ਮੁੱਢਲਾ ਜੀਵਨ
ਕੁਲ ਪਰੰਪਰਾ
ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਇਕ ਵਿਸ਼ਵਾਸਯੋਗ ਸਾਥੀ ਅਤੇ ਵਿਜੱਈ ਯੋਧਾ ਸੀ। ਉਸ ਦਾ ਮਹਾਰਾਜਾ ਸਾਹਿਬ ਨਾਲ ਸੰਬੰਧ ਪੁਸ਼ਤੈਨੀ ਸੀ। ਉਸ ਦੇ ਪੂਰਵਜ ਪਹਿਲਾਂ ਮਜੀਠਾ ਪਿੰਡ, ਜ਼ਿਲ੍ਹਾ ਅੰਮ੍ਰਿਤਸਰ ਵਿਚ ਰਹਿੰਦੇ ਸਨ ਅਤੇ ਗੁਰੂ ਘਰ ਨਾਲ ਬਹੁਤ ਜੁੜੇ ਹੋਏ ਸਨ। ਮਹਾਰਾਜਾ ਸਾਹਿਬ ਦਾ ਪੜਦਾਦਾ ਸ. ਨੌਧ ਸਿੰਘ ਦਾ ਜਨਮ ਸੰਨ 1709 ਈ. ਵਿਚ ਪਿੰਡ ਸ਼ੁਕਰਚਕ (ਜ਼ਿਲ੍ਹਾ ਗੁਜਰਾਂਵਾਲਾ) ਵਿਚ ਹੋਇਆ ਅਤੇ ਉਸ ਦੀ ਸ਼ਾਦੀ ਭਾਈ ਗੁਲਾਬ ਸਿਘ ਸ਼ੇਰਗਿਲ ਮਜੀਠਾ ਦੀ ਲੜਕੀ ਲਾਲ ਕੌਰ ਨਾਲ ਸੰਨ 1726 ਈ. ਵਿਚ ਹੋਈ। ਉਹ ਸ਼ੁਕਰਚਕ ਦਾ ਨਿਵਾਸ ਛੱਡ ਕੇ ਮਜੀਠਾ ਵਿਚ ਰਹਿਣ ਲਗਾ। ਇੱਥੇ ਹੀ ਸ. ਹਰੀ ਸਿੰਘ ਨਲਵਾ ਦੇ ਦਾਦਾ ਸ. ਹਰਿਦਾਸ ਸਿੰਘ ਉੱਪਲ ਨੂੰ ਸ. ਨੌਧ ਸਿੰਘ ਦਾ ਸੰਪਰਕ ਪ੍ਰਾਪਤ ਹੋਇਆ। ਕੁਝ ਸਮੇਂ ਬਾਅਦ ਉਹ ਦੋਵੇਂ ਨਿਕਟਵਰਤੀ ਬਣ ਗਏ।
ਸੰਨ 1729 ਈ. ਵਿਚ ਬਾਬਾ ਨੌਧ ਸਿੰਘ ਦੇ ਘਰ ਸ. ਚੜ੍ਹਤ ਸਿੰਘ ਦਾ ਜਨਮ ਹੋਇਆ। ਸੰਨ 1750 ਈ. ਵਿਚ ਮੀਰ ਮਨੂੰ ਦੀ ਫ਼ੌਜ ਨਾਲ ਹੋਈ ਮੁਠ-ਭੇੜ ਵਿਚ ਬਾਬਾ ਨੌਧ ਸਿੰਘ ਮਾਰਿਆ ਗਿਆ। ਉਦੋਂ ਉਸ ਦੇ ਚਾਰ ਪੁੱਤਰਾਂ ਵਿਚੋਂ ਚੜ੍ਹਤ ਸਿੰਘ ਸਭ ਤੋਂ ਵੱਡਾ ਅਤੇ 21 ਸਾਲ ਦਾ ਸੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਸ ਨੇ ਆਪਣੇ ਦਲ (ਮਿਸਲ) ਦੀ ਵਾਗਡੋਰ ਸੰਭਾਲੀ ਅਤੇ ਆਪਣੇ ਉਸ ਦਲ ਦੀ ਫ਼ੌਜੀ ਕਮਾਨ ਸ. ਹਰਿਦਾਸ ਸਿੰਘ ਉਪਲ ਨੂੰ ਸੌਂਪੀ। ਸ. ਚੜ੍ਹਤ ਸਿੰਘ ਦੀ ਸ਼ਾਦੀ ਗੁਜਰਾਂਵਾਲੇ ਦੇ ਪ੍ਰਸਿੱਧ ਸਰਦਾਰ ਗੁਰਬਖਸ਼ ਸਿੰਘ ਵੜਾਇਚ ਦੀ ਲੜਕੀ ਦੇਸਾਂ ਨਾਲ ਹੋਈ। ਕਾਲਾਂਤਰ ਵਿਚ ਨਵਾਬ ਅਦੀਨਾ ਬੇਗ ਦੀ ਮਿਲੀ-ਭੁਗਤ ਨਾਲ ਉਸ ਦੀ ਮਾਤਾ ਲਾਲ ਕੌਰ ਨੂੰ ਮਜੀਠਾ ਕਸਬੇ ਵਿਚ ਕਤਲ ਕਰ ਦਿੱਤਾ ਗਿਆ। ਬਸ ਉਸ ਦਾ ਮਨ ਮਜੀਠਾ ਕਸਬੇ ਤੋਂ ਉੱਠ ਗਿਆ ਅਤੇ ਫਿਰ ਉੱਥੇ ਰਹਿਣ ਵੱਲ ਧਿਆਨ ਹੀ ਨਾ ਦਿੱਤਾ।
ਮਜੀਠਾ ਕਸਬੇ ਤੋਂ ਬਾਅਦ ਸ. ਚੜ੍ਹਤ ਸਿੰਘ ਨੇ ਆਪਣੇ ਸਹੁਰੇ ਸ. ਗੁਰਬਖਸ਼ ਸਿੰਘ ਵੜ੍ਹਾਇਚ ਦੇ ਸਹਿਯੋਗ ਨਾਲ ਰਾਵੀਓਂ ਪਾਰ ਗੁਜਰਾਉਲੀ ਦੇ ਇਲਾਕੇ ਨੂੰ ਆਪਣੇ ਵਸ ਵਿਚ ਕੀਤਾ। ਉੱਥੇ ਸਾਹਸੀ ਜੱਟਾਂ ਦੀ ਬਹੁਤ ਆਬਾਦੀ ਸੀ। ਉਸ ਨੇ ਉੱਥੇ ਪਹਿਲਾਂ ਕੱਚੀ ਗੜ੍ਹੀ ਬਣਾਈ ਅਤੇ ਕਾਲਾਂਤਰ ਵਿਚ ਪੱਕਾ ਕਿਲ੍ਹਾ ਉਸਾਰਿਆ। ਸ. ਚੜ੍ਹਤ ਸਿੰਘ ਹਰਿਦਾਸ ਸਿੰਘ ਉੱਪਲ ਨੂੰ ਵੀ ਨਾਲ ਲੈ ਗਿਆ। ਉੱਥੇ ਉਸ ਨੂੰ ਕੁਝ ਜਾਗੀਰ ਵੀ ਮਿਲ ਗਈ। ਜਦੋਂ ਦੋਵੇਂ ਗੁਜਰਾਂਵਾਲੇ ਵਿਚ ਪੂਰੀ ਤਰ੍ਹਾਂ ਟਿਕ ਗਏ ਤਾਂ ਉੱਥੋਂ ਹੀ ਇਨ੍ਹਾਂ ਨੇ ਆਪਣੀਆਂ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ। ਦੋਵੇਂ ਇਕ ਦੂਜੇ ਦੇ ਹਮੇਸ਼ਾ ਅੰਗ-ਸੰਗ ਰਹੇ। ਇੱਥੇ ਹੀ ਚੜ੍ਹਤ ਸਿੰਘ ਨੇ ਬਹੁਤ ਸਾਰਾ ਇਲਾਕਾ ਕਬਜ਼ੇ ਵਿਚ ਕਰ ਕੇ ਸ਼ੁਕਰਚੱਕੀਆ ਮਿਸਲ ਦੀ ਸਥਾਪਨਾ ਕੀਤੀ। ਇਹ ਦੋਵੇਂ ਕੁੱਪ-ਰਹੀੜਾ ਦੇ ਘੱਲੂਘਾਰੇ ਵਿਚ ਸ਼ਾਮਲ ਸਨ। ਸਰਦਾਰ ਚੜ੍ਹਤ ਸਿੰਘ ਨੂੰ ਬਹੁਤ ਜ਼ਖ਼ਮ ਲੱਗੇ ਸਨ, ਪਰ ਉਹ ਬਚ ਗਿਆ। ਸਰਦਾਰ ਹਰਿਦਾਸ ਸਿੰਘ ਵੈਰੀਆਂ ਨਾਲ ਲੜਦਿਆਂ ਸ਼ਹੀਦ ਹੋ ਗਿਆ। ਬਾਅਦ ਵਿਚ ਸਰਦਾਰ ਚੜ੍ਹਤ ਸਿੰਘ ਨੇ ਆਪਣੀ ਮਿਸਲ ਦੀ ਕਮਾਨ ਹਰਿਦਾਸ ਸਿੰਘ ਦੇ ਪੁੱਤਰ ਸ. ਗੁਰਦਿਆਲ ਸਿੰਘ ਉੱਪਲ ਨੂੰ ਸੌਂਪ ਦਿੱਤੀ।
ਸਰਦਾਰ ਗੁਰਦਿਆਲ ਸਿੰਘ ਨੇ ਵੀ ਆਪਣੇ ਪਿਤਾ ਵਾਂਗ ਬੜੀ ਨਿਸ਼ਠਾ ਅਤੇ ਸਿਦਕ-ਦਿਲੀ ਨਾਲ ਜ਼ਿੰਮੇਵਾਰੀ ਨਿਭਾਈ। ਸ. ਚੜ੍ਹਤ ਸਿੰਘ ਦੇ ਦੇਹਾਂਤ ਤੋਂ ਬਾਅਦ ਸੰਨ 1774 ਈ. ਵਿਚ ਉਸ ਦਾ ਪੁੱਤਰ ਸ. ਮਹਾਂ ਸਿੰਘ ਮਿਸਲਦਾਰ ਬਣਿਆ ਅਤੇ ਸ. ਗੁਰਦਿਆਲ ਸਿੰਘ ਨੇ ਉਸ ਦਾ ਵੀ ਪਹਿਲਾਂ ਵਾਂਗ ਅੰਗ ਪਾਲਿਆ। ਇਸ ਸੇਵਾ ਬਦਲੇ ਸਰਦਾਰ ਮਹਾਂ ਸਿੰਘ ਨੇ ਉਸ ਨੂੰ ਸ਼ਾਹਦਰੇ ਦੇ ਨੇੜੇ ਜਗੀਰ ਵੀ ਪ੍ਰਦਾਨ ਕੀਤੀ। ਸੰਨ 1780 ਈ. ਵਿਚ ਸਰਦਾਰ ਮਹਾਂ ਸਿੰਘ ਦੇ ਘਰ ਰਣਜੀਤ ਸਿੰਘ ਨੇ ਜਨਮ ਲਿਆ ਅਤੇ ਲਗਭਗ 12 ਸਾਲ ਬਾਅਦ ਸ. ਗੁਰਦਿਆਲ ਸਿੰਘ ਦੇ ਘਰ ਹਰੀ ਸਿੰਘ ਨੇ ਜਨਮ ਲਿਆ। ਸਰਦਾਰ ਮਹਾਂ ਸਿੰਘ ਦਾ ਦੇਹਾਂਤ 1792 ਈ. ਵਿਚ ਹੋ ਗਿਆ ਅਤੇ ਸ. ਗੁਰਦਿਆਲ ਸਿੰਘ ਉੱਪਲ ਸੰਨ 1798 ਈ. ਵਿਚ ਗੁਜ਼ਰ ਗਿਆ। ਕਾਲਾਂਤਰ ਵਿਚ ਇਨ੍ਹਾਂ ਦੋਹਾਂ ਨੌਜਵਾਨਾਂ ਦਾ ਮੇਲ ਹੋਇਆ ਅਤੇ ਖਾਲਸਾ ਰਾਜ ਦੇ ਵਿਸਤਾਰ ਵਿਚ ਵਡਮੁੱਲਾ ਯੋਗਦਾਨ ਪਾਇਆ।
ਬਚਪਨ
ਸਰਦਾਰ ਹਰੀ ਸਿੰਘ ਨਲਵਾ ਦਾ ਜਨਮ ਸਰਦਾਰ ਗੁਰਦਿਆਲ ਸਿੰਘ ਉੱਪਲ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਸੰਨ 1791 ਈ. ਵਿਚ ਗੁਜਰਾਂਵਾਲਾ ਵਿਚ ਹੋਇਆ। ਸ. ਗੁਰਦਿਆਲ ਸਿੰਘ ਦੀ ਪਿਛਲੀ ਉਮਰੇ ਜੰਮਿਆ ਹਰੀ ਸਿੰਘ ਇਕਲੌਤਾ ਪੁੱਤਰ ਸੀ। ਇਸ ਕਰਕੇ ਵਿਸ਼ੇਸ਼ ਤੌਰ ‘ਤੇ ਲਾਡ-ਪਿਆਰ ਦਾ ਕੇਂਦਰ ਬਣਿਆ। ਉਸ ਦੇ ਪਿਤਾ ਨੇ ਜੋ ਸ਼ੁਕਰਚੱਕੀਆ ਮਿਸਲ ਵਿਚ ਮੁੱਖ ਫ਼ੌਜੀ ਅਧਿਕਾਰੀ ਅਥਵਾ ਕੁਮੇਦਾਨ ਸੀ, ਸ਼ੁਰੂ ਤੋਂ ਹੀ ਹਰੀ ਸਿੰਘ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦਿੱਤਾ। ਇਕ ਵਿਦਵਾਨ ਗਿਆਨੀ ਦੁਆਰਾ ਉਸ ਨੂੰ ਸਿੱਖ ਧਰਮ ਗ੍ਰੰਥਾਂ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਫ਼ਾਰਸੀ ਦਾ ਅਧਿਐਨ ਕਰਨ ਲਈ ਉਸ ਵਕਤ ਦੇ ਨਾਮੀ ਮੌਲਵੀ ਨੂੰ ਨਿਯੁਕਤ ਕੀਤਾ ਗਿਆ।
ਅਜੇ ਹਰੀ ਸਿੰਘ ਕੇਵਲ ਸੱਤਾਂ ਸਾਲਾਂ ਦਾ ਹੀ ਹੋਇਆ ਸੀ ਕਿ ਪਿਤਾ ਹਮੇਸ਼ਾ ਲਈ ਵਿਛੋੜਾ ਦੇ ਗਿਆ। ਉਹ ਸੰਸਾਰ ਵਿਚ ਬੇਸਹਾਰਾ ਹੋ ਗਿਆ। ਪਰ ਪਰਮ-ਸੱਤਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦਾ ਮਾਮਾ ਹਰੀ ਸਿੰਘ ਨੂੰ ਆਪਣੇ ਘਰ ਲੈ ਆਇਆ ਅਤੇ ਉੱਥੇ ਹੋਰਨਾਂ ਬੱਚਿਆਂ ਨਾਲ ਉਹ ਵੀ ਪਲਣ ਲੱਗਿਆ। ਭਵਿੱਖ ਵਿਚ ਖਾਲਸਾ ਰਾਜ ਦਾ ਪ੍ਰਮੁਖ ਸੈਨਾ-ਨਾਇਕ ਅਤੇ ਗਵਰਨਰ ਬਣਨ ਵਾਲਾ ਸਾਧਾਰਣ ਢੰਗ ਨਾਲ ਆਪਣੇ ਮਾਮੇ ਦੇ ਘਰ ਹੋਰਨਾਂ ਬੱਚਿਆਂ ਸੰਗ ਪਲਦਾ ਰਿਹਾ। ਪਰ ਉਸ ਦੀ ਬੁੱਧੀ ਬੜੀ ਤੀਬਰ ਸੀ ਅਤੇ ਰਾਜਨੀਤਿਕ ਪਰਸਥਿਤੀਆਂ ਅਤੇ ਵਾਤਾਵਰਣ ਵਿਚ ਵਾਪਰ ਰਹੇ ਘਟਨਾ-ਚੱਕਰ ਬਾਰੇ ਬੜਾ ਸਚੇਤ ਸੀ। ਬਚਪਨ ਵਿਚ ਗੁਜਰਾਂਵਾਲੇ ਵਿਚ ਹੀ ਨਿਵਾਸ ਰੱਖਣ ਕਰਕੇ ਸ਼ੁਕਰਚੱਕੀਆ ਮਿਸਲ ਦੇ 13 ਸਾਲ ਦੇ ਬਣੇ ਮਿਸਲਦਾਰ ਰਣਜੀਤ ਸਿੰਘ ਦੀ ਗਤੀਵਿਧੀ ‘ਤੇ ਨਜ਼ਰ ਰੱਖਦਾ ਆ ਰਿਹਾ ਸੀ। ਸ਼ਸਤਰਾਂ ਅਸਤਰਾਂ ਦੇ ਅਭਿਆਸ ਵਿਚ ਉਸ ਦੀ ਬਹੁਤ ਰੁਚੀ ਸੀ। ਘੋੜਸਵਾਰੀ ਲਈ ਉਸ ਦਾ ਮਨ ਹਮੇਸ਼ਾ ਲਾਲਾਇਤ ਰਹਿੰਦਾ ਸੀ। ਸ਼ੁਰੂ ਤੋਂ ਹੀ ਉਸ ਨੇ ਸਰੀਰ ਨੂੰ ਸਾਧਣਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਉਹ ਇਕ ਦੀਦਾਰੀ ਫੁਰਤੀਲਾ ਸੈਨਿਕ ਬਣ ਗਿਆ ਅਤੇ ਉਸ ਦਾ ਅੰਗ ਪ੍ਰਤਿ ਅੰਗ ਵੀਰਤਾ ਦੇ ਪ੍ਰਦਰਸ਼ਨ ਲਈ ਮਚਲਣ ਲੱਗ ਗਿਆ। ਇਸ ਦੇ ਨਾਲ ਹੀ ਉਹ ਧਾਰਮਿਕ ਬਿਰਤੀ ਵਾਲਾ ਇਕ ਵਿਦਵਾਨ ਸੈਨਿਕ ਸੀ । ਸਿੱਖ ਰਾਜ ਵਿਚ ਉਹ ਇਕੋ ਇਕ ਜਰਨੈਲ ਸੀ ਜੋ ਫ਼ਾਰਸੀ ਨੂੰ ਆਸਾਨੀ ਨਾਲ ਪੜ੍ਹ, ਲਿਖ ਅਤੇ ਬੋਲ ਸਕਦਾ ਸੀ। ਉਸ ਦੀ ਇਹ ਚਾਰਿਤ੍ਰਿਕ ਵਿਸ਼ੇਸ਼ਤਾ ਸੀ ਕਿ ਵਿਰੋਧੀ ਵੀ ਉਸ ਦੀ ਸੂਝ ਅਤੇ ਸਿਆਣਪ ਦਾ ਸਿੱਕਾ ਮੰਨਦੇ ਸਨ। ਬਚਪਨ ਵਿਚ ਪਿਤਾ ਵਿਹੂਣੇ ਹੋ ਜਾਣ ਕਾਰਣ ਉਹ ਜਿੱਥੇ ਖੁਦ ਦਇਆ ਦਾ ਪਾਤਰ ਬਣਿਆ, ਉੱਥੇ ਆਪ ਵੀ ਦਇਆਵਾਨ ਬਣ ਗਿਆ। ਇਹੀ ਕਾਰਣ ਸੀ ਕਿ ਗੰਭੀਰ ਤੋਂ ਗੰਭੀਰ ਸਥਿਤੀ ਵਿਚ ਵੀ ਉਹ ਦਇਆ ਦਾ ਪੱਲਾ ਛੱਡਦਾ ਨਹੀਂ ਸੀ ਅਤੇ ਆਪਣੀ ਰਹਿਮ-ਦਿਲੀ ਨੂੰ ਬਰਕਰਾਰ ਰੱਖਦਾ ਸੀ। ਉਹ ਸਮ-ਚੇਤਨਾ ਅਤੇ ਸਦ-ਭਾਵਨਾ ਦੀ ਸੁਗੰਧ ਨੂੰ ਖਿਲਾਰਨੋ ਸੰਕੋਚ ਨਹੀਂ ਕਰਦਾ ਸੀ ।
ਇਸੇ ਦੌਰਾਨ ਸ਼ੁਕਰਚੱਕੀਆ ਮਿਸਲਦਾਰ ਰਣਜੀਤ ਸਿੰਘ ਨੇ 1799 ਈ. ਵਿਚ ਲਾਹੌਰ ‘ਤੇ ਕਬਜ਼ਾ ਕਰ ਲਿਆ ਅਤੇ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਸੰਨ 1801 ਈ. ਵਿਚ ਲਾਹੌਰ ਵਿਚ ਇਕ ਸ਼ਾਹੀ ਦਰਬਾਰ ਲਾਇਆ ਅਤੇ ਉਸ ਵਿਚ ਆਪਣੇ ਮਹਾਰਾਜਾ ਹੋਣ ਦੀ ਘੋਸ਼ਣਾ ਕੀਤੀ। ਉਸ ਨੇ ਆਪਣਾ ਸਿੱਕਾ ਵੀ ਚਲਾਇਆ ਜੋ ਨਾਨਕ ਸ਼ਾਹੀ ਸਿੱਕੇ ਵਜੋਂ ਪ੍ਰਸਿੱਧ ਹੋਇਆ। ਉਸ ਸਿੱਕੇ ‘ਤੇ ਇਹ ਲਫ਼ਜ਼ ਉਕਰੇ ਹੋਏ ਸਨ :
ਦੇਗ ਤੇਗੋ ਫ਼ਤਹਿ ਨੁਸਰਤ ਬੇਦਰੰਗ।
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਉਸ ਨੇ ਹੋਰ ਕਈ ਰਾਜਸੀ ਸੁਧਾਰਾਂ ਦੇ ਨਾਲ ਨਾਲ ਇਕ ਬੱਚਾ ਪਲਟਨ ਵੀ ਬਣਾਈ ਤਾਂ ਜੋ ਚੋਣਵੇਂ ਨੌਜਵਾਨਾਂ ਨੂੰ ਸ਼ੁਰੂ ਤੋਂ ਹੀ ਸਿਖਲਾਈ ਦਿੱਤੀ ਜਾ ਸਕੇ। ਜਦੋਂ ਹਰੀ ਸਿੰਘ 15 ਵਰ੍ਹਿਆਂ ਦਾ ਹੋਇਆ ਤਾਂ ਉਸ ਨੂੰ ਲਾਹੌਰ ਵਿਚ ਆਪਣੇ ਕਰੱਤਬ ਦਿਖਾਉਣ ਦਾ ਮੌਕਾ ਮਿਲਿਆ। ਮਹਾਰਾਜਾ ਰਣਜੀਤ ਸਿੰਘ ਬੜਾ ਦੂਰ-ਦਰਸ਼ੀ ਸ਼ਾਸਕ ਸੀ। ਉਸ ਨੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਲਈ ਜੋ ਬੱਚਾ ਪਲਟਨ ਬਣਾਈ ਸੀ, ਉਸ ਦੀ ਭਰਤੀ ਲਈ ਬਸੰਤ ਪੰਚਮੀ ਦੇ ਮੌਕੇ ‘ਤੇ ਦਸ ਦਿਨਾਂ ਦਾ ਇਕ ਅਖਾੜਾ-ਨੁਮਾ ਦਰਬਾਰ ਲਗਾਉਂਦਾ ਸੀ, ਜਿਸ ਵਿਚ ਬਿਨਾਂ ਕਿਸੇ ਧਾਰਮਿਕ ਜਾਂ ਜਾਤੀ ਭੇਦ-ਭਾਵ ਦੇ ਹਰ ਤਰ੍ਹਾਂ ਦੇ ਨੌਜਵਾਨ ਹਿੱਸਾ ਲੈ ਕੇ ਆਪਣੇ ਕਰੱਤਬ ਦਿਖਾ ਸਕਦੇ ਸਨ। ਉਨ੍ਹਾਂ ਵਿਚੋਂ ਯੋਗਤਾ ਅਨੁਸਾਰ ਨੌਜਵਾਨਾਂ ਨੂੰ ਸੈਨਾ ਦੀ ਸੇਵਾ ਵਿਚ ਲੈ ਲਿਆ ਜਾਂਦਾ ਸੀ ਅਤੇ ਸਰੀਰਕ ਤੌਰ ‘ਤੇ ਬਲਸ਼ਾਲੀ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਨਾਮਾਂ, ਪੁਰਸਕਾਰਾਂ ਨਾਲ ਨਿਵਾਜਿਆ ਜਾਂਦਾ ਸੀ। ਸੰਨ 1805 (ਸੰ. 1862) ਦੀ ਬਸੰਤ ਨੂੰ ਹੋਏ ਇਸ ਦਰਬਾਰ ਵਿਚ ਹਰੀ ਸਿੰਘ ਵੀ ਸ਼ਾਮਲ ਹੋਇਆ। ਉਸ ਨੇ ਆਪਣੇ ਸਰੀਰਕ ਬਲ ਅਤੇ ਸ਼ਸਤਰ-ਅਸਤਰ ਪ੍ਰਯੋਗ ਨਾਲ ਦਰਸ਼ਕਾਂ ਦੇ ਮਨ ਮੋਹ ਲਏ। ਮਹਾਰਾਜਾ ਰਣਜੀਤ ਸਿੰਘ ਉਸ ਦੇ ਸਰੀਰਕ ਪ੍ਰਦਰਸ਼ਨ ਅਤੇ ਸ਼ਸਤਰ-ਪ੍ਰਯੋਗ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਉਸ ਨੂੰ ਇਕ ਕੀਮਤੀ ਕੰਠਾ ਪ੍ਰਦਾਨ ਕੀਤਾ ਅਤੇ ਉਸ ਨੂੰ ਆਪਣੇ ਨਿੱਜੀ ਸੇਵਕਾਂ ਵਿਚ ਸ਼ਾਮਲ ਕਰ ਲਿਆ। ਇਸ ਕਰਕੇ ਉਸ ਨੂੰ ਰਾਜ-ਦਰਬਾਰ ਦੇ ਅਦਬ-ਅਦਾਬ ਦਾ ਪਤਾ ਲੱਗਣ ਲੱਗ ਗਿਆ ਅਤੇ ਅਭਿਆਸੀ ਸੈਨਿਕਾਂ ਦਾ ਨਿਕਟ ਸੰਪਰਕ ਪ੍ਰਾਪਤ ਹੋਣ ਲਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਦੀ ਕੁਲ ਦਾ ਸ਼ੁਕਰਚੱਕੀਆ ਮਿਸਲ ਨਾਲ ਪਰੰਪਰਿਕ ਸੰਬੰਧ ਦਾ ਪਤਾ ਚਲਿਆ ਤਾਂ ਹਰੀ ਸਿੰਘ ਨੂੰ ਹੋਰ ਵੀ ਆਪਣੇ ਨਿਕਟ ਕਰ ਲਿਆ।
ਇਸੇ ਦੌਰਾਨ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਹਰੀ ਸਿੰਘ ਸ਼ਿਕਾਰ ‘ਤੇ ਗਿਆ ਹੋਇਆ ਸੀ। ਜੰਗਲ ਵਿਚ ਦਾਖਲ ਹੁੰਦਿਆਂ ਹੀ ਇਕ ਸ਼ੇਰ ਅਚਾਨਕ ਹਰੀ ਸਿੰਘ ‘ਤੇ ਝਪਟ ਪਇਆ। ਉਸ ਨੂੰ ਸ਼ਸਤਰ ਕੱਢਣ ਦਾ ਵੀ ਮੌਕਾ ਨਾ ਮਿਲਿਆ। ਉਸ ਨੇ ਸ਼ੇਰ ਦੇ ਖੁੱਲ੍ਹੇ ਹੋਏ ਜਬਾੜੇ ਨੂੰ ਫੜ ਕੇ ਅਜਿਹਾ ਝਟਕਾ ਦਿੱਤਾ ਕਿ ਉਹ ਧਰਤੀ ‘ਤੇ ਡਿਗ ਪਿਆ ਅਤੇ ਹਰੀ ਸਿੰਘ ਨੇ ਤਲਵਾਰ ਕੱਢ ਕੇ ਸ਼ੇਰ ਦੀ ਗਰਦਨ ਕਟ ਦਿੱਤੀ । ਥੋੜ੍ਹੀ ਦੂਰੀ ‘ਤੇ ਮਹਾਰਾਜਾ ਸਾਹਿਬ ਇਸ ਘਟਨਾ-ਦ੍ਰਿਸ਼ ਨੂੰ ਵੇਖ ਰਹੇ ਸੀ। ਉਹ ਤੁਰੰਤ ਉੱਥੇ ਪਹੁੰਚੇ ਅਤੇ ਹਰੀ ਸਿੰਘ ਨੂੰ ਛਾਤੀ ਨਾਲ ਲਗਾ ਕੇ ਬਹੁਤ ਸਲਾਹਿਆ। ਸ਼ੇਰ ਨੂੰ ਮਾਰਨ ਕਰਕੇ ਉਸ ਦਾ ਉਪਨਾਮ ‘ਨਲਵਾ’ ਪੈ ਗਿਆ ਜੋ ਲੌਕਿਕ ਉੱਚਾਰਣ ਅਨੁਸਾਰ ‘ਨਲੂਆ’ ਵੀ ਕਿਹਾ ਜਾਂਦਾ ਹੈ। ਇਹ ਨਾਂ ਕਿਵੇਂ ਪਿਆ ਇਸ ਬਾਰੇ ਪ੍ਰਾਚੀਨਾਂ ਤੋਂ ਪਤਾ ਚਲਦਾ ਹੈ ਕਿ ਭਾਰਤੀ ਇਤਿਹਾਸ ਵਿਚ ਨਿਸ਼ਧ ਪ੍ਰਦੇਸ਼ ਦਾ ਇਕ ਚੰਦ੍ਰਵੰਸ਼ੀ ਰਾਜਾ ਨਲ ਨਾਂ ਨਾਲ ਪ੍ਰਸਿੱਧ ਸੀ। ਨਲ-ਦਮਯੰਤੀ ਆਖਿਆਨ ਲੋਕ ਪ੍ਰਸਿੱਧ ਹੈ। ਇਹ ਰਾਜਾ ਸ਼ੇਰ ਨਾਲ ਜੂਝ ਕੇ ਉਸ ਦਾ ਸ਼ਿਕਾਰ ਕਰਦਾ ਸੀ। ਹਰੀ ਸਿੰਘ ਨੇ ਵੀ ਉਸੇ ਤਰ੍ਹਾਂ ਸ਼ੇਰ ਦਾ ਸ਼ਿਕਾਰ ਕੀਤਾ ਸੀ, ਇਸ ਲਈ ਉਸ ਨੂੰ ‘ਨਲਵਾ’ (ਨਲ ਵਰਗਾ) ਭਾਵ ਨਲ ਦਾ ਸਾਨੀ ਜਾਂ ਨਲ ਦੂਜਾ, ਕਿਹਾ ਜਾਣ ਲਗਾ ਅਤੇ ਇਹ ਉਪਨਾਮ ਇਤਨਾ ਮਕਬੂਲ ਹੋਇਆ ਕਿ ਉਸ ਦੀ ਪਛਾਣ ਦਾ ਪੱਕਾ ਸੂਚਕ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਨੇ ਇਸ ਘਟਨਾ ਤੋਂ ਤੁਰੰਤ ਬਾਅਦ ਨੌਜਵਾਨ ਸੈਨਿਕਾਂ ਦੀ ਇਕ ਰਜਮੈਂਟ ਬਣਾਈ ਅਤੇ ਉਸ ਦਾ ਨਾਂ ਸ਼ੇਰ-ਦਿਲ ਰਜਮੈਂਟ ਰੱਖਿਆ। ਉਸ ਰਜਮੈਂਟ ਦਾ ਮੁੱਖ ਅਧਿਕਾਰੀ ਹਰੀ ਸਿੰਘ ਨੂੰ ਥਾਪਿਆ ਅਤੇ ਉਸ ਨੂੰ ਅੱਠ ਸੌ ਸੈਨਿਕਾਂ ਦੇ ਦਲ ਦੀ ਸਰਦਾਰੀ ਬਖਸ਼ ਦਿੱਤੀ। ਇਸ ਦਿਨ ਤੋਂ ਨਲਵਾ ਸਰਦਾਰ ਦਾ ਵਿਵਸਥਿਤ ਸੈਨਿਕ ਜੀਵਨ ਆਰੰਭ ਹੋ ਗਿਆ ਅਤੇ ਇਸ ਤੋਂ ਬਾਅਦ ਨਲਵਾ ਨੇ ਸੈਨਿਕ ਮੁਹਿੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸੰਨ 1806 ਈ. ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਰੀਕੇ ਪੱਤਣ ਅਤੇ ਮੁਕਤਸਰ ਵੱਲ ਕੀਤੀ ਸੈਨਿਕ ਕਾਰਵਾਈ ਵਿਚ ਸ. ਹਰੀ ਸਿੰਘ ਅੰਗ-ਸੰਗ ਸੀ। ਇਸ ਦੌਰਾਨ ਨਲਵਾ ਸਰਦਾਰ ਨੇ ਮੁਕਤਸਰ ਦੇ ਸਰੋਵਰ ਦੀ ਸੇਵਾ ਕਰਾਈ ਅਤੇ ਕੁਝ ਸਥਾਨਾਂ ‘ਤੇ ਉਸਾਰੀ ਵੀ ਕਰਵਾਈ।
ਸੈਨਿਕ ਜੀਵਨ ਦਾ ਆਰੰਭ
ਸਭ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨੇ ਸੰਨ 1807 ਈ. ਵਿਚ ਕਸੂਰ ਦੀ ਮੁਹਿੰਮ ਵਿਚ ਹਿੱਸਾ ਲਿਆ। ਮਹਾਰਾਜਾ ਰਣਜੀਤ ਸਿੰਘ ਨੂੰ ਕਾਂਗੜੇ ਦੀ ਮੁਹਿੰਮ ਤੋਂ ਲਾਹੌਰ ਪਰਤਦਿਆਂ ਸੂਚਨਾ ਮਿਲੀ ਕਿ ਕਸੂਰ ਦਾ ਨਵਾਬ ਕੁਤਬੁੱਦੀਨ ਖ਼ਾਨ ਮੁਲਤਾਨ ਦੇ ਨਵਾਬ ਮੁਜ਼ੱਫ਼ਰ ਖਾਨ ਨਾਲ ਮਿਲ ਕੇ ਇਕ ਵੱਡਾ ਜਹਾਦ ਖੜਾ ਕਰ ਰਿਹਾ ਸੀ ਕਿ ਸਿੱਖ ਰਾਜੇ ਨੂੰ ਅਜਿਹਾ ਝਟਕਾ ਦਿੱਤਾ ਜਾਏ ਕਿ ਉਹ ਪੰਜਾਬ ਵਿਚ ਕਾਇਮ ਰਹਿਣ ਦਾ ਹੌਸਲਾ ਨਾ ਕਰ ਸਕੇ। ਉਸ ਨੇ ਬਹੁਤ ਸਾਰੇ ਮੌਲਵੀਆਂ ਰਾਹੀਂ ਵਾਅਜ਼ ਜਾਂ ਧਾਰਮਿਕ ਵਿਖਿਆਨ ਕਰਵਾ ਕੇ ਲੋਕਾਂ ਨੂੰ ਲਾਮ-ਬੰਦ ਕਰਨਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਆਪਣੀ ਪਰਜਾ ਨੂੰ ਹਿੰਦੂਆਂ ਅਤੇ ਸਿੱਖਾਂ ਨੂੰ ਲੜਾਈ ਦੀ ਤਿਆਰੀ ਲਈ ਸਾਮੱਗਰੀ ਇਕੱਠੀ ਕਰਨ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਿਲਵਰਤਨ ਨਾ ਦੇਣ ਵਾਲਿਆਂ ‘ਤੇ ਜ਼ੁਲਮ ਢਾਣੇ ਸ਼ੁਰੂ ਕਰ ਦਿੱਤੇ।
ਮਹਾਰਾਜਾ ਰਣਜੀਤ ਸਿੰਘ ਨੂੰ ਇਸ ਸਾਰੀ ਗਤੀਵਿਧੀ ਬਾਰੇ ਨਾਲ-ਨਾਲ ਸੂਚਨਾ ਮਿਲਦੀ ਰਹਿੰਦੀ ਸੀ। ਉਸ ਨੇ ਸੋਚਿਆ ਕਿ ਲੜਾਈ ਵਿਚ ਨਾਹੱਕ ਮਨੁੱਖਾਂ ਦਾ ਖੂਨ ਵਹਾਉਣ ਤੋਂ ਬਚਿਆ ਜਾਏ ਅਤੇ ਨਵਾਬ ਕਸੂਰ ਨੂੰ ਸਿੱਧੇ ਰਸਤੇ ਪਾਇਆ ਜਾਏ। ਇਸ ਲਈ ਉਸ ਨੇ ਸ. ਫਤਹਿ ਸਿੰਘ ਕਾਲਿਆਂ ਵਾਲੇ ਅਤੇ ਫ਼ਕੀਰ ਅਜ਼ੀਜ-ਉਦ-ਦੀਨ ਨੂੰ ਸਫ਼ੀਰ ਵੱਲੋਂ ਭੇਜਿਆ। ਉਨ੍ਹਾਂ ਨੇ ਨਵਾਬ ਨੂੰ ਬਹੁਤ ਸਮਝਾਇਆ, ਪਰ ਉਹ ਆਪਣੀ ਆਈ ‘ਤੇ ਆਇਆ ਹੋਇਆ ਸੀ। ਇਸ ਲਈ ਉਨ੍ਹਾਂ ਦਾ ਸੁਝਾਓ ਨਾ ਪ੍ਰਵਾਨ ਕਰਕੇ, ਉਨ੍ਹਾਂ ਨੂੰ ਅਪਮਾਨਿਤ ਢੰਗ ਨਾਲ ਵਿਦਾ ਕੀਤਾ।
ਸਫ਼ੀਰਾਂ ਦੇ ਪਰਤਣ ‘ਤੇ ਮਹਾਰਾਜਾ ਨੂੰ ਸੈਨਿਕ ਪ੍ਰਯੋਗ ਤੋਂ ਬਿਨਾਂ ਹੋਰ ਕੋਈ ਦੂਜਾ ਰਾਹ ਨਾ ਦਿੱਸਿਆ। ਉਨ੍ਹਾਂ ਨੇ ਆਪਣੇ ਸਾਰੇ ਸਰਦਾਰਾਂ ਨੂੰ ਆਪਣੇ ਦਲ ਬਲ ਸਹਿਤ ਕਸੂਰ ਦੇ ਨੇੜੇ ਨੁਸ਼ਹਿਰਾ ਨਾਮੀ ਪਿੰਡ ਕੋਲ ਪਹੁੰਚਣ ਲਈ ਹੁਕਮ ਜਾਰੀ ਕਰ ਦਿੱਤਾ। ਇੱਥੇ ਹੀ ਸਰਦਾਰ ਹਰੀ ਸਿੰਘ ਵੀ ਆਪਣੀ ਸ਼ੇਰ-ਦਿਲ ਰਜਮੈਂਟ ਸਹਿਤ ਪਹੁੰਚ ਗਿਆ।
ਇਸ ਸੈਨਾ-ਦਲ ਵਿਚ ਸਰਦਾਰ ਫਤਹਿ ਸਿੰਘ ਕਾਲਿਆਂ ਵਾਲਾ, ਸਰਦਾਰ । ਨਿਹਾਲ ਸਿੰਘ ਅਟਾਰੀ ਵਾਲਾ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਜੋਧ ਸਿੰਘ ਰਾਮਗੜ੍ਹੀਆ ਅਤੇ ਬਾਬਾ ਫੂਲਾ ਸਿੰਘ ਅਕਾਲੀ ਆਪਣੇ ਦਲਾਂ ਸਹਿਤ ਸ਼ਾਮਲ ਹੋਏ। ਇਸ ਤਰ੍ਹਾਂ ਦਸ ਹਜ਼ਾਰ ਸਿੱਖ ਫ਼ੌਜ ਆਪਣੇ ਤੋਪਖਾਨੇ ਸਹਿਤ ਉੱਥੇ ਡੱਟ ਗਈ।
ਇਸ ਮੁਹਿੰਮ ਵਿਚ ਮਹਾਰਾਜਾ ਖੁਦ ਆਪਣੇ ਨਾਮੀ ਸੈਨਾ-ਨਾਇਕਾਂ ਸਹਿਤ ਸ਼ਾਮਲ ਹੋਣ ਲਈ ਪਹੁੰਚ ਗਿਆ। ਸੈਨਿਕ ਕਾਰਵਾਈ ਲਈ ਸਭ ਪ੍ਰਕਾਰ ਦੀ ਵਿਵਸਥਾ ਹੋ ਜਾਣ ਤੋਂ ਬਾਅਦ 10 ਫਰਵਰੀ, 1807 ਨੂੰ ਸਵੇਰੇ ਹੀ ਸਿੱਖ ਫ਼ੌਜ ਨੇ ਕਸੂਰ ਦੇ ਬਾਹਰਲੇ ਮੋਰਚਿਆਂ ‘ਤੇ ਹੱਲਾ ਬੋਲ ਦਿੱਤਾ। ਅੱਗੋਂ ਨਵਾਬ ਵੀ 25 ਹਜ਼ਾਰ ਸੈਨਿਕਾਂ ਤੋਂ ਇਲਾਵਾ ਅਣਗਿਣਤ ਜਹਾਦੀਆਂ ਸਹਿਤ ਡਟਿਆ ਹੋਇਆ ਸੀ। ਬਸ ਨਗਾਰਾ ਵਜਿਆ ਅਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਖੂਬ ਲੋਹਾ ਖੜਕਿਆ ਅਤੇ ਤੋਪਾਂ ਤੋਂ ਗੋਲਿਆਂ ਦੇ ਚਲਣ ਨਾਲ ਸਾਰਾ ਵਾਤਾਵਰਣ ਦਹਿਸ਼ਤ ਨਾਲ ਭਰ ਗਿਆ। ਸ਼ਾਮ ਤਕ ਨਵਾਬ ਕਸੂਰ ਦੇ ਸੈਨਿਕ ਸਿੱਖ ਫ਼ੌਜ ਨਾਲ ਬੜੀ ਦਲੇਰੀ ਨਾਲ ਲੜਦੇ ਰਹੇ। ਮਜ਼੍ਹਬੀ ਜਨੂੰਨ ਨੇ ਭਾਵੇਂ ਉਨ੍ਹਾਂ ਦਾ ਉਤਸ਼ਾਹ ਮੱਧਮ ਨਾ ਪੈਣ ਦਿੱਤਾ, ਪਰ ਸ਼ਾਮ ਤਕ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਖੁੱਲ੍ਹੇ ਮੈਦਾਨ ਵਿਚ ਸਿੱਖ ਸੈਨਿਕਾਂ ਦੇ ਹਮਲੇ ਨੂੰ ਸੰਭਾਲ ਨਹੀਂ ਸਕਦੇ। ਇਸ ਲਈ ਦਿਨ ਛਿਪਦੇ ਹੀ ਉਨ੍ਹਾਂ ਨੇ ਕਿਲੇ ਦੇ ਅੰਦਰ ਮੋਰਚੇ ਜਾ ਸੰਭਾਲੇ। ਕਿਲੇ ਵੱਲ ਭੱਜਦੇ ਜਾਂਦੇ ਜਹਾਦੀਆਂ ਦੇ ਇਕ ਦਲ ਨੂੰ ਹਰੀ ਸਿੰਘ ਨੇ ਆਪਣੇ ਸਾਥੀ ਹੁਕਮ ਸਿੰਘ ਚਿਮਨੀ ਸਹਿਤ ਘੇਰ ਲਿਆ ਅਤੇ ਉਨ੍ਹਾਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ। ਲਗਭਗ ਦੋ ਸੌ ਜਹਾਦੀ ਸੈਨਿਕਾਂ ਨੂੰ ਨਿਰ-ਸ਼ਸਤਰ ਕਰਕੇ ਮਹਾਰਾਜਾ ਸਾਹਿਬ ਦੇ ਪੇਸ਼ ਕੀਤਾ ਗਿਆ। ਮਹਾਰਾਜਾ ਬਹੁਤ ਖੁਸ਼ ਹੋਇਆ। ਇਸ ਬੀਰਤਾ ਬਦਲੇ ਮਹਾਰਾਜਾ ਸਾਹਿਬ ਨੇ ਦੋਹਾਂ ਸਰਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਜਾਗੀਰਾਂ ਬਖਸ਼ੀਆਂ। ਇਸ ਸਾਕੇ ਵਿਚ ਸ. ਹੁਕਮ ਸਿੰਘ ਚਿਮਨੀ ਜ਼ਖਮੀ ਹੋ ਗਿਆ। ਭੱਜੇ ਜਾਂਦੇ ਕਸੂਰੀਏ ਸੈਨਿਕਾਂ ਤੋਂ ਸਿੱਖ ਫ਼ੌਜ ਨੇ ਪੰਜ ਤੋਪਾਂ ਅਤੇ ਬਹੁਤ ਸਾਰੇ ਹਥਿਆਰ ਖੋਹ ਲਏ ਅਤੇ ਕਿਲੇ ਤੋਂ ਬਾਹਰ ਰਹਿ ਗਏ ਘੋੜਿਆਂ ਨੂੰ ਵੀ ਕਾਬੂ ਕਰ ਲਿਆ। ਕਸੂਰ ਦਾ ਕਿਲਾ ਕਾਫ਼ੀ ਮਜ਼ਬੂਤ ਮੰਨਿਆ ਜਾਂਦਾ ਸੀ। ਨਵਾਬ ਦੀਆਂ ਫ਼ੌਜਾਂ ਨੇ ਮੋਰਚੇ ਸੰਭਾਲ ਲਏ। ਉਹ ਸੋਚਦੇ ਸਨ ਕਿ ਕਿਲੇ ਨੂੰ ਫਤਹਿ ਕਰਨਾ ਸਿੱਖ ਫ਼ੌਜ ਦੇ ਵੱਸ ਦੀ ਗੱਲ ਨਹੀਂ। ਇੱਧਰ ਮਹਾਰਾਜਾ ਸਾਹਿਬ ਨੇ ਵੀ ਸਾਰੀ ਸਥਿਤੀ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ। ਆਪਣੇ ਸੈਨਾ-ਨਾਇਕਾਂ ਨਾਲ ਵਿਚਾਰ ਕੀਤਾ ਕਿ ਕੁਝ ਦਿਨ ਫ਼ੌਜ ਨੂੰ ਆਰਾਮ ਕਰਨ ਦਿੱਤਾ ਜਾਏ। ਫਿਰ ਤਾਜ਼ਾ ਦਮ ਹੋ ਕੇ ਕਿਲੇ ‘ਤੇ ਹਮਲਾ ਕੀਤਾ ਜਾਏ। ਸਾਰੀਆਂ ਤਿਆਰੀਆਂ ਕਰ ਚੁੱਕਣ ਤੋਂ ਬਾਅਦ 18 ਫਰਵਰੀ ਨੂੰ ਸਿੱਖ ਫ਼ੌਜ ਨੇ ਕਿਲੇ ਦੀਆਂ ਦੀਵਾਰਾਂ ‘ਤੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੰਦਰੋਂ ਵੀ ਉਸੇ ਸ਼ਿੱਦਤ ਨਾਲ ਗੋਲਾਬਾਰੀ ਹੁੰਦੀ ਰਹੀ।
ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਲਈ ਘੇਰਾ ਪਾਈ ਬੈਠੀ ਫ਼ੌਜ ਨੂੰ ਕਿਲਾ ਫਤਹਿ ਕਰਨ ਦਾ ਜਦੋਂ ਕੋਈ ਰਾਹ ਨਾ ਲੱਭਿਆ ਤਾਂ ਹਰੀ ਸਿੰਘ ਨਲਵਾ ਨੇ ਆਪਣੀ ਸ਼ੇਰਦਿਲ ਸੈਨਾ ਦੇ ਕੁਝ ਜਾਨ-ਬਾਜ਼ਾਂ ਸਹਿਤ ਕਿਲੇ ਦੀਆਂ ਦੀਵਾਰਾਂ ਹੇਠ ਤਿੰਨ ਥਾਵਾਂ ‘ਤੇ ਸੁਰੰਗਾਂ ਲਗਾ ਕੇ ਬਾਰੂਦ ਨਾਲ ਭਰ ਦਿੱਤੀਆਂ। ਸਵੇਰ ਹੁੰਦਿਆਂ ਹੀ ਪਲੀਤਿਆਂ ਨੂੰ ਅੱਗ ਲਗਾ ਦਿੱਤੀ । ਫਲਸਰੂਪ ਸੁਰੰਗਾਂ ਦੇ ਫਟਣ ਨਾਲ ਕਿਲੇ ਦੀ ਪੱਛਮੀ ਬਾਹੀ ਡਿਗ ਗਈ ਅਤੇ ਉਡੀਕ ਕਰ ਰਹੀ ਸਿੱਖ ਫ਼ੌਜ ਜੈਕਾਰਿਆਂ ਦੀ ਗੂੰਜ ਨਾਲ 18 ਫਰਵਰੀ ਨੂੰ ਕਿਲੇ ਵਿਚ ਦਾਖਲ ਹੋ ਗਈ। ਨਵਾਬ ਨੇ ਆਪਣੀ ਸੈਨਾ ਨਾਲ ਸਿੱਖ ਫ਼ੌਜ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਦੁਪਹਿਰ ਤਕ ਦੋਹਾਂ ਧਿਰਾਂ ਵਿਚ ਜਮ ਕੇ ਲੜਾਈ ਹੁੰਦੀ ਰਹੀ। ਨਵਾਬ ਦੇ ਸੈਨਿਕਾਂ ਨੇ ਲੜਨ ਵਿਚ ਕੋਈ ਕਸਰ ਨਾ ਛੱਡੀ, ਪਰ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਉਹ ਸਿੱਖ ਸੈਨਿਕਾਂ ਦੀ ਮਾਰ ਨੂੰ ਸਹਾਰ ਨਹੀਂ ਸਕਦੇ। ਸੂਰਜ ਦੇ ਢਲਦਿਆਂ ਹੀ ਨਵਾਬ ਦੀ ਫ਼ੌਜ ਦਿਲ ਛੱਡ ਗਈ। ਜਿੱਧਰ ਨੂੰ ਮੂੰਹ ਆਇਆ, ਕਿਲੇ ਵਿਚੋਂ ਭੱਜ ਨਿਕਲੀ। ਕਿਲੇ ਨੂੰ ਆਪਣੇ ਅਧੀਨ ਕਰਕੇ ਸਿੱਖ ਸੈਨਾ ਨੇ ਮੋਰਚਿਆਂ ਨੂੰ ਸੱਖਣਾ ਕਰਨ ਦਾ ਉੱਦਮ ਸ਼ੁਰੂ ਕੀਤਾ। ਉਦੋਂ ਹੀ ਨਵਾਬ ਕੁਤੁਬ-ਉਦ-ਦੀਨ ‘ਸ਼ੇਰ-ਦਿਲ’ ਰਜਮੈਂਟ ਦੇ ਕਾਬੂ ਆ ਗਿਆ। ਹਰੀ ਸਿੰਘ ਨੇ ਉਸ ਨੂੰ ਮਹਾਰਾਜੇ ਦੇ ਪੇਸ਼ ਕੀਤਾ। ਨਮੋਸ਼ੀ ਦਾ ਮਾਰਿਆ ਨਵਾਬ ਮਹਾਰਾਜਾ ਸਾਹਿਬ ਅੱਗੇ ਸਿਰ ਨਾ ਚੁੱਕ ਸਕਿਆ। ਰਹਿਮ-ਦਿਲ ਮਹਾਰਾਜੇ ਨੇ ਉਸ ਨੂੰ ਦੰਡ ਦੇਣ ਦੀ ਥਾਂ ਬਖਸ਼ ਦਿੱਤਾ ਅਤੇ ਆਦੇਸ਼ ਦਿੱਤਾ ਕਿ ਇਹ ਬੜੀ ਬਹਾਦਰੀ ਨਾਲ ਲੜਿਆ ਹੈ ਅਤੇ ਆਪਣੀ ਰਿਆਸਤ ਲਈ ਇਸ ਨੇ ਜਾਨ-ਵਾਰ ਯੁੱਧ ਕੀਤਾ ਹੈ, ਇਸ ਲਈ ਇਸ ਨੂੰ ਮੁਕਤ ਕਰ ਦਿੱਤਾ ਜਾਏ ਅਤੇ ਪਰਿਵਾਰ ਸਹਿਤ ਇਸ ਨੂੰ ਗੁਜ਼ਾਰੇ ਲਈ ਮਮਦੋਟ ਦੇ ਇਲਾਕੇ ਦੇ 22 ਪਿੰਡਾਂ ਦੀ ਜਾਗੀਰ ਦਿੱਤੀ ਜਾਏ। ਹੁਕਮ ਦੀ ਤੁਰਤ ਪਾਲਣਾ ਹੋਈ। ਸਭ ਮਹਾਰਾਜੇ ਦੇ ਇਸ ਦਿਆਲੂ ਕਾਰਨਾਮੇ ਤੋਂ ਬਹੁਤ ਪ੍ਰਭਾਵਿਤ ਹੋਏ। ਹਰੀ ਸਿੰਘ ਦੇ ਚਰਿਤਰ ‘ਤੇ ਇਸ ਗੱਲ ਦਾ ਹੋਰ ਵੀ ਜ਼ਿਆਦਾ ਅਸਰ ਹੋਇਆ ਕਿਉਂਕਿ ਉਹ ਆਪ ਵੀ ਪਿਤਾ ਦੀ ਮੌਤ ਤੋਂ ਬਾਅਦ ਲੋਕਾਂ ਦੀ ਦਇਆ ਦਾ ਪਾਤਰ ਰਹਿ ਚੁੱਕਿਆ ਸੀ।
ਕਸੂਰ ਦੀ ਜਿੱਤ ਤੋਂ ਬਾਅਦ 28 ਫਰਵਰੀ, 1807 ਨੂੰ ਉਸ ਨੂੰ ਪੂਰੀ ਤਰ੍ਹਾਂ ਸਿੱਖ ਰਾਜ ਦਾ ਅੰਗ ਬਣਾ ਲਿਆ ਗਿਆ। ਉਸ ਯੁੱਧ ਵਿਚ ਅੱਠ ਤੋਪਾਂ ਤੋਂ ਇਲਾਵਾ ਬਹੁਤ ਸਾਰੀ ਯੁੱਧ ਸੰਬੰਧੀ ਸਾਮੱਗਰੀ ਅਤੇ ਹਥਿਆਰ ਮਿਲੇ । ਜਿੱਤ ਦੀ ਖੁਸ਼ੀ ਵਿਚ ਮਹਾਰਾਜੇ ਨੇ ਆਪਣਾ ਦਰਬਾਰ ਲਗਾਇਆ ਅਤੇ ਯੁੱਧ ਵਿਚ ਬੇਮਿਸਾਲ ਬਹਾਦਰੀ ਵਿਖਾਣ ਦੇ ਸਿੱਟੇ ਵਜੋਂ ਹਰੀ ਸਿੰਘ ਨੂੰ ਤੀਹ ਹਜ਼ਾਰ ਸਾਲਾਨਾ ਆਮਦਨ ਵਾਲੀ ਜਗੀਰ ਪ੍ਰਦਾਨ ਕੀਤੀ ਅਤੇ ਉਸ ਦੇ ਅਧੀਨ ਅੱਠ ਸੌ ਘੋੜਸਵਾਰਾਂ ਦਾ ਦਸਤਾ ਕਰ ਦਿੱਤਾ। ਇਸ ਤਰ੍ਹਾਂ ਪਹਿਲੀ ਫ਼ੌਜ-ਕਸ਼ੀ ਵਿਚ ਹੀ ਹਰੀ ਸਿੰਘ ਨੇ ਆਪਣੀ ਬਹਾਦਰੀ ਦਾ ਪਰਿਚੈ ਕਰਾ ਦਿੱਤਾ ਅਤੇ ਭਵਿੱਖ ਵਿਚ ਉਜਲ-ਦੀਦਾਰੀ ਸੂਰਬੀਰ ਹੋਣ ਦਾ ਅਹਿਸਾਸ ਕਰਾ ਦਿੱਤਾ। ਲਾਹੌਰ ਦਰਬਾਰ ਵਿਚ ਮਹਿਸੂਸ ਕੀਤਾ ਜਾਣ ਲੱਗਿਆ ਕਿ ਭਵਿੱਖ ਵਿਚ ਲਾਸਾਨੀ ਜੌਹਰ ਦਿਖਾਉਣ ਵਾਲਾ ਇਕ ਨਾਇਕ ਉਭਰ ਰਿਹਾ ਹੈ।
ਸਿਆਲਕੋਟ ਦੀ ਜਿੱਤ
ਕਸੂਰ ਨੂੰ ਜਿੱਤ ਚੁੱਕਣ ਤੋਂ ਬਾਅਦ ਸੰਨ 1808 ਵਿਚ ਮਹਾਰਾਜਾ ਰਣਜੀਤ ਸਿੰਘ ਦਾ ਧਿਆਨ ਸਿਆਲਕੋਟ ਅਤੇ ਜੰਮੂ ਵੱਲ ਗਿਆ ਕਿਉਂਕਿ ਸਿਆਲਕੋਟ ਦੀ ਜਿੱਤ ਨਾਲ ਜੰਮੂ-ਕਸ਼ਮੀਰ ਨੂੰ ਕਾਬੂ ਕਰਨ ਵਿਚ ਮਾਰਗ ਮੋਕਲਾ ਹੋ ਜਾਣਾ ਸੀ । ਮਹਾਰਾਜਾ ਨੇ ਸਿਆਲਕੋਟ ਨੂੰ ਲਾਹੌਰ ਦਰਬਾਰ ਵਿਚ ਸ਼ਾਮਲ ਕਰਨ ਲਈ ਸ. ਹਰੀ ਸਿੰਘ ਨੂੰ ਹੁਕਮ ਦਿੱਤਾ। ਉਦੋਂ ਸਿਆਲਕੋਟ ਉਪਰ ਸ. ਜੀਵਨ ਸਿੰਘ ਕਾਬਜ਼ ਸੀ। ਉਸ ਨੇ ਹਰੀ ਸਿੰਘ ਨਲਵਾ ਦੇ ਹਮਲੇ ਨੂੰ ਹਿੰਮਤ ਨਾਲ ਝੱਲਿਆ। ਪਹਿਲੇ ਦਿਨ ਸ. ਨਲਵਾ ਨੂੰ ਸਫਲਤਾ ਪ੍ਰਾਪਤ ਨਾ ਹੋ ਸਕੀ। ਦੂਜੇ ਦਿਨ ਵੀ ਸਥਿਤੀ ਸਰਦਾਰ ਜੀਵਨ ਸਿੰਘ ਦੇ ਪੱਖ ਵਿਚ ਪ੍ਰਤੀਤ ਹੋ ਰਹੀ ਸੀ। ਪਰ ਅਚਾਨਕ ਸਰਦਾਰ ਹਰੀ ਸਿੰਘ ਨਲਵਾ ਨੇ ਜੋਸ਼ ਨਾਲ ਆਪਣੇ ਸੈਨਿਕਾਂ ਨੂੰ ਹੱਲਾ-ਸ਼ੇਰੀ ਦਿੱਤੀ ਅਤੇ ਕਿਲੇ ਦੀ ਫ਼ਸੀਲ ਤਕ ਪਹੁੰਚ ਕੇ ਕਿਲੇ ਦੀ ਦੀਵਾਰ ਟੱਪੀ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਕਿਲੇ ਉਪਰ ਖਾਲਸਾ ਰਾਜ ਦਾ ਝੰਡਾ ਝੁਲਾ ਦਿੱਤਾ। ਫਿਰ ਉਸ ਦੇ ਸੈਨਿਕਾਂ ਨੇ ਜ਼ਬਰਦਸਤ ਹਮਲਾ ਕਰ ਕੇ ਕਿਲੇ ਉਪਰ ਕਬਜ਼ਾ ਕਰ ਲਿਆ। ਜਦੋਂ ਲਾਹੌਰ ਪਰਤਿਆ ਤਾਂ ਮਹਾਰਾਜਾ ਸਾਹਿਬ ਨੇ ਉਸ ਦਾ ਬਹੁਤ ਸਤਿਕਾਰ ਕੀਤਾ ਅਤੇ ਜਾਗੀਰ ਬਖਸ਼ੀ। ਸ. ਹਰੀ ਸਿੰਘ ਦੀ ਇਹ ਪਹਿਲੀ ਸੁਤੰਤਰ ਜਿੱਤ ਸੀ ਅਤੇ ਇਸ ਜਿੱਤ ਦਾ ਰਾਜਨੀਤਿਕ ਅਤੇ ਆਰਥਿਕ ਦ੍ਰਿਸ਼ਟੀ ਤੋਂ ਵਿਸ਼ੇਸ਼ ਮਹੱਤਵ ਸੀ।
ਮੁਲਤਾਨ ‘ਤੇ ਚੜ੍ਹਾਈ
ਕਸੂਰ ਅਤੇ ਸਿਆਲਕੋਟ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਆਪਣੇ ਕਬਜ਼ੇ ਵਿਚ ਕਰਨ ਦਾ ਮਨ ਬਣਾਇਆ। ਇਕ, ਇਸ ਕਰਕੇ ਕਿ ਇਹ ਬਹੁਤ ਪ੍ਰਾਚੀਨ ਨਗਰ ਹੈ ਅਤੇ ਇੱਥੇ ਸੂਰਜ ਦੇਵਤਾ ਦਾ ਪੁਰਾਤਨ ਮੰਦਿਰ ਹੈ। ਦੂਜਾ, ਇਸ ਦਾ ਰਾਜਨੀਤਿਕ ਮਹੱਤਵ ਹੈ। ਇੱਥੋਂ ਦਾ ਨਵਾਬ ਸ਼ੁਰੂ ਤੋਂ ਹੀ ਬਹੁਤ ਤਾਕਤਵਰ ਮੰਨਿਆ ਜਾਂਦਾ ਸੀ। ਤੀਜੇ, ਇਹ ਹਿੰਦੁਸਤਾਨ ਅਤੇ ਸਿੰਧ ਤੇ ਅਫ਼ਗ਼ਾਨਿਸਤਾਨ ਦੇ ਵਪਾਰ-ਮਾਰਗ ਦਾ ਮੱਧ-ਵਰਤੀ ਪ੍ਰਮੁੱਖ ਕੇਂਦਰ ਸੀ। ਚੌਥੇ, ਮਹਾਰਾਜਾ ਸਾਹਿਬ ਨੂੰ ਇਹ ਗੱਲ ਨਿੱਤ ਸਤਾਉਣ ਲੱਗ ਗਈ ਸੀ ਕਿ ਕਸੂਰ ਦੇ ਨਵਾਬ ਕੁਤਬ-ਉਦ-ਦੀਨ ਨੂੰ ਲਾਹੌਰ ਦਰਬਾਰ ਨਾਲ ਯੁੱਧ ਕਰਨ ਲਈ ਉਕਸਾਉਣ ਵਾਲਾ ਮੁਲਤਾਨ ਦਾ ਨਵਾਬ ਮੁਜ਼ੱਫ਼ਰ ਖ਼ਾਨ ਸੀ।
ਉਸ ਨੇ ਹਰ ਪ੍ਰਕਾਰ ਦੀ ਮਦਦ ਦੇ ਕੇ ਕਸੂਰ ਦੇ ਨਵਾਬ ਨੂੰ ਤਕੜਾ ਕੀਤਾ ਸੀ ਅਤੇ ਕੁਝ ਸੈਨਿਕ ਦਲ ਵੀ ਭੇਜੇ ਸਨ। ਇਸ ਲਈ ਨਵਾਬ ਮੁਲਤਾਨ ਨੂੰ ਸੋਧੇ ਬਿਨਾਂ ਨਿਸ਼ਕੰਟਕ ਰਾਜ ਕਰਨਾ ਸੰਭਵ ਨਹੀਂ ਸੀ ਹੋ ਸਕਦਾ। ਇਸ ਲਈ ਮਹਾਰਾਜਾ ਮੁਲਤਾਨ ਦੇ ਨਵਾਬ ਨੂੰ ਸਬਕ ਸਿਖਾਉਣ ਦੀ ਸੋਚ ਵਿਚ ਲੱਗ ਗਿਆ ਅਤੇ ਹੋਰ ਦਰਪੇਸ਼ ਸਮੱਸਿਆਵਾਂ ਨੂੰ ਸਮੇਟਣ ਉਪਰੰਤ ਜਨਵਰੀ 1810 ਈ. ਨੂੰ ਆਪਣਾ ਪੂਰਾ ਧਿਆਨ ਮੁਲਤਾਨ ਦੇ ਨਵਾਬ ਨੂੰ ਸੋਧਣ ਵੱਲ ਦਿੱਤਾ । ਸਾਰੇ ਪ੍ਰਮੁੱਖ ਸਰਦਾਰਾਂ, ਜਾਗੀਰਦਾਰਾਂ ਅਤੇ ਸੈਨਾ-ਨਾਇਕਾਂ ਨੂੰ ਲਾਹੌਰ ਵਿਚ ਇਕੱਠਾ ਕਰਕੇ ਉਨ੍ਹਾਂ ਸਾਹਮਣੇ ਮੁਲਤਾਨ ਨੂੰ ਸੋਧਣ ਦੀ ਯੋਜਨਾ ਰੱਖੀ। ਸਭ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਸੌਂਪ ਕੇ ਤਿਆਰੀ ਲਈ ਇਕ ਮਹੀਨੇ ਦਾ ਮੌਕਾ ਦਿੱਤਾ। ਜਦੋਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਤਾਂ 15 ਫਰਵਰੀ, 1810 ਈ. ਨੂੰ ਪਰਮਾਤਮਾ ਅੱਗੇ ਅਰਦਾਸ ਕਰਕੇ ਫ਼ੌਜ ਦੇ ਸਾਰੇ ਦਸਤਿਆਂ ਨੂੰ ਮੁਲਤਾਨ ਵੱਲ ਵਧਣ ਲਈ ਹੁਕਮ ਦੇ ਦਿੱਤਾ। 24 ਫਰਵਰੀ, 1810 ਨੂੰ ਸਿੱਖ ਫ਼ੌਜ ਮੁਲਤਾਨ ਦੇ ਨੇੜੇ ਇਕੱਠੀ ਹੋ ਗਈ ਅਤੇ ਨਵਾਬ ਨੂੰ ਵਿਰੋਧ ਕਰਨ ਦੀ ਥਾਂ ਸਮਰਪਿਤ ਹੋਣ ਲਈ ਉੱਦਮ ਕੀਤੇ ਜਾਣ ਲੱਗੇ।
ਮੁਲਤਾਨ ‘ਤੇ ਹਮਲਾ ਕਰਨ ਤੋਂ ਪਹਿਲਾਂ ਮਹਾਰਾਜਾ ਸਾਹਿਬ ਨੇ ਆਪਣੇ ਏ ਲਚੀ ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆਂ ਹੱਥੀਂ ਮਰਾਸਲਾ (ਪੈਗ਼ਾਮ) ਭੇਜਿਆ ਕਿ ਪਹਿਲਾਂ ਤਹਿਸ਼ੁਦਾ ਸ਼ਰਤਾਂ ‘ਤੇ ਨਵਾਬ ਲਾਹੌਰ ਦਰਬਾਰ ਨੂੰ ਨਜ਼ਰਾਨਾ ਅਤੇ ਬਾਜਗੁਜ਼ਾਰੀ/ਕਰ ਆਦਿ ਨਹੀਂ ਭੇਜ ਰਿਹਾ ਸਗੋਂ ਵਿਰੋਧੀਆਂ ਨਾਲ ਰਲ ਕੇ ਜਿੱਥੇ ਉਨ੍ਹਾਂ ਨੂੰ ਪਨਾਹ ਦੇ ਰਿਹਾ ਹੈ, ਉੱਥੇ ਉਨ੍ਹਾਂ ਨਾਲ ਮਿਲ ਕੇ ਬਗ਼ਾਵਤ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਉੱਚਿਤ ਹੈ ਕਿ ਨੀਅਤ ਸ਼ਰਤਾਂ ਨੂੰ ਪੂਰਾ ਕਰਦੇ ਹੋਇਆਂ ਬਾਜਗੁਜ਼ਾਰੀ ਅਤੇ ਨਜ਼ਰਾਨੇ ਆਦਿ ਦੀ ਜੁਰਮਾਨੇ ਸਹਿਤ ਤੁਰਤ ਅਦਾਇਗੀ ਕੀਤੀ ਜਾਏ। ਨਾ ਕਰਨ ਦੀ ਸੂਰਤ ਵਿਚ ਮੁਲਤਾਨ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਲਾਹੌਰ ਦਰਬਾਰ ਮਜਬੂਰ ਹੋਵੇਗਾ। ਨਵਾਬ ਨੇ ਮਰਾਸਲੇ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਏਲਚੀ ਹੱਥੀਂ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ। ਅਸਲੋਂ ਉਸ ਨੇ ਪਹਿਲਾਂ ਹੀ ਖਾਲਸਾ ਸੈਨਾ ਦਾ ਡੱਟ ਕੇ ਵਿਰੋਧ ਕਰਨ ਦੀ ਤਿਆਰੀ ਕੀਤੀ ਹੋਈ ਸੀ।
ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆ ਦੇ ਪਰਤਣ ਉਪਰੰਤ ਮਹਾਰਾਜਾ ਨੇ ਆਪਣੀ ਸੈਨਾ ਨੂੰ ਮੁਲਤਾਨ ਉਪਰ ਸੈਨਿਕ ਕਾਰਵਾਈ ਕਰਨ ਦੀ ਆਗਿਆ ਦੇ ਦਿੱਤੀ। ਸਿੱਖ ਫ਼ੌਜਾਂ ਦੇ ਭਰਪੂਰ ਹਮਲੇ ਨੇ ਨਵਾਬ ਦੇ ਸੈਨਿਕਾਂ ਨੂੰ ਅਜਿਹਾ ਦਬਲਿਆ ਕਿ ਉਨ੍ਹਾਂ ਨੇ ਮੁਲਤਾਨ ਨਗਰ ਨੂੰ ਛੱਡ ਕੇ ਕਿਲੇ ਵਿਚ ਸ਼ਰਣ ਲਈ। ਕਿਲੇ ਵਿਚ ਨਵਾਬ ਨੇ ਸਾਲ ਭਰ ਲਈ ਅਨਾਜ ਅਤੇ ਹੋਰ ਸਾਮੱਗਰੀ ਇਕੱਠੀ ਕਰ ਰੱਖੀ ਸੀ। ਸਿੱਖ ਫ਼ੌਜ ਨੇ ਕਿਲੇ ਨੂੰ ਪੂਰੀ ਤਰ੍ਹਾਂ ਘੇਰਾ ਪਾ ਦਿੱਤਾ ਅਤੇ ਕਿਲੇ ਦਾ ਸੰਬੰਧ ਬਾਹਰ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ। ਨਵਾਬ ਨੂੰ ਕਿਲੇ ਵਿਚ ਘਿਰਿਆ ਦੇਖ ਕੇ ਬਹਾਵਲਪੁਰ ਅਤੇ ਹੋਰ ਨਿਕਟਵਰਤੀ ਰਿਆਸਤਾਂ ਦੇ ਨਵਾਬ ਅਤੇ ਜਾਗੀਰਦਾਰ ਭੈਭੀਤ ਹੋ ਗਏ। ਉਨ੍ਹਾਂ ਨੇ ਮਹਾਰਾਜਾ ਸਾਹਿਬ ਨੂੰ ਬਣਦੇ ਨਜ਼ਰਾਨੇ ਦੇ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ।
ਘੇਰੇ ਨੂੰ ਲਮਕਦਿਆਂ ਵੇਖ ਕੇ ਮਹਾਰਾਜਾ ਸਾਹਿਬ ਨੇ ਕਿਲੇ ਨੂੰ ਚੌਫੇਰਿਓਂ ਵੇਖਿਆ ਅਤੇ ਮੁੱਖ ਦੀਵਾਰਾਂ ਸਾਹਮਣੇ ਤੋਪਾਂ ਬੀੜ ਦਿੱਤੀਆਂ। ਕਈ ਦਿਨ ਲਗਾਤਾਰ ਗੋਲਾਬਾਰੀ ਕਰਨ ‘ਤੇ ਵੀ ਕਿਲੇ ‘ਤੇ ਕੋਈ ਅਸਰ ਨਾ ਹੋਇਆ। ਆਖਰ ਮਹਾਰਾਜਾ ਸਾਹਿਬ ਨੇ ਕਿਲੇ ਦੀਆਂ ਦੀਵਾਰਾਂ ਨੂੰ ਬਾਰੂਦ ਨਾਲ ਉਡਾ ਦੇਣ ਦਾ ਫ਼ੈਸਲਾ ਕੀਤਾ। ਬਾਰੂਦੀ ਸੁਰੰਗਾਂ ਵਿਛਾਉਣਾ ਬਹੁਤ ਹੈਰਤਨਾਕ ਕਾਰਜ ਸੀ। ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਕੌਮੀ ਪਰਵਾਨਿਆਂ ਦੀ ਲੋੜ ਸੀ। ਮਹਾਰਾਜਾ ਸਾਹਿਬ ਨੇ ਸੈਨਾ-ਨਾਇਕਾਂ ਸਾਹਮਣੇ ਸਾਰੀ ਸਥਿਤੀ ਸਪੱਸ਼ਟ ਕੀਤੀ ਅਤੇ ਸੁਰੰਗਾਂ ਵਿਛਾਉਣ ਦੇ ਕੰਮ ਲਈ ਆਤਮ-ਉਤਸਰਗੀ ਸੈਨਿਕਾਂ ਦੇ ਅੱਗੇ ਆਉਣ ਲਈ ਅਪੀਲ ਕੀਤੀ। ਅਜਿਹੇ ਭਿਆਨਕ ਕਾਰਜ ਲਈ ਸਭ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲਵਾ ਨੇ ਆਪਣੇ ਆਪ ਨੂੰ ਪੇਸ਼ ਕੀਤਾ ਅਤੇ ਫਿਰ ਕਈ ਹੋਰ ਯੁੱਧ ਵੀਰ ਵੀ ਨਿਤਰ ਆਏ। ਹਰੀ ਸਿੰਘ ਨਲਵਾ ਨੇ ਮਹਾਰਾਜਾ ਸਾਹਿਬ ਨੂੰ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਵਿਸ਼ਵਾਸ ਦਿੱਤਾ। ਉਸ ਦੇ ਉਤਸ਼ਾਹ ਅਤੇ ਲਾਹੌਰ ਦਰਬਾਰ ਲਈ ਜੰਗ ਵਿਚ ਆਪਾ ਵਾਰਨ ਦੀ ਗੱਲ ਨੂੰ ਸੁਣ ਕੇ ਸਾਰੀ ਫ਼ੌਜ ਵਿਚ ਕੁਰਬਾਨੀ ਅਤੇ ਨਿਛਾਵਰ ਹੋਣ ਦਾ ਮਾਹੌਲ ਬਣ ਗਿਆ। ਆਖਰ ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਨਿਹਾਲ ਸਿੰਘ ਅਟਾਰੀਵਾਲਾ ਅਤੇ ਸਰਦਾਰ ਅਤਰ ਸਿੰਘ ਧਾਰੀ ਦੀ ਅਗਵਾਈ ਅਧੀਨ 75 ਸੂਰਮਿਆਂ ਨੇ ਮਹਾਰਾਜਾ ਸਾਹਿਬ ਤੋਂ ਅਸ਼ੀਰਵਾਦ ਲਿਆ ਅਤੇ ਕਿਲੇ ਦੀ ਦੀਵਾਰ ਵੱਲ ਵੱਧ ਗਏ। ਕਿਲੇ ਦੀ ਦੀਵਾਰ ਦੇ ਉਪਰੋਂ ਹੁੰਦੀ ਗੋਲੀਆਂ ਦੀ ਬੁਛਾੜ ਦੇ ਬਾਵਜੂਦ ਇਹ ਅੱਗੇ ਵਧਦੇ ਗਏ। ਕੁਝ ਸੈਨਿਕ ਮਾਰੇ ਵੀ ਗਏ, ਕੁਝ ਜ਼ਖ਼ਮੀ ਵੀ ਹੋਏ, ਪਰ ਇਨ੍ਹਾਂ ਨੇ ਆਪਣੇ ਨਿਸਚਿਤ ਸਥਾਨ ‘ਤੇ ਪਹੁੰਚ ਕੇ ਸੁਰੰਗਾਂ ਪੁੱਟ ਲਈਆਂ ਅਤੇ ਬਾਰੂਦ ਨਾਲ ਭਰ ਦਿੱਤੀਆਂ। ਸਾਵਧਾਨ ਹੋ ਕੇ ਇਨ੍ਹਾਂ ਨੇ ਤੋੜਿਆਂ ਨੂੰ ਅੱਗ ਲਗਾ ਦਿੱਤੀ। ਅਜੇ ਇਹ ਲੋਕ ਪਿਛੇ ਨੂੰ ਹਟ ਹੀ ਰਹੇ ਸਨ ਕਿ ਦੀਵਾਰ ਦਾ ਬਹੁਤ ਸਾਰਾ ਮਲਬਾ ਇਨ੍ਹਾਂ ਉਪਰ ਆ ਡਿਗਾ। ਨਤੀਜੇ ਵਜੋਂ, ਸਰਦਾਰ ਹਰੀ ਸਿੰਘ, ਸਰਦਾਰ ਨਿਹਾਲ ਸਿੰਘ ਅਤੇ ਸਰਦਾਰ ਅਤਰ ਸਿੰਘ ਸਮੇਤ ਕਈ ਸੈਨਿਕ ਜ਼ਖ਼ਮੀ ਹੋ ਕੇ ਉੱਥੇ ਡਿਗ ਪਏ। ਕਿਲੇ ਦੇ ਅੰਦਰੋਂ ਅਫ਼ਗ਼ਾਨਾਂ ਵੱਲੋਂ ਇਨ੍ਹਾਂ ‘ਤੇ ਰਾਲ ਦੀਆਂ ਬਲਦੀਆਂ ਹਾਂਡੀਆਂ ਸੁੱਟੀਆਂ ਗਈਆਂ ਜਿਸ ਕਰਕੇ ਇਨ੍ਹਾਂ ਦੇ ਸਰੀਰ ਝੁਲਸੇ ਗਏ। ਇਨ੍ਹਾਂ ਨੂੰ ਆਪਣੇ ਸਾਥੀ ਸੈਨਿਕ ਚੁੱਕ ਕੇ ਸੁਰੱਖਿਅਤ ਥਾਂ ‘ਤੇ ਲੈ ਆਏ। ਸਰਦਾਰ ਅਤਰ ਸਿੰਘ ਧਾਰੀ ਜ਼ਖ਼ਮਾਂ ਦੀ ਤਾਬ ਨਾ ਝੱਲ ਸਕਿਆ ਅਤੇ ਰਸਤੇ ਵਿਚ ਹੀ ਉਸ ਨੇ ਪ੍ਰਾਣ ਤਿਆਗ ਦਿੱਤੇ । ਮਹਾਰਾਜਾ ਰਣਜੀਤ ਸਿੰਘ ਜੋ ਸਾਰਾ ਕੌਤਕ ਦੇਖ ਰਿਹਾ ਸੀ, ਨੇ ਤੁਰਤ ਹੀ ਸੁਰੰਗਾਂ ਲਗਾਉਣ ਗਏ ਜਾਨ-ਬਾਜ਼ਾਂ ਨੂੰ ਜਰਾਹਾਂ ਪਾਸ ਭੇਜ ਕੇ ਇਲਾਜ ਕਰਨ ਦੇ ਹੁਕਮ ਦਿੱਤੇ ਅਤੇ ਦੂਜੇ ਪਾਸੇ ਦੀਵਾਰ ਦੇ ਡਿਗਦਿਆਂ ਹੀ ਆਪਣੇ ਸੈਨਿਕ ਦਸਤੇ ਅਤੇ ਰਸਾਲੇ ਨੂੰ ਕਿਲੇ ਅੰਦਰ ਦਾਖ਼ਲ ਹੋਣ ਦਾ ਹੁਕਮ ਦੇ ਦਿੱਤਾ। ਫ਼ੌਜ ਇਸੇ ਉਡੀਕ ਵਿਚ ਸੀ। ਕਿਲੇ ਅੰਦਰ ਵੜ ਕੇ ਉਨ੍ਹਾਂ ਨੇ ਅਜਿਹਾ ਘਮਸਾਨ ਯੁੱਧ ਕੀਤਾ ਕਿ ਵੈਰੀ ਭੈ ਭੀਤ ਹੋ ਕੇ ਬਚਣ ਦਾ ਰਾਹ ਲੱਭ ਰਹੇ ਸਨ। ਉੱਧਰ ਤੋਪਖ਼ਾਨੇ ਨੇ ਵੀ ਕਿਲੇ ਦੇ ਦਰਵਾਜ਼ੇ ਤੋੜ ਕੇ ਅੰਦਰ ਪ੍ਰਵੇਸ਼ ਕੀਤਾ।
ਸਿੱਖ ਫ਼ੌਜ ਦੇ ਭਿਆਨਕ ਹਮਲੇ ਦੇ ਮੁਕਾਬਲੇ ਆਪਣੇ ਆਪ ਨੂੰ ਅਸਮਰੱਥ ਸਮਝ ਕੇ ਨਵਾਬ ਨੇ ਹਥਿਆਰ ਸੁੱਟ ਦਿੱਤੇ । ਉਸ ਨੂੰ ਫੜ ਕੇ ਮਹਾਰਾਜਾ ਸਾਹਿਬ ਦੇ ਪੇਸ਼ ਕੀਤਾ ਗਿਆ। ਨਵਾਬ ਦੇ ਮਾਫ਼ੀ ਮੰਗਣ ਅਤੇ ਢਾਈ ਲੱਖ ਰੁਪਏ ਸਾਲਾਨਾ ਬਾਜਗੁਜ਼ਾਰੀ ਦੇਣ ਅਤੇ 25 ਵਧੀਆ ਘੋੜੇ ਨਜ਼ਰਾਨੇ ਵਜੋਂ ਅੱਗੋਂ ਲਈ ਹਰ ਸਾਲ ਭੇਜਦੇ ਰਹਿਣ ਅਤੇ ਅਮਨ ਕਾਇਮ ਰੱਖਣ ਦੀ ਜ਼ਮਾਨਤ ਵਜੋਂ ਆਪਣੇ ਬਹਿਨੋਈ ਅਬੂ ਬਕਰ ਖ਼ਾਨ ਨੂੰ ਲਾਹੌਰ ਦਰਬਾਰ ਵਿਚ ਰੱਖਣ ਦੀਆਂ ਸ਼ਰਤਾਂ ਮੰਨਣ ਕਰਕੇ ਮਹਾਰਾਜਾ ਸਾਹਿਬ ਨੇ ਉਸ ਨੂੰ ਬਖਸ਼ ਦਿੱਤਾ। ਨਵਾਬ ਨੇ ਪੂਰੀ ਤਰ੍ਹਾਂ ਅਮਨ ਨਾਲ ਰਹਿਣ ਲਈ ਵਿਸ਼ਵਾਸ ਦਿਵਾ ਕੇ ਆਪਣੀ ਨਵਾਬੀ ਫਿਰ ਹਾਸਲ ਕੀਤੀ।
ਸੈਨਿਕ ਕਾਰਵਾਈ ਤੋਂ ਬਾਅਦ ਸ਼ੇਰੇ-ਪੰਜਾਬ ਨੇ ਜ਼ਖਮੀਆਂ ਦੀ ਮਰਹਮ ਪੱਟੀ ਵੱਲ ਉਚੇਚਾ ਧਿਆਨ ਦਿੱਤਾ। ਸ. ਅਤਰ ਸਿੰਘ ਅਤੇ ਉਸ ਨਾਲ ਸ਼ਹੀਦ ਸੈਨਿਕਾਂ ਦਾ ਪੂਰੀ ਸੈਨਿਕ ਮਰਯਾਦਾ ਨਾਲ ਸੰਸਕਾਰ ਕੀਤਾ। ਸ. ਹਰੀ ਸਿੰਘ ਦਾ ਪਿੰਡਾ ਪੂਰੀ ਤਰ੍ਹਾਂ ਝੁਲਸ ਚੁੱਕਿਆ ਸੀ। ਬਚਣ ਦੀ ਆਸ ਬਹੁਤ ਘੱਟ ਸੀ, ਫਿਰ ਵੀ ਇਲਾਕਾ ਕਰਨ ਨਾਲ ਹੌਲੀ ਹੌਲੀ ਉਹ ਠੀਕ ਹੋਣ ਲੱਗ ਗਿਆ। ਮਹਾਰਾਜਾ ਸਾਹਿਬ ਨੇ ਲਾਹੌਰ ਵਿਚ ਉਚੇਚਾ ਦਰਬਾਰ ਲਗਾ ਕੇ ਵੀਰ-ਗਤੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਅਤੇ ਯੁੱਧ-ਭੂਮੀ ਵਿਚ ਸ਼ਸਤਰ ਭਿੜੰਤ ਦੇ ਚਮਤਕਾਰ ਵਿਖਾਉਣ ਵਾਲੇ ਸੈਨਿਕਾਂ ਨੂੰ ਇਨਾਮ ਅਤੇ ਜਾਗੀਰਾਂ ਦੇ ਸਨਮਾਨ ਬਖਸ਼ੇ। ਸਰਦਾਰ ਹਰੀ ਸਿੰਘ ਅਤੇ ਸ. ਨਿਹਾਲ ਸਿੰਘ ਨੂੰ ਡੋਲੀਆਂ ਵਿਚ ਪਾ ਕੇ ਲਾਹੌਰ ਭੇਜਿਆ ਗਿਆ ਜਿੱਥੇ ਉਨ੍ਹਾਂ ਦਾ ਵੱਡੇ ਦਵਾਖਾਨੇ ਵਿਚ ਇਲਾਜ ਕੀਤਾ ਗਿਆ। ਕੁਝ ਕੁ ਮਹੀਨਿਆਂ ਵਿਚ ਹੀ ਇਹ ਦੋਵੇਂ ਠੀਕ ਹੋ ਗਏ ਅਤੇ ਅਗਲੀ ਮੁਹਿੰਮ ‘ਤੇ ਜਾਣ ਦੀ ਉਡੀਕ ਕਰਨ ਲੱਗੇ। ਸ਼ੇਰੇ-ਪੰਜਾਬ ਨੇ ਲਾਹੌਰ ਵਿਚ ਮੁਲਤਾਨ ਦੀ ਜਿੱਤ ਦੀ ਖੁਸ਼ੀ ਲਈ ਦਰਬਾਰ ਲਗਾਇਆ ਅਤੇ ਹਰੀ ਸਿੰਘ ਨਲਵੇ ਨੂੰ 20 ਹਜ਼ਾਰ ਰੁਪਏ ਸਾਲਾਨਾ ਦੀ ਜਾਗੀਰ ਪ੍ਰਦਾਨ ਕਰਨ ਤੋਂ ਇਲਾਵਾ ਫ਼ੌਜ ਵਿਚ ਵੀ ਉਸ ਦਾ ਰੁਤਬਾ ਵਧਾਇਆ।
ਸ਼ਾਹਪੁਰ ਦੇ ਟਿਵਾਣਿਆਂ ਦੀ ਸੁਧਾਈ
ਜਦੋਂ ਸਰਦਾਰ ਹਰੀ ਸਿੰਘ ਸਿਹਤਯਾਬ ਹੋ ਗਿਆ ਤਾਂ ਸਭ ਤੋਂ ਪਹਿਲਾਂ ਸ਼ਾਹਪੁਰ ਇਲਾਕੇ ਦੇ ਟਿਵਾਣਿਆਂ ਨੂੰ ਸੋਧਣ ਦੀ ਸਮੱਸਿਆ ਖੜੀ ਹੋ ਗਈ। ਉਹ ਲੋਕ ਲਾਹੌਰ ਸਰਕਾਰ ਦੇ ਇਲਾਕੇ ਵਿਚ ਲੁੱਟਾਂ-ਮਾਰਾਂ ਕਰਨ ਲੱਗ ਗਏ ਸਨ। ਅਜਿਹੀਆਂ ਵਾਰਦਾਤਾਂ ਦੀਆਂ ਰਿਪੋਰਟਾਂ ਮਹਾਰਾਜਾ ਸਾਹਿਬ ਨੂੰ ਪਹੁੰਚ ਰਹੀਆਂ ਸਨ। ਉਨ੍ਹਾਂ ਦੀਆਂ ਵਧੀਕੀਆਂ ਨੂੰ ਠੱਲ੍ਹ ਪਾਣ ਲਈ ਸ਼ੇਰੇ ਪੰਜਾਬ ਨੇ ਜੰਗੀ ਕਾਰਵਾਈ ਕਰਨ ਦਾ ਮਨ ਬਣਾ ਲਿਆ। ਸ. ਦਲ ਸਿੰਘ ਰੰਧਾਵਾ ਅਤੇ ਸ. ਹਰੀ ਸਿੰਘ ਨਲਵਾ ਨੂੰ ਟਿਵਾਣਿਆਂ ਦੀ ਸੋਧ ਦਾ ਕਾਰਜ ਸੌਂਪਿਆ। ਹਰ ਪ੍ਰਕਾਰ ਦੀਆਂ ਜੰਗੀ ਤਿਆਰੀਆਂ ਕਰ ਲੈਣ ਉਪਰੰਤ ਇਨ੍ਹਾਂ ਨੇ 7 ਫਰਵਰੀ, 1812 ਨੂੰ ਲਾਹੌਰੋਂ ਪ੍ਰਸਥਾਨ ਕੀਤਾ ਅਤੇ ਜਾਂਦਿਆਂ ਹੀ ਟਿਵਾਣਿਆਂ ਦੇ ਮੁੱਖ ਨਗਰ ‘ਮਿੱਠਾ ਟਿਵਾਣਾ’ ਨੂੰ ਘੇਰ ਲਿਆ। ਉੱਧਰੋਂ ਟਿਵਾਣਿਆਂ ਦਾ ਨੇਤਾ ਅਹਿਮਦ ਯਾਰ ਖ਼ਾਨ ਵੀ ਡਟ ਗਿਆ। ਸਾਰਾ ਦਿਨ ਸਿੱਖ ਸੈਨਾ ਵੱਲੋਂ ਟਿਵਾਣਿਆਂ ਦੀ ਗੜ੍ਹੀ ਅਤੇ ਨਗਰ ‘ਤੇ ਗੋਲਾਬਾਰੀ ਹੁੰਦੀ ਰਹੀ। ਉਨ੍ਹਾਂ ਦਾ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਕਿਲੇ ਦੀਆਂ ਬੁਰਜੀਆਂ ਢਹਿ ਢੇਰੀ ਹੋ ਗਈਆਂ। ਸ਼ਾਮ ਤਕ ਟਿਵਾਣਿਆਂ ਦਾ ਲੜਾਈ ਪ੍ਰਤੀ ਰੁਝਾਨ ਘੱਟ ਗਿਆ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਸਰਦਾਰ ਦਲ ਸਿੰਘ ਅਤੇ ਸਰਦਾਰ ਹਰੀ ਸਿੰਘ ਨੇ ਵਿਚਾਰ-ਵਟਾਂਦਰਾ ਕਰਕੇ ਟਿਵਾਣਾ ਮੁਖੀ ਨੂੰ ਏਲਚੀ ਰਾਹੀਂ ਪੱਤਰ ਲਿਖ ਭੇਜਿਆ ਕਿ ਜੇ ਤੁਸੀਂ ਲੜਾਈ ਬੰਦ ਕਰਕੇ ਗੜ੍ਹੀ ਨੂੰ ਖਾਲੀ ਕਰ ਦਿਓ ਤਾਂ ਹੋਰ ਖੂਨ-ਖਰਾਬਾ ਹੋਣੋਂ ਬਚ ਜਾਏਗਾ ਅਤੇ ਤੁਹਾਨੂੰ ਗੜ੍ਹੀ ਤੋਂ ਨਿਕਲਣ ਲਈ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।
ਟਿਵਾਣਾ ਮੁਖੀਆਂ ਨੇ ਇਸ ਪੱਤਰ ਵਿਚ ਦਿੱਤੇ ਸੁਝਾਅ ਨੂੰ ਮੰਨ ਲਿਆ ਅਤੇ ਗੜ੍ਹੀ ਖਾਲੀ ਕਰਨ ਲਈ ਤਿਆਰ ਹੋ ਗਏ। ਸਰਦਾਰ ਹਰੀ ਸਿੰਘ ਨਲਵਾ ਦੀ ਦੇਖ-ਰੇਖ ਵਿਚ ਰਾਤ ਨੂੰ ਟਿਵਾਣੇ ਗੜ੍ਹੀ ਖਾਲੀ ਕਰ ਗਏ ਅਤੇ ਸਵੇਰ ਹੁੰਦਿਆਂ ਹੀ ਖਾਲਸਾ ਸੈਨਾ ਦਾ ਝੰਡਾ ਮਿਠਾ-ਟਿਵਾਣਾ ਦੀ ਗੜ੍ਹੀ ਉਪਰ ਝੂਲਣ ਲੱਗ ਗਿਆ। ਇਸ ਮੁਹਿੰਮ ਨਾਲ ਇਕ ਤਾਂ ਸ਼ਾਹਪੁਰ ਦਾ ਸਾਰਾ ਇਲਾਕਾ ਲਾਹੌਰ ਦਰਬਾਰ ਦੇ ਅਧੀਨ ਹੋ ਗਿਆ, ਦੂਜਾ ਸਿੱਖ ਫ਼ੌਜ ਦਾ ਦਬਦਬਾ ਸਾਰੇ ਇਲਾਕੇ ਵਿਚ ਬੈਠ ਗਿਆ, ਤੀਜਾ ਸਰਦਾਰ ਦਲ ਸਿੰਘ ਅਤੇ ਸਰਦਾਰ ਹਰੀ ਸਿੰਘ ਦੀ ਸੈਨਿਕ ਜੱਥੇਬੰਦੀ ਅਤੇ ਯੁੱਧ-ਕੁਸ਼ਲਤਾ ਦਾ ਮਹਾਰਾਜਾ ਸਾਹਿਬ ਨੂੰ ਬੋਧ ਹੋ ਗਿਆ। ਇਸ ਜਿੱਤ ਦੀ ਸੂਚਨਾ ਤੁਰਤ ਲਾਹੌਰ ਭੇਜੀ ਗਈ। ਖ਼ਬਰ ਮਿਲਦਿਆਂ ਹੀ ਲਾਹੌਰ ਵਿਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ।
ਸੱਯਦਾਂ ਦੀ ਸੋਧ
ਮਿੱਠਾ ਟਿਵਾਣਾ ‘ਤੇ ਕਾਬਜ਼ ਟਿਵਾਣਿਆਂ ਨੂੰ ਆਪਣੇ ਅਧੀਨ ਕਰਨ ਤੋਂ ਬਾਅਦ ਮਹਾਰਾਜਾ ਸਾਹਿਬ ਦਾ ਧਿਆਨ ਉੱਚ ਦੇ ਗੈਲਾਨੀ ਅਤੇ ਬੁਖ਼ਾਰੀ ਸੱਯਦਾਂ ਦੀਆਂ ਬਾਗ਼ੀਆਨਾ ਕਾਰਵਾਈਆਂ ਵੱਲ ਗਿਆ। ਉਹ ਆਪ-ਹੁਦਰੇ ਅਤੇ ਖੁਦਮੁਖਤਾਰ ਪੀਰ ਸਨ। ਉਹ ਹਿੰਦੂਆਂ ਪ੍ਰਤੀ ਵਿਸ਼ੇਸ਼ ਘਿਰਣਾ ਦੀ ਰੁਚੀ ਰੱਖਦੇ ਸਨ। ਜੇਕਰ ਕੋਈ ਹਿੰਦੂ ਸਾਹਮਣਿਓਂ ਮਿਲ ਜਾਏ ਤਾਂ ਮੂੰਹ ਢੱਕ ਲੈਂਦੇ ਸਨ ਅਤੇ ਉਸ ਦੇ ਮੂੰਹ ‘ਤੇ ਥੁੱਕਣੋਂ ਵੀ ਸੰਕੋਚ ਨਹੀਂ ਕਰਦੇ ਸਨ। ਉੱਥੋਂ ਦੀ ਪਰੇਸ਼ਾਨ ਜਨਤਾ ਨੇ ਮਹਾਰਾਜਾ ਸਾਹਿਬ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਬੇਮੁਹਾਰੇ ਧਰਮ-ਅੰਧ ਸੱਯਦਾਂ ਤੋਂ ਨਿਜਾਤ ਦਿਵਾਈ ਜਾਏ। ਅਜੇ ਸਰਦਾਰ ਦਲ ਸਿੰਘ ਅਤੇ ਸਰਦਾਰ ਹਰੀ ਸਿੰਘ ਮਿੱਠਾ ਟਿਵਾਣਾ ਤੋਂ ਪਰਤ ਹੀ ਰਹੇ ਸਨ ਕਿ ਉਨ੍ਹਾਂ ਨੂੰ ਲਾਹੌਰ ਤੋਂ ਹੁਕਮ ਹੋ ਗਿਆ ਕਿ ਲੱਗਦੇ ਹੱਥ ਸੱਯਦਾਂ ਦੀ ਸੁਧਾਈ ਵੀ ਕਰ ਦਿੱਤੀ ਜਾਏ। ਬਸ ਫਿਰ ਦੋਵੇਂ ਸਰਦਾਰ ਆਪਣੇ ਦਲ ਬਲ ਸਹਿਤ ਸੱਯਦਾਂ ਉਪਰ ਜਾ ਝਪਟੇ। ਸੱਯਦਾਂ ਨੂੰ ਵੀ ਖਾਲਸਾ ਫ਼ੌਜ ਦੇ ਹਮਲੇ ਦੀ ਗੱਲ ਪਤਾ ਲੱਗ ਗਈ ਸੀ। ਉਹ ਵੀ ਮੋਰਚੇ ਬੰਨ੍ਹ ਕੇ ਤਿਆਰ ਹੋ ਗਏ। ਖਾਲਸੇ ਦੇ ਤੋਪਖ਼ਾਨੇ ਨੇ ਉਨ੍ਹਾਂ ਦੀ ਗੜ੍ਹੀ ਨੂੰ ਢਾਹ ਦਿੱਤਾ। ਸੱਯਦਾਂ ਨੇ ਆਪਣੀ ਸਥਿਤੀ ਕਮਜ਼ੋਰ ਦੇਖਦਿਆਂ ਹੋਇਆਂ ਅਧੀਨਗੀ ਕਬੂਲ ਕਰ ਲਈ ਅਤੇ 25000 ਰੁਪਏ ਜੁਰਮਾਨਾ ਦੇ ਕੇ ਅਤੇ ਅੱਗੋਂ ਲਈ ਸ਼ਾਂਤੀ ਬਣਾਈ ਰੱਖਣ ਦਾ ਵਿਸ਼ਵਾਸ ਦਿਵਾ ਕੇ ਆਪਣੀ ਜਾਨ ਬਖ਼ਸ਼ੀ ਕਰਵਾਈ। ਮਿੱਠਾ ਟਿਵਾਣਾ ਅਤੇ ਸੱਯਦਾਂ ਨਾਲ ਸੰਬੰਧਿਤ ਦੋਹਾਂ ਮੁਹਿੰਮਾਂ ਵਿਚ ਸਰਦਾਰ ਹਰੀ ਸਿੰਘ ਨਲਵਾ ਵੱਲੋਂ ਵਰਤੀ ਸੂਝ ਅਤੇ ਯੁੱਧ ਵਿਚ ਵਿਖਾਏ ਚਮਤਕਾਰਾਂ ਬਾਰੇ ਸਰਦਾਰ ਦਲ ਸਿੰਘ ਨੇ ਮਹਾਰਾਜਾ ਸਾਹਿਬ ਨੂੰ ਦੱਸਿਆ। ਸ਼ੇਰੇ-ਪੰਜਾਬ ਨੇ ਖੁਸ਼ ਹੋ ਕੇ ਮਿੱਠਾ ਟਿਵਾਣਾ ਵਾਲਾ ਖੇਤਰ ਸਰਦਾਰ ਹਰੀ ਸਿੰਘ ਨਲਵਾ ਨੂੰ ਜਾਗੀਰ ਵਜੋਂ ਪ੍ਰਦਾਨ ਕੀਤਾ ਅਤੇ ਬਾਕੀ ਦੇ ਸਾਰੇ ਸੈਨਿਕਾਂ ਨੂੰ ਵਿਸ਼ੇਸ਼ ਦਰਬਾਰ ਲਗਾ ਕੇ ਸਨਮਾਨਿਤ ਕੀਤਾ।
ਕੋਹਿਨੂਰ ਹੀਰੇ ਦੀ ਪ੍ਰਾਪਤੀ
ਸੰਨ 1812 ਈ. ਦੇ ਸਤੰਬਰ ਮਹੀਨੇ ਵਿਚ ਸ਼ਾਹ ਸ਼ੁਜਾ ਦਾ ਪਰਿਵਾਰ ਅਫ਼ਗ਼ਾਨਿਸਤਾਨ ਤੋਂ ਭੱਜ ਕੇ ਲਾਹੌਰ ਆਇਆ ਅਤੇ ਮਹਾਰਾਜਾ ਸਾਹਿਬ ਨੂੰ ਸਾਰੀ ਸਥਿਤੀ ਦੱਸੀ । ਮਹਾਰਾਜਾ ਨੇ ਆਪਣੇ ਵਜ਼ੀਰ ਫ਼ਕੀਰ ਅਜ਼ੀਜੁੱਦੀਨ ਨੂੰ ਉਨ੍ਹਾਂ ਦੀ ਦੇਖ-ਭਾਲ ਲਈ ਨਿਯੁਕਤ ਕੀਤਾ। ਉਦੋਂ ਸ਼ਾਹ ਸ਼ੁਜਾ ਕਸ਼ਮੀਰ ਦੇ ਨਵਾਬ ਅਤਾ ਮੁਹੰਮਦ ਦੀ ਹਿਰਾਸਤ ਵਿਚ ਸੀ। ਕਾਬਲ ਦੇ ਵਜ਼ੀਰ ਫਤਹ ਖਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਕਸ਼ਮੀਰ ਉਪਰ ਕਬਜ਼ਾ ਕਰਨ ਲਈ ਮਦਦ ਮੰਗੀ। ਮਹਾਰਾਜਾ ਮਦਦ ਦੇਣੀ ਮੰਨ ਗਏ। ਜਦੋਂ ਸ਼ਾਹ ਸ਼ੁਜਾ ਦੀਆਂ ਬੇਗਮਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਘਬਰਾ ਗਈਆਂ। ਉਨ੍ਹਾਂ ਵਿਚੋਂ ਵਫ਼ਾ ਬੇਗਮ ਨੇ ਮਹਾਰਾਜਾ ਸਾਹਿਬ ਨੂੰ ਬੇਨਤੀ ਕੀਤੀ ਕਿ ਜੇ ਉਸ ਦੇ ਪਤੀ ਸ਼ਾਹ ਸ਼ੁਜਾ ਨੂੰ ਮਹਾਰਾਜਾ ਸਾਹਿਬ ਕੈਦੋਂ ਖ਼ਲਾਸ ਕਰਾ ਦੇਣ ਤਾਂ ਉਹ ਇਸ ਉਪਕਾਰ ਦੇ ਬਦਲੇ ‘ਕੋਹਿਨੂਰ ਹੀਰਾ ਅਰਪਿਤ ਕਰੇਗੀ। ਮਹਾਰਾਜਾ ਸਾਹਿਬ ਨੇ ਇਹ ਸ਼ਰਤ ਮੰਨ ਲਈ ਅਤੇ ਦੀਵਾਨ ਮੋਹਕਮ ਚੰਦ ਅਤੇ ਸਰਦਾਰ ਹਰੀ ਸਿੰਘ ਨੂੰ ਫ਼ੌਜਕਸ਼ੀ ਲਈ ਹੁਕਮ ਦੇ ਦਿੱਤਾ। ਕਸ਼ਮੀਰ ਦਾ ਨਵਾਬ ਅਤਾ ਮੁਹੰਮਦ ਖ਼ਾਨ ਹਾਰ ਗਿਆ। ਹਰੀ ਸਿੰਘ ਨੇ ਉਸ ਕਿਲੇ ਨੂੰ ਪੂਰੀ ਤਰ੍ਹਾਂ ਘੇਰੇ ਵਿਚ ਲੈ ਲਿਆ ਜਿਸ ਵਿਚ ਸ਼ਾਹ ਸੁਜਾ ਕੈਦ ਸੀ। ਸ਼ਾਹ ਸ਼ੁਜਾ ਨੂੰ ਕੈਦੋਂ ਮੁਕਤ ਕਰਾ ਕੇ ਲਾਹੌਰ ਲਿਆਂਦਾ ਗਿਆ। ਉਸ ਦੇ ਸਹੀ-ਸਲਾਮਤ ਆਉਣ ‘ਤੇ ਮਹਾਰਾਜਾ ਸਾਹਿਬ ਨੇ ਵਫ਼ਾ ਬੇਗਮ ਤੋਂ ਹੀਰੇ ਦੀ ਮੰਗ ਕੀਤੀ। ਬੇਗਮ ਆਪਣੇ ਵਾਅਦੇ ਤੋਂ ਮੁਕਰਣ ਲਈ ਕਹਿਣ ਲੱਗੀ ਕਿ ਉਹ ਹੀਰਾ ਕਾਬਲ ਵਿਚ ਕਿਸੇ ਵਪਾਰੀ ਕੋਲ ਗਿਰਵੀ ਪਿਆ ਹੈ। ਜਦੋਂ ਮਹਾਰਾਜੇ ਨੇ ਅਫ਼ਗ਼ਾਨਿਸਤਾਨ ਦੇ ਸ਼ਾਹੀ ਪਰਿਵਾਰ ਨੂੰ ਕੁਝ ਕੱਸਿਆ ਤਾਂ ਵਫ਼ਾ ਬੇਗਮ ਨੇ ਸ਼ਾਹ ਸ਼ੁਜਾ ‘ਤੇ ਜ਼ੋਰ ਪਾ ਕੇ 1 ਜੂਨ, 1813 ਨੂੰ ਕੋਹਿਨੂਰ ਹੀਰਾ ਮਹਾਰਾਜਾ ਸਾਹਿਬ ਨੂੰ ਭੇਂਟ ਕੀਤਾ। ਸੰਨ 1849 ਈ. ਤਕ ਇਹ ਹੀਰਾ ਲਾਹੌਰ ਦਰਬਾਰ ਵਿਚ ਹੀ ਰਿਹਾ। ਪਰ ਲਾਹੌਰ ਦਰਬਾਰ ਦੀ ਹਾਰ ਤੋਂ ਬਾਅਦ ਇਹ ਅੰਗਰੇਜ਼ਾਂ ਦੇ ਕਬਜ਼ੇ ਵਿਚ ਚਲਾ ਗਿਆ ਅਤੇ ਹੁਣ ਤਕ ਇੰਗਲੈਂਡ ਦੇ ਸ਼ਾਹੀ ਪਰਿਵਾਰ ਕੋਲ ਮੌਜੂਦ ਹੈ।
ਅਟਕ ‘ਤੇ ਕਬਜ਼ਾ
ਪੱਛਮੀ ਪੰਜਾਬ ਦੇ ਬਾਗ਼ੀ ਅਤੇ ਹੰਕਾਰੀ ਸਰਕਰਦਿਆਂ ਨੂੰ ਸੋਧਣ ਉਪਰੰਤ ਸ਼ੇਰੇ-ਪੰਜਾਬ ਦਾ ਧਿਆਨ ਅਟਕ ਕੇ ਕਿਲੇ ਵੱਲ ਗਿਆ। ਇਹ ਕਿਲਾ ਦੇਸ਼ ਦੀ ਰੱਖਿਆ ਲਈ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਸੀ। ਕਿਉਂਕਿ ਦੱਰਾ ਖੈਬਰ ਰਾਹੀਂ ਜੋ ਅਫ਼ਗ਼ਾਨ ਹਮਲਾਵਰ ਪੰਜਾਬ ‘ਤੇ ਹਮਲਾ ਕਰਦੇ ਸਨ, ਉਨ੍ਹਾਂ ਨੂੰ ਰੋਕਣ ਲਈ ਇਹੀ ਕਿਲਾ ਲਾਭਦਾਇਕ ਹੋ ਸਕਦਾ ਸੀ। ਆਪਣੀ ਹਕੂਮਤ ਨੂੰ ਬਾਹਰਲੇ ਹਮਲਾਵਰਾਂ ਤੋਂ ਬਚਾਈ ਰੱਖਣ ਲਈ ਇਸ ਕਿਲੇ ‘ਤੇ ਕਬਜ਼ਾ ਕਰਨਾ ਯੁੱਧ ਅਤੇ ਰਾਜਨੀਤੀ ਦੇ ਪੱਖ ਤੋਂ ਬਹੁਤ ਅਹਿਮੀਅਤ ਰੱਖਦਾ ਸੀ।
ਕਸ਼ਮੀਰ ‘ਤੇ ਖਾਲਸੇ ਵੱਲੋਂ ਫ਼ੌਜ-ਕਸ਼ੀ ਕਰਨ ਤੋਂ ਬਾਅਦ ਕਾਬਲ ਦੇ ਵਜੀਰ ਫ਼ਤਹ ਖਾਨ ਨੇ ਬਣਦਾ ਹਿੱਸਾ ਖਾਲਸਾ ਦਲ ਨੂੰ ਨਾ ਦਿੱਤਾ। ਮਹਾਰਾਜਾ ਸਾਹਿਬ ਬਹੁਤ ਨਾਰਾਜ਼ ਹੋਏ। ਅਟਕ ਦੇ ਹਾਕਮ ਜਹਾਂਦਾਦ ਖ਼ਾਨ ਨੇ ਹਾਲਾਤ ਨੂੰ ਡੂੰਘੀ ਨਜ਼ਰ ਨਾਲ ਸਮਝਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਨਾਲ ਸੁਖਾਵੇਂ ਸੰਬੰਧ ਬਣਾਉਣ ਦਾ ਯਤਨ ਕੀਤਾ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦਾ ਹਾਲ ਵੀ ਆਪਣੇ ਭਰਾ ਅਤਾ ਮੁਹੰਮਦ ਖਾਨ ਵਰਗਾ ਨਾ ਹੋ ਜਾਏ। ਉਸ ਨੇ ਲਾਹੌਰ ਦਰਬਾਰ ਨਾਲ ਗੱਲ ਕਰਕੇ ਵਜ਼ੀਰਾਬਾਦ ਦੇ ਇਲਾਕੇ ਵਿਚ ਮਾਕੂਲ ਜਾਗੀਰ ਲੈ ਕੇ ਅਟਕ ਦਾ ਕਿਲ੍ਹਾ ਖਾਲਸਾ ਫ਼ੌਜ ਦੇ ਹਵਾਲੇ ਕਰ ਦਿੱਤਾ। ਲਾਹੌਰ ਦਰਬਾਰ ਵੱਲੋਂ ਸ. ਦਯਾ ਸਿੰਘ ਆਪਣੇ ਸੈਨਾ-ਦਲ ਸਹਿਤ ਪਹਿਲਾਂ ਹੀ ਉੱਥੇ ਪਹੁੰਚਿਆ ਹੋਇਆ ਸੀ। ਉਸ ਨੇ ਮਹਾਰਾਜਾ ਸਾਹਿਬ ਦੇ ਹੁਕਮ ਨਾਲ ਅਟਕ ਕਿਲੇ ‘ਤੇ ਕਬਜ਼ਾ ਕਰ ਲਿਆ। ਅਟਕ ਕਿਲੇ ‘ਤੇ ਕਬਜ਼ਾ ਕਰਨ ਨਾਲ ਪਿਸ਼ਾਵਰ ਅਤੇ ਕਸ਼ਮੀਰ ਦਾ ਸੰਬੰਧ ਟੁੱਟ ਗਿਆ।
ਜਦੋਂ ਵਜ਼ੀਰ ਫਤਹ ਖ਼ਾਨ ਨੂੰ ਕਾਬਲ ਵਿਚ ਸੂਚਨਾ ਮਿਲੀ ਤਾਂ ਉਹ ਬਹੁਤ ਔਖਾ ਹੋਇਆ। ਉਸ ਨੇ ਇਕ ਤਕੜੀ ਫ਼ੌਜ ਆਪਣੇ ਭਰਾ ਦੋਸਤ ਮੁਹੰਮਦ ਖ਼ਾਨ ਦੀ ਕਮਾਨ ਹੇਠ ਅਟਕ ਵੱਲ ਭੇਜ ਦਿੱਤੀ ਅਤੇ ਆਪ ਕਾਬਲ ਤੋਂ ਪਿਸ਼ਾਵਰ ਆ ਗਿਆ। ਕਵਾਇਦ ਯਾਫ਼ਤਾ ਫ਼ੌਜ ਤੋਂ ਇਲਾਵਾ ਬਹੁਤ ਸਾਰਾ ਮੁਲਖਈਆ ਅਤੇ ਜਹਾਦੀ ਅਫ਼ਗ਼ਾਨੀ ਵੀ ਨਾਲ ਹੋ ਗਏ। ਉਨ੍ਹਾਂ ਨੇ ਆਉਂਦਿਆਂ ਹੀ ਅਟਕ ਦੇ ਕਿਲੇ ਨੂੰ ਘੇਰ ਲਿਆ। ਪਿਸ਼ਾਵਰ ਦੇ ਖ਼ਾਨ ਦੀ ਗਤੀਵਿਧੀ ਦਾ ਪਤਾ ਜਦ ਮਹਾਰਾਜਾ ਸਾਹਿਬ ਨੂੰ ਹੋਇਆ ਤਾਂ ਇਸ ਕਿਲੇ ਦੀ ਰੱਖਿਆ ਦੇ ਆਸ਼ੇ ਤੋਂ ਮਹਾਰਾਜਾ ਸਾਹਿਬ ਨੇ ਦੀਵਾਨ ਮੋਹਕਮ ਚੰਦ ਅਤੇ ਸਰਦਾਰ ਹਰੀ ਸਿੰਘ ਨਲਵੇ ਦੀ ਕਮਾਨ ਅਧੀਨ ਖਾਲਸਾ ਫ਼ੌਜ ਅਤੇ ਤੋਪਖਾਨੇ ਨੂੰ ਤੋਰ ਦਿੱਤਾ । ਦੋਸਤ ਮੁਹੰਮਦ ਖ਼ਾਨ ਨੇ ਖ਼ਾਲਸਾ ਫ਼ੌਜ ਨੂੰ ਕਿਲੇ ਤੋਂ ਦੂਰ ਰਸਤੇ ਵਿਚ ਰੋਕਣ ਲਈ ਹਜ਼ਰੋ ਦੇ ਨੇੜੇ ਹੈਦੂਰ ਦੇ ਸਥਾਨ ਉਪਰ ਡੇਰਾ ਲਗਾ ਦਿੱਤਾ। ਇੱਧਰ ਖਾਲਸੇ ਦੀਆਂ ਫ਼ੌਜਾਂ ਵੀ ਪੰਜਾ. ਸਾਹਿਬ ਤੋਂ ਅੱਗੇ ਲੰਘ ਕੇ ਰੁਕ ਗਈਆਂ ਤਾਂ ਜੋ ਲਾਹੌਰੋਂ ਚਲਿਆ ਤੋਪਖ਼ਾਨਾ ਪਹੁੰਚ ਜਾਏ। ਤੋਪਖਾਨੇ ਦੇ ਪਹੁੰਚਣ ‘ਤੇ 12 ਜੁਲਾਈ, 1813 ਨੂੰ ਖਾਲਸਾ ਫ਼ੌਜ ਨੇ ਅਫ਼ਗ਼ਾਨੀ ਫ਼ੌਜ ‘ਤੇ ਹੱਲਾ ਬੋਲ ਦਿੱਤਾ। ਸਾਰਾ ਦਿਨ ਲਹੂ ਡੋਲ੍ਹਵੀਂ ਲੜਾਈ ਹੁੰਦੀ ਰਹੀ। ਦੋਹਾਂ ਪਾਸਿਆਂ ਤੋਂ ਤੋਪਖ਼ਾਨਿਆਂ ਰਾਹੀਂ ਗੋਲਾਬਾਰੀ ਜਾਰੀ ਰਹੀ। ਰਾਤ ਪੈਣ ‘ਤੇ ਲੜਾਈ ਬੰਦ ਹੋਈ। ਸੈਨਿਕਾਂ ਨੂੰ ਆਰਾਮ ਕਰਨ ਦਾ ਮੌਕਾ ਮਿਲਿਆ। ਪਰ ਦੀਵਾਨ ਮੋਹਕਮ ਚੰਦ ਅਤੇ ਸਰਦਾਰ ਹਰੀ ਸਿੰਘ ਸਾਰੀ ਰਾਤ ਅਗਲੇ ਦਿਨ ਦੀ ਫ਼ੌਜਕਸ਼ੀ ਲਈ ਤਿਆਰੀ ਕਰਦੇ ਰਹੇ। ਸਵੇਰ ਹੁੰਦਿਆਂ ਹੀ ਸਰਦਾਰ ਹਰੀ ਸਿੰਘ ਨੇ ਆਪਣੇ ਚਾਰ ਘੋੜਸਵਾਰ ਦਸਤਿਆਂ ਸਮੇਤ ਵੈਰੀ ‘ਤੇ ਹਮਲਾ ਕਰ ਦਿੱਤਾ। ਦੋਹਾਂ ਪਾਸਿਆਂ ਦੇ ਤੋਪਖ਼ਾਨਿਆਂ ਨੇ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਦੁਪਹਿਰ ਤਕ ਘਮਸਾਨ ਯੁੱਧ ਹੋਇਆ। ਦੋਹਾਂ ਪਾਸਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਨਹੀਂ ਦਿੱਸ ਰਹੀ ਸੀ। ਫਿਰ ਅਚਾਨਕ ਸ. ਜੀਵੰਤ ਸਿੰਘ ਮੋਕਲ ਦਾ ਦੋਸਤ ਮੁਹੰਮਦ ਖਾਨ ਨਾਲ ਦੁਅੰਦ ਯੁੱਧ ਹੋਣ ਲੱਗਿਆ ਜਿਸ ਦੇ ਨਤੀਜੇ ਵਜੋਂ ਅਫ਼ਗ਼ਾਨ ਸਰਦਾਰ ਜ਼ਖਮੀ ਹੋ ਕੇ ਘੋੜੇ ਤੋਂ ਡਿਗ ਪਿਆ। ਫ਼ੌਜ ਵਿਚ ਉਸ ਦੇ ਮਾਰੇ ਜਾਣ ਦੀ ਖ਼ਬਰ ਫੈਲ ਗਈ। ਨਤੀਜੇ ਵਜੋਂ ਅਫ਼ਗ਼ਾਨੀ ਫ਼ੌਜ ਮੈਦਾਨ ਵਿਚੋਂ ਖਿਸਕਣੀ ਸ਼ੁਰੂ ਹੋ ਗਈ ਅਤੇ ਸੂਰਜ ਡੁਬਣ ਤਕ ਜੰਗ ਦੇ ਮੈਦਾਨ ‘ਤੇ ਖਾਲਸਾ ਸੈਨਿਕ ਛਾ ਗਏ। ਇਸ ਲੜਾਈ ਵਿਚ ਅਫ਼ਗ਼ਾਨਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ ਜਿਸ ਕਰਕੇ ਉਹ ਅਟਕ ਦੇ ਕਿਲੇ ‘ਤੇ ਸਿੱਖ ਫ਼ੌਜ ਦਾ ਕਬਜ਼ਾ ਹੋਣੋਂ ਨਾ ਰੋਕ ਸਕੇ। ਸਿੱਖ ਫ਼ੌਜ ਨੇ ਅਟਕ ਕਿਲੇ ਉਪਰ ਆਪਣਾ ਪੂਰਾ ਅਧਿਕਾਰ ਜਮਾ ਦਿੱਤਾ। ਅਫ਼ਗ਼ਾਨਾਂ ਦੀ ਸਿੱਖ ਸੈਨਾ ਨਾਲ ਇਹ ਪਹਿਲੀ ਲੜਾਈ ਸੀ। ਉਨ੍ਹਾਂ ਨੂੰ ਸਿੱਖ ਫ਼ੌਜ ਦੀ ਸੂਰਵੀਰਤਾ ਦਾ ਅਹਿਸਾਸ ਹੋ ਗਿਆ ਅਤੇ ਬੇਅੰਤ ਤੰਬੂ, ਖੇਮੇ, ਘੋੜੇ ਅਤੇ ਹੋਰ ਰਸਦ ਛੱਡ ਕੇ ਭੱਜ ਗਏ। ਜਦੋਂ ਇਸ ਜਿੱਤ ਦੀ ਸੂਚਨਾ ਮਹਾਰਾਜਾ ਸਾਹਿਬ ਕੋਲ ਲਾਹੌਰ ਪਹੁੰਚੀ ਤਾਂ ਉਨ੍ਹਾਂ ਨੇ ਕਈ ਨਗਰਾਂ ਵਿਚ ਦੀਪਮਾਲਾ ਕਰਕੇ ਖੁਸ਼ੀ ਮਨਾਈ ਅਤੇ ਅਟਕ ਦੇ ਕਿਲੇ ਨੂੰ ਦੇਖਣ ਲਈ ਖੁਦ ਉੱਥੇ ਗਏ। ਸਰਦਾਰ ਜੀਵੰਤ ਸਿੰਘ ਮੋਕਲ ਨੂੰ ਸਨਮਾਨਿਤ ਕੀਤਾ ਅਤੇ ਗੁਜਰਾਤ ਦੇ ਨੇੜੇ ਉਸ ਨੂੰ ਪੰਜ ਪਿੰਡਾਂ ਦੀ ਜਾਗੀਰ ਬਖਸ਼ੀ ਅਤੇ ਹੋਰਨਾਂ ਫ਼ੌਜੀਆਂ ਨੂੰ ਵੀ ਉਨ੍ਹਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ। ਇਸ ਕਾਮਯਾਬੀ ਨਾਲ ਕਾਬਲ ਵੱਲੋਂ ਹਮਲਾਵਰਾਂ ਦਾ ਰਸਤਾ ਬੰਦ ਹੋ ਗਿਆ ਅਤੇ ਸਿੱਖ ਸੈਨਿਕਾਂ ਦਾ ਦਬਦਬਾ ਪਸਰ ਗਿਆ।
ਕਸ਼ਮੀਰ ਉਪਰ ਚੜ੍ਹਾਈ
ਸੰਨ 1814 ਵਿਚ ਖਾਲਸਾ ਫ਼ੌਜ ਨੇ ਕਸ਼ਮੀਰ ਉਪਰ ਦੋਬਾਰਾ ਚੜ੍ਹਾਈ ਕਰਨ ਦੀ ਯੋਜਨਾ ਬਣਾਈ। ਵਜ਼ੀਰਾਬਾਦ ਦੇ ਨੇੜੇ ਸਭ ਪਾਸਿਆਂ ਤੋਂ ਫ਼ੌਜੀ ਦਲ ਆ ਕੇ ਇਕੱਠੇ ਹੋਏ। ਇਹ ਫ਼ੌਜਾਂ ਗੁਜਰਾਤ-ਭਿੰਬਰ ਤੋਂ ਹੁੰਦੀਆਂ ਹੋਈਆਂ ਰਾਜੌੜੀ ਪਹੁੰਚੀਆਂ। ਅਗਲੀ ਪੇਸ਼-ਕਦਮੀ ਲਈ ਫ਼ੌਜ ਨੂੰ ਵੱਖਰੇ-ਵੱਖਰੇ ਦਲਾਂ ਵਿਚ ਵੰਡਿਆ ਗਿਆ। ਸ. ਹਰੀ ਸਿੰਘ ਨਲਵਾ, ਸ. ਜੋਧ ਸਿੰਘ ਕਲਸੀਆ, ਸ. ਮਿਤ ਸਿੰਘ ਅਤੇ ਸ. ਦਲ ਸਿੰਘ ਪ੍ਰਮੁੱਖ ਸੈਨਾ ਨਾਇਕ ਸਨ। ਇਨ੍ਹਾਂ ਨਾਲ ਗੋਸੇ ਖਾਨ ਦਰੋਗਾ ਦਾ ਤੋਪਖਾਨਾ ਵੀ ਸੀ। ਇਹ ਬਹਿਰਾਮ ਗਲੇ ਦੇ ਰਸਤੇ ਪੀਰ ਪੰਜਾਲ ਵੱਲ ਵਧੇ। ਦੂਜਾ ਸੈਨਾ ਦਲ ਮਹਾਰਾਜਾ ਸਾਹਿਬ ਦੀ ਅਗਵਾਈ ਵਿਚ ਪੁਣਛ ਦੇ ਰਸਤੇ ਅੱਗੇ ਵਧਿਆ। ਬਹਿਰਾਮ ਗਲੇ ਕੋਲ ਜੰਮ ਕੇ ਲੜਾਈ ਹੋਈ। ਪਰ ਮੌਸਮ ਦੀ ਖਰਾਬੀ ਕਰਕੇ ਫ਼ੌਜਾਂ ਅੱਗੇ ਨਾ ਵੱਧ ਸਕੀਆਂ ਅਤੇ ਰਾਜੌੜੀ ਤੋਂ ਹੀ ਪਰਤ ਆਈਆਂ। ਭਿੰਬਰ ਅਤੇ ਰਾਜੌੜੀ ਦਾ ਹਾਕਮ ਅਗਰ ਖ਼ਾਨ ਲਾਹੌਰ ਦਰਬਾਰ ਤੋਂ ਕੁਝ ਪਾਸਾ ਵੱਟਣ ਲੱਗ ਗਿਆ ਸੀ। ਉਸ ਨੇ ਸਿੱਖ ਫ਼ੌਜਾਂ ਦੇ ਸਾਰੇ ਪਹਾੜੀ ਰਸਤੇ ਰੋਕ ਦਿੱਤੇ ਸਨ। ਮਹਾਰਾਜਾ ਸਾਹਿਬ ਨੇ ਉਸ ਨੂੰ ਸੋਧਣ ਦੀ ਜ਼ਿੰਮੇਵਾਰੀ ਸਰਦਾਰ ਨਲਵਾ ਨੂੰ ਸੌਂਪੀ। ਉਸ ਨੇ ਰਾਜੌੜੀ ਦੇ ਕਿਲੇ ਨੂੰ ਘੇਰ ਲਿਆ। ਅਗਰ ਖਾਨ ਇਕ ਪਾਸੇ ਤਾਂ ਸੁਲਹ ਦਾ ਯਤਨ ਕਰ ਰਿਹਾ ਸੀ ਅਤੇ ਦੂਜੇ ਪਾਸੇ ਰਾਜੌੜੀ ਦੇ ਕਿਲੇ ਤੋਂ ਚੁੱਪ ਚੁਪਾਤੇ ਖਿਸਕ ਗਿਆ ਅਤੇ ਕੋਟਲੀ ਦੇ ਕਿਲੇ ਵਿਚ ਜਾ ਲੁਕਿਆ।
ਖਾਲਸਾ ਫ਼ੌਜ ਨੇ ਪਹਿਲਾਂ ਰਾਜੌੜੀ ਦੇ ਕਿਲੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਅਤੇ ਫਿਰ ਕੋਟਲੀ ਦੇ ਕਿਲੇ ਵੱਲ ਵਧੀ। ਅਗਰ ਖ਼ਾਨ ਉੱਥੋਂ ਵੀ ਖਿਸਕ ਗਿਆ। ਇਸ ਤਰ੍ਹਾਂ ਸ. ਹਰੀ ਸਿੰਘ ਨੇ ਭਿੰਬਰ, ਰਾਜੌੜੀ ਅਤੇ ਕੋਟਲੀ ਦੇ ਇਲਾਕਿਆਂ ਨੂੰ ਲਾਹੌਰ ਸਰਕਾਰ ਦੇ ਅਧੀਨ ਕਰ ਦਿੱਤਾ ਅਤੇ ਉੱਥੋਂ ਦੇ ਰਈਸਾਂ ਨੂੰ ਕੈਦ ਕਰ ਕੇ ਲਾਹੌਰ ਭੇਜਿਆ ਗਿਆ ਜਿੱਥੇ ਉਹ ਮਹਾਰਾਜਾ ਸਾਹਿਬ ਦੇ ਪੇਸ਼ ਕੀਤੇ ਗਏ। ਇਸ ਜਿੱਤ ਉਪਰੰਤ ਨਲਵਾ ਸਰਦਾਰ ਸੈਨਾ ਦਲ ਸਹਿਤ ਲਾਹੌਰ ਪਰਤ ਆਇਆ।
ਮੁਲਤਾਨ ਦੀ ਜਿੱਤ
ਅਟਕ ਨੂੰ ਸਿੱਖ ਰਾਜ ਵਿਚ ਸ਼ਾਮਲ ਕਰਨ ਅਤੇ ਭਿੰਬਰ ਤੇ ਰਾਜੌੜੀ ‘ਤੇ ਧਾਵਾ ਬੋਲਣ ਤੋਂ ਬਾਅਦ ਸ਼ੇਰੇ ਪੰਜਾਬ ਨੇ ਮੁਲਤਾਨ ਦੇ ਨਵਾਬ ਮੁਜ਼ੱਫ਼ਰ ਖਾਨ ਵੱਲੋਂ ਨਿੱਤ ਹੁੰਦੀ ਬਗ਼ਾਵਤ ਵੱਲ ਧਿਆਨ ਦਿੱਤਾ। ਇਸ ਤੋਂ ਪਹਿਲਾਂ ਸੱਤ ਵਾਰ ਨਵਾਬ ਨੂੰ ਹਰਾ ਕੇ ਅਹਿਦਨਾਮੇ ਕੀਤੇ ਜਾ ਚੁੱਕੇ ਸਨ, ਪਰ ਨਵਾਬ ਕਦੇ ਵੀ ਅਹਿਦਨਾਮਿਆਂ ਅਨੁਸਾਰ ਅਮਲ ਨਹੀਂ ਸੀ ਕਰਦਾ ਅਤੇ ਨਾ ਹੀ ਬਾਜਗੁਜ਼ਾਰੀ ਆਦਿ ਭੇਜਦਾ ਸੀ। ਇਸ ਸਾਰੀ ਸਥਿਤੀ ਨੂੰ ਵੇਖਦਿਆਂ ਹੋਇਆਂ ਸ਼ੇਰੇ ਪੰਜਾਬ ਨੇ ਮੁਲਤਾਨ ਦੇ ਨਵਾਬ ਵੱਲੋਂ ਕੀਤੀ ਜਾਂਦੀ ਬਗ਼ਾਵਤ ਨੂੰ ਅੰਤਿਮ ਰੂਪ ਵਿਚ ਠੱਲ੍ਹ ਪਾਉਣ ਲਈ ਮੁਲਤਾਨ ਦੇ ਪਰਗਨੇ ਨੂੰ ਸਿੱਖ ਰਾਜ ਵਿਚ ਸ਼ਾਮਲ ਕਰਨ ਦਾ ਮਨ ਬਣਾਇਆ। ਮੁਖੀ ਸਰਦਾਰਾਂ, ਸੈਨਾ ਨਾਇਕਾਂ ਦਾ ਇਕੱਠ ਕਰ ਕੇ ਮੁਲਤਾਨ ਉਪਰ ਹਮਲਾ ਕਰਨ ਦਾ ਫ਼ੈਸਲਾ ਕੀਤਾ ਗਿਆ। ਸਾਰੇ ਸਰਦਾਰਾਂ, ਜਾਗੀਰਦਾਰਾਂ, ਡੇਰੇਦਾਰਾਂ ਨੂੰ ਆਪਣੇ ਸੈਨਾ-ਦਲਾਂ ਨਾਲ ਸ਼ਾਹਦਰੇ ਵਿਚ ਇਕੱਠਾ ਹੋਣ ਲਈ ਹੁਕਮ ਜਾਰੀ ਕਰ ਦਿੱਤਾ। ਹਰ ਪ੍ਰਕਾਰ ਦੀ ਸੈਨਿਕ ਤਿਆਰੀ ਅਤੇ ਖਾਧ ਖੁਰਾਕ ਦਾ ਪ੍ਰਬੰਧ ਹੋ ਜਾਣ ਤੋਂ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਅਖੰਡ ਪਾਠਾਂ ਦਾ ਭੋਗ ਪਵਾ ਕੇ ਅਤੇ ਜਿੱਤ ਲਈ ਅਰਦਾਸ ਕਰ ਕੇ 20 ਜਨਵਰੀ, 1818 ਨੂੰ ਸਿੱਖ ਸੈਨਾ ਨੇ ਮੁਲਤਾਨ ‘ਤੇ ਹਮਲਾ ਕਰਨ ਲਈ ਲਾਹੌਰ ਤੋਂ ਕੂਚ ਕੀਤਾ। ਫ਼ੌਜ ਦੀ ਸਾਰੀ ਕਮਾਂਡ ਭਾਵੇਂ ਸ਼ਹਿਜ਼ਾਦਾ ਖੜਕ ਸਿੰਘ ਕੋਲ ਸੀ, ਪਰ ਉਸ ਨਾਲ ਸਿਰਕੱਢ ਸਿੱਖ ਸੈਨਾ ਨਾਇਕ ਵੀ ਆਪਣੇ ਪੂਰੇ ਜਾਹੋਜਲਾਲ ਨਾਲ ਚਲ ਰਹੇ ਸਨ। ਉਨ੍ਹਾਂ ਵਿਚ ਸਰਦਾਰ ਹਰੀ ਸਿੰਘ ਤੋਂ ਇਲਾਵਾ ਸਰਦਾਰ ਫਤਹਿ ਸਿੰਘ ਆਹਲੂਵਾਲੀਆ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਅਤੇ ਦੀਵਾਨ ਚੰਦ ਵਰਗੇ ਜਾਨ-ਨਿਸਾਰ ਸੈਨਾ ਮੁਖੀ ਸ਼ਾਮਲ ਸਨ। ਉਸ ਵਕਤ ਸੈਨਾ ਦੀ ਗਿਣਤੀ 25,000 ਸੀ ਅਤੇ ਤੋਪਖ਼ਾਨੇ ਦੀਆਂ ਵੱਡੀਆਂ ਤੋਪਾਂ ਵੀ ਨਾਲ ਸਨ।
ਜਦੋਂ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਨ ਨੂੰ ਸਿੱਖ ਫ਼ੌਜਾਂ ਦੁਆਰਾ ਮੁਲਤਾਨ ‘ਤੇ ਕੀਤੇ ਜਾਣ ਵਾਲੇ ਹਮਲੇ ਬਾਰੇ ਪਤਾ ਚਲਿਆ ਤਾਂ ਉਸ ਨੇ ਵੀ ਪੂਰੀ ਤਰ੍ਹਾਂ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਸਾਰੇ ਇਲਾਕੇ ਵਿਚ ਜਹਾਦ ਦੀ ਸਥਿਤੀ ਪੈਦਾ ਕਰ ਦਿੱਤੀ। ਇਸਲਾਮਿਕ ਪ੍ਰਚਾਰਕਾਂ ਅਤੇ ਮੌਲਵੀਆਂ ਰਾਹੀਂ ਲੋਕਾਂ ਨੂੰ ਲਾਹੌਰ ਸਰਕਾਰ ਦੇ ਵਿਰੁੱਧ ਉਕਸਾਇਆ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਜਹਾਦੀ ਮਰਨ ਮਾਰਨ ਲਈ ਤਿਆਰ ਹੋ ਗਏ। ਹਰ ਪ੍ਰਕਾਰ ਦੀ ਤਿਆਰੀ ਕਰ ਚੁੱਕਣ ਤੋਂ ਬਾਅਦ ਨਵਾਬ ਮੁਲਤਾਨ ਲਾਹੌਰ ਦੇ ਸੈਨਿਕ ਦਲਾਂ ਦੇ ਹਮਲੇ ਦੀ ਉਡੀਕ ਕਰਨ ਲਗਾ।
ਸਿੱਖ ਫ਼ੌਜ ਨੇ ਮੁਲਤਾਨ ਵੱਲ ਕੂਚ ਕਰਨ ਵੇਲੇ ਰਸਤੇ ਵਿਚ ਪੈਂਦੇ ਕਿਲਿਆਂ ਨੂੰ ਆਪਣੇ ਅਧੀਨ ਕਰਨ ਦਾ ਉੱਦਮ ਕੀਤਾ ਤਾਂ ਜੋ ਉਨ੍ਹਾਂ ਵੱਲੋਂ ਕੋਈ ਵਿਰੋਧੀ ਕਾਰਵਾਈ ਨਾ ਕੀਤੀ ਜਾ ਸਕੇ। ਸਰਦਾਰ ਹਰੀ ਸਿੰਘ ਨਲਵਾ ਨੇ ਰਸਤੇ ਵਿਚ ਪੈਂਦੇ ਮੁਜ਼ੱਫ਼ਰਗੜ੍ਹ ਦੇ ਕਿਲੇਦਾਰ ਤੋਂ ਕਿਲਾ ਕਾਬੂ ਕਰ ਲਿਆ ਅਤੇ ਇਸ ਤਰ੍ਹਾਂ ਰਸਤੇ ਵਿਚ ਪੈਂਦੇ ਇਲਾਕਿਆਂ ਨੂੰ ਸੋਧ ਕੇ ਮਾਰਗ ਨੂੰ ਨਿਰਵਿਘਨ ਬਣਾ ਦਿੱਤਾ। ਅਤੇ ਬਹਾਵਲਪੁਰ ਦੇ ਨਵਾਬ ਦੀ ਹੋਸ਼ ਠਿਕਾਣੇ ਲਗਾਉਣ ਲਈ ਸਰਦਾਰ ਹਰੀ ਸਿੰਘ ਨੇ ਉਸ ਨੂੰ ਵੀ ਦਬੋਚ ਲਿਆ। ਇਸ ਕਾਰਵਾਈ ਤੋਂ ਬਾਅਦ ਸਾਰੀ ਸਿੱਖ ਫ਼ੌਜ ਮੁਲਤਾਨ ਨਗਰ ਦੇ ਇਰਦ-ਗਿਰਦ ਇਕੱਠੀ ਹੋ ਗਈ। ਸੈਨਾਨਾਇਕ ਕਿਲੇ ‘ਤੇ ਹਮਲਾ ਕਰਨ ਦੀਆਂ ਸਕੀਮਾਂ ਬਣਾਉਣ ਲੱਗੇ। ਕੋਸ਼ਿਸ਼ ਕੀਤੀ ਗਈ ਕਿ ਬਿਨਾਂ ਖੂਨ-ਖਰਾਬੇ ਦੇ ਨਵਾਬ ਤੋਂ ਈਨ ਮੰਨਵਾਈ ਜਾਏ। ਪਰ ਨਵਾਬ ਇਸ ਸੁਝਾਅ ਨੂੰ ਮੰਨਣ ਲਈ ਤਿਆਰ ਨਾ ਹੋਇਆ ਕਿਉਂਕਿ ਉਸ ਨੂੰ ਆਪਣੀ ਸੈਨਾ, ਜਹਾਦੀਆਂ ਅਤੇ ਗ਼ਾਜ਼ੀਆਂ ਦੀ ਸਹਾਇਤਾ ‘ਤੇ ਬਹੁਤ ਵਿਸ਼ਵਾਸ ਸੀ। ਨਾਲੇ ਮੁਲਤਾਨ ਦੇ ਮਜ਼ਬੂਤ ਕਿਲੇ ਨੂੰ ਜਿੱਤੇ ਜਾਣ ਦੀ ਉਸ ਨੂੰ ਆਸ ਹੀ ਨਹੀਂ ਸੀ। ਨਤੀਜੇ ਵਜੋਂ ਜੰਗ ਕਰਨੀ ਅਵੱਸ਼ ਸੰਭਾਵੀ ਹੋ ਗਈ।
ਜਦੋਂ ਹਰ ਪ੍ਰਕਾਰ ਦੇ ਯਤਨ ਕਰਨ ਦੇ ਬਾਵਜੂਦ ਨਵਾਬ ਨੇ ਲਾਹੌਰ ਦੇ ਸੈਨਾ ਦਲ ਅੱਗੇ ਸਮਰਪਿਤ ਹੋਣ ਦੀ ਗੱਲ ਨੂੰ ਸਵੀਕਾਰ ਨਾ ਕੀਤਾ, ਤਾਂ 5 ਫਰਵਰੀ ਨੂੰ ਸਵੇਰ ਵੇਲੇ ਖਾਲਸਾ ਸੈਨਾ ਨੇ ਮੁਲਤਾਨ ਨਗਰ ਦੀ ਫ਼ਸੀਲ ‘ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਨਵਾਬ ਮੁਜ਼ਫ਼ਰ ਖਾਨ ਵੱਲੋਂ ਵੀ ਗੋਲਾਬਾਰੀ ਦਾ ਕਠੋਰ ਜਵਾਬ ਦਿੱਤਾ ਜਾ ਰਿਹਾ ਸੀ। ਬਾਰਰਲੀ ਗੋਲਾਬਾਰੀ ਨਾਲ ਜਿੱਥੇ ਨਗਰ ਦੀ ਫ਼ਸੀਲ ਟੁੱਟਦੀ ਜਾਂ ਡਿਗਦੀ, ਉੱਥੇ ਤੁਰਤ ਰੇਤ ਦੀਆਂ ਬੋਰੀਆਂ ਨਾਲ ਨੁਕਸਾਨੀਆਂ ਥਾਵਾਂ ਨੂੰ ਪੂਰ ਦਿੱਤਾ ਜਾਂਦਾ। ਤਿੰਨ ਦਿਨ ਘੋਰ ਗੋਲਾਬਾਰੀ ਹੁੰਦੀ ਰਹੀ ਪਰ ਦੋਵੇਂ ਧਿਰਾਂ ਸਾਵਧਾਨ ਰਹੀਆਂ। ਚੌਥੇ ਦਿਨ ਸਿੱਖਾਂ ਦੀਆਂ ਤੋਪਾਂ ਨੇ ਲਾਹੌਰੀ ਦਰਵਾਜ਼ੇ ਨੂੰ ਢਾਹ ਦਿੱਤਾ। ਬਸ ਫਿਰ ਕੀ ਸੀ, ਬਿਜਲੀ ਵਾਲੀ ਫੁਰਤੀ ਨਾਲ ਸ. ਹਰੀ ਸਿੰਘ ਨਲਵਾ ਆਪਣੇ ਸੈਨਿਕ ਦਲ ਸਹਿਤ ਅੰਦਰ ਜਾ ਧਸਿਆ। ਨਵਾਬ ਦੇ ਸੈਨਿਕ ਉਸ ਦੇ ਧਾਵੇ ਸਾਹਮਣੇ ਠਹਿਰ ਨਾ ਸਕੇ। ਨਵਾਬ ਆਪਣੇ ਪੁੱਤਰਾਂ ਸਮੇਤ ਸਾਰੀ ਸੈਨਾ ਨੂੰ ਕਿਲੇ ਅੰਦਰ ਲੈ ਗਿਆ ਅਤੇ ਮੁਲਤਾਨ ਨਗਰ ਉਪਰ ਲਾਹੌਰ ਸੈਨਾ ਦਾ ਕਬਜ਼ਾ ਹੋ ਗਿਆ।
ਕਿਲੇ ਅੰਦਰ ਨਵਾਬ ਨੇ ਲਗਭਗ ਇਕ ਸਾਲ ਲਈ ਖਾਧ ਅਤੇ ਯੁੱਧ-ਸਾਮੱਗਰੀ ਇਕੱਠੀ ਕਰ ਰੱਖੀ ਸੀ। ਇਸ ਵਾਸਤੇ ਕਿਲੇ ਅੰਦਰ ਪਹੁੰਚ ਕੇ ਉਹ ਨਿਸਚਿੰਤ ਹੋ ਗਿਆ। ਇੱਧਰ ਸਿੱਖ ਸੈਨਾ ਨੇ ਸਲਾਹ ਕਰਕੇ ਕਿਲੇ ਦੇ ਘੇਰੇ ਨੂੰ ਇਤਨਾ ਦ੍ਰਿੜ੍ਹ ਕਰ ਦਿੱਤਾ ਕਿ ਬਾਹਰ ਨਾਲੋਂ ਅੰਦਰਲਿਆਂ ਦਾ ਨਾਤਾ ਬਿਲਕੁਲ ਟੁੱਟ ਗਿਆ। ਤਿੰਨ ਮਹੀਨਿਆਂ ਤਕ ਲਗਾਤਾਰ ਦੋਹਾਂ ਧਿਰਾਂ ਵੱਲੋਂ ਗੋਲਾਬਾਰੀ ਹੁੰਦੀ ਰਹੀ, ਪਰ ਕਿਲੇ ਦੀਆਂ ਦੀਵਾਰਾਂ ‘ਤੇ ਕੋਈ ਅਸਰ ਨਾ ਹੋਇਆ। ਕਿਲੇ ਦੇ ਦਰਵਾਜ਼ਿਆਂ ਨੂੰ ਤੋੜਨ ਲਈ ਮਸਤ ਹਾਥੀਆਂ ਨੂੰ ਉਕਸਾਇਆ ਗਿਆ, ਪਰ ਤਾਂ ਵੀ ਨਾ ਟੁੱਟੇ। ਗਰਮੀਆਂ ਦੇ ਮੌਸਮ ਕਰਕੇ ਫ਼ੌਜ ‘ਤੇ ਵੀ ਮਾੜਾ ਅਸਰ ਪੈਣ ਲੱਗਿਆ। ਕਿਸੇ ਕਿਸੇ ਸੈਨਿਕ ਟੁਕੜੀ ਵਿਚ ਹੈਜ਼ੇ ਦੇ ਫੈਲਣ ਦੀ ਸ਼ਿਕਾਇਤ ਵੀ ਹੋਣ ਲਗੀ। ਮਹਾਰਾਜਾ ਸਾਹਿਬ ਨੂੰ ਵੀ ਚਿੰਤਾ ਹੋਣ ਲੱਗੀ। ਆਖਰ ਉਹ ਦਰਬਾਰ ਸਾਹਿਬ, ਅੰਮ੍ਰਿਤਸਰ ਗਏ ਅਤੇ ਫਤਹਿ ਲਈ ਅਰਦਾਸ ਕੀਤੀ। ਉਸ ਤੋਂ ਬਾਅਦ ਉਹ ਬਾਬਾ ਫੂਲਾ ਸਿੰਘ ਦੇ ਡੇਰੇ ਗਏ। ਸਾਰੀ ਸਥਿਤੀ ਤੋਂ ਬਾਬਾ ਜੀ ਨੂੰ ਜਾਣੂ ਕੀਤਾ। ਬਾਬਾ ਜੀ ਨੇ ਇਕਦਮ ਆਪਣੇ ਦਲ ਨੂੰ ਮੁਲਤਾਨ ‘ਤੇ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ। 23 ਮਈ, 1818 ਨੂੰ ਸ਼ਹੀਦਾਂ ਦੇ ਸਿਰਲਥ ਜੱਥੇ ਨੂੰ ਨਾਲ ਲੈ ਕੇ ਬਾਬਾ ਜੀ ਨੇ ਮੁਲਤਾਨ ਲਈ ਕੂਚ ਕਰ ਦਿੱਤਾ।
ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਲ ਦੇ ਮੁਲਤਾਨ ਪਹੁੰਚਣ ‘ਤੇ ਪ੍ਰਸਿੱਧ ਤੋਪਾਂ-ਜ਼ਮਜ਼ਮਾ ਅਤੇ ਜੰਗੇ ਬਿਜਲੀ ਨੂੰ ਖਿਜ਼ਰੀ ਦਰਵਾਜ਼ੇ ਸਾਹਮਣੇ ਬੀੜਿਆ ਗਿਆ। ਤੋਪਾਂ ਨੇ ਅਜਿਹੀ ਮਾਰ ਕੀਤੀ ਕਿ ਕੁਝ ਹੀ ਘੰਟਿਆਂ ਬਾਅਦ ਦਰਵਾਜ਼ੇ ਨੇੜਲਾ ਇਕ ਬੁਰਜ ਡਿਗ ਪਿਆ ਅਤੇ ਦੀਵਾਰ ਵਿਚ ਵੀ ਦੋ ਥਾਂਵਾਂ ‘ਤੇ ਪਾੜ ਪੈ ਗਏ। ਫਿਰ ਕੀ ਸੀ, ਅਕਾਲੀ ਫੂਲਾ ਸਿੰਘ ਆਪਣੇ ਦਲ ਬਲ ਸਹਿਤ ਉਨ੍ਹਾਂ ਪਾੜਾਂ ਵਿਚ ਧਾ ਕੇ ਘੁਸ ਗਏ। ਬਾਬਾ ਫੂਲਾ ਸਿੰਘ ਨੂੰ ਅਜਿਹਾ ਕਰਦਿਆਂ ਵੇਖ ਕੇ ਸਾਰੇ ਸਿੱਖ ਜਰਨੈਲ ਕਿਲੇ ਅੰਦਰ ਦਾਖਲ ਹੋਣ ਲਈ ਉਤਾਵਲੇ ਹੋ ਗਏ। ਸਭ ਤੋਂ ਪਹਿਲਾਂ ਸ. ਹਰੀ ਸਿੰਘ ਨਲਵਾ ਆਪਣੇ ਸੈਨਿਕ ਦਲ ਸਹਿਤ ਦਾਖਲ ਹੋਇਆ ਅਤੇ ਫਿਰ ਸ. ਮਹਾਂ ਸਿੰਘ, ਸ. ਧੰਨਾ ਸਿੰਘ ਮਲਵਈ ਅਤੇ ਸ. ਸ਼ਾਮ ਸਿੰਘ ਅਟਾਰੀਵਾਲਾ ਵੀ ਆਪਣੇ-ਆਪਣੇ ਦਲਾਂ ਸਮੇਤ ਕਿਲੇ ਵਿਚ ਘੁਸ ਗਏ। ਨਵਾਬ ਮੁਜ਼ੱਫ਼ਰ ਖ਼ਾਨ ਗ਼ਾਜ਼ੀਆਂ ਸਹਿਤ ਮਾਰਿਆ ਗਿਆ। ਬਚ ਰਹੇ ਸੈਨਿਕਾਂ ਅਤੇ ਨਵਾਬ ਦੇ ਤਿੰਨ ਲੜਕਿਆਂ ਨੇ ਸ. ਹਰੀ ਸਿੰਘ ਨਲਵਾ ਅੱਗੇ ਆਤਮ-ਸਮਰਪਣ ਕਰ ਦਿੱਤਾ। ਕਿਲੇ ‘ਤੇ ਖਾਲਸਾ ਫ਼ੌਜ ਦਾ ਪੂਰਾ ਕਬਜ਼ਾ ਹੋ ਗਿਆ। ਖਜ਼ਾਨੇ ਦੀਆਂ ਚਾਬੀਆਂ ਸੰਭਾਲੀਆਂ ਗਈਆਂ। ਕਿਲੇ ਅੰਦਰੋਂ ਸੱਤ ਹਜ਼ਾਰ ਦੇ ਕਰੀਬ ਬੰਦੂਕਾਂ, ਨੌਂ ਤੋਪਾਂ ਅਤੇ ਹਜ਼ਾਰਾਂ ਤਲਵਾਰਾਂ ਅਤੇ ਹੋਰ ਜੰਗੀ ਸਾਮਾਨ ਕਬਜ਼ੇ ਵਿਚ ਕਰ ਲਿਆ ਗਿਆ। ਇਸ ਦੇ ਨਾਲ ਹੀ ਸ਼ੁਜਾਬਾਦ ਦੇ ਕਿਲੇ ਨੂੰ ਜਿੱਤ ਕੇ ਉਸ ‘ਤੇ ਖਾਲਸੇ ਦਾ ਨਿਸ਼ਾਨ ਝੁਲਾ ਦਿੱਤਾ ਗਿਆ ਅਤੇ ਨੁਕਸਾਨੇ ਗਏ ਕਿਲੇ ਦੀ ਮੁਰੰਮਤ ਕਰਵਾਣੀ ਸ਼ੁਰੂ ਕਰ ਦਿੱਤੀ ਗਈ। ਨਵਾਬ ਮੁਜ਼ੱਫ਼ਰ ਖਾਨ ਅਤੇ ਉਸ ਦੇ ਪੁੱਤਰਾਂ ਅਤੇ ਭਤੀਜਿਆਂ ਦੀਆਂ ਲਾਸ਼ਾਂ ਨੂੰ ਇਸਲਾਮਿਕ ਰੀਤਾਂ ਅਤੇ ਫ਼ੌਜੀ ਸਨਮਾਨ ਨਾਲ ਪੀਰ ਬਹਾਵਲ ਹੱਕ ਦੇ ਮਕਬਰੇ ਦੇ ਅਹਾਤੇ ਵਿਚ ਦਫ਼ਨਾਇਆ ਗਿਆ। ਨਵਾਬ ਦੀਆ ਬੇਗਮਾਂ ਅਤੇ ਪਰਦਾ-ਨਸ਼ੀਨ ਔਰਤਾਂ ਨੂੰ ਆਦਰ ਨਾਲ ਰੱਖਿਆ ਗਿਆ।
ਮੁਲਤਾਨ ਦੀ ਜਿੱਤ ਦੀ ਖ਼ਬਰ ਸਾਹਿਬ ਸਿੰਘ ਨਾਮੀ ਹਰਕਾਰੇ ਦੁਆਰਾ ਲਾਹੌਰ ਭੇਜੀ ਗਈ। ਖ਼ਬਰ ਸੁਣ ਕੇ ਮਹਾਰਾਜਾ ਸਾਹਿਬ ਗਦ-ਗਦ ਹੋ ਗਏ। ਪ੍ਰਭੂ ਦਾ ਸ਼ੁਕਰ ਕੀਤਾ। ਸੰਦੇਸ਼ ਲਿਆਉਣ ਵਾਲੇ ਨੂੰ ਸਨਮਾਨਿਤ ਕੀਤਾ ਅਤੇ ਲਾਹੌਰ ਦੇ ਕਿਲੇ ਤੋਂ ਤੋਪਾਂ ਦਾਗ਼ ਕੇ ਸਾਰੇ ਨਗਰ ਨਿਵਾਸੀਆਂ ਨੂੰ ਜਿੱਤ ਦੀ ਖੁਸ਼ੀ ਵਿਚ ਸ਼ਾਮਲ ਹੋਣ ਲਈ ਤਿਆਰ ਕੀਤਾ। ਪੂਰਾ ਸਮਾਚਾਰ ਮਿਲਣ ‘ਤੇ ਮਹਾਰਾਜਾ ਸਾਹਿਬ ਨੇ ਸ. ਜੋਧ ਸਿੰਘ ਕਲਸੀਆ ਨੂੰ ਮੁਲਤਾਨ ਅਤੇ ਸ਼ੁਜਾਬਾਦ ਦਾ ਗਵਰਨਰ ਨਿਯੁਕਤ ਕੀਤਾ। ਨਵਾਬ ਦੇ ਪੁੱਤਰਾਂ ਨੂੰ ਜਾਗੀਰਾਂ ਬਖਸ਼ੀਆਂ। ਮੁਲਤਾਨ ਤੋਂ ਪਰਤਣ ‘ਤੇ ਲਾਹੌਰ ਵਿਚ ਵਿਜੇਤਾ ਸੈਨਾ ਦਾ ਖੂਬ ਸਨਮਾਨ ਕੀਤਾ ਗਿਆ। ਸਰਦਾਰਾਂ ਅਤੇ ਸੈਨਾ-ਨਾਇਕਾਂ ਨੂੰ ਜਾਗੀਰਾਂ ਅਤੇ ਖਿਲਤਾਂ ਬਖਸ਼ੀਆਂ ਗਈਆਂ। ਸ. ਹਰੀ ਸਿੰਘ ਨਲਵਾ ਦੀ ਅਦੁਤੀ ਬਹਾਦਰੀ ਕਰਕੇ ਉਸ ਦੀ ਜਾਗੀਰ ਦੁਗਣੀ ਕਰ ਦਿੱਤੀ ਗਈ। ਸਾਰੇ ਸੂਰਬੀਰ ਸੈਨਿਕਾਂ ਨੂੰ ਗਹਿਣੇ ਅਤੇ ਬੁਤਕੀਆਂ ਬਖਸ਼ੀਆਂ ਗਈਆਂ। ਕਿਤੇ ਵੀ ਧਾਰਮਿਕ ਜਾਂ ਸਮਾਜਿਕ ਮਾਨਤਾਵਾਂ ਨੂੰ ਖੰਡਿਤ ਨਹੀਂ ਹੋਣ ਦਿੱਤਾ ਗਿਆ ਅਤੇ ਆਤਮ-ਸਮਰਪਣ ਕਰ ਚੁੱਕੇ ਵਿਸ਼ਿਸ਼ਟ ਵਰਗ ਅਤੇ ਸੈਨਿਕਾਂ ਨੂੰ ਵੀ ਬਣਦਾ ਸਨਮਾਨ ਦਿੱਤਾ ਗਿਆ।
ਕਸ਼ਮੀਰ ਦੀ ਜਿੱਤ
ਮੁਲਤਾਨ ‘ਤੇ ਜਿੱਤ ਪ੍ਰਾਪਤ ਕਰਨ ਉਪਰੰਤ ਮਹਾਰਾਜਾ ਰਣਜੀਤ ਸਿੰਘ ਦਾ ਧਿਆਨ ਕਸ਼ਮੀਰ ਵੱਲ ਗਿਆ। ਕਸ਼ਮੀਰ ਨੂੰ ਅਕਸਰ ਦੇਵ-ਭੂਮੀ ਸਮਝਿਆ ਜਾਂਦਾ ਸੀ। ਰਿਸ਼ੀਆਂ ਮੁਨੀਆਂ ਨੇ ਅਧਿਕਤਰ ਇੱਥੇ ਹੀ ਰਹਿ ਕੇ ਆਪਣੀ ਭਗਤੀ ਕੀਤੀ ਅਤੇ ਹੋਰ ਧਾਰਮਿਕ ਕਰਮ-ਕਾਂਡਾਂ ਨੂੰ ਸੰਪੰਨ ਕੀਤਾ। ਪਰ ਜਦੋਂ ਇਹ ਖੇਤਰ ਧਾੜਵੀਆਂ ਅਤੇ ਕਬਾਇਲੀਆਂ ਦੇ ਹਮਲੇ ਦਾ ਸ਼ਿਕਾਰ ਹੋਇਆ ਅਤੇ ਬਾਅਦ ਵਿਚ ਮੁਗ਼ਲ ਬਾਦਸ਼ਾਹਾਂ ਦੁਆਰਾ ਆਪਣੇ ਅਧੀਨ ਕੀਤਾ ਗਿਆ, ਉਦੋਂ ਤੋਂ ਇੱਥੋਂ ਦੇ ਨਿਵਾਸੀਆਂ ‘ਤੇ ਜ਼ੁਲਮ ਹੋਣ ਲੱਗ ਗਏ ਅਤੇ ਬਲ ਪੂਰਵਕ ਧਰਮ ਪਰਿਵਰਤਨ ਦੀ ਅਜਿਹੀ ਮੁਹਿੰਮ ਚਲੀ ਕਿ ਕਸ਼ਮੀਰੀ ਪੰਡਿਤਾਂ ਨੂੰ ਆਪਣੇ ਧਰਮ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਣ ਵਿਚ ਆਉਣਾ ਪਿਆ। ਗੁਰੂ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਚਾਂਦਨੀ ਚੌਕ ਵਿਚ ਬੜੀ ਬੇਦਰਦੀ ਨਾਲ ਸ਼ਹੀਦ ਕਰਵਾ ਦਿੱਤਾ। ਜਦੋਂ ਕਸ਼ਮੀਰ ‘ਤੇ ਅਫ਼ਗ਼ਾਨਾਂ ਦਾ ਕਬਜ਼ਾ ਹੋਇਆ ਤਾਂ ਉੱਥੋਂ ਦੇ ਪੰਡਿਤਾਂ ਦੇ ਸਿਰ ਧੜ ਨਾਲੋਂ ਇੰਜ ਵੱਖ ਕਰ ਦਿੱਤੇ ਜਾਂਦੇ ਸਨ ਜਿਵੇਂ ਬੂਟੇ ਨਾਲੋਂ ਫੁਲ ਨੂੰ ਤੋੜ ਲਈਦਾ ਹੈ। ਉੱਥੋਂ ਦੇ ਵਾਸੀਆਂ ‘ਤੇ ਜ਼ੁਲਮ ਕਰਕੇ ਅਤੇ ਉਨ੍ਹਾਂ ’ਤੇ ਸਰੀਰਕ ਅੱਤਿਆਚਾਰ ਕਰਕੇ ਅਸਦ ਖਾਨ ਵਰਗੇ ਸ਼ਾਸਕ ਖੁਸ਼ ਹੁੰਦੇ ਸਨ। ਅਸਲ ਵਿਚ ਉੱਥੋਂ ਦੀ ਜਨਤਾ ਨੂੰ ਦੁਖੀ ਕਰਨਾ ਇਨ੍ਹਾਂ ਦੇ ਮਨੋਰੰਜਨ ਦਾ ਸਾਧਨ ਸੀ । ਅਜਿਹੇ ਦਰਦਨਾਕ ਹਾਲਾਤ ਵੇਲੇ ਬੀਰਬਰ ਨਾਂ ਦਾ ਇਕ ਧਨਾਢ ਪੰਡਿਤ ਜੋ ਸੂਬਾ ਜੱਬਾਰ ਖਾਨ ਦੇ ਅਧੀਨ ਸ੍ਰੀਨਗਰ (ਕਸ਼ਮੀਰ) ਦਾ ਅਧਿਕਾਰੀ ਰਹਿ ਚੁੱਕਿਆ ਸੀ, ਆਪਣੇ ਪੁੱਤਰ ਸਮੇਤ ਭੇਸ ਬਦਲ ਕੇ ਕਸ਼ਮੀਰੋਂ ਨਿਕਲਿਆ ਅਤੇ ਲਾਹੌਰ ਦਰਬਾਰ ਵਿਚ ਆ ਕੇ ਮਹਾਰਾਜਾ ਸਾਹਿਬ ਕੋਲ ਜ਼ਾਰ-ਜ਼ਾਰ ਰੋਇਆ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਰਾ ਦਰਬਾਰ ਗ਼ਮਗੀਨ ਹੋ ਗਿਆ । ਮਹਾਰਾਜਾ ਸਾਹਿਬ ਨੇ ਆਪਣੇ ਸਲਾਹਕਾਰਾਂ ਅਤੇ ਜਰਨੈਲਾਂ ਨਾਲ ਡੂੰਘੀ ਵਿਚਾਰ-ਚਰਚਾ ਕੀਤੀ ਅਤੇ ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਕਿ ਕਸ਼ਮੀਰ ਨਿਵਾਸੀਆਂ ਨੂੰ ਜ਼ਾਲਮ ਸ਼ਾਸਕਾਂ ਤੋਂ ਬਚਾਇਆ ਜਾਏ।
ਉੱਧਰ ਕਸ਼ਮੀਰ ਦੇ ਅਫ਼ਗ਼ਾਨ ਸ਼ਾਸਕ ਮੁਹੰਮਦ ਅਜ਼ੀਮ ਖਾਨ ਨੂੰ ਜਦ ਸੂਚਨਾ ਮਿਲੀ ਕਿ ਬੀਰਬਰ ਮਹਾਰਾਜਾ ਰਣਜੀਤ ਸਿੰਘ ਕੋਲ ਫਰਿਆਦੀ ਹੋਇਆ ਹੈ, ਤਾਂ ਉਸ ਨੇ ਬੀਰਬਰ ਦਾ ਘਰ-ਘਾਟ ਨਸ਼ਟ ਕਰ ਦਿੱਤੇ। ਮਰਦਾਂ ਨੂੰ ਮਰਵਾ ਦਿੱਤਾ ਅਤੇ ਇਸਤਰੀਆਂ ਨੂੰ ਆਪਣੇ ਪੇਟੇ ਪਾ ਲਿਆ। ਬੀਰਬਰ ਦੀ ਪਤਨੀ ਨੇ ਧਰਮ ਪਰਿਵਰਤਨ ਦੀ ਥਾਂ ਮੌਤ ਨੂੰ ਜਫ਼ੀ ਪਾਈ ਅਤੇ ਆਪਣੇ ਆਪ ਨੂੰ ਖੰਜਰ ਮਾਰ ਕੇ ਖਤਮ ਕਰ ਲਿਆ। ਇਨ੍ਹਾਂ ਘਟਨਾਵਾਂ ਦੀ ਸੂਚਨਾ ਜਦੋਂ ਮਹਾਰਾਜਾ ਸਾਹਿਬ ਨੂੰ ਮਿਲੀ ਤਾਂ ਉਨ੍ਹਾਂ ਨੇ ਕਸ਼ਮੀਰ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਲਈ। ਹਰ ਪੁਕਾਰ ਦੇ ਜੰਗੀ ਸਾਮਾਨ ਨੂੰ ਇਕੱਠਾ ਕਰਕੇ ਅਤੇ ਖਾਧ ਖੁਰਾਕ ਦੀ ਉੱਚਿਤ ਵਿਵਸਥਾ ਕਰਕੇ 20 ਅਪ੍ਰੈਲ, 1819 ਨੂੰ ਮਹਾਰਾਜਾ ਨੇ ਤੀਹ ਹਜ਼ਾਰ ਫ਼ੌਜ ਸਹਿਤ ਕਸ਼ਮੀਰ ਲਈ ਲਾਹੌਰੋਂ ਕੂਚ ਕੀਤਾ। ਵੱਖ-ਵੱਖ ਸਰਦਾਰਾਂ, ਜਰਨੈਲਾਂ ਅਤੇ ਜਾਗੀਰਦਾਰਾਂ ਦੀਆਂ ਫ਼ੌਜਾਂ ਵਜ਼ੀਰਾਬਾਦ ਅਤੇ ਗੁਜਰਾਤ ਦੇ ਮੈਦਾਨੀ ਇਲਾਕਿਆਂ ਵਿਚ ਇਕੱਠੀਆਂ ਹੋ ਕੇ, ਮਹਾਰਾਜਾ ਸਾਹਿਬ ਦੇ ਹੁਕਮ ਦੀ ਉਡੀਕ ਕਰਨ ਲੱਗੀਆਂ। ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਜ਼ਾਦਾ ਖੜਕ ਸਿੰਘ, ਸ. ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ ਨੂੰ ਕਸ਼ਮੀਰ ‘ਤੇ ਹਮਲਾ ਕਰਨ ਲਈ ਤੋਰਿਆ। ਇਸ ਤੋਂ ਬਾਅਦ ਮਿਸ਼ਰ ਦੀਵਾਨ ਚੰਦ, ਸ. ਸ਼ਾਮ ਸਿੰਘ ਅਟਾਰੀਵਾਲਾ, ਸ. ਹੁਕਮ ਸਿੰਘ ਚਿਮਨੀ ਆਦਿ ਹੋਰ ਨਾਮੀ ਸਰਦਾਰਾਂ ਸਹਿਤ ਦੂਜਾ ਦਲ ਕਸ਼ਮੀਰ ਲਈ ਭੇਜਿਆ ਅਤੇ ਮਹਾਰਾਜਾ ਸਾਹਿਬ ਨੇ ਦਸ ਹਜ਼ਾਰ ਫ਼ੌਜ ਆਪਣੇ ਅਧੀਨ ਰੱਖੀ ਤਾਂ ਜੋ ਲੋੜ ਪੈਣ ‘ਤੇ ਉਸ ਮੁਹਾਜ਼ ‘ਤੇ ਭੇਜੀ ਜਾ ਸਕੇ।
ਪਹਿਲੇ ਫ਼ੌਜੀ ਦਲ ਨੇ ਰਸਤੇ ਵਿਚ ਪੈਂਦੇ ਸੈਦਾਬਾਦ ਦੇ ਕਿਲੇ ਨੂੰ ਅਧੀਨ ਕੀਤਾ ਅਤੇ 1 ਮਈ, 1819 ਨੂੰ ਰਾਜੌੜੀ ਪਹੁੰਚ ਗਏ। ਉੱਥੋਂ ਦੇ ਹਾਕਮ ਰਾਜਾ ਅਗਰ ਖ਼ਾਨ ਨੇ ਖਾਲਸਾ ਫ਼ੌਜ ਦਾ ਵਿਰੋਧ ਕੀਤਾ, ਪਰ ਸ. ਹਰੀ ਸਿੰਘ ਨਲਵਾ ਨੇ ਇਤਨੀ ਸੂਰਬੀਰਤਾ ਅਤੇ ਤੇਜ਼ੀ ਨਾਲ ਉਸ ‘ਤੇ ਹਮਲਾ ਕੀਤਾ ਕਿ ਖ਼ਾਨ ਨੇ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਕਰਾ ਕੇ ਭੱਜਣ ਦਾ ਯਤਨ ਕੀਤਾ। ਪਰ ਸ. ਹਰੀ ਸਿੰਘ ਨਲਵਾ ਨੇ ਅਗਰ ਖ਼ਾਨ ਨੂੰ ਫੜ ਕੇ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿਚ ਭਿੰਬਰ ਭੇਜ ਦਿੱਤਾ ਜਿੱਥੇ ਉਨ੍ਹਾਂ ਨੇ ਪੜਾਅ ਕੀਤਾ ਹੋਇਆ ਸੀ। ਮਹਾਰਾਜਾ ਸਾਹਿਬ ਨੇ ਉਸ ਦੀ ਬੇਨਤੀ ਨੂੰ ਸੁਣਿਆ ਅਤੇ ਉਸ ਦੁਆਰਾ ਭਵਿੱਖ ਵਿਚ ਸਹਿਯੋਗ ਦੇਣ ਦੀ ਗੱਲ ਵੀ ਸਮਝੀ। ਕ੍ਰਿਪਾਲੂ ਮਹਾਰਾਜਾ ਨੇ ਉਸ ਦੇ ਜਾਨ-ਬਖ਼ਸ਼ੀ ਅਤੇ ਰਾਜੌੜੀ ਦੀ ਜਾਗੀਰ ਵੀ ਪ੍ਰਦਾਨ ਕਰ ਦਿੱਤੀ।
ਰਾਜੌੜੀ ਨੂੰ ਜਿੱਤ ਚੁੱਕਣ ਤੋਂ ਬਾਅਦ ਖਾਲਸਾ ਫ਼ੌਜਾਂ ਅੱਗੇ ਵਧੀਆਂ। ਰਸਤੇ ਵਿਚ ਪੈਂਦੇ ਬਹਿਰਾਮ ਗਲਾ ਦੀ ਗੜ੍ਹੀ ਨੂੰ ਆਪਣੇ ਕਬਜ਼ੇ ਵਿਚ ਕੀਤਾ। ਇੱਥੇ ਹੀ ਪਤਾ ਚਲਿਆ ਕਿ ਪੁਣਛ ਦਾ ਨਵਾਬ ਜ਼ਬਰਦਸਤ ਖ਼ਾਨ ਆਪਣੇ ਕਿਲੇ ਤਰਾਈ ਵਿਚ ਸਿੱਖ ਫ਼ੌਜ ਦਾ ਮੁਕਾਬਲਾ ਕਰਨ ਲਈ ਡਟਿਆ ਹੋਇਆ ਹੈ। ਉਸ ਨੇ ਪੁਣਛ ਨੂੰ ਜਾਂਦੇ ਸਾਰੇ ਤੰਗ ਰਸਤਿਆਂ ਨੂੰ ਦਰਖਤ ਕਟਵਾ ਕੇ ਭਰਵਾ ਦਿੱਤਾ ਅਤੇ ਜਿੱਥੇ ਦਰਖਤਾਂ ਤੋਂ ਕੰਮ ਨਾ ਸਰਿਆ ਉੱਥੇ ਭਾਰੀ ਪੱਥਰ ਸੁਟਵਾ ਦਿੱਤੇ । ਸ. ਹਰੀ ਸਿੰਘ ਨਲਵਾ ਨੇ ਆਪਣੀ ਅਤੇ ਬਾਬਾ ਫੂਲਾ ਸਿੰਘ ਦੀ ਸੈਨਾ ਨੂੰ ਨਾਲ ਲੈ ਕੇ ਪੁਣਛ ਦੇ ਇਲਾਕੇ ‘ਤੇ ਜ਼ੋਰਦਾਰ ਧਾਵਾ ਬੋਲ ਦਿੱਤਾ। ਰਸਤਿਆਂ ਦੀਆਂ ਰੋਕਾਂ ਨੂੰ ਹਟਾ ਕੇ ਅਤੇ ਘਮਸਾਨ ਯੁੱਧ ਕਰ ਕੇ ਜ਼ਬਰਦਸਤ ਖ਼ਾਨ ਦੀ ਫ਼ੌਜ ਨੂੰ ਖਦੇੜ ਦਿੱਤਾ। ਅੰਤ ਵਿਚ ਨਵਾਬ ਨੇ ਆਪਣੀ ਫ਼ੌਜ ਸਹਿਤ ਤਰਾਈ ਕਿਲੇ ਵਿਚ ਸ਼ਰਨ ਲਈ। ਸ. ਹਰੀ ਸਿੰਘ ਨਲਵਾ ਨੇ ਬਾਰੂਦੀ ਸੁਰੰਗਾਂ ਨਾਲ ਕਿਲੇ ਦੀ ਇਕ ਬਾਹੀ ਨੂੰ ਉਡਾ ਦਿੱਤਾ ਅਤੇ ਖਾਲਸਾ ਫ਼ੌਜ ਕਿਲੇ ਅੰਦਰ ਜਾ ਧਸੀ। ਅੰਦਰ ਬੜੀ ਜੰਮ ਕੇ ਲੜਾਈ ਹੋਈ। ਲਾਸ਼ਾਂ ਦੇ ਢੇਰ ਲੱਗ ਗਏ। ਖ਼ਾਨ ਨੇ ਜਦੋਂ ਆਪਣੇ ਆਪ ਨੂੰ ਬੁਰੀ ਤਰ੍ਹਾਂ ਘਿਰਿਆ ਵੇਖਿਆ ਤਾਂ ਕਿਲੇ ਵਿਚੋਂ ਭੱਜ ਨਿਕਲਣ ਦੇ ਉਪਾਅ ਸੋਚਣ ਲੱਗਿਆ। ਇਤਨੇ ਵਿਚ ਹੀ ਕੁਝ ਸਿੱਖ ਸੈਨਿਕਾਂ ਨੇ ਉਸ ਨੂੰ ਕਾਬੂ ਕਰ ਲਿਆ। ਆਪਣੇ ਸੁਆਮੀ ਨੂੰ ਕੈਦ ਹੋਇਆ ਵੇਖ ਕੇ ਉਸ ਦੀ ਬਚ ਰਹੀ ਸੈਨਾ ਨੇ ਖਾਲਸਾ ਫ਼ੌਜ ਅੱਗੇ ਹਥਿਆਰ ਸੁੱਟ ਦਿੱਤੇ। ਸਭ ਨੂੰ ਫੜ ਲਿਆ ਗਿਆ। ਸ. ਹਰੀ ਸਿੰਘ ਨਲਵਾ ਨੇ ਕਿਲੇ ਵਿਚਲੇ ਸਾਮਾਨ ਅਤੇ ਦੌਲਤ ਨੂੰ ਆਪਣੇ ਕਬਜ਼ੇ ਵਿਚ ਕਰ ਕੇ ਉਸ ‘ਤੇ ਖਾਲਸਾ ਫ਼ੌਜ ਦਾ ਝੰਡਾ ਝੁਲਾ ਦਿੱਤਾ। ਕਿਲੇ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰਕੇ ਖਾਲਸਾ ਸੈਨਾ ਫਿਰ ਬਹਿਰਾਮ ਗਲਾ ਵੱਲ ਪਰਤ ਆਈ ਅਤੇ ਕੁਝ ਸਮਾਂ ਆਰਾਮ ਕਰਕੇ ਅਗਲੀ ਮੁਹਿੰਮ ਦੀ ਤਿਆਰੀ ਵਿਚ ਰੁੱਝ ਗਈ।
ਖਾਲਸਾ ਫ਼ੌਜ ਬਹਿਰਾਮ ਗਲਾ ਵਿਚ ਅਗਲੇ ਹਮਲੇ ਦੀਆਂ ਤਿਆਰੀਆਂ ਕਰ ਹੀ ਰਹੀ ਸੀ ਕਿ ਉਸ ਨੂੰ ਖ਼ਬਰ ਮਿਲੀ ਕਿ ਬਾਰਕਜ਼ਈ ਸਰਦਾਰ ਮੁਹੰਮਦ ਜੱਬਾਰ ਖ਼ਾਨ ਆਪਣੀ ਸੈਨਾ ਅਤੇ ਤੋਪਖ਼ਾਨੇ ਸਹਿਤ ਸੋਪੀਆ/ਸੋਪਨ ਦੇ ਮੈਦਾਨ ਵਿਚ ਖਾਲਸਾ ਫ਼ੌਜ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਬੈਠਾ ਹੈ । ਸ. ਹਰੀ ਸਿੰਘ ਨਲਵਾ ਆਪਣੀ ਸੈਨਾ ਲੈ ਕੇ ਪਹਿਲਾਂ ਪੀਰ ਪੰਜਾਲ ਦੀ ਉੱਚੀ ਚੜ੍ਹਾਈ ਚੜ੍ਹ ਕੇ 26 ਜੂਨ ਨੂੰ ਸਰਾਏ ਇਲਾਹੀ/ਅਲੀ ਪਹੁੰਚ ਗਿਆ। ਇਸ ਦੌਰਾਨ ਜੋ ਵੀ ਨਿੱਕੀ ਵੱਡੀ ਚੌਕੀ ਜਾਂ ਫ਼ੌਜੀ ਠਿਕਾਣਾ ਰਸਤੇ ਵਿਚ ਪੈਂਦਾ ਸੀ, ਉਸ ਨੂੰ ਵੀ ਸੈਨਿਕ ਬਲ ਨਾਲ ਜਿੱਤ ਲਿਆ। ਇਸ ਤੋਂ ਬਾਅਦ ਖਾਲਸਾ ਫ਼ੌਜ ਹਮਲੇ ਦੀ ਤਿਆਰੀ ਵਿਚ ਰੁੱਝ ਗਈ। ਸਰਦਾਰ ਨਲਵਾ ਨੇ ਸਰਾਏ ਇਲਾਹੀ/ਅਲੀ ਤੋਂ ਤੁਰ ਕੇ ਅਹੀਰਪੁਰ ਵਿਚ ਸਾਰੇ ਸੈਨਿਕ ਦਲ ਦਾ ਇਕੱਠ ਕੀਤਾ। ਇੱਥੇ ਖਾਲਸਾ ਫ਼ੌਜ ਨੂੰ ਤਿੰਨ ਦਲਾਂ ਵਿਚ ਵੰਡਿਆ ਗਿਆ। ਪਹਿਲਾ ਸ਼ਹਿਜ਼ਾਦਾ ਖੜਕ ਸਿੰਘ ਅਤੇ ਅਕਾਲੀ ਫੂਲਾ ਸਿੰਘ ਦੀ ਕਮਾਂਡ ਵਿਚ ਸੀ। ਦੂਜਾ ਦਲ ਮਿਸ਼ਰ ਦੀਵਾਨ ਚੰਦ ਦੀ ਕਮਾਨ ਅਧੀਨ ਸੀ ਅਤੇ ਤੀਜੇ ਦਲ ਦੀ ਅਗਵਾਈ ਸ. ਸ਼ਾਮ ਸਿੰਘ ਅਟਾਰੀਵਾਲੇ ਨਾਲ ਰਲ ਕੇ ਸ. ਹਰੀ ਸਿੰਘ ਨਲਵਾ ਖੁਦ ਕਰ ਰਿਹਾ ਸੀ। 3 ਜੁਲਾਈ, 1819 ਨੂੰ ਤੜਕਸਾਰ ਹੀ ਖਾਲਸਾ ਫ਼ੌਜ ਨੇ ਵੈਰੀ ‘ਤੇ ਹਮਲਾ ਕਰ ਦਿੱਤਾ। ਦੋਹਾਂ ਪਾਸਿਓਂ ਤੋਪਾਂ ਅੱਗ ਵਰਸਾਉਣ ਲੱਗ ਗਈਆਂ। ਅਫ਼ਗ਼ਾਨਾਂ ਨੇ ਸੋਚਿਆ ਕਿ ਉਨ੍ਹਾਂ ਦੀ ਅੰਧਾਧੁੰਦ ਗੋਲਾਬਾਰੀ ਸਾਹਮਣੇ ਖਾਲਸਾ ਫ਼ੌਜ ਟਿਕ ਨਹੀਂ ਸਕੇਗੀ, ਪਰ ਖਾਲਸਾ ਫ਼ੌਜ ਦੇ ਤੋਪਖ਼ਾਨੇ ਨੇ ਅਫ਼ਗ਼ਾਨ ਤੋਪਖਾਨੇ ਨੂੰ ਮਾਤ ਪਾਈ ਰੱਖੀ। ਦੁਪਹਿਰ ਤੋਂ ਬਾਅਦ ਜਰਨੈਲ ਮਿਸ਼ਰ ਦੀਵਾਨ ਚੰਦ ਨੇ ਮਹਿਸੂਸ ਕੀਤਾ ਕਿ ਵੈਰੀ ਦਲ ਕੁਝ ਢਿੱਲਾ ਪੈ ਗਿਆ ਹੈ। ਉਸ ਨੇ ਆਪਣੇ ਦਲ ਨੂੰ ਅੱਗੇ ਵਧਣ ਲਈ ਹੁਕਮ ਦਿੱਤਾ। ਪਰ ਬਹਾਦਰ ਸ਼ੇਰ ਦਿਲ ਖ਼ਾਨ ਨੇ, ਜੋ ਪਹਾੜ ਦੀ ਓਟ ਵਿਚ ਆਪਣੇ ਸੈਨਿਕ ਦਲ ਸਹਿਤ ਲੁਕਿਆ ਹੋਇਆ ਸੀ, ਹਮਲਾ ਕਰਕੇ ਮਿਸ਼ਰ ਦੀਵਾਨ ਚੰਦ ਨੂੰ ਫ਼ੌਜ ਸਮੇਤ ਆਪਣੀਆਂ ਤੋਪਾਂ ਦੀ ਮਾਰ ਵਿਚ ਘੇਰ ਲਿਆ। ਇਸ ਸਥਿਤੀ ਨੂੰ ਸ. ਹਰੀ ਸਿੰਘ ਨਲਵਾ ਨੇ ਵੇਖ ਕੇ ਇਕਦਮ ਬਹਾਦਰ ਸ਼ੇਰ ਦਿਲ ਖ਼ਾਨ ਦੀ ਫ਼ੌਜ ਨੂੰ ਘੇਰ ਲਿਆ। ਦੋਹਾਂ ਪਾਸਿਆਂ ਵੱਲੋਂ ਤਲਵਾਰਾਂ, ਬਰਛੀਆਂ, ਸੰਗੀਨਾਂ ਦੀ ਭਿਆਨਕ ਲੜਾਈ ਹੋਈ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਣ ਲੱਗੀਆਂ। ਇਤਨੇ ਤਕ ਅਕਾਲੀ ਫੂਲਾ ਸਿੰਘ ਵੀ ਆਪਣੇ ਸੈਨਿਕ ਦਲ ਸਹਿਤ ਅਫ਼ਗ਼ਾਨਾਂ ‘ਤੇ ਟੁੱਟ ਕੇ ਪੈ ਗਿਆ। ਬਹੁਤ ਭਿਆਨਕ ਹੱਥੋਂ ਹੱਥੀ ਲੜਾਈ ਵਿਚ ਅਫ਼ਗ਼ਾਨੀ ਫ਼ੌਜ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ। ਬਹਾਦਰ ਸ਼ੇਰ ਦਿਲ ਖਾਨ ਆਪਣੇ ਭਰਾ ਅਤੇ ਮੁੱਖ ਸੈਨਿਕ ਅਧਿਕਾਰੀਆਂ ਸਮੇਤ ਯੁੱਧ ਵਿਚ ਮਾਰਿਆ ਗਿਆ। ਇਸ ਨਾਲ ਅਫ਼ਗ਼ਾਨਾਂ ਦਾ ਉਤਸ਼ਾਹ ਖਤਮ ਹੋ ਗਿਆ। ਉਹ ਆਪਣੀ ਜਾਨ ਬਚਾਉਣ ਲਈ ਕਾਹਲੇ ਪੈ ਗਏ। ਉਸੇ ਵੇਲੇ ਅਚਾਨਕ ਕਸ਼ਮੀਰ ਦਾ ਗਵਰਨਰ ਨਵਾਬ ਜਬਾਰ ਖ਼ਾਨ ਸ. ਹਰੀ ਸਿੰਘ ਨਲਵਾ ਦੇ ਸਾਹਮਣੇ ਆ ਡਟਿਆ ਅਤੇ ਆਪਣੀ ਤਲਵਾਰ ਦਾ ਵਾਰ ਨਲਵਾ ਸਰਦਾਰ ਉਪਰ ਕਰਨ ਵਾਲਾ ਹੀ ਸੀ ਕਿ ਉਸ ਨੇ ਫੁਰਤੀ ਨਾਲ ਸੰਭਲ ਕੇ ਉਸ ਦੇ ਵਾਰ ਕਰਨ ਤੋਂ ਪਹਿਲਾਂ ਹੀ ਉਸ ‘ਤੇ ਵਾਰ ਕਰ ਕੇ ਉਸ ਦੀ ਬਾਂਹ ਨੂੰ ਹੀ ਵੱਢ ਦਿੱਤਾ । ਜ਼ਖ਼ਮੀ ਹੋਇਆ ਜਬਾਰ ਖਾਨ ਉੱਥੋਂ ਭੱਜ ਗਿਆ। ਉਸ ਦੇ ਦੋਵੇਂ ਭਰਾ ਯੁੱਧ-ਭੂਮੀ ਵਿਚ ਮਾਰੇ ਗਏ। ਅਫ਼ਗ਼ਾਨ ਫ਼ੌਜ ਦਿਲ ਛੱਡ ਬੈਠੀ ਅਤੇ ਸਿੱਖ ਸੈਨਾ ਦੇ ਸਾਹਮਣੇ ਹੋਰ ਟਿਕ ਸਕਣ ਦੀ ਹਿੰਮਤ ਛੱਡ ਦਿੱਤੀ। ਅਫ਼ਗ਼ਾਨਾਂ ਦੀ ਫ਼ੌਜ ਦੇ ਭੱਜ ਨਿਕਲਣ ਤੋਂ ਬਾਅਦ ਮੈਦਾਨ ਖ਼ਾਲਸੇ ਦੇ ਹੱਥ ਵਿਚ ਰਿਹਾ। ਉਨ੍ਹਾਂ ਨੇ ਸਾਰੇ ਇਲਾਕੇ ਨੂੰ ਆਪਣੇ ਅਧੀਨ ਕਰਕੇ ਪੰਜ ਸੌ ਸਾਲ ਬਾਅਦ ਕਸ਼ਮੀਰ ਦੀ ਬਾਦਸ਼ਾਹੀ ਖੋਹ ਲਈ ਅਤੇ ਖਾਲਸੇ ਦਾ ਨਿਸ਼ਾਨ ਕਸ਼ਮੀਰ ਦੀਆਂ ਪਹਾੜੀਆਂ ‘ਤੇ ਲਹਿਰਾਉਣ ਲੱਗ ਗਿਆ।
ਇਸ ਜਿੱਤ ਵਿਚ ਪ੍ਰਮੁੱਖ ਭੂਮਿਕਾ ਸਰਦਾਰ ਨਲਵਾ ਦੀ ਰਹੀ। ਯੁੱਧ ਦੇ ਸਮਾਪਤ ਹੁੰਦੇ ਹੀ ਖਾਲਸਾ ਸੈਨਾ ਨੇ ਸਾਰੇ ਇਲਾਕੇ ਦੀ ਪੁਣ-ਛਾਣ ਕੀਤੀ। ਖਾਧ ਖੁਰਾਕ ਦੀ ਬਹੁਤ ਸਾਮਗਰੀ ਪ੍ਰਾਪਤ ਹੋਈ। ਬੇਹੱਦ ਜੰਗੀ ਸਾਮਾਨ, ਹਥਿਆਰ, ਘੋੜੇ ਅਤੇ ਖੇਮੇ ਖਾਲਸੇ ਦੇ ਕਬਜ਼ੇ ਵਿਚ ਆ ਗਏ। ਇਨ੍ਹਾਂ ਨਾਲ ਖਾਲਸੇ ਦਾ ਸੈਨਿਕ ਬਲ ਹੋਰ ਵੱਧ ਗਿਆ। 4 ਜੁਲਾਈ, 1819 ਨੂੰ ਸਿੱਖ ਸੈਨਾ ਸ੍ਰੀਨਗਰ ਵਿਚ ਦਾਖਲ ਹੋਈ। ਸ਼ਹਿਜ਼ਾਦਾ ਖੜਕ ਸਿੰਘ ਵੱਲੋਂ ਮਨਾਦੀ ਰਾਹੀਂ ਨਗਰ ਵਾਸੀਆਂ ਨੂੰ ਹਰ ਪੱਖੋਂ ਨਿਸਚਿੰਤ ਰਹਿਣ ਲਈ ਘੋਸ਼ਣਾ ਕਰਵਾਈ ਗਈ। ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਲੁੱਟ ਨਾ ਹੋਣ ਦਿੱਤੀ, ਗ਼ਰੀਬਾਂ ਨੂੰ ਵਿਅਰਥ ਦੀ ਮੌਤੇ ਮਰਨੇ ਤੋਂ ਬਚਾਇਆ। ਇਸਤਰੀਆਂ ਦੀ ਇੱਜ਼ਤ ਅਤੇ ਮਰਯਾਦਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ। ਜਿੱਤ ਦਾ ਜਲੂਸ ਬੜੀ ਸ਼ਾਨ ਸ਼ੌਕਤ ਨਾਲ ਸ਼ਹਿਰ ਵਿਚੋਂ ਲੰਘਾਇਆ ਗਿਆ। ਇਸ ਸੈਨਿਕ ਕਾਰਵਾਈ ਨਾਲ ਕਸ਼ਮੀਰ ਦੇ ਨਿਵਾਸੀ ਚਿੰਤਿਤ ਹੋਣ ਦੀ ਥਾਂ ਖੁਸ਼ ਹੋਏ ਕਿਉਂਕਿ ਸਦੀਆਂ ਤੋਂ ਬਾਅਦ ਸ਼ਹਿਰ ਵਿਚ ਅਮਨ-ਅਮਾਨ ਹੋਇਆ ਅਤੇ ਹਰ ਕੋਈ ਨਵੀਂ ਤਬਦੀਲੀ ਨੂੰ ਚੰਗੇ ਭਾਗਾਂ ਦਾ ਫਲ ਸਮਝਣ ਲੱਗਿਆ।
ਜਿੱਤ ਦੀ ਖ਼ਬਰ ਮਹਾਰਾਜਾ ਸਾਹਿਬ ਨੂੰ ਤੇਜ਼ ਹਰਕਾਰੇ ਰਾਹੀਂ ਲਾਹੌਰ ਭੇਜੀ ਗਈ। ਸ਼ੇਰੇ ਪੰਜਾਬ ਜਿੱਤ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਏ। ਹਰਕਾਰੇ ਨੂੰ ਬਹੁਤ ਇਨਾਮ ਦਿੱਤਾ। ਖਬਰ ਮਿਲਣ ਤੋਂ ਤੁਰੰਤ ਬਾਅਦ ਮਹਾਰਾਜਾ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਅਤੇ ਦਰਬਾਰ ਸਾਹਿਬ ਦੀ ਇਮਾਰਤ ਉਪਰ ਸੋਨਾ ਚੜਾਉਣ ਦਾ ਫ਼ੈਸਲਾ ਕੀਤਾ। ਕਈ ਦਿਨ ਸ਼ਹਿਰ ਵਿਚ ਦੀਪਮਾਲਾ ਹੁੰਦੀ ਰਹੀ। ਗ਼ਰੀਬਾਂ ਲਈ ਬਹੁਤ ਪੁੰਨ-ਦਾਨ ਕੀਤੇ ਗਏ। ਪੰਡਿਤ ਬੀਰਬਰ ਨੂੰ ਵੀ ਉਸ ਦੇ ਯੋਗਦਾਨ ਲਈ ਜਾਗੀਰ ਬਖਸ਼ੀ ਗਈ ਅਤੇ ਮਾਲੀਆ ਵਸੂਲ ਕਰਨ ਦਾ ਠੇਕਾ ਵੀ ਦਿੱਤਾ ਗਿਆ। ਇਸ ਮੌਕੇ ‘ਤੇ ਸਰਦਾਰ ਹਰੀ ਸਿੰਘ ਨਲਵਾ ਅਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਬਹੁਤ ਸਨਮਾਨਿਤ ਕੀਤਾ ਗਿਆ। ਪਰ ਨਾਲ ਇਹ ਆਦੇਸ਼ ਵੀ ਦਿੱਤਾ ਗਿਆ ਕਿ ਲੱਗਦੇ ਹੱਥ ਮੁਜ਼ਫ਼ਰਾਬਾਦ ਅਤੇ ਦਰਬੰਦ ਨੂੰ ਵੀ ਖਾਲਸਾ ਰਾਜ ਵਿਚ ਤੁਰਤ ਮਿਲਾ ਲਿਆ ਜਾਏ। ਸ. ਹਰੀ ਸਿੰਘ ਨਲਵਾ ਨੇ ਤੁਰਤ ਸੈਨਿਕ ਕਾਰਵਾਈ ਕਰਕੇ ਸਾਰੇ ਇਲਾਕੇ ਨੂੰ ਲਾਹੌਰ ਦਰਬਾਰ ਦੇ ਅਧੀਨ ਕਰ ਦਿੱਤਾ।
ਕਸ਼ਮੀਰ ਦਾ ਪ੍ਰਸ਼ਾਸਨਿਕ ਪ੍ਰਬੰਧ
ਸ਼ੇਰੇ ਪੰਜਾਬ ਨੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਅਨੁਸ਼ਸਤ ਕਰਨ ਲਈ ਕੁਝ ਸਮੇਂ ਤਕ ਸੈਨਿਕ ਪ੍ਰਬੰਧ ਅਧੀਨ ਹੀ ਰੱਖਿਆ। ਸਾਰੇ ਇਲਾਕੇ ਨੂੰ ਪੰਜ ਹਿੱਸਿਆਂ ਵਿਚ ਵੰਡ ਕੇ ਵੱਖਰੇ-ਵੱਖਰੇ ਖੇਤਰ ਵਿਚ ਫ਼ੌਜੀ ਨਿਗਰਾਨਾਂ ਦੀ ਨਿਯੁਕਤੀ ਕੀਤੀ। ਭਾਈ ਰਾਮ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਮਿਸ਼ਰ ਦੀਵਾਨ ਚੰਦ ਅਤੇ ਸ. ਜੁਆਲਾ ਸਿੰਘ ਆਪਣੇ-ਆਪਣੇ ਖੇਤਰ ਦੇ ਫ਼ੌਜੀ ਅਧਿਕਾਰੀ ਸਨ। ਸਰਦਾਰ ਹਰੀ ਸਿੰਘ ਨਲਵਾ ਨੂੰ ਸਮੁੱਚੇ ਕਸ਼ਮੀਰ ਦਾ ਸੈਨਿਕ ਪ੍ਰਸ਼ਾਸਕ ਸਥਾਪਤ ਕੀਤਾ ਗਿਆ। ਜਦੋਂ ਕਸ਼ਮੀਰ ਵਿਚ ਹਰ ਪ੍ਰਕਾਰ ਦੀ ਵਿਵਸਥਾ ਠੀਕ ਹੋ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਨਲਵਾ ਨੂੰ ਫ਼ੌਜ ਸਹਿਤ ਲਾਹੌਰ ਵਾਪਸ ਬੁਲਾ ਲਿਆ ਅਤੇ ਉੱਥੇ ਗ਼ੈਰ-ਫ਼ੌਜੀ ਨਜ਼ਾਮ ਲਈ ਦੀਵਾਨ ਮੋਤੀ ਰਾਮ ਨੂੰ ਗਵਰਨਰ ਨਿਯੁਕਤ ਕਰ ਦਿੱਤਾ। ਲੋੜ ਅਨੁਸਾਰ ਕੁਝ ਫ਼ੌਜ ਵੀ ਉੱਥੇ ਰੱਖ ਦਿੱਤੀ । ਕਸ਼ਮੀਰ ਦੀ ਜਿੱਤ ਤੋਂ ਬਾਅਦ ਜਦ ਸਰਦਾਰ ਹਰੀ ਸਿੰਘ ਆਪਣੇ ਫ਼ੌਜੀ ਕਮਾਂਡਰਾਂ ਸਹਿਤ ਲਾਹੌਰ ਪਹੁੰਚਿਆ ਤਾਂ ਸ਼ੇਰੇ ਪੰਜਾਬ ਵੱਲੋਂ ਸ਼ਾਹਦਰੇ ਦੇ ਨੇੜੇ ਉਸ ਦਾ ਸੁਆਗਤ ਕੀਤਾ ਗਿਆ। ਸਾਰੇ ਬਾਜ਼ਾਰ ਅਤੇ ਦਰਵਾਜ਼ੇ ਪੂਰੀ ਤਰ੍ਹਾਂ ਸਜੇ ਹੋਏ ਸਨ। ਮਹਾਰਾਜਾ ਸਾਹਿਬ ਨੇ ਖੁਦ ਇਸ ਜਲੂਸ ਦੀ ਅਗਵਾਈ ਕੀਤੀ ਅਤੇ ਬੜੀ ਸ਼ਾਨ ਨਾਲ ਸਰਦਾਰ ਨਲਵਾ ਨੂੰ ਕਿਲੇ ਵਿਚ ਲੈ ਕੇ ਆਏ। ਤੋਪਾਂ ਦੀ ਸਲਾਮੀ ਦਿੱਤੀ ਗਈ। ਸਾਰੇ ਨਗਰ ਵਿਚ ਦੀਪਮਾਲਾ ਕੀਤੀ ਗਈ। ਅਗਲੇ ਦਿਨ ਹਜ਼ੂਰੀ ਬਾਗ਼ ਵਿਚ ਬਹੁਤ ਵੱਡਾ ਦਰਬਾਰ ਲਗਾਇਆ ਗਿਆ ਜਿਸ ਵਿਚ ਕਸ਼ਮੀਰ ਨੂੰ ਜਿੱਤਣ ਵਾਲੇ ਨਾਇਕਾਂ ਅਤੇ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਕਾਮਯਾਬੀ ਲਈ ਸਰਦਾਰ ਹਰੀ ਸਿੰਘ ਨੂੰ ਧੰਨੀ ਦੇ ਇਲਾਕੇ ਦੀ ਜਾਗੀਰ ਪ੍ਰਦਾਨ ਕੀਤੀ ਗਈ।
ਦੀਵਾਨ ਮੋਤੀ ਰਾਮ ਨੇ ਆਪਣੀ ਯੋਗਤਾ ਅਨੁਸਾਰ ਕਸ਼ਮੀਰ ਦਾ ਪ੍ਰਬੰਧ ਚਲਾਇਆ। ਪਰ ਕੁਝ ਸਮੇਂ ਵਿਚ ਹੀ ਉੱਥੋਂ ਦੇ ਜਗੀਰਦਾਰਾਂ ਅਤੇ ਇਲਾਕਿਆਂ ਦੇ ਮੁਖੀਆਂ ਨੇ ਦੀਵਾਨ ਸਾਹਿਬ ਦੀ ਸ਼ਰਾਫ਼ਤ ਦਾ ਨਜਾਇਜ਼ ਫ਼ਾਇਦਾ ਉਠਾ ਕੇ ਮਾਲੀਆ ਦੇਣਾ ਬੰਦ ਕਰ ਦਿੱਤਾ, ਹਰ ਪਾਸੇ ਬਦ-ਅਮਨੀ ਪਸਰ ਗਈ। ਕਈ ਮੁਖੀਏ ਬਗ਼ਾਵਤ ਕਰਨ ਲੱਗ ਗਏ ਅਤੇ ਸਰਕਾਰੀ ਫ਼ਰਮਾਨਾਂ ਦੀ ਪਾਲਨਾ ਤੋਂ ਪਾਸਾ ਵੱਟਣਾ ਸ਼ੁਰੂ ਹੋ ਗਿਆ। ਜਦੋਂ ਇਸ ਪੁਕਾਰ ਦੀ ਅਰਾਜਕਤਾ ਦੀ ਖ਼ਬਰ ਮਹਾਰਾਜਾ ਸਾਹਿਬ ਨੂੰ ਮਿਲੀ ਤਾਂ ਉਨ੍ਹਾਂ ਨੇ ਦੀਵਾਨ ਮੋਤੀ ਰਾਮ ਨੂੰ ਪ੍ਰਬੰਧਕੀ ਸੁਧਾਰ ਲਈ ਤਾਕੀਦ ਕੀਤੀ, ਪਰ ਕੋਈ ਸੁਧਾਰ ਨਾ ਹੋਇਆ, ਸਗੋਂ ਸਥਿਤੀ ਹੋਰ ਵੀ ਵਿਗੜਦੀ ਗਈ। ਮਹਾਰਾਜਾ ਸਾਹਿਬ ਨੇ ਕਸ਼ਮੀਰ ਵਿਚ ਪਸਰ ਰਹੀ ਅਰਾਜਕਤਾ ਬਾਰੇ ਪੜਤਾਲ ਕਰਨ ਲਈ ਦੀਵਾਨ ਦੇਵੀ ਦਾਸ ਪਿਸ਼ੌਰ ਵਾਲੇ ਨੂੰ ਕਸ਼ਮੀਰ ਭੇਜਿਆ। ਦੀਵਾਨ ਹੋਰਾਂ ਨੇ ਪੂਰੀ ਖੋਜ-ਪੜਤਾਲ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਕਸ਼ਮੀਰ ਦੇ ਗਵਰਨਰ ਦੀਵਾਨ ਮੋਤੀ ਰਾਮ ਦੀ ਸ਼ਰਾਫ਼ਤ ਅਤੇ ਨਰਮੀ ਕਰਕੇ ਅਨੁਸ਼ਾਸਨ ਭੰਗ ਹੋ ਰਿਹਾ ਹੈ ਅਤੇ ਜੇਕਰ ਕੁਝ ਸਮਾਂ ਹੋਰ ਉਹ ਗਵਰਨਰ ਰਹਿ ਗਿਆ ਤਾਂ ਬਗ਼ਾਵਤ ਹੋ ਜਾਣ ਦਾ ਖਦਸ਼ਾ ਹੈ। ਜਦੋਂ ਦੀਵਾਨ ਦੇਵੀ ਦਾਸ ਨੇ ਸਾਰੀ ਸਥਿਤੀ ਮਹਾਰਾਜਾ ਸਾਹਿਬ ਨੂੰ ਦੱਸੀ ਤਾਂ ਉਨ੍ਹਾਂ ਨੇ ਚੰਗੀ ਤਰ੍ਹਾਂ ਸੋਚ ਕੇ ਇਹ ਫ਼ੈਸਲਾ ਕੀਤਾ ਕਿ ਕਸ਼ਮੀਰ ਦੀ ਵਿਗੜੀ ਹੋਈ ਸਥਿਤੀ ਨੂੰ ਕੇਵਲ ਸ. ਹਰੀ ਸਿੰਘ ਨਲਵਾ ਹੀ ਠੀਕ ਕਰ ਸਕਦਾ ਹੈ। ਉਨ੍ਹਾਂ ਨੇ ਨਲਵਾ ਸਰਦਾਰ ਨੂੰ ਬੁਲਾ ਕੇ ਇਕ ਦਰਬਾਰ ਲਾਇਆ ਅਤੇ ਉਸ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕਰਨ ਸੰਬੰਧੀ ਘੋਸ਼ਣਾ ਕੀਤੀ ਅਤੇ ਸ਼ਾਹੀ ਢੰਗ ਨਾਲ ਸਨਮਾਨਿਤ ਕਰਕੇ ਕਸ਼ਮੀਰ ਲਈ ਵਿਦਾ ਕੀਤਾ। ਸਰਕਾਰ ਨਲਵਾ ਨੇ 24 ਅਗਸਤ, 1820 ਨੂੰ ਸ੍ਰੀਨਗਰ ਪਹੁੰਚ ਕੇ ਦੀਵਾਨ ਮੋਤੀ ਰਾਮ ਤੋਂ ਕਸ਼ਮੀਰ ਦੇ ਗਵਰਨਰ ਦਾ ਕਾਰਜ ਭਾਰ ਸੰਭਾਲਿਆ।
ਕਸ਼ਮੀਰ ਦਾ ਗਵਰਨਰ
ਸਰਦਾਰ ਨਲਵਾ ਨੇ ਗਵਰਨਰ ਦੀ ਪਦਵੀ ਸੰਭਾਲਣ ਤੋਂ ਬਾਅਦ ਉੱਥੋਂ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸਥਿਤੀ ਦੀ ਘੋਖ ਕੀਤੀ। ਨਤੀਜੇ ਵਜੋਂ ਇਹ ਗੱਲ ਉਘੜ ਕੇ ਸਾਹਮਣੇ ਆਈ ਕਿ ਕਸ਼ਮੀਰ ਦੇ ਨਿਵਾਸੀ ਕਾਰੀਗਰੀ ਵਿਚ ਬੇਜੋੜ ਹਨ। ਕੱਪੜਿਆਂ, ਸ਼ਾਲਾਂ, ਗਲੀਚਿਆਂ ਆਦਿ ਉਨੀ ਬਸਤਰਾਂ ਦਾ ਇੱਥੇ ਵਿਸ਼ੇਸ਼ ਕੰਮ ਕੀਤਾ ਜਾਂਦਾ ਹੈ । ਟੋਕਰੀਆਂ, ਪੱਖੀਆਂ, ਬੇੜੀਆਂ, ਕਿਸ਼ਤੀਆਂ ਨੂੰ ਕਸ਼ਮੀਰੀ ਲੋਕ ਆਪ ਬਣਾਉਂਦੇ ਹਨ। ਖੇਤੀ ਕਰਨ ਵਿਚ ਵੀ ਇਹ ਬਹੁਤ ਰੁਚੀ ਰੱਖਦੇ ਹਨ। ਬਾਗ਼ਬਾਨੀ ਵਿਚ ਵੀ ਇਹ ਬੇਜੋੜ ਹਨ। ਪਰ ਕਸ਼ਮੀਰ ਦੇ ਨਿਵਾਸੀ ਚੰਗੀ ਪਰਜਾ ਵਾਲੇ ਗੁਣਾਂ ਤੋਂ ਕੁਝ ਸੱਖਣੇ ਹਨ। ਜੇ ਇਨ੍ਹਾਂ ਨਾਲ ਨਰਮੀ ਨਾਲ ਪੇਸ਼ ਆਇਆ ਜਾਏ, ਤਾਂ ਸਰਕਾਰੀ ਹੁਕਮ ਦੀ ਪਰਵਾਹ ਨਹੀਂ ਕਰਦੇ। ਜੇ ਸਖਤੀ ਕੀਤੀ ਜਾਏ ਤਾਂ ਅਧਿਕਾਰੀਆਂ ਨੂੰ ਭੰਡਦੇ ਹਨ। ਅਸਲ ਵਿਚ ਸਦੀਆਂ ਤੋਂ ਇਹ ਸੁਤੰਤਰਤਾ ਤੋਂ ਵਾਂਝੇ ਹੋ ਚੁੱਕੇ ਸਨ। ਵਿਦੇਸ਼ੀ ਹੁਕਮਰਾਨਾਂ ਨੇ ਇਨ੍ਹਾਂ ‘ਤੇ ਇਤਨੇ ਜ਼ੁਲਮ ਢਾਏ ਸਨ ਕਿ ਇਹ ਜ਼ਿੰਦਗੀ ਦੇ ਸੰਤੁਲਿਤ ਗੁਣਾਂ ਤੋਂ ਵੰਚਿਤ ਹੋ ਗਏ ਸਨ।
ਸਪੱਸ਼ਟ ਹੈ ਕਿ ਕਸ਼ਮੀਰ ਉਪਰ ਨਿਰੇ ਰਹਿਮ ਦਿਲ ਅਤੇ ਸਾਊ ਪ੍ਰਸ਼ਾਸਕ ਦੁਆਰਾ ਹਕੂਮਤ ਕਰਨਾ ਸਰਲ ਨਹੀਂ ਸੀ। ਇਸ ਗੰਭੀਰ ਅਵਸਥਾ ਵਿਚ ਕੇਵਲ ਸਰਦਾਰ ਹਰੀ ਸਿੰਘ ਨਲਵਾ ਹੀ ਇਕ ਢੁੱਕਵਾਂ ਗਵਰਨਰ ਸੀ। ਉਸ ਨੇ ਪਹਿਲਾਂ ਖਜ਼ਾਨੇ ਅਤੇ ਆਮਦਨ ਸੰਬੰਧੀ ਸਥਿਤੀ ਨੂੰ ਘੋਖਿਆ ਤਾਂ ਪਤਾ ਚਲਿਆ ‘ਕਿ ਜਨਤਾ ਅਤੇ ਜਾਗੀਰਦਾਰ ਸਰਕਾਰੀ ਹੁਕਮਾਂ ਨੂੰ ਮੰਨਣੋ ਸੰਕੋਚ ਕਰਦੇ ਸਨ। ਤਾਕਤਵਰ ਮਾੜਿਆਂ ਨੂੰ ਦਬਲੀ ਫਿਰਦੇ ਸਨ। ਝਗੜੇ, ਡਾਕੇ ਅਤੇ ਲੁੱਟ-ਖਸੁੱਟ ਆਮ ਜੀਵਨ ਵਿਚ ਆਪਣਾ ਸਥਾਨ ਬਣਾ ਬੈਠੀ ਸੀ। ਇਸਤਰੀ ਜਾਤੀ ਦਾ ਕੋਈ ਆਦਰ ਨਹੀਂ ਸੀ। ਉਨ੍ਹਾਂ ਨੂੰ ਜ਼ੋਰ ਨਾਲ ਜ਼ਾਲਮ ਆਪਣੇ ਪਾਸ ਵਸਾ ਲੈਂਦੇ ਸਨ। ਜਨਤਾ ਬਹੁਤ ਹੀ ਦੁਖੀ ਸੀ । ਰਾਜ-ਪ੍ਰਬੰਧ ਦੀ ਅੰਦਰਲੀ ਅਵਸਥਾ ਵੀ ਕਮਜ਼ੋਰ ਹੋ ਚੁੱਕੀ ਸੀ। ਅਜਿਹੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਕੇ ਸਰਦਾਰ ਨਲਵਾ ਨੇ ਆਪਣੀ ਪ੍ਰਸ਼ਾਸਨਿਕ ਗਤੀਵਿਧੀ ਸ਼ੁਰੂ ਕੀਤੀ।
ਪ੍ਰਸ਼ਾਸਨਿਕ ਸੁਧਾਰ
ਸਰਦਾਰ ਨਲਵਾ ਨੇ ਵੇਖਿਆ ਕਿ ਸਾਰੇ ਕਸ਼ਮੀਰ ਵਿਚ ਅਰਾਜਕਤਾ ਪਸਰੀ ਹੋਈ ਹੈ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਹੋਣੀ ਬੰਦ ਪਈ ਹੈ। ਸਾਊ ਲੋਕਾਂ ਵਿਚ ਡਰ ਅਤੇ ਸਹਿਮ ਛਾਇਆ ਹੋਇਆ ਹੈ। ਸਰਕਾਰੀ ਖਜ਼ਾਨੇ ਵਿਚ ਮਾਲੀਏ ਅਤੇ ਬਾਜਗੁਜ਼ਾਰੀ ਦੀਆਂ ਰਕਮਾਂ ਨਹੀਂ ਪਹੁੰਚ ਰਹੀਆਂ। ਸਰਕਾਰੀ ਖਜ਼ਾਨਾ ਖ਼ਾਲੀ ਪਿਆ ਹੈ। ਇਨ੍ਹਾਂ ਹਾਲਤਾਂ ਨੂੰ ਚੰਗੀ ਤਰ੍ਹਾਂ ਵਿਚਾਰਨ ਉਪਰੰਤ ਸ. ਹਰੀ ਸਿੰਘ ਨਲਵਾ ਨੇ ਕਸ਼ਮੀਰ ਦੇ ਸਾਰੇ ਨਗਰਾਂ ਅਤੇ ਕਸਬਿਆਂ ਵਿਚ ਮਨਾਦੀ ਰਾਹੀਂ ਐਲਾਨ ਕਰਵਾ ਦਿੱਤਾ ਅਤੇ ਲਿਖਤੀ ਪਰਵਾਨੇ ਵੀ ਭੇਜੇ ਗਏ ਕਿ ਪਰਜਾ ਹਕੂਮਤ ਪ੍ਰਤੀ ਆਪਣੇ ਫ਼ਰਜ਼ ਨਿਭਾਏ ਅਤੇ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਾਉਣ ਵਾਲੇ ਬਣਦੇ ਮਾਲੀਏ ਆਦਿ ਨੂੰ ਜਮ੍ਹਾਂ ਕਰਾਏ। ਇਸ ਤੋਂ ਇਲਾਵਾ ਇਹ ਵੀ ਸਭ ਪਾਸੇ ਨਸ਼ਰ ਕਰ ਦਿੱਤਾ ਗਿਆ ਕਿ ਹਰ ਤਰ੍ਹਾਂ ਸ਼ਾਂਤੀ ਕਾਇਮ ਰੱਖੀ ਜਾਏ, ਕੋਈ ਕਿਸੇ ਨੂੰ ਡਰਾਏ ਧਮਕਾਏ ਨਾ। ਇਸ ਮਨਾਦੀ ਅਤੇ ਐਲਾਨਾਂ ਦਾ ਅਸਰ ਇਹ ਹੋਇਆ ਕਿ ਬਹੁਤ ਸਾਰੀਆਂ ਗੱਲਾਂ ਵਿਚ ਸੁਧਾਰ ਹੋ ਗਿਆ ਅਤੇ ਅਮਨ ਸ਼ਾਂਤੀ ਦਾ ਵਾਤਾਵਰਣ ਕਾਇਮ ਹੋ ਗਿਆ। ਜੋ ਸਰਦਾਰ, ਜਾਗੀਰਦਾਰ ਜਾਂ ਕਬਾਇਲੀ ਸਰਕਾਰ ਦਾ ਹੁਕਮ ਮੰਨਣੋਂ ਕੁਝ ਘੌਲ ਕਰਨ ਲੱਗੇ ਸਨ, ਉਨ੍ਹਾਂ ਨੂੰ ਸੋਧ ਦਿੱਤਾ ਗਿਆ ਅਤੇ ਬਹੁਤ ਥੋੜ੍ਹੇ ਸਮੇਂ ਵਿਚ ਹੀ ਅਮਨ ਚੈਨ ਹੋ ਗਿਆ। ਪਰਜਾ ਨੇ ਸੁੱਖ ਦਾ ਸਾਹ ਲਿਆ।
ਬਾਰਾਮੂਲੇ ਦਾ ਸਰਦਾਰ ਅਤੇ ਜੇਹਲਮ ਦਰਿਆ ਦੇ ਸੱਜੇ ਖੱਬੇ ਵਸਣ ਵਾਲੇ ਗ਼ੁਲਾਮ ਅਲੀ ਖਾਨ ਅਤੇ ਜ਼ੁਲਫ਼ਕਾਰ ਅਲੀ ਖ਼ਾਨ ਆਕੀ ਹੋਏ ਬੈਠੇ ਰਹੇ। ਸਰਦਾਰ ਹਰੀ ਸਿੰਘ ਨੇ ਇਨ੍ਹਾਂ ‘ਤੇ ਅਚਾਨਕ ਚੜ੍ਹਾਈ ਕਰਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੋਧ ਦਿੱਤਾ। ਦੋਹਾਂ ਆਗੂਆਂ ਨੂੰ ਫੜ ਕੇ ਲਾਹੌਰ ਦਰਬਾਰ ਵਿਚ ਪੇਸ਼ ਹੋਣ ਲਈ ਭੇਜ ਦਿੱਤਾ ਅਤੇ ਇਨ੍ਹਾਂ ਦਾ ਸਾਰਾ ਮਾਲ, ਖਜ਼ਾਨਾ ਅਤੇ ਜੰਗੀ ਹਥਿਆਰ ਆਪਣੇ ਕਬਜ਼ੇ ਵਿਚ ਲੈ ਲਏ। ਇਨ੍ਹਾਂ ਨੇ ਮਾਲੀਏ ਦੀ ਸਾਰੀ ਬਣਦੀ ਰਕਮ ਜਮ੍ਹਾਂ ਕਰਾ ਦਿੱਤੀ ਅਤੇ ਅੱਗੋਂ ਲਈ ਜੰਗੀ ਤਵਾਨ ਵਜੋਂ ਪੰਜ ਰੁਪਏ ਪ੍ਰਤੀ ਘਰ ਵਸੂਲ ਕੀਤਾ ਗਿਆ। ਇਸ ਤਰ੍ਹਾਂ ਕੁਝ ਮਹੀਨਿਆਂ ਵਿਚ ਹੀ ਕਸ਼ਮੀਰ ਦੀ ਅਰਾਜਕਤਾ ਠੀਕ ਹੋ ਗਈ। ਲੋਕਾਂ ਨੂੰ ਲਾਹੌਰ ਦਰਬਾਰ ਦੀ ਸ਼ਕਤੀ ਦਾ ਬੋਧ ਹੋ ਗਿਆ ਅਤੇ ਆਪਸੀ ਤਾਲਮੇਲ ਨਾਲ ਸੁੱਖ ਸ਼ਾਂਤੀ ਪੂਰਵਕ ਰਹਿਣ ਲਗੇ। ਇਸ ਤੋਂ ਬਾਅਦ ਸਰਦਾਰ ਨਲਵਾ ਨੇ ਜਨਤਾ ਦੇ ਹਿਤ ਲਈ ਜੋ-ਜੋ ਵੀ ਸੁਧਾਰ ਕੀਤੇ ਜਾਣੇ ਸੰਭਵ ਹੋ ਸਕਦੇ ਸਨ, ਉਨ੍ਹਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਸ. ਨਲਵਾ ਦੀ ਇਹ ਦਿਲੀ ਚਾਹ ਸੀ ਕਿ ਸਾਰੇ ਕਸ਼ਮੀਰ ਵਿਚ ਲੋਕ ਸੁੱਖ ਪੂਰਵਕ ਰਹਿਣ।
ਅਮਨ ਕਾਇਮ ਕਰਨ ਅਤੇ ਜਨਤਾ ਨੂੰ ਹਰ ਪ੍ਰਕਾਰ ਨਾਲ ਸੁਖੀ ਰੱਖਣ ਲਈ ਸਰਦਾਰ ਹਰੀ ਸਿੰਘ ਨੇ ਆਪਣੇ ਸਲਾਹਕਾਰਾਂ ਨਾਲ ਮਸ਼ਵਰਾ ਕਰਕੇ ਸਭ ਤੋਂ ਪਹਿਲਾ ਕਦਮ ਇਹ ਉਠਾਇਆ ਕਿ ਪਿਛਲੇ ਸਮਿਆਂ ਵਿਚ ਜੋ ਮਾਲੀਆ ਵਧਾਇਆ ਗਿਆ ਸੀ, ਉਸ ਨੂੰ ਘਟਾ ਦਿੱਤਾ ਗਿਆ। ਇਸ ਨਾਲ ਪਰਜਾ ‘ਤੇ ਭਾਰ ਘੱਟ ਗਿਆ ਅਤੇ ਲੋਕ ਬਿਨਾਂ ਆਨਾਕਾਨੀ ਕੀਤਿਆਂ ਮਾਲੀਆ ਸਰਕਾਰੀ ਖਜ਼ਾਨੇ ਵਿਚ ਜਮਾਂ ਕਰਾਉਣ ਲੱਗ ਗਏ।
ਸਰਦਾਰ ਨਲਵਾ ਨੇ ਦੂਜਾ ਸੁਧਾਰ ਇਹ ਕੀਤਾ ਕਿ ਉਸ ਨੇ ਬੇਗਾਰ ਦਾ ਤਰੀਕਾ ਬੰਦ ਕਰਾ ਦਿੱਤਾ। ਕਈ ਸਦੀਆਂ ਦੀ ਪਰੰਪਰਾ ਵਜੋਂ ਚਲਿਆ ਆ ਰਿਹਾ ਸੀ ਕਿ ਜੇ ਕੋਈ ਸਰਕਾਰੀ ਮੁਹਿੰਮ ਹੋਵੇ, ਜਾਂ ਬਾਹਰੋਂ ਕਿਸੇ ਵੱਡੇ ਅਧਿਕਾਰੀ ਨੇ ਆਉਣਾ ਹੋਵੇ ਜਾਂ ਕੋਈ ਹੋਰ ਉਸਾਰੀ ਜਾਂ ਢੋਹ-ਢੋਹਾਈ ਦਾ ਕੰਮ ਹੋਵੇ ਤਾਂ ਗ਼ਰੀਬ ਲੋਕਾਂ ਨੂੰ ਆਪਣੇ ਨਿੱਜ ਦੇ ਕੰਮਾਂ ਤੋਂ ਹਟਾ ਕੇ ਬੜੀ ਬੇਰਹਿਮੀ ਨਾਲ ਬੇਗਾਰ ਵਜੋਂ ਲੋੜੀਂਦੇ ਕੰਮ ਕਰਾਉਣ ‘ਤੇ ਲਗਾ ਦਿੱਤਾ ਜਾਂਦਾ ਅਤੇ ਜੇ ਕੋਈ ਘੇਸਲ ਮਾਰਦਾ ਜਾਂ ਮਿਲਵਰਤਨ ਨਾ ਦਿੰਦਾ ਤਾਂ ਉਸ ਨੂੰ ਬਹੁਤ ਦੰਡ ਦਿੱਤਾ ਜਾਂਦਾ। ਗ਼ਰੀਬ ਲੋਕ ਭੁੱਖੇ ਭਾਣੇ ਪਸ਼ੂਆਂ ਵਾਂਗ ਬੇਗਾਰ ‘ਤੇ ਜੋੜ ਦਿੱਤੇ ਜਾਂਦੇ । ਸਰਦਾਰ ਨਲਵਾ ਨੇ ਬੇਗਾਰ ਬੰਦ ਕਰਵਾ ਦਿੱਤੀ ਅਤੇ ਢੋਹਾਈ ਲਈ ਖੱਚਰਾਂ ਅਤੇ ਟੱਟੂਆਂ ਨੂੰ ਵਰਤਣ ਦਾ ਆਦੇਸ਼ ਦਿੱਤਾ ਅਤੇ ਬੰਦਿਆਂ ਤੋਂ ਕੰਮ ਕਰਾਉਣ ਲਈ ਉਨ੍ਹਾਂ ਨੂੰ ਬਣਦੀ ਮਜ਼ਦੂਰੀ ਦੀ ਵਿਵਸਥਾ ਕੀਤੇ ਜਾਣ ਦਾ ਵੀ ਹੁਕਮ ਦਿੱਤਾ।
ਤੀਜਾ ਸੁਧਾਰ ਇਹ ਕੀਤਾ ਕਿ ਕਸ਼ਮੀਰ ਵਿਚੋਂ ‘ਤੋਰਾ’ ਟੈਕਸ ਲੈਣਾ ਬੰਦ ਕਰ ਦਿੱਤਾ। ਇਹ ਟੈਕਸ ਹਰ ਇਕ ਵਿਅਕਤੀ ਪਾਸੋਂ ਜਨਮ, ਮੰਗਣੀ, ਵਿਆਹ ਦੇ ਸਮੇਂ ਵਸੂਲ ਕੀਤਾ ਜਾਂਦਾ ਸੀ। ਇਹ ਟੈਕਸ ਕਸ਼ਮੀਰ ਵਿਚ ਹੀ ਲੱਗਿਆ ਹੋਇਆ ਸੀ, ਹੋਰ ਕਿਸੇ ਦੇਸ਼ ਵਿਚ ਅਜਿਹਾ ਕੁਝ ਨਹੀਂ ਲੱਗਿਆ ਮਿਲਦਾ ਸੀ। ਲੋਕੀਂ ਗ਼ਰੀਬ ਹੋਣ ਕਰਕੇ ਅਜਿਹੇ ਟੈਕਸ ਦੇਣੋਂ ਲਾਚਾਰ ਸਨ। ਸ. ਹਰੀ ਸਿੰਘ ਨੇ ਦੁਖਿਆਰੀ ਜਨਤਾ ਦਾ ਇਹ ਸੰਕਟ ਦੂਰ ਕਰ ਦਿੱਤਾ।
‘ਤੋਰਾ’ ਟੈਕਸ ਤੋਂ ਇਲਾਵਾ ਇਕ ਹੋਰ ਜਨ-ਹਿਤ-ਵਿਰੋਧੀ ਕੰਮ ਇਹ ਹੋਇਆ ਕਿ ਸ਼ਾਲਾਂ, ਗਲੀਚੇ ਜਾਂ ਇਸ ਤਰ੍ਹਾਂ ਦੇ ਹੋਰ ਕੰਮ ਬੰਦ ਹੋਣ ਦੇ ਨੇੜੇ ਪਹੁੰਚ ਗਏ। ਨਲਵਾ ਸਰਦਾਰ ਨੇ ਆਜੜੀਆਂ, ਚਰਵਾਹਿਆਂ ਅਤੇ ਭੇਡਾਂ ਬਕਰੀਆਂ ਪਾਲਣ ਵਾਲਿਆਂ ਅਤੇ ਚਾਰਾਗਾਹਾਂ ‘ਤੇ ਲਗਾਨ ਘਟਾ ਦਿੱਤਾ ਅਤੇ ਗ਼ਰੀਬ ਆਜੜੀਆਂ ਨੂੰ ਇਜੜਾਂ ਅਤੇ ਗਲਿਆਂ ਨੂੰ ਪਾਲਣ ਲਈ ਮਾਇਕ ਸਹਾਇਤਾ ਵੀ ਦੇਣ ਦੀ ਵਿਵਸਥਾ ਕਰ ਦਿੱਤੀ। ਇਸ ਤਰ੍ਹਾਂ ਕਈ ਪ੍ਰਕਾਰ ਦੇ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮਾਂ, ਖਡੀਆਂ ਵਾਲੇ ਕੰਮਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਕਰਕੇ ਉਤਸ਼ਾਹਤ ਕੀਤਾ। ਅਜਿਹਾ ਕਰਨ ਨਾਲ ਜਿੱਥੇ ਲੋਕਾਂ ਦੀ ਕਮਾਈ ਵਿਚ ਵਾਧਾ ਹੋਇਆ, ਉੱਥੇ ਵਪਾਰ ਦੇ ਵਿਕਾਸ ਨਾਲ ਸਰਕਾਰੀ ਖਜ਼ਾਨੇ ਦੀ ਆਮਦਨ ਵੀ ਵਧੀ ਅਤੇ ਖੁਸ਼ਹਾਲੀ ਦਾ ਮਾਹੌਲ ਬਣਦਾ ਗਿਆ।
ਪ੍ਰਸ਼ਾਸਕੀ ਮਾਮਲਿਆਂ ਵਿਚ ਵੀ ਸਰਦਾਰ ਨਲਵਾ ਨੇ ਬਹੁਤ ਦਿਲਚਸਪੀ ਲਈ। ਮੁਕਦਮਿਆਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕਰਨ ਦੇ ਆਦੇਸ਼ ਦਿੱਤੇ । ਲੋਕਾਂ ਨੂੰ ਨਾਜਾਇਜ਼ ਤੰਗ ਕਰਨ ਵਾਲੇ ਸਰਕਾਰੀ ਲੋਕਾਂ ‘ਤੇ ਸਖਤੀ ਕੀਤੀ। ਲੋਕਾਂ ਦੇ ਮਨ ਵਿਚੋਂ ਡਰ, ਭੈ, ਜ਼ੁਲਮ ਅਤੇ ਅਨਿਆਂ ਦਾ ਖੌਫ਼ ਦੂਰ ਕੀਤਾ। ਚਿਰਾਂ ਤੋਂ ਜ਼ਾਲਮਾਂ ਹੱਥੋਂ ਮਿਧੀ ਜਾ ਰਹੀ ਲੋਕਾਈ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ। ਹਰ ਪਾਸੇ ਅਮਨ ਅਤੇ ਸ਼ਾਂਤੀ ਵਰਤ ਗਈ। ਧਾਰਮਿਕ ਵਿਵਾਦ ਵੀ ਖਤਮ ਕਰਕੇ ਲੋਕਾਂ ਦੇ ਮਨ ਵਿਚ ਦੂਜਿਆਂ ਧਰਮਾਂ ਵਾਲਿਆਂ ਪ੍ਰਤੀ ਸਹਿਨਸ਼ੀਲਤਾ ਦੀ ਭਾਵਨਾ ਭਰੀ। ਧਾਰਮਿਕ ਵੈਰ-ਵਿਰੋਧ ਦੀ ਥਾਂ ਆਪਸੀ ਪਿਆਰ ਦੇ ਭਾਵਾਂ ਨੂੰ ਵਿਆਪਕ ਕੀਤਾ। ਅਜਿਹਾ ਕਰਨ ਨਾਲ ਲੋਕਾਂ ਨੂੰ ਸਹਿ-ਹੋਂਦ ਦਾ ਅਹਿਸਾਸ ਹੋਇਆ। ਸਾਰੇ ਕਸ਼ਮੀਰ ਵਿਚ ਮਿਲ-ਜੁਲ ਕੇ ਰਹਿਣ ਵਾਲੀ ਸੋਹਣੀ ਸੁਖਾਲੀ ਜੀਵਨ ਵਿਧੀ ਪ੍ਰਚਲਿਤ ਹੋ ਗਈ।
ਆਪਣੇ ਨਾਂ ਦਾ ਸਿੱਕਾ
ਸਰਦਾਰ ਹਰੀ ਸਿੰਘ ਨਲਵਾ ਦੁਆਰਾ ਕਸ਼ਮੀਰ ਵਿਚ ਕੀਤਾ ਰਾਜ-ਪ੍ਰਬੰਧ ਅਤੇ ਬੇਮਿਸਾਲ ਅਨੁਸ਼ਾਸਨ ਤੋਂ ਮਹਾਰਾਜਾ ਰਣਜੀਤ ਸਿੰਘ ਬਹੁਤ ਪ੍ਰਸੰਨ ਹੋਏ ਅਤੇ ਉਸ ਦੀ ਪ੍ਰਬੰਧਕੀ ਵਿਵਸਥਾ ਤੋਂ ਖੁਸ਼ ਹੋ ਕੇ ਆਦੇਸ਼ ਦਿੱਤਾ ਕਿ ਉਹ ਕਸ਼ਮੀਰ ਵਿਚ ਆਪਣਾ ਸਿੱਕਾ ਚਲਾਏ। ਸਰਦਾਰ ਹਰੀ ਸਿੰਘ ਨਲਵਾ ਨੇ ਆਪਣਾ ਸੰਕੋਚ ਜ਼ਾਹਿਰ ਕਰਦਿਆਂ ਹੋਇਆਂ ਮਹਾਰਾਜਾ ਸਾਹਿਬ ਨੂੰ ਆਪਣਾ ਸਿੱਕਾ ਹੀ ਚਲਾਈ ਰੱਖਣ ਲਈ ਬੇਨਤੀ ਕੀਤੀ। ਆਖਰ ਮਹਾਰਾਜਾ ਸਾਹਿਬ ਵੱਲੋਂ ਜ਼ੋਰ ਪਾਉਣ ‘ਤੇ ਉਸ ਨੇ ਆਪਣੇ ਨਾਂ ‘ਤੇ ਦੋ ਸਿੱਕੇ ਚਲਾਏ। ਇਕ ਸਿੱਕਾ ਇਕ ਰੁਪਏ ਦਾ ਸੀ ਜੋ ਚਾਂਦੀ ਦਾ ਸੀ। ਉਸ ਦੇ ਇਕ ਪਾਸੇ ‘ਸ੍ਰੀ ਅਕਾਲ ਸਹਾਇ ਅਤੇ ਸੰਮਤ 1878 ਉਕਰਿਆ ਹੋਇਆ ਸੀ ਅਤੇ ਦੂਜੇ ਪਾਸੇ ‘ਹਰੀ ਸਿੰਘ’ ਦਾ ਨਾਂ ਅਤੇ ‘ਯਕ ਰੁਪਿਆ’ ਅੰਕਿਤ ਸਨ। ਇਸ ਨੂੰ ਲੋਕ ‘ਹਰੀ ਸਿੰਘੀਆ ਰੁਪਿਆ’ ਕਹਿੰਦੇ ਸਨ। ਇਸੇ ਤਰ੍ਹਾਂ ਇਕ ਤਾਂਬੇ ਦਾ ਸਿੱਕਾ ਵੀ ਚਲਾਇਆ ਜਿਸ ਉਪਰ ਰੁਪਏ ਵਾਂਗ ‘ਯਕ ਪੈਸਾ’ ਅੰਕਿਤ ਸੀ। ਇਸ ਨੂੰ ‘ਹਰੀ ਸਿੰਘੀਆ ਪੈਸਾ’ ਕਿਹਾ ਜਾਂਦਾ ਸੀ। ਲਾਹੌਰ ਦਰਬਾਰ ਤੋਂ ਸੁਤੰਤਰ ਸਿੱਕਾ ਚਲਾਉਣ ਦਾ ਮਾਣ ਸਭ ਤੋਂ ਪਹਿਲਾਂ ਸ. ਹਰੀ ਸਿੰਘ ਨਲਵਾ ਨੂੰ ਹੀ ਮਿਲਿਆ।
ਜਦੋਂ ਕਸ਼ਮੀਰ ਦੀ ਜਨਤਕ ਹਾਲਤ ਸੁਧਰ ਗਈ, ਤਾਂ ਸ. ਨਲਵਾ ਨੇ ਸ੍ਰੀਨਗਰ ਦੇ ਸਰੂਪ ਨਿਖਾਰ ਵੱਲ ਧਿਆਨ ਦਿੱਤਾ ਅਤੇ ਖੁਦ ਨਗਰ ਦਾ ਚੱਕਰ ਲਗਾਇਆ। ਸਰਦਾਰ ਨਲਵਾ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੇ ਦੇਖਿਆ ਕਿ ਬਹੁਤ ਸੁੰਦਰ ਅਤੇ ਰਮਣੀਕ ਮੰਦਰਾਂ ਜਾਂ ਹਿੰਦੂ ਧਰਮ-ਧਾਮਾਂ ਨੂੰ ਢਾਹ ਕੇ ਉੱਥੇ ਮਸਜਿਦਾਂ ਜਾਂ ਮਕਬਰੇ ਉਸਾਰੇ ਹੋਏ ਹਨ। ਸਰਦਾਰ ਹਰੀ ਸਿੰਘ ਦੇ ਮਨ ਵਿਚ ਵਿਚਾਰ ਆਇਆ ਕਿ ਅਜਿਹੇ ਨਫ਼ਰਤ ਵਾਲੇ ਮਜ਼ਾਰਾਂ ਜਾਂ ਮਸਜਿਦਾਂ ਨੂੰ ਜਦ ਤਕ ਹਿੰਦੂ/ ਪੰਡਿਤ ਦੇਖਦੇ ਰਹਿਣਗੇ ਤਦ ਤਕ ਦੋਹਾਂ ਧਰਮਾਂ ਵਾਲਿਆਂ ਵਿਚ ਪਿਆਰ ਦਾ ਭਾਵ ਵਿਕਸਿਤ ਨਹੀਂ ਹੋ ਸਕੇਗਾ। ਦੂਜੇ, ਹਿੰਦੂ/ਪੰਡਿਤ ਹਮੇਸ਼ਾ ਨੀਵੀਂ ਪਾ ਕੇ ਆਪਣਾ ਵਕਤ ਗੁਜ਼ਾਰਦੇ ਰਹਿਣਗੇ। ਉਨ੍ਹਾਂ ਦੇ ਮਨ ਵਿਚ ਕਦੇ ਵੀ ਆਤਮ-ਗੌਰਵ ਦਾ ਅਨੁਭਵ ਨਹੀਂ ਹੋਵੇਗਾ। ਸਰਦਾਰ ਨਲਵਾ ਨੇ ਇਨ੍ਹਾਂ ਮਸਜਿਦਾਂ ਜਾਂ ਮਜ਼ਾਰਾਂ ਨੂੰ ਆਪਣੀ ਪੁਰਾਤਨ ਸ਼ਕਲ ਵਿਚ ਬਦਲਣ ਦਾ ਮਨ ਬਣਾਇਆ। ਹਿੰਦੂ ਪੰਡਿਤਾਂ ਦੇ ਮੁਖੀਆਂ ਦਾ ਇਕੱਠ ਕੀਤਾ ਅਤੇ ਸਾਰੀ ਵਸਤੂ ਸਥਿਤੀ ਤੋਂ ਜਾਣੂ ਕੀਤਾ। ਪਰ ਮੁਸਲਮਾਨਾਂ ਤੋਂ ਡਰਦਿਆਂ ਹਿੰਦੂ ਲੋਕ ਅਜਿਹੀ ਤਬਦੀਲੀ ਕਰਨ ਲਈ ਰਜ਼ਾਮੰਦ ਨਾ ਹੋਏ। ਸਰਦਾਰ ਨਲਵਾ ਨੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਪ੍ਰਦਾਨ ਕਰਨ ਦੀ ਗੱਲ ਕੀਤੀ, ਤਾਂ ਵੀ ਉਹ ਨਾ ਮੰਨੇ ਅਤੇ ਸਾਰੇ ਮਜ਼ਾਰ ਅਤੇ ਮਸਜਿਦਾਂ ਉਸ ਤਰ੍ਹਾਂ ਕਾਇਮ ਰਹੀਆਂ।
ਉਦੋਂ ਅਫ਼ਗ਼ਾਨਾਂ ਵੱਲੋਂ ਹਿੰਦੂਆਂ/ਪੰਡਿਤਾਂ ‘ਤੇ ਕਈ ਹੋਰ ਵੀ ਪਾਬੰਦੀਆਂ ਲੱਗੀਆਂ ਹੋਈਆਂ ਸਨ। ਉਨ੍ਹਾਂ ਵਿਚੋਂ ਇਕ ਇਹ ਸੀ ਕਿ ਕੋਈ ਵੀ ਹਿੰਦੂ ਸਿਰ ‘ਤੇ ਪਗੜੀ ਨਹੀਂ ਬੰਨ੍ਹ ਸਕਦਾ ਅਤੇ ਪੈਰਾਂ ਵਿਚ ਜੁੱਤੀ ਵੀ ਨਹੀਂ ਪਾ ਸਕਦਾ। ਨਲਵਾ ਸਰਦਾਰ ਨੇ ਹੁਕਮ ਜਾਰੀ ਕਰਕੇ ਪੋਸ਼ਾਕ ਜਾਂ ਲਿਬਾਸ ਪਾਉਣ ਵਿਚ ਹਰ ਪੁਕਾਰ ਦੇ ਵਿਤਕਰੇ ਖਤਮ ਕਰ ਦਿੱਤੇ। ਇਸ ਦਾ ਅਸਰ ਇਹ ਹੋਇਆ ਕਿ ਹਿੰਦੂਆਂ ਨੇ ਪਗੜੀਆਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੈਰਾਂ ਵਿਚ ਜੁੱਤੀਆਂ ਵੀ ਪਾਉਣ ਲੱਗ ਗਏ। ਵਿਆਹ-ਸ਼ਾਦੀਆਂ ਸੰਬੰਧੀ ਵੀ ਕਈ ਪੁਕਾਰ ਦੀਆਂ ਪਾਬੰਦੀਆਂ ਨੂੰ ਹੁਕਮਨ ਹਟਾ ਦਿੱਤਾ ਗਿਆ।
ਕਸ਼ਮੀਰ ਵਿਚ ਇਕ ਹੋਰ ਸਮਾਜਿਕ/ਧਾਰਮਿਕ ਸੁਧਾਰ ਇਹ ਕੀਤਾ ਕਿ ਸੰਨ 1400 ਤੋਂ ਕਸ਼ਮੀਰ ਦੇ ਹਿੰਦੂਆਂ ‘ਤੇ ਜ਼ੁਲਮ ਕਰਕੇ ਉਨ੍ਹਾਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਜਾਂਦਾ ਸੀ । ਇਕ ਸਦੀ ਵਿਚ ਹੀ 90% ਹਿੰਦੂ ਮੁਸਲਮਾਨ ਹੋ ਗਏ ਅਤੇ ਜੋ ਬਚ ਰਹੇ ਸਨ ਉਹ ਸਦਾ ਭੈ-ਗ੍ਰਸਤ ਰਹਿੰਦੇ। ਨਲਵਾ ਸਰਦਾਰ ਨੇ ਇਸ ਸਾਰੇ ਮਾਮਲੇ ਦੀ ਘੋਖ ਕੀਤੀ ਅਤੇ ਪਤਾ ਲੱਗਿਆ ਕਿ ਮੁਸਲਮਾਨ ਹੋ ਚੁੱਕੇ ਹਿੰਦੂਆਂ ਨੂੰ ਮੁੜ ਹਿੰਦੂ ਬਣਾਉਣ ਲਈ ਹਿੰਦੂ ਵੀ ਰਜ਼ਾਮੰਦ ਨਹੀਂ ਸਨ। ਸਰਦਾਰ ਨਲਵਾ ਨੇ ਹੁਕਮ ਜਾਰੀ ਕਰ ਦਿੱਤਾ ਕਿ ਜੋ ਕੋਈ ਮੁਸਲਮਾਨ ਹੋਇਆ ਹਿੰਦੂ ਫਿਰ ਹਿੰਦੂ ਬਣਨਾ ਚਾਹੇ ਤਾਂ ਉਸ ਦੇ ਰਸਤੇ ਵਿਚ ਕੋਈ ਰੁਕਾਵਟ ਪੇਸ਼ ਨਾ ਕੀਤੀ ਜਾਏ। ਰੁਕਾਵਟ ਪੈਦਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਏਗੀ। ਇਸ ਹੁਕਮ ਦਾ ਅਸਰ ਇਹ ਹੋਇਆ ਕਿ ਬਹੁਤ ਸਾਰੇ ਮੁਸਲਮਾਨ ਹੋਏ ਹਿੰਦੂ/ਬ੍ਰਾਹਮਣ ਫਿਰ ਆਪਣੇ ਮੂਲ ਧਰਮ ਵਿਚ ਆ ਗਏ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਸੇ ਨੇ ਵੀ ਕੋਈ ਰੋਕ ਖੜ੍ਹੀ ਨਾ ਕੀਤੀ। ਅਨੁਮਾਨ ਹੈ ਕਿ ਨਲਵਾ ਸਰਦਾਰ ਦੀ ਗਵਰਨਰਸ਼ਿਪ ਵੇਲੇ ਘੱਟੋ ਘੱਟ ਪੰਜਾਹ ਹਜ਼ਾਰ ਹਿੰਦੂ ਆਪਣੇ ਮੂਲ ਧਰਮ ਨੂੰ ਗ੍ਰਹਿਣ ਕਰਨ ਵਿਚ ਸਫ਼ਲ-ਮਨੋਰਥ ਹੋ ਗਏ ਸਨ।
ਸਰਦਾਰ ਨਲਵਾ ਦੇ ਪ੍ਰਸ਼ਾਸਨ ਵੇਲੇ ਕਸ਼ਮੀਰ ਵਿਚ ਲਗਾਤਾਰ ਕਈ ਦਿਨ ਬਹੁਤ ਬਾਰਸ਼ ਹੁੰਦੀ ਰਹੀ ਅਤੇ ਭਾਰੀ ਹੜ੍ਹ ਆ ਗਏ ਜਿਸ ਦੇ ਨਤੀਜੇ ਵਜੋਂ ਅਨੇਕ ਕਸਬੇ ਬਰਬਾਦ ਹੋ ਗਏ, ਕਈ ਪੁਲੀਆਂ ਟੁੱਟ ਗਈਆਂ, ਖੇਤ ਨਸ਼ਟ ਹੋ ਗਏ, ਗ਼ਰੀਬ ਕਿਸਾਨਾਂ ਦੇ ਪਸ਼ੂ ਰੁੜ੍ਹ ਗਏ। ਉਸ ਨੇ ਹਾਲਾਤ ਨੂੰ ਵੇਖਦਿਆਂ ਹੋਇਆਂ ਅਤੇ ਲੋਕਾਂ ਦੀ ਤਰਸਯੋਗ ਸਥਿਤੀ ਨੂੰ ਸਮਝਦਿਆਂ ਹੋਇਆਂ ਲੋਕਾਂ ਦੀ ਸਹਾਇਤਾ ਲਈ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ । ਲੋਕਾਂ ਨੂੰ ਮਕਾਨ ਉਸਾਰਨ, ਪਸ਼ੂ ਖਰੀਦਣ ਲਈ ਵੀ ਸਹਾਇਤਾ ਕੀਤੀ। ਅੰਨ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਤੋਂ ਅੰਨ ਮੰਗਵਾਇਆ ਅਤੇ ਸਸਤੇ ਭਾਅ ਲੋਕਾਂ ਨੂੰ ਦਿੱਤਾ। ਸਰਦਾਰ ਨਲਵਾ ਦੀ ਇਸ ਉਦਾਰਤਾ ਤੋਂ ਜਨਤਾ ਬਹੁਤ ਪ੍ਰਸੰਨ ਹੋਈ। ਉਸ ਨੂੰ ਉਹ ਕਸ਼ਮੀਰ ਦਾ ਮਸੀਹਾ ਸਮਝਣ ਲੱਗੇ ਅਤੇ ਹੜ੍ਹ ਵਰਗੀ ਆਫ਼ਤ ਦੇ ਅਸਰ ਨੂੰ ਭੁੱਲ ਗਏ।
ਸਰਦਾਰ ਹਰੀ ਸਿੰਘ ਨੇ ਜਲਤਰਨੀਆਂ ਖੇਤੀਆਂ ਜਾਂ ਤਾਰੂ ਖੇਤੀਆਂ ਨੂੰ ਵੀ ਬਹੁਤ ਉਤਸ਼ਾਹ ਦਿੱਤਾ। ਇਸ ਤੋਂ ਪਹਿਲਾਂ ਇਨ੍ਹਾਂ ‘ਤੇ ਇਤਨਾ ਜ਼ਿਆਦਾ ਲਗਾਨ ਵਸੂਲਿਆ ਜਾਂਦਾ ਸੀ ਕਿ ਜ਼ਿੰਮੀਦਾਰਾਂ ਨੂੰ ਇਨ੍ਹਾਂ ਵਿਚੋਂ ਬਚਤ ਘੱਟ ਹੋਣ ਕਾਰਣ ਇਨ੍ਹਾਂ ਪ੍ਰਤੀ ਰੁਝਾਨ ਘੱਟ ਗਿਆ। ਨਲਵਾ ਸਰਦਾਰ ਨੇ ਲੋਕਾਂ ਨੂੰ ਉਤਸ਼ਾਹਤ ਕਰਕੇ ਇਸ ਖੇਤੀ ਦੇ ਵਿਕਾਸ ਲਈ ਪ੍ਰੇਰਿਆ ਅਤੇ ਸਰਕਾਰੀ ਖਜ਼ਾਨੇ ਤੋਂ ਮਦਦ ਵੀ ਦਿੱਤੀ। ਇਸ ਪ੍ਰਕਾਰ ਦੀਆਂ ਖੇਤੀਆਂ ਲੰਬੇ ਘਾਹ ਦੇ ਮੁੱਠਿਆਂ ਅਤੇ ਚਟਾਈਆਂ ‘ਤੇ ਲਕੜ ਦੀਆਂ ਕੜੀਆਂ ਦੀ ਸਹਾਇਤਾ ਨਾਲ ਡੇਢ ਜਾਂ ਦੋ ਫੁਟ ਮਿੱਟੀ ਜਮਾ ਕੇ ਕਿਸ਼ਤੀਆਂ ਵਰਗੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਸਨ ਜਿਨ੍ਹਾਂ ਕਰਕੇ ਕਿਸਾਨਾਂ ਨੂੰ ਕਾਫ਼ੀ ਲਾਭ ਹੁੰਦਾ ਸੀ। ਇਹ ਆਮ ਤੌਰ ‘ਤੇ ਡਲ੍ਹ ਝੀਲ ਵਿਚ ਬਣਾਈਆਂ ਜਾਂਦੀਆਂ ਸਨ ਅਤੇ ਖੇਤੀ ਜਗਤ ਦਾ ਇਹ ਇਕ ਅਜੂਬਾ ਹੀ ਸਮਝਿਆ ਜਾਂਦਾ ਸੀ।
ਕੇਸਰ ਦੀ ਪੈਦਾਵਾਰ ਕਸ਼ਮੀਰ ਦੀ ਭੂਮੀ ਦੇ ਹੀ ਹਿੱਸੇ ਆਈ ਹੈ। ਕੇਸਰ ਨੂੰ ਹਿੰਦੂਆਂ ਦੇ ਸਾਰੇ ਧਾਰਮਿਕ ਕਾਰਜਾਂ ਲਈ ਵਰਤਿਆ ਜਾਂਦਾ ਹੈ। ਇਹ ਇਕ ਪੂਜਾ ਯੋਗ ਪਦਾਰਥ ਹੈ। ਇਸ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ। ਅਫ਼ਗ਼ਾਨਾਂ ਵੱਲੋਂ ਇਸ ਦੀ ਪੈਦਾਵਾਰ ਉਪਰ ਲਗਾਨ ਬਹੁਤ ਜ਼ਿਆਦਾ ਕਰ ਦਿੱਤਾ ਗਿਆ। ਖੇਤਾਂ ਵਿਚੋਂ ਇਸ ਦੀ ਚੋਰੀ ਹੋਣ ਲੱਗ ਗਈ। ਨਤੀਜੇ ਵਜੋਂ ਜ਼ਿੰਮੀਂਦਾਰਾਂ ਦੀ ਕੇਸਰ ਦੀ ਖੇਤੀ ਕਰਨ ਪ੍ਰਤੀ ਅਰੁਚੀ ਹੋ ਗਈ। ਕਸ਼ਮੀਰ ਦੀ ਸਭ ਤੋਂ ਉੱਤਮ ਸਮਝੀ ਜਾਂਦੀ ਕੇਸਰ ਦੀ ਖੇਤੀ ਦੀ ਇਸ ਦੁਰਦਸ਼ਾ ਨੂੰ ਵੇਖ ਕੇ ਸਰਦਾਰ ਨਲਵਾ ਨੇ ਮਨ ਬਣਾਇਆ ਕਿ ਕਿਸਾਨਾਂ ਨੂੰ ਇਸ ਖੇਤੀ ਲਈ ਉਤਸ਼ਾਹਤ ਕੀਤਾ ਜਾਏ। ਕਿਸਾਨਾਂ ਨੂੰ ਬੁਲਾ ਕੇ ਵਿਚਾਰ-ਵਟਾਂਦਰਾ ਕਰਨ ਉਪਰੰਤ ਉਨ੍ਹਾਂ ਦੇ ਡਰ ਨੂੰ ਦੂਰ ਕੀਤਾ ਅਤੇ ਹਰ ਪ੍ਰਕਾਰ ਦੀ ਮਾਇਕ ਮਦਦ ਕਰਕੇ ਕੇਸਰ ਦੀ ਬੀਜਾਈ ਦਾ ਕੰਮ ਫਿਰ ਤੋਂ ਸ਼ੁਰੂ ਕਰਵਾਇਆ ਗਿਆ। ਅਜਿਹਾ ਕਰਨ ਨਾਲ ਜਿੱਥੇ ਇਸ ਦੀ ਫਸਲ ਬਹੁਤ ਅਧਿਕ ਹੋਣ ਲੱਗ ਗਈ, ਉੱਥੇ ਕਿਸਾਨਾਂ ਨੂੰ ਵੀ ਬਹੁਤ ਮੁਨਾਫ਼ਾ ਹੋਇਆ ਅਤੇ ਉਤਸ਼ਾਹ ਵਧਿਆ।
ਸਰਦਾਰ ਹਰੀ ਸਿੰਘ ਨੇ ਕਸ਼ਮੀਰ ਵਿਚ ਆਪਣੀ ਦੋ ਸਾਲ ਦੀ ਠਹਿਰ ਦੌਰਾਨ ਜਿੱਥੇ ਨਾਲ ਲੱਗਦੇ ਇਲਾਕੇ ਲਾਹੌਰ ਦਰਬਾਰ ਦੇ ਅਧੀਨ ਕੀਤੇ, ਉੱਥੇ ਦਸਤਕਾਰੀ ਵਿਚ ਵੀ ਕਸ਼ਮੀਰ ਨੂੰ ਬਹੁਤ ਵਿਕਸਿਤ ਕੀਤਾ। ਜੋ ਦਸਤਕਾਰੀ ਕਬੀਈਆਂ ਦੀ ਹਕੂਮਤ ਦੌਰਾਨ ਮਰ ਚੁੱਕੀ ਸੀ, ਜਾਂ ਮਰਨ ਕਿਨਾਰੇ ਪਹੁੰਚ ਗਈ ਸੀ, ਨੂੰ ਫਿਰ ਤੋਂ ਚਾਲੂ ਕਰਨ ਲਈ ਪੂਰੇ ਯਤਨ ਕੀਤੇ ਗਏ ਅਤੇ ਲੋਕਾਂ ਦੇ ਮਨ ਵਿਚ ਕੰਮ ਕਰਨ ਦੀ ਚਾਹ ਪੈਦਾ ਕੀਤੀ ਗਈ। ਕਸ਼ਮੀਰ ਦੇ ਦੁਸ਼ਾਲੇ, ਸ਼ਾਲਾਂ, ਪਸ਼ਮੀਨਾ ਅਤੇ ਰੇਸ਼ਮ ਦੂਰ-ਦੂਰ ਦੇਸ਼ਾਂ ਤਕ ਭੇਜਿਆ ਜਾਣ ਲੱਗਿਆ। ਕਾਗ਼ਜ਼ ਦੀ ਸੰਨਤ ਵਿਚ ਵੀ ਕਾਫ਼ੀ ਵਿਕਾਸ ਹੋਇਆ। ਇਨ੍ਹਾਂ ਦਸਤਕਾਰੀਆਂ ਜਾਂ ਸੰਨਤਾਂ ਨੂੰ ਉੱਨਤ ਕਰਨ ਲਈ ਸਰਕਾਰ ਵੱਲੋਂ ਕਾਰੀਗਰਾਂ ਦੀ ਬਹੁਤ ਮਦਦ ਕੀਤੀ ਗਈ। ਇਹ ਮਦਦ ਮਾਲੀ ਰੂਪ ਵਿਚ ਹੀ ਨਹੀਂ ਸੀ, ਸਗੋਂ ਕਸ਼ਮੀਰ ਵਿਚ ਬਣੀਆਂ ਚੀਜ਼ਾਂ ਨੂੰ ਦੂਰ-ਦੂਰ ਤਕ ਭੇਜਣ ਲਈ ਪੂਰੀ ਸਰਕਾਰੀ ਮਦਦ ਅਤੇ ਸਰਪ੍ਰਸਤੀ ਪ੍ਰਦਾਨ ਕੀਤੀ ਗਈ। ਇੱਥੋਂ ਹੀ ਕਸ਼ਮੀਰ ਦੀ ਦਸਤਕਾਰੀ ਜਾਂ ਵਪਾਰ ਦਾ ਸੁਨਹਿਰੀ ਯੁੱਗ ਸ਼ੁਰੂ ਹੁੰਦਾ ਹੈ। ਨਲਵਾ ਸਰਦਾਰ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਵੀ ਧਾਰਮਿਕ ਤੰਗ-ਨਜ਼ਰੀ ਦੂਰ ਕੀਤੀ ਅਤੇ ਪਰਸਪਰ ਪਿਆਰ ਨਾਲ ਰਹਿਣ ਲਈ ਮਾਨਸਿਕਤਾ ਵਿਚ ਪਰਿਵਰਤਨ ਲਿਆਂਦਾ।
ਮੁਸਲਮਾਨਾਂ ਦੇ ਸ਼ੀਆ ਅਤੇ ਸੁਨੀ ਫ਼ਿਰਕੇ ਵਾਲਿਆਂ ਦਾ ਵੀ ਵੈਰ-ਵਿਰੋਧ ਖ਼ਤਮ ਕਰਾਇਆ। ਦੋ ਸਾਲਾਂ ਦੌਰਾਨ ਕਿਸੇ ਪੁਕਾਰ ਦਾ ਕੋਈ ਸੰਪ੍ਰਦਾਇਕ ਦੰਗਾ ਜਾਂ ਝਗੜਾ ਕਸ਼ਮੀਰ ਵਿਚ ਨਾ ਹੋਇਆ ਅਤੇ ਲੋਕਾਂ ਦੀ ਆਰਥਿਕ ਹਾਲਤ ਕਾਫ਼ੀ ਮਜ਼ਬੂਤ ਹੋ ਗਈ। ਇਹ ਸਭ ਕੁਝ ਸਰਦਾਰ ਹਰੀ ਸਿੰਘ ਦੀ ਤੀਬਰ ਸੂਝ, ਦੂਰਅੰਦੇਸ਼ੀ ਅਤੇ ਸਦਭਾਵਨਾ ਕਰਕੇ ਹੋਇਆ। ਇਸ ਦੌਰਾਨ ਕਸ਼ਮੀਰ ਵਿਚ ਸਿੱਖੀ ਦਾ ਪ੍ਰਚਾਰ-ਪ੍ਰਸਾਰ ਵੀ ਕਾਫ਼ੀ ਹੋਇਆ।
ਮਹਾਰਾਜਾ ਰਣਜੀਤ ਸਿੰਘ ਨੂੰ ਸਰਦਾਰ ਨਲਵਾ ਕਸ਼ਮੀਰ ਦੀ ਰਾਜਨੀਤਿਕ ਸਥਿਤੀ ਬਾਰੇ ਨਾਲ-ਨਾਲ ਸੂਚਿਤ ਕਰਦਾ ਰਿਹਾ ਸੀ ਅਤੇ ਆਰਥਿਕ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਬਾਰੇ ਵੀ ਪੂਰੀ ਤਫ਼ਸੀਲ ਨਾਲ ਜਾਣਕਾਰੀ ਦਿੰਦਾ ਰਹਿੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਅਹਿਸਾਸ ਹੋ ਗਿਆ ਕਿ ਹੁਣ ਕੋਈ ਵੀ ਹੋਰ ਵਿਅਕਤੀ ਕਸ਼ਮੀਰ ਦਾ ਪ੍ਰਬੰਧ ਚਲਾ ਸਕੇਗਾ, ਇਸ ਲਈ ਸਰਦਾਰ ਹਰੀ ਸਿੰਘ ਨੂੰ ਰਾਜ ਦੇ ਵਿਸਤਾਰ ਲਈ ਕੀਤੀਆਂ ਜਾਣ ਵਾਲੀਆਂ ਮੁਹਿੰਮਾਂ ਦਾ ਕੰਮ ਸੌਂਪਣ ਲਈ ਲਾਹੌਰ ਵਾਪਸ ਬੁਲਾ ਲਿਆ।
ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਕਿ ਮੁੰਘੇਰ ਅਤੇ ਡੇਰਾ ਇਸਮਾਈਲ ਖ਼ਾਨ ਦੇ ਇਲਾਕੇ ਲਾਹੌਰ ਰਾਜ ਵਿਚ ਸ਼ਾਮਲ ਹੋਣੇ ਚਾਹੀਦੇ ਹਨ। ਇਨ੍ਹਾਂ ਇਲਾਕਿਆਂ ‘ਤੇ ਫ਼ੌਜਕਸ਼ੀ ਕਰਨ ਲਈ ਜਿੱਥੇ ਉਹ ਆਪ ਤਿਆਰ ਹੋ ਕੇ ਕੂਚ ਕਰਨ ਦੀ ਯੋਜਨਾ ਬਣਾ ਰਹੇ ਸਨ, ਉੱਥੇ ਉਨ੍ਹਾਂ ਨੇ ਸਰਦਾਰ ਹਰੀ ਸਿੰਘ ਨਲਵਾ ਦੀ ਫ਼ੌਜ ਨੂੰ ਨਾਲ ਲੈ ਜਾਣਾ ਬਹੁਤ ਜ਼ਰੂਰੀ ਸਮਝਿਆ। ਉਨ੍ਹਾਂ ਨੇ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਭੇਜ ਦਿੱਤਾ ਅਤੇ ਸਰਦਾਰ ਨਲਵਾ ਨੂੰ ਆਪਣੇ ਲਸ਼ਕਰ ਨਾਲ ਮਿਲਣ ਲਈ ਖੁਸ਼ਾਬ ਦਾ ਸਥਾਨ ਨਿਸਚਿਤ ਕੀਤਾ ਤਾਂ ਜੋ ਪੂਰੀ ਵਿਉਂਤਬੰਦੀ ਨਾਲ ਧਾਵਾ ਕੀਤਾ ਜਾ ਸਕੇ। ਸਰਦਾਰ ਹਰੀ ਸਿੰਘ ਨੇ 6 ਨਵੰਬਰ, 1821 ਨੂੰ ਕਸ਼ਮੀਰ ਤੋਂ ਕੂਚ ਕੀਤਾ।
ਕਸ਼ਮੀਰ ਤੋਂ ਚਲਣ ਤੋਂ ਪਹਿਲਾਂ ਉਸ ਨੇ ਇਕ ਸ਼ਾਹੀ ਦਰਬਾਰ ਕੀਤਾ। ਉਸ ਵਿਚ ਸਾਰੇ ਧਰਮਾਂ ਦੇ ਆਗੂਆਂ ਅਤੇ ਇਲਾਕੇ ਦੇ ਜ਼ਿੰਮੀਦਾਰਾਂ ਅਤੇ ਮੁਖੀਆਂ ਨੂੰ ਬੁਲਾਇਆ ਗਿਆ। ਉਸ ਦਰਬਾਰ ਵਿਚ ਨਲਵਾ ਸਰਦਾਰ ਨੇ ਲੋਕਾਂ ਦੇ ਮਿਲਵਰਤਨ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਹ ਵੀ ਆਸ ਪ੍ਰਗਟ ਕੀਤੀ ਕਿ ਅੱਗੋਂ ਲਈ ਵੀ ਇਹੀ ਸਥਿਤੀ ਬਣਾਈ ਰੱਖੀ ਜਾਏ। ਲੋਕਾਂ ਵੱਲੋਂ ਵੀ ਉਸ ਪੁਤੀ ਕ੍ਰਿਤਗਤਾ ਪੁਗਟਾਈ ਗਈ ਅਤੇ ਅਮਨ-ਚੈਨ ਰੱਖਣ ਲਈ ਵੀ ਆਸ਼ਵਸਤ ਕੀਤਾ ਗਿਆ। ਸਰਦਾਰ ਨਲਵਾ ਦੀ ਵਿਦਾਇਗੀ ਮੌਕੇ ਹੋਣ ਵਾਲੇ ਸਲ੍ਹ ਨੂੰ ਲੋਕਾਂ ਲਈ ਜਰਨਾ ਭਾਵੇਂ ਔਖਾ ਸੀ, ਪਰ ਉਸ ਨੇ ਜਨਤਾ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੇ ਜਾਣ ਦਾ ਵਿਸ਼ਵਾਸ ਦਿਵਾਉਂਦੇ ਹੋਇਆਂ ਸ੍ਰੀਨਗਰ ਤੋਂ ਪ੍ਰਸਥਾਨ ਕੀਤਾ।
ਮੁੰਘੇਰ ‘ਤੇ ਕਬਜ਼ਾ
ਮਾਂਗਲੀ, ਪਖਲੀ ਦਾ ਯੁੱਧ
ਸਰਦਾਰ ਹਰੀ ਸਿੰਘ ਆਪਣੀ ਸੱਤ ਹਜ਼ਾਰੀ ਫ਼ੌਜ ਨਾਲ ਸ੍ਰੀਨਗਰ ਤੋਂ ਤੁਰ ਪਿਆ। ਮੁਜ਼ੱਫ਼ਰਾਬਾਦ ਅਤੇ ਗੜ੍ਹੀ ਹਬੀਬੁੱਲਾ ਦੇ ਰਾਹੋਂ ਜਦ ਪਖਲੀ ਦੇ ਖੇਤਰ ਵਿਚ ਪਹੁੰਚਿਆ ਤਾਂ ਸੂਚਨਾ ਮਿਲੀ ਕਿ ਮਾਂਗਲੀ ਦੀ ਘਾਟੀ ਵਿਚ ਹਜ਼ਾਰੇ ਦੇ ਇਲਾਕੇ ਦੇ ਅਫ਼ਰੀਦੀ ਅਤੇ ਪਠਾਨ ਸਰਦਾਰ ਹਰੀ ਸਿੰਘ ਨਲਵਾ ਦੀ ਫ਼ੌਜ ਨੂੰ ਉੱਥੋਂ ਲੰਘਣ ਨਹੀਂ ਦੇਣਗੇ। ਨਲਵਾ ਸਰਦਾਰ ਨੇ ਸੋਚਿਆ ਕਿ ਵਿਅਰਥ ਵਿਚ ਖੂਨ-ਖਰਾਬਾ ਜੇ ਰੋਕਿਆ ਜਾ ਸਕੇ ਤਾਂ ਬਹੁਤ ਹੀ ਚੰਗਾ ਹੋਵੇਗਾ। ਇਸ ਲਈ ਉਸ ਨੇ ਸਰਦਾਰ ਧੰਨਾ ਸਿੰਘ ਮਲਵਈ ਨੂੰ ਪਠਾਨਾਂ ਕੋਲ ਇਹ ਦੱਸਣ ਲਈ ਭੇਜਿਆ ਕਿ ਖਾਲਸਾ ਫ਼ੌਜ ਕਿਸੇ ਪ੍ਰਕਾਰ ਦੀ ਕੋਈ ਲੜਾਈ ਕਰਨ ਲਈ ਨਹੀਂ ਆਈ। ਇਸ ਨੇ ਤਾਂ ਕੇਵਲ ਉੱਥੋਂ ਲੰਘਣਾ ਹੈ। ਪਠਾਨਾਂ ਨੇ ਸਰਦਾਰ ਧੰਨਾ ਸਿੰਘ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਉਹ ਨਿਰਾਸ਼ ਹੋ ਕੇ ਨਲਵਾ ਸਰਦਾਰ ਕੋਲ ਆਇਆ। ਸਾਰੀ ਸਥਿਤੀ ਦੱਸੀ।
ਨਲਵਾ ਸਰਦਾਰ ਨੇ ਭੇਸ ਬਦਲ ਕੇ ਇਲਾਕੇ ਦਾ ਨਿਰੀਖਣ ਕੀਤਾ ਅਤੇ ਅਫ਼ਗ਼ਾਨਾਂ ਦੀ ਮੋਰਚਾਬੰਦੀ ਵੇਖੀ। ਉਸ ਦੌਰਾਨ ਜੋ ਗੱਲ ਉਨ੍ਹਾਂ ਨੂੰ ਪਤਾ ਲੱਗੀ ਉਹ ਸੀ, ਮੀਂਹ ਪੈਣ ਵੇਲੇ ਛੱਤਾਂ ‘ਤੇ ਮਿੱਟੀ ਦੀ ਕੁਟਾਈ, ਤਾਂ ਜੋ ਛੱਤਾਂ ਨਾ ਚੋਣ। ਉਦੋਂ ਬੱਦਲ ਛਾਏ ਹੋਏ ਸਨ। ਸਰਦਾਰ ਹਰੀ ਸਿੰਘ ਭੇਤ ਦੀ ਗੱਲ ਸਮਝ ਕੇ ਆਪਣੇ ਠਿਕਾਣੇ ‘ਤੇ ਵਾਪਸ ਆਇਆ ਅਤੇ ਆਪਣੇ ਸਰਦਾਰਾਂ ਨਾਲ ਵਿਚਾਰ- ਵਟਾਂਦਰਾ ਕਰ ਕੇ ਸਾਰੀ ਫ਼ੌਜ ਨੂੰ ਤਿੰਨ ਧਿਰਾਂ ਵਿਚ ਵੰਡ ਕੇ ਇਕਦਮ ਪਠਾਨਾਂ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ। ਕਿਉਂਕਿ ਉਨ੍ਹਾਂ ਨੂੰ ਸੋਧਣ ਦਾ ਇਹੀ ਤਰੀਕਾ ਸੀ। ਘਟਨਾ 10 ਨਵੰਬਰ, 1821 ਦੀ ਹੈ। ਉਸ ਦਿਨ ਘਮਸਾਨ ਯੁੱਧ ਹੋਇਆ। ਅਫ਼ਗ਼ਾਨ ਹਾਰ ਗਏ ਅਤੇ ਦਿਨ ਛੁਪਣ ਦਾ ਲਾਭ ਉਠਾ ਕੇ ਖਿਸਕ ਗਏ। ਉਨ੍ਹਾਂ ਦੀ ਫ਼ੌਜ ਦਾ ਜਾਨੀ ਅਤੇ ਮਾਲੀ ਬਹੁਤ ਨੁਕਸਾਨ ਹੋਇਆ। ਖਾਲਸੇ ਨੇ ਪਠਾਨਾਂ ਤੋਂ ਉਨ੍ਹਾਂ ਦੇ ਹਥਿਆਰ ਖੋਹ ਲਏ। ਇਸ ਤੋਂ ਇਲਾਵਾ ਅਨਾਜ ਦੇ ਅੰਬਾਰ, ਬੇਅੰਤ ਪਸ਼ੂ ਅਤੇ ਘੋੜੇ ਕਾਬੂ ਕਰ ਲਏ। ਇਸ ਨਾਲ ਖਾਲਸਾ ਫ਼ੌਜ ਦਾ ਸਹਿਮ ਪਠਾਨਾਂ ਵਿਚ ਛਾ ਗਿਆ। ਸਵੇਰ ਹੁੰਦਿਆਂ ਹੀ ਉਹ ਚਿੱਟੇ ਝੰਡੇ ਲੈ ਕੇ ਸਰਦਾਰ ਨਲਵਾ ਦੇ ਪੇਸ਼ ਹੋਏ। ਆਪਣੇ ਕੀਤੇ ਲਈ ਮਾਫ਼ੀ ਮੰਗੀ ਅਤੇ ਸਰਦਾਰ ਜੀ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਸਹਿਮਤ ਹੋ ਗਏ। ਉਨ੍ਹਾਂ ਸ਼ਰਤਾਂ ਵਿਚੋਂ ਇਕ ਇਹ ਵੀ ਸੀ ਕਿ ਹਰ ਘਰ ਤੋਂ ਪੰਜ ਰੁਪਏ ਜੰਗ ਦੇ ਦੰਡ ਵਜੋਂ ਵਸੂਲ ਕੀਤੇ ਜਾਣ। ਆਰਾਮ ਕਰਨ ਲਈ ਖਾਲਸਾ ਫ਼ੌਜ ਉੱਥੇ ਤਿੰਨ ਦਿਨ ਰਹੀ। ਫੱਟੜਾਂ ਦੇ ਇਲਾਜ ਲਈ ਪੰਜਾ ਸਾਹਿਬ ਦੇ ਠਿਕਾਣੇ ‘ਤੇ ਭੇਜਿਆ ਗਿਆ । 14 ਨਵੰਬਰ ਨੂੰ ਖਾਲਸਾ ਫ਼ੌਜ ਨੇ ਮਾਂਗਲੀ ਤੋਂ ਕੂਚ ਕੀਤਾ।
ਮਾਂਗਲੀ ਤੋਂ ਚੱਲ ਕੇ ਸਰਦਾਰ ਹਰੀ ਸਿੰਘ 28 ਨਵੰਬਰ, 1821 ਨੂੰ ਖੁਸ਼ਾਬ ਜਾ ਪਹੁੰਚਿਆ। ਮਹਾਰਾਜਾ ਸਾਹਿਬ ਪਹਿਲਾਂ ਹੀ ਆਪਣੇ ਦਲ ਬਲ ਸਹਿਤ ਉੱਥੇ ਠਹਿਰੇ ਹੋਏ ਸਨ ਅਤੇ ਨਲਵਾ ਸਰਦਾਰ ਦੀ ਉਡੀਕ ਕਰ ਰਹੇ ਸਨ। ਇਸ ਦੇ ਪਹੁੰਚਣ ‘ਤੇ ਮਾਂਗਲੀ ਦੀ ਜਿੱਤ ਕਰਕੇ ਮਹਾਰਾਜਾ ਸਾਹਿਬ ਨੇ ਬਹੁਤ ਖੁਸ਼ੀ ਮੰਨਾਈ ਅਤੇ ਜੇਤੂ ਫ਼ੌਜ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਦੂਜੇ ਦਿਨ ਦਰਬਾਰ ਲਗਾ ਕੇ ਮਹਾਰਾਜਾ ਸਾਹਿਬ ਨੇ ਸ. ਹਰੀ ਸਿੰਘ ਅਤੇ ਉਸ ਦੀ ਫ਼ੌਜ ਦੀ ਪ੍ਰਸੰਸਾ ਕੀਤੀ ਅਤੇ ਸਭ ਨੂੰ ਇਨਾਮ ਅਤੇ ਸਨਮਾਨ ਬਖ਼ਸ਼ੇ। ਮਾਂਗਲੀ ਦਾ ਫਤਹਿ ਕੀਤਾ ਇਲਾਕਾ ਨਲਵਾ ਸਰਦਾਰ ਨੂੰ ਜਾਗੀਰ ਵਜੋਂ ਬਖ਼ਸ਼ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਚਿਰ ਤੋਂ ਮਹਿਸੂਸ ਕਰ ਰਹੇ ਸਨ ਕਿ ਮੁੰਘੇਰ ਦਾ ਇਲਾਕਾ ਅਫ਼ਗ਼ਾਨਿਸਤਾਨ ਸਰਕਾਰ ਦੇ ਅਧੀਨ ਅਟਕ ਦਰਿਆ ਤੋਂ ਪਾਰ ਇਕ ਮਹੱਤਵਪੂਰਣ ਰਿਆਸਤ ਹੈ। ਉਸ ਦਾ ਸਾਲਾਨਾ ਮਾਲੀਆ ਦਸ ਲੱਖ ਸੀ। ਇਸ ਰਿਆਸਤ ਦਾ ਸਰਦਾਰ ਹਾਫ਼ਜ਼ ਅਹਿਮਦ ਖ਼ਾਨ ਆਪਣੇ ਵਕਤ ਦਾ ਬਹੁਤ ਬਹਾਦਰ ਸਰਦਾਰ ਮੰਨਿਆ ਜਾਂਦਾ ਸੀ। ਮਹਾਰਾਜਾ ਸਾਹਿਬ ਨੇ ਜਦੋਂ ਟਿਵਾਣਿਆਂ ਦੇ ਇਲਾਕੇ ‘ਤੇ ਫ਼ੌਜਕਸ਼ੀ ਕਰਵਾਈ ਤਾਂ ਮੁੰਘੇਰ ਦਾ ਨਵਾਬ ਟਿਵਾਣਿਆਂ ਦੀ ਮਦਦ ਕਰ ਰਿਹਾ ਸੀ। ਇਸ ਤੋਂ ਇਲਾਵਾ ਜਦੋਂ ਟਿਵਾਣਿਆਂ ਦਾ ਸਰਦਾਰ ਅਹਿਮਦ ਯਾਰ ਖਾਨ ਹਾਰ ਕੇ ਭੱਜਿਆ ਤਾਂ ਮੁੰਘੇਰ ਦੇ ਨਵਾਬ ਨੇ ਉਸ ਨੂੰ ਜੰਡਵਾਲਾ ਦੇ ਕਿਲੇ ਵਿਚ ਪਨਾਹ ਦਿੱਤੀ ਸੀ। ਦੂਜੇ, ਉਹ ਅਫ਼ਗ਼ਾਨਿਸਤਾਨ ਦੀ ਹਕੂਮਤ ਦੇ ਉਕਸਾਉਣ ‘ਤੇ ਕੋਈ ਨਾ ਕੋਈ ਸਮੱਸਿਆ ਲਾਹੌਰ ਦਰਬਾਰ ਲਈ ਖੜੀ ਕਰੀ ਰੱਖਦਾ ਸੀ। ਇਸ ਲਈ ਮਹਾਰਾਜਾ ਸਾਹਿਬ ਨੇ ਮਨ ਬਣਾਇਆ ਕਿ ਮੁੰਘੇਰ ਦੀ ਰਿਆਸਤ ਨੂੰ ਅਫ਼ਗ਼ਾਨਿਸਤਾਨ ਨਾਲੋਂ ਤੋੜ ਕੇ ਖਾਲਸਾ ਰਾਜ ਵਿਚ ਸ਼ਾਮਲ ਕੀਤਾ ਜਾਏ। ਜਦੋਂ ਹੋਰਾਂ ਮੁਹਿੰਮਾਂ ਤੋਂ ਮਹਾਰਾਜਾ ਕੁਝ ਵੇਹਲਾ ਹੋਇਆ ਤਾਂ ਮੁੰਘੇਰ ‘ਤੇ ਹਮਲਾ ਕਰਕੇ ਇਸ ਨੂੰ ਆਪਣੇ ਅਧੀਨ ਕਰਨ ਦੀ ਤਿਆਰੀ ਵਿਚ ਰੁਝ ਗਿਆ ਅਤੇ ਸਾਰੀ ਫ਼ੌਜ ਦਾ ਇਕੱਠ ਖੁਸ਼ਾਬ ਨਾਂ ਦੇ ਨਗਰ ਨੇੜੇ ਕਰਨਾ ਸ਼ੁਰੂ ਕਰ ਦਿੱਤਾ। ਉੱਧਰ ਸ. ਹਰੀ ਸਿੰਘ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਬੁਲਾ ਲਿਆ। ਸ. ਹਰੀ ਸਿੰਘ ਨਲਵਾ ਆਪਣੀ ਫ਼ੌਜ ਸਹਿਤ 28 ਨਵੰਬਰ, 1821 ਨੂੰ ਖੁਸ਼ਾਬ ਪਹੁੰਚ ਗਿਆ। ਸਾਰੇ ਫ਼ੌਜੀ ਅਫਸਰਾਂ ਅਤੇ ਨਲਵਾ ਸਰਦਾਰ ਨਾਲ ਵਿਚਾਰ-ਵਟਾਂਦਰਾ ਕਰਕੇ ਹਮਲੇ ਦੀ ਤਿਆਰੀ ਕਰ ਲਈ ਗਈ। ਮੁੰਘੇਰ ਰਿਆਸਤ ਦੇ ਨਵਾਬ ਨੇ ਵੈਰੀਆਂ ਤੋਂ ਆਪਣੇ ਰਾਜ ਨੂੰ ਸੁਰੱਖਿਅਤ ਰੱਖਣ ਲਈ ਮੁੰਘੇਰ ਦੇ ਇਰਦ-ਗਿਰਦ ਦੂਰ-ਦੂਰ 12 ਮਜ਼ਬੂਤ ਕਿਲੇ ਬਣਵਾਏ ਹੋਏ ਸਨ। ਇਸ ਲਈ ਮੁੰਘੇਰ ਨੂੰ ਫਤਹਿ ਕਰਨਾ ਕੋਈ ਸਰਲ ਕੰਮ ਨਹੀਂ ਸੀ। ਦੂਜੇ, ਉਹ ਇਲਾਕਾ ਰੇਤਲਾ ਥਲ ਸੀ । ਪਾਣੀ ਦੀ ਉੱਥੇ ਬਹੁਤ ਕਿੱਲਤ ਸੀ। ਇਸ ਲਈ ਉੱਧਰ ਨੂੰ ਫ਼ੌਜਕਸ਼ੀ ਕਰਨਾ ਬਹੁਤ ਔਖਾ ਕਾਰਜ ਸਮਝਿਆ ਜਾਂਦਾ ਸੀ । ਇਨ੍ਹਾਂ ਸਾਰਿਆਂ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਫ਼ੌਜ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਸਰਦਾਰ ਦਲ ਸਿੰਘ ਅਤੇ ਸ. ਖੁਸ਼ਾਲ ਸਿੰਘ ਨੂੰ ਡੇਰਾ ਇਸਮਾਈਲ ਖ਼ਾਨ ‘ਤੇ ਫ਼ੌਜਕਸ਼ੀ ਦੀ ਜ਼ਿੰਮੇਵਾਰੀ ਸੌਂਪੀ ਗਈ। ਜਰਨੈਲ ਦੀਵਾਨ ਚੰਦ ਅਤੇ ਦੀਵਾਨ ਕ੍ਰਿਪਾ ਰਾਮ ਨੂੰ ਖਾਨਗੜ ਅਤੇ ਮੌਜਗੜ੍ਹ ਵਾਲੇ ਪਾਸਿਓਂ ਹਮਲਾ ਕਰਨ ਦਾ ਕੰਮ ਸੰਭਾਲਿਆ ਗਿਆ। ਸਰਦਾਰ ਹਰੀ ਸਿੰਘ ਨਲਵਾ ਨੂੰ ਆਪਣੀ ਫ਼ੌਜ ਸਹਿਤ ਮੁੰਘੇਰ ‘ਤੇ ਹਮਲਾ ਕਰਨ ਲਈ ਜ਼ਿੰਮੇਵਾਰੀ ਸੌਂਪੀ ਗਈ ਅਤੇ ਇਕ ਵੱਡਾ ਫ਼ੌਜੀ ਦਲ ਮਹਾਰਾਜਾ ਸਾਹਿਬ ਨੇ ਆਪਣੇ ਅਧੀਨ ਰੱਖਿਆ ਤਾਂ ਜੋ ਲੋੜ ਪੈਣ ‘ਤੇ ਮਦਦ ਵਜੋਂ ਭੇਜਿਆ ਜਾ ਸਕੇ। ਆਖ਼ਰ ਇਕ ਦਸੰਬਰ ਨੂੰ ਅਖੰਡ ਪਾਠ ਰਖਵਾ ਕੇ 3 ਦਸੰਬਰ ਨੂੰ ਭੋਗ ਪਾ ਕੇ ਅਰਦਾਸ ਕਰਨ ਉਪਰੰਤ ਫ਼ੌਜ ਨੇ ਹਮਲਾ ਕਰਨ ਲਈ ਕੂਚ ਕਰ ਦਿੱਤਾ।
ਸਰਦਾਰ ਹਰੀ ਸਿੰਘ ਨਲਵਾ ਨੇ ਆਪਣੀ 6500 ਸੈਨਿਕਾਂ ਦੀ ਫ਼ੌਜ ਨਾਲ ਮੁੰਘੇਰ ਵੱਲ ਰੁਖ ਕੀਤਾ। ਰਸਤੇ ਵਿਚ ਪੈਂਦੇ ਸੱਤ ਕਿਲਿਆਂ ਨੂੰ ਤਿੰਨ ਦਿਨਾਂ ਵਿਚ ਜਿੱਤਿਆ ਅਤੇ ਉੱਥੋਂ ਦੇ ਸਾਜ਼ੋ-ਸਾਮਾਨ ‘ਤੇ ਕਬਜ਼ਾ ਕੀਤਾ। ਚੌਥੇ ਦਿਨ, ਦਿਨ ਚੜ੍ਹਨ ਤੋਂ ਪਹਿਲਾਂ ਹੀ ਮੁੰਘੇਰ ‘ਤੇ ਹਮਲਾ ਕਰ ਦਿੱਤਾ। ਉੱਥੋਂ ਦਾ ਨਵਾਬ ਹਾਫ਼ਿਜ਼ ਅਹਿਮਦ ਖ਼ਾਨ ਵੀ ਪੂਰੀ ਤਿਆਰੀ ਨਾਲ ਡਟਿਆ ਹੋਇਆ ਸੀ। ਚਾਰ ਦਿਨ ਤਕ ਦੋਹਾਂ ਪਾਸਿਓਂ ਗੋਲਾਬਾਰੀ ਹੁੰਦੀ ਰਹੀ, ਪਰ ਟੱਕਰ ਬਰਾਬਰ ਦੀ ਰਹੀ। ਪੰਜਵੇਂ ਦਿਨ ਖਾਲਸਾ ਸੈਨਾ ਨੇ ਇਤਨੀ ਜ਼ਿਆਦਾ ਗੋਲਾਬਾਰੀ ਕੀਤੀ ਕਿ ਨਗਰ ਦੀ ਫ਼ਸੀਲ ਡਿਗ ਗਈ ਅਤੇ ਖਾਲਸਾ ਫ਼ੌਜ ਨੇ ਨਗਰ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਕਿਲੇ ਦੀ ਵਾਰੀ ਆਈ। ਕਿਲਾ ਬਹੁਤ ਮਜ਼ਬੂਤ ਸੀ। ਦੋਹਾਂ ਪਾਸਿਓਂ ਤੋਪਾਂ ਦੀ ਮਾਰ ਹੁੰਦੀ ਰਹੀ। ਨਵਾਬ ਦੇ ਸੈਨਿਕਾਂ ਵਿਚ ਬਹੁਤ ਘਬਰਾਹਟ ਸੀ ਕਿਉਂਕਿ ਉਹ ਆਪਣੇ ਆਪ ਨੂੰ ਖਾਲਸਾ ਫ਼ੌਜ ਦੇ ਮੇਚ ਦਾ ਨਹੀਂ ਸਮਝਦੇ ਸਨ। ਕੁਝ ਸਹਾਇਕ ਅਫ਼ਗ਼ਾਨ ਸਰਦਾਰ ਤਾਂ ਇੱਥੋਂ ਤਕ ਭੈਭੀਤ ਹੋ ਗਏ ਕਿ ਉਹ ਕਿਲੇ ਨੂੰ ਛੱਡ ਕੇ ਬਾਹਰ ਸੁਰੱਖਿਅਤ ਥਾਵਾਂ ਵੱਲ ਖਿਸਕ ਗਏ। ਕੁਝ ਅਜਿਹੇ ਵੀ ਸਨ ਜੋ ਸਰਦਾਰ ਹਰੀ ਸਿੰਘ ਦੀ ਸ਼ਰਣ ਵਿਚ ਆ ਗਏ ਅਤੇ ਕਿਲੇ ‘ਤੇ ਕਬਜ਼ਾ ਕਰਨ ਦੇ ਰਾਜ ਵੀ ਦੱਸਣ ਲੱਗ ਗਏ। ਉਨ੍ਹਾਂ ਨੇ ਦੱਸਿਆ ਕਿ ਕਿਲੇ ਦੀ ਪੱਛਮੀ ਬਾਹੀ ਖਾਲਸੇ ਦੀਆਂ ਤੋਪਾਂ ਨਾਲ ਹਿਲ ਚੁੱਕੀ ਹੈ। ਜੇ ਇਸ ਪਾਸਿਓਂ ਜ਼ੋਰ ਦਾ ਹੱਲਾ ਬੋਲਿਆ ਜਾਏ ਤਾਂ ਦੀਵਾਰ ਡਿਗ ਸਕਦੀ ਹੈ। ਦੂਜੇ ਦਿਨ ਸਰਦਾਰ ਨਲਵਾ ਨੇ ਉੱਧਰ ਵੱਲ ਤੋਪਾਂ ਬੀੜ ਦਿੱਤੀਆਂ। ਦੁਪਹਿਰ ਤਕ ਹੁੰਦੀ ਗੋਲਾਬਾਰੀ ਦੇ ਨਤੀਜੇ ਵਜੋਂ ਕਿਲੇ ਦੀ ਦੀਵਾਰ ਡਿਗ ਗਈ। ਇਸੇ ਇੰਤਜਾਰ ਵਿਚ ਬੈਠੇ ਨਲਵਾ ਸਰਦਾਰ ਨੇ ਆਪਣੇ ਦੋ ਹਜ਼ਾਰ ਸਿਪਾਹੀਆਂ ਸਮੇਤ ਕਿਲੇ ਅੰਦਰ ਪ੍ਰਵੇਸ਼ ਕੀਤਾ। ਅੱਗੋਂ ਨਵਾਬ ਵੀ ਆਪਣੇ ਪੰਜ ਹਜ਼ਾਰ ਸਿਪਾਹੀਆਂ ਸਮੇਤ ਜ਼ਿੰਦਗੀ ਦੀ ਅੰਤਿਮ ਜੰਗ ਲੜਨ ਦੇ ਇਰਾਦੇ ਨਾਲ ਜਾਨਾਂ ਹੂਲ ਕੇ ਲੜ ਰਿਹਾ ਸੀ, ਪਰ ਖਾਲਸੇ ਦੇ ਜੋਸ਼ ਦੇ ਉਮਡੇ ਹੋਏ ਹੜ੍ਹ ਅੱਗੇ ਉਹ ਬਹੁਤਾ ਚਿਰ ਨਾ ਟਿਕ ਸਕਿਆ ਅਤੇ ਆਪਣੇ ਹਰਮ ਵਿਚ ਜਾ ਲੁਕਿਆ। ਸਰਦਾਰ ਨਲਵਾ ਨੇ ਹਰਮ ਵਿਚ ਆਪਣੀ ਫ਼ੌਜ ਨੂੰ ਦਾਖਲ ਹੋਣੋਂ ਰੋਕ ਦਿੱਤਾ ਅਤੇ ਕੁਝ ਜ਼ਿੰਮੇਵਾਰ ਅਧਿਕਾਰੀਆਂ ਦੀ ਦੇਖ-ਰੇਖ ਵਿਚ ਹਰਮ ਨੂੰ ਛੱਡ ਕੇ ਕਿਲੇ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੇ ਕੰਮ ਵਿਚ ਲੱਗ ਗਿਆ। ਜਦੋਂ ਨਵਾਬ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਹੁਣ ਬਚਣ ਦਾ ਕੋਈ ਸਾਧਨ ਨਹੀਂ ਰਿਹਾ, ਤਾਂ ਉਸ ਨੇ ਆਪਣੇ ਦੋ ਇਤਬਾਰੀ ਅਧਿਕਾਰੀਆਂ (ਕਾਜ਼ੀ ਗੁਲ ਮੁਹੰਮਦ ਅਤੇ ਅਲੀ ਜਾਹ ਸਕੰਦਰ ਖਾਨ) ਨੂੰ ਸਰਦਾਰ ਹਰੀ ਸਿੰਘ ਕੋਲ ਭੇਜਿਆ ਅਤੇ ਬੇਨਤੀ ਕੀਤੀ ਕਿ ਮੈਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ। ਹੁਣ ਕ੍ਰਿਪਾ ਕਰਕੇ ਮੇਰੀ ਜਾਨ ਬਖ਼ਸ਼ੀ ਜਾਏ ਅਤੇ ਮੈਨੂੰ ਆਪਣੀਆਂ ਬੇਗਮਾਂ ਸਹਿਤ ਇੱਥੋਂ ਬਾਹਰ ਨਿਕਲ ਜਾਣ ਦਿੱਤਾ ਜਾਏ। ਨਲਵਾ ਸਰਦਾਰ ਨੇ ਉਨ੍ਹਾਂ ਦੋਹਾਂ ਨੂੰ ਮਹਾਰਾਜਾ ਸਾਹਿਬ ਕੋਲ ਭੇਜ ਦਿੱਤਾ ਅਤੇ ਕਹਿ ਭੇਜਿਆ ਕਿ ਜੇ ਹੋ ਸਕੇ ਤਾਂ ਨਵਾਬ ‘ਤੇ ਤਰਸ ਕੀਤਾ ਜਾਏ। ਮਹਾਰਾਜਾ ਸਾਹਿਬ ਨੇ ਬੜੀ ਉਦਾਰਤਾ ਨਾਲ ਸਰਦਾਰ ਹਰੀ ਸਿੰਘ ਦੀ ਸਿਫ਼ਾਰਿਸ਼ ਨੂੰ ਮੰਨਿਆ ਅਤੇ ਡੇਰਾ ਇਸਮਾਈਲ ਖਾਨ ਵਿਚ ਗੁਜ਼ਾਰੇ ਲਈ ਜਾਗੀਰ ਵੀ ਬਖ਼ਸ਼ ਦਿੱਤੀ। ਦੂਜੇ ਦਿਨ 20 ਦਸੰਬਰ, 1821 ਨੂੰ ਨਵਾਬ ਖੁਦ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿਚ ਆਇਆ। ਮਹਾਰਾਜਾ ਸਾਹਿਬ ਨੇ ਬੜੀ ਉਦਾਰਤਾ ਨਾਲ ਉਸ ਦਾ ਸ਼ਾਹੀ ਸਨਮਾਨ ਕਰਕੇ ਉਸ ਨੂੰ ਅੱਗੋਂ ਲਈ ਭੈ-ਮੁਕਤ ਕਰ ਦਿੱਤਾ।
ਕਿਲੇ ‘ਤੇ ਕਬਜ਼ਾ ਕਰਨ ਤੋਂ ਬਾਅਦ ਪਹਿਲਾਂ ਖਜ਼ਾਨਾ ਸੰਭਾਲਿਆ ਗਿਆ ਅਤੇ ਫਿਰ ਦੇ ਦਰਜਨ ਦੇ ਕਰੀਬ ਤੋਪਾਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਤਲਵਾਰਾਂ ਅਤੇ ਬਰਛੀਆਂ ਹੱਥ ਚੜੀਆਂ। ਫ਼ੌਜ ਨੂੰ ਉੱਥੇ ਟਿਕਾਉਣ ਲਈ ਸਭ ਤੋਂ ਵੱਡੀ ਔਕੜ ਪਾਣੀ ਦੀ ਘਾਟ ਦੀ ਸੀ। ਸਰਦਾਰ ਨਲਵਾ ਨੇ ਆਪਣੇ ਫ਼ੌਜੀਆਂ ਨੂੰ ਉਤਸ਼ਾਹਤ ਕਰਕੇ ਵੀਹ ਖੂਹ ਪੁਟਵਾਏ ਜਿਨ੍ਹਾਂ ਤੋਂ ਨਿਕਲੇ ਮਿੱਠੇ ਪਾਣੀ ਨਾਲ ਪਾਣੀ ਦਾ ਸੰਕਟ ਖਤਮ ਹੋ ਗਿਆ। ਇਸ ਤਰ੍ਹਾਂ ਮੁੰਘੇਰ ਦੀ ਰਿਆਸਤ ਨੂੰ ਖਾਲਸਾ ਦਰਬਾਰ ਦੇ ਅਧੀਨ ਕੀਤਾ ਗਿਆ। ਅਗਲੇ ਦਿਨ ਇਕ ਸ਼ਾਹੀ ਦਰਬਾਰ ਕੀਤਾ ਗਿਆ ਜਿਸ ਵਿਚ ਅਦੁੱਤੀ ਬਹਾਦਰੀ ਵਿਖਾਉਣ ਵਾਲੇ ਸੈਨਿਕਾਂ ਨੂੰ ਇਨਾਮ ਦਿੱਤੇ ਗਏ। ਅਧਿਕਾਰੀਆਂ ਨੂੰ ਖਿਲਤਾਂ ਨਾਲ ਸਨਮਾਨਤ ਕੀਤਾ ਗਿਆ। ਸਰਦਾਰ ਹਰੀ ਸਿੰਘ ਨਲਵਾ ਨੂੰ ਆਦਰ ਸਨਮਾਨ ਤੋਂ ਇਲਾਵਾ ਜਾਗੀਰ ਵੀ ਬਖਸ਼ੀ ਗਈ। ਸਰਦਾਰ ਅਮਰ ਸਿੰਘ ਸੰਧਾਵਾਲੀਆ ਨੂੰ ਉੱਥੋਂ ਦਾ ਪਹਿਲਾ ਗਵਰਨਰ ਸਥਾਪਤ ਕੀਤਾ ਗਿਆ। ਇਸ ਤਰ੍ਹਾਂ ਸਭ ਤਰ੍ਹਾਂ ਦਾ ਯੋਗ ਪੁਬੰਧ ਕਰਕੇ ਮਹਾਰਾਜਾ ਸਾਹਿਬ ਆਪਣੇ ਲਸ਼ਕਰ ਨਾਲ 27 ਜਨਵਰੀ, 1822 ਨੂੰ ਲਾਹੌਰ ਪਰਤ ਆਏ। ਜੇਤੂ ਸੈਨਾ ਦਾ ਬੜਾ ਸ਼ਾਹਾਨਾ ਸਵਾਗਤ ਕੀਤਾ ਗਿਆ ਅਤੇ ਲਾਹੌਰ ਤੇ ਅੰਮ੍ਰਿਤਸਰ ਨਗਰਾਂ ਵਿਚ ਕਈ ਦਿਨ ਦੀਪਮਾਲਾ ਕੀਤੀ ਗਈ।
ਹਜ਼ਾਰੇ ‘ਤੇ ਅਧਿਕਾਰ
ਮੁੰਘੇਰ ਦੀ ਜਿੱਤ ਦੀ ਖੁਸ਼ੀ ਨੂੰ ਅਜੇ ਮਨਾਇਆ ਹੀ ਜਾ ਰਿਹਾ ਸੀ ਕਿ ਹਜ਼ਾਰੇ ਦੇ ਇਲਾਕੇ ਵੱਲੋਂ ਖਬਰ ਆਈ ਕਿ ਅਫ਼ਗ਼ਾਨਾਂ ਨੇ ਫਿਰ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਬਗ਼ਾਵਤ ਕਰਨ ਲਈ ਤਿਆਰ ਹੋ ਰਹੇ ਹਨ। ਉਨ੍ਹਾਂ ਦੇ ਵਿਦਰੋਹ ਨੂੰ ਦਬਾਉਣ ਲਈ ਸ. ਅਮਰ ਸਿੰਘ ਮਜੀਠੀਆ ਨੇ ਯਤਨ ਕੀਤਾ, ਪਰ ਲੜਾਕੂਆਂ ਵਿਰੁੱਧ ਕਾਰਵਾਈ ਕਰਨ ਦੌਰਾਨ ਉਸ ਦਾ ਪਾਣ-ਅੰਤ ਹੋ ਗਿਆ। ਮਹਾਰਾਜਾ ਸਾਹਿਬ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ। ਮਹਾਰਾਜਾ ਸਾਹਿਬ ਨੇ ਜਰਨੈਲ ਦੀਵਾਨ ਚੰਦ ਅਤੇ ਜਰਨੈਲ ਕ੍ਰਿਪਾ ਰਾਮ ਨੂੰ ਤੁਰੰਤ ਸੈਨਿਕਾਂ ਸਹਿਤ ਹਜ਼ਾਰੇ ਵੱਲ ਤੋਰ ਦਿੱਤਾ। ਪਰ ਮਹਾਰਾਜਾ ਸਾਹਿਬ ਚਾਹੁੰਦੇ ਸਨ ਕਿ ਨਿੱਤ-ਨਿੱਤ ਦੇ ਝਗੜਿਆਂ ਅਤੇ ਬਗਾਵਤਾਂ ਨੂੰ ਖ਼ਤਮ ਕਰਨ ਲਈ ਪਿਸ਼ਾਵਰ ਤਕ ਦਾ ਸਾਰਾ ਸਰਹੱਦੀ ਇਲਾਕਾ ਲਾਹੌਰ ਦਰਬਾਰ ਅਧੀਨ ਕਰ ਲਿਆ ਜਾਏ। ਪਰ ਇਸ ਮਹਾਨ ਕੰਮ ਲਈ ਸਭ ਤੋਂ ਪਹਿਲਾਂ ਹਜ਼ਾਰੇ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਅਧੀਨ ਕਰਨਾ ਹੋਵੇਗਾ। ਇਸ ਲਈ ਮਹਾਰਾਜਾ ਸਾਹਿਬ ਨੇ ਸਾਰੇ ਸਰਦਾਰਾਂ, ਵਜ਼ੀਰਾਂ ਅਤੇ ਜਰਨੈਲਾਂ ਨਾਲ ਸਲਾਹ ਕੀਤੀ ਅਤੇ ਫ਼ੈਸਲਾ ਹੋਇਆ ਕਿ ਸਭ ਤੋਂ ਪਹਿਲਾਂ ਹਜ਼ਾਰੇ ਦੇ ਇਲਾਕੇ ਉਪਰ ਪੂਰੀ ਤਰ੍ਹਾਂ ਕਾਬੂ ਪਾਇਆ ਜਾਏ ਅਤੇ ਫਿਰ ਉੱਥੋਂ ਅੱਗੇ ਕਦਮ ਪੁੱਟੇ ਜਾਣ। ਇਸ ਲਈ ਨਲਵਾ ਸਰਦਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹਜ਼ਾਰੇ ਨੂੰ ਪੂਰੀ ਤਰ੍ਹਾਂ ਅਧੀਨ ਕਰਨ ਲਈ ਅਤੇ ਅੱਗੋਂ ਲਈ ਅਮਨ-ਅਮਾਨ ਕਾਇਮ ਰੱਖਣ ਲਈ ਸਰਦਾਰ ਹਰੀ ਸਿੰਘ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ । ਸਰਕਾਰੀ ਸਨਮਾਨਾਂ ਨਾਲ ਉਸ ਨੂੰ ਆਪਣੀ ਸੈਨਾ ਸਹਿਤ ਲਾਹੌਰ ਤੋਂ ਰਵਾਨਾ ਕੀਤਾ ਗਿਆ ਅਤੇ ਉਹ 27 ਫਰਵਰੀ, 1822 ਨੂੰ ਸਰਾਏ ਸਾਲੋ ਵਿਚ ਪਹੁੰਚ ਗਿਆ। ਇਸ ਤੋਂ ਪਹਿਲਾਂ ਵੀ ਹਜ਼ਾਰੇ ਦੇ ਇਲਾਕੇ ਨੂੰ ਲਾਹੌਰ ਦਰਬਾਰ ਦੇ ਅਧੀਨ ਕੀਤਾ ਗਿਆ ਸੀ। ਪਰ ਉਹ ਬਾਰ-ਬਾਰ ਬਗ਼ਾਵਤ ਕਰਦੇ ਰਹੇ ਅਤੇ ਉਨ੍ਹਾਂ ਨੂੰ ਦਬਾਉਣ ਦਾ ਉੱਦਮ ਮਹਾਰਾਜਾ ਸਾਹਿਬ ਵੱਲੋਂ ਹੁੰਦਾ ਰਿਹਾ। ਅਸਲ ਵਿਚ, ਹਜ਼ਾਰੇ ਦੇ ਇਲਾਕੇ ਵਿਚ ਕਈ ਅਫ਼ਗ਼ਾਨ ਕੌਮਾਂ ਜਾਂ ਕਬੀਲੇ ਰਾਜ ਕਰਦੇ ਰਹੇ ਹਨ। ਉਹ ਆਪਸ ਵਿਚ ਵੀ ਲੜਦੇ ਰਹੇ ਅਤੇ ਬਾਹਰੋਂ ਹੋਣ ਵਾਲੇ ਹੱਲਿਆਂ ਦਾ ਜਵਾਬ ਵੀ ਦਿੰਦੇ ਰਹੇ। ਪਰ ਉਨੀਵੀਂ ਸਦੀ ਦੇ ਸ਼ੁਰੂ ਵਿਚ ਸਿਵਾਏ ਲੁੱਟਮਾਰ ਦੇ ਉਨ੍ਹਾਂ ਦਾ ਹੋਰ ਕੋਈ ਵੀ ਸ਼ੁਗਲ ਨਾ ਰਿਹਾ। ਲੋਕ ਭੈ-ਭੀਤ ਰਹਿੰਦੇ, ਕਿਸੇ ਦੀ ਕੋਈ ਰੱਖਿਆ ਦਾ ਪ੍ਰਬੰਧ ਨਹੀਂ ਸੀ। ਜਦੋਂ ਵੀ ਕੋਈ ਜ਼ੋਰਾਵਰ ਚਾਹੇ, ਉਦੋਂ ਹੀ ਮਾਰ-ਕਾਟ ਕਰ ਕੇ ਚਲਾ ਜਾਏ। ਹਾਸ਼ਮ ਖ਼ਾਨ ਨਾਂ ਦੇ ਇਕ ਤੁਰਕ ਸਰਦਾਰ ਨੇ ਜਦੋਂ ਆਪਣੀ ਜਾਨ ਖ਼ਤਰੇ ਵਿਚ ਵੇਖੀ ਤਾਂ ਉਹ ਮਹਾਰਾਜਾ ਸਾਹਿਬ ਕੋਲ ਆਇਆ ਅਤੇ ਹਜ਼ਾਰੇ ਦੇ ਇਲਾਕੇ ਅਤੇ ਉੱਥੋਂ ਦੀ ਜਨਤਾ ਦੀ ਰੱਖਿਆ ਕਰਨ ਲਈ ਅਰਜ਼ ਕੀਤੀ। ਉਸ ਨੇ ਦੱਸਿਆ ਕਿ ਸਿਵਾਏ ਮਹਾਰਾਜਾ ਰਣਜੀਤ ਸਿੰਘ ਦੇ ਉੱਥੇ ਕੋਈ ਵੀ ਹੋਰ ਸ਼ਾਸਕ ਅਮਨ ਕਾਇਮ ਨਹੀਂ ਕਰ ਸਕਦਾ।
ਹਾਸ਼ਮ ਖ਼ਾਨ ਦੀ ਫ਼ਰਿਆਦ ਸੁਣ ਕੇ ਮਹਾਰਾਜਾ ਸਾਹਿਬ ਨੇ ਉਸ ਇਲਾਕੇ ਦੇ ਪ੍ਰਸ਼ਾਸਕ ਸ. ਮੱਖਣ ਸਿੰਘ ਨੂੰ ਅਮਨ ਕਾਇਮ ਕਰਨ ਲਈ ਭੇਜਿਆ। ਉਸ ਨੇ ਅਕਤੂਬਰ 1818 ਵਿਚ ਪੰਜ ਸੌ ਜਵਾਨਾਂ ਸਹਿਤ ਹਜ਼ਾਰੇ ਵੱਲ ਚੜ੍ਹਾਈ ਕੀਤੀ ਅਤੇ ਸ਼ਾਂਤੀ ਸਥਾਪਤ ਕਰਨ ਦਾ ਯਤਨ ਕੀਤਾ। ਉਸ ਨੇ ਬਦਅਮਨੀ ਫੈਲਾਉਣ ਵਾਲੇ ਲੋਕਾਂ ਤੋਂ ਦੋ ਹਜ਼ਾਰ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ। ਸ. ਮੱਖਣ ਸਿੰਘ ਨੇ ਅੱਗੋਂ ਲਈ ਉੱਥੇ ਸੈਨਿਕ ਟੁਕੜੀ ਰੱਖਣ ਦਾ ਫ਼ੈਸਲਾ ਕੀਤਾ ਅਤੇ ਉਸ ਸੈਨਿਕ ਦਲ ਦੀ ਰੱਖਿਆ ਲਈ ਸਰਾਏ ਸਾਲੋ ਵਿਚ ਕਿਲਾ ਵੀ ਬਣਵਾਇਆ। ਕੁਝ ਸਮੇਂ ਬਾਅਦ ਉਸ ਇਲਾਕੇ ਦੇ ਦੌਰੇ ‘ਤੇ ਸ. ਮੱਖਣ ਸਿੰਘ ਗਿਆ। ਉਨ੍ਹਾਂ ਅਫ਼ਗ਼ਾਨਾਂ ਨੇ ਦਿਖਾਵੇ ਮਾਤਰ ਸਰਦਾਰ ਦੀ ਬਹੁਤ ਇੱਜ਼ਤ ਕੀਤੀ ਪਰ ਮਨੋਂ ਉਹ ਸਾਫ਼ ਨਹੀਂ ਸਨ। ਉਨ੍ਹਾਂ ਨੇ ਵਿਸ਼ਵਾਸਘਾਤ ਕਰਕੇ ਰਾਤ ਦੇ ਹਨੇਰੇ ਵਿਚ ਸ. ਮੱਖਣ ਸਿੰਘ ਦੇ ਡੇਰੇ ‘ਤੇ ਹਮਲਾ ਕਰ ਦਿੱਤਾ। ਖਾਲਸਾ ਸੈਨਿਕਾਂ ਨੇ ਜਵਾਬੀ ਕਾਰਵਾਈ ਕਰਕੇ ਹਜ਼ਾਰੇ ਵਾਲਿਆਂ ਨੂੰ ਉੱਥੋਂ ਭਜਾ ਦਿੱਤਾ ਪਰ ਅਚਾਨਕ ਵੱਖੀ ਵਿਚ ਗੋਲੀ ਲੱਗਣ ਕਰਕੇ ਸ. ਮੱਖਣ ਸਿੰਘ ਦਾ ਦੇਹਾਂਤ ਹੋ ਗਿਆ।
ਸਰਦਾਰ ਮੱਖਣ ਸਿੰਘ ਦੇ ਮਾਰੇ ਜਾਣ ਦੀ ਖ਼ਬਰ ਜਦੋਂ ਸ. ਹੁਕਮਾ ਸਿੰਘ ਚਿਮਨੀ ਨੂੰ ਮਿਲੀ ਜੋ ਉਦੋਂ ਅਟਕ ਦਾ ਕਿਲੇਦਾਰ ਸੀ, ਤਾਂ ਉਹ ਤੁਰਤ ਫ਼ੌਜ ਸਮੇਤ ਹਜ਼ਾਰੇ ਦੇ ਇਲਾਕੇ ਵਿਚ ਪਹੁੰਚਿਆ ਅਤੇ ਸ. ਮੱਖਣ ਸਿੰਘ ਦੇ ਕਾਤਲ ਅਫ਼ਗ਼ਾਨ ਦੇ ਪਿੰਡ ਸੁਲਤਾਨਪੁਰ ਨੂੰ ਘੇਰ ਲਿਆ। ਚਿਮਨੀ ਸਰਦਾਰ ਨੇ ਬਾਗ਼ੀਆਂ ਨੂੰ ਬਹੁਤ ਸਖਤ ਸਜ਼ਾ ਦਿੱਤੀ। ਪਿੰਡਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਅਤੇ ਬਾਗ਼ੀ ਅਫ਼ਗ਼ਾਨਾਂ ਨੂੰ ਕਤਲ ਕਰਨ ਵਿਚ ਕੋਈ ਕਸਰ ਨਾ ਛੱਡੀ। ਬਾਅਦ ਵਿਚ ਸ. ਚਿਮਨੀ ਨੇ ਤੁਰਤ ਮਹਾਰਾਜਾ ਸਾਹਿਬ ਨੂੰ ਸੂਚਿਤ ਕੀਤਾ ਅਤੇ ਫ਼ੌਜੀ ਸਹਾਇਤਾ ਵੀ ਮੰਗੀ। ਸੰਨ 1820 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰਨੀ ਸਦਾ ਕੌਰ, ਸ. ਸ਼ਾਮ ਸਿੰਘ ਅਟਾਰੀਵਾਲਾ, ਸਹਿਜ਼ਾਦਾ ਸ਼ੇਰ ਸਿੰਘ ਅਧੀਨ ਛੇ ਹਜ਼ਾਰ ਸੈਨਿਕ ਹਜ਼ਾਰੇ ਦੇ ਇਲਾਕੇ ਨੂੰ ਸ਼ਾਂਤ ਕਰਨ ਲਈ ਭੇਜੇ।
ਸਿੱਖ ਫ਼ੌਜ ਦੀ ਮੂਹਰਲੀ ਟੁਕੜੀ ਨੇ ਹਜ਼ਾਰੇ ਦੇ ਖੇਤਰ ਵਿਚ ਪਹੁੰਚਦਿਆਂ ਸਭ ਤੋਂ ਪਹਿਲਾਂ ਮੈਦਾਨੀ ਇਲਾਕੇ ਨੂੰ ਸੋਧਿਆ। ਇਸ ਦਸਤੇ ਦੀ ਅਗਵਾਈ ਸ. ਸ਼ਾਮ ਸਿੰਘ ਅਟਾਰੀਵਾਲਾ ਅਤੇ ਦੀਵਾਨ ਰਾਮ ਦਿਆਲ ਕਰ ਰਹੇ ਸਨ। ਉਨ੍ਹਾਂ ਨੇ ਗੰਧਾਗਰ ਪ੍ਰਬਤ ਦੇ ਸਾਰੇ ਪਿੰਡਾਂ ਨੂੰ ਜਿੱਤ ਲਿਆ ਅਤੇ ਉੱਥੇ ਵਸਦੇ ਸਭ ਅਫ਼ਗ਼ਾਨੀਆਂ ਨੂੰ ਭਜਾ ਦਿੱਤਾ ਪਰ ਲੜਾਈ ਦੌਰਾਨ ਦੀਵਾਨ ਰਾਮ ਦਿਆਲ ਅਤੇ ਉਸ ਦੇ ਕੁਝ ਸਿਪਾਹੀਆਂ ਨੂੰ ਘਾਤ ਲਗਾ ਕੇ ਬੈਠੇ ਪਠਾਨਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ। ਦੀਵਾਨ ਰਾਮ ਦਿਆਲ ਦੀ ਮ੍ਰਿਤੂ ਦਾ ਖਾਲਸਾ। ਫ਼ੌਜ ਨੂੰ ਬਹੁਤ ਰੋਹ ਚੜਿਆ। ਸਾਰੇ ਇਲਾਕੇ ਨੂੰ ਘੇਰ ਕੇ ਬਹੁਤ ਤਬਾਹ ਕੀਤਾ ਅਤੇ ਉਨ੍ਹਾਂ ਨੂੰ ਦੀਵਾਨ ਹੋਰਾਂ ਦੇ ਮਾਰਨ ਦੀ ਸਜ਼ਾ ਦਿੱਤੀ। ਸਰਦਾਰਨੀ ਸਦਾ ਕੌਰ ਨੇ ਇਲਾਕੇ ਦੇ ਮੁਖੀਆਂ ਨੂੰ ਇਕੱਠਾ ਕਰ ਕੇ ਸਰਕਾਰੀ ਮਾਲੀਆ ਦੇਣ ਅਤੇ ਅੱਗੋਂ ਲਈ ਅਮਨ-ਅਮਾਨ ਕਾਇਮ ਰੱਖਣ ਲਈ ਕਿਹਾ। ਸਾਰੇ ਸਰਦਾਰਨੀ ਸਾਹਿਬਾਂ ਦਾ ਫ਼ਰਮਾਨ ਮੰਨ ਗਏ ਅਤੇ ਵਿਸ਼ਵਾਸ ਦਿਵਾਉਣ ਲਈ ਕੁਰਾਨ ਸ਼ਰੀਫ਼ ਦੀ ਕਸਮ ਖਾਈ। ਸ. ਅਮਰ ਸਿੰਘ ਮਜੀਠੀਆ ਨੂੰ ਉਸ ਇਲਾਕੇ ਦਾ ਨਾਜ਼ਮ ਨਿਯੁਕਤ ਕੀਤਾ ਗਿਆ। ਉਸ ਨੇ ਬੜੇ ਸੁਚੱਜ ਨਾਲ ਇਲਾਕੇ ਦਾ ਪ੍ਰਬੰਧ ਕੀਤਾ। ਪਰ ਦੋ ਸਾਲ ਬਾਅਦ ਸੰਨ 1822 ਵਿਚ ਉੱਥੋਂ ਦੇ ਇਕ ਕਬੀਲਾ ਮੁਖੀ ਹਸਨ ਅਲੀ ਖ਼ਾਨ ਨੇ ਬਾਗ਼ੀ ਹੋ ਕੇ ਊਧਮ ਮਚਾ ਦਿੱਤਾ। ਉਸ ਨੂੰ ਦਬਾਉਣ ਲਈ ਸ. ਮਜੀਠੀਆ ਨੇ ਫ਼ੌਜਕਸ਼ੀ ਕੀਤੀ ਅਤੇ ਸਭ ਨੂੰ ਮਾਰ ਕੇ ਭਜਾ ਦਿੱਤਾ। ਪਰ ਉਸ ਲੜਾਈ ਵਿਚ ਘਾਤ ਲਗਾ ਕੇ ਬੈਠੇ ਕੁਝ ਪਠਾਨਾਂ ਵੱਲੋਂ ਸਰਦਾਰ ਅਮਰ ਸਿੰਘ ਦੀ ਅਖੀਰਲੀ ਸੈਨਿਕ ਟੁਕੜੀ ‘ਤੇ ਹਮਲਾ ਕੀਤਾ ਅਤੇ ਗੋਲੀਆਂ ਦੀ ਬੁਛਾੜ ਨਾਲ ਕਈ ਸਿੱਖ ਸੈਨਿਕ ਮਾਰ ਦਿੱਤੇ । ਉਨ੍ਹਾਂ ਪਠਾਨਾਂ ਨੂੰ ਦੰਡ ਦੇਣ ਲਈ ਸ. ਅਮਰ ਸਿੰਘ ਪਹੁੰਚੇ। ਉਸੇ ਭਿੜੰਤ ਵਿਚ ਸ. ਅਮਰ ਸਿੰਘ ਜ਼ਖ਼ਮੀ ਹੋ ਕੇ ਚਲਾਣਾ ਕਰ ਗਏ।
ਉਪਰੋਕਤ ਹਾਲਾਤ ਦੇ ਮੱਦੇਨਜ਼ਰ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵਾ ਨੂੰ ਹਜ਼ਾਰੇ ਦੇ ਇਲਾਕੇ ਨੂੰ ਸਥਾਈ ਤੌਰ ‘ਤੇ ਅਧੀਨ ਕਰਨ ਲਈ ਭੇਜਿਆ ਜੋ ਆਪਣੇ ਸੈਨਿਕ ਦਲ ਬਲ ਸਹਿਤ 27 ਫਰਵਰੀ, 1822 ਨੂੰ ਉੱਥੇ ਪਹੁੰਚਿਆ। ਸਭ ਤੋਂ ਪਹਿਲਾਂ ਉਸ ਇਲਾਕੇ ਵਾਲਿਆਂ ਨੂੰ ਚੰਗੀ ਤਰ੍ਹਾਂ ਸੋਧਿਆ ਜਿਨ੍ਹਾਂ ਨੇ ਧੋਖੇ ਨਾਲ ਸਰਦਾਰ ਅਮਰ ਸਿੰਘ ਨੂੰ ਮਾਰਿਆ ਸੀ। ਉਸ ਤੋਂ ਬਾਅਦ ਇਕ ਸਵੇਰ ਨੂੰ ਹਾਸ਼ਮ ਅਲੀ ਖ਼ਾਨ ਦੇ ਡੇਰੇ ‘ਤੇ ਹਮਲਾ ਕੀਤਾ ਅਤੇ ਉਸ ਨੂੰ ਫੜ ਕੇ ਮੁਸ਼ਕਾਂ ਕੱਸ ਦਿੱਤੀਆਂ। ਉਸ ਨੇ ਜਾਨ-ਬਖਸ਼ੀ ਲਈ ਬੜੇ ਤਰਲੇ ਲਏ ਤਾਂ ਨਲਵਾ ਸਰਦਾਰ ਨੇ ਸ. ਅਮਰ ਸਿੰਘ ਦੇ ਅਸਲ ਕਾਤਲਾਂ ਨੂੰ ਪਕੜਾਉਣ ਲਈ ਸ਼ਰਤ ਰੱਖੀ। ਉਸ ਨੇ ਸਾਰੇ ਕਾਤਲ ਪੇਸ਼ ਕੀਤੇ। ਜਦੋਂ ਨਲਵਾ ਸਰਦਾਰ ਨੇ ਉਨ੍ਹਾਂ ਦੇ ਅਸਲੀ ਕਾਤਲ ਹੋਣ ਦੀ ਪੜਤਾਲ ਕਰ ਲਈ, ਤਾਂ ਸਰਦਾਰ ਨੇ ਦੂਰ-ਦੂਰ ਤਕ ਦੇ ਇਲਾਕਿਆਂ ਵਿਚੋਂ ਉੱਥੋਂ ਦੇ ਮੁਖੀ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਸਾਹਮਣੇ ਸ. ਅਮਰ ਸਿੰਘ ਦੇ ਕਾਤਲਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ। ਇਸ ਦਾ ਅਸਰ ਇਲਾਕੇ ਦੇ ਲੋਕਾਂ ‘ਤੇ ਬਹੁਤ ਜ਼ਬਰਦਸਤ ਪਿਆ। ਉਸ ਤੋਂ ਬਾਅਦ ਹਾਸ਼ਮ ਅਲੀ ਖਾਨ ਨੂੰ ਅਮਨ ਕਾਇਮ ਰੱਖਣ ਲਈ ਦਿੱਤੀ ਜ਼ਮਾਨਤ ਦੇ ਆਧਾਰ ‘ਤੇ ਛੱਡ ਦਿੱਤਾ ਗਿਆ ਅਤੇ ਉਸ ਦੇ ਸਾਰੇ ਇਲਾਕੇ ਨੂੰ ਸਿੱਖ ਰਾਜ ਵਿਚ ਸ਼ਾਮਲ ਕਰ ਲਿਆ ਗਿਆ। ਉੱਥੇ ਇਕ ਕਿਲਾ ਵੀ ਬਣਵਾ ਦਿੱਤਾ ਤਾਂ ਜੋ ਉੱਥੇ ਸਿੱਖ ਸੈਨਾ ਰਹਿ ਸਕੇ। ਇਸ ਤਰ੍ਹਾਂ ਸਾਰੇ ਇਲਾਕੇ ਵਿਚ ਸਿੱਖ ਫ਼ੌਜ ਦਾ ਭੈ ਪਸਰ ਗਿਆ ਅਤੇ ਲੋਕੀਂ ਅਮਨ ਨਾਲ ਰਹਿਣ ਲੱਗ ਗਏ।
ਉਪਰੋਕਤ ਬੰਦੋਬਸਤ ਤੋਂ ਬਾਅਦ ਸਰਦਾਰ ਹਰੀ ਸਿੰਘ ਨੇ ਹਜ਼ਾਰੇ ਦੇ ਮੈਦਾਨੀ ਇਲਾਕੇ ਵਿਚ ਵਸਦੇ ਲੜਾਕੂ ਪਠਾਨ ਕਬੀਲਿਆਂ ਨੂੰ ਅਨੁਸ਼ਾਸਨ ਵਿਚ ਰੱਖਣ ਲਈ ਉੱਥੇ ਪੱਕਾ ਪ੍ਰਬੰਧ ਕਰਨ ਦੀ ਸੋਚੀ। ਸਥਾਈ ਤੌਰ ‘ਤੇ ਖਾਲਸਾ ਫ਼ੌਜ ਨੂੰ ਉੱਥੇ ਰੱਖਣ ਲਈ ਇਕ ਵੱਡਾ ਅਤੇ ਮਜ਼ਬੂਤ ਕਿਲਾ ਉਸਾਰਨ ਦਾ ਮਨ ਬਣਾਇਆ। ਇਸ ਕਿਲੇ ਦਾ ਨਾਂ ਅੱਠਵੇਂ ਗੁਰੂ ਸਾਹਿਬ ਦੇ ਨਾਂ ‘ਤੇ ਹਰਿਕਿਸ਼ਨਗੜ੍ਹ ਰੱਖਿਆ। ਇਸ ਕਿਲੇ ਦੇ ਨੇੜੇ ਇਕ ਨਗਰ ਵਸਾਉਣ ਦਾ ਮਨ ਬਣਾਇਆ ਜਿਸ ਦਾ ਨਾਂ ਸਾਰੇ ਸੈਨਾ-ਨਾਇਕਾਂ ਦੀ ਤਜਵੀਜ਼ ‘ਤੇ ‘ਹਰੀਪੁਰ’ ਰੱਖਿਆ। ਇਸ ਦੇ ਇਰਦ-ਗਿਰਦ ਪੱਕੀ ਫਸੀਲ ਬਣਵਾਈ ਅਤੇ ਉਸ ਵਿਚ ਚਾਰ ਦਰਵਾਜ਼ੇ ਰੱਖੇ। ਸ਼ਹਿਰ ਦੇ ਨਿਵਾਸੀਆਂ ਦੀ ਲੋੜ ਅਤੇ ਬਾਗਾਂ ਨੂੰ ਹਰਾ-ਭਰਾ ਰੱਖਣ ਲਈ ਚੌੜ ਨਾਂ ਦੇ ਦਰਿਆ ਤੋਂ ਇਕ ਵੱਡਾ ਕੱਠਾ ਕੱਟਿਆ ਅਤੇ ਉਸ ਨੂੰ ਇਕ ਪੱਕੇ ਤਲਾਬ ਵਿਚ ਸੁੱਟ ਕੇ ਮੋਘਿਆਂ ਰਾਹੀਂ ਸ਼ਹਿਰ ਦੇ ਹਰ ਪਾਸੇ ਪਾਣੀ ਦੀ ਵਿਵਸਥਾ ਕੀਤੀ। ਇਸ ਤੋਂ ਇਲਾਵਾ ਸਾਰੇ ਧਰਮਾਂ ਦੇ ਅਨੁਯਾਈਆਂ ਲਈ ਗੁਰਦੁਆਰਾ, ਮੰਦਰ ਅਤੇ ਮਸਜਿਦ ਬਣਵਾਈ। ਇਹ ਸਾਰੇ ਕਾਰਜ ਨਲਵਾ ਸਰਦਾਰ ਦੀ ਧਰਮ- ਨਿਰਪਖ ਬਿਰਤੀ ਦੇ ਲਖਾਇਕ ਹਨ। ਇਸ ਤੋਂ ਇਲਾਵਾ ਹਜ਼ਾਰੇ ਦੇ ਇਲਾਕੇ ਲਈ ਕੀਤੀਆਂ ਗਈਆਂ ਲੜਾਈਆਂ ਵਿਚ ਸ਼ਹੀਦ ਹੋਏ ਖਾਲਸਾ ਸੈਨਿਕਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਾਇਆ ਗਿਆ। ਉਸ ਦਾ ਨਾਂ ‘ਸ਼ਹੀਦ ਗੰਜ’ ਰੱਖਿਆ ਗਿਆ ਅਤੇ ਗ੍ਰੰਥੀ ਦੀ ਜ਼ਿੰਮੇਵਾਰੀ ਭਾਈ ਕਰਮ ਸਿੰਘ ਅਕਾਲ-ਪੁਰਖਾ ਨੂੰ ਸੌਂਪੀ ਗਈ। ਇਹ ਨਗਰ ਥੋੜ੍ਹੇ ਸਮੇਂ ਵਿਚ ਹੀ ਚੰਗੀ ਤਰ੍ਹਾਂ ਵਸਣ ਲੱਗ ਗਿਆ। ਚੂੰਕਿ ਇਸ ਨੂੰ ਨਵੇਂ ਢੰਗ ਨਾਲ ਵਿਉਂਤ ਕੇ ਬਣਾਇਆ ਗਿਆ ਸੀ, ਇਸ ਲਈ ਇਸ ਦੀ ਵੱਖਰੀ ਪਛਾਣ ਬਣ ਗਈ। ਇਸ ਦਾ ਚੌਗਿਰਦਾ ਬਾਗ਼ਾਂ ਅਤੇ ਫੁਲਵਾੜੀਆਂ ਨਾਲ ਹਮੇਸ਼ਾ ਸੁਸਜਿਤ ਰਹਿਣ ਲੱਗ ਗਿਆ। ਇਹ ਨਗਰ ਉਸ ਇਲਾਕੇ ਲਈ ਇਕ ਅਜੂਬਾ ਸੀ।
ਮੈਦਾਨੀ ਇਲਾਕੇ ‘ਤੇ ਆਪਣਾ ਪੂਰਾ ਕਬਜ਼ਾ ਕਰਨ ਉਪਰੰਤ ਸਰਦਾਰ ਨਲਵਾ ਨੇ ਹਜ਼ਾਰੇ ਦੇ ਪਹਾੜੀ ਇਲਾਕਿਆਂ ਨੂੰ ਆਪਣੇ ਅਧੀਨ ਕਰਨ ਲਈ ਮਨ ਬਣਾਇਆ। ਇਨ੍ਹਾਂ ਇਲਾਕਿਆਂ ਵਿਚ ਬਹੁਤ ਕਠੋਰ ਅਤੇ ਲੜਾਕੇ ਅਫ਼ਰੀਦੀ ਵਸਦੇ ਸਨ, ਜਿਨ੍ਹਾਂ ਨੂੰ ਅਧੀਨ ਕਰਨਾ ਸਰਲ ਨਹੀਂ ਸੀ। ਪਰ ਚੂੰਕਿ ਇਨ੍ਹਾਂ ਵਿਚ ਬਹੁਤੇ ਮਾਂਗਲੀ ਦੀ ਜੰਗ ਵਿਚ ਸ. ਹਰੀ ਸਿੰਘ ਦੇ ਹੱਥ ਵੇਖ ਚੁੱਕੇ ਸਨ, ਇਸ ਲਈ ਉਨ੍ਹਾਂ ਨੂੰ ਅਧੀਨ ਕਰਨ ਵਿਚ ਬਹੁਤਾ ਲਹੂ ਡੋਲ੍ਹਣਾ ਨਹੀਂ ਪਿਆ। ਬਹੁਤ ਸਾਰੇ ਮੁਖੀਆਂ ਨੇ ਖੁਦ ਹੀ ਈਨ ਮੰਨ ਲਈ ਅਤੇ ਜੋ ਅੜੇ ਉਨ੍ਹਾਂ ਨੂੰ ਯੁੱਧ ਕਰਕੇ ਸੋਧ ਦਿੱਤਾ ਗਿਆ। ਇਸ ਤਰ੍ਹਾਂ ਹਜ਼ਾਰੇ ਦਾ ਪਹਾੜੀ ਇਲਾਕਾ ਵੀ ਸਿੱਖ ਰਾਜ ਵਿਚ ਸ਼ਾਮਲ ਕਰ ਲਿਆ ਗਿਆ। ਸੰਨ 1822 ਦਾ ਸਾਰਾ ਸਾਲ ਇਸ ਇਲਾਕੇ ਦੀ ਪ੍ਰਸ਼ਾਸਕੀ ਵਿਵਸਥਾ ਠੀਕ ਕਰਨ ‘ਤੇ ਲੱਗ ਗਿਆ। ਲੋੜ ਅਨੁਸਾਰ ਛੋਟੇ ਵੱਡੇ ਕਿਲੇ ਵੀ ਬਣਵਾਏ ਗਏ ਅਤੇ ਸੈਨਾ ਦੀ ਆਵਾਜਾਈ ਲਈ ਰਸਤੇ ਵੀ ਠੀਕ ਕੀਤੇ ਗਏ। ਇਸ ਪ੍ਰਕਾਰ ਦੇ ਕੰਮਾਂ ਤੋਂ ਸ. ਹਰੀ ਸਿੰਘ ਨਲਵਾ ਦੀ ਸ਼ਖਸੀਅਤ ਦੇ ਕਈ ਪਹਿਲੂ ਉਘੜ ਕੇ ਸਾਹਮਣੇ ਆਏ। ਜਿੱਥੇ ਇਹ ਇਕ ਦਲੇਰ ਅਤੇ ਰਣਵਿਕ੍ਰਮ ਯੋਧਾ ਸੀ, ਉੱਥੇ ਪ੍ਰਸ਼ਾਸਕੀ ਪ੍ਰਬੰਧ ਲਈ ਵੀ ਕਮਾਲ ਦੀ ਯੋਗਤਾ ਰੱਖਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ ਸ. ਨਲਵਾ ਜਿੱਧਰ ਮੂੰਹ ਕਰਦਾ, ਵੈਰੀ ਦਿਲ ਛੱਡ ਜਾਂਦੇ ਅਤੇ ਅਧੀਨਗੀ ਸਵੀਕਾਰ ਕਰ ਲੈਂਦੇ। ਉਨ੍ਹਾਂ ‘ਤੇ ਰਹਿਮ ਕਰਨ ਤੋਂ ਨਲਵਾ ਸਰਦਾਰ ਕਦੇ ਪਿੱਛੇ ਨਹੀਂ ਹਟਿਆ। ਉਹ ਯੋਧਾ ਹੁੰਦੇ ਹੋਏ ਵੀ ਇਕ ਰਹਿਮ ਦਿਲ ਇਨਸਾਨ ਸੀ। ਪਰ ਜਦੋਂ ਕੋਈ ਗੱਲ ਸਿਰੋਂ ਲੰਘ ਜਾਂਦੀ ਤਾਂ ਜਿਸ ਦ੍ਰਿੜ੍ਹਤਾ ਨਾਲ ਉਹ ਵੈਰੀਆਂ ਨਾਲ ਨਜਿਠਦਾ, ਇਸ ਦਾ ਇਤਿਹਾਸ ਵਿਚ ਸਾਨੀ ਲੱਭਣਾ ਸਰਲ ਨਹੀਂ ਹੈ।
ਪਿਸ਼ਾਵਰ ‘ਤੇ ਹਮਲਾ
ਹਜ਼ਾਰੇ ਦੇ ਇਲਾਕੇ ਵਿਚ ਅਮਨ-ਚੈਨ ਹੋ ਜਾਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵਾ ਉੱਥੋਂ ਦੇ ਵਿਕਾਸ ਕਾਰਜਾਂ ਵਿਚ ਰੁੱਝਿਆ ਹੋਇਆ ਸੀ। ਉਦੋਂ ਹੀ ਲਾਹੌਰ ਦਰਬਾਰ ਤੋਂ ਬੁਲਾਵਾ ਆ ਗਿਆ। ਉੱਥੋਂ ਦਾ ਯੋਗ ਪ੍ਰਬੰਧ ਕਰਕੇ ਉਹ ਲਾਹੌਰ ਪਹੁੰਚ ਗਿਆ। ਮਹਾਰਾਜਾ ਸਾਹਿਬ ਨੇ ਬੁਲਾਉਣ ਦਾ ਕਾਰਣ ਦੱਸਦਿਆਂ ਸਪੱਸ਼ਟ ਕੀਤਾ ਕਿ ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਮੁਹੰਮਦ ਅਜ਼ੀਮ ਖਾਨ ਬਾਰਕਜ਼ਈ ਹੋਰਨਾਂ ਕਬਾਇਲੀਆਂ ਨੂੰ ਨਾਲ ਮਿਲਾ ਕੇ ਖਾਲਸਾ ਫ਼ੌਜ ਨੂੰ ਸਬਕ ਸਿਖਾਣਾ ਚਾਹੁੰਦਾ ਹੈ। ਉਹ ਆਪ ਇਕ ਬਹਾਦੁਰ ਯੋਧਾ ਹੈ ਅਤੇ ਹੋਰਨਾਂ ਕਬੀਲਿਆਂ ਦੇ ਮੁਖੀਆਂ ਨੂੰ ਵੀ ਇਸਲਾਮ ਦਾ ਵਾਸਤਾ ਪਾ ਕੇ ਇਕੱਠੇ ਕਰ ਰਿਹਾ ਹੈ। ਇਸ ਲਈ ਸਾਨੂੰ ਵੀ ਉਸ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਨਲਵਾ ਸਰਦਾਰ ਨੇ ਆਪਣਾ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸਪੱਸ਼ਟ ਕੀਤਾ ਕਿ ਉਸ ਨੂੰ ਉਡੀਕਣ ਦੀ ਥਾਂ ਸਾਨੂੰ ਪੂਰੀ ਤਰ੍ਹਾਂ ਤਿਆਰੀ ਕਰਕੇ ਉਸ ਦੇ ਮੁਕਾਬਲੇ ਲਈ ਡਟ ਜਾਣਾ ਚਾਹੀਦਾ ਹੈ। ਇਸ ਵਿਚਾਰ ਤੋਂ ਬਾਅਦ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ ਆਦੇਸ਼ ਦਿੱਤਾ ਕਿ ਉਹ ਲੋੜੀਂਦੀ ਫ਼ੌਜ ਹਜ਼ਾਰੇ ਵਿਚ ਛੱਡ ਕੇ, ਬਾਕੀ ਫ਼ੌਜ ਸਮੇਤ ਅਟਕ ਦੇ ਕਿਲੇ ਵਿਚ ਪਹੁੰਚ ਜਾਏ।
ਸਰਦਾਰ ਨਲਵਾ ਲਾਹੌਰੋਂ ਹਜ਼ਾਰੇ ਪਹੁੰਚਿਆ ਅਤੇ ਉੱਥੋਂ ਦਾ ਯੋਗ ਪ੍ਰਬੰਧ ਕਰਕੇ ਫਰਵਰੀ, 1823 ਦੇ ਮਹੀਨੇ ਵਿਚ ਹੀ ਅਟਕ ਪਹੁੰਚ ਗਿਆ। ਉੱਥੇ ਪਹੁੰਚ ਕੇ ਪਹਿਲਾਂ ਕਿਸ਼ਤੀਆਂ ਦੇ ਪੁਲ ਨੂੰ ਮਜ਼ਬੂਤ ਕੀਤਾ ਅਤੇ ਫਿਰ ਖਾਧ ਖੁਰਾਕ ਅਤੇ ਹੋਰ ਲੋੜੀਂਦੇ ਸਾਮਾਨ ਦਾ ਪ੍ਰਬੰਧ ਕੀਤਾ। ਉਦੋਂ ਤਕ ਸ਼ਹਿਜ਼ਾਦਾ ਸ਼ੇਰ ਸਿੰਘ ਵੀ ਆਪਣੇ ਦਲ ਬਲ ਸਹਿਤ ਅਟਕ ਪਹੁੰਚ ਗਿਆ ਸੀ। ਮਹਾਰਾਜਾ ਸਾਹਿਬ ਨੇ ਵੀ ਅਟਕ ਵੱਲ ਜਾਣ ਦੀ ਪੂਰੀ ਤਿਆਰੀ ਕਰ ਲਈ ਅਤੇ ਤੋਪਖਾਨਾ ਅਤੇ ਖਾਧ ਖੁਰਾਕ ਦੀ ਪੂਰੀ ਵਿਵਸਥਾ ਕਰ ਕੇ ਆਪਣੇ ਨਾਲ ਸਿਰਕਢ ਜਰਨੈਲ ਵੀ ਲੈ ਲਏ। ਇਸ ਲੜਾਈ ਲਈ ਅਕਾਲੀ ਫੂਲਾ ਸਿੰਘ ਨੂੰ ਵੀ ਆਪਣੀ ਸ਼ਹੀਦੀ ਫ਼ੌਜ ਸਹਿਤ ਸ਼ਾਮਲ ਕਰ ਲਿਆ।
ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਮੁਹੰਮਦ ਅਜ਼ੀਮ ਖ਼ਾਨ ਬਾਰਕਜ਼ਈ ਖ਼ਾਨਦਾਨ ਦਾ ਇਕ ਅਦੁੱਤੀ ਯੋਧਾ ਮੰਨਿਆ ਜਾਂਦਾ ਸੀ। ਸਾਰੇ ਅਫ਼ਗ਼ਾਨ ਘਰਾਣੇ ਉਸ ਅੱਗੇ ਸਿਰ ਝੁਕਾਉਂਦੇ ਸਨ ਅਤੇ ਉਸ ਨੂੰ ਮਦਦ ਦੇਣ ਲਈ ਹਰ ਵਕਤ ਤਤਪਰ ਰਹਿੰਦੇ ਸਨ। ਮੁਹੰਮਦ ਅਜ਼ੀਮ ਖਾਨ ਨੂੰ ਇਹ ਗੱਲ ਬੜੀ ਨਮੋਸ਼ੀ ਵਾਲੀ ਲੱਗਦੀ ਸੀ ਕਿ ਮੁਲਤਾਨ, ਮਨਕੇਰਾ, ਕਸ਼ਮੀਰ, ਮੁੰਘੇਰ, ਅਟਕ ਅਤੇ ਹਜ਼ਾਰੇ ਦੇ ਇਲਾਕਿਆਂ ਉਪਰ ਲਾਹੌਰ ਦਰਬਾਰ ਦਾ ਝੰਡਾ ਝੁਲ ਰਿਹਾ ਹੈ ਅਤੇ ਅਫ਼ਗ਼ਾਨਾਂ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ। ਉਸ ਨੇ ਹਰ ਪਾਸੇ ਇਸਲਾਮਿਕ ਪ੍ਰਚਾਰਕ ਭੇਜ ਕੇ ਲੋਕਾਂ ਵਿਚ ਜਹਾਦ ਦਾ ਜੋਸ਼ ਮਚਾ ਦਿੱਤਾ। ਹਜ਼ਾਰਾਂ ਕਬਾਇਲੀ ਇਸਲਾਮ ਦੇ ਨਾਂ ‘ਤੇ ਖਾਲਸਾ ਫ਼ੌਜ ਨਾਲ ਦੋ-ਦੋ ਹੱਥ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਗਏ। ਅਸਲ ਵਿਚ ਮੁਹੰਮਦ ਅਜ਼ੀਮ ਖ਼ਾਨ ਪ੍ਰਤਿਗਿਆ ਕਰ ਚੁੱਕਿਆ ਸੀ ਕਿ ਜਦ ਤਕ ਉਹ ਖਾਲਸਾ ਫ਼ੌਜਾਂ ਨੂੰ ਅਫ਼ਗ਼ਾਨੀ ਇਲਾਕਿਆਂ ਵਿਚੋਂ ਖਦੇੜ ਨਹੀਂ ਦਿੰਦਾ ਤਦ ਤਕ ਚੈਨ ਨਾਲ ਨਹੀਂ ਬੈਠੇਗਾ। ਇਸ ਤਰ੍ਹਾਂ ਪੂਰੀ ਤਿਆਰੀ ਨਾਲ ਉਹ ਫਰਵਰੀ 1823 ਵਿਚ ਹੀ ਕਾਬਲੋਂ ਚੱਲ ਕੇ ਪਿਸ਼ਾਵਰ ਪਹੁੰਚ ਗਿਆ। ਉਦੋਂ ਤਕ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਦੀ ਨਜ਼ਾਮਤ ਦੀ ਜ਼ਿੰਮੇਵਾਰੀ ਮੁਹੰਮਦ ਅਜ਼ੀਮ ਖ਼ਾਨ ਦੇ ਛੋਟੇ ਭਰਾ ਯਾਰ ਮੁਹੰਮਦ ਖ਼ਾਨ ਬਾਰਕਜ਼ਈ ਨੂੰ ਸੌਂਪੀ ਹੋਈ ਸੀ ਜੋ ਉੱਥੋਂ ਦਾ ਲਗਾਨ ਆਦਿ ਲਗਾਤਾਰ ਲਾਹੌਰ ਦਰਬਾਰ ਨੂੰ ਭੇਜਦਾ ਆ ਰਿਹਾ ਸੀ। ਪਰ ਜਦੋਂ ਛੋਟੇ ਭਰਾ ਨੂੰ ਪਤਾ ਲੱਗਿਆ ਕਿ ਉਸ ਦਾ ਵੱਡਾ ਭਰਾ ਪਿਸ਼ਾਵਰ ਵੱਲ ਸਣੇ ਫ਼ੌਜ ਆ ਰਿਹਾ ਹੈ ਤਾਂ ਉਹ ਪਿਸ਼ਾਵਰ ਤੋਂ ਖਿਸਕ ਗਿਆ ਅਤੇ 12 ਫਰਵਰੀ ਨੂੰ ਮੁਹੰਮਦ ਅਜ਼ੀਮ ਖ਼ਾਨ ਪਿਸ਼ਾਵਰ ਵਿਚ ਪਹੁੰਚ ਗਿਆ। ਇਸ ਬਾਰੇ ਯਾਰ ਮੁਹੰਮਦ ਖ਼ਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੂਚਿਤ ਕਰ ਦਿੱਤਾ।
ਮੁਹੰਮਦ ਅਜ਼ੀਮ ਖਾਨ ਨੇ ਪਿਸ਼ਾਵਰ ਪਹੁੰਚ ਕੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਮੌਲਵੀਆਂ ਰਾਹੀਂ ਹਰ ਪਾਸੇ ਜਹਾਦ ਦਾ ਐਲਾਨ ਕਰਾ ਦਿੱਤਾ। ਬੇਸ਼ੁਮਾਰ ਜਹਾਦੀ ਉੱਥੇ ਇਕੱਠੇ ਹੋ ਗਏ। ਜਦ ਸਭ ਪੁਕਾਰ ਦਾ ਪ੍ਰਬੰਧ ਹੋ ਗਿਆ ਅਤੇ ਸਾਰੀ ਫ਼ੌਜ ਅਤੇ ਜਹਾਦੀ ਮੁਲਖਈਆ ਮਜ਼੍ਹਬੀ ਜੋਸ਼ ਨਾਲ ਉਲਰ ਗਿਆ ਤਾਂ ਮੁਹੰਮਦ ਅਜ਼ੀਮ ਖਾਨ ਨੇ ਨੌਸ਼ਹਿਰਾ ਨੂੰ ਯੁੱਧ-ਭੂਮੀ ਵਜੋਂ ਵਰਤਣ ਦਾ ਮਨ ਬਣਾਇਆ ਕਿਉਂਕਿ ਉਹ ਇਲਾਕਾ ਯੁੱਧ ਲਈ ਵਧੇਰੇ ਅਨੁਕੂਲ ਸੀ। ਉਸ ਨੇ ਆਪਣੇ ਦਲ ਬਲ ਸਹਿਤ ਨੌਸ਼ਹਿਰੇ ਨੂੰ ਕੂਚ ਕੀਤਾ। ਉਸ ਦੇ ਸੈਨਾ ਦਲ ਅਤੇ ਗ਼ਾਜ਼ੀਆਂ ਦੀ ਗਿਣਤੀ 45 ਹਜ਼ਾਰ ਤਕ ਪਹੁੰਚ ਗਈ। ਉੱਥੇ ਪਹੁੰਚ ਕੇ ਉਸ ਨੇ ਆਪਣੇ ਭਤੀਜੇ ਮੁਹੰਮਦ ਜ਼ਮਾਨ ਖਾਨ ਅਤੇ ਕੁਝ ਹੋਰ ਬਲਵਾਨ ਨਾਇਕਾਂ ਨੂੰ .ਅਟਕ ਦੇ ਪਤਣ ਵੱਲ ਤੋਰ ਦਿੱਤਾ ਤਾਂ ਜੋ ਉਹ ਖਾਲਸਾ ਫ਼ੌਜ ਨੂੰ ਉੱਥੇ ਹੀ ਰੋਕ ਲੈਣ। ਉਨ੍ਹਾਂ ਨੇ ਆ ਕੇ ਜਹਾਂਗੀਰੇ ਦੇ ਕਿਲੇ ਨੇੜੇ ਆਪਣੇ ਪੱਕੇ ਮੋਰਚੇ ਬਣਾ ਲਏ ।
ਜਦੋਂ ਰਾਜਕੁਮਾਰ ਸ਼ੇਰ ਸਿੰਘ ਅਤੇ ਨਲਵਾ ਸਰਦਾਰ ਦੀ ਅਗਵਾਈ ਵਿਚ ਪਹੁੰਚੀ ਖਾਲਸਾ ਸੈਨਾ ਨੇ ਅਟਕੋਂ ਪਾਰ ਗ਼ਾਜ਼ੀਆਂ ਦਾ ਇਕੱਠ ਵੇਖਿਆ ਤਾਂ ਅਗਲੇ ਦਿਨ ਸਵੇਰੇ ਹੀ ਪੁਲ ਰਾਹੀਂ ਦਰਿਆ ਪਾਰ ਕਰ ਕੇ ਗ਼ਾਜ਼ੀਆਂ ਨੂੰ ਪਿੱਛੇ ਹਟਾਉਣ ਦੇ ਕਾਰਜ ਵਿਚ ਰੁੱਝ ਗਏ। ਪਰ ਗਾਜ਼ੀਆਂ ਦੀ ਗਿਣਤੀ ਕਈ ਗੁਣਾਂ ਜ਼ਿਆਦਾ ਹੋਣ ਕਰਕੇ ਬਹੁਤੀ ਸਫ਼ਲਤਾ ਨਾ ਮਿਲੀ। ਪਰ ਫਿਰ ਵੀ ਸ਼ਹਿਜ਼ਾਦਾ ਸ਼ੇਰ ਸਿੰਘ ਵੈਰੀਆਂ ਨੂੰ ਪਿੱਛੇ ਧੱਕਣ ਵਿਚ ਕਾਫ਼ੀ ਦੂਰ ਤਕ ਨਿਕਲ ਗਿਆ। ਪਰ ਇਤਨੇ ਤਕ ਗ਼ਾਜ਼ੀਆਂ ਨਾਲ ਹੋਰ ਤਾਜ਼ਾ ਦਮ ਸੈਨਿਕ ਆ ਰਲੇ ਅਤੇ ਸ਼ਹਿਜ਼ਾਦੇ ਦੇ ਦਸਤੇ ਨੂੰ ਘੇਰ ਲਿਆ।
ਇਸ ਲੜਾਈ ਦਾ ਲਾਭ ਉਠਾ ਕੇ ਮੁਹੰਮਦ ਜ਼ਮਾਨ ਖਾਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੁਲ ਨੂੰ ਤੋੜਨ ਦੇ ਇਰਾਦੇ ਨਾਲ ਅੱਗੇ ਵਧਿਆ। ਆਪਣਾ ਬਹੁਤ ਜਾਨੀ ਨੁਕਸਾਨ ਕਰਕੇ ਵੀ ਉਹ ਪੁਲ ਤਕ ਪਹੁੰਚ ਗਿਆ ਅਤੇ ਰੱਸੇ ਕਟ ਕੇ ਕਿਸ਼ਤੀਆਂ ਨੂੰ ਰੋੜ੍ਹ ਦਿੱਤਾ। ਅਜਿਹਾ ਕਰਨ ਨਾਲ ਪਾਰਲੇ ਕੰਢੇ ਤੋਂ ਖਾਲਸਾ ਫ਼ੌਜ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦਾ ਮਿਲਣਾ ਸੰਭਵ ਨਾ ਰਿਹਾ। ਇਸੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਆਪਣੇ ਮੁਖੀ ਜਰਨੈਲਾਂ ਅਤੇ ਬਾਬਾ ਫੂਲਾ ਸਿੰਘ ਅਕਾਲੀ ਸਹਿਤ ਪੰਜੀ ਹਜ਼ਾਰ ਸੈਨਿਕਾਂ ਸਹਿਤ ਅਟਕ ਪਹੁੰਚ ਗਿਆ। ਉਨ੍ਹਾਂ ਨੂੰ ਆਉਂਦਿਆਂ ਹੀ ਪਤਾ ਲਗਾ ਕਿ ਖਾਲਸਾ ਫ਼ੌਜ ਨੂੰ ਦਰਿਆ ਦੇ ਪਰਲੇ ਪਾਸੇ ਗ਼ਾਜ਼ੀਆਂ ਨੇ ਘੇਰ ਲਿਆ ਹੈ। ਇਸ ਕਰਕੇ ਮਹਾਰਾਜਾ ਸਾਹਿਬ ਨੂੰ ਬਹੁਤ ਜੋਸ਼ ਆਇਆ। ਉੱਧਰ ਅਕਾਲੀ ਫੂਲਾ ਸਿੰਘ ਵੀ ਅਰਦਾਸ ਸੋਧ ਕੇ ਦਰਿਆ ਵੱਲ ਵਧਿਆ। ਦੋਹਾਂ ਨੇ ਆਪਣੇ ਘੋੜੇ ਦਰਿਆ ਵਿਚ ਠੇਲ੍ਹ ਦਿੱਤੇ। ਉਨ੍ਹਾਂ ਨੂੰ ਅਜਿਹਾ ਕਰਦਿਆਂ ਵੇਖ ਕੇ ਸਾਰੀ ਫ਼ੌਜ ਦਰਿਆ ਨੂੰ ਤਰਦਿਆਂ ਪਾਰ ਪਹੁੰਚ ਗਈ। ਉੱਧਰ ਸਰਦਾਰ ਹਰੀ ਸਿੰਘ ਨਲਵਾ ਇਤਨੀ ਬਹਾਦਰੀ ਨਾਲ ਲੜ ਰਿਹਾ ਸੀ ਕਿ ਗ਼ਾਜ਼ੀਆਂ ਦੇ ਪੈਰ ਜੰਮ ਨਾ ਸਕੇ। ਜਦੋਂ ਮਹਾਰਾਜਾ ਸਾਹਿਬ ਦੇ ਦਰਿਆਓਂ ਪਾਰ ਹੋਣ ਦੀ ਗੱਲ ਉਨ੍ਹਾਂ ਸੁਣੀ ਤਾਂ ਘਬਰਾ ਕੇ ਜਿੱਧਰ ਮੂੰਹ ਆਇਆ ਉੱਧਰ ਹੀ ਦੌੜ ਗਏ। ਉਨ੍ਹਾਂ ਨੇ ਆਪਣੇ ਜ਼ਖ਼ਮੀਆਂ ਦੀ ਸਹਾਇਤਾ ਵੀ ਨਾ ਕੀਤੀ। ਸਰਦਾਰ ਹਰੀ ਸਿੰਘ ਦਾ ਉਨ੍ਹਾਂ ‘ਤੇ ਇਤਨਾ ਭੈ ਛਾ ਗਿਆ ਕਿ ਬਸ ਜਾਨ ਬਚਾਣੀ ਹੀ ਠੀਕ ਸਮਝੀ। ਇਸ ਭੱਜ-ਦੌੜ ਵਿਚ ਬੇਸ਼ੁਮਾਰ ਗ਼ਾਜ਼ੀ ਮਾਰੇ ਗਏ। ਉਨ੍ਹਾਂ ਨਾਲ ਜੋ ਬੀਤੀ, ਉਸ ਦੀ ਸੂਚਨਾ ਮਿਲਣ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪਹੁੰਚਣ ਦੀ ਖ਼ਬਰ ਨਾਲ ਗ਼ਾਜ਼ੀ ਬਹੁਤ ਘਬਰਾਏ ਅਤੇ ਨੌਸ਼ਹਿਰੇ ਦੇ ਮੈਦਾਨ ਵਿਚ ਟਿਕ ਕੇ ਲੜਨਾ ਹੀ ਉੱਚਿਤ ਸਮਝਿਆ।
ਮਹਾਰਾਜਾ ਰਣਜੀਤ ਸਿੰਘ ਨੇ ਜਹਾਂਗੀਰਾ ਕਿਲੇ ਕੋਲ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਰਦਾਰ ਨਲਵਾ ਦੀ ਦਲੇਰੀ ਅਤੇ ਵੈਰੀਆਂ ਦੀ ਭਾਂਝ ਦੀ ਦਾਸਤਾਨ ਸੁਣੀ। ਜੰਗ ਦੀਆਂ ਸਾਰੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਕੇ ਖਾਲਸਾ ਸੈਨਾ ਨੇ ਅਕੋੜੇ ਤੋਂ ਲੰਘ ਕੇ ਨੌਸ਼ਹਿਰੇ ਤੋਂ ਕੁਝ ਪਹਿਲਾਂ ਆਪਣਾ ਡੇਰਾ ਜਮਾ ਦਿੱਤਾ । ਜੰਗ ਦੇ ਸਾਮਾਨ, ਰਸਦ ਆਦਿ ਤੋਂ ਇਲਾਵਾ ਹੋਰ ਆਵਾਜਾਈ ਦੀਆਂ ਸਹੂਲਤਾਂ ਨੂੰ ਵੇਖਿਆ ਅਤੇ ਆਪਣੇ ਤੋਪਖਾਨੇ ਦੀ ਪੜਤਾਲ ਕੀਤੀ ਅਤੇ ਭਿਆਨਕ ਜੰਗ ਦੀਆਂ ਤਿਆਰੀਆਂ ਵਿਚ ਰੁੱਝ ਗਏ।
ਉੱਧਰ ਜਹਾਂਗੀਰੇ ਦੇ ਮੈਦਾਨੇ ਜੰਗ ਵਿਚ ਹਾਰ ਖਾ ਕੇ ਨੌਸ਼ਹਿਰੇ ਨੂੰ ਪਰਤੇ ਗ਼ਾਜ਼ੀਆਂ ਨੇ ਮੁਹੰਮਦ ਅਜ਼ੀਮ ਖਾਨ ਨੂੰ ਸਾਰੀ ਸਥਿਤੀ ਦੱਸੀ। ਉਹ ਭੜਕ ਪਿਆ। ਤੁਰਤ ਉਸ ਨੇ ਆਪਣੇ ਜੰਗਜੂ ਭਰਾ ਦੋਸਤ ਮੁਹੰਮਦ ਖ਼ਾਨ ਨੂੰ ਹੁਕਮ ਦਿੱਤਾ ਕਿ ਉਹ ਆਪਣੀ ਪੰਦਰ੍ਹਾਂ ਹਜ਼ਾਰ ਫ਼ੌਜ ਅਤੇ 32 ਤੋਪਾਂ ਅਤੇ 100 ਜੰਬੂਰਾਂ ਸਹਿਤ ਨੌਸ਼ਹਿਰੇ ਪਹੁੰਚੇ ਅਤੇ ਉੱਥੇ ਡੇਰੇ ਲਗਾਈ ਬੈਠੇ ਗ਼ਾਜ਼ੀਆਂ ਨਾਲ ਮਿਲ ਕੇ ਜੰਗ ਦੀ ਤਿਆਰੀ ਕਰੇ । ਇਸ ਤਰ੍ਹਾਂ ਆਪਣੀ ਸਾਰੀ ਫ਼ੌਜ ਅਤੇ ਮੁਲਖਈਏ ਨੂੰ ਇਕੱਠਾ ਕਰਕੇ ਮੁਹੰਮਦ ਅਜ਼ੀਮ ਖਾਨ ਖਾਲਸਾ ਸੈਨਾ ਨਾਲ ਦੋ-ਦੋ ਹੱਥ ਕਰਨ ਲਈ ਡਟ ਗਿਆ। ਉਸ ਲਈ ਇਹ ਲੜਾਈ ਬੜੀ ਵਕਾਰੀ ਸੀ ਕਿਉਂਕਿ ਇਸ ਲੜਾਈ ਦੀ ਹਾਰ-ਜਿੱਤ ਨਾਲ ਪਿਸ਼ਾਵਰ ਤਕ ਦੇ ਇਲਾਕੇ ਦਾ ਭਵਿੱਖ ਜੁੜਿਆ ਹੋਇਆ ਸੀ। ਖਾਲਸਾ ਫ਼ੌਜ ਦੀ ਕਮਾਂਡ ਮਹਾਰਾਜਾ ਸਾਹਿਬ ਖੁਦ ਕਰ ਰਹੇ ਸਨ। 1 ਮਾਰਚ, 1823 ਨੂੰ ਅੰਮ੍ਰਿਤ ਵੇਲੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰਮਤਾ ਸੋਧਿਆ ਗਿਆ ਕਿ ਤੁਰਤ ਵੈਰੀ ‘ਤੇ ਹਮਲਾ ਕਰ ਦਿੱਤਾ ਜਾਏ। ਖਾਲਸਾ ਫ਼ੌਜਾਂ ਕੂਚ ਕਰਨ ਵਾਲੀਆਂ ਹੀ ਸਨ ਕਿ ਵੈਰੀ ਦੇ ਡੇਰੇ ਤੋਂ ਖੁਫ਼ੀਆ ਏਜੰਸੀ ਰਾਹੀਂ ਸੂਚਨਾ ਮਿਲੀ ਕਿ ਮੁਹੰਮਦ ਅਜ਼ੀਮ ਖ਼ਾਨ ਆਪਣੇ ਦਲ-ਬਲ ਅਤੇ ਤੋਪਖ਼ਾਨੇ ਸਮੇਤ ਦਰਿਆ ਲੰਡੇ ਦੇ ਨੇੜੇ ਪਹੁੰਚ ਗਿਆ ਹੈ ਅਤੇ ਦਰਿਆ ਪਾਰ ਕਰਕੇ ਗ਼ਾਜ਼ੀਆਂ ਦੇ ਮੁੱਖ ਡੇਰੇ ਨਾਲ ਰਲਣ ਵਾਲਾ ਹੈ। ਵੈਰੀਆਂ ਦੀ ਇਸ ਫ਼ੌਜੀ ਤਿਆਰੀ ਨੂੰ ਵਿਚਾਰ ਕੇ ਮਹਾਰਾਜਾ ਸਾਹਿਬ ਨੇ ਸੋਚਿਆ ਕਿ ਆਪਣੇ ਤੋਪਖਾਨੇ ਦੇ ਪਹੁੰਚਣ ਉਪਰੰਤ ਦੁਪਹਿਰ ਤੋਂ ਬਾਅਦ ਵੈਰੀ ਦਲ ‘ਤੇ ਧਾਵਾ ਕੀਤਾ ਜਾਏ। ਮਹਾਰਾਜਾ ਸਾਹਿਬ ਦੀ ਇਸ ਤਜਵੀਜ਼ ਨਾਲ ਅਕਾਲੀ ਫੂਲਾ ਸਿੰਘ ਸਹਿਮਤ ਨਾ ਹੋਇਆ ਅਤੇ ਗੁਰਮਤੇ ਦੀ ਪਾਲਨਾ ਕਰਦਿਆਂ ਹੋਇਆਂ ਤੁਰਤ ਵੈਰੀਆਂ ਦੇ ਡੇਰੇ ਉਪਰ ਹਮਲਾ ਕਰ ਦਿੱਤਾ। ਮਹਾਰਾਜਾ ਸਾਹਿਬ ਵੀ ਰੁਕ ਨਾ ਸਕੇ। ਉਨ੍ਹਾਂ ਨੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਹਮਲਾ ਕਰਨ ਦਾ ਆਦੇਸ਼ ਦਿੱਤਾ। ਕਰਨੀ ਰੱਬ ਦੀ, ਇਤਨੇ ਤਕ ਖਾਲਸਾ ਤੋਪਖਾਨਾ ਵੀ ਉੱਥੇ ਪਹੁੰਚ ਗਿਆ। ਮਹਾਰਾਜਾ ਸਾਹਿਬ ਨੇ ਤੁਰਤ ਸਰਦਾਰ ਹਰੀ ਸਿੰਘ ਨਲਵਾ ਅਤੇ ਜਨਰਲ ਇਲਾਰਡ ਨੂੰ ਹੁਕਮ ਦਿੱਤਾ ਕਿ ਉਹ ਮੁਹੰਮਦ ਅਜ਼ੀਮ ਖਾਨ ਨੂੰ ਲੰਡਾ ਦਰਿਆ ਪਾਰ ਨਾ ਕਰਨ ਦੇਣ, ਕਿਉਂਕਿ ਉਨ੍ਹਾਂ ਦੇ ਪਹੁੰਚ ਜਾਣ ਨਾਲ ਵੈਰੀ ਦਲ ਦੀ ਸ਼ਕਤੀ ਕਾਫ਼ੀ ਵੱਧ ਜਾਣ ਦੀ ਸੰਭਾਵਨਾ ਸੀ। ਸਰਦਾਰ ਨਲਵਾ ਨੇ ਆਪਣੀਆਂ ਤੋਪਾਂ ਦੇ ਮੂੰਹ ਵੈਰੀ ਦਲ ਵੱਲ ਖੋਲ੍ਹ ਦਿੱਤੇ। ਇਸ ਤਰ੍ਹਾਂ ਵੈਰੀ ਦਲ ਨੂੰ ਉੱਥੇ ਹੀ ਰੋਕ ਦਿੱਤਾ ਗਿਆ।
ਜਦੋਂ ਮੁਹੰਮਦ ਅਜ਼ੀਮ ਖਾਨ ਨੇ ਖਾਲਸੇ ਦੇ ਧਾਵੇ ਦੀ ਗੱਲ ਸੁਣੀ ਤਾਂ ਉਹ ਬਹੁਤ ਤੜਪਿਆ ਅਤੇ ਆਪਣੀ ਫ਼ੌਜ ਸਮੇਤ ਖਾਲਸਾ ਸੈਨਾ ਉੱਤੇ ਟੁੱਟ ਕੇ ਪੈ ਗਿਆ। ਬਹੁਤ ਭਿਆਨਕ ਯੁੱਧ ਹੋਇਆ। ਤੋਪਾਂ ਨੇ ਤਾਂ ਬੇਹੱਦ ਗੋਲਾਬਾਰੀ ਕੀਤੀ ਪਰ ਹੱਥੋਂ ਹੱਥ ਲੜਾਈ ਵਿਚ ਖਾਲਸਾ ਫ਼ੌਜ ਨੇ ਕਮਾਲ ਕਰ ਦਿੱਤਾ। ਸ. ਹਰੀ ਸਿੰਘ ਨਲਵਾ ਨੇ ਘਮਸਾਨ ਯੁੱਧ ਵਿਚ ਉਹ ਦਲੇਰੀ ਵਿਖਾਈ ਅਤੇ ਇਤਨੀ ਸੂਰਬੀਰਤਾ ਨਾਲ ਯੁੱਧ ਕੀਤਾ ਕਿ ਵੈਰੀਆਂ ਦੀ ਫ਼ੌਜ ਜੰਮ ਨਾ ਸਕੀ। ਹਰੀ ਸਿੰਘ ਨਲਵਾ ਜਿੱਧਰ ਮੂੰਹ ਕਰਦਾ ਉੱਧਰ ਹੀ ਲਾਸ਼ਾਂ ਦੇ ਸਥਰ ਵਿਛ ਜਾਂਦੇ। ਖਾਲਸਾ ਫ਼ੌਜ ਨੇ ਬੜੀ ਦਲੇਰੀ ਨਾਲ ਵੈਰੀ ਦੀਆਂ ਛੇ ਤੋਪਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਪਰ ਤੋਪਚੀ ਉਨ੍ਹਾਂ ਤੋਪਾਂ ਨੂੰ ਬਚਾਉਣ ਲਈ ਨਾਲ ਹੀ ਲਿਪਟ ਗਏ। ਖਾਲਸੇ ਨੇ ਸਭ ਨੂੰ ਮਾਰ ਕੇ ਪਰ੍ਹੇ ਹਟਾਇਆ ਅਤੇ ਤੋਪਾਂ ਨੂੰ ਆਪਣੇ ਵੱਸ ਵਿਚ ਕਰ ਲਿਆ। ਇਸ ਮੌਕੇ ‘ਤੇ ਵਿਖਾਈ ਨਲਵੇ ਸਰਦਾਰ ਦੀ ਬੀਰਤਾ ਜੰਗਾਂ ਦੇ ਇਤਿਹਾਸ ਵਿਚ ਵਿਲੱਖਣ ਘਟਨਾ ਸੀ। ਇਸ ਲੜਾਈ ਵਿਚ ਕੁਝ ਸੈਨਿਕਾਂ ਸਹਿਤ ਸ. ਹਾਕਮ ਸਿੰਘ ਸੰਧੂ ਮਾਰਿਆ ਗਿਆ। ਇਸ ਵੀਰ ਨਾਇਕ ਦੀ ਸ਼ਹਾਦਤ ਨੇ ਨਲਵਾ ਸਰਦਾਰ ਨੂੰ ਕਾਫ਼ੀ ਗ਼ਮਗੀਨ ਕੀਤਾ ਕਿਉਂਕਿ ਦੋਵੇਂ ਨਿਕਟਵਰਤੀ ਮਿੱਤਰ ਸਨ। ਇਸ ਘਟਨਾ ਨਾਲ ਉਹ ਬਹੁਤ ਰੋਹ ਵਿਚ ਆ ਗਿਆ ਅਤੇ ਉਸ ਦੇ ਸੈਨਾ ਦਲ ਵਿਚ ਤੂਫ਼ਾਨ ਵਰਗਾ ਜੋਸ਼ ਛਾ ਗਿਆ। ਜਦੋਂ ਮੁਹੰਮਦ ਅਜ਼ੀਮ ਖਾਨ ਨੂੰ ਆਪਣੀ ਜਾਨ ‘ਤੇ ਬਣਦੀ ਨਜ਼ਰ ਆਈ ਤਾਂ ਉਹ ਆਪਣੇ ਘੋੜੇ ਨੂੰ ਦੌੜਾਉਂਦਾ ਹੋਇਆ ਮਿਚਨੀ ਪਹੁੰਚ ਗਿਆ ਅਤੇ ਆਪਣੀ ਜਿੰਦ ਦੀ ਖੈਰ ਮਨਾਉਣ ਲੱਗਿਆ। ਅਫ਼ਗ਼ਾਨੀ ਫ਼ੌਜ ਆਪਣੇ ਨਾਇਕ ਨੂੰ ਭੱਜਦਾ ਵੇਖ ਕੇ ਘਬਰਾ ਗਈ। ਜਿੱਧਰ ਨੂੰ ਜਿਸ ਦਾ ਮੂੰਹ ਆਇਆ, ਉੱਧਰ ਨੂੰ ਹੀ ਸੈਨਿਕ ਦੌੜਨ ਲੱਗ ਗਏ। ਸਾਰਾ ਮੈਦਾਨ ਖਾਲਸੇ ਦੇ ਕਬਜ਼ੇ ਵਿਚ ਹੋ ਗਿਆ। ਅਫ਼ਗ਼ਾਨਾਂ ਦੀਆਂ 14 ਵੱਡੀਆਂ, 18 ਨਿੱਕੀਆਂ ਤੋਪਾਂ ਮੈਦਾਨੇ ਜੰਗ ਵਿਚ ਹੀ ਰਹਿ ਗਈਆਂ। ਕੁਝ ਤੋਪਾਂ ਉਨ੍ਹਾਂ ਨੇ ਦਰਿਆ ਵੱਲ ਧੱਕ ਦਿੱਤੀਆਂ ਅਤੇ ਕੁਝ ਨੂੰ ਬੇਕਾਰ ਕਰ ਦਿੱਤਾ। ਸਰਦਾਰ ਨਲਵਾ ਨੇ ਜਿਤਨਾ ਸੰਭਵ ਹੋ ਸਕਿਆ, ਦਰਿਆ ਵਿਚ ਠੇਹਲਿਆ ਜੰਗੀ ਸਾਮਾਨ ਕਢਵਾਇਆ ਅਤੇ ਹੋਰ ਖਾਧ-ਖੁਰਾਕ ਦੀਆਂ ਵਸਤੂਆਂ ਵੀ ਆਪਣੇ ਕਬਜ਼ੇ ਵਿਚ ਕਰ ਲਈਆਂ।
ਉੱਧਰ ਦੂਜੇ ਪਾਸੇ ਸਾਰਾ ਦਿਨ ਖੂਬ ਜੰਮ ਕੇ ਲੜਾਈ ਹੋਈ। ਹਰ ਪਾਸੇ ਲਾਸ਼ਾਂ ਹੀ ਨਜ਼ਰ ਆ ਰਹੀਆਂ ਸਨ। ਖਾਲਸਾ ਫ਼ੌਜ ਦੀ ਯੁੱਧ-ਕੁਸ਼ਲਤਾ ਨੂੰ ਵੇਖ ਕੇ ਅਫ਼ਗ਼ਾਨ ਮੈਦਾਨ ਛੱਡ ਗਏ ਅਤੇ ਖਾਲਸੇ ਦਾ ਹਰ ਪਾਸੇ ਬੋਲਬਾਲਾ ਹੋ ਗਿਆ। ਇਸ ਜਿੱਤ ਨੂੰ ਇਸ ਗੱਲੋਂ ਵੀ ਮਹੱਤਵ ਦਿੱਤਾ ਜਾਂਦਾ ਹੈ ਕਿਉਂਕਿ ਇਸ ਨਾਲ ਉਸ ਇਲਾਕੇ ਵਿਚ ਖਾਲਸੇ ਦਾ ਦਬਦਬਾ ਛਾ ਗਿਆ। ਇਹ ਜਿੱਤ ਮਾਨੋ ਉਸ ਸਰਹਦੀ ਇਲਾਕੇ ਵਿਚ ਖਾਲਸੇ ਦੀ ਸਥਾਈ ਹਕੂਮਤ ਕਾਇਮ ਕਰਨ ਦਾ ਉਦਘਾਟਨ ਸੀ। ਪਰ ਇਸ ਯੁੱਧ ਵਿਚ ਰਣ-ਵਿਕ੍ਰਮ ਬਾਬਾ ਫੂਲਾ ਸਿੰਘ ਸ਼ਹੀਦ ਹੋ ਗਿਆ। ਉਸ ਨੇ ਆਪਣੇ ਸਿੱਖੀ ਸਿਦਕ ਨੂੰ ਤੋੜ ਨਿਭਾਇਆ ਅਤੇ ਹਰ ਪਾਸੇ ਖਾਲਸੇ ਦਾ ਝੰਡਾ ਝੁਲਾ ਦਿੱਤਾ।
ਨੌਸ਼ਹਿਰੇ ਦੀ ਫ਼ਤਹਿ ਤੋਂ ਬਾਅਦ ਕੁਝ ਦਿਨ ਖਾਲਸਾ ਫ਼ੌਜ ਨੇ ਉੱਥੇ ਆਰਾਮ ਕੀਤਾ। ਫਿਰ ਮਹਾਰਾਜਾ ਸਾਹਿਬ ਨੇ ਸ. ਹਰੀ ਸਿੰਘ ਨਲਵਾ ਨੂੰ ਲੈ ਕੇ ਪਿਸ਼ਾਵਰ ਤਕ ਸਾਰੇ ਸਰਹੱਦੀ ਇਲਾਕੇ ਦਾ ਦੌਰਾ ਕੀਤਾ। ਉਸ ਇਲਾਕੇ ਦੇ ਸਾਰਿਆਂ ਕਬੀਲਿਆਂ ਨੇ ਖਾਲਸੇ ਦੀ ਈਨ ਮੰਨ ਲਈ ਅਤੇ ਮਹਾਰਾਜਾ ਸਾਹਿਬ ਅੱਗੇ ਨਜ਼ਰਾਨੇ ਅਤੇ ਤੋਹਫ਼ੇ ਭੇਂਟ ਕੀਤੇ। ਉੱਥੋਂ ਦੇ ਸਾਰੇ ਖਾਨਾਂ ਅਤੇ ਜਾਗੀਰਦਾਰਾਂ ਦਾ ਵਫ਼ਦ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਪਿਸ਼ਾਵਰ ਦੇ ਕਿਲੇਦਾਰ ਯਾਰ ਮੁਹੰਮਦ ਖ਼ਾਨ ਨੂੰ ਮਾਫ਼ ਕਰਨ ਲਈ ਕਿਹਾ ਕਿਉਂਕਿ ਇਹ ਉਦੋਂ ਪਿਸ਼ਾਵਰ ਦਾ ਕਿਲਾ ਛੱਡ ਕੇ ਖਿਸਕ ਗਿਆ ਸੀ ਜਦੋਂ ਇਸ ਦੇ ਭਰਾ ਮੁਹੰਮਦ ਅਜ਼ੀਮ ਖਾਨ ਬਾਰਕਜ਼ਈ ਨੇ ਲਾਹੌਰ ਦਰਬਾਰ ਤੋਂ ਸਰਹੱਦੀ ਇਲਾਕੇ ਨੂੰ ਆਜ਼ਾਦ ਕਰਨ ਦੀ ਮੁਹਿੰਮ ਚਲਾਈ ਸੀ। ਉਦਾਰ ਦ੍ਰਿਸ਼ਟੀ ਵਾਲੇ ਮਹਾਰਾਜਾ ਸਾਹਿਬ ਨੇ ਉਸ ਨੂੰ ਬਖ਼ਸ਼ ਦਿੱਤਾ ਅਤੇ ਉਸ ਨੂੰ ਪਿਸ਼ਾਵਰ ਦਾ ਬਾਜਗੁਜ਼ਾਰ ਨਾਜ਼ਮ ਨਿਯੁਕਤ ਕਰ ਦਿੱਤਾ, ਇਸ ਸ਼ਰਤ ‘ਤੇ ਕਿ ਹੁਣ ਉਹ ਉੱਥੇ ਅਮਨ-ਅਮਾਨ ਰੱਖੇਗਾ ਅਤੇ ਲਾਹੌਰ ਦਰਬਾਰ ਨੂੰ ਬਾਜਗੁਜ਼ਾਰੀ ਭੇਜਦਾ ਰਹੇਗਾ। ਪੂਰੀ ਤਰ੍ਹਾਂ ਅਮਨ ਕਾਇਮ ਕਰਨ ਲਈ ਸ. ਹਰੀ ਸਿੰਘ ਛੇ ਮਹੀਨੇ ਤੋਂ ਵੱਧ ਸਮੇਂ ਲਈ ਆਪਣੀ ਫ਼ੌਜ ਸਹਿਤ ਉੱਥੇ ਠਹਿਰਿਆ। ਇਸ ਦੌਰਾਨ ਨਲਵੇ ਸਰਦਾਰ ਨੇ ਸਾਰੇ ਇਲਾਕੇ ਦੀ ਗਸ਼ਤ ਕੀਤੀ ਅਤੇ ਲੋਕਾਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਖ਼ਾਲਸਾ ਫ਼ੌਜ ਦੀ ਸਰਪ੍ਰਸਤੀ ਹਮੇਸ਼ਾ ਲਈ ਮੰਨ ਕੇ ਅਮਨ ਚੈਨ ਨਾਲ ਰਹਿਣਾ ਚਾਹੀਦਾ ਹੈ। ਸਰਦਾਰ ਹਰੀ ਸਿੰਘ ਦੇ ਇਸ ਦੌਰੇ ਨਾਲ ਲੋਕਾਂ ਦੇ ਮਨ ਵਿਚ ਵਿਸ਼ਵਾਸ ਬੈਠਿਆ ਅਤੇ ਮਿਲਵਰਤਨ ਦੇਣ ਲਈ ਤਿਆਰ ਹੋ ਗਏ। ਇਸ ਦਾ ਕਾਰਣ ਸਰਦਾਰ ਨਲਵਾ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਅਤੇ ਲੋੜ ਅਨੁਸਾਰ ਸਮੱਸਿਆ ਨਾਲ ਜੂਝਣ ਦੀ ਕਾਬਲੀਅਤ ਸੀ।
ਹਜ਼ਾਰੇ ਦੀ ਪੁਨਰ ਸੋਧ
ਜਦੋਂ ਸਰਦਾਰ ਹਰੀ ਸਿੰਘ ਨੇ ਪਿਸ਼ਾਵਰ ਦੇ ਸਰਹੱਦੀ ਇਲਾਕੇ ਵਿਚ ਪੂਰੀ ਤਰ੍ਹਾਂ ਅਮਨ ਕਾਇਮ ਕਰ ਲਿਆ ਅਤੇ ਯਾਰ ਮੁਹੰਮਦ ਖ਼ਾਨ ਨੂੰ ਸਹਾਇਤਾ ਦੇ ਕੇ ਉਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਸਮਰੱਥ ਕਰ ਦਿੱਤਾ ਤਾਂ ਮਹਾਰਾਜਾ ਸਾਹਿਬ ਨੇ ਸਰਦਾਰ ਨਲਵਾ ਨੂੰ ਫਿਰ ਹਜ਼ਾਰੇ ਦੇ ਇਲਾਕੇ ਵਿਚ ਭੇਜ ਦਿੱਤਾ। ਜਦੋਂ ਉਹ ਹਜ਼ਾਰੇ ਪਹੁੰਚਿਆ ਤਾਂ ਪਤਾ ਚਲਿਆ ਕਿ ਮੈਦਾਨੀ ਇਲਾਕੇ ਵਿਚ ਵਸਣ ਵਾਲੇ ਕਬਾਇਲੀ ਉੱਥੋਂ ਖਿਸਕ ਕੇ ਗੰਧਾਗਰ ਦੇ ਪਹਾੜੀ ਇਲਾਕੇ ਵਿਚ ਜਾ ਵਸੇ ਸਨ ਅਤੇ ਉੱਥੋਂ ਇਹ ਆਪਣੇ ਆਗੂ ਮੁਹੰਮਦ ਖ਼ਾਨ ਤਰੀਨ ਦੀ ਅਗਵਾਈ ਵਿਚ ਹਜ਼ਾਰੇ ਦੇ ਮੈਦਾਨੀ ਇਲਾਕੇ ਵਿਚ ਡਾਕੇ ਮਾਰਦੇ ਸਨ, ਜਨਤਾ ਨੂੰ ਦੁਖੀ ਕਰਦੇ ਅਤੇ ਅਮਨ-ਅਮਾਨ ਨੂੰ ਖਤਮ ਕਰਦੇ ਸਨ। ਸ. ਨਲਵਾ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਯੋਜਨਾ ਬਣਾਈ ਅਤੇ ਪੂਰੀ ਤਰ੍ਹਾਂ ਫ਼ੌਜੀ ਤਿਆਰੀ ਨਾਲ ਸੰਨ 1824 ਦੇ ਸ਼ੁਰੂ ਵਿਚ ਹੀ ਸਿਰੀਕੋਟ ਅਤੇ ਨਾੜੇ ਦੇ ਇਲਾਕਿਆਂ ‘ਤੇ ਹਮਲਾ ਕਰ ਦਿੱਤਾ। ਪਰ ਉੱਧਰ ਵਿਰੋਧੀਆਂ ਨੂੰ ਵੀ ਖਬਰ ਮਿਲ ਗਈ। ਉਨ੍ਹਾਂ ਨੇ ਮਜ਼੍ਹਬ ਦੇ ਨਾਂ ‘ਤੇ ਲੋਕਾਂ ਨੂੰ ਮਰ ਮਿਟਣ ਲਈ ਪ੍ਰੇਰਨਾ ਦਿੱਤੀ ਅਤੇ ਥੋੜ੍ਹੇ ਸਮੇਂ ਵਿਚ ਹੀ ਲਗਭਗ 15 ਹਜ਼ਾਰ ਮੁਲਖਈਆ ਇਕੱਠਾ ਕਰ ਲਿਆ। ਉਨ੍ਹਾਂ ਨੇ ਆਪਣੇ ਪਿੰਡਾਂ ਜਾਂ ਇਲਾਕੇ ਵੱਲ ਆਉਣ ਵਾਲੇ ਰਸਤਿਆਂ ‘ਤੇ ਪੱਥਰ ਸੁੱਟਵਾ ਕੇ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਅਤੇ ਕਈਆਂ ਥਾਵਾਂ ‘ਤੇ ਦਰਖਤ ਕਟਵਾ ਕੇ ਉਨ੍ਹਾਂ ਦੇ ਢੇਰ ਲਗਵਾ ਦਿੱਤੇ। ਅਜਿਹਾ ਕੁਝ ਕਰਨ ਤੋਂ ਬਾਅਦ ਉਹ ਆਪਣੇ ਠਿਕਾਣਿਆਂ ‘ਤੇ ਪੱਕੇ ਮੋਰਚੇ ਬਣਾ ਕੇ ਖਾਲਸਾ ਸੈਨਾ ਦੀ ਉਡੀਕ ਕਰਨ ਲੱਗ ਪਏ।
ਅਫ਼ਗ਼ਾਨੀਆਂ ਦੀਆਂ ਰੁਕਾਵਟਾਂ ਦੀ ਪਰਵਾਹ ਨਾ ਕਰਦੇ ਹੋਇਆਂ ਸਰਦਾਰ ਨਲਵਾ ਨੇ ਅਗਲੀ ਸਵੇਰ ਉਨ੍ਹਾਂ ‘ਤੇ ਹਮਲਾ ਕਰਨ ਲਈ ਫ਼ੌਜ ਦੇ ਪਹਿਲੇ ਦਸਤੇ ਨੂੰ ਲੈ ਕੇ ਹਮਲਾ ਕਰ ਦਿੱਤਾ। ਪਠਾਨਾਂ ਨੇ ਬੜੀ ਦਲੇਰੀ ਅਤੇ ਮਜ਼੍ਹਬੀ ਜੋਸ਼ ਨਾਲ ਉਸ ਨਾਲ ਲੋਹਾ ਲਿਆ। ਇਸ ਘਮਸਾਨ ਲੜਾਈ ਵਿਚ ਵੈਰੀਆਂ ਨੂੰ ਆਪਣੀ ਸਥਿਤੀ ਦਾ ਅਹਿਸਾਸ ਹੋ ਗਿਆ ਕਿ ਉਹ ਖਾਲਸਾ ਸੈਨਾ ਦਾ ਟਾਕਰਾ ਕਰ ਸਕਣ ਦੇ ਸਮਰੱਥ ਨਹੀਂ ਹਨ। ਪਰ ਉਨ੍ਹਾਂ ਨੇ ਇਕ ਧੋਖੇ ਵਾਲਾ ਢੰਗ ਇਹ ਵਰਤਿਆ ਕਿ ਨਾੜੇ ਪਿੰਡ ਨੂੰ ਜਾਣ ਵਾਲੇ ਰਸਤੇ ਵਿਚ ਇਕ ਥਾਂ ਬਹੁਤ ਸਾਰੇ ਪੱਥਰਾਂ ਦਾ ਢੇਰ ਲਗਾ ਕੇ ਉਸ ਹੇਠਾਂ ਬਰੂਦ ਭਰ ਦਿੱਤਾ। ਜਦੋਂ ਹਰੀ ਸਿੰਘ ਨਲਵਾ ਆਪਣੇ ਸਾਥੀਆਂ ਸਮੇਤ ਪੱਥਰਾਂ ਦੇ ਉਸ ਢੇਰ ਕੋਲ ਪਹੁੰਚਿਆ ਤਾਂ ਵੈਰੀਆਂ ਨੇ ਪਲੀਤਿਆਂ ਨੂੰ ਅੱਗ ਲਗਾ ਦਿੱਤੀ। ਇਕ ਭਾਰੀ ਵਿਸਫੋਟ ਨਾਲ ਪੱਥਰ ਉਪਰ ਨੂੰ ਉਛਲੇ ਅਤੇ ਆਪਣੀ ਜ਼ਦ ਵਿਚ ਜੋ ਵੀ ਆਇਆ ਉਸ ਨੂੰ ਰੇੜ੍ਹ ਕੇ ਹੇਠਾਂ ਖਡਾਂ ਵਿਚ ਲੈ ਗਏ। ਸਰਦਾਰ ਨਲਵਾ ਵੀ ਉਨ੍ਹਾਂ ਦੀ ਮਾਰ ਹੇਠਾਂ ਆ ਗਿਆ ਅਤੇ ਖਡ ਵਿਚ ਡਿੱਗ ਪਿਆ। ਰਾਤ ਦਾ ਹਨੇਰਾ ਪੈ ਚਲਿਆ ਸੀ। ਸਰਦਾਰ ਹਰੀ ਸਿੰਘ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ ਸੀ। ਖਾਲਸਾ ਸੈਨਾ ਆਪਣੇ ਡੇਰੇ ਵੱਲ ਪਰਤ ਆਈ। ਸਭ ਨੇ ਸਮਝ ਲਿਆ ਕਿ ਵੀਰ ਨਾਇਕ ਚੜ੍ਹਾਈ ਕਰ ਗਿਆ ਹੈ। ਉੱਧਰ ਵੈਰੀਆਂ ਨੂੰ ਵੀ ਇਸੇ ਤਰ੍ਹਾਂ ਦੀ ਖ਼ਬਰ ਮਿਲੀ। ਪਰ ਸਾਰੀ ਰਾਤ ਸ. ਮਹਾਂ ਸਿੰਘ ਮੀਰਪੁਰੀਆ ਅਤੇ ਸ. ਟੇਕ ਸਿੰਘ ਸੰਧੂ ਆਪਣੇ ਕੁਝ ਸੈਨਿਕਾਂ ਨਾਲ ਸ. ਹਰੀ ਸਿੰਘ ਨਲਵਾ ਨੂੰ ਲੱਭਦੇ ਰਹੇ, ਪਰ ਸਫਲ ਨਾ ਹੋ ਸਕੇ। ਸਵੇਰ ਹੋਣ ‘ਤੇ ਨਿਰਾਸ਼ ਹੋ ਕੇ ਆਪਣੇ ਡੇਰੇ ਵੱਲ ਪਰਤਣ ਹੀ ਲੱਗੇ ਸਨ। ਕਿ ਇਕ ਸੈਨਿਕ ਨੇ ਸਰਦਾਰ ਹੋਰਾਂ ਦੀ ਦੇਹ ਇਕ ਦਰਖਤ ਵਿਚ ਫਸੀ ਹੋਈ ਵੇਖੀ। ਤੁਰਤ ਸਭ ਉੱਥੇ ਪਹੁੰਚੇ। ਲਹੂ-ਲੁਹਾਨ ਸਰਦਾਰ ਨੂੰ ਵੇਖਿਆ ਅਤੇ ਨਾੜੀ ਦੇ ਚਲਦੇ ਹੋਣ ‘ਤੇ ਤੁਰਤ ਉਸ ਨੂੰ ਸੁਖਪਾਲ ਵਿਚ ਪਾ ਕੇ ਡੇਰੇ ਪਹੁੰਚਾਇਆ ਅਤੇ ਬਾਅਦ ਵਿਚ ਪੂਰੀ ਤਰ੍ਹਾਂ ਇਲਾਜ ਲਈ ਹਰੀਪੁਰ ਨਗਰ ਭੇਜਿਆ ਜਿੱਥੇ ਉਸ ਦਾ ਇਲਾਜ ਅਤੇ ਮਰਹਮ-ਪੱਟੀ ਕੀਤੀ ਗਈ। ਥੋੜ੍ਹੇ ਸਮੇਂ ਵਿਚ ਹੀ ਨਲਵਾ ਸਰਦਾਰ ਨੌਂ-ਬਰ-ਨੌਂ ਹੋ ਗਿਆ।
ਸਰਦਾਰ ਹਰੀ ਸਿੰਘ ਨੂੰ ਇਲਾਜ ਲਈ ਹਰੀਪੁਰ ਭੇਜ ਕੇ ਦੂਜੇ ਦਿਨ ਸਵੇਰੇ ਸ. ਮਹਾਂ ਸਿੰਘ ਨੇ ਆਪਣੇ ਦਲ ਬਲ ਸਹਿਤ ਵੈਰੀਆਂ ‘ਤੇ ਚੜ੍ਹਾਈ ਕਰ ਦਿੱਤੀ। ਗੁੱਸੇ ਵਿਚ ਭੜਕੀ ਸਿੱਖ ਸੈਨਾ ਦੇ ਹਮਲੇ ਦਾ ਸਾਹਮਣਾ ਨਾ ਕਰ ਸਕਣ ਕਾਰਣ ਗ਼ਾਜ਼ੀਆਂ ਦਾ ਇਕੱਠ ਖਿੰਡ-ਪੁੰਡ ਗਿਆ। ਸ. ਮਹਾਂ ਸਿੰਘ ਨੇ ਨਾੜੇ ਪਿੰਡ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਸਾਰੇ ਹਥਿਆਰ, ਖਾਧ ਸਾਮੱਗਰੀ ਅਤੇ ਹੋਰ ਵਸਤੂਆਂ ਆਪਣੇ ਕਬਜ਼ੇ ਵਿਚ ਲੈ ਲਈਆਂ। ਕਬਾਇਲੀਆਂ ਵੱਲੋਂ ਛੱਡੀਆਂ ਹੋਈਆਂ 500 ਬਕਰੀਆਂ ਵੀ ਸਿੰਘਾਂ ਦੇ ਕਬਜ਼ੇ ਵਿਚ ਆ ਗਈਆਂ। ਵੈਰੀਆਂ ਨੂੰ ਸੋਧ ਕੇ ਸ. ਮਹਾਂ ਸਿੰਘ ਵਾਪਸ ਹਰੀਪੁਰ ਪਹੁੰਚ ਗਿਆ। ਸਰਦਾਰ ਹਰੀ ਸਿੰਘ ਜਦੋਂ ਠੀਕ ਹੋ ਗਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਸਿਰੀਕੋਟ ਦੇ ਪਹਾੜੀ ਇਲਾਕੇ ਨੂੰ ਪੱਕੇ ਤੌਰ ‘ਤੇ ਆਪਣੇ ਕਬਜ਼ੇ ਵਿਚ ਰੱਖਣ ਲਈ ਪਹਾੜੀਆਂ ਉਪਰ ਗੜ੍ਹੀਆਂ ਦਾ ਨਿਰਮਾਣ ਕਰਵਾਇਆ। ਉੱਥੇ ਸੈਨਿਕਾਂ ਨੂੰ ਠਹਿਰਾਉਣ ਅਤੇ ਹੋਰ ਸਾਮਾਨ ਅਤੇ ਹਥਿਆਰ ਰੱਖਣ ਦੀ ਵੀ ਵਿਵਸਥਾ ਕੀਤੀ। ਇਸ ਤੋਂ ਇਲਾਵਾ ਸ. ਅਮਰ ਸਿੰਘ ਮਜੀਠੀਏ ਦੀ ਯਾਦ ਵਿਚ ਇਕ ਸਮਾਰਕ ਬਣਵਾਇਆ ਜਿਸ ਨੂੰ ਅਫ਼ਰੀਦੀਆਂ ਨੇ ਪਿੱਛੇ ਜਿਹੇ ਸ਼ਹੀਦ ਕਰ ਦਿੱਤਾ ਸੀ। ਪਰ ਜਿਨ੍ਹਾਂ ਪਿੰਡਾਂ ਵੱਲ ਇਹ ਖ਼ਬਰ ਪਹੁੰਚੀ ਹੋਈ ਸੀ ਕਿ ਸਰਦਾਰ ਨਲਵਾ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ, ਉਨ੍ਹਾਂ ਨੇ ਬਗੜਾ ਨਾਂ ਦੇ ਪਿੰਡ ਨੇੜੇ ਇਕੱਠ ਕਰਨਾ ਸ਼ੁਰੂ ਕੀਤਾ ਅਤੇ ਉੱਥੇ ਕਾਇਮ ਕੀਤੀ ਗਈ ਇਕ ਸਿੱਖ ਸੈਨਿਕ ਚੌਕੀ ਨੂੰ ਘੇਰ ਕੇ ਉੱਥੇ ਆਪਣਾ ਕਬਜ਼ਾ ਕਰਨਾ ਚਾਹਿਆ। ਜਦੋਂ ਇਸ ਦੀ ਸੂਚਨਾ ਸਰਦਾਰ ਹਰੀ ਸਿੰਘ ਨਲਵਾ ਨੂੰ ਮਿਲੀ ਤਾਂ ਉਸ ਨੇ ਆਪਣੀ ਇਕ ਸੈਨਿਕ ਟੁਕੜੀ ਨਾਲ ਉਨ੍ਹਾਂ ‘ਤੇ ਅਚਾਨਕ ਹਮਲਾ ਕਰਕੇ ਵੈਰੀਆਂ ਨੂੰ ਖਦੇੜ ਦਿੱਤਾ ਅਤੇ ਉਨ੍ਹਾਂ ਦੇ ਮਨ ਅੰਦਰੋਂ ਆਪਣੇ ਮਾਰੇ ਜਾਣ ਦਾ ਭਰਮ ਵੀ ਦੂਰ ਕਰ ਦਿੱਤਾ।
ਇਸ ਦੌਰਾਨ ਸ਼ੇਰੇ ਪੰਜਾਬ ਨੂੰ ਲਾਹੌਰ ਸੂਚਨਾ ਮਿਲੀ ਕਿ ਸਰਦਾਰ ਹਰੀ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਉਨ੍ਹਾਂ ਨੇ ਹਰੀਪੁਰ ਜਾਣ ਲਈ ਮਨ ਬਣਾਇਆ ਕਿਉਂਕਿ ਉਹ ਸਰਦਾਰ ਨਲਵਾ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਹਜ਼ਾਰੇ ਵਾਲੇ ਇਲਾਕੇ ਵਿਚ ਖਾਲਸਾ ਰਾਜ ਨੂੰ ਕਾਇਮ ਕਰਨ ਲਈ ਇਕੋ ਇਕ ਸਮਰੱਥ ਜਰਨੈਲ ਸੀ ਸਰਦਾਰ ਨਲਵਾ। ਜਦੋਂ ਮਹਾਰਾਜਾ ਸਾਹਿਬ ਹਰੀਪੁਰ ਪਹੁੰਚੇ ਤਾਂ ਉਦੋਂ ਤਕ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਸੀ ਅਤੇ ਹਜ਼ਾਰੇ ਦੇ ਇਲਾਕੇ ਦੇ ਬਾਗ਼ੀਆਂ ਨੂੰ ਸੋਧ ਕੇ ਪੂਰੀ ਤਰ੍ਹਾਂ ਕਾਬੂ ਕਰੀ ਬੈਠਾ ਸੀ। ਮਹਾਰਾਜਾ ਸਾਹਿਬ ਨੇ ਹਜ਼ਾਰੇ ਦੇ ਨਵੇਂ ਜਿੱਤੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਈ ਦਿਨ ਸ਼ਿਕਾਰ ਆਦਿ ਖੇਡਣ ਤੋਂ ਇਲਾਵਾ ਉੱਥੋਂ ਦੀ ਦਿਲਕਸ਼ ਕੁਦਰਤ ਦਾ ਆਨੰਦ ਮਾਣਿਆ ਅਤੇ ਇਹ ਵੀ ਖੁਦ ਅਨੁਭਵ ਕੀਤਾ ਕਿ ਸਰਦਾਰ ਨਲਵਾ ਨੇ ਲਾਹੌਰ ਦਰਬਾਰ ਦਾ ਕਿਤਨਾ ਦਬਦਬਾ ਅਫ਼ਗ਼ਾਨਾਂ ‘ਤੇ ਪਸਾਰਿਆ ਹੈ। ਮਹਾਰਾਜਾ ਸਾਹਿਬ ਉੱਥੋਂ ਲਾਹੌਰ ਨੂੰ ਵਾਪਸ ਆਉਣ ਵੇਲੇ ਉੱਥੇ ਦੇ ਸਭ ਤੋਂ ਜ਼ਿਆਦਾ ਖ਼ਤਰਨਾਕ ਪਠਾਨ ਮੁਹੰਮਦ ਖ਼ਾਨ ਤਰੀਨ ਨੂੰ ਫੜ ਕੇ ਨਾਲ ਹੀ ਲੈ ਆਏ। ਉਸ ਤੋਂ ਬਾਅਦ ਕਰਾਲਾਂ ਦੇ ਇਲਾਕੇ ਦਾ ਸੰਨ 1825 ਈ. ਵਿਚ ਸਰਦਾਰ ਨਲਵਾ ਨੇ ਨਿਰੀਖਣ ਕੀਤਾ। ਜਿਨ੍ਹਾਂ-ਜਿਨ੍ਹਾਂ ਅਫ਼ਰੀਦੀ ਮੁਖੀਆਂ ਨੇ ਉਸ ਨੂੰ ਅਮਨ ਕਾਇਮ ਕਰਨ ਵਿਚ ਸਹਿਯੋਗ ਦਿੱਤਾ ਸੀ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਕ ਦੋ ਨੂੰ ਕੁਝ ਜਾਗੀਰ ਵੀ ਦਿੱਤੀ ਗਈ। ਇਸ ਤਰ੍ਹਾਂ ਹਜ਼ਾਰੇ ਵਿਚ ਪੂਰੀ ਤਰ੍ਹਾਂ ਸ਼ਾਂਤੀ ਹੋ ਗਈ ਅਤੇ ਲੋਕਾਂ ਨੇ ਖਾਲਸਾ ਸੈਨਾ ਦੀ ਬਹਾਦਰੀ ਦੀ ਅਸਲੀਅਤ ਜਾਣ ਲਈ। ਅਜਿਹਾ ਹੋਣ ਵਿਚ ਸਰਦਾਰ ਹਰੀ ਸਿੰਘ ਦੇ ਕੁਸ਼ਲ ਪ੍ਰਸ਼ਾਸਨਿਕ ਪ੍ਰਬੰਧ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਇਸ ਦੀ ਯੁੱਧ-ਪ੍ਰਬੀਨਤਾ ਦੀ ਸਾਰੇ ਇਲਾਕੇ ਵਿਚ ਧਾਕ ਬੈਠ ਗਈ।
ਇਸ ਦੌਰਾਨ ਕੁਝ ਘਰੋਗੀ ਜ਼ਿੰਮੇਵਾਰੀਆਂ ਨਿਭਾਉਣ ਲਈ ਸਰਦਾਰ ਹਰੀ ਸਿੰਘ ਨੂੰ ਗੁਜਰਾਂਵਲੇ ਆਉਣਾ ਪਿਆ। ਪਿੱਛੇ ਸ. ਮਹਾਂ ਸਿੰਘ ਮੀਰਪੁਰੀਏ ਨੂੰ ਹਜ਼ਾਰੇ ਦੇ ਇਲਾਕੇ ਦੀ ਪ੍ਰਬੰਧਕੀ ਵਿਵਸਥਾ ਚਲਾਉਣ ਲਈ ਤਾਇਨਾਤ ਕੀਤਾ ਗਿਆ। ਪਿੱਛੋਂ ਮੁਹੰਮਦ ਖ਼ਾਨ ਤਰੀਨ, ਜਿਸ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ ਸੀ, ਦੇ ਭਤੀਜੇ ਬੋਸਤਾਨ ਖ਼ਾਨ ਤਰੀਨ ਨੇ ਆਪਣੇ ਨਾਲ ਹੋਰ ਪਠਾਨ ਕਬੀਲਿਆਂ ਨੂੰ ਮਿਲਾ ਕੇ ਸਿਰੀਕੋਟ ਦੇ ਇਲਾਕੇ ਵਿਚ ਬਗ਼ਾਵਤ ਦਾ ਝੰਡਾ ਚੁੱਕ ਲਿਆ। ਜਦੋਂ ਸਰਦਾਰ ਹਰੀ ਸਿੰਘ ਨਲਵਾ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਤੁਰਤ ਲਾਹੌਰ ਆਇਆ ਅਤੇ ਸਾਰੀ ਸਥਿਤੀ ਬਾਰੇ ਮਹਾਰਾਜਾ ਸਾਹਿਬ ਨੂੰ ਜਾਣੂ ਕੀਤਾ। ਉਸ ਉਪਰੰਤ ਹਜ਼ਾਰੇ ਤੋਂ ਫੜ ਕੇ ਲਿਆਏ ਮੁਹੰਮਦ ਖ਼ਾਨ ਤਰੀਨ ਨੂੰ ਇਸ ਸ਼ਰਤ ‘ਤੇ ਕੈਦੋਂ ਛੁੜਵਾ ਕੇ ਨਾਲ ਲੈ ਗਿਆ ਕਿ ਉਹ ਜੰਗ ਦੇ ਵਿਚ ਹੋਏ ਨੁਕਸਾਨ ਦੇ ਬਦਲੇ 55 ਹਜ਼ਾਰ ਰੁਪਏ ਦੇਵੇਗਾ ਅਤੇ ਮਾਲੀਏ ਦੀ ਬਾਕੀ ਰਹਿੰਦੀ ਰਕਮ ਵੀ ਤਾਰੇਗਾ। ਇਸ ਤਰ੍ਹਾਂ ਉਸ ਨੂੰ ਸਰਦਾਰ ਨਲਵਾ ਆਪਣੇ ਨਾਲ ਹਜ਼ਾਰੇ ਲਿਆਇਆ ਅਤੇ ਕੈਦੋਂ ਮੁਕਤ ਕਰ ਦਿੱਤਾ। ਕੁਝ ਸਮਾਂ ਤਾਂ ਉਹ ਠੀਕ ਚਲਦਾ ਰਿਹਾ ਪਰ ਬਾਅਦ ਵਿਚ ਉਹ ਆਪਣੇ ਵਾਹਦਿਆਂ ਤੋਂ ਮੁਕਰ ਗਿਆ। ਸਰਦਾਰ ਨਲਵਾ ਨੂੰ ਉਸ ਦੇ ਇਸ ਵਿਵਹਾਰ ‘ਤੇ ਬਹੁਤ ਗੁੱਸਾ ਆਇਆ। ਉਸ ਦੇ ਇਲਾਕੇ ‘ਤੇ ਤੁਰਤ ਫ਼ੌਜ-ਕਸ਼ੀ ਕਰ ਦਿੱਤੀ ਅਤੇ ਭੱਜੇ ਜਾਂਦੇ ਮੁਹੰਮਦ ਖ਼ਾਨ ਤਰੀਨ ਨੂੰ ਆਪਣੇ ਭਤੀਜੇ ਸਹਿਤ ਫੜ ਲਿਆ। ਜਦੋਂ ਸਰਦਾਰ ਨਲਵਾ ਦੇ ਪੇਸ਼ ਹੋਇਆ ਤਾਂ ਆਪਣੇ ਕਾਰੇ ਦੇ ਜਵਾਬ ਦੇਣ ਲਈ ਉਹ ਅਸਮਰੱਥ ਸੀ। ਸਰਦਾਰ ਨਲਵਾ ਨੇ ਉਸ ਨੂੰ ਇਕ ਦਿਨ ਦੀ ਛੋਟ ਦਿੱਤੀ ਕਿ ਅਗਲੇ ਦਿਨ ਆਪਣੀ ਸਜ਼ਾ ਬਾਰੇ ਉਹ ਖੁਦ ਹੀ ਦੱਸੇ। ਪਰ ਉਹ ਇੰਨਾ ਭੈਭੀਤ ਸੀ ਕਿ ਸਵੇਰੇ ਸਰਦਾਰ ਨਲਵਾ ਦੇ ਸਾਮ੍ਹਣੇ ਪੇਸ਼ ਹੋਣ ਤੋਂ ਪਹਿਲਾਂ ਉਸ ਨੇ ਖੁਦਕੁਸ਼ੀ ਕਰ ਲਈ। ਬਾਕੀ ਰਹਿੰਦੇ ਬਾਗ਼ੀਆਂ ਨੂੰ ਫੜ ਕੇ ਤੋਪਾਂ ਅੱਗੇ ਖੜਾ ਕਰ ਕੇ ਉਡਾ ਦਿੱਤਾ ਗਿਆ। ਇਸ ਸਜ਼ਾ ਦਾ ਅਸਰ ਇਲਾਕੇ ਵਿਚ ਬਹੁਤ ਪਿਆ ਅਤੇ ਦੰਗਈ ਲੋਕ ਦੜ ਵੱਟ ਕੇ ਬੈਠ ਗਏ। ਹਰ ਪਾਸੇ ਅਮਨ ਅਮਾਨ ਹੋ ਗਿਆ। ਇਹ ਸਥਿਤੀ ਦੋ ਸਾਲ ਤਕ ਬਣੀ ਰਹੀ।
ਕਟੌਚੀਆਂ ਦੀ ਸੋਧ
ਉਤਰਵਰਤੀ ਪਹਾੜੀ ਇਲਾਕਿਆਂ ਵਿਚ ਪਹਿਲਾਂ ਤਾਂ ਸ਼ਾਂਤੀ ਬਣੀ ਰਹੀ ਪਰ ਸੰਨ 1828 ਈ. ਵਿਚ ਕਟੌਚੀਆਂ ਅਤੇ ਹੋਰ ਪਹਾੜੀ ਰਾਜਿਆਂ ਨੇ ਆਪਣੇ ਜਾਤੀ-ਅਭਿਮਾਨ ਕਾਰਣ ਕੁਝ ਸੀਨਾ-ਜ਼ੋਰੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਦੀ ਇਸ ਗਤੀਵਿਧੀ ਨੂੰ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਫ਼ੈਸਲਾ ਕੀਤਾ ਕਿ ਪਹਾੜੀ ਰਿਆਸਤਾਂ ਨੂੰ ਖਾਲਸਾ ਰਾਜਾ ਦਾ ਹਿੱਸਾ ਬਣਾ ਲਿਆ ਜਾਏ। ਉਨ੍ਹਾਂ ਨੇ ਸਰਦਾਰ ਹਰੀ ਸਿੰਘ ਨਲਵਾ ਨੂੰ ਹਜ਼ਾਰੇ ਤੋਂ ਲਾਹੌਰ ਬੁਲਾਇਆ ਅਤੇ ਸਾਰੀ ਯੋਜਨਾ ਉਸ ਨਾਲ ਸਾਂਝੀ ਕਰਕੇ ਪਹਾੜੀ ਇਲਾਕੇ ‘ਤੇ ਹਮਲਾ ਕਰਨ ਦਾ ਆਦੇਸ਼ ਦਿੱਤਾ ਅਤੇ ਜਮਾਂਦਾਰ ਖੁਸ਼ਾਲ ਸਿੰਘ ਨੂੰ ਵੀ ਇਸ ਮੁਹਿੰਮ ‘ਤੇ ਨਾਲ ਭੇਜਿਆ। ਖਾਲਸਾ ਸੈਨਾ ਬੜੇ ਜੋਸ਼ ਨਾਲ ਪਹਾੜੀ ਇਲਾਕੇ ਵਿਚ ਦਾਖ਼ਲ ਹੋਈ ਅਤੇ ਯੁੱਧ ਵਿਚ ਵਿਰੋਧੀਆਂ ਨੂੰ ਪਛਾੜਦੇ ਹੋਇਆਂ ਸੀਬਾ, ਗੁਲੌਰ, ਨਦੌਣ ਆਦਿ ਇਲਾਕਿਆਂ ਨੂੰ ਖਾਲਸਾ ਰਾਜ ਵਿਚ ਸ਼ਾਮਲ ਕਰ ਲਿਆ। ਜਦੋਂ ਨਲਵਾ ਸਰਦਾਰ ਜਿੱਤ ਕੇ ਲਾਹੌਰ ਪਰਤਿਆ ਤਾਂ ਉਸ ਦਾ ਸ਼ਾਹਾਨਾ ਸਵਾਗਤ ਕੀਤਾ ਗਿਆ ਅਤੇ ਮਹਾਰਾਜਾ ਸਾਹਿਬ ਵੱਲੋਂ ਬਹੁਤ ਸਨਮਾਨਿਤ ਕੀਤਾ ਗਿਆ।
ਸੱਯਦ ਅਹਿਮਦ ਸ਼ਾਹ ਦਾ ਦਮਨ
ਪਹਾੜੀ ਰਿਆਸਤਾਂ ਨੂੰ ਸੋਧਣ ਤੋਂ ਬਾਅਦ ਸ. ਹਰੀ ਸਿੰਘ ਹਜ਼ਾਰੇ ਪਰਤਿਆ ਤਾਂ ਪਤਾ ਚਲਿਆ ਕਿ ਸੱਯਦ ਅਹਿਮਦ ਸ਼ਾਹ ਨੇ ਯੂਸਫ਼ਜ਼ਈਆਂ ਦੇ ਇਲਾਕੇ ਵਿਚ ਸਿੱਖਾਂ ਵਿਰੁੱਧ ਜਹਾਦ ਕਰਨ ਲਈ ਲੋਕਾਂ ਨੂੰ ਲਾਮਬੰਦ ਕੀਤਾ ਹੈ। ਸੱਯਦ ਅਹਿਮਦ ਸ਼ਾਹ ਕੌਣ ਸੀ? ਇਸ ਬਾਰੇ ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਪੁਸਤਕ ‘ਸਰਦਾਰ ਹਰੀ ਸਿੰਘ ਨਲਵਾ’ (ਪੰਨਾ 66-67) ਵਿਚ ਦੱਸਿਆ ਹੈ ਕਿ ਸੱਯਦ ਅਹਿਮਦ ਦੇ ਪੂਰਵਜ ਨਵਾਬ ਵਜ਼ੀਰ ਖ਼ਾਨ ਸੂਬਾ ਸਰਹਿੰਦ ਦੇ ਅਧੀਨ ਉੱਥੋਂ ਦੇ ਵੱਡੇ ਕਾਜ਼ੀ ਸਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫ਼ਤਵਾ ਉਨ੍ਹਾਂ ਨੇ ਹੀ ਦਿੱਤਾ ਸੀ। ਬਾਬਾ ਬੰਦਾ ਬਹਾਦਰ ਦੀ ਸਰਹਿੰਦ ‘ਤੇ ਚੜ੍ਹਾਈ ਵੇਲੇ ਉਨ੍ਹਾਂ ਦੇ ਖ਼ਾਨਦਾਨ ਦੇ ਕੁਝ ਵਿਅਕਤੀ ਮਾਰੇ ਗਏ ਸਨ ਅਤੇ ਜੋ ਬਚ ਨਿਕਲੇ ਸਨ, ਉਹ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਬਰੇਲੀ ਆਦਿ ਨਗਰਾਂ ਜਾਂ ਇਨ੍ਹਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਜਾ ਵਸੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਸੱਯਦ ਅਹਿਮਦ ਸ਼ਾਹ ਚੂੰਕਿ ਸਰਹਿੰਦ ਵਾਲੇ ਕਾਜ਼ੀਆਂ ਦੀ ਵੰਸ਼ ਪਰੰਪਰਾ ਵਿਚੋਂ ਸੀ, ਇਸ ਲਈ ਉਸ ਨੇ ਮੁੜ ਕੇ ਆਪਣਾ ਪੁਰਾਣਾ ਵੈਰ ਚਿਤਾਰ ਕੇ ਸਿੱਖਾਂ ਦੇ ਵਿਰੁੱਧ ਜਹਾਦ ਦਾ ਝੰਡਾ ਚੁੱਕਿਆ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ। ਇਸ ਦੇ ਹੋਰ ਮੁੱਖ ਸਾਥੀ ਸਨ ਮੌਲਵੀ ਮਿਰਜ਼ਾ ਹਸਨ ਅਲੀ ਮੁਹੱਦਸ ਲਖਨਵੀ, ਮੌਲਵੀ ਅਬਦੁਲ ਹਈ ਅਤੇ ਮੌਲਵੀ ਮੁਹੰਮਦ ਇਸਮਾਈਲ ਦਿਹਲਵੀ। ਇਨ੍ਹਾਂ ਦੁਆਰਾ ਅੰਗਰੇਜ਼ ਸਰਕਾਰ ਦੇ ਇਸ਼ਾਰੇ ‘ਤੇ ਸਿੱਖਾਂ ਦੇ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਹ ਇਸਲਾਮ ਦੇ ਬਹੁਤ ਵਿਰੁੱਧ ਹਨ ਅਤੇ ਹਰ ਪਾਸੇ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਅਸਲ ਵਿਚ ਇਨ੍ਹਾਂ ਜਹਾਦੀਆਂ ਨੂੰ ਅਫ਼ਗ਼ਾਨਿਸਤਾਨ ਵੱਲ ਭੇਜਣਾ ਸੀ ਕਿਉਂਕਿ ਸੰਨ 1809 ਦੀ ਸੰਧੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਤਲੁਜ ਤੋਂ ਪਾਰ ਦੇ ਇਲਾਕਿਆਂ ਵੱਲ ਵਧਣਾ ਰੁਕ ਗਿਆ ਸੀ ਅਤੇ ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਕਿਧਰੇ ਮਹਾਰਾਜਾ ਦਰਿਆਇ ਅਟਕ ਤੋਂ ਪਾਰ ਦੇ ਇਲਾਕੇ ਵਲ ਵਧਣਾ ਸ਼ੁਰੂ ਨਾ ਕਰ ਦੇਏ। ਇਸ ਲਈ ਸੱਯਦ ਅਹਿਮਦ ਨੂੰ ਹਰ ਪਾਸਿਓਂ ਮਦਦ ਮਿਲਣੀ ਸ਼ੁਰੂ ਹੋ ਗਈ।
ਸੱਯਦ ਅਹਿਮਦ ਸ਼ਾਹ ਅਤੇ ਉਸ ਦੇ ਸਹਿਯੋਗੀਆਂ ਨੇ ਅੰਗਰੇਜ਼ ਸਰਕਾਰ ਦੀ ਗੁਪਤ ਮਦਦ ਨਾਲ ਹਿੰਦੁਸਤਾਨ ਵਿਚ ਥਾਂ ਪਰ ਥਾਂ ਸਿੱਖਾਂ ਦੇ ਵਿਰੁੱਧ ਪ੍ਰਚਾਰ ਕਰਕੇ, ਇਸਲਾਮ ਦੇ ਨਾਂ ‘ਤੇ ਮਰ ਮਿਟਣ ਵਾਲੇ ਹਜ਼ਾਰਾਂ ਜਹਾਦੀ ਤਿਆਰ ਕਰ ਲਏ ਅਤੇ ਉਨ੍ਹਾਂ ਨੂੰ ਹਥਿਆਰ ਵੀ ਦੇ ਦਿੱਤੇ। ਪਰ ਇਹ ਕਵਾਇਦ-ਯਾਫ਼ਤਾ ਸੈਨਿਕ ਨਹੀਂ ਸਨ, ਇਨ੍ਹਾਂ ਨੂੰ ਮੁਲਖਈਆ ਕਿਹਾ ਜਾ ਸਕਦਾ ਹੈ। ਇਸ ਨੂੰ ਅੱਗੋਂ ਅੱਠ ਜਮਾਤਾਂ ਜਾਂ ਦਲਾਂ ਵਿਚ ਵੰਡਿਆ ਗਿਆ। ਅੱਠ ਜਮਾਤਾਂ ਦਾ ਇਹ ਲਸ਼ਕਰ ਜਿਸ ਦੀ ਗਿਣਤੀ ਲਗਭਗ ਬਾਰ੍ਹਾਂ ਹਜ਼ਾਰ ਹੋ ਗਈ ਸੀ, ਅਪ੍ਰੈਲ 1826 ਈ. ਨੂੰ ਦਿੱਲੀਓਂ ਤੁਰਿਆ ਅਤੇ ਥਾਨੇਸਰ, ਮਲੇਰਕੋਟਲਾ, ਮਮਦੋਟ, ਬਹਾਵਲਪੁਰ, ਹੈਦਰਾਬਾਦ ਸਿੰਧ, ਦੱਰਾ ਬੋਲਾਨ, ਕੰਧਾਰ, ਕਾਬਲ ਅਤੇ ਦੱਰਾ ਖੈਬਰ ਦੇ ਰਸਤੇ ਪਿਸ਼ਾਵਰ ਪਹੁੰਚਿਆ। ਕਾਬਲ ਦਾ ਸ਼ਾਸਕ ਦਿਲੋਂ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਸਿੱਖ ਸੈਨਾ ਨੂੰ ਪਿਸ਼ਾਵਰ ਦੇ ਖੇਤਰ ਵਿਚੋਂ ਕੱਢਿਆ ਜਾਏ। ਉਸ ਨੇ ਸੱਯਦ ਅਹਿਮਦ ਸ਼ਾਹ ਨੂੰ ਪੂਰਾ ਸਹਿਯੋਗ ਦਿੱਤਾ। ਇੱਥੋਂ ਤਕ ਕਿ ਉਸ ਨੇ ਆਪਣੇ ਛੋਟੇ ਭਰਾ ਯਾਰ ਮੁਹੰਮਦ ਖ਼ਾਨ ਬਾਰਕਜ਼ਈ, ਜੋ ਮਹਾਰਾਜਾ ਸਾਹਿਬ ਵੱਲੋਂ ਲਾਹੌਰ ਸਰਕਾਰ ਦਾ ਬਾਜਗੁਜ਼ਾਰ ਸੀ, ਨੂੰ ਵੀ ਪੱਤਰ ਲਿਖਿਆ। ਉਸ ਨੇ ਉਪਰੋਂ-ਉਪਰੋਂ ਸੱਯਦ ਨੂੰ ਮਦਦ ਦਾ ਵਿਸ਼ਵਾਸ ਦਿਵਾਇਆ, ਪਰ ਗੁਪਤ ਰੂਪ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਤਲਾਹ ਕਰ ਦਿੱਤੀ। ਮਹਾਰਾਜਾ ਅਟਕੋਂ ਪਾਰ ਦੇ ਪ੍ਰਬੰਧ ਅਤੇ ਸੱਯਦ ਦੀਆਂ ਕਾਰਵਾਈਆਂ ‘ਤੇ ਨਜ਼ਰ ਰੱਖਣ ਲਈ ਸ. ਅਤਰ ਸਿੰਘ, ਸ. ਬੁੱਧ ਸਿੰਘ ਅਤੇ ਸ. ਲਹਿਣਾ ਸਿੰਘ ਸੰਧਾਵਾਲੀਆ ਨੂੰ ਆਪਣੇ ਦਲ ਬਲ ਸਹਿਤ ਅਟਕ ਵੱਲ ਤੋਰ ਦਿੱਤਾ।
ਕਟੌਚੀਆਂ ਅਤੇ ਹੋਰ ਪਹਾੜੀ ਰਾਜਿਆਂ ਨੂੰ ਆਪਣੇ ਅਧੀਨ ਕਰਨ ਤੋਂ ਬਾਅਦ ਸਰਦਾਰ ਨਲਵਾ ਫਿਰ ਹਜ਼ਾਰੇ ਦੇ ਇਲਾਕੇ ਵਿਚ ਪਹੁੰਚ ਗਿਆ ਸੀ। ਕੁਝ ਸਮਾਂ ਤਾਂ ਅਮਨ-ਅਮਾਨ ਰਿਹਾ। ਪਰ ਅਟਕ ਦਰਿਆ ਦੇ ਪਾਰੋਂ ਗੁਪਤ ਸੂਚਨਾ ਮਿਲੀ ਕਿ ਯੂਸਫ਼ਜ਼ਈਆਂ ਦੇ ਇਲਾਕੇ ਵਿਚ ਬਰੇਲੀ ਤੋਂ ਸੱਯਦ ਅਹਿਮਦ ਸ਼ਾਹ ਨਾਂ ਦਾ ਇਕ ਅਜਿਹਾ ਮੌਲਵੀ ਆਇਆ ਹੈ ਜੋ ਪਠਾਣਾਂ ਨੂੰ ਸਿੱਖਾਂ ਵਿਰੁੱਧ ਭੜਕਾ ਰਿਹਾ ਹੈ। ਇਹ ਵੀ ਪਤਾ ਚਲਿਆ ਕਿ ਉਸ ਨੇ ਕਾਬਲ ਦੇ ਅਮੀਰ ਦੋਸਤ ਮੁਹੰਮਦ ਖ਼ਾਨ ਨੂੰ ਮਿਲ ਕੇ ਆਪਣੀ ਸਾਰੀ ਯੋਜਨਾ ਦੱਸੀ ਅਤੇ ਆਸ ਕੀਤੀ ਕਿ ਜੇ ਉਹ ਧਨ ਅਤੇ ਹਥਿਆਰਾਂ ਨਾਲ ਉਸ ਦੁਆਰਾ ਚਲਾਈ ਜਹਾਦੀ ਮੁਹਿੰਮ ਲਈ ਮਦਦ ਕਰੇ ਤਾਂ ਉਹ ਸਿੱਖਾਂ ਨੂੰ ਅਟਕੋਂ ਪਾਰ ਧਕ ਸਕਦਾ ਹੈ। ਅਮੀਰ ਦੋਸਤ ਮੁਹੰਮਦ ਖ਼ਾਨ ਨੂੰ ਇਹ ਗੱਲ ਬਹੁਤ ਪਸੰਦ ਆਈ। ਉਸ ਨੇ ਹਰ ਪੁਕਾਰ ਦੀ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਆਪਣੇ ਭਰਾਵਾਂ ਦੇ ਨਾਂ ਚਿੱਠੀਆਂ ਵੀ ਦਿੱਤੀਆਂ ਜੋ ਉਸ ਸਮੇਂ ਪਿਸ਼ਾਵਰ ਵਿਚ ਲਾਹੌਰ ਦਰਬਾਰ ਵੱਲੋਂ ਬਾਜਗੁਜ਼ਾਰੀ ਲਈ ਨਿਯੁਕਤ ਸਨ। ਉਨ੍ਹਾਂ ਨੂੰ ਮਿਲ ਕੇ ਸੱਯਦ ਅਹਿਮਦ ਸ਼ਾਹ ਨੂੰ ਮਦਦ ਦੀ ਤਸਲੀ ਹੋ ਗਈ। ਉਹ ਆਪਣੇ ਮੁਰੀਦਾਂ ਨੂੰ ਨਾਲ ਲੈ ਕੇ ਪਹਿਲਾਂ ਅਮੀਰ ਦੋਸਤ ਮੁਹੰਮਦ ਖ਼ਾਨ ਨੂੰ ਮਿਲਿਆ ਅਤੇ ਫਿਰ ਉਸ ਦੇ ਭਰਾਵਾਂ ਦੀ ਸਹਾਇਤਾ ਨਾਲ ਬਾਰਕਜ਼ਈਆਂ ਨੂੰ ਧਰਮ-ਯੁੱਧ ਲਈ ਪ੍ਰੇਰਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਨਿਜਾਤ ਲਈ ਹੀ ਰੱਬ ਨੇ ਉਸ ਨੂੰ ਉੱਥੇ ਭੇਜਿਆ ਹੈ। ਉਸ ਦੀਆਂ ਗੱਲਾਂ ਵਿਚ ਪਠਾਨ ਆ ਗਏ ਅਤੇ ਉਸ ਦੇ ਮੁਰੀਦ ਬਣ ਕੇ ਮਜ਼੍ਹਬ ਦੇ ਨਾਂ ‘ਤੇ ਆਪਾ ਨਿਛਾਵਰ ਕਰਨ ਲਈ ਤਿਆਰ ਹੋ ਗਏ।
ਸੱਯਦ ਅਹਿਮਦ ਸ਼ਾਹ ਪ੍ਰਤੀ ਪਠਾਨਾਂ ਦਾ ਬਹੁਤ ਸਤਿਕਾਰ ਸੀ ਕਿਉਂਕਿ ਸੱਯਦ ਹੋਣ ਦੇ ਨਾਤੇ ਉਹ ਮੁਸਲਮਾਨਾਂ ਵਿਚ ਪ੍ਰਤਿਸ਼ਠਿਤ ਸੀ। ਦੂਜੇ ਉਹ ਹਾਜੀ ਸੀ। ਸਭ ਤੋਂ ਵੱਧ ਉਹ ਜਹਾਦੀ ਸੀ। ਇਸ ਕਰਕੇ ਪਠਾਨਾਂ ਦਾ ਉਸ ਪ੍ਰਤੀ ਅੰਧ-ਵਿਸ਼ਵਾਸ ਬਣ ਗਿਆ ਅਤੇ ਦਰਿਆਇ ਸਿੰਧ ਤੋਂ ਪਾਰ ਉਸ ਦੇ ਹੁਕਮ ਨੂੰ ਇਲਾਹੀ ਹੁਕਮ ਸਮਝਿਆ ਜਾਣ ਲੱਗਾ। ਹਿੰਦੁਸਤਾਨ ਤੋਂ ਲੁੱਟੇ ਧਨ ਅਤੇ ਮਾਲ ਤੋਂ ਇਲਾਵਾ ਹੋਰ ਵੀ ਗ਼ਾਜ਼ੀਆਂ ਤੋਂ ਜੋ ਬਣਿਆ ਸਰਿਆ, ਸੱਯਦ ਹੋਰਾਂ ਦੇ ਭੇਂਟ ਕਰ ਦਿੱਤਾ। ਇਸ ਤਰ੍ਹਾਂ ਮਾਇਕ ਹਾਲਤ ਸੁਧਰ ਗਈ ਅਤੇ ਹਜ਼ਾਰਾਂ ਪਠਾਨ ਮਰਨ ਮਾਰਨ ਲਈ ਸੱਯਦ ਦੇ ਹੁਕਮ ਦੀ ਉਡੀਕ ਕਰਨ ਲੱਗੇ । ਉਨ੍ਹਾਂ ਨੇ ਯੋਜਨਾ-ਬਧ ਢੰਗ ਨਾਲ ਖਾਲਸਾ ਫ਼ੌਜ ਨੂੰ ਦਰਿਆਇ ਅਟਕ ਤੋਂ ਪਾਰ ਦੇ ਇਲਾਕੇ ਵਿਚੋਂ ਖਦੇੜਨਾ ਚਾਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਦਰਿਆ ਤੋਂ ਪਾਰ ਬਣਵਾਏ ਖੈਰਾਬਾਦ ਦੇ ਕਿਲੇ ਨੂੰ ਆਪਣਾ ਨਿਸ਼ਾਨਾ ਬਣਾਇਆ। ਉਸ ਸਮੇਂ ਉਸ ਦਾ ਕਿਲਾਦਾਰ ਸੀ ਸ. ਬੁੱਧ ਸਿਘ ਸੰਧਾਵਾਲੀਆ। ਸੱਯਦ ਨੇ ਅਕੋੜਾ ਖਟਕ ਦੇ ਨੇੜੇ ਗਾਜ਼ੀਆਂ ਦਾ ਬੜਾ ਵੱਡਾ ਇਕੱਠ ਕੀਤਾ। ਕਿਲੇ ‘ਤੇ ਹਮਲਾ ਕਰਨ ਦੀ ਉਹ ਸੋਚ ਹੀ ਰਿਹਾ ਸੀ ਕਿ ਸ. ਬੁੱਧ ਸਿੰਘ ਸੰਧਾਵਾਲੀਆ ਨੇ ਤੁਰਤ ਸਰਦਾਰ ਹਰੀ ਸਿੰਘ ਨਲਵਾ ਨੂੰ ਸੂਚਿਤ ਕੀਤਾ ਜੋ ਉਦੋਂ ਛੱਛ ਦੇ ਇਲਾਕੇ ਦਾ ਨਿਰੀਖਣ ਕਰ ਰਿਹਾ ਸੀ। ਸਰਦਾਰ ਨਲਵਾ ਤੁਰਤ ਆਪਣੀ ਅੱਠ ਹਜ਼ਾਰੀ ਫ਼ੌਜ ਨਾਲ ਖੈਰਾਬਾਦ ਪਹੁੰਚ ਗਿਆ। ਰਾਤ ਨੂੰ ਸੈਨਾ ਨੇ ਆਰਾਮ ਕੀਤਾ। ਸਰਦਾਰ ਨਲਵਾ ਨੇ ਅਗਲੇ ਦਿਨ ਦੀ ਲੜਾਈ ਦੀ ਯੋਜਨਾ ਬਣਾ ਲਈ। ਅਗਲੇ ਦਿਨ ਸ਼ੁਕਰਵਾਰ (ਜੁੰਮਾ) ਸੀ। ਸੱਯਦ ਅਤੇ ਉਸ ਦੇ ਜਰਨੈਲ ਆਪਣੇ ਗ਼ਾਜ਼ੀਆਂ ਨਾਲ ਅਜੇ ਸਵੇਰ ਦੀ ਨਮਾਜ਼ ਤੋਂ ਫ਼ਾਰਗ ਹੋਏ ਹੀ ਸਨ ਕਿ ਹਰੀ ਸਿੰਘ ਨਲਵਾ ਨੇ ਆਪਣੇ ਅੱਠ ਹਜ਼ਾਰ ਸੈਨਿਕਾਂ ਨਾਲ ਹਮਲਾ ਕਰ ਦਿੱਤਾ। ਇਤਿਹਾਸਕਾਰ ਉਦੋਂ ਸੱਯਦ ਅਹਿਮਦ ਸ਼ਾਹ ਦੇ ਗ਼ਾਜ਼ੀਆਂ ਦੀ ਗਿਣਤੀ ਡੇਢ ਲੱਖ ਲਿਖਦੇ ਹਨ। ਬੜਾ ਘਮਸਾਨ ਯੁੱਧ ਹੋਇਆ। ਦੁਪਹਿਰ ਤਕ ਕਦੇ ਇਕ ਪਾਸਾ ਭਾਰਾ ਹੋ ਜਾਂਦਾ ਅਤੇ ਕਦੇ ਦੂਜਾ। ਉਸ ਸੰਕਟ ਦੀ ਘੜੀ ਵਿਚ ਸ. ਹਰੀ ਸਿੰਘ ਨੇ ਆਪਣੇ ਘੋੜੇ ਨੂੰ ਹਰ ਪਾਸੇ ਘੁੰਮਾ ਕੇ ਆਪਣੇ ਸੈਨਿਕਾਂ ਨੂੰ ਇਤਨੀ ਹੱਲਾਸ਼ੇਰੀ ਦਿੱਤੀ ਕਿ ਹਰ ਪਾਸੇ ਗ਼ਾਜ਼ੀਆਂ ਦੀਆਂ ਲਾਸ਼ਾਂ ਹੀ ਨਜ਼ਰ ਆਉਣ ਲੱਗੀਆਂ। ਪਿਛਲੇ ਪਹਿਰ ਹਨੇਰੀ ਆ ਜਾਣ ਕਾਰਣ ਲੜਾਈ ਦੀ ਕੁਝ ਤੇਜ਼ੀ ਘਟੀ। ਹਨੇਰੇ ਦਾ ਫ਼ਾਇਦਾ ਉੱਠਾ ਕੇ ਸੱਯਦ ਅਹਿਮਦ ਸ਼ਾਹ ਆਪਣੇ ਬਚ ਰਹੇ ਗ਼ਾਜ਼ੀਆਂ ਨੂੰ ਨਾਲ ਲੈ ਕੇ ਅਕੋੜੇ ਦੇ ਪੱਤਣ ਤੋਂ ਪਾਰ ਹੋ ਕੇ ਹੋਤੀ ਮਰਦਾਨ ਵੱਲ ਨਿਕਲ ਗਿਆ ਅਤੇ ਉੱਥੋਂ ਲੂੰਦ ਖੁਵੜ ਪਹੁੰਚ ਕੇ ਜਾਨ ਬਚਾਈ। ਇਸ ਖੂੰਖਾਰ ਲੜਾਈ ਵਿਚ ਗ਼ਾਜ਼ੀਆਂ ਦੇ ਮਨ ਬੁਝ ਗਏ ਅਤੇ ਖਾਲਸਾ ਸੈਨਾ ਨਾਲ ਲੋਹਾ ਲੈਣੋਂ ਟਲਣ ਲੱਗੇ।
ਖੈਰਾਬਾਦ ਦੀ ਜਿੱਤ ਤੋਂ ਬਾਅਦ ਸ. ਹਰੀ ਸਿੰਘ ਨਲਵਾ ਨੇ ਵਿਚਾਰਿਆ ਕਿ ਇੱਥੋਂ ਭੱਜਿਆ ਹੋਇਆ ਸੱਯਦ ਫਿਰ ਤੋਂ ਗ਼ਾਜ਼ੀਆਂ ਨੂੰ ਇਕੱਠਾ ਕਰਕੇ ਯੁੱਧ ਕਰਨ ਦੀ ਤਿਆਰੀ ਦੀ ਗੱਲ ਸੋਚੇ, ਉਸ ਦਾ ਪਿੱਛਾ ਕਰਕੇ ਉਸ ਨੂੰ ਸੋਧ ਦੇਣਾ ਚਾਹੀਦਾ ਹੈ। ਇਸ ਲਈ ਸ. ਨਲਵਾ ਨੇ ਆਪਣੇ ਛੇ ਹਜ਼ਾਰ ਸੈਨਿਕਾਂ ਸਹਿਤ ਲੁੰਡੇ ਦਰਿਆ ਨੂੰ ਪਾਰ ਕਰਕੇ ਸੱਯਦ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਸੱਯਦ ਨੂੰ ਜਦੋਂ ਨਲਵੇ ਸਰਦਾਰ ਦੇ ਉੱਥੇ ਪਹੁੰਚਣ ਦਾ ਪਤਾ ਚੱਲਿਆ ਤਾਂ ਉਹ ਲੂੰਦ ਖੁਵੜ ਤੋਂ ਵੀ ਭੱਜ ਕੇ ਆਪਣੀ ਜਾਨ ਨੂੰ ਬਚਾਉਣ ਦੇ ਚੱਕਰ ਵਿਚ ਪੈ ਗਿਆ। ਸ. ਨਲਵਾ ਉਸ ਦਾ ਲਗਾਤਾਰ ਪਿੱਛਾ ਕਰ ਰਿਹਾ ਸੀ। ਜਦੋਂ ਉਸ ਨੇ ਵੇਖਿਆ ਕਿ ਸਰਦਾਰ ਨਲਵਾ ਰੁਕ ਨਹੀਂ ਰਿਹਾ, ਤਾਂ ਉਹ ਮੌਲਵੀ ਇਸਮਾਈਲ ਦੀ ਨਿਗਰਾਨੀ ਵਿਚ ਚੌਦਾਂ ਹਜ਼ਾਰ ਗ਼ਾਜ਼ੀਆਂ ਨੂੰ ਛੱਡ ਕੇ ਆਪ ਪੰਜਤਾਰ ਦੀਆਂ ਪਹਾੜੀਆਂ ਵਿਚ ਜਾ ਲੁਕਿਆ। ਉੱਧਰ ਸਰਦਾਰ ਨਲਵਾ ਨੇ ਰਾਹ ਰੋਕਣ ਵਾਲੇ ਗ਼ਾਜ਼ੀਆਂ ਉਪਰ ਆਪਣੇ ਘੋੜ-ਸਵਾਰਾਂ ਨਾਲ ਅਜਿਹਾ ਭਿਆਨਕ ਹਮਲਾ ਕੀਤਾ ਕਿ ਪਠਾਨ ਡਰ ਨਾਲ ਧੀਰਜ ਖੋਹ ਬੈਠੇ ਅਤੇ ਜਿੱਧਰ ਕਿਸੇ ਨੂੰ ਰਾਹ ਮਿਲਿਆ, ਉੱਧਰ ਨੂੰ ਭੱਜ ਗਏ । ਖਾਲਸਾ ਸੈਨਿਕਾਂ ਨੇ ਗ਼ਾਜ਼ੀਆਂ ਦੇ ਕਵਚਾਂ ਨੂੰ ਆਪਣੇ ਬਰਛਿਆਂ ਨਾਲ ਇੰਜ ਵਿੰਨ੍ਹਿਆ ਜਿਵੇਂ ਖੇਮੇ ਬਣਾਉਣ ਵਾਲੇ ਆਪਣੀਆਂ ਸੂਈਆਂ ਨੂੰ ਆਰ-ਪਾਰ ਕਰਦੇ ਹਨ।
ਚੌਦਾਂ ਹਜ਼ਾਰ ਗ਼ਾਜ਼ੀਆਂ ਨੂੰ ਖੇਰੂੰ-ਖੇਰੂੰ ਕਰਕੇ ਖਾਲਸਾ ਸੈਨਾ ਸੱਯਦ ਅਹਿਮਦ ਸ਼ਾਹ ਨੂੰ ਪਕੜਨ ਲਈ ਪੰਜਤਾਰ ਵੱਲ ਵਧੀ। ਜਦੋਂ ਹਰੀ ਸਿੰਘ ਦੀ ਸੈਨਾ ਦੁਆਰਾ ਪਿੱਛਾ ਕਰਨ ਦਾ ਸਮਾਚਾਰ ਉਸ ਨੂੰ ਮਿਲਿਆ ਤਾਂ ਉਹ ਆਪਣੇ ਲੜਾਕੇ ਮੁਰੀਦ ਮੁਕਰਬ ਖ਼ਾਨ ਨੂੰ ਦੋ ਹਜ਼ਾਰ ਸਿਪਾਹੀਆਂ ਸਮੇਤ ਉੱਥੇ ਛੱਡ ਗਿਆ ਤਾਂ ਜੋ ਉਹ ਖਾਲਸਾ ਸੈਨਾ ਨੂੰ ਰੋਕੀ ਰੱਖੇ ਅਤੇ ਉਹ ਆਪ ਬੁਨੇਰ ਦੇ ਪਰਬਤਾਂ ਵਿਚ ਜਾ ਲੁਕਿਆ। ਉਸ ਦੇ ਮੁਰੀਦ ਨੇ ਕਾਫ਼ੀ ਹਿੰਮਤ ਅਤੇ ਸਾਹਸ ਨਾਲ ਖਾਲਸਾ ਫ਼ੌਜ ਦਾ ਮੁਕਾਬਲਾ ਕੀਤਾ, ਪਰ ਜਲਦੀ ਹੀ ਜ਼ਖ਼ਮੀ ਹੋ ਗਿਆ। ਉਸ ਦੇ ਜ਼ਖ਼ਮੀ ਹੋਣ ਨਾਲ ਗ਼ਾਜ਼ੀਆਂ ਦਾ ਮਨ ਸਥਿਰ ਨਾ ਰਿਹਾ। ਜਿੱਧਰ ਮੂੰਹ ਆਇਆ, ਭੱਜ ਪਏ । ਖਾਲਸਾ ਸੈਨਾ ਨੇ ਪੰਜਤਾਰ ਦਾ ਇਲਾਕਾ ਜਿੱਤ ਲਿਆ। ਇਸ ਜਿੱਤ ਵਿਚ ਗ਼ਾਜ਼ੀਆਂ ਦੀਆਂ ਬਹੁਤ ਸਾਰੀਆਂ ਤੋਪਾਂ ਅਤੇ ਹੋਰ ਜੰਗੀ ਸਾਮਾਨ ਖਾਲਸੇ ਦੇ ਹੱਥ ਲੱਗਾ। ਪਠਾਨਾਂ ਦੁਆਰਾ ਇਕੱਠਾ ਕੀਤਾ ਬਹੁਤ ਸਾਰਾ ਖਾਧ ਪਦਾਰਥ ਵੀ ਸਿੱਖਾਂ ਦੇ ਹੱਥ ਚੜ੍ਹਿਆ। ਸਾਰੇ ਇਲਾਕੇ ਦਾ ਉੱਚਿਤ ਪ੍ਰਬੰਧ ਕਰਕੇ ਸੰਨ 1829 ਦੇ ਅੰਤ ਵਿਚ ਸਰਦਾਰ ਹਰੀ ਸਿੰਘ ਹਜ਼ਾਰੇ ਵੱਲ ਮੁੜਿਆ ਅਤੇ ਆ ਕੇ ਸਾਰੀਆਂ ਜਿੱਤਾਂ ਦਾ ਵਿਸਤਾਰ ਸਹਿਤ ਵਿਵਰਣ ਮਹਾਰਾਜਾ ਸਾਹਿਬ ਨੂੰ ਭੇਜਿਆ। ਇਨ੍ਹਾਂ ਜਿੱਤਾਂ ਨਾਲ ਉਸ ਦੀ ਪ੍ਰਤਿਸ਼ਠਾ ਹੋਰ ਵੱਧ ਗਈ। ਲਾਹੌਰ ਦਰਬਾਰ ਵੱਲੋਂ ਉਸ ਨੂੰ ਸਨਮਾਨ ਸੂਚਕ ਚਿੰਨ੍ਹ ਅਤੇ ਪੋਸ਼ਾਕ ਭੇਜੀ ਗਈ।
ਮਹਾਰਾਜਾ ਸਾਹਿਬ ਦੀ ਗਵਰਨਰ ਜਨਰਲ ਨਾਲ ਮੁਲਾਕਾਤ
ਸੰਨ 1831 ਦੇ ਚੜ੍ਹਦਿਆਂ ਹੀ ਇਹ ਗੱਲ ਉਘੜ ਕੇ ਸਾਹਮਣੇ ਆਈ ਕਿ ਅਫ਼ਗ਼ਾਨਿਸਤਾਨ ਦੇ ਹਾਕਮ ਅਮੀਰ ਦੋਸਤ ਮੁਹੰਮਦ ਖ਼ਾਨ ਨੂੰ ਅਜਿਹਾ ਭਰਮ ਹੋ ਗਿਆ ਕਿ ਲਾਹੌਰ ਦਰਬਾਰ ਅਤੇ ਅੰਗਰੇਜ਼ ਸਰਕਾਰ ਦੀ ਅੰਦਰੋਂ-ਅੰਦਰ ਖਾਰਬਾਜ਼ੀ ਚਲ ਰਹੀ ਹੈ, ਜੋ ਭਾਵੇਂ ਅਜੇ ਨਿਤਰ ਕੇ ਬਾਹਰ ਨਹੀਂ ਆਈ। ਇਸ ਲਈ ਹੁਣ ਸ. ਹਰੀ ਸਿੰਘ ਨਲਵਾ ਦਾ ਧਿਆਨ ਉੱਧਰ ਵੱਲ ਜ਼ਿਆਦਾ ਰਹੇਗਾ ਅਤੇ ਪਿਸ਼ਾਵਰ ਵੱਲ ਲਾਹੌਰ ਦਰਬਾਰ ਦੀ ਸ਼ਕਤੀ ਘੱਟ ਜਾਏਗੀ। ਅਜਿਹੀ ਸਥਿਤੀ ਵਿਚ ਉਸ ਨੂੰ ਸ਼ਕਤੀ ਇਕੱਠੀ ਕਰਕੇ ਪਿਸ਼ਾਵਰ ਨੂੰ ਕਾਬੂ ਕਰਨਾ ਚਾਹੀਦਾ ਹੈ। ਇੱਧਰ ਲਾਹੌਰ ਦਰਬਾਰ ਨੇ ਵੀ ਫ਼ੈਸਲਾ ਲਿਆ ਕਿ ਅਫ਼ਗ਼ਾਨਿਸਤਾਨ ਦੀਆਂ ਸੈਨਿਕ ਤਿਆਰੀਆਂ ਅਤੇ ਪਿਸ਼ਾਵਰ ਉਪਰ ਫ਼ੌਜਕਸ਼ੀ ਕਰਨ ਤੋਂ ਪਹਿਲਾਂ ਪਿਸ਼ਾਵਰ ਤਕ ਦੇ ਸਾਰੇ ਇਲਾਕੇ ਨੂੰ ਖਾਲਸਾ ਰਾਜ ਵਿਚ ਮਿਲਾ ਲਿਆ ਜਾਏ। ਪਰ ਇਹ ਸਭ ਕੁਝ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਇੰਗਲੈਂਡ ਦੇ ਗਵਰਨਰ ਜਨਰਲ ਨਾਲ ਤਾਲਮੇਲ ਕਾਇਮ ਕੀਤਾ ਜਾਏ ਤਾਂ ਜੋ ਕਬਾਇਲੀਆਂ ਨੂੰ ਅਹਿਸਾਸ ਹੋ ਜਾਏ ਕਿ ਖਾਲਸਾ ਸਰਕਾਰ ਦਾ ਅੰਗਰੇਜ਼ ਸਰਕਾਰ ਨਾਲ ਕੋਈ ਮਤ-ਭੇਦ ਨਹੀਂ ਹੈ। ਇਸ ਲਈ ਮਹਾਰਾਜਾ ਸਾਹਿਬ ਨੇ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਦਾ ਵਿਚਾਰ ਬਣਾਇਆ। ਇਸ ਗੰਭੀਰ ਮਸਲੇ ਨੂੰ ਵਿਚਾਰਨ ਲਈ ਮਹਾਰਾਜਾ ਸਾਹਿਬ ਨੇ ਆਪਣੇ ਮੁੱਖੀ ਸਰਦਾਰਾਂ, ਜਰਨੈਲਾਂ ਅਤੇ ਸਲਾਹਕਾਰਾਂ ਦਾ ਇਕੱਠ ਕੀਤਾ ਅਤੇ ਇਸ ਮਸਲੇ ਨੂੰ ਵਿਚਾਰਿਆ ਗਿਆ। ਬਹੁਤੇ ਦਰਬਾਰੀ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਦੇ ਵਿਰੁੱਧ ਸਨ, ਪਰ ਸਰਦਾਰ ਹਰੀ ਸਿੰਘ ਨਲਵਾ ਨੇ ਤਰਕ ਪੂਰਵਕ ਸਾਰੀ ਸਥਿਤੀ ਦੀ ਜਾਣਕਾਰੀ ਦਿੰਦਿਆਂ ਇਸ ਮੁਲਾਕਾਤ ਦੇ ਮਹੱਤਵ ‘ਤੇ ਚਾਨਣਾ ਪਾਇਆ। ਫ਼ਕੀਰ ਅਜ਼ੀਜੁੱਦੀਨ ਨੇ ਵੀ ਸਰਦਾਰ ਨਲਵਾ ਦੇ ਵਿਚਾਰਾਂ ਦੀ ਪੁਸ਼ਟੀ ਕੀਤੀ। ਇਸ ਨਾਲ ਸਾਰੇ ਦਰਬਾਰੀ ਮਹਾਰਾਜਾ ਸਾਹਿਬ ਦੀ ਤਜਵੀਜ਼ ਨਾਲ ਸਹਿਮਤ ਹੋ ਗਏ।
ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਗ ਨਾਲ ਮੁਲਾਕਾਤ ਲਈ ਇਕ ਵਫ਼ਦ ਨੂੰ ਅਪ੍ਰੈਲ 1831 ਵਿਚ ਲਾਹੌਰੋਂ ਸ਼ਿਮਲੇ ਭੇਜਿਆ ਗਿਆ। ਇਸ ਵਫ਼ਦ ਵਿਚ ਸਰਦਾਰ ਹਰੀ ਸਿੰਘ ਨਲਵਾ, ਫ਼ਕੀਰ ਅਜ਼ੀਜੁੱਦੀਨ, ਦੀਵਾਨ ਮੋਤੀ ਰਾਮ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਲਹਿਣਾ ਸਿੰਘ ਮਜੀਠੀਆ ਅਤੇ ਸਰਦਾਰ ਅਜੀਤ ਸਿੰਘ ਸੰਧਾਵਾਲੀਆ ਸ਼ਾਮਲ ਸਨ। ਇਨ੍ਹਾਂ ਨਾਲ ਕੁਝ ਹੋਰ ਸਰਦਾਰ ਅਤੇ ਸੈਨਿਕ ਵੀ ਭੇਜੇ ਗਏ। ਬੜੀ ਗੰਭੀਰਤਾ ਨਾਲ ਗੱਲਬਾਤ ਹੋਈ। ਮਹਾਰਾਜਾ ਸਾਹਿਬ ਅਤੇ ਗਵਰਨਰ ਜਨਰਲ ਦੀ ਮੁਲਾਕਾਤ ਦੇ ਸੁਝਾਓ ਨੂੰ ਗਵਰਨਰ ਜਨਰਲ ਨੇ ਸਵੀਕਾਰ ਕਰ ਲਿਆ ਅਤੇ ਮੁਲਾਕਾਤ ਸੰਬੰਧੀ ਲੋੜੀਂਦੇ ਪ੍ਰਬੰਧਾਂ ਬਾਰੇ ਵੀ ਜ਼ਰੂਰੀ ਫ਼ੈਸਲੇ ਕਰ ਲਏ ਗਏ। ਇਸ ਵਫ਼ਦ ਨੂੰ ਵਿਦਾ ਕਰਨ ਵੇਲੇ ਗਵਰਨਰ ਜਨਰਲ ਨੇ ਮਹਾਰਾਜਾ ਸਾਹਿਬ ਕੋਲ ਧੰਨਵਾਦ ਲਈ ਆਪਣੇ ਦੋ ਅਧਿਕਾਰੀ ਅਮਲੇ ਸਹਿਤ ਭੇਜੇ। ਵਿਚਾਰ-ਵਟਾਂਦਰੇ ਉਪਰੰਤ 16 ਅਕਤੂਬਰ, 1831 ਮੁਲਾਕਾਤ ਦਾ ਦਿਨ ਨਿਸਚਿਤ ਹੋਇਆ ਅਤੇ ਰੋਪੜ ਦੇ ਮੈਦਾਨ ਨੂੰ ਇਸ ਮੁਲਾਕਾਤ ਦਾ ਸਥਾਨ ਨਿਸਚਿਤ ਕੀਤਾ ਗਿਆ।
ਲਾਹੌਰ ਵਿਚ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਪਰ ਹਜ਼ਾਰੇ ਦੇ ਪ੍ਰਬੰਧਕਾਂ ਵੱਲੋਂ ਖਬਰ ਮਿਲੀ ਕਿ ਸੱਯਦ ਅਹਿਮਦ ਸ਼ਾਹ ਫਿਰ ਬਗ਼ਾਵਤ ਲਈ ਗ਼ਾਜ਼ੀਆਂ ਨੂੰ ਉਕਸਾ ਰਿਹਾ ਹੈ। ਅਸਲ ਵਿਚ ਪੰਜਤਾਰ ਦੇ ਮੈਦਾਨ ਵਿਚੋਂ ਖਾਲਸਾ ਫ਼ੌਜਾਂ ਤੋਂ ਹਾਰ ਖਾ ਕੇ ਸੱਯਦ ਕੁਝ ਸਮਾਂ ਬੁਨੇਰ ਦੇ ਪਰਬਤਾਂ ਵਿਚ ਲੁਕਿਆ ਰਿਹਾ। ਪਰ ਸੰਨ 1830 ਦੇ ਅੰਤ ਵਿਚ ਉਸ ਨੇ ਪਹਿਲਾਂ ਵਾਂਗ ਅਫ਼ਗ਼ਾਨਾਂ ਨੂੰ ਜਹਾਦ ਲਈ ਉਕਸਾਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹਜ਼ਾਰਾਂ ਮੁਰੀਦਾਂ ਸਹਿਤ ਕਾਗਾਨ ਦੀ ਸੀਮਾ ਕੋਲ ਬਾਲਾਕੋਟ ਨਾਮੀ ਸਥਾਨ ‘ਤੇ ਆ ਗਿਆ ਅਤੇ ਨਾਲ ਲੱਗਦੇ ਪਿੰਡਾਂ ‘ਤੇ ਆਪਣਾ ਅਧਿਕਾਰ ਜਮਾਣਾ ਸ਼ੁਰੂ ਕਰ ਦਿੱਤਾ। ਇਸ ਪ੍ਰਕਾਰ ਦੀ ਗਤੀਵਿਧੀ ਤੋਂ ਸ. ਹਰੀ ਸਿੰਘ ਚਿੰਤਾਤੁਰ ਹੋ ਗਿਆ। ਇਸ ਤੋਂ ਪਹਿਲਾਂ ਕਿ ਸੱਯਦ ਹੋਰ ਸ਼ਕਤੀ ਇਕੱਠੀ ਕਰ ਕੇ ਖਾਲਸਾ ਫ਼ੌਜ ਲਈ ਬਖੇੜਾ ਖੜਾ ਕਰੇ, ਉਸ ਨੇ ਮਹਾਰਾਜਾ ਸਾਹਿਬ ਤੋਂ ਆਗਿਆ ਲੈ ਕੇ ਇਕ ਦਮ ਹਜ਼ਾਰੇ ਵੱਲ ਨੂੰ ਕੂਚ ਕਰ ਦਿੱਤਾ। ਉਸ ਦੇ ਨਾਲ ਸ਼ਹਿਜ਼ਾਦਾ ਸ਼ੇਰ ਸਿੰਘ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸੈਨਾਨਾਇਕ ਵੀ ਦਲ-ਬਲ ਸਹਿਤ ਚੱਲ ਪਏ। ਹਜ਼ਾਰੇ ਪਹੁੰਚ ਕੇ ਪੂਰੀ ਸਥਿਤੀ ਸਮਝੀ ਅਤੇ ਯੁੱਧ ਦੀ ਤਿਆਰੀ ਕਰਕੇ 3 ਮਈ, 1831 ਨੂੰ ਸਵੇਰ ਵੇਲੇ ਹੀ ਬਾਲਾਕੋਟ ਦੇ ਨੇੜੇ ਗ਼ਾਜ਼ੀਆਂ ਦੇ ਡੇਰੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸ਼ਹਿਜ਼ਾਦਾ ਸ਼ੇਰ ਸਿੰਘ ਖੂਬ ਜੋਸ਼ ਨਾਲ ਅੱਗੇ ਵਧ ਕੇ ਵੈਰੀਆਂ ਨੂੰ ਸਬਕ ਸਿਖਾ ਰਿਹਾ ਸੀ। ਉੱਧਰੋਂ ਅਫ਼ਗ਼ਾਨਾਂ ਨੇ ਵੀ ਪੂਰੇ ਮਜ਼੍ਹਬੀ ਜੋਸ਼ ਨਾਲ ਮੁਕਾਬਲਾ ਕੀਤਾ ਅਤੇ ਖਾਲਸਾ ਸੈਨਾ ਦੇ ਹਮਲੇ ਦਾ ਡਟ ਕੇ ਜਵਾਬ ਦਿੱਤਾ। ਘੋਰ ਯੁੱਧ ਚੱਲ ਰਿਹਾ ਸੀ ਕਿ ਅਚਾਨਕ ਸੱਯਦ ਅਹਿਮਦ ਸ਼ਾਹ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਦੁਅੰਦ ਯੁੱਧ ਕਰਨ ਲਈ ਆ ਡਟਿਆ। ਸ਼ਹਿਜ਼ਾਦੇ ਨੇ ਇਕੋ ਵਾਰ ਨਾਲ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਇਸ ਦਾ ਅਸਰ ਅਫ਼ਰੀਦੀਆਂ ‘ਤੇ ਬਹੁਤ ਮਾੜਾ ਪਿਆ ਅਤੇ ਉਹ ਮੈਦਾਨੇ-ਜੰਗ ਵਿਚੋਂ ਖਿਸਕਣ ਲੱਗ ਗਏ। ਦੂਜੇ ਪਾਸੇ ਸੱਯਦ ਦਾ ਵਿਸ਼ਵਾਸਯੋਗ ਸਾਥੀ ਅਤੇ ਯੁੱਧ-ਵੀਰ ਮੌਲਵੀ ਇਸਮਾਈਲ ਸਰਦਾਰ ਹਰੀ ਸਿੰਘ ਨਾਲ ਦੁਅੰਦ ਯੁੱਧ ਰਚਾ ਬੈਠਾ। ਸਰਦਾਰ ਦੇ ਇਕੋ ਭਰਵੇਂ ਵਾਰ ਨਾਲ ਉਹ ਧਰਤੀ ‘ਤੇ ਲੇਟ ਗਿਆ। ਜਦੋਂ ਗ਼ਾਜ਼ੀਆਂ ਨੇ ਆਪਣੇ ਦੋਵੇਂ ਪੀਰ ਸੈਨਾ-ਨਾਇਕ ਮਰਦੇ ਵੇਖੇ ਤਾਂ ਦਿਲ ਛੱਡ ਗਏ। ਉਹ ਜਾਨ ਬਚਾ ਕੇ ਭੱਜਣ ਲੱਗ ਗਏ। ਸ਼ਹਿਜ਼ਾਦਾ ਸ਼ੇਰ ਸਿੰਘ ਨੇ ਦੂਰ ਤਕ ਭਗੌੜਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਆਹੂ ਲਾਹੇ। ਇਸ ਯੁੱਧ ਵਿਚ ਖਾਲਸਾ ਸੈਨਾ ਦੇ ਵੀ ਲਗਭਗ ਇਕ ਹਜ਼ਾਰ ਸੈਨਿਕ ਜ਼ਖਮੀ ਹੋਏ ਜਾਂ ਮਾਰੇ ਗਏ। ਇਸ ਲੜਾਈ ਵਿਚ ਖਾਲਸਾ ਸੈਨਾ ਦਾ ਇਕ ਸੂਰਵੀਰ ਨਾਇਕ ਸ. ਪ੍ਰਤਾਪ ਸਿੰਘ ਅਟਾਰੀਵਾਲਾ ਜ਼ਖਮਾਂ ਦੇ ਦਰਦ ਨੂੰ ਸਹਿ ਨਾ ਸਕਿਆ ਅਤੇ ਕਾਲ ਵਸ ਹੋ ਗਿਆ। ਲੜਾਈ ਥੰਮਣ ਤੋਂ ਬਾਅਦ ਸੱਯਦ ਅਹਿਮਦ ਸ਼ਾਹ ਅਤੇ ਮੌਲਵੀ ਇਸਮਾਈਲ ਦੀਆਂ ਲਾਸ਼ਾਂ ਨੂੰ ਲਭਵਾ ਕੇ ਉਨ੍ਹਾਂ ਦੇ ਚਿਤਰ ਤਿਆਰ ਕਰਵਾਏ ਗਏ ਜੋ ਮਹਾਰਾਜਾ ਸਾਹਿਬ ਦੀ ਜਾਣਕਾਰੀ ਲਈ ਲਾਹੌਰ ਭੇਜੇ ਗਏ। ਤਦ ਉਪਰੰਤ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਬਰਾਂ ਖੁਦਵਾ ਕੇ ਇਸਲਾਮਿਕ ਮਰਯਾਦਾ ਅਨੁਸਾਰ ਦਫ਼ਨਾ ਦਿੱਤਾ ਗਿਆ। ਜਦੋਂ ਮਹਾਰਾਜਾ ਸਾਹਿਬ ਨੂੰ ਇਸ ਜਿੱਤ ਦਾ ਸਮਾਚਾਰ ਮਿਲਿਆ ਤਾਂ ਉਹ ਬਹੁਤ ਖੁਸ਼ ਹੋਏ ਅਤੇ ਬਹੁਤ ਕੀਮਤੀ ਖਿਲਤਾਂ ਤੋਂ ਇਲਾਵਾ ਦੋਹਾਂ (ਸਰਦਾਰ ਨਲਵਾ ਅਤੇ ਸ਼ਹਿਜ਼ਾਦਾ ਸ਼ੇਰ ਸਿੰਘ) ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਨਕਦ ਵੀ ਦਿੱਤੇ। ਇਸ ਯੁੱਧ ਤੋਂ ਬਾਅਦ ਸਰਹੱਦ ਦੇ ਇਲਾਕੇ ਵਿਚ ਬਲਵਈਆਂ ਦਾ ਲੱਕ ਟੁੱਟ ਗਿਆ ਅਤੇ ਉਹ ਇਸ ਪ੍ਰਕਾਰ ਦੇ ਹੋਰ ਸੈਨਿਕ ਸੰਘਰਸ਼ ਤੋਂ ਸੰਕੋਚ ਕਰਨ ਲੱਗੇ। ਇਹ ਇਕ ਪ੍ਰਕਾਰ ਨਾਲ ਉਨ੍ਹਾਂ ਦੇ ਜਹਾਦ ਦਾ ਅੰਤ ਸੀ।
ਇਸੇ ਦੌਰਾਨ 17 ਜੁਲਾਈ, 1831 ਨੂੰ ਇੰਗਲੈਂਡ ਦੇ ਬਾਦਸ਼ਾਹ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਪੰਜ ਵਧੀਆ ਘੋੜੇ ਅਤੇ ਹੋਰ ਅਨੇਕ ਤੋਹਫ਼ੇ ਰਣਕਛ ਤੋਂ ਪੰਜਨਦ ਰਾਹੀਂ ਲਾਹੌਰ ਭੇਜੇ ਗਏ। ਇਹ ਤੋਹਫ਼ੇ ਅਲੈਗਜ਼ੈਂਡਰ ਬਾਰਨਸ ਨੇ ਲਿਆਂਦੇ ਸਨ। ਅਟਕ ਦਰਿਆ ਅਤੇ ਪੰਜ-ਨਦ ਦੇ ਰਸਤੇ ਇਨ੍ਹਾਂ ਤੋਹਫ਼ਿਆਂ ਦੇ ਆਉਣ ਨਾਲ ਕਈ ਪ੍ਰਕਾਰ ਦੀਆਂ ਰਾਜਨੀਤਿਕ ਸਮੱਸਿਆਵਾਂ ਅਥਵਾ ਸਮਝੌਤਿਆਂ ਦੇ ਦੁਆਰ ਖੁੱਲ੍ਹਦੇ ਨਜ਼ਰ ਆਉਣ ਲੱਗੇ।
ਹਜ਼ਾਰੇ ਵਿਚ ਅਮਨ ਕਾਇਮ ਕਰਨ ਉਪਰੰਤ ਸਰਦਾਰ ਹਰੀ ਸਿੰਘ ਅਤੇ ਸ਼ਹਿਜ਼ਾਦਾ ਸ਼ੇਰ ਸਿੰਘ ਲਾਹੌਰ ਪਰਤ ਆਏ। ਮੁਹਿੰਮ ਵਿਚ ਹੋਈ ਕਾਮਯਾਬੀ ਲਈ ਇਨ੍ਹਾਂ ਨੂੰ ਬਹੁਤ ਸਤਿਕਾਰਿਆ ਗਿਆ। ਬਰਖਾ ਰੁੱਤ ਦੇ ਸਮਾਪਤ ਹੋਣ ਨਾਲ ਰੋਪੜ ਦੀ ਮੁਲਾਕਾਤ ਸੰਬੰਧੀ ਤਿਆਰੀਆਂ ਸ਼ੁਰੂ ਹੋ ਗਈਆਂ। ਮੁਲਾਕਾਤ ਦੇ ਮੌਕੇ ‘ਤੇ ਸਵਾਗਤ ਲਈ ਚੰਗੇ ਸਿੱਖਿਅਤ ਇਕ ਹਜ਼ਾਰ ਘੋੜਸਵਾਰ ਸੈਨਿਕਾਂ ਦਾ ਦਲ ਤਿਆਰ ਕੀਤਾ ਗਿਆ। ਛੇ ਹਜ਼ਾਰ ਪੈਦਲ ਜਵਾਨ ਵੀ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਕੀਤੇ ਗਏ। ਇਸ ਤੋਂ ਇਲਾਵਾ ਦੋ ਤੋਪਖਾਨੇ ਵੀ ਹਰ ਵਕਤ ਤਤਪਰ ਰਹਿਣ ਲਈ ਨਾਲ ਤੋਰੇ ਗਏ। ਇਸ ਸਾਰੀ ਵਿਵਸਥਾ ਦਾ ਮੁੱਖ ਸੰਚਾਲਕ ਸ. ਹਰੀ ਸਿੰਘ ਨਲਵਾ ਨੂੰ ਥਾਪਿਆ ਗਿਆ। ਮਹਾਰਾਜਾ ਸਾਹਿਬ ਨੇ 16 ਅਕਤੂਬਰ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਰੋਪੜ ਲਈ ਚੱਲ ਪਏ ਅਤੇ 25 ਅਕਤੂਬਰ ਨੂੰ ਆਪਣੇ ਠਿਕਾਣੇ ‘ਤੇ ਪਹੁੰਚ ਗਏ। ਪਹਿਲਾਂ ਅੰਗਰੇਜ਼ ਗਵਰਨਰ ਜਨਰਲ ਨੇ ਮਹਾਰਾਜਾ ਸਾਹਿਬ ਜੀ ਦੀ ਸੁੱਖ-ਸਾਂਦ ਪੁੱਛਣ ਲਈ ਆਪਣੇ ਮੁੱਖ ਸਕੱਤਰ ਨੂੰ ਭੇਜਿਆ। ਉਸ ਦੇ ਪਰਤਣ ਤੋਂ ਬਾਅਦ ਸ਼ਹਿਜ਼ਾਦਾ ਖੜਕ ਸਿੰਘ, ਸ. ਹਰੀ ਸਿੰਘ ਨਲਵਾ ਅਤੇ ਸ. ਅਤਰ ਸਿੰਘ ਸੰਧਾਵਾਲੀਆ ਗਵਰਨਰ ਜਨਰਲ ਕੋਲ ਸੁੱਖ-ਸਾਂਦ ਪੁੱਛਣ ਗਏ। ਉਨ੍ਹਾਂ ਦਾ ਬਹੁਤ ਨਿੱਘ ਨਾਲ ਸੁਆਗਤ ਕੀਤਾ ਗਿਆ ਅਤੇ ਸ਼ਹਿਜ਼ਾਦਾ ਖੜਕ ਸਿੰਘ ਨੇ ਬੜੇ ਆਦਰ ਨਾਲ ਗਵਰਨਰ ਜਨਰਲ ਨਾਲ ਵਾਰਤਾਲਾਪ ਕੀਤਾ। ਇਸ ਤਰ੍ਹਾਂ ਆਪਸੀ ਮੁਲਾਕਾਤ ਦੀ ਮੁੱਢਲੀ ਕਾਰਵਾਈ ਸਮਾਪਤ ਹੋ ਗਈ।
ਦੂਜੇ ਦਿਨ ਮਹਾਰਾਜਾ ਸਾਹਿਬ ਨੇ ਗਵਰਨਰ ਜਨਰਲ ਨੂੰ ਮਿਲਣ ਲਈ ਆਪਣੇ ਡੇਰੇ ਤੋਂ ਕੂਚ ਕੀਤਾ। ਮਹਾਰਾਜਾ ਸਾਹਿਬ ਇਕ ਹਾਥੀ ਦੀ ਪਾਲਕੀ ਵਿਚ ਸਵਾਰ ਸਨ। ਪਾਲਕੀ ਦੀ ਖੂਬਸੂਰਤੀ ਅਤੇ ਹਾਥੀ ਦੀ ਸਜਾਵਟ ਬੇਮਿਸਾਲ ਸੀ। ਮਹਾਰਾਜਾ ਸਾਹਿਬ ਦੇ ਨਾਲ ਬਾਕੀ ਦਰਬਾਰੀ, ਸ਼ਹਿਜ਼ਾਦੇ ਅਤੇ ਜਰਨੈਲ ਆਪਣੇ-ਆਪਣੇ ਹਾਥੀਆਂ ‘ਤੇ ਸਵਾਰ ਸਨ । ਇਸ ਜਲੂਸ ਦੇ ਦੋਹਾਂ ਪਾਸੇ ਮਾਰਗ ‘ਤੇ ਅੱਠ ਸੌ ਘੋੜਸਵਾਰ ਆਪਣੀਆਂ ਸੁੰਦਰ ਵਰਦੀਆਂ ਵਿਚ ਸਜੇ ਖੜੋਤੇ ਸਨ। ਜਦੋਂ ਮਹਾਰਾਜਾ ਸਾਹਿਬ ਦਾ ਜਲੂਸ ਅੱਗੇ ਵਧਿਆ ਤਾਂ ਉੱਧਰੋਂ ਗਵਰਨਰ ਜਨਰਲ ਦਾ ਜਲੂਸ ਵੀ ਸਾਹਮਣਿਓਂ ਆ ਗਿਆ। ਜਦ ਦੋਹਾਂ ਦੇ ਹਾਥੀ ਨੇੜੇ ਪਹੁੰਚੇ ਤਾਂ ਦੋਹਾਂ ਨੇ ਹੱਥ ਮਿਲਾਏ, ਸੁੱਖ-ਸਾਂਦ ਪੁੱਛੀ ਅਤੇ ਮਹਾਰਾਜਾ ਸਾਹਿਬ ਗਵਰਨਰ ਜਨਰਲ ਦੇ ਹਾਥੀ ‘ਤੇ ਜਾ ਬੈਠੇ। ਇਸ ਤਰ੍ਹਾਂ ਸਾਰਾ ਜਲੂਸ ਸ਼ਾਹੀ ਸੱਜ-ਧੱਜ ਨਾਲ ਗਵਰਨਰ ਜਨਰਲ ਦੇ ਡੇਰੇ ਪਹੁੰਚਿਆ। ਦੋਵੇਂ ਮੁਖੀਏ ਬਹੁਤ ਸਹਿਜ ਭਾਵ ਨਾਲ ਆਪਣੀਆਂ ਕੁਰਸੀਆਂ ‘ਤੇ ਜਾ ਬੈਠੇ। ਮੇਲ-ਮਿਲਾਪ ਅਤੇ ਆਪਸੀ ਮਿਲਵਰਤਨ ਦੀਆਂ ਗੱਲਾਂ ਹੋਈਆਂ। ਉਸ ਤੋਂ ਬਾਅਦ ਮਹਾਰਾਜਾ ਸਾਹਿਬ ਵਿਦਾ ਹੋ ਕੇ ਆਪਣੇ ਕੈਂਪ ਵਿਚ ਆਏ। ਦੂਜੇ ਦਿਨ ਗਵਰਨਰ ਜਨਰਲ ਮਹਾਰਾਜਾ ਸਾਹਿਬ ਦੇ ਡੇਰੇ ਗਏ। ਉੱਥੇ ਉਨ੍ਹਾਂ ਦਾ ਪੂਰੀ ਸ਼ਾਨ ਨਾਲ ਸਵਾਗਤ ਹੋਇਆ। ਅਗਲੇ ਦਿਨਾਂ ਵਿਚ ਦੋਹਾਂ ਧਿਰਾਂ ਵੱਲੋਂ ਤੋਪਖ਼ਾਨਿਆਂ ਤੋਂ ਗੋਲਾਬਾਰੀ ਕਰਕੇ ਦਿਖਾਈ ਗਈ ਅਤੇ ਸੈਨਿਕਾਂ ਨੇ ਆਪਣੀ-ਆਪਣੀ ਸ਼ਕਤੀ ਅਤੇ ਜੰਗੀ ਹੁਨਰ ਦਾ ਪ੍ਰਦਰਸ਼ਨ ਕੀਤਾ। ਸਰਦਾਰ ਹਰੀ ਸਿੰਘ ਦੀ ਯੁੱਧ-ਕਲਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦੋਹਾਂ ਧਿਰਾਂ ਵੱਲੋਂ ਤੋਹਫ਼ੇ ਦਿੱਤੇ ਗਏ। ਕਈ ਅਹਿਦਨਾਮੇ ਵੀ ਕੀਤੇ ਗਏ। ਇਸ ਮੌਕੇ ‘ਤੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਮਹਾਰਾਜਾ ਸਾਹਿਬ ਨੇ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ। ਇਸ ਫ਼ੈਸਲੇ ਨਾਲ ਸਰਦਾਰ ਹਰੀ ਸਿੰਘ ਸਹਿਮਤ ਨਾ ਹੋਇਆ ਕਿਉਂਕਿ ਉਸ ਦੀ ਪਰਖ ਅਤੇ ਸੂਝ ਅਨੁਸਾਰ ਖੜਕ ਸਿੰਘ ਵਿਚ ਰਾਜ ਅਧਿਕਾਰ ਸੰਭਾਲਣ ਵਾਲੀ ਯੋਗਤਾ ਨਹੀਂ ਸੀ। ਪੰਥ ਦੇ ਇਸ ਸਰਬ ਸਾਂਝੇ ਰਾਜ ਦਾ ਉੱਤਰਾਧਿਕਾਰੀ ਨਿਸਚਿਤ ਕਰਨ ਵੇਲੇ ਪਰੰਪਰਾਗਤ ਮਰਯਾਦਾ ਨੂੰ ਤਿਆਗਣਾ ਜ਼ਰੂਰੀ ਸਮਝਿਆ ਗਿਆ। ਇਕ ਨਵੰਬਰ, 1831 ਨੂੰ ਇਸ ਮੁਲਾਕਾਤ ਦੀ ਸਾਰੀ ਕਾਰਵਾਈ ਖ਼ਤਮ ਹੋਈ। ਦੋਵੇਂ ਹੁਕਮਰਾਨ ਆਪਣੇ- ਆਪਣੇ ਰਾਜਾਂ ਵੱਲ ਪਰਤ ਗਏ।
ਪੰਜਾ ਸਾਹਿਬ ਦੀ ਸੇਵਾ
ਸੱਯਦ ਅਹਿਮਦ ਸ਼ਾਹ ਦੀ ਬਗ਼ਾਵਤ ਨੂੰ ਸਿਰੇ ਲਗਾ ਚੁੱਕਣ ਤੋਂ ਬਾਅਦ ਹੁਣ ਹਰੀ ਸਿੰਘ ਨਲਵਾ ਦੇ ਮਨ ਵਿਚ ਆਇਆ ਕਿ ਪੰਜਾ ਸਾਹਿਬ ਧਰਮ-ਧਾਮ ਦੀ ਸੇਵਾ ਕੀਤੀ ਜਾਏ। ਸੰਨ 1832 ਈ. ਦੇ ਸ਼ੁਰੂ ਵਿਚ ਇਸ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ। ਪੰਜਾ ਸਾਹਿਬ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਨਾਲ ਵਾਪਰੀ ਉਸ ਘਟਨਾ ਨਾਲ ਹੈ ਜਦੋਂ ਗੁਰੂ ਜੀ ਹਸਨ ਅਬਦਾਲ ਪਹੁੰਚੇ ਅਤੇ ਪਿਆਸ ਨੂੰ ਮਿਟਾਉਣ ਲਈ ਭਾਈ ਮਰਦਾਨੇ ਰਾਹੀਂ ਵਲੀ ਕੰਧਾਰੀ ਤੋਂ ਪਾਣੀ ਮੰਗਵਾਇਆ। ਉਸ ਨੇ ਪਾਣੀ ਦੇਣ ਦੀ ਥਾਂ ਪਹਾੜੀ ਉਪਰ ਬਣੇ ਆਪਣੇ ਡੇਰੇ ਤੋਂ ਇਕ ਬਹੁਤ ਵੱਡਾ ਪੱਥਰ ਹੇਠਾਂ ਨੂੰ ਉੱਧਰ ਵੱਲ ਰੇੜ੍ਹ ਦਿੱਤਾ ਜਿੱਧਰ ਗੁਰੂ ਨਾਨਕ ਦੇਵ ਜੀ ਬੈਠੇ ਸਨ। ਗੁਰੂ ਜੀ ਨੇ ਆਪਣੇ ਉਪਰ ਆਉਂਦੇ ਪੱਥਰ ਨੂੰ ਹੱਥ ਪਸਾਰ ਕੇ ਰੋਕ ਲਿਆ। ਪੱਥਰ ਉੱਥੇ ਹੀ ਰੁਕ ਗਿਆ ਅਤੇ ਗੁਰੂ ਸਾਹਿਬ ਦੇ ਹੱਥ ਦੇ ਚਿੰਨ੍ਹ ਪੱਥਰ ‘ਤੇ ਪੈ ਗਏ। ਉਸ ਪੱਥਰ ਨਾਲ ਪਾਣੀ ਦਾ ਸੋਮਾ ਵੀ ਹੇਠਾਂ ਨੂੰ ਆ ਗਿਆ ਅਤੇ ਕਈ ਥਾਈਂ ਕਠਿਆਂ (ਨਾਲਿਆਂ) ਦੇ ਰੂਪ ਵਿਚ ਵਗਣ ਲੱਗ ਗਿਆ। ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਨਾਲ ਸੰਬੰਧਿਤ ਇਸ ਸਥਾਨ ਉਪਰ ਸਰਦਾਰ ਹਰੀ ਸਿੰਘ ਨੇ ਇਕ ਸੁੰਦਰ ਗੁਰਦੁਆਰਾ ਉਸਰਵਾਇਆ। ਪੰਜਾ ਸਾਹਿਬ ਵਾਲੇ ਪੱਥਰ ਦੇ ਉਪਰ ਗੁੰਬਦ ਬਣਵਾਇਆ। ਯਾਤਰੀਆਂ ਦੇ ਇਸ਼ਨਾਨ ਲਈ ਸਰੋਵਰ ਤਿਆਰ ਕਰਵਾਇਆ ਅਤੇ ਉਨ੍ਹਾਂ ਦੇ ਠਹਿਰਨ ਲਈ ਸਰਾਂ ਵੀ ਬਣਵਾਈ। ਗੁਰਦੁਆਰੇ ਦੀ ਨਿਰਵਿਘਨ ਸੇਵਾ ਲਈ ਗ੍ਰੰਥੀ ਸਿੰਘ ਦੀ ਨਿਯੁਕਤੀ ਕੀਤੀ ਅਤੇ ਕਈ ਹੋਰ ਸੇਵਾਦਾਰ ਵੀ ਲਗਾ ਦਿੱਤੇ। ਉਨ੍ਹਾਂ ਦੇ ਠਹਿਰਨ ਅਤੇ ਖਰਚੇ ਆਦਿ ਲਈ ਗੁਰਦੁਆਰੇ ਨਾਲ ਜਾਗੀਰ ਵੀ ਲਗਾ ਦਿੱਤੀ। ਗੁਰੂਦੁਆਰੇ ਦੀ ਸੁਰੱਖਿਆ ਲਈ ਭਾਈ ਸਾਧੂ ਸਿੰਘ ਨਿਹੰਗ ਨੂੰ ਉੱਥੇ ਆਪਣੇ ਜੱਥੇ ਸਹਿਤ ਟਿਕਾਇਆ ਗਿਆ ਅਤੇ ਉਨ੍ਹਾਂ ਦੇ ਖਰਚੇ ਲਈ ਵੱਖਰੀ ਜਾਗੀਰ ਲਗਾਈ ਗਈ। ਇਸ ਤਰ੍ਹਾਂ ਉਸ ਇਲਾਕੇ ਵਿਚ ਇਕ ਪਵਿੱਤਰ ਧਰਮ-ਧਾਮ ਉਸਾਰਿਆ ਗਿਆ।
ਗੁਰਦੁਆਰਾ ਪੰਜਾ ਸਾਹਿਬ ਦੀ ਰਮਣੀਕਤਾ ਇੰਨੀ ਵਧੀ ਕਿ ਇਸ ਪਾਸਿਓਂ ਜੋ ਵੀ ਵਿਸ਼ੇਸ਼ ਵਿਅਕਤੀ, ਅਧਿਕਾਰੀ ਜਾਂ ਵਿਦੇਸ਼ੀ ਸਫ਼ੀਰ ਲੰਘਦਾ, ਤਾਂ ਇੱਥੋਂ ਦੇ ਦਰਸ਼ਨ ਕਰਕੇ ਆਨੰਦਿਤ ਹੋ ਜਾਂਦਾ ਅਤੇ ਆਪਣੀਆਂ ਲਿਖਤਾਂ ਵਿਚ ਉਚੇਚਾ ਜ਼ਿਕਰ ਕਰਦਾ। ਸਰਦਾਰ ਨਲਵਾ ਨੇ ਵੀ ਅਨੇਕ ਤਰ੍ਹਾਂ ਦੀ ਸਜਾਵਟ ਦੀਆਂ ਚੀਜ਼ਾਂ, ਲੰਗਰ ਲਈ ਬਰਤਨ ਅਤੇ ਬਿਸਤਰੇ ਗੁਰਦੁਆਰੇ ਲਈ ਮੰਗਵਾਏ ਅਤੇ ਖੁਦ ਵੀ ਇਸ ਨਾਲ ਜੁੜਿਆ ਰਿਹਾ। ਇਸ ਦੀ ਉਸਾਰੀ ਤੋਂ ਬਾਅਦ ਜਦੋਂ ਵੀ ਨਲਵਾ ਸਰਦਾਰ ਕਿਸੇ ਮੁਹਿੰਮ ‘ਤੇ ਜਾਂਦਾ ਤਾਂ ਪਹਿਲਾਂ ਇੱਥੇ ਮੱਥਾ ਟੇਕਦਾ ਅਤੇ ਅਖੰਡ ਪਾਠ ਕਰਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਂਦਾ। ਇਸ ਤਰ੍ਹਾਂ ਉਸ ਇਲਾਕੇ ਵਿਚ ਇਕ ਅਤਿ ਸੁੰਦਰ ਅਤੇ ਰਮਣੀਕ ਧਰਮ-ਧਾਮ ਨੂੰ ਉਸਰਵਾ ਕੇ ਸਰਦਾਰ ਨਲਵਾ ਨੇ ਸਿੱਖ ਜਗਤ ਲਈ ਬਹੁਤ ਵੱਡਾ ਉਪਕਾਰ ਕੀਤਾ।
ਗਖੜਾਂ ਦੀ ਸੋਧ
ਬਾਲਾਕੋਟ ਦੀ ਲੜਾਈ ਦੌਰਾਨ ਨਲਵਾ ਸਰਦਾਰ ਨੇ ਮਹਿਸੂਸ ਕੀਤਾ ਕਿ ਗਖੜਾਂ ਨੇ ਸੱਯਦ ਅਹਿਮਦ ਸ਼ਾਹ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਸੀ ਅਤੇ ਖਾਲਸਾ ਸੈਨਾ ਨੂੰ ਹਰਾਉਣ ਵਿਚ ਜੰਗੀ ਸਾਮਾਨ ਵੀ ਦਿੱਤਾ ਸੀ। ਨਾਲੇ ਉਹ ਮਾਲੀਆ ਦੇਣੋਂ ਵੀ ਟਾਲਾ ਵਟਦੇ ਆ ਰਹੇ ਸਨ। ਸ. ਹਰੀ ਸਿੰਘ ਨੇ ਗਖੜਾਂ ਦੇ ਇਲਾਕੇ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਵਿਚੋਂ ਖਦੇੜ ਦਿੱਤਾ। ਉੱਥੇ ਅਮਨ-ਕਾਇਮ ਕਰਨ ਲਈ ਗਖੜਾਂ ਦੀ ਰਿਆਸਤ ਵਿਚ ਕੇਂਦਰੀ ਨਗਰ ਖ਼ਾਨਪੁਰ ਵਿਚ ਇਕ ਕਿਲਾ ਬਣਵਾਇਆ ਅਤੇ ਉੱਥੇ ਸਥਾਈ ਤੌਰ ‘ਤੇ ਆਪਣੀ ਸੈਨਾ ਬਿਠਾ ਦਿੱਤੀ। ਜਦੋਂ ਗਖੜਾਂ ਨੂੰ ਹਰ ਪਾਸੋਂ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਤਾਂ ਉਹ ਹਾਰ ਕੇ ਸਰਦਾਰ ਨਲਵਾ ਕੋਲ ਆਏ। ਮਾਫ਼ੀ ਮੰਗੀ। ਸਰਦਾਰ ਸਾਹਿਬ ਨੇ ਉਨ੍ਹਾਂ ਨੂੰ ਗੁਜ਼ਾਰੇ ਲਈ ਕੁਝ ਜਾਗੀਰ ਦੇ ਦਿੱਤੀ। ਇਸ ਤਰ੍ਹਾਂ ਸਮੇਂ -ਸਮੇਂ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਹਜ਼ਾਰੇ ਦੇ ਅਫ਼ਗ਼ਾਨਾਂ ਨੂੰ ਸੋਧ ਦਿੱਤਾ ਗਿਆ ਅਤੇ ਉੱਥੇ ਅਮਨ-ਚੈਨ ਹੋ ਗਿਆ।
ਪਿਸ਼ਾਵਰ ਨੂੰ ਅਧੀਨ ਕਰਨਾ
ਹਜ਼ਾਰੇ ਦੇ ਇਲਾਕੇ ਵਿਚ ਪੂਰੀ ਤਰ੍ਹਾਂ ਸ਼ਾਂਤੀ ਵਰਤ ਜਾਣ ਤੋਂ ਬਾਅਦ ਮਹਾਰਾਜਾ ਸਾਹਿਬ ਨੇ ਨਲਵਾ ਸਰਦਾਰ ਨੂੰ ਲਾਹੌਰ ਬੁਲਾਇਆ ਅਤੇ ਉਸ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਜਿੱਤਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਬਹੁਤ ਮਾਣ ਸਤਿਕਾਰ ਦਿੱਤਾ ਅਤੇ ਇਕ ਵਿਸ਼ੇਸ਼ ਦਰਬਾਰ ਲਗਾ ਕੇ ਸਿੱਖ ਕੌਮ ਦੇ ਇਸ ਮਹਾਨ ਨਾਇਕ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਸਲਾਹਿਆ। ਇਸ ਤੋਂ ਇਲਾਵਾ ਹੋਰਾਂ ਮੁੱਖੀ ਸਲਾਹਕਾਰਾਂ ਦਾ ਇਕੱਠ ਕਰਕੇ ਇਹ ਵਿਚਾਰਿਆ ਗਿਆ ਕਿ ਪਿਸ਼ਾਵਰ ਅਤੇ ਜਲਾਲਾਬਾਦ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਨੂੰ ਸਥਾਈ ਤੌਰ ‘ਤੇ ਲਾਹੌਰ ਦਰਬਾਰ ਦੇ ਅਧੀਨ ਕਰ ਲਿਆ ਜਾਏ। ਵਿਚਾਰ-ਵਟਾਂਦਰੇ ਤੋਂ ਬਾਅਦ ਫ਼ੈਸਲਾ ਹੋਇਆ ਕਿ ਇਨ੍ਹਾਂ ਇਲਾਕਿਆਂ ‘ਤੇ ਸੈਨਿਕ ਕਾਰਵਾਈ ਕਰ ਕੇ ਪੱਕੇ ਤੌਰ ‘ਤੇ ਅਧੀਨ ਕਰ ਲਿਆ ਜਾਏ।
ਪਿਸ਼ਾਵਰ ਨਗਰ ਅਤੇ ਇਸ ਦੇ ਨਾਲ ਲੱਗਦਾ ਇਲਾਕਾ ਰਾਜਾ ਪੋਰਸ ਤੋਂ ਅਸ਼ੋਕ ਤਕ ਅਤੇ ਉਸ ਤੋਂ ਬਾਅਦ ਵੀ ਭਾਰਤੀ ਸੱਭਿਆਚਾਰ ਦਾ ਕੇਂਦਰ ਰਿਹਾ ਹੈ। ਇੱਥੇ ਹੁਣ ਵੀ ਪੁਰਾਤਨ ਯਾਦਗਾਰਾਂ, ਇਮਾਰਤਾਂ ਅਤੇ ਸਤੂਪ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇੱਥੇ ਕਦੇ ਭਾਰਤੀ ਸੱਭਿਆਚਾਰ ਦਾ ਬੋਲਬਾਲਾ ਸੀ। ਇਸ ਲਈ ਸ. ਹਰੀ ਸਿੰਘ ਨਲਵਾ ਨੇ ਪਿਸ਼ਾਵਰ ਨੂੰ ਜਿੱਤਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਅਸਲੋਂ ਲਾਹੌਰ ਦਰਬਾਰ ਦੀ ਸਭ ਤੋਂ ਵੱਡੀ ਜਿੱਤ ਸਮਝੀ ਜਾਣ ਲਗੀ ਕਿਉਂਕਿ ਇਸ ਨੂੰ ਜਿੱਤੇ ਬਿਨਾਂ ਪੰਜਾਬ ਲਈ ਨਿੱਤ ਕੋਈ ਨਾ ਕੋਈ ਬਖੇੜਾ ਖੜਾ ਰਹਿਣਾ ਸੀ। ਇਸ ਲਈ ਸਰਦਾਰ ਹਰੀ ਸਿੰਘ ਨੇ ਆਪਣੀ ਇਸ ਵਿਰਾਸਤ ਦੀ ਪੁਨਰ-ਪ੍ਰਾਪਤੀ ਲਈ ਕਮਰ ਕਸ ਲਈ। ਲਾਹੌਰੋਂ ਚੱਲ ਕੇ ਉਹ ਕੁਝ ਦਿਨ ਗੁਜਰਾਂਵਾਲੇ ਰਿਹਾ ਅਤੇ ਫਿਰ ਆਪਣੀ ਸੈਨਾ ਨੂੰ ਇਕੱਤਰ ਕਰਕੇ ਪਿਸ਼ਾਵਰ ਉਪਰ ਚੜ੍ਹਾਈ ਕਰਨ ਲਈ ਤਿਆਰ ਰਹਿਣ ਦਾ ਹੁਕਮ ਦੇ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਸਾਰੇ ਸੈਨਿਕ ਡੇਰਿਆਂ, ਕਿਲਿਆਂ ਅਤੇ ਛਾਉਣੀਆਂ ਵਿਚ ਆਦੇਸ਼ ਭੇਜ ਦਿੱਤੇ ਕਿ ਉਹ ਸਭ ਅਟਕ ਵੱਲ ਤੁਰ ਪੈਣ। ਹੁਕਮ ਦੀ ਪਾਲਨਾ ਕਰਦਿਆਂ ਹੋਇਆਂ ਬੇਸ਼ੁਮਾਰ ਸੈਨਾ ਦਲ ਅਟਕ ਵੱਲ ਤੁਰ ਪਏ। ਜਦੋਂ ਸਾਰੀ ਸੈਨਾ ਇਕੱਠੀ ਹੋ ਗਈ ਤਾਂ ਮਹਾਰਾਜਾ ਸਾਹਿਬ ਨੇ ਫ਼ਰਮਾਨ ਭੇਜ ਕੇ ਸਭ ਨੂੰ ਸੂਚਿਤ ਕਰ ਦਿੱਤਾ ਕਿ ਸਾਰੇ ਸਿੱਖ ਸੈਨਾ-ਦਲ ਦਾ ਮੁੱਖ ਨਾਇਕ ਸ. ਹਰੀ ਸਿੰਘ ਨਲਵਾ ਨੂੰ ਸਥਾਪਤ ਕੀਤਾ ਗਿਆ ਹੈ। ਇਸ ਦੇ ਨਾਲ ਹੋਰ ਵੀ ਕਈ ਹਦਾਇਤਾਂ ਭੇਜੀਆਂ ਗਈਆਂ। ਲਾਹੌਰ ਦਰਬਾਰ ਵੱਲੋਂ ਜਨਰਲ ਵੈਨਤੂਰਾ ਸਹਿਤ ਕੰਵਰ ਨੌਨਿਹਾਲ ਸਿੰਘ ਨੂੰ ਲਾਹੌਰ ਤੋਂ ਯੁੱਧ ਦਾ ਕਾਰਜ-ਭਾਰ ਸੰਭਾਲਣ ਲਈ ਤੋਰਿਆ ਗਿਆ। ਸਰਦਾਰ ਨਲਵਾ ਵੀ ਹਜ਼ਾਰਾ ਦੀ ਹਕੂਮਤ ਦਾ ਕੰਮ ਸ. ਮਹਾਂ ਸਿੰਘ ਮੀਰਪੁਰੀਆ ਦੇ ਹੱਥ ਸੌਂਪ ਕੇ ਆਪ 20 ਅਪ੍ਰੈਲ ਨੂੰ ਅਟਕ ਪਹੁੰਚ ਗਿਆ। ਉੱਧਰੋਂ ਕੰਵਰ ਨੌਨਿਹਾਲ ਸਿੰਘ ਵੀ ਆ ਗਿਆ। ਇਕ-ਦੋ ਦਿਨ ਆਰਾਮ ਕਰਕੇ ਅਤੇ ਯੁੱਧ ਦੀ ਵਿਉਂਤਬੰਦੀ ਕਰਨ ਉਪਰੰਤ 27 ਅਪ੍ਰੈਲ ਨੂੰ ਖਾਲਸਾ ਸੈਨਾ ਨੇ ਅਟਕ ਨਦੀ ਪਾਰ ਕਰਨੀ ਸ਼ੁਰੂ ਕੀਤੀ। ਜਦੋਂ ਪਿਸ਼ਾਵਰ ਵਿਚ ਖਾਲਸਾ ਸੈਨਾ ਵੱਲੋਂ ਕੀਤੀ ਜਾਣ ਵਾਲੀ ਚੜ੍ਹਾਈ ਦਾ ਪਤਾ ਲੱਗਾ ਤਾਂ ਹਾਜ਼ੀ ਖ਼ਾਨ ਅਤੇ ਮੁਹੰਮਦ ਖਾਨ ਨਾਂ ਦੇ ਬਾਰਕਜ਼ਈ ਮੁਖੀਆਂ ਨੇ ਕਿਲੇ ਵਿਚ ਮੋਰਚੇ ਸੰਭਾਲ ਲਏ। ਖਾਲਸਾ ਫ਼ੌਜ ਦੇ ਹਮਲਾ ਦਾ ਉਨ੍ਹਾਂ ਨੇ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ, ਪਰ ਉਨ੍ਹਾਂ ਦੀ ਕੁਝ ਪੇਸ਼ ਨਾ ਗਈ ਅਤੇ ਹਾਰ ਖਾਣੀ ਪਈ। ਵੈਰੀ ਮੁਖੀਆਂ ਨੇ ਉੱਥੋਂ ਭੱਜ ਨਿਕਲਣ ਲਈ ਬਹੁਤ ਯਤਨ ਕੀਤੇ ਪਰ ਸਫ਼ਲ ਨਾ ਹੋ ਸਕੇ। ਕਿਉਂਕਿ ਇਕ ਤਾਂ ਖਾਲਸਾ ਸੈਨਾ ਵਿਚ ਇਤਨਾ ਜ਼ਿਆਦਾ ਜੋਸ਼ ਸੀ ਕਿ ਉਸ ਦੀ ਹਨੇਰੀ ਅੱਗੇ ਸਭ ਨਿਸਤੇਜ ਹੋ ਗਏ।
ਇਸ ਲੜਾਈ ਵਿਚ ਹਾਜੀ ਖ਼ਾਨ ਅਤੇ ਮੁਹੰਮਦ ਖ਼ਾਨ ਬਹੁਤ ਜ਼ਖ਼ਮੀ ਹੋ ਗਏ। ਖਾਲਸਾ ਸੈਨਾ ਨੇ ਛੇ ਮਈ ਦੀ ਸ਼ਾਮ ਨੂੰ ਬੜੀ ਸ਼ਾਨ ਨਾਲ ਆਪਣੀ ਵਿਜੇ-ਯਾਤਰਾ ਦਾ ਪ੍ਰਦਰਸ਼ਨ ਕੀਤਾ ਅਤੇ ਪਿਸ਼ਾਵਰ ਉਪਰ ਆਪਣਾ ਕਬਜ਼ਾ ਹੋ ਜਾਣ ਦਾ ਜਨਤਾ ਨੂੰ ਅਹਿਸਾਸ ਕਰਾਇਆ। ਇਸ ਤੋਂ ਬਾਅਦ ਬਾਲਾਹਿਸਾਰ ਕਿਲੇ ਉਪਰ ਆਪਣਾ ਨਿਸ਼ਾਨ ਝੁਲਾ ਦਿੱਤਾ। ਇਸ ਕਿਲੇ ਨੂੰ ਜਿੱਤਣ ਤੋਂ ਬਾਅਦ ਇਸ ਦਾ ਨਾਂ ਸੁਮੇਰਗੜ੍ਹ ਰੱਖਿਆ। ਜ਼ਾਲਮ ਬਾਰਕਜ਼ਈ ਹੁਕਮਰਾਨਾਂ ਤੋਂ ਖਲਾਸ ਹੋਣ ਦੀ ਖੁਸ਼ੀ ਵਿਚ ਪਿਸ਼ਾਵਰ ਨਗਰ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਦੀਪਮਾਲਾ ਕੀਤੀ ਅਤੇ ਹੋਰ ਆਨੰਦਦਾਇਕ ਜਲਸੇ ਕੀਤੇ । ਇਸ ਤੋਂ ਬਾਅਦ 7 ਮਈ ਨੂੰ ਪਿਸ਼ਾਵਰ ਦੇ ਸਾਰੇ ਇਲਾਕੇ ਨੂੰ ਖਾਲਸਾ ਰਾਜ ਵਿਚ ਪੱਕੇ ਤੌਰ ‘ਤੇ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਗਈ। ਸ਼ਹਿਰ ਵਿਚ ਅਮਨ-ਅਮਾਨ ਕਰਨ ਲਈ ਸ. ਹਰੀ ਸਿੰਘ ਨਲਵਾ ਨੇ ਖੁਦ ਸਾਰੇ ਇਲਾਕੇ ਦਾ ਨਿਰੀਖਣ ਕੀਤਾ। ਸੈਨਿਕ ਦ੍ਰਿਸ਼ਟੀ ਤੋਂ ਜਿੱਥੇ ਲੋੜ ਸਮਝੀ ਉੱਥੇ ਕਿਲੇ ਉਸਰਵਾ ਕੇ ਖਾਲਸਾ ਫ਼ੌਜ ਠਹਿਰਾਈ। ਇਸ ਤਰ੍ਹਾਂ ਸਾਰੇ ਇਲਾਕੇ ਵਿਚ ਸੈਨਿਕ ਟੁਕੜੀਆਂ ਟਿਕਾ ਦਿੱਤੀਆਂ ਗਈਆਂ ਅਤੇ ਹਰ ਪਾਸੇ ਹਰੀ ਸਿੰਘ ਨਲਵਾ ਦਾ ਦਬਦਬਾ ਬੈਠ ਗਿਆ। ਕਿਲਾ ਬਾਲਾਹਿਸਾਰ ਦੀ ਵੀ ਲੋੜ ਅਨੁਸਾਰ ਮੁਰੰਮਤ ਅਤੇ ਵਾਧਾ ਕਰਵਾਇਆ। ਇਸ ਤਰ੍ਹਾਂ ਹਰ ਪ੍ਰਕਾਰ ਦੀ ਸਥਿਰਤਾ ਹੋ ਗਈ ਅਤੇ ਪਿਸ਼ਾਵਰ ਦਾ ਸਾਰਾ ਇਲਾਕਾ ਆਪਣੇ ਆਪ ਨੂੰ ਬਾਰਕਜ਼ਈਆਂ ਦੇ ਜ਼ੁਲਮ ਤੋਂ ਮੁਕਤ ਹੋਇਆ ਸਮਝਣ ਲੱਗ ਗਿਆ। ਅੱਠ ਸੌ ਸਾਲ ਬਾਅਦ ਪਿਸ਼ਾਵਰ ‘ਤੇ ਭਾਰਤੀਆਂ ਦਾ ਕਬਜ਼ਾ ਹੋਇਆ।
ਜਦੋਂ ਸਾਰੇ ਸਰਹੱਦੀ ਸੂਬੇ ਵਿਚ ਅਮਨ ਕਾਇਮ ਹੋ ਗਿਆ ਤਾਂ ਸ਼ੇਰੇ-ਪੰਜਾਬ ਨੂੰ ਸੂਚਿਤ ਕੀਤਾ ਗਿਆ। ਮਹਾਰਾਜਾ ਸਾਹਿਬ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਪਿਸ਼ਾਵਰ ਵਿਚ ਆਉਣ ਦਾ ਮਨ ਬਣਾਇਆ ਅਤੇ ਅਗਲੇ ਸਾਲ ਹੀ ਬਸੰਤ ਦੀ ਰੁੱਤ ਵਿਚ ਉੱਥੇ ਪਹੁੰਚੇ। ਉਨ੍ਹਾਂ ਨੇ ਸਾਰੇ ਇਲਾਕੇ ਦਾ ਪ੍ਰਬੰਧ ਵੇਖ ਕੇ ਸੰਤੋਸ਼ ਪ੍ਰਗਟ ਕੀਤਾ ਅਤੇ ਸ. ਹਰੀ ਸਿੰਘ ਨਲਵਾ ਦੀ ਬਹਾਦਰੀ ਅਤੇ ਸਿਆਣਪ ਦੀ ਬਹੁਤ ਪ੍ਰਸੰਸਾ ਕੀਤੀ। ਉਸ ਤੋਂ ਬਾਅਦ ਉੱਥੇ ਬਹੁਤ ਵੱਡਾ ਦਰਬਾਰ ਕੀਤਾ ਗਿਆ ਜਿਸ ਵਿਚ ਸ. ਨਲਵਾ ਦੀ ਪ੍ਰਸੰਸਾ ਕੀਤੀ ਗਈ ਅਤੇ ਉਸ ਨੂੰ ਅਨੇਕ ਤਰ੍ਹਾਂ ਨਾਲ ਸਨਮਾਨਤ ਕੀਤਾ ਗਿਆ। ਉਸ ਦਰਬਾਰ ਵਿਚ ਇਲਾਕੇ ਦੇ ਸਾਰੇ ਰਈਸ, ਖ਼ਾਨ ਅਤੇ ਮੁਖੀਏ ਸ਼ਾਮਲ ਹੋਏ। ਉਨ੍ਹਾਂ ਨੇ ਮਹਾਰਾਜਾ ਸਾਹਿਬ ਅੱਗੇ ਬਹੁਤ ਨਜ਼ਰਾਨੇ ਪੇਸ਼ ਕੀਤੇ। ਉਦਾਰਚਿਤ ਮਹਾਰਾਜਾ ਸਾਹਿਬ ਨੇ ਵੀ ਹੈਸੀਅਤ ਅਨੁਸਾਰ ਖਿਲਤਾਂ ਅਤੇ ਜਾਗੀਰਾਂ ਦਿੱਤੀਆਂ।
ਅਜੇ ਮਹਾਰਾਜਾ ਸਾਹਿਬ ਉੱਥੇ ਹੀ ਸਨ, ਤਾਂ ਸੂਚਨਾ ਮਿਲੀ ਕਿ ਕਾਬਲ ਦਾ ਬਾਦਸ਼ਾਹ ਅਮੀਰ ਦੋਸਤ ਮੁਹੰਮਦ ਖ਼ਾਨ ਪਿਸ਼ਾਵਰ ਨੂੰ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦਾ ਹੈ। ਇਸ ਆਸ਼ੇ ਦੀ ਪੂਰਤੀ ਲਈ ਉਸ ਨੇ ਬਹੁਤ ਸਾਰੀ ਨਵੀਂ ਫ਼ੌਜ ਭਰਤੀ ਕੀਤੀ ਹੈ ਅਤੇ ਮੁਲਖਈਏ ਨੂੰ ਇਕੱਠਾ ਕਰਨ ਲਈ ਮੌਲਵੀਆਂ ਅਤੇ ਜਹਾਦੀਆਂ ਦੀ ਮਦਦ ਲਈ ਹੈ। ਥੋੜ੍ਹੇ ਸਮੇਂ ਵਿਚ ਹੀ ਉਸ ਨੇ ਹਜ਼ਾਰਾਂ ਗ਼ਾਜ਼ੀ ਇਕੱਠੇ ਕਰ ਲਏ। ਇਸ ਤੋਂ ਬਾਅਦ ਉਸ ਨੇ ਗ਼ਾਜ਼ੀਆਂ ਨੂੰ ਖ਼ੈਬਰ ਦੇ ਦੱਰੇ ਵੱਲ ਤੋਰਨਾ ਸ਼ੁਰੂ ਕੀਤਾ। ਇਸ ਦੀ ਖ਼ਬਰ ਖਾਲਸੇ ਨੂੰ ਵੀ ਮਿਲ ਗਈ, ਉਹ ਵੀ ਪੂਰੀ ਤਿਆਰੀ ਨਾਲ ਉਸ ਦੇ ਹਮਲੇ ਦੀ ਉਡੀਕ ਕਰਨ ਲੱਗੇ। ਜਿਉਂ ਹੀ ਸੰਨ 1834 ਦੀ ਸਰਦੀ ਦਾ ਕਹਿਰ ਘੱਟਿਆ, ਦੋਸਤ ਮੁਹੰਮਦ ਖ਼ਾਨ ਨੇ ਫ਼ੌਜ ਨੂੰ ਖ਼ੈਬਰ ਦੱਰੇ ‘ਤੇ ਪਹੁੰਚਾ ਦਿੱਤਾ ਅਤੇ ਇਰਦ-ਗਿਰਦ ਦੇ ਜਹਾਦੀਆਂ ਅਤੇ ਅਫ਼ਰੀਦੀਆਂ ਨੂੰ ਵੀ ਨਾਲ ਮਿਲਾ ਲਿਆ।
ਅਮੀਰ ਦੋਸਤ ਮੁਹੰਮਦ ਖ਼ਾਨ ਦੇ ਮੁਕਾਬਲੇ ਲਈ ਸਰਦਾਰ ਹਰੀ ਸਿੰਘ ਨੇ ਤੈਹਕਾਲ ਬਾਲਾ ਦੇ ਨੇੜੇ ਯੁੱਧ ਕਰਨ ਦਾ ਮਨ ਬਣਾਇਆ। ਉੱਥੇ ਘੋੜੇ ਦੇ ਨਾਲ ਵਰਗੇ ਮੋਰਚੇ ਬਣਾਏ ਗਏ ਤਾਂ ਜੋ ਵੈਰੀ ਨੂੰ ਫਸਾਇਆ ਜਾ ਸਕੇ । ਇਸ ਦੇ ਨਾਲ ਹੀ ਪਿਸ਼ਾਵਰ ਨੂੰ ਆਉਣ ਵਾਲੇ ਰਸਤਿਆਂ ਨੂੰ ਚੰਗੀ ਤਰ੍ਹਾਂ ਢੱਕ ਲਿਆ ਗਿਆ। ਉੱਧਰ ਦੋਸਤ ਮੁਹੰਮਦ ਖ਼ਾਨ ਆਪਣੀ ਪੂਰੀ ਤਿਆਰੀ ਨਾਲ 11 ਮਈ, 1835 ਨੂੰ ਦੱਰਾ ਖੈਬਰ ਤੋਂ ਨਿਕਲ ਕੇ ਸਿੱਖ ਸੈਨਾ ਉਪਰ ਟੁੱਟ ਕੇ ਪੈ ਗਿਆ। ਅੱਗੇ ਖਾਲਸਾ ਸੈਨਾ ਵੀ ਉਸ ਦੇ ਹਮਲੇ ਦੀ ਉਡੀਕ ਕਰ ਰਹੀ ਸੀ। ਤੋਪਾਂ ਦੀ ਗੋਲਾਬਾਰੀ ਨਾਲ ਖੂਬ ਸੁਆਗਤ ਹੋਇਆ ਅਤੇ ਸੈਨਿਕਾਂ ਦਾ ਵੀ ਘਮਸਾਨ ਯੁੱਧ ਹੋਇਆ। ਪਰ ਸ. ਹਰੀ ਸਿੰਘ ਨਲਵਾ ਦੀਆਂ ਜੰਗੀ ਸਕੀਮਾਂ ਵਿਚ ਅਫ਼ਰੀਦੀ ਇਸ ਤਰ੍ਹਾਂ ਘਿਰੇ ਕਿ ਬਚ ਨਿਕਲਣ ਦਾ ਕੋਈ ਰਾਹ ਹੀ ਨਾ ਰਿਹਾ। ਬਹੁਤ ਬਹਾਦਰੀ ਨਾਲ ਲੜਨ ਦੇ ਬਾਵਜੂਦ ਸ਼ਾਮ ਢਲਣ ਤਕ ਅਮੀਰ ਦੋਸਤ ਮੁਹੰਮਦ ਖ਼ਾਨ ਨੇ ਵੇਖਿਆ ਕਿ ਉਸ ਦੀ ਸੈਨਾ ਤਾਂ ਬੁਰੀ ਤਰ੍ਹਾਂ ਘਿਰ ਗਈ ਹੈ। ਉਹ ਭੱਜਣ ਦਾ ਉਪਾਅ ਕਰਨ ਲੱਗਾ, ਪਰ ਖਾਲਸਾ ਸੈਨਾ ਦਾ ਘੇਰਾ ਬਹੁਤ ਮਜ਼ਬੂਤ ਸੀ। ਇਸ ਲਈ ਉਹ ਭੱਜ ਨਾ ਸਕਿਆ। ਪਰ ਜਿਉਂ ਹੀ ਰਾਤ ਦਾ ਹਨੇਰਾ ਸੰਘਣਾ ਹੋਇਆ ਤਾਂ ਆਪਣੀਆਂ ਦੋ ਤੋਪਾਂ ਅਤੇ ਹੋਰ ਸਾਮਾਨ ਮੈਦਾਨੇ-ਜੰਗ ਵਿਚ ਛੱਡ ਕੇ ਖਿਸਕ ਗਿਆ। ਉਹ ਸਿੱਖ ਸੈਨਾ ਤੋਂ ਇਤਨਾ ਭੈ-ਭੀਤ ਹੋਇਆ ਕਿ ਮੁੜ ਸਾਰੀ ਉਮਰ ਉਹ ਖਾਲਸਾ ਸੈਨਾ ਨਾਲ ਟੱਕਰ ਲੈਣ ਦੀ ਹਿੰਮਤ ਨਾ ਕਰ ਸਕਿਆ। ਉਹ ਭੱਜ ਕੇ ਕਾਬਲ ਜਾ ਲੁਕਿਆ। ਦੂਜੇ ਦਿਨ ਖਾਲਸਾ ਸੈਨਾ ਨੇ ਆਪਣੀ ਜਿੱਤ ਦੀ ਖੂਬ ਖੁਸ਼ੀ ਮਨਾਈ ਅਤੇ ਸਾਰਾ ਵਾਤਾਵਰਣ ਖਾਲਸੇ ਦੀ ਸੂਰਬੀਰਤਾ ਦੀ ਗਾਥਾ ਨਾਲ ਗੂੰਜ ਉੱਠਿਆ।
ਤੈਹਕਾਲ ਬਾਲਾ ਦੇ ਯੁੱਧ ਵਿਚ ਦੋਸਤ ਮੁਹੰਮਦ ਖ਼ਾਨ ਨੂੰ ਭਜਾਉਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵਾ ਜਿੱਤ ਦੀ ਖ਼ਬਰ ਮਹਾਰਾਜਾ ਸਾਹਿਬ ਨੂੰ ਦੇਣ ਆਇਆ। ਮਹਾਰਾਜਾ ਸਾਹਿਬ ਨੇ ਉਸ ਦੀ ਬਹੁਤ ਸ਼ਲਾਘਾ ਕੀਤੀ ਅਤੇ ਪਿਸ਼ਾਵਰ ਦੇ ਇਲਾਕੇ ਦਾ ਸਾਰਾ ਪ੍ਰਬੰਧ ਅਤੇ ਪ੍ਰਸ਼ਾਸਨ ਨਲਵਾ ਸਰਦਾਰ ਨੂੰ ਸੌਂਪ ਕੇ ਅਤੇ ਉਸ ਨੂੰ ਗਵਰਨਰ ਬਣਾ ਕੇ ਆਪ ਲਾਹੌਰ ਪਰਤ ਆਏ। ਪ੍ਰਸ਼ਾਸਨਿਕ ਪ੍ਰਬੰਧ ਅਤੇ ਫ਼ੌਜ ਰੱਖਣ ‘ਤੇ ਅੱਠ ਲੱਖ ਸਾਲਾਨਾ ਆਉਂਦਾ ਸੀ। ਇਹ ਸਭ ਕੁਝ ਦੀ ਵਿਵਸਥਾ ਕਰਕੇ ਮਹਾਰਾਜਾ ਸਾਹਿਬ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਪਿਸ਼ਾਵਰ ਦਾ ਸਾਰਾ ਇਲਾਕਾ ਖਾਲਸਾ ਰਾਜ ਦਾ ਪੱਕਾ ਹਿੱਸਾ ਬਣ ਗਿਆ ਹੈ।
ਜਦੋਂ ਸਰਦਾਰ ਨਲਵਾ ਨੇ ਹਰ ਪਾਸੇ ਅਮਨ ਕਾਇਮ ਕਰ ਲਿਆ ਤਾਂ ਉਸ ਨੇ ਸਾਰੇ ਇਲਾਕੇ ਦਾ ਨਿਰੀਖਣ ਕੀਤਾ ਅਤੇ ਆਪਣੇ ਫ਼ੌਜੀ ਨਾਇਕਾਂ ਨਾਲ ਸਲਾਹ ਕਰਕੇ ਜਿੱਥੇ-ਜਿੱਥੇ ਖਾਲਸਾ ਫ਼ੌਜ ਰੱਖਣ ਦੀ ਲੋੜ ਮਹਿਸੂਸ ਕੀਤੀ, ਉੱਥੇ ਉਸ ਦੇ ਠਹਿਰਨ ਲਈ ਕਿਲਿਆਂ ਦੀ ਉਸਾਰੀ ਕਰਨ ਦੇ ਆਦੇਸ਼ ਦਿੱਤੇ। ਜਿੱਥੇ ਸਿੱਖ ਸੈਨਾ ਦੀਆਂ ਚੌਂਕੀਆਂ ਸਥਾਪਤ ਕਰਨੀਆਂ ਸਨ, ਉਨ੍ਹਾਂ ਬਾਰੇ ਵੀ ਹੁਕਮ ਦਿੱਤੇ। ਇਸ ਤੋਂ ਇਲਾਵਾ ਪਿਸ਼ਾਵਰ ਦੇ ਸਾਰੇ ਖੇਤਰ ਨੂੰ ਪੰਜ ਪਰਗਨਿਆਂ ਵਿਚ ਵੰਡ ਦਿੱਤਾ। ਜਿਵੇਂ (1) ਪਰਗਨਾ ਖਾਲਸਾ, ਪਬੀ, ਅਕਰਪੁਰਾ, (2) ਪਰਗਨਾ ਦਾਊਦਜ਼ਈ, (3) ਪਰਗਨਾ ਮੁਹੰਮਦ ਮੁਲਕ ਅਮੀਨ ਉੱਲਾ ਖ਼ਾਨ (4) ਪਰਗਨਾ ਹਸ਼ਤ ਨਗਰ ਅਤੇ (5) ਇਲਾਕਾ ਖਲੀਲ। ਇਨ੍ਹਾਂ ਪਰਗਨਿਆਂ ਤੋਂ ਸਾਲ ਵਿਚ 12 ਲੱਖ ਤੋਂ ਵੱਧ ਆਮਦਨ ਆਉਣ ਲੱਗੀ। ਜ਼ਿੰਮੀਂਨਦਾਰਾਂ ਨੂੰ ਖੁਸ਼ਹਾਲ ਕਰਨ ਵਾਸਤੇ ਉਨ੍ਹਾਂ ਦੇ ਖੇਤਾਂ ਲਈ ਨਹਿਰਾਂ, ਕਠਿਆਂ (ਨਾਲਿਆਂ) ਦੀ ਖੁਦਾਈ ਕਰਵਾਈ ਅਤੇ ਲੋੜ ਅਨੁਸਾਰ ਸਰਕਾਰੀ ਮਦਦ ਨਾਲ ਖੂਹ ਵੀ ਪੁਟਵਾਏ। ਮਾਲੀਏ ਦੇ ਦਰ ਵਿਚ ਕੁਝ ਕਮੀ ਕੀਤੀ। ਇਨ੍ਹਾਂ ਸੁਧਾਰਾਂ ਨਾਲ ਖੇਤੀ ਦੀ ਉਪਜ ਵੱਧ ਗਈ, ਜ਼ਿੰਮੀਂਦਾਰ ਸੌਖੇ ਹੋ ਗਏ ਅਤੇ ਸ਼ਾਂਤੀ ਨਾਲ ਰਹਿਣਾ ਸਿੱਖੇ ।
ਇੱਥੇ ਇਹ ਦੱਸਣਾ ਵੀ ਵਾਜਬ ਹੋਏਗਾ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਰਾਜ-ਕਾਲ ਵਿਚ ਹਿੰਦੂਆਂ ‘ਤੇ ਜਜ਼ੀਆ ਲਗਾ ਦਿੱਤਾ ਗਿਆ ਸੀ। ਹਰ ਬਾਲਗ ਹਿੰਦੂ ਤੋਂ ਇਕ ਦੀਨਾਰ ਸਾਲਾਨਾ ਲਿਆ ਜਾਂਦਾ ਸੀ ਅਤੇ ਇਸ ਦੀ ਵਸੂਲੀ ਵਿਅਕਤੀਗਤ ਤੌਰ ‘ਤੇ ਕਰਨੀ ਹੁੰਦੀ ਸੀ ਪਰ ਇਹ ਸਭ ਕੁਝ ਬੜੇ ਅਪਮਾਨਜਨਕ ਢੰਗ ਨਾਲ ਹੁੰਦਾ ਸੀ। ਸਰਦਾਰ ਹਰੀ ਸਿੰਘ ਨੇ ਸਭ ਤੋਂ ਪਹਿਲਾਂ ਹਿੰਦੂਆਂ ਤੋਂ ਜਜ਼ੀਆ ਲੈਣਾ ਬੰਦ ਕਰ ਦਿੱਤਾ। ਜਜ਼ੀਏ ਤੋਂ ਹੋਣ ਵਾਲੀ ਆਮਦਨ ਦੀ ਘਾਟ ਨੂੰ ਪੂਰਾ ਕਰਨ ਲਈ ਮੁਸਲਮਾਨਾਂ ‘ਤੇ ਪ੍ਰਤੀ ਘਰ 4 ਰੁਪਏ ਖਿਰਾਜ ਲਗਾ ਦਿੱਤਾ। ਇਸ ਤਰ੍ਹਾਂ ਮਾਇਕ ਘਾਟ ਪੂਰੀ ਹੋਣ ਲੱਗੀ, ਸਗੋਂ ਖਜ਼ਾਨੇ ਦੀ ਆਮਦਨ ਵਿਚ ਵਾਧਾ ਵੀ ਹੋਣ ਲੱਗ ਗਿਆ।
ਜਦੋਂ ਮਹਾਰਾਜਾ ਸਾਹਿਬ ਨੂੰ ਸਰਦਾਰ ਹਰੀ ਸਿੰਘ ਦੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਅਮਨ-ਅਮਾਨ ਕਾਇਮ ਕਰਨ ਦੀ ਵਿਵਸਥਾ ਦਾ ਪਤਾ ਚਲਿਆ ਤਾਂ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੂੰ ਪਿਸ਼ਾਵਰ ਦੇ ਇਲਾਕੇ ਵਿਚ ਆਪਣਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਕਸ਼ਮੀਰ ਵਿਚ ਵੀ ਆਪਣਾ ਸਿੱਕਾ ਚਲਾਉਣ ਦਾ ਮਾਣ ਮਹਾਰਾਜਾ ਸਾਹਿਬ ਵੱਲੋਂ ਬਖ਼ਸ਼ਿਆ ਜਾ ਚੁੱਕਾ ਸੀ। ਪਿਸ਼ਾਵਰ ਵਿਚ ਚਲਾਏ ਸਿੱਕੇ ਦੇ ਇਕ ਪਾਸੇ ਫ਼ਾਰਸੀ ਵਿਚ ਲਿਖਿਆ ਹੁੰਦਾ ਸੀ— ਦੇਗ ਤੇਗੋ ਫ਼ਤਹ ਨੁਸਰਤ ਬੇਦਰੰਗ, ਯਾਫ਼ਤ ਅਜੁ ਗੁਰ ਗੋਬਿੰਦ ਸਿੰਘ। ਦੂਜੇ ਪਾਸੇ ਲਿਖਿਆ ਹੁੰਦਾ ਸੀ- ਪਿਸ਼ਾਵਰ ਜਲੂਸ ਜਰਬ 1890 ਬਿਕ੍ਰਮੀ। ਦੋ ਵਾਰ ਆਪਣੇ ਨਾਂ ਦਾ ਸਿੱਕਾ ਚਲਾਉਣ ਦਾ ਮਾਣ ਕੇਵਲ ਸਰਦਾਰ ਨਲਵਾ ਨੂੰ ਪ੍ਰਾਪਤ ਹੋਇਆ ਸੀ ਅਤੇ ਸੱਚਮੁੱਚ ਉਹ ਆਪਣੇ ਨਾਮ ‘ਤੇ ਸਿੱਕਾ ਚਲਾਉਣ ਦੇ ਯੋਗ ਵੀ ਸੀ। ਕਵੀ ਕਾਦਰਯਾਰ (ਮਿਸ਼ਰ ਹਰੀਚੰਦ) ਅਨੁਸਾਰ
ਅਲਫ਼ ਆ ਪਿਸ਼ੌਰ ਦੇ ਵਿਚ ਯਾਰੋ,
ਹਰੀ ਸਿੰਘ ਹੁਣ ਰਾਜ ਕਮਾਣ ਲਗਾ।
ਗਜ਼ਬਨਾਕ ਅਫ਼ਗ਼ਾਨ ਜੁਆਨ ਪੱਕੇ,
ਵਿਚੋਂ ਸੂਈ ਦੇ ਨੱਕੇ ਲੰਘਾਣ ਲਗਾ।
ਨਾਲ ਨੋਕ ਸੰਗੀਨ ਮਹੀਨ ਕਰ ਕੇ,
ਦੇਖੋ ਆਪਣੀ ਈਣ ਮਨਾਣ
ਲਗਾ। ਕਾਦਰਯਾਰ ਦਲੇਰੀ ਦੇ ਕੰਮ ਕਰਕੇ,
ਨਾਮ ਆਪਣਾ ਰੋਸ਼ਨ ਕਰਾਣ ਲਗਾ ।
ਸਰਦਾਰ ਹਰੀ ਸਿੰਘ ਨੇ ਪ੍ਰਸ਼ਾਸਨਿਕ ਪ੍ਰਬੰਧ ਕਰਨ ਤੋਂ ਬਾਅਦ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਕਾਬਲ ਤੋਂ ਜਿਨ੍ਹਾਂ ਦਰਿਆਵਾਂ ਰਾਹੀਂ ਅਫ਼ਗ਼ਾਨੀ ਹਿੰਦੁਸਤਾਨ ‘ਤੇ ਹਮਲੇ ਕਰਦੇ ਆਏ ਹਨ, ਉਨ੍ਹਾਂ ਨੂੰ ਵੇਖਿਆ ਜਾਏ। ਨਲਵਾ ਸਰਦਾਰ ਆਪਣੇ ਕੁਝ ਸੂਝਵਾਨ ਸਰਦਾਰਾਂ ਨੂੰ ਨਾਲ ਲੈ ਕੇ ਕਾਬਲ ਦੀ ਦਿਸ਼ਾ ਵੱਲ ਨੂੰ ਦੌਰੇ ‘ਤੇ ਨਿਕਲ ਪਿਆ ਅਤੇ ਸਾਰੇ ਇਲਾਕੇ ਦੀ ਪੜਤਾਲ ਇਸ ਦ੍ਰਿਸ਼ਟੀ ਨਾਲ ਕੀਤੀ ਕਿ ਅਫ਼ਰੀਦੀਆਂ ਦੇ ਹਮਲਿਆਂ ਤੋਂ ਪਿਸ਼ਾਵਰ ਨੂੰ ਪੂਰੀ ਤਰ੍ਹਾਂ ਕਿਵੇਂ ਬਚਾਇਆ ਜਾ ਸਕੇ? ਇਸੇ ਪੜਤਾਲ ਦੇ ਦੌਰਾਨ ਜਦ ਉਹ ਦੱਰਾ ਖੈਬਰ ਵੱਲ ਆਇਆ ਤਾਂ ਉੱਥੇ ਪਹਿਲਾਂ ਬਣੀ ਇਕ ਕੱਚੀ ਗੜ੍ਹੀ ਦੀ ਥਾਂ ਨੂੰ ਯੁੱਧ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਣ ਸਮਝ ਕੇ ਉੱਥੇ ਇਕ ਪੱਕਾ ਕਿਲਾ ਬਣਵਾਇਆ ਜੋ ਜਮਰੌਦ ਦੇ ਕਿਲ੍ਹੇ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਹ ਕਿਲਾ 17 ਅਕਤੂਬਰ, 1836 ਈ. ਵਿਚ ਉਸਾਰਨਾ ਸ਼ੁਰੂ ਕੀਤਾ ਗਿਆ। ਪਹਿਲਾਂ ਅਰਦਾਸ ਸੋਧੀ ਗਈ, ਫਿਰ ਤੋਪਾਂ ਦੀ ਸਲਾਮੀ ਅਤੇ ਫ਼ੌਜੀ ਨਗਾਰਿਆਂ ਦੀ ਧੁਨੀ ਨਾਲ ਇਸ ਦੀ ਉਸਾਰੀ ਦਾ ਕੰਮ ਜ਼ੋਰ- ਸ਼ੋਰ ਨਾਲ ਆਰੰਭ ਹੋ ਗਿਆ। ਲਗਭਗ ਦੋ ਮਹੀਨਿਆਂ ਬਾਅਦ ਇਹ ਕਿਲਾ ਪੂਰੀ ਤਰ੍ਹਾਂ ਤਿਆਰ ਹੋ ਗਿਆ। ਇਹ ਕਿਲਾ ਬਹੁਤ ਮਜ਼ਬੂਤ ਸੀ। ਇਸ ਦੀਆਂ ਦੀਵਾਰਾਂ 4 ਗਜ਼ ਚੌੜੀਆਂ ਅਤੇ 12 ਗਜ਼ ਉੱਚੀਆਂ ਰੱਖੀਆਂ ਗਈਆਂ। ਇਸ ਵਿਚ ਦੋਹਰੇ ਦਰਵਾਜ਼ੇ ਲਗਾਏ ਗਏ। ਕਿਲੇ ਦੇ ਉਸਰਨ ’ਤੇ ਅਖੰਡ ਪਾਠ ਰੱਖਿਆ ਗਿਆ ਅਤੇ ਕਿਲੇ ਦਾ ਨਾਂ ਫ਼ਤਹਗੜ੍ਹ ਰੱਖਿਆ ਗਿਆ। ਇਸ ਕਿਲੇ ਵਿਚ ਦੋ ਸੌ ਘੋੜਸਵਾਰ, ਅੱਠ ਸੌ ਪੈਦਲ ਸੈਨਿਕ ਤਾਇਨਾਤ ਕੀਤੇ ਗਏ। ਅੱਠ ਵੱਡੀਆਂ ਅਤੇ 12 ਛੋਟੀਆਂ ਤੋਪਾਂ ਅਤੇ ਹੋਰ ਬਰੂਦੀ ਜ਼ਖ਼ੀਰਾ ਵੀ ਜਮ੍ਹਾ ਕੀਤਾ ਗਿਆ। ਇਸ ਦਾ ਕਿਲੇਦਾਰ ਸ. ਮਹਾਂ ਸਿੰਘ ਨੂੰ ਬਣਾਇਆ ਗਿਆ ਜੋ ਨਲਵਾ ਸਰਦਾਰ ਦੇ ਵਿਸ਼ਵਾਸ ਦਾ ਪਾਤਰ ਅਤੇ ਸੁਯੋਗ ਕਿਲੇਦਾਰ ਸੀ।
ਜਮਰੌਦ ਦੇ ਕਿਲੇ ਦੀ ਉਸਾਰੀ ਤੋਂ ਬਾਅਦ ਇਸ ਮਸਲੇ ‘ਤੇ ਵਿਚਾਰ ਕੀਤਾ ਗਿਆ ਕਿ ਕਿਲੇ ਅੰਦਰ ਰਹਿਣ ਵਾਲੀ ਸੈਨਾ ਦੇ ਪੀਣ ਲਈ ਪਾਣੀ ਦਾ ਅੰਦਰ ਹੀ ਬੰਦੋਬਸਤ ਹੋਣਾ ਚਾਹੀਦਾ ਹੈ। ਪਹਿਲਾਂ ਇਹ ਪਾਣੀ ਦੱਰਾ ਖੈਬਰ ਤੋਂ ਨਿਕਲਣ ਵਾਲੇ ਕੱਠੇ ਤੋਂ ਲਿਆ ਜਾਂਦਾ ਸੀ। ਪਰ ਸੰਕਟ ਵੇਲੇ ਇਹ ਪਾਣੀ ਰੋਕਿਆ ਜਾ ਸਕਦਾ ਸੀ, ਇਸ ਲਈ ਜਮਰੌਦ ਦੇ ਕਿਲੇ ਦੇ ਅੰਦਰ ਇਕ ਵੱਡਾ ਖੂਹ ਪੁਟਵਾਇਆ ਗਿਆ ਤਾਂ ਜੋ ਬਾਹਰ ਦੇ ਪਾਣੀ ਦੇ ਬੰਦ ਹੋ ਜਾਣ ‘ਤੇ ਪਾਣੀ ਦੀ ਥੁੜ ਮਹਿਸੂਸ ਨਾ ਹੋਵੇ। ਇਸ ਤਰ੍ਹਾਂ ਕਿਲੇ ਦੇ ਅੰਦਰ ਅਨਾਜ ਅਤੇ ਹੋਰ ਖਾਧ-ਪਦਾਰਥਾਂ ਨੂੰ ਵੀ ਇਕੱਠਾ ਕਰਨ ਦੀ ਵਿਵਸਥਾ ਕੀਤੀ ਗਈ ਤਾਂ ਜੋ ਕਿਸੇ ਸੰਕਟ ਵੇਲੇ ਜੇ ਬਾਹਰੋਂ ਕੋਈ ਚੀਜ਼ ਲਿਆਈ ਨਾ ਜਾ ਸਕੇ, ਤਾਂ ਵੀ ਲੰਮੇ ਸਮੇਂ ਲਈ ਖੁਰਾਕ ਦੀ ਉਪਲਬਧੀ ਬਣੀ ਰਹੇ। ਇਸ ਤੋਂ ਇਲਾਵਾ ਅਸਲ੍ਹਾ, ਬਾਰੂਦ ਅਤੇ ਹਥਿਆਰਾਂ ਦਾ ਅੰਦਰ ਕਾਫ਼ੀ ਅੰਬਾਰ ਲਗਾ ਲਿਆ ਗਿਆ। ਇਸ ਤੋਂ ਇਲਾਵਾ ਜਮਰੌਦ ਦੇ ਕਿਲੇ ਤੋਂ ਪਿਸ਼ਾਵਰ ਨੂੰ ਜਾਣ ਵਾਲੀ ਸੜਕ ਦੀ ਸੁਰੱਖਿਆ ਲਈ ਅੱਧ ਵਿਚਾਲੇ ਇਕ ਗੜ੍ਹੀ ਬਣਾਈ ਗਈ ਜਿਸ ਦਾ ਨਾਂ ‘ਬੁਰਜ ਹਰੀ ਸਿੰਘ’ ਰੱਖਿਆ ਗਿਆ। ਇਸ ਗੜ੍ਹੀ ਵਿਚ ਇਕ ਸੌ ਜੁਆਨਾਂ ਦੇ ਠਹਿਰਨ ਦੀ ਵਿਵਸਥਾ ਸੀ।
ਜਮਰੌਦ ਦੇ ਕਿਲੇ ਤੋਂ ਇਲਾਵਾ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਨਲਵਾ ਸਰਦਾਰ ਨੇ ਇਕ ਹੋਰ ਕਿਲਾ ਵੀ ਬਣਵਾਇਆ। ਇਸ ਕਿਲੇ ਦਾ ਨਾਂ ਕਿਲਾ ਬਾੜਾ ਰੱਖਿਆ। ਇਸ ਕਿਲੇ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਨਾਲ ਤੀਰਾਹ ਇਲਾਕੇ ਦੇ ਅਫ਼ਰੀਦੀ ਅਤੇ ਬਾਰਕਜ਼ਈ ਪਠਾਨਾਂ ‘ਤੇ ਨਜ਼ਰ ਰੱਖੀ ਜਾ ਸਕਦੀ ਸੀ। ਇਹ ਸਥਾਨ ਪਿਸ਼ਾਵਰ ਤੋਂ ਪਰੇ ਦੱਰਾ ਖ਼ੈਬਰ ਅਤੇ ਖ਼ਾਨਕੀ ਘਾਟੀ ਦੇ ਵਿਚਕਾਰ ਸੀ। ਇਸ ਵਿਚ ਬਾੜਾ ਦਰਿਆ ਵਗਦਾ ਸੀ। ਇਸ ਲਈ ਇਸ ਦਾ ਨਾਂ ਵੀ ਕਿਲਾ ਬਾੜਾ ਰੱਖਿਆ ਗਿਆ। ਇਸ ਕਿਲੇ ਵਿਚ 300 ਪੈਦਲ ਸੈਨਿਕਾਂ, ਇਕ ਸੌ ਘੋੜਸਵਾਰਾਂ, ਤਿੰਨ ਤੋਪਾਂ ਰੱਖਣ ਦੀ ਵਿਵਸਥਾ ਕੀਤੀ ਗਈ। ਇਸ ਵਿਚ ਖਾਧ ਖੁਰਾਕ ਦਾ ਵੀ ਬਹੁਤ ਸੰਗ੍ਰਹਿ ਕੀਤਾ ਗਿਆ। ਇਸ ਕਿਲੇ ਦੀ ਕਿਲਾਦਾਰੀ ਸ. ਝੰਡਾ ਸਿੰਘ ਬੋਤਾਲੀਏ ਨੂੰ ਸੌਂਪੀ ਗਈ।
ਇਸੇ ਤਰ੍ਹਾਂ ਇਕ ਹੋਰ ਕਿਲਾ ਮਿਚਨੀ ਦਰਿਆ ਦੇ ਕੰਢੇ ‘ਤੇ ਵੀ ਬਣਵਾਇਆ ਕਿਉਂਕਿ ਕਾਬਲ ਤੋਂ ਇੱਧਰ ਨੂੰ ਦੋ ਰਸਤੇ ਆਉਂਦੇ ਸਨ। ਇਕ ਰਸਤਾ ਮੁਹੰਮਦਾਂ ਦੇ ਇਲਾਕੇ ਵਿਚੋਂ ਹੋ ਕੇ ਆਉਂਦਾ ਸੀ ਅਤੇ ਦੂਜਾ ਕਾਬਲ ਦਰਿਆ ਰਾਹੀਂ ਆਉਂਦਾ ਸੀ। ਇਸ ਕਿਲੇ ਦੇ ਨਿਰਮਾਣ ਨਾਲ ਇਸ ਪਾਸੇ ਦਾ ਸਾਰਾ ਇਲਾਕਾ ਅਤੇ ਦਰਿਆ ਖਾਲਸਾ ਸੈਨਾ ਦੇ ਕਬਜ਼ੇ ਵਿਚ ਆ ਗਏ। ਇਸ ਦਾ ਕਿਲਾਦਾਰ ਸ. ਧੰਨਾ ਸਿੰਘ ਮਲਵਈ ਦੇ ਪੁੱਤਰ ਸ. ਨਛੱਤਰ ਸਿੰਘ ਨੂੰ ਬਣਾਇਆ ਗਿਆ। ਇਸ ਕਿਲੇ ਵਿਚ ਤਿੰਨ ਸੌ ਪੈਦਲ ਸੈਨਿਕਾਂ, ਇਕ ਸੌ ਸਵਾਰਾਂ ਅਤੇ ਦਸ ਤੋਪਚੀ ਅਤੇ ਵੱਡੀਆਂ ਨਿੱਕੀਆਂ ਚਾਰ ਤੋਪਾਂ ਟਿਕਾਈਆਂ ਗਈਆਂ।
ਇਕ ਹੋਰ ਕਿਲਾ ਵੀ ਬਣਵਾਇਆ ਜਿਸ ਦਾ ਨਾਂ ਸ਼ੰਕਰਗੜ੍ਹ ਸੀ। ਇਸ ਕਿਲੇ ਦੁਆਰਾ ਉਨ੍ਹਾਂ ਤਿੰਨ ਰਸਤਿਆਂ ‘ਤੇ ਨਜ਼ਰ ਰੱਖੀ ਜਾਂਦੀ ਸੀ, ਜਿਨ੍ਹਾਂ ਵਿਚੋਂ ਇਕ ਬਿਜੋੜ ਤੋਂ, ਇਕ ਕੱਠਾ ਗੰਧਾਰ ਵਿਚੋਂ ਅਤੇ ਇਕ ਕਾਬਲ ਤੋਂ ਦੁਆਬਾ ਹਸ਼ਤ ਨਗਰ ਵਿਚ ਆ ਨਿਕਲਦਾ ਸੀ। ਇਹ ਕਿਲ੍ਹਾ ਜਮਰੌਦ ਤੋਂ ਬਾਅਦ ਜ਼ਿਆਦਾ ਮਹੱਤਵ ਵਾਲਾ ਸੀ। ਇਸ ਵਿਚ ਪੰਜ ਸੌ ਪੈਦਲ ਸੈਨਿਕ, ਤਿੰਨ ਸੌ ਘੋੜ ਸਵਾਰ, 35 ਤੋਪਚੀ ਅਤੇ 2 ਵੱਡੀਆਂ ਅਤੇ 10 ਛੋਟੀਆਂ ਤੋਪਾਂ ਰੱਖੀਆਂ ਗਈਆਂ। ਇਸ ਦਾ ਕਿਲਾਦਾਰ ਸ. ਲਹਿਣਾ ਸਿੰਘ ਸੰਧਾਵਾਲੀਆਂ ਨੂੰ ਥਾਪਿਆ ਗਿਆ। ਇਸ ਤਰ੍ਹਾਂ ਸ. ਹਰੀ ਸਿੰਘ ਨੇ ਕਾਬਲ ਤੋਂ ਪਿਸ਼ਾਵਰ ਵੱਲ ਆਉਣ ਵਾਲੇ ਸਾਰੇ ਰਸਤਿਆਂ ਅਤੇ ਨਾਕਿਆਂ ਨੂੰ ਬੰਦ ਕਰ ਦਿੱਤਾ। ਸੈਨਿਕ ਦ੍ਰਿਸ਼ਟੀ ਤੋਂ ਇਨ੍ਹਾਂ ਕਿਲ੍ਹਿਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ।
ਇੱਥੇ ਇਹ ਦੱਸਣਾ ਅਪ੍ਰਸੰਗਿਕ ਨਹੀਂ ਹੋਵੇਗਾ ਕਿ ਸ. ਹਰੀ ਸਿੰਘ ਨਲਵਾ ਨੂੰ ਮਜ਼੍ਹਬੀ ਧੱਕੇਸ਼ਾਹੀ ਤੋਂ ਹਮੇਸ਼ਾ ਨਫ਼ਰਤ ਸੀ। ਉਸ ਤੋਂ ਇਹ ਬਿਲਕੁਲ ਅਸਹਿ ਸੀ। ਉਦੋਂ ਪਿਸ਼ਾਵਰ ਦੇ ਸਰਹੱਦੀ ਇਲਾਕੇ ਵਿਚ ਹਿੰਦੂ ਇਸਤਰੀਆਂ ਨੂੰ ਜ਼ਬਰਦਸਤੀ ਅਫ਼ਗ਼ਾਨ ਚੁੱਕ ਕੇ ਲੈ ਜਾਂਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਘਰ ਵਿਚ ਵਸਾ ਲੈਂਦੇ ਸਨ। ਸਰਦਾਰ ਹਰੀ ਸਿੰਘ ਨੇ ਸ. ਬੁੱਧ ਸਿੰਘ ਨੂੰ ਨਾਲ ਲੈ ਕੇ ਪੱਖਲੀ/ ਅੰਗਰੋਰ ਦੇ ਉਨ੍ਹਾਂ ਅਫ਼ਗ਼ਾਨਾਂ ਨੂੰ ਜਾ ਘੇਰਿਆ ਜਿਨ੍ਹਾਂ ਨੇ ਅਜਿਹੀ ਜ਼ਬਰਦਸਤੀ ਕੀਤੀ ਹੋਈ ਸੀ। ਪਠਾਨਾਂ ਨੂੰ ਘੇਰੇ ਵਿਚ ਲੈ ਕੇ ਉਨ੍ਹਾਂ ਤੋਂ ਹਿੰਦੂ ਇਸਤਰੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਨੂੰ ਘਰੋਂ-ਘਰੀਂ ਪਹੁੰਚਾਇਆ। ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਰਦਾਰ ਨਲਵਾ ਹਮੇਸ਼ਾ ਸਚੇਤ ਰਹਿੰਦਾ ਸੀ।
ਇਕ ਹੋਰ ਘਟਨਾ ਦਾ ਇੱਥੇ ਉਲੇਖ ਕਰਨਾ ਉੱਚਿਤ ਹੋਵੇਗਾ ਕਿ ਸ. ਨਲਵਾ ਪਿਸ਼ਾਵਰ ਤੋਂ ਕੁਝ ਦੂਰ ਜੰਗਲੀ ਇਲਾਕੇ ਦਾ ਨਿਰੀਖਣ ਕਰ ਰਿਹਾ ਸੀ। ਉੱਥੇ ਇਕ ਹਿੰਦੂ ਨੇ ਆ ਕੇ ਬੇਨਤੀ ਕੀਤੀ ਕਿ ਮੈਂ ਇਸ ਇਲਾਕੇ ਦੇ ਇਕ ਧਨਾਢ ਦਾ ਵੰਸ਼ਜ਼ ਹਾਂ। ਇੱਥੋਂ ਕੁਝ ਦੁਰੇਡੇ ਪਿੰਡ ਵਿਚ ਮੇਰਾ ਵਿਆਹ ਹੋਇਆ ਸੀ ਅਤੇ ਮੈਂ ਸਹੁਰੇ ਘਰੋਂ ਧੂਮਧਾਮ ਨਾਲ ਡੋਲਾ ਲਿਆ ਰਿਹਾ ਸਾਂ ਕਿ ਰਸਤੇ ਵਿਚ ਮਿਚਨੀ ਦੇ ਖਾਨ ਨੂੰ ਕਿਸੇ ਨੇ ਖ਼ਬਰ ਕਰ ਦਿੱਤੀ ਅਤੇ ਉਹ ਜ਼ਬਰਦਸਤੀ ਮੇਰੀ ਸੁੰਦਰ ਇਸਤਰੀ ਉੱਠਵਾ ਕੇ ਲੈ ਗਿਆ। ਉਸ ਨੇ ਸਾਰੇ ਬਰਾਤੀਆਂ ਨੂੰ ਵੀ ਬਹੁਤ ਦੁੱਖ ਦਿੱਤਾ ਅਤੇ ਇਸਲਾਮ ਨੂੰ ਪ੍ਰਵਾਨ ਕਰਨ ਲਈ ਜ਼ੋਰ ਪਾਇਆ। ਅਸੀਂ ਬਹੁਤ ਸਾਰੇ ਜ਼ੇਵਰ ਅਤੇ ਧਨ ਦੇ ਕੇ ਉਸ ਤੋਂ ਖਲਾਸ ਹੋਏ।
ਨਲਵਾ ਸਰਦਾਰ ਨੇ ਉਸ ਦੀ ਸਾਰੀ ਗੱਲ ਸੁਣੀ ਅਤੇ ਤੁਰਤ ਫ਼ੌਜ ਨੂੰ ਹੁਕਮ ਦਿੱਤਾ। ਖਾਲਸਾ ਸੈਨਿਕਾਂ ਨੇ ਰਾਤੋ-ਰਾਤ ਮਿਚਨੀ ਨੂੰ ਘੇਰਾ ਪਾ ਲਿਆ। ਉਸ ਖਾਨ ਨੂੰ ਪੈਗ਼ਾਮ ਭੇਜਿਆ ਗਿਆ ਕਿ ਹਿੰਦੂ ਇਸਤਰੀ ਵਾਪਸ ਕਰੇ ਜਾਂ ਯੁੱਧ ਲਈ ਤਿਆਰ ਹੋ ਜਾਏ। ਇਸਤਰੀ ਮੋੜਨ ਦੀ ਥਾਂ ਉਹ ਪੰਜ ਸੌ ਸਵਾਰ ਲੈ ਕੇ ਯੁੱਧ ਲਈ ਕਿਲਿਓਂ ਬਾਹਰ ਆ ਗਿਆ। ਸ. ਨਲਵਾ ਕੋਲ ਉਸ ਵਕਤ ਕੇਵਲ ਇਕ ਸੌ ਸਵਾਰ ਸਨ। ਦੋਹਾਂ ਦਲਾਂ ਦਾ ਘਮਸਾਨ ਯੁੱਧ ਹੋਇਆ। ਖਾਲਸੇ ਦੇ ਜੋਸ਼ ਸਾਹਮਣੇ ਅਫ਼ਗ਼ਾਨ ਠਹਿਰ ਨਾ ਸਕੇ, ਖਿਸਕਣ ਦੀ ਸੋਚ ਕਰਨ ਲੱਗੇ। ਇਤਨੇ ਵਿਚ ਹੀ ਮਿਚਨੀ ਦਾ ਖਾਨ ਦੁਅੰਦ ਯੁੱਧ ਕਰਨ ਲਈ ਨਲਵਾ ਸਰਦਾਰ ਦੇ ਸਾਹਮਣੇ ਆ ਗਿਆ। ਨਲਵਾ ਸਰਦਾਰ ਨੇ ਕ੍ਰਿਪਾਨ ਦੇ ਇਕੋ ਵਾਰ ਨਾਲ ਉਸ ਦੇ ਦੋ ਟੋਟੇ ਕਰ ਦਿੱਤੇ। ਉਸ ਦੇ ਸਾਥੀ ਉੱਥੋਂ ਭੱਜ ਗਏ। ਸ. ਹਰੀ ਸਿੰਘ ਨੇ ਉਸ ਸੱਜ-ਵਿਆਹੀ ਇਸਤਰੀ ਨੂੰ ਉਸ ਦੇ ਪਤੀ ਦੇ ਹਵਾਲੇ ਕੀਤਾ ਅਤੇ ਕਿਲੇ ਨੂੰ ਢਾਹ ਢੇਰੀ ਕਰ ਦਿੱਤਾ। ਉਸ ਹਿੰਦੂ ਜੋੜੀ ਨੇ ਸਰਦਾਰ ਸਾਹਿਬ ਅੱਗੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਪਣੇ ਕੋਲ ਹੀ ਪਨਾਹ ਦੇ ਦੇਣ। ਨਲਵਾ ਸਰਦਾਰ ਨੇ ਉਨ੍ਹਾਂ ਦੀ ਬੇਨਤੀ ਨੂੰ ਮੰਨ ਕੇ ਦੋਹਾਂ ਨੂੰ ਪੰਥ ਵਿਚ ਸ਼ਾਮਲ ਕਰ ਲਿਆ। ਪਤੀ ਦਾ ਨਾਮ ਦੁਸ਼ਟਦਮਨ ਸਿੰਘ ਅਤੇ ਪਤਨੀ ਦਾ ਨਾਂ ਹਰਸ਼ਰਨ ਕੌਰ ਰੱਖਿਆ। ਇਨ੍ਹਾਂ ਦੋਹਾਂ ਨੂੰ ਜਮਰੌਦ ਦੇ ਕਿਲੇ ਵਿਚ ਲੰਗਰ ਦੀ ਸੇਵਾ ਵਿਚ ਲਗਾ ਦਿੱਤਾ ਗਿਆ।
ਕਿਲਿਆਂ ਦੀ ਉਸਾਰੀ ਦਾ ਪ੍ਰਤਿਕਰਮ
ਸਰਹੱਦ ‘ਤੇ ਨਲਵਾ ਸਰਦਾਰ ਵੱਲੋਂ ਉਸਾਰੇ ਗਏ ਕਿਲਿਆਂ ਨਾਲ ਕਾਬਲ ਦੇ ਅਫ਼ਗ਼ਾਨੀਆਂ ਦੀ ਖਾਲਸੇ ਦੇ ਇਲਾਕੇ ਵਿਚ ਕੀਤੀ ਜਾਣ ਵਾਲੀ ਘੁਸਪੈਠ ਬਿਲਕੁਲ ਬੰਦ ਹੋ ਗਈ। ਇਸ ਸਾਰੀ ਨਾਕਾਬੰਦੀ ਦਾ ਦੂਜਾ ਅਸਰ ਇਹ ਹੋਇਆ ਕਿ ਕਾਬਲ ਦੀ ਸਰਕਾਰ ਸੋਚਣ ਲੱਗ ਗਈ ਕਿ ਇਨ੍ਹਾਂ ਕਿਲਿਆਂ ਨਾਲ ਆਪਣੀ ਸਰਹੱਦ ਮਜ਼ਬੂਤ ਕਰ ਕੇ ਹੁਣ ਸਰਦਾਰ ਹਰੀ ਸਿੰਘ ਕਾਬਲ ਅਤੇ ਜਲਾਲਾਬਾਦ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਤਿਆਰੀ ਕਰ ਰਿਹਾ ਹੈ। ਇਸ ਨਾਲ ਅਫ਼ਗ਼ਾਨ ਸਰਕਾਰ ਬਹੁਤ ਘਬਰਾਈ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਦੋਂ ਅਮੀਰ ਦੋਸਤ ਮੁਹੰਮਦ ਖਾਨ ਕਾਬਲ ਦਾ ਹੁਕਮਰਾਨ ਸੀ। ਉਹ ਖਾਲਸਾ ਸੈਨਾ ਨਾਲ ਯੁੱਧ ਕਰ ਕੇ ਤਿੰਨ ਵਾਰ ਹਾਰ ਖਾ ਚੁੱਕਿਆ ਸੀ। ਹੁਣ ਉਸ ਨੇ ਆਪ ਤਾਂ ਯੁੱਧ ਕਰਨ ਦੀ ਦਲੇਰੀ ਨਾ ਕੀਤੀ ਅਤੇ ਆਪਣਾ ਪੈਂਤੜਾ ਬਦਲ ਕੇ ਆਪਣੇ ਪੰਜ ਪੁੱਤਰਾਂ ਨੂੰ ਅੱਗੇ ਕੀਤਾ ਅਤੇ ਆਪਣੇ ਇਲਾਕੇ ਦੇ ਸਾਰੇ ਪ੍ਰਤੀਨਿਧ ਪਠਾਨਾਂ ਦਾ ਇਕੱਠ ਕਰ ਕੇ ਉਨ੍ਹਾਂ ਸਾਹਮਣੇ ਆਪਣੇ ਪੰਜ ਪੁੱਤਰਾਂ ਨੂੰ ਪੇਸ਼ ਕੀਤਾ ਅਤੇ ਆਪਣੇ ਧਰਮ ਦੀ ਰੱਖਿਆ ਕਰਨ ਲਈ ਅਤੇ ਕਾਫ਼ਿਰਾਂ ਤੋਂ ਦੇਸ਼ ਨੂੰ ਬਚਾਉਣ ਲਈ ਉਨ੍ਹਾਂ ਨੂੰ ਕੌਮ ਦੀ ਅਮਾਨਤ ਦੱਸਦਿਆਂ ਹੋਇਆਂ ਧਰਮ-ਯੁੱਧ ਲਈ ਤਿਆਰ ਕੀਤਾ। ਦੋਸਤ ਮੁਹੰਮਦ ਖ਼ਾਨ ਨੇ ਪਠਾਨਾਂ ਨੂੰ ਇਸ ਹੱਦ ਤਕ ਤਿਆਰ ਕਰ ਲਿਆ ਕਿ ਹਰ ਘਰ ਵਿਚੋਂ ਘੱਟੋ-ਘੱਟ ਦੋ ਜੁਆਨ ਇਸ ਧਾਰਮਿਕ ਸੰਗ੍ਰਾਮ ਵਿਚ ਹਿੱਸਾ ਲੈਣ ਲਈ ਤਿਆਰ ਹੋ ਗਏ। ਇਹ ਧਾਰਮਿਕ ਜੋਸ਼ ਇਸ ਹੱਦ ਤਕ ਵਧ ਗਿਆ ਸੀ ਕਿ ਪਠਾਨ ਮਾਵਾਂ ਆਪਣੇ ਜਵਾਨ ਬੱਚਿਆਂ ਨੂੰ ਲਿਆ ਕੇ ਇਸ ਜਹਾਦੀ ਲੜਾਈ ਲਈ ਆਪਣੇ ਹੁਕਮਰਾਨ ਨੂੰ ਪੇਸ਼ ਕਰਦੀਆਂ। ਪਠਾਨ ਕਬੀਲਿਆਂ ਦੀ ਇਹ ਮਰਯਾਦਾ ਹੈ ਕਿ ਪਠਾਨ ਸੈਨਿਕ ਯੁੱਧ ਭੂਮੀ ਵਿਚ ਕੋਈ ਕਾਰਨਾਮਾ ਕਰ ਕੇ ਵਿਖਾਏ। ਘਰ ਵਾਲੇ ਮਰ-ਮਿਟਣ ਲਈ ਪ੍ਰੇਰਦੇ ਸਨ। ਯੋਧਿਆਂ ਵਾਲਾ ਕੰਮ ਕਰਨਾ ਉਨ੍ਹਾਂ ਦਾ ਕਰਤੱਵ ਸਮਝਿਆ ਜਾਂਦਾ ਸੀ। ਕੀ ਅਮੀਰ, ਕੀ ਗ਼ਰੀਬ ਸਭ ਲੋਕ ਇਸ ਧਾਰਮਿਕ ਯੁੱਧ ਵਿਚ ਹਿੱਸਾ ਲੈਣ ਲਈ ਤਿਆਰ ਹੋ ਗਏ। ਆਮ ਜਨਤਾ ਤੋਂ ਇਲਾਵਾ ਸਾਰੇ ਕਬੀਲਿਆਂ ਦੇ ਸਰਦਾਰ ਵੀ ਆਪਣੇ ਫ਼ੌਜੀ ਦਸਤਿਆਂ ਅਤੇ ਖਾਨਦਾਨੀ ਯੋਧਿਆਂ ਸਮੇਤ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਤਿਆਰ ਹੋ ਗਏ। ਅਫ਼ਗ਼ਾਨਿਸਤਾਨ ਵਿਚ ਧਰਮ-ਪ੍ਰਚਾਰ ਵਿਚ ਲੱਗੇ ਸੱਯਦ ਵੀ ਆਪਣੇ ਹਜ਼ਾਰਾਂ ਮੁਰੀਦਾਂ ਸਮੇਤ ਇਸਲਾਮੀ ਯੁੱਧ ਵਿਚ ਆਪਣਾ ਯੋਗਦਾਨ ਪਾਉਣ ਲਈ ਪਹੁੰਚ ਗਏ।
ਜਦੋਂ ਸਭ ਪਾਸਿਓਂ ਜਹਾਦੀ ਇਕੱਠੇ ਹੋ ਗਏ ਤਾਂ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਵਿਸ਼ਵਾਸਯੋਗ ਮਹਾਮੰਤਰੀ ਅਤੇ ਨਾਇਬ ਮਿਰਜ਼ਾ ਸਮੀ ਖ਼ਾਨ ਨੂੰ ਯੁੱਧ ਦਾ ਪ੍ਰਮੁੱਖ ਨਾਇਕ ਬਣਾਇਆ ਅਤੇ ਹੋਰ ਸੂਝਵਾਨ ਅਤੇ ਯੁੱਧਵੀਰ ਅਫ਼ਗ਼ਾਨਾਂ ਨੂੰ ਸਹਾਇਕ ਵਜੋਂ ਉਸ ਨਾਲ ਚਲਾਇਆ। ਜਦੋਂ ਹਰ ਪੁਕਾਰ ਦੀ ਤਿਆਰੀ ਹੋ ਗਈ ਤਾਂ ਸਾਰੀ ਫ਼ੌਜ ਅਤੇ ਭਾਰੀ ਮੁਲਖਈਏ ਨੂੰ ਦੋ ਹਿੱਸਿਆਂ ਵਿਚ ਵੰਡਿਆ। 15 ਅਪ੍ਰੈਲ, 1837 ਨੂੰ ਪਹਿਲੇ ਦਲ ਨੇ ਖੈਬਰ ਦੇ ਦੱਰੇ ਵੱਲ ਕੂਚ ਕੀਤਾ। ਉਸ ਸੈਨਾ ਦਲ ਵਿਚ ਸਿਖਲਾਈ ਯਾਫ਼ਤਾਂ ਸੈਨਿਕ ਅਤੇ ਬੇਸ਼ੁਮਾਰ ਮੁਲਖਈਆ ਲਸ਼ਕਰ ਸ਼ਾਮਲ ਸਨ ਜਿਨ੍ਹਾਂ ਦੀ ਗਿਣਤੀ 30 ਹਜ਼ਾਰ ਸੀ ਅਤੇ 40 ਵੱਡੀਆਂ ਤੋਪਾਂ ਵੀ ਨਾਲ ਦਿੱਤੀਆਂ ਗਈਆਂ। ਇਸ ਸੈਨਾ ਦਲ ਵਿਚ ਨਾਮੀ ਜੰਗਜੂ ਪਠਾਨ ਅਤੇ ਅਮੀਰ ਸ਼ਾਮਲ ਸਨ। ਦੂਜੇ ਦਲ ਵਿਚ ਦੋ ਹਜ਼ਾਰ ਫ਼ੌਜੀ ਅਤੇ ਦਸ ਹਜ਼ਾਰ ਮੁਲਖਈਆ ਸ਼ਾਮਲ ਸੀ। ਇਹ ਲੋਕ ਵਧੇਰੇ ਸੱਯਦ ਪ੍ਰਚਾਰਕਾਂ ਦੇ ਮੁਰੀਦ ਸਨ ਅਤੇ ਆਪਣੇ-ਆਪਣੇ ਮੁਰਸ਼ਿਦ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਹਰ ਵਕਤ ਸ਼ਹਾਦਤ ਦਾ ਜਾਮ ਪੀਣ ਲਈ ਤਿਆਰ ਰਹਿੰਦੇ ਸਨ । ਇਨ੍ਹਾਂ ਨਾਲ 6 ਵੱਡੀਆਂ ਤੋਪਾਂ ਵੀ ਸਨ । ਇਸ ਦਲ ਨੂੰ ਸ਼ੰਕਰਗੜ੍ਹ ਅਤੇ ਮਿਚਨੀ ਉਪਰ ਧਾਵਾ ਕਰਨ ਲਈ ਤੋਰ ਦਿੱਤਾ ਗਿਆ।
ਅੰਤਿਮ ਸੰਗ੍ਰਾਮ
ਜਮਰੌਦ ਵੱਲ ਕੂਚ ਕਰਨ ਵਾਲਾ ਸੈਨਾ ਦਲ 15 ਅਪ੍ਰੈਲ ਨੂੰ ਕਾਬਲੋਂ ਚੱਲ ਕੇ 24 ਅਪ੍ਰੈਲ ਨੂੰ ਲੰਡੀਖਾਨੇ ਪਹੁੰਚਿਆ। ਸਭ ਤੋਂ ਪਹਿਲਾਂ ਇਸ ਦਲ ਦੇ ਪ੍ਰਮੁੱਖ ਨਾਇਕ ਮਿਰਜ਼ਾ ਸਮੀ ਖ਼ਾਨ ਨੇ ਅਫ਼ਰੀਦੀਆਂ ਦੇ ਸਾਰਿਆਂ ਕਬੀਲਿਆਂ ਨੂੰ ਇਕੱਠਾ ਕੀਤਾ ਅਤੇ ਇਕ ਸਾਲ ਦਾ ਵਾਜਬ ਇਨਾਮ ਪੇਸ਼ਗੀ ਦੇ ਦਿੱਤਾ। ਇਸ ਗੱਲ ਨਾਲ ਸਾਰੇ ਅਫ਼ਰੀਦੀ ਇਕ-ਜੁੱਟ ਹੋ ਕੇ ਮਰ ਮਿਟਣ ਲਈ ਤਿਆਰ ਹੋ ਗਏ। ਇਸ ਤਰ੍ਹਾਂ ਸਾਰੇ ਲੜਾਕੂਆਂ ਨੂੰ ਪੂਰੀ ਤਰ੍ਹਾਂ ਆਪਣੇ ਹੁਕਮ ਅਧੀਨ ਕਰ ਕੇ ਮਿਰਜ਼ਾ ਸਮੀ ਖ਼ਾਨ ਨੇ ਜਮਰੌਦ ਉਪਰ ਹਮਲਾ ਕਰਨ ਲਈ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ।
ਉੱਧਰ ਸਰਦਾਰ ਹਰੀ ਸਿੰਘ ਨੇ ਬੜੀ ਸੂਝ ਨਾਲ ਆਪਣੇ ਇਲਾਕੇ ਦੀ ਕਿਲਾਬੰਦੀ ਕਰ ਲਈ। ਪਰ ਇਹ ਕਠਿਨ ਕਾਰਜ ਕਰਦਿਆਂ ਉਹ ਬਹੁਤ ਥੱਕ ਗਿਆ ਅਤੇ ਬੁਖ਼ਾਰ ਨਾਲ ਬਿਸਤਰੇ ‘ਤੇ ਪੈ ਗਿਆ, ਵੈਦਾਂ ਨੇ ਮੁਕੰਮਲ ਆਰਾਮ ਕਰਨ ਲਈ ਕਹਿ ਦਿੱਤਾ। ਉਦੋਂ ਸਰਦਾਰ ਨਲਵਾ ਦੀ ਫ਼ੌਜ ਦਾ ਬਹੁਤ ਵੱਡਾ ਹਿੱਸਾ ਲਾਹੌਰ ਗਿਆ ਹੋਇਆ ਸੀ ਕਿਉਂਕਿ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਸ. ਸ਼ਾਮ ਸਿੰਘ ਅਟਾਰੀਵਾਲੇ ਦੀ ਲੜਕੀ ਨਾਲ ਹੋਣੀ ਸੀ। ਉਦੋਂ ਅੰਗਰੇਜ਼ ਫ਼ੌਜ ਦਾ ਕਮਾਂਡਰ-ਇਨ-ਚੀਫ਼ ਅਤੇ ਹੋਰ ਅਨੇਕ ਰਾਜੇ-ਮਹਾਰਾਜੇ ਅਤੇ ਨਵਾਬ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਖ਼ਾਲਸਾ ਸੈਨਾ ਦੀ ਸ਼ਕਤੀ ਅਤੇ ਅਨੁਸ਼ਾਸਨ ਦਾ ਰੰਗ ਦਿਖਾਉਣਾ ਸੀ। ਇਸ ਲਈ ਹਰ ਪਾਸਿਓਂ ਫ਼ੌਜੀ ਟੁਕੜੀਆਂ ਨੂੰ ਮੰਗਵਾ ਕੇ ਪ੍ਰਭਾਵਸ਼ਾਲੀ ਸੈਨਿਕ ਪ੍ਰਦਰਸ਼ਨ ਕੀਤਾ ਗਿਆ।
ਕਾਬਲ ਦੀ ਸੈਨਿਕ ਤਿਆਰੀ ਨੂੰ ਵੇਖਦਿਆਂ ਹੋਇਆਂ ਸਰਦਾਰ ਨਲਵਾ ਨੇ ਮਹਾਰਾਜਾ ਸਾਹਿਬ ਨੂੰ ਸਾਰੀ ਖ਼ਬਰ ਭੇਜ ਦਿੱਤੀ ਅਤੇ ਨਾਲ ਹੀ ਪ੍ਰਾਰਥਨਾ ਕੀਤੀ ਕਿ ਪਿਸ਼ਾਵਰ ਵਾਲੀ ਸੈਨਾ ਨੂੰ ਤੁਰਤ ਵਾਪਸ ਭੇਜ ਦਿੱਤਾ ਜਾਵੇ। ਇਸ ਪ੍ਰਕਾਰ ਦੀ ਰਿਪੋਰਟ ਵਾਲੀ ਚਿੱਠੀ 26 ਅਪ੍ਰੈਲ ਨੂੰ ਲਾਹੌਰ ਪਹੁੰਚਾ ਦਿੱਤੀ ਗਈ, ਪਰ ਰਾਜਾ ਧਿਆਨ ਸਿੰਘ ਨੇ ਮਹਾਰਾਜਾ ਸਾਹਿਬ ਨੂੰ ਇਹ ਰਿਪੋਰਟ ਸਮੇਂ ਸਿਰ ਨਾ ਦਿੱਤੀ। ਇੱਧਰ 27 ਅਪ੍ਰੈਲ ਨੂੰ ਅਫ਼ਗ਼ਾਨੀ ਸੈਨਾ ਲੰਡੀਖਾਨੇ ਤੋਂ ਚੱਲ ਕੇ ਦੱਰਾ ਖੈਬਰ ਦੇ ਪੂਰਬ ਵੱਲ ਪਹੁੰਚ ਗਈ। 28 ਅਪ੍ਰੈਲ ਨੂੰ ਉਨ੍ਹਾਂ ਨੇ ਬੜੀ ਦ੍ਰਿੜ੍ਹਤਾ ਨਾਲ ਜਮਰੌਦ ਦੇ ਕਿਲੇ ‘ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਉੱਧਰ ਸ. ਮਹਾਂ ਸਿੰਘ ਨੇ ਵੀ ਕਿਲੇ ਵਿਚੋਂ ਤੋਪਾਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਘਮਸਾਨ ਯੁੱਧ ਸ਼ੁਰੂ ਹੋ ਗਿਆ। ਕਿਲੇ ਦੇ ਅੰਦਰੋਂ ਸੈਨਿਕਾਂ ਨੇ ਬੰਦੂਕਾਂ ਨਾਲ ਲਗਾਤਾਰ ਇਤਨੀਆਂ ਗੋਲੀਆਂ ਚਲਾਈਆਂ ਕਿ ਬਾਹਰ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਬੇਸ਼ੁਮਾਰ ਜ਼ਖ਼ਮੀਆਂ ਦਾ ਇਕੱਠ ਹੋ ਗਿਆ। ਕਿਲੇ ਦੀ ਅੰਦਰਲੀ ਗੋਲਾਬਾਰੀ ਨੇ ਅਫ਼ਗ਼ਾਨੀਆਂ ਦੀ ਸੈਨਾ ਦਾ ਅੱਗੇ ਵਧਣਾ ਰੋਕ ਦਿੱਤਾ। ਰਾਤ ਪੈਣ ‘ਤੇ ਗੋਲਾਬਾਰੀ ਬੰਦ ਕਰ ਦਿੱਤੀ ਗਈ। ਦੋਵੇਂ ਧਿਰਾਂ ਆਪਣੇ ਫੱਟੜਾਂ ਅਤੇ ਮੁਰਦਿਆਂ ਨੂੰ ਸੰਭਾਲਣ ਵਿਚ ਰੁੱਝ ਗਈਆਂ। ਇਸ ਲੜਾਈ ਵਿਚ ਆਪਣੀ ਸੂਰਬੀਰਤਾ ਦਿਖਾਉਂਦਾ ਹੋਇਆ ਸ. ਅਜੈਬ ਸਿੰਘ ਰੰਧਾਵਾ ਸ਼ਹੀਦ ਹੋ ਗਿਆ।
ਅਗਲੇ ਦਿਨ ਫਿਰ ਸਵੇਰੇ ਹੀ ਅਫ਼ਗ਼ਾਨਾਂ ਨੇ ਕਿਲੇ ਉਪਰ ਹਮਲਾ ਕਰ ਦਿੱਤਾ ਅਤੇ ਇਸ ਵਿਸ਼ਵਾਸ ਨਾਲ ਹਮਲਾ ਕੀਤਾ ਕਿ ਅੱਜ ਜ਼ਰੂਰ ਕਿਲਾ ਜਿੱਤ ਲਿਆ ਜਾਏਗਾ। ਪਰ ਅੰਦਰਲਿਆਂ ਵੱਲੋਂ ਇਤਨੀ ਜ਼ਬਰਦਸਤ ਗੋਲਾਬਾਰੀ ਕੀਤੀ ਗਈ ਕਿ ਵੈਰੀ ਕਿਲੇ ਦੇ ਨੇੜੇ ਨਾ ਫਟਕ ਸਕੇ। ਆਖ਼ਰ ਸ਼ਾਮ ਨੂੰ ਅਫ਼ਗ਼ਾਨਾਂ ਦੀ ਫ਼ੌਜ ਨੇ ਕਿਲੇ ਨੂੰ ਘੇਰ ਲਿਆ ਭਾਵੇਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਜਾਨੀ ਨੁਕਸਾਨ ਉਠਾਉਣਾ ਪਿਆ। ਫਿਰ ਵੀ ਉਨ੍ਹਾਂ ਨੇ ਪਾਣੀ ਦਾ ਕੱਠਾ ਬੰਦ ਕਰ ਦਿੱਤਾ ਅਤੇ ਕਿਲੇ ਦੀ ਇਕ ਬਾਹੀ ਵਿਚ ਤੋਪਾਂ ਦੇ ਗੋਲਿਆਂ ਨਾਲ ਪਾੜ ਪੈ ਗਿਆ। ਪਰ ਪਠਾਨ ਲੋਕ ਰਾਤ ਨੂੰ ਕਿਲੇ ਅੰਦਰ ਦਾਖ਼ਲ ਹੋਣ ਦਾ ਸਾਹਸ ਨਾ ਕਰ ਸਕੇ। ਮਿਰਜ਼ਾ ਸਮੀ ਖ਼ਾਨ ਦਾ ਵਿਚਾਰ ਸੀ ਕਿ ਕਿਲੇ ਦੇ ਅੰਦਰ ਦਾਖਲ ਹੋ ਕੇ ਸਿੱਖ ਸੈਨਿਕਾਂ ਨਾਲ ਤੁਮੁਲ ਯੁੱਧ ਕਰਨ ਵਿਚ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਣ ਦਾ ਡਰ ਸੀ। ਇਸ ਲਈ ਇਹ ਫ਼ੈਸਲਾ ਹੋਇਆ ਕਿ ਕਿਲੇ ਨੂੰ ਇਤਨਾ ਦ੍ਰਿੜ੍ਹ ਘੇਰਾ ਪਾਇਆ ਜਾਏ ਕਿ ਅੰਦਰਲੇ ਲੋਕ ਭੁੱਖ-ਪਿਆਸ ਨਾਲ ਹੀ ਮਰ ਜਾਣ। ਇਸ ਲਈ ਲੜਾਈ ਬੰਦ ਕਰ ਦਿੱਤੀ ਅਤੇ ਰਾਤ ਨੂੰ ਸਾਰੀ ਅਫ਼ਗ਼ਾਨ ਸੈਨਾ ਆਰਾਮ ਕਰਨ ਲੱਗ ਗਈ। ਇਸ ਤਰ੍ਹਾਂ 29 ਅਪ੍ਰੈਲ ਦਾ ਦਿਨ ਵੀ ਬਿਨਾਂ ਕਿਸੇ ਗੰਭੀਰ ਨੁਕਸਾਨ ਦੇ ਗੁਜ਼ਰ ਗਿਆ।
ਖਾਲਸਾ ਸੈਨਾ ਦੇ ਮੁੱਖ ਸਰਦਾਰਾਂ ਨੂੰ ਸ. ਮਹਾਂ ਸਿੰਘ ਕਿਲਾਦਾਰ ਨੇ ਰਾਤ ਨੂੰ ਇਕੱਠਾ ਕਰਕੇ ਸੰਬੋਧਨ ਕੀਤਾ ਅਤੇ ਦੱਸਿਆ ਕਿ ਜੇ ਪਿਸ਼ਾਵਰ ਵੱਲੋਂ ਸਹਾਇਤਾ ਨਾ ਪਹੁੰਚੀ ਤਾਂ ਸ਼ਹੀਦੀ ਦਾ ਜਾਮ ਪੀਣ ਲਈ ਸਭ ਨੂੰ ਤਿਆਰ ਹੋ ਜਾਣਾ ਚਾਹੀਦਾ ਹੈ। ਸਭ ਨੇ ਕੌਮ ਦੇ ਗੌਰਵ ਨੂੰ ਕਾਇਮ ਰੱਖਣ ਲਈ ਜੈਕਾਰਾ ਗਜਾਇਆ। ਸ. ਮਹਾਂ ਸਿੰਘ ਨੇ ਕੁਝ ਸਿਰਲਥ ਸੈਨਿਕਾਂ ਨੂੰ ਕਿਲੇ ਦੀ ਬਾਹੀ ਵਿਚ ਪਏ ਪਾੜ ਨੂੰ ਭਰਨ ਦਾ ਕੰਮ ਸੌਂਪਿਆ ਜਿਨ੍ਹਾਂ ਨੇ ਪਾੜ ਨੂੰ ਤੁਰਤ ਰੇਤ ਦੇ ਥੈਲਿਆਂ ਨਾਲ ਭਰ ਕੇ ਸੁਰੱਖਿਅਤ ਕਰ ਦਿੱਤਾ। ਦੂਜਾ ਮਹੱਤਵਪੂਰਣ ਕੰਮ ਸੀ ਪਿਸ਼ਾਵਰ ਦੇ ਕਿਲੇ ਵਿਚ ਸ. ਹਰੀ ਸਿੰਘ ਨਲਵਾ ਨੂੰ ਵੈਰੀ ਦੇ ਹਮਲੇ ਦੀ ਸੂਚਨਾ ਦੇਣਾ। ਇਸ ਪ੍ਰਕਾਰ ਦੇ ਸੰਦੇਸ਼ ਨੂੰ ਲੈ ਜਾਣ ਲਈ ਕਈ ਸੈਨਿਕਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ।
ਪਰ ਲੰਗਰ ਵਿਚ ਸੇਵਾ ਕਰਨ ਵਾਲੀ ਇਕ ਬੀਬੀ ਸਰਦਾਰਨੀ ਹਰਸ਼ਰਨ ਕੌਰ ਨੇ ਇਸ ਕੰਮ ਲਈ ਕਿਸੇ ਹੋਰ ਨੂੰ ਭੇਜਣ ਦੀ ਥਾਂ ਉਸ ਨੂੰ ਭੇਜੇ ਜਾਣ ਲਈ ਬੇਨਤੀ ਕੀਤੀ। ਉਸ ਬੀਬੀ ਦੇ ਆਤਮ-ਉਤਸਰਗ ਨੂੰ ਵੇਖ ਕੇ ਸਭ ਸੈਨਿਕਾਂ ਦੇ ਮਨ ਵਿਚ ਕੁਰਬਾਨੀ ਦੇਣ ਲਈ ਅਪਾਰ ਚਾਓ ਪੈਦਾ ਹੋ ਗਿਆ। ਉਹ ਬੀਬੀ ਅਫ਼ਰੀਦਣ ਦਾ ਭੇਸ ਵਟਾ ਕੇ ਰਾਤੋ-ਰਾਤ ਜਮਰੌਦ ਤੋਂ ਨਿਕਲ ਕੇ ਪਿਸ਼ਾਵਰ ਦੇ ਕਿਲੇ ਵਿਚ ਪਹੁੰਚ ਗਈ। ਸ. ਮਹਾਂ ਸਿੰਘ ਨੇ ਆਪਣੇ ਪੱਤਰ ਵਿਚ ਸਰਦਾਰ ਹਰੀ ਸਿੰਘ ਨੂੰ ਸਾਰੀ ਸਥਿਤੀ ਦੱਸੀ ਹੋਈ ਸੀ ਅਤੇ ਇਹ ਵੀ ਦੱਸਿਆ ਗਿਆ ਸੀ ਕਿ ਸਾਰੇ ਸੈਨਿਕ ਆਪਾ ਨਿਛਾਵਰ ਕਰਨ ਲਈ ਤਿਆਰ ਬੈਠੇ ਹਨ। ਸਵੇਰ ਵੇਲੇ ਅਫ਼ਗ਼ਾਨਾਂ ਨੇ ਆਪਣੇ ਪਿਆਰੇ ਕਿਲੇ ‘ਫ਼ਤਹਗੜ੍ਹ’ ‘ਤੇ ਹਮਲਾ ਕਰਨਾ ਹੈ। ਜਦ ਤਕ ਖਾਲਸਾ ਸੈਨਾ ਦੀਆਂ ਰਗਾਂ ਵਿਚ ਲਹੂ ਦੀ ਇਕ ਬੂੰਦ ਵੀ ਬਾਕੀ ਹੈ, ਉਹ ਕਿਲੇ ਉਪਰ ਝੁਲਦੇ ਖਾਲਸਈ ਨਿਸ਼ਾਨ ਨੂੰ ਸੋਕ ਨਹੀਂ ਲੱਗਣ ਦੇਣਗੇ। ਇਹ ਪੱਤਰ 29 ਅਪ੍ਰੈਲ, 1837 (17 ਵਿਸਾਖ ਸੰਮਤ 1894) ਦੀ ਰਾਤ ਨੂੰ ਲਿਖਿਆ ਗਿਆ ਸੀ। ਇਹ ਪੱਤਰ ਸਵੇਰ ਹੋਣ ਤੋਂ ਪਹਿਲਾਂ 30 ਅਪ੍ਰੈਲ ਨੂੰ ਨਲਵਾ ਸਰਦਾਰ ਨੂੰ ਪਹੁੰਚਾ ਦਿੱਤਾ ਗਿਆ ਅਤੇ ਇਸ ਦੇ ਪਹੁੰਚ ਜਾਣ ਦੇ ਪ੍ਰਮਾਣ ਵਜੋਂ ਪਹਿਲੇ ਮਿਥੇ ਸੰਕੇਤ ਅਨੁਸਾਰ ਤਿੰਨ ਵਜੇ ਸਵੇਰੇ ਤੋਪ ਦਾ ਗੋਲਾ ਦਾਗਿਆ ਗਿਆ। ਇਸ ਨਾਲ ਸ. ਮਹਾਂ ਸਿੰਘ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਬੀਬੀ ਹਰਸ਼ਰਨ ਕੌਰ ਪਹੁੰਚ ਗਈ ਹੈ ਅਤੇ ਸਥਿਤੀ ਬਾਰੇ ਸਾਰੀ ਸੂਚਨਾ ਮਿਲ ਗਈ वै।
ਸਰਦਾਰ ਹਰੀ ਸਿੰਘ ਨਲਵਾ ਨੂੰ ਜਦੋਂ ਸੰਦੇਸ਼ ਮਿਲਿਆ ਤਾਂ ਉਹ ਬੀਮਾਰੀ ਦੀ ਹਾਲਤ ਵਿਚ ਹੀ ਇਕਦਮ ਤਿਆਰ ਹੋ ਕੇ ਪਿਸ਼ਾਵਰ ਕਿਲੇ ਵਿਚ ਸਥਿਤ ਫ਼ੌਜ ਨੂੰ ਯੁੱਧ ਲਈ ਕੂਚ ਕਰਨ ਦਾ ਹੁਕਮ ਦੇ ਦਿੱਤਾ। ਨਾਲ ਹੀ ਸਾਰੀ ਸਥਿਤੀ ਦੀ ਜਾਣਕਾਰੀ ਹਰਕਾਰੇ ਰਾਹੀਂ ਲਾਹੌਰ ਮਹਾਰਾਜਾ ਸਾਹਿਬ ਨੂੰ ਭੇਜ ਦਿੱਤੀ ਅਤੇ ਪਿਸ਼ਾਵਰ ਵੱਲ ਹੋਰ ਸੈਨਾ ਭੇਜਣ ਲਈ ਤਾਕੀਦ ਕੀਤੀ। ਇਸ ਤੋਂ ਬਾਅਦ ਆਪ ਨੇ ਆਪਣੇ ਛੇ ਹਜ਼ਾਰ ਪੈਦਲ ਸੈਨਿਕਾਂ, ਇਕ ਹਜ਼ਾਰ ਦੀ ਰਸਾਲਾ ਸੈਨਾ, 18 ਤੋਪਾਂ ਸਣੇ ਤਿੰਨ ਹਜ਼ਾਰ ਖੁੱਲ੍ਹੇ ਘੋੜੇ ਚੜ੍ਹੇ ਸਵਾਰਾਂ ਅਤੇ ਹੋਰ ਸ਼ਸਤਰਧਾਰੀ ਵਿਅਕਤੀਆਂ ਨੂੰ ਜਮਰੌਦ ਲਈ ਕੂਚ ਕਰਨ ਦਾ ਹੁਕਮ ਦੇ ਦਿੱਤਾ। ਕਾਦਰਯਾਰ ਅਨੁਸਾਰ-
ਖੋ ਖੁਸ਼ੀ ਦੇ ਨਾਲ ਤੰਬੂਰ ਵਜਾ,
ਧੌਂਸਾ ਮਾਰ ਸਰਦਾਰ ਤਿਆਰ ਹੋਇਆ।
ਕਾਦਰਯਾਰ ਸਰਦਾਰ ਦੇ ਨਾਲ ਓਥੇ
ਕਾਇਮ ਆਦਮੀ ਅੱਠ ਹਜ਼ਾਰ ਹੋਇਆ।
ਜਦੋਂ ਫ਼ੌਜ ਬੁਰਜ ਹਰੀ ਸਿੰਘ ਕੋਲ ਪਹੁੰਚੀ ਤਾਂ ਉਸ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਇਕ ਹਿੱਸੇ ਨੂੰ ਨਲਵਾ ਸਰਦਾਰ ਨੇ ਆਪਣੇ ਕੋਲ ਰੱਖਿਆ। ਦੂਜੇ ਹਿੱਸੇ ਦੀ ਕਮਾਨ ਸ. ਨਿਧਾਨ ਸਿੰਘ ਪੰਜ ਹੱਥਾ ਨੂੰ ਸੌਂਪੀ ਗਈ ਅਤੇ ਤੀਜਾ ਹਿੱਸਾ ਸ. ਅਮਰ ਸਿੰਘ ਮਜੀਠੀਆ ਦੀ ਕਮਾਨ ਅਧੀਨ ਕੀਤਾ ਗਿਆ। ਇਹ ਫ਼ੈਸਲਾ ਵੀ ਕੀਤਾ ਗਿਆ ਕਿ ਸ. ਨਿਧਾਨ ਸਿੰਘ ਅਤੇ ਸ. ਅਮਰ ਸਿੰਘ ਵੈਰੀ ਦਲ ਨੂੰ ਸੱਜੇ ਅਤੇ ਖੱਬੇ ਪਾਸਿਆਂ ਤੋਂ ਘੇਰਨਗੇ ਅਤੇ ਨਲਵਾ ਸਰਦਾਰ ਨਵਾਬ ਦੀ ਸੈਨਾ ‘ਤੇ ਸਾਹਮਣਿਓਂ ਧਾਵਾ ਕਰਕੇ ਪਠਾਨਾਂ ਦੀਆਂ ਪੜਤਲਾਂ ਨੂੰ ਤੋੜ ਦੇਵੇਗਾ।
30 ਅਪ੍ਰੈਲ, 1837 ਨੂੰ ਜਮਰੌਦ ਦੀ ਲੜਾਈ ਦਾ ਤੀਜਾ ਦਿਨ ਸੀ। ਅਜੇ ਅਫ਼ਗ਼ਾਨ ਫ਼ੌਜ ਕਿਲੇ ਦੀ ਡਿਗੀ ਹੋਈ ਬਾਹੀ ਰਾਹੀਂ ਅੰਦਰ ਦਾਖ਼ਲ ਹੋਣ ਦੀ ਵਿਉਂਤ ਬਣਾ ਹੀ ਰਹੀ ਸੀ ਕਿ ਨਲਵਾ ਸਰਦਾਰ ਨੇ ਤਤਕਾਲ ਹਮਲਾ ਕਰ ਦਿੱਤਾ। ਉੱਧਰ ਦੂਜੇ ਦੋ ਦਲਾਂ ਨੇ ਸੱਜਿਓਂ ਖੱਬਿਓਂ ਅਫ਼ਗ਼ਾਨ ਸੈਨਾ ‘ਤੇ ਗੋਲਾਬਾਰੀ ਕਰਨੀ ਆਰੰਭ ਦਿੱਤੀ। ਕਿਲ੍ਹੇ ਦੇ ਅੰਦਰਲਿਆਂ ਨੂੰ ਜਦ ਨਲਵਾ ਸਰਦਾਰ ਦੇ ਪਹੁੰਚਣ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ। ਉਨ੍ਹਾਂ ਨੇ ਅੰਦਰੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਅਫ਼ਗ਼ਾਨ ਫ਼ੌਜ ਨੇ ਬੜੀ ਦ੍ਰਿੜਤਾ ਨਾਲ ਆਪਣੀ ਸਥਿਤੀ ਸੰਭਾਲੀ ਅਤੇ ਖਾਲਸਾ ਸੈਨਾ ਦਾ ਮੁਕਾਬਲਾ ਕਰਨ ਲਈ ਇਕਦਮ ਤਿਆਰ ਹੋ ਗਈ। ਵੈਰੀ ਦਾ ਜੋ ਸੈਨਾ ਦਲ ਸਰਦਾਰ ਹਰੀ ਸਿੰਘ ਦੇ ਟਾਕਰੇ ‘ਤੇ ਖੜਾ ਸੀ, ਉਹ ਅਫ਼ਗ਼ਾਨੀ ਫ਼ੌਜ ਦਾ ਸਭ ਤੋਂ ਦ੍ਰਿੜ੍ਹ ਅਤੇ ਬਹਾਦਰ ਦਸਤਾ ਸੀ। ਸਰਦਾਰ ਹਰੀ ਸਿੰਘ ਦੇ ਸੈਨਿਕਾਂ ਨੇ ਵੈਰੀ ‘ਤੇ ਦੋ ਹੱਲੇ ਕੀਤੇ ਪਰ ਉਹ ਆਪਣੀ ਥਾਂ ‘ਤੇ ਡੱਟੇ ਰਹੇ, ਜ਼ਰਾ ਜਿੰਨੇ ਵੀ ਨਾ ਥਿੜਕੇ। ਪਰ ਤੀਜੇ ਹੱਲੇ ਵੇਲੇ ਨਲਵਾ ਸਰਦਾਰ ਨੇ ਆਪਣੇ ਸੈਨਿਕਾਂ ਵਿਚ ਇਤਨਾ ਪੁਬਲ ਜੋਸ਼ ਪੈਦਾ ਕਰ ਦਿੱਤਾ ਕਿ ਉਸ ਹੱਲੇ ਦੀ ਝਾਲ ਝਲਣੋ ਅਫ਼ਗ਼ਾਨ ਸੈਨਾ ਅਸਮਰੱਥ ਰਹੀ।
ਕਵੀ ਕਾਦਰਯਾਰ ਅਨੁਸਾਰ ਸਰਦਾਰ ਨੇ ਆਪਣੇ ਸੈਨਿਕਾਂ ਨੂੰ ‘ਮਾਰੋ ਜਾਂ ਮਰੋ’ ਦਾ ਤਕੜਾ ਵਾਸਤਾ ਪਾਇਆ-
ਕਿੱਥੇ ਜਾਓਗੇ ਨਹੀਂ ਲਾਹੌਰ ਨੇੜੇ, ਏਥੇ ਸਾਸ ਦੇਣੇ ਦਿਲੋਂ ਧਾਰ ਕੇ ਜੀ। ਕਾਦਰਯਾਰ ਜਹਾਨ ਤੇ ਨਹੀਂ ਰਹਿਣਾ, ਸਿੰਘੋ ਮੁੜੇ ਮੁਦਈਆਂ ਨੂੰ ਮਾਰ ਕੇ ਜੀ। ਇਸ ਘਮਸਾਨ ਯੁੱਧ ਵਿਚ ਅਫ਼ਗ਼ਾਨ ਫ਼ੌਜ ਦੇ ਦੋ ਮੁਖੀਏ ਨਾਇਬੁਲ ਸਲਤਨਤ ਅਤੇ ਨਵਾਬ ਜੱਬਾਰ ਖ਼ਾਨ ਜ਼ਖਮੀ ਹੋ ਗਏ। ਅਫ਼ਗ਼ਾਨ ਨਾਇਬ ਜਿਉਂ ਹੀ ਆਪਣੇ ਘੋੜੇ ਤੋਂ ਡਿਗਿਆ, ਉਸ ਦੀ ਫ਼ੌਜ ਯੁੱਧ-ਭੂਮੀ ਵਿਚੋਂ ਭੱਜ ਨਿਕਲਣ ਦੇ ਯਤਨ ਕਰਨ ਲੱਗੀ।
ਸੱਜੇ ਪਾਸੇ ਤੋਂ ਸ. ਨਿਧਾਨ ਸਿੰਘ ਨੇ ਇਤਨੀ ਹਿੰਮਤ ਨਾਲ ਅਕਬਰ ਖ਼ਾਨ ਦੇ ਦਸਤੇ ‘ਤੇ ਹਮਲਾ ਕੀਤਾ ਕਿ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਅਫ਼ਗ਼ਾਨ ਸੈਨਿਕ ਦਿਲੋਂ ਹਾਰ ਕੇ ਭੱਜਣ ਦੀ ਸੋਚਣ ਲੱਗੇ। ਖੱਬੇ ਪਾਸੇ ਸ. ਅਮਰ ਸਿੰਘ ਮਜੀਠੀਆ ਨੇ ਮੁਹੰਮਦ ਅਫ਼ਜ਼ਲ ਖਾਨ ਅਤੇ ਮੁਹੰਮਦ ਆਜ਼ਮ ਖ਼ਾਨ ਦੀ ਫ਼ੌਜ ਨਾਲ ਟੱਕਰ ਲਈ ਅਤੇ ਤਰਥਲੀ ਮਚਾ ਦਿੱਤੀ। ਨਤੀਜੇ ਵਜੋਂ ਵੈਰੀ ਦਲ ਘਬਰਾ ਗਿਆ ਅਤੇ ਮੈਦਾਨੋਂ ਭੱਜ ਜਾਣ ਲਈ ਸੋਚਣ ਲੱਗਾ। ਇੱਧਰ ਜਦ ਨਲਵਾ ਸਰਦਾਰ ਨਾਇਬੁਲ ਸਲਤਨਤ ਨੂੰ ਖਦੇੜ ਚੁੱਕਿਆ ਤਾਂ ਜ਼ਰੀਨ ਖ਼ਾਨ ਦੀ ਫ਼ੌਜ ਉਪਰ ਜਾ ਪਿਆ। ਘਮਸਾਨ ਯੁੱਧ ਵਿਚ ਸਰਦਾਰ ਮੰਗਲ ਸਿੰਘ ਨੇ ਬਹੁਤ ਬਹਾਦਰੀ ਨਾਲ ਵੈਰੀ ਦਲ ਦੇ ਪੈਰ ਉਖਾੜੇ।
ਉਪਰੋਕਤ ਭਿੜੰਤਾਂ ਅਤੇ ਖਾਲਸਾ ਸੈਨਾ ਦੇ ਗੰਭੀਰ ਹਮਲਿਆਂ ਤੋਂ ਅਫ਼ਗ਼ਾਨੀ ਸੈਨਾ ਨੂੰ ਅਹਿਸਾਸ ਹੋ ਗਿਆ ਕਿ ਹਰੀ ਸਿੰਘ ਖੁਦ ਯੁੱਧ-ਭੂਮੀ ਵਿਚ ਲੜ ਰਿਹਾ। ਹੈ। ਇਸ ਖ਼ਬਰ ਦੇ ਵੈਰੀ ਦਲ ਵਿਚ ਪਹੁੰਚਣ ਅਤੇ ਪਸਰਨ ਨਾਲ ਉਹ ਘਬਰਾ ਗਏ ਅਤੇ ਪਿੜੋਂ ਨਸਣ ਦੀ ਕਾਹਲ ਕਰਨ ਲੱਗੇ । ਉਹ ਸਭ ਭੱਜ ਕੇ ਦੱਰਾ ਖੈਬਰ ਵਿਚ ਜਾ ਲੁਕੇ। ਇਸ ਲੜਾਈ ਦੌਰਾਨ ਨਲਵਾ ਸਰਦਾਰ ਨੇ ਅਫ਼ਗ਼ਾਨਾਂ ਤੋਂ 14 ਤੋਪਾਂ ਖੋਹ ਲਈਆਂ ਜਿਨ੍ਹਾਂ ਵਿਚ ‘ਕੋਹ ਸ਼ਿਕਨ’ ਨਾਂ ਦੀ ਇਕ ਮਹੱਤਵਪੂਰਣ ਤੋਪ ਵੀ ਸ਼ਾਮਲ ਸੀ। ਇਸ ਮੁਠਭੇੜ ਵਿਚ ਸਰਦਾਰ ਨਲਵਾ ਦਾ ਵਿਸ਼ਵਾਸਯੋਗ ਮਿੱਤਰ ਨਵਾਬ ਅਰਬਾਬ ਮੁਹੰਮਦ ਖ਼ਾਨ ਤਹਿਕਾਲ ਵਿਚ ਇਕ ਵੈਰੀ ਦੀ ਗੋਲੀ ਨਾਲ ਮਾਰਿਆ ਗਿਆ। ਆਪਣੇ ਦੋਸਤ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦਿਆਂ ਵੇਖ ਕੇ ਸ. ਹਰੀ ਸਿੰਘ ਨੂੰ ਬਹੁਤ ਜੋਸ਼ ਚੜ੍ਹਿਆ ਅਤੇ ਤਲਵਾਰ ਨਾਲ ਆਪਣੇ ਮਿੱਤਰ ਦੇ ਵੈਰੀ ਅਤੇ ਉਸ ਦੇ ਸਾਥੀਆਂ ਦੇ ਟੋਟੇ-ਟੋਟੇ ਕਰ ਦਿੱਤੇ।
ਅਫ਼ਗ਼ਾਨੀ ਫ਼ੌਜਾਂ ਯੁੱਧ-ਭੂਮੀ ਵਿਚੋਂ ਆਪਣੀਆਂ ਜਾਨਾਂ ਬਚਾ ਕੇ ਖੈਬਰ ਦੇ ਦੱਰੇ ਵਿਚ ਜਾ ਲੁਕੀਆਂ। ਸ. ਹਰੀ ਸਿੰਘ ਸੋਚ ਰਿਹਾ ਸੀ ਕਿ ਹੁਣ ਉਹ ਆਪਣੇ ਸੈਨਿਕਾਂ ਨੂੰ ਜਮਰੌਦ ਦੇ ਕਿਲੇ ਵਿਚ ਆਰਾਮ ਕਰਨ ਲਈ ਹੁਕਮ ਦੇਵੇ। ਉਦੋਂ ਪਤਾ ਚਲਿਆ ਕਿ ਸ. ਨਿਧਾਨ ਸਿੰਘ ਪੰਜ-ਹੱਥਾ ਜੋਸ਼ ਵਿਚ ਆ ਕੇ ਵੈਰੀਆਂ ਦੀਆਂ ਫ਼ੌਜਾਂ ਦਾ ਪਿਛਾ ਕਰਦਾ ਦੱਰੇ ਅੰਦਰ ਦੂਰ ਤਕ ਚਲਾ ਗਿਆ। ਸ. ਨਿਧਾਨ ਸਿੰਘ ਦੀ ਸਹਾਇਤਾ ਲਈ ਨਲਵਾ ਸਰਦਾਰ ਨੂੰ ਵੀ ਦੱਰੇ ਦੇ ਅੰਦਰ ਜਾਣਾ ਪਿਆ। ਅਤੇ ਸ. ਨਿਧਾਨ ਸਿੰਘ ਨੂੰ ਹੁਕਮ ਭੇਜਿਆ ਕਿ ਦੱਰੇ ਦੇ ਅੰਦਰ ਜਾਣੋਂ ਸੰਕੋਚ ਕਰੋ ਅਤੇ ਆਪਣੀ ਸੈਨਿਕ ਟੁਕੜੀ ਨੂੰ ਬਾਹਰ ਕੱਢ ਲਿਆਏ। ਉਦੋਂ ਹੀ ਸ਼ਮਸੁੱਦੀਨ ਖਾਨ ਆਪਣੇ ਦੋ ਹਜ਼ਾਰ ਘੋੜਸਾਵਾਰਾਂ ਸਹਿਤ ਉੱਥੇ ਆ ਪਹੁੰਚਿਆ। ਉਸ ਨੇ ਅਫ਼ਗ਼ਾਨੀ ਸੈਨਾ ਨੂੰ ਭੱਜਣੋਂ ਰੋਕਿਆ। ਪਰ ਉਨ੍ਹਾਂ ‘ਤੇ ਕੋਈ ਅਸਰ ਨਾ ਹੋਇਆ। ਉਸ ਦੀ ਆਪਣੀ ਫ਼ੌਜ ਸਰਦਾਰ ਨਿਧਾਨ ਸਿੰਘ ਦੀ ਫ਼ੌਜ ਨਾਲ ਯੁੱਧ ਵਿਚ ਰੁੱਝ ਗਈ। ਉਦੋਂ ਸਰਦਾਰ ਹਰੀ ਸਿੰਘ ਨਲਵਾ ਆਪਣੇ ਰੱਖਿਅਕਾਂ ਸਹਿਤ ਉੱਥੇ ਮੌਜੂਦ ਸੀ। ਉੱਥੇ ਇਕ ਗੁਫ਼ਾ ਵਿਚ ਕੁਝ ਗ਼ਾਜ਼ੀ ਲੁਕੇ ਹੋਏ ਸਨ। ਉਸ ਗੁਫ਼ਾ ਵਾਲਿਆਂ ਨੂੰ ਸੋਧਣ ਲਈ ਕੁਮੇਦਾਨ ਅਜਾਇਬ ਸਿੰਘ ਰੰਧਾਵਾ ਅੱਗੇ ਵਧਿਆ ਤਾਂ ਇਕ ਗ਼ਾਜ਼ੀ ਨੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਉਹ ਉੱਥੇ ਹੀ ਘੋੜੇ ਤੋਂ ਡਿਗ ਕੇ ਮਰ ਗਿਆ। ਇਸ ਘਾਤਕ ਦ੍ਰਿਸ਼ ਨੂੰ ਦੇਖ ਕੇ ਨਲਵਾ ਸਰਦਾਰ ਨੂੰ ਬਹੁਤ ਗੁੱਸਾ ਆਇਆ ਅਤੇ ਆਪਣੇ ਘੋੜੇ ਨੂੰ ਗੁਫ਼ਾ ਵੱਲ ਮੋੜਿਆ ਤਾਂ ਅੰਦਰੋਂ ਦੋ ਗੋਲੀਆਂ ਚਲੀਆਂ ਜੋ ਸਰਦਾਰ ਸਾਹਿਬ ਦੀ ਛਾਤੀ ਅਤੇ ਵੱਖੀ ਵਿਚ ਲੱਗੀਆਂ। ਉਨ੍ਹਾਂ ਨੇ ਆਪਣੇ ਆਪ ਨੂੰ ਸੰਭਾਲ ਕੇ ਘੋੜੇ ਨੂੰ ਥਾਪੜਾ ਦਿੱਤਾ ਅਤੇ ਕਿਲਾ ਜਮਰੌਦ ਵੱਲ ਚੱਲ ਪੈਣ ਲਈ ਪ੍ਰੇਰਿਆ। ਇਸ ਅਵਸਥਾ ਨੂੰ ਕਵੀ ਕਾਦਰਯਾਰ (ਮਿਸ਼ਰ ਹਰੀ ਹੰਦ) ਨੇ ਇਸ ਤਰ੍ਹਾਂ ਕਾਵਿ-ਬੱਧ ਕੀਤਾ ਹੈ-
ਨੂੰਨ ਨਿਕਲ ਚਲ ਘੋੜਿਆ ਕਿਲੇ ਦੀ ਵਲ,
ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ।
ਗੋਲੀ ਲੱਗੀ ਏ ਕਹਿਰ ਕਲੂਰ ਵਾਲੀ
ਘਾਇਲ ਹੋਇਆ ਏ ਅੱਜ ਅਸਵਾਰ ਤੇਰਾ।
ਮੇਰੇ ਬਾਂਕਿਆ ਛੈਲ ਛਬੀਲਿਆ ਓ,
ਹੈਂ ਤੂੰ ਸੈਆਂ ਮੈਦਾਨਾਂ ਦਾ ਯਾਰ ਮੇਰਾ।
ਕਾਦਰ ਯਾਰ ਜੇ ਲੈ ਚਲੇਂ ਅੱਜ ਡੇਰੇ,
ਤੇਰਾ ਕਦੀ ਨਾ ਭੁਲਸੀ ਪਿਆਰ ਸ਼ੇਰਾ।
ਘੋੜੇ ਨੇ ਵੀ ਮਾਲਕ ਦੇ ਹੁਕਮਾਂ ਦੀ ਪੂਰੀ ਨਿਸ਼ਠਾ ਨਾਲ ਪਾਲਨਾ ਕੀਤੀ।
ਵਾਓ ਵਗਿਆ ਹਵਾ ਦੇ ਵਾਂਗ ਘੋੜਾ,
ਜਿਵੇਂ ਨਿਕਲਦਾ ਤੀਰ ਕਮਾਨ ਵਿਚੋਂ।
ਮਾਰ ਚੁੰਗੀਆਂ ਹਰਨ ਦੇ ਵਾਂਗ ਯਾਰੋ,
ਉੱਡ ਗਿਆ ਸੀ ਉਹ ਮੈਦਾਨ ਵਿਚੋਂ।
ਫ਼ੌਜਾਂ ਸਿੱਖਾਂ ਦੀਆਂ ਵਿਚੋਂ ਗੁਜ਼ਰ ਗਿਆ,
ਲੰਘ ਗਿਆ ਸੀ ਲਸ਼ਕਰ ਪਠਾਨ ਵਿਚੋਂ।
ਕਾਦਰਯਾਰ ਹੱਠ ਨਾਲ ਸਰਦਾਰ ਬੈਠਾ,
ਐਪਰ ਨਿਕਲਦੀ ਪਈ ਸੀ ਜਾਨ ਵਿਚੋਂ।
ਨਲਵਾ ਸਰਦਾਰ ਦੇ ਰੱਖਿਅਕਾਂ ਨੇ ਗੁਫ਼ਾ ਅੰਦਰ ਲੁਕੇ ਗ਼ਾਜ਼ੀਆਂ ਨੂੰ ਫੜ ਕੇ ਡਕਰੇ-ਡਕਰੇ ਕਰ ਦਿੱਤਾ।
ਜ਼ਖ਼ਮੀ ਹਾਲਤ ਵਿਚ ਸਰਦਾਰ ਨਲਵਾ ਜਮਰੌਦ ਦੇ ਕਿਲੇ ਅੰਦਰ ਜਾਣ ਤੋਂ ਪਹਿਲਾਂ ਸ. ਅਮਰ ਸਿੰਘ ਨੂੰ ਹੁਕਮ ਦੇ ਗਿਆ ਕਿ ਉਹ ਸ. ਨਿਧਾਨ ਸਿੰਘ ਦੀ ਸਹਾਇਤਾ ਲਈ ਖੈਬਰ ਦੇ ਦੱਰੇ ਵੱਲ ਜਾਏ। ਸ. ਹਰੀ ਸਿੰਘ ਦੇ ਜ਼ਖਮੀ ਹੋਣ ਦੀ ਕਿਸੇ ਨੂੰ ਖਬਰ ਨਾ ਹੋਣ ਦਿੱਤੀ ਗਈ। ਸ. ਮਹਾਂ ਸਿੰਘ ਨੇ ਹੋਰ ਸੈਨਿਕਾਂ ਦੀ ਸਹਾਇਤਾ ਨਾਲ ਸਰਦਾਰ ਹਰੀ ਸਿੰਘ ਨੂੰ ਘੋੜੇ ਤੋਂ ਉਤਾਰਿਆ। ਜ਼ਖਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਸਭ ਘਬਰਾ ਗਏ । ਸ. ਮਹਾਂ ਸਿੰਘ ਨੇ ਜਰਾਹ ਨੂੰ ਬੁਲਾ ਕੇ ਫੱਟਾਂ ਨੂੰ ਬੰਨ੍ਹਵਾਇਆ। ਪਰ ਲਹੂ ਦੇ ਬਹੁਤ ਵਗ ਜਾਣ ਕਰਕੇ ਹਾਲਤ ਗੰਭੀਰ ਹੋ ਗਈ।
ਉੱਧਰ ਸਰਦਾਰ ਅਮਰ ਸਿੰਘ ਨਲਵਾ ਸਰਦਾਰ ਦੇ ਹੁਕਮ ਦੀ ਪਾਲਨਾ ਕਰਦਿਆਂ ਹੋਇਆਂ ਸ. ਨਿਹਾਲ ਸਿੰਘ ਪੰਜਹੱਥੇ ਦੀ ਮਦਦ ਲਈ ਜਾ ਪਹੁੰਚਿਆ। ਖੂਬ ਜਮ ਕੇ ਲੜਾਈ ਹੋਈ। ਬੇਸ਼ੁਮਾਰ ਅਫ਼ਰੀਦੀ ਸਿੱਖ ਸੈਨਿਕਾਂ ਦੀਆਂ ਤਲਵਾਰਾਂ ਦੇ ਵਾਰਾਂ ਨਾਲ ਕੱਟੇ ਗਏ। ਥੋੜ੍ਹੇ ਸਮੇਂ ਵਿਚ ਹੀ ਲਾਸ਼ਾਂ ਦੇ ਢੇਰ ਲੱਗ ਗਏ। ਸ਼ਮਸੁੱਦੀਨ ਖ਼ਾਨ ਦੇ ਲਲਕਾਰਿਆਂ ਦੇ ਬਾਵਜੂਦ ਅਫ਼ਗ਼ਾਨ ਯੁੱਧ-ਭੂਮੀ ਵਿਚ ਡੱਟੇ ਰਹਿਣ ਦੀ ਹਿੰਮਤ ਨਾ ਕਰ ਸਕੇ। ਸੂਰਜ ਦੇ ਡੁਬਦਿਆਂ ਹੀ ਉਹ ਖ਼ੈਬਰ ਦੱਰੇ ਦੇ ਧੁਰ ਅੰਦਰ ਨੂੰ ਚਲੇ ਗਏ। ਉਨ੍ਹਾਂ ਦੁਆਰਾ ਛੱਡਿਆ ਬਹੁਤ ਸਾਰਾ ਜੰਗੀ ਸਾਮਾਨ, ਖਾਧ ਪਦਾਰਥ, ਹਥਿਆਰ ਅਤੇ ਖੇਮੇ ਖਾਲਸਾ ਫ਼ੌਜ ਦੇ ਹੱਥ ਲਗੇ। ਜਿੱਤ ਦੀ ਖੁਸ਼ੀ ਵਿਚ ਨਗਾਰੇ ਵਜਾਉਂਦੇ ਹੋਏ ਉਹ ਜਮਰੌਦ ਦੇ ਕਿਲੇ ਅੰਦਰ ਦਾਖਲ ਹੋਏ। ਪਰ ਜਦੋਂ ਉਨ੍ਹਾਂ ਨੇ ਸੁਣਿਆ ਕਿ ਸਰਦਾਰ ਨਲਵਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਤਾਂ ਉਨ੍ਹਾਂ ਦੀਆਂ ਸਾਰੀਆਂ ਖੁਸ਼ੀਆਂ ਗ਼ਮੀ ਵਿਚ ਬਦਲ ਗਈਆਂ। ਇਹ ਲੜਾਈ ਖਾਲਸੇ ਵੱਲੋਂ ਸ਼ੁਰੂ ਨਹੀਂ ਕੀਤੀ ਗਈ ਸੀ, ਸਗੋਂ ਪਿਸ਼ਾਵਰ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਕਾਬਲ ਦੇ ਹੁਕਮਰਾਨ ਨੇ ਛੇੜੀ ਸੀ। ਉਸ ਦਾ ਇਰਾਦਾ ਸੀ ਕਿ ਉਹ ਪਹਿਲਾਂ ਜਮਰੌਦ ਦੇ ਕਿਲੇ ਨੂੰ ਕਾਬੂ ਕਰ ਲਏ ਜੋ ਨਲਵਾ ਸਰਦਾਰ ਵੱਲੋਂ ਉਨ੍ਹਾਂ ਦੀ ਖ਼ੈਬਰ ਦੱਰੇ ਤੋਂ ਪੇਸ਼ਕਦਮੀ ਨੂੰ ਰੋਕਣ ਲਈ ਬਣਾਇਆ ਗਿਆ ਸੀ। ਇਸ ਆਸ਼ੇ ਤੋਂ ਉਨ੍ਹਾਂ ਨੇ ਜੰਗ ਛੇੜੀ ਸੀ। ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਨੂੰ ਖਾਲਸੇ ਦੀ ਸ਼ਕਤੀ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ। ਇਸ ਹਾਰ ਨਾਲ ਉਨ੍ਹਾਂ ਨੂੰ ਜਾਨੀ ਨੁਕਸਾਨ ਦੇ ਨਾਲ ਨਾਲ ਮਾਲੀ ਨੁਕਸਾਨ ਵੀ ਬਹੁਤ ਉਠਾਉਣਾ ਪਿਆ ਅਤੇ ਬਹੁਤ ਸਾਰਾ ਜੰਗੀ ਸਾਮਾਨ ਛੱਡ ਕੇ ਉੱਥੋਂ ਭੱਜਣਾ ਪਿਆ।
ਕਾਬਲ ਦੇ ਹੁਕਮਰਾਨ ਨੇ ਜਮਰੌਦ ਦੇ ਕਿਲੇ ‘ਤੇ ਹਮਲਾ ਕਰਨ ਲਈ ਜਦੋਂ ਫ਼ੌਜ ਨੂੰ ਖੈਬਰ ਦੇ ਦੱਰੇ ਵੱਲ ਤੋਰਿਆ ਤਾਂ ਉਦੋਂ ਦੂਜੇ ਸੈਨਾ ਦਲ ਮਿਚਨੀ ਅਤੇ ਸ਼ੰਕਰਗੜ੍ਹ ਦੇ ਕਿਲਿਆਂ ਨੂੰ ਜਿੱਤਣ ਲਈ ਵੀ ਭੇਜੇ ਪਰ ਹਾਜੀ ਖ਼ਾਨ ਕਾਕੜ ਅਤੇ ਹੋਰ ਅਫ਼ਗ਼ਾਨ ਸੈਨਾ ਨਾਇਕ ਸ਼ੰਕਰਗੜ੍ਹ ਦੇ ਕਿਲੇ ਉਪਰ ਹਮਲਾ ਕਰਨ ਦਾ ਸਾਹਸ ਨਾ ਕਰ ਸਕੇ ਕਿਉਂਕਿ ਉਹ ਖਾਲਸਾ ਸੈਨਾ ਦੀ ਯੁੱਧ-ਕਲਾ ਤੋਂ ਵਾਕਫ਼ ਸਨ। ਉਦੋਂ ਸ. ਲਹਿਣਾ ਸਿੰਘ ਸੰਧਾਵਾਲੀਆ ਸ਼ੰਕਰਗੜ੍ਹ ਦਾ ਕਿਲੇਦਾਰ ਸੀ। ਸ. ਲਹਿਣਾ ਸਿੰਘ ਤੋਂ ਡਰਦਿਆਂ ਅਫ਼ਗ਼ਾਨੀ ਫ਼ੌਜ ਬਹਾਨੇ ਘੜਦੀ ਹੋਈ ਉੱਥੋਂ ਪਰਤ ਆਈ। ਸੰਧਾਵਾਲੀਆ ਸਰਦਾਰ ਦੀ ਬਹਾਦਰੀ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਹੁਤ ਸਲਾਹਿਆ ਗਿਆ। ਇਸ ਤਰ੍ਹਾਂ ਕਾਬਲ ਦੀ ਹਕੂਮਤ ਦਾ ਵਿਉਂਤਬੱਧ ਹਮਲਾ ਵਿਅਰਥ ਗਿਆ ਅਤੇ ਕਾਬਲ ਦੀ ਸੈਨਾ ਨੂੰ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਸਹਿਣਾ ਪਿਆ ਜਿਸ ਨੇ ਕਾਬਲ ਸਰਕਾਰ ਦਾ ਖਾਲਸੇ ਨਾਲ ਯੁੱਧ ਕਰਨ ਦਾ ਸਾਹਸ ਹੀ ਖਤਮ ਕਰ ਦਿੱਤਾ।
ਸਰਦਾਰ ਹਰੀ ਸਿੰਘ ਨਲਵਾ ਜ਼ਖ਼ਮੀ ਹੋ ਕੇ ਨਿਢਾਲ ਪਿਆ ਸੀ। ਉਸ ਦੇ ਜ਼ਖਮਾਂ ਨੂੰ ਸ. ਮਹਾਂ ਸਿੰਘ ਨੇ ਪੂਰੀ ਤਰ੍ਹਾਂ ਜਰਾਹ ਤੋਂ ਬੰਨ੍ਹਵਾਇਆ। ਲਹੂ ਬਹੁਤ ਜ਼ਿਆਦਾ ਵਹਿ ਚੁੱਕਿਆ ਸੀ ਅਤੇ ਜ਼ਖਮਾਂ ਵਿਚ ਦਰਦ ਦੀ ਇਤਨੀ ਚੀਸ ਉੱਠਦੀ ਸੀ ਕਿ ਸਰਦਾਰ ਨਲਵਾ ਕਈ ਵਾਰ ਬੇਸੁਰਤ ਹੋ ਜਾਂਦਾ। ਜਦੋਂ ਸਾਰੇ ਸੈਨਿਕ ਦਸਤੇ ਅਫ਼ਗ਼ਾਨਾਂ ਨੂੰ ਭਜਾ ਕੇ ਜਮਰੌਦ ਦੇ ਕਿਲੇ ਕੋਲ ਪਹੁੰਚੇ ਅਤੇ ਉਸ ਦੇ ਇਰਦ-ਗਿਰਦ ਟਿਕੇ ਤਾਂ ਉਨ੍ਹਾਂ ਨੂੰ ਨਲਵਾ ਸਰਦਾਰ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਪਤਾ ਚਲਿਆ। ਸਾਰੇ ਸੈਨਿਕ ਸਰਦਾਰ ਸਾਹਿਬ ਦੇ ਦਰਸ਼ਨ ਕਰਨ ਲਈ ਉਤਾਵਲੇ ਹੋ ਗਏ। ਪਰ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਸਰਦਾਰ ਮਹਾਂ ਸਿੰਘ ਨੇ ਖਾਲਸਾ ਦਲ ਦੇ ਕੇਵਲ ਮੁੱਖੀ ਸਰਦਾਰਾਂ ਨੂੰ ਨਲਵਾ ਸਰਦਾਰ ਕੋਲ ਆਉਣ ਦੀ ਆਗਿਆ ਦਿੱਤੀ। ਉਸ ਨੇ ਸਭ ਨੂੰ ਅਸੀਸ ਅਤੇ ਜਿੱਤ ਦੀ ਮੁਬਾਰਕ ਦਿੱਤੀ ਅਤੇ ਆਪਣੀ ਮਜਬੂਰੀ ਵੀ ਦੱਸੀ। ਸਭ ਨੂੰ ਮੁਖ਼ਾਤਬ ਹੋ ਕੇ ਕਿਹਾ ਕਿ ਖਾਲਸਾ ਰਾਜ ਦੀ ਸਥਾਪਨਾ ਲਈ ਤੁਹਾਡੇ ਵੱਲੋਂ ਕੀਤੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੀ ਇਕ ਸ਼ੋਭਾਸ਼ਾਲੀ ਦਾਸਤਾਨ ਹੈ। ਲਗਭਗ ਅੱਠ ਸੌ ਸਾਲ ਬਾਅਦ ਪਿਸ਼ਾਵਰ ਦੇ ਇਲਾਕੇ ਵਿਚ ਖਾਲਸਈ ਝੰਡਾ ਝੁੱਲਿਆ ਹੈ। ਇਹ ਸਭ ਕੁਝ ਤਦ ਹੀ ਹੋ ਸਕਿਆ ਹੈ ਕਿਉਂਕਿ ਤੁਸੀਂ ਇਸ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਹੈ। ਨਲਵਾ ਸਰਦਾਰ ਨੇ ਇਹ ਵੀ ਤਾਕੀਦ ਕੀਤੀ ਕਿ ਮੇਰੀ ਮ੍ਰਿਤੂ ਦੀ ਖ਼ਬਰ ਬਾਹਰ ਨਾ ਨਿਕਲੇ ਅਤੇ ਜਦ ਤਕ ਲਾਹੌਰ ਤੋਂ ਮਹਾਰਾਜਾ ਸਾਹਿਬ ਸਣੇ ਸੈਨਾ ਦਲ ਦੇ ਨਹੀਂ ਪਹੁੰਚ ਜਾਂਦੇ, ਜਮਰੌਦ ਦੇ ਕਿਲੇ ਉਪਰ ਖਾਲਸਈ ਝੰਡਾ ਝੁਲਦਾ ਹੀ ਰੱਖਣਾ ਅਤੇ ਹਮੇਸ਼ਾ ਸਾਰੀ ਫ਼ੌਜ ਲਾਹੌਰ ਸਰਕਾਰ ਦੀ ਪੂਰੀ ਤਰ੍ਹਾਂ ਵਫ਼ਾਦਾਰ ਰਹੇ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਸਾਰੇ ਵਿਦਵਾਨ ਸਾਧੂ, ਸੰਤ ਤੇ ਫ਼ਕੀਰ ਜੋ ਮੇਰੇ ਡੇਰੇ ਨਾਲ ਰਹਿੰਦੇ ਰਹੇ ਹਨ, ਉੱਚਿਤ ਸਨਮਾਨ ਸਹਿਤ ਵਿਦਾ ਕੀਤੇ ਜਾਣ। ਇਹ ਵੀ ਕਿਹਾ ਕਿ ਮੇਰੀ ਪੱਤਰੀ ਦਾ ਵਿਆਹ ਜਲਦੀ ਕਰ ਦੇਣਾ।
ਇਤਨਾ ਕਹਿ ਚੁੱਕਣ ਤੋਂ ਬਾਅਦ ਨਲਵਾ ਸਰਦਾਰ ਦੀਆਂ ਅੱਖਾਂ ਬੰਦ ਹੁੰਦੀਆਂ ਗਈਆਂ। ਇੰਜ ਪ੍ਰਤੀਤ ਹੋ ਰਿਹਾ ਸੀ ਕਿ ਅੰਤਰ ਧਿਆਨ ਹੋ ਕੇ ਕਿਸੇ ਡੂੰਘੀ ਸੋਚ ਵਿਚ ਡੁੱਬੇ ਹੋਏ ਹਨ। ਫਿਰ ਜ਼ਖ਼ਮਾਂ ਵਿਚੋਂ ਕਹਿਰਾਂ ਦਾ ਦਰਦ ਉੱਠਿਆ ਜਿਸ ਨੇ ਆਪ ਨੂੰ ਬੇਹਾਲ ਕਰ ਦਿੱਤਾ। ਇਕ ਵਾਰ ਆਪ ਨੇ ਫਿਰ ਅੱਖਾਂ ਖੋਲ੍ਹੀਆਂ ਅਤੇ ਸਭ ਨੂੰ ਪ੍ਰਭੂ ਦੇ ਚਰਣਾਂ ਨਾਲ ਜੁੜਨ ਲਈ ਪਰੇਰ ਕੇ ਆਖਰੀ ਫਤਹਿ ਬੁਲਾ ਦਿੱਤੀ। ਉਸ ਸਰਦਾਰ ਦਾ ਸਰੀਰ ਹੁਣ ਨਿਢਾਲ ਪਿਆ ਸੀ, ਜਿਸ ਨੇ ਅਨੇਕ ਜੰਗਾਂ ਜਿੱਤੀਆਂ ਸਨ, ਜਿਸ ਨੇ ਨਾ ਸਾਧੇ ਜਾ ਸਕਣ ਵਾਲੇ ਅਫ਼ਗ਼ਾਨਾਂ ਨੂੰ ਸਾਧਿਆ ਸੀ, ਜਿਸ ਨੇ ਆਪਣੀ ਫ਼ੌਜ ਤੋਂ ਕਈ ਗੁਣਾਂ ਜ਼ਿਆਦਾ ਫ਼ੌਜਾਂ ਵਾਲੇ ਵੈਰੀਆਂ ‘ਤੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ ਸੀ, ਜਿਸ ਨੇ ਕਦੇ ਨਿਹੱਥੇ ‘ਤੇ ਸ਼ਸਤਰ ਨਹੀਂ ਚੁੱਕਿਆ ਸੀ, ਜਿਸ ਨੇ ਵੈਰੀ ਦਲ ਦੀਆਂ ਔਰਤਾਂ ਨੂੰ ਪੂਰੀ ਮਾਣ-ਮਰਯਾਦਾ ਦਿੱਤੀ ਸੀ, ਜਿਸ ਦੇ ਅੰਗ-ਅੰਗ ਵਿਚ ਸੂਰਬੀਰਤਾ ਦੀ ਖੁਸ਼ਬੂ ਆ ਰਹੀ ਸੀ, ਜਿਸ ਦਾ ਦਬਕਾ ਸਾਰੇ ਅਫ਼ਗ਼ਾਨਾਂ ਦੇ ਇਲਾਕੇ ਵਿਚ ਪਸਰ ਚੁੱਕਿਆ ਸੀ, ਜਿਸ ਦੀ ਤੇਜਸਵੀ ਸ਼ਖ਼ਸੀਅਤ ਦੇ ਪ੍ਰਭਾਵ ਕਰਕੇ ਪਠਾਨੀਆਂ ਆਪਣੇ ਸ਼ਰਾਰਤੀ ਬੱਚਿਆਂ ਨੂੰ ਡਰਾਉਂਦੀਆਂ ਸਨ, ਜੋ ਹਮੇਸ਼ਾ ਪਰਮਾਤਮਾ ਅਤੇ ਸਤਿਗੁਰੂਆਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਦਾਚਰਣ ਦੇ ਮਾਰਗ ‘ਤੇ ਚਲਦਾ ਸੀ, ਜੋ ਸੱਚਾ ਸਿੱਖ ਸੀ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਅਥਾਹ ਸ਼ਰਧਾ ਰੱਖਦਾ ਸੀ, ਜੋ ਹਮੇਸ਼ਾ ਗੁਰਵਾਕ ਲੈ ਕੇ ਯੁੱਧ ਲਈ ਕੂਚ ਕਰਦਾ ਸੀ, ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੰਥ ਦਾ, ਖਾਲਸੇ ਦਾ ਸਾਂਝਾ ਰਾਜ ਸਮਝਦਾ ਸੀ, ਜਿਸ ਦੀ ਤਲਵਾਰ ਨੂੰ ਕਦੇ ਜੰਗ ਨਹੀਂ ਸੀ ਲੱਗਿਆ, ਅੱਜ ਉਹ ਸਭ ਨਾਲੋਂ ਨਾਤਾ ਤੋੜ ਕੇ ਉਸ ਮਾਰਗ ਦਾ ਪਾਂਧੀ ਬਣ ਚੁੱਕਿਆ ਸੀ, ਜਿਸ ਰਾਹ ‘ਤੇ ਚੱਲ ਕੇ ਕੋਈ ਮੁੜਿਆ ਨਹੀਂ ਹੈ ਕਿ ਆ ਕੇ ਦੱਸ ਸਕੇ ਕਿ ਉਹ ਕਿਹੋ ਜਿਹਾ ਸਥਾਨ ਹੈ।
ਕਿਲਾਦਾਰ ਸ. ਮਹਾਂ ਸਿੰਘ ਨੇ ਆਪਣੇ ਕੁਝ ਵਿਸ਼ਵਾਸਯੋਗ ਅਤੇ ਜ਼ਿੰਮੇਦਾਰ ਸਾਥੀਆਂ ਨੂੰ ਇਕੱਠਾ ਕਰ ਕੇ ਵਿਚਾਰ ਕੀਤਾ ਕਿ ਸਰਦਾਰ ਸਾਹਿਬ ਦੀ ਦੇਹ ਦਾ ਸੰਸਕਾਰ ਕਿਵੇਂ ਕੀਤਾ ਜਾਏ? ਫ਼ੈਸਲਾ ਹੋਇਆ ਕਿ ਕਿਲੇ ਦੇ ਪੂਰਬ ਵਾਲੇ ਪਾਸੇ ਕਨਾਤਾਂ ਦੇ ਘੇਰੇ ਵਿਚ ਰਾਤ ਨੂੰ ਦੇਹ ਦਾ ਸੰਸਕਾਰ ਕਰ ਦਿੱਤਾ ਜਾਏ ਅਤੇ ਇਸ ਗੱਲ ਦਾ ਪਤਾ ਉਦੋਂ ਤਕ ਕਿਸੇ ਨੂੰ ਲਗਣ ਨਾ ਦਿੱਤਾ ਜਾਏ ਜਦ ਤਕ ਮਹਾਰਾਜਾ ਸਾਹਿਬ ਲਾਹੌਰ ਤੋਂ ਦਲ-ਬਲ ਸਹਿਤ ਪਹੁੰਚ ਨਹੀਂ ਜਾਂਦੇ। 30 ਅਪ੍ਰੈਲ, 1837 ਨੂੰ ਪੂਰਣ ਗੁਰ-ਮਰਯਾਦਾ ਅਨੁਸਾਰ ਸਰਦਾਰ ਸਾਹਿਬ ਦੇ ਦੇਹ ਨੂੰ ਅਗਨ-ਭੇਂਟ ਕੀਤਾ ਗਿਆ। ਕਨਾਤਾਂ ਦੇ ਉਸ ਵੇੜ੍ਹ ਨੂੰ ਉਦੋਂ ਤਕ ਪੂਰੇ ਪਹਿਰੇ ਵਿਚ ਰੱਖਿਆ ਗਿਆ, ਜਦ ਤਕ ਮਹਾਰਾਜਾ ਸਾਹਿਬ ਪਹੁੰਚ ਨਾ ਗਏ। ਜਦੋਂ ਮਹਾਰਾਜਾ ਸਾਹਿਬ ਅਤੇ ਨਲਵਾ ਸਰਦਾਰ ਦੀ ਸੰਤਾਨ ਉੱਥੇ ਪਹੁੰਚੀ ਤਾਂ ਚਿਖਾ ਦੀ ਕੁਝ ਰਾਖ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਮਹਾਰਾਜਾ ਸਾਹਿਬ ਨੇ ਅੰਗੀਠੇ ਵਾਲੇ ਥਾਂ ‘ਤੇ ਸਮਾਧ ਬਣਾਉਣ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਸਮਾਧ ਦੇ ਨੇੜੇ ਇਕ ਗੁਰਦੁਆਰਾ ਵੀ ਬਣਾ ਦਿੱਤਾ ਗਿਆ।
ਪਰਿਵਾਰ ਵਾਲੇ ਅੰਗੀਠੇ ਤੋਂ ਜੋ ਰਾਖ ਲੈ ਗਏ ਸਨ, ਉਸ ਨੂੰ ਬੜੇ ਸਤਿਕਾਰ ਨਾਲ ਸਰਦਾਰਨੀ ਦੇਸਾਂ ਨੇ ਗੁਜਰਾਂਵਾਲੇ ਵਿਚ ਸਰਦਾਰ ਸਾਹਿਬ ਦੇ ਆਪ ਬਣਵਾਏ ਬਾਗ਼ ਵਿਚ ਰਖਵਾ ਕੇ ਉਸ ਉੱਤੇ ਸਮਾਧ ਦੀ ਉਸਾਰੀ ਕਰਵਾਈ। ਇਹ ਸਮਾਧ ਸਰਦਾਰਨੀ ਸਾਹਿਬਾ ਦੇ ਨਿਵਾਸ ਦੇ ਕਮਰੇ ਦੇ ਨੇੜੇ ਸੀ। ਸਰਦਾਰਨੀ ਨਿੱਤ ਉੱਠ ਕੇ ਪਰਮ ਸ਼ੇਸ਼ਣ ਰਣ-ਬਾਂਕੁਰੇ ਨਲਵਾ ਸਰਦਾਰ ਨੂੰ ਪ੍ਰਣਾਮ ਕਰਦੀ मी।
ਇਹ ਜੰਗ ਖਾਲਸੇ ਨੇ ਆਪ ਸ਼ੁਰੂ ਨਹੀਂ ਕੀਤੀ ਸੀ, ਸਗੋਂ ਉਸ ‘ਤੇ ਥੋਪੀ ਗਈ ਸੀ। ਪਰ ਖਾਲਸੇ ਨੇ ਨਾ ਕੇਵਲ ਆਪਣੇ ਆਪ ਨੂੰ ਵੈਰੀਆਂ ਦੇ ਹਮਲੇ ਤੋਂ ਸੁਰੱਖਿਅਤ ਰੱਖਿਆ, ਸਗੋਂ ਉਨ੍ਹਾਂ ‘ਤੇ ਅਜਿਹਾ ਟੁੱਟ ਕੇ ਪਿਆ ਅਤੇ ਅਜਿਹਾ ਖਦੇੜਿਆ ਕਿ ਉਹ ਜਾਨੀ ਨੁਕਸਾਨ ਤੋਂ ਇਲਾਵਾ ਮਾਲੀ ਨੁਕਸਾਨ ਵੀ ਬਹੁਤ ਕਰਵਾ ਕੇ ਗਏ ਅਤੇ ਯੁੱਧ ਸੰਬੰਧੀ ਸਾਮਾਨ, ਤੋਪਾਂ, ਬੰਦੂਕਾਂ, ਤਲਵਾਰਾਂ ਦਾ ਇਕ ਵੱਡਾ ਜ਼ਖੀਰਾ ਛੱਡ ਕੇ ਗਏ ਜਿਸ ਕਰਕੇ ਉਹ ਸੈਨਿਕ ਦ੍ਰਿਸ਼ਟੀ ਤੋਂ ਕਮਜ਼ੋਰ ਹੋਏ ਅਤੇ ਖਾਲਸਾ ਫ਼ੌਜ ਸ਼ਕਤੀਵਰ ਹੋਈ।
ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹਾਦਤ ਦੀ ਖ਼ਬਰ ਸ. ਮਹਾਂ ਸਿੰਘ ਨੇ ਅਜਿਹੇ ਹਰਕਾਰੇ ਰਾਹੀਂ ਭੇਜੀ ਜੋ ਰਸਤੇ ਵਿਚ ਤੇਜ਼-ਰਫ਼ਤਾਰ ਸਾਂਢਨੀਆਂ ਨੂੰ ਬਦਲਦਾ ਹੋਇਆ ਤੀਜੇ ਦਿਨ ਲਾਹੌਰ ਪਹੁੰਚਿਆ। ਜਦੋਂ ਪੇਸ਼ਕਾਰ ਨੇ ਮਹਾਂ ਸਿੰਘ ਦੀ ਚਿੱਠੀ ਮਹਾਰਾਜਾ ਸਾਹਿਬ ਨੂੰ ਭੇਜੀ ਤਾਂ ਖ਼ਬਰ ਨੂੰ ਸੁਣਦਿਆਂ ਹੀ ਉਨ੍ਹਾਂ ਦੇ ਮੂੰਹ ਵਿਚੋਂ ‘ਆਹ’ ਸ਼ਬਦ ਨਿਕਲਿਆ ਅਤੇ ਕਹਿਣ ਲੱਗੇ ਕਿ ਖਾਲਸਾ ਰਾਜ ਦਾ ਮੁੱਖ ਬੁਰਜ ਡਿੱਗ ਗਿਆ। ਮਹਾਰਾਜਾ ਸਾਹਿਬ ਗ਼ਮ ਦੇ ਡੂੰਘੇ ਖੂਹ ਵਿਚ ਡਿੱਗ ਪਏ। ਵਜ਼ੀਰ ਧਿਆਨ ਸਿੰਘ ਨੂੰ ਪਹਿਲਾਂ ਆਈਆਂ ਰਿਪੋਰਟਾਂ ਬਾਰੇ ਪੁੱਛਿਆ ਤਾਂ ਉਸ ਨੇ ਮਹਾਰਾਜਾ ਸਾਹਿਬ ਦੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਵਿਚ ਰੁੱਝੇ ਹੋਣ ਕਾਰਣ ਕਹਿ ਕੇ ਟਾਲਾ ਵੱਟ ਲਿਆ। ਮਹਾਰਾਜਾ ਸਾਹਿਬ ਨੇ ਆਪਣਾ ਦੁੱਖ ਅਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਤੁਰਤ ਹੁਕਮ ਦਿੱਤਾ ਕਿ ਖਾਲਸਾ ਸੈਨਾ ਪਿਸ਼ਾਵਰ ਵੱਲ ਕੂਚ ਕਰੋ। ਪਿਸ਼ਾਵਰ ਦੇ ਰਸਤੇ ਵਿਚ ਪੈਂਦੇ ਮੁੱਖ ਸੈਨਿਕ ਡੇਰਿਆਂ-ਗੁਜਰਾਂਵਾਲਾ, ਵਜ਼ੀਰਾਬਾਦ, ਰਾਮਨਗਰ, ਜੇਹਲਮ-ਦੀਆਂ ਫ਼ੌਜਾਂ ਨੂੰ ਵੀ ਤੁਰਤ ਪਿਸ਼ਾਵਰ ਵੱਲ ਕੂਚ ਕਰਨ ਦਾ ਆਦੇਸ਼ ਦਿੱਤਾ। ਛੇ ਦਿਨਾਂ ਵਿਚ ਹੀ ਸਭ ਤੋਂ ਪਹਿਲਾਂ ਰਾਮ ਨਗਰ ਦੀ ਫ਼ੌਜ ਪਿਸ਼ਾਵਰ ਪਹੁੰਚ ਗਈ। ਮਹਾਰਾਜਾ ਸਾਹਿਬ ਖੁਦ ਰੋਹਤਾਸ ਪਹੁੰਚ ਗਏ ਅਤੇ ਆਪਣੀ ਨਿਗਰਾਨੀ ਵਿਚ ਫ਼ੌਜਾਂ ਨੂੰ ਤੋਰ ਦਿੱਤਾ। ਇਨ੍ਹਾਂ ਦੇ ਪਹੁੰਚਣ ਤਕ ਅਫ਼ਗ਼ਾਨ ਸਾਰਾ ਮੈਦਾਨ ਖਾਲੀ ਕਰਕੇ ਖੈਬਰ ਦੇ ਦੌਰੇ ਰਾਹੀਂ ਕਾਬਲ ਜਾ ਲੁਕੇ ਸਨ । ਇਸ ਤਰ੍ਹਾਂ ਜਮਰੌਦ ਪਹੁੰਚ ਕੇ ਮਹਾਰਾਜਾ ਸਾਹਿਬ ਨੇ ਸ. ਹਰੀ ਸਿੰਘ ਨਲਵਾ ਦੀ ਸਮਾਧ ਬਣਵਾਈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਕੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ। ਮਹਾਰਾਜਾ ਸਾਹਿਬ ਨੇ ਭਾਵੇਂ ਖੁਦ ਸਾਰੀਆਂ ਰਸਮਾਂ ਵਿਚ ਹਿੱਸਾ ਲਿਆ, ਪਰ ਉਨ੍ਹਾਂ ਦਾ ਮਨ ਬੁਝਿਆ ਹੋਇਆ ਸੀ। ਉਨ੍ਹਾਂ ਲਈ ਨਲਵਾ ਸਰਦਾਰ ਦਾ ਵਿਛੋੜਾ ਅਸਹਿ ਸੀ। ਇਹ ਉਨ੍ਹਾਂ ਦਾ ਨਿੱਜੀ ਦੁੱਖ ਹੀ ਨਹੀਂ, ਸਾਰੀ ਕੌਮ ਦਾ ਦੁੱਖ ਸੀ ਜਿਸ ਕਰਕੇ ਹਰ ਪਾਸੇ ਉਦਾਸੀ ਛਾ ਗਈ। ਬੜੇ ਦਿਨਾਂ ਬਾਅਦ ਲੋਕਾਂ ਦੇ ਮਨ ਵਿਚੋਂ ਸੋਗ ਦਾ, ਵਿਛੋੜੇ ਦਾ ਦੁਖ ਦੂਰ ਹੋਇਆ। ਉਸ ਸਮੇਂ ਮਹਾਰਾਜਾ ਸਾਹਿਬ ਵੱਲੋਂ ਕੀਤੇ ਵਾਰਤਾਲਾਪ ਨੂੰ ਕਵੀ ਸੂਰਜ ਸਿੰਘ ਨੇ ਇਸ ਤਰ੍ਹਾਂ ਕਾਵਿਬੱਧ ਕੀਤਾ ਹੈ –
ਤੇਰੇ ਨਾਮ ਤੋਂ ਕੰਬਦੇ ਪਏ ਸਾਰੇ,
ਕਾਬਲ ਗਜ਼ਨੀ ਕੰਧਾਰ ਈਰਾਨ ਵੀਰਾ।
ਵੱਡੇ ਆਕੀਆਂ ਦੀ ਚੰਗੀ ਧੌਣ ਭੰਨੀ,
ਤੇਰੇ ਲੋਹੇ ਦੀ ਮੰਨਦੇ ਆਣ ਵੀਰਾ।
ਬੱਚੇ ਰੋਂਦੇ ਪਠਾਨਾਂ ਦੇ ਚੁੱਪ ਕਰਦੇ,
ਤੇਰੇ ਨਾਮ ਨੂੰ ਹਊਆ ਪਛਾਣ ਵੀਰਾ।
ਦੇਸ ਆਕੀਆਂ ਨੂੰ ਤੂੰਹੋਂ ਸਾਧਿਆ ਸੀ,
ਹੁਣ ਕਰੇਗਾ ਕੌਣ ਕਮਾਨ ਵੀਰਾ।
ਤੇਰੇ ਜੇਹਾ ਨਾ ਸੂਰਮਾ ਕੋਈ ਦਿਸੇ,
ਭਾਵੇਂ ਢੂੰਡੀਏ ਸਾਰਾ ਜਹਾਨ ਵੀਰਾ। (‘ਹਰੀ ਸਿੰਘ ਨਲੂਆ’ ਪੁਸਤਕ ਵਿਚੋਂ)
ਜਦੋਂ ਲਾਹੌਰੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਲਸ਼ਕਰ ਸਹਿਤ ਪਿਸ਼ਾਵਰ ਅਤੇ ਜਮਰੌਦ ਪਹੁੰਚਿਆ ਤਾਂ ਅਫ਼ਗ਼ਾਨਾਂ ਨੂੰ ਬਹੁਤ ਹੈਰਾਨਗੀ ਹੋਈ। ਕਲਪਣ ਲੱਗੇ ਕਿ ਜੇ ਉਨ੍ਹਾਂ ਨੂੰ ਸ. ਹਰੀ ਸਿੰਘ ਦੀ ਮੌਤ ਦੀ ਸੂਹ ਮਿਲ ਜਾਂਦੀ ਤਾਂ ਸਰਹੱਦੀ ਇਲਾਕੇ ਵਿਚੋਂ ਸਿੱਖ ਫ਼ੌਜਾਂ ਨੂੰ ਭਜਾ ਕੇ ਅਟਕ ਦੇ ਪਾਰ ਕਰ ਦਿੰਦੇ। ਕਾਦਰਯਾਰ ਨੇ ਪਠਾਣਾਂ ਦੀ ਮਨੋਸਥਿਤੀ ਦਾ ਚਿਤਰਣ ਕਰਦਿਆਂ ਲਿਖਿਆ ਹੈ
ਫ਼ੇ ਫ਼ੌਜ ਤਮਾਮ ਪਸ਼ੌਰ ਪਹੁੰਚੀ,
ਜਦ ਮੋਇਆ ਸੁਣ ਲਿਆ ਸਰਦਾਰ ਓਹਨਾ।
ਬਾਹਵਾਂ ਵੱਢ ਪਠਾਨ ਜੋ ਖਾਣ ਲਗੇ,
ਹੱਥੋਂ ਸੁਟ ਘਤੇ ਹਥਿਆਰ ਓਹਨਾ।
ਸਾਨੂੰ ਖੌਫ ਰਿਹਾ ਇਹਦੇ ਜੀਵਣੇ ਦਾ,
ਜ਼ਰਾ ਭੇਤ ਨਾ ਕਢਿਆ ਬਾਹਰ ਓਹਨਾ।
ਕਾਦਰਯਾਰ ਜੇ ਮੋਏ ਦੀ ਖਬਰ ਹੁੰਦੀ,
ਬੰਨਾ ਪਾ ਦੇਂਦੇ ਅਟਕੋਂ ਪਾਰ ਓਹਨਾ।
ਸ਼ਖ਼ਸੀਅਤ
ਕਵੀ ਕਾਦਰਯਾਰ ਰਚਿਤ ‘ਵਾਰ ਹਰੀ ਸਿੰਘ’ ਵਿਚ ਸਰਦਾਰ ਨਲਵਾ ਦੇ ਚਰਿਤਰ ਦਾ ਸਮੁੱਚਾ ਖਾਕਾ ਇਸ ਤਰ੍ਹਾਂ ਉਲੀਕਿਆ ਮਿਲਦਾ ਹੈ :
ਅਲਫ ਆਫ਼ਰੀ ਜੰਮਣਾ ਕਹਿਣ ਸਾਰੇ,
ਹਰੀ ਸਿੰਘ ਦੂਲੇ ਸਰਦਾਰ ਤਾਈਂ।
ਜਮਾਦਾਰ ਬਲੀ ਰਾਜੇ ਸਾਹਿਬ ਕੈਲੋਂ,
ਕਦ ਉੱਚਾ ਬਲੰਦ ਸਰਦਾਰ ਤਾਈਂ।
ਧਨੀ ਤੇਗ ਦਾ ਮਰਦ ਨਸੀਬ ਵਾਲਾ,
ਸਾਯਾ ਉਸ ਦਾ ਕੁਲ ਸੰਸਾਰ ਤਾਈਂ।
ਕਾਦਰਯਾਰ ਪਹਾੜਾਂ ਨੂੰ ਸੋਧਿਓ ਸੂ,
ਕਾਬਲ ਕੰਬਿਆ ਖੌਫ਼ ਕੰਧਾਰ ਤਾਈਂ।
ਸਰਦਾਰ ਹਰੀ ਸਿੰਘ ਨਲਵਾ ਇਕ ਫੁਰਤੀਲਾ ਅਤੇ ਸੁਡੌਲ ਜਵਾਨ ਸੀ ਜਿਸ ਦੇ ਅੰਗ-ਅੰਗ ਤੋਂ ਸੂਰਵੀਰਤਾ ਟਪਕਦੀ ਸੀ । ਉਸ ਦਾ ਮੁੱਖ ਬਹੁਤ ਰੋਹਬੀਲਾ ਅਤੇ ਤੇਜਸਵੀ ਸੀ। ਉਸ ਦੇ ਮੁੱਖ ਵੱਲ ਕੋਈ ਲਗਾਤਾਰ ਵੇਖ ਸਕਣ ਦੀ ਜੁਰੱਅਤ ਹੀ ਨਹੀਂ ਕਰ ਸਕਦਾ ਸੀ। ਉਸ ਦੀ ਆਵਾਜ਼ ਬੜੀ ਗਰਜਵੀਂ ਅਤੇ ਕੰਬਾ ਦੇਣ ਵਾਲੀ ਸੀ। ਉਸ ਦੀ ਮੌਜੂਦਗੀ ਵੈਰੀਆਂ ਨੂੰ ਭੈਭੀਤ ਕਰ ਦਿੰਦੀ ਸੀ। ਸ੍ਰੀ ਅਵਤਾਰ ਸਿੰਘ ਸੰਧੂ ਅਨੁਸਾਰ ਇਹ ਗੱਲ ਪ੍ਰਸਿੱਧ ਸੀ ਕਿ ਜਦੋਂ ਉਹ ਸ਼ਿਮਲੇ ਵਿਚ ਹੋਏ ਸਾਂਝੇ ਦਰਬਾਰ ਵਿਚ ਦਾਖ਼ਲ ਹੋਇਆ, ਤਾਂ ਗੈਲਰੀ ਵਿਚ ਬੈਠੀਆਂ ਔਰਤਾਂ ਨੂੰ ਅਜਿਹੇ ਤੇਜਸਵੀ ਅਤੇ ਮਹਾਬਲੀ ਦੀ ਸੂਰਤ ਵੇਖ ਕੇ ਗਸ਼ ਪੈ ਗਈ। ਜਦੋਂ ਕਿਸੇ ਵੱਡੇ ਤੋਂ ਵੱਡੇ ਅਫ਼ਗ਼ਾਨ ਨੂੰ ਪਕੜ ਕੇ ਸਰਦਾਰ ਨਲਵਾ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਤਾਂ ਉਹ ਕੰਬਣ ਲੱਗ ਜਾਂਦਾ। ਦੁਅੰਦ ਯੁੱਧ ਵੇਲੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕੋਈ ਹਥਿਆਰ ਚਲਾਉਣ ਦਾ ਸਾਹਸ ਨਹੀਂ ਕਰ ਸਕਦਾ ਸੀ। ਉਸ ਦਾ ਇਤਨਾ ਭੈ ਅਫ਼ਗ਼ਾਨ ਇਸਤਰੀਆਂ ਦੇ ਮਨ ਵਿਚ ਵਿਆਪਤ ਸੀ ਕਿ ਬੱਚਿਆਂ ਨੂੰ ‘ਚੁੱਪ ਕਰ ਜਾ ਹਰੀਆ ਆ ਗਿਆ’ (ਜੁਪਸ਼ਾਹ ਹਰੀਆ ਰਾਘੁਲੈਅ ਖਾਮੋਸ਼ ਸ਼ੌ ਹਰੀਆ ਬਿਆਇਦ) ਕਹਿ ਕੇ ਡਰਾਉਂਦੀਆਂ ਸਨ।
ਨਲਵਾ ਸਰਦਾਰ ਨਾ ਕੇਵਲ ਇਕ ਰੋਹਬੀਲੀ ਸ਼ਖਸੀਅਤ ਵਾਲਾ ਵਿਅਕਤੀ ਸੀ, ਸਗੋਂ ਇਕ ਚੰਗਾ ਨਿਸ਼ਾਨੇਬਾਜ਼ ਵੀ ਸੀ। ਬੰਦੂਕ ਦਾ ਨਿਸ਼ਾਨਾ ਕਮਾਲ ਦਾ ਬੰਨ੍ਹਦਾ ਸੀ। ਬਰਛੇ ਦਾ ਵਾਰ ਕਰਨ ਵਿਚ ਅਦਭੁਤ ਮਹਾਰਤ ਰੱਖਦਾ ਸੀ, ਪਰ ਜੋ ਆਤਮਿਕ ਸੰਤੋਸ਼ ਉਸ ਨੂੰ ਖਮਦਾਰ ਤਲਵਾਰ/ਕ੍ਰਿਪਾਣ ਨੂੰ ਚਲਾਉਣ ਨਾਲ ਪ੍ਰਾਪਤ ਹੁੰਦਾ ਸੀ, ਉਹ ਕਿਸੇ ਹੋਰ ਹਥਿਆਰ ਨੂੰ ਚਲਾਉਣ ਨਾਲ ਪ੍ਰਾਪਤ ਨਹੀਂ ਸੀ ਹੁੰਦਾ। ਉਹ ਸੱਚਮੁੱਚ ਤਲਵਾਰ ਦਾ ਪੁੱਤਰ ਸੀ, ਤਲਵਾਰ ਨਾਲ ਖੇਡਿਆ ਸੀ ਅਤੇ ਤਲਵਾਰ ਵਿਚ ਹੀ ਸਮਾ ਗਿਆ ਸੀ। ਉਹ ਸ਼ਕਤੀ ਦਾ ਪ੍ਰਤੀਕ ਸੀ, ਕਈ- ਕਈ ਘੰਟੇ ਲਗਾਤਾਰ ਤਲਵਾਰ ਚਲਾ ਸਕਣ ਵਿਚ ਪੂਰੀ ਤਰ੍ਹਾਂ ਸਮਰੱਥ ਸੀ। ਉਹ ਘੋੜਸਵਾਰੀ ਦਾ ਬਹੁਤ ਸ਼ੌਕੀਨ ਸੀ । ਘੋੜਿਆਂ ਦੀ ਪਰਖ ਲਈ ਉਸ ਕੋਲ ਕਮਾਲ ਦੀ ਸੂਝ ਸੀ। ਉਹ ਕਈ-ਕਈ ਘੰਟੇ ਘੋੜਸਵਾਰੀ ਕਰਦਾ ਰਹਿੰਦਾ ਸੀ। ਉਸ ਦੀ ਘੋੜਸਵਾਰੀ ਅਤੇ ਯੁੱਧ-ਕਰਮ ਨੂੰ ਦੇਖ ਕੇ ਦਰਸ਼ਕ ਹੈਰਾਨ ਹੋ ਜਾਂਦੇ ਸਨ। ਰੋਪੜ ਦੀ ਸ਼ਾਹੀ ਮੁਲਾਕਾਤ ਵੇਲੇ ਉਸ ਵੱਲੋਂ ਦਿਖਾਈਆਂ ਘੋੜਸਵਾਰੀ ਦੀਆਂ ਕਲਾਬਾਜ਼ੀਆਂ ਅਤੇ ਤਲਵਾਰ ਚਲਾਉਣ ਦੀ ਗਤੀਸ਼ੀਲਤਾ ਅਤੇ ਨਿਪੁੰਨਤਾ ਨੂੰ ਵੇਖ-ਵੇਖ ਕੇ ਅੰਗਰੇਜ਼ ਗਵਰਨਰ ਜਨਰਲ ਅਤੇ ਹੋਰ ਸਰਦਾਰ, ਨਵਾਬ ਅਤੇ ਦਰਬਾਰੀ ਹੈਰਾਨ ਹੋ ਗਏ ਸਨ। ਉਹ ਇਕ ਕਾਮਲ ਦਾ ਯੋਧਾ ਹੁੰਦਿਆਂ ਹੋਇਆਂ ਵੀ ਬਹੁਤ ਸਿਆਣਾ ਅਤੇ ਸੰਜੀਦਾ ਸ਼ਾਹਸਵਾਰ ਸੀ। ਉਸ ਨੂੰ ਦੂਰ ਦੁਰਾਡੇ ਦੀਆਂ ਰਾਜਨੀਤਿਕ ਅਤੇ ਸੈਨਿਕ ਗਤੀਵਿਧੀਆਂ ਦਾ ਪੂਰਾ ਗਿਆਨ ਹੁੰਦਾ ਸੀ। ਇਸ ਪੱਖੋਂ ਲਾਹੌਰ ਦਰਬਾਰ ਦਾ ਉਹ ਬਹੁਤ ਸਜੱਗ ਦਰਬਾਰੀ ਅਤੇ ਸੈਨਾ ਨਾਇਕ ਸੀ।
ਉਹ ਇਕ ਸਫਲ ਪ੍ਰਸ਼ਾਸਕ ਸੀ। ਕਸ਼ਮੀਰ ਵਿਚਲੀ ਬਦ-ਅਮਨੀ ਨੂੰ ਉਸ ਨੇ ਇਤਨੀ ਯੋਗਤਾ ਨਾਲ ਠੀਕ ਕੀਤਾ ਕਿ ਮਹਾਰਾਜਾ ਸਾਹਿਬ ਨੇ ਉਸ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕੀਤਾ ਅਤੇ ਆਪਣੇ ਨਾਂ ਦਾ ਸਿੱਕਾ ਚਲਾਉਣ ਦਾ ਅਧਿਕਾਰ ਦਿੱਤਾ। ਉਸ ਨੇ ਹਜ਼ਾਰੇ ਦੇ ਅਫ਼ਰੀਦੀਆਂ ਦੀਆਂ ਬਾਗ਼ੀ ਰੁਚੀਆਂ ਨੂੰ ਅਜਿਹੀ ਠੱਲ੍ਹ ਪਾਈ ਕਿ ਉਹ ਵੈਰ ਕਮਾਉਣ ਦੀ ਥਾਂ ਨਲਵਾ ਸਰਦਾਰ ਨੂੰ ਆਪਣਾ ਸਹਿਯੋਗ ਦੇਣ ਲੱਗ ਗਏ। ਪਿਸ਼ਾਵਰ ਵਰਗੇ ਬਲਵਈ ਇਲਾਕੇ ਨੂੰ ਖਾਲਸਾ ਹਕੂਮਤ ਵਿਚ ਸ਼ਾਮਲ ਕਰਨਾ ਉਸ ਦੀ ਸੂਝ ਅਤੇ ਬਹਾਦਰੀ ਦਾ ਪ੍ਰਮਾਣ ਹੈ। ਪਿਸ਼ਾਵਰ ਦੀ ਜਿੱਤ ਤੋਂ ਬਾਅਦ ਉੱਥੇ ਅਮਨ-ਚੈਨ ਕਾਇਮ ਕਰਨ ‘ਤੇ ਮਹਾਰਾਜਾ ਸਾਹਿਬ ਇਤਨੇ ਪ੍ਰਸੰਨ ਹੋਏ ਕਿ ਉਸ ਨੂੰ ਉੱਥੋਂ ਦਾ ਗਵਰਨਰ ਲਗਾਇਆ ਅਤੇ ਆਪਣੇ ਨਾਮ ਦਾ ਸਿੱਕਾ ਚਲਾਉਣ ਦੀ ਵੀ ਆਗਿਆ ਦਿੱਤੀ।
ਉਸ ਦੀਆਂ ਸੈਨਿਕ ਜਿੱਤਾਂ ਅਤੇ ਹੋਰ ਪ੍ਰਸ਼ਾਸਕੀ ਕੰਮਾਂ ਤੋਂ ਮਹਾਰਾਜਾ ਸਾਹਿਬ ਬਹੁਤ ਪ੍ਰਸੰਨ ਹੁੰਦੇ ਸਨ। ਉਸ ਨੂੰ ਹਮੇਸ਼ਾ ਆਦਰ ਸਤਿਕਾਰ ਸੂਚਕ ਖਿਲਤਾਂ ਪ੍ਰਦਾਨ ਕਰਦੇ ਰਹਿੰਦੇ ਸਨ। ਉਸ ਨੂੰ ਲਾਹੌਰ ਦਰਬਾਰ ਵੱਲੋਂ ਦਿੱਤੀ ਗਈ ਜਾਗੀਰ ‘ਤੇ 71 ਹਜ਼ਾਰ ਰੁਪਏ ਦੀ ਮਾਹਵਾਰ ਆਮਦਨ ਸੀ। ਇਸ ਆਮਦਨ ਨਾਲ ਉਹ ਆਪਣੀ ਕਮਾਨ ਅਧੀਨ ਫ਼ੌਜ ਦੇ ਖਰਚੇ ਨੂੰ ਚਲਾਉਂਦਾ ਸੀ। ਕਈ ਦੋਖੀਆਂ ਵੱਲੋਂ ਆਮਦਨ ਦੀ ਦੁਰਵਰਤੋਂ ਦੀ ਸ਼ਿਕਾਇਤ ਕਰਨ ‘ਤੇ ਵੀ ਉਹ ਹਮੇਸ਼ਾ ਨਿਸ਼ਕਲੋਕ ਹੀ ਰਿਹਾ। ਸਭ ਕੁਝ ਹੋਣ ਦੇ ਬਾਵਜੂਦ ਉਹ ਹਮੇਸ਼ਾ ਇਕ ਨਿਧੜਕ ਸਿਪਾਹੀ ਬਣਿਆ ਰਿਹਾ। ਆਲਸ ਉਸ ਦੇ ਨੇੜੇ ਨਹੀਂ ਸੀ ਫਟਕਦਾ। ਉਹ ਸੁੱਖ ਰਹਿਣਾ ਵੀ ਨਹੀਂ ਸੀ। ਵਿਲਾਸਤਾ ਜਾਂ ਮੌਜ-ਮੇਲਾ ਉਸ ਨੂੰ ਪਸੰਦ ਨਹੀਂ ਸੀ, ਨਾ ਹੀ ਸ਼ਰਾਬ ਆਦਿ ਪੀਣ ਵਿਚ ਉਹ ਰੁਚੀ ਰੱਖਦਾ ਸੀ। ਸੱਚ ਪੁੱਛੋ ਤਾਂ ਉਹ ਪੂਰਨ ਗੁਰਸਿੱਖ ਸੀ। ਉਹ ਹਰ ਮੁਹਿੰਮ ਜਾਂ ਵਿਸ਼ੇਸ਼ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਕੇ ਹੁਕਮਨਾਮਾ ਲੈਂਦਾ ਸੀ।
ਉਸ ਦਾ ਆਪਣੇ ਸਾਥੀ ਅਧਿਕਾਰੀਆਂ ਅਤੇ ਸਿਪਾਹੀਆਂ ਨਾਲ ਨਿੱਤ ਦਾ ਵਿਵਹਾਰ ਮਨੁੱਖੀ ਭਾਵਾਂ ਨਾਲ ਭਰਪੂਰ ਸੀ। ਉਹ ਸਭ ਨਾਲ ਰਲ-ਮਿਲ ਬੈਠਦਾ ਅਤੇ ਖਾਂਦਾ-ਪੀਂਦਾ ਸੀ। ਯੁੱਧ ਦੇ ਮੈਦਾਨ ਵਿਚ ਦੋ ਮੁੱਠਾਂ ਭੁੰਨੇ ਹੋਏ ਛੋਲਿਆਂ ਅਤੇ ਪਾਣੀ ਦੀਆਂ ਦੋ ਬੁੱਕਾਂ ਨਾਲ ਕੰਮ ਸਾਰ ਲੈਂਦਾ ਸੀ। ਇਹੀ ਕਾਰਣ ਸੀ ਕਿ ਉਸ ਦੇ ਸੈਨਿਕ ਪੰਥਕ ਜਜ਼ਬੇ ਨਾਲ ਲੜਨ-ਮਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਉਹ ਜਿੱਥੇ ਵੀ ਵੈਰੀ ਨੂੰ ਭਾਰੂ ਵੇਖਦਾ ਜਾਂ ਆਪਣੇ ਸੈਨਿਕਾਂ ਦਾ ਪਾਸਾ ਕੁਝ ਕਮਜ਼ੋਰ ਦਿੱਸਦਾ, ਤਾਂ ਉੱਥੇ ਖੁਦ ਪਹੁੰਚ ਕੇ ਆਪਣੇ ਸਿਪਾਹੀਆਂ ਨੂੰ ਹਿੰਮਤ ਬੰਨ੍ਹਾਉਂਦਾ ਅਤੇ ਯੁੱਧ ਲਈ ਉਤਸ਼ਾਹਤ ਕਰਦਾ। ਇਹ ਉਸ ਦੀ ਜਿੱਤ ਦਾ ਇਕ ਮਹੱਤਵਪੂਰਣ ਕਾਰਣ ਰਿਹਾ ਸੀ।
ਉਹ ਕੋਈ ਕੰਮ ਕਰਨ ਤੋਂ ਪਹਿਲਾਂ ਉਸ ਦੇ ਲਾਭ ਨੁਕਸਾਨ ਨੂੰ ਚੰਗੀ ਤਰ੍ਹਾਂ ਸੋਚ ਲੈਂਦਾ। ਪਰ ਜਦੋਂ ਉਹ ਕੰਮ ਕਰਨ ਲਈ ਮਨ ਬਣਾ ਲੈਂਦਾ ਤਾਂ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਅੰਤਿਮ ਸਮੇਂ ਤਕ ਉਸ ਨੂੰ ਪੂਰਾ ਕਰਨ ਲਈ ਡਟਿਆ ਰਹਿੰਦਾ। ਯੁੱਧ-ਭੂਮੀ ਵਿਚ ਉਸ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੁੰਦੀ ਸੀ। ਉਸ ਨੇ ਆਪਣਾ ਸਿਰ ਤਲੀ ਉਪਰ ਰੱਖਿਆ ਹੁੰਦਾ ਸੀ। ਉਸ ਦੇ ਇਸ ਆਤਮ-ਤਿਆਗ ਅਤੇ ਕੌਮੀ-ਹਿਤ ਨੂੰ ਵੇਖ ਕੇ ਸੈਨਿਕ ਮਰ-ਮਿਟਣ ਲਈ ਤਿਆਰ ਹੋ ਜਾਂਦੇ। ਇਹੀ ਕਾਰਣ ਸੀ ਕਿ ਉਸ ਦੀ ਵੀਰਤਾ ਨੂੰ ਵੇਖ ਕੇ ਵੈਰੀ ਯੁੱਧ-ਭੂਮੀ ਵਿਚੋਂ ਭੱਜਣ ਦੀ ਕਰਦੇ। ਜਦੋਂ ਵੈਰੀ ਦਲ ਨੂੰ ਇਹ ਪਤਾ ਲੱਗ ਜਾਂਦਾ ਕਿ ਉਨ੍ਹਾਂ ਦੇ ਮੁਕਾਬਲੇ ਹਰੀ ਸਿੰਘ ਖੁਦ ਲੜਨ ਲਈ ਆ ਗਿਆ ਹੈ, ਤਾਂ ਉਹ ਯੁੱਧ ਕਰਨ ਲਈ ਹਿੰਮਤ ਬਟੋਰਨ ਦੀ ਥਾਂ ਭੱਜਣ ਦੇ ਰਸਤਿਆਂ ‘ਤੇ ਅੱਖ ਰੱਖਦੇ ਸਨ। ਉਹ ਜਿਸ ਯੁੱਧ ਵਿਚ ਸ਼ਾਮਲ ਹੋਇਆ, ਉੱਥੇ ਵੈਰੀਆਂ ਦੇ ਮੁਕਾਬਲੇ ਉਸ ਕੋਲ ਬਹੁਤ ਘੱਟ ਫ਼ੌਜ ਹੁੰਦੀ ਸੀ। ਪਰ ਫਿਰ ਵੀ ਉਹ ਜਿੱਤਦਾ ਸੀ। ਇਸ ਦਾ ਮੁੱਖ ਕਾਰਣ ਪੰਥਕ ਹਿਤ ਸੀ ਅਤੇ ਦੂਜੇ ਫ਼ੌਜ ਨੂੰ ਸਿਖਲਾਈ ਬੜੀ ਵਿਵਸਥਿਤ ਢੰਗ ਨਾਲ ਦਿੱਤੀ ਹੁੰਦੀ ਸੀ। ਸ. ਹਰੀ ਸਿੰਘ ਨਲਵਾ ਹਮੇਸ਼ਾ ਫ਼ੌਜ ਦੇ ਮੂਹਰੇ ਹੋ ਕੇ ਲੜਦਾ ਸੀ। ਜੇ ਜਮਰੌਦ ਦੀ ਲੜਾਈ ਦੀ ਘਟਨਾ ਨੂੰ ਵਿਚਾਰੀਏ ਤਾਂ ਇਹ ਗੱਲ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ। ਜਦੋਂ ਕਾਬਲ ਦੇ ਬਾਦਸ਼ਾਹ ਨੂੰ ਇਸ ਗੱਲ ਦਾ ਬੋਧ ਹੋ ਗਿਆ ਕਿ ਸਰਦਾਰ ਹਰੀ ਸਿੰਘ ਪਿਸ਼ਾਵਰ ਦੇ ਕਿਲੇ ਵਿਚ ਬੀਮਾਰ ਪਿਆ ਹੈ ਤਾਂ ਉਸ ਨੇ ਆਪਣੇ ਪੁੱਤਰਾਂ ਅਤੇ ਸੈਨਾ ਨਾਇਕਾਂ ਨੂੰ ਪਰੇਰ ਕੇ ਜਮਰੌਦ ਉਪਰ ਕਬਜ਼ਾ ਕਰਨ ਲਈ ਹਮਲਾ ਕਰਨ ਦਾ ਇਕਦਮ ਪ੍ਰੋਗਰਾਮ ਬਣਾਇਆ। ਅਫ਼ਗ਼ਾਨਾਂ ਦਾ ਹਮਲਾ ਬੜਾ ਭਿਆਨਕ ਸੀ ਅਤੇ ਦੋ ਦਿਨਾਂ ਦੀ ਲੜਾਈ ਵਿਚ ਉਨ੍ਹਾਂ ਨੇ ਜਮਰੌਦ ਦੇ ਕਿਲੇ ਦੀ ਇਕ ਬਾਹੀ ਨੂੰ ਢਾਹ ਦਿੱਤਾ ਸੀ। ਤੀਜੇ ਦਿਨ ਦੀ ਲੜਾਈ ਵਿਚ ਉਹ ਜਮਰੌਦ ਦੇ ਕਿਲ੍ਹੇ ਨੂੰ ਜਿੱਤ ਕੇ ਕਬਜ਼ਾ ਕਰਨ ਦੀ ਸੋਚ ਵਿਚ ਮਗਨ ਸਨ ਕਿ ਲੜਾਈ ਸ਼ੁਰੂ ਹੋ ਗਈ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਬੀਮਾਰ ਹੋਣ ਕਾਰਣ ਸਰਦਾਰ ਨਲਵਾ ਯੁੱਧ-ਭੂਮੀ ਵਿਚ ਨਹੀਂ ਆ ਸਕਦਾ। ਉਹ ਪੂਰੇ ਉਤਸ਼ਾਹ ਨਾਲ ਇਕ ਦੂਜੇ ਤੋਂ ਅੱਗੇ ਹੋ ਕੇ ਲੜ ਰਹੇ ਸਨ। ਪਰ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਨਲਵਾ ਸਰਦਾਰ ਯੁੱਧ ਵਿਚ ਸ਼ਾਮਲ ਹੋ ਗਿਆ ਹੈ ਤਾਂ ਉਹ ਘਬਰਾ ਗਏ ਅਤੇ ਯੁੱਧ-ਭੂਮੀ ਵਿਚ ਡਟਣ ਦੀ ਥਾਂ ਉੱਥੋਂ ਭੱਜਣ ਦਾ ਰਸਤਾ ਲੱਭਣ ਲੱਗ ਗਏ ਅਤੇ ਸ਼ਾਮ ਪੈਣ ਤੋਂ ਪਹਿਲਾਂ ਹੀ ਉਹ ਖ਼ੈਬਰ ਦੇ ਦੱਰੇ ਵਿਚ ਜਾ ਲੁਕੇ।
ਉਹ ਯੁੱਧ ਕਰਨ ਤੋਂ ਪਹਿਲਾਂ ਪੂਰਾ ਯਤਨ ਕਰਦਾ ਸੀ ਕਿ ਜੇ ਬਿਨਾਂ ਮਾਰ-ਕਾਟ ਕੀਤੇ ਮਾਮਲਾ ਸੁਲਝ ਜਾਏ ਤਾਂ ਬਹੁਤ ਚੰਗਾ, ਕਿਉਂਕਿ ਇਸ ਨਾਲ ਬਹੁਤ ਸਾਰੇ ਮਾਲੀ ਅਤੇ ਜਾਨੀ ਨੁਕਸਾਨ ਤੋਂ ਬਚਿਆਂ ਜਾਂ ਸਕਦਾ ਸੀ। ਸਰਦਾਰ ਨਲਵਾ ਦਾ ਹਿਰਦਾ ਮਨੁੱਖੀ ਜਜ਼ਬੇ ਨਾਲ ਭਰਪੂਰ ਸੀ। ਇਹੀ ਕਾਰਣ ਹੈ ਕਿ ਹਰ ਇਕ ਯੁੱਧ ਕਰਨ ਤੋਂ ਪਹਿਲਾਂ ਉਸ ਨੇ ਸ਼ਾਂਤੀ ਦਾ ਮਾਰਗ ਲੱਭਣ ਦਾ ਯਤਨ ਕੀਤਾ ਅਤੇ ਆਪਣੇ ਸਫ਼ੀਰ ਜਾਂ ਪ੍ਰਤੀਨਿਧ ਭੇਜ ਕੇ ਵੈਰੀ ਨੂੰ ਸਮਝਾਉਣ ਦਾ ਉੱਦਮ ਕੀਤਾ। ਪਰ ਜਦੋਂ ਉਸ ਦੀਆਂ ਅਮਨ ਵਾਲੀਆਂ ਤਜਵੀਜ਼ਾਂ ਨੂੰ ਠੁਕਰਾ ਦਿੱਤਾ ਜਾਂਦਾ ਤਾਂ ਉਹ ਲੜਾਈ ਕਰਨ ਲਈ ਇਕਦਮ ਤਿਆਰ ਹੋ ਜਾਂਦਾ। ਉਦੋਂ ਉਸ ਦੇ ਮਨ ਵਿਚ ਮਰ-ਮਿਟਣ ਤੋਂ ਸਿਵਾ ਹੋਰ ਕੋਈ ਖਿਆਲ ਨਾ ਆਉਂਦਾ। ਉਸ ਦਾ ਹਮਲਾ ਇਤਨਾ ਜ਼ਬਰਦਸਤ ਹੁੰਦਾ ਸੀ ਕਿ ਉਸ ਦੇ ਅਸੀਮ ਜੋਸ਼ ਦੇ ਸਾਹਮਣੇ ਕੋਈ ਟਿਕ ਨਾ ਸਕਦਾ ਅਤੇ ਘੰਟਿਆਂ ਵਿਚ ਹੀ ਵੈਰੀ ਦੇ ਪੈਰ ਉਖਾੜ ਦਿੰਦਾ। ਮੈਦਾਨੀ ਜੰਗ ਵਿਚ ਉਸ ਦੀ ਤਲਵਾਰ ਦੇ ਵਾਰ ਨੂੰ ਸਹਾਰ ਸਕਣਾ ਕੋਈ ਸੌਖੀ ਗੱਲ ਨਹੀਂ ਸੀ। ਇਹੀ ਕਾਰਣ ਸੀ ਕਿ ਉਸ ਦੀਆਂ ਬਹੁਤ ਸਾਰੀਆਂ ਮੈਦਾਨੀ ਲੜਾਈਆਂ ਦੀ ਅਵਧੀ ਇਕ ਦਿਨ ਵਿਚ ਹੀ ਮੁੱਕ ਜਾਂਦੀ। ਉਹ ਘਮਸਾਨ ਯੁੱਧ ਵੇਲੇ ਆਪਣੀ ਗੁਥਲੀ ਵਿਚੋਂ ਚਾਂਦੀ ਦੇ ਰੁਪਏ ਕੱਢ ਕੇ ਵੈਰੀ ਦਲ ਉਪਰ ਸੁੱਟ ਦਿੰਦਾ ਸੀ। ਉਨ੍ਹਾਂ ਦਾ ਧਿਆਨ ਰੁਪਇਆਂ ਵੱਲ ਹੁੰਦਿਆਂ ਹੀ ਨਲਵਾ ਸਰਦਾਰ ਗਾਜਰ ਮੂਲੀ ਵਾਂਗ ਕੱਟ ਦਿੰਦਾ ਸੀ। ਕਈ ਵਾਰ ਉਹ ਵੈਰੀ ਸੈਨਾ ਦੇ ਪਰਸਪਰ ਵਿਰੋਧੀ ਧੜਿਆਂ ਵਿਚ ਵਿਰੋਧ ਪੈਦਾ ਕਰਵਾ ਕੇ ਉਨ੍ਹਾਂ ਦੀ ਸ਼ਕਤੀ ਨੂੰ ਸਿੱਥਲ ਕਰ ਦਿੰਦਾ ਸੀ । ਉਹ ਭੱਜੇ ਜਾਂਦੇ ਜਾਂ ਨਿਹੱਥੇ ਵੈਰੀ ‘ਤੇ ਕਦੇ ਵਾਰ ਨਹੀਂ ਸੀ ਕਰਦਾ, ਸਗੋਂ ਵੈਰੀ ਦਲ ਦੇ ਫੱਟੜਾਂ ਦੀ ਵੀ ਦੇਖ-ਭਾਲ ਕਰਵਾ ਦਿੰਦਾ ਸੀ।
ਸਰਦਾਰ ਹਰੀ ਸਿੰਘ ਨਲਵਾ ਕਿਸੇ ਖ਼ਾਸ ਧਰਮ ਜਾਂ ਮਤ ਵਾਲਿਆਂ ਦਾ ਵਿਰੋਧੀ ਨਹੀਂ ਸੀ। ਉਹ ਤਾਂ ਉਨ੍ਹਾਂ ਦਾ ਵਿਰੋਧੀ ਸੀ ਜੋ ਮਾਨਵਤਾ ਦੀ ਭਾਵਨਾ ਤੋਂ ਸੱਖਣੇ ਹੋ ਚੁੱਕੇ ਸਨ ਅਤੇ ਕਮਜ਼ੋਰਾਂ ‘ਤੇ ਜ਼ੁਲਮ ਕਰਦੇ ਸਨ। ਉਨ੍ਹਾਂ ਦੀਆਂ ਖਾਸ ਜੰਗੀ ਮੁਹਿੰਮਾਂ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦੇ ਇਲਾਕਿਆਂ ਵੱਲ ਸਨ। ਕਿਉਂਕਿ ਇਹ ਲੋਕ ਅਮਨ-ਪਸੰਦ ਨਹੀਂ ਸਨ। ਕਸ਼ਮੀਰ ਦੇ ਇਲਾਕੇ ਵਿਚ ਹਿੰਦੂਆਂ/ਪੰਡਿਤਾਂ ਨੂੰ ਬਲਪੂਰਵਕ ਮੁਸਲਮਾਨ ਬਣਾਇਆ ਜਾਂਦਾ ਸੀ ਅਤੇ ਉਨ੍ਹਾਂ ਦੀਆਂ ਔਰਤਾਂ ਨੂੰ ਆਪਣੇ ਘਰਾਂ ਵਿਚ ਵਸਾਇਆ ਜਾਂਦਾ ਸੀ । ਨਲਵਾ ਸਰਦਾਰ ਨੇ ਉੱਥੋਂ ਦੇ ਲੋਕਾਂ ਨੂੰ ਵੰਗਾਰਿਆ ਅਤੇ ਉਨ੍ਹਾਂ ਨੂੰ ਸ਼ਾਂਤੀਪੂਰਵਕ ਰਹਿਣ ਲਈ ਕਿਹਾ। ਪਰ ਜਦੋਂ ਉਹ ਨਾ ਸੁਧਰੇ ਤਾਂ ਯੁੱਧ ਵਿਚ ਉਨ੍ਹਾਂ ਨੂੰ ਹਰਾ ਕੇ ਕਸ਼ਮੀਰ ਦੇ ਇਲਾਕੇ ਨੂੰ ਖਾਲਸਾ ਰਾਜ ਨਾਲ ਮਿਲਾਇਆ। ਹਜ਼ਾਰੇ ਦੇ ਇਲਾਕੇ ਵਿਚ ਕਈ ਮੁਹਿੰਮਾਂ ਕਰਨੀਆਂ ਪਈਆਂ ਕਿਉਂਕਿ ਉੱਥੋਂ ਦੇ ਕਬਾਇਲੀ ਹਾਰ ਖਾਣ ਤੋਂ ਬਾਅਦ ਅਧੀਨਗੀ ਸਵੀਕਾਰ ਕਰਨ ਦਾ ਬਚਨ ਦੇ ਕੇ ਫਿਰ ਬਾਗ਼ੀ ਹੋ ਜਾਂਦੇ ਸਨ ਅਤੇ ਨਾਹਕ ਲੋਕਾਂ ਦਾ ਖੂਨ ਕਰਦੇ ਸਨ । ਉਹ ਧੋਖੇ ਨਾਲ ਸਿੱਖ ਸੈਨਾ ‘ਤੇ ਵੀ ਹਮਲਾ ਕਰਕੇ ਕਈ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੇ ਸਨ। ਇਸ ਲਈ ਉਨ੍ਹਾਂ ਨੂੰ ਸਥਾਈ ਤੌਰ ‘ਤੇ ਸੋਧਣਾ ਪਿਆ। ਇਹੀ ਸਥਿਤੀ ਪਿਸ਼ਾਵਰ ਦੇ ਇਲਾਕੇ ਦੀ ਵੀ ਸੀ। ਕਈ ਵਾਰ ਪਿਸ਼ਾਵਰ ਨੂੰ ਜਿੱਤ ਕੇ ਉੱਥੋਂ ਦੀ ਨਵਾਬੀ ਅਫ਼ਗ਼ਾਨ ਸਰਦਾਰਾਂ ਨੂੰ ਦਿੱਤੀ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਵਾਹਦੇ ਪੂਰੇ ਨਾ ਕੀਤੇ। ਨਤੀਜੇ ਵਜੋਂ ਪਿਸ਼ਾਵਰ ਨੂੰ ਖਾਲਸਾ ਰਾਜ ਵਿਚ ਸ਼ਾਮਲ ਕਰਨਾ ਪਿਆ। ਇਨ੍ਹਾਂ ਇਲਾਕਿਆਂ ਵਿਚਲੇ ਕਬਾਇਲੀ ਜਾਂ ਅਫ਼ਗ਼ਾਨਾਂ ਨੇ ਮੰਨਿਆ ਕਿ ਉਹ ਇਸਲਾਮ ਦੇ ਅਨੁਯਾਈ ਸਨ, ਪਰ ਉਹ ਕਦੇ ਵੀ ਸ਼ਾਂਤ ਰਹਿਣਾ ਪਸੰਦ ਨਹੀਂ ਕਰਦੇ ਸਨ, ਇਸ ਕਰਕੇ ਬਾਰ-ਬਾਰ ਯੁੱਧ ਕਰਨੇ ਪਏ। ਇਸਲਾਮ ਦੇ ਪੈਰੋਕਾਰਾਂ ਜਾਂ ਮੁਸਲਮਾਨਾਂ ਵਿਚੋਂ ਬਹੁਤ ਸਾਰੇ ਨਲਵਾ ਸਰਦਾਰ ਦੇ ਜਿਗਰੀ ਮਿੱਤਰ ਸਨ। ਕਈਆਂ ਨੂੰ ਜਿੱਤ ਕੇ ਵੀ ਮਹਾਰਾਜਾ ਸਾਹਿਬ ਤੋਂ ਜਾਗੀਰਾਂ ਪ੍ਰਦਾਨ ਕਰਵਾਈਆਂ ਸਨ। ਇੱਥੋਂ ਤਕ ਕਿ ਉਸ ਦੀ ਆਪਣੀ ਜਾਗੀਰ ਦਾ ਪ੍ਰਬੰਧਕ ਫ਼ਤਹਿ ਖਾਨ ਟਿਵਾਣਾ ਸੀ। ਇਸ ਉਪਰ ਆਪ ਦਾ ਬਹੁਤ ਭਰੋਸਾ ਸੀ। ਇਸ ਲਈ ਉਹ ਕਿਸੇ ਧਰਮ ਦੇ ਅਨੁਯਾਈਆਂ ਦਾ ਵਿਰੋਧੀ ਨਹੀਂ ਸੀ। ਸ਼ੇਖ ਨੂਰ ਇਲਾਹੀ ਅਤੇ ਕਾਜ਼ੀ ਹੁਸੈਨ ਬਖਸ਼ ਉਸ ਦੇ ਵਿਸ਼ਵਾਸਯੋਗ ਮਿੱਤਰ ਸਨ।
ਸਰਦਾਰ ਹਰੀ ਸਿੰਘ ਨਲਵਾ ਨਾ ਕੇਵਲ ਇਕ ਰਣ-ਵਿਕ੍ਰਮ ਯੋਧਾ ਸੀ, ਸਗੋਂ ਸਫਲ ਪ੍ਰਸ਼ਾਸਕ ਸੀ। ਜਦੋਂ ਕਸ਼ਮੀਰ ਵਿਚ ਅਮਨ ਕਾਇਮ ਨਹੀਂ ਹੋ ਰਿਹਾ ਸੀ, ਹਿੰਦੂ/ਬ੍ਰਾਹਮਣਾਂ ਨੂੰ ਜਬਰਨ ਮੁਸਲਮਾਨ ਬਣਾਇਆ ਜਾ ਰਿਹਾ ਸੀ ਤਾਂ ਮਹਾਰਾਜਾ ਸਾਹਿਬ ਨੇ ਪੰਡਿਤ ਬੀਰਬਰ ਤੋਂ ਸਾਰੀ ਸਥਿਤੀ ਜਾਣਨ ਉਪਰੰਤ ਕਸ਼ਮੀਰ ਨੂੰ ਸੋਧਣ ਦਾ ਫ਼ੈਸਲਾ ਕੀਤਾ ਅਤੇ ਸਰਦਾਰ ਹਰੀ ਸਿੰਘ ਨੂੰ ਹੀ ਇਸ ਮੁਹਿੰਮ ਲਈ ਯੋਗ ਸਮਝਿਆ। ਨਲਵਾ ਸਰਦਾਰ ਨੇ ਸਾਰੇ ਇਲਾਕੇ ਨੂੰ ਸੋਧ ਕੇ ਖਾਲਸਾ ਰਾਜ ਦੇ ਅਧੀਨ ਕਰ ਦਿੱਤਾ। ਉੱਥੋਂ ਦੇ ਪ੍ਰਸ਼ਾਸਨ ਦਾ ਕੰਮ ਪੰਡਿਤ ਮੋਤੀ ਰਾਮ ਨੂੰ ਸੌਂਪਿਆ ਗਿਆ ਜਿਸ ਦੇ ਨਰਮ ਸੁਭਾਅ ਕਰਕੇ ਉੱਥੇ ਫਿਰ ਬਗ਼ਾਵਤ ਹੋਣ ਲੱਗ ਗਈ। ਉਸ ਨੂੰ ਦਬਾਉਣ ਲਈ ਸਰਦਾਰ ਹਰੀ ਸਿੰਘ ਨੂੰ ਗਵਰਨਰ ਬਣਾ ਕੇ ਫਿਰ ਕਸ਼ਮੀਰ ਭੇਜਿਆ ਗਿਆ ਜਿਸ ਨੇ ਸਾਰੇ ਕਸ਼ਮੀਰ ਨੂੰ ਆਪਣੀ ਪ੍ਰਬੰਧ- ਕੁਸ਼ਲਤਾ ਨਾਲ ਖਾਲਸਾ ਰਾਜ ਦੇ ਅਧੀਨ ਕਰ ਦਿੱਤਾ ਅਤੇ ਹਿੰਦੂਆਂ ਦੇ ਸੰਕਟ ਖ਼ਤਮ ਹੋ ਗਏ। ਇਸ ਯੋਗਤਾ ਅਤੇ ਸਫ਼ਲਤਾ ਕਾਰਣ ਮਹਾਰਾਜਾ ਸਾਹਿਬ ਨੇ ਨਲਵਾ ਸਰਦਾਰ ਨੂੰ ਕਸ਼ਮੀਰ ਵਿਚ ਆਪਣਾ ਸਿੱਕਾ ਚਲਾਉਣ ਦਾ ਅਧਿਕਾਰ ਦਿੱਤਾ। ਹਜ਼ਾਰੇ ਦੇ ਇਲਾਕੇ ਦੇ ਨਿੱਤ ਖੜ੍ਹੇ ਹੋਣ ਵਾਲੇ ਦੰਗਿਆਂ ਅਤੇ ਬਗ਼ਾਵਤਾਂ ਨੂੰ ਉਸ ਨੇ ਅਜਿਹਾ ਠੀਕ ਕੀਤਾ ਕਿ ਫਿਰ ਕਿਸੇ ਨੇ ਸਿਰ ਨਾ ਚੁੱਕਿਆ। ਅਫ਼ਗ਼ਾਨੀਆਂ ਅਤੇ ਅਫ਼ਰੀਦੀਆਂ ਦੀ ਵਸੋਂ ਵਾਲੇ ਪਿਸ਼ਾਵਰ ਦੇ ਇਲਾਕੇ ਨੂੰ ਫ਼ਤਹ ਕਰ ਕੇ ਸਿੱਖ ਰਾਜ ਵਿਚ ਸ਼ਾਮਲ ਕਰਨ ਅਤੇ ਉਨ੍ਹਾਂ ਦੇ ਬਾਗ਼ੀਆਨਾ ਰੁਝਾਨ ਨੂੰ ਸਥਾਈ ਤੌਰ ‘ਤੇ ਖਤਮ ਕਰਨ ਕਰਕੇ ਮਹਾਰਾਜਾ ਸਾਹਿਬ ਨੇ ਉਸ ਨੂੰ ਉੱਥੇ ਵੀ ਆਪਣਾ ਸਿੱਕਾ ਚਲਾਉਣ ਦਾ ਗੌਰਵ ਬਖ਼ਸ਼ਿਆ। ਇਹ ਗੌਰਵ ਉਸ ਨੂੰ ਦੂਜੀ ਵਾਰ ਦਿੱਤਾ ਗਿਆ ਸੀ। ਸੱਚ ਪੁੱਛੋ ਤਾਂ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦੇ ਇਲਾਕਿਆਂ ਨੂੰ ਜਿੱਤ ਕੇ ਉੱਥੇ ਸੁਚੱਜਾ ਪ੍ਰਸ਼ਾਸਨ ਸਥਾਪਤ ਕਰਨ ਦਾ ਗੌਰਵ ਕੇਵਲ ਨਲਵੇ ਸਰਦਾਰ ਨੂੰ ਹੀ ਪ੍ਰਾਪਤ ਹੋ ਸਕਦਾ ਸੀ।
ਸ. ਹਰੀ ਸਿੰਘ ਨੂੰ ਬਚਪਨ ਵਿਚ ਫ਼ਾਰਸੀ ਅਤੇ ਗੁਰਮਖੀ/ਪੰਜਾਬੀ ਦੀ ਤਾਲੀਮ ਦਿੱਤੀ ਗਈ ਸੀ। ਹਜ਼ਾਰੇ ਦੇ ਇਲਾਕੇ ਵਿਚ ਸ਼ਾਸਨ ਕਰਨ ਵੇਲੇ ਉਸ ਨੇ ਪਸ਼ਤੋ ਬੋਲਣੀ ਅਤੇ ਸਮਝਣੀ ਸਿੱਖ ਕੇ ਛੱਛ ਦੇ ਇਲਾਕੇ ਦੀ ਉਪਭਾਸ਼ਾ ਨੂੰ ਵੀ ਗ੍ਰਹਿਣ ਕਰ ਲਿਆ। ਉਹ ਫ਼ਾਰਸੀ ਚੰਗੀ ਤਰ੍ਹਾਂ ਬੋਲ ਅਤੇ ਲਿਖ ਸਕਣ ਵਿਚ ਸਮਰਥ ਸੀ। ਉਹ ਕੁਦਰਤੀ ਤੌਰ ‘ਤੇ ਬਹੁਤ ਬੁੱਧੀਮਾਨ ਅਤੇ ਸੁਚੇਤ ਵਿਅਕਤੀ ਸੀ। ਉਹ ਕਿਸੇ ਸਮੱਸਿਆ ਨੂੰ ਇਕਦਮ ਸਮਝ ਸਕਦਾ ਸੀ ਅਤੇ ਉਸ ਦੇ ਸਮਾਧਾਨ ਲਈ ਠੀਕ ਰਾਹ ਲੱਭ ਲੈਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਉਹ ਇਕੋ ਇਕ ਅਜਿਹਾ ਦਰਬਾਰੀ ਸੀ ਜੋ ਬਲਬੀਰ ਯੋਧਾ ਹੁੰਦਾ ਹੋਇਆ ਵੀ ਤੀਬਰ ਬੁੱਧੀ ਦਾ ਸੁਆਮੀ ਸੀ। ਉਹ ਸਾਰੇ ਭਾਰਤ ਦੀ ਧਾਰਮਿਕ ਅਤੇ ਰਾਜਨੀਤਿਕ ਗਤੀਵਿਧੀ ਨੂੰ ਜਾਣਦਾ ਸੀ। ਇੱਥੇ ਹੀ ਬਸ ਨਹੀਂ ਉਹ ਯੋਰਪ ਦੇ ਮੁਲਕਾਂ ਬਾਰੇ ਅਤੇ ਉੱਥੇ ਵਾਪਰ ਰਹੀਆਂ ਘਟਨਾਵਾਂ ਦੀ ਪੂਰੀ ਜਾਣਕਾਰੀ ਰੱਖਦਾ ਸੀ। ਸੰਨ 1831 ਵਿਚ ਰੋਪੜ ਵਿਚ ਹੋਈ ਅੰਗਰੇਜ਼ ਗਵਰਨਰ ਜਨਰਲ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੁਲਾਕਾਤ ਵਿਚ ਉਸ ਨੇ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਸ ਦੀ ਯੋਗਤਾ ਬਾਰੇ ਅਨੇਕ ਵਿਦਵਾਨਾਂ ਅਤੇ ਅੰਗਰੇਜ਼ . ਅਫ਼ਸਰਾਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਵਿਚ ਸ਼ਲਾਘਾ ਭਰੇ ਵਿਚਾਰ ਪੁਗਟ ਕੀਤੇ ਹਨ। ਸਪੱਸ਼ਟ ਹੈ ਕਿ ਹਰੀ ਸਿੰਘ ਨਲਵਾ ਲਾਹੌਰ ਦਰਬਾਰ ਦਾ ਇਕ ਚਮਕਦਾ ਹੋਇਆ ਸਿਤਾਰਾ ਸੀ, ਜਿਸ ਦੇ ਬੁਝ ਜਾਣ ਨਾਲ ਸਾਰੇ ਰਾਜ/ਦਰਬਾਰ ਵਿਚ ਹਨੇਰਾ ਹੋਣ ਲੱਗ ਗਿਆ ਅਤੇ ਆਖ਼ਰ ਇਸ ਹਨੇਰੇ ਨੇ ਸਾਰੇ ਰਾਜ ਦਾ ਭਵਿੱਖ ਹੀ ਹਨੇਰਾ ਕਰ ਦਿੱਤਾ। ਜੇ ਉਹ ਕੁਝ ਸਮਾਂ ਹੋਰ ਜੀਉਂਦਾ ਰਹਿੰਦਾ ਤਾਂ ਲਾਹੌਰ ਦਰਬਾਰ ਦਾ ਵਿਸਤਾਰ ਕਾਬਲ ਤਕ ਹੋ ਜਾਂਦਾ। ਜੇ ਮਹਾਰਾਜਾ ਰਣਜੀਤ ਸਿੰਘ ਆਪਣਾ ਉਤਰਾਧਿਕਾਰੀ ਖੜਕ ਸਿੰਘ ਦੀ ਥਾਂ ਹਰੀ ਸਿੰਘ ਨਲਵਾ ਦੇ ਸੁਝਾਅ ਅਨੁਸਾਰ ਕਿਸੇ ਯੋਗ ਵਿਅਕਤੀ ਨੂੰ ਬਣਾਉਂਦਾ ਤਾਂ ਬੇਅੰਤ ਕੁਰਬਾਨੀਆਂ ਦੁਆਰਾ ਸਥਾਪਤ ਕੀਤੀ ਬਾਦਸ਼ਾਹੀ ਦਾ ਦੁਖਦ ਅੰਤ ਨਾ ਹੁੰਦਾ।
ਸ. ਹਰੀ ਸਿੰਘ ਨਲਵਾ ਨਾ ਕੇਵਲ ਬੇਮਿਸਾਲ ਯੁੱਧ-ਵੀਰ ਸੀ, ਸਗੋਂ ਯੁੱਧ-ਕਲਾ ਵਿਚ ਨਿਪੁੰਨ ਸੀ। ਫ਼ੌਜੀ ਰੱਖਿਆ ਲਈ ਉਹ ਬੜੇ ਮਜ਼ਬੂਤ ਕਿਲੇ ਉਸਰਵਾਉਂਦਾ ਸੀ ਅਤੇ ਅਜਿਹਾ ਕਰਨ ਵੇਲੇ ਉਸ ਵਕਤ ਦੇ ਇੰਜੀਨੀਅਰਾਂ ਨੂੰ ਖੁਦ ਆਪਣੀ ਯੋਜਨਾ ਸਮਝਾਉਂਦਾ ਸੀ ਅਤੇ ਉਸ ਦੇ ਮਹੱਤਵ ਨੂੰ ਦਰਸਾਉਂਦਾ ਸੀ। ਹਜ਼ਾਰੇ ਦੇ ਇਲਾਕੇ ਵਿਚ ਹਰੀਪੁਰ ਨਗਰ ਦੀ ਵਿਉਂਤਬੰਦੀ ਅਤੇ ਉਸ ਵਿਚ ਹਰ ਪ੍ਰਕਾਰ ਦੀਆਂ ਸਹੂਲਤਾਂ ਦੀ ਉਪਲਬਧੀ ਕਰਨਾ ਉਸ ਦੀ ਵਾਸਤੂ ਕਲਾ ਦੀ ਡੂੰਘੀ ਸੂਝ ਸੀ। ਹਰੀਪੁਰ ਵਿਚ ਬਣਵਾਇਆ ‘ਹਰਿਕਿਸ਼ਨਗੜ੍ਹ’ ਨਾਂ ਦਾ ਕਿਲਾ ਉਸ ਦੇ ਕਿਲਿਆਂ ਸੰਬੰਧੀ ਗੰਭੀਰ ਗਿਆਨ ਦਾ ਪ੍ਰਤੀਕ ਹੈ। ਪਿਸ਼ਾਵਰ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਅਧੀਨ ਕਰਨ ਅਤੇ ਖੈਬਰ ਜਾਂ ਹੋਰ ਨਿੱਕੇ-ਵੱਡੇ ਦੱਰਿਆਂ ਤੋਂ ਅਫ਼ਗ਼ਾਨਾਂ ਦੀ ਆਮਦ ਨੂੰ ਬੰਦ ਕਰਨ ਲਈ ਜੋ ਕਿਲਾਬੰਦੀ ਉਸ ਨੇ ਕੀਤੀ, ਉਹ ਬੇਜੋੜ ਸੀ। ਜਮਰੌਦ ਦਾ ਕਿਲਾ ਉਸ ਦੀ ਵਾਸਤੂ-ਕਲਾ ਦੀ ਸੂਝ ਨੂੰ ਹਮੇਸ਼ਾ ਦਰਸਾਉਂਦਾ ਰਹਿੰਦਾ ਹੈ। ਇਸ ਕਿਲਾਬੰਦੀ ਕਰਕੇ ਹੀ ਇਨ੍ਹਾਂ ਦਰਿਆਂ ਦੇ ਮਾਰਗ ਤੋਂ ਹਿੰਦੁਸਤਾਨ ‘ਤੇ ਕਬਾਇਲੀਆਂ ਦੇ ਹਮਲੇ ਕਰਨ ਦੀ ਬਿਰਤੀ ਨੂੰ ਠੱਲ੍ਹ ਪਈ ਸੀ। ਇਸ ਕਿਲੇ ਤੋਂ ਇਲਾਵਾ ਕਿਲਾ ਬਾੜਾ, ਕਿਲਾ ਸ਼ੰਕਰਗੜ੍ਹ, ਕਿਲਾ ਮਿਚਨੀ, ਕਿਲਾ ਜਹਾਂਗੀਰਾ, ਕਿਲਾ ਖੈਰਾਬਾਦ, ਕਿਲਾ ਸਿਰੀਕੋਟ, ਕਿਲਾ ਦਰਬੰਦ, ਕਿਲਾ ਤਰਬੇਲਾ, ਕਿਲਾ ਬਾਲਾਕੋਟ ਆਦਿ ਵੀ ਉਸਰਵਾਏ। ਨਿਵਾਸ ਜਾਂ ਮਹੱਲ ਉਸਾਰਨ ਵਿਚ ਵੀ ਉਸ ਦੀ ਡੂੰਘੀ ਸੂਝ ਬਹੁਤ ਮਹੱਤਵ ਰੱਖਦੀ ਹੈ। ਗੁਜਰਾਂਵਾਲਾ ਵਿਚ ਉਸ ਦਾ ਨਿਵਾਸ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਸੁੰਦਰ ਵਾਤਾਵਰਣ ਨੂੰ ਕਿਤਨਾ ਚਾਹੁੰਦਾ ਸੀ। ਉਸ ਦਾ ਮਹੱਲ ਹਰ ਪ੍ਰਕਾਰ ਦੇ ਅਜੂਬਿਆਂ ਨਾਲ ਸੁਸਜਿਤ ਰਹਿੰਦਾ ਸੀ। ਬਾਗ਼ਬਾਨੀ ਵਿਚ ਵੀ ਉਸ ਦੀ ਬਹੁਤ ਰੁਚੀ ਸੀ। ਉਸ ਨੇ ਮਹੱਲ ਦੇ ਦੁਆਲੇ ਜੋ ਬਾਗ਼ ਬਣਵਾਇਆ, ਉਸ ਵਿਚ ਵਿਦੇਸ਼ਾਂ ਤੋਂ ਫਲਦਾਰ ਬਿਛ ਮੰਗਵਾ ਕੇ ਲਗਵਾਏ। ਫੁੱਲਾਂ ਨਾਲ ਕਿਆਰੀਆਂ ਹਮੇਸ਼ਾ ਭਰੀਆਂ ਰਹਿੰਦੀਆਂ ਸਨ।
ਬੁਨਿਆਦੀ ਤੌਰ ‘ਤੇ ਸਰਦਾਰ ਹਰੀ ਸਿੰਘ ਇਕ ਧਰਮੀ ਪੁਰਸ਼ ਸੀ। ਉਹ ਅਜਿਹੀ ਧਰਮੀ ਪੁਰਸ਼ ਨਹੀਂ ਸੀ ਕਿ ਦਿਨ-ਰਾਤ ਮਾਲਾ ਫੇਰਦਾ ਰਹੇ ਜਾਂ ਪੂਜਾ- ਪਾਠ ਕਰਦਾ ਰਹੇ। ਉਹ ਭਗਤੀ ਅਤੇ ਸ਼ਕਤੀ ਦੀ ਸੰਯੁਕਤ ਭਾਵਨਾ ਦਾ ਪ੍ਰਤੀਕ ਪੁਰਸ਼ ਸੀ। ਉਹ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਅਪਾਰ ਸ਼ਰਧਾ ਰੱਖਦਾ ਸੀ। ਉਸ ਨੂੰ ਕਾਫ਼ੀ ਬਾਣੀ ਕੰਠਸਥ ਸੀ। ਹਮੇਸ਼ਾ ਸਵੇਰੇ ਉੱਠ ਕੇ ਬਾਣੀ ਦਾ ਪਾਠ ਕਰਨਾ ਉਸ ਦਾ ਨਿੱਤ ਦਾ ਨੇਮ ਸੀ। ਉਹ ਬੜੀ ਲੀਨਤਾ ਨਾਲ ਕੀਰਤਨ ਸੁਣਦਾ ਸੀ। ਭਗਤੀ ਭਾਵਨਾ ਦੇ ਨਾਲ-ਨਾਲ ਸ਼ਕਤੀ ਦੀ ਭਾਵਨਾ ਵੀ ਚਲਦੀ ਸੀ। ਲੋੜ ਅਨੁਸਾਰ ਉਹ ਸ਼ਕਤੀ ਦੀ ਵਰਤੋਂ ਕਰਦਾ ਸੀ ਅਤੇ ਜਦੋਂ ਉਹ ਲੋੜ ਸਮਾਪਤ ਹੋ ਜਾਂਦੀ, ਤਾਂ ਉਹ ਤੁਰਤ ਬਾਣੀ ਦੇ ਲੜ ਲੱਗ ਜਾਂਦਾ ਸੀ । ਉਹ ਜਦੋਂ ਯੁੱਧ ਕਰਦਾ ਸੀ ਤਾਂ ਹਮੇਸ਼ਾ ਮੂਲ ਮੰਤਰ ਦਾ ਪਾਠ ਕਰਦੇ ਰਹਿੰਦਾ ਸੀ। ਜਾਪ ਸਾਹਿਬ ਦੇ ਪਾਠ ਨਾਲ ਉਸ ਨੂੰ ਯੁੱਧ-ਕਰਮ ਵਿਚ ਵਿਸ਼ੇਸ਼ ਹੁਲਾਰਾ ਮਿਲਦਾ ਸੀ।
ਉਸ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਸੱਚਾ ‘ਸਿੱਖ’ ਕਦੇ ਹਾਰ ਨਹੀਂ ਸਕਦਾ, ਉਹ ਹਮੇਸ਼ਾ ਵਿਜੈਸ਼ਾਲੀ ਰਹਿੰਦਾ ਹੈ। ਭਾਵੇਂ ਦੁੱਖ ਹੋਵੇ ਭਾਵੇਂ ਸੁੱਖ। ਉਸ ਦੀ ਮੁੰਦਰੀ ‘ਤੇ ‘ਅਕਾਲ ਸਹਾਇ’ ਸ਼ਬਦ ਉੱਕਰੇ ਹੋਏ ਸਨ। ਉਹ ਇਕ ਪਾਸੇ ਸ੍ਰੀ ਸਾਹਿਬ ਵਾਹ ਰਿਹਾ ਹੁੰਦਾ ਸੀ ਅਤੇ ਦੂਜੇ ਪਾਸੇ ‘ਹਰ ਬੋਲ ਮਨਾ’ ਦੀ ਧੁਨੀ ਗੂੰਜ ਰਹੀ ਹੁੰਦੀ ਸੀ। ਇਹੀ ਕਾਰਣ ਹੈ ਕਿ ਉਸ ਨੇ ਕਦੇ ਵੀ ਯੁੱਧ ਵੈਰ ਭਾਵ ਜਾਂ ਨਿਰਦੈਤਾ ਨਾਲ ਨਹੀਂ ਲੜਿਆ। ਉਹ ਗੁਰੂਧਾਮਾਂ ਦੀ ਉਸਾਰੀ ਲਈ ਵੀ ਉਦਮ ਕਰਦਾ ਸੀ। ਪੰਜਾ ਸਾਹਿਬ ਦੀ ਵਿਸ਼ੇਸ਼ ਦਿਖ ਉਸ ਦੀ ਸ਼ਰਧਾ ਦਾ ਪ੍ਰਤੀਕ ਹੈ। ਮੁਕਤਸਰ ਗੁਰੂ-ਧਾਮ ਦੇ ਸਰੋਵਰ ਨੂੰ ਪੱਕਾ ਕਰਾਉਣ ਵਿਚ ਉਸ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਤਰਨਤਾਰਨ ਸਾਹਿਬ ਗੁਰੂਧਾਮ ਦੀ ਪਰਿਕ੍ਰਮਾ ਵਿਚ ਇਕ ਸੁੰਦਰ ਬੁੰਗਾ ਬਣਵਾਇਆ ਸੀ। ਸਿੱਖ ਧਰਮ ਤੋਂ ਇਲਾਵਾ ਉਹ ਹੋਰ ਧਰਮਾਂ ਪ੍ਰਤੀ ਵੀ ਸਤਿਕਾਰ ਰੱਖਦਾ ਸੀ। ਜਦੋਂ ਹਰੀਪੁਰ ਨਗਰ ਦੀ ਸਥਾਪਨਾ ਹੋਈ ਤਾਂ ਉੱਥੇ ਜੇ ਸਿੱਖਾਂ ਲਈ ਗੁਰੂਦੁਆਰਾ ਬਣਵਾਇਆ ਤਾਂ ਹਿੰਦੂਆਂ ਲਈ ਮੰਦਿਰ ਅਤੇ ਮੁਸਲਮਾਨਾਂ ਲਈ ਮਸਜਿਦ ਵੀ ਬਣਵਾਈ। ਉਹ ਯੁੱਧ-ਭੂਮੀ ਵਿਚ ਮਾਰੇ ਗਏ ਮੁਸਲਮਾਨ ਮੁਖੀਆਂ, ਜਰਨੈਲਾਂ ਜਾਂ ਸੱਯਦਾਂ ਦੀਆਂ ਲੋਥਾਂ ਨੂੰ ਇਸਲਾਮਿਕ ਰੀਤੀ ਅਨੁਸਾਰ ਦਫ਼ਨਾਉਂਦਾ ਸੀ। ਉਹ ਸੱਚਮੁੱਚ ਸੰਕੀਰਣ ਧਰਮ ਨਿਰਪੇਖ ਧਰਮੀ ਸੀ, ਸੱਚੇ ਅਰਥਾਂ ਵਿਚ ਖਾਲਸਾ ਸੀ।
ਉਸ ਦੇ ਸੱਚੇ-ਸੁੱਚੇ ਆਚਾਰ ਨੂੰ ਵੇਖ ਕੇ ਹਰ ਇਕ ਸੈਨਿਕ ਆਪਣੇ ਆਪ ਸੱਚਾ ਸਿੱਖ ਬਣਨ ਲਈ ਤਿਆਰ ਹੋ ਜਾਂਦਾ ਸੀ। ਸਰਦਾਰ ਨਲਵਾ ਸਿੱਖ ਨੂੰ ਹਮੇਸ਼ਾ ਨਿਰਭੈ ਅਤੇ ਅਜਿੱਤ ਸਮਝਦਾ ਸੀ, ਇਸ ਕਰਕੇ ਉਸ ਦੇ ਸੈਨਿਕਾਂ ਨੂੰ ਹਾਰ ਦਾ ਮੂੰਹ ਵੇਖਣਾ ਨਹੀਂ ਪੈਂਦਾ ਸੀ। ਆਚਰਣ ਪੱਖੋਂ ਵੀ ਸ੍ਰੇਸ਼ਟ ਸੀ। ਉਹ ਬੜਾ ਨਿਮਰਤਾਵਾਨ ਅਤੇ ਹੱਸਮੁਖ ਸੀ, ਪਰ ਗੰਭੀਰ ਮੌਕੇ ਆਉਣ ‘ਤੇ ਬਹੁਤ ਦ੍ਰਿੜ ਹੋ ਜਾਂਦਾ ਸੀ। ਉਹ ਨਾ ਅਨਾਚਾਰੀ ਸੀ ਅਤੇ ਨਾ ਹੀ ਅਨਾਚਾਰ ਨੂੰ ਸ਼ਹਿ ਦਿੰਦਾ ਸੀ। ਉਸ ਦੇ ਤੇਜ ਨੂੰ ਵੇਖ ਕੇ ਸੰਪਰਕ ਵਿਚ ਆਉਣ ਵਾਲੇ ਪ੍ਰਭਾਵਿਤ ਹੋ ਜਾਂਦੇ ਸਨ ਅਤੇ ਉਸ ਦੀ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦੇ ਸਨ । ਉਹ ਆਪਣੇ ਸੈਨਿਕਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਉਨ੍ਹਾਂ ਦੇ ਸੁੱਖ-ਦੁੱਖ ਵਿਚ ਸ਼ਾਮਲ ਹੁੰਦਾ ਸੀ। ਯੁੱਧ ਵਿਚ ਜ਼ਖਮੀ ਹੋਇਆਂ ਦਾ ਇਲਾਜ ਪਹਿਲ ਦੇ ਆਧਾਰ ‘ਤੇ ਕਰਵਾਉਂਦਾ ਸੀ। ਉਹ ਕਈ ਵਾਰ ਯੁੱਧ-ਭੂਮੀ ਵਿਚ ਆਪਣੇ ਸੈਨਿਕਾਂ ਨਾਲ ਮਿਲ ਬੈਠ ਕੇ ਮੁੱਠੀ ਭਰ ਛੋਲੇ ਜਾਂ ਰੁੱਖਾ-ਸੁੱਕਾ ਖਾਣਾ ਖਾ ਲੈਂਦਾ ਸੀ। ਸੈਨਿਕ ਵੀ ਉਸ ਤੋਂ ਵਾਰਨੇ ਜਾਂਦੇ ਸਨ । ਇਹੀ ਕਾਰਣ ਸੀ ਕਿ ਉਸ ਦੇ ਸੈਨਿਕ ਇਤਨੇ ਜੋਸ਼ ਵਿਚ ਆ ਜਾਂਦੇ ਸਨ ਕਿ ਆਪਣੇ ਤੋਂ ਕਈ ਗੁਣਾਂ ਜ਼ਿਆਦਾ ਸੈਨਾ-ਦਲਾਂ ‘ਤੇ ਜਿੱਤ ਪ੍ਰਾਪਤ ਕਰ ਲੈਂਦੇ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਰਸਾਈ ਬੀਰਤਾ ਦਾ ਸੱਚਾ ਨਮੂਨਾ ਸੀ। ਸੈਨਿਕ ਭਾਈਚਾਰੇ ਵਿਚ ਸਭ ਦਾ ਸਾਥੀ ਹੁੰਦਾ ਸੀ, ਯੁੱਧ ਸ਼ੁਰੂ ਹੋ ਜਾਣ ਤੋਂ ਬਾਅਦ ਬਹੁਤ ਉਤਸ਼ਾਹਵਰਧਕ ਚੜ੍ਹਦੀ ਕਲਾ ਦਾ ਨਮੂਨਾ ਬਣ ਕੇ ਨਿਤਰਦਾ ਸੀ।
ਅੰਤ ਵਿਚ ਉਸ ਨਲਵਾ ਸਰਦਾਰ ਨੂੰ ਪ੍ਰਣਾਮ ਹੈ—
ਜੀਹਦਾ ਨਾਮ ਰੌਸ਼ਨ ਦੂਰ ਦੂਰ ਸਾਰੇ
ਨਾਲ ਤੇਗ ਦੇ ਰਾਜ ਚਲਾਂਵਦਾ ਏ।
ਪਰਿਵਾਰਕ ਸਥਿਤੀ
ਸਰਦਾਰ ਹਰੀ ਸਿੰਘ ਨਲਵਾ ਬੜੇ ਸੰਜਮ ਵਾਲਾ ਯੁੱਧ-ਵੀਰ ਸੀ । ਦੁਨਿਆਵੀ ਸੁੱਖ-ਸੁਵਿਧਾਵਾਂ ਦੇ ਮੁਕਾਬਲੇ ਉਹ ਯੁੱਧ-ਭੂਮੀ ਵਿਚ ਵਿਚਰਨ ਨੂੰ ਮਹੱਤਵ ਦਿੰਦਾ ਸੀ। ਉਸ ਨੇ ਦੋ ਵਿਆਹ ਕੀਤੇ ਸਨ। ਇਕ ਪਤਨੀ ਦਾ ਨਾਂ ਸਰਦਾਰਨੀ ਦੇਸਾਂ ਸੀ। ਇਸ ਤੋਂ ਦੋ ਪੁੱਤਰ ਸਨ-ਸ. ਪੰਜਾਬ ਸਿੰਘ ਅਤੇ ਸ. ਅਰਜਨ ਸਿੰਘ। ਪੁੱਤਰਾਂ ਤੋਂ ਇਲਾਵਾ ਦੋ ਧੀਆਂ ਵੀ ਸਨ ਜੋ ਸਰਦਾਰਨੀ ਦੇਸਾਂ ਦੀ ਕੁੱਖੋਂ ਪੈਦਾ ਹੋਈਆਂ ਮੰਨੀਆਂ ਜਾਂਦੀਆਂ ਸਨ। ਇਨ੍ਹਾਂ ਵਿਚੋਂ ਇਕ ਸ. ਗੰਡਾ ਸਿੰਘ ਕੋਟਲੀ ਫ਼ਕੀਰ ਚੰਦ ਵਾਲੇ ਨਾਲ ਵਿਆਹੀ ਗਈ ਸੀ ਅਤੇ ਦੂਜੀ ਦਾ ਵਿਆਹ ਸ. ਕਨੈਯਾ ਸਿੰਘ ਘਰ ਜਾਖੀਐ ਨਾਲ ਹੋਇਆ ਸੀ ਜੋ ਗੁਜਰਾਂਵਾਲੇ ਦੇ ਨੇੜੇ ਹੀ ਵਸਦਾ ਸੀ।
ਦੂਜੀ ਸਰਦਾਰਨੀ ਦਾ ਨਾਂ ਰਾਜ ਕੌਰ ਸੀ। ਇਸ ਦੀ ਕੁੱਖੋਂ ਦੋ ਪੁੱਤਰ ਪੈਦਾ ਹੋਏ-ਸ. ਗੁਰਦਿਤ ਸਿੰਘ ਅਤੇ ਸ. ਜਵਾਹਰ ਸਿੰਘ। ਇਨ੍ਹਾਂ ਦੋਹਾਂ ਪੁੱਤਰਾਂ ਵਿਚ ਜਵਾਹਰ ਸਿੰਘ ਨੇ ਆਪਣੇ ਪਿਤਾ ਵਾਂਗ ਯੁੱਧ-ਕਰਮ ਵਿਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ। ਸੰਨ 1832 ਈ. ਵਿਚ ਇਸ ਨੂੰ ਜਹਾਂਗੀਰਾ ਦਾ ਕਿਲੇਦਾਰ ਨਿਯੁਕਤ ਕੀਤਾ ਗਿਆ ਅਤੇ ਦੋ ਸਾਲ ਬਾਅਦ ਪਿਸ਼ਾਵਰ ਬਦਲ ਦਿੱਤਾ ਗਿਆ। ਆਪਣੇ ਪਿਤਾ ਦੀ ਸ਼ਹਾਦਤ ਤਕ ਇਹ ਉੱਥੇ ਹੀ ਰਿਹਾ ਅਤੇ ਅਫ਼ਗ਼ਾਨਾਂ ਨਾਲ ਹੋਈਆਂ ਕਈ ਮੁਠ-ਭੇੜਾਂ ਵਿਚ ਆਪਣੀ ਵੀਰਤਾ ਦਾ ਪਰਿਚੈ ਦਿੱਤਾ।
ਸਰਦਾਰ ਨਲਵਾ ਦੀ ਸ਼ਹਾਦਤ ਤੋਂ ਬਾਅਦ ਪੁੱਤਰਾਂ ਵਿਚ ਜਾਇਦਾਦ ਸੰਬੰਧੀ ਕਲੇਸ਼ ਖੜਾ ਹੋ ਗਿਆ। ਸਰਦਾਰਨੀ ਰਾਜ ਕੌਰ ਦੇ ਪੁੱਤਰ ਸ. ਗੁਰਦਿਤ ਸਿੰਘ ਅਤੇ ਸ. ਜਵਾਹਰ ਸਿੰਘ ਨੇ ਗੁਜਰਾਂਵਾਲਾ ਨਗਰ ਉਪਰ ਆਪਣਾ ਅਧਿਕਾਰ ਕਰ ਲਿਆ। ਜਦਕਿ ਸਰਦਾਰੀ ਦੇਸਾਂ ਦੇ ਪੁੱਤਰਾਂ ਸ. ਪੰਜਾਬ ਸਿੰਘ ਅਤੇ ਸ. ਅਰਜਨ ਸਿੰਘ ਨੇ ਸਰਦਾਰ ਨਲਵਾ ਦੁਆਰਾ ਬਣਵਾਈ ਆਪਣੀ ਰਿਹਾਇਸ਼ ਅਤੇ ਬਾਗ਼ ‘ਤੇ ਕਬਜ਼ਾ ਕਰ ਲਿਆ। ਇਹ ਖਿੱਚੋਤਾਣ ਹੋਰ ਵਧਦੀ ਗਈ। ਜਦੋਂ ਇਸ ਦੀ ਖ਼ਬਰ ਮਹਾਰਾਜਾ ਸਾਹਿਬ ਨੂੰ ਹੋਈ ਤਾਂ ਉਨ੍ਹਾਂ ਨੇ ਰਾਜਾ ਧਿਆਨ ਸਿੰਘ ਦੀ ਗੱਲ ਮੰਨ ਕੇ ਸਰਦਾਰ ਹਰੀ ਸਿੰਘ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਿਸ ਵਿਚ ਹਰੀਪੁਰ ਹਜ਼ਾਰਾ, ਪੱਖਲੀ, ਧਮਤੋੜ, ਖਾਨਪੁਰ, ਕੌਲੜਾ, ਕੱਛੀ, ਬੰਨੂੰ, ਕੱਲਰ ਕਹਾਰ, ਨੂਰਪੁਰ, ਮਿੱਠਾ ਟਿਵਾਣਾ ਅਤੇ ਗੁਜਰਾਂਵਾਲਾ ਦੇ ਨਿਵਾਸ ਆਦਿ ਸ਼ਾਮਲ ਸਨ। ਇਨ੍ਹਾਂ ਜਾਇਦਾਦਾਂ ਦੀ ਸਾਲਾਨਾ ਆਮਦਨ 8,53,000/- ਰੁਪਏ ਸੀ। ਇਸ ਜਾਇਦਾਦ ਦੇ ਬਦਲੇ ਨਲਵਾ ਸਰਦਾਰ ਦੇ ਪੁੱਤਰਾਂ ਨੂੰ ਕੇਵਲ 19600/- ਰੁਪਏ ਦੀ ਜਾਇਦਾਦ ਦਿੱਤੀ ਗਈ ਜਿਸ ਦਾ ਵੇਰਵਾ ਇਸ ਪੁਕਾਰ ਹੈ –
- ਸ. ਅਰਜਨ ਸਿੰਘ – 6500/-
- ਸ. ਪੰਜਾਬ ਸਿੰਘ – 5400/-
- ਸ. ਜਵਾਹਰ ਸਿੰਘ – 5500/-
- ਸ. ਗੁਰਦਿੱਤ ਸਿੰਘ – 2200/-
ਸ. ਨਲਵਾ ਦੀ ਜ਼ਬਤ ਕੀਤੀ ਜਾਇਦਾਦ ਲਾਹੌਰ ਦਰਬਾਰ ਦੇ ਅਹੁਦੇਦਾਰਾਂ ਨੂੰ ਜਾਗੀਰਾਂ ਵਜੋਂ ਵੰਡ ਦਿੱਤੀ ਗਈ। ਇਸ ਤੋਂ ਇਲਾਵਾ ਸ. ਹਰੀ ਸਿੰਘ ਦੇ ਤਿੰਨ ਲੱਖ ਰੁਪਏ ਜੋ ਅੰਮ੍ਰਿਤਸਰ ਦੇ ਸਰਾਫ਼ਾਂ ਕੋਲ ਅਮਾਨਤ ਪਏ ਸਨ, ਜ਼ਬਤ ਕਰ ਲਏ ਗਏ।
ਬਾਅਦ ਵਿਚ ਸ. ਜਵਾਹਰ ਸਿੰਘ ਵੱਲੋਂ ਫ਼ੌਜੀ ਖ਼ਿਦਮਤਾਂ ਦੇ ਬਦਲੇ ਖ਼ਾਨਪੁਰ ਦਾ ਇਲਾਕਾ ਜਾਗੀਰ ਵਜੋਂ ਦੇ ਦਿੱਤਾ ਗਿਆ ਅਤੇ ਸ. ਅਰਜਨ ਸਿੰਘ ਤੇ ਸ. ਪੰਜਾਬ ਸਿੰਘ ਨੂੰ ਵੀ 40,000/- ਦੀ ਹੋਰ ਸਾਲਾਨਾ ਜਾਗੀਰ ਦੇ ਦਿੱਤੀ ਗਈ। ਸ. ਹਰੀ ਸਿੰਘ ਨਲਵਾ ਤੋਂ ਬਾਅਦ ਉਸ ਦੀ ਸੰਤਾਨ ਦਾ ਭਵਿੱਖ ਉਜਲਾ ਨਾ ਰਿਹਾ। ਇਸ ਦੇ ਕਈ ਕਾਰਣ ਹੋ ਸਕਦੇ ਹਨ। ਸਭ ਤੋਂ ਵੱਡਾ ਕਾਰਣ ਇਹ ਸੀ ਕਿ ਰਾਜਾ ਧਿਆਨ ਸਿੰਘ ਨਲਵਾ ਸਰਦਾਰ ਨਾਲ ਬਹੁਤ ਖਾਰ ਖਾਂਦਾ ਸੀ ਕਿਉਂਕਿ ਨਲਵਾ ਸਰਦਾਰ ਦੀ ਓਜਸਵੀ ਸ਼ਖ਼ਸੀਅਤ ਅਤੇ ਖਾਲਸਾ ਰਾਜ ਲਈ ਕੀਤੀਆਂ ਮੁਹਿੰਮਾਂ, ਪ੍ਰਾਪਤੀਆਂ ਅਤੇ ਨਿਰਛਲਤਾ ਕਰਕੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਚੰਗਾ ਲੱਗਦਾ ਸੀ। ਪਰ ਧਿਆਨ ਸਿੰਘ ਨੇ ਚਲਾਕੀਆਂ ਅਤੇ ਫ਼ਰੇਬਾਂ ਰਾਹੀਂ ਉਸ ਨੂੰ ਲਾਹੌਰ ਦਰਬਾਰ ਤੋਂ ਦੂਰ ਹੀ ਰੱਖਿਆ। ਇੱਥੋਂ ਤਕ ਕਿ ਜਮਰੌਦ ਦੇ ਸੰਕਟ ਵੇਲੇ ਸ. ਹਰੀ ਸਿੰਘ ਦੇ ਸੂਚਨਾ-ਪੱਤਰ ਗ਼ੈਰ-ਜ਼ਿੰਮੇਵਾਰਾਨਾ ਤੌਰ ‘ਤੇ ਦੇਰ ਨਾਲ ਮਹਾਰਾਜਾ ਸਾਹਿਬ ਦੇ ਪੇਸ਼ ਕੀਤੇ ਜਿਸ ਦੇ ਨਤੀਜੇ ਵਜੋਂ ਖਾਲਸਾ ਹਕੂਮਤ ਦਾ ਜਗਮਗਾਉਂਦਾ ਚਰਾਗ਼ ਬੁਝ ਗਿਆ ਅਤੇ ਉਸ ਦੇ ਬੁਝਣ ਨਾਲ ਕੁਝ ਸਮੇਂ ਵਿਚ ਹੀ ਸਭ ਪਾਸੇ ਹਨੇਰਾ ਛਾ ਗਿਆ। ਨਾ ਮਹਾਰਾਜਾ ਰਿਹਾ, ਨਾ ਧਿਆਨ ਸਿੰਘ ਰਿਹਾ, ਨਾ ਮਹਾਰਾਜੇ ਦੀ ਸੰਤਾਨ ਰਹੀ ਅਤੇ ਨਾ ਹੀ ਲਾਹੌਰ ਦਰਬਾਰ ਉਪਰ ਕੇਸਰੀ ਨਿਸ਼ਾਨ ਝੁਲਦਾ ਰਹਿ ਸਕਿਆ। ਅਜਿਹੀ ਅਵਸਥਾ ਵਿਚ ਨਲਵਾ ਸਰਦਾਰ ਦੇ ਖ਼ਾਨਦਾਨ ਦਾ ਭਵਿੱਖ ਉਜਲਾ ਕਿਵੇਂ ਰਹਿ ਸਕਦਾ ਸੀ। ਧਿਆਨ ਸਿੰਘ ਨੇ ਨਾ ਕੇਵਲ ਮਹਾਰਾਜਾ ਸਾਹਿਬ ਨੂੰ ਕਹਿ ਕੇ ਨਲਵਾ ਸਰਦਾਰ ਦੀ ਸਾਰੀ ਜਾਇਦਾਦ ਹੀ ਜ਼ਬਤ ਕਰਵਾਈ, ਸਗੋਂ ਕਿਸੇ ਪ੍ਰਤਿਸ਼ਠਿਤ ਨੌਕਰੀ ਜਾਂ ਪਦਵੀ ‘ਤੇ ਵੀ ਕਿਸੇ ਲੜਕੇ ਨੂੰ ਰਹਿਣ ਨਾ ਦਿੱਤਾ।
ਲਾਹੌਰ ਦੀ ਪਹਿਲੀ ਖਾਨਾਜੰਗੀ ਵੇਲੇ ਸ. ਜਵਾਹਰ ਸਿੰਘ ਭਾਈ ਵੀਰ ਸਿੰਘ ਨੌਰੰਗਾਬਾਦ ਵਾਲੇ ਦੇ ਸ਼ਸਤਰਧਾਰੀਆਂ ਨਾਲ ਜਾ ਰਲਿਆ। ਸੰਨ 1845-46 ਦੇ ਪਹਿਲੇ ਸਿੱਖ-ਅੰਗਰੇਜ਼ ਯੁੱਧ ਵਿਚ ਵੀ ਇਹ ਲੜਿਆ। 1848-49 ਦੇ ਦੂਜੇ ਸਿੱਖ-ਅੰਗਰੇਜ਼ ਯੁੱਧ ਵੇਲੇ ਇਹ ਆਪਣੇ ਮਤਰੇਏ ਭਰਾ ਅਰਜਨ ਸਿੰਘ ਸਹਿਤ ਰਾਜਾ ਸ਼ੇਰ ਸਿੰਘ ਅਤੇ ਸ. ਚਤੁਰ ਸਿੰਘ ਅਟਾਰੀਵਾਲੇ ਨਾਲ ਜਾ ਮਿਲਿਆ। ਸ. ਜਵਾਹਰ ਸਿੰਘ ਨੇ ਚਿੱਲੀਆਂ ਵਾਲਾ (ਗੁਜਰਾਤ) ਦੇ ਯੁੱਧ ਵਿਚ ਬੜੀ ਸੂਰਵੀਰਤਾ ਨਾਲ ਲੜਾਈ ਕੀਤੀ। ਪਰ ਹਾਰ ਹੋ ਜਾਣ ਕਰਕੇ ਫੜਿਆ ਗਿਆ। ਇਸ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਲਾਹੌਰ ਲਿਆਂਦਾ ਗਿਆ ਅਤੇ ਸ. ਗੁਲਾਬ ਸਿੰਘ ਕਲਾਲ ਦੀ ਹਵੇਲੀ ਵਿਚ ਨਜ਼ਰਬੰਦ ਕੀਤਾ ਗਿਆ। ਸ. ਅਰਜਨ ਸਿੰਘ ਉੱਥੋਂ ਖਿਸਕ ਕੇ ਗੁਜਰਾਂਵਾਲੇ ਵਾਲੀ ਹਵੇਲੀ ਵਿਚ ਲੁਕ ਗਿਆ। ਉਸ ਦੀ ਜਾਇਦਾਦ ਜ਼ਬਤ ਕੀਤੀ ਗਈ। ਸੰਨ 1848 ਵਿਚ ਉਸ ਦੀ ਮ੍ਰਿਤੂ ਹੋ ਗਈ ਦੱਸੀ ਜਾਂਦੀ ਹੈ।
ਸ. ਅਰਜਨ ਸਿੰਘ ਦਾ ਦੂਜਾ ਭਰਾ ਸ. ਪੰਜਾਬ ਸਿੰਘ ਨਲਵਾ ਸਿੱਖ-ਅੰਗਰੇਜ਼ਾਂ ਦੀ ਦੂਜੀ ਲੜਾਈ ਵਿਚ ਸ਼ਾਮਲ ਨਾ ਹੋਇਆ। ਇਸ ਲਈ ਉਸ ਦੀ ਜਾਇਦਾਦ ਜ਼ਬਤ ਨਾ ਕੀਤੀ ਗਈ। ਸ. ਜਵਾਹਰ ਸਿੰਘ ਨਲਵਾ ਨੂੰ ਸੰਨ 1849 ਵਿਚ ਆਜ਼ਾਦ ਕਰ ਦਿੱਤਾ ਗਿਆ। ਇਸ ਨੂੰ ਅੰਗਰੇਜ਼ ਫ਼ੌਜ ਵਿਚ ਰਸਾਲਦਾਰ ਦੀ ਪਦਵੀ ਦੇ ਕੇ ਭਰਤੀ ਕਰ ਲਿਆ ਗਿਆ। ਇਸ ਨੂੰ ਬਰਮਾ, ਲਖਨਊ, ਕਾਲਪੀ, ਕਾਨਪੁਰ ਆਦਿ ਅਨੇਕ ਥਾਂਵਾਂ ‘ਤੇ ਹੋਏ ਯੁੱਧਾਂ ਵਿਚ ਸ਼ਾਮਲ ਹੋਣ ਲਈ ਹੁਕਮ ਦਿੱਤੇ ਗਏ। ਇਸ ਪੁਕਾਰ ਦੀ ਸੇਵਾ ਬਦਲੇ ਸੰਨ 1849 ਵਿਚ 12,000/- ਰੁਪਏ ਦੀ ਸਾਲਾਨਾ ਜਾਗੀਰ ਦਿੱਤੀ ਗਈ। ਇਸ ਤੋਂ ਇਲਾਵਾ ਬਹਾਦਰੀ ਦਾ ਖਿਤਾਬ O.B.I. ਵੀ ਪ੍ਰਦਾਨ ਕੀਤਾ ਗਿਆ। ਸੰਨ 1862 ਈ. ਵਿਚ ਇਸ ਨੂੰ ਗੁਜਰਾਂਵਾਲੇ ਦਾ ਆਨਰੇਰੀ ਮੈਜਿਸਟ੍ਰੇਟ ਬਣਾਇਆ ਗਿਆ। ਇਸ ਦਾ ਭਰਾ ਗੁਰਦਿਤ ਸਿੰਘ ਇਸ ਨਾਲ ਹੀ ਗੁਜਰਾਂਵਾਲੇ ਵਿਚ ਰਹਿੰਦਾ ਰਿਹਾ।
ਸ. ਨਲਵਾ ਦੀਆਂ ਪਤਨੀਆਂ ਸਰਦਾਰਨੀ ਦੇਸਾਂ ਨੂੰ 800/- ਸਾਲਾਨਾ ਅਤੇ ਸਰਦਾਰਨੀ ਰਾਜ ਕੌਰ ਨੂੰ 700/- ਰੁਪਏ ਦੀਆਂ ਸਾਲਾਨਾ ਪੈਨਸ਼ਨਾਂ ਦਿੱਤੀਆਂ ਗਈਆਂ ਜੋ ਉਹ ਆਪਣੇ ਜੀਵਨ ਤਕ ਲੈਂਦੀਆਂ ਰਹੀਆਂ।
ਸ. ਹਰੀ ਸਿੰਘ ਨਲਵਾ ਦਾ ਚਰਿਤਰ- ਇਕ ਅੰਗਰੇਜ਼ ਲੇਖਕ ਦੀ ਨਜ਼ਰ ਵਿਚ
ਸੰਸਾਰ ਦਾ ਕਾਮਯਾਬ ਜਰਨੈਲ ਕੌਣ ਹੈ? ਕੋਈ ਤਾਂ ਨਿਪੋਲੀਅਨ ਦਾ ਨਾਮ ਲੈਣਗੇ, ਜਿਹਾ ਕਿ ਸਾਡੇ ਫ਼ਰਾਂਸੀਸੀ ਭਰਾ ਤੇ ਕੋਈ ਮਾਰਸ਼ਲ ਹੈਂਡਨਬਰਗ, ਲਾਰਡ ਕਿਚਨਰ, ਜਨਰਲ ਕਰੋਬਜ਼ੇ, ਡਯੂਕ ਔਫ਼ ਵਲਿੰਗਟਨ ਆਦਿ ਦਾ ਨਾਮ ਲੈਣਗੇ। ਜੇ ਕੋਈ ਇਸ ਤੋਂ ਵੀ ਅੱਗੇ ਵਧਿਆ ਤਾਂ ਉਹ ਹਲਾਕੂ ਖਾਨ, ਚੰਗੇਜ਼ ਖਾਨ, ਰਿਚਰਡ ਤੇ ਅਲਾਉਦੀਨ ਆਦਿ ਦਾ ਨਾਮ ਲਵੇਗਾ। ਮੇਰਾ ਆਪਣਾ ਖਿਆਲ ਹੈ ਕਿ ਯੂਰਪ ਵਿਚ ਇਸ ਬਹੁਤ ਬੜੇ, ਕਾਮਯਾਬ ਜਰਨੈਲ (ਹਰੀ ਸਿੰਘ ਨਲਵਾ) ਦਾ ਨਾਮ ਕੋਈ ਸੱਜਣ ਵੀ ਨਹੀਂ ਲਵੇਗਾ। ਲੋਕ ਭਾਰਤ ਵਰਸ਼ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ, ਉਹ ਇਸ ਅਦੁੱਤੀ ਜਰਨੈਲ ਦਾ ਨਾਮ ਜਾਣਦੇ ਹਨ ਪਰ ਉਨ੍ਹਾਂ ਨੂੰ ਯਾਦ ਨਹੀਂ ਆ ਸਕਦਾ ਤੇ ਉਹ ਐਡੀ ਵੱਡੀ ਪੁਜ਼ੀਸ਼ਨ ਇਸ ਨੂੰ ਦੇਣ ਲਈ ਤਿਆਰ ਨਹੀਂ ਹੋਣਗੇ। ਮੇਰਾ ਉੱਤਰ ਸੁਣਦਿਆਂ ਹੀ ਹੈਰਾਨੀ ਨਾਲ ਬੋਲ ਉੱਠਣਗੇ। ਕਈ ਤਾਂ ਇਹ ਕਹਿਣੋਂ ਵੀ ਸੰਕੋਚ ਨਾ ਕਰਨਗੇ ਕਿ ਜਿਸ ਆਦਮੀ ਦਾ ਨਾਮ ਹੀ ਨਹੀਂ ਸੁਣਿਆ ਗਿਆ ਉਹ ਸੰਸਾਰ ਦਾ ਵੱਡਾ ਤੇ ਬਿਹਤਰ ਜਰਨੈਲ ਹੋ ਹੀ ਕਿਸ ਤਰ੍ਹਾਂ ਸਕਦਾ ਹੈ ?
ਉਹ ਜਰਨੈਲ ਉੱਤਰੀ ਹਿੰਦ ਦੀ ਇਕ ਪ੍ਰਸਿੱਧ ਕੌਮ ਸਿੱਖਾਂ ਵਿਚੋਂ ‘ਹਰੀ ਸਿੰਘ ਨਲੂਆ’ ਹੈ। ਸਰਦਾਰ ਹਰੀ ਸਿੰਘ ਦਾ ਨਾਮ ਹਿੰਦੁਸਤਾਨ ਦੇ ਇਤਿਹਾਸ ਨਾਲ ਦਿਲਚਸਪੀ ਰੱਖਣ ਵਾਲੇ ਸੱਜਣ ਚੰਗੀ ਤਰ੍ਹਾਂ ਜਾਣਦੇ ਹਨ, ਪਰ ਆਮ ਲੋਕ ਨਹੀਂ, ਕਿਉਂਕਿ ਇਸ ਬਾਬਤ ਕੁਝ ਵੀ ਨਹੀਂ ਲਿਖਿਆ ਗਿਆ। ਕੇਵਲ ਕੁਝ ਹਿੰਦੁਸਤਾਨੀ ਤਵਾਰੀਖ਼ਾਂ ਵਿਚ ਇਸ ਦਾ ਜ਼ਿਕਰ ਮੌਜੂਦ ਹੈ, ਪਰ ਜਿੱਥੋਂ ਤਕ ਮੇਰਾ ਮੁਤਾਲਿਆ ਹੈ, ਮੈਂ ਸਮਝਦਾ ਹਾਂ ਕਿ ਉਹ ਸੰਸਾਰ ਭਰ ਦਾ ਬਹੁਤ ਕਾਮਯਾਬ ਜਰਨੈਲ ਹੋਇਆ ਹੈ। ਇਕ ਮਾਮੂਲੀ ਗਿਣਤੀ ਨਾਲ ਜਿਸ ਤਰ੍ਹਾਂ-ਅਫ਼ਗ਼ਾਨਿਸਤਾਨ ਜੈਸੇ ਮੁਲਕ ਨੂੰ ਫ਼ਤਹਿ ਕੀਤਾ ਅਤੇ ਫਿਰ ਅਫ਼ਗ਼ਾਨਾਂ ‘ਤੇ ਆਪਣੀ ਜੰਗੀ ਲਿਆਕਤ ਦਾ ਸਿੱਕਾ ਜਮਾਇਆ ਉਹ ਇਸ ਦੀ ਵਡਿਆਈ ਦੀ ਗਵਾਹੀ ਹੈ। ਅਫ਼ਗ਼ਾਨਿਸਤਾਨ ਉਹੀ ਮੁਲਕ ਹੈ ਜਿਸ ਵਿਚ ਤਿੰਨ ਵੇਰਾਂ ਅੰਗਰੇਜ਼ੀ ਫ਼ੌਜਾਂ ਦਾ ਕਤਲੇਆਮ ਹੋਇਆ ਤੇ ਜਿੱਥੋਂ ਅਮਨ ਕਾਇਮ ਰਖਣ ਤੇ ਸਿੱਕਾ/ਤੋਰਾ ਕਾਇਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਵੀ ਬੇ-ਅਸਰ ਸਾਬਤ ਹੁੰਦੀਆਂ ਰਹੀਆਂ ਹਨ, ਹਾਲਾਂਕਿ ਬਰਤਾਨਵੀ ਫ਼ੌਜਾਂ ਤੇ ਬਰਤਾਨਵੀ ਖ਼ਜ਼ਾਨਾ ਇਤਨਾ ਸੀ ਕਿ ਜੇ ਉਹ ਹਰੀ ਸਿੰਘ ਦੇ ਪਾਸ ਹੁੰਦਾ ਤਾਂ ਸ਼ਾਇਦ ਉਹ ਕੁਝ ਮਹੀਨਿਆਂ ਵਿਚ ਸਾਰੇ ਏਸ਼ੀਆ ਤੇ ਯੂਰਪ ਨੂੰ ਮੱਲ ਧਰਦਾ। ਕਈ ਅਨਜਾਣ ਸੱਜਣ ਇਸ ਦੀਆਂ ਜਿੱਤਾਂ ਤੇ ਕਾਮਯਾਬੀਆਂ ਨੂੰ ਜ਼ੁਲਮ ਤੇ ਜਬਰ ਦਾ ਨਾਮ ਦੇਣਗੇ ਅਤੇ ਇਸ ਦੀ ਜਿੱਤ ਨੂੰ ਜ਼ੁਲਮ ਦਾ ਸਿੱਟਾ ਦੱਸਣਗੇ, ਪਰ ਦੁਨੀਆ ਜਾਣਦੀ ਹੈ ਕਿ ਇਸ ਨੇ ਕਿਸ ਤਰ੍ਹਾਂ ਫ਼ਤਹਿ ਪਾਈ। ਮਜਮੂਈ ਤੌਰ ‘ਤੇ ਸਿੱਖ ਕੌਮ ਨੂੰ ਆਪਣੇ ਵਤਨ ਪੰਜਾਬ ਤੋਂ ਬਿਨਾਂ ਆਪਣੀਆਂ ਜਿੱਤਾਂ ਨੂੰ ਅਗਾਂਹ ਵਧਾਉਣ ਦਾ ਸ਼ੌਕ ਨਹੀਂ ਸੀ, ਉਹ ਜਿੱਤਾਂ ਦੇ ਖ਼ਾਹਿਸ਼ਮੰਦ ਨਹੀਂ ਸਨ, ਮੈਂ ਦਾਅਵੇ ਨਾਲ ਆਖਦਾ ਹਾਂ ਕਿ ਜੇ ਉਹ ਚਾਹੁੰਦੇ ਤਾਂ ਏਸ਼ੀਆ ਨੂੰ ਫ਼ਤਹਿ ਕਰ ਸਕਦੇ ਸਨ। ਇਨ੍ਹਾਂ ਦੀ ਜੱਥੇਬੰਦੀ ਕੋਈ ਮਾਮੂਲੀ ਤਾਕਤ ਨਹੀਂ ਸੀ। ਮਹਾ ਯੁੱਧ ਨੇ ਸੰਸਾਰ ‘ਤੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਦੁਨੀਆ ਦੀ ਇਕ ਅਦੁੱਤੀ ਬਹਾਦਰ ਕੌਮ ਹੈ। ਇਸ ਕੌਮ ਵਿਚ ਬਹਾਦਰੀ ਦੇ ਗੁਣ ਭਾਵੇਂ ਇਸ ਦੇ ਮਜ੍ਹਬ ਨੇ ਹੀ ਪੈਦਾ ਕਰ ਦਿੱਤੇ ਸਨ, ਪਰ ਵਰਤਮਾਨ ਜੱਥੇਬੰਦੀ (ਸਰਦਾਰ) ਹਰੀ ਸਿੰਘ ਨਲੂਆ ਦਾ ਹੀ ਕੰਮ ਹੈ। ਭਾਵੇਂ ਸਰਦਾਰ ਹਰੀ ਸਿੰਘ ਨਲੂਏ ਨੂੰ ਮਹਾ ਯੁੱਧ ਤੇ ਵਾਟਰਲੋ ਦੀ ਜੰਗ ਜੈਸੀਆਂ ਲੜਾਈਆਂ ਵਿਚ ਹਿੱਸਾ ਲੈਣ ਦਾ ਮੌਕਿਆ ਨਹੀਂ ਮਿਲਿਆ, ਪਰ ਇਸ ਦੀਆਂ ਆਰੰਭਕ ਜਿੱਤਾਂ ਤੇ ਇਸ ਦੇ ਜੰਗੀ ਢੰਗ ਨਾਲ ਆਪਣੀ ਮਿਸਾਲ ਆਪ ਹੀ ਸਨ। ਜਿਹੜੇ ਲੋਕ ਖਾਲਸਾ ਕੌਮ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਨਹੀਂ ਜਾਣਦੇ ਉਹ ਇਸ ਕੌਮ ਦੀ ਉੱਨਤੀ ਦੇ ਸਮਾਚਾਰ ਪੜ੍ਹ ਕੇ ਸਿੱਟਾ ਕੱਢਣਗੇ ਕਿ ਇਹ ਖ਼ਾਸ ਜੱਥੇਬੰਦੀ ਤੇ ਉਸ ਇਨਸਾਨੀ ਤਾਕਤ ਦੀਆਂ ਸਰਗਰਮੀਆਂ ਦਾ ਨਤੀਜਾ ਹੈ।
Credit – ਡਾ. ਰਤਨ ਸਿੰਘ ਜੱਗੀ