(ੳ) ਫਾਗ
ਹਰਿਆਣੇ ਦੇ ਇਲਾਕੇ ਵਿਚ ‘ਫਾਗ’ ਇਕ ਮਸ਼ਹੂਰ ਤਿਉਹਾਰ ਹੈ ਜਿਸ ਨੂੰ ਲਗਭਗ ਇਕ ਮਹੀਨਾ ਭਰ ਨਾਚ ਗਾਣੇ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਪੰਜਾਬੀ ਵਿਚ ਹੋਲੀ ਆਖਦੇ ਹਨ ਪਰ ਹਰਿਆਣਵੀ ਭਾਸ਼ਾ ਵਿਚ ਇਹ ‘ਧੁਲਹੰਡੀ’ ਦੇ ਨਾਂ ਤੇ ਵੀ ਮਸ਼ਹੂਰ ਹੈ ਕਿਉਂਕਿ ਇਸ ਮੌਸਮ ਵਿਚ ਬੜੀ ਹਵਾ ਚਲਦੀ ਹੈ ਅਤੇ ਬੜੀ ਧੂੜ ਉੱਡਦੀ ਹੈ। ਇਸ ਮੌਸਮ ਵਿਚ ਬ੍ਰਿਛਾਂ ਦੇ ਪੱਤੇ ਝੜ ਜਾਣ ਪਿੱਛੋਂ ਕੌਂਪਲਾਂ ਮੁੜ ਫੁੱਟ ਪੈਂਦੀਆਂ ਹਨ ਅਤੇ ਇਕ ਨਵਾਂ ਜੀਵਨ ਆਰੰਭ ਹੁੰਦਾ ਹੈ। ਇਸ ਨਵੇਂ ਜੀਵਨ ਨੂੰ ਹਰਿਆਣੇ ਦੇ ਲੋਕ-ਨਾਚ ਗਾਣੇ ਨਾਲ ਸ਼ੁਰੂ ਕਰਦੇ ਹਨ। ਹਰ ਇਕ ਪਿੰਡ ਵਿਚ ਤੀਵੀਂਆਂ ਰਾਤ ਨੂੰ ਆਪਣਾ ਸਾਰਾ ਕੰਮ ਕਾਜ ਮੁਕਾਣ ਪਿੱਛੋਂ ਪਿੰਡ ਦੀ ਖੁੱਲ੍ਹੀ ਥਾਂ ਉੱਤੇ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਗਈ ਰਾਤ ਤਕ ਨਾਚ ਗਾਣੇ ਵਿਚ ਮਸਤ ਰਹਿੰਦੀਆ ਹਨ । ਪਿੰਡ ਦੀਆਂ ਸਭ ਤੀਵੀਂਆਂ ਦਾ ਰਲ ਕੇ ਇਕ ਸੁਰ ਵਿਚ ਗਾਇਆ ਜਾ ਰਿਹਾ ਗਾਣਾ ਪਿੰਡ ਵਿਚ ਦੂਰ ਦੂਰ ਤਕ ਸੁਣਾਈ ਦਿੰਦਾ ਹੈ ਅਤੇ ਇਵੇਂ ਲਗਦਾ ਹੈ ਜਿਵੇਂ ਸਾਰੀ ਕੁਦਰਤ ਇਕ ਸੁਰ ਵਿਚ ਨਵੇਂ ਜੀਵਨ ਨੂੰ ਜੀ-ਆਇਆਂ ਆਖ ਰਹੀ ਹੈ।
ਨੱਚਣ ਸਮੇਂ ਤੀਵੀਂਆਂ ਇਕ ਘੇਰੇ ਵਿਚ ਬਹਿ ਜਾਂਦੀਆਂ ਹਨ। ਇਨ੍ਹਾਂ ਵਿਚੋਂ ਕੋਈ ਇਕ ਢੋਲਕੀ ਜਾਂ ਘੜਾ ਵਜਾਉਂਦੀ ਹੈ । ਘੜੇ ਦੇ ਮੂੰਹ ਉੱਤੇ ਰਬੜ ਦੇ ਟੁਕੜੇ ਨੂੰ ਖਿੱਚ ਕੇ ਬੰਨ੍ਹ ਲਿਆ ਜਾਂਦਾ ਹੈ । ‘ਇਕ ਹੱਥ ਘੜੇ ਦੇ ਮੂੰਹ ਉੱਤੇ ਬੰਨ੍ਹੇ ਰਬੜ ਉੱਤੇ ਮਾਰ ਕੇ ਆਵਾਜ਼ ਕੱਢੀ ਜਾਦੀ ਹੈ ਅਤੇ ਦੂਜੀ ਆਵਾਜ਼ ਘੜੇ ਦੇ ਪਾਸੇ ਉੱਤੇ ਛਾਪਾਂ ਵਾਲੀਆਂ ਉਂਗਲੀਆਂ ਮਾਰ ਕੇ ਕੱਢੀ ਜਾਂਦੀ ਹੈ। ਇਸੇ ਤਾਲ ਤੇ ਗਾਣਾ ਹੁੰਦਾ ਹੈ ਅਤੇ ਮਨਚਲੀਆਂ ਤੀਵੀਂਆਂ ਉੱਠ ਕੇ ਦੋ ਦੋ ਦੀਆਂ ਜੋੜੀਆਂ ਵਿਚ ਨੱਚਦੀਆਂ ਰਹਿੰਦੀਆਂ ਹਨ। ਕਦੇ ਕਦੇ ਚਾਰ ਚਾਰ ਵੀ ਨੱਚਣ ਲਗ ਜਾਂਦੀਆਂ ਹਨ। ਨੱਚਣ ਸਮੇਂ ਪੈਰਾਂ ਦੀ ਧਮਕ ਅਤੇ ਬਾਹਾਂ ਦਾ ਉਲਾਰ ਹੀ ਹੁੰਦਾ ਹੈ। ਭਾਵੇਂ ਵੇਖਣ ਵਾਲੀਆਂ ਕੇਵਲ ਤੀਵੀਂਆਂ ਹੀ ਹੁੰਦੀਆਂ ਹਨ ਪਰ ਫਿਰ ਵੀ ਘੁੰਡ ਕੱਢ ਕੇ ਨੱਚਣ ਦਾ ਰਿਵਾਜ ਆਮ ਹੈ।
ਇਨ੍ਹਾਂ ਦਾ ਪਹਿਰਾਵਾ ਬੜੀ ਮੋਟੀ ਕਿਸਮ ਦਾ ਹੈ। ਸਿਰ ਉੱਤੇ ਮੋਟੇ ਕਪੜੇ ਦਾ ਲੁਗੜਾ ਜਿਹੜਾ ਲਾਲ, ਨੀਲੇ, ਪੀਲੇ ਅਤੇ ਹੋਰ ਰੰਗਾਂ ਨਾਲ ਛਾਪਿਆ ਹੋਇਆ ਹੁੰਦਾ ਹੈ, ਗਲ ਵਿਚ ਲੰਮੀ ਕਮੀਜ਼ 3 ਜਾਂ ਅੰਗੀਆਂ ਅਤੇ ਤੋੜ ਭਾਰੀ ਘੱਗਰਾ ਹੁੰਦਾ ਹੈ । ਗਹਿਣੇ ਵੀ ਬੜੇ ਮੋਟੇ ਅਤੇ ਆਮ ਤੌਰ ਤੇ ਚਾਂਦੀ ਦੇ ਹੁੰਦੇ ਹਨ। ਇਉਂ ਲਗਦਾ ਹੈ ਕਿ ਇਨ੍ਹਾਂ ਸਿਹਤ ਵਾਲੀਆਂ ਅਤੇ ਤਕੜੀਆਂ ਤੀਵੀਂਆਂ ਨੂੰ ਕਿਸੇ ਨਾਜ਼ੁਕ ਚੀਜ਼ ਨਾਲ ਕੋਈ ਲਗਾਉ ਹੀ ਨਹੀਂ ਹੁੰਦਾ। ਇਨ੍ਹਾਂ ਦਾ ਇਹੀ ਸੁਭਾਅ ਇਨ੍ਹਾਂ ਦੇ ਲੋਕ-ਨਾਚਾਂ ਵਿਚ ਵੀ ਸਾਫ ਪ੍ਰਗਟ ਹੁੰਦਾ ਹੈ। ਇਹ ਨੱਚਦੇ ਸਮੇਂ ਸਿੱਧੀਆਂ ਸਾਦੀਆਂ ਤੇ ਸਪਸ਼ਟ ਹਰਕਤਾਂ ਕਰਦੀਆਂ ਹਨ। ਕਦੇ ਕਦੇ ਤਾੜੀ ਮਾਰ ਕੇ ਵੀ ਨੱਚਦੀਆਂ ਹਨ। ਇਸ ਨਾਚ ਸਮੇਂ ਗਾਉਣ ਵਾਲਾ ਇਕ ਆਮ ਗੀਤ ਇਉਂ ਹੈ :-
ਹੋਲੀ ਖੇਲਨ ਆਇਆ ਰੀ ਨਵਾਬ,
ਕਹੀਉ ਰੀ ਮੁਲਰੇਟਣ ਨੈ ।
ਕਾਲੀ ਰੀ ਮੁਲਰੇਟਣ ਡਾਂਡਯਾਰੀ ਆਲੀ,
ਮੁਰਕੀ ਆਲਾ ਰੀ ਨਵਾਬ, ਕਹੀਉ ਰੀ ਮੁਲਰੇਟਣ ਨੈ ।
ਹੋਲੀ ਭੀ ਖੇਲੇ ਡਫ ਭੀ ਬਜਾਵੇ,
ਭਰ ਭਰ ਮਾਰੈ ਰੀ ਗੁਲੇਲ, ਕਹੀਉ ਰੀ ਮੁਲਰੇਟਣ ਨੈ
ਹੋਲੀ ਖੇਲਨ ਆਇਆ ਰੀ ਨਵਾਬ
ਕਹੀਉ ਰੀ ਮੁਲਰੇਟਣ ਨੈ ।
ਮਰਦ ਵੀ ਇਨ੍ਹਾਂ ਦਿਨਾਂ ਵਿਚ ਨੱਚਦੇ ਤੇ ਗਾਉਂਦੇ ਹਨ । ਇਨ੍ਹਾਂ ਦਾ ਅਖਾੜਾ ਤੀਵੀਂਆਂ ਦੇ ਅਖਾੜੇ ਤੋਂ ਦੂਰ ਵੱਖਰਾ ਲਗਦਾ ਹੈ। ਇਨ੍ਹਾਂ ਦਾ ਸਭ ਤੋਂ ਮਸ਼ਹੂਰ ਅਤੇ ਪ੍ਰਚੱਲਿਤ ਸਾਜ਼ ‘ਚੁੰਗ’ ਹੈ। ਜਿਸ ਨੂੰ ‘ਡੱਫ’ ਜਾਂ ‘ਡੱਫਲਾ’ ਵੀ ਆਖਦੇ ਹਨ। ਇਕ ਤਿੰਨ ਜਾਂ ਚਾਰ ਇੰਚ ਚੌੜੀ ਫੱਟੀ ਨੂੰ ਡੇਢ ਜਾਂ ਦੋ ਫੁੱਟ ਦੇ ਕੁਤਰ ਉੱਤੇ ਗੋਲ ਕਰ ਕੇ ਚਮੜਾ ਮੜ੍ਹਿਆ ਹੁੰਦਾ ਹੈ। ਇਸ ਦੀ ਆਵਾਜ਼ ਕੁਝ ਆਪਣੇ ਢੰਗ ਦੀ ਹੀ ਹੁੰਦੀ ਹੈ। ਇਕ ਹੱਥ ਚਮੜੇ ਤੇ ਮਾਰ ਕੇ ਆਵਾਜ਼ ਕੱਢਦੇ ਹਨ ਅਤੇ ਦੂਜੇ ਹੱਥ ਦੀ ਉਂਗਲ ਨਾਲ, ਜਿਸ ਵਿਚ ਇਹ ਫੜਿਆ ਹੁੰਦਾ ਹੈ, ਟਕ ਟਕ ਦੀ ਆਵਾਜ਼ ਕੱਢਦੇ ਹਨ। ਇਸ ਸਾਜ਼ ਦੇ ਨਾਲ ਢੋਲਕ, ਸਾਰੰਗੀ, ਮਜੀਰੇ, ਖੜਤਾਲ, ਦੋਤਾਰਾ ਅਤੇ ਚਿਮਟਾ ਆਦਿ ਵੀ ਵਜਾਏ ਜਾਂਦੇ ਹਨ। ਮਰਦਾਂ ਦਾ ਨਾਚ ਵੀ ਬਿਲਕੁਲ ਸਿੱਧਾ ਸਾਦਾ ਹੁੰਦਾ ਹੈ। ਉਹ ਆਪਣੇ ਪੈਰਾਂ ਨਾਲ ਵਾਰੋ ਵਾਰੀ ਧਮਕ ਦੇ ਕੇ ਨਾਚ ਕਰਦੇ ਹਨ। ਕਦੇ ਕਦੇ ਇਹ ਦੋਵੇਂ ਪੈਰ ਅੱਗੇ ਕਰ ਕੇ ਸਰੀਰ ਨੂੰ ਰਤਾ ਪਿੱਛੇ ਵੱਲ ਝੁਕਾ ਲੈਂਦੇ ਹਨ। ਸੱਜਾ ਪੈਰ ਜ਼ਮੀਨ ਉੱਤੇ ਟਿਕਿਆ ਹੁੰਦਾ ਹੈ ਅਤੇ ਖੱਬਾ ਪੈਰ ਇਸ ਤੋਂ ਰਤਾ ਅੱਗੇ ਅੱਡੀ ਦੇ ਭਾਰ ਜ਼ਮੀਨ ਉੱਤੇ ਹੁੰਦਾ ਹੈ । ਫੇਰ ਤਾਲ ਸਿਰ ਸੱਜੇ ਪੈਰ ਦੇ ਹੁਲਾਰੇ ਨਾਲ ਸਰੀਰ ਨੂੰ ਹੁਲਾਰਾਂ ਦੇ ਕੇ ਖੱਬੇ ਪੈਰ ਦੀ ਅੱਡੀ ਟਿਕਾ ਕੇ ਨੱਚਦੇ ਹੋਏ ਅੱਗੇ ਵਧਦੇ ਹਨ। ਇਵੇਂ ਨਾਚ ਕਰਦੇ ਹੋਏ ਆਮ ਤੌਰ ਤੇ ਹੱਥ ਢਾਕ ਉੱਤੇ ਰੱਖੇ ਹੁੰਦੇ ਹਨ। ਨੱਚਣ ਦਾ ਇਹ ਢੰਗ ਪੰਜਾਬ ਵਿਚ ਕੇਵਲ ਹਰਿਆਣੇ ਦੇ ਲੋਕਾਂ ਵਿਚ ਹੀ ਹੈ।
ਫਾਗ ਦੇ ਆਖ਼ਰੀ ਦਿਨ ਇਹ ਲੋਕ ਮਸਤ ਹੋਏ ਆਮ ਬਜ਼ਾਰਾਂ ਅਤੇ ਗਲੀਆਂ ਵਿਚ ਦਿਨ ਨੂੰ ਨੱਚਦੇ ਫਿਰਦੇ ਹਨ। ਕਈ ਵਾਰੀ ਇਕ ਮਰਦ ਤੀਵੀਂ ਦਾ ਸੁਆਂਗ ਧਾਰ ਕੇ ਨੱਚਦੇ ਹੋਏ ਲੋਕਾਂ ਵਿਚ ਸ਼ਾਮਲ ਹੋ ਜਾਂਦਾ ਹੈ । ਇਸ ਨਾਚ ਵਿਚ ਬੱਚੇ, ਜਵਾਨ ਅਤੇ ਬੁੱਢੇ ਸਾਰੇ ਰਲ ਕੇ ਨੱਚਦੇ ਹਨ, ਜਿਵੇਂ ਕਿ ਉਹ ਆਪਣੀ ਉਮਰ ਦੇ ਵਖੇਵੇਂ ਨੂੰ ਭੁੱਲ ਗਏ ਹੋਣ।
(ਅ) ਤੀਜ
ਤੀਆਂ ਜਾਂ ਸਾਂਵਿਆਂ ਵਾਲੇ ਦਿਨਾਂ ਵਿਚ ਹਰਿਆਣੇ ਦੇ ਇਲਾਕੇ ਵਿਚ ‘ਤੀਜ’ ਮਨਾਈ ਜਾਂਦੀ ਹੈ ਪਰ ਤੀਜ ਵਿਚ ਨਾਚ ਦਾ ਅੰਗ ਥੋੜ੍ਹਾ ਹੁੰਦਾ ਹੈ ਅਤੇ ਗਾਣ ਅਤੇ ਪੀਂਘ ਝੂਟਣ ਦਾ ਬਹੁਤਾ ਹੁੰਦਾ ਹੈ। ਨਾਚ ਦੀ ਤਕਨੀਕ ਗਿੱਧੇ ਨਾਲ ਮਿਲਦੀ ਹੈ।
ਲੋਕ-ਨਾਚਾਂ ਦੀ ਸੁਰਜੀਤੀ
ਅਸੀਂ ਪੱਛਮੀ ਸਭਿਅਤਾ ਦੇ ਅਸਰ ਹੇਠਾਂ ਆਪਣੀ ਅਸਲੀ ਸਭਿਅਤਾ ਵਲੋਂ ਅਣਗਹਿਲੀ ਕਰ ਰਹੇ ਹਾਂ। ਇਸੇ ਕਾਰਨ ਸਾਡੇ ਲੋਕ-ਨਾਚ ਸਾਡੇ ਲੋਕਾਂ ਕੋਲੋਂ ਵਿੱਛੜਦੇ ਜਾ ਰਹੇ ਸਨ। ਸ਼ਹਿਰੀ ਜੀਵਨ ਵਿਚੋਂ ਤਾਂ ਇਨ੍ਹਾਂ ਦਾ ਨਾਂ ਤਕ ਉੱਡ ਚੁੱਕਾ ਸੀ। ਪਰ 1947 ਵਿਚ ਭਾਰਤ ਆਜ਼ਾਦ ਹੋਇਆ ਤਾਂ ਲੋਕਾਂ ਨੇ ਵੀ ਆਪਣੀ ਸਭਿਅਤਾ ਵੱਲ ਧਿਆਨ ਦੇਣਾ ਸ਼ੁਰੂ ਕੀਤਾ।
1950 ਵਿਚ ਜਦੋਂ ਭਾਰਤ ਨੇ ਆਪਣਾ ਸੰਵਿਧਾਨ ਬਣਾ ਕੇ 26 ਜਨਵਰੀ ਨੂੰ ਲਾਗੂ ਕੀਤਾ ਤਾਂ ਇਹ ਭਾਰਤ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਦਿਨ ਸੀ। ਦੋ ਸਾਲ ਤਕ ਇਹ ਦਿਨ ਮਨਾਉਣ ਤੇ ਲੋਕਾਂ ਦੇ ਪ੍ਰਤੀਨਿਧਾਂ ਨੇ ਮਹਿਸੂਸ ਕੀਤਾ ਕਿ ਗਣਤੰਤਰ-ਦਿਵਸ ਸਹੀ ਅਰਥਾਂ ਵਿਚ ਉਦੋਂ ਹੀ ਮਨਾਇਆ ਜਾ ਸਕਦਾ ਹੈ ਜਦੋਂ ਕਿ ਇਹ ਆਮ ਜਨਤਾ ਦੀ ਖੁਸ਼ੀ ਦਾ ਕਾਰਨ ਬਣੇ। ਉਨ੍ਹਾਂ ਨੇ ਫੈਸਲਾ ਕੀਤਾ ਕਿ ਇਹ ਦਿਨ ਕਲਾਸੀਕਲ ਨਾਚ` ਤੇ ਗਾਣਿਆਂ ਦੀ ਥਾਂ ਲੋਕ-ਨਾਚਾਂ ਅਤੇ ਲੋਕ-ਗੀਤਾਂ ਨਾਲ ਮਨਾਇਆ ਜਾਏ । ਇਸ ਫੈਸਲੇ ਅਨੁਸਾਰ ਪਹਿਲਾ ‘ਲੋਕ-ਨਾਚ ਮੇਲਾ’ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ 27 ਅਤੇ 28 ਜਨਵਰੀ 1953 ਨੂੰ ਹੋਇਆ ।
ਇਸ ਇਕ ਮੇਲੇ ਨੇ ਲੋਕਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ । ਲੋਕਾਂ ਨੂੰ ਆਪਣੇਂ ਲੋਕ-ਨਾਚ ਪਿਆਰੇ ਅਤੇ ਦਿਲ-ਖਿੱਚਵੇਂ ਲੱਗਣ ਲੱਗ ਪਏ ਹਨ। ਲੋਕਾਂ ਨੂੰ ਇਨ੍ਹਾਂ ਲੋਕ-ਨਾਚਾਂ ਦੀਆਂ ਖੂਬੀਆਂ ਦਾ ਪਤਾ ਲੱਗ ਗਿਆ ਹੈ ਅਤੇ ਇਹ ਲੋਕ-ਨਾਚ ਵਿਸਰੀ ਹੋਈ ਦੁਨੀਆ ‘ਚੋਂ ਨਿਕਲ ਮੁੜ ਉਜਾਗਰ ਹੋ ਗਏ ਹਨ; ਉਜਾਗਰ ਵੀ ਇੰਨੇ ਹੋਏ ਕਿ ਫਿਲਮਾਂ ਵਾਲੇ ਵੀ ਇਨ੍ਹਾਂ ਲੋਕ-ਨਾਚਾਂ ਨੂੰ ਦਰਸਾਉਣ ਲਈ ਵੱਖੋ ਵੱਖ ਇਲਾਕਿਆਂ ਦੀ ਜਨਤਾ ਦੇ ਕਲਾਕਾਰਾਂ ਕੋਲ ਪਹੁੰਚ ਰਹੇ ਹਨ। ਭੰਗੜੇ ਨੂੰ ਪਹਿਲੀ ਵਾਰ ਫਿਲਮ ‘ਨਯਾ ਦੌਰ’ ਵਿਚ ਫ਼ਿਲਮਾਇਆ ਗਿਆ ਅਤੇ ਫਿਰ ਇਹ ਭੰਗੜਾ ‘ਮਿਰਜ਼ਾ ਸਾਹਿਬਾਂ`, ਹਾਵੜਾ ਬ੍ਰਿਜ’ ਅਤੇ ‘ਤਕਦੀਰ ਆਦਿ ਫਿਲਮਾਂ ਵਿਚ ਆਇਆ। ਕਾਲਜਾਂ ਅਤੇ ਸਕੂਲਾਂ ਦੀ ਸਟੇਜ ਉੱਤੇ ਵੀ ਇਸ ਨੂੰ ਬੜਾ ਮਾਣ ਮਿਲਿਆ ।
ਕਿਸੇ ਦੇਸ਼ ਦੀ ਖੁਸ਼ਹਾਲੀ ਅਸਲ ਵਿਚ ਉਸ ਦੀ ਲੋਕ-ਕਲਾ ਤੋਂ ਹੀ ਪਰਖੀ ਜਾਂਦੀ ਹੈ।
ਲੋਕ ਕਲਾ ਦਾ ਪ੍ਰਫੁੱਲਿਤ ਹੋਣਾ ਲੋਕਾਂ ਦੇ ਖੁਸ਼ ਹੋਣ ਦੀ ਨਿਸ਼ਾਨੀ ਹੈ। ਲੋਕ-ਰਾਜ ਵੀ ਸਹੀ ਅਰਥਾਂ ਵਿਚ ਲੋਕ-ਰਾਜ ਤਦੇ ਹੀ ਹੋ ਸਕਦਾ ਹੈ ਜੇ ਆਮ ਲੋਕਾਂ ਦੀ ਖੁਸ਼ੀ ਦੇ ਸਾਧਨਾਂ ਵਿਚ ਵਾਧਾ ਹੋਵੇ । ਸਾਡਾ ਦੇਸ਼ ਹੁਣ ਆਜ਼ਾਦ ਹੈ। ਇਸ ਦੀ ਰਾਜ ਬਣਤਰ ਲੋਕ-ਰਾਜ ਦੇ ਨਿਯਮਾਂ ਉੱਤੇ ਬਣਾਈ ਗਈ ਹੈ। ਹੁਣ ਅਸਾਂ ਲੋਕਾਂ ਨੇ ਹੀ ਇਸ ਨੂੰ ਇਕ ਨਚਦਾ ਅਤੇ ਗਾਉਂਦਾ ਖੁਸ਼ਹਾਲ ਦੇਸ਼ ਬਣਾਉਣਾ ਹੈ।