਆ।
“ਮੇਰੀ ਨੀਤ ਮਾਨੇ ਨਾਲੋਂ ਵੀ ਮਾੜੀ ਐ ?” ਕਾਰੇ ਤੋਂ ਆਖਣੋਂ ਨਾ ਹੀ ਰਿਹਾ ਗਿਆ ਜਦੋਂ ਕਿ ਉਹ ਜਾਣਦਾ ਸੀ, ਤਾਪੀ ਮਾਨੇ ਦੇ ਨਾਂ ਨਾਲ ਖਿੱਝ ਉਠਦੀ ਹੈ।
“ਖੜੋ ਗਰਕ ਜਾਣਿਆਂ ਤੈਨੂੰ ਗੋਲੀ ਲੱਗੇ— ਜਹਾਨੋਂ ਔਂਤਰਾ ਜਾਵੇਂ।” ਤਾਪੀ ਗ਼ੁੱਸੇ ‘ਚ ਉਠ ਕੇ ਖਲੋ ਗਈ ਤੇ ਉਸ ਦੁਸਾਂਗ ਚੁਕ ਲਈ।
“ਜਹਾਨੋਂ ਤਾਂ ਜਿਵੇਂ ਜਾਣਾ ਏਂ, ਉਹ ਪਤਾ ਈ ਏ, ਪਰ ਸੱਚੀ ਪੁੱਛੇਂ ਤਾਂ ਤੇਰੇ ਘੱਲੇ ਹੀ ਜਾਣਾ ਹੈ। ਆਹ ਲੈ ਜਾਨੇ ਆਂ।” ਕਾਰੇ ਨੇ ਪੱਗ ਚੁੱਕ ਕੇ ਉਸੇ ਤਰ੍ਹਾਂ ਹੀ ਗੰਜੇ ਸਿਰ ਉਤੇ ਰੱਖ ਲਈ ਤੇ ਬਿਨਾਂ ਪਾਣੀ ਪੀਤੇ ਹੀ ਤੁਰ ਗਿਆ।
ਤਾਪੀ ਪਹਿਲੀ ਵਾਰ ਗ਼ੁੱਸੇ ਨਹੀਂ ਹੋਈ ਸੀ, ਸਗੋਂ ਜਦੋਂ ਵੀ ਕਾਰਾ ਇਕੱਲੀ ਨੂੰ ਮਿਲਦਾ, ਗੱਲ ਰੜਕਾਉਣੋਂ ਨਾ ਹਟਦਾ ਤੇ ਹਮੇਸ਼ਾਂ ਤਾਨ “ਗ਼ਰਕ ਜਾਣਿਆ, ਬੇਸ਼ਰਮਾ !” ਤੇ ਆ ਕੇ ਟੁੱਟਦੀ ਸੀ। ਠੁਮਕ ਠੁਮਕ ਜਾਂਦੇ ਕਾਰੇ ਨੂੰ ਵੇਖ, ਤਾਪੀ ਤੋਂ ਹਾਸਾ ਨਾ ਰੋਕਿਆ ਗਿਆ।
2
ਓਸੇ ਹਫ਼ਤੇ ਦੇ ਵੀਰਵਾਰ ਖ਼ਵਾਜੇ ਦੀ ਬਲੀ ਦੇਣੀ ਸੀ। ਦੁਪਹਿਰ ਤਕ ਮਾਨਾ ਵੀ ਆ ਗਿਆ। ਮਾਨਾ ਕਿਸ਼ਨੇ ਦੀ ਭੂਆ ਦਾ ਪੁੱਤ ਭਰਾ ਸੀ। ਉਹ ਚਾਰ ਸਾਲ ਦਾ ਸੀ, ਜਦ ਉਸ ਦੀ ਮਾਂ ਮਰ ਗਈ ਸੀ ਤੇ ਉਹ ਪਹਿਲੀ ਉਮਰ ਵਿਚ ਆਪਣੇ ਮਾਮੇ ਅਥਵਾ ਕਿਸ਼ਨੇ ਦੇ ਪਿਉ ਕੋਲ ਨਾਨਕੇ ਹੀ ਪਲਿਆ ਸੀ। ਸਰੀਰ ਦਾ ਰਿਸ਼ਟ-ਪੁਸ਼ਟ ਹੋਣ ਕਰ ਕੇ ਉਸ ਦਾ ਫੀਲੇ ਉਤੇ ਬਚਪਨ ਤੋਂ ਹੀ ਦਬਾਅ ਤੁਰਿਆ ਆ ਰਿਹਾ ਸੀ। ਕਿਸ਼ਨਾ ਆਪਣੀ ਅਯੋਗ ਗਲਤੀਆਂ ਕਾਰਨ ਮਾਨੇ ਕੋਲੋਂ ਇਕ ਦੋ ਵਾਰ ਮਾਰ ਵੀ ਖਾ ਚੁਕਾ ਸੀ। ਮਾਨੇ ਨੇ ਘਰ ਵਿਚ ਹਮੇਸ਼ਾ ਤਾਪੀ ਦੀ ਹਮਾਇਤ ਕਰਵਾਈ ਸੀ ਤੇ ਤਾਪੀ ਲਈ ਸਹੁਰੇ ਘਰ ਵਿਚ ਉਸ ਦਾ ਇਕੋ ਇਕ ਹਮਦਰਦ ਸੀ, ਜਿਸ ਕੋਲ ਉਹ ਆਪਣਾ ਦੁੱਖ-ਸੁਖ ਕਰ ਸਕਦੀ ਸੀ। ਇਹ ਗੱਲ ਕਿਸ਼ਨੇ ਨੂੰ ਅੰਦਰੋਂ-ਅੰਦਰ ਚੁਭਦੀ ਸੀ, ਪਰ ਕਰ ਕੁਝ ਨਹੀਂ ਸਕਦਾ ਸੀ। ਮਾਨਾ ਸਮਝਦਾ ਸੀ, ਘਰ ਤਾਪੀ ਦੀ ਬਰਕਤ ਤੇ ਕਿਸਮਤ ਨਾਲ ਹੀ ਚਲ ਰਿਹਾ ਹੈ। ਮੈਲੀਆਂ ਨਜ਼ਰਾਂ ਮਾਨੇ ਨੂੰ ਮੈਲੇ ਰੂਪ ਵਿਚ ਵੀ ਵੇਖਦੀਆਂ ਸਨ। ਜਦ ਮਾਨੇ ਦੇ ਮਾਮੇ ਦੀ ਮੌਤ ਹੋਈ ਸੀ, ਮਾਨਾ ਸਾਰੇ ਪਰਵਾਰ ਨਾਲੋਂ ਬਹੁਤਾ ਰੋਇਆ ਸੀ। ਉਹ ਸਮਝਦਾ ਸੀ, ਮਾਮੇ ਨਾਲ ਹੀ ਰਿਸ਼ਤੇਦਾਰੀ ਸੀ, ਪਰ ਉਸ ਸਮੇਂ ਤਾਪੀ ਨੇ ਉਹ ਨੂੰ ਹੌਸਲਾ ਦਿੱਤਾ ਤੇ ਅੱਜ ਤਕ ਓਹੀ ਹੌਸਲਾ ਰਿਸ਼ਤੇਦਾਰੀ ਵਾਲੀ ਸਾਂਝ ਤੋਰੀ ਆ ਰਿਹਾ ਸੀ। ਕੋਈ ਵੀ ਦਿਨ ਦਿਹਾਰ ਮਨਾਉਣਾ ਹੁੰਦਾ, ਮਾਨੇ ਨੂੰ ਉਸ ਦੇ ਪਿੰਡ ਗਾਲਬ ਸੁਨੇਹਾ ਭੇਜਿਆ ਜਾਂਦਾ। ਆਪਣੀ ਕਬੀਲਦਾਰੀ ਭਾਰੀ ਹੋ ਜਾਣ ਤੇ ਵੀ ਉਹ ਕਦੇ ਨਾ ਅਟਕਦਾ।
ਬੱਕਰਾ ਬਣਾਉਣ ਅਤੇ ਰਿੰਨ੍ਹਣ ਤਕ ਸਾਰਾ ਕੰਮ ਮਾਨੇ ਨੇ ਹੱਥੀਂ ਭੁਗਤਾਇਆ। ਘਰ ਵਿਚ ਸ਼ਰਾਬੀ ਤੇ ਅਫ਼ੀਮੀ ਕਿਸ਼ਨਾ ਇਕ ਤਰ੍ਹਾਂ ਨੇਕ ਕੰਮ ਦੇ ਅਯੋਗ ਸਮਝਿਆ ਜਾਂਦਾ ਸੀ, ਭਾਵੇਂ ਉਹ ਬਾਕੀਆਂ ਨਾਲੋਂ ਕਿੰਨੀ ਦਿਲੋਂ ਈਮਾਨਦਾਰੀ ਵਰਤਦਾ। ਭੋਗ ਵਜੋਂ ਮਾਸ ਦਾ ਪਹਿਲਾ ਕੜਛਾ ਖ਼ਵਾਜੇ ਦੇ ਨਮਿੱਤ ਖੂਹ ਵਿਚ ਪਾਇਆ ਗਿਆ, ਜਿਸ ਉਤੋਂ ਕਿਸ਼ਨਾ ਤੇ ਉਸ ਦੇ ਵੱਡੇ ਵਡੇਰੇ ਜੱਟਾਂ- ਸਰਦਾਰਾਂ ਦੇ ਘਰ ਕਦੇ ਪਾਣੀ ਭਰਿਆ ਕਰਦੇ ਸਨ। ਹੁਣ ਉਹ ਖੂਹ ਵਰਤੋਂ ਖੁਣੋਂ ਟੁੱਟ ਫੁਟ ਗਿਆ ਸੀ, ਕਿਉਂਕਿ ਸਾਰੇ ਘਰੀਂ ਹੱਥ ਨਲਕੇ ਲੱਗ ਚੁਕੇ ਸਨ ਤੇ ਕਿਸ਼ਨੇ ਦੀ ਪਾਣੀ ਭਰਾਈ ਬੰਦ ਹੋ ਚੁਕੀ ਸੀ। ਖ਼ਵਾਜੇ ਨੂੰ ਭੇਟਾ ਦੇਣ ਪਿਛੋਂ ਬੱਕਰਾ ਲੋਕਾਂ ਵਿਚ ਵੰਡਣਾ ਸ਼ੁਰੂ ਕਰ ਦਿੱਤਾ। ਕਿਸ਼ਨੇ ਨੇ ਵੀ ਕਰਮੰਡਲ ਭਰ ਲਿਆ ਅਤੇ ਆਪਣੇ ਯਾਰ ਜਗਨੇ ਬ੍ਰਾਹਮਣ ਅੱਗੇ ਜਾ ਰਖਿਆ। ਅਜਿਹੇ ਮੌਕੇ ਕਾਰਾ ਕਦੇ ਗੈਰ ਹਾਜ਼ਰ ਹੋਇਆ ਹੀ ਨਹੀਂ ਸੀ।
“ਕਾਰਿਆ ! ਵੇਖ ਲੈ, ਸਾਡਾ ਧਰਮ ਭਰਿਸ਼ਟ ਕਰਨ ਲਈ ਫੀਲੇ ਨੇ ਸ਼ਿਵਾਂ ਦੀ ਗੱਦੀ ਉਤੇ ਮਾਸ ਲਿਆ ਰਖਿਆ ਏ।” ਜਗਨਾ ਦਿਲੋਂ ਬੇਹੱਦ ਪ੍ਰਸੰਨ ਸੀ ਤੇ ਮਸਾਲੇਦਾਰ ਖ਼ੁਸ਼ਬੂ ਸੁੰਘ ਕੇ ਉਸ ਦਾ ਮੂੰਹ ਪਾਣੀ ਪਾਣੀ ਹੋ ਗਿਆ ਸੀ :
“ਲਉ, ਪੰਡਤ ਜੀ, ਇਹ ਮਾਸ ਥੋੜੋਂ ਏਂ, ਇਹ ਤੇ ਹੋਇਆ ਮਹਾਂ ਪ੍ਰਸ਼ਾਦ, ਸ਼ਿਵਾਂ ਦਾ ਖ਼ਾਸ ਖਾਈਆ।” ਕਾਰੇ ਦਾ ਮੂੰਹ ਵੀ ਚੁਲੀਆਂ ਕਰ ਰਿਹਾ ਸੀ।
“ਸਾਲੇ ਸ਼ਿਵ ਜੀ ਦੇ ! ਖਾਣਾ ਏਂ ਕਿ ਤੁਹਾਡੀ ਥਾਂ ਕੁੱਤੇ ਛਕਣ, ਕਿਵੇਂ ਨਖ਼ਰੇ ਕਰਦੇ ਐ।” ਫੀਲੇ ਨੇ ਅੱਗੇ ਵਧ ਕੇ ਕਰਮੰਡਲ ਨੂੰ ਹੱਥ ਪਾ ਲਿਆ।
“ਨਾ ਨਾ, ਇਸ ਤਰ੍ਹਾਂ ਭੋਲੇ ਨਾਥ ਗੁੱਸੇ ਹੋ ਜਾਣਗੇ, ਦੇਵਤੇ ਨੂੰ ਭੇਟਾ ਚੜਾ ਕੇ ਚੁਕ ਲੈਣ ਨਾਲ ਮਹਾਂ ਪਾਪ ਲਗਦਾ ਹੈ, ਸਰਬਨਾਸ਼ ਹੁੰਦਾ ਹੈ।” ਖੱਬੇ ਹੱਥ ਨਾਲ ਜਗਨੇ ਨੇ ਫੀਲੇ ਦੀ ਬਾਂਹ ਫੜ ਲਈ। ਉਸ ਦਾ ਸੱਜਾ ਹੱਥ ਜਨੇਊ ਵਿਚ ਉਲਝਿਆ ਹੋਇਆ ਸੀ। ਫੀਲਾ ਵੀ ਉਹਨਾਂ ਦਾ ਜੇਰਾ ਹੀ ਵੇਖਦਾ मी।
“ਪੰਡਤਾ ! ਇਹ ਸੁੱਕਾ ਮਾਸ ਅੰਦਰ ਕਿਵੇਂ ਗਲੇਗਾ।” ਕਾਰੇ ਨੇ ਤਿੱਖੇਪੁਣੇ ਨਾਲ ਸ਼ਰਾਬ ਦੀ ਨਵੀਂ ਮੰਗ ਸਾਹਮਣੇ ਲੈ ਆਂਦੀ, ਜਿਹੜੀ ਪੁਰਾਣੀ ਵੀ ਸੀ ਤੇ ਸਾਰਿਆਂ ਦੇ ਦਿਲ ਦੀ। “ਸਾਅਬ ਆਂਹਦਾ ਹੁੰਦਾ ਸੀ, ਮੀਟ ਦਾ ਸ਼ਰਾਬ ਨਾਲ ਮੇਲ ਐ।”
“ਬਾਈ ਕਰਤਾਰ ਸਿਆਂ, ਤੂੰ ਹੈਂ ਤਾਂ ਫ਼ੌਜੀ ਦਮੜਾ, ਪਰ ਕਦੇ ਕਦੇ ਲੱਖ ਰੁਪਈਏ ਦੀ ਗੱਲ ਕਰਦਾ ਏਂ, ਭੋਲੇ ਨਾਥ ਦੀ ਖ਼ੁਸ਼ੀ ਵਿਹੁ ਦੀ ਘੁਟ ਬਿਨਾਂ ਆਪਾਂ ਨੂੰ ਨਹੀਂ ਮਿਲਣੀ।” ਜਗਨਾ ਬਿਨਾਂ ਪੀਤਿਆਂ ਹੀ ਲੋਰ ਵਿਚ ਸਿਰ ਮਾਰ ਰਿਹਾ ਸੀ।
“ਸ਼ਿਵ ਜੀ ਮਹਾਰਾਜ ਨੂੰ ਤਾਂ ਘੁਟ ਨਾਲ ਹੀ ਸਰਜੂਗਾ, ਪਰ ਉਹਦੇ ਝੋਟੇ ਭਗਤ ਨੇ ਛੱਪੜ ਬਿਨਾਂ ਨਹੀਂ ਰੱਜਣਾ।” ਫੀਲੇ ਨਾਲ ਕਾਰੇ ਦਾ ਵੀ ਹਾਸਾ ਨਿਕਲ ਗਿਆ।
“ਭੋਲੇ ਨਾਥ ਨੂੰ ਭੋਗ ਲਵਾ ਕੇ ਉਸ ਦੇ ਬਾਹਮਣ ਨੂੰ ਤਿਹਾਇਆ ਮਾਰ ਦਿਓਗੇ— ਤੁਹਾਡੀ ਬਲੀ ਬੜੀ ਸਫਲੀ ਹੋਵੇਗੀ।”
“ਕਰਮੰਡਲ ਮੂੰਹ ਤਕ ਭਰ ਕੇ ਮਹਾਂ ਪ੍ਰਸ਼ਾਦ ਦਾ ਤੁਹਾਨੂੰ ਲਿਆ ਦਿੱਤਾ ਹੈ, ਅੱਗੇ ਤੁਹਾਡਾ ਕੰਮ ਜਾਣੇ।” ਫੀਲਾ ਏਨੀ ਕਹਿ ਕੇ ਆਪਣੇ ਆਪ ਨੂੰ ਬਰੀ ਸਮਝਣ ਲੱਗ ਪਿਆ।
“ਕਾਰਿਆ ! ਫੀਲਾ ਤਾਂ ਖਿਸਕਦਾ ਏ ?” ਪੰਡਤ ਨੇ ਚੁਸਤੀ ਨਾਲ ਕਾਰੇ ਨੂੰ ਟੋਹਣਾ ਚਾਹਿਆ।
“ਪੰਡਤਾ ! ਹੁਣ ਕੋਲ ਆਨਾ ਨਹੀਂ, ਜਦੋਂ ਪੈਨਸ਼ਨ ਆ ਗਈ, ਉਹ ਤੁਹਾਨੂੰ ਵੀ ਪਤਾ ਈ ਏ, ਏਥੇ ਹੀ ਮੁਕਣੀ ਏ !”
ਪੰਡਤ ਆਪਣੇ ਆਪ ਨੂੰ ਅੜਿਆ ਸਮਝ ਕੇ ਹੁਸ਼ਿਆਰੀ ਤੋਂ ਕੰਮ ਲੈਣ ਲੱਗਾ, ਜਿਹਾ ਕਿ ਉਹ ਪਹਿਲਾਂ ਵੀ ਕਰਿਆ ਕਰਦਾ ਸੀ। ਉਹ ਚਾਰ ਯਾਰੀ ਵਿਚ ਬਹੁਤ ਘਟ ਮਾਰ ਖਾਂਦਾ ਸੀ। ਅਜਿਹੇ ਮੌਕੇ ਉਹ ਚਾਰੇ ਜਾਂ ਫੀਲੇ ਵਿਚੋਂ ਇਕ ਨੂੰ ਪਾੜ ਲਿਆ ਕਰਦਾ।
“ਓਏ ਕਾਰਿਆ ! ਉੱਲੂਆ !! ਦਿਨ ਸੁਧ ਤਾਂ ਹੋਵੇ ਫੀਲੇ ਦੇ ਤੇ ਪਿਆਈਏ ਆਪਾਂ, ਆਪਣੇ ਵਰਗਾ ਵੀ ਕੋਈ ਝੁੱਡ ਹੋਊਗਾ ?”
“ਗੱਲ ਤਾਂ ਤੇਰੀ ਪੰਡਤਾ ਠੀਕ ਐ।” ਕਾਰਾ ਗੱਲ ਦੇ ਵਹਾ ਵਿਚ ਜਗਨੇ ਦੀ ਹਮਾਇਤ ਕਰ ਗਿਆ, ਪਰ ਦਿਲੋਂ ਉਹ ਫੀਲੇ ਦੀ ਬਚਤ ਚਾਹ ਕੇ ਰਾਜ਼ੀ ਸੀ।
“ਮੇਰੇ ਕੋਲ ਭਰਾਓ ਤਮਾਣ ਨਹੀਂ, ਮੇਰੀ ਕਿਉਂ ਘਰੋਂ ਲਾਹ-ਪਾਹ ਕਰਵਾਉਂਦੇ ਓ।” ਫੀਲਾ ਇਕ ਤਰ੍ਹਾਂ ਹਥਿਆਰ ਸੁੱਟ ਰਿਹਾ ਸੀ।
ਫੀਲੇ ਦੀ ਗੱਲ ਜਗਨੇ ਨੇ ਮੂੰਹੋਂ ਫੜ ਲਈ।
“ਅੱਗੇ ਤੇਰੇ ਕੋਲ ਸੌਂਫੇ ਕਦੋਂ ਹੁੰਦੇ ਐ, ਜਿਊਂਦੀ ਰਹੇ ਤੇਰੀ ਤਾਪੀ ਹਾੜੀ ਸਾਉਣੀ ਹੁਦਾਰ ਮੋੜਨ ਵਾਲੀ।” ਬਾਹਮਣ ਖਰੀ ਚੁਸਤੀ ਵਰਤ ਰਿਹਾ ਸੀ। “ਲੈ ਓਏ ਕਾਰਿਆ ! ਜ਼ਰਾ ਚੱਜਦੀ ਦਾਣੇਦਾਰ ਹੋਵੇ ਤੇ ਜੀਭ ਨੂੰ ਲੱਗਣ ਤੋਂ ਪਹਿਲਾਂ ਲਾਟ ਵਾਂਗੂੰ ਚੜੇ।”
ਕਾਰਾ ਚਾਰ ਰੁਪਏ ਜਗਨੇ ਤੋਂ ਲੈ ਕੇ ਦੇਸੀ ਸ਼ਰਾਬ ਦੀ ਬੋਤਲ ਲੈਣ ਲਈ ਪਤਰਾ ਵਾਚ ਗਿਆ। ਭਾਵੇਂ ਜਗਨਾ ਐਬੀ ਹਟਵਾਣੀਆ ਸੀ, ਪਰ ਨਾਵਾਂ ਲਿਖਣ ਵਿਚ ਘੋਲੀ ਨਹੀਂ ਸੀ। ਉਸ ਝੱਟ ਹੀ ਫੀਲੇ ਦੇ ਨਾਂ ਵਹੀ ਉਤੇ ਲੰਡਿਆਂ ਵਿਚ ਚੌਕਾ ਪਾ ਲਿਆ। ਹਿਸਾਬ ਕਰਦਿਆਂ ਉਹ ਰੁਪਈਆ ਖੰਡ ਦਾ ਤੇ ਰੁਪਈਆ ਖੰਡ ਵਾਲਾ ਬਾਣੀਆ ਲੇਖਾ ਵੀ ਜਾਣਦਾ ਸੀ। ਉਸ ਦੇ ਗਾਹਕ ਵੀ ਇਸ ਤਰ੍ਹਾਂ ਦੇ ਟੁੱਟੇ ਭੱਜੇ ਆਵਾਜ਼ਾਂ ਮਾਰ ਕੇ ਸੌਦਾ ਲਾਉਣ ਵਾਲੇ ਸਨ, ਜਿਨ੍ਹਾਂ ਨੂੰ ਕੋਈ ਹੋਰ ਹਟਵਾਣੀਆਂ ਨਹੀਂ ਝੱਲਦਾ ਸੀ। ਉਸ ਦਾ ਇਕੋ ਮੁੰਡਾ ਸੀ, ਜਿਹੜਾ ਕਿਤੇ ਬਾਹਰ ਆਪਣੇ ਰੁਜ਼ਗਾਰ ਸਿਰ ਸੀ ਤੇ ਉਸ ਦਾ ਜਗਨੇ ਨੂੰ ਕੋਈ ਫ਼ਿਕਰ ਨਹੀਂ ਸੀ। ਹੁਣ ਘਰ ਵਿਚ ਬਾਹਮਣ ਬਾਹਮਣੀ ਦੋਵੇਂ ਹੀ ਸਨ। ਬਾਹਮਣੀ ਜਜਮਾਨੀ ਪ੍ਰੋਹਤੀ ਵੀ ਕਰ ਲੈਂਦੀ ਸੀ, ਜਿਸ ਵਿਚ ਜਗਨੇ ਦੀ ਕੋਈ ਦਿਲਚਸਪੀ ਨਹੀਂ ਸੀ। ਉਸ ਤੋਂ ਬ੍ਰਾਹਮਣਤਵ ਇਕ ਤਰ੍ਹਾਂ ਵਿਸਰ ਹੀ ਚੁੱਕਾ ਸੀ। ਪਰ ਉਹ ਆਪਣੇ ਐਬਾਂ ਕਾਰਨ ਯਾਰਾਂ ਨਾਲ ਵੀ ਬੇਈਮਾਨੀਆਂ ਕਰਨ ਲਈ ਮਜਬੂਰ ਸੀ, ਜਿਹੜੀਆਂ ਨਸ਼ੇ ਦੀ ਲੋਰ ਵਿਚ ਉਸ ਦੀ ਰੂਹ ਨੂੰ ਬੁਰੀ ਤਰ੍ਹਾਂ ਤੋੜਦੀਆਂ ਸਨ। ਹੌਲੀ ਹੌਲੀ ਉਸ ਦੀ ਰੂਹ ਬੀਮਾਰ ਪੈ ਗਈ ਤੇ ਹੁੰਗਾਰਾ ਭਰਨੋਂ ਵੀ ਹਟਦੀ ਗਈ।
ਜਗਨਾ ਸ਼ਿਵਜੀ ਦਾ ਭਗਤ ਸੀ ਤੇ ਭੋਲੇ ਨਾਥ ਦੀ ਸਿਮਰਨ ਸਮਾਧੀ ਹਿੱਤ ਇਕ ਸਾਧੂ ਚਿਰ ਹੋਇਆ ਉਸ ਨੂੰ ਭੰਗ ਬਖਸ਼ਸ਼ ਕਰ ਗਿਆ ਸੀ। ਜਵਾਨ ਅਵਸਥਾ ਤੋਂ ਤੁਰ ਕੇ ਭੰਗ ਦਾ ਨਸ਼ਾ ਸ਼ਰਾਬ, ਅਫ਼ੀਮ ਤੇ ਗਾਂਜੇ ਤਕ ਪੁੱਜ ਗਿਆ। ਭਾਵੇਂ ਉਹ ਸਰੀਰ ਵਲੋਂ ਛਟਾਂਕੂ ਸੀ, ਪਰ ਹਰ ਤਰ੍ਹਾਂ ਤਿੱਖਾ ਤੇ ਚੁਸਤ ਸੀ। ਪਚਵੰਜਾ ਸਾਲ ਦੀ ਆਯੂ ਤਕ ਉਹ ਹਰ ਤਰ੍ਹਾਂ ਦੇ ਨਸ਼ਿਆਂ ਲਈ ਸਰਬ-ਭੱਖੀ ਹੋ ਗਿਆ ਸੀ। ਹੱਟੀ ਵੀ ਉਸ ਆਪਣੇ ਨਸ਼ੇ ਤੋਰਨ ਲਈ ਹੀ ਪਾਈ ਸੀ। ਜਦ ਪੀਣ ਖਾਣ ਦਾ ਮੌਕਾ ਆਉਂਦਾ, ਉਹ ਹੱਟੀ ਬੰਦ ਕਰ ਕੇ ਪਿਛਲੇ ਬੂਹੇ ਰਾਹ ਵਾੜੇ ਵਿਚ ਆ ਜਾਂਦਾ। ਇਹ ਹੱਟੀ ਅਤੇ ਵਾੜਾ ਉਸ ਕਿਰਾਏ ਉਤੇ ਲਏ ਹੋਏ ਸਨ ਤੇ ਉਸ ਦਾ ਆਪਣਾ ਘਰ ਪਿੰਡ ਦੀ ਦੂਜੀ ਤਰਫ਼ ਸੀ।
ਕਿਸ਼ਨਾ, ਜਿਹੜਾ ਹੁਣ ਪੱਕੀ ਤਰ੍ਹਾਂ ਫੀਲਾ ਬਣ ਚੁੱਕਾ ਸੀ, ਕਦੋਂ ਦਾ ਮੰਜਾ ਡਾਹ ਕੇ ਵਿਹੜੇ ਵਿਚ ਆ ਪਿਆ ਸੀ। ਸੂਰਜ ਦੀ ਧੁੱਪ ਕੋਠੇ ਦੀ ਅੱਧੀ ਕੰਧ ਤਕ ਰਹਿ ਗਈ ਸੀ ਤੇ ਉਹ ਗੱਲਾਂ ਗੱਲਾਂ ਵਿਚ ਬਨੇਰੇ ਨੂੰ ਚੜ੍ਹਦੀ ਰਹੀ ਸੀ। ਫੀਲਾ ਕਦੇ ਜੱਟਾਂ ਦੇ ਖੂਹ ਲਾਹੁਣ ਵਿਚ ਵਧੀਆ ਕਾਰੀਗਰ ਗਿਣਿਆ ਜਾਂਦਾ ਸੀ। ਖੂਹ ਲਾਹੁਣ ਦਾ ਕੰਮ ਅਕਲ ਨਾਲ ਬਰਾਬਰ ਦਾ ਬਲ ਵੀ ਮੰਗਦਾ ਸੀ, ਜਿਹੜਾ ਫੀਲੇ ਕੋਲ ਪਹਿਲੋਂ ਹੀ ਸੰਕੋਚਵਾਂ ਸੀ। ਕੰਮ ਦੇ ਜ਼ੋਰ ਸਮੇਂ ਫੀਲਾ ਸਾਥੀਆਂ ਦੇ ਆਖੇ-ਵੇਖੇ ਅਫ਼ੀਮ ਖਾ ਲੈਂਦਾ। ਅਫ਼ੀਮ ਖਾਣ ਪਿਛੋਂ ਉਸ ਵਿਚ ਲੋਹੜੇ ਦੀ ਫੁਰਤੀ ਆ ਜਾਂਦੀ ਤੇ ਉਹ ਆਪਣੀ ਤਾਕਤ ਨਾਲੋਂ ਕਿਤੇ ਬਹੁਤਾ ਕੰਮ ਕਰ ਜਾਂਦਾ। ਪੱਕੀ ਉਮਰ ਵਿਚ ਉਸ ਦਾ ਦੂਜਾ ਵਿਆਹ ਹੋਇਆ ਸੀ, ਓਦੋਂ ਉਸ ਨੂੰ ਪੂਰੀ ਤਰ੍ਹਾਂ ਅਫ਼ੀਮ ਦਾ ਗੇਝਾ ਨਹੀਂ ਸੀ ਪਿਆ, ਪਰ ਸੁਹਣੀ ਸਿਹਤ ਵਾਲੀ ਤਾਪੀ ਨੂੰ ਉਹ ਹਰ ਤਰ੍ਹਾਂ ਬਲਵਾਨ ਦਿੱਸਣ ਲਈ ਵੀ ਅਫ਼ੀਮ ਦੀ ਵਰਤੋਂ ਕਰਦਾ ਰਿਹਾ। ਗੱਲ ਕੀ, ਹੌਲੀ ਹੌਲੀ ਨਸ਼ੇ ਦਾ ਚਸਕਾ ਵਧਦਾ ਗਿਆ ਤੇ ਬਲੋਂ ਢਾਹ ਕੇ ਅਫ਼ੀਮ ਨੇ ਫੀਲੇ ਨੂੰ ਆਪਣਾ ਰੰਨ-ਮੁਰੀਦ ਬਣਾ ਲਿਆ। ਹੁਣ ਇਹ ਹਾਲਤ ਸੀ ਕਿ ਅਫ਼ੀਮ ਨਾਲੋਂ ਵੱਡਾ ਧਰਮ ਤੇ ਰਿਸ਼ਤੇਦਾਰ ਉਸ ਦਾ ਕੋਈ ਨਹੀਂ ਸੀ। ਲੋੜ ਅਨੁਸਾਰ ਉਹ ਬਾਕੀ ਨਸ਼ਿਆਂ ਨਾਲ ਵੀ ਭੱਲ ਪੂਰੀ ਕਰ ਲੈਂਦਾ ਸੀ।
“ਕਾਰਾ ਤਾਂ ਕਿਤੇ ਜਾ ਕੇ ਮਰ ਗਿਆ ?”
ਜਗਨੇ ਦੀ ਆਵਾਜ਼ ਨੇ ਫੀਲੇ ਨੂੰ ਸੁਚੇਤ ਕਰ ਦਿੱਤਾ। ਜਗਨੇ ਲਈ ਮਹਿਬੂਬ ਦੇ ਦੇਰ ਕਰ ਦੇਣ ਵਰਗੀ ਅਵਸਥਾ ਪੈਦਾ ਹੋਈ ਹੋਈ ਸੀ।
“ਓਏ ਮੈਨੂੰ ਕਦੇ ਤਾਂ ਜਿਊਂਦਾ ਮਰ ਲਿਆ ਕਰੋ।” ਕਾਰਾ ਝਟ ਹੀ ਤਖ਼ਤੇ ਓਹਲਿਓਂ ਨਿਕਲ ਆਇਆ, “ਰੱਬ ਨੇ ਤਾਂ ਮਾਰਨ ਵਿਚ ਕਸਰ ਨਹੀਂ ਛੱਡੀ।” ਉਹ ਯਾਰਾਂ ਦੀ ਯਾਰੀ ਵਿਚੋਂ ਸੁਆਦ ਉਧਾਰਾ ਲੈ ਲੈ ਜ਼ਿੰਦਗੀ ਨੂੰ ਧੋਖਾ ਨਹੀਂ ਤਾਂ ਲਾਰਾ ਜ਼ਰੂਰ ਦੇ ਰਿਹਾ ਸੀ। ਉਸ ਡੱਬ ਵਿਚੋਂ ਬੋਤਲ ਕੱਢ ਕੇ ਛਲਕਾਈ।
“ਤੂੰ ਪੁੱਤਰਾ ! ਜੁਗ ਜੁਗ ਜੀਵੇਂਗਾ। ਜੀਹਦੇ ਸਿਰ ਉਤੇ ਭੋਲੇ ਨਾਥ ਦਾ ਹੱਥ ਹੋਵੇ, ਉਹਦੀ ਵਾ ਵੱਲ ਕੌਣ ਝਾਕ ਸਕਦਾ ਹੈ।” ਬੋਤਲ ਵੇਖ ਕੇ ਬਾਹਮਣ ਨੂੰ ਇਕਦਮ ਲਾਲੀ ਚੜ੍ਹ ਗਈ।
ਪੀਣ ਵਾਲਾ ਬਾਕੀ ਸਭ ਸਾਮਾਨ ਤਿਆਰ ਸੀ। ਪੰਡਤ ਨੇ ਗੁਰੂ ਵਜੋਂ ਪਹਿਲ ਕੀਤੀ ਅਤੇ ਧਰਤੀ ਨੂੰ ਸ਼ਰਾਬ ਦੀਆਂ ਬੂੰਦਾਂ ਨਮਸਕਾਰਦਿਆਂ ਆਖਿਆ :
“ਓਮ, ਜੈ ਸ਼ੰਭੂ ! ਗੱਡ ਦੇ ਤੰਬੂ। ਜਿਹੜਾ ਪੀਵੇ, ਸ਼ਿਵਾਂ ਦਾ ਦਾਸ। ਜੋ ਨਾ ਪੀਵੇ, ਉਸ ਦਾ तव दाम………
“……ਓਮ !……!” ਜਗਨੇ ਨੇ ਗਲਾਸ ਮੂੰਹ ਲਾਇਆ ਤੇ ‘ਗਟ ਗਟ ਪੀ ਕੇ ਖ਼ਤਮ ਵੀ ਕਰ ਦਿੱਤਾ।
“ਸਾਲਾ ਪਖੰਡ ਕੀ ਕਰਦਾ ਦੇ ਝੋਟਾ !” ਫੀਲੇ ਤੋਂ ਆਖਣੋਂ ਨਾ ਰਿਹਾ ਗਿਆ। ਉਸ ਆਪਣਾ ਹਾੜਾ ਪਾਇਆ ਤੇ ਝਟ ਹੀ ਡਕਾਰ ਲਿਆ।
ਸ਼ਿਵਾਂ ਦਾ ਨਾਂ ਲਿਆ ਪਾਪ ਖੰਡੀਦੇ ਐ ਤੇ ਬਕੁੰਠਾਂ ਦੇ ਦਰ ਖੁਲ੍ਹਦੇ ਐ।” ਜਗਨੇ ਨੇ ਪੱਗ ਲਾਹ ਕੇ ਰੱਖ ਦਿੱਤੀ ਅਤੇ ਲੰਮੇ ਬੋਦੇ ਨੂੰ ਉਂਗਲ ਉਤੇ ਲਪੇਟਣ ਲੱਗ ਪਿਆ। ਦੂਜੇ ਹੱਥ ਨਾਲ ਉਹ ਕਰਮੰਡਲ ਵਿਚੋਂ ਸੰਖੀਆਂ ਟੋਹ ਟੋਹ ਵੀ ਛਕ ਰਿਹਾ ਸੀ।
“ਬੜਿਆਂ ਬਕੁੰਠਾਂ ‘ਚ ਤੂੰ ਸੌ ਵਾਰ ਜਾ ਵੜੀਂ, ਪਰ ਸਾਡੇ ਵਰਗੇ ਝੁੱਡੂ ਯਾਰ ਨਹੀਂ ਤੈਨੂੰ ਥਿਆਉਣੇ।” ਕਾਰੇ ਨੇ ਬਾਹਮਣ ਦੇ ਬੋਦੇ ਵਾਲੀ ਥਾਂ ਕਰਾਰੀ ਜੜ ਦਿੱਤੀ। ਉਸ ਆਪਣੀ ਵਾਰੀ ਲਾ ਕੇ ਬੋਤਲ ਕਾਰੇ ਅੱਗੇ ਕਰ ਦਿੱਤੀ।
“ਸਾਲਿਓ ਸੋ ਨਰਕ ਗਾਹ ਲਿਓ, ਮੇਰੇ ਵਰਗਾ ਗੁਰੂ ਵੀ ਤੁਹਾਨੂੰ ਨਹੀਂ ਮਿਲਣਾ।” ਜਗਨੇ ਨੇ ਗਲਾਸ ਆਪਣੀ ਹਿੱਕ ਵਿਚ ਮਾਰਿਆ।
“ਤੂੰ ਬਾਹਮਣਾ ਗੁਰੂ ਆਂਹਦਾ ਏਂ, ਜਦੋਂ ਅਸਾਂ ਨਰਕਾਂ ‘ਚ ਬੋਤਲ ਛਲਕਾਈ, ਤੇਰੇ ਬਕੁੰਠਾਂ ਵਾਲੇ ਸ਼ਹਿਦ ਦੀਆਂ ਮੱਖੀਆਂ ਵਾਂਗ ਕੰਧਾਂ ਉਤੋਂ ਦੀ ਟੱਪ ਟੱਪ ਵੇਖੀਂ ਕਿਵੇਂ ਡਿੱਗਦੇ ਐ।” ਨਸ਼ਾ ਕਾਰੇ ਦੀ ਨਾੜ ਨਾੜ ਵਿਚ ਫਿਰ ਗਿਆ ਸੀ।
“ਤੁਹਾਨੂੰ ਨਰਕਾਂ ‘ਚ ਪੀਣ ਕੌਣ ਦੇਵੇਗਾ ?”
“ਹੋਰ ਸੁਰਗਾਂ ‘ਚ ਪੀਣ ਦੇਣਗੇ, ਜਿਥੇ ਨਾਮ ਈ ਜਪੀਦਾ ਏ।” ਫੀਲੇ ਨੇ ਕਰਮੰਡਲ ਜਗਨੇ ਅਗਿਓਂ ਚੁੱਕ ਲਿਆ।
ਸੂਰਜ ਕਦੋਂ ਦਾ ਛਿਪ ਚੁੱਕਾ ਸੀ। ਗੁਰਦਵਾਰੇ ਦੇ ਘੜਿਆਲ ਨਾਲ ਮੰਦਰ ਦਾ ਸੰਖ ਵੀ ਬੋਲ ਪਿਆ। ਜਗਨੇ ਨੇ ਸ਼ਿਵ ਓਮ, ਸ਼ਿਵ ਓਮ !” ਤੇ ਕਾਰੇ ਨੇ ‘ਵਾਹਿਗੁਰੂ, ਸਤਿਨਾਮ !’ ਪੁਕਾਰਿਆ। ਉਹਨਾਂ ਨੂੰ ਸ਼ਰਾਬ ਮਾਸ ਦੇ ਡਕਾਰ ਆ ਰਹੇ ਸਨ ਤੇ ਉਹ ਆਪਣੀ ਸ਼ਰਧਾ ਅਨੁਸਾਰ ਪਵਿੱਤਰ ਹੋਣ ਦੇ ਵੀ ਯਤਨ ਕਰ ਰਹੇ ਸਨ। ਫੀਲਾ ਚੁੱਪ ਚਾਪ ਉਹਨਾਂ ਦੀਆਂ ਕਰਤੂਤਾਂ ਵੇਖਦਾ ਰਿਹਾ। ਪੀਂਦਿਆਂ ਖਾਂਦਿਆਂ ਅਤੇ ਯਬਲੀਆਂ ਮਾਰਦਿਆਂ ਉਹਨਾਂ ਡੂੰਘਾ ਹਨੇਰਾ ਪਾ ਦਿੱਤਾ। ਉਹਨਾਂ ਘੁਟ ਘੁਟ ਪੀਂਦਿਆਂ ਵੀ ਦੋ ਬੋਤਲਾਂ ਦੇ ਕਰੀਬ ਖ਼ਤਮ ਕਰ ਦਿੱਤੀਆਂ ਸਨ। ਮਾਨਾ ਫੀਲੇ ਨੂੰ ਲੈਣ ਆ ਗਿਆ।
ਕਾਰੇ ਨੇ ਕਰਮੰਡਲ ਖ਼ਾਲੀ ਵੇਖ ਕੇ ਪੁੱਛਿਆ :
“ਬਾਈ ਮਾਨ ਸਿਆਂ ! ਮਹਾਂ ਪ੍ਰਸ਼ਾਦ ਹੋਰ ਹੈ ?”
“ਉਹ ਤਾਂ ਓਦੋਂ ਹੀ ਵੰਡ ਦਿੱਤਾ ਸੀ।” ਮਾਨਾ ਇਹਨਾਂ ਦੀ ਮਹਿਫ਼ਲ ਖ਼ਤਮ ਕਰਨਾ ਚਾਹੁੰਦਾ मी।
“ਮੈਂ ਤਾਂ ਬਾਈ ਇਕ ਦੋ ਸੈਂਖੀਆਂ, ਬਾਕੀ ਇਹ ਜਾਨਣ।” ਕਾਰੇ ਤੋਂ ਗੱਲ ਪੂਰੀ ਨਾ ਹੋਈ।
“ਮੈਨੂੰ ਇਹਨਾਂ ਦਾ ਢਿੱਡ ਹੀ ਦੀਹਦਾ ਦੇ ਕਰਮੰਡਲ ਖਾਣ ਵਾਲਿਆਂ ਦਾ।” ਮਾਨੇ ਦੀ ਗੱਲ ਤੇ ਸਾਰਿਆਂ ਦਾ ਹਾਸਾ ਨਿਕਲ ਗਿਆ।
“ਬਾਈ ਤੂੰ ਪੀ।” ਕਾਰੇ ਨੇ ਮਾਨੇ ਨੂੰ ਬਾਹੋਂ ਫੜ ਕੇ ਖਿੱਚਿਆ।
“ਨਹੀਂ, ਤੁਸੀਂ ਉਠੋ ਤੇ ਰੋਟੀ ਖਾਓ।”
“ਨਹੀਂ ਬਾਈ ! ਤੇਰੇ ਦਿਲ ‘ਚ ਕੋਈ ਗੁੱਸਾ ਏ।” ਕਾਰੇ ਨੂੰ ਆਪਣੇ ਅੰਦਰ ਦਾ ਪਾਲਾ ਮਾਰਦਾ ਸੀ।
ਮਾਨਾ ਸਮਝਦਾ ਤਾਂ ਸਭ ਕੁਝ ਸੀ, ਪਰ ਕਾਰੇ ਨੂੰ ਸ਼ਰਾਬੀ ਜਾਣ ਕੇ ਚੁੱਪ ਕਰ ਗਿਆ। ਫੀਲੇ ਨੇ ਉਸ ਨੂੰ ਹੱਥ ਦਾ ਇਸ਼ਾਰਾ ਕਰਦਿਆਂ ਆਖਿਆ :
“ਤੂੰ ਚਲ ਮਾਨੂੰ ! ਹੁਣੇ ਆਉਂਦੇ ਆਂ।”
ਮਾਨਾ ਚਲਿਆ ਗਿਆ। ਉਸ ਦੇ ਜਾਣ ਪਿਛੋਂ ਕਾਰਾ ਮਾਨੇ ਦੀਆਂ ਵਾਢਵੀਆਂ ਗੱਲਾਂ ਫੀਲੇ ਨੂੰ ਰੜਕਾਉਣ ਲੱਗ ਪਿਆ। ਗੁੱਸਾ ਫੀਲੇ ਦੇ ਅੰਦਰ ਪਹਿਲਾਂ ਵੀ ਸੀ, ਉਸ ਦੇ ਬਾਹਰ ਆਉਣ ਲਈ ਕਾਰੇ ਨੇ ਖੁਰਚ ਖੁਰਚ ਕੇ ਰਾਹ ਬਣਾ ਦਿੱਤਾ। ਜਦੋਂ ਉਹ ਜਗਨੇ ਕੋਲੋਂ ਉਠ ਕੇ ਆਪਣੇ ਘਰ ਦੇ ਬੂਹੇ ਅੱਗੇ ਆਏ, ਕਾਰੇ ਨੇ ਸ਼ਰਾਬੀ ਫੀਲੇ ਨੂੰ ਬਾਹੋਂ ਫੜ ਕੇ ਰੋਕ ਲਿਆ। ਅੰਦਰ ਤਾਪੀ ਤੇ ਮਾਨਾ ਉਹਨਾਂ
ਦੋਹਾਂ ਦੀਆਂ ਗੱਲਾਂ ਕਰ ਰਹੇ ਸਨ :
“ਚੰਗੇ ਚੰਗੇ ਸਾਕ ਮੇਰੇ ਹੱਥਾਂ ‘ਚ ਹੈਗੇ, ਤੁਸੀਂ ਕੁੜੀ ਖੂਹ ‘ਚ ਨਾ ਸੁੱਟ ਦਿਓ ਕਿਤੇ।” ਮਾਨਾ ਕਹਿ ਰਿਹਾ ਸੀ।
“ਤੇਰਾ ਬਾਈ ਤਾਂ ਚੁੱਪ ਹੀ ਰਹਿੰਦਾ ਏ, ਇਹ ਕਾਰਾ-ਹਤਿਆਰਾ ਘੁੜਿਤਾਂ ਕਰਨੋਂ ਨਹੀਂ ਹਟਦਾ।”
“ਮੈਂ ਵੀ ਬਾਈ ਦੇ ਮੂੰਹ ਵੱਲ ਹੀ ਵੇਖਦਾ ਹਾਂ, ਏਸ ਕਾਰੇ ਨੇ ਹੱਡ ਮੇਰੇ ਕੋਲੋਂ ਹੀ ਤੁੜਾਉਣੇ ਨੇ।”
“ਲੈ ਬਈ ਭਰਾਵਾ ਮੈਂ ਤਾਂ ਜਾਂਦਾ ਹਾਂ।” ਕਾਰੇ ਦਾ ਇਕ ਦਮ ਨਸ਼ਾ ਲਹਿ ਗਿਆ। “ਮੇਰੇ ਕੋਲੋਂ ਨਹੀਂ ਹੱਡ ਤੁੜਵਾਏ ਜਾਂਦੇ। ਪਹਿਲੋਂ ਪਤਾ ਹੁੰਦਾ ਤਾਂ ਆਪਾਂ ਪੱਗਾਂ ਕਾਹਨੂੰ ਵਟਾਉਣੀਆਂ ਸੀ।” ਪੱਗਾਂ ਵਟਾਉਣ ਵਾਲੀ ਗੱਲ ਫੀਲੇ ਦੇ ਗੁੱਸੇ ਨੂੰ ਸੀਖ ਲਾਉਣ ਵਾਸਤੇ ਹੀ ਉਸ ਰੜਕਾਈ ਸੀ।
ਫੀਲੇ ਅੰਦਰ ਸੁਲਗਦੀ ਅੱਗ ਉਤੇ ਤੇਲ ਪੈ ਗਿਆ। ਉਹ ਕਾਰੇ ਦਾ ਹੱਥ ਖਿੱਚ ਕੇ ਅੰਦਰ ਲੈ ਗਿਆ ਤੇ ਜਾਂਦਿਆਂ ਹੀ ਬੋਲ ਪਿਆ :
“ਇਹ ਘਰ ਤੇਰੇ ਆਉਂਦਾ ਏ ਕਿ ਮੇਰੇ ਮਾਨੂੰ ?”
“ਤੂੰ ਅਜਿਹੀਆਂ ਗੱਲਾਂ ਕਰਨੀਆਂ ਏਂ ਤਾਂ ਮੈਂ ਜਾਂਦਾ ਹਾਂ।” ਕਾਰੇ ਨੇ ਆਪਣੇ ਆਪ ਨੂੰ ਸੱਚਿਆਂ ਵਿਖਾਉਣ ਲਈ ਆਖਿਆ।
“ਨਹੀਂ, ਮੈਂ ਤੈਨੂੰ ਨਹੀਂ ਜਾਣ ਦਿਆਂਗਾ।” ਫੀਲਾ ਇਕ ਤਰ੍ਹਾਂ ਭਬਕ ਪਿਆ।
ਮਾਨਾ ਫੀਲੇ ਦੀ ਗ਼ੁਸੈਲੀ ਆਵਾਜ਼ ਝਟ ਤਾੜ ਗਿਆ। ਉਸ ਧੀਰਜ ਤੋਂ ਕੰਮ ਲੈਣਾ ਹੀ ਚੰਗਾ ਸਮਝਿਆ।
“ਮੈਂ ਇਸ ਘਰ ਨੂੰ ਆਪਣਾ ਘਰ ਨਹੀਂ ਸਮਝ ਸਕਦਾ ?”
“ਨਹੀਂ।” ਫੀਲੇ ਦੇ ਮੂੰਹੋਂ ਸੁਭਾਵਕ ਹੀ ਜ਼ੋਰ ਦੀ ਨਿਕਲ ਗਿਆ, ਪਰ ਉਹ ਦਿਲੋਂ ਇਹ ਗੱਲ ਬਿਲਕੁਲ ਨਹੀਂ ਕਹਿਣਾ ਚਾਹੁੰਦਾ ਸੀ।
ਮਾਨਾ ਚੰਗੀ ਤਰ੍ਹਾਂ ਜਾਣਦਾ ਸੀ, ਫੀਲਾ ਕਦੇ ਉਸ ਨੂੰ ਅਜਿਹੀ ਗੱਲ ਨਹੀਂ ਕਹਿ ਸਕਦਾ। ਇਸ ਨੂੰ ਜ਼ਰੂਰ ਕਾਰੇ ਨੇ ਕੁਝ ਨਾ ਕੁਝ ਸਿਖਾਇਆ ਏ। ਪਰ ਮਾਨੇ ਦੇ ਸਵੈ-ਮਾਨ ਨੂੰ ਭਾਰੀ ਸੱਟ ਲੱਗੀ।
ਉਸ ਫਿਰ ਵੀ ਲੰਮੀ ਸੋਚਦਿਆਂ ਗੱਲ ਨੂੰ ਟਾਲਿਆ :
“ਤੂੰ ਤਾਂ ਸ਼ਰਾਬੀਆਂ ਵਾਲੀਆਂ ਗੱਲਾਂ ਕਰਦਾ ਏਂ।”
ਧੰਤੋ ਭਾਵੇਂ ਸੁੱਤੀ ਨਹੀਂ ਸੀ, ਪਰ ਤਿੱਖੀਆਂ ਤੱਤੀਆਂ ਸੁਣ ਕੇ ਉਹ ਵੀ ਉਠ ਕੇ ਬਹਿ ਗਈ। ਤਾਪੀ ਦੇ ਦਿਲ ਵਿਚ ਫੀਲੇ ਦਾ ‘ਨਹੀਂ’ ਸ਼ਬਦ ਸਾਂਗ ਵਾਂਗ ਗੱਡਿਆ ਗਿਆ। ਉਸ ਵੀ ਹਲਕੇ ਜਿਹੇ
ਗ਼ੁੱਸੇ ਨਾਲ ਆਖਿਆ :
“ਰੋਟੀ ਖਾਣੀ ਏਂ ਕਿ ਲੋਕਾਂ ਨੂੰ ਤਮਾਸ਼ਾ ਵਿਖਾਉਣਾ ਏਂ ?” ਉਸ ਰੋਟੀ ਪਹਿਲੋਂ ਹੀ ਪਾ ਛੱਡੀ ਸੀ ਅਤੇ ਥਾਲੀ ਫੀਲੇ ਦੇ ਮੰਜੇ ਉਤੇ ਲਿਆ ਰੱਖੀ।
ਫੀਲੇ ਨੇ ਥਾਲੀ ਚੁੱਕ ਲਈ ਅਤੇ ਕਾਰੇ ਦੇ ਫੜਦਿਆਂ-ਫੜਦਿਆਂ ਚੁੱਲ੍ਹੇ ਵਿਚ ਮਾਰੀ।
“ਮੈਂ ਨਹੀਂ ਰੋਟੀ ਖਾਣੀ ਸੂਰਨੀਏ ! ਜਦੋਂ ਮੇਰੇ ਭਰਾ ਨੂੰ ਭਰਾ ਨਹੀਂ ਸਮਝਦੇ।” “ਮੈਂ ਨਹੀਂ ਤੇਰਾ ਭਰਾ ਲੱਗਦਾ ?” ਐਤਕੀਂ ਮਾਨੇ ਨੂੰ ਵੀ ਗੁੱਸਾ ਚੜ੍ਹ ਆਇਆ। “ਨਹੀਂ, ਤੂੰ ਤਾਂ ਸ਼ਰੀਕ ਵੀ ਬਣਦਾ ਐਂ”, ਪਤਾ ਨਹੀਂ ਅੱਜ ਫੀਲੇ ਨੂੰ ਕਿਹੋ ਜਿਹੀਆਂ ਚੜ੍ਹ ਗਈਆਂ ਸਨ। ਮਾਨੇ ਨਾਲ ਤਾਪੀ ਅਤੇ ਧੰਤੋ ਵੀ ਹੈਰਾਨ ਸਨ।
ਮਾਨੇ ਦਾ ਗੁੱਸਾ ਤੰਦੂਰ ਵਾਂਗ ਭੱਖ ਉਠਿਆ। ਉਸ ਦੇ ਜੀ ਵਿਚ ਆਈ, ਦੋਹਾਂ ਉਤੇ ਤੌਣੀ ਲਾ ਕੇ ਏਥੋਂ ਤੋਰ ਜਾਂ। ਕਾਰਾ ਆਪਣੀ ਚਤਰਾਈ ਵਜੋਂ ਇਸ ਗੁਸੈਲੇ ਸਮੇਂ ਵਿਚਕਾਰ ਬੋਲ ਪਿਆ :
“ਬਾਈ ! ਇਹ ਤਾਂ ਸ਼ਰਾਬ ਹੈ, ਤੂੰ ਹੀ ਚੁੱਪ ਕਰ ਜਾ।”
“ਵੇਖ ਓਏ ਬਾਈ ਬੀ ਦਿਆ ਲਗਦਿਆ ! ਤੂੰ ਬਾਜ ਆ ਜਾਹ। ਤੂੰ ਇਹ ਦੱਸ ਪਹਿਲਾਂ, ਤੇਰੀ ਸਾਡੇ ਨਾਲ ਰਿਸ਼ਤੇਦਾਰੀ ਕੀ ਐ ?” ਮਾਨਾ ਕਾਰੇ ਨੂੰ ਸਿੱਧਾ ਹੋ ਪਿਆ।
ਕਾਰੇ ਦੇ ਜਵਾਬ ਦੇਣ ਤੋਂ ਪਹਿਲਾਂ ਫੀਲਾ ਬੋਲ ਪਿਆ :
”
“ਇਹ ਮੇਰਾ ਪੱਗ-ਵਟ ਭਰਾ ਐ।” “ਤੁਹਾਨੂੰ ਅੱਜ ਚੱਜ ਨਾਲ ਹੀ ਭਰਾ ਬਣਾ ਹੀ ਲਵਾਂ।” ਮਾਨੇ ਨੇ ਖੂੰਜੇ ਪਈ ਦੁਸਾਂਗ ਚੱਕ ਲਈ। ਕਾਰਾ ਦੁਸਾਂਗ ਮਾਨੇ ਦੇ ਹੱਥ ਵਿਚ ਵੇਖ ਫਟ ਬਾਹਰ ਨਿਕਲ ਗਿਆ। ਤਾਪੀ ਨੇ ਮਾਨੇ ਨੂੰ ਰੋਕਣ ਦੀ ਵਾਹ ਲਾਈ, ਪਰ ਮਾਨਾ ਰੁਕਿਆ ਨਾ। ਉਸ ਗਲੀ ਵਿਚ ਆ ਕੇ ਦੇਖਿਆ, ਕਾਰਾ ਕਿਤੇ ਨਹੀਂ ਸੀ ਤੇ ਗਲੀ ਹਨੇਰੇ ਨਾਲ ਭਰੀ ਪਈ ਸੀ। ਕਾਰੇ ਦਾ ਪਿੰਡੋਂ ਬਾਹਰ ਆ ਕੇ ਰੋਣ ਨਿਕਲ ਗਿਆ। ਉਹ ਸੋਚ ਰਿਹਾ ਸੀ, ਮੈਂ ਜਿਸ ਨੂੰ ਵੀ ਆਪਣਾ ਬਣਾਉਣ ਦਾ ਯਤਨ ਕੀਤਾ ਹੈ, ਉਸ ਹੀ ਮੇਰੇ ਮੂੰਹ ਉਤੇ ਥੁੱਕ ਦਿੱਤਾ ਹੈ। ਜੀ ਕਰਦਾ ਏ, ਜੇ ਮੈਨੂੰ ਪੈਦਾ ਕਰਨ ਵਾਲਾ ਮਿਲ ਜਾਵੇ, ਮੈਂ ਵੀ ਉਸ ਦੇ ਮੂੰਹ ਉਤੇ ਥੁੱਕ ਦੇਵਾਂ। ਯਾਰੋ ਇਸ ਜੀਣ ਖੁਣੋ ਕੀ ਥੁੜਿਆ ਏ। ਤੇ ਉਹ ਪਮਾਲ ਤਕ ਰੋਂਦਾ ਹੀ ਗਿਆ।
ਘਰ ਵਿਚ ਫੀਲੇ ਨੇ ਦੁਹਾਈ ਪਾਈ ਹੋਈ ਸੀ।
“ਮੇਰੇ ਭਰਾ ਨੂੰ ਮਾਰ ਦਿੱਤਾ, ਉਹਨੂੰ ਕੱਢ ਦਿੱਤਾ। ਹਾਇ ਓਏ ਮੇਰਿਆ ਪੱਗ-ਪਟ ਭਰਾਵਾ!” ਫਿਰ ਉਹ ਰੋਣ ਲੱਗ ਪਿਆ, “ਮੈਂ ਮਰ ਜਾਵਾਂਗਾ, ਤੁਹਾਨੂੰ ਸਾਰਿਆਂ ਨੂੰ ਅੱਗ ਲਾ ਕੇ ਫੂਕ ਦਿਆਂਗਾ। ਲੋਕੋ ! ਵੇਖ ਲਓ, ਇਹਨਾਂ ਅੱਜ ਰਾਤ ਨੂੰ ਮੈਨੂੰ ਵੱਢ ਦੇਣਾ ਏਂ।”
“ਕਰਦਾ ਏਂ ਚੁੱਪ ਕਿ ਨਹੀਂ ?” ਮਾਨੇ ਨੇ ਮੁੜ ਕੇ ਦੁਸਾਂਗ ਫੀਲੇ ਦੀ ਹਿੱਕ ਉਤੇ ਰੱਖ ਦਿੱਤੀ। ਫੀਲਾ ਇਕਦਮ ਹ ਗਿਆ ਤੇ ਉਸ ਨੂੰ ਦੰਦਲ ਪੈ ਗਈ, ਜਿਵੇਂ ਦੁਸਾਂਗ ਦੇ ਜ਼ਰਾ ਜਿੰਨੀ ਦਬਾਅ ਦੇਣ ਨਾਲ ਉਹ ਸੱਚੀ-ਮੁਚੀਂ ਮਰ ਜਾਵੇਗਾ।
ਜਦੋਂ ਉਹ ਚੁੱਪ ਕਰ ਗਿਆ, ਮਾਨੇ ਨੇ ਦੁਸਾਂਗ ਪਰ੍ਹਾਂ ਵਗਾਹ ਮਾਰੀ ਤੇ ਆਪਣਾ ਚਾਦਰਾ ਚੁੱਕ ਲਿਆ। ਉਸ ਨੂੰ ਜਾਂਦੇ ਨੂੰ ਦੋਹਾਂ ਮਾਵਾਂ ਧੀਆਂ ਨੇ ਵੱਲ ਲਿਆ।
“ਤੂੰ ਵੀ ਕਮਲਾ ਹੋ ਗਿਆ ਏਂ।” ਤਾਪੀ ਅਸਲੋਂ ਘਬਰਾ ਗਈ।
“ਚਾਚਾ !” ਧੰਤੋ ਨੇ ਇਕ ਤਰ੍ਹਾਂ ਧਾਹ ਮਾਰੀ।
“ਬਸ ਬੀਬਾ ! ਠੀਕ ਐ।” ਮਾਨੇ ਲੰਮਾ ਹਉਕਾ ਲਿਆ ਅਤੇ ਭਰੀਆਂ ਅੱਖਾਂ ਨਾਲ ਕੁੜੀ ਦੇ ਸਿਰ ਉਤੇ ਹੱਥ ਫੇਰਿਆ, “ਬਾਈ ਨੇ ਮੈਨੂੰ ਕਦੇ ਇਸ ਤਰ੍ਹਾਂ ਨਹੀਂ ਆਖਿਆ ਸੀ।”
“ਉਹਨੇ ਵੱਡਾ ਸਮਝ ਕੇ ਆਖ ਲਿਆ ਸਹੀ, ਤੂੰ ਜਾਣ ਦੇ।” ਤਾਪੀ ਉਸ ਦੇ ਤਰਲੇ ਕਰ ਰਹੀ ਸੀ।
ਫੀਲਾ ਮੰਜੇ ਉਤੇ ਪਿਆ, ਚੁੱਪ ਚਾਪ ਸਭ ਕੁਝ ਵੇਖੀ ਜਾ ਰਿਹਾ ਸੀ। ਉਸ ਦੇ ਮਨ ਦੀ ਗੁਸੈਲੀ ਅਵਸਥਾ ਭਾਰ ਹੌਲਾ ਕਰ ਕੇ ਸਾਂਵੀ ਪੱਧਰ ਨੂੰ ਉਤਰ ਰਹੀ ਸੀ। ਉਹ ਮਹਿਸੂਸ ਕਰ ਰਿਹਾ ਸੀ, ਮੈਂ ਚੰਗਾ ਨਹੀਂ ਕੀਤਾ। ਪਰ ਉਹ ਮੂੰਹੋਂ ਕੁਝ ਨਾ ਬੋਲਿਆ। ਹੁਣ ਉਹ ਇਹ ਜ਼ਰੂਰ ਚਾਹੁੰਦਾ ਸੀ, ਘੱਟ ਤੋਂ ਘੱਟ ਮਾਨਾ ਜਾਵੇ ਨਾ। ਜੇ ਫੀਲਾ ਉਠ ਕੇ ਉਸ ਦੀ ਬਾਂਹ ਫੜ ਲੈਂਦਾ, ਸ਼ਾਇਦ ਮਾਨਾ ਨਾ ਜਾਂਦਾ। ਫੀਲੇ ਤੋਂ ਹੁਣ ਉਠਿਆ ਵੀ ਨਹੀਂ ਜਾਂਦਾ ਸੀ ਤੇ ਉਹ ਮੂੰਹੋਂ ਅਖ਼ੀਰ ਦਮ ਤਕ ਨਾ ਬੋਲ ਸਕਿਆ ਤੇ ਮਾਨਾ ਤਾਪੀ ਨੂੰ ਰਾਹੋਂ ਪਾਸੇ ਖਿੱਚ ਕੇ ਤੁਰ ਗਿਆ।
ਫੀਲੇ ਨੂੰ ਮੁੜ ਰੋਣ ਆ ਗਿਆ। ਤਾਪੀ ਨੇ ਮੰਜੇ ‘ਤੇ ਡਿੱਗਦਿਆਂ ਆਖਿਆ— ‘“ਖ਼ਵਾਜਾ ਪੀਰ ! ਤੂੰ ਸਾਡੇ ਨਾਲ ਇਉਂ ਹੀ ਕਰਨੀ ਸੀ।”
3
ਜਿਉਂ ਹੀ ਧੰਤੋ ਨੇ ਆਪਣੀ ਸਹੇਲੀ ਬੀਰੋ ਨੂੰ ਘਾਹ ਦੀ ਪੰਡ ਚੁੱਕੀ ਆਉਂਦੀ ਵੇਖਿਆ, ਉਸ ਦੇ ਦਾਗ਼ਾਂ ਵਿਚ ਸੂਹੇ ਗੁਲਾਬ ਖਿੜ ਪਏ। ਇਕ ਪਲ ਲਈ ਉਹ ਭੱਠੀ ਪਏ ਨਵੇਂ ਛੋਲਿਆਂ ਵਿਚ ਕੁੱਜਾ ਫੇਰਨਾ ਭੁੱਲ ਗਈ। ਸੁਗੰਧੀ ਛੋਲਿਆਂ ਦੇ ਮੂੰਹ ਪਾੜ ਪਾੜ ਉਠ ਰਹੀ ਸੀ। ਉਸ ਆਉਂਦੀ ਬੀਰੋ ਵੱਲ ਹੱਥ ਉੱਚਾ ਕੀਤਾ ਤੇ ਮੁੜ ਸੜਦੇ ਦਾਣਿਆਂ ਵਿਚ ਕੁੱਜਾ ਫੇਰਨਾ ਸ਼ੁਰੂ ਕਰ ਦਿੱਤਾ। ਬੀਰੋ ਕੋਲ ਆ ਕੇ ਰੁਕ ਗਈ। ਧੰਤੋ ਨੇ ਦਾਣੇ ਭੱਠੀ ਵਿਚੋਂ ਬਾਹਰ ਕਢਦਿਆਂ ਆਖਿਆ :
“ਬੀਰੋ ਬੰਦੀਏ ! ਤੂੰ ਮਰ ਈ ਜਾਏਂ ਐਹੋ ਜਿਹੀ ਨਮੋਹਰੀ।”
“ਮੈਨੂੰ ਘਾਹ ਵੇਚ ਆਉਣ ਦੇ, ਤੇਰੀ ਆ ਕੇ ਖ਼ਬਰ ਲੈਨੀ ਆਂ।” ਬੀਰੋ ਰੋਕਦਿਆਂ-ਰੋਕਦਿਆਂ ਵੀ ਤੁਰੀ ਹੀ ਗਈ ਅਤੇ ਨਾਲੋ ਨਾਲ ਹੱਥ ਹਿਲਾ ਕੇ ਛੇਤੀ ਆਉਣ ਦੀ ਤਸੱਲੀ ਦੇਂਦੀ ਗਈ।
ਬੀਰੋ ਜਮਾਂਦਾਰਾਂ ਦੀ ਕੁੜੀ ਸੀ। ਏਹੀ ਸਾਲ ਖੰਡ ਧੰਤੋ ਤੋਂ ਵੱਡੀ ਹੋਵੇਗੀ। ਪੱਕਾ ਮੁਸ਼ਕੀ ਰੰਗ, ਜਿਹੜਾ ਦਰਾਵੜ ਕੌਮ ਦਾ ਖ਼ਾਸ ਵਿਰਸਾ ਹੈ, ਮੋਟੀਆਂ ਕਾਲੀਆਂ ਅੱਖਾਂ, ਜੰਗਲੀ ਹਰਨੀ ਦੀਆਂ ਤੇ ਤਿੱਖੇ ਕਾਟਵੇਂ ਨਕਸ਼ਾਂ ਨਾਲ ਜਵਾਨੀ ਨੂੰ ਖਿੱਚ ਦਾ ਲੋਹੜ ਚੜ੍ਹਿਆ ਸੀ। ਏਸੇ ਖਿੱਚ ਵਿਚ ਖਿੱਚੀ ਧੰਤੋ ਨੇ ਇਕ ਦਿਨ ਜੀ.ਟੀ. ਰੋਡ ਦੀਆਂ ਟਾਹਲੀਆਂ ਹੇਠ ਘਾਹ ਅਤੇ ਬਾਲਣ ਦੀਆਂ ਪੰਡਾਂ ਰੱਖ ਕੇ ਦਮ ਲੈਂਦਿਆਂ ਆਖਿਆ ਸੀ :
“ਹਾਇ ! ਜੇ ਮੈਂ ਮੁੰਡਾ ਹੁੰਦਾ, ਤੇਰੇ ਵਾਲੇ, ਬੁੱਲੇ ਜ਼ਰੂਰ ਲੁੱਟਦਾ, ਭਾਵੇਂ ਕੈਦ ਕੱਟਣੀ ਨਾ ਪੈਂਦੀ।” ਧੰਤੋ ਨੇ ਏਨੀ ਕਹਿ ਕੇ ਬੀਰੋ ਨੂੰ ਮੱਲੋ ਮੱਲੀ ਘੁੱਟ ਲਿਆ ਸੀ।
ਬੀਰੋ ਦੇ ਖਿਚਾਂ ਪਾਉ ਹੁਸਨ ਬਾਰੇ ਇਹ ਇਕ ਕੁੜੀ ਦੇ ਮਨ ਦੀ ਭਟਕਣਾ ਸੀ ਤੇ ਮੁੰਡਿਆਂ ਦੇ ਮਨ ਦਾ ਹਾਲ ਦੱਸਦਿਆਂ ਤਾਂ ਸ਼ਾਇਦ ਰੱਬ ਦੇ ਵੀ ਦੰਦ ਜੁੜ ਜਾਣ। ਭਾਵੇਂ ਜਮਾਂਦਾਰਾਂ ਦੇ ਸਾਰੇ ਵਿਹੜੇ ਦੇ ਮੁੰਡਿਆਂ ਬੀਰੋ ਦੇ ਅੱਗੇ ਪਿਛੇ ਹਉਕੇ ਲਏ ਤੇ ਜੱਟ ਮੁੰਡਿਆਂ ਉਸ ਦੇ ਰੰਗ, ਨਕਸ਼ਾਂ ਤੇ ਜਵਾਨੀ ਬਾਰੇ ਉਸ ਨੂੰ ਸੁਣਾ ਸੁਣਾ ਗੀਤ ਗਾਏ, ਪਰ ਕਿਸੇ ਗੱਭਰੂ ਨੂੰ ਚੁੰਨੀ ਛੋਹਣ ਤਾਂ ਕੀ, ਉਸ ਦੇ ਰਾਹ ਦੀ ਪੈੜ ਮਿੱਧਣ ਦਾ ਵੀ ਜੇਰਾ ਨਹੀਂ ਪਿਆ ਸੀ। ਕਿਉਂਕਿ ਸਾਰੇ ਜਾਣਦੇ ਸਨ, ਬੀਰੋ ਇਕ ਨਿਰੀ ਪੁਰੀ ਕੁੜੀ ਹੀ ਨਹੀਂ, ਰੋਹੀ ਦੀ ਨਾਗਣ ਵੀ ਹੈ, ਜਿਸ ਦਾ ਡੰਗਿਆ ਪਾਣੀ ਨਹੀਂ ਮੰਗਦਾ। ਕੁਆਰੀ ਜਵਾਨੀ ਦਾ ਕੀਮਤੀ ਖ਼ਜ਼ਾਨਾ ਸ਼ਾਇਦ ਕਦੋਂ ਦਾ ਲੁੱਟ ਲਿਆ ਜਾਂਦਾ, ਜੇ ਨਾਗਾਂ ਦੀ ਪਹਿਰੇਦਾਰੀ ਨਾ ਹੁੰਦੀ। ਪਿਛਲੇ ਸਾਲ ਤੋਂ ਬੀਰੋ ਦਾ ਮਨ ਆਪਣੇ ਹੀ ਰੰਗ ਦੇ ਇਕ ਜੱਟਾਂ ਦੇ ਮੁੰਡੇ ਲਾਭੇ, ਜਿਸ ਦਾ ਪੂਰਾ ਨਾਂ ਲਾਭ ਸਿੰਘ ਸੀ, ਵਲੀਂ ਦਿਨੋਂ ਦਿਨ ਖਿੱਚੀਂਦਾ ਜਾ ਰਿਹਾ ਸੀ, ਜਿਹੜਾ ਪਿਛਲੇ ਸਿਆਲ ਵਿਚ ਹੀ ਨਜਾਇਜ਼ ਬੰਦੂਕ ਵਿਚ ਛੇ ਮਹੀਨੇ ਦੀ ਸਜ਼ਾ ਕੱਟ ਕੇ ਆਇਆ ਸੀ। ਉਹ ਸਜ਼ਾ ਉਸ ਨੇ ਆਪਣੇ ਕਬੀਲਦਾਰ ਦੇ ਡਰਾਕਲ ਯਾਰ ਬਘੇਰੇ ਦੀ ਖ਼ਾਤਰ ਕੱਟੀ ਸੀ। ਤੇ ਇਸ ਗੱਲ ਨੂੰ ਪਿੰਡ ਦੇ ਨਿਆਣੇ ਤਕ ਜਾਣਦੇ ਸਨ। ਬੀਰੋ ਦੀ ਨਜ਼ਰ ਵਿਚ ਲਾਭਾ ਪਿੰਡ ਦੇ ਸਾਰੇ ਮੁੰਡਿਆਂ ਵਿਚੋਂ ਦਲੇਰ ਤੇ ਭੀੜਾਂ ਸਹਿਣ ਵਾਲਾ ਗੱਭਰੂ ਸੀ। ਪੁਲੀਸ ਦੀ ਮਾਰ ਵਿਚ ਉਹ ਭੋਰਾ ਨਹੀਂ ਜਰਕਿਆ ਸੀ। ਥਾਣੇਦਾਰ ਚਾਹੁੰਦਾ ਸੀ, ਉਹ ਕਹਿ ਦੇਵੇ, ਬੰਦੂਕ ਮੇਰੀ ਨਹੀਂ ਬਘੇਰੇ ਦੀ ਹੈ, ਫਿਰ ਡਰਾਕਲ ਬਘੇਰੇ ਤੋਂ ਸੌ ਦੋ ਸੌ ਝਾੜ ਲਿਆ ਜਾਵੇ ਤੇ ਉਸ ਨੂੰ ਸਜ਼ਾ ਵੀ ਕਰਵਾ ਦਿੱਤੀ ਜਾਵੇ। ਪਰ ਅਖ਼ੀਰ ਦਮ ਤਕ ਲਾਭਾ ਏਹੀ ਆਖੀ ਗਿਆ, “ਬੰਦੂਕ ਮੇਰੀ ਹੈ, ਮੈਨੂੰ ਜੋ ਚਾਹੋ ਕਰੋ।”
ਇਹੋ ਕਾਰਨ ਸੀ ਕਿ ਬਿਗਾਨੀ ਭੀੜ ਸਹਿਣ ਵਾਲਾ ਲਾਭਾ ਬੀਰੋ ਦੇ ਮਨ ਪੁੜ ਗਿਆ ਤੇ ਜਦੋਂ ਉਹ ਜੇਲੋਂ ਛੁੱਟ ਕੇ ਆਇਆ, ਉਸ ਉਹਨਾਂ ਦੇ ਖੂਹ ਤੋਂ ਘਾਹ ਖੋਤਣਾ ਸ਼ੁਰੂ ਕਰ ਦਿੱਤਾ। ਜੇਲ੍ਹ ਕੱਟ ਆਉਣ ਪਿਛੋਂ ਲਾਭੇ ਵਿਚ ਵੀ ਵੈਲੀਆਂ ਵਾਲੀ ਬੋਅ ਜਾਗ ਪਈ ਸੀ। ਜਦੋਂ ਕਦੇ ਲਾਭਾ ਸੁਭਾਵਕ ਹੀ ਬੀਰੋ ਵੱਲ ਵੇਖਦਾ, ਉਹ ਉਸ ਨੂੰ ਕਿੰਨਾ ਮਿੱਠਾ-ਮਿੱਠਾ ਲਗਦਾ, ਜਿਵੇਂ ਉਹ ਆਪ ਵੀ ਗੰਨੇ ਦੀ ਪੋਰੀ ਵਾਂਗ ਰਸੀ ਜਾ ਰਹੀ ਸੀ ! ਉਹਨਾਂ ਦੀਆਂ ਸੰਗਦੀਆਂ ਅੱਖਾਂ ਵਿਚ ਹੌਲੀ-ਹੌਲੀ ਦਲੇਰੀ ਉਠ ਖਲੋਤੀ ਤੇ ਪਲਕਾਂ ਪੂਰੀਆਂ ਖੁਲ੍ਹ ਕੇ ਇਕ ਦੂਜੇ ਦੇ ਅੰਦਰ ਆਉਣ ਲਈ ਇੰਤਜ਼ਾਰ ਕਰਦੀਆਂ। ਹੁਣ ਉਹ ਹੱਸ ਵੀ ਲਿਆ ਕਰਦੇ ਸਨ ਤੇ ਕਦੇ ਕਦਾਈਂ ਇਕ ਅੱਧੀ ਗੱਲ ਵੀ ਕਰ ਲੈਂਦੇ।
ਧੰਤੋ ਨੇ ਪੰਜ ਚਾਰ ਹੀ ਚੁੰਗਾਂ ਕੱਢੀਆਂ ਸਨ ਕਿ ਬੀਰੋ ਘਾਹ ਦੀ ਚਵਾਨੀ ਖਰੀ ਕਰ ਕੇ ਆ ਗਈ ਅਤੇ ਧੰਤੋ ਦੇ ਸਾਹਮਣੇ ਹੋ ਕੇ ਬਹਿ ਗਈ।
“ਹੁਣ ਭੌਂਕ ਓਦੋਂ ਕੀ ਆਂਹਦੀ ਸੀ।” ਬੀਰੋ ਆਉਂਦੀ ਹੀ ਵਰ੍ਹਾ ਪਈ।
ਧੰਤੋ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ ਕਿ ਮਾਈ ਦੀ ਚੁੰਗ ਤੁਰ ਜਾਣ ਦੇ : ਮਾਈ ਤੋਂ ਬਿਨਾਂ ਭੱਠੀ ਉਤੇ ਕੋਈ ਨਹੀਂ ਸੀ। ਧੰਤੋ ਨੇ ਛੱਟ ਸਵਾਰ ਕੇ ਪਰਾਗਾ ਮਾਈ ਦੀ ਝੋਲੀ ਪਾ ਦਿੱਤਾ। ਮਾਈ ਥੋੜੀ ਦੂਰ ਹੀ ਗਈ ਸੀ ਕਿ ਧੰਤੋ ਤੋਂ ਰਿਹਾ ਨਾ ਗਿਆ।
“ਨੀ ਧਗੜੇ ਦੇ ਖੂਹ ਦਾ ਹੁਣ ਤਾਂ ਖਹਿੜਾ ਛੱਡ ਦੇ ?”
“ਤੈਨੂੰ ਸਾੜਾ ਏ ਤਾਂ ਤੂੰ ਜਾਣ ਲਗ ਜਾ, ਮੈਂ ਛੱਡ ਦਿੰਦੀ ਆਂ।”
ਬੀਰੋ ਦੂਜੇ ਪਾਸੇ ਮੂੰਹ ਕਰ ਕੇ ਹੱਸਣ ਲੱਗ ਪਈ। ਧੰਤੋ ਨੇ ਉਸ ਦੀ ਵੱਖੀ ‘ਚ ਕੁਢਣੀ ਖੋਭ ਦਿੱਤੀ।
“ਹੈ ਤੈਨੂੰ ਹਰਾਂਬੜੇ !”
“ਕਿਉਂ ਪਸਿੰਦ ਨਹੀਂ ?”
“ਤੂੰ ਮੇਰੀ ਛੱਡ, ਜਿਹੜੀ ਅਗਾਂਹ ਦੀ ਅਗਾਂਹ ਵਧੀ ਜਾਨੀ ਏਂ, ਕਿਤੇ ਓਸੇ ਖੂਹ ‘ਚ ਨਾ ਛਾਲ ਮਾਰਨੀ ਪਵੇ।” ਧੰਤੋ ਨੂੰ ਚੋਟ ਦਾ ਉੱਤਰ ਕੋਈ ਅਹੁੜਿਆ ਨਹੀਂ ਸੀ, ਤੇ ਉਹ ਛੋਟੀ ਹੁੰਦੀ ਹੋਈ ਦਾਨੀ ਬਣਨ ਦਾ ਬੇਅਰਥ ਜਤਨ ਕਰ ਰਹੀ ਸੀ।
“ਖੂਹ ‘ਚ ਛਾਲ, ਤੇ ਮੈਂ ਮਾਰਾਂਗੀ ਕਿਉਂ ?” ਬੀਰੋ ਨੇ ਅਟਲ ਇਨਕਾਰ ਵਿਚ ਸਿਰ ਫੇਰਿਆ, ਮੈਨੂੰ ਤਾਂ ਜੇ ਕਿਸੇ ਪਾਪੀ ਨੇ ਧੱਕਾ ਵੀ ਦਿੱਤਾ, ਉਸ ਖੂਹ ਦੇ ਪਾਣੀ ਕੂਲੀ ਰੇਤ ਦਾ ਬਣ ਜਾਣਾ ਏਂ।” ਇਕ ਪਲ ਸੁਆਦ ਵਿਚ ਬੀਰੋ ਦੀਆਂ ਅੱਖਾਂ ਮੀਟੀਆਂ ਗਈਆਂ। ਉਸ ਨੂੰ ਆਪਣੇ ਪਿਆਰ ਵਿਚ, ਪਿਆਰ ਦੇ ਖੂਹ ਵਿਚ ਤੇ ਖੂਹ ਦੇ ਪਾਣੀ ਵਿਚ ਕਿੰਨਾ ਵੱਡਾ ਭਰੋਸਾ ਜਾਗ ਪਿਆ ਸੀ, ਜਿਵੇਂ ਚੁਫੇਰੇ ਜ਼ਿੰਦਗੀ ਹੀ ਜ਼ਿੰਦਗੀ ਤੇ ਮੌਤ ਦੀ ਮੌਤ ਹੋ ਕੇ ਰਹਿ ਗਈ ਸੀ।
ਬੀਰੋ ਨੂੰ ਧੰਤੋ ਨਾਲ ਗੱਲਾਂ ਕਰਦਿਆਂ ਵੇਖ ਗਵਾਂਢੀ ਮੁੰਡਾ ਭੁਨਾਉਣ ਲਈ ਘਰੋਂ ਦਾਣੇ ਲੈ ਆਇਆ। ਬਾਹਰਲੀ ਟੀਪ ਟਾਪ ਤੋਂ ਉਹ ਮੁੰਡਾ ਸਾਉ ਦਿਸਦਾ ਸੀ, ਪਰ ਵਿਚਾਰੇ ਦਾ ਦਿਲ ਉਸ ਦੀਆਂ ਅੱਖਾਂ ਵਿਚ ਆਇਆ ਬੀਰੋ ਅਨਪੜ੍ਹ ਹੁੰਦੀ ਵੀ ਪੜ੍ਹ ਗਈ ਤੇ ਉਠਦੀ ਬੋਲੀ :
“ਕੱਲ ਇਕੱਠੀਆਂ ਬਾਹਰ ਨੂੰ ਚਲਾਂਗੀਆਂ।”
“ਤੂੰ ਥੋੜਾ ਚਿਰ ਤਾਂ ਹੋਰ ਬੈਠ ?”
“ਨਹੀਂ ਭੈਣੇ, ਹਾਲੇ ਜਾ ਕੇ ਰੋਟੀ ਲਾਹੁਣੀ ਏਂ।” ਬੀਰੋ ਨੇ ਤੁਰਦਿਆਂ ਨੱਕ ਨੂੰ ਸੁੜਾਕਾ ਮਾਰਿਆ ਤੇ ਮੂੰਹ ਪਾਸੇ ਕਰ ਕੇ ਥੁੱਕ ਦਿੱਤਾ। ਵਿਚਾਰਾ ਮੁੰਡਾ ਮੱਥੇ ਉਤੇ ਤਿਊੜੀ ਕੱਸ ਕੇ ਰਹਿ ਗਿਆ।
4
ਕਿਸੇ ਜੱਟ ਦੇ ਪਿੜ ਖੂੰਜੇ ਫੀਲੇ ਅਤੇ ਕਾਰੇ ਨੇ ਕਣਕ ਦਾ ਬੋਹਲ ਕਰ ਲਿਆ। ਫੀਲਾ ਗੜਬੜ ਤੋਂ ਅਗਲੇ ਦਿਨ ਹੀ ਕਾਰੇ ਨੂੰ ਮਨਾ ਲੈ ਆਇਆ ਸੀ। ਅੰਨ੍ਹਾ ਕੀ ਭਾਲੇ ਦੋ ਅੱਖਾਂ, ਕਾਰੇ ਦੀ ਜੇ ਅੰਦਰਲੀ ਭੁੱਖ ਨੂੰ ਸਮਝ ਲਿਆ ਜਾਂਦਾ ਤਾਂ ਉਹ ਥੋੜੇ ਜਿੰਨੇ ਆਦਰ ਨਾਲ ਹੀ ਸੰਤੁਸ਼ਟ ਹੋ ਜਾਣ ਵਾਲਾ ਬੰਦਾ ਸੀ, ਜਿਹੜਾ ਉਸ ਨੂੰ ਯਤਨਾਂ ਦੇ ਬਾਵਜੂਦ ਕਦੇ ਕਿਤੋਂ ਮਿਲਿਆ ਨਹੀਂ ਸੀ। ਦੁੱਖ ਅਤੇ ਗ਼ੁੱਸੇ ਦੀ ਅਵਸਥਾ ਪਿਛੋਂ ਉਸ ਇਹ ਝੋਰਾ ਵੀ ਮਹਿਸੂਸ ਕੀਤਾ ਸੀ ਕਿ ਫੀਲੇ ਦੇ ਘਰ ਹੁਣ ਕਿਵੇਂ ਆਉਣੀ ਜਾਣੀ ਹੋ ਸਕੇਗੀ। ਫੀਲੇ ਦੇ ਆ ਕੇ ਬਾਂਹ ਫੜਨ ਨਾਲ ਉਸ ਦੀ ਮੁੜ ਦੁਨੀਆਂ ਵਸ ਪਈ। ਉਸ ਸਮਝਿਆ ਸੀ, ਮੈਨੂੰ ਪੱਗ-ਵੱਟ ਭਰਾ ਨਹੀਂ, ਸਗੋਂ ਰੱਬ ਲੈਣ ਆਇਆ ਹੈ।
ਆਥਣ ਸਵੇਰ ਦੇ ਗਾਹ ਲਈ ਉਹਨਾਂ ਨਵੇਂ ਨਵੇਂ ਜੱਟਾਂ ਤੋਂ ਬਲਦ ਮੰਗੇ ਸਨ। ਗਹਾਈ ਦਾ ਤਵੇ ਸੁਹਾਗੇ ਸਭ ਨੂੰ ਇਕੋ ਜਿਹਾ ਜ਼ੋਰ ਸੀ। ਉਹਨਾਂ ਨੂੰ ਬਲਦ ਓਹੀ ਦੇਂਦਾ, ਜਿਸ ਦਾ ਕੰਮ ਥੋੜਾ ਪੋਲਾ ਹੁੰਦਾ ਸੀ। ਤਿੰਨਾਂ ਦਿਨਾਂ ਦੀ ਭੱਜ-ਦੌੜ ਪਿਛੋਂ ਉਹਨਾਂ ਉਡਾ ਕੇ ਬੋਹਲ ਕਰ ਹੀ ਲਿਆ। ਇਸ ਗਹਾਈ ਤੇ ਉਡਾਈ ਵਿਚ ਉਹਨਾਂ ਜਿੰਨਾ ਇਕੱਲੀ ਤਾਪੀ ਨੇ ਕੰਮ ਕੀਤਾ ਸੀ।
“ਤੱਕ ਖਾਂ ਕਾਰਿਆ, ਭਲਾ ਦਾਣੇ ਕਿੰਨੇ ਹੋਣਗੇ ਤੇਰੇ ਖ਼ਿਆਲ ਵਿਚ ?” ਫੀਲੇ ਨੇ ਸਾਰੇ ਬੋਹਲ ਉਤੇ ਨਜ਼ਰਾਂ ਮਾਰਦਿਆਂ ਪੁੱਛਿਆ।
“ਬਾਰਾਂ ਮਣ ਹੋਣਗੇ ਮੇਰੀ ਜਾਚੇ।” ਉਸ ਗਰਦ ਵਾਲੇ ਹੱਥ ਝਾੜੇ।
“ਜੇ ਪੰਦਰਾਂ ਮਣ ਹੋ ਜਾਂਦੇ, ਜਗਨੇ ਦਾ ਉਧਾਰ ਲਹਿ ਕੇ ਪੰਜ ਮਣ ਬਚ ਰਹਿੰਦੇ।”
ਏਨੀ ਗੱਲ ਸੁਣ ਕੇ ਤਾਪੀ ਨੂੰ ਇਉਂ ਜਾਪਿਆ, ਜਿਵੇਂ ਦੁਸਾਂਗ ਉਸ ਦੇ ਸਿਰ ਵਜ ਕੇ ਪਾਟ ਗਿਆ ਹੈ। “ਅੜਿਆ, ਜੇ ਦਾਣੇ ਬਾਹਮਣ ਨੇ ਹੀ ਚੁੱਕ ਲੈ ਜਾਣੇ ਸਨ, ਅਸਾਂ ਮਾਂ ਧੀ ਨੇ ਕਿਉਂ ਖੱਪਰ ਖਿਉਂਇਆ ?” ਭਾਵੇਂ ਕਣਕ ਦੀਆਂ ਪੰਜ ਛੇ ਭਰੀਆਂ ਫੀਲੇ ਨੇ ਵੀ ਮੂੰਹ ਮੱਥੇ ਲਗਣ ਵਾਲੇ ਜੱਟਾਂ ਤੋਂ ਵਾਢੀ ਦੇ ਦਿਨਾਂ ਵਿਚ ਇਕੱਠੀਆਂ ਕੀਤੀਆਂ ਸਨ, ਪਰ ਤਾਪੀ ਤੇ ਧੰਤੋ ਦੀ ਮਿਹਨਤ ਅੱਗੇ ਉਹ ਕੁਝ ਨਹੀਂ ਦੇ ਬਰਾਬਰ ਸਨ। ਤਾਪੀ ਨੇ ਡਰਦਿਆਂ-ਡਰਦਿਆਂ ਪੁੱਛ ਹੀ ਲਿਆ :
“ਕਣਕ ਜਗਨੇ ਨੂੰ ਚੁਕਾਉਣੀ ਏਂ ?”
“ਕਿਉਂ ਉਹਦੇ ਪੈਸੇ ਨਹੀਂ ਦੇਣੇ ?” ਫੀਲੇ ਨੇ ਗੁਸੈਲੀਆਂ ਅੱਖਾਂ ਤਾਪੀ ਦੇ ਚਿਹਰੇ ਉਤੇ ਗੱਡ ਦਿੱਤੀਆਂ।
ਭਰੀ ਪੀਤੀ ਤਾਪੀ ਦੇ ਹੰਝੂ ਉਸ ਦੇ ਅੰਦਰਲੇ ਸੇਕ ਨੇ ਹੀ ਪੀ ਲਏ। ਤਾਪੀ ਨੇ ਘਰ ਦੀ ਕਿਸੇ ਤਰ੍ਹਾਂ ਦੀ ਵੀ ਲੋੜ ਲਈ ਜਗਨੇ ਤੋਂ ਕਦੇ ਇਕ ਪਾਈ ਦਾ ਵੀ ਉਧਾਰ ਨਹੀਂ ਲਿਆ ਸੀ। ਉਸ ਇਕ ਹਉਕਾ ਲੈ ਕੇ ਅੱਖਾਂ ਮੀਟ ਲਈਆਂ। ਜਦ ਬਾਹਰਲੀ ਪੀੜ ਨਾਲ ਔਰਤ ਦੀਆਂ ਆਪ-ਮੁਹਾਰੇ ਅੱਖਾਂ ਮੀਟੀਆਂ ਜਾਂਦੀਆਂ ਹਨ, ਤਦ ਅੰਦਰਲੀ ਜੀਵਨ ਆਸ ਦੀ ਸੰਘੀ ਘੁੱਟੀ ਜਾਂਦੀ ਹੈ, ਜਿਹੜੀ ਸਦੀਆਂ ਤੋਂ ਜ਼ੁਲਮ ਕਰਦੇ ਆ ਰਹੇ ਜਰਵਾਣੇ ਮਰਦ ਨੇ ਕਦੇ ਨਹੀਂ ਦੇਖੀ, ਕਦੇ ਨਹੀਂ ਸਮਝੀ। ਫਿਰ ਉਹ ਆਪਣੀ ਤੇ ਧੀ ਦੀ ਮਹੀਨੇ ਭਰ ਦੀ ਜਫਰ-ਜਾਲਣਾ ਪਿੜ ਵਿਚ ਹੀ ਛੱਡ ਕੇ ਜੀ ਭਿਆਣੀ ਘਰ ਨੂੰ ਤੁਰ ਪਈ। ਕਾਰੇ ਤੋਂ ਤਾਪੀ ਦੀ ਦੁਖੀ ਅਵਸਥਾ ਸਹਾਰੀ ਨਾ ਗਈ। ਪਰ ਕਰ ਉਹ ਵੀ ਕੁਝ ਨਹੀਂ ਸਕਦਾ ਸੀ। ਉਸ ਆਪਣੀ ਤਿੰਨਾਂ ਮਹੀਨਿਆਂ ਦੀ ਪੰਤਾਲੀ ਰੁਪਏ ਪੈਨਸ਼ਨ ਕਦੇ ਫੀਲੇ ਤੋਂ ਲੁਕਾਈ ਨਹੀਂ ਸੀ। ਅਸਲ ਵਿਚ ਇਸ ਪੈਨਸ਼ਨ ਕਾਰਨ ਹੀ ਫੀਲਾ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ। ਕਾਰੇ ਨੂੰ ਤਾਪੀ ਨਾਲ ਸਹੀ ਅਰਥਾਂ ਵਿਚ ਹਮਦਰਦੀ ਸੀ, ਜਿਹੜੀ ਉਸ ਨੂੰ ਅਨਾੜੀ ਹੋਣ ਕਾਰਨ ਜਤਾਉਣੀ ਨਹੀਂ ਆਈ ਸੀ। ਤਾਪੀ ਲਈ ਉਹ ਵੀ ਇਕ ਅਵਾਰਾ ਤੇ ਨਖੱਟੂ ਆਦਮੀ ਸੀ। ਕਿਉਂਕਿ ਉਸ ਦਾ ਸੁਭਾਅ ਫੀਲੇ ਦੇ ਹੋਰ ਐਬ ਤੇ ਵਾਧੇ ਦੀ ਪ੍ਰੋੜ੍ਹਤਾ ਕਰਦਾ ਸੀ।
“ਤੂੰ ਯਾਰ ਖ਼ਰਚ ਥੋੜਾ ਕਰਿਆ ਕਰ।” ਕਾਰੇ ਨੇ ਫੀਲੇ ਨੂੰ ਸੁਭਾਵਕ ਹੀ ਸਲਾਹ ਦਿੱਤੀ।
“ਖ਼ਰਚ ਤਾਂ ਕੋਈ ਕਰੀਦਾ ਹੀ ਨਹੀਂ, ਨਸ਼ਾ ਛੱਡਦੇ ਆ ਤਾਂ ਜਾਨ ਟੁੱਟਦੀ ਐ। ਖ਼ਰਚ ਜਿਹੜਾ ਹੁੰਦਾ ਐ, ਸਾਰਾ ਤੇਰੇ ਸਾਹਮਣੇ ਹੀ ਹੁੰਦਾ ਹੈ। ਤੂੰ ਹੀ ਦੱਸ, ਇਸ ਵਿਚ ਵਾਧੂ ਖ਼ਰਚ ਕਿਹੜਾ ਹੁੰਦਾ ਏ।” ਫੀਲੇ ਨੇ ਆਪਣੀ ਵਲੋਂ ਸਫ਼ਾਈ ਪੇਸ਼ ਕੀਤੀ, ਜਿਸ ਨੂੰ ਕਾਰਾ ਕਿਸੇ ਤਰ੍ਹਾਂ ਵੀ ਕੱਟ ਨਾ ਸਕਿਆ।
ਕਾਰੇ ਨੇ ਸਿਰ ਹਿਲਾ ਕੇ ਹਾਮੀ ਭਰੀ ਕਿ ਤੂੰ ਵੀ ਠੀਕ ਆਖਦਾ ਏਂ। ਕਾਰਾ ਅਫ਼ੀਮ ਭਾਵੇਂ ਨਹੀਂ ਖਾਂਦਾ ਸੀ, ਪਰ ਸ਼ਰਾਬ ਆਦਿ ਵਿਚ ਆਪਣੀ ਬੈਠਕ ਨਾਲ ਆਪੇ ਨੂੰ ਗੁਨਾਹਗਾਰ ਜ਼ਰੂਰ ਸਮਝਦਾ ਸੀ ਤੇ ਤਾਪੀ ਦੀਆਂ ਨਜ਼ਰਾਂ ਵਿਚ ਘਿਰਣਤ ਮਰਦ ਸੀ, ਉਹ ਵਿਤ ਅਨੁਸਾਰ ਫੀਲੇ ਨੂੰ ਨਸ਼ਿਆਂ ਤੋਂ ਮੋੜਨ ਦਾ ਯਤਨ ਕਰਦਾ, ਪਰ ਵਿਚਾਰੇ ਦਾ ਵਿਤ ਹੀ ਕਿੰਨਾ ਸੀ, ਜਿਹੜਾ ਤੇਜ ਪ੍ਰਵਾਹ ਨੂੰ ਠੱਲ੍ਹ ਪਾਉਂਦਾ। ਇਸ ਦੇ ਉਲਟ ਹੌਲੀਆਂ ਚੀਜ਼ਾਂ ਬਹੁਤੀ ਵਾਰ ਪ੍ਰਵਾਹ ਦਾ ਹੀ ਰੂਪ ਹੋ ਜਾਂਦੀਆਂ ਹਨ। ਕਾਰਾ ਹਵਾ ਦੇ ਰੁਖ਼ ਮੁੜ ਜਾਣ ਵਾਲੀ ਕਮਜ਼ੋਰ ਟਹਿਣੀ ਸੀ, ਤੂਫ਼ਾਨ ਮੋੜਨ ਦੀ ਸ਼ਕਤੀ ਕਿਥੋਂ ਲਿਆਉਂਦਾ।
ਘਰ ਜਾ ਕੇ ਤਾਪੀ ਦੇ ਰੁਕੇ ਹੰਝੂ ਧੰਤੋ ਨੂੰ ਵੇਖ ਵਹਿ ਹੀ ਤੁਰੇ ਤੇ ਉਸ ਕੰਬਦੀਆਂ ਤਲੀਆਂ ਨਾਲ ਪੂੰਝ ਸੁੱਟੇ, ਧੰਤੋ ਮਾਂ ਦਾ ਦੁੱਖ ਨਾ ਸਹਿ ਸਕੀ ਤੇ ਉਸ ਨੂੰ ਹਲੂਣ ਕੇ ਬੋਲੀ :
“ਮਾਂ ਕੀ ਗੱਲ ਏ ?”
“ਤੇਰਾ ਬਾਪੂ ਸਾਰਾ ਬੋਹਲ ਜਗਨੇ ਨੂੰ ਚੁਕਾਉਣ ਲਗਾ ਏ।”
“ਹੱਛਾ, ਤਾਂਹੀਏਂ ਜਗਨਾ ਤਕੜੀ ਦਸੇਰਾ ਚੁਕੀ ਜਾਂਦਾ ਸੀ।”
“ਆਹੋ, ਮੈਨੂੰ ਵੀ ਰਾਹ ‘ਚ ਮਿਲਿਆ ਏ।”
“ਅੱਛਾ ਮਾਂ, ਤੂੰ ਘਰ ਬੈਠ, ਮੈਂ ਦੇਖਦੀ ਆਂ ਔਂਤਰੇ ਨੂੰ।” ਏਨੀ ਕਹਿ ਕੇ ਧੰਤੋ ਮਾਂ ਤੋਂ ਬਾਂਹ ਛੁਡਾ ਕੇ ਪਿੜ ਨੂੰ ਵਾਹੋ ਦਾਹੀ ਤੁਰ ਪਈ।
ਉਸ ਦੇ ਪਹੁੰਚਣ ਤਕ ਜਗਨਾ ਢਾਈ ਮਣੀਆਂ ਦੋ ਬੋਰੀਆਂ ਜੋਖ ਚੁਕਾ ਸੀ। ਉਹ ਜਾਂਦਿਆਂ ਹੀ ਬੋਹਲ ਉਤੇ ਹੋ ਕੇ ਬਹਿ ਗਈ:
“ਚਾਚਾ ! ਆਪਣਾ ਤਕੜੀ ਦਸੇਰਾ ਘਰ ਨੂੰ ਲੈ ਜਾਹ, ਇਹ ਸਿੱਟਾ ਸਿੱਟਾ ਕਰ ਕੇ ਸਾਡੇ ਚੁਣੇ ਦਾਣੇ ਐ।” ਉਸ ਦਾ ਸਾਹ ਚੜ੍ਹਿਆ ਹੋਇਆ ਸੀ।
ਜੋਖਾਈ ਬੰਦ ਹੋ ਗਈ। ਜਗਨਾ ਹੈਰਾਨ ਸੀ ਤੇ ਫੀਲੇ ਵੱਲ ਝਾਕਣ ਲੱਗ ਪਿਆ, ਜਿਵੇਂ ਪੁੱਛ ਰਿਹਾ ਹੋਵੇ, ਕਿਵੇਂ ਸਲਾਹ ਹੈ। ਫੀਲਾ ਕੁੜੀ ਵੱਲ ਵਹਿਸ਼ੀ ਅੱਖਾਂ ਨਾਲ ਤੱਕ ਰਿਹਾ ਸੀ, ਜਿਵੇਂ ਸੋਚ ਰਿਹਾ ਸੀ, ਕੁੜੀ ਨੂੰ ਮਾਰਾਂ ਕਿ ਨਾ ਮਾਰਾਂ। ਪਰ ਧੰਤੋ ਨੂੰ ਉਸ ਦੇ ਗ਼ੁੱਸੇ ਦੀ ਕੋਈ ਪਰਵਾਹ ਨਹੀਂ ਸੀ।
“ਕਿਉਂ ਸੂਰਨੀ ਦੇ ਕਾਰੇ ਵੇਖ ਲੈ, ਆਪ ਨਹੀਂ ਆਖਿਆ ਕੁੜੀ ਨੂੰ ਸਿਖਾ ਕੇ ਤੋਰ ਦਿੱਤਾ।” ਫੀਲੇ ਨੇ ਪਤਾ ਨਹੀਂ ਕਿਸ ਨੂੰ ਸੰਬੋਧਨ ਕੀਤਾ ਸੀ। ਜਗਨੇ ਅਤੇ ਕਾਰੇ ਦੋਹਾਂ ਵਿਚ ਹੀ ਉਸ ਵੇਲੇ ਹਾਮੀ ਭਰਨ ਦਾ ਕੋਈ ਤਾਣ ਨਹੀਂ ਰੱਖਦਾ ਸੀ। ਮੁੜ ਫੀਲੇ ਨੇ ਰੋਹ ਨਾਲ ਧੰਤੋ ਨੂੰ ਆਖਿਆ :
“ਕੁੜੀਏ ! ਪਾਸੇ ਹੋ ਜਾਹ ?”
“ਨਹੀਂ ਹੋਣਾ।” ਧੰਤੋ ਦ੍ਰਿੜਤਾ ਨਾਲ ਅੜ ਗਈ, “ਅਸੀਂ ਸਾਲ ਭਰ ਕੀ ਖਾਵਾਂਗੇ।”
ਕਾਰਾ ਮੱਟ ਵਾਂਗ ਚੁੱਪ ਰਿਹਾ ਤੇ ਕੁਝ ਵੀ ਨਾ ਬੋਲਿਆ। ਇਸ ਸਮੇਂ ਉਸ ਦੇ ਬੋਲਣ ਨਾਲ ਉਸ ਦੀ ਇਕ ਧਿਰ ਵਲੋਂ ਹਾਲਤ ਪਤਲੀ ਪੈਂਦੀ ਸੀ।
“ਕੁੜੀਏ, ਦਾਣੇ ਤਾਂ ਭੱਠੀ ਦੇ ਖਾਧੇ ਨਹੀਂ ਮੁੱਕਣੇ।” ਜਗਨੇ ਨੇ ਸਮਝਾਉਣ ਤੇ ਜਰਕਾਉਣ ਦੇ ਦੋਹਾਂ ਪੱਖਾਂ ਦਾ ਆਸਰਾ ਲਿਆ, “ਮੈਂ ਦਾਣੇ ਕੀ ਕਰਨੇ ਹਨ, ਮੈਂ ਤਾਂ ਨਾਵਾਂ ਲੈਣਾ ਹੈ, ਲਿਆਓ ਪਾਓ ਮੇਰੀ ਝੋਲੀ।” ਉਸ ਆਪਣੇ ਮੋਢੇ ਦਾ ਪਰਨਾ ਅੱਡ ਦਿੱਤਾ। “ਜਾਂ ਤਾਂ ਕੁੜੀਏ ਦਾਣੇ ਤੋਲ ਦੇ, ਨਹੀਂ ਮੈਂ ਘਰ ਲਿਖਾ ਦੇਊਂਗਾ।” ਫੀਲੇ ਨੇ ਕੁੜੀ ਉਤੇ ਭਰਪੂਰ ਵਾਰ ਕੀਤਾ। ਪਰ ਉਸ ਵਿਚ ਏਨੀ ਹਿੰਮਤ ਨਹੀਂ ਸੀ, ਬਾਹੋਂ ਫੜ ਕੇ ਧੰਤੋ ਨੂੰ ਬੋਹਲ ਤੋਂ ਪਾਸੇ ਕਰ ਦੇਵੇ।
“ਜੋ ਮਰਜ਼ੀ ਕਰ ਦੇ, ਪਰ ਮੈਂ ਦਾਣੇ ਨਹੀਂ ਜੋਖਣ ਦੇਣੇ।” ਧੰਤੋ ਭਾਵੇਂ ਮੁਟਿਆਰ ਹੋ ਚੁਕੀ ਸੀ, ਪਰ ਲੈਣ ਦੇਣ ਦੇ ਸਿੱਟਿਆਂ ਵੱਲੋਂ ਹਾਲੇ ਉਹ ਅਬੋਧ ਬਾਲਕਾ ਹੀ ਸੀ। ਏਸੇ ਕਾਰਨ ਉਸ ਆਪਣੇ ਬਾਪ ਦੀ ਧਮਕੀ ਦੀ ਕੋਈ ਪਰਵਾਹ ਨਾ ਕੀਤੀ।
ਜਗਨਾ ਧੰਤੋ ਨੂੰ ਬਥੇਰੀਆਂ ਮਤਾਂ ਦੇ ਰਿਹਾ, ਪਰ ਕੁੜੀ ਨੇ ਉਸ ਦੀ ਇਕ ਨਾ ਮੰਨੀ। ਹਾਰ ਕੇ ਉਹ ਖ਼ਾਲੀ ਤੱਕੜੀ ਦਸੇਰਾ ਚੁੱਕ ਕੇ ਉਠ ਖਲੋਤਾ ਅਤੇ ਤੋਲੀਆਂ ਬੋਰੀਆਂ ਦੋਵੇਂ ਚੁਕਵਾ ਕੇ ਘਰ ਲੈ ਗਿਆ। ਧੰਤੋ ਜਗਨੇ ਨੂੰ ਪਿੜ ਵਿਚੋਂ ਭਜਾ ਕੇ ਬੜੀ ਖ਼ੁਸ਼ ਹੋਈ ਤੇ ਮਨ ਹੀ ਮਨ ਉਸ ਨੂੰ ਕਈ ਗਾਲ੍ਹਾਂ ਵੀ ਦੇ ਮਾਰੀਆਂ। ਉਹ ਹਾਲੇ ਇਹ ਖ਼ੁਸ਼ੀ ਮਾਣ ਹੀ ਰਹੀ ਸੀ ਕਿ ਉਸ ਦੀ ਮਾਂ ਆ ਗਈ। ਫੀਲੇ ਨੇ ਘਰ ਜਾ ਕੇ ਤਾਪੀ ਨੂੰ ਬੜੀਆਂ ਗਾਲਾਂ ਦਿੱਤੀਆਂ ਸਨ ਅਤੇ ਘਰ ਲਿਖਾਉਣ ਦੀ ਓਹੀ ਧਮਕੀ ਘਰ ਵੀ ਦੇ ਮਾਰੀ ਸੀ।
“ਧੰਤੋ ! ਤੂੰ ਆਪਣੇ ਪਿਓ ਨੂੰ ਜਵਾਬ ਨਹੀਂ ਦੇਣਾ ਸੀ।” ਤਾਪੀ ਉਦਾਸੀ ਨਾਲ ਪੁਜ ਕੇ ਦੁਖੀ ਵੀ ਸੀ।
“ਕਿਉਂ ?”
“ਅਸੀਂ ਅੱਗੇ ਵੀ ਭੱਠੀ ਤਪਾ ਕੇ ਹੀ ਗੁਜ਼ਾਰਾ ਕਰਦੀਆਂ ਹਾਂ, ਹੁਣ ਵੀ ਔਖੀਆਂ ਸੁਖਾਲੀਆਂ ਕਰ ਲੈਂਦੀਆਂ, ਜੇ ਤੇਰੇ ਪਿਉ ਨੇ ਘਰ ਲਿਖਾ ਦਿੱਤਾ— ਜਗਨੇ ਔਂਤਰੇ ਦਾ ਕੀ ਵਸਾਹ ਏ, ਕਦੋਂ ਦਾਅਵਾ ਕਰ ਕੇ ਖ਼ਾਲੀ ਕਰਵਾ ਲਵੇ, ਫੇਰ ਦੱਸ ਰਹਾਂਗੀਆਂ ਕਿਥੇ ? ਤੇਰੇ ਪਿਉ ਦਾ ਕੀ ਏ, ਉਹ ਤਾਂ ਗੜੇ-ਗੁਰਦੁਆਰੇ ਜਾ ਡਿਗੂਗਾ।” ਤਾਪੀ ਨੇ ਆਉਣ ਵਾਲੀਆਂ ਹੋਣੀਆਂ ਨੂੰ ਅਨਜਾਣ ਧੰਤੋ ਸਾਹਮਣੇ ਰੱਖਿਆ।
ਧੰਤੋ ਮਾਂ ਦੀਆਂ ਖਰੀਆਂ ਖਰੀਆਂ ਨਾਲ ਸੋਚਣ ਲੱਗ ਗਈ ਕਿ ਜਿਵੇਂ ਮਾਂ ਆਖਦੀ ਏ, ਸ਼ਾਇਦ ਇਉਂ ਹੋ ਵੀ ਜਾਂਦਾ ਹੋਵੇ। ਪਰ ਉਹ ਜਿੱਤੀ ਖ਼ੁਸ਼ੀ ਮੁੜ ਹਾਰਨ ਨੂੰ ਤਿਆਰ ਨਾ ਹੋਈ।
“ਤੂੰ ਦਾਣੇ ਚੁੱਕ ਕੇ ਘਰ ਲੈ ਜਾਣ ਵਾਲੀ ਗੱਲ ਕਰ, ਫੇਰ ਵੇਖਾਂਗੇ ਕੀ ਹੁੰਦਾ ਏ।”
ਤਾਪੀ ਨੇ ਇਕ ਪਲ ਸੋਚਦਿਆਂ ਆਖਿਆ :
“ਦਾਣੇ ਘਰ ਲੈ ਚਲਦੇ ਆਂ, ਓਥੋਂ ਪੜਦੇ ਨਾਲ ਜਗਨੇ ਨੂੰ ਜੋਖ ਦਿਆਂਗੇ।”
“ਮੈਂ ਇਕ ਦਾਣਾ ਨਹੀਂ ਜਗਨੇ ਨੂੰ ਦੇਣਾ। ਗੱਲ ਕਰ ਮੈਂ ਉਹ ਪੰਜ ਮਣ ਵੀ ਚੁੱਕਣ ਨਹੀਂ ਦੇਣੇ ਸੀ, ਐਵੇਂ ਬਾਪੂ ਦਾ ਮੂੰਹ ਮਾਰ ਗਿਆ।”
ਅਖ਼ੀਰ ਮਾਂ ਧੀ ਬਾਕੀ ਬਚਦਾ ਬੋਹਲ ਥੋੜਾ ਥੋੜਾ ਕਰ ਕੇ ਤਿੰਨਾਂ ਫੇਰਿਆਂ ਵਿਚ ਘਰ ਲੈ ਗਈਆਂ।
5
ਜੇਠ ਹਾੜ ਐਤਕੀਂ ਐਨੇ ਤਪੇ ਸਨ ਕਿ ਲੋਕਾਂ ਨੂੰ ਗ੍ਰੰਥਾਂ ਵਿਚ ਲਿਖੀ ਕਿਆਮਤ ਦੇ ਸਾੜੇ ਦਾ ਚੇਤਾ ਆ ਗਿਆ। ਬੁੱਢੇ ਕਿਸਾਨਾਂ ਦਾ ਅਨੁਮਾਨ ਸੀ, ਜਿੰਨੇ ਜੇਠ ਹਾੜ ਤਪਣਗੇ, ਓਨੀਆਂ ਹੀ ਬਾਰਸ਼ਾਂ ਬਹੁਤੀਆਂ ਹੋਣਗੀਆਂ, ਸਾਉਣੀ ਦੀ ਫ਼ਸਲ ਭਰ ਕੇ ਲੱਗੇਗੀ ਤੇ ਹਾੜੀ ਬੀਜਣ ਦੀ ਆਸ ਬੱਝ ਜਾਵੇਗੀ। ਹੋਇਆ ਵੀ ਬਜ਼ੁਰਗਾਂ ਦੇ ਅਨੁਮਾਨਾਂ ਅਨੁਸਾਰ ਹੀ, ਹਾੜ ਦੇ ਅਖ਼ੀਰਲੇ ਪੱਖ ਦੋ ਬਾਰਸ਼ਾਂ ਵੱਟਾਂ ਤੋੜ ਪੈ ਗਈਆਂ। ਪਹਿਲੀ ਬਾਰਸ਼ ਨਾਲ ਤਾਂ ਧਰਤੀ ਨੂੰ ਸੁਰਤ ਹੀ ਮਸੀਂ ਆਈ ਸੀ ਤੇ ਉਸ ਸਾਰਾ ਪਾਣੀ ਪਹਿਲੇ ਦੋ ਘੰਟਿਆਂ ਵਿਚ ਹੀ ਨਿਘਾਰ ਲਿਆ। ਦੂਜੇ ਮੀਂਹ ਨਾਲ ਜੱਟਾਂ- ਕਿਸਾਨਾਂ ਬਾਜਰੇ, ਮੋਠ, ਮੱਕੀਆਂ ਤੇ ਚਰੀਆਂ ਆਦਿ ਬੀਜ ਦਿੱਤੀਆਂ।
ਸਾਉਣ ਦੇ ਅੱਧ ਵਿਚ ਜਾ ਕੇ ਬਾਰਸ਼ਾਂ ਦਾ ਇਕ ਤਰ੍ਹਾਂ ਹੜ੍ਹ ਹੀ ਆ ਗਿਆ। ਤਿੰਨ ਦਿਨ ਲਗਾਤਾਰ ਬਾਰਸ਼ ਹੁੰਦੀ ਰਹੀ— ਜੇ ਝਟ ਦਬ ਗਈ ਸੀ, ਤਦ ਦੂਣੇ ਹੱਲੇ ਨਾਲ ਆਈ ਸੀ। ਪਾਣੀ ਦੇ ਹੜ੍ਹ ਅੱਗੇ ਰੇਲ ਦੀ ਲਾਈਨ ਵਹਿ ਗਈ ਅਤੇ ਕਈ ਥਾਵਾਂ ਤੋਂ ਜੀ.ਟੀ. ਰੋਡ ਰੁੜ੍ਹ ਗਈ। ਅਜਿਹੀ ਲਗਾਤਾਰ ਬਾਰਸ਼ ਵਿਚ ਕੱਚਿਆਂ ਮਕਾਨਾਂ ਵਾਲਿਆਂ ਨਾਲ ਕੀ ਬੀਤੀ। ਇਹ ਉਸ ਵਿਚ ਵਸਣ ਵਾਲੇ ਹੀ ਜਾਣਨ। ਜਮਾਂਦਾਰਾਂ ਦੇ ਵਿਹੜੇ ਦਾ ਬੁਰਾ ਹਾਲ ਸੀ। ਪਾਣੀ ਧੱਕਾ ਦੇ ਕੇ ਗ਼ਰੀਬਾਂ ਉਤੇ ਚੜ੍ਹ ਆਇਆ ਸੀ। ਬੜੀ ਹਿੰਮਤ ਨਾਲ ਲੋਕਾਂ ਬੰਨ੍ਹ ਮਾਰਿਆ ਤੇ ਹੜ੍ਹ ਦੇ ਪਾਣੀ ਨੂੰ ਰੋਕਿਆ। ਪਰ ਉਤਲੇ ਕਹਿਰ ਨੂੰ ਕਿਵੇਂ ਰੋਕਦੇ, ਜਿਹੜਾ ਹਰ ਤਰ੍ਹਾਂ ਦੀਆਂ ਮੰਨਤਾਂ ਲੈ ਕੇ ਵੀ ਨਹੀਂ ਹਟਿਆ ਸੀ। ਮੀਂਹ ਦੀ ਇਸ ਕਿਆਮਤ ਨੇ ਤਕਰੀਬਨ ਅੱਧਾ ਵਿਹੜਾ ਢਾਹ ਦਿੱਤਾ। ਬੀਰੋ ਦਾ ਪਿਉ ਜੱਟਾਂ ਨਾਲ ਸੀਰ ਲਿਆ ਕਰਦਾ ਸੀ, ਉਸ ਵਿਚਾਰੇ ਦਾ ਕੋਠਾ ਵੀ ਆਪਣੇ ਸਾਥੀਆਂ ਨਾਲ ਬਹਿ ਗਿਆ। ਤੀਜੀ ਸ਼ਾਮ ਨੂੰ ਪਹਾੜ ਵੱਲੋਂ ਬੱਦਲ ਦਾ ਲੜ ਉੱਚਾ ਹੋ ਗਿਆ। ਲੋਕਾਂ ਲਈ ਇਹ ਇਕ ਤਰ੍ਹਾਂ ਰਹਿਮਤ ਦਾ ਨੂਰ ਫੁਟਿਆ ਸੀ। ਜਦ ਕਣੀਆਂ ਥੋੜੀਆਂ ਥੰਮ ਗਈਆਂ, ਤਦ ਬੀਰੋ ਚਾਹ ਵਾਸਤੇ ਦੁੱਧ ਲੈਣ ਲਈ ਹੱਟੀ ਵੱਲ ਆਈ। ਬੋਰੀ ਦੀ ਝੁੰਬੀ ਹਾਲੇ ਵੀ ਉਸ ਦੇ ਸਿਰ ਉਤੇ ਰੱਖੀ ਹੋਈ ਸੀ ਤੇ ਆਪਣੇ ਪੈਰਾਂ ਦੇ ਨਹੁੰ ਪਾਣੀ ਪਾਣੀ ਹੋਈ ਧਰਤੀ ਵਿਚ ਗੱਡ ਗੱਡ ਤੁਰ ਰਹੀ ਸੀ, ਮਤਾ ਤਿਲਕ ਕੇ ਡਿੱਗ ਪਵੇ। ਉਸ ਧੰਤੋ ਨੂੰ ਇਕ ਮੰਜਾ ਅਤੇ ਉਸ ਉਤੇ ਕੁਝ ਸਾਮਾਨ ਰੱਖੀ ਗੋਡੇ ਗੋਡੇ ਪਾਣੀ ਵਿਚ ਹੌਲੀ ਹੌਲੀ ਵਧੀ ਆਉਂਦੀ ਤੱਕਿਆ। ਭਾਵੇਂ ਸਾਰਿਆਂ ਉਤੇ ਮੁਸੀਬਤ ਭਾਰੂ ਸੀ, ਪਰ ਬੀਰੋ ਬੇਪਰਵਾਹ ਉਮਰ ਕਾਰਨ ਉਸ ਸਮੇਂ
ਧੰਤੋ ਨੂੰ ਵੇਖ ਕੇ ਹਾਸਾ ਨਾ ਰੋਕ ਸਕੀ ਤੇ ਬੋਲੀ :
“ਕਿਉਂ, ਰਲਗੀ ਭਰਾਵਾਂ ਸੰਗ।”
“ਤੂੰ ਜਿਹੜੀ ਰੱਬ ਨੂੰ ਮਿਲੀ ਏਂ, ਬਰਾਬਰ ਕਰਨੋਂ ਕਦੋਂ ਹਟਦੀ ਏਂ, ਪਰ ਸੁਆਦ ਤਾਂ ਏਂ, ਜੇ ਪੱਕੇ ਵੀ ਢਾਹ ਕੇ ਵਖਾਵੇਂ !” ਧੰਤੋ ਤਿਲ੍ਹਕਦੀ ਤਿਲ੍ਹਕਦੀ ਮਸੀਂ ਬਚੀ, ਉਸ ਦੀ ਕੁੜਤੀ ਭਿੱਜ ਕੇ ਪਿੰਡੇ ਨਾਲ ਚੰਬੜ ਗਈ ਸੀ।
“ਭੈਣੇ ਪੱਕਿਆਂ ਵਾਲਿਆਂ ਦਾ ਤਾਂ ਆਪਣਾ ਰੱਬ ਐ, ਉਹ ਸਿਰਹਾਣੇ ਬਾਂਹ ਦਿੱਤੀ ਸੁੱਤੇ ਨਹੀਂ ਜਾਗਦੇ। ਇਹ ਹੋਣੀ ਤਾਂ ਆਪਾਂ ਗ਼ਰੀਬਾਂ ਨੂੰ ਹੀ ਮਾਰਨ ਆਈ ਐ।” ਜਿਉਂ ਹੀ ਬੀਰੋ ਨੇ ਧੰਤੋ ਨੂੰ ਕੁੜਤੀ ਭਿੱਜੀ ਤੱਕਿਆ, ਉਸ ਦੀ ਨੀਅਤ ਤੀਰ-ਕਾਵੀਂ ਹੋ ਗਈ। “ਨੀ ਢਕ ਲੈ, ਨੀ ਢਕ ਲੈ ਇਹਨਾਂ ਲਲਕਾਰਿਆਂ ਨੂੰ, ਕੋਈ ਪੱਟੇਂਗੀ ਸਰ੍ਹੋਂ ਦਾ ਰਾਖਾ। ਆਂਡਲ੍ਹੇ, ਜੇ ਕਿਸੇ ਨੇ ਵੇਖ ਲੀ ਏਸ ਤਰ੍ਹਾਂ ਤਾਂ ਲੈ ਕੇ ਪਾਣੀ ‘ਚ ਹੀ ਹੜ੍ਹ ਜਾਊਗਾ।”
“ਤੂੰ ਆਪਣਾ ਬਚਾਅ ਕਰ, ਸਾਡਾ ਕੀ ਏ, ਗ਼ਰੀਬਾਂ ਦਾ, ਨਾ ਚੋਰ ਲੱਗੇ ਤੇ ਨਾ ਕੁੱਤਾ ਭੌਂਕੇ।”
“ਆਹਾ ਹਾ। ਬੱਲੇ ਨੀ ਵਿਚਾਰੀਏ !” ਬੀਰੋ ਨੇ ਹੱਥ ਉਸ ਵੱਲ ਵਧਾ ਕੇ ਸਾਰਾ ਖੋਲ੍ਹ ਦਿੱਤਾ।
“ਨੀ ਸੱਚ ਤੁਹਾਡਾ ਸਾਰਾ ਕੋਠਾ ਹੀ ਬਹਿ ਗਿਆ ?” ਧੰਤੋ ਨੇ ਗੱਲ ਟਾਲਣ ਲਈ ਪੁੱਛਿਆ।
“ਨੀ ਕਾਹਦਾ ਭੈਣੇ ! ਨਵੇਂ ਸਿਰਿਉਂ ਰੱਬ ਨੇ ਪਾਕਿਸਤਾਨੀ ਬਣਾ ਦਿੱਤੇ ਆਂ।”
“ਅਸੀਂ ਵੀ ਸਾਧਾਂ ਦੇ ਉਸ ਡੇਰੇ ‘ਚ ਸਮਾਨ ਰੱਖਿਆ ਏ।” “ਤੇਰੀਆਂ ਹੀ ਪਹੁੰਚਾਂ ਸਹੀ, ਹਮਾਤੜਾਂ ਨੂੰ ਵੀ ਕੋਈ ਡੇਰਾ ਦੁਆ ਦੇ।”
“ਨੀ ਡੇਰਿਆਂ ਦਾ ਘਾਟਾ ਏ ਤੈਨੂੰ ?” ਝਟ ਹੀ ਕੁਝ ਚੇਤੇ ਕਰਦਿਆਂ ਧੰਤੋ ਨੇ ਆਖਿਆ, “ਤੇਰੇ ਮਾਪਿਆਂ ਨਹੀਂ ਜਾਣਾ, ਨਹੀਂ ਥਾਂ ਤਾਂ ਇਕ ਬਹੁਤ ਵਧੀਆ ਏ।”
“ਕਿਹੜੀ ?”
“ਲਾਭੇ ਕੇ ਖੂਹ ਵਾਲਾ ਛੱਪਰ।” ਏਨੀ ਕਹਿ ਕੇ ਧੰਤੋ ਰਵਾਂ ਰਵੀਂ ਵਗ ਤੁਰੀ।
“ਇਉਂ ਪਾਸੇ ਵੱਟਿਆਂ ਤਾਂ ਗੁਜ਼ਾਰੇ ਨਹੀਂ ਹੋਣੇ।” ਬੀਰੋ ਨੇ ਹਾਲੇ ਏਨੀ ਆਖੀ ਹੀ ਸੀ ਕਿ ਧੰਤੋ ਦਾ ਪੈਰ ਤਿਲਕ ਗਿਆ ਤੇ ਉਹ ਮੰਜੇ ਸਮੇਤ ਪਾਣੀ ਵਿਚ ਚੁਫਾਲ ਡਿੱਗ ਪਈ। ਬੀਰੋ ਨੇ ਕਾਹਲੀ ਨਾਲ ਜਾ ਕੇ ਉਸ ਨੂੰ ਚੁੱਕਿਆ ਤੇ ਆਖਿਆ :
“ਕਿਉਂ ?” ਉਸ ਦਾ ਭਾਵ ਸੀ, ਸੱਟ ਤਾਂ ਬਹੁਤੀ ਨਹੀਂ ਲੱਗੀ।
ਧੰਤੋ ਦਾ ਸੱਟ ਦੇ ਬਾਵਜੂਦ ਹਾਸਾ ਨਿਕਲਣੋਂ ਨਾ ਰਹਿ ਸਕਿਆ। ਤੇ ਬੀਰੋ ਨੇ ਚੁਣੌਤੀ
ਦੇਂਦਿਆ ਕਿਹਾ :
“ਦਿਲ ਦੇ ਖੋਟੇ ਬੰਦਿਆਂ ਨੂੰ ਇਉਂ ਰੱਬ ਥਾਏਂ ਮਾਰਦਾ ਏ।”
“ਨੀ ਮੇਰੇ ਸੱਟ ਬਹੁਤ ਲੱਗੀ ਏ।” ਧੰਤੋ ਨੇ ਕਸੀਸ ਵੱਟੀ ਅਤੇ ਉਹ ਇਕ ਹੱਥ ਨਾਲ ਪਿੱਠ ਪਲੋਸ ਰਹੀ ਸੀ।
“ਤੱਕੜੀ ਹੋ, ਹਾਲੇ ਤਾਂ ਸੱਟ ਪਈ ਕੋਈ ਨਹੀਂ।”
“ਨੀ ਜਾ ਪਰਾਂਹ। ਤੈਨੂੰ ਹਾਲੇ ਵੀ ਮਖ਼ੌਲ ਈ ਸੁਝਦੇ ਐ।”
“ਕੁੜੀਏ ! ਤੂੰ ਗੱਲਾਂ ਫੇਰ ਕਰ ਲਵੀਂ।” ਫੀਲਾ ਹੁਕਾ ਫੜੀ ਪਿੱਛੇ-ਪਿੱਛੇ ਆ ਰਿਹਾ ਸੀ, “ਮੀਂਹ ਤਾਂ ਫੇਰ ਉਲਰਿਆ ਆਉਂਦਾ ਏ।”
ਬੀਰੋ ਹੱਟੀ ਨੂੰ ਤੁਰ ਗਈ ਤੇ ਧੰਤੋ ਡੇਰੇ ਵੱਲ ਨੂੰ ਵਧ ਗਈ।
ਇਸ ਔਖੀ ਘੜੀ ਵਿਚ ਫੀਲੇ ਦੀ ਮਦਦ ਨੂੰ ਕਾਰਾ ਡਿੱਗਦਾ ਢਹਿੰਦਾ ਆ ਬਹੁੜਿਆ ਸੀ। ਉਹ ਇਹਨਾਂ ਦੀ ਸੁਖ-ਸਬੀਲੀ ਦਾ ਪਤਾ ਕਰਨ ਆਇਆ ਸੀ ਤੇ ਆਉਂਦੇ ਨੂੰ ਉਹੋ ਭਾਣਾ ਵਰਤਿਆ ਪਿਆ ਸੀ, ਜਿਸ ਦਾ ਉਸ ਦੇ ਮਨ ਵਿਚ ਧੁੜਕੂ ਸੀ। ਉਹ ਵੀ ਉਹਨਾਂ ਨਾਲ ਢੋਆ ਢੁਆਈ ਵਿਚ ਲੱਗ ਗਿਆ। ਫੀਲੇ ਦੇ ਸਾਮਾਨ ਨੂੰ ਟਕਾਣੇ ਲਵਾ ਕੇ, ਕਾਰੇ ਨੇ ਮੁੜ ਜਗਨੇ ਦੀ ਸਾਰ ਲਈ। ਜਗਨੇ ਦੀ ਹੱਟੀ ਢੱਠੀ ਤਾਂ ਨਹੀਂ ਸੀ, ਪਰ ਪਾਣੀ ਪੈ ਕੇ ਢੱਠਿਆਂ ਨਾਲੋਂ ਵਧ ਹੋ ਗਈ ਸੀ। ਸਾਰੇ ਦਾਣੇ ਭਿੱਜ ਗਏ ਤੇ ਖੰਡ-ਗੁੜ ਸਮਝੋ ਗਾਰਾ ਹੀ ਬਣ ਗਏ ਸਨ। ਬਹੁਤ ਥੋੜਾ ਸਾਮਾਨ ਸੀ, ਜਿਹੜਾ ਚੰਗੀ ਹਾਲਤ ਵਿਚ ਰਹਿ ਗਿਆ ਸੀ।
“ਕਿਉਂ ਪੰਡਤ ਜੀ ?” ਕਾਰੇ ਸੁਖ-ਸਾਂਦ ਪੁੱਛੀ।
“ਕਰਤਾਰ ਸਿਆਂ ! ਸ਼ਿਵਜੀ ਮਹਾਰਾਜ ਦੀ ਕ੍ਰੋਪੀ ਦਾ ਨਹੀਂ ਪਤਾ ਲਗਦਾ, ਹੁਣ ਕੀ ਬੁੱਝੀਏ।” ਜਗਨਾ ਆਪਣੇ ਨੁਕਸਾਨ ਉਤੇ ਫੀਲੇ ਨਾਲੋਂ ਕਿਤੇ ਵਧ ਦੁੱਖੀ ਹੋ ਰਿਹਾ ਸੀ। “ਆਹ ਘਾਟਾ ਕਦੋਂ ਰਲੂਗਾ।”
“ਲੂਣ ਤਾਂ ਰੋਵੇ, ਪੱਥਰ ਕਿਉਂ ਰੋਵੇ।” ਫੀਲੇ ਨੇ ਆਪਣੇ ਵਲੋਂ ਸੱਚੀ ਕਹਿ ਦਿੱਤੀ।
“ਜੇ ਫੀਲਿਆ ਤੂੰ ਹੱਥੀਂ ਕਮਾਵੇਂ, ਤੈਨੂੰ ਫੇਰ ਪਤਾ ਲਗੇ। ਰੰਨ ਕਮਾ ਲਿਆਉਂਦੀ ਐ, ਤੂੰ ਖਾ- ਹੰਢਾ ਛੱਡਦਾ ਏਂ।” “ਬਾਹਮਣਾ, ਬਾਹਮਣਾ ! ਤੂੰ ਕੰਮ ਕਰਵਾਉਣਾ ਏਂ, ਕਿ ਘਰੋੜਾਂ ਕਰਨੀਆਂ ਏ।” ਫੀਲੇ ਨੂੰ ਜਗਨੇ ਦੀ ਗੱਲ ਚੁੱਭ ਗਈ।
“ਤੂੰ ਤਾਂ ਲੂਣ ਪੱਥਰ ਪਰਖਦਾ ਏਂ, ਕੰਮ ਦੀ ਗੱਲ ਥੋੜੋਂ ਕਰਦਾ ਏਂ।”
“ਸਾਅਬ ਆਂਹਦਾ ਹੁੰਦਾ ਸੀ, ਜਦੋਂ ਮੁਸੀਬਤ ਪਵੇ ਘਬਰਾਏ ਨਾ, ਨਹੀਂ ਮੁਸੀਬਤ ਦੂਣੀ ਚੌਣੀ ਹੋ ਜਾਂਦੀ ਐ।” ਕਾਰੇ ਨੇ ਮੌਕੇ ਦੀ ਗੱਲ ਕਹਿ ਕੇ ਕੁੜਤੇ ਦੀਆਂ ਬਾਹਾਂ ਟੁੰਗਣੀਆਂ ਸ਼ੁਰੂ ਕਰ ਦਿੱਤੀਆਂ।
“ਆਹ ਗੁੜ-ਸਾਰਾ ਸਾਨੂੰ ਤੋਲੇਂਗਾ ਬਾਹਮਣਾ ?” ਫੀਲੇ ਨੇ ਖ਼ਰਾਬ ਹੋ ਚੁੱਕੇ ਗੁੜ ਵੱਲ ਇਸ਼ਾਰਾ ਕੀਤਾ।
“ਘਾਟਾ ਵੀ ਤਾਂ ਪੂਰਾ ਕਰਨਾ ਏਂ ਕਿਵੇਂ, ਤੂੰ ਨਹੀਂ ਹੋਰ ਸਹੀ।” ਜਗਨਾ ਮੁੱਛਾਂ ਵਿਚ ਹੱਸ ਪਿਆ।
“ਮੇਰੀ ਮੰਨੋ, ਸਾਰੇ ਦੀ ਸ਼ਰਾਬ ਪਾ ਲਵੋ, ਸਾਲ ਭਰ ਮੌਜ ਕਰਾਂਗੇ।” ਕਾਰੇ ਨੇ ਦੂਜੀ ਵਾਰ ਫਿਰ ਟਕਾਣੇ ਦੀ ਮਾਰੀ।
“ਕਾਰਿਆ, ਬ੍ਰਾਹਮਣ ਦਾ ਧਾਨ ਖਾ ਕੇ ਨਰਕਾਂ ਨੂੰ ਜਾਣਾ ਏਂ ?”
“ਬਾਹਮਣਾ, ਅਸੀਂ ਤੇਰਾ ਖਾਈਏ ਤਾਂ ਨਰਕਾਂ ਨੂੰ ਜਾਈਏ, ਤੂੰ ਸਾਡਾ ਖਾਵੇਂ ਸੁਰਗਾਂ ਨੂੰ ਜਾਵੇਂ, ਹੈ ਨਾ ?” ਫੀਲੇ ਨੇ ਨਾਸਾਂ ਫੁਲਾ ਲਈਆਂ ਸਨ। “ਸਾਲਾ ਝੋਟਾ ਨਾ ਹੋਵੇ !”
“ਗ੍ਰੰਥਾਂ ‘ਚ ਈ ਇਉਂ ਲਿਖਿਆ ਏ, ਮੇਰੇ ਕੀ ਵਸ ਏ !” ਜਗਨਾ ਏਨੀ ਕਹਿ ਕੇ ਫਿਰ ਹੱਸ ਪਿਆ।
“ਕਾਰਿਆ ! ਇਹਦੇ ਨਾਲ ਹੱਥ ਪੜੱਥੀ ਫਿਰ ਕਰਵਾ ਲਵਾਂਗੇ, ਪਹਿਲਾਂ ਉਹਨਾਂ ਗ੍ਰੰਥਾਂ ਦਾ ਪਤਰਾ ਪਤਰਾ ਕਰੀਏ।”
ਉਹਨਾਂ ਥੋੜੇ ਸਮੇਂ ਵਿਚ ਹੀ ਜਗਨੇ ਨਾਲ ਓੜ-ਪੋੜ ਕਰਵਾ ਦਿੱਤਾ।
ਤਿੰਨ ਚਾਰ ਦਿਨਾਂ ਪਿਛੋਂ ਪਿੰਡਾਂ ਦੀ ਬਰਬਾਦੀ ਵੇਖਣ ਇਕ ਸਰਕਾਰੀ ਅਫ਼ਸਰ ਆਇਆ। ਉਹ ਪੰਚਾਇਤ ਨੂੰ ਨਾਲ ਲੈ ਕੇ ਸਾਰਾ ਪਿੰਡ ਫਿਰਿਆ। ਜਿਸ ਦਾ ਸਾਰਾ ਘਰ ਢਹਿ ਗਿਆ ਸੀ, ਸਰਕਾਰ ਵਲੋਂ ਉਸ ਨੂੰ ਸੌ ਰੁਪਿਆ ਸਹਾਇਤਾ ਦਿੱਤੀ ਜਾਣੀ ਸੀ। ਫੀਲੇ ਦੇ ਸਾਰੇ ਘਰ ਵਿਚੋਂ ਦੋ ਖਣਾਂ ਦੀ ਰਸੋਈ ਢਹਿਣੋਂ ਰਹਿ ਗਈ ਸੀ, ਇਸ ਲਈ ਉਸ ਨੂੰ ਪੰਜਾਹ ਰੁਪਏ ਵਾਲੇ ਪੀੜਤਾਂ ਵਿਚ ਦਰਜ ਕੀਤਾ ਗਿਆ।
ਘਰ ਢਹਿ ਗਿਆ ਸੁਣ ਕੇ ਮਾਨਾ ਵੀ ਪਤਾ ਕਰਨ ਆਇਆ। ਉਸ ਅਜਿਹੀ ਬਿਪਤਾ ਵਿਚ ਗੁੱਸਾ ਰੱਖਣਾ ਠੀਕ ਨਾ ਸਮਝਿਆ। ਘਰ ਢੱਠਾ ਦੇਖ ਕੇ ਉਸ ਨੂੰ ਬੜਾ ਦੁੱਖ ਹੋਇਆ। ਉਹ ਸੋਚਣ ਲੱਗਾ, ਇਹਨਾਂ ਦਾ ਕੀ ਬਣੇਗਾ ? ਪੂੰਜੀ ਇਹਨਾਂ ਕੋਲ ਪਹਿਲਾਂ ਹੀ ਕੋਈ ਨਹੀਂ, ਜੇ ਮੈਂ ਆਪ ਕਬੀਲਦਾਰੀ ਦਾ ਦਬਾਇਆ ਨਾ ਹੁੰਦਾ, ਇਸ ਬਿਪਤਾ ਵਿਚ ਜ਼ਰੂਰ ਥੋੜੀ ਬਹੁਤੀ ਸਹਾਇਤਾ ਕਰਦਾ। ਮਾਨੇ ਦੇ ਆਉਣ ਤੋਂ ਪਹਿਲਾਂ ਪਿੰਡ ਵਿਚ ਇਕ ਡੌਡੀ ਪਿੱਟੀ ਗਈ ਸੀ ਕਿ ਸਰਕਾਰ ਮਕਾਨ ਪਾਉਣ ਵਾਸਤੇ ਕਰਜ਼ੇ ਦੇਂਦੀ ਹੈ- ਕਰਜ਼ਾ ਛਿਮਾਹੀ ਕਿਸ਼ਤਾਂ ਨਾਲ ਮੋੜਿਆ ਜਾਵੇਗਾ ਤੇ ਪਹਿਲੇ ਸਾਲ ਕੋਈ ਕਿਸ਼ਤ ਨਹੀਂ ਦੇਣੀ ਪਵੇਗੀ। ਜਗਨੇ ਕੋਲ ਲੋੜ ਗੋਚਰੀ ਪਰੋਖੋਂ ਸੀ ਤੇ ਕਾਰੇ ਨੂੰ ਕਿਸੇ ਤਰ੍ਹਾਂ ਦੇ ਕਰਜ਼ੇ ਦੀ ਲੋੜ ਨਹੀਂ ਸੀ, ਉਸ ਦੀ ਕੋਠੜੀ ਉਚੀ ਥਾਂ ਹੋਣ ਕਰ ਕੇ ਤਕੜੀ ਰਹੀ ਸੀ। ਦੋਹਾਂ ਫੀਲੇ ਨੂੰ ਸਰਕਾਰ ਤੋਂ ਕਰਜ਼ਾ ਲੈ ਕੇ ਪੱਕਾ ਘਰ ਬਣਾਉਣ ਦੀ ਸਲਾਹ ਦਿੱਤੀ। ਢਹਿ ਚੁੱਕਾ ਘਰ ਜਗਨੇ ਕੋਲ ਦੋ ਸੌ ਰੁਪਏ ਵਿਚ ਗਹਿਣੇ ਸੀ। ਉਸ ਖ਼ਿਆਲ ਕੀਤਾ ਸੀ, ਘਰ ਹੋਵੇਗਾ ਤਾਂ ਕਰਜ਼ਾ ਵੀ ਮੁੜ ਆਵੇਗਾ, ਨਹੀਂ ਤਾਂ ਸੁਖ-ਸਾਂਦ ਹੋ ਜਾਵੇਗੀ। ਫੀਲਾ ਦੂਰਦਰਸ਼ੀ ਤਾਂ ਹੈ ਹੀ ਨਹੀਂ ਸੀ, ਉਸ ਫ਼ੌਰੀ ਮਿਲਦੀ ਸਹਾਇਤਾ ਤੇ ਕਰਜ਼ਾ ਲੈ ਕੇ ਮਕਾਨ ਬਣਾਉਣ ਦੀ ਪੱਕੀ ਧਾਰ ਲਈ। ਉਸ ਸਲਾਹ ਵਜੋਂ ਮਾਨੇ ਤੋਂ ਵੀ ਪੁੱਛ ਲਿਆ, ਭਾਵੇਂ ਉਹ ਹਾਲੇ ਵੀ ਮਾਨੇ ਨਾਲ ਸਿਧੇ ਮੂੰਹ ਨਹੀਂ ਬੋਲਦਾ ਸੀ, ਪਰ ਮੁਸੀਬਤ ਵਿਚ ਪਤਾ ਸੁਰ ਲੈਣ ਆਏ ਨੂੰ ਕਿਵੇਂ ਨਾ ਪੁੱਛਦਾ। ਉਸ ਕੋਲੋਂ ਮੂੰਹ ਦਾ ਵਗਾੜ ਜ਼ਰੂਰ ਹੋ ਗਿਆ ਸੀ, ਪਰ ਦਿਲੋਂ ਉਹ ਮਾਨੇ ਤੋਂ ਦੂਰ ਨਹੀਂ ਹੋਇਆ ਸੀ।
“ਮਾਨੂੰ, ਸਰਕਾਰ ਤੋਂ ਕਰਜ਼ਾ ਲੈ ਕੇ ਘਰ ਪਾ ਲਈਏ ?” ਫੀਲੇ ਨੇ ਨੀਵੀਂ ਨਹੀਂ ਚੁੱਕੀ ਸੀ। ਮਾਨੇ ਨੇ ਸੋਚਦਿਆਂ ਉੱਤਰ ਦੇਣ ਦੀ ਥਾਂ ਉਸ ਨੂੰ ਸਵਾਲ ਕੀਤਾ :
“ਕਰਜ਼ਾ ਲੈ ਕੇ ਪਾਏ ਘਰ ਵਿਚ ਨੀਂਦ ਆ ਜਾਵੇਗੀ ?”
ਫੀਲੇ ਨੂੰ ਇਸ ਤਰ੍ਹਾਂ ਦੇ ਸਵਾਲ ਦੀ ਆਸ ਨਹੀਂ ਸੀ। ਉਸ ਦਾ ਖ਼ਿਆਲ ਸੀ ਕੀ ਮਾਨਾ ਕਰਜ਼ੇ ਦੀ ਇਸ ਰੱਬੀ ਰਹਿਮਤ ਨੂੰ ਸੁਭਾਗ ਸਮਝੇਗਾ।
“ਬਾਈ ਕਰਨੀ ਤਾਂ ਤੂੰ ਆਪਣੀ ਮਰਜ਼ੀ ਐ।” ਮਾਨੇ ਨੇ ਸੰਜੀਦਗੀ ਨਾਲ ਰਾਇ ਦਿੱਤੀ, “ਕਰਜ਼ੇ ਦਾ ਭਾਰ ਤਾਂ ਹਿੰਮਤਾਂ ਵਾਲਿਆਂ ਦੇ ਲੱਕ ਤੋੜ ਦਿੰਦੇ ਹੈ। ਤੂੰ ਕਿਸ਼ਤ ਕਿਵੇਂ ਮੋੜੇਂਗਾ ?”
ਫੀਲਾ ਸੱਚੀ ਮੁਚੀਂ ਸੋਚੀਂ ਪੈ ਗਿਆ। ਮਾਨੇ ਦੀ ਰਾਇ ਉਸ ਨੂੰ ਹਲੂਣ ਗਈ।
“ਚੰਗਾ ਬਾਈ, ਮੈਂ ਜਾਂਦਾ ਹਾਂ, ਤੁਹਾਡੀ ਜਿਵੇਂ ਸਲਾਹ ਹੋਈ ਸੁਨੇਹਾ ਭੇਜ ਦਿਉ। ਜੇ ਮੇਰੇ ਕੋਲੋਂ ਨਾ ਆਇਆ ਗਿਆ, ਮੈਂ ਕਾਉਂਕਿਆਂ ਤੋਂ ਮੋਦਨ ਨੂੰ ਭੇਜ ਦਿਆਂਗਾ, ਉਹ ਘਰ ਪੁਆ ਕੇ ਜਾਵੇਗਾ।” ਮਾਨੇ ਨੇ ਘਰ ਪਵਾਉਣ ਦੀ ਨੀਅਤ ਨਾਲ ਆਖਿਆ।
“ਮੋਦਨ ਤੇਰੀ ਸਾਲੀ ਦਾ ਮੁੰਡਾ ?” ਤਾਪੀ ਨੇ ਸੁਭਾਵਕ ਪੁੱਛਿਆ।
“ਹਾਂ ਓਹੀ। ਨਲਕੇ ਲਾਉਣ ਵਿਚ ਮੇਰੇ ਨਾਲੋਂ ਵੀ ਵਧ ਕਾਰੀਗਰ ਹੋ ਗਿਆ ਏ।” ਮਾਨੇ ਨੇ ਆਪਣੇ ਸ਼ਾਗਿਰਦ ਉਤੇ ਇਕ ਤਰ੍ਹਾਂ ਫ਼ਖਰ ਕੀਤਾ।
ਮਾਨਾ ਚਾਹ ਪੀ ਕੇ ਸ਼ਾਮ ਦੀ ਗੱਡੀ ਚਲਿਆ ਗਿਆ। ਉਸ ਦੀ ਗ਼ੈਰ-ਹਾਜ਼ਰੀ ਤੇ ਜਗਨੇ ਹੋਰਾਂ ਦੇ ਬੱਤੀ ਸੀਖਣ ਨਾਲ ਫੀਲਾ ਕਰਜ਼ਾ ਲੈਣ ਲਈ ਫਿਰ ਤਿਆਰ ਹੋ ਗਿਆ। ਉਸ ਵੀ ਮਨ ਬਣਾ ਲਿਆ ਕਿ ਇਕ ਵਾਰੀ ਕਰਜ਼ਾ ਲੈ ਕੇ ਘਰ ਤਾਂ ਪੱਕਾ ਪਾਓ, ਫਿਰ ਦੇਖੀ ਜਾਵੇਗੀ। ਆਉਂਦੇ ਸਾਲਾਂ ਵਿਚ ਖ਼ਬਰੇ ਕਿਸ ਰਾਜੇ ਦੀ ਪਰਜਾ ਹੋਣੀ ਏਂ, ਉਸ ਇਹ ਵੀ ਖ਼ਿਆਲ ਕੀਤਾ ਸੀ, ਖ਼ਬਰੇ ਸਰਕਾਰ ਦਿਆਲ ਹੋ ਕੇ ਕਰਜ਼ਾ ਗ਼ਰੀਬਾਂ ਨੂੰ ਛੋਟ ਹੀ ਕਰ ਦੇਵੇ। ਉਸ ਕੋਲ ਕਾਰਾ ਤੇ ਜਗਨਾ ਦੋ ਜ਼ਾਮਨ ਹੈ ਈ ਸਨ। ਉਸ ਪਟਵਾਰੀ, ਨੰਬਰਦਾਰ ਤੇ ਸਰਪੰਚ ਤੋਂ ਤਸਦੀਕ ਕਰਵਾ ਕੇ ਕਰਜ਼ਾ ਫ਼ਾਰਮ ਤਹਿਸੀਲੇ ਦਾਖ਼ਲ ਕਰਾ ਦਿੱਤਾ। ਫ਼ਾਰਮ ਤਾਂ ਦਾਖ਼ਲ ਕਰ ਦਿੱਤਾ, ਪਰ ਉਸ ਦੀ ਵਾਈ-ਧਾਈ ਕਿਵੇਂ ਵੀ ਨਹੀਂ ਲੱਗਦੀ ਸੀ। ਉਹ ਦੂਜੇ ਚੌਥੇ ਜਾਵੇ ਤੇ ਵਾਪਸ ਮੁੜ ਆਵੇ। ਅਖ਼ੀਰ ਜਗਨੇ ਉਸ ਨੂੰ ਰਾਹ ਪਾਇਆ ਕਿ ਰਿਸ਼ਵਤ ਦਿੱਤੇ ਬਿਨਾਂ ਕਰਜ਼ਾ ਨਹੀਂ ਮਿਲਣਾ। ਫੀਲੇ ਲਈ ਇਹ ਗੱਲ ਸਮਝਣੀ ਬੜੀ ਔਖੀ ਸੀ ਕਿ ਕਰਜ਼ਾ ਲੈਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ। ਜਗਨੇ ਨੇ ਆਪ ਇਕ ਕਲਰਕ ਨਾਲ ਠਾਹ-ਵਾਹ ਕੀਤੀ ਅਤੇ ਰਿਸ਼ਵਤ ਦਾ ਅੱਧ ਰੱਖ ਕੇ ਫੀਲੇ ਨੂੰ ਪੰਜ ਸੌ ਰੁਪਿਆ ਕਰਜ਼ਾ ਲੈ ਦਿੱਤਾ।
6
ਜਿਸ ਦਿਨ ਮੋਦਨ ਬੱਦੋਵਾਲ ਆਇਆ, ਉਸ ਦਿਨ ਹੀ ਫੀਲੇ ਦੇ ਨਵੇਂ ਘਰ ਦੀ ਨੀਂਹ ਰੱਖੀ ਜਾਣੀ ਸੀ। ਉਸ ਸਭ ਤੋਂ ਪਹਿਲਾਂ ਕਾਰੇ ਨੂੰ ਗਾਰੇ ਵਾਲੀ ਘਾਣੀ ਵਿਚ ਕਹੀ ਫੜੀ ਤੱਕਿਆ। ਉਹ ਬੱਦੋਵਾਲ ਪਹਿਲੀ ਵਾਰ ਹੀ ਆਇਆ ਸੀ ਤੇ ਗਲੀ ਦੇ ਮੋੜ ਤੋਂ ਉਸ ਤੀਜੀ ਵਾਰ ਘਰ ਪੁੱਛਿਆ ਸੀ। ਉਸ ਇਕ ਹੱਥ ਉੱਚਾ ਕਰ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਦੂਜੇ ਹੱਥ ਉਸ ਆਪਣੀ ਅੱਧੋਰਾਣੀ ਸਾਈਕਲ ਸਾਂਭੀ ਹੋਈ ਸੀ, ਜਿਸ ਨੂੰ ਇਕ ਖੂੰਜੇ ਖੜੀ ਕਰ ਦਿੱਤਾ। ਤਾਪੀ ਨੂੰ ਉਸ ‘ਬੇਬੇ ਜੀ’ ਆਖ ਮੱਥਾ ਟੇਕਿਆ। ਤਾਪੀ ਨੇ ਉਸ ਨੂੰ ਪਿਆਰ ਦੇਂਦਿਆਂ ਮੰਜਾ ਡਾਹ ਦਿੱਤਾ ਅਤੇ ਉਸ ਦੀ ਸੁਖ-ਸਾਂਦ ਪੁੱਛੀ। ਫਿਰ ਝਟ ਹੀ ਉਸ ਮੋਦਨ ਲਈ ਚੁੱਲ੍ਹੇ ਚਾਹ ਰੱਖ ਦਿੱਤੀ। ਮੋਦਨ ਜ਼ਨਾਨੀਆਂ ਵੱਲ ਪਿੱਠ ਕਰ ਕੇ ਮੰਜੇ ਉਤੇ ਬਹਿ ਗਿਆ ਅਤੇ ਕਾਰੇ ਦੀਆਂ ਬਣੀਆਂ ਵੇਖਣ ਲੱਗਾ।
ਕਾਰਾ ਗਾਰੇ ਵਾਲੀ ਘਾਣੀ ਵਿਚ ਵੜ ਤਾਂ ਗਿਆ, ਪਰ ਹੁਣ ਪਛਤਾ ਰਿਹਾ ਸੀ ਕਿ ਮੈਂ ਇਸ ਕੰਮ ਵਿਚ ਕਿਉਂ ਫਸਿਆ, ਇਸ ਨਾਲੋਂ ਇੱਟਾਂ ਫੜਾਉਣਾ ਕਿਤੇ ਸੁਖਾਲਾ ਸੀ। ਜੇ ਉਹ ਕਹੀ ਗਾਰੇ ਵਿਚ ਖੋਭ ਲੈਂਦਾ ਤਾਂ ਉਸ ਤੋਂ ਖਿੱਚੀ ਨਹੀਂ ਜਾਂਦੀ ਸੀ ਅਤੇ ਲੱਤਾਂ ਉਸ ਦੀਆਂ ਫੁਲ ਕੇ ਕੰਮ ਕਰਨੋਂ ਆਰੀ ਹੋ ਖਲੋਤੀਆਂ ਸਨ। ਪਰ ਉਹ ਤਾਪੀ ਦੀਆਂ ਨਜ਼ਰਾਂ ਵਿਚ ਹਾਲੇ ਵੀ ਥਾਂ ਲੱਭ ਰਿਹਾ ਸੀ, ਜਿਹੜੀ ਸ਼ਾਇਦ ਵਿਧਮਾਤਾ ਨੇ ਉਸ ਲਈ ਇਸ ਜਨਮ ਵਿਚ ਬਣਾਈ ਨਹੀਂ ਸੀ। ਉਸ ਦਾ ਬੁਰੀ ਤਰ੍ਹਾਂ ਸਾਹ ਚੜ੍ਹਿਆ ਹੋਇਆ ਸੀ।
ਮੋਦਨ ਨੇ ਆਉਂਦਿਆਂ ਹੀ ਮਾਨੇ ਦੇ ਦੱਸੇ ਅਨੁਸਾਰ ਕਾਰੇ ਨੂੰ ਪਛਾਣ ਲਿਆ। ਮਾਨੇ ਨੇ ਉਸ ਨੂੰ ਕਈ ਪੱਖਾਂ ਤੋਂ ਹੁਸ਼ਿਆਰ ਕਰਕੇ ਘੱਲਿਆ ਸੀ ਕਿ ਓਥੇ ਕੰਮ ਕਰਨਾ ਹੈ ਤੇ ਕਿਸੇ ਵੀ ਤਰ੍ਹਾਂ ਦਾ ਉਲਾਂਭਾ ਨਾ ਆਵੇ, ਮੋਦਨ ਆਪਣੀ ਮਾਂ ਦੇ ਸੁਭਾਅ ਤੋਂ ਸਾਊ, ਮਾਨੇ ਦੀ ਸ਼ਾਗਿਰਦੀ ਵਿਚ ਸਿਆਣਾ ਤੇ ਆਪਣੇ ਕੰਮ ਦੀ ਲਗਨ ਵਿਚ ਮਾਹਰ ਕਰਿੰਦਾ ਹੋ ਗਿਆ ਸੀ। ਚੌੜੀ ਛਾਤੀ ਤੇ ਦੋਹਰੇ ਸਰੀਰ ਵਿਚ ਉਹ ਫਬਵਾਂ ਗੱਭਰੂ ਸੀ। ਪਿਛਲੇ ਚੇਤ ਤੋਂ ਉਸ ਨੂੰ ਬਾਈਵਾਂ ਸਾਲ ਲੱਗਾ ਸੀ। ਉਹ ਪਹਿਲੀ ਤੱਕਣੀ ਵਿਚ ਸ਼ਾਇਦ ਸੁਹਣਾ ਨਹੀਂ ਸੀ ਲਗਦਾ, ਪਰ ਜਿਉਂ ਜਿਉਂ ਉਸ ਨੂੰ ਕੰਮ ਵਿਚੋਂ ਵੇਖੋ, ਹਲਕਾ ਪਿੱਲਾ ਰੰਗ, ਮਿੱਠੀ ਜਿਹੀ ਦਿਲਚਸਪੀ ਬਣ ਜਾਂਦਾ ਤੇ ਗੱਲਾਂ ਕਰਦਿਆਂ ਉਸ ਦੀ ਸੀਰਤ ਉੱਘੜ ਕੇ ਦਿਲ ਨੂੰ ਖਿੱਚ ਪਾਉਣ ਲੱਗ ਪੈਂਦੀ। ਅਸਲ ਵਿਚ ਉਸ ਦੀ ਚੰਗੀ ਸਿਹਤ ਅਜਿਹਾ ਰੂਪ ਸੀ, ਜਿਹੜੀ ਵੇਖਣ ਵਾਲੇ ਲਈ ਪ੍ਰਭਾਵ ਬਣ ਜਾਂਦੀ।
ਧੰਤੋ ਨਵੇਂ ਆਏ ਪ੍ਰਾਹੁਣੇ ਨੂੰ ਖ਼ਾਮੋਸ਼ ਤੇ ਚੋਰ ਨਜ਼ਰਾਂ ਨਾਲ ਤਾੜ ਰਹੀ ਸੀ। ਸਤਾਰਾਂ ਤੋਂ ਟੱਪ ਰਹੀ ਕੋਈ ਮੁਟਿਆਰ ਕਿਸੇ ਗੱਭਰੂ ਮੁੰਡੇ ਨੂੰ ਘਰ ਦਿਆਂ ਸਾਹਮਣੇ ਅੱਖਾਂ ਪਾੜ ਕੇ ਥੋੜੋਂ ਵੇਖ ਸਕਦੀ ਹੈ, ਜਦੋਂ ਕਿ ਉਹ ਕੁਆਰੀ ਤੇ ਆਉਣ ਵਾਲਾ ਓਪਰਾ ਮਰਦ ਵੀ ਹੋਵੇ। ਉਹ ਇਸ ਸਾਰੇ ਸਮੇਂ ਵਿਚਕਾਰ ਤਾੜਦੀ ਰਹੀ ਸੀ ਕਿ ਮੋਦਨ ਉਸ ਵੱਲ ਵੇਖਦਾ ਹੈ ਕਿ ਨਹੀਂ। ਮੋਦਨ ਨੇ ਪਲ ਕੁ ਉਸ ਨੂੰ ਵੇਖਿਆ ਜ਼ਰੂਰ ਸੀ, ਪਰ ਧੰਤੋ ਤੋਂ ਚੋਰੀ, ਮੁੜ ਉਸ ਆਪਣਾ ਧਿਆਨ ਵੱਟੀ ਰੱਖਿਆ। ਜਦ ਧੰਤੋ ਨੇ ਚਾਹ ਵਾਲੀ ਗੜਵੀ ਤੇ ਗਲਾਸ ਉਸ ਦੇ ਅੱਗੇ ਰੱਖੇ, ਉਸ ਓਦੋਂ ਵੀ ਨੀਵੀਂ ਨਹੀਂ ਸੀ ਚੁੱਕੀ। ਇਹ ਸਾਊ ਨੀਵੀਂ ਤਾਪੀ ਦੀਆਂ ਨਜ਼ਰਾਂ ਵਿਚ ਇਕ ਅਮੋਲ ਸਚਿਆਰ ਬਣ ਗਈ।
ਚਾਹ ਪੀ ਲੈਣ ਪਿਛੋਂ ਮੋਦਨ ਨੇ, ਆਪਣੀ ਡੱਬੀਆਂ ਵਾਲੀ ਚਾਦਰ ਅਤੇ ਮਲਮਲ ਦੀ ਕਮੀਜ਼ ਲਾਹ ਕੇ ਰਸੋਈ ਵਾਲੇ ਬਾਹਰਲੇ ਕਿੱਲੇ ਲਟਕਾ ਦਿੱਤੀਆਂ ਤੇ ਉਹਨਾਂ ਉਤੇ ਆਪਣੀ ਸੰਤਰੀ ਪੱਗ ਲਟਕਾ ਦਿੱਤੀ। ਉਸ ਦੀ ਬਨੈਣ ਵਿਚ ਛਾਤੀ ਉਤੇ ਦੋ ਮੋਰਨੀਆਂ ਕਢੀਆਂ ਹੋਈਆਂ ਸਨ। ਜਿਉਂ ਹੀ ਧੰਤੋ ਦੀ ਨਜ਼ਰ ਮੋਦਨ ਦੇ ਗੁੰਦਵੇਂ ਡੌਲਿਆਂ ਤੇ ਛਾਤੀ ਦੀਆਂ ਮੋਰਨੀਆਂ ਉਤੇ ਪਈ, ਇਕ ਪਲ ਲਈ ਉਸ ਦੀਆਂ ਦੋਵੇਂ ਅੱਖਾਂ ਮੀਟੀਆਂ ਗਈਆਂ ਤੇ ਬੇਮਲੂਮੇ ਡੂੰਘੇ ਸਾਹ ਵਿਚ ਉਸ ਆਪਣਾ ਆਪ ਢਿੱਲਿਆਂ ਛੱਡ ਦਿੱਤਾ। ਉਸ ਲੰਘੇ ਸਿਆਲ ਇਕ ਸਿਰਹਾਣਾ ਕੱਢਿਆ ਸੀ, ਜਿਸ ਉਤੇ ਇਸ ਤਰ੍ਹਾਂ ਦੀਆਂ ਹੀ ਮੋਰਨੀਆਂ ਪਾਈਆਂ ਸਨ। ਉਸ ਨੂੰ ਇਉਂ ਜਾਪਿਆ, ਜਿਵੇਂ ਉਹ ਸਿਰਹਾਣੇ ਵਾਲੀਆਂ ਮੋਰਨੀਆਂ ਹੀ ਮੋਦਨ ਦੀ ਬਨੈਣ ਉਤੇ ਜਾ ਚਮਕੀਆਂ ਸਨ।
“ਬਾਬਾ ! ਇਸ ਘਾਣੀ ‘ਚ ਮੈਨੂੰ ਵੜਨ ਦੇ।” ਮੋਦਨ ਦੀ ਆਵਾਜ਼ ਨੇ ਧੰਤੋ ਦਾ ਵਿਸਮਾਦ ਮੋੜ ਦਿੱਤਾ। ਉਹ ਘਾਣੀ ਤੋਂ ਬਾਹਰ ਖਲੋਤਾ ਕਾਰੇ ਵੱਲ ਵੇਖ ਵੇਖ ਮੁਕਸਾਈ ਜਾ ਰਿਹਾ ਸੀ।
“ਓਏ ਮੁੰਡਿਆ !” ਕਾਰੇ ਦਾ ਸਾਹ ਹਫਿਆ ਹੋਇਆ ਸੀ, ਫਿਰ ਵੀ ਉਸ ਹਾਸੀ ਪੈਦਾ ਕਰਨ ਲਈ ਕਿਹਾ, “ਮੈਨੂੰ ਫੇਰ ਬਾਬਾ ਨਾ ਕਹਿ ਦੇਈਂ ਕਿਤੇ।”
“ਕਿਉਂ ਬਾਬਾ ?”
“ਫੇਰ ਬਾਬਾ, ਬਸ ਜੜ੍ਹ ਦੀ ਪੁੱਟ ਦਿੱਤੀ।”
“ਕਿਉਂ ਹੁਣ ਤੈਨੂੰ ਛੁਹਾਰੇ ਮੁੜਦੇ ਐ !” ਕਾਰੀਗਰ ਤਾਰੇ ਨੇ ਕਾਰੇ ਨੂੰ ਚੋਟ ਮਾਰੀ। ਉਹ ਨੀਂਹ ਉਤੇ ਬੈਠਾ ਗਾਰਾ ਮੰਗ ਰਿਹਾ ਸੀ।
“ਅਸੀਂ ਤਾਂ ਉਮੈਦਵਾਰਾਂ ‘ਚ ਹਾਂ, ਜੇ ਕੋਈ ਬਹੁੜੇ ਈ ਨਾ, ਸਾਡਾ ਕੀ ਕਸੂਰ।” ਕਾਰੇ ਦੀ ਇਸ ਗੱਲ ਨਾਲ ਹਾਸਾ ਸਾਰੇ ਵਿਹੜੇ ਵਿਚ ਖਿਲਰ ਗਿਆ।
न T
ਮੋਦਨ ਨੇ ਮਨ ਵਿਚ ਸੋਚਿਆ, ਵਾਹਵਾ ਦਿਨ ਲੰਘ ਜਾਣਗੇ, ਕਾਮਯਾਬੀ ਲਈ ਜਿਥੇ ਬਲ, ਤੇਜ਼ੀ ਤੇ ਹੁਸ਼ਿਆਰੀ ਲੋੜੀਂਦੀਆਂ ਹਨ, ਓਥੇ ਦਿਲਚਸਪੀ ਘੱਟ ਮਹਾਨਤਾ ਨਹੀਂ ਰੱਖਦੀ। ਫੀਲੇ ਨੇ ਨੀਂਹ ਰੱਖਣ ਸਮੇਂ ਤਾਰੇ ਅੱਗੇ ਗੁੜ ਦੀ ਥਾਲੀ ਲਿਆ ਰੱਖੀ। ਉਸ ਸਾਰਿਆਂ ਨੂੰ ਰੋੜੀ ਰੋੜੀ ਵੰਡ ਦਿੱਤਾ ਅਤੇ ਆਪਣਾ ਹਿੱਸਾ ਰੱਖ ਕੇ ਥਾਲੀ ਮੋੜ ਦਿੱਤੀ।
“ਚਾਚੀ ! ਤੂੰ ਚਾਹ ਵਾਲਾ ਪਤੀਲਾ ਚੁੱਲ੍ਹੇ ‘ਤੇ ਹੀ ਰੱਖ।” ਤਾਰੇ ਨੇ ਤਾਪੀ ਨੂੰ ਤਿੱਖੇ ਬੋਲ ਨਾਲ ਹਲੂਣਿਆਂ ਤੇ ਫਿਰ ਉਸ ਕੰਮ ਵਾਲੇ ਬੰਦਿਆਂ ਵੱਲ ਮੂੰਹ ਭਵਾਇਆ, “ਤੁਸੀਂ ਬਈ ਹੁਣ ਢਿੱਲੇ ਨਾ ਪਵੋ, ਗਾਰੇ ਵਾਲਿਆ ਬਈ ਜੁਆਨਾ! ਗਾਰਾ, ਗਾਰਾ।” ਉਸ ਕਾਂਡੀ ਇੱਟਾਂ ਉਤੇ ਖੜਕਾਈ।
“ਇਉਂ ਮੰਗਦਾ ਏਂ, ਜਿਵੇਂ ਖਾਣਾ ਹੁੰਦਾ ਏ।” ਕਾਰੇ ਤੋਂ ਆਖਣੋਂ ਨਾ ਰਿਹਾ ਗਿਆ ਤੇ ਹਾਸੇ ਦੀ ਪੰਡ ਫਿਰ ਇਕ ਵਾਰ ਖੁੱਲ੍ਹ ਗਈ।
“ਬੁੜ੍ਹਿਆ ਤੇਰੇ ਵੀ ਸਾਹਲ ਲਾਉਣ ਵਾਲੀ ਐ।” ਤਾਰੇ ਤੋਂ ਫਬਵਾਂ ਉੱਤਰ ਨਾ ਸਰਿਆ।
“ਮਿਸਤਰੀ ਜੀ !” ਮੋਦਨ ਨੇ ਤਾਰੇ ਦਾ ਧਿਆਨ ਆਪਣੀ ਵੱਲ ਖਿੱਚਿਆ। “ਤੁਸੀਂ ਇਹਨਾਂ ਦੋਹਾਂ ਨੂੰ ਇੱਟਾਂ ਉਤੇ ਲਾ ਲਵੋ, ਮੈਂ ਗਾਰਾ ਬਣਾਵਾਂਗਾ ਵੀ ਤੇ ਕੜਾਹੀ ਤੁਹਾਡੀ ਨੀਂਹ ਉਤੇ ਵੀ ਆਵੇਗੀ।”
“ਗੁਰਮੁਖਾ ਗਾਰਾ ਤੇਰੇ ਕੋਲੋਂ ਦਿੱਤਾ ਨਹੀਂ ਜਾਣਾ, ਇਹ ਦੋ ਆਦਮੀਆਂ ਦਾ ਕੰਮ ਹੈ।” ਮਿਸਤਰੀ ਨੇ ਮੋਦਨ ਨੂੰ ਇਕ ਤਰ੍ਹਾਂ ਜਰਕਾਉਣਾ ਚਾਹਿਆ।
“ਗਾਰੇ ਦੀ ਗੱਲ ਛੱਡੋ ਮਿਸਤਰੀ ਜੀ ! ਅਸੀਂ ਉਸ ਜਾਤ ਵਿਚੋਂ ਹਾਂ, ਜਿਨ੍ਹਾਂ ਅੱਗੇ ਪਾਂਡੋ ਵੀ ਪਾਣੀ ਭਰ ਜਾਂਦੀ ਹੈ।” ਮੋਦਨ ਦੀ ਇਸ ਗੱਲ ਨਾਲ ਫੀਲੇ ਨੂੰ ਵੀ ਅਕੜੇਵਾਂ ਆ ਗਿਆ।
“ਹੱਛਾ, ਵੇਖਾਂਗੇ ਤਿਲਾਂ ‘ਚ ਤੇਲ ਕਿੰਨਾ ਕੁ ਹੈ।”
“ਮਿਸਤਰੀ ਜੀ, ਤੁਹਾਡੀ ਦਇਆ ਚਾਹੀਦੀ ਹੈ, ਕੰਮ ਵਲੋਂ ਵੀ ਬੰਦਾ ਕਦੇ ਹਾਰਿਆ ਏ।” ਮੋਦਨ ਨੇ ਇਹ ਗੱਲ ਸੁਭਾਵਕ ਹੀ ਆਖੀ ਸੀ, ਪਰ ਚੁੱਲ੍ਹੇ ਅੱਗੇ ਆਲੂ ਚੀਰਦੀ ਧੰਤੋ ਨੇ ਸਮਝਿਆ, ਮੈਨੂੰ ਲਾ ਕੇ ਕਹੀ ਹੈ। ਉਹ ਚਿਰੋਕਣੀ ਮੋਦਨ ਦੀਆਂ ਗੱਲਾਂ ਵਿਚ ਕੰਨ ਰੱਖੀ ਆ ਰਹੀ ਸੀ। ਉਸ ਅੱਖਾਂ ਮੀਟਦਿਆਂ ਅੰਦਰ ਨੂੰ ਸਾਹ ਖਿੱਚਿਆ, ਜਿਵੇਂ ਉਸ ਦਾ ਆਪਣਾ ਆਪ ਘੁੱਟਿਆ ਗਿਆ ਸੀ।
“ਧੰਤੋ ਤੜਕਾ ਸੜਦਾ ਏ !”
ਜੇ ਉਸ ਦੀ ਮਾਂ ਉਸ ਨੂੰ ਸੁਚੇਤ ਨਾ ਕਰਦੀ, ਹੋ ਸਕਦਾ ਸੀ ਉਹ ਜ਼ੁਲੈਖਾਂ ਵਾਂਗ ਆਪਣ ਹੱਥ ਹੀ ਕੱਟ ਲੈਂਦੀ। ਉਹ ਛੋਹਲੀ ਨਾਲ ਕਰਦ ਰੱਖ ਕੇ ਪਤੀਲੇ ਵਿਚ ਕੜਛੀ ਫੇਰੀ ਅਤੇ ਕੂੰਡੀ ਦਾ ਮਸਾਲਾ ਪਤੀਲੇ ਵਿਚ ਉਲਟਾ ਦਿੱਤਾ। ਸੜਦੇ ਘਿਉ ਅਤੇ ਮਸਾਲੇ ਦੀ ਸੁਗੰਧੀ ਨੇ ਮੋਦਨ ਦੀਆਂ ਨਾਸਾਂ ਵਿਚ ਜਲੂਣ ਛੇੜ ਦਿੱਤੀ। ਇਕ ਮੁਸਕਾਣ ਨਾਲ ਉਹ ਗੋਰਾ-ਸੂਹਾ ਹੋ ਗਿਆ-ਇਕ ਧੜਕਣ ਉਸ ਦੇ ਪੈਰਾਂ ਦੀਆਂ ਤਲੀਆਂ ਤਕ ਉਤਰ ਗਈ। ਮੋਦਨ ਦੀ ਸੀਰਤ ਸੰਗ ਤੇ ਸਿਆਣਪ ਦੀ ਸਾਂਝ ਦਾ ਗੰਭੀਰ ਸਰ ਸੀ, ਜਿਸ ਵਿਚ ਡਿੱਗਾ ਮਾਮੂਲੀ ਇੱਟ ਵੱਟਾ ਉਸ ਦੀ ਅਡੋਲਤਾ ਭੰਗ ਨਹੀਂ ਕਰ ਸਕਦਾ ਸੀ। ਪਹਿਲੀ ਗੱਲ, ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦੀ ਚੋਰੀ ਆਈ ਹੀ ਨਹੀਂ ਸੀ, ਜੋ ਵਿਸਰ ਭੋਲ ਕੁਝ ਆਉਂਦਾ ਵੀ, ਉਹ ਉਸ ਦੇ ਕੰਮ ਵਿਚ ਸੁਖਾਲਿਆਂ ਹੀ ਸਮੋਇਆ ਜਾਂਦਾ।
ਕਿਉਂਕਿ ਉਹ ਕਹੀ ਛੱਡਦਾ ਸੀ ਤਾਂ ਕੜਾਹੀ ਚੁੱਕ ਲੈਂਦਾ, ਕੜਾਹੀ ਰੱਖਦਾ ਤਾਂ ਕਹੀ ਫੜ ਲੈਂਦਾ। ਕੰਮ ਜਿੱਥੇ ਜ਼ਿੰਦਗੀ ਪੈਦਾ ਕਰਦਾ ਹੈ, ਪਾਲਦਾ ਹੈ, ਉਥੇ ਉਹਦੇ ਭੇਦਾਂ ਨੂੰ ਵੀ ਆਪਣੀ ਬੁੱਕਲ ਵਿਚ ਸਮਾ ਲੈਂਦਾ ਹੈ ਅਤੇ ਜ਼ਿੰਦਗੀ ਦਾ ਹਰ ਤਰ੍ਹਾਂ ਦਾ ਰਖਵਾਲਾ ਬਣਦਾ ਹੈ। ਮੋਦਨ ਨੇ ਗਾਰੇ ਵਾਲੀ ਕੜਾਹੀ ਕਾਰੀਗਰ ਦੇ ਅੱਗੇ ਰੱਖਦਿਆਂ ਪੁੱਛਿਆ :
“ਮਿਸਤਰੀ ਜੀ ! ਦਿਹਾੜੀ ‘ਚ ਕਿੰਨੀਆਂ ਕੁ ਇੱਟਾਂ ਲਾ ਦੇਵੋ ?”
“ਇੱਟਾਂ ?” ਤਾਰੇ ਨੇ ਇਕ ਪਲ ਕੰਮ ਰੋਕ ਕੇ ਕਾਂਡੀ ਇੱਟ ਉਤੇ ਠਕੋਰੀ, “ਜੇ ਮੈਂ ਆਪਣੀ ਆਈ ਤੇ ਆ ਜਾਵਾਂ, ਆਥਣ ਨੂੰ ਲਾਲ ਕਿੱਲਾ ਉਸਾਰ ਦਿਆਂ।” ਉਸ ਨੂੰ ਆਪਣੀ ਹਿੰਮਤ ਉਤੇ ਬੜਾ ਗਰਵ ਸੀ।
“ਜੇ ਆਪਣੀ ਆਈ ਤੇ ਨਾ ਆਵੇਂ, ਫਿਰ ਤਾਂ ਫਲੀ ਨਹੀਂ ਨਾ ਭੰਨਦਾ।”
ਕਾਰੇ ਨੇ ਢੇਰ ਵਿਚੋਂ ਇੱਟ ਖਿੱਚਦਿਆਂ ਵਿਅੰਗ ਕੀਤਾ।
“ਜੇਹਾ ਤੇਰਾ ਲੂਣ ਪਾਣੀ, ਤੇਹਾ ਸਾਡਾ ਕੰਮ ਜਾਣ। ਆਪਾਂ ਤਾਂ ਸੱਚੀ ਜਾਣਦੇ ਆਂ।” ਤਾਰੇ ਨੇ ਕੜਾਹੀ ਵਿਹਲੀ ਕਰ ਕੇ ਮੋਦਨ ਅੱਗੇ ਸੁੱਟ ਦਿੱਤੀ, “ਚੱਕ ਬਈ ਗਾਰਾ ?”
“ਕੱਛਾਂ ਵਾਲਿਆਂ ਦਿਆ ਮੁੰਡਿਆ ਦਿਲ ਰੱਖ, ਸ਼ੱਕਰ ਬੂਰੇ ਵਰਗੀ ਲਿਆਂਦੀ ਪਈ ਐ।” ਫੀਲੇ ਨੇ ਤਾਰੇ ਦੀ ਨੀਅਤ ਪਛਾਣ ਲਈ ਸੀ। “ਕਣੀ-ਕਾਮਣੀ ਦਾ ਮੌਕਾ ਏ, ਕੋਠਾ ਛੇਤੀ ਪਾ ਦੇ ਤੂੰ।”
“ਫੀਲਵਾਨਾ ! ਆਹ ਕੰਧ ਤਾਂ ਅੱਜ ਹੀ ਸ਼ਤੀਰੀਆਂ ਤਕ ਜਾਂਦੀ ਵੇਖੀਂ।” ਤਾਰੇ ਵਿਚ ਇਕ ਫੁਰਤੀ ਉਠ ਖਲੋਤੀ ਸੀ। “ਵਿਢ ਤੁਸੀਂ ਲਾਈ ਬੈਠੇ ਓ ਵਡਾ, ਤੇ ਸਾਮਾਨ ਮੈਨੂੰ ਥੋੜਾ ਦੀਹਦਾ ਏ। ਇੱਟਾਂ ਥੋੜੀਆਂ ਥੁੜ ਜਾਣੀਆਂ ਏਂ, ਸੀਮਿੰਟ ਸਾਰਾ ਬਾਰੀਆਂ ਤੇ ਉਹਨਾਂ ਦੇ ਲੈਂਟਰਾਂ ਵਿਚ ਪੈ ਜਾਣਾ ਏ, ਬਾਲੇ ਤੇ ਟਾਇਲਾਂ ਲਿਆਉਣ ਵਾਲੀਆਂ ਹਨ।”
“ਕੋਈ ਨਹੀਂ ਹੌਲੀ ਹੌਲੀ ਸਭ ਕੁਝ ਆ ਜਾਵੇਗਾ।” ਕਾਰੇ ਨੇ ਆਪਣੇ ਲਾਲ ਸੂਹੇ ਹੱਥਾਂ ਵੱਲ ਵੇਖਿਆ, ਜਿਨ੍ਹਾਂ ਨੂੰ ਇੱਟਾਂ ਨੇ ਵੱਢ ਸੁੱਟਿਆ ਸੀ।
“ਤੁਸੀਂ ਤਾਂ ਦੋਵੇਂ ਬੀਮਾਰੀਆਂ ਈ ਜੁੜੀਆਂ ਹੋ, ਬੰਦਾ ਮੇਰੇ ਮੋਦਨ ਪਸਿੰਦ ਏ, ਜਿਹੜਾ ਗਾਰਾ ਥੁੜਨ ਨਹੀਂ ਦੇਂਦਾ। ਤੁਸੀਂ ਦੋ ਜਣੇ ਇੱਟਾਂ ਵੀ ਨਹੀਂ ਫੜਾ ਸਕਦੇ।” ਤਾਰਾ ਸਾਹਲ ਲਾ ਕੇ ਕੰਧ ਦੇ ਰਦਿਆਂ ਵਿਚੋਂ ਵਲ ਵਿੰਗ ਠਕੋਰਨ ਲੱਗ ਪਿਆ।
ਜਿਉਂ ਹੀ ਮੋਦਨ ਵਿਹਲਾ ਹੁੰਦਾ, ਨੀਂਹ ਉਤੇ ਇੱਟਾਂ ਦਾ ਢੇਰ ਲਾ ਦਿੰਦਾ। ਮੋਦਨ ਸਾਰੇ ਕੰਮ ਨੂੰ ਖਿੱਚੀ ਫਿਰਦਾ ਸੀ। ਉਹਦੇ ਕੰਮ ਉਤੇ ਸਾਰੇ ਪ੍ਰਸੰਨ ਸਨ, ਪਰ ਤਾਪੀ ਨੂੰ ਮੁੰਡਾ ਸੋਨੇ ਦੀ ਘੁੰਡਰ ਜਾਪਦਾ ਸੀ।
ਘਰ ਬਣਾਉਣ ਦੇ ਦਿਨਾਂ ਵਿਚ ਧੰਤੋ ਨੂੰ ਭੱਠੀ ਤਪਾਉਣ ਦੀ ਵਿਹਲ ਹੀ ਨਹੀਂ ਮਿਲਦੀ ਸੀ। ਹੁਣ ਉਸ ਕੋਲੋਂ ਚੁੱਲ੍ਹੇ ਚੌਂਕੇ ਦਾ ਕੰਮ ਹੀ ਨਹੀਂ ਮੁਕਦਾ ਸੀ। ਮੱਝ ਵੀ ਸੂ ਪਈ ਸੀ, ਉਸ ਨੂੰ ਲੇਟੀ ਧਰਨੀ ਪੈਂਦੀ ਅਤੇ ਹੋਰ ਓੜ ਪੋੜ ਕਰਨਾ ਪੈਂਦਾ, ਜੇ ਵਿਚੋਂ ਪੋਲ ਮਿਲੇ, ਤਦ ਮੋਦਨ ਦੀ ਘਾਣੀ ਲਈ ਬਾਹਰੋਂ ਪਾਣੀ ਵੀ ਢੋਣਾ ਪੈਂਦਾ ਸੀ। ਇਕ ਸ਼ਾਮ ਢਲ ਰਹੀ ਸੀ ਤੇ ਉਹ ਪਾਣੀ ਦਾ ਘਡਾ ਚੁੱਕੀ ਆ ਰਹੀ ਸੀ, ਜਦ ਉਸ ਨੂੰ ਚਾਦਰ ਰੰਬਾ ਚੁੱਕੀ ਆਉਂਦੀ ਬੀਰੋ ਮਿਲ ਪਈ।
“ਖ਼ੁਸ਼ੀ ਮੜਕਾਂ ਨਾਲ ਪੈਰ ਚੁੱਕ ਚੁੱਕ ਵਖਾ, ਮੈਨੂੰ ਪਤਾ ਏ ਘੜਾ ਚੁੱਕ ਕੇ ਵੀ ਧਰਤੀ ‘ਤੇ ਤੇਰਾ ਪੈਰ ਨਹੀਂ ਲੱਗਦਾ।” ਬੀਰੋ ਪੈਂਦੀ ਸੱਟ ਹੀ ਧੰਤੋ ਉਤੇ ਵਰੂ ਪਈ।
“ਕਿਉਂ ਸੁਖ ਤਾਂ ਏ ?” ਧੰਤੋ ਦੀ ਅੰਦਰੋਂ ਛਾਤੀ ਭੜਕਣ ਲੱਗ ਪਈ।
“ਔਹ ਤੋਤਾ ਕਿਥੋਂ ਫੜਿਆ ਏ ?”
“ਕਿਹੜਾ ਤੇਰਾ ਤੋਤਾ ?” ਧੰਤੋ ਇਕਦਮ ਸੰਭਲ ਕੇ ਸੰਜੀਦਾ ਹੋ ਗਈ।
“ਜਿਹੜਾ ਨਿੱਤ ਆਥਣ ਨੂੰ ਚੂਰੀ ਮੰਗਦਾ ਏ।” ਬੀਰੋ ਧੰਤੋ ਦੇ ਨਾਲ ਨਾਲ ਤੁਰੀ ਆ ਰਹੀ ਸੀ।
“ਕਿਹੜਾ ਤੇਰਾ ਧਗੜਾ ਨੀ ?” ਧੰਤੋ ਜਾਣ ਕੇ ਮੀਸਣੀ ਬਣੀ ਹੋਈ ਸੀ।
“ਔਹ, ਜਿਹੜਾ ਘਾਣੀ ਵਿਚ ਉੱਲੂ ਬਣਾਇਆ ਏ।” ਬੀਰੋ ਨੇ ਦੰਦ ਕੱਢਦਿਆਂ ਧੰਤੋ ਨੂੰ ਅੱਖ ਮਾਰੀ।
“ਅਨੀ ਜਾਹ ਪਰ੍ਹਾਂ, ਉਹ ਤਾਂ ਚਾਚੇ ਦੀ ਸਾਲੀ ਦਾ ਮੁੰਡਾ ਏ— ਚਾਚੇ ਨੇ ਉਸ ਨੂੰ ਘਰ ਪਵਾਉਣ ਲਈ ਘਲਿਆ ਏ।” ਧੰਤੋ ਨੇ ਬੀਰੋ ਅੱਗੇ ਸੱਚ ਸੱਚ ਦੱਸਦਿਆਂ ਵੀ ਦਿਲ ਦੀ ਅਸਲ ਧੜਕਣ ਲੁਕਾ ਲਈ।
“ਤੂੰ ਵੀ ਆਪਣਾ ਘਰ ਵਸਾਉਣ ਲਈ ਪਸਿੰਦ ਕਰ ਲੈ।” ਬੀਰੋ ਦੀਆਂ ਅੱਜ ਚੜ੍ਹਾਂ ਮੱਚੀਆਂ ਸਨ। ਅੱਗੇ ਉਸ ਨੂੰ ਧੰਤੋ ਮਨ-ਮਰਜ਼ੀ ਦੀਆਂ ਠੋਕਰਾਂ ਮਾਰ ਲੈਂਦੀ ਸੀ ਤੇ ਉਹ ਅੰਨ੍ਹੀ ਦੇ ਥੇਹ ਕੁਝ ਰਹਿਣ ਜੋਗੀ ਨਹੀਂ ਸੀ ਰਹਿੰਦੀ।
ਧੰਤੋ ਨੇ ਘੜਾ ਪਾਣੀ ਵਿਚ ਉਲਟਾ ਦਿੱਤਾ ਅਤੇ ਮੋਦਨ ਨੇ ਨਵੀਂ ਮਿੱਟੀ ਰਲਾਉਣੀ ਸ਼ੁਰੂ ਕਰ ਦਿੱਤੀ। ਬੀਰੋ ਧੰਤੋ ਕੋਲ ਮੱਝ ਦੀ ਸੱਖਣੀ ਖੁਰਲੀ ਉਤੇ ਬਹਿ ਗਈ। ਮੋਦਨ ਨੂੰ ਵੇਖ ਕੇ ਬੀਰੋ ਨੂੰ ਉੱਚੜ- ਪੈੜੀਆਂ ਲੱਗ ਗਈਆਂ। ਕੁਦਰਤੀ ਅੱਜ ਫੀਲਾ ਅਗਲੀਆਂ ਦੋਂਹ ਬਾਰੀਆਂ ਦਾ ਲੋਹਾ ਲੈਣ ਲਈ ਸ਼ਹਿਰ ਤੁਰ ਗਿਆ ਸੀ ਅਤੇ ਤਾਪੀ ਮਸ਼ੀਨ ਤੋਂ ਆਟਾ ਪਿਹਾਉਣ ਗਈ ਹੋਈ ਸੀ। ਬਾਕੀ ਐਰਿਆ ਵਗੈਰਿਆਂ ਨੂੰ ਬੀਰੋ ਟਿੱਚ ਸਮਝਦੀ ਸੀ।
“ਮੈਂ ਤੈਨੂੰ ਕੱਚਾ ਪੱਕਾ ਟੋਹ ਕੇ ਵਖਾਵਾਂ ?” ਬੀਰੋ ਨੇ ਸਾਰਿਆਂ ਦੀ ਅੱਖ ਬਚਾਅ ਕੇ ਅਤੇ ਧੰਤੋ ਦੇ ਰੋਕਦਿਆਂ ਰੋਕਦਿਆਂ, ਮੋਦਨ ਦੇ ਮਿੱਟੀ ਦੀ ਰੋੜੀ ਖਿੱਚ ਮਾਰੀ। ਮੋਦਨ ਨੇ ਦੰਦ ਕੱਢੀ ਆਉਂਦੀ ਬੀਰੋ ਨੂੰ ਪਹਿਲਾਂ ਹੀ ਤਾੜ ਲਿਆ ਸੀ ਤੇ ਇਹ ਰੋੜੀ ਵੀ ਉਸ ਉਹਦੀ ਬਰਕਤ ਹੀ ਸਮਝੀ। ਕਿਉਂਕਿ ਧੰਤੋ ਨੇ ਚਾਰ ਦਿਨਾਂ ਤੋਂ ਇਕ ਵੀ ਹੋਛੀ ਹਰਕਤ ਨਹੀਂ ਕੀਤੀ ਸੀ। ਉਸ ਰੋੜੀ ਦੀ ਪੀੜ ਸਹਿ ਲਈ ਅਤੇ ਉਹਨਾਂ ਨੂੰ ਕੁਝ ਸਮਝਣ ਦਾ ਮੌਕਾ ਹੀ ਨਾ ਦਿੱਤਾ। ਪਰ ਬੀਰੋ ਦਾ ਤਾਂ ਉਸ ਦੀ ਵੱਟੀ ਚੁੱਪ ਵੇਖ ਕੇ ਇਕ ਤਰ੍ਹਾਂ ਮੂੰਹ ਵੀ ਪਾਟ ਪਿਆ ਹੀ। ਉਸ ਬੁੱਲ੍ਹ ਵਟੇਰਦਿਆਂ ਧੰਤੋ ਨੂੰ ਇਸ ਤਰ੍ਹਾਂ ਆਖਿਆ ਕਿ ਮੋਦਨ ਵੀ ਸੁਣ ਲਵੇ :
“ਬਸ ਨਿਰਾ ਸਿਧਰਾ ਏ, ਜਿੰਨਾ ਭਾਰ ਪਾਵੇਂਗੀ, ਖੋਤੇ ਵਾਂਗ ਉਨਾ ਹੀ ਚੁੱਕ ਲਵੇਗਾ।” “ਕਿਉਂ ਭੌਂਕਦੀ ਏਂ ਕਮਜ਼ਾਤੇ !” ਧੰਤੋ ਬੀਰੋ ਦੇ ਅੱਗੇ ਹੋ ਕੇ ਉਸ ਦੇ ਮੂੰਹ ਵਿਚ ਹੱਥ ਦੇ ਰਹੀ ਸੀ ਤੇ ਵਾਸਤਾ ਦੇ ਰਹੀ ਸੀ, “ਬਾਬਾ ਚੁੱਪ ਕਰ, ਨੌੜੀਏ ! ਕਿਉਂ ਗੁੱਤ ਪੁਟਾਉਨੀ ਏਂ ਤੂੰ।”
ਮੋਦਨ ਨੇ ਧੰਤੋ ਦੀ ਕੋਈ ਗੱਲ ਨਹੀਂ ਸੁਣੀ ਸੀ, ਪਰ ਬੀਰੋ ਦੀ ਗੱਲ ਕਾਲਜੇ ਛੁਰੀ ਹੋ ਗਈ। ਉਸ ਪਾਣੀ ਵਿਚੋਂ ਨਿਕਲ ਕੇ ਕਹੀ ਪੀਨ ਪਰਨੇ ਮਾਰੀ, ਤਾਂ ਜੋ ਸਮਝਿਆ ਜਾਵੇ, ਕਹੀ ਨਾਲੋਂ ਚੰਬੜੀ ਮਿੱਟੀ ਝਾੜ ਰਿਹਾ ਹੈ। ਉਸ ਸਾਵਧਾਨੀ ਵਰਤਦਿਆਂ ਪੱਕਾ ਰੋੜਾ ਬੀਰੋ ਦੇ ਪੈਰਾਂ ਵਿਚ ਵਗਾਹ ਮਾਰਿਆ ਅਤੇ ਨਾਲ ਹੀ ਉਸ ਸਹਿਜ ਨਾਲ ਕਿਹਾ :
“ਅਗਲੀ ਰੋੜੀ ਨਾਲ ਗਲੀ ਨਹੀਂ ਹੋਈ ਸੀ।”
ਬੀਰੋ ਨੇ ਧੰਤੋ ਦੇ ਮੋਢੇ ਉਤੇ ਧੱਫਾ ਮਾਰਿਆ :
“ਜਾਹ ਭੈਣੇ ! ਇਹ ਉੜਦੂ ਦੀਆਂ ਸਭ ਜਮਾਤਾਂ ਪਾਸ ਏ, ਵੇਖਣ ਵਿਚ ਭਲਾ ਮਾਣਸ ਦੀਹਦਾ ਏ, ਪਰ ਵਿਚੋਂ ਪੂਰਾ ਮੀਸਣਾ ਏਂ।”
“ਨੀ ਤੂੰ ਮਰੇਂ ਬੀਰੋ ! ਭਰਾਵਾਂ ਪਿੱਟੀਏ ! ਕਿਉਂ ਤੇਰੀ ਲੱਲੋ ਵਿਚ ਨਹੀਂ ਵੜਦੀ।” ਧੰਤੋ ਨੇ ਸਿਰ ਵਾਲਾ ਇਨੂੰ ਬੀਰੋ ਦੇ ਮੂੰਹ ਉਤੇ ਮਾਰਿਆ ਅਤੇ ਬਾਹਰ ਨੂੰ ਧੱਕਾ ਦੇ ਦਿੱਤਾ।
“ਨੀ ਵੇਖ ਤਾਂ ਲੈਣ ਦੇ ਵੱਡੇ ਚਾਕ ਵਾਲੀਏ।” ਬੀਰੋ ਨਖ਼ਰੇ ਨਾਲ ਅੜ ਕੇ ਖਲੋ ਗਈ।
“ਤੂੰ ਮਿਹਰ ਕਰ ਕੇ ਘਰੋਂ ਨਿਕਲ, ਕੋਈ ਚੰਦ ਚੜ੍ਹਾਵੇਂਗੀ।”
“ਊਂ ਮਾਲ ਤੇਰਾ ਖਰਾ ਏ, ਸਹਿਜ ਪੱਕੇ ਖਾਈਂ।” ਬੀਰੋ ਨੇ ਪੁੱਠਾ ਰੰਬਾ ਆਪਣੇ ਹੱਥ ਉਤੇ ਮਾਰਿਆ ਅਤੇ ਇਕ ਵਾਰ ਮੋਦਨ ਨੂੰ ਨਜ਼ਰਾਂ ਗੱਡ ਕੇ ਵੇਖਿਆ, ਜਿਵੇਂ ਉਸ ਦੀ ਹੱਡੀ ਹੱਡੀ ਟੋਹ ਲੈਣਾ ਚਾਹੁੰਦੀ ਸੀ।
“ਨੀ ਕੁੱਤੀਏ ! ਤੁਰ ਪਉ ਵੈਰਨੇ।” ਧੰਤੋ ਘੜਾ ਚੁੱਕ ਕੇ ਬਾਹਰ ਨੂੰ ਨਿਕਲ ਤੁਰੀ ਤੇ ਬੀਰੋ ਨੂੰ ਵੀ ਮਜਬੂਰਨ ਉਸ ਨਾਲ ਜਾਣਾ ਪਿਆ। ਪਰ ਉਸ ਜਾਂਦੀ ਜਾਂਦੀ ਨੇ ਮੋਦਨ ਵੱਲ ਹੱਸ ਕੇ ਜੀਭ ਕੱਢ ਦਿੱਤੀ, ਜਿਸ ਨੂੰ ਤਾਰੇ ਨੇ ਅਚਾਨਕ ਵੇਖ ਲਿਆ ਅਤੇ ਪਾਇਲ ਉਤੋਂ ਕਾਂਡੀ ਖੜਕਾਂਦਿਆਂ ਖੰਘੂਰਾ ਮਾਰਿਆ। ਬੀਰੋ ਨੇ ਕੱਖ ਪਰਵਾਹ ਨਾ ਕਰਦਿਆਂ ਮੂੰਹ ਵੱਟ ਲਿਆ। ਉਹ ਏਨੀ ਕੁ ਦਲੇਰ ਅਤੇ ਖੁਲ੍ਹੀ ਸੀ ਕਿ ਉਸ ਲਈ ਅਜਿਹੇ ਤਰਖਾਣ ਜੁੱਤੀ ਦੇ ਯਾਦ ਨਹੀਂ ਸਨ।
ਜਦੋਂ ਮੋਦਨ ਨੇ ਗਾਰੇ ਵਾਲੀ ਕੜਾਹੀ ਤਾਰੇ ਦੇ ਬਰਾਬਰ ਕੰਧ ਉਤੇ ਰੱਖੀ, ਉਹ ਭੂਰੀਆਂ ਮੁੱਛਾਂ ਵਿਚੋਂ ਹੱਸ ਪਿਆ ਅਤੇ ਅੱਗੇ ਪਿੱਛੇ ਦੀ ਬਿੜਕ ਨਾਲ ਬੋਲਿਆ :
“ਕਿਉਂ ਲੜਕੀ ਪਸੰਦ ਐ ? ਇਹਦੀ ਜੱਟਾਂ ਦੇ ਮੁੰਡੇ ਨਾਲ ਕਾਨੀ-ਝਾਨੀ ਐ।”
“ਤੂੰ ਘਰ ਪਵਾਉਣਾ ਏਂ ਕਿ ਮੈਂ ਸਾਇਕਲ ਚੁੱਕਾਂ।” ਮੋਦਨ ਤਾਰੇ ਨਾਲ ਚਾਰ ਦਿਨਾਂ ਵਿਚ ਹੀ ਲੋੜ ਗੋਚਰਾ ਖੁੱਲ੍ਹ ਗਿਆ ਸੀ।
“ਤੂੰ ਜਾਣਾ ਏਂ ਤਾਂ ਕੰਮ ਯਾਰਾਂ ਨੇ ਵੀ ਨਹੀਂ ਕਰਨਾ, ਆਹ ਪਈ ਐ ਕਾਂਡੀ।” ਤਾਰੇ ਨੇ ਪਾਇਲ ਤੋਂ ਹੀ ਕਾਂਡੀ ਛੱਡ ਦਿੱਤੀ, ਜਿਹੜੀ ਕੋਡੇ ਹੋਏ ਕਾਰੇ ਦੇ ਗੰਜੇ ਸਿਰ ਵਿਚ ਵਜਦੀ ਵਜਦੀ ਮਸੀਂ ਬਚੀ ਸੀ।
ਕਾਰਾ ਹੇਠੋਂ ਇਕ ਤਰ੍ਹਾਂ ਨਾਲ ਚੀਕ ਪਿਆ :
“ਓਏ ਸਕ ਲਾਹ ਜਾਤੇ ! ਵੱਢੇ ਗਏ ਸੀ ਸਾਰੇ ਈ।” ਕਾਰੇ ਨੇ ਸਿੱਧਾ ਹੋ ਕੇ ਆਖਿਆ, “ਨਾ ਨਾ, ਪਤੰਦਰ ਦੇ ਕੁਹਾੜੀ ਨਹੀਂ ਮਾਰਦਾ, ਕੁਹਾੜੀ।”
“ਬਾਬਾ, ਪਤਾ ਹੀ ਨਹੀਂ ਲੱਗਾ, ਕਦੋਂ ਹੱਥੋਂ ਛੁੱਟ ਗਈ।” ਤਾਰਾ ਮੁਸਕੜੀਏਂ ਹੱਸੀ ਜਾ ਰਿਹਾ ਸੀ।
“ਬਾਬਾ ਨਾ ਆਖੀਂ ਮੁੜ ਕੇ, ਕਾਂਡੀਆਂ ਭਾਵੇਂ ਦੋ ਮਾਰ ਲੈ।”
“ਤੇਰਾ ਤਾਂ ਇਕ ਨਾਲ ਹੀ ਕੀਰਤਨ ਸੋਹਲਾ ਪੜਿਆ ਜਾਊ।”
“ਸਾਲੇ ਕੱਛਾਂ ਵਾਲੇ ਕੀਰਤਨ ਸੋਹਲਾ ਪੜ੍ਹਨ ਨੂੰ ਕਿੰਨੇ ਤਿਆਰ ਰਹਿੰਦੇ ਐ, ਧਿਉਲੇ ਦਾ ਜੋ ਮਿਲਦਾ ਏ।” ਕਾਰਾ ਵੀ ਸਿੱਧੀਆਂ ਮਾਰਨ ਲੱਗ ਪਿਆ।
“ਤਾਰਿਆ ! ਤੁਹਾਨੂੰ ਕੱਛਾਂ ਵਾਲੇ ਕਿਉਂ ਆਂਹਦੇ ਐ ?” ਮੋਦਨ ਨੇ ਤਾਰੇ ਦੀ ਵਲਾਂ ਵਾਲੀ ਕੱਛ ਨੂੰ ਤਾੜਦਿਆਂ ਪੁੱਛਿਆ।
“ਜੱਟਾਂ ਨੇ ਸਿੱਖੀ ਛੱਡ ਦਿੱਤੀ, ਅਸੀਂ ਸਾਂਭ ਲਈ, ਹੋਰ ਕੱਛ ਸਾਨੂੰ ਨਾਲ ਤਾਂ ਨਹੀਂ ਜੰਮੀ।” ਤਾਰੇ ਨੇ ਕਾਂਡੀ ਮੋਦਨ ਤੋਂ ਫੜ ਲਈ ਅਤੇ ਗਜ਼ ਨਾਲ ਸਾਰਾ ਰਦਾ ਥਹਿ-ਸਿਰ ਕਰਨ ਲੱਗ ਪਿਆ।
ਕਾਰੇ ਨੇ ਮੋਦਨ ਦੇ ਕੰਨ ਵਿਚ ਇਕ ਫੂਕ ਮਾਰੀ ਤੇ ਮੋਦਨ ਨੇ ਹੱਸ ਕੇ ਤਾਰੇ ਨੂੰ ਪੁੱਛਿਆ :
“ਤਾਰਿਆ ! ਸਿੱਖ ਤਾਂ ਤੂੰ ਪੂਰਾ ਏਂ, ਸੁਣਿਆ ਏਂ, ਗੇੜਾ ਚਮਾਰਾਂ ਦੇ ਵਿਹੜੇ ਵੀ ਮਾਰਦਾ ਏਂ।”
“ਬੇਲੀਆ, ਕੰਮ ਕਰਨਾ ਤੇ ਰੋਟੀ ਖਾਣੀ ਏ- ਅੱਜ ਤੁਹਾਡੇ ਕੱਲ੍ਹ ਨੂੰ ਕਿਸੇ ਹੋਰ ਦੇ, ਜਿਹੜਾ ‘ਵਾਜ ਮਾਰੇ ਹਾਜ਼ਰ।” ਤਾਰੇ ਨੇ ਜਾਣ ਕੇ ਗੱਲ ਨੂੰ ਟਾਲਣਾ ਚਾਹਿਆ।
“ਸੁਣਿਆ ਏ, ਲਾਲ ਜੁੱਤੀ ਦਾ ਮੇਚ ਦਿੱਤਾ ਏ ਵਿਹੜੇ ?” ਕਾਰੇ ਤੋਂ ਆਖਣੋਂ ਨਾ ਰਿਹਾ ਗਿਆ।
“ ਉਹ ਬਾਬਾ ਤੇਰੇ ਵਾਸਤੇ ਤਿਆਰ ਹੁੰਦੀ ਹੈ।” ਤਾਰੇ ਨੇ ਕਾਰੇ ਦੀ ਜੁੱਤੀ ਉਸ ਨੂੰ ਹੀ ਮੋੜ ਦਿੱਤੀ।
“ਤੈਨੂੰ ਅੱਗੇ ਆਖਿਆ ਸੀ, ਜਾਤੇ ਬਾਬਾ ਨਾ ਆਖੀਂ ?” ਕਾਰੇ ਨੇ ਉਤਾਂਹ ਨੂੰ ਇੱਟ ਚਲਾ ਦਿੱਤੀ।
ਤਾਰੇ ਨੇ ਇੱਟ ਬੋਚ ਕੇ ਕੰਧ ਉਤੇ ਰੱਖ ਲਈ।
“ਤੂੰ ਕੁਝ ਗੱਲਾਂ ਵਲਦਾਰ ਕਰਦਾ ਏਂ ਬੁੜ੍ਹਿਆ !” ਤਾਰੇ ਨੇ ਇਕ ਚੋਟ ਹੋਰ ਜੜ ਦਿੱਤੀ।
“ਸਾਅਬ ਆਂਹਦਾ ਸੀ, ਅਨਾੜੀਆਂ ਨਾਲ ਕੰਮ ਨਾ ਕਰੀਂ। ਨਾ ਨਾ ਦੁਆਗਲੇ ਪਾਸਿਉਂ ਸੱਚੀਆਂ ਨੂੰ ਵਲਦਾਰ ਆਂਹਦਾ ਏਂ ਤੇ ਮੁੰਡਿਆਂ ਨੂੰ ਬੁੜ੍ਹੇ।”
ਕਾਰੇ ਦੀ ਗੱਲ ਸੁਣ ਕੇ ਉਹਨਾਂ ਸਾਰਿਆਂ ਦਾ ਹਾਸਾ ਨਿਕਲ ਗਿਆ।
“ਮੋਦਨ ਬੇਲੀਆ ! ਕੋਠੇ ਪਾਏ ਅੰਤ ਨੀ, ਪਰ ਇਹੋ ਜਿਹੀਆਂ ਤੀਆਂ ਕਿਤੇ ਨਹੀਂ ਲੱਗੀਆਂ।” ਤਾਰੇ ਨੇ ਸੁਆਦ ਲੈਂਦਿਆਂ ਆਖਿਆ।
“ਯਾਰ ਤੇਰੇ ਸਾਥ ਵਿਚ ਦਿਨ ਟੁੱਟ ਗਏ, ਨਹੀਂ ਮੇਰਾ ਵੀ ਜੀ ਨਹੀਂ ਲੱਗਣਾ ਸੀ।” ਮੋਦਨ ਨੇ ਖ਼ਾਲੀ ਕੜਾਹੀ ਕੰਧ ਤੋਂ ਖਿੱਚ ਲਈ।
“ਤੇਰਾ ਜੀ ਲਵਾਉਣ ਨੂੰ ਤਾਂ ਆਨਿਆਂ ਵਾਲੀ ਨੇ ਗੇੜੇ ਨਾਲ ਈ ਆ ਜਾਣਾ ਏਂ।” ਤਾਰੇ ਨੇ ਮੋਦਨ ਦੇ ਕੰਨ ਕੋਲੇ ਕਿਹਾ।
“ਕੱਛਾਂ ਵਾਲਿਆ, ਹੁਣ ਤੂੰ ਮੇਰੇ ਨਾਲ ਵਲਦਾਰ ਕਰਦਾ ਏਂ, ਚੰਗੀਆਂ ਗੱਲਾਂ ਨਹੀਂ ਤੇਰੇ ਵਾਸਤੇ।” ਏਨੀ ਆਖ ਕੇ ਉਹ ਆਪਣੀ ਘਾਣੀ ਵਿਚ ਮੁੜ ਆ ਵੜਿਆ।
ਧੰਤੋ ਵੀ ਪਾਣੀ ਦਾ ਘੜਾ ਲੈ ਕੇ ਆ ਗਈ। ਉਸ ਪਾਣੀ ਉਲਟਦਿਆਂ ਪੁੱਛਿਆ :
“ਬਾਈ ਹੋਰ ਲਿਆਵਾਂ ਕਿ ਬਸ ?”
“ਬਸ।” ਪਤਾ ਨਹੀਂ ਮੋਦਨ ਦੇ ਮੂੰਹੋਂ ਕਦੋਂ ‘ਬਸ’ ਨਿਕਲ ਗਿਆ, ਪਰ ਉਹ ਆਖਣਾ ਚਾਹੁੰਦਾ ਸੀ, “ਵੈਰਨੇ ਤੂੰ ਤਾਂ ਬਾਈ ਨਾ ਆਖ।” ‘ਬਾਈ’ ਸ਼ਬਦ ਉਸ ਦੇ ਦਿਲ ਸੇਲੇ ਵਾਂਗ ਖੁੱਭ ਗਿਆ ਅਤੇ ਇਕ ਪੀੜ ਨਾੜ ਨਾੜ ਵਿਚ ਫਿਰ ਗਈ।
ਧੰਤੋ ਨੇ ਜੇਰਾ ਕਰ ਕੇ ਕਈ ਵਾਰ ਮੋਦਨ ਨੂੰ ਪੂਰੀਆਂ ਅੱਖਾਂ ਨਾਲ ਵੇਖਣ ਦਾ ਜਤਨ ਕੀਤਾ, ਪਰ ਮੋਦਨ ਦੀਆਂ ਅੱਖਾਂ ਸਾਹਮਣੇ ਨਹੀਂ ਉਠਦੀਆਂ ਸਨ। ਧੰਤੋ ਨੂੰ ਮਨ ਹੀ ਮਨ ਬੜਾ ਗੁੱਸਾ ਚੜ੍ਹਦਾ, ਪਰ ਉਹ ਕੀ ਕਰ ਸਕਦੀ ਸੀ। ਅੱਜ ਬੀਰੋ ਦੀ ਛੇੜਖਾਨੀ ਉਤੇ ਉਹ ਅੰਦਰੋਂ ਬਹੁਤ ਪ੍ਰਸੰਨ ਸੀ। ਉਹ ਧੰਤੋ ਨੂੰ ਦਲੇਰੀ ਦੇ ਗਈ। ਕੰਮ ਹੁੰਦਾ ਰਿਹਾ, ਸਮਾਂ ਬੀਤਦਾ ਰਿਹਾ। ਉਹ ਇਕ ਦੂਜੇ ਨੂੰ ਚੋਰੀ ਛਪੋਰੀ ਵੇਖਦੇ ਰਹੇ- ਕੰਨ ਪਤਲੇ ਕਰ ਕੇ ਦੂਰੋਂ ਹੀ ਇਕ ਦੂਜੇ ਦੇ ਦਿਲ ਦੀ ਧੜਕਣ ਸੁਣਨ ਦਾ ਯਤਨ ਕਰਦੇ ਰਹੇ, ਪਰ ਦਿਲ ਦੀ ਗੱਲ ਫੁੱਟ ਕੇ ਕਿਸੇ ਤੋਂ ਵੀ ਨਾ ਆਖੀ ਗਈ।
7
ਗੱਲ ਬਿਲਕੁਲ ਓਹੀ ਹੋਈ, ਜਿਹੜੀ ਤਾਰੇ ਮਿਸਤਰੀ ਨੇ ਆਖੀ ਸੀ, ਕੰਮ ਛੱਤ ਉਤੇ ਆ ਕੇ ਸਾਮਾਨ ਖੁਣੋਂ ਰੁਕ ਗਿਆ। ਕੰਮ ਕਈ ਦਿਨ ਚਲਦਾ ਨਾ ਵੇਖ ਮੋਦਨ ਆਗਿਆ ਲੈ ਕੇ ਆਪਣੇ ਪਿੰਡ ਨੂੰ ਜਾਣ ਲਈ ਤਿਆਰ ਹੋ ਗਿਆ। ਪਰ ਉਸ ਫੀਲੇ ਨੂੰ ਪੱਕੀ ਕੀਤੀ ਕਿ ਮੈਨੂੰ ਸੁਨੇਹਾ ਭੇਜ ਦੇਣਾ, ਮੈਂ ਪੈਰ ਜੁੱਤੀ ਨਹੀਂ ਪਾਉਂਦਾ। ਤੁਰਨ ਵੇਲੇ ਉਸ ਦੇ ਮਨ ਦੀ ਹਾਲਤ ਬੜੀ ਉਖੜੀ ਹੋਈ ਸੀ। ਜਦ ਤਾਪੀ ਨੇ ਪਿਆਰ ਨਾਲ ਉਸ ਦਾ ਮੋਢਾ ਥਾਪੜਿਆ, ਧੰਤੋ ਮਾਂ ਦੇ ਪਿਛੇ ਅਸਲੋਂ ਪੰਘਰੀ ਖਲੋਤੀ ਸੀ। ਜਦ ਉਹਨਾਂ ਦੋਹਾਂ ਇਕ ਦੂਜੇ ਨੂੰ ਦੇਖਿਆ, ਹਉਕਾ ਦੋਹਾਂ ਦੇ ਸੰਘ ਵਿਚਕਾਰ ਅਟਕਿਆ ਹੋਇਆ ਸੀ। ਉਸ ਤੱਕ ਵਿਚ ਕੋਈ ਸੁਨੇਹਾ ਸੀ ਜਾਂ ਨਹੀਂ ਸੀ, ਦੋਹਾਂ ਲਈ ਸਮਝਣਾ ਔਖਾ ਸੀ। ਇਹ ਸਪੱਸ਼ਟ ਹੀ ਉਹਨਾਂ ਦੇ ਚਿਹਰਿਆਂ ਤੋਂ ਪੜ੍ਹਿਆ ਜਾ ਸਕਦਾ ਸੀ ਕਿ ਉਹ ਮਾਨਸਕ ਪੀੜ ਨਾਲ ਦੁਖੀ ਹਨ ਤੇ ਕਦੇ ਕਦਾਈਂ ਉਠੀ ਹਲਕੀ ਜਿਹੀ ਕੰਬਣੀ ਉਹਨਾਂ ਨੂੰ ਥੋੜਿਆਂ ਕਰ ਰਹੀ ਹੈ। ਪਰ ਚੁੱਪ ਵਾਤਾਵਰਨ ਵਿਚ ਸਾਵੀਂ ਪੱਧਰ ਸੀ, ਜਿਹੜੀ ਕਿਵੇਂ ਵੀ ਹਾੜੀ ਨਹੀਂ ਜਾ ਸਕਦੀ ਸੀ।
ਤਾਰਾ ਵੀ ਕਿਸੇ ਹੋਰ ਘਰ ਜਾ ਲੱਗਾ, ਉਹ ਕਾਰੀ ਆਦਮੀ ਸੀ, ਕਿੰਨਾ ਕੁ ਚਿਰ ਦਿਹਾੜੀਆਂ ਭੰਨਦਾ। ਸਾਰਿਆਂ ਨੂੰ ਇਕ ਚਿੰਤਾ ਆ ਪਈ ਸੀ ਕਿ ਛੱਤ ਕਿਸ ਤਰ੍ਹਾਂ ਪਵੇਗੀ। ਰਿਸ਼ਵਤ ਦੇ ਕੇ ਲਏ ਸਰਕਾਰੀ ਕਰਜ਼ੇ ਵਾਲੇ ਰੁਪਏ ਸਨ ਹੀ ਕਿੰਨੇ ਕੁ, ਜਿਹੜੇ ਪਹਿਲੋਂ ਹੀ ਥੁੜੇ ਘਰ ਦਾ ਪਾਰ-ਉਤਾਰਾ ਕਰਦੇ। ਅਖ਼ੀਰ ਨੂੰ ਇਕ ਦੋ ਦਿਨ ਲੰਘ ਜਾਣ ਪਿਛੋਂ ਫੀਲੇ ਦੀ ਨਜ਼ਰ ਮਹਿੰ ਵੇਚਣ ਉਤੇ ਆ ਗਈ।
ਤਾਪੀ ਦਾ ਅੰਦਰ ਪਹਿਲਾਂ ਤੋਂ ਹੀ ਇਸ ਡਰ ਨਾਲ ਧੜਕ ਧੜਕ ਜਾਂਦਾ ਸੀ। ਉਸ ਦਾ ਖ਼ਿਆਲ ਸੀ, ਹੁਣ ਮੱਝ ਦਾ ਦੁੱਧ ਅਲੂਹਾ ਨਹੀਂ ਰਿਹਾ, ਉਹ ਚਾਹ ਦੀ ਲੋੜ ਗੋਚਰਾ ਰੱਖ ਕੇ ਬਾਕੀ ਵੇਚ ਦਿਆ ਕਰੇਗੀ। ਇਸ ਤਰ੍ਹਾਂ ਦੀ ਗੁਜ਼ਰ ਵੀ ਚੰਗੀ ਚਲ ਪਵੇਗੀ ਤੇ ਮੱਝ ਦੇ ਵੀ ਖੱਲ ਸੂੜੀ ਨਾਲ ਹੱਡ ਢੱਕੇ ਰਹਿਣਗੇ। ਜੇ ਹਰ ਕੰਮ ਮਨੁੱਖ ਦੀ ਆਸ ਮੁਤਾਬਕ ਹੀ ਹੁੰਦਾ ਰਹੇ, ਫਿਰ ਸ਼ਾਇਦ ਕਰਨ ਵਾਲਾ ਕੋਈ ਗਿਲਾ-ਸ਼ਿਕਵਾ ਪੈਦਾ ਹੀ ਨਾ ਹੋਇਆ ਕਰੇ। ਬਦ-ਕਿਸਮਤੀ ਇਹ ਹੈ ਕਿ ਜ਼ਿੰਦਗੀ ਪੁੱਤਰਾਂ, ਧੀਆਂ ਤੇ ਪਤੀ ਆਦਿ ਰਿਸ਼ਤਿਆਂ ਵਿਚ ਉਲਝ ਕੇ ਰਹਿ ਗਈ ਹੈ ਤੇ ਬਹੁਤ ਵਾਰ ਉਹਨਾਂ ਦੀਆਂ ਮਰਜ਼ੀਆਂ ਦਾ ਭਾਰ ਵੀ ਜ਼ਿੰਦਗੀ ਨੂੰ ਚੁੱਕਣਾ ਪੈਂਦਾ ਹੈ। ਇਹ ਰਿਸ਼ਤੇ ਇਕੱਲੇ ਮਨੁੱਖ ਦੇ ਵਿਤੋਂ ਕਿਤੇ ਬਲਵਾਨ ਹਨ। ਮਨੁੱਖ ਆਪਣੇ ਮੋਹ ਨਹੀਂ, ਸਗੋਂ ਆਪਣੇ ਰਿਸ਼ਤਿਆਂ ਦਾ ਗ਼ੁਲਾਮ ਹੈ।
ਫੀਲਾ ਮੱਝ ਨੂੰ ਤਾਪੀ ਦੀ ਸਲਾਹ ਬਿਨਾਂ ਵੇਚ ਨਹੀਂ ਸਕਦਾ ਸੀ। ਕਿਉਂਕਿ ਮੱਝ ਕੁਦਰਤੀ ਨਿਆਂ ਅਨੁਸਾਰ ਤਾਪੀ ਤੇ ਧੰਤੋ ਦੀ ਮਿਹਨਤ ਦਾ ਫਲ ਸੀ। ਭਾਵੇਂ ਉਹ ਘਰ ਦਾ ਹਰ ਤਰ੍ਹਾਂ ਮਾਲਕ ਸੀ, ਪਰ ਵਿਹਲ ਅਤੇ ਨਸ਼ਿਆਂ ਦੀ ਕਮਜ਼ੋਰੀ ਨੇ ਘਰ ਵਿਚੋਂ ਉਸ ਦੀ ਸੈਮਾਨੀ ਹੈਸੀਅਤ ਖੋਹ ਲਈ। ਸ਼ਰਾਬ ਪੀ ਕੇ ਗਾਲਾਂ ਦੇਂਦਿਆਂ ਭਾਵੇਂ ਉਹ ਕਿੰਨੀ ਬੜ੍ਹ ਮਾਰ ਲੈਂਦਾ, ਪਰ ਅਸਲੀਅਤ ਇਹ ਸੀ ਕਿ ਉਹ ਨਖੱਟੂ ਹੋ ਚੁੱਕਾ ਸੀ, ਜਿਸ ਨੂੰ ਹੀਜੜਾ ਵੀ ਆਖੀਏ ਤਾਂ ਉਸ ਨਾਲ ਕੋਈ ਅਨਿਆਂ ਨਹੀਂ ਸਮਝਿਆ ਜਾ ਸਕਦਾ। ਫੀਲੇ ਨੇ ਅੱਖਾਂ ਧਰਤੀ ਦੀਆਂ ਤੇੜਾਂ ਪਾਉਂਦਿਆਂ ਤਾਪੀ ਤੋਂ ਪੁੱਛਿਆ :
“ਜੇ ਮਹਿੰ ਵੇਚ ਦੇਈਏ, ਸਾਰੇ ਵਾਹੜੇ-ਦਾਹੜੇ ਪੂਰੇ ਹੋ ਜਾਣ।”
“ਵੇਚ ਦੇ !” ਤਾਪੀ ਨੇ ਇਕ ਹਉਕਾ ਲਿਆ, ਜਿਵੇਂ ਉਹ ਆਥਣ ਸਵੇਰ ਇਹ ਗੱਲ ਸੁਣਨ ਹੀ ਵਾਲੀ ਸੀ ਤੇ ਉਸ ਜਵਾਬ ਪਹਿਲੋਂ ਹੀ ਤਿਆਰ ਕਰ ਰੱਖਿਆ ਸੀ। ਉਹ ਸਮਝਦੀ ਸੀ, ਕਰਜ਼ੇ ਉਤੇ ਕਰਜ਼ਾ ਹੋਰ ਕੌਣ ਮੂਰਖ ਦੇਵੇਗਾ, ਜਗਨੇ ਦਾ ਦੋ ਸੋ ਵੱਖ ਪਿਆ ਏ-ਹੋਰ ਨਾ ਸਹੀ ਬਹਿਣ ਲਈ ਕੋਠਾ ਤਾਂ ਚਾਹੀਦਾ ਹੈ ਨਾ। ਫਿਰ ਉਸ ਧੰਤੋ ਵੱਲ ਤੱਕਿਆ, ਜਿਹੜੀ ਕੋਠੇ ਨਾਲੋਂ ਵੀ ਉੱਚੀ ਉਠ ਖਲੋਤੀ ਸੀ। ਜਦੋਂ ਪੱਲੇ ਦਮ ਨਾ ਹੋਵੇ ਤੇ ਹੱਥ ਵੀ ਕਿਤੇ ਨਾ ਅੜਦਾ ਹੋਵੇ, ਛਾਤੀ ਦਾ ਪਿਆਰ ਲੈ ਕੇ ਪਲੀਆਂ ਧੀਆਂ ਵੀ ਦੁਸ਼ਮਣਾਂ ਵਾਂਗ ਦਿੱਸਣ ਲੱਗ ਪੈਂਦੀਆਂ ਹਨ।
ਖੜੇ ਪੈਰ ਮੱਝ ਦਾ ਪੂਰਾ ਮੁੱਲ ਕੌਣ ਦੇਂਦਾ ਹੈ, ਜਦੋਂ ਕਿ ਉਹ ਇਕ ਗ਼ਰੀਬ ਦੀ ਹੋਵੇ ਤੇ ਅਤਿ ਦੇ ਲੋੜਵੰਦ ਦੀ ਵੀ। ਮੱਝ ਤਿੰਨ ਸੌ ਦੀ ਵੇਚ ਦਿੱਤੀ। ਖ਼ਰੀਦਣ ਵਾਲੇ ਵਪਾਰੀ ਨੇ ਚਾਰ ਦਿਨਾਂ ਪਿਛੋਂ ਹੀ ਸਾਢੇ ਤਿੰਨ ਸੌ ਦੀ ਵੇਚ ਦਿੱਤੀ। ਇਹ ਘਾਟਾ ਅਤੇ ਉਸ ਤੋਂ ਪੈਦਾ ਹੋਇਆ ਝੇਰਾ ਤਾਪੀ ਦਾ ਲੱਕ ਤੋੜ ਗਏ। ਫੀਲਾ ਝੱਟ ਹੀ ਛੱਤ ਦਾ ਸਾਮਾਨ ਲੈ ਆਇਆ। ਕੰਮ ਥੋੜਾ ਹੋਣ ਕਾਰਨ ਮੋਦਨ ਨੂੰ ਸੁਨੇਹਾ ਭੇਜਿਆ। ਸ਼ਤੀਰੀਆਂ ਬੀੜ ਕੇ ਬਾਲਿਆਂ ਉਤੇ ਟਾਇਲਾਂ ਚਿਣ ਦਿੱਤੀਆਂ। ਲਾਗੋਂ ਦੀ ਲੰਘਦਿਆਂ ਇਕ ਜੱਟ ਨੇ ਫੀਲੇ ਨੂੰ ਬੋਲ ਮਾਰਿਆ :
“ਝਿਉਰਾ ! ਵੱਸਣ ਦੇ ਚੱਜ ਨਹੀਂ, ਜਿਹੜਾ ਸੀਮਿੰਟ ਦੀਆਂ ਜਾਲੀਆਂ ਦੇ ਘਰ ਪਾਉਨਾ हैं।”
“ਕਾਹਦਾ ਭਰਾਵਾ, “ਕਰਜ਼ਾ ਨਾ ਲਿਓ, ਛੱਪਰੀ ਵਿਚ ਦਿਨ ਕੱਟ ਲਿਓ।” ਸ਼ਾਇਕ ਫੀਲੇ ਨੂੰ ਮਾਨੇ ਦੀ ਆਖੀ ਗੱਲ ਹੁਣ ਬੁਰੀ ਤਰ੍ਹਾਂ ਯਾਦ ਆ ਰਹੀ ਸੀ।
ਛੱਤ ਪੈ ਗਈ, ਪਰ ਟੀਪ ਰਹਿ ਗਈ ਤੇ ਬਾਰ ਬਾਰੀਆਂ ਨੂੰ ਹਾਲੇ ਜੋੜੀਆਂ ਲੱਗਣ ਵਾਲੀਆਂ ਸਨ। ਤਾਰੇ ਦੀ ਮਿਹਨਤ ਦੇ ਕੇ ਰੁਪਈਏ ਮੁੱਕ ਗਏ। ਮੱਝ ਵੀ ਘਰ ਉਤੇ ਲੱਗ ਗਈ, ਹੱਥੋਂ ਮਿਹਨਤ ਵੱਖ ਹੋਈ, ਜਿਸ ਵਿਚ ਮਾਂ ਧੀ ਨੂੰ ਕੁਝ ਨਾ ਕੁਝ ਕਮਾ ਲੈਣਾ ਸੀ, ਯਾਰਾਂ, ਰਿਸ਼ਤੇਦਾਰਾਂ ਨੂੰ ਬਿੱਡੀਆਂ ਵੱਖ ਪਾਈਆਂ, ਪਰ ਘਰ ਦਾ ਮੂੰਹ ਮੱਥਾ ਹਾਲੇ ਵੀ ਨਹੀਂ ਬਣਿਆ ਸੀ। ਕੈਲ ਦੇ ਚਰਾਏ ਫੱਟਿਆਂ ਨੂੰ ਪੁਸ਼ਤੀਵਾਨ ਲਾ ਕੇ ਬਾਰ ਵਿਚ ਤਖ਼ਤੇ ਖੜੇ ਕਰ ਲਏ- ਕੁੱਤੇ ਬਿੱਲੇ ਵਲੋਂ ਓੜ ਪੋੜ ਕਰਨਾ ਹੀ ਸੀ। ਕਿਉਂਕਿ ਜੋੜੀਆਂ ਲੱਗਣ ਦੀ ਆਸ ਨੇੜ ਭਵਿਸ਼ ਵਿਚ ਕੋਈ ਨਹੀਂ ਸੀ। ਖ਼ਾਲੀ ਬਾਰੀਆਂ ਵਿਚ ਤਾਪੀ ਨੇ ਸੀਮਿੰਟ ਦੀਆਂ ਬੋਰੀਆਂ ਦੇ ਫਰੜੇ ਪੜ੍ਹਦਿਆਂ ਵਜੋਂ ਲਟਕਾ ਲਏ। ਉਹਨਾਂ ਨਵੇਂ ਘਰ ਵਿਚ ਸਾਮਾਨ ਰੱਖ ਕੇ ਦੀਵਾ ਜਗਾਇਆ। ਘਰ ਵਿਚ ਚਾਨਣ ਸੀ, ਧੂਪ ਦੀ ਸੁਗੰਧ ਵੀ ਸੀ, ਪਰ ਦਿਲਾਂ ਵਿਚ ਸ਼ਾਂਤੀ ਕੋਈ ਨਹੀਂ ਸੀ। ਤਾਪੀ ਅਤੇ ਧੰਤੋ ਨੂੰ ਨਵੇਂ ਘਰ ਦਾ ਚਾਅ ਕੀ ਹੋਣਾ ਸੀ, ਫੀਲੇ ਨੂੰ ਪਹਿਲੀ ਰਾਤ ਸੱਚੀਂ ਮੁਚੀਂ ਨੀਂਦ ਨਾ ਆਈ। ਮੱਝ ਬਿਨਾਂ ਘਰ ਸੱਖਣਾ ਹੋ ਗਿਆ ਸੀ ਤੇ ਝੋਟੀ ਹਾਲੇ ਕਦੋਂ ਜਾ ਕੇ ਮੱਝ ਬਣੇਗੀ, ਇਸ ਦੀ ਆਸ ਕਿਸ ਨੂੰ ਸੀ। ਮਨੁੱਖ ਗਲ ਚੜ੍ਹ ਆਈਆਂ ਮਜਬੂਰੀਆਂ ਤੋਂ ਸਿਰ ਉੱਚਾ ਕਰ ਕਰ ਸਾਹ ਲੈਂਦਾ ਹੈ ਤੇ ਓਨਾ ਚਿਰ ਜੀਉਂਦਾ ਹੈ, ਜਿੰਨਾ ਚਿਰ ਵੀ ਖੱਬੇ ਸੱਜੇ ਹੱਥ ਮਾਰ ਕੇ ਜੀ ਸਕਦਾ ਹੈ। ਕਿਉਂਕਿ ਜੀਉਣਾ ਕੁਦਰਤ ਦੀ ਸਭ ਤੋਂ ਪਹਿਲੀ ਦੇਣ ਅਤੇ ਲੋੜ ਹੈ। ਹੁਣ ਫੀਲੇ ਨੂੰ ਪਹਿਲਾਂ ਜਿੰਨੀ ਅਫ਼ੀਮ ਨਾਲ ਨਸ਼ਾ ਨਹੀਂ ਆਉਂਦਾ ਸੀ।
8
ਦੋ ਮਹੀਨੇ ਹੋਰ ਲੰਘ ਗਏ। ਇਹ ਦੋ ਮਹੀਨੇ ਸੁਖ ਸ਼ਾਂਤੀ ਨਾਲ ਨਹੀਂ ਲੰਘੇ ਸਨ। ਜੋ ਆਰਥਕ ਪੱਖੋਂ ਟੁੱਟੇ ਤੇ ਕਰਜ਼ਾਈ ਘਰਾਂ ਵਿਚ ਕਲੇਸ਼ ਆਮ ਵਾਪਰਦਾ ਹੈ, ਏਥੇ ਗਾਲ੍ਹਾਂ-ਦੁੱਪੜ ਤੇ ‘ਤੂੰ-ਤੂੰ, ਮੈਂ-ਮੈਂ’ ਵਿਚ ਹੁੰਦਾ ਰਿਹਾ ਸੀ। ਜਿਹੜਾ ਦਿਨ ਖ਼ਾਮੋਸ਼ੀ ਵਿਚ ਬੀਤਦਾ, ਉਸ ਦੀ ਚੁੱਪ ਵੀ ਰੁੱਤ ਪੀਣੀ ਜੋਕ ਬਣੀ ਰਹਿੰਦੀ। ਤਾਪੀ ਭਾਵੇਂ ਮੂੰਹੋਂ ਕੁਝ ਨਹੀਂ ਆਖਦੀ ਸੀ, ਪਰ ਦੁੱਖ ਨਾਲ ਉਸ ਦਾ ਅੰਦਰ ਰਿੱਝਿਆ-ਸੱਤਿਆ ਪਿਆ ਸੀ। ਉਹ ਸਮਝਦੀ ਸੀ, ਉਮਰ ਭਰ ਦਾ ਕੋਹੜ ਮੇਰੇ ਪੱਲੇ ਪੈ ਚੁੱਕਾ ਹੈ, ਜਿਹੜਾ ਕਿਸੇ ਤਰ੍ਹਾਂ ਵੀ ਮਗਰੋਂ ਨਹੀਂ ਲਹਿ ਸਕਦਾ। ਉਸ ਦਾ ਉਦਾਸ ਤੇ ਕੁਮਲਾਇਆ ਚਿਹਰਾ ਧੰਤੋ ਨੂੰ ਵੇਖ ਕੇ ਹਰਾ ਸੂਹਾ ਹੋ ਜਾਂਦਾ। ਕੁਦਰਤ ਭੰਨ ਤੋੜ ਨਹੀਂ ਕਰਵਾਂਦੀ, ਸਗੋਂ ਬਣਾਉਣ ਤੇ ਉਸਾਰਨ ਦੇ ਮੌਕੇ ਵੀ ਮਨੁੱਖ ਨੂੰ ਦੇਂਦੀ ਹੈ।
ਇਸ ਗੱਲ ਦਾ ਤਾਪੀ ਨੂੰ ਹੁਣ ਚੰਗੀ ਤਰ੍ਹਾਂ ਵਿਸ਼ਵਾਸ ਹੋ ਚੁੱਕਾ ਸੀ ਕਿ ਨਾ ਲਾਲੇ ਦੀ ਅਫ਼ੀਮ ਛੁਟੇ ਤੇ ਨਾ ਹੀ ਸਿਰੋਂ ਕਰਜ਼ਾ ਲਹੇ, ਕਿਉਂਕਿ ਐਤਕੀ ਸਾਲ ਵੀ ਉਹ ਅਫ਼ੀਮ ਛੁਡਾਊ ਗੋਲੀਆਂ ਖਾ ਕੇ ਵੇਖ ਚੁੱਕਾ ਸੀ, ਜੁਲਾਬ ਲੈ ਲੈ ਅੰਦਰ ਧੋ ਸੁੱਟਿਆ ਸੀ, ਪਰ ਅਫ਼ੀਮ ਗਲ ਦੀ ਫਾਂਸੀ ਹੋ ਗਈ ਸੀ, ਜਿਹੜਾ ਝੂਟਾ ਲਏ ਬਿਨਾਂ ਕਿਵੇਂ ਵੀ ਟਾਲੀ ਨਹੀਂ ਜਾ ਸਕਦੀ ਸੀ। ਸੋ ਤਾਪੀ ਨੇ ਸਾਰੀਆਂ ਸੋਚਾਂ ਨੂੰ ਭੱਠੀ ਦਾ ਬਾਲਣ ਬਣਾਉਂਦਿਆਂ ਧੰਤੋ ਨੂੰ ਕਿਸੇ ਤਰ੍ਹਾਂ ਭੁਆਲੀਆਂ ਦੇਣ ਵਾਲੀ ਇਕੋ ਇਕ ਗੱਲ ਨੂੰ ਪ੍ਰਧਾਨ ਬਣਾ ਲਿਆ। ਹੁਣ ਉਹ ਕਈ ਵਾਰ ਕਾਹਲੀ ਪੈ ਕੇ ਫੀਲੇ ਦੇ ਗਲ ਵੀ ਪੈ ਜਾਂਦੀ ਤੇ ਵਿਚਲੀ ਮੁੱਖ ਗੱਲ ਕੁੜੀ ਨੂੰ ਮੰਗਣ ਵਿਆਹੁਣ ਵਾਲੀ ਹੀ ਹੁੰਦੀ ਸੀ।
ਇਕ ਸ਼ਾਮ ਫੀਲੇ, ਕਾਰੇ ਤੇ ਜਗਨੇ ਦੀ ਜੁੰਡੀ ਫਿਰ ਜੁੜ ਬੈਠੀ। ਕਾਰਾ ਆਪਣੇ ਨਾਲ ਪਿੰਡੋਂ ਹੀ ਬੋਤਲ ਲੈ ਕੇ ਆਇਆ ਸੀ। ਜਦ ਉਸ ਨੂੰ ਨਸ਼ੇ ਦੀ ਤਾਰ ਆਈ, ਤਦ ਉਸ ਨੇ ਜਗਨੇ ਨਾਲ ਅੱਖ ਮਿਲਾਈ।
“ਓਏ ਝੋਟੇ ਖਾਂ !…..” ਉਸ ਦੀ ਏਨੀ ਆਖਣ ਤੇ ਹੀ ਇਕ ਦਮ ਸਾਰੇ ਹੱਸ ਪਏ। “ਸਾਅਬ ਆਂਹਦਾ ਹੁੰਦਾ ਸੀ, ਪਤਲੇ ਦਿਲ ਵਾਲਾ ਯਾਰ ਨਹੀਂ ਬਣਾਉਣਾ ਚਾਹੀਦਾ।”
“ਠੀਕ ਜੱਟ ਦਾ ਮੂੰਹ ਕੁਹਾੜੇ ਨਾਲ ਪਾਟਿਆ ਹੁੰਦਾ ਏ।” ਜਗਨੇ ਨੇ ਫੀਲੇ ਤੋਂ ਹੁੰਗਾਰਾ ਮੰਗਿਆ, ਪਰ ਉਹ ਹਾਲੇ ਵੀ ਹੱਸੀ ਜਾ ਰਿਹਾ ਸੀ।
ਕਾਰੇ ਨੇ ਫੀਲੇ ਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ ਅਤੇ ਹੱਸਦਿਆਂ ਆਖਿਆ :
“ਚਲ ਯਾਰ ਤੈਨੂੰ ਕੱਟਾ ਸਾਅਬ ਆਖ ਦਿਆ ਕਰਾਂਗੇ।”
“ਫੀਲਿਆ ! ਏਸ ਛੜੇ ਦੀ ਯਾਰੀ ਤੋਂ ਆਪਾਂ ਕੀ ਲੈਣਾ ਏ।” ਅੱਜ ਜਗਨੇ ਦੀ ਪੇਸ਼ ਨਹੀਂ ਜਾ ਰਹੀ ਸੀ।
“ਸੱਚ ਗੱਲ ਸੁਣ ਓਏ ਬਾਹਮਣਾ !” ਕਾਰੇ ਨੇ ਉਸ ਦਾ ਹੱਥ ਬੋਤਲ ਵਲੋਂ ਰੋਕ ਕੇ ਕਿਹਾ, “ਦੁਆਲੀ ਵਿਚ ਦੋ ਦਿਨ ਹੀ ਰਹਿ ਗਏ, ਮੇਰੀ ਘਾਣੀ ਤਿਆਰ ਪਈ ਹੈ, ਜੇ ਇਕ ਦਿਨ ਬਾਹਮਣੀ ਉਧਾਰੀ ਦੇਵੇਂ, ਮੈਂ ਆਪਣੀ ਕੋਠੜੀ ਲਿਪਾ ਲਵਾਂ।”
ਫੀਲਾ ਏਨੀ ਜ਼ੋਰ ਨਾਲ ਹੱਸਿਆ ਕਿ ਉਸ ਨੂੰ ਵਿਚਕਾਰ ਗਲ-ਹੱਥੂ ਆ ਗਿਆ।
“ਮਰ ਗਏ ਓ ਕਾਰਿਆ।”
ਅੱਜ ਜਗਨੇ ਦੀ ਪੇਸ਼ ਨਹੀਂ ਜਾ ਰਹੀ ਸੀ, ਆਹ ਤੀਜੀ ਉਸ ਦੇ ਕਪਾਲ ਵਿਚ ਆ ਵਜੀ ਸੀ। ਉਹ ਸਿਰ ਉਤੇ ਹੱਥ ਫੇਰਦਾ ਬੋਲਿਆ, “ਲਿਜਾਣ ਨੂੰ ਤਾਂ ਜੱਟਾ ਤੂੰ ਤਾਪੀ ਨੂੰ ਫਿਰਦਾ ਏਂ, ਬਹਾਨੇ ਲਾਉਨਾ ਏਂ ਬਾਹਮਣੀ ਦੇ।”
“ਆਪਾਂ ਦੋਹਾਂ ਨੂੰ ਭੇਜ ਦਿੰਦੇ ਆਂ, ਨਾਲੇ ਇਹਦੇ ਸਭ ਕਾਰਜ ਰਾਸ ਹੋ ਜਾਣਗੇ।” ਫੀਲੇ ਨੇ ਜਗਨੇ ਦਾ ਵਾਰ ਰੋਕ ਲਿਆ।
“ਬਾਹਮਣਾ ਅਸੀਂ ਹੁਣ ਨਹੀਂ ਲੜਦੇ, ਸਾਨੂੰ ਤੇਰਾ ਭੇਤ ਆ ਗਿਆ ਏ।” ਕਾਰਾ ਵੀ ਫੀਲੇ ਦੀ ਗੱਲ ਨਾਲ ਆਕੜ ਗਿਆ।
“ਜੱਟ ਦਾ ਕੀ ਵਸਾਹ ਏ, ਮੋੜ ਕੇ ਈ ਨਾ ਦੇਵੇ, ਨਾਲੇ ਇਹਨੂੰ ਕਿਹੜਾ ਨਾਨਕਿਆਂ ਤੋਂ ਭਾਲ ਲਵਾਂਗੇ।” ਬਾਹਮਣ ਗੁੱਝਾ ਗੁੱਝਾ ਹੱਸ ਪਿਆ ਤੇ ਉਸ ਹਾੜਾ ਪਾਉਣਾ ਸ਼ੁਰੂ ਕਰ ਦਿੱਤਾ।
“ਹੈ ਤੇਰੀ ਬਾਹਮਣਾ ! ਝੋਟੀ ਨੂੰ ਜੰਮਿਆ ਏਂ ਨਾ !” ਕਾਰਾ ਇਕ ਲਗੀ ਤੋਂ ਹੀ ਤਹਿ ਹੋ ਗਿਆ ਤੇ ਉਸ ਦਾ ਸਾਰਾ ਨਸ਼ਾ ਲਹਿ ਗਿਆ।
ਫੀਲਾ ਹਾਸੇ ਅਤੇ ਨਸ਼ੇ ਦੇ ਲੋਰ ਵਿਚ ਘੜੀ ਭਰ ਲਈ ਆਰਥਕ ਚਿੰਤਾ ਤੋਂ ਬੇ-ਫ਼ਿਕਰ ਹੋ ਗਿਆ। ਉਹ ਚਾਹੁੰਦਾ ਸੀ, ਇਸ ਮਸਤ ਘੜੀ ਵਿਚ ਕੋਈ ਭਗਵਾਨ ਵੀ ਸਵਰਗਾਂ ਲਈ ਆਵਾਜ਼ ਨਾ ਮਾਰੇ।
ਨਸ਼ੀਲੀ ਅਵਸਥਾ ਤੋਂ ਉੱਚਾ ਸਵਰਗ ਉਸ ਦੀ ਕਲਪਨਾ ਵਿਚ ਕਦੇ ਆਇਆ ਹੀ ਨਹੀਂ ਸੀ।
“ਕਾਰਿਆ ! ਤੂੰ ਆਖੇਂਗਾ ਕਿਹੋ ਜਿਹੀ ਚੰਦਰੀ ਗੱਲ ਕਰਦਾ ਹੈਂ, ਪਰ ਕੀਤੇ ਬਿਨਾਂ ਰਿਹਾ ਵੀ ਨਹੀਂ ਜਾਂਦਾ।” ਜਗਨੇ ਨੇ ਫੀਲੇ ਵੱਲ ਇਸ਼ਾਰਾ ਕਰ ਕੇ ਉਸ ਨੂੰ ਚਿਤਾਰਿਆ, “ਹੁਣ ਫੀਲਾ ਪੈਸੇ ਮੋੜਨ ਦੀ ਗੱਲ ਈ ਨਹੀਂ ਕਰਦਾ, ਇਹਨੂੰ ਆਥਣ ਸਵੇਰ ਪੁੱਛੀਦਾ ਏ। ਯਾਰੀ ਕਰ ਕੇ ਸ਼ਰਮ ਦੇ ਮਾਰੇ ਕੁਝ ਆਖ ਵੀ ਨਹੀਂ ਸਕਦੇ।”
ਘਰ ਦੀ ਸਾਰੀ ਹਾਲਤ ਹਕੀਕਤ ਦਾ ਕਾਰੇ ਨੂੰ ਪਤਾ ਸੀ, ਉਹ ਇਸ ਦੇਣੇ ਬਾਰੇ ਕੀ ਕਹਿੰਦਾ।
ਪਰ ਫੀਲੇ ਦਾ ਇਕ ਦਮ ਨਸ਼ਾ ਲਹਿ ਗਿਆ। ਉਸ ਮਨ ਵਿਚ ਬਾਹਮਣ ਨੂੰ ਗਾਲ੍ਹ ਕੱਢ ਮਾਰੀ। ਘੱਟ ਤੋਂ ਘੱਟ ਉਸ ਦੀ ਚਾਹ ਸੀ, ਅਜਿਹੇ ਮੌਕੇ ਲੈਣ ਦੇਣ ਦੀ ਕੋਈ ਗੱਲ ਨਾ ਛੇੜੇ। ਪਰ ਜਗਨੇ ਲਈ ਇਸ ਤੋਂ ਢੁਕਵਾਂ ਮੌਕਾ ਹੋਰ ਕੋਈ ਨਹੀਂ ਸੀ।
“ਜਦੋਂ ਤੇਰੀ ਰਕਮ ਨੂੰ ਵਿਆਜ ਪਈ ਜਾਂਦਾ ੲੈ, ਤੂੰ ਹੋਰ ਕੀ ਲੈਣਾ ਏਂ।” ਫੀਲੇ ਤੋਂ ਚੱਜ ਦਾ ਉੱਤਰ ਨਾ ਸਰਿਆ।
“ਆਹ ਬੰਨ੍ਹੇ ਐ ਮੇਰੇ ਹੱਥ, ਮੈਂ ਵਿਆਜ਼ ਨਹੀਂ ਲੈਂਦਾ, ਮੇਰੀ ਸਾਵੀਂ ਰਕਮ ਮੋੜ ਦੇ।” ਪੰਡਤ ਨੇ ਫੀਲੇ ਦੇ ਨਾ ਦੇਣ ਦੇ ਸਾਰੇ ਰਾਹ ਰੋਕ ਦਿੱਤੇ।
“ਕੋਈ ਨਹੀਂ ਓਏ ਬਾਹਮਣਾ ! ਕਿਤੇ ਭੱਜ ਚਲੇ ਐ, ਮਿਲ ਜਾਣਗੇ, ਤੇਰੇ ਵੀ ਥੁੱਕ-ਲੁਕ ਦੇ ਈ ਬਣਾਏ ਐ, ਨਕਦ ਤਾਂ ਨਹੀਂ ਤਾਰੇ।” ਕਾਰੇ ਨੇ ਫੀਲੇ ਦੀ ਹਮਦਰਦੀ ਵਿਚ ਜੱਗੂ ਨੂੰ ਤਸੱਲੀ ਰੱਖਣ ਲਈ ਆਖਿਆ।
“ਬਈ ਭੋਲੇ ਨਾਥ ਦੀ ਸਹੁੰ। ਸਾਰੇ ਨਕਦਾਂ ਵਰਗੇ ਐ। ਸਾਲ ਹੋਣ ਨੂੰ ਆਇਆ ਏ, ਇਕੋ ਮੁੰਡਾ ਜਗੋਂ ਖੱਟਿਆ ਏ, ਆਪਾਂ ਇਹਤੋਂ ਯਾਰ ਕਰਕੇ ਕਾਣੀ ਕੌਡੀ ਵਿਆਜ ਨਹੀਂ ਲੈਂਦੇ, ਪਰ ਐਸ ਮਹੀਨੇ ਰੁਪਏ ਮੋੜ ਦੇਵੇ।” ਪੰਡਤ ਨੇ ਇਕ ਤਰ੍ਹਾਂ ਫੀਲੇ ਦੁਆਲੇ ਘੇਰਾ ਘੱਤ ਲਿਆ।
“ਦੋ ਮਹੀਨੇ ਦੀ ਮੋਹਲਤ ਦੇ।” ਕਾਰਾ ਜਗਨੇ ਦੇ ਪ੍ਰਭਾਵ ਵਿਚ ਸੁੱਤੇ ਹੀ ਕਹਿ ਗਿਆ।
“ਫੀਲਾ ਕਹਿ ਦੇਵੇ, ਆਪਾਂ ਨੂੰ ਦੋ ਮਹੀਨੇ ਮਨਜ਼ੂਰ ਐ। ਕਿਉਂ ਫੀਲਿਆ ?”
“ਕੁਝ ਕਰਾਂਗੇ ਹੀ ਬਾਲਣ ਫੂਕਣ, ਤੇਰਾ ਫਾਹਾ ਤਾਂ ਕਿਵੇਂ ਵੱਢਣਾ ਈ ਏ।” ਫੀਲਾ ਇਕ ਪ੍ਰਕਾਰ ਮੰਨ ਗਿਆ।
“ਦੇਖ ਯਾਰ, ਸਾਲ ਭਰ ਪਿਛੋਂ ਸਾਵੇਂ ਪੈਸੇ ਲੈਣੇ ਐ, ਹਾਲੇ ਵੀ ਮਹਿਰਾ ਫਾਹਾ ਆਖਦਾ ਹੈ।”
ਜਗਨੇ ਨੂੰ ਪਤਾ ਸੀ, ਜਿੰਨਾ ਚਿਰ ਫੀਲਾ ਸਰਕਾਰੀ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੋੜਦਾ, ਉਹ ਮਕਾਨ ਨੂੰ ਕੁਝ ਨਹੀਂ ਕਰਵਾ ਸਕਦਾ ਤੇ ਹੋਰ ਕਿਤੋਂ ਲੈਣ ਦੇਣ ਨੂੰ ਨਹੀਂ। ਉਹ ਇਸ ਕਰਕੇ ਵੀ ਛੇਤੀ ਕਰਦਾ ਸੀ ਕਿ ਕਿਸ਼ਤਾਂ ਮੋੜਨ ਤੋਂ ਪਹਿਲਾਂ ਪਹਿਲਾਂ ਜੇ ਰੁਪਏ ਮਿਲ ਗਏ, ਮਿਲ ਗਏ, ਨਹੀਂ ਤਾਂ ਸੁਖ ਸਾਂਦ ਹੀ ਹੈ। ਉਸ ਨੂੰ ਇਹ ਵੀ ਯਕੀਨ ਸੀ ਕਿ ਇਸ ਤੋਂ ਕਿਸ਼ਤਾਂ ਵੀ ਨਹੀਂ ਮੋੜੀਆਂ ਜਾਣੀਆਂ ਤੇ ਮਕਾਨ ਆਖਰ ਨੂੰ ਇਕ ਦਿਨ ਨੀਲਾਮ ਹੀ ਹੋਵੇਗਾ।
ਫੀਲੇ ਨੇ ਜਗਨੇ ਦੇ ਰੁਪਏ ਮੋੜਨ ਲਈ ਹਰ ਤਰ੍ਹਾਂ ਦਾ ਚਾਰਾ ਮਾਰਿਆ, ਪਰ ਰੁਪਈਏ ਆਉਂਦੇ ਕਿਥੋਂ ? ਉਸ ਨੂੰ ਡੂਢੇ ਸਵਾਏ ਵਿਆਜ ਤੇ ਵੀ ਕਰਜ਼ਾ ਨਾ ਮਿਲਿਆ। ਫੀਲੇ ਦੀ ਖ਼ਾਤਰ ਕਾਰਾ ਵੀ ਸੋਚਦਾ ਰਿਹਾ ਸੀ, ਪਰ ਬਣਿਆ ਦੋਹਾਂ ਤੋਂ ਕੁਝ ਨਾ, ਅਖ਼ੀਰ ਕਾਰੇ ਨੇ ਯਾਰ ਨੂੰ ਮੁਸ਼ਕਲ ਵਿਚ ਫਸਿਆ ਦੇਖ ਇਕ ਰਾਹ ਲੱਭਿਆ। ਉਸ ਧੰਤੋ ਦਾ ਰਿਸ਼ਤਾ ਸਿਧਵਾਂ ਬੇਟ ਦੇ ਇਕ ਦੁਹਾਜੂ ਨੂੰ ਕਰਨ ਦੀ ਸਲਾਹ ਦਿੱਤੀ, ਜਿਸ ਦੇ ਮਰ ਗਈ ਜ਼ਨਾਨੀ ਤੋਂ ਤਿੰਨ ਬੱਚੇ ਸਨ। ਉਹ ਘਰੋਂ ਸਰਦਾ ਪੁਜਦਾ ਝੀਉਰ ਸੀ। ਕਾਰੇ ਨੇ ਫੀਲੇ ਨੂੰ ਸਲਾਹ ਦਿੱਤੀ ਕਿ ਆਪਾਂ ਭੋਲੇ ਤੋਂ ਅਮਾਨਤੀ ਦੋ ਸੌ ਰੁਪਈਆ ਫੜ ਲਵਾਂਗੇ, ਜਦੋਂ ਕੋਲ ਹੋਇਆ ਮੋੜ ਦੇਵਾਂਗੇ। ਦੁਹਾਜੂ, ਤਿੰਨ ਬੱਚੇ ਅਤੇ ਵਡੇਰੀ ਉਮਰ ਦੇ ਤਿੰਨ ਵਡੇ ਨੁਕਸਾਂ ਨੇ ਫੀਲੇ ਦੀ ਜ਼ਮੀਰ ਨੂੰ ਕਿਸੇ ਤਰ੍ਹਾਂ ਰਜ਼ਾਮੰਦ ਨਾ ਕੀਤਾ। ਉਸ ਨੂੰ ਇਉਂ ਜਾਪਿਆ, ਜਿਵੇਂ ਉਹ ਆਪਣੀ ਇਕੋ ਇਕ ਧੀ ਨੂੰ ਫਾਹਾ ਦੇ ਰਿਹਾ ਹੈ।
ਤਾਪੀ ਦੀ ਘਰ ਵਿਚ ਦਿਨੇ ਰਾਤ ਇਹ ਲੜਾਈ ਚਲਦੀ ਹੀ ਰਹਿੰਦੀ ਸੀ ਕਿ ਮਾਨੇ ਨੂੰ ਨਾਲ ਲੈ ਕੇ ਕੁੜੀ ਲਈ ਥਾਂ ਵੇਖੇ ਤੇ ਸੁਰਖਰੂ ਹੋਈਏ। ਮਾਨੇ ਨੂੰ ਆਖਣ ਤੋਂ ਉਸ ਦਾ ਭਾਵ ਸੀ ਉਹ ਮੋਦਨ ਨੂੰ ਸਭ ਤੋਂ ਪਹਿਲਾਂ ਤਰਜੀਹ ਦੇਵੇਗਾ। ਇਹ ਉਸ ਦੇ ਆਪਣੇ ਦਿਲ ਦੀ ਵੀ ਖ਼ਾਹਸ਼ ਸੀ। ਫੀਲੇ ਨੂੰ ਬਹੁਤਾ ਫ਼ਿਕਰ ਇਕਰਾਰ ਅਨੁਸਾਰ ਜਗਨੇ ਦੇ ਰੁਪਈਏ ਮੋੜਨ ਦੀ ਪਈ ਹੋਈ ਸੀ, ਤੇ ਕੁੜੀ ਦਸ ਦਿਨ ਠਹਿਰ ਕੇ ਵੀ ਮੰਗੀ ਜਾ ਸਕਦੀ ਸੀ ਤੇ ਜਗਨੇ ਵਲੋਂ ਪੰਜਾਹ ਰੁਪਏ ਵਿਆਜ ਦੀ ਛੋਟ ਹੁੰਦੀ ਸੀ। ਜਦ ਫੀਲੇ ਦਾ ਕਿਸੇ ਪਾਸੇ ਵੀ ਹੱਥ ਨਾ ਅੜਿਆ, ਤਾਂ ਉਸ ਸਿਧਵਾਂ ਬੇਟ ਵਾਲੇ ਸਾਕ ਦੇ ਤਿੰਨ ਵੱਡੇ ਨੁਕਸ ਛੋਟੇ ਤੇ ਫਿਰ ਮਾਮੂਲੀ ਦਿਸਣ ਲੱਗ ਪਏ। ਕਾਰੇ ਨੇ ਇਸ ਤੋਂ ਪਹਿਲਾਂ ਕਿਤੇ ਰਿਸ਼ਤਾ ਕਰਵਾਇਆ ਨਹੀਂ ਸੀ ਅਤੇ ਨਾ ਹੀ ਉਸ ਨੂੰ ਇਹਨਾਂ ਗੱਲਾਂ ਦਾ ਕੋਈ ਤਜਰਬਾ ਸੀ। ਉਸ ਨੂੰ ਜ਼ਿੰਦਗੀ ਵਿਚ ਦੁਹਾਜੂ, ਵਡੇਰੀ ਉਮਰ, ਮਤਰੇਅ ਬੱਚਿਆਂ ਬਾਰੇ ਕਿਸੇ ਤਰ੍ਹਾਂ ਦੇ ਦੁੱਖ ਦਾ ਅਨੁਭਵ ਮਿਲਦਾ ਵੀ ਕਿਥੋਂ, ਜਦੋਂ ਉਹ ਜਨਮੋਂ ਹੀ ਛੜਾ ਸੀ। ਉਹ ਇਹਨਾਂ ਮਾਮਲਿਆਂ ਬਾਰੇ ਕੁਝ ਨਹੀਂ ਜਾਣਦਾ ਸੀ। ਜੇਕਰ ਉਹ ਕੁਝ ਜਾਣਦਾ ਸੀ ਤਾਂ ਉਹ ਇਹ ਸੀ ਕਿ ਉਸ ਦੇ ਯਾਰ ਦਾ ਇਕ ਭਾਰ ਹੌਲਾ ਹੁੰਦਾ ਹੈ। ਇਹ ਵੀ ਹੋ ਸਕਦਾ ਸੀ, ਸਿਧਵਾਂ ਵਾਲਾ ਭੋਲਾ ਵਿਆਹ ਦੇ ਉਤੇ ਚਾਰ ਪੈਸੇ ਲਾਉਣ ਲਈ ਤਿਆਰ ਹੋ ਜਾਂਦਾ : ਫੀਲੇ ਦੀ ਹਾਲਤ ਡੁੱਬਦਿਆਂ ਪੰਨੀ ਨੂੰ ਹੱਥ ਪਾਉਣ ਵਾਲੀ ਸੀ। ਉਸ ਕੋਲ ਕਾਰੇ ਨਾਲੋਂ ਵਧੇਰੇ ਦਰਦੀ ਯਾਰ ਕੋਈ ਨਹੀਂ ਸੀ, ਜਿਹੜਾ ਉਸ ਦੀਆਂ ਔਕੜਾਂ ਵਿਚ ਮਾੜੀ ਮੋਟੀ ਆਰਥਕ ਸਹਾਇਤਾ ਕਰਦਾ ਰਿਹਾ ਹੋਵੇ। ਫੀਲੇ ਨੂੰ ਇਹ ਵੀ ਪਤਾ ਸੀ ਮਾਨੇ ਜਾਂ ਤਾਪੀ ਦੀ ਜੇ ਸਲਾਹ ਪੁੱਛੀ, ਉਹਨਾਂ ਉਥੇ ਕਿਸੇ ਤਰ੍ਹਾਂ ਵੀ ਸਾਕ ਨਹੀਂ ਹੋਣ ਦੇਣਾ। ਸੋ ਉਹ ਅਤੇ ਕਾਰਾ ਇਕ ਦਿਨ ਮਿਥ ਕੇ ਸਿਧਵੀਂ ਚਲੇ ਗਏ ਅਤੇ ਭੋਲੇ ਹੱਥ ਰੁਪਈਆ ਜਾ ਰੱਖਿਆ। ਭੋਲਾ ਚਾਰ ਸਾਲ ਤੋਂ ਰੰਡਾ ਸੀ ਅਤੇ ਉਮਰ ਵਿਚ ਚੌਂਤੀ ਪੈਂਤੀ ਸਾਲ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਉਸ ਵੇਲੇ ਫੀਲੇ ਤੇ ਕਾਰੇ ਨੂੰ ਇਹ ਇਕ ਚੰਗਾ ਤੇ ਨੇਕ ਕੰਮ ਦਿਸਦਾ ਸੀ, ਪਰ ਇਸ ਦੇ ਸਿੱਟਿਆਂ ਤੋਂ ਫੀਲਾ ਬੇ-ਪਰਵਾਹ ਤੇ ਕਾਰਾ ਅਸਲੋਂ ਅਨਜਾਣ ਸਨ।
ਉਹਨਾਂ ਸਿਧਵੀਂ ਧੰਤੋ ਦਾ ਸਾਕ ਹੀ ਨਹੀਂ ਕੀਤਾ ਸੀ, ਸਗੋਂ ਇਕ ਚੋਰੀ ਵੀ ਕਰ ਲਈ ਸੀ, ਏਸੇ ਕਾਰਨ ਉਹਨਾਂ ਮਹੀਨਾ ਭਰ ਸਾਕ ਕਰ ਦੀ ‘ਵਾ ਤਕ ਵੀ ਕਿਸੇ ਕੋਲ ਨਾ ਕੱਢੀ।
9
ਤਾਪੀ ਹੈਰਾਨ ਸੀ, ਜਗਨੇ ਦੇ ਰੁਪਈਏ ਕਿਵੇਂ ਮੋੜ ਦਿੱਤੇ। ਉਸ ਏਧਰੋਂ ਓਧਰੋਂ ਸੂਹ ਵੀ ਲਈ, ਪਰ ਪੱਲੇ ਕੁਝ ਨਾ ਪਿਆ। ਹੁਣ ਜਦੋਂ ਕਦੇ ਉਸ ਕੁੜੀ ਦੇ ਸਾਕ ਬਾਰੇ ਕੈਲੀ ਕੀਤੀ ਸੀ, ਫੀਲਾ ਠੰਢਾ ਜਿਹਾ ਪੈ ਜਾਂਦਾ, ਜਿਵੇਂ ਚਿੱਤ ਵਿਚ ਵਿਚਾਰਦਾ, ਇਸ ਨੂੰ ਦੱਸ ਦੇਵਾਂ, ਕਿਵੇਂ ਦੱਸਾਂ ? ਉਸ ਦੜ ਵੱਟੀ ਰੱਖੀ। ਤਾਪੀ ਨੇ ਇਹ ਵੀ ਸੋਚਿਆ, ਪਿਛਲੇ ਮਹੀਨੇ ਇਸ ਅਫ਼ੀਮ ਲਈ ਦਾਣੇ ਵੀ ਨਹੀਂ ਵੇਚੇ ਤੇ ਨਾ ਹੀ ਮੈਨੂੰ ਤੰਗ ਕੀਤਾ ਹੈ। ਅਫ਼ੀਮ ਛੱਡਣ ਦਾ ਸਵਾਲ ਮੁਕ ਚੁੱਕਾ ਸੀ। ਇਹਨਾਂ ਵਿਚੇ ਵਿਚ, ਕੋਈ ਕਾਰਾ ਨਾ ਕਰ ਦਿੱਤਾ ਹੋਵੇ, ਤਾਪੀ ਨੇ ਖ਼ਿਆਲ ਕੀਤਾ, ਪਿਛਲੇ ਮਹੀਨੇ ਇਹ ਆਪ ਅਤੇ ਕਾਰਾ ਵਾਂਡੇ ਜਾਂਦੇ ਵੀ ਰਹੇ ਹਨ। ਉਸ ਨੂੰ ਬਹੁਤੀ ਸ਼ੱਕ ਅਫ਼ੀਮ ਅਤੇ ਜਗਨੇ ਦੇ ਪੈਸੇ ਮੋੜਨ ਤੋਂ ਪੈ ਰਹੀ ਸੀ। ਸਰਕਾਰੀ ਰਾਸ਼ਨ ਕਾਰਡ ਦੀ ਅਫ਼ੀਮ ਨਾਲ ਉਸ ਦੇ ਮਸੀਂ ਦਸ ਦਿਨ ਲੰਘਦੇ ਸਨ, ਬਾਕੀ ਵੀਹ ਦਿਨ ਉਹ ਏਧਰੋਂ ਓਧਰੋਂ ਨਾਜਾਇਜ਼ ਅਫ਼ੀਮ ਖਾ ਕੇ ਲੰਘਾਉਂਦਾ ਸੀ।
5 न
ਸਾਰੀ ਗੱਲ ਜਾਨਣ ਲਈ ਤਾਪੀ ਨੂੰ ਇਕ ਸੋਚ ਫੁਰੀ : ਉਹ ਰੰਬਾ ਅਤੇ ਚਾਦਰ ਚੁੱਕ ਕੇ ਪਮਾਲ ਦੇ ਰਾਹ ਤੁਰ ਪਈ। ਧੰਤੋ ਨੂੰ ਜਾਂਦੀ ਉਹ ਇਹ ਕਹਿ ਗਈ, ਮੈਂ ਝੋਟੀ ਵਾਸਤੇ ਘਾਹ ਦੀ ਝੋਲੀ ਲੈ ਆਵਾਂ। ਫੀਲਾ ਓਦੋਂ ਹੀ ਘਾਹ ਨੂੰ ਜਾਂਦਾ ਸੀ, ਜਦ ਤਾਪੀ ਤੋਂ ਅਫ਼ੀਮ ਲੈਣੀ ਹੁੰਦੀ। ਉਹ ਇਸ ਨੀਅਤ ਨਾਲ ਗਈ ਸੀ ਕਿ ਕਾਰਾ ਆਪਣੇ ਪਿੰਡੋਂ ਜ਼ਰੂਰ ਆਵੇਗਾ ਤੇ ਉਸ ਨੂੰ ਆਪਣੇ ਆਪ ਉਤੇ ਇਹ ਵੀ ਭਰੋਸਾ ਸੀ ਕਿ ਕਾਰਾ ਵਡਿਆਇਆ ਹੋਇਆ ਸਭ ਕੁਝ ਬਕ ਦੇਵੇਗਾ। ਔਰਤ ਕਿੰਨੀ ਦੱਬੀ- ਕੁਚਲੀ ਹੋਵੇ, ਪਰ ਜਦੋਂ ਉਸ ਨੂੰ ਆਪਣੀ ਤਿੱਖੀ ਬੁੱਧੀ ਦਾ ਅਹਿਸਾਸ ਹੁੰਦਾ ਹੈ, ਮਨ-ਮਰਜ਼ੀ ਦੇ ਲੁਕਮਾਨ ਬੁੱਧੂ ਬਣਾ ਦੇਂਦੀ ਹੈ। ਫਿਰ ਵਿਚਾਰੇ ਕਾਰੇ ਵਿਚ ਕਿਹੜੀ ਸ਼ਕਤੀ ਸੀ, ਜਿਹੜੀ ਘੜੀ ਦੋ ਘੜੀ ਟਾਕਰਾ ਕਰਦੀ, ਜਦੋਂ ਕਿ ਉਹ ਉਮਰ ਭਰ ਔਰਤ ਦੀ ਮੁਸਕਾਣੀ ਨੂੰ ਤਰਸਦਾ ਰਿਹਾ ਸੀ।
ਤਾਪੀ ਘਾਹ ਖੋਤ ਖੋਤ ਨਿਰਾਸ ਹੋ ਗਈ। ਇਕ ਝੋਲੀ ਦੀ ਥਾਂ ਉਸ ਪੰਡ ਬਣਾ ਲਈ, ਪਰ ਕਾਰਾ ਉਸ ਨੂੰ ਆਉਂਦਾ ਕਿਤੇ ਨਾ ਦਿਸਿਆ। ਅੱਗੇ ਨਿੱਤ ਖੇਹ ਖਾਣ ਆਉਂਦਾ ਏ, ਅੱਜ ਪਤਾ ਨਹੀਂ ਕੀ ਗੋਲੀ ਵੱਜ ਗਈ। ‘ਪਰਤਿਆਈ ਘੁਮਿਆਰੀ ਕਦੇ ਗਧੇ ‘ਤੇ ਨਹੀਂ ਚੜ੍ਹਦੀ।” ਉਹ ਰਾਹ ਉਤੇ ਖਲੋਤੀ ਕਿੱਕਰ ਹੇਠ ਘਾਹ ਝਾੜਨ ਲੱਗ ਪਈ। ਹਾਲੇ ਅੱਧਾ ਘਾਹ ਹੀ ਝਾੜਿਆ ਸੀ ਕਿ ਕਾਰਾ ਉਸ ਨੂੰ ਲੱਤਾਂ ਘਸੀਟਦਾ ਆਉਂਦਾ ਦਿਸ ਪਿਆ। ਜ਼ਿੰਦਗੀ ਵਿਚ ਇਹ ਪਹਿਲਾ ਸਮਾਂ ਸੀ, ਜਦ ਤਾਪੀ ਕਾਰੇ ਨੂੰ ਵੇਖ ਕੇ ਖ਼ੁਸ਼ ਹੋਈ ਸੀ। ਕਾਰੇ ਦੇ ਨੇੜੇ ਆ ਜਾਣ ਤੇ ਉਸ ਜਾਣ ਕੇ ਪੂਰਾ ਘੁੰਡ ਨਾ ਕਢਿਆ ਤੇ ਨਾ ਹੀ ਪਾਸਾ ਵੱਟਿਆ। ਕਾਰੇ ਦੇ ਝੱਲਾ ਹੋ ਜਾਣ ਲਈ ਬਸ ਐਨਾ ਹੀ ਕਾਫ਼ੀ ਸੀ।
“ਭਾਬੀ ! ਅੱਗੇ ਨਾ ਪਿਛੇ ਅੱਜ ਸਾਡੇ ਪਾਸੇ ਕਿਵੇਂ ਮਿਹਰਾਂ ਹੋ ਗਈਆਂ ?”
“ਮੈਂ ਕਿਹਾ ਏਧਰੋਂ ਮੇਰਾ ਭਾਈ ਜੀ ਆਊਂਗਾ।”
“ਨਾ ਨਾ, ਜੇ ਭਾਈ ਜੀ ਨਾ ਆਖੇਂ, ਤੇਰਾ ਘਟਦਾ ਤਾਂ ਕੁਝ ਨਹੀਂ ?”
“ਫੇਰ ਤੈਨੂੰ ਕੀ ਮਿਲ ਜਾਊ।” ਤਾਪੀ ਅੱਧੇ ਘੁੰਡ ਵਿਚੋਂ ਮੁਸਕਾ ਪਈ।
“ਹੋਰ ਚਾਹੀਦਾ ਵੀ ਕੀ ਐ, ਨਾਲੇ ਆਪਣੀ ਸਾਰੀ ਉਮਰ ਦਾ ਝਗੜਾ ਮੁੱਕ ਜਾਊ।” ਕਾਰਾ ਇਕ ਤਰ੍ਹਾਂ ਬਾਵਲਾ ਹੋਇਆ ਪਿਆ ਸੀ। ਉਸ ਦੀਆਂ ਅੱਖਾਂ ਵਿਚੋਂ ਜਨਮਾਂ ਦਾ ਝੁਲਿਆ ਪਿਆਰ ਅਜੀਬ ਢੰਗ ਨਾਲ ਜਾਗ ਪਿਆ।
ਤਾਪੀ ਨੇ ਠੀਕ ਮੌਕਾ ਤਾੜ ਕੇ ਪੁੱਛਣ ਲਈ ਚੁਸਤੀ ਵਰਤੀ :
“ਸੱਚ, ਮੈਨੂੰ ਤਾਂ ਅੱਜ ਪਤਾ ਲਗਾ ਏ, ਕੁੜੀ ਦਾ ਕੀ ਕਰ ਕੇ ਆਏ ਓ ?” ਉਸ ਕਾਰੇ ਨੂੰ ਅੱਗੋਂ ਵਲਣ ਦਾ ਯਤਨ ਕੀਤਾ।
“ਧੀ ਤੇਰੀ ਜੇ ਓਥੇ ਰਾਜ ਨਾ ਕਰੇ, ਆਹ ਦਾਹੜੀ ਪਰੇ ‘ਚ ਮੁੰਨ ਦੇਈਂ।” ਕਾਰੇ ਨੇ ਤਾਪੀ ਉਤੇ ਇਕ ਹੋਰ ਅਹਿਸਾਨ ਕਰਨ ਦੀ ਭਾਵਨਾ ਨਾਲ ਆਖਿਆ।
“विषे ?”
“ਬੇਟ ਦੇ ਸਿਧਵੀਂ, ਤੈਨੂੰ ਨਹੀਂ ਪਤਾ ?” ਕਾਰਾ ਗੱਲ ਖੁੱਲ੍ਹ ਜਾਣ ਨਾਲ ਹੈਰਾਨ ਹੋ ਗਿਆ। ਉਸ ਨੂੰ ਤਾਪੀ ਦੇ ਪੁੱਛਣ ਤੋਂ ਯਕੀਨ ਹੋ ਚੁੱਕਾ ਸੀ ਕਿ ਫੀਲੇ ਨੇ ਘਰ ਗੱਲ ਕਰ ਦਿੱਤੀ ਹੈ।
“ਮੁੰਡਾ ਕਿਸ ਉਮਰ ਏ ?” ਹੁਣ ਗੱਲ ਨਿਕਲ ਆਉਣ ਤੇ ਤਾਪੀ ਇਕ ਤਰ੍ਹਾਂ ਹਾਕਮ ਬਣ ਖਲੋਤੀ ਸੀ।
“ਏਹ ਕੋਈ ਪੱਚੀ ਛੱਬੀ, ਵਧ ਤੋਂ ਵਧ ਸਤਾਈ ਸਾਲ ਦਾ ਹੋਵੇਗਾ।” ਕਾਰਾ ਜਦ ਸੱਨਾਂ ਨੂੰ
ਪਹੁੰਚਿਆ ਆਪ ਉਮੈਦਵਾਰ ਬਣ ਸਕਦਾ ਸੀ, ਤਦ ਉਸ ਲਈ ਸਤਾਈ ਸਾਲ ਕਿਹੜੀ ਉਮਰ ਸੀ।
“ਵਧ ਤੋਂ ਵਧ ਚੌਂਤੀ ਪੈਂਤੀ ਸਾਲ ਦਾ ਵੀ ਹੋ ਸਕਦਾ ਏ, ਹੈ ਨਾ ?” ਤਾਪੀ ਉਸ ਦੀ ਥਿੜਕਦੀ ਜ਼ਬਾਨ ਤੋਂ ਭਾਂਪ ਗਈ। ਉਸ ਦੇ ਅੰਦਰੋਂ ਗੁੱਸਾ ਜਾਗ ਪਿਆ ਕਿ ਇਹਨਾਂ ਮੈਨੂੰ ਜਿਹੜੀ ਮਾਂ ਸੀ, ਉਸ ਨੂੰ ਵੀ ਨਹੀਂ ਪੁੱਛਿਆ ਤੇ ਮਾਨੇ ਵਿਚਾਰੇ ਦੀ ਕਿਸ ਸਲਾਹ ਲਈ ਹੋਣੀ ਏਂ।”
“ਨਾ ਨਾ, ਇਹ ਕਿਵੇਂ ਹੋ ਸਕਦਾ ਏ।” ਕਾਰੇ ਨੂੰ ਜਾਪਿਆ, ਮੈਂ ਬੜਾ ਕਸੂਤਾ ਫਸ ਗਿਆ ਹਾਂ।
“ਪਹਿਲਾਂ ਇਹ ਦੱਸ, ਮੁੰਡਾ ਏਲੀ ਉਮਰ ਤਕ ਵਿਹਲਾ ਕਿਹੜੇ ਨੁਕਸੋਂ ਰਿਹਾ ?” ਤਾਪੀ ਨੂੰ ਇਕ ਚੜ੍ਹ ਰਹੀ ਸੀ ਤੇ ਇਕ ਉਤਰ ਰਹੀ ਸੀ।
ਏਥੇ ਆ ਕੇ ਕਾਰੇ ਲਈ ਅਸਲ ਗੱਲ ਲੁਕਾਉਣੀ ਹੋਰ ਵੀ ਮੁਸ਼ਕਲ ਹੋ ਗਈ, ਕਿਉਂਕਿ ਹੋਰ ਦੋ ਦਿਨਾਂ ਨੂੰ ਵੀ ਗੱਲ ਨੰਗੀ ਹੋ ਹੀ ਜਾਣੀ ਸੀ। ਉਸ ਸੱਚ ਕਹਿਣਾ ਹੀ ਠੀਕ ਸਮਝਿਆ :
“ਮੁੰਡਾ ਦੁਹਾਜੂ ਹੈ, ਪਰ ਘਰੋਂ ਬਹੁਤ ਸੌਖਾ ਹੈ।” ਬਹੁਤ ਸੌਖਾ ਹੈ’ ਆਖ ਕੇ ਕਾਰੇ ਜ਼ਹਿਰ ਖੰਡ ਵਿਚ ਗਲੇਫ ਕੇ ਦੇਣ ਦਾ ਯਤਨ ਕੀਤਾ।
“ਦੁਹਾਜੂ ਏ ?” ਤਾਪੀ ਦੇ ਸਿਰ ਵਿਚ ਜਿਵੇਂ ਸੰਮ ਵਾਲੀ ਡਾਂਗ ਆ ਵਜੀ ਹੋਵੇ, ਉਸ ਨੂੰ ਚੱਕਰ ਆ ਗਿਆ ਤੇ ਉਹ ਸਿਰ ਫੜ ਕੇ ਥਾਏਂ ਬਹਿ ਗਈ। ਉਸ ਧੀ ਨੂੰ ਆਪਣੇ ਵਾਲੇ ਨਰਕ-ਖੂਹ ਵਿਚ ਨਿਘਰਦਿਆਂ ਵੇਖਿਆ। ਦੋ ਪਲਾਂ ਪਿਛੋਂ ਉਸ ਸੰਜੀਦਾ ਹੋ ਕੇ ਆਪ ਹੀ ਪੁੱਛਿਆ :
“ਉਸ ਦੇ ਨਿਆਣੇ ਕਿੰਨੇ ਹਨ ?” ਉਸ ਨੂੰ ਅੱਜ ਭਰੋਸਾ ਹੋ ਚੁੱਕਾ ਸੀ ਕਿ ਉਸ ਦੀ ਹਰ ਸ਼ੱਕ ਸੱਚ ਸਾਬਤ ਹੋਵੇਗੀ।
ਕਾਰੇ ਦੇ ਮਾਨਸਕ ਦੁੱਖ ਦਾ ਇਸ ਵੇਲੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ। ਜੇ ਸੱਚ ਕਹਿੰਦਾ ਸੀ ਅੱਗੇ ਵਾਂਗ, ਤਾਂ ਮਨੋਂ ਲਹਿੰਦਾ ਸੀ— ਬੇੜਾ ਗਰਕ ਹੁੰਦਾ ਸੀ, ਜੇ ਨਹੀਂ ਦੱਸਦਾ ਸੀ, ਕੱਲ੍ਹ ਨੂੰ ਜੁੱਤੀਆਂ ਵੱਜ ਕੇ ਪੱਗ ਲਹਿੰਦੀ ਸੀ। ਕਿਉਂਕਿ ਹੁਣ ਗੱਲ ਦੇ ਢੱਕੀ ਰਹਿ ਜਾਣ ਦਾ ਸਵਾਲ ਹੀ ਨਹੀਂ ਰਿਹਾ ਸੀ। ਕਾਰੇ ਨੇ ਪਹਿਲੀ ਵਾਰ ਮਹਿਸੂਸ ਕੀਤਾ, ਮੈਂ ਇਸ ਵਚੋਲਪੁਣੇ ਤੋਂ ਕੀ ਲੈਣਾ ਸੀ, ਜਿਸ ਦਾ ਸਿੱਟਾ ਆਹ ਨਿਕਲਣਾ ਸੀ। ਉਸ ਨੂੰ ਨਿਸਚਾ ਹੋ ਚੁੱਕਾ ਸੀ, ਦਾਹੜੀ ਪਰ੍ਹੇ ਵਿਚ ਜ਼ਰੂਰ ਮੁੰਨੀ ਜਾਵੇਗੀ। ਤਾਪੀ ਦੇ ਕਰੜੇ ਹੁਕਮ ਉਸ ਦੀ ਨੰਗੀ ਰੂਹ ਉਤੇ ਬੇ-ਤਰਸੀ ਨਾਲ ਛਾਂਟੇ ਮਾਰ ਰਹੇ ਸਨ ਤੇ ਪੀੜ ਉਸ ਦੇ ਜ਼ਬਤ ਤੋਂ ਕਿਤੇ ਬਾਹਰੀ ਹੁੰਦੀ ਜਾ ਰਹੀ ਸੀ।
“ਦੱਸਿਆ ਨਾ ਨਿਆਣੇ ਕਿੰਨੇ ਹਨ ?” ਕਾਰੇ ਦੀ ਦੁਚਿੱਤੀ ਤਾੜ ਕੇ ਤਾਪੀ ਨੂੰ ਸਾਫ਼ ਹੀ ਪਤਾ ਲੱਗ ਗਿਆ ਕਿ ਨਿਆਣੇ ਜ਼ਰੂਰ ਹਨ।
“ਦੋ ਐ, ਮੁੰਡਾ ਤੇ ਕੁੜੀ।” ਕਾਰਾ ਡਰਦਾ ਡਰਦਾ ਇਕ ਨਿਆਣਾ ਲੁਕੋ ਗਿਆ। ਸ਼ਾਇਦ ਉਹ ਜਮਦੂਤਾਂ ਦਾ ਫੜਿਆ, ਆਪਣੇ ਆਪ ਦਾ ਹਿਸਾਬ ਦੇਂਦਾ ਧਰਮ ਰਾਜ ਅੱਗੇ ਵੀ ਐਨਾ ਭੈੜਾ ਨਾ ਪੈਂਦਾ, ਜਿੰਨਾ ਤਾਪੀ ਸਾਹਮਣੇ ਕਸੂਰਵਾਰ ਖਲੋਤਾ ਸੀ। ਉਸ ਦੀ ਅੰਦਰਲੀ ਦੁਖੀ ਅਵਸਥਾ ਨੂੰ ਤਾਪੀ ਤਾਂ ਕੀ ਖ਼ੁਦ ਭਗਵਾਨ ਵੀ ਨਹੀਂ ਜਾਣ ਸਕਦਾ ਸੀ।
ਤਾਪੀ ਦਾ ਚਿਹਰਾ ਇਕ ਦਮ ਕਾਲੀ ਕਲਕੱਤੇ ਵਾਲੀ ਦਾ ਹੋ ਗਿਆ।
“ਤੁਸੀਂ ਗਰਕ ਜਾਓ ਥੇਹ ਹੋਣਿਓ ! ਤੁਹਾਡਾ ਹੋ ਜੇ ਸਿਆਪਾ ਐਹੋ ਜਿਹਾਂ ਦਾ।” ਤਾਪੀ ਦੇ ਮੱਲੋ ਮੱਲੀ ਹੰਝੂ ਆ ਗਏ। “ਮੇਰੀ ਧੀ ਗਾਂ ਮਹਿੰ ਸੀ, ਕਾਰਿਆ ਹਤਿਆਰਿਆ ! ਅੱਖਾਂ ਤੋਂ ਪਰ੍ਹੇ ਮਰ ਜਾਹ, ਜੀਹਦਾ ਚੋਰੀ ਚੋਰੀ ਸੌਦਾ ਕਰ ਆਏ ! ਜਾਹ ਨਹੀਂ ਸੀਰਮੇ ਪੀ ਜਾਊਂਗੀ।” ਉਸ ਨੂੰ ਚੰਡੀ ਚੜ੍ਹ ਖਲੋਤੀ ਸੀ, ਪਰ ਰੋਣ ਉਸ ਦਾ ਬੰਦ ਹੋਣ ਵਿਚ ਨਹੀਂ ਆਉਂਦਾ ਸੀ।
ਕਾਰੇ ਨੇ ਤਾਪੀ ਨੂੰ ਦੈਂਤਣੀ ਤੇ ਇਕ ਦਮ ਹੀ ਐਨੀ ਮਜ਼ਲੂਮ ਕਦੇ ਨਹੀਂ ਵੇਖਿਆ ਸੀ। ਉਹ ਥਾਏਂ ਖਲੋਤਾ ਰਹਿ ਗਿਆ। ਉਸ ਵਿਚਲੀ ਸਾਰੀ ਸ਼ਕਤੀ ਮਿੱਟੀ ਹੋ ਗਈ। ਉਸ ਲਈ ਤਾਪੀ ਸਾਹਮਣੇ ਖਲੋਣਾ ਦੁੱਭਰ ਹੋ ਗਿਆ। ਉਸ ਨੂੰ ਸਾਰੀ ਜ਼ਿੰਦਗੀ ਵਿਚ ਕਦੇ ਐਨਾ ਪਛਤਾਵਾ ਨਹੀਂ ਹੋਇਆ ਸੀ। ਉਹ ਤਾਪੀ ਨੂੰ ਕਿਸੇ ਤਰ੍ਹਾਂ ਵੀ ਦਿਲਬਰੀ ਨਹੀਂ ਦੇ ਸਕਦਾ ਸੀ। ਉਹ ਬਿਨਾਂ ਕੁਝ ਬੋਲੇ ਉਹਨੀਂ ਪੈਰੀਂ ਪਮਾਲ ਨੂੰ ਹੀ ਵਾਪਸ ਮੁੜ ਪਿਆ। ਕਿਉਂਕਿ ਭੇਤ ਖੁਲ੍ਹ ਜਾਣ ਨਾਲ ਹੁਣ ਫੀਲੇ ਦੀਆਂ ਗਾਲ੍ਹਾਂ ਦਾ ਵੀ ਡਰ ਸੀ। ਉਹ ਕਿਸੇ ਦੇ ਗਲ ਧਾਹ ਮਾਰ ਕੇ ਕਹਿਣਾ ਚਾਹੁੰਦਾ ਸੀ, “ਯਾਰੋ ! ਮੈਂ ਕਿਸੇ ਦਾ ਕੀ ਬੁਰਾ ਕੀਤਾ ਹੈ। ਮਾੜੀ ਕਰੋ ਤਾਂ ਜੁੱਤੀਆਂ ਪੈਣੀਆਂ ਹੀ ਸੀ, ਚੰਗੀ ਕਰੋ ਤਾਂ ਵੀ ਜੁੱਤੀਆਂ ? ਮੈਂ ਜੰਮਿਆ ਹੀ ਕਿਉਂ ?” ਉਸ ਦੀ ਪੀੜ ਹੰਢਾਉਣ ਵਾਲਾ ਤਾਂ ਕਿਤੇ, ਸੁਣਨ ਵਾਲਾ ਵੀ ਸਹੀ ਅਰਥਾਂ ਵਿਚ ਉਸ ਨੂੰ ਸਾਰੀ ਉਮਰ ਨਹੀਂ ਮਿਲਿਆ ਸੀ।
ਤਾਪੀ ਨੇ ਤਰਦਾ ਤਰਦਾ ਘਾਹ ਚੁੱਕਿਆ ਅਤੇ ਝੋਟੀ ਦੀ ਖੁਰਲੀ ਵਿਚ ਲਿਆ ਸੁੱਟਿਆ। ਫਿਰ ਉਹ ਮੰਜੀ ਉਤੇ ਆ ਡਿੱਗੀ। ਉਹ ਇਸ ਤਰ੍ਹਾਂ ਨਢਾਲ ਪਈ ਸੀ, ਜਿਵੇਂ ਉਸ ਦੀਆਂ ਸਾਰੀਆਂ ਹੱਡੀਆਂ ਨੇ ਮਾਸ ਛੱਡ ਦਿੱਤਾ ਹੋਵੇ। ਉਸ ਦੀਆਂ ਅੱਖਾਂ ਬਰਸਾਤੀ ਪਰਨਾਲਿਆਂ ਵਾਂਗ ਬੰਦ ਹੋਣ ਵਿਚ ਨਹੀਂ ਆਉਂਦੀਆਂ ਸਨ। ਧੰਤੋ ਨੇ ਉਸ ਨੂੰ ਪੁੱਛਿਆ :
“ਮਾਂ ! ਗੱਲ ਕੀ ਹੋਈ ?” ਕੁੜੀ ਦੇ ਮਨ ਦੀ ਹਾਲਤ ਅਜਿਹੀ ਭੈੜੀ ਸੀ ਕਿ ਉਹ ਰੋ ਵੀ ਨਹੀਂ ਸੀ ਸਕਦੀ।
ਮਾਂ ਸਿਰ ਫੇਰ ਕੇ ਮੁੜ ਰੋਣ ਲੱਗ ਪਈ। ਜਿਵੇਂ ਉਹ ਕਹਿਣਾ ਚਾਹੁੰਦੀ ਸੀ, “ਧੀਏ, ਮੈਂ ਜ਼ਿੰਦਗੀ ਭਰ ਰੋਈ ਹਾਂ, ਤੂੰ ਵੀ ਜ਼ਿੰਦਗੀ ਭਰ ਰੋਣ ਲਈ ਤਿਆਰ ਹੋ। ਇਹ ਨਰਕ ਕਦੇ ਨਹੀਂ ਮੁੱਕਣਾ, ਕਦੇ ਨਹੀਂ ਮੁਕਣਾ।” ਉਸ ਨੂੰ ਬਹੁਤ ਦੁੱਖ ਇਸ ਗੱਲ ਦਾ ਸੀ, ਜੇ ਅਖ਼ੀਰ ਧੀ ਦਾ ਸੌਦਾ ਦੁਹਾਜੂ ਨਾਲ ਹੀ ਹੋਣਾ ਸੀ, ਮੈਂ ਸਾਰੀ ਉਮਰ ਕਿਉਂ ਜਫ਼ਰ ਜਾਲਿਆ। ਦੁੱਖਾਂ ਦੀ ਵਾਛੜ ਨਾਲ ਕਣ ਕਣ ਤੋਂ ਟੁੱਟੀ। ਤੇ ਨਿੱਸਲ ਹੋਈ ਤਾਪੀ ਲਈ ਇਹ ਅੰਦਰ ਧੁਖ਼ਦਾ ਵਿਰੋਧ ਹੌਲੀ-ਹੌਲੀ ਸ਼ਕਤੀ ਬਣਦਾ ਗਿਆ, ਜਿਉਂ ਜਿਉਂ ਉਹ ਸੋਚਦੀ ਤੇ ਮਹਿਸੂਸ ਕਰਦੀ ਗਈ।
10
ਤਾਪੀ ਨੇ ਧੰਤੋ ਦੇ ਸਾਕ ਬਾਰੇ ਅੱਗੋਂ ਪਿਛੋਂ ਸੁਨੇਹੇ ਭੇਜ ਕੇ ਸਾਰਾ ਥਹੁ ਪਤਾ ਮੰਗਵਾ ਲਿਆ। ਦੋ ਦੀ ਥਾਂ ਨਿਆਣੇ ਵੀ ਤਿੰਨ ਸਾਬਤ ਹੋ ਗਏ, ਜਿਹੜੇ ਬਾਰਾਂ, ਨੌਂ ਅਤੇ ਸੱਤ ਸਾਲ ਦੀ ਉਮਰ ਦੇ ਸਨ। ਹਰ ਆਦਮੀ ਝੂਠ ਮਾਰ ਕੇ ਲੁਕੋ ਨਹੀਂ ਸਕਦਾ, ਫਿਰ ਫੀਲੇ ਤੇ ਕਾਰੇ ਵਰਗੇ ਅਨਾੜੀ ਕਿਵੇਂ ਸਾਂਭਦੇ। ਭੋਲਾ ਮੁੰਡਾ ਨਹੀਂ, ਚੌਂਤੀ ਪੈਂਤੀ ਸਾਲ ਦੀ ਉਮਰ ਦਾ ਪੱਕਾ ਮਨੁੱਖ ਸੀ, ਜਿਹੜਾ ਇਕਹਿਰੇ ਦੁਕਹਿਰੇ ਆਏ ਧੌਲਿਆਂ ਨੂੰ ਨਿੱਤ ਸਵੇਰੇ ਉਠਦਾ ਹੀ ਮੋਚਣੇ ਨਾਲ ਖਿੱਚ ਸੁੱਟਦਾ ਸੀ। ਤਾਪੀ ਨੂੰ ਜਗਨੇ ਰਾਹੀਂ ਆਏ ਢਾਈ ਸੌ ਰੁਪਏ ਦਾ ਵੀ ਪਤਾ ਲੱਗ ਗਿਆ। ਸਾਰਾ ਹੀਜ-ਪਿਆਜ ਟੋਹ ਕੇ ਉਹ ਆਪਣੇ ਆਪ ਵਿਚ ਬੁਰੀ ਤਰ੍ਹਾਂ ਕਲਪੀ ਤੇ ਤੜਫੀ।
ਤਾਪੀ ਦੀ ਖਿੰਡੀ ਖਿੰਡੀ ਹਾਲਤ ਤੋਂ ਧੰਤੋ ਨੇ ਵੀ ਭਾਂਪ ਲਿਆ ਕਿ ਜ਼ਰੂਰ ਕੋਈ ਗੜਬੜ ਹੈ। ਜਦੋਂ ਉਸ ਨੂੰ ਸਾਰੀ ਗੱਲ ਦਾ ਪਤਾ ਲੱਗਾ, ਉਹ ਇਕ ਦਮ ਸਤੰਭ ਹੋ ਗਈ। ਜਿਸ ਹਾਣੀ ਦੇ ਉਸ
ਨੂੰ ਰਾਤੀਂ ਸੁਪਨੇ ਆਇਆ ਕਰਦੇ ਸਨ, ਉਸ ਦੇ ਚਿਹਰੇ ਉਤੇ ਇਹ ਕੀਹਨੇ ਕਾਲਖ਼ ਫੇਰ ਦਿੱਤੀ। ਜ਼ਿਹਨ ਤੇ ਜ਼ੋਰ ਪਾਇਆ ਵੀ ਮੋਦਨ ਦਾ ਚਿਹਰਾ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰ ਰਿਹਾ। ਉਸ ਅੱਖਾਂ ਭਰ ਲਈਆਂ ਤੇ ਮੁੜ ਝੀਲਾਂ ਵਹਿ ਤੁਰੀਆਂ। ਉਸ ਦੇ ਜ਼ਿਹਨ ਵਿਚੋਂ ਕਿੰਨੀ ਹੀ ਮੈਲ ਧੋਤੀ ਗਈ। ਉਸ ਅੱਖਾਂ ਮੀਟ ਕੇ ਤੱਕਿਆ, ਮੋਦਨ ਗਾਰੇ ਵਾਲੀ ਕੜਾਹੀ ਚੁੱਕੀ ਪੁੱਛ ਰਿਹਾ ਸੀ : ਦੱਸ ਹੁਣ ਤੇਰੀ ਕੀ ਸਲਾਹ ਹੈ ? ਨਹੀਂ।” ਉਹ ਆਪੇ ਵਿਚੋਂ ਹੁੰਗਾਰ ਪਈ, ‘ਇਉਂ ਕਦੀ ਨਹੀਂ ਹੋਵੇਗਾ।” ਪਰ ਹਕੀਕਤ ਇਹ ਸੀ, ਉਸ ਨੂੰ ਕੋਈ ਓਪਰਾ ਮਰਦ ਬਾਹੋਂ ਫੜੀ ਖਿੱਚੀ ਲਈ ਜਾ ਰਿਹਾ ਸੀ, ਜਿਸ ਨੂੰ ਉਸ ਦੇ ਦੁਰਭਾਗ ਨੇ ਵੀ ਕਦੇ ਚਿਤਵਿਆ ਨਹੀਂ ਸੀ। ਉਹ ਮਾਂ ਧੀਰਜ ਦੇਣਾ ਚਾਹੁੰਦੀ ਸੀ, ਪਰ ਉਸ ਕੋਲੋਂ ਤਾਂ ਆਪਣਾ ਆਪ ਵੀ ਸਾਂਭਿਆ ਨਹੀਂ ਜਾਂਦਾ ਸੀ। ਉਸ ਕਦੇ ਨਹੀਂ ਸੋਚਿਆ ਸੀ ਕਿ ਉਸ ਦਾ ਬਾਪੂ ਉਸ ਦਾ ਕਿਤੇ ਸੌਦਾ ਕਰ ਆਵੇਗਾ, ਭਾਵੇਂ ਉਹ ਲੱਖ ਐਬੀ ਸੀ। ਧੀ ਆਪਣੇ ਬਾਪ ਉਤੇ ਜ਼ਿੰਦਗੀ ਦਾ ਬੜਾ ਵੱਡਾ ਭਰੋਸਾ ਰੱਖਦੀ ਹੈ, ਜਿਹੜਾ ਹੋਰ ਕਿਸੇ ਉਤੇ ਕਿਵੇਂ ਵੀ ਨਹੀਂ ਕੀਤਾ ਜਾ ਸਕਦਾ। ਮਾਪੇ ਬੱਚਿਆਂ ਨੂੰ ਪਾਲ ਕੇ, ਪਰਵਾਨ ਚੜਾ ਕੇ, ਜ਼ਿੰਦਗੀ ਦੀ ਅਤਿਅੰਤ ਖ਼ੁਸ਼ੀ ਹਾਸਲ ਕਰਦੇ ਹਨ ਤੇ ਧੰਤੋ ਵੀ ਮਾਪਿਆਂ ਵਲੋਂ ਅਜਿਹੀਆਂ ਆਸਾਂ ਦਿਲ ਵਿਚ ਜਵਾਨ ਕਰੀ ਬੈਨੀ ਸੀ। ਅੱਜ ਉਹ ਇਕ ਅਰੋਗ ਕੁੜੀ ਵਾਂਗ ਦਿਲ ਦੇ ਜਜ਼ਬਾਤਾਂ ਨਾਲ ਮੂੰਹ ਮੂੰਹ ਭਰੀ ਪਈ ਸੀ, ਜਿਨ੍ਹਾਂ ਵਿਚ ਅੱਗ ਬਲ ਖਲੋਤੀ ਸੀ ਤੇ ਹੁਣ ਉਹ ਭੱਠੀ ਦੇ ਦਾਣਿਆਂ ਵਾਂਗ ਭੁੱਜੀ ਜਾ ਰਹੇ ਸਨ।
ਫਿਰ ਵੀ ਕੁੜੀ ਨੇ ਜੇਰਾ ਕਰ ਕੇ ਆਪਾ ਸੰਭਾਲਦਿਆਂ ਮਾਂ ਦਾ ਮੋਢਾ ਘੁੱਟਿਆ :
“ਮਾਂ ! ਤੂੰ ਰੋ ਨਾ, ਬਸ, ਮੈਂ ਜੋ ਤੈਨੂੰ ਆਹਨੀ ਆਂ।”
ਤਾਪੀ ਆਪਣੀ ਰੋਣੀ-ਅਵਸਥਾ ਵਿਚੋਂ ਪਲ ਕੁ ਮੁਸਕਰਾਈ ਜਿਵੇਂ ਆਖਣਾ ਚਾਹੁੰਦੀ ਹੋਵੇ, “ਧੰਤੋ ਤੂੰ ਆਉਣ ਵਾਲੀਆਂ ਤਬਾਹੀਆਂ ਨੂੰ ਕੀ ਜਾਣੇ।”
“ਤੂੰ ਧੀਏ ! ਰੋਣ ਆਖਦੀ ਏਂ, ਮੇਰਾ ਕੁਝ ਖਾ ਕੇ ਮਰਨ ਨੂੰ ਜੀ ਕਰਦਾ ਏ।” ਤਾਪੀ ਵਿਸਰ ਭੋਲ ਹੀ ਇਹ ਕਹਿ ਗਈ, ਤੇ ਉਸ ਨੂੰ ਓਦੋਂ ਇਹ ਨਹੀਂ ਪਤਾ ਸੀ, ਕੁੜੀ ਉਤੇ ਕੁਝ ਖਾ ਕੇ ਮਰ ਜਾਣ ਦਾ ਕੀ ਅਸਰ ਹੋਵੇਗਾ।
“ਮਾਂ ! ਆਪਣੀ ਆਈ ਮੈਂ ਆਪ ਮਰਾਂਗੀ। ਤੂੰ ਬਥੇਰਾ ਦੁੱਖ ਭੋਗ ਲਿਆ, ਹੁਣ ਮੇਰੇ ਕੋਲੋਂ ਦੁੱਖ ਨਹੀਂ ਸਿਹਾ ਜਾਂਦਾ।” ਕੁੜੀ ਦੀਆਂ ਕਾਬੂ ਪਾਉਣ ਦੇ ਬਾਵਜੂਦ ਅੱਖਾਂ ਭਰ ਆਈਆਂ। ਉਸ ਭਰੀਆਂ ਅੱਖਾਂ ਵਿਚੋਂ ਪਿਆਰੋ ਨੂੰ ਰੇਲ ਦੀ ਲੀਹ ਉਤੇ ਵੱਢੀ ਪਈ ਤੱਕਿਆ। ਸੁਹਾਗ ਦੀਆਂ ਦੋ ਚੂੜੀਆਂ ਵਾਲੀ ਬਾਂਹ ਹਾਲੇ ਵੀ ਤੜਪੀ ਜਾ ਰਹੀ ਸੀ।
ਉਹਨਾਂ ਨੂੰ ਪਤਾ ਤਕ ਨਾ ਲੱਗਾ ਕਿ ਜਦੋਂ ਫੀਲਾ ਆਇਆ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਓਹਨੀਂ ਪੈਰੀਂ ਵਾਪਸ ਮੁੜ ਗਿਆ। ਮਾਂ ਧੀ ਦੀ ਇਹ ਹਾਲਤ ਉਸ ਤੋਂ ਵੇਖੀ ਨਹੀਂ ਸੀ ਗਈ।
‘ਮਰਨ ਤੇਰੇ ਵੈਰੀ, ਸੁਖੀ ਸਾਂਦੀ ਤੂੰ ਕਿਉਂ ਮਰਨਾ ਏਂ, ਮੇਰਾ ਤਾਂ ਐਵੇਂ ਮਨ ਭਰ ਆਇਆ ਸੀ।” ਤਾਪੀ ਨੇ ਕੁੜੀ ਦੀਆਂ ਅੱਖਾਂ ਪੂੰਝੀਆਂ ਅਤੇ ਉਸ ਨੂੰ ਛਾਤੀ ਨਾਲ ਘੁੱਟ ਲਿਆ।
ਮਾਂ ਦੀ ਛਾਤੀ ਵਿਚ ਕਿੰਨਾ ਸੁਖ ਸੀ, ਧੰਤੋ ਦੀਆਂ ਅੱਖਾਂ ਮੀਟੀਆਂ ਗਈਆਂ ਤੇ ਲੰਮਾ ਹਉਕਾ ਭਰਦਿਆਂ ਉਸ ਆਖਿਆ :
“ਮਾਂ ! ਬਾਪੂ ਨੂੰ ਸਾਫ਼ ਕਹਿ ਦੇ, ਮੈਂ ਓਥੇ ਕਿਸੇ ਹਾਲਤ ਵਿਚ ਨਹੀਂ ਜਾਣਾ, ਭਾਵੇਂ ਮਰਨਾ ਨਾ ਪੈ ਜਾਵੇ।” ਉਸ ਦੇ ਵਿਚਾਰ ਵਿਚ ਪਿਆਰੇ ਨੂੰ ਉਸ ਦੇ ਵਿਆਹ ਤੋਂ ਪਹਿਲਾਂ ਮਰ ਜਾਣਾ ਚਾਹੀਦਾ ਸੀ।
“ਮੈਂ ਆਪ ਨਹੀਂ ਓਥੇ ਭੁਆਲੀਆਂ ਦੇਣ ਦੇਣੀਆਂ, ਤੂੰ ਸਭ ਕੁਝ ਮਨ ਵਿਚੋਂ ਕੱਢ ਦੇ ਤੇ ਚੁੱਪ ਕਰ ਜਾਹ। ਗੁਰੂ ਭਲੀ ਕਰੇਗਾ।” ਤਾਪੀ ਨੇ ਕੁੜੀ ਨੂੰ ਆਪਣੀ ਵਲੋਂ ਪੂਰੀ ਤਸੱਲੀ ਦਿੱਤੀ।
“ਚੁੱਪ ਕੀਤਿਆਂ ਕਿਸੇ ਗੁਰੂ ਨੇ ਭਲੀ ਨਹੀਂ ਕਰਨੀ, ਤੂੰ ਚਾਚੇ ਨੂੰ ਮੰਗਵਾ ਲੈ। ਧੰਤੋ ਨੇ ‘ਚਾਚੇ ਨੂੰ ਮੰਗਵਾ ਲੈ’ ਕਹਿ ਕੇ ਇਸ ਤਰ੍ਹਾਂ ਆਪਣੇ ਦਿਲ ਦੀ ਸਾਰੀ ਗੱਲ ਕਹਿ ਦਿੱਤੀ ਸੀ, ਜਿਸ ਨੂੰ ਸ਼ਾਇਦ ਤਾਪੀ ਨੇ ਸਮਝ ਲਿਆ ਸੀ।
ਧੰਤੋ ਦੇ ਆਖਣ ਤੋਂ ਬਿਨਾਂ ਹੀ ਤਾਪੀ ਮਾਨੇ ਨੂੰ ਮੰਗਾਉਣ ਵਾਲੀ ਸੀ, ਕਿਉਂਕਿ ਉਹ ਸਮਝਦੀ ਸੀ, ਭੰਵਰ ਵਿਚ ਪਈ ਬੇੜੀ ਨੂੰ ਉਸ ਦੇ ਚੱਪੂਆਂ ਬਿਨਾਂ ਕਿਨਾਰਾ ਨਹੀਂ ਮਿਲਣਾ।
ਫੀਲਾ ਆਪਣੇ ਤੌਰ ‘ਤੇ ਹੀ ਮਹਿਸੂਸ ਕਰ ਚੁੱਕਾ ਸੀ ਕਿ ਮੇਰੇ ਕੋਲੋਂ ਇਕ ਪਾਪ ਹੋ ਚੁੱਕਾ ਹੈ।
ਉਸ ਨੂੰ ਧੰਤੋ ਦਾ ਸਾਕ ਕਰਨ ਤੋਂ ਪਹਿਲਾਂ ਵੀ ਪਤਾ ਸੀ, ਉਹ ਗਲਤ ਥਾਂ ਰੁਪਈਆ ਫੜਾ ਰਿਹਾ ਹੈ, ਸਾਕ ਕਰਨ ਸਮੇਂ ਵੀ ਅਹਿਸਾਸ ਸੀ ਕਿ ਉਹ ਕੁੜੀ ਨੂੰ ਖੂਹ ਵਿਚ ਧੱਕਾ ਦੇ ਰਿਹਾ ਹੈ। ਪਰ ਉਸ ਦੇ ਦਿਲ ਦੀ ਗੱਲ ਕੋਈ ਨਹੀਂ ਸਮਝਦਾ ਸੀ ਕਿ ਇਕ ਬਾਪ ਧੀ ਦੇ ਪੈਸੇ ਕਿਉਂ ਲੈਂਦਾ ਹੈ।
ਉਹ ਘਰ ਬਹੁਤ ਘੱਟ ਵਧ ਹੀ ਆਉਂਦਾ ਸੀ। ਸਵਾਏ ਰੋਟੀ ਤੇ ਚਾਹ ਵੇਲੇ ਦੇ ਉਹ ਸਾਰੀ ਦਿਹਾੜੀ ਡੇਰੇ ਪਿਆ ਰਹਿੰਦਾ ਜਾਂ ਜਗਨੇ ਨਾਲ ਸ਼ਤਰੰਜ ਮਾਰ ਛੱਡਦਾ। ਮਾਂ ਦੀ ਨਜ਼ਰਾਂ ਵਿਚ ਉਹ ਝਟਕੱਈਆਂ ਨਾਲੋਂ ਵੀ ਭੈੜਾ ਪੈ ਚੁੱਕਾ ਸੀ, ਜਿਸ ਧੀ ਦਾ ਜਿਉਂਦਾ ਮਾਸ ਵੇਚ ਖਾਧਾ ਸੀ। ਉਹ ਮਾਂ ਧੀ ਸਾਹਮਣੇ ਆਪਣੀਆਂ ਅੱਖਾਂ ਉੱਚੀਆਂ ਨਹੀਂ ਕਰ ਸਕਦਾ ਸੀ। ਉਹ ਮਹਿਸੂਸ ਕਰ ਰਿਹਾ ਸੀ, ਮੈਂ ਤਾਪੀ ਨੂੰ ਸਾਰੀ ਉਮਰ ਜੱਟ ਦੇ ਢੱਗਿਆਂ ਨਾਲੋਂ ਵੀ ਬਹੁਤਿਆਂ ਵਾਹਿਆ ਹੈ। ਉਸ ਦੀ ਰਾਤ ਦਿਨ ਦਸਾਂ-ਨਹੁੰਆਂ ਦੀ ਕਮਾਈ ਸ਼ਰਾਬ ਅਤੇ ਅਫ਼ੀਮ ਦੇ ਮੂੰਹ ਡਕਾਰ ਛੱਡੀ ਏ ਤੇ ਉਸ ਕਦੇ ਮੂੰਹੋਂ ਨਹੀਂ ਆਖਿਆ, ਬੰਦਿਆ ਰੱਬ ਦਿਆ ! ਕਿਤੇ ਤਾਂ ਘੜਿਆਲ ਕਰ। ਉਸ ਦੇ ਦਾਣੇ ਵੇਚੇ, ਲੀੜਾ ਕਪੜਾ ਵੇਚਿਆ, ਪਾਲੇ ਪਸ਼ੂ ਵੇਚੇ, ਗੱਲ ਕੀ ਮੈਂ ਗਿਆ ਸੋ ਗਿਆ। ਤੇ ਹੁਣ ਉਸ ਦੀ ਧੀ ਵੀ ਵੇਚ ਸੁੱਟੀ।
ਸ਼ਾਇਦ ਮੇਰੀ ਤਾਂ ਉਹ ਧੀ ਹੀ ਨਹੀਂ ਸੀ, ਹੁੰਦੀ ਤਾਂ ਕਦੇ ਮੁੱਲ ਨਾ ਟੁੱਕਦਾ। ਜਦੋਂ ਕਿਸੇ ਦੀਆਂ ਆਂਦਰਾਂ ਖਿੱਚੀਆਂ ਜਾਣ, ਉਹ ਕਿਵੇਂ ਨਾ ਹਾਲ-ਪਾਹਰਿਆ ਕਰੇਗਾ। ਤਾਪੀ ! ਤੂੰ ਮੈਨੂੰ ਬਖ਼ਸ਼ ਦੇ, ਮੈਂ ਕਿੰਨਾ ਨੀਚ ਹਾਂ, ਚੰਡਾਲ ਹਾਂ। ਉਹ ! ਜੇ ਮੈਂ ਜ਼ਹਿਰ ਵੀ ਪੀਵਾਂ, ਹੁਣ ਉਹ ਵੀ ਨਹੀਂ ਚੜ੍ਹਦੀ। ਫੀਲਾ ਮਾਨੇ ਦੇ ਆਉਣ ਤਕ ਆਪਣੀ ਗਲਤੀ ਕਰਨੀ ਉਤੇ ਬੇਹੱਦ ਪਛਤਾ ਚੁੱਕਾ ਸੀ, ਪਰ ਉਸ ਨੂੰ ਛੁਟਕਾਰੇ ਦਾ ਰਾਹ ਕੋਈ ਨਹੀਂ ਦਿੱਸਦਾ ਸੀ, ਜਿਹੜਾ ਹਰ ਪੱਖੋਂ ਉਸ ਨੂੰ ਆਪਣੀ ਬਰਾਦਰੀ ਵਿਚ ਸੁਰਖਰੂ ਕਰ ਸਕਦਾ।
ਮਾਨੇ ਨੇ ਆ ਕੇ ਸਭ ਤੋਂ ਬਹੁਤਾ ਗਿਲਾ ਤਾਪੀ ਉਤੇ ਕੀਤਾ ਕਿ ਤੂੰ ਮੈਨੂੰ ਕਿਉਂ ਨਾ ਖ਼ਬਦ ਕੀਤੀ। ਤਾਪੀ ਆਪਣੀ ਥਾਂ ਸੱਚੀ ਸੀ ਕਿ ਉਸ ਤੋਂ ਸਭ ਕੁਝ ਚੋਰੀ ਕੀਤਾ ਗਿਆ ਹੈ। ਤਾਪੀ ਮਾਨੇ ਨੂੰ ਕੋਸ ਰਹੀ ਸੀ, ਤੂੰ ਵੀ ਕਿਸੇ ਸਾਕ ਬਾਰੇ ਹੁਣ ਤਕ ਦੱਸ ਨਹੀਂ ਪਾਈ ਅਤੇ ਜਾ ਕੇ ਮੁੜ ਬੱਤੀ ਹੀ ਨਹੀਂ ਵਾਹੀ। ਮਾਨੇ ਨੇ ਫੀਲੇ ਨੂੰ ਡੇਰਿਉਂ ਮੰਗਵਾਇਆ। ਉਹ ਆ ਤਾਂ ਗਿਆ ਅਤੇ ਸੋਚਦਾ ਸੀ, ਗੱਲ ਕੀ ਕਰਾਂਗਾ, ਜਵਾਬ ਕੀ ਦੇਵਾਂਗਾ ? ਕਿਉਂਕਿ ਜਦ ਮਾਨਾ ਆਇਆ ਏ, ਇਹ ਤਾਂ ਸਾਫ਼ ਹੀ ਐ, ਗੱਲ ਕੁੜੀ ਦੇ ਸਾਕ ਬਾਰੇ ਜ਼ਰੂਰ ਤੁਰੇਗੀ। ਉਸ ਆ ਕੇ ਮਾਨੇ ਨਾਲ ਹੱਥ ਮਿਲਾਇਆ ਅਤੇ ਸਰਸਰੀ ਸੁਖ ਸਾਂਦ ਪੁੱਛ ਕੇ ਮੰਜੀ ਉਤੇ ਬਹਿ ਗਿਆ। ਉਸ ਦੇ ਹੱਥ ਵਿਚ ਸਣ ਦੀ ਤੀਲ ਸੀ, ਜਿਸ ਨਾਲ ਜ਼ਮੀਨ ਉਤੇ ਇਕ ਥਾਂ ਲੀਕਾਂ ਮਾਰਨ ਲੱਗ ਪਿਆ। ਧੰਤੋ ਦੀ ਚਾਹ ਧਰੀ ਹੋਈ ਸੀ ਅਤੇ ਰਸੋਈ ਦੇ ਬੂਹੇ ਅੱਗੇ ਤਾਪੀ ਪੀਹੜੀ ਡਾਹੀ ਬੈਠੀ ਸੀ। ਫੀਲੇ ਦਾ ਇਸ ਵੇਲੇ ਮਨ ਸੀ ਕਿ ਉਸ ਕੋਲੋਂ ਜੋ ਮਰਜ਼ੀ ਮਨਾ ਲਿਆ ਜਾਵੇ, ਪਰ ਉਸ ਨੂੰ ਧੰਤੋ ਸਾਹਮਣੇ ਐਨਾ ਹੌਲਾ ਨਾ ਪਾਇਆ ਜਾਵੇ। ਉਸ ਦੂਜੀਆਂ ਸੈਂਕੜੇ ਪੀੜਾਂ ਵਾਂਗ ਲਗਣ ਵਾਲੀ ਇਸ ਨਸ਼ਤਰ ਲਈ ਜੀ ਹੋਰ ਕਰੜਾ ਕਰ ਲਿਆ।
ਧੰਤੋ ਨੇ ਚਾਹ ਕਰ ਲਈ ਤੇ ਦੋਂਹ ਗਲਾਸਾਂ ਵਿਚ ਪਾ ਕੇ ਬਾਪੂ ਅਤੇ ਚਾਚੇ ਅੱਗੇ ਲਿਆ ਰੱਖੀ। ਉਸ ਨੂੰ ਵੀ ਪਤਾ ਸੀ ਕਿ ਗੱਲ ਤੁਰੇਗੀ, ਇਸ ਲਈ ਉਹ ਉਥੇ ਬਹਿ ਵੀ ਨਹੀਂ ਸਕਦੀ ਸੀ ਅਤੇ ਗੱਲ ਸੁਣੇ ਬਿਨਾਂ ਰਹਿ ਵੀ ਨਹੀਂ ਸਕਦੀ ਸੀ। ਉਹ ਵਿਹੜੇ ਵਿਚੋਂ ਉਠ ਕੇ ਅੰਦਰ ਚਲੀ ਗਈ। ਉਸ ਦੇ ਅੰਦਰ ਚਲੀ ਜਾਣ ਨਾਲ ਫੀਲੇ ਦੇ ਮਨ ਨੂੰ ਥੋੜੀ ਸ਼ਾਂਤ ਆ ਗਈ।
ਮਾਨੇ ਨੇ ਖੰਘੂਰਾ ਮਾਰਿਆ ਤੇ ਫੀਲੇ ਨੂੰ ਮਹਿਸੂਸ ਹੋਇਆ, ਉਸ ਦੇ ਸਿਰ ਹਥੌੜਾ ਆ ਵੱਜਾ ਹੈ। “ਮੈਂ ਸੁਣਿਆ ਏ ਬਾਈ ! ਕੁੜੀ ਬੇਟ ਦੇ ਸਿਧਵੀਂ ਮੰਗ ਦਿੱਤੀ ?” ਮਾਨੇ ਨੇ ਧੀਰਧਾਰੀ ਹੁੰਦਿਆਂ ਪੁੱਛਿਆ।
“ਹਾਂ।” ਫੀਲੇ ਨੇ ਤੱਤਾ ਕਰ ਕੇ ਗਲਾਸ ਹੱਥ ਪਾ ਕੇ ਛੱਡ ਦਿੱਤਾ।
“ਮੈਨੂੰ ਨਾ ਪੁੱਛਿਆ, ਮੈਂ ਦੂਰ ਸੀ ਅਗਾਂਹ ?”
“ਐਵੇਂ ਆ ਈ ਨਾ ਹੋਇਆ।” ਫੀਲਾ ਅਸਲੋਂ ਬੀਮਾਰ ਜਾਪਦਾ ਸੀ।
“ਸਿਧਵਾਂ ਵਾਲਿਆਂ ਦੀ ਸੁਹਬਤ ਤੂੰ ਸੁਣੀ ਏਂ ?” ਮਾਨੇ ਦੇ ਮਨ ਵਿਚ ਭਾਵੇਂ ਗੁੱਸਾ ਸੀ, ਪਰ ਛੇਤੀ ਤੱਤਾ ਹੋਣਾ ਉਸ ਠੀਕ ਨਾ ਸਮਝਿਆ।
“ਆਪਣੀ ਵਲੋਂ ਕੌਣ ਮਾੜੀ ਕਰਦਾ ਏ, ਫੇਰ ਇਹ ਸੰਜੋਗਾਂ ਦੀਆਂ ਗੱਲਾਂ ਨੇ।” ਫੀਲਾ ਚਾਹੁੰਦਾ ਸੀ, ਗੱਲ ਏਥੇ ਹੀ ਖ਼ਤਮ ਹੋ ਜਾਵੇ ਤੇ ਉਸ ਨੂੰ ਭੋਰਾ ਭੋਰਾ ਨਾ ਵੱਢਿਆ ਜਾਵੇ।
“ਪੈਸੇ ਲੈ ਕੇ ਭਾਵੇਂ ਉਸ ਤੋਂ ਵੀ ਬੁੱਢੇ ਨਾਲ ਸੰਜੋਗ ਬਣਾ ਦਿੰਦੇ।” ਭਰੀ ਪੀਤੀ ਤਾਪੀ ਤੋਂ ਰਹਿ ਨਾ ਹੋਇਆ।
“ਤੇਰੇ ਪਿਉ ਨੇ ਸੂਰਨੀਏ ਕਿਵੇਂ ਸੰਜੋਗ ਬਣਾਏ ਸੀ।” ਫੀਲੇ ਨੇ ਭਾਰ ਦੇ ਕੇ ਤੀਲ ਤੋੜ ਸੁੱਟੀ ਅਤੇ ਉਸ ਦੇ ਵਿਚਕਾਰੋਂ ਗਿੱਠ ਭਰ ਦਾ ਟੋਟਾ ਟੁੱਟ ਕੇ ਤਾਪੀ ਦੇ ਪੈਰਾਂ ਵਿਚ ਜਾ ਪਿਆ।
ਤਾਪੀ ਨੂੰ ਇਸ ਪਾਸਿਉਂ ਪੈਣ ਵਾਲੀ ਸੱਟ ਦਾ ਉੱਕਾ ਹੀ ਖ਼ਿਆਲ ਨਹੀਂ ਸੀ ਤੇ ਹਮੇਸ਼ਾਂ ਵਾਸਤੇ ਧਰਤੀ ਵਿਚ ਗੱਡੀ ਗਈ। ਪਰ ਉਸ ਦੇ ਅੰਦਰਲਾ ਖ਼ਾਮੋਸ਼ ਵਿਰੋਧ ਕਹਿ ਰਿਹਾ ਸੀ ਕਿ ਤੇਰੇ ਘਰ ਆ ਕੇ ਮੈਂ ਕਿੰਨੀ ਕਮਾਈ ਕਰ ਚੁੱਕੀ ਹਾਂ, ਜਿਹੜੀ ਤੇਰੀ ਜੁੱਤੀ ਦੇ ਯਾਦ ਵੀ ਨਹੀਂ। ਅੰਦਰ ਗੱਲਾਂ ਸੁਣ ਸੁਣ ਧੰਤੋ ਦੀ ਹੋਸ਼ ਡੁਬਕੀਆਂ ਖਾ ਰਹੀ ਸੀ।
“ਤੂੰ ਉਸ ਗਈ ਗੁਜ਼ਰੀ ਤੋਂ ਕੀ ਲੈਣਾ ਏਂ।” ਮਾਨੇ ਨੇ ਗਲਾਸ ਮੰਜੇ ਦੀ ਬਾਹੀ ਉਤੇ ਟਕਰਾਉਂਦਿਆਂ ਫੀਲੇ ਦਾ ਧਿਆਨ ਆਪਣੀ ਵੱਲ ਖਿੱਚ ਲਿਆ। “ਤੇਰੀ ਬਰਾਦਰੀ ਏਸ ਸਾਕ ਉਤੇ ਖ਼ੁਸ਼ ਐ ?”
“ਮੈਂ ਕਿਸੇ ਦੇ ਮਨ ਦੀ ਕਿਵੇਂ ਜਾਣ ਸਕਦਾ ਹਾਂ।”
“ਮੈਂ ਤੈਨੂੰ ਇਕ ਗੱਲ ਆਖਦਾ ਹਾਂ ਅਖ਼ੀਰੀ, ਮੰਨੀ ਭਾਵੇਂ ਨਾ ਮੰਨੀ, ਇਹ ਤੇਰੀ ਮਰਜ਼ੀ ਏ।” ਮਾਨੇ ਨੇ ਵੀ ਸਮਝ ਲਿਆ, ਫੀਲਾ ਕੋਈ ਰਾਹ ਨਹੀਂ ਦੇਂਦਾ।
“ਕੁੜੀ ਓਥੇ ਨਹੀਂ ਤੋਰਨੀ, ਜੇ ਤੂੰ ਤੋਰਨੀ ਏਂ, ਤੂੰ ਆਪਣੇ, ਮੈਂ ਆਪਣੇ।” ਮਾਨੇ ਨੇ ਚਾਹ ਵਾਲਾ ਗਲਾਸ ਖ਼ਾਲੀ ਕਰ ਦਿੱਤਾ।
ਮਾਨੇ ਦੀ ਗੱਲ ਸੁਣ ਕੇ ਤਾਪੀ ਨੇ ਫੀਲੇ ਦਾ ਚਿਹਰਾ ਤਾੜਿਆ, ਤਾਂ ਜੋ ਵੇਖੇ, ਉਹ ਕੀ ਆਖਦਾ ਹੈ। ਫੀਲੇ ਦੀ ਇਸ ਇਕ ਹੀ ਗੱਲ ਨਾਲ ਰਿਸ਼ਤੇਦਾਰੀ ਹੀ ਨਹੀਂ ਟੁੱਟ ਜਾਣੀ ਸੀ, ਸਗੋਂ ਉਸ ਦੇ ਆਪਣੇ ਤੇ ਕੁੜੀ ਦੇ ਤਬਾਹ ਹੋ ਜਾਣ ਦਾ ਵੀ ਸਵਾਲ ਸੀ। ਧੰਤੋ ਨੂੰ ਚਾਚੇ ਦੀਆਂ ਸਾਰੀਆਂ ਕੀਤੀਆਂ ਗੱਲਾਂ ਵਿਚੋਂ ਇਹੋ ਇਕ ਗੱਲ ਚੰਗੀ ਲੱਗੀ ਸੀ ਕਿ ਉਹ ਬਾਪੂ ਤੋਂ ‘ਹਾਂ’ ਜਾਂ ‘ਨਾਂਹ’ ਪੁੱਛ ਕੇ ਗੱਲ ਦਾ ਇਕ ਪਾਸਾ ਕਰੇ। ਸ਼ਾਇਦ ਉਹ ਵੀ ਮਨ ਦੀ ਦੁਚਿੱਤੀ ਤੋਂ ਛੁਟਕਾਰਾ ਪਾ ਕੇ ਇਕ ਰਾਹ ਬਣਾਉਣਾ ਚਾਹੁੰਦੀ ਸੀ।
“ਕੁੜੀ ਤਾਂ ਮੈਂ ਵੀ ਨਹੀਂ, ਉਥੇ ਤੋਰੀ ਚਾਹੁੰਦਾ, ਪਰ ।” ਫੀਲਾ ਇਕ ਪਲ ਰੁਕ ਗਿਆ, “ਉਹਨਾਂ ਨੂੰ ਜਵਾਬ ਕਿਵੇਂ ਦੇਵਾਂਗੇ।”
“ਜਵਾਬ ਹਰ ਗੱਲ ਦਾ ਮੈਂ ਆਪ ਦੇਵਾਂਗਾ, ਤੂੰ ਇਕ ਪਾਸੇ ਹੀ ਹੋ ਜਾਹ।” ਮਾਨੇ ਨੇ ਹਿੱਕ ਨੂੰ ਹੱਥ ਲਾ ਕੇ ਹਰ ਭਾਰ ਚੁੱਕਣ ਦਾ ਮਨ ਬਣਾ ਲਿਆ।
ਧੰਤੋ ਦਾ ਇਕ ਦਮ ਮੂੰਹ ਖੁੱਲ੍ਹ ਗਿਆ, ਉਸ ਦੇ ਅੰਦਰ ਲਹੂ ਦੀ ਬੂੰਦ ਬੂੰਦ ਨੱਚਣ ਲੱਗ ਪਈ। ਤਾਪੀ ਤੋਂ ਦਿਲ ਦੀ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ। ਉਸ ਨੂੰ ਬਿਲਕੁਲ ਆਸ ਨਹੀਂ ਸੀ ਕਿ ਹਾਰੀ ਬਾਜ਼ੀ ਜਿੱਤੀ ਵੀ ਜਾਏਗੀ। ਭਰੋਸਾ ਵੀ ਕਿਵੇਂ ਕਰਦੀ, ਜਿੱਤ ਉਸ ਜ਼ਿੰਦਗੀ ਵਿਚ ਕਦੇ ਵੇਖੀ ਹੀ ਨਹੀਂ ਸੀ।
“ਤੇ ਪੈਸੇ………?” ਫੀਲਾ ਰੁਕਦਾ ਰੁਕਦਾ ਕਹਿ ਹੀ ਗਿਆ।
“ਤੈਨੂੰ ਬਾਈ ਇਕ ਵਾਰੀ ਜੋ ਕਹਿ ਦਿੱਤਾ, ਹਰ ਤਰ੍ਹਾਂ ਦੀ ਹਰਬ-ਜਰਬ ਮੈਂ ਝੱਲਾਂਗਾ।”
“ਬਸ ਠੀਕ ਐ ਫਿਰ।” ਫੀਲੇ ਦਾ ਦਿਲੀ ਭਾਵ ਸੀ, ਮੈਨੂੰ ਚੋਭਾਂ ਨਾਲ ਨਾ ਮਾਰੋ, ਜੋ ਚਾਹੋ ਕਰਵਾ ਲਵੋ।
“ਹੁਣ ਸਾਕ ਮੇਰੇ ਹੱਥਾਂ ਵਿਚ ਤਿੰਨ ਹਨ।” ਮਾਨੇ ਨੇ ਅਗਲੀ ਗੱਲ ਤੋਰੀ, “ਮੇਰੇ ਪਿੰਡ ਨਰੈਣੇ ਦਾ ਮੁੰਡਾ ਏ, ਦਸਵੀਂ ਕਰ ਕੇ ਫ਼ੌਜ ‘ਚ ਭਰਤੀ ਹੋਇਆ ਏ, ਜਿਹੜੀ ਮੈਂ ਕਰ ਦਿਆਂ, ਉਹਨਾਂ ਬਿਲਕੁਲ ਨਹੀਂ ਉਲੱਦਣੀ। ਦੂਜੇ ਇਕ ਸਾਕ ਰੂਮੀ ਏ, ਮੰਨ ਉਹ ਵੀ ਜਾਣਗੇ, ਪਰ ਥੋੜੇ ਲੋਭੀ ਐ, ਤੀਜੇ ਮੋਦਨ ਐ, ਤੁਹਾਡਾ ਦੇਖਿਆ ਭਾਲਿਆ ਏ। ਮੁੰਡਾ ਗ਼ਰੀਬ ਜ਼ਰੂਰ ਐ, ਪਰ ਕਾਰੀਗਰ ਹੁਣ ਪੂਰਾ ਹੋ ਗਿਆ ਏ ਤੇ ਕਿਸੇ ਗੱਲੋਂ ਨਹੀਂ ਥੁੜਿਆ। ਰੱਬ ਝੂਠ ਨਾ ਬੁਲਾਵੇ, ਮੁੰਡੇ ਦਾ ਪਿੰਡ ਵਿਚ ਉਕਰ- ਮਾਣ ਮੇਰੇ ਨਾਲੋਂ ਕਿਤੇ ਬਹੁਤਾ ਹੋ ਗਿਆ ਏ ਇਸ ਉਮਰ ‘ਚ। ਚੱਲ ਕੇ ਤਸੱਲੀ ਕਰ ਲਵੋ, ਤਿੰਨਾਂ ਵਿਚੋਂ ਜਿਹੜੀ ਥਾਂ ਚੰਗੀ ਲੱਗੇ, ਓਥੇ ਰੁਪਈਆ ਹੱਥ ਰੱਖਾਂਗੇ।” ਮਾਨੇ ਨੇ ਦੇਖੇ ਭਾਲੇ ਸਾਕਾਂ ਬਾਰੇ ਹਾਲ ਹਕੀਕਤ ਕਹਿ ਸੁਣਾਈ।
“ਮੈਂ ਕਿਤੇ ਨਹੀਂ ਜਾਣਾ ਮਾਨੂੰ !” ਫੀਲੇ ਨੇ ਗੱਲ ਮੁਕਾਉਂਦਿਆਂ ਆਖਿਆ, “ਜਿਥੇ ਤੈਨੂੰ ਚੰਗਾ ਲੱਗੇ ਰੁਪਈਆ ਹੱਥ ਧਰ ਦੇਹ, ਮੇਰੀ ਕੁੜੀ ਬਹੁਤੀ ਨਹੀਂ।” ਉਹ ਏਨੀ ਕਹਿ ਕੇ ਉਠ ਖਲੋਤਾ ਤੇ ਬਾਹਰ ਨੂੰ ਤੁਰ ਗਿਆ।
“ਸ਼ੁਕਰ ਏ ਰੱਬ ਦਾ, ਜੋ ਤੂੰ ਸਿੱਧਾ ਹੋਇਆ ਏਂ।” ਤਾਪੀ ਨੇ ਉਸ ਦੇ ਚਲੇ ਜਾਣ ਪਿਛੋਂ ਧਰਤੀ ਨਮਸਕਾਰੀ।
ਧੰਤੋ ਦਾ ਗਲ ਇਕ ਫਾਹੀ ਵਿਚੋਂ ਤਾਂ ਨਿਕਲ ਗਿਆ ਸੀ, ਪਰ ਉਸ ਦੇ ਦਿਲ ਦੀ ਗੱਲ ਹਾਲੇ ਵੀ ਨਹੀਂ ਹੋਈ ਸੀ ਅਤੇ ਦਿਲ ਦੀ ਧੜਕਣ ਹੁਣ ਅੱਗੋਂ ਨਾਲੋਂ ਵੀ ਤੇਜ਼ ਹੋ ਚੁੱਕੀ ਸੀ। ਉਸ ਲਈ ਹਾਲੇ ਭੰਵਰ ਖ਼ਤਮ ਨਹੀਂ ਹੋਇਆ ਸੀ।
“ਹੁਣ ਤੂੰ ਦੱਸ, ਫੇਰ ਨਾ ਆਖੀਂ, ਫਲਾਂ ਥਾਂ ਚੰਗਾ ਸੀ ?” ਮਾਨੇ ਨੇ ਤਾਪੀ ਤੋਂ ਸਲਾਹ ਪੁੱਛੀ।
“ਮੇਰੇ ਮਨ ਦੀ ਪੁੱਛੇਂ, ਤਾਂ ਮੋਦਨ ਸਾਊ ਮੁੰਡਾ ਏ, ਹੱਥਾਂ ਦਾ ਸੁੱਚਾ ਏ, ਕਿਸੇ ਤਰ੍ਹਾਂ ਦਾ ਐਬ ਨਹੀਂ।” ਤਾਪੀ ਨੇ ਦਿਲ ਦੀ ਗੱਲ ਆਖੀ। ਪਰ ਤਕੜੇ ਘਰੀਂ ਮੱਥਾ ਲਾਉਣੋਂ ਵੀ ਉਹ ਡਰਦੀ ਸੀ। “ਕੁੜੀ ਲੰਙੀ ਲੰਝੀ ਨਹੀਂ, ਦੋਵੇਂ ਜੀਅ ਮਿਹਨਤ ਕਰਨਗੇ ਤੇ ਬੇਫ਼ਿਕਰੀ ਦਿਹਾੜੇ ਤੋੜਣਗੇ।” ਤਾਪੀ ਦੇ ਸਾਹਮਣੇ ਰਾਹ ਦੱਸਣ ਲਈ ਉਸ ਦੀ ਆਪਣੀ ਜ਼ਿੰਦਗੀ ਦਾ ਤਲਖ਼ ਤਜਰਬਾ ਹੀ ਕਾਫ਼ੀ ਸੀ।
“ਰਾਇ ਮੇਰੀ ਵੀ ਏਹੀ ਸੀ ਕਿ ਮੋਦਨ ਨਾਲੋਂ ਚੰਗਾ ਮੁੰਡਾ ਸਾਨੂੰ ਕਿਸੇ ਤਰ੍ਹਾਂ ਵੀ ਨਹੀਂ ਮਿਲਣਾ, ਪਰ ਮੈਂ ਆਪਣੇ ਮੂੰਹੋਂ ਨਹੀਂ ਕਹਿਣਾ ਚਾਹੁੰਦਾ ਸੀ। ਮੁੰਡੇ ਦੀ ਮਾਂ ਸਾਰੀ ਉਮਰ ਤੁਹਾਨੂੰ ਅਸੀਸਾਂ ਦੇਵੇਗੀ। ਓਹ ਜਾਣਦੀ ਏ, ਜਿਵੇਂ ਪੀਹਣਾ ਪਕਾਉਣਾ ਕਰ ਕੇ ਉਸ ਮੋਦਨ ਨੂੰ ਪਾਲਿਆ ਏ।” ਮਾਂ ਖ਼ੁਸ਼ ਸੀ ਕਿ ਉਸ ਦੇ ਦਿਲ ਦੀ ਮੁਰਾਦ ਪੂਰੀ ਹੋ ਗਈ।
ਧੰਤੋ ਨੂੰ ਅੰਦਰ ਖ਼ੁਸ਼ੀ ਨੇ ਬਾਵਲੀ ਕਰ ਸੁਟਿਆ। ਉਸ ਦੋਵੇਂ ਹੱਥ ਆਪਣੀਆਂ ਛਾਤੀਆਂ ਵਿਚ ਘੁੱਟ ਲਏ ਤੇ ਅੱਖਾਂ ਮੀਟ ਕੇ ਰੱਬ ਦਾ ਸ਼ੁਕਰ ਕਰਨ ਲੱਗ ਪਈ, ਜਿਸ ਦਾ ਉਸ ਨੂੰ ਕਦੇ ਖ਼ਿਆਲ ਵੀ ਨਹੀਂ ਆਇਆ ਸੀ।
11
ਮਾਘ ਦੇ ਦਿਨਾਂ ਦੀ ਇਕ ਦੁਪਹਿਰ ਸੀ ਤੇ ਧੁੱਪ ਦਾ ਚਸਕਾ ਅੰਗੜਾਈਆਂ ਦੇ ਰਿਹਾ ਸੀ। ਬੀਰੋ ਹੁਣ ਦਿਨ ਛੋਟੇ ਹੋਣ ਕਾਰਨ ਦਿਹਾੜੀ ਵਿਚ ਇਕ ਵਾਰ ਹੀ ਘਾਹ ਨੂੰ ਜਾਇਆ ਕਰਦੀ ਸੀ। ਬੀਰੋ ਦੇ ਵਿਹੜੇ ਦੀਆਂ ਸਾਥਣਾਂ ਉਸ ਦਾ ਸਾਥ ਕਰਨਾ ਲੋਚਦੀਆਂ, ਕਿਉਂਕਿ ਉਸ ਦੀ ਹੋਂਦ ਵਿਚ ਜੇ ਕਿਸੇ ਜੱਟ ਮੁੰਡੇ ਦੇ ਖੇਤ ਛੱਲੀ ਗੰਨੇ ਦਾ ਥੋੜਾ ਨੁਕਸਾਨ ਹੋ ਜਾਂਦਾ, ਤਦ ਥੋੜੇ ਕੀਤਿਆਂ ਕੋਈ ਕੁਝ ਆਖਦਾ ਨਹੀਂ ਸੀ। ਜੱਟ ਮੁੰਡੇ ਤਾਂ ਬੀਰੋ ਨੂੰ ਵੇਖ ਕੇ ਸ਼ੱਕਰ ਪਾਣੀ ਹੋ ਜਾਂਦੇ ਸਨ ਤੇ ਉਹਨਾਂ ਨੂੰ ਉਸ ਨਾਲ ਲਾਭੇ ਦੀ ਆਸ਼ਕੀ ਦਾ ਚੰਗੀ ਤਰ੍ਹਾਂ ਪਤਾ ਸੀ। ਦਲੇਰ ਬੰਦਿਆਂ ਦੀ ਆਸ਼ਕੀ ਛੇਤੀ ਹੀ ਸ਼ਰਾਬ ਦੀ ਮੱਟੀ ਵਾਂਗ ਮਹਿਕ ਉਠਦੀ ਹੈ। ਆਪਣੀਆਂ ਸਹੇਲੀਆਂ ਵਿਚ ਜਾਂਦੀ ਬੀਰੋ ਦੇ ਮਨ ਵਿਚ ਆਉਂਦੀ, ਕੁਝ ਦੱਸੇ ਬਿਨਾਂ ਉਹ ਸਹੇਲੀਆਂ ਤੋਂ ਵੱਖ ਹੋ ਜਾਂਦੀ, ਕਦੇ ਬਹਾਨਾ ਵੀ ਬਣਾ ਲੈਂਦੀ ਤੇ ਟੇਢ ਵੱਟ ਕੇ ਆਪਣੇ ਦਿਲ ਦੇ ਰਾਹ ਪੈ ਜਾਂਦੀ।
ਉਸ ਦੇ ਦਿਲ ਦਾ ਰਾਹ ਲਾਭੇ ਦੇ ਖੂਹ ਨੂੰ ਜਾਣ ਵਾਲੀ ਡੰਡੀ ਸੀ। ਤੇ ਅੱਜ ਵੀ ਉਹ ਆਪਣੀਆਂ ਸਾਥਣਾਂ ਤੋਂ ਕਿਸੇ ਤਰ੍ਹਾਂ ਖਹਿੜਾ ਛੁਡਾ ਆਈ ਸੀ। ਜਦੋਂ ਉਹ ਅੱਧ ਵਿਚ ਆਈ, ਉਸ ਧੰਤੋ ਨੂੰ ਭੱਠੀ ਦੇ ਬਾਲਣ ਲਈ ਕਮਾਦ ਦੀ ਪੱਤੀ ਦੀ ਪੰਡ ਚੁੱਕੀ ਆਉਂਦੀ ਵੇਖਿਆ। ਦੋ ਖੇਤ ਪਿਛੋਂ ਉਸ ਦੀ ਮਾਂ ਵੀ ਪੰਡ ਚੁੱਕੀ ਆ ਰਹੀ ਸੀ। ਧੰਤੋ ਨੂੰ ਵੇਖ ਕੇ ਬੀਰੋ ਦਾ ਆਪਣੇ ਆਪ ਹਾਸਾ ਨਿਕਲ ਗਿਆ। ਨੇੜੇ ਆ ਕੇ ਧੰਤੋ ਵੀ ਹੱਸਣੋਂ ਨਾ ਰਹਿ ਸਕੀ, ਉਸ ਨੂੰ ਪਤਾ ਸੀ, ਬੀਰੋ ਆਦਤ ਅਨੁਸਾਰ ਜ਼ਰੂਰ ਕੋਈ ਨਾ ਕੋਈ ਖਰੂਦ ਕਰੇਗੀ। ਜਦੋਂ ਧੰਤੋ ਬੀਰੋ ਦੇ ਸਾਹਮਣੇ ਆ ਕੇ ਪਲ ਕੁ ਰੁਕੀ, ਉਸ ਜ਼ੋਰ ਨਾਲ ਉਤਾਂਹ ਪੰਡ ਵਿਚ ਹੱਥ ਮਾਰਿਆ। ਪੰਡ ਬਹੁਤ ਭਾਰੀ ਨਹੀਂ ਸੀ ਤੇ ਉਹ ਇਕ ਸੁੱਕੇ ਖਾਲ ਵਿਚ ਮੂਧੀ ਜਾ ਡਿੱਗੀ। ਬੀਰੋ ਨੇ ਇਕ ਬੁੱਲ੍ਹ ਨਜ਼ਾਕਤ ਨਾਲ ਢਿੱਲਾ ਛਡਿਆ ਹੋਇਆ ਸੀ ਤੇ ਧੰਤੋ ਦੇ ਅੰਦਰਲਾ ਹਾਸਾ ਅੱਖਾਂ ਰਾਹ ਪ੍ਰਗਟ ਹੋ ਰਿਹਾ ਸੀ। ਉਹਨਾਂ ਦੀ ਛੇੜ ਛਾੜ ਨਾਲ ਪਿਛੇ ਆਉਂਦੀ ਤਾਪੀ ਵੀ ਹੱਸ ਪਈ।
“ਕਿਵੇਂ ਔਸਰ ਝੋਟੀ ਵਾਂਗ ਮੱਛਰੀ ਏ ?” ਧੰਤੋ ਨੂੰ ਪ੍ਰਤੀਤ ਹੋ ਰਿਹਾ ਸੀ, ਜਿਵੇਂ ਬੀਰੋ ਹੱਥੋਪਾਈ ਵੀ ਕਰੇਗੀ।
“ਮੱਛਰੀ ਮੈਂ ਆਂ ?” ਬੀਰੋ ਦੀਆਂ ਨਾਸਾਂ ਫੁੱਲੀਆਂ ਹੋਈਆਂ ਸਨ। “ਧਗੜੇ ਨਾਲ ਮੰਗਣੀ ਕਰਾ ਕੇ ਮੂੰਹ ਈ ਨਹੀਂ ਵਿਖਾਇਆ।”
“ਐਵੇਂ ਭੌਂਕ ਨਾ, ਮਾਂ ਆਉਂਦੀ ਏ।” ਧੰਤੋ ਨੇ ਹੇਠਲਾ ਬੁੱਲ੍ਹ ਦੰਦਾਂ ਵਿਚ ਫੜ ਲਿਆ।
“ਆਉਂਦੀ ਰਹੇ, ਉਹਦਾ ਡਰ ਮਾਰਿਆ ਏ।” ਬੀਰੋ ਨੇ ਆਉਂਦੀ ਤਾਪੀ ਵੱਲ ਪਲ ਕੁ ਵੇਖਿਆ।
“ਕੁੜੇ ਕੀ ਹੋ ਗਿਆ ਤੁਹਾਨੂੰ ?” ਤਾਪੀ ਵੀ ਕੋਲ ਆ ਕੇ ਖਲੋ ਗਈ।
“ਚਾਚੀ ! ਤੂੰ ਚਲ, ਮੈਂ ਇਹਨੂੰ ਹੁਣੇ ਪੋਤਿਆਂ ਨੱਤਿਆਂ ਵਾਲੀ ਬਣਾ ਕੇ ਘੱਲਦੀ ਆਂ।” ਬੀਰੋ ਨੇ ਤਾਪੀ ਨੂੰ ਤੋਰਨ ਦੀ ਨੀਅਤ ਨਾਲ ਕਿਹਾ।
“ਨਾ ਬੀਰੋ ! ਏਸ ਭੱਠੀ ਤਪਾਉਣੀ ਏਂ।”
ਕੀਤਾ। “ਬਸ, ਚਾਚੀ ਤੈਨੂੰ ਛੱਪੜ ਤਕ ਨਹੀਂ ਜਾਣ ਦੇਂਦੀ।” ਬੀਰੋ ਨੇ ਜਾਣ ਲਈ ਹੱਥ ਦਾ ਇਸ਼ਾਰਾ
“ਧੰਤੋ ਚਿਰ ਨਾ ਲਾਈਂ ਮੇਰੀ ਧੀ।” ਤਾਪੀ ਨੂੰ ਇਹਨਾਂ ਦੇ ਸਹੇਲਪੁਣੇ ਦਾ ਇਕ ਤਰ੍ਹਾਂ ਮਾਣ ਸੀ। ਉਸ ਛੋਟੀ ਮੋਟੀ ਗੱਲ ਪਿਛੇ ਧੰਤੋ ਨੂੰ ਕਦੇ ਹਟਕਿਆ ਹੋੜਿਆ ਨਹੀਂ ਸੀ। ਉਹ ਹੌਲੀ-ਹੌਲੀ ਤੁਰ
ਪਈ, ਜਿਵੇਂ ਧੰਤੋ ਨੂੰ ਪਿਛੋਂ ਨਾਲ ਰਲਾਉਣਾ ਸੀ।
ਬੀਰੋ ਨੇ ਧੰਤੋ ਦੀ ਧੌਣ ਵਿਚ ਮੱਲਾਂ ਵਾਂਗ ਹੱਥ ਮਾਰਿਆ ਅਤੇ ਉਸ ਨੂੰ ਨਾਲ ਲੈ ਕੇ ਖਾਲ ਵਿਚ ਪੰਡ ਉਤੇ ਡਿੱਗ ਪਈ। ਉਹ ਦੋਵੇਂ ਪੰਡ ਵਿਚ ਇਕ ਵਾਰ ਖੁੱਭ ਕੇ ਉਤਾਂਹ ਉਭਰੀਆਂ ਤੇ ਹਾਸੇ ਵਿਚ ਲੋਟ ਪੋਟ ਹੋ ਗਈਆਂ। ਬੀਰੋ ਨੇ ਧੰਤੋ ਦੀ ਗਲ੍ਹ ਵਿਚ ਘਸੁੰਨ ਦੇ ਕੇ, ਉਸ ਦਾ ਮੂੰਹ ਫੇਰਦਿਆਂ ਆਖਿਆ :
“ਕਿਉਂ ਨੀ ਕਮਜ਼ਾਤੇ ! ਸਾਡੇ ਪਾਸੇ ਆਈਂ ਏਂ ?”
“ਤੇਰਾ ਪਾਸਾ ਬੈ ਤਾਂ ਨਹੀਂ ਕਰਵਾਇਆ ਵਿਆ।”
“ਇਉ ਆਖ ਪਤੰਦਰ ਜਰਿਆ ਨਹੀਂ ਜਾਂਦਾ। ਹੁਣ ਤਾਂ ਤੇਰੇ ਦਿਲ ਦੀ ਵੀ ਹੋ ਗਈ ਨੌੜੀਏ।”
ਆਪਣੇ ਪਤੰਦਰ ਨੂੰ ਲੁਕੋ ਕੇ ਰੱਖਿਆ ਕਰ, ਬਿਜਲੀ ਪੈਣ ਨੂੰ ਫਿਰਦੀ ਏ।” ਧੰਤੋ ਨੇ ਲਾਭੇ ਦੇ ਕਾਲੇ ਰੰਗ ਨੂੰ ਇਕ ਚੋਟ ਮਾਰੀ।
“ਜਿੰਨਾ ਚਿਰ ਮੈਂ ਜੀਉਂਦੀ ਆਂ, ਬਿਜਲੀ ਵਿਚਾਰੀ ਦੀ ਕੀ ਸਤਿਆ ਏ ਅੱਖ ਵੀ ਮਿਲ ਜਾਵੇ।” ਬੀਰੋ ਨੂੰ ਆਪਣੇ ਤੇ ਲਾਭੇ ਦੇ ਕਾਲੇ ਰੰਗ ਉਤੇ ਗੁਮਾਨ ਸੀ।
“ਬੱਲੇ ਨੀ ਤੇਰੇ। ਏਸ ਰੰਗ ਨੂੰ ਫਨੀਅਰ ਸੱਪ ਵਾਂਗੂੰ ਤਫ਼ੀਕਾਂ ਏਂ ਫੁੰਕਾਰੇ ਮਾਰਨ ਦੀਆਂ।” ਧੰਤੋ ਨੇ ਇਕ ਚੁਆਤੀ ਹੋਰ ਲਾ ਦਿੱਤੀ।
“ਏਸ ਰੰਗ ਦੀਆਂ ਕੀ ਗੱਲਾਂ ਕਰਦੀ ਏਂ ਮਹਿਰੀਏ ! ਉਗਰਦਾ ਊਈਂ ਨਹੀਂ।” ਬੀਰੋ ਬੁੱਲਾਂ ਉਤੇ ਜੀਭ ਫੇਰਦਿਆਂ ਬੋਲੀ, “ਜਿਥੇ ਵੇਖੇਂ, ਏਸ ਰੰਗ ਨੂੰ ਮੱਥਾ ਟੇਕਿਆ ਕਰ, ਇਹ ਰੰਗ ਕ੍ਰਿਸ਼ਨ ਭਗਵਾਨ ਦਾ ਰੰਗ ਐ, ਪਿਆਰ ਦਾ ਰੰਗ।”
“ਆਪਣੇ ਕ੍ਰਿਸ਼ਨ ਭਗਵਾਨ ਨੂੰ ਆਖੀਂ, ਰੱਬ ਦੇ ਵਾਸਤੇ, ਮੇਰੀ ਭੱਠੀ ਨੂੰ ਸਾਹਮਣੇ ਨਾ ਬੈਠਿਆ ਕਰ।” ਧੰਤੋ ਦੀਆਂ ਅੱਖਾਂ ਵਿਚ ਹਾਲੇ ਵੀ ਸ਼ਰਾਰਤ ਸੀ।
“ਤੂੰ ਹੋਰ ਮੁਰਮੁਰੇ ਭੁੰਨ ਕੇ ਦਿਆ ਕਰ ਧਗੜੇ ਨੂੰ, ਉਹ ਤਾਂ ਹੁਣ ਜ਼ਰੂਰ ਬੈਠਿਆ ਕਰੂ।” ਬੀਰੋ ਨੇ ਇਕ ਲੋਰ ਵਿਚ ਸਿਰ ਹਲਾਇਆ। “ਕੁੱਤੀਏ ! ਤੂੰ ਖ਼ੈਰ ਹੱਥੀਂ ਏਂ, ਜਿਹੜੀ ਉਹਦੇ ਖੂਹ ਉਤੇ ਗੇੜੇ ਮਾਰਦੀ ਏਂ।”
“ਤੂੰ ਆਪਣੇ ਚੰਦਰ-ਭਾਨ ਨੂੰ ਰੱਖ ਨੀਂ ਸਾਂਭ ਕੇ—ਖੇਤ ਬੰਨੇ ਤਾਂ ਕਾਮਿਆਂ ਨਿੱਤ ਆਉਣਾ ਏਂ।”
“ਮਹਿਰੀਏ ! ਖ਼ੂਨ ਹੋ ਜਾਣਗੇ ਏਸ ਖੂਹ ‘ਤੇ।’ ਬੀਰੋ ਨੇ ਖੱਬਾ ਹੱਥ ਧੰਤੋ ਦੇ ਪੱਟ ਉਤੇ ਮਾਰਿਆ। “ਤੇਰੀ ਜੂਹ ਬੰਦੀ ਨਾ ਕਰਵਾ ਦਿਆਂ ਨੰਬਰਦਾਰ ਨੂੰ ਕਹਿ ਕੇ।”
“ਨੰਬਰਦਾਰ ਤੇਰਾ, ਸਰਪੰਚ ਤੇਰਾ, ਸਰਕਾਰ ਈ ਤੇਰੀ ਐ, ਜਿਵੇਂ ਮਰਜ਼ੀ ਨਚਾ ਚੀਚੀ ‘ਤੇ” ਧੰਤੋ ਦੀਆਂ ਅੱਜ ਚੜ੍ਹ ਮਚੀਆਂ ਸਨ।
“ਧੰਤੋ ਦੀਏ ਬੱਚੀਏ ! ਤੇਰੇ ਨੀ ਵਸ, ਤੇਰੇ ਮਨ ਦੀਆਂ ਹੋ ਗਈਆਂ ਮੁਰਾਦਾਂ ਪੂਰੀਆਂ, ਹੁਣ ਤੈਨੂੰ ਗੱਲਾਂ ਆਉਣ ਨਾ।” ਬੀਰੋ ਨੇ ਅੱਗਾ ਵਲਣਾ ਚਾਹਿਆ।
“ਤੇਰੀਆਂ ਮੁਰਾਦਾਂ ਨੂੰ ਅੱਗ ਤਾਂ ਨਹੀਂ ਲੱਗੀ, ਤੂੰ ਵੀ ਟੀਸੀ ਦਾ ਬੇਰ ਤੋੜਿਆ ਏ।” ਧੰਤੋ ਨੇ ਕਮਾਦ ਦੀ ਪੱਤੀ ਮੂੰਹ ਵਿਚ ਦੱਬ ਕੇ, ਉਸ ਨੂੰ ਵਿਚਕਾਰੋਂ ਚੀਰ ਸੁੱਟਿਆ।
“ਤੋੜਿਆ ਤਾਂ ਟੀਸੀ ਦਾ ਬੇਰ ਹੀ ਸੀ, ਪਰ ਧੰਤੋ, ਉਹਦੇ ਲੱਛਣ ਦੱਸਦੇ ਐ, ਕਾਣਾ ਨਿਕਲੂ।” ਬੀਰੋ ਏਨੀ ਕਹਿ ਕੇ ਉਦਾਸ ਪੈ ਗਈ।
“ਕਿਉਂ ?” ਧੰਤੋ ਵੀ ਉਸ ਦੀ ਗੱਲ ਉਤੇ ਹੈਰਾਨ ਹੋ ਗਈ।
“ਗੱਲਾਂ ਗੱਲਾਂ ਵਿਚ ਬੰਦਾ ਬੁੱਝਿਆ ਜਾਂਦਾ ਏ। ਜਦੋਂ ਕਦੇ ਠਕੋਰਦੀਆਂ, “ਵਾਜ ਮਰ ਜਾਣਾ ਕੱਚੇ ਭਾਂਡੇ ਦੀ ਦੇਂਦਾ ਏ।” ਉਹਨਾਂ ਦੋਹਾਂ ਦਾ ਇਕ ਵਾਰ ਹੀ ਹਾਸਾ ਨਿਕਲ ਗਿਆ। “ਕੋਈ ਨਾ, ਵਾਹ ਵੀ, ਬੀਰੋ, ਬੰਦੀ ਨਾਲ ਪਿਆ ਏ, ਇਕ ਵਾਰੀ ਤਾਂ ਆਵੀ ਚਾੜ੍ਹ ਦੇਊਂ।”
“ਬੀਰੋ ਏਹੋ ਜਿਹਾ ਤਾਂ ਦੀਹਦਾ ਨਹੀਂ।”
“ਮੁੰਡੇ ਚੰਗੇ ਦੀ ਬਾਕੀ ਨਹੀਂ, ਐਨਾ ਐਨਾ ਵੱਢ ਲਵਾਂ।” ਬੀਰੋ ਨੇ ਉਂਗਲਾਂ ਦਾ ਫੁੱਲ ਬਣਾਇਆ, “ਊਈ ਨਹੀਂ ਆਖਦਾ। ਬਸ ਉਹਦੀ ਏਹੋ ਗੱਲ ਪੱਟੀ ਫਿਰਦੀ ਏ।” ਉਹ ਇਕ ਪਲ ਚੁੱਪ ਕਰ ਕੇ ਮੁਸਕ੍ਰਾ ਪਈ ! “ਤੂੰ ਮੇਰੀ ਛੱਡ, ਤੇਰਾ ਤਾਂ ਦਿਲ ਥਾਵੇਂ ਐ ਨਾ ?”
ਧੰਤੋ ਹੱਸਦੀਆਂ ਅੱਖਾਂ ਨਾਲ ਬੀਰੋ ਨੂੰ ਵੇਖਦੀ ਰਹੀ ਤੇ ਜਵਾਬ ਕੋਈ ਨਾ ਦਿੱਤਾ। ਬੀਰੋ ਨੇ ਉਸ ਦੀ ਵੱਟੀ ਚੁੱਪ ਤਾੜ ਕੇ ਇਕ ਘਸੁੰਨ ਉਹਦੀ ਵੱਖੀ ਵਿਚ ਧਰ ਦਿੱਤਾ।
“ਹਾਏ ਨੀ !” ਧੰਤੋ ਪੀੜ ਨਾਲ ਇਕੱਠੀ ਹੋ ਗਈ।
“ਭੌਂਕਦੀ ਨੀ ?”
“ਅਨੀ ਭੈੜੀਏ ਗੁਜ਼ਾਰਾ ਈ ਕਰਨਾ ਏਂ।”
“ਨੀ ਹਾਲੇ ਗੁਜ਼ਾਰਾ ਈ ਐ।” ਲਿਆ, “ਬੰਦਾ ਤੇਰਾ ਮੇਰੇ ਪਸੰਦ ਏ, ਬੀਰੋ ਤੋਂ ਰਹਿ ਨਾ ਹੋਇਆ, ਉਸ ਧੰਤੋ ਨੂੰ ਜ਼ੋਰ ਨਾਲ ਘੁਟ ਪਰ ਰੰਗ ਥੋੜਾ ਪਿਲਾ ਏ।”
“ਤੈਨੂੰ ਤਾਂ ਕਾਲਾ ਰੰਗ ਪਸਿੰਦ ਏ, ਭਾਵੇਂ ਉਹ ਰਿੱਛ ਹੋਵੇ।” ਧੰਤੋ ਹੱਸਦਿਆਂ ਆਪਣਾ ਆਪ ਛੁਡਾ ਕੇ ਉਠ ਖਲੋਤੀ। “ਨੀ ਸੌਂਹ ਭਰਾ ਦੀ !” ਧੰਤੋ ਇਕ ਦਮ ਸ਼ਰਮਾ ਕੇ ਬਹਿ ਗਈ।
“ਤੇਰਾ ਕ੍ਰਿਸ਼ਨ ਤੁਤ ਹੇਠਾਂ।”
“ਫੇਰ ਕੀ ਹੋਇਆ।” ਬੀਰੋ ਸ਼ਾਂਤ ਸੀ। “ਹਾਕ ਮਾਰਾਂ ਓਸ ਨੂੰ ?”
“ਅਨੀ ਕਮਜ਼ਾਤੇ ! ਤੈਨੂੰ ਸੰਗ ਨਹੀਂ ਆਉਂਦੀ ?”
“ਪਰਸੋਂ ਦਾ ਗਿਆ ਅੱਜ ਆਇਐ ਕਾਉਂਕਿਆਂ ਤੋਂ, ਤੂੰ ਕੋਈ ਸੁਨੇਹਾ ਲੈਣਾ ਏ ਤਾਂ ਦੱਸ ?” ਬੀਰੋ ਨੇ ਧੰਤੋ ਨੂੰ ਛੇੜਨ ਲਈ ਅੱਖ ਮਾਰੀ।
“ਇਹ ਖੇਹ ਖਾਣ ਗਿਆ ਸੀ ਓਥੇ ?” ਧੰਤੋ ਥੋੜੀ ਛਿੱਥੀ ਪੈ ਗਈ।
“ਇਹਦਾ ਕੋਈ ਜੇਲ ਦਾ ਯਾਰ ਖ਼ੂਨ ‘ਚੋਂ ਛੁੱਟ ਕੇ ਆਇਆ ਏ, ਉਹਨੂੰ ਮਿਲਣ ਗਿਆ ਸੀ, “ਬੀਰੋ ਨੇ ਧੰਤੋ ਦੇ ਹੱਥ ਉਤੇ ਦੰਦੀ ਭਰ ਕੇ ਛੱਡ ਦਿੱਤੀ। “ਮਿਲਣਾ ਜੇ ਲੋੜਦੀ ਏਂ ਤਾਂ ਖੂਹ ਉਤੇ ਸੱਦ ਦੇਵਾਂ ਤੇਰੇ ਮੋਦਨ ਨੂੰ ?”
“ਤੂੰ ਖਸਮ ਕੋਲ ਜਾਹ ਤੇ ਮੈਨੂੰ ਪੰਡ ਚੁਕਾ।” ਧੰਤੋ ਨੇ ਧੱਕਾ ਦੇ ਕੇ ਬੀਰੋ ਨੂੰ ਪੰਡ ਉਤੇ ਲਾਹ ਦਿੱਤਾ।
ਬੀਰੋ ਨੇ ਦੇਖਿਆ, ਨੀਲਾ ਚਾਦਰਾ, ਖ਼ਾਕੀ ਕਮੀਜ਼ ਤੇ ਲਾਜਵਰੀ ਪੱਗ ਵਿਚ ਲਾਭਾ ਮੁੱਛਾਂ ਮਰੋੜ ਰਿਹਾ ਹੈ। ਲਾਭੇ ਦੀ ਯਾਰੀ ਕਾਰਨ ਬੀਰੋ ਆਪਣੇ ਆਪ ਨੂੰ ਸਾਥਣ ਕੁੜੀਆਂ ਨਾਲੋਂ ਕਿਤੇ ਉੱਚੀ, ਇਕ ਤਰ੍ਹਾਂ ਸਰਦਾਰਨੀ ਸਮਝਦੀ ਸੀ ਅਤੇ ਏਸੇ ਕਾਰਨ ਉਹ ਕਿਸੇ ਨੂੰ ਵੀ ਨੱਕ ਹੇਠ ਨਹੀਂ ਲਿਆਉਂਦੀ ਸੀ।
“ਕਿਉਂ ਫੇਰ ਹੁਣ ਜਾਣਾ ਏਂ ?” ਬੀਰੋ ਦੀਆਂ ਅੱਖਾਂ ਵਿਚ ਪਿਆਰ ਹੱਸ ਰਿਹਾ ਸੀ।
“ਆਹੋ, ਹੁਣ ਤਾਂ ਮੈਨੂੰ ਭੇਜੇਂਗੀ ਹੀ, ਲੈ ਫੜ ਪੁਆ ਹੱਥ।” ਉਸ ਚੁਕਣ ਲਈ ਪੰਡ ਸਿੱਧੀ ਕਰ ਲਈ। ਬੀਰੋ ਨੇ ਉਸ ਨੂੰ ਪੰਡ ਚੁਕਾ ਦਿੱਤੀ ਤੇ ਪਿਆਰ ਨਾਲ ਇਕ ਚਪੇੜ ਵੀ ਜੜ ਦਿੱਤੀ।
“ਹੈ ਤੈਨੂੰ ਖੋਤੜੀਏ ! ਕਿਵੇਂ ਚਾਮੂਲੀ ਏ ਧਗੜਾ ਵੇਖ ਕੇ।” ਏਨੀ ਕਹਿ ਕੇ ਧੰਤੋ ਰਵਾਂ ਰਵੀਂ ਵੱਗ ਤੁਰੀ।
ਬੀਰੋ ਓਥੇ ਹੀ ਖਾਲ ਵਿਚ ਬਹਿ ਗਈ ਅਤੇ ਆਪਣੇ ਤਿੱਖੇ ਰੰਬੇ ਨਾਲ ਖਾਲ ਵਿਚ ਟੱਕ ਮਾਰ ਮਾਰ ਟੋਆ ਪੁੱਟਣ ਲੱਗ ਪਈ। ਉਸ ਨੂੰ ਕੋਈ ਪਤਾ ਨਹੀਂ ਸੀ, ਉਹ ਕੀ ਕਰੀ ਜਾ ਰਹੀ ਹੈ। ਲਾਭਾ ਉਸ ਦੇ ਸਿਰ ਉਤੇ ਆ ਖਲੋਤਾ, ਜਿਹੀ ਕਿ ਉਸ ਨੂੰ ਆਸ ਸੀ, ਉਸ ਫਿਰ ਵੀ ਉਤਾਂਹ ਉਹਦੇ ਵੱਲ ਨਾ ਵੇਖਿਆ।
“ਹੁਣ ਤਾਂ ਟੋਆ ਬਹੁਤ ਹੋ ਗਿਆ, ਬੱਸ ਕਰ।” ਲਾਭੇ ਨੇ ਸੱਜੇ ਹੱਥ ਨਾਲ ਚਾਦਰਾ ਲਿਬੜਨ ਦੇ ਡਰੋਂ ਥੋੜ੍ਹਾ ਉਤਾਂਹ ਚੁੱਕਿਆ ਹੋਇਆ ਸੀ।
“ਹਾਲੇ ਤੇਰੀ ਕਬਰ ਨਹੀਂ ਬਣੀ।” ਬੀਰੋ ਉਸ ਨੂੰ ਵੇਖ ਕੇ ਨਖ਼ਰਿਆਂ ਵਿਚ ਆਕੜ ਗਈ।
“ਪਹਿਲਾਂ ਮਾਰ ਤਾਂ ਲੈ।” ਲਾਭੇ ਨੇ ਨੱਕ ਦੀ ਕੋਮਲੀ ਮਲਦਿਆਂ ਸੁੜਾਕਾ ਮਾਰਿਆ।
“ਨਹੀਂ ਤੇਰੀ ਜੀਉਂਦੇ ਦੀ ਬਣਾਉਣੀ ਏਂ।”
“ਛਿਆਲੇ ! ਮੈਨੂੰ ਚਾਰ ਦਿਨ ਸ਼ੌਕ ਦੇ ਗੇੜੇ ਤਾਂ ਦੇ ਲੈਣ ਦੇ।” ਚਾਦਰੇ ਦਾ ਲੜ ਛੱਡਦਿਆਂ ਲਾਭਾ ਬੋਲਿਆ, “ਜਹਾਨ ਤੇ ਆਏ ਹਾਂ, ਕੁਝ ਖਾ ਖੱਟ ਤਾਂ ਲਈਏ।”
“ਬਸ ਫੇਰ ਤੂੰ ਮਰ ਚੁੱਕਿਆ।” ਬੀਰੋ ਨੇ ਨਖ਼ਰੇ ਵਿਚ ਮੂੰਹ ਮਰੋੜ ਲਿਆ।
“ਮਰਨ ਨੂੰ ਘੋੜੇ ਪੀੜਨੇ ਐ ਖਨੀਂ ਮਿਰਜ਼ੇ ਵਾਲੀ ਹੋਣੀ ਏ।” ਉਹ ਅੱਗਾ ਪਿੱਛਾ ਵੇਖ ਕੇ ਖਾਲ ਵਿਚ ਹੀ ਉਸ ਕੋਲ ਬਹਿ ਗਿਆ।
“ਕੰਨ-ਬੜਿੱਕੇ ਲੈਂਦਾ ਏਂ ?” ਬੀਰੋ ਨੇ ਅੰਦਰ ਫੋਲਵੀਆਂ ਨਜ਼ਰਾਂ ਲਾਭੇ ਦੇ ਚਿਹਰੇ ਉਤੇ ਗੱਡ ਦਿੱਤੀਆਂ।
“ਕੋਈ ਕੰਜਰ ਵੇਖਦਾ ਈ ਨਾ ਹੋਵੇ।”
“ਤੇਰੀ ਥਾਂ ਮੈਂ ਹੁੰਦੀ ਮੁੰਡਾ, ਫੇਰ ਤੂੰ ਮੇਰੇ ਜੇਰੇ ਵੇਂਹਦਾ ਜੱਟਾ।”
“ਫੇਰ ਕੀ ਕਰਦੀ ?” ਲਾਭੇ ਕੈਂਚੀ ਨਾਲ ਬਣਾਈ ਖਸਖੱਸੀ ਦਾਹੜੀ ਵਾਲੀਆਂ ਗੱਲਾਂ ਸੱਜੇ ਹੱਥ ਨਾਲ ਘੁੱਟ ਲਈਆਂ।
“ਫੇਰ ਤੈਨੂੰ ਕੱਢ ਕੇ ਬੀਕਾਨੇਰ ਲੈ ਜਾਂਦੀ।”
“ਭਾਲੀ ਤਾਂ ਨਾ ਥਿਆਉਂਦੀ ਓਥੋਂ।” ਲਾਭੇ ਨੇ ਉਹਦਾ ਹੱਥ ਫੜਨਾ ਚਾਹਿਆ।
“ਮੈਂ ਹੱਥ ਵੱਢ ਦੇਊਂਗੀ ਜੇ ਅਗਾਂਹ ਕੀਤਾ।” ਰੰਬਾ ਤਿੱਖਾ ਵੇਖ ਕੇ ਲਾਭੇ ਨੇ ਹੱਥ ਪਿਛਾਂਹ ਕਰ ਲਿਆ। “ਮੈਨੂੰ ਜੱਟਾ ਤੇਰਾ ਭੋਰਾ ਵਸਾਹ ਨਹੀਂ, ਜਿਹੜਾ ਤੂੰ ਓਪਰੀਆਂ ਓਪਰੀਆਂ ਗੱਲਾਂ ਕਰਦਾ ਏਂ।”
“ਹੱਛਾ, ਓਪਰੀਆਂ ਗੱਲਾਂ ਮੈਂ ਕਰਦਾ ਆਂ ਤੇ ਤੂੰ ਦਿਲ ਦੀਆਂ ਧੜੀਆਂ ਭਰਦੀ ਏਂ ?” ਲਾਭੇ ਨੇ ਸਿਰ ਚੁੱਕ ਚੁਫੇਰੇ ਵੇਖਿਆ, “ਬੀਰੋ ਬਾਪੂ ਆਉਂਦਾ ਏ।”
“ਆ ਜਾਣ ਦੇ।” ਬੀਰੋ ਤਸੱਲੀ ਨਾਲ ਬੈਠੀ ਰਹੀ ਤੇ ਜਦ ਲਾਭਾ ਉਠ ਕੇ ਜਾਣ ਲੱਗਾ, ਉਸ ਦਾ ਘੁੱਟ ਕੇ ਹੱਥ ਫੜ ਲਿਆ।
“ਨੀ ਛਿਆਲੇ !” ਲਾਭੇ ਨੇ ਸੜਦਿਆਂ ਵਾਂਗ ਹੱਥ ਖਿੱਚ ਲਿਆ।
“ਮੈਂ ਵੀ ਜੱਟਾ ਤੇਰਾ ਜੇਰਾ ਹੀ ਵੇਂਹਦੀ ਸੀ, ਬਈ ਕਿੰਨੇ ਕੁ ਪਾਣੀ ‘ਚ ਏਂ।”
“ਇਹ ਕੋਈ ਜੇਰਾ ਵੇਖਣ ਵਾਲੀ ਗੱਲ ਏ, ਐਵੇਂ ਬੇਸ਼ਰਮ ਕਰਾਉਂਦੀ ਏਂ।” ਲਾਭਾ ਹੌਲੀ ਹੌਲੀ ਖਿਸਕਦਾ ਦੂਰ ਨਿਕਲ ਗਿਆ।
ਬੀਰੋ ਮਿੰਨ੍ਹਾ ਮਿੰਨ੍ਹਾ ਹੱਸਦੀ ਰਹੀ ਅਤੇ ਓਸ ਖਾਲ ਵਿਚ ਰੰਬਾ ਮਾਰਨ ਲੱਗ ਪਈ, ਜਿਵੇਂ ਪਹਿਲਾਂ ਵੀ ਓਥੋਂ ਘਾਹ ਖੋਤ ਰਹੀ ਸੀ।
12
ਸਿਧਵਾਂ ਦੇ ਭੋਲੇ ਨੂੰ ਜਦ ਆਪਣੀ ਮੰਗ ਦੇ ਕਾਉਂਦੀ ਮੰਗੇ ਜਾਣ ਦਾ ਪਤਾ ਲੱਗਾ, ਉਸ ਦੀਆਂ ਖ਼ਾਨਿਉਂ ਹੀ ਨਿਕਲ ਗਈਆਂ। ਉਸ ਨੂੰ ਢਾਈ ਸੌ ਰੁਪਈਏ ਡੁੱਬ ਜਾਣ ਦਾ ਬਹੁਤਾ ਦੁੱਖ ਨਹੀਂ ਸੀ, ਸਗੋਂ ਦੁੱਖ ਇਸ ਗੱਲ ਦਾ ਸੀ ਕਿ ਹੁਣ ਸਾਕ ਕਿਸੇ ਕੀਮਤ ਉਤੇ ਵੀ ਨਹੀਂ ਹੋਣਾ। ਉਸ ਕੁਝ ਆਪਣੇ ਪਿੰਡੋਂ ਬੰਦੇ ਲਏ ਤੇ ਬਾਕੀ ਬੱਦੋਵਾਲ ਦੇ ਆਲੇ-ਦੁਆਲੇ ਦੀ ਬਰਾਦਰੀ ਇਕੱਠੀ ਕਰ ਲਈ। ਲਲਤੋਂ ਦਾ ਨਿੱਕਾ, ਭਨੌੜਾਂ ਦਾ ਬਸੰਤ ਤੇ ਥਿਰੀਕੀਆਂ ਦਾ ਕੂੜਾ ਉਹਨਾਂ ਦੀ ਬਰਾਦਰੀ ਦੇ ਮੁਖੀ ਬੰਦੇ ਸਨ।
ਭੋਲੇ ਨੇ ਕਾਰੇ ਨੂੰ ਵੀ ਪਮਾਲ ਤੋਂ ਵਚੋਲਾ ਕਰ ਕੇ ਮੰਗਵਾ ਲਿਆ। ਕਾਰੇ ਨੇ ਕੁੜੀ ਦੇ ਦੂਜੀ ਥਾਂ ਮੰਗੇ ਜਾਣ ਉਤੇ ਖ਼ਾਸ ਦੁੱਖ ਨਹੀਂ ਮਹਿਸੂਸ ਕੀਤਾ ਸੀ। ਫੀਲੇ ਦੇ ਝੂਰਦੇ ਤੇ ਪਛਤਾਉਂਦੇ ਮਨ ਨੂੰ ਉਸ ਜਾਣ ਲਿਆ ਸੀ। ਫੀਲੇ ਦਾ ਦੁੱਖ ਉਹ ਨਹੀਂ ਸਹਿ ਸਕਦਾ ਸੀ। ਦੂਜੇ ਤਾਪੀ ਨੇ ਗ਼ੁੱਸੇ ਵਿਚ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਸੀ, ਜਿਹੜਾ ਉਹ ਮਹਿਸੂਸ ਕਰਦਾ ਸੀ ਕਿ ਇਕ ਮਾਂ ਧੀ ਨੂੰ ਨਰਕ ਵਿਚ ਪੈਂਦਿਆਂ ਵੇਖ ਗਾਲ੍ਹਾਂ ਨਾ ਦੇਂਦੀ ਤਾਂ ਕੀ ਕਰਦੀ। ਉਸ ਮਨ ਬਣਾ ਲਿਆ ਸੀ ਕਿ ਸਿਧਵਾਂ ਵਾਲਿਆਂ ਨਾਲ ਕਿਹੜਾ ਪੱਗ ਵੱਟੀ ਹੈ, ਜਦੋਂ ਉਹ ਕੁਝ ਆਖਣਗੇ, ਵੇਖੀ ਜਾਵੇਗੀ। ਉਹ ਉਹਨਾਂ ਵਲੋਂ ਮਿੰਨ੍ਹਾ-ਮਚਲਾ ਹੋ ਰਿਹਾ। ਉਹ ਛੋਟੀ-ਮੋਟੀ ਹਵੀ-ਨਵੀ ਜਾਂ ਨਿਰਾਦਰ ਕਾਰਨ ਫੀਲੇ ਨਾਲੋਂ ਸੰਬੰਧ ਤੋੜਨ ਲਈ ਤਿਆਰ ਨਹੀਂ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਫੀਲੇ ਬਿਨਾਂ ਮੈਨੂੰ ਕਿਸੇ ਨੇ ਝੱਲਣਾ ਨਹੀਂ।
ਝਿਊਰਾਂ ਦੀ ਬਰਾਦਰੀ ਦਾ ਇਕੱਠ ਪਿੰਡ ਦੇ ਦੂਜੇ ਪਾਸੇ ਨੱਥਾ ਸਿੰਘ ਜੱਟ ਦੇ ਘਰ ਵਿਚ ਜੁੜ ਬੈਠਾ। ਨੱਥਾ ਸਿੰਘ ਸਿਧਵੀਂ ਵਿਆਹਿਆ ਹੋਇਆ ਸੀ ਤੇ ਉਸ ਦਾ ਸਾਲਾ ਭੋਲੇ ਦੇ ਪੱਖ ਵਿਚ ਆਇਆ ਸੀ। ਭੋਲਾ ਸੋਚ ਰਿਹਾ ਸੀ ਕਿ ਜੇ ਫੀਲਾ ਹੋਰ ਪੈਸੇ ਲੈ ਕੇ ਵਿਆਹ ਦੇ ਦੇਵੇ, ਤਦ ਸੌਦਾ ਕਰ ਲਿਆ ਜਾਵੇ। ਉਸ ਆਪਣੇ ਸਾਥੀਆਂ ਨੂੰ ਪਹਿਲੋਂ ਹੀ ਸਮਝਾ ਛੱਡਿਆ ਸੀ, ਪਰ ਏਥੇ ਗੱਲ ਜੱਟਾਂ ਦੇ ਹੱਥ ਚੜ੍ਹ ਗਈ ਸੀ। ਜੱਟ ਹਮੇਸ਼ਾਂ ਦਲੀਲ ਨਾਲ ਗੱਲ ਕਰਨੋਂ ਬਹੁਤਾ ਹਿੱਕ ਦਾ ਧੱਕਾ ਕਰਦੇ ਹਨ।
ਨੱਥਾ ਸਿੰਘ ਤੇ ਉਸ ਦੇ ਸਾਥੀਆਂ ਫੀਲੇ ਨੂੰ ਜਰਕਾਇਆ :
“ਜਦੋਂ ਤੂੰ ਕੁੜੀ ਸਭ ਕੁਝ ਦੇਖ ਭਾਲ ਕੇ ਸਿਧਵੀਂ ਮੰਗ ਕੇ ਆਇਆ ਏਂ, ਫੇਰ ਦੂਜੇ ਥਾਂ ਕਾਹਤੋਂ ਮੰਗੀ ?”
“ਚੌਧਰੀਓ !” ਗੱਲ ਫੀਲੇ ਦੇ ਸੰਘ ਵਿਚਕਾਰ ਫਸ ਗਈ। “ਸਭ ਠੀਕ ਐ, ਵੇਖਿਆ ਵੀ, ਭਾਲਿਆ ਵੀ, ਮੰਗੀ ਵੀ, ਕੋਈ ਝੂਠ ਨਹੀਂ, ਪਰ ਜਦੋਂ ਪਾਣੀ ਸਿਰ ਤੋਂ ਦੀ ਵਗ ਜਾਵੇ, ਉਦੋਂ ਕੀ ਕੀਤਾ ਜਾਵੇ।” ਉਸ ਆਪਣੀ ਵਲੋਂ ਸੱਚੀ ਸੱਚੀ ਕਹਿ ਸੁਣਾਈ।
“ਕਿਉਂ ਓਏ ਕਾਰਿਆ ! ਤੂੰ ਵੀ ਮੁੱਠ ਕੁ ਦਾਹੜੀ ਕੱਢ ਕੇ ਵਚੋਲਾ ਬਣਿਆ ਸੀ ਤੇ ਢਾਈ ਸੌ ਰੁਪਈਆ ਵੀ ਛਾਂਗ ਲਿਆਇਆ ਏਂ, ਤੂੰ ਜਵਾਬ ਦੇ ?” ਨੱਥਾ ਸਿੰਘ ਫੀਲੇ ਵਲੋਂ ਮੂੰਹ ਤੋੜ, ਕਾਰੇ ਦੇ ਗਲ ਪੈ ਗਿਆ।
“ਢਾਈ ਸੌ ਖ਼ਰਾ ਲਿਆਂਦਾ, ਨਾ ਨਾ ਮੁਕਰਦਾ ਕੌਣ ਏਂ।” ਕਾਰੇ ਨੇ “ਨਹੀਂ ਨਹੀਂ” ਵਿਚ ਸਿਰ ਮਾਰਿਆ। “ਅਸਲ ਗੱਲ ਇਹ ਹੈ ਬਈ ਕੁੜੀ ਦੀ ਮਾਂ ਨੂੰ ਨਹੀਂ ਸੀ ਪੁੱਛਿਆ। ਦੁਹਾਜੂ ਤੇ ਨਿਆਣਿਆਂ ਦਾ ਪਤਾ ਲੱਗਣ ਤੇ ਉਸ ਧੂੰਆਂ-ਸੱਥਰ ਪਾ ਲਿਆ, ਏਥੋਂ ਸਾਰੀ ਗੱਲ ਵਿਗੜੀ ਏ।”
“ਹੁਣ ਗੱਲ ਸੂਤ ਆਉਂਦੀ ਏ ਕਿਵੇਂ ?” ਨੱਥਾ ਸਿੰਘ ਦੇ ਸਾਲੇ ਨੇ ਨਰਮੀ ਨਾਲ ਪੁੱਛਿਆ।
“ਜੀ ਗੱਲ ਹੁਣ ਕਿਵੇਂ ਸੂਤ ਨਹੀਂ ਆਉਣੀ, ਐਵੇਂ ਪਾਣੀ ਵਿਚ ਮਧਾਣੀ ਪਾਉਣ ਦਾ ਕੋਈ ਫ਼ੈਦਾ ਨਹੀਂ।” ਕਾਰੇ ਨੇ ਫੀਲੇ ਦੀ ਥਾਂ ਆਪ ਹੀ ਕਹਿ ਦਿੱਤਾ। ਫੀਲਾ ਸ਼ਰਮ ਮਹਿਸੂਸ ਕਰਨਾ ਚਾਹੁੰਦਾ ਸੀ, ਉਸ ਨੂੰ ਪੰਚਾਇਤ ਵਿਚ ਘੱਟ ਤੋਂ ਘੱਟ ਜਵਾਬ ਦੇਣੇ ਪੈਣ।
ਲਲਤੋਂ ਵਾਲੇ ਨਿੱਕੇ ਨੇ ਆਪਣੀ ਬਰਾਦਰੀ ਦੇ ਇਕ ਦੋ ਬੰਦਿਆਂ ਨੂੰ ਅੱਡ ਕਰ ਕੇ ਆਖਿਆ: “ਗੱਲ ਜੱਟਾਂ ਦੇ ਹੱਥ ਚੜਾਉਂਦੇ ਓ, ਇਹ ਇਸ ਤਰ੍ਹਾਂ ਕਿਵੇਂ ਨਿਬੜ ਜਾਵੇਗੀ ?” ਕੱਦੋਂ ਭਾਵੇਂ ਉਹ ਮੱਧਰਾ ਸੀ, ਪਰ ਆਪਣੀ ਬਰਾਦਰੀ ਵਿਚ ਤਿੱਖਾ ਬੰਦਾ ਮੰਨਿਆ ਜਾਂਦਾ ਸੀ।
“ਫੇਰ ਕਿਵੇਂ ਕਰੀਏ ?” ਭਨੌੜਾਂ ਦੇ ਬਸੰਤ ਨੇ ਉਸ ਕੋਲੋਂ ਹੀ ਪੁੱਛਿਆ।
“ਫੀਲੇ ਨੂੰ ਅੱਡ ਕਰ ਕੇ ਗੱਲ ਤਾਂ ਸਹਿਜਮਤੇ ਪੁੱਛੀਏ, ਖ਼ਬਰੇ ਕੋਈ ਚਾਰਾ ਚਲ ਈ ਜਾਵੇ। ਪਰ੍ਹੇ ਵਿਚ ਤਾਂ ਖੱਪ ਪੈਂਦੀ ਹੁੰਦੀ ਐ, ਜਿੰਨੀ ਮਰਜ਼ੀ ਹੈ ਪਾ ਲਵੋ।” ਨਿੱਕੇ ਨੇ ਸਿਆਣਿਆਂ ਵਾਂਗ ਹੱਥ ਹਲਾ ਕੇ ਪ੍ਰਭਾਵ ਪਾਇਆ। “ਤੁਸੀਂ ਮੈਨੂੰ ਫੀਲੇ ‘ਕੱਲੇ ਨਾਲ ਗੱਲ ਕਰਨ ਦਿਓ।”
ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ ਸੀ। ਨਿੱਕੇ ਨੇ ਫੀਲੇ ਨੂੰ ਪੰਚਾਇਤ ਵਿਚੋਂ ਉਠਾ ਲਿਆ ਅਤੇ ਉਸ ਦੇ ਘਰ ਨੂੰ ਨਾਲ ਤੁਰ ਪਿਆ। ਪਿੰਡ ਦੋ ਢਾਈ ਮੀਲ ਹੋਣ ਕਾਰਨ ਪਹਿਲੋਂ ਵੀ ਨਿੱਕਾ ਆਉਂਦਾ ਜਾਂਦਾ ਰਹਿੰਦਾ ਸੀ, ਪਰ ਫੀਲੇ ਨਾਲ ਖ਼ਾਸ ਸਾਂਝ ਜਾਂ ਮਿਲਵਰਤਨ ਕੋਈ ਨਹੀਂ ਸੀ। ਉਸ ਫੀਲੇ ਦੇ ਘਰ ਆ ਕੇ ਜਦ ਧੰਤੋ ਨੂੰ ਵੇਖਿਆ, ਉਸ ਦੇ ਮਨ ਵਿਚ ਕਈ ਤਰ੍ਹਾਂ ਦੀਆਂ ਗੱਲਾਂ ਉਠ ਖਲੋਤੀਆਂ। ਉਸ ਦੀ ਤੱਕ ਨੂੰ ਬੜੀ ਹੈਰਾਨੀ ਹੋਈ, ਜਦ ਧੰਤੋ ਨੂੰ ਇਕ ਦਮ ਜਵਾਨ ਤੇ ਸਿਹਤ ਭਰੀ ਦੇਖਿਆ। ਉਸ ਦੀ ਤਿੱਖੀ ਸੋਚ ਨੇ ਭੋਲੇ ਨੂੰ ਰੱਦ ਕਰ ਦੇਣ ਦਾ ਮਨ ਬਣਾ ਲਿਆ। ਕੁੜੀ ਨੂੰ ਦੇਖਣ ਸਾਰ ਨਿੱਕੇ ਦੀ ਹਮਦਰਦੀ ਫੀਲੇ ਨਾਲ ਜੁੜ ਗਈ। ਉਸ ਖ਼ਿਆਲ ਕੀਤਾ, ਧੰਤੋ ਨੂੰ ਭੋਲੇ ਨਾਲ ਵਿਆਹੁਣਾ ਅਨਿਆਂ ਹੈ, ਧੱਕਾ ਹੈ।
“ਹੁਣ ਦੱਸ, ਇਹਨਾਂ ਨੂੰ ਕਿਵੇਂ ਗਲੋਂ ਲਾਹੀਏ ?” ਨਿੱਕੇ ਨੇ ਮੰਜੀ ਉਤੇ ਬੈਠਦਿਆਂ ਪੁੱਛਿਆ, “ਮੈਂ ਤਾਂ ਜਾਣ ਕੇ ਤੈਨੂੰ ਉਥੋਂ ਜੱਟਾਂ ਵਿਚੋਂ ਉਠਾ ਲਿਆਇਆ ਹਾਂ। ਝਗੜਾ ਸਾਡੀ ਬਰਾਦਰੀ ਦਾ ਤੇ ਜੱਜ ਬਣ ਬਣ ਉਹ ਬਹਿੰਦੇ ਐ।” ਫੀਲੇ ਨਾਲ ਤਾਪੀ ਦਾ ਦਿਲ ਜਿੱਤਣ ਲਈ ਨਿੱਕੇ ਨੇ ਲੋੜ ਤੋਂ ਵਧ ਹੁਸ਼ਿਆਰੀ ਵਰਤੀ।
“ਭਾਈ ਚਾਹ ਬਣਾ ਦੇਵਾਂ ?” ਤਾਪੀ ਨੇ ਖ਼ਾਤਰਦਾਰੀ ਨੂੰ ਮੁਖ ਰਖਦਿਆਂ ਪੁੱਛ ਕੀਤੀ।
“ਨਹੀਂ ਬੇਬੇ ! ਕੋਈ ਲੋੜ ਨਹੀਂ, ਹੁਣੇ ਪੀਤੀ ਹੈ।”
“ਰੁਪਈਆ ਢਾਈ ਸੌ ਉਹਨਾਂ ਦਾ ਖਰਾ ਦੇਣਾ ਏਂ, ਹਾੜ੍ਹੀ ਨੂੰ ਦੇ ਦਿਆਂਗੇ।” ਫੀਲੇ ਨੂੰ ਰੁਪਈਏ ਦੇਣ ਲਈ ਮਾਨੇ ਵਲੋਂ ਪੂਰਾ ਭਰੋਸਾ ਸੀ।
“ਤੂੰ ਆਖੇਂ ਤਾਂ ਮੈਂ ਰੁਪਏ ਦੇ ਦੇਵਾਂ ?” ਭਾਵੇਂ ਨਿੱਕਾ ਦਿਲੋਂ ਰੁਪਈਏ ਦੇਣਾ ਨਹੀਂ ਚਾਹੁੰਦਾ ਸੀ, ਪਰ ਉਹ ਆਪਣੇ ਅਸੀਲ ਵਰਤਾ ਨਾਲ ਘਰ ਦੇ ਸਾਰੇ ਜੀਆਂ ਤੋਂ ਫੋਕੀ ਸ਼ਾਬਾਸ਼ ਲੈਣੀ ਚਾਹੁੰਦਾ ਸੀ।
“ਨਹੀਂ, ਤੇਰੀ ਮਿਹਰਬਾਨੀ ਭਰਾ।” ਫੀਲੇ ਨੇ ਨਾਂਹ ਕਰ ਦਿੱਤੀ।
“ਚਲ ਉਠ ਫੇਰ, ਉਹਨਾਂ ਤੋਂ ਖਹਿੜਾ ਛੁਡਾਈਏ।” ਨਿੱਕੇ ਨੇ ਆਪਣੀ ਵਲੋਂ ਹਮਦਰਦੀ ਜਤਾਉਣ ਦਾ ਜਤਨ ਕੀਤਾ। ਉਸ ਉਠਦਿਆਂ ਇਕ ਵਾਰ ਫਿਰ ਧੰਤੋ ਨੂੰ ਭਰਵੀਆਂ ਨਜ਼ਰਾਂ ਨਾਲ ਵੇਖਿਆ। ਉਸ ਇਕ ਵਾਰ ਆਪਣੇ ਆਪ ਨੂੰ ਮੁੜ ਤੋਲਿਆ ਕਿ ਮੈਂ ਫੀਲੇ ਦੀ ਹਮਾਇਤ ਕਰਵਾ ਕੇ ਇਕ ਚੰਗਾ ਕੰਮ ਹੀ ਕਰ ਰਿਹਾ ਹਾਂ।
ਫੀਲੇ ਨੇ ਜਾਂਦਿਆਂ ਜਗਨੇ ਪੰਡਤ ਨੂੰ ਵੀ ਹੱਟੀ ਉਤੋਂ ਉਠਾ ਲਿਆ, ਕਿਉਂਕਿ ਪਰ੍ਹੇ ਵਿਚ ਉਸ ਦੇ ਪੱਖ ਦੇ ਬੰਦੇ ਥੋੜੇ ਸਨ ਤੇ ਪੰਚਾਇਤ ਉਸ ਦੀ ਹੁੰਦੀ ਹੈ, ਜਿਸ ਦਾ ਪੱਖ ਭਾਰਾ ਹੋਵੇ। ਨਿੱਕੇ ਨੇ ਪੰਚਾਇਤ ਵਿਚ ਫੀਲੇ ਵਲੋਂ ਢਾਈ ਸੌ ਰੁਪਏ ਹਾੜੀ ਨੂੰ ਦੇਣ ਦਾ ਇਕਰਾਰ ਦੱਸਿਆ ਤੇ ਸਾਕ ਵਾਲੀ ਗੱਲ ਹਮੇਸ਼ਾ ਲਈ ਮੁਕਾ ਦਿੱਤੀ।
ਸਿਧਵਾਂ ਦੇ ਇਕ ਕਾਹਲੇ ਬੰਦੇ ਤੋਂ ਨਾ ਰਿਹਾ ਗਿਆ : “ਅੱਗੇ ਸਾਕ ਤੋਂ ਮੁਕਰ ਗਏ, ਹਾੜ੍ਹੀ ਨੂੰ ਰੁਪਈਆਂ ਤੋਂ ਨਾਂਹ ਕਰ ਦੇਣਗੇ, ਇਹਨਾਂ ਦਾ ਵਸਾਹ ਕੀ ਹੈ ? ਹਾਂ, ਸਾਨੂੰ ਅਸ਼ਟਾਮ ਕਰਵਾ ਦਿਉ।”
ਜਗਨੇ ਨੇ ਖੰਘੂਰਾ ਮਾਰਦਿਆਂ ਆਖਿਆ :
“ਓ ਖਾਲਸਾ ! ਰੁਪਈਏ ਤੁਹਾਡੇ ਅਮਾਨਤੀ ਐ, ਜੇ ਹੁਣ ਮੁਕਰ ਜਾਣ, ਤੁਸੀਂ ਕੀ ਲੱਤ ਭੰਨ ਦਿਓਗੇ, ਸ਼ਾਬਾਸ਼ ਆਖੋ, ਜਿਹੜੇ ਮੰਨੀ ਜਾਂਦੇ ਐ।”
ਬਾਹਮਣ ਦੀ ਇਕੋ ਟਕਾਵੀਂ ਗੱਲ ਨਾਲ ਜੱਟਾਂ ਤੇ ਝਿਊਰਾਂ ਦੇ ਦਿਮਾਗ਼ ਦਰੁਸਤ ਹੋ ਗਏ ਤੇ ਅਕਲ ਨੇ ਆਪਣਾ ਖ਼ਾਨਾ ਮੱਲ ਲਿਆ। ਭੋਲਾ ਵਿਆਹ ਵਲੋਂ ਹਮੇਸ਼ਾ ਲਈ ਬੇ-ਆਸ ਹੋ ਗਿਆ। ਅਖ਼ੀਰ ਨਿੱਕੇ ਨੂੰ ਜ਼ਾਮਨ ਲੈ ਕੇ ਗੱਲ ਉਤੇ ਮਿੱਟੀ ਪਾ ਦਿੱਤੀ ਗਈ।
13
ਹੋਰ ਦੋ ਮਹੀਨੇ ਸ਼ਾਂਤੀ ਨਾਲ ਲੰਘ ਗਏ। ਇਹਨਾਂ ਸ਼ਾਂਤੀ ਦੇ ਦੋ ਮਹੀਨਿਆਂ ਵਿਚ ਤਾਪੀ ਨੂੰ. ਜ਼ਿੰਦਗੀ ਪਹਿਲੀ ਵਾਰ ਚੰਗੀ ਲੱਗੀ ਸੀ। ਉਸ ਨੂੰ ਧੀ ਦੇ ਚੰਗੇ ਭਵਿਸ਼ ਦਾ ਚਾਅ ਅਤੇ ਖ਼ੁਸ਼ੀ ਚੜ੍ਹੀ ਰਹਿੰਦੀ। ਉਸ ਨੂੰ ਆਪਣੇ ਆਪ ਉਤੇ ਮਾਣ ਸੀ ਕਿ ਮੈਂ ਉਮਰ ਭਰ ਭੱਠ ਝੋਕਣ ਨਾਲ ਇਕ ਨੇਕੀ ਵਾਲਾ ਕੰਮ ਵੀ ਹਿੰਮਤ ਕਰ ਕੇ ਜਿੱਤ ਲਿਆ ਹੈ। ਉਹ ਧੰਤੋ ਨਾਲ ਸਹੇਲੀਆਂ ਵਾਂਗ ਹੱਸ ਲਿਆ ਕਰਦੀ ਸੀ। ਹੁਣ ਦੋਹਾਂ ਨੂੰ ਕੰਮ ਕਰਦਿਆਂ ਥਕੇਵਾਂ ਭੋਰਾ ਨਹੀਂ ਲੱਗਦਾ ਸੀ।
ਧੰਤੋ ਨੇ ਬੜੀਆਂ ਰੀਝਾਂ ਨਾਲ ਮੋਰਨੀਆਂ ਵਾਲੀ ਵਿਛਾਈ ਕੱਢੀ। ਜਿੰਨਾ ਸਮਾਂ ਉਹ ਵਿਛਾਈ ਕੱਢਦੀ ਰਹਿੰਦੀ, ਓਨਾ ਸਮਾਂ ਪਿਆਰ ਦਾ ਗੁੰਗਾ ਗੀਤ ਉਸ ਦੇ ਬੁੱਲ੍ਹਾਂ ਉਤੇ ਹੱਸਦਾ ਰਹਿੰਦਾ ਤੇ ਉਹ ਉਸ ਨੂੰ ਉੱਚੀ ਹੇਕ ਵਿਚ ਸ਼ਰਮ ਦੀ ਮਾਰੀ ਕਦੇ ਗਾ ਨਾ ਸਕਦੀ। ਪਰ ਉਸ ਦਾ ਦਿਲ ਗੁੰਗੀ- ਗਾਣ ਵਿਚ ਪੂਰਾ ਸੁਆਦ ਮਾਣ ਲੈਂਦਾ। ਅੱਗੇ ਧੰਤੋ ਦਾ ਮਨ ਬਾਪੂ ਦੀਆਂ ਮਾਂ ਨੂੰ ਦਿੱਤੀਆਂ ਗਾਲ੍ਹਾਂ ਤੋਂ ਬੜਾ ਭੈੜਾ ਹੋ ਜਾਇਆ ਕਰਦਾ ਸੀ, ਅਜਿਹੀ ਦੁਰਘਟਨਾ ਹੁਣ ਕਦੇ ਨਹੀਂ ਵਾਪਰੀ ਸੀ। ਫੀਲਾ ਜਦੋਂ ਅਫ਼ੀਮ ਮੰਗਦਾ, ਤਾਪੀ ਓਦੋਂ ਹੀ ਬੰਦੋਬਸਤ ਕਰ ਦੇਂਦੀ। ਮਾਂ ਧੀ ਨੂੰ ਜਾਪਦਾ, ਜਿਵੇਂ ਫੀਲਾ ਸੱਚੀਂ ਮੁੱਚੀਂ ਸੁਧਰ ਗਿਆ ਹੈ। ਉਸ ਦੇ ਯਾਰ ਕਾਰੇ ਵਲੋਂ ਮਾਂ ਧੀ ਦਾ ਮਨ ਸਾਫ਼ ਹੋ ਗਿਆ ਸੀ, ਕਿਉਂਕਿ ਉਸ ਨੇ ਕਿਸੇ ਤਰ੍ਹਾਂ ਦਾ ਵਿਰੋਧ ਕਰਨ ਦੀ ਥਾਂ, ਇਸ ਘਰ ਦੇ ਲਾਭ ਦੀ ਹਮੇਸ਼ਾ ਹਮਾਇਤ ਕੀਤੀ ਸੀ। ਜੇਕਰ ਹੁਣ ਉਹ ਦੋਵੇਂ ਕਿਤੇ ਇਕੱਠੇ ਹੋ ਕੇ ਸ਼ਰਾਬ ਪੀ ਲੈਂਦੇ, ਜਾਂ ਖਰੂਦ ਕਰ ਲੈਂਦੇ, ਤਦ ਮਾਂ ਧੀ ਨੂੰ ਬੁਰੇ ਨਾ ਲੱਗਦੇ।
ਇਹਨਾਂ ਸਾਰਿਆਂ ਵਿਚੋਂ ਫੀਲੇ ਨੇ ਬਹੁਤ ਖ਼ੁਸ਼ੀ ਮਹਿਸੂਸ ਕੀਤੀ ਸੀ, ਕਿਉਂਕਿ ਆਥਣ ਸਵੇਰ ਉਸ ਨੂੰ ਕੋਈ ਲਹਿਣੇਦਾਰ ਅਕਾਉਣ ਵਾਲਾ ਨਹੀਂ ਸੀ। ਪਰ ਇਸ ਦਾ ਇਹ ਵੀ ਮਤਲਬ ਨਹੀਂ ਸੀ ਕਿ ਦੇਣਾ ਮੁੱਕ ਗਿਆ। ਭਾਰ ਜਿਉਂ ਦਾ ਤਿਉਂ ਹੀ ਸੀ, ਪਰ ਉਸ ਨੂੰ ਭਾਰ ਘੱਟ ਮਹਿਸੂਸ ਹੁੰਦਾ ਸੀ। ਦੋ-ਦੋ, ਚਾਰ-ਚਾਰ ਕਰ ਕੇ ਜਗਨੇ ਦੇ ਸੱਠ ਸੱਤਰ ਰੁਪਏ, ਤਾਪੀ ਨੇ ਅਫ਼ੀਮ ਪੂਰੀ ਦੇਣ ਦੇ ਬਾਵਜੂਦ, ਸਿਰ ਚੜਾ ਲਏ ਸਨ। ਪੈਸੇ ਦੇਣ ਵੇਲੇ ਜਗਨਾ ਪੰਜ ਤਿੰਨ ਜ਼ਰੂਰ ਕਰਦਾ, ਪਰ ਜਦੋਂ ਸ਼ਰਾਬ ਲਈ ਫੀਲਾ ਮੰਗਦਾ, ਉਹ ਦੇ ਦੇਂਦਾ, ਕਿਉਂਕਿ ਇਸ ਕੰਮ ਵਿਚ ਉਹ ਆਪ ਵੀ ਤਾਂ ਬਰਾਬਰ ਸ਼ਰੀਕ ਹੁੰਦਾ ਸੀ।
ਗੱਲ ਕੀ, ਇਸ ਸਮੇਂ ਦੇ ਪ੍ਰਵਾਹ ਵਿਚ ਸਾਰਿਆਂ ਆਪਣੇ ਮਨ ਦੀਆਂ ਰੁਚੀਆਂ ਨੂੰ ਖੁਲ੍ਹਿਆਂ ਛੱਡ ਦਿੱਤਾ। ਕਾਰਾ ਹੁਣ ਕਈ ਕਈ ਦਿਨ ਫੀਲੇ ਕੋਲ ਰਹਿ ਪੈਂਦਾ। ਪਿੰਡ ਦੇ ਜੱਟ ਵੀ ਉਸ ਨੂੰ ਮਖ਼ੌਲ ਕਰਿਆ ਕਰਦੇ, ‘ਮਹਿਰੀ ਵੀ ਤੱਕੜੀ ਏ, ਤੇ ਤੂੰ ਵੀ ਹੱਥ ਧੋ ਕੇ ਮਗਰ ਲਗਾ ਏਂ, ਵੇਖੀਏ !’ ਪਰ ਉਹ ਮੁਸਕੜੀਏਂ ਹੱਸਦਾ ਤੇ ਹੱਥ ਜੋੜਦਾ ਅੱਗੇ ਲੰਘ ਜਾਂਦਾ, ਜਿਥੇ ਕੁਝ ਕਹਿਣਾ ਹੀ ਪੈਂਦਾ ਮੂੰਹ ਚੜੀ ਗੱਲ ਆਖਦਾ, “ਏਸ ਪਿੰਡ ਦੇ ਲੋਕ ਬੜੇ ਮਾੜੇ ਐ, ਕਿਸੇ ਨੂੰ ਕਿਵੇਂ ਵੀ ਦਿਨ ਨਹੀਂ ਤੋੜਨ ਦੇਂਦੇ।”
ਇਸ ਚੱਲ ਰਹੀ ਖ਼ੁਸ਼ੀ ਦਾ ਇਕ ਭੈੜੀ ਖ਼ਬਰ ਨੇ ਥਾਏਂ ਗਲ ਘੁੱਟ ਦਿੱਤਾ। ਤਾਪੀ ਹੱਥੋਂ ਭਾਂਡੇ ਛੁੱਟ ਗਏ, ਫੀਲੇ ਨੇ ਬੋਦੀਆਂ ਵਿਚ ਹੱਥ ਪਾ ਲਏ, ਧੰਤੋ ਡੌਰ ਭੌਰ ਹੋਈ ਚੌੜੀਆਂ ਅੱਖਾਂ ਨਾਲ ਵੇਖਣ ਤੇ ਵੀ ਕੁਝ ਨਹੀਂ ਵੇਖ ਰਹੀ ਸੀ। ਕਾਰਾ ਵੀ ਜੀ ਭਿਆਣਾ ਧਰਤੀ ਫੜ ਕੇ ਬਹਿ ਗਿਆ। ਗਾਲਬ ਤੋਂ ਆਉਣ ਵਾਲੇ ਨੇ ਦੱਸਿਆ, ਮਾਨਾ ਲੜਦੇ ਜੱਟਾਂ ਨੂੰ ਛੁਡਾਉਂਦਾ ਕਾਲਜੇ ਸੇਲਾ ਲੱਗ ਕੇ ਮਰ ਗਿਆ। ਘਰ ਵਿਚ ਅਜਿਹੀ ਸੁੰਨ ਵਰਤ ਗਈ, ਜਿਵੇਂ ਮੌਤ ਆਪ ਪਰ ਖੋਲ੍ਹੀ ਵਿਹੜੇ ਆ ਉਤਰੀ ਹੈ।
ਤਾਪੀ ਰੋਣ ਲੱਗ ਪਈ। ਉਸ ਨੂੰ ਰੋਣ ਇਸ ਤਰ੍ਹਾਂ ਭੁੱਬਾਂ ਭਰ ਭਰ ਅੰਦਰੋਂ ਉਠ ਕੇ ਆ ਰਿਹਾ ਸੀ, ਜਿਵੇਂ ਉਸ ਦਾ ਦੇਵਰ ਨਹੀਂ, ਸਗੋਂ ਭਰਾ ਮਰਿਆ ਹੈ। ਉਸ ਮਾਨੇ ਦੇ ਘਰ ਨੂੰ ਪੇਕੇ ਸਮਝਿਆ ਸੀ : ਜ਼ਿੰਦਗੀ ਵਿਚ ਮਿਲਿਆ ਇਕੋ ਇਕ ਹਮਦਰਦ ਗਵਾਚ ਗਿਆ। ਤਾਪੀ ਦੀ ਅਸਲੋਂ ਹੋਸ਼ ਮਾਰੀ ਗਈ। ਉਹ ਆਪਣੇ ਕੀਰਨਿਆਂ ਅਤੇ ਬਾਹੁੜੀ ਵਿਚ ਬੇਹਾਲ ਹੋਈ ਜਾ ਰਹੀ ਸੀ। ਧੰਤੋ ਦੀਆਂ ਵੀ ਚੀਕਾਂ ਨਿਕਲ ਗਈਆਂ। ਉਸ ਅੰਦਰ ਵੜ ਕੇ ਆਪਣਾ ਆਪ ਹੁੰਗਾਲ ਮਾਰਿਆ। ਆਂਢ ਗਵਾਂਢ ਦੀਆਂ ਜ਼ਨਾਨੀਆਂ ਉਹਨਾਂ ਨੂੰ ਆ ਕੇ ਸਾਂਭਿਆ ਅਤੇ ਦਿਲਬਰੀ ਦਿੱਤੀ।
ਫੀਲੇ ਅਤੇ ਕਾਰੇ ਕੋਲ ਵੀ ਲੋਕਾਂ ਨੇ ਆ ਕੇ ਗੋਡਾ ਨਿਵਾਇਆ ਅਤੇ ਮਾਨੇ ਦੇ ਗੁਣਾਂ ਦੀਆਂ, ਉਹਦੇ ਆਸਰੇ ਦੀਆਂ ਗੱਲਾਂ ਕੀਤੀਆਂ। ਕਿਉਂਕਿ ਮਾਨਾ ਬੱਦੋਵਾਲ ਪੱਲਿਆ ਸੀ ਤੇ ਕਈਆਂ ਜੱਟਾਂ ਦੇ ਫੀਲੇ ਨਾਲ ਖੂਹ ਵੀ ਲੁਹਾ ਗਿਆ ਸੀ। ਜਿਸ ਵੀ ਮਾਨੇ ਦੀ ਮੌਤ ਸੁਣੀ, ਉਸ ਹੀ ਹਾਅ ਦਾ ਨਾਅਰਾ ਮਾਰਿਆ।
ਮਾਨੇ ਦੇ ਪਿੰਡ ਜਾ ਕੇ ਫੀਲਾ ਉਸ ਦੇ ਨਿਆਣਿਆਂ ਨੂੰ ਵੇਖ ਕੇ ਬਹੁਤ ਹੀ ਰੋਇਆ। ਉਸ ਨੂੰ ਅੱਜ ਮੁੜ ਮੁੜ ਚੇਤੇ ਆ ਰਿਹਾ ਸੀ ਕਿ ਭਾਰਾ ਕਬੀਲਦਾਰ ਹੁੰਦਿਆਂ ਵੀ ਮਾਨੇ ਨੇ ਉਸ ਦੀ ਕਿੰਨੀ ਵਾਰ ਮਦਦ ਕੀਤੀ ਸੀ। ਪਰ ਅੱਜ ਆਪ ਉਹ ਇਸ ਹਾਲਤ ਵਿਚ ਨਹੀਂ ਸੀ ਕਿ ਮਾਨੇ ਦੀ ਟਬਰੀ ਨੂੰ ਕਿਸੇ ਤਰ੍ਹਾਂ ਦਾ ਸਹਾਰਾ ਦੇ ਸਕਦਾ। ਏਹੀ ਅੰਦਰਲਾ ਦੁੱਖ ਉਸ ਨੂੰ ਖਾਈ ਜਾ ਰਿਹਾ ਸੀ। ਮਾਨੇ ਦੀ ਮੌਤ ਨੇ ਤਾਪੀ ਦੀ ਤਾਂ ਇਕ ਪ੍ਰਕਾਰ ਮੱਤ ਹੀ ਮਾਰ ਸੁੱਟੀ। ਉਸ ਵਿਚਾਰੀ ਨੂੰ ਮਾਨੇ ਦਾ ਰੱਬ ਵਰਗਾ ਆਸਰਾ ਸੀ। ਰਿਸ਼ਤੇਦਾਰਾਂ ਤੇ ਹੋਰ ਯਾਰਾਂ ਦੀ ਇਕ ਤਰ੍ਹਾਂ ਰੀੜ੍ਹ ਦੀ ਹੱਡੀ ਟੁੱਟ ਗਈ, ਜਿਹੜੇ ਜੀਊਣ ਲਈ ਤਾਂ ਮਜਬੂਰ ਸਨ, ਪਰ ਉਠ ਕੇ ਖਲੋਣ ਜੋਗੇ ਨਹੀਂ ਰਹੇ ਸਨ।
ਮਾਨਾ ਫੀਲੇ ਦੇ ਘਰ ਮਰ ਕੇ ਅਜਿਹਾ ਜ਼ਖ਼ਮ ਦੇ ਗਿਆ, ਜਿਸ ਦੇ ਰਾਜ਼ੀ ਹੋਣ ਦਾ ਸਵਾਲ ਨਹੀਂ ਪੈਦਾ ਹੁੰਦਾ ਸੀ ਤੇ ਨਾਸੂਰ ਉਹ ਕਦੇ ਵੀ ਬਣ ਸਕਦਾ ਸੀ।
ਹਾੜ੍ਹੀ ਤਕ ਦਿਨ ਭੈੜੇ ਹੀ ਟੁੱਟੇ। ਮਾਨੇ ਦੇ ਸੋਗ ਅਤੇ ਕਰਜ਼ਾ ਦੇਣਾ ਨੇੜੇ ਆਉਣ ਕਾਰਨ ਫੀਲੇ ਦੇ ਦਿਲ ਦਾ ਚੈਨ, ਗਵਾਚਿਆ ਰਿਹਾ। ਜਿੰਨਾ ਚਿਰ ਅਫ਼ੀਮ ਕੋਲੇ ਹੁੰਦੀ, ਉਹ ਕਾਰੇ ਦੇ ਵਰਜਨ ਤੇ ਵੀ ਖਾਈ ਜਾਂਦਾ। ਉਸ ਦੇ ਅੰਦਰ ਕੋਈ ਜਿੰਨ ਵੜ ਬੈਠਾ ਸੀ, ਜਿਹੜਾ ਤਰੋਟ ਸਮੇਂ ਉਸ ਦਾ ਅੰਦਰ ਵੱਢ ਵੱਢ ਖਾਣ ਲੱਗ ਪੈਂਦਾ। ਜਗਨੇ ਨੇ ਹਾੜੀ ਆਉਣ ਤੋਂ ਪਹਿਲਾਂ ਚੁਸਤੀ ਨਾਲ ਦੋ ਵਾਰ ਰੁਪਏ ਮੰਗ ਵੇਖੇ ਸਨ। ਪਹਿਲੋਂ ਮੰਗਣ ਦਾ ਭਾਵ ਇਹ ਸੀ ਕਿ ਫੀਲਾ ਕਿਤੇ ਹਾੜੀ ਨਾ ਖੁੰਝਾ ਦੇਵੇ। ਜਗਨਾ ਸਿਧਵਾਂ ਵਾਲਿਆਂ ਦੇ ਰੁਪਏ ਮੋੜਨ ਦੇ ਹੱਕ ਵਿਚ ਨਹੀਂ ਸੀ। ਉਹ ਇਕ ਦੋ ਵਾਰ ਫੀਲੇ ਅਤੇ ਕਾਰੇ ਨੂੰ ਇਸ਼ਾਰਾ ਵੀ ਦੇ ਚੁੱਕਾ ਸੀ ਕਿ ਅਮਾਨਤੀ ਰੁਪਏ ਹਨ, ਕਿਸੇ ਦੇ ਸਾਹਮਣੇ ਦਿੱਤੇ ਨਹੀਂ, ਕਿਹੜਾ ਅਸ਼ਟਾਮ ਕਰਾਇਆ ਏ, ਦਾਅਵਾ ਕਰ ਕੇ ਲੈਣੋਂ ਰਿਹਾ। ਪਰ ਫੀਲੇ ਤੇ ਕਾਰੇ ਨੂੰ ਬਾਹਮਣ ਦੀ ਇਹ ਰਾਇ ਜਚੀ ਨਹੀਂ ਸੀ। ਉਹਨਾਂ ਦੇ ਖ਼ਿਆਲ ਵਿਚ ਬਾਹਮਣ ਉਹਨਾਂ ਦਾ ਲੋਕਾਂ ਅਤੇ ਬਰਾਦਰੀ ਵਿਚ ਨੱਕ ਵਢਾਉਣਾ ਚਾਹੁੰਦਾ ਹੈ। ਬਾਹਮਣ ਦੀ ਚਲਾਕੀ ਇਹ ਸੀ ਕਿ ਜੇ ਫੀਲੇ ਨੇ ਸਿਧਵਾਂ ਵਾਲਿਆਂ ਦੇ ਰੁਪਏ ਮੋੜਨੇ ਹੋਏ ਮੈਨੂੰ ਹਾੜੀ ਨੂੰ ਲੈਣ ਦੇਣ ਨੂੰ ਕੁਝ ਨਹੀਂ ਬਚਣਾ। ਇਹ ਤਾਂ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਹਾੜ੍ਹੀ ਦੀ ਫ਼ਸਲ ਉਤੇ ਜੇ ਸਾਰੇ ਮਰ ਪਿੰਨ ਕੇ ਵੀ ਚਾਰਾ ਮਾਰਨ, ਤਦ ਦੋ ਸੌ ਰੁਪਏ ਤੋਂ ਵਧ ਕਮਾਈ ਨਹੀਂ ਕਰ ਸਕਦੇ : ਅੱਗੇ ਇਹ ਵੀ ਖ਼ਿਆਲ ਸੀ ਕਿ ਸਿਧਵਾਂ ਵਾਲਿਆਂ ਦੇ ਰੁਪਏ ਆਪੇ ਮਾਨਾ ਮੋੜ ਦੇਵੇਗਾ, ਪਰ ਹੁਣ ਤਾਂ ਉਲਟਾ ਮਾਨੇ ਦੀ ਟੱਬਰੀ ਸਹਾਇਤਾ ਦੀ ਲੋੜਵੰਦ ਸੀ। ਬਾਹਮਣ ਦੀਆਂ ਠੋਸ ਦਲੀਲਾਂ ਦੇ ਬਾਵਜੂਦ ਫੀਲੇ ਨੇ ਇਹ ਅਸਰ ਨਾ ਲਿਆ ਕਿ ਭੋਲੇ ਦੇ ਰੁਪਏ ਮੋੜਨੇ ਨਹੀਂ।”
ਹਾੜ੍ਹੀ ਦੇ ਦਿਨਾਂ ਵਿਚ ਤਾਪੀ ਨੇ ਜਾਨ ਤੋੜ ਕੇ ਮਿਹਨਤ ਕੀਤੀ, ਸਾਰੀ ਸਾਰੀ ਦਿਹਾੜੀ ਦੋਵੇਂ ਮਾਵਾਂ ਧੀਆਂ ਖੇਤਾਂ ਦੀ ਖੱਖ ਛਾਣਦੀਆਂ ਰਹੀਆਂ। ਜੋ ਫੀਲੇ ਤੋਂ ਸਰੀ, ਉਸ ਵੀ ਵਾਹ ਲਾਈ।
ਵਾਢਿਆਂ ਨੂੰ ਖੇਤਾਂ ਵਿਚ ਮਸ਼ਕ ਨਾਲ ਪਾਣੀ ਪਾ ਪਾ ਜਿੰਨਾ ਲਾਂਗਾ ਮਿਲਿਆ, ਇਕ ਥਾਂ ਇਕੱਠਾ ਕਰਦਾ ਰਿਹਾ। ਲਾਂਗਾ ਅਤੇ ਮਾਂ ਧੀ ਦਾ ਚੁਗਿਆ ਸਿਲਾ ਗਾਹਿਆ ਤੇ ਉਡਾਇਆ, ਪਰ ਮਿਹਨਤ ਦਾ ਨਤੀਜਾ ਓਹੀ ਬਾਰ੍ਹਾਂ ਤੇਰਾਂ ਮਣ ਦਾਣੇ ਸਨ, ਜਿਹੜੇ ਸਿਧਵਾਂ ਦੀ ਵੀ ਰਕਮ ਨਹੀਂ ਪੂਰੀ ਕਰਦੇ ਸਨ। ਬਾਹਮਣ ਨੇ ਦਾਣੇ ਖਿੱਚਣ ਲਈ ਬੜਾ ਤਾਣ ਲਾਇਆ, ਉਸ ਕਾਰੇ ਨੂੰ ਵੀ ਹਲੂਣਿਆ, ਪਰ ਫੀਲਾ ਹਰ ਵਾਰੀ ਆਖਦਾ, “ਪੰਡਤਾ ! ਕਿਸੇ ਤਰ੍ਹਾਂ ਸਿਧਵਾਂ ਵਾਲਿਆਂ ਦੇ ਰੁਪਏ ਪੂਰੇ ਹੋ ਜਾਣ ਦੇ, ਫਿਰ ਤੇਰੇ ਲਈ ਵੀ ਢੌ-ਬੰਨਾ ਲਾਵਾਂਗਾ।” ਜਗਨੇ ਨੂੰ ਇਹ ਗੱਲ ਮੁੱਢੋਂ ਚੰਗੀ ਨਹੀਂ ਲੱਗਦੀ ਸੀ।
ਕਿਉਂਕਿ ਰਕਮ ਤਾਂ ਭੋਲੇ ਦੀ ਹੀ ਪੂਰੀ ਨਹੀਂ ਹੁੰਦੀ ਸੀ ਅਤੇ ਉਤੋਂ ਮਕਾਨ ਦੀਆਂ ਸਰਕਾਰੀ ਕਿਸ਼ਤਾਂ ਆਉਣ ਵਾਲੀਆਂ ਸਨ, ਜਿਹੜੀਆਂ ਪਾਲੇ ਤੇ ਹਾਲੇ ਵਾਂਗ ਟਾਲੀਆਂ ਨਹੀਂ ਜਾ ਸਕਦੀਆਂ ਸਨ।
ਜਦ ਨਰਮੀ ਨਾਲ ਬਾਹਮਣ ਨੇ ਕੰਮ ਬਣਦਾ ਨਾ ਵੇਖਿਆ, ਤਦ ਗਿਲੇ ਗੁਜ਼ਾਰੀ ਵਾਲੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦ ਉਹਨਾਂ ਦਾ ਵੀ ਫੀਲੇ ਉਤੇ ਕੋਈ ਅਸਰ ਨਾ ਵੇਖਿਆ, ਤਦ ਉਸ ਯਾਰੀ ਨੂੰ ਛਿਕੇ ਟੰਗ ਪੰਚਾਇਤ ਵਿਚ ਦਾਅਵਾ ਕਰਨ ਲਈ ਕਾਰੇ ਨੂੰ ਕਹਿ ਸੁਣਾਇਆ।
ਕਾਰੇ ਤੋਂ ਆਖਣੋਂ ਨਾ ਰਿਹਾ ਗਿਆ :
“ਬਾਹਮਣਾ ! ਤੂੰ ਨਾਲ ਹੱਡ ਖਾਂਦਾ ਰਿਹਾ ਹੈਂ, ਹੁਣ ਲੂਣ-ਹਰਾਮ ਕਰਦਾ ਏਂ ਵੇਖ ਲੈ, ਸਾਰਿਆਂ ਤੈਨੂੰ ਲਾਹਨਤ ਦੇਣੀ ਹੈ ?”
ਜਦ ਕਾਰੇ ਨੇ ਜਗਨੇ ਦੇ ਦਾਅਵੇ ਦੀ ਗੱਲ ਫੀਲੇ ਨੂੰ ਦੱਸੀ, ਉਸ ਨੂੰ ਗੁੱਸਾ ਚੜ੍ਹ ਗਿਆ ਅਤੇ ਆਪਣੀ ਦਾਹੜੀ ਖਿਚਦਿਆਂ ਜਗਨੇ ਨੂੰ ਆਖਿਆ :
“ਤੇਰਾ ਕੀ ਦੇਣਾ ਓਏ ਬਾਹਮਣਾ ! ਲਿਆ ਵਿਖਾ ਅਸ਼ਟਾਮ ?”
“ਫੀਲੇ ਦੀ ਖਰੀ ਤੇ ਇਨਕਾਰ ਵਾਲੀ ਗੱਲ ਸੁਣ ਕੇ ਜਗਨੇ ਦਾ ਦਿਮਾਗ਼ ਟਿਕਾਣੇ ਆ ਗਿਆ ਅਤੇ ਉਹ ਵਿਚੇ ਵਿਚ ਵਿਹੁ ਘੋਲਣ ਲੱਗ ਪਿਆ। ਫਿਰ ਉਸ ਅਜਿਹੀਆਂ ਵਿਉਂਤਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਸੇ ਤਰ੍ਹਾਂ ਮਿੱਠਾ ਪਿਆਰਾ ਹੋ ਕੇ ਇਸ ਤੋਂ ਪਰੋਨੋਟ ਕਰਵਾ ਲਵਾਂ। ਪਰ ਫੀਲੇ ਦਾ ਮਨ ਉਸ ਤੋਂ ਬੁਰੀ ਤਰ੍ਹਾਂ ਖੱਟਾ ਹੋ ਚੁੱਕਾ ਸੀ। ਉਹ ਯਾਰ ਸਮਝ ਕੇ ਉਸ ਤੋਂ ਇਸ ਔਕੜ ਸਮੇਂ ਥੋੜੀ ਬਹੁਤ ਸਹਾਇਤਾ ਦੀ ਆਸ ਰੱਖੀ ਬੈਠਾ ਸੀ ਤੇ ਜਗਨਾ ਉਲਟਾ ਗਲੋਂ ਕਪੜੇ ਲੁਹਾਉਂਦਾ ਸੀ। ਉਹਨਾਂ ਦੋਹਾਂ ਵਿਚਕਾਰ ਪਾੜ ਘਟਣ ਦੀ ਥਾਂ ਸਗੋਂ ਵਧਦਾ ਹੀ ਗਿਆ। ਪਰ ਮੁੜ ਕੇ ਬਾਹਮਣ ਨੇ ਫੀਲੇ ਤੋਂ ਰੁਪਏ ਮੰਗਣ ਦਾ ਹੀਆ ਨਾ ਕੀਤਾ। ਦੂਜੇ ਉਸ ਨੂੰ ਇਹ ਵੀ ਡਰ ਸੀ ਕਿ ਮੈਂ ਇਸੇ ਦੇ ਕਰਜ਼ੇ ਦਾ ਜ਼ਾਮਨ ਵੀ ਹਾਂ। ਜੇ ਅਸਲ ਕਰਜ਼ਦਾਰ ਕਿਸ਼ਤਾਂ ਵੇਲੇ ਸਿਰ ਨਾ ਮੋੜੇ, ਸਰਦਾਰ ਜ਼ਾਮਨ ਦੇ ਗਲ ਸਾਫਾ ਪਾ ਲੈਂਦੀ ਸੀ। ਇਸ ਦੇ ਉਲਟ ਕਾਰੇ ਦੀ ਫੀਲੇ ਨਾਲ ਯਾਰੀ ਅੱਗੇ ਨਾਲੋਂ ਵੀ ਸੰਘਣੀ ਹੁੰਦੀ ਗਈ। ਉਸ ਦਾ ਵੱਡਾ ਕਾਰਨ ਇਹ ਸੀ ਕਿ ਜੇ ਉਹ ਬਹੁਤੀ ਆਰਥਕ ਸਹਾਇਤਾ ਦੇਣ ਜੋਗਾ ਨਹੀਂ ਸੀ, ਤਦ ਫੀਲੇ ਦੀ ‘ਹਾਂ’ ਵਿਚੋਂ ‘ਹਾਂ’ ਬਾਹਰ ਨਹੀਂ ਕੱਢਦਾ ਸੀ।
ਸਿਧਵਾਂ ਵਾਲੇ ਭੋਲੇ ਨੇ ਨੱਥਾ ਸਿੰਘ ਜੱਟ ਰਾਹੀਂ ਰੁਪਈਏ ਆ ਮੰਗੇ। ਫੀਲੇ ਨੇ ਇਕ ਸੌ ਪੰਜਾਹ ਉਹਨਾਂ ਅੱਗੇ ਰੱਖਦਿਆਂ ਆਖਿਆ :
“ਆਹ ਹਾਜ਼ਰ ਐ, ਬਾਕੀਆਂ ਲਈ ਝੋਟੀ ਮੰਡੀ ਤੇ ਲਿਜਾਵਾਂਗਾ।”
ਨੱਥਾ ਸਿੰਘ ਦੇ ਸਾਲੇ ਨੇ ਨੱਕ-ਬੁੱਲ੍ਹ ਚੜਾਉਂਦਿਆਂ ਕਿਹਾ :
“ਤੇਰਾ ‘ਕਰਾਰ ਸਾਰੇ ਦੇਣ ਦਾ ਸੀ, ਸਾਨੂੰ ਨਹੀਂ ਪਤਾ ਪੂਰੇ ਕਰ।”
“ਓਏ ਸਰਦਾਰਾ !” ਕਾਰੇ ਤੋਂ ਆਖਣੋਂ ਨਾ ਰਿਹਾ ਗਿਆ, “ਨਾ ਨਾ, ਸਿਧੇ ਪਏ ਨੂੰ ਸ਼ੇਰ ਵੀ ਨਹੀਂ ਖਾਂਦਾ। ਇਕ ਸੌ ਪੰਜਾਹ ਤੁਹਾਡੇ ਅੱਗੇ ਬਿਨਾਂ ਕਿਸੇ ਟਾਲੇ ਲਾਰੇ ਲਿਆ ਰੱਖੇ, ਬਾਕੀ ਮਹੀਨੇ ਖੰਡ ਤਕ ਮਿਲ ਜਾਣਗੇ, ਹੋਰ ਤੁਹਾਨੂੰ ਚਾਹੀਦਾ ਕੀ ਐ ?”
“ਸਾਨੂੰ ਚਾਹੀਦੇ ਐ ਰੁਪਈਏ, ਜਿਹੜੇ ਝੋਲੀ ਪੁਆ ਕੇ ਲਿਆਇਆ ਸੀ।”
“ਕਾਹਦੇ ਪਿੱਛੇ ਤਲਖ਼ੀ ਕਰਦੇ ਓ, ਹੁਣ, ਇਕ ਮਹੀਨੇ ਲਈ।” ਫੀਲੇ ਨੇ ਗੱਲ ਮੱਠੀ ਪਾਉਣ ਲਈ ਕਿਹਾ।
“ਤੁਸੀਂ ਭੁਆਲੀਆਂ ਦਿਓ, ਦੱਸੋ ਹੋਰ ਕਿੰਨੇ ਚਾਹੀਦੇ ਹਨ ?” ਭੋਲੇ ਨੇ ਚਰੋਕਣੀ ਰੋਕੀ ਗੱਲ ਆਖ ਹੀ ਦਿੱਤੀ, ਜਿਹੜੀ ਉਹ ਨੱਥਾ ਸਿੰਘ ਦੇ ਸਾਲੇ ਨੂੰ ਸਾਰੇ ਰਾਹ ਪੱਕੀ ਕਰਦਾ ਆਇਆ ਸੀ।
“ਉਸ ਗੱਲ ਦਾ ਤਾਂ ਹੁਣ ਨਾਂ ਹੀ ਨਾ ਲਵੋ।” ਫੀਲੇ ਨੂੰ ਜਿਵੇਂ ਇਹ ਗੱਲ ਜ਼ਹਿਰ ਵਰਗੀ ਲੱਗਦੀ ਸੀ।
“ਕਿਉਂ ਨਾਂ ਕਾਹਤੋਂ ਨਾ ਲਵੋ ?” ਨੱਥਾ ਸਿੰਘ ਨੇ ਠੱਲ੍ਹ ਪਾਉਣੀ ਚਾਹੀ। “ਹਾਲੇ ਡੁੱਲ੍ਹੇ ਬੇਰਾਂ ਦਾ ਕੀ ਵਿਗੜਿਆ ਏ।”
“ਜਿੰਨੀ ਨਾਤੀ ਓਨਾ ਹੀ ਪੁੰਨ, ਤੁਸੀਂ ਰੁਪਏ ਚੁੱਕਣ ਵਾਲੀ ਗੱਲ ਕਰੋ।” ਕਾਰਾ ਫੀਲੇ ਦੀ ਪੈੜ ਵਿਚੋਂ ਪੈੜ ਬਾਹਰ ਨਹੀਂ ਕੱਢਦਾ ਸੀ।
ਹੋਰ ਕੋਈ ਚਾਰਾ ਨਾ ਚਲਦਾ ਵੇਖ ਕੇ ਭੋਲੇ ਨੇ ਰੁਪਏ ਚੁੱਕ ਲਏ ਅਤੇ ਕਾਰਾ ਤੇ ਫੀਲਾ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਤੁਰ ਆਏ।
“ਕਾਰਿਆ ! ਝੋਟਾ ਕਿੰਨਾ ਕਮੀਨਾ ਨਿਕਲਿਆ।” ਫੀਲੇ ਨੂੰ ਹੁਣ ਸ਼ਰਾਬ ਦਾ ਪੂਰਾ ਨਸ਼ਾ ਆ ਗਿਆ ਸੀ।
“ਮੈਂ ਤਾਂ ਬਾਈ ਤੈਨੂੰ ਅੱਗੇ ਈ ਆਖਣ ਵਾਲਾ ਸੀ, ਬਾਹਮਣ ਕਾਣੀ ਕੌਡੀ ਦਾ ਬੰਦਾ ਨਹੀਂ।” ਕਾਰੇ ਨੇ ਪੱਗ ਲਾਹ ਕੇ ਮੰਜੇ ਦੇ ਪਾਵੇ ਉਤੇ ਰੱਖ ਦਿੱਤੀ।
“ਫੇਰ ਤੂੰ ਆਖਿਆ ਕਾਹਤੋਂ ਨਾ।”
“ਇਕ ਤਾਂ ਯਾਰੀ ਦਾ ਮੂੰਹ ਮਾਰਦਾ ਸੀ, ਦੂਆ ਤੂੰ ਆਂਹਦਾ ਚੁਗਲੀ ਕਰਦਾ ਏ।” ਕਾਰੇ ਨੇ ਹਾਮੀ ਭਰਵਾਉਣ ਲਈ ਗੰਜਾ ਸਿਰ ਹਿਲਾਇਆ। “ਨਾ ਨਾ, ਇਹ ਜਾਤ ਕਿਤੇ ਮੂੰਹ ਲਾਉਣ ਵਾਲੀ ਏ, ਤੀਜਾ ਰਲਿਆ, ਘਰ ਗਲਿਆ।”
“ਪਰ ਉਸ ਦਾ ਮੂੰਹ ਮੋਟਾ ਵੇਖ ਕੇ ਕੋਲੋਂ ਦੀ ਲੰਘਿਆ ਨਹੀਂ ਜਾਂਦਾ।” ਫੀਲੇ ਨੂੰ ਇਕ ਪਛਤਾਵਾ ਵੀ ਸੀ।
“ਫੇਰ…?” ਇਸ ਤੋਂ ਅਗਾਂਹ ਜਿਵੇਂ ਕਾਰੇ ਦੀ ਅਕਲ ਜਵਾਬ ਦੇ ਗਈ ਸੀ।
“ਫੇਰ ਕੀ, ਯਾਰ ਤੋਂ ਹੋ ਜਾਵੇ, ਆਪਣੇ ਤੋਂ ਨਾ ਹੋਵੇ, ਉਹਦੇ ਰੁਪਈਏ ਮੋੜਨੇ ਐ ਆਥਣ ਸਵੇਰ ਈ।”
“ਰੁਪਈਏ ਉਹਨੂੰ ਹੁਣ ਕਾਹਦੇ ਮੋੜਨੇ ਐ, ਸਾਲਾ ਦਾਅਵਾ ਕਰਦਾ ਸੀ।”
“ਨਾ ਓਏ ਕਾਰੂ ! ਲੋਕ ਆਖਣਗੇ, ਬਾਹਮਣ ਨਾਲ ਰਲ ਕੇ ਯਾਰ ਮਾਰ ਕਰ ਲਈ। ਰੁਪਈਏ ਤਾਂ ਲਏ ਐ ਨਾ ਆਪਾਂ ? ਉਹ ਜਾਣੇ ਜੇ ਉਸ ਦਸ ਵੀਹ ਦੀ ਹੇਰਾ ਫੇਰੀ ਵੀ ਕਰ ਲਈ ਹੋਵੇ।” ਫੀਲੇ ਨੇ ਕੌਲੀ ਵਿਚੋਂ ਅਚਾਰ ਦੀ ਫਾੜੀ ਚੁੱਕ ਲਈ।
“ਨਾ ਨਾ, ਹੱਡ ਓਸ ਘੱਟ ਖਾਧਾ ਸੀ ਨਾਲ ?” ਕਾਰੇ ਨੇ ਸ਼ਰਾਬ ਵਾਲੇ ਅਧੀਏ ਨੂੰ ਗਲੋਂ ਫੜ ਲਿਆ, “ਸਾਹਬ ਆਂਹਦਾ ਸੀ, ਜਿਥੇ ਹਿਸਾਬ ਚਲਦੇ ਐ, ਓਥੇ ਯਾਰੀਆਂ ਨਹੀਂ ਪੁੱਗਦੀਆਂ।” ਕਾਰੇ ਨੂੰ ਆਪਣੀ ਯਾਰੀ ਉਤੇ ਲੱਖ ਮਣਾਂ ਮਾਣ ਸੀ। ਉਸ ਫੀਲੇ ਨੂੰ ਖਾਣ ਨਾਲੋਂ ਖੁਆਇਆ ਕਿਤੇ ਬਹੁਤਾ ਸੀ, ਦੂਜੇ ਅਰਥਾਂ ਵਿਚ ਉਸ ਫੀਲੇ ਕੋਲੋਂ ਲੁਕਾਇਆ ਹੀ ਕੁਝ ਨਹੀਂ ਸੀ।
“ਕਾਰਿਆ ! ਕੱਲ੍ਹ ਲਲਤੋਂ ਵਾਲਾ ਨਿੱਕਾ ਮਿਲਿਆ ਸੀ।” ਫੀਲੇ ਨੇ ਨਵੀਂ ਗੱਲ ਤੋਰੀ।
“ਬਾਈ ! ਉਹ ਵੀ ਭੈਣ ਦਾ ਦੇਣਾ ਏਂ।” ਕਾਰੇ ਨੇ ਪੈਂਦੀ ਸੱਟ ਹੀ ਨਿੱਕੇ ਨੂੰ ਗਾਲ੍ਹ ਕੱਢ ਮਾਰੀ।
“ਚਲ ਆਪਾਂ ਨੂੰ ਕੀ।” ਫੀਲੇ ਨੇ ਗੱਲ ਅਗਾਂਹ ਵਧਾਈ, “ਪੁੱਛਦਾ ਸੀ, ਸਿਧਵਾਂ ਵਾਲਿਆਂ ਦੇ ਰੁਪਈਏ ਮੋੜ ਦਿੱਤੇ, “ਮੈਂ ਕਿਹਾ ਸੌ ਰਹਿੰਦਾ ਏ।” ਤਦ ਉਸ ਆਖਿਆ, “ਉਹ ਵੀ ਦੇ ਦੇਂਦੇ, ਜੇ ਨਹੀਂ ਸੀ ਤਾਂ ਫੜ ਕੇ ਲੈ ਜਾਂਦੇ।” ਹੁਣ ਮੇਰਾ ਜੀਅ ਕਰਦਾ ਏ, ਉਸ ਤੋਂ ਰੁਪਈਏ ਲੈ ਕੇ ਬਾਹਮਣ ਤੋਂ ਸਖਾਲੇ ਹੋਈਏ, ਐਵੇਂ ਵਹਿੜ ਵਾਂਗੂੰ ਝਾਕ ਝਾਕ ਲੰਘਦਾ ਏ ਝੋਟਾ !!”
“ਤੇਰੀ ਮਰਜ਼ੀ ਐ।” ਕਾਰਾ ਇਸ ਤਰ੍ਹਾਂ ਵੀ ਤਿਆਰ ਹੋ ਗਿਆ।
“ਤੂੰ ਕੱਲ੍ਹ ਨੂੰ ਉਸ ਤੋਂ ਪਤਾ ਲੈ ਕੇ ਆਵੀਂ, ਜੇ ਨਿੱਕਾ ਮੰਨ ਗਿਆ ਆਪਾਂ ਬਾਹਮਣ ਗ਼ੁੱਸੇ ਨਹੀਂ ਰੱਖਣਾ, ਭਾਵੇਂ ਕੁਝ ਹੋ ਜਾਵੇ।” ਫੀਲੇ ਨੇ ਆਖਰੀ ਪੈੱਗ ਪਾ ਲਿਆ। ਤਾਪੀ ਨੇ ਉਹਨਾਂ ਅੱਗੇ ਰੋਟੀ ਲਿਆ ਰੱਖੀ। ਉਸ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ।
ਕਾਰੇ ਨੇ ਅਗਲੇ ਦਿਨ ਨਿੱਕੇ ਨਾਲ ਜਾ ਗੱਲ ਕੀਤੀ। ਉਸ ਏਧਰ ਓਧਰ ਦੀਆਂ ਲਿੱਚੀਆਂ ਮਾਰੀਆਂ, ਪਰ ਅਖ਼ੀਰ ਮੰਨ ਗਿਆ। ਉਸ ਕਾਰੇ ਨੂੰ ਆਖਿਆ, ਫੀਲਾ ਆਪ ਆ ਕੇ ਗੱਲ ਕਰੇ। ਗੱਲ ਇਕ ਸੌ ਦੀ ਥਾਂ ਦੋ ਸੌ ਉਤੇ ਜਾ ਟੁੱਟੀ। ਨਿੱਕੇ ਨੇ ਫੀਲੇ ਨੂੰ ਸਲਾਹ ਦਿੱਤੀ ਕਿ ਝੋਟੀ ਨਾ ਵੇਚੋ, ਹੋਰ ਸਾਲ ਭਰ ਤਕ ਮਹਿੰ ਬਣ ਜਾਵੇਗੀ। ਸਿਧਵਾਂ ਵਾਲਿਆਂ ਦੇ ਵੀ ਰੁਪਈਏ ਲਾਹ ਦੇਵੋ। ਭੋਲੇ ਦਾ ਉਹ ਇਕ ਤਰ੍ਹਾਂ ਦਾ ਜ਼ਾਮਨ ਸੀ, ਇਸ ਕਾਰਨ ਵੀ ਉਹਨਾਂ ਦੇ ਰੁਪਏ ਦਿਵਾਉਣ ਲਈ ਜ਼ੋਰ ਦੇ ਰਿਹਾ ਸੀ।
ਫੀਲੇ ਨੇ ਨਿੱਕੇ ਦੀ ਸਲਾਹ ਮਗਰ ਲਗਦਿਆਂ ਉਸ ਦੇ ਪਰੋਨੋਟ ਉਤੇ ਅੰਗੂਠਾ ਲਾ ਦਿੱਤਾ ਅਤੇ ਦੋ ਸੌ ਰੁਪਈਆ ਲੈ ਕੇ ਦੋਵੇਂ ਧੋਣੇ ਧੋ ਸੁੱਟੇ। ਉਸ ਭੋਲੇ ਅਤੇ ਜਗਨੇ ਦੇ ਰੁਪਈਏ ਲਾਹ ਕੇ ਆਪਣੇ ਆਪ ਨੂੰ ਹੌਲਾ ਹੌਲਾ ਪ੍ਰਤੀਤ ਕੀਤਾ। ਪਰ ਜੇ ਅਸਲੀਅਤ ਵੱਲ ਨਜ਼ਰ ਮਾਰੀ ਜਾਵੇ, ਕਰਜ਼ਾ ਪਹਿਲਾਂ ਨਾਲੋਂ ਘਟਿਆ ਨਹੀਂ, ਸਗੋਂ ਵਧ ਗਿਆ ਸੀ। ਕਿਉਂਕਿ ਪਹਿਲੀਆਂ ਦੋਹਾਂ ਰਕਮਾਂ ਨੂੰ ਵਿਆਜ ਨਹੀਂ ਪੈ ਰਿਹਾ ਸੀ ਤੇ ਨਿੱਕੇ ਵਾਲੇ ਪਰੋਨੋਟ ਨੂੰ ਦੋ ਰੁਪਏ ਸੈਂਕੜਾ ਮਾਹਵਾਰ ਦੇ ਹਿਸਾਬ ਨਾਲ ਸੂਦ ਵਧ ਰਿਹਾ ਸੀ। ਉਹ ਟੋਏ ਵਿਚੋਂ ਨਿਕਲ ਕੇ ਖਾਤੇ ਵਿਚ ਆ ਡਿੱਗਾ ਸੀ।
ਹੁਣ ਇਕ ਮੁਸ਼ਕਲ ਇਹ ਆ ਪਈ ਸੀ ਕਿ ਜੇ ਕਦੇ ਫੀਲੇ ਨੂੰ ਪਾਂਜੇ ਛਿੱਕੇ ਦੀ ਲੋੜ ਪੈਂਦੀ ਸੀ, ਉਹ ਜਗਨੇ ਤੋਂ ਫੜ ਲਿਆ ਕਰਦਾ ਸੀ, ਪਰ ਹੁਣ ਜਗਨਾ ਅੱਖਾਂ ਫੇਰ ਕੇ ਪਤਲੀ ਪਾ ਚੁੱਕਾ ਸੀ। ਦਾਣੇ ਸਾਰੇ ਵੇਚੇ ਜਾ ਚੁੱਕੇ ਸਨ ਤੇ ਭੱਠੀ ਦੇ ਦਾਣੇ ਮਸੀਂ ਰੋਟੀ ਚਾਹ ਦਾ ਹੀ ਵੇਲਾ ਪੂਰਾ ਕਰਦੇ ਸਨ। ਬਾਰਸ਼ਾਂ ਕਾਰਨ ਭੱਠੀ ਵੀ ਸਾਉਣ ਵਿਚ ਚੱਜ ਨਾਲ ਭੁੱਖ ਨਹੀਂ ਸਕੀ ਸੀ। ਦੂਜੀ ਮੁਸੀਬਤ ਇਹ ਆਈ ਸੀ ਕਿ ਬਾਰਸ਼ਾਂ ਕਾਰਨ ਮਕਾਨ ਦਾ ਜੋੜਾਂ ਵਿਚੋਂ ਮਿੱਟੀ ਨਿਕਲ ਗਈ ਅਤੇ ਟੀਪ ਬਿਨਾਂ ਉਸ ਦੇ ਡਿੱਗ ਪੈਣ ਦਾ ਡਰ ਉਠ ਖਲੋਤਾ ਸੀ। ਗਰੀਬ ਦਾ ਜੀਉਣ ਘੱਟ ਅਤੇ ਤਰਲਾ ਬਹੁਤਾ ਹੁੰਦਾ ਹੈ। ਤਾਪੀ ਦੀ ਸਲਾਹ ਨਾਲ ਫੀਲੇ ਨੇ ਆਖ਼ਰੀ ਝੋਟੀ ਵੀ ਵੇਚ ਦਿੱਤੀ ਅਤੇ ਸ਼ਹਿਰੋਂ ਸੀਮਿੰਟ ਲਿਆ ਕੇ ਉਸ ਤਾਰੇ ਮਿਸਤਰੀ ਨੂੰ ਆਵਾਜ਼ ਆ ਮਾਰੀ। ਉਹ ਮੰਦੇ ਕਾਰਨ ਕੰਮ ਤੇ ਆਉਣ ਲਈ ਪਹਿਲਾਂ ਹੀ ਤਿਆਰ ਸੀ। ਤਾਰੇ ਦੀਆਂ ਤੱਤੀਆਂ ਠੰਢੀਆਂ ਨਾਲ ਘਰ ਵਿਚ ਫਿਰ ਰੌਣਕ ਆ ਲੱਗੀ। ਤਾਰੇ ਨੇ ਦਿਲ ਵਿਚ ਮੋਦਨ ਨੂੰ ਯਾਦ ਕੀਤਾ, ਜਿਹੜਾ ਧੰਤੋ ਦਾ ਮੰਗੇਤਰ ਹੋਣ ਕਾਰਨ ਕੱਚੇ ਨਾਤੇ ਹੁਣ ਬੱਦੋਵਾਲ ਆ ਨਹੀਂ ਸਕਦਾ ਸੀ। ਕੰਮ ਦੇ ਸਾਰੇ ਦਿਨਾਂ ਵਿਚ ਧੰਤੋ ਦੇ ਦਿਲ ਦੀ ਧੜਕਨ ਤੇਜ਼ ਹੋ ਹੋ ਜਾਂਦੀ ਰਹੀ ਸੀ, ਜਿਸ ਨੂੰ ਉਸ ਦੰਦਾਂ ਹੇਠ ਜੀਭ ਲੈ ਲੈ ਦਬਾਇਆ ਸੀ। ਤਾਰੇ ਨੇ ਚਾਰ ਦਿਨਾਂ ਵਿਚ ਬਾਹਰਲੀ ਟੀਪ ਦਾ ਕੰਮ ਮੁਕਾ ਦਿੱਤਾ ਅਤੇ ਆਪਣੀ ਮਜ਼ਦੂਰੀ ਲੈ ਕੇ ਸੰਦ ਬੋਰੀ ਵਿਚ ਪਾ ਲਏ।
ਫੀਲੇ ਕੋਲ ਥੋੜੇ ਪੈਸੇ ਬਚ ਗਏ ਸਨ, ਜਿਹੜੇ ਦਿਨਾਂ ਵਿਚ ਹੀ ਮੁੱਕ ਜਾਣ ਵਾਲੇ ਸਨ।
ਕਿਉਂਕਿ ਪੈਸੇ ਹੋਣ ਸਮੇਂ ਉਸ ਤੋਂ ਸ਼ਰਾਬ ਪੀਣੋਂ ਰੁਕਿਆ ਨਹੀਂ ਜਾਂਦਾ ਸੀ, ਜਦੋਂ ਕਿ ਇਹਨਾਂ ਨਸ਼ਿਆਂ ਨੂੰ ਹੱਦੋਂ ਵਧ ਨਫ਼ਰਤ ਕਰਦਾ ਤੇ ਗਾਲ੍ਹਾਂ ਵੀ ਦੇਂਦਾ ਸੀ।
ਹਾੜ੍ਹੀ ਲੰਘ ਜਾਣ ਪਿਛੋਂ ਤਾਪੀ ਦੋ ਵਾਰ ਕਲੇਸ਼ ਕਰ ਚੁੱਕੀ ਸੀ ਕਿ ਮੁੰਡੇ ਨੂੰ ਸੱਦ ਕੇ ਕੁੜੀ ਤੋਰ ਦੇਈਏ, ਆਪਣੇ ਕੋਲੋਂ ਹੁਣ ਲੰਮਾ ਚੌੜਾ ਖ਼ਰਚ ਤਾਂ ਹੋਣਾ ਹੀ ਨਹੀਂ। ਪਰ ਫੀਲਾ ਆਖਦਾ, ਇਕ ਹੀ ਕੁੜੀ ਹੈ, ਬਰਾਦਰੀ ਵਿਚ ਮੂੰਹ ਰੱਖਣ ਜੋਗਾ ਤਾਂ ਘੱਟ ਤੋਂ ਘੱਟ ਵਿਆਹ ਹੋਣਾ ਚਾਹੀਦਾ ਹੈ। ਵਿਆਹ ਉਤੇ ਲੱਗਣ ਵਾਲੇ ਰੁਪਈਆਂ ਬਾਰੇ ਉਹ ਸਮਝਦਾ ਸੀ, ਜਿਵੇਂ ਅੱਗੇ ਢੋ-ਵੇਲਾ ਲੱਗਦਾ ਰਿਹਾ ਹੈ, ਇਸ ਤਰ੍ਹਾਂ ਵਿਆਹ ਲਈ ਵੀ ਕਿਤੋਂ ਦਾਤਾ ਦਿਆਲ ਹੋ ਜਾਵੇਗਾ। ਕਬੀਲਦਾਰੀ ਵਿਚ ਅਨਹੋਏ ਖ਼ਰਚ ਅਚਾਨਕ ਹੋਰ ਵੀ ਉਠ ਖਲੋਂਦੇ ਹਨ, ਜਿਨ੍ਹਾਂ ਬਾਰੇ ਮਨੁੱਖ ਨੂੰ ਕਦੇ ਖ਼ਿਆਲ ਵੀ ਨਹੀਂ ਆਉਂਦਾ। ਸਾਰੇ ਖ਼ਰਚਾਂ ਨੂੰ ਇਕ ਪਾਸੇ ਰਖਦਿਆਂ ਮਾਂ ਧੀ ਦੇ ਤਾਣਾ ਪੇਟਾ ਤੋੜਨ ਤੇ ਰੁੱਖੀ ਮਿੱਸੀ ਖਾਣ ਪਿਛੋਂ ਇਕੱਲੇ ਫੀਲੇ ਦੇ ਨਸ਼ਿਆਂ ਦਾ ਖ਼ਰਚ ਪੂਰਾ ਕਰਨਾ ਔਖਾ ਹੋ ਰਿਹਾ ਸੀ। ਉਹ ਮਾਂ ਧੀ ਦੀ ਮਿਹਨਤ ਦਾ ਸੋਨਾ ਖਾ ਕੇ ਮਿੱਟੀ ਕਰ ਰਿਹਾ ਸੀ ਤੇ ਕੁੜੀ ਦੇ ਵਿਆਹ ਲਈ ਯਤਨ ਕਰਨ ਤੇ ਵੀ ਕੋਈ ਦਾਤਾ ਦਿਆਲ ਹੋਣ ਵਿਚ ਨਹੀਂ ਆਉਂਦਾ ਸੀ।
14
ਅੱਧ ਅੱਸੂ ਸਮੇਂ ਖੇਤਾਂ ਵਿਚ ਹਰਿਆਵਲੀ ਪੂਰੀ ਜਵਾਨੀ ਉਤੇ ਸੀ। ਸਾਉਣੀ ਦੀ ਫ਼ਸਲ ਦਾ ਐਤਕੀਂ ਜਿਥੇ ਵੀ ਦਾਣਾ ਡੁਲ੍ਹ ਗਿਆ ਸੀ, ਆਹਲਾ ਨਹੀਂ ਗਿਆ ਸੀ ਤੇ ਛਾਲਾਂ ਮਾਰ ਮਾਰ ਕੇ ਵਧਿਆ ਫੁਲਿਆ ਸੀ। ਮੱਕੀਆਂ ਦੀਆਂ ਹਿੱਕਾਂ ਫੁੱਟ ਤੁਰੀਆਂ ਸਨ, ਉਹਨਾਂ ਨੂੰ ਬੰਬੂ ਪੁਰੇ ਦੀ ‘ਵਾ ਨਾਲ ਉਂਗਲਾਂ ਅੰਬਰ ਵੱਲ ਖਿਲਾਰ ਖਿਲਾਰ ਭੰਗੜਾ ਪਾ ਰਹੇ ਸਨ। ਬਾਜਰਾ ਵੀ ਨਿੱਸਰਦਾ ਆ ਰਿਹਾ ਸੀ। ਬੀਰੋ ਲਾਭੇ ਦੇ ਖੂਹ ਉਤੇ ਉਹਨਾਂ ਦਿਨਾਂ ਵਿਚ ਨਹੀਂ ਜਾਇਆ ਕਰਦੀ ਸੀ, ਜਿਨ੍ਹਾਂ ਦਿਨਾਂ ਵਿਚ ਖਿੜੀ ਕਪਾਹ ਚੁਗੀ ਜਾਂਦੀ ਸੀ। ਉਸ ਨੂੰ ਅੱਗੋਂ ਪਿਛੋਂ ਪਤਾ ਲੱਗ ਚੁੱਕਾ ਸੀ ਲਾਭੇ ਦੀ ਭਾਬੀ ਕਰਤਾਰੋ ਉਸ ਨੂੰ ਹਾਨਣਾਂ ਕੋਲ ਕਾਨੀਆਂ ਮਾਰਦੀ ਰਹਿੰਦੀ ਹੈ। ਬਹੁਤ ਸੰਭਵ ਸੀ, ਕਪਾਹ ਚੁਗਦੀ ਉਹ ਬੀਰੋ ਨੂੰ ਲਾਭੇ ਨਾਲ ਵੇਖ ਕੇ ਗੁੱਤੋਂ ਹੀ ਫੜ ਲੈਂਦੀ। ਬੀਰੋ ਜਿਵੇਂ ਕਿਸੇ ਮਰਦ ਤੋਂ ਨਹੀਂ ਡਰਦੀ ਸੀ, ਤਿਵੇਂ ਜ਼ਨਾਨੀਆਂ ਤੋਂ ਖ਼ਾਸ ਕਰ ਕੇ ਲਾਭੇ ਦੇ ਘਰ ਦੀਆਂ ਤੋਂ ਬਹੁਤ ਤੁਹਿੰਦੀ ਸੀ।
ਲਾਭੇ ਨੇ ਆਪਣੇ ਭਰਾ ਦੀ ਸਲਾਹ ਨਾਲ ਜਾਣ ਕੇ ਐਤਕੀਂ ਬੀਰੋ ਦੇ ਬਾਪੂ ਲੱਛੂ ਨੂੰ ਸੀਰੀ ਰੱਖ ਲਿਆ ਸੀ। ਇਸ ਤਰ੍ਹਾਂ ਉਸ ਸਮਝਿਆ ਸੀ, ਬੀਰੋ ਨਾਲ ਖੂਹ ਅਤੇ ਖੇਤਾਂ ਬੰਨੇ ਮਿਲਦਿਆਂ ਲੋਕ ਘੱਟ ਸ਼ੱਕ ਕਰਨਗੇ। ਪਰ ਬੀਰੋ ਨੂੰ ਜਦੋਂ ਕਰਤਾਰੋ ਦੀਆਂ ਗੱਲਾਂ ਦੀ ਕੰਨ-ਵਲੇਲ ਪਈ ਸੀ, ਉਹ ਲਾਭੇ ਦੇ ਘਰ ਕਦੇ ਨਹੀਂ ਗਈ ਸੀ। ਕਰਤਾਰੋ ਨੂੰ ਬੀਰੋ ਬਾਰੇ ਸ਼ੱਕ ਤਾਂ ਪਹਿਲਾਂ ਹੀ ਸੀ, ਪਰ ਬੀਰੋ ਦੇ ਬਾਪੂ ਨੂੰ ਸਰਰ ਰਲਾ ਲੈਣ ਪਿਛੋਂ ਉਸ ਦੀ ਸ਼ੱਕ ਯਕੀਨ ਵਿਚ ਬਦਲ ਗਈ। ਕਪਾਹ ਚੁਗਾਉਣ ਬੀਰੋ ਕਦੇ ਨਹੀਂ ਸੀ ਗਈ, ਸਗੋਂ ਹਰ ਵਾਰੀ ਉਸ ਆਪਣੀ ਬੇਬੇ ਨੂੰ ਹੀ ਤੋਰ ਦਿੱਤਾ ਸੀ। ਉਹ ਕਰਤਾਰੋ ਨੂੰ ਸਿਰ ਆਉਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ ਸੀ।
ਬੀਰੋ ਇਹਨਾਂ ਦਿਨਾਂ ਵਿਚ ਬਹੁਤ ਔਖੀ ਤੇ ਆਫ਼ਰੀ ਆਫ਼ਰੀ ਸੀ। ਇਸ ਦੀ ਮੁਖ ਵਜ੍ਹਾ ਇਹ ਸੀ ਕਿ ਲਾਭੇ ਨੇ ਉਸ ਦੇ ਦਿਲ ਦੀ ਗੱਲ ਕਦੇ ਨਹੀਂ ਸੁਣੀ ਸੀ ਤੇ ਹੁਣ ਉਸ ਦੇ ਦਿਲ ਦੀ ਗੱਲ ਪਾਟ ਲੈਣ ਲਈ ਕਾਹਲੀ ਸੀ। ਉਸ ਦੀਆਂ ਸੁਹਣੀਆਂ ਕਾਲੀਆਂ ਅੱਖਾਂ ਵਿਚ ਰੋਣ ਦਾ ਸਮੁੰਦਰ ਲਹਿਰਾਂ-ਛੱਲਾਂ ਲਈ ਉਤਾਵਲਾ ਸੀ। ਇਕ ਡਰ ਜਿਹੜਾ ਲਾਭੇ ਦੇ ਵਰਤਾਰੇ ਤੋਂ ਪੈਦਾ ਹੁੰਦਾ ਰਿਹਾ ਸੀ, ਜਾਂ ਜਿਵੇਂ ਉਸ ਅਨੁਭਵ ਕੀਤਾ ਸੀ, ਉਸ ਦੀ ਰਹਿ ਰਹਿ ਰੱਤ ਸੁਕਾ ਰਿਹਾ ਸੀ। ਤੇ ਹੁਣ ਰੱਤ ਉਬਲਣ ਦੀ ਹਾਲਤ ਵਿਚ ਆ ਗਈ ਸੀ।
ਮੱਸਿਆਲੇ ਰੰਗ ਵਿਚ ਲਾਭੇ ਦੇ ਚਿੱਟੇ ਦੰਦ ਸਫ਼ੈਦ ਮੋਤੀਆਂ ਦੇ ਗਿਣੇ ਮਿਣੇ ਦਾਣੇ ਜਾਪਦੇ ਸਨ, ਜਿਨ੍ਹਾਂ ਨੂੰ ਨਿੱਤ ਦੀ ਦਾਤਣ ਨੇ ਘਸਾ-ਲਿਸ਼ਕਾ ਸੁੱਟਿਆ ਸੀ। ਅੱਜ ਸਵੇਰੇ ਉਹ ਬਾਹਰੋਂ ਦਾਤਣ ਕਰਦਾ ਹੀ ਆ ਰਿਹਾ ਸੀ, ਜਦ ਬੀਰੋ ਨੇ ਅੱਖ ਦੱਬੀ ਸੀ। ਅੱਖ ਦੱਬਣਾ ਉਨ੍ਹਾਂ ਵਿਚਕਾਰ ਮਿਲਣ ਦਾ ਇਕਰਾਰ ਹੁੰਦਾ ਸੀ, ਜਿਹੜਾ ਮੱਕੀਆਂ ਕਪਾਹਾਂ ਬਬਰੀਆਂ ਜਾਣ ਕਾਰਨ ਹਮੇਸ਼ਾਂ ਖੂਹ ਦੇ ਆਸੇ ਪਾਸੇ ਹੀ ਪੂਰਾ ਹੁੰਦਾ ਸੀ। ਬੀਰੋ ਤੋਂ ਅੱਜ ਘਾਹ ਨਹੀਂ ਖੋਤਿਆ ਜਾਂਦਾ ਸੀ। ਉਸ ਨੂੰ ਸਾਰੀ ਰਾਤ ਤੋੜ ਲੱਗੀ ਰਹੀ ਸੀ, ਜਦੋਂ ਦੀ ਉਸ ਗੱਲ ਸੁਣੀ ਸੀ, ਜਿਵੇਂ ਉਸ ਦਾ ਜੋੜ ਜੋੜ ਦੁੱਖ ਰਿਹਾ ਹੋਵੇ। ਉਹ ਮਨ ਵਿਚ ਸੋਚ ਰਹੀ ਸੀ, ਕਿਵੇਂ ਗੱਲ ਤੋਰਾਂਗੀ, ਪਰ ਉਸ ਇਹ ਨਿਸਚਾ ਜ਼ਰੂਰ ਬਣਾ ਲਿਆ ਸੀ ਕਿ ਗੱਲ ਜ਼ਰੂਰ ਕਰਨੀ ਹੈ।
ਲਾਭਾ ਹਾਲੇ ਤਕ ਆਇਆ ਨਹੀਂ ਸੀ। ਹਾਲੀਆਂ ਦੀ ਸਵੇਰ ਦੀ ਰੋਟੀ ਦੇਣ ਵਾਲੀਆਂ ਜ਼ਨਾਨੀਆਂ ਵਾਪਸ ਮੁੜ ਗਈਆਂ ਸਨ। ਬੀਰੋ ਆਪਣੀ ਚਾਦਰ ਰੰਬਾ ਤੂਤ ਹੇਠਾਂ ਹੀ ਛੱਡ ਕੇ ਕਪਾਹ ਵੱਲ ਤੁਰ ਪਈ। ਉਹ ਤਸੱਲੀ ਕਰਨਾ ਚਾਹੁੰਦੀ ਸੀ, ਕਪਾਹ ਵਿਚ ਕੋਈ ਲੁਕਿਆ ਘਾਹ ਤਾਂ ਨਹੀਂ ਖੋਤ ਰਿਹਾ। ਪਰਸੋਂ ਹੀ ਹਾਲੇ ਉਸ ਦੀ ਬੇਬੇ ਕਰਤਾਰੋ ਨਾਲ ਕਪਾਹ ਦੀ ਵਾਰੀ ਚੁਣ ਕੇ ਗਈ ਸੀ। ਉਸ ਵੱਟ ਉਤੇ ਖਲੋ ਕੇ ਤਾਂਘਦਿਆਂ ਨਜ਼ਰਾਂ ਨਾਲ ਤੱਕਿਆ। ਉਸ ਕਪਾਹ ਦੇ ਇਕ ਪਿਛੇਤਰੇ ਖਿੜੇ ਫੁੱਲ ਨੂੰ ਤੋੜਨਾ ਚਾਹਿਆ, ਪਰ ਧਿਆਨ ਵੰਡਿਆ ਹੋਣ ਕਾਰਨ ਉਸ ਦੇ ਹੱਥ ਖਟੇ ਫੁੱਲ ਦੀ ਥਾਂ ਕਪਾਹ ਚੁਣੀ ਖ਼ਾਲੀ ਸਿਕਰੀ ਆ ਗਈ।
“ਹੈਂ ਨੀ ਔਂਤਰੀਏ !” ਗੁੱਸੇ ਵਿਚ ਐਨੀ ਆਖਦਿਆਂ ਉਸ ਸਿਕਰੀ ਭੁੰਜੇ ਭੁਆ ਮਾਰੀ ਅਤੇ ਆਪ ਮੁੜ ਤੂਤ ਵੱਲ ਨੂੰ ਤੁਰ ਪਈ। ਉਸ ਜਾ ਕੇ ਵੇਖਿਆ, ਲਾਭਾ ਉਸ ਦੀ ਘਾਹ ਵਾਲੀ ਚਾਦਰ ਭੁੱਜੇ ਵਿਛਾਈ ਲੰਮਾ ਪਿਆ ਹੈ। ਬੀਰੋ ਨੇ ਆਪਣੀ ਵੱਲੋਂ ਬੜਾ ਧਿਆਨ ਰੱਖਿਆ ਸੀ, ਪਰ ਪਤਾ ਨਹੀਂ ਲਾਭਾ ਕਦੋਂ ਤੇ ਕਿਹੜੇ ਰਾਹ ਆ ਕੇ ਪੈ ਗਿਆ ਸੀ। ਉਸ ਜਾਣ ਕੇ ਅੱਖਾਂ ਉਤੇ ਖੱਬੀ ਬਾਂਹ ਰੱਖੀ ਹੋਈ ਸੀ।
ਇਹ ਤੂਤ ਡੰਡੀਉਂ ਪਾਸੇ ਖੇਤ ਦੀ ਵੱਟ ਉਤੇ ਖਲੋਤਾ ਸੀ, ਜਿਸ ਦੇ ਤਿੰਨ ਪਾਸੇ ਬਾਜਰਾ ਅਤੇ ਚੌਥੇ ਪਾਸੇ ਸਣ ਹੁਲਾਰੇ ਖਾ ਰਹੀ ਸੀ। ਥੋੜੇ ਕੀਤਿਆਂ ਆਦਮੀ ਵਟ ਉਤੇ ਖਲੋਤਾ ਵੀ ਨਜ਼ਰ ਮਾਰਿਆਂ ਨਹੀਂ ਦਿਸਦਾ ਸੀ। ਸਣ ਗੂਹੜੇ ਖੱਟੇ ਫੁੱਲਾਂ ਨਾਲ ਲੱਦੀ ਪਈ ਸੀ, ਜਿਸ ਵਿਚੋਂ ਖੱਟੀ ਮਿੱਟੀ ਵਾਸ਼ਨਾ ਆ ਰਹੀ ਸੀ। ਬੀਰੋ ਨੇ ਨੀਂਦ-ਮਚਲੇ ਲਾਭੇ ਦੇ ਪੱਟਾਂ ਉਤੇ ਜ਼ੋਰ ਦੀ ਲੱਤ ਆ ਮਾਰੀ ਅਤੇ ਉਹ ਕਸੀਸ ਵੱਟ ਕੇ ਇਕੱਠਾ ਹੋ ਗਿਆ।
“ਕਿਉਂ ਮਾਰਦੀ ਏਂ ਜ਼ਾਲਮੇ !” ਲਾਭਾ ਪਹਿਲਾਂ ਹੀ ਨਿਸਲ ਹੋਇਆ ਪਿਆ ਸੀ।
“ਜੱਟ ਨੂੰ ਤਾਂ ਜਿਥੇ ਮਿਲੇ, ਵੱਢ ਹੀ ਦੇਵੇ।” ਬੀਰੋ ਨੇ ਚਾਦਰ ਦਾ ਲੜ ਫੜ ਕੇ ਖਿੱਚਣਾ ਚਾਹਿਆ।
“ਬਹਿ ਜਾਹ, ਵੱਡੀ ਜੱਟ ਵੱਢਣ ਆਲੀ।” ਲਾਭੇ ਨੇ ਉਸ ਦੀ ਬਾਂਹ ਫੜ ਕੇ ਹਲੂਣੀ।
ਬੀਰੋ ਨੇ ਬਾਂਹ ਛੁਡਾਣ ਦਾ ਯਤਨ ਕੀਤਾ, ਪਰ ਲਾਭੇ ਨੇ ਉਸ ਦੀ ਵੀਣੀ ਘੁੱਟ ਲਈ। ਬੀਰੋ ਦੀ ਸੰਧੂਰੀ ਵੰਗ ਟੁੱਟ ਗਈ, ਜਿਹੜੀ ਪਿਛਲੀਆਂ ਤੀਆਂ ਦੀ ਇਕੋ ਇਕ ਨਿਸ਼ਾਨੀ ਰਹਿ ਗਈ ਸੀ। ਉਸ ਰੋਹ ਨਾਲ ਹਝੋਕਾ ਮਾਰਿਆ, ਪਰ ਬਣਿਆ ਕੁਝ ਨਾ। ਉਹ ਕਿੰਨੀ ਨਰੋਈ ਸੀ, ਪਰ ਲਾਭਾ ਆਖਰ ਨੂੰ ਮਰਦ ਸੀ। ਜਦ ਲਾਭੇ ਨੇ ਆਣੀ ਵੱਲ ਹਝੋਕਾ ਮਾਰਿਆ, ਬੀਰੋ ਉਸ ਉਤੇ ਆ ਪਈ, ਪਰ ਉਸ ਸ਼ੇਰ ਦੀ ਬੱਚੀ ਨੇ ਡਿਗਦਿਆਂ ਦੋਵੇਂ ਗੋਡੇ ਜੋੜ ਲਏ ਅਤੇ ਲਾਭੇ ਦੀ ਹਿੱਕ ਵਿਚ ਮਾਰ ਕੇ ਇਕ ਵਾਰ ਧੜਕਨ ਬੰਦ ਕਰ ਦਿੱਤੀ।
“ਓ ਮਰ ਗਏ ਛਿਆਲੇ !” ਲਾਭੇ ਦੀ ਇਕ ਤਰ੍ਹਾਂ ਬਹੁੜੀ ਨਿਕਲ ਗਈ। “ਤੂੰ ਐਨੀ ਕੱਬੀ ਕਿਉਂ ਏਂ ?”
“ਤੂੰ ਬਹੁਤ ਸਿਧਰਾ ਏਂ?” ਬੀਰੋ ਨੇ ਦਿਲੋਂ ਲਾ ਕੇ ਉਸ ਨੂੰ ਚੋਟ ਮਾਰੀ, ਪਰ ਲਾਭਾ ਉਸ ਨੂੰ ਬਿਲਕੁਲ ਨਹੀਂ ਸਮਝਿਆ ਸੀ। ਬੀਰੋ ਉਸ ਦੇ ਕੋਲ ਤੂਤ ਦੇ ਤਣੇ ਨਾਲ ਢੋਹ ਲਾ ਕੇ ਬਹਿ ਗਈ। ਉਹ ਖਿੱਝੀ ਖਿੱਝੀ ਸੋਚ ਰਹੀ ਸੀ, ਮਰਦ ਝੱਟ ਹੀ ਔਰਤ ਦੇ ਦਿਲ ਦੀ ਗੱਲ ਕਿਉਂ ਨਹੀਂ ਬੁੱਝ ਲੈਂਦਾ ?
“ਜਿਹੋ ਜਿਹਾ ਹਾਂ, ਹਾਜ਼ਰ ਆਂ ਥਾਣੇਦਾਰਾ !” ਲਾਭੇ ਨੇ ਬਣ ਕੇ ਆਪਣੇ ਆਪ ਦੀ ਸਾਂਗ ਲਾਈ।
ਬੀਰੋ ਦਾ ਵੀ ਹਾਸਾ ਨਿਕਲ ਗਿਆ। ਉਸ ਵੱਟ ਤੋਂ ਖੱਬਲ ਦੀ ਇਕ ਤਿੜ ਖਿੱਚ ਲਈ ਅਤੇ ਉਸ ਨੂੰ ਵੰਗ ਦੀ ਥਾਂ ਵੀਧੀ ਉਤੇ ਲਪੇਟਣ ਲੱਗ ਪਈ।
“ਹੁਣ ਬੰਦਿਆ ਤੇਰੀ ਕਿਵੇਂ ਸਲਾਹ ਐ?” ਬੀਰੋ ਇਕ ਦਮ ਹੀ ਸੰਜੀਦਾ ਹੋ ਗਈ।
“ਕਿਉਂ ਸੁਖ ਐ।” ਲਾਭਾ ਹੈਰਾਨ ਹੋ ਗਿਆ।
“ਵੈਰੀ ਤਾਂ ਚੜ੍ਹੇ ਆਉਂਦੇ ਐ।”
“ਕਿਹੜੇ ਵੈਰੀ?” ਲਾਭਾ ਕੁਝ ਨਹੀਂ ਸਮਝਿਆ ਸੀ।
“ਤੈਨੂੰ ਬਿਲਕੁਲ ਨਹੀਂ ਪਤਾ ?”
“ਸੌਂਹ ਗੁਰੂ ਦੀ, ਉੱਕਾ ਹੀ ਨਹੀਂ।” ਲਾਭੇ ਨੇ ਨਾਂਹ ਵਿਚ ਸਿਰ ਹਿਲਾਇਆ।
“ਸਿਧਰਿਆ ਮੇਰਾ ਵਿਆਹ !” ਬੀਰੋ ਨੇ ਇਕ ਦਮ ਹੀ ਆਪਣੀ ਹਿੱਕ ਉਤੋਂ ਪੱਥਰ ਰੇੜ੍ਹ ਦਿੱਤਾ ਅਤੇ ਤਿੱਖੀਆਂ ਤੱਤੀਆਂ ਅੱਖਾਂ ਹਾਣੀ ਦੇ ਚਿਹਰੇ ਉਤੇ ਗੱਡ ਦਿੱਤੀਆਂ। ਉਸ ਸਮੇਂ ਉਸ ਦਾ ਦਿਲ ਸ਼ਿਕਾਰੀ ਕੁੱਤਿਆਂ ਘੇਰੀ ਹਰਨੀ ਵਾਂਗ ਧੜਕੀ ਜਾ ਰਿਹਾ ਸੀ। ਔਰਤ ਕਿੰਨੇ ਹੀ ਕਰੜੇ ਦਿਲ ਵਾਲੀ ਕਿਉਂ ਨਾ ਹੋਵੇ, ਪਿਆਰ ਦਾ ਇਮਤਿਹਾਨ ਮੱਲੋ ਮੱਲੀ ਕੰਬਣੀਆਂ ਛੇੜ ਦਿੰਦਾ ਹੈ ਅਤੇ ਬਹੁਤ ਵਾਰ ਸਖ਼ਤ ਦਿਲ ਵਾਲੀਆਂ ਏਨੀ ਬੁਰੀ ਤਰ੍ਹਾਂ ਪਿਘਲਦੀਆਂ ਹਨ ਕਿ ਉਹਨਾਂ ਨੂੰ ਆਪਣਾ ਆਪ ਸਾਂਭਣਾ ਔਖਾ ਹੋ ਜਾਂਦਾ ਹੈ। ਬੀਰੋ ਇਸ ਸਮੇਂ ਢਲਵਾਨ ਤੇ ਅਟਕੀ ਬਰਫ਼ ਸੀ, ਜਿਹੜੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਵੀ ਨਹੀਂ ਸਹਾਰਦੀ।
“ਤੇਰਾ ਵਿਆਹ!” ਲਾਭਾ ਹੈਰਾਨੀ ਵਿਚ ਉਠ ਕੇ ਬਹਿ ਗਿਆ, ਜਿਵੇਂ ਇਹ ਹੋਣਾ ਨਹੀਂ ਚਾਹੀਦਾ ਸੀ। “ਐਨੀ ਕਾਹਲੀ ਤੇ ਫਿਰ ਕੰਮ ਦੀ ਰੁੱਤੇ ?”
ਬੀਰੋ ਦੇ ਮੂੰਹ ਉਤੇ ਇਕ ਥੱਪੜ ਆ ਵੱਜਾ, ਜਿਸ ਬੁਥਾੜ ਭੰਨ ਦੇਣ ਨਾਲ ਉਸ ਦੀਆਂ ਖਾਨਿਉਂ ਵੀ ਗਵਾ ਦਿੱਤੀਆਂ। ਹੰਝੂ ਉਸ ਦੀਆਂ ਅੱਖਾਂ ਵਿਚ ਸ਼ੋਹਲੇ ਬਣ ਕੇ ਅਟਕੇ ਹੋਏ ਸਨ। ਉਸ ਦਿਲ ਨੂੰ ਸਾੜ ਸੁੱਟਣ ਵਾਲੀਆਂ ਇਕ ਟਕ ਨਜ਼ਰਾਂ ਨਾਲ ਲਾਭੇ ਨੂੰ ਵੇਖਿਆ, ਉਹ ਕਿਤੇ ਬਚੀ ਖੁਚੀ ਵਫ਼ਾ ਦਾ ਭੌਰਾ ਹਸਰਤ ਨਾਲ ਟੋਹ ਰਹੀ ਸੀ ਤੇ ਬਾਕੀ ਹਰ ਤਰ੍ਹਾਂ ਦੀ ਬੇਵਫ਼ਾ ਮੁਹੱਬਤ ਨੂੰ ਸਾੜ ਦੇਣ ਲਈ ਕਾਹਲੀ ਸੀ। ਬੀਰੋ ਦੀ ਪਰਖ-ਤੱਕਣੀ ਤੋਂ ਲਾਭਾ ਘਬਰਾ ਗਿਆ ਤੇ ਉਸ ਦਾ ਅੰਦਰ ਕੰਬਣੋਂ ਨਾ ਰਹਿ ਸਕਿਆ। ਉਸ ਆਪਣੀ ਖਿੰਡੀ ਖਿੰਡ ਸੁਰਤ ਵਿਚੋਂ ਪੁੱਛਿਆ :
“ਕਦੋਂ ਹੈ?”
“ਤੈਨੂੰ ਕੀ ਕਦੋਂ ਹੋਵੇ।” ਇਉਂ ਜਾਪਦਾ ਸੀ, ਜਿਵੇਂ ਬੀਰੋ ਨੇ ਉਸ ਦਾ ਥੱਪੜ ਉਸ ਨੂੰ ਹੀ ਮੋੜ ਦਿੱਤਾ ਹੈ।
“ਕਿਉਂ ਮੈਨੂੰ ਕੁਝ ਨਹੀਂ ?” ਲਾਭਾ ਆਪਣੀ ਸੁਭਾਵਕਤਾ ਵਿਚੋਂ ਫਿਰ ਕਹਿ ਗਿਆ।
“ਜੇ ਹੈ ਤਾਂ ਬਣ ਮਰਦ ਦਾ ਬੱਚਾ।” ਬੀਰੋ ਨੇ ਆਪਣੀ ਵਲੋਂ ਹਾਮੀ ਭਰ ਕੇ ਲਾਭੇ ਦੇ ਤੁਰਨ ਲਈ ਕਿਰਪਾਨ ਮਿਆਨ ਵਿਚੋਂ ਬਾਹਰ ਕੱਢ ਕੇ ਰੱਖ ਦਿੱਤੀ, ਜਿਹੜੀ ਲਾਭੇ ਲਈ ਜ਼ਿੰਦਗੀ ਦਾ ਇਮਤਿਹਾਨ ਬਣ ਗਈ ਸੀ।
ਨੂੰ ?
ਲਾਭਾ ਸੋਚੀਂ ਪੈ ਗਿਆ। ਆਖ਼ਰ ਉਸ ਲੰਮਾ ਸਾਹ ਭਰ ਕੇ ਆਖਿਆ :
“ਬੀਰੋ ਤੂੰ ਚਾਹੁੰਦੀ ਕੀ ਏਂ ?” ਹੁਣ ਇਹ ਗੱਲ ਨਹੀਂ ਸੀ ਕਿ ਲਾਭਾ ਸਮਝਿਆ ਨਹੀਂ, ਪਰ ਉਹ ਬੀਰੋ ਨੂੰ ਸਵਾਲ ਕਰ ਕਰ ਜਵਾਬ ਲੱਭ ਰਿਹਾ ਸੀ।
“ਮੈਂ ਚਾਹੁੰਦੀ ਕੀ ਹਾਂ, ਤੂੰ ਅੰਨ੍ਹਾ ਏਂ, ਬੀਰੋ ਨੇ ਘਾਹ ਦੀ ਤਿੜ ਦੰਦਾਂ ਹੇਠ ਚਿੱਥ ਤੈਨੂੰ ਨਹੀਂ ਪਤਾ ? ਮੈਂ ਹੁਣ ਹੋਰ ਕਿਸੇ ਦੇ ਜਾਵਾਂ ?” ਸੁੱਟੀ। “ਤੂੰ ਆਪ ਕਿਉਂ ਨਹੀਂ ਦੱਸਦਾ, ਤੇਰਾ ਦਿਲ ਕੀ ਚਾਹੁੰਦਾ ਏ?” ਉਸ ਤੂਤ ਦੇ ਤਣੇ ਦਾ ਢਾਸਣਾ ਛੱਡ ਦਿੱਤਾ।
ਲਾਭਾ ਅਸਲੋਂ ਠੰਢਾ ਪੈ ਗਿਆ। ਉਸ ਨੂੰ ਕੋਈ ਗੱਲ ਨਹੀਂ ਅਹੁੜ ਰਹੀ ਸੀ।
“ਇਹ ਤਾਂ ਤੂੰ ਜਾਣਦੀ ਏਂ, ਮੈਂ ਜੱਟਾਂ ਦਾ ਮੁੰਡਾ ਆਂ, ਤੇ…..।’’
“ਮੈਂ ਕਿਸੇ ਦੀ ਧੀ ਨਹੀਂ ?” ਬੀਰੋ ਉਸ ਦੀ ਗੱਲ ਵਿਚਕਾਰੋਂ ਕੱਟ ਕੇ ਉਸ ਦੇ ਗਲ ਪੈਣ ਵਾਲੀ ਹੋ ਗਈ।
“ਮੈਂ ਕਦੋਂ ਆਖਦਾ ਹਾਂ, ਤੂੰ ਕਿਸੇ ਦੀ ਧੀ ਨਹੀਂ, ਮੇਰਾ ਮਤਲਬ ਐ…….।”
“ਮੈਂ ਕੋਈ ਮਤਲਬ ਮੁਤਲਬ ਨਹੀਂ ਜਾਣਦੀ, ਤੂੰ ਮੈਨੂੰ ਲੈ ਕੇ ਤੁਰਨਾ ਏਂ ਕਿ ਨਹੀਂ ?” ਬੀਰੋ ਮੁੜ ਉਸ ਦੀ ਗੱਲ ਕੱਟ ਕੇ ਅੜ ਗਈ ਤੇ ਉਹ ਤਤ ਫ਼ਟ ਫ਼ੈਸਲਾ ਮੰਗਦੀ ਸੀ। “ਬਹੁਤੀਆਂ ਗੱਲਾਂ ਦੀ ਹੁਣ ਲੋੜ ਨਹੀਂ।”
“ਬੀਰੋ ਮੈਂ ਵੈਲੀਆਂ ‘ਚ ਮੰਨਿਆ ਜਾਂਦਾ ਹਾਂ, ਤੈਨੂੰ ਲਿਜਾ ਕੇ ਮੇਰੀ ਬਹੁਤ ਭੰਡੀ ਹੋਊਗੀ। ਲਾਭੇ ਦੀਆਂ ਅੱਖਾਂ ਇਕ ਪ੍ਰਕਾਰ ਵਾਸਤਾ ਦੇ ਰਹੀਆਂ ਸਨ। “ਜੀਹਨੇ ਸੋਟੀ ਫੜ ਕੇ ਵੀ ਨਹੀਂ ਵੇਖੀ ਮੈਨੂੰ ਤਾਹਨਾ ਮਾਰੂਗਾ, ਲਾਭੇ ਨੇ ਪਿੰਡ ਦੇ ਜਮਾਂਦਾਰਾਂ ਦੀ ਕੁੜੀ ਕੱਢ ਕੇ ਵੈਲੀਆਂ ਦਾ ਨੱਕ ਵੱ ਸੁੱਟਿਆ।”
ਬੀਰੋ ਨੇ ਹਉਕਾ ਭਰਦਿਆਂ ਬੇਵਸੀ ਵਿਚ ਸਿਰ ਮਾਰਿਆ ਅਤੇ ਉਹ ਇਸ ਪਿਆਰ ਦੁਖਾਏ ਸਿਰ ਨੂੰ ਵੱਡੇ ਵੈਲੀ ਛਾਤੀ ਵਿਚ ਮਾਰ ਕੇ ਖਖੜੀਆਂ ਕਰ ਲੈਣਾ ਚਾਹੁੰਦੀ ਸੀ। ਉਸ ਦਾ ਲੂੰਅ ਲੂੰਅ ਆਪੇ ਨੂੰ ਫਟਕਾਰ ਰਿਹਾ ਸੀ ਕਿ ਤੂੰ ਪਿਆਰ ਕਰਨ ਲਈ ਕਿਹੋ ਜਿਹਾ ਬੁਜ਼ਦਿਲ ਚੁਣਿਆ। ਲਾਗੂ ਦੀਆਂ ਗੱਲਾਂ ਦਾ ਘੁੰਮਦਾ ਵਰਮਾ ਉਸ ਦੇ ਦਿਲ ਤੋਂ ਪਾਰ ਹੋ ਗਿਆ। ਉਹ ਦਰਦ ਰੰਝਾਣੀ ਕੁਝ ਵੀ ਨਾ ਬੋਲ ਸਕੀ ਤੇ ਨਤਾਣੇ ਬੁੱਲ੍ਹ ਕੰਬ ਕੇ ਰਹਿ ਗਏ। ਉਹ ਸੋਚ ਰਹੀ ਸੀ, ਜ਼ਿੰਦਗੀ ਬਣਾਉਣ ਵਾਲੀ ਜੇ ਇਕ ਹੀ ਗੱਲ ਹੁੰਦੀ ਹੈ, ਤਦ ਮਿਟਾਉਣ ਵਾਲੀ ਵੀ ਇਕ ਹੀ ਗੱਲ ਹੁੰਦੀ ਹੈ, ਹਾਂ ਜਾਂ ਨਾਂਹ। ਲਾਭੇ ਤੋਂ ਉਸ ਦੀ ਪਿਆਰ ਕੁਚਲੀ ਹਾਲਤ ਵੇਖ ਕੇ ਸਹਾਰੀ ਨਾ ਗਈ ਤੇ ਉਹ ਹਮਦਰਦੀ ਵਿਚ ਬੋਲ ਪਿਆ :
“ਬੀਰੋ ! ਤੂੰ ਮੈਨੂੰ ਕੋਈ ਕੰਮ ਦੱਸ, ਮੈਂ ਜਾਨ ਵਾਰ ਕੇ ਕਰਾਂਗਾ।”
“ਬਸ ਬਸ !” ਬੀਰੋ ਨੇ ਹਉਕਾ ਖਿੱਚਦਿਆਂ ਬੁੱਲ੍ਹਾਂ ਨੂੰ ਸਿਉਂ ਲਿਆ। ਜੇ ਉਹ ਕੁਝ ਕਹਿ ਨਹੀਂ ਸਕਦੀ ਸੀ, ਤਦ ਸੁਣਨਾ ਵੀ ਉਸ ਲਈ ਤੀਰ ਖਾਣ ਵਾਲੀ ਗੱਲ ਸੀ।
“ਨਹੀਂ ਤੂੰ ਜ਼ਰੂਰ ਦੱਸ।” ਇਉਂ ਦਿਸਦਾ ਸੀ, ਜਿਵੇਂ ਉਹ ਫ਼ਰਹਾਦ ਵਾਂਗ ਪਹਾੜ ਪੁੱਟ ਦੇਣ ਲਈ ਕਾਹਲਾ ਹੈ।
“ਮੈਂ ਤਾਂ ਤੇਰੇ ਨਾਲ ਪਿੰਡ ਦਾ ਸੂਰਮਾ ਸਮਝ ਕੇ ਪਿਆਰ ਪਾਇਆ ਸੀ, ਪਰ ਤੇਰੇ ਨਾਲੋਂ ਤਾਂ ਜ਼ਨਾਨੀਆਂ ਵੀ ਤਕੜੀਆਂ ਹੁੰਦੀਆਂ ਨੇ।” ਭਾਵੇਂ ਬੀਰੋ ਮਿਹਣਿਆਂ ਉਤੇ ਉਤਰ ਆਈ ਸੀ, ਪਰ ਉਹ ਲਾਭੇ ਨਾਲੋਂ ਕੁਝ ਕਰ ਜਾਣ ਵਿਚ ਸੱਚੀਂ ਮੁੱਚੀਂ ਸੌ ਦਰਜੇ ਦਲੇਰ ਤੇ ਬਹਾਦਰ ਸੀ।
“ਇਹ ਕਿਧਰਲੀ ਸੂਰਮਤਾਈ ਐ ਪਿੰਡ ਦੀ ਕੁੜੀ ਕੱਢ ਕੇ ਲੈ ਜਾਣਾ।” ਲਾਭਾ ਖਿੱਝ ਗਿਆ ਕਿ ਬੀਰੋ ਉਸ ਦੇ ਦਿਲ ਦੀ ਗੱਲ ਤੇ ਵੈਲੀਆਂ ਵਿਚਲੀ ਭੱਲ ਨੂੰ ਕਿਉਂ ਨਹੀਂ ਸਮਝਦੀ। ਉਹ ਸਮਝਦਾ ਸੀ ਕਿ ਕਿਸੇ ਦੇ ਥਾਂ ਜੇਲ੍ਹ ਕੱਟ ਕੇ ਜੋ ਕੁਝ ਮੈਂ ਕਮਾਇਆ ਹੈ, ਸਭ ਸੁਆਹ ਹੋ ਜਾਵੇਗਾ।
“ਬੰਦਿਆ ਤੂੰ ਮੇਰੀ ਬਾਂਹ ਨਹੀਂ ਸੀ ਫੜਨੀ, ਜੇ ਤੋੜ ਨਹੀਂ ਸੀ ਨਿਬਾਹੁਣੀ। ਮੈਂ ਖੂਹ ‘ਚ ਪਾਉਣੀ ਏਂ ਤੇਰੀ ਸੂਰਮਤਾਈ।” ਬੀਰੋ ਨੇ ਲੰਮਾ ਹਉਕਾ ਲੈ ਕੇ ਹੰਝੂ ਪੂੰਝਦਿਆਂ ਆਖਿਆ, “ਹਛਾ ਜਾਹ ! ਜੀਊਂਦਾ ਵਸਦਾ ਰਹੁ, ਜੁਆਨੀਆਂ ਮਾਣ। ਮੈਂ ਆਪਣੇ ਰੋਗ ਦਾ ਆਪ ਦਾਰੂ ਕਰ ਲਾਂਗੀ।” ਸ਼ਾਇਦ ਉਸ ਝਟ ਹੀ ਇਲਾਜ ਸੋਚ ਲਿਆ ਸੀ।
ਬੀਰੋ ਦੀ ਤਰਸਯੋਗ ਹਾਲਤ ਨੇ ਲਾਭੇ ਦਾ ਅੰਦਰ ਪਿਘਲਾ ਸੁੱਟਿਆ। ਉਹ ਸੋਚਣ ਲੱਗਾ, ਜੇ ਇਸ ਨੂੰ ਲੈ ਚਲਾਂ, ਕੀ ਹੋਣਾ ਲੱਗਾ ਹੈ? ਆਪੇ ਲੋਕ ਚਾਰ ਦਿਨ ਭੌਂਕ ਕੇ ਚੁੱਪ ਕਰ ਜਾਣਗੇ। ਬਾਹਰ ਕਿਤੇ ਨੌਕਰੀ ਕਰ ਲਵਾਂਗੇ ਬੀਰੋ ਬੰਦੇ ਨਾਲੋਂ ਵਧ ਕੰਮ ਕਰ ਸਕਦੀ ਹੈ। ਬੀਰੋ ਵਰਗੀ ਜਾਨ ਵਾਰ ਦੇਣ ਵਾਲੀ ਕੁੜੀ ਸਾਰਾ ਜਹਾਨ ਟੋਲਿਆਂ ਨਹੀਂ ਮਿਲਣੀ। ਪਰ…ਭੰਡੀ ਵੀ ਪੁੱਜ ਕੇ ਹੋਵੇਗੀ। ਘਰ ਦਿਆਂ, ਕਰਤਾਰੋ ਭਾਬੀ, ਰਿਸ਼ਤੇਦਾਰਾਂ, ਹਾਣੀਆਂ ਤੇ ਵੈਲੀਆਂ ਕਿਤੇ ਖਲੋਣ ਜੋਗਾ ਨਹੀਂ ਛੱਡਣਾ। ਲਾਭਿਆ ? ਤੂੰ ਬੀਰੋ ਨਾਲ ਧੋਖਾ ਕਰ ਰਿਹਾ ਏਂ, ਤੂੰ ਸੱਚ ਮੁਚ ਹੀ ਉਸ ਦੀ ਬਾਂਹ ਨਹੀਂ ਸੀ ਫੜਨੀ। ਤੂੰ ਤਾਂ ਪੱਜਲ ਏਂ। ਭਲਾ ਜੇ ਮੈਂ ਛਾਲ ਮਾਰ ਲਵਾਂ? ਨਹੀਂ……ਹੂੰ… ਵਿਆਹ ਤੋਂ ਬਿਨਾਂ ਨਹੀਂ ਯਾਰੀ ਰਹਿ ਸਕਦੀ ? ਮੈਨੂੰ ਤੇ ਸਾਡੇ ਸਾਰੇ ਘਰ ਨੂੰ ਜੱਟ ਸ਼ਰੀਕੇ ਨੇ ਪਾੜ ਖਾਣੀਆਂ ਨਜ਼ਰਾਂ ਨਾਲ ਵੇਖਣ ਲੱਗ ਪੈਣਾ ਹੈ। ਲਾਭੇ ਦੇ ਦਿਲ ਵਿਚ ਬੀਰੋ ਦੇ ਪਿਆਰ ਲਈ ਵਫ਼ਾ ਕਰਨ ਦਾ ਆਇਆ ਸੁੱਚਾ ਖ਼ਿਆਲ ਵੀ ਜਟਕੇ ਝੂਠੇ ਪਰਭਾਵ ਤੇ ਵੈਲੀਆਂ ਦੀ ਅਨਹੋਣੀ ਅਬਰੋ ਵਿਚ ਘੁੱਟ ਕੇ ਰਹਿ ਗਿਆ, ਜਿਹੜਾ ਮੁੜ ਕਦੇ ਸਿਰ ਨਾ ਚੁੱਕ ਸਕਿਆ। ਪਰ ਲਾਭਾ ਹਰ ਤਰ੍ਹਾਂ ਸਮਝ ਰਿਹਾ ਸੀ, ਮੈਂ ਬੀਰੋ ਦਾ ਦੋਸ਼ੀ ਹਾਂ, ਗੁਨਾਹਗਾਰ ਹਾਂ। ਉਸ ਮੁੜ ਦਿਲ ਦੀ ਖ਼ਾਲੀ ਥਾਂ ਭਰਨ ਲਈ ਆਖਿਆ :
“ਵਿਆਹ ਹੋ ਜੂ ਗਾ ਤਾਂ ਕੀ ਏ, ਫੇਰ ਕਿਤੇ ਟੁੱਟ ਜਾਂਦੀ ਐ ?”
“ਮੈਂ ਵਿਆਹ ਤੋਂ ਪਹਿਲਾਂ ਵੀ ਤੇਰੇ ਨਾਲ ਵਾਹਣਾਂ ‘ਚ ਖ਼ਰਾਬ ਹੋਵਾਂ, ਬਦਨਾਮ ਹੋਵਾਂ ਤੇ ਪਿਛੋਂ ਵੀ, ਕਿਉਂ ?” ਬੀਰੋ ਸੱਟ ਖਾਧੀ ਸੱਪਣੀ ਵਾਂਗ ਚਮਕ ਗਈ। “ਤੇਰਾ ਕੁਝ ਖਾਧਾ ਖ਼ਰਚਿਆ हे मैं ?”
“ਮੈਂ ਕਦੋਂ ਆਖਦਾ ਹਾਂ ਖਾਧਾ ਖਰਚਿਆ ਏ।” ਲਾਭੇ ਦਾ ਅਸਲੋਂ ਚਿਹਰਾ ਉਤਰਿਆ ਹੋਇਆ ਸੀ।
“ਫੇਰ ਮੈਨੂੰ ਤੂੰ ਜਮਾਂਦਾਰਾਂ ਦੀ ਧੀ ਕਰ ਕੇ ਇਉਂ ਆਖਦਾ ਏਂ, ਨਾ।” ਬੀਰੋ ਅੰਦਰੋਂ ਰੋਣ ਦਾ ਸਮੁੰਦਰ ਹਿੱਲ ਖਲੋਤਾ ਸੀ।
“ਬੀਰੋ ਤੂੰ ਮੇਰੀ ਗੱਲ ਤਾਂ ਸੁਣ ਲੈ।”
“ਨਹੀਂ, ਨਹੀਂ, ਹੁਣ ਤੂੰ ਬੰਦਿਆਂ ਰੱਬ ਦਿਆ ਬੋਲ ਨਾ, ਮੈਥੋਂ ਏਨੇ ਫੱਟ ਨਹੀਂ ਸਹੇ ਜਾਂਦੇ। ਤੂੰ ਨਹੀਂ ਜਾਣਾ ਤਾਂ ਮੈਂ ਜਾਂਦੀ ਹਾਂ।” ਬੀਰੋ ਨੇ ਰੰਬਾ ਚੁੱਕ ਲਿਆ ਅਤੇ ਚਾਦਰ ਉਸ ਦੇ ਹੇਠੋਂ ਖਿੱਚ ਲਈ।
ਬੀਰੋ ਦੇ ਚਾਦਰ ਖਿੱਚ ਲੈਣ ਨਾਲ ਲਾਭਾ ਪਲੋਂ ਦੀ ਪੰਡ ਦੇ ਤੀਲਿਆਂ ਵਾਂਗ ਪਾਸੇ ਹੋ ਗਿਆ। ਉਸ ਵਿਚੋਂ ਹਰ ਤਰ੍ਹਾਂ ਦਾ ਬਲ ਨਸ਼ਟ ਹੋ ਗਿਆ ਸੀ। ਹੁਣ ਉਹ ਬੀਰੋ ਨੂੰ ਰੋਕ ਨਹੀਂ ਸਕਦਾ ਸੀ ਤੇ ਨਾ ਹੀ ਅੱਗੇ ਵਧ ਕੇ ਬਾਹੋਂ ਫੜ ਸਕਦਾ ਸੀ। ਉਸ ਦਾ ਲਹੂ ਜਲਾਂਦਾ ਪਿੰਡਾ ਕਬਰ ਦੀ ਮਿੱਟੀ ਹੋਇਆ ਪਿਆ ਸੀ, ਕਿਉਂਕਿ ਪਿਆਰ ਦੇ ਮੈਦਾਨ ਵਿਚ ਉਸ ਨੂੰ ਜਮਾਂਦਾਰਾਂ ਦੀ ਕੁੜੀ ਨੇ ਬੁਰੀ ਤਰ੍ਹਾਂ ਪਿਛਾੜ ਸੁੱਟਿਆ ਸੀ। ਉਸ ਦੇ ਦਿਲ ਦੀ ਧੜਕਣ ਪਾਣੀ ਵਿਚ ਦਮ ਤੋੜ ਰਹੇ ਆਦਮੀ ਵਾਂਗ ਉਤਾਂਹ ਹਿਠਾਂਹ ਹੋ ਰਹੀ ਸੀ। ਤੇ ਉਹ ਕਿੰਨਾ ਹੀ ਸਮਾਂ ਤੂਤ ਹੇਠ ਮਿੱਟੀ ਫੜੀ ਬੈਠਾ ਰਿਹਾ।
ਬੀਰੋ ਵੱਟ ਖਾ ਕੇ ਖੂਹ ਉਤੇ ਚਲੀ ਗਈ। ਉਸ ਮਣ ਉਤੇ ਖਲੋ ਕੇ ਹੇਠਾਂ ਵੇਖਿਆ ਤੇ ਉਸ ਨੂੰ ਧੰਤੋ ਦੀ ਖੂਹ ਵਿਚ ਛਾਲ ਮਾਰਨ ਵਾਲੀ ਆਖੀ ਗੱਲ ਯਾਦ ਆ ਗਈ। ਰਲੇ ਮਿਲੇ ਗ਼ਮਾਂ ਦੀ ਭਰਮਾਰ ਕਾਰਨ ਉਸ ਦੀਆਂ ਆਪ-ਮੁਹਾਰੇ ਭੁੱਬਾਂ ਨਿਕਲ ਗਈਆਂ। ਪਿਆਰ ਪਾ ਕੇ ਕੋਈ ਐਨਾ ਚੰਦਰਾ ਕਿਉਂ ਹੋ ਜਾਦਾ ਹੈ, ਸੋਚ ਉਸ ਨੂੰ ਜਿੰਨ ਬਣ ਕੇ ਚੰਬੜ ਗਈ। ਇਹ ਨਰਦ ਤੋੜ ਦੇਣ ਤੇ ਕਤਲ ਕਰ ਦੇਣ ਲਈ ਹੀ ਲਾਉਂਦੇ ਐ ? ਵੈਲੀਆਂ ਵਰਗਾ ਤਾਂ ਬੁਜ਼ਦਿਲ ਕੋਈ ਨਹੀਂ ਹੁੰਦਾ। ਮਨਾ, ਉਸ ਤੇਰੇ ਨਾਲ ਏਵੇਂ ਕਰਨੀ ਸੀ। ਉਹ ਫਿਰ ਰੋ ਪਈ, ਜੋ ਕੁਝ ਰੋਣ ਜ਼ਿੰਦਗੀ ਨੂੰ ਚੁੱਪ ਚਾਪ ਦੇਂਦਾ ਹੈ, ਹਾਸਾ ਤਾਂ ਉਸ ਦਾ ਅਨੁਮਾਨ ਵੀ ਨਹੀਂ ਲਾ ਸਕਦਾ।
“ਮੈਨੂੰ ਖੂਹ ਵਿਚ ਪਾਣੀ ਚਾਹੀਦਾ ਹੈ ਰੇਤ ਨਹੀਂ।” ਉਸ ਨੂੰ ਆਪਣੀ ਖੂਹ ਦੇ ਪਾਣੀ ਬਾਰੇ ਆਖੀ ਗੱਲ ਯਾਦ ਆ ਗਈ, ਉਸ ਦੇ ਅੰਦਰ ਪਿਆਰ ਦਾ ਪਿਆਰ ਦੇ ਅਨੁਭਵ ਦਾ ਅਤੇ ਜਵਾਨੀ ਦੀਆਂ ਸਾਰੀਆਂ ਹਸਰਤਾਂ ਨਾਲ ਲੈ ਕੇ ਡੁੱਬ ਮਰਨ ਦਾ ਘੋਲ ਕਿੰਨੀ ਉਥਲ ਪੁਥੱਲ ਪਾ ਰਿਹਾ ਸੀ। ਫਿਰ ਉਸ ਆਲੇ ਦੁਆਲੇ ਵੱਲ ਨਜ਼ਰ ਮਾਰੀ। ਡੰਡੀ ਦੇ ਸਿਰੇ ਉਤੇ ਚਾਚੀ ਤਾਪੀ ਤੁਰੀ ਆ ਰਹੀ ਸੀ। ਇਸ ਨੂੰ ਲੰਘ ਜਾਣ ਦੇਵਾਂ, ਉਸ ਸੋਚਿਆ ਅਤੇ ਝੱਟ ਹੀ ਬਾਜਰੇ ਦੇ ਅੜਤਲੇ ਆ ਗਈ। ਉਸ ਮੁਕੀ ਮੁਕੀ ਤੇ ਲਾਸ਼ ਬਣੀ ਖਲੋਤੀ ਅੱਗੇ ਧੰਤੋ ਦਾ ਮੁਸਕਾਂਦਾ ਚਿਹਰਾ ਆ ਖਲੋਤਾ। ਉਹ ਜਿਸ ਪਾਸੇ ਵੀ ਭਉਂ ਕੇ ਵੇਖਦੀ ਸੀ ਧੰਤੋ ਹੀ ਦਿਖਾਈ ਦੇਂਦੀ ਸੀ। ਉਹ ਬਾਰ ਬਾਰ ਪੁੱਛ ਰਹੀ ਸੀ, ਕੀ ਮਿਲੇ ਬਿਨ ਹੀ ਤੁਰ ਜਾਏਂਗੀ ? ਏਹੋ ਤੇਰਾ ਪਿਆਰ ਸੀ ? ਤੂੰ ਤਾਂ ਧਰਮ ਭੈਣ ਬਣਦੀ ਸੀ? ਮਨ ਵਿਚੋਂ ਉਹ ਸਵਾਲਾਂ ਦਾ ਉਸ ਕੋਈ ਉੱਤਰ ਨਾ ਦਿੱਤਾ, ਸਗੋਂ ਜਜ਼ਬਾਤ ਵਿਚ ਆ ਕੇ ਧੰਤੋ ਨੂੰ ਮਿਲਣ ਤੁਰ ਪਈ। ਚਾਚੀ ਤਾਪੀ ਕਦੋਂ ਦੀ ਲੰਘ ਗਈ ਸੀ ਤੇ ਉਸ ਬੀਰੋ ਨੂੰ ਨਹੀਂ ਵੇਖਿਆ ਸੀ। ਉਸ ਰਾਹ ਜਾਣਾ ਠੀਕ ਨਾ ਸਮਝਿਆ, ਸ਼ਾਇਦ ਇਸ ਤਰ੍ਹਾਂ ਰੋਈ-ਧੋਈ ਨੂੰ ਕੋਈ ਵੇਖ ਕੇ ਮਨ ਵਿਚ ਸ਼ੰਕਾ ਕਰਨ ਲੱਗ ਪਏ। ਰੰਬਾ ਅਤੇ ਚਾਦਰ ਪਹਿਲਾਂ ਵਾਂਗ ਹੀ ਉਸ ਦੀ ਕੱਛ ਵਿਚ ਸਨ।
ਉਸ ਘਰ ਜਾ ਵੇਖਿਆ, ਧੰਤੋ ਪੀਹੜੀ ਉਤੇ ਬੈਠੀ ਰੀਝਾਂ ਲਾ ਲਾ ਸਿਲਮੇ ਸਤਾਰਿਆਂ ਵਾਲੀ ਪੱਖੀ ਕੱਢ ਰਹੀ ਸੀ। ਧੰਤੋ ਨੇ ਵਿਹੜੇ ਵਿਚ ਖਲੋਤੀ ਬੀਰੋ ਨੂੰ ਨਹੀਂ ਵੇਖਿਆ ਸੀ। ਬੀਰੋ ਜਾਣ ਲੱਗੀ ਸੀ, ਉਸ ਦੀਆਂ ਇਸ ਵੇਲੇ ਦੀਆਂ ਰੀਝਾਂ ਕਿੰਨੀਆਂ ਰੰਗੀਨ ਹਨ। ਇਕ ਕੁੜੀ ਦੇ ਦਿਲ ਦੀ ਗੱਲ ਅਤੇ ਭਾਵ ਦੂਜੀ ਕੁੜੀ ਤੋਂ ਕਿਵੇਂ ਲੁਕੇ ਰਹਿ ਸਕਦੇ ਹਨ, ਜਦੋਂ ਕਿ ਉਹ ਸਹੇਲੀਆਂ ਤੇ ਭੈਣਾਂ ਹੋਣ ਅਤੇ ਦਿਲ ਦੀ ਹਰ ਧੜਕਨ ਉਹਨਾਂ ਵਿਚਕਾਰ ਸਾਂਝੀ ਵੀ ਹੋਵੇ। ਓਹੀ ਪਿਆਰ ਦਾ ਗੁੰਗਾ’ ਗੀਤ ਧੰਤੋ ਦੀ ਰੂਹ ਨੂੰ ਸੁਆਦ ਸੁਆਦ ਕਰੀ ਜਾ ਰਿਹਾ ਸੀ। ਬੀਰੋ ਨੇ ਖਲੋਤਿਆਂ ਖਲੋਤਿਆਂ ਇਕ ਪਲ ਸੋਚਿਆ, “ਮੈਂ ਮੁੜ ਜਾਵਾਂ, ਇਸ ਦਾ ਖ਼ੁਸ਼ੀ ‘ਚ ਆਇਆ ਦਿਲ ਕਿਉਂ ਖਰਾਬ ਕਰਾਂ ?” ਪਰ ਦੂਜੇ ਪਲ ਉਹ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਧੰਤੋ ਦੇ ਗਲ ਨੂੰ ਚੰਬੜ ਕੇ ਰੋਣ ਲੱਗ ਪਈ।
ਧੰਤੋ ਨੇ ਆਪਣੀ ਮਗਨਤਾ ਤੋੜਦਿਆਂ ਕੋਲ ਆਈ ਬੀਰੋ ਨੂੰ ਹੀ ਪਛਾਣਿਆ। ਉਹ ਬੀਰੋ ਨੂੰ ਇਸ ਹਾਲਤ ਵਿਚ ਦੇਖ ਕੇ ਹੈਰਾਨ ਰਹਿ ਗਈ। ਹੱਸਦੀ, ਚੋਟਾਂ ਲਾਉਂਦੀ ਤੇ ਦੁੜੰਗੇ ਮਾਰਦੀ ਬੀਰੋ ਰੋ ਵੀ ਸਕਦੀ ਹੈ, ਇਹ ਤਾਂ ਧੰਤੋ ਨੇ ਕਦੇ ਖਿਆਲ ਤਕ ਵੀ ਨਹੀਂ ਕੀਤਾ ਸੀ ? ਉਸ ਮਸੀਂ ਖਿੱਚ ਕੇ ਧੰਤੋ ਨੂੰ ਗਲੋਂ ਲਾਹਿਆ ਅਤੇ ਪੀਹੜੀ ਛੱਡ ਦੇ ਦੋਹਾਂ ਮੰਜੀ ਮੱਲ ਲਈ। ਧੰਤੋ ਦੀ ਉਸ ਨੂੰ ਜੱਫੀ ਪਾਈ ਹੋਈ ਸੀ ਤੇ ਬੀਰੋ ਦਾ ਆਪਾ ਤਣਿਓਂ ਕੱਟੇ ਬ੍ਰਿਛ ਵਾਂਗ ਬਾਹਾਂ ਵਿਚ ਲਿਆ ਵੀ ਖਿੰਡਦਾ ਜਾ ਰਿਹਾ ਸੀ। ਬੀਰੋ ਸੀ ਕਿ ਮੁੜ ਮੁੜ ਧੰਤੋ ਦੇ ਮੋਢੇ ਉਤੇ ਸਿਰ ਰੱਖ ਕੇ ਫੁਟ ਫੁਟ ਰੋ ਪੈਂਦੀ।
“ਭੈੜੀਏ, ਕੋਈ ਗੱਲ ਵੀ ਦੱਸੇ ?” ਧੰਤੋ ਨੇ ਆਪਣੀ ਚੁੰਨੀ ਨਾਲ ਉਸ ਦੀਆ ਅੱਖਾਂ ਪੂੰਝੀਆਂ।
ਬੀਰੋ ਦੀਆਂ ਅੱਖਾਂ ਰੋਹੀ ਦੀ ਹਰਨੀ ਦੀਆਂ ਅੱਖਾਂ ਸਨ, ਜਿਨ੍ਹਾਂ ਤਕ ਕਿਸੇ ਸ਼ਿਕਾਰੀ ਦਾ ਤੀਰ ਨਹੀਂ ਪਹੁੰਚ ਸਕਿਆ ਸੀ, ਪਰ ਅੱਜ ਆਪਣੇ ਹੀ ਪਿਆਰ ਦੀ ਅੱਗ ਨੇ ਇਹ ਅੰਨੀਆਂ ਕਰ ਸੁੱਟੀਆਂ। ਬੀਰੋ ਧੰਤੋ ਦੇ ਘੁਟਣ ਦੇ ਬਾਵਜੂਦ ਹਾਲੇ ਵੀ ਹਉਕਿਆਂ ਦੇ ਸਮੁੰਦਰ ਵਿਚ ਗੋਤੇ ਖਾਈ ਜਾ ਰਹੀ ਸੀ। ਜਦ ਪਿਆਰ ਦਾ ਕਿਨਾਰਾ, ਕਿਨਾਰਾ ਨਾ ਰਹੇ ਤੇ ਵੇਖਦਿਆਂ ਵੇਖਦਿਆਂ ਲਹਿਰ ਵਿਚ ਬਦਲ ਜਾਵੇ, ਅਜਿਹੇ ਹਰਜਾਈ ਜ਼ਮਾਨੇ ਵਿਚ ਜੀਉਣ ਦੀ ਹਰ ਆਸ ਹਿੰਮਤ ਤਿਆਗ ਦੇਂਦੀ ਹੈ।
“ਤੈਨੂੰ ਕੀਹਨੇ ਮਾਰਿਆ ਏ, ਭੈਣ ?” ਧੰਤੋ ਉਸ ਦੇ ਦਰਦ ਵਿਚ ਪਸੀਜੀ ਤਰਲੋ ਮੱਛੀ ਹੋਈ ਜਾ ਰਹੀ ਸੀ। ਸ਼ਾਇਦ ਉਹ ਇਸ ਸਮੇਂ ਬੀਰੋ ਤੋਂ ਕਿਤੇ ਬਹੁਤੀ ਦੁਖੀ ਸੀ।
“ਮਾਰਿਆ ਨਹੀਂ, ਵੱਢ ਸੁੱਟਿਆ ਹੈ।” ਬੀਰੋ ਦਾ ਫਿਰ ਰੋਣ ਨਿਕਲ ਗਿਆ। ਧੰਤੋ ਲਈ ਸਮਝਣਾ ਬੜਾ ਔਖਾ ਸੀ ਕਿ ਵਿਚਲੀ ਗੱਲ ਕੀ ਹੈ। ਉਸ ਸੁਭਾਵਕ ਹੀ ਪੁੱਛਿਆ :
“ਕੀਹਨੇ ਅੜੀਏ ?”
“ਓਸੇ ਔਂਤਰੇ ਬੁਰਿਆਰ ਨੇ।” ਬੀਰੋ ਨੇ ਆਪਣੇ ਆਪ ਨੂੰ ਥੰਮ੍ਹ ਲਿਆ।
“ਉਹਨੇ ਕਾਹਤੋਂ ਮਾਰਿਆ?” ਧੰਤੋ ਲਈ ਗੁੰਝਲ ਜਿਉਂ ਦੀ ਤਿਉਂ ਹੀ ਸੀ। “ ਹੁਣ ਤੈਨੂੰ ਕਿਹੜਾ ਪਤਾ ਨਹੀਂ, ਮੱਘਰ ਵਿਚ ਮੇਰੇ ਵਿਆਹ ਦੀਆਂ ਵਿਉਂਤਾਂ ਹੋ ਰਹੀਆਂ ਨੇ।”
“ਆਹੋ !” ਧੰਤੋ ਜ਼ਿਹਨ ਉਤੇ ਜ਼ੋਰ ਪਾ ਕੇ ਸੋਚਣ ਦਾ ਯਤਨ ਕਰ ਰਹੀ ਸੀ, ਵਿਆਹ ਦਾ ਮਾਰਨ ਨਾਲ ਕੀ ਸੰਬੰਧ ਏ ?
“ਜੀਹਦੇ ਨਾਲ ਲਾਈ ਸੀ, ਉਹ ਹੁਣ ਲੈ ਕੇ ਨਹੀਂ ਤੁਰਦਾ।”
“ਨੀ ਬੀਰੋ ਭਰਾਵਾਂ ਪਿੱਟੀਏ !” ਧੰਤੋ ਨੂੰ ਇਕ ਦਮ ਸਾਰੀ ਗੱਲ ਦਾ ਚਾਨਣ ਹੋ ਗਿਆ। “ਨਾ ਨੀ ਭੈੜੀਏ ! ਇਹੋ ਜਿਹੀ ਗੱਲ ਹਾਇ, ਹਾਇ !!”
“ਕਿਉਂ, ਪਿਆਰ ਪਾ ਕੇ ਸਿਰੇ ਨਹੀਂ ਲਾਈਦਾ ਹੁੰਦਾ ?” ਬੀਰੋ ਆਪਣੇ ਨਿਸਚੇ ਮੁਤਾਬਕ ਅਡੋਲ ਸੀ।
“ਹੈ ਹੈ ਨੀ ਕਮਜ਼ਾਤੇ ! ਮਾਪਿਆਂ ਦਾ ਨੱਕ ਵਢੇਗੀ, ਸਾਰਾ ਵਿਹੜਾ ‘ਤੋਇ ਤੋਇ ਕਰੇਗਾ।” ਧੰਤੋ ਬੀਰੋ ਦੇ ਮੂੰਹ ਵੱਲ ਤੱਕੀ ਜਾ ਰਹੀ ਸੀ। ਉਸ ਨੂੰ ਉੱਕੀ ਆਸ ਨਹੀਂ ਸੀ, ਬੀਰੋ ਐਨਾ ਭੈੜਾ ਵੀ ਸੋਚ ਸਕਦੀ ਹੈ। “ਮੈਂ ਤਾਂ ਆਖਦੀ ਹਾਂ, ਉਹ ਬਹੁਤ ਹੀ ਚੰਗਾ ਮੁੰਡਾ ਏ, ਜੀਹਨੇ ਤੇਰੀ ਗੱਲ ਨਹੀਂ ਮੰਨੀ।”
“ਤੂੰ ਉਹਨੂੰ ਚੰਗਾ ਆਖਦੀ ਏਂ, ਮੇਰਾ ਜੀ ਕਰਦਾ ਏ, ਮੈਨੂੰ ਬੰਦੂਕ ਮਿਲ ਜਾਵੇ…..”
“ਫੇਰ ਕੀ ਕਰੇਂ।” ਧੰਤੋ ਨੇ ਉਸ ਦੀ ਗੱਲ ਕਟਦਿਆਂ ਪੁੱਛਿਆ
“ਪਹਿਲੋਂ ਉਸ ਦੇ ਗੋਲੀ ਮਾਰਾਂ, ਫਿਰ ਉਸ ਦੀ ਲਾਸ਼ ਨੂੰ ਜੱਫੀ ਵਿਚ ਲੈ ਕੇ ਉਸੇ ਖੂਹ ਵਿਚ ਨਿੱਘਰ ਜਾਵਾਂ।” ਬੀਰੋ ਨੇ ਖੂਹ ਵਿਚ ਉਤਰਦਿਆਂ ਵਾਂਗ ਅੱਖਾਂ ਮੀਟ ਲਈਆਂ।
“ਹੈ ਨੀ ਹਤਿਆਰੀਏ ! ਕਿਹੋ ਜਿਹੀਆਂ ਚੰਦਰੀਆਂ ਗੱਲਾਂ ਕਰਦੀ ਏਂ।” ਧੰਤੋ ਨੇ ਉਸ ਦੇ ਮੂੰਹ ਹੱਥ ਦੇ ਦਿੱਤਾ, ਜਿਵੇਂ ਉਹ ਇਹ ਕੁਝ ਸੁਣ ਨਹੀਂ ਸਕਦੀ ਸੀ। ਸੱਚੀਂ ਧੰਤੋ ਦੀ ਛਾਤੀ ਧੜਕਨ ਲੱਗ ਪਈ।
“ਧੰਤੋ ਬੁਰਾ ਕਹਿ, ਭਲਾ ਕਹਿ, ਇਹ ਤਾਂ ਹੋਏਗਾ। ਉਹ ਪੱਜਲ ਨਿਕਲ ਗਿਆ, ਪਿੱਠ ਦੇ ਗਿਆ, ਮੈਂ ਕਿਵੇਂ ਜਿਊਂਦੀ ਰਹਾਂ” ਬੀਰੋ ਜੀਊਣੋਂ ਇਨਕਾਰ ਵਿਚ ਸਿਰ ਮਾਰ ਰਹੀ ਸੀ। “ਜੇ ਅੱਜ ਚਾਚੀ ਆਉਂਦੀ ਨਾ ਦਿਸਦੀ, ਤੈਨੂੰ ਮਿਲਣ ਦਾ ਖ਼ਿਆਲ ਵੀ ਨਹੀਂ ਆਉਣਾ ਸੀ, ਐਵੇਂ ਜਾਂਦੀ ਵਾਰ ਤੈਨੂੰ ਮਿਲਣ ਨੂੰ ਜੀ ਕਰ ਆਇਆ।” ਬੀਰੋ ਫਿਰ ਫਿਸ ਪਈ। ਉਸ ਦਾ ਆਪਾ ਬਹੁੜੀਆਂ ਪਾ ਰਿਹਾ ਸੀ। ਉਹ ਜਿਊਣਾ ਚਾਹੁੰਦੀ ਸੀ। ਕਾਸ਼ ! ਉਸ ਦਾ ਸਿਦਕ ਪਿਆਰ ਆ ਕੇ ਉਸ ਦੀ ਬਾਂਹ ਫੜ ਲਵੇ, ਉਸ ਨੂੰ ਜ਼ਿੰਦਗੀ ਮੋੜ ਦੇਵੇ। ਉਹ ਜਾਣਦੀ ਸੀ, ਇਹ ਕੁਝ ਹੋਣਾ ਨਹੀਂ ਤੇ ਮੈਨੂੰ ਆਪਣਾ ਆਪ ਕਤਲ ਕਰਨਾ ਪੈਣਾ ਹੈ।
“ਬੀਰੋ ! ਹਾੜੇ, ਤੈਨੂੰ ਬੀਰ ਦੀ ਸੌਂਹ ਲੱਗੇ, ਜੇ ਤੂੰ ਮਰਨ ਦੀ ਗੱਲ ਵੀ ਸੋਚੇਂ।” ਧੰਤੋ ਦੀਆਂ ਭਰੀਆਂ ਅੱਖਾਂ ਵਹਿ ਤੁਰੀਆਂ। “ਚੰਦਰੀਏ ! ਮੈਂ ਤਾਂ ਤੈਨੂੰ ਧਰਮ ਭੈਣ ਬਣਾਇਆ ਸੀ, ਤੂੰ ਹੁਣ ਵੈਰ ਲੈਣ ਲੱਗੀ ਏਂ ਦੁਸ਼ਮਣਾਂ ਵਾਂਗੂੰ।” ਧੰਤੋ ਦਾ ਸਾਰਾ ਅੰਦਰ ਕੰਬ ਗਿਆ ਤੇ ਰੋਣ ਉਸ ਤੋਂ ਕਿਵੇਂ ਵੀ ਰੋਕਿਆ ਨਹੀਂ ਜਾਂਦਾ ਸੀ। ਧੰਤੋ ਬੀਰੋ ਦੇ ਅਮੋੜ ਸੁਭਾਅ ਨੂੰ ਜਾਣਦੀ ਸੀ ਤੇ ਬਹੁਤਾ ਕਰ ਕੇ ਉਸ ਨੂੰ ਤਦ ਹੀ ਡਰ ਲੱਗ ਰਿਹਾ ਸੀ ਕਿ ਬੀਰੋ ਨੇ ਮਰਨੋਂ ਨਹੀਂ ਟਲਣਾ। ਧੰਤੋ ਦੇ ਦਿਲ ਵਿਚ ਪਿਆਰ ਤੋਂ ਹਮਦਰਦੀ ਹੀ ਨਹੀਂ ਸੀ, ਸਗੋਂ ਉਸ ਦੇ ਵਿਚਾਰ ਵਿਚ ਬੀਰੋ ਅਨਿਆਈ ਮੌਤ ਮਰ ਰਹੀ ਹੈ। ਅਸਲ ਵਿਚ ਧੰਤੋ ਪਿਆਰ ਦੀ ਐਨੀ ਡੂੰਘੀ ਅਵਸਥਾ ਤਕ ਆਪ ਨਹੀਂ ਗਈ ਸੀ। ਇਹ ਗੱਲ ਨਹੀਂ ਸੀ ਕਿ ਉਸ ਨੂੰ ਮੋਦਨ ਨਾਲ ਪਿਆਰ ਨਹੀਂ ਹੋਇਆ ਸੀ, ਹੋਇਆ ਸੀ ਤੇ ਅੰਦਰੇ ਅੰਦਰ ਉਹ ਉਸ ਦੀ ਪੂਜਾ ਵੀ ਕਰ ਰਹੀ ਸੀ, ਪਰ ਉਸ ਦਾ ਅਹਿਸਾਸ ਹਾਲੇ ਐਨਾ ਬਲਵਾਨ ਨਹੀਂ ਹੋਇਆ ਸੀ ਕਿ ਉਹ ਬੀਰੋ ਦੀ ਪਿਆਰ ਅਵਸਥਾ ਤਕ ਪਹੁੰਚ ਜਾਂਦਾ। ਧੰਤੋ ਨੂੰ ਪਿਆਰ ਦੀ ਛੋਹ ਨਹੀਂ ਮਿਲੀ ਸੀ ਜਿਹੜੀ ਜਾਦੂ ਜਗਾ ਦੇਂਦੀ ਹੈ, ਹੋਣੀਆਂ ਪਰਤਾ ਸਕਦੀ ਹੈ। ਛੋਹ ਦਿਲ ਨੂੰ ਅਜਿਹਾ ਵਹਿਣ ਦੇ ਜਾਂਦੀ ਹੈ, ਜਿਸ ਨੂੰ ਬੰਨ੍ਹ ਮਾਰਨਾ ਕਈ ਵਾਰ ਦਿਮਾਗ਼ ਦੇ ਵਸ ਦਾ ਰੋਗ ਨਹੀਂ ਰਹਿ ਜਾਂਦਾ।
“ਧੰਤੋ ! ਇਹ ਜੀਊਣ ਤਾਂ ਬੇਸ਼ਰਮੀ ਦਾ ਜੀਊਣ ਏਂ। ਯਾਰੀ ਦਾ ਅੱਕ ਚੱਬਿਆ ਜਾ ਸਕਦ ਹੈ, ਬੇਸ਼ਰਮੀ ਦਾ ਦੁੱਧ ਨਹੀਂ ਪੀਤਾ ਜਾ ਸਕਦਾ।” ਜਿਹੜਾ ਮਰਨ ਬੀਰੋ ਨੂੰ ਜਜ਼ਬਾਤੀ ਹੋ ਕੇ ਇਹ ਦਮ ਖੂਹ ਉਤੇ ਚੜ੍ਹਿਆ ਸੀ, ਉਸ ਦਾ ਵੇਗ ਰੋ ਧੋ ਕੇ ਧੰਤੋ ਦੇ ਦਰਦ ਵੰਡਾਣ ਨਾਲ ਮੱਠਾ ਪੈ ਗਿਆ। ਏਸੇ ਕਾਰਨ ਹੁਣ ਉਹ ਦਲੀਲਾਂ ਉਤੇ ਉਤਰ ਆਈ ਸੀ।
“ਮੈਂ ਕੁਝ ਨਹੀਂ ਜਾਣਦੀ।” ਧੰਤੋ ਨੇ ਅੱਖਾਂ ਪੂੰਝਦਿਆਂ ਆਖਿਆ, “ਮੈਂ ਤੈਨੂੰ ਓਨਾ ਚਿਰ ਜਾਣ ਨਹੀਂ ਦੇਣਾ, ਜਿੰਨਾ ਚਿਰ ਵਾਅਦਾ ਨਹੀਂ ਕਰਦੀ, ਬਈ ਮੈਂ ਇਸ ਤਰ੍ਹਾਂ ਦਾ ਭੈੜਾ ਸੁਪਨਾ ਵੀ ਨਹੀ ਲਵਾਂਗੀ।”
“ਧੰਤੋ ਕੱਲ੍ਹ ਦਾ ਕੀ ਭਰੋਸਾ ਹੈ।”
“ਫੇਰ ਤੂੰ ਮੇਰੇ ਕੋਲ ਆਈ ਕਾਹਤੋਂ, ਜੇ ਮੇਰੀ ਗੱਲ ਨਹੀਂ ਮੰਨਣੀ ਸੀ।”
ਬੀਰੋ ਸੋਚਣ ਲੱਗ ਪਈ। ਜਦ ਮਨੁੱਖ ਸੋਚਣ ਲੱਗ ਪੈਂਦਾ ਹੈ, ਹੱਤਿਆ ਦਾ ਪੱਖ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਬੁਨਿਆਦੀ ਤੌਰ ‘ਤੇ ਹੀ ਉਹ ਗ਼ੈਰ-ਕੁਦਰਤੀ ਅਮਲ ਹੁੰਦਾ ਹੈ, ਇਸ ਲਈ ਅੜਤਣ ਬਹੁਤ ਸਮਾਂ ਕਾਇਮ ਨਹੀਂ ਰਹਿ ਸਕਦੀ। ਬੀਰੋ ਨੇ ਆਪਣਾ ਪਾਪੀ ਸਿਰ ਹੱਥਾਂ ਵਿਚ ਲੈ ਲਿਆ ਤੇ ਨੀਝ ਲਾ ਕੇ ਧੰਤੋ ਵੱਲ ਤੱਕਣਾ ਸ਼ੁਰੂ ਕਰ ਦਿੱਤਾ। ਧੰਤੋ ਦੀਆਂ ਅੱਖਾਂ ਵਿਚ ਪਿਆਰ ਦਾ ਉਹ ਜਵਾਬ ਸੀ, ਜਿਹੜਾ ਲਾਭੇ ਦੀਆਂ ਅੱਖਾਂ ਵਿਚੋਂ ਭਾਲਿਆ ਵੀ ਨਹੀਂ ਮਿਲਿਆ ਸੀ। ਉਸ ਘੜੀ ਬੀਰੋ ਨੂੰ ਮਹਿਸੂਸ ਹੋਇਆ ਉਸ ਨੂੰ ਝਿਊਰਾਂ ਦੇ ਮੁੰਡੇ ਨਾਲ ਪਿਆਰ ਪਾਉਣਾ ਚਾਹੀਦਾ ਸੀ ਜਾਂ ਵਿਹੜੇ ਦੇ ਕਿਸੇ ਹਾਣੀ ਨਾਲ ਜਿਹੜਾ ਨਾ ਤੁਰਨੋਂ ਝਿਜਕਦਾ ਤੇ ਨਾ ਮਰਨੋਂ ਡਰਦਾ। ‘ਹੂੰ, ਉਸ ਮਨ ਹੀ ਮਨ ਵਿਚ ਲਾਭੇ ਦੀ ਬੁਰਿਆਈ ਤੇ ਜੱਟਪੁਣੇ ਨੂੰ ਧਿਰਕਾਰ ਦਿੱਤਾ। ਉਸ ਧੰਤੋ ਦੀਆਂ ਅੱਖਾਂ ਵਿਚ ਅੱਖਾਂ ਪਾਉਂਦਿਆਂ ਹਉਕਾ ਭਰਿਆ।
“ਚੰਗਾ, ਜਿਵੇਂ ਤੂੰ ਆਖੇਂ।” ਬੀਰੋ ਮਹਿਸੂਸ ਕਰ ਰਹੀ ਸੀ, ਹਾਲੇ ਮਰਨ ਦਾ ਠੀਕ ਸਮਾਂ ਵੀ ਨਹੀਂ ਆਇਆ। ਖ਼ਬਰੇ ਵਿਆਹ ਅੱਗੇ ਪਾ ਦਿੱਤਾ ਜਾਵੇ। ਦੂਜੇ ਉਸ ਦਾ ਹੱਥ ਧੰਤੋ ਨੇ ਐਨੇ ਪਿਆਰ ਨਾਲ ਘੁੱਟ ਕੇ ਫੜ ਲਿਆ ਸੀ, ਜਿਸ ਦਾ ਬੀਰੋ ਨੂੰ ਪਹਿਲਾਂ ਬਿਲਕੁਲ ਅਹਿਸਾਸ ਨਹੀਂ ਸੀ। ਉਹ ਲਾਭੇ ਦੇ ਪਿਆਰ ਵਿਚ ਐਨੀ ਮਸਤ ਤੇ ਕਮਲੀ ਸੀ ਕਿ ਹੋਰ ਕਿਧਰੇ ਵਿਸ਼ਵਾਸ-ਅਨੁਭਵ ਕਰਨ ਦਾ ਯਤਨ ਹੀ ਨਹੀਂ ਕੀਤਾ ਸੀ।
“ਨਹੀਂ, ਤੂੰ ਮੇਰੀ ਸੌਂਹ ਖਾਹ ?” ਧੰਤੋ ਨੂੰ ਹਾਲੇ ਯਕੀਨ ਨਹੀਂ ਆਇਆ ਸੀ।
“ਤੇਰੀ ਸੌਂਹ !”
“ਬੀਰ ਦੀ ਸੌਂਹ ?”
“ਬੀਰ ਦੀ ਸੌਂਹ।” ਬੀਰੋ ਨੇ ਤਨੋਂ ਮਨੋਂ ਸੌਂਹਾਂ ਖਾ ਲਈਆਂ, ਤੇ ਧੰਤੋ ਦੇ ਅੱਜ ਦੇ ਵਤੀਰੇ ਨੇ ਉਸ ਉਤੇ ਨਰੋਆ ਅਧਿਕਾਰ ਜਮਾ ਲਿਆ।
ਧੰਤੋ ਨੇ ਉਸ ਨੂੰ ਮੁੜ ਪਿਆਰ ਨਾਲ ਗਲਵਕੜੀ ਪਾ ਲਈ।
“ਸੱਚੀਂ ਮੁੱਚੀਂ ਤੂੰ ਮੇਰੀ ਧਰਮ ਭੈਣ ਏਂ।” ਧੰਤੋ ਅੰਦਰ ਪਿਆਰ ਦਾ ਮਾਣ ਉਛਾਲੇ ਖਾਣ ਲੱਗ ਪਿਆ। ਉਸ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ ਸੀ। ਸ਼ਾਇਦ ਉਸ ਆਪਣੀ ਮੋਟੀ ਬੁਧੀ ਨਾਲ ਹੀ ਇਕ ਨੇਕ ਕੰਮ ਜਿੱਤ ਲਿਆ ਸੀ।
“ਭੈਣੇ ! ਤੇਰੇ ਪਿਆਰ ਨੇ ਅੱਜ ਮੈਨੂੰ ਮਰਨੋਂ ਰੋਕ ਲਿਆ। ਮੈਨੂੰ ਪਤਾ ਨਹੀਂ ਸੀ, ਤੂੰ ਮੈਨੂੰ ਐਨਾ ਪਿਆਰ ਕਰਦੀ ਏਂ। ਮੇਰੀ ਤਾਂ ਉਸ ਔਂਤਰੇ ਮੱਤ ਮਾਰੀ ਰੱਖੀ ਸੀ।” ਬੀਰੋ ਸੁਭਾਵਕ ਹੀ ਦਿਲ ਦੀਆਂ ਗੱਲਾਂ ਕਰੀ ਜਾ ਰਹੀ ਸੀ।
“ਤੂੰ ਜਾਹ ਪਰਾਂਹ ! ਆਪ ਕਿੰਨਾ ਰੋਈ ਏ, ਨਾਲੇ ਮੈਨੂੰ ਰੁਆ ਮਾਰਿਆ।” ਧੰਤੋ ਨੇ ਉਸ ਨੂੰ ਧੱਕਾ ਮਾਰ ਦਿੱਤਾ। ਬੀਰੋ ਸੱਚੀਂ ਜਾਣ ਵਾਸਤੇ ਉਠ ਕੇ ਖਲੋ ਗਈ।
“ਨਾ ਭੈਣੇ ! ਮੈਂ ਤਾਂ ਨਹੀਂ ਇਸ ਤਰ੍ਹਾਂ ਭੁੱਖਣ-ਭਾਣੀ ਨੂੰ ਜਾਣ ਦੇਂਦੀ, ਖ਼ਬਰੇ ਕਦੋਂ ਦੀ ਰੋਟੀ ਮੂੰਹ ਪਾਈ ਏ।” ਧੰਤੋ ਨੇ ਉਸ ਨੂੰ ਖਿੱਚ ਕੇ ਬਹਾ ਲਿਆ। “ਮੈਂ ਬਾਪੂ ਦੀ ਚਾਹ ਧਰਦੀ ਆਂ।” ਉਸ ਕੰਧ ਦਾ ਪਰਛਾਵਾਂ ਵੇਖਿਆ, “ਇਕੱਠੀਆਂ ਰੋਟੀ ਖਾਵਾਂਗੀਆਂ ਤੇ ਨਾਲੇ ਚਾਹ ਪੀਆਂਗੀਆਂ।”
“ਤੇਰੀ ਮਰਜ਼ੀ।” ਬੀਰੋ ਅੱਜ ਜਾਣਾ ਨਹੀਂ ਚਾਹੁੰਦੀ ਸੀ, ਕਿਉਂਕਿ ਧੰਤੋ ਤੋਂ ਵਿਛੜ ਕੇ ਉਸ ਨੂੰ ਫੇਰ ਨਾਮੁਰਾਦ ਯਾਦਾਂ ਨੇ ਘੇਰ ਲੈਣਾ ਸੀ। ਉਸ ਸਮੇਂ ਨੂੰ ਕਿਵੇਂ ਲੰਘਾਵੇਗੀ ਜਾਂ ਮਨ ਨੂੰ ਵੱਸ ਵਿਚ ਰੱਖੇਗੀ, ਇਸ ਦਾ ਨਾ ਉਹਨੂੰ ਭਰੋਸਾ ਸੀ ਤੇ ਨਾ ਵਿਸ਼ਵਾਸ ਸੀ।
ਜਿੰਨਾ ਚਿਰ ਉਹ ਧੰਤੋ ਕੋਲ ਰਹੀ, ਉਸ ਨੂੰ ਇਉਂ ਮਹਿਸੂਸ ਹੁੰਦਾ ਰਿਹਾ, ਜਿਵੇਂ ਉਸ ਦੇ ਦਿਲ ਦੀ ਪੀੜ, ਧੰਤੋ ਦੀਆਂ ਗੱਲਾਂ ਤੇ ਉਸ ਦੇ ਬੁੱਲ੍ਹ ਜੁੜ ਜੁੜ ਕੇ ਪੀ ਰਹੇ ਹਨ ਅਤੇ ਉਸ ਦੇ ਅੱਲੇ ਜ਼ਖ਼ਮਾਂ ਵਿਚ ਸ਼ਹਿਦ ਚੋਇਆ ਜਾ ਰਿਹਾ ਹੈ। ਪਿਆਰ ਦੇ ਫੱਟ ਨੂੰ ਸਿਰਫ਼ ਪਿਆਰ ਦਾ ਚੁੰਮਣ ਹੀ ਰਾਜ਼ੀ ਕਰ ਸਕਦਾ ਹੈ, ਹੋਰ ਵਸਤੂ ਨਹੀਂ।
15
ਤਹਿਸੀਲਦਾਰ ਦੇ ਚਪੜਾਸੀ ਨੇ ਨੰਬਰਦਾਰ ਦੀ ਸਹਾਇਤਾ ਨਾਲ ਫੀਲੇ ਨੂੰ ਵੀ ਆ ਲੱਭਿਆ। ਜਿਨ੍ਹਾਂ ਨੇ ਮਕਾਨਾਂ ਲਈ ਕਰਜ਼ੇ ਅਤੇ ਕਿਸੇ ਹੋਰ ਪ੍ਰਕਾਰ ਦੀਆਂ ਤਕਾਵੀਆਂ ਲਈਆਂ ਸਨ, ਉਹ ਉਹਨਾਂ ਲਈ ਇਤਲਾਹਾਂ ਲੈ ਕੇ ਆਇਆ ਸੀ ਕਿ ਇਕ ਮਹੀਨੇ ਅੰਦਰ-ਅੰਦਰ ਆਪਣੀਆਂ ਕਿਸ਼ਤਾਂ ਸੂਦ ਸਮੇਤ ਸਰਕਾਰੀ ਖ਼ਜ਼ਾਨੇ ਜਮ੍ਹਾਂ ਕਰਵਾ ਦੇਣ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸ ਫੀਲੇ ਦਾ ਅੰਗੂਠਾ ਲਵਾ ਲਿਆ, ਜਿਸ ਦਾ ਮਤਲਬ ਸੀ, ਉਸ ਨੂੰ ਸਰਕਾਰੀ ਇਤਲਾਹ ਦਿੱਤੀ ਜਾ ਚੁੱਕੀ ਹੈ।
ਫੀਲੇ ਨੇ ਤਾਂ ਕਿਸ਼ਤ ਦੇਣੀ ਹੀ ਸੀ, ਪਰ ਜਗਨੇ ਬਾਹਮਣ ਨੇ ਜਦ ਸੁਣਿਆ ਕਿ ਇਤਲਾਹਾਂ ਆਈਆਂ ਹਨ, ਤਦ ਉਸ ਨੂੰ ਵੀ ਇਕ ਤਰ੍ਹਾਂ ਪਿੱਸੂ ਪੈ ਗਏ। ਹੁਣ ਉਹ ਪਛਤਾ ਰਿਹਾ ਸੀ ਕਿ ਮੈਂ ਘੁੱਟ ਸ਼ਰਾਬ ਪਿੱਛੇ ਕਿਉਂ ਜ਼ਾਮਨ ਬਣਿਆ। ਕਾਰੇ ਦੀ ਉਸ ਕਦੇ ਮਨ ਵਿਚ ਇੱਜ਼ਤ ਸਮਝੀ ਹੀ ਨਹੀਂ ਸੀ, ਉਹ ਛੜਾ ਛਟਾਂਗ ਤੇ ਸੁਥਰਾ ਮਲੰਗ ਸੀ, ਜਿਥੇ ਚਾਹਿਆ ਰਹਿ ਪਿਆ। ਉਸ ਦੀ ਜ਼ਾਮਨੀ ਵੀ ਕੀ ਅਰਥ ਰੱਖਦੀ ਸੀ। ਫੀਲੇ ਦਾ ਅਸਲ ਜ਼ਾਮਨ ਉਹ ਆਪਣੇ ਆਪ ਨੂੰ ਹੀ ਸਮਝਦਾ ਸੀ। ਉਹ ਫੀਲੇ ਨਾਲ ਬੋਲਣ ਲਈ ਮਜਬੂਰ ਸੀ। ਰੁਪਏ ਫੀਲੇ ਕੋਲ ਹੈ ਨਹੀਂ ਸਨ, ਇਸ ਗੱਲ ਦਾ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕਿਸੇ ਕੋਲੋਂ ਕਰਜ਼ ਲੈ ਕੇ ਹੀ ਕਿਸ਼ਤ ਲਾਹੁਣੀ ਹੈ। ਦੋ ਤਿੰਨ ਦਿਨ ਦੇ ਫ਼ਿਕਰ ਪਿੱਛੋਂ ਉਸ ਨੂੰ ਸੋਚ ਫੁਰੀ ਕਿ ਮੱਝਾ ਮਾਰੀ ਰੱਖਾਂ, ਜਦ ਮੌਕਾ ਆਵੇ, ਸਾਰਾ ਕਰਜ਼ਾ ਲਾਹ ਕੇ ਮਕਾਨ ਆਪਣੇ ਕਬਜ਼ੇ ਵਿਚ ਕਰ ਲਵਾਂ। ਸਰਕਾਰੀ ਕਰਜ਼ੇ ਅਤੇ ਵਿਆਜ ਵਿਚ ਚਾਰ ਮਰਲੇ ਦਾ ਥਾਂ ਅਤੇ ਮਕਾਨ ਮਹਿੰਗੇ ਨਹੀਂ ਸਨ, ਜਿਹੜੇ ਹੱਥੀਂ ਮਿਹਨਤ ਨਾਲ ਮਹਿੰ ਵੀ ਖਾ ਗਏ ਸਨ। ਪਰ ਉਪਰੋਂ ਉਪਰੋਂ ਉਹ ਕਿਸ਼ਤ ਲਾਹੁਣ ਲਈ ਫੀਲੇ ਨੂੰ ਚਿਤਾਵਣੀਆਂ ਦੇਂਦਾ ਰਿਹਾ ਕਿ ਸਾਡੀ ਜ਼ਾਮਨਾਂ ਦੀ ਪੱਤ ਰੱਖਣੀ, ਹੋਰ ਨਾ ਕਿਤੇ ਨਾਲ ਹੀ ਵਾਰੰਟ ਨਿਕਲਦੇ ਫਿਰਨ।
ਫੀਲਾ ਜਿਨ੍ਹਾਂ ਮੂੰਹ ਮੱਥੇ ਲਗਦਿਆਂ ਤੋਂ ਦੋ ਦੋ ਚਾਰ ਚਾਰ ਫੜ ਸਕਦਾ ਸੀ, ਉਹ ਪਹਿਲੋਂ ਹੀ ਫੜ ਕੇ ਖਾ ਚੁੱਕਾ ਸੀ। ਤਾਪੀ ਨੂੰ ਇਤਲਾਹ ਆਈ ਦਾ ਕੋਈ ਪਤਾ ਨਹੀਂ ਸੀ ਅਤੇ ਨਾ ਹੀ ਫੀਲੇ ਨੇ ਕੁਝ ਦੱਸਿਆ। ਉਹ ਸਮਝਦਾ ਸੀ, ਜ਼ਨਾਨੀਆਂ ਨੂੰ ਦੱਸਣ ਦਾ ਕੀ ਲਾਭ, ਜਦ ਉਹ ਸਵਾਏ ਫ਼ਿਕਰ ਕਰਨ ਦੇ ਕੁਝ ਕਰ ਹੀ ਨਹੀਂ ਸਕਦੀਆਂ। ਉਸ ਆਪਣੇ ਯਾਰ ਕਾਰੇ ਨੂੰ ਦਿਲ ਦਾ ਰੋਗ ਦੱਸਿਆ। ਉਹ ਸੁਣ ਕੇ ਉਦਾਸ ਹੋ ਗਿਆ। ਉਹ ਫੀਲੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਸੀ। ਉਸ ਨੂੰ ਪੈਨਸ਼ਨ ਲੈ ਕੇ ਆਏ ਨੂੰ ਇਕ ਮਹੀਨਾ ਹੋ ਚੁੱਕਾ ਸੀ ਜਿਹੜੀ ਦੋਹਾਂ ਰਲ ਕੇ ਕਦੋਂ ਦੀ ਬੰਨੇ ਵੀ ਲਾ ਦਿੱਤੀ ਸੀ। ਹੁਣ ਉਹ ਰੜੇ-ਨੰਗ-ਆਕੀ ਵਰਗਾ ਸੀ। ਫਿਰ ਵੀ ਉਸ ਯਾਰ ਨੂੰ ਹੌਸਲਾ ਦੇਣ ਲਈ ਕਿਹਾ :
“ਚਾਰ ਖਣਾ ਦੀ ਕੋਠੜੀ ਐ, ਜੇ ਤੂੰ ਆਖੇਂ ਮੈਂ ਗਹਿਣੇ ਧਰ ਕੇ ਜੋ ਮਿਲਦਾ ਏ, ਲੈ ਆਉਂਦਾ गं।”
“ਨਹੀਂ, ਇਕ ਤੂੰ ਪਹਿਲਾਂ ਹੀ ਜ਼ਾਮਨ ਏਂ, ਹੁਣ ਤੇਰਾ ਘਰ ਵੀ ਗਹਿਣੇ ਧਰਵਾਵਾਂ, ਲੋਕ ਕੀ ਆਖਣਗੇ, ਮਹਿਰਾ ਲੁੱਟਣ ਖਾਣ ਦਾ ਹੀ ਯਾਰ ਸੀ।” ਇਹ ਗੱਲਾਂ ਫੀਲੇ ਦੇ ਦਿਲ ਨੂੰ ਚੁੱਭ ਦੀਆਂ ਸਨ। ਉਹ ਕਾਰੇ ਨੂੰ ਹੋਰ ਕਿਸੇ ਤਰ੍ਹਾਂ ਦੀ ਬਿੱਡੀ ਨਹੀਂ ਪਾਉਣਾ ਚਾਹੁੰਦਾ ਸੀ
“ਮੈਨੂੰ ਜਿਹੜਾ ਕੰਮ ਕਰਨ ਨੂੰ ਆਖੇਂ ਕਰਨ ਨੂੰ ਤਿਆਰ ਹਾਂ, ਮੇਰੀ ਨਾਂਹ ਕੋਈ ਨਹੀਂ।” ਕਾਰੇ ਨੇ ਬਿਪਤਾ ਸਮੇਂ ਯਾਰ ਨੂੰ ਜਗਨੇ ਵਾਂਗ ਪਿੱਠ ਵਿਖਾਉਣੀ ਗੀਦੀਪੁਣਾ ਸਮਝਿਆ। ਫਿਰ ਉਸ ਆਪਣੀ ਸੋਚ ਮੁਤਾਬਕ ਪੁੱਛਿਆ, “ਜਗਨੇ ਨੂੰ ਨਾ ਟੋਹ ਵੇਖੀਏ ?”
“ਦੇਣੇ ਉਸ ਹੈ ਨਹੀਂ, ਮੂੰਹ ਥੁਕਾਉਣ ਦਾ ਕੀ ਫ਼ੈਦਾ।” ਫੀਲਾ ਜਗਨੇ ਦਾ ਨਾਂ ਸੁਣ ਕੇ ਇਕ ਦਮ ਸੰਜੀਦਾ ਹੋ ਗਿਆ। “ਕਾਰਿਆ ! ਭਾਵੇਂ ਕੁਝ ਹੋ ਜਾਵੇ, ਬਾਹਮਣ ਨੂੰ ਨਹੀਂ ਆਖਣਾ”
“ਨਾ ਨਾ, ਹੋਰ ਕਿਥੋਂ ਆਉਣਗੇ।” ਕਾਰੇ ਨੇ ਡੱਕੇ ਨਾਲ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ। “ਤੂੰ ਨਿੱਕੇ ਕੋਲ ਫੇਰ ਜਾਹ ਇਕ ਵਾਰ, ਸ਼ਾਇਦ ਬੇੜਾ ਬੰਨੇ ਲਾ ਦੇਵੇ ਉਹ।” ਫੀਲੇ ਦਾ ਦਿਲ ਨਿੱਕੇ ਬਾਰੇ ਵੀ ਸ਼ਾਹਦੀ ਨਹੀਂ ਭਰਦਾ ਸੀ, ਕਿਉਂਕਿ ਉਹ ਸਮਝਦਾ ਸੀ, ਜੋ ਕਿਸੇ ਨੇ ਇਕ ਵਾਰ ਕੰਮ ਸਾਰ ਦਿੱਤਾ, ਇਸ ਦਾ ਇਹ ਮਤਲਬ ਥੋੜਾ ਹੁੰਦਾ ਹੈ ਕਿ ਉਹ ਹਰ ਮੁਸ਼ਕਲ ਸੁਖਾਲੀ ਕਰ ਸਕਦਾ ਹੈ। ਇਹ ਵੀ ਕੀ ਪਤਾ ਉਸ ਕੋਲ ਰੁਪਈਏ ਹੋਣ ਹੀ ਨਾ।
“ਨਿੱਕੇ ਤੋਂ।” ਕਾਰਾ ਥੋੜਾ ਹੈਰਾਨ ਹੋ ਕੇ ਬੋਲਿਆ, “ਮੈਂ ਜਾਂਦਾ ਤਾਂ ਪਾਂਧਾ ਨਹੀਂ ਪੁੱਛਦਾ, ਪਰ ਉਸ ਦੇ ਪਿੰਡ ਵਾਲੇ ਉਸ ਨੂੰ ਸ਼ੈਤਾਨ ਦੀ ਟੂਟੀ ਆਖਦੇ ਐ।”
“ਮੀਆਂ ਸਬਕ ਨਾ ਦੇਊ ਤਾਂ ਘਰ ਵੀ ਨਾ ਆਉਣ ਦੇਊ, ਤੂੰ ਜਾ ਤਾਂ ਸਹੀ।” ਫੀਲਾ ਇਹ ਵੀ ਜਾਣਦਾ ਸੀ ਕਿ ਬਿਨਾਂ ਪੁੱਛੇ ਦੱਸੇ ਅਤੇ ਹੱਥ ਪੈਰ ਹਲਾਏ ਗੱਲ ਕਦੋਂ ਬਣਨ ਲੱਗੀ ਹੈ।
ਕਾਰਾ ਫੀਲੇ ਦੇ ਆਖੇ ਨਿੱਕੇ ਵੱਲ ਤੁਰ ਪਿਆ, ਪਰ ਵਿਚੋਂ ਉਸ ਦਾ ਦਿਲ ਜਾਣ ਨੂੰ ਨਹੀਂ ਕਰਦਾ ਸੀ। ਫੀਲੇ ਦਾ ਘਰ ਵਿਚ, ਪਰ੍ਹੇ ਅਤੇ ਡੇਰੇ, ਕਿਤੇ ਵੀ ਜੀਅ ਨਹੀਂ ਲੱਗਦਾ ਸੀ। ਉਹ ਹੁਣ ਕਾਰੇ ਨੂੰ ਜਾਣ ਕੇ ਨਾਲ ਰੱਖਦਾ ਸੀ। ਉਸ ਦੇ ਸਾਥ ਵਿਚ ਸੋਚਾਂ, ਜਿਹੜੀਆਂ ਅਸਲ ਵਿਚ ਜੋਕਾਂ ਹੁੰਦੀਆਂ ਹਨ, ਉਸ ਦੇ ਅੰਦਰ ਦੀ ਰੱਤ ਘੱਟ ਚੂਸਦੀਆਂ ਸਨ। ਉਹ ਕਦੇ-ਕਦੇ ਸੋਚਦਾ, ਗ਼ਰੀਬ ਨਸ਼ੰਗ ਹੋਵੇ, ਪਰ ਕਿਸੇ ਦਾ ਦੇਣਦਾਰ ਨਾ ਹੋਵੇ— ਉਹ ਗ਼ਰੀਬ ਹੀ ਕਾਹਦਾ ਹੋਇਆ, ਜਿਸ ਦੇਣਾ ਹੀ ਨਾ ਹੋਇਆ।
ਕਾਰਾ ਅਗਲੇ ਦਿਨ ਸਵੇਰੇ ਹੀ ਨਿੱਕੇ ਕੋਲੋਂ ਹੋ ਕੇ ਮੁੜ ਆਇਆ। ਫੀਲੇ ਨੇ ਉਸ ਨੂੰ ਕਾਹਲਾ
ਪੈ ਕੇ ਪੁੱਛਿਆ :
“ਸੁਣਾ ?”
“ਉਹ ਸਾਲਾ ਗੱਲਾਂ ਈ ਉਲਟੀਆਂ ਪੁਲਟੀਆਂ ਕਰਦਾ ਏ।” ਕਾਰੇ ਨੇ ਨਿਰਾਸਤਾ ਨਾਲ ਉੱਤਰ ਦਿੱਤਾ, “ਆਂਹਦਾ ਸੀ, ਮੈਂ ਤਾਂ ਇਹ ਧਾਰੀ ਬੈਠਾ ਸੀ, ਤੁਸੀਂ ਪਿਛਲਾ ਦੋ ਸੌ ਮੋੜੋਗੇ।”
“ਬਸ ਕਿ ਹੋਰ ਵੀ ਕੁਝ ਆਖਿਆ ?” ਫੀਲਾ ਨਿਰਾਸ ਹੋਣ ਉਤੇ ਵੀ ਸੁਭਾਵਕ ਪੁੱਛ ਗਿਆ।
“ਆਉਣ ਲੱਗੇ ਨੂੰ ਆਂਹਦਾ ਸੀ, ਜੇ ਕੋਈ ਬੰਦੋਬਸਤ ਨਾ ਹੋਇਆ, ਫੇਰ ਤੂੰ ਫੀਲੇ ਨੂੰ ਨਾਲ ਲੈ ਆਵੀਂ, ਸ਼ਾਇਦ ਕੋਈ ਚਾਰਾ ਲਾ ਲਈਏ। ਉਸ ਦਾ ਕੁਝ ਭੇਤ ਨਹੀਂ ਆਉਂਦਾ, ਸਾਲਾ ਪਲ ‘ਚ ਤੋਲਾ ਤੇ ਪਲ ‘ਚ ਮਾਸਾ ਹੋ ਜਾਂਦਾ ੲੈ।” ਕਾਰੇ ਨੇ ਆਪਣੇ ਨਾਲ ਬੀਤੀ ਜਿਉਂ ਦੀ ਤਿਉਂ ਫੀਲੇ ਅੱਗੇ ਰੱਖ ਦਿੱਤੀ।
ਕਾਰੇ ਦੀਆਂ ਗੱਲਾਂ ਸੁਣ ਕੇ ਫੀਲਾ ਸੋਚੀਂ ਪੈ ਗਿਆ। ਇਹ ਸੋਚਾਂ ਅਜਿਹੀਆਂ ਹਨ, ਜਿਹੜੀਆਂ ਪਿੱਤਾ ਸਾੜਨ ਤੋਂ ਬਿਨਾਂ ਕੱਖ ਪੱਲੇ ਨਹੀਂ ਪਾਂਦੀਆਂ ਸਨ। ਉਹ ਨਿੱਕੇ ਵਲੋਂ ‘ਹਾਂ’ ਜਾਂ ‘ਨਾਂਹਾ ਲੈਣਾ ਚਾਹੁੰਦਾ ਸੀ। ਅਸਲ ਵਿਚ ਉਸ ਨੂੰ ਹੋਰ ਕਿਤੇ ਵੀ ਢੋਈ ਮਿਲਣ ਦੀ ਆਸ ਨਹੀਂ ਸੀ। ਉਹ ਕਾਰੇ ਨੂੰ ਨਾਲ ਲੈ ਕੇ ਓਸੇ ਸ਼ਾਮ ਨੂੰ ਨਿੱਕੇ ਕੋਲ ਲਲਤੋਂ ਚੱਲਿਆ ਗਿਆ।
ਨਿੱਕਾ ਅੱਗੋਂ ਪਿਛੋਂ ਬੰਦਾ ਭੇਜ ਕੇ ਫੀਲੇ ਦੀ ਹਾਲਤ ਬਾਬਤ ਪਤਾ ਕਰਦਾ ਰਹਿੰਦਾ ਸੀ, ਜਿਸ ਦਾ ਸਿੱਧੇ ਸਾਦੇ ਫੀਲੇ ਨੂੰ ਕੋਈ ਪਤਾ ਨਹੀਂ ਸੀ। ਕਾਰੇ ਨੂੰ ਉਸ ਇਕ ਝੱਸੀ ਦਿੱਤੀ ਸੀ, ਜੇ ਫੀਲੇ ਨੂੰ ਕਿਸੇ ਵੀ ਨਾ ਝੱਲਿਆ, ਤਦ ਉਹ ਰੁਪਈਆ ਨੂੰ ਅਵੱਸ਼ ਆਵੇਗਾ। ਉਸ ਨੂੰ ਜਮਾਂਦਾਰਾਂ ਤੇ ਹੋਰ ਗ਼ਰੀਬ ਲਾਗੀਆਂ ਬਾਰੇ ਬੜਾ ਤਜਰਬਾ ਸੀ ਕਿ ਔਕੜ ਕਿਸੇ ਨੂੰ ਕਿਵੇਂ ਖ਼ੁਆਰ ਕਰਦੀ ਹੈ, ਤੇ ਉਹ ਟੂਮ ਛੱਲਾ ਗਹਿਣੇ ਰਖਵਾ ਕੇ ਛੋਟੀ-ਮੋਟੀ ਗਰਜ਼ ਸਾਰ ਦਿਆ ਕਰਦਾ ਸੀ। ਦੋ ਮਹੀਨੇ ਹੋਏ ਉਸ ਦੀ ਘਰਵਾਲੀ ਤਪਦਿਕ ਦੇ ਰੋਗ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਗਈ ਸੀ। ਤੇ ਅੱਜ ਕੱਲ੍ਹ ਉਹ ਆਪੂੰ ਵੀ ਹਮਦਰਦੀ ਦਾ ਪਾਤਰ ਸੀ। ਫੀਲੇ ਨੂੰ ਉਹ ਦੂਜੀਆਂ ਲੋੜਵੰਦ ਅਸਾਮੀਆਂ ਨਾਲੋਂ ਵਧੇਰੇ ਖਰੀ ਅਸਾਮੀ ਸਮਝਦਾ ਸੀ। ਆਪਣੀ ਰਕਮ ਮਾਰੀ ਜਾਣ ਦਾ ਉਸ ਖ਼ਤਰਾ ਮਹਿਸੂਸ ਨਹੀਂ ਕੀਤਾ ਸੀ, ਸਗੋਂ ਸਰਕਾਰੀ ਕਰਜ਼ੇ ਦੀ ਆੜ ਵਿਚ ਉਸ ਫੀਲੇ ਨੂੰ ਚੱਜ ਨਾਲ ਹੀ ਵਿੰਨ੍ਹ ਲੈਣ ਦੀ ਮਿਥ ਲਈ ਸੀ।
ਨਿੱਕੇ ਨੇ ਉਹਨਾਂ ਨੂੰ ਵਿਹੜੇ ਦੀ ਨਿੰਮ ਤੋਂ ਪਾਸੇ ਮੰਜਾ ਡਾਹ ਦਿੱਤਾ ਅਤੇ ਪਾਣੀ ਧਾਣੀ ਪੁੱਛਿਆ। ਵਿਚਾਰੇ ਲੋੜਵੰਦਾਂ ਦੇ ਪਾਣੀ ਕਦੋਂ ਲੰਘਦਾ ਹੈ। ਫੀਲੇ ਨੇ ਅਟਕ ਅਟਕ ਗੱਲ ਤੋਰੀ :
“ਭਰਾਵਾ ! ਹੁਣ ਐਤਕੀਂ ਸਾਡਾ ਫੇਰ ਡੰਗ ਸਾਰ।”
“ਤੁਹਾਨੂੰ ਚਾਹੀਦੇ ਕਿੰਨੇ ਹਨ ?” ਨਿੱਕੇ ਦੀਆਂ ਨਿੱਕੀਆਂ, ਪਰ ਬਾਜ਼ ਵਰਗੀਆਂ ਤਿੱਖੀਆਂ ਅੱਖਾਂ ਫੀਲੇ ਦਾ ਰੋਆਂ ਰੋਆਂ ਫੋਲ ਰਹੀਆਂ ਸਨ।
“ਡੇਢ ਸੌ ਨਾਲ ਸਰ ਜਾਵੇਗਾ।” ਫੀਲੇ ਨੇ ਲੋੜ ਤੋਂ ਵਧ ਰੁਪਏ ਮੰਗ ਲਏ, ਜਿਵੇਂ ਉਹ ਆਪਣੇ ਛਕਣ ਛਕਾਉਣ ਲਈ ਪਹਿਲਾਂ ਵੀ ਕਰ ਲਿਆ ਕਰਦਾ ਸੀ।
“ਦੋਂ ਸੌ ਪਹਿਲਾ ਤੇ ਡੇਢ ਸੌ ਇਹ, ਸਾਢੇ ਤਿੰਨ ਸੌ ਤੇ ਵਿਆਜ ਪੈ ਕੇ ਸਾਲ ਭਰ ਦੀ ਚਾਰ ਸੌ ਤਕ ਰਕਮ ਜਾਂਦੀ ਹੈ।” ਨਿੱਕੇ ਨੇ ਹਿਸਾਬ ਜੋੜਿਆ, “ਇਹ ਮੋੜੋਗੇ ਕਦੋਂ ?” ਦੇਣ ਵਾਲਾ ਰਕਮ ਮੁੜਨ ਬਾਰੇ ਪਹਿਲਾਂ ਸੋਚਦਾ ਹੈ, ਜੇ ਰਕਮ ਨੇ ਵਾਪਸ ਹੀ ਨਾ ਆਉਣਾ ਹੋਵੇ, ਫਿਰ ਦੇਣ ਦਾ ਕੀ ਲਾਭ ?
ਫੀਲੇ ਤੋਂ ਪਿੱਛਾ ਛੁੱਟਾ ਨਹੀਂ ਸੀ ਤੇ ਅਗਾ ਫਾਹੀ ਬਣ ਕੇ ਬਾਹਾਂ ਅੱਡੀ ਤਿਆਰ ਖਲੋਤਾ ਸੀ।
“ਅਸੀਂ ਛੇਤੀ ਤੋਂ ਛੇਤੀ ਮੋੜਨ ਦਾ ਯਤਨ ਕਰਾਂਗੇ।”
“ਮੈਂ ਵੀ ਤਾਂ ਜਾਣਾ, ਕਿਵੇਂ ਮੋੜੋਗੇ ?”
“ਤੈਨੂੰ ਇਸ ਗੱਲ ਨਾਲ ਕੀ, ਜਿਹੜਾ ਹੁਣ ਤਕ ਚੁੱਪ ਰਿਹਾ ਸੀ, ਭਾਵੇਂ ਕਾਲੇ ਚੋਰ ਤੋਂ ਲਿਆਈਏ, ਤੇਰੇ ਪੈਸੇ ਦੇਵਾਂਗੇ।” ਕਾਰਾ ਬੋਲ ਈ ਪਿਆ।
“ਰੁਪਈਏ ਤੁਸੀਂ ਭਾਈ ਮੋੜ ਨਹੀਂ ਸਕਦੇ, ਜਿੰਨਾ ਚਿਰ ਕਿਸ਼ਤਾਂ ਦੇਣੀਆਂ ਹਨ।” ਨਿੱਕੇ ਨੇ ਆਪਣੀ ਵਲੋਂ ਵੱਡੀ ਮੱਤ ਅਨੁਸਾਰ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ।
“ਤੂੰ ਯਾਰ ਰੁਪਈਏ ਲੈਣੇ ਐ ਕਿ ਸਾਡੀ ਜਾਨ ਲੈਣੀ ਏਂ।” ਕਾਰਾ ਫਿਰ ਬੋਲ ਪਿਆ, “ਨਸ਼ੰਗ ਨਾਵਾਂ ਸਾਡੇ ਦੋਹਾਂ ਦੇ ਨਾਂ ਲਿਖ ਲੈ, ਜੇ ਤੈਨੂੰ ਯਕੀਨ ਨਹੀਂ।”
“ਨਾਵਾਂ ਲਿਖਾਉਣ ਵਲੋਂ ਤੁਸੀਂ ਭੱਜੇ ਨਹੀਂ। ਮੇਰੀ ਪਹਿਲੋਂ ਗੱਲ ਸੁਣ ਲਵੋ, ਉਹ ਤੁਹਾਡੇ ਫ਼ਾਇਦੇ ਦੀ ਐ। ਮੇਰਾ ਕੀ ਐ, ਤੁਹਾਨੂੰ ਨਹੀਂ ਹੋਰ ਕਿਸੇ ਨੂੰ ਸੂਦੀ ਰਕਮ ਦੇ ਦਿਆਂਗਾ। ਪਰ ਫੀਲੇ ਨਾਲ ਬਰਾਦਰੀ ਦਾ ਬੰਦਾ ਕਰਕੇ ਹਮਦਰਦੀ ਹੈ। ਸੋ ਉਹ ਵਿਉਂਤ ਬਣਾਉ ਜਿਸ ਨਾਲ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਹੱਥ ਰਹੇ ਮੇਰਾ ਮਤਲਬ ਹੈ ਕਰਜ਼ਾ ਵੀ ਲਹਿ ਜਾਏ ਤੇ ਮਕਾਨ ਵੀ ਰਹਿ ਜਾਵੇ।” ਨਿੱਕੇ ਨੇ ਗੱਲ ਦਾ ਅੰਤ ਕਰਦਿਆਂ ਆਪਣੀ ਵਲੋਂ ਪੂਰੀ ਹਮਦਰਦੀ ਵਿਚ ਸਿਰ ਮਾਰਿਆ।
ਫੀਲੇ ਨੂੰ ਨਿੱਕੇ ਦੀਆਂ ਗੱਲਾਂ ਜਾਦੂ ਬਣ ਕੇ ਕੀਲ ਗਈਆਂ। ਇਸ ਤਰ੍ਹਾਂ ਦੀ ਚੁਫੇਰਿਉਂ ਸੁਰਖ਼ਰੂ ਕਰ ਦੇਣ ਵਾਲੀ ਵਿਉਂਤ ਉਸ ਦੇ ਦਿਮਾਗ਼ ਵਿਚ ਕੋਈ ਨਹੀਂ ਆ ਸਕਦੀ ਸੀ। ਉਸ ਜਵਾਬ ਦਿੱਤਾ :
“ਭਰਾਵਾ ਏਹੋ ਜਿਹੀ ਗੱਲ ਮੇਰੀ ਸਮਝ ਵਿਚ ਕੋਈ ਨਹੀਂ ਆਉਂਦੀ, ਜੇ ਤੂੰ ਸੋਚ ਸਕਦਾ ਏਂ ਤਾਂ ਦੱਸ ?”
ਨਿੱਕਾ ਸੋਚਣ ਲੱਗ ਪਿਆ ਕਿ ਕਿਵੇਂ ਗੱਲ ਤੋਰਾਂ।
“ਇਕ ਵਿਉਂਤ ਮੇਰੀ ਸਮਝ ਵਿਚ ਆਉਂਦੀ ਐ। ਤੁਸੀਂ ਲੰਮੀ ਵਿਚਾਰ ਤੋਂ ਕੰਮ ਲੈਣਾ, ਐਵੇਂ ਕਾਹਲੇ ਨਾ ਪੈ ਜਾਣਾ। ਨਾਲੇ…….. “ਨਿੱਕੇ ਨੇ ਏਨੀ ਕਹਿ ਕੇ ਗੱਲ ਵਿਚਕਾਰ ਛੱਡ ਦਿੱਤੀ, ਉਹ ਉਹਨਾਂ ਦੇ ਮਨਾਂ ਦੀ ਤਬਦੀਲੀ ਚਿਹਰੇ ਤੋਂ ਤਾੜਦਾ ਰਿਹਾ। ਉਹ ਇਕ ਦਮ ਗੱਲ ਕਹਿ ਕੇ ਫਾਹ ਸੋਟਾ ਨਹੀਂ ਮਾਰਨਾ ਚਾਹੁੰਦਾ ਸੀ, ਕੁਝ ਆਖਣ ਤੋਂ ਪਹਿਲਾਂ ਉਹ ਉਹਨਾਂ ਦੇ ਮਨਾਂ ਨੂੰ ਤਿਆਰ ਕਰ ਲੈਣਾ ਜ਼ਰੂਰੀ ਸਮਝਦਾ ਸੀ, ਏਸੇ ਕਾਰਨ ਉਹ ਹੱਦੋਂ ਵਧ ਹੁਸ਼ਿਆਰੀ ਤੇ ਚੁਸਤੀ ਵਰਤ ਰਿਹਾ ਸੀ।
“ਨਾ ਨਾ, ਦੱਸੋਂ ਵੀ ਏਹੋ ਜਿਹੀ ਕਿਹੜੀ ਵਿਉਂਤ ਐ ?” ਕਾਰਾ ਵੀ ਉਤੇਜਤ ਹੋ ਚੁੱਕਾ ਸੀ।
“ਗੱਲ ਇਹ ਐ, ਕਿਸ਼ਨ ਸਿਆਂ ! ਤੇਰਾ ਹੋਰ ਕਿਸੇ ਤਰ੍ਹਾਂ ਮੈਨੂੰ ਬਚਾਅ ਨਹੀਂ ਦਿੱਸਦਾ, ਬਸ ਇਹੋ ਇਕੋ ਰਾਹ ਹੈ।” ਨਿੱਕਾ ਮੁੜ ਮੁੜ ਫੀਲੇ ਦੇ ਦਿਮਾਗ਼ ਨੂੰ ਜ਼ਰਬਾਂ ਦੇ ਰਿਹਾ ਸੀ, ਜਿਸ ਨਾਲ ਉਹ ਸੋਚਣੋਂ ਬਿਲਕੁਲ ਆਰੀ ਹੋ ਜਾਵੇ, ਤੇ ਕਿਸੇ ਤਰ੍ਹਾਂ ਉਸ ਦੀ ਗੱਲ ਮੰਨਣ ਲਈ ਮਜਬੂਰ ਹੋ ਜਾਵੇ।
“ਫੇਰ ਦੱਸੇਂ ਵੀ ?” ਫੀਲੇ ਨੇ ਧਿਆਨ ਨਿੱਕੇ ਵੱਲ ਕਰਦਿਆਂ ਪੁੱਛਿਆ, ਉਹ ਆਪ ਹੈਰਾਨ ਸੀ, ਅਜਿਹੀ ਕਿਹੜੀ ਵਿਉਂਤ ਹੈ, ਜਿਹੜੀ ਮੇਰੀਆਂ ਸਾਰੀਆਂ ਔਕੜਾਂ ਦਾ ਸਫਾਇਆ ਕਰਦੀ ਹੈ।”
“ਸਰਕਾਰ ਦਾ ਪੰਜੇ ਸੌ ਸਣੇ ਵਿਆਜ ਲਾਹ ਦੇਵੋ, ਹੋਰ ਜਿਸ ਕਿਸੇ ਦੇ ਸੌ-ਪੰਜਾਹ ਜਾਂ ਹੱਠੀ- ਭੱਠੀ ਦੇ ਹਨ ਉਹ ਨਿਬੇੜ ਦਿਓ। ਮੈਂ ਆਪਣੇ ਵਾਲਾ ਪਰੋਨੋਟ ਵੀ ਪਾੜ ਦੇਂਦਾ ਹਾਂ। ਮਕਾਨ ਦੀਆਂ ਜੋੜੀਆਂ ਲਈ ਸੌ ਦੋ ਸੌ ਹੋਰ ਲੈ ਲਵੋ, ਪਰ ਇਕ ਸ਼ਰਤ ਉਤੇ ?” ਏਨੀਆਂ ਗੱਲਾਂ ਕਹਿ ਕੇ ਨਿੱਕੇ ਨੇ ਉਹਨਾਂ ਨੂੰ ਧੁਰ ਅੰਦਰ ਤਕ ਜੋਹਣਾ ਚਾਹਿਆ।
“ਫੀਲੇ ਨੇ ਸਾਹ ਰੋਕ ਕੇ ਪੁੱਛਿਆ :
“ਕਿਹੜੀ ਸ਼ਰਤ ?”
“ਅਸੀਂ ਆਪੋ ਵਿਚੀਂ ਰਿਸ਼ਤੇਦਾਰ ਬਣ ਜਾਈਏ।” ਨਿੱਕੇ ਨੇ ਆਖ਼ਰ ਨੂੰ ਦਿਲ ਦੀ ਗੱਲ ਕਹਿ ਹੀ ਦਿੱਤੀ, ਜਿਹੜੀ ਉਹ ਬੜੇ ਸਮੇਂ ਤੋਂ ਦਿਲ ਵਿਚ ਸੋਚੀ ਆ ਰਿਹਾ ਸੀ ਅਤੇ ਆਪਣੀਆਂ ਬਾਜ਼- ਤੱਕਾਂ ਹੋਰ ਡੂੰਘੀਆਂ ਕਰ ਦਿੱਤੀਆਂ।
“ਰਿਸ਼ਤੇਦਾਰ ਕਿਵੇਂ ?” ਫੀਲਾ ਘਬਰਾ ਗਿਆ, ਉਸ ਕੁਝ ਨਹੀਂ ਸਮਝਿਆ ਸੀ।
“ਮੇਰਾ ਮਤਲਬ ਸੀ, ਤੂੰ ਆਪਣੀ ਧੀ ਦਾ ਰਿਸ਼ਤਾ ਮੇਰੇ ਗੁਰਮੇਲੂ ਨੂੰ ਕਰ ਦੇਵੇਂ।” ਨਿੱਕੇ ਨੂੰ ਭੋਲੇ ਨਾਲੋਂ ਸਾਕ ਟੁੱਟ ਜਾਣ ਦੀ ਸਾਰੀ ਵਿਥਿਆ ਦਾ ਚੰਗੀ ਤਰ੍ਹਾਂ ਪਤਾ ਸੀ। ਉਹ ਸਮਝਦਾ ਸੀ, ਪੈਸਿਆਂ ਦੀ ਲੋੜ ਕਾਰਨ ਸ਼ਾਇਦ ਫੀਲਾ ਮੰਨ ਜਾਵੇ ਅਤੇ ਉਹਨਾਂ ਦੇ ਘਰ ਰੋਟੀ ਪੱਕਦੀ ਹੋ ਜਾਵੇ।
“ਨਿੱਕਿਆ, ਇਹ ਨਹੀਂ ਹੋ ਸਕਦਾ।” ਫੀਲਾ ਮੰਜੇ ਤੋਂ ਉਠ ਕੇ ਜੁੱਤੀ ਪਾਉਣ ਲੱਗ ਪਿਆ।
“ਤੂੰ ਬੈਠੇ ਵੀ ਬਾਈ !” ਨਿੱਕੇ ਨੇ ਬਾਜ਼ੀ ਹੱਥੋਂ ਜਾਂਦੀ ਵੇਖ ਕੇ ਬਾਂਹ ਫੜਦਿਆਂ ਆਖਿਆ, “ਬੰਨੇ ਚੰਨੇ ਦੀ ਰਿਸ਼ਤੇਦਾਰੀ ਸਿਰਹਾਣੇ ਦੀ ਬਾਂਹ ਹੁੰਦੀ ਹੈ। ਸਾਡਾ ਇਸ ਵਿਚ ਫ਼ੈਦਾ ਏ, ਕੁੜੀ ਮੁਟਿਆਰ ਏ ਤੇ ਆਉਂਦੀ ਘਰ ਸਾਂਭ ਲਵੇਗੀ। ਤੇਰੇ ਸਾਰੇ ਧੋਣੇ ਧੋਤੇ ਜਾਣਗੇ। ਹੁਣ ਸੁਣ ਗੱਲ ਸਾਡੇ ਤਿੰਨਾਂ ਵਿਚਾਲੇ ਐ, ਬਾਹਰ ਕੱਢਣ ਨਾਲ ਆਪਣੀ ਦੋਹਾਂ ਦੀ ਬਦਨਾਮੀ ਹੋਵੇਗੀ। ਤੁਸੀਂ ਸੋਚ ਲਵੋ, ਮੌਕਾ ਖੁੰਝਿਆ ਪੀਰ ਨੂੰ ਵੀ ਕਦੇ ਹੱਥ ਨਹੀਂ ਆਇਆ।” ਨਿੱਕੇ ਨੇ ਬੜੀ ਸਫ਼ਾਈ ਤੇ ਹੁਸ਼ਿਆਰ ਨਰਮੀ ਨਾਲ ਦਿਲ ਨੂੰ ਹਲੂਣ ਸੁੱਟਣ ਵਾਲੀਆਂ ਗੱਲਾਂ ਕੀਤੀਆਂ। ਕਾਰਾ ਕਦੇ ਨਿੱਕੇ ਵੱਲ ਤੇ ਕਦੇ ਫੀਲੇ ਦੇ ਮੂੰਹ ਵੱਲ ਵੇਖਦਾ ਸੀ ਕਿ ਇਹ ਤਮਾਸ਼ਾ ਕੀ ਹੋ ਰਿਹਾ ਹੈ, ਪਰ ਆਖਣ ਜੋਗਾ ਉਹ ਕੁਝ ਨਹੀਂ ਸੀ।
“ਕੁੜੀ ਨਿੱਕਿਆ ਮੰਗੀ ਹੋਈ ਏ।” ਫੀਲੇ ਨੇ ਆਪਣੀ ਵਲੋਂ ਘਾਗ ਨਿੱਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। “ਸਾਡੀ ਪਹਿਲਾਂ ਹੀ ਬਦਨਾਮੀ ਬਹੁਤ ਹੋ ਚੁੱਕੀ ਏ, ਹੋਰ ਹੋਰ ਮੂੰਹ ਕਾਲਾ ਨਹੀਂ ਕਰਵਾਉਣਾ। ਦੂਜੇ ਤੇਰਾ ਮੁੰਡਾ ਛੋਟਾ ਏ।”
“ਮੁੰਡਾ ਤੇਰ੍ਹਵੇਂ ਵਰ੍ਹੇ ਵਿਚ ਐ ਤੇ ਛੇਵੀਂ ਜਮਾਤ ਵਿਚ ਪੜ੍ਹਦਾ ਏ, ਮੁੰਡਿਆਂ ਖੁਡਿਆਂ ਨੂੰ ਜਵਾਨ • ਹੁੰਦਿਆਂ ਚਿਰ ਲਗਦਾ ਹੀ ਕੀ ਏ, ਜਦੋਂ ਲਵੇਰਾ ਹਮੇਸ਼ਾ ਘਰ ਹੋਵੇ।” ਨਿੱਕੇ ਨੇ ਇਕ ਹੋਰ ਨਵਾਂ ਦਾਅ ਮਾਰਿਆ।
ਪਰ ਫੀਲੇ ਨੂੰ ਉਸ ਦੀ ਕੋਈ ਵੀ ਚਤਰ ਦਲੀਲ ਬੰਨ੍ਹ ਨਾ ਪਾ ਸਕੀ ਅਤੇ ਉਸ ਦੁਪੱਟਾ ਝਾੜ ਕੇ ਮੋਢੇ ਰੱਖ ਲਿਆ।
ਤੁਸੀਂ ਮੇਰੀ ਗੱਲ ਨਕਾਰੀ ਜਾਣ ਕੇ ਖੂਹ ਵਿਚ ਨਾ ਸੁੱਟ ਪਾਇਓ, ਦੋਵੇਂ ਧਿਰਾਂ ਵਸਦੇ ਰਹਿ ਜਾਵਾਂਗੇ। ਬੰਨੇ ਚੰਨੇ ਦੇ ਸਾਕਾਂ ਕਾਰਨ ਤੁਹਾਨੂੰ ਬੁੱਢੇ ਵਾਰੇ ਸਹਾਰਾ ਰਹੇਗਾ।” ਨਿੱਕਾ ਉਹਨਾਂ ਨੂੰ ਪਿੰਡੋਂ ਬਾਹਰ ਤਕ ਛੱਡਣ ਆਉਂਦਾ ਪ੍ਰੇਰਨਾ ਵਜੋਂ ਕੁਝ ਨਾ ਕੁਝ ਆਖਦਾ ਹੀ ਆਇਆ। ਅਖ਼ੀਰ ਫੀਲੇ ਹੋਰਾਂ ਉਸ ਨੂੰ ਫ਼ਤਹਿ ਬੁਲਾਈ ਅਤੇ ਵਿਦਾ ਲੈ ਲਈ।
ਫੀਲੇ ਦਾ ਮਨ ਨਿੱਕੇ ਦੀਆਂ ਗੱਲਾਂ ਨਾਲ ਉਦਾਸ ਹੋ ਗਿਆ ਸੀ। ਉਹ ਬੱਦੋਵਾਲ ਨੂੰ ਜਾਣ ਦੀ ਥਾਂ ਕਾਰੇ ਨਾਲ ਪਮਾਲ ਨੂੰ ਤੁਰ ਪਿਆ। ਉਹਨਾਂ ਉਦਾਸੀ ਅਤੇ ਚਿੰਤਾ ਮਾਰਿਆਂ ਤੋਂ ਪਿੰਡ ਤੋਂ ਅੱਧ ਤਕ ਕੋਈ ਗੱਲ ਨਾ ਹੋਈ। ਫਿਰ ਫੀਲੇ ਨੇ ਹੀ ਚੁੱਪ ਨੂੰ ਤੋੜਿਆ :
“ਕਾਰਿਆ ! ਆਪਾਂ ਰੁਪਈਏ ਮੰਗਣ ਗਏ ਤਾਂ ਹੀ ਨਿੱਕੇ ਨੇ ਕੁੜੀ ਦਾ ਸਾਕ ਮੰਗਿਆ, ਨਹੀਂ ਉਸ ਨੂੰ ਕਿਵੇਂ ਹੌਸਲਾ ਪੈ ਸਕਦਾ ਸੀ।”
“ਨਾ ਨਾ, ਮੈਂ ਤੈਨੂੰ ਆਖਿਆ ਨਹੀਂ ਸੀ, ਨਿੱਕਾ ਸਾਲਾ ਸ਼ੈਤਾਨ ਦੀ ਟੂਟੀ ਐ। ਸਾਅ ਆਂਹਦਾ ਸੀ, ਕਰਜ਼ਾ ਖ਼ਾਨਦਾਨੀ ਸ਼ਾਹੂਕਾਰ ਤੋਂ ਲੈਣਾ ਚਾਹੀਦਾ ਏ।” ਕਾਰਾ ਫੀਲੇ ਨੂੰ ਬਰਾੜ ਕਰਨ ਲਈ ਇਕ ਪਲ ਰੁਕ ਗਿਆ। “ਉਂ ਤਾਂ ਸਾਡਾ ਵੀ ਘਾਟ ਘਾਟ ਦਾ ਪੀਣਾ ਪੀਤਾ ਹੋਇਆ ਏ, ਪਰ ਇਹ ਤਾਂ ਸਾਲਾ ਪੂਰਾ ਪੂਰਾ ਟੌਮੀਆਂ ਕੀ ਨਸਲ ਜਾਪਦਾ ਏ।”
“ਅੱਜ ਕੋਈ ਚੱਲ ਕੇ ਬੰਦੋਬਸਤ ਕਰ ਨਹੀਂ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ।” ਫੀਲੇ ਦੇ ਉਬਾਸੀ ਲੈ ਕੇ ਨਸ਼ੇ ਦੀ ਤੋਟ ਅਨੁਭਵ ਕੀਤੀ।
ਪਿੰਡ ਜਾ ਕੇ ਕਾਰਾ ਕਿਤੋਂ ਸ਼ਰਾਬ ਦਾ ਅੱਧੀਆ ਉਧਾਰ ਲੈ ਆਇਆ। ਜਦੋਂ ਉਹਨਾਂ ਨੂੰ ਨਹ ਹੋ ਗਿਆ। ਉਹ ਵਾਰੀ ਵਾਰੀ ਨਿੱਕੇ ਨੂੰ ਗਾਲ਼ਾਂ ਦੇਣ ਲੱਗ ਪਏ।
ਜਿਥੇ ਜ਼ਿੰਦਗੀ ਨੂੰ ਭਰਪੂਰ ਤਸੱਲੀ ਨਹੀਂ, ਉਥੇ ਗਾਲ੍ਹਾਂ, ਨਸ਼ਾ ਤੇ ਮੱਤ ਮਾਰ ਦੇਣ ਵਾਲੀਆਂ ਗ਼ਲਤ ਰੁਚੀਆਂ ਸਾਉਣ ਦੇ ਮਹੀਨੇ ਦੇ ਘਾਹ ਵਾਂਗ ਉੱਗ ਖਲੋਂਦੀਆਂ ਹਨ।
16
ਜਿਉਂ-ਜਿਉਂ ਸਮਾਂ ਬੀਤ ਰਿਹਾ ਸੀ, ਫੀਲੇ ਦੀ ਰਹਿੰਦੀ ਰੱਤ ਵੀ ਸੁੱਕਦੀ ਜਾ ਰਹੀ ਸੀ ਤੇ ਹੜ੍ਹ ਦੇ ਪਾਣੀ ਅੱਗੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਸੀ—ਨਾ ਕਿਤੇ ਪੈਰ ਲੱਗਦੇ ਸਨ ਅਤੇ ਨਾ ਹੀ ਹੱਥ ਅੜਦਾ ਸੀ। ਉਸ ਦੀ ਨਿੱਕੇ ਤੋਂ ਕਰਜ਼ਾ ਮੰਗਣ ਵਾਲੀ ਗੱਲ ਦਾ ਤਾਪੀ ਅਤੇ ਜਗਨੇ ਪੰਡਤ ਨੂੰ ਕੋਈ ਪਤਾ ਨਹੀਂ ਸੀ। ਪਰ ਜਗਨੇ ਕੋਲੋਂ ਤਾਪੀ ਨੂੰ ਮਾਰੋ ਮਾਰ ਕਰਦੀ ਆ ਰਹੀ ਕਿਸ਼ਤ ਦਾ ਜ਼ਰੂਰ ਪਤਾ ਲੱਗ ਗਿਆ। ਉਹ ਬੜੀ ਚਿੰਤਾ ਕਰਨ ਲੱਗ ਪਈ।
ਪਰ ਜਗਨੇ ਨੇ ਹਮਦਰਦੀ ਦੀ ਥਾਂ ਇਸ ਔਕੜ ਤੋਂ ਲਾਭ ਉਠਾ ਕੇ ਫੀਲੇ ਦਾ ਘਰ ਹਥਿਆਉਣ ਦੀ ਪੱਕੀ ਧਾਰ ਲਈ। ਫੀਲੇ ਦਾ ਘਰ ਜਗਨੇ ਦੀ ਦੁਕਾਨ ਤੋਂ ਬਹੁਤਾ ਦੂਰ ਨਹੀਂ ਸੀ, ਏਸੇ ਸੁਖ ਨੂੰ ਮੁੱਖ ਰੱਖ ਕੇ ਜਗਨੇ ਨੇ ਅੰਦਰਲਾ ਘਰ ਦੁਕਾਨ ਕੋਲ ਚੁੱਕ ਲਿਆਉਣ ਦੀ ਮਿੱਥ ਲਈ। ਕਈ ਢੰਗਾਂ ਨਾਲ ਜਗਨੇ ਨੇ ਚੋਗ ਖਿਲਾਰੇ, ਪਰ ਫੀਲਾ ਪੰਛੀ ਉਸ ਦੇ ਜਾਲ ਵਿਚ ਫਸਦਾ ਨਜ਼ਰ ਨਹੀਂ ਆਉਂਦਾ ਸੀ। ਮਿਆਦ ਦਾ ਮਹੀਨਾ ਬੀਤ ਜਾਣ ਪਿਛੋਂ ਜਗਨਾ ਤਹਿਸੀਲਦਾਰ ਦੇ ਚਪੜਾਸੀ ਨੂੰ ਆਪ ਮਿਲਿਆ ਅਤੇ ਉਸ ਨੂੰ ਦੋ ਰੁਪਈਏ ਦੇ ਕੇ ਪਿੰਡ ਲਿਆਉਣ ਵਿਚ ਕਾਮਯਾਬ ਹੋ ਗਿਆ। ਚਪੜਾਸੀ ਨੇ ਉਸ ਦੀ ਸੋਚੀ ਸਮਝੀ ਸਕੀਮ ਅਨੁਸਾਰ ਫੀਲੇ ਨੂੰ ਆ ਵਲਿਆ।
“ਜੇ ਹਫ਼ਤੇ ਦੇ ਅੰਦਰ ਕਿਸ਼ਤ ਖ਼ਜ਼ਾਨੇ ਦਾਖ਼ਲ ਨਾ ਕੀਤੀ, ਤਦ ਤੇਰੇ ਵਾਰੰਟ ਕੱਢ ਕੇ ਹਵਾਲਾਤ ਦੇ ਦਿੱਤਾ ਜਾਏਂਗਾ ਤੇ ਨਾਲ ਹੀ ਜ਼ਾਮਨ ਵੀ ਹਵਾਲਾਤ ਜਾਣ ਲਈ ਤਿਆਰ ਰਹਿਣ।”
ਚਪੜਾਸੀ ਦਾ ਇਹ ਹੁਕਮ, ਫੀਲੇ ਲਈ ਅਸਮਾਨੋਂ ਬਿਜਲੀ ਡਿੱਗ ਪਈ ਤੇ ਉਸ ਦੀਆਂ ਸੱਤੇ ਮਾਰੀਆਂ ਗਈਆਂ। ਉਹ ਤਾਂ ਪਹਿਲਾਂ ਵੀ ਪਾਗਲਾਂ ਵਾਂਗ ਰੁਪਈਏ ਲੱਭਣ ਦਾ ਯਤਨ ਕਰ ਰਿਹਾ ਸੀ ਤੇ ਇਸ ਕਰੜੇ ਹੁਕਮ ਨੇ ਉਸ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ। ਘਰ ਵਿਚ ਵੀ ਇਕ ਤਰ੍ਹਾਂ ਸੋਗ ਪੈ ਗਿਆ। ਤਾਪੀ ਹੱਥੋਂ ਭਾਂਡੇ ਛੁੱਟ ਗਏ। ਭਾਵੇਂ ਕਰ ਕੁਝ ਵੀ ਨਹੀਂ ਸਕਦੀ ਸੀ, ਪਰ ਇਸ ਸਾੜ੍ਹਸਤੀ ਅੱਗੇ ਆਪਾ ਚਿੰਤਾ ਵਿਚ ਕਿਵੇਂ ਨਾ ਕੋਂਹਦੀ। ਕਾਰਾ ਵੀ ਸੁਣ ਕੇ ਨਿੰਮੋਝੂਣ ਬਹਿ ਗਿਆ। ਬਾਹਮਣ ਦੀ ਅੰਦਰਲੀ ਸ਼ਰਾਰਤ ਦਾ ਕਿਸੇ ਨੂੰ ਵੀ ਪਤਾ ਨਾ ਲੱਗਾ। ਉਸ ਨੂੰ ਹੁਣ ਪੂਰੀ ਆਸ ਸੀ, ਫੀਲਾ ਅੱਗੇ ਵਾਂਗ ਰੁਪਈਏ ਲੈਣ ਲਈ ਗੱਲ ਤੋਰੇਗਾ।
ਪਰ ਫੀਲੇ ਨੇ ਉਸ ਨਾਲ ਕੋਈ ਗੱਲ ਨਹੀਂ ਤੋਰਨੀ ਸੀ ਤੇ ਨਾ ਹੀ ਤੋਰੀ। ਉਸ ਦਾ ਦਿਲ ਬਾਹਮਣ ਵਜੋਂ ਬੁਰੀ ਤਰ੍ਹਾਂ ਖੱਟਾ ਪੈ ਚੁੱਕਾ ਸੀ। ਇਸ ਕਾਰਨ ਉਸ ਨੂੰ ਬਾਹਮਣ ਕੋਲੋਂ ਕੋਈ ਆਸ ਵੀ ਨਹੀਂ। ਕਾਰੇ ਨੇ ਫੀਲੇ ਨੂੰ, ਫਿਰ ਜ਼ੋਰ ਪਾਇਆ, ਮੈਂ ਆਪਣੀ ਕੋਠੜੀ ਗਹਿਣੇ ਪਾ ਦੇਂਦਾ ਹਾਂ। ਹੋਰ ਉਸ ਵਿਚਾਰੇ ਕੋਲ ਹੈ ਹੀ ਕੁਝ ਨਹੀਂ ਸੀ। ਪਰ ਫੀਲਾ ਅਤਿ ਭੀੜ ਸਮੇਂ ਵੀ ਇਹ ਨਾ ਮੰਨਿਆ। ਉਸ ਨੂੰ ਇਹ ਯਾਰ ਵੇਚਣ ਵਾਲੀ ਗੱਲ ਲੱਗਦੀ ਸੀ। ਫੀਲੇ ਦੇ ਮਨ ਦਾ ਦੁੱਖ ਏਥੋਂ ਤਕ ਵਧ ਗਿਆ ਕਿ ਉਹ ਮਕਾਨ ਛੱਡਦਾ ਸੀ, ਪਰ ਹੁਣ ਮਕਾਨ ਉਸ ਨੂੰ ਨਹੀਂ ਛੱਡਦਾ ਸੀ। ਉਸ ਨੂੰ ਮਰ ਜਾਣ ਵਾਲੇ ਮਾਨੇ ਦੀਆਂ ਖਰੀਆਂ-ਖਰੀਆਂ ਗੱਲਾਂ ਯਾਦ ਆਉਣ ਲੱਗੀਆਂ। ਫਿਰ ਉਸ ਮਾਨੇ ਦੀ ਝੋਲੀ ਪਾਏ ਕੁੜੀ ਦੇ ਸ਼ਗਨ ਨੂੰ ਤੋੜ ਨਿਬਾਹੁਣ ਲਈ ਮਨ ਤਕੜਾ ਕੀਤਾ। ਮਕਾਨ ਨਹੀਂ ਰਹਿੰਦਾ ਨਾ ਰਹੇ, ਉਸ ਸੋਚਿਆ, ਪਰ ਇੱਜ਼ਤ ਨਹੀਂ ਹੱਥੋਂ ਜਾਣੀ ਚਾਹੀਦੀ, ਨਾਲੇ ਤਾਪੀ ਦੇ ਦਿਲ ਦੀ ਰੀਝ ਪੂਰੀ ਹੋ ਜਾਵੇਗੀ। ਉਹ ਸਮਝਦੀ ਹੈ, ਮੈਨੂੰ ਕੁੜੀ ਦਾ ਫ਼ਿਕਰ ਹੀ ਨਹੀਂ।
ਕਿਸ਼ਤ ਮੋੜਨ ਬਾਰੇ ਆਪਣੇ ਨਾਲੋਂ ਫੀਲੇ ਨੂੰ ਆਪਣੇ ਜ਼ਾਮਨ ਸਾਥੀਆਂ ਦਾ ਬਹੁਤਾ ਫ਼ਿਕਰ ਸੀ, ਮੈਂ ਜੇਲ੍ਹ ਜਾਵਾਂ, ਖੂਹ ਵਿਚ ਪਵਾਂ, ਪਰ ਇਹਨਾਂ ਦਾ ਕੀ ਕਸੂਰ ? ਮੇਰੇ ਕਸੂਰ ਦੀ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ, ਯਾਰਾਂ ਨੂੰ ਖੱਜਲ-ਖ਼ਰਾਬ ਕਰਨ ਨਾਲ ਯਾਰ ਮਾਰ ਹੋਰ ਕੀ ਹੋ ਸਕਦੀ ਹੈ ? ਉਹ ਦਿਲੋਂ ਆਪਣੇ ਪਰਵਾਰ ਤੇ ਹਾਣੀਆਂ ਸਾਥੀਆਂ ਦਾ ਕਿੰਨਾ ਸ਼ੁਭ-ਇੱਛਕ ਸੀ, ਪਰ ਉਸ ਦਾ ਬਾਹਰਲਾ ਰੂਪ ਉਸ ਨੂੰ ਸਮਾਜ ਦੀਆਂ ਨਜ਼ਰਾਂ ਵਿਚ ਕਿੰਨਾ ਵੱਡਾ ਦੋਸ਼ੀ ਬਣਾਂਦਾ ਸੀ। ਉਹ ਹੋਰ ਬੁਰਾਈ ਵਲੋਂ ਅੱਖਾਂ ਮੀਟ ਲੈਣਾ ਚਾਹੁੰਦਾ ਸੀ, ਪਰ ਬੁਰਾਈਆਂ ਦੇ ਕੰਡੇ ਲੋਹੇ ਦੇ ਕਿੱਲ ਬਣ ਕੇ ਉਸ ਦੀ ਛਾਤੀ, ਗਲ ਅਤੇ ਸਿਰ ਵਿਚ ਆ ਖੁੱਭੇ ਸਨ, ਜਿਨ੍ਹਾਂ ਨੂੰ ਪੁੱਟਣਾ ਉਸ ਦੀ ਤਾਕਤ ਦੇ ਵੱਸ ਨਹੀਂ ਰਿਹਾ ਸੀ।
ਜਗਨੇ ਵਾਂਗ ਨਿੱਕੇ ਦੀ ਵੀ ਚੋਰੀ-ਚੋਰੀ ਸਾਜ਼ਸ਼ ਚੱਲ ਰਹੀ ਸੀ। ਫੀਲਾ ਇਕ ਸ਼ਿਕਾਰ ਸੀ ਤੇ ਦੋਹਾਂ ਸ਼ਿਕਾਰੀਆਂ ਵੱਖ-ਵੱਖ ਪਹਿਲੂ ਤੋਂ ਬੌਰਾਂ ਲਾਈਆਂ ਹੋਈਆਂ ਸਨ। ਨਿੱਕੇ ਦਾ ਆਦਮੀ ਬੱਦੋਵਾਲ ਆ ਕੇ ਪਤਾ ਕਰਦਾ ਅਤੇ ਸਾਰੀ ਸੋਅ ਉਸ ਨੂੰ ਪੁਚਾਂਦਾ ਰਹਿੰਦਾ ਕਿ ਹਾਲੇ ਤਕ ਫੀਲੇ ਤੋਂ ਰੁਪਈਏ ਦਾ ਕੋਈ ਬੰਦੋਬਸਤ ਨਹੀਂ ਹੋਇਆ। ਜਦ ਉਸ ਹਫ਼ਤੇ ਤਕ ਵਾਰੰਟ ਨਿਕਲਣ ਵਾਲੀ ਖ਼ਬਰ ਸੁਣੀ, ਤਦ ਉਹ ਆਪ ਫੀਲੇ ਕੋਲ ਪਿੰਡ ਆਇਆ। ਉਸ ਫੀਲੇ ਨੂੰ ਪਿੰਡੋਂ ਬਾਹਰ ਇਕ ਟਾਹਲੀ ਹੇਠ ਆਪਣਾ ਬੰਦਾ ਘੱਲ ਕੇ ਸੱਦਿਆ।
ਫੀਲਾ ਚਲਣ ਲਈ ਤਿਆਰ ਹੋ ਗਿਆ ਅਤੇ ਉਸ ਕਾਰੇ ਨੂੰ ਨਾਲ ਲੈ ਲਿਆ। ਉਸ ਨੂੰ ਕਾਰੇ ਦਾ ਬੜਾ ਆਸਰਾ ਰਹਿੰਦਾ ਸੀ। ਨਿੱਕੇ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਸੋਚਿਆ ਸੀ, ਦਬਾਅ ਪਾਉਣ ਵਾਲੀਆਂ ਗੱਲਾਂ ਨਾਲੋਂ ਨਰਮੀ ਤੇ ਹਮਦਰਦੀ ਵਧੇਰੇ ਰਾਸ ਆਵੇਗੀ। ਉਸ ਬਹੁਤ ਹੀ ਮਿੱਠਤ ਨਾਲ ਗੱਲ ਤੋਰੀ :
“ਵੇਖ ਵੱਡੇ ਭਾਈ ! ਮੈਂ ਤੇਰੀ ਮਿੰਨਤ ਕਰਦਾ ਹਾਂ, ਤੂੰ ਜ਼ਿੱਦ ਨਾ ਕਰ। ਤੇਰੇ ਵਾਰੰਟਾਂ ਦਾ ਮੈਨੂੰ ਦੁੱਖ ਹੈ, ਤੂੰ ਆਪਣੀ ਇੱਜ਼ਤ ਨਾ ਰੋਲ। ਦੂਜੇ ਮੈਂ ਤੇਰੀ ਧੀ ਨੂੰ ਆਪਣੀ ਧੀ ਬਣਾ ਕੇ ਰੱਖਾਂਗਾ। ਉਸ ਨੂੰ ਸਹੁਰਿਆਂ ਵਾਲਾ ਕੋਈ ਵੀ ਦੁੱਖ ਨਹੀਂ ਹੋਵੇਗਾ। ਸਭ ਕੁਝ ਹੀ ਘਰ ਦਾ ਉਸ ਦੇ ਹੱਥ-ਵਸ ਹੋਵੇਗਾ, ਸਾਡਾ ਘਰ ਸਾਂਭਿਆ ਜਾਵੇਗਾ, ਤੇਰੇ ਬੂਹਿਓਂ ਕੁੜੀ ਦਾ ਭਾਰ ਤੁਰ ਜਾਵੇਗਾ ਅਤੇ ਕਰਜ਼ਾ ਲਾਹ ਕੇ ਸੁਰਖ਼ਰੂ ਹੋ ਜਾਵੇਂਗਾ। ਗੁਆਂਢ ਮੱਥਾ, ਦੁੱਖ ਤੇ ਸੁਖ ਦੇ ਦੀ ਸਾਂਝ, ਹਰ ਤਰ੍ਹਾਂ ਦਾ ਤੈਨੂੰ ਪਤਾ ਲੱਗਦਾ ਰਹੇਗਾ। ਹੋਰ ਤੇਰੀਆਂ ਸਾਰੀਆਂ ਔਕੜਾਂ ਵਿਹੜੇ ਦੇ ਕੂੜੇ ਵਾਂਗ ਹੂੰਝ ਸੁੱਟਾਂਗਾ।” ਨਿੱਕਾ ਆਪਣੀਆਂ ਆਖੀਆਂ ਗੱਲਾਂ ਦਾ ਮੁੱਲ ਫੀਲੇ ਤੇ ਕਾਰੇ ਦੇ ਮੂੰਹ ਉਤੋਂ ਪੜ੍ਹਨਾ ਚਾਹੁੰਦਾ ਸੀ।
ਫੀਲਾ ਇਕ ਤਰ੍ਹਾਂ ਚੁਫੇਰਿਓਂ ਨਸਾਤਲਿਆ ਪਿਆ ਸੀ। ਉਹ ਨਿੱਕੇ ਦੀ ਇਕ ਵੀ ਗੱਲ ਰੱਦ ਕਰਨ ਜੋਗਾ ਨਹੀਂ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਕਰਜ਼ੇ ਤੋਂ ਬਰੀ ਹੁੰਦਾ ਹਾਂ, ਮਕਾਨ ਹਮੇਸ਼ਾ ਲਈ ਆਪਣਾ ਬਣਦਾ ਹੈ, ਕੁੜੀ ਦਾ ਭਾਰ ਵੀ ਹੌਲਾ ਹੁੰਦਾ ਹੈ ਤੇ ਨਿੱਕੀ ਉਮਰ ਦਾ ਮੁੰਡਾ ਵੀ ਸਾਲ ਖੰਡ ਵਿਚ ਜਵਾਨ ਹੋ ਜਾਵੇਗਾ, ਪਰ ਮਰ ਚੁਕੇ ਮਾਨੇ ਭਰਾ ਦੀ ਕੀਤੀ ਗੱਲ ਉਸ ਦੇ ਅੰਦਰ ਆਰੀ ਫੇਰ ਰਹੀ ਸੀ। ਉਸ ਦੀ ਪੀੜ ਦਾ ਕੋਈ ਪਾਰਾਵਾਰ ਨਹੀਂ ਸੀ। ਕਾਰਾ ਜਾਣ ਕੇ ਚੁੱਪ ਸੀ। ਉਹ ਪਹਿਲਾਂ ਸਾਕ ਵਿਚ ਪੈ ਕੇ ਸੁਆਦ ਵੇਖ ਚੁੱਕਾ ਸੀ। ਉਸ ਦਿਲ ਵਿਚ ਧਾਰ ਲਈ ਸੀ ਕਿ ਅੱਗੇ ਹੋ ਕੇ ਕੁਝ ਨਹੀਂ ਕਹਿਣਾ ਤੇ ਕਰਨਾ, ਪਰ ਪਿੱਛਾ ਫੀਲੇ ਨੂੰ ਦੇਣਾ ਨਹੀਂ, ਤਾਂ ਜੋ ਫੀਲਾ ਇਹ ਨਾ ਸਮਝੇ, ਭੀੜ ਵੇਲੇ ਯਾਰ ਸਾਥ ਛੱਡ ਗਿਆ।
ਫੀਲੇ ਨੂੰ ਦੁਚਿੱਤਾ ਵੇਖ ਕੇ ਨਿੱਕੇ ਨੇ ਹੋਰ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ :
“ਮੁੰਡੇ ਦੀ ਉਮਰ ਵੱਲ ਨਾ ਵੇਖੀਂ, ਉਹ ਤਾਂ ਦਿਨਾਂ ਵਿਚ ਗੱਭਰੂ ਹੋਇਆ ਜਾਣ। ਬਾਕੀ ਤੇਰੀ ਧੀ ਨਾਲੋਂ ਮੇਰੇ ਮੁੰਡੇ ਨੂੰ ਸਾਰਾ ਪਿੰਡ ਸੁਹਣਾ ਆਖੇ ਤਾਂ ਭੁਆਲੀਆਂ ਦੇਈਂ ਨਹੀਂ ਨਸ਼ੰਗ ਖ਼ਾਲੀ ਮੋੜ ਦੇਈਂ। ਹੋਰ ਘਰ ਵਿਚ ਮੱਝ ਲਵੇਰੀ ਐ, ਖਾਣ-ਪੀਣ ਦਾ ਘਾਟਾ ਨਹੀਂ। ਕੁੜੀ ਆਪਣੀ ਨੀਂਦ ਸਊਂਦੀ ਤੇ ਆਪਣੀ ਖ਼ੁਸ਼ੀ ਨਾਲ ਜਾਗੂਗੀ। ਇਸ ਤੋਂ ਵਧ ਤੈਨੂੰ ਹੋਰ ਚਾਹੀਦਾ ਵੀ ਕੀ ਹੈ ?”
ਨਿੱਕਾ ਇਸ ਲਈ ਵੀ ਕਿਸੇ ਬੰਦੇ ਨੂੰ ਸੰਨ੍ਹ ਵਿਚ ਨਹੀਂ ਲੈਂਦਾ ਸੀ ਕਿ ਉਸ ਨੂੰ ਕਿਸੇ ਉਤੇ ਇਤਬਾਰ ਨਹੀਂ ਸੀ ਤੇ ਸ਼ਕੀ ਹੋਣ ਦੀ ਸੂਰਤ ਵਿਚ ਉਹ ਕਿਸੇ ਤੋਂ ਚੰਗੀ ਗੱਲ ਦੀ ਆਸ ਵੀ ਨਹੀਂ ਰੱਖਦਾ ਸੀ। ਤੇ ਹੁਣ ਫੀਲਾ ਜਿਸ ਪਾਸੇ ਵੀ ਨਿਕਲਣ ਲਈ ਸੋਚਦਾ, ਉਹ ਉਸ ਨੂੰ ਅੱਗੇ ਹੋ ਕੇ ਮਿਲ ਪੈਂਦਾ। ਅਖ਼ੀਰ ਫੀਲੇ ਬੜੇ ਉਤਰਾਵਾਂ ਚੜਾਵਾਂ ਪਿਛੋਂ ਚੁੱਪ ਨੂੰ ਤੋੜਿਆ :
“ਨਿੱਕਿਆ ! ਅਸੀਂ ਘਰ ਸਲਾਹ ਕਰਾਂਗੇ, ਜੇ ਗੱਲ ਸਿਰੇ ਚੜ੍ਹਨੀ ਹੋਈ, ਤਦ ਭਲਕੇ ਹੀ ਆ ਜਾਵਾਂਗੇ, ਨਹੀਂ ਤਾਂ ਸਾਡਾ ਜਵਾਬ ਸਮਝੀਂ।” ਏਨੀ ਕਹਿ ਕੇ ਫੀਲਾ ਉਠ ਖਲੋਤਾ ਤੇ ਕਾਰਾ ਉਸ ਤੋਂ ਵੀ ਪਹਿਲਾਂ ਚਲਣ ਲਈ ਤਿਆਰ ਸੀ।
“ਭਰਾਵਾ ! ਮੇਰੀ ਐਨੀ ਬੇਨਤੀ ਜ਼ਰੂਰ ਯਾਦ ਰੱਖੀਂ, ਮੈਂ ਇਹ ਸਾਕ ਤੇਰੇ ਕੋਲੋਂ ਝੋਲੀ ਅੱਡ ਕੇ ਮੰਗਿਆ ਹੈ।” ਨਿੱਕੇ ਨੇ ਜਾਂਦੀ ਵਾਰੀ ਆਪਣੀ ਹਾਲਤ ਤਰਸਯੋਗ ਬਣਾ ਲਈ। ਉਹ ਘਰੋਂ ਇਹ ਪੱਕਾ ਇਰਾਦਾ ਬਣਾ ਕੇ ਆਇਆ ਸੀ ਕਿ ਵਾਰੰਟਾਂ ਵਾਲੀ ਮੁਸ਼ਕਲ ਰੱਬ ਨੇ ਦਿੱਤੀ ਹੈ ਤੇ ਉਹ ਅੱਜ ਫੀਲੇ ਤੋਂ ਸਾਕ ਦੀ ‘ਹਾਂ ਕਰਵਾ ਕੇ ਹੀ ਆਵੇਗਾ, ਪਰ ਉਸ ਦੀ ਆਸ ਨੇ ਸਾਥ ਨਾ ਦਿੱਤਾ।
ਰਾਹ ਵਿਚ ਆਉਂਦਿਆਂ ਫੀਲੇ ਨੇ ਕਾਰੇ ਨੂੰ ਪੁੱਛਿਆ :
“ਤੇਰੀ ਕੀ ਸਲਾਹ ਹੈ ?”
“ਨਾ ਨਾ ਬਾਈ ! ਮੇਰੀ ਕੋਈ ਸਲਾਹ ਨਹੀਂ।” ਉਹ ਇਕ ਵਾਰ ਹੀ ਕੰਨਾਂ ਨੂੰ ਹੱਥ ਲਾ ਗਿਆ। “ਇਹ ਬੰਦਾ ਮੂੰਹ ਦਾ ਮਿੱਠਾ ਹੈ ਤੇ ਦਿਲੋਂ ਜ਼ਰੂਰ ਖੋਟਾ ਨਿਕਲੇਗਾ। ਸਾਲਾ, ਅੱਜ ਕਿਵੇਂ ਮੋਮੋ ਠੱਗਣੀਆਂ ਮਾਰਦਾ ਏ, ਜਿਵੇਂ ਝੁਪੱਟ ਮਾਰਿਆ ਸਾਕ ਮਿਲਜੂਗਾ।” ਇਸ ਸਮੇਂ ਜੇ ਉਸ ਨੂੰ ਇਹ ਪਤਾ ਲੱਗ ਜਾਂਦਾ, ਤਾਪੀ ਹੋਰ ਕਿਤੇ ਸਾਕ ਕਰ ਕੇ ਰਾਜ਼ੀ ਨਹੀਂ, ਤਦ ਉਹ ਉਸ ਦਾ ਪੂਰੀ ਤਰ੍ਹਾਂ ਡੱਟ ਕੇ ਸਾਥ ਦੇਂਦਾ।
ਫੀਲੇ ਨੇ ਸਾਰੀ ਗੱਲ ਅੰਦਰ ਪਾ ਲਈ ਅਤੇ ਸਾਰੀ ਦਿਹਾੜੀ ਕਿਸੇ ਕੋਲ ਕੋਈ ਜ਼ਿਕਰ ਨਾ ਕੀਤਾ। ਜਦ ਰਾਤ ਪੈ ਗਈ, ਤਦ ਉਸ ਇਕੱਲੀ ਤਾਪੀ ਕੋਲ ਹੌਲੀ-ਹੌਲੀ ਸਾਰੀ ਗੱਲ ਰੱਖ ਦਿੱਤੀ ਅਤੇ ਉਸ ਸਾਰੀਆਂ ਦਲੀਲਾਂ ਦਿੱਤੀਆਂ, ਜਿਹੜੀਆਂ ਨਿੱਕੇ ਨੇ ਉਸ ਨੂੰ ਕਹੀਆਂ ਸਨ।
ਜਿਉਂ-ਜਿਉਂ ਤਾਪੀ ਸੁਣਦੀ ਰਹੀ ਸੀ, ਤਿਉਂ-ਤਿਉਂ ਉਸ ਨੂੰ ਕਾਂਬਾ ਚੜ੍ਹਦਾ ਰਿਹਾ ਸੀ ਤੇ ਉਸ ਹੱਥ ਬੰਨ੍ਹਦਿਆਂ ਆਖਿਆ :
“ਵੇਖ ਮੈਂ ਸਾਰੀ ਉਮਰ ਤੇਰੇ ਅੱਗੇ ਨਹੀਂ ਬੋਲੀ ਤੇ ਤੇਰਾ ਪੂਰਾ ਗੁਲਾਮਪੁਣਾ ਕੀਤਾ ਹੈ, ਤੂੰ ਇਹ ਕੰਮ ਨਾ ਕਰ ਬੰਦਿਆ ਰੱਬ ਦਿਆ ! ਆਪਾਂ ਨੂੰ ਸਾਰੀ ਉਮਰ ਮਾਨੇ ਦੀ ਰੂਹ ਸੰਤਾਪ ਦੇਊਗੀ।”
“ਇਹ ਗੱਲ ਤਾਂ ਮੇਰਾ ਮਨ ਵੀ ਮੰਨਦਾ ਹੈ, ਪਰ ਗਲ ਵਿਚੋਂ ਫਾਹੀ ਕਿਵੇਂ ਨਿਕਲੇ ?” ਫੀਲਾ ਆਪ ਅੱਜ ਤਾਪੀ ਨਾਲ ਨਰਮ ਵਰਤਾਉ ਕਰ ਰਿਹਾ ਸੀ।
“ਮੋਦਨ ਦਾ ਇਸ ਵਿਚ ਕੀ ਕਸੂਰ, ਏਨੇ ਚੰਗੇ ਕਮਾਊ ਮੁੰਡੇ ਨੂੰ ਛੱਡ ਕੇ ਭੋਰਾ ਭਰ ਛੋਹਰ ਨਾਲ ਕੁੜੀ ਦਾ ਜਿਊਣ ਨਾ ਦੁਭਰ ਕਰ, ਮੈਂ ਤੈਨੂੰ ਦੋ ਝੋਟੀਆਂ ਪਾ ਕੇ ਮਹੀਆਂ ਬਣਾ ਦਿਆਂਗੀ, ਆਹ ਵੇਖ, ਮੈਂ ਹੱਥ ਜੋੜਦੀ ਆਂ।”
ਤਾਪੀ ਦੀ ਗਲ ਭਰੀ ਆਵਾਜ਼ ਸੁਤ-ਉਨੀਂਦੀ ਧੰਤੋ ਦੇ ਕੰਨੀ ਪੈ ਗਈ ਤੇ ਉਹ ਧਿਆਨ ਵਲ ਕਰ ਕੇ ਸ਼ਾਂਤ ਤੇ ਮਚਲੀ ਹੋਈ ਠੀਕ-ਠੀਕ ਸੁਣਨ ਦਾ ਯਤਨ ਕਰਨ ਲੱਗੀ।
“ਤਾਪੀ ! ਜੇ ਕੋਈ ਹੋਰ ਚਾਰਾ ਚਲਦਾ ਹੋਵੇ, ਅਸੀਂ ਇਹ ਪਾਪ ਕਿਉਂ ਕਰੀਏ। ਗਵਾਂਢ ਮੱਥਾ ਏ ਤੇ ਮੁੰਡੇ ਨੂੰ ਦਿਨਾਂ ਵਿਚ ਹੀ ਗੱਭਰੂ ਹੁੰਦੇ ਨੂੰ ਕੀ ਲਗਦਾ ਹੈ।”
“ਭਾਵੇਂ ਕੁਝ ਹੈ, ਬੰਦਿਆ ਰੱਬ ਦਿਆ ! ਮੈਂ ਕਿਵੇਂ ਵੀ ਹਾਮੀ ਨਹੀਂ ਭਰ ਸਕਦੀ।” ਤਾਪੀ ਨੇ ਭਰ ਆਈਆਂ ਅੱਖਾਂ ਪੱਲੇ ਨਾਲ ਪੂੰਝ ਸੁਟੀਆਂ।
“ਮੈਨੂੰ ਜੇਲ੍ਹ ਜਾਂਦੇ ਨੂੰ ਤਾਂ ਵੇਖ ਸਕਦੀ ਏਂ ਨਾ, ਨਾਲੇ ਦੋ ਭਰਾ ਹੋਰ ਜਾਣਗੇ। ਤੂੰ ਲੋਕਾਂ ਨਾਲ ਤਮਾਸ਼ਾ ਵੇਖੀਂ।” ਐਤਕੀਂ ਫੀਲੇ ਦੇ ਬੋਲ ਕਰੜੇ ਹੋ ਗਏ।
ਤਾਪੀ ਇਸ ਧਮਕੀ ਦਾ ਕੀ ਜਵਾਬ ਦੇਂਦੀ, ਚੁੱਪ ਹੋ ਰਹੀ। ਫੀਲਾ ਫਿਰ ਪਹਿਲੀ ਨਰਮੀ ਵਿਚ ਆ ਕੇ ਆਖਣ ਲੱਗਾ :
“ਤਾਪੀ ! ਮੇਰਾ ਵਾਲ ਵਾਲ ਦੁਖੀ ਐ, ਕੋਈ ਸੁਖੀ ਹੋ ਕੇ ਅੱਕ ਨਹੀਂ ਚੱਬਦਾ, ਮੈਨੂੰ ਹੋਰ ਪੱਛ ਨਾ ਲਾਓ।”
ਦੁਖੀ ਉਹ ਜ਼ਰੂਰ ਸੀ, ਇਸ ਗੱਲ ਦਾ ਤਾਪੀ ਨੂੰ ਚੰਗੀ ਤਰ੍ਹਾਂ ਅਹਿਸਾਸ ਸੀ। ਪਰ ਇਹ ਸਾਰੇ ਕੰਡੇ ਉਸ ਆਪ ਹੀ ਬੀਜੇ ਸਨ, ਜਿਹੜੇ ਤਾਪੀ ਨੇ ਸਾਰੀ ਉਮਰ ਉਸ ਦੇ ਨਾਲ ਖਾਧੇ ਤੇ ਚੁਗੇ ਸਨ, ਪਰ ਹੁਣ ਧੀ ਨੂੰ ਵੀ ਉਸ ਵਾੜ ਵਿਚ ਹੀ ਧੱਕਾ ਦੇ ਦਿੱਤਾ ਜਾਵੇ, ਇਹ ਉਹ ਨਹੀਂ ਸਹਾਰ ਸਕਦੀ ਸੀ। ਇਸ ਤੋਂ ਤਾਂ ਹਜ਼ਾਰ ਦਰਜੇ ਚੰਗਾ ਸੀ, ਉਹ ਜੰਮੀ ਹੀ ਨਾ ਹੁੰਦੀ ਤੇ ਨਾ ਹੀ ਆਹ ਦੁੱਖ ਸਹਾਰਨੇ ਪੈਂਦੇ।
“ਚੰਗਾ, ਸੌਂ ਜਾਹ, ਜਿਹੜੀ ਕਰੁ ਕਰਤਾਰ !” ਫੀਲੇ ਨੇ ਤਾਪੀ ਨੂੰ ਉਠਾਉਣ ਲਈ ਆਖਿਆ ਤੇ ਹੋਣੀ ਨੂੰ ਕਰਤਾਰ ਦੇ ਭਰੋਸੇ ਖੁਲ੍ਹਿਆਂ ਛੱਡ ਦਿੱਤਾ। ਉਸ ਦੇ ਮਨ ਨੇ ਅਖ਼ੀਰ ਸੋਚ ਲਿਆ ਸੀ ਕਿ ਚਲੋ ਮਕਾਨ ਵੇਚ ਕੇ ਸਾਰੇ ਟੈਂਟੇ ਨਿਬੇੜ ਦੇਂਦਾ ਹਾਂ, ਭਾਵੇਂ ਘੱਟ ਹੀ ਵਟੇ ਜਾਣ। ਉਹ ਖ਼ਿਆਲ ਕਰ ਰਿਹਾ ਸੀ, ਕਿਸੇ ਧਮਾਤੜ ਤੋਂ ਕਰਜ਼ਾ ਲਿਆ ਹੁੰਦਾ ਉਹਦੀ ਮਿੰਨਤ ਕਰ ਲੈਂਦੇ, ਉਹ ਵਿਆਜ ਹੋਰ ਲਾ ਲੈਂਦਾ, ਪਰ ਆਹ ਜੇਲ ਕਰਨ ਵਾਲੀ ਗੱਲ ਕਿਤੇ ਸੁਣੀ ਸੀ।
ਧੰਤੋ ਨੇ ਮਗਰਲੀਆਂ ਗੱਲਾਂ ਕੰਨ ਪਤਲੇ ਕਰ ਕੇ ਸੁਣ ਲਈਆਂ ਸਨ, ਪਰ ਬਾਪੂ ਦੇ ਦੁੱਖ ਬਿਨਾਂ ਉਸ ਦੇ ਕੱਖ ਨਹੀਂ ਪੱਲੇ ਪਿਆ ਸੀ। ਉਸ ਪਾਸਾ ਪਰਤਦਿਆਂ ਅਸਮਾਨ ਵੱਲ ਤੱਕਿਆ, ਇਕ ਤਾਰਾ ਉਸ ਦੇ ਸਿਖਰੋਂ ਟੁੱਟ ਕੇ ਲਹਿੰਦੀ ਵੱਲ ਗੁੰਮ ਹੋ ਗਿਆ। ਟੁੱਟਦੇ ਤਾਰੇ ਦੀ ਰੌਸ਼ਨੀ ਨਾਲ ਸਾਰਾ ਵਿਹੜਾ ਇਕ ਪਲ ਭਰ ਗਿਆ, ਪਰ ਦੂਜੇ ਪਲ ਓਹੀ ਅੰਨ੍ਹੇਰਾ ਸੀ।
ਰਾਤੀਂ ਫੀਲੇ ਨੇ ਸਾਕ ਦੇਣ ਦੀ ਸਲਾਹ ਹਟਾ ਲਈ, ਪਰ ਸਾਰੀ ਰਾਤ ਉਸ ਨੂੰ ਤੋੜ ਲੱਗੀ ਰਹੀ ਕਿ ਕਿਸ਼ਤ ਕਿੱਥੋਂ ਆਵੇਗੀ। ਸਵੇਰੇ ਉਠਦੇ ਨੂੰ ਵਾਰੰਟ, ਹੱਥਕੜੀਆਂ ਤੇ ਹਵਾਲਾਤ ਪੈਰੋ ਨੇੜੇ ਆ ਰਹੇ ਪਰਤੀਤ ਹੋ ਰਹੇ ਸਨ। ਦੂਜੇ ਪਾਸ ਨਿੱਕੇ ਨੂੰ ਅਗਲੇ ਦਿਨ ਵੀ ਚੈਨ ਨਾ ਆਈ, ਨੂੰ ਸਮਝਦਾ ਸੀ, ਜੇ ਫੀਲੇ ਨੂੰ ਕੋਈ ਹੋਰ ਆਸਰਾ ਮਿਲ ਗਿਆ, ਇਹ ਕੰਮ ਕਦੇ ਸਿਰੇ ਨਹੀਂ ਚੜ੍ਹਨ ਉਸ ਆਪਣੇ ਬੰਦੇ ਫੀਲੇ ਵੱਲ ਕਣਸੋ ਲੈਣ ਲਈ ਭੇਜਿਆ, ਪਰ ਫੀਲਾ ਉਸ ਨੂੰ ਮਿਲਿਆ ਨਾ ਆ ਨਾ ਹੀ ਕਿਸੇ ਤੋਂ ਥਹੁ ਪਤਾ ਲੱਗਾ। ਫੀਲਾ ਮੰਜਿਉਂ ਉਠ ਕੇ ਚਾਹ ਪੀਂਦਾ ਹੀ ਪਮਾਲ ਚਲਾ ਗਿਆ। ਸੀ। ਉਥੋਂ ਉਸ ਕਾਰੇ ਨੂੰ ਨਾਲ ਲੈ ਲਿਆ ਅਤੇ ਸਾਰੀਆਂ ਲਾਹਨਤਾਂ ਦਾ ਭਾਰ ਚੁੱਕਦਿਆਂ ਉਸ ਹੈ ਦਾ ਸਾਕ ਗੁਰਮੇਲੂ ਨੂੰ ਕਰ ਦੇਣ ਦਾ ਮਨ ਬਣਾ ਲਿਆ। ਉਹਨਾਂ ਨੂੰ ਆਏ ਵੇਖ ਨਿੱਕਾ ਇਕਢ ਖਿੜ ਗਿਆ, ਪਰ ਉਸ ਆਪਣੀ ਖ਼ੁਸ਼ੀ ਨੂੰ ਸਿਆਣੇ ਜ਼ਬਤ ਨਾਲ ਲੁਕਾ ਲਿਆ। ਜਦ ਫੀਲਾ ਕਰੋ ਤੋਂ ਹਰ ਹਾਲਤ ਵਿਚ ਛੁਟਕਾਰਾ ਪਾਉਣ ਦੇ ਵੇਗ ਵਿਚ ਆ ਗਿਆ ਸੀ, ਉਸ ਸਮੇਂ ਸਾਕ ਥਾਂ ਉਹਨਾਂ ਵਿਚਕਾਰ ਗੱਲ ਤੈਅ ਹੁੰਦੀ ਨੂੰ ਬਹੁਤਾ ਚਿਰ ਨਾ ਲੱਗਾ।
ਨਿੱਕੇ ਨੇ ਦੋ ਸੌ ਰੁਪਈਆ ਅੰਦਰੋਂ ਲਿਆ ਕੇ ਫੀਲੇ ਨੂੰ ਫੜਾ ਦਿੱਤਾ, ਤਾਂ ਕਿ ਉਸ ਨਾਹੀ ਲੋੜੀਂਦਾ ਰਾਸ਼ਨ ਆਦਿ ਖ਼ਰੀਦ ਲਿਆ ਜਾਵੇ। ਬਾਕੀ ਦਾ ਅੱਠ ਸੌ ਰੁਪਈਆ ਭੁਆਲੀਆਂ ਦੇਣ ਦੇ ਪਹਿਲਾਂ ਦਾ ਇਕਰਾਰ ਕੀਤਾ ਗਿਆ ਤੇ ਭੁਆਲੀਆਂ ਦੇਣ ਲਈ ਅੱਜ ਤੋਂ ਚੌਥੇ ਨੂੰ ਆਉਣ ਵਾਲਾ ਸੋਮਵਾਰ ਟਿਕਿਆ ਗਿਆ। ਪਰਦੇ ਨਾਲ ਹੀ ਸਾਰਾ ਕੰਮ ਤੈਅ ਮਿਥਿਆ ਗਿਆ- ਪੰਜ ਬੰਦੇ ਹਾੜੀ ਆਉਣਗੇ ਅਤੇ ਭੁਆਲੀਆਂ ਲੈ ਕੇ ਸਵੇਰ ਨੂੰ ਤੁਰ ਜਾਣਗੇ ਢੋਲ ਢਮੱਕਾ ਵਜਾਉਣ ਅਤੇ ਲੋਕਾਂ ਦੇ ਮੂੰਹ ਆਉਣੋਂ ਨਿੱਕਾ ਵੀ ਡਰਦਾ ਸੀ ਕਿ ਸ਼ਾਇਦ ਰਾਸ ਆਉਂਦੇ ਕਾਰਜ ਨੂੰ ਕੋਈ ਜੁਗਲੀ, ਭਾਨ ਅਥਵਾ ਬਦਸ਼ਗਨੀ ਹੀ ਚੰਬੜ ਜਾਵੇ। ਦੋਵੇਂ ਧਿਰਾਂ ਚੋਰ ਸਨ ਤੇ ਚੋਰ ਹਮੇਸ਼ਾ ਚੋਰੀ ਦਾ ਮਾਲ ਲੋਕ ਤੋਂ ਲੁਕਾਂਦੇ ਹਨ।
ਜਿਸ ਨੂੰ ਇਕ ਬਾਪ ਗ਼ਲਤ ਸਮਝਦਾ ਸੀ, ਆਪਣੀ ਬੇਇੱਜ਼ਤੀ ਕਰਦਾ ਸੀ, ਆਪਣੀਆਂ ਆਸਾਂ, ਬਚਨਾਂ ਤੇ ਇਰਾਦਿਆਂ ਦੇ ਉਲਟ ਉਸ ਕੋਲੋਂ ਹੱਥੀਂ ਉਹ ਪਾਪ ਹੋ ਗਿਆ, ਜਿਸ ਦਾ ਉਸ ਆਪ ਕਦੇ ਸੁਪਨਾ ਨਹੀਂ ਲਿਆ ਸੀ।
17
ਧੰਤੋ ਹੁਣ ਏਨੀ ਨਿਆਣੀ ਨਹੀਂ ਸੀ, ਜਿਹੜੀ ਘਰ ਵਿਚ ਆਈ ਤਬਦੀਲੀ ਨੂੰ ਨਾ ਸਮਝਦੀ। ਉਸ ਦੀ ਮਾਂ ਨੇ ਵੀ ਵਿਚੇ ਵਿਚ ਮਸੋਸੀ ਵੱਟ ਲਈ। ਤਾਪੀ ਦਾ ਦਿਲ ਜ਼ਿੰਦਗੀ ਭਰ ਅਨਹੋਣੀਆਂ ਸੱਟਾਂ ਖਾ-ਖਾ ਪਕਰੋੜ ਹੋ ਚੁੱਕਾ ਸੀ ਕਿ ਮਰਦ ਔਰਤ ਉਤੇ ਹਮੇਸ਼ਾ ਮਨ-ਮਰਜ਼ੀ ਕਰਦਾ ਹੈ ਤੇ ਬਹੁਤੀ ਵਾਰ ਜ਼ਬਰਦਸਤੀ। ਉਸ ਨੂੰ ਅਨਪੜ੍ਹ ਕਾਰਨ ਤਜਰਬਾ ਅਤੇ ਗਿਆਨ ਆਪਣੀ ਬੀਤੀ ਵਿਚੋਂ ਹੀ ਮਿਲੇ ਸਨ। ਉਸ ਦੀ ਜ਼ਿੰਦਗੀ ਬਾਪ ਤੋਂ ਲੈ ਕੇ ਅੱਜ ਤੱਕ ਜ਼ੁਲਮ ਦੀ ਲੰਮੀ ਤੇ ਦਰਦਨਾਕ ਕਹਾਣੀ ਸੀ। ਕੁਦਰਤੀ ਸੀ ਕਿ ਉਸ ਦਾ ਅਨੁਭਵ ਆਪਣੀਆਂ ਬੀਤੀਆਂ ਦਾ ਪਰਛਾਵਾਂ ਹੁੰਦਾ। ਫੀਲੇ ਦੇ ਵਾਰੰਟਾਂ ਅਤੇ ਜੇਲ੍ਹ ਦੇ ਭੈ ਨੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ, ਖ਼ਬਰੇ ਮੇਰੇ ਬਾਪ ਨੂੰ ਕਿਹੋ ਜਿਹੀ ਔਕੜ ਆਈ ਹੋਵੇ, ਐਵੇਂ ਕੋਈ ਧੀਆਂ ਨੂੰ ਥੋੜੋਂ ਵੇਚਦਾ ਹੈ। ਜੇ ਮੇਰਾ ਬਾਪ ਮੈਨੂੰ ਵੇਚ ਸਕਦਾ ਹੈ, ਧੰਤੋ ਨੂੰ ਉਸ ਦਾ ਬਾਪ ਕਿਉਂ ਨਹੀਂ ਵੇਚ ਸਕਦਾ ? ਡਾਢੇ ਅੱਗੇ ਮਿੰਨਤ ਤਰਲੇ ਦੀ ਹੀ ਵਾਹ ਹੁੰਦੀ ਹੈ, ਸੋ ਉਹ ਉਸ ਨਮਾਣੇ ਦੇ ਮੰਨੀ ਨਹੀਂ। ਮੈਂ ਕੀ ਕਰਾਂ ? ਮੈਂ ਕੀ ਕਰ ਸਕਦੀ ਹਾਂ ? ਉਸ ਨੂੰ ਜਾਪਿਆ, ਉਹ ਸੱਚੀ, ਨਰੋਈ ਅਤੇ ਕਮਾਊ ਹੁੰਦੀ ਵੀ ਜਰਵਾਣੇ ਮਰਦ ਅੱਗੇ ਬੇਬਸ ਹੈ। ਇਹ ਇਤਿਹਾਸਕ ਸੱਚ ਸੀ ਕਿ ਔਰਤ ਕਿਸੇ ਆਸਰੇ ਬਿਨਾਂ ਗ਼ਲਤ ਕੀਮਤਾਂ ਦੀ ਸਮਾਜ ਵਿਰੁਧ ਲੜਾਈ ਜਾਰੀ ਨਹੀਂ ਰੱਖ ਸਕਦੀ ਤੇ ਕਿਸੇ ਵੀ ਜ਼ਬਰਦਸਤੀ ਅੱਗੇ ਉਹ ਹਥਿਆਰ ਸੁੱਟ ਦੇਂਦੀ ਹੈ।
ਫਿਰ ਤਾਪੀ ਨੇ ਇਕ ਕਮਜ਼ੋਰ ਖ਼ਿਆਲ ਦਾ ਆਸਰਾ ਲਿਆ ਤੇ ਇਸ ਅਨਹੋਣੀ ਤੋਂ ਬਚਣ ਲਈ ਮਰਨਾ ਚਾਹਿਆ। ਕਿਉਂ ਨਾ ਮੈਂ ਕੁੜੀ ਨੂੰ ਖੂਹ ਵਿਚ ਧੱਕਾ ਦੇਵਾਂ ਅਤੇ ਨਾਲ ਹੀ ਆਪ ਛਾਲ ਮਾਰਾਂ ? ਝਟ ਹੀ ਕੁਦਰਤੀ ਸੱਚ ਉਸ ਅੱਗੇ ਆ ਖਲੋਤਾ। ਅੜਿਆ, ਮੈਂ ਆਪਣੇ ਵਿਆਹ ਵੇਲੇ ਨਾ ਮਰੀ, ਜਦੋਂ ਕਿ ਸਭ ਕੁਝ ਜਾਣਦੀ ਸੀ ? ਮਰਨ ਦੇ ਖਿਆਲ ਨਾਲ ਜਿਊਣ ਦੀ ਭਾਵਨਾ ਪਤਲੀ ਨਹੀਂ ਪੈ ਜਾਂਦੀ। ਅਸਲ ਵਿਚ ਉਸ ਨੂੰ ਧੀ ਦਾ ਮੋਹ ਜਾਗ ਪਿਆ ਸੀ। ਮੋਹ ਵਰਗਾ ਸੱਚਾ ਮਿੱਤਰ ਮਨੁੱਖ ਦਾ ਕੋਈ ਨਹੀਂ, ਜਿਹੜਾ ਉਸ ਨੂੰ ਮੌਤ ਦੀਆਂ ਪੀੜਾਂ ਵਿਚ ਵੀ ਜ਼ਿੰਦਗੀ ਦੇ ਚੁੰਮਣ ਦੇਂਦਾ ਹੈ।
ਤਾਪੀ ਸਾਰੀ ਉਮਰ ਹਾਰੀ ਰਹੀ ਸੀ, ਉਸ ਦੀ ਮਿਹਨਤ ਲੁੜੀਂਦੀ ਰਹੀ ਸੀ, ਉਹ ਕਦੇ ਕੰਮੋਂ ਨਮੁੱਕਰ ਨਹੀਂ ਹੋਈ ਸੀ ਅਤੇ ਜ਼ਿੰਦਗੀ ਭਰ ਪਿਆਰ ਪ੍ਰਸੰਸਾ ਦੇ ਬੋਲਾਂ ਨੂੰ ਸਹਿਕਦੀ ਰਹੀ ਸੀ। ਜ਼ਿੰਦਗੀ ਦੀ ਕੋਈ ਘੜੀ ਸੁਪਨੇ ਵਿਚ ਹੀ ਆਈ ਹੋਵੇਗੀ, ਜਿਸ ਵਿਚ ਉਸ ਸੈਮਾਨ ਅਨੁਭਵ ਕੀਤਾ ਹੋਵੇ, ਨਹੀਂ ਤਾਂ ਫੀਲੇ ਦੀਆਂ ਝਿੜਕਾਂ, ਗਾਲ੍ਹਾਂ ਤੇ ਮਾਰਾਂ ਨਾਲ ਲਿਤਾੜਦੀ ਰਹੀ ਸੀ। ਸੈਮਾਨ ਦੇ ਤਾਂ ਉਹ ਅਰਥ ਵੀ ਨਹੀਂ ਜਾਣਦੀ ਸੀ। ਬਰਾਬਰ ਹੋ ਕੇ ਉਹ ਇਕ ਵਾਰ ਵੀ ਅੜ ਨਹੀਂ ਸਕੀ ਸੀ ਅਤੇ ਆਪਣੇ ਹੱਕ ਉਤੇ ਲੜਨ ਦਾ ਫਲ ਕਿੱਥੋਂ ਲਿਆਉਂਦੀ। ਉਸ ਦਾ ਆਪਣਾ ਆਪ ਮਰਦ ਦੇ ਸਰਪਟ ਘੋੜੇ ਹੇਠਾਂ ਫਿਸਿਆ ਟੁੱਟਿਆ ਪੈਹਾ ਸੀ, ਜਿਸ ਵਿਚੋਂ ਧੂੜ ਇਉਂ ਉੱਡ ਰਹੀ ਸੀ, ਜਿਵੇਂ ਤੇਲੀ ਦੇ ਤਾੜੇ ਅੱਗੇ ਰੂੰ ਉਡਦੀ ਹੈ। ਉਹ ਅਜਿਹੇ ਮੂੰਹ ਜ਼ੋਰ ਘੋੜੇ ਨੂੰ ਕਿਉਂ ਰੋਕਦੀ। ਭਾਗਾਂ ਅਤੇ ਸੰਜੋਗਾਂ ਦੇ ਪੁਰਾਣੇ ਸੰਸਕਾਰਾਂ ਵੀ ਉਸ ਨਾਲ ਘੱਟ ਨਹੀਂ ਗੁਜ਼ਾਰੀ ਸੀ, ਜਿਨ੍ਹਾਂ ਬਾਰੇ ਉਸ ਨੂੰ ਭੋਰਾ ਗਿਆਨ ਨਹੀਂ ਸੀ ਤੇ ਸਦੀਆਂ ਦੀ ਗ਼ੁਲਾਮੀ ਪਿਛੋਂ ਵੀ ਉਸ ਦੀ ਜਾਤ ਦਾ ਖਹਿੜਾ ਨਹੀਂ ਛੱਡ ਰਹੇ ਸਨ। ਤਾਪੀ ਦੀ ਪੀਡੀ ਚੁੱਪ ਧੰਤੋ ਦੇ ਦੁੱਖ ਵਿਚ ਹੋਰ ਵਾਧਾ ਕਰ ਗਈ। ਮਾਂ ਹੀ ਘਰ ਵਿਚ ਉਸ ਦੀ ਹਮਦਰਦ ਸੀ, ਜਿਸ ਮੂੰਹ ਨੂੰ ਜਿੰਦਰਾ ਮਾਰ ਲਿਆ। ਧੰਤੋ ਲਈ ਇਹ ਅਸਹਿ ਸੀ, ਜਦੋਂ ਕਿ ਉਹ ਜ਼ਿੰਦਗੀ ਮੌਤ ਦੇ ਦੋਰਾਹੇ ਉਤੇ ਆ ਖਲੋਤੀ ਸੀ। ਅਖ਼ੀਰ ਧੰਤੋ ਦਾ ਸਬਰ ਟੁੱਟ ਗਿਆ ਅਤੇ ਉਸ ਅੱਗੋਂ ਹੋ ਕੇ ਮਾਂ ਨੂੰ ਪੁੱਛ ਹੀ ਲਿਆ।
“ਮਾਂ ! ਇਹ ਸਭ ਕੁਝ ਕੀ ਹੋ ਰਿਹਾ ਹੈ ?”
“ਤੇਰੀ ਸਿੜੀ ਤਿਆਰ ਹੋ ਰਹੀ ਹੈ।” ਮਾਂ ਦੇ ਮੂੰਹੋਂ ਸੜਿਆ ਕਬੋਲ ਨਿਕਲ ਗਿਆ ਅਤੇ ਉਹ ਧੰਤੋ ਤੋਂ ਪਾਸੇ ਦੀ ਹੋ ਕੇ ਅੰਦਰ ਚਲੀ ਗਈ, ਸ਼ਾਇਦ ਉਹ ਆਪਣੇ ਨਿਕਲ ਪੈਣ ਵਾਲੇ ਹੰਝੂ ਧੀ ਤੋਂ ਲੁਕਾਉਣਾ ਚਾਹੁੰਦੀ ਸੀ।
ਧੰਤੋ ਮਾਂ ਦੇ ਮੂੰਹੋਂ ਸੜੀ ਬਲੀ ਸੁਣ ਕੇ ਹੈਰਾਨ ਹੀ ਰਹਿ ਗਈ। ਇਹ ਤਾਂ ਉਸ ਪਰਤੱਖ ਹੀ ਜਾਣ ਲਿਆ ਸੀ, ਅਨਹੋਣੀ ਛੇਤੀ ਹੀ ਵਾਪਰਨ ਵਾਲੀ ਹੈ, ਪਰ ਉਸ ਨੂੰ ਇਹ ਆਸ ਬਿਲਕੁਲ ਨਹੀਂ ਸੀ, ਉਸ ਦੀ ਮਾਂ ਦਾ ਰਵੱਈਆ ਘੁੱਟਿਆ ਵਿੱਟਿਆ ਜਾਵੇਗਾ। ਵਿਹੜਾ ਉਸ ਦੇ ਪੈਰਾਂ ਹੇਠੋਂ ਨਿਕਲ ਗਿਆ। ਉਹ ਮਾਂ ਤੋਂ ਬਿਨਾਂ ਕੀ ਕਰਨ ਜੋਗੀ ਸੀ। ਉਸ ਨੂੰ ਥਾਏਂ ਖਲੋਤੀ ਨੂੰ ਇਕ ਚੱਕਰ ਆ ਗਿਆ ਤੇ ਝਟ ਵਧ ਕੇ ਉਸ ਕੰਧ ਦਾ ਸਹਾਰਾ ਜਾ ਲਿਆ। ਇਉਂ ਜਾਪਦਾ ਸੀ, ਜਿਵੇਂ ਹੇਠਲੀ ਉਤੇ ਆ ਜਾਵੇਗੀ ਤੇ ਧਰਤੀ ਦੀ ਹਿੱਕ ਦਾ ਭੁਚਾਲ ਪਾਟ ਜਾਵੇਗਾ। ਧੰਤੋ ਲਈ ਇਕ ਦਮ ਸੁੰਞ ਵਰਤ ਗਈ। ਕਿਸੇ ਦੈਂਤ ਦੀਆਂ ਬਾਹਾਂ ਵਰਗੀਆਂ ਕੰਡਿਆਲੀਆਂ ਉਂਗਲਾਂ ਉਸ ਦੀ ਧੋਣ ਨੂੰ ਚੁਫੇਰਿਓਂ ਵਲ ਰਹੀਆਂ ਸਨ। ਉਸ ਦੇ ਦੇਖਦਿਆਂ- ਦੇਖਦਿਆਂ ਉਂਗਲਾਂ ਦੁਸਾਗਾਂ ਬਣ ਕੇ ਉਲਰ ਖਲੋਤੀਆਂ। ਉਸ ਅੱਖਾਂ ਮੀਟ ਅਤੇ ਲੰਮਾ ਹਉਕਾ ਲੈ ਕੇ ਸਿਰ ਝੰਜਕਿਆ। ਵਿਹੜਾ ਸੁੰਞਾ ਸੀ ਤੇ ਉਹ ਦਿਲ ਦੀ ਅਥਾਹ ਪੀੜ ਚੁੱਕੀ ਬਾਹਰੋਂ ਬਾਹਰ ਹੋ ਗਈ। ਉਸ ਨੂੰ ਇਉਂ ਜਾਪਿਆ ਸੀ, ਜਿਵੇਂ ਮਾਂ ਨੇ ਉਸ ਦਾ ਸਾਥ ਧੰਤੋ ਉਸ ਤਰ੍ਹਾਂ ਹੀ ਬੀਰੋ ਦੇ ਗਲ ਲੱਗ ਕੇ ਜਾ ਰੋਈ, ਜਿਵੇਂ ਇਕ ਦਿਨ ਉਹ ਉਸ ਹੋਰ ਚਲ ਕੇ ਆਈ ਸੀ। ਉਹਨਾਂ ਕੁੜੀਆਂ ਦੀ ਕਿਸਮਤ ਵਿਚ ਧੁਰ ਦਰਗਾਹੋਂ ਰੋਣਾ ਹੀ ਰੋਣਾ ਲਿਖਿਆ ਹੈ, ਜਿਨ੍ਹਾਂ ਨੂੰ ਉਹਨਾਂ ਦੇ ਹਾਣੀਆਂ ਨੇ ਬੇਵਫਾਈ ਕਰ ਵਿਖਾਈ। ਜੋ ਪਿਆਰ ਦੇ ਕੋਮਲ ਭਾਵ ਜ਼ਿ ਜਿਊਣੇ ਤੇ ਤੋੜ ਨਿਬਾਹੁਣੇ ਇਕ ਕੁੜੀ ਵਿਚ ਹੁੰਦੇ ਹਨ, ਉਹ ਮਰਦ ਮੁੰਡੇ ਵਿਚ ਉੱਕਾ ਨਹੀਂ ਹੁੰਦੇ
“ਤੂੰ ਕਿਉਂ ਬੁੱਕਣ ਡਹੀ ਏਂ ਨੀ ?” ਬੀਰੋ ਨੇ ਧੰਤੋ ਨੂੰ ਝੰਜੋਲਦਿਆਂ ਹੌਸਲਾ ਦਿੱਤਾ।
“ਹੋਰ ਕੀ ਕਰਾਂ।” ਧੰਤੋ ਨੇ ਦੋਹਾਂ ਹੱਥਾਂ ਵਿਚੋਂ ਮੂੰਹ ਉਤਾਂਹ ਚੁੱਕਿਆ।
ਰੋਵੇ ਉਹ, ਜੀਹਦਾ ਬੰਦਾ ਪੈਰ ਨਾ ਲਾਵੇ।” ਬੀਰੋ ਨੇ ਆਪਣਾ ਸ਼ਿਕਵਾ ਨਾਲ ਕਰ ਮਾਰਿਆ। “ਕੀ ਪਤਾ ਏ ਉਹਦਾ ਵੀ।” ਧੰਤੋ ਇਉਂ ਮਹਿਸੂਸ ਕਰ ਰਹੀ ਸੀ ਜਿਵੇਂ ਸਾਰਿਆਂ ਉਸ ਦ ਸਾਥ ਛੱਡ ਦਿੱਤਾ ਹੈ ਤੇ ਸਾਰਾ ਜਹਾਨ ਵੈਰੀ ਹੋ ਖਲੋਤਾ ਹੈ।
“ਨਹੀਂ ਧੰਤੋ ! ਤੂੰ ਕਿਸਮਤ ਵਾਲੀ ਏਂ, ਤੇਰਾ ਬੰਦਾ ਤੇਰਾ ਕਦੇ ਸਾਥ ਨਹੀਂ ਛੱਡਦਾ, ਤੂੰ ਭਰੋਸ ਰੱਖ।”
“ਇਸ ਨਿਰੇ ਭਰੋਸੇ ਨੂੰ ਮੈਂ ਕੀ ਕਰਾਂ, ਦੁਸ਼ਮਣ ਤਾਂ ਰੱਸੇ ਪੈੜੇ ਵੱਟੀ ਬੈਠੇ ਐ।” ਧੰਤੋ ਦੀਆਂ ਅੱਖਾਂ ਵਿਚ ਤਰਲਾ ਹਉਕਾ- ਹਉਕਾ ਬਣਿਆ ਹੋਇਆ ਸੀ।
ਬੀਰੋ ਸੋਚਣ ਲੱਗ ਪਈ, ਫਿਰ ਉਸ ਦਿਲ ਤਕੜਾ ਕਰਦਿਆਂ ਆਖਿਆ :
“ਤੂੰ ਮੋਦਨ ਨੂੰ ਏਥੇ ਸੱਦ।”
“ਮੈਂ ਕਿਵੇਂ ਸੱਦ ਸਕਦੀ ਆਂ, ਡੁੱਬੀ ਤਾਂ ਹੀ ਜੇ ਸਾਹ ਨਾ ਆਇਆ।” ਧੰਤੋ ਨੇ ਥੋੜੀ ਸੁਚੇਤ ਹੁੰਦਿਆਂ ਬੀਰੋ ਦਾ ਅੰਦਰ ਜਾਨਣ ਲਈ ਕਿਹਾ, “ਪਰ ਉਹ ਏਥੇ ਆ ਕੇ ਕਰੇਗਾ ਕੀ?”
“ਤੂੰ ਉਹਦੀ ਮੰਗ ਏਂ ਭੈੜੀਏ, ਉਹ ਆ ਕੇ ਪੰਚਾਇਤ ‘ਕੱਠੀ ਕਰੇ, ਬਈ ਭੁਆਲੀਆਂ ਮੈਨੂੰ ਮਿਲਣੀਆਂ ਚਾਹੀਦੀਆਂ ਨੇ।”
“ਇਹ ਸਾਰੀਆਂ ਗੱਲਾਂ ਚਾਚੇ ਨਾਲ ਸਨ ਬੀਰੋ ! ਉਹ ਮਰ ਗਿਆ ਤੇ ਆਹ ਪੁਆੜੇ ਉਠ ਖਲੋਤੇ।” ਉਹ ਲੰਮਾ ਸਾਰਾ ਹਉਕਾ ਲਿਆ। “ਜਿਹੜਾ ਉਧ-ਮੂਲ ਹੁਣ ਉਠਿਆ ਏ, ਉਹ ਜ਼ਰੂਰ ਕੋਈ ਕਾਰਾ ਕਰੂਗਾ। ਉਸ ਵਿਚਾਰੇ ਦੀ ਏਥੇ ਕਿਹੜੀ ਪੰਚਾਇਤ ਨੇ ਸੁਣਨੀ ਏਂ, ਜਿਨ੍ਹਾਂ ਦਾ ਜ਼ੋਰ ਪਿਆ, ਖਿੱਚ ਕੇ ਲੈ ਜਾਣਗੇ।”
ਧੰਤੋ ਦੀ ਇਸ ਗੱਲ ਉਤੇ ਬੀਰੋ ਨੂੰ ਗੁੱਸਾ ਆ ਗਿਆ।
“ਤੂੰ ਏਡੀ ਨਸਾਤਲੀ ਵੀ ਏਂ ਕਿ ਕੁਝ ਵੀ ਨਹੀਂ ਕਰਨ ਜੋਗੀ, ਭੈੜੀਏ, ਕੁਝ ਤਾਂ ਉਜਰ ਕਰ।” ਧੰਤੋ ਨੇ ਨਾਂਹ ਵਿਚ ਸਿਰ ਮਾਰਿਆ।
“ਬੀਰੋ ! ਰੋਣਾ ਈ ਇਹ ਹੈ ਕਿ ਏਥੇ ਕੋਈ ਉਜਰ ਨਹੀਂ ਚਲਣਾ, ਕਿਸੇ ਫ਼ਰਿਆਦ ਨਹੀ ਸੁਣਨੀ। ਕੁੜੀ ਤਾਂ ਸੀਲ ਗਊ ਹੁੰਦੀ ਐ, ਜਿਸ ਨੂੰ ਰੱਸਾ ਫੜਾ ਦਿੱਤਾ, ਫੜਾ ਦਿੱਤਾ।”
“ਫੇਰ।” ਜਿਵੇਂ ਇਸ ਤੋਂ ਅੱਗੇ ਬੀਰੋ ਦੀ ਅਕੇਲ ਅਵਾਕ ਹੋ ਗਈ ਸੀ।
“ਫੇਰ ਜੋ ਹੋਣਾ ਏਂ, ਤੈਨੂੰ ਵੀ ਦੀਹਦਾ ਏ ਤੇ ਮੈਨੂੰ ਵੀ।” ਧੰਤੋ ਨੇ ਇਕ ਦਮ ਹੀ ਆਪ ਤਾਣਦਿਆਂ ਬੀਰੋ ਦੇ ਹੱਥ ਫੜ ਲਏ। “ਬੀਰੋ ! ਜੇ ਤੂੰ ਧਰਮ ਦੀ ਭੈਣ ਏਂ, ਮੇਰੀ ਇਕ ਗੱਲ ਮੰਨ ?”
“ਦੱਸ ਸਹੀ, ਮੈਂ ਜਿੰਦ ਵਾਰ ਦੂੰ ਭੈਣੇ !” ਬੀਰੋ ਹਰ ਕੁਰਬਾਨੀ ਲਈ ਦੱਸਣ ਤੋਂ ਪਹਿਲਾਂ ਹੀ ਤਿਆਰ ਸੀ।
“ਮੇਰੇ ਦਿਲ ‘ਚ ਇਕ ਰਮਾਨ ਐ, ਤੂੰ ਕਿਵੇਂ ਮੇਰੇ ਬੰਦੇ ਨੂੰ ਚੋਰੀ ਏਥੇ ਸੱਦ ਦੇ, ਬਾਕੀ ਸਾਰੀ ਗੱਲ ਮੈਂ ਆਪ ਸਾਂਭ ਲਵਾਂਗੀ।” ਧੰਤੋ ਨੇ ਬੀਰੋ ਨੂੰ ਹਸਰਤ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਕਿ ਉਹ ਕਿਹੋ ਜਿਹਾ ਉੱਤਰ ਦੇਂਦੀ ਹੈ।
“ਮੈਂ ਕਿਵੇਂ ਮੰਗਵਾਵਾਂ, ਉਹ ਵੀ ਦੱਸ ?”
“ਤੂੰ ਲਾਭੇ ਨੂੰ ਭੇਜ ਕੇ ਮੰਗਵਾ ਸਕਦੀ ਏਂ, ਮੈਨੂੰ ਪੂਰਾ ਯਕੀਨ ਐ, ਮੇਰਾ ਬੰਦਾ ਪੈਰ ਜੁੱਤੀ ਨਹੀਂ ਪਾਉਂਦਾ।” ਧੰਤੋ ਤਰਲੇ ਨਾਲ ਬੋਲੀ, “ਹਾੜੇ, ਤੂੰ ਮੇਰੀ ਖ਼ਾਤਰ ਹੀ ਲਾਭੇ ਨਾਲ ਬੋਲ ਪੈ।”
ਧੰਤੋ ਦੇ ਤਰਲੇ ਉਤੇ ਬੀਰੋ ਨੂੰ ਫੁਟ ਕੇ ਹਾਸਾ ਆ ਗਿਆ।
“ਹੱਛਾ, ਤਾਂ ਤੂੰ ਨਿਕਲਣਾ ਚਾਹੁੰਦੀ ਏਂ। ਭਰਾਵਾਂ ਪਿੱਟੀਏ ! ਮੈਨੂੰ ਆਂਹਦੀ ਸੀ, ਇਹ ਕੰਮ ਮਾੜਾ ਏ, ਹੁਣ ਤੇਰੇ ਵਾਸਤੇ ਚੰਗਾ ਹੋ ਗਿਆ ਕਮਜਾਤੇ !”
“ਨਹੀਂ ਬੀਰੋ ! ਤੇਰੀ ਹੋਰ ਗੱਲ ਸੀ, ਉਹ ਜੱਟ ਤੂੰ ਜਮਾਂਦਾਰਨਾਂ ਦੀ ਕੁੜੀ, ਤੇ ਮੈਂ ਤਾਂ ਉਹਦੀ ਮੰਗ ਆਂ। ਮੇਰੇ ਜਾਣ ਨੂੰ ਕਿਸੇ ਨੇ ਵੀ ਮਾੜਾ ਨਹੀਂ ਆਖਣਾ। ਸਾਰੇ ਕਹਿਣਗੇ ਕੁੜੀ ਨੇ ਆਪਣਾ ਧਰਮ ਪਾਲਿਆ ਏ।” ਧੰਤੋ ਨੇ ਆਪਣੀ ਵਲੋਂ ਠੀਕ ਤੇ ਸੁੱਚੀ ਦਲੀਲ ਦਿੱਤੀ, ਪਰ ਬੀਰੋ ਨੇ ਇਸ ਨੂੰ ਹਾਸੀ ਵਿਚ ਟਾਲਦਿਆਂ ਕਿਹਾ :
“ਖੋਤੜੀ ਧਰਮ ਦੀ ! ਜਿਹੜਾ ਕੰਮ ਤੂੰ ਕਰੇਂ ਉਹ ਧਰਮ ਤੇ ਜਿਹੜਾ ਮੈਂ ਕਰਾਂ ਉਹ ਪਾਪ। ਤੂੰ ਏਹੋ ਜਿਹੇ ਧੜੇ ਧਰਮ ਨੂੰ ਪੱਲੇ ਰੱਖ ਨੀ।” ਬੀਰੋ ਖ਼ੁਸ਼ੀ ਨੂੰ ਅੰਦਰ ਨੱਪਦੀ ਆਕੜ ਗਈ। “ਜਾਂ ਤਾਂ ਮੈਂ ਤੈਨੂੰ ਵੀ ਇਹ ਕੰਮ ਕਰਨ ਨਹੀਂ ਦੇਣਾ, ਨਹੀਂ ਤਾਂ ਮੇਰੇ ਬੰਦੇ ਨੂੰ ਵੀ ਮੇਰੇ ਨਾਲ ਤੋਰ।”
ਧੰਤੋ ਵੀ ਸਮਝ ਗਈ ਕਿ ਬੀਰੋ ਖਰੂਦ ਕਰਨ ਉਤੇ ਉਤਰ ਆਈ ਹੈ।
“ਤੇਰਾ ਤਾਂ ਤੈਨੂੰ ਲਿਜਾਂਦਾ ਨਹੀਂ, ਜੇ ਤੈਨੂੰ ਉਧਲਣ ਦੀ ਈ ਲੱਲ ਲੱਗੀ ਐ, ਦੋਵੇਂ ਉਸੇ ਦੇ ਉਠ ਚਲਦੀਆਂ ਆਂ।”
“ਹੈਂ ਤੈਨੂੰ ਖੋਤੜੀਏ ਰੰਨੇ !” ਬੀਰੋ ਨੇ ਉਸ ਦੇ ਵੱਟ ਕੇ ਹੂਰਾਂ ਜੜ ਦਿੱਤਾ।
“ਹਾਇ ਨੀ ! ਹੋਰ ਮੈਂ ਕੀ ਕਰ ਸਕਦੀ ਆਂ।” ਧੰਤੋ ਨੇ ਹੱਸਦਿਆਂ ਬੁੱਲਾਂ ਉਤੇ ਜੀਭ ਫੇਰੀ। “ਕਾਹਲੀ ਆਂਹਦੀ ਐ, ਕਿਸੇ ਨੂੰ ਮਿਲੇ ਨਾ ਮਿਲੇ, ਪਹਿਲਾ ਮੈਨੂੰ ਭੁੰਜੇ ਈ ਪਾ ਦਿਉ। ਕੋਈ ਨਹੀਂ, ਜੇ ਮਘਰ ਵਿਚ ਨਹੀਂ ਹੋਇਆ ਤਾਂ ਮਾਘ ਨਹੀਂ ਟੱਪਦਾ।”
ਬੀਰੋ ਨੇ ਹੱਸਦਿਆਂ ਜੀਭ ਦੰਦਾਂ ਹੇਠ ਲੈ ਲਈ, ਫਿਰ ਅੱਖ ਮਾਰਦਿਆਂ ਬੋਲੀ :
“ਤੂੰ ਇਉਂ ਕਰ, ਨਾਲੇ ਤੇਰੀ ਫਾਹੀ ਵੀ ਕਟੀਦੀ ਐ। ਤੇਰੇ ਦੇ ਤਾਂ ਮੈਂ ਆਪ ਈ ਚਲੀ ਜਾਨੀ ਆਂ, ਉਹਨੂੰ ਸੱਦਣ ਦੀ ਵੀ ਲੋੜ ਨਹੀਂ, ਮਾਘ ਵਾਲੇ ਦੇ ਤੂੰ ਤੁਰ ਜੀਂ।” ਏਨੀ ਕਹਿ ਕੇ ਉਸ ਮੰਜੇ ਦਾ ਦੂਜਾ ਸਿਰਾ ਜਾਂ ਮੱਲਿਆ।
“ਭੌਂਕਣ ਨੂੰ ਕਿੰਨੀ ਸ਼ੇਰ ਐ।” ਧੰਤੋ ਨੇ ਮੁੜ ਪਿੱਛਾ ਯਾਦ ਕਰਦਿਆਂ ਆਖਿਆ, “ਭੈਣੇ, ਤੈ ਹਾਸੇ ਸੁਝਦੇ ਐ ਤੇ ਮੇਰਾ ਵਾਹਣ ਹੋਇਆ ਪਿਆ ਐ।”
ਬੀਰੋ ਦੀ ਬੇਬੇ ਕਿਸੇ ਗੁਆਂਢ ਗਈ ਹੋਈ ਸੀ ਤੇ ਬੱਚਿਆਂ ਨੂੰ ਬੀਰੋ ਨੇ ਖੇਡਣ ਲਈ ਬਾਹਰ ਤੋਰ ਦਿੱਤਾ ਸੀ ਤੇ ਧੰਤੋ ਦਾ ਦੁੱਖ ਸੁਣਨ ਲਈ ਉਸ ਵਿਹਲ ਪੈਦਾ ਕਰ ਲਈ ਸੀ। ਹਉਕੇ ਵਰਗੀ ਕਸੀਸ ਵਟਦਿਆਂ ਉਹ ਬੋਲੀ : “ਉਹ ਸੂਰ ਦੇ ਪੁੱਤ ਨੂੰ ਬੁਲਾਵਾਂ, ਜਿਸ ਭੋਰਾ ਕੰਨ੍ਹਾਂ ਨਹੀਂ ਲਾਇਆ ਸੀ।” ਇਹ ਵੀ ਗੱਲ ਨਹੀਂ ਸੀ ਕਿ ਬੀਰੋ ਧੰਤੋ ਦੀ ਗੱਲ ਨਾ ਮੰਨਦੀ, ਪਰ ਉਹ ਅਹਿਸਾਨ ਜਤਾਉਣ ਵਾਲੀਆਂ ਵਾਂਗ ਪੈਰ ਵੀ ਰੱਖ ਰਹੀ ਸੀ।
“ਤੇਰਾ ਉਸ ਨੂੰ ਬੁਲਾਇਆਂ ਹੁਣ ਕੁਝ ਲਹਿੰਦਾ ਨਹੀਂ। ਉਥੇ ਉਹ ਪਹਿਲਾਂ ਦਾ ਹੀ ਜਾਂਦਾ ਆਉਂਦਾ ਏ, ਮੁੰਡਿਆਂ ਦੇ ਮੂੰਹ-ਮੱਥੇ ਲੱਗਦਾ ਏ। ਮੈਂ ਤੈਨੂੰ ਉਮਰ ਭਰ ਸੀਸਾਂ ਦਿਆਂਗੀ।” ਧੰਤੋ ਨੂੰ ਪੱਕਾ ਭਰੋਸਾ ਸੀ, ਲਾਭਾ ਬੀਰੋ ਦੀ ਗੱਲ ਕਦੰਤ ਨਹੀਂ ਮੋੜਦਾ ਅਤੇ ਏਸੇ ਲਈ ਉਹ ਮਿਥ ਕੇ ਆਈ ਸੀ ਕਿ ਇਕ ਵਾਰ ਵਾਹ ਲਾ ਕੇ ਵੇਖਣੀ ਹੈ, ਫਿਰ ਦੇਖੀ ਜਾਵੇਗੀ, ਜਿਵੇਂ ਹੋਵੇਗੀ।
“ਲੈ ਸੁਣ, ਕਲ੍ਹ ਨੂੰ ਬੱਚੀ ਨਾ ਬਣ ਜਾਵੀਂ।” ਬੀਰੋ ਨੇ ਦਾਨੀਆਂ ਵਾਂਗ ਆਖਿਆ, “ਤੇਰੀ ਖ਼ਾਤਰ ਉਸ ਕਮੂਤ ਨੂੰ ਬੁਲਾ ਵੀ ਲੈਂਦੀ ਆਂ, ਉਹ ਚਲਿਆ ਵੀ ਜਾਊਗਾ, ਜੇ ਨਾ ਗਿਆ ਬੇਬੇ ਨੂੰ ਭੇਜ ਦਿਆਂਗੀ, ਚਾਰੇ ਬੰਨੇ ਉਹ ਵੀ ਨਾ ਗਈ, ਭਾਵੇਂ ਕੁਝ ਹੋ ਜਾਵੇ, ਮੈਂ ਆਪ ਜਾਵਾਂਗੀ, ਪਰ ਕਲ੍ਹ ਨੂੰ ਜੇ ਤੂੰ ਜੇ-ਜੱਕਾ ਕਰਨੀ ਏਂ, ਹੁਣ ਦੱਸ ਦੇ ?” ਬੀਰੋ ਨੂੰ ਸੂਰਮੀ ਬਣਨ ਦਾ ਮਸੀਂ ਮੌਕਾ ਹੱਥ ਲੱਗਾ ਸੀ ਤੇ ਉਹ ਧੰਤੋ ਵਿਚ ਜੇ ਕੋਈ ਕਮਜ਼ੋਰੀ ਹੈ ਸੀ, ਉਹ ਵੀ ਕੱਢ ਦੇਣਾ ਚਾਹੁੰਦੀ ਸੀ।
ਜਿਸ ਗੱਲ ਲਈ ਕਦੇ ਬੀਰੋ ਝੂਰਦੀ ਸੀ ਅਤੇ ਧੰਤੋ ਉਸ ਨੂੰ ਸਮਝੌਤੀਆਂ ਦੇਂਦੀ ਸੀ ਅਤੇ ਹਤਿਆਰੀ ਆਖਦੀ ਸੀ, ਪਿਆਰ ਦੀ ਓਹੀ ਗੱਲ ਧੰਤੋ ਨੂੰ ਬੁਰੀ ਤਰ੍ਹਾਂ ਚੜ੍ਹ ਆਈ ਸੀ। ਹੁਣ ਧੰਤੋ ਪਿਛੇ ਖੂਹ ਸੀ ਅਤੇ ਅੱਗੇ ਖਾਤਾ। ਅਜਿਹੀ ਅਵਸਥਾ ਵਿਚ ਪਿਆਰ ਦੇ ਰੰਗ ਵਿਚ ਰੰਗੀ ਹਰ ਜਵਾਨੀ ਪਹਿਲਾਂ ਪਿਆਰੇ ਨੂੰ ਮਿਲਣ ਲਈ ਝਨਾਂ ਵਿਚ ਛਾਲ ਮਾਰਦੀ ਹੈ ਤੇ ਪਿਛੋਂ ਕਿਸੇ ਵੀ ਤਰ੍ਹਾਂ ਦੀ ਮੌਤ ਲਈ ਬਾਹਾਂ ਪਸਾਰਦੀ ਹੈ।
“ਬੀਰੋ ! ਤੂੰ ਮੈਨੂੰ ਕੀ ਵੰਗਾਰਨ ਡਹੀ ਏਂ। ਜੇ ਉਹ ਨਾ ਆਇਆ, ਪਿਆਰੋ ਵਾਂਗ ਰੇਲ ਦੀ ਲੀਹ ‘ਤੇ ਮੂੰਹ ਆ ਵੇਖੀਂ, ਬਸ ਹੋਰ ਨਾ ਹੁਣ ਪੁੱਛ।” ਬੀਰੋ ਨੂੰ ਮਰਨੋਂ ਰੋਕਣ ਵਾਲੀ ਗੱਲ ਤਾਂ ਧੰਤੋ ਨੂੰ ਚੇਤਾ ਨਹੀਂ ਰਿਹਾ ਸੀ।
ਬੀਰੋ ਧੰਤੋ ਦੀ ਇਸ ਗੱਲ ਨਾਲ ਹੋਰ ਵੀ ਭੜਕ ਉਠੀ।
“ਹੁਣ ਤੂੰ ਆਪਣੀ ਵਾਰੀ ਮਰਨਾ ਵੀ ਮਿਥ ਲਿਆ, ਤੇ ਮੈਨੂੰ ਕੁੱਤੀਏ ਬੀਰਾਂ ਦੀਆਂ ਸਹੁੰਆਂ ਘਤਾਉਂਦੀ ਸੀ। ਇਉਂ ਮਹਿਰੀਏ, ਆਪਣੇ ਦਿਲ ਨੂੰ ਲੱਗੀ ਅੱਗ ਹੁੰਦੀ ਹੈ ਤੇ ਦੂਜੇ ਦੇ ਘਰ ਬਸੰਤਰ। ਮੈਂ ਕਿਸੇ ਕੰਜਰ ਵੱਲ ਬੰਦਾ ਨਹੀਂ ਭੇਜਣਾ, ਪਹਿਲਾਂ ਤੂੰ ਮਰ ਕੇ ਵਖਾ ?” ਉਸ ਨੂੰ ਗੁੱਸਾ ਵੀ ਸੀ, ਪਰ ਉਸ ਦਾ ਪਿਆਰ ਭਰਿਆ ਸੱਚਾ ਦਿਲ ਕਹਿ ਰਿਹਾ ਸੀ, ਧੰਤੋ ਨੇ ਆਪਣੀ ਵਾਰੀ ਇਹ ਚੰਦਰੀ ਗੱਲ ਸੋਚੀ ਹੀ ਕਿਉਂ ? ਬੀਰੋ ਹਰ ਪੱਖੋਂ ਸੱਚੀ ਸੀ।
“ਓਏ ਰੱਬਾ ਮੇਰਿਆ ! ਤੂੰ ਪਹਿਲਾਂ ਮੰਗਵਾ ਤਾਂ ਸਹੀ। ਜੇ ਤੂੰ ਸੱਚੇ ਦਿਲੋਂ ਉਸ ਨਾਲ ਤੋਰ ਕੇ ਰਾਜ਼ੀ ਏਂ, ਫੇਰ ਕੀਹਨੇ ਮਰਨਾ ਏਂ।”
“ਨਹੀਂ ਪਹਿਲਾਂ ਨਾ ਮਰਨ ਦੀ ਸੌਂਹ ਖਾਹ, ਕਾਉਂਕਿਆਂ ਨੂੰ ਉਹ ਫੇਰ ਜਾਊਗਾ।”
“ਆਹ ਬੰਨ੍ਹੇ ਐ ਤੇਰੇ ਅੱਗੇ ਹੱਥ। ਜਿਵੇਂ ਮਰਜ਼ੀ ਆਈ ਫਾਹੇ ਲਾ ਲਈਂ, ਪਰ ਉਹਨੂੰ ਅੱਜ ਈ ਸ਼ਾਮ ਦੀ ਗੱਡੀ ਤੋਰ ਦੇ।”
“ਐਨੀ ਛੇਤੀ ?” ਬੀਰੋ ਥੋੜੀ ਹੈਰਾਨ ਹੋ ਗਈ।
“ਪਤਾ ਈ ਨਹੀਂ ਕਦੋਂ ਭਾਵੀ ਨੇ ਆਪ ਬੀਤਣਾ ਏਂ, ਉਹ ਕੱਲ੍ਹ ਨੂੰ ਜ਼ਰੂਰ ਬਰ ਜ਼ਰੂਰ ਆ ਜਾਵੇ।” ਧੰਤੋ ਨੇ ਆਪਣਾ ਆਪ ਬੀਰੋ ਅੱਗੇ ਇਕ ਤਰ੍ਹਾਂ ਢੇਰੀ ਕਰ ਦਿੱਤਾ। “ਰੱਬ ਈ ਜਾਣਦਾ ਏ ਕਿਵੇਂ ਹੋਊਗੀ।”
“ਘਬਰਾ ਨਾ, ਜੇ ਉਹ ਅੱਜ ਨਾ ਜਾ ਸਕਿਆ, ਕੱਲ੍ਹ ਸਵੇਰ ਦੀ ਗੱਡੀ ਹਰ ਹਾਲਤ ਵਿਚ ਜਾਊਗਾ ਤੇ ਤੂੰ ਪਰਸੋਂ ਨੂੰ ਆਪਣੀ ਤਿਆਰੀ ਕਰ ਰੱਖ।” ਬੀਰੋ ਨੇ ਆਪਣੀ ਹਿੱਕ ਨੂੰ ਹੱਥ ਲਾ ਕੇ ਤਸੱਲੀ ਦਿੱਤੀ।
“ਤਿਆਰੀ ਨੂੰ ਮੈਂ ਕੀ ਘੋੜੇ ਪੀੜਨੇ ਐ।”
“ਮੈਂ ਤੈਨੂੰ ਆਪ ਪਤਾ ਦਿਆਂਗੀ ਤੇ ਉਹ ਲਾਭੇ ਦੇ ਛੱਪਰ ਵਿਚ ਹੀ ਆ ਕੇ ਲੁੱਕੇਗਾ।” ਬੀਰੋ ਨੇ ਮੋਦਨ ਦੇ ਲੁਕਣ ਵਾਲੀ ਥਾਂ ਸਮਝਾਈ।
“ਲੈ ਮੈਂ ਜਾਨੀ ਆਂ, ਬੀਰੋ ! ਹੁਣ ਤੇਰੇ ਹੱਥ ਡੋਰਾਂ ਨੇ।” ਧੰਤੋ ਨੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾਉਂਦਿਆਂ ਉਸ ਦੇ ਹੱਥ ਘੁੱਟ ਲਏ।
“ਧੰਤੋ ਮੈਂ ਮਰ ਕੇ ਵੀ ਤੈਨੂੰ ਸੁਖੀ ਵੇਖਣਾ ਚਾਹੁੰਦੀ ਆਂ, ਤੂੰ ਬਾਰ-ਬਾਰ ਨਾ ਆਖ, ਕਿਤੇ ਤੂੰ ਨਾ ਥਿੜਕ ਜਾਵੀਂ।” ਬੀਰੋ ਉਲਟਾ ਉਸ ਨੂੰ ਪੱਕਿਆਂ ਕਰ ਰਹੀ ਸੀ।
ਫਿਰ ਉਹ ਦੋਵੇਂ ਜੱਫੀ ਘੁੱਟ ਕੇ ਮਿਲੀਆਂ। ਚੌਹਾਂ ਹੱਥਾਂ ਤੇ ਚੌਹਾਂ ਅੱਖਾਂ ਵਿਚ ਇਕ ਇਕਰਾਰ ਪੂਰਾ ਹੋਣ ਲਈ ਤਰਲੋਮੱਛੀ ਹੋ ਰਿਹਾ ਸੀ।
18
ਬੀਰੋ ਨੇ ਲਾਭੇ ਨੂੰ ਲੱਭਣ ਲਈ ਧਰਮਸਾਲਾ, ਪਿੱਪਲਾਂ ਵਾਲੀ ਸੱਥ ਅਤੇ ਜਗਨੇ ਦੀ ਹੱਟੀ ਉਤੇ ਆਨੀ ਬਹਾਨੀ ਕਈ ਗੇੜੇ ਮਾਰੇ, ਪਰ ਉਹ ਅਵਾਰਾਗਰਦ ਕਿਤੋਂ ਨਾ ਮਿਲਿਆ। ਭਾਵੇਂ ਉਹ ਕਿੰਨੀ ਨਿਸ਼ੰਗ, ਤੇ ਨਿਡਰ ਕੁੜੀ ਸੀ, ਪਰ ਆਖ਼ਰ ਨੂੰ ਪਿੰਡ ਦੀ ਕੁੜੀ ਹੀ ਸੀ, ਜਿਹੜੀ ਐਨੇ ਫੇਰੇ ਨਹੀਂ ਪਾ ਸਕਦੀ ਸੀ। ਉਹ ਮਨ ਵਿਚ ਬੜੀ ਲੋਹ-ਲਾਖੀ ਹੋਈ ਅਤੇ ਉਸ ਲਾਭੇ ਨੂੰ ਗਾਲ੍ਹਾਂ ਦੇਣ ਵਾਲੀ ਵੀ ਅੱਜ ਬਾਕੀ ਨਹੀਂ ਛੱਡੀ ਸੀ। “ਲਹਿ ਜਾਣਾ ! ਅੱਗੇ ਪਿੱਪਲ ਹੇਠਾਂ ਨਿੱਤ ਤਾਸ਼ ਖੇਡਦਾ ਏ, ਅੱਜ ਪਤਾ ਨਹੀਂ ਕਿਥੇ ਗੋਲੀ ਵੱਜ ਗਈ। ਖ਼ਬਰੇ ਕਿਥੇ ਖੇਹ ਖਾਂਦਾ ਏ। ਲੈ ਅੱਜ ਖੋਟੇ ਪੈਸੇ ਤਾਈਂ ਕੰਮ ਪਿਆ ਤਾਂ ਉਹ ਵੀ ਨਹੀਂ ਥਿਆਉਂਦਾ।
ਉਸ ਆਪਣੇ ਬਾਪੂ ਨੂੰ ਤਰਖਾਣਾਂ ਦੇ ਖੂਹ ਵਾਲੀ ਪੰਜਾਲੀ ਬਣਵਾਉਂਦਿਆਂ ਵੇਖਿਆ ਸੀ। ਉਹ ਬਾਪੂ ਦੇ ਬਹਾਨੇ ਲਾਭੇ ਨੂੰ ਉਸ ਦੇ ਘਰ ਵੇਖਣ ਲਈ ਚਲੀ ਗਈ। ਪਿਛਲੇ ਛੇਆਂ ਮਹੀਨਿਆਂ ਵਿਚ ਉਹ ਮਸੀਂ ਇਕ ਅਧ ਵਾਰੀ ਹੀ ਅੱਗੇ ਘਰ ਆਈ ਸੀ। ‘ਜਿਸ ਘਰ ਲਾਈਏ ਦੋਸਤੀ, ਲੰਘੀਏ ਨਾ ਓਸ ਗਲੀ’ ਵਾਲੀ ਗੱਲ ਦੇ ਸਿੱਟਿਆਂ ਤੋਂ ਉਹ ਬੜੀ ਖ਼ਬਰਦਾਰ ਰਹੀ ਸੀ। ਉਸ ਬੂਹੇ ਵੜਦਿਆਂ ਹੀ ਲਾਭੇ ਦੀ ਭਰਜਾਈ ਕਰਤਾਰੋ ਨੂੰ ਵੇਖ ਲਿਆ। ਕਰਤਾਰੋ ਉਸ ਨੂੰ ਦੇਖ ਕੇ ਮੁਸਕ੍ਰਾਉਣੋਂ ਨਾ ਰਹਿ ਸਕੀ। ਉਸ ਦੀ ਮੁਸਕ੍ਰਾਹਟ ਵਿਚ ਬੜਾ ਕੁਝ ਸੀ, ਜਿਸ ਨੂੰ ਬੀਰੋ ਨੇ ਵਾਲ ਵਾਲ ਜਾਣ ਲਿਆ। ਉਸ ਮਨ ਵਿਚ ਆਖਿਆ, ‘ਨੀ, ਮੈਂ ਤਾਂ ਤੇਰੇ ਵੱਲ ਝਾਕਾਂ ਵੀ ਨਾ, ਅੱਜ ਖ਼ਬਰੇ ਤੇਰੇ ਘਰ ਕਿਵੇਂ ਆਉਣਾ ਪੈ ਗਿਆ।”
“ਕਿਉਂ।” ਕਰਤਾਰੋ ਦੇ ਹਾਲੇ ਵੀ ਦੰਦ ਨਿਕਲੀ ਜਾ ਰਹੇ ਸਨ।
“ਮੇਰਾ ਬਾਪੂ ਨਹੀਂ ਏਥੇ ?” ਬੀਰੋ ਨੇ ਸਭ ਕੁਝ ਪੀ ਲਿਆ ਸੀ।
“ਉਹ ਤਾਂ ਖੂਹ ਵਾਲੀ ਪੰਜਾਲੀ ਲੈ ਕੇ ਬਾਹਰ ਨੂੰ ਉਠ ਗਿਆ ਏ, ਆ ਜਾ ਬਹਿ ਜਾ। ਨੀ ਭੈਣੇ ਤੂੰ ਕਦੋ ਬਹਾਉਂਦੀ ਏ।” ਬੀਰੋ ਨੇ ਮੁਸਕ੍ਰਾਉਂਦਿਆਂ ਏਧਰ ਓਧਰ ਨਜ਼ਰ ਮਾਰੀ, ਪਰ ਰੱਬ ਦਾ ਬੰਦਾ ਕਿਤੇ ਨਾ ਦਿਸਿਆ।
“ਨੀ ਅੱਜ ਸਾਡਾ ਘਰ ਦਿਸ ਪਿਆ, ਨਹੋਰੇ ਦਿੰਦੀ ਏਂ, ਚਾਹ ਬਣਾਵਾਂ ?” ਐਤਕੀਂ ਕਰਤਾਰੋ ਦੇ ਹਾਸੇ ਵਿਚ ਅਪਣੱਤ ਸੀ।
“ਨਾ ਭੈਣੇ ! ਮੈਨੂੰ ਤਾਂ ਧੰਦੇ ਈ ਨਹੀਂ ਛੱਡਦੇ।”
“ਮੈਨੂੰ ਪਤਾ ਏ, ਜਿਹੜਾ ਤੂੰ ਕਮਾਂਦੜਾ ਕਰਦੀ ਏਂ।” ਕਰਤਾਰੋ ਆਪਣੇ ਦਿਲ ਵਿਚ ਹੀ ਕਹਿ ਗਈ।
ਬੀਰੋ ਨੇ ਵੇਖਿਆ, ਕੋਈ ਸਵਾਤ ਵਿਚ ਨੀਲਾ ਚਾਦਰਾ ਤਾਣੀ ਪਿਆ ਹੈ। ਉਸ ਖਲੋਤੀ ਖਲੋਤੀ ਨੇ ਸੋਚਿਆ, ਚਾਦਰਾ ਤਾਂ ਓਸੇ ਮਰ ਜਾਣੇ ਦਾ ਏ। ਕਰਤਾਰੋ ਹਾਰੇ ਵਿਚ ਆਥਣ ਦੀ ਦਾਲ ਧਰ ਰਹੀ ਸੀ। ਬੀਰੋ ਨੇ ਓਟੇ ਉਤੇ ਬਾਹਾਂ ਭਾਰ ਖਲੋਂਦਿਆਂ ਪੁੱਛ ਹੀ ਲਿਆ :
“ਭਾਬੀ ‘ ਸਵਾਤ ਵਿਚ ਕੌਣ ਪਿਆ ਏ ਸੁਖ ਨਾਲ ?”
“ਪਿਆ ਏ, ਜਿਹੜਾ ਖਾਂਦਾ ਏ ਨਾਲੇ ਘੂਰਦਾ ਏ। ਕਿਸੇ ਨੂੰ ਤਾਪ ਚੜੂ, ਕਿਸੇ ਦਾ ਕੁਝ ਦੁਖੂ, ਇਹਨੂੰ ਬਾਰਾਂ ਮਹੀਨੇ ਜਖਾਮ ਈ ਵੱਡੀ ਬਮਾਰੀ ਲੱਗੀ ਏ।” ਕਰਤਾਰੋ ਲਾਭੇ ਨੂੰ ਟਕੋਰਾਂ ਮਾਰ ਰਹੀ ਸੀ।
ਬੀਰੋ ਇਕ ਦਮ ਖ਼ੁਸ਼ ਹੋ ਗਈ, ਪਰ ਉਸ ਆਪਣੀ ਖ਼ੁਸ਼ੀ ਨੂੰ ਮੂੰਹ ਫੇਰ ਕੇ ਲੁਕਾ ਲਿਆ। ਲਾਭਾ ਮੂੰਹ ਸਿਰ ਲਪੇਟੀ ਪਿਆ ਸੀ। ਕਰਤਾਰੋ ਦੀਆਂ ਰੜਕਵੀਆਂ ਸੁਣ ਕੇ ਉਸ ਚਾਦਰਾ ਮੂੰਹ ਉਤੋਂ ਲਾਹ ਦਿੱਤਾ ਅਤੇ ਸਾਹਮਣੇ ਖਲੋਤੀ ਬੀਰੋ ਨੂੰ ਦੇਖ ਕੇ ਆਪਣੇ ਆਪ ਮੁਸਕ੍ਰਾਉਣੋਂ ਨਾ ਰਹਿ ਸਕਿਆ।
“ਕੀ ਐਵੇਂ ਮੂੰਹ ਆਈਆਂ ਛੱਡੀ ਜਾਨੀ ਏਂ ?” ਉਸ ਭਾਬੀ ਨੂੰ ਗੱਲ ਚਿਤਾਰੀ ਅਤੇ ਉਠ ਕੇ ਬਹਿੰਦਿਆਂ ਉਸ ਬੀਰੋ ਨੂੰ ਅੱਖ ਮਾਰੀ। ਬੀਰੋ ਨੇ ਕਰਤਾਰੋ ਦੀ ਅੱਖ ਬਚਾਅ ਕੇ ਸੱਦਾ ਦੇ ਦਿੱਤਾ, ਜਿਸ ਨੂੰ ਲਾਭੇ ਨੇ ਧੁਰ ਦਰਗਾਹੀ ਮਿਹਰ ਸਮਝਿਆ। ਕਿਉਂਕਿ ਬੀਰੋ ਨੇ ਉਸ ਦਿਨ ਤੋਂ ਪਿਛੋਂ ਲਾਭੇ ਦੇ ਤਰਲੇ ਕਰਨ ਤੇ ਵੀ ਕਲਾਮ ਨਹੀਂ ਕੀਤੀ ਸੀ।
“ਤੂੰ ਪਿਆ ਰਹਿ, ਉਠ ਨਾ, ਮੈਂ ਰਜ਼ਾਈ ਲਿਆ ਦਿੰਦੀ ਆਂ, ਤੈਨੂੰ ਵਾ ਲੱਗ ਜਾਊ। ਕਾਰੀ ਬੰਦਾ ਏਂ, ਤੇਰੇ ਬਿਨਾਂ ਅਸੀਂ ਕਬੀਲਦਾ ਕਿਧਰ ਨੂੰ ਜਾਵਾਂਗੇ।” ਕਰਤਾਰੋ ਲਾਭੇ ਨੂੰ ਠੋਕਰਾਂ ਮਾਰ ਰਹੀ ਸੀ ਅਤੇ ਵਿਚੇ ਵਿਚ ਲਾਭੇ ਦੇ ਹਾਸੇ ਤੇ ਖ਼ੁਸ਼ੀ ਨੂੰ ਸਮਝਣ ਦਾ ਯਤਨ ਕਰ ਰਹੀ ਸੀ। ਘਰ ਦਾ ਤੇ ਬਾਹਰ ਦਾ ਕੰਮ ਕਰਤਾਰੋ ਨੂੰ ਹੀ ਸਮੇਟਣਾ ਪੈਂਦਾ ਸੀ ਜਿਸ ਲਈ ਘਰ ਵਿਚ ਉਸ ਦੀ ਤੱਤੀ ਠੰਢੀ ਸਭ ਨੂੰ ਸਹਿਣੀ ਪੈਂਦੀ ਸੀ।
ਬੀਰੋ ਯਾਰ ਦੀ ਲਾਹ ਪਾਹ ਹੁੰਦੀ ਵੇਖ ਕੇ ਵਿਚੇ ਵਿਚੇ ਵਿਚ ਬੜੀ ਪ੍ਰਸੰਨ ਹੋਈ ਅਤੇ ਉਸ ਨੂੰ ਵੀ ਚੋਟ ਮਾਰਨ ਦਾ ਮੌਕਾ ਮਿਲ ਗਿਆ :
“ਮੈਨੂੰ ਤਾਂ ਅੱਜ ਪਤਾ ਲਗਾ ਏ, ਤੁਹਾਡੀ ਦਿਉਰ ਭਰਜਾਈ ਦੀ ਬਣਦੀ ਬੜੀ ਐ।”
“ਲੈ ਇਹਨੂੰ ਪਤਾ ਨਹੀਂ।” ਲਾਭੇ ਨੇ ਕਰਤਾਰੋ ਵੱਲ ਝਾਤੀ ਪਾ ਕੇ ਬੀਰੋ ਨੂੰ ਜਣਾਇਆ, “ਮੈਂ ਕੋਈ ਵਿੰਗੀ ਬੋਲੀ ਲੈ ਆਉਣੀ ਏਂ ਤੇ ਇਹਨੇ ਵੀ ਔਖੀ ਹੋਣਾ ਏਂ।” ਲਾਭਾ ਉਠ ਕੇ ਖਲੋ ਗਿਆ ਤੇ ਅੰਗੜਾਈ ਭੰਨਦਿਆਂ ਉਸ ਪਲ ਕੁ ਬੀਰੋ ਨਾਲ ਅੱਖਾਂ ਚਾਰ ਕੀਤੀਆਂ।
“ਲੈ ਆਵੇਂ ਤਾਂ ਸੁਆਦ ਨਾ ਆ ਜਾਵੇ, ਫੇਰ ਕਲੀਆਂ ਵਾਲੇ ਕੁੜਤੇ ਨਾਲ ਚਾਦਰਾ ਨਾ ਬੱਝੇ ਤੇ ਘਾਈ ਲੰਮਕੇ ਗੋਡਿਆਂ ਵਿਚ।” ਅਸਲ ਵਿਚ ਕਰਤਾਰੋ ਕਹਿਣਾ ਚਾਹੁੰਦੀ ਸੀ, ਅਗੋਂ ਪਿਛੋਂ ਤੂੰ ਬੀਰੋ ਹੀ ਲਿਆਉਣੀ ਏਂ ਤੇ ਇਹ ਸੁਖ ਨਾਲ ਓਟੇ ਦਾ ਆਸਰਾ ਲਈ ਖਲੋਤੀ ਏ, ਬਸ ਬਾਹੋਂ ਫੜ ਕੇ ਚੌਂਤੇ ਚਾੜ੍ਹ ਲੈ।”
“ਮੁੜਕਾ ਲੈਣਾ ਸੀ, ਉਹ ਵੀ ਨਹੀਂ ਲੈਣ ਦਿੱਤਾ। ਲੈ ਜਾਨੇ ਆਂ”, ਲਾਭਾ ਜਾਂਦਾ ਜਾਂਦਾ ਬੀਰੋ ਨਾਲ ਚੱਲਣ ਦੀ ਸੈਣਤ ਮਿਲਾ ਗਿਆ।
“ਕਿਤੇ ਦਾ ਉਜਾੜਾ ਲੱਗਾ ਹੋਣਾ ਏਂ।” ਕਰਤਾਰੋ ਨੇ ਏਨੀ ਕਹਿ ਕੇ ਬੀਰੋ ਦੇ ਮੂੰਹ ਤੋਂ ਕੁਝ ਲੱਭਣ ਦਾ ਯਤਨ ਕੀਤਾ। ਪਰ ਓਥੇ ਸਾਵੀਂ ਪੱਧਰ ਤੋਂ ਬਿਨਾਂ ਕੁਝ ਨਹੀਂ ਸੀ।
ਕਰਤਾਰੋ ਦੀਆਂ ਟਕੋਰਾਂ ਉਤੇ ਹੱਸਦਾ ਹੱਸਦਾ ਲਾਭਾ ਘਰੋਂ ਬਾਹਰ ਹੋ ਗਿਆ। ਬੀਰੋ ਨੂੰ ਵੀ ਡਰ ਸੀ ਕਿ ਬਾਪੂ ਨਾ ਆ ਜਾਵੇ, ਉਸ ਵੀ ਕਰਤਾਰੋ ਨਾਲ ਏਧਰ ਓਧਰ ਦੀਆਂ ਦੋ ਚਾਰ ਮਾਰ ਤੁਰਨਾ ਹੀ ਚੰਗਾ ਸਮਝਿਆ। ਆਪਣੇ ਘਰ ਆ ਕੇ ਉਸ ਚਾਦਰ ਰੰਬਾ ਚੁੱਕ ਲਏ। ਉਸ ਦੇ ਨਾਲ ਦੀਆਂ ਕਦੋਂ ਦੀਆਂ ਉਸ ਨੂੰ ਉਡੀਕ ਉਡੀਕ ਘਾਹ ਨੂੰ ਤੁਰ ਗਈਆਂ ਸਨ। ਉਸ ਨੂੰ ਅੱਜ ਇਹ ਵੀ ਸ਼ੱਕ ਸੀ ਕਿ ਕਰਤਾਰੋ ਸ਼ਾਇਦ ਅੱਜ ਸਿਰ ਹੋ ਗਈ ਤੇ ਪਿੱਛਾ ਵੀ ਕਰੇ। ਫਿਰ ਉਸ ਨੂੰ ਉਹਦੇ ਕੰਮਾਂ ਦਾ ਖ਼ਿਆਲ ਆ ਗਿਆ ਤੇ ਨਿਆਣੇ ਵਾਲੀ ਹੋਣ ਕਾਰਨ ਹੋਰ ਵੀ ਤਸੱਲੀ ਹੋ ਗਈ। ਚਲ ਜੇ ਆਉਂਦੀ ਹੈ ਤਾਂ ਆ ਜਾਵੇ, ਨਾਲੇ ਲਾਭੇ ਦੇ ਤਿੱਲ ਚੱਜ ਨਾਲ ਹੀ ਵੇਖੇ ਜਾਣਗੇ। ਜਦੋਂ ਉਹ ਖੂਹ ਉਤੇ ਪਹੁੰਚੀ, ਲਾਭਾ ਤੂਤ ਵਾਲੇ ਖਾਲ ਵਿਚ ਲੰਮਾ ਪੈ ਗਿਆ। ਉਹ ਰਾਹ ਵਿਚ ਸੋਚਦੀ ਆਈ ਸੀ ਕਿ ਇਸ ਕਮੂਤ ਨੂੰ ਕਿਵੇਂ ਬੁਲਾਵਾਂਗੀ। ਉਹ ਚੰਗੀ ਤਰ੍ਹਾਂ ਸਮਝਦੀ ਸੀ ਕਿ ਐਤਕੀਂ ਵਾਰ ਉਸ ਲਈ ਪਹਿਲੋਂ ਬੁਲਾਉਣਾ ਬੇਸ਼ਰਮੀ ਤੇ ਬੇਅਣਖੀ ਹੈ। ਪਰ ਉਸ ਧਰਮ ਭੈਣ ਲਈ ਨੀਵਿਆਂ ਹੋਣਾ ਪਰਵਾਨ ਕਰ ਲਿਆ ਸੀ।
ਕੋਰ ਕਣਕਾਂ ਵਾਹਣ ਢੱਕਣਾ ਲੋਚਦੀਆਂ ਸਨ, ਪਰ ਖੁਸ਼ਕੀ ਉਹਨਾਂ ਦੀ ਪੇਸ਼ ਨਹੀਂ ਜਾਣ ਦੇਂਦੀ ਸੀ। ਸਾਰੀ ਪੈਲੀ ਪਾਣੀ ਮੰਗ ਰਹੀ ਸੀ। ਲਾਭਾ ਜਾਣ ਕੇ ਖਾਲ ਵਿਚ ਆ ਪਿਆ ਸੀ ਤਾਂ ਕਿ ਕੋਈ ਦੂਰੋਂ ਵੇਖ ਨਾ ਲਵੇ। ਲਾਭਾ ਉਸ ਨੂੰ ਵੇਖ ਕੇ ਖ਼ੁਸ਼ੀ ਵਿਚ ਹੱਸਣੋਂ ਨਾ ਰਹਿ ਸਕਿਆ ਤੇ ਆਪ ਹੀ ਬੋਲ ਪਿਆ :
“ਮੈਂ ਕਿਹਾ ਠਾਣੇਦਾਰਨੀ ਨੇ ਸੱਦੇ ਆਂ, ਜੇ ਨਾ ਗਏ, ਕਿਤੇ ਦਸ ਨੰਬਰ ਵਿਚ ਹੀ ਨਾ ਕਰ रेटे।”
“ਕੋਈ ਨਾ ਜੱਟਾ, ਤੈਨੂੰ ਦਸ ਨੰਬਰ ਦਾ ਚਾਅ ਏ, ਇਹ ਤਾਂ ਕਿਤੇ ਨਾ ਕਿਤੇ ਪੂਰਾ ਹੋਇਆ ਹੀ ਲੈ।” ਬੀਰੋ ਨੇ ਪਿਆਰ ਦੀ ਝਾਕਣੀ ਤੋਂ ਬਿਨਾਂ ਹੀ ਕਿਹਾ ਅਤੇ ਆਪ ਵੱਟ ਉਤੇ ਰੰਬਾ ਮਾਰਨ ਲੱਗ ਪਈ, ਜਿਸ ਦੀ ਦੱਖ ਸੀ ਕਿ ਜੇ ਕੋਈ ਵੇਖੇ ਵੀ, ਤਦ ਸਮਝੇ ਘਾਹ ਖੋਤ ਰਹੀ ਹੈ।
“ਖ਼ੈਰ, ਉਹ ਹੋਵੇ ਨਾ ਹੋਵੇ, ਤੂੰ ਕਹਿਰ ਦੀ ਨਜ਼ਰ ਨਾ ਛੱਡੀਂ।” ਲਾਭੇ ਨੂੰ ਪਿਆਰ ਦਾ ਜਵਾਬ ਪਿਆਰ ਵਿਚ ਨਾ ਮਿਲਣ ਕਾਰਨ ਗਿਲਾ ਸੀ।
“ਨਜ਼ਰ ਰੱਖਣੀ ਏਂ ?” ਬੀਰੋ ਨੇ ਰੰਬਾ ਰੋਕਦਿਆਂ ਤਿੱਖੀਆਂ ਨਜ਼ਰਾਂ ਉਸ ਦੇ ਚਿਹਰੇ ਉਤੇ ਗੱਡ ਦਿੱਤੀਆਂ।
“ਐਹੋ ਜਿਹੀ ਝਾਕਣੀ ਨਾਲੋਂ ਰੰਬਾ ਕਿਉਂ ਨਹੀਂ ਗਲ ‘ਚ ਮਾਰਦੀ।” ਲਾਭੇ ਨੇ ਨੱਕ ਦਾ ਸੁੜਾਕਾ ਮਾਰਿਆ।
“ਬੰਦਾ ਤਾਂ ਤੂੰ ਸੀ, ਪਰ ਬੰਦਾ ਰਿਹਾ ਨਾ।” ਬੀਰੋ ਆਪਣੇ ਅੰਦਰਲੇ ਵੇਗ ਵਿਚੋਂ ਸੁੱਤੇ ਹੀ ਕਹਿ ਗਈ।
“ਤੇਰੇ ਨਾਲ ਲਾ ਕੇ ਵੀ ਚਿੱਤ ਨੂੰ ਪਛਤਾਵਾ ਹੀ ਰਿਹਾ।” ਲਾਭੇ ਦੀ ਪਿਆਰ-ਭੁੱਖ ਆਪਣੇ ਆਪ ਕਹਿ ਗਈ, ਜਿਸ ਦਾ ਉਸ ਨੂੰ ਆਪ ਵੀ ਪਤਾ ਨਹੀਂ ਸੀ।
“ਐ ਹੈ ! ਸਦਕੇ ਵੇ ਵਿਚਾਰਿਆ !! ਜਿਹੜੀ ਹੋਰ ਲਾਉਂਦੀ ਉਹ ਵੀ ਤਰ ਜਾਂਦੀ।” ਬੀਰੋ ਉਸ ਨੂੰ ਮੂੰਹ ਚਿੜਾ ਰਹੀ ਸੀ ਤੇ ਗੁੱਸਾ ਜ਼ਾਹਰ ਕਰ ਕੇ ਉਸ ਨੂੰ ਲਾਹਨਤ ਵੀ ਦੇ ਰਹੀ ਸੀ। “ਪਿਆਰ ਪਾਈਦਾ ਈ ਹੁੰਦਾ ਏ, ਨਿਬਾਹੀਦਾ ਨਹੀਂ ਹੁੰਦਾ।” ਬੀਰੋ ਦੀ ਏਨੀ ਗੱਲ ਨੇ ਲਾਭੇ ਦੇ ਕਪਾਲ ਪਾੜ ਸੁੱਟਿਆ।
ਲਾਭਾ ਬੀਰੋ ਨੂੰ ਝੂਠਾ ਹੁੰਦਾ ਹੋਇਆ ਗੱਲਾਂ ਵਿਚ ਕਿਥੋਂ ਜਿੱਤ ਲੈਂਦ ਉਹ ਨਿਰਉੱਤਰ ਹੋ ਗਿਆ।
“ਤੂੰ ਤਾਂ ਲੜਨ ਨੂੰ ਤਿਆਰ ਰਹਿਨੀ ਏਂ, ਪਤਾ ਨਹੀਂ ਕੀ ਮੰਡਿਆਲ ਖਾਧੇ ਐ।” ਉਹ ਗੱਲ ਟਾਲਣ ਲਈ ਜਾਣ ਕੇ ਹੱਸ ਪਿਆ।
“ਤੈਨੂੰ ਕੀ ਦੁੱਖ ਐ ਜੱਟਾ ! ਜਿਹੜਾ ਹੱਸਣ ਡਿਹਾ ਏਂ। ਉਹ ਵੇਲਾ ਚੰਦਰਾ ਹੱਥ ਨਹੀਂ ਆਉਂਦਾ, ਜਿਹੜਾ ਤੇਰੇ ਨਾਲ ਦੀਦੇ ਜੋੜ ਗਿਆ।” ਐਤਕੀਂ ਬੀਰੋ ਦੀ ਕਲਵਲ ਹੋਈ ਆਤਮਾ ਅੰਦਰੋਂ ਬੋਲ ਪਈ ਸੀ।
“ਹੱਛਾ ਸੱਚ, ਵਿਆਹ ਦੀ ਕੀ ਗੱਲ ਹੋਈ ?” ਲਾਭਾ ਬੀਰੋ ਦੇ ਮੁਕਾਬਲੇ ਵਿਚ ਸਿਧਰਾ ਹੁੰਦਾ ਵੀ ਚੁਸਤ ਬਣ ਰਿਹਾ ਸੀ।
“ਤੈਨੂੰ ਕੀ, ਤੂੰ ਹੁਣ ਕੋਈ ਜੱਟੀ ਭਾਲ।”
“ਤੇਰੇ ਵਰਗਾ ਜੱਟੀ ਰੰਗ ਲਾ ਦੂਗੀ।” ਲਾਭਾ ਮੂੰਹ ਆਇਆ ਤਾਹਨਾ ਮਾਰ ਗਿਆ।
“ਸ਼ਰਮ ਤਾਂ ਨੀ ਆਉਂਦੀ, ਤੂੰ ਓਹੀ ਐਂ, ਜਿਹੜਾ ਓਦਨ ਦੰਦੀਆਂ ਰਿੜਕਦਾ ਸੀ ਵੱਡਾ ਵੈਲੀ ! ਤੂੰ ਅੱਜ ਹਿੱਕ ਥਾਪੜ ਖਾਂ ?” ਬੀਰੋ ਅੰਦਰੋਂ ਸੁੱਤਾ ਰੋਚ ਜਾਗ ਪਿਆ।
“ਹੱਥ ਤਾਂ ਕਰ ਉਰੇ।” ਲਾਭੇ ਨੇ ਅੰਗੜਾਈ ਲੈਂਦਿਆਂ ਉਸ ਵੱਲ ਹੱਥ ਵਧਾ ਦਿੱਤਾ। ਬੀਰੋ ਨੇ ਉਸ ਦੇ ਹੱਥ ਉਤੇ ਪੁੱਠੇ ਪਾਸਿਓਂ ਜ਼ੋਰ ਨਾਲ ਰੰਬਾ ਮਾਰਿਆ ਅਤੇ ਲਾਭੇ ਦੀ ਚੀਕ ਨਿਕਲ ਗਈ। “ਮਾਰ ਤਾਂ ਨਖ਼ਰਿਆਂ ਹੱਥੀਏ ਛਿਆਲੇ।” ਉਸ ਸੱਟ ਵਾਲੇ ਹੱਥ ਨੂੰ ਦੂਜੇ ਹੱਥ ਵਿਚ ਘੁੱਟ ਕੇ ਫੂਕਾਂ ਮਾਰਨ ਲੱਗ ਪਿਆ।
ਬੀਰੋ ਦਾ ਹਾਸਾ ਨਿਕਲਣੇਂ ਨਾ ਰਹਿ ਸਕਿਆ। ਉਸ ਜੀਭ ਕੱਢ ਕੇ ਲਾਭੇ ਦਾ ਮੂੰਹ ਚਿੜਾ ਦਿੱਤਾ।
“ਹੁਣ ਸੱਟ ਤਾਂ ਬਥੇਰੀ ਮਾਰ ਲਈ ਐ, ਪਤੰਦਰ ਨੂੰ ਘੁੱਟ ਤਾਂ ਦੇਹ।” ਲਾਭੇ ਨੇ ਹੱਥ ਅਗਾਂਹ ਵਧਾਇਆ।
“ਲਿਆ ਘੁੱਟ ਦਿਆਂ।” ਬੀਰੋ ਨੇ ਹੱਸਦਿਆਂ ਰੰਬਾ ਫਿਰ ਉੱਚਾ ਕਰ ਲਿਆ, ਪਰ ਲਾਭੇ ਨੇ ਝਟ ਹੀ ਪਿਛਾਂਹ ਕਰ ਲਿਆ।
“ਬਸ ਠਾਣੇਦਾਰਨੀਏ ! ਤੇਰੀ ਤਾਂ ਏਨੀ ਮਿਹਰਬਾਨੀ ਹੀ ਖਾਧੀ ਨਹੀਂ ਮੁੱਕਣੀ।” ਉਹ ਦੋਵੇਂ ਦਿਲ ਖੋਲ੍ਹ ਕੇ ਹੱਸ ਪਏ। ਬੀਰੋ ਨੇ ਆਲੇ ਦੁਆਲੇ ਸਿਰ ਚੁੱਕ ਕੇ ਵੇਖਿਆ, ਮਤਾਂ ਕੋਈ ਆ ਹੀ ਨਾ ਰਿਹਾ ਹੋਵੇ। ਫਿਰ ਉਸ ਚੁੱਪ ਨੂੰ ਤੋੜਿਆ :
“ਇਕ ਕੰਮ ਕਰੇਂਗਾ ?”
“ਜੇ ਇਨਾਮ ਏਹੋ ਜਿਹਾ ਹੀ ਮਿਲਣਾ ਏਂ ਕਿਉਂ ਨਹੀਂ ਕਰੂੰਗਾ।” ਲਾਭੇ ਨੇ ਕੂਹਣੀ ਪਰਨੇ ਹੋ ਕੇ ਬੀਰੋ ਵੱਲ ਪਿਆਰ ਨਾਲ ਤੱਕਣਾ ਸ਼ੁਰੂ ਕਰ ਦਿੱਤਾ। ਉਦੋਂ ਉਸ ਫਿਰ ਖ਼ਿਆਲ ਕੀਤਾ, “ਜੇ ਬੀਰੋ ਮਿਲ ਜਾਵੇ, ਜ਼ਿੰਦਗੀ ਦਾ ਸੁਆਦ ਨਾ ਆ ਜਾਵੇ। ਦਿਲਾ, ਬੀਰੋ ਮਿਲਦੀ ਹੈ, ਪਰ ਹਾਇ! ਮਿਲਦੀ ਵੀ ਨਹੀਂ।” ਬੀਰੋ ਦੀਆਂ ਭਰੀਆਂ ਛਾਤੀਆਂ, ਲਹਿਰੀਂ ਲਹਿਰੀਂ ਅੱਖਾਂ ਤੇ ਰਸ ਚੋਂਦੀਆਂ ਗਲ੍ਹਾਂ ਨੇ ਉਸ ਅੰਦਰ ਪਿਆਰ ਦੀ ਅੱਗ ਬਾਲ ਦਿੱਤੀ ਅਤੇ ਉਹ ਅਮੋੜ ਵੇਗ ਵਿਚ ਕਹਿ ਗਿਆ :
“ਬੀਰੋ !” ਇਕ ਹਉਦੇ ਨੇ ਉਸ ਦਾ ਸਾਹ-ਸੱਤ ਖਿੱਢ ਲਿਆ।
“ਹਾਂ !” ਬੀਰੋ ਉਸ ਦੇ ਪੰਘਰੇ ਚਿਹਰੇ ਨੂੰ ਤਾੜ ਗਈ ਤੇ ਉਸ ਨੂੰ ਕੁਝ ਹੋਣਾ ਸ਼ੁਰੂ ਹੋ ਗਿਆ! ਉਸ ਤੋਂ ਆਪਣੀ ਜਵਾਨੀ, ਅੰਗ ਤੇ ਸੁਰਤੀ ਸੰਭਾਲੇ ਨਹੀਂ ਸੀ ਜਾਂਦੇ। ਦਿਲ ਦੀ ਧੜਕਨ ਨੇ ਉਸ ਅੰਦਰ ਭਾਂਬੜ ਬਾਲ ਦਿੱਤੇ। ਉਸ ਦਾ ਅਨੂੰ ਅਣੂੰ ਅਕੜੇਵਾਂ ਫੜਦਾ ਗਿਆ।
“ਬੀਰੋ।” ਲਾਭੇ ਦੀਆਂ ਅੱਖਾਂ ਪਿਆਰ ਦੇ ਨਸ਼ੇ ਨਾਲ ਸਰਸ਼ਾਰੀਆਂ ਪਈਆਂ ਸਨ। “ਪਿਆਰ ਮੈਂ ਤੈਨੂੰ ਹੀ ਕੀਤਾ ਹੈ, ਤੈਨੂੰ ਖ਼ਰਾਬ ਵੀ ਨਹੀਂ ਕਰਨਾ ਚਾਹੁੰਦਾ, ਪਰ ਤੇਰੇ ਬਿਨਾਂ ਮੇਰੇ ਕੋਲੋਂ ਜੀਵਿਆ ਨਹੀਂ ਜਾਣਾ। ਹਾਇ ! ਮੈਂ ਕੀ ਕਰਾਂ !” ਲਾਭੇ ਦੇ ਅੰਦਰੋਂ ਧਾਹ ਨਿਕਲ ਗਈ।
ਬੀਰੋ ਦੀਆਂ ਅੱਖਾਂ ਨੂਟੀਆਂ ਪਈਆਂ ਸਨ, ਉਸ ਤੋਂ ਕੁਝ ਵੀ ਨਾ ਬੋਲ ਹੋਇਆ। ਉਸ ਲਾਭੇ ਦਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਘੁੱਟ ਲਿਆ। ਪਰ ਲਾਭੇ ਨੂੰ ਆਪਣੇ ਆਪ ਤੋਂ ਰੋਕਿਆ ਨਾ ਗਿਆ ਤੇ ਉਸ ਬੀਰੋ ਨੂੰ ਖਿੱਚ ਕੇ ਘੁੱਟ ਲਿਆ। ਉਸ ਨੂੰ ਪਿਆਰ ਦੀ ਕੰਬਣੀ ਨੇ ਪਾਗ਼ਲ ਕਰ ਦਿੱਤਾ ਸੀ। ਬੀਰੋ ਦੀਆਂ ਬੁੱਲ੍ਹੀਆਂ ਵੀ ਫਰਕਣ ਲੱਗ ਪਈਆਂ, ਪਰ ਉਸ ਮੌਕਾ ਸਾਂਭਣ ਲਈ ਆਪਣਾ ਆਪ ਸੰਕੋਚਿਆ।
‘ਨਾ ਮੇਰਿਆ ਲਾਭ ! ਬਸ ਚਨੂੰ !” ਬੀਰੋ ਨੇ ਆਪਣਾ ਆਪ ਲਾਭੇ ਦੀ ਘੁੱਟ ਗਲਵਕੜੀ ਵਿਚੋਂ ਖਿੱਚਣਾ ਸ਼ੁਰੂ ਕਰ ਦਿੱਤਾ। “ਵੇਖੇਂ ਨਾ ਚੰਨਿਆ ! ਤੂੰ ਆਪ ਹੀ ਤਾਂ ਆਂਹਦਾ ਸੀ, ਮੈਂ ਤੈਨੂੰ ਪਿਆਰ ਕੀਤਾ ਹੈ, ਤੈਨੂੰ ਖ਼ਰਾਬ ਨਹੀਂ ਕਰਨਾ।” ਬੀਰੋ ਨੇ ਲਾਭੇ ਦਾ ਚੁੰਮਣ ਲੈਂਦਿਆਂ ਅੱਖਾਂ ਮੀਟ ਲਈਆਂ, ਜਿਵੇਂ ਜ਼ਿੰਦਗੀ ਨੂੰ ਸਭ ਕੁਝ ਹੀ ਮਿਲ ਗਿਆ ਸੀ।
ਲਾਭੇ ਨੇ ਹਉਕਾ ਲੈ ਕੇ ਬਾਂਹਾਂ ਢਿੱਲੀਆਂ ਕਰ ਦਿੱਤੀਆਂ।
“ਪਿਆਰ ਕਰੋ ਤਾਂ ਵੀ ਮਰੋ, ਨਾ ਕਰੋ ਤਾਂ ਵੀ ਮਰੋ, ਛੁਟਕਾਰਾ ਕਿਸੇ ਪਾਸੇ ਨਹੀਂ।”
“ਬਸ ਮੇਰਿਆ ਸੋਨਿਆ !” ਬੀਰੋ ਨੇ ਉਠਦਿਆਂ ਲਾਭੇ ਦੀ ਗਲ੍ਹ ਥਾਪੜੀ। “ਸਭ ਠੀਕ ਹੋ ਜਾਏਗਾ।” ਲੜਨ ਵਾਲੀ ਬਘਿਆੜੀ ਬੀਰੋ ਪਿਆਰ ਵਿਚ ਕਿੰਨੀ ਮੱਖਣ-ਮਖਣੀ ਬਣ ਗਈ ਸੀ। ਉਸ ਨੂੰ ਲਾਭੇ ਦੀ ਬੇਵਫਾਈ ਤਕ ਭੁੱਲ ਗਈ। ਉਹ ਲਾਭੇ ਦਾ ਹੱਥ ਫੜਦੀ ਬੋਲੀ, ਚੰਨਿਆ ! ਮੇਰਾ ਇਕ ਕੰਮ ਕਰ ?”
” ਦੱਸ ।”
“ਧੰਤੋ ਨੂੰ ਉਸ ਦੇ ਬਾਪੂ ਨੇ ਪੈਸੇ ਲੈ ਕੇ ਆਥਣ ਸਵੇਰ ਲਲਤੋਂ ਵਿਆਹ ਦੇਣਾ ਏਂ।” ਬੀਰੋ ਸਾਰੀ ਗੱਲ ਲਾਭੇ ਨੂੰ ਸਮਝਾਉਣ ਲੱਗ ਪਈ। “ਉਹ ਤਾਂ ਆਂਹਦੀ ਸੀ, ਅੱਜ ਆਥਣ ਦੀ ਗੱਡੀ ਜਾ ਕੇ ਰਾਤ ਕਾਉਂਕੀ ਜਾ ਰਹੇ ਅਤੇ ਸਵੇਰ ਨੂੰ ਹੀ ਮੋਦਨ ਨੂੰ ਚੋਰੀ ਲੈ ਆਏ। ਹੁਣ ਤੂੰ ਸਵੇਰ ਦੀ ਗੱਡੀ ਜਾਹ ਅਤੇ ਆਥਣ ਦੀ ਉਸ ਨੂੰ ਲੈ ਕੇ ਆ। ਧੰਤੋ ਦਾ ਮੋਦਨ ਨਾਲ ਦਿਲ ਹੈ ਤੇ ਉਹ ਮੇਰੀ ਧਰਮ ਭੈਣ ਐ, ਤੂੰ ਜਾਣਦਾ ਈ ਏਂ। ਜੇ ਤੂੰ ਜਾ ਸਕਦਾ ਏਂ ਤੇ ਉਸ ਨੂੰ ਲੈ ਕੇ ਆ ਸਕਦਾ ਏਂ, ਤਾਂ ਦੱਸ ? ਲਾਰਾ ਬਿਲਕੁਲ ਨਾ ਦੇਈਂ ?” ਬੀਰੋ ਆਪਣਾ ਪਿਆਰ ਭੁੱਲ ਕੇ ਸਿਦਕ ਦੇ ਹੋਰ ਪੱਖੋਂ ਲਾਭੇ ਨੂੰ ਜਾਚਣ ਲੱਗ ਪਈ।
“ਮੈਂ ਤਾਂ ਚਲਿਆ ਜਾਵਾਂਗਾ, ਜੇ ਉਹ ਨਾ ਆਇਆ ?” ਲਾਭੇ ਨੂੰ ਅਚੰਭਾ ਜਿਹਾ ਲੱਗ ਗਿਆ। “ਪਿਆਰ ਕਰਨ ਵਾਲੇ ਸਾਰੇ ਲਾਭੇ ਈ ਨਹੀਂ ਹੁੰਦੇ।” ਬੀਰੋ ਤੋਂ ਚੋਟ ਮਾਰਨੋਂ ਨਾ ਰਹਿ ਗਿਆ। “ਉਹਨੇ ਸੁਣਦਿਆਂ ਸਾਰ ਨੱਠ ਪੈਣਾ ਏਂ!”
ਲਾਭਾ ਬੀਰੋ ਦੀ ਚੋਟ ਉਤੇ ਹੱਸਣੋਂ ਨਾ ਰਹਿ ਸਕਿਆ।
“ਹੋਰ ਕੋਈ ਗੱਲ ?”
“ਬਸ ਬਾਕੀ ਬੰਦੋਬਸਤ ਅਸੀਂ ਕਰ ਰੱਖਾਂਗੀਆਂ। ਉਸ ਦਾ ਕਿਸੇ ਨੂੰ ਪਤਾ ਨਾ ਲੱਗੇ। ਤੁਹਾਡੇ ਗੱਡੀ ਉਤਰਦਿਆਂ ਨੂੰ ਐਰੋ-ਐਰ ਹੋ ਈ ਜਾਏਗੀ। ਤੇ ਐਸ ਛੱਪਰ ਵਿਚ ਲੁਕਾ ਆਵੀਂ ਉਸ ਨੂੰ। ਕਲ੍ਹ ਗੱਡੀ ਮੌਕੇ ਮੇਂ ਟੇਸ਼ਨ ਵੱਲ ਗੇੜਾਂ ਮਾਰਾਂਗੀ, ਜੇ ਮੈਂ ਨਾ ਵੀ ਆਵਾਂ, ਤੂੰ ਕਿਸੇ ਬਹਾਨੇ ਸਾਡੇ ਘਰ ਅਗੋਂ ਦੀ ਜ਼ਰੂਰ ਲੰਘ ਜਾਵੀਂ।” ਬੀਰੋ ਨੇ ਸਾਰੀ ਸਕੀਮ ਉਸ ਨੂੰ ਸਮਝਾ ਦਿੱਤੀ।
“ਬਸ !” ਲਾਭੇ ਨੇ ਪਿਆਰ ਨਾਲ ਸਿਰ ਹਲਾਇਆ। ਅੱਜ ਉਸ ਨੂੰ ਪਿਆਰ ਦੀ ਖ਼ੁਮਾਰੀ ਚੜ੍ਹੀ ਪਈ ਸੀ।
“ਹਾਂ ਵੇਖੀਂ ਤੂੰ ਜਾਣੀਂ ਰੁਕੀਂ ਨਾ, ਅਟਕੀ ਨਾ, ਜੇ ਵਿਚਾਰੀ ਬੰਨੇ ਲੱਗ ਜਾਵੇ।” ਬੀਰੋ ਨੇ ਉਸ ਨੂੰ ਅਨੇਕਾਂ ਚਿਤਾਵਨੀਆਂ ਦਿੱਤੀਆਂ।
“ਬੰਨੇ ਲੱਗਣ ਨੂੰ ਕੀ ਐ, ਅਸੀਂ ਸਾਲੇ ਝਿਊਰ ਦੀ ਹੁਣੇ ਬਹੁਲੀ ਕਰ ਦਿੰਦੇ ਆਂ ਮਾਰ ਮਾਰ। ਨਾਲੇ ਕਿਹੜਾ ਸਾਲਾ ਏਥੋਂ ਵਿਆਹ ਕੇ ਲੈ ਜੂ ਗਾ।” ਲਾਭੇ ਨੂੰ ਦਿਲ ਵਿਖਾਉਣ ਲਈ ਮਸੀਂ ਮੌਕਾ ਮਿਲਿਆ ਸੀ। ਏਨੀ ਕੁ ਉਸ ਵਿਚ ਹਿੰਮਤ ਸੀ ਫੇਰੇ ਹੀ ਨਾ ਹੋਣ ਦੇਵੇ ਅਤੇ ਮੋਦਨ ਨੂੰ ਜ਼ਬਰਦਸਤੀ ਧੰਤੋ ਚੁਕਵਾ ਦੇਵੇ।
“ਏਸ ਕੰਮ ਲਈ ਜੋ ਵੀ ਢੰਗ ਬੇਲਾ, ਲੱਗੇ, ਬਸ ਲਾਉਣਾ ਏਂ। ਪਰ ਪਹਿਲਾਂ ਤੂੰ ਉਸ ਨੂੰ ਲੈ ਕੇ ਆ, ਆਪਾਂ ਰੁੱਖ ਈ ਜੜ੍ਹਾਂ ਤੋਂ ਪੁੱਟ ਦੇਈਏ।”
“ਬਹੁਤ ਅੱਛਾ, ਹਜ਼ੂਰ !” ਲਾਭਾ ਬੀਰੋ ਨੂੰ ਹਸਾਉਣ ਦਾ ਮਾਰਿਆ ਕਹਿ ਗਿਆ।
“ਮੈਨੂੰ ਪਤਾ ਐ, ਤੈਨੂੰ ਪੁਲਸ ਵਾਲਿਆਂ ਨਖ਼ਰੇ ਸਿਖਾ ਦਿਤੈ ਐ, ਦੱਸ ਹੋਰ ਕੀ ਆਂਹਦਾ ਏਂ।” ਬੀਰੋ ਨੇ ਹੱਸਦਿਆਂ ਸਿਰ ਹਿਲਾਇਆ। “ਹੱਛਾ ! ਸਭ ਕੁਝ ਸਮਝ ਲਿਆ ਨਾ ?”
“ਬਿਲਕੁਲ ਹਜ਼ੂਰ ! ਉਹ ਦੋਵੇਂ ਫਿਰ ਹੱਸ ਪਏ।
“ਚੰਗਾ, ਮੈਂ ਜਾਂਦੀ ਆਂ ਤੇ ਉਸ ਵਿਚਾਰੀ ਨੂੰ ਧਰਵਾਸ ਦੇਂਦੀ ਆਂ, ਰੋਣੋਂ ਈ ਨਹੀਂ ਹਟਦੀ।” ਬੀਰੋ ਸਖਣੀ ਚਾਦਰ ਚੁੱਕ ਕੇ ਉਠ ਖਲੋਤੀ।
“ਹੋਰ ਤੇਰੇ ਵਰਗੀ ਐ, ਲਾ ਅਲਾ ਲਾਲਾ ਕਰ ਕੇ ਗਲ ਈ ਪੈ ਜੂ ਗੀ।” ਲਾਭੇ ਦੀ ਗੱਲ ਉਤੇ ਹੱਸਦੀ-ਹੱਸਦੀ ਈ ਰੋ ਖਾਲ ਦਾ ਮੋੜ ਮੁੜ ਗਈ।
19
ਦਿਨ ਛਿਪ ਜਾਣ ਪਿਛੋਂ ਨਿੱਕਾ, ਉਸ ਦਾ ਮੁੰਡਾ ਗੁਰਮੇਲ, ਇਕ ਨਾਈ ਅਤੇ ਦੋ ਹੋਰ ਸਾਥੀਆਂ ਨਾਲ ਉਹ ਧੰਤੋ ਨੂੰ ਵਿਆਹੁਣ ਲਈ ਗਿਣੀ ਮਿਥੀ ਵਿਉਂਤ ਅਨੁਸਾਰ ਆ ਗਏ। ਵਿਆਹ ਵਾਲਾ ਰੰਗ ਢੰਗ ਦੋਹੀਂ ਪਾਸੀਂ ਕੋਈ ਨਹੀਂ ਦਿਸਦਾ ਸੀ। ਕੋਈ ਵਾਜਾ ਨਹੀਂ ਸੀ, ਮੇਲ ਨਹੀਂ ਸੀ, ਗੀਤ ਕੋਈ ਨਹੀਂ ਸੀ, ਸਗੋਂ ਦੇਖਣ ਵਾਲਿਆਂ ਲਈ ਇਕ ਅਚੰਭਾ ਜ਼ਰੂਰ ਸੀ। ਇਹ ਵਿਆਹ ਥੋੜੋਂ ਸੀ, ਇਹ ਤਾਂ ਇਕ ਸੌਦਾ ਸੀ, ਜਿਹੜਾ ਦੋਂਹ ਬੰਦਿਆਂ ਵਿਚਕਾਰ ਤੈਅ ਹੋਇਆ ਸੀ ਅਤੇ ਉਹ ਆਪਣੇ ਸੌਦੇ ਨੂੰ ਚੋਰੀ ਸਮਝ ਕੇ ਲੋਕਾਂ ਤੋਂ ਲੁਕਾਉਂਦੇ ਸਨ। ਪਰ ਲੋਕਾਂ ਤੋਂ ਕਿਹੜੀ ਗੱਲ ਲੁੱਕ ਸਕਦੀ ਹੈ ? ਕਾਰਾ ਮਨ ਮਾਰ ਕੇ ਉਹੀ ਕੰਮ ਕਰਦਾ ਰਿਹਾ, ਜਿਹੜਾ ਉਸ ਨੂੰ ਫੀਲਾ ਆਖਦਾ ਰਿਹਾ। ਪਰ ਇਸ ਚੁੱਪ ਚੁੱਪ ਵਿਚ ਹੀ ਉਸ ਦੀ ਹਮਦਰਦੀ ਤਾਪੀ ਨਾਲ ਸਾਂਝੀ ਹੋ ਗਈ ਸੀ। ਉਹ ਵੀ ਡਿੱਗਦੀ ਢਹਿੰਦੀ ਕੰਮਾਂ ਨੂੰ ਹੱਥ ਪਾ ਰਹੀ ਸੀ। ਇਕ ਸੋਗ ਵਰਗੀ ਝਾਕੀ ਦੇਖਣ ਵਾਲਿਆਂ ਨੂੰ ਪਰਤੀਤ ਹੁੰਦੀ ਸੀ। ਘਰ ਵਿਚ ਜੋ ਥੋੜਾ ਬਹੁਤ ਚੇਤੰਨ ਸੀ ਤਾਂ ਉਹ ਇਕੱਲਾ ਫੀਲਾ ਹੀ ਸੀ, ਜਿਹੜਾ ਰਕਮ ਹੱਥ ਲੈਣ ਲਈ ਕਾਹਲਾ ਸੀ। ਉਸ ਮਨ ਬਣਾ ਲਿਆ ਸੀ ਕਿ ਸਵੇਰੇ ਕੁੜੀ ਤੋਰ ਕੇ ਪਹਿਲਾ ਕੰਮ ਸਰਕਾਰ ਦਾ ਕਰਜ਼ਾ ਲਾਹੁਣ ਵਾਲਾ ਕਰਨਾ ਹੈ। ਉਸ ਦੀ ਮਨ ਆਤਮਾ ਨੇ ਉਸ ਨੂੰ ਇਹ ਕੰਮ ਕਰਨੋਂ ਬਾਰ ਬਾਰ ਲਾਹਨਤ ਪਾਈ ਸੀ, ਪਰ ਆਪਣੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਇਸ ਗਲਤ ਰਾਹ ਤੋਂ ਬਿਨਾਂ ਹੋਰ ਕੁਝ ਨਹੀਂ ਸੁਝਿਆ ਸੀ। ਲੋਕ-ਲੱਜਾ ਨੂੰ ਜਵਾਬ ਦੇਣ ਲਈ ਉਸ ਉਹਨਾਂ ਸਾਰੇ ਬੰਦਿਆਂ ਨੂੰ ਯਾਦ ਕਰ ਲਿਆ ਸੀ, ਜਿਨ੍ਹਾਂ ਕੁੜੀਆਂ ਵੇਚੀਆਂ ਸਨ ਅਤੇ ਅੱਜ ਆਪਣੀ ਬਰਾਦਰੀ ਵਿਚ ਮੁੜ ਮਾੜੇ ਮੋਟੇ ਚੌਧਰੀ ਬਣੇ ਬੈਠੇ ਸਨ। ਉਹ ਖ਼ਿਆਲ ਕਰਦਾ ਸੀ, ਉਹਨਾਂ ਦਾ ਲੋਕਾਂ ਤੇ ਬਰਾਦਰੀ ਨੇ ਕੀ ਵਿਗਾੜ ਲਿਆ, ਤੇ ਹੁਣ ਜੇ ਮੈਂ ਆਰਥਕ ਔਕੜਾਂ ਵਲੋਂ ਵਾਲ ਵਾਲ ਵਿੰਨ੍ਹਿਆ ਚਾਰ ਪੈਸੇ ਲੈਣ ਲੱਗਾ ਹਾਂ, ਮੇਰੀ ਵੀ ਕੀ ਲੱਤ ਭੰਨ ਦੇਣਗੇ। ਬਿਸ਼ਰਮੀ ਦੇ ਪੱਖ ਤੋਂ ਉਹ ਇਕ ਤਰ੍ਹਾਂ ਮੱਚੜ ਹੋ ਗਿਆ। ਪਰ ਮੱਚੜਪਨ ਦੇ ਬਾਵਜੂਦ ਉਹ ਤਾਪੀ ਨਾਲ ਅੱਖਾਂ ਸਾਂਵੀਆਂ ਨਹੀਂ ਸੀ ਕਰ ਸਕਦਾ ਅਤੇ ਧੰਤੋ ਸਾਹਮਣੇ ਉਹ ਕਿਵੇਂ ਵੀ ਨਹੀਂ ਆਉਂਦਾ ਸੀ। ਉਹ ਦਿਲ ਵਿਚ ਰੱਬ ਦਾ ਲੱਖ ਲੱਖ ਸ਼ੁਕਰ ਕਰ ਰਿਹਾ ਸੀ ਕਿ ਕੁੜੀ ਮੂੰਹ ਚੜ੍ਹ ਕੇ ਨਹੀਂ ਬੋਲ ਪਈ। ਕਿਉਂਕਿ ਧੰਤੋ ਦੇ ਬਣੇ ਸੁਭਾਅ ਤੋਂ ਉਸ ਨੂੰ ਹਰ ਤਰ੍ਹਾਂ ਦੇ ਗ਼ਲਤ ਸਹੀ ਦੀ ਆਸ ਸੀ।
ਇਸ ਵਿਚ ਸ਼ੱਕ ਨਹੀਂ ਕਿ ਧੰਤੋ ਸਾਹਮਣੇ ਹੋ ਕੇ ਨਾਂਹ ਨਹੀਂ ਸੀ ਕਰ ਸਕਦੀ। ਕਰ ਸਕਦੀ ਸੀ ਤੇ ਉਸ ਹਰ ਹਾਲਤ ਵਿਚ ਕਰਨੀ ਸੀ, ਜੇ ਉਸ ਦਾ ਆਪਣਾ ਬੰਦੋਬਸਤ ਨਾ ਕੀਤਾ ਹੁੰਦਾ। ਉਹ ਤਾਂ ਰੋਹ ਭਰੀ ਦੋ ਦਿਨਾਂ ਤੋਂ ਇਹਨਾਂ ਕਰਤੂਤੀਆਂ ਦੀਆਂ ਚਾਲਾਂ ਤਾੜ ਰਹੀ ਸੀ, ਜਿਨ੍ਹਾਂ ਦੇ ਧੋਤੇ ਮੂੰਹ ਉਤੇ ਉਸ ਸੁਆਹ ਮਲ ਦੇਣੀ ਸੀ। ਪਰ ਇਕ ਫ਼ਿਕਰ ਉਸ ਨੂੰ ਅੰਦਰੇ ਅੰਦਰ ਕੀਮਾਂ ਕਰੀ ਜਾ ਰਿਹਾ ਸੀ। ਉਹ ਇਹ ਕਿ ਲਾਭਾ ਆਪਣੇ ਇਕਰਾਰ ਅਨੁਸਾਰ ਕਲ੍ਹ ਸ਼ਾਮ ਛੱਡ ਹੁਣ ਤਕ ਮੋਦਨ ਨੂੰ ਲੈ ਕੇ ਨਹੀਂ ਆਇਆ ਸੀ ਅਤੇ ਨਾ ਹੀ ਆਪ ਆ ਕੇ ਸੁਰ ਪਤਾ ਦਿੱਤਾ ਸੀ। ਬੀਰੋ ਦਾ ਗੁੱਸਾ ਪਾਗਲਾਂ ਦੀ ਹੱਦ ਟੱਪ ਗਿਆ ਸੀ। ਕਲ੍ਹ ਸ਼ਾਮ ਉਹ ਰੇਲਵੇ ਸਟੇਸ਼ਨ ਉਤੇ ਲਾਭੇ ਹੋਰਾਂ ਨੂੰ ਉਤਰਦਿਆਂ ਵੇਖਣ ਗਈ ਸੀ। ਰਾਤ ਦੀ ਗੱਡੀ ਵੀ ਉਹ ਨਹੀਂ ਆਏ ਸਨ। ਫਿਰ ਬੀਰੋ ਨੇ ਸਵੇਰ ਅਤੇ ਦੁਪਹਿਰ ਦੀਆਂ ਗੱਡੀਆਂ ਦੀ ਵੀ ਤਾੜ ਰੱਖੀ, ਪਰ ਕੋਈ ਨਾ ਬਹੁੜਿਆ। ਉਸ ਬਸਾਂ ਰਾਹੀਂ ਆਉਣ ਦਾ ਰਾਹ ਵੀ ਅੱਖੀਂ-ਪੱਜੀਂ ਤੱਕਿਆ, ਪਰ ਕਿਧਰੋਂ ਵੀ ਕੋਈ ਨਾ ਪਹੁੰਚਿਆ। ਅਖ਼ੀਰੀ ਆਸ ਇਸ ਸ਼ਾਮ ਦੀ ਗੱਡੀ ਦੀ ਸੀ। ਉਸ ਹਰ ਤਰ੍ਹਾਂ ਦੀ ਸੰਗ, ਸ਼ਰਮ ਲਾਹ ਕੇ ਮੁੜ ਰੇਲ ਦਾ ਸਟੇਸ਼ਨ ਜਾ ਮੱਲਿਆ। ਗੱਡੀ ਆਈ ਤੇ ਸਵਾਰੀਆਂ ਉਤਰ ਕੇ ਆਪਣੇ ਰਾਹੀਂ ਪੈ ਗਈਆਂ। ਬੀਰੋ ਨੀਲੇ ਕਾਲੇ ਰੇਲਵੇ ਕੁਲੀਆਂ ਵੱਲ ਬਿਟ ਬਿਟ ਕਮਲਿਆਂ ਵਾਂਗ ਵੇਖੀ ਜਾ ਰਹੀ ਸੀ। ਉਸ ਲਾਭੇ ਨੂੰ ਏਨੀਆਂ ਗਾਲ੍ਹਾਂ ਦਿੱਤੀਆਂ ਕਿ ਉਸ ਦਾ ਅੱਗਾ ਪਿੱਛਾ ਸਾਰਾ ਪੁਣ-ਛਾਣ ਸੁੱਟਿਆ। ਉਸ ਇਹ ਸੋਚਿਆ ਹੀ ਨਹੀਂ ਸੀ ਕਿ ਕੋਈ ਅੜਿੱਕਾ
ਵੀ ਲੱਗ ਸਕਦਾ ਹੈ, ਮਜਬੂਰੀ ਵੀ ਹੋ ਸਕਦੀ ਹੈ। ਉਹ ਅਜਿਹੇ ਤਿੱਖੇ ਤੇ ਕਾਹਲੇ ਸੁਭਾਅ ਦੀ ਸੀ, ਜਿਹੜਾ ਕੰਮ ਕਰਨਾ ਹੋਵੇ, ਉਹ ਕਰਨੋਂ ਰਹਿ ਕਿਵੇਂ ਜਾਵੇ। ਉਸ ਦੇ ਨਰੋਏ ਵਿਸ਼ਵਾਸ ਅਨੁਸਾਰ ਔਕੜਾਂ ਤੇ ਮਜਬੂਰੀਆਂ ਸਿਰਫ਼ ਟਿੱਡੀਆਂ ਪਲਪੀਹੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਮਿਧ ਕੇ, ਦਰੜ ਕੇ, ਆਪਣੀ ਮੱਲ ਮਾਰੀ ਜਾ ਸਕਦੀ ਹੈ।
ਹਾਰੀ, ਨਿਰਾਸੀ ਤੇ ਨਿੰਮੋਝੂਣ ਬੀਰੋ ਨੇ ਧੰਤੋ ਕੋਲ ਆ ਕੇ ਅੱਖਾਂ ਭਰ ਲਈਆਂ। ਉਹ ਉਸ ਨੂੰ ਕਿਵੇਂ ਮੂੰਹ ਵਖਾਵੇ ਤੇ ਕਿਵੇਂ ਆਖੇ, ਆਉਣ ਵਾਲੇ ਆਏ ਨਹੀਂ। ਉਹ ਇਹ ਵੀ ਜਾਣਦੀ ਸੀ, ਇਸ ਤੋਂ ਅਗਾਂਹ ਧੰਤੋ ਲਈ ਮੌਤ ਹੈ ਤੇ ਉਸ ਮੌਤ ਨੂੰ ਹੁਣ ਮੈਂ ਕਿਵੇਂ ਟਾਲਾਂਗੀ।
ਧੰਤੋ ਨੇ ਬੀਰੋ ਦੇ ਉੱਡੇ ਮੂੰਹ ਤੋਂ ਹੀ ਹੋਣੀ ਦਾ ਅੰਦਾਜ਼ਾ ਲਾ ਲਿਆ। ਉਸ ਦਾ ਦਿਮਾਗ ਅਸਲੋਂ ਸੁੰਨ ਹੋ ਗਿਆ, ਉਹ ਕੁਝ ਨਾ ਬੋਲ ਸਕੀ। ਜਦੋਂ ਵੀ ਬੀਰੋ ਆਉਂਦੀ ਸੀ, ਉਹ ਹਰ ਵਾਰੀ ਕਾਹਲੀ ਪੈ ਕੇ ਪੁੱਛਿਆ ਕਰਦੀ ਸੀ। ਹੁਣ ਉਸ ਨੂੰ ਚੰਗੀ ਤਰ੍ਹਾਂ ਨਿਸਚਾ ਹੋ ਗਿਆ ਕਿ ਮੈਂ ਚੌਫੇਰਿਉਂ ਦੁਸ਼ਮਣਾਂ ਨਾਲ ਘਿਰ ਗਈ ਹਾਂ। ਕਿਉਂਕਿ ਉਸ ਦੇ ਬੰਦੀ ਛੋੜ ਦਾ ਆਉਣ ਤਾਂ ਡੁੱਬਾ, ਤੱਤੀ ਠੰਢੀ ਵਾ ਵੀ ਨਹੀਂ ਪੁੱਜੀ ਸੀ। ਬੀਰੋ ਨੇ ਉਸ ਨੂੰ ਹਲੂਣਦਿਆਂ ਆਖਿਆ:
“ਰੱਬ ਜਾਣੇ ਕੀ ਬਿੱਜ ਪੈ ਗਈ, ਖ਼ਬਰੇ ਮੋਦਨ ਪਿੰਡ ਹੀ ਨਾ ਹੋਵੇ।”
ਧੰਤੋ ਤੋਂ ਬੋਲਿਆ ਤਾਂ ਕੀ ਜਾਣਾ ਸੀ, ਉਸ ਚੌੜੀਆਂ ਅੱਖਾਂ ਨਾਲ ਸਿਰ ਹਿਲਾਇਆ, ਜਿਵੇਂ ਇਉਂ ਵੀ ਹੋ ਸਕਦਾ ਹੈ।
“ਸ਼ੈਤ ਰਾਤ ਦੀ ਗੱਡੀ ਹੀ ਬਹੁੜ ਪੈਣ।” ਬੀਰੋ ਨੇ ਟੁੱਟਦੀ ਆਸ ਨੂੰ ਫੜਨ ਦਾ ਯਤਨ ਕੀਤਾ। “ਉਹ ਇਕ ਵਾਰ ਆ ਜਾਣ ਸਹੀ, ਫਿਰ ਸਾਰਾ ਬੰਦੋਬਸਤ ਹੋ ਸਕਦਾ ਏ।” ਉਹ ਸਮਝਦੀ ਸੀ, ਲਾਭਾ ਹਿੱਕ ਦੇ ਧੱਕੇ ਨਾਲ ਹੋਰ ਨਹੀਂ, ਭੁਆਲੀਆਂ ਹੀ ਰੋਕ ਦੇਵੇਗਾ। ਹੁਣ ਉਸ ਨੂੰ ਉਹਦੇ ਤੋਰ ਦੇਣ ਦਾ ਵੀ ਸੱਲ ਸੀ ਕਿ ਉਸ ਬਿਨਾਂ ਹੋਣੀ ਰੋਕੀ ਨਹੀਂ ਜਾਣੀ। ਕਿਉਂਕਿ ਉਸ ਬਿਨਾਂ ਹਮਦਰਦ ਕੋਈ ਨਹੀਂ ਸੀ, ਜਿਸ ਨੂੰ ਉਹ ਆਪਣੀ ਬਹੁੜੀ ਵਿਚੋਂ ਪੁਕਾਰ ਸਕਦੀਆਂ।
ਧੰਤੋ ਨੇ ਸਹੀ ਅਰਥਾਂ ਵਿਚ ਉਸ ਦੀ ਕੋਈ ਗੱਲ ਨਹੀਂ ਸੁਣੀ, ਤੇ ਹੁਣ ਉਸ ਨੂੰ ਜਿਉਂ ਜਿਉਂ ਸਮਾਂ ਬੀਤ ਰਿਹਾ ਸੀ ਤੇ ਹੋਣੀ ਨੇੜੇ ਆ ਰਹੀ ਸੀ, ਬੀਰੋ ਦੀ ਹੋਂਦ ਦਾ ਅਹਿਸਾਸ ਵੀ ਘਟਦਾ ਜਾ ਰਿਹਾ ਸੀ। ਬੀਰੋ ਨੂੰ ਉਸ ਕੋਲੋਂ ਝਟ ਪਲ ਲਈ ਵੀ ਵੱਖ ਨਹੀਂ ਹੋਣਾ ਚਾਹੀਦਾ ਸੀ, ਪਰ ਰਾਤ ਪੈ ਚੁੱਕੀ ਸੀ ਅਤੇ ਘਰ ਵੀ ਖ਼ਬਰ ਕਰਨੀ ਸੀ ਕਿ ਉਹ ਧੰਤੋ ਕੋਲ ਹੈ। ਉਸ ਜਾਣ ਤੋਂ ਪਹਿਲਾਂ ਆਖਿਆ: “ਮੈਨੂੰ ਪਤਾ ਐ ਤੇਰੇ ਦਿਲ ਵਿਚ ਕੀ ਐ, ਪਰ ਤੂੰ ਭੈਣੇ ਮੇਰੇ ਉਤੇ ਭਰੋਸਾ ਰੱਖ, ਮੈਂ ਤੇਰਾ ਬੰਦਾ ਮਲਾਊਂਗੀ, ਭਾਵੇਂ ਕਿਵੇਂ ਹੋਵੇ।” ਧੰਤੋ ਦੇ ਕੰਨਾਂ ਵਿਚੋਂ ਇਕ ਆਵਾਜ਼ ਜ਼ਰੂਰ ਲੰਘ ਗਈ, ਜਿਸ ਦਾ ਉਸ ਲਈ ਕੋਈ ਅਰਥ ਨਹੀਂ ਸੀ। ਬੀਰੋ ਫਿਰ ਬੋਲੀ, “ਮੈਂ ਘਰੋਂ ਹੋ ਕੇ ਝਟ ਤਾਈਂ ਆਉਂਦੀ ਆਂ, ਮੈਨੂੰ ਬੇਬੇ ਛੱਡ ਜਾਵੇਗੀ।”
ਧੰਤੋ ਨੇ ਪਹਿਲਾਂ ਵਾਂਗ ‘ਚੰਗਾ’ ਵਿਚ ਸਿਰ ਹਿਲਾਇਆ। ਬੀਰੋ ਕੋਲੋਂ ਉਸ ਦੀ ਪਾਗਲਾਂ ਵਰਗੀ ਹਾਲਤ ਵੇਖੀ ਨਹੀਂ ਸੀ ਜਾਂਦੀ, ਪਰ ਉਹ ਮਨ ਮਾਰ ਕੇ ਮੁੜ ਆਉਣ ਲਈ ਚਲੀ ਹੀ ਗਈ। ਇਸ ਚੁੱਪ ਵੱਟੀ ਹਾਲਤ ਵਿਚ ਧੰਤੋ ਦੀਆਂ ਅੱਖਾਂ ਵਿਚੋਂ ਦੋ ਹੰਝੂ ਵੀ ਨਾ ਕਿਰੇ ਤੇ ਅੰਦਰ ਮੰਜੀ ਉਤੇ ਉਹ ਗੁੰਮ ਸੁੰਮ ਡਿੱਗੀ ਪਈ ਰਹੀ। ਤਾਪੀ ਲਈ ਦਿਲਬਰੀ ਦੇ ਦੋ ਬੋਲ ਉਸ ਨਾਲ ਸਾਂਝੇ ਕਰਨੇ ਕਿੰਨੇ ਔਖੇ ਸਨ, ਪਰ ਦਿਲੋਂ ਉਹ ਉਸ ਦੇ ਦੁੱਖ ਨਾਲ ਚੀਰੀ ਪਈ ਸੀ।
ਕਾਰਾ ਅੰਦਰ ਆਇਆ ਅਤੇ ਕਿੱਲੀ ਨਾਲੋਂ ਜਗਦੀ ਲਾਲਟੈਨ ਲਾਹ ਕੇ ਬਾਹਰ ਵਿਹੜੇ ਵਿਚ ਲੈ ਗਿਆ। ਧੰਤੋ ਨੂੰ ਉਹ ਚਾਨਣ ਸਾੜ ਰਿਹਾ ਸੀ ਤੇ ਅੰਨ੍ਹੇਰਾ ਪੈ ਜਾਣ ਉਤੇ ਉਸ ਹਉਕਾ ਭਰ ਕੇ ਸਾਹ ਲਿਆ। ਉਸ ਵਿਹੜੇ ਵਿਚ ਥੋੜੀ ਘੁਸਰ ਮੁਸਰ ਸੁਣੀ ਅਤੇ ਸੁੱਤੇ ਹੀ ਬਾਰੀ ਦੀ ਬੋਰੀ, ਜਿਹੜੀ ਪੜਦੇ ਵਜੋਂ ਅਟਕਾਈ ਹੋਈ ਸੀ, ਨੂੰ ਪਾਸੇ ਸਰਕਾਰ ਕੇ ਵੇਖਿਆ, ਨਿੱਕਾ ਵਿਹੜੇ ਵਿਚ ਨੋਟ ਗਿਣ ਗਿਣ ਕੇ ਉਸ ਦੇ ਬਾਪੂ ਨੂੰ ਫੜਾਈ ਜਾ ਰਿਹਾ ਸੀ। ਉਹ ਇਕ ਵਾਰੀ ਹੀ ਪਿਛਾਂਹ ਆ ਡਿੱਗੀ। ਉਸ ਦੋਹਾਂ ਹੱਥਾਂ ਨਾਲ ਮੂੰਹ ਘੁੱਟ ਲਿਆ ਅਤੇ ਉਂਗਲਾਂ ਆਪਣੀਆਂ ਅੱਖਾਂ ਵਿਚ ਖੋਭ ਲਈਆਂ। ਉਸ ਦਾ ਜੀਅ ਕੀਤਾ, ਮੂੰਹ ਨੋਚ ਲਵਾਂ, ਮਿੱਟੀ ਦੇ ਤੇਲ ਦੀ ਬੋਤਲ ਪਾ ਕੇ ਤੀਲੀ ਲਾ ਲਵਾਂ। ਪਰ ਉਹ?…….ਨਹੀਂ ਧੰਤੋ ! ਹੁਣ ਕਿਸੇ ਨਹੀਂ ਆਉਣਾ ਤੂੰ ਸਿੱਧੀ ਹੋ ਕੇ ਜਾਨ ਦੇ ਜਿਵੇਂ ਜੱਟ ਦਾ ਦੋਹਰਾ ਸੁਹਾਗਾ ਖੇਤ ਦੀ ਰੋੜੀ ਰੋੜੀ ਫਿਰ ਸੁੱਟਦਾ ਹੈ, ਉਸ ਤਰ੍ਹਾਂ ਹੀ ਸਮੇਂ ਦੇ ਸੁਹਾਗੇ ਨੇ ਧੰਤੋ ਦੇ ਦਿਲ ਦਾ ਹਰ ਅਰਮਾਨ ਕੁਚਲ ਕੇ ਰੱਖ ਦਿੱਤਾ ਸੀ।
ਆਹ ਨੋਟ ਸਾਂਭੀ ?” ਉਸ ਬਾਰੇ ਅੱਗੇ ਬਾਪੂ ਦੀ ਆਵਾਜ਼ ਸੁਣੀ।
“ਮੈਂ ਤਾਂ ਇਹਨਾਂ ਨੂੰ ਅੱਗ ਵੀ ਨਹੀਂ ਲਾਉਂਦੀ।” ਉਸ ਦੀ ਮਾਂ ਦੇ ਬੋਲਾਂ ਵਿਚ ਗ਼ੁੱਸਾ ਸੀ ਤੇ ਉਸ ਪਹਿਲੀ ਵਾਰ ਆਪਣੀ ਮਾਂ ਨੂੰ ਇਸ ਤਰ੍ਹਾਂ ਅੜ ਕੇ ਰੋਹ ਵਿਚ ਬੋਲਦਿਆਂ ਸੁਣਿਆ।
“ਇਹ ਤਾਂ ਤੇਰੇ ਪਿਉ ਵਾਲੇ ਵੀ ਨਹੀਂ ਮੁੜੇ।” ਧੰਤੋ ਦਾ ਬਾਪੂ ਵੀ ਤਾਅ ਖਾ ਗਿਆ।
“ਨਹੀਂ ਪੂਰੇ ਹੋਏ ਤਾਂ ਮੈਨੂੰ ਵੀ ਵੇਚ ਦੇ।” ਧੰਤੋ ਲਈ ਸਮਝਣਾ ਔਖਾ ਸੀ ਕਿ ਇਹ ਉਸ ਦੀ ਮਾਂ ਬੋਲ ਰਹੀ ਹੈ ਜਾਂ ਕੋਈ ਜਬੇ ਵਾਲੀ ਜ਼ਨਾਨੀ।
ਫਿਰ ਉਸ ਦਾ ਬਾਪੂ ਤਾਪੀ ਨੂੰ ਗਾਲ੍ਹ ਕੱਢ ਕੇ ਕਾਰੇ ਨਾਲ ਬਾਹਰ ਨੂੰ ਤੁਰ ਗਿਆ। ਉਸ ਦੀ ਮਾਂ ਨੇ ਲਾਲਟੈਨ ਅੰਦਰਲੀ ਕਿੱਲੀ ਨਾਲ ਮੁੜ ਲਿਆ ਟੰਗੀ। ਧੰਤੋ ਲਾਲਟੈਨ ਵੱਲ ਪਿੱਠ ਕਰ ਕੇ ਪਈ ਰਹੀ ਤੇ ਸਾਹਮਣੀ ਕੰਧ ਉਤੇ ਪੈਂਦੇ ਚਾਨਣ ਵਲੋਂ ਵੀ ਉਸ ਅੱਖਾਂ ਮੀਟ ਲਈਆਂ। ਥੋੜ੍ਹੇ ਚਿਰ ਪਿਛੋਂ ਹੀ ਬਾਹਰ ਵਿਹੜੇ ਵਿਚ ਉਸ ਦੇ ਗਾਹਕ ਰੋਟੀ ਖਾ ਰਹੇ ਸਨ। ਉਸੇ ਤਰ੍ਹਾਂ ਹੀ ਪਈ ਪਈ ਦੇ ਮਨ ਵਿਚ ਇਕ ਵਿਚਾਰ ਆਈ ਤੇ ਉਸ ਉਠ ਕੇ ਬੋਰੀ ਦਾ ਲੜ ਫਿਰ ਸਰਕਾ ਲਿਆ। ਉਹ ਆਪਣੇ ਹੋਣ ਵਾਲੇ ਮਾਲਕ ਨੂੰ ਵੇਖ ਰਹੀ ਸੀ, ਹੋਣੀ ਦੇ ਘੋੜੇ ਨੇ ਦੂਜੀ ਵਾਰ ਉਸ ਦੀ ਹਿੱਕ ਵਿਚ ਪਿਛੰਡਾ ਮਾਰ ਕੇ ਚਿਤ ਲਿਟਾ ਦਿੱਤਾ। ਇਆਣਾ ਜਾਤਕ ਵੇਖ ਕੇ ਉਸ ਦੀਆਂ ਅੱਖਾਂ ਸੋਅਲੇ-ਲਾਟਾਂ ਵਿਚ ਬਲ ਉਠੀਆਂ ਤੇ ਝਟ ਪਿਛੋਂ ਹੀ ਉਹ ਲਾਟਾਂ ਪਾਣੀ ਪਾਣੀ ਹੋ ਗਈਆਂ। “ਧੰਤੋ ! ਆਪਣੇ ਆਪ ਨੂੰ ਰੋੜ੍ਹ ਦੇਣ ਜਾਂ ਦਾਹ ਕਰ ਲੈਣ ਬਿਨਾਂ ਕੋਈ ਚਾਰਾ ਨਹੀਂ।” ਇਹੀ ਘੜੀ ਕਿਸੇ ਕੁੜੀ ਦੀ ਜ਼ਿੰਦਗੀ ਵਿਚ ਮਹਾਨਤਾ ਵਾਲੀ ਘੜੀ ਹੁੰਦੀ ਹੈ, ਜਿਸ ਲੰਮਾ ਸੁਖ ਜਾਂ ਹਮੇਸ਼ਾਂ ਦਾ ਦੁੱਖ ਬਣਨਾ ਹੁੰਦਾ ਹੈ, ਪਰ ਕਿੰਨੀਆਂ ਕੁੜੀਆਂ ਨੂੰ ਇਸ ਘੜੀ ਦਾ ਅਹਿਸਾਸ ਹੁੰਦਾ ਹੈ? ਉਸ ਦੇ ਭਵਿੱਸ਼ ਵਿਚ ਭਰੋਸਾ ਹੁੰਦਾ ਹੈ ? ਪਰ ਭਾਗਾਂ-ਸੰਜੋਗਾਂ ਦੇ ਫ਼ੈਸਲੇ ਮਾਂ ਪਿਉ ਦੀ ਮਰਜ਼ੀ ਅੱਗੇ, ਧਾਰਮਕ ਗੁਲਾਮੀ ਅੱਗੇ, ਤੇ ਬੋਦੀਆਂ ਰਹੁ-ਰੀਤਾਂ ਅੱਗੇ ਇਕ ਆਮ ਕੁੜੀ ਕਟੀ ਜਾਣ ਲਈ ਧੋਣ ਨੀਵੀਂ ਪਾ ਦਿੰਦੀ ਹੈ। ਬਹੁਤ ਥੋੜੀਆਂ ਕੁੜੀਆਂ ਹੁੰਦੀਆਂ ਹਨ, ਜਿਹੜੀਆਂ ਪਿਆਰ ਨੂੰ ਆਸਰਾ ਬਣਾ ਕੇ ਅੜਦੀਆਂ ਹਨ, ਪਰ ਹਾਲਾਤ ਸ਼ਾਹਦੀ ਨਾ ਭਰਦੇ ਹੋਣ ਕਾਰਨ ਉਹ ਵੀ ਹਥਿਆਰ ਸੁੱਟ ਦੇਂਦੀਆਂ ਹਨ ਤੇ ਕਈ ਵਾਰ ਮਰਨ ਨੂੰ ਤਰਜੀਹ ਦੇਂਦੀਆਂ ਹਨ। ਆਰਥਕ ਗ਼ੁਲਾਮੀ ਦੇ ਸਮਾਜ ਵਿਚ ਕੋਈ ਇਕ ਕੁੜੀ ਹੀ ਹੁੰਦੀ ਹੈ, ਜਿਸ ਲਈ ਉਸ ਦਾ ਹਾਣੀ ਹਿੱਕ ਥਾਪੜਦਾ ਹੈ ਤੇ ਉਹ ਪਿਆਰ ਦੇ ਅਨੁਭਵ ਵਿਚ ਰੰਗੀ ਝਨਾਂ ਵਿਚ ਛਾਲ ਮਾਰਦੀ ਹੈ ਤੇ ਬਿਨਾਂ ਕਿਸੇ ਸਮਝੌਤੇ ਦੇ ਹੋਣੀਆਂ ਅਣਹੋਣੀਆਂ ਨਾਲ ਆਖ਼ਰੀ ਦਮ ਤਕ ਲੜਦੀ ਹੈ।
ਧੰਤੋ ਨੂੰ ਆਸਰੇ ਵਜੋਂ ਹਾਣੀ ਦਾ ਇਕ ਹੀ ਬੋਲ ਮਿਲਿਆ ਹੁੰਦਾ, ਉਹ ਹਰ ਤਰ੍ਹਾਂ ਦੀਆਂ ਅਨਹੋਣੀਆਂ ਚੀਰ ਜਾਂਦੀ, ਪਰ ਹੁਣ ਉਸ ਹਰ ਬੰਨਿਉਂ ਅੱਖਾਂ ਮੀਟ ਕੇ ਅੰਦਰ ਦੁੱਖਾਂ ਦੀ ਗੰਢ ਦੇ ਲਈ, ਡੂੰਘਾ ਅੰਨ੍ਹੇਰਾ ਪੈ ਚੁੱਕਾ ਸੀ। ਉਸ ਉਠ ਕੇ ਬਾਹਰ ਵੇਖਿਆ, ਵਿਹੜਾ ਕੁਦਰਤੀ ਖਾਲੀ ਸੀ। ਉਸ ਹੈਰਾਨੀ ਨਾਲ ਸੋਚਿਆ, ਮਾਂ ਕਿਧਰ ਗਈ ? ਉਸ ਆਸੇ ਪਾਸੇ ਵੇਖਿਆ, ਉਹ ਕਿਤੇ ਨਹੀਂ ਸੀ। ਪਿੰਡ ਦਾ ਨਾਈ ਵੀ ਰੋਟੀ ਖੁਆ ਕੇ ਤੁਰ ਗਿਆ ਸੀ।
“ਕੋਈ ਵੀ ਨਹੀਂ ?” ਉਹ ਬਾਹਰਲੇ ਬਾਰ ਤਕ ਆ ਗਈ। ਬੀਰੋ ਹਾਲੇ ਤਕ ਵੀ ਨਹੀਂ ਆਈ ਸੀ। ਉਸ ਦੀ ਉਲਾਰ ਸੋਚ ਅਨੁਸਾਰ ਇਸ ਤੋਂ ਚੰਗਾ ਮੌਕਾ ਹੋਰ ਕੋਈ ਨਹੀਂ ਸੀ। ਉਸ ਡਰਦਿਆਂ ਡਰਦਿਆਂ ਗਲੀ ਵਿਚ ਪੈਰ ਪਾਇਆ। ਕੋਈ ਓਪਰਾ ਆਦਮੀ ਉਸ ਕੋਲੋਂ ਲੰਘ ਗਿਆ ਤੇ ਉਸ ਕੁਝ ਵੀ ਨਹੀਂ ਪੁੱਛਿਆ ਸੀ ਕਿ ਉਹ ਕੌਣ ਹੈ ਤੇ ਇਸ ਵੇਲੇ ਕਿਥੇ ਜਾ ਰਹੀ ਹੈ ? ਉਸ ਕਦਮਾਂ ਹੋਰ ਲੰਮੀਆਂ ਕਰ ਦਿੱਤੀਆਂ। ਭੇਡਾਂ ਵਾਲੇ ਵਾੜੇ ਕੋਲੋਂ ਇਯਾਲੀ ਦਾ ਕੁੱਤਾ ਦੋ ਵਾਰ ਭੌਂਕਿਆ, ਪਰ ਵਾੜਿਉਂ ਬਾਹਰ ਨਾ ਆਇਆ। ਧੰਤੋ ਦੀ ਛਾਤੀ ਵਿਚ ਬੰਟ ਪਾਟ ਰਹੇ ਸਨ ਤੇ ਗੋਲੀਆਂ ਚਲ ਰਹੀਆਂ ਸਨ, ਪਰ ਉਸ ਦੇ ਕੰਨ ਅਸਲੋਂ ਬੋਲੇ ਹੋਏ ਪਏ ਸਨ, ਜਿਨ੍ਹਾਂ ਨੂੰ ਕੁਝ ਵੀ ਨਹੀਂ ਸੁਣ ਰਿਹਾ ਸੀ। ਉਹ ਰੇਲ ਦੀ ਲੀਹ ਦੇ ਖੱਬੇ ਖੱਬੇ ਲਹਿੰਦੇ ਵੱਲ ਨੂੰ ਤੁਰ ਗਈ। ਨਾ ਹੀ ਉਸ ਪਿਛਾਂਹ ਭਉਂ ਕੇ ਵੇਖਿਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਬਿੜਕ ਲੈਣ ਲਈ ਅਟਕੀ।
ਦੂਰ ਲਹਿੰਦੇ ਵਿਚ ਰਾਤ ਦੀ ਗੱਡੀ ਦੀ ਲੋਅ ਸੀ, ਜਿਹੜੀ ਧੰਤੋ ਨੂੰ ਆਪਣੇ ਵੱਲ ਪੈਰ ਪੈਰ ਖਿੱਚ ਰਹੀ ਸੀ ਅਤੇ ਆਪ ਉਸ ਵੱਲ ਹਰ ਪਲ ਨੱਠੀ ਆ ਰਹੀ ਸੀ। ਧੰਤੋ ਦਾ ਮਨ ਸੀ, ਮੈਂ ਪਿਆਰੋ ਵਾਂਗ ਦੁੱਖ ਸਹਿ ਕੇ ਮਰਨ ਨਾਲੋਂ ਕਿਉਂ ਨਾ ਵਿਆਹ ਤੋਂ ਪਹਿਲਾਂ ਹੀ ਮਰ ਜਾਵਾਂ। ਹਾਣੀ ਛੱਡ ਕੇ ਇਆਣੇ ਨਾਲ ਜਵਾਨੀ ਸਾੜਨ ਦੇ ਜੀਊਣ ਨਾਲੋਂ ਮਰ ਜਾਣਾ ਉਸ ਨੂੰ ਕਿਤੇ ਚੰਗਾ ਲੱਗਾ। ਬੀਰੋ ਦੀਆਂ ਤਸੱਲੀਆਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਸੀ। ਉਸ ਦੀ ਮਾਂ ਕੋਈ ਵਾਹ ਨਹੀਂ ਗਈ ਸੀ। ਨਾਂਹ ਕਰ ਦੇਣ ਦਾ ਸਮਾਂ ਉਸ ਹਾਣੀ ਦੀ ਆਸ ਵਿਚ ਚੁੱਪ ਕੀਤਿਆਂ ਗੰਵਾ ਲਿਆ ਸੀ। ਹੁਣ ਹੋਣੀ ਜਦ ਅਖੀਰ ਕਰਨ ਵਾਲੀ ਸੀ, ਉਸ ਦੀ ਬੌਂਦਲੀ ਸੋਚ, ਕੁਚਲੇ ਜਜ਼ਬੇ ਅਤੇ ਜੋਸ਼ ਭਰ ਆਏ ਹੌਸਲੇ ਨੇ ਆਪਣੇ ਵੈਰੀਆਂ ਨੂੰ ਜਿਊਂਦੀ ਧੰਤੋ ਦੇਣ ਦੀ ਥਾਂ ਉਸ ਦੀ ਲਾਸ਼ ਦੇਣ ਦਾ ਫ਼ੈਸਲਾ ਕਰ ਲਿਆ। ਹਰ ਬੰਦੇ ਲਹੀ, ਜਦ ਜ਼ਿੰਦਗੀ ਦੇ ਬੂਹੇ ਬੰਦ ਕਰ ਦਿੱਤੇ ਜਾਂਦੇ ਹਨ, ਤਦ ਉਸ ਦੇ ਅੰਦਰ ਆਉਣ ਲਈ ਮੌਤ ਆਪਣਾ ਫਾਟਕ ਖੋਲ੍ਹ ਦਿੰਦੀ ਹੈ।
ਪਿੰਡੋਂ ਅੱਧ ਕੁ ਮੀਲ ਉਤੇ ਇਕ ਪੁਲੀ ਆ ਗਈ। ਧੰਤੋ ਨੇ ਗੱਡੀ ਦੇ ਚਾਨਣ ਤੋਂ ਲੁਕਣ ਲਈ ਉਸ ਦੇ ਅੜਤਲੇ ਵਿਚ ਬੈਠਣਾ ਵਧੇਰੇ ਚੰਗਾ ਸਮਝਿਆ। ਭਰੀਆਂ ਅੱਖਾਂ ਨਾਲ ਉਸ ਤਾਰਿਆਂ ਵੱਲ ਤੱਕਿਆ ਤੇ ਫਿਰ ਝਟ ਅੱਖਾਂ ਅੱਗੇ ਹੱਥ ਰੱਖ ਕੇ ਰੋਣ ਲੱਗ ਪਈ। ਰੋਣ ਉਸ ਦੇ ਮਗਰੋਂ ਛੱਜੀਂ ਖਾਰੀਂ ਉਠ ਖਲੋਤਾ ਸੀ। ਅੰਤ ਸਮੇਂ ਉਸ ਨੂੰ ਆਪਣੀ ਮਾਂ ਯਾਦ ਆ ਰਹੀ ਸੀ। ਉਹਦੀ ਮੌਤ ਨਾਲ ਜਿਹੜਾ ਦੁੱਖ ਉਸ ਦੀ ਮਾਂ ਨੂੰ ਹੋਣਾ ਸੀ, ਉਹ ਉਸ ਲਈ ਅਸਹਿ ਸੀ। ਮਾਸੂਮ ਫੱਟੜ ਪੰਛੀ ਵਾਂਗ ਉਸ ਦੇ ਮੋਢੇ ਕੰਬੀ ਜਾ ਰਹੇ ਸਨ। ਉਹ ਇਕ ਦਮ ਤ੍ਰਭਕ ਪਈ ਜਦ ਕਿਸੇ ਨੇ ਉਸ ਦਾ ਮੋਢਾ ਆ ਘੁਟਿਆ, ਤੇ ਉਹ ਝਟ ਵਿਚ ਹੀ ਉਠ ਕੇ ਖਲੋ ਗਈ। ਫਿਰ ਉਸ ਧਾਹ ਮਾਰਦਿਆਂ ਆਖਿਆ :
“ਮਾਂ !” ਉਹ ਹਉਕੇ ਵਿਚ ਡੁੱਬੀ, “ਮੈਂ, ਮੈਂ ਧੀਏ ਪਿੱਛੇ ਕਰਨਾ ਵੀ ਸਾਰੀ ਉਸ ਨੂੰ ਚੰਬੜ ਗਈ। “ਮਾਂ ! ਤੂੰ ਕਿਉਂ ਆਈ ਏਂ ?” ਕੀ ਸੀ।” ਉਸ ਜ਼ੋਰ ਨਾਲ ਧੰਤੋ ਨੂੰ ਘੁੱਟ ਲਿਆ। “ਜਿਹੜੀ ਅੱਜ ਤੱਕ ਤੇਰੇ ਆਸਰੇ ਜਿਊਂਦੀ ਰਹੀ, ਉਹ ਤੇਰੇ ਪਿਛੋਂ ਜ਼ਰੂਰ ਜਿਊਂਦੀ ਰਹੂਗੀ।”
ਤਾਪੀ ਬੀਰੋ ਦੀ ਕਾਹਲੀ ਤੇ ਬਾਰ ਬਾਰ ਆਉਣ ਨੂੰ ਤਾੜਦੀ ਰਹੀ ਸੀ ਅਤੇ ਧੰਤੋ ਦੀ ਲੰਮੀ ਚੁੱਪ ਉਸ ਲਈ ਕਿਸੇ ਕਾਰੇ ਦੀ ਚਿਤਾਵਨੀ ਸੀ। ਉਸ ਅੰਦਰ ਬਾਹਰ ਫਿਰਦੀ ਨੇ ਧੰਤੋ ਦਾ ਹਰ ਤਰ੍ਹਾਂ ਖ਼ਿਆਲ ਰੱਖਿਆ ਸੀ। ਰਸੋਈ ਵਾਲੀ ਹਨੇਰੀ ਕੋਠੜੀ ਵਿਚ ਧੰਤੋ ਨੂੰ ਤਾਪੀ ਵਖਾਈ ਨਹੀਂ ਦਿੱਤੀ ਸੀ ਤੇ ਉਸ ਦੇ ਬਾਰੋਂ ਬਾਹਰ ਪੈਰ ਪਾਉਣ ਦੀ ਹੀ ਦੇਰ ਸੀ ਕਿ ਤਾਪੀ ਉਸ ਦੇ ਪਿਛੇ ਲੱਗ ਤੁਰੀ ਸੀ। ਉਹ ਜਾਨਣਾ ਚਾਹੁੰਦੀ ਸੀ, ਧੰਤੋ ਕਿਸੇ ਨੂੰ ਮਿਲਦੀ ਹੈ ਜਾਂ ਕਿਥੇ ਜਾਂਦੀ ਹੈ ? ਪਰ ਰੇਲ ਦੀ ਲੀਹ ਉਤੇ ਆ ਕੇ ਉਸ ਦੀਆਂ ਖਾਨਿਉਂ ਗਵਾਚ ਗਈਆਂ, ਜਦ ਸਾਹਮਣਿਉਂ ਗੱਡੀ ਵੀ ਆ ਰਹੀ ਸੀ।
“ਮਾਂ ! ਮੈਂ ਹੱਥ ਜੋੜਦੀ ਆਂ, ਤੂੰ ਮੁੜ ਜਾ, ਮੇਰਾ ਨਰਕ ਛੁੱਟ ਜਾਣ ਦੇ।”
“ਮੈਂ ਤੇਰੇ ਨਾਲ ਇਸ ਤੋਂ ਵੀ ਭੈੜਾ ਨਰਕ ਭੋਗ ਸਕਦੀ ਸਾਂ, ਪਰ…।” ਉਸ ਗੱਲ ਵਿਚਕਾਰ ਛੱਡ ਦਿੱਤੀ।
ਗੱਡੀ ਦਾ ਚਾਨਣ ਰੇਲ ਦੀ ਲੀਹ ਉਤੇ ਭਰਪੂਰ ਪੈਣ ਲੱਗ ਪਿਆ ਅਤੇ ਖੜਕਾ ਵੀ ਹਰ ਪਲ ਉੱਚਾ ਹੁੰਦਾ ਜਾ ਰਿਹਾ ਸੀ। ਤਾਪੀ ਧੰਤੋ ਨੂੰ ਛੱਡ ਕੇ ਰੇਲ ਦੀ ਲੀਹ ਨੂੰ ਚੜ੍ਹਨ ਲੱਗ ਪਈ। ਧੰਤੋ ਨੇ ਪਿਛੋਂ ਫੜਦਿਆਂ ਆਖਿਆ :
“ਮਾਂ ! ਇਹ ਕੀ ?”
“ਕੋਈ ਮਾਂ ਧੀ ਨੂੰ ਪਹਿਲਾਂ ਮਰਦਿਆਂ ਨਹੀਂ ਵੇਖ ਸਕਦੀ।”
ਰੇਲ ਦਾ ਖੜਕਾ ਹੋਰ ਉੱਚਾ ਚੜ੍ਹ ਆਇਆ। ਧੰਤੋ ਦੀ ਰਹਿੰਦੀ ਅਕਲ ਵੀ ਮਾਰੀ ਜਾ ਚੁੱਕੀ ਸੀ। ਉਸ ਦੇ ਪੈਰ ਧਰਤੀ ਨਾਲ ਕਿਸੇ ਨੇ ਜਕੜ ਦਿੱਤੇ। ਜਦ ਤਾਪੀ ਰੇਲ ਦੀ ਲੀਹ ਵਿਚਕਾਰ ਖਲੋ ਗਈ, ਤਦ ਹੁਸ਼ਿਆਰ ਡਰਾਈਵਰ ਨੇ ਹੋਰ ਨਾਲ ਸੀਟੀ ਦੱਬ ਦਿੱਤੀ। ਸੀਟੀ ਵਜਣ ਸਾਰ ਧੰਤੋ ਵਿਚ ਬਿਜਲੀ ਦੀ ਫੁਰਤੀ ਆ ਗਈ। ਡਰਾਈਵਰ ਨੇ ਐਤਕੀਂ ਪਹਿਲਾਂ ਨਾਲੋਂ ਕਿਤੇ ਜ਼ੋਰ ਦੀ ਸੀਟੀ ਦਿੱਤੀ, ਜਿਹੜੀ ਸ਼ਾਇਦ ਤਾਪੀ ਨੇ ਸੁਣੀ ਹੀ ਨਹੀਂ ਸੀ।
“ਮਾਂ ! ਮੈਂ ਤੈਨੂੰ ਮਰਦਿਆਂ ਨਹੀਂ ਵੇਖ ਸਕਦੀ।” ਧੰਤੋ ਇਕ ਦਮ ਫਿਸ ਪਈ ਸੀ ਤੇ ਉਸ ਆਪਣੀ ਮਾਂ ਨੂੰ ਗੱਡੀ ਆਉਣ ਤੋਂ ਪਹਿਲਾਂ ਲੀਹ ਤੋਂ ਖਿੱਚ ਲਿਆ। ਤਾਪੀ ਧੰਤੋ ਦੇ ਹੱਥ ਫੜਨ ਨਾਲ ਹੀ ਡਿੱਗ ਪਈ। ਉਹ ਪੱਥਰ ਹੋਈ ਪਈ ਸੀ ਅਤੇ ਧੰਤੋ ਉਸ ਦੇ ਸਾਹਮਣੇ ਕੰਬੀ ਜਾ ਰਹੀ ਸੀ।
ਗੱਡੀ ਇਕ ਵਾਰ ਹੌਲੀ ਹੋ ਕੇ ਰੁਕਦੀ ਰੁਕਦੀ ਅਗਾਂਹ ਹੀ ਲੰਘ ਗਈ।
20
ਲਾਭੇ ਨੂੰ ਸਵੇਰ ਦੀ ਗੱਡੀ ਸੁੱਤੇ ਪਏ ਨੂੰ ਹੀ ਖੁੰਝ ਗਈ। ਗੱਡੀ ਸੂਰਜ ਚੜ੍ਹਨ ਤੋਂ ਪੂਰਾ ਸਵਾ ਘੰਟਾ ਪਹਿਲਾਂ ਆਉਂਦੀ ਸੀ। ਉਸ ਰਾਤੀਂ ਪੈਣ ਲੱਗਿਆਂ ਗੱਡੀ ਤੋਂ ਪਹਿਲਾਂ ਉਠਣ ਦਾ ਮਨ ਬਣਾਇਆ ਸੀ, ਪਰ ਉਸ ਦੀ ਜਾਗ ਉਦੋਂ ਖੁਲ੍ਹੀ, ਜਦ ਰੇਲ ਪਿੰਡ ਵਾਲਾ ਫਾਟਕ ਲੰਘ ਰਹੀ ਸੀ। ਉਹ ਹੜਬੜਾ ਕੇ ਉਠਿਆ, ਸਮਾਂ ਕਿਸੇ ਦੀ ਵੀ ਇੰਤਜ਼ਾਰ ਨਹੀਂ ਕਰਦਾ। ਉਸ ਨੂੰ ਅਫ਼ਸੋਸ ਹੋਇਆ, ਗੱਡੀ ਤਾਂ ਖੁੰਝ ਹੀ ਗਈ ਹੈ, ਹੁਣ ਦੁਪਹਿਰ ਵਾਲੀ ਸਹੀ। ਉਹ ਰਜ਼ਾਈ ਦਾ ਲੜ ਖਿੱਚ ਕੇ ਫਿਰ ਸੌਂ ਗਿਆ।
ਦੂਜੀ ਗੱਡੀ ਦੇ ਆਉਣ ਤੋਂ ਪਹਿਲਾਂ ਹੀ ਨਹਾ ਧੋ, ਸੱਜ-ਸਜਾਅ ਅਤੇ ਰੋਟੀ ਖਾ ਕੇ ਲਾਭਾ ਰੇਲ ਦੇ ਸਟੇਸ਼ਨ ਨੂੰ ਤੁਰ ਪਿਆ। ਜਿਉਂ ਹੀ ਉਹ ਘਰੋਂ ਨਿਕਲਿਆ, ਜਗਨਾ ਬਾਹਮਣ ਸਾਹਮਣਿਉਂ ਨੰਗੇ ਸਿਰ ਉਸ ਦੇ ਮੱਥੇ ਇੱਟ ਵਾਂਗ ਵੱਜਾ। ‘ਕੰਮ ਸੁਆਹ ਬਣਨਾ ਏਂ, ਜਦੋਂ ਝੋਟਾ ਹੀ ਮੱਥੇ ਆ ਲੱਗਾ।”
ਉਸ ਮਨ ਵਿਚ ਬਾਹਮਣ ਨੂੰ ਗਾਲ੍ਹ ਕੱਢੀ, ਪਰ ਕੋਲ ਜਾ ਕੇ ਆਖਿਆ :
“ਮੱਥਾ ਟੇਕਦਾ ਆਂ ਪੰਡਤਾ ! ਤੱਕੜਾ ਏਂ ?”
“ਬੱਲੇ ! ਮਿਹਰਾਂ ਏਂ ਭੋਲੇ ਨਾਥ ਦੀਆਂ, ਤੂੰ ਸੁਣਾ ਸਰਦਾਰਾ ?” ਜਗਨੇ ਨੇ ਕਰੇੜਾ ਭਰੇ ਦੰਦ ਵਿਖਾਉਂਦਿਆਂ ਉੱਤਰ ਦਿੱਤਾ।
“ਹਾਲ ਦੀ ਘੜੀ ਤਾਂ ਪੰਡਤਾ ਚਿੜੀ ਨਹੀਂ ਫੜਕਦੀ।”
“ਆਨੰਦ ਮੰਗਲ ਬਣਾਈ ਰਖੇ ਭਗਵਾਨ !”
ਲਾਭਾ ਆਪੂੰ ਮਾਣ ਇੱਜ਼ਤ ਲੈਣ ਲਈ ਪਹਿਲੋਂ ਵੱਡਿਆਂ ਨੂੰ ਬੁਲਾ ਲਿਆ ਕਰਦਾ ਸੀ, ਇਸ ਤਰ੍ਹਾਂ ਉਹ ਹਰਮਨ ਪਿਆਰਾ ਹੋਣ ਦਾ ਵੀ ਯਤਨ ਕਰਦਾ ਸੀ। ਬਘੇਰੇ ਦੀ ਥਾਂ ਨਹੱਕੀ ਜੇਲ੍ਹ 2 ਕੇ ਲੋਕਾਂ ਦੀਆਂ ਨਜ਼ਰਾਂ ਉਸ ਆਪਣੇ ਵੱਲ ਖਿੱਚ ਲਈਆਂ ਸਨ। ਬਹੁਤਾ ਝੋਰਾ ਉਸ ਨੂੰ ਆਪਣੇ ਮੈਨੂੰ ਰੰਗ ਦਾ ਸੀ। ਇਸ ਝੋਰੇ ਨੂੰ ਉਸ ਹੱਦੋਂ ਵੱਧ ਸਫ਼ਾਈ ਰੱਖ ਕੇ ਅਤੇ ਵਧੀਆ ਕਪੜੇ ਪਾ ਕੇ ਢੱਕਣ ਦਾ ਪੂਰਾ ਟਿੱਲ ਲਾਇਆ ਸੀ। ਲੋਕਾਂ ਤੇ ਖ਼ਾਸ ਕਰ ਜ਼ਨਾਨੀਆਂ ਦੀਆਂ ਤੱਕਾਂ ਵਿਚ ਉਹ ਘੱਟ ? ਘੱਟ ਜੱਚਦਾ ਜੱਚਦਾ ਜ਼ਰੂਰ ਰਹਿਣਾ ਚਾਹੁੰਦਾ ਸੀ। ਆਪੇ ਨੂੰ ਸਾਂਭ ਸੁਆਰ ਕੇ ਏਥੋਂ ਤੱਕ ਰੱਖਦਾ ਸੀ ਕਿ ਜੁੱਤੀ ਤਕ ਨੂੰ ਚਹੁ ਨਹੀਂ ਪੈਣ ਦੇਂਦਾ ਸੀ। ਮੂੰਹ ਵੇਖਣ ਅਤੇ ਮੁੱਛਾਂ ਨੂੰ ਕੁੰਢ ਪਾ ਕੇ ਰੱਖਣ ਲਈ ਉਹ ਹਮੇਸ਼ਾ ਛੋਟਾ ਜਿਹਾ ਸ਼ੀਸ਼ਾ ਆਪਣੇ ਬਟੂਏ ਵਿਚ ਪਾਈ ਰੱਖਦਾ। ਲਹੂ ਉਸ ਵਿਚ ਸੀ, ਪਰ ਵਿਤੋਂ ਉਹ ਥੋੜਾ ਪਤਲਾ ਤੇ ਹੱਦੋਂ ਵੱਧ ਫੁਰਤੀਲਾ ਸੀ। ਖ਼ੂਬਸੂਰਤ ਭਾਵੇਂ ਉਹ ਨਹੀਂ ਸੀ, ਪਰ ਹੁਣ ਉਹ ਸਿਰਕੱਢ ਵੈਲੀ ਪਹਿਲਾਂ ਤੇ ਗੱਭਰੂ ਪਿਛੋਂ ਸੀ।
ਸਟੇਸ਼ਨ ਦੇ ਬੈਂਚ ਉਤੇ ਬੈਠਾ ਉਹ ਵਿਹਲੇ ਸਮੇਂ ਵਿਚ ਆਦਤ ਅਨੁਸਾਰ ਮੁੱਛਾਂ ਮਰੋੜਦਾ ਰਿਹਾ ਅਤੇ ਗੱਡੀ ਵਿਚ ਪੱਗ ਦੇ ਪੇਚ ਠੀਕ ਕਰਦਾ ਰਿਹਾ, ਪਰ ਪੱਗ ਉਸ ਤੋਂ ਦਿਲ ਦੀ ਰੀਝ ਅਨੁਸਾਰ ਕਦੇ ਚੰਗੀ ਨਹੀਂ ਬੱਝੀ ਸੀ। ਉਸ ਦਾ ਸ਼ਮਲਾ ਹਮੇਸ਼ਾ ਧੋਣ ਵੱਲ ਨੂੰ ਡਿੱਗਿਆ ਰਹਿੰਦਾ ਸੀ। ਹੈਂਕੜ ਨਾਲ ਰਹਿਣਾ ਉਹ ਆਪਣਾ ਜੱਟਪਨ ਤੇ ਟੌਅਰ ਵਿਚ ਰਹਿਣਾ ਵੈਲੀਆਂ ਵਾਲੀ ਸ਼ਾਨ ਸਮਝਦਾ मी।
ਜਗਰਾਉਂ ਸ਼ਹਿਰ ਵਿਚ ਉਸ ਘੰਟਾ ਭਰ ਐਵੇਂ ਹੀ ਗਾਲ ਸੁੱਟਿਆ। ਉਸ ਇਕ ਚਾਹ ਦੇ ਹੋਟਲ ਉਤੇ ਇਕ ਸੱਜ-ਵਿਆਹੇ ਜੋੜੇ ਨੂੰ ਚਾਹ ਪੀਂਦਿਆਂ ਵੇਖਿਆ। ਕੁੜੀ ਦੇ ਗੁਲਾਬੀ-ਰੰਗ ਨੇ ਉਸ ਨੂੰ ਪਹਿਲੀ ਤੱਕਣੀ ਵਿਚ ਹੀ ਨਸ਼ਿਆ ਸੁੱਟਿਆ ਸੀ। ਉਸ ਦੀਆਂ ਪਿੱਪਲ-ਪੱਤੀਆਂ ਦੇ ਝਲਕਾਰਿਆਂ ਨੇ ਉਸ ਨੂੰ ਚਾਰ ਦੁਕਾਨਾਂ ਤੋਂ ਪਿੱਛੇ ਮੋੜ ਲਿਆ। ਉਹ ਹੋਟਲ ਵਾਲੇ ਭਾਈ ਨੂੰ ਚਾਹ ਬਣਾਉਣ ਲਈ ਕਹਿ ਕੇ ਕੁਰਸੀ ਮੱਲ ਬੈਠਾ। ਉਹ ਜਾਣ ਕੇ ਕੁੜੀ ਨੂੰ ਸਾਹਮਣਾ ਹੋ ਕੇ ਦੂਜੀ ਮੇਜ ਉਤੇ ਬੈਠਾ ਸੀ। ਮੁੱਛਾਂ ‘ਤੇ ਹੱਥ ਫੇਰਨੋਂ ਅਤੇ ਹੋਟਲ ਦੀ ਕੰਧ ਵਾਲੇ ਸ਼ੀਸ਼ੇ ਵਿਚ ਉਹ ਆਪਣਾ ਆਪ ਵੇਖਣੋਂ ਨਾ ਰਹਿ ਸਕਿਆ : ਕੁੜੀ ਨੂੰ ਉਸ ਦੀ ਝਾਕਣੀ ਸਾਊ ਨਾ ਜਾਪੀ। ਉਸ ਉਪਦੇ ਵਲੋਂ ਮੂੰਹ ਫੇਰ ਲਿਆ।
“ਅਸੀਂ ਤਾਂ ਅੱਗੇ ਈ ਬਲੇ ਪਏ ਆਂ।” ਲਾਭੇ ਅੰਦਰੋਂ ਇਕ ਚੀਸ ਉਠ ਖਲੋਤੀ ਅਤੇ ਉਹ ਆਪਣੀ ਹੱਤਕ ਵਿਚ ਵਿਹੁ ਘੋਲ ਗਿਆ।
ਜਦ ਉਹ ਜਗਰਾਉਂ ਲੰਘ ਕੇ ਸੂਏ ਦੇ ਪੁੱਲ ਉਤੇ ਗਿਆ, ਉਸ ਦਾ ਯਾਰ ਨਛੱਤਰ ਅਤੇ ਉਸ ਦਾ ਸਾਥੀ ਬਚਨਾ ਸ਼ਹਿਰ ਨੂੰ ਤੁਰੇ ਆ ਰਹੇ ਸਨ। ਬਚਨੇ ਦੇ ਹੱਥ ਵਿਚ ਸੂਏ ਵਾਲਾ ਖੂੰਡਾ ਸੀ ਅਤੇ ਨਛੱਤਰ ਬਰਾਬਰ ਬੈਂਤ ਦੀ ਛਿਟੀ ਘੁਮਾਉਂਦਾ ਆ ਰਿਹਾ ਸੀ। ਉਹ ਤੀਹਾਂ ਵਿਚ ਸੁਨੱਖਾ ਗੱਭਰੂ ਅਤੇ ਬਚਨਾ ਪੈਂਤੀਆਂ ਵਿਚ ਹੀ ਪਕਰੋੜ ਜਾਪਦਾ ਸੀ। ਨਛੱਤਰ ਨੇ ਲਾਭੇ ਦੀ ਲਹਿਰੀਆ ਚਾਲ ਦੂਰੋਂ ਪਛਾਣ ਲਈ। ਜਦ ਲਾਭਾ ਨੇੜੇ ਆ ਗਿਆ, ਤਦ ਉਸ ਹੱਸਦਿਆਂ ਬਚਨੇ ਨੂੰ ਆਖਿਆ :
“ਬਚਨਿਆ ! ਬੱਦਲ ਚੜ੍ਹਿਆ ਆਉਂਦਾ ਏ।” ਅਸਲ ਵਿਚ ਉਸ ਲਾਭੇ ਦੇ ਰੰਗ ਨੂੰ ਸੁਣਾ ਕੇ ਚੋਟ ਮਾਰੀ ਸੀ।
“ਤੂੰ ਜਾਣ ਏਸ ਗੱਲ ਨੂੰ, ਆਪਣੀ ਜੇਲ੍ਹ ਵਿਚ ਵੀ ਏਸੇ ਗੱਲੋਂ ਖੜਕਦੀ ਹੁੰਦੀ ਸੀ।” ਲਾਭੇ ਨੇ ਸਤਿ ਸ੍ਰੀ ਅਕਾਲ ਬੁਲਾਉਂਦਿਆਂ ਦੋਹਾਂ ਨਾਲ ਹੱਥ ਮਿਲਾਏ।
“ਮੈਂ ਤਾਂ ਕੋਰ ਫ਼ਸਲਾਂ ਵਾਸਤੇ ਕਿਹਾ ਸੀ, ਜੇ ਬੱਦਲਾ ਵਰ੍ਹੇ ਜਾਵੇਂ, ਲੋਹੜੀ ਉਤੇ ਜਾ ਪੈਣ।” ਨਛੱਤਰ ਨੇ ਜਾਣ ਕੇ ਚੁਸਤੀ ਵਰਤੀ। “ਵੇਖੇਂ ਵੀ ਨਾ ਬਾਈ ! ਹੁਣ ਤਿੱਖਾ ਬਣਦਾ ਏ।” ਬਚਨੇ ਨੇ ਵੀ ਲਾਭੇ ਨੂੰ ਲਾਗ ਦੇ ਕੇ ਚਮਕਾਉਣਾ ਚਾਹਿਆ। “ਜੇ ਕੋਈ ਰੰਨ ਕੋਲ ਦੀ ਲੰਘਦੀ ਹੁੰਦੀ, ਤੈਨੂੰ ਤਾਂ ਸਿਫ਼ਰ ਈ ਕਰ ਦਿੱਤਾ ਸੀ ਨਾ।”
“ਤੁਸੀਂ ਕਾਉਂਕਿਆਂ ਵਾਲਿਓ ਜਾਣ ਦਿਓ ਇਹਨਾਂ ਜੁਸਤੀਆਂ ਨੂੰ, ਅੱਜ ਦੀ ਘੜੀ ਹਰੇਕ ਸੇਰ ਅੰਨ ਖਾਂਦਾ ਏ।” ਲਾਭੇ ਸਮਝਿਆ, ਮੈਂ ਦੋਹਾਂ ਦੀਆਂ ਚੋਟਾਂ ਦੇ ਸੰਨ੍ਹ ਆ ਗਿਆ ਹਾਂ।
“ਸੁਣਾ ਕਿਵੇਂ ਐ ?” ਨਛੱਤਰ ਨੇ ਉਸ ਦਾ ਹਾਲ ਪੁੱਛਿਆ।
“ਮੈਂ ਥੋਡੇ ਵੱਲ ਨੂੰ ਧਾ ਕੇ ਆਇਆ ਸੀ, ਤੁਸੀਂ ਪਿੰਡੋਂ ਨਿਕਲੇ ਜਾਂਦੇ ਓ।”
“ਅਸੀਂ ਘਰ ਤਾਂ ਨਹੀਂ ਚੁੱਕ ਲਿਆਏ।” ਬਚਨੇ ਨੇ ਪਾਸਾ ਵਟਦਿਆਂ ਛਿੱਕ ਮਾਰੀ।
“ਆ ਸ਼ਹਿਰ ਨੂੰ ਚਲਦੇ ਆਂ, ਕਪਾਹ ਦਾ ਗੱਡਾ ਮੰਡੀ ਗਿਆ ਏ, ਮੁੜ ਆਵਾਂਗੇ ਆਥਣੇ।” ਨਛੱਤਰ ਨੇ ਲਾਭੇ ਦਾ ਹੱਥ ਫੜਦਿਆਂ ਮੋੜਨ ਦੀ ਨੀਅਤ ਨਾਲ ਆਖਿਆ।
“ਐਥੇ ਪਹਿਲਾਂ ਮੇਰੀ ਗੱਲ ਸੁਣ ਲਵੋ, ਮੈਨੂੰ ਤਾਂ ਪਹਿਲਾਂ ਹੀ ਚਿਰ ਲੱਗ ਗਿਆ ਏ।” ਲਾਭੇ ਨੇ ਆਪਣੀ ਸਫ਼ਾਈ ਪੇਸ਼ ਕੀਤੀ ਅਤੇ ਉਹ ਵਿਹਰ ਕੇ ਪੁੱਲ ਦੀ ਕੰਧ ਉਤੇ ਬਹਿ ਗਿਆ।
“ਚੰਗਾ, ਤੂੰ ਆਪਣੀ ਪਹਿਲਾਂ ਸੁਣਾ ਲੈ।” ਨਛੱਤਰ ਨੇ ਜਾਣ ਕੇ ਆਪਣੀ ਬੈਂਤ ਦਾ ਲਿਬੜਿਆ ਸਿਰਾ ਲਾਭੇ ਦੀ ਜੁੱਤੀ ਵਿਚ ਖੋਭ ਦਿੱਤਾ।
“ਆਹ ਜੁੱਤੀ ਬਾਈ ਨੂੰ ਆਹਨਾਂ, ਸਿੱਧ ਟਕੂਏ ਵਰਗੀ ਕਿਥੋਂ ਸੁਆਈ ਏ ?”
“ਤੂੰ ਹੁੱਜਤਾਂ ਨਾਲ ਕਰ।” ਲਾਭੇ ਨੇ ਝਟ ਪੈਰ ਚੁੱਕ ਲਿਆ ਅਤੇ ਜੁੱਤੀ ਨੂੰ ਦੁਪੱਟਾ ਫੇਰ ਕੇ ਸਾਫ਼ ਕਰ ਲਿਆ।
“ਕਿਉਂ ਬਚਨਿਆ ! ਦਾਗ਼ ਪੈਣ ਦਿੰਦਾ ਏ ਕਿਤੇ। ਦਿਨ ਤਾਂ ਇਹ ਲੈਂਦਾ ਏ, ਆਪਾਂ ਸਾਲਿਆ ਭੱਠ ਝੋਕਦੇ ਆਂ।”
“ਥੋਨੂੰ ਆਉਂਦੀਆਂ ਨੇ ਗੱਲਾਂ।” ਲਾਭੇ ਨੇ ਨਛੱਤਰ ਦੀ ਗੱਲ ਵਿਚਕਾਰੋਂ ਹੀ ਫੜ ਲਈ। “ਜੈਦਾਤਾਂ ਖੁਲ੍ਹੀਆਂ ਏਂ, ਨਹਿਰ ਖੁੱਲ੍ਹੀ ਪੈਂਦੀ ਐ, ਹਜ਼ਾਰ ਪੰਦਰਾਂ ਸੌ ਕੀ ਕਪਾਹ ਹੀ ਹੱਥ ‘ਤੇ ਹੱਥ ਮਾਰ ਕੇ ਕਰ ਲੈਂਦੇ ਓ, ਤੁਹਾਨੂੰ ਗੱਲਾਂ ਆਉਣ ਨਾ। ਅਸੀਂ ਢੱਗੇ ਕੁੱਟਦੇ ਮਰ ਜਾਂਦੇ ਆਂ।” ਉਸ ਆਪਣੀ ਤੇ ਉਹਨਾਂ ਦੀ ਆਰਥਕ ਹਾਲਤ ਨੂੰ ਤੋਲਦਿਆਂ ਆਖਿਆ।
“ਵੇਖੇਂ ਵੀ ਨਾ, ਤੂੰ ਤਾਂ ਸਾਰੀ ਰਾਤ ਨਹੀਂ ਹਲਟ ਹੱਕਣੋਂ ਹਟਦਾ।” ਬਚਨੇ ਨੇ ਵੀ ਵਿਰਲ ਲੱਭ ਕੇ ਫਾਨੀ, ਲਾ ਦਿੱਤੀ।
“ਮਖ਼ੌਲ ਨਹੀਂ ਕਰਦਾ, ਸਾਡੇ ਤਾਂ ਹੁਣ ਰਾਤਾਂ ਨੂੰ ਵੀ ਖੂਹ ਜੁਤਦੇ ਐ, ਕਣਕ ਤਾਂ ਉਖੜੀ ਜਾਂਦੀ ਐ।”
“ਤੂੰ ਗੱਲ ਕੀ ਕਰਨਾ ਲੱਗਾ ਸੀ ?” ਨਛੱਤਰ ਨੇ ਮੰਡੀ ਦੀ ਤਾਂਘ ਕਰਦਿਆਂ ਪੁੱਛਿਆ।
“ਗੱਲ ਇਹ ਐ ਭਰਾਵੋ ! ਸਾਡੇ ਪਿੰਡ ਦੀ ਮਹਿਰੀ ਥੋਡੇ ਆਉਣ ਨੂੰ ਫਿਰਦੀ ਏ…….’
“ਕਿਹੜੀ ?” ਬਚਨੇ ਨੇ ਕਾਹਲੀ ਵਿਚ ਲਾਭੇ ਦੀ ਗੱਲ ਮੂੰਹੋਂ ਬੋਚ ਲਈ।
“ਓਹੀ ਥੋਡੇ ਮੋਦਨ ਵਾਲ਼ੀ।”
“ਆਹੋ ਉਹ ਮੋਦਨ ਨੂੰ ਤਾਂ ਮੰਗੀ ਵੀ ਏ, ਤੁਹਾਡੀ ਸਲਾਹ ਪਿੰਡ ਰੱਖ ਲੈਣ ਦੀ ਐ।” ਨਛੱਤਰ ਵਿਅੰਗ ਮਾਰ ਕੇ ਹੱਸ ਪਿਆ।
“ਇਉਂ ਤੁਸੀਂ ਸਾਡੀ ਮਰਜ਼ੀ ਬਿਨਾਂ ਕਿਵੇਂ ਲੈ ਆਓਗੇ।” ਲਾਭੇ ਦੀ ਅਣਖ ਚਿੜ ਖਲੋਤੀ॥ ਅਸੀਂ ਆਪਣੀ ਚੀਜ਼ ਸੱਤਾਂ ਕਿਲ੍ਹਿਆਂ ਵਿਚੋਂ ਕੱਢ ਲਿਆਵਾਂਗੇ।”
“ਅਗਾਂਹ ਵੀ ਬਾਈ ਬੰਦੇ ਐ।” ਲਾਂਭੇ ਨੇ ਹਿੱਕ ਥਾਪੜ ਕੇ ਜਬਾ ਵਿਖਾਇਆ।
“ਬਾਈ ਨੂੰ ਆਂਹਨਾਂ, ਸਰਦ ਦੀ ਇੱਟ ਇੱਟ ਹੁੰਦੀ ਵੇਖੀਂ।” ਨਛੱਤਰ ਲਾਭੇ ਉਤੇ ਇਕ ਤਰ੍ਹਾਂ ਚੜ੍ਹ ਗਿਆ ਸੀ।
“ਉਹ ਵਛੇਰੀ ਤੁਹਾਡੇ ਬਿਨਾਂ ਹੀ ਕੰਡਿਆਲੇ ਚੱਬਦੀ ਐ।” ਲਾਭੇ ਨੇ ਗੱਲ ਅੱਗੇ ਤੋਰੀ। “ਉਹ ਪਿਉ ਪੈਸੇ ਵਟਣ ਨੂੰ ਫਿਰਦਾ ਏ ਤੇ ਉਹ ਆਂਹਦੀ ਏ, ਉਹ ਕਿਹੜੀ ਘੜੀ ਐ, ਜਦੋਂ ਮੋਦਨ ਦੇ ਆ ਵਸਾਂ।”
“ਆਪਾਂ ਮਰੇ ਆਂ, ਪੈਸੇ ਆਪਾਂ ਤੋਂ ਨਹੀਂ ਵੱਟੀਦੇ।” ਬਚਨਾ ਆਪਣੀ ਵੈਲਦਾਰੀ ਵੱਲ ਨੂੰ ਤਿੱਖਾ ਹੋ ਤੁਰਿਆ।
“ਇਹ ਗੱਲ ਨਹੀਂ ਹੋਣੀ ਬਚਨਿਆ !” ਲਾਭਾ ਰੜਕਵੀਂ ਤਰ੍ਹਾਂ ਕਹਿ ਗਿਆ। “ਓਥੇ ਆਥਣ ਸਵੇਰੇ ਈ ਗੋਂਦ ਗੰਦੀ ਜਾਣੀ ਏਂ, ਮੈਂ ਤਾਂ ਮੋਦਨ ਨੂੰ ਲੈ ਕੇ ਈ ਮੁੜ ਜਾਣਾ ਏਂ।”
“ਐਡੀ ਛੇਤੀ !” ਨਛੱਤਰ ਹੈਰਾਨੀ ਵਿਚ ਸੋਚਣ ਲੱਗ ਪਿਆ। “ਕੱਲੇ ਨੂੰ ਲਿਜਾਣਾ ਠੀਕ ਰਹੇਗਾ ? ਜੇ ਵਾਅਰ ਨੇ ਆ ਦੱਬੇ ? ਮੋਦਨ ਮੁੰਡਾ ਆਪਣਾ ਈ ਏਂ, ਉਸ ਮੇਰਾ ਖੂਹ ਲਾਹਿਆ ਸੀ, ਉਦੋਂ ਦੀ ਤਾਂ ਉਸ ਨਾਲ ਬਹੁਤੀ ਸੰਘਣੀ ਹੋ ਗਈ ਏ। ਤੇਰੀ ਮਹਿਰੀ ਨਾਲ ਕਿਵੇਂ ਬੋਲ ਬਾਣੀ ਹੋ ਗਈ ?”
“ਕਿਵੇਂ ਹੋ ਗਈ ਤੂੰ ਇਹ ਗੱਲ ਛੱਡ।” ਲਾਭਾ ਬੀਰੋ ਦੇ ਜਮਾਦਾਰਨੀ ਹੋਣ ਕਰ ਕੇ ਯਾਰੀ ਲੁਕਾਉਂਦਾ ਸੀ। ਉਹ ਜਾਣਦਾ ਸੀ, ਜੇ ਇਹਨਾਂ ਨੂੰ ਪਤਾ ਲੱਗ ਗਿਆ, ਮੈਨੂੰ ਪੂਰਾ ਠਿੱਠ ਕਰਨਗੇ ਅਤੇ ਕਿਸੇ ਥਾਂ ਖਲੋਣ ਜੋਗਾ ਨਹੀਂ ਛੱਡਣਾ।
“ਜੇ ਮੋਦਨ ਥੋਡਾ ਬੰਦਾ ਏ, ਤਾਂ ਸਿਧੇ ਹੋ ਕੇ ਉਹਦੀ ਮਦਦ ਕਰੋ, ਉਥੋਂ ਸੁਖ-ਸਾਂਦ ਨਾਲ ਤੋਰਨਾ ਮੇਰਾ ਜੁੰਮਾ।”
“ਵੇਖੇਂ ਵੀ ਨਾ, ਤੈਨੂੰ ਨਾਲ ਨਾ ਰੱਖਾਂਗੇ।” ਬਚਨੇ ਨੇ ਪਰਚਾ ਹੋ ਜਾਣ ਦੀ ਸੂਰਤ ਵਿਚ ਇਕੱਠਿਆਂ ਤਾਰੀਖ਼ਾਂ ਭੁਗਤਾਨ ਦਾ ਪੱਖ ਵੀ ਝੱਟ ਹੀ ਸੋਚ ਲਿਆ।
“ਤੁਸੀਂ ਰਹੋ ਘਰ ਜਨਾਨਿਓ ! ਮੋਦਨ ਮੈਨੂੰ ਦੇ ਦਿਉ, ਮਹਿਰੀ ਤੁਹਾਡੀ ਪਿੰਡ ਵਿਚ ਵਾੜ ਜਾਵਾਂਗਾ, ਸਾਲੇ ਵੱਡੇ ਬਦਮਾਸ਼ !” ਲਾਭੇ ਨੇ ਉਹਨਾਂ ਦੇ ਦਿਲ ਜੇਰੇ ਨੂੰ ਤਾਹਨਾ ਮਾਰਿਆ।
“ਤੂੰ ਇਉਂ ਕਰ ਬਾਈ ਲਾਭ ! ਆਪਾਂ ਦੋਵੇਂ ਚਲਦੇ ਆਂ ਮੰਡੀ ਨੂੰ, ਕਪਾਹ ਦਾ ਗੱਡਾ ਵੇਚ ਆਈਏ।” ਨਛੱਤਰ ਨੇ ਵਿਉਂਤ ਸਮਝਾਈ। “ਬਚਨੇ ਨੂੰ ਪਿੰਡ ਨੂੰ ਮੋੜ ਦਿੰਦੇ ਆਂ……।”
“ਕਿਉਂ ਮੈਥੋਂ ਖੋਤੀ ਨੂੰ ਹੱਥ ਲੱਗ ਗਿਆ, ਮੈਂ ਕਿਉਂ ਪਿੰਡ ਨੂੰ ਜਾਵਾਂ।” ਬਚਨਾ ਨਛੱਤਰ ਦੀ ਵਿਚਕਾਰੋਂ ਹੀ ਗੱਲ ਕੱਟ ਗਿਆ।
“ਤੂੰ ਠਹਿਰ ਓ ਕਾਹਲਿਆ।” ਨਛੱਤਰ ਨੇ ਹੱਥ ਉੱਚਾ ਚੁੱਕ ਕੇ ਬਚਨੇ ਨੂੰ ਸਮਝਾਇਆ। “ਮੇਰੀ ਬੰਦੂਕ ਝੰਡਿਆਣੇ ਗਈ ਏ, ਤੂੰ ਉਥੋਂ ਲੈ ਆ ਤੇ ਜਾਂਦਾ ਜਾਂਦਾ ਘਰ ਮੋਦਨ ਨੂੰ ਗੱਲ ਸਮਝਾ ਜਾਵੀਂ।”
“ਊਂ ਥੋੜੀ ਮਰਜ਼ੀ ਐ, ਮੇਰੀ ਨਾਂਹ ਨਹੀਂ, ਪਰ ਉਹਨਾਂ ਨੇ ਬਹੁਤ ਤਗੀਦ ਕਰ ਕੇ ਘਲਿਆ ਏ।” ਲਾਭੇ ਨੂੰ ਜਾਪਿਆ ਸੀ, ਜਿਵੇਂ ਬੀਰੋ ਦੀਆਂ ਅੱਖਾਂ ਥਾਣੇਦਾਰਨੀ ਵਾਂਗ ਘੂਰੀ ਪਾਈ ਝਾਕ ਰਹੀਆਂ ਹਨ।
“ਨਾ ਵੇਖੇਂ ਵੀ, ਲੈ ਕੇ ਤਾਂ ਮੈਨੂੰ ਸ਼ਹਿਰ ਨੂੰ ਤੁਰਿਆ ਸੀ, ਹੁਣ ਝੰਡਿਆਣੇ ਦੇ ਵਾਹਣ ਭੰਨਾਉਂਦਾ ਏਂ, ਮੇਰੀ ਤਾਂ ‘ਫ਼ੀਮ ਵੀ ਮੁਕੀ ਐ !!”
ਅਸਲ ਵਿਚ ਬਚਨਾ ਜਾਣਾ ਨਹੀਂ ਚਾਹੁੰਦਾ ਸੀ। ਉਸ ਦਾ ਮਤਲਬ ਸੀ, ਰੰਨ ਕਿਸੇ ਦੀ, ਲਿਆਉਣੀ ਕਿਸੇ ਨੇ, ਯਾਰੀ ਦਾ ਅਹਿਸਾਨ ਕਿਸੇ ਦਾ, ਮੈਂ ਕੋਲਿਆਂ ਦੀ ਦਲਾਲੀ ਵਿਚੋਂ ਕੀ ਖੱਟਣਾ ਏਂ, ਜੇ ਰਾਹ ਬੰਨੇ ਕਿਤੇ ਬੰਦੂਕ ਫੜੀ ਗਈ, ਸਾਲ ਖੰਡ ਦੀ ਸਜ਼ਾ ਗਲ ਪੁਆਵਾਂਗਾ, ਇਹ ਕਿਧਰਲੀ ਬੁਰਿਆਈ ਹੈ।
“ਆਹ ਫੜ ਦੋ ਰੁਪਈਏ, ਰਾਹ ‘ਚ ਕਿਸੇ ਪਿੰਡੋਂ ਮਰ ਲੀਂ।” ਨਛੱਤਰ ਨੇ ਦੋ ਰੁਪਏ ਦਾ ਨੋਟ ਕੱਢ ਕੇ ਪਿਛਾਂਹ ਨੂੰ ਖਿਸਕਦੇ ਬਚਨੇ ਦੀ ਮੁੱਠ ਵਿਚ ਦੇ ਦਿੱਤਾ। “ਅਮਲੀਆ! ਇਉਂ ਨਾ ਭੈੜਾ ਪੈ, ਆਪਾਂ ਆਏ ਬਾਈ ਦੀ ਰੱਖਣੀ ਏਂ।” ਨਛੱਤਰ ਨੇ ਲਾਭੇ ਨੂੰ ਜਾਣ ਕੇ ਤੀਰ-ਕਾਨੀ ਮਾਰੀ।
“ਸਾਲੇ ਬਾਈ ਦੇ ! ਹਸਾਨ ਮੇਰੇ ਸਿਰ ਦਿੰਦੇ ਐ। ਨੱਕ ਤਾਂ ਬੱਚੂ ਥੋਡਾ ਵਢੀਦਾ ਏ, ਜੇ ਮੰਗ ਕੋਈ ਹੋਰ ਲੈ ਗਿਆ।” ਲਾਭਾ ਵੀ ਅੱਗੋਂ ਘੱਟ ਨਹੀਂ ਸੀ।
ਨਛੱਤਰ ਲਾਭੇ ਦੀ ਗੱਲ ਉਤੇ ਹੱਸ ਪਿਆ। ਉਸ ਬਚਨੇ ਦਾ ਮੋਢਾ ਫੜ ਕੇ ਹਲੂਣਿਆ। ਅਮਲੀ ਕੋਲੋਂ ਉਸ ਦੇ ਸਾਥੀ ਯਾਰ ਦੇ ਜ਼ੋਰ ਜਿੰਨਾ ਮਰਜ਼ੀ ਕੰਮ ਲੈ ਲੈਣ, ਪਰ ਉਹ ਕਿਸੇ ਤਰ੍ਹਾਂ ਦੇ ਤਿੱਖਪੁਣੇ ਨੂੰ ਕੱਖ ਦਵਾਲ ਨਹੀਂ ਸੀ। ਉਹ ਮਨ ਮਾਰ ਕੇ ਪਿੰਡ ਨੂੰ ਤੁਰ ਪਿਆ ਅਤੇ ਲਾਭਾ ਤੇ ਨਛੱਤਰ ਮੰਡੀ ਨੂੰ ਚੱਲ ਪਏ।
ਜਦੋਂ ਉਹ ਮੰਡੀ ਆਏ, ਤਿੰਨ ਵੱਜ ਗਏ ਸਨ। ਨਛੱਤਰ ਨੂੰ ਆਪਣੀ ਸੀਰੀ ਜਮਾਦਾਰ ਤੋਂ ਪਤਾ ਲੱਗਾ ਕਿ ਕਪਾਹ ਦੀ ਬੋਲੀ ਹੋ ਚੁੱਕੀ ਹੈ। ਉਸ ਸੀਰੀ ਨੂੰ ਗੱਡਾ ਹਕਾ ਕੇ ਘਰ ਨੂੰ ਤੋਰ ਦਿੱਤਾ ਅਤੇ ਆੜ੍ਹਤੀਆਂ ਨੂੰ ਛੇਤੀ ਤੋਲ ਲਾਉਣ ਲਈ ਜਟਕੇ ਤਾਂਸੇ ਮਾਰਨ ਲੱਗ ਪਿਆ। ਤੋਲ ਆੜ੍ਹਤੀਆਂ ਦੇ ਵਸ ਦਾ ਰੋਗ ਨਹੀਂ ਸੀ। ਖ਼ਰੀਦਾਰ ਵਪਾਰੀ ਦਾ ਬੰਦਾ ਆਏ ਬਿਨਾਂ ਤੋਲ ਨਹੀਂ ਲੱਗ ਸਕਦਾ ਸੀ। ਉਹਨਾਂ ਦੋਹਾਂ ਨੂੰ ਸ਼ਹਿਰ ਵਿਚ ਫਿਰਦਿਆਂ ਤੇ ਚਾਹ ਪੀਂਦਿਆਂ ਦਿਨ ਛਿਪ ਗਿਆ। ਜਦ ਤੋਲ ਖ਼ਤਮ ਹੋਇਆ, ਡੂੰਘਾ ਹਨੇਰਾ ਪੈ ਚੁੱਕਾ ਸੀ।
ਅੰਨ੍ਹੇਰਾ ਪੈ ਜਾਣ ਕਾਰਨ ਨਛੱਤਰ ਨੇ ਪਿੰਡ ਨੂੰ ਜਾਣਾ ਠੀਕ ਨਾ ਸਮਝਿਆ। ਕਿਉਂਕਿ ਦੋ ਸਾਲ ਹੋਏ, ਜਿਨ੍ਹਾਂ ਦਾ ਉਸ ਬੰਦਾ ਮਾਰਿਆ ਸੀ, ਉਹ ਵੀ ਇਸ ਨੂੰ ਟੁਕ ਦੇਣ ਨੂੰ ਫਿਰਦੇ ਸਨ, ਪਰ ਨਛੱਤਰ ਉਹਨਾਂ ਦਾ ਵਸਾਹ ਨਹੀਂ ਖਾਂਦਾ ਸੀ। ਅੱਜ ਵੀ ਉਹ ਏਹੀ ਸੋਚਦਾ ਸੀ ਕਿ ਮੇਰੇ ਕਪਾਹ ਦਾ ਵੱਡਾ ਲੈ ਕੇ ਆਏ ਦਾ ਦੁਸ਼ਮਣਾਂ ਨੂੰ ਪਤਾ ਏ, ਖ਼ਬਰੇ ਰਾਹ ਹੀ ਮੱਲੀ ਬੈਠੇ ਹੋਣ। ਇਸ ਲਈ ਉਸ ਜਾਣਾ ਠੀਕ ਨਾ ਸਮਝਿਆ। ਲਾਭਾ ਪਿੰਡ ਨੂੰ ਜਾਣ ਦੀ ਕਾਹਲ ਕਰਦਾ ਸੀ, ਪਰ ਨਛੱਤਰ ਨੇ ਠੇਕੇ ਦੀ ਬੋਤਲ ਲੈ ਕੇ ਉਸ ਨੂੰ ਲਾਰੇ ਲਾ ਲਿਆ।
ਉਹ ਆੜ੍ਹਤੀਆਂ ਦੀ ਹੱਟੀ ਵਿਚ ਪੀਂਦੇ ਰਹੇ ਅਤੇ ਉਹਨਾਂ ਨੂੰ ਲੁਟੇਰੇ ਕਹਿ ਕਹਿ ਗਾਲ੍ਹਾਂ ਵੀ ਦਿੰਦੇ ਰਹੇ। ਆੜ੍ਹਤੀਏ ਅੱਗੋਂ ਹੱਸਦੇ ਕਹਿ ਰਹੇ ਸਨ ਕਿ ਤੁਸੀਂ ਗਾਲ੍ਹਾਂ ਉਂਜ ਹੀ ਕੱਢ ਲੈਂਦੇ, ਬੋਤਲ ਉਤੇ ਦਸ ਰੁਪਏ ਕਾਹਨੂੰ ਪੁੱਟਣੇ ਸਨ। ਫਿਰ ਉਹਨਾਂ ਹੋਟਲ ਵਾਲੇ ਦੇ ਅੜ੍ਹਬ ਬੋਲਣ ਕਰ ਕੇ ਹੂਰੇ ਜਾ ਮਾਰੇ। ਗੱਲ ਕੀ ਉਹਨਾਂ ਕਪਾਹ ਵੇਚ ਕੇ ਵੈਲੀ ਅਤੇ ਆਪਣੇ ਜੱਟ ਹੋਣ ਦਾ ਖੁਲ੍ਹ ਕੇ ਸਬੂਤ ਦਿੱਤਾ।
ਰਾਤ ਦੀ ਸ਼ਰਾਬ ਦੇ ਭੰਨੇ ਉਹ ਸਵੇਰੇ ਅੱਠ ਵਜੇ ਤੋਂ ਪਹਿਲਾਂ ਨਾ ਉਠ ਸਕੇ। ਲੋੜ ਗੋਚਰੇ ਨਛੱਤਰ ਨੇ ਆੜ੍ਹਤੀਆਂ ਤੋਂ ਪੈਸੇ ਲੈ ਲਏ, ਬਾਕੀ ਉਹਨਾਂ ਕੋਲ ਹੀ ਜਮ੍ਹਾਂ ਕਰਵਾ ਦਿੱਤੇ ਅਤੇ ਰਾਤ ਦੀ ਭੁੱਲ ਚੁੱਕ ਦੀ ਉਹਨਾਂ ਕੋਲੋਂ ਮੁਆਫੀ ਮੰਗੀ। ਆੜ੍ਹਤੀਆਂ ਦਾ ਮੁਨੀਮ ਹੱਸ ਪਿਆ, ਜਿਵੇਂ ਕਹਿ ਰਿਹਾ ਸੀ, ਜੱਟ ਮਚਲਾ ਖ਼ੁਦਾ ਨੂੰ ਗਏ ਚੋਰ। ਪਰ ਵੱਡੇ ਆੜ੍ਹਤੀਏ ਨੇ ਆਖਿਆ :
“ਨਾ ਸਰਦਾਰ ਜੀ, ਤੁਸੀਂ ਤਾਂ ਕੁਝ ਵੀ ਨਹੀਂ ਆਖਿਆ, ਐਵੇਂ ਮੰਡੀ ਨੂੰ ਭੋਰਾ ਕੁ ਸ਼ੁਗਲ ਵਿਖਾਇਆ ਸੀ।”
“ਜੇ ਲਾਲਾ ਤੂੰ ਰਾਜ਼ੀ ਏਂ, ਤਾਂ ਏਹੋ ਜਿਹਾ ਸ਼ੁਗਲ ਨਿੱਤ ਈ ਵਿਖਾ ਦਿਆ ਕਰਾਂਗੇ।” ਨਛੱਤਰ ਏਨੀ ਕਹਿ ਕੇ ਮੁਸਕੜੀਏ ਹੱਸ ਪਿਆ।
“ਨਾ ਬਾਬਾ ! ਆਹ ਹੱਥ ਬੰਨ੍ਹੇ ਆ ਤੇ ਤੈਨੂੰ ਦੂਰੋਂ ਸਤਿ ਸ੍ਰੀ ਅਕਾਲ ! ਅਗਾਂਹ ਨੂੰ ਤੇਰੀ ਕਪਾਹ ਦਾਣੇ ਅਸੀਂ ਘਰੋਂ ਹੀ ਲੈ ਆਇਆ ਕਰਾਂਗੇ।”
ਉਹ ਉਥੋਂ ਉਠ ਕੇ ਹੱਸਦੇ ਚਾਹ ਵਾਲੀ ਦੁਕਾਨ ਉਤੇ ਜਾ ਬੈਠੇ। ਗੱਲ ਕੀ ਉਹ ਦਸ ਵਜੇ ਤਕ ਜਗਰਾਵਾਂ ਵਿਚੋਂ ਹੀ ਨਾ ਨਿਕਲੇ। ਰਾਹ ਵਿਚ ਨਛੱਤਰ ਬੜੀ ਬਿੜਕ ਨਾਲ ਆਇਆ ਸੀ। ਉਂਜ ਵਾਹਣ ਖ਼ਾਲੀ ਹੋਣ ਕਾਰਨ ਦਿਨੇ ਬਹੁਤਾ ਖ਼ਤਰਾ ਨਹੀਂ ਸੀ। ਕਿਸੇ ਅੜਤਲੇ ਵਿਚ ਲਾਭਾ ਦੋ ਖੇਤ ਅੱਗੇ ਹੋ ਤਸੱਲੀ ਕਰ ਲੈਂਦਾ। ਇਸ ਤਰ੍ਹਾਂ ਸੂਹ ਰੱਖਦੇ ਉਹ ਬਾਰਾਂ ਵਜੇ ਤਕ ਮਸੀਂ ਪਿੰਡ ਪਹੁੰਚੇ। ਬਚਨਾ ਹਾਲੇ ਤਕ ਨਹੀਂ ਆਇਆ ਸੀ, ਪਰ ਮੋਦਨ ਦੋ ਤਿੰਨ ਗੇੜੇ ਮਾਰ ਗਿਆ ਸੀ।
ਮੋਦਨ ਨੂੰ ਬਚਨਾ ਅਮਲੀ ਨਹੀਂ ਮਿਲਿਆ ਸੀ, ਸਗੋਂ ਘਰ ਉਸ ਦੀ ਮਾਂ ਨੂੰ ਪਰਦੇ ਨਾਲ ਕਹਿ ਗਿਆ ਕਿ ਇਕ ਮੁੰਡਾ ਬੱਦੋਵਾਲ ਤੋਂ ਆਇਆ ਏ ਤੇ ਮੋਦਨ ਦੇ ਸਾਕ ਬਾਰੇ ਉਥੇ ਕੁਝ ਗੜਬੜ ਹੈ। ਇਸ ਗੱਲ ਨਾਲ ਮੋਦਨ ਦੀ ਮਾਂ ਘਬਰਾ ਗਈ ਸੀ ਅਤੇ ਮੋਦਨ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ। ਮਾਨੇ ਦੇ ਮਰ ਜਾਣ ਪਿਛੋਂ ਉਹ ਆਪਣਾ ਕਿੱਲੇ ਜ਼ੋਰ ਨਹੀਂ ਸਮਝਦਾ ਸੀ। ਪਰ ਮੋਦਨ ਨੂੰ ਗਾਲਬ ਵਾਲੀ ਮਾਸੀ ਰਾਹੀਂ ਧੰਤੋ ਦੇ ਦਿਲ ਦਾ ਪਤਾ ਸੀ ਕਿ ਉਹ ਸਿਧਵੀਂ ਵਿਆਹ ਕਰਾਉਣੋਂ ਕਿਵੇਂ ਨਾਂਹ ਕਰ ਦਿੱਤੀ ਸੀ ਅਤੇ ਉਸ ਦੇ ਆਪਣੇ ਨਾਲ ਮੰਗੀ ਜਾਣ ਉਤੇ ਕਿੰਨੀ ਪ੍ਰਸੰਨ ਹੋਈ ਸੀ। ਹੁਣ ਜੇ ਕੋਈ ਮੰਦਾ ਸੁਨੇਹਾ ਆਇਆ ਸੀ, ਤਦ ਸੱਚ ਵੀ ਹੋ ਸਕਦਾ ਸੀ। ਉਸ ਨੂੰ ਕਿਸੇ ਤਰ੍ਹਾਂ ਵੀ ਚੈਨ ਨਹੀਂ ਆ ਰਿਹਾ ਸੀ ਅਤੇ ਉਹ ਨਛੱਤਰ ਦੇ ਘਰ ਕਈ ਗੇੜੇ ਮਾਰ ਗਿਆ ਸੀ।
ਨਛੱਤਰ ਨਾਲ ਇਕ ਓਪਰੇ ਮੁੰਡੇ ਨੂੰ ਰੋਟੀ ਖਾਂਦਿਆਂ ਵੇਖ ਮੋਦਨ ਨੇ ਸਮਝ ਲਿਆ, ਬਸ ਏਹੀ ਉਹ ਬੰਦਾ ਹੈ। ਉਸ ਦੋਹਾਂ ਨੂੰ ‘ਸਤਿ ਸ੍ਰੀ ਅਕਾਲ’ ਬੁਲਾਈ ਅਤੇ ਦੂਜੇ ਮੰਜੇ ਉਤੇ ਬਹਿ ਗਿਆ।
“ਰੋਟੀ ਛੱਕ ਮੋਦਨਾ।” ਨਛੱਤਰ ਮੋਦਨ ਵੱਲ ਹੱਥ ਦਾ ਇਸ਼ਾਰਾ ਦੇਂਦਾ ਬੋਲਿਆ।
“ਬਸ ਬਾਈ, ਗੁਰੂ ਬਹੁਤਾ ਦੇਵੇ।” ਉਹ ਅਸਲ ਗੱਲ ਪੁੱਛਣ ਲਈ ਕਾਹਲਾ ਸੀ। “ਬਚਨਾ ਕਲ੍ਹ ਬੇਬੇ ਨੂੰ ਆਂਹਦਾ ਸੀ, ਘਰੇ ਰਹੇ। ਕੀ ਗੱਲ ਸੀ ?”
“ਤੇਰੀ ਮਹਿਰੀ ਦੇ ਸਿਦਕ ਦੀਆਂ ਗੱਲਾਂ ਕਰਦੇ ਆਂ ਅੱਗੇ ਈ।” ਨਛੱਤਰ ਨੇ ਚੁਲ੍ਹੀ ਕਰਦਿਆਂ ਉੱਤਰ ਦਿੱਤਾ। “ਆਂਹਦੀ, ਮੋਦਨ ਬਿਨਾਂ ਕਿਸੇ ਹੋਰ ਦੇ ਨਹੀਂ ਜਾਣਾ, ਖੂਹ ‘ਚ ਛਾਲ ਮਾਰ ਦੇਣੀ ਐ।”
ਮੋਦਨ ਦਾ ਦਿਲ ਇਕ ਦਮ ਪ੍ਰਸੰਨ ਹੋ ਕੇ ਸਾਰੀ ਛਾਤੀ ਵਿਚ ਫੈਲ ਗਿਆ, ਪਰ ਨਾਲ ਹੀ ਉਸ ਨੂੰ ਗੱਲ ਵਿਚੋਂ ਚਿੰਤਾ ਦੀ ਵੀ ਬੋਅ ਆ ਰਹੀ ਸੀ, ਜਿਸ ਕਾਰਨ ਉਸ ਦੀ ਧੜਕਨ ਕਾਹਲੀ ਪਈ ਹੋਈ ਸੀ।
“ਗੱਲ ਕੀ ਏ, ਉਹ ਤਾਂ ਦੱਸੋ ?”
“ਬੱਲਿਆ ਤਿਆਰ ਹੋ ਚਲਣ ਨੂੰ, ਨਹੀਂ ਦੰਮਾਂ ਵਾਲਿਆਂ ਡੋਲੀ ਪਾ ਲੈਣੀ ਏਂ, ਤੇ ਅੱਜ ਈ ਚਲਣਾ ਏਂ।” ਲਾਭੇ ਨੇ ਅਸਲ ਗੱਲ ਮੋਦਨ ਨੂੰ ਦੱਸ ਕੇ ਉਸ ਨੂੰ ਫ਼ਿਕਰਾਂ ਦੀ ਖੱਡ ਵਿਚ ਰੋੜ ਦਿੱਤਾ। ਗੱਲ ਸੁਣ ਕੇ ਮੋਦਨ ਦਾ ਅੰਦਰ ਹਿੱਲ ਗਿਆ। ਉਸ ਦੀ ਚਿੰਤਾ ਮੁਤਾਬਕ ਇਹ ਬਿਲਕੁਲ ਸੱਚ ਹੋ ਸਕਦਾ ਸੀ।
“ਮੈਂ ਤਾਂ ਕਲ੍ਹ ਤੁਹਾਡੇ ਪਿਛੇ ਜਗਰਾਵੀਂ ਆਉਣ ਵਾਲਾ ਹੋਇਆ ਸੀ, ਪਰ ਬਚਨਾ ਬੇਬੇ ਨੂੰ ਮਾੜੀ ਜਿਹੀ ਟੂਕ ਦੇ ਗਿਆ ਸੀ, ਬਈ, ਕਿਧਰੇ ਹਿੱਲ ਕੇ ਨਾ ਜਾਵੇ। ਮੈਨੂੰ ਮਿਲਿਆ ਹੁੰਦਾ, ਮੈਂ ਤਾਂ ਓਦੋਂ ਹੀ ਸਾਈਕਲ ਚੱਕ ਲੈਣਾ ਸੀ।” ਲਾਭੇ ਜਾਣਿਆ, ਮੋਦਨ ਬੀਰੋ ਦੇ ਆਖਣ ਵਾਂਗ ਸੱਚੀਂ ਮੁੱਚੀਂ ਪਿਆਰ ਨਿਬਾਹੁਣ ਵਾਲਾ ਬੰਦਾ ਹੈ। “ਤੈਨੂੰ ਬਾਈ ਬੀਰੋ ਨੇ ਘੱਲਿਆ ਏ ?”
“ਤੈਨੂੰ ਕਿਵੇਂ ਪਤਾ ਏ ?” ਲਾਭੇ ਨੇ ਸਿਰੋਂ ਫੜੇ ਚੋਰ ਵਾਂਗ ਪੁੱਛਿਆ। .
“ਸਾਥੋਂ ਬਾਈ ਤੂੰ ਕੀ ਪੁੱਛਦਾ ਏਂ, ਸਾਡਾ ਦਿਲ ਤਾਂ ਸਾਰੀ ਦਿਹਾੜੀ ਓਥੇ ਈ ਰਹਿੰਦਾ ਏ।”
“ਕਿਉਂ ਸਾਡਾ ਮਦਾਰੀ ਪੁੱਛਾਂ ਦੇਂਦਾ ਏ ਮਨ ਭਾਉਂਦੀਆਂ ਕਿ ਨਹੀਂ ?” ਨਛੱਤਰ ਨੇ ਲਾਭੇ ਨੂੰ ਵਾਹਣੀ ਪਾ ਲਿਆ, ਅੱਗੇ ਉਹ ਇਹ ਗੱਲ ਲੁਕੋ ਗਿਆ ਸੀ।
“ਬਸ ਬੱਲਿਆ, ਏਥੇ ਹੀ ਰੁਕ ਜਾਹ, ਭਾਫ਼ ਨਾ ਨਿਕਲੇ ਗੱਲ ਦੀ।” ਲਾਭੇ ਨੇ ਨਾਲ ਹੀ ਮੋਦਨ ਨੂੰ ਅੱਖ ਦੱਬ ਦਿੱਤੀ। こ
“ਬਸ ਬਾਈ ! ਏਥੇ ਈ ਮੁੱਕ ਗਈ, ਸੰਸਾ ਨਾ ਕਰ, ਅਸੀਂ ਤਾਂ ਦਿਲ ਵਿਚ ਆਵੀ ਬਾਲ ਕੇ ਵੀ ਧੂੰਆਂ ਨਾ ਨਿਕਲਣ ਦੇਈਏ।”
ਮੋਦਨ ਲਾਭੇ ਦੇ ਦਿਲ ਵਿਚ ਖੁੱਭ ਗਿਆ। ਉਸ ਮਨ ਵਿਚ ਹੋਰ ਵੀ ਪੱਕੀ ਧਾਰ ਲਈ ਕਿ ਇਹਨਾਂ ਦੀ ਜੋੜੀ ਜ਼ਰੂਰ ਬਣਾਉਣੀ ਹੈ। ਅਸਲ ਵਿਚ ਪਿਆਰ ਦੀ ਸੁੱਚੀ ਅਰਾਧਨਾ ਹਰ ਦਿਲ ਨੂੰ ਮੋਹ ਕੇ ਵਿਸ਼ਾਲ ਤੇ ਬੇ-ਪਰਵਾਹ ਬਣਾ ਦੇਂਦੀ ਹੈ ਅਤੇ ਆਪਣੇ ਆਲੇ ਦੁਆਲੇ ਦੀ ਹਮਦਰਦੀ ਜਿੱਤ ਲੈਂਦੀ ਹੈ। ਇਹ ਤਾਂ ਮੋਦਨ ਦਾ ਦਿਲ ਹੀ ਜਾਣਦਾ ਸੀ ਕਿ ਉਹ ਆਪਣੇ ਪਿਆਰ- ਦੀ ਕਿਵੇਂ ਖ਼ਾਮੋਸ਼ ਰੀਝਾਂ ਨਾਲ ਉਸਾਰੀ ਕਰਦਾ ਸੀ। ਜਦ ਉਸ ਦੇ ਪਿਆਰ ਨੇ- ਖਿੜ ਕੇ ਸੁਗੰਧ ਖਿਲਾਰੀ, ਕਈਆਂ ਦੇ ਦਿਮਾਗ਼ ਭਮੱਤਰ ਗਏ, ਹੱਥ ਕਾਹਲੇ ਪੈ ਗਏ। ਉਹ ਹੁਣ ਆਪ ਵੀ ਖਤਰਾ ਅਨੁਭਵ ਕਰਕੇ ਉਤੇਜਤ ਹੋ ਉਠਿਆ।
“ਹੁਣ ਫੇਰ ਦੇਰ ਕੀ ਐ ?” ਇਉਂ ਜਾਪਦਾ ਸੀ, ਜਿਵੇਂ ਮੋਦਨ ਬਿਨਾਂ ਕੁਝ ਸੋਚੇ ਵਿਚਾਰੇ ਵਾਗਾਂ ਖਿੱਚ ਲੈਣ ਲਈ ਤਿਆਰ ਹੈ।
“ਤੂੰ ਕੱਲਾ ਉਹਨੂੰ ਲੈ ਆਵੇਂਗਾ ?” ਨਛੱਤਰ ਨੇ ਹੱਸਦਿਆਂ ਪੁੱਛਿਆ, “ਵੇਖ ਲੈ ਬਾਈ, ਜਿਨ੍ਹਾਂ ਨੂੰ ਲੱਗੀਆਂ ਏਂ, ਕਿਵੇਂ ਲੱਕ ਬੰਨ੍ਹੀ ਪੱਤਣਾਂ ‘ਤੇ ਖਲੋਤੇ ਐ।” ਉਸ ਲਾਭੇ ਵੱਲ ਮੂੰਹ ਭਵਾਇਆ।
“ਏਥੇ ਤਾਂ ਏਵੇਂ ਈ ਐ ਬਾਈ !” ਮੋਦਨ ਵਿਚੋਂ ਮਰਦਾਂ ਵਾਲਾ ਹੌਸਲਾ ਜਾਗ ਪਿਆ। “ਬਾਕੀ ਤੂੰ ਜਿਹੜੀ ‘ਕੱਲੇ ਦੇ ਲਿਆਉਣ ਵਾਲੀ ਆਖੀ ਏ, ਮੈਂ ਤਾਂ ਨਹਿਰ ਪਾ ਕੇ ਸਾਈਕਲ ਹਵਾਈ ਜਹਾਜ਼ ਬਣਾ ਲਿਆਉਂ।”
“ਸਾਡੇ ਮਦਾਰੀ ਨੇ ਤਾਂ ਉਡਾਰੀ ਹੀ ਮਾਰ ਲਿਆਉਣੀ ਏਂ।” ਨਛੱਤਰ ਨੇ ਮੋਦਨ ਨੂੰ ਬੁੱਕਲ ਵਿਚ ਲੈ ਲਿਆ। “ਤੂੰ ਹਾਲੇ ਅਨਜਾਣ ਏਂ ਇਹਨਾਂ ਕੰਮਾਂ ਵਿਚ, ਜੇ ਅਗੋਂ ਵਾਅਰ ਉਠ ਖਲੋਵੇ, ਰੰਨ ਖੁਸਣੀ ਤਾਂ ਇਕ ਪਾਸੇ, ਸੱਟਾਂ ਨੂੰ ਥਾਂ ਵਾਧੂ ਤੇ ਮੁਕੱਦਮਾ ਵੱਖਰਾ। ਬਚਨਾ ਸੰਦ ਲੈਣ ਘੱਲਿਆ ਏ, ਉਹਦੇ ਆਏ ਤੋਂ ਕੋਈ ਵਿਉਂਤ ਬਣਾਵਾਂਗੇ। ਤੈਥੋਂ ਬਿਨਾਂ ਹੀ ਤੇਰੇ ਕੰਮ ਦੇ ਰੱਸੇ ਪੈੜੇ ਵੱਟੀ ਜਾਂਦੇ ਆਂ।”
“ਬਾਈ ! ਤੂੰ ਮੇਰਾ ਇਹ ਕੰਮ ਕਰ ਦੇ, ਨਸ਼ੰਗ ਸਾਰੀ ਉਮਰ ਦੀ ਗ਼ੁਲਾਮੀ ਕਰਵਾਈਂ।” ਮੋਦਨ ਆਪਣੇ ਸਿਦਕ ਯਕੀਨ ਵਿਚ ਐਨਾ ਭਰਿਆ ਹੋਇਆ ਸੀ ਕਿ ਉਹ ਨਛੱਤਰ ਨੂੰ ਵਹੀ ਉਤੇ ਅੰਗੂਠਾ ਲਾ ਕੇ ਦੇਣ ਨੂੰ ਤਿਆਰ ਸੀ।
“ਬਾਈ ਨਛੱਤਰ ਨੂੰ ਆਹਨਾਂ।” ਲਾਭੇ ਨੇ ਬੀਰੋ ਦੀ ਤਾਕੀਦ ਨੂੰ ਮੁੱਖ ਰੱਖਦਿਆਂ ਆਖਿਆ, “ਮੁੜਨਾ ਤਾਂ ਮੈਨੂੰ ਵਾਅਦੇ ਨਾਲ ਕੱਲ੍ਹ ਨੂੰ ਹੀ ਚਾਹੀਦਾ ਸੀ, ਪਰ ਅਸੀਂ ਹੁਣ ਸ਼ਾਮ ਦੀ ਗੱਡੀ ਦੋਵੇਂ ਜਾਂਦੇ ਆਂ, ਤੁਸੀਂ ਰਾਤ ਦੀ ਗੱਡੀ ਆ ਜਾਇਓ। ਓਧਰ ਕਿਤੇ ਕੰਮ ਈ ਖ਼ਰਾਬ ਨਾ ਹੋ ਜਾਵੇ।”
“ਤੂੰ ਕਮਲਾ ਏਂ, ਬੰਦੂਕ ਜੋੜ ਖੋਲ੍ਹ ਕੇ ਵੀ ਗੱਡੀ ਨਹੀਂ ਚਾੜ੍ਹਨੀ। ਉਸ ਨੂੰ ਬਚਨਾ ਘੋੜੀ ਉਤੇ ਲੈ ਕੇ ਆਵੇਗਾ, ਜਿੰਨਾ ਚਿਰ ਉਹ ਆ ਨਹੀਂ ਜਾਂਦਾ, ਆਪਾਂ ਕੋਈ ਵਿਉਂਤ ਨਹੀਂ ਬਣਾ ਸਕਦੇ।” ਨਛੱਤਰ ਦੀਆਂ ਗੱਲਾਂ ਲਾਭੇ ਦੇ ਦਿਲ ਲੱਗ ਗਈਆਂ, ਪਰ ਮੋਦਨ ਦੀ ਕੋਈ ਵਾਹ ਨਹੀਂ ਜਾ ਰਹੀ ਸੀ।
ਡੂੰਘੀ ਸ਼ਾਮ ਪੈ ਗਈ, ਪਰ ਬਚਨਾ ਨਾ ਆਇਆ। ਉਹਨਾਂ ਪੀਣੀ ਸ਼ੁਰੂ ਕਰ ਦਿੱਤੀ। ਮੋਦਨ ਨੇ ਲਾਭੇ ਨੂੰ ਵਾਸਤਵ ਵਿਚ ਆਪਣਾ ਪ੍ਰਾਹੁਣਾ ਸਮਝਿਆ ਅਤੇ ਫ਼ਰਜ਼ ਵਜੋਂ ਉਹ ਆਪ ਬੋਤਲ ਲੈ ਕੇ ਆਇਆ। ਅੰਨ੍ਹੇਰਾ ਹੋਰ ਵਧ ਗਿਆ, ਪਰ ਬਚਨਾ ਹਾਲੇ ਵੀ ਨਹੀਂ ਬਹੁੜਿਆ ਸੀ। ਮੋਦਨ ਅਤੇ ਲਾਭਾ ਉਸ ਦੀ ਉਡੀਕ ਵਿਚ ਚਿੰਤਾਤੁਰ ਸਨ। ਨਸ਼ੇ ਦੀ ਲੋਰ ਆ ਜਾਣ ਉਤੇ ਲਾਭੇ ਨੂੰ ਆਪਣਾ ਅਸਲ ਫ਼ਰਜ਼ ਭੁੱਲ ਗਿਆ। ਮੋਦਨ ਹੀ ਇਕ ਅਜਿਹਾ ਬੰਦਾ ਸੀ, ਜਿਸ ਦੀ ਤਾਰ ਆਪਣੇ ਪਿਆਰੇ ਵਿਚ ਵੱਜ ਰਹੀ ਸੀ। ਹੋਰ ਅੰਨ੍ਹੇਰਾ ਪੈਂਦੇ ਨੂੰ ਬਚਨਾ ਖਾਕੀ ਚਾਦਰੇ ਦੀ ਬੁੱਕਲ ਮਾਰੀ ਆ ਗਿਆ। ਸਾਰੇ ਉਸ ਨੂੰ ਦੇਖ ਕੇ ਹਰੇ ਹੋ ਗਏ। ਨਛੱਤਰ ਨੇ ਉਸ ਨੂੰ ਮੰਜਾ ਮੱਲਣ ਤੋਂ ਪਹਿਲਾਂ ਹੀ ਪੁੱਛਿਆ :
“ਐਨਾ ਚਿਰ ਲਾ ਦਿੱਤਾ ਅਮਲੀਆ ?”
“ਪਹਿਲਾਂ ਚਿਰ ਲਾ ਦਿੱਤਾ ਈ ਪੁੱਛਦਾ ਏ ਜੱਟ, ਇਉਂ ਨਹੀਂ ਪੁੱਛਦਾ, ਰਾਹ ‘ਚ ਔਖਾ ਤਾਂ ਨਹੀਂ ਹੋਇਆ।” ਬਚਨੇ ਦੇ ਬੋਲਾਂ ਵਿਚ ਗਿਲਾ ਸੁਲਗ ਰਿਹਾ ਸੀ।
“ਹੱਛਾ ! ਤੂੰ ਔਖਾ ਵੀ ਹੋ ਜਾਨਾ ਏਂ।” ਨਛੱਤਰ ਮੁਸਕੜੀਏ ਹੱਸ ਪਿਆ।
“ਵੇਖੇਂ ਵੀ ਨਾ, ਅਮਲੀ ਲੋਹੇ ਦਾ ਬਣਿਆ ਏ।” ਉਸ ਇਕ ਵਾਰ ਹੀ ਆਪਣਾ ਸਰੀਰ ਝੰਜੋੜਿਆ, “ਬੰਦੇ ਉਹ ਤੇਰੇ ਬੜੇ ਐ ਬਾਈ ਨੂੰ ਆਹਨਾਂ, ਮੇਰੇ ਤਾਂ ਪੈਰਾਂ ਤੇ ਪਾਈ ਨਾ ਪੈਣ ਦੇਣ।” ਬਚਨਾ ਝੰਡਿਆਣੀਆਂ ਦੀ ਸ਼ਿਕਾਇਤ ਕਰ ਰਿਹਾ ਸੀ।
“ਤੈਨੂੰ ਆਖਿਆ ਕੀ ?” ਨਛੱਤਰ ਨੂੰ ਨਸ਼ੇ ਕਾਰਨ ਗੁੱਸਾ ਚੜ੍ਹ ਆਇਆ।
“ਆਹ ਮੈਨੂੰ ਤਾਂ ਪਸਤੌਲੜਾ ਜਿਹਾ ਦਿੱਤਾ ਏ, ਆਂਹਦੇ ਬੰਦੂਕ ਰਾਤੀਂ ਲੈ ਕੇ ਤੇਰੇ ਪਿੱਛੇ- ਪਿੱਛੇ ਬੰਦਾ ਪਹੁੰਚਦਾ ਏ। ਬਚਨੇ ਨੇ ਪਸਤੌਲ ਨਛੱਤਰ ਦੇ ਮੰਜੇ ਉਤੇ ਸੁੱਟ ਦਿੱਤਾ ਅਤੇ ਆਪ ਹਾੜਾ ਪਾ ਕੇ ਬੋਤਲ ਖ਼ਾਲੀ ਕਰ ਦਿੱਤੀ। “ਤੈਨੂੰ ਹੋਰ ਦੱਸਾਂ, ਬੰਦੂਕ ਉਹਨਾਂ ਕਿਤੇ ਗੋਲ ਘੱਲੀ ਏ, ਮੇਰੇ ਸਾਹਮਣੇ ਅੱਡ ਕਰ ਕੇ ਉਹਨਾਂ ਕਿਤੇ ਬੰਦਾ ਤੋਰਿਆ ਏ।”
ਨਛੱਤਰ ਨੇ ਪਸਤੌਲ ਦਾ ਘੋੜਾ ਪੁਟਿਆ ਤੇ ਮੁੜ ਵਰ੍ਹਾਇਆ। ਉਹ ਠੀਕ ਕੰਮ ਕਰ ਰਿਹਾ ਸੀ। ਫਿਰ ਉਹ ਝੰਡਿਆਣੀਆਂ ਨੂੰ ਔਖਾ ਹੋਇਆ ਗਾਲਾਂ ਦੇਣ ਲੱਗ ਪਿਆ। ਜਦ ਉਸ ਬੋਤਲ ਨੂੰ ਹੱਥ ਪਾਇਆ ਉਹ ਖ਼ਾਲੀ ਸੀ। ਉਸ ਚਲਾ ਕੇ ਪਰਾਂਹ ਵਗਾਹ ਮਾਰੀ ਅਤੇ ਮੋਦਨ ਨੂੰ ਹੋਰ ਲਿਆਉਣ
ਲਈ ਵੰਗਾਰਿਆ :
“ਮਹਿਰਿਆ !”
“ਬਾਈ ਮੂੰਹੋਂ ਆਖ, ਸ਼ਰਾਬ ਦੇ ਖਾਲ ਵਗਾ ਦੂੰ।” ਮੋਦਨ ਨੂੰ ਪੂਰੀ ਤਸੱਲੀ ਹੋ ਗਈ ਸੀ ਕਿ ਨਛੱਤਰ ਕੁਝ ਆਖਣ ਤੋਂ ਬਿਨਾਂ ਹੀ ਉਸ ਦਾ ਕੰਮ ਕਰਨ ਲਈ ਤਨੋ ਮਨੋ ਵਾਹ ਲਾ ਰਿਹਾ ਹੈ।
“ਬਸ ਇਕੋ ਈ ਸ਼ੀਸ਼ੀ।” ਜਿਸ ਦਾ ਭਾਵ ਸੀ, ਸ਼ਰਾਬ ਦੀ ਪੂਰੀ ਬੋਤਲ ਚਾਹੀਦੀ ਹੈ। ਮੋਦਨ ਬੋਤਲ ਲੈਣ ਚਲਿਆ ਗਿਆ। ਉਸ ਦੇ ਪਿਛੋਂ ਲਾਭੇ ਤੋਂ ਆਖਣੋਂ ਨਾ ਰਿਹਾ ਗਿਆ।
“ਮਹਿਰੇ ਦਾ ਦਿਲ ਬੜਾ ਏ ?”
“ਅਸੀਂ ਵੀ ਬੰਦੇ ਕਾਰਨ ਹੀ ਅੱਕ ਚੱਬਦੇ ਆਂ, ਨਹੀਂ ਕਿਸੇ ਦੀ ਰੰਨ, ਕਿਸੇ ਦੀ ਪੰਡ, ਸਾਨੂੰ ਕੀ।” ਨਛੱਤਰ ਬਾਹਾਂ ਖੋਲ੍ਹ ਕੇ ਮੰਜੇ ਵਿਚ ਪੈ ਗਿਆ।
ਹੁਣ ਰਾਤ ਦੀ ਗੱਡੀ ਚੜ੍ਹਨ ਦਾ ਸਵਾਲ ਕਦੋਂ ਦਾ ਮੁੱਕ ਚੁੱਕਾ ਸੀ।
21
ਮੋਦਨ, ਲਾਭੇ ਅਤੇ ਨਛੱਤਰ ਨੂੰ ਜਗਰਾਵਾਂ ਤੋਂ ਗੱਡੀ ਅੱਧਾ ਘੰਟਾ ਲੇਟ ਹੋਣ ਕਾਰਨ ਮਸੀਂ ਮਿਲੀ। ਬਚਨੇ ਅਮਲੀ ਨੂੰ ਉਹਨਾਂ ਘੋੜੀ ਉਤੇ ਤੜਕਿਓਂ ਭੇਜ ਦਿੱਤਾ ਸੀ। ਜਦੋਂ ਉਹ ਬੱਦੋਵਾਲ ਰੇਲਵੇ ਸਟੇਸ਼ਨ ਤੋਂ ਉਤਰ ਕੇ ਲਾਭੇ ਦੇ ਖੂਹ ਉਤੇ ਪਹੁੰਚੇ, ਉਹਨਾਂ ਨੂੰ ਗਿਆਰਾਂ ਵੱਜ ਚੁਕੇ ਸਨ। ਲਾਭੇ ਨੇ ਵੇਖਿਆ, ਹਲਟ ਜੋੜਿਆ ਹੋਇਆ ਹੈ ਤੇ ਬਲਦਾਂ ਨੂੰ ਬੀਰੋ ਦਾ ਬਾਪੂ ਹੱਕ ਰਿਹਾ ਹੈ। ਉਹ ਉਦੋਂ ਹੀ ਨਛੱਤਰ ਹੋਰਾਂ ਵਾਸਤੇ ਚਾਹ ਲੈਣ ਘਰ ਨੂੰ ਚਲਿਆ ਗਿਆ। ਉਸ ਸੋਚਿਆ ਸੀ, ਰੋਟੀ ਪੱਕਦੀ ਨੂੰ ਸ਼ਾਇਦ ਦੇਰ ਲੱਗ ਜਾਵੇ, ਇਸ ਲਈ ਪਹਿਲੋਂ ਚਾਹ ਲੈ ਆਉਂਦਾ ਹਾਂ। ਉਹ ਛੇਤੀ ਬੀਰੋ ਨੂੰ ਖ਼ਬਰ ਵੀ ਕਰਨਾ ਚਾਹੁੰਦਾ ਸੀ ਕਿ ਤੇਰਾ ਕੰਮ ਕਰ ਆਇਆ ਹਾਂ ਤੇ ਬਾਕੀ ਧੰਤੋ ਨੂੰ ਬਾਹਰ ਲੈ ਆਉਣ ਦਾ ਓੜ-ਪੋੜ ਤੂੰ ਸਾਂਭ। ਉਹ ਨਛੱਤਰ ਹੋਰਾਂ ਨੂੰ ਘਰ ਲਿਆ ਕੇ ਪਿੰਡ ਵਿਚ ਨੰਗੇ ਕਰਨ ਦੀ ਗ਼ਲਤੀ ਨਹੀਂ ਸੀ ਕਰ ਸਕਦਾ ਅਤੇ ਨਾ ਹੀ ਉਸ ਧੰਤੋ ਬਾਰੇ ਕਿਸੇ ਹੋਰ ਅਨੋਬੜ ਤੋਂ ਪੁੱਛ ਦੱਸ ਕਰਨੀ ਸੀ।
ਮੋਦਨ ਧੰਤੋ ਵਲੋਂ ਸੁਖ-ਸਨੇਹੇ ਲਈ ਬੜਾ ਕਾਹਲਾ ਪਿਆ ਹੋਇਆ ਸੀ। ਉਸ ਦੇ ਜੀਅ ਵਿਚ ਆਵੇ ਕਿ ਭੁੱਲਿਆ ਭਟਕਿਆ ਕਿਧਰੋਂ ਤਾਰਾ ਮਿਸਤਰੀ ਹੀ ਆ ਜਾਵੇ। ਉਹ ਮਨ ਦੀ ਕਲਪਨਾ ਨਾਲ ਧੰਤੋ ਦੇ ਘਰ ਗਾਰੇ ਵਾਲੀ ਘਾਣੀ ਵਿਚ ਜਾ ਲਿਬੜਿਆ, ਪਰ ਹਕੀਕਤ ਇਹ ਸੀ ਕਿ ਉਹ ਨਛੱਤਰ ਨਾਲ ਟੁੱਟੀ ਜਿਹੀ ਮੰਜੀ ਉਤੇ ਲਾਭੇ ਦੇ ਛੱਪਰ ਵਿਚ ਬੈਠਾ ਸੀ।
“ਮੋਦਨਾ ! ਕੁੰਨੂੰ ਵਿਚੋਂ ਚਰੀ ਦੀਆਂ ਦੋ ਪੂਲੀਆਂ ਖਿੱਚ ਕੇ ਲਿਆ, ਬਿੰਦ ਪੈ ਹੀ ਜਾਈਏ।” ਨਛੱਤਰ ਨੇ ਅਕੇਵਾਂ ਪਰਤੀਤ ਕੀਤਾ।
ਮੰਜੀ ਏਨੀ ਛੋਟੀ ਸੀ ਇਕ ਬੰਦਾ ਹੀ ਉਸ ਵਿਚ ਪੈ ਸਕਦਾ ਸੀ। ਏਸੇ ਕਾਰਨ ਨਛੱਤਰ ਨੇ ਮੋਦਨ ਨੂੰ ਪੂਲੀਆਂ ਲਿਆਉਣ ਲਈ ਭੇਜਿਆ। ਖੂਹ ਦੀ ਪੈੜ ਦੇ ਲਾਗੇ ਦੰਨ ਲੱਗੀ ਹੋਈ ਸੀ, ਮੋਦਨ ਦੋ ਪੂਲੀਆਂ ਕੱਢ ਕੇ ਲੈ ਆਇਆ ਅਤੇ ਅੰਦਰ ਜਾ ਕੇ ਉਸ ਨਛੱਤਰ ਨੂੰ ਆਖਿਆ :
“ਜਮਾਦਾਰ ਸਾਲਾ ! ਮੈਨੂੰ ਸਿਆਣਦਾ ਸੀ ?”
“ਤਾਂ ਕੀ ਹੋਇਆ, ਇਹ ਗੱਲ ਨਹੀਂ ਕਰਦਾ।” ਨਛੱਤਰ ਆਪਣੇ ਤਜਰਬੇ ਤੋਂ ਜਾਣਦਾ ਸੀ, ਕਿ ਜਮਾਦਾਰ ਸੀਰੀ ਜੱਟ ਦਾ ਹਮੇਸ਼ਾ ਵਫ਼ਾਦਾਰ ਹੁੰਦਾ ਹੈ।
ਨਛੱਤਰ ਨੇ ਮੰਜੀ ਸਾਂਭ ਲਈ ਅਤੇ ਮੋਦਨ ਚਰੀ ਉਤੇ ਹੀ ਚਾਦਰਾ ਖਿੱਚ ਕੇ ਪੈ ਗਿਆ। ਉਸ ਦਾ ਦਿਲ ਧੜਕ ਰਿਹਾ ਸੀ, ਮੈਂ ਧੰਤੋ ਨੂੰ ਕਿਵੇਂ ਮਿਲਾਂਗਾ, ਕੀ ਗੱਲ ਕਰਾਂਗਾ ? ਉਹ ਜਜ਼ਬਾਤੀ ਭਾਵਾਂ ਵਿਚ ਆਇਆ ਕਦੇ ਮੁਸਕਾ ਪੈਂਦਾ ਅਤੇ ਕਦੇ ਖ਼ਤਰਾ ਅਨੁਭਵ ਕਰਨ ਲੱਗ ਜਾਂਦਾ। ਉਹ ਅੱਜ ਸਵੇਰੇ ਬਕਰੇ ਦੀ ਬਲੀ ਦੇਣੀ ਸੁਖ ਕੇ ਘਰੋਂ ਤੁਰਿਆ ਸੀ। ਉਹ ਇਸ ਵੇਲੇ ਆਪਣੇ ਚਾਦਰੇ ਹੇਠਾਂ ਕਿੰਨੇ ਚਾਵਾਂ ਨਾਲ ਲੱਦਿਆ ਪਿਆ ਸੀ। ਉਸ ਦੀਆਂ ਅੱਖਾਂ ਮੀਟੀਆਂ ਪਈਆਂ ਸਨ, ਪਰ ਉਹ ਫਿਰ ਵੀ ਧੰਤੋ ਨੂੰ ਵੇਖ ਰਿਹਾ ਸੀ। ਉਸ ਪਾਸਾ ਪਰਤਿਆ, ਉਹਦੇ ਹੇਠੋਂ ਰੇੜੀ ਚੁੱਭ ਗਈ। ਮੁੜ ਉਸ ਨੂੰ ਬੀਰੋ ਦੀ ਰੋੜੀ ਯਾਦ ਆ ਗਈ ਅਤੇ ਬੀਰੋ ਦੀ ਮਿਹਰਬਾਨੀ ਸਦਕਾ ਅੱਜ ਉਸ ਦਾ ਲੂੰਅ ਲੂੰਅ ਸ਼ੁਕਰਗੁਜ਼ਾਰ ਸੀ।
“ਸੌਂ ਗਏ ?” ਲਾਭੇ ਨੇ ਚਾਹ ਵਾਲਾ ਕਰਮੰਡਲ ਰੱਖਦਿਆਂ ਆ ਆਖਿਆ, “ਯਾਰ ਕੰਮ ਤਾਂ ਬਹੁਤ ਮਾੜਾ ਹੋਇਆ।
“ਕੀ ?” ਮੋਦਨ ਨੇ ਝੱਟ ਚਾਦਰਾ ਮੂੰਹ ਤੋਂ ਲਾਹਿਆ ਅਤੇ ਉਠ ਕੇ ਬਹਿ ਗਿਆ।
“ਲਲਤੋਂ ਵਾਲੇ ਰਾਤੀਂ ਆਏ ਸੀ ਅਤੇ ਹਾਲੇ ਘੰਟਾ ਵੀ ਨਹੀਂ ਹੋਇਆ, ਉਹਨਾਂ ਨੂੰ ਲੈ ਕੇ ਗਿਆਂ ਨੂੰ।” ਲਾਭੇ ਦਾ ਰੰਗ ਉਡਿਆ ਹੋਇਆ ਸੀ।
ਹੈਂ !” ਜਿਵੇਂ ਨਛੱਤਰ ਦੀਆਂ ਵੀ ਖਾਨਿਓਂ ਨਿਕਲ ਗਈਆਂ ਸਨ।
ਮੋਦਨ ਨੇ ‘ਜਾਹ ਜਾਂਦੀਏ’ ਦੇ ਭਾਵ ਵਿਚ ਸਿਰ ਹਿਲਾਂਦਿਆਂ ਪੱਟਾਂ ਉਤੇ ਹੱਥ ਮਾਰਿਆ।
“ਯਾਰ ਤੁਸੀਂ ਮੈਨੂੰ ਪੱਟ ਦਿੱਤਾ। ਜੇ ਮੈਨੂੰ ਤੇ ਲਾਭੇ ਬਾਈ ਨੂੰ ਕੱਲ੍ਹ ਆ ਜਾਣ ਦਿੰਦੇ, ਆਹ ਭਾਵੀਆਂ ਨਹੀਂ ਸੀ ਬੀਤਣ ਦਿੰਦੇ। ਬਸ ਮੇਰਾ ਤਾਂ ਰਿਹਾ ਫੱਕਾ ਨਹੀਂ।”
ਸਾਰਿਆਂ ਦੇ ਦੰਦ ਜੁੜ ਗਏ। ਕਿਸੇ ਨੂੰ ਵੀ ਐਨੀ ਛੇਤੀ ਭਾਣਾ ਵਰਤ ਜਾਣ ਦੀ ਆਸ ਨਹੀਂ ਸੀ। ਲਾਭਾ ਸਮਝਦਾ ਸੀ, ਕੀਤੀ ਕਤਰੀ ਖੂਹ ਵਿਚ ਪੈ ਗਈ ਅਤੇ ਉਹ ਬੀਰੋ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ, ਪਰ ਉਸ ਹੌਸਲੇ ਨਾਲ ਆਖਿਆ :
“ਤੂੰ ਦਿਲ ਨਾ ਢਾਹ ਓਏ ਮਹਿਰਿਆ ! ਤੈਨੂੰ ਖ਼ਾਲੀ ਨਹੀਂ ਮੋੜਦੇ।” ਲਾਭੇ ਨੇ ਇਕ ਹੋਰ ਸਕੀਮ ਮਨ ਵਿਚ ਮਿਥ ਲਈ। “ਤੁਸੀਂ ਹੁਣ ਚਾਹ ਨਾ ਠੰਢੀ ਕਰੋ, ਮੈਂ ਗਲਾਸ ਧੋ ਲੈ ਆਵਾਂ।”
ਜਦੋਂ ਉਹ ਖੂਹ ਦੇ ਪਰਨਾਲੇ ਅਗੋਂ ਉਠਿਆ, ਉਸ ਬਚਨੇ ਨੂੰ ਵੀ ਠੋਹੀ ਦੱਸੇ ਅਨੁਸਾਰ ਆਉਂਦਿਆਂ ਵੇਖਿਆ ਅਤੇ ਛੱਪਰ ਵਿਚ ਆ ਕੇ ਬੋਲਿਆ :
ਬਚਨਾ ਵੀ ਪਹੁੰਚ ਗਿਆ, ਬੰਦੇ ਤਾਂ ਸਬੱਬ ਨਾਲ ਅੱਪੜ ਗਏ ਸੀ, ਸਾਲੀ ਭਾਵੀ ਦੋਂਹ ਕਰਮਾਂ ਦੀ ਵਿਥ ਪਾ ਗਈ।” ਉਸ ਗਲਾਸਾਂ ਵਿਚ ਚਾਹ ਪਾ ਦਿੱਤੀ। ਮੋਦਨ ਲਈ ਚਾਹ ਦਾ ਗਲਾਸ ਵਿਹੁ ਦਾ ਗਲਾਸ ਹੋ ਗਿਆ ਤੇ ਝੁਰੇਵਾਂ ਉਸ ਦੇ ਅੰਦਰ ਕੰਬਣੀਆਂ ਬਣ ਬਣ ਉਠ ਰਿਹਾ ਸੀ।
ਲਾਭੇ ਨੇ ਬਾਹਰ ਨਿਕਲ ਕੇ ਬਚਨੇ ਤੋਂ ਘੋੜੀ ਫੜ ਲਈ ਅਤੇ ਬਚਨਾ ਚਾਦਰੇ ਦੀ ਬੁੱਕਲ ਵਿਚ ਇਕੱਠੀ ਕੀਤੀ ਬੰਦੂਕ ਲਈ ਛੱਪਰ ਅੰਦਰ ਜਾ ਵੜਿਆ। ਬਚਨੇ ਨੇ ਅੰਦਰ ਵੜਦਿਆਂ ਹੀ ਉਹਨਾਂ ਦੇ ਉਦਾਸ ਮੂੰਹ ਪੜ੍ਹ ਲਏ।
“ਕਿਉਂ ਕੀ ਗੱਲ ਐ, ਵੇਖੇਂ ਵੀ ਨਾ ਚੁੱਪ ਵੱਟੀ ਐ ?”
“ਕਿਉਂ ਕਾਹਦੀ, ਕੰਮ ਤਾਂ ਹੋਣ ਵਾਲਾ ਹੋ ਗਿਆ।” ਨਛੱਤਰ ਨੇ ਚਾਹ ਦਾ ਘੁੱਟ ਭਰਨ ਤੋਂ ਪਹਿਲਾਂ ਦੱਸਿਆ।
“ਫੇਰ ?” ਬਚਨਾ ਵੀ ਸੁਣ ਕੇ ਹੈਰਾਨੀ ਵਿਚ ਅੱਧਾ ਕੁ ਹੋ ਗਿਆ।
“ਫੇਰ ਭਜੇ ਫਿਰੋ ਹੁਣ ਵਟੇ ਵਟ।” ਮੋਦਨ ਇਕ ਤਰ੍ਹਾਂ ਨਿਰਾਸ ਹੋ ਚੁੱਕਾ ਸੀ ਕਿ ਵਿਆਹ ਹੋ ਜਾਣ ਪਿਛੋਂ ਕੀ ਬਣ ਸਕਦਾ ਹੈ, ਫੋਕੀਆਂ ਦਿਲਬਰੀਆਂ ਹਨ, ਜਿਹੜੀਆਂ ਖ਼ਰਾਬ ਜਿੰਨਾ ਮਰਜ਼ੀ ਕਰ ਦੇਣ, ਸੁਆਰ ਕੁਝ ਨਹੀਂ ਸਕਦੀਆਂ।
ਬਾਹਰੋਂ ਆਉਂਦੇ ਲਾਭੇ ਨੇ ਮੋਦਨ ਨੂੰ ਧੀਰਜ ਦੇਂਦਿਆਂ ਕਿਹਾ :
“ਘਬਰਾ ਨਾ ਓਏ, ਤੇਰੀ ਮਹਿਰੀ ਤੈਨੂੰ ਖੂਹ ਪੁੱਟ ਕੇ ਵੀ ਲੈ ਕੇ ਦਿਆਂਗੇ।”
“ਲੈ ਬਚਨਿਆਂ ਚਾਹ ਫੜ ਲੈ, ਮੇਰੇ ਤਾਂ ਬੂੰਦ ਨਹੀਂ ਲੰਘਦੀ ਹੁਣ।” ਮੋਦਨ ਚਾਦਰਾ ਲੈ ਕੇ ਫੇਰ ਪੈ ਗਿਆ।
“ਤੇਰਾ ਕੀ ਖ਼ਿਆਲ ਸੀ, ਉਹ ਰੋਟੀ ਐ ਤੇ ਜਾਂਦਿਆਂ ਈ ਤਵੇ ਤੋਂ ਲਾਹ ਲੈਣੀ ਹੈ।” ਬਚਨੇ ਨੇ ਗਲਾਸ ਭੁੰਜੇ ਰੱਖਦਿਆਂ ਅਫ਼ੀਮ ਵਾਲੀ ਡੱਬੀ ਕੱਢ ਲਈ। ਉਹ ਘੋੜੀ ਉਤੇ ਬੈਠਾ ਵੀ ਰਾਹ ਦਾ ਥਕੇਵਾਂ ਮਹਿਸੂਸ ਕਰ ਗਿਆ ਸੀ। “ਮਦਾਰੀਆ ! ਸਿਰ ਦਿਤਿਆਂ ਬਾਹਜ ਨਹੀਂ ਮਿਲਦੇ, ਹਾਣੀ ਮਿੱਤਰਾਂ ਨੂੰ। ਨਾ ਹਿੰਗ ਲੱਗੀ ਨਾ ਫਟਕੜੀ, ਤੂੰ ਹੁਣੇ ਪਿਪਲੀ ਦੇ ਪੱਤ ਵਰਗੀ ਭਾਲਦਾ ਏਂ।” ਬਚਨੇ ਨੂੰ ਘੋੜੀ ਉਤੇ ਇਕੱਲਿਆਂ ਆਉਣ ਦਾ ਵੀ ਰੁੱਸਾ ਸੀ ਤੇ ਉਹ ਚੋਟਾਂ ਮਾਰ ਮਾਰ ਸੁਆਦ ਵੀ ਲੈ ਰਿਹਾ ਸੀ।
“ਅੱਜ ਦਿਨ ਛਿਪੇ ਲਲਤੋਂ ਊਈਂ ਜਾ ਚੁੱਕੀਏ।” ਲਾਭੇ ਨੇ ਨਛੱਤਰ ਨਾਲ ਸੈਣਤ ਮਲਾਈ। ਨਛੱਤਰ ਹਾਲੇ ਚੁੱਪ ਸੀ, ਉਸ ਨੂੰ ਠੀਕ ਰਾਹ ਕੋਈ ਨਹੀਂ ਸੁਝਿਆ ਸੀ।
“ਅੰਨ੍ਹੀ ਦੇ ਥੇਹ ਸਿੰਗ ਤਾਂ ਨਹੀਂ ਭੰਨਾਉਣੇ। ਕੋਈ ਬੰਦਾ ਢਹਿ ਗਿਆ, ਜਾਹ-ਜਾਂਦੀ ਹੋ ਜੂ ਗੀ।” ਬਚਨੇ ਨੇ ਪੱਗ ਲਾ ਕੇ ਰੱਖ ਦਿੱਤੀ, ਉਸ ਦੇ ਸਿਰ ਦਾ ਬੋਦਾ ਕੁੰਡਲ ਪਾਈ ਖਲੋਤਾ ਸੀ।
“ਬੰਦਾ ਘੱਲ ਕੇ ਥਹੁ-ਟਕਾਣਾ ਤੇ ਸਾਰੇ ਮੋੜ-ਘੋੜ ਜਾਚਾਂਗੇ, ਤੂੰ ਅਨਾੜੀ ਸਮਝਦਾ ਏਂ।” ਲਾਭਾ ਮੁੱਛਾਂ ਨੂੰ ਮਰੋੜਾ ਦੇ ਗਿਆ।
“ਵੇਖ ਲੈ, ਜੇਰਾ ਪੈਂਦਾ ਏ ?” ਨਛੱਤਰ ਨੇ ਲਾਭੇ ਨੂੰ ਹਵੀ-ਨਵੀ ਸਹਿਣ ਲਈ ਟੋਹਿਆ।
“ਮੈਂ ਹਰ ਤਰ੍ਹਾਂ ਝੱਲੂੰਗਾ ਬਾਈ !” ਲਾਭਾ ਅਸਲ ਵਿਚ ਬੀਰੋ ਵਲੋਂ ਭੈੜਾ ਪੈਂਦਾ ਸੀ ਅਤੇ ਉਸ ਵਲੋਂ ਪਹਿਲੋਂ ਵੀ ਕਾਣਾ ਹੋ ਚੁੱਕਾ ਸੀ, ਉਸ ਨੂੰ ਕੀ ਮੂੰਹ ਵਿਖਾਉਂਦਾ। ਇਕ ਹੀ ਸਾਰੀ ਜ਼ਿੰਦਗੀ ਵਿਚ ਉਸ ਸਵਾਲ ਪਾਇਆ ਸੀ ਤੇ ਉਹ ਵੀ ਉਸ ਕੋਲੋਂ ਪੂਰਾ ਨਹੀਂ ਹੋਇਆ ਸੀ। ਉਹ ਸੱਚ ਮੁੱਚ ਹੀ ਦਿਲੋਂ ਹੱਤਕ ਮਹਿਸੂਸ ਕਰ ਗਿਆ। ਦੂਜੇ ਉਹ ਇਹ ਵੀ ਸੋਚ ਰਿਹਾ ਸੀ ਕਿ ਧੰਤੋ ਅਤੇ ਮੋਦਨ ‘ ਦੀ ਜੋੜੀ ਸਜਾ ਦੇਣ ਨਾਲੋਂ ਲੋਕਾਂ ਵਲੋਂ ਉਸ ਨੂੰ ਨੇਕ ਸ਼ੁਹਰਤ ਮਿਲਣੀ ਸੀ, ਜਿਹੜੀ ਇਕ ਵੈਲੀ ਦੀ ਕਈ ਵਾਰ ਮਾਨਸਕ ਖ਼ੁਰਾਕ ਵੀ ਹੁੰਦੀ ਹੈ। ਇਸ ਲਈ ਉਸ ਥਾਣੇਦਾਰ ਦੀ ਕੁੱਟ ਤੋਂ ਲੈ ਕੇ ਮੁਕੱਦਮੇ ਤੇ ਜੇਲ੍ਹ ਤਕ ਦਾ ਭਾਰ ਚੁੱਕਣ ਲਈ ਮਨ ਬਣਾ ਲਿਆ।
“ਵੇਖੇਂ ਵੀ ਨਾ, ਬਾਈ ਨੂੰ ਆਹਨਾਂ, ਸੱਤ ਸੱਤ ਸਾਲ ਠੁਕੋਂਗੇ ਤੇ ਮੁਕੱਦਮਾ ਡਾਕੇ ਦਾ ਬਣੂੰਗਾ, ਜੇ ਵਿਚ ਬੰਦਾ ਨਾ ਢਹਿ ਗਿਆ।” ਬਚਨੇ ਨੇ ਉਂਗਲ ਮਾਰ ਮਾਰ ਸਮਝਾਇਆ, ਉਸ ਨੂੰ ਅਫ਼ੀਮ ਦਾ ਨਸ਼ਾ ਆ ਚੁੱਕਾ ਸੀ। ਦੋ ਵਾਰ ਜੇਲ ਕੱਟ ਆਇਆ ਬਚਨਾ ਹੱਡ-ਬੀਤੀਆਂ ਦੇ ਤਜਰਬੇ ਵਿਚੋਂ ਹੀ ਵਕੀਲਾਂ ਵਾਲੀਆਂ ਘੁੰਡੀਆਂ ਦੱਸ ਰਿਹਾ ਸੀ। “ਇਸ ਤੋਂ ਕਿਤੇ ਚੰਗਾ ਏ, ਤੁਸੀਂ ਲੈ ਕੇ ਤਿੱਤਰ ਹੋਇਓ। ਇਸ ਤਰ੍ਹਾਂ ਜੇ ਤੁਹਾਨੂੰ ਇਕ ਦਿਨ ਦੀ ਵੀ ਸਜ਼ਾ ਹੋ ਜਾਵੇ, ਇਕਬਾਲੀ ਹੋ ਕੇ ਤੁਹਾਡੇ ਥਾਂ ਮੈਂ ਕਰੂੰਗਾ। ਜੇ ਚਲਦੇ ਵੇਲਣੇ ਵਿਚ ਬਾਂਹ ਦੇਣੀ ਏਂ, ਤਾਂ ਦੁਹਾਈ ਰਾਮ ਦੀ ਭਰਾਵੋ ਮੇਰੀ ਬਵਾਹ ਨਹੀਂ।”
ਅਮਲੀ ਦੀ ਰਾਇ ਨਛੱਤਰ ਦੇ ਵੀ ਜ਼ਹਿਨ ਵਿਚ ਬਹਿ ਗਈ। ਉਹ ਸਮਝਦਾ ਸੀ, ਭਾਵੇਂ ਬਹੁਤਾ ਭਾਰ ਪਿੰਡ ਦਾ ਹੋਣ ਕਾਰਨ ਲਾਭੇ ਉਤੇ ਹੀ ਪੈਣਾ ਏਂ, ਪਰ ਫਿਰ ਵੀ ਬਚਨੇ ਦੀਆਂ ਬਚਾਅ ਕਰਨ ਵਾਲੀਆਂ ਦਲੀਲਾਂ ਕੱਟੀਆਂ ਨਹੀਂ ਜਾ ਸਕਦੀਆਂ।
“ਇਸ ਤੋਂ ਕੋਈ ਗੱਲ ਨਹੀਂ ਚੰਗੀ, ਮਹਿਰੀ ਨੂੰ ਪਿੰਡ ਆ ਜਾਣ ਦਿਓ !” ਨਛੱਤਰ ਆਖ਼ਰੀ ਫ਼ੈਸਲੇ ਵਜੋਂ ਬੋਲਿਆ।
ਮੋਦਨ ਚੁੱਪ ਚਾਪ ਪਿਆ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ। ਉਸ ਦੇ ਖ਼ਿਆਲ ਵਿਚ ਇਹ ਸਾਰੀਆਂ ਗੱਲਾਂ ਹਾਰੇ ਹੋਏ ਪਚਾਧੇ ਦੀ ‘ਅਊ-ਅਊ ਹੈ। ਉਸ ਰੋਹ ਵਿਚ ਆ ਕੇ ਚਾਦਰਾ ਪਰ੍ਹਾਂ ਵਗਾਹ ਮਾਰਿਆ ਤੇ ਉਠ ਕੇ ਬਹਿ ਗਿਆ।
“ਲਾਭੇ ਬਾਈ ਨੂੰ ਆਹਨਾਂ।” ਉਸ ਲਾਭੇ ਦਾ ਧਿਆਨ ਆਪਣੀ ਵੱਲ ਖਿੱਚਿਆ। “ਤੂੰ ਬੀਰੋ ਨੂੰ ਮਿਲਾ ਸਕਣਾ ਏਂ ਮੈਨੂੰ ?” ਉਸ ਇਕੱਲੇ ਨੇ ਹੀ ਖੂਹ ਪੁੱਟ ਲੈਣਾ ਮਿੱਥ ਲਿਆ।
ਲਾਭੇ ਨੇ ਮੂੰਹੋਂ ਬੋਲਣ ਦੀ ਥਾਂ ਹਿੱਕ ਨੂੰ ਹੱਥ ਲਾ ਕੇ ਹਾਮੀ ਭਰੀ ਅਤੇ ਗੱਲ ਦੱਬ ਲੈਣ ਲਈ ਅੱਖ ਮਾਰੀ, ਜਿਸ ਨੂੰ ਅਮਲੀ ਫਟ ਤਾੜ ਗਿਆ।
“ਵੇਖੇਂ ਵੀ ਨਾ ਬਾਈ ਲਾਭ ! ਜਿਹੜੀ ਗੱਲ ਪਾਟ ਕੇ ਪਹਾੜ ਹੋ ਜਾਣੀ ਏਂ ਤੇ ਉਹ ਵੀ ਸਾਡੇ ਕੋਲੋਂ ਲੁਕੋਂਦਾ ਏਂ, ਜਿਨ੍ਹਾਂ ਚਿੜੀਆਂ ਦੇ ਦੁੱਧ ਚੋਏ ਐ।” ਇਸ ਵੇਲੇ ਬਚਨਾ ਪੂਰਾ ਨਸ਼ੇ ਵਿਚ ਸੀ ਅਤੇ ਉਹ ਮਨ ਮਰਜ਼ੀ ਦੀਆਂ ਚੋਟਾਂ ਮਾਰ ਰਿਹਾ ਸੀ।
ਲਾਭੇ ਨੇ ਹੱਸ ਕੇ ਖ਼ਾਲੀ ਭਾਂਡੇ ਚੁੱਕ ਲਏ ਅਤੇ ਰੋਟੀ ਲੈਣ ਲਈ ਪਿੰਡ ਨੂੰ ਤੁਰ ਗਿਆ।
ਰੇਲ ਦੀ ਲੀਹ ਤੋਂ ਥੋੜ੍ਹੀ ਵਿੱਥ ਨਾਲ ਮੋਦਨ ਕਾਹਾਂ ਦੇ ਅੜਤਲੇ ਵਿਚ ਬੈਠਾ ਬੀਰੋ ਦੀ ਉਡੀਕ ਕਰ ਰਿਹਾ ਸੀ। ਇਹ ਕਾਹ ਛੋਟੇ ਜਿਹੜੇ ਟਿੱਬੇ ਦੀ ਢਾਲ ਵਿਚ ਸਨ। ਲਾਭਾ ਉਸ ਨੂੰ ਮਿਥੀ ਅਨੁਸਾਰ ਬਹਾ ਗਿਆ ਸੀ। ਉਸ ਦੇ ਖੂਹ ਉਤੇ ਇਹ ਮੇਲ ਦੋ ਕਾਰਨਾਂ ਕਰ ਕੇ ਹੋ ਨਹੀਂ ਸਕਦਾ ਸੀ। ਪਹਿਲਾ ਬੀਰੋ ਦਾ ਬਾਪੂ ਬਲਦਾਂ ਦੀ ਹਕਾਈ ਕਰ ਰਿਹਾ ਸੀ ਤੇ ਦੂਜੇ ਲਾਭਾ, ਨਛੱਤਰ ਅਤੇ ਅਮਲੀ ਨੂੰ ਬੀਰੋ ਕਿਸੇ ਕੀਮਤ ਉਤੇ ਵੀ ਵਿਖਾਉਣਾ ਨਹੀਂ ਚਾਹੁੰਦਾ ਸੀ। ਬੀਰੋ ਨੇ ਮਿਲਣ ਉਤੇ ਲਾਭੇ ਦੀ ਉਹ ਛਿੱਦੀ- ਪਤਲੀ ਕੀਤੀ ਸੀ ਕਿ ਮਿੱਟੀ ਖੁਰਚਣ ਬਿਨਾਂ ਉਸ ਕੋਲ ਕੋਈ ਜਵਾਬ ਨਹੀਂ ਰਿਹਾ ਸੀ। ਉਸ ਲਾਭੇ ਦੇ ਦੱਸਣ ਤੇ ਵੀ ਨਹੀਂ ਆਉਣਾ ਸੀ, ਪਰ ਉਸ ਨੂੰ ਮੋਦਨ ਦਾ ਮੂੰਹ ਮਾਰ ਗਿਆ ਕਿ ਉਹ ਸਾਰੀ ਉਮਰ ਗੁੱਸਾ ਰੱਖੇਗਾ, ਮੈਨੂੰ ਸੱਦ ਕੇ ਮੇਰੀ ਬਾਤ ਤੱਕ ਨਹੀਂ ਪੁੱਛੀ।
ਬੀਰੋ ਮੁੰਡਿਆਂ ਵਾਂਗ ਉਸ ਕੋਲ ਨਿਧੜਕ ਆ ਗਈ ਤੇ ਕਿਸੇ ਤਰ੍ਹਾਂ ਦੀ ਸੁਖ ਸਾਂਦ ਪੁੱਛੇ ਬਿਨਾਂ ਉਹ ਲਾਭੇ ਵਾਂਗ ਹੀ ਮੋਦਨ ਦੇ ਗਲ ਪੈ ਗਈ।
“ਹੁਣ ਤੁਸੀਂ ਖੇਹ ਖਾਣ ਆਏ ਓ ?”
“ਇਹਦੇ ਵਿਚ ਮੇਰਾ ਕੀ ਕਸੂਰ ਐ।” ਮੋਦਨ ਆਪਣੇ ਟੁੱਟੇ ਦਿਲ ਲਈ ਹਮਦਰਦੀ ਚਾਹੁੰਦਾ ਸੀ, ਪਰ ਬੀਰੋ ਦੇ ਰੰਬੇ ਨੇ ਟਿੱਬਾ ਵੱਢਣਾ ਸ਼ੁਰੂ ਕਰ ਦਿੱਤਾ।
“ਕਸੂਰ ਸਾਡਾ ਸੀ ਹੋਰ, ਜਿਨ੍ਹਾਂ ਵੇਲੇ ਸਿਰ ਬੰਦਾ ਭੇਜਿਆ ?”
“ਬੰਦਾ ਤੇਰਾ ਪਹਿਲੀ ਰਾਤ ਜਗਰਾਵੀਂ ਪੀਂਦਾ ਰਿਹਾ ਅਤੇ ਕੱਲ੍ਹ ਦੁਪਹਿਰੇ ਪਿੰਡ ਮਿਲਿਆ।
‘ਮੈਂ ਉਦੋਂ ਵੀ ਚਲਣ ਲਈ ਪੁੱਜ ਕੇ ਜ਼ੋਰ ਲਾਇਆ, ਪਰ ਮੇਰੀ ਕਿਸੇ ਨੇ ਇਕ ਨਹੀਂ ਮੰਨੀਂ, ਦੱਸ, ਮੈਂ ਕਿਧਰ ਨੂੰ ਜਾਂਦਾ, ਜਦੋਂ ਮੈਨੂੰ ਵੀ ਨਹੀਂ ਆਉਣ ਦਿੱਤਾ।” ਮੋਦਨ ਆਪਣੀ ਥਾਂ ਸੱਚਾ ਸੀ ਅਤੇ ਵੱਡਾ
ਦੁੱਖ ਉਸ ਨੂੰ ਇਸ ਗੱਲ ਦਾ ਸੀ ਕਿ ਉਸ ਦੇ ਅੰਦਰਲੇ ਫੱਟਾਂ ਵੱਲ ਕੋਈ ਨਹੀਂ ਧਿਆਨ ਮਾਰਦਾ ਸੀ। “ਤੂੰ ‘ਕਲਾ ਪਰਵਾਅਰਾ ਹੋ ਕੇ ਤੁਰ ਆਉਂਦਾ।” ਬੀਰੋ ਦਾ ਗ਼ੁੱਸਾ ਹਾਲੇ ਵੀ ਮੱਠਾ ਨਹੀਂ ਪਿਆ मी।
“ਇਹ ਮੈਨੂੰ ਆਂਹਦੇ, ਜੇ ਤੈਨੂੰ ਕਿਸੇ ਕੁੱਟ ਕੱਢਿਆ ਜਾਂ ਵਾਅਰ ਨੇ ਦੱਬ ਲਿਆ, ਤੂੰ ‘ਕੱਲਾ ਕੀ ਕਰੇਂਗਾ। ਮੇਰੀ ਤਾਂ ਇਹਨਾਂ ਨੇ ਕਿਵੇਂ ਵੀ ਪੇਸ਼ ਨਹੀਂ ਜਾਣ ਦਿੱਤੀ।” ਮੋਦਨ ਨੇ ਆਪਣੀ ਵਲੋਂ ਹਰ ਪੱਖੋਂ ਲਾਚਾਰੀ ਵਿਖਾਈ।
ਮਰਦਾਂ ਦਾ ਤਾਂ ਭੋਰਾ ਵਸਾਹ ਨਾ ਕਰੋ, ਨਾਲੇ ਜੱਟ ਤਾਂ ਕੁੱਤੇ ਦੇ ਵੱਢੇ ਹੁੰਦੇ ਐ।”
” ਮੋਦਨ ਨੇ ਕੋਈ ਮੋੜ ਨਾ ਕੀਤਾ। ਕੁਝ ਸਮਾਂ ਚੁੱਪ ਤਣੀ ਰਹੀ। ਅਖ਼ੀਰ ਬੀਰੋ ਨੇ ਮੋਹ ਦੇ ਵੇਗ ਵਿਚੋਂ ਕਿਹਾ :
“ਤੂੰ ਮੇਰੀ ਭੈਣ ਨੂੰ ਮਾਰਨ ਦੀ ਕਸਰ ਨਹੀਂ ਛੱਡੀ ਤੇ ਹੁਣ ਵੀ ਉਸ ਦਾ ਰੱਬ ਈ ਰਾਖਾ ਏ।”
“ਬੀਰੋ ! ਤੈਨੂੰ ਦਿਲ ਪਾੜ ਕੇ ਵਿਖਾਣਾ ਹੋਵੇ, ਬਸ।” ਲੰਮੀ ਪੀੜ ਵਿਚੋਂ ਮੋਦਨ ਨੇ ਅੱਖਾਂ ਮੀਟ ਲਈਆਂ। “ਬੀਰੋ ! ਮੇਰਾ ਕੋਈ ਦੋਸ਼ ਨਹੀਂ, ਤੂੰ ਉਹਨਾਂ ਨੂੰ ਕੁਝ ਨਹੀਂ ਆਖਦੀ, ਜਿਨ੍ਹਾਂ ਮੇਰਾ ਬੇੜਾ ਰੋੜ੍ਹ ਦਿੱਤਾ।” ਉਸ ਰੇਤੇ ਦੀ ਮੁੱਠ ਭਰ ਕੇ ਉਂਗਲਾਂ ਵਿਚੋਂ ਕੇਰ ਦਿੱਤੀ।
“ਉਹਦੀ ਤਾਂ ਮੈਂ ਉਹ ਭੁਗਤ ਸਵਾਰੀ ਐ, ਜੇ ਬੰਦਾ ਹੋਇਆ, ਸਾਰੀ ਉਮਰ ਯਾਦ ਰੱਖੇਗਾ।” ਮੁੜ ਆਪਣਿਆਂ ਭਾਵਾਂ ਵਿਚੋਂ ਸਿਰ ਮਾਰਦਿਆਂ ਬੀਰੋ ਨੇ ਦਿਲ ਦੇ ਪੂਰੇ ਰੰਜ ਨਾਲ ਆਖਿਆ, “ਮਾੜੀ ਕਿਸਮਤ ਉਸ ਕੁੜੀ ਦੀ, ਜਿਹੜੀ ਮਰਦ ਨਾਲ ਵਾਹ ਪਾ ਬੈਠੇ। ਮਰਦ, ਦਿਲ ਦੇ ਖੋਟੇ, ਬੇਈਮਾਨ, ਬੇ-ਪਰਵਾਹ ਤੇ ਪੱਥਰ !” ਇਉਂ ਜਾਪਦਾ ਸੀ, ਜਿਵੇਂ ਬੀਰੋ ਦਾ ਭਰਿਆ ਮਨ ਰੋ ਪਵੇਗਾ।
“ਬੀਰੋ ਇਉਂ ਨਾ ਆਖ, ਬੰਦੇ ਕੁਬੰਦੇ ਵੀ ਵੇਖ ਵੇਖ ਐ। ਇਕ ਉਹ ਵੀ ਬੰਦੇ ਐ, ਜਿਹੜੇ ਆਰੇ ਹੇਠਾਂ ਸਿਰ ਦੇ ਕੇ ‘ਸੀ’ ਨਹੀਂ ਆਂਹਦੇ।” ਮੋਦਨ ਦਾ ਭਾਵ ਸੀ, ਮੈਨੂੰ ਬਲਦੀ ਦੇ ਬੁੱਥੇ ਦੇ ਕੇ ਤਾਂ ਵੇਖ ਲਵੋ, ਐਵੇਂ ਕਿਉਂ ਦੁੱਧ ਪੀਣੇ ਮਜਨੂੰਆਂ ਦੀ ਕਤਾਰ ਵਿਚ ਖਲ੍ਹਾਰਦੇ ਹੋ।
ਬੀਰੋ ਆਪਣੇ ਤਜਰਬੇ ਤੋਂ ਸੱਚੀ ਸੀ ਤੇ ਉਸ ਲਈ ਕਿਸੇ ਹੋਰ ਪ੍ਰਕਾਰ ਦਾ ਭਰੋਸਾ ਕਰਨਾ ਔਖਾ ਸੀ। ਉਸ ਹਉਕਾ ਲੈ ਕੇ ਆਪਣੀ ਨੀਵੀਂ ਵਿਚੋਂ ਆਖਿਆ :
“ਤੀਵੀਂ ਜੇ ਚੰਗੀ ਹੋਵੇ, ਕਦੇ ਅੱਖਾਂ ਚਾਰ ਨਾ ਕਰੇ, ਨਾ ਦੁੱਖ ਭੋਗੇ, ਨਾ ਭੱਠ ਝੋਕੇ।” ਉਸ ਆਪਣੇ ਵਿਸ਼ਵਾਸ ਅਨੁਸਾਰ ਸਿਰ ਮਾਰਿਆ।
“ਹੋਣਹਾਰ ਹੋ ਕੇ ਰਹਿੰਦੀ ਹੈ।” ਮੋਦਨ ਨੇ ਆਪਣਾ ਸੱਜਾ ਪੰਜਾ ਰੇਤੇ ਵਿਚ ਗੱਡ ਦਿੱਤਾ। ਫਿਰ ਇਕ ਪਲ ਰੁਕ ਕੇ ਪੁੱਛਿਆ, “ਹੁਣ ਕੋਈ ਸਬੀਲ ਹੋ ਸਕਦੀ ਐ ?”
“ਅੱਗੇ ਥੋੜੀਆਂ ਪੂਰੀਆਂ ਪਾਈਆਂ ਨੇ।”
“ਬੀਰੋ ! ਮੇਰੀ ਵਾਹ ਨਹੀਂ ਗਈ, ਤੂੰ ਕਿਉਂ ਨਹੀਂ ਸਮਝਦੀ, ਕਿਉਂ ਮਰੇ ਨੂੰ ਮਾਰਦੀ ਏਂ। ਹੁਣ ਦੱਸ, ਜੇ ਕੁਝ ਹੋ ਸਕਦਾ ਏ, ਮੈਂ ਸਿਰ ਦੇਣ ਨੂੰ ਤਿਆਰ ਆਂ।” ਮੋਦਨ ਦੀ ਇਕ ਧਾਹ ਨਹੀਂ ਨਿਕਲੀ ਸੀ। ਬਸ ਦਿਲ ਉਛਲ ਕੇ ਬਾਹਰ ਆਉਣ ਵਾਲਾ ਹੋਇਆ ਪਿਆ ਸੀ।
ਬੀਰੋ ਮੋਦਨ ਦਾ ਪੀੜ ਪੀੜ ਹੋਇਆ ਚਿਹਰਾ ਵੇਖ ਕੇ ਪਿਘਲ ਗਈ। ‘ਹਾਇ ! ਮੈਂ ਕਿਉਂ ਨਾ ਇਸ ਤਰ੍ਹਾਂ ਦਾ ਦਰਦੀ ਚੁਣਿਆ।” ਉਹ ਮਨ ਦੇ ਵੇਗ ਵਿਚੋਂ ਕਹਿ ਗਈ।
“ਹੁਣ ਮੈਂ ਤੈਨੂੰ ਕੀ ਦੱਸ ਸਕਦੀ ਆਂ, ਜਿੰਨਾ ਚਿਰ ਉਹ ਆ ਨਹੀਂ ਜਾਂਦੀ।” ਗੱਲ ਵੀ ਇਹ ਠੀਕ ਸੀ, ਬੀਰੋ ਦੇ ਹੁਣ ਵਸ ਹੀ ਕੀ ਸੀ। ਉਸ ਦੀ ਸੋਚ ਨੂੰ ਮੋੜਾਂ ਘੋੜਾਂ ਵਿਚੋਂ ਕੋਈ ਰਾਹ ਨਾ ਲੱਭਾ। “ਮੋਦਨ ਬੰਦਿਆ ! ਉਸ ਵੱਲ ਵੀ ਵੇਖਿਆ ਨਹੀਂ ਸੀ ਜਾਂਦਾ, ਬਸ ਲਾਸ਼ ਈ ਲੈ ਕੇ ਗਏ ਐ।”
“ਤੁਸੀਂ ਕੁਝ ਚਿਰ ਪਹਿਲਾਂ ਬਿੜਕ ਦਿੰਦੀਆਂ ?” ਮੋਦਨ ਗੁਜ਼ਰ ਗਈ ਨੂੰ ਪੱਛੋਤਾ ਰਿਹਾ ਸੀ।
“ਸਾਨੂੰ ਕੀ ਪਤਾ ਸੀ, ਐਨੀ ਛੇਤੀ ਸਿਰ ਪੱਥਰ ਆ ਵਜਣਾ ਏਂ।” ਬੀਰੋ ਨੇ ਮੱਥੇ ਵਿਚ ਹੱਥ ਮਾਰਿਆ। “ਉਹਦਾ ਪਰਾਹੁਣਾ, ਕਲ੍ਹ ਦਾ ਜੁਆਕ, ਚਪੇੜ ਵਜੇ ਤਿੰਨ ਦਿਨ ਰੋਣੋਂ ਚੁੱਪ ਨਾ ਕਰੇ। ਉਥੇ ਉਹ ਕਿਵੇਂ ਦਿਨ ਕੱਟੇਗੀ। ਬੰਦਿਆ ! ਦਿਨ ਕਟਣੇ ਤਾਂ ਡੁੱਬੇ, ਮੈਂ ਤਾਂ ਉਹਦੀ ਸੁਖ ਲਈ ਹੱਥ ਜੋੜਦੀ ਆਂ।”
ਦੋਵੇਂ ਆਪਣੀ ਆਪਣੀ ਤਰ੍ਹਾਂ ਦੇ ਹਉਕੇ ਲੈਂਦੇ ਰਹੇ, ਝੂਰਦੇ ਰਹੇ, ਸਮੇਂ ਅਤੇ ਹੋਣੀ ਦੇ ਸ਼ਿਕਵੇ ਕਰਦੇ ਰਹੇ।” ਅਖ਼ੀਰ ਜਾਣ ਦੀ ਨੀਅਤ ਨਾਲ ਬੀਰੋ ਨੇ ਆਖਿਆ :
“ਉਹਦੀ ਆਈ ਤੋਂ ਮੈਂ ਤੈਨੂੰ ਠੰਢੀ ਤੱਤੀ ਖ਼ਬਰ ਭੇਜਾਂਗੀ।”
“ਮੈਂ ਨਾ ਆ ਜਾਵਾਂ ?” ਮੋਦਨ ਨੇ ਥੋੜੇ ਉਤਸ਼ਾਹ ਨਾਲ ਪੁੱਛਿਆ।
“ਹੁਣ ਕੀਹਦੇ ਕੋਲ ਆਵੇਂਗਾ ? ਅੱਛਾ, ਆ ਜਾਵੀਂ ਇਸ ਬੇਰੜੇ ਕੋਲ।” ਬੀਰੋ ਮੋਦਨ ਦੇ ਜੇਰੇ ਦੇ ਸਦਕੇ ਜਾ ਰਹੀ ਸੀ ਅਤੇ ਲਾਭੇ ਉਤੇ ਵਾਲ ਵਾਲ ਦੁਖੀ ਸੀ, ਪਰ ਖੋਟੇ ਪੈਸੇ ਬਿਨਾਂ ਉਹਨਾਂ ਨੂੰ ਆਪਣੇ ਪੈਰ ਲਗਦੇ ਵੀ ਨਹੀਂ ਦਿਸਦੇ ਸਨ।
“ਕਦੋਂ ਕੁ ਤਕ ?”
“ਹੁਣ ਇਹ ਵੀ ਕੀ ਦੱਸਾਂ। ਮੈਂ ਤਾਂ ਆਖਦੀ ਆਂ, ਤੂੰ ਨਾ ਆਈਂ, ਐਵੇਂ ਖ਼ਾਲੀ ਫੇਰੇ ਪਾਉਣਾ ਕਿਸੇ ਨੂੰ ਸ਼ੱਕ ਕਰਾਵੇਂਗਾ। ਤੂੰ ਸਾਡੇ ਸੁਨੇਹੇ ਤੇ ਹੀ ਆਵੀਂ।” ਉਹ ਉਠ ਕੇ ਖਲੋ ਗਈ। “ਹੱਛਾ ਸਾ ਸ੍ਰੀ ‘ਕਾਲ !”
“ਸਾ ਸ੍ਰੀ “ਕਾਲ !”
ਬੀਰੋ ਚਲੀ ਗਈ ਅਤੇ ਮੋਦਨ ਦੇ ਮਨ ਦੀ ਇਹ ਹਾਲਤ ਸੀ ਕਿ ਉਸ ਕੋਲੋਂ ਟਿੱਬੇ ਉਤੋਂ ਉਠਿਆ ਨਹੀਂ ਸੀ ਜਾਂਦਾ। ਉਹ ਚਾਹੁੰਦਾ ਸੀ, ਏਦੂੰ ਤਾਂ ਮੇਰੀ ਏਥੇ ਕਬਰ ਈ ਬਣ ਜਾਂਦੀ।
22
ਸਹੁਰੇ ਘਰ ਧੰਤੋ ਨੇ ਘੁੰਡ ਚੁਕਦਿਆਂ ਆਪਣੀ ਹੋਣੀ ਨੂੰ ਵੇਖਣ ਦਾ ਯਤਨ ਕੀਤਾ। ਵਿਹੜੇ ਵਿਚ ਨਿੰਮ ਹੇਠਾਂ, ਜਿਹੜੀ ਸਿਆਲ ਕਾਰਨ ਛਾਂਗ ਸੁੱਟੀ ਸੀ, ਇਕ ਤੋਕੜ ਮਹਿੰ, ਇਕ ਵਹਿੜ ਅਤੇ ਬੁੱਢਾ ਬਲਦ ਖਲੋਤੇ ਸਨ। ਬਲਦ ਨਾਲ ਨਿੱਕਾ ਚਾਰ ਵਿਘੇ ਪੈਲੀ ਲੈ ਕੇ ਪਾਲ ਲਿਆ ਕਰਦਾ ਸੀ। ਬਲਦ, ਮੱਝ ਅਤੇ ਵਹਿੜ ਦੇ ਖੱਲ ਵਾਲੇ ਪੱਠਿਆਂ ਨੂੰ ਮੂੰਹ ਮਾਰਨ ਲਈ ਔਲ੍ਹਦਾ, ਪਰ ਵਹਿੜ ਉਸ ਨੂੰ ਢੁੱਡ ਮਾਰ ਕੇ ਪਰਾਂਹ ਕਰ ਸੁੱਟਦੀ। ਘਰ ਦੀ ਅਗਲੀ ਕੰਧ ਪੱਕੀ ਸੀ, ਜਿਸ ਨੂੰ ਰਸੋਈ ਉਤੋਂ ਦੀ ਪੌੜੀਆਂ ਚੜ੍ਹੀਆਂ ਹੋਈਆਂ ਸਨ। ਵਿਹੜਾ, ਲੋੜ ਗੋਚਰਾ ਖੁਲ੍ਹਾ ਸੀ ਤੇ ਘਰ ਵਿਚ ਲੋੜੀਂਦੀ ਚੀਜ਼- ਵਸਤ ਵੀ ਸੀ। ਪਰ ਪਤਾ ਨਹੀਂ ਕਿਉਂ ਧੰਤੋ ਨੂੰ ਹਰ ਚੀਜ਼ ਓਪਰੀ ਓਪਰੀ ਤੇ ਵਢ ਵਢ ਖਾਂਦੀ ਪਰਤੀਤ ਹੋ ਰਹੀ ਸੀ।
ਵਿਆਹ ਵਾਲੀ ਏਥੇ ਵੀ ਕੋਈ ਦੁੱਖ ਨਹੀਂ ਸੀ, ਨਾ ਹੀ ਕੋਈ ਰਿਸ਼ਤੇਦਾਰ ਆਇਆ ਸੀ : ਕੇਵਲ ਦੂਜੀ ਲਲਤੋਂ ਤੋਂ ਨਿੱਕੇ ਨੇ ਸ਼ਰੀਕੇ ਕਬੀਲੇ ਵਿਚੋਂ ਇਕ ਬੁੱਢੀ ਮਾਈ ਨੂੰ ਆਪ ਜਾ ਕੇ ਲੈ ਆਂਦਾ ਸੀ, ਜਿਸ ਨੂੰ ਨਿੱਕਾ ਚਾਚੀ ਆਖਦਾ ਸੀ। ਧੰਤੋ ਦੇ ਬਾਲ ਪਤੀ ਬਿਨਾਂ ਇਕ ਦੇਵਰ ਅਤੇ ਸਭ ਤੋਂ ਛੋਟੀ ਨਣਾਨ ਸੀ। ਜਾਂ ਘਰ ਵਿਚ ਨਿੱਕੇ ਦੀਆਂ ਨਿੱਕੀਆਂ ਅੱਖਾਂ ਸਨ, ਜਿਹੜੀਆਂ ਇਉਂ ਪਰਤੀਤ ਹੁੰਦਾ ਸੀ, ਜਿਵੇਂ ਉਸ ਦਾ ਮੁੱਲ ਹਾੜ ਰਹੀਆਂ ਸਨ।
ਪਿੰਡੋਂ ਤੁਰਨ ਵੇਲੇ ਉਹ ਰੋਈ ਨਹੀਂ ਸੀ। ਪਲ ਪਲ ਪੀਡੀ ਹੁੰਦੀ ਜਾ ਰਹੀ ਚੁੱਪ ਉਸ ਦੇ ਗ਼ਮ ਦੀ ਸਾਥਣ ਬਣ ਗਈ ਸੀ। ਨਾਲ ਆਈ ਨਾਇਣ ਨੂੰ ਅਗਲੇ ਦਿਨ ਹੀ ਉਸ ਦਾ ਬਣਦਾ ਲਾਗ ਦੇ ਕੇ ਵਾਪਸ ਕਰ ਦਿੱਤਾ ਅਤੇ ਕਹਿ ਘਲਿਆ, ਧੰਤੋ ਦੋ ਚਾਰ ਦਿਨ ਰਹਿ ਕੇ ਆਵੇਗੀ। ਚੁਸਤ ਨਿੱਕੇ ਦਾ ਮਨ ਸੀ, ਜਿੰਨਾ ਚਿਰ ਧੰਤੋ ਦਾ ਏਥੇ ਜੀਅ ਨਾ ਲੱਗ ਜਾਵੇ ਜਾਂ ਘੱਟ ਤੋਂ ਘੱਟ ਉਸ ਦਾ ਮਨ ਨਾ ਜਾਣ ਲਿਆ ਜਾਵੇ, ਮੋੜ ਕੇ ਨਹੀਂ ਘੱਲਣੀ। ਕਿਉਂਕਿ ਫੀਲੇ ਅਤੇ ਕਾਰੇ ਦਾ ਉਹ ਹੋਰ ਵਸਾਹ ਨਹੀਂ ਖਾਣਾ ਚਾਹੁੰਦਾ ਸੀ, ਖ਼ਬਰੇ ਕਿਤੇ ਹੋਰ ਹੀ ਤੋਰ ਦੇਣ। ਪਿੰਡ ਦੀ ਨਾਇਣ ਦੇ ਤੋਰ ਦੇਣ ਉਤੇ ਵੀ ਧੰਤੋ ਨੂੰ ਡਾਢੀ ਸੱਟ ਲੱਗੀ ਅਤੇ ਉਸ ਦੀ ਚੁੱਪ ਵਿਚ ਹੋਰ ਸੰਜੀਦਗੀ ਜੜ੍ਹ ਆਈ। ਮਾਈ, ਜਿਹੜੀ ਰਿਸ਼ਤੇ ਵਿਚ ਉਸ ਦੀ ਦਦਿਹਸ ਲੱਗਦੀ ਸੀ, ਉਸ ਦਾ ਦਿਲ ਪਰਚਾਉਣ ਲਈ ਬੜੀਆਂ ਮਿੱਠੀਆਂ ਗੱਲਾਂ ਕਰਦੀ, ਪਰ ਧੰਤੋ ਨੀਵੀਂ ਪਾਈ, ਬਿਨਾਂ ਹੁੰਗਾਰੇ ਸੁਣਦੀ ਤੇ ਉਸ ਦਾ ਕੁਝ ਵੀ ਅਸਰ ਨਾ ਕਬੂਲਦੀ। ਜਿਨ੍ਹਾਂ ਦਾ ਆਪਣਾ ਬਣਾਇਆ ਵਿਸ਼ਵਾਸ ਟੁੱਟ ਜਾਵੇ, ਉਹ ਕਦੋਂ ਕਿਸੇ ਦਾ ਪਰਭਾਵ ਲੈਂਦੇ ਹਨ।
ਲਾਗਲੇ ਘਰਾਂ ਦੀਆਂ ਵਹੁਟੀਆਂ ਅਤੇ ਮੁਟਿਆਰ ਕੁੜੀਆਂ ਉਸ ਨੂੰ ਆਥਣ ਸਵੇਰ ਬਾਹਰ ਲੈ ਜਾਂਦੀਆਂ। ਉਸ ਦੀ ਬਾਲੜੀ ਨਣਾਨ ਵੀ ਨਾਲ ਹੁੰਦੀ। ਕੁੜੀਆਂ ਧੰਤੋ ਦੇ ਅੱਗੇ ਪਿੱਛੇ ਗੱਲਾਂ ਕਰਦੀਆਂ। ਉਹ ਪਤਲੇ ਕੰਨਾਂ ਨਾਲ ਗੱਲਾਂ ਸੁਣਨ ਦਾ ਯਤਨ ਕਰਦੀ, ਪਰ ਕੁੜੀਆਂ ਨੂੰ ਸਿਰ ਵੀ ਨਾ ਹੋਣ ਦੇਂਦੀ। ‘ਇਹਦਾ ਰੂਪ ਤੇ ਭਾਰੀ ਜਵਾਨੀ, ਐ ਹੈ ! ਅੜੀਏ, ਕੱਲ੍ਹ ਦਾ ਛੋਹਰ ਕਦੋਂ ਇਹਦੇ ਹਾਣ ਹੋਇਆ।” ਇਸ ਤਰ੍ਹਾਂ ਦੀ ਕੰਨ-ਵਲੇਲ ਪੈਣ ਉਤੇ ਉਸ ਦੀ ਛਾਤੀ ਵਿਚ ਦੁਸਾਂਗ ਗੱਡੀ ਜਾਂਦੀ। ਕੋਈ ਆਖਦੀ, ‘ਅਜਿਹੇ ਮਾਪਿਆਂ ਨੂੰ ਗੋਲੀ ਮਾਰ ਦੇਵੋ, ਜਿਹੜੇ ਪੈਸਿਆਂ ਦੀ ਖ਼ਾਤਰ ਧੀਆਂ ਤੋਂ ਉਮਰ ਭਰ ਦਾ ਦੋਜ਼ਖ ਭਰਾਉਂਦੇ ਐ।” ਧੰਤੋ ਦਾ ਜੀਅ ਰੋਣ ਨੂੰ ਕਰਦਾ, ਪਰ ਓਪਰੇ ਹਮਦਰਦਾਂ ਵਿਚ ਜੇਰਾ ਨਾ ਪੈਂਦਾ। ਉਸ ਦੇ ਰੋਣ ਦੇ ਖ਼ਬਰੇ ਕਿੰਨੇ ਹੋਰ ਹੋਰ ਮਤਲਬ ਕੱਢੇ ਜਾਣੇ ਸਨ, ਜਦੋਂ ਕਿ ਉਹ ਤਰਖਾਣ ਦੀ ਗੱਡੀ ਚੜ੍ਹਦੀ ਬਿਲਕੁਲ ਨਹੀਂ ਰੋਈ ਸੀ।
ਉਹ ਜਦੋਂ ਵੀ ਨਵੇਕਲੀ ਹੁੰਦੀ, ਸੋਚਦੀ, ਮੈਂ ਉਮਰ ਭਰ ਦਾ ਦੋਜ਼ਖ ਕੱਟ ਲਵਾਂਗੀ ?’ ਇਸ ਤੋਂ ਬਿਨਾਂ ਜਦ ਉਹ ਆਪਣੇ ਮਾਲਕ ਦਾ ਮੋਦਨ ਨਾਲ ਮੁਕਾਬਲਾ ਕਰਦੀ, ਗੁਝੀ ਉਸ ਦੀ ਧਾਹ ਨਿਕਲ ਜਾਂਦੀ। ਉਹ ਸਭ ਕੁਝ ਵੇਖਦੀ ਸੀ, ਪਰ ਉਸ ਨੂੰ ਕੁਝ ਵੀ ਨਹੀਂ ਜਚਦਾ ਸੀ। ਹਰ ਚੀਜ਼ ਓਪਰੀ, ਜਿਸ ਨਾਲ ਦਿਲ ਦੀ ਕੋਈ ਸਾਂਝ ਨਹੀਂ ਸੀ। ਉਹ ਦਿਹਾੜੀ ਵਿਚ ਭਾਂਤ ਭਾਂਤ ਦੀਆਂ ਗੱਲਾਂ ਸੁਣਦੀ ਸੀ, ਪਰ ਦਿਲ ਨੂੰ ਇਕ ਵੀ ਬੋਲ ਨਹੀਂ ਪੋਹਿਆ ਸੀ। ਚਾਰ ਚਾਰ ਮਿੱਸੀਆਂ ਰੋਟੀਆਂ ਖਾਣ ਵਾਲੀ ਧੰਤੋ ਰੋਟੀ ਨਾਲੋਂ ਬੁਰਕੀ ਤੋੜ ਤਾਂ ਲੈਂਦੀ, ਪਰ ਦਾਲ ਵਾਲੇ ਕਟੋਰੇ ਵਿਚ ਹੀ ਗੁੰਨ੍ਹ ਕੇ ਰੱਖ ਦੇਂਦੀ। ਵਾਰਸ ਦੀ ਹੀਰ ਵਾਂਗ ਥੋੜਾ ਬਹੁਤ ਮੂੰਹ ਪਾਇਆ ਟੁੱਕਰ ਵੀ ਉਗਾਲੀਆਂ ਹੋ ਹੋ ਬਾਹਰ ਨੂੰ ਆਉਂਦਾ। ਕਦੇ ਉਸ ਦੀ ਵਿਅੰਗਮਈ ਮੁਸਕਾਣ ਵਿਚ ਜ਼ਿੰਦਗੀ ਡੁੱਬ ਜਾਂਦੀ, “ਤੂੰ ਮੇਰੀਏ ਮਾਂ ! ਮੈਨੂੰ ਇਹਨਾਂ ਸੰਜੋਗਾਂ ਲਈ ਪਾਲਿਆ ਸੀ।” ਹਾਣੀ ਦੀ ਭੁੱਖ ਵਿਚ ਤਰਸੀਆਂ ਜਵਾਨ ਕੁੜੀਆਂ, ਜਦ ਬੁਰੀ ਤਰ੍ਹਾਂ ਅਨੁਭਵੀ ਵੀ ਹੋ ਜਾਂਦੀਆਂ ਹਨ, ਤਦ ਉਹ ਜ਼ਿੰਦਗੀ ਦੇ ਦੁੱਖਾਂ ਦਾ ਬਹੁਤਾ ਸਮਾਂ ਸਾਥ ਨਹੀਂ ਦੇ ਸਕਦੀਆਂ। ਜਾਂ ਤਾਂ ਅੰਦਰ ਕੋਈ ਅਵੱਲਾ ਰੋਗ ਲੱਗ ਜਾਂਦਾ ਹੈ, ਜਾਂ ਭਾਵਕ ਅਨੁਭਵ ਉਸ ਨੂੰ ਬਗਾਵਤ ਦੀ ਹੱਦ ਤੱਕ ਲੈ ਜਾਂਦਾ ਹੈ।
ਦੂਜੇ ਦਿਨ ਮਾਈ ਨੂੰ ਉਸ ਦਾ ਪੋਤਰਾ ਸ਼ਾਮ ਨੂੰ ਆ ਕੇ ਲੈ ਗਿਆ, ਰੱਬ ਜਾਣੇ ਘਰ ਕੋਈ ਕੰਮ ਹੀ ਹੋਵੇ। ਧੰਤੋ ਦਾ ਬਾਲ ਪਤੀ ਮੌਕਾ ਮਿਲਣ ਉਤੇ ਬਾਹਰਲੇ ਮੁੰਡਿਆਂ ਦਾ ਚੁਕਿਆ ਧੰਤੋ ਨੂੰ ਅੱਖਾਂ ਮਾਰਨੀਆਂ ਸਿਖਾਂਦਾ ਸੀ। ਉਹ ਇਕ ਸਮੇਂ ਹਾਸੀ ਅਤੇ ਰੋਣ ਨਾਲ ਮੂੰਹ ਭਰ ਜਾਂਦੀ। ਉਹ ਤਿੰਨਾਂ ਦਿਨਾਂ ਦੇ ਹਉਕਿਆਂ ਵਿਚ ਹੀ ਅੱਧੀ ਰਹਿ ਗਈ ਸੀ। ਉਸ ਅਨੁਮਾਨ ਲਾ ਲਿਆ ਸੀ ਕਿ ਜੇ ਹਾਲਤ ਇਸ ਤਰ੍ਹਾਂ ਹੀ ਰਹੀ, ਮੈਂ ਬਹੁਤਾ ਸਮਾਂ ਜੀਣ ਨਹੀਂ ਲੱਗੀ।
ਨਾਇਣ ਦੇ ਚਲੀ ਜਾਣ ਤੋਂ ਅਗਲੇ ਦਿਨ ਫੀਲਾ ਅਤੇ ਕਾਰਾ ਧੰਤੋ ਨੂੰ ਮਿਲਣ ਆਏ। ਨਾਇਣ ਦੇ ਇਕੱਲੀ ਮੁੜ ਆਉਣ ਨਾਲ ਫੀਲੇ ਨੇ ਆਪਣੀ ਹੱਤਕ ਮਹਿਸੂਸ ਕੀਤੀ ਸੀ। ਉਹ ਦੋਵੇਂ ਨਿੱਕੇ ਨੂੰ ਮਿਲੇ, ਉਸ ਗੱਲਾਂ ਵਿਚ ਉਹਨਾਂ ਨੂੰ ਵਰਚਾ ਲਿਆ। ਫੀਲੇ ਨੇ ਧੰਤੋ ਨੂੰ ਪਿਆਰ ਦਿੰਦਿਆਂ ਪੁੱਛਿਆ :
“ਕੁੜੀਏ ਰਾਜ਼ੀ ਏਂ ?”
ਧੰਤੋ ਨੇ ਆਪਣੀ ਚੁੱਪ ਨਹੀਂ ਤੋੜਨੀ ਸੀ ਤੇ ਨਾ ਹੀ ਤੋੜੀ। ਉਹ ਕੁੜੀ ਦਾ ਮਨ ਭਾਂਪ ਗਿਆ ਤੇ ਮੁੜ ਹੋਰ ਗੱਲ ਕਰਨ ਦਾ ਉਸ ਨੂੰ ਹੌਂਸਲਾ ਹੀ ਨਾ ਪਿਆ। ਧੰਤੋ ਨੇ ਉਹਨਾਂ ਨੂੰ ਚਾਹ ਕਰ ਦਿੱਤੀ, ਜਿਹੜੀ ਗੁਰਮੇਲੂ ਨੇ ਚੁੱਕ ਕੇ ਉਹਨਾਂ ਅੱਗੇ ਰੱਖ ਦਿੱਤੀ। ਫੀਲੇ ਵਾਂਗ ਕਾਰੇ ਦੀ ਵੀ ਚਾਹ ਨਹੀਂ ਲੰਘ ਰਹੀ ਸੀ, ਪਰ ਉਹਨਾਂ ਨੂੰ ਜ਼ਹਿਰ ਮਾਰ ਕਰਨੀ ਹੀ ਪਈ। ਫੀਲਾ ਉਥੋਂ ਇਉਂ ਖਿਸਕ ਤੁਰਿਆ ਸੀ, ਜਿਵੇਂ ਚੋਰੀ ਦੇ ਦੋਸ਼ ਵਿਚ ਜੇ ਫੜਿਆ ਗਿਆ ਤਾਂ ਕੀ ਜਵਾਬ ਦੇਵੇਗਾ।
ਧੰਤੋ ਸਮਝਦੀ ਸੀ ਮੇਰੇ ਲਈ ਮੇਰੀ ਮਾਂ ਨੇ ਆਪਣੀ ਪੁੱਜ ਕੇ ਵਾਹ ਲਾਈ ਅਤੇ ਮਰਨ ਤਕ ਵੀ ਗਈ। ਬਾਵਜੂਦ ਤਾਣਾ ਪੇਟਾ ਤੋੜਨ ਦੇ ਬੀਰੋ ਵਿਚਾਰੀ ਦੀ ਵੀ ਕੋਈ ਪੇਸ਼ ਨਹੀਂ ਗਈ ਸੀ। ਪਰ ਓ ਮੇਰਿਆ ਹਾਣੀਆ ! ਤੂੰ ਕਿਉਂ ਨਾ ਬਹੁੜਿਆ ? ਕੀ ਤੈਨੂੰ ਮੇਰੇ ਉਤੇ ਭਰੋਸਾ ਨਹੀਂ ਸੀ ? ਉਹ ਭਰੋਸਾ ਵੀ ਕਿਵੇਂ ਕਰਦਾ, ਹਾਇ ! ਮੈਂ ਤਾਂ ਉਸ ਨੂੰ ਦੋ ਬੋਲ ਵੀ ਪਿਆਰ ਦੇ ਨਾ ਦੇ ਸਕੀ। ਇਹਨਾਂ ਖ਼ਿਆਲਾਂ ਵਿਚ ਉਸ ਦੀ ਧੜਕਨ ਹਉਕਿਆਂ ਵਿਚ ਗੋਤੇ ਖਾਣ ਲੱਗ ਪੈਂਦੀ। ਜਦੋਂ ਵੀ ਉਹ ਮੇਲੂ ਨੂੰ ਵੇਖਦੀ, ਉਸ ਦੇ ਪਿਛੋਕੜੋਂ ਮੋਦਨ ਸਿਰ ਚੁੱਕ ਲੈਂਦਾ ਅਤੇ ਉਸ ਨੂੰ ਪੁੱਛਣ ਲੱਗ ਪੈਂਦਾ– “ਮੰਗ ਤਾਂ ਤੂੰ ਮੇਰੀ ਸੀ, ਹੱਛਾ ! ਤੇਰੀ ਮਰਜ਼ੀ !” ਧੰਤੋ ਕੋਲੋਂ ਆਪਣਾ ਆਪ ਸਾਂਭਿਆ ਨਾ ਜਾਂਦਾ।
‘ਦੁਸ਼ਮਣਾ! ਜੇ ਤੂੰ ਲਾਵਾਂ ਤੋਂ ਇਕ ਮਿੰਟ ਪਹਿਲਾਂ ਹੀ ਆ ਜਾਂਦਾ, ਮੈਂ ਤੇਰੀ ਘੁੱਟ ਕੇ ਬਾਂਹ ਫੜ ਲੈਂਦੀ। ਭਾਵੇਂ ਕੁਝ ਹੋ ਜਾਂਦਾ, ਮੈਂ ਕਿਸੇ ਦੀ ਪਰਵਾਹ ਨਹੀਂ ਕਰਨੀ ਸੀ। ਪਰ ਤੂੰ ਨਹੀਂ ਆਉਣਾ ਸੀ, ਤੂੰ ਨਾ ਆਇਆ। ਖ਼ਬਰੇ ਉਸ ਨੂੰ ਸੁਨੇਹਾ ਹੀ ਨਾ ਮਿਲਿਆ ਹੋਵੇ— ਉਹ ਪਿੰਡ ਹੀ ਨਾ ਹੋਵੇ? ਤੇ…….ਜੇ ਭਲਾ ਉਹ ਹੁਣ ਆ ਜਾਵੇ ? ਉਸ ਦੇ ਚਿਹਰੇ ਉਤੇ ਇਕ ਦਮ ਲਾਲੀ ਫਿਰ ਗਈ, ਪਰ ਦੂਜੇ ਪਲ ਉਹ ਮੁੜ ਪੀਲੀ ਵਸਾਰ ਸੀ। ‘ਸੱਚੀਂ ਜੇ ਆਵੇ, ਫੇਰ ਮੈਂ ਕੀ ਕਰਾਂਗੀ ? ਤੁਰ ਜਾਵਾਂਗੀ ?
ਹਾਇ ! ਹਾਣੀ ਤੀਲੀ ਬਾਲੇ ਸਹੀ, ਮੈਂ ਤਾਂ ਭੁੱਜ ਕੇ ਮਰ ਜਾਵਾਂ। ਉਹ ਆ ਜਾਵੇ ਸਹੀ ਮੈਂ ਤਾਂ ਰੱਬ ਦੀ ਰੋਕੀ ਵੀ ਨਾ ਰੁੱਕਾਂ। ਉਸ ਨੂੰ ਆਪਣੇ ਭਾਵਾਂ ਤੋਂ ਹੀ ਵਿਹਲ ਨਹੀਂ ਮਿਲਦੀ ਸੀ, ਕਿਸੇ ਦੀਆਂ ਗੱਲਾਂ ਉਹ ਕਦੋਂ ਸੁਣਦੀ ਤੇ ਕਦੋਂ ਪ੍ਰਭਾਵ ਲੈਂਦੀ। ਜਦ ਦਿਲ ਦੀ ਧਰਤੀ ਪਿਆਰ ਦੀ ਪੀੜ ਮੱਲ ਲੈਂਦੀ, ਤਦ ਦੇਖਣ ਸੁਣਨ ਵਾਲੀਆਂ ਸ਼ਕਤੀਆਂ ਬਉਰੀਆਂ ਹੋ ਜਾਂਦੀਆਂ ਹਨ।
ਦਾਲ ਜਾਂਦੀ ਹੋਈ ਮਾਈ ਆਥਣੇ ਧਰ ਗਈ ਸੀ, ਪਰ ਰੋਟੀਆਂ ਧੰਤੋ ਨੇ ਆਪ ਲਾਹੀਆਂ ਅਤੇ ਥਾਓਂ ਥਾਈਂ ਪਾ ਕੇ ਫੜਾ ਦਿੱਤੀਆਂ। ਜਦ ਉਹ ਆਪਣੇ ਸਹੁਰੇ ਨੂੰ ਰੋਟੀ ਫੜਾਉਣ ਲੱਗੀ, ਉਸ ਦਾ ਦਿਲ ਧੜਕਿਆ ਕਿ ਉਹ ਜ਼ਰੂਰ ਕੋਈ ਗੱਲ ਕਰੇਗਾ। ਕਿਉਂਕਿ ਉਹ ਗੱਲ ਕਰਨ ਲਈ ਕਈ ਵਾਰ ਤਿਆਰ ਹੋ ਹੋ ਹਟਿਆ ਸੀ, ਪਰ ਧੰਤੋ ਨੇ ਕੰਨੀਂ ਬਚਾਉਂਦਿਆਂ ਮੌਕਾ ਨਹੀਂ ਦਿੱਤਾ ਸੀ। ਹੁਣ ਘਰ ਵਿਚੋਂ ਉਹ ਕਿਥੇ ਭੱਜ ਜਾਂਦੀ। ਥਾਲੀ ਫੜਦਿਆਂ ਨਿੱਕਾ ਬੋਲ ਪਿਆ :
“ਭਾਈ ਕੁੜੀਏ, ਤੂੰ ਮਨ ਵਿਚ ਟੂੰਮਾਂ ਦਾ ਗਿਲਾ ਨਾ ਕਰੀਂ, ਸਾਥੋਂ ਤਾਂ ਕਾਹਲ ਵਿਚ ਤੇਰੇ ਕਪੜੇ ਵੀ ਚੱਜ ਦੇ ਨਹੀਂ ਲਏ ਗਏ।” ਨਿੱਕੇ ਨੇ ਪਿਆਰ ਦਲਾਸੇ ਨਾਲ ਆਖਿਆ, “ਚਾਰ ਟੀਮਾਂ ਤੇਰੀਆਂ ਸੁਨਿਆਰੇ ਨੂੰ ਦਿੱਤੀਆਂ ਨੇ ਤੇ ਹੁਣ ਤੈਨੂੰ ਪਾ ਕੇ ਹੀ ਤੋਰਾਂਗੇ।”
ਧੰਤੋ ਘੁੰਡ ਵਿਚ ਸੁਣਦੀ ਰਹੀ, ਕੋਈ ਹੁੰਗਾਰਾ ਨਾ ਭਰਿਆ। ਨਿੱਕਾ ਹੋਰ ਵੀ ਦਿਲ ਪਰਚਾਵੀਆਂ ਗੱਲਾਂ ਕਰਦਾ ਰਿਹਾ, ਪਰ ਉਸ ਅਨਸੁਣੀਆਂ ਕਰ ਦਿੱਤੀਆਂ।
ਰਾਤੀਂ ਨਿੱਕਾ ਮੇਲੂ ਨੂੰ ਪੜ੍ਹਨ ਦੀ ਚਿਤਾਵਨੀ ਦੇ ਕੇ ਆਪ ਨਿੱਤ ਵਾਂਗ ਪਸ਼ੂਆਂ ਵਾਲੇ ਲਾਗਲੇ ਅੰਦਰ ਜਾ ਪਿਆ। ਗੁਰਮੇਲੂ ਨੇ ਰਜਾਈ ਦੀ ਬੁੱਕਲ ਲਪੇਟ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਦੂਜੇ ਨਿਆਣੇ ਆਦਤ ਅਨੁਸਾਰ ਆਪੋ ਆਪਣੀਆਂ ਜੁੱਲੀਆਂ ਵਛਾ ਕੇ ਪੈ ਗਏ। ਧੰਤੋ ਨੇ ਝਟ ਵਿਚ ਹੀ ਰਸੋਈ ਦੇ ਭਾਂਡੇ ਸਮੇਟ ਲਏ ਮਿੱਟੀ ਦੇ ਦੀਵੇ ਨੂੰ ਫੂਕ ਮਾਰ ਕੇ ਅੰਦਰ ਚਲੀ ਗਈ। ਵਿਹੜੇ ਦਾ ਅੰਨ੍ਹੇਰਾ ਉਸ ਨੂੰ ਖਾਣ ਆਉਂਦਾ ਸੀ। ਉਸ ਵੀ ਆਪਣਾ ਬਿਸਤਰਾ ਸਿੱਧਾ ਕੀਤਾ ਅਤੇ ਬਾਂਹ ਅੱਖਾਂ ਉਤੇ ਰੱਖ ਕੇ ਪੈ ਗਈ। ਉਸ ਨੂੰ ਲਾਲਟੈਨ ਦਾ ਚਾਨਣ ਵੀ ਚੰਗਾ ਨਹੀਂ ਲੱਗਦਾ ਸੀ। ਟਕਾਣਿਓਂ ਉਖੜੇ ਮਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ।
ਉਹ ਕੁਝ ਵੀ ਸੋਚਣਾ ਨਹੀਂ ਚਾਹੁੰਦੀ ਸੀ, ਪਰ ਸੋਚ ਦਾ ਉਸ ਦਾ ਖਹਿੜਾ ਨਹੀਂ ਛੱਡਦੀ ਸੀ। ਜਦੋਂ ਸਭ ਸਾਥੀ ਦਗਾ ਦੇ ਜਾਣ, ਸੋਚ ਉਹਨਾਂ ਦੀ ਥਾਂ ਪੂਰਨ ਦਾ ਯਤਨ ਕਰਦੀ ਹੈ। ਮਾਂ, ਬੀਰੋ, ਮੋਦਨ ਤਿੰਨਾਂ ਬਾਰੇ ਹੀ ਉਸ ਨੂੰ ਬਹੁਤੇ ਖ਼ਿਆਲ ਆਉਂਦੇ ਸਨ। ਫੀਲੇ ਦਾ ਚਿਹਰਾ ਤੱਕਦਿਆਂ ਦੀ ਨਫ਼ਰਤ ਧੁੜਧੁੜੀਆਂ ਲੈ ਲੈ ਦਿਮਾਗ ਨੂੰ ਚੜ੍ਹਦੀ ਸੀ। ਸਹੀ ਅਰਥਾਂ ਵਿਚ ਉਹਨਾਂ ਤਿੰਨਾਂ ਦੀ ਹੀ ਉਸ ਦੇ ਦਿਲ ਥਾਂ ਸੀ। ਸ਼ਕਤੀਸ਼ਾਲੀ ਮਨ ਉਸਾਰਦਾ ਹੈ, ਗਲਤ ਹਾਲਾਤ ਢਾਹੁੰਦੇ ਹਨ, ਮਨ ਕਲਪਦਾ ਹੈ, ਹਾਲਾਤ ਕੋਈ ਰਾਹ ਨਹੀਂ ਦੇਂਦੇ। ਮਜਬੂਰੀਆਂ ਘੇਰਿਆ ਦਿਲ ਪੁਕਾਰਨਾ ਸ਼ੁਰੂ ਕਰ ਦੇਂਦਾ ਹੈ। ਪਤਾ ਨਹੀਂ ਇਹ ਕਿਸੇ ਗੀਤ ਦੇ ਟੱਪੇ ਸਨ ਜਾਂ ਕਿਸੇ ਰੀਕਾਰਡ ਦੇ ਬੋਲ, ਪਰ ਧੰਤੋ ਦੇ ਅਚੇਤ ਮਨ ਵਿਚੋਂ ਸੁੱਤੇ ਹੀ ਫੁਟ ਪਏ, ਜਦੋਂ ਕਿ ਉਸ ਨੂੰ ਇਹ ਵੀ ਪਤਾ ਨਹੀਂ ਸੀ, ਇਹ ਕਿਥੇ ਸੁਣੇ ਸਨ। “ਆ ਜਾ ਮੇਰੇ ਹਾਣੀਆਂ, ਆ ਜਾ ਮੇਰੇ ਹਾਣੀਆਂ !!” ਪੱਖੀ ਅਤੇ ਮੋਰਨੀਆਂ ਵਾਲੀ ਵਛਾਈ ਕੱਢਦਿਆਂ ਉਸ ਨੂੰ ਜਿੰਨੀ ਮਸਤੀ ਚੜ੍ਹੀ ਰਹਿੰਦੀ ਸੀ, ਅੱਜ ਉਸ ਤੋਂ ਦੂਣਾ ਚੌਣਾ ਦਰਦ ਉਸ ਦੇ ਅੰਦਰੋਂ ਕੁਰਲਾਟ ਪਾ ਉਠਿਆ ਸੀ। ਅੱਗੇ ਸ਼ਬਦ ਹੀਣ ਇਕ ਆਵਾਜ਼ ਹੁੰਦੀ ਸੀ, ਪਰ ਅੱਜ ਆਵਾਜ਼ ਵੀ ਕੋਈ ਨਹੀਂ ਸੀ। ਪਰ ਵੇਦਨਾ ਅੰਦਰ ਲਹਿਰਾਂ ਲੈ ਰਹੀ ਸੀ : ‘ਆ ਜਾ ਮੇਰੇ ਹਾਣੀਆ, ਆ ਜਾ ਮੇਰੇ ਹਾਣੀਆ ! ਤੇਰੇ ਬਿਨਾਂ ਪੂਣੀਆਂ ਇਹ, ਕੱਤੀਆਂ ਨਾ ਜਾਣੀਆਂ। ਆ ਜਾ ਮੇਰੇ ਹਾਣੀਆਂ।” ਉਸ ਦਾ ਦਰਦ ਕਿੰਨਾ ਵਹਿ ਨਿਕਲਿਆ ਸੀ, ਲੂੰਅ ਲੂੰਅ ਵਿਚੋਂ ਚੀਸਾਂ ਅੰਗੜਾਈ ਭਰ ਲਈ। ਬੇਦਰਦ ਸਮਾਂ ਉਸ ਦੀ ਖ਼ਾਮੋਸ਼ੀ ਹਰ ਪਲ ਵਿੰਨ੍ਹ ਵਿੰਨ੍ਹ ਲੰਘ ਰਿਹਾ ਸੀ। ਉਸ ਦੀ ਜਾਗ ਵਿਚ ਓਪਰੀਆਂ ਅੱਖਾਂ ਭਾਲੇ ਮਾਰਦੀਆਂ, ਨੀਂਦ ਵਿਚ ਸੂਪਨ ਸੂਈਆਂ ਚੁਭਦੀਆਂ ਅਤੇ ਜਾਗੋ ਮੀਟੀ ਵਿਚ ਸੋਚ ਦੀ ਆਰੀ ਚੱਲਣ ਲੱਗ ਪੈਂਦੀ।
ਪਤਾ ਨਹੀਂ, ਉਹ ਹਾਲੇ ਸੋਚ ਦੇ ਤਾੜੇ ਅੱਗੇ ਕਿੰਨਾ ਚਿਰ ਹੋਰ ਪਿੰਜੀਦੀ ਰਹਿੰਦੀ ਕਿ ਕਿਸੇ ਉਸ ਦੀ ਚੁੰਨੀ ਖਿੱਚ ਲਈ। ਉਸ ਵੇਖਿਆ, ਮੇਲੂ ਅਜੀਬ ਤਰ੍ਹਾਂ ਸਿਰਹਾਰੇ ਖਲੋਤਾ ਦੰਦ ਕੱਢੀ ਜਾ ਰਿਹਾ ਸੀ।
“ਸਾਲੀਏ !…………।” ਉਸ ਬੜੀ ਹੀ ਗੰਦੀ ਗੱਲ ਉਸ ਨੂੰ ਕਹਿ ਸੁਣਾਈ।
ਧੰਤੋ ਨੂੰ ਬੜਾ ਗੁੱਸਾ ਆਇਆ ਅਤੇ ਉਸ ਦੀਆਂ ਲਾਲ-ਕਾਲੀਆਂ ਅੱਖਾਂ ਵੇਖ ਕੇ ਮੇਲੂ ਡਰਦਾ ਪਿਛਾਂਹ ਹਟ ਗਿਆ। ਜਦ ਧੰਤੋ ਨੇ ਰੋਹ ਵਿਚ ਉਠਦਿਆਂ ਚਪੇੜ ਚੁੱਕੀ, ਮੇਲੂ ਚੁੰਨੀ ਛੱਡ ਕੇ ਰਜਾਈ ਵਿਚ ਜਾ ਵੜਿਆ। ਅੱਜ ਧੰਤੋ ਫਿਰ ਆਪਣੀ ਹੋਣੀ ਦੀ ਬੁੱਕਲ ਵਿਚ ਡਿੱਗ ਪਈ। ਉਸ ਦਾ ਰੋਣ ਨੂੰ ਬੜਾ ਜੀ ਕਰਦਾ ਸੀ, ਪਰ ਰੋਣ ਵੀ ਉਸ ਲਈ ਬੇਤਰਸ ਹੋ ਗਿਆ।
ਉਸ ਵੇਖਿਆ, ਮੇਲੂ ਪੜ੍ਹਦਾ ਪੜ੍ਹਦਾ ਟੇਢਾ ਹੋ ਕੇ ਸੌਂ ਗਿਆ ਹੈ। ਉਸ ਪਲ ਕੁ ਉਸ ਨੂੰ ਵੇਖਦੀ ਰਹੀ, ਮੁੜ ਨਾ ਜੀ ਕਰਨ ਤੇ ਵੀ ਉਠ ਖਲੋਤੀ ਅਤੇ ਉਸ ਰਜਾਈ ਉਹਦੇ ਉਤੇ ਖਿੱਚ ਕੇ ਕਰ ਦਿੱਤੀ। ਸੀਖਾਂ ਵਾਲੀ ਡੱਬੀ ਹੱਥਾਂ ਹੇਠਾਂ ਕਰਕੇ ਲਾਲਟੈਣ ਬੁਝਾ ਦਿੱਤੀ ਅਤੇ ਆਪਣੀ ਛੀਂਟ ਦੀ ਰਜਾਈ ਵਿਚ, ਜਿਸ ਦੇ ਫੁੱਲ ਚਾਨਣ ਵਿਚ ਉਸ ਨੂੰ ਸਾੜਦੇ ਸਨ। ਮੁੜ ਓਹੀ ਸੋਚਾਂ, ਓਹੀ ਵਹਿਣ ਅਜਿਹੀ ਹਾਲਤ ਵਿਚ ਕਿਸੇ ਵੀ ਬੰਦੇ ਦਾ ਆਪਾ ਪੈਰਾਂ ਵਿਚ ਕਿਵੇਂ ਆ ਸਕਦਾ ਹੈ।
ਰਾਤ ਪਤਾ ਨਹੀਂ ਕਿੰਨੀ ਬੀਤੀ ਸੀ ਕਿ ਧੰਤੋ ਨੇ ਨਿੱਕੇ ਨੂੰ ਉੱਚੀ-ਉੱਚੀ ਗਾਲਾਂ ਦਿੰਦਿਆਂ ਸੁਣਿਆ। ਸ਼ਾਇਦ ਵਹਿੜ ਨੇ ਬੁੱਢੇ ਬਲਦ ਨੂੰ ਮਾਰਦਿਆਂ ਰੱਸਾ ਤੁੜਾ ਲਿਆ ਸੀ ਅਤੇ ਉਸ ਸਾਰੇ ਅੰਦਰ ਵਿਚ ਭਦੋਲ ਪਾਇਆ ਹੋਇਆ ਸੀ। ਉਹ ਬੁਛਕਾਰਿਆਂ ਵੀ ਹੱਥ ਨਹੀਂ ਆ ਰਹੀ ਸੀ। ਥੋੜੇ ਚਿਰ ਪਿਛੋਂ ਨਿੱਕੇ ਨੇ ਬਾਰ ਅੱਗੇ ਆ ਕੇ ਮੇਲੂ ਨੂੰ ਹਾਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੇਲੂ ਘੂਕ ਸੁੱਤਾ ਪਿਆ ਸੀ, ਉਸ ਵਿਚਾਰੇ ਦੀ ਜਾਗ ਨਾ ਖੁੱਲ੍ਹੀ। ਨਿੱਕਾ ਬਾਹਰ ਲਾਲਟੈਣ ਮੰਗ ਰਿਹਾ ਸੀ। ਧੰਤੋ ਨੇ ਇਕ ਦੋ ਆਵਾਜ਼ਾਂ ਤਾਂ ਅਣਸੁਣੀਆਂ ਕਰ ਛੱਡੀਆਂ, ਪਰ ਅਖ਼ੀਰ ਨੂੰ ਪਾਸਾ ਪਰਤ ਕੇ ਉਠ ਖਲੋਤੀ। ਅੰਦਰੋਂ ਬਿੜਕ ਆ ਜਾਣ ਕਾਰਨ ਨਿੱਕੇ ਨੇ ਹਾਕਾਂ ਮਾਰਨੀਆਂ ਬੰਦ ਕਰ ਦਿੱਤੀਆਂ। ਧੰਤੋ ਨੇ ਉਠ ਲਾਲਟੈਣ ਬਾਲੀ ਅਤੇ ਬੂਹਾ ਖੋਲ੍ਹ ਕੇ ਬਾਹਰ ਫੜਾ ਦਿੱਤੀ। ਨਿੱਕੇ ਨੂੰ ਚਾਨਣ ਨਾਲੋਂ ਧੰਤੋ ਦਾ ਨੰਗਾ ਹੱਥ ਵਧੇਰੇ ਗੋਰਾ ਜਾਪ ਰਿਹਾ ਸੀ। ਪਾਲੇ ਕਾਰਨ ਉਸ ਦੇ ਦਿਲ ਵਿਚੋਂ ਇਕ ਕੰਬਣੀ ਉਠੀ ਅਤੇ ਪਿੰਡੇ ਦੇ ਰੋਮਾਂ ਰਾਹੀਂ ਬਾਹਰ ਨਿਕਲ ਗਈ। ਉਸ ਲਾਲਟੈਣ ਫੜ ਲਈ ਅਤੇ ਪਸ਼ੂਆਂ ਵਾਲੇ ਅੰਦਰ ਜਾ ਕੇ ‘ਜਮਾਦਾਰਨੀ ਦੇ ਜਾਣੀ’ ! ਆਦਿ ਵਹਿੜ ਨੂੰ ਮੁੜ ਗਾਲ੍ਹਾਂ ਕੱਢਣ ਲੱਗ ਪਿਆ। ਹਾਨੀ ਸਾਰ ਨੂੰ ਉਸ ਵਹਿੜ ਫੜ ਕੇ ਬੰਨ੍ਹ ਦਿੱਤੀ ਅਤੇ ਲਾਲਟੈਣ ਮੋੜਨ ਲਈ ਉਹ ਫਿਰ ਬੂਹੇ ਆ ਗਿਆ।
“ਆਹ ਭਾਈ ਲਾਲਟੈਣ ਫੜ ਕੇ ਰੱਖ ਲੈ- ਕਿੰਨਾ ਔਖਾ ਕੀਤਾ ਏ ਮੰਨੋ ਪੈਣੀ ਨੇ !!”
ਧੰਤੋ ਦੂਜੀ ਵਾਰ ਫਿਰ ਉਠ ਖਲੋਤੀ ਅਤੇ ਕੁੰਡਾ ਲਾਹ ਕੇ ਉਸ ਲਾਲਟੈਣ ਆ ਫੜੀ। ਜਿਉਂ ਹੀ ਉਸ ਲਾਲਟੈਣ ਫੜੀ, ਨਿੱਕੇ ਨੇ ਇਕ ਹੱਥ ਨਾਲ ਉਸ ਦਾ ਗੁਟ ਫੜ ਲਿਆ ਅਤੇ ਦੂਜੇ ਨਾਲ ਬਾਰ ਦਾ ਇਕ ਤਖ਼ਤਾ ਪੂਰਾ ਖੋਲ੍ਹ ਲਿਆ। ਧੰਤੋ ਨੂੰ ਹੈਰਾਨੀ ਵਿਚ ਪਤਾ ਤਕ ਨਾ ਲੱਗਾ ਕਦੋਂ ਉਸ ਨੂੰ ਲਾਲਟੈਣ ਸਮੇਤ ਬਾਹਰ ਖਿੱਚ ਲਿਆ ਗਿਆ। ਇਸ ਅਨਹੋਣੀ ਨਾਲ ਉਸ ਦੀ ਮੱਤ ਹੀ ਮਾਰੀ ਗਈ। ਨਿੱਕਾ ਬਿਨਾਂ ਕੁਝ ਬੋਲੇ ਉਸ ਨੂੰ ਪਸ਼ੂਆਂ ਵਾਲੇ ਅੰਦਰ ਨੂੰ ਖਿੱਚ ਰਿਹਾ ਸੀ। ਧੰਤੋ ਨੇ ਹੋਸ਼ ਸੰਭਲਦੇ ਸਾਰ ਲਾਲਟੈਣ ਭੁੰਜੇ ਰੱਖ ਦਿੱਤੀ ਅਤੇ ਵਿਹੜੇ ਵਿਚ ਪੈਰ ਗੱਡ ਕੇ ਖਲੋ ਗਈ। ਉਹ ਬੜੀ ਛੇਤੀ ਹੁਸ਼ਿਆਰ ਹੋ ਗਈ ਸੀ ਨਿੱਕੇ ਨੇ ਧੰਤੋ ਦਾ ਘਰ ਵਿਚ ਪਹਿਲਾ ਬੋਲ ਸੁਣਿਆ :
“ਦੇਖ, ਤੂੰ ਪਿਉ ਬਣ ਕੇ ਕੰਜਰ ਨਾ ਬਣ।” ਉਸ ਦੇ ਅੰਦਰ ਜਮ੍ਹਾਂ ਪਿਆ ਗੁੱਸਾ ਇਕ ਦਮ ਹਿੱਲ ਪਿਆ।
“ਚੁੱਪ ਕਰ ਤੇ ਬੋਲ ਨਾ।” ਨਿੱਕਾ ਉਸ ਦੇ ਰੌਲਾ ਪਾਉਣ ਤੋਂ ਤੁਹਿੰਦਾ ਸੀ, ਪਰ ਪਿੰਡੇ ਦੀ ਕੰਬਣੀ ਨਾਲ ਉਸ ਨੂੰ ਖਿੱਚਣ ਦਾ ਯਤਨ ਵੀ ਕਰ ਰਿਹਾ ਸੀ।
“ਭਲਾਮਾਣਸ ਹੈਂ ਤਾਂ ਆਪਣੀ ਇੱਜ਼ਤ ਰੱਖ ਲੈ।” ਧੰਤੋ ਨੇ ਬਾਂਹ ਛੁਡਾਣ ਲਈ ਹਝੋਕਾ ਮਾਰਿਆ, ਪਰ ਨਿੱਕੇ ਨੇ ਛੱਡੀ ਨਾ, ਸਗੋਂ ਉਸ ਨੂੰ ਦੋ ਪੈਰ ਹੋਰ ਆਪਣੀ ਵੱਲ ਨੂੰ ਧੂਹ ਲਿਆ। ਧੰਤੋ ਨੂੰ ਗੁੱਸੇ ਨਾਲ ਡਰ ਵੀ ਜਾਗ ਪਿਆ। ਉਸ ਤਿੱਖੀ ਆਵਾਜ਼ ਵਿਚ ਮੁੜ ਵੰਗਾਰਿਆ, “ਅਜੇ ਵੀ ਕੁਝ ਨਹੀਂ ਵਿਗੜਿਆ ਤੂੰ ਬਾਂਹ ਛੱਡ ਦੇ ?”
ਧੰਤੋ ਨੂੰ ਚੱਜ ਨਾਲ ਹੀ ਅੜਦਿਆਂ ਵੇਖ ਕੇ ਨਿੱਕੇ ਨੂੰ ਵੀ ਗੁੱਸਾ ਆ ਗਿਆ। ਐਨਾ ਰੁਪਈਆ ਲਾ ਕੇ ਧੰਤੋ ਨੂੰ ਹੱਥ ਪਾਉਣਾ ਉਹ ਆਪਣਾ ਹੱਕ ਸਮਝਦਾ ਸੀ, ਭਾਵੇਂ ਲੋਕਾਂ ਦੀਆਂ ਨਜ਼ਰਾਂ ਵਿਚ ਨਿਹਕ ਸੀ। ਉਸ ਬਾਂਹ ਛੱਡ ਕੇ ਅੱਧ ਖੁਲ੍ਹਾ ਬਾਰ ਵੀ ਬਾਹਰੋਂ ਕੁੰਡਾ ਲਾ ਕੇ ਬੰਦ ਕਰ ਦਿੱਤਾ। ਇਉਂ ਜਾਪਦਾ ਸੀ, ਜਿਵੇਂ ਉਹ ਧੰਤੋ ਨੂੰ ਆਪਣੇ ਬਿਸਤਰੇ ਉਤੇ ਲੈ ਜਾਣ ਲਈ ਤੁਲ ਗਿਆ ਹੈ।
“ਬਾਰਾਂ ਸੌ ਲਾਇਆ ਏ ਤੇ ਤੇਰੀ ਖ਼ਾਤਰ ਲਾਇਆ ਹੈ।”
“ਹੱਛਾ ਤੂੰ ਬਾਰਾਂ ਸੌ ਦੀ ਨੂੰਹ ਮੁੱਲ ਲਈ ਏ ਤੇ ਹੁਣ ਉਹਨੂੰ ਰੰਨ ਬਣਾਉਣਾ ਚਾਹੁੰਦਾ ਏਂ ?” ਹੁਣ ਧੰਤੋ ਨੇ ਵੀ ਸਾਰੇ ਡਰ ਲਾਹ ਦਿੱਤੇ।
“ਰੰਨ ਤਾਂ ਮੈਂ ਈ ਬਣਾ ਕੇ ਰੱਖਣੀ ਏਂ, ਸੱਚੀ ਗੱਲ ਨਿਕਲ ਗਈ। ਉਸ ਨੂੰ ਭਰੋਸਾ ਸੀ, ਜਿੰਨਾ ਚਿਰ ਮੁੰਡਾ ਗੱਭਰੂ ਨਹੀਂ ਹੁੰਦਾ।” ਨਿੱਕੇ ਮੂੰਹੋਂ ਧੰਤੋ ਮੇਰੇ ਕਬਜ਼ੇ ਵਿਚੋਂ ਕਿਤੇ ਵੀ ਨਹੀਂ ਜਾ ਸਕਦੀ।
ਧੰਤੋ ਨੂੰ ਇਕ ਤਰ੍ਹਾਂ ਦੁਸਾਂਗ ਆ ਵੱਜੀ ਸੀ, ਜਿਸ ਦਾ ਇਕ ਸਾਂਗ ਦਿਲ ਅਤੇ ਦੂਜਾ ਦਿਮਾਗ ਵਿਚ ਖੁੱਭ ਗਏ ਸਨ। ਉਹ ਨਿੱਕੇ ਤੋਂ ਪਾਸਾ ਵੱਟ ਕੇ ਅੰਦਰ ਵੜਨ ਨੂੰ ਔਹਲੀ, ਪਰ ਨਿੱਕੇ ਨੇ ਉਸ ਨੂੰ ਜੱਫਾ ਮਾਰ ਕੇ ਚੁੱਕ ਲਿਆ।
“ਸਹੁਰਿਆ ਕੰਜਰਾ !” ਧੰਤੋ ਨੇ ਘੁਲਦਿਆਂ ਉਂਗਲ ਨੂੰ ਮਰੋੜਾ ਚਾੜ੍ਹ ਕੇ ਉਸ ਦੀ ਕੰਘੀ ਤੋੜ ਸੁੱਟੀ।
ਨਿੱਕੇ ਨੇ ਹਾਰ ਮੰਨਣੀ ਆਪਣੀ ਹੇਠੀ ਸਮਝੀ ਅਤੇ ਪੂਰੇ ਜ਼ੋਰ ਨਾਲ ਬਾਹੋਂ ਫੜ ਕੇ ਹਝੋਕੇ ਮਾਰਦਾ ਧੰਤੋ ਨੂੰ ਪਸ਼ੂਆਂ ਵਾਲੇ ਬਾਰ ਤਕ ਲੈ ਗਿਆ। ਧੰਤੋ ਨੂੰ ਇਉਂ ਜਾਪਿਆ, ਜਿਵੇਂ ਨਰਕ ਨੇ ਉਸ ਨੂੰ ਆਪਣੇ ਜਬਾੜਿਆਂ ਵਿਚ ਲੈ ਲਿਆ ਹੈ। ਇਸ ਧਿੰਗੋਜ਼ੋਰੀ ਵਿਚ ਉਸ ਦੀ ਜੁੱਤੀ ਦਾ ਇਕ ਪੈਰ ਲਹਿ ਗਿਆ। ਪਰ ਉਸ ਹਿੰਮਤ ਤੋਂ ਕੰਮ ਲਿਆ ਅਤੇ ਬੂਹੇ ਦੀ ਚੁਗਾਠ ਨੂੰ ਪੈਰ ਲਾ ਕੇ ਉਹ ‘ਅੜ ਗਈ। ਨਿੱਕਾ ਅੰਦਰ ਨੂੰ ਖਿੱਚਣ ਲਈ ਪੂਰਾ ਜ਼ੋਰ ਲਾ ਰਿਹਾ ਸੀ ਅਤੇ ਧੰਤੋ ਛੁਟਕਾਰੇ ਲਈ ਹਰ ਸੰਭਵ ਯਤਨ ਕਰਨ ਲੱਗੀ। ਅਖ਼ੀਰ ਉਸ ਕੋਈ ਵਾਹ ਨਾ ਜਾਂਦੀ ਵੇਖ ਕੇ ਨਿੱਕੇ ਦੇ ਮੂੰਹ ਉਤੇ ਜੁੱਤੀ ਵਾਲੇ ਪੈਰ ਦੀ ਪੂਰੀ ਤਾਕਤ ਨਾਲ ਲੱਤ ਮਾਰੀ ਅਤੇ ਬਾਂਹ ਛੁਡਾ ਲਈ। ਲੱਤ ਖਾ ਕੇ ਮੂੰਹ ਭੰਨਾ ਕੇ ਨਿੱਕਾ ਪਿੱਠ ਪਰਨੇ ਪਿਛਾਂਹ ਜਾ ਪਿਆ। ਹਰਫਲੀ ਧੰਤੋ ਨੂੰ ਕੋਈ ਰਾਹ ਨਹੀਂ ਦਿਸਦਾ ਸੀ। ਉਹ ਅੰਦਰ ਨਾ ਵੜੀ, ਕਿਉਂਕਿ ਕੁੰਡਾ ਲਾਹ ਕੇ ਅੰਦਰ ਜਾਣ ਤੋਂ ਪਹਿਲਾਂ ਨਿੱਕੇ ਨੇ ਉਸ ਨੂੰ ਮੁੜ ਜੱਫਾ ਆ ਮਾਰਨਾ ਸੀ। ਉਹ ਹਫੀ ਹਫੀ ਕੋਠੇ ਦੀਆਂ ਪੌੜੀਆਂ ਚੜ੍ਹਨ ਲੱਗੀ। ਉਸ ਭਉਂ ਕੇ ਵੇਖਿਆ, ਨਿੱਕਾ ਛੋਹਲੀ ਵਿਚ ਪਿੱਛਾ ਕਰੀ ਆ ਰਿਹਾ ਸੀ। ਨਿੱਕੇ ਨੇ ਉਸ ਦੀ ਪਿੱਛੇ ਰਹੀ ਚੁੰਨੀ ਨੂੰ ਆ ਹੱਥ ਪਾਇਆ। ਧੰਤੋ ਨੇ ਝਟ ਹੀ ਚੁੰਨੀ ਗਲ ਵਿਚੋਂ ਕੱਢ ਦਿੱਤੀ ਅਤੇ ਬਿਜਲੀ ਦੀ ਤੇਜ਼ੀ ਨਾਲ ਪੌੜੀਆਂ ਚੜ੍ਹਦੀ ਗਈ। ਜਦੋਂ ਨਿੱਕਾ ਆਖ਼ਰੀ ਪੌੜੀ ਦੇ ਸਿਖਰ ਆਇਆ, ਧੰਤੋ ਕੋਠੇ ਦੀ ਛੱਤ ਦੇ ਅੱਧ ਵਿਚ ਪੁੱਜ ਗਈ ਸੀ। ਜਦ ਉਹ ਛੱਤ ਦੇ ਅੱਧ ਵਿਚਕਾਰ ਆਇਆ, ਧੰਤੋ ਬਨੇਰੇ ਉਤੇ ਜਾ ਖਲੋਤੀ ਸੀ, ਜਿਸ ਤੋਂ ਅੱਗੇ ਨਰਕ ਦੇ ਮੂੰਹ ਵਰਗੀ ਅੰਨ੍ਹੇਰੀ ਗਲੀ ਸੀ। ਮਾਰੀ ਮੱਤ ਵਾਲੇ ਨਿੱਕੇ ਨੇ ਸੋਚਿਆ, ਹੁਣ ਇਸ ਤੋਂ ਅਗਾਂਹ ਕਿਥੇ ਜਾਵੇਗੀ ਅਤੇ ਅਗਾਂਹ ਵਧ ਕੇ ਧੰਤੋ ਨੂੰ ਫੜਨਾ ਚਾਹਿਆ। ਪਰ ਧੰਤੋ ਨੇ ਇਕ ਪਲ ਸੋਚੇ ਬਿਨਾਂ ਅੱਖਾਂ ਮੀਟ ਕੇ ਬੀਹੀ ਵਿਚ ਛਾਲ ਮਾਰ ਦਿੱਤੀ।
ਜਦੋਂ ਧੰਤੋ ਦੇ ਡਿੱਗਣ ਨਾਲ ਬੀਹੀ ਵਿਚ ਧੰੜਕਾ ਪਿਆ, ਉਦੋਂ ਹੀ ਹੇਠੋਂ ਇਕ ਦਰਦਨਾਕ ਚੀਕ ਨਿਕਲੀ, ਜਿਹੜੀ ਅੰਨ੍ਹੇਰੇ ਦੀ ਛਾਤੀ ਵਿੰਨ੍ਹ ਗਈ, ਪਰ ਅੰਨ੍ਹੇਰੇ ਦਾ ਮੂੰਹ ਚੌੜਾ ਹੋਣ ਕਾਰਨ ਦੂਜੇ ਪਲ ਨਿਗਲ ਗਈ।
23
ਬੌਂਦਲਿਆ ਨਿੱਕਾ ਕੋਠੇ ਉਤੋਂ ਭੱਜ ਕੇ ਥੱਲੇ ਉਤਰਿਆ। ਵਿਹੜੇ ਦੇ ਬਾਰ ਦਾ ਜਿੰਦਾ ਖੋਲ੍ਹਣ ਲਈ ਉਸ ਆਪਣੇ ਸਿਰਹਾਣੇ ਹੇਠੋਂ ਚਾਬੀ ਮਸੀਂ ਲੱਭੀ। ਜਦ ਉਹ ਗਲੀ ਵਾਲੇ ਬਾਰ ਦਾ ਜਿੰਦਾ ਖੋਲ੍ਹਣ ਲੱਗਾ, ਉਸ ਦੇ ਹੱਥ ਕੰਬੀ ਜਾ ਰਹੇ ਸਨ ਅਤੇ ਕੁੰਜੀ ਸਹੀ ਟਿਕਾਣੇ ਨਹੀਂ ਆ ਰਹੀ ਸੀ। ਅਵੱਗਿਆ ਹੋ ਜਾਣ ਪਿਛੋਂ ਇਕ ਕਾਹਲੀ ਉਠ ਖਲੋਂਦੀ ਹੈ, ਜਿਹੜੀ ਠਰੰਮੇ ਵਾਲੇ ਕਾਬੂ ਬਿਨਾਂ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਨ ਦੇਂਦੀ। ਵਿਹੜੇ ਵਿਚ ਜਿਉਂ ਦੀ ਤਿਉਂ ਪਈ ਲਾਲਟੈਣ ਦਾ ਚਾਨਣ ਨਿੱਕੇ ਦੀ ਭੋਰਾ ਮਦਦ ਨਹੀਂ ਕਰ ਰਿਹਾ ਸੀ। ਸਗੋਂ ਉਸ ਲਈ ਤਾਂ ਅੰਨ੍ਹੇਰਾ ਹੁਣ ਦੂਣ ਸਵਾਇਆ ਚੜ੍ਹ ਆਇਆ ਸੀ। ਕਿੰਨਾ ਹੀ ਸਮਾਂ ਖੋਹਜ ਕੇ ਉਸ ਜਿੰਦਾ ਖੋਲ੍ਹਿਆ ਅਤੇ ਜਦ ਭੱਜ ਕੇ ਧੰਤੋ ਦੇ ਡਿੱਗਣ ਵਾਲੀ ਥਾਂ ਆਇਆ, ਤਦ ਉਸ ਦੀ ਖਾਨਿਉਂ ਹੀ ਨਿਕਲ ਗਈਆਂ। ਧੰਤੋ ਉਥੇ ਹੈ ਨਹੀਂ ਸੀ। ਉਸ ਏਧਰ ਓਧਰ ਗਲੀ ਵਿਚ ਭੱਜ ਕੇ ਵੇਖਿਆ, ਉਹ ਨੱਠ ਕੇ ਨਿਆਈਂ ਤਕ ਵੀ ਹੋ ਆਇਆ, ਪਰ ਧੰਤੋ ਅੰਨ੍ਹੇਰੇ ਵਿਚ ਅੰਨ੍ਹੇਰਾ ਹੋ ਗਈ। ਅਖ਼ੀਰ ਉਸ ਬੋਦੀਆਂ ਪੁਟਦਿਆਂ ਉੱਚੀ ਉੱਚੀ ਹਾਲ ਦੁਹਾਈ ਪਾ ਦਿੱਤੀ।
ਪਿੰਡਾ ਪੱਟਿਆ ਗਿਆ ਓਏ ! ਮੇਰੀ ਨੂੰਹ ਨਿਕਲ ਗਈ ਓਏ !”
ਪਹਿਲੋਂ ਉਸ ਆਪਣੀ ਇਖ਼ਲਾਕੀ ਖ਼ਾਮੀ ਕਾਰਨ ਹਾਲ ਪਾਹਰਿਆ ਨਹੀਂ ਕੀਤੀ ਸੀ। ਉਸ ਨੂੰ ਭਰੋਸਾ ਵੀ ਸੀ, ਗਲੀ ਵਿਚੋਂ ਧੰਤੋ ਨੂੰ ਵਰਾ-ਧਰਾ ਕੇ ਘਰ ਲੈ ਆਵਾਂਗਾ। ਪਰ ਜਦ ਉਸ ਜੜ੍ਹਾਂ ਹੀ ਪੁੱਟੀਆਂ ਜਾਂਦੀਆਂ ਵੇਖੀਆਂ, ਰੌਲਾ ਪਾਉਣੋਂ ਨਾ ਰਹਿ ਸਕਿਆ :
“ਓਏ ਸਰਦਾਰਿਆ ! ਓਏ ਭਗਤੂ !! ਉਠੋ ਓਏ ਕੱਖ ਨਹੀਂ ਰਿਹਾ।” ਉਹ ਲੋਕਾਂ ਦੇ ਬਾਰਾਂ ਵਿਚ ਟੱਕਰਾਂ ਮਾਰ ਰਿਹਾ ਸੀ। ਉਸ ਨੂੰ ਧੰਤੋ ਦੇ ਤੁਰ ਜਾਣ ਜਾਂ ਲੁੱਕ ਜਾਣ ਦੀ ਉੱਕੀ ਆਸ ਨਹੀਂ ਸੀ ਅਤੇ ਹੁਣ ਸ਼ੱਕ ਕੋਈ ਨਹੀਂ ਸੀ ਰਿਹਾ।
ਉਸ ਦੀਆਂ ਚੀਕਾਂ ਸੁਣ ਕੇ ਕੋਠਿਆਂ ਅੰਦਰੋਂ ਅਤੇ ਰਜ਼ਾਈਆਂ ਵਿਚੋਂ ਬੰਦੇ ਜਾਗ ਪਏ ਅਤੇ ਨਿੱਕੇ ਦੀ ਨੂੰਹ ਦਾ ਨਿਕਲ ਜਾਣਾ ਸੁਣ ਕੇ ਉਹ ਅਸਚਰਜ ਸਮਝਣ ਲੱਗ ਪਏ। ਇਹ ਤਾਂ ਸਾਰੇ ਜਾਣਦੇ ਸਨ ਕਿ ਐਨੀ ਕਾਹਲੀ ਵਿਚ ਨਿੱਕੇ ਨੇ ਮੁੰਡਾ ਪੈਸੇ ਦੇ ਕੇ ਵਿਆਹਿਆ ਹੈ ਅਤੇ ਬਹੁਤੇ ਇਸ ਗੱਲ ਦੀ ਵੀ ਨਹੁੰ-ਚੋਣੀ ਕਰਦੇ ਸਨ ਕਿ ਇਸ ਨੂੰ ਹਾਲੇ ਪੈਸੇ ਦੇ ਕੇ ਮੁੰਡਾ ਵਿਆਹੁਣ ਦੀ ਕੀ ਲੋੜ ਸੀ ? ਜਵਾਨ ਬਹੂ ਵੇਖ ਕੇ ਕਈਆਂ ਦੀਆਂ ਨਜ਼ਰਾਂ ਵਿਚ ਨਿੱਕਾ ਠੇਠਰ ਬਣ ਗਿਆ ਸੀ ਤੇ ਉਹ ਦਿਲੋਂ ਨੂੰਹ ਦੇ ਨਿਕਲ ਜਾਣ ਉਤੇ ਖ਼ੁਸ਼ ਵੀ ਸਨ, ਪਰ ਨਿੱਕੇ ਦਾ ਦਿਲ ਹੀ ਪੁੱਛਿਆ ਜਾਣਦਾ ਸੀ। ਉਸ ਨੂੰ ਆਪਣੀ ਘਰਵਾਲੀ ਵਲੋਂ ਕਈ ਸਾਲ ਤੋਂ ਤਪਦਿਕ ਦੀ ਬੀਮਾਰੀ ਕਾਰਨ ਕੋਈ ਸੁਖ ਨਹੀਂ ਮਿਲ ਸਕਿਆ ਸੀ ਅਤੇ ਉਸ ਦੀ ਮੌਤ ਪਿਛੋਂ ਕੰਜੂਸੀ ਤੇ ਵਿਆਜ ਲੈ ਕੇ ਜੋੜਿਆ ਰੁਪਿਆ ਦਿਲ ਦੀ ਡੰਝ ਲਾਹੁਣ ਲਈ ਹੀ ਨਿੱਕੇ ਨੇ ਖ਼ਰਚਿਆ ਸੀ। ਉਸ ਨੂੰ ਦਿਲੀ ਹਮਦਰਦੀ ਕੋਈ ਨਹੀਂ ਦੇ ਰਿਹਾ ਸੀ। ਕੋਈ ਹਮਦਰਦੀ ਦੇਂਦਾ ਵੀ ਕਿਸ ਤਰ੍ਹਾਂ ? ਅਜਿਹੀ ਪ੍ਰਸਥਿਤੀ ਵਿਚ ਓਪਰੀਆਂ ਤੇ ਮੂੰਹ- ਚੋਪੜੀਆਂ ਗੱਲਾਂ ਹੀ ਹੁੰਦੀਆਂ ਹਨ, ਜਦੋਂ ਕਿ ਹਕੀਕਤ ਦਿਲੋ-ਦਿਲ ਦੋਵੇਂ ਧਿਰਾਂ ਜਾਣਦੀਆਂ ਹੋਣ। ਫਿਰ ਵੀ ਚਾਰ ਪੰਜ ਬੰਦੇ ਉਸ ਨਾਲ ਧੰਤੋ ਨੂੰ ਭਾਲਣ ਲਈ ਤੁਰ ਪਏ। ਸਭ ਦਾ ਹੀ ਕਿਆਸ ਸੀ ਕਿ ਧੰਤੋ ਭੱਜ ਕੇ ਆਪਣੇ ਪਿੰਡ ਨੂੰ ਹੀ ਗਈ ਹੋਵੇਗੀ। ਇਕ ਦੋਂਹ ਸਲਾਹ ਦਿੱਤੀ, ਖੋਜੀ ਲਿਆ ਕੇ ਪੈੜ ਲੱਭੀ ਜਾਵੇ। ਉਸ ਵੇਲੇ ਦੂਜੇ ਪਿੰਡੋਂ ਖੋਜੀ ਲਿਆਉਣਾ ਵੀ ਅਕਲਮੰਦੀ ਨਹੀਂ ਸੀ। ਨਿੱਕਾ ਚਾਹੁੰਦਾ ਸੀ, ਬੱਦੋਵਾਲ ਨੂੰ ਛੇਤੀ ਚਲਿਆ ਜਾਵੇ, ਤਾਕਿ ਧੰਤੋ ਨੂੰ ਰਾਹ ਵਿਚ ਹੀ ਫੜ ਲਿਆ ਜਾਵੇ।
ਜਿੰਨੀ ਛੇਤੀ ਵੀ ਹੋ ਸਕਿਆ, ਵਾਅਰ ਬੱਦੋਵਾਲ ਤੁਰ ਪਈ। ਰਾਹ ਵਿਚ ਨਿੱਕਾ ਸੋਚ ਰਿਹਾ ਸੀ, ਮੈਂ ਕਿੰਨੀ ਕਾਹਲ ਕੀਤੀ ਅਤੇ ਆਪਣੇ ਆਪ ਨੂੰ ਲਾਹਨਤਾਂ ਵੀ ਪਾਉਣ ਲੱਗਾ। ਸਭ ਤੋਂ ਬਹੁਤ ਖ਼ਤਰਾ ਉਸ ਨੂੰ ਇਸ ਗੱਲ ਦਾ ਸੀ ਕਿ ਧੰਤੋ ਮਿਲ ਪੈਣ ਉਤੇ ਸੱਚ ਸੱਚ ਨਾ ਬੱਕ ਦੇਵੇ। ਫਿਰ ਕੀ ਜਵਾਬ ਦੇਵਾਂਗਾ ? ਇਹ ਵੀ ਗੱਲ ਨਹੀਂ ਸੀ ਕਿ ਉਹ ਧੰਤੋ ਦਾ ਪਿੱਛਾ ਨਾ ਕਰਦਾ ਅਤੇ ਬਾਰਾਂ ਸੋ ਕੇਵਲ ਬਾਂਹ ਫੜ ਲੈਣ ਬਦਲੇ ਹੀ ਰੋੜ ਸੁੱਟਦਾ। ਵਾਅਰ ਵਾਲੇ ਉਸ ਨੂੰ ਪੁੱਛਦੇ ਸਨ, “ਕੋਈ ਬੋਲ ਵਿਗਾੜ ਤਾਂ ਨਹੀਂ ਹੋਇਆ ?” ਉਸ ਉੱਤਰ ਦਿੱਤਾ :
“ਉੱਕੀ ਕੋਈ ਗੱਲ ਨਹੀਂ ਹੋਈ, ਮਟ ਬਣੀ ਰਹੀ ਤਿੰਨੇ ਦਿਨ ਹੀ। ਮੈਂ ਸਮਝਿਆ ਸੰਗਦੀ ਐ। ਪਰ ਇਹ ਨਹੀਂ ਸੀ ਪਤਾ ਚਿੱਤ ਵਿਚ ਭੱਜ ਜਾਣ ਦੀਆਂ ਵਿਉਂਤਾਂ ਲਾਉਂਦੀ ਐ। ਮੈਨੂੰ ਵੀ ਉਦੋਂ ਜਾਗ ਆਈ, ਜਦੋਂ ਕੋਠੇ ਉਤੋਂ ਪੈੜ-ਚਾਲ ਸੁਣੀ ਅਤੇ ਗਲੀ ਵਿਚ ਛਾਲ ਵੱਜਣ ਨਾਲ ਧੜੂਕਾ ਪਿਆ। ਜਦੋਂ ਮੈਂ ਬਾਹਰ ਆਇਆ, ਅੰਦਰਲਾ ਬਾਰ ਖੁਲ੍ਹਾ ਤੇ ਵਿਹੜੇ ਵਿਚ ਲਾਲਟੈਣ ਜੱਗੇ।”
“ਭੱਜ ਜਾਣ ਵਾਲਾ ਲਾਲਟੈਣ ਥੋੜੋਂ ਜਗਾਉਂਦਾ ਏ ?” ਸਰਦਾਰੇ ਨੂੰ ਉਸ ਦੀ ਗੱਲ ਬਨਾਉਟੀ ਜਾਪੀ। ਉਸ ਆਪਣੀ ਬੈਟਰੀ ਰਾਹ ਦੇ ਏਧਰ ਓਧਰ ਘੁਮਾਈ, ਪਰ ਨਿਕਲ ਜਾਣ ਵਾਲੀ ਕਿਤੇ ਨਾ ਦਿੱਸੀ।
“ਖ਼ਬਰੇ ਕੀ ਕਰਨ ਲੱਗੀ ਸੀ ਕੰਜਰ ਦੀ !” ਨਿੱਕੇ ਨੇ ਹੋਰ ਚਾਲ ਖੇਡੀ। “ਖ਼ਬਰੇ ਉਹਦੇ ਪਿਉ ਹੋਰੀਂ ਮਿਥੀ ਅਨੁਸਾਰ ਬਾਹਰ ਨੂੰ ਉਡੀਕਦੇ ਈ ਹੋਣ, ਨਹੀਂ ਰਾਤ ਨੂੰ ਜ਼ਨਾਨੀ ਭੱਜਣ ਦਾ ਕਿਵੇਂ ਹੌਂਸਲਾ ਕਰ ਸਕਦੀ ਹੈ ?”
“ਗੁਆਂਢ ਮੱਥੇ ਉਸ ਦਾ ਪਿਉ ਇਉਂ ਕਿਵੇਂ ਕਰ ਸਕਦਾ ਏ ?” ਸਰਦਾਰੇ ਨੂੰ ਉਸ ਦੀ ਇਹ ਗੱਲ ਵੀ ਜੱਚੀ ਨਹੀਂ ਸੀ। “ਤੇਰੇ ਕੋਲ ਉਹਨਾਂ ਦੀ ਰਾਤ ਦਿਨ ਦੀ ਆਉਣੀ ਜਾਣੀ ਸੀ, ਤੈਨੂੰ ਨਾ ਪਤਾ ਲਗਾ ਵੱਡੇ ਤਿੱਖੇ ਨੂੰ, ਬਈ ਮੇਰੇ ਨਾਲ ਹੱਥ ਕਰਨਗੇ।”
“ਪੱਟੇ ਤਾਂ ਗੁਆਂਢ ਮੱਥੇ ਦੇ ਮੂੰਹ ਮੁਲਾਹਜੇ।” ਨਿੱਕਾ ਹਰ ਤਰ੍ਹਾਂ ਚੁਸਤੀ ਵਰਤ ਰਿਹਾ ਸੀ, ਤਾਕਿ ਅਸਲ ਗੱਲ ਦੇ ਕੋਈ ਵੀ ਸਿਰ ਨਾ ਹੋ ਜਾਵੇ। ਉਹ ਸਾਰੀ ਚਤਰਾਈ ਵਰਤ ਕੇ ਆਪਣੀ ਹੋਣ ਵਾਲੀ ਹੱਤਕ ਨੂੰ ਢੱਕਣ ਦਾ ਯਤਨ ਕਰ ਰਿਹਾ ਸੀ।
ਉਹ ਇਸ ਤਰ੍ਹਾਂ ਗੱਲਾਂ ਕਰਦੇ ਅਤੇ ਰਲੇ ਰਲਾਏ ਬੱਦੋਵਾਲ ਆ ਗਏ। ਨਿੱਕੇ ਨੇ ਫੀਲੇ ਨੂੰ ਹਾਕਾਂ ਮਾਰ ਕੇ ਜਗਾਇਆ। ਫੀਲੇ ਨੇ ਬਾਹਰ ਆ ਕੇ ਜਦ ਧੰਤੋ ਦੇ ਭੱਜ ਆਉਣ ਦੀ ਖ਼ਬਰ ਸੁਣੀ, ਉਹ ਥਾਏਂ ਖੜਾ ਰਹਿ ਗਿਆ ਕਿ ਇਉਂ ਵੀ ਹੋ ਸਕਦੀ ਹੈ ? ਇਹ ਉਸ ਨੂੰ ਕਦੇ ਸੁਪਨੇ ਵਿਚ ਵੀ ਖ਼ਿਆਲ ਨਹੀਂ ਆਇਆ ਸੀ ਕਿ ਮੇਰੀ ਧੀ ਨਿਕਲ ਜਾਵੇਗੀ, ਪੈਸੇ ਲੈਣ ਵਾਲੀ ਲੋਕਾਂ ਦੀ ਬਦਨਾਮੀ ਉਸ ਝੱਲ ਲਈ ਸੀ, ਪਰ ਧੀ ਦੇ ਉਧਾਲੇ ਦੀ ਚਰਚਾ ਉਸ ਨੂੰ ਬੁੱਢੇ ਵਾਰੇ ਬਰਾਦਰੀ ਤੇ ਲੋਕਾਂ ਦੀਆਂ ਉਂਗਲਾਂ ਕਰਵਾਏਗੀ, ਉਸ ਸੋਚਿਆ ਤਕ ਨਹੀਂ ਸੀ। ਉਸ ਮਹਿਸੂਸ ਕੀਤਾ, ਮੇਰੀ ਦਾਹੜੀ ਦਾ ਵਾਲ ਵਾਲ ਹੋ ਗਿਆ ਏ।
“ਕੀ ਪਤਾ ਕਿਧਰ ਨੂੰ ਚਲੀ ਗਈ।” ਸਰਦਾਰੇ ਦੀ ਗੱਲ ਦਾ ਅੰਤਰੀਵ ਭਾਵ ਸੀ, ਹੋ ਸਕਦਾ ਏ ਕਿਸੇ ਯਾਰ ਮੁੰਡੇ ਨਾਲ ਹੀ ਚਲੀ ਗਈ ਹੋਵੇ।
“ਭੱਜ ਕੇ ਉਹ ਘਰ ਤੋਂ ਬਿਨਾਂ ਹੋਰ ਕਿਤੇ ਨਹੀਂ ਜਾ ਸਕਦੀ।” ਵਾਅਰ ਵਿਚੋਂ ਇਕ ਹੋਰ ਆਦਮੀ ਕਹਿ ਗਿਆ।
ਫੀਲੇ ਨੂੰ ਬੜੇ ਦੁੱਖ ਨਾਲ ਖ਼ਿਆਲ ਆਇਆ ਕਿ ਇਹਨਾਂ ਦਾ ਸ਼ੱਕ ਹੈ ਕਿ ਧੰਤੋ ਘਰ ਆ ਗਈ ਹੈ। ਇਸ ਤੋਂ ਪਹਿਲਾਂ ਉਹ ਬਦਨਾਮੀ ਧੋ ਦੇਣ ਲਈ ਕੁੜੀ ਨੂੰ ਮਾਰ ਦੇਣ ਤਕ ਸੋਚ ਗਿਆ ਸੀ। ਉਸ ਬੜੀ ਔਖ ਨਾਲ ਆਖਿਆ :
“ਤੁਸੀਂ ਅੰਦਰ ਲੰਘ ਆਓ।” ਉਸ ਦਾ ਭਾਵ ਸੀ, ਇਹਨਾਂ ਦੀ ਹਰ ਤਰ੍ਹਾਂ ਤਸੱਲੀ ਹੋ ਜਾਵੇਗੀ।
“ਸਿਆਲ ਦੀ ਅੰਨ੍ਹੇਰੀ ਰਾਤ ਵਿਚ ਉਹ ਭੱਜ ਕੇ ਹੋਰ ਕਿੱਥੇ ਜਾਵੇਗੀ ?” ਨਿੱਕੇ ਤੋਂ ਸ਼ੱਕ ਲੁਕਾਈ ਨਾ ਗਈ।
ਉਹ ਅੰਦਰ ਵਿਹੜੇ ਵਿਚ ਲੰਘ ਆਏ, ਨਿੱਕੇ ਦੀਆਂ ਨਜ਼ਰਾਂ ਹਰ ਖੂੰਝਾ-ਖਰਲਾ ਵੇਖ ਰਹੀਆਂ ਸਨ, ਪਰ ਉਸ ਦਾ ਮਾਲ ਸ਼ਾਇਦ ਧਰਤੀ ਨਿਘਾਰ ਗਈ ਸੀ।
ਤਾਪੀ ਨੂੰ ਪਤਾ ਲੱਗ ਚੁੱਕਾ ਸੀ, ਬਾਹਰ ਬੰਦਿਆਂ ਫੀਲੇ ਨੂੰ ਬੁਲਾਇਆ ਹੈ, ਪਰ ਅਸਲ ਗੱਲ ਹਾਲੇ ਉਸ ਦੇ ਕੰਨਾਂ ਤਕ ਨਹੀਂ ਪਹੁੰਚੀ ਸੀ। ਜਦ ਉਸ ਨਿੱਕੇ ਦੀ ਆਵਾਜ਼ ਸੁਣੀ, ਉਹ ਬਾਵਲਿਆਂ ਵਾਂਗ ਉਠ ਖਲੋਤੀ। ਉਸ ਨੂੰ ਪਿਛਲੇ ਤਿੰਨਾਂ ਦਿਨਾਂ ਤੋਂ ਹੀ ਨਿਗੂਣੀਆਂ ਸ਼ੱਕਾਂ ਤੇ ਫ਼ਿਕਰਾਂ ਨੇ ਕਪਾਹ ਦੀ ਝੰਬਣੀ ਵਾਂਗ ਸੂਤ ਸੁੱਟਿਆ ਸੀ। ਬਾਹਰ ਵਿਹੜੇ ਵਿਚ ਆ ਕੇ ਉਸ ਨਸ਼ੰਗ ਹੁੰਦਿਆਂ ਪੁੱਛਿਆ:
“ਕੀ ਹੋਇਆ ਏ ?” ਉਹ ਅਸਲੋਂ ਘਬਰਾਈ ਹੋਈ ਸੀ, ਜਿਵੇਂ ਕੋਈ ਭੈੜਾ ਸੁਪਨਾ ਸੱਚ ਸੱਚ ਹੋ ਰਿਹਾ ਹੋਵੇ।
“ਹੋਇਆ ਏ ਸੂਰਨੀਏ ਸਿਰ ਤੇਰਾ ! ਉਹ ਮੂੰਹ ਕਾਲਾ ਕਰ ਗਈ।” ਫੀਲੇ ਨੇ ਆਪਣੀ ਦਾਹੜੀ ਖਿੱਚ ਲਈ “ਹਾਇ ਮਾਂ ਮਰ ਗਈ !” ਤਾਪੀ ਨੇ ਧਾਹ ਮਾਰੀ, “ਹਾਇ ਰੱਬਾ ਉਹ ਕਿਤੇ ਨਹੀਂ ਗਈ, ਉਹ ਤਾਂ ਖੂਹ ਟੋਭੇ ਪੈ ਕੇ ਮਰ ਗਈ। ਹਾਇ ਦੁਸ਼ਮਣੋਂ ! ਤੁਸੀਂ ਰਲ ਮਿਲ ਕੇ ਮੇਰੀ ਧੀ ਲੈ ਲਈ।” ਉਹ ਖਲੋ ਨਾ ਸਕੀ ਥਾਏਂ ਬਹਿ ਗਈ।
ਤਾਪੀ ਤੋਂ ਰੋਣ ਠੱਲਿਆ ਨਾ ਗਿਆ। ਉਸ ਨੂੰ ਪੱਕਾ ਯਕੀਨ ਸੀ, ਧੰਤੋ ਖੂਹ ਟੋਭੇ ਵਿਚ ਮਰ ਗਈ ਹੈ। ਧੰਤੋ ਦੇ ਖੂਹ ਟੋਭੇ ਡੁੱਬ ਮਰਨ ਵੱਲ ਕਿਸੇ ਨੇ ਵੀ ਨਹੀਂ ਸੋਚਿਆ ਸੀ। ਇਹ ਇਕ ਨਵੀਂ ਬਿਪਤਾ ਸੀ, ਜਿਸ ਨਿੱਕੇ ਦੇ ਸਾਹ-ਸੱਤ ਖਿੱਚ ਲਏ ਸਨ। ਉਸ ਇਕ ਪਲ ਲਈ ਸੋਚਿਆ, ਜੇ ਸੱਚੀਂ ਉਹ ਡੁੱਬ ਮੋਈ ਹੋਈ, ਪੁਲਸ ਵਾਲਿਆਂ ਖ਼ੂਨ ਦਾ ਵਲਾਵਾਂ ਪਾ ਲੈਣਾ ਏਂ ਰਕਮ ਜਿਹੜੀ ਗਈ ਸੋ ਗਈ, ਹੁਣ ਉਸ ਨੂੰ ਆਪਣੇ ਹੱਡ ਟੁੱਟਣ ਦੀ ਫ਼ਿਕਰ ਪੈ ਗਈ। ਫੀਲੇ ਨੇ ਵੀ ਉਹਨਾਂ ਨੂੰ ਯਕੀਨ ਕਰਵਾਇਆ ਕਿ ਮੇਰੀ ਧੀ ਨਿਕਲ ਕੇ ਨਹੀਂ ਜਾ ਸਕਦੀ। ਹਰ ਬਾਪ ਆਪਣੇ ਪੁੱਤਰ ਧੀ ਤੋਂ ਅਵੱਗਿਆ ਜਾਂ ਬੁਰਾਈ ਦੀ ਆਸ ਨਹੀਂ ਰੱਖਦਾ। ਤਾਪੀ ਦੇ ਹਟਕੋਰੇ ਬੰਦ ਨਹੀਂ ਹੋਏ ਸਨ।
“ਇਹ ਦੋਵੇਂ ਜੀਅ ਖੇਖਣ ਤਾਂ ਨਹੀਂ ਕਰਦੇ ?” ਵਾਅਰ ਦੇ ਇਕ ਮੁਖੀ ਨੇ ਨਿੱਕੇ ਤੋਂ ਹੌਲੀ ਦੇ ਕੇ ਕੰਨ ਵਿਚ ਪੁੱਛਿਆ।
“ਹੁਣ ਕੀ ਕਹਿ ਸਕਦੇ ਹਾਂ।” ਨਿੱਕੇ ਨੂੰ ਆਪਣੀਆਂ ਸਰੀਆਂ ਚੁਸਤੀਆਂ ਵਿਸਰ ਗਈਆਂ ਸਨ।
ਅਖ਼ੀਰ ਸਾਰਿਆਂ ਦੀ ਇਹ ਸਲਾਹ ਬਣੀ, ਦੋ ਦੋ ਦੇ ਜੱਥੇ ਬਣਾ ਕੇ ਬੱਦੋਵਾਲ ਤੋਂ ਲੈ ਕੇ ਲਲਤੋਂ ਦੇ ਸੰਨ ਵਿਚਕਾਰਲੇ ਸਾਰੇ ਖੂਹ ਵੇਖੇ ਜਾਣ। ਪਰ ਫੀਲੇ ਦਾ ਅੰਦਰ ਕੰਬੀ ਜਾ ਰਿਹਾ ਸੀ, ਉਸ ਆਖਿਆ :
“ਮੈਂ ਤਾਂ ਪਮਾਲ ਨੂੰ ਜਾਣਾ ਏਂ।” ਉਹ ਵੀ ਤਾਪੀ ਕੋਲੋਂ ਧੰਤੋ ਦੇ ਮਰ ਜਾਣ ਦਾ ਪੱਖ ਤਾੜ ਕੇ ਧੀ ਦੇ ਮੋਹ ਵਿਚ ਨਿੱਘਰਦਾ ਜਾ ਰਿਹਾ ਸੀ ਅਤੇ ਇਸ ਵੇਲੇ ਉਸ ਦੇ ਦੁੱਖ ਦਾ ਯਾਰ – ਮਦਦਗਾਰ ਕਾਰੇ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਸੀ।
ਨਿੱਕੇ ਨੂੰ ਸਾਰੇ ਰਾਹ ਕਾਰੇ-ਮਾੜੇ ਦਾ ਚੇਤਾ ਵੀ ਨਹੀਂ ਆਇਆ ਸੀ। ਫੀਲੇ ਦਾ ਪਮਾਲ ਨੂੰ ਜਾਣਾ ਸੁਣ ਕੇ ਉਸ ਨੂੰ ਪੂਰੀ ਸ਼ੱਕ ਪੈ ਗਈ, ਧੰਤੋ ਜ਼ਰੂਰ ਪਮਾਲ ਨੂੰ ਗਈ ਹੈ ਤੇ ਇਹਨਾਂ ਸਾਰਿਆਂ ਦੀ ਇਕ ਗੱਲ ਹੈ।
“ਮੈਂ ਤੇ ਸਰਦਾਰਾ ਤੇਰੇ ਨਾਲ ਚਲਾਂਗੇ।” ਨਿੱਕੇ ਨੂੰ ਔਝੜੇ ਟੱਕਰਾਂ ਮਾਰਨ ਨਾਲੋਂ ਇਹ ਰਾਹ ਮਿਲ ਗਿਆ।
“ਚਲੋ।” ਫੀਲੇ ਨੇ ਵੀ ਖੇਸ ਦੀ ਬੁੱਕਲ ਮਾਰ ਲਈ ਅਤੇ ਸੋਟੀ ਹੱਥ ਫੜ ਲਈ।
ਤਾਪੀ ਦਾ ਬੁਰਾ ਹਾਲ ਸੀ, ਉਹ ਮੁੜ ਮੁੜ ਪੁਕਾਰ ਰਹੀ ਸੀ :
“ਹਾਇ ਨੀ ਕਲਜੋਗਨੇ ! ਏਦੂੰ ਤਾਂ ਤੂੰ ਓਦਣ ਗੱਡੀ ਹੇਠਾਂ ਆ ਕੇ ਈ ਮਰ ਜਾਂਦੀ। ਬਦਲਿਓ ! ਉਹ ਹੈ ਨਹੀਂ, ਖ਼ੁਸ਼ੀ ਲੱਭਣ ਜਾਓ। ਉਹਨੂੰ ਕਾਲ ਚੁਕੀ ਫਿਰਦਾ ਸੀ ਕਈਆਂ ਦਿਨਾਂ ਦਾ। ਤੂੰ ਮਾਰਿਆ ਮੇਰੀ ਧੀ ਨੂੰ ਦਮਾਂ ਦਿਆਂ ਲੋਭੀਆਂ !” ਦਰਦਾਂ ਮਾਰੀ ਤਾਪੀ ਅੱਜ ਫੀਲੇ ਦੇ ਗਲ ਪੈਣ ਵਾਲੀ ਹੋਈ-ਹੋਈ ਸੀ।
“ਤੈਨੂੰ ਬਹੁਤਾ ਹੇਜ ਆਉਂਦਾ ਏ, ਤੂੰ ਵੀ ਖੂਹ ‘ਚ ਛਾਲ ਮਾਰ।” ਫੀਲਾ ਜਾਂਦਾ ਜਾਂਦਾ ਤਾਪੀ ਨੂੰ ਝਈ ਲੈ ਕੇ ਪਿਆ।
“ਤੂੰ ਬਾਰਾਂ ਆਨੇ ਉਡਾ ਦੁਸ਼ਮਣਾ ! ਤੇਰੇ ਵਲੋਂ ਭਾਵੇਂ ਸਾਰਾ ਜਹਾਨ ਮਰ ਜਾਵੇ ਤੈਨੂੰ ਕੀ।” ਤਾਪੀ ਕਦੇ ਦੁਹੱਥੜ ਛਾਤੀ ਉਤੇ ਮਾਰਦੀ ਅਤੇ ਕਦੇ ਪੱਟਾਂ ਨੂੰ ਪਿੱਟ ਲੈਂਦੀ।
ਵਾਅਰ ਦਾ ਇਕ ਜੱਥਾ ਲਲਤੋਂ ਨੂੰ ਵਾਪਸ ਮੁੜ ਗਿਆ ਅਤੇ ਦੂਜਾ ਪਮਾਲ ਦੇ ਰਾਹ ਪੈ ਗਿਆ। ਰਾਹ ਵਿਚ ਫੀਲੇ ਤੋਂ ਕੋਈ ਗੱਲ ਨਾ ਹੋ ਸਕੀ। ਉਸ ਦੇ ਲੂੰਅ ਲੂੰਅ ਵਿਚ ਮੋਹ ਦੇ ਹਉਕੇ ਅਟਕੇ ਹੋਏ ਸਨ। ਮੋਹ ਆਪਣੀ ਆਈ ਉਤੇ ਆ ਕੇ ਪੱਥਰਾਂ ਨੂੰ ਵੀ ਪਿਘਲਣ ਲਾ ਦੇਂਦਾ ਹੈ। ਤੜਕਾ ਹੁੰਦੇ ਕਰਦੇ ਨੂੰ ਉਹਨਾਂ ਕਾਰੇ ਨੂੰ ਆ ਜਗਾਇਆ, ਜਦ ਉਸ ਵੀ ਧੰਤੋ ਦਾ ਉੱਧਲ ਜਾਣਾ ਸੁਣਿਆ, ਉਹ ਵੀ ਡੌਰ ਭੌਰ ਹੋ ਗਿਆ। ਨਿੱਕਾ ਆਪਣੀਆਂ ਨਿੱਕੀਆਂ, ਪਰ ਤਿੱਖੀਆਂ ਅੱਖਾਂ ਨਾਲ ਕਾਰੇ ਦੀ ਨਸ ਨਸ ਟੋਹ ਰਿਹਾ ਸੀ। ਕਾਰੇ ਦੀ ਇਕੋ ਹੀ ਕੋਠੜੀ ਸੀ, ਉਸ ਵਿਚ ਧੰਤੋ ਦੇ ਲੁਕਣ ਦਾ ਸਵਾਲ ਨਹੀਂ ਪੈਦਾ ਹੁੰਦਾ ਸੀ। ਉਹ ਵੀ ਉਠ ਕੇ ਨਾਲ ਤੁਰ ਪਿਆ। ਇਕ ਲੰਮੀ ਚੁੱਪ ਸਾਰਿਆਂ ਨੂੰ ਸੇਲੇ ਚੋਭ ਰਹੀ ਸੀ।
“ਬਾਈ ! ਮੈਨੂੰ ਨਿੱਕੇ ਉਤੇ ਸ਼ੱਕ ਐ ?” ਕਾਰੇ ਨੇ ਪਿਛਾਂਹ ਹਟਦਿਆਂ ਫੀਲੇ ਨੂੰ ਸਹਿਜ ਨਾਲ ਆਖਿਆ। ਉਹਦਾ ਖ਼ਿਆਲ ਸੀ, ਸ਼ਾਇਦ ਨਿੱਕੇ ਨੇ ਬਹੁਤੇ ਪੈਸੇ ਲੈ ਕੇ ਅਗਾਂਹ ਵੇਚ ਦਿੱਤੀ ਹੋਵੇ। ਕਿਉਂਕਿ ਨਿੱਕਾ ਨਫ਼ੇਖੋਰ ਜਿਹਾ ਬੰਦਾ ਸੀ ਤੇ ਆਪਣੀ ਵਲੋਂ ਸੱਚਾ ਹੋਣ ਲਈ ਫੀਲੇ ਦੇ ਘਰ ਧੂੰਆਂ- ਸੱਥਰ ਆ ਪਾਇਆ ਹੋਵੇ।
“ਹੂੰ।” ਫੀਲਾ ਕਾਰੇ ਦੀ ਗੱਲ ਦਾ ਕੀ ਅਰਥ ਕਢਦਾ। ਉਸ ਬਉਰੇ ਮਨ ਨਾਲ ਇਕ ਡੂੰਘਾ ਹਉਕਾ ਲਿਆ, ਜਿਵੇਂ ਉਸ ਸੱਚੀਂ ਮੁੱਚੀਂ ਹੀ ਧੀ ਕਤਲ ਕਰ ਸੁੱਟੀ ਸੀ।
ਸੂਰਜ ਚੜ੍ਹਨ ਤਕ ਉਹਨਾਂ ਸਾਰੇ ਖੂਹ ਛਾਣ ਮਾਰੇ, ਪਰ ਧੰਤੋ ਦੀ ਜਿਉਂਦੀ ਮੋਈ ਦੀ ਕਿਤੋਂ ਉੱਘ-ਸੁੱਘ ਨਾ ਮਿਲੀ।
24
ਧੰਤੋ ਜਦ ਛੱਤ ਉਪਰੋਂ ਗਲੀ ਵਿਚ ਡਿੱਗੀ, ਉਸ ਦਾ ਖੱਬਾ ਗਿੱਟਾ ਟੁੱਟ ਗਿਆ ਅਤੇ ਏਸੇ ਕਾਰਨ ਉਸ ਦੀ ਚੀਕ ਨਿਕਲੀ ਸੀ। ਲਗਾਤਾਰ ਭੈ ਦੀ ਸ਼ਕਲ ਵਿਚ ਘਬਰਾਈ ਉਹ ਕੰਬੀ ਜਾ ਰਹੀ ਸੀ। ਅਜਿਹੀ ਭਾਵੀ ਵਿਚ ਕੋਈ ਅਲ੍ਹੜ ਮੁਟਿਆਰ ਸੋਚ ਹੀ ਕੀ ਸਕਦੀ ਹੈ। ਕੁਦਰਤੀ ਡਰ ਨੇ ਅੱਗੇ ਵਧ ਕੇ ਉਸ ਦੀ ਅਗਵਾਈ ਕੀਤੀ। ਗਿੱਟੇ ਦੀ ਪੀੜ ਦੇ ਬਾਵਜੂਦ, ਜਿਵੇਂ ਫੜ ਕੇ ਲਿਆਂਦੀ ਜੰਗਲੀ ਹਰਨੀ ਅਯਾਲੀ ਦਾ ਵਾੜਾ ਟੱਪ ਜਾਂਦੀ ਹੈ ਤੇ ਫਿਰ ਜਿਧਰ ਨੂੰ ਮੂੰਹ ਹੁੰਦਾ ਹੈ ਵਾਹੋਦਾਹੀ ਸਿਰਤੋੜ ਭੱਜ ਉੱਠਦੀ ਹੈ, ਧੰਤੋ ਠੀਕ ਉਸ ਤਰ੍ਹਾਂ ਹੀ ਪੂਰੇ ਜ਼ੋਰ ਨਾਲ ਭੱਜ ਨਿਕਲੀ ਸੀ। ਉਸ ਦੇ ਇਕ ਪੈਰ ਦੀ ਜੁੱਤੀ ਨੱਸਣ ਵਿਚ ਰੋਕ ਪਾਉਂਦੀ ਸੀ, ਉਸ ਉਹ ਵੀ ਲਾਹ ਕੇ ਵਗਾਹ ਮਾਰੀ। ਤੱਤੇ-ਘਾਹ ਉਸ ਗਿੱਟੇ ਦੀ ਪੀੜ ਨੂੰ ਕੁਝ ਨਾ ਗਉਲਿਆ। ਡਰ, ਕਾਹਲ ਅਤੇ ਮੂੰਹ ਜ਼ੋਰ ਧੜਕਣ ਦੇ ਬਾਵਜੂਦ ਅਚੇਤ ਸੂਝ ਉਸ ਨੂੰ ਰਾਹ ਦੱਸੀ ਜਾ ਰਹੀ ਸੀ। ਇਹ ਓਹੀ ਪਾਸਾ ਸੀ, ਜਿਧਰ ਗੁਆਂਢੀ ਮੁਟਿਆਰਾਂ ਉਸ ਨੂੰ ਬਾਹਰ ਲੈ ਕੇ ਜਾਇਆ ਕਰਦੀਆਂ ਸਨ।
ਪਿੰਡ ਦੀ ਨਿਆਈਂ ਵਿਚ ਆ ਕੇ ਉਸ ਨੂੰ ਆਪਣੇ ਪਿੰਡ ਬਿਨਾਂ ਕੁਝ ਨਹੀਂ ਸੁਝਿਆ ਸੀ। ਉਹ
ਪਿੱਛੇ ਵੱਲ ਭਉਂ ਭਉਂ ਵੇਖਦੀ ਤੇ ਮੁੜ ਭੱਜ ਪੈਂਦੀ। ਇਹ ਤਾਂ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਦਾ ਪਿੱਛਾ ਕੀਤਾ ਜਾਵੇਗਾ। ਉਸ ਦੇ ਸਿਰ ਦੀ ਚੁੰਨੀ ਸਹੁਰੇ ਨੇ ਪਿੱਛੋਂ ਖਿੱਚ ਹੀ ਲਈ ਸੀ ਤੇ ਉਸ ਨੂੰ ਭਜਦਿਆਂ ਰਾਹ ਵਿਚ ਇਕ ਵਾਰ ਵੀ ਖ਼ਿਆਲ ਨਹੀਂ ਆਇਆ ਸੀ ਕਿ ਮੈਂ ਸਿਰੋਂ ਨੰਗੀ ਹਾਂ। ਉਹ ਅੰਦਰਲੀ ਧੰਤੋ ਨੂੰ ਵੰਗਾਰ ਰਹੀ ਸੀ ਕਿ ਇਹੋ ਵੇਲਾ ਹੈ ਜੇ ਭੱਜ ਕੇ ਬਚ ਸਕਦੀ ਏਂ, ਤਾਂ ਬਚ ਜਾ, ਨਹੀਂ ਤਾਂ ਤੇਰੀ ਖ਼ੈਰ ਨਹੀਂ। ਉਸ ਆਪਣੇ ਨੰਗੇ ਪੈਰਾਂ ਦੀ ਵੀ ਕਖ ਪਰਵਾਹ ਨਹੀਂ ਕੀਤੀ ਸੀ। ਉਸ ਸਾਰੀ ਉਮਰ ਨੰਗੇ ਪੈਰੀਂ ਵਾਹਣ ਕੱਛੇ ਸਨ। ਫਿਰ ਵੀ ਜੋ ਪੈਰ ਕੰਡਿਆਂ ਉਤੇ ਟਿਕ ਗਿਆ, ਉਹ ਕੰਡਾ ਕੱਢਣ ਲਈ ਵੀ ਨਾ ਅਟਕੀ। ਸਾਹ ਤਾਂ ਉਸ ਨੂੰ ਵਿਹੜੇ ਦੀ ਹੱਥੋਂ ਪਾਈ ਤੋਂ ਹੀ ਚੜ੍ਹਿਆ ਹੋਇਆ ਸੀ ਤੇ ਪਲ ਭਰ ਲਈ ਸ਼ਾਂਤ ਹੋਣ ਦੀ ਵਿਹਲ ਨਹੀਂ ਮਿਲੀ ਸੀ।
ਹਨੇਰੇ ਵਿਚ ਭੱਜੀ ਆਉਂਦੀ ਉਹ ਕੰਡਿਆਲੀ ਤਾਰ ਵਿਚ ਉਲਝ ਕੇ ਡਿੱਗ ਪਈ। ਡਿੱਗਦਿਆਂ ਉਸ ਦੇ ਮੂੰਹੋਂ ਆਪ-ਮੁਹਾਰੇ ‘ਹਾਇ ਨੀ ਮਾਂ !” ਨਿਕਲ ਗਿਆ, ਪਰ ਝਟ ਹੀ ਉਸ ਮੂੰਹ ਘੁੱਟ ਲਿਆ, ਜਿਵੇਂ ਉਸ ਦੀ ਹਾਇ ਬਾਹੁੜੀ ਦੁਸ਼ਮਣਾਂ ਲਈ ਤੀਰ ਸੁਨੇਹਾ ਹੋ ਜਾਵੇਗੀ। ਤਾਰ ਦੇ ਤਿੱਖੇ ਤੇ ਵਲਦਾਰ ਕੰਡਿਆਂ ਨਾਲ ਉਹ ਕਈ ਥਾਵਾਂ ਤੋਂ ਪਾੜੀ ਗਈ। ਉਸ ਸਾਰੀਆਂ ਪੀੜਾਂ ਵਲੋਂ ਚੀਸ ਵਟ ਲਈ ਅਤੇ ਤਾਰ ਵਿਚ ਦੀ ਲੰਘ ਕੇ ਪਾਰ ਹੋ ਗਈ। ਅੱਗੇ ਕਿਸੇ ਜੱਟ ਨੇ ਕੋਰ ਕਣਕ ਨੂੰ ਆਥਣ ਸਵੇਰ ਹੀ ਪਾਣੀ ਲਾਇਆ ਸੀ। ਜਦ ਧੰਤੋ ਓਥੋਂ ਦੀ ਲੰਘੀ, ਖੇਤ ਦਾ ਗਾਰਾ ਗਿੱਟਿਆਂ ਤਕ ਚੜ੍ਹ ਆਇਆ। ਜਦ ਉਹ ਹਫੀ ਹਫੀ ਸੇਂਜੂ ਖੇਤ ਪਾਰ ਹੋਈ, ਉਸ ਦਾ ਟੁੱਟਿਆ ਗਿੱਟਾ ਠੰਢਾ ਪੈ ਗਿਆ ਤੇ ਉਸ ਵਿਚੋਂ ਲੋਹੜੇ ਦੀਆਂ ਚੀਸਾਂ ਜਾਗ ਉੱਠੀਆਂ। ਭੱਜਿਆਂ ਆਉਂਦਿਆਂ ਗਰਮੀ ਕਾਰਨ ਉਸ ਨੂੰ ਠੰਢ ਵੀ ਪ੍ਰਤੀਤ ਨਹੀਂ ਹੋਈ ਸੀ। ਹੁਣ ਉਸ ਦਾ ਸਾਰਾ ਸਰੀਰ ਪਾਲੇ ਨਾਲ ਕੰਬਦਾ ਤੇ ਆਕੜਦਾ ਜਾ ਰਿਹਾ ਸੀ। ਭੱਜਣਾ ਤਾਂ ਇਕ ਪਾਸੇ ਹੁਣ ਉਸ ਲਈ ਤੁਰਨਾ ਦੁੱਬਰ ਹੋ ਗਿਆ। ਫਿਰ ਵੀ ਉਹ ਸੱਜੀ ਲੱਤ ਉਤੇ ਭਾਰ ਪਾ ਪਾ ਤੁਰੀ ਗਈ। ਹੁਣ ਉਸ ਦਾ ਡਰ ਥੋੜਾ ਹੋ ਗਿਆ ਤੇ ਉਸ ਦੀ ਥਾਂ ਭਰੋਸਾ ਮੱਲੀ ਆ ਰਿਹਾ ਸੀ ਕਿ ਫੜੀ ਨਹੀਂ ਜਾਂਦੀ। ਆਲੇ-ਦੁਆਲੇ ਖੇਤਾਂ ਦੀ ਜਾਣੂ ਹੋਣ ਕਾਰਨ ਉਸ ਆਪਣੇ ਪਿੰਡ ਦਾ ਰਾਹ ਲੱਭ ਲਿਆ। ਬਾਲਣ ਇਕੱਠਾ ਕਰਦਿਆਂ ਉਸ ਆਪਣੀ ਮਾਂ ਨਾਲ ਸਾਰੀਆਂ ਜੂਹਾਂ ਗਾਹੀਆਂ ਹੋਈਆਂ ਸਨ।
ਲੰਮੀ ਭਾਂਜ ਕਾਰਨ ਉਸ ਦੇ ਪੱਟ ਫੁੱਲ ਗਏ ਸਨ। ਗਿੱਟੇ ਦੇ ਠੰਢੇ ਪੈ ਜਾਣ ਨਾਲ ਉਹ ਤੁਰਨੋਂ ਇਕ ਤਰ੍ਹਾਂ ਨਕਾਰੀ ਹੋ ਗਈ। ਫਿਰ ਵੀ ਉਸ ਆਪਣੀ ਵਾਹ ਨਾ ਛੱਡੀ। ਜ਼ਿੰਦਗੀ ਭਰ ਲੰਮੀ ਪੀੜ ਦੇ ਮੁਕਾਬਲੇ ਵਿਚ ਨਿੱਕੀਆਂ ਪੀੜਾਂ ਪੀਤੀਆਂ ਜਾ ਸਕਦੀਆਂ ਹਨ। ਮੌਤ ਦੀ ਭਰਿਸ਼ਟੀ ਨਾਲੋਂ ਦੁੱਖਾਂ ਦਾ ਜਿਊਣਾ ਹੀ ਕਈ ਵਾਰ ਮਹਾਨ ਬਣ ਜਾਂਦਾ ਹੈ, ਪਰ ਧੰਤੋ ਵਿਚਾਰੀ ਤੋਂ ਤਾਂ ਹਾਲੇ ਤਕ ਬਹੁਤ ਕੁਝ ਅਚੇਤ ਹੀ ਹੋ ਰਿਹਾ ਸੀ। ਦਿਲ ਉਸ ਦਾ ਸਬੂਤਾ ਸੀ ਤੇ ਵਿਆਹੇ ਜਾਣ ਉਪਰੰਤ ਵੀ ਕੁਆਰਾ ਸੀ, ਜਿਸ ਦੀ ਸੁੱਚੀ ਧੜਕਨ ਨੇ ਉਸ ਦਾ ਚੈਨ ਹਮੇਸ਼ਾਂ ਲਈ ਖੋਹ ਲਿਆ। ਦਿਲ ਜਦ ਚਾਹ ਕਰਦਾ ਹੈ, ਪਿਆਰ ਵਿਚ ਮੀਟੀਆਂ ਅੱਖਾਂ ਨਾਲ ਆਪਣੇ ਹਾਣੀ ਵੱਲ ਬਾਹਾਂ ਪਸਾਰਦਾ ਹੈ, ਪਰ ਜਦ ਅੱਖਾਂ ਖੋਲ੍ਹਦਾ ਹੈ, ਤਦ ਆਪੇ ਨੂੰ ਦੁਸ਼ਮਣ ਦੀਆਂ ਬਾਹਾਂ ਵਿਚ ਦੇਖ ਕੇ ਘੇਰਾ ਤੋੜਨੋਂ ਨਹੀਂ ਰਹਿ ਸਕਦਾ। ਦਿਲ ਨੂੰ ਚਾਹਾਂ ਕੁਦਰਤ ਬਖ਼ਸ਼ਦੀ ਹੈ ਤੇ ਪੂਰੀਆਂ ਨਾ ਹੋਣ ਦੀ ਸੂਰਤ ਵਿਚ ਜ਼ਿੰਦਗੀ ਵਿਰੋਧੀ ਕਾਰਨਾਂ ਨਾਲ ਲੜਨ ਲਈ ਮਜਬੂਰ ਹੁੰਦੀ ਹੈ। ਪ੍ਰਕਿਰਤੀ ਦਾ ਹਰ ਅਨੂੰ ਸਾਰਥਕ ਧੜਕਨ ਲੋੜਦਾ ਹੈ ਤੇ ਜ਼ਿੰਦਗੀ ਦੀ ਜਦੋ-ਜਹਿਦ ਤਦ ਤਕ ਪੂਰੀ ਤਾਕਤ ਨਾਲ ਜਾਰੀ ਰਹਿੰਦੀ ਹੈ, ਜਦ ਤਕ ਕੰਡੇ ਦੀ ਪੀੜ ਫੁੱਲ ਦੀ ਸੁੱਚੀ ਸੁਗੰਧੀ ਵਿਚ ਨਹੀਂ ਬਦਲ ਜਾਂਦੀ।
ਧੰਤੋ ਨੇ ਆਪਣੇ ਪਿਛੋਂ ਬੈਟਰੀ ਦੇ ਚਾਨਣ ਦੀ ਲਾਸ ਆਉਂਦੀ ਵੇਖੀ, ਉਸ ਝਟ ਰਾਹ ਛੱਡ ਕੇ ਦੱਖਣ ਵੱਲ ਨੂੰ ਟੇਢ ਵਟ ਲਈ। ਜਦ ਚਾਨਣ ਉਸ ਨੂੰ ਕਾਹਲੀ ਕਾਹਲੀ ਏਧਰ ਓਧਰ ਫਿਰਦਾ ਪਰਤੀਤ ਹੋਇਆ, ਉਹ ਇਕ ਦਮ ਇਕ ਉੱਚੀ ਵੱਟ ਦੇ ਅੜਤਲੇ ਵਿਚ ਲੰਮੀ ਪੈ ਗਈ। ਸ਼ਾਂਤ ਹੋਈ ਧੜਕਣ ਵਿਚ ਡਰ ਕਾਰਨ ਮੁੜ ਭੂਚਾਲ ਆ ਗਿਆ। ਗਿੱਟੇ ਦੀ ਪੀੜ ਨਾਲ ਉਸ ਦਾ ਬੁਰਾ ਹਾਲ ਹੋ ਰਿਹਾ ਸੀ। ਉਸ ਪਈ ਪਈ ਨੇ ਲੱਤ ਇਕੱਠੀ ਕਰ ਕੇ ਗਿੱਟੇ ਨੂੰ ਨੱਪਿਆ। ਲੰਮੀ ‘ਹਾਏ’ ਉਸ ਦੇ ਮੂੰਹੋਂ ਫਿਰ ਨਿਕਲ ਗਈ। ਸਾਰਾ ਪੈਰ ਤੇ ਗਿੱਟਾ ਸੁਜ ਗਏ ਸਨ। ਹੁਣ ਉਹ ਇਉਂ ਵੀ ਹੈਰਾਨ ਸੀ, ਮੈਂ ਅੱਧੀ ਵਾਟ ਲੰਙੀ ਲੰਙੀ ਕਿਵੇਂ ਆ ਗਈ।
ਵਾਅਰ ਤਿੰਨ ਖੇਤ ਦੀ ਵਿਥ ਤੋਂ ਗੱਲਾਂ ਕਰਦੀ ਲੰਘ ਰਹੀ ਸੀ। ਧੰਤੋ ਨੂੰ ਡਰ, ਪਾਲੇ ਅਤੇ ਪੀੜ ਨੇ ਲੋਹੜੇ ਦੀਆਂ ਕੰਬਣੀਆਂ ਛੇੜ ਦਿੱਤੀਆਂ। ਉਸ ਦੇ ਦਿਲ ਦੀ ਧੜਕਨ ਆਖੇ, ਅੱਜ ਮੈਂ ਨਹੀਂ ਜਾਂ ਛਾਤੀ ਦੀਆਂ ਹੱਡੀਆਂ ਨਹੀਂ। ਉਸ ਤਰ੍ਹਾਂ ਹੀ ਪਈ ਪਈ ਦੇ ਹੱਥ ਰੱਬ ਦੀ ਅਰਦਾਸ ਵਿਚ ਜੁੜ ਗਏ : “ਹੇ ਖ਼ਵਾਜਾ ਪੀਰ ! ਜੇ ਅੱਜ ਹੱਥ ਦੇ ਕੇ ਰਖੇਂ, ਮੈਂ ਸਾਲ ਦੇ ਸਾਲ ਤੇਰੀ ਬਲੀ ਦੇਵਾਂ। ਪਤਾ ਨਹੀਂ, ਉਸ ਕਿਸ ਕਿਸ ਦੀਆਂ ਮੰਨਤਾਂ ਮੰਨੀਆਂ, ਪਰ ਜਿਸ ਦੇਵਤੇ ਨੂੰ, ਗੁਰੂ ਨੂੰ ਉਹ ਯਾਦ ਕਰ ਸਕਦੀ ਹੈ, ਉਸ ਨੂੰ ਹੀ ਆਪਣੀ ਪੱਤ ਰੱਖਣ ਲਈ ਵੰਗਾਰਿਆ। ਉਸ ਵੱਟ ਦੇ ਅੜਤਲੇ ਪਈ ਨੇ ਨਿੱਕੇ ਦੀ ਆਵਾਜ਼ ਸਾਫ਼ ਪਛਾਣ ਲਈ, ਪਰ ਉਸ ਕੀ ਆਖਿਆ, ਉਹ ਕੁਝ ਨਾ ਸਮਝ ਸਕੀ। ਦੋ ਵਾਰ ਉਸ ਦੇ ਸਿਰ ਉਤੋਂ ਦੀ ਚਾਨਣ ਦੀ ਲਾਸ ਲੰਘ ਗਈ ਅਤੇ ਉਸ ਨੂੰ ਦੂਣ ਸਵਾਇਆ ਕਾਂਬਾ ਚਾੜ੍ਹ ਗਈ। ਜਦ ਚਾਨਣ ਵੱਟ ਉਤੋਂ ਦੀ ਲੰਘਦਾ ਸੀ, ਉਸ ਦੇ ਦਿਲ ਦੀ ਧੜਕਨ ਪਲ ਦੀ ਪਲ ਰੁਕ ਜਾਂਦੀ ਤੇ ਸਾਹ ਵੀ ਵਿਚਕਾਰੋਂ ਟੁੱਟ ਜਾਂਦਾ। ਮੁੜ ਦਿਲ ਦੇ ਰੁਕੇ ਕੰਮ ਨੂੰ ਫਿਫਰੇ ਦੂਣੀ ਕਾਹਲੀ ਨਾਲ ਸਮੇਟਣਾ ਸ਼ੁਰੂ ਕਰ ਦੇਂਦੇ।
ਕਿਸੇ ਗੁਰੂ, ਪੀਰ ਦੀ ਸ਼ੁਕਰਗੁਜ਼ਾਰੀ ਨਾਲ ਵਾਅਰ ਅਗਾਂਹ ਲੰਘ ਗਈ। ਉਸ ਉਠਣ ਦਾ ਯਤਨ ਕੀਤਾ, ਪਰ ਪੈਰ ਭਾਰ ਨਾ ਝਲ ਸਕਿਆ ਅਤੇ ਉਹ ‘ਹੈ ਨੀ ਮਾਂ !” ਕਹਿ ਕੇ ਥਾਏਂ ਡਿੱਗ ਪਈ। ਉਹ ਮੁੜ ਕਸੀਸ ਵੱਟ ਕੇ ਉਠੀ। ਪਾਲੇ ਅਤੇ ਪੀੜ ਨੇ ਉਸ ਨੂੰ ਥਾਂ ਥਾਂ ਤੋਂ ਭੰਨ ਸੁੱਟਿਆ ਸੀ। ਪਰ ਫਿਰ ਉਸ ਪੀੜ ਤੋਂ ਪਰਵਾਹਰੀ ਹੁੰਦਿਆਂ ਕਦਮਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜੇ ਵਗਦੇ ਪਾਣੀ ਵਿਚ ਪੈਰ ਨਾ ਲਗਣ, ਤਦ ਜੀਉਣ ਦੀ ਆਸ ਵਾਲਾ ਬਾਹਾਂ ਮਾਰਨੋਂ ਥੋੜੋਂ ਹਟਦਾ ਹੈ। ਉਹ ਸਮਝਦੀ ਸੀ, ਮੈਂ ਵਾਹਣਾਂ ਵਿਚ ਹੀ ਦਿਨ ਨਹੀਂ ਚੜਾ ਦੇਣਾ, ਖ਼ਬਰੇ ਪਿਛੋਂ ਹੋਰ ਵਾਅਰ ਆ ਜਾਵੇ ਤੇ ਉਸ ਨੂੰ ਪਛਾਣ ਲਵੇ। ਸੋ ਉਸ ਅੰਨ੍ਹੇਰੇ ਅੰਨ੍ਹੇਰੇ ਕਿਸੇ ਤਣ-ਪੱਤਣ ਲੱਗਣ ਦਾ ਮਨ ਬਣਾ ਲਿਆ। ਉਸ ਉਤਾਂਹ ਤਾਰਿਆਂ ਵੱਲ ਝਾਤ ਪਾਈ, ਪਰ ਉਸ ਨੂੰ ਕੁਝ ਨਾ ਪਤਾ ਲੱਗਾ ਕਿ ਰਾਤ ਕਿੰਨੀ ਕੁ ਰਹਿੰਦੀ ਹੈ। ਪਰ ਉਹ ਰੱਬ ਅੱਗੇ ਹੱਥ ਜੋੜ ਰਹੀ ਸੀ ਕਿ ਦੁੱਖ ਭਾਵੇਂ ਫ਼ੌਜਾਂ ਬਣ ਕੇ ਚੜ੍ਹ ਆਉਣ, ਪਰ ਮੇਰੇ ਬਿਲੇ ਲੱਗਣ ਤੋਂ ਪਹਿਲਾਂ ਦਿਨ ਨਾ ਚੜ੍ਹੇ। ਅਜਿਹੀ ਭੀੜ ਵਿਚ ਆਇਆ ਹਰ ਬੰਦਾ ਹੀ ਅਰਕ ਨੂੰ ਰੋਕਣ ਦਾ ਯਤਨ ਕਰਦਾ ਹੈ।
ਥੱਕੀ ਟੁੱਟੀ ਹੋਣ ਦੇ ਬਾਵਜੂਦ ਧੰਤੋ ਕਦੋਂ ਦੀ ਆਪਣੇ ਪਿੰਡ ਦੀ ਜੂਹ ਵਿਚ ਪਹੁੰਚ ਚੁਕੀ ਸੀ, ਜਿਸ ਦੇ ਖੇਤ ਖੇਤ ਵਿਚ ਉਸ ਪੈੜਾਂ ਕੀਤੀਆਂ ਸਨ। ਵਾਹਣਾਂ ਵਿਚ ਦੀ ਆਉਂਦੀ ਉਹ ਲਾਭੇ ਦੇ ਖੂਹ ਵਾਲੀ ਡੰਡੀ ਆ ਚੜੀ। ਉਸ ਦੂਰੋਂ ਹੀ ਖੂਹ ਦੇ ਚਲਣ ਦੀ ਅਵਾਜ਼ ਸੁਣ ਲਈ। ਖੂਹ ਉਤੋਂ ਕਿਸੇ ਮਿਰਜ਼ੇ ਦੀ ਚੁਕ ਲਈ :
ਮੁੱਠੀਆਂ ਭਰ ਜਗਾਉਂਦੀ ਯਾਰ ਨੂੰ, ਜਾਗੀਏ ਰੱਬ ਦੇ ਨਾਂ। ਧੁਰ ਨਾ ਅਪੜੀ ਰੰਨ ਸਾਹਿਬਾਂ, ਮੇਰੀ ਵਿਚਾਲਿਉਂ ਟੁੱਟੀ ਲਾਂ। ਜੇ ਨਹੀਂ ਸੀ ਤੋੜ ਨਿਭਾਵਣੀ, ਮੇਰੀ ਕਾਹਨੂੰ ਪਕੜੀ ਬਾਂਹ।
ਮਿਰਜ਼ੇ ਦੇ ਬੋਲ ਸੁਣ ਕੇ ਧੰਤੋ ਰੁਕ ਗਈ। ‘ਇਹ ਲੰਮੀ ਹੇਕ ਕਿਸ ਦੀ ਹੋਈ ? ਇਹ ਤਾਂ ਬੀਰੋ ਦੇ ਬਾਪੂ ਦੀ ਆਵਾਜ਼ ਹੈ।’ ਉਸ ਦਾ ਜੀ ਕੀਤਾ, ਉਹ ਤਾਏ ਲੱਛੂ ਕੋਲ ਚਲੀ ਜਾਵੇ, ਉਹ ਆਪੇ ਮੇਰੇ ਬਾਪੂ ਨੂੰ ਏਥੇ ਲੈ ਆਵੇਗਾ, ਨਾਲ ਮੈਂ ਅੱਗ ਸੇਕ ਲਵਾਂਗੀ। ਉਸ ਹੌਸਲਾ ਕਰ ਕੇ ਦਸ ਕਦਮਾਂ ਲੰਙ ਮਾਰਦਿਆਂ ਪੁੱਟੀਆਂ, ਪਰ ਫਿਰ ਵੀ ਕੁਝ ਸੋਚ ਕੇ ਖਲੋ ਗਈ। ਹੋਰ ਖ਼ਬਰੇ ਕੌਣ ਹੋਵੇ ਓਥੇ ? ਮੈਂ ਤਾਂ ਨਹੀਂ ਜਾਂਦੀ ਉਹਦੇ ਕੋਲ। ਉਸ ਉਥੋਂ ਵੀ ਟੇਢ ਵਟ ਲਈ ਅਤੇ ਖੂਹ ਤੋਂ ਪਾਸੇ ਪਾਸੇ ਲੰਘ ਚਲੀ। ਉਹ ਰਾਹ ਵਿਚ ਕਿੰਨੀ ਵਾਰ ਹੀ ਰੋਈ ਸੀ ਅਤੇ ਗਲਾਂ ਤੋਂ ਵਗੀਆਂ ਘਰਾਲਾਂ ਸੁੱਕ ਕੇ ਆਕੜ ਗਈਆਂ ਸਨ। ਪੈਰ ਦੀ ਸੱਜਰੀ ਪੀੜ ਨੇ, ਚੰਦਰੇ ਲੇਖਾਂ, ਮਾਂ, ਬੀਰੋ ਅਤੇ ਉਸ ਦੇ ਹਾਣੀ ਨੇ ਉਸ ਨੂੰ ਅੰਦਰੋਂ ਬਾਹਰ ਹੰਗਾਲ ਕੇ ਧੋ ਸੁੱਟਿਆ ਸੀ। ਉਸ ਕਿੰਨੀ ਵਾਰ ਹੀ ਆਪਣੇ ਹਮਦਰਦਾਂ ਨੂੰ ਕੌੜਾ ਫਿੱਕਾ ਆਖਦਿਆਂ ਰਾਹ ਵਿਚ ਗੁੱਸਾ ਕੱਢਿਆ ਸੀ। ਦੁਸ਼ਮਣਾਂ ਦੀ ਯਾਦ ਦੇ ਵੀ ਉਸ ਨੂੰ ਸੇਲੇ ਚੁਭੇ ਸਨ। ਪਰ ਉਸ ਆਪਣੇ ਕਰਮਾਂ ਨੂੰ ਦੋਸ਼ ਦੇ ਕੇ ਸਾਰਿਆਂ ਨੂੰ ਇਕ ਤਰ੍ਹਾਂ ਨਿਰਦੋਸ਼ ਕਰ ਦਿੱਤਾ।
ਉਹ ਡਿੱਗਦੀ ਢਹਿੰਦੀ ਪਿੰਡ ਦੇ ਛੱਪੜਾਂ ਵਿਚ ਆ ਵੜੀ। ਛੱਪੜਾਂ ਦਾ ਪਾਣੀ ਸੁੱਕ ਕੇ ਤਲੇ ਨੂੰ ਆ ਲੱਗਾ ਸੀ ਤੇ ਹੁਣ ਉਸ ਵਿਚੋਂ ਸੜ੍ਹਾਂਦ ਉਠ ਖਲੋਤੀ ਸੀ। ਉਸ ਸਾਰਾ ਪੰਧ ਲੰਡ ਮਾਰ ਕੇ ਹੀ ਮੁਕਾਇਆ ਸੀ ਤੇ ਪਾਲੇ ਨੇ ਉਸ ਨੂੰ ਪੂਰਾ ਅਕੜੇਵਾਂ ਚਾੜ੍ਹ ਦਿੱਤਾ। ਉਹ ਹਉਕਾ ਲੈ ਕੇ ਛੱਪੜ ਦੀ ਢਾਲ ਵਿਚ ਥੋੜਾ ਦਮ ਲੈਣ ਲਈ ਫਿਰ ਬਹਿ ਗਈ। ਪੀੜ, ਕਾਬੇ ਤੇ ਪਾਲੇ ਵਿਚ ਭੋਰਾ ਫ਼ਰਕ ਨਹੀਂ ਪਿਆ ਸੀ, ਪਰ ਹੁਣ ਪਿੰਡ ਦੇ ਛੱਪੜਾਂ ਵਿਚ ਆਪਣੇ ਘਰ ਤੋਂ ਤਕਰੀਬਨ ਦੋ ਸੌ ਕਦਮ ਦੀ ਵਿੱਥ ਉਤੇ ਉਸ ਦੇ ਮਨ ਨੂੰ ਪੂਰਨ ਤਸੱਲੀ ਸੀ ਕਿ ਏਥੋਂ ਮੈਨੂੰ ਰੱਬ ਵੀ ਖਿੱਚ ਕੇ ਨਹੀਂ ਲਿਜਾ ਸਕਦਾ। ਉਸ ਢਾਲ ਨਾਲ ਪਿੱਠ ਸਿਧੀ ਕਰਦਿਆਂ ਅਸਮਾਨ ਵੱਲ ਵੇਖਿਆ, ਰਾਤ ਹੁਣ ਵੀ ਕੋਈ ਥਹੁ-ਪਤਾ ਨਹੀਂ ਦੇ ਰਹੀ ਸੀ। ਡਰ ਜਾਣ ਦੇ ਖ਼ਿਆਲ ਨਾਲ ਉਹ ਫਿਰ ਉਠ ਖਲੋਤੀ। ਉਹ ਇਕ ਲੱਤ ਦੇ ਭਾਰ ਉਠੀ ਹੀ ਸੀ ਕਿ ਬੈਟਰੀ ਦਾ ਚਾਨਣ ਪਿੰਡੋ ਨਿਕਲ ਪਿਆ। ਉਹ ਉਥੇ ਹੀ ਬਹਿ ਗਈ ਅਤੇ ਹੱਥਾਂ ਤੇ ਪੈਰਾਂ ਭਾਰ ਨੀਵੀਂ ਤੁਰ ਕੇ ਉਸ ਆਪਣੇ ਆਪ ਨੂੰ ਅੱਕਾਂ ਵਿਚ ਛੁਪਾ ਲਿਆ। ਉਸ ਲਾਗੋਂ ਲੰਘਣ ਵਾਲਿਆਂ ਨੂੰ ਪਛਾਨਣ ਲਈ ਕੰਨਾਂ ਨੂੰ ਖਿੱਚ ਕੇ ਸੁਰ ਕਰ ਛੱਡਿਆ ਸੀ, ਪਰ ਪੈੜ ਚਾਲ ਬਿਨਾਂ ਉਸ ਕੋਈ ਆਵਾਜ਼ ਨਾ ਸੁਣੀ। ਥੋੜੀ ਵਿੱਥ ਤੋਂ ਲੰਘ ਰਹੇ ਤਿੰਨੇ ਬੰਦੇ ਪਮਾਲ ਦੇ ਰਾਹ ਪੈ ਗਏ, ਪਰ ਧੰਤੋ ਉਹਨਾਂ ਵਿਚੋਂ ਕਿਸੇ ਨੂੰ ਵੀ ਨਾ ਪਛਾਣ ਸਕੀ।
‘ਹੋ ਨਾ ਹੋ, ਇਹ ਤਾਂ ਓਹੀ ਵਾਅਰ ਵਾਲੇ ਐ।” ਉਸ ਨੂੰ ਅੱਕਾਂ ਵਿਚ ਬੈਠੀ ਨੂੰ ਸੋਚ ਫੁਰੀ, “ਇਹ ਤਾਂ ਸਾਡੇ ਘਰ ਵੀ ਬੈਠੇ ਹੋਣਗੇ !” ਉਸ ਨੂੰ ਯਕੀਨ ਹੋ ਗਿਆ, ਨਿੱਕਾ ਘਰ ਧੂੰਆਂ ਸੱਥਰ ਪਾਈ ਬੈਠਾ ਹੋਵੇਗਾ। “ਮੈਂ ਘਰ ਨਹੀਂ ਜਾਣਾ।” ਉਸ ਉਥੇ ਹੀ ਮਨ ਲਾਲ ਫ਼ੈਸਲਾ ਕਰ ਲਿਆ। “ਫਿਰ… ਕਿਥੇ ਜਾਵਾਂ ?……..ਬੀਰੋ ! ਹਾਂ ਬੀਰੋ !” ਉਸ ਦੇ ਦਿਮਾਗ ਵਿਚੋਂ ਬੀਰੋ ਉਭਰ ਪਈ। “ਨਾਲੇ ਉਸ ਦਾ ਬਾਪੂ ਘਰ ਨਹੀਂ।” ਜਦ ਲੰਘਣ ਵਾਲੇ ਵਿੱਥ ਪਾ ਗਏ, ਉਸ ਉਠ ਕੇ ਬੀਰੋ ਦੇ ਵਿਹੜੇ ਨੂੰ ਸੇਧ ਕਰ ਲਈ। ਨਿਆਈਆਂ ਦੇ ਵਾੜਿਆਂ ਵਿਚ ਦੀ ਹੁੰਦੀ ਉਹ ਵਿਹੜੇ ਆ ਗਈ। ਇਕ ਦੰਮ ਕਾਹਲੀ ਨਾਲ ਭੌਂਕਦਾ ਕੁੱਤਾ ਉਸ ਦੇ ਵੱਲ ਨੂੰ ਵਧਿਆ। ਚੁੱਪ ਵਾਤਾਵਰਣ ਵਿਚ ਕੁੱਤੇ ਦੀ ਇਕ ਦਮ ਹੀ ਭੌਂਕਣੀ ਸੁਣ ਕੇ ਉਸ ਦਾ ਅੰਦਰ ਦਹਿਲ ਗਿਆ।
“ਵੇ ਮਰ ਜਾਣਿਆ, ਮੇਰੇ ਤਾਂ ਮਗਰ ਪਹਿਲਾਂ ਹੀ ਬਥੇਰੇ ਕੁੱਤੇ ਪਏ ਐ।” ਉਸ ਚੁਟਕੀ ਮਾਰ ਕੇ ਕੁੱਤੇ ਨੂੰ ਬੁਛਕਾਰਿਆ। ਉਹ ਚੁੱਪ ਕਰ ਕੇ ਪੂਛ ਮਾਰਨ ਲੱਗ ਪਿਆ। ਸਰੀਰਕ ਪੀੜ ਤੋਂ ਬਿਨਾਂ ਧੰਤੋ ਦਾ ਮਨ ਵੀ ਫਟਿਆ ਜਾ ਰਿਹਾ ਸੀ। ਹਜ਼ਾਰਾਂ ਪੀੜਾਂ ਅਤੇ ਦੁੱਖਾਂ ਦੀ ਬੇਪਰਵਾਹੀ ਪਿਛੋਂ ਧੰਤੋ ਨੇ ਅਖ਼ੀਰ ਬੀਰੋ ਦੀ ਕੰਧ ਨਾਲ ਆ ਟੱਕਰ ਮਾਰੀ। ਉਸ ਨੂੰ ਇਉਂ ਜਾਪਿਆ, ਜਿਵੇਂ ਵਾਲ ਵਾਲ ਜ਼ਖ਼ਮੀ ਸਿਰ ਨੂੰ ਕਿਸੇ ਬੋਚ ਲਿਆ ਹੈ। ਉਸ ਨੂੰ ਕੰਧ ਨਾਲ ਸਿਰ ਜੋੜ ਕੇ ਕਿੰਨਾ ਆਰਾਮ ਮਿਲਿਆ ਸੀ। ਪਰ ਇਸ ਦੇ ਉਲਟ ਉਸ ਦੇ ਅੰਦਰੋਂ ਛੱਲਾਂ ਭਰ ਭਰ ਰੋਣ ਉਠ ਖਲੋਤਾ ਸੀ। ਫਿਰ ਉਸ ਪਾਲੇ ਨਾਲ ਆਕੜੀਆਂ ਬਾਹਾਂ ਫੈਲਾਅ ਕੇ ਸਾਰੇ ਕੋਠੇ ਨੂੰ ਆਪਣੀ ਬੁੱਕਲ ਵਿਚ ਘੁੱਟਣਾ ਚਾਹਿਆ। ਉਸ ਲਹੀ ਬੇਦਰਦ ਬੰਦਿਆਂ ਨਾਲੋਂ ਸਹੇਲੀ ਦੇ ਕੋਠੇ ਦੀ ਮਿੱਟੀ ਕਿੰਨੀ ਵਫਾਦਾਰ ਸੀ, ਜਿਸ ਉਸ ਨੂੰ ਆਸਰਾ ਦਿੱਤਾ, ਉਸ ਦੇ ਹੰਝੂਆਂ ਨੂੰ ਬੋਚਿਆ। ਉਸ ਨੂੰ ਕੋਈ ਪਤਾ ਨਹੀਂ ਸੀ, ਉਹ ਕਿੰਨਾ ਚਿਰ ਕੰਧ ਦਾ ਆਸਰਾ ਲਈ ਰੋਂਦੀ ਰਹੀ, ਉਸ ਪਿਛਾਂਹ ਭਉਂ ਕੇ ਵੇਖਿਆ, ਓਹੀ ਕੁੱਤਾ ਉਸ ਦੇ ਪੈਰਾਂ ਵਿਚ ਪੂਛ ਮਾਰ ਰਿਹਾ ਸੀ, ਜਿਵੇਂ ਆਪਣੀ ਬੇਜ਼ਬਾਨੀ ਵਿਚ ਉਸ ਦੇ ਦੁੱਖ ਨੂੰ ਜਾਣਦਿਆਂ ਦਰਦ ਵੰਡਾਣ ਦਾ ਯਤਨ ਕਰ ਰਿਹਾ ਹੋਵੇ।
ਉਹ ਅੰਤਾਂ ਦੀ ਬਾਹੁੜੀ ਵਿਚ ਲੱਤਾਂ ਖਿੱਚਦੀ ਬਾਰ ਅੱਗੇ ਆਈ। ਆਵਾਜ਼ ਮਾਰਨ ਲਈ ਉਸ ਦੇ ਮੂੰਹੋਂ ਬੋਲ ਮੁੱਕ ਗਏ ਸਨ। ਉਸ ਖੱਬੇ ਹੱਥ ਨਾਲ ਇਕ ਤਖ਼ਤੇ ਵਿਚ ਤਿੰਨ ਚਾਰ ਧੱਕੇ ਮਾਰੇ। ਪਰ ਅੰਦਰ ਕੋਈ ਖ਼ਬਰ ਨਾ ਗਈ। ਉਸ ਮੁੜ ਜ਼ੋਰ-ਜ਼ੋਰ ਦੀ ਤਖ਼ਤਿਆਂ ਨੂੰ ਠਕੋਰਿਆ।
“ਕੌਣ ਏਂ ?” ਅੰਦਰੋਂ ਬੀਰੋ ਦੀ ਮਾਂ ਬੱਸੋ ਦੀ ਆਵਾਜ਼ ਆਈ।
“ਤਾ ਆਈ !” ਦੁੱਖਾਂ ਦੀ ਭੰਨੀ ਧੰਤੋ ਤੋਂ ਮਸਾਂ ਏਨਾ ਹੀ ਆਖ ਹੋਇਆ ਅਤੇ ਰੋਣ ਦੀ ਬਹੁੜੀ ਵਿਚ ਉਸ ਆਪਣਾ ਸਿਰ ਤਖ਼ਤਿਆਂ ਨਾਲ ਦੇ ਮਾਰਿਆ।
ਪਹਿਲੋਂ ਅੰਦਰਲਾ ਕੁੰਡਾ ਖੜਕਿਆ, ਫੇਰ ਪੈੜ ਚਾਲ ਵਿਹੜੇ ਵਿਚ ਹੋਈ, ਜਿਹੜੀ ਤੁਰਦੀ ਤੁਰਦੀ ਬਾਹਰਲੇ ਬਾਰ ਤਕ ਆ ਗਈ।
“ਨੀ ਤੂੰ ਕੌਣ ਏਂ ?” ਬੱਸੋ ਨੇ ਝੀਥਾਂ ਵਿਚੋਂ ਦੇਖਦਿਆਂ ਪੁੱਛਿਆ। “ਤਾਈ, ਮੈਂ ਧੰਤੋ !” ਵਿਚਾਰੀ ਕੁੜੀ ਦੀ ਫਿਰ ਧਾਹ ਨਿਕਲ ਗਈ।
ਧੰਤੋ ਨੂੰ ਬਾਰ ਅੱਗੇ ਰੋਂਦਿਆਂ ਸੁਣ ਕੇ ਬੱਸੋ ਦੇ ਅੰਦਰ ਹੱਥ ਪੈਰ ਫੁਲ ਗਏ। ਉਸ ਦੇ ਸਰੀਰ ਵਿਚ ਦੀ ਕੰਬਣੀ ਫਿਰ ਗਈ ਤੇ ਝਟ ਹੀ ਉਸ ਕੁੰਡਾ ਲਾਹ ਦਿੱਤਾ। ਤਖ਼ਤੇ ਨੂੰ ਹੱਥ ਪਾ ਕੇ ਧੰਤੋ ਅੰਦਰ ਤਾਂ ਹੋ ਗਈ, ਪਰ ਜਦ ਉਸ ਵਿਹੜੇ ਵੱਲ ਨੂੰ ਕਦਮ ਪੁੱਟੀ, ਉਹ ਆਪਾ ਨਾ ਸੰਭਾਲ ਸਕੀ ਅਤੇ ਚੌਫਾਲ ਡਿੱਗ ਪਈ। ਉਸ ਦੇ ਬੁੱਲ੍ਹਾਂ ਬੀਰੋ ਦੇ ਵਿਹੜੇ ਦੀ ਪਵਿੱਤਰ ਮਿੱਟੀ ਚੁੰਮ ਲਈ। ਬੱਸੋ ਨੇ ਜਦ ਧੰਤੋ ਨੂੰ ਡਿੱਗੀ ਪਈ ਤੱਕਿਆ, ਉਸ ਤੋਂ ਕਾਹਲੀ ਵਿਚ ਕੁੰਡਾ ਨਾ ਲਾਇਆ ਗਿਆ। ਉਸ ਚੀਕ ਨਿਕਲਦਿਆਂ ਵਾਂਗ ਪੁਕਾਰਿਆ :
“ਨੀ ਬੀਰੋ ?” ਬੱਸੋ ਸਮਝਦੀ ਸੀ, ਰੱਬ ਹੀ ਜਾਣਦਾ ਏ, ਧੰਤੋ ਸਿਰ ਕੀ ਕਹਿਰ ਵਰਤਿਆ ਹੋਵੇਗਾ, ਜਿਹੜੀ ਕਵੇਲੇ ਅਤੇ ਇਸ ਤਰ੍ਹਾਂ ਦੀ ਭੈੜੀ ਹਾਲਤ ਵਿਚ ਆਈ ਹੈ।
“ਹਾਂ ਬੇਬੇ !” ਆਖ ਕੇ ਬੀਰੋ ਵੀ ਕਾਹਲੀ ਨਾਲ ਅੰਦਰੋਂ ਉਠ ਖਲੋਤੀ। ਜਦ ਬੀਰੋ ਬਾਹਰ ਆਈ, ਬੱਸੋ ਨੇ ਧੰਤੋ ਨੂੰ ਚੁੱਕ ਲਿਆ ਸੀ। ਜਿਉਂ ਹੀ ਧੰਤੋ ਨੇ ਸਾਹਮਣੇ ਬੀਰੋ ਨੂੰ ਦੇਖਿਆ, ਬੱਸੋ ਤੋਂ ਛੁਟ ਕੇ ਉਸ ਨੂੰ ਚੰਬੜ ਗਈ ਅਤੇ ਕੰਬਦੀਆਂ ਬਾਹਾਂ ਨੇ ਉਸ ਦੇ ਦੁਆਲੇ ਕੰਘੀ ਘੁੱਟ ਗਈ। ਧੰਤੋ ਨੂੰ ਸਿਰੋਂ ਨੰਗੀ ਵੇਖ ਕੇ ਬੀਰੋ ਦੀ ਅਕਲ ਹੈਰਾਨੀ ਵਿਚ ਅਵਾਕ ਰਹਿ ਗਈ। ਇਸ ਗੱਲ ਦੀ ਤਾਂ ਬੀਰੋ ਨੂੰ ਸ਼ੱਕ ਨਹੀਂ ਰਹੀ ਸੀ ਕਿ ਧੰਤੋ ਕਿਸੇ ਅਤਿ ਦੁਖਾਂਤ ਵਿਚ ਦੀ ਨਹੀਂ ਲੰਘ ਕੇ ਆਈ। ਪਰ ਉਹ ਦੁਖਾਂਤ ਕਿਹੋ ਜਿਹਾ ਸੀ, ਏਹੀ ਖ਼ਿਆਲ ਉਸ ਨੂੰ ਪਾਗ਼ਲ ਬਣਾਈ ਜਾ ਰਿਹਾ ਸੀ। ਦਿਨ ਛਿਪੇ ਬੀਰੋ ਚਾਚੀ ਤਾਪੀ ਕੋਲੋਂ ਬੈਠੀ ਆਈ ਸੀ ਅਤੇ ਧੰਤੋ ਦੇ ਆਉਣ ਦੀ ਹਾਲੇ ਕੋਈ ਵਾਈ-ਧਾਈ ਨਹੀਂ ਮਿਲੀ ਸੀ। ਏਸੇ ਕਾਰਨ ਧੰਤੋ ਦੀ ਬਿਪਤਾ ਬੀਰੋ ਦੀ ਸਮਝ ਤੋਂ ਕਿਤੇ ਬਾਹਰੀ ਸੀ। ਬੀਰੋ ਉਸ ਨੂੰ ਖਿੱਚ ਕੇ ਅੰਦਰ ਲੈ ਗਈ ਅਤੇ ਆਪਣੇ ਮੰਜੇ ਉਤੇ ਬਹਾਉਂਦਿਆਂ ਕੰਬੀ ਜਾ ਰਹੀ ਧੰਤੋ ਉਤੇ ਉਸ ਰਜ਼ਾਈ ਦੇ ਦਿੱਤੀ।
“ਨਾ ਆਂ, ਮੇਰੇ ਪੈਰ ਲਿਬੜੇ ਐ।” ਹਉਕਾ ਲੈ ਕੇ ਧੰਤੋ ਬੀਰੋ ਦੀ ਬੁੱਕਲ ਵਿਚ ਡਿੱਗ ਪਈ। ਬੀਰੋ ਨੇ ਉਸ ਨੂੰ ਘੁੱਟ ਕੇ ਨਾਲ ਲਾ ਲਿਆ। ਉਹ ਆਪਣਾ ਸਾਰਾ ਨਿੱਘ ਉਸ ਦੇ ਅੰਦਰ ਪਾ ਦੇਣਾ ਚਾਹੁੰਦੀ ਸੀ ਅਤੇ ਉਸ ਦੀ ਪੀੜਾਂ ਭਰੀ ਕੰਬਣੀ ਰੋਮ ਰੋਮ ਵਿਚੋਂ ਖਿੱਚ ਲੈਣਾ ਚਾਹੁੰਦੀ ਸੀ। ਬੀਰੋ ਨੂੰ ਇਉਂ ਜਾਪਦਾ ਸੀ, ਜਿਵੇਂ ਉਸ ਦੀਆਂ ਵੰਗਾਰਾਂ ਅਤੇ ਆਸਾਂ-ਲਾਰਿਆਂ ਨੇ ਧੰਤੋ ਦੀ ਇਹ ਹਾਲਤ ਕੀਤੀ ਹੈ, ਪਰ ਇਹ ਜਾਨਣ ਲਈ ਕਾਹਲੀ ਸੀ ਕਿ ਉਸ ਸਿਰ ਕੀ ਪਹਾੜ ਟੁੱਟਾ ਹੈ।
“ਬੇਬੇ ਨੀ ਔਥੋਂ ਘੜੇ ਵਿਚੋਂ ਪਾਣੀ ਦੀ ਗੜਵੀ ਲਿਆਈਂ।” ਬੀਰੋ ਨੇ ਉਠ ਕੇ ਦੀਵੇ ਦੇ ਠੰਢੇ ਮੂੰਹ ਨੂੰ ਤੀਲੀ ਘਸਾ ਕੇ ਲਾਈ।
ਉਸ ਵੇਲੇ ਗਰਮ ਪਾਣੀ ਕਿੱਥੋਂ ਮਿਲ ਸਕਦਾ ਸੀ। ਭਾਵੇਂ ਚੁੱਲ੍ਹੇ ਵਿਚ ਪਹਿਲੀ ਰਾਤ ‘ਦੀ ਦੱਬੀ ਪਾਥੀ ਮਘ ਰਹੀ ਸੀ। ਬੱਸੋ ਨੇ ਜਦ ਧੰਤੋ ਦੇ ਪੈਰਾਂ ਨੂੰ ਹੱਥ ਲਾਇਆ, ਉਸ ਪੀੜ ਵਿਚ ਚੀਕ ਨਿਕਲ ਗਈ। ਹੌਲੀ-ਹੌਲੀ ਬੱਸੋ ਨੇ ਚੁਲ੍ਹੀ ਪਾ ਕੇ ਉਸ ਦੇ ਪੈਰਾਂ ਦੇ ਹੇਠਲੇ ਉਤਲੇ ਗਾਰੇ ਨੂੰ ਲਾਹ ਦਿੱਤਾ। ਬੱਸੋ ਨੂੰ ਜਾਪਿਆ, ਧੰਤੋ ਦਾ ਖੱਬਾ ਪੈਰ ਸੁੱਜ ਕੇ ਪਾਥੀ ਹੋ ਗਿਆ ਏ। ਠੰਢੇ ਪਾਣੀ ਨਾਲ ਸੋਜ ਹੋਰ ਵੀ ਚੜ੍ਹਦੀ ਗਈ।
“ਕੁੜੇ ਧੰਤੋ ਕੀ ਹੋਇਆ ਗਿੱਟੇ ਨੂੰ, ਇਹ ਤਾਂ ਟੁੱਟਿਆ ਜਾਪਦਾ ਏ ?” ਬੱਸੋ ਨੇ ਅਸਲ ਗੱਲ ਜਾਨਣ ਲਈ ਪੁੱਛਿਆ।
“ਬਸ ਤਾਈ ਪੁੱਛ ਨਾ, ਜਿਹੜੀ ਨਹੀਂ ਹੋਣੀ ਸੀ ਉਹ ਵੀ……. ।” ਕੁੜੀ ਤੋਂ ਅੱਗੇ ਕੁਝ ਨਾ ਆਖਿਆ ਗਿਆ ਅਤੇ ਉਸ ਦਾ ਰੋਣ ਫਿਰ ਚਲ ਪਿਆ।
ਬੀਰੋ ਨੇ ਉਸ ਨੂੰ ਆਪਣੀ ਰਜ਼ਾਈ ਦੇ ਕੇ ਘੁੱਟਿਆ, ਪਰ ਧੰਤੋ ਦਾ ਰੋਣ ਬੰਦ ਹੋਣ ਵਿਚ ਨਹੀਂ ਆਉਂਦਾ ਸੀ।
“ਕੁੜੀਏ ਹੋਇਆ ਕੀ ?” ਹੈਰਾਨੀ ਅਤੇ ਪੁੱਛਣ ਦੀ ਕਾਹਲੀ ਵਿਚ ਬੱਸੋ ਦੁਖੀ-ਦੁਖੀ ਹੋਈ ਪਈ ਸੀ।
“ਤਾਈ, ਸਹੁਰਾ ਕੰਜਰ ਹੋ ਗਿਆ।” ਧੰਤੋ ਨੇ ਮੂੰਹ ਬੀਰੋ ਦੀ ਛਾਤੀ ਵਿਚ ਲੁਕਾ ਲਿਆ।
“ਹੈਂ ਤੂੰ ਗਰਕੇਂ, ਗੋਲੀ ਲਗੜਿਆ ।” ਬੱਸੋ ਨੇ ਨਿੱਕੇ ਨੂੰ ਹਜ਼ਾਰ ਹਜ਼ਾਰ ਗਾਲ੍ਹ ਕੱਢ ਮਾਰੀ। ਬੀਰੋ ਦੇ ਮੂੰਹੋਂ ਵੀ ਕਈ ਗੰਦੀਆਂ ਗਾਲ੍ਹਾਂ ਨਿਕਲ ਗਈਆਂ।
“ਧੰਤੋ, ਤੂੰ ਨਿੱਘੀ ਹੋ ਲੈ, ਫੇਰ ਦੱਸ ਲੀਂ।” ਬੀਰੋ ਨੇ ਹਉਂਕਦੇ ਰੋਹ ਦੀ ਘੁਟ ਭਰਦਿਆਂ ਧੰਤੋ ਦੀਆਂ ਅੱਖਾਂ ਪੂੰਝੀਆਂ।
“ਪਹਿਲਾਂ ਮੇਰੇ ਨਾਲ ਹੱਥੋ ਪਾਈ ਹੋਇਆ………………. ਫੇਰ ਮੈਂ ਤਾਈ ਓਥੋਂ ਭੱਜਦੀ ਨਾ ਤਾਂ ਕੀ ਕਰਦੀ।” ਧੰਤੋ ਨੇ ਝਟ ਪਲ ਲਈ ਰੋਣਾ ਰੋਕ ਕੇ ਆਪਣੇ ਸਿਰ ਟੁੱਟੇ ਪਹਾੜ ਦੀ ਵਿਥਿਆ ਥੋੜੇ ਸ਼ਬਦਾਂ ਵਿਚ ਹੀ ਕਹਿ ਸੁਣਾਈ।
ਧੰਤੋ ਨਾਲ ਵਰਤੀ ਸੁਣ ਕੇ ਮਾਂ ਧੀ ਨੇ ਨਿੱਕੇ ਨੂੰ ਗਾਲਾਂ ਦੀ ਸੂੜ ਧਰ ਲਈ। ਬੀਰੋ ਦੇ ਜੀਅ ਵਿਚ ਆਉਂਦੀ ਸੀ, ਹੁਣੇ ਉਠ ਕੇ ਲਾਭੇ ਨੂੰ ਜਾ ਆਖਾਂ, ‘ਜਿਊਂਦੀ ਤਦ ਹਾਂ, ਜੇ ਨਿੱਕੇ ਨੂੰ ਗੋਲੀ ਮਾਰ ਕੇ ਆਵੇਂ ਜਾਂ ਘੱਟ ਤੋਂ ਘੱਟ ਉਸ ਦੀਆਂ ਲੱਤਾਂ ਬਾਹਾਂ ਚੂਰੀ ਚੂਰੀ ਕੱਟ ਕੇ ਆਵੇਂ।” ਫਿਰ ਉਸ ਦੇ ਮਨ ਵਿਚ ਆਈ, ਮੋਦਨ ਹੋਰਾਂ ਦੇ ਆਉਣ ਦੀ ਗੱਲ ਦੱਸਾਂ, ਪਰ ਬੱਸੋ ਦੀ ਹਾਜ਼ਰੀ ਵਿਚ ਕਿਵੇਂ ਕਹਿੰਦੀ। ਉਸ ਝਟ ਬਹਾਨਾ ਸੋਚਿਆ :
“ਬੇਬੇ ਇਹਦਾ ਕਾਂਬਾ ਨਹੀਂ ਹਟਦਾ, ਇਹਨੂੰ ਥੋੜੀ ਚਾਹ ਕਰ ਦੇ। ਆਪਾਂ ਨੂੰ ਜੇ ਦੁੱਧ ਥੁੜਿਆ ਤਾਂ ਹੱਟੀਓਂ ਲੈ ਆਵਾਂਗੀਆਂ।”
“ਨਹੀਂ ਤਾਈ, ਕਰੀਂ ਨਾ, ਮੈਨੂੰ ਨਹੀਂ ਲੋੜ।” ਧੰਤੋ ਨੇ ਕਵੇਲੇ ਦੀ ਖੇਚਲ ਨੂੰ ਮੁਖ ਰੱਖਦਿਆਂ ਕਿਹਾ।
“ਨਹੀਂ ਨਹੀਂ ਬੇਬੇ, ਇਹਨੂੰ ਕੀ ਪਤਾ ਏ, ਠੰਡ ਲੱਗ ਜਾਵੇਗੀ, ਆਖ਼ਰਾਂ ਦੇ ਪਾਲੇ ‘ਚੋਂ ਆਈ ਹੈ।” ਬੀਰੋ ਨੇ ਧੰਤੋ ਦੇ ਮੂੰਹ ਅੱਗੇ ਹੱਥ ਰੱਖ ਕੇ ਉਸ ਨੂੰ ਚੁੱਪ ਕਰਵਾ ਲਿਆ।
“ਨੀਂ ਇਹਦੀ ਮਾਂ ਨੂੰ ਪਤਾ ਕਰ ਆਵਾਂ। ਬੱਸੋ ਨੇ ਕੁਝ ਸੋਚ ਕੇ ਬੀਰੋ ਨੂੰ ਪੁੱਛਿਆ।
“ਨਾ ਤਾਈ !” ਧੰਤੋ ਨੇ ਬੀਰੋ ਦੇ ਬੋਲਣ ਤੋਂ ਪਹਿਲਾਂ ਹੀ ਬੱਸੋ ਦੀ ਗੱਲ ਫੜ ਲਈ। “ਉਹ ਕੰਜਰ ਘਰ ਬੰਦੇ ਲਈ ਬੈਠਾ ਹੋਵੇਗਾ”
ਬੱਸੋ ਅੰਦਰੋਂ ਉਠ ਕੇ ਚੁੱਲ੍ਹੇ ਅੱਗ ਪਾਉਣ ਲੱਗ ਪਈ। ਓਦੋਂ ਹੀ ਗਵਾਂਢੋਂ ਕੁੱਕੜ ਨੇ ਪਹਿਲੀ ਬਾਂਗ ਦੇ ਦਿੱਤੀ।
ਧੰਤੋ ਨੇ ਬੀਰੋ ਨੂੰ ਘੁੱਟ ਕੇ ਜੱਫੀ ਪਾ ਲਈ। ਉਸ ਰੋ ਰੋ ਅੱਖਾਂ ਦਾ ਨਾਸ ਮਾਰ ਲਿਆ। ਦੋਹਾਂ ਸਹੇਲੀਆਂ ਇਹ ਕਦੇ ਨਹੀਂ ਸੋਚਿਆ ਸੀ, ਉਹਨਾਂ ਦਾ ਵਾਸਤਾ ਜ਼ਿੰਦਗੀ ਦੇ ਸੁਖਾਂ ਦੀ ਥਾਂ ਦੁੱਖਾਂ ਨਾਲ ਪੈ ਜਾਣਾ ਹੈ। ਬੀਰੋ ਨੇ ਉਸ ਨੂੰ ਰੋਣੋਂ ਵਰਜਦਿਆਂ ਆਖਿਆ :
“ਰੋਇਆਂ ਉਮਰ ਕੱਟ ਲਏਂਗੀ ?”
“ਉਮਰ ਕੀਹਨੇ ਕੱਟਣੀ ਏਂ।” ਧੰਤੋ ਦਾ ਭਾਵ ਸੀ, ਹੁਣ ਤਾਂ ਪਲ ਝਟ ਦਾ ਵਸਾਹ ਨਹੀਂ।
“ਕਿਉਂ ?”
“ਤੈਨੂੰ ਕਿਹੜਾ ਮੇਰਾ ਹਾਲ ਨਹੀਂ ਦੀਹਦਾ।” ਧੰਤੋ ਨੇ ਹਉਕਾ ਲੈ ਕੇ ਆਪਾ ਢਿੱਲਿਆਂ ਛੱਡ ਦਿੱਤਾ।
“ਫੇਰ ਵੀ ਹੁਣ ਕੀ ਸਲਾਹ ਹੈ?” ਬੀਰੋ ਉਸ ਦਾ ਦਿਲ ਟੋਹਣਾ ਚਾਹੁੰਦੀ ਸੀ।
“ਬੀਰੋ ! ਮੈਨੂੰ ਖੂਹ ਬਿਨਾਂ ਕਿਸੇ ਨਹੀਂ ਝੱਲਣਾ।” ਧੰਤੋ ਨੇ ਰੋਂਦਿਆਂ ਮੁੜ ਬੀਰੋ ਨੂੰ ਜੱਫੀ ਪਾ ਲਈ।
“ਸੁਖੀ ਸਾਂਦੀ ਖੂਹ ਦੀ ਗੱਲ ਕਿਉਂ ਕਰਦੀ ਏਂ।” ਬੀਰੋ ਨੇ ਇਕ ਪਲ ਚੁੱਪ ਸਾਧ ਲਈ ਅਤੇ ਫਿਰ ਬੋਲੀ, “ਤੇਰੇ ਪਿਛੋਂ ਮੋਦਨ ਆਇਆ ਸੀ।” ਉਸ ਮਨ ਦੀ ਰੋਕੀ ਗੱਲ ਕਹਿ ਦਿੱਤੀ।
ਧੰਤੋ ਦਾ ਰੋਣ ਥੰਮ੍ਹ ਗਿਆ। ਉਸ ਪਾਣੀ ਵਹਿੰਦੀਆਂ ਅੱਖਾਂ ਨਾਲ ਬੀਰੋ ਨੂੰ ਵੇਖਿਆ, ਜਿਵੇਂ ਉਹ ਤਸੱਲੀ ਕਰਨਾ ਚਾਹੁੰਦੀ ਸੀ, ਸੱਚੀਂ ਆਇਆ ਸੀ।
“ਕਦੋਂ ?”
“ਤੂੰ ਤੁਰ ਗਈ ਤੇ ਉਹ ਆ ਗਏ।”
“ਹਾਇ ਨੀ ਮਾਂ !” ਉਸ ਦਾ ਹੱਥ ਆਪ-ਮੁਹਾਰੇ ਮੱਥੇ ਵਿਚ ਆ ਵੱਜਾ। “ਜਾਹ ਜਾਂਦੀਏ, ਤੂੰ ਐਨੀ ਵਿਥ ਨਾਲ ਈ ਸਿਰ ਪੈਣਾ ਸੀ।” ਉਸ ਅੱਖਾਂ ਮੀਟਦਿਆਂ ਹਉਕਾ ਲਿਆ ਤੇ ਉਹ ਮੁੜ ‘ਬੁਸ ਬੁਸਾ’ ਕਰਨ ਲੱਗ ਪਈ। ਉਸ ਇਕ ਦਮ ਹੀ ਜਜ਼ਬਾਤੀ ਹੁੰਦਿਆਂ ਕਿਹਾ, “ਤੂੰ ਪੁੱਛਿਆ ਨਾ, ਹੁਣ ਕੀ ਲੈਣ ਆਇਆ ਏਂ ?”
“ਮੈਂ ਕਹਿਣ ਸੁਣਨ ਵਾਲੀ ਬਾਕੀ ਨਹੀਂ ਛੱਡੀ, ਪਰ ਮੋਦਨ ਦਾ ਇਸ ਵਿਚ ਭੋਰਾ ਕਸੂਰ ਨਹੀਂ ਸੀ, ਉਹਦਾ ਹਾਲ ਤਾਂ ਵੇਖਿਆ ਨਹੀਂ ਜਾਂਦਾ ਸੀ। ਆਖਦਾ ਸੀ, ਤੁਸੀਂ ਮੈਨੂੰ ਜੀਊਂਦੇ ਨੂੰ ਮਾਰ ਤਾ, ਪਹਿਲਾਂ ਕਿਉਂ ਨਾ ਖ਼ਬਰ ਕੀਤੀ।”
“ਖ਼ਬਰ ਉਹਨੂੰ ਹੋਰ ਕਿਵੇਂ ਕਰਦੇ।” ਧੰਤੋ ਨੂੰ ਇਕ ਪਲ ਆਪਣਾ ਦੁੱਖ ਭੁੱਲ ਗਿਆ ਕਿ ਉਸ ਬਿਨਾਂ ਕਿਸੇ ਦਾ ਬੁਰਾ ਹਾਲ ਹੋ ਸਕਦਾ ਹੈ, ਉਸ ਬਿਨਾਂ ਕੋਈ ਜੀਊਂਦਾ ਮਰ ਸਕਦਾ ਹੈ।
“ਏਸ ਲਾਭੇ ਦੀ ਬੇੜੀ ਬਹਿ ਗਈ ਔਂਤਰੇ ਦੀ, ਤੇ ਨਾਲ ਇਹਦੇ ਯਾਰਾਂ ਲੰਡਿਆਂ ਦੀ, ਸ਼ਰਾਬਾਂ ਪੀਂਦੇ ਰਹੇ, ਮੋਦਨ ਨੂੰ ਆਉਣ ਨਾ ਦਿੱਤਾ।” ਬੀਰੋ ਨੇ ਇਨ ਬਿਨ ਬੀਤੀ ਦੱਸ ਦਿੱਤੀ।
ਧੰਤੋ ਹਉਕਾ ਲੈ ਕੇ ਸੋਚਣ ਲੱਗ ਪਈ, ਜੇ ਉਹ ਵੇਲੇ ਸਿਰ ਆ ਜਾਂਦੇ, ਮੇਰੇ ਨਾਲ ਤਾਂ ਨਾ ਆਹ ਹਾਲ ਹੁੰਦੇ।
“ਉਹ ਫੇਰ ਵੀ ਆਉਣ ਨੂੰ ਕਹਿੰਦਾ ਸੀ, ਮੈਂ ਕਿਹਾ ਤੂੰ ਹਾਲੇ ਆਈਂ ਨਾ ਤੈਨੂੰ ਸੁਨੇਹਾ ਘਲਾਂਗੀਆਂ।” ਬੀਰੋ ਨੇ ਮੋਦਨ ਦਾ ਪਿਆਰ ਵਿਚ ਕਾਹਲਾਪਨ ਦੱਸਿਆ।
“ਤੂੰ ਆਉਣ ਕਾਹਤੋਂ ਨਾ ਦਿੱਤਾ ?” ਧੰਤੋ ਦੇ ਅੰਦਰ ਇਕ ਧੂਹ ਜਾਗ ਪਈ।
“ਤੇਰਾ ਕੀ ਪਤਾ ਸੀ, ਕਦੋਂ ਆਵੇਂ। ਮੈਂ ਤਾਂ ਹੁਣ ਵੀ ਸੁਨੇਹਾ ਨੂੰ ਦਿਨ ਨਹੀਂ ਚੜ੍ਹਨ ਦੇਂਦੀ।” ਬੀਰੋ ਨੇ ਆਪਣਾ ਆਪ ਇਕ ਦਮ ਤਿਆਰ ਕਰ ਲਿਆ।
ਬੱਸੋ ਚਾਹ ਵਾਲੀ ਪਤੀਲੀ ਅੰਦਰ ਚੁੱਕ ਕੇ ਲੈ ਆਈ। ਜਦੋਂ ਧੰਤੋ ਨੇ ਰਜ਼ਾਈ ਵਿਚੋਂ ਆਪਣੇ ਪੈਰ ਖਿੱਚਿਆ, ਉਸ ਦੇ ਮੂੰਹੋਂ ਫਿਰ ‘ਹਾਇ’ ਨਿਕਲ ਗਈ।
“ਕੁੜੀਏ ਮੈਂ ਚੁੱਲ੍ਹੇ ‘ਚ ਰੋੜੇ ਨਾ ਸੁੱਟ ਦੇਵਾਂ ਸੇਕ ਲਈ ?”
“ਤਾਈ ਜ਼ਰੂਰ ਸੁੱਟ ਦੇ, ਤੇਰਾ ਭਲਾ ਹੋਵੇ ਮਾਂ !” ਧੰਤੋ ਨੇ ਇਕ ਤਰ੍ਹਾਂ ਬੇਨਤੀ ਵਿਚ ਪੁਕਾਰਿਆ।
ਬੱਸੋ ਰੋੜੇ ਸੁੱਟਣ ਚਲੀ ਗਈ ਅਤੇ ਬੀਰੋ ਨੇ ਚਾਹ ਹਲਾਉਣੀ ਸ਼ੁਰੂ ਕਰ ਦਿੱਤੀ।
“ਫੇਰ ਬੇਬੇ ਨੂੰ ਘੱਲ ਦੇਵਾਂ?” ਬੀਰੋ ਨੇ ਧੰਤੋ ਦੀ ਸਲਾਹ ਪੁੱਛੀ।
“ਬੇਬੇ ਨੂੰ ਤਾਂ ਬੀਰੋ ਘੱਲ ਦੇਵੇਂਗੀ ਤੇ ਉਹ ਆ ਵੀ ਜਾਵੇਗਾ, ਪਰ ਸਵੇਰੇ ਪੰਚੈਤਾਂ ਬੂਹਾ ਆ ਮੱਲਣਾ ਏਂ, ਉਹਨੂੰ ਆਏ ਨੂੰ ਕੀ ਦੇਵੇਂਗੀ।” ਧੰਤੋ ਬੀਤ ਗਈ ਹੋਣੀ ਨੂੰ ਛੱਡ ਕੇ ਆਉਣ ਵਾਲੀ ਲਈ ਭੈ-ਵਾਨ ਹੋਈ ਜਾ ਰਹੀ ਸੀ। ਬੀਤੀ ਦੇ ਜ਼ਖ਼ਮੀ ਐਨਾ ਲਹੂ ਨਹੀਂ ਵਹਾਂਦੇ, ਜਿੰਨੀ ਆਉਣ ਵਾਲੀ ਹੋਣੀ ਰੱਤ ਸੁਕਾਂਦੀ ਹੈ।
ਬੀਰੋ ਹੱਥੋਂ ਚਾਹ ਵਾਲੀ ਪਤੀਲੀ ਛੁਟ ਗਈ, ਡੁਲ੍ਹਣੋਂ ਤਾਂ ਉਸ ਹੱਥ ਪਾ ਕੇ ਬਚਾ ਲਈ, ਪਰ ਤੱਤੀ ਚਾਹ ਨਾਲ ਉਸ ਦਾ ਥੋੜਾ ਹੱਥ ਸੜ ਗਿਆ।
“ਲੈ ਚਾਹ ਵਾਲਾ ਤਾਂ ਕੰਮ ਹੋ ਗਿਆ ਸੀ।” ਬੀਰੋ ਨੇ ਗਲਾਸ ਚੁੱਕਦਿਆਂ ਆਖਿਆ, “ਭੈਣੇ ਪੰਚੈਤਾਂ ਤਾਂ ਜ਼ਰੂਰ ਕਜੀਆ-ਕਲੇਸ਼ ਕਰਨਗੀਆਂ।”
“ਇਉਂ ਨਾ ਕਰ।” ਧੰਤੋ ਨੇ ਉਠ ਕੇ ਬੈਠਦਿਆਂ ਆਖਿਆ, “ਜੇ ਤੂੰ ਧਰਮ ਦੀ ਭੈਣ ਏਂ, ਤਾਂ ਤਾਈ ਨੂੰ ਮੇਰੇ ਨਾਲ ਘੱਲ, ਮੈਨੂੰ ਅੱਜ ਈ ਗਾਲਬ ਚਾਚੀ ਕੋਲ ਛੱਡ ਆਵੇ। ਓਥੋਂ ਮੈਂ ਮੁੜ ਕੇ ਨਹੀਂ ਆਉਂਦੀ ਤੇ ਆਪੇ ਉਹਨੂੰ ਮੰਗਵਾ ਲਵਾਂਗੀ।
“ਗੱਲ ਤਾਂ ਤੇਰੀ ਠੀਕ ਹੈ। ਏਥੇ ਪੰਚੈਤਾਂ ਨੇ ਤੈਨੂੰ ਹੀ ਝੂਠੀ ਕਰ ਕੇ ਫੇਰ ਲਲਤੋਂ ਨੂੰ ਹੱਕ ਦੇਣਾ ਏਂ। ਪੰਚੈਤਾਂ ਲੰਡਿਆਂ ਦੀਆਂ ਜਾਂ ਜਰਵਾਣਿਆਂ ਦੀਆਂ।” ਬੀਰੇ ਖੂਹ ਪੱਟਣ ਨੂੰ ਪਹਿਲਾਂ ਹੀ ਤਿਆਰ ਸੀ।
ਬੱਸੋ ਰੋੜੇ ਚੁਲ੍ਹੇ ਵਿਚ ਸੱਟ ਕੇ ਅੰਦਰ ਆ ਗਈ। ਉਹ ਵੀ ਚਾਹ ਦਾ ਘੁੱਟ ਪੀ ਕੇ ਨਿੱਘ ਲੈਣਾ ਚਾਹੁੰਦੀ ਸੀ। ਦੂਜੇ ਬੱਚੇ ਨਿਆਣੇ ਹੋਣ ਕਰ ਕੇ ਸਭ ਸੁੱਤੇ ਪਏ ਸਨ। ਉਹਨਾਂ ਨੂੰ ਕੁਝ ਨਹੀਂ ਪਤਾ ਸੀ, ਘਰ ਕੀ ਵਾਪਰਿਆ ਹੈ। ਬੀਰੋ ਨੇ ਛੰਨੀ ਵਿਚ ਚਾਹ ਪਾਉਂਦਿਆਂ ਆਖਿਆ :
“ਬੇਬੇ ਨੀ ! ਇਕ ਕੰਮ ਐ ਤੇਰੇ ਤਾਈਂ ਤੇ ਕਰਨਾ ਵੀ ਜ਼ਰੂਰ ਏ ?”
“ਧੰਤੋ ਨੂੰ ਗਾਲਬ ਇਹਦੀ ਚਾਚੀ ਕੋਲ ਛੱਡ ਕੇ ਆਉਣਾ ਏਂ, ਹੁਣੇ ਈ ਸਵੇਰ ਦੀ ਗੱਡੀ।” ਬੀਰੋ ਨੇ ਆਪਣੀਆਂ ਮੋਟੀਆਂ ਅੱਖਾਂ ਬੇਬੇ ਦੇ ਮੂੰਹ ਉਤੇ ਗੱਡ ਦਿੱਤੀਆਂ। ਧੰਤੋ ਵੀ ਦਰੜੀ ਕੁਚਲੀ ਤਾਂਘ ਨਾਲ ਤਾਈ ਬੱਸੋ ਨੂੰ ਵਿਧਮਾਤਾ ਵਾਂਗ ਵੇਖ ਰਹੀ ਸੀ ਕਿ ਕਿਹੋ ਜਿਹੇ ਲੇਖ ਕੱਢਦੀ ਹੈ।
“ਵਾਅਗੁਰੂ ਨੀ ਧੀਏ ! ਪਿੰਡ ਤੋਂ ਗੁੱਤ ਪਟਾਉਣੀ ਏਂ ਮੇਰੀ। ਤੇਰਾ ਪਿਉ ਤਾਂ ਮੱਛੀਓਂ ਮਾਸ ਕਰ ਸੁਟੂ। ਨਾ ਨਾ ਇਹ ਗੱਲ ਨਾ ਕਰੀਂ ਮੁੜ ਕੇ।” ਬੱਸੋ ਨੇ ਇਕ ਭੈ ਨਾਲ ਮੂੰਹ ਅੱਡਦਿਆਂ ਚਾਹ ਵਾਲੀ ਛੰਨੀ ਭੁੰਜੇ ਰੱਖ ਦਿੱਤੀ।
“ਪਿੰਡ ਕੀ ਵਗਾੜ ਲੂ ਪਹਿਲਾਂ ਵੀ ਕਰ ਕੇ ਖਾਨੇ ਆਂ, ‘ਗਾਂਹ ਨੂੰ ਵੀ ਕਰਿਆਂ ਈ ਮਿਲਣੀ ਏ, ਗ਼ਰੀਬਾਂ ਦੇ ਘਰੀਂ ਕੋਈ ਥੋੜੋਂ ਸੁੱਟਦਾ ਫਿਰਦਾ ਏ।” ਬੀਰੋ ਨੂੰ ਆਪਣੀ ਹੱਥ ਕਰਨੀ ਉਤੇ ਇਕ ਤਰ੍ਹਾਂ ਗਰਵ ਸੀ। “ਬਾਪੂ ਕੁੱਟ ਹੀ ਲਊ, ਜਾਨੋਂ ਤਾਂ ਮਾਰਨੋਂ ਰਿਹਾ। ਇਹ ਤਾਂ ਸਾਰੀ ਉਮਰ ‘ਸੀਸਾਂ ਦੇਊ ਨਾ।” ਉਹ ਹਰ ਖ਼ਤਰੇ ਨਾਲ ਦੋ ਹੱਥ ਕਰਨ ਨੂੰ ਤਿਆਰ ਸੀ।
“ਚਲ ਤਾਈ ਤੂੰ ‘ਗਾਂਹ ਨਾ ਜਾਈਂ, ਮੈਨੂੰ ਅਗਲੇ ਟੇਸ਼ਨੋਂ ਗੱਡੀ ਚੜ੍ਹਾ ਆ, ਮੈਂ ਆਪੇ ਗਾਲਬ ਚਲੀ ਜਾਵਾਂਗੀ। ਏਥੋਂ ਤਾਂ ਮੈਨੂੰ ਵੇਖ ਲੈਣਗੇ, ਮੇਰੀ ਫਾਹੀ ਨਹੀਂ ਮੁਕਣੀ।” ਧੰਤੋ ਨੇ ਤਾਈ ਦਾ ਇਸ ਤਰ੍ਹਾਂ ਤਰਲਾ ਕੀਤਾ ਕਿ ਉਸ ਨੂੰ ਤਰਸ ਆ ਜਾਵੇ।
ਬੱਸੋ ਸੋਚਣ ਲੱਗ ਪਈ।
“ਸੋਚਦੀ ਕੀ ਏਂ, ਜੇ ਤੂੰ ਨਹੀਂ ਜਾਣਾ ਤਾਂ ਮੈਂ ਜਾਊਂਗੀ, ਭਾਵੇਂ ਬੇਬੇ ਕੁਝ ਹੋ ਜਾਵੇ।” ਬੀਰੋ ਨੇ ਆਪਣੀ ਬੇਬੇ ਨੂੰ ਇਹ ਧਮਕੀ ਹੀ ਨਹੀਂ ਦਿੱਤੀ ਸੀ, ਸਗੋਂ ਬੱਸੋ ਦੇ ਜਵਾਬ ਦੇਣ ਉਤੇ ਆਪ ਜਾਣ ਲਈ ਦਿਲੋਂ ਤਿਆਰ ਹੋ ਚੁੱਕੀ ਸੀ ਤੇ ਉਹ ਆਪਣੀ ਬੇਬੇ ਦੀ ਨਾਂਹ ਨੂੰ ਉਡੀਕ ਰਹੀ ਸੀ।
“ਧੀਏ, ਮੇਰੀ ਗੁੱਤ ਪਟਾਉਨੀ ਏਂ, ਤੇਰੀ ਮਰਜ਼ੀ।” ਬੱਸੋ ਬੀਰੋ ਦੇ ਅਮੋੜ ਸੁਭਾਅ ਤੋਂ ਜਾਣੂੰ ਸੀ। ਉਸ ਕੁਆਰੀ ਧੀ ਦੀ ਬਦਨਾਮੀ ਨਾਲੋਂ ਹਰ ਤਰ੍ਹਾਂ ਦੀ ਔਖ ਆਪਣੇ ਸਿਰ ਲੈਣੀ ਹੀ ਠੀਕ ਸਮਝੀ ਤੇ ਬੱਧੀ ਰੁੱਧੀ ਨੇ ਜਾਣ ਲਈ ਹਾਮੀ ਕਰ ਦਿੱਤੀ।
ਅਗਲਾ ਸਟੇਸ਼ਨ ਤਿੰਨ ਮੀਲ ਦੀ ਵਿਥ ਉਤੇ ਪੈਂਦਾ ਸੀ। ਗੱਡੀ ਸੂਰਜ ਚੜ੍ਹਨ ਤੋਂ ਲਗਪਗ ਘੰਟਾ ਸਵਾ ਘੰਟਾ ਪਹਿਲਾਂ ਆਉਂਦੀ ਸੀ। ਹਾਲੇ ਵੱਡਾ ਤੜਕਾ ਸੀ। ਵਿਹੜੇ ਦੇ ਕਿਸੇ ਕਿਸੇ ਘਰੋਂ ਚੱਕੀ ਚੱਲਣ ਦੀ ਆਵਾਜ਼ ਆ ਰਹੀ ਸੀ। ਉਹਨਾਂ ਕਾਹਲੀ-ਕਾਹਲੀ ਚਾਹ ਮੁਕਾਈ। ਬੱਸੋ ਨੇ ਬਦਨਾਮੀ ਦੇ ਡਰੋਂ ਇਕ ਮੋੜ ਕੱਟਣਾ ਚਾਹਿਆ :
“ਧੀਏ ਤੇਰੇ ਪੈਰ ਨੇ ਤੈਨੂੰ ਤੁਰਨ ਨਹੀਂ ਦੇਣਾ, ਮੈਂ ਏਥੋਂ ਈ ਤੈਨੂੰ ਗੱਡੀ ਚੜਾ ਆਉਂਦੀ ਆਂ।”
“ਤਾਈ ! ਏਥੇ ਤਾਂ ਉਹ ਹਰਲ ਹਰਲ ਕਰਦੇ ਫਿਰਦੇ ਐ, ਮੈਨੂੰ ਫੇਰ ਬੁੱਚੜਾਂ ਦੇ ਦੇਣਾ ਏਂ।” ਧੰਤੋ ਦੀ ਹਾਲਤ ਉਤੇ ਤਾਈ ਨੂੰ ਸੱਚੇ ਦਿਲੋਂ ਤਰਸ ਆ ਗਿਆ ਅਤੇ ਦਰਦ ਪਸੀਜੀ ਉਹ ਹਰ ਖ਼ਤਰਾ ਝੱਲਣ ਲਈ ਤਿਆਰ ਹੋ ਗਈ।
“ਬੀਰੋ ! ਮੈਂ ਆਹ ਕੁੜਤੀ ਸਲਵਾਰ ਨਹੀਂ ਪਾਉਣੀ।” ਧੰਤੋ ਨੂੰ ਮੋਦਨ ਦੀ ਆਸ ਵਿਚ ਸਹੁਰਿਆਂ ਦੀ ਵਰੀ ਨੇ ਦਾਹ ਕਰਨਾ ਸ਼ੁਰੂ ਕਰ ਦਿੱਤਾ। “ਮੈਨੂੰ ਤਾਂ ਆਪਣੇ ਅੱਧੋਰਾਣੇ ਹੀ ਦੇ ਦੇ, ਨਾਲੇ ਕੋਈ ਸ਼ੱਕ ਨਾ ਕਰੂ।”
ਬੀਰੋ ਨੇ ਉਸ ਨੂੰ ਆਪਣੀ ਕੁੜਤੀ ਸਲਵਾਰ ਦੇ ਦਿੱਤੀ ਅਤੇ ਸਿਰ ਉਤੇ ਨੂੰ ਮੋਟੀ ਜਿਹੀ ਚਾਦਰ ਕੱਢ ਦਿੱਤੀ, ਜਿਹੜੀ ਪਾਲਾ ਵੀ ਠਲ੍ਹ ਸਕੇ। ਧੰਤੋ ਦੇ ਢਿੱਡ ਅਤੇ ਪੱਟਾਂ ਉਤੇ ਕੰਡਿਆਲੀ ਤਾਰ ਦੇ ਫਟ ਆਕੜ ਗਏ ਸਨ ਅਤੇ ਚੀਸਾਂ ਉਸ ਦੇ ਸਿਰ ਵਿਚ ਸੇਲੇ ਮਾਰ ਰਹੀਆਂ ਸਨ। ਬੀਰੋ ਦੀ ਜੁੱਤੀ ਉਸ ਦੇ ਇਕ ਪੈਰ ਤਾਂ ਪੈਂਦੀ ਸੀ, ਪਰ ਦੂਜੇ ਸੱਜੇ ਪੈਰ ਨੂੰ ਕੀ ਕਰੇ। ਉਸ ਰੋੜੇ ਦੇ ਸੇਕ ਦੇ ਕੇ ਸੋਜਾ ਲਾਹੁਣਾ ਚਾਹਿਆ, ਪਰ ਸੋਜਾ ਲੱਥਾ ਨਾ, ਹਾਂ ਪੀੜ ਜ਼ਰੂਰ ਥੋੜੀ ਹੋ ਗਈ। ਬੱਸੋ ਨੇ ਲੋਗੜ ਗਰਮ ਕਰ ਕੇ ਉਸ ਦੇ ਗਿੱਟੇ ਨੂੰ ਲਪੇਟ ਕੇ ਬੰਨ੍ਹ ਦਿੱਤਾ। ਧੰਤੋ ਨੂੰ ਇਸ ਨਾਲ ਕਾਫੀ ਆਸਰਾ ਹੋ ਗਿਆ। ਹੁਣ ਉਸ ਨੂੰ ਹੌਸਲਾ ਸੀ ਕਿ ਅਗਲੇ ਤਿੰਨ ਮੀਲ ਬਿਨਾਂ ਦੁੱਖ ਦਰਦ ਦੇ ਤੈਅ ਕਰ ਲਵਾਂਗੀ।
“ਆਹ ਲੈ ਭੈਣੇ ਦੋ ਰੁਪਈਏ ਤੇ ਥੋੜੀ ਜਿੰਨੀ ਭਾਨ, ਮੇਰੇ ਕੋਲ ਏਹੋ ਕੁਝ ਏ ਹੁਣ ਤਾਂ।” ਬੀਰੋ ਨੇ ਰਾਹ ਦੇ ਖ਼ਰਚ ਵਲੋਂ ਥੋੜੇ ਪੈਸਿਆਂ ਕਾਰਨ ਇਕ ਤਰ੍ਹਾਂ ਲਾਚਾਰੀ ਵਖਾਈ। ਪਰ ਉਸ ਦਾ ਦਿਲ ਜੇਰਾ ਆਖਦਾ ਸੀ, ਜੇ ਮੇਰੇ ਕੋਲ ਲੱਖ ਕਰੋੜ ਹੁੰਦਾ, ਮੈਂ ਤੇਰੇ ਉਤੋਂ ਸਾਰਾ ਵਾਰ ਦੇਂਦੀ।
“ਮੈਨੂੰ ਪਾਰ ਲਾਉਣ ਲਈ ਤਾਂ ਏਨਾ ਹੀ ਲੱਖ ਮਣਾਂ ਏ ਭੈਣੇ।” ਧੰਤੋ ਦਾ ਵਾਲ ਵਾਲ ਬੀਰੇ ਦੇ ਸ਼ੁਕਰਾਨੇ ਵਿਚ ਡੁੱਬਾ ਪਿਆ ਸੀ। ਬੀਰੋ ਮੈਂ ਤੇਰੀਆਂ ਹਰਦਮ ਸੁਖਾਂ ਲੋੜਾਂਗੀ, ਤੇਰਾ ਦੇਣ ਮੈਥੋਂ ਦਿੱਤਾ ਨਹੀਂ ਜਾਣਾ।”
ਬੀਰੋ ਨੇ ਆਪਣੀ ਬੇਬੇ ਨੂੰ ਪਿੰਡੋਂ ਬਾਹਰ ਤੱਕ ਛੱਡਣ ਜਾਣ ਲਈ ਮਨਾ ਲਿਆ। ਬੱਸੋ ਚਾਹੁੰਦੀ ਤਾਂ ਨਹੀਂ ਸੀ ਕਿ ਬੀਰੋ ਘਰੋਂ ਬਾਹਰ ਪੈਰ ਪਾਵੇ, ਪਰ ਉਸ ਦੇ ਅੱਖੜ ਤੇ ਅਮੋੜ ਸੁਭਾਅ ਨੂੰ ਕੀ ਕਰਦੀ। ਬੀਰੋ ਨੇ ਅੱਗੇ ਵਧ ਕੇ ਦਾਨੀਆਂ ਵਾਂਗ ਆਖਿਆ :
“ਮੈਨੂੰ ਅੱਗੇ ਚੱਲ ਕੇ ਬਿੜਕ ਲੈਣ ਦਿਉ, ਤੁਸੀਂ ਪਿੱਛੇ-ਪਿੱਛੇ ਆਉਣਾ।” ਬੀਰੋ ਘਰੋਂ ਬਾਹਰ ਹੋ ਤੁਰੀ ਪਿਛਾਂਹ ਭਉਂ ਕੇ ਉਸ ਆਖ਼ਰੀ ਨਸੀਹਤ ਵਜੋਂ ਚਿਤਾਵਨੀ ਦਿੱਤੀ। “ਜੇ ਕੋਈ ਅੱਗੋਂ ਪਿਛੋਂ ਆ ਹੀ ਜਾਵੇ, ਘਬਰਾਇਓ ਨਾ ਤੇ ਨਾ ਹੀ ਖੜਿਓ। ਜੇ ਕਿਸੇ ਨੂੰ ਸ਼ੱਕ ਵੀ ਪਈ ਤਾਂ ਥੋਡੇ ਘਬਰਾਉਣ ਤੇ ਖਲੋਣ ਤੋਂ ਪੈਣੀ ਏਂ। ਆਪਣੇ ਧਿਆਨ ਰਵਾਂ ਰਵੀਂ ਕਦਮਾਂ ਪੁੱਟੀ ਜਾਇਓ।” ਉਹ ਇਸ ਤਰ੍ਹਾਂ ਸਿਖਿਆ ਦੇ ਰਹੀ ਸੀ, ਜਿਵੇਂ ਉਸ ਇਹ ਸਾਰੇ ਵਹਿਣ ਆਪ ਵਹਾ ਕੇ ਵੇਖੇ ਸਨ।
ਰੱਬ ਦੀ ਉਹਨਾਂ ਉਤੇ ਏਨੀ ਮਿਹਰ ਰਹੀ ਕਿ ਪਿੰਡੋਂ ਬਾਹਰ ਆਉਣ ਤਕ ਦਾ ਤਾਂ ਕੀ ਉਹਨਾਂ ਨੂੰ ਅਵਾਰਾ ਕੁੱਤਾ ਤਕ ਨਾ ਮਿਲਿਆ। ਧੰਤੋ ਨੇ ਬੀਰੋ ਨੂੰ ਜੱਫੀ ਪਾ ਲਈ।
“ਭੈਣੇ, ਤੇਰਾ ਕੀਤਾ ਮੇਰੇ ਕੋਲੋਂ ਮੋੜਿਆ ਨਹੀਂ ਜਾਣਾ।” ਉਸ ਲੰਮਾ ਹਉਕਾ ਲਿਆ ਅਤੇ ਆਪਣਾ ਸਿਰ ਬੀਰੋ ਦੇ ਮੋਢੇ ਉਤੇ ਸੁੱਟ ਕੇ ਡੁਸਕਣ ਲੱਗ ਪਈ।
“ਹੁਣ ਤੂੰ ਤੁਰਨ ਵਾਲੀ ਗੱਲ ਕਰ, ਰੱਬ ਮਿਲਾਇਆ, ਫੇਰ ਸਾਰੀਆਂ ਦਿਲ ਦੀਆਂ ਡੰਝਾਂ ਲਾਹਾਂਗੀਆਂ।” ਬੀਰੋ ਦੇ ਮਨ ਵਿਚ ਸੀ, ਇਹ ਕਿਤੇ ਗੱਡੀ ਹੀ ਨਾ ਖੁੰਝ ਜਾਣ।
ਧੰਤੋ ਨੇ ਹੱਥ ਘੁਟਦਿਆਂ ‘ਸਾਅ ਸਰੀ ਕਾਲ ਆਖੀ !
“ਚੰਗਾ ਭੈਣੇ ! ‘ਸਾਹ ਸਰੀ ‘ਕਾਲ ! ਅੱਜ ਤੂੰ ਬੇਬਸ ਹੋ ਕੇ ਤੁਰੀ ਜਾਹ, ਤੇਰੀ ਵਾ ਵੱਲ ਨਹੀਂ ਝਾਕਦਾ ਕੋਈ।”
ਬੀਰੋ ਕੁਝ ਸਮਾਂ ਉਹਨਾਂ ਜਾਂਦੀਆਂ ਨੂੰ ਖੜੀ ਵੇਂਹਦੀ ਰਹੀ। ਫਿਰ ਉਸ ਦੀਆਂ ਅੱਖਾਂ ਵਿਚ ਆਪ-ਮੁਹਾਰੇ ਹੰਝੂ ਭਰ ਆਏ। ਉਹ ਜਾਂਦੀਆਂ ਦਿੱਸਣੋਂ ਬੰਦ ਹੋ ਗਈਆਂ। ਉਸ ਲੰਮਾ ਹਉਕਾ ਭਰ ਕੇ ਹੰਝੂ ਪੂੰਝ ਸੁੱਟੇ ਅਤੇ ਉਹ ਪਿੰਡ ਨੂੰ ਮੁੜਦੀ ਸੋਚ ਰਹੀ ਸੀ, ਮੈਂ ਤਾਂ ਡੁੱਬੀ ਹੀ ਹਾਂ ਤੂੰ ਤਾਂ ਪਾਰ ਲੱਗ।’
ਧੰਤੋ ਨੂੰ ਪੈਰ ਦੀ ਪੀੜ ਜ਼ਰੂਰ ਸੀ ਤੇ ਲੰਙ ਮਾਰ ਕੇ ਤੁਰ ਰਹੀ ਸੀ, ਪਰ ਬੱਸੋ ਨੂੰ ਪੀੜ ਜਣਾ ਨਹੀਂ ਸਕਦੀ ਸੀ। ਉਹ ਦੰਦਾਂ ਹੇਠ ਜੀਭ ਲੈ ਕੇ ਉਸ ਨਾਲ ਰਲਣ ਦਾ ਯਤਨ ਕਰਨ ਲੱਗੀ। ਉਹ ਤਾਈ ਨੂੰ ਇਹ ਵੀ ਨਹੀਂ ਆਖ ਸਕਦੀ ਸੀ ਕਿ ਹੌਲੀ ਤੁਰ, ਦੂਜੇ ਗੱਡੀ ਰਹਿ ਜਾਣ ਦਾ ਡਰ ਕੋਈ ਨਵਾਂ ਪੁਆੜਾ ਖੜਾ ਕਰ ਸਕਦਾ ਸੀ। ਇਕ ਆਸ ਉਸ ਨੂੰ ਹੁਲਾਸ ਦੇ ਰਹੀ ਸੀ, ਜੇ ਗੱਡੀ ਮਿਲ ਜਾਵੇ, ਸਾਰੇ ਧੋਣੇ ਧੋਤੇ ਜਾਣ। ਫਿਰ ਉਹ ਹਰ ਤਰ੍ਹਾਂ ਦੇ ਖ਼ਤਰਿਆਂ ਤੋਂ ਆਪੇ ਨੂੰ ਬਾਹਰ ਸਮਝਦੀ ਸੀ। ਪਹਿਲਾਂ ਮੀਲ ਉਸ ਕਸੀਸ ਵਟ ਕੇ ਸੁਖਾਲਿਆਂ ਮੁਕਾ ਲਿਆ। ਦੂਜੇ ਮੀਲ ਵਿਚ ਪੈਰ ਅੰਬ ਗਿਆ ਅਤੇ ਬੰਨ੍ਹਿਆ ਲੋਗੜ ਬਾਹਰਲੀ ਹਵਾ ਨਾਲ ਠੰਢਾ ਹੋ ਗਿਆ। ਮਿੰਨ੍ਹੀ ਮਿੰਨੀ ਪੀੜ ਤਾਂ ਹਟੀ ਹੀ ਨਹੀਂ ਸੀ, ਪਰ ਹੁਣ ਉਹ ਹਰ ਉਲਾਂਘ ਨਾਲ ਵਧਦੀ ਹੀ ਜਾਂਦੀ ਸੀ ਤੇ ਫਿਰ ਵੀ ਉਸ ਬੱਸੋ ਨੂੰ ਕੁਝ ਨਾ ਆਖਿਆ। ਪੂਰਬ ਦਾ ਤਾਰਾ ਉੱਚਾ ਵੇਖ ਕੇ ਬੱਸੋ ਨੇ ਆਖਿਆ :
“ਹੁਣ ਬਹੁਤਾ ਨ੍ਹੇਰਾ ਨਹੀਂ ਤੇ ਤੂੰ ਛੋਹਲੇ ਕਦਮ ਪੁੱਟੀ ਆ।” ਬੱਸੋ ਲਈ ਇਹ ਨੇਕੀ ਦਾ ਕੰਮ ਨਹੀਂ ਸੀ, ਸਗੋਂ ਬੀਰੋ ਨੇ ਮੱਲੋ-ਮੱਲੀ ਉਸ ਦੇ ਗਲ ਢੋਲ ਪਾ ਦਿੱਤਾ ਸੀ, ਜਿਹੜਾ ਉਸ ਨੂੰ ਵਜਾਉਣਾ ਪੈ ਗਿਆ ਸੀ। ਬੱਸੋ ਨੂੰ ਉਸ ਦੀ ਪਿਛਲੀ ਰਾਮ ਕਹਾਣੀ ਦਾ ਪਤਾ ਸੀ ਤੇ ਹੁਣ ਉਹ ਚਾਹੁੰਦੀ ਸੀ, ਕਦੋਂ ਰੇਲ ਦਾ ਸਟੇਸ਼ਨ ਆਵੇ ਤੇ ਉਸ ਨੂੰ ਚੜਾ ਕੇ ਸੁਰਖ਼ਰੂ ਹੋਵੇ। ਭਾਵੇਂ ਉਹ ਕਿੰਨੀ ਦਲੇਰ ਧੀ ਦੀ ਮਾਂ ਸੀ, ਆਖ਼ਰ ਨੂੰ ਤਾਂ ਔਰਤ ਸੀ, ਜਿਹੜੀ ਮਾਲਕ ਦਾ ਭੈ ਰੱਖਦੀ ਸੀ, ਲੋਕਾਚਾਰੀ ਦੇ ਮੂੰਹ ਆ ਸਕਦੀ ਸੀ। ਬੀਰੋ ਵੀ ਸ਼ਾਇਦ ਉਸ ਦੀ ਉਮਰ ਵਿਚ ਆ ਕੇ ਇਸ ਤਰ੍ਹਾਂ ਦਾ ਹੀ ਭੈ ਅਨੁਭਵ ਕਰਦੀ, ਜਿਹੜਾ ਅੱਜ ਉਸ ਦੇ ਨੇੜੇ ਨਹੀਂ ਆਇਆ ਸੀ।
“ਹਾਇ ! ਤਾਈ ਮੇਰਾ ਪੈਰ ਅੱਗ ਲਗਣਾ ਨਹੀਂ ਧਰਤੀ ਲਗਦਾ।” ਧੰਤੋ ਤੋਂ ਪਲ ਪਲ ਵਧਦੀ ਜਾ ਰਹੀ ਪੀੜ ਨਾ ਹੀ ਰੋਕੀ ਗਈ।
“ਲਿਆ ਮੈਂ ਲੋਗੜ ਨੂੰ ਹੋਰ ਘੁੱਟ ਕੇ ਬੰਨ੍ਹ ਦਿਆਂ, ਆਪਾਂ ਕੇਰਾਂ, ਟੇਸ਼ਨ ‘ਤੇ ਪਹੁੰਚ ਜਾਈਏ।” ਉਹ ਬਹਿ ਕੇ ਧੰਤੋ ਦਾ ਪੈਰ ਬੰਨ੍ਹਣ ਲੱਗ ਪਈ। ਸੋਜ ਅੱਗੇ ਨਾਲੋਂ ਕਿਤੇ ਬਹੁਤੀ ਹੋ ਗਈ ਸੀ, ਸਗੋਂ ਹੁਣ ਉਤਾਂਹ ਪਿੰਜਣੀ ਨੂੰ ਵੀ ਚੜ੍ਹ ਗਈ ਸੀ। ਬੱਸੋ ਨੇ ਉਤਾਂਹ ਪਿੰਜਣੀ ਨੂੰ ਹੱਥ ਲਾਇਆ, “ਧੰਤੋ ! ਜਾਣੀ ਤੈਨੂੰ ਤਾਂ ਤਾਪ ਚੜ੍ਹਿਆ ਲਗਦਾ ਏ।”
“ਤਾਈ ਤਾਂਹੀਏਂ ਮੇਰਾ ਸਾਰਾ ਸਰੀਰ ਟੁੱਟੀ ਜਾਂਦਾ ਏ।” ਧੰਤੋ ਨੂੰ ਇਕ ਹੋਰ ਦੁੱਖ ਖੜਾ ਹੋ ਗਿਆ। “ਹੁਣ ਕੀ ਕਰਾਂਗੇ ?” ਬੱਸੋ ਦਾ ਭਾਵ ਸੀ, ਜੇ ਬੁਖ਼ਾਰ ਬਹੁਤਾ ਹੋ ਗਿਆ, ਜੇ ਗੱਡੀ ਨਾ ਚੜ੍ਹਿਆ ਗਿਆ ਸੱਚਮੁਚ ਹੀ ਇਕ ਨਵੀਂ ਬਿਪਤਾ ਸੀ, ਜਿਸ ਤੋਂ ਉਹ ਘਬਰਾ ਰਹੀ ਸੀ।
“ਤਾਈ ਮੈਨੂੰ ਕੁਝ ਨਹੀਂ ਹੁੰਦਾ, ਤੂੰ ਘਬਰਾ ਨਾ।” ਧੰਤੋ ਨੇ ਬੱਸੋ ਦਾ ਦਿਲ ਛੱਡਣਾ ਭਾਪ ਲਿਆ ਤੇ ਉਸ ਬੀਰੋ ਵਾਲੇ ਜੇਰੇ ਦੀ ਥਾਂ ਮੱਲ ਲਈ। ਉਸ ਨੂੰ ਪੀੜ ਦੂਣ ਸਵਾਈ ਉਠ ਖਲੋਤੀ, ਪਰ ਓਨੀ ਹੀ ਧੰਤੋ ਨੇ ਜ਼ਬਤ ਕਰਨੀ ਸਿਖ ਲਈ। ਜਦੋਂ ਦਵੱਲੀ ਲੜਾਈ ਗਰਮ ਹੋਵੇ, ਫੱਟਾਂ ਤੇ ਪੀੜਾਂ ਦੀ ਕੌਣ ਪਰਵਾਹ ਕਰਦਾ ਹੈ। ਧੰਤੋ ਦੇ ਲੰਙ ਦਾ ਹੁਲਾਰ ਹੋਰ ਤੇਜ਼ ਹੋ ਗਿਆ ਤੇ ਉਹ ਕਸੀਸ ਵੱਟੀ ਬੱਸੋ ਦਾ ਪਿੱਛਾ ਕਰਦੀ ਗਈ।
ਬੱਸੋ ਨੇ ਪਿਛਾਂਹ ਭਉਂ ਕੇ ਵੇਖਿਆ ਉਸ ਨੂੰ ਗੱਡੀ ਦਾ ਚਾਨਣ ਦਿਸ ਪਿਆ, ਸਟੇਸ਼ਨ ਉਥੋਂ ਅੱਧ ਮੀਲ ਰਹਿੰਦਾ ਸੀ। ਇਸ ਅਖ਼ੀਰਲੇ ਅੱਧ ਮੀਲ ਵਿਚ ਧੰਤੋ ਦੀ ਅਸਲੋਂ ਬਸ ਹੋ ਗਈ। ਬੁਖ਼ਾਰ ਕਾਰਨ ਉਹ ਹੂੰਗਰ ਵੀ ਮਾਰਨ ਲੱਗ ਪਈ ਤੇ ਗਿੱਟੇ ਵਿਚ ਤਾਂ ਇਕੱਠੀਆਂ ਹਜ਼ਾਰਾਂ ਸੂਈਆਂ ਚੁੱਭ ਖਲੋਤੀਆਂ ਸਨ, ਪਰ ਫਿਰ ਵੀ ਉਹ ਹਾਰ ਮੰਨਣ ਲਈ ਤਿਆਰ ਨਹੀਂ ਸੀ।
“ਧੰਤੋ ਗੱਡੀ ਤਾਂ ਆਉਂਦੀ ਏ, ਤੂੰ ਕੋਈ ਉਜ਼ਰ ਕਰ।” ਬੱਸੋ ਨੇ ਇਹ ਵੀ ਤਾੜ ਲਿਆ ਕਿ ਧੰਤੋ ਦੇ ਵਸ ਕੁਝ ਨਹੀਂ। ਫਿਰ ਵੀ ਉਹ ਚਾਹੁੰਦੀ ਸੀ, ਖਿੱਚ-ਧੂਹ ਕਰਕੇ ਇਕ ਵਾਰ ਇਸ ਨੂੰ ਗੱਡੀ ਚਾੜ੍ਹ ਦੇਵਾਂ, ਫਿਰ ਸਾਰੇ ਕਜੀਏ ਮੁੱਕ ਜਾਣਗੇ। ਧੰਤੋ ਤੁਰ ਜ਼ਰੂਰ ਰਹੀ ਸੀ, ਪਰ ਤਾਪ ਅਤੇ ਪੈਰ ਦੀ ਪੀੜ ਨੇ ਉਸ ਦੀ ਸ਼ਕਤੀ ਨੂੰ ਕਣ ਕਣ ਤੋਂ ਤੋੜ-ਫੋੜ ਸੁੱਟਿਆ।
ਜਿਉਂ-ਜਿਉਂ ਗੱਡੀ ਦਾ ਖੜਕਾ ਤੇਜ਼ ਹੁੰਦਾ ਜਾ ਰਿਹਾ ਸੀ, ਤਿਉਂ-ਤਿਉਂ ਬੱਸੋ ਦੇ ਭਾ ਦੀ ਬਣਦੀ ਜਾ ਰਹੀ ਸੀ। ਉਸ ਦੀ ਧੜਕਨ ਛਾਤੀ ਵਿਚ ਉੱਥਲ ਖਲੋਤੀ ਸੀ। ਉਹ ਧੰਤੋ ਨੂੰ ਚੁੱਕ ਕੇ ਵੀ ਨਹੀਂ ਭੱਜ ਸਕਦੀ ਸੀ। ਉਸ ਸਹਾਰਾ ਦੇਣ ਦਾ ਟਿੱਲ ਲਾਇਆ, ਪਰ ਇਹ ਵੀ ਡੁੱਬਦਿਆਂ ਪੰਨੀ ਨੂੰ ਹੱਥ ਪਾਣ ਵਰਗੀ ਗੱਲ ਸੀ। ਅਖ਼ੀਰ ਦੇ ਫ਼ਰਲਾਂਗਾਂ ਉਤੇ ਗੱਡੀ ਨੇ ਉਹਨਾਂ ਨੂੰ ਪਿਛਾੜ ਦਿੱਤਾ। ਉਹਨਾਂ ਆਖ਼ਰੀ ਦਮ ਤਕ ਵਾਹ ਲਾਈ, ਪਰ ਰੇਲਵੇ ਸਟੇਸ਼ਨ ਛੋਟਾ ਹੋਣ ਕਾਰਨ ਗੱਡੀ ਬਹੁਤ ਸਮਾਂ ਨਾ ਖਲੋਤੀ। ਹਨੇਰੇ ਦੀ ਹੁਣ ਲੋਈ ਪਾਟ ਰਹੀ ਸੀ ਤੇ ਚਿੜੀ ਜਨੌਰ ਬੋਲਣ ਲੱਗ ਪਏ ਸਨ। ਬੱਸੋ ਅਤੇ ਧੰਤੋ ਅੰਤਲੇ ਫ਼ਰਲਾਂਗ ਵਿਚ ਸਨ, ਜਦ ਗੱਡੀ ਉਹਨਾਂ ਦੀ ਭੋਰਾ ਜਿੰਨੀ ਇੰਤਜ਼ਾਰ ਕਰੇ ਬਿਨਾਂ ਤੁਰ ਪਈ। ਵੈਰੀਆਂ ਦੇ ਹੋਛੇ, ਕਮੀਨੇ ਤੇ ਨਿਰਲਜ ਵਾਰਾਂ ਨਾਲ ਸਮੇਂ ਨੇ ਵੀ ਧੰਤੋ ਨਾਲ ਪੁੱਜ ਕੇ ਬੇਦਰਦੀ ਕਰ ਵਿਖਾਈ।
“ਹੈਂ ਨੀ ਜੱਗੋਂ ਜਾਣੀਏ !” ਉਹ ਉਥੇ ਹੀ ਡਿੱਗ ਪਈ, ਜਿਵੇਂ ਕਿਨਾਰੇ ਲੱਗਣ ਦੀ ਆਸ ਨਿਖੁੱਟ ਜਾਵੇ।
“ਹੁਣ ਕੀ ਕਰੀਏ ?” ਬੱਸੋ ਨੇ ਉਸ ਨੂੰ ਫੜਦਿਆਂ ਪੁੱਛਿਆ। ਸੱਚਮੁਚ ਧੰਤੋ ਆਪ ਉਸ ਨੂੰ ਪੁੱਛਣ ਵਾਲੀ ਸੀ ਕਿ ਹੁਣ ਕੀ ਕਰੀਏ ? ਉਸ ਨੂੰ ਫਿਰ ਰੋਣ ਆ ਗਿਆ।
“ਕੁੜੀਏ ! ਤੂੰ ਰੋ ਨਾ, ਮੈਂ ਤੈਨੂੰ ਮੋਟਰ ‘ਤੇ ਚੜਾ ਕੇ ਮੁੜਾਂਗੀ।” ਬੱਸੋ ਨੇ ਇਕ ਹੋਰ ਦਲੇਰੀ ਕਰ ਵਿਖਾਈ। ਵਾਸਤਵ ਵਿਚ ਐਤਕੀਂ ਉਸ ਨੂੰ ਧੰਤੋ ਦੀ ਹਾਲਤ ਨੇ ਸੱਚੀ ਮੁਚੀ ਮਨੁੱਖੀ ਦਰਦ ਵਿਚ ਪੰਘਰਾ ਸੁੱਟਿਆ ਸੀ।
ਧੰਤੋ ਨੇ ਆਪਣੇ ਹਟਕੋਰੇ ਰੋ ਕੇ ਆਖਿਆ :
“ਤਾਈ ! ਜਾਂ ਤਾਂ ਤੂੰ ਏਥੋਂ ਹੀ ਮੁੜ ਜਾਹ, ਮੈਂ ਆਪਣੇ ਆਪਣੀਆਂ ਬਣੀਆਂ ਜੁੜੀਆਂ ਭੁਗਤਾਂਗੀ। ਜੇ ਤੂੰ ਮੇਰੀ ਧਰਮ ਦੀ ਮਾਂ ਏਂ, ਤਾਂ ਮੈਨੂੰ ਤੋੜ ਪੁਜਾ।”
ਬੱਸੋ ਫਿਰ ਸੋਚੀਂ ਪੈ ਗਈ। ਘਰੋਂ ਤੁਰ ਕੇ ਉਹ ਇਕ ਗ਼ਲਤੀ ਕਰ ਹੀ ਬੈਠੀ ਸੀ ਤੇ ਅਖ਼ੀਰ ਜੇ- ਜੱਕਾ ਕਰਦੀ ਦੂਜੇ ਗੁਨਾਹ ਲਈ ਵੀ ਤਿਆਰ ਹੋ ਗਈ। ਬਹੁਤਾ ਉਸ ਨੂੰ ਬੀਰੋ ਤੋਂ ਡਰ ਲੱਗਦਾ ਸੀ, ਜਿਸ ਘਰ ਗਈ ਨੂੰ ਵਾਲ ਵਾਲ ਕੋਹ ਸੁੱਟਣਾ ਸੀ ਕਿ ਤੂੰ ਭੱਜੀ ਟੁੱਟੀ ਤੇ ਤਾਪ ਮਾਰੀ ਨੂੰ ਸੜਕ ਕਿਨਾਰੇ ਮਰ ਜਾਣ ਜਾਂ ਬੁੱਚੜਾਂ ਦੇ ਢਾਹੇ ਚੜ੍ਹ ਜਾਣ ਲਈ ਛੱਡ ਆਈ ਏਂ। ਉਸ ਇਹ ਵੀ ਖ਼ਿਆਲ ਕੀਤਾ ਸੀ, ਹੋ ਸਕਦਾ ਏ, ਬੀਰੋ ਸੁਣ ਕੇ ਵਾਹੋ ਦਾਹ ਆਪ ਭੱਜ ਆਵੇ।
“ਚੱਲ ਧੀਏ, ਜਦੋਂ ਸਿਰ ਈ ਉਖਲੀ ਵਿਚ ਦੇ ਲਿਆ, ਫਿਰ ਮੁਹਲੀਆਂ ਦਾ ਕੀ ਡਰ।” ਬੱਸੋ ਨੇ ਸਹਿਜ ਨਾਲ ਹਉਕਾ ਲਿਆ, “ਵੇਖੀ ਜਾਵੇਗੀ ਜਿਸ ਭਾਅ ਬੀਤੇਗੀ।”
“ਮੇਰੀਏ ਧਰਮ ਦੀਏ ਮਾਂ ! ਮੈਂ ਤੇਰਾ ਕਿੱਥੇ ਦੇਣ ਦਿਆਂਗੀ। ਤੂੰ ਮੈਨੂੰ ਆਪਣੀ ਛੋਟੀ ਬੀਰੋ ਹੀ ਜਾਣ ਕੇ ਹੀ ਬੰਨੇ ਲਾ।” ਧੰਤੋ ਦਾ ਲੂੰਅ ਲੂੰਅ ਉਹਦੇ ਸ਼ੁਕਰੀਏ ਵਿਚ ਫਿਸਿਆ ਪਿਆ ਸੀ।
ਉਹ ਰੇਲ ਦੀ ਲੀਹ ਟੱਪ ਕੇ ਵਾਹਣਾਂ ਵਿਚ ਦੀ ਜੀ.ਟੀ. ਰੋਡ ਨੂੰ ਸਿੱਧੀਆਂ ਹੋ ਤੁਰੀਆਂ। ਹੁਣ ਗੱਡੀ ਲੰਘ ਜਾਣ ਦਾ ਫ਼ਿਕਰ ਨਹੀਂ ਸੀ। ਜ਼ਬਤ ਦੇ ਬਾਵਜੂਦ ਧੰਤੋ ਦੀ ਹੂੰਗਾਰ ਤੇਜ਼ ਹੁੰਦੀ ਗਈ ਸੀ। ਬੱਸੋ ਖਿੱਚ-ਧੂਹ ਕਰ ਕੇ ਉਸ ਨੂੰ ਸੜਕ ਤਕ ਲੈ ਆਈ। ਸੜਕ ਤੋਂ ਥੋੜਾ ਪਿਛਾਂਹ ਹੀ ਉਹ ਦੋਵੇਂ ਰੁਕ ਗਈਆਂ। ਹੁਣ ਹਰ ਪਾਸੇ ਚਾਨਣ ਹੋ ਚੁੱਕਾ ਸੀ ਅਤੇ ਦੂਰ ਨੇੜੇ ਲੰਘਦੇ ਆਦਮੀ ਨਜ਼ਰ ਆ ਰਹੇ ਸਨ। ਉਹਨਾਂ ਪੰਦਰਾਂ ਕੁ ਮਿੰਟ ਹੀ ਦਮ ਮਾਰਿਆ ਹੋਵੇਗਾ, ਜਦ ਮੋਟਰ ਦਾ ਚਾਨਣ ਚਮਕ ਪਿਆ।
ਬੱਸੋ ਉਠ ਕੇ ਪਹਿਲਾਂ ਸੜਕ ਉਤੇ ਆ ਗਈ ਅਤੇ ਹੂੰਗਰ ਮਾਰਦੀ, ਲੰਝਾਂਦੀ ਧੰਤੋ ਵੀ ਔਖੀ ਸੁਖਾਲੀ ਟਾਹਲੀ ਹੇਠ ਆ ਖਲੋਤੀ। ਜਦ ਚਾਨਣ ਨੇੜੇ ਆਇਆ, ਬੱਸੋ ਨੇ ਬਸ ਰੋਕਣ ਲਈ ਹੱਥ ਖੜਾ ਕਰ ਦਿੱਤਾ। ਡਰਾਈਵਰ ਨੇ ਗੱਡੀ ਰੋਕ ਲਈ। ਜਦ ਗੱਡੀ ਖਲੋਤੀ, ਉਹ ਬਸ ਦੀ ਥਾਂ ਟਰੱਕ ਨਿਕਲ ਆਇਆ ਤੇ ਬੱਸੋ ਭੈੜੀ ਜਿਹੀ ਪੈ ਕੇ ਮਾਯੂਸ ਹੋ ਗਈ। ਪਰ ਗੱਡੀ ਵਾਲੇ ਨੇ ਪੁੱਛ ਲਿਆ :
“ਮਾਈ ਕਿਥੇ ਜਾਣਾ ਏਂ ?”
“ਵੇ ਭਾਈ ਗਾਲਬ ਦੇ ਰਾਹ ਤਕ ਜਾਣਾ ਏਂ।”
“ਮਾਈ ਜਗਰਾਵਾਂ ਤਾਈਂ ਜਾਣਾ ਏ, ਤਾਂ ਬਹਿ ਜੋ, ਬਾਰਾਂ ਆਨੇ ਸਵਾਰੀ ਦੇ ਲੱਗਣਗੇ।” ਕਲੀਨਰ ਨੇ ਅਗਲੀ ਤਾਕੀ ਖੋਲ੍ਹਦਿਆਂ ਆਖਿਆ।
ਬੱਸੋ ਨੇ ਹਾਮੀ ਓੜਨ ਲਈ ਧੰਤੋ ਵੱਲ ਦੇਖਿਆ ਤੇ ਧੰਤੋ ਨੇ ਉਸ ਨੂੰ ਝੱਟ ਕਰਨ ਲਈ ਸਿਰ ਮਾਰਿਆ ਕਿ ਇਹ ਮੌਕਾ ਤਾਂ ਰੱਬ ਨੇ ਦਿੱਤਾ ਏ, ਚਿਰ ਕਿਉਂ ਲਾਉਂਨੀ ਏਂ, ਧੰਤੋ ਨੂੰ ਬੀਮਾਰ ਹਾਲਤ ਵਿਚ ਦੇਖ ਕੇ ਕਲੀਨਰ ਨੇ ਡਰਾਈਵਰ ਨੂੰ ਹੌਲੀ ਦੇ ਕੇ ਆਖਿਆ :
“ਇਹ ਤਾਂ ਬੀਮਾਰ ਮੁਰਗੀ ਸੀ, ਆਪਾਂ ਤੋਂ ਮੰਗਿਆ ਈ ਕੁਝ ਨਾ ਗਿਆ-ਚੱਲ ਚੱਜ ਦੀ ਚਾਹ ਤੇ ਪੀਆਂਗੇ।”
ਟਰੱਕ ਖ਼ਾਲੀ ਸੀ। ਧੰਤੋ ਪਿਛੋਂ ਦੀ ਚੜ੍ਹ ਨਾ ਸਕੀ, ਤਦ ਬੱਸੋ ਨੇ ਟਰੱਕ ਵਾਲਿਆਂ ਦਾ ਤਰਲਾ ਕੀਤਾ :
“ਵੇ ਭਾਈ, ਜੇ ਸਾਨੂੰ ਅੱਗੇ ਬਹਾ ਲਵੋ।”
ਕਲੀਨਰ ਨੂੰ ਤਰਸ ਆ ਗਿਆ ਅਤੇ ਨਾਲ ਹੀ ਬਣਦੀ ਚਾਹ ਦਾ ਲਾਲਚ ਉਠ ਖਲੋਤਾ ਸੀ। ਉਹ ਪਿੱਛੇ ਜਾਣ ਲਈ ਮੂਹਰਲੀ ਸੀਟ ਤੋਂ ਥੱਲੇ ਉਤਰ ਆਇਆ। ਉਹ ਤਾਈ ਭਤੀਜੀ ਡਰਾਈਵਰ ਦੇ ਬਰਾਬਰ ਬਹਿ ਗਈਆਂ।
“ਕੀ ਗੱਲ ਐ ਮਾਈ ਬੀਬੀ ਨੂੰ ?” ਡਰਾਈਵਰ ਨੇ ਮਨੁੱਖੀ ਹਮਦਰਦੀ ਨਾਲ ਪੁੱਛਿਆ।
“ਭਾਈ ਫੋੜਾ ਏ ਚੰਦਰਾ, ਇਹਦੇ ਪੈਰ ‘ਤੇ।” ਬੱਸੋ ਹੁਸ਼ਿਆਰ ਜ਼ਨਾਨੀ ਨਹੀਂ ਸੀ, ਪਰ ਉਸ ਨੂੰ ਕੁਦਰਤੀ ਮੌਕੇ ਦੀ ਅਹੁੜ ਪਈ ਤੇ ਉਹ ਇਸ ਜਵਾਬ ਨਾਲ ਖ਼ੁਸ਼ੀ ਵਿਚ ਅਕੜੇਵਾਂ ਅਨੁਭਵ ਕਰਨ ਲੱਗੀ।
“ਉਥੇ ਕਿਸੇ ਸਿਆਣੇ ਨੂੰ ਦਖਾਉਣਾ ਏਂ ?”
“ਹਾਂ ਭਾਈ।”
ਟਰੱਕ ਤੇਜ਼ ਹੋ ਗਿਆ। ਫਿਰ ਡਰਾਈਵਰ ਨੇ ਮਾਈ ਨਾਲ ਕੋਈ ਗੱਲ ਨਾ ਕੀਤੀ। ਹੁਣ ਧੰਤੋ ਸੋਚਦੀ ਸੀ, ਇਹ ਵੀ ਚੰਗਾ ਹੀ ਹੋਇਆ ਰੇਲ ਗੱਡੀ ਨਹੀਂ ਮਿਲੀ। ਉਥੇ ਖ਼ਬਰੇ ਕੋਈ ਏਧਰ ਓਧਰ ਦਾ ਆਦਮੀ ਵੇਖ ਹੀ ਲੈਂਦਾ। ਭਾਵੇਂ ਹੁਣ ਕੋਈ ਖ਼ਾਸ ਖ਼ਤਰਾ ਨਹੀਂ ਸੀ, ਪਰ ਫਿਰ ਵੀ ਉਹ ਆਪਣਾ ਆਪ ਲੁਕਾਈ ਬੈਠੀ ਸੀ। ਉਸ ਦੇ ਦਿਲ ਦੀ ਧੜਕਣ ਗੱਡੀ ਦੇ ਇੰਜਨ ਵਾਂਗ ਪਲ-ਪਲ ਤੇਜ਼ ਹੁੰਦੀ ਜਾ ਰਹੀ ਸੀ, ਪਰ ਹੁਸ਼ਿਆਰ ਡਰਾਈਵਰ ਵਾਂਗ ਹੀ ਉਹ ਉਸ ਨੂੰ ਘੁਟੀ ਵੱਟੀ ਤੇ ਕਾਬੂ ਕਰੀ ਬੈਠੀ ਸੀ। ਉਸ ਦੇ ਮਨ ਵਿਚ ਬੜੇ ਉਤਰਾ ਚੜਾਅ ਆ ਰਹੇ ਸਨ। ਉਹ ਗਾਲਬ ਤੋਂ ਝਟ ਹੀ ਉਡਾਰੀ ਮਾਰ ਕੇ ਮੋਦਨ ਕੋਲ ਚਲੀ ਗਈ। “ਹਾਇ ! ਮੈਂ ਉਸ ਨੂੰ ਕਿਵੇਂ ਮਿਲਾਂਗੀ ?” ਇਕ ਮੁਸਕਾਣ ਇਕ ਲਾਲੀ ਬਣ ਕੇ ਉਸ ਦੇ ਲੂੰਅ ਲੂੰਅ ਵਿਚ ਭੰਬੀਰੀਆਂ ਪੈਦਾ ਕਰਨ ਲੱਗੀ। ਫਿਰ ਇਕ ਦਮ ਹੀ ਸੰਗ ਸ਼ਰਮ ਵਿਚ ਉਸ ਦਾ ਲੂੰਅ ਲੂੰਅ ਡੁੱਬ ਗਿਆ। ਇਕ ਹਉਕੇ ਨਾਲ ਉਸ ਦੀਆਂ ਪੂਰੀਆਂ ਅੱਖਾਂ ਮੀਟੀਆਂ ਗਈਆਂ। ਇਹਨਾਂ ਪੂਰੀਆਂ ਮੀਟੀਆਂ ਅੱਖਾਂ ਅਗੋਂ ਮੋਦਨ ਦਾ ਚਿਹਰਾ ਹੁਣੇ ਪਿਆਰ ਦੀ ਰਉਂ ਵਿਚ ਹੱਸ ਰਿਹਾ ਸੀ ਦੇਖਦਿਆਂ ਦੇਖਦਿਆਂ ਸੰਜੀਦਾ ਹੋ ਗਿਆ। ਉਸ ਦੇ ਮੂੰਹ ਉਤੇ ਕੁਝ ਅੱਖਰ ਉਕਰੇ ਗਏ, ਜਿਹੜੇ ਅਨਪੜ੍ਹ ਧੰਤੋ ਨੇ ਝਟ ਹੀ ਪੜ੍ਹ ਲਏ, ਕਿਉਂਕਿ ਉਹ ਅੱਖਰ ਸਿਰਫ਼ ਉਸ ਲਈ ਸਨ ਤੇ ਉਹ ਹੀ ਪੜ੍ਹ ਸਕਦੀ ਸੀ। “ਹਾਇ ! ਮੈਂ ਤਾਂ ਇਉਂ ਨਹੀਂ ਸੋਚਿਆ ਸੀ, ਤੈਨੂੰ ਚਾਹਿਆ ਸੀ, ਤੂੰ ਨਾ ਆਇਆ, ਮੈਂ ਜ਼ਾਲਮਾਂ ਅੱਗੇ ਕੀ ਕਰਦੀ, ਮੇਰਾ ਕੀ ਦੋਸ਼। ਡਰਾਈਵਰ ਨੇ ਗੱਡੀ ਨੂੰ ਬਰੇਕਾਂ ਮਾਰੀਆਂ, ਉਹ ਅਗਾਂਹ ਮੂੰਹ ਪਰਨੇ ਡਿੱਗਦੀ ਡਿੱਗਦੀ ਮਸੀਂ ਬਚੀ। ‘ਹਾਇ ਨੀ ਹੋਣੀਏ ! ਤੂੰ ਰੱਜ ਕੇ ਬਦਲੇ ਲੈ ਲੈ।” ਉਹ ਸੰਭਲ ਕੇ ਬਹਿ ਗਈ ਅਤੇ ਗਿੱਟਾ ਸੀਟ ਉਤੇ ਰੱਖ ਕੇ ਉਸ ਨੂੰ ਘੁੱਟਣ ਲੱਗ ਪਈ।
ਬੱਸੋ ਦਿਲੋਂ ਬਹੁਤ ਪ੍ਰਸੰਨ ਸੀ ਕਿ ਕੋਈ ਕੁਵੱਲੀ ‘ਵਾ ਨਹੀਂ ਵਗੀ ਅਤੇ ਆਪਣੇ ਜਾਣੇ ਪਛਾਣੇ ਮਾਹੌਲ ਵਿਚੋਂ ਉਹ ਬਿਨਾਂ ਕਿਸੇ ਤਰ੍ਹਾਂ ਦੀ ਉਂਗਲ ਹੋਏ ਬਚ ਕੇ ਨਿਕਲ ਆਈਆਂ ਸਨ। ਗੱਡੀਆਂ ਦੇ ਡਰਾਈਵਰ ਭਾਵੇਂ ਲੱਖ ਤਿੱਖੇ ਤੇ ਚਤਰ ਹੁੰਦੇ ਹਨ, ਪਰ ਉਹਨਾਂ ਧੰਤੋ ਦੇ ਬੀਮਾਰ ਹੋਣ ਕਾਰਨ ਇਸ ਪਾਸੇ ਵੱਲ ਸੋਚਿਆ ਤਕ ਨਾ ਕਿ ਇਕ ਮਾਈ ਨਾਲ ਜਵਾਨ ਕੁੜੀ ਉਧਲੀ ਜਾ ਰਹੀ ਹੈ। ਉਹਨਾਂ ਜਗਰਾਵਾਂ ਦੀ ਮੰਡੀ ਵਿਚੋਂ ਭਾਰ ਚੁੱਕਣਾ ਸੀ, ਇਸ ਲਈ ਡਰਾਈਵਰ ਨੇ ਸੂਰਜ ਚੜ੍ਹਦੇ ਨੂੰ ਟਰੱਕ ਜਗਰਾਵੀਂ ਲੈ ਆਂਦਾ। ਧੰਤੋ ਨੇ ਟਰੱਕ ਤੋਂ ਉਤਰ ਕੇ ਕਿਰਾਏ ਦੇ ਪੈਸੇ ਦੇਣ ਲਈ ਬੱਸੋ ਨੂੰ ਫੜਾ ਦਿੱਤੇ।
ਜਗਰਾਵੀਂ ਚਾਹ ਪੀ ਕੇ ਉਹ ਦੋਵੇਂ ਤਕੜੀਆਂ ਹੋ ਗਈਆਂ। ਬੱਸੋ ਨੇ ਚਾਹ ਵਾਲੀ ਭੱਠੀ ਉਤੋਂ ਲੋਗੜ ਗਰਮ ਕਰਕੇ ਧੰਤੋ ਦਾ ਗਿੱਟਾ ਮੁੜ ਸਵਾਰ ਕੇ ਬੰਨ੍ਹ ਦਿੱਤਾ। ਬੁਖ਼ਾਰ ਉਸ ਨੂੰ ਹਾਲੇ ਵੀ ਨਹੀਂ ਉਤਰਿਆ ਸੀ। ਜਦ ਉਹ ਗਾਲਬ ਵੱਲ ਨੂੰ ਜਾਣ ਵਾਲੀ ਬਸ ਫੜਨ ਲੱਗੀਆਂ, ਤਦ ਧੰਤੋ ਨੇ ਤਾਈ ਦੇ ਹੱਥ ਫੜਦਿਆਂ ਬੇਨਤੀ ਕੀਤੀ :
“ਤਾਈ ! ਗਾਲਬ ਗਈ ਤੋਂ ਖ਼ਬਰੇ ਕੋਈ ਹੋਰ ਬਿੱਜ ਉਠ ਖਲੋਵੇ, ਜਿਥੇ ਅੱਗੇ ਐਨਾ ਕਸ਼ਟ ਕਟਿਆ ਏ, ਭੋਰਾ ਕੁ ਹੋਰ ਸਹਿ ਤੇ ਮੈਨੂੰ ਸਿੱਧੀ ਕਾਉਂਕੀ ਲੈ ਕੇ ਵੜਦੀ ਹੋ।” ਧੰਤੋ ਬੜੀ ਹੀ ਆਤੁਰ ਤੇ ਨਿਮਾਣੀ ਹੋਈ ਖਲੋਤੀ ਸੀ। ਬੱਸੋ ਤੋਂ ਉਸ ਦੀਆਂ ਭਰੀਆਂ ਅੱਖਾਂ ਫਿਰ ਨਾ ਵੇਖੀਆਂ ਗਈਆਂ। ਉਸ ਦਿਲ ਦੇ ਨਾ ਮੰਨਦਿਆਂ ਵੀ ‘ਹਾਂ’ ਕਹਿ ਦਿੱਤੀ।
ਉਹ ਰਾਹ ਪੁੱਛਦੀਆਂ ਹੌਲੀ ਹੌਲੀ ਸ਼ਹਿਰੋਂ ਬਾਹਰ ਆ ਗਈਆਂ ਅਤੇ ਕਾਉਂਕਿਆਂ ਦੇ ਪੈਹੇ ਆ ਪਈਆਂ। ਧੰਤੋ ਆਪਣੇ ਆਪ ਨੂੰ ਹੁਣ ਕਿਸੇ ਵੀ ਤਰ੍ਹਾਂ ਦੇ ਡਰ ਭੈ ਤੋਂ ਆਜ਼ਾਦ ਸਮਝਦੀ ਸੀ। ਪੀੜ ਉਸ ਨੂੰ ਹਾਲੇ ਵੀ ਮੁਸਮੁਸੀਆਂ ਦੇ ਕੇ ਉਠ ਰਹੀ ਸੀ, ਪਰ ਇਕ ਅਗੰਮੀ ਖ਼ੁਸ਼ੀ ਉਸ ਦੀ ਪੀੜ ਨੂੰ ਦੱਬੀ ਆ ਰਹੀ ਸੀ ਤੇ ਹਰ ਕਦਮ ਉਤੇ ਉਸ ਨੂੰ ਸ਼ਰਾਬੀ ਕਰੀ ਜਾ ਰਹੀ ਸੀ। ਪੈਰ ਸੇਕ ਲੈਣ ਨਾਲ ਪਹਿਲੀ ਕੋਹ ਧੰਤੋ ਨੇ ਕਾਫ਼ੀ ਹੌਸਲੇ ਨਾਲ ਤੈਅ ਕਰ ਲਈ। ਅਗਾਂਹ ਫਿਰ ਨਾ ਮੁੱਕਣ ਵਾਲੀਆਂ ਚੀਸਾਂ ਜਾਗ ਪਈਆਂ। ਹੁਣ ਕਿਸੇ ਗੱਡੀ ਦੇ ਨਿਕਲ ਜਾਣ ਦੀ ਕਾਹਲੀ ਨਹੀਂ ਸੀ। ਪਰ ਬੱਸੋ ਨੇ ਅੱਜ ਹੀ ਦਿਨੇ- ਦਿਨੇ ਘਰ ਨੂੰ ਜ਼ਰੂਰ ਮੁੜਨਾ ਸੀ। ਉਹ ਸਮਝਦੀ ਸੀ, ਜੇ ਨਾ ਗਈ, ਪਤਾ ਨਹੀਂ ਕੀ ਉਦਮੂਲ ਉਠ ਖਲੋਵੇ। ਧੰਤੋ ਨੇ ਉਸ ਨੂੰ ਧੀਰਜ ਦਿੱਤੀ ਕਿ ਉਹ ਤੈਨੂੰ ਸਾਈਕਲ ਉਤੇ ਜਗਰਾਵੀਂ ਗੱਡੀ ਚੜਾ ਕੇ ਜਾਵੇਗਾ। ਧੰਤੋ ਤਾਈ ਨਾਲ ਬੜੇ ਵਿਸ਼ਵਾਸ ਵਾਲੀਆਂ ਗੱਲਾਂ ਕਰ ਰਹੀ ਸੀ, ਪਰ ਕਦੇ-ਕਦੇ ਅਣਹੋਏ ਸ਼ੱਕ ਤੇ ਡਰ ਨਾਲ ਉਸ ਦੀ ਛਾਤੀ ਧੜਕ ਉਠਦੀ, ਖ਼ਬਰੇ ਉਹ ਮੈਨੂੰ ਵਿਆਹੀ ਕਰ ਕੇ……ਪਰ ਬੀਰੋ ਤਾਂ ਇਸ ਤਰ੍ਹਾਂ ਨਹੀਂ ਆਖਦੀ ਸੀ। ਉਹ ਸਾਰੇ ਰਾਹ ਢਾਹ-ਉਸਾਰੀ ਕਰਦੀ ਆਈ ਸੀ।
ਜਦ ਉਹ ਅੱਧ ਵਿਚ ਗਈਆਂ, ਤਦ ਖੇਤੋਂ ਪਿੰਡ ਨੂੰ ਮੁੜਦਿਆਂ ਇਕ ਗੱਡੇ ਨੂੰ ਤੱਕਿਆ। ਬੱਸੋ ਨੇ ਉਹਨਾਂ ਨੂੰ ਹੱਥ ਮਾਰਦਿਆਂ ਪੁਕਾਰਿਆ :
“ਵੇ ਭਾਈ ਗੱਡੇ ਵਾਲਿਉ ! ਜੇ ਮੇਰੀ ਬੀਮਾਰ ਧੀ ਨੂੰ ਬਹਾ ਲਓ।”
ਗੱਡੇ ਵਾਲੇ ਨੇ ਬੀਮਾਰ ਕੁੜੀ ਸਮਝ ਕੇ ਬਲਦ ਰੋਕ ਲਏ। ਉਹ ਵੇਲਣੇ ਤੋਂ ਗੁੜ ਲੈ ਕੇ ਘਰ ਨੂੰ ਚਲਿਆ ਸੀ। ਬੱਸੋ ਨੇ ਆਸਰਾ ਦੇ ਕੇ ਧੰਤੋ ਨੂੰ ਮਸੀਂ ਗੱਡੇ ਉਤੇ ਚੜ੍ਹਾਇਆ।
“ਮਾਈ ! ਤੂੰ ਵੀ ਬਹਿ ਜਾ ਹੁਣ।” ਗੱਡੇ ਵਾਲੇ ਨੇ ਹਮਦਰਦੀ ਅਨੁਭਵ ਕਰਦਿਆਂ ਆਖਿਆ।
“ਸ਼ਾਬਾਸ਼ੇ ਵੇ ਭਾਈ ! ਜਿਊਣ ਜੋਗਿਆ, ਤੇਰੇ ਬਲਦਾਂ ਦੀ ਸੁਖ ਹੋਵੇ !” ਬੱਸੋ ਨੇ ਜੱਟ ਮੁੰਡੇ ਨੂੰ ਕਈ ਅਸੀਸਾਂ ਦਿੱਤੀਆਂ।
ਗੱਡਾ ਧੰਤੋ ਨੂੰ ਰੱਬ ਹੋ ਕੇ ਬਹੁੜਿਆ ਸੀ। ਨਹੀਂ, ਪਤਾ ਨਹੀਂ ਉਹ ਕਦੋਂ ਤੇ ਕਿਹੜੇ ਹਾਲੀਂ ਪਿੰਡ ਪਹੁੰਚਦੀ। ਰਾਹ ਵਿਚ ਬੱਸੋ ਨੇ ਧੰਤੋ ਨੂੰ ਕੰਨ ਵਿਚ ਪੁੱਛਿਆ :
“ਮੈਂ ਭਾਈ ਨੂੰ ਮੋਦਨ ਬਾਰੇ ਪੁੱਛਾਂ ?”
ਧੰਤੋ ਨੇ ਅੱਖ ਅਤੇ ਉਂਗਲ ਦੇ ਇਸ਼ਾਰੇ ਨਾਲ ਉਸ ਨੂੰ ਚੁੱਪ ਹੀ ਵੱਟ ਲੈਣ ਲਈ ਸਮਝਾਇਆ। ਇਸ ਤਰ੍ਹਾਂ ਉਹ ਸਮਝਦੀ ਸੀ, ਇਹ ਜੱਟ ਮੁੰਡਾ ਖ਼ਬਰੇ ਮੈਨੂੰ ਕੀ ਖ਼ਿਆਲ ਕਰੇ। ਉਹ ਕਿਸੇ ਤਰ੍ਹਾਂ ਓਪਰੇ ਕੋਲ ਵੀ ਆਪਣੀ ਗੱਲ ਨਹੀਂ ਜਾਣ ਦੇਣਾ ਚਾਹੁੰਦੀ ਸੀ। ਤੋੜ ਪਿੰਡ ਤਕ ਸੋਚਾਂ ਦੀਆਂ ਸੂਈਆਂ ਉਸ ਨੂੰ ਚੁੰਝਾਂ ਮਾਰਦੀਆਂ ਹੀ ਰਹੀਆਂ।
ਉਹ ਪਿੰਡ ਦੀ ਨਿਆਈਂ ਵਿਚ ਗੱਡੇ ਤੋਂ ਉਤਰ ਪਈਆਂ। ਬੱਸੋ ਨੇ ਗੱਡਿਓਂ ਲਹਿ ਕੇ ਫਿਰ ਭਾਈ ਨੂੰ ਕਈ ਅਸੀਸਾਂ ਦਿੱਤੀਆਂ। ਭਾਈ ਗੱਡਾ ਤੋਰ ਕੇ ਅੱਗੇ ਲੈ ਗਿਆ। ਧੰਤੋ ਲੰਙ ਮਾਰਦੀ ਰਾਹ ਤੋਂ ਦਸ ਕਦਮਾਂ ਦੀ ਵਿੱਥ ਨਾਲ ਇਕ ਪਿੱਪਲ ਹੇਠ ਆ ਬੈਠੀ ਬੁਖ਼ਾਰ ਉਸ ਨੂੰ ਹੁਣ ਵੀ ਸੀ, ਪਰ ਪਹਿਲਾਂ ਜਿੰਨਾ ਨਹੀਂ ਸੀ। ਬੱਸੋ ਨੇ ਉਸ ਨੂੰ ਪੁੱਛਿਆ :
“ਹੁਣ ਧੀਏ ?”
“ਹੁਣ ਤਾਈ, ਤੂੰ ਉਹਨੂੰ ਏਥੇ ਲੈ ਕੇ ਆ।” ਧੰਤੋ ਬਿਨਾਂ ਅਰਥ ਧਰਤੀ ਉਤੇ ਲਕੀਰਾਂ ਪਾਉਣ ਲੱਗ ਪਈ।
“ਤੇਰੀ ਮਰਜ਼ੀ।” ਬੱਸੋ ਅਨਹੋਈ ਜਿਹੀ ਝਿਜਕ ਨਾਲ ਪਿੰਡ ਨੂੰ ਤੁਰ ਪਈ।
ਧੰਤੋ ਜਾਣ ਕੇ ਨਾਲ ਨਹੀਂ ਗਈ ਸੀ। ਉਸ ਦੀਆਂ ਸ਼ੱਕਾਂ ਤੇ ਸੋਚਾਂ ਵਿਚੋਂ ਇਕ ਡਰ ਉਠ ਖਲੋਤਾ ਸੀ। ਖ਼ੁਸ਼ੀ ਦੀ ਥਾਂ ਹੁਣ ਉਦਾਸ ਵੀ ਸੀ। ਪੀੜਾਂ ਦੇਂਦੇ ਪੈਰ ਨੂੰ ਉਸ ਪੋਲਿਆਂ ਪੋਲਿਆਂ ਦਬਾਇਆ। ਪੀੜ ਉਸ ਦੀ ਰੂਹ ਵਿਚ ਵੜਦੀ ਜਾ ਰਹੀ ਸੀ। ਉਸ ਨੂੰ ਇਉਂ ਜਾਪਿਆ ਜਿਵੇਂ ਪੈਰਾਂ ਹੇਠਲੀ ਧਰਤੀ ਵੀ ਉਸ ਦੀ ਕੰਬਣੀ ਨਾਲ ਥਰਾ ਗਈ ਹੈ। ਫਿਰ ਉਸ ਕਿਰਦੇ ਜਾਂਦੇ ਜੀਅ ਨੂੰ ਹੌਂਸਲਾ ਦੇਣ ਲਈ ਔਂਸੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਵਿਚ ਰਾਹ ਕੋਈ ਨਹੀਂ ਸੀ। ਉਹ ਹੋਰ ਵੀ ਉਦਾਸ ਹੋ ਗਈ। ਪੀਰ ਮਦਦਗੀਰ ! ਹੁਣ ਤਾਂ ਤੂੰ ਹੀ ਰੱਖਣ ਵਾਲਾ ਏਂ, ਨਹੀਂ ਧੰਤੋ ਨੇ ਵਾਪਸ ਮੁੜ ਕੇ ਤਾਂ ਨਹੀਂ ਜਾਣਾ।” ਉਹ ਬੈਠੀ ਫਿਰ ਰੋਣ ਲੱਗ ਪਈ। ਉਸ ਨੂੰ ਰੋਂਦੀ ਵੇਖ ਲਾਗੋਂ ਇਕ ਲੰਘਦੀ ਮਾਈ ਨੇ ਹਮਦਰਦੀ ਵਜੋਂ ਪੁੱਛਿਆ :
“ਕੁੜੇ ਬੀਬੀ ! ਤੂੰ ਕਿਉਂ ਰੋਂਦੀ ਏਂ ਸੁਖ ਨਾਲ ?”
“ਨਹੀਂ, ਮਾਈ ਜੀ ਮੇਰਾ ਪੈਰ ਹੀ ਬਹੁਤ ਦਰਦ ਕਰਦਾ ਏ, ਹੋਰ ਕੋਈ ਗੱਲ ਨਹੀਂ।” ਧੰਤੋ ਨੇ ਉਸ ਨੂੰ ਜਵਾਬ ਦੇ ਕੇ ਨੀਵੀਂ ਪਾ ਲਈ। ਉਹ ਚਾਹੁੰਦੀ ਸੀ, ਮਾਈ ਹੋਰ ਪੁੱਛ ਨਾ ਕਰੇ। ਮਾਈ ਸਿਰ ਹਿਲਾ ਕੇ ਚਲੀ ਗਈ। ਉਹ ਸੋਚਾਂ ਦੇ ਵਹਿਣ ਵਿਚ ਮੁੜ ਵਹਿ ਤੁਰੀ।
ਉਸ ਨੂੰ ਖ਼ਿਆਲ ਆਇਆ, ਘੰਟਾ ਭਰ ਹੋ ਗਿਆ ਏ, ਨਾ ਤਾਈ ਆਈ ਤੇ ਨਾ……..। ਭਲਾ ਧੰਤੋ ਏਹੋ ਜਿਹੀ ਕਿਸੇ ਹੋਰ ਨਾਲ ਵੀ ਵਰਤੀ ਹੋਵੇਗੀ? ਪਤਾ ਨਹੀਂ ਹਾਲੇ ਹੋਰ ਕਿੰਨੇ ਦੁੱਖਾਂ ਦੇ ਪਹਾੜ ਟੁੱਟਣ ਵਾਲੇ ਬਾਕੀ ਹਨ। ਨਹੀਂ, ਹੁਣ ਹੋਰ ਨਹੀਂ ਦੁੱਖ ਜਰਿਆ ਜਾਣਾ। ਉਸ ਕਿੰਨਾ ਕੁਝ ਸੋਚ ਮਾਰਿਆ ਸੀ, ਪਰ ਯਾਦ ਤਾਂ ਉਸ ਨੂੰ ਕੱਖ ਵੀ ਨਹੀਂ ਸੀ।
ਜਦੋਂ ਉਸ ਸਿਰ ਉਤਾਂਹ ਚੁੱਕਿਆ, ਮੋਦਨ ਵਗਿਆ ਆਉਂਦਾ ਉਸ ਨੂੰ ਨਜ਼ਰੀਂ ਪਿਆ। ਉਸ ਦੇ ਦਿਲ ਨੂੰ ਝਟ ਹੀ ਕੁਝ ਹੋਣਾ ਸ਼ੁਰੂ ਹੋ ਗਿਆ। ਉਹ ਉਸ ਤਰ੍ਹਾਂ ਹੀ ਲੱਤਾਂ ਨੂੰ ਕੰਘੀ ਪਾਈ ਬੈਠੀ ਰਹੀ। ਗੋਡੇ ਦੇ ਦਬਾਅ ਨਾਲ ਦੀ ਕਾਹਲੀ ਧੜਕਨ ਨੂੰ ਘੁੱਟਣ ਦਾ ਯਤਨ ਕੀਤਾ। ਮੋਦਨ ਕੋਲ ਆ ਗਿਆ, ਉਸ ਨੀਵੀਂ ਨਾ ਚੁੱਕੀ। ਮੋਦਨ ਨੇ ਸਤਿ ਸ੍ਰੀ ਅਕਾਲ ਆਖੀ, ਉਸ ਤੋਂ ਜਵਾਬ ਵੀ ਨਾ ਦਿੱਤਾ ਗਿਆ। ਖ਼ੁਸ਼ੀ, ਧੜਕਨ, ਸ਼ੱਕ ਅਤੇ ਡਰ ਦੇ ਸਾਂਝੇ ਜਜ਼ਬਾਤ ਨੇ ਉਸ ਨੂੰ ਉਸ ਸਮੇਂ ਮਾਸੂਮ ਬਣਾਈ ਰੱਖਿਆ।
“ਤੂੰ ਤਾਈ ਨੂੰ ਨਾ ਲੈ ਕੇ ਆਇਆ ?” ਧੰਤੋ ਦੇ ਨੀਵੀਂ ਵਿਚ ਹੰਝੂ ਭਰ ਆਏ ਸਨ ਤੇ ਸੂਖਮ ਕੰਬਣੀ ਹਟਣ ਵਿਚ ਹੀ ਨਹੀਂ ਆਉਂਦੀ ਸੀ।
“ਮੈਂ ਜਾਣ ਕੇ ਉਸ ਨੂੰ ਘਰ ਛੱਡ ਆਇਆ ਹਾਂ, ਤੂੰ ਉਠ, ਘਰ ਨੂੰ ਚੱਲੀਏ।” ਮੋਦਨ ਦੇ ਬੋਲਾਂ ਵਿਚ ਅਪਣੱਤ ਅਤੇ ਭਰੋਸਾ ਸੀ।
“ਕਿਉਂ ?” ਧੰਤੋ ਦੀ ‘ਨਹੀਂ’ ਮੋਦਨ ਦੀ ਸਾਰੀ ਖ਼ੁਸ਼ੀ ਕੱਟ ਗਈ ਅਤੇ ਉਸ ਦੀ ਹੁਲਾਸ ਭਰੀ ਛਾਤੀ ਵਿਚ ਜਿਵੇਂ ਅਚਾਨਕ ਪੱਥਰ ਆ ਵੱਜਾ ਹੋਵੇ। ਬੱਸੋ ਤੋਂ ਧੰਤੋ ਆਈ ਸੁਣ ਕੇ ਉਸ ਦਾ ਧਰਤੀ ਪੈਰ ਨਹੀਂ ਲੱਗਾ ਸੀ।
“ਤੈਨੂੰ ਪਤਾ ਏ, ਮੇਰੇ ਨਾਲ ਕੀ ਕੀ ਬੀਤੀਆਂ ਏਂ ?” ਧੰਤੋ ਨੇ ਹਾਲੇ ਵੀ ਮੂੰਹ ਉਤਾਂਹ ਨਹੀਂ ਚੁਕਿਆ ਸੀ, ਪਰ ਮੋਦਨ ਦੇ ਬੋਲ ਉਸ ਦੇ ਸਾਰੇ ਫੱਟਾਂ ਵਿਚ ਸ਼ਹਿਦ ਡੋਲ੍ਹ ਗਏ ਸਨ।
“ਨਹੀਂ, ਪਰ ਜਿਹੜੀਆਂ ਬੀਤ ਗਈਆਂ, ਉਹਨਾਂ ਨੂੰ ਭੁਲਾ ਦਿਲੋਂ ਤੇ ਉਠ।” ਮੋਦਨ ਉਸ ਨੂੰ ਘਰ ਲਿਜਾਣ ਲਈ ਕਾਹਲਾ ਸੀ।
“ਜਿਵੇਂ ਮੇਰੇ ਨਾਲ ਬੀਤੀਆਂ ਏਂ, ਉਹ ਭੁੱਲ ਨਹੀਂ ਸਕਦੀਆਂ।” ਹੰਝੂ ਧੰਤੋ ਦੇ ਪੈਰਾਂ ਵਿਚਕਾਰ ਆ ਡਿੱਗੇ।
“ਫੇਰ।” ਕਲਵਲ ਹੋਏ ਮੋਦਨ ਦੇ ਮੂੰਹੋਂ ਸੁਭਾਵਕ ਨਿਕਲ ਗਿਆ।
“ਬਸ ਇਕੋ ਈ ਗੱਲ ਐ।”
“ਕੀ, ਤੂੰ ਦੱਸ ਸਹੀ।” ਮੋਦਨ ਉਸ ਸਮੇਂ ਸੂਲੀ ਚੜ੍ਹ ਜਾਣ ਲਈ ਤਿਆਰ ਸੀ।
“ਜੇ ਤੂੰ ਮੈਨੂੰ ਰੱਖਣਾ ਏਂ, ਤਾਂ ਮੇਰੀ ਬਾਂਹ ਫੜ ਲੈ, ਨਹੀਂ ਤਾਂ ਤੂੰ ਰੱਬ ਦਿਆ ਬੰਦਿਆ ਏਥੋਂ ਹੀ ਘਰ ਨੂੰ ਮੁੜ ਜਾਹ।” ਧੰਤੋ ਤੋਂ ਆਪਣਾ ਰੋਣਾ ਨਾ ਰੋਕਿਆ ਗਿਆ ਤੇ ਉਸ ਦੋਹਾਂ ਹੱਥਾਂ ਨਾਲ ਮੂੰਹ ਢੱਕ ਲਿਆ।
ਮੋਦਨ ਤੋਂ ਰੋਂਦੀ ਧੰਤੋ ਝੱਲੀ ਨਾ ਗਈ ਤੇ ਉਸ ਝਟ ਹੀ ਨਿਉਂ ਕੇ ਉਸ ਦੀ ਬਾਂਹ ਫੜ ਲਈ।
“ਬਸ ਏਨੀ ਗੱਲ ਹੀ ਸੀ। ਤੂੰ ਉਠ, ਰੋ ਨਾ। ਤੇਰੀ ਖ਼ਾਤਰ ਹੁਣ ਮੈਂ ਮਰਾਂਗਾ ! ਭਲੀਏ ! ਜੇ ਤੂੰ ਦਲੇਰੀ ਕਰ ਕੇ ਮੇਰੇ ਪਿੰਡ ਆ ਸਕਦੀ ਏਂ, ਮੈਂ ਐਨਾ ਈ ਗਿਆ ਗੁਜ਼ਰਿਆ ਹਾਂ ਕਿ ਤੈਨੂੰ ਆਈ ਨੂੰ ਰੱਖ ਵੀ ਨਾ ਸਕਾਂ। ਉਠ, ਹੁਣ ਤੂੰ ਰੋ ਨਾ, ਮੇਰੇ ਕੋਲ ਜਿੰਦ ਹੈ, ਮੈਂ ਤੇਰੇ ਤੋਂ ਵਾਰ ਦਿਆਂਗਾ। ਹੁਣ ਤੂੰ ਫ਼ਿਕਰ ਕਾਹਦਾ ਕਰਦੀ ਏਂ।” ਮੋਦਨ ਭਾਵਕ ਹੋਇਆ ਬੋਲੀ ਜਾ ਰਿਹਾ ਸੀ।
ਮੋਦਨ ਨੇ ਉਸ ਨੂੰ ਬਾਹੋਂ ਫੜ ਕੇ ਹਲੂਣਿਆਂ। ਉਹ ਚੁੰਨੀ ਨਾਲ ਮੂੰਹ ਪੂੰਝ ਕੇ ਉਠ ਖਲੋਤੀ ਅਤੇ ਉਸ ਦੇ ਪਿੱਛੇ ਤੁਰ ਪਈ।
25
ਨਿੱਕੇ ਦੇ ਦਿਲ ਸ਼ੱਕ ਦੀ ਪੂਰੀ ਗੰਢ ਬੱਝ ਗਈ ਸੀ ਕਿ ਉਸ ਦੀ ਨੂੰਹ ਨੂੰ ਫੀਲੇ ਅਤੇ ਕਾਰੇ ਨੇ ਰਲ ਕੇ ਖਪਾ ਲਿਆ ਹੈ, ਤਾਂ ਕਿ ਕਿਤੇ ਹੋਰ ਥਾਂ ਬਹਾ ਕੇ ਪੈਸੇ ਖਰੇ ਕਰ ਲੈਣ। ਉਹ ਇਕ ਵਾਰ ਇਕੱਲੇ ਕਾਰੇ ਨਾਲ ਘੂਰ ਮਸੂਰੇ ਵੀ ਹੋ ਚੁੱਕਾ ਸੀ। ਉਸ ਦੀ ਖ਼ਾਹਸ਼ ਸੀ ਕਿ ਧੰਤੋ ਨਹੀਂ, ਤਾਂ ਘੱਟ ਤੋਂ ਘੱਟ ਪੈਸੇ ਹੀ ਵਾਪਸ ਆ ਜਾਣ, ਜਿਹੜੇ ਕਿ ਉਹ ਜਾਣਦਾ ਸੀ, ਵਰਤੇ ਜਾਣ ਦੀ ਸੂਰਤ ਵਿਚ ਗੰਗਾ ਗਈਆਂ ਹੱਡੀਆਂ ਹੋ ਗਏ ਹਨ। ਕਾਰਾ ਅਤੇ ਫੀਲਾ ਆਪਣੀ ਥਾਂ ਸੱਚੇ ਸਨ। ਜਦ ਨਿੱਕਾ ਉਹਨਾਂ ਉਤੇ ਐਵੇਂ ਅਜੂਨਾ ਲਾਉਂਦਾ, ਤਦ ਉਹਨਾਂ ਨੂੰ ਅੱਗ ਲੱਗ ਉਠਦੀ। ਉਹ ਤਾਂ ਆਪਣੀ ਬਦਨਾਮੀ ਨਾਲ ਹੀ ਮਰੇ ਪਏ ਸਨ। ਨਿੱਕੇ ਦੇ ਤਾਹਨੇ ਦੁਖੀਆਂ ਨੂੰ ਹੋਰ ਦੁਖਾਉਣ ਵਾਲੀ ਗੱਲ ਸੀ। ਕਾਰੇ ਨੇ ਅੱਕ ਕੇ ਨਿੱਕੇ ਨੂੰ ਅਖ਼ੀਰੀ ਸੁਣਾ ਦਿੱਤੀ ਕਿ ਤੂੰ ਸਾਡੀ ਕੁੜੀ ਮਾਰ ਕੇ ਖਪਾ ਦਿੱਤੀ, ਅਸੀਂ ਤੇਰੇ ਕੋਲੋਂ ਜਿਊਂਦੀ ਜਾਗਦੀ ਕੁੜੀ ਲੈਣੀ ਏ, ਨਹੀਂ ਤਾਂ ਤੇਰੇ ਉਤੇ ਦਾਅਵਾ ਕਰਾਂਗੇ। ਕਾਰੇ ਤੋਂ ਸਾਹਮਣੀਆਂ ਸੁਣ ਕੇ ਨਿੱਕਾ ਢਿੱਲਾ ਹੋ ਗਿਆ।
ਨਿੱਕੇ ਦਾ ਕੌਡੀ ਕੌਡੀ ਕਰ ਕੇ ਬਾਰਾਂ ਸੌ ਜੋੜਿਆ ਘਰੋਂ ਨਿਕਲ ਗਿਆ, ਰੰਨ ਨੇ ਉਧਲ ਕੇ ਵੱਖਰਿਆਂ ਨੱਕ ਵੱਢ ਦਿੱਤਾ ਸੀ, ਇਸ ਤੋਂ ਵੀ ਵਧ ਦੁੱਖ ਦੀ ਗੱਲ ਲੋਕਾਂ ਦੀਆਂ ਦਿਲ ਸਾੜਵੀਆਂ ਉਲਟੀਆਂ ਸਿਧੀਆਂ ਸੁਣਨੀਆਂ ਪੈ ਰਹੀਆਂ ਸਨ। ਨਿੱਕੇ ਨੇ ਅੰਦਰੋਂ-ਅੰਦਰ ਪੁੱਜ ਕੇ ਗਿਲਾਨੀ ਮੰਨੀ ਤੇ ਉਹ ਚਲਦੇ ਪੁਜਦੇ ਇਕ ਨੰਬਰਦਾਰ ਦੀ ਸ਼ਰਨ ਜਾ ਪਿਆ, ਜਿਹੜਾ ਪੋਲੀਸ ਦਾ ਝੋਲੀ ਚੁੱਕ ਅਤੇ ਦਲਾਲ ਸੀ। ਉਹ ਚਾਹੁੰਦਾ ਸੀ, ਨੰਬਰਦਾਰ ਉਸ ਨਾਲ ਥਾਣੇ ਚਲੇ ਕੋਈ ਬਣਤ ਬਣਾਵੇ, ਸ਼ਾਇਦ ਕਿਵੇਂ ਲੱਥੀ ਹੀ ਹੱਥ ਆ ਜਾਵੇ। ਨੰਬਰਦਾਰ ਥੋੜੀ ਰਵਾਜੀ ਨਾਂਹ-ਨੁਕਰ ਪਿਛੋਂ ਉਸ ਨਾਲ ਤੁਰ ਪਿਆ। ਜਦੋਂ ਉਹ ਦੋਵੇਂ ਸਦਰ ਦੇ ਥਾਣੇ ਪਹੁੰਚੇ, ਕੁਦਰਤੀ ਥਾਣੇਦਾਰ ਉਹਨਾਂ ਨੂੰ ਵਿਹੜੇ ਵਿਚ ਹੀ ਹਾਜ਼ਰ ਮਿਲ ਪਿਆ। ਉਹ ਬਾਹਰ ਧੁੱਪੇ ਬੈਠਾ ਕਾਗ਼ਜ਼ਾਂ ਦੀ ਫੋਲਾ ਫਾਲੀ ਕਰ ਰਿਹਾ ਸੀ। ਉਹ ਸਤਿ ਸ੍ਰੀ ਅਕਾਲ ਬੁਲਾ ਕੇ ਇਕ ਪਾਸੇ ਬੈਂਚ ਉਤੇ ਬਹਿ ਗਏ। ਸਾਰੀ ਹਾਲ ਹਕੀਕਤ ਪੁੱਛਣ ਪਿਛੋਂ ਥਾਣੇਦਾਰ ਨੇ ਨੰਬਰਦਾਰ ਨੂੰ ਅੱਡ ਕਰ ਲਿਆ।
“ਕਿਉਂ ਨੰਬਰਦਾਰਾ, ਕਿਵੇਂ ਕਰਨੀ ਏਂ ?”
“ਹਜ਼ੂਰ ਦੀ ਮਰਜ਼ੀ ਐ ਜੇ ਚਾਰਾ ਚਲਦਾ ਏ ਤਾਂ ਲਾ ਦਿਓ।” ਨੰਬਰਦਾਰ ਦਿਲੋਂ ਨਿੱਕੇ ਦਾ ਹਾਮੀ ਸੀ।
“ਇਹ ਕਿਹੜੀ ਗੱਲ ਏ ਬਈ ਚਾਰਾ ਨਾ ਚੱਲੇ।”
“ਫੇਰ ਤਾਂ ਪੁੱਛਣਾ ਈਂ ਕੀ ਏ।”
“ਊਂ ਮਹਿਰਾ ਮਾਰ ਕਿੰਨੀ ਕੁ ਖਾਣ ਜੋਗਾ ਏ ?”
“ਮਾਰ ਤਾਂ ਖਾ ਲਵੇਗਾ, ਪਰ ਤੀਵੀਂ ਮਿਲ ਜਾਵੇ ਸਹੀ।”
“ਨੰਬਰਦਾਰਾ, ਇਹ ਦੱਸ, ਤੀਵੀਂ ਗਈ ਕਿਹੜੇ ਦੁੱਖੋਂ ?” ਥਾਣੇਦਾਰ ਨੇ ਸੂਹ ਲੈਣੀ ਚਾਹੀ।
“ਮੈਨੂੰ ਤਾਂ ਜੀ ਸ਼ੱਕ ਹੈ, ਮੁੰਡਾ ਨਿਆਣਾ ਏਂ ਤੇ ਏਸ ਕੰਜਰ ਨੇ ਤੀਵੀਂ ਨੂੰ ਛੇੜਿਆ ਹੋਊ। ਲੋਕਾਂ ਦੀ ਵੀ ਏਹੀ ਦੰਦ-ਕਥਾ ਏ, ਇਹਨੇ ਮੁੰਡਾ ਨਹੀਂ, ਆਪ ਵਿਆਹ ਕਰਾਇਆ ਏ।” ਨੰਬਰਦਾਰ ਨੇ ਜਿਸ ਜਿਸ ਤਰ੍ਹਾਂ ਦੀਆਂ ਉੱਡਦੀਆਂ ਗੱਲਾਂ ਪਿੰਡ ਵਿਚ ਸੁਣੀਆਂ ਸਨ, ਥਾਣੇਦਾਰ ਨੂੰ ਦੱਸ ਦਿੱਤੀਆਂ।
ਨੰਬਰਦਾਰ ਦੀ ਆਖੀ ਗੱਲ ਥਾਣੇਦਾਰ ਦੇ ਵੀ ਥੋੜੀ ਦਿਲ ਲੱਗ ਗਈ।
“ਚੰਗਾ ਤੂੰ ਇਹਦੇ ਨਾਲ ਪਹਿਲੋਂ ਗੱਲ ਗਿਣ ਲੈ।” ਥਾਣੇਦਾਰ ਉਹਨਾਂ ਨੂੰ ਇਕੱਲਿਆਂ ਛੱਡ ਕੇ ਦਫ਼ਤਰ ਅੰਦਰ ਚਲਿਆ ਗਿਆ।
ਥਾਣੇਦਾਰ ਦੇ ਚਲੇ ਜਾਣ ਪਿਛੋਂ ਨੰਬਰਦਾਰ ਨੇ ਨਿੱਕੇ ਨਾਲ ਗੱਲ ਕੀਤੀ ਕਿ ਨਾਵੇਂ ਬਿਨਾਂ ਕੰਮ ਨਹੀਂ ਬਣਨਾ। ਨਾਵੇਂ ਦੀ ਗੱਲ ਸੁਣ ਕੇ ਨਿੱਕੇ ਦਾ ਸਾਹ ਸੰਘ ਵਿਚਕਾਰ ਹੀ ਫਸ ਗਿਆ। ਅਖ਼ੀਰ ਉਸ ਤੋੜ ਭੰਨ ਕਰਦੇ ਨੇ ਦੋ ਸੌ ਉਤੇ ਸਿਰ ਹਿਲਾ ਦਿੱਤਾ। ਉਸ ਬਾਰਾਂ ਸੌ ਦੀ ਕਬੂਤਰੀ ਲਈ ਦੋ ਸੌ ਦਾ ਹੋਰ ਦਾਅ ਲਾ ਦਿੱਤਾ। ਉਹ ਏਨੀ ਕੁ ਸਮਝਦਾ ਹੀ ਸੀ ਕਿ ਖੂਹ ਵਿਚ ਡਿੱਗੀ ਇੱਟ ਸੁੱਕੀ ਨਹੀਂ ਨਿਕਲ ਸਕਦੀ।
ਜਦ ਥਾਣੇਦਾਰ ਬਾਹਰ ਆਇਆ, ਉਸ ਨੰਬਰਦਾਰ ਨਾਲ ਅੱਖਾਂ ਮਿਲਾਈਆਂ ਤੇ ਝਟ ਹੀ ਉਸ ਦੀਆਂ ਅੱਖਾਂ ਵਿਚ ਠੀਕ-ਠਾਕ ਪੜ੍ਹ ਕੇ ਟੌਅਰੀ ਹੋ ਗਿਆ।
“ਆ ਓਏ ਮਹਿਰਿਆ ! ਤੇਰਾ ਕੰਮ ਬਣਾਈਏ !” ਥਾਣੇਦਾਰ ਨੇ ਆਖਿਆ, ਨਿੱਕਾ ਗਲ ਵਿਚ ਪੱਲਾ ਪਾ ਕੇ ਖਲੋ ਗਿਆ। “ਕਿਉਂ ਓਏ, ਕੁਰਸੀ ਵਿਚ ਡਿੱਗਦਿਆਂ ਤੀਵੀਂ ਲੱਭ ਦੇਈਏ ?”
“ਹਜ਼ੂਰ ਦੀ ਮਿਹਰਬਾਨੀ ਹੋ ਜਾਵੇ, ਮੈਂ ਤਾਂ ਪੱਟਿਆ ਹੀ ਗਿਆ।” ਨਿੱਕਾ ਇਕ ਦਮ ਮਿੰਨ੍ਹਾ ਮਸਕੀਨ ਬਣ ਗਿਆ, ਉਹ ਕਹਿਣਾ ਚਾਹੁੰਦਾ ਸੀ, ਤੂੰ ਵੀ ਦੋ ਸੌ ਲਈ ਹੀ ਹੁੰਗਾਰਾ ਭਰਿਆ ਏ।
“ਮਾਂ ਦਿਆ ਖਸਮਾ ! ਜੇ ਗੱਭਰੂ ਹੋਏ ਮੁੰਡੇ ਨੂੰ ਵਿਆਹੁੰਦਾ, ਉਹ ਕਿਉਂ ਜਾਂਦੀ।”
“ਹਜ਼ੂਰ ਪੱਨੀਆਂ ਭੁਆਲੀਆਂ ਆ ਗਈਆਂ।”
“ਜੇ ਤੀਵੀਂ ਅਸੀਂ ਫੜ ਦੇਈਏ, ਫਿਰ ਸਾਂਭ ਲਵੇਂਗਾ ?” ਥਾਣੇਦਾਰ ਇਕੋ ਅੱਖ ਨਾਲ ਨੰਬਰਦਾਰ ਨੂੰ ਵੀ ਵੇਖ ਗਿਆ।
“ਹਜ਼ੂਰ ਫੇਰ ਅਸੀਂ ਸਾਂਭ ਲਵਾਂਗੇ।” ਨਿੱਕੇ ਨੇ ਹਿੱਕ ਨੂੰ ਹੱਥ ਲਾ ਕੇ ਉੱਤਰ ਦਿੱਤਾ।
“ਹੱਛਾ ਇਹ ਦੱਸ, ਉਹਦੀ ਬੱਦੋਵਾਲ ਕਿਸੇ ਮੁੰਡੇ ਨਾਲ ਯਾਰੀ ਤਾਂ ਨਹੀਂ ਸੀ ?”
“ਜੀ ਇਹ ਨਹੀਂ ਪਤਾ।” ਨਿੱਕਾ ਨਾਂਹ ਵਿਚ ਕੰਨਾਂ ਨੂੰ ਹੱਥ ਲਾ ਗਿਆ, ਜਿਵੇਂ ਇਸ ਗੱਲ ਨਾਲ ਉਸ ਦੀ ਇੱਜ਼ਤ ਵੀ ਪੱਟੀਦੀ ਸੀ।
“ਹੋਰ ਕੁੱਤੀ ਦਿਆ ਪੁੱਤਰਾ, ਉਹਨੂੰ ਧਰਤੀ ਨਿਘਾਰ ਗਈ। ਮੁਟਿਆਰ ਜ਼ਨਾਨੀ ਐਵੇਂ ਨਹੀਂ ਜਾਂਦੀ ਹੁੰਦੀ।” ਥਾਣੇਦਾਰ ਨੇ ਆਪਣੀ ਗੱਲ ਦੀ ਪੁਸ਼ਟੀ ਲਈ ਬੂਟ ਵਾਲਾ ਪੈਰ ਮੇਜ਼ ਉਤੇ ਠਕੋਰਿਆ। “ਦੂਜੇ ਸੁਣ, ਉਹਨਾਂ ਦੀਆਂ ਰਿਸ਼ਤੇਦਾਰੀਆਂ ਵੱਲ ਜਿੱਥੇ ਕਿਤੇ ਵੀ ਤੈਨੂੰ ਥੋੜੀ ਜਿੰਨੀ ਸ਼ੱਕ ਪੈਂਦੀ ਏ, ਬੜੇ ਚੁਸਤ ਬੰਦੇ ਭੇਜ ਦੇ, ਉਹਨਾਂ ਦੀ ਚੂਕ ਨਾ ਨਿਕਲੇ ਕਿਸੇ ਕੋਲ। ਜੇ ਕਿਸੇ ਮੁੰਡੇ ਉਤੇ ਸ਼ੱਕ ਹੋਵੇ ਤਾਂ ਪਤਾ ਦੇਵੀਂ, ਸਾਲੇ ਨੂੰ ਲੰਮਾ ਪਾਵਾਂਗੇ। ਸੁਣਿਆ ?”
“ਜੀ ਹਜ਼ੂਰ !” ਨਿੱਕੇ ਨਾਲ ਹੀ ਸਿਰ ਹਲਾਇਆ।
“ਜਦੋਂ ਮਾੜੀ ਜਿਹੀ ਵੀ ਸੂਹ ਲਗੇ, ਫ਼ੌਰਨ ਮੇਰੇ ਕੋਲ ਆ ਜਾਵੀਂ। ਹੱਛਾ, ਤੇਰਾ ਲੈ ਕੇ ਤਾਂ ਨਹੀਂ ਗਈ ਕੁਝ ?” ਐਤਕੀਂ ਥਾਣੇਦਾਰ ਨੇ ਫਿਰ ਨੰਬਰਦਾਰ ਵੱਲ ਧਿਆਨ ਕੀਤਾ।
“ਜੀ ਨਹੀਂ, ਐਵੇਂ ਝੂਠ ਬੋਲਣਾ।” ਨਿੱਕੇ ਨੇ ਕਿੰਨਾ ਸੱਚ ਬੋਲਿਆ ਸੀ ਤੇ ਉਹ ਆਪਣੇ ਸੱਚ ਦੀ ਥਾਣੇਦਾਰ ਤੋਂ ਦਾਦ ਚਾਹੁੰਦਾ ਸੀ।
“ਨੰਬਰਦਾਰਾ ! ਪਰਚਾ ਨਹੀਂ ਲਿਖਦੇ ਹਾਲੇ। ਜੇ ਜ਼ੇਵਰ ਲੈ ਗਈ ਲਿਖਦੇ ਆਂ, ਤਾਂ ਕਈ ਵਾਰ ਕੋਰਟ ਵਿਚ ਸਾਬਤ ਕਰਨੇ ਔਖੇ ਹੋ ਜਾਂਦੇ ਹਨ।” ਥਾਣੇਦਾਰ ਇਕ ਤਰ੍ਹਾਂ ਉਹਨਾਂ ਦੀ ਸਲਾਹ ਵੀ ਪੁੱਛ ਰਿਹਾ ਸੀ।
“ਜਿਵੇਂ ਹਜ਼ੂਰ ਦੀ ਮਰਜ਼ੀ ਏ ਕਰੋ, ਪਰ ਕੰਮ ਸਾਡੇ ਮਹਿਰੇ ਦਾ ਹੋ ਜਾਵੇ।” ਨੰਬਰਦਾਰ ਨੇ ਨਿੱਕੇ ਦੇ ਮੂੰਹ ਰੂਬਰੂ ਉਸ ਦੀ ਸਫ਼ਾਰਸ਼ ਕਰ ਦਿੱਤੀ।
“ਇਹ ਕਿਵੇਂ ਹੋ ਸਕਦਾ ਏ ਨੰਬਰਦਾਰਾ ! ਤੂੰ ਆਵੇਂ ਤੇ ਅਸੀਂ ਤੇਰੇ ਬੰਦੇ ਦਾ ਕੰਮ ਨਾ ਕਰੀਏ।” ਥਾਣੇਦਾਰ ਨੇ ਪੂਰਨ ਤਸੱਲੀ ਵਿਚ ਆਖਿਆ, “ਪਰ ਤੁਸੀਂ ਥੋੜਾ ਬਹੁਤ ਥਹੁ-ਪਤਾ ਜ਼ਰੂਰ ਲਿਆ ਕੇ ਦਿਓ, ਫਿਰ ਅਸੀਂ ਜਾਣੀਏ ਸਾਡਾ ਕੰਮ। ਹੱਛਾ ਹੁਣ ਤੁਸੀਂ ਜਾਓ ਤੇ ਥਾਉਂ ਥਾਈਂ ਬੰਦੇ ਤੋਰ ਦਿਉ, ਸਮਝੇ ?”
“ਚੰਗਾ ਹਜ਼ੂਰ !” ਉਹਨਾਂ ਦੋਹਾਂ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ ਬੁਲਾਈ ਅਤੇ ਓਥੋਂ ਤੁਰ ਪਏ।
ਮਾਯੂਸ ਨਿੱਕੇ ਨੂੰ ਪ੍ਰਤੀਤ ਹੁੰਦਾ ਸੀ, ਜਿਵੇਂ ਥਾਣੇਦਾਰ ਨੇ ਦੋ ਸੌ ਲੈਣ ਲਈ ਥਾਂ ਬਣਾ ਲਈ ਹੈ ਤੇ ਭਾਲ ਦਾ ਸਾਰਾ ਕੰਮ ਮੇਰੇ ਮੋਢਿਆਂ ਉਤੇ ਹੀ ਸੁੱਟ ਦਿੱਤਾ ਹੈ।
ਤੀਜੇ ਦਿਨ ਨਿੱਕੇ ਨੂੰ ਸੁਨੇਹਾ ਆ ਮਿਲਿਆ ਕਿ ਧੰਤੋ ਤਾਂ ਕਾਉਂਕੀ ਮੋਦਨ ਦੇ ਘਰ ਹੈ, ਜਿੱਥੇ ਉਹ ਪਹਿਲਾਂ ਮੰਗੀ ਹੋਈ ਸੀ। ਉਸ ਮੋਦਨ ਦੇ ਅੱਗੇ ਪਿੱਛੇ ਦਾ ਚੋਰੀ ਚੋਰੀ ਪਤਾ ਕੀਤਾ, ਤਦ ਨਿੱਕੇ ਨੂੰ ਮੋਦਨ ਦੇ ਘਰ ਕਾਉਂਕੀ ਜਾਣ ਉਤੇ ਯਕੀਨ ਹੋ ਗਿਆ ਕਿ ਤੀਵੀਂ ਦੀ ਉਸ ਮੁੰਡੇ ਨਾਲ ਪਹਿਲੋਂ ਦੀ ਹੀ ਰਾਲ-ਪਾਲ ਸੀ ਤੇ ਮੇਰਾ ਫੀਲੇ ਅਤੇ ਕਾਰੇ ਉਤੇ ਸ਼ੱਕ ਫ਼ਜ਼ੂਲ ਹੈ। ਉਹ ਨੰਬਰਦਾਰ ਨੂੰ ਨਾਲ ਲੈ ਕੇ ਥਾਣੇਦਾਰ ਕੋਲ ਨੱਠਾ-ਨੱਠਾ ਆਇਆ ਅਤੇ ਸਾਰੀ ਗੱਲ ਆ ਦੱਸੀ। ਥਾਣੇਦਾਰ ਨੇ ਹੱਸ ਕੇ ਅੱਗੋਂ ਆਖਿਆ :
“ਕਿਉਂ ਹੋਈ ਨਾ ਮੇਰੇ ਵਾਲੀ ਗੱਲ ਸੱਚੀ, ਜਵਾਨ ਤੀਵੀਂ ਨਾ ਜਵਾਨ ਮੁੰਡੇ ਬਿਨਾਂ ਨਿਕਲੂ।” “ਹੁਣ ਤਾਂ ਹਜ਼ੂਰ ਦੇ ਹੀ ਹੱਥ ਵਸ ਹੈ।” ਨਿੱਕੇ ਨੂੰ ਧੰਤੋ ਦੇ ਮੁੜ ਆਉਣ ਦੀ ਖ਼ੁਸ਼ੀ ਚੜ੍ਹੀ ਹੋਈ ਸੀ।
“ਸੁਣ, ਹੁਣ ਤੈਨੂੰ ਮੈਂ ਹੋਰ ਰਾਹ ਦੱਸਦਾ ਹਾਂ, ਨੰਬਰਦਾਰਾ ! ਇਹਦੇ ਨਾਲ ਜਾਹ, ਸਿਆਣੇ ਜਿਹੇ ਵਕੀਲ ਦੀ ਮਾਰਫ਼ਤ ਆਪਣੇ ਇਲਾਕੇ ਦੇ ਮੈਜਿਸਟ੍ਰੇਟ ਗੁਰਇਕਬਾਲ ਸਿੰਘ ਦੇ ਦਰਖ਼ਾਸਤ ਦੇਵੋ ਕਿ ਮੇਰੀ ਨੂੰਹ ਨੂੰ ਫ਼ਲਾਂ ਮੁੰਡਾ ਫ਼ਲਾਂ ਥਾਂ ਨਾਜਾਇਜ਼ ਤੌਰ ਤੇ ਦਬਾ ਕੇ ਰੱਖੀ ਬੈਠਾ ਏ। ਸਮਝਿਆ ?” ਥਾਣੇਦਾਰ ਨੇ ਇਕ ਵਾਰ ਡੌਲਿਓਂ ਫੜ ਕੇ ਨਿੱਕੇ ਨੂੰ ਹਲੂਣਿਆ।
“ਹਾਂ ਜੀ ਹਜ਼ੂਰ !” ਨਿੱਕੇ ਨੇ ਉਸ ਤਰ੍ਹਾਂ ਹੀ ਨਾਲ ਸਿਰ ਮਾਰਿਆ।
ਹਜ਼ੂਰ ਦਿਆ ਘੋੜਿਆ ਹੋਰ ਸੁਣ, ਮੈਂ ਆਪਣਾ ਸਿਪਾਹੀ ਸਟੈਨੋ ਕੋਲ ਭੇਜਦਾ ਹਾਂ। ਓਹ ਫ਼ੌਰਨ ਮੈਜਿਸਟ੍ਰੇਟ ਕੋਲੋਂ ਵਾਰੰਟ ਉਤੇ ਦਸਖ਼ਤ ਕਰਵਾ ਕੇ ਸ਼ਾਮ ਦੀ ਡਾਕ ਹੀ ਜਗਰਾਉਂ ਦੇ ਥਾਣੇ ਭੇਜ ਦੇਵੇਗਾ। ਓਥੋਂ ਗ੍ਰਿਫ਼ਤਾਰੀ ਪਵਾਉਣੀ ਮੇਰਾ ਜ਼ੁੰਮਾ। ਜਦੋਂ ਵਾਰੰਟ ਜਗਰਾਉਂ ਪਹੁੰਚ ਜਾਵੇ ਤੂੰ ਫ਼ੌਰਨ ਤੋਂ ਪਹਿਲਾਂ ਓਥੇ ਚਲਾ ਜਾਵੀਂ। ਇਕ ਦੋ ਬੰਦੇ ਵੀ ਨਾਲ ਲੈ ਜਾਵੀਂ ਵਾਕਫ਼ਕਾਰ, ਸਮਝਿਆ ?” ਥਾਣੇਦਾਰ ਨੇ ਨਿੱਕੇ ਅਤੇ ਨੰਬਰਦਾਰ ਨੂੰ ਸਾਰੀ ਸਕੀਮ ਤੈਅ ਕਰ ਦਿੱਤੀ।
ਉਹ ਦੋਵੇਂ ਥਾਣੇਦਾਰ ਦੀ ਹਰ ਗੱਲ ਨਾਲ ਮੂਰਖਾਂ ਵਾਂਗ ਸਿਰ ਹਿਲਾ ਰਹੇ ਸਨ।
“ਥਾਣੇਦਾਰ ਤੋਂ ਛਾਪਾ ਓਦੋਂ ਪਵਾਇਓ, ਜਦੋਂ ਉਹ ਸੂਰਨੀ ਬਿਲਕੁਲ ਘਰ ਹੋਵੇ। ਨਹੀਂ ਤਾਂ ਕੰਮ ਖ਼ਰਾਬ ਹੋ ਜਾਵੇਗਾ, ਉਹ ਮਾਂ ਦਾ ਖਸਮ ਲੈ ਕੇ ਕਿਤੇ ਹੋਰ ਨਿਕਲ ਜਾਵੇਗਾ, ਫੇਰ ਵਖ਼ਤ ਨੂੰ ਫੜਿਆ ਫਿਰੇਂਗਾ ਹੈਂ, ਸਮਝਿਆ ਨਾ ?” ਥਾਣੇਦਾਰ ਨੇ ਉਸ ਨੂੰ ਇਕ ਤਰ੍ਹਾਂ ਰਾਹ ਪਾ ਦਿੱਤਾ।
“ਤੁਹਾਡੀ ਮਾਪਿਓ ਮਿਹਰਬਾਨੀ ਨਾਲ ਹੀ ਕੰਮ ਰਾਸ ਆਉਣਾ ਏਂ।” ਨਿੱਕੇ ਦੀ ਹੌਸਲੇ ਵਿਚ ਛਾਤੀ ਫੁਲਦੀ ਜਾ ਰਹੀ ਸੀ।
“ਹੋਰ ਸੁਣ ਓਏ, ਸੂਰਨੀ ਦੇ ਪਿਓ ਨੂੰ ਹੱਥ ਵਿਚ ਰੱਖੀਂ, ਨਹੀਂ ਤਾਂ ਸਾਰੀ ਖੇਡ ਚੌੜ ਹੋ ਜਾਵੇਗੀ।” ਥਾਣੇਦਾਰ ਨੇ ਇਕ ਹੋਰ ਚਿਤਾਵਨੀ ਦਿੱਤੀ।
“ਹੱਛਾ ਜੀ, ਅਸੀਂ ਏਥੋਂ ਸਿੱਧੇ ਉਸ ਕੋਲ ਹੀ ਜਾਵਾਂਗੇ, ਉਹ ਆਪਾਂ ਤੋਂ ਬਾਹਰ ਨਹੀਂ ਹੋ ਸਕਦਾ।” ਨਿੱਕੇ ਨੂੰ ਦਿਲ ਦੇ ਪੱਧਰੇ ਫੀਲੇ ਉਤੇ ਭਰੋਸਾ ਸੀ ਕਿ ਉਸ ਨੂੰ ਆਪਣੇ ਪਿਛੇ ਲਾ ਲਵਾਂਗਾ।
“ਜੇ ਨੰਬਰਦਾਰਾ ਉਹਨੇ ਖੱਬਾ ਸੱਜਾ ਕੀਤਾ, ਮੈਨੂੰ ਖ਼ਬਰ ਕਰਨੀ, ਮੈਂ ਸਾਲੇ ਦੇ ਏਥੇ ਸੱਦ ਕੇ ਵੱਟ, ਕੱਢ ਦਿਆਂਗਾ।” ਥਾਣੇਦਾਰ ਨੇ ਹਰ ਤਰ੍ਹਾਂ ਤਸੱਲੀ ਦੇ ਕੇ ਉਹਨਾਂ ਨੂੰ ਆਪਣੇ ਕੋਲੋਂ ਤੋਰਿਆ।
ਨਿੱਕਾ ਅੱਜ ਪੂਰੇ ਹੌਸਲੇ ਵਿਚ ਥਾਣੇਦਾਰ ਕੋਲੋਂ ਵਾਪਸ ਆ ਰਿਹਾ ਸੀ।
ਸ਼ਾਮ ਦੇ ਤਿੰਨ ਵਜੇ ਸਨ, ਜਦ ਮੋਦਨ ਦੇ ਘਰ ਪੋਲੀਸ ਦਾ ਛਾਪਾ ਪੈ ਗਿਆ। ਮੋਦਨ ਘਰ ਨਹੀਂ ਸੀ, ਨੇੜੇ ਹੀ ਸੱਥ ਵਿਚ ਤਾਸ਼ ਖੇਡ ਰਿਹਾ ਸੀ। ਧੰਤੋ ਅਤੇ ਮੋਦਨ ਦੀ ਮਾਂ ਘਰ ਸਨ। ਨਿੱਕੇ ਨੇ ਆਉਣ ਸਾਰ ਧੰਤੋ ਵੱਲ ਇਸ਼ਾਰਾ ਕਰਦਿਆਂ ਥਾਣੇਦਾਰ ਨੂੰ ਆਖਿਆ :
“ਹਜ਼ੂਰ ! ਆਹ ਬੈਠੀ ਐ।” ਨਿੱਕੇ ਦਾ ਭੇਤੀ ਨਾਲ ਸੀ। ਚਾਰ ਸਿਪਾਹੀ ਅਤੇ ਪਿੰਡ ਦਾ ਨੰਬਰਦਾਰ ਵੀ ਛੱਬ-ਛੱਬ ਅੰਦਰ ਆ ਵੜੇ ਸਨ।
ਮੋਦਨ ਦੀ ਮਾਂ ਡਰ ਗਈ। ਧੰਤੋ ਨੇ ਏਥੇ ਆ ਕੇ ਸਾਰੇ ਫ਼ਿਕਰ ਭੁਲਾ ਹੀ ਦਿੱਤੇ ਸਨ। ਉਹ ਆਪੇ ਨੂੰ ਹਰ ਤਰ੍ਹਾਂ ਦੇ ਦੁਸ਼ਮਣਾਂ ਤੋਂ ਆਜ਼ਾਦ ਸਮਝਦੀ ਸੀ ਤੇ ਉਸ ਨੂੰ ਕਿਸੇ ਬਿਪਤਾ ਦੇ ਸੁਪਨੇ ਵਿਚ ਆਉਣ ਦੀ ਵੀ ਆਸ ਨਹੀਂ ਸੀ। ਉਸ ਹੈਰਾਨੀ ਤੇ ਡਰ ਵਿਚ ਡੌਰ-ਡੌਰ ਅੱਖਾਂ ਨਾਲ ਸਾਰਿਆਂ ਨੂੰ ਵੇਖਿਆਂ, ਜਿਵੇਂ ਪੁੱਛ ਰਹੀ ਹੋਵੇ, “ਜ਼ਾਲਮੋ ! ਤੁਸੀਂ ਮੇਰੇ ਕੋਲੋਂ ਕੀ ਲੈਣਾ ਏਂ, ਮੈਂ ਤੁਹਾਡਾ ਖਹਿੜਾ ਛੱਡ ਚੁਕੀ ਹਾਂ, ਤੁਸੀਂ ਮੇਰਾ ਪਿੱਛਾ ਕਿਉਂ ਨਹੀਂ ਛੱਡਦੇ ?”
“ਭਾਈ ਉਠ ਤੁਰ।” ਥਾਣੇਦਾਰ ਨੇ ਧੰਤੋ ਨੂੰ ਨਰਮੀ ਨਾਲ ਆਖਿਆ। ਉਹ ਸਮਝਦਾ ਸੀ, ਦੋਸ਼ਣ ਦੇ ਸਿਰ ਉਤੇ ਆ ਖਲੋਤਾ ਹੈ, ਹੁਣ ਇਹ ਕਿਤੇ ਨੱਠ ਕੇ ਤਾਂ ਜਾ ਹੀ ਨਹੀਂ ਸਕਦੀ।
“ਕਿਉਂ ?” ਧੰਤੋ ਦਾ ਦਿਲ ਧੜਕਨ ਲੱਗ ਪਿਆ ਤੇ ਡਰ ਕਾਰਨ ਉਸ ਨੂੰ ਕੰਬਣੀ ਆ ਗਈ। ਇਹ ਤਾਂ ਉਹ ਸਪੱਸ਼ਟ ਹੀ ਸਮਝ ਗਈ ਸੀ ਕਿ ਪੋਲੀਸ ਹੱਥੋਂ ਖ਼ੈਰ ਨਹੀਂ।
“ਤੇਰੇ ਭਾਈ ਵਾਰੰਟ ਐ, ਤੈਨੂੰ ਚਲਣਾ ਪਊਗਾ।”
“ਮੈਂ ਨਹੀਂ ਕਿਤੇ ਜਾਣਾ, ਮੇਰਾ ਮਾਲਕ ਘਰ ਨਹੀਂ।” ਡਰੀ-ਡਰੀ ਧੰਤੋ ਨੇ ਜਾਣੋਂ ਨਾਂਹ ਕਰ ਦਿੱਤੀ।
ਸਾਰੇ ਸਿਪਾਹੀ ਧੰਤੋ ਦੇ ਮੂੰਹ ਵੱਲ ਵੇਖੀ ਜਾ ਰਹੇ ਸਨ। ਮੋਦਨ ਦੀ ਮਾਂ ਆਪਣੇ ਪੁੱਤ ਨੂੰ ਆਵਾਜ਼ ਮਾਰਨ ਲਈ ਬਾਹਰ ਭੱਜ ਗਈ। ਧੰਤੋ ਦੇ ‘ਮੇਰਾ ਮਾਲਕ ਘਰ ਨਹੀਂ ਆਖਣ ਉਤੇ ਨਿੱਕੇ ਨੂੰ ਗੁੱਸਾ ਆ ਗਿਆ, ਕਿ ਸਾਲੀ ਚਾਰ ਦਿਨਾਂ ਵਿਚ ਮਾਲਕ ਵੀ ਬਣਾ ਬੈਠੀ। ਉਸ ਅਗਾਂਹ ਵਧ ਕੇ ਉਸ ਨੂੰ ਬਾਹੋਂ ਫੜ ਕੇ ਖਿੱਚਨਾ ਚਾਹਿਆ।
“ਤੁਰਦੀ ਤੂੰ ਕਿਵੇਂ ਨਹੀਂ ਤੇਰੇ ਤਾਂ ਵੱਡੇ ਵੀ ਤੁਰਨਗੇ।”
“ਖ਼ਬਰਦਾਰ ਜੇ ਮੈਨੂੰ ਹੱਥ ਲਾਇਆ, ਆਪ ਨੂੰ ਕੀਤਾ ਪਾਵੇਂਗਾ।” ਉਹ ਨਿੱਕੇ ਦੇ ਮੁਕਾਬਲੇ ਵਿਚ ਆਪੇ ਨੂੰ ਤਕੜੀ ਸਮਝਦੀ ਸੀ।
“ਸਾਨੂੰ ਪੱਟ ਕੇ ਤੂੰ ਖਸਮ ਵੀ ਹੋਰ ਆ ਕੀਤਾ ?” ਨਿੱਕਾ ਹੋਰ ਅਗਾਂਹ ਵਧ ਆਇਆ।
“ਗਾਂਹ ਹੋਇਆ ਜੁੱਤੀ ਐ ਮੇਰੇ ਕੋਲ।” ਰਲੇ ਮਿਲੇ ਡਰ, ਰੋਹ ਅਤੇ ਗ਼ੁੱਸੇ ਕਾਰਨ ਧੰਤੋ ਦੀਆਂ ਅੱਖਾਂ ਲਾਲ-ਬੱਗੀਆਂ ਹੋ ਹੋ ਜਾਂਦੀਆਂ ਸਨ।
ਥਾਣੇਦਾਰ ਨੇ ‘ਤਾਅੜਾ’ ਕਰਦਾ ਡੰਡਾ ਨਿੱਕੇ ਦੇ ਮੌਰਾਂ ਵਿਚ ਖਿੱਚ ਮਾਰਿਆ।
“ਸੂਰ ਦਾ ਬੱਚਾ ! ਹਰਾਮਜ਼ਾਦਾ !! ਤੈਨੂੰ ਕੀਹਨੇ ਆਖਿਆ ਏ ਫੜਨ ਨੂੰ।” ਥਾਣੇਦਾਰ ਨੇ ਸਾਰੇ ਹਾਲਾਤ ਨੂੰ ਝਟ ਹੀ ਭਾਂਪ ਲਿਆ ਅਤੇ ਧੰਤੋ ਦੀ ਹਮਦਰਦੀ ਜਿੱਤਣ ਲਈ ਉਸ ਅਜਿਹਾ ਕੀਤਾ ਸੀ। “ਪਿੱਛੇ ਹਟ ਜਾਹ ਇਹ ਕੰਮ ਮੇਰਾ ਹੈ।” ਥਾਣੇਦਾਰ ਨੇ ਪੂਰੇ ਰੋਹ ਨਾਲ ਧਮਕੀ ਮਾਰੀ। ਥਾਣੇਦਾਰ ਸਿਆਣਾ ਸੀ। ਉਸ ਸਮਝਿਆ, ਮੈਂ ਕਿਉਂ ਏਹੋ ਜਿਹੀ ਮੂੰਹ ਜ਼ੋਰ ਜ਼ਨਾਨੀ ਨਾਲ ਝਗੜਾਂ, ਕੋਈ ਸਿਆਪਾ ਗਲ ਪੁਆ ਬੈਠਾਂਗਾ। ਕਿਉਂ ਨਾ ਨਰਮੀ ਤੋਂ ਕੰਮ ਲਵਾਂ।
ਨਿੱਕਾ ਸੱਟ ਵਾਲੀ ਥਾਂ ਪਲੋਸਦਾ ਸਿਪਾਹੀਆਂ ਦੇ ਪਿੱਛੇ ਹੋ ਗਿਆ। ਧੰਤੋ ਨੂੰ ਉਸ ਦੀ ਪਾਣ ਪੱਤ ਲਹਿ ਜਾਣ ਉਤੇ ਅੰਦਰੋਂ ਬੜੀ ਖ਼ੁਸ਼ੀ ਹੋਈ, ਪਰ ਉਹ ਜਮਦੂਤ ਪਰਵਾਨਾ ਕੱਢੀ ਜਿਉਂ ਦੇ ਤਿਉਂ ਖੜੇ ਸਨ।
“ਬੀਬੀ ! ਜਾਣਾ ਜ਼ਰੂਰ ਪਊਗਾ, ਇਹ ਸਰਕਾਰੀ ਹੁਕਮ ਐ। ਅਸੀਂ ਤਾਂ ਸਰਕਾਰ ਦੀ ਡਿਊਟੀ ਵਜਾਉਣੀ ਏ।” ਥਾਣੇਦਾਰ ਹਾਲੇ ਵੀ ਨਰਮ ਸ਼ਬਦਾਂ ਤੋਂ ਕੰਮ ਲੈ ਰਿਹਾ ਸੀ।
“ਜੀ ਜਿੰਨਾ ਚਿਰ ਮਾਲਕ ਨਹੀਂ ਆ ਜਾਂਦਾ, ਮੈਂ ਨਹੀਂ ਜਾਣਾ”, ਧੰਤੋ ਨੇ ਅੱਖਾਂ ਭਰ ਲਈਆਂ। “ਮੈਂ ਕਿਸੇ ਦਾ ਕੀ ਚੁਕਿਆ ਚੁਰਾਇਆ ਏ, ਮੈਨੂੰ ਕਾਹਤੋਂ ਫੜਦੇ ਓ।” ਉਹ ਆਪਣੀ ਤਰ੍ਹਾਂ ਦੇ ਤਰਲੇ ਵਿਚ ਕੰਬਦੀ ਰਹੀ ਸੀ।
“ਬੀਬੀ ! ਮੈਨੂੰ ਕੋਈ ਪਤਾ ਨਹੀਂ, ਮੇਰੇ ਕੋਲ ਅਦਾਲਤ ਵਲੋਂ ਤੇਰੇ ਵਾਰੰਟ ਐ, ਮੈਂ ਤੈਨੂੰ ਫੜ ਕੇ ਉਸ ਅਦਾਲਤ ਦੇ ਇਕ ਵਾਰ ਪੇਸ਼ ਕਰ ਦੇਣਾ ਏਂ। ਮੇਰਾ ਇਸ ਤੋਂ ਵਧ ਕੋਈ ਕੰਮ ਨਹੀਂ ਤੇ ਨਾ ਹੀ ਮੈਨੂੰ ਹੋਰ ਪਤਾ ਏ।” ਥਾਣੇਦਾਰ ਨੇ ਸਾਊ ਤਰੀਕੇ ਨਾਲ ਧੰਤੋ ਨੂੰ ਸਮਝਾਇਆ।
ਧੰਤੋ ਨੇ ਸੋਚਿਆ, ਉਸ ਦੇ ਪਿਉ ਦੇ ਵੀ ਵਾਰੰਟ ਨਿਕਲਣੇ ਸਨ, ਫੇਰ ਜੇਲ੍ਹ ਕਰ ਦਿੰਦੇ ਹੋਣਗੇ। ਮੈਨੂੰ ਵੀ ਜੇਲ੍ਹ ਕਰਨਗੇ। ਜੇਲ੍ਹ ਦੇ ਖ਼ਿਆਲ ਨਾਲ ਉਹ ਕੰਬਣ ਲੱਗ ਪਈ। ਘਰ ਵਿਚ ਹੋਰ ਤਮਾਸ਼ਾ ਦੇਖਣ ਵਾਲੇ ਆ ਗਏ। ਮੋਦਨ ਵੀ ਭੱਜਾ-ਭੱਜਾ ਆ ਪਹੁੰਚਿਆ ਤੇ ਉਹ ਵੀ ਘਬਰਾ ਗਿਆ ਸੀ ਕਿ ਪੋਲੀਸ ਨੂੰ ਕੀ ਕੀਤਾ ਜਾਵੇ। ਉਸ ਝਟ ਹੀ ਨਛੱਤਰ ਨੂੰ ਯਾਦ ਕੀਤਾ ਅਤੇ ਮਾਂ ਨੂੰ ਉਸ ਵੱਲ ਤੋਰ ਦਿੱਤਾ। ਮੋਦਨ ਨੇ ਥਾਣੇਦਾਰ ਅੱਗੇ ਹੁੰਦਿਆਂ ਆਖਿਆ :
“ਜੀ ਮੈਨੂੰ ਲੈ ਚਲੋ ਜਿਥੇ ਲੈ ਕੇ ਚਲਣਾ ਏਂ, ਇਹਨੂੰ ਮੈਂ ਨਹੀਂ ਫੜਨ ਦੇਣਾ।”
“ਤੇਰੀ ਘਰ ਦੀ ਹਕੂਮਤ ਐ, ਤੂੰ ਫੜਨ ਨਹੀਂ ਦੇਣਾ, ਮੈਂ ਤੈਨੂੰ ਫੜ ਕੇ ਵਖਾਂਦਾਂ।”
ਸਰਦਾਰ ਤਾਅ ਖਾ ਕੇ ਝਟ ਥਾਣੇਦਾਰੀ ਰੋਹਬ ਵਿਚ ਆ ਗਿਆ।
“ਨਾ ਜੀ, ਤੁਸੀਂ ਫੜ ਤਾਂ ਸਕਦੇ ਓ, ਮੈਂ ਕਹਿੰਦਾਂ ਮੈਨੂੰ ਲੈ ਚਲੋ, ਇਹਨੂੰ ਕੀ ਕਰਨਾ ਏਂ।” ਮੋਦਨ ਪਹਿਲੇ ਝਟਕੇ ਵਿਚ ਹੀ ਢਿੱਲਾ ਪੈ ਗਿਆ।
“ਇਹਦੇ ਵਾਰੰਟ ਐ, ਇਹਨੂੰ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕਰਨਾ ਏਂ, ਤੈਨੂੰ ਚਲਣ ਦਾ ਸ਼ੌਕ ਏ ਤਾਂ ਤੂੰ ਵੀ ਚਲ।” ਫਿਰ ਥਾਣੇਦਾਰ ਨੇ ਧੰਤੋ ਨੂੰ ਵੀ ਦਬਕਾ ਮਾਰਿਆ, “ਕੁੜੀਏ ਉਠ ਕੇ ਤੁਰ, ਨਹੀਂ ਤਾਂ ਮਾਰਦਾ ਏਂ ਦੋ ਡੰਡੇ।”
ਥਾਣੇਦਾਰ ਨੇ ਜਿਉਂ ਹੀ ਬੈਂਤ ਉਤਾਂਹ ਚੁਕੀ, ਕੰਬਦੀ ਧੰਤੋ ਨੇ ਝੱਕਦਿਆਂ-ਤੱਕਦਿਆਂ ਪੈਰ ਪੁੱਟ ਲਿਆ। ਉਸ ਬੜੇ ਦੁੱਖ ਨਾਲ ਮੋਦਨ ਵੱਲ ਵੇਖਿਆ, ਜਿਵੇਂ ਉਸ ਦਾ ਦਿਲ ਕਹਿ ਰਿਹਾ ਸੀ: ਤੇਰੇ ਆ ਕੇ ਵੀ ਮੇਰੇ ਨਾਲ ਇਉਂ ਹੋਣੀ ਸੀ।
ਧੰਤੋ ਦੀ ਬਿਖੜੀ ਹਾਲਤ ਵੱਲ ਮੋਦਨ ਤੋਂ ਵੇਖਿਆ ਨਾ ਗਿਆ ਅਤੇ ਸੁਭਾਵਕ ਹੀ ਉਸ ਦੀ ਨੀਵੀਂ ਪੈ ਗਈ। ਫਿਰ ਉਸ ਦੀ ਗਲ੍ਹ ਉਤੇ ਥਾਣੇਦਾਰ ਦੀ ਚਪੇੜ ਆ ਵੱਜੀ।
“ਤੂੰ ਵੀ ਤੁਰ ਓਏ ਵਡਿਆ ਆਸ਼ਕਾ ! ਤੈਨੂੰ ਵੀ ਚਲਣ ਦਾ ਸ਼ੌਕ ਸੀ।”
ਇਕ ਸਿਪਾਹੀ ਨੇ ਉਸ ਦੇ ਦੋ ਧੌਲਾਂ ਹੋਰ ਧਰ ਦਿੱਤੀਆਂ। ਉਹ ਆਪਣੇ ਸਰਦਾਰ ਤੋਂ ਘੱਟ ਨਹੀਂ ਰਹਿਣਾ ਚਾਹੁੰਦਾ ਸੀ। ਮੋਦਨ ਅਤੇ ਧੰਤੋ ਨੂੰ ਉਹਨਾਂ ਅੱਗੇ ਲਾ ਕੇ ਤੋਰ ਲਿਆ। ਪਿੰਡ ਦੇ ਕਿਸੇ ਪੰਚ, ਸਰਪੰਚ ਨੂੰ ਇਹ ਪੁੱਛਣ ਦੀ ਵੀ ਹਿੰਮਤ ਨਾ ਪਈ ਕਿ ਕੀ ਵਾਕਿਆ ਹੈ ? ਇਹਨਾਂ ਨੂੰ ਕਿਉਂ ਫੜਿਆ ਹੈ ? ਕਿਸੇ ਤਰ੍ਹਾਂ ਦੀ ਛੋਟ ਕਰਵਾਉਣ ਦਾ ਜੇਰਾ ਤਾਂ ਕੀ ਕਰਨਾ ਸੀ। ਥਾਣੇਦਾਰ ਪੂਰੀ ਸ਼ਾਨ ਨਾਲ ਜੋੜੀ ਨੂੰ ਬੰਨ੍ਹ ਤੁਰਿਆ। ਧੰਤੋ ਸੋਚ ਰਹੀ ਸੀ, ਮੇਰੇ ਮਾੜੇ ਕਰਮਾਂ ਨੂੰ ਹੀ ਕਿਸੇ ਰੱਬ ਨੇ ਨਹੀਂ ਬਹੁੜਨਾ। ਸਭ ਦੇ ਦੁੱਖ ਕੱਟੇ ਜਾਣਗੇ, ਪਰ ਮੇਰੇ ਦੁੱਖਾਂ ਮੇਰੀ ਜਾਨ ਲਏ ਬਿਨਾਂ ਨਹੀਂ ਮੁੱਕਣਾ। ਅੜਿਆ ! ਮੈਂ ਕੀ ਪਾਪ ਕੀਤਾ ਏ ? ਮੇਰੇ ਦੁਸ਼ਮਣਾਂ ਨੂੰ ਔਂਤਰੀ ਪੁਲੀਸ ਕਿਉਂ ਨਹੀਂ ਫੜਦੀ? ਸੋਚ ਇਕ ਤਾੜਾ ਸੀ, ਜਿਸ ਅੱਗੇ ਧੰਤੋ ਦਾ ਅਣੂ-ਅਨੂੰ ਉੱਡ ਰਿਹਾ ਸੀ।
ਮੋਦਨ ਦੀ ਮਾਂ ਦੇ ਮੁੜ ਆਉਣ ਤਕ ਪੋਲੀਸ ਉਹਨਾਂ ਨੂੰ ਫੜ ਕੇ ਲਿਜਾ ਚੁਕੀ ਸੀ। ਨਛੱਤਰ ਦੇ ਪੁੱਜਣ ਤੋਂ ਪਹਿਲਾਂ ਬਚਨਾ ਅਮਲੀ ਪਹੁੰਚ ਗਿਆ। ਨਛੱਤਰ ਨੂੰ ਆਉਂਦਿਆਂ ਵੇਖ ਉਸ ਆਖਿਆ :
“ਕਿਉਂ ਹੋਈ ਓਹੋ ਗੱਲ ਨਾ, ਮੈਂ ਕਿਹਾ ਨਹੀਂ ਸੀ, ਤੀਵੀਂ ਦੇ ਬਿਆਨ ਕਰਾ ਲਓ, ਬਿਆਨ ਕਰਾ ਲਓ।”
ਨਛੱਤਰ ਸੋਚ ਰਿਹਾ ਸੀ, ਫੋਰੀ ਤੌਰ ਤੇ ਹੁਣ ਕੀ ਕਰੀਏ। ਅਮਲੀ ਨੇ ਮੁੜ ਕਹਿਣਾ ਸ਼ੁਰੂ ਕੀਤਾ:
“ਮੈਨੂੰ ਤਾਂ ਆਖਣ, ਇਹ ‘ਫੀਮ ਦਾ ਗੋਲਾ ਖਾ ਛੱਡਦਾ ਏ, ਇਹਨੂੰ ਕੀ ਪਤਾ ਏ ਕਾਨੂੰਨਾਂ ਦਾ। ਆਹ ਵੱਡੇ ਸਿਆਣਿਆਂ ਨੇ ਤੀਵੀਂ ਖੁਹਾ ਲਈ ਤੇ ਬਿਜਤੀ ਵਾਧੂ ਕਰਾਈ।”
“ਹੁਣ ਭੌਂਕਣ ਦਾ ਕੀ ਫ਼ੈਦਾ।” ਨਛੱਤਰ ਨੇ ਉਸ ਨੂੰ ਅੱਖਾਂ ਵਖਾਈਆਂ। ਚਲ ਥਾਣੇ ਨੂੰ ਚਲਣਾ ਏ, ਉਹਨਾਂ ਦੇ ਮਗਰੇ ਹੀ, ਅੱਜ ਤਾਂ ਲੁਧਿਆਣੇ ਲਿਜਾਣੋਂ ਰਹੇ।”
“ਹਾੜੇ ਵੀ ਭਾਈ ! ਜਾਓ ਵੇ ਸ਼ਾਬਾਸ਼ੇ !!” ਮੋਦਨ ਦੀ ਮਾਂ ਨੇ ਉਨ੍ਹਾਂ ਅੱਗ ਹੱਥ ਜੋੜੇ।
ਨਛੱਤਰ ਓਥੋਂ ਹੀ ਘਰ ਨੂੰ ਭਉਂ ਪਿਆ ਅਤੇ ਕੰਬਲ ਮੋਢੇ ਸੁੱਟ ਕੇ ਬਚਨੇ ਨੂੰ ਪਿੰਡੋਂ ਬਾਹਰ ਉਡੀਕਣ ਲੱਗਾ। ਬਚਨੇ ਨੇ ਵੀ ਬਹੁਤੀ ਦੇਰ ਨਾ ਲਾਈ। ਉਹ ਆਪਣੇ ਸਾਥੀ ਨਾਲੋਂ ਵੀ ਕਾਹਲਾ ਸੀ। ਉਹ ਰਵਾਂ ਰਵੀਂ ਤੁਰੇ ਗਏ ਅਤੇ ਪੋਲੀਸ ਦੇ ਤਾਂਗੇ ਤੋਂ ਇਕ ਘੰਟਾ ਪਿਛੋਂ ਹੀ ਉਹ ਥਾਣੇ ਪਹੁੰਚ ਗਏ। ਮੋਦਨ ਉਹਨਾਂ ਨੂੰ ਵੇਖ ਕੇ ਤਕੜਾ ਹੋ ਗਿਆ। ਉਸ ਨੂੰ ਧੰਤੋ ਤੋਂ ਦੂਰ ਇਕ ਖੂੰਜੇ ਵਿਚ ਬਹਾਇਆ ਹੋਇਆ ਸੀ।
ਨਛੱਤਰ ਨੇ ਇਕ ਜਾਣੂੰ ਸਿਪਾਹੀ ਨੂੰ ਕਿਹਾ :
“ਜਾਹ ਸਰਦਾਰ ਸਾਹਿਬ ਨੂੰ ਆਖ, ਕਾਉਂਕਿਆਂ ਤੋਂ ਨਛੱਤਰ ਆਇਆ ਏ।”
“ਹੁਣੇ ਜਾਂਦਾ ਆਂ।” ਸਿਪਾਹੀ ਥਾਣੇਦਾਰ ਦੇ ਕਵਾਟਰ ਵੱਲ ਭਉਂ ਗਿਆ।
ਨਿੱਕੇ ਨੇ ਵੀ ਤਾੜਿਆ, ਜਿਹੜੇ ਇਹ ਮੁੰਡੇ ਆਏ ਹਨ, ਜ਼ਰੂਰ ਮੋਦਨ ਦੀ ਹਮਾਇਤ ਵਿਚ ਆਏ ਹਨ। ਉਹ ਬਹੁਤ ਖ਼ੁਸ਼ ਸੀ ਕਿ ਧੰਤੋ ਫੜ ਲਿਆਂਦੀ ਹੈ। ਉਸ ਨੂੰ ਬਾਰਾਂ ਸੌ ਘਰ ਨੂੰ ਮੁੜਦਾ ਪ੍ਰਤੀਤ ਹੋ ਰਿਹਾ ਸੀ। ਪਰ ਕਈਆਂ ਉਸ ਨੂੰ ਇਹ ਕਹਿ ਕੇ ਉਦਾਸ ਕਰਨ ਦਾ ਵੀ ਯਤਨ ਕੀਤਾ ਕਿ ਜੇ ਤੀਵੀਂ ਨੇ ਤੇਰੇ ਹੱਕ ਵਿਚ ਬਿਆਨ ਨਾ ਦਿੱਤੇ, ਤੇਰੇ ਤਾਂ ਉਹਦੀ ਪਰਾਂਦੀ ਵੀ ਹੱਥ ਨਹੀਂ ਆਉਣੀ।
ਸਰਦਾਰ ਨੇ ਜਿਉਂ ਹੀ ਨਛੱਤਰ ਨੂੰ ਵੇਖਿਆ, ਆਪਣਾ ਹਾਸਾ ਨਾ ਰੋਕ ਸਕਿਆ।
“ਆ ਬਈ ਵੱਡਿਆ ਬਦਮਾਸ਼ਾ !”
“ਵੱਡੇ ਬਣਾ ਦਿਓ, ਛੋਟੇ ਬਣਾ ਦਿਓ, ਤੁਹਾਡੇ ਅਖ਼ਤਿਆਰ ਐ ਸਰਦਾਰ ਜੀ ! ਸਾ ਸ੍ਰੀ ਕਾਲ ਜੀ !!” ਨਛੱਤਰ ਨਾਲ ਪਿਛੇ ਖਲੋਤੇ ਅਮਲੀ ਨੇ ਵੀ ਹੱਥ ਜੋੜ ਦਿੱਤੇ।
“ਸਤਿ ਸ੍ਰੀ ਅਕਾਲ ! ਸੁਣਾਓ ?”
“ਸੁਣਾਈਏ ਸੁਆਹ ਤੁਸੀਂ ਸਾਡੇ ਬੰਦੇ ਵਲ ਲੈ ਆਏ ਓ। ਤੁਸੀਂ ਸਾਡੇ ਕੋਲੋਂ ਤਾਂ ਮੰਦੀ ਚੰਗੀ ਪੁੱਛ ਪੜਤਾਲ ਕਰ ਲੈਂਦੇ।” ਨਛੱਤਰ ਸਰਦਾਰ ਨੂੰ ਗਿਲਾ ਦੇਣਾ ਚਾਹੁੰਦਾ ਸੀ ਕਿ ਸਾਡੀ ਪਿੰਡ ਵਿਚ ਨੱਕ ਵੱਢੀ ਗਈ ਹੈ।
“ਪੜਤਾਲ ਵਾਲੀ ਇਹ ਕੋਈ ਗੱਲ ਹੀ ਨਹੀਂ ਸੀ, ਸੌ ਦਫਾ ਦੇ ਵਾਰੰਟ ਸਨ, ਤਾਮੀਲ ਜ਼ਰੂਰੀ ਸੀ।” ਥਾਣੇਦਾਰ ਨੇ ਨਛੱਤਰ ਨੂੰ ਹਮਦਰਦੀ ਨਾਲ ਸਮਝਾਇਆ। ਉਂਜ ਉਹ ਸਮਝਦਾ ਸੀ, ਸੌ ਦਫ਼ਾ ਦੇ ਵਾਰੰਟ ਵਿਚ ਵੀ ਸੌ ਟਾਲ ਮਟੋਲ ਹੋ ਸਕਦੀ ਸੀ। “ਤੁਸੀਂ ਚਾਹੁੰਦੇ ਕੀ ਓ?”
“ਅਸੀਂ ਤੀਵੀਂ ਚਾਹੁੰਦੇ ਆਂ, ਤੁਹਾਡੇ ਕੋਲ ਲੁਕ ਲਪੇਟ ਕਾਹਦਾ ਏ।”
ਨਛੱਤਰ ਨੇ ਦਿਲ ਦੀ ਗੱਲ ਸਰਦਾਰ ਅੱਗੇ ਰੱਖ ਦਿੱਤੀ।
“ਤੀਵੀਂ ਤੁਹਾਡੇ ਉਲਟ ਤਾਂ ਨਹੀਂ ਜਾਂਦੀ ?”
“ਉਲਟ ਤਾਂ ਉਹ ਵੱਢੀ ਦੀ ਵੀ ਨਹੀਂ ਜਾਂਦੀ।” ਨਛੱਤਰ ਨੇ ਪੂਰਨ ਭਰੋਸੇ ਨਾਲ ਆਖਿਆ। “ਉਹ ਸਮਝਦਾ ਸੀ, ਜਿਹੜੀ ਆਪ ਚਲ ਕੇ ਆ ਸਕਦੀ ਹੈ, ਉਹ ਹੁਣ ਕਿਵੇਂ ਬਦਲ ਜਾਊਗੀ।”
“ਦੇਖ ਭਰਾ ਮੇਰਿਆ ! ਤੀਵੀਂ ਉਸ ਨੂੰ ਮਿਲੂਗੀ, ਜਿਸ ਦੇ ਹੱਕ ਵਿਚ ਬਿਆਨ ਦੇਊਗੀ। ਅਸੀਂ ਤਾਂ ਕਲ੍ਹ ਨੂੰ ਦਸ ਗਿਆਰਾਂ ਵਜੇ ਉਸ ਨੂੰ ਮੈਜਿਸਟ੍ਰੇਟ ਸਾਹਬ ਦੇ ਪੇਸ਼ ਕਰ ਦੇਣਾ ਏਂ।” ਥਾਣੇਦਾਰ ਨਛੱਤਰ ਨਾਲ ਵਗਾੜਨਾ ਨਹੀਂ ਚਾਹੁੰਦਾ ਸੀ। ਹਰ ਸਿਆਣਾ ਥਾਣੇਦਾਰ ਆਪਣੇ ਹਲਕੇ ਦੇ ਬਦਮਾਸ਼ਾਂ ਨੂੰ ਹੱਥਾਂ ਵਿਚ ਰੱਖ ਕੇ ਤਰੱਕੀ ਲਈ ਥਾਂ ਬਣਾਉਂਦਾ ਹੈ। ਇਸ ਸਰਦਾਰ ਨੂੰ ਵੀ ਨਛੱਤਰ ਕੋਲੋਂ ਇਸ ਤਰ੍ਹਾਂ ਦੀ ਹੀ ਆਸ ਸੀ, ਜਿਸ ਨੂੰ ਨਛੱਤਰ ਤੇ ਬਚਨਾ ਅਮਲੀ ਭਲੀ ਪ੍ਰਕਾਰ ਸਮਝਦੇ ਸਨ।
“ਵੇਖੇਂ ਵੀ ਨਾ ਸਰਦਾਰ ਜੀ ! ਮੇਰੀ ਵੀ ਇਕ ਬੇਨਤੀ ਐ।” ਬਚਨੇ ਨੇ ਹੱਥ ਜੋੜ ਕੇ ਖੋਲ੍ਹਦਿਆਂ ਆਖਿਆ।
“ਹਾਂ ਦੱਸ ?”
“ਮੋਦਨ ਨੂੰ ਤਾਂ ਛੱਡੋ, ਇਹਦੇ ਕਿਹੜਾ ਵਾਰੰਟ ਐ ! ਐਵੇਂ ਬਹਾਇਆ ਏ, ਵਿਚਾਰਾ ਸਵੇਰ ਦੀ ਤਰੀਕ ਦਾ ਬੰਦੋਬਸਤ ਕਰੇ।”
“ਤੂੰ ਅਸਲ ਲੁੱਚਿਆਂ ਦੀ ਮਾਂ ਏਂ”, ਥਾਣੇਦਾਰ ਨਾਲ ਉਹ ਦੋਵੇਂ ਹੱਸ ਪਏ।
ਉਹਨਾਂ ਨੂੰ ਥਾਣੇਦਾਰ ਨਾਲ ਤਸੱਲੀ ਵਾਲੀਆਂ ਗੱਲਾਂ ਕਰਦਿਆਂ ਵੇਖ ਮੋਦਨ ਨੇ ਦਿਲ ਥਾਵੇਂ ਲੈ ਆਂਦਾ। ਉਹ ਤਕੜਾ ਹੋਇਆ ਸੋਚ ਰਿਹਾ ਸੀ, ਮੇਰਾ ਦੁਸ਼ਮਣਾਂ ਨਾਲੋਂ ਘੱਟ ਕਿੱਲੇ ਜ਼ੋਰ ਨਹੀਂ।
“ਨਾਲੇ ਜੀ ਸਾਡੇ ਬੰਦੇ ਨੂੰ ਤੀਵੀਂ ਨੂੰ ਤਸੱਲੀ ਦੇ ਲੈਣ ਦਿਉ, ਕਿਤੇ ਘਬਰਾ ਕੇ ਕੁਝ ਹੋਰ ਨਾ ਬਕ ਦੇਵੇ।” ਨਛੱਤਰ ਨੂੰ ਇਕ ਹੋਰ ਮੌਕੇ ਦੀ ਅਹੁੜ ਪਈ।
“ਝਿਊਰ ਨੂੰ ਤੁਸੀਂ ਲਿਜਾਉ ਨਾ, ਤੁਹਾਡੀ ਮਹਿਰੀ ਓਦਰ ਜਾਵੇਗੀ। ਹੁਣ ਤਾਂ ਉਹਨਾਂ ਦੇ ਬੰਦੇ ਅੱਗੇ ਪਿਛੇ ਫਿਰਦੇ ਐ, ਮੈਂ ਰਾਤ ਨੂੰ ਮਿਲਾ ਦੇਊਂਗਾ। ਪਰ ਆਪਣੀ ਵਾਰੀਂ ਵੇਖ ਲਉ?” ਸਰਦਾਰ ਨੇ ਉਹਨਾਂ ਨੂੰ ਆਪਣੇ ਕੰਮ ਲਈ ਵੀ ਵੰਗਾਰ ਲਿਆ।
“ਅਸੀਂ ਸਰਦਾਰ ਜੀ ਤੁਹਾਥੋਂ ਭੱਜੇ ਕਦੋਂ ਸੀ। ਨਛੱਤਰ ਨੇ ਹੱਸਦਿਆਂ ਉੱਤਰ ਦਿੱਤਾ।
“ਚੰਗਾ ਜਾਉ ਬੇਫ਼ਿਕਰ ਰਹੋ।” ਏਨੀ ਕਹਿ ਕੇ ਥਾਣੇਦਾਰ ਚਲਿਆ ਗਿਆ।
ਥਾਣੇਦਾਰ ਦੀ ਆਗਿਆ ਨਾਲ ਨਛੱਤਰ ਤੇ ਅਮਲੀ ਮੋਦਨ ਕੋਲ ਆ ਗਏ।
“ਕਿਉਂ ਮਦਾਰੀਆ ! ਘਬਰਾਉਂਦਾ ਤਾਂ ਨਹੀਂ ?” ਨਛੱਤਰ ਨੇ ਮੁਸਕ੍ਰਾਉਂਦਿਆਂ ਪੁੱਛਿਆ।
“ਘਬਰਾਉਣ ਵਾਲੀ ਤਾਂ ਤੂੰ ਗੱਲ ਛੱਡ।” ਮੋਦਨ ਵਿਚ ਜੇ ਕੋਈ ਕਮਜ਼ੋਰੀ ਆਈ ਵੀ ਸੀ, ਹੁਣ ਉਹ ਨਿਕਲ ਗਈ ਸੀ।
“ਸਵੇਰੇ ਡਿਪਟੀ ਦੇ ਇਹਨੂੰ ਆਖੀਂ, ਘਬਰਾਈਂ ਨਾ, ਪੱਕੀ ਕਰ ਦੀ।” ਅਮਲੀ ਨੇ ਮੁੱਠ ਬੰਨ੍ਹ ਕੇ ਹਲਾਈ।
“ਮੈਨੂੰ ਤਾਂ ਭੈਣ ਦੇਣੇ ਨੇੜੇ ਨਹੀਂ ਹੋਣ ਦੇਂਦੇ।” ਮੋਦਨ ਕਾਹਲਾ ਪੈ ਕੇ ਬੋਲਿਆ।
“ਨਹੀਂ, ਰਾਤ ਨੂੰ ਸਰਦਾਰ ਤੇਰੀ ਗੱਲ ਕਰਾਵੇਗਾ, ਅਸੀਂ ਮਨਾ ਲਿਆ ਏ ਉਸ ਨੂੰ।” ਨਛੱਤਰ ਨੇ ਮੋਦਨ ਨੂੰ ਹਰ ਪਾਸੇ ਤਸੱਲੀ ਦਿੱਤੀ।
“ਸਵੇਰ ਨੂੰ ਸੱਚ ਰੁਪਈਏ ਲੈ ਚਲੀਂ।” ਮੋਦਨ ਦਾ ਭਾਵ ਸੀ, ਮੇਰੇ ਕੋਲ ਤਾਂ ਏਥੇ ਕਾਣੀ ਕੌਡੀ ਵੀ ਨਹੀਂ।
“ਤੂੰ ਸੰਸਾ ਨਾ ਕਰ। ਅਸੀਂ ਜਾਣਾ ਨਹੀਂ, ਰਾਤੀਂ ਆੜ੍ਹਤੀਆਂ ਦੇ ਪਵਾਂਗੇ।” ਉਸ ਜਾਂਦੇ- ਜਾਂਦੇ ਨੇ ਮੁੜ ਕਿਹਾ, “ਤੁਹਾਡੀ ਰੋਟੀ ਅਮਲੀ ਲੈ ਕੇ ਆਵੇਗਾ।
ਜਦੋਂ ਨਛੱਤਰ ਤੇ ਬਚਨਾ ਥਾਣਿਉਂ ਬਾਹਰ ਨਿਕਲ ਗਏ, ਤਦ ਮੋਦਨ ਨੇ ਹਿੱਕ ਨੂੰ ਹੱਥ ਲਾ ਕੇ ਦੂਰ ਬੈਠੀ ਧੰਤੋ ਨੂੰ ਸਮਝਾਇਆ, ਘਬਰਾਵੀਂ ਨਾ, ਸਭ ਠੀਕ-ਠਾਕ ਹੈ। ਧੰਤੋ ਨੇ ਵੀ ਮੋੜਵੇਂ ਇਸ਼ਾਰੇ ਵਿਚ ਦਿਲ ਥਾਵੇਂ ਦਰਸਾਇਆ।
26
ਜ਼ਿਲ੍ਹਾ ਕਚਹਿਰੀ ਵਿਚ ਬੜੀ ਰੌਣਕ ਸੀ। ਏਨੀ ਮਨੁੱਖਤਾ ਦੇ ਹੁੰਦਿਆਂ ਵੀ ਕਿਸੇ ਕੋਲੋਂ ਮਨੁੱਖੀ ਹਿੱਤਾਂ ਦੀ ਬੋਅ ਨਹੀਂ ਆਉਂਦੀ ਸੀ। ਪੈਸੇ ਅਤੇ ਗਰਜ਼ ਨਾਲ ਬੱਝੀਆਂ ਯਾਰੀਆਂ ਸਨ ਤੇ ਪਤਲਾ ਪਤਲਾ ਮੂੰਹ ਮੁਲਾਹਜ਼ਾ ਸੀ। ਪਿੰਡਾਂ ਵਿਚ ਹਾਲੇ ਵੀ ਜ਼ਿੰਦਗੀ ਜਿਉਂ ਰਹੀ ਸੀ। ਜੇ ਕਿਧਰੇ ਉਹ ਭੁੱਲੀ ਵਿਸਰੀ ਸ਼ਹਿਰੀ ਆ ਜਾਂਦੀ, ਨਵੀਂ ਸੱਭਿਅਤਾ ਅਤੇ ਉਸ ਦੇ ਨੇਮ ਜ਼ਿੰਦਗੀ ਦੀ ਸ਼ਾਹ-ਰਗ ਵਿਚ ਆਪਣੇ ਮੁੜਵੇਂ ਦੰਦ ਖੋਭ ਦੇਂਦੇ, ਜਾਂ ਹੀਜੜੇ ਜਿਰਮ ਦਾਖਲ ਕਰ ਦੇਂਦੇ। ਮੋਦਨ ਦੇ ਵਕੀਲ ਨੇ ਉਸ ਕੋਲੋਂ ਇਕ ਹੀ ਪੇਸ਼ੀ ਦੇ ਤੀਹ ਰੁਪਈਏ ਲੈ ਲਏ ਤੇ ਮੁਕੱਦਮੇ ਦੀ ਸਾਰੀ ਕਹਾਣੀ ਸੁਣ ਕੇ ਨੋਟ ਕਰ ਲਈ।
ਥਾਣੇਦਾਰ ਨੇ ਦੋਹਾਂ ਧਿਰਾਂ ਦੇ ਬੰਦਿਆਂ ਨੂੰ ਧੰਤੋ ਦੇ ਨੇੜੇ ਨਹੀਂ ਆਉਣ ਦਿੱਤਾ ਸੀ। ਬੰਦੇ ਦੋਹਾਂ ਪਾਸਿਆਂ ਤੋਂ ਹੀ ਜੁੜ ਕੇ ਆ ਗਏ ਸਨ। ਨਛੱਤਰ ਨੇ ਬਚਨੇ ਅਮਲੀ ਨੂੰ ਰਾਤ ਦੀ ਗੱਡੀ ਲਾਭੇ ਕੋਲ ਭੇਜ ਦਿੱਤਾ ਸੀ ਕਿ ਸਵੇਰ ਦੀ ਗੱਡੀ ਨੂੰ ਪੰਜ ਚਾਰ ਖਾੜਕੂ ਮੁੰਡੇ ਨਾਲ ਲੈ ਕੇ ਆ ਜਾਵੇ। ਉਹ ਆਸ ਤੋਂ ਵਧ ਮਦਦ ਲੈ ਆਇਆ ਸੀ। ਥਾਣੇਦਾਰ ਨੂੰ ਸ਼ੱਕ ਸੀ, ਸ਼ਾਇਦ ਤੀਵੀਂ ਦੇ ਬਿਆਨਾਂ ਪਿਛੋਂ ਖੋਹ-ਖਿੰਜ ਲਈ ਲੜਾਈ ਹੋ ਪਵੇ।
ਨਿੱਕੇ ਨੇ ਆਪਣਾ ਕਿੱਲਾ ਪੱਕਾ ਕਰਨ ਲਈ ਫੀਲੇ ਕੋਲ ਬੰਦਾ ਤੋਰ ਦਿੱਤਾ ਸੀ, ਤਾਂਕਿ ਉਸ ਰਾਹੀਂ ਧੰਤੋ ਤੋਂ ਆਪਣੇ ਹੱਕ ਵਿਚ ਬਿਆਨ ਕਰਵਾ ਲਵੇ। ਫੀਲੇ ਨਾਲ ਕਾਰਾ ਵੀ ਮੋਢਾ ਜੋੜੀ ਆ ਗਿਆ। ਅਜਿਹੇ ਸਮੇਂ ਪਿਛੇ ਰਹਿਣਾ ਉਹ ਯਾਰੀ ਦੀ ਹੱਤਕ ਸਮਝਦਾ ਸੀ। ਫੀਲੇ ਨਾਲ ਤਾਪੀ ਆ ਕੇ ਧੀ ਦਾ ਮੂੰਹ ਵੇਖਣਾ ਚਾਹੁੰਦੀ ਸੀ, ਪਰ ਉਸ ਨੇ ਤੀਵੀਂ ਮਾਨੀ ਨੂੰ ਝਿੜਕਾਂ ਦੇ ਕੇ ਘਰ ਹੀ ਬਹਾ ਦਿੱਤਾ ਸੀ। ਉਸ ਵਿਚਾਰੀ ਤੋਂ ਉਠਿਆ ਤਕ ਨਹੀਂ ਜਾਂਦਾ ਸੀ, ਜਿਸ ਦਿਨ ਦੀ ਧੀ ਦੇ ਉਧਾਲੇ ਦੀ ਖ਼ਬਰ ਸੁਣੀ ਸੀ। ਆਂਢ-ਗਵਾਂਢ ਦੀਆਂ ਜ਼ਨਾਨੀਆਂ ਉਸ ਕੋਲ ਅਫ਼ਸੋਸ ਕਰਨ ਆਉਂਦੀਆਂ, ਪਰ ਉਹ ਰੀੜ੍ਹ ਦੀ ਹੱਡੀ ਟੁੱਟ ਜਾਣ ਵਾਂਗ ਮੰਜਾ ਨਹੀਂ ਛੱਡ ਸਕੀ ਸੀ। ਹੁਣ ਧੰਤੋ ਨੂੰ ਮੋਦਨ ਕੋਲ ਸੁਣ ਕੇ ਉਸ ਨੂੰ ਸੁਖ ਦਾ ਸਾਹ ਮਸੀਂ ਆਇਆ ਸੀ, ਪਰ ਸ਼ਾਂਤੀ ਉਸ ਦੇ ਮਨ ਨੂੰ ਕਿਵੇਂ ਵੀ ਨਹੀਂ ਮਿਲੀ ਸੀ।
ਫੀਲੇ ਨੇ ਕਚਹਿਰੀ ਆ ਕੇ ਧੰਤੋ ਦਾ ਸਿਰ ਪਲੋਸਿਆ, ਪਰ ਧੰਤੋ ਨੇ ਸਿਰ ਉਤਾਂਹ ਕਰ ਕੇ ਆਪਣੇ ਬਾਪੂ ਦਾ ਮੂੰਹ ਵੀ ਨਾ ਵੇਖਿਆ। ਫੀਲੇ ਦਾ ਅੰਦਰ ਸੱਲਿਆ ਗਿਆ। ਭਰ ਆਏ ਮਨ ਨਾਲ ਜੇਰਾ ਨਾ ਪੈਣ ਤੇ ਵੀ ਉਸ ਪੁੱਛ ਹੀ ਲਿਆ :
“ਰਾਜ਼ੀ ਏਂ ਧੰਤੋ ?”
ਧੰਤੋ ਨੇ ਕੋਈ ਜਵਾਬ ਨਾ ਦਿੱਤਾ ਅਤੇ ਮਨ ਵਿਚ ਆਖਿਆ, “ਇਹ ਤੇਰੇ ਬੀਜੇ ਕੰਡੇ ਹੀ ਚੁਗ ਰਹੀ ਆਂ, ਮੈਂ ਨਿੱਕੇ ਵਰਗੇ ਸਹੁਰੇ ਕੰਜਰ ਹੱਥੋਂ ਖੁਆਰ ਵੀ ਤੇਰੇ ਕਾਰਨ ਹੋਈ ਹਾਂ ਅਤੇ ਆਹ ਕਚਹਿਰੀਆਂ ਵਿਚ ਵੀ ਸੱਚੀ ਪੁਛੇਂ ਤੂੰ ਹੀ ਖਿੱਚ-ਧੂਹ ਕਰਵਾਈ ਹੈ।”
ਫੀਲਾ ਦਿਲ ਦਾ ਦੁੱਖ ਲੈ ਕੇ ਪਿਛਾਂਹ ਬਹਿ ਗਿਆ। ਕਾਰੇ ਨੂੰ ਧੰਤੋ ਦਾ ਸਿਰ ਪਲੋਸਣ ਦੀ ਹਿੰਮਤ ਨਾ ਪਈ। ਉਸ ਚੰਗੀ ਤਰ੍ਹਾਂ ਦੇਖ ਲਿਆ ਸੀ, ਧੰਤੋ ਨੇ ਫੀਲੇ ਨਾਲ ਕੀ ਵਰਤਾਉ ਕੀਤਾ ਹੈ। ਫੀਲੇ ਅਤੇ ਕਾਰੇ ਨੂੰ ਇਕੱਠਿਆਂ ਬੈਠੇ ਵੇਖ ਨਿੱਕਾ ਉਹਨਾਂ ਕੋਲ ਆ ਗਿਆ। ਇਕ ਮਿੰਟ ਦੀ ਚੁੱਪ ਪਿਛੋਂ ਉਸ ਫੀਲੇ ਨੂੰ ਆਖਿਆ :
“ਬਾਈ ! ਕੁੜੀ ਨੂੰ ਸਮਝਾ ਦੇਣਾ ਸੀ ਚੱਜ ਨਾਲ।”
“ਉਹਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ।” ਫੀਲੇ ਨੇ ਦਿਲ ਦੀ ਪੀੜ ਵਿਚੋਂ ਉੱਤਰ ਦਿੱਤਾ।
“ਹੁਣ ਤੂੰ ਵੇਖ ਲੈ, ਕੁੜੀ ਨੇ ਉਸ ਤਰ੍ਹਾਂ ਹੀ ਬਿਆਨ ਦੇਣੇ ਹਨ, ਜਿਵੇਂ ਤੂੰ ਆਖੇਂਗਾ।”
“ਨਹੀਂ, ਮੈਂ ਕੁਝ ਨਹੀਂ ਕਹਿ ਸਕਦਾ।” ਫੀਲੇ ਅੰਦਰੋਂ ਦਰਦ ਬੋਲ ਰਿਹਾ ਸੀ। ਉਹ ਅਸਲੋਂ ਲਾਚਾਰ ਸੀ। ਉਹ ਚਾਹੁੰਦਾ ਸੀ, ਮੇਰੇ ਨਾਲ ਕੋਈ ਗੱਲ ਨਾ ਤੋਰੇ।
“ਫੀਲਿਆ ! ਮੈਂ ਬਾਰ੍ਹਾਂ ਸੌ ਲਾਈ ਬੈਠਾ ਹਾਂ, ਤਿੰਨ ਸੌ ਹੋਰ ਖ਼ਰਚ ਆ ਗਿਆ, ਮੇਰਾ ਕਸੂਰ ਵੀ ਝੋਲੀ ਪਾ ?” ਨਿੱਕਾ ਆਪਣੀ ਥਾਂ ਦੁਖੀ ਸੀ, ਉਸ ਕੋਲ ਨਾ ਧਨ ਰਿਹਾ ਸੀ ਤੇ ਨਾ ਹੀ ਧਰਮ। “ਪੁੱਠੀਆਂ ਪੈਂਦੀਆਂ ਨੂੰ ਮੈਂ ਕਿਵੇਂ ਰੋਕਾਂ, ਮੈਂ ਕੁੜੀ ਦੀਆਂ ਭੁਆਲੀਆਂ ਤੇਰੇ ਮੁੰਡੇ ਨੂੰ ਦੇ ਦਿੱਤੀਆਂ ਸਨ।” ਫੀਲੇ ਨੇ ਆਪਣੀ ਵਲੋਂ ਇਕ ਤਰ੍ਹਾਂ ਗੱਲ ਖ਼ਤਮ ਕਰ ਦਿੱਤੀ। ਕਾਰਾ ਚੁੱਪ ਸਾਧੀ ਦੋਹਾਂ ਦੀਆਂ ਸੁਣ ਰਿਹਾ ਸੀ, ਪਰ ਵਿਚੇ ਵਿਚ ਉਸ ਨੂੰ ਨਿੱਕੇ ਉਤੇ ਗੁੱਸਾ ਆ ਰਿਹਾ ਸੀ, ਜਿਵੇਂ ਹੁਣ
ਵੀ ਉਹ ਕੋਈ ਠੱਗੀ ਮਾਰਨ ਨੂੰ ਫਿਰਦਾ ਹੋਵੇ।
“ਕੁੜੀ ਤੋਂ ਬਿਆਨ ਤੂੰ ਆਪਣੇ ਹੱਕ ਵਿਚ ਦੁਆ ਕੇ ਬੱਦੋਵਾਲ ਲੈ ਚੱਲ, ਇਹ ਕਾਉਂਕਿਆਂ ਵਾਲੇ ਨਾ ਲੈ ਜਾਣ।” ਹੁਸ਼ਿਆਰ ਨਿੱਕਾ ਇਹ ਭਾਂਪ ਹੀ ਗਿਆ ਸੀ ਕਿ ਧੰਤੋ ਨੇ ਉਹਨਾਂ ਦੇ ਹੱਕ ਵਿਚ ਬਿਆਨ ਨਹੀਂ ਦੇਣੇ, ਜੇ ਫੀਲਾ ਪਿਆਰ ਦਲਾਸਾ ਦੇ ਕੇ ਬੱਦੋਵਾਲ ਹੀ ਲੈ ਚਲੇ, ਤਦ ਵੀ ਰਹਿ ਆਵੇ। ਪਰ ਜੇ ਧੰਤੋ ਕਾਉਂਕਿਆਂ ਨੂੰ ਚਲੀ ਗਈ, ਫਿਰ ਤਾਂ ਬੂਟੇ ਪੁਟੀ ਦੇ ਸਨ।
“ਨਿੱਕਿਆ ! ਜਦੋਂ ਮੇਰੇ ਵਸ ਸੀ, ਮੈਂ ਸਭ ਕੁਝ ਕੀਤਾ। ਹੁਣ ਮੇਰੇ ਵਸ ਕੁਝ ਨਹੀਂ, ਕੁੜੀ ਤਾਂ ਮੇਰੇ ਵੱਲ ਮੂੰਹ ਵੀ ਨਹੀਂ ਕਰਦੀ, ਮੈਂ ਕੀ ਕਰਾਂ।” ਫੀਲੇ ਨੇ ਨਿੱਕੇ ਨੂੰ ਸੱਚੀ ਕਹਿ ਸੁਣਾਈ।
ਨਿੱਕਾ ਇਹ ਵੀ ਜਾਣਦਾ ਸੀ ਫੀਲਾ ਲੁਕ ਲਪੇਟ ਦੀ ਗੱਲ ਨਹੀਂ ਜਾਣਦਾ, ਪਰ ਬਾਰਾਂ ਸੋ ਰੁੜ੍ਹਦਾ ਵੇਖ ਕੇ ਉਸ ਦੀ ਜਾਨ ਵਢੀਂਦੀ ਸੀ।
“ਜੇ ਕੁੜੀ ਮੇਰੇ ਨਾਲ ਨਾ ਤੁਰੀ, ਫੇਰ ਤੁਸੀਂ ਰੁਪਈਏ ਤਿਆਰ ਰੱਖੋ।” ਨਿੱਕੇ ਨੇ ਇਕ ਇਕ ਤਰ੍ਹਾਂ ਧਮਕੀ ਮਾਰੀ।
“ਰੁਪਈਏ ਨਾ, ਪੌਂਡ ਤਿਆਰ ਐ ਤੇਰੇ ਵਾਸਤੇ।” ਕਾਰੇ ਤੋਂ ਗੁੱਸਾ ਰੋਕਿਆ ਨਾ ਗਿਆ, “ਤੂੰ ਤਾਂ ਆਂਹਦਾ ਸੀ, ਅਸੀਂ ਕੁੜੀ ਨੂੰ ਕਿਤੇ ਹੋਰ ਥਾਂ ਬਹਾਉਂਦੇ ਆਂ ਤੇ ਤੇਰੇ ਨਾਲ ਠੱਗੀ ਮਾਰੀ ਐ ?”
“ਰੁਪਈਏ ਲਏ ਨਹੀਂ ਤੁਸੀਂ ?” ਨਿੱਕਾ ਤਾਅ ਖਾ ਕੇ ਕਹਿ ਤਾਂ ਗਿਆ, ਪਰ ਉਹ ਕਚਹਿਰੀ ਵਿਚ ਉਹਨਾਂ ਨਾਲ ਝਗੜਨਾ ਨਹੀਂ ਚਾਹੁੰਦਾ ਸੀ, ਕਿਉਂਕਿ ਧੰਤੋ ਦੇ ਮਨ ਉਤੇ ਇਸ ਦਾ ਵੀ ਉਲਟਾ ਹੀ ਅਸਰ ਪੈਣਾ ਸੀ।
“ਅਸੀਂ ਤੈਥੋਂ ਕੱਖ ਨਹੀਂ ਲਿਆ ਤੇ ਕੱਖ ਨਹੀਂ ਦੇਣਾ, ਜਿਹੜਾ ਜ਼ੋਰ ਲੱਗਿਆ ਲਾ ਲਈਂ।” ਕਾਰੇ ਨੇ ਨਿੱਕੇ ਨੂੰ ਸਿਰੇ ਦੀ ਸੁਣਾ ਦਿੱਤੀ। ਉਸ ਫ਼ੌਜੀ ਅੱਖਾਂ ਨਾਲ ਤਾੜ ਲਿਆ ਸੀ, ਨਿੱਕੇ ਦਾ ਕੱਖ ਨਹੀਂ ਵੱਟੀਦਾ, ਜਬਾਂ ਦਾ ਭੇੜ ਜਿੰਨਾ ਮਰਜ਼ੀ ਕਰ ਲਵੋ। ਜੇਕਰ ਉਹ ਆਪਣੀ ਵਲੋਂ ਤਕੜਾ ਹੁੰਦਾ ਫੀਲੇ ਕੋਲ ਆ ਕੇ ਕਦੇ “ਰੀਂ ਰੀਂ” ਨਾ ਕਰਦਾ। ਦੂਜੇ ਕਾਰੇ ਨੂੰ ਨਿੱਕੇ ਦੀਆਂ ਦਿੱਤੀਆਂ ਗਾਲ਼ਾਂ ਦਾ ਵੀ ਰੰਜ ਸੀ। ਏਸੇ ਕਾਰਨ ਫੀਲੇ ਤੋਂ ਪਰਵਾਹਰਾ ਹੋ ਕੇ ਬੋਲ ਗਿਆ ਸੀ। ਉਸ ਫੀਲੇ ਨੂੰ ਵੀ ਕਹਿ ਦਿੱਤਾ ਕਿ ਜੇ ਤੂੰ ਮੇਰਾ ਭਰਾ ਏਂ, ਤਾਂ ਇਹਦੀ ਸਾਲੇ ਦੀ ਮਦਦ ਨਹੀਂ ਕਰਨੀ। ਮਦਦ ਉਹ ਕਿਸੇ ਧਿਰ ਦੀ ਵੀ ਕਰਨ ਜੋਗੇ ਨਹੀਂ ਸਨ, ਪਰ ਫੀਲਾ ਕਾਰੇ ਉਤੇ ਅੱਜ ਖ਼ੁਸ਼ ਸੀ ਕਿ ਉਸ ਨਿੱਕੇ ਨੂੰ ਓਹੀ ਗੱਲਾਂ ਆਖੀਆਂ ਸਨ, ਜਿਹੜੀਆਂ ਉਸ ਦੇ ਮਨ ਵਿਚ ਸਨ ਤੇ ਉਹ ਝਿਜਕਾ ਮਾਰਿਆ ਕਦੇ ਨਾ ਆਖ ਸਕਦਾ। ਨਿੱਕਾ ਹੌਲਾ ਹੋ ਕੇ ਆਪਣੇ ਸਾਥੀਆਂ ਵਿਚ ਚਲਿਆ ਗਿਆ।
ਥਾਣੇਦਾਰ ਦੂਜੀ ਵਾਰ ਮੈਜਿਸਟ੍ਰੇਟ ਕੋਲ ਅੰਦਰ ਜਾ ਆਇਆ ਸੀ, ਪਰ ਚਾਲੂ ਮੁਕੱਦਮਾ ਹੀ ਖ਼ਤਮ ਹੋਣ ਵਿਚ ਨਹੀਂ ਆਉਂਦਾ ਸੀ। ਬਾਰਾਂ ਵੱਜਦੇ ਨੂੰ ਉਹ ਮੁਕੱਦਮਾ ਮਸੀਂ ਮੁੱਕਾ, ਤਦ ਝਟ ਹੀ ਥਾਣੇਦਾਰ ਨੇ ਆਪਣਾ ਵਾਰੰਟ ਮੈਜਿਸਟ੍ਰੇਟ ਅੱਗੇ ਜਾ ਰੱਖਿਆ। ਬਾਹਰ ਆ ਕੇ ਉਸ ਸਿਪਾਹੀਆਂ ਨੂੰ ਆਖਿਆ, ਮੁਲਾਜ਼ਮਾਂ ਨੂੰ ਅੰਦਰ ਲੈ ਆਓ।
ਧੰਤੋ ਦੇ ਉਠਣ ਨਾਲ ਹੀ ਦੋਵੇਂ ਧਿਰਾਂ ਆਪਣੇ-ਆਪਣੇ ਵਕੀਲਾਂ ਵੱਲ ਭੱਜ ਉਠੀਆਂ। ਮੈਜਿਸਟ੍ਰੇਟ ਦੀ ਕਚਹਿਰੀ ਅਤੇ ਤਮਾਸ਼ਾ ਦੇਖਣ ਵਾਲਿਆਂ ਦੀ ਭੀੜ ਜੁੜ ਗਈ। ਵਕੀਲ ਦਾ ਸਿਖਾਇਆ ਮੋਦਨ ਧੰਤੋ ਦੇ ਪਿੱਛੇ ਜਾ ਖਲੋਤਾ। ਦੂਜੀ ਧਿਰ ਵਲੋਂ ਨਿੱਕਾ ਅਤੇ ਉਸ ਦਾ ਮੁੰਡਾ ਮੇਲੂ ਵੀ ਅੰਦਰ ਆ ਗਏ। ਵਕੀਲਾਂ ਦੀ ਲੱਕੜ ਦੇ ਜੰਗਲੇ ਨੂੰ ਆ ਹੱਥ ਪਾਏ।
ਮੈਜਿਸਟ੍ਰੇਟ ਸਰਦਾਰ ਨਵੀਂ ਉਮਰ ਦਾ ਹੀ ਸੀ। ਪਟਿਆਲੇ ਸ਼ਾਹੀ ਪੱਗ ਅਤੇ ਚਾੜੀ ਹੋਈ ਦਾੜ੍ਹੀ ਨਾਲ ਉਹ ਖ਼ੂਬਸੂਰਤ ਜਵਾਨ ਵੀ ਦਿਸਦਾ ਸੀ। ਉਸ ਵਰੰਟ ਤੋਂ ਸਿਰ ਉਤਾਂਹ ਚੁਕਦਿਆਂ ਪੁੱਛਿਆ :
“ਧੰਤੋ ਜੋਜਾ ਗੁਰਮੇਲ ਹਾਜ਼ਰ ਐ ?”
“ਜਨਾਬ ਹਾਜ਼ਰ ਐ।” ਥਾਣੇਦਾਰ ਨੇ ਧੰਤੋ ਵੱਲ ਇਸ਼ਾਰਾ ਕੀਤਾ। ਧੰਤੋ ਪਲ ਭਰ ਲਈ ਕੰਬ ਗਈ ਤੇ ਉਸ ਅੱਖਾਂ ਨੀਵੀਆਂ ਪਾ ਲਈਆਂ।
“ਜਨਾਬ ਮੇਰੀ ਗੁਜ਼ਾਰਸ਼ ਹੈ ?” ਮੋਦਨ ਦੇ ਵਕੀਲ ਨੇ ਪਹਿਲ ਲੈਂਦਿਆਂ ਆਖਿਆ।
ਮੈਜਿਸਟ੍ਰੇਟ ਨੇ ਸਿਰ ਦੇ ਇਸ਼ਾਰੇ ਨਾਲ ਹੀ ‘ਹਾਂ’ ਕਰ ਦਿੱਤੀ।
“ਜਨਾਬ, ਧੰਤੋ ਖ਼ੁਦ ਆਪਣੀ ਮਰਜ਼ੀ ਨਾਲ ਮੋਦਨ ਕੋਲ ਕਾਉਂਕੇ ਗਈ ਹੈ। ਕਿਸੇ ਨੇ ਉਸ ਨੂੰ ਦਬਾ ਕੇ ਨਹੀਂ ਰੱਖਿਆ। ਜਨਾਬ ਸਬੂਤ ਲੈ ਸਕਦੇ ਹਨ, ਇਸ ਲਈ ਸੋ ਦਫ਼ਾ ਦਾ ਵਾਰੰਟ ਮਨਸੂਖ ਹੋਣਾ ਚਾਹੀਦਾ ਹੈ।” ਵਕੀਲ ਨੇ ਪਲ ਕੁ ਅਟਕ ਕੇ ਮੈਜਿਸਟ੍ਰੇਟ ਦਾ ਪ੍ਰਤਿਕਰਮ ਜਾਂਚਣਾ ਚਾਹਿਆ।
“ਹੱਛਾ !” ਮੈਜਿਸਟ੍ਰੇਟ ਨੇ ਗਹੁ ਨਾਲ ਵਕੀਲ ਨੂੰ ਤੱਕਿਆ ਤੇ ਰੋਹ ਨਾਲ ਬੋਲਿਆ, ਵਕੀਲ ਸਾਹਬ ! ਉਹ ਵਾਰੰਟ ਮੈਂ ਇਸ਼ੂ ਕੀਤਾ ਸੀ, ਤੁਹਾਨੂੰ ਇਤਰਾਜ਼ ਹੈ, ਤਾਂ ਸੀਨੀਅਰ ਅਦਾਲਤ ਦਾ ਦਰ ਖੜਕਾਓ। ਉਸ ਇਕ ਤਰ੍ਹਾਂ ਵਕੀਲ ਨੂੰ ਝਾੜ ਦਿੱਤਾ।
ਨਿੱਕਾ ਤੇ ਉਸ ਦਾ ਵਕੀਲ ਖ਼ੁਸ਼ ਹੋ ਗਏ। ਫਿਰ ਨਿੱਕੇ ਦੇ ਵਕੀਲ ਨੇ ਵਾਰੀ ਲਈ।
“ਜਨਾਬ ਧੰਤੋ ਵਿਆਹੀ ਹੋਈ ਜ਼ਨਾਨੀ ਹੈ, ਉਸ ਦਾ ਮਾਲਕ ਹਾਜ਼ਰ ਐ ਤੇ ਧੰਤੋ ਨਾਲ ਗੁੰਡਾ- ਗਰਦੀ ਹੋਈ ਹੈ।”
ਧੰਤੋ ਨੇ ਪਲ ਕੁ ਗੁਸੈਲੀਆਂ ਨਜ਼ਰਾਂ ਚੁੱਕੀਆਂ, ਪਰ ਉਥੇ ਕੌਣ ਉਸ ਦੀਆਂ ਤੱਤੀਆਂ ਅੱਖਾਂ ਦੀ ਪਰਵਾਹ ਕਰਦਾ ਸੀ। ਮੈਜਿਸਟ੍ਰੇਟ ਨੇ ਮੁੜ ਪੁੱਛਿਆ :
“ਇਸ ਦਾ ਮਾਲਕ ਕੌਣ ਹੈ ?”
ਵਕੀਲ ਨੇ ਗੁਰਮੇਲ ਨੂੰ ਅੱਗੇ ਕਰ ਦਿੱਤਾ। ਮੈਜਿਸਟ੍ਰੇਟ ਗੁਰਮੇਲ ਨੂੰ ਵੇਖ ਕੇ ਹੱਸ ਪਿਆ। “ਵਾਹ ਵਕੀਲ ਸਾਹਬ ! ਮਾਲਕ ਬੜਾ ਜਵਾਨ ਭਾਲ ਕੇ ਲਿਆਏ ਹੋ ?”
“ਜੀ ਪਿੰਡਾਂ ਵਿਚ ਇਸ ਤਰ੍ਹਾਂ ਹੀ ਹੋ ਜਾਂਦਾ ਹੈ।” ਵਕੀਲ ਲਜਿੱਤ ਹੋ ਗਿਆ।
“ਜੇ ਪਿੰਡਾਂ ਵਿਚ ਇਸ ਤਰ੍ਹਾਂ ਹੀ ਹੋ ਜਾਂਦਾ ਹੈ, ਤਾਂ ਉਧਾਲਿਆਂ ਦੇ ਸ਼ਿਕਵੇ ਕਿਉਂ ਕਰਦੇ ਹੋ।” ਸ਼ਾਇਦ ਮੈਜਿਸਟ੍ਰੇਟ ਦੀ ਆਤਮਾ ਵਿਚ ਕੋਈ ਸਮਾਜ ਵਿਰੋਧ ਪਲਸੇਟਾ ਲੈ ਉਠਿਆ ਸੀ, ਜਿਸ ਨੂੰ ਉਹ ਕਿਸੇ ਤਰ੍ਹਾਂ ਵੀ ਨੰਗਿਆਂ ਨਹੀਂ ਸੀ ਕਰ ਸਕਦਾ।
“ਜਨਾਬ ! ਕਾਨੂੰਨ ਦਾ ਫ਼ਰਜ਼ ਹੈ ਕਿ ਮਜ਼ਲੂਮ ਦੀ ਰੱਖਿਆ ਕਰੇ।” ਵਕੀਲ ਨੇ ਆਪਣੇ ਹੱਕ ਦੀ ਗੱਲ ਉਤੇ ਜ਼ੋਰ ਦਿੱਤਾ।
“ਬਿਲਕੁਲ ਦਰੁਸਤ ! ਕਾਨੂੰਨ ਅੰਨ੍ਹਾ ਨਹੀਂ, ਉਸ ਏਹੀ ਤਾਂ ਵੇਖਣਾ ਹੈ ਕਿ ਹਕੀਕਤ ਵਿਚ ਮਜ਼ਲੂਮ ਹੈ ਕੌਣ।” ਮੈਜਿਸਟ੍ਰੇਟ ਆਪਣੀ ਗੱਲ ਉਤੇ ਫਿਰ ਅੜ ਗਿਆ।
ਇਹ ਪੁਆਇੰਟ ਮੋਦਨ ਦੇ ਵਕੀਲ ਨੇ ਫੜ ਲਿਆ, ਜਿਹੜਾ ਪਹਿਲੀ ਝੱਸੀ ਵਿਚ ਹੀ ਝੰਜੋੜਿਆ ਗਿਆ ਸੀ :
“ਸਹੀ ਅਰਥਾਂ ਵਿਚ ਮਜ਼ਲੂਮ ਧੰਤੋ ਹੈ ਜਨਾਬ ! ਜਿਸ ਨੂੰ ਇਸ ਦੇ ਸ਼ਰਾਬੀ ਤੇ ਅਫ਼ੀਮੀ ਬਾਪ ਨੇ ਬਾਰਾਂ ਸੌ ਰੁਪਏ ਤੋਂ ਵੇਚ ਦਿੱਤਾ ਹੈ। ਤੁਸੀਂ ਧੰਤੋ ਦੇ ਮਾਲਕ ਨੂੰ ਵੇਖ ਸਕਦੇ ਹੋ। ਗੁਰਮੇਲ ਦੇ ਨਾਬਾਲਗ ਹੋਣ ਦੀ ਹੈਸੀਅਤ ਵਿਚ ਕਾਨੂੰਨੀ ਤੌਰ ਤੇ ਇਹ ਵਿਆਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਇਸ ਤੋਂ ਬਿਨਾਂ ਮੈਂ ਜਨਾਬ ਦਾ ਇਕ ਜ਼ਰੂਰੀ ਗੱਲ ਵੱਲ ਧਿਆਨ ਦੁਆਣਾ ਚਾਹੁੰਦਾ ਹਾਂ।” ਵਕੀਲ ਨੇ ਇਕ ਝਾਤ ਮੈਜਿਸਟ੍ਰੇਟ ਉਤੇ ਪਾਉਂਦਿਆਂ ਉਂਗਲੀ ਦੇ ਇਸ਼ਾਰੇ ਨਾਲ ਧਿਆਨ ਖਿੱਚਿਆ। “ਧੰਤੋ ਨਾਬਾਲਗ ਦੇ ਦੁਖੋਂ ਘਰੋਂ ਨਹੀਂ ਨਿਕਲਦੀ, ਸਗੋਂ ਉਸ ਦਾ ਸਹੁਰਾ ਬਨਾਮ ਨਿੱਕਾ ਅੱਧੀ ਰਾਤ ਨੂੰ ਉਸ ਨਾਲ ਜ਼ਬਰਦਸਤੀ ਕਰਨੀ ਚਾਹੁੰਦਾ ਹੈ, ਪਰ ਧੰਤੋ ਉਸ ਤੋਂ ਛੁੱਟ ਕੇ ਕੋਠੇ ਉਤੇ ਚੜ੍ਹ ਜਾਂਦੀ ਹੈ। ਉਸ ਦਾ ਸਹੁਰਾ ਨਿੱਕਾ ਛੱਤ ਉਤੇ ਵੀ ਉਸ ਦੇ ਪਿੱਛੇ ਜਾਂਦਾ ਹੈ, ਜਨਾਬ ਉਸ ਵੇਲੇ ਧੰਤੋ ਆਪਣਾ ਸੱਤ ਬਚਾਉਣ ਲਈ ਗਲੀ ਵਿਚ ਛਾਲ ਮਾਰ ਦੇਂਦੀ ਹੈ ਤੇ ਉਸ ਦਾ ਡਿੱਗ ਕੇ ਗਿੱਟਾ ਟੁੱਟ ਜਾਂਦਾ ਹੈ। ਜਨਾਬ ਮਲਾਹਜ਼ਾ ਕਰ ਸਕਦੇ ਹਨ।”
ਧੰਤੋ ਮੂੰਹ ਉਤੇ ਹੱਥ ਰੱਖ ਕੇ ਰੋਣ ਲੱਗ ਪਈ। ਉਹ ਚਾਹੁੰਦੀ ਸੀ, ਕਾਨੂੰਨੀ ਅਦਾਲਤ ਦਾ ਫ਼ਰਸ਼ ਫੱਟ ਜਾਵੇ ਤੇ ਉਹ ਝਟ ਹੀ ਉਸ ਵਿਚ ਸਾਰੀ ਸਮਾ ਜਾਵੇ। ਅਦਾਲਤ ਦੇ ਅੰਦਰ- ਬਾਹਰ ਸੁੰਨ ਵਰਤ ਗਈ। ਮੈਜਿਸਟ੍ਰੇਟ ਦੇ ਵੀ ਲੂੰਅ ਖੜੇ ਹੋ ਗਏ, ਪਰ ਉਸ ਝਟ ਹੀ ਆਪਣੀ ਕਾਨੂੰਨੀ ਪੋਜ਼ੀਸ਼ਨ ਦਾ ਖ਼ਿਆਲ ਕਰਦਿਆਂ ਗੰਭੀਰਤਾ ਅਪਨਾ ਲਈ। ਫੀਲਾ ਅਤੇ ਕਾਰਾ ਧੰਤੋ ਨਾਲ ਵਾਪਰੀ ਵਕੀਲ ਦੇ ਮੂੰਹੋਂ ਸੁਣ ਕੇ ਅਦਾਲਤ ਦੇ ਬੂਹਿਉਂ ਪਰੇ ਹਟ ਗਏ। ਉਹਨਾਂ ਦੇ ਦੁੱਖ ਦਾ ਅਨੁਮਾਨ ਲਾਉਣਾ ਬੜਾ ਔਖਾ ਸੀ। ਫੀਲੇ ਅੰਦਰੋਂ ਸੁੱਤਾ ਫ਼ਨੀਅਰ ਜਾਗ ਪਿਆ, ਜਿਸ ਉਸ ਨੂੰ ਥਾਂ-ਥਾਂ ਤੋਂ ਡੱਸਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੀ ਕਿਸਮ ਦੀ ਆਵਾਰਗੀ ਵਿਚ ਪਤਾ ਨਹੀਂ ਕਿਧਰ ਨੂੰ ਜਾ ਰਹੇ ਸਨ।
ਨਿੱਕੇ ਦੇ ਵਕੀਲ ਨੇ ਆਪਣੇ ਵਿਰੋਧੀ ਵਕੀਲ ਦੀ ਛੱਡੀ ਗੱਲ ਫੜਦਿਆਂ ਕਹਿਣਾ ਸ਼ੁਰੂ ਕੀਤਾ :
“ਮੇਰੇ ਸਾਥੀ ਵਕੀਲ ਨੇ ਇਕ ਝੂਠੀ ਘੜੀ ਕਹਾਣੀ ਬੜੀ ਦਿਲਚਸਪੀ ਨਾਲ ਬਿਆਨ ਕੀਤੀ वै, थव भमल दाविभा……..।”
“ਠਹਿਰੋ।” ਮੈਜਿਸਟ੍ਰੇਟ ਨੇ ਮੇਜ਼ ਉਤੇ ਹੱਥ ਮਾਰਦਿਆਂ ਸਭ ਨੂੰ ਰੋਕ ਦਿੱਤਾ। ਸ਼ਾਇਦ ਉਧਾਲੇ ਦੀ ਕਹਾਣੀ ਨੇ ਉਸ ਦੇ ਜਜ਼ਬਾਤ ਨੂੰ ਹਲੂਣ ਸੁੱਟਿਆ ਸੀ। ਉਸ ਰੋਂਦੀ ਤੇ ਕੰਬੀ ਜਾ ਰਹੀ ਧੰਤੋ ਵੱਲ ਧਿਆਨ ਨਾਲ ਵੇਖਿਆ, ਉਸ ਨੂੰ ਉਸ ਦੇ ਮਜ਼ਲੂਮ ਹੋਣ ਵਿਚ ਰੱਤੀ ਸੰਦੇਹ ਨਾ ਰਿਹਾ। ਫਿਰ ਉਸ ਪੁੱਛਿਆ :
“ਇਸ ਦਾ ਸਹੁਰਾ ਕਿੱਥੇ ਐ ?”
“ਜਨਾਬ ਹਾਜ਼ਰ ਆਂ।” ਨਿੱਕੇ ਦੇ ਹੱਥ ਬੰਨ੍ਹੇ ਹੋਏ ਸਨ ਤੇ ਉਸ ਆਪਣੇ ਗੁਨਾਹ ਨੂੰ ਹਰ ਸੰਭਵ ਸੰਜੀਦਗੀ ਵਿਚ ਲੁਕਾਣ ਦਾ ਯਤਨ ਕੀਤਾ ਹੋਇਆ ਸੀ।
ਮੈਜਿਸਟ੍ਰੇਟ ਨੇ ਉਸ ਨੂੰ ਸਿਰ ਹਲੂਣ ਕੇ ਡੂੰਘੀਆਂ ਨਜ਼ਰਾਂ ਨਾਲ ਤਾੜਿਆ। ਇਕ ਸੂਖਮ ਘਬਰਾਹਟ ਨਿੱਕੇ ਅੰਦਰ ਸੀ, ਜਿਹੜੀ ਸਮੇਂ ਦੇ ਹਾਕਮ ਤੋਂ ਪੜ੍ਹੀ ਨਹੀਂ ਜਾ ਸਕੀ ਸੀ। ਜੇ ਨਿੱਕਾ ਅਡੋਲ ਮੁੰਡਾ ਹੁੰਦਾ ਉਸ ਦਾ ਆਪੇ ਉਤੇ ਪਾਇਆ ਜ਼ੋਰੀਂ ਕਾਬੂ ਹਿੱਲ ਜਾਂਦਾ। ਮੈਜਿਸਟ੍ਰੇਟ ਨੇ ਧੰਤੋ ਵੱਲ ਮੂੰਹ ਭੰਵਾਇਆ।
“ਕਿਉਂ ਬੀਬੀ। ਜਿਹੜੀ ਗੱਲ ਇਸ ਵਕੀਲ ਨੇ ਆਖੀ ੲੈ, ਠੀਕ ਏ ?”
ਧੰਤੋ ਨੇ ਭਰੀਆਂ, ਪਰ ਨੀਵੀਆਂ ਅੱਖਾਂ ਨਾਲ ਸਿਰ ਹਿਲਾ ਕੇ ‘ਹਾਂ’ ਆਖੀ। ਉਸ ਨੂੰ ਰਾਤੀਂ ਮੋਦਨ ਨੇ ਕਿੰਨਾ ਕੁਝ ਹੀ ਸਿਖਾਇਆ ਸੀ, ਜਿਹੜਾ ਉਹ ਘਬਰਾ ਕੇ ਅਸਲੋਂ ਭੁੱਲ ਗਈ।
ਨਿੱਕੇ ਦਾ ਵਕੀਲ ਫਿਰ ਬੋਲ ਪਿਆ :
“ਜਨਾਬ ! ਧੰਤੋ ਨੂੰ ਮੋਦਨ ਵਗੈਰਾ ਪਾਰਟੀ ਨੇ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਹਨ, ਇਸ ਲਈ ਉਹ ਡਰੀ, ਸਹਿਮੀ ਗਲਤ ਹੀ ਹਾਮੀ ਭਰੀ ਜਾ ਰਹੀ ਹੈ ਤੇ…….।”
“ਮੋਦਨ ਕੌਣ ਹੈ ?” ਮੈਜਿਸਟ੍ਰੇਟ ਨੇ ਸਿਰ ਉਤਾਂਹ ਚੁੱਕ ਲਿਆ।
“ਜਨਾਬ ਮੈਂ ਹਾਂ।” ਮੋਦਨ ਨੇ ਸਤਿਕਾਰ ਵਜੋਂ ਮੱਥੇ ਨੂੰ ਹੱਥ ਲਾਇਆ। “ਜਨਾਬ, ਇਹ ਸਾਲ ਭਰ ਤੋਂ ਮੇਰੀ ਮੰਗ ਸੀ, ਇਹਦੇ ਨਾਲ ਜਿੰਨਾ ਹੋਇਆ ਧੱਕਾ ਹੋਇਆ ਏ। ਇਹਨੇ ਤਾਂ ਮੇਰੇ ਕੋਲ ਆ ਕੇ ਬਸ ਆਪਣੀ ਜਾਨ ਬਚਾਈ ਐ ਜਨਾਬ !”
“ਹੱਛਾ, ਇਹ ਸਭ ਕੁਝ ਬੰਦ ਕਰੋ। ਸੌ ਦਫ਼ਾ ਦਾ ਵਾਰੰਟ ਬਹੁਤੀ ਬਹਿਸ ਨਹੀਂ ਮੰਗਦਾ।” ਮੈਜਿਸਟ੍ਰੇਟ ਨੇ ਬੋਲਣ ਲਈ ਔਹਲਦੇ ਨਿੱਕੇ ਦੇ ਵਕੀਲ ਨੂੰ ਵੀ ਰੋਕ ਦਿੱਤਾ।
“ਬੀਬੀ ! ਹੁਣ ਤੂੰ ਇਹ ਦੱਸ, ਕੀਹਦੇ ਨਾਲ ਜਾਣਾ ਏਂ ?”
ਧੰਤੋ ਨੇ ਜੇਰਾ ਕਰ ਕੇ ਭਰੀ ਅਦਾਲਤ ਵਿਚ ਮੋਦਨ ਦੀ ਬਾਂਹ ਫੜ ਲਈ।
ਮੈਜਿਸਟ੍ਰੇਟ ਦੀ ਆਤਮਾ ਖ਼ੁਸ਼ ਹੋ ਗਈ, “ਬੀਬੀ ਸੋਚ ਲੈ, ਇਹ ਤੈਨੂੰ ਡਰਾ ਕੇ, ਪਰ ਉਸ ਹਾਕਮੀ ਗੰਭੀਰਤਾ ਵਿਚੋਂ ਮੁੜ ਪੁੱਛ ਕੀਤੀ: ਜਾਂ ਧੱਕੇ ਨਾਲ ਤਾਂ ਨਹੀਂ ਮਨਾਉਂਦੇ ?”
“ਨਹੀਂ ਜੀ, ਮੈਂ ਆਪਣੀ ਮਰਜ਼ੀ ਨਾਲ ਇਸ ਦੇ ਰਹਿਣਾ ਚਾਹੁੰਦੀ ਹਾਂ।” ਹੁਣ ਧੰਤੋ ਅੰਦਰੋਂ ਕੋਈ ਸ਼ਕਤੀ ਜਾਗ ਪਈ, ਜਿਸ ਦਾ ਉਸ ਨੂੰ ਆਪ ਵੀ ਪਤਾ ਨਹੀਂ ਸੀ।
“ਜਾਹ ਬੀਬੀ ! ਤੈਨੂੰ ਇਹਦੇ ਕੋਲੋਂ ਕੋਈ ਨਹੀਂ ਖੋਹ ਸਕਦਾ।” ਮੈਜਿਸਟ੍ਰੇਟ ਨੇ ਆਪਣਾ ਫ਼ੈਸਲਾ ਇਕ ਹੀ ਸੰਖੇਪ ਜਿਹੇ ਫ਼ਿਕਰੇ ਵਿਚ ਸੁਣਾ ਦਿੱਤਾ।
“ਜਨਾਬ ਇਕ ਹੋਰ ਗੁਜ਼ਾਰਸ਼ ਹੈ ?” ਚੁੱਪ ਚਾਪ ਖਲੋਤੇ ਥਾਣੇਦਾਰ ਨੇ ਮੈਜਿਸਟ੍ਰੇਟ ਦਾ ਧਿਆਨ ਦੁਆਂਦਿਆਂ ਬੇਨਤੀ ਕੀਤੀ, “ਜੀ ਦੁਵੱਲੇ ਲੜਾਈ ਦਾ ਖ਼ਤਰਾ ਹੈ ?”
“ਤੁਸੀਂ ਕੁੜੀ ਦੀ ਪਿੰਡ ਤਕ ਹਿਫ਼ਾਜਤ ਕਰੋ। ਗੱਲ ਵਿਗੜਦੀ ਦਿਸੇ ਤਾਂ ਨਸ਼ੰਗ ਗ੍ਰਿਫ਼ਤਾਰੀਆਂ ਕਰ ਲਵੋ। ਤੁਸੀਂ ਕਾਹਦੇ ਵਾਸਤੇ ਹੋ, ਜੇ ਲੜਾਈ ਹੀ ਹੋ ਗਈ।” ਮੈਜਿਸਟ੍ਰੇਟ ਨੇ ਥਾਣੇਦਾਰ ਨੂੰ ਹਦਾਇਤਾਂ ਦੇ ਦਿੱਤੀਆਂ।
ਥਾਣੇਦਾਰ ਨੇ ਬਹੁਤ ਅੱਛਾ ਆਖ ਕੇ ਮੈਜਿਸਟ੍ਰੇਟ ਨੂੰ ਸਲੂਟ ਮਾਰਿਆ। ਧੰਤੋ ਮੋਦਨ ਨੂੰ ਅਦਾਲਤ ਵਿਚੋਂ ਜਿੱਤ ਕੇ ਬਾਹਰ ਆ ਗਈ। ਉਸ ਦੀ ਖ਼ੁਸ਼ੀ ਉਸ ਸਮੇਂ ਭੁੱਬਾਂ ਮਾਰ ਕੇ ਰੋਣਾ ਚਾਹੁੰਦੀ ਸੀ, ਪਰ ਅਸਲੀਅਤ ਇਹ ਸੀ ਕਿ ਜ਼ਿਲ੍ਹਾ ਕਚਹਿਰੀ ਦੀ ਭੀੜ ਵਿਚ ਉਸ ਦੀਆਂ ਨਜ਼ਰਾਂ ਧਰਤੀ ਤੋਂ ਨਹੀਂ ਉਠਦੀਆਂ ਸਨ ਤੇ ਉਹ ਵਿਚੇ ਵਿਚ ਮਰੀ ਜਾ ਰਹੀ ਸੀ।
ਬੀਰੋ ਬਿਨਾਂ ਕਰਾਰੋਂ ਹੀ ਸ਼ਾਮ ਦੀ ਗੱਡੀ ਨੂੰ ਰੇਲ ਦੇ ਸਟੇਸ਼ਨ ਉਤੇ ਅਪੜੀ ਹੋਈ ਸੀ। ਉਸ ਨੂੰ ਪੱਕੀ ਆਸ ਸੀ, ਧੰਤੋ ਤੇ ਮੋਦਨ ਜ਼ਰੂਰ ਇਸ ਗੱਡੀ ਲੰਘਣਗੇ। ਸਾਰੇ ਪਿੰਡ ਵਿਚ ਧੰਤੋ ਦੇ ਫੜੇ ਜਾਣ ਦੀ ਖ਼ਬਰ ਧੁੰਮ ਗਈ ਸੀ। ਅੱਜ ਮੈਜਿਸਟ੍ਰੇਟ ਦੇ ਪੇਸ਼ ਹੋਣ ਅਤੇ ਇਕ ਧਿਰ ਦੇ ਹੱਕ ਵਿਚ ਚਲੀ ਜਾਣ ਦੀਆਂ ਗੱਲਾਂ ਹੱਟੀ-ਭੱਠੀ ਉਤੇ ਆਮ ਹੋ ਰਹੀਆਂ ਸਨ। ਬੀਰੋ ਨੂੰ ਚਾਚੀ ਤਾਪੀ ਤੋਂ ਵੀ ਪੱਕੀ ਹੋ ਗਈ ਸੀ। ਉਸ ਦਾ ਅਟਲ ਨਿਸਚਾ ਕਹਿ ਰਿਹਾ ਸੀ, ਉਹ ਜ਼ਰੂਰ ਇਸ ਗੱਡੀ ਲੰਘਣਗੇ। ਤਰੀਕਾਂ ਭੁਗਤਣ ਵਾਲੀਆਂ ਤਕਰੀਬਨ ਸਭ ਸਵਾਰੀਆਂ ਇਸ ਗੱਡੀ ਆਇਆ ਕਰਦੀਆਂ ਸਨ। ਉਸ ਦੀ ਬੇਕਰਾਰੀ ਉਸ ਨੂੰ ਪੌਣਾ ਘੰਟਾ ਗੱਡੀ ਤੋਂ ਪਹਿਲਾਂ ਲੈ ਆਈ। ਸ਼ਾਇਦ ਉਸ ਦੀ ਰੂਹ ਨੂੰ ਚੈਨ ਨਸੀਬ ਨਹੀਂ ਹੋਣਾ ਸੀ, ਜਦ ਤਕ ਉਹਨਾਂ ਦੋਹਾਂ ਨੂੰ ਇਕੱਠਿਆਂ ਨਾ ਵੇਖ ਲੈਂਦੀ। ਉਹ ਕਿੰਨੀ ਵਾਰ ਇਹਨਾਂ ਗੱਡੀਆਂ ਤੋਂ ਨਰਾਸ ਮੁੜੀ ਸੀ ਤੇ ਅੱਜ ਆਪਣੀਆਂ ਮਿਹਨਤਾਂ ਦਾ ਖੇੜਾ ਲੈਣ ਆਈ ਸੀ।
ਜਦੋਂ ਗੱਡੀ ਸਟੇਸ਼ਨ ਉਤੇ ਆਈ, ਧੰਤੋ ਨੇ ਜੀਅ ਭਿਆਣੀ ਹੀ ਖਿੜਕੀ ਵਿਚੋਂ ਬਾਹਰ ਦੇਖਿਆ, ਜਦ ਬੀਰੋ ਡੱਬਿਆਂ ਵਿਚ ਬੈਠੀਆਂ ਸਵਾਰੀਆਂ ਤਾੜ ਰਹੀ ਸੀ।
“ਬੀਰੋ !” ਧੰਤੋ ਨੇ ਝਟ ਬਾਂਹ ਕੱਢ ਕੇ ਉਸ ਨੂੰ ਅਵਾਜ਼ ਮਾਰੀ। ਧੰਤੋ ਪਿਛੋਂ ਮੋਦਨ, ਨਛੱਤਰ, ਬਚਨੇ ਤੇ ਲਾਭੇ ਆਦਿ ਸਾਰਿਆਂ ਨੇ ਬੀਰੋ ਨੂੰ ਦੇਖ ਲਿਆ। ਬੀਰੋ ਭੱਜ ਕੇ ਧੰਤੋ ਕੋਲ ਆ ਗਈ। ਲਾਭਾ ਗੱਡੀਓਂ ਉਤਰਦਾ ਬੀਰੋ ਨੂੰ ਦੇਖ ਕੇ ਸੜ ਬਲ ਹੀ ਗਿਆ। ਉਹ ਚਿੱਤੋਂ ਪੂਰਾ ਔਖਾ ਸੀ ਕਿ ਬੀਰੋ ਸਟੇਸ਼ਨ ਉਤੇ ਕਿਉਂ ਆਈ ਏ। ਬੀਰੋ ਨੇ ਸਭ ਦੇ ਸਾਹਮਣੇ ਬੁੱਲ੍ਹ ਕਢਦਿਆਂ ਮਨ ਵਿਚ ਆਖਿਆ, ‘ਮੈਨੂੰ ਤੇਰੀ ਕੱਖ ਪਰਵਾਹ ਨਹੀਂ ਜੱਟਾਂ !’ ਲਾਭੇ ਦੇ ਸਾਰੇ ਸਾਥੀ ਇਕ-ਇਕ ਕਰਕੇ ਉਤਰ ਪਏ। ਬੀਹੋ ਨੇ ਹੇਠਾਂ ਖਲੋਤੀ ਨੇ ਹੀ ਧੰਤੋ ਦੀਆਂ ਉਂਗਲਾਂ ਫੜ ਕੇ ਹਲਾਉਂਦਿਆਂ ਪੁੱਛਿਆ :
“ਕਿਉਂ, ਸਭ ਕੱਜੀਏ ਮੁੱਕ ਗਏ ?” ਬੀਰੋ ਦੇ ਚਿੱਟੇ ਦੰਦ ਆਪਣੇ ਵਿਸ਼ਵਾਸ ਵਿਚ ਹੱਸੀ ਜਾ ਰਹੇ ਸਨ।
“ਹਾਂ”, ਧੰਤੋ ਨੇ ਮੁਸਕ੍ਰਾਦਿਆਂ ਲੰਮਾ ਸਾਰਾ ਹਉਕਾ ਲਿਆ। “ਮੁੱਕ ਗਏ ਭੈਣੇ, ਪਰ ਸਭ ਤੇਰੀ ਦਇਆ ਨਾਲ।”
ਏਨੀ ਗੱਲ ਸੁਣ ਕੇ ਬੀਰੋ ਦੀਆਂ ਖ਼ੂਬਸੂਰਤ ਅੱਖਾਂ ਹੋਰ ਵੀ ਹੁਸੀਨ ਹੋ ਗਈਆਂ, ਜਿਵੇਂ ਉਹਨਾਂ ਅੰਦਰੋਂ ਰੂਪ ਦਾ ਕੋਈ ਸੂਰਜ ਚੜ੍ਹ ਪਿਆ ਸੀ। ਉਸ ਅੱਖਾਂ ਮੀਟ ਕੇ ਲੰਮਾ ਸਾਹ ਭਰਦਿਆਂ ਆਖਿਆ:
“ਧੰਤੋ ! ਮੈਂ ਜਾਨ ਦੇ ਸਕਦੀ ਸੀ।”
ਧੰਤੋ ਨੇ ਉਸ ਦਾ ਹੱਥ ਫੜ ਕੇ ਘੁੱਟ ਲਿਆ। ਉਸ ਦਾ ਜੀਅ ਕਰਦਾ ਸੀ, ਉਤਰ ਕੇ ਜੱਫੀ ਪਾ ਲਵਾਂ।
“ਮੇਰੀ ਮਾਂ ਦਾ ਹਾਲ ਦੱਸ ?”
“ਹੁਣ ਠੀਕ ਐ, ਆਥਣ ਸਵੇਰ ਉਸ ਦੀ ਖਬਰ ਸਾਰ ਲੈਂਦੀ ਆਂ, ਤੂੰ ਉਸ ਦਾ ਫ਼ਿਕਰ ਨਾ ਕਰ।” ਬੀਰੋ ਉਸ ਦੇ ਪਿਛੇ ਰਹੇ ਫ਼ਿਕਰਾਂ ਨੂੰ ਵੀ ਸਮੇਟ ਰਹੀ ਸੀ।
“ਬੀਰੋ ਮੈਂ ਤੇਰਾ ਦੇਣ ਕਿਵੇਂ ਦਿਆਂਗੀ।” ਧੰਤੋ ਬੀਰੋ ਦੇ ਅਹਿਸਾਨਾਂ ਨਾਲ ਮਣਾਂ-ਮੂੰਹ ਭਰੀ ਪਈ ਸੀ। ਉਸ ਬੀਰੋ ਦਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਘੁੱਟ ਲਿਆ।
ਅੱਗੇ ਮਾਲ ਗੱਡੀ ਆਉਣ ਕਾਰਨ ਉਹਨਾਂ ਦੀ ਗੱਡੀ ਤੁਰ ਨਹੀਂ ਰਹੀ ਸੀ। ਲਾਭਾ ਟਿਕਟਾਂ ਫੜਾ ਕੇ ਮੁੜ ਡੱਬੇ ਕੋਲ ਆ ਗਿਆ।
“ਓ ਨਛੱਤਰਾ ! ਯਾਰ ਤੁਸੀਂ ਤਾਂ ਏਥੇ ਰਹਿ ਪਵੋ, ਇਹਨਾਂ ਨੇ ਜਾਣਾ ਈ ਏਂ।”
ਬਚਨੇ ਨੇ ਬਾਰ ਵਿਚ ਬੈਠੇ ਨੇ ਹੌਲੀ ਦੇ ਕੇ ਬੀਰੋ ਨੂੰ ਸੁਣਾਉਂਦਿਆਂ ਆਖਿਆ :
“ਤੂੰ ਸਾਡੇ ਨਾਲ ਚੱਲ ਖਾਂ, ਨਾਲੇ ਇਹਨੂੰ ।” ਅਮਲੀ ਨੇ ਬੀਰੋ ਵੱਲ ਇਸ਼ਾਰਾ ਮਾਰਿਆ। “ਵੇਖੇਂ ਵੀ ਨਾ ਤਰੀਕਾਂ ਭੁਗਤਣ ਤਾਂ ਹੁਣ ਗਿੱਝ ਹੀ ਗਏ ਹਾਂ।”
ਅਮਲੀ ਦੀ ਗੱਲ ਉਤੇ ਨਛੱਤਰ ਤੇ ਮੋਦਨ ਵੀ ਹੱਸ ਪਏ। ਧੰਤੋ ਨੇ ਸੰਗਦਿਆਂ ਮੂੰਹ ਦੂਜੇ ਪਾਸੇ ਕਰ ਲਿਆ, ਪਰ ਹੱਸਣੋਂ ਉਹ ਵੀ ਨਾ ਰਹਿ ਸਕੀ, ਪਰ ਬੀਰੋ ਨੇ ਲਾਭੇ ਵੱਲ ਵੇਂਹਦਿਆਂ ਮੂੰਹ ਪਾੜ ਕੇ ਕਹਿ ਹੀ ਦਿੱਤਾ :
“ਜੇਰਾ ਕੀਹਦਾ ਲਿਆਉ।”
ਉਹਨਾਂ ਵੱਲ ਹੌਲੀ-ਹੌਲੀ ਗੱਲਾਂ ਕਰਨ ਕਾਰਨ ਬਹੁਤੇ ਲੋਕਾਂ ਨੇ ਧਿਆਨ ਨਹੀਂ ਦਿੱਤਾ ਸੀ। ਪਰ ਉਹਨਾਂ ਨੂੰ ਬੇਪਰਵਾਹ ਹੱਸਦਿਆਂ ਵੇਖ ਪਾਰਲੀ ਸੀਟ ਤੋਂ ਥਾਣੇਦਾਰ ਉਠ ਕੇ ਵੇਖਣ ਲਈ ਮਜਬੂਰ ਹੋ ਗਿਆ।
“ਕੋਈ ਗੱਲ ਨਹੀਂ ਸਰਦਾਰ ਜੀ, ਐਵੇਂ ਜੀ ਲਾਇਆ ਏ।” ਨਛੱਤਰ ਹੱਸਦਿਆਂ ਥਾਣੇਦਾਰ ਨੂੰ ਬੋਲਿਆ। ਉਹ ਮੁੜ ਆਪਣੀ ਸੀਟ ਮੱਲ ਬੈਠਾ।
“ਲਾਭੇ ਨੂੰ ਤਾਂ ਭਾਵੇਂ ਕਿੰਨੀਆਂ ਆਰਾਂ ਮਾਰ ਲੈ, ਭੋਰਾ ਕੰਨਾ ਨਹੀਂ ਆਉਂਦਾ।” ਅਮਲੀ ਨੇ ਪੱਗ ਲਾਹ ਕੇ ਬੋਦਾ ਖੁਰਕਦਿਆਂ ਦੋਹਾਂ ਨੂੰ ਚੋਟ ਮਾਰੀ।
“ਵੇਖੇਂ ਵੀ ਨਾ, ਜੇ ਜੇਰਾ ਈ ਵੇਖਣਾ ਏਂ ਤਾਂ ਏਧਰ ਅੱਖਾਂ ਉੱਚੀਆਂ ਕਰ।” ਅਮਲੀ ਆਪਣੀਆਂ ਨਸ਼ੀਲੀਆਂ ਅੱਖਾਂ ਇਕ ਵਾਰ ਬੀਰੋ ਦੀਆਂ ਅੱਖਾਂ ਵਿਚ ਪਾ ਗਿਆ।
ਬੀਰੋ ਨੇ ਪਹਿਲਾਂ ਰੋਡ-ਭੋਡ ਅਮਲੀ ਵੱਲ ਵੇਖਿਆ, ਤੇ ਮੁੜ ਤੱਤੇ ਤਾਅ ਗਾਲ੍ਹ ਕੱਢਦਿਆਂ
ਬੋਲੀ :
“ਯਾਰਨੀ ਮਾਂ ਦਿਆ ਖਸਮਾਂ, ਤੈਨੂੰ ਮੇਰੀ ਜੁੱਤੀ ਦੀਹਦੀ ਐ’
“ਇਹ ਤਾਂ ਭਾਵੇਂ ਨਿੱਤ ਮਾਰ ਲਿਆ ਕਰੀਂ, ਜੇ ਤੇਰਾ ਜੇਰਾ ਨਹੀਂ ਪੈਂਦਾ, ਫੇਰ ਜਾਣ ਦੇ।” ਅਮਲੀ ਦੀ ਗੱਲ ਨਾਲ ਸਭਨਾਂ ਦੇ ਹੱਸ-ਹੱਸ ਸੂਲ ਲੱਗ ਪਏ।
“ਖੜੋ ਤੇਰੇ ਬੇਰੜੇ ਦੇ, ਪੱਕਾ ਹਰਾਮ ਦਾ……..।” ਬੀਰੋ ਭਾਂਤ-ਭਾਂਤ ਦੀਆਂ ਗਾਲ੍ਹਾਂ ਦੇ ਦੇ ਬਦਲਾ ਲੈ ਰਹੀ ਸੀ।
ਸਭ ਤੋਂ ਪਹਿਲਾਂ ਮੋਦਨ ਨੇ ਅਮਲੀ ਦੇ ਮੁੱਕਾ ਮਾਰਿਆ। ਫੇਰ ਔਖੇ ਹੋਏ ਲਾਭੇ ਨੇ ਟੋਕੀ ਦੀ ਹੁੱਝ ਮਾਰ ਕੇ ਉਸ ਨੂੰ ਗੱਡੀ ਦੇ ਬਾਰ ਵਿਚੋਂ ਉਠਾ ਦਿੱਤਾ। ਅਮਲੀ ਪੱਗ ਝਾੜਦਾ ਮੋਦਨ ਨੂੰ ਆਖਣ
ਲੱਗਾ :
“ਤੂੰ ਤਾਂ ਨਾ ਮਾਰ, ਤੈਨੂੰ ਹਾਲੇ ਸੱਜਰੀਆਂ ਲਾਵਾਂ ਦੁਆ ਕੇ ਲਿਆਏ ਆਂ।” ਐਤਕੀਂ ਵਾਰ ਅਮਲੀ ਦੀ ਗੱਲ ਉਤੇ ਥਾਣੇਦਾਰ ਤੇ ਹੋਰ ਡੱਬੇ ਦੇ ਮੁਸਾਫ਼ਰ ਵੀ ਹੱਸ ਪਏ।
“ਅਮਲੀ ਰੌਣਕੀ ਬੰਦਾ ਏ।” ਬਚਨਾ ਥਾਣੇਦਾਰ ਤੋਂ ਪ੍ਰਸੰਸਾ ਲੈ ਗਿਆ।
“ਤੂੰ ਆ ਜਾ ਬਾਈ !” ਨਛੱਤਰ ਨੇ ਹੇਠ ਖਲੋਤੇ ਲਾਭੇ ਨੂੰ ਹੱਥ ਮਾਰਿਆ। ਐਵੇਂ ਕੱਚਾ ਪਿੱਲਾ ਨਾ ਜੀਅ ਕਰ, ਭਲਕੇ ਆ ਜਾਵੀਂ, ਚਲ ਕੇ ਸ਼ੁਗਲ ਕਰਾਂਗੇ।
ਲਾਭੇ ਦਾ ਸਾਥ ਮਾਨਣ ਨੂੰ ਜੀਅ ਕਰਦਾ ਸੀ। ਉਸ ਝਿਜਕ ਤਿਆਗ ਕੇ ਗੱਡੀ ਦਾ ਡੰਡਾ ਫੜ ਲਿਆ ਅਤੇ ਅਮਲੀ ਵਾਲੀ ਥਾਂ ਮੱਲ ਖਲੋਤਾ। ਦੂਜੇ ਪਾਸੇ ਮਾਲ ਗੱਡੀ ਆ ਗਈ ਅਤੇ ਝੱਟ ਹੀ ਕਾਂਟੇ ਵਾਲੇ ਨੇ ਸਵਾਰੀ ਗੱਡੀ ਦਾ ਡਾਉਨ ਦੇ ਦਿੱਤਾ। ਗੱਡੀ ਨੇ ਚੀਕ ਮਾਰ ਕੇ ਸਭ ਸਵਾਰੀਆਂ ਨੂੰ ਖ਼ਬਰਦਾਰ ਕੀਤਾ। ਧੰਤੋ ਗੱਡੀ ਤੁਰਦੀ ਵੇਖ ਕੇ ਫਿੱਸ ਪਈ।
“ਬੀਰੋ ! ਮੇਰੀ ਮਾਂ ਨੂੰ ਆਖੀਂ ਮੈਨੂੰ ਮਿਲ ਆਵੇ, ਤੰ ਵੀ ਨਾਲ ਆ ਜਾਵੀਂ।”
“ਚੰਗਾ !” ਤਰਦੀ ਗੱਡੀ ਦੇ ਨਾਲ-ਨਾਲ ਕਦਮਾਂ ਪੁੱਟਦਿਆਂ ਬੀਰੋ ਨੇ ਉਸ ਦਾ ਅਮੁੱਕ ਪਿਆਰ ਨਾਲ ਹੱਥ ਘੁੱਟਿਆ।
“ਆ ਕੇ ਵੇਖੀਂ, ਸਾਨੂੰ ਵੀ ਆਦਤ ਐ, ਮੁੜਨ ਅਸੀਂ ਵੀ ਨਹੀਂ ਦਿੰਦੇ।” ਅਮਲੀ ਰੋਕਦਿਆਂ ਰੋਕਦਿਆਂ ਵਿਚੋਂ ਹੀ ਫਿਰ ਦਾਅ ਲਾ ਗਿਆ। ਐਤਕੀਂ ਵਾਰ ਫਿਰ ਸਾਰੇ ਹੱਸ ਪਏ।
ਨਛੱਤਰ ਨੇ ਧੌਲ ਮਾਰਦਿਆਂ ਆਖਿਆ
“ਚੁੱਪ ਨਹੀਂ ਕਰਦਾ।”
“ਰੂਹ ਓਥੇ ਰਹਿ ਗਈ ਹੁਣ ਤਾਂ ਮਰਿਆਂ ਬਰਾਬਰ ਈ ਸਮਝੋ।”
ਬੀਰੋ ਕਿੰਨੀਆਂ ਰੀਝਾਂ ਨਾਲ ਜਾਂਦੀ ਗੱਡੀ ਨੂੰ ਦੇਖ ਰਹੀ ਸੀ। ਉਹ ਕਿੰਨੀ ਖ਼ੁਸ਼ ਸੀ, ਪਰ ਕੌਣ ਜਾਣੇ ਦਿਲ ਦੇ ਦਰਦ ਨਾਲ ਉਹ ਕਿੰਨੀ ਦੁਖੀ ਸੀ।
Credit – ਜਸਵੰਤ ਸਿੰਘ ਕੰਵਲ