ਦੋ ਸ਼ਬਦ
ਸਿੱਖ ਧਰਮ ਦਾ ਉਦਭਵ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਨਾਲ ਹੋਇਆ। ਇਹ ਅਵਤਰਣ ਮਨੁੱਖ-ਮਾਤਰ ਦੇ ਕਲਿਆਣ ਲਈ ਸੀ। ਉਸ ਸਮੇਂ ਸੰਸਾਰ ਵਿਚ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤੌਰ ‘ਤੇ ਅਰਾਜਕਤਾ ਵਾਲਾ ਮਾਹੌਲ ਬਣਿਆ ਹੋਇਆ ਸੀ। ਵੱਖ-ਵੱਖ ਧਰਮਾਂ ਦੇ ਆਗੂ ਤੇ ਅਨੁਆਈ ਆਪੋ ਵਿਚ ਖਹਿ-ਖਹਿ ਮਰਦੇ ਪਏ ਸਨ। ‘ਰਾਜੇ ਸੀਹ ਮੁਕਦਮ ਕੁਤੇ’ ਬਣ ਕੇ ਜਨਤਾ ਨਾਲ ਅਨਿਆਂ ਕਰ ਰਹੇ ਸਨ। ਕੁਲੀਨ ਤੇ ਨਿਮਨ ਦੇ ਨਾਂ ਹੇਠ ਬਣੀਆਂ ਜਾਤਾਂ-ਪਾਤਾਂ ਨੇ ਸਮਾਜਿਕ ਤਾਣਾ ਉਲਝਾ ਦਿੱਤਾ ਸੀ। ਹਾਕਮਾਂ, ਜਗੀਰਦਾਰਾਂ ਤੇ ਹਮਲਾਵਰਾਂ ਦੁਆਰਾ ਆਰਥਿਕ ਲੁੱਟ-ਖਸੁੱਟ ਕੀਤੀ ਜਾ ਰਹੀ ਸੀ। ਸ੍ਰੀ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਨਵਾਂ ਮਾਰਗ ਦਿਖਾਇਆ। ਇਸ ਧਰਮ ਦੀ ਵੱਡੀ ਵਡਿਆਈ ਇਹ ਸੀ ਕਿ ਜਿਥੇ ਇਹ ਸੰਗਤੀ ਰੂਪ ਵਿਚ ਕਿਰਤੀਆਂ ਦਾ ਪੰਥ ਸੀ ਉਥੇ ਕਿਰਤੀਆਂ ਨੂੰ ਨਾਮ ਬਾਣੀ ਰਾਹੀਂ ਨਿਰੰਕਾਰ ਨਾਲ ਇਕਮਿਕਤਾ ਹਾਸਲ ਕਰਨ ਲਈ ਗੁਰੂ-ਸ਼ਬਦ ਦਾ ਪ੍ਰਵਾਹ ਵੀ ਦਿੱਤਾ। ਇਸ ਤਰ੍ਹਾਂ ਇਹ ਗੁਰੂ-ਸ਼ਬਦ ਅਤੇ ਸਤਿ- ਸੰਗਤ ਦੇ ਸੁਮੇਲ ਦਾ ਧਰਮ ਸੀ। ਸਮਕਾਲੀ ਅਰਾਜਕਤਾ ਨੂੰ ਖਤਮ ਕਰਨ ਲਈ ਉਪਦੇਸ਼ ਰੂਪ ਵਿਚ ਧੁਰ ਕੀ ਬਾਣੀ ਦਾ ਆਵੇਸ਼ ਹੋਇਆ। ਇਸ ਧੁਰੋਂ ਹੋਏ ਆਵੇਸ਼ ਤੋਂ ਤਾਕਤ (ਬਲੁ ਹੋਆ ਬੰਧਨੁ ਛੁਟੇ) ਲੈ ਕੇ ਇਕ ਲਹਿਰ ਉਠੀ ਜੋ ਇਕ ਪੂਰਨ ਧਰਮ ਬਣ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਨੌਂ ਗੁਰੂ ਸਾਹਿਬਾਨ ਨੇ ਇਸ ਸੰਗਤੀ ਧਰਮ ਦੀ ਪ੍ਰਪੱਕਤਾ ਦੇ ਲਈ ਆਪਣਾ ਯੋਗਦਾਨ ਪਾਇਆ ਜਿਸ ਨਾਲ ਇਕ ਮੁਕੰਮਲ ਧਰਮ ਹੋਂਦ ਵਿਚ ਆਇਆ। ਸਿੱਖ ਧਰਮ ਦੇ ਅਨੁਆਈਆਂ ਨੂੰ ਸਿੱਖ ਪੰਥ, ਖਾਲਸਾ ਪੰਥ, ਗੁਰੂ-ਪੰਥ ਆਦਿ ਵੱਖ-ਵੱਖ ਨਾਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਗੁਰਬਾਣੀ ਦੇ ਪਾਵਨ ਵਾਕ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ’ ਅਨੁਸਾਰ ਨਿਰੰਕਾਰ ਦੀ ਜੋਤਿ ਬਾਣੀ ਰੂਪ ਹੋ ਕੇ ਗੁਰੂ ਸਾਹਿਬਾਨ ਦੀ ਜੁਗਤਿ ਰਾਹੀਂ ਵਰਤਦੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ-ਜੋਤਿ ਸਰੂਪ ਮੰਨ ਕੇ ਗੁਰਿਆਈ ਬਖਸ਼ਿਸ਼ ਕੀਤੀ ਅਤੇ ਜੋਤਿ ਦੀ ਜੁਗਤਿ ਵਰਤਾਉਣ ਲਈ ਗੁਰੂ-ਪੰਥ ਨੂੰ ਆਗਿਆ ਕੀਤੀ। ਇਸ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ-ਪੰਥ ਦਾ ਇਕ ਰੂਪ ਹੋ ਕੇ ਖਾਲਸਾ ਪੰਥ ਦੀ ਅਗਵਾਈ ਕਰਦੇ ਹਨ। ਗੁਰੂ-ਪੰਥ ਦੀ ਚਿਤਵਨਾ ਇਸ ਤਰ੍ਹਾਂ ਕੀਤੀ ਜਾਂਦੀ ਹੈ: ‘ਤਿਆਰ-ਬਰ- ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ-ਪੰਥ ਆਖਦੇ ਹਨ। ਇਸ ਦੀ ਤਿਆਰੀ ਦਸ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਲਾ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।’
ਗੁਰਪੁਰਵਾਸੀ ਗਿਆਨੀ ਸ਼ੇਰ ਸਿੰਘ ਜੀ ਸਿੱਖ-ਪੰਥ ਦੇ ਮਹਾਨ ਵਿਦਵਾਨ ਅਤੇ ਵਿਖਿਆਤਾ ਹੋਏ ਹਨ। ਉਨ੍ਹਾਂ ਧਾਰਮਿਕ ਤੇ ਰਾਜਨੀਤਿਕ ਖੇਤਰ ਵਿਚ ਜੋ ਯੋਗਦਾਨ ਪਾਇਆ ਉਹ ਬਹੁਤ ਸਲਾਹੁਣਯੋਗ ਹੈ। ਉਨ੍ਹਾਂ ਨੇ ਸਿੱਖ ਧਰਮ ਦੇ ਇਤਿਹਾਸ, ਦਰਸ਼ਨ, ਸਾਹਿਤ ਅਤੇ ਵਿਆਖਿਆ ਦੇ ਖੇਤਰ ਵਿਚ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਅਤੇ ਪੰਥ ਪੁਸਤਕ ਵੀ ਉਨ੍ਹਾਂ ਦੀ ਮਹਾਨ ਰਚਨਾ ਹੈ, ਜਿਸ ਵਿਚ ਉਨ੍ਹਾਂ ਸਿੱਖ ਧਰਮ ਦੇ ਵਿਕਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ-ਪੰਥ ਦੇ ਇਤਿਹਾਸ ਅਤੇ ਇਸ ਸੰਬੰਧੀ ਪਈਆਂ ਗੁੰਝਲਾਂ ਤੇ ਸ਼ੰਕਿਆਂ ਦਾ ਧਾਰਮਿਕ ਭਾਵਨਾਵਾਂ ਤੇ ਤਰਕ ਵਿਧੀ ਨਾਲ ਸਮਾਧਾਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਮੁੜ ਛਪਾਈ ਕੀਤੀ ਜਾ ਰਹੀ ਹੈ। ਮੈਂ ਇਹ ਉਮੀਦ ਕਰਦਾ ਹਾਂ ਕਿ ਗਿਆਨੀ ਸ਼ੇਰ ਸਿੰਘ ਦੀ ਇਹ ਪੁਸਤਕ ਸਿੱਖ ਚਿੰਤਕਾਂ, ਜਗਿਆਸੂਆਂ ਅਤੇ ਪ੍ਰਚਾਰਕਾਂ ਲਈ ਮਾਰਗ ਰੁਸ਼ਨਾਏਗੀ।
ਗੁਰੂ ਪੰਥ ਦਾ ਦਾਸ ਅਵਤਾਰ ਸਿੰਘ ਪ੍ਰਧਾਨ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
ਭੂਮਿਕਾ
ਸਿੱਖ ਧਰਮ ਦੇ ਸਿਰਜਣਹਾਰਿਆਂ ਨੇ ਇਸ ਧਰਮ-ਪੰਥ ਦੇ ਸਿੰਘ ਦੁਆਰ ਦੀ ਉਸਾਰੀ ਦੋ ਥੰਮ੍ਹਾਂ ਉੱਤੇ ਕੀਤੀ ਸੀ, ਜਿਨ੍ਹਾਂ ਦੇ ਪਹਿਲੇ ਰੂਪ ਸ਼ਬਦ ਅਤੇ ਸੰਗਤ ਸਨ।
ਵਿਗਸਦਾ ਸ਼ਬਦ ਸਰੂਪ ਪੋਥੀ ਦੇ ਸਰੂਪ ਦਾ ਧਾਰਨੀ ਹੋਇਆ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅੱਗੇ- ‘ਪੋਥੀ ਜ਼ਬਾਨ ਗੁਰੂ ਅੰਗਦ ਜੋਗ ਮਿਲੀ’ (ਪੁਰਾਤਨ ਜਨਮ ਸਾਖੀ) ਦੀ ਪਰੰਪਰਾ ਅਨੁਸਾਰ ਤੀਜੇ ਗੁਰੂ ਜੀ ਸਮੇਂ ਗੋਇੰਦਵਾਲ ਵਾਲੀਆਂ ਅਤੇ ਹੋਰ ਪੋਥੀਆਂ, ਪੰਜਵੇਂ ਗੁਰੂ ਅਰਜਨ ਜੀ ਦੀ ਸੰਪਾਦਨਾ ਦੀ ਅਦੁੱਤੀ ਘਾਲ ਨਾਲ ਆਦਿ- ਬੀੜ ਦੇ ਰੂਪ ਵਿਚ ਸੰਚਿਤ ਹੋਈ। ਇਸ ਸ਼ਬਦ ਸਰੂਪ ਦਾ ਸਤਿਕਾਰ ਗੁਰੂ-ਘਰ ਵਿਚ ਪ੍ਰਮੇਸ਼ਵਰ ਸਾਰਖਾ ਮੰਨਿਆ ਗਿਆ :
ਪੋਥੀ ਪਰਮੇਸਰ ਕਾ ਥਾਨੁ ॥
(ਪੰਨਾ ੧੨੨੬)
ਇਹੋ ਪੋਥੀ ਫਿਰ ਦਮਦਮੇ ਸਾਹਿਬ ਪੂਰਨ ਪ੍ਰਮਾਣੀਕ ਰੂਪ ਦੀ ਧਾਰਨੀ ਹੋਈ ਅਤੇ ਏਸ ਪ੍ਰਮਾਣੀਕ ਸ਼ਬਦ ਸਰੂਪ ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ (ਕੱਤਕ ਸੁਦੀ ਪੰਚਮੀ, ਸੰਮਤ ੧੭੬੫) ਗੁਰਿਆਈ ਦੀ ਪਦ- ਪਦਵੀ ਉੱਤੇ ਆਪ ਅਰੂੜ ਕੀਤਾ, ਜਿਸ ਬਾਰੇ ਹਜ਼ੂਰੀ ਸਿੱਖ ਭਾਈ ਪ੍ਰਹਿਲਾਦ ਸਿੰਘ ਜੀ ਨੇ ਆਪਣੇ ਰਹਿਤਨਾਮੇ ਵਿਚ ਇਹ ਵਾਕ ਲਿਖੇ :
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ।
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ॥੩੦॥
(ਰਹਿਤਨਾਮਾ, ਭਾਈ ਪ੍ਰਹਿਲਾਦ ਸਿੰਘ)
ਦੂਜੇ ਹਜ਼ੂਰੀ ਸਿੱਖ, ਭਾਈ ਨੰਦ ਲਾਲ ਜੀ ਦਾ ਬਚਨ ਹੈ :
ਜੋ ਸਿੱਖ ਗੁਰ ਦਰਸ਼ਨ ਕੀ ਚਾਹਿ।
ਦਰਸ਼ਨ ਕਰੇ ਗ੍ਰੰਥ ਜੀ ਆਹਿ।
ਜੋ ਮਮ ਸਾਥ ਚਹੇ ਕਰ ਬਾਤ।
ਗ੍ਰੰਥ ਜੀ ਪੜੈ ਬਿਚਾਰਹਿ ਸਾਥ॥੧੦॥
ਮੇਰਾ ਰੂਪ ਗ੍ਰੰਥ ਜੀ ਜਾਨ।
ਇਸ ਮੇਂ ਭੇਦ ਨ ਰੰਚਕ ਮਾਨ॥੧੧॥
ਗ੍ਰੰਥ ਸਾਹਿਬ ਜੀ ਗੁਰੂ ਕਰ ਜਾਨੇ
ਆਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਮੰਨੇ।
ਗੋਬਿੰਦ ਗੀਤਾ, ਜਿਸ ਦੀ ਰਚਨਾ ਸੰਮਤ ੧੭੫੫ ਵਿਚ ਅਨੰਦਪੁਰ ਵਿਚ ਹੋਈ ਸੀ, ਜਿਸ ਦੀ ਪ੍ਰਾਚੀਨ ਲਿਖਤੀ ਪ੍ਰਤੀ ਸਾਡੇ ਪਾਸ ਹੈ, ਉਸ ਵਿਚ ਲਿਖਿਆ ਹੈ:
“ਹੇ ਖਾਲਸਾ ਜੀ.
ਇਸੀ ਤਰ੍ਹਾਂ ਹਮਾਰਾ ਭੀ ਗਯਾਰਵਾਂ
ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਨੋ।”
ਹਜ਼ੂਰੀ ਸਿੱਖਾਂ ਦੇ ਰਹਿਤਨਾਮਿਆਂ ਤੋਂ ਉਤਰ ਕੇ ਸਾਡੇ ਦੋ ਪ੍ਰਾਚੀਨ ਇਤਿਹਾਸਕ ਗ੍ਰੰਥਾਂ ਵਿਚ ਸੌ ਸਾਖੀ ਦਾ ਪ੍ਰਸਿੱਧ ਸਥਾਨ ਹੈ, ਇਸ ਪੋਥੀ ਵਿਚ ਗੁਰੂ ਗ੍ਰੰਥ ਜੀ ਦੀ ਗੁਰਿਆਈ ਬਾਰੇ ਇੰਞ ਲਿਖਿਆ ਪ੍ਰਾਪਤ ਹੈ :
ਸਤਿਗੁਰ ਬੋਲਿ ਸੁਨਾਇਓ ਸੁਨਹੁ ਬਿਸੰਭਰ ਰੀਤਿ।
ਬਚ ਵਿਸ਼ਵਾਸੀ ਹੋਵਨਾ ਮੋ ਪਦ ਰਾਖਹੁ ਪ੍ਰੀਤਿ॥੩॥
ਦਸ ਅਵਤਾਰ ਗੁਰ ਏਕ ਸਮ ਕ੍ਯੋਂ ਜਾਨੈਂ ਜੋ ਮੇਰ।
ਇਕ ਦਸਮੇ ਗੁਰ ਗ੍ਰੰਥ ਜੀ ਬਾਣੀ ਸਤਿਗੁਰ ਹੇਰਿ॥੪॥
(ਗੁਰਪ੍ਰਤਾਪ ਸੂਰਯ ਗ੍ਰੰਥ, ਰੁੱਤ ੫ ਅਧਿਆਇ ੧੫. ਸੌ ਸਾਖੀ, ਬਿਸੰਭਰ ਦਾਸ)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਬਾਰੇ ਕਈ ਅਜੇਹੇ ਹਵਾਲਾ ਗ੍ਰੰਥ ਹਨ, ਜਿਨ੍ਹਾਂ ਵਿਚੋਂ ਇਕ ਭਾਈ ਮਨੀ ਸਿੰਘ ਜੀ ਦਾ ‘ਗੁਰਬਿਲਾਸ ਪਾਤਸ਼ਾਹੀ ਦਸਵੀਂ” ਹੈ, ਜਿਸ ਨੂੰ ਉਨ੍ਹਾਂ ਨੇ ਲਿਖਾਇਆ ਤੇ ਕੋਇਰ ਸਿੰਘ ਕਲਾਲ ਨੇ ਲਿਖਿਆ ਸੀ*। ਇਹ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਪਿਛੋਂ ੪੩ ਵਰ੍ਹੇ ਬਾਅਦ ਸੰਮਤ ੧੮੦੮, ਸੰਨ ੧੭੫੧ ਨੂੰ ਲਿਖਿਆ ਗਿਆ ਸੀ, ਇਸ ਵਿਚ ਅੰਤ ਸਮੇਂ ਦਸਮੇਸ਼ ਜੀ ਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦਾ ਵਰਣਨ ਇਸ ਤਰ੍ਹਾਂ ਹੈ:
ਦਸ ਅਵਤਾਰ ਗੁਪਤ ਹੈ ਜਾਂਹਿ।
ਕੁਲ ਨਹਿ ਪ੍ਰਗਟੈਗੀ ਪੁਨਿ ਤਾਹਿ।
ਗੁਰਿਆਈ ਕਾ ਨਹਿ ਅਬ ਕਾਲ।
ਤਿਲਕ ਨ ਦੇਵਹਿਗੇ ਕਿਸ ਭਾਲ ॥੯੬॥
ਸਰਬ ਸੁ ਸੰਗਤਿ ਖਾਲਸ ਮਾਨ।
ਸ੍ਰੀ ਅਸਿਕੇਤੁ ਗੋਦ ਮੈ ਜਾਨ।
ਲੜ ਪਕੜਾਇ ਸ਼ਬਦ ਕਾ ਰੂਪ।
ਜੋ ਮਾਨੋ ਸੋ ਸਿੰਘ ਅਨੂਪ ॥੯੭॥
ਦਰਸਨ ਗੁਰ ਕਾ ਹੈ ਸਵਧਾਨ। ਸ੍ਰੀ ਗ੍ਰੰਥ ਜੀ ਸਾਹਿਬ ਮਾਨ।…
ਤਬ ਪੁਨਿ ਆਪ ਉਠੇ ਸਭ ਸੰਗਾ।
ਪੈਸੇ ਪਾਂਚ ਨਲੀਏਰ ਸੁ ਅੰਗਾ ॥੯੯॥…
ਕਹਾ, ‘ਜੇਇ ਬਚ ਕੀਨਾ ਚਾਹੇ। ਪਾਠ ਕਰੋ ਗੁਰ ਕੋ ਸੁਖ ਪਾਏ ॥੧੦੦॥
ਯਾ ਸਮ ਔਰ ਕੋਈ ਗੁਰ ਨਾਹੀ। ਬਿਨਾ ਕਾਨ ਸਚੁ ਬਾਕ ਭਨਾਹੀ।
(ਗੁਰਬਿਲਾਸ ਪਾਤਸ਼ਾਹੀ ੧੦, ਅਧਿਆਇ ੨੧, ਪੰਨਾ ੨੮੩-੮੪),
ਇਸ ਪਿਛੋਂ ਦੂਜਾ ਪ੍ਰਾਚੀਨ ਗ੍ਰੰਥ ਭਾਈ ਕੇਸਰ ਸਿੰਘ ਛਿੱਬਰ ਲਿਖਤ ਹੈ ਜੋ ਭਾਈ ਮਤੀ ਦਾਸ ਦੇ ਪੋਤਰੇ ਸਨ, ਇਸ ਗ੍ਰੰਥ ਦੀ ਰਚਨਾ ਸੰਮਤ ੧੮੨੬ ਵਿਚ ਹੋਈ।
ਵਾਰਤਾ ਹੈ : ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਜੋਤੀ ਜੋਤਿ ਸਮਾਉਣ ਲੱਗੇ ਤਾਂ ਸਿੰਘਾਂ ਜੋ ਪੁੱਛਿਆ ਤੇ ਗੁਰੂ ਜੀ ਨੇ ਜੋ ਦੱਸਿਆ, ਉਸ ਦਾ ਸੰਖੇਪ, ਲੇਖਕ ਦੇ ਸ਼ਬਦਾਂ ਵਿਚ ਹੀ ਇਸ ਤਰ੍ਹਾਂ ਹੈ :
ਦੋਇ ਜਾਮ ਰੈਨਿ ਗਈ ਤਾਂ ਤਿਆਰੀ ਬਜਾਈ।
ਸਿੱਖਾਂ ਹਥ ਜੋੜਿ ਕਰ ਬੇਨਤੀ ਪੁਛਾਈ।
ਗਰੀਬ ਨਿਵਾਜ਼ ਸਿੱਖ-ਸੰਗਤਿ ਹੈ ਤੇਰੀ,
ਇਸ ਦਾ ਕੀ ਹਵਾਲ?
ਬਚਨ ਕੀਤਾ: ਗ੍ਰੰਥ ਹੈ ਗੁਰੂ, ਲੜ ਪਕੜੇ ਅਕਾਲ ।੬੭੯।
(ਬੰਸਾਵਲੀਨਾਮਾ, ਦਸਵਾਂ ਚਰਨ, ਪੰਨਾ ੧੬੨)
ਹੋਰ ਗੁਰਿਆਈ ਦਾ ਟਿੱਕਾ ਗ੍ਰੰਥ ਸਾਹਿਬ ਨੂੰ ਦੇ ਗਏ।
ਪੂਜਾ ਅਸਥਾਨ ਅੰਮ੍ਰਿਤਸਰ ਜੀ ਭਏ।
ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਗਿਆ।
ਅੱਜ ਪ੍ਰਤੱਖ ਗੁਰੂ ਅਸਾਡਾ ‘ਗ੍ਰੰਥ ਸਾਹਿਬ ਹੈ’ ਸੋਈ ਗਿਆ, ਜੋ ਗ੍ਰੰਥੋਂ ਗਿਆ।੨੬੪।
(ਬੰਸਾਵਲੀਨਾਮਾ, ਚੋਦਵਾਂ ਚਰਨ, ਪੰਨਾ ੨੧੫)
ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਦੇ ਉਲੇਖ ਇਨ੍ਹਾਂ ਗ੍ਰੰਥਾਂ ਦੀਆਂ ਹੀ ਸਮਕਾਲੀ ਹੋਰ ਲਿਖਤਾਂ ਅਤੇ ਪਿਛੋਂ ਦੇ ਇਤਿਹਾਸ ਵਿਚ ਨਿਰੰਤਰ ਮਿਲਦੇ ਹਨ।
ਸਾਰੀ ਸਮੱਗਰੀ ਇਕੱਤਰ ਕੀਤੀ ਜਾਵੇ ਤਾਂ ਇਕ ਗ੍ਰੰਥ ਬਣ ਜਾਂਦਾ ਹੈ। ਸਾਡਾ ਪ੍ਰਯੋਜਨ ਇਹ ਉੱਪਰਲੀਆਂ ਪ੍ਰਾਚੀਨ ਇਤਿਹਾਸਕ ਲਿਖਤਾਂ ਦੇਣ ਨਾਲ ਪੂਰਾ ਹੋ ਜਾਂਦਾ ਹੈ। ਇਨ੍ਹਾਂ ਦੀ ਲੋੜ ਵੀ ਵਧੇਰੇ ਇਸ ਕਰਕੇ ਪਈ ਹੈ ਕਿ ਸਿੱਖਾਂ ਦਾ ਕੁਝ ਭਾਗ ਇਕ ਪਾਸੜ ਸੋਚ ਰੱਖਣ ਕਰਕੇ ਪੰਥ ਨੂੰ ਗ੍ਰੰਥ ਦੀ ਤਾਬਿਆ ਗੁਰੂ ਮੰਨਣ ਦੀ ਥਾਂ ਕੇਵਲ ਪੰਥ ਦੇ ਹੀ ਗੁਰੂ ਮੰਨਣ ਤੋਂ ਪ੍ਰਚਾਰਨ ਦੇ ਖਿਆਲਾਂ ਨੂੰ ਪ੍ਰਚਾਰਦਾ ਰਿਹਾ ਹੈ। ਇਸ ਲਈ ਅਜੇਹੇ ਸੱਜਣਾਂ ਪ੍ਰਤੀ ਪ੍ਰਮਾਣੀਕ ਲਿਖਤਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੀ ਗੱਲ ਪ੍ਰਗਟਾਉਣੀ ਤੇ ਦ੍ਰਿੜਾਉਣੀ ਅਤਿ ਜ਼ਰੂਰੀ ਸਮਝ ਕੇ ਇਹ ਪ੍ਰਾਚੀਨ ਗ੍ਰੰਥਾਂ ਵਿਚੋਂ ਹਵਾਲੇ ਦਿੱਤੇ ਗਏ ਹਨ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ ਅਤਿ ਸ਼ਰਧਾਲੂਆਂ ਵਿਚੋਂ ਇਕ ਭਾਗ ਅਜੇਹੇ ਸਿੱਖਾਂ ਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਣ ਦੀਆਂ ਮਹਾਨਤਾਵਾਂ ਵੀ ਸਵੀਕਾਰ ਕਰਦੇ ਹਨ ਅਤੇ ਸ਼ਰਧਾ ਵੀ ਲੋੜ ਤੋਂ ਵੱਧ ਪ੍ਰਗਟਾਉਂਦੇ ਹਨ ਪਰ, ਗੁਰੂ ਕੇ ਅਜੇਹੇ ਵਾਕਾਂ ਨੂੰ ਜਿਨ੍ਹਾਂ ਵਿੱਚ :
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ…॥ (ਪੰਨਾ ੩੧੭)
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ…॥ (ਪੰਨਾ ੪੪੪)
….ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥ (ਪੰਨਾ ੯੪)
ਆਦਿ ਹੁਕਮਾਂ ਨੂੰ, ਜਿਵੇਂ ਵਾਚਦੇ ਹੀ ਨਹੀਂ।
ਕੋਈ ਵੀ ਇਲਾਹੀ ਧਰਮ ਜੇ ਉਹ ਜੀਵਨ ਵਿਚ ਢਾਲਿਆ ਨਾ ਜਾਣ ਵਾਲਾ ਹੋਵੇ, ਮਹਿਜ਼ ਗ੍ਰੰਥਾਂ ਤਕ ਸੀਮਤ ਹੋਵੇ ਤਾਂ ਉਹ ਜਿਉਂਦੇ ਮਨੁੱਖਾਂ ਦੀ ਧਰਤੀ ਉੱਤੇ ਕਿਵੇਂ ਚੱਲ ਸਕਦਾ ਹੈ? ਉੱਚੇ ਗਿਆਨ ਦੀਆਂ ਸਿਖਿਆਵਾਂ, ਕਦਰਾਂ ਤੇ ਕੀਮਤਾਂ ਸਭਨਾਂ ਧਰਮਾਂ ਦੀਆਂ ਸਮਾਨ ਹੀ ਹੋਇਆ ਕਰਦੀਆਂ ਹਨ। ਕਿਸੇ ਧਰਮ ਦੇ ਗੁਣਾਂ ਦੇ ਅਤਿ ਉੱਚੇ ਹੋਣ ਦੇ ਪ੍ਰਮਾਣ ਉਸ ਦੇ ਮੰਨਣ ਵਾਲੇ ਹੀ ਪੇਸ਼ ਕਰਦੇ ਰਹੇ ਹਨ। ਜੇ ਉੱਚ ਕਦਰਾਂ-ਕੀਮਤਾਂ ਰਸ ਤੇ ਰਹੱਸ ਮਨੁੱਖੀ-ਜ਼ਿੰਦਗੀ ਵਿੱਚ ਧਾਰਨ ਨਾ ਕਰਾਏ ਜਾਣ ਤਾਂ ਉਹ ਸਿੱਖਿਆ ਨਾ ਮਨੁੱਖੀ-ਜੀਵਨ ਦਾ ਭਾਗ ਬਣਿਆ ਕਰਦੀ ਹੈ, ਨਾ ਹੀ ਜੀਵਨਧਾਰਾ ਦਾ ਵਗਦਾ ਪ੍ਰਵਾਹ ਬਣ ਸਕਦੀ ਹੈ। ਬੁੱਧ ਦੇ ਸੁੰਦਰ ਬਚਨ ਅਤੇ ਉਪਦੇਸ਼ ਬਹੁਤ ਸਾਰੇ ਸੋਨੇ ਚਾਂਦੀ ਉੱਤੇ ਲਿਖੇ ਹੋਏ ਕਈ ਸਤੂਪਾਂ ਵਿਚ ਗੱਡੇ ਪਏ ਦੱਸੇ ਜਾਂਦੇ ਹਨ, ਸ਼ਿਲਾ-ਲੇਖ ਤੇ ਸਤੰਭ ਲੇਖ ਵੀ ਉਨ੍ਹਾਂ ਦੇ ਅਨੇਕਾਂ ਮਿਲਦੇ ਹਨ ਪਰ ਕੁਝ ਸਮਾਂ ਪਹਿਲਾਂ ਤੱਕ ਉਸ ਬੁੱਧ ਧਰਮ ਦੇ ਧਾਰਨੀ ਮਨੁੱਖ ਭਾਰਤ ਵਿਚ ਨਹੀਂ ਰਹੇ ਸਨ।
ਪਹਿਲਾਂ ਤਾਂ ਕੋਈ ਭਾਰਤੀ ਬੋਧੀ ਮਿਲਦਾ ਹੀ ਨਹੀਂ ਸੀ, ਹੁਣ ਜੋ ਮਿਲਦੇ ਜਾਂ ਬਣ ਰਹੇ ਹਨ ਉਹ ਬਹੁਤ ਅਲਪ ਮਾਤਰਾ ਵਿਚ ਹਨ। ਪ੍ਰਗਟ ਹੈ ਕਿ ਜਿਸ ਧਰਮ ਦੇ ਧਾਰਨੀ ਮਨੁੱਖ ਨਹੀਂ ਹੋਣਗੇ ਉਸ ਦੇ ਗਿਆਨ ਗ੍ਰੰਥ ਕਿੰਨੇ ਹੀ ਉੱਚੇ ਤੇ ਸੁੰਦਰ ਲਿਖੇ ਹੋਵਣ ਪਰ ਉਸ ਧਰਮ ਦੇ ਉਪਦੇਸ਼ ਉਨ੍ਹਾਂ ਗ੍ਰੰਥਾਂ ਜਾਂ ਲੇਖਾਂ ਦੀ ਸੀਮਾ ਤਕ ਹੀ ਸੀਮਤ ਰਹਿ ਜਾਂਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜੇਹੇ ਕਾਰਨਾਂ ਨੂੰ ਮੁਖ ਰੱਖ ਕੇ ਹੀ ਆਪਣੇ ਸਿੱਖਾਂ ਲਈ ਨਿਜ-ਅਨੁਭਵੀ ਧਰਮ ਪੰਥ ਦੀ ਸਿਰਜਣਾ ਕੀਤੀ ਸੀ। ਨਾਨਕ-ਪੰਥੀ ਸਿੱਖਾਂ ਦੇ ਧਰਮ-ਪੰਥ ਦਾ ਨਾਂ ਗੁਰਮੁਖ ਪੰਥ ਸੀ- ‘ਗੁਰਮੁਖਿ ਪੰਥੁ ਚਲਾਇਓਨ’। ਦੂਜੇ ਸ਼ਬਦਾਂ ਵਿਚ ਇਸ ਪੰਥ ਦੇ ਮਾਰਗ ਉੱਤੇ ਮਿਲ ਕੇ ਚੱਲਣ ਵਾਲੇ ਸੋਚ-ਵਿਚਾਰ ਕੇ ਗੁਰੂ ਕਾ ਮੱਤ ਮੁਖ ਰੱਖਣ ਵਾਲੇ ਸਿੱਖਾਂ ਦੀ ਛੋਟੀ ਇਕਾਈ ਨੂੰ ‘ਸੰਗਤ’ ਕਿਹਾ ਜਾਂਦਾ ਸੀ। “ਸੰਗਤਾਂ” ਸਾਧਕਾਂ ਤੇ ਮੱਤ ਨੂੰ ਧਾਰਨ ਵਾਲੇ ਸਿੱਖਾਂ ਤੋਂ ਬਿਨਾਂ ਇਕ ਮਨੁੱਖੀ ਇਕੱਠ ਹੀ ਹੁੰਦਾ ਹੈ, ਬਲਕਿ ਕਈ ਵਾਰ ਕਬੁੱਧ ਦੀ ਜਾਗ ਲਾਉਣ ਵਾਲਾ ਵੀ ਹੁੰਦਾ ਹੈ*। ਇੰਞ ਸਤ ਦਾ ਵਿਚਾਰ ਕਰਨ ਵਾਲੇ ਸਾਧਕਾਂ ਦੀ ਸੰਗਤ ਨੂੰ ਸਤਿ-ਸੰਗਤ ਜਾਂ
ਸਾਧ ਸੰਗਤਿ ਦੀ ਸੰਗਿਆ ਦਿੱਤੀ ਗਈ ਹੈ: ਧਰਮਸਾਲ ਕਰਤਾਰਪੁਰੁ ਸਾਧਸੰਗਤਿ ਸਚ ਖੰਡੁ ਵਸਾਇਆ।
(ਭਾਈ ਗੁਰਦਾਸ ਜੀ. ਵਾਰ ੨੪, ਪਉੜੀ ੧)
ਏਸੇ ਤਰ੍ਹਾਂ ਗੁਰੂ ਦੀ ਸਮੀਪਤਾ ਰੱਖਣ ਵਾਲੇ ਸਿੱਖਾਂ ਦੀ ਸੰਗਤ ਦਾ ‘ਗੁਰ ਸੰਗਤਿ’ ਨਾਮ ਪ੍ਰਵਾਨ ਕੀਤਾ ਗਿਆ। ਜਿਸ ਸੰਗਤ ਵਿਚ ਗੁਰੂ ਦੀ ਭੈ-ਭਾਵਨਾ ਨਾ ਹੋਵੇ, ਗੁਰੂ ਦੀ ਹਜੂਰੀ ਅਨੁਭਵ ਨਾ ਕੀਤੀ ਜਾਵੇ, ਉਹ ਸੰਗਤ ਕੋਹੀ?
ਬਿਨ ਸਤਿਗੁਰ ਸੰਗਤ ਨਾਹੀ,
ਬਿਨ ਗੁਰ ਸੰਗਤ ਨਾਹੀ ਹੋਇ।
ਸਤਿਸੰਗਤ ਦੇ ਸਹੀ ਸਰੂਪ ਦੀ ਤਸ਼ਰੀਹ ਗੁਰੂ ਸਾਹਿਬਾਨ ਜੀ ਨੇ ਆਪ ਹੀ ਕਰ ਦਿੱਤੀ ਹੈ:
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ (ਪੰਨਾ १२)
ਅਜਿਹੇ ਸਾਧਕ ਸਿੱਖਾਂ ਦੀਆਂ ਸੰਗਤਾਂ ਦਾ ਜਿਵੇਂ ਪੰਥ ਬਣਿਆ, ਉਸ ਬਾਰੇ ਦਸਮੇਸ਼ ਜੀ ਨਾਲੋਂ ਵਧੇਰੇ ਹੋਰ ਕੌਣ ਠੀਕ ਤਰ੍ਹਾਂ ਦੱਸ ਸਕਦਾ ਹੈ?
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਬਣਾ ਕੇ ਜੋ ਹੁਕਮ ਗੁਰਮੁਖ ਪੰਥ ਚਲਾਉਣ ਦਾ ਕੀਤਾ ਸੀ, ‘ਮਹਿਮਾ ਪ੍ਰਕਾਸ਼’ ਗ੍ਰੰਥ चरी लिवड ਅਨੁਸਾਰ ਇਸ ਤਰ੍ਹਾਂ ਹੈ:
ਅਬ ਜਗ ਕੇ ਉਪਦੇਸ਼ ਹਰ ਕਰੋ
ਗੁਰਮੁਖ ਪੰਥ ਜਗਤ ਮੇ ਧਰੋ॥੧੩॥
ਅਰੁ ਮਿਰਜਾਦ ਪੰਥ ਕੀ ਕਰੋ।
ਯਹ ਆਗਿਆ ਮੇਰੀ ਮਨ ਧਰੋ॥੧੪॥
(ਮਹਿਮਾ ਪ੍ਰਕਾਸ, ਪੰਨਾ ੩੨੬)
ਮੈਂ ਨਿੱਜ ਸਰੂਪ ਆਪਨਾ ਤੁਮ ਜਾਨਾ।
ਅਬ ਲੀਨ ਹੋਵੋ ਮੈਂ ਪਦ ਨਿਰਬਾਨਾ।
ਹਰਿ ਕਾ ਪੰਥ ਗੁਰਮੁਖ ਜਗ ਕਰਨਾ।
ਦੇ ਨਾਮ ਮੰਤਰ ਤੁਮ ਜਗਤ ਉਧਰਨਾ। (ਉਹੀ, ਪੰਨਾ ੩੪੧)
ਦਸਮੇਸ਼ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਜਹ ਤਹ ਸੁਖ’ ਦੇਣ ਵਾਲੇ ਇਸ ਧਰਮ ਨੂੰ ਚਲਾਉਣ ਬਾਰੇ ਇੰਞ ਵਰਣਨ ਕੀਤਾ ਹੈ :
ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ॥
ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ॥੪॥
ਚੌਪਈ ॥ ਤਿਨ ਇਹ ਕਲ ਮੋ ਧਰਮੁ ਚਲਾਯੋ॥
ਸਭ ਸਾਧਨ ਕੋ ਰਾਹੁ ਬਤਾਯੋ॥
ਜੋ ਤਾਂ ਕੇ ਮਾਰਗ ਮਹਿ ਆਏ॥
ਤੇ ਕਬਹੂੰ ਨਹੀ ਪਾਪ ਸੰਤਾਏ॥੫॥
ਜੇ ਜੇ ਪੰਥ ਤਵਨ ਕੇ ਪਰੇ॥
ਪਾਪ ਤਾਪ ਤਿਨ ਕੇ ਪ੍ਰਭ ਹਰੇ॥
(ਬਚਿਤ੍ਰ ਨਾਟਕ, ਅਧਿਆਇ ੫)
ਪੰਥ ਦਾ ਪਹਿਲਾ ਅਰਥ ਹੈ ਮਾਰਗ ਤੇ ਦੂਜਾ ਮਾਰਗ ਉੱਤੇ ਚੱਲਣ ਵਾਲਿਆਂ ਦਾ ਸਮੂਹ। ਜੇ ਇਸ ਧਰਮ ਦੇ ਧਾਰਨੀਂ ਧਰਮ ਪੰਥ ਉੱਤੇ ਚੱਲਣ ਵਾਲੇ ਹੀ ਨਾ ਹੋਣ ਅਤੇ ਧਰਮ ਮਾਰਗ ਦੇ ਗੁਣਾਂ ਨੂੰ ਧਾਰਨ ਕਰਦੇ ਹੋਏ ਸਭਨਾਂ ਉੱਤੇ ਸੁਖਾਵਾਂ ਪ੍ਰਭਾਵ ਨਾ ਪਾ ਸਕਣ ਅਤੇ ਧਰਮ ਗ੍ਰੰਥਾਂ ਦੀਆਂ, ਵਿਸ਼ੇਸ਼ ਕਰ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਪ੍ਰਚਾਰ ਕੇ ਜਨ ਸਮੂਹ ਨੂੰ ਇਸ ਦਾ ਅਨਿਆਈ ਨਾ ਬਨਾਉਣ ਤਾਂ ਉਹ, ਪੰਥ ਕਿਸ ਦਾ ਕਿਸ ਲਈ ਹੋਇਆ? ਅਸਲ ਵਿਚ ਸਿੱਖੀ ‘ਉਦਮੁ ਕਰੇਂਦਿਆਂ ਜੀਉਣ ਵਾਲਿਆਂ ਦਾ ਮਾਰਗ ਹੀ ਧਰਮ ਪੰਥ ਹੈ, ਨਾ ਕਿ ਦੁਨੀਆਂ ਤੋਂ ਭਾਂਜ ਖਾ ਕੇ ਇਕੱਲੇ ਹੀ ਅਨੰਦ ਮਾਣਨ ਅਤੇ ਆਪਣੇ ਨਿਜੀ ਸੁਖਾਂ ਲਈ ਰੁਝੇ ਰਹਿਣ ਵਾਲਿਆਂ ਦਾ :
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ (ਧਨਾਸਰੀ ਮ: ੧, ਪੰਨਾ ੬੬੧)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਆਪਣੇ ਬਾਰੇ ਲਿਖਿਆ ਹੈ ਕਿ ਮੈਂ ਪ੍ਰਭੂ ਦੇ ਚਰਨਾਂ ਵਿਚ ਲਿਵਲੀਨ ਪਰਮ ਸੁਖ-ਮਈ ਅਵਸਥਾ ਵਿਚ ਬਿਰਾਜ ਰਿਹਾ ਸੀ। ਉਸ ਪਰਮ ਸੁਖਦਾਈ ਅਵਸਥਾ ਨੂੰ ਤਜ ਕੇ ਮੇਰਾ ਇਸ ਦੁਨੀਆਂ ਵਿਚ ਆਉਣ ਨੂੰ ਜੀਅ ਨਹੀਂ ਕਰਦਾ ਸੀ :
ਚਿਤ ਨ ਭਯੋ ਹਮਰੋ ਆਵਨ ਕਹ॥
ਚੁਭੀ ਰਹੀ ਸੂਤਿ ਪ੍ਰਭੁ ਚਰਨਨ ਮਹ॥ (ਬਚਿਤ੍ਰ ਨਾਟਕ, ਅਧਿਆਇ ੬)
ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕਿ ਤੁਸੀਂ ਮਾਤ ਲੋਕ ਵਿਚ ਜਾਣਾ ਹੈ ਅਤੇ ਜਾ ਕੇ ਧਰਮ ਦਾ ਮਾਰਗ ਚਲਾਉਣਾ ਹੈ :
ਤਪ ਸਾਧਤ ਹਰਿ ਮੋਹਿ ਬੁਲਾਯੋ॥
ਇਮ ਕਹਿ ਕੈ ਇਹ ਲੋਕ ਪਠਾਯੋ॥੨੮॥
ਮੈ ਅਪਨਾ ਸੁਤ ਤੋਹਿ ਨਿਵਾਜਾ॥
ਪੰਥ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮੁ ਚਲਾਇ॥
ਕਬੁਧਿ ਕਰਨ ਤੇ ਲੋਕ ਹਟਾਇ॥੨੯॥
ਦੋਹਰਾ॥
ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ॥
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥੩੦॥ (ਬਚਿਤ੍ਰ ਨਾਟਕ, ਅਧਿਆਇ ੬)
ਗੁਰੂ ਜੀ ਨੇ ਅਕਾਲ ਪੁਰਖ ਦੇ ਹੁਕਮ ਨਾਲ ਇਹ ਪੰਥ ਚਲਾਇਆ ਜਾਂ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚਲਾਏ ਹੋਏ ਪ੍ਰਚੱਲਿਤ ਰੂਪ ਨੂੰ ਅੱਗੇ ਵਧਾਇਆ।
ਇਸ ਸਬੰਧੀ ਪੰਥ ਦੀ ਸਥਾਈ ਰੂਪ ਦੀ ਸਿਰਜਣਾ ਵੇਲੇ ਦੇ ਵੇਰਵੇ ਨਾਲ ਵਰਣਨ ਲਿਖਣ ਵਾਲਿਆਂ ਦਸਮੇਸ਼ ਜੀ ਦੇ ਆਪਣੇ ਹਜ਼ੂਰੀ ਕਵੀਆਂ ਵਿਚੋਂ ਇਕ ਕਵੀ ਕੰਕਣ ਹਨ, ਦੂਜੇ ਕਵੀ ਸੈਨਾਪਤੀ ਜੀ।
ਕਵੀ ਕੰਕਣ ਦਾ ਕਥਨ ਹੈ :
ਕੀਨਾ ਉਦਮ ਪੰਥ ਕਾ ਪੰਚ ਸਿੱਖ ਮੰਗਵਾਯ ।
ਪਾਹੁਲ ਗੁਰ ਤਿਨ ਕੋ ਦਈ, ਸਿਰ ਪਰ ਕੇਸ ਰਖਾਯ ॥੨੧੩॥
ਜਿਹ ਬਿਧਿ ਪਾਹੁਲ ਗੁਰ ਦਈ, ਤਿਹਿ ਬਿਧਿ ਤਿਨ ਸੋ ਲੀਨ ।
ਆਪੁ ਸਿੱਖ ਤਿਨ ਕਾ ਭਯਾ, ਇਹੀ ਕਾਮ ਗੁਰ ਕੀਨ ॥੨੧੭॥
(ਦਸ ਗੁਰ ਕਥਾ, ਪੰਥ ਰਚਣ ਲਈ ਪ੍ਰਣ)
ਵਾਹਿਗੁਰੂ ਇਹੁ ਬਚਨ ਸੁਨਾਯਾ।
ਗੁਰੂ ਖਾਲਸਾ ਨਾਮ ਧਰਾਯਾ।
ਤੁਮ ਮੇਰੇ ਮੈਂ ਤੁਮਰਾ ਹੂਆ।
ਤੁਮਰਾ ਹਮਰਾ ਗੁਰੂ ਨ ਦੂਆ ॥੨੧੮॥
ਕਲਿ ਮਹਿ ਹੋਹਿ ਪਖੰਡ ਅਨੇਕਾਂ।
ਜੋ ਮਮ ਸਿੱਖ, ਨਾ ਮਾਨੈ ਏਕਾ।
ਸੈਯਾ॥
ਸਿੱਖ ਸਭੈ ਹਮਰੇ ਗੁਰ ਹੋ ਤੁਮ ਮੈ ਹੋ ਗੁਰੂ ਜਗ ਮਾਹਿ ਤੁਮਾਰਾ।
ਜੋ ਕਰਿ ਹੈ ਤੁਮਰਾ ਕੋਊ ਦਰਸ਼ਨ ਜਾਨੋਂ ਕੀਯਾ ਤਿਨ ਦਰਸੁ ਹਮਾਰਾ।
ਜੋ ਤੁਮ ਮਾਂਗ ਲਹੋ ਮਿਲ ਪਾਂਚ, ਸੁਈ ਕੁਛ ਹੋਇ ਨ ਲਾਗਹੈ ਬਾਰਾ।
ਹੈ ਅਰਦਾਸ ਮੈਂ ਆਇ ਰਾਹ ਫਲ, ਜੌ ਕਲ ਮੈਂ ਕੋਊ ਮਾਂਗਨਹਾਰਾ ॥੨੨੪॥ (ਦਸ ਗੁਰ ਕਥਾ ਖਾਲਸੇ ਦੀ ਸਾਜਣਾ)
ਕਵੀ ਕੰਕਣ ਦੇ ਕਥਨ ਵਿਚ ਖਾਲਸਾ ਸਾਜਣ ਅਤੇ ਉਸ ਨੂੰ ਗੁਰਤਾ ਦੇ ਅਧਿਕਾਰ ਵਰਤਣ ਦੇ ਸਪੱਸ਼ਟ ਉਲੇਖ ਦਸਦੇ ਹਨ ਕਿ ਗੁਰੂ ਖਾਲਸਾ ਨਿਰਅਧਿਕਾਰੀ ਸੰਗਤ ਵਾਂਗ ਨਹੀਂ, ਗੁਰੂ ਤੱਤ੍ਵ ਦਾ ਧਾਰਨੀ ਹੋ ਕੇ ਗੁਰੂ ਦੇ ਉਚ ਅਧਿਕਾਰਾਂ ਵਾਲਾ ਵੀ ਹੈ ਪਰ ਇਸ ਅਧਿਕਾਰ ਨੂੰ ਮਾਨਣ ਦਾ ਕੌਣ ਅਧਿਕਾਰੀ ਹੋ ਸਕਦਾ ਹੈ? ਇਸ ਦੀ ਤਸ਼ਰੀਹ ਹਜ਼ੂਰੀ ਕਵੀ ਸੈਨਾਪਤੀ ਜੀ ਨੇ ਆਪਣੇ ਗ੍ਰੰਥ ਵਿਚ ਇੰਜ ਕੀਤੀ ਹੈ :
ਸਤਿ ਸੰਗਤਿ ਮੂਲ ਨ ਜਾਣਨੀ, ਗਿਆਨ ਹੋਰੁ ਕਮਾਇਆ।
ਉਇ ਸਤਿ ਸੰਗਤਿ ਸੋ ਨਾ ਡਰਹਿ, ਉਨ ਮਨ ਗਰਬਾਇਆ।…
ਹੁਕਮੁ ਨ ਮਾਨਹਿ ਖਸਮ ਕਾ ਜਿਨਿ ਰਾਹੁ ਬਤਾਇਆ।
ਜੀ! ਉਇ ਕਪਟੀ ਹੋਇ ਨ ਖਾਲਸਾ!ਕੇਤਾ ਸਮਝਾਇਆ॥੫੮॥੧੭੪॥
(ਸ੍ਰੀ ਗੁਰੂ ਸੋਭਾ, ਅਧਿਆਇ ੫)
ਖਾਲਸੇ ਨੂੰ ਜੀਵਨ-ਮਰਯਾਦਾ ਦੇ ਉੱਚ ਟੀਚੇ ਦ੍ਰਿੜ੍ਹਾ ਕੇ, ਸਦ-ਗੁਣਾਂ ਦੀ ਰਹਿਤ ਸਮਝਾ ਕੇ, ਖਾਲਸੇ ਦੀ ਉੱਚ ਪਦ-ਪਦਵੀ ਉੱਤੇ ਬਿਰਾਜਣ ਦੀ ਜੋ ਜੁਗਤ ਦੱਸੀ ਉਸ ਦਾ ਸੰਦੇਸ਼ ਇਕ ਕਬਿੱਤ ਵਿਚ ਇਹੋ ਕਵੀ ਜੀ ਲਿਖਦੇ ਹਨ :
ਕਿਯੇ ਜਦਿ ਬਚਨਿ ਸਤਿਗੁਰੂ ਕਾਰਨ ਕਰਨ,
ਸਰਬ ਸੰਗਤਿ ਆਦਿ ਅੰਤ ਮੇਰਾ ਖ਼ਾਲਸਾ।
ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿਖ ਸਹੀ,
ਨਾ ਮਾਨੋਗਾ ਹੁਕਮ ਸੋ ਤੋ ਹੋਵੈਗਾ ਬਿਹਾਲਸਾ।
ਪਾਂਚ ਕੀ ਕੁਸੰਗਤਿ ਤਜਿ ਸੰਗਤਿ ਸੋ ਪ੍ਰੀਤਿ ਕਰੇ,
ਦਯਾ ਔਰ ਧਰਮ ਧਾਰਿ ਤਿਆਗੇ ਸਬ ਲਾਲਸਾ।
ਹੁਕਾ ਨਾ ਪੀਵੈ, ਸੀਸ ਦਾੜ੍ਹੀ ਨਾ ਮੁੰਡਾਵੈ
ਸੋ ਤੋ ਵਾਹਗੁਰੂ ਵਾਹਗੁਰੂ ਵਾਹਗੁਰੂ ਜੀ ਕਾ ਖਾਲਸਾ॥੩੧॥੧੪੭॥
ਦੋਹਰਾ॥
ਦੇ ਦਰਸਨ ਕੀਨੇ ਬਿਦਾ ਮੰਤ੍ਰੁ ਦਿਯੋ ਪ੍ਰਭੁ ਏਕ।
ਕਹਤ ਖਾਲਸਾ, ਖਾਲਸਾ ਐਸੋ ਕਰਤ ਬਿਬੇਕ॥੨੯॥੧੪੫॥
ਹਜ਼ੂਰੀ ਕਵੀ ਕੰਕਣ ਅਤੇ ਸੈਨਾਪਤੀ ਨੇ ਖਾਲਸਾ ਸਾਜਣ ਦੀ ਗੱਲ ਕੀਤੀ ਹੈ। ਜਿਥੇ ਕਿਤੇ ਪੰਥ ਸ਼ਬਦ ਆਇਆ ਹੈ, ਉਸ ਤੋਂ ਮੁਰਾਦ ਵੀ ਖਾਲਸਾ ਪੰਥ ਹੈ, ਨਾ ਕਿ ‘ਪੰਥ’। ਪੰਥ ਤਾਂ ਪਹਿਲਾਂ ਵੀ ਬਹੁਤ ਹੈਸਨ, ਜਿਨ੍ਹਾਂ ਵਿਚ ਦੋ ਪੰਥ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਸ਼ੇਸ਼ ਕਰਕੇ ਪ੍ਰਸਿੱਧ ਹੈਸਨ :
ਦੁਹੂੰ ਪੰਥ ਮੈ ਕਪਟ ਵਿਦਿਆ ਚਲਾਨੀ॥
ਬਹੁਰ ਤੀਸਰੇ ਪੰਥ ਕੀਉ ਪ੍ਰਧਾਨੀ॥
(ਦਸਮ ਗ੍ਰੰਥ, ਉਗਰਦੰਤੀ)
ਕਈਆਂ ਵਲੋਂ ਆਪੋ-ਆਪਣੇ ਪੰਥ ਚਲਾਉਣ ਦਾ ਵੀ ਦਸਮੇਸ਼ ਜੀ ਨੇ ਜ਼ਿਕਰ ਕੀਤਾ ਹੈ :
ਜੇ ਪ੍ਰਭੁ ਪਰਮ ਪੁਰਖ ਉਪਜਾਏ।
ਤਿਨ ਤਿਨ ਅਪਨੇ ਰਾਹ ਚਲਾਏ।੨੬॥…
ਸਭ ਅਪਨੀ ਅਪਨੀ ਉਰਝਾਨਾ॥
ਪਾਰਬ੍ਰਹਮ ਕਾਹੂ ਨ ਪਛਾਨਾ॥
ਤਪ ਸਾਧਤ ਹਰਿ ਮੋਹਿ ਬੁਲਾਯੋ।
ਇਮ ਕਹਿ ਕੈ ਇਹ ਲੋਕ ਪਠਾਯੋ॥੨੮॥
ਅਕਾਲ ਪੁਰਖੁ ਬਾਚ ॥ਚੌਪਈ॥
ਮੈ ਅਪਨਾ ਸੁਤ ਤੋਹਿ ਨਿਵਾਜਾ॥
ਪੰਥ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮੁ ਚਲਾਇ॥
ਕਬੁਧਿ ਕਰਨ ਤੇ ਲੋਕ ਹਟਾਇ॥੨੯॥
(ਬਚਿਤ੍ਰ ਨਾਟਕ, ਅਧਿਆਇ ੬)
ਪਰ ਜਿਸ ਪੰਥ ਦੀ ਉਨ੍ਹਾਂ ਗੁਰੂ ਦੇ ਅਧਿਕਾਰ ਵਰਤਣ ਹਿਤ ਸਥਾਪਤੀ ਕੀਤੀ ਉਸ ਦੇ ਧਾਰਨੀਆਂ ਲਈ ਵਿਸ਼ੇਸ਼ ਜੀਵਨ ਸ਼ੈਲੀ, ਆਤਮ ਰਹਿਤ ਤੇ ਜੀਵਨ ਮਰਯਾਦਾ ਵੀ ਨਿਸ਼ਚਿਤ ਕਰ ਦਿੱਤੀ ਸੀ। ਜਿਸ ਵਿਚ ਸਭ ਤੋਂ ਵੱਡੀ ਰਹਿਤ ਆਤਮ ਪ੍ਰਬੋਧਣ ਅਤੇ ਭਰਮ ਰਹਿਤ ਹੋਣ ਦੀ ਸਿਖਿਆ ਅਤੇ ਪ੍ਰੇਰਨਾ ਰੂਪ ਹੈ :
ਖਾਲਸ ਖਾਸ ਕਹਾਵੈ ਸੋਈ।
ਜਾ ਕੈ ਹਿਰਦੈ ਭਰਮੁ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ।
ਸੋ ਖਾਲਸ ਸਤਿਗੁਰੂ ਹਮਾਰਾ।
(ਸੰਪਾਦਕ, ਸਮਸ਼ੇਰ ਸਿੰਘ ਅਸ਼ੋਕ, ਸ੍ਰੀ ਗੁਰੂ ਸੋਭਾ, ਅਧਿਆਇ ੧੮)
ਸ੍ਰੀ ਮੁਖਵਾਕ ਰਾਹੀਂ ਸਭ ਥਾਂ ਵਿਆਪਕ ‘ਜਾਗਤ ਜੋਤ’ ਨਾਲ ਅਭਿੰਨ ਹੋਏ ਖ਼ਾਲਸੇ ਦੇ ਸ਼ੁਧ ਸਰੂਪ ਦਾ ਦਰਸ਼ਨ ਇੰਜ ਕੀਤਾ ਤੇ ਕਰਾਇਆ ਹੈ :
ਪੂਰਨ ਜੋਤਿ ਜਗੈ ਘਟ ਮੈ,
ਤਬ ਖਾਲਸ ਤਾਹਿ ਨਿਖਾਲਸ ਜਾਨੈ॥
ਖਾਲਸਾ, ਨਿਖਾਲਸ, ਸ਼ੁਧ ਨਾ ਹੋਵੇ ਤਾਂ ਉਸ ਵਿਚ ਗੁਰੂ ਤੱਤ ਕਿਥੇ ਤੇ ਕਿਵੇਂ ਟਿਕ ਸਕਦਾ ਹੈ? ਵਹਿਮਾਂ ਭਰਮਾਂ ਵਿਚ ਭਟਕਦੇ ਸਿੱਖ, ਜਿਨ੍ਹਾਂ ਦੇ ਅੰਦਰ ਗੁਰੂ ਦੀ ਗਿਆਨ-ਜੋਤਿ, ਸ਼ਬਦ-ਜੋਤੀ ਦਾ ਪ੍ਰਗਾਸ ਨਾ ਹੋਵੇ, ‘ਅੰਦਰਲਾ’ ਕਲਹ-ਕਲੇਸ਼ ਨਾਲ ਹੀ ਭਰਿਆ ਹੋਵੇ, ਆਪਣਿਆਂ ਬਿਗਾਨਿਆਂ ਪ੍ਰਤੀ ਏਨੀ ਕਸ਼ਮਕਸ਼ ਹੋਵੇ ਕਿ ਉਹ ਵਿਖਾਧੀ ਰੁਚੀਆਂ ਦੇ ਚਿੱਕੜ ਵਿਚੋਂ ਨਿਕਲ ਹੀ ਨਾ ਸਕਣ, ਕੀ ਅਜੇਹੇ ਸਿੱਖ ਗੁਰੂ ਦੀ ਉੱਚ ਅਧਿਕਾਰੀ ਪਦਵੀ ਦੇ ਮਾਨਣ ਤੇ ਉਸ ਉੱਤੇ ਬਿਰਾਜਣ ਦੇ ਅਧਿਕਾਰੀ ਮੰਨੇ ਜਾ ਸਕਦੇ ਹਨ? ਇਸ ਲਈ ਸਿੱਖਾਂ ਵਿਚ ਇਹ ਰੀਤਿ ਰਹੀ ਹੈ ਕਿ ਜਦੋਂ ਅਜਿਹੀ ਉੱਚ-ਪਦਵੀ ਵਾਲੇ ਪਦ ਤੋਂ ਕੁਝ ਪ੍ਰਾਪਤੀ ਦੀ ਅਕਾਂਖਿਆ ਕੀਤੀ ਜਾਂਦੀ ਹੈ, ਉਹ ਆਦੇਸ਼ ਹੋਵੇ ਜਾਂ ਗੁਰੂ ਦੀਖਿਆ ਤਾਂ ਸਰਬੱਤ ਖ਼ਾਲਸੇ ਵਿਚੋਂ ਚੋਣ ਕਰ ਕੇ ਪੰਜ ਗੁਰਮੁਖ ਸਿੱਖ ਲੱਭੋ ਜਾਂਦੇ ਰਹੇ ਹਨ। ਅਜਿਹੇ ਸਮਿਆਂ ਲਈ ਤਾਂ ‘ਚੁਣ ਕਢੇ ਲਧੋਵਾਰਿਆ’ ਵਾਲੀ ਵਿਧੀ ਜਾਂ ਜੁਗਤਿ ਸਦਾ ਵਰਤਣੀ ਚਾਹੀਦੀ ਹੈ, ਨਾ ਕਿ ਉੱਚ- ਪਦਵੀਆਂ ਤਖਤਾਂ ਤੇ ਹੋਰ ਧਾਮਾਂ ਦੇ ਮੁਖ ਆਸਣਾਂ ਉੱਤੇ, ਜਿਸ ਨੂੰ ਜਿਸ ਧੜੇ ਨੇ ਆਪਣਾ ਬੰਦਾ ਸਮਝਿਆ ਜਾਂ ਲਾਭਵੰਦਾ ਚਾਹਿਆ, ਉਸ ਦੀ ਨਿਯੁਕਤੀ ਕਰ ਦਿੱਤੀ? ਇਹ ਢੰਗ ਵਰਤਣਾ ਉਚਿਤ ਨਹੀਂ ਹੈ।
ਸਿੱਖੀ ਵਿਚ ਸਭ ਤੋਂ ਵਿਸ਼ੇਸ਼ ਕਾਰਜ ਹੈ ਗੁਰ-ਦੀਖਿਆ ਦਾ ਗੁਰ-ਦੀਖਿਆ ਤਾਂ ਮਨ ਦੀ ਭੂਮੀ ਵਿਚ ਬੀਜਿਆ ਜਾਣ ਵਾਲਾ ਉਹ ਬੀਜ ਹੈ, ਜੋ ਅੰਮ੍ਰਿਤ-ਭਿੰਨੀ ਦੇਹੁਰੀ ਵਾਲੇ ਗੁਰਮੁਖਾਂ ਦਾ ਹੀ ਕਾਰਜ ਮੰਨਿਆ ਜਾਂਦਾ ਰਿਹਾ ਹੈ। ਜਿਨ੍ਹਾਂ ਅੰਦਰ ਨਾਮ ਤੇ ਬਾਣੀ ਦਾ ਰਸ ਨਹੀਂ ਘੁਲਿਆ, ਜਿਨ੍ਹਾਂ ਬਾਣੀ ਨਾਲ ਅਭੇਦਤਾ ਹਾਸਲ ਨਹੀਂ ਕੀਤੀ, ਉਹ ਅੰਮ੍ਰਿਤ ਤਿਆਰ ਕਰਨ ਵੇਲੇ ਕਿੰਨਾ ਕੁ ਅੰਮ੍ਰਿਤ-ਰਸ ਬਾਣੀ ਦੇ ਨਾਲ ਅਭੇਦ ਹੋ ਕੇ ਕਿਸੇ ਹੋਰ ਪ੍ਰਾਣੀ ਦੇ ਅੰਦਰ ਸਿੰਚਾਰਨਗੇ? ਯਾਦ ਰਹੇ, ਅੰਮ੍ਰਿਤ ਛਕਾਉਣਾ ਗੁਰੂ- ਦੀਖਿਆ ਹੈ ਨਾ ਕਿ ਇਕ ਰਸਮ, ਕਿ ਜਿਸ ਦਾ ਜੀਅ ਕੀਤਾ ਏਧਰੋਂ ਉਧਰੋਂ ਪੰਜ ਪੂਰੇ ਕਰ ਕੇ ਪੂਰੀ ਕਰ ਦਿੱਤੀ। ਇਸ ਲਈ ਠੀਕ ਰਹੇਗਾ ਕਿ ਸਿੱਖ ਸੰਗਤਾਂ ਆਪੋ ਆਪਣੇ ਇਲਾਕਿਆਂ ਵਿਚੋਂ ਪੰਥ ਸੇਵਕਾਂ, ਗੁਰਬਾਣੀ ਰਸੀਏ ਗੁਰਮੁਖਾਂ ਦੀ ਚੋਣ ਕਰ ਕੇ ਇਹ ਕਾਰਜ ਖੁਦ ਕਰਨ ਤੇ ਕਰਾਉਣ।
‘ਪੰਥ ਦੀ ਮਿਲਵੀਂ ਸੂਝ, ਧੜੇ ਪਾਰਟੀ ਨਾਲੋਂ ਉੱਚੀ ਚੀਜ਼ ਹੈ ਪਰ ਉਸ ਤੋਂ ਵਧ ਉੱਚਾ ਤੇ ਸੁੱਚਾ ਹੈ ਖਾਲਸਾ ਪੰਥ ਆਤਮ ਪ੍ਰਬੋਧਣ ਵਾਲੋ ਖਾਲਸਿਆਂ ਦਾ ਸੁੱਚਾ ਪੰਥ, ਜਿਨ੍ਹਾਂ ਦੀ ਜੀਵਨ ਘਾਲਣਾ ਗੁਰੂ ਤੱਤ ਨੂੰ ਸਾਖਿਆਤ ਕਰਨ ਵਾਲੀ, ਕੁੰਗੂ ਵਾਂਗ ਨਿਰਮਲ ਹੁੰਦੀ ਹੈ ਅਤੇ ਜੋ ਪ੍ਰਾਪਤੀ ਦੀ ਮੰਜ਼ਲ ਤੇ ਸਿਖਰ ਉੱਤੇ ਪੁੱਜੇ ਹੋਣ; ਉਨ੍ਹਾਂ ਦਾ ਤਾਂ ਕਹਿਣਾ ਹੀ ਕੀ ਹੋਇਆ? ਅਜੇਹੇ ਖ਼ਾਲਸਿਆਂ ਦਾ ਪੰਥ ਹੀ ‘ਗੁਰੂ’ ਦੇ ਦਰਜੇ ਦਾ ਮਾਲਕ ‘ਗੁਰਸਿਖਾ ਅੰਦਰਿ ਸਤਿਗੁਰੁ ਵਰਤੋਂ ਦੀ ਕਲਾ ਦਾ ਧਾਰਨੀ ਹੋ ਸਕਦਾ ਹੈ। ਇਸ ਲਈ ਪੰਥ ਦੇ ਨਾਂ ਉੱਤੇ ਆਦੇਸ਼ ਛੋਟੀ ਵੱਡੀ ਜਥੇਬੰਦੀ ਦੇ ਤੌਰ ‘ਤੇ ਦੇਣ ਵਿਚ ਵੀ ਗੁਰਮਤਿ ਨੂੰ ਮੁਖ ਰੱਖ ਕੇ ਬਣਾਏ ‘ਸੰਕਲਪ’ ਅਨੁਸਾਰ ਦਿੱਤੇ ਜਾਣੇ ਹੀ ਯੋਗ ਹਨ ਅਤੇ ਜਿਥੇ ਸਮੁੱਚੇ ਰੂਪ ਵਿਚ ਗੁਰੂ-ਪੰਥ ਦੇ ਰੂਪ ਵਿਚ ਹੁਕਮ ਦੇਣ ਜਾਂ ਮੰਨਣ ਦੀ ਗੱਲ ਹੋਵੇ ਉਥੇ ਵਿਸ਼ੇਸ਼ ਤੌਰ ‘ਤੇ ਵੱਡੀ ਇਹਤਿਆਤ ਤੇ ਪੂਰੀ ਚੇਤਨਾ ਵਰਤਣ ਦੀ ਲੋੜ ਹੈ ਤਾਂ ਜੁ ਅਸੀਂ ‘ਗੁਰੂ-ਪੰਥ’ ਦੇ ਨਾਂ ਦੀ ਗਲਤ ਵਰਤੋਂ ਕਰਨ ਦੇ ਦੋਸ਼ ਦੇ ਭਾਗੀ ਨਾ ਹੋਈਏ। ਇਸ ਬਾਰੇ ਮਾਣ-ਮਰਯਾਦਾ ਤਾਂ ਸਿੱਖਾਂ ਵਿਚ ਚਲਦੀ ਹੈ ਪਰ ਇਸ ਦੇ ਪੱਕੇ ਵੇਰਵੇ ਵਾਲੇ ਆਧਾਰ ਵਿਚਾਰਨ ਤੇ ਤਿਆਰ ਕਰਨ ਦੀ ਲੋੜ ਹੈ। ਜਿਵੇਂ ਵਰਤੋਂ ‘ਚ ਆਉਂਦਾ ਰਿਹਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿਆਂ ਦੇ ਰੂਪ ਵਿਚ ਵੱਡੇ ਤੋਂ ਵੱਡੇ ਆਗੂਆਂ ਨੂੰ ਗ਼ਲਤੀਆਂ ਦੀ ਸਜ਼ਾ ਦੇਣ, ਪੰਥਕ ਉਲਝਣਾਂ ਸੁਲਝਾਉਣ ਲਈ ਗੁਰੂ-ਪੰਥ ਦੇ ਫੈਸਲਿਆਂ ਨੂੰ ਪਾਰਟੀਆਂ, ਧੜਿਆਂ, ਮਿਸਲਾਂ ਤੇ ਰਾਜ-ਸ਼ਕਤੀ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਰਿਹਾ ਹੈ, ਜਿਸ ਕਾਰਨ ਪੰਥ ਦੀ ਏਕਤਾ ਦਾ ਸੂਤਰ ਸਮੇਂ-ਸਮੇਂ ਗੁਰੂ-ਪੰਥ ਦੀ ਅੰਤਰ ਗੁਪਤ ਆਤਮਾ ਦੇ ਹੱਥਾਂ ਵਿਚ ਕੰਮ ਕਰਦਾ ਅਨੁਭਵ ਹੁੰਦਾ ਰਿਹਾ ਹੈ ਅਤੇ ਗੁਰੂ ਖਾਲਸਾ ਪੰਥ, ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾਂ, ਸ਼ਬਦਾਂ ਤੇ ਸਿਧਾਂਤਾਂ ਦੀ ਤਾਬਿਆ ਹੁਣ ਤੱਕ ਬਿਖੜੀਆਂ ਮੰਜ਼ਲਾਂ ਇਵੇਂ ਹੀ ਤਹਿ ਕਰਦਾ ਆਇਆ ਹੈ।
ਇਹ ਵਰਤਾਰਾ ਵਰਤਦੇ ਰੱਖਣ ਲਈ, ਪਿਛਲੇ ਫੈਸਲਿਆਂ ਨੂੰ ਪ੍ਰਮਾਣੀਕ ਅਤੇ ਅੱਗੇ ਲਈ ਪ੍ਰੇਰਨਾ ਦੇਣ ਹਿਤ, ਸਰਬ ਲੋਹ ਗ੍ਰੰਥ ਦਾ ਇਕ ਛੰਦ ਬੜੇ ਸੁਚੱਜੇ ਢੰਗ ਨਾਲ ਗੁਰੂ-ਪੰਥ ਦੇ ਪ੍ਰਬਲ ਸਾਂਝਾਂ ਵਾਲੇ ਸਿਧਾਂਤ ਦੀ ਪ੍ਰੋੜਤਾ ਕਰਦਾ ਹੈ :
ਪਾਵਨ ਪੰਥ ਖਾਲਸਾ ਪ੍ਰਗਟਿਓ ਚਾਰ ਵਰਨ ਆਸ਼ਰਮ ਸ਼ੁਭ ਪੰਥਾ॥
ਇਨ ਕੋ ਦਰਸ਼ਨ ਗੁਰੂ ਕੋ ਦਰਸ਼ਨ ਬੋਲਨ ਸ਼ਬਦ ਗੁਰੂ ਗੁਰ ਗ੍ਰੰਥਾ॥
ਦ੍ਰਾਦਸ ਰੂਪ ਸਤਿਗੁਰ ਏਹ ਕਹੀਅਤ ਦਾਦਸ ਭਾਨ ਪ੍ਰਗਟਾਹਿ ਸੰਤਾਂ॥
ਪ੍ਰਤੱਖ ਕਲਾ ਪਾਰਬ੍ਰਹਿਮ ਧਣੀਸ਼ੇ ਗ੍ਰੰਥ ਪੰਥ ਖਾਲਸਾ ਵਰਤੰਤਾ॥
(ਸਰਬ ਲੇਹ ਪ੍ਰਕਾਸ਼)
ਗੁਰੂ ਗ੍ਰੰਥ ਤੇ ਪੰਥ ਦਾ ਸਬੰਧ, ਆਤਮਾ ਅਤੇ ਸਰੀਰ ਵਾਲਾ ਮੰਨਿਆ ਜਾਂਦਾ ਹੈ। ਸਰੀਰ ਵਿਚ ਆਤਮਾ ਨਾ ਹੋਵੇ ਤਾਂ ਸੁੰਞੀ ਦੇਹ ਡਰਾਉਣੀ ਹੋ ਜਾਂਦੀ ਹੈ। ਦੇਹੀ, ਆਤਮਾ ਵਿਚ ਹੋਣ ਕਰਕੇ ਸਭਨਾਂ ਪਾਸਿਆਂ ਦੇ ਸਤਿਕਾਰ ਅਤੇ ਪਿਆਰ ਦਾ ਕੇਂਦਰ ਹੁੰਦੀ ਹੈ, ਉਸ ਨੂੰ ‘ਕਾਢਹੁ ਕਾਢਹੁ ਹੋਣ ਲੱਗ ਪੈਂਦੀ ਹੈ। ਆਤਮਾ ਸਰੀਰ ਵਿਚ ਹੁੰਦਿਆਂ ਹੋਇਆਂ ਵੀ ਜੇ ਗੁਰੂ ਦੀ ਦਿੱਤੀ ਸਹੀ ਸੇਧ ਤੇ ਚਾਨਣ ਵਿਚ ਨਾ ਚਲਿਆ ਜਾਵੇ, ਤਾਂ ਵੱਡੀ ਤੋਂ ਵੱਡੀ ਦੇਹੀ ਖਾਈਆਂ, ਖੂਹਾਂ, ਔਝੜਾਂ ਵਿਚ ਜਾ ਢਹਿੰਦੀ ਹੈ।
ਆਤਮਾ ਦੇ ਸਰੀਰ ਵਿਚ ਹੁੰਦਿਆਂ ਵੀ ਕਈ ਵਾਰੀ ਦੇਹੀ ਲੰਙੀ ਤੇ ਲੁੰਜੀ ਹੋ ਰਹਿੰਦੀ ਹੈ। ਇਸ ਲਈ ਆਤਮਾ ਉਹ ਵਸਤੂ ਹੈ ਜੋ ਏਸ ਕਿਸਮ ਦੀਆਂ ਵਿਆਧੀਆਂ ਤੋਂ ਨਿਰਲੇਪ ਰਹਿੰਦੀ ਹੈ, ਇਹੋ ਵਿਵਸਥਾ ਗੁਰੂ ਗ੍ਰੰਥ ਤੇ ਪੰਥ ਦੀ ਸਮਝ ਆਉਂਦੀ ਹੈ।
ਗੁਰੂ ਦਾ ਪ੍ਰਮਾਤਮ ਤੱਤ ਸਦਾ ਨਿਰਮਲ ਹੈ :
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ॥
(ਪ੍ਰਭਾਤੀ ਮ: ੧, ਪੰਨਾ ੧੩੨੯)
ਸਿੱਖੀ ਜਾਂ ਖ਼ਾਲਸਾ ਪੰਥ, ਵੱਖੋ-ਵੱਖਰੀਆਂ ਅਵਸਥਾਵਾਂ ਵਿਚਦੀ ਗੁਜ਼ਰਦਾ ਰਹਿੰਦਾ ਹੈ, ਜਿਵੇਂ ਪਾਣੀ ਹਾਲਾਤ ਵਸ ਕਦੇ ਗਰਮ ਹੋ ਜਾਂਦਾ ਹੈ ਕਦੇ ਠੰਢਾ ਤੇ ਉਸ ਵਿਚ ਗੰਦ ਅਤੇ ਮਿੱਟੀ ਘੱਟਾ ਪੈ ਜਾਵੇ ਤਾਂ ਗੰਧਲਾ ਚਿੱਕੜ ਵੀ ਬਣ ਜਾਂਦਾ ਹੈ। ਬੇ- ਸ਼ੱਕ ਪਾਣੀ ਦਾ ਕੁਦਰਤੀ ਸੁਭਾਉ ਖੁਦ ਨਿਰਮਲ ਅਤੇ ਦੂਜੀਆਂ ਚੀਜ਼ਾਂ ਨੂੰ ਨਿਰਮਲ ਕਰਨ ਵਾਲਾ ਹੈ ਪਰ ਉਸ ਵਿੱਚ ਗ਼ੈਰ ਕੁਦਰਤੀ ਚੀਜ਼ਾਂ ਦਾ ਮੇਲ ਤੇ ਰਲੇ ਕਈ ਵਾਰ ਮੂਲ ਰੂਪ ਹੀ ਗੰਧਲਾ ਬਣਾ ਦੇਂਦੇ ਹਨ। ਇਤਿਹਾਸਕ ਲਿਖਤਾਂ ਤੋਂ ਪਤਾ ਚਲਦਾ ਹੈ ਸਿੱਖੀ ਜਾਂ ਪੰਥ ਦੀ ਵੀ ਅਜੇਹੀ ਦਸ਼ਾ ਹੁੰਦੀ ਰਹੀ ਹੈ। ਇਸ ਬਾਰੇ ਭਾਈ ਮਤੀ ਦਾਸ ਜੀ ਦੇ ਪੋਤਰੇ ਭਾਈ ਕੇਸਰ ਸਿੰਘ ਛਿੱਬਰ ਜੀ ਨੇ ਸੰਮਤ ੧੮੨੬ (ਸੰਨ ੧੭੬੯- ੭੦) ਵਿਚ ਲਿਖੇ ਆਪਣੇ ‘ਬੰਸਾਵਲੀ ਨਾਮਾ’ ਗ੍ਰੰਥ ਵਿੱਚ ਇਸ ਭਾਂਤ ਦੀ ਸਿੱਖੀ ਦੀ ਦਸ਼ਾ ਦਾ ਖਾਸ ਕਰ ਕੇ ਵਰਣਨ ਕੀਤਾ ਹੈ :
ਪੰਥ ਹੈ ਗੁਰੂ ਕਾ, ਪੰਥ ਕਾ ਵਾਧਾ ਵਾਹਗੁਰੂ ਹੈ ਕਰਨਾ।
ਪਰ ਰਉਲੇ ਦੇ ਸਿੱਖਾਂ ਪਾਸੋਂ ਭੀ ਡਰਨਾ। ੫੭੨॥
ਜਬ ਪੰਥ ਰਉਲੇ ਦਾ ਪ੍ਰਗਟ ਹੋਵੇਗਾ,
ਤਾਂ ਪ੍ਰੀਤ ਭਾਉ ਅਦਬ ਗ੍ਰੰਥ ਸਾਹਿਬ ਦਾ ਖੋਵੈਗਾ।
ਜਾ ਅੰਤ ਸਮਾਂ ਪੰਥ ਦਾ ਆਵੈਗਾ
ਤਾ ਹਉਮੈ ਦਾ ਪੰਥ ਉਪਜਾਵੈਗਾ॥੫੮੮॥
ਜਾ ਕਰਨ ਲਗਣਗੇ ਕਰਮ ਹੀਣ।
ਤਬ ਤੇਜੁ ਬਲੁ ਸਭੁ ਹੋਇ ਜਾਸੀ ਖੀਣ।
ਤਪੋ ਰਾਜ ਰਾਜੋ ਨਰਕ।
ਇਸ ਮੈ ਰੱਤੀ ਨ ਜਾਨੋ ਫਰਕ॥੫੮੯॥
ਰਉਲੇ ਦੇ ਸਿੱਖ ਹਵਾਲੇ ਰਾਇ ਧਰਮ ਦੇ।
ਫਲੂ ਦੇਸੀ ਕੀਤੇ ਕਰਮ ਅਕਰਮ ਦੇ॥੫੯੮॥
ਬੇਨਤੀ
ਸਿੰਘ ਸਭਾ, ਗੁਰਦੁਆਰਾ ਸੁਧਾਰ, ਫਿਰ ਅਕਾਲੀ ਲਹਿਰ ਵਿਚ ਸਰਗਰਮ ਹਿੱਸਾ ਲੈਣ ਵਾਲੇ, ਗਿਆਨੀ ਸ਼ੇਰ ਸਿੰਘ ਜੀ ਦਾ ਜਨਮ ਜਨਵਰੀ ੧੮੮੦ ਵਿਚ ਪਿੰਡ ਠੀਕਰੀਵਾਲੇ ਹੋਇਆ। ਆਪ ਦੇ ਪਿਤਾ ਦਾ ਨਾਮ ਸ: ਵਰਿਆਮ ਸਿੰਘ ਅਤੇ ਮਾਤਾ ਦਾ ਨਾਮ ਨੰਦ ਕੌਰ ਸੀ।
ਦੋ ਸਾਲ ਦੀ ਛੋਟੀ ਉਮਰ ਵਿਚ ਆਪ ਜੀ ਦੇ ਮਾਤਾ ਨਿਕਲੀ ਜਿਸ ਨੇ ਅੱਖਾਂ ਦੀ ਜੋਤ ਖਤਮ ਕਰ ਦਿੱਤੀ। ਗਿਆਨੀ ਜੀ ਆਪਣੇ ਨਾਨਕੇ ਪਿੰਡ ਭੱਠਲ ਵਿਚ ਪੰਜ ਸਾਲ ਦੀ ਉਮਰ ਵਿਚ ਪੜ੍ਹਨ ਲੱਗੇ ਅਤੇ ਉਸ ਵੇਲੇ ਪੜ੍ਹੇ ਵਿਚਾਰੇ ਜਾਂਦੇ, ਭਾਸ਼ਾ ਤੇ ਨੀਤੀ ਦੇ ਗ੍ਰੰਥ ਪੜ੍ਹਦੇ ਰਹੇ। ਗੁਰਬਾਣੀ ਅਤੇ ਗੁਰਮਤਿ ਦਾ ਅਭਿਆਸ ਵੀ ਜਾਰੀ ਰੱਖਿਆ।
ਫਿਰ ਅੰਮ੍ਰਿਤਸਰ ਜੀ ਵਿਚ ਪੜ੍ਹੇ। ਉਸ ਜ਼ਮਾਨੇ ਵਿਚ ਵਿਦਵਾਨ ਸਾਧੂ ਲੋਕ ਮੰਡਲੀਆਂ ਬਣਾ ਕੇ ਵਿਚਰਦੇ ਸਨ। ਆਪ ਜੀ ਪ੍ਰਸਿੱਧ ਸੰਤ, ਜੁਆਲਾ ਦਾਸ ਦੀ ਮੰਡਲੀ ਨਾਲ ਵਿਚਰ ਕੇ ਪੜ੍ਹਦੇ ਰਹੇ। ਆਪ ਜੀ ਨੇ ਰਿਖੀਕੇਸ਼ ਰਹਿ ਕੇ, ਉਚ ਪੱਧਰ ਦੇ ਗ੍ਰੰਥਾਂ ਦਾ ਅਧਿਐਨ ਕੀਤਾ।
ਉਸ ਵੇਲੇ ਆਪ ਜੀ ਦੇ ਸਾਥੀ, ਦੂਜੇ ਹੋਣਹਾਰ ਵਿਦਵਾਨ, ਗੰਗੇਸ਼ਵਰਾਨੰਦ, ਜੋ ਪਿੰਡ ਕਾਲੇ ਕਿਆਂ ਦੇ ਜੰਮਪਲ ਸਨ, ਸਹਿਪਾਠੀ ਸਨ। ਇਸ ਤਰ੍ਹਾਂ ਹੀ ਆਪ ਗੁਰਮੁਖੀ, ਉਰਦੂ, ਸੰਸਕ੍ਰਿਤ ਆਦਿ ਪੜ੍ਹਦੇ ਰਹੇ।
ਏਸ ਸਮੇਂ ਵਿਚ ਆਪ ਜੀ ਨਾਲ ਇਕ ਘਟਨਾ ਵਰਤੀ। ਗਿਆਨੀ ਜੀ ਗੰਗਾ ਇਸ਼ਨਾਨ ਕਰਨ ਵੇਲੇ ਜਪੁਜੀ ਸਾਹਿਬ ਪੜ੍ਹ ਰਹੇ ਸੀ ਕਿ ਸੰਨਿਆਸੀਆਂ ਨੇ ਸੁਣ ਲਿਆ, ਉਨ੍ਹਾਂ ਵਿਚੋਂ ਇਕ ਨੇ ਬੋਲੀ ਮਾਰੀ, “ਅਰੇ ਯਹ ਤੋ ਨਾਨਕ ਕਰਾੜ ਕੀ ਬਾਣੀ ਪੜ੍ਹ ਰਹਾ ਹੈ।” ਗਿਆਨੀ ਜੀ ਇਸ ਪਿਛੋਂ ਇਕ ਦਮ ਅੰਮ੍ਰਿਤਧਾਰੀ ਸਿੰਘ ਸਜ ਗਏ। ਵੱਖ-ਵੱਖ ਨਗਰਾਂ ਵਿਚ ਵਿਚਰ ਕੇ ਗੁਰਮਤਿ ਪ੍ਰਚਾਰ ਕਰਨ ਲੱਗੇ।
ਮਾਲਵੇ ਦੇ ਪਿੰਡ ਚੂਹੜਚੱਕ ਅਤੇ ਹੋਰ ਨਗਰਾਂ ਵਿਚ ਧਰਮ ਦਾ ਪ੍ਰਚਾਰ ਅਰੰਭ ਦਿੱਤਾ।
੧੯੧੧ ਵਿੱਚ ਆਪ ਜੀ ਫਿਰਦੇ-ਫਿਰਦੇ ਪਿਸ਼ਾਵਰ ਚਲੇ ਗਏ। ਉਥੇ ਗਿਆਨੀ ਬਾਘ ਸਿੰਘ ਜੀ ਗੁਰਦੁਆਰੇ ਦੇ ਪ੍ਰਬੰਧਕ ਅਤੇ ਗੁਣੀ ਸੱਜਣਾਂ ਦੇ ਕਦਰਦਾਨ ਸਨ। ਉਨ੍ਹਾਂ ਨੇ ਸ਼ੇਰ ਸਿੰਘ ਜੀ ਦੀ ਸੇਵਾ-ਸੰਭਾਲ ਕੀਤੀ। ਗਿਆਨੀ ਜੀ ਗੁਰਦੁਆਰੇ ਵਿੱਚ ਗੁਰਬਾਣੀ, ਇਤਿਹਾਸਕ ਗ੍ਰੰਥਾਂ ਦੀ ਕਥਾ ਕਰਨ ਲੱਗੇ, ਨਾਲੋ ਨਾਲ ਈਸਾਈ ਪਾਦਰੀਆਂ ਪਾਸੋਂ ਈਸਾਈ ਮਤ ਅਤੇ ਅੰਗ੍ਰੇਜ਼ੀ ਵੀ ਪੜ੍ਹਦੇ ਰਹੇ। ਸਿੱਖਾਂ ਵਿਚ ਜਾਗ੍ਰਤੀ ਦੀ ਲੋਅ ਲੱਗੀ ਹੋਈ ਸੀ। ਆਪ ਜੀ ਨੇ ਧਾਰਮਕ ਇਕੱਠਾਂ ਵਿਚ ਪੁੱਜ ਕੇ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ। ਪਿਛੋਕੜ ਵਿਚ ਬਹੁਪੱਖੀ ਗਿਆਨ ਸੀ, ਵਰਤਮਾਨ ਨੂੰ ਸਮਝਣ ਦੀ ਸੂਝ ਸੁਚੇਤ ਸੀ। ਗਿਆਨੀ ਜੀ ਪੇਸ਼ਾਵਰ ਤੋਂ ਲੈ ਕੇ ਪੋਠੋਹਾਰ, ਰਾਵਲਪਿੰਡੀ, ਜੇਹਲਮ ਤੱਕ ਦੀਵਾਨਾਂ ਵਿਚ ਪੁੱਜ ਕੇ ਆਪਣੀ ਵਿਦਵਤਾ ਦੀ ਧਾਂਕ ਜਮਾਉਂਦੇ ਰਹੇ।
ਥੋੜ੍ਹੇ ਵਰ੍ਹਿਆਂ ਵਿਚ ਆਪ ਜੀ ਦਾ ਹੈਡ ਕੁਆਟਰ ਰਾਵਲਪਿੰਡੀ (ਸਿੰਘ ਸਭਾ) ਬਣ ਗਿਆ ਜਿਥੇ ਉਨ੍ਹਾਂ ਨੇ ਪੁਸਤਕਾਂ ਦੀ ਰਚਨਾ ਕਰਨੀ ਵੀ ਅਰੰਭ ਦਿੱਤੀ।
ਰਾਵਲਪਿੰਡੀ ਵਿਚ ਆਪ ਨੇ ਗੁਰਮਤਿ ਪ੍ਰਚਾਰ ਲੜੀ ਸਥਾਪਿਤ ਕਰ ਕੇ ਭਗਤ ਲਛਮਣ ਸਿੰਘ, ਪ੍ਰੋ: ਤੇਜਾ ਸਿੰਘ, ਸ: ਹਰਨਾਮ ਸਿੰਘ ਐਮ.ਏ. ਅਤੇ ਸ: ਨਿਹਾਲ ਸਿੰਘ ਸੂਰੀ ਦੀ ਮਦਦ ਨਾਲ ਗੁਰਮਤਿ ਪ੍ਰਚਾਰ ਆਰੰਭ ਦਿੱਤਾ। ਕਈ ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਅੱਜ ਕੱਲ੍ਹ ਪ੍ਰਾਪਤ ਨਹੀਂ ਹੋ ਰਹੀਆਂ। ਆਪ ਜੀ ਨੇ ਗੁਰਬਾਣੀ ਦੇ ਟੀਕੇ ਵੀ ਲਿਖੇ, ਇਨ੍ਹਾਂ ਵਿਚੋਂ ਆਸਾ ਦੀ ਵਾਰ ਅਤੇ ਨਿਤਨੇਮ ਸਟੀਕ ਵਧੇਰੇ ਪ੍ਰਸਿੱਧ ਹੋਏ। ਆਪ ਜੀ ਲਿਖਤ ‘ਰਾਂਗਲਾ ਦਰਪਨ’ ਪੁਸਤਕ ਦੀ ਵੀ ਵਿਚਾਰਵਾਨਾਂ ਵਿਚ ਆਦਰ ਵਾਲੀ ਥਾਂ ਰਹੀ ਹੈ।
ਗਿਆਨੀ ਸ਼ੇਰ ਸਿੰਘ ਜੀ ਅਕਾਲੀ ਲਹਿਰ ਵਿਚ ਮੁਖੀਏ ਦੇ ਤੌਰ ‘ਤੇ ਪ੍ਰਗਟ ਹੋਏ। ਆਪ ਕਈ ਅਕਾਲੀ ਅਖ਼ਬਾਰਾਂ ਦੇ ਐਡੀਟਰ ਵੀ ਰਹੇ, ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀਆਂ। ਅਕਾਲੀ ਪ੍ਰਦੇਸੀ, ਕੌਮੀ ਦਰਦ, ਖਾਲਸਾ ਸੇਵਕ, ਸਿੱਖ ਸੇਵਕ, ਪੰਜਾਬ ਆਦਿਕ ਆਪਣੇ ਅਖਬਾਰ ਵੀ ਆਪ ਨੇ ਕੱਢ ਕੇ ਚੋਖੀ ਸੇਵਾ ਕੀਤੀ। ਆਪ ਰਾਜਨੀਤੀ ਦੇ ਵੀ ਚੋਟੀ ਦੇ ਮਾਹਿਰਾਂ ਵਿਚੋਂ ਮੰਨੇ ਜਾਂਦੇ ਸੀ। ਦੇਸ਼-ਵੰਡ ਵੇਲੇ ‘ਆਜ਼ਾਦ ਪੰਜਾਬ’ ਦੀ ਲਹਿਰ ਵੀ ਇਨ੍ਹਾਂ ਨੇ ਅਤੇ ਗਿਆਨੀ ਕਰਤਾਰ ਸਿੰਘ ਨੇ ਚਲਾਈ ਸੀ। ਆਪ ਜੀ ਗੁਰਮਤਿ ਗਿਆਨ ਦੇ ਵੀ ਵਿਆਖਿਆਤ, ਜਬਰਦਸਤ ਲਿਖਾਰੀ ਤੇ ਬੁਲਾਰੇ ਸਨ। ਆਪ ਜੀ ਦੀ ਸੰਗਤ ਤੋਂ ਲਾਭ ਉਠਾਉਣ ਵਾਲੇ ਦਰਜਨਾਂ ਪੱਤਰਕਾਰ ਤੇ ਲੇਖਕ ਹੋਏ ਹਨ, ਜਿਨ੍ਹਾਂ ਵਿਚ ਸ: ਸਾਧੂ ਸਿੰਘ ਹਮਦਰਦ, ਗਿਆਨੀ ਸ਼ਾਦੀ ਸਿੰਘ, ਸ. ਗੁਰਨਾਮ ਸਿੰਘ ‘ਤੀਰ’ ਦੇ ਨਾਂ ਖਾਸ ਤੌਰ ‘ਤੇ ਵਰਣਨਯੋਗ ਹਨ।
ਇਹ ਛੋਟੀ ਜਿਹੀ ਪੁਸਤਕ, ਆਪ ਦਾ ਮੰਤਕ ਅਤੇ ਵਿਦਵਤਾ ਵਿਸ਼ੈ-ਵਸਤੂ ਉੱਤੇ ਜ਼ਬਰਦਸਤ ਅਧਿਕਾਰ ਰੱਖਣ ਵਾਲੀ ਹੈ। ਇਸ ਪੁਸਤਕ ਨੂੰ ਛਾਪਣ ਵੇਲੇ, ਦੂਜੀ ਐਡੀਸ਼ਨ; ਜੋ ਮਈ ੧੯੨੫ ਦੀ ਦੇਸ਼ ਸੇਵਕ ਬੁੱਕ ਏਜੰਸੀ ਲਾਹੌਰ ਦੀ ਛਪੀ ਹੋਈ ਸੀ, ਪ੍ਰਾਪਤ ਹੋਈ।
ਇਹ ਪੁਸਤਕ ਇਕ ਸਿਧਾਂਤਕ ਬਹਿਸ ਹੈ, ਜਿਸ ਵਿਚ ਗੁਰੂ-ਘਰ ਦੀ ਪਰੰਪਰਾਵਾਂ ਤੇ ਇਤਿਹਾਸਕ ਝਾਕੀਆਂ ਵੀ ਕਈ ਥਾਂ ਲੋੜੀਂਦੇ ਭਾਗ ਬਣ ਕੇ ਆਈਆਂ ਹਨ। ਪ੍ਰਬਲ ਪ੍ਰਭਾਵ, ਦਲੀਲਾਂ ਅਤੇ ਮੰਤਕਾਂ ਦਾ ਹੀ ਹੈ। ਗਿਆਨੀ ਜੀ ਦੀਆਂ ਦਲੀਲਾਂ ਤੇ ਮੰਤਕ ਏਨੇ ਜ਼ੋਰਦਾਰ ਹਨ ਕਿ ਪੰਥ ਦੀ ਸ਼ਕਤੀ ਤੇ ਏਕੇ ਲਈ, ਗੁਰੂ-ਡੰਮ ਤੇ ਸ਼ਖ਼ਸੀਅਤ-ਪ੍ਰਸਤੀ ਸੱਚਮੁਚ ਹੀ ਇਕ ਕੋਹੜ ਜਾਪਣ ਲੱਗ ਪੈਂਦਾ ਹੈ।
ਗੁਰੂ-ਡੰਮ ਦੇ ਇਸ ਕੋਹੜ ਦੇ ਕੀੜੇ ਨੂੰ ਜੋ ਸ੍ਰੀ ਗੁਰੂ ਨਾਨਕ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖੂਨ ਨਾਲ ਸਿੰਜੀ ਫੁਲਵਾੜੀ ਨੂੰ ਚਿੰਬੜਿਆ ਹੋਇਆ ਹੈ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਜ਼ੋਰ ਨਾਲ ਸਿੱਖੀ ਦਾ ਖੂਨ ਪੀ ਰਹੀਆਂ ਜੋਕਾਂ ਸਮਝ ਕੇ, ਤੋੜ ਸੁੱਟਣਾ ਜ਼ਰੂਰੀ ਅਨੁਭਵ ਹੁੰਦਾ ਹੈ। ਪੁਸਤਕ ਬੇਸ਼ੱਕ ਸਿਧਾਂਤਕ ਬਹਿਸ ਹੈ ਪਰ ਕਈ ਥਾਂ ਅਜੇਹੇ ਜ਼ੋਰਦਾਰ ਫਿਕਰੇ ਆਉਂਦੇ ਹਨ ਜੋ ਸਰਲ ਤੇ ਸਪੱਸ਼ਟ ਤਿੱਖੇ ਤੀਰ ਹੋਣ ਕਰਕੇ ਠੀਕ ਨਿਸ਼ਾਨੇ ਉੱਤੇ ਲਗਦੇ ਹਨ।
ਪੁਸਤਕ ਦਾ ਲਿਖਣ ਕਾਲ ਸਿੰਘ ਸਭਾ ਲਹਿਰ ਦੇ ਸਿਖਰ ਦੇ ਸਮੇਂ ਦਾ ਹੈ, ਜਿਸ ਦੀ ਸੂਹ ਪੁਸਤਕ ਵਿਚੋਂ ਮਿਲਦੀ ਹੈ, ਨਾਲ ਹੀ ਅੰਗਰੇਜ਼ੀ ਰਾਜ ਤੇ ਸਮਾਜ ਦੇ ਕਈ ਥਾਂ ਆਉਂਦੇ ਹਵਾਲੇ ਵੀ ਇਹੋ ਪ੍ਰਗਟ ਕਰਦੇ ਹਨ, ਜਿਨ੍ਹਾਂ ਵਿਚੋਂ ਕਈ ਪ੍ਰਚੱਲਤ ਗੱਲਾਂ ਨੂੰ ਸਿਧਾਂਤਕ ਵਿਆਖਿਆ ਲਈ ਗਿਆਨੀ ਜੀ ਨੇ ਦਲੀਲ ਦਾ ਵਿਸਥਾਰ ਤੇ ਵਰਤੋਂ ਦੇ ਪਹਿਲੂਆਂ ਨੂੰ ਨਿਖਾਰਨ ਲਈ ਵਰਤਿਆ ਹੈ।
ਪਹਿਲਾਂ ਸਿੰਘ ਸਭਾ ਸ਼ਤਾਬਦੀ ਕਮੇਟੀ ਨੇ ਇਸ ਨੂੰ ਛਾਪਣ ਤੇ ਸੰਗਤਾਂ ਤੱਕ ਪਹੁੰਚਾਉਣ ਦਾ ਉੱਦਮ ਅਪ੍ਰੈਲ ੧੯੭੫ ਵਿਚ ਕੀਤਾ ਸੀ। ਇਸੇ ਆਸ਼ੇ ਦੀ ਪੂਰਤੀ ਲਈ ਗਿਆਨੀ ਜੀ ਲਿਖਤ, ਇਹ ਦੁਰਲੱਭ ਪੁਸਤਕ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਸਮੇਂ ਸੰਗਤਾਂ ਦੀ ਭੇਟਾ ਕੀਤੀ ਜਾ ਰਹੀ ਹੈ। ਖਾਲਸਾ ਪੁਰਬ ਸਮੇਂ ਜਦੋਂ ਇਹ ਪੁਸਤਕ ਛਪਾਈ ਅਧੀਨ ਹੋਈ ਤਾਂ ਗਿਆਨੀ ਸ਼ੇਰ ਸਿੰਘ ਕਿਰਤ, ਇਸੇ ਵਿਸ਼ੇ ਸਬੰਧੀ ਇਕ ਹੋਰ ਲੇਖ ਪ੍ਰਾਪਤ ਹੋਇਆ ਜਿਸ ਦਾ ਸਿਰਲੇਖ : ‘ਦੁਨੀਆਂ ਦੇ ਸਾਰੇ ਮਜ੍ਹਬਾਂ ਵਿਚ ਕੇਵਲ ਸਿੱਖ-ਪੰਥ ਹੀ ਗੁਰੂ ਕਹਾਉਣ ਦਾ ਹੱਕ ਰੱਖਦਾ ਹੈ’ ਮਿਲਿਆ ਜੋ ਇਸ ਪੁਸਤਕ ਦੇ ਪੰਨਾ ੮੪ ਉੱਤੇ ਛਾਪਿਆ ਜਾ ਰਿਹਾ ਹੈ, ਜੋ ਅਤਿ ਢੁਕਵਾਂ ਹੈ।
੨੯ ਮਾਰਚ ੧੯੯੯,
ਗੁਰਦਿੱਤ ਸਿੰਘ, ਗਿਆਨੀ,
ਗੁਰੂ ਗ੍ਰੰਥ ਵਿੱਦਿਆ ਕੇਂਦਰ,
ਸੈ: ੨੮-ਏ. ਚੰਡੀਗੜ੍ਹ।
ਮੁਖ ਲੇਖ
ਜੇ ਇਸ ਗੱਲ ‘ਤੇ ਧਿਆਨ ਮਾਰਿਆ ਜਾਵੇ ਕਿ ਕੌਮਾਂ ਕਿਸ ਤਰ੍ਹਾਂ ਬਣਦੀਆਂ ਤੇ ਕਾਇਮ ਰਹਿੰਦੀਆਂ ਹਨ, ਤਾਂ ਮੰਨਣਾ ਪਵੇਗਾ ਕਿ ਹਰ ਇਕ ਜ਼ਿੰਦਾ ਕੌਮ ਕਿਸੇ ਨਾ ਕਿਸੇ ਡਾਢੇ ਸੰਗਲ ਵਿਚ ਬੱਧੀ ਹੋਈ ਹੈ। ਸਾਡੀ ਸਿੱਖ ਕੌਮ ਨੂੰ ਕਾਇਮ ਰੱਖਣ ਵਾਲਾ ਤਗੜਾ ਸੰਗਲ, ਸਾਡੇ ਧਰਮ ਦੀ ਏਕਤਾ ਹੈ, ਇਸ ਧਾਰਮਕ ਏਕਤਾ ਵਿਚ ਉਹ ਚੀਜ਼ ਹੈ ਕਿ ਜਿਸ ਦੇ ਕਾਰਨ ਅੱਜ ਇਕ ਕਲਕੱਤੇ ਵਿਚ ਬੈਠੇ ਮੁਸਲਮਾਨ ਦੇ ਸੀਨੇ ਅੰਦਰ ਯੂਰਪ ਦੇ ਰਹਿਣ ਵਾਲੇ ਤੁਰਕਾਂ ਲਈ ਦਰਦ ਮੌਜੂਦ ਹੈ, ਸਗੋਂ ਧਾਰਮਕ ਲਹਿਰ ਦੇ ਚੜ੍ਹ ਜਾਣ ਪਰ ਯੂਰਪੀ ਤੇ ਏਸ਼ੀਆਈ ਮੁਸਲਮਾਨ ਦੀ ਪਛਾਣ ਭੀ ਕੁਝ ਮੁਸ਼ਕਲ ਜੇਹੀ ਹੋ ਜਾਂਦੀ ਹੈ। ਪਰ ਖੋਟੇ ਭਾਗਾਂ ਕਰਕੇ ਕੋਈ ਸੌ ਡੇਢ ਸੌ ਸਾਲ ਤੋਂ ਅਸੀਂ ਅਜੇਹੇ ਰੁਲੇ ਹਾਂ ਕਿ ਸਾਡੇ ਧਾਰਮਕ ਨਿਸ਼ਚੇ ਵਿਚ ਬੜੇ ਹੀ ਫ਼ਰਕ ਪੈ ਚੁੱਕੇ ਹਨ। ਇਸ ਕਮਜ਼ੋਰੀ ਕਰਕੇ ਅਸੀਂ ਪੁਰਾਣੀ ਸਿੱਖ ਹਿਸਟਰੀ ਨੂੰ ਭੀ ਦਾਗ਼ ਲਾ ਦਿੱਤੇ ਹਨ। ਸਾਡੀ ਆਪਣੀ ਨਲਾਇਕੀ ਦੇ ਸਬੱਬ ਸਿੱਖ ਧਰਮ ਦਾ ਸਤਿਕਾਰ ਦੂਜਿਆਂ ਦੀਆਂ ਅੱਖਾਂ ਵਿਚ ਭੀ ਨਹੀਂ ਰਿਹਾ। ਹੁਣ ਜ਼ਰੂਰਤ ਹੈ ਕਿ ਪਹਿਲੇ ਅਸੀਂ ਖੁਦ ਸਤਿਗੁਰੂਆਂ ਦੀ ਅਮੋਲਕ ਸਿੱਖਿਆ ਨੂੰ ਸਮਝੀਏ ਤੇ ਫੇਰ ਇਹ ਸੁੰਦਰ ਗੁਲਦਸਤਾ ਲੋਕਾਂ ਦੇ ਪੇਸ਼ ਕਰੀਏ।
ਕੁਝ ਦੋਸਤਾਂ ਦਾ ਹੁਕਮ ਮੰਨ ਕੇ ਮੈਂ ਭੀ ਇਸ ਸੇਵਾ ਲਈ ਹਾਜ਼ਰ ਹੋਇਆਂ ਹਾਂ, ਭਾਵੇਂ ਮੇਰੀ ਸਮਰੱਥਾ ਇਤਨੀ ਨਾ ਹੋਵੇ ਕਿ ਮੈਂ ਇਸ ਰਸਤੇ ਵਿਚ ਕੁਝ ਸੇਵਾ ਕਰ ਸਕਾਂ ਪਰ ਫੇਰ ਭੀ ਗੁਰੂ-ਪੰਥ ਦੀ ਮੇਹਰ ਨਾਲ ਇਹ ਕੰਮ ਕਿਸੇ ਲੇਖੇ ਜੋਗਾ ਹੋਣ ਦੀ ਉਮੀਦ ਹੈ। ਇਸ ਕਿਤਾਬ ਵਿਚ ਗੁਰੂ ਕੌਣ ਹੈ, ਸਿੱਖ ਕੌਣ ਹੈ? ਸਿੱਖ ਧਰਮ ਦੀ ਉੱਚਤਾ, ਦਸ ਗੁਰੂਆਂ ਦੇ ਮਿਸ਼ਨ ਦੀ ਇੱਕ ਲੜੀ, ਆਦਿ ਵਿਚਾਰਾਂ ਆਈਆਂ ਹਨ। ਨਿਸ਼ਚਾ ਹੈ ਕਿ ਸੱਜਣ ਇਸ ਨੂੰ ਇਕ ਵਾਰ ਵਿਚਾਰ ਕੇ ਪੜ੍ਹਨ ਦੀ ਖੇਚਲ ਜ਼ਰੂਰ ਕਰਨਗੇ। ਇਸ ਕਿਤਾਬ ਦਾ ਸਿੱਟਾ ਇਨ੍ਹਾਂ ਦੋ ਅਮੋਲਕ ਵਾਕਾਂ ਵਿੱਚ ਹੈ :
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। (ਭਾਈ ਗੁਰਦਾਸ ਜੀ, ਵਾਰ ੪੧)
ਗਿਆਨੀ ਸ਼ੇਰ ਸਿੰਘ
ਰਾਵਲਪਿੰਡੀ
ੴ ਵਾਹਿਗੁਰੂ ਜੀ ਕੀ ਫ਼ਤਹ॥
ਸ੍ਰੀ ਗੁਰੂ ਗ੍ਰੰਥ ਤੇ ਪੰਥ
ਭਾਵੇਂ ਸਿਦਕੀ, ਪੰਥ-ਦਰਦੀ ਤੇ ਸੁਧਾਰਕ ਅਤੇ ਖਾਲਿਸ ਸਿੱਖਾਂ ਦਾ ਇਹੀ ਨਿਸ਼ਚਾ ਹੈ ਕਿ ਦਸਾਂ ਗੁਰੂਆਂ ਦੀ ਥਾਂ ਹੁਣ ‘ਗੁਰੂ ਗ੍ਰੰਥ ਅਤੇ ਪੰਥ’ ਹੈ ਪਰ ਤਾਂ ਭੀ ਕਈ ਇਕ ਸਵਾਰਥੀ ਅਤੇ ਭੋਲੇ ਭਾਲੇ ਸੱਜਣਾਂ ਦੇ ਕਾਰਨ ਕਈ ਜਗ੍ਹਾ ਗੁਰੂ ਵਿਸ਼ੇ ‘ਤੇ ਝਗੜਾ ਚੱਲ ਪੈਂਦਾ ਹੈ। ਇਸ ਤੋਂ ਛੁੱਟ ਗੁਰੂ-ਪਦਵੀ ਦੇ ਕੇ ਜੋ ਅਹਿਸਾਨ ਸਤਿਗੁਰਾਂ ਨੇ ਸੁਧਾਰਕ ਦੁਨੀਆਂ ਉੱਪਰ ਕੀਤਾ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਪਬਲਿਕ ਨੂੰ ਰੂਹਾਨੀ, ਦਿਮਾਗ਼ੀ, ਮਜ਼ਹਬੀ ਤੇ ਭਾਈਚਾਰਕ ਆਜ਼ਾਦੀ ਦੇ ਕੇ ਅੱਗੇ ਲਈ ਹਰ ਤਰ੍ਹਾਂ ਮੁਲਕੀ ਆਜ਼ਾਦੀ ਆਦਿ ਦੀ ਸਿੱਖਿਆ ਦਿੱਤੀ ਹੈ, ਇਹ ਖੂਬੀ ਭੀ ਅਜੇ ਲੋਕਾਂ ਦੀਆਂ ਅੱਖਾਂ ਤੋਂ ਉਹਲੇ ਨਹੀਂ ਹੈ। ਮੈਂ ਆਪਣੀ ਹਿੰਮਤ ਨੂੰ ਸਫਲ ਸਮਝਾਂਗਾ ਜੇ ਇਸ ਛੋਟੀ ਜਿਹੀ ਕਿਤਾਬ ਵਿਚ ਇਨ੍ਹਾਂ ਗੱਲਾਂ ‘ਤੇ ਚਾਨਣਾ ਪਾ ਦੇਵਾਂ।
ਗੁਰੂ
ਜਦ ਕਿਸੇ ਗੱਲ ਉੱਪਰ ਵਿਚਾਰ ਕਰਨੀ ਹੋਵੇ ਤਦ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਦੇ ਵਾਚਯ ਨੂੰ ਛੱਡ ਕੇ ‘ਲਖਸ਼ ਵੱਲ ਧਿਆਨ ਕੀਤਾ ਜਾਵੇ, ਜਿਸ ਤਰ੍ਹਾਂ ਕਿ ਸਿੱਖ ਪਦ ਦਾ ਲਫ਼ਜ਼ੀ ਅਰਥ ਹੈ, ਕਿਸੇ ਤੋਂ ਸਿੱਖਿਆ ਲੈਣ ਵਾਲਾ’। ਇਸ ਅਰਥ ਦੇ ਅਨੁਸਾਰ ਹਿੰਦੂ, ਮੁਸਲਮਾਨ, ਈਸਾਈ, ਯਹੂਦੀ, ਪਾਰਸੀ ਆਦਿ ਧਰਮਾਂ ਦੇ ਲੋਕ ਸਾਰੇ ਹੀ ਸਿੱਖ ਹਨ। ਪਰ ਜਿੱਥੇ ਇਹ ਲਿਖਿਆ ਜਾਵੇ ਕਿ ਹਿੰਦੁਸਤਾਨ ਵਿਚ ੩੦ ਲੱਖ ਸਿੱਖ ਹਨ, ਉੱਥੇ ਸਾਫ ਮਤਲਬ ਇਹ ਹੋਵੇਗਾ ਕਿ ਆਖਣ ਵਾਲਾ ਇਕ ਖਾਸ ਪੰਥ ਯਾ ਫਿਰਕੇ ਨੂੰ ਸਿੱਖ ਨਾਮ ਨਾਲ ਯਾਦ ਕਰ ਰਿਹਾ ਹੈ। ਇਸ ਪਰ ਹੋਰ ਸੈਂਕੜੇ ਦ੍ਰਿਸ਼ਟਾਂਤ ਦਿੱਤੇ ਜਾ ਸਕਦੇ ਹਨ। ਸਿਧਾਂਤ ਕੇਵਲ ਇਹ ਹੈ ਕਿ ਹਰ ਥਾਂ ਲਫ਼ਜ਼ੀ ਅਰਥ ਖਿੱਚਣ ਦੀ ਲੋੜ ਨਹੀਂ, ਸਗੋਂ ਸੋਚਣਾ ਇਹ ਹੁੰਦਾ ਹੈ ਕਿ ਆਖਣ ਵਾਲੇ ਦਾ ਤਾਤਪ੍ਰਯ ਕੀ ਹੈ?
ਏਥੇ ਬਹਿਸ ‘ਗੁਰੂ’ ਉੱਪਰ ਹੈ। ਭਾਵੇਂ ‘ਗੁਰੂ’ ਲਫ਼ਜ਼ ਦਾ ਅੱਖਰੀ ਅਰਥ ਕੁਛ ਭੀ ਕਿਉਂ ਨਾ ਹੋਵੇ, ਸਾਡਾ ਮਤਲਬ ਉਸ ਗੁਰੂ ਤੋਂ ਹੈ ਜਿਸ ਦੀ ਬਾਬਤ ਗੁਰੂ ਜੀ ਦੀ ਆਗਿਆ ਹੈ ਕਿ :
ਮਨੁ ਬੇਚੈ ਸਤਿਗੁਰ ਕੈ ਪਾਸਿ ॥
ਤਿਸੁ ਸੇਵਕ ਕੇ ਕਾਰਜ ਰਾਸਿ ॥ (ਗਉੜੀ ਸੁਖਮਨੀ, ਮ: ੫, ਪੰਨਾ ੨੮੬)
ਐਸਾ ਸਤਿਗੁਰੁ ਜੇ ਮਿਲੈ
ਤਿਸ ਨੋ ਸਿਹੁ ਸਉਪੀਐ ਵਿਚਹੁ ਆਪੁ ਜਾਇ ॥ (ਰਾਮਕਲੀ ਮ: ੩, ਅਨੰਦੁ, ਪੰਨਾ ੯੨੧)
ਭਾਵ ਇਹ ਕਿ ਗੁਰੂ ਉਹ ਹੈ ਜਿਸ ਨੂੰ ਬਿਲਕੁਲ ਨਿਸ਼ਪਾਪ ਤੇ ਅਭੁੱਲ ਮੰਨ ਕੇ ਉਸ ਦੇ ਬਚਨਾਂ ਤੇ ਕੰਮਾਂ ਨੂੰ ਬਿਨਾਂ ਰੋਕ ਟੋਕ ਦੇ ਸੱਚੇ ਅਤੇ ਦਰੁਸਤ ਮੰਨਿਆ ਜਾਵੇ, ਜਿਸ ਦੀ ਸਿੱਖਿਆ ਉੱਪਰ ਜ਼ਰਾ ਭੀ ਸ਼ੱਕ ਨਾ ਹੋਵੇ, ਧਾਰਮਕ ਦਸ਼ਾ ਵਿਚ ਉਸ ਦੀ ਆਗਿਆ ਸਭ ਤੋਂ ਵੱਧ ਪ੍ਰਮਾਣੀਕ ਹੋਵੇ।
ਅਜਿਹਾ ਗੁਰੂ ਕੌਣ ਹੋ ਸਕਦਾ ਹੈ?
(੧) ਮੁਸਲਮਾਨ ਭਾਈ, ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਹੀ ਗੁਰੂ ਆਖ ਸਕਦੇ ਹਨ, ਕਿਉਂਕਿ ਉਸ ਦੀ ਆਖੀ ਕਲਾਮ ਨੂੰ ਉਹ ਰੱਬ ਦੀ ਕਲਾਮ ਸਮਝਦੇ ਹਨ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਸ ਕਲਾਮ ਅਰਥਾਤ ਕੁਰਾਨ ਸ਼ਰੀਫ ਵਿੱਚ ਗਲਤੀ ਅਤੇ ਕਮੀ ਦਾ ਨਾਮ-ਨਿਸ਼ਾਨ ਨਹੀਂ। ਬਸ; ਉਹ ਮੁਹੰਮਦ ਸਾਹਿਬ ਯਾ ਉਸ ਦੇ ਕੁਰਾਨ ਸ਼ਰੀਫ ਦੇ ਅੱਗੇ ਆਪਣਾ ਮਨ ਵੇਚ ਸਕਦੇ ਹਨ ਤੇ ਇਹ ਕਹਿ ਸਕਦੇ ਹਨ ਕਿ ਏਥੇ ਜੋ ਭੀ ਹੁਕਮ ਆਇਆ ਹੈ, ਉਹ ਸਭ ਕੁਛ ਸਾਨੂੰ ਮਨਜ਼ੂਰ ਹੈ। ਉਸ ਤੋਂ ਬਿਨਾਂ ਉਹ ਕਿਸੇ ਹੋਰ ਪੀਰ, ਵਲੀ ਯਾ ਫ਼ਕੀਰ ਨੂੰ ਆਪਣਾ ਗੁਰੂ ਨਹੀਂ ਮੰਨ ਸਕਦੇ ਕਿਉਂਕਿ ਉਹ ਕਿਸੇ ਭਲੇ ਪੁਰਸ਼ ਦੀ ਗੱਲ ਉਥੋਂ ਤਕ ਹੀ ਮੰਨਣਗੇ ਜਿਥੋਂ ਤਕ ਉਸ ਦਾ ਕਥਨ ਹਜ਼ਰਤ ਮੁਹੰਮਦ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਹੋਵੇ। ਜੇ ਕੋਈ ਮੁਸਲਮਾਨ ਆਖੋ ਕਿ ਮੈਂ ਅਮਕੇ ਫ਼ਕੀਰ ਯਾ ਪੀਰ ਨੂੰ ਗੁਰੂ ਮੰਨ ਬੈਠਾ ਹਾਂ, ਤਾਂ ਅਸੀਂ ਉਸ ਕੋਲੋਂ ਇਹ ਪੁੱਛਾਂਗੇ ਕਿ ਫ਼ਰਜ਼ ਕਰੋ ਜੇ ਉਸ ਦੀ ਤਾਲੀਮ ਮੁਹੰਮਦ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਨਾ ਹੋਵੇ, ਫੇਰ ਕੀ ਆਪ ਉਸ ਨੂੰ ਪ੍ਰਮਾਣੀਕ ਮੰਨੋਗੇ? ਜੇ ਉਹ ਮੁਸਲਮਾਨ ਵੀਰ ਆਖੇ ਕਿ ਮੈਂ ਇਸ ਤਰ੍ਹਾਂ ਮੰਨਣ ਨੂੰ ਤਿਆਰ ਹਾਂ ਤਾਂ ਇਸ ਦੇ ਅਰਥ ਇਹ ਹੋਣਗੇ ਕਿ ਉਹ ਮੁਹੰਮਦ ਸਾਹਿਬ ਦੀ ਆਗਿਆ ਨੂੰ ਪੂਰੀ ਤੇ ਠੀਕ ਠੀਕ ਸੱਚੀ ਨਹੀਂ ਮੰਨਦਾ, ਕਿਉਂਕਿ ਜਿਥੇ ਉਸ ਦੇ ਆਪਣੇ ਮੰਨੇ ਹੋਏ ਪੀਰ ਦੀ ਆਗਿਆ ਤੇ ਮੁਹੰਮਦ ਸਾਹਿਬ ਦੀ ਸਿੱਖਿਆ ਦਾ ਫ਼ਰਕ ਪੈ ਜਾਵੇ ਉੱਥੇ ਉਹ ਮੁਹੰਮਦ ਸਾਹਿਬ ਦੇ ਹੁਕਮ ਨੂੰ ਪਿੱਛੇ ਸੁੱਟ ਦੇਵੇਗਾ, ਇਸ ਤਰ੍ਹਾਂ ਕਰਨ ਪਰ ਉਹ ਪੱਕਾ ਮੁਸਲਮਾਨ ਨਹੀਂ ਹੋ ਸਕਦਾ।
ਇਕ ਮੁਸਲਮਾਨ ਤਦ ਤਕ ਹੀ ਮੁਸਲਮਾਨ ਹੈ ਕਿ ਜਦ ਤਕ ਉਹ ਮੁਹੰਮਦ ਸਾਹਿਬ ਤੋਂ ਛੁਟ ਕਿਸੇ ਹੋਰ ਨੂੰ ਗੁਰੂ ਨਾ ਮੰਨੇ। ਏਸੇ ਤਰ੍ਹਾਂ ਇਕ ਈਸਾਈ ਤਦ ਤਕ ਹੀ ਈਸਾਈ ਹੈ ਕਿ ਜਦ ਤੀਕ ਉਹ ਹਜ਼ਰਤ ਈਸਾ ਤੋਂ ਛੁਟ ਕਿਸੇ ਹੋਰ ਨੂੰ ਗੁਰੂ ਨਾ ਮੰਨੇ। ਏਸੇ ਤਰ੍ਹਾਂ ਇਕ ਸਿੱਖ ਤਦ ਤੋੜੀਂ ਹੀ ਸਿੱਖ ਹੈ ਕਿ ਜਦ ਤਕ ਉਹ ਦਸ ਰੂਪ ਧਾਰੀ ਸਤਿਗੁਰੂ ਨਾਨਕ ਦੇਵ ਜੀ ਤੋਂ ਛੁਟ ਹੋਰ ਕਿਸੇ ਨੂੰ ਗੁਰੂ ਨਾ ਮੰਨੇ।
ਇਕ ਹੋਰ ਦਲੀਲ
(੨) ਮੁਸਲਮਾਨਾਂ ਦਾ ਇਹ ਨਿਸ਼ਚਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਕਈ ਉਹ ਗੱਲਾਂ ਰੱਬ ਵੱਲੋਂ ਲਿਆ ਕੇ ਦੱਸੀਆਂ ਕਿ ਜਿਨ੍ਹਾਂ ਦਾ ਉਸ ਤੋਂ ਪਹਿਲੇ ਸੰਸਾਰ ਨੂੰ ਕੋਈ ਪਤਾ ਨਹੀਂ ਸੀ (ਭਾਵੇਂ ਇਲਮ ਨਾ ਹੋਣ ਦੇ ਕਾਰਨ ਤੇ ਭਾਵੇਂ ਅਮਲ ਨਾ ਹੋਣ ਕਰਕੇ) ਉਹ ਨੇਕੀਆਂ ਸੰਸਾਰ ਦੇ ਕੰਮ ਨਹੀਂ ਆ ਰਹੀਆਂ ਸਨ। ਮੁੱਕਦੀ ਗੱਲ ਮਜ਼੍ਹਬ ਇਸਲਾਮ ਦੀ ਉਹ ਮਸ਼ੀਨਰੀ ਹੈ ਜੋ ਹਜ਼ਰਤ ਮੁਹੰਮਦ ਸਾਹਿਬ ਨੇ ਮੁਕੰਮਲ ਕੀਤੀ। ਉਨ੍ਹਾਂ ਤੋਂ ਪਹਿਲਾਂ ਉਹ ਸੰਸਾਰ ਦੇ ਸਾਹਮਣੇ ਮੌਜੂਦਾ ਸੂਰਤ ਵਿਚ ਨਹੀਂ ਸੀ। ਏਸੇ ਲਈ ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਆਖਰੀ ਨਬੀ ਯਾ ਗੁਰੂ ਮੰਨ ਸਕਦੇ ਹਨ। ਸਿੱਖਾਂ ਦਾ ਭੀ ਇਹ ਹੀ ਨਿਸ਼ਚਾ ਹੈ ਕਿ ਖ਼ਾਲਸਾ ਧਰਮ ਦੀ ਜਿਹੜੀ ਸੂਰਤ ਦਸ ਗੁਰੂਆਂ ਨੇ ਸਾਡੇ ਸਾਹਮਣੇ ਪੇਸ਼ ਕੀਤੀ, ਉਸ ਤੋਂ ਪਹਿਲੇ ਸੱਚਾ ਧਰਮ ਇਸ ਮੁਕੰਮਲ ਹਾਲਤ ਵਿਚ ਦੁਨੀਆਂ ਪਰ ਨਹੀਂ ਸੀ। ਹੈ ਵੀ ਠੀਕ, ਜੇ ਮੁਸਲਮਾਨ ਭਾਈ ਇਹ ਦਾਅਵਾ ਨਾ ਕਰਨ ਕਿ ਮੁਹੰਮਦ ਸਾਹਿਬ ਤੋਂ ਪਹਿਲਾਂ ਧਰਮ ਵਿਚ ਕੋਈ ਕਮੀ ਬਾਕੀ ਸੀ ਤਾਂ ਉਨ੍ਹਾਂ ਉੱਪਰ ਸਵਾਲ ਹੋ ਸਕਦਾ ਹੈ ਕਿ ਜੇ ਧਰਮ ਪਹਿਲੇ ਹੀ ਪੂਰੀ ਅਤੇ ਠੀਕ ਹਾਲਤ ਵਿਚ ਪ੍ਰਗਟ ਹੋ ਚੁੱਕਿਆ ਸੀ ਤਾਂ ਮੁਹੰਮਦ ਸਾਹਿਬ ਦੇ ਨਵੇਂ ਪੈਗ਼ੰਬਰ ਹੋਣ ਦੀ ਕੀ ਲੋੜ ਪਈ ਤੇ ਉਨ੍ਹਾਂ ਨੇ ਕਿਉਂ ਇਕ ਨਵਾਂ ਧਰਮ ਸਾਜਿਆ? ਇਹ ਹੀ ਪ੍ਰਸ਼ਨ ਈਸਾਈਆਂ ਅਤੇ ਸਿੱਖਾਂ ਆਦਿ ਪਰ ਭੀ ਹੋ ਸਕਦਾ ਹੈ, ਬਸ ਹਰ ਇਕ ਧਰਮ ਵਾਲੇ ਨੂੰ ਇਹ ਮੰਨਣਾ ਪੈਂਦਾ ਹੈ ਕਿ ਸਾਡੇ ਇਸ ਪੰਥ ਦੇ ਪ੍ਰਗਟ ਹੋਣ ਤੋਂ ਪਹਿਲਾਂ ਦੁਨੀਆਂ ਦੇ ਸਾਹਮਣੇ ਧਰਮ ਅਸਲ ਸੂਰਤ ਵਿਚ ਪੇਸ਼ ਨਹੀਂ ਹੋਇਆ ਸੀ।
ਮੁੱਕਦੀ ਗੱਲ ਹੁਣ ਜੇ ਕੋਈ ਮੁਸਲਮਾਨ ਇਸਲਾਮ ਦਾ ਪ੍ਰਚਾਰ ਕਰੇ ਤਾਂ ਉਹ ਉਸੇ ਨਿਸ਼ਚੇ ਦਾ ਪ੍ਰਚਾਰ ਕਰੇਗਾ ਕਿ ਜੋ ਮਹਾਤਮਾ ਮੁਹੰਮਦ ਸਾਹਿਬ ਸੰਸਾਰ ਨੂੰ ਦੱਸ ਗਏ, ਏਸੇ ਤਰ੍ਹਾਂ ਇਕ ਸਿੱਖ ਉਸੇ ਸਿੱਖੀ ਦਾ ਪ੍ਰਚਾਰ ਕਰੇਗਾ ਕਿ ਜਿਹੜੀ ਸਿੱਖੀ ਦਸੋਂ ਗੁਰੂ ਦੁਨੀਆਂ ਦੇ ਸਾਹਮਣੇ ਰੱਖ ਗਏ। ਇਸ ਲਈ ਸਿੱਖ ਆਪਣੇ ਦਸਾਂ ਗੁਰੂਆਂ ਨੂੰ, ਮੁਸਲਮਾਨ ਭਾਈ ਮਹਾਤਮਾ ਮੁਹੰਮਦ ਸਾਹਿਬ ਨੂੰ ਆਪੋ ਆਪਣਾ ਸਤਿਗੁਰੂ ਆਖ ਸਕਦੇ ਹਨ, ਇਸ ਪਰ ਗੁਰਵਾਕ ਭੀ ਹੈ ਕਿ :
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥
(ਰਾਗੁ ਜੈਤਸਰੀ ਮ: ੪, ਪੰਨਾ ੬੯੭)
ਅਰਥਾਤ ਮੈਂ ਸਦਕੇ ਹਾਂ ਆਪਣੇ ਗੁਰੂ ਤੋਂ ਜਿਸ ਨੇ ਗੁਪਤ ਨਾਮ ਨੂੰ ਪ੍ਰਗਟ ਕੀਤਾ।
ਨਾਮ ਦਾ ਅਰਥ ਏਥੇ ਕੇਵਲ ਰੱਬ, ਰਾਮ, ਵਾਹਿਗੁਰੂ, ਆਦਿ ਲਫ਼ਜ਼ਾਂ ਉੱਪਰ ਹੀ ਖ਼ਤਮ ਨਹੀਂ ਕਿਉਂਕਿ ਇਹ ਲਫ਼ਜ਼ ਤਾਂ ਗੁਰੂ ਯਾ ਪੈਗ਼ੰਬਰ ਦੀ ਸਿੱਖਿਆ ਤੋਂ ਪਹਿਲੇ ਭੀ ਮੌਜੂਦ ਹਨ।
ਹਰ ਇੱਕ ਮਹਾਤਮਾ ਉਸੇ ਜ਼ਬਾਨ ਤੇ ਉਨ੍ਹਾਂ ਲਫ਼ਜ਼ਾਂ ਦੁਆਰਾ ਹੀ ਲੋਕਾਂ ਨੂੰ ਸਮਝਾਉਂਦਾ ਹੈ ਕਿ ਜਿਸ ਨੂੰ ਉਹ ਸਮਝ ਸਕਦੇ ਹੋਣ। ਸੋ ਸਿੱਧ ਹੋਇਆ ਹੈ ਕਿ ਉਪਦੇਸ਼ ਕਰਤਾ ਦੇ ਉਪਦੇਸ਼ ਤੋਂ ਪਹਿਲੇ ਹੀ ਉਹ ਲਫ਼ਜ਼ ਜੋ ਉਸ ਨੇ ਵਰਤੇ, ਸੰਸਾਰ ਵਿਚ ਮੌਜੂਦ ਸਨ।
ਏਥੇ ਨਾਮ ਦਾ ਅਰਥ ਹੈ “ਸਾਰੀ ਦੀ ਸਾਰੀ ਧਾਰਮਕ ਸਿੱਖਿਆ ਅਤੇ ਸਾਰੇ ਦਾ ਸਾਰਾ ਰੱਬੀ-ਗਿਆਨ ਅਤੇ ਉਸ ਨੂੰ ਵਰਤਣ ਤੇ ਪ੍ਰਚਾਰ ਕਰਨ ਦੇ ਸਾਰੇ ਸਾਧਨ।” ਗਿਆਨ ਤੋਂ ਉਹ ਗਿਆਨ ਮੁਰਾਦ ਹੈ ਕਿ ਜਿਸ ਦਾ ਤਅੱਲਕ ਮਨੁੱਖ ਦੇ ਛੁਟਕਾਰੇ ਤੇ ਮੁਕਤੀ ਅਤੇ ਸੰਸਾਰ ਦੀ ਸਾਂਝੀ ਭਲਾਈ ਨਾਲ ਹੋਵੇ”।
ਬੱਸ ਇਸ ਤੋਂ ਸਿੱਧ ਹੋਇਆ ਕਿ ਸਿੱਖੀ ਨੂੰ ਸੰਸਾਰ ਵਿੱਚ ਪ੍ਰਗਟ ਕਰਨ ਵਾਲੇ ਦਸ ਗੁਰੂ ਹੀ ਸਿੱਖਾਂ ਦੇ ਗੁਰੂ ਹਨ। ਹੁਣ ਜੇ ਕੋਈ ਸਿੱਖ ਧਰਮ ਦਾ ਪ੍ਰਚਾਰ ਕਰੇ, ਉਹ ਨਵੀਂ ਕਾਢ ਕੋਈ ਨਹੀਂ ਕੱਢ ਰਿਹਾ ਹੈ ਸਗੋਂ ਸਤਿਗੁਰਾਂ ਦੀ ਪ੍ਰਗਟ ਕੀਤੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ। ਇਸ ਲਈ ਉਹ ਪ੍ਰਚਾਰਕ ਭਾਈ ਸਿੱਖਾਂ ਦਾ ਸਤਿਗੁਰੂ ਨਹੀਂ ਹੋ ਸਕਦਾ। ਜੇ ਕੋਈ ਸੱਜਣ ਅਜਿਹਾ ਪ੍ਰਚਾਰ ਕਰ ਰਿਹਾ ਹੈ ਤਾਂ ਉਹ ਤੇ ਉਸ ਦੇ ਪਿਛਲੱਗ ਸਿੱਖ-ਪੰਥ ਤੋਂ ਖਾਰਜ ਹਨ।
ਸ਼ਖਸੀ ਗੁਰੂ-ਡੰਮ੍ਹ ਤੋਂ ਜੱਥੇਬੰਦੀ ਨੂੰ ਖ਼ਤਰਾ
(੩) ਇਕ ਪੰਥ ਦਾ ਗੁਰੂ ਭੀ ਇਕੋ ਹੀ ਹੋ ਸਕਦਾ ਹੈ, ਜੇ ੩੦ ਲੱਖ ਸਿੱਖ ਇਕ ਥਾਂ ਇਕੱਠੇ ਹੋ ਕੇ ਬੈਠ ਜਾਵਣ ਤੇ ਆਪਣੇ-ਆਪਣੇ ਦਿਲ ਵਿੱਚ ਹਰ ਇਕ ਸਿੱਖ ਇਹ ਨਿਸ਼ਚਾ ਕਰ ਲਵੇ ਕਿ ਦਸ ਸਰੂਪ ਧਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੇ ਗੁਰੂ ਹਨ ਅਤੇ ਹੁਣ ਉਨ੍ਹਾਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਯਾ ਗੁਰਬਾਣੀ ਹੈ ਤੇ ਉਸ ਦੇ ਵਿਚਾਰ ਅਨੁਸਾਰ ਪ੍ਰਚਾਰ ਕਰਨ ਵਾਲਾ ਪੰਥ ਹੈ। ਇਸ ਲਈ ਇਥੋਂ ਜੋ ਫੈਸਲਾ ਹੋਵੇਗਾ, ਸੋ ਮੰਨਣ ਯੋਗ ਹੈ। ਇਸ ਤਰ੍ਹਾਂ ਸਾਰੇ ਝਗੜੇ ਨਿੱਬੜ ਸਕਦੇ ਹਨ ਪਰ ਜੇ ਹਰ ਇਕ ਸਿੱਖ ਦਾ ਵੱਖੋ-ਵੱਖਰਾ ਗੁਰੂ ਹੋਵੇ ਤਾਂ ‘ਜਿਤਨੇ ਗੁਰੂ ਉਤਨੇ ਹੀ ਰਸਤੇ’।
ਇਕ ਗੁਰੂ ਆਖੇਗਾ ਆਰਤੀ ਕਰੋ, ਦੂਜਾ ਆਖੇਗਾ ਨਾ ਕਰੋ; ਇਕ ਕਹੇਗਾ ਮਾਸ ਖਾਉ, ਦੂਜਾ ਨਾ ਖਾਣ ਪਰ ਜ਼ੋਰ ਦੇਵੇਗਾ ਤੇ ਹਰ ਇਕ ਸਿੱਖ ਲਈ ਆਪਣੇ-ਆਪਣੇ ਗੁਰੂ ਦਾ ਹੁਕਮ ਅਟੱਲ ਹੋਵੇਗਾ। ਬੱਸ ਜੇ ਸਾਰੇ ਸਿੱਖਾਂ ਨੇ ਇਕ ਕੌਮ ਯਾ ਇਕ ਪੰਥ ਬਣਾਉਣਾ ਹੈ ਤੇ ਇਨ੍ਹਾਂ ਨੂੰ ਕਿਸੇ ਜਥੇਬੰਦੀ (Organization) ਵਿਚ ਰੱਖਣਾ ਹੈ ਤਾਂ ਲਾਜ਼ਮੀ ਗੱਲ ਹੈ ਕਿ ਇਨ੍ਹਾਂ ਦਾ ਗੁਰੂ ਉਕਤ ਲਿਖੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹੋਵੇ। ਅੱਜ ਕੱਲ੍ਹ ਸਿੱਖ-ਪੰਥ ਦੀ ਜਥੇਬੰਦੀ ਟੁੱਟਣ ਦਾ ਇਹੀ ਕਾਰਨ ਹੈ ਕਿ ਲੋਕੀਂ ਅਲਹਿਦਾ-ਅਲਹਿਦਾ ਗੁਰੂ ਮੰਨ ਬੈਠੇ ਹਨ। ਇਕ ਨਿਰੰਕਾਰੀ ਸੱਜਣ, ਇਕ ਨਾਮਧਾਰੀ ਭਰਾ ਨੂੰ ਦੂਜੇ ਪੰਥ ਯਾ ਫਿਰਕੇ ਦਾ ਮੈਂਬਰ ਸਮਝਦਾ ਹੈ ਕਿਉਂਕਿ ਉਨ੍ਹਾਂ ਦੋਹਾਂ ਦੇ ਗੁਰੂ ਵੱਖੋ-ਵੱਖਰੇ ਹਨ। ਇਸ ਤਰ੍ਹਾਂ ਹੋਰ ਅਨੇਕਾਂ ਸੱਜਣ ਹਨ ਜੋ ਆਪਣਾ- ਆਪਣਾ ਅਲਹਿਦਾ ਗੁਰੂ ਰੱਖਦੇ ਹਨ। ਅੱਜ ਕੱਲ੍ਹ ਸਿੰਘ ਸਭਾ ਦੇ ਦਾਇਰੇ ਵਿੱਚ ਭੀ ਕਈ ਕੁ ਸੱਜਣ ਹਨ, ਜੋ ਆਪਣੀ ਗੁਰਿਆਈ ਦਾ ਦਾਅਵਾ ਖੁੱਲ੍ਹ ਕੇ ਤਾਂ ਨਹੀਂ ਕਰਦੇ ਪਰ ਆਪਣੇ ਆਪ ਨੂੰ ਲੋਕਾਂ ਦਾ ਉਧਾਰ ਕਰਤਾ ਤੇ ਵਾਹਿਗੁਰੂ ਵੱਲੋਂ ਪੂਰਾ ਜ਼ਿੰਮੇਵਾਰ ਤੇ ਆਪਣੀ ਕਲਾਮ ਨੂੰ ਰੱਬ ਦੀ ਕਲਾਮ ਜ਼ਰੂਰ ਮੰਨਦੇ ਹਨ ਤੇ ਉਨ੍ਹਾਂ ਦੇ ਚੇਲੇ ਭੀ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਸਮਝਦੇ ਹਨ।
ਇਸ ਗੁਰੂ-ਡੰਮ੍ਹ ਦੀ ਹਨੇਰੀ ਨਾਲ ਪੰਥ ਖਿੰਡਦਾ ਜਾ ਰਿਹਾ ਹੈ। ਉਹ ਸਿੱਖ ਬੜਾ ਹੀ ਮਨਮੁਖ ਹੈ ਜੋ ਇਹ ਕਹਿ ਦੇਵੇ ਕਿ ਅਮਕੇ ਸੰਤ ਯਾ ਫਲਾਣੇ ਭਾਈ ਸਾਹਿਬ ਜੋ ਵੀ ਕੁਝ ਆਖਣ ਉਹ ਅਲਾਹੀ ਕਲਾਮ ਹੈ ਤੇ ਉਸ ਵਿੱਚ ਜ਼ਰਾ ਭਰ ਇਤਰਾਜ਼ ਕਰਨਾ ਭੀ ਕੁਫ਼ਰ ਹੈ।
ਇਹ ਸੱਚ ਹੈ ਕਿ ਬਜ਼ੁਰਗਾਂ ਦੀ ਕਦਰ ਕਰੋ ਪਰ ਉਨ੍ਹਾਂ ਦੀ ਗੱਲ ਨੂੰ ਆਮ ਸਮਝ (Common sense) ਤੇ ਗੁਰਬਾਣੀ ਦੀ ਕਸਵੱਟੀ ਉੱਪਰ ਜ਼ਰੂਰ ਪਰਖ ਲਉ।
ਕੁਝ ਇਤਰਾਜ਼
ਕਈ ਭੋਲੇ-ਭਾਲੇ ਸੱਜਣ ਪੁੱਛਿਆ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਖ਼ੁਦ ਨਹੀਂ ਬੋਲਦੇ, ਇਸ ਲਈ ਉਹ ਕਿਸ ਤਰ੍ਹਾਂ ਗੁਰੂ ਹੋ ਸਕਦੇ ਹਨ। ਉਨ੍ਹਾਂ ਭੋਲੇ ਭਰਾਵਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਸਿਰਫ਼ ਬੋਲਣ ਵਾਲਾ ਹੀ ਗੁਰੂ ਨਹੀਂ ਹੋ ਜਾਂਦਾ, ਕਿਉਂਕਿ ਆਦਮੀ, ਪਸ਼ੂ, ਪੰਖੇਰੂ, ਫੋਨੋਗ੍ਰਾਮ ਆਦਿ ਬਾਜੇ ਤੇ ਰੇਲ, ਜਹਾਜ਼ ਆਦਿ ਦੇ ਅਨੇਕਾਂ ਇੰਜਣ ਅਨੇਕ ਕਿਸਮ ਦੀਆਂ ਬੋਲੀਆਂ ਬੋਲ ਰਹੇ ਹਨ, ਕੀ ਉਨ੍ਹਾਂ ਵਿਚੋਂ ਕਿਸੇ ਨੂੰ ਗੁਰੂ ਕਿਹਾ ਜਾ ਸਕਦਾ ਹੈ? ਇਹ ਦਲੀਲ ਉਹੋ ਜਿਹੀ ਰੱਦੀ ਦਲੀਲ ਹੈ ਕਿ ਜਿਸ ਤਰ੍ਹਾਂ ਨਾਸਤਿਕ ਆਖਿਆ ਕਰਦੇ ਹਨ ਕਿ ਰੱਬ ਨਾ ਬੋਲਦਾ ਹੈ ਤੇ ਨਾ ਦਿੱਸਦਾ ਹੈ, ਨਾ ਆਪ ਆ ਕੋ ਸਾਨੂੰ ਰੋਟੀ ਤੇ ਪਾਣੀ ਦਿੰਦਾ ਹੈ, ਫੇਰ ਅਸੀਂ ਉਸ ਨੂੰ ਕਿਸ ਤਰ੍ਹਾਂ ਦਾਤਾ ਅਤੇ ‘ਸਰਬ ਕਲਾ ਸਮਰੱਥ’ ਮੰਨੀਏ?
ਪਿਆਰੇ ਸੱਜਣੋਂ! ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ ਲਈ ਗੁਰੂ ਆਖਦੇ ਹਾਂ ਕਿ ਸੱਚੇ ਤੇ ਪੂਰਨ ਗਿਆਨ ਦੀ ਸਾਡੇ ਲਈ ਇਹ ਇਕ ਪ੍ਰਮਾਣੀਕ ਧਰਮ ਪੁਸਤਕ ਹੈ। ਇਸ ਦੇ ਪ੍ਰਚਾਰ ਹਿੱਤ ਖਾਲਸਾ ਪੰਥ ਮੌਜੂਦ ਹੈ, ਇਸ ਲਈ ਪੰਥ ਨੂੰ ਗੁਰੂ-ਪੰਥ ਯਾ ਗੁਰੂ ਦੀ ਥਾਂ ਮੰਨਿਆ ਜਾਂਦਾ ਹੈ ਪਰ ਪੰਥ ਉਥੋਂ ਤੋੜੀਂ ਹੀ ਗੁਰੂ ਗ੍ਰੰਥ ਪੰਥ ਕਿਹਾ ਜਾਂਦਾ ਹੈ ਜਿਥੋਂ ਤਕ ਇਹ ਗੁਰਬਾਣੀ ਯਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੋਵੇ। ਗੁਰੂ ਗ੍ਰੰਥ ਅਤੇ ਪੰਥ ਦਸ ਗੁਰਾਂ ਦੀ ਥਾਂ ਕਿਸ ਤਰ੍ਹਾਂ ਹਨ? ਇਸ ਦਾ ਵਿਚਾਰ ਅੱਗੇ ਚੱਲ ਕੇ ਹੋਵੇਗਾ ਪਰ ਇਹ ਚੇਤੇ ਰੱਖ ਲਉ ਕਿ ਕਿਸੇ ਇਕ ਸਿੱਖ ਦਾ ਨਾਮ ਗੁਰੂ ਇਸ ਕਰਕੇ ਕਦੇ ਨਹੀਂ ਹੋ ਸਕਦਾ ਕਿ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਵ ਸਮਝਾ ਰਿਹਾ ਹੈ। ਇਸ ਤਰ੍ਹਾਂ ਬਾਣੀ ਦਾ ਪ੍ਰਚਾਰ ਕਰਨ ਵਾਲੇ ਅਨੇਕ ਗਿਆਨੀ, ਉਪਦੇਸ਼ਕ ਤੇ ਰਾਗੀ ਆਦਿ ਹਨ, ਆਪ ਕਿਸ ਕਿਸ ਨੂੰ ਗੁਰੂ ਮੰਨੋਗੇ? ਅਸੀਂ ਨਿੱਤ ਨਵੇਂ ਦਿਨ ਵਿਦਵਾਨਾਂ ਦੇ ਵਿਚਾਰ ਸੁਣਦੇ ਹਾਂ, ਉਨ੍ਹਾਂ ਵਿਚ ਕਈ ਕਿਸਮ ਦੇ ਵਾਧੇ ਘਾਟੇ ਹੁੰਦੇ ਹਨ, ਫੇਰ ਉਨ੍ਹਾਂ ਨੂੰ ਆਮ ਸਮਝ ਦੀ ਤੱਕੜੀ ਉੱਪਰ ਤੋਲ ਕੇ ਦੇਖਦੇ ਹਾਂ ਕਿ ਇਨ੍ਹਾਂ ਵਿਚੋਂ ਗੁਰਬਾਣੀ ਦੇ ਅਨੁਸਾਰ ਕੌਣ ਹੈ। ਇਸ ਤਰ੍ਹਾਂ ਕਈ ਗੱਲਾਂ ਉਨ੍ਹਾਂ ਦੀਆਂ ਛੱਡਦੇ ਹਾਂ ਤੇ ਕਈ ਰੱਖਦੇ ਹਾਂ।
ਕਈ ਭਰਾ ਆਖਿਆ ਕਰਦੇ ਹਨ ਕਿ ਗੁਰਬਾਣੀ ਦਵਾਈ ਹੈ ਤੇ ਇਸ ਨੂੰ ਵਰਤਣ ਲਈ ਹਕੀਮਾਂ ਦੀ ਅਰਥਾਤ ਕਿਸੇ ਹੋਰ ਗੁਰੂ ਦੀ ਲੋੜ ਹੈ। ਉਹ ਭਰਾ ਚੇਤੇ ਰੱਖਣ ਕਿ ਦਵਾਈ ਆਪਣੇ ਆਪ ਪ੍ਰਮਾਣੀਕ ਨਹੀਂ ਹੁੰਦੀ। ਇਕ ਚੀਜ਼ ਨੂੰ ਅੱਜ ਤਕ ਅਸੀਂ ਦਵਾਈ ਸਮਝਦੇ ਹੋਈਏ ਪਰ ਜੇ ਇਕ ਲਾਇਕ ਹਕੀਮ ਕਹਿ ਦੇਵੇ ਕਿ ਇਹ ਬੂਟੀ ਰੋਗ ਪੈਦਾ ਕਰਨ ਵਾਲੀ ਹੈ, ਅਸੀਂ ਉਸੇ ਵੇਲੇ ਹਕੀਮ ਦੀ ਆਗਿਆ ਮੰਨ ਕੇ ਉਕਤ ਦਵਾਈ ਨੂੰ ਘਰੋਂ ਬਾਹਰ ਸੁੱਟ ਦਿਆਂਗੇ ਪਰ ਕੀ ਕਿਸੇ ਸਾਧ ਸੰਤ ਯਾ ਗਿਆਨੀ ਦੇ ਆਖੇ ਗੁਰਬਾਣੀ ਨੂੰ ਭੀ ਛੱਡ ਸਕਦੇ ਹਾਂ? ਨਹੀਂ, ਸਗੋਂ ਗੁਰਬਾਣੀ ਦੇ ਵਿਰੁੱਧ ਹੋਣ ਵਾਲੇ ਨੂੰ ਧੱਕੇ ਮਾਰਾਂਗੇ। ਇਸ ਲਈ ਏਥੇ ਦਵਾਈ ਵਾਲਾ ਬਿਖਮ ਦ੍ਰਿਸ਼ਟਾਂਤ ਨਹੀਂ ਘਟ ਸਕਦਾ। ਇਕ ਸੱਜਣ ਨੇ ਦਲੀਲ ਦਿੱਤੀ ਸੀ ਕਿ ਜਿਸ ਤਰ੍ਹਾਂ ਕਿਸੇ ਇਕ ਖਾਨਦਾਨ ਦਾ ਇਕ ਵੱਡਾ ਬਜ਼ੁਰਗ ਹੁੰਦਾ ਹੈ, ਭਾਵੇਂ ਸਾਰਾ ਕੋੜਮਾ ਉਸੇ ਦੀ ਸੰਤਾਨ ਹੁੰਦਾ ਹੈ ਪਰ ਉਸ ਦੇ ਪੁੱਤ ਪੋਤਰੇ, ਪੜੋਤਰੇ ਭੀ ਤਾਂ ਆਪਣੇ-ਆਪਣੇ ਬਾਲ ਬੱਚਿਆਂ ਦੇ ਪਿਤਾ ਹੁੰਦੇ ਹਨ। ਏਸੇ ਤਰ੍ਹਾਂ ਦਸੋਂ ਗੁਰੂ ਸਭ ਦੇ ਵੱਡੇ ਹਨ ਤੇ ਪਿੱਛੇ ਹੁਣ ਹਰ ਇਕ ਸਿੱਖ ਆਪਣੇ ਆਪਣੇ ਚੇਲੇ ਬਣਾ ਸਕਦਾ ਹੈ, ਅਰਥਾਤ ਉਹ ਸੰਪ੍ਰਦਾਈ ਗੁਰੂ ਹਨ।
ਪਰ ਆਪਣੇ-ਆਪਣੇ ਗੁਰੂ ਸਾਡੇ ਵੱਖਰੇ ਹਨ, ਜਿਸ ਤਰ੍ਹਾਂ ਇਕ ਦਰਿਆ ਵਿਚੋਂ ਕਈ ਨਹਿਰਾਂ ਨਿਕਲਦੀਆਂ ਹਨ ਤੇ ਉਨ੍ਹਾਂ ਨਹਿਰਾਂ ਵਿਚੋਂ ਭੀ ਅੱਗੇ ਕਈ ਇਕ ਛੋਟੇ-ਛੋਟੇ ਸੂਏ, ਕੱਸੀਆਂ ਚਲਦੀਆਂ ਹਨ। ਭਾਵੇਂ ਸਭ ਦਾ ਸ੍ਰੋਤ ਇਕ ਦਰਿਆ ਹੈ ਪਰ ਇਸ ਵਿੱਚ ਸ਼ੱਕ ਨਹੀਂ ਕਿ ਹਰ ਇਕ ਕੱਸੀ ਉਸ ਨਹਿਰ ਦੇ ਅਧੀਨ ਹੈ ਜਿਸ ਵਿਚੋਂ ਉਹ ਖੁਦ ਨਿਕਲੀ। ਇਸ ਦਾ ਉੱਤਰ ਅੱਗੇ ਲਿਖੇ ਅਨੁਸਾਰ ਹੈ: ਤਅੱਲਕ ਦੋ ਕਿਸਮ ਦਾ ਹੁੰਦਾ ਹੈ, ਇਕ ਸਿੱਧਾ (Direct) ਆਪਸ ਵਿੱਚੀ ਤੇ ਇਕ ਕਿਸੇ ਦੂਜੇ ਦਵਾਰਾ (Indirect)। ਜਿਸ ਤਰ੍ਹਾਂ ਪਿਤਾ ਪੁੱਤਰ ਦਾ ਤਅੱਲਕ ਆਪਸ ਵਿੱਚੀ ਆਹਮੋ- ਸਾਹਮਣੇ ਹੈ ਪਰ ਪੋਤਰੇ ਤੇ ਦਾਦੇ ਦਾ ਤਅੱਲਕ ਕਿਸੇ ਹੋਰ ਵਸੀਲੇ ਕਰਕੇ ਹੈ, ਕਿਉਂਕਿ ਜੇ ਧਰਮ ਸਿੰਘ ਦੇ ਪੁੱਤਰ ਚੰਦਾ ਸਿੰਘ ਦੇ ਘਰ ਨੰਦ ਸਿੰਘ ਨਾ ਜੰਮਦਾ, ਤਾਂ ਉਹ ਕਦੇ ਧਰਮ ਸਿੰਘ ਦਾ ਪੋਤਾ ਨਾ ਕਹਾਉਂਦਾ। ਬਸ ਧਰਮ ਸਿੰਘ ਤੇ ਨੰਦ ਸਿੰਘ ਦਾ ਤਅੱਲਕ ਚੰਦਾ ਸਿੰਘ ਦੇ ਕਾਰਣ ਹੈ। ਚੰਦਾ ਸਿੰਘ, ਨੰਦ ਸਿੰਘ ਦਾ ਬਾਪ ਅਤੇ ਧਰਮ ਸਿੰਘ ਦਾ ਪੁੱਤਰ ਹੈ। ਦਰਿਆ ਨਾਲ ਸੂਏ, ਕੱਸੀਆਂ ਦਾ ਤੇ ਖਾਨਦਾਨ ਦੇ ਵੱਡੇ ਬਜ਼ੁਰਗ ਨਾਲ ਪੋਤੇ- ਪੜੋਤਿਆਂ ਦਾ ਤਅੱਲਕ ਸਦਾ ਲਈ ਕਿਸੇ ਹੋਰ ਦੂਜੇ ਦੇ ਆਸਰੇ ਹੁੰਦਾ ਹੈ ਪਰ ਸਾਡਾ ਸਤਿਗੁਰਾਂ ਦਾ ਤਅੱਲਕ ਆਹਮੋ-ਸਾਹਮਣੇ ਹੈ। ਨੰਦ ਸਿੰਘ ਦਾ ਦਾਦਾ ਧਰਮ ਸਿੰਘ ਤਦੋਂ ਹੀ ਹੈ ਜੇ ਉਹ ਚੰਦਾ ਸਿੰਘ ਦਾ ਪਿਉ ਹੈ। ਇਕ ਕੱਸੀ ਵਿੱਚ ਦਰਿਆ ਦਾ ਪਾਣੀ ਤਦ ਹੀ ਆਵੇਗਾ ਜਦ ਨਹਿਰ ਦਰਿਆ ਤੋਂ ਪਾਣੀ ਲੈ ਕੇ ਕੱਸੀ ਨੂੰ ਦੇਵੇਗੀ ਪਰ ਸਿੱਖਾਂ ਵਿਚ ਇਹ ਨਹੀਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਤਦ ਹੀ ਮੰਨਾਂਗਾ ਜੇ ਫਲਾਣਾ ਸੰਤ ਆਖੇ, ਸਗੋਂ ਬਾਣੀ ਦਾ ਜੋ ਤਅੱਲਕ ਉਸ ਸੰਤ ਨਾਲ ਹੈ ਉਹੋ ਹੀ ਸਾਡੇ ਨਾਲ। ਜੇ ਉਹ ਬਾਣੀ ਤੋਂ ਬੇ-ਮੁਖ ਭੀ ਹੋ ਜਾਵੇ ਤਾਂ ਭੀ ਅਸੀਂ ਬਾਣੀ ਨੂੰ ਮੰਨੀ ਜਾਵਾਂਗੇ।
ਹੋਰ ਸੋਚ ਲਉ, ਜੇ ਨਹਿਰ ਸੁੱਕ ਜਾਵੇ ਤਾਂ ਉਸ ਵਿਚੋਂ ਨਿਕਲਣ ਵਾਲੇ ਸੂਏ ਕੱਸੀਆਂ ਆਪੇ ਸੁੱਕ ਜਾਣਗੇ। ਦੂਜੀ ਤਰਫ ਖਿਆਲ ਕਰ ਲਉ ਕਿ ਇਕ ਸੱਜਣ ਦੀ ਪ੍ਰੇਰਣਾ ਨਾਲ ਅਸੀਂ ਸਿੱਖ ਬਣ ਜਾਂਦੇ ਹਾਂ। ਜੇ ਉਹ ਕੱਲ੍ਹ ਨੂੰ ਬੇਮੁਖ ਹੋ ਜਾਵੇ ਤਾਂ ਕੀ ਅਸੀਂ ਭੀ ਸਿੱਖੀ ਛੱਡ ਦਿਆਂਗੇ? ਨਹੀਂ, ਹਰਗਿਜ਼ ਨਹੀਂ। ਅਰਥਾਤ ਉਸ ਦੇ ਸੁੱਕਣ ਕਰਕੇ ਅਸੀਂ ਨਹੀਂ ਸੁੱਕਦੇ। ਉਸ ਦੇ ਸਿੱਖ ਰਹਿਣ ਦੀ ਹਾਲਤ ਵਿਚ ਭੀ ਇਹ ਹੋ ਸਕਦਾ ਹੈ ਕਿ ਅਸੀਂ ਉਸ ਤੋਂ ਹਜ਼ਾਰ ਗੁਣਾ ਵਧੀਕ ਚੰਗੇ ਸਿੱਖ ਬਣ ਜਾਈਏ। ਇਹ ਜ਼ਰੂਰੀ ਨਹੀਂ ਕਿ ਨਹਿਰ ਦੇ ਸੂਇਆਂ, ਕੱਸੀਆਂ ਦੀ ਤਰ੍ਹਾਂ ਅਸੀਂ ਸਿੱਖੀ ਦਾ ਪਾਣੀ ਉਤਨਾ ਹੀ ਲੈ ਸਕੀਏ ਜਿਤਨਾ ਕੁ ਸਾਨੂੰ ਸਿੱਖੀ ਵਿਚ ਲੈ ਆਉਣ ਵਾਲੇ ਸੱਜਣ ਨੇ ਲਿਆ ਹੈ। ਬੱਸ, ਏਥੇ ਨਹਿਰ ਜਾਂ ਖਾਨਦਾਨ ਆਦਿ ਦੀਆਂ ਮਿਸਾਲਾਂ ਨਹੀਂ ਘੱਟ ਸਕਦੀਆਂ। ਇਹ ਨਜ਼ਾਰਾ ਤਾਂ ਭੌਰਿਆਂ ਵਾਲਾ ਹੈ। ਇਕ ਫੁੱਲਾਂ ਦੇ ਬਗੀਚੇ ਪਰ ਭੌਰੇ ਇਕ ਦੂਜੇ ਨੂੰ ਦੇਖ ਕੇ ਖੁਸ਼ਬੂ ਲੈਣ ਆਉਂਦੇ ਹਨ। ਪਰ ਜਦ ਬਗੀਚੇ ਉੱਪਰ ਆ ਪਹੁੰਚਣ ਤਦ ਹਰ ਇਕ ਭੌਰੇ ਦਾ ਹੱਕ ਹੈ ਕਿ ਉਹ ਖੁਲਮ-ਖੁਲ੍ਹਾ ਸੁਗੰਧੀ ਦੀਆਂ ਮੌਜਾਂ ਲੁੱਟੇ। ਤਦੋਂ ਕੋਈ ਇਕ ਭੌਰਾ ਕਿਸੇ ਦੂਜੇ ਭੌਰੇ ਦੇ ਅਧੀਨ ਨਹੀਂ। ਇਸੇ ਤਰ੍ਹਾਂ ਅਸੀਂ ਗੁਰਸਿੱਖਾਂ ਨੂੰ ਦੇਖ ਕੇ ਤੇ ਉਨ੍ਹਾਂ ਪਾਸੋਂ ਗੁਰਸਿੱਖੀ ਦਾ ਰਸਤਾ ਪੁੱਛ ਕੇ, ਗੁਰਬਾਣੀ ਸਮਝ ਕੇ ਇਸ ਅਕਾਲੀ ਬਗੀਚੇ ਉੱਪਰ ਪਹੁੰਚ ਜਾਂਦੇ ਹਾਂ। ਫਿਰ ਮਨ ਭਾਉਂਦੀ ਖੁਸ਼ਬੂ ਲੈਂਦੇ ਹਾਂ, ਅੱਗੋਂ ਲਈ ਕਿਸੇ ਦੇ ਵਸੀਲੇ ਦੀ ਲੋੜ ਨਹੀਂ ਰਹਿੰਦੀ ਸਗੋਂ “ਹਉ ਤੇਰਾ ਤੂੰ ਮੇਰਾ” ਦਾ ਗੀਤ ਗਾਉਂਦੇ ਹਾਂ।
ਇਕ ਹੋਰ ਵਿਚਾਰ!
ਕਈ ਸੱਜਣ ਪੁੱਛਿਆ ਕਰਦੇ ਹਨ ਕਿ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਉਪਮਾ ਕੀਤੀ ਹੈ ਉੱਥੇ ਕਿਸ ਗੁਰੂ ਤੋਂ ਮੁਰਾਦ ਹੈ?
ਇਸ ਦਾ ਉੱਤਰ ਇਹ ਹੈ ਕਿ ਸ਼ਖਸੀਅਤ ਵੱਖਰੀ ਹੁੰਦੀ ਹੈ ਤੇ ਪਦਵੀ ਵੱਖਰੀ। ਜਿਸ ਤਰ੍ਹਾਂ II.M.George V ਬਾਦਸ਼ਾਹ ਹਨ। ਜਾਰਜ ਉਨ੍ਹਾਂ ਦੀ ਸ਼ਖਸੀਅਤ ਦਾ ਨਾਮ ਹੈ ਤੇ ਬਾਦਸ਼ਾਹ ਦੀ ਪਦਵੀ ਉਨ੍ਹਾਂ ਨੂੰ ਵਾਹਿਗੁਰੂ ਦੀ ਬਖਸ਼ਸ਼ ਨਾਲ ਮਿਲੀ ਹੋਈ ਹੈ। ਹੁਣ ਜੇ ਜਾਰਜ ਪੰਚਮ ਇਕ ਕਿਤਾਬ ਲਿਖਣ, ਜਿਸ ਵਿਚ ਉਹ ਬਾਦਸ਼ਾਹ ਤੇ ਰਿਆਇਆ ਦੇ ਫ਼ਰਜ਼, ਉਥੇ ਰਿਆਇਆ ਨੂੰ ਸਮਝਾਉਣ ਹਿਤ ਉਹ ਜ਼ਰੂਰ ਬਾਦਸ਼ਾਹ ਦੀ ਵਡਿਆਈ ਲਿਖਣਗੇ। ਉਹ ਦੱਸਣਗੇ ਕਿ ਬਾਦਸ਼ਾਹ ਪਰਜਾ ਦੇ ਜਾਨ-ਮਾਲ ਦਾ ਰਾਖਾ ਤੇ ਸਿਰ ਦਾ ਸਾਈਂ ਹੁੰਦਾ ਹੈ। ਉਸ ਦੀ ਆਗਿਆ ਮੰਨਣੀ ਪਰਜਾ ਦਾ ਪਰਮ ਧਰਮ ਹੈ।
ਹੁਣ ਕੀ ਆਪ ਸ੍ਰੀ ਜਾਰਜ ਪੰਚਮ ਦੀ ਕਿਤਾਬ ਵਿਚੋਂ ਇਹ ਸਿੱਖਿਆ ਪੜ੍ਹ ਕੇ ਇਹ ਕਹਿ ਦਿਉਗੇ ਕਿ ਇਸ ਬਜ਼ੁਰਗ ਨੇ ਆਪਣੇ ਮੂੰਹੋਂ ਆਪਣੀ ਵਡਿਆਈ ਕੀਤੀ वै?
ਇਸ ਤੋਂ ਬਿਨਾਂ ਇਕ ਹੋਰ ਲਾਇਕ ਸੱਜਣ ਪੁਸਤਕ ਲਿਖਦਾ ਹੈ ਅਰ ਪੁੱਤਰ ਦੇ ਧਰਮ ਦੱਸਦਾ ਹੋਇਆ ਪਿਤਾ ਦੀ ਮਹਿਮਾ ਕਰਦਾ ਹੈ ਪਰ ਚੰਗੇ ਭਾਗਾਂ ਨਾਲ ਉਹ ਖੁਦ ਭੀ ਚਾਰ ਬੱਚਿਆਂ ਦਾ ਬਾਪ ਹੈ। ਸੋ ਬਾਪ ਵਾਲੀ ਮਹਿਮਾ ਖੁਦ ਬਾਪ ਹੋਣ ਦੀ ਹੈਸੀਅਤ ਵਿਚ ਉਸ ਉੱਪਰ ਘਟਦੀ ਹੈ। ਇਸ ਤੋਂ ਆਪ ਇਹ ਕਦੇ ਨਹੀਂ ਕਹਿ ਸਕਦੇ ਕਿ ਇਸ ਭਲੇ ਪੁਰਖ ਨੇ ਆਪਣੀ ਮਹਿਮਾ ਆਪ ਕੀਤੀ ਹੈ। ਬੱਸ ਏਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਮੁਸੱਨਿਫ਼ ਯਾ ਸ਼ਾਇਰ ਹੋਣ ਦੀ ਹੈਸੀਅਤ ਵਿੱਚ ਗੁਰੂ-ਪਦਵੀ ਦੀ ਵਡਿਆਈ ਕੀਤੀ ਹੈ ਪਰ ਇਹ ਵਾਹਿਗੁਰੂ ਦੀ ਬਖਸ਼ਸ਼ ਹੈ ਕਿ ਗੁਰੂ ਵਾਲੇ ਪੂਰੇ ਗੁਣ ਘਟਦੇ ਹੀ ਉਨ੍ਹਾਂ ਵਿਚ ਹਨ। ਇਸ ਲਈ ਸੱਚ ਦੇ ਖੋਜੀ ਉਨ੍ਹਾਂ ਨੂੰ ਹੀ ਸਤਿਗੁਰੂ ਆਖਦੇ ਹਨ। ਪਰ ਇਹ ਉਸ ਮਹਾਰਾਜਾ ਦੇ ਸ਼ਾਨਦਾਰ ਇਖਲਾਕ ਦਾ ਨਮੂਨਾ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਆਖਿਆ ਸਗੋਂ ਮਾਲਕ ਦੇ ਦਰ ਦਾ ਢਾਡੀ ਤੇ ਪਿਆਰੇ ਦੇ ਦੁਆਰੇ ਦਾ ਕੂਕਰ ਅਤੇ ਦਾਸ ਯਾ ਸੇਵਕ ਆਖਿਆ ਹੈ। ਜਿਹਾ ਕਿ :
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ॥
(ਰਾਗੁ ਬਿਲਾਵਲ ਮ: ੧, ਪੰਨਾ ੭੯੫)
ਮਾਣਸ ਮੂਰਤਿ ਨਾਨਕੁ ਨਾਮੁ॥
ਕਰਣੀ ਕੁਤਾ ਦਰਿ ਫੁਰਮਾਨੁ॥
ਰਾਗੁ ਆਸਾ ਮਹਲਾ ੧. ਪੰਨਾ ੩੫੦)
ਬੱਸ ਗੁਰੂ ਜੀ ਨੇ ਗੁਰੂ ਦੀ ਪਦਵੀ ਯਾ ਦਰਜੇ ਦੀ ਮਹਿਮਾ ਅਤੇ ਖੂਬੀਆਂ ਦੱਸੀਆਂ ਹਨ ਪਰ ਪੂਰਨ ਸਤਿਗੁਰੂ ਵਾਲੇ ਗੁਣ ਕੇਵਲ ਉਨ੍ਹਾਂ ਵਿੱਚ ਹੀ ਘਟਦੇ ਹਨ। ਇਸ ਲਈ ਜਿਤਨੀ ਮਹਿਮਾ ਗੁਰੂ-ਪਦਵੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਸਭ ਉਨ੍ਹਾਂ ਲਈ ਤੇ ਉਨ੍ਹਾਂ ਦੇ ਬਾਕੀ ਸਰੂਪਾਂ ਲਈ ਹੀ ਹੈ। ਉਸ ਦਾ ਇਹ ਅਰਥ ਹਰਗਿਜ਼ ਨਹੀਂ ਕਿ ਉਨ੍ਹਾਂ ਤੋਂ ਸਿਵਾ ਕਿਸੇ ਹੋਰ ਆਦਮੀ ਨੂੰ ਭੀ ਸਤਿਗੁਰੂ ਕਿਹਾ ਜਾਵੇ। ਇਸ ਤੋਂ ਬਿਨਾਂ ਕਈ ਜਗ੍ਹਾ ਗੁਰਬਾਣੀ ਵਿੱਚ ਵਾਹਿਗੁਰੂ ਨੂੰ ਭੀ ਗੁਰੂ ਆਖਿਆ ਗਿਆ ਹੈ। ਜਿਹਾ ਕਿ :
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
(ਸੋਰਠਿ ਮਹਲਾ ੫, ਪੰਨਾ ੬੧੧)
ਸੋ ਪ੍ਰਸੰਗ ਅਨੁਸਾਰ ਵੀਚਾਰ ਲੈਣਾ ਚਾਹੀਦਾ ਹੈ। ਜਿਥੇ ਵਾਹਿਗੁਰੂ ਨੂੰ ਗੁਰੂ ਆਖਿਆ ਗਿਆ ਹੋਵੇ ਉਸ ਦਾ ਸਾਡੇ ਇਸ ਵੀਚਾਰ ਨਾਲ ਕੋਈ ਤਅੱਲਕ ਨਹੀਂ ਕਿਉਂਕਿ ਜਿਸ ਤਰ੍ਹਾਂ ਵਾਹਿਗੁਰੂ ਨੂੰ ਪਿਤਾ, ਮਾਤਾ, ਭਰਾ, ਸਾਜਨ ਆਦਿ ਆਖਿਆ ਗਿਆ, ਉਥੇ ਉਸ ਨੂੰ ਗੁਰੂ ਭੀ ਆਖਿਆ ਗਿਆ।
ਗੁਰੂ ਸ਼ਬਦ ਦਾ ਖਾਸ ਤਅੱਲਕ ਸੰਸਾਰ ਵਿਚ ਉੱਚ ਧਰਮ ਨੂੰ ਪ੍ਰਗਟ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਨਾਲ ਹੀ ਹੈ।
ਕਈ ਥਾਈਂ ਆਮ ਕੰਮਾਂ ਵਿਚ ਲਾਇਕ ਆਦਮੀਆਂ ਨੂੰ ਗੁਰੂ ਕਿਹਾ ਗਿਆ ਹੈ।
ਜਿਹਾ ਕਿ :
ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨਿ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥
(ਵਾਰ ਆਸਾ ਮਹਲਾ ੧, ਪੰਨਾ ੪੬੫)
ਏਥੇ ਸਿਰ ਵਿਚ ਘੱਟਾ ਪਾਉਣ ਵਾਲਿਆਂ ਨੂੰ ਗੁਰੂ ਪਦ ਨਾਲ ਯਾਦ ਕੀਤਾ ਹੈ, ਸੋ ਇਸ ਗੁਰ-ਪਦਵੀ ਉੱਪਰ ਸਾਡੀ ਬਹਿਸ ਨਹੀਂ। ਇਹ ਲਫ਼ਜ਼ ਪ੍ਰਸੰਗ ਅਨੁਸਾਰ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਸਾਡਾ ਦਾਅਵਾ ਇਹ ਹੈ ਕਿ ਉਹ ਗੁਰੂ, ਜਿਸ ਦਾ ਉਪਦੇਸ਼ ਸਿੱਖ ਲਈ (Authority) ਅਥਾਰਟੀ ਹੈ ਅਰਥਾਤ ਜਿਸ ਦੇ ਉਪਦੇਸ਼ ਨੂੰ ਸਿੱਖ ਨੇ ਬਿਲਕੁਲ ਯਥਾਰਥ ਤੇ ਸੱਚਾ ਮੰਨ ਕੇ ਉਸ ਉੱਪਰ ਤਨ ਮਨ ਕੁਰਬਾਨ ਕਰਨਾ ਹੈ, ਉਹ ਦਸ ਸਰੂਪਧਾਰੀ ਸਤਿਗੁਰ ਨਾਨਕ ਸਾਹਿਬ ਜੀ ਤੇ ਹੁਣ ਗੁਰੂ ਗ੍ਰੰਥ ਅਤੇ ਪੰਥ ਤੋਂ ਛੁਟ ਹੋਰ ਕੋਈ ਨਹੀਂ।
ਇਕ ਹੋਰ ਇਤਰਾਜ਼
ਕਈ ਸੱਜਣ ਪੁੱਛਿਆ ਕਰਦੇ ਹਨ ਕਿ ਗੁਰੂ ਦੇ ਚਰਨ ਧੋਣੇ ਤੇ ਗੁਰੂ ਨੂੰ ਪੱਖਾ ਫੇਰਨਾ ਆਦਿ ਗੁਰੂ ਦੀ ਸੇਵਾ ਲਿਖੀ ਹੈ, ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿਸ ਤਰ੍ਹਾਂ ਧੋਈਏ? ਉਨ੍ਹਾਂ ਬਜ਼ੁਰਗਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਉਹ ਇਸ ਅਸੂਲ ਨੂੰ ਚੇਤੇ ਰੱਖਣ ਕਿ ਹਮੇਸ਼ਾ ਬਾਣੀ ਦਾ ਤਾਤਪ੍ਰਯ ਅਸਲ ਭਾਵ ਯਾ ਬਾਣੀ ਦੀ ਸਪਿਰਿਟ (Spirit) ਨੂੰ ਲਿਆ ਜਾਂਦਾ ਹੈ, ਨਾ ਕਿ ਲਫ਼ਜ਼ੀ ਅਰਥ ਨੂੰ। ਜਿਹਾ ਕਿ ਸਤਿਗੁਰੂ ਜੀ ਦੀ ਆਗਿਆ ਹੈ :
ਪਖਾ ਫੇਰੀ ਪਾਣੀ ਸੇਵਾ॥
(ਸਹੀ ਮ: ੪ ਅਸ਼ਟਪਦੀ, ਪੰਨਾ ੭੫੭)
ਹੁਣ ਦੱਸੋ ਜੇ ਦਸੰਬਰ ਦਾ ਮਹੀਨਾ ਹੋਵੇ ਤੇ ਧੂੰਆਂਧਾਰ ਬਰਫ਼ ਪੈਂਦੀ ਹੋਵੇ, ਕੋਹ- ਮਰੀ ਯਾ ਗਿਲਗਿਤ ਦੀ ਠੰਢੀ ਥਾਂ ਹੋਵੇ ਤੇ ਇਕ ਭਰਾ ਠੰਢ ਤੋਂ ਦੁਖੀ ਹੋ ਕੇ ਚੜ੍ਹਾਈਆਂ ਕਰਨ ਲੱਗਾ ਹੋਵੇ, ਤਾਂ ਉਸ ਵੇਲੇ ਕੀ ਆਪ ਪੱਖਾ ਫੇਰਨ ਦੀ ਸੇਵਾ ਕਰੋਗੇ? ਸਗੋਂ ਉਸ ਨੂੰ ਗਰਮ ਦਵਾਈਆਂ ਦਿਉਗੇ ਤੇ ਗਰਮ ਕੱਪੜਿਆਂ ਵਿਚ ਲਪੇਟੋਗੇ। ਭਾਵ ਇਹ ਹੈ ਕਿ ਅਸੀਂ ਆਪਣੇ ਭਰਾਵਾਂ ਦਾ ਦੁੱਖ ਦੂਰ ਕਰਨਾ ਹੈ ਤੇ ਉਨ੍ਹਾਂ ਲਈ ਸੁਖਦਾਈ ਸਾਧਨ ਵਰਤਣੇ ਹਨ। ਕਦੇ ਪੱਖਾ ਫੇਰਿਆਂ ਲਾਭ ਹੈ ਤਾਂ ਪੱਖਾ ਫੇਰੋ; ਜੇ ਅੱਗ ਦੇ ਸੇਕ ਦੀ ਲੋੜ ਹੈ ਤਾਂ ਅੱਗ ਸਿਕਾਉ, ਜੇ ਬਰਫ਼ ਦੀ ਲੋੜ ਹੈ ਤਾਂ ਬਰਫ਼ ਦਿਉ; ਜੇ ਗਰਮ ਦਵਾਈ ਵਰਤਣ ਦਾ ਸਮਾਂ ਹੈ ਤਾਂ ਗਰਮ ਦਵਾਈ ਦਿਉ; ਜੇ ਭੁੱਖ ਹੈ ਤਾਂ ਰੋਟੀ ਦਿਉ; ਜੇ ਕੋਈ ਬਿਮਾਰੀ ਦੋ ਡੰਗ ਭੁੱਖ ਕਰਿਆਂ ਦੂਰ ਹੁੰਦੀ ਹੈ, ਤਾਂ ਭਾਵੇਂ ਬੀਮਾਰ ਰੋਟੀ ਪਿਆ ਮੰਗੇ ਪਰ ਉਸ ਨੂੰ ਭੁੱਖਾ ਰੱਖਣਾ ਹੀ ਉਸ ਦੀ ਸੇਵਾ ਹੈ। ਏਸੇ ਤਰ੍ਹਾਂ ਅਸੀਂ ਗੁਰੂ ਦੀ ਸੇਵਾ ਕਰਨੀ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਖੇ-ਪਾਣੀ ਦੀ ਲੋੜ ਨਹੀਂ ਤਾਂ ਇਸ ਦੀ ਬਾਣੀ ਦਾ ਵੀਚਾਰ ਤੇ ਪ੍ਰਚਾਰ ਕਰੋ, ਸੋ ਇਹ ਸੇਵਾ ਅਮੋਲਕ ਸੇਵਾ ਹੋਵੇਗੀ। ਨਹੀਂ ਤਾਂ ਸੰਗਤ ਗੁਰੂ ਦਾ ਰੂਪ ਹੈ, ਬਸ ਸੰਗਤ ਦੀ ਸੇਵਾ ਗੁਰੂ ਤੇ ਵਾਹਿਗੁਰੂ ਦੀ ਸੇਵਾ ਹੈ, ਸੋ ਸੰਗਤ ਦੀ ਸੇਵਾ ਹਰ ਪ੍ਰਕਾਰ ਦੀ ਹੋ ਸਕਦੀ ਹੈ :
ਇਕੁ ਸਿੱਖ ਦੁਇ ਸਾਧ ਸੰਗੁ ਪੰਜੀ ਪਰਮੇਸਰੁ॥੧੯॥੧੩॥
(ਵਾਰਾਂ ਭਾਈ ਗੁਰਦਾਸ ਜੀ)
ਪਰ ਇਹ ਚੇਤੇ ਰੱਖੋ ਕਿ ਸੰਗਤ ਗੁਰੂ ਦਾ ਰੂਪ ਹੈ ਤੇ ਇਕ ਸਿੱਖ ਆਪਣੀ ਥਾਂ ਸਿੱਖ ਹੈ। ਜੇ ਕੋਈ ਇਕੱਲਾ ਆਪਣੇ ਆਪ ਨੂੰ ਗੁਰੂ ਕਹਾਵੇ ਤਾਂ ਉਹ ਤੇ ਉਸ ਨੂੰ ਗੁਰੂ ਮੰਨਣ ਵਾਲੇ ਸਿੱਖੀ ਤੋਂ ਬੇਮੁਖ ਹਨ।
ਏਥੋਂ ਤਕ ਤਾਂ ਇਹ ਦੱਸਿਆ ਹੈ ਕਿ ਦਸਾਂ ਸਤਿਗੁਰੂਆਂ ਤੋਂ ਬਿਨਾਂ ਹੋਰ ਕੋਈ ਸਿੱਖ ਭਾਵੇਂ ਉਹ ਕਿਤਨਾ ਹੀ ਉੱਚਾ ਤੇ ਮਹਾਤਮਾ ਕਿਉਂ ਨਾ ਹੋਵੇ, ਆਪਣੇ ਆਪ ਨੂੰ ਗੁਰੂ ਨਹੀਂ ਕਹਾ ਸਕਦਾ। ਪਰ ਮੌਜ ਤਾਂ ਇਹ ਬਣੀ ਹੋਈ ਹੈ ਕਿ ਜੇ ਕੋਈ ਇਕ ਸ਼ਰੀਫ ਸੱਜਣ ਹੋ ਗੁਜ਼ਰੇ ਅਤੇ ਲੋਕੀਂ ਭੁਲੇਖੇ ਨਾਲ ਉਸ ਮਹਾਤਮਾ ਨੂੰ ਬਜਾਏ ਪ੍ਰੇਮੀ ਸਿੱਖ ਆਖਣ ਦੇ ਗੁਰੂ ਕਹਿਣ ਲੱਗ ਜਾਣ, ਤਾਂ ਅੱਗੋਂ ਉਸ ਦੇ ਪੁੱਤਰ ਪੋਤਰੇ ਆਪਣੇ ਆਪ ਨੂੰ ਚੌਧਵੀਂ ਪੰਦਰਵੀਂ ਪਾਤਸ਼ਾਹੀ ਕਹਾਉਣ ਦੇ ਦਾਅਵੇਦਾਰ ਬਣ ਜਾਂਦੇ ਹਨ, ਹਾਲਾਂਕਿ ਉਨ੍ਹਾਂ ਵਿਚ ਸੈਂਕੜੇ ਘਾਟੇ ਤੇ ਕਮਜ਼ੋਰੀਆਂ ਹੁੰਦੀਆਂ ਹਨ। ਉਹ ਵੇਲਾ ਸੱਚਮੁੱਚ ਖਤਰਨਾਕ ਹੈ ਕਿ ਜਦ ਕਮਜ਼ੋਰ ਦਿਲ ਦੇ ਆਦਮੀ ਅਤੇ ਥੋੜ੍ਹੇ-ਥੋੜ੍ਹੇ ਲਾਲਚ ਬਦਲੇ ਲੋਕਾਂ ਦੀਆਂ ਖੁਸ਼ਾਮਦਾਂ ਕਰਨ ਵਾਲੇ ਤੇ ਆਮ ਸੰਸਾਰੀ ਆਦਮੀਆਂ ਦੀ ਤਰ੍ਹਾਂ ਕਈ ਕਿਸਮ ਦੀਆਂ ਚਾਲਾਂ ਤੇ ਫਰੇਬ ਕਰਨ ਵਾਲੇ ਤੇ ਆਪਣੇ ਮਤਲਬ ਪਿੱਛੇ ਦਿਨ ਰਾਤ ਦੌੜਨ ਵਾਲੇ ਲੋਕ ਗੁਰੂ ਬਣ ਜਾਣ। ਸਗੋਂ ਕਈ ਇਕ ਤਾਂ ਸ਼ਰਾਬੀ ਅਤੇ ਵਿਭਚਾਰੀ ਆਦਿ ਭੀ ਗੁਰਿਆਈ ਦਾ ਦਮ ਭਰਦੇ ਹਨ, ਅਜੇਹੀਆਂ ਹਾਲਤਾਂ ਉੱਪਰ ਹੀ ਸਤਿਗੁਰੂ ਜੀ ਦਾ ਹੁਕਮ ਹੈ:
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ॥
(ਰਾਮਕਲੀ ਕੀ ਵਾਰ ਮਹਲਾ ੩, ਪੰਨਾ ੯੫੧)
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ॥
(ਸਿਰੀਰਾਗੁ ਮ: ੧, ਪੰਨਾ ੫੮)
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥
(ਰਾਗ ਗੂਜਰੀ ਮ: ੩, ਪੰਨਾ ੪੯੧)
ਇਹੀ ਕਾਰਨ ਹੈ ਕਿ ਲੋਕਾਂ ਵਿਚ ਭਾਈਚਾਰਕ ਤੇ ਵਿਹਾਰਕ ਖਰਾਬੀਆਂ ਵਧ ਰਹੀਆਂ ਹਨ, ਹਰ ਕਿਸਮ ਦੀ ਬਦਚਲਨੀ ਫੈਲ ਰਹੀ ਹੈ ਪਰ ਬਨਾਉਟੀ ਗੁਰੂਆਂ ਨੂੰ ਕੀ? ਉਨ੍ਹਾਂ ਦੀ ਸਾਲਾਨਾ ਕਾਰ-ਭੇਟ ਚਲਦੀ ਰਹਿਣੀ ਹੀ ਕਾਫੀ ਹੈ।
ਅਜੇਹੇ ਲੋਕ ਜੋ ਸੱਚੇ ਸਤਿਗੁਰੂ ਨੂੰ ਛੱਡ ਕੇ ਕੱਚੇ ਤੇ ਬਨਾਉਟੀ ਗੁਰੂਆਂ ਦੇ ਜਾਲ ਵਿਚ ਫਸ ਰਹੇ ਹਨ, ਉਨ੍ਹਾਂ ਦੀ ਉਹ ਹਾਲਤ ਹੈ ਕਿ ਜਿਸ ਤਰ੍ਹਾਂ ਕੋਈ ਰੋਟੀ ਦੀ ਥਾਂ ਪੱਥਰ ਦੇ ਟੁਕੜੇ ਚੱਬਣ ਲੱਗ ਪਵੇ।
ਇਕ ਸ਼ੰਕਾ
ਕਈ ਸੱਜਣ ਇਹ ਤੁਕ ਪੜ੍ਹਿਆ ਕਰਦੇ ਹਨ ਕਿ :
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥
(ਗਉੜੀ ਸੁਖਮਨੀ ਮ: ੫, ਪੰਨਾ ੨੮੬)
ਉਨ੍ਹਾਂ ਦਾ ਭਾਵ ਇਹ ਹੁੰਦਾ ਹੈ ਕਿ ਸਤਿਪੁਰਖ ਗੁਰੂ ਨੂੰ ਜਾਨਣ ਵਾਲਾ ਹਰ ਇਕ ਮਨੁੱਖ ਸਤਿਗੁਰੂ ਹੋ ਸਕਦਾ ਹੈ। ਫਿਰ ਦਸਾਂ ਗੁਰੂਆਂ ਤੋਂ ਪਿਛੋਂ ਕਿਉਂ ਸ਼ਖਸੀ ਗੁਰਿਆਈ ਦਾ ਖ਼ਾਤਮਾ ਕੀਤਾ ਗਿਆ? ਉਨ੍ਹਾਂ ਵੀਰਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਇਹ ਵਿਸ਼ੇਸ਼ਣ ਇਕ ਦੇਸੀ ਹੈ, ਜਿਹਾ ਕਿ ਇਕ ਆਦਮੀ ਜਿਸ ਦਾ ਨਾਮ ਧਰਮ ਸਿੰਘ ਹੈ, ਉਹ ਬੜਾ ਉੱਚਾ ਲੰਮਾ ਜਵਾਨ ਹੈ। ਉਸ ਦੇ ਇਰਦ-ਗਿਰਦ ਛੋਟੇ ਕੱਦਾਂ ਵਾਲੇ ਆਦਮੀ ਖੜੇ ਹਨ। ਕੋਈ ਓਪਰਾ ਸੱਜਣ ਕਿਸੇ ਜਾਣਕਾਰ ਸਿਆਣੇ ਨੂੰ ਪੁੱਛਦਾ ਹੈ ਕਿ ਧਰਮ ਸਿੰਘ ਕੇਹੜਾ ਹੈ? ਉਹ ਕਹਿ ਦੇਵੇਗਾ ਕਿ ਉਹ ਜਿਹੜੀ ਆਦਮੀਆਂ ਦਾ ਕਤਾਰ ਖੜੀ ਹੈ ਉਸ ਵਿਚੋਂ ਛੇ ਫੁੱਟ ਲੰਮੇ ਜਵਾਨ ਦਾ ਨਾਮ ਧਰਮ ਸਿੰਘ ਹੈ। ਇਸ ਥਾਂ ਛੇ ਫੁੱਟ ਲੰਮੇ ਹੋਣਾ ਧਰਮ ਸਿੰਘ ਦੀ ਇਕ ਖਾਸ ਸਿਫ਼ਤ ਹੈ ਪਰ ਜੇ ਇਹ ਹੀ ਧਰਮ ਸਿੰਘ ਆਪਣੇ ਜੇਹੇ ਹੋਰ ਕਈ ਉੱਚੇ ਲੰਮੇ ਆਦਮੀਆਂ ਵਿਚ ਖੜਾ ਹੋਵੇ ਤਾਂ ਉਥੇ ਇਸ ਦਾ ਛੇ ਫੁੱਟ ਲੰਮੇ ਹੋਣਾ ਕੋਈ ਸਿਫਤ ਨਹੀਂ। ਅਰਥਾਤ ਉਸ ਥਾਂ ਇਸ ਨੂੰ ਸਿਆਨਣ ਵਾਸਤੇ ਇਹ ਨਿਸ਼ਾਨੀ ਕੰਮ ਨਹੀਂ ਆਵੇਗੀ ਕਿ ਉਹ ਛੇ ਫੁੱਟ ਲੰਮਾ ਹੈ, ਕਿਉਂਕਿ ਉਥੇ ਸਾਰੇ ਹੀ ਸੱਜਣ ਇਕੋ ਜਿਹੇ ਸ਼ਾਨਦਾਰ ਤੇ ਡੀਲ-ਡੌਲ ਵਾਲੇ ਖੜੇ ਹਨ। ਬਸ ਅਜੇਹੀ ਸਿਫ਼ਤ ਨੂੰ ਜੋ ਕਿਸੇ ਇਕ ਹਾਲਤ ਵਿਚ ਖਾਸ ਹੋਵੇ ਪਰ ਕਿਸੇ ਹੋਰ ਹਾਲਤ ਵਿਚ ਆਮ ਹੋ ਜਾਵੇ, ਇਕ ਦੇਸੀ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਧਰਮ ਸਿੰਘ ਦਾ ਛੇ ਫੁੱਟ ਲੰਮੇ ਹੋਣਾ ਮਧਰੇ ਆਦਮੀਆਂ ਦੇ ਮੁਕਾਬਲੇ ਵਿਚ ਇਕ ਖਾਸ ਸਿਫ਼ਤ ਹੈ ਪਰ ਜੇ ਉਹ ਆਪਣੇ ਜਿਹੇ ਉੱਚੇ ਕੱਦ ਵਾਲਿਆਂ ਵਿਚ ਖੜਾ ਹੋ ਜਾਵੇ ਤਾਂ ਇਹ ਸਿਫ਼ਤ ਆਮ ਹੋ ਜਾਂਦੀ ਹੈ। ਏਸੇ ਤਰ੍ਹਾਂ ਜਿਥੇ ਲੋਭੀ-ਦੰਭੀ, ਪਾਖੰਡੀ ਅਤੇ ਕੱਚੇ ਤੇ ਛੋਟੇ ਦਿਲ ਵਾਲੇ ਆਦਮੀਆਂ ਨੂੰ ਗੁਰੂ ਮੰਨਣ ਲੱਗ ਜਾਣ, ਵਿਭਚਾਰੀ ਤੇ ਵਿਕਾਰੀ ਸੱਜਣਾਂ ਨੂੰ ਗੁਰਿਆਈ ਦਾ ਸੇਹਰਾ ਬੰਨ੍ਹਣ ਲੱਗ ਜਾਣ, ਉਥੇ ਕਹਿਣਾ ਪਵੇਗਾ ਕਿ ਭਾਈ, ਸਤਿਗੁਰੂ ਤਾਂ ਸਤਿਪੁਰਖ ਨੂੰ ਜਾਨਣ ਵਾਲਾ ਹੁੰਦਾ ਹੈ। ਤੁਸੀਂ ਇਨ੍ਹਾਂ ਥੋੜ੍ਹ- ਦਿਲਿਆਂ ਤੇ ਬੇਸਮਝ ਲੋਕਾਂ ਨੂੰ ਕਿਉਂ ਸਤਿਗੁਰੂ ਆਖਦੇ ਹੋ? ਪਰ ਜੇ ਉਹ ਸਤਿਪੁਰਖ ਨੂੰ ਜਾਨਣ ਵਾਲਾ ‘ਸਤਿਗੁਰੂ ਮਹਾਤਮਾ” ਸਿੱਖਾਂ ਦੇ ਮੁਕਾਬਲੇ ਵਿਚ ਲਿਆ ਜਾਵੇ ਤਾਂ ਸਤਿਪੁਰਖ ਨੂੰ ਜਾਨਣਾ ਉਸ ਦੀ ਖਾਸ ਸਿਫਤ ਨਹੀਂ ਹੈ। ਮਸਲਨ ਜੇ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਆਦਿ ਮਹਾਤਮਾਂ ਸਿੱਖਾਂ ਸਮੇਤ ਇਕ ਥਾਂ ਬੈਠੇ ਹੋਣ, ਤਾਂ ਉਥੇ ਸਤਿਪੁਰਖ ਨੂੰ ਜਾਨਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਖਾਸ ਸਿਫਤ ਯਾ ਨਿਸ਼ਾਨੀ ਨਹੀਂ, ਕਿਉਂਕਿ ਉਥੇ ਸਾਰੇ ਹੀ ਸਤਿਪੁਰਖ ਨੂੰ ਜਾਨਣ ਵਾਲੇ ਬੈਠੇ ਹਨ ਪਰ ਗੁਰੂ ਕੇਵਲ ਸਤਿਗੁਰੂ ਅਰਜਨ ਦੇਵ ਜੀ ਹੀ ਹਨ।
ਏਸੇ ਤਰ੍ਹਾਂ ਭਾਈ ਮਰਦਾਨਾ, ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਮਤੀ ਦਾਸ, ਭਾਈ ਮਨੀ ਸਿੰਘ, ਭਾਈ ਦਯਾ ਸਿੰਘ ਆਦਿ ਅਨੇਕਾਂ ਸਿੱਖ ਸਤਿਪੁਰਖ ਨੂੰ ਜਾਨਣ ਵਾਲੇ ਹੋਏ ਹਨ ਪਰ ਉਨ੍ਹਾਂ ਦੇ ਨਾਮ ਨਾਲ ਸਤਿਗੁਰੂ ਪਦ ਨਹੀਂ ਲੱਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈਆਂ ਭਗਤਾਂ ਦੀ ਬਾਣੀ ਹੈ ਪਰ ਇਸ ਪਵਿੱਤਰ ਪੁਸਤਕ ਨੂੰ ਲਿਖਣ ਸਮੇਂ ਗੁਰੂਆਂ ਦੀ ਬਾਣੀ ਨਾਲ ਪਹਿਲਾ ਯਾ ਚੌਥਾ ਯਾ ਪੰਜਵਾਂ ਮਹਲਾ ਲਿਖਿਆ ਗਿਆ ਹੈ ਪਰ ਭਗਤਾਂ ਨੂੰ ਕੇਵਲ ਭਗਤ ਪਦ ਨਾਲ ਯਾਦ ਕੀਤਾ ਹੈ। ਉਨ੍ਹਾਂ ਦੀ ਬਾਣੀ ਦੇ ਮੁੱਢ ਵਿਚ ‘ਬਾਣੀ ਭਗਤਾਂ ਕੀ’ ਲਿਖਿਆ ਹੋਇਆ ਹੁੰਦਾ ਹੈ। ਅਰਥਾਤ ਕਈ ਸਤਿਪੁਰਖ ਨੂੰ ਜਾਨਣ ਵਾਲੇ ਭਗਤ ਭੀ ਗੁਰੂਆਂ ਦੇ ਸਿਲਸਿਲੇ ਵਿਚ ਸ਼ੁਮਾਰ ਨਹੀਂ ਕੀਤੇ ਗਏ। ਜੇ ਕੇਵਲ ਸਤਿਪੁਰਖ ਨੂੰ ਜਾਨਣ ਕਰਕੇ ਹਰ ਇਕ ਆਦਮੀ ਸਤਿਗੁਰੂ ਹੋ ਸਕਦਾ ਤਾਂ ਦਸਾਂ ਗੁਰੂਆਂ ਲਈ ਜ਼ਰੂਰ ਕੋਈ ਹੋਰ ਅਲਹਿਦਾ ਪਦ ਤਜਵੀਜ਼ ਕੀਤਾ ਜਾਂਦਾ। ਜਿਸ ਤਰ੍ਹਾਂ ਮੁਸਲਮਾਨ ਭਾਈਆਂ ਵਿੱਚ ਆਮ ਬਜ਼ੁਰਗਾਂ ਨੂੰ ਪੀਰ, ਵਲੀ ਤੇ ਮੁਹੱਕਮ ਆਦਿ ਲਫ਼ਜ਼ਾਂ ਨਾਲ ਚੇਤੇ ਕੀਤਾ ਜਾਂਦਾ ਹੈ ਪਰ ਪੈਗ਼ੰਬਰ ਕੇਵਲ ਧਰਮ ਦੇ ਬਾਨੀਆਂ ਨੂੰ ਹੀ ਮੰਨਿਆ ਜਾਂਦਾ ਹੈ। ਏਸੇ ਤਰ੍ਹਾਂ ਸਿੱਖਾਂ ਵਿਚ ਭੀ ਜ਼ਰੂਰੀ ਸੀ ਕਿ ਜੇ ਸਤਿਗੁਰ ਪਦ ਆਮ ਮਹਾਤਮਾਂ ਲੋਕਾਂ ਵਾਸਤੇ ਹੁੰਦਾ ਤਾਂ ਧਰਮ ਦੇ ਮੁਖੀ ਆਗੂਆਂ, ਦਸਾਂ ਸਤਿਗੁਰਾਂ ਲਈ ਜ਼ਰੂਰੀ ਕੋਈ ਹੋਰ ਲਫ਼ਜ਼ ਮੁਕੱਰਰ ਕੀਤਾ ਜਾਂਦਾ ਅਤੇ ਉਸ ਖਿਤਾਬ ਨੂੰ ਸਤਿਗੁਰ ਦੇ ਪਦ ਤੋਂ ਉੱਚਾ ਮੰਨਿਆ ਜਾਂਦਾ ਕਿਉਂਕਿ ਸਤਿਗੁਰ ਹਰ ਇਕ ਮਹਾਤਮਾ ਪੁਰਸ਼ ਨੂੰ ਆਖਿਆ ਜਾਂਦਾ ਪਰ ਉਹ ਵੱਖਰਾ ਪਦ ਕੇਵਲ ਦਸ ਗੁਰੂਆਂ ਵਾਸਤੇ ਹੀ ਵਰਤਿਆ ਜਾ ਸਕਦਾ। ਪਰ ਏਥੇ ਅਜਿਹਾ ਨਹੀਂ ਹੋਇਆ ਸਗੋਂ ਸਾਡੇ ਮੁਖੀ ਆਗੂਆਂ ਲਈ ਵਿਸ਼ੇਸ਼ ਕਰਕੇ ਗੁਰੂ ਯਾ ਸਤਿਗੁਰੂ ਪਦ ਹੀ ਵਰਤਿਆ ਗਿਆ ਹੈ। ਕੋਈ ਸਿੱਖ ਜਦ ਭੀ ਉਨ੍ਹਾਂ ਦੇ ਪਵਿੱਤਰ ਨਾਮ ਲੈਂਦਾ ਹੈ ਤਾਂ ਨਾਲ ਹੀ ਗੁਰੂ ਯਾ ਸਤਿਗੁਰੂ ਪਦ ਵਰਤਦਾ ਹੈ। ਭਾਈ ਗੁਰਦਾਸ ਜੀ ਦੀ ਬਾਣੀ ਤੋਂ ਲੈ ਕੇ ਸਾਰੇ ਗੁਰਮਤਿ ਗ੍ਰੰਥਾਂ ਵਿਚ ਭੀ ਇਹ ਹੀ ਵਤੀਰਾ ਵਰਤਿਆ ਗਿਆ ਹੈ। ਸਾਡਾ ਭਾਵ ਇਹ ਹੈ ਕਿ ਲਿਟਰੇਰੀ (Literary) ਹੈਸੀਅਤ ਵਿਚ ਯਾ ਆਮ ਤੌਰ ਪਰ ਬਾਣੀ ਵਿਚ ਭਾਵੇਂ ਗੁਰੂ ਪਦ ਦਾ ਅਰਥ ਕੁਛ ਭੀ ਕਿਉਂ ਨਾ ਆ ਜਾਵੇ ਪਰ ਇਸ ਦਾ ਖ਼ਾਸ ਤਅੱਲਕ ਦਸ ਸਰੂਪ ਧਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੀ ਹੈ। ਗੁਰੂ ਦਾ ਲੱਛਣ (ਤਾਰੀਫ਼) ਪਿੱਛੇ ਦੱਸ ਚੁੱਕੇ ਹਾਂ, ਉਹ ਇਹ ਹੈ ਕਿ ਜੋ ਸੰਸਾਰ ਨੂੰ ਗੁਪਤ ਯਾ ਨਵਾਂ ਧਰਮ ਦੱਸੇ ਅਤੇ ਧਾਰਮਿਕ ਮੁਆਮਲੇ ਵਿਚ ਉਸ ਦੀ ਆਗਿਆ ਸਭ ਤੋਂ ਵੱਧ ਮੁਕੰਮਲ ਤੌਰ ‘ਪਰ ਪ੍ਰਮਾਣੀਕ (Authority) ਮੰਨੀ ਜਾਵੇ।
ਨਵੇਂ ਧਰਮ ਦੇ ਅਰਥ ਇਹ ਨਹੀਂ ਕਿ ਕੁੱਲ ਪੁਰਾਣੀਆਂ ਚੰਗੀਆਂ ਗੱਲਾਂ ਨੂੰ ਰੱਦ ਕਰ ਦੇਵੇ ਸਗੋਂ ਪੁਰਾਣੇ ਅਧੂਰੇ ਧਰਮਾਂ ਨੂੰ ਪੂਰਾ ਅਤੇ ਮੁਕੰਮਲ ਕਰੇ ਜੋ ਉਸ ਵਿਚ ਅੱਗੇ ਲਈ ਕੋਈ ਵਾਧਾ ਘਾਟਾ ਕਰਨ ਦੀ ਲੋੜ ਹੀ ਨਾ ਪਵੇ।
ਸਾਡਾ ਇਹ ਨਿਸ਼ਚਾ ਹੈ ਕਿ ਦਸ ਸਰੂਪ ਧਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਸਾਂ ਸਰੂਪਾਂ ਵਿਚ ਉਹ ਉੱਚਾ ਧਰਮ ਸੰਸਾਰ ਦੇ ਪੇਸ਼ ਕਰ ਦਿੱਤਾ ਹੈ ਕਿ ਜਿਸ ਤੋਂ ਚੰਗਾ ਹੋਰ ਕਿਸੇ ਨੂੰ ਲੱਭ ਹੀ ਨਹੀਂ ਸਕਦਾ। ਇਹ ਹੀ ਨਿਸ਼ਚਾ ਹਰ ਇਕ ਪੱਕੇ ਸਿੱਖ ਦਾ ਹੋਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦਾ ਭੀ ਇਹ ਹੀ ਦਾਅਵਾ ਹੈ
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।..
ਸਿਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ।
(ਵਾਰ ੧. ਪਉੜੀ ੨੭)
ਇਸ ਪਉੜੀ ਤੋਂ ਇਹ ਸਿੱਧ ਹੈ ਕਿ ਜਿਸ ਤਰ੍ਹਾਂ ਸੂਰਜ ਦੇ ਚੜ੍ਹਿਆਂ ਤਾਰੇ ਛਿਪ ਜਾਂਦੇ ਹਨ ਤੇ ਅੰਧੇਰਾ ਦੂਰ ਹੋ ਜਾਂਦਾ ਹੈ, ਜਿਸ ਤਰ੍ਹਾਂ ਸ਼ੇਰ ਦੇ ਗੱਜਿਆਂ ਹਿਰਨਾਂ ਦੀ ਡਾਰ ਨੂੰ ਭਾਜੜ ਪੈ ਜਾਂਦੀ ਹੈ, ਦੂਜੇ ਮੱਤ ਮਤਾਂਤਰਾਂ ਦਾ ਸਤਿਗੁਰ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਪਰ ਇਹੀ ਹਾਲ ਹੋਇਆ। ਦੁਨੀਆਂ ਦੇ ਸਿੱਧਾਂ, ਪੀਰਾਂ ਤੇ ਹੋਰ ਧਰਮਾਂ ਦਾ ਆਸਣ ਤਦ ਤਕ ਹੀ ਸੀ ਕਿ ਜਦ ਤੋੜੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਨਹੀਂ ਹੋਇਆ ਸੀ, ਭਾਵ ਸਤਿਗੁਰੂ ਨਾਨਕ ਦੇਵ ਜੀ ਦੇ ਅਕਾਲੀ ਤੇ ਮੁਕੰਮਲ ਧਰਮ ਵਿਚ ਪਿਛਲੇ ਧਰਮਾਂ ਦੀਆਂ ਤਮਾਮ ਚੰਗੀਆਂ ਖੂਬੀਆਂ ਆ ਗਈਆਂ ਹਨ। ਜੋ ਪਿਛਲੇ ਧਰਮਾਂ ਵਿਚ ਘਾਟੇ ਸਨ ਉਹ ਭੀ ਪੂਰੇ ਕਰ ਦਿੱਤੇ ਗਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਹੀ ਬਾਕੀ ਨੌਵਾਂ ਗੁਰੂਆਂ ਨੇ ਪੂਰਾ ਕੀਤਾ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਮ ਆਖਣ ਤੋਂ ਭਾਵ ਪੂਰਨ ਖਾਲਸਾ ਪੰਥ ਹੈ ਕਿਉਂਕਿ ਇਹ ਧਰਮ ਸੂਰਜ ਦੀ ਤਰ੍ਹਾਂ ਪੂਰਾ ਚਾਨਣਾ ਕਰਨ ਵਾਲਾ ਤੇ ਅੰਧੇਰੇ ਨੂੰ ਬਿਲਕੁਲ ਨਾਸ਼ ਕਰ ਦੇਣ ਵਾਲਾ ਹੈ। ਇਸ ਨੇ ਅੰਧੇਰਾ ਬਾਕੀ ਛੱਡਿਆ ਹੀ ਨਹੀਂ, ਇਸ ਲਈ ਇਸ ਵਿਚ ਕੋਈ ਕਮੀ ਬਾਕੀ ਨਹੀਂ, ਭਾਵ ਇਸ ਤੋਂ ਉੱਚਾ ਧਰਮ ਸੰਸਾਰ ਨੂੰ ਹੋਰ ਕੋਈ ਦੱਸ ਹੀ ਨਹੀਂ ਸਕਦਾ। ਏਥੋਂ ਤੋੜੀਂ ਇਹ ਸਾਬਤ ਕਰ ਦਿੱਤਾ ਹੈ ਕਿ ਦਸ ਸਰੂਪਾਂ ਨੂੰ ਇਕ ਜੋਤ ਮੰਨਣ ਵਾਲੇ ਖਾਲਸਾ ਜੀ ਆਪੋ ਆਪਣੇ ਵੱਖੋ ਵੱਖਰੇ ਸ਼ਖਸੀ ਗੁਰੂ ਨਹੀਂ ਬਣਾ ਸਕਦੇ।
ਗਿਆਰ੍ਹਵੇਂ-ਬਾਰ੍ਹਵੇਂ ਗੁਰੂ
ਜੇ ਕੋਈ ਸੱਜਣ ਇਹ ਵਿਚਾਰ ਪੇਸ਼ ਕਰੇ ਕਿ ਜਿਸ ਤਰ੍ਹਾਂ ਦਸ ਸਰੂਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮੰਨਿਆ ਗਿਆ, ਏਸੇ ਤਰ੍ਹਾਂ ਗਿਆਰ੍ਹਾਂ ਬਾਰ੍ਹਾਂ ਯਾ ਤੇਰਾਂ, ਚੌਦਾਂ ਨੂੰ ਕਿਉਂ ਨਾ ਮੰਨਿਆ ਜਾਵੇ, ਤਾਂ ਉਸ ਭਰਾ ਪਾਸੋਂ ਇਹ ਪੁੱਛਣਾ ਹੋਵੇਗਾ ਕਿ ਬਾਕੀ ਗੁਰੂਆਂ ਦੀ ਕੀ ਜ਼ਰੂਰਤ ਸੀ? ਜੇ ਇਹ ਕਿਹਾ ਜਾਵੇ ਕਿ ਹਮੇਸ਼ਾਂ ਇਕ ਗੁਰੂ ਮੌਜੂਦ ਰਹਿਣਾ ਚਾਹੀਦਾ ਹੈ, ਤਾਂ ਇਸ ਦਾ ਉੱਤਰ ਪਿੱਛੇ ਆ ਚੁੱਕਿਆ ਹੈ ਕਿ ਗੁਰੂ ਕੇਵਲ ਧਰਮ ਦੇ ਬਾਨੀ ਮਹਾਂਪੁਰਖਾਂ ਨੂੰ ਆਖਿਆ ਜਾਂਦਾ ਹੈ। ਜਦ ਧਰਮ ਪੂਰੀ ਤਰ੍ਹਾਂ ਕਾਇਮ ਹੋ ਜਾਵੇ ਤਾਂ ਅੱਗੋਂ ਲਈ ਨਿੱਤ ਨਵੇਂ ਮਹਾਤਮਾਂ ਉਸ ਦਾ ਪ੍ਰਚਾਰ ਪਏ ਕਰਨ ਪਰ ਉਹ ਸਾਹਿਬ ਪ੍ਰਚਾਰਕ ਹਨ ਨਾ ਕਿ ਗੁਰੂ। ਜਦ ਧਰਮ ਮੁਕੰਮਲ ਸੂਰਤ ਵਿਚ ਪ੍ਰਗਟ ਹੋ ਜਾਵੇ ਤਦ ਗੁਰਿਆਈ ਦੇ ਹੱਕ ਸ਼ਖਸੀ ਰਹਿ ਹੀ ਨਹੀਂ ਸਕਦੇ ਸਗੋਂ ਪੰਥਕ ਯਾ ਕੌਮੀ ਹੋ ਜਾਂਦੇ ਹਨ। ਇਸ ਸੂਰਤ ਵਿਚ ਪੰਥ ਹੀ ਗੁਰੂ ਹੋ ਸਕਦਾ ਹੈ ਨਾ ਕਿ ਕੋਈ ਇਕ ਸ਼ਖਸ। ਇਸ ਗੱਲ ਪਰ ਬਹੁਤ ਰੌਸਨੀ ਅੱਗੇ ਚੱਲ ਕੇ ਪਾਈ ਜਾਵੇਗੀ।
ਜੇ ਇਹ ਕਿਹਾ ਜਾਵੇ ਕਿ ਜਿਸ ਤਰ੍ਹਾਂ ਧਰਮ ਨੂੰ ਕਾਇਮ ਕਰਨ ਵਾਸਤੇ ਦਸ ਸਰੂਪਾਂ ਦੀ ਲੋੜ ਸੀ, ਏਸੇ ਤਰ੍ਹਾਂ ਬਾਰ੍ਹਾਂ, ਚੌਦਾਂ ਯਾ ਪੰਦਰਾਂ, ਸੋਲ੍ਹਾਂ ਦੀ ਭੀ ਹੈ। ਇਸ ਪਰ ਇਕ ਵਿਚਾਰਵਾਨ ਇਹ ਪੁੱਛ ਸਕਦਾ ਹੈ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸਾਂ ਗੁਰੂਆਂ ਦਾ ਲਗਾਤਾਰ ਸਿਲਸਿਲਾ ਚਲਾ ਆਇਆ ਹੈ। ਏਸੇ ਤਰ੍ਹਾਂ ਜੇ ਗਿਆਰ੍ਹਵੇਂ, ਬਾਰਵੇਂ ਗੁਰੂ ਦੀ ਜਰੂਰਤ ਹੁੰਦੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਹੀ ਸੰਗਤ ਨੂੰ ਕਿਸੇ ਮਹਾਤਮਾਂ ਸਿੱਖ ਦਾ ਲੜ ਫੜਾ ਜਾਂਦੇ ਪਰ ਇਹ ਸਭ ਨੂੰ ਪਤਾ ਹੈ ਕਿ ਏਸ ਤਰ੍ਹਾਂ ਨਹੀਂ ਹੋਇਆ, ਸਗੋਂ ਜਿਨ੍ਹਾਂ ਸੱਜਣਾਂ ਨੂੰ ਗਿਆਰ੍ਹਵੇਂ ਯਾ ਬਾਰ੍ਹਵੇਂ ਗੁਰੂ ਮੰਨਿਆ ਜਾਂਦਾ ਹੈ, ਉਹ ਦਸਵੇਂ ਪਾਤਸ਼ਾਹ ਤੋਂ ਸੈਂਕੜੇ ਸਾਲ ਪਿੱਛੋਂ ਹੋਏ, ਜਿਹਾ ਕਿ ਨਿਰੰਕਾਰੀਆਂ ਦੇ ਸ੍ਰੀ ਬਾਬਾ ਦਿਆਲ ਜੀ ਤੇ ਸ੍ਰੀ ਬਾਬਾ ਦਰਬਾਰਾ ਸਿੰਘ ਜੀ ਆਦਿ। ਇਨ੍ਹਾਂ ਪੰਜਾਹ ਸੱਠ ਕੁ ਸਾਲਾਂ ਦੇ ਅੰਦਰ-ਅੰਦਰ ਹੀ ਹੋਏ ਹਨ। ਏਸੇ ਤਰ੍ਹਾਂ ਨਾਮਧਾਰੀਆਂ ਦੇ ਸ੍ਰੀ ਬਾਬਾ ਬਾਲਕ ਸਿੰਘ ਤੇ ਸ੍ਰੀ ਬਾਬਾ ਰਾਮ ਸਿੰਘ ਜੀ ਭੀ ਲੱਗਭਗ ਇਤਨੇ ਅਰਸੇ ਵਿਚਕਾਰ ਹੀ ਹੋਏ ਹਨ। ਏਸੇ ਤਰ੍ਹਾਂ ਹੋਰ ਸਮਝ ਲੈਣਾ।
ਇਸ ਤੋਂ ਬਿਨਾਂ ਇਹ ਗਿਆਰ੍ਹਵੇਂ-ਬਾਰ੍ਹਵੇਂ ਗੁਰੂ ਛੋਟੇ-ਛੋਟੇ ਹਲਕਿਆਂ ਵਿੱਚ ਭਾਵੇਂ ਕੁਝ ਮੰਨੇ ਜਾਂਦੇ ਹੋਣ ਪਰ ਆਮ ਸਿੱਖ-ਪੰਥ ਵਿੱਚ ਦਸ ਗੁਰੂਆਂ ਉੱਪਰ ਹੀ ਨਿਸ਼ਚਾ ਹੈ ਤੇ ਇਹ ਫੈਸਲਾ ਕਰਨਾ ਭੀ ਬੜਾ ਕਠਨ ਹੈ ਕਿ ਗਿਆਰ੍ਹਵੇਂ-ਬਾਰ੍ਹਵੇਂ ਗੁਰੂ ਨਾਮਧਾਰੀਆਂ ਵਾਲੇ ਮੰਨੇ ਜਾਣ ਯਾ ਨਿਰੰਕਾਰੀਆਂ ਵਾਲੇ? ਯਾ ਸ੍ਰੀ ਬਾਬਾ ਖੇਮ ਸਿੰਘ ਜੀ ਆਦਿ ਸਤਿਪੁਰਸ਼ਾਂ ਨੂੰ ਬਾਰ੍ਹਵੇਂ, ਤੇਰ੍ਹਵੇਂ ਥਾਂ ਮੰਨਿਆ ਜਾਵੇ ਕਿਉਂਕਿ ਇਨ੍ਹਾਂ ਸਾਰੇ ਬਜ਼ੁਰਗਾਂ ਦੇ ਆਪੋ ਆਪਣੇ ਸਿਲਸਿਲੇ ਵੱਖੋ-ਵੱਖਰੇ ਹਨ।
ਨਾਮਧਾਰੀਏ, ਨਿਰੰਕਾਰੀ ਬਜ਼ੁਰਗਾਂ ਨੂੰ ਗਿਆਰ੍ਹਵੇਂ-ਬਾਰ੍ਹਵੇਂ ਗੁਰੂ ਨਹੀਂ ਮੰਨਦੇ, ਇਹੋ ਵਤੀਰਾ ਹੋਰ ਸਭ ਦਾ ਹੈ।
ਸਿੱਟਾ ਇਹ ਕਿ ਜਿਸ ਤਰ੍ਹਾਂ ਨੌਵੇਂ ਗੁਰੂ ਇਕ ਸ੍ਰੀ ਸਤਿਗੁਰੂ ਤੇਗ਼ ਬਹਾਦਰ ਜੀ ਹੀ ਹਨ, ਏਸੇ ਤਰ੍ਹਾਂ ਦਸਵੇਂ ਗੁਰੂ ਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਪਰ ਗਿਆਰ੍ਹਵੇਂ ਗੁਰੂ ਕਈ ਮੰਨੇ ਜਾਂਦੇ ਹਨ। ਇਸ ਵਿੱਚ ਸ਼ੱਕ ਨਹੀਂ ਕਿ ਸਿਵਾ ਖਾਸ ਖਾਸ ਸੱਜਣਾਂ ਦੇ ਆਮ ਖਾਲਸਾ ਪੰਥ ਵਿਚ ਗਿਆਰਵਾਂ ਗੁਰੂ ਕੋਈ ਨਹੀਂ ਮੰਨਿਆ ਜਾਂਦਾ। ਇਕ ਸਿਆਣਾ ਇਸ ਸਾਰੀ ਹਾਲਤ ਨੂੰ ਵਿਚਾਰ ਕੇ ਜ਼ਰੂਰ ਇਸ ਨਤੀਜੇ ‘ਤੇ ਪਹੁੰਚੇਗਾ ਕਿ ਗਿਆਰ੍ਹਵੇਂ ਗੁਰੂ ਦਾ ਜ਼ਿਕਰ ਹੀ ਫ਼ਜ਼ੂਲ ਹੈ।
ਗਿਆਰਵਾਂ ਗੁਰੂ ਮੰਨਣ ਵਾਲੇ ਭਰਾਵਾਂ ਉੱਪਰ ਇਹ ਭੀ ਸਵਾਲ ਹੋਵੇਗਾ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਸਤਿਗੁਰੂ ਤੋੜੀਂ ਖਾਲਸਾ ਪੰਥ ਠੀਕ- ਠੀਕ ਮੁਕੰਮਲ ਹੋ ਗਿਆ ਤਾਂ ਗਿਆਰ੍ਹਵੇਂ ਗੁਰੂ ਦੀ ਲੋੜ ਹੀ ਕੀ ਪਈ? ਨਾਮਧਾਰੀਏ, ਯਾ ਨਿਰੰਕਾਰੀ ਭਰਾ ਇਹ ਹੀ ਦਾਅਵਾ ਕਰਦੇ ਹੁੰਦੇ ਹਨ ਕਿ ਸਾਡੇ ਬਜ਼ੁਰਗਾਂ ਨੇ ਉਹ ਹੀ ਪ੍ਰਚਾਰ ਕੀਤਾ ਹੈ ਜੋ ਕਿ ਦਸ ਗੁਰੂ ਕਰ ਗਏ ਹਨ ਤੇ ਇਹ ਭੀ ਸੱਚ ਹੈ ਕਿ ਦਸਮ ਗੁਰੂ ਜੀ ਨੇ ਖਾਲਸਾ ਧਰਮ ਦੀ ਬਨਾਵਟ ਵਿਚ ਕੋਈ ਕਮੀ ਬਾਕੀ ਰਹਿਣ ਹੀ ਨਹੀਂ ਦਿੱਤੀ ਕਿ ਜਿਸ ਲਈ ਗਿਆਰ੍ਹਵੇਂ ਗੁਰੂ ਦੀ ਲੋੜ ਪੈਂਦੀ ਤੇ ਨਾ ਕਿਸੇ ਗਿਆਰਵੇਂ ਗੁਰੂ ਕਹਾਉਣ ਵਾਲੇ ਨੇ ਅਜੇਹਾ ਕਰਕੇ ਦੱਸਿਆ ਜਿਸ ਤੋਂ ਇਹ ਮੰਨਿਆ ਜਾ ਸਕੇ ਕਿ ਫਲਾਣਾ ਘਾਟਾ ਅੱਗੇ ਰਹਿ ਗਿਆ ਸੀ ਤੇ ਇਸ ਨੇ ਹੁਣ ਪੂਰਾ ਕੀਤਾ। ਇਹ ਖਿਆਲ ਕਰਨਾ ਵੀ ਜ਼ਰੂਰੀ ਹੈ ਕਿ ਜਦ ਦਸਮ ਪਿਤਾ ਜੀ ਖੁਦ ਪੰਜਾਂ ਪਿਆਰਿਆਂ ਦੇ ਹੱਥੋਂ ਅੰਮ੍ਰਿਤ ਛਕ ਕੇ ਪੰਥ ਨੂੰ ਗੁਰੂ-ਪਦਵੀ ਦੇ ਗਏ ਤੇ ਆਪਣੇ ਅਮਲ ਦੁਆਰਾ ਇਹ ਭੀ ਸਾਬਤ ਕਰ ਗਏ ਕਿ ਪੰਥ-ਗੁਰੂ ਉਨ੍ਹਾਂ ਨੂੰ ਭੀ ਤਨਖਾਹ ਲਾਉਣ ਦੀ ਤਾਕਤ ਰੱਖਦਾ ਹੈ ਤੇ ਅੰਤ ਨੂੰ ਆਪਣੀ ਸ਼ਹੀਦੀ ਸਮੇਂ ਭੀ ਗੁਰੂ ਗ੍ਰੰਥ ਅਤੇ ਪੰਥ ਨੂੰ ਹੀ ਗੁਰੂ ਕਰਾਰ ਦੇ ਗਏ, ਫਿਰ ਇਸ ਪੁਰ ਮੁੜ ਗਿਆਰ੍ਹਵਾਂ-ਬਾਰ੍ਹਵਾਂ ਗੁਰੂ ਬਣਨ ਅਰਥਾਤ ਗੁਰੂ ਗ੍ਰੰਥ ਤੇ ਗੁਰੂ-ਪੰਥ ਦੇ ਹੱਕ ਨੂੰ ਆਪਣੇ ਸ਼ਖਸੀ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕਰਨੀ ਕਿਤਨੀ ਕੁ ਭੁੱਲ ਹੈ?
ਬਸ ਇਹ ਸਿੱਧ ਹੋ ਗਿਆ ਕਿ ਕੋਈ ਮਹਾਤਮਾ ਸੰਸਾਰ ਵਿਚ ਸਿੱਖਾਂ ਦਾ ਗਿਆਰ੍ਹਵਾਂ ਗੁਰੂ ਕਹਾਉਣ ਦਾ ਹੱਕ ਨਹੀਂ ਰੱਖਦਾ।
ਮੁਕੰਮਲ ਆਜ਼ਾਦੀ ਅਤੇ ਸਿੱਖ ਧਰਮ
ਜਿਨ੍ਹਾਂ ਸੱਜਣਾਂ ਨੇ ਸੰਸਾਰਕ ਹਕੂਮਤ ਦੇ ਇਤਿਹਾਸ ਨੂੰ ਸੋਚ ਨਾਲ ਪੜ੍ਹਿਆ ਹੈ। ਉਹ ਜਾਣਦੇ ਹਨ ਕਿ ਇਸ ਸਿਲਸਿਲੇ ਵਿਚ ਕਿਸ ਤਰ੍ਹਾਂ ਦਿਨ-ਬ-ਦਿਨ ਤਰੱਕੀ ਅਤੇ ਬੇਹਤਰੀ ਹੋਈ। ਇਸ ਪਰ ਲਗਭਗ ਸਾਰੇ ਇਤਿਹਾਸਕ ਵਿਦਵਾਨਾਂ ਤੇ ਪਦਾਰਥ ਵਿੱਦਿਆ ਦੇ ਗਿਆਨੀਆਂ ਦਾ ਇਤਫ਼ਾਕ ਹੈ ਕਿ ਸੰਸਾਰ ਵਿਚ ਕੋਈ ਅਜਿਹਾ ਸਮਾਂ ਜ਼ਰੂਰ ਸੀ ਕਿ ਜਦ ਆਦਮੀ ਪਸ਼ੂਆਂ ਦੀ ਤਰ੍ਹਾਂ ਹੀ ਸੰਸਾਰ ਵਿਚ ਰਹਿੰਦੇ ਸਨ। ਹੁਣ ਤਕ ਭੀ ਕਈ ਇਕ ਥਾਈਂ ਲਗਭਗ ਉਸ ਪੁਰਾਣੇ ਨਮੂਨੇ ਦੇ ਵਹਿਸ਼ੀ ਯਾ ਜੰਗਲੀ ਆਦਮੀ ਮਿਲ ਸਕਦੇ ਹਨ। ਇਹ ਸੱਚ ਹੈ ਕਿ ਜਦ ਤਮਾਮ ਲੋਕ ਪਹਿਲੀ ਹਾਲਤ ਵਿਚ ਹੋਣਗੇ ਤਦੋਂ ਮੌਜੂਦਾ ਸਰਕਾਰੀ ਤੇ ਮੁਲਕੀ ਇੰਤਜਾਮ ਦਾ ਕਿਸੇ ਨੂੰ ਸੁਪਨਾ ਭੀ ਨਹੀਂ ਆਉਂਦਾ ਹੋਵੇਗਾ।
ਧੀਰੇ-ਧੀਰੇ ਜਦ ਲੋਕਾਂ ਨੂੰ ਇਕ ਦੂਜੇ ਨਾਲ ਵਾਹ ਪੈਂਦਾ ਗਿਆ, ਤਾਂ ਇਹ ਜ਼ਰੂਰੀ ਹੋ ਗਿਆ ਕਿ ਆਪੋ ਆਪਣੇ ਕੋੜਮਿਆਂ, ਕਬੀਲਿਆਂ ਤੇ ਛੋਟੀਆਂ-ਛੋਟੀਆਂ ਜਮਾਤਾਂ ਵਿਚ ਕੁਝ ਪ੍ਰਤਾਪੀ ਪੁਰਖ ਆਪਣੀ-ਆਪਣੀ ਥਾਂ ਆਗੂ ਬਣ ਗਏ। ਹੌਲੀ- ਹੌਲੀ ਉਨ੍ਹਾਂ ਵਿਚੋਂ ਕਈ ਇਕ ਆਗੂਆਂ ਦੇ ਖਾਨਦਾਨ ਤਕੜੇ ਹੁੰਦੇ ਗਏ ਯਾ ਕੋਈ ਹੋਰ ਬਲਵਾਨ ਤੇ ਸਿਆਣੇ ਪੁਰਖ ਉਨ੍ਹਾਂ ਦੀ ਥਾਂ ਸਾਂਭਦੇ ਗਏ। ਆਖਰ ਵਾਧਾ ਹੁੰਦਿਆਂ ਵੱਡੇ-ਵੱਡੇ ਡਾਢੇ ਬਾਦਸ਼ਾਹ ਸੰਸਾਰ ਵਿਚ ਹੋਣ ਲੱਗ ਪਏ ਤਾਂ ਆਮ ਲੋਕਾਂ ਦੇ ਦਿਲ ਅੰਦਰ ਭੀ ਸ਼ਾਹੀ ਰੋਹਬਦਾਬ ਅਤੇ ਬਾਦਸ਼ਾਹਾਂ ਦੀ ਇੱਜ਼ਤ ਦਾ ਘਰ ਹੋ ਗਿਆ ਪਰ ਜਦ ਸਹਿਜੇ-ਸਹਿਜੇ ਲੋਕਾਂ ਨੂੰ ਇਹ ਸਮਝ ਆਈ ਕਿ ਇਕ ਬਾਦਸ਼ਾਹ ਦਾ ਕੀ ਹੱਕ ਹੈ ਕਿ ਉਹ ਖੁਦ ਬੇ-ਲਗਾਮ ਹੋਵੇ ਅਤੇ ਹੋਰ ਲੱਖਾਂ-ਕਰੋੜਾਂ ਬੰਦਿਆਂ ਨੂੰ ਆਪਣੇ ਹੱਥ ਦੀ ਕਠ-ਪੁਤਲੀ ਬਣਾ ਕੇ ਨਚਾਵੇ? ਇਸ ਸਮਝ ਦਾ ਸਿੱਟਾ ਇਹ ਨਿਕਲਿਆ ਜੋ ਆਮ ਲੋਕਾਂ ਦੇ ਦਿਲੋਂ-ਦਿਮਾਗ਼ ਵਿਚ ਸ਼ਖਸੀ ਹਕੂਮਤ ਤੋਂ ਘ੍ਰਿਣਾ ਹੋ ਗਈ ।
ਇਸ ਬਾਦਸ਼ਾਹੀ ਹਕੂਮਤ ਦੀ ਥਾਂ ਕੌਮੀ ਹਕੂਮਤ ਦਾ ਦੌਰ-ਦੌਰਾ ਹੋਇਆ। ਅੱਜ ਕੱਲ੍ਹ ਬਹੁਤ ਸਾਰੇ ਮੁਹੱਜ਼ਬ ਮੁਲਕ ਹਨ, ਕਿ ਜਿਨ੍ਹਾਂ ਦਾ ਕੋਈ ਇਕ ਸ਼ਖਸ ਬਾਦਸ਼ਾਹ ਨਹੀਂ ਹੈ। ਹਕੂਮਤ ਦੀ ਸਾਰੀ ਵਾਗਡੋਰ ਆਮ ਕੌਮ ਦੇ ਆਪਣੇ ਹੱਥ ਵਿਚ ਹੈ। ਆਪਣੀ ਕੌਮ ਵਿਚੋਂ ਯੋਗ ਪੁਰਖ ਚੁਣ ਕੇ ਉਨ੍ਹਾਂ ਦਾ ਕੋਈ ਪਾਰਲੀਮੈਂਟ ਆਦਿ ਨਾਮ ਵਾਲਾ ਜੱਥਾ ਬਣਾਇਆ ਜਾਂਦਾ ਹੈ ਤੇ ਇਕ ਮਾਨਯੋਗ ਸੱਜਣ ਨੂੰ ਕੁਝ ਅਰਸੇ ਵਾਸਤੇ ਪ੍ਰੈਜ਼ੀਡੈਂਟ ਥਾਪਿਆ ਜਾਂਦਾ ਹੈ, ਉਹ ਸੱਜਣ ਆਪਣੇ ਸਮੇਂ ਵਿਚ ਇਕ ਕਿਸਮ ਦਾ ਜ਼ੁੰਮੇਵਾਰ ਆਗੂ ਹੁੰਦਾ ਹੈ ਅਤੇ ਉਸ ਨੂੰ ਆਪਣੀ ਕੌਮ ਦੇ ਖਿਆਲ ਅਨੁਸਾਰ ਹੀ ਸਭ ਕੁਛ ਕਰਨਾ ਪੈਂਦਾ ਹੈ। ਏਸੇ ਤਰ੍ਹਾਂ ਉਸ ਦੇ ਵਜ਼ੀਰ, ਮਸ਼ੀਰ ਭੀ ਚੁਣੇ ਹੋਏ ਕੌਮੀ ਆਗੂ ਹੁੰਦੇ ਹਨ।
ਫਰਾਂਸ, ਅਮਰੀਕਾ, ਚੀਨ, ਜਰਮਨ, ਆਸਟਰੀਆ ਆਦਿ ਕਈ ਪ੍ਰਸਿੱਧ ਮੁਲਕਾਂ ਤੇ ਕੌਮਾਂ ਦੀ ਹਕੂਮਤ ਏਸੇ ਢੰਗ ਅਨੁਸਾਰ ਚੱਲ ਰਹੀ ਹੈ। ਜਿਨ੍ਹਾਂ ਇੰਗਲੈਂਡ ਆਦਿ ਮੁਹੱਜ਼ਬ ਮੁਲਕਾਂ ਵਿਚ ਬਾਦਸ਼ਾਹ ਮੌਜੂਦ ਭੀ ਹਨ, ਉਥੇ ਭੀ ਉਨ੍ਹਾਂ ਨੂੰ ਉਹ ਪੁਰਾਣੇ ਅਖ਼ਤਿਆਰ ਹਾਸਿਲ ਨਹੀਂ ਹਨ ਕਿ ਜਿਨ੍ਹਾਂ ਦੇ ਕਾਰਨ ਕਈ ਇਕ ਪੁਰਾਣੇ ਜ਼ਾਲਮ ਬਾਦਸ਼ਾਹ ਕੌਮ ਯਾ ਪਰਜਾ ਦਾ ਮਨ-ਭਾਉਂਦਾ ਲਹੂ ਪੀਤਾ ਕਰਦੇ ਸਨ, ਸਗੋਂ ਹਰ ਜ਼ਰੂਰੀ ਗੱਲ ਵਿਚ ਕੌਮ ਦੇ ਚੁਣੇ ਹੋਏ ਆਗੂਆਂ ਦੀ ਪਾਰਲੀਮੈਂਟ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਹੈ। ਇਸ ਪਿਛਲੇ ਡਰਾਉਣੇ ਜੰਗ ਵਿਚ ਰੂਸ ਜੇਹੀਆਂ ਕਰੜੀਆਂ ਸ਼ਖਸੀ ਹਕੂਮਤਾਂ ਭੀ ਖਤਮ ਹੋ ਚੁੱਕੀਆਂ ਹਨ।
ਜਿਸ ਤਰ੍ਹਾਂ ਸੰਸਾਰ ਨੂੰ ਮੁਲਕੀ ਕੰਮਾਂ ਵਿਚ ਅਜ਼ਾਦੀ ਦੀ ਲੋੜ ਹੈ, ਏਸੇ ਤਰ੍ਹਾਂ ਧਾਰਮਿਕ ਅਤੇ ਭਾਈਚਾਰਕ ਕੰਮਾਂ ਵਿਚ ਭੀ ਵਾਧੂ ਬੰਧਨ ਤੋੜਨੇ ਜ਼ਰੂਰੀ ਹਨ। ਜਦ ਆਦਮੀਆਂ ਦੀ ਪਹਿਲੀ ਹਾਲਤ ਸੀ, ਤਦੋਂ ਲਾਜ਼ਮੀ ਤੌਰ ਪਰ ਧਾਰਮਿਕ ਅਤੇ ਭਾਈਚਾਰਕ ਗਿਆਨ ਤੇ ਇੰਤਜ਼ਾਮ ਭੀ ਬਹੁਤ ਨੀਵੇਂ ਦਰਜੇ ਪਰ ਹੀ ਹੋਵੇਗਾ, ਜਿਉਂ ਜਿਉਂ ਦੁਨੀਆਂ ਵਿਚ ਸਮਝ ਦਾ ਵਾਧਾ ਹੁੰਦਾ ਗਿਆ ਯਾ ਰਿਸ਼ੀ, ਮਹਾਂਰਿਸ਼ੀ ਅਤੇ ਪੈਗ਼ੰਬਰ ਆਦਿ ਮਹਾਂਪੁਰਖ ਆਪਣੇ-ਆਪਣੇ ਸਮੇਂ ਦੇ ਅਨੁਸਾਰ ਲੋਕਾਂ ਦੀ ਸਮਝ ਤੇ ਅਕਲ ਵਿਚ ਵਾਧਾ ਕਰਦੇ ਗਏ ਤਿਉਂ-ਤਿਉਂ ਬਾਕਾਇਦਾ ਧਰਮ ਯਾ ਮਜ਼ਹਬ ਬਣਦੇ ਗਏ। ਸੰਸਾਰਕ ਬਾਦਸ਼ਾਹੀ ਦੀ ਤਰ੍ਹਾਂ ਧਾਰਮਕ ਬਾਦਸ਼ਾਹ ਯਾ ਆਗੂ ਭੀ ਹੁੰਦੇ ਆਏ। ਹਿੰਦੂਆਂ ਵਿਚ ਮਨੂੰ, ਬਿਆਸ, ਵਿਸ਼ਿਸ਼ਟ, ਜੈਮਨੀ ਆਦਿ ਅਨੇਕ ਰਿਸ਼ੀਆਂ ਦੇ ਸਿਮ੍ਰਤੀ ਸ਼ਾਸਤਾਂ ਦੇ ਮਤ ਚਲਦੇ ਰਹੇ।
ਦੂਜੇ ਪਾਸੇ ਹਜ਼ਰਤ ਮੂਸਾ ਯਾ ਈਸਾ ਆਦਿ ਦੇ ਧਰਮ ਚੱਲੇ। ਏਸੇ ਤਰ੍ਹਾਂ ਬੁੱਧ, ਪਾਰਸੀ ਅਤੇ ਇਸਲਾਮ ਆਦਿਕ ਧਰਮਾਂ ਦੀ ਬਾਬਤ ਸਮਝ ਲੈਣਾ ਚਾਹੀਦਾ ਹੈ। ਹਰ ਇਕ ਧਰਮ ਪ੍ਰਚੱਲਤ ਕਰਨ ਵਾਲਾ ਪੈਗ਼ੰਬਰ ਆਪਣੇ-ਆਪਣੇ ਧਰਮ ਦਾ ਧਾਰਮਕ ਬਾਦਸ਼ਾਹ ਮੰਨਣਾ ਚਾਹੀਦਾ ਹੈ, ਜਿਹਾ ਕਿ ਇਸਲਾਮ ਦੇ ਮਹਾਤਮਾ ਮੁਹੰਮਦ ਸਾਹਿਬ, ਯਹੂਦੀਆਂ ਦੇ ਹਜ਼ਰਤ ਮੂਸਾ ਆਦਿ। ਪਰ ਪੈਗ਼ੰਬਰ ਯਾ ਹੋਰ ਧਾਰਮਕ ਬਾਨੀਆਂ ਦੇ ਪਿਛੋਂ ਇਹ ਧਾਰਮਕ ਹਕੂਮਤ ਖਾਸ-ਖਾਸ ਤੇ ਛੋਟੇ-ਛੋਟੇ ਫਿਰਕਿਆਂ ਦੇ ਹੱਥ ਆ ਜਾਂਦੀ ਰਹੀ। ਜਿਹਾ ਕਿ ਹਿੰਦੂਆਂ ਵਿਚ ਬ੍ਰਾਹਮਣ ਤੇ ਮੁਸਲਮਾਨਾਂ ਵਿਚ ਕਾਜ਼ੀ, ਸੱਯਦ ਤੇ ਈਸਾਈਆਂ ਵਿਚ ਰੋਮ ਦੇ ਪੋਪ ਸਾਹਿਬ ਤੇ ਉਨ੍ਹਾਂ ਦੇ ਅਨੁਸਾਰੀ ਪਾਦਰੀ। ਜਿਸ ਤਰ੍ਹਾਂ ਦੁਨਿਆਵੀ ਬਾਦਸ਼ਾਹੀ ਵਿੱਚ ਲੋਕਾਂ ਦੀ ਆਮ ਰਾਏ (Public Opinion) ਨੂੰ ਦਖਲ ਨਹੀਂ ਸੀ, ਏਸੇ ਤਰ੍ਹਾਂ ਧਾਰਮਕ ਹਲਕੇ ਵਿਚ ਭੀ ਉਕਤ ਲੋਕਾਂ ਦਾ ਹੀ ਜ਼ੋਰ ਸੀ ਅਤੇ ਆਮ ਲੋਕਾਂ ਦੀ ਪੁੱਛ-ਪ੍ਰਤੀਤੀ ਏਥੇ ਭੀ ਘੱਟ ਹੀ ਸੀ। ਜਿਸ ਤਰ੍ਹਾਂ ਦੁਨਿਆਵੀ ਬਾਦਸ਼ਾਹ ਆਪਣੀ ਹਕੂਮਤ ਦੇ ਘੁਮੰਡ ਵਿਚ ਆ ਕੇ ਅਨੇਕ ਕਿਸਮ ਦੇ ਭਾਰੇ ਪਾਪ ਕਰਦੇ ਸਨ, ਏਸੇ ਤਰ੍ਹਾਂ ਧਾਰਮਕ ਆਗੂ ਭੀ ਆਮ ਲੋਕਾਂ ਲਈ ਕਈ ਵਾਰੀ ਬੜੇ ਹੀ ਦੁਖਦਾਈ ਸਾਬਤ ਹੁੰਦੇ ਹਨ।
ਹਿੰਦੁਸਤਾਨ ਦੀ ਭੈੜੀ ਹਾਲਤ ਤਾਂ ਭਾਈ ਗੁਰਦਾਸ ਜੀ ਦੇ ਇਸ ਵਾਕ ਅਨੁਸਾਰ
ਪ੍ਰਸਿੱਧ ਹੀ ਹੈ ਕਿ :
ਸਚੁ ਕਿਨਾਰੇ ਰਹਿ ਗਿਆ;
ਖਹਿ ਮਰਦੇ ਬਾਮ੍ਹਣਿ ਮਉਲਾਣੇ। (ਵਾਰ ੧, ਪਉੜੀ ੨੧)
ਪਰ ਯੂਰਪ ਵਿੱਚ ਭੀ ਕੁਝ ਘੱਟ ਨਹੀਂ ਬੀਤੀ। ਇੰਗਲੈਂਡ ਆਦਿ ਮੁਲਕਾਂ ਵਿੱਚ ਕਈ ਵਾਰੀ ਇਸ ਕਾਰਨ ਝਗੜੇ ਤੇ ਖੂੰਖਾਰ ਲੜਾਈਆਂ ਹੋਈਆਂ ਕਿ ਪੋਪ ਦੇ ਅਖਤਿਆਰਾਤ ਮੁਲਕੀ ਬਾਦਸ਼ਾਹ ਤੇ ਆਮ ਪਰਜਾ ਨੂੰ ਨੁਕਸਾਨ ਪਹੁੰਚਾਣ ਵਾਲੇ ਹੁੰਦੇ ਸਨ ਤੇ ਉਂਜ ਭੀ ‘ਧਰਮ’ ਪੋਪ ਦੇ ਹੱਥ ਦੀ ਕਠਪੁਤਲੀ ਹੋ ਚੁੱਕਿਆ ਹੈ। ਪਾਦਰੀ ਲੋਕ ਆਪਣੇ ਧੋਖੇ ਤੇ ਪਾਪਾਂ ਨੂੰ ਭੀ ਧਰਮ ਦੀ ਮਾਲਾ ਵਿਚ ਪਰੋ ਲੈਣ ਦੀ ਤਾਕਤ ਰੱਖਦੇ ਸਨ। ਲੂਥਰ ਜਿਹੇ ਦਲੇਰ ਤੇ ਸੱਚੇ ਪੁਰਖਾਂ ਨੇ ਪੋਪਇਜ਼ਮ ਦੇ ਖਿਲਾਫ਼ ਆਵਾਜ਼ ਉਠਾਈ। ਹੋਰ ਕਈ ਵਾਰ ਝਗੜੇ ਵਧੇ, ਆਖ਼ਰ ਕਿਸੇ ਹੱਦ ਤਕ ਯੂਰਪ ਦੇ ਬੰਧਨ ਟੁੱਟੇ ਤੇ ਧਰਮ ਦੇ ਗਲੋਂ ਪੋਪ ਮੱਤ ਦਾ ਜੂਲਾ ਉਤਰਿਆ।
ਇਸ ਤੋਂ ਇਹ ਸਿੱਧ ਹੋਇਆ ਹੈ ਕਿ ਜਿਸ ਤਰ੍ਹਾਂ ਮਲਕੀ ਹਾਲਤ ਵਿਚ ਕੌਮੀ ਤੇ ਸਾਂਝੀ ਹਕੂਮਤ ਦੀ ਲੋੜ ਹੈ ਭਾਵੇਂ ਕਿਸੇ ਖਾਸ ਸਮੇਂ ਲਈ ਸ਼ਖਸੀ ਹਕੂਮਤ ਚੰਗੀ ਹੋਵੇਗੀ ਪਰ ਸਦਾ ਲਈ ਇਸ ਦੀ ਕਾਇਮੀ ਦੁਖਦਾਈ ਹੈ। ਏਸੇ ਤਰ੍ਹਾਂ ਧਾਰਮਕ ਯਾ ਭਾਈਚਾਰਕ ਹਲਕੇ ਵਿਚ ਭੀ ਜਮਹੂਰੀਅਤ ਯਾ ਸਾਂਝੀ ਹਕੂਮਤ ਦੀ ਜ਼ਰੂਰਤ ਹੈ। ਭਾਵੇਂ ਯੂਰਪ ਵਿਚ ਕਈ ਇਕ ਮਹਾਂਪੁਰਖਾਂ ਨੇ ਇਸ ਘਾਟੇ ਨੂੰ ਪੂਰਾ ਕਰਨ ਦਾ ਕੁਝ ਕੁਝ ਯਤਨ ਕੀਤਾ ਪਰ ਇਸ ਕਾਮਯਾਬੀ ਦੀ ਠੀਕ-ਠੀਕ ਚਾਬੀ ਸਿੱਖ ਗੁਰੂਆਂ ਨੇ ਹੀ ਲੱਭੀ।
ਏਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਤਿਗੁਰੂਆਂ ਨੇ ਕਿਸ ਤਰ੍ਹਾਂ ਇਸ ਧਾਰਮਕ, ਭਾਈਚਾਰਕ ਤੇ ਰੂਹਾਨੀ ਸਲਤਨਤ ਨੂੰ ਆਮ ਰਾਏ ਸਮਝ ਦੇ ਅਨੁਸਾਰ ਬਣਾਇਆ। ਅਰਥਾਤ ਕਿਵੇਂ ਇਸ ਬਾਦਸ਼ਾਹੀ ਨੂੰ ਰੀਪਬਲਿਕ (Republic) ਯਾ ਸਿੱਖ ਸੰਗਤ ਦੀ ਆਪਣੀ ਬਾਦਸ਼ਾਹੀ ਬਣਾ ਦਿੱਤਾ।
ਗਰੀਬਾਂ ਦਾ ਸਾਥ
ਜਿਸ ਨੇ ਲੋਕਾਂ ਨੂੰ ਭਾਈਚਾਰਕ ਬਰਾਬਰੀ (Democracy) ਯਾ ਮਸਾਵਾਤ ਸਿਖਾਉਣੀ ਹੋਵੇ ਉਸ ਲਈ ਪਹਿਲੀ ਗੱਲ ਇਹ ਹੁੰਦੀ ਹੈ ਕਿ ਉਹ ਗਰੀਬਾਂ ਤੇ ਅਨਾਥਾਂ ਦੀ ਜ਼ਰੂਰ ਬਾਂਹ ਫੜੇ। ਹਿੰਦੁਸਤਾਨ ਦੇ ਅੰਦਰ ਇਹ ਬੜਾ ਹੀ ਐਬ ਸੀ ਕਿ ਬੜਿਆਂ ਦਾ ਹਰ ਗੱਲ ਵਿਚ ਲਿਹਾਜ਼ ਤੇ ਛੋਟਿਆਂ ਨੂੰ ਹਰ ਗੱਲ ਵਿਚ ਬੜੀ ਬੇਇੱਜ਼ਤੀ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਬੜੀਆਂ ਜਾਤਾਂ ਦੇ ਲੋਕ ਛੋਟੀਆਂ ਕੌਮਾਂ ਵਾਲਿਆਂ ਨੂੰ ਪਸ਼ੂਆਂ ਨਾਲੋਂ ਭੀ ਬੁਰਾ ਸਮਝਦੇ ਸਨ।
ਬਾਲਮੀਕੀ ਰਾਮਾਇਣ ਵਿਚ ਪ੍ਰਸੰਗ ਆਉਂਦਾ ਹੈ ਕਿ ਇਕ ਸ਼ੂਦਰ ਜੰਗਲ ਦੇ ਵਿਚ ਪਰਮੇਸ਼ਰ ਨਮਿੱਤ ਤਪ ਜਾਂ ਭਗਤੀ ਕਰ ਰਿਹਾ ਸੀ। ਉਸ ਦੇ ਇਸ ਧਰਮ (ਪਰ ਹਿੰਦੂ ਬਜ਼ੁਰਗਾਂ ਦੇ ਖਿਆਲ ਅਨੁਸਾਰ ਪਾਪ, ਕਿਉਂਕਿ ਅਜੇਹੇ ਚੰਗੇ ਕੰਮ ਰੱਬ ਨੇ ਸ਼ੂਦਰਾਂ ਵਾਸਤੇ ਨਹੀਂ ਬਣਾਏ) ਦੇ ਕਾਰਣ ਇਕ ਬ੍ਰਾਹਮਣ ਦਾ ਲੜਕਾ ਮਰ ਗਿਆ। ਬ੍ਰਾਹਮਣ ਨੇ ਸ੍ਰੀ ਰਾਮ ਚੰਦਰ ਜੀ ਮਹਾਰਾਜ ਪਾਸ ਪੁਕਾਰ ਕੀਤੀ ਕਿ ਤੇਰੇ ਰਾਜ ਵਿੱਚ ਮੇਰਾ ਬੱਚਾ ਚਲਾਣਾ ਕਰ ਗਿਆ ਹੈ। ਰਾਮ ਜੀ ਨੇ ਸਾਰੀ ਗੱਲ ਸੁਣ ਕੇ ਸ਼ੂਦਰ ਨੂੰ ਕਤਲ ਕਰ ਦਿੱਤਾ। ਇਸ ਕਰਕੇ ਬ੍ਰਾਹਮਣ ਦਾ ਬਾਲਕ ਮੁੜ ਜੀਉਂਦਾ ਹੋ ਗਿਆ ਤੇ ਦੇਵਤਿਆਂ ਨੇ ਇਸ ਪਰਉਪਕਾਰ ਅਤੇ ਧਰਮ ਦੀ ਮਰਯਾਦਾ ਪੂਰੀ ਕਰਨ ਕਰਕੇ ਸ੍ਰੀ ਰਾਮ ਜੀ ਦਾ ਜੈ ਜੈ ਕਾਰ ਕੀਤਾ।
ਗੁਸਾਈਂ ਤੁਲਸੀ ਦਾਸ ਨੇ ਭੀ ਲਿਖਿਆ ਹੈ ਕਿ “ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ, ਇਹ ਪਾਂਚੋਂ ਤਾੜਨ ਕੇ ਅਧਿਕਾਰੀ” ਅਰਥਾਤ ਢੋਲ, ਬੇਵਕੂਫ, ਸ਼ੂਦਰ, ਪਸ਼ੂ ਤੇ ਔਰਤ ਇਹ ਪੰਜੇ ਮਾਰ-ਕੁੱਟ ਦੇ ਹੀ ਹੱਕਦਾਰ ਹਨ। ਏਸੇ ਤਰ੍ਹਾਂ ਹੋਰ ਪੁਰਾਣੇ ਖਿਆਲਾਂ ਦੇ ਗ੍ਰੰਥਾਂ ਵਿਚ ਸ਼ੂਦਰਾਂ ਉੱਪਰ ਕਈ ਕਿਸਮ ਦੇ ਪੱਥਰ ਸੁੱਟੇ ਸਨ।
ਹਿੰਦਵਾਸੀ ਪਸ਼ੂਆਂ ਨੂੰ ਤਾਂ ਦੇਵਤਾ ਮੰਨ ਕੇ ਉਨ੍ਹਾਂ ਦੇ ਪੈਰ ਪੂਜਦੇ ਸਨ, ਸੱਪਾਂ, ਠੂਹਿਆਂ ਤੇ ਚੂਹਿਆਂ ਦੀ ਭੀ ਪੂਜਾ ਕਰਦੇ ਸਨ, ਦਰੱਖਤ, ਪੱਥਰ ਆਦਿ ਨੂੰ ਰੱਬ ਮੰਨ ਕੇ ਬੈਠਦੇ ਸਨ ਪਰ ਇਕ ਆਪਣੇ ਜਿਹੇ ਮਨੁੱਖ ਨੂੰ ਸ਼ੂਦਰ ਆਖ ਕੇ ਉਸ ਦੀ ਇਤਨੀ ਬੇਇੱਜ਼ਤੀ ਕਰਦੇ ਸਨ ਕਿ ਉਸ ਨਾਲ ਪੱਲਾ ਜਾਂ ਹੱਥ ਛੁਹਾਉਣਾ ਤਾਂ ਕਿਤੇ ਰਿਹਾ ਉਸ ਦਾ ਪਰਛਾਵਾਂ ਭੀ ਲੈਣ ਨੂੰ ਤਿਆਰ ਨਹੀਂ ਹੁੰਦੇ ਸਨ।
ਇਕ ਸ਼ੂਦਰ ਭਾਵੇਂ ਤੜਫਦਾ ਪਿਆ ਹੋਵੇ ਪਰ ਉਸ ਦੀ ਸੇਵਾ ਲਈ ਇਕ ਉੱਚੀ ਜਾਤ ਦੇ ਆਦਮੀ ਦਾ ਦਿਲ ਨਹੀਂ ਲੋਚਦਾ, ਕਿਉਂਕਿ ਅਜੇਹਾ ਕਰਨਾ ਇਕ ਤਾਂ ਉਸ ਦੇ ਧਰਮੋਂ ਵਿਰੁੱਧ ਸੀ, ਦੂਜਾ ਸ਼ੂਦਰ ਜਾਂ ਚੰਡਾਲ ਨਾਲ ਹੱਥ ਲੱਗਿਆਂ ਉਸ ਦੀ ਦੇਹੀ ਦੇ ਭ੍ਰਿਸ਼ਟ ਹੋ ਜਾਣ ਦਾ ਡਰ ਸੀ। ਕੀੜਿਆਂ ਤੇ ਮੱਛੀਆਂ ਨੂੰ ਤਾਂ ਤਿਲ ਚੌਲ ਤੇ ਆਟਾ ਪਾ ਕੇ ਆਪਣੀ ਦਇਆ ਦਾ ਸਬੂਤ ਦਿੱਤਾ ਜਾਂਦਾ ਸੀ ਪਰ ਛੋਟੀਆਂ ਕੌਮਾਂ ਵਿਚ ਗਿਣੇ ਗਏ ਦੁਖੀ ਬੰਦਿਆਂ ਦੀ ਸਾਰ ਨਹੀਂ ਲਈ ਜਾਂਦੀ ਸੀ। ਜੇਕਰ ਹਿੰਦੁਸਤਾਨ ਵਿਚ ਇਸ ਨਫ਼ਰਤ ਦਾ ਭੱਠ ਬਲ ਰਿਹਾ ਸੀ ਤਾਂ ਦੂਜੇ ਦੇਸਾਂ ਵਿਚ ਭੀ ਇਕ ਹੋਰ ਬੁਰੀ ਰਸਮ ਪ੍ਰਚਲਤ ਸੀ। ਉਹ ਇਹ ਕਿ ਪਸ਼ੂਆਂ ਦੀ ਤਰ੍ਹਾਂ ਆਦਮੀਆਂ ਨੂੰ ਖ੍ਰੀਦਿਆ ਤੇ ਵੇਚਿਆ ਜਾਂਦਾ ਸੀ। ਬਹੁਤੀ ਦੁਨੀਆਂ ਵਾਲੇ ਉਨ੍ਹਾਂ ਰੱਬ ਦੇ ਬੰਦਿਆਂ ਨੂੰ ਆਪਣਾ ਗੁਲਾਮ ਸਮਝ ਕੇ ਉਨ੍ਹਾਂ ਉੱਪਰ ਮਨ-ਭਾਉਂਦੇ ਜ਼ੁਲਮ ਕਰਦੇ ਸਨ। ਈਰਾਨ, ਅਰਬ, ਮਿਸਰ ਆਦਿ ਸਾਰੇ ਮੁਲਕਾਂ ਵਿਚ ਤੇ ਯੂਰਪ ਵਿਚ ਭੀ ਇਹ ਬੁਰਾ ਰਿਵਾਜ ਜ਼ੋਰਾਂ ਪਰ ਸੀ। ਮਹਾਤਮਾ ਮੂਸਾ, ਹਜ਼ਰਤ ਈਸਾ ਤੇ ਹਜ਼ਰਤ ਮੁਹੰਮਦ ਸਾਹਿਬ ਦੀ ਤਾਲੀਮ ਨੇ ਇਸ ਗੁਲਾਮੀ ਦੇ ਰਿਵਾਜ ਨੂੰ ਸੰਸਾਰ ਤੋਂ ਦਫ਼ਾ ਨਾ ਕੀਤਾ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਦਰਦ ਨੂੰ ਮਹਿਸੂਸ ਕਰ ਕੇ ਆਪਣਾ ਸੁਖਦਾਈ ਪ੍ਰਚਾਰ ਸ਼ੁਰੂ ਕੀਤਾ ਤਾਂ ਗਰੀਬਾਂ ਦੀ ਬੁਰੀ ਹਾਲਤ ਭੀ ਉਨ੍ਹਾਂ ਦੀਆਂ ਅੱਖਾਂ ਅੱਗੇ ਸੀ। ਉਨ੍ਹਾਂ ਨੇ ਆਪਣਾ ਸਾਥੀ ਇਕ ਉਸ ਗਰੀਬ ਕੌਮ ਵਿਚੋਂ ਲੱਭਿਆ ਕਿ ਜਿਸ ਨੂੰ ਹਿੰਦੂ, ਮੁਸਲਮਾਨ ਡੂਮ ਆਖ ਕੇ ਹੱਸਿਆ ਕਰਦੇ ਸਨ। ਇਹ ਮਹਾਤਮਾ ਅਰਥਾਤ ਭਾਈ ਮਰਦਾਨਾ ਭੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਦਾ ਅੰਮ੍ਰਿਤ ਪੀ ਕੇ ਸੰਸਾਰ ਦੇ ਤਾਰਨਹਾਰ ਗੁਰੂ ਦੇ ਮਿਸ਼ਨ ਦਾ ਪ੍ਰਚਾਰਕ ਬਣਿਆ। ਭਾਈ ਮਰਦਾਨੇ ਦੀ ਰਬਾਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਰਦ ਭਰੀ ਆਵਾਜ਼ ਬੜੇ-ਬੜੇ ਜੰਗਲਾਂ ਤੇ ਪਹਾੜਾਂ ਵਿਚ ਗੂੰਜੀ। ਜਦ ਸ੍ਰੀ ਮਹਾਰਾਜ ਦੀ ਸ਼ਾਦੀ ਦਾ ਸਮਾਂ ਆਇਆ, ਪਿਤਾ ਅਤੇ ਵੱਡੇ ਰਿਸ਼ਤੇਦਾਰਾਂ ਦੇ ਪ੍ਰਬੰਧ ਵਿਚ ਜੰਝ ਸ਼ਹਿਰ ਵਟਾਲੇ ਪਹੁੰਚੀ। ਵੱਡੀਆਂ ਜਾਤਾਂ ਵਾਲੇ ਵੱਡਿਆਂ ਦੇ ਪ੍ਰਾਹੁਣੇ ਜਾ ਬਣੇ ਪਰ ਗ਼ਰੀਬਾਂ ਦਾ ਵਾਲ਼ੀ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਸ਼ੂਦਰ ਧੋਬੀ ਦੇ ਘਰ ਜਾ ਕੇ ਬੈਠਾ ਤੇ ਉਨ੍ਹਾਂ ਨੂੰ ਆਪਣੇ ਪ੍ਰੇਮ ਦਾ ਅੰਮ੍ਰਿਤ ਬਖਸ਼ਿਆ। ਐਮਨਾਬਾਦ ਜਾ ਕੇ ਵੱਡੇ ਚੌਧਰੀ ਤੇ ਧਨ ਵਿਚ ਰਾਜੇ ਮਲਕ ਭਾਗੋ ਦੇ ਛੱਤੀ ਪ੍ਰਕਾਰ ਦੇ ਭੋਜਨਾਂ ਵਿਚ ਆਦਮੀਆਂ ਦੇ ਲਹੂ ਦੀ ਬਦਬੂ ਦੱਸੀ ਪਰ ਲਾਲੋ ਤਰਖਾਣ ਦੇ ਸੁੱਕੇ ਹੋਏ ਕੋਧਰੇ ਦੇ ਟੁਕੜੇ ਵਿਚੋਂ ਦੁੱਧ ਦਾ ਸਵਾਦ ਲਿਆ।
ਇਕ ਵਾਰ ਪੰਜਾਬ ਦੀਆਂ ਪੱਖੀਵਾਸ ਗਰੀਬ ਕੌਮਾਂ ਵਿਚ (ਜਿਨ੍ਹਾਂ ਨੂੰ ਸਾਂਸੀ, ਬੌਰੀਏ ਆਦਿ ਆਖਿਆ ਜਾਂਦਾ ਹੈ) ਉਨ੍ਹਾਂ ਜੇਹੀ ਸ਼ਕਲ ਬਣਾ ਕੇ ਪ੍ਰਚਾਰ ਕੀਤਾ, ਜਿਸ ਦੇ ਮੁਤੱਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਸ਼ਬਦ ਆਉਂਦਾ ਹੈ, ਜਿਸ ਦੀ ਟੇਕ ਹੈ:
ਧਾਣਕ ਰੂਪਿ ਰਹਾ ਕਰਤਾਰ॥
(ਪੰਨਾ ੨੪)
ਇਕ ਵਾਰੀ ਖੁਦ ਜਾ ਕੇ ਗ਼ੁਲਾਮ ਬਣੇ ਤੇ ਆਪਣੀ ਆਤਮਕ ਤਾਕਤ ਨਾਲ ਹਜ਼ਾਰਾਂ ਗ਼ੁਲਾਮਾਂ ਦੇ ਬੰਧਨ ਤੋੜੇ ਤੇ ਗੁਲਾਮ ਰੱਖਣ ਵਾਲੇ ਹੰਕਾਰੀ ਆਦਮੀਆਂ ਨੂੰ ਸੱਚ ਦੇ ਰਸਤੇ ਲਾਇਆ।
ਜਦ ਬਾਬਰ ਦੀ ਕਹਿਰ ਭਰੀ ਤਲਵਾਰ ਪੰਜਾਬ ਉੱਪਰ ਚੱਲੀ, ਤਦ ਆਪ ਨੇ ਇਕ ਜੰਗਲ ਵਿਚ ਬੈਠਿਆਂ ਗਰੀਬਾਂ ਦੀ ਆਹੋ ਪੁਕਾਰ ਸੁਣੀ। ਅੱਗ ਵਿੱਚ ਜਲਦੇ ਭਰਾਵਾਂ ਨੂੰ ਦੇਖ ਕੇ ਖੁਦ ਭੀ ਅੱਗ ਤੋਂ ਬਾਹਰ ਰਹਿਣਾ ਚੰਗਾ ਨਾ ਸਮਝਿਆ। ਜੰਗਲ ਛੱਡ ਕੇ ਸ਼ਹਿਰਾਂ ਦੇ ਦੁਖੀ ਬੰਦਿਆਂ ਵਿਚ ਆ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਮਿਲ ਕੇ ਚੱਕੀਆਂ ਪੀਸੀਆਂ ਤੇ ਸਿਰ ਉੱਪਰ ਬੋਝੇ ਢੋਏ। ਆਖਰ ਵਾਹਿਗੁਰੂ ਦੀ ਬਖਸ਼ੀ ਹੋਈ ਬਰਕਤ ਨਾਲ ਬਾਬਰ ਨੂੰ ਸੱਚੀਆਂ-ਸੱਚੀਆਂ ਸੁਣਾਈਆਂ ਤੇ ਉਸ ਨੂੰ ਕਿਸੀ ਹੱਦ ਤਕ ਨੇਕੀ ਦਾ ਚਾਨਣਾ ਦਿੱਤਾ ਤੇ ਬੇਸ਼ੁਮਾਰ ਬੰਦਿਆਂ ਦੀ ਬੰਦ-ਖਲਾਸੀ ਕਰਵਾਈ। ਬਾਬਰ ਦੇ ਉਕਤ ਜ਼ੁਲਮਾਂ ਨੂੰ ਦੇਖ ਕੇ ਜੋ ਦਰਦ ਭਰੇ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਵਿਚ ਉਚਾਰਨ ਕੀਤੇ ਹਨ, ਉਨ੍ਹਾਂ ਨੂੰ ਪੜ੍ਹ ਕੇ ਇਕ ਪੱਥਰ ਦਿਲ ਭੀ ਅੱਖਾਂ ਵਿੱਚ ਅੱਥਰੂ ਭਰ ਲਿਆਉਂਦਾ ਹੈ। ਜਿਹਾ ਕਿ :
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥੫॥
ਇਕਨਾ ਵਖਤ ਖੁਆਈਅਹਿ ਇਕਨ੍ਹਾ ਪੂਜਾ ਜਾਇ॥
ਚਉਕੋ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ॥
(ਆਸਾ ਮ: ੧, ਪੰਨਾ ੪੧੭)
ਭਾਵ, ਬਾਬਰਗਰਦੀ ਛਾ ਗਈ ਹੈ। ਦੁਖੀ, ਮਜ਼ਲੂਮ ਤੇ ਕੈਦੀ ਮੁਸਲਮਾਨਾਂ ਦੀ ਨਮਾਜ਼ ਦਾ ਵਕਤ ਇਸ ਦੁੱਖ ਵਿੱਚ ਐਵੇਂ ਹੀ ਚਲਾ ਗਿਆ, ਹਿੰਦੂਆਂ ਨੂੰ ਪੂਜਾ ਕਰਨੀ ਨਾ ਮਿਲੀ, ਹਿੰਦਵਾਣੀਆਂ ਔਰਤਾਂ ਭੀ ਹੁਣ ਚੌਂਕਾ ਦੇਣਾ ਭੁੱਲ ਗਈਆਂ। ਹੁਣ ਉਹ ਆਪਣੇ ਧਰਮ ਅਨੁਸਾਰ ਇਸ਼ਨਾਨ ਕਰ ਕੇ ਮੱਥੇ ਉੱਪਰ ਟਿੱਕੇ ਭੀ ਕਿਵੇਂ ਕੱਢਣ? ਭਾਵ ਲੋਕਾਂ ਦਾ ਧਰਮ, ਸ਼ਰਮ ਤੇ ਇੱਜ਼ਤ ਜ਼ਾਲਮਾਂ ਨੇ ਬਰਬਾਦ ਕਰ ਦਿੱਤੀ ਹੈ।
ਉਸ ਸਮੇਂ ਹਿੰਦੂਆਂ ਤੋਂ ਛੁਟ ਪਠਾਨ ਹਾਕਮਾਂ ਤੇ ਉਨ੍ਹਾਂ ਦੇ ਹਾਮੀ ਮੁਸਲਮਾਨਾਂ ਉੱਪਰ ਭੀ ਰੱਜ ਕੇ ਮੁਸੀਬਤ ਆਈ ਸੀ, ਕਿਉਂਕਿ ਮੁਗ਼ਲ ਬਾਦਸ਼ਾਹ ਬਾਬਰ ਉਨ੍ਹਾਂ ਦਾ ਭੀ ਵੈਰੀ ਸੀ।
ਇਕ ਹੋਰ ਸ਼ਬਦ ਰਾਗ ਆਸਾ ਵਿਚ ਆਉਂਦਾ ਹੈ :
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥੧॥
ਕਰਤਾ ਤੂੰ ਸਭਨਾ ਕਾ ਸੋਈ॥
ਜੋ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥੧॥ਰਹਾਉ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
(ਆਸਾ ਮ: ੧, ਪੰਨਾ ੩੬੦)
ਭਾਵ, ਵਾਹਿਗੁਰੂ ਆਪਣੇ ਸਿਰ ਤਾਂ ਦੋਸ਼ ਨਹੀਂ ਲੈਂਦਾ ਪਰ ਹਿੰਦੁਸਤਾਨੀਆਂ ਨੂੰ ਸਜ਼ਾ ਦੇਣ ਵਾਸਤੇ (ਕਿਉਂਕਿ ਇਨ੍ਹਾਂ ਵਿਚ ਭਾਈਚਾਰਕ ਤੇ ਕੌਮੀ ਪਾਪ ਵੱਧ ਚੁੱਕੇ ਹਨ ਜਮ ਦੀ ਸ਼ਕਲ ਵਿਚ ਮੁਗ਼ਲ ਬਾਦਸ਼ਾਹ ਭੇਜ ਦਿੱਤਾ, ਲੜਾਈ ਤਾਂ ਬਾਦਸ਼ਾਹਾਂ ਦੀ ਸੀ ਪਰ ਜਰਵਾਨੀ ਮੁਗ਼ਲ ਫੌਜ ਨੇ ਗ਼ਰੀਬ ਪਰਜਾ ਦਾ ਲਹੂ ਭੀ ਰੱਜ ਕੇ ਪੀਤਾ।
ਹੇ ਪਿਤਾ ਵਾਹਿਗੁਰੂ! ਜਦ ਇਨ੍ਹਾਂ ਨੂੰ ਇਤਨੀ ਮਾਰ ਪਈ ਤੇ ਇਨ੍ਹਾਂ ਨੇ ਦੁਖੀ ਹੋ ਕੇ ਚੀਕਾਂ ਮਾਰੀਆਂ, ਕੀ ਤੈਨੂੰ ਦਰਦ ਨਾ ਆਇਆ? ਜੇ ਡਾਢਾ ਡਾਢੇ ਨੂੰ ਮਾਰੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਜੇ ਡਾਢਾ ਸ਼ੇਰ ਗਾਈਆਂ ਦੇ ਵੱਗ ਜਾਂ ਬੱਕਰੀਆਂ ਦੇ ਇੱਜੜ ਨੂੰ ਆ ਪਏ ਤਾਂ ਤੇ ਮਾਲਕ ਨੂੰ ਹੀ ਸਾਰ ਲੈਣੀ ਪਵੇਗੀ। ਹੇ ਕਰਤਾਰ! ਤੂੰ ਸਭ ਦਾ ਹੈਂ ਤੇ ਉਹ ਸਭ ਤੇਰੇ ਹਨ ਆਦਿ।
ਆਸਾ ਰਾਗ ਵਿਚ ਦੋ ਅਸ਼ਟਪਦੀਆਂ ਤੇ ਇਕ ਇਹ ਸ਼ਬਦ ਏਸੇ ਪ੍ਰਥਾਇ ਹੈ। ਇਨ੍ਹਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਦੁਖੀਆਂ ਦਾ ਦਰਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰ ਕਿਤਨਾ ਕੁ ਸੀ ਅਤੇ ਇਨ੍ਹਾਂ ਸ਼ਬਦਾਂ ਵਿਚ ਕਿਸ ਤਰ੍ਹਾਂ ਦਾ ਦਿਲੀ ਦਰਦ, ਆਤਮਕ ਫ਼ਿਲਾਸਫ਼ੀ, ਮੁਲਕੀ ਅਤੇ ਕੌਮੀ ਕਮਜ਼ੋਰੀਆਂ ਉੱਤੇ ਅਫਸੋਸ ਅਤੇ ਧਰਮ- ਸ਼ਰਮ ਤੋਂ ਡਿੱਗੀ ਹੋਈ ਦੁਨੀਆਂ ਨੂੰ ਮੁੜ ਚੜ੍ਹਦੀ ਕਲਾ ਵਿਚ ਲਿਆਉਣ ਦੇ ਉਪਾਅ ਆਦਿ ਰੰਗ ਭਰੇ ਹਨ। ਸਾਰੇ ਸ਼ਬਦ ਕਿਤਾਬ ਵਧਣ ਦੇ ਡਰ ਤੋਂ ਨਹੀਂ ਲਿਖੇ, ਇਹ ਸੇਵਾ ਕਦੇ ਫੇਰ ਕੀਤੀ ਜਾਵੇਗੀ।
ਦੁਖੀਆਂ ਦੇ ਦਰਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਸੰਗ ਤਾਂ ਇਹੋ ਜਿਹੇ ਬਹੁਤ ਹਨ ਪਰ ਉਨ੍ਹਾਂ ਦਾ ਸਾਰਾ ਸਿੱਟਾ ਹੇਠਲੀਆਂ ਤੁਕਾਂ ਵਿਚੋਂ ਨਿਕਲ ਆਉਂਦਾ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥੪॥੩॥
(ਸਿਰੀ ਰਾਗੁ ਮ: ੧, ਪੰਨਾ ੧੫)
ਭਾਵ, ਨੀਚਾਂ ਅੰਦਰ ਜੇਹੜੀਆਂ ਨੀਚ ਜਾਤਾਂ ਹਨ ਅੱਗੇ ਉਨ੍ਹਾਂ ਨੀਵੀਆਂ ਤੋਂ ਭੀ ਜਿਹੜੇ ਬਹੁਤ ਨੀਵੇਂ ਹਨ, ਨਾਨਕ ਤਿਨ੍ਹਾਂ ਦਾ ਸੰਗੀ ਅਤੇ ਸਾਥੀ ਹੈ। ਵਡਿਆਂ ਦੀ ਰੀਸ ਕਿਸ ਅਰਥ ਹੈ? ਹੇ ਵਾਹਿਗੁਰੂ! ਤੇਰੀ ਬਖਸ਼ਸ਼ ਅਤੇ ਮੇਹਰ ਦੀ ਨਿਗਾਹ ਭੀ ਉਥੇ ਹੀ ਹੁੰਦੀ ਹੈ ਕਿ ਜਿਥੇ ਨੀਵਿਆਂ ਨੂੰ ਗਲੇ ਲਾ ਲਿਆ ਜਾਵੇ।
ਇਸ ਤਰ੍ਹਾਂ ਗ਼ਰੀਬਾਂ ਦੀ ਸਾਰ ਲੈਂਦਿਆਂ ਤੋਂ ਹੋਰ ਕਈ ਤਰ੍ਹਾਂ ਸਚਾਈ ਦਾ ਚਾਨਣਾ ਕਰਦਿਆਂ ਹੋਇਆਂ ਜਦ ਸ੍ਰੀ ਮਹਾਰਾਜ ਜੀ ਦੇ ਸਰੀਰ ਦੀ ਪਿਛਲੀ ਅਵਸਥਾ ਆ ਗਈ, ਤਦੋਂ ਜ਼ਰੂਰੀ ਸੀ ਕਿ ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਅੱਗੇ ਲਈ ਯੋਗ ਪ੍ਰਬੰਧ ਕੀਤਾ ਜਾਵੇ। ਹਜ਼ਰਤ ਈਸਾ ਨੂੰ ਆਪਣੇ ਪਿਛੋਂ ਆਪਣੇ ਜੇਹਾ ਦੂਜਾ ਈਸਾ ਬਨਾਉਣ ਦੀ ਲੋੜ ਨਹੀਂ ਪਈ ਤੇ ਰਸੂਲ ਅਰਬ ਮੁਹੰਮਦ ਸਾਹਿਬ ਨੇ ਆਪਣੇ ਪਿਛੋਂ ਦੂਸਰਾ ਮੁਹੰਮਦ ਸਾਹਿਬ ਸੰਸਾਰ ਨੂੰ ਨਹੀਂ ਦਿੱਤਾ। ਏਸੇ ਤਰ੍ਹਾਂ ਹੋਰ ਅਨੇਕਾਂ ਅਵਤਾਰਾਂ ਪੈਗ਼ੰਬਰਾਂ ਦੀ ਬਾਬਤ ਭੀ ਖਿਆਲ ਕਰ ਲੈਣਾ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਜਾਣਦੇ ਸਨ ਕਿ ਜੋ ਪੱਕੇ ਅਤੇ ਪੂਰੇ ਤੇ ਸੁੱਚੇ ਧਰਮ ਦਾ ਗਾਡੀ ਰਾਹ ਉਨ੍ਹਾਂ ਨੇ ਸੰਸਾਰ ਵਿਚ ਬਣਾਉਣਾ ਅਰੰਭਿਆ ਹੋਇਆ ਸੀ। ਉਸ ਵੱਡੇ ਅਤੇ ਲੰਮੇ ਕੰਮ ਲਈ ਮਨੁੱਖ ਦੀ ਇਕ ਜ਼ਿੰਦਗੀ ਦਾ ਅਰਸਾ ਕਾਫੀ ਨਹੀਂ ਸੀ। ਇਸ ਲਈ ਜ਼ਰੂਰੀ ਸੀ ਕਿ ਇਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਛੋਂ ਕਈ ਹੋਰ ਸ੍ਰੀ ਗੁਰੂ ਨਾਨਕ ਦੇਵ ਜੀ ਹੋਣ ਤਾਂ ਕਿ ਉਹ ਸਕੀਮ ਪੁਰੀ ਹੋ ਸਕੇ।
ਬਾਕੀ ਨੌਂ ਗੁਰੂਆਂ ਦੀ ਕੀ ਲੋੜ ਪਈ?
ਜਦ ਕਿਸੇ ਨਵੇਂ ਧਰਮ ਤੇ ਨਵੇਂ ਖਿਆਲ ਦਾ ਪ੍ਰਚਾਰ ਕਰਨਾ ਹੋਵੇ ਤਾਂ ਦੋ ਤਰੀਕੇ हरउहे थैरे ग्रु, टिमलाच पाटितरलाय (Reform or Revolution)I ਅਰਥਾਤ ਇਕ ਧੀਰੇ-ਧੀਰੇ ਸੁਧਾਰ ਤੇ ਦੂਜਾ ਝਟਪਟ ਕੁਝ ਹੋਰ ਦਾ ਹੋਰ ਕਰ ਦੇਣਾ। ਮੁਲਕੀ, ਕੌਮੀ, ਧਾਰਮਿਕ ਭਾਵੇਂ ਕਿਸੇ ਕਿਸਮ ਦੀ ਹੀ ਦਰੁਸਤੀ ਕਿਉਂ ਨਾ ਹੋਵੇ, ਹਰ ਇਕ ਲਈ ਉਕਤ ਦੋਹਾਂ ਢੰਗਾਂ ਵਿਚੋਂ ਕੋਈ ਇਕ ਜ਼ਰੂਰ ਵਰਤਣਾ ਪੈਂਦਾ ਹੈ। ਪਰ ਜੇ ਕੰਮ ਸਰ ਸਕੇ, ਤਾਂ ਝਟਪਟ ਅਦਲਾ-ਬਦਲੀ ਨਾਲੋਂ ਧੀਰੇ-ਧੀਰੇ ਸੁਧਾਰ ਕਰਨਾ ਚੰਗਾ ਹੁੰਦਾ ਹੈ ਕਿਉਂਕਿ ਝਟਾਪਟ ਅਦਲਾ-ਬਦਲੀ ਦੇ ਕਾਰਨ ਕਈ ਕਿਸਮ ਦੇ ਗੁੱਸੇ ਤੇ ਨਫ਼ਰਤ ਦੀ ਅੱਗ ਭੜਕ ਪੈਂਦੀ ਹੈ। ਜਿਸ ਕਰਕੇ ਸੁਧਾਰ ਦੀ ਥਾਂ ਉਲਟੇ ਬਹੁਤ ਸਾਰੇ ਘਾਟੇ ਤੇ ਦੁੱਖ ਵਿਆਪਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਥੋੜ੍ਹੀਆਂ-ਥੋੜ੍ਹੀਆਂ ਗੱਲਾਂ ਬਦਲੇ ਲਹੂ ਦੀਆਂ ਨਦੀਆਂ ਵਗ ਤੁਰਦੀਆਂ ਹਨ। ਮਿਸਾਲ ਲਈ ਦੇਖ ਲਉ ਕਿ ਨਵੀਂ ਤਬਦੀਲੀ ਹੋਣ ਸਮੇਂ ਰੂਸ ਵਿਚ ਕਿਸ ਤਰ੍ਹਾਂ ਦੀ ਬੁਰਛਾਗਰਦੀ ਹੋ ਚੁੱਕੀ ਤੇ ਹੋ ਰਹੀ ਹੈ।
ਇਹ ਕੌੜਾ ਤੇ ਭੈੜਾ ਫਲ ਝਟਾਪਟ ਤਬਦੀਲੀ ਜਾਂ ਇਨਕਲਾਬ ਦਾ ਹੀ ਹੈ। ਏਥੇ ਇਸ ਮਿਸਾਲ ਦੇ ਲਿਖਣ ਤੋਂ ਸਾਡਾ ਭਾਵ ਰੂਸ ਯਾ ਉਸ ਦੀ ਕਿਸੇ ਪਾਰਟੀ ਉੱਪਰ ਬਹਿਸ ਕਰਨ ਤੋਂ ਨਹੀਂ, ਸਗੋਂ ਮਤਲਬ ਝਟਪਟ ਅਦਲਾ-ਬਦਲੀ ਦਾ ਨਤੀਜਾ ਦੱਸਣਾ ਹੈ।
ਏਸੇ ਤਰ੍ਹਾਂ ਜਦ ਮਹਾਤਮਾ ਮੁਹੰਮਦ ਸਾਹਿਬ ਨੇ ਅਰਬ ਵਿਚ ਧਾਰਮਿਕ ਅਦਲਾ-ਬਦਲੀ ਝਟਾਪਟ ਕੀਤੀ ਤਦੋਂ ਭੀ ਉਹ ਤਲਵਾਰ ਚੱਲੀ ਸੀ ਜਿਸ ਕਰਕੇ ਇਤਿਹਾਸ ਦੇ ਪੱਤਰੇ ਸਦਾ ਲਈ ਲਹੂ ਨਾਲ ਰੰਗੇ ਹੋਏ ਰਹਿਣਗੇ।
ਪੰਜਾਬ ਤੇ ਹਿੰਦੁਸਤਾਨ ਵਿਚ ਅੱਗੇ ਹੀ ਕਟਾਵੱਢੀ ਹੋ ਰਹੀ ਸੀ। ਇਕ ਪਾਸੇ ਨਿੱਤ ਨਵੇਂ ਦਿਨ ਇਸ ਦੇਸ਼ ਦੇ ਮਾਲਕ ਯਾ ਬਾਦਸ਼ਾਹ ਬਦਲਦੇ ਸਨ। ਵਿਚਾਰੇ ਦੇਸ਼ ਵਾਸੀਆਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਕੱਲ੍ਹ ਸਵੇਰੇ ਇਨ੍ਹਾਂ ਦਾ ਮਾਲਕ ਕੌਣ ਹੋਵੇਗਾ? ਦੂਜੇ ਪਾਸੇ ਸ਼ਾਹੀ ਹਾਕਮ ਤੇ ਬੜੇ-ਬੜੇ ਅਮੀਰ ਪਰਜਾ ਦੇ ਲਹੂ ਦੇ ਪਿਆਸੇ ਰਹਿੰਦੇ ਸਨ। ਇਸ ਤੋਂ ਛੁਟ ਹਿੰਦੂ ਮੁਸਲਮਾਨਾਂ ਦਾ ਧਾਰਮਿਕ ਵੈਰ ਹੋਰ ਭੀ ਦੁਖਦਾਈ ਸੀ ਤੇ ਹਿੰਦੂਆਂ ਦੇ ਛੋਟੇ-ਛੋਟੇ ਫਿਰਕੇ ਇਕ-ਦੂਜੇ ਨੂੰ ਬਰਬਾਦ ਕਰਨ ਦੇ ਫਿਕਰ ਵਿਚ ਰਹਿੰਦੇ ਸਨ। ਗੱਲ ਕੀ ਹਰ ਪਾਸੇ ਅੱਗ ਹੀ ਅੱਗ ਸੀ। ਇਸ ਬੁਰੇ ਸਮੇਂ ਸਤਿਗੁਰੂ ਨਾਨਕ ਸਾਹਿਬ ਜੇਹੇ ਧਾਰਮਿਕ ਬਾਨੀ ਦੀ ਹੀ ਲੋੜ ਸੀ। ਉਨ੍ਹਾਂ ਨੇ ਬਜਾਏ ਝਟਾਪਟ ਤੇ ਕੜਾਕ-ਫੜਾਕ ਤਬਦੀਲੀ ਦੇ ਧੀਰੇ-ਧੀਰੇ ਸੁਧਾਰ ਦਾ ਕੰਮ ਸ਼ੁਰੂ ਕੀਤਾ ਤੇ ਢੰਗ ਅਜੇਹੇ ਵਰਤੇ ਕਿ ਜਿਸ ਕਰਕੇ ਵਾਹ ਲਗਦੀ ਲੋਕਾਂ ਦੇ ਦਿਲਾਂ ਨੂੰ ਸਦਮਾ ਨਾ ਪਹੁੰਚੇ।
ਜੇ ਉਸ ਵੇਲੇ ਤੇਜ਼ ਪਾਲਸੀ ਤੋਂ ਕੰਮ ਲਿਆ ਜਾਂਦਾ ਤਾਂ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਕਿਤਨਾ ਹੀ ਸੁਖਦਾਈ ਕਿਉਂ ਨਾ ਹੁੰਦਾ ਪਰ ਜ਼ਖਮੀ ਭਾਰਤ ਦੇ ਅੱਲ੍ਹੇ ਤੇ ਨਿੱਤ ਨਵੇਂ ਦਿਨ ਛੇੜੇ ਗਏ ਨਾਜ਼ਕ ਫੱਟਾਂ ਉੱਪਰ ਲੂਣ ਜ਼ਰੂਰ ਛਿੜਕਿਆ ਜਾਂਦਾ। ਇਸ ਲਈ ਸਤਿਗੁਰੂ ਜੀ ਨੇ ਆਪਣਾ ਕੰਮ ਧੀਰੇ-ਧੀਰੇ ਸੁਧਾਰ ਦੇ ਢੰਗ ਨੂੰ ਅੱਗੇ ਰੱਖ ਕੇ ਸ਼ੁਰੂ ਕੀਤਾ। ਮੁਸਲਮਾਨਾਂ ਦੀਆਂ ਮਸੀਤਾਂ ਵਿਚ ਜਾ ਕੇ ਬੜੇ ਸੁੰਦਰ ਤੇ ਪ੍ਰੇਮ ਭਰੇ ਤਰੀਕੇ ਨਾਲ ਇਨ੍ਹਾਂ ਦਾ ਉਹ ਤਅੱਸਬ ਦੂਰ ਕੀਤਾ ਕਿ ਜਿਸ ਕਰਕੇ ਉਹ ਗ਼ਰੀਬ ਹਿੰਦੂਆਂ ਦੀ ਜਾਨੋ-ਮਾਲ ਦੇ ਵੈਰੀ ਬਣੇ ਹੋਏ ਸਨ। ਏਸੇ ਤਰ੍ਹਾਂ ਹਿੰਦੂ ਮੰਦਰਾਂ ਵਿਚ ਗਏ ਪਰ ਬੜੇ ਮਿੱਠੇ ਤੇ ਧੀਰਜ ਵਾਲੇ ਢੰਗ ਨਾਲ ਉਨ੍ਹਾਂ ਨੂੰ ਇਕ ਵਾਹਿਗੁਰੂ ਦੀ ਭਗਤੀ ਕਰਨ ਅਤੇ ਬੁਤ-ਪ੍ਰਸਤੀ ਆਦਿ ਛੱਡਣ ਦਾ ਉਪਦੇਸ਼ ਕੀਤਾ। ਇਹ ਗੱਲ ਮੰਨੀ ਪ੍ਰਮੰਨੀ ਹੈ ਕਿ ਉਨ੍ਹਾਂ ਨੂੰ ਹਿੰਦੂ ਆਪਣਾ ਤੇ ਮੁਸਲਮਾਨ ਆਪਣਾ ਸਮਝਦੇ ਸਨ। ਬਸ, ਇਸ ਦਾ ਕਾਰਨ ਇਹ ਹੀ ਹੈ ਕਿ ਉਨ੍ਹਾਂ ਦੇ ਪ੍ਰਚਾਰ ਦਾ ਢੰਗ ‘ਸਹਿਜ ਪੱਕੇ ਸੋ ਮੀਠਾ ਹੋਏ’ ਵਾਲਾ ਸੀ। ਐਵੇਂ ਕਿਤੇ ਇਹ ਨਾ ਸਮਝ ਲੈਣਾ ਕਿ ਹਰ ਸਮੇਂ ਆਪਣੀ ਜ਼ਮੀਰ ਨੂੰ ਦਬਾ ਕੇ ਕੇਵਲ ਖੁਸ਼ਾਮਦ ਵਾਸਤੇ ਲੋਕਾਂ ਦੀ ਹਾਂ ਵਿਚ ਹਾਂ ਮਿਲਾਈ ਜਾਵੇ, ਮਤਲਬ ਇਹ ਹੈ ਕਿ ਜਿਤਨਾ ਚੰਗੇ, ਸੋਹਣੇ ਤੇ ਮਿੱਠੇ ਤਰੀਕੇ ਨਾਲ ਸਚਾਈ ਦਾ ਪ੍ਰਚਾਰ ਹੋਵੇ, ਉਨਾਂ ਹੀ ਚੰਗਾ ਹੈ।
ਇਹ ਜ਼ਰੂਰੀ ਸੀ ਕਿ ਧੀਰੇ-ਧੀਰੇ ਤੇ ਸੰਭਲ ਕੇ ਪ੍ਰਚਾਰ ਕਰਨ ਹਿਤ ਸਮਾਂ ਬਹੁਤ ਖਰਚ ਹੋਵੇ, ਤਾਂ ਕਿ ਆਪਣੇ ਮਿਸ਼ਨ ਨੂੰ ਅਸਲ ਉੱਚੀ ਹਾਲਤ ‘ਤੇ ਪਹੁੰਚਾਇਆ ਜਾ ਸਕੇ। ਬਸ, ਇਸ ਕਾਰਨ ਭੀ ਸਤਿਗੁਰੂ ਨਾਨਕ ਦੇਵ ਜੀ ਦੀ ਇਕ ਜ਼ਿੰਦਗੀ ਦਾ ਅਰਸਾ ਇਸ ਲੰਮੇ ਕੰਮ ਲਈ ਥੋੜ੍ਹਾ ਸੀ।
ਦੂਜਾ ਸਬੱਬ
ਜਦ ਮਹਾਤਮਾ ਈਸਾ ਨੇ ਯਹੂਦੀਆਂ ਅੱਗੇ ਇਹ ਦਾਅਵਾ ਪੇਸ਼ ਕੀਤਾ ਸੀ ਕਿ ਖੁਦਾ ਦਾ ਬੇਟਾ ਮੈਂ ਹਾਂ, ਉਦੋਂ ਉਨ੍ਹਾਂ ਤੇ ਯਹੂਦੀਆਂ ਦੇ ਵਿਚਕਾਰ ਸਭ ਤੋਂ ਵਧ ਝਗੜਾ ਇਹ ਹੀ ਸੀ ਕਿ ਉਹ ਉਨ੍ਹਾਂ ਨੂੰ ਖੁਦਾ ਦਾ ਬੇਟਾ ਨਹੀਂ ਮੰਨਦੇ ਸਨ ਸਗੋਂ ਉਨ੍ਹਾਂ ਦਾ ਖ਼ਿਆਲ ਸੀ ਕਿ ਕੋਈ ਹੋਰ ਈਸਾ ਅੱਗੇ ਨੂੰ ਆਵੇਗਾ ਜਿਸ ਨੂੰ ਖੁਦਾ ਦਾ ਬੇਟਾ ਆਖਿਆ ਜਾ ਸਕੇ। ਭਾਵੇਂ ਇਸ ਤੋਂ ਬਿਨਾਂ ਕਈ ਹੋਰ ਭੀ ਛੋਟੇ-ਛੋਟੇ ਝਗੜੇ ਹੋਣਗੇ ਪਰ ਸਭ ਤੋਂ ਵੱਡੀ ਗੱਲ ਉੱਪਰ ਦੱਸੀ ਹੋਈ ਹੀ ਸੀ। ਪੁਰਾਣੇ ਮਹਾਤਮਾ ਹਜ਼ਰਤ ਮੂਸਾ ਯਾ ਦਾਊਦ ਆਦਿਕਾਂ ਦੀ ਸ਼ਖਸੀਅਤ ਈਸਾਈਆਂ ਤੇ ਯਹੂਦੀਆਂ ਦੇ ਸਾਹਮਣੇ ਬਿਲਕੁਲ ਇਕੋ ਜੇਹੀ ਸੀ ਤੇ ਹੁਣ ਭੀ ਹੈ।
ਹਜ਼ਰਤ ਮੁਹੰਮਦ ਸਾਹਿਬ ਦੇ ਸਮੇਂ ਸਭ ਤੋਂ ਵੱਡਾ ਝਗੜਾ ਇਹ ਸੀ ਕਿ ਉਹ ਬੁਤ- ਪ੍ਰਸਤੀ ਤੋਂ ਲੋਕਾਂ ਨੂੰ ਵਰਜਦੇ ਸਨ ਤੇ ਆਪਣੇ ਆਪ ਨੂੰ ਰਸੂਲ ਕਹਿੰਦੇ ਸਨ ਪਰ ਉਨ੍ਹਾਂ ਦੇ ਮੁਖਾਲਿਫ਼ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਤੋਂ ਉਲਟ ਸਨ। ਹੋਰ ਪੁਰਾਣੀਆਂ ਬਹੁਤ ਸਾਰੀਆਂ ਰਸਮਾਂ ਤੇ ਪੁਰਾਣੇ ਪੈਗ਼ੰਬਰਾਂ ਦੇ ਮੁਤਅੱਲਕ ‘ਨਿਸਚਾ’ ਆਦਿ ਕਈ ਪਹਿਲੂਆਂ ਵਿਚ ਦੋਹਾਂ ਧਿਰਾਂ ਦਾ ਇਤਫ਼ਾਕ ਹੀ ਸੀ ਪਰ ਮੁਕਾਬਲੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਾਰੀਆਂ ਹੀ ਹਾਲਤਾਂ ਕੁਝ ਹੋਰ ਦੀਆਂ ਹੋਰ ਸਨ। ਇਕ ਤਾਂ ਹਿੰਦੁਸਤਾਨ ਦੀ ਮੁਲਕੀ ਅਤੇ ਧਾਰਮਕ ਹਾਲਤ ਬਹੁਤ ਹੀ ਖਤਰਨਾਕ ਸੀ। ਦੂਜਾ ਹਿੰਦੂ, ਮੁਸਲਮਾਨ ਦੋ ਤਕੜੇ ਮਜ਼ਬੂਤ ਧਰਮਾਂ ਦਾ ਜੰਗ ਹੋ ਰਿਹਾ ਸੀ। ਤੀਜਾ, ਆਪਣੇ ਬਾਦਸ਼ਾਹੀ ਰੋਹਬਦਾਬ ਦੇ ਕਾਰਨ ਮੁਸਲਮਾਨੀ ਧਰਮ ਚੜ੍ਹਦੇ ਜੋਬਨ ਪਰ ਸੀ ਤੇ ਇਹ ਧਰਮ ਭੀ ਇਕ ਮਜ਼ਬੂਤ ਅਤੇ ਬਾਕਾਇਦਾ ਜਥੇਬੰਦ ਸੀ। ਚੌਥਾ, ਹਿੰਦੂ ਕਿਸੇ ਦਾ ਨਵਾਂ ਖ਼ਿਆਲ ਲੈਣ ਨੂੰ ਤਿਆਰ ਨਹੀਂ ਸਨ। ਇਹ ਆਪਣੇ ਪੁਰਾਣੇ ਫਟੇ ਹੋਏ ਕੁੜਤਿਆਂ ਨੂੰ ਦੂਜਿਆਂ ਦੇ ਸੁੰਦਰ ਕੋਟ ਨਾਲੋਂ ਚੰਗਾ ਆਖਣ ਦੇ ਹੀ ਆਦੀ ਸਨ। ਇਹ ਹੀ ਸਬੱਬ ਹੈ ਕਿ ਇਸਲਾਮ ਨੂੰ ਲੱਗਭਗ ਇਕ ਹਜ਼ਾਰ ਸਾਲ ਹਕੂਮਤ ਰੱਖਣ ਪਰ ਤੇ ਜ਼ੋਰ ਦੀ ਤਲਵਾਰ ਚਲਾਉਣ ਪਰ ਭੀ ਹਿੰਦੁਸਤਾਨ ਵਿੱਚ ਉਹ ਧਾਰਮਕ ਕਾਮਯਾਬੀ ਨਹੀਂ ਹੋਈ ਕਿ ਜਿਹੜੀ ਉਸ ਨੂੰ ਅਰਬ, ਈਰਾਨ, ਮਿਸਰ ਅਤੇ ਤੁਰਕਿਸਤਾਨ ਆਦਿ ਇਲਾਕਿਆਂ ਵਿੱਚ ਥੋੜ੍ਹੇ-ਥੋੜ੍ਹੇ ਅਰਸੇ ਵਿੱਚ ਹੀ ਹੋ ਗਈ ਸੀ। ਏਸੇ ਤਰ੍ਹਾਂ ਈਸਾਈਅਤ ਜੋ ਯੂਰਪ ਤੇ ਅਮਰੀਕਾ ਵਿੱਚ ਕੌੜੀ ਵੇਲ ਵਾਂਗ ਵਧ ਗਈ ਪਰ ਸੈਂਕੜੇ ਸਾਲਾਂ ਦੀ ਕੋਸ਼ਿਸ਼ ਨਾਲ ਭੀ ਹਿੰਦੁਸਤਾਨ ਵਿੱਚ ਅਜੇ ਇਸ ਦਾ ਉਹ ਰੰਗ ਨਹੀਂ ਚੜ੍ਹਿਆ, ਬਲਕਿ ਇਟਲੀ ਤੋਂ ਆਏ ਹੋਏ ਇਕ ਈਸਾਈ ਪਾਦਰੀ ਨੇ ਅੱਜ ਤੋਂ ਢਾਈ ਸੌ ਸਾਲ ਪਹਿਲਾਂ ਲਿਖ ਦਿੱਤਾ ਸੀ ਕਿ ਹਿੰਦੁਸਤਾਨ ਵਿੱਚ ਸਿਵਾ ਤਲਵਾਰ ਦੀ ਧਾਰ ਤੋਂ ਪ੍ਰਚਾਰ ਨਹੀਂ ਕਰ ਸਕਦਾ। ਹਾਂ ਇਹ ਸੱਚ ਹੈ ਕਿ ਹਿੰਦੂ ਹਰ ਇਕ ਬਜ਼ੁਰਗ ਨੂੰ ਈਸ਼੍ਵਰ, ਅਵਤਾਰ ਯਾ ਦੇਵਤਾ ਮੰਨ ਲੈਣ ਨੂੰ ਤਿਆਰ ਹਨ ਤੇ ਉਸ ਦੇ ਪਿਛਲੱਗ ਲੋਕਾਂ ਨੂੰ ਆਪਣੇ ਵਿਚ ਲੀਨ ਕਰ ਲੈਣ ਨੂੰ ਭੀ ਸਮਰੱਥ ਹਨ ਪਰ ਇਸ ਸ਼ਰਤ ਪਰ ਕਿ ਉਸ ਫਿਰਕੇ ਦੇ ਆਦਮੀ ਆਪਣੇ ਅਸਲ ਧਾਰਮਕ ਭਾਵ ਵਲੋਂ ਕੁਝ ਢਿੱਲੇ ਰਹਿਣ। ਜਿਹਾ ਕਿ ਇਨ੍ਹਾਂ ਨੇ ਹਿੰਦੂ ਧਰਮ ਦੇ ਪੱਕੇ ਵਿਰੋਧੀ ਮਹਾਤਮਾ ਬੁੱਧ ਨੂੰ ਆਪਣੇ ਦਸ ਅਵਤਾਰਾਂ ਵਿਚ ਮੰਨ ਲਿਆ ਤੇ ਇਸ ਦੇ ਚੇਲਿਆਂ ਨੂੰ ਆਪਣੇ ਵਿਚ ਹਜ਼ਮ ਕਰ ਲਿਆ ਤੇ ਅਕਬਰ ਦੇ ਸਮੇਂ ਅਲੋਪਨਿਸ਼ਧ ਆਦਿ ਕਿਤਾਬਾਂ ਬਣਾ ਕੇ ਮੁਸਲਮਾਨ ਬਜ਼ੁਰਗਾਂ ਨੂੰ ਭੀ ਆਪਣੀ ਮੇਰ ਵਿਚ ਲੈ ਆਉਣ ਨੂੰ ਤਿਆਰ ਸਨ ਪਰ ਇਸਲਾਮ ਕੁਝ ਅਜਿਹੇ ਮਸਾਲੇ ਦਾ ਬਣਿਆ ਹੋਇਆ ਹੈ ਕਿ ਇਸ ਦਾ ਹਜ਼ਮ ਹੋਣਾ ਅਣਹੋਣੀ ਗੱਲ ਸਿੱਧ ਹੋਈ। ਦੂਜਾ ਇਸਲਾਮ ਦੀਆਂ ਜੜ੍ਹਾਂ ਹਿੰਦੁਸਤਾਨ ਤੋਂ ਬਾਹਰ ਮੁਲਕਾਂ ਵਿਚ ਸਨ, ਇਸ ਲਈ ਉਸ ਦਾ ਕਾਬੂ ਆਉਣਾ ਨਾ-ਮੁਮਕਿਨ ਸੀ ਪਰ ਨਾਲ ਹੀ ਇਹ ਵਾਧਾ ਹੈ ਕਿ ਇਹ ਕਿਸੇ ਨਵੇਂ ਧਰਮ ਨੂੰ ਬਕਾਇਦਾ ਤੇ ਸਿੱਧੀ ਤਰ੍ਹਾਂ ਧਾਰਨ ਕਰਨ ਨੂੰ ਤਿਆਰ ਨਹੀਂ। ਇਸ ਤੋਂ ਛੁੱਟ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਹੋਇਆ ਧਰਮ, ਖਾਸ ਕਰਕੇ ਹਿੰਦੁਸਤਾਨ ਵਾਸਤੇ ਬਹੁਤ ਹੀ ਨਵਾਂ ਸੀ। ਇਨ੍ਹਾਂ ਦੇ ਰਗ-ਰੇਸ਼ੇ ਵਿਚ ਜਾਤ-ਪਾਤ ਦਾ ਭਰਮ ਰਚਿਆ ਹੋਇਆ ਸੀ ਅਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਸ ਤੋਂ ਬਿਲਕੁਲ ਉਲਟ ਸੀ।
ਦੂਜਾ ਇਸ ਦੇਸ਼ ਵਿਚ ਖਾਸ ਕਰਕੇ ਤੇ ਅਕਸਰ ਕਰਕੇ ਹੋਰ ਦੇਸ਼ਾਂ ਵਿਚ ਭੀ ਭਗਤੀ ਤੇ ਨੇਕੀ ਦਾ ਤਅੱਲਕ ਕੁਝ ਜ਼ਾਹਿਰ ਸ਼ਕਲ ਤੇ ਬਹੁਤ ਸਾਰੇ ਦਿਖਾਵੇ ਦੇ ਭੇਖ ਨਾਲ ਮੰਨਿਆ ਜਾਂਦਾ ਸੀ। ਈਸਾਈਆਂ ਦੇ ਪਾਦਰੀ, ਬੁੱਧਾਂ ਦੇ ਭਿਕਸ਼ੂ, ਹਿੰਦੂਆਂ ਦੇ ਸੰਨਿਆਸੀ, ਆਮ ਦੁਨੀਆਂਦਾਰਾਂ ਨਾਲੋਂ ਕੁਝ ਵੱਖਰੀ ਸ਼ਕਲ ਹੀ ਬਣਾ ਕੇ ਰੱਖਦੇ ਸਨ, ਜੋ ਕੁਛ ਉਦਾਸ ਜਿਹੀ ਹੁੰਦੀ ਸੀ। ਚਿਰ ਤਕ ਈਸਾਈ ਪ੍ਰਚਾਰਕ ਤੇ ਪ੍ਰਚਾਰਕਾਵਾਂ ਅਣਵਿਆਹੇ ਹੀ ਹੁੰਦੇ ਸਨ। ਬੁੱਧ ਭਿਕਸ਼ੂਆਂ ਤੇ ਹਿੰਦੂ ਸਾਧੂਆਂ ਵਿਚ ਤਾਂ ਹੁਣ ਤੱਕ ਇਹ ਹੀ ਹਾਲ वै। KHBOOKCLUR.COM
ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਾਵ ਇਹ ਸੀ ਕਿ ਪ੍ਰਚਾਰਕ ਤੇ ਧਾਰਮਕ ਆਗੂਆਂ ਦਾ ਬਾਣਾ ਤੇ ਰਹਿਣ-ਬਹਿਣ ਦਾ ਆਮ ਤਰੀਕਾ ਦੂਜੇ ਲੋਕਾਂ ਤੋਂ ਵੱਖਰਾ ਹਰਗਿਜ਼ ਨਾ ਹੋਵੇ, ਕਿਉਂਕਿ ਜੇ ਭਗਤਾਂ-ਸੰਤਾਂ ਦਾ ਭੇਸ ਅਲਹਿਦਾ ਬਣਾਇਆ ਜਾਵੇ ਤਾਂ ਭੇਖ ਦੀ ਚਾਦਰ ਹੇਠਾਂ ਕਈ ਔਗਣ ਤੇ ਬਦੀਆਂ ਅੰਦਰੋ-ਅੰਦਰ ਮੋਟੀਆਂ ਹੁੰਦੀਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਸੰਸਾਰ ਦੇ ਲੋਕ ਸਿਧ ਯਾ ਪੀਰ ਉਸ ਨੂੰ ਮੰਨਿਆ ਕਰਦੇ ਹਨ ਜੇਹੜਾ ਆਮ ਦੁਨੀਆਂ ਦੀ ਭਾਈਚਾਰਕ ਤੇ ਲਾਭਦਾਇਕ ਮਰਯਾਦਾ ਤੋਂ ਉਲਟੀਆਂ ਗੱਲਾਂ ਕਰੋ। ਕਈ ਮੁਸਲਮਾਨ ਭਰਾ ਅੱਲ-ਵਲੱਲੀਆਂ ਗੱਲਾਂ ਕਰਨ ਵਾਲੇ ਲੋਕਾਂ ਨੂੰ ਪੀਰ, ਆਰਫ਼ ਯਾ ਖੁਦਾ ਰਸੀਦਾ ਬਜ਼ੁਰਗ ਸਮਝਣ ਲੱਗ ਜਾਂਦੇ ਹਨ। ਉਨ੍ਹਾਂ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਸੂਫ਼ੀ ਮਹਾਤਮਾ ਸ਼ਰ੍ਹਾ ਦੀ ਭੀ ਪ੍ਰਵਾਹ ਨਹੀਂ ਕਰਦੇ।
ਮੌਲਾਨਾ ਰੂਮੀ ਯਾ ਹਾਫ਼ਜ਼ ਆਦਿ ਬਜ਼ੁਰਗਾਂ ਦੀ ਕਲਾਮ ਵਿਚ ਹਰ ਥਾਂ ਸ਼ਰਾਬ ਦੇ ਪਿਆਲੇ ਭਰੇ ਪਏ ਹਨ ਪਰ ਸ਼ਰ੍ਹਾ ਇਸਲਾਮੀ ਵਿਚ ਸ਼ਰਾਬ ਦੀ ਸ਼ਖਤ ਮਨਾਹੀ ਹੈ। ਏਸੇ ਤਰ੍ਹਾਂ ਹਿੰਦੂ ਬਜ਼ੁਰਗ ਭੀ ਸਤਵੀਂ ਭੂਮਿਕਾ ਦਾ ਬ੍ਰਹਮ ਗਿਆਨੀ ਉਸੇ ਨੂੰ ਆਖਿਆ ਕਰਦੇ ਹਨ ਜਿਸ ਦਾ ਵਰਤਣ ਵਿਹਾਰ ਬਹੁਤ ਹੀ ਓਪਰਾ ਜਿਹਾ ਹੋਵੇ। ਕਹਾਵਤ ਹੈ ਕਿ ਪਾਂਡਵਾਂ ਦਾ ਜਗ ਤਦ ਪੂਰਾ ਹੋਇਆ ਸੀ ਜਦ ਬਾਲਮੀਕ ਨੇ ਆ ਕੇ ਭੋਜਨ ਪਾਇਆ। ਉਸ ਵਿਚ ਵਾਧਾ ਇਹ ਸੀ ਕਿ ਉਸ ਨੇ ਮਿੱਠੇ ਖੱਟੇ ਸਲੂਣੇ ਆਦਿ ਹਰ ਕਿਸਮ ਦੇ ਭੋਜਨ ਇਕ ਥਾਂ ਇਕੱਠੇ ਕਰ ਕੇ ਖਾ ਲਏ ਸਨ। ਭਾਗਵਤ ਤੇ ਵਿਸ਼ਿਸ਼ਟ ਆਦਿ ਗ੍ਰੰਥਾਂ ਵਿੱਚ ਇਸ ਕਿਸਮ ਦੀਆਂ ਅਨੇਕਾਂ ਕਹਾਣੀਆਂ ਆਉਂਦੀਆਂ ਹਨ।
ਏਸੇ ਤਰ੍ਹਾਂ ਵਧਦਿਆਂ ਵਧਦਿਆਂ ਹਿੰਦੂਆਂ ਵਿਚ ਇਕ ਅਜਿਹਾ ਅਘੋਰ ਪੰਥ ਨਿਕਲ ਪਿਆ ਸੀ ਜੋ ਮੈਲਾ ਤੱਕ ਖਾ ਲੈਣਾ ਆਪਣਾ ਧਰਮ ਸਮਝਦਾ ਸੀ। ਪਰ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਇਹ ਸੀ ਕਿ ਸੰਸਾਰ ਵਿਚ ਆਮ ਲੋਕਾਂ ਦੀ ਤਰ੍ਹਾਂ ਘਰਬਾਰੀ ਬਣ ਕੇ ਰਹੋ, ਅਰਥਾਤ ਹਰ ਇਕ ਲਈ ਧਰਮ ਦਾ ਇਕੋ ਰਸਤਾ ਹੈ, ਕਿਸੇ ਤਰ੍ਹਾਂ ਭੀ ਆਪਣੀ ਭਗਤੀ ਤੇ ਨੇਕੀ ਦਾ ਜਾਣ-ਬੁੱਝ ਕੇ ਇਸ਼ਤਿਹਾਰ ਦੇਣਾ ਪਾਪ ਹੈ। ਜਿਹਾ ਕਿ :
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥
ਅੰਨ ਬਸਤ੍ਰ ਭੂਮਿ ਬਹੁ ਅਰਪੈ ਨਹ ਮਿਲੀਐ ਹਰਿ ਦੁਆਰਾ ॥੪॥
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ॥
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ॥੬॥
(ਰਾਗੁ ਸੋਰਠਿ ਮਹਲਾ ੫, ਪੰਨਾ ੬੪੧)
ਭਾਵ, ਮੋਨਧਾਰੀ ਸਾਧ ਹੋ ਕੇ ਚੁੱਪ ਰਹਿਣਾ। ‘ਕਰਪਾਤੀ’ ਹੱਥਾਂ ਨੂੰ ਹੀ ਭਾਂਡਾ ਸਮਝ ਲੈਣਾ। ਤਿਆਗੀ ਹੋਣ ਦੇ ਸਬੱਬ ਕਿਸੇ ਹੋਰ ਭਾਂਡੇ ਨੂੰ ਹੱਥ ਨਾ ਲਾਉਣਾ।
ਪਾਣੀ ਪਾੜ੍ਹੋ ਦਿਗੰਬਰਾ”।
(ਵੈਰਾਗ ਸ਼ੱਤਕ, ਭਰਥਰੀ ਹਰੀ)
ਪੈਰਾਂ ਤੋਂ ਨੰਗੇ ਤੇ ਜੰਗਲ ਵਿਚ ਰਹਿਣਾ, ਤੀਰਥਾਂ ਉੱਪਰ ਫਿਰਨਾ, ਕਾਂਸੀ ਜਾ ਕੇ ਆਰੇ ਨਾਲ ਆਪਣੇ ਸਰੀਰ ਦੇ ਦੋ ਟੋਟੇ ਕਰਵਾ ਲੈਣਾ, ਮੱਥੇ ਉੱਪਰ ਟਿੱਕੇ ਲਾਉਣੇ ਤੇ ਖਾਸ ਕਿਸਮ ਦਾ ਆਸਣ ਬਿਛਾ ਕੇ ਠਾਕਰ ਪੂਜਾ ਆਦਿ ਕਰਨੀ, ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਡੰਡਉਤਾਂ ਕਰਨੀਆਂ, ਚਉਰਾਸੀ ਕਿਸਮ ਦੇ ਆਸਣ ਜੋ ਯੋਗੀ ਲੋਕ ਲਾਇਆ ਕਰਦੇ ਹਨ, ਉਹ ਲਾਉਣੇ ਤੇ ਅੱਖੀਂ ਮੀਟ ਕੇ ਸਮਾਧੀ ਲਾਉਣੀ, ਇਹ ਸਭ ਕੁਝ ਸੱਚੇ ਰਸਤੇ ਤੋਂ ਉਲਟ ਹੈ। ਏਸੇ ਤਰ੍ਹਾਂ ਹੋਰ ਹੁਕਮ ਹੈ :
ਪੜਿ ਪੁਸਤਕ ਸੰਧਿਆ ਬਾਦੰ ॥
ਸਿਲ ਪੂਜਸਿ ਬਗੁਲ ਸਮਾਧੰ ॥
(ਵਾਰ ਆਸਾ ਮ: ੧, ਪੰਨਾ ੪੭੦)
(ਕਿਸੇ ਖਾਸ ਚੀਜ਼ ਵਿਚ ਧਿਆਨ ਟਿਕਾ ਕੇ ਸਮਾਧੀ ਲਾਉਣੀ)..
ਗਲਿ ਮਾਲਾ ਤਿਲਕੁ ਲਿਲਾਟੰ ॥
ਦੁਇ ਧੋਤੀ ਬਸਤ੍ਰ ਕਪਾਟੰ ॥
ਜੇ ਜਾਣਸਿ ਬ੍ਰਹਮੰ ਕਰਮੰ ॥
ਸਭਿ ਫੋਕਟ ਨਿਸਚਉ ਕਰਮੰ॥
(ਵਾਰ ਆਸਾ ਮ:੧, ਪੰਨਾ ੪੭੦)
ਇਸ ਸ਼ਬਦ ਵਿੱਚ ਗੁਰੂ ਜੀ ਨੇ ਕਰਮ-ਕਾਂਡੀ ਬ੍ਰਾਹਮਣਾਂ ਦਾ ਹੁਲੀਆ ਦੱਸਿਆ ਹੈ ਤੇ ਸਿੱਧ ਕੀਤਾ ਹੈ ਕਿ ਇਸ ਕਿਸਮ ਦਾ ਵੱਖਰਾ ਜਿਹਾ ਭੇਖ ਨਿਕੰਮਾ ਹੁੰਦਾ ਹੈ, ਕਿਉਂਕਿ ਇਹ ਸਭ ਕੁਛ ਪਾਖੰਡ ਤੇ ਠੱਗੀ ਦਾ ਕਾਰਨ ਹੈ। ਇਕ ਹੋਰ ਜਗ੍ਹਾ ਹੁਕਮ ਹੈ :
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥
ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥੨॥
(ਰਾਗੁ ਧਨਾਸਰੀ ਮ:੧, ਪੰਨਾ ੬੬੨)
ਉਂਗਲੀਆਂ ਦੀਆਂ ਗੰਢਾਂ ਵਿਚ ਖਾਸ-ਖਾਸ ਤਰੀਕੇ ਨਾਲ ਨੱਕ ਪਕੜਨਾ, ‘ਓਅੰ ਸੋਹੰ’ ਆਦਿ ਖਾਸ-ਖਾਸ ਸ਼ਬਦ, ਖਾਸ-ਖਾਸ ਤਰੀਕੇ ਤੇ ਗਿਣਤੀ ਨਾਲ ਉਚਾਰਨ ਕਰਨੇ ਅਜੇਹੀ ਸਾਧਨਾ ਕਈ ਭੇਖਧਾਰੀ ਲੋਕ ਕਰਿਆ ਕਰਦੇ ਹਨ। ਇਕ ਥਾਂ ਜਨਮਸਾਖੀ ਵਿਚ ਭੀ ਆਉਂਦਾ ਹੈ ਕਿ ਇਕ ਬ੍ਰਾਹਮਣ ਟਿੱਕੇ ਲਾ ਕੇ ਤੇ ਦੱਭ ਦੇ ਘਾਸ ਦੇ ਆਸਣ ਉੱਪਰ ਬੈਠ ਕੇ ਠਾਕਰ ਮੂਰਤੀ ਨੂੰ ਅੱਗੇ ਰੱਖ ਕੇ, ਅੱਖਾਂ ਮੀਟੀ ਬੈਠਾ ਸੀ। ਸਤਿਗੁਰੂ ਨੇ ਉਸ ਕੋਲੋਂ ਇਸ ਦਾ ਕਾਰਨ ਪੁੱਛਿਆ ਜਿਸ ਦਾ ਉਸ ਨੇ ਉੱਤਰ ਦਿੱਤਾ ਕਿ ਇਸ ਤਰ੍ਹਾਂ ਕਰਨ ਪਰ ਤਿੰਨਾਂ ਲੋਕਾਂ ਦੇ ਪਦਾਰਥ ਨਜ਼ਰੀਂ ਆਉਂਦੇ ਹਨ। ਜਦ ਉਸ ਨੇ ਫੇਰ ਅੱਖਾਂ ਮੀਟੀਆਂ ਗੁਰੂ ਜੀ ਨੇ ਮਰਦਾਨੇ ਪਾਸੋਂ ਠਾਕਰ ਚੁਕਾ ਕੇ ਉਸ ਦੇ ਪਿੱਛੇ ਰਖਵਾ ਦਿੱਤੇ, ਅੱਖਾਂ ਖੁੱਲ੍ਹਣ ਪਰ ਪੰਡਤ ਨੇ ਠਾਕਰਾਂ ਦੀ ਬਾਬਤ ਪੁੱਛਿਆ। ਸਤਿਗੁਰਾਂ ਨੇ ਹੱਸ ਕੇ ਆਖਿਆ ਕਿ ਜਦ ਸਾਹਮਣੇ ਹੋਈ ਚੋਰੀ ਦਾ ਪਤਾ ਨਹੀਂ ਫਿਰ ਤਿੰਨਾਂ ਲੋਕਾਂ ਦੇ ਪਦਾਰਥ ਕਿਸ ਤਰ੍ਹਾਂ ਦੇਖੇ ਜਾ ਸਕਦੇ ਹਨ? ਇਸ ਭਾਵ ਦੇ ਹੋਰ ਭੀ ਸੈਂਕੜੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ। ਇਸ ਤੋਂ ਛੁਟ ਬਚਿਤ੍ਰ ਨਾਟਕ, ਅਕਾਲ ਉਸਤਤਿ ਦੇ ਕੜਾਕੇਦਾਰ ਕਬਿੱਤ, ਤੇਤੀ ਸਵੱਯੇ, ਏਸੇ ਤਰ੍ਹਾਂ ਦਸਮ ਪਾਤਸ਼ਾਹ ਦੀ ਹੋਰ ਬਹੁਤ ਸਾਰੀ ਬਾਣੀ ਏਸੇ ਪ੍ਰਥਾਇ ਹੈ। ਨਤੀਜਾ ਇਹ ਹੈ :
ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ॥
ਅੰਤ ਕਾਲ ਕੀਤੀ ਕਟਿਓ ਬਾਸੁ ਨਰਕ ਮੋ ਲੀਨ॥੫੬॥
(ਬਚਿਤ੍ਰ ਨਾਟਕ, ਅਧਿਆਇ ੬)
ਭਾਵੇਂ ਹੋਰ ਭੀ ਕਈ ਬਜ਼ੁਰਗਾਂ ਦੀ ਰਾਏ ਭੇਖ-ਪਾਖੰਡ ਦੇ ਖਿਲਾਫ਼ ਰਹੀ ਹੈ ਪਰ ਉਨ੍ਹਾਂ ਦੇ ਪਿਛਲੱਗਾਂ ਨੂੰ ਆਖਰ ਕੋਈ ਨਾ ਕੋਈ ਸੁਰਤ ਬਨਾਉਣੀ ਹੀ ਪੈਂਦੀ ਸੀ, ਜੋ ਕਿ ਮੁੜ ਘਿੜ ਕੇ ਏਸੇ ਦਾਇਰੇ ਵਿਚ ਆ ਜਾਂਦੀ ਸੀ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਭੇਖ ਅਤੇ ਦਿਖਾਵੇ ਤੋਂ ਭੀ ਬਚਾਉਣਾ ਸੀ ਪਰ ਸੋਸਾਇਟੀ ਯਾ ਖ਼ਾਲਸਾ ਭਾਈਚਾਰੇ ਦੀ ਮਜ਼ਬੂਤੀ ਵਾਸਤੇ ਕਿਸੇ ਕਿਸਮ ਦੇ ਕੌਮੀ ਨਿਸ਼ਾਨ ਭੀ ਬਨਾਉਣੇ ਸਨ। ਜਿਹਾ ਕਿ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਪੰਜ ਕੱਕੇ ਧਾਰਨ ਕੀਤੇ ਗਏ ਪਰ ਇਹ ਪੰਜ ਕਕਾਰ ਭੇਖ ਨਹੀਂ ਕਿਉਂਕਿ ਇਨ੍ਹਾਂ ਦਾ ਪਹਿਨਣਾ ਇਸਤ੍ਰੀ ਪੁਰਸ਼, ਬੁੱਢੇ, ਪ੍ਰਚਾਰਕ ਤੇ ਆਮ ਕਾਰੀ, ਵਿਵਹਾਰੀ, ਹਰ ਗਰੀਬ ਤੇ ਅਮੀਰ ਸਿੱਖ ਲਈ ਇਕੋ ਜਿਹਾ ਹੈ। ਏਥੇ ਜਨੇਊ ਵਾਲਾ ਹਿਸਾਬ ਨਹੀਂ ਕਿ ਸ਼ੂਦਰਾਂ ਲਈ ਉਸ ਦੇ ਧਾਰਨ ਕਰਨ ਦਾ ਹੁਕਮ ਹੀ ਨਾ ਹੋਵੇ ਤੇ ਬ੍ਰਾਹਮਣ ਕਸ਼ੱਤਰੀਆਂ ਦਾ ਭੀ ਵੱਖੋ-ਵੱਖਰੇ ਕਿਸਮ ਦਾ ਜਨੇਊ ਹੋਵੇ (ਬ੍ਰਾਹਮਣਾਂ ਲਈ ਕਪਾਹ ਦਾ ਤੇ ਉਹ ਭੀ ਖਾਸ ਤਰੀਕੇ ਨਾਲ ਤਿੱਲੜਾ ਵੱਟਿਆ ਹੋਇਆ, ਕਸ਼ੱਤਰੀਆਂ ਲਈ ਸਣ ਦੇ ਡੋਰੇ ਦਾ ਤੇ ਵੈਸ਼ਾਂ ਲਈ ਭੇਡ ਦੀ ਉੱਨ ਦਾ)।
(ਮਨੂੰ ਅਧਿਆਇ ੨, ਸ਼ਲੋਕ ੪੪)
ਫੇਰ ਸਮਝ ਲਉ ਕਿ ਇਕ ਕੌਮ ਵਿਚੋਂ ਕਿਸੇ ਖ਼ਾਸ ਪਾਰਟੀ ਦਾ ਵੱਖਰਾ ਨਿਸ਼ਾਨ
ਬਣ ਜਾਣ ‘ਤੇ ਉਸ ਨਿਸ਼ਾਨ ਨੂੰ ਭਗਤੀ ਅਤੇ ਨੇਕੀ ਦੀ ਇਲਾਮਤ ਸਮਝ ਲੈਣਾ, ਆਮ ਲੋਕਾਂ ਨਾਲੋਂ ਵੱਖਰੀ ਕੁਝ ਮੀਸਣੀ ਜਿਹੀ ਸ਼ਕਲ ਬਣਾ ਕੇ ਰੱਖਣੀ, ਇਹ ਸਭ ਕੁਛ ਭੇਖ ਪਾਖੰਡ ਹੈ।
ਅੱਜ-ਕਲ੍ਹ ਸਿੱਖ-ਪੰਥ ਵਿਚ ਭੀ ਚਿੱਟੀਆਂ ਚਾਦਰਾਂ ਦੀ ਗਿਲਤੀ ਮਾਰਨ ਵਾਲੇ, ਪਜਾਮਾ ਨਾ ਪਾਉਣ ਵਾਲੇ ਯਾ ਲੰਮਿਆਂ ਚੋਲਿਆਂ ਉੱਪਰ ਕੰਬਲ ਰੱਖਣ ਵਾਲੇ ਸੱਜਣਾਂ ਦਾ ਇਕ ਖਾਸ ਟੋਲਾ ਜਿਹਾ ਬਣ ਰਿਹਾ ਹੈ। ਇਹ ਭੀ ਗੁਰੂ-ਆਸ਼ੇ ਤੋਂ ਵਿਰੁੱਧ ਅਤੇ ਕੁਝ ਭੇਖ ਜਿਹਾ ਹੈ। ਇਕ ਕੋਟ ਪਜਾਮੇ ਪਹਿਨਣ ਵਾਲੇ ਨੂੰ ਕੋਈ ਸੱਜਣ ਸੰਤ ਨਹੀਂ ਆਖਦਾ ਭਾਵੇਂ ਉਹ ਕਿਤਨਾ ਭੀ ਨੇਕ ਕਿਉਂ ਨਾ ਹੋਵੇ ਪਰ ਉਕਤ ਬਾਣਾ ਧਾਰਨ ਪਰ ਝਟਾਪਟ ਹੀ ਸੰਤ ਦੀ ਡਿਗਰੀ ਮਿਲ ਜਾਂਦੀ ਹੈ। ਹੋ ਸਕਦਾ ਹੈ ਕਿ ਇਕ ਇਸ ਭੇਖ ਵਾਲੇ ਸੱਜਣ ਨੇਕ ਭੀ ਹੋਣ ਤੇ ਉਨ੍ਹਾਂ ਨੇ ਬਹੁਤ ਲੰਮਾ ਗਹੁ ਨਾ ਕੀਤਾ ਹੋਵੇ ਯਾ ਕਿਸੇ ਖਾਸ ਕਾਰਨ ਕਰਕੇ ਉੱਪਰ ਦੱਸੀ ਸ਼ਕਲ ਬਣਾਉਣੀ ਪੈ ਗਈ ਹੋਵੇ, ਅਜੇਹੇ ਚੰਗੇ ਪੁਰਖਾਂ ਦਾ ਫ਼ਰਜ਼ ਹੈ ਕਿ ਉਹ ਹੁਣ ਇਸ ਵਧ ਚਲੀ ਬੀਮਾਰੀ ਨੂੰ ਬਹੁਤ ਛੇਤੀ ਰੋਕ ਦੇਣ। ਸਾਡਾ ਭਾਵ ਇਹ ਹੈ ਕਿ ਗੁਰੂ ਜੀ ਨੇ ਭੇਖ, ਪਾਖੰਡ ਤੇ ਜ਼ਾਹਰਦਾਰੀ ਤੋਂ ਨਿਰੋਲ ਅਤੇ ਬਾਕਾਇਦਾ ਜੱਥੇਬੰਦ ਤੇ ਆਪਣੇ ਪੂਰੇ ਕੌਮੀ ਨਿਸ਼ਾਨ ਰੱਖਣ ਵਾਲਾ ਮੁਕੰਮਲ ਪੰਥ ਸਾਜਿਆ। ਇਹ ਭੀ ਇਕ ਬਹੁਤ ਵੱਡੇ ਕੰਮਾਂ ਵਿਚੋਂ ਇਕ ਸੀ।
ਇਸ ਤੋਂ ਛੁੱਟ ਬੁਤ-ਪ੍ਰਸਤੀ, ਜਾਤ-ਪਾਤ, ਇਕ ਵਾਹਿਗੁਰੂ ਨੂੰ ਛੱਡ ਕੇ ਅਨੇਕ ਦੇਵਤਿਆਂ ਦੀ ਪੂਜਾ, ਸ਼ਗਨ ਅਪਸ਼ਗਨ ਨੂੰ ਮੰਨਣਾ, ਚਉਂਕਾ ਭਾਂਡਾ ਤੇ ਛੂਤ-ਛਾਤ ਦੇ ਵਹਿਮ ਅਜੇਹੀਆਂ ਅਨੇਕ ਲਾਗ ਵਾਲੀਆਂ ਬੀਮਾਰੀਆਂ ਸਨ, ਜੋ ਹਿੰਦੂਆਂ ਦੇ ਹੱਡ- ਹੱਡ ਤੇ ਨਾੜ-ਨਾੜ ਵਿਚ ਚਿਰ ਤੋਂ ਰਚੀਆਂ ਹੋਈਆਂ ਸਨ। ਇਨ੍ਹਾਂ ਵਹਿਮਾਂ ਨੂੰ ਹਿੰਦੂਆਂ ਦੇ ਪਾਸ ਰਹਿ ਕੇ ਦੂਰ ਕਰਨਾ (ਉਹ ਭੀ ਪ੍ਰੇਮ ਨਾਲ) ਕੁਝ ਬੜਾ ਹੀ ਕਠਨ ਜਿਹਾ ਸੀ।
ਅੱਜ ਅੰਗਰੇਜ਼ੀ ਰਾਜ ਦੇ ਆ ਜਾਣ ਕਰਕੇ ਤੇ ਚਾਰੇ ਪਾਸੇ ਵਿੱਦਿਆ ਫੈਲ ਜਾਣ ਕਰਕੇ ਤੇ ਸਿੱਧੀ ਤਰ੍ਹਾਂ ਯਾ ਕਿਸੇ ਵੱਲ ਫੇਰ ਨਾਲ ਗੁਰਸਿੱਖੀ ਦੇ ਖਿਆਲਾਂ ਦਾ ਪ੍ਰਚਾਰ ਹੋ ਜਾਣ ਕਰਕੇ ਭਾਵੇਂ ਇਹ ਬੀਮਾਰੀਆਂ ਕੁਝ ਬਹੁਤੀਆਂ ਕਠਨ ਮਾਲੂਮ ਨਾ ਹੋਣ ਪਰ ਉਸ ਵੇਲੇ ਇਨ੍ਹਾਂ ਦਾ ਦੂਰ ਕਰਨਾ ਕੁਝ ਬਹੁਤ ਹੀ ਨਾ ਹੋਣ ਵਾਲੀ ਗੱਲ ਸੀ। ਇਸ ਤੋਂ ਬਿਨਾਂ ਪੁਰਾਣੇ ਧਰਮਾਂ ਦੀ ਨਿਸਬਤ ਸਿੱਖ ਧਰਮ ਵਿਚ ਹੋਰ ਭੀ ਬੜੇ-ਬੜੇ ਫਰਕ ਸਨ, ਜਿਹਾ ਕਿ ਪੁਰਾਣੇ ਧਰਮ ਰੱਬ ਅਤੇ ਆਦਮੀ ਦੇ ਵਿਚਕਾਰ ਇਕ ਹੋਰ ਹਸਤੀ ਮੰਨਦੇ ਹਨ। ਮੁਸਲਮਾਨਾਂ, ਈਸਾਈਆਂ, ਯਹੂਦੀਆਂ ਦੇ ਖ਼ਿਆਲ ਅਨੁਸਾਰ ਫਰਿਸ਼ਤੇ, ਹਿੰਦੂਆਂ ਦੇ ਨਿਸ਼ਚੇ ਅਨੁਸਾਰ ਦੇਵਤੇ ਪਰ ਗੁਰਮਤਿ ਵਿਚ ਪ੍ਰਮੇਸ਼ਰ ਤੋਂ ਬਾਅਦ ਮਨੁੱਖ ਦਾ ਹੀ ਦਰਜਾ ਹੈ ਅਰਥਾਤ ਵਿਚਕਾਰ ਤੀਜੀ ਚੀਜ਼ ਕੋਈ ਨਹੀਂ :
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥੮੬॥
(ਅਕਾਲ ਉਸਤਤਿ)
ਪੁਰਾਣੇ ਧਰਮਾਂ ਵਿਚ ਸੰਸਾਰ ਦਾ ਉਧਾਰ ਕਰਨ ਵਾਲਿਆਂ ਨੂੰ ਯਾ ਤਾਂ ਆਦਮੀਆਂ ਤੋਂ ਵੱਖਰਾ ਮੰਨਿਆ ਜਾਂਦਾ ਸੀ, ਜਿਹਾ ਕਿ ਹਿੰਦੂਆਂ ਵਿਚ ਅਵਤਾਰ ਤੇ ਈਸਾਈਆਂ ਵਿਚ ਈਸਾ ਦਾ ਵਾਹਿਗੁਰੂ ਦਾ ਸ਼ਰੀਕ ਪੁੱਤਰ ਹੋਣਾ, ਅਰਥਾਤ ਕਿਸੇ ਆਦਮੀ ਨੂੰ ਉਸ ਦਾ ਪਿਤਾ ਨਾ ਮੰਨਿਆ ਜਾਣਾ। ਜੇ ਭਲਾ ਕਿਤੇ ਧਾਰਮਕ ਸੁਧਾਰਕ ਨੂੰ ਆਦਮੀ ਮੰਨ ਭੀ ਲਿਆ ਜਾਂਦਾ ਸੀ ਤਾਂ ਭੀ ਆਮ ਖ਼ਿਆਲ ਇਹ ਹੁੰਦਾ ਹੈ ਕਿ ਪੈਗ਼ੰਬਰ ਦੀ ਸਿਫਾਰਿਸ਼ ਤੋਂ ਬਿਨਾਂ ਵਾਹਿਗੁਰੂ ਪ੍ਰਸੰਨ ਨਹੀਂ ਹੋਵੇਗਾ ਅਤੇ ਆਮ ਆਦਮੀਆਂ ਲਈ ਹੋਰ ਧਰਮ ਪਰ ਪੈਗ਼ੰਬਰਾਂ ਤੇ ਅਵਤਾਰਾਂ ਲਈ ਹੋਰ ਧਰਮ ਦੱਸਿਆ ਜਾਂਦਾ ਸੀ। ਇਨ੍ਹਾਂ ਪੇਚੀਦਾ ਗੱਲਾਂ ਦੇ ਮੁਕਾਬਲੇ ਸ੍ਰੀ ਗੁਰੂ ਜੀ ਦਾ ਸਾਫ਼ ਅਤੇ ਸੱਚਾ ਸਿਧਾਂਤ ਹੇਠ ਲਿਖੇ
ਅਨੁਸਾਰ ਹੈ:
ਧਰਮ ਸਾਡੇ ਲਈ ਇਕ ਹੈ
ਜਿਹਾ ਕਿ :
ਏਕੋ ਧਰਮੁ ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥
(ਰਾਗੁ ਬਸੰਤੁ ਮ: ੧, ਪੰਨਾ ੧੧੮੮)
ਭਾਵ, ਧਰਮ ਸਭ ਲਈ ਇਕ ਹੈ, ਕੋਈ ਸੁਧਾਰਕ ਮਨੁੱਖ ਆਪਣੇ ਆਪ ਨੂੰ ਰੱਬ ਨਹੀਂ ਕਹਾ ਸਕਦਾ। ਜਿਹਾ ਕਿ :
ਸੋ ਕਿਮ ਮਾਨਸ ਰੂਪ ਕਹਾਏ॥
(ਸ਼ਬਦ ਹਜਾਰੇ, ਪਾਤਸ਼ਾਹੀ ੧੦)
ਬਿਨ ਕਰਤਾਰ ਨ ਕਿਰਤਮ ਮਾਨੋ॥
(ਉਹੀ)
ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ॥
(ਉਹੀ)
ਅਜੇਹੇ ਅਨੇਕ ਸ਼ਬਦ ਪਹਿਲੇ ਗੁਰੂਆਂ ਦੇ ਭੀ ਹਨ। ਭਾਵੇਂ ਸਭ ਦਾ ਪਿਤਾ ਵਾਹਿਗੁਰੂ ਹੈ ਪਰ ਲੋਕਾਂ ਦੀ ਤਰ੍ਹਾਂ ਸਰੀਰਕ ਸਬੰਧ ਕਰਕੇ ਉਸ ਦਾ ਮਾਤਾ, ਪਿਤਾ, ਪੁੱਤਰ, ਭਰਾ ਆਦਿ ਕੋਈ ਨਹੀਂ। ਜਿਹਾ ਕਿ :
ਬੇਦ ਕਤੇਬੀ ਭੇਦੁ ਨ ਜਾਤਾ ॥
ਨਾ ਤਿਸੁ ਮਾਤ ਪਿਤਾ ਸੁਤ ਭਾਤਾ॥
(ਰਾਗੁ ਮਾਰੂ ਸੋਹਲੇ, ਪੰਨਾ ੧੦੨੧)
ਜਦ ਮਨੁੱਖ ਵਾਹਿਗੁਰੂ ਦਾ ਪੂਰਨ ਗਿਆਨ ਤੇ ਸੱਚਾ ਪ੍ਰੇਮ ਹਾਸਲ ਕਰ ਲਵੇ ਤਦੋਂ ਕਿਸੇ ਪੈਗ਼ੰਬਰ ਯਾ ਦੇਵਤੇ ਦੇ ਵਸੀਲੇ ਦੀ ਕੋਈ ਲੋੜ ਨਹੀਂ ਰਹਿੰਦੀ, ਕਿਉਂਕਿ ਵਾਹਿਗੁਰੂ ਨਾਲ ਸਭ ਦਾ ਤਅੱਲਕ ਇਕੋ ਜਿਹਾ ਹੈ। ਕੇਵਲ ਲੋਕਾਂ ਵਿਚ ਗਿਆਨ ਅਤੇ ਪ੍ਰੇਮ ਆਦਿ ਗੁਣਾਂ ਦਾ ਵਾਧਾ-ਘਾਟਾ ਹੋਣ ਕਰਕੇ ਔਗਣਹਾਰ ਉਸ ਤੋਂ ਦੂਰ ਹਨ ਤੇ ਗੁਣਵੰਤੇ ਉਸ ਦੇ ਨੇੜੇ ਹਨ। ਜਿਹਾ ਕਿ :
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ॥
(ਸਿਰੀ ਰਾਗੁ ਮ: ੧, ਪੰਨਾ ੧੭)
ਸੋ ਜੇ ਪੂਰਨ ਗੁਣ ਆ ਜਾਣ ਤਾਂ ਵਾਹਿਗੁਰੂ ਸਾਡਾ ਉਤਨਾ ਹੀ ਮਿੱਤਰ ਹੈ, ਜਿਤਨਾ ਕਿ ਬੜੇ-ਬੜੇ ਪੈਗ਼ੰਬਰਾਂ ਦਾ। ਉਹ ਸਾਡਾ ਸਭ ਦਾ ਪਿਤਾ ਹੈ ਤੇ ਸਭ ਦਾ ਹੀ ਮਾਲਿਕ ਹੈ। ਇਸ ਲਈ ਆਪਣੇ ਵਿਚ ਪੂਰੇ ਗੁਣ ਹੋ ਜਾਣ ਪਰ ਕਿਸੇ ਨੂੰ ਕਿਸੇ ਦੀ ਸਿਫ਼ਾਰਸ਼ ਦੀ ਲੋੜ ਨਹੀਂ ਹੈ। ਹੇਠ ਲਿਖੇ ਸ਼ਬਦ ਇਸ ਭਾਵ ਨੂੰ ਬੜੀ ਸੋਹਣੀ ਤਰ੍ਹਾਂ
ਸਿੱਧ ਕਰਦੇ ਹਨ। ਜਿਹਾ ਕਿ :
ਸਭ ਊਪਰਿ ਨਾਨਕ ਕਾ ਠਾਕੁਰ ਮੈ ਜੇਹੀ ਘਣ ਚੋਰੀ ਰਾਮ॥੧॥
(ਰਾਗੁ ਸੂਹੀ, ਪੰਨਾ ੭੭੯)
ਵਾਹਿਗੁਰੂ ਸਭ ਦਾ ਮਾਲਿਕ ਹੈ, ਮੇਰੇ ਜੇਹੀਆਂ ਅਨੇਕ ਉਸ ਦੀਆਂ ਸੇਵਕਾਂ ਹਨ:
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥
ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥
(ਮਾਰੂ ਵਾਰ ਡਖਣੇ, ਪੰਨਾ ੧੦੯੬)
ਵਾਹਿਗੁਰੂ ਦਾ ਵਿਰੋਧੀ ਕੋਈ ਨਹੀਂ
ਮੁਸਲਮਾਨ, ਈਸਾਈ, ਯਹੂਦੀਆਂ ਦਾ ਖਿਆਲ ਹੈ ਕਿ ਸ਼ੈਤਾਨ ਹਮੇਸ਼ਾ ਰੱਬ ਦੇ ਕੰਮ ਨੂੰ ਵਿਗਾੜਦਾ ਰਹਿੰਦਾ ਹੈ, ਉਸ ਨੇ ਰੱਬ ਦੀ ਮਰਜ਼ੀ ਤੋਂ ਉਲਟ ਦੁਨੀਆਂ ਨੂੰ ਭੁਲੇਖੇ ਵਿੱਚ ਪਾਇਆ ਹੈ, ਸਗੋਂ ਬੜੇ-ਬੜੇ ਪੈਗ਼ੰਬਰਾਂ ਨੂੰ ਵੀ ਕਈ ਵਾਰ ਭੁਲੇਖੇ ਵਿਚ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ।
ਇਸੇ ਤਰ੍ਹਾਂ ਹਿੰਦੂ ਵੇਦਾਂਤੀਆਂ ਦਾ ਖਿਆਲ ਹੈ ਕਿ ਅਵਿੱਦਿਆ ਸ਼ੁਧ ਬ੍ਰਹਮ ਨੂੰ ਵਿਗਾੜ ਕੇ ਜੀਵ ਬਣਾ ਦੇਂਦੀ ਹੈ। ਇਸ ਤੋਂ ਬਿਨਾਂ ਨਿਆਇ ਆਦਿ ਮਤਾਂ ਵਾਲੇ ਤੇ ਖਾਸ ਕਰਕੇ ਆਰੀਆ ਸਮਾਜੀਆਂ ਦਾ ਇਹ ਦਾਅਵਾ ਹੈ ਕਿ ਰੂਹ, ਮਾਦਾ ਯਾ ਆਤਮਾ, ਪ੍ਰਕਿਰਤੀ, ਜਦ ਤਕ ਦੋ ਹੋਰ ਰੱਬ ਦੀ ਤਰ੍ਹਾਂ ਅਨਾਦੀ ਪਦਾਰਥ ਨਾ ਹੋਣ ਤਦ ਤੋੜੀਂ ਸੰਸਾਰ ਬਣ ਹੀ ਨਹੀਂ ਸਕਦਾ, ਭਾਵ ਇਹ ਦੋਨੋਂ ਰੱਬ ਦੇ ਸ਼ਰੀਕ ਹਨ ਪਰ
ਗੁਰੂ ਜੀ ਦਾ ਹੁਕਮ ਹੈ ਕਿ :
ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ॥
(ਵਾਰ ਵਡਹੰਸ ਮ: ੩, ਪੰਨਾ ੫੯੨)
ਅਰਥਾਤ ਵਾਹਿਗੁਰੂ ਦਾ ਨਾ ਕੋਈ ਸ਼ਰੀਕ ਹੈ ਤੇ ਨਾ ਉਸ ਦੇ ਕੰਮ ਵਿਚ ਵਿਘਨ ਪਾਉਣ ਵਾਲਾ ਕੋਈ ਸ਼ੈਤਾਨ, ਅਵਿਦਿਆ ਆਦਿ ਕੰਡਾ ਹੈ, ਨਾ ਉਸ ਦਾ ਕੋਈ ਵੈਰੀ चै।
ਸਿੱਟਾ ਇਹ ਹੈ ਕਿ ਕਿਸੇ ਨੇ ਦੇਵਤੇ ਅਤੇ ਫਰਿਸਤੇ, ਰੱਬ ਤੇ ਆਦਮੀ ਦੇ ਵਿਚਕਾਰ ਮੰਨ ਲਏ ਤੇ ਕਿਸੇ ਨੇ ਰੱਬ ਅਵਤਾਰ ਮੰਨੇ, ਕਿਸੇ ਨੇ ਰੱਬ ਦੇ ਤਿੰਨ ਚਾਰ ਹਿੱਸੇ ਬ੍ਰਹਮਾ, ਬਿਸ਼ਨ, ਸ਼ਿਵ ਤੇ ਸ਼ਕਤੀ ਯਾ ਖ਼ੁਦਾ-ਰੂਹ ਉਲਕੱਦਸ ਤੇ ਖੁਦਾ ਦਾ ਬੇਟਾ ਈਸਾ ਆਦਿ ਮੰਨ ਲਏ। ਕਿਸੇ ਨੇ ਰੂਹ, ਮਾਦਾ ਆਦਿ ਉਸ ਦੇ ਸ਼ਰੀਕ ਮੰਨੇ ਤੇ ਕਿਸੇ ਨੇ ਸ਼ੈਤਾਨ, ਅਵਿਦਿਆ ਆਦਿ ਉਸ ਦੇ ਵੈਰੀ ਯਾ ਕੰਟਕ (ਉਸ ਦੇ ਕੰਮ ਵਿਚ ਰੋਕ ਪਾਉਣ ਵਾਲੇ) ਮੰਨ ਲਏ ਤੇ ਕਿਸੇ ਨੇ ਹਰ ਸਮੇਂ ਲਈ ਇਹ ਕੰਧ ਪਾ ਦਿੱਤੀ ਕਿ ਫਲਾਣੇ ਪੈਗ਼ੰਬਰ ਦੀ ਖੁਸ਼ੀ ਪਰ ਹੀ ਸਾਡਾ ਛੁਟਕਾਰਾ ਹੋਵੇਗਾ। ਪਰ ਸਤਿਗੁਰੂ ਨੇ ਇਨ੍ਹਾਂ ਸਭ ਦੂਈ ਦੇ ਝਗੜਿਆਂ ਨੂੰ ਨਬੇੜਿਆ ਤੇ ਗੁਰਮਤਿ ਵਿਚ ਗੁਰੂ ਨੂੰ ਭੀ ਕੇਵਲ ਆਤਮਕ ਉਸਤਾਦ ਅਤੇ ਮਨੁੱਖਾਂ ਵਿਚ ਮਨੁੱਖ ਮੰਨਿਆ ਤੇ ਆਮ ਮਨੁੱਖਾਂ ਨੂੰ ਹੀ ਲੋਕਾਂ ਸਾਹਮਣੇ ਗੁਰੂ ਬਣਾ ਕੇ ਦਿਖਾ ਦਿੱਤਾ। ਜਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ, ਇਸੇ ਤਰ੍ਹਾਂ ਹੋਰ ਸਮਝ ਲੈਣਾ।
ਇਸ ਪਰ ਖੂਬੀ ਇਹ ਕਿ ਹਰ ਥਾਂ ਆਪਣੇ ਆਪ ਨੂੰ ਕੂਕਰ, ਕੀਟ, ਢਾਡੀ, ਆਦਿ ਸ਼ਬਦਾਂ ਨਾਲ ਚੇਤੇ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਭਾਵ ਇਹ ਸੀ ਕਿ ਭੋਲੇ ਸੱਜਣ ਕਿਤੇ ਗੁਰੂਆਂ ਨੂੰ ਹੀ ਦੇਵਤਿਆਂ ਯਾ ਅਵਤਾਰਾਂ ਦੀ ਥਾਂ ਮੰਨ ਕੇ ਰੱਬ ਤੇ ਆਪਣੇ ਵਿਚਕਾਰ ਇਕ ਹੋਰ ਕੰਧ ਨਾ ਖੜੀ ਕਰ ਲੈਣ।
ਇਸ ਤਰ੍ਹਾਂ ਅਮਲੀ ਤੇ ਪੂਰੀ ਏਕਤਾ ਦਾ ਬਾਣੀ ਤੇ ਅਮਲ ਦੁਆਰਾ ਪ੍ਰਚਾਰ ਕਰਕੇ ਦੱਸਣਾ, ਇਹ ਭੀ ਇਕ ਬੜਾ ਭਾਰਾ ਕੰਮ ਸੀ। ਇਸ ਤੋਂ ਬਿਨਾਂ ਉਨ੍ਹਾਂ ਨੇ ਆਮ ਸਿੱਖ ਸੰਗਤ ਨੂੰ ਪੂਰੇ ਹੱਕ ਦੇ ਕੇ ਸਾਰੇ ਪੰਥ ਨੂੰ ਗੁਰੂ ਰੂਪ ਬਨਾਉਣਾ ਸੀ, ਕਿਉਂਕਿ ਕਿਸੇ ਇਕ ਖਾਸ ਪਾਰਟੀ ਦੇ ਹੱਥ ਉਨ੍ਹਾਂ ਨੇ ਸਿੱਖੀ ਦੀ ਵਾਗਡੋਰ ਨਹੀਂ ਫੜਾਉਣੀ ਸੀ ਤੇ ਫਿਰ ਇਸ ਧਰਮੋ, ਸ਼ਰਮੋ ਤੋਂ ਤਾਣ ਮਾਣ ਤੇ ਹੀਣੇ ਅਤੇ ਆਪਸ ਵਿਚ ਫਟੇ ਹੋਏ ਅਤੇ ਖੁਦਗਰਜ਼ੀ ਨਾਲ ਤਰੱਕੇ ਹੋਏ, ਜ਼ਾਲਮਾਂ ਦੇ ਕੁਚਲੇ ਹੋਏ ਦੇਸ਼ ਵਿਚੋਂ ਸੰਸਾਰ ਦੀ ਸੇਵਾ ਲਈ ਇਕ ਦਲੇਰ ਪਰ ਦੁਨੀਆਂ ਦਾ ਸੇਵਕ ਜੱਥਾ, ਅਰਥਾਤ ਪੰਥ ਖਾਲਸਾ ਧਾਰਨਾ ਸੀ। ਏਸੇ ਤਰ੍ਹਾਂ ਹੋਰ ਭੀ ਕਈ ਇਕ ਸਬੱਬ ਸਨ, ਜਿਨ੍ਹਾਂ ਕਰਕੇ ਇਹ ਜ਼ਰੂਰੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜ਼ਿੰਮੇਵਾਰੀ ਦਾ ਕੰਮ ਕੇਵਲ ਆਪਣੀ ਸੰਸਾਰਕ ਜ਼ਿੰਦਗੀ ਦੇ ਅਰਸੇ ਤਕ ਹੀ ਖਤਮ ਨਾ ਕਰਦੇ ਅਰਥਾਤ ਅੱਗੇ ਲਈ ਸਿਲਸਿਲਾ ਚਲਾਉਂਦੇ ਤਾਂ ਕਿ ਇਹ ਕੰਮ ਪੂਰੀ ਤਰ੍ਹਾਂ ਸਿਰੇ ਚੜ੍ਹੇ। ਭਾਵੇਂ ਹਜ਼ਰਤ ਈਸਾ ਦਾ ਭੀ ਬਹੁਤ ਸਾਰਾ ਕੰਮ ਉਸ ਦੇ ਸ਼ਾਗਿਰਦਾਂ ਨੇ ਹੀ ਕੀਤਾ ਸੀ। ਈਸਾ ਜੀ ਦੇ ਸਮੇਂ ਈਸਾਈਆਂ ਤੇ ਯਹੂਦੀਆਂ ਵਿਚ ਰਸਮ ਦਾ ਕੋਈ ਫ਼ਰਕ ਨਹੀਂ ਪਿਆ ਸੀ, ਗੋਯਾ ਜ਼ਾਹਿਰਾ ਤੌਰ ਪਰ ਈਸਾਈ ਮਜ਼੍ਹਬ ਯਹੂਦੀਆਂ ਤੋਂ ਵੱਖਰਾ ਹੋਇਆ ਹੀ ਨਹੀਂ ਸੀ, ਸਗੋਂ ਈਸਾਈ ਧਰਮ ਦੇ ਮਸ਼ਹੂਰ ਪ੍ਰਚਾਰਕ ਸੇਂਟ ਪਾਲ ਦੀ ਜ਼ਿੰਦਗੀ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਯਹੂਦੀਆਂ ਵਿਚੋਂ ਬਣੇ ਹੋਏ ਈਸਾਈ ਦੂਜੇ ਯੂਨਾਨੀ ਆਦਿ ਈਸਾਈਆਂ ਨੂੰ ਸੰਗਤ ਪੰਗਤ ਵਿਚ ਖੁੱਲ੍ਹਾ ਵਰਤਣ ਤੋਂ ਰੋਕਿਆ ਕਰਦੇ ਸਨ ਤੇ ਇਹ ਝਗੜਾ ਬੜੇ ਜ਼ੋਰ ਪਰ ਸੀ ਕਿ ਹਰ ਇਕ ਈਸਾਈ ਲਈ ਪੁਰਾਣੇ ਤਰੀਕੇ ਅਨੁਸਾਰ ਸੁੰਨਤ ਲਾਜ਼ਮੀ ਹੈ ਯਾ ਨਹੀਂ? ਸੇਂਟ ਪਾਲ ਦੇ ਵੇਲੇ ਹੀ ਆਖਰ ਇਹ ਫੈਸਲਾ ਹੋਇਆ ਕਿ ਕੋਈ ਭਾਵੇਂ ਸੁੰਨਤ ਕਰਾਵੇ ਯਾ ਨਾ ਕਰਾਵੇ, ਕਿਸੇ ਪਰ ਖਾਸ ਜ਼ੋਰ ਨਾ ਦਿੱਤਾ ਜਾਵੇ।
ਸੱਚ ਤਾਂ ਇਹ ਕਿ ਈਸਾਈਆਂ ਨੂੰ ਜਥੇਬੰਦ ਕਰਨ ਵਿਚ ਜਿਤਨਾ ਕੰਮ ਮਹਾਤਮਾ ਸੇਂਟ ਪਾਲ ਆਦਿ ਬਜ਼ੁਰਗਾਂ ਨੇ ਕੀਤਾ ਹੈ, ਮਹਾਤਮਾ ਈਸਾ ਨੇ ਉਸ ਦਾ ਕੁਝ ਹਿੱਸਾ ਭੀ ਨਹੀਂ ਕਰਕੇ ਦੱਸਿਆ ਸੀ। ਪਰ ਉਨ੍ਹਾਂ ਦਾ ਧਾਰਮਿਕ ਨਿਸ਼ਚਾ ਇਹ ਹੈ ਕਿ ਈਸਾ ਆਪਣੇ ਮਨੁੱਖ-ਬਾਪ ਦੇ ਸਰੀਰ ਤੋਂ ਪੈਦਾ ਨਹੀਂ ਹੋਇਆ, ਸਗੋਂ ਉਹ ਰੱਬ ਦਾ ਪੁੱਤਰ ਹੈ। ਇਸ ਲਈ ਉਹ ਕਿਸੇ ਹੋਰ ਸੇਂਟ ਪਾਲ ਆਦਿ ਬਜ਼ੁਰਗਾਂ ਨੂੰ ਈਸਾ ਦੀ ਪਦਵੀ ਨਹੀਂ ਦੇ ਸਕੇ ਤੇ ਨਾ ਦੇ ਸਕਦੇ ਹਨ।
ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਆਮ ਮਨੁੱਖਾਂ ਵਿਚੋਂ ਹੀ ਮੰਨਿਆ, ਇਸੇ ਲਈ ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੂੰ ਉਨ੍ਹਾਂ ਦਾ ਰੂਪ ਮੰਨ ਸਕਦੇ ਹਾਂ।
ਹੁਣ ਇਹ ਸਿੱਧ ਹੋ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਕੰਮ ਪੂਰਾ ਕਰਨ ਵਾਸਤੇ ਅੱਗੇ ਹੋਰ ਗੁਰੂ ਬਨਾਉਣ ਦੀ ਲੋੜ ਸੀ, ਸੋ ਉਨ੍ਹਾਂ ਨੇ ਇਸ ਕੰਮ ਲਈ ਇਕ ਪੂਰਨ ਮਹਾਂਪੁਰਖ ਜ਼ਰੂਰ ਚੁਣਨਾ ਸੀ। ਜੇ ਸੰਸਾਰ ਦਾ ਕੋਈ ਹੋਰ ਮਹਾਂਪੁਰਖ ਹੁੰਦਾ ਤਾਂ ਆਪਣੇ ਬੜੇ ਸਾਹਿਬਜ਼ਾਦੇ ਨੂੰ ਇਸ ਪਦਵੀ ਉੱਪਰ ਅਸਥਾਪਨ ਕਰ ਦਿੰਦਾ ਪਰ ਉਨ੍ਹਾਂ ਨੇ ਰਿਸ਼ਤਾ, ਨਾਤਾ, ਬਰਾਦਰੀ ਆਦਿ ਸਾਰੇ ਤਅੱਲਕਾਂ ਨੂੰ ਛੱਡ ਕੇ ਕੇਵਲ ਉੱਤਮ ਗੁਣਾਂ ਨੂੰ ਅੱਗੇ ਰੱਖ ਕੇ ਚੋਣ ਕੀਤੀ, ਤਾਂ ਕਿ ਜਿਸ ਵਿਚ ਇਹ ਗੁਰੂ ਵਾਲੇ ਗੁਣ ਘਟਣ, ਉਹ ਮਹਾਂਪੁਰਖ ਹੀ ਇਸ ਉੱਚ-ਪਦਵੀ ਦਾ ਮਾਲਕ ਬਣੇ। ਸੋ ਸਭ ਨੂੰ ਪਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਏ ਹੋਏ ਕਰੜੇ ਤੋਂ ਕਰੜੇ ਇਮਤਿਹਾਨਾਂ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਪੂਰੀ ਤਰ੍ਹਾਂ ਪਾਸ ਹੋਏ ਜਿਸ ਲਈ ਇਹ ਗਵਾਹੀ ਮੌਜੂਦ ປື:
ਜਾਂ ਸੁਧੋਸੁ ਤਾਂ ਲਹਣਾ ਟਿਕਿਓਨ LUB.COM (ਵਾਰ ਰਾਮਕਲੀ ਕੀ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ, ਪੰਨਾ ੯੬੭)
ਅਰਥਾਤ, ਜਦ ਸ਼ੁਧ ਖਾਲਿਸ ਅਤੇ ਗੁਰ-ਪਦਵੀ ਦੇ ਯੋਗ ਸਾਬਤ ਹੋਇਆ ਤਦੋਂ ਹੀ ਤਾਂ ਲਹਿਣੇ ਨੂੰ ਟਿੱਕਿਆ ਗਿਆ। ਅਸੀਂ ਪਿੱਛੇ ਦੱਸ ਚੁੱਕੇ ਹਾਂ ਕਿ (Democresy) ਸਾਡੇ ਭਾਈਚਾਰਕ ਤੇ ਬਰਾਦਰੀ ਦੇ ਹੱਕ ਦੇਣ ਦੀ ਪਹਿਲੀ ਪੌੜੀ ਹੈ, ਕਿ ਗਰੀਬਾਂ ਨੂੰ ਗਲੇ ਲਾਉਣਾ, ਸੋ ਗੁਰੂ ਜੀ ਨੇ ਲਾਇਆ, ਦੂਜੀ ਇਹ ਹੈ ਕਿ ਕੋਈ ਉੱਚਾ ਅਹੁਦਾ ਜਾਂ ਦਰਜਾ ਕਿਸੇ ਨੂੰ ਕਿਸੇ ਖਾਨਦਾਨ ਯਾ ਖਾਸ ਕੌਮ ਯਾ ਖਾਸ ਜਾਤ ਪਾਤ ਯਾ ਖਾਸ ਦੇਸ਼ ਆਦਿ ਦੇ ਧੜੇ ਪੱਖ ਦੇ ਕਾਰਨ ਨਾ ਮਿਲੇ, ਸਗੋਂ ਉੱਚ-ਪਦਵੀ ਦੇਣ ਵਾਸਤੇ ਕੇਵਲ ਉਸ ਮਹਾਤਮਾ ਨੂੰ ਚੁਣਿਆ ਜਾਵੇ, ਕਿ ਜੋ ਆਪਣੇ ਅੰਦਰ ਦੇ ਗੁਣਾਂ ਤੇ ਆਤਮਕ ਖੂਬੀਆਂ ਦੇ ਕਾਰਨ ਉਸ ਦਰਜੇ ਦੇ ਲਾਇਕ ਸਾਬਤ ਹੋਵੇ। ਜਿਹਾ ਕਿ ਰਾਜੇ ਦਾ ਪੁੱਤਰ ਰਾਜਾ, ਇਹ ਖਾਨਦਾਨੀ ਧੜਾ ਹੈ, ਪਰੋਹਤ ਬ੍ਰਾਹਮਣ ਹੀ ਹੋਵੇ, ਹੋਰ ਕਿਸੇ ਜ਼ਾਤ-ਪਾਤ ਵਿਚੋਂ ਨਾ ਹੋਵੇ, ਇਹ ਕੌਮ ਯਾ ਜ਼ਾਤ-ਪਾਤ ਦਾ ਧੜਾ ਹੈ, ਜੇ ਕਿਸੇ ਦਾ ਇਹ ਖਿਆਲ ਹੋਵੇ ਕਿ ਡਿਪਟੀ ਕਮਿਸ਼ਨਰ ਅੰਗਰੇਜ਼ ਹੀ ਹੋਵੇ ਇਹ ਦੇਸ਼ ਦਾ ਧੜਾ ਹੈ।
ਜਦ ਤੋੜੀਂ ਸਾਂਝੇ ਭਾਈਚਾਰਕ ਹੱਕਾਂ ਦਾ ਖਿਆਲ ਘੱਟ ਫੁਰੇ ਤਦ ਤੋੜੀਂ ਇਹ ਧੜੇ ਬਣੇ ਹੀ ਰਹਿੰਦੇ ਹਨ ਪਰ ਜਦ ਸਭ ਨੂੰ ਵਾਹਿਗੁਰੂ ਦੇ ਪੁੱਤਰ ਸਮਝ ਕੇ ਇਕੋ ਜਿਹੇ ਹੱਕ ਦੇਣੇ ਹੋਣ ਤਦੋਂ ਕੇਵਲ ਇਹ ਸੋਚਣਾ ਪੈਂਦਾ ਹੈ ਕਿ ਆਪਣੇ ਆਤਮਕ ਗੁਣਾਂ ਦੇ ਕਾਰਣ ਕੌਣ ਵੱਡਾ ਹੈ।
ਬਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਸਿੱਖਾਂ ਤੇ ਆਪਣੇ ਪੁੱਤਰਾਂ ਦਾ ਇਮਤਿਹਾਨ ਕਰੜੇ ਤੋਂ ਕਰੜਾ ਲਿਆ ਸੋ ਉਨ੍ਹਾਂ ਵਿਚੋਂ ਜਿਹੜਾ ਉੱਚਾ ਸਾਬਤ ਹੋਇਆ, ਉਸ ਨੂੰ ਖੁਦ ਨਮਸਕਾਰ ਕਰ ਕੇ ਅੱਗੇ ਲਈ ਸੰਗਤ ਦਾ ਆਗੂ ਬਣਾਇਆ। ਇਸੇ ਤਰ੍ਹਾਂ ਅਗੋਂ ਹੋਰ ਮਹਾਂਪੁਰਖ ਸਤਿਗੁਰੂ ਬਣਦੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਵ ਨੂੰ ਚੰਗੀ ਤਰ੍ਹਾਂ ਖੋਲ੍ਹ-ਖੋਲ੍ਹ ਕੇ ਹਾਜ਼ਰ ਕਰਦੇ ਗਏ।
ਬਾਕੀ ਸਤਿਗੁਰੂਆਂ ਦਾ ਅਦੁੱਤੀ ਕੰਮ
ਗੁਰੂ ਅਮਰਦਾਸ ਜੀ ਨੇ ਖੋਲ੍ਹ ਕੇ ਇਹ ਹੁਕਮ ਦਿੱਤਾ ਕਿ ਜੋ ਦਰਸ਼ਨ ਵਾਸਤੇ ਆਵੇ ਸੋ ਲੰਗਰ ਵਿਚੋਂ ਪ੍ਰਸ਼ਾਦ ਛਕ ਕੇ ਆਵੇ ਅਤੇ ਲੰਗਰ ਵਿਚ ਕੋਈ ਜਾਤ-ਪਾਤ ਤੇ ਊਚ-ਨੀਚ ਦਾ ਖਿਆਲ ਨਾ ਰੱਖਿਆ ਜਾਵੇ। ਹਰ ਕੌਮ ਤੇ ਹਰ ਧਰਮ ਦੇ ਆਦਮੀ ਇਕੋ ਫੂਹੜੀ ‘ਤੇ ਬੈਠ ਕੇ ਪ੍ਰਸ਼ਾਦ ਛਕਣ। ਇਸ ਪਰ ਹਿੰਦੂ ਬੜੇ ਦੁਖੀ ਹੋਏ ਤੇ ਗੁਰੂ ਅਮਰਦਾਸ ਜੀ ਉੱਪਰ ਦਾਅਵਾ ਕੀਤਾ (ਦੇਖੋ ਸੂਰਜ ਪ੍ਰਕਾਸ਼, ਰਾਸ ੧, ਅਧਿਆਇ ੪੩) ਤੇ ਇਸ ਪਰ ਗੁਰੂ ਅਮਰਦਾਸ ਜੀ ਨੇ ਆਪਣੇ ਸ੍ਰੀ ਮੁਖ ਤੋਂ ਫੁਰਮਾਇਆ ਕਿ:
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥੧॥ਰਹਾਉ ॥
(ਰਾਗੁ ਭੈਰਉ ਮ: ੩, ਪੰਨਾ ੧੧੨੭)
ਭਾਵ, ਐ ਮੂਰਖ, ਜਾਤ ਦਾ ਹੰਕਾਰ ਨਾ ਕਰ, ਇਸ ਕਰਕੇ ਬੜੀਆਂ ਖਰਾਬੀਆਂ ਪੈਦਾ ਹੁੰਦੀਆਂ ਹਨ। ਹਰ ਕੋਈ ਬ੍ਰਹਮ ਥਿੰਦ, ਅਰਥਾਤ ਇਕ ਵਾਹਿਗੁਰੂ ਦੇ ਨੂਰ ਤੋਂ ਪੈਦਾ ਹੋਇਆ ਹੈ, ਇਸ ਲਈ ਕੋਈ ਭੀ ਆਪਣੀ ਜਾਤ ਨੂੰ ਵੱਡੀ ਮਤ ਆਖੋ।
ਇਹ ਸਾਰੀਆਂ ਗੱਲਾਂ ਦੱਸਦੀਆਂ ਹਨ ਕਿ ਬਾਕੀ ਸਤਿਗੁਰੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦਾ ਪ੍ਰਚਾਰ ਕਿਸ ਦਲੇਰੀ ਤੇ ਅਕਾਲੀ ਹਿੰਮਤ ਨਾਲ ਕੀਤਾ। ਮਜ਼ਮੂਨ ਇਹ ਬਹੁਤ ਬੜਾ ਹੈ ਇਸ ਲਈ ਵੱਖਰੀ ਕਿਤਾਬ ਦੀ ਲੋੜ ਹੈ, ਏਥੇ ਇਤਨਾ ਹੀ ਨਮੂਨਾ ਕਾਫ਼ੀ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹਣੀ, ਸਿੱਖਾਂ ਦੀ ਜਥੇਬੰਦੀ ਵਾਸਤੇ ਇੱਕ ਸੈਂਟਰਲ ਯਾ ਕੌਮੀ ਮੰਦਰ ਸ੍ਰੀ ਹਰਿਮੰਦਰ ਸਾਹਿਬ ਸਾਜਣਾ, ਖ਼ੁਦ ਸੰਗਤਾਂ ਦੇ ਭਾਂਡੇ ਮਾਂਜਣੇ, ਜੋੜੇ ਝਾੜਨੇ, ਹਰ ਕਿਸਮ ਦੀ ਛੋਟੀ ਵੱਡੀ ਸੇਵਾ ਆਪ ਕਰਨੀ, ਗੁਰਬਾਣੀ ਦੀਆਂ ਪੁਸਤਕਾਂ ਨੂੰ ਨੰਗੇ ਪੈਰੀਂ ਲੈ ਕੇ ਆਉਣਾ ਤੋਂ ਸਤਿਗੁਰੂ ਦੇ ਉੱਚੇ ਜੀਵਨ ਤੇ ਅਮਲੀ ਕੰਮ ਨੂੰ ਵੇਖ ਕੈ ਬਿਧੀ ਚੰਦ ਜੇਹੇ ਡਾਕੂਆਂ ਨੇ ਸਿੱਖ ਬਣ ਜਾਣਾ, ਹਿੰਦੂ ਤਾਂ ਕਿਤੇ ਰਹੇ ਮਜ਼੍ਹਬੀ ਤਅੱਸਬ ਤੇ ਰਾਜ ਮਦ ਨਾਲ ਮੱਤੇ ਮੁਸਲਮਾਨਾਂ ਨੇ ਭੀ ਉਨ੍ਹਾਂ ਦੇ ਚਰਨਾਂ ਵੱਲ ਝੁਕਣਾ (ਜਿਸ ਤੋਂ ਕਈ ਪੱਖਪਾਤੀ ਮੁਸਲਮਾਨਾਂ ਦੇ ਦਿਲ ਅੰਦਰ ਸਾੜ ਭੀ ਪੈਦਾ ਹੋਇਆ, ਇਸ ਦਾ ਨਮੂਨਾ ਦੇਖੋ ‘ਤੋਜ਼ਕਿ ਜਹਾਂਗੀਰੀ’ ਦਾ ਅੰਗਰੇਜ਼ੀ ਤਰਜਮਾ, ਕ੍ਰਿਤ ਮਿ. ਰੋਜਰਸ, ਐਡੀਸ਼ਨ ਪਹਿਲੀ, ਜਿਲਦ ਪਹਿਲੀ, ਸਫਾ ੭੨)। ਉੱਬਲਦੀਆਂ ਦੇਗਾਂ ਤੇ ਸੜਦੀਆਂ ਲੋਹਾਂ ਉੱਪਰ ਬੈਠ ਕੇ ਸ਼ਹੀਦ ਹੋਣਾ” ਇਹ ਸਭ ਕੁਛ ਸਾਬਤ ਕਰਦਾ ਹੈ ਕਿ ਪੂਰਨ ਗੁਰਸਿੱਖੀ ਨੂੰ ਅਮਲੀ ਤੌਰ ਪਰ ਪ੍ਰਗਟ ਕਰਨ ਵਾਸਤੇ ਬਾਕੀ ਗੁਰੂਆਂ ਨੇ ਕੀ ਕੁਝ ਕੀਤਾ। ਇਸੇ ਤਰ੍ਹਾਂ ਹੋਰ ਸਤਿਗੁਰੂਆਂ ਦੀ ਬਾਬਤ ਸਮਝਦੇ ਜਾਉ, ਆਖਰ ਅੱਠਵੇਂ ਗੁਰੂ ਦਾ ਵੇਲਾ ਆਉਂਦਾ ਹੈ।
ਸਿੱਖ ਧਰਮ ‘ਤੇ ਬੇਸਮਝਾਂ ਦੇ ਇਤਰਾਜ਼
ਭਾਵੇਂ ਜਾਦੂ ਨਾਥ ਸਰਕਾਰ ਜਿਹੇ ਨੁਕਤਾਚੀਨ ਸੱਜਣ ਆਖ ਦਿਆ ਕਰਦੇ ਹਨ ਕਿ ਇਸ ਵੇਲੇ ਸਿੱਖੀ ਢਹਿੰਦੀਆਂ ਕਲਾਂ ਵਿਚ ਸੀ, ਕਿਉਂਕਿ ਪੰਜ-ਪੰਜ, ਛੇ-ਛੇ ਸਾਲ ਦੇ ਬੱਚਿਆਂ ਨੂੰ ਗੁਰੂ ਬਣਾ ਦੇਣਾ ਕਿਸੇ ਤਰ੍ਹਾਂ ਭੀ ਯੋਗ ਨਹੀਂ ਸੀ ਪਰ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੁਦਰਤ ਵਿੱਚ ਕਿਸੇ ਕਿਸੇ ਥਾਂ (Exception) ਐਕਸੈਪਸ਼ਨ ਭੀ ਹੋਇਆ ਕਰਦੀ ਹੈ, ਹਰ ਥਾਂ ਪਹਾੜ ਵਿੱਚ ਮਾਮੂਲੀ ਵੱਟੇ ਹਨ ਪਰ ਕਿਤੇ-ਕਿਤੇ ਹੀਰੇ ਪੰਨੇ ਭੀ ਹਨ। ਹਰ ਥਾਂ ਪਾਣੀ ਦੇ ਸੋਮੇ ਹਨ ਪਰ ਕਈ ਪਹਾੜਾਂ ਵਿਚੋਂ ਅੱਗ ਵੀ ਨਿਕਲਦੀ ਹੈ। ਆਮ ਬੱਚੇ ਜ਼ਰੂਰ ਅਨਜਾਣ ਤੇ ਬੇ-ਸਮਝ ਹੁੰਦੇ ਹਨ ਪਰ ਕੋਈ ਖਾਸ- ਖਾਸ ਮਹਾਂਪੁਰਖ ਅਜਿਹੇ ਵੀ ਹੁੰਦੇ ਹਨ ਜੋ ਬਚਪਨ ਵਿਚ ਹੀ ਸੁਚੇਤ ਅਤੇ ਚਤੁਰ ਹੋਣ। ਜਾਦੂ ਨਾਥ ਆਪ ਲਿਖਦਾ ਹੈ ਕਿ ਔਰੰਗਜੇਬ ਨੇ ੧੪ ਸਾਲ ਦੀ ਉਮਰ ਵਿਚ ਇਕ ਮਸਤ ਹਾਥੀ ਨੂੰ ਪਛਾੜਿਆ, ਜਿਹੜਾ ਕੰਮ ਕਿ ਆਮ ਬੱਚੇ ਨਹੀਂ ਕਰ ਸਕਦੇ। ਦੂਰ ਕਿਉਂ ਜਾਂਦੇ ਹੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਤ ਸਾਲਾਂ ਤੇ ਨੌ ਸਾਲਾਂ ਦੇ ਬੱਚਿਆਂ ਨੇ ਉਸ ਦਲੇਰੀ ਤੇ ਨਿਰਭੈਤਾ ਨਾਲ ਅਤੇ ਧਰਮ ਦੇ ਦ੍ਰਿੜ ਭਰੋਸੇ ਨਾਲ ਸਿਰ ਦਿੱਤੇ ਸਨ ਕਿ ਜਿਸ ਦੀ ਮਿਸਾਲ ਸੰਸਾਰ ਵਿਚ ਦੁਰਲੱਭ ਹੈ। ਖੁਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੱਲ ਦੇਖੋ, ਉਹ ਗੁਰਸਿੱਖੀ ਪ੍ਰਚਾਰ ਹਿਤ ਯਾ ਖਾਸ ਤਨਾਜ਼ਿਆਂ ਦੇ ਕਾਰਨ ਦਿੱਲੀ ਚਲੇ ਜਾਂਦੇ ਹਨ ਪਰ ਔਰੰਗਜ਼ੇਬ ਦੇ ਆਪਣੇ ਪਾਸ ਬੁਲਾਉਣ ਪਰ ਉਸ ਨੂੰ ਸਾਫ਼ ਜਵਾਬ ਦੇਂਦੇ ਹਨ ਕਿ ਤੂੰ ਜ਼ਾਲਮ ਹੈਂ, ਇਸ ਲਈ ਮੈਂ ਤੇਰੇ ਨਾਲ ਕਦੇ ਭੀ ਮੇਲ ਗੋਲ ਯਾ ਸੱਜਣਾਂ ਵਾਲੇ ਤਅੱਲਕ ਰੱਖਣ ਨੂੰ ਤਿਆਰ ਨਹੀਂ। ਤੇਰਾ ਗਰੀਬਾਂ ਦੇ ਲਹੂ ਨਾਲ ਰੰਗਿਆ ਹੋਇਆ ਮੂੰਹ ਹਰਗਿਜ਼ ਇਸ ਲਾਇਕ ਨਹੀਂ ਕਿ ਮੈਂ ਇਸ ਨੂੰ ਖੁਸ਼ੀ ਨਾਲ ਆ ਕੇ ਤੱਕਾਂ।
ਇਕ ਗ਼ਲਤ ਖਿਆਲ
ਕਈ ਅਨਜਾਣ ਲੋਕ ਆਖਿਆ ਕਰਦੇ ਹਨ ਕਿ ਔਰੰਗਜ਼ੇਬ ਮੁਸਲਮਾਨ ਸੀ, ਇਸ ਲਈ ਸੱਤਵੇਂ ਗੁਰੂ ਉਸ ਦੇ ਮੂੰਹ ਨਹੀਂ ਸਨ ਲਗਦੇ ਤੇ ਅੱਠਵੇਂ ਗੁਰੂ ਜੀ ਨੇ ਭੀ ਇਹੋ ਹੀ ਕੁਝ ਕੀਤਾ। ਉਨ੍ਹਾਂ ਸੱਜਣਾਂ ਨੂੰ ਸੋਚਣਾ ਚਾਹੀਦਾ ਹੈ ਕਿ ਔਰੰਗਜ਼ੇਬ ਦਾ ਵੱਡਾ ਭਾਈ ਦਾਰਾ ਸ਼ਕੋਹ ਜੋ ਗੁਰੂ ਸਤਵੇਂ ਪਾਤਸ਼ਾਹ ਨੂੰ ਕਈ ਵਾਰ ਮਿਲਿਆ, ਉਹ ਕੇਹੜਾ ਗੌੜ ਬ੍ਰਾਹਮਣ ਸੀ? ਜਦ ਗੁਰੂ ਜੀ ਦੀਆਂ ਫੌਜਾਂ ਵਿਚ ਮੁਸਲਮਾਨ ਮੌਜੂਦ ਰਹੇ ਮੀਆਂ ਮੀਰ ਤੇ ਬੁਧੂ ਸ਼ਾਹ ਜੈਸੇ ਮੁਸਲਮਾਨ ਮਹਾਤਮਾਂ ਗੁਰੂਆਂ ਦੇ ਬੜੇ ਹੀ ਸਮੀਪੀ ਤੇ ਪਿਆਰੇ ਬਣ ਕੇ ਰਹੇ, ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਮੁਸਲਮਾਨੀ ਮੁਲਕਾਂ ਵਿਚ ਹੀ ਰਹੇ, ਫੇਰ ਇਹ ਕਿਤਨਾ ਕੁ ਅਨਰਥ ਹੈ ਕਿ ਗੁਰੂ ਸੱਤਵੇਂ ਤੇ ਅੱਠਵੇਂ ਪਾਤਸ਼ਾਹ ਨੂੰ ਮੁਸਲਮਾਨ ਮਾਤਰ ਦਾ ਇਤਨਾ ਵੈਰੀ ਦੱਸਿਆ ਜਾਵੇ! ਸੱਚ ਤਾਂ ਇਹ ਹੈ ਕਿ ਔਰੰਗਜ਼ੇਬ ਜ਼ਾਲਮ ਸੀ, ਇਸ ਲਈ ਸੱਤਵੇਂ ਤੇ ਅੱਠਵੇਂ ਗੁਰੂ ਉਸ ਨੂੰ ਸੱਜਣਾਂ ਵਾਲੇ ਤਰੀਕੇ ਅਨੁਸਾਰ ਨਹੀਂ ਮਿਲੇ।
ਭਾਵ ਇਹ ਹੈ ਕਿ ਗੁਰੂ ਅੱਠਵੇਂ ਪਾਤਸ਼ਾਹ ਨੇ ਦਿੱਲੀ ਜਾ ਕੇ ਔਰੰਗਜ਼ੇਬ ਦੇ ਕਹਿਣੇ ਪਰ ਭੀ ਦਰਸ਼ਨ ਨਾ ਦੇਣਾ ਤੇ ਕੜਾਕੇਦਾਰ ਉੱਤਰ ਦੇ ਦੇਣਾ, ਇਹ ਇਕੋ ਹੀ ਗੱਲ ਸਾਬਤ ਕਰ ਦਿੰਦੀ ਹੈ ਕਿ ਉਹ ਆਪਣੇ ਆਤਮਕ ਗੁਣਾਂ ਦੇ ਕਾਰਨ ਹੀ ਗੁਰੂ ਬਣਨ ਦੇ ਯੋਗ ਸਨ। ਇਹ ਖ਼ਿਆਲ ਭੀ ਗਲਤ ਹੈ ਕਿ ਬੀਬੀ ਭਾਨੀ ਦੇ ਆਖਣ ਕਰਕੇ ਗੁਰਿਆਈ ਘਰ ਦੀ ਘਰ ਵਿਚ ਹੀ ਰਹੀ ਤੇ ਸੋਢੀਆਂ ਤੋਂ ਬਾਹਰ ਨਹੀਂ ਗਈ। ਜੇ ਅਜੇਹਾ ਹੁੰਦਾ ਤਾਂ ਦਸਮ ਪਾਤਸ਼ਾਹ ਜੀ ਕਦੇ ਭੀ ਆਮ ਪੰਥ ਨੂੰ ਗੁਰੂ-ਪੰਥ ਨਾ ਕਹਿ ਸਕਦੇ ਤੇ ਨਾ ਉਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਸਕਦੇ ਜਿਨ੍ਹਾਂ ਵਿਚ ਇਕ ਭੀ ਸੋਢੀ ਨਹੀਂ ਸੀ। ਇਹ ਇਕ ਇਤਫ਼ਾਕੀਆ ਅਮਰ ਹੈ ਕਿ ਪੰਜ ਛੇ ਗੁਰੂ ਇਕੋ
ਖਾਨਦਾਨ ਵਿਚੋਂ ਬਣਦੇ ਚਲੇ ਆਏ, ਹੋਰ ਕੋਈ ਖ਼ਾਸ ਖ਼ਾਨਦਾਨੀ ਧੜਾ ਨਹੀਂ ਸੀ। ਇਸ ਪਰ ਬਹੁਤਾ ਵਿਚਾਰ ਕਦੇ ਫੇਰ ਕਰਾਂਗੇ, ਏਥੇ ਦੱਸਣਾ ਕੇਵਲ ਇਹ ਹੈ ਕਿ ਅੱਠਵੇਂ ਗੁਰੂ ਜੀ ਨੇ ਕੌਮ ਨੂੰ ਇਕ ਕਦਮ ਹੋਰ ਅੱਗੇ ਕਿਸ ਤਰ੍ਹਾਂ ਵਧਾਇਆ।
ਕੌਮੀ ਜ਼ਿੰਮੇਵਾਰੀ
ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ਦਾ ਸਮਾਂ ਆਇਆ ਤਾਂ ਆਪ ਨੇ ਸੰਗਤ ਨੂੰ ਆਗਿਆ ਦਿੱਤੀ ਕਿ “ਬਾਬਾ ਬਕਾਲੇ”। ਇਸ ਦਾ ਭਾਵ ਇਹ ਸੀ ਕਿ ਕੌਮ ਆਪਣਾ ਆਗੂ ਆਪ ਚੁਣਨਾ ਸਿੱਖੇ ਤੇ ਕੌਮ ਨੂੰ ਖੋਟੇ-ਖਰੇ ਦੀ ਪੜਤਾਲ ਦਾ ਹੱਕ ਹੋਵੇ, ਕਿਉਂਕਿ ਕਿਸੇ ਉੱਚੀ ਕੌਮ ਦੀ ਇਹ ਹੀ ਨਿਸ਼ਾਨੀ ਹੋ ਸਕਦੀ ਹੈ ਕਿ ਉਹ ਆਪਣਾ ਲਾਇਕ ਲੀਡਰ ਆਪ ਚੁਣ ਸਕੇ। ਸੋ ਗੁਰੂ ਜੀ ਨੇ ਥੋੜ੍ਹੀ ਜਿਹੀ ਸਹਾਇਤਾ ਕਰ ਦਿੱਤੀ ਕਿ “ਬਾਬਾ ਬਕਾਲੇ”, ਅੱਗੋਂ ਨੂੰ ਸਾਰੀ ਗੱਲ ਸੰਗਤ ਦੇ ਸਹਾਰੇ ਛੱਡ ਦਿੱਤੀ। ਜੋ ਕੌਮ ਕਿਸੇ ਧੀਰਮਲ ਜਹੇ ਨੂੰ ਆਪਣਾ ਆਗੂ ਚੁਣ ਲੈਂਦੀ ਤਾਂ ਸਾਬਤ ਹੋ ਜਾਂਦਾ ਕਿ ਇਹ ਕੌਮ ਦੁਨੀਆਂ ਵਿਚ ਵਧਣ ਫੁੱਲਣ ਦੇ ਲਾਇਕ ਨਹੀਂ, ਕਿਉਂਕਿ ਇਸ ਨੂੰ ਆਪਣਾ ਆਗੂ ਚੁਣਨ ਦੀ ਜਾਚ ਨਹੀਂ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਜੈਸੇ ਮਹਾਤਮਾ ਸਤਿਗੁਰੂਆਂ ਦਾ ਬਰਕਤ ਵਾਲਾ ਲਹੂ ਬਿਰਥਾ ਜਾਣ ਵਾਲਾ ਨਹੀਂ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਭਰੋਸਾ ਗ਼ਲਤ ਨਹੀਂ ਸੀ, ਕੌਮ ਨੇ ਆਪਣਾ ਆਗੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਚੁਣਿਆ। ਇਨ੍ਹਾਂ ਚੁਣਨ ਵਾਲਿਆਂ ਵਿਚੋਂ ਮੱਖਣ ਸ਼ਾਹ ਮੋਹਰੀ ਸੀ। ਇਸ ਸੰਗਤ ਦੇ ਲੱਭੇ ਹੋਏ ਗੁਰੂ ਨੇ ਆਪਣੇ ਸਾਰੇ ਜੀਵਨ ਤੇ ਪਵਿਤਰ ਬਾਣੀ ਤੇ ਆਖਰ ਆਪਣੀ ਲਾਸਾਨੀ ਸ਼ਹੀਦੀ ਦੁਆਰਾ ਇਹ ਸਾਬਤ ਕਰ ਦਿੱਤਾ ਕਿ ਕੌਮ ਦੀ ਚੋਣ ਗਲਤ ਨਹੀਂ ਸੀ।
ਹੁਣ ਸਮਾਂ ਦਸਮ ਪਾਤਸ਼ਾਹ ਜੀ ਦਾ ਆਇਆ ਉਨ੍ਹਾਂ ਦਾ ਜੀਵਨ ਚਰਿਤ੍ਰ ਪੜ੍ਹਨ ਤੋਂ ਹੀ ਮਲੂਮ ਹੋ ਸਕਦਾ ਹੈ ਕਿ ਬਚਪਨ ਵਿਚ ਹੀ ਉਸ ਅਦੁੱਤੀ ਜੋਧੇ ਦੀਆਂ ਉਹ ਖੂਬੀਆਂ ਜ਼ਾਹਿਰ ਹੋ ਚੁਕੀਆਂ ਸਨ ਕਿ ਜਿਸ ਤੋਂ ਹਰ ਇਕ ਨੂੰ ਇਹ ਮੰਨਣਾ ਪੈਂਦਾ ਸੀ ਕਿ ਸੱਚਮੁਚ ਇਹ ਮਹਾਂਪੁਰਖ ਸਤਿਗੁਰੂ ਨਾਨਕ ਦੇਵ ਜੀ ਦੇ ਪੰਥ ਨੂੰ ਮੁਕੰਮਲ ਕਰੇਗਾ। ਜਦ ਦੀਨ, ਦੁਖੀ ਤੇ ਆਜਜ਼ ਬ੍ਰਾਹਮਣ ਆਪਣੇ ਧਰਮ, ਸ਼ਰਮ ਤੇ ਇੱਜ਼ਤ ਦੀ ਬਰਬਾਦੀ ਹੁੰਦੀ ਦੇਖ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਾਸ ਆਏ, ਗੁਰੂ ਨੌਵੇਂ ਪਾਤਸ਼ਾਹ ਜੀ ਨੇ ਹੱਸ ਕੇ ਆਖਿਆ ਕਿ ਇਸ ਸੰਸਾਰਕ ਸੇਵਾ ਵਾਸਤੇ ਕਿਸੇ ਮਹਾਂਪੁਰਖ ਦੇ ਸਿਰ ਦੀ ਲੋੜ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰ ਅਤੇ ਦਰਦ ਭਰੀ ਆਵਾਜ਼ ਨਾਲ ਕਿਹਾ ਕਿ “ਇਸ ਕੌਮੀਅਤ ਦੇ ਸੁੱਕੇ ਹੋਏ ਬਗ਼ੀਚੇ ਨੂੰ ਆਪ ਦੇ ਸੀਸ ਦਾ ਪਵਿੱਤਰ ਲਹੂ ਹੀ ਹਰਾ-ਭਰਾ ਕਰਨ ਦੀ ਸਮਰੱਥਾ ਰੱਖਦਾ ਹੈ।” ਇਸ ਕੁਰਬਾਨੀ, ਇਸ ਬੇਗਰਜ਼ੀ ਤੇ ਇਸ ਦਲੇਰੀ ਦੀ ਲਹਿਰ ਨੂੰ ਕੇਵਲ ਨੌਂ ਸਾਲ ਦੀ ਉਮਰ ਵਿਚ ਜ਼ਾਹਿਰ ਕਰਨ ਪਰ ਸਾਬਤ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਵਾਕਿਆ ਹੀ ਸਿੱਖਾਂ ਦੇ ਆਖਰੀ ਗੁਰੂ ਬਣਨ ਦੇ ਯੋਗ ਹਨ, ਬਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੀ ਆਪਣੇ ਆਤਮਕ ਗੁਣਾਂ ਦੇ ਕਾਰਨ ਹੀ ਗੁਰੂ ਬਣੇ।
ਖ਼ਾਲਸਾ ਪੰਥ ਦੀ ਮੁਕੰਮਲ ਸੂਰਤ
ਅੰਤ ਨੂੰ ਉਹ ਸਮਾਂ ਆ ਗਿਆ ਕਿ ਜਦ ਖੰਡੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ ਹਰ ਪਹਿਲੂ ਵਿੱਚ ਇਕ ਮੁਕੰਮਲ ਤੇ ਵੱਖਰਾ ਪੰਥ ਬਣਾ ਦਿੱਤਾ ਗਿਆ। ਕੁਲ ਸੰਗਤ ਦਾ ਤਲਵਾਰ ਦੀ ਤਿੱਖੀ ਧਾਰ ਉੱਪਰ ਇਮਤਿਹਾਨ ਲਿਆ। ਮਾਮੂਲੀ ਜਿਹੇ ਇਸ਼ਾਰੇ ਪਰ, ਬਿਨਾਂ ਪੁੱਛ-ਗਿੱਛ, ਸਿਰ ਦੇਣ ਲਈ ਪੰਜ ਸ਼ਹੀਦ ਛਾਲਾਂ ਮਾਰ ਕੇ ਨਿੱਤਰ ਆਏ। ਜੇ ਗੁਰੂ ਜੀ ਹੋਰ ਲਲਕਾਰਦੇ ਤਾਂ ਹੋਰ ਭੀ ਕਈ ਬੀਰ ਬਹਾਦਰ ਤੇ ਕੌਮੀ ਸ਼ਹੀਦ ਨਿੱਤਰਦੇ। ਪਰ ਉਨ੍ਹਾਂ ਨੇ ਪੰਜ ਲੈ ਕੇ ਫੇਰ ਲਲਕਾਰਨਾ ਬੰਦ ਕਰ ਦਿੱਤਾ ਕਿਉਂਕਿ ਪੱਕੀ ਹੋਈ ਦੇਗ਼ ਵਿਚੋਂ ਕੁਝ ਦਾਣੇ ਦੇਖਣੇ ਹੀ ਕਾਫ਼ੀ ਸਨ। ਇਸ ਇਮਤਿਹਾਨ ਤੋਂ ਪਤਾ ਲੱਗ ਗਿਆ ਕਿ ਹੁਣ ਸਿੱਖ ਕੌਮੀ ਅਤੇ ਸਮੁੱਚੇ ਤੌਰ ਪਰ ਉੱਚੇ ਹੋ ਚੁੱਕੇ ਹਨ। ਕਿਸੇ ਕੌਮ ਵਿਚੋਂ ਕੇਵਲ ਇਕ ਆਦਮੀ ਦਾ ਉੱਚਾ ਹੋ ਜਾਣਾ ਭਾਵੇਂ ਉਸ ਕੌਮ ਲਈ ਫ਼ਖਰ ਤਾਂ ਹੁੰਦਾ ਹੈ ਪਰ ਅਸਲ ਅਰਥਾਂ ਵਿਚ ਕੌਮ ਨੂੰ ਉੱਚੀ ਤਦ ਹੀ ਕਿਹਾ ਜਾ ਸਕਦਾ ਹੈ ਜਦ ਕੌਮ ਵਿੱਚ ਆਦਮੀ ਲਾਇਕ ਤੇ ਉੱਚੇ ਹੋਣ ਲੱਗ ਪੈਣ। ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਖ ਲਿਆ ਕਿ ਕੌਮ ਅੰਦਰ ਸੱਚੀ ਦਲੇਰੀ ਦੇ ਉੱਚੀ ਕੁਰਬਾਨੀ, ਸਾਂਝਾ ਪਿਆਰ, ਕੌਮੀ ਦਰਦ, ਭਾਈਚਾਰਕ ਸਮਝ ਆਦਿ ਗੁਣਾਂ ਦਾ ਆਮ ਜਜ਼ਬਾ ਯਾ ਫੀਲਿੰਗ (Feeling) ਬਣ ਗਿਆ ਹੈ। ਇਸ ਲਈ ਸ੍ਰੀ ਗੁਰੂ ਜੀ ਨੇ ਖੁਦ ਉਨ੍ਹਾਂ ਪੰਜਾਂ ਪਿਆਰਿਆਂ ਪਾਸੋਂ (ਜੋ ਉਸ ਵੇਲੇ ਪੰਥ ਦੇ ਕਾਇਮ-ਮੁਕਾਮ, ਯਾ ਪੰਥ ਦਾ ਰੂਪ ਸਨ) ਹੱਥ ਜੋੜ ਕੇ ਅੰਮ੍ਰਿਤ ਮੰਗਿਆ ਤੇ ਛਕਿਆ। ਇਸ ਤਰ੍ਹਾਂ ਪੰਥ ਪਾਸੋਂ ਅੰਮ੍ਰਿਤ ਛਕ ਕੇ ਪੰਥ ਨੂੰ ਗੁਰੂ-ਪੰਥ ਦਾ ਖਿਤਾਬ ਦਿੱਤਾ। ਗੋਯਾ ਹੁਣ ਪੰਥ ਆਪਣੇ ਫਰਜ਼ਾਂ ਨੂੰ ਆਪ ਸਮਝਣ ਦੇ ਯੋਗ ਹੋ ਗਿਆ। ਇਸ ਤੋਂ ਪਿੱਛੋਂ ਮੁਕਤਸਰ, ਚਮਕੌਰ, ਆਦਿ ਦੇ ਖੂਨੀ ਸਾਕਿਆਂ ਅਤੇ ਦਮਦਮੇ ਸਾਹਿਬ (ਸਾਬੋ ਕੀ ਤਲਵੰਡੀ) ਵਾਲੇ ਨਜ਼ਾਰੇ ਨੂੰ ਤਦੋਂ (ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਕਿ ਨਵੀਂ ਬੰਦੂਕ ਦਾ ਨਿਸ਼ਾਨਾ ਤੱਕ ਕੇ ਮਾਰਨਾ ਹੈ, ਇਸ ਲਈ ਇਕ ਸੱਜਣ ਦੀ ਲੋੜ ਹੈ ਜਿਸ ਨੂੰ ਨਿਸ਼ਾਨਾ ਬਣਾਇਆ ਜਾਵੇ। ਪਿਆਰੇ ਦੀ ਇਸ ਮਾਹੀ ਵਾਲੀ ਸੱਦ ਨੂੰ ਕੇਵਲ ਦੋ ਸਿੱਖਾਂ ਨੇ ਸੁਣਿਆ, ਉਹ ਦੋਨੋਂ ਹੀ ਇਕ ਦੂਜੇ ਦੇ ਅੱਗੇ ਭੱਜ ਕੇ ਆਏ ਤੇ ਆਪੋ ਆਪਣੀ ਥਾਂ ਹਰ ਇਕ ਨੇ ਯਤਨ ਕੀਤਾ ਕਿ ਪਿਆਰੇ ਦੀ ਗੋਲੀ ਮੇਰੀ ਹੀ ਕਿਸਮਤ ਦਾ ਗਹਿਣਾ ਬਣੇ) ਅਮਲੀ ਤੌਰ ਪਰ ਦੱਸ ਦਿੱਤਾ ਕਿ ਪੰਥ ਵਾਕਿਆ ਹੀ ਉਸ ਇੱਜ਼ਤ ਅਤੇ ਹੱਕ ਨੂੰ ਸਾਂਭਣ ਦੇ ਲਾਇਕ ਹੈ ਜੋ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੇ ਹਨ। ਜੇ ਕੋਈ ਪੁੱਛੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲੇ ਇਸ ਪੰਥ ਨੂੰ ਪੂਰੇ ਹੱਕ ਕਿਉਂ ਨਾ ਮਿਲੇ? ਇਸ ਦਾ ਉੱਤਰ ਇਹ ਹੀ ਹੋਵੇਗਾ ਕਿ ਕਿਸੇ ਕੌਮ ਯਾ ਕਿਸੇ ਭਾਈਚਾਰੇ ਯਾ ਕਿਸੇ ਮੁਲਕ ਯਾ ਕਿਸੇ ਇਕ ਆਦਮੀ ਨੂੰ ਉਸ ਦੇ ਅਸਲੀ ਹੱਕ ਤਦ ਹੀ ਮਿਲਦੇ ਹਨ ਕਿ ਜਦ ਉਹ ਉਨ੍ਹਾਂ ਨੂੰ ਸਾਂਭਣ ਦੇ ਲਾਇਕ ਹੋ ਜਾਵੇ।
ਸਰਕਾਰ ਅੰਗਰੇਜ਼ੀ ਮੰਨਦੀ ਹੈ ਕਿ ਸੈਲਫ਼ ਗਵਰਨਮੈਂਟ ਯਾ ਹੋਮ ਰੂਲ ਅਰਥਾਤ ਅੰਗਰੇਜ਼ੀ ਬਾਦਸ਼ਾਹੀ ਦੇ ਨਾਲ ਸ਼ਾਮਲ ਰਹਿ ਕੇ ਆਪਣੀ ਹਕੂਮਤ ਤੇ ਆਪਣੇ ਮੁਲਕ ਦਾ ਇੰਤਜ਼ਾਮ ਆਪ ਕਰਨਾ ਹਿੰਦੁਸਤਾਨੀਆਂ ਦਾ ਹੱਕ ਹੈ ਪਰ ਇਹ ਹੱਕ ਮਿਲੇਗਾ ਤਦ ਕਿ ਜਦ ਇਹ ਦੇਸ਼ ਅਮਲੀ ਤੌਰ ਪਰ ਸਾਬਤ ਕਰ ਦੇਵੇ ਕਿ ਇਹ ਇਸ ਹੱਕ ਨੂੰ ਸਾਂਭਣ ਦੇ ਲਾਇਕ ਹੈ। ਇਕ ਨਾਬਾਲਿਗ ਬੱਚਾ ਆਪਣੀ ਜਾਇਦਾਦ ਦਾ ਹੱਕਦਾਰ ਹੁੰਦਾ ਹੈ ਪਰ ਉਸ ਨੂੰ ਉਸ ਉੱਪਰ ਪੂਰਾ ਅਖਤਿਆਰ ਤਦ ਮਿਲਦਾ ਹੈ ਕਿ ਜਦ ਉਹ ਸਿਆਣਾ ਹੋ ਜਾਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਨੂੰ ਏਥੋਂ ਤਕ ਵਡਿਆਈ ਬਖਸ਼ੀ ਕਿ ਇਕ ਵਾਰ ਆਪ ਨੇ ਪੰਥ ਦੀ ਅਸਲੀ ਸਪਿਰਿਟ ਯਾ ਅੰਦਰਲਾ ਤੇਜ ਵੇਖਣ ਵਾਸਤੇ ਅਤੇ ਆਮ ਦੁਨੀਆਂ ਉੱਪਰ ਅਸਲੀਅਤ ਜ਼ਾਹਿਰ ਕਰਨ ਵਾਸਤੇ ਦਾਦੂ ਜੀ ਦੀ ਸਮਾਧ ਨੂੰ ਤੀਰ ਨਾਲ ਸਲਾਮ ਕੀਤਾ, ਇਸ ਪਰ ਉਸ ਖ਼ਾਲਸਾ ਜੀ ਨੇ ( ਜੋ ਆਪਣੀ ਖਲੜੀ ਉਤਾਰ ਕੇ ਕਲਗ਼ੀਆਂ ਵਾਲੇ ਜੀ ਦੇ ਚਰਨਾਂ ਹੇਠ ਵਿਛਾ ਦੇਣ ਨੂੰ ਤਿਆਰ ਸੀ) ਡਾਢੀ ਇਖ਼ਲਾਕੀ ਦਲੇਰੀ ਤੋਂ ਕੰਮ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜਿਆਂ ਵਿਚ ਖੜ੍ਹਾ ਕਰ ਕੇ ਤਨਖਾਹੀਆ ਕੀਤਾ। ਗ਼ਰੀਬ ਨਿਵਾਜ਼ ਗੁਰੂ ਨੇ ਖ਼ਾਲਸੇ ਦਾ ਹੁਕਮ ਮੰਨਿਆ। ਜਦ ਇਹ ਸਭ ਕੁਛ ਅਮਲੀ ਤੌਰ ਪਰ ਸਾਬਤ ਹੋ ਗਿਆ ਤਦ ਆਖਿਰ ਜੋਤੀ ਜੋਤਿ ਸਮਾਉਣ ਸਮੇਂ ਸਤਿਗੁਰੂ ਜੀ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥ ਨੂੰ ਗੁਰੂ ਪਦਵੀ ਬਖਸ਼ੀ। ਗੋਯਾ ਇਲਮੀ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਯਾ ਗੁਰਬਾਣੀ ਜਿਸ ਦੇ ਅਨੁਸਾਰ ਖਾਲਸਾ ਪੰਥ ਅਮਲ ਕਰੇ, ਇਸ ਲਈ ਅਮਲੀ ਗੁਰੂ ਖਾਲਸਾ ਪੰਥ।
ਕੋਈ ਥੋੜ੍ਹੀ ਸਮਝ ਵਾਲਾ ਸੱਜਣ ਇਹ ਸ਼ੰਕਾ ਨਾ ਕਰੋ ਕਿ ਗੁਰੂ ਦੋ ਹਿੱਸਿਆਂ ਵਿਚ ਕਿਸ ਤਰ੍ਹਾਂ ਵੰਡਿਆ ਗਿਆ। ਉਹ ਨੁਕਤਾਚੀਨ ਇਹ ਦ੍ਰਿਸ਼ਟਾਂਤ ਚੇਤੇ ਕਰ ਲਵੇ वि त्तिम उां मुझे री मरवात (Provincial Government) भडे ਸਾਰੇ ਹਿੰਦੁਸਤਾਨ ਦੀ ਸਰਕਾਰ (Government of India) ਇਹ ਸਭ ਅੰਗ ਇਕੋ ਬਾਦਸ਼ਾਹੀ ਦੇ ਹਨ। ਸੱਚ ਤਾਂ ਇਹ ਹੈ ਕਿ ਚੌਂਕੀਦਾਰ ਤੋਂ ਲੈ ਕੇ ਬਾਦਸ਼ਾਹ ਤਕ ਤਮਾਮ ਸਰਕਾਰੀ ਕਰਮਚਾਰੀਆਂ ਨੂੰ ਮਿਲਾ ਕੇ ਅਤੇ ਸਾਰੀ ਬਨਾਵਟ (Constitu- tion) ਜਿਸ ਵਿਚ ਕੁਲ ਕਾਨੂੰਨ ਤੇ ਸਰਕਾਰੀ ਸਕੀਮਾਂ ਆਦਿ ਆ ਜਾਂਦੀਆਂ ਹਨ, ਇਹ ਸਭ ਕੁਝ ਮਿਲਾ ਕੇ ਇਕ ਪੂਰੀ ਗਵਰਨਮੈਂਟ ਬਣਦੀ ਹੈ ਪਰ ਕੋਈ ਇਕ ਆਦਮੀ ਆਪਣੇ ਆਪ ਨੂੰ ਸਾਰੀ ਬਾਦਸ਼ਾਹੀ ਦਾ ਇਕੱਲਾ ਜ਼ਿੰਮੇਵਾਰ ਨਹੀਂ ਕਹਾ ਸਕਦਾ। ਬਸ, ਗੁਰੂ ਦਾ ਭਾਵ ਗੁਰੂ ਦੀ ਸਪਿਰਿਟ, ਗੁਰੂ ਦੀ ਆਤਮਕ ਮੂਰਤ, ਯਾ ਗੁਰੂ ਦੇ ਸਾਰੇ ਕਾਨੂੰਨ ਅਤੇ ਹੁਕਮ, ਇਹ ਸਭ ਕੁਝ ਗੁਰਬਾਣੀ ਵਿੱਚ ਹਨ। ਖਾਲਸਾ ਪੰਥ ਇਸ ਅਟੱਲ ਕਾਨੂੰਨ ਨੂੰ ਮੰਨਦਾ ਹੋਇਆ ਏਸੇ ਅਨੁਸਾਰ ਆਪਣੇ ਧਰਮ ਦਾ ਪ੍ਰਚਾਰ ਤੇ ਆਪਣਾ ਕੌਮੀ ਇੰਤਜ਼ਾਮ ਕਰ ਸਕਦਾ ਹੈ। ਗੁਰੂ-ਆਸ਼ੇ ਦਾ ਪ੍ਰਚਾਰ ਕਰਨ ਵਾਸਤੇ ਨਵੀਂ ਤੋਂ ਨਵੀਂ ਕਾਢ ਭੀ ਕੱਢ ਸਕਦਾ ਹੈ ਪਰ ਗੁਰਬਾਣੀ ਦੇ ਅਸਲ ਭਾਵ ਤੋਂ ਬਾਹਰ ਨਹੀਂ ਹੋ ਸਕਦਾ। ਮੁੱਕਦੀ ਗੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਅੰਮ੍ਰਿਤ ਛਕਣ ਸਮੇਂ ਪੰਥ ਨੂੰ ਅਸੂਲਨ ਗੁਰੂ ਰੂਪ ਤਸਲੀਮ ਕਰ ਲਿਆ ਤੇ ਆਪਣੇ ਜੋਤੀ ਜੋਤਿ ਸਮਾਉਣ ਸਮੇਂ ਬਾਕਾਇਦਾ ਰਸਮ ਭੀ ਅਦਾ ਕਰ ਦਿੱਤੀ। ਕਈ ਸੱਜਣ ਪੁੱਛਿਆ ਕਰਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹੀ ਗਈ ਸੀ, ਅੱਗੋਂ ਪੰਜ ਗੁਰੂ ਹੋਰ ਕਿਉਂ ਹੋਏ? ਇਸ ਦਾ ਉੱਤਰ ਉੱਪਰ ਆ ਚੁੱਕਾ ਹੈ ਕਿ ਅੱਗੇ ਪੰਥ ਪੂਰੀ ਤਰ੍ਹਾਂ ਮੁਕੰਮਲ ਨਹੀਂ ਸੀ ਹੋਇਆ। ਪਰ ਇਹ ਸੱਚ ਹੈ ਕਿ ਗੁਰਬਾਣੀ ਦਾ ਇਹ ਉੱਚਾ ਦਰਜਾ ਗੁਰੂ ਜੀ ਮੁੱਢ ਤੋਂ ਹੀ ਮੰਨ ਚੁੱਕੇ ਸਨ ਕਿ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥੫॥
(ਰਾਗੁ ਨਟ ਨਾਰਾਇਣ ਮ: ੪, ਪੰਨਾ ੯੮੨)
ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥
(ਰਾਗੁ ਕਾਨੜਾ ਮ: ੪, ਪੰਨਾ ੧੩੦੯)
ਗੁਰ ਮੂਰਤਿ ਗੁਰ ਸਬਦੁ ਹੈ…।
(ਵਾਰਾਂ ਭਾਈ ਗੁਰਦਾਸ ਜੀ ੨੪:੨੫) ਕਈ ਸੱਜਣ ਆਖਿਆ ਕਰਦੇ ਹਨ ਕਿ ਗੁਰੂ ਦੀ ਮੂਰਤ ਪੁਜਣੀ ਚਾਹੀਦੀ ਹੈ,
ਸੋ ਉਨ੍ਹਾਂ ਦੇ ਉੱਤਰ ਵਿਚ ਭਾਈ ਗੁਰਦਾਸ ਜੀ ਦਾ ਉਕਤ ਬਚਨ ਬੜਾ ਹੀ ਠੀਕ ਹੈ। ਏਥੋਂ ਤਕ ਇਹ ਸਾਬਤ ਹੋ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ ਗੁਰੂਆਂ ਨੇ ਕਿਸ ਤਰ੍ਹਾਂ ਖਾਲਸਾ ਕੌਮ ਤੇ ਮੁਕੰਮਲ ਧਰਮ ਦੀ ਬਨਾਵਟ ਨੂੰ ਸਿਰੇ ਚਾੜ੍ਹਿਆ। ਆਖਰ ਮੁਕੰਮਲ ਧਰਮ ਪੁਸਤਕ ਅਤੇ ਹਰ ਕਿਸਮ ਦੀ ਰਹੁ-ਰੀਤ ਬਣਾ ਕੇ ਅਤੇ ਖੁਦ ਅਮਲੀ ਤੌਰ ਪਰ ਹਰ ਕਿਸਮ ਦੇ ਪੂਰਨੇ ਪਾ ਕੇ ਫੇਰ ਇਸ ਧਾਰਮਿਕ ਤੇ ਆਤਮਿਕ ਹਕੂਮਤ ਨੂੰ ਕੌਮ ਦੇ ਸਪੁਰਦ ਕਰ ਦਿੱਤਾ।
ਵਿਚਾਰਨ ਦੀ ਲੋੜ ਹੈ ਕਿ ਸਤਿਗੁਰੂਆਂ ਨੇ ਹਰ ਕਿਸਮ ਦੀ ਸੇਵਾ ਆਪਣੇ ਹੱਥੀਂ ਕੀਤੀ। ਹਰ ਮੁਸ਼ਕਲ ਦੇ ਵੇਲੇ ਕੈਦਾਂ ਤਕ ਕੱਟ ਕੇ (ਦੇਖੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲ੍ਹੇ ਵਿਚ ਜਾਣਾ) ਆਪਣੀ ਅੰਦਰਲੀ ਮਜ਼ਬੂਤੀ ਨੂੰ ਦਸ ਗੁਣਾ ਵੱਧ ਸਾਬਤ ਕਰ ਕੇ ਦੱਸਿਆ। ਅਸਲੀ ਪਰਉਪਕਾਰ ਕਰ ਕੇ ਦੱਸੇ। ਅਕਬਰ ਜਿਹੇ ਬਾਦਸ਼ਾਹ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਉਂਦੇ ਹਨ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਚਾਰ ਤੇ ਹਰ ਪਾਸੇ ਵਾਹਿਗੁਰੂ ਦੇ ਸੱਚੇ ਪ੍ਰੇਮ ਦਾ ਰੰਗ ਤੇ ਸੰਸਾਰ ਦੀ ਭਾਈਚਾਰਕ ਸੇਵਾ ਦਾ ਨਜ਼ਾਰਾ ਦੇਖ ਕੇ ਬਾਦਸ਼ਾਹ ਦਾ ਦਿਲ ਇਕ ਹੈਰਾਨੀ ਤੇ ਖੁਸ਼ੀ ਦੇ ਉਛਾਲੇ ਵਿਚ ਆ ਜਾਂਦਾ ਹੈ। ਲੰਗਰ ਲਈ ਬਹੁਤ ਸਾਰੀ ਮਾਇਆ ਦੇਣ ਲਈ ਬੇਨਤੀ ਕੀਤੀ। ਸਤਿਗੁਰੂ ਨੇ ਆਗਿਆ ਦਿੱਤੀ ਕਿ ਇਸ ਦੇਸ਼ ਵਿਚ ਸਖ਼ਤ ਕਾਲ ਪੈ ਰਿਹਾ ਹੈ, ਪਸ਼ੂ ਚਾਰੇ ਵੱਲੋਂ ਤੇ ਮਨੁੱਖ ਅੰਨ ਵੱਲੋਂ ਤਰਸ ਰਹੇ ਹਨ, ਖਾਸ ਕਰਕੇ ਗ਼ਰੀਬ ਜ਼ਿਮੀਂਦਾਰ ਮੁਸੀਬਤ ਵਿਚ ਹਨ। ਇਸ ਕਾਰਨ ਇਸ ਸਾਲ ਲਈ ਜ਼ਮੀਨਾਂ ਦਾ ਲਗਾਨ ਬਿਲਕੁਲ ਮੁਆਫ਼ ਕਰ ਦਿਉ ਤੇ ਹੋਰ ਭੀ ਹਰ ਤਰ੍ਹਾਂ ਦੀ ਸਹਾਇਤਾ ਕਰੋ।
ਗੁਰੂ ਕੇ ਲੰਗਰ ਨੂੰ ਅਕਾਲ ਪੁਰਖ ਦਾ ਆਸਰਾ ਹੈ। ਸਤਿਗੁਰੂ ਜੀ ਨੇ ਇਹ ਆਪਣੇ ਲੰਗਰ ਦਾ ਨੁਕਸਾਨ ਕੀਤਾ, ਹਾਲਾਂਕਿ ਉਹ ਭੀ ਉਨ੍ਹਾਂ ਦਾ ਕੋਈ ਨਿੱਜ ਦਾ ਕੰਮ ਨਹੀਂ ਸੀ ਪਰ ਫੇਰ ਭੀ ਆਮ ਦੇਸ਼ ਦੀ ਸੇਵਾ ਨੂੰ ਚੰਗਾ ਸਮਝਿਆ। ਦੇਸ਼ ਵਿਚ ਵੱਸਣ ਵਾਲੇ ਸਭ ਹਿੰਦੂ ਮੁਸਲਮਾਨਾਂ ਦਾ ਭਲਾ ਕੀਤਾ। ਸ੍ਰੀ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਕਸ਼ਮੀਰੀ ਹਿੰਦੂਆਂ ਦੀ ਪੁਕਾਰ ਪਰ ਆਪਣਾ ਸੀਸ ਦੇ ਦਿੱਤਾ। ਹਾਲਾਂਕਿ ਉਹ ਆਪਣੇ ਆਪ ਨੂੰ ਹਿੰਦੂਆਂ ਮੁਸਲਮਾਨਾਂ ਤੋਂ ਵੱਖਰਾ ਯਾ ਸਭ ਦਾ ਸਾਂਝਾ ਸਮਝਦੇ ਸਨ। ਜਿਹਾ ਕਿ:
ਨਾ ਹਮ ਹਿੰਦੂ ਨ ਮੁਸਲਮਾਨ॥ (ਭੈਰਉ ਮ: ੫, ਪੰਨਾ ੧੧੩੬)
ਉਥੇ ਇਸ ਲਈ ਸਿਰ ਨਹੀਂ ਸੀ ਦਿੱਤਾ ਗਿਆ ਕਿ ਹਿੰਦੂਆਂ ਦੇ ਜਨੇਊ ਕਿਉਂ ਉਤਰ ਰਹੇ ਹਨ ਸਗੋਂ ਭਾਵ ਇਹ ਸੀ ਕਿ ਇਕ ਜ਼ਾਲਮ ਗਰੀਬਾਂ ਉੱਪਰ ਕਿਉਂ ਜੁਲਮ ਕਰ ਰਿਹਾ ਹੈ। ਜੇ ਕੋਈ ਹਿੰਦੂ ਬਾਦਸ਼ਾਹ ਜਰਵਾਣਾ ਹੁੰਦਾ ਤੇ ਉਹ ਮੁਸਲਮਾਨਾਂ ਉੱਪਰ ਜ਼ੁਲਮ ਕਰਦਾ ਤਾਂ ਗੁਰੂ ਤੇਗ਼ ਬਹਾਦਰ ਜੀ ਮੁਸਲਮਾਨਾਂ ਦੀ ਸਹਾਇਤਾ ਭੀ ਉਸੇ ਤਰ੍ਹਾਂ ਦਿਲ ਨਾਲ ਕਰਦੇ, ਜਿਸ ਤਰ੍ਹਾਂ ਕਿ ਹਿੰਦੂਆਂ ਦੀ ਕੀਤੀ। ਆਪਣੇ ਚੇਲਿਆਂ ਤੇ ਆਪਣੀਆਂ ਉਮਤਾਂ ਲਈ ਕੁਰਬਾਨੀ ਬਹੁਤ ਬਜ਼ੁਰਗਾਂ ਨੇ ਕੀਤੀ ਹੋਵੇਗੀ ਪਰ ਦੂਜਿਆਂ ਵਾਸਤੇ ਕਦੇ ਕਿਸੇ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਸਦਕੇ ਨਹੀਂ ਕੀਤਾ। ਜਿਹਾ ਕਿ ਸਿੱਖ ਗੁਰੂ ਕਰਦੇ ਆਏ। ਇਸ ਛੋਟੀ ਜੇਹੀ ਪੁਸਤਕ ਵਿਚ ਸਾਰੀਆਂ ਗੱਲਾਂ ਤਾਂ ਨਹੀਂ ਆ ਸਕਦੀਆਂ ਪਰ ਅਸੀਂ ਇਹ ਆਖ ਸਕਦੇ ਹਾਂ ਕਿ ਦਸ ਗੁਰੂ ਸਾਡੀ ਰਾਹਬਰੀ ਲਈ ਅਟੱਲ ਤੇ ਅਨੋਖੇ ਪੂਰਨੇ ਪਾ ਗਏ, ਜਿਸ ਦਾ ਫ਼ਖ਼ਰ ਅਸੀਂ ਰਹਿੰਦੀ ਦੁਨੀਆਂ ਤਕ ਕਰਾਂਗੇ।
ਮੈਂ ਇਥੇ ਯੋਗ ਸਮਝਦਾ ਹਾਂ ਕਿ ਕੁਛ ਉਹ ਪਵਿੱਤਰ ਵਾਕ ਲਿਖ ਦੇਵਾਂ ਕਿ ਜਿਨ੍ਹਾਂ ਤੋਂ ਖਾਲਸਾ ਜੀ ਦੀ ਉਸ ਮਹਿਮਾ ਦਾ ਪਤਾ ਲੱਗੇ ਕਿ ਜਿਸ ਦੀ ਝਲਕ ਦਸਮ ਪਿਤਾ ਦੇ ਸੀਨੇ ਵਿੱਚ ਸੀ :
ਜਾਗਤਿ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ, ਗੋਰ, ਮੜੀ, ਮਟ ਭੂਲ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ॥
ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨਿਖਾਲਸ ਜਾਨੈ॥ (ਤੇਤੀ ਸਵੈਯੇ)
ਇਕ ਵਾਰ ਜਦ ਖਾਲਸੇ ਦੀ ਮਹਿਮਾ ਦੇਖ ਕੇ ਇਕ ਪੰਡਤ ਨੇ ਹੈਰਾਨੀ ਤੇ ਗੁੱਸਾ ਜ਼ਾਹਰ ਕੀਤਾ, ਉਸ ਦੇ ਉੱਤਰ ਵਿੱਚ ਗੁਰੂ ਜੀ ਨੇ ਪੰਥ ਦੀ ਉਪਮਾ ਕੀਤੀ :
ਜੁੱਧ ਜਿਤੇ ਇਨਹੀ ਕੇ ਪ੍ਰਸਾਦਿ, ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ, ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨਹੀ ਕੇ ਪ੍ਰਸਾਦਿ ਸੁਬਿਦਿਆ ਲਈ, ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀ ਮੋ ਸੇ ਗਰੀਬ ਕਰੋਰ ਪਰੇ॥੨॥
ਸੇਵ ਕਰੀ ਇਨਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਤ ਨੀਕੋ॥
ਆਗੈ ਫਲੈ ਇਨਹੀ ਕੋ ਦਯੋ, ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
ਮੋ ਗ੍ਰਹ ਮੈ ਤਨ ਤੇ ਮਨ ਤੇ, ਸਿਰ ਲਉ ਧਨ ਹੈ ਸਭ ਹੀ ਇਨਹੀ ਕੋ॥੩॥
ਚਟਪਟਾਇ ਚਿਤ ਮੈ ਜਰਿਓ ਤ੍ਰਿਣ ਜਿਉ ਕ੍ਰੋਧਤ ਹੋਇ॥
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਵ ਜੂ ਰੋਇ॥੪॥
ਇਹ ਬਾਣੀ ਦਸਮ ਗ੍ਰੰਥ ਵਿਚ ਤੇਤੀ ਸਵੱਯਾਂ ਤੋਂ ਅੱਗੇ ਲਿਖੀ ਹੋਈ ਹੁੰਦੀ ਹੈ।
ਏਥੋਂ ਪਤਾ ਲੱਗ ਸਕਦਾ ਹੈ ਕਿ ਖਾਲਸਾ ਜੀ ਦੀ ਵਡਿਆਈ ਸੁਣ ਕੇ ਤੇ ਇਸ ਧਾਰਮਿਕ ਪਾਤਸ਼ਾਹੀ ਨੂੰ ਸਾਂਝੇ ਤੇ ਕੌਮੀ ਹੱਥਾਂ ਵਿਚ ਆਉਂਦਾ ਦੇਖ ਕੇ ਸ਼ਖਸੀ ਹਕੂਮਤ ਦੇ ਭੁੱਖੇ ਬ੍ਰਾਹਮਣ ਸਬੰਧੀ “ਦਯੋ ਮਿਸ੍ਵ ਜੂ ਰੋਇ” ਦੇ ਗੁਰਵਾਕ ਅਨੁਸਾਰ ਕਿਸ ਤਰ੍ਹਾਂ ਰੋ ਕੇ ਗਿਆ। ਬ੍ਰਾਹਮਣ ਦੇ ਇਸ ਰੋਣ ਦਾ ਜ਼ਿਕਰ ‘ਭਗਤ ਰਤਨਾਵਲੀ’ ਵਿਚ ਭੀ ਆਇਆ ਹੈ। ਜਿਹਾ ਕਿ ਸਿੱਖਾਂ ਨੇ ਪੁਸ਼ਨ ਕੀਤਾ, ਸਾਹਿਬਾਂ ਖਾਲਸੇ ਨੂੰ ਵਡਿਆਈ ਤੇ ਗੁਰਿਆਈ ਬਖਸ਼ੀ। ਬ੍ਰਾਹਮਣਾਂ ਕਿਉਂ ਰੋਇ ਦਿੱਤਾ? ਭਾਈ ਮਨੀ ਸਿੰਘ ਕਹਿਆ :
“ਬ੍ਰਾਹਮਣ ਵੇਦ ਪਾਠ ਤੇ ਦੇਹ ਅਭਿਮਾਨੀ ਕਰਮ ਕਾਂਡੀ ਸੇ ਦਸਵੇਂ ਪਾਤਸ਼ਾਹ ਖਾਲਸੇ ਨੂੰ ਗੁਰਿਆਈ ਬਖਸ਼ੀ।” (ਸਾਖੀ ੧੩੮)
ਗੁਰੂ ਸਰੂਪ ਖਾਲਸਾ ਹਈਏ। ਜਿਨ ਕੀ ਟਹਿਲ ਪਰਮ ਸੁਖ ਲਹੀਏ।
(ਰਹਿਤਨਾਮਾ ਭਾਈ ਦੇਸਾ ਸਿੰਘ)
ਖ਼ਾਲਸਾ ਨੂੰ ਗੁਰਿਆਈ ਦੇਣ ਦੀ ਆਖ਼ਰੀ ਰਸਮ
ਜਦ ਕਲਗ਼ੀਧਰ ਜੀ ਦੀ ਸ਼ਹੀਦੀ ਦਾ ਸਮਾਂ ਆਇਆ ਤਦੋਂ ਹਜ਼ੂਰ ਸਾਹਿਬ ਦੇ ਪਵਿੱਤਰ ਅਸਥਾਨ ਪਰ ਖਾਲਸੇ ਨੂੰ ਬਾਕਾਇਦਾ ਗੁਰਿਆਈ ਦੇਣ ਦੀ ਆਖ਼ਰੀ ਰਸਮ ਅਦਾ ਕੀਤੀ ਗਈ, ਜਿਸ ਨੂੰ ‘ਗੁਰ ਪ੍ਰਤਾਪ ਸੂਰਜ’, ਰੁਤ ੬, ਅਧਿਆਏ ੪੧ ਵਿਚ ਵੀ ਚੰਗੀ ਤਰ੍ਹਾਂ ਖੋਲ੍ਹ ਕੇ ਦੱਸਿਆ ਹੈ। ਹੋਰ ਸਿੱਖ ਇਤਿਹਾਸਕਾਰਾਂ ਤੇ ਮਿਸਟਰ ਮੈਕਾਲਫ਼ ਆਦਿ ਪ੍ਰਦੇਸੀ ਲਿਖਾਰੀਆਂ ਨੇ ਇਸ ਤੋਂ ਬਿਨਾਂ ਜਿਥੇ ਕਿਤੇ ਭੀ ਕਿਸੇ ਸਿਆਣੇ ਹਿੰਦੂ, ਮੁਸਲਮਾਨ ਆਦਿ ਲਿਖਾਰੀਆਂ ਨੇ ਇਹ ਮਜ਼ਮੂਨ ਲਿਖਿਆ ਹੈ ਉਥੇ ਸਭ ਨੇ ਹੀ ਇਸ ਸਚਾਈ ਨੂੰ ਮੰਨਿਆ ਹੈ। ਇਸ ਤੋਂ ਕਿਸੇ ਭੀ ਸਿਆਣੇ ਨੇ ਇਨਕਾਰ ਨਹੀਂ ਕੀਤਾ, ਇਸ ਲਈ ਇਹ ਸਿਧਾਂਤ ਸਰਬ ਤੰਤਰ ਸਿਧਾਂਤ ਹੈ ਅਰਥਾਤ ਅਮਰ ਮਸੱਲਮਾ ਯਾ ਮੰਨੀ ਪ੍ਰਮੰਨੀ ਗੱਲ ਹੈ। ਇਸ ਪਰ ਭਾਈ ਸੰਤੋਖ ਸਿੰਘ ਕਰਤਾ ‘ਗੁਰ ਪ੍ਰਤਾਪ ਸੂਰਜ’ ਦਾ ਕਥਨ ਹੈ:
ਸ੍ਵੈਯਾ ਛੰਦ॥
ਦਯਾ ਸਿੰਘ ਅਰੁ ਧਰਮ ਸਿੰਘ ਜੀ ਮਾਨ ਸਿੰਘ ਤੀਜੋ ਬਰ ਬੀਰ।
ਸੰਗਤ ਸਿੰਘ ਸੰਤ ਸਿੰਘ ਪੰਚਮ, ਤਿਨਹੁਂ ਬਿਨਾਯੋ ਦੇ ਕਰ ਧੀਰ।
ਗੁਰਤਾ ਅਰਪਨਿ ਲਗੇ ਖਾਲਸੇ ਪੰਚ ਸਿੰਘ ਤਹਿ ਸੋਹਿ ਸ਼ਰੀਰ।
ਪੰਚਹੁਂ ਮਹਿ ਨਿਤ ਵਰਤਤਿ ਮੈਂ ਹੋ ਪੰਚ ਮਿਲਹਿਂ ਸੇ ਪੀਰਨ ਪੀਰ॥੨॥
ਇਮ ਪਾਂਚਨ ਕੀ ਮਹਿਮਾਂ ਕਹਿ ਕੈ ਤੀਨ ਪ੍ਰਕ੍ਰਮਾ ਫਿਰਿ ਕਰ ਦੀਨਿ
ਅਰਪੇ ਸ਼ਸਤ੍ਰ ਜਿਗਾ ਅਰੁ ਕਲਗੀ ਨਿਜ ਕਰ ਤੇ ਸਿਰ ਬੰਧਨਿ ਕੀਨ॥
(ਅਧਿਆਇ ੪੧)
ਅਰਥਾਤ ਭਾਈ ਧਰਮ ਸਿੰਘ ਆਦਿ ਪੰਜ ਮੁਖੀ ਸਿੰਘਾਂ ਨੂੰ (ਜੋ ਉਸ ਸਮੇਂ ਪੰਥ ਵਿਚ ਮੰਨੇ-ਪ੍ਰਮੰਨੇ ਸਨ ਤੇ ਸ੍ਰੀ ਗੁਰੂ ਮਹਾਰਾਜ ਜੀ ਦੇ ਹਜ਼ੂਰ ਮੌਜੂਦ ਸਨ) ਬਾਕਾਇਦਾ ਸ਼ਸਤ੍ਰ ਪਹਿਨ ਕੇ ਤੇ ਉਨ੍ਹਾਂ ਦੀਆਂ ਪਰਕਰਮਾਂ ਕਰ ਕੇ ਵਾਹਿਗੁਰੂ ਜੀ ਦੀ ਫ਼ਤਹਿ ਬੁਲਾ ਦਿੱਤੀ।
ਬਸ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸੋਂ ਗੁਰੂ ਇਸ ਕੌਮੀ ਬੇੜੇ ਨੂੰ ਤਿਆਰ ਕਰਦੇ ਆਏ ਸਨ ਤੇ ਅੱਜ ਉਹ ਕਾਰਜ ਸਿਰੇ ਚੜ੍ਹ ਗਿਆ। ਦਸ ਸਰੂਪ ਧਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਯਾ ਬਾਕਾਇਦਾ ਮਿਸ਼ਨ ਨੂੰ ਇਕ ਲੜੀ ਵਿਚ ਪੂਰਾ ਕਰਨ ਵਾਲੇ ਦਸ ਧਾਰਮਕ ਬਾਨੀਆਂ ਦੀ ਅਣਥੱਕ ਮੇਹਨਤ ਨਾਲ ਸ਼ਖਸੀ ਹਕੂਮਤ ਦਾ ਖਾਤਮਾ ਹਮੇਸ਼ਾਂ ਲਈ ਹੋ ਗਿਆ।
ਉਸ ਤੋਂ ਪਿਛੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਪੰਥ ਵਿਚ ਜਿਤਨੇ ਫੈਸਲੇ ਹੁੰਦੇ ਆਏ ਉਹ ਸਭ ਜਮਹੂਰੀਅਤ ਅਰਥਾਤ ਸਾਂਝੀ ਪੰਥਕ ਰਾਇ ਅਨੁਸਾਰ ਹੁੰਦੇ ਆਏ। ਪੰਥ ਇਕੱਠਾ ਹੋ ਕੇ ਗੁਰਮਤਾ ਸੋਧਦਾ ਸੀ। ਪੰਥਕ ਹੁਕਮ ਗੁਰੂ ਦਾ ਹੁਕਮ ਸਮਝਿਆ ਜਾਂਦਾ ਸੀ। ਪਾਠਕ ਇਸ ਦੇ ਮੁਤਅੱਲਕ ਹੋਰ ਬਹੁਤ ਕੁਛ ‘ਪੰਥ ਪ੍ਰਕਾਸ਼’ ਆਦਿ ਇਤਿਹਾਸਕ ਪੁਸਤਕਾਂ ਵਿਚੋਂ ਪੜ੍ਹ ਸਕਦੇ ਹਨ। ਬਾਬਾ ਬੰਦਾ ਜੋ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣ ਚੁੱਕਾ ਸੀ (ਦੇਖੋ ਮਿਸਟਰ ਮੈਕਾਲਫ਼ ਦੀ ਪੰਜਵੀਂ ਕਿਤਾਬ ਵਿਚੋਂ ਬੰਦੇ ਦੇ ਸਿੱਖ ਹੋਣ ਦਾ ਪ੍ਰਸੰਗ) ਬੜਾ ਬਲਧਾਰੀ ਜੋਧਾ ਅਤੇ ਬਹਾਦਰ ਜੱਥੇਦਾਰ ਸੀ ਤੇ ਉਸ ਦੀ ਸ਼ੇਰ ਵਾਲੀ ਭਬਕ ਤੋਂ ਦੁਸ਼ਮਣਾਂ ਦੇ ਕਲੇਜੇ ਬਰਾ ਜਾਂਦੇ ਸਨ। ਉਸ ਨੇ ਤਲੀ ਉੱਪਰ ਸਿਰ ਰੱਖ ਕੇ ਗੁਰੂ-ਪੰਥ ਲਈ ਕੀਤਾ ਭੀ ਬਹੁਤ ਕੁਛ ਸੀ ਪਰ ਖਾਲਸਾ ਜਮਹੂਰੀਅਤ ਦੀ ਖੂਬੀ ਦੇਖੋ ਕਿ ਉਸ ਨੂੰ ਭੀ ਗਿਆਰਵਾਂ ਗੁਰੂ ਕਹਾਉਣ ਪਰ ਧੱਕੇ ਮਾਰ ਦਿੱਤੇ ਗਏ।
ਬੱਸ ਇਹ ਸੱਚ ਹੈ ਆਪਣੀ ਥਾਂ ਹਰ ਇਕ ਸਿੱਖ, ਸਿੱਖ ਹੈ ਪਰ ਪੰਥ ਯਾ ਖਾਲਸਾ ਸੰਗਤ ਗੁਰੂ ਰੂਪ ਹੈ। ਭਾਵੇਂ ਸੰਗਤ ਅਤੇ ਖਾਲਸਾ ਪੰਥ ਨੂੰ ਪੂਰੀ ਵਡਿਆਈ ਤੇ ਸਾਰੇ ਹੱਕ ਤਾਂ ਦਸਮ ਪਾਤਸ਼ਾਹ ਵੇਲੇ ਹੀ ਮਿਲੇ ਹਨ ਪਰ ਸੰਗਤ ਦਾ ਅਦਬ ਅਦਾਬ ਪਹਿਲੇ ਗੁਰੂਆਂ ਸਮੇਂ ਭੀ ਕਾਫ਼ੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੁਕਮ वै:
…ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥
(ਮਾਚ ਮ: ੪, ਪੰਨਾ ੯੪)
ਗੁਰ-ਮੰਤਰ
ਲੋਕਾਂ ਨੂੰ ਇਹ ਖਿਆਲ ਬੜਾ ਹੀ ਬਣਿਆ ਰਹਿੰਦਾ ਹੈ ਕਿ ਜਦ ਤੋੜੀ ਗੁਰ ਮੰਤਰ ਨਾ ਲਿਆ ਜਾਵੇ ਤਦ ਤਕ ਸਿੱਖ ਦੇ ਸਾਰੇ ਕਰਮ ਧਰਮ ਨਿਸਫਲ ਜਾਂਦੇ ਹਨ।
ਇਹ ਗੱਲ ਭਾਵੇਂ ਕਿਸੇ ਹੱਦ ਤਕ ਠੀਕ ਹੋਵੇ ਪਰ ਇਸ ਵਿਚ ਸ਼ੱਕ ਨਹੀਂ ਕਿ ਇਸ ਦੇ ਅਰਥ ਬੜੇ ਹੀ ਉਲਟੇ ਲਏ ਜਾਂਦੇ ਹਨ। ਕੋਈ ਸੰਤ ਯਾ ਹੋਰ ਮੰਨਿਆ ਹੋਇਆ ਸੱਜਣ ਕਿਸੇ ਇਸਤ੍ਰੀ, ਪੁਰਸ਼ ਨੂੰ ਇਕੱਲਿਆਂ ਕਰਕੇ ਕੰਨ ਵਿਚ ਕੌਈ ਲਫ਼ਜ਼ ਵਾਹਿਗੁਰੂ ਯਾ ਓਅੰ ਸੋਹੰ ਯਾ ਕੋਈ ਹੋਰ ਵਾਕ ਫੂਕ ਮਾਰ ਕੇ ਸੁਣਾ ਦਿੰਦਾ ਹੈ ਤੇ ਕਹਿ ਦਿੰਦਾ ਹੈ ਇਹ ਗੁਰ-ਮੰਤਰ ਹੈ ਪਰ ਪੁੱਛਣ ਵਾਲੇ ਉਸ ਕੋਲੋਂ ਇਹ ਨਹੀਂ ਪੁੱਛਦੇ ਕਿ ਇਹ ਤਾਂ ਗੁਰ ਮੰਤਰ ਹੈ ਪਰ ਬਾਕੀ ਗੁਰਬਾਣੀ ਕੀ ਚੀਜ਼ ਹੈ? ਕਿਉਂਕਿ ਸਤਿਗੁਰੂ ਦੀ ਆਗਿਆ ਹੈ ਕਿ “ਵਿਚਿ ਬਾਣੀ ਅੰਮ੍ਰਿਤੁ ਸਾਰੇ” ਅਰਥਾਤ ਸਾਰੀ ਬਾਣੀ ਵਿਚ ਹੀ ਅੰਮ੍ਰਿਤ ਹੈ ਨਾ ਕੇਵਲ ਕਿਸੇ ਇਕ ਤੁਕ ਯਾ ਇਕ ਲਫ਼ਜ਼ ਵਿਚ।
ਮੰਤਰ ਦਾ ਅਰਥ ਹੈ ਕਿਸੇ ਕਿਸਮ ਦੀ ਸਲਾਹ ਯਾ ਮਸ਼ਵਰਾ। ਜਿਸ ਤਰ੍ਹਾਂ ਅੱਜ ਕੱਲ ਉਰਦੂ, ਫ਼ਾਰਸੀ ਵਿਚ ਲਫਜ਼ ਮਸ਼ੀਰ ਤੇ ਅੰਗਰੇਜ਼ੀ ਵਿਚ ਐਡਵਾਈਜ਼ਰ (Adviser) ਵਰਤਿਆ ਜਾਂਦਾ ਹੈ, ਸੰਸਕ੍ਰਿਤ ਭਾਸ਼ਾ ਵਿਚ ਉਸ ਦੀ ਥਾਂ ਲਫ਼ਜ਼ ਮੰਤ੍ਰੀ ਵਰਤਿਆ ਜਾਂਦਾ ਹੈ ਜਿਸ ਦਾ ਮਤਲਬ ਸਲਾਹ ਯਾ ਮਸ਼ਵਰਾ ਦੇਣ ਵਾਲਾ ਹੁੰਦਾ ਹੈ। ਇਸ ਤੋਂ ਬਿਨਾਂ ਮੰਤਰ ਦਾ ਅਰਥ ਅਜੀਬ ਜਿਹਾ ਤਰੀਕਾ ਤੇ ਢੰਗ ਭੀ ਹੈ, ਜਿਹਾ ਕਿ ਹਰਨ ਭਰਨ ਜਾ ਕਾ ਨੇਤੂ ਫੋਰੁ ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥
(ਗਉੜੀ ਸੁਖਮਨੀ ਮ: ੫, ਪੰਨਾ ੨੮੪ )
ਭਾਵ ਵਾਹਿਗੁਰੂ ਇਕ ਅੱਖ ਦੇ ਫ਼ਰਕ ਵਿਚ ਦੁਨੀਆਂ ਨੂੰ ਢਾਹ ਉਸਾਰ ਸਕਦਾ ਹੈ, ਉਸ ਵਾਲਾ ਢੰਗ ਕੋਈ ਹੋਰ ਨਹੀਂ ਜਾਣਦਾ। ਬੱਸ ਗੁਰੂ ਦੀ ਸਲਾਹ, ਗੁਰੂ ਦਾ ਤਰੀਕਾ, ਗੁਰੂ ਦਾ ਢੰਗ ਇਹ ਸਭ ਕੁਛ ਗੁਰਬਾਣੀ ਵਿਚ ਹੈ ਤੇ ਉਸ ਦਾ ਸਹਾਇਕ ਗੁਰੂ ਦਾ ਅਮਲੀ ਜੀਵਨ ਹੈ। ਸੋ ਗੁਰਬਾਣੀ ਤੇ ਉਸ ਦੇ ਅਨੁਸਾਰ ਗੁਰੂ ਦੇ ਜੀਵਨ ਤੇ ਕਾਰਨਾਮਿਆਂ ਨੂੰ ਵਿਚਾਰ ਕੇ ਉਸ ਦੇ ਅਨੁਸਾਰ ਚਲਣਾ ਗੁਰ-ਮੰਤਰ ਨੂੰ ਕਮਾਉਣਾ वै।
ਸਵਾਲ – ਗੁਰਬਾਣੀ ਵਿੱਚ ਲਿਖਿਆ ਹੈ ਕਿ :
ਮੰਤ੍ਰੁ ਰਾਮ ਰਾਮ ਨਾਮੰ॥
(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੭)
ਕੀ ਇਹ ਸਾਫ ਅਰਥ ਨਹੀਂ, ਰਾਮ ਰਾਮ ਹੀ ਮੰਤਰ ਹੈ?
ਉੱਤਰ- ਫੇਰ ‘ਅੱਲਾਹ’, ‘ਖੁਦਾ’, ‘ਵਾਹਿਗੁਰੂ’ ਆਦਿ ਰੱਬ ਦੇ ਅਨੇਕਾਂ ਨਾਮਾਂ ਨੂੰ ਕੀ ਆਖੋਗੇ? ਗੁਰੂ ਜੀ ਤਾਂ ਰੱਬ ਦੇ ਕਿਸੇ ਇਕ ਨਾਮ ਨੂੰ ਕਿਸੇ ਇਕ ਦੂਜੇ ਨਾਲੋਂ ਘੱਟ ਵੱਧ ਆਖ ਕੇ ਲਫ਼ਜ਼ੀ ਝਗੜਾ ਪਾਉਣ ਨੂੰ ਤਿਆਰ ਹੀ ਨਹੀਂ, ਕਿਉਂਕਿ ਉਨ੍ਹਾਂ ਦਾ ਕਥਨ ਹੈ: “ਅਲਹ ਰਾਮ ਕੇ ਪਿੰਡੁ ਪਰਾਨ” (ਭੈਰਉ ਮ: ੫), ਰਾਮ ਨਾਮ ਮੰਤਰ ਆਖਣ ਤੋਂ ਭਾਵ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਮੰਤ੍ਰੁ ਹੈ, ਅਰਥਾਤ ਉਸ ਨਾਲ ਪਿਆਰ ਕਰਨਾ ਤੇ ਉਸ ਦੇ ਭਾਣੇ ਅਨੁਸਾਰ ਚੱਲਣਾ, ਸਤਿਗੁਰੂ ਦੀ ਬਾਣੀ ਪੜ੍ਹ ਕੇ ਉਸ ਵਿਚੋਂ ਉਸ ਦਾ ਰਸਤਾ ਵੀਚਾਰਨਾ, ਇਹ ਸਭ ਕੁਝ ਉਸ ਮੰਤਰ ਦਾ ਜਾਪ ਹੈ, ਰਾਮ ਤੋਂ ਛੁੱਟ ਜਿੱਥੇ ਕਿਸੇ ਹੋਰ ਲਫ਼ਜ਼ ਨੂੰ ਮੰਤਰ ਯਾ ਗੁਰ-ਮੰਤਰ ਆਖਿਆ ਗਿਆ ਹੋਵੇ, ਉਥੇ ਭੀ ਉਸ ਕਥਨ ਦਾ ਇਹ ਹੀ ਭਾਵ ਹੁੰਦਾ ਹੈ।
ਕਈ ਇਕ ਮੁਲਕੀ ਤੇ ਕੁਦਰਤੀ ਕਾਰਨਾਂ ਕਰਕੇ (ਕਿ ਜਿਨ੍ਹਾਂ ਦਾ ਤਅੱਲਕ ਦੇਸ਼, ਕੌਮ ਅਤੇ ਬੋਲੀ ਦੇ ਇਤਿਹਾਸ ਨਾਲ ਹੈ) ਖ਼ਾਲਸੇ ਦਾ ਕੌਮੀ ਬੋਲਾ ਵਾਹਿਗੁਰੂ” ਸ਼ਬਦ ਬਣ ਚੁਕਿਆ ਹੈ ਪਰ ਅੱਲਾਹ, ਖੁਦਾ, ਰਾਮ ਆਦਿ ਲਫ਼ਜ਼ਾਂ ਨਾਲ ਭੀ ਵੈਰ ਕੋਈ ਨਹੀਂ।
ਹੁਣ ਰਹੀ ਗੱਲ ਇਹ ਕਿ ਹਰ ਇਕ ਵਿਵਹਾਰ ਵਿਚ ਰਸਮ ਦੀ ਜ਼ਰੂਰਤ ਹੈ। ਸਿਪਾਹੀ ਬਹੁਤ ਸਾਰੀ ਉਮਰ ਫੌਜ ਵਿਚ ਸੇਵਾ ਕਰਦਾ ਹੈ, ਤਦੋਂ ਇਕ ਦਿਨ ਖਾਸ ਰਸਮ ਅਦਾ ਕੀਤੀ ਜਾਂਦੀ ਹੈ, ਅਰਥਾਤ ਚੰਗੇ ਸ਼ਸਤ੍ਰ ਬਸਤਰ ਪਹਿਨ ਕੇ ਤੇ ਸਾਰੀ ਫੌਜ ਦੇ ਸਾਹਮਣੇ ਖੜਾ ਕਰਕੇ ਕਸਮ ਖੁਆਈ ਜਾਂਦੀ ਹੈ ਕਿ ਮੈਂ ਬਾਦਸ਼ਾਹ ਦਾ ਵਫਾਦਾਰ ਸਿਪਾਹੀ ਰਹਾਂਗਾ।
ਇਹ ਸਭ ਨੂੰ ਪਤਾ ਹੁੰਦਾ ਹੈ ਕਿ ਫਲਾਣਾ ਖੁਸ਼ਕਿਸਮਤ ਆਦਮੀ ਬਾਦਸ਼ਾਹੀ ਦਾ ਹੱਕਦਾਰ ਹੈ ਪਰ ਫੇਰ ਭੀ ਇਕ ਦਿਨ ਕਾਰੋਨੇਸ਼ਨ (Caronation) ਯਾ ਤਾਜਪੋਸ਼ੀ ਦੀ ਰਸਮ ਅਦਾ ਕੀਤੀ ਜਾਂਦੀ ਹੈ। ਏਸੇ ਤਰ੍ਹਾਂ ਸਭ ਨੂੰ ਪਤਾ ਹੁੰਦਾ ਹੈ ਕਿ ਅਮਕੇ ਲੜਕੇ ਲੜਕੀ ਦਾ ਨਾਤਾ ਹੋ ਚੁੱਕਿਆ ਹੈ ਪਰ ਫੇਰ ਭੀ ਇਕ ਦਿਨ ਜ਼ਰੂਰੀ ਰਸਮ ਅਦਾ ਕਰਨੀ ਪੈਂਦੀ ਹੈ, ਅਰਥਾਤ ਬਾਕਾਇਦਾ ਵਿਆਹ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸਿੱਖੀ ਵਿਚ ਦਾਖ਼ਲ ਹੋਣ ਅਰਥਾਤ ਗੁਰ-ਮੰਤਰ ਦੀ ਪੂਰੀ ਜ਼ੁੰਮੇਵਾਰੀ ਸਿਰ ‘ਤੇ ਉਠਾਉਣ ਲਈ ਇਕ ਰਸਮ ਹੋਣੀ ਜ਼ਰੂਰੀ ਹੈ। ਸੋ ਦਸਮ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕੇ ਅੱਜ ਤਕ ਖੰਡੇ ਦਾ ਅੰਮ੍ਰਿਤ ਪ੍ਰਚਲਤ ਹੈ, ਬਸ ਉਹ ਛਕਣਾ ਜ਼ਰੂਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਖੁਦ ਪੂਰਨ ਗੁਰੂ ਸਨ ਪਰ ਫੇਰ ਭੀ ਇਸ ਅਸੂਲ ਦੀ ਮਹਿਮਾ ਦੱਸਣ ਵਾਸਤੇ ਉਨ੍ਹਾਂ ਨੇ ਖੁਦ ਅੰਮ੍ਰਿਤ ਛਕਿਆ। ਬਸ, ਜਦ ਅੰਮ੍ਰਿਤ ਛਕ ਕੇ ਜ਼ਾਹਿਰਾ ਰਸਮ ਅਦਾ ਹੋ ਗਈ, ਫੇਰ ਹੋਰ ਵੱਖਰਾ ਗੁਰ-ਮੰਤਰ ਲੈਣ ਦੀ ਲੋੜ ਹੀ ਕੀ ਰਹੀ? ਇਕ ਸੱਜਣ ਨੇ ਲਿਖਿਆ ਹੈ ਕਿ ਅੰਮ੍ਰਿਤ ਤਾਂ ਕੌਮੀ ਮਜ਼ਬੂਤੀ ਵਾਸਤੇ ਹੈ ਪਰ ਧਾਰਮਕ ਤਰੱਕੀ ਵਾਸਤੇ ਗੁਰ-ਮੰਤਰ ਵਾਲੀ ਰਸਮ ਹੀ ਜ਼ਰੂਰੀ ਹੈ। ਅਜੇਹੇ ਭਰਾਵਾਂ ਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਖਾਲਸਾ ਧਰਮ ਨੂੰ ਮੁਕੰਮਲ ਆਖਿਆ ਹੀ ਤਦ ਜਾ ਸਕਦਾ ਹੈ ਕਿ ਜਦ ਇਹ ਮਜ਼੍ਹਬ ਅਤੇ ਕੌਮੀਅਤ ਦੇ ਸਾਂਝੇ ਰੰਗ ਵਿਚ ਢਲ ਚੁਕਿਆ ਹੋਵੇ ਕਿਉਂਕਿ ਸਾਡੀ ਕੌਮੀਅਤ ਦਾ ਕਾਰਨ ਹੀ ਧਰਮ ਦੀ ਏਕਤਾ ਹੈ ਨਾ ਕਿ ਕੋਈ ਖਾਸ ਨਸਲ ਯਾ ਦੇਸ਼, ਜਿਹਾ ਕਿ ਰਾਜਪੂਤਾਂ ਦੀ ਇਕ ਕੌਮ ਹੈ, ਇਸ ਕੌਮੀਅਤ ਦਾ ਸਬੱਬ ਇਹ ਹੈ ਕਿ ਉਹ ਸਭ ਇਕ ਨਸਲ ਤੋਂ ਹਨ।
ਅਮਰੀਕਾ ਵਿਚ ਕਈ ਮੁਲਕਾਂ ਤੋਂ ਗਏ ਹੋਏ ਲੋਕ ਮੌਜੂਦ ਹਨ ਪਰ ਉਨ੍ਹਾਂ ਦੀ ਇਕ ਕੌਮ ਕੇਵਲ ਇਸ ਕਾਰਨ ਬਣ ਚੁੱਕੀ ਹੈ ਕਿ ਉਹ ਸਭ ਇਕ ਦੇਸ਼ ਵਿਚ ਰਹਿੰਦੇ ਹਨ ਤੇ ਸਾਰੇ ਦੇ ਸਾਰੇ ਯੂਰਪ ਵਿਚੋਂ ਗਏ ਹਨ। ਅਜੇਹੇ ਮੁਲਕੀ ਕਾਰਨਾਂ ਕਰਕੇ ਉਨ੍ਹਾਂ ਦੀ ਕੌਮ ਬਣ ਚੁੱਕੀ ਹੈ। ਪਰ ਖਾਲਸਾ ਕੌਮੀਅਤ ਕੇਵਲ ਸਤਿਗੁਰਾਂ ਦੇ ਬਖਸ਼ੇ ਹੋਏ ਧਰਮ ਦੇ ਆਸਰੇ ਹੀ ਬਣੀ ਹੈ, ਏਥੇ ਧਾਰਮਕ ਤੇ ਕੌਮੀ ਰਸਮ ਇਕੋ ਹੀ ਹੋਵੇਗੀ, ਇਸ ਲਈ ਅੰਮ੍ਰਿਤ ਛਕਾਉਣ ਦਾ ਤਅੱਲਕ ਧਰਮ ਅਤੇ ਕੌਮੀਅਤ ਨਾਲ ਇਕੋ ਜਿਹਾ ਹੈ। ਜਦ ਅੰਮ੍ਰਿਤ ਛਕਾਉਣ ਵਿਚ ਬਾਣੀ ਦਾ ਉਚਾਰਨ ਹੁੰਦਾ ਹੈ, ਵਾਹਿਗੁਰੂ ਜੀ ਦੀ ਫ਼ਤਹ ਤੇ ਵਾਹਿਗੁਰੂ ਜੀ ਦਾ ਖਾਲਸਾ ਹੋਣ ਦਾ ਐਲਾਨ ਕੀਤਾ ਜਾਂਦਾ ਹੈ ਤੇ ਉਪਦੇਸ਼ ਖਾਲਸ ਧਾਰਮਕ ਹੁੰਦੇ ਹਨ, ਫਿਰ ਦੱਸੋ, ਏਥੇ ਕੇਹੜਾ ਧਾਰਮਕ ਘਾਟਾ ਬਾਕੀ ਰਹਿ ਗਿਆ ਕਿ ਜਿਸ ਲਈ ਕਈ ਹੋਰ ਰਸਮ ਅਦਾ ਕਰਨੀ ਪਈ?
ਸਾਧ ਸੰਤ
ਕਈ ਲੋਕੀਂ ਕਈ ਸੱਜਣਾਂ ਨੂੰ ਗੁਰੂ ਤਾਂ ਨਹੀਂ ਆਖਦੇ ਹਨ ਪਰ ਉਨ੍ਹਾਂ ਨੂੰ ਸਾਧ ਯਾ ਸੰਤ ਆਖ ਕੇ ਉਹੋ ਜਿਹਾ ਸ਼ਖਸੀ ਗੁਰੂ-ਡੰਮ੍ਹ ਕਾਇਮ ਕਰ ਲੈਂਦੇ ਹਨ। ਉਨ੍ਹਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯਾ ਪੁਰਾਣੇ ਸਿੱਖ ਧਰਮ ਪੁਸਤਕਾਂ ਵਿਚ ਜਿਥੇ ਭੀ ਸਾਧ ਸੰਤ ਆਦਿ ਪਦ ਬਹੁਤ ਵਡਿਆਈ ਤੇ ਉਪਮਾ ਸਹਿਤ ਆਏ ਹਨ ਉਥੇ ਹੀ ਇਨ੍ਹਾਂ ਦਾ ਅਰਥ ਗੁਰੂ ਹੈ। ਜਿਹਾ ਕਿ ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਸਮੇਂ ਦਾ ਨਕਸ਼ਾ ਖਿੱਚਦੇ ਹੋਏ ਲਿਖਦੇ ਹਨ :
ਬਾਝੁ ਦਇਆ ਬਲਹੀਣ ਹੋਉ ਨਿਘਰੁ ਚਲੌ ਰਸਾਤਲਿ ਟੋਆ।….
ਥੰਮੇ ਕੋਇ ਨ ਸਾਧੁ ਬਿਨੁ, ਸਾਧੁ ਨ ਦਿਸੈ ਜਗਿ ਵਿਚ ਕੋਆ।
(ਵਾਰ ੧, ਪਉੜੀ ੨੨)
ਏਥੇ ਸਾਫ ਦੱਸਿਆ ਹੈ ਕਿ ਧਰਤੀ ਗ਼ਰਕ ਹੋ ਰਹੀ ਸੀ ਸੋ ਇਸ ਨੂੰ ਥੰਮਣ ਹਿਤ ਸਾਧ ਦੀ ਲੋੜ ਸੀ ਪਰ ਸਾਧ ਦੁਨੀਆਂ ਵਿਚ ਕੋਈ ਦਿਸਦਾ ਨਹੀਂ ਸੀ। ਹੁਣ ਦੱਸੋ ਲੱਖਾਂ ਕੰਠੀ-ਧਾਰੀ ਬੈਰਾਗੀਆਂ ਦੇ ਹੁੰਦਿਆਂ, ਕੰਨ-ਪਾਟੇ ਯੋਗੀ ਦਲਾਂ ਦੇ ਹੁੰਦੇ ਸੁੰਦੇ ਤੇ ਸੰਨਿਆਸੀਆਂ ਦੇ ਟੋਲਿਆਂ ਦੀ ਮੌਜੂਦਗੀ ਵਿਚ ਭਾਈ ਗੁਰਦਾਸ ਜੀ ਨੂੰ ਕਿਉਂ ਆਖਣਾ ਪਿਆ ਕਿ ਤਦ ਸਾਧ ਕੋਈ ਨਹੀਂ ਸੀ? ਕੀ ਉਸ ਵੇਲੇ ਕਬਰਾਂ ਵਿਚ ਬੈਠ ਕੇ ਸਮਾਧੀਆਂ ਲਾਉਣ ਵਾਲੇ ਤੇ ਮਾਲਾ ਫੇਰਨ ਵਾਲੇ ਅਤੇ ਭੇਖ ਧਾਰਨ ਵਾਲੇ ਸੱਜਣਾਂ ਦਾ ਘਾਟਾ ਸੀ? ਲਉ ਉੱਪਰ ਦੱਸੀ ਪਉੜੀ ਦੇ ਨਾਲ ਦੀ ਅਗਲੀ ਪਉੜੀ ਦੀ ਪਹਿਲੀ ਤੁਕ ਵਿਚ ਦੱਸਿਆ ਹੈ ਕਿ :
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
(ਵਾਰ ੧, ਪਉੜੀ ੨੩)
ਅਰਥਾਤ ਉਹ ਦੀਨ ਦੁਨੀਆਂ ਦਾ ਸਹਾਰਾ ਸਾਧ (ਸ੍ਰੀ ਗੁਰੂ ਨਾਨਕ) ਸੰਸਾਰ ਵਿਚ ਪ੍ਰਗਟ ਹੋਇਆ।
ਏਥੇ ਸਾਫ ਸਾਬਤ ਹੋ ਗਿਆ ਹੈ ਕਿ ਸਾਧ ਕੇਵਲ ਗੁਰੂ ਨੂੰ ਹੀ ਆਖਿਆ ਗਿਆ ਹੈ ਨਾ ਕਿ ਹੋਰ ਆਮ ਮਹਾਤਮਾ ਨੂੰ। ਇਸ ਤੋਂ ਬਿਨਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਕ ਸ਼ਬਦ ਰਾਗ ਮਾਝ ਵਿਚ ਮੌਜੂਦ ਹੈ ਕਿ “ਮੇਰਾ ਮਨੁ ਲੋਚੈ”, ਇਸ ਸ਼ਬਦ ਦੀਆਂ ਚਾਰ ਪਉੜੀਆਂ ਹਨ। ਇਹ ਪ੍ਰਸਿੱਧ ਹੈ ਕਿ ਤਿੰਨ ਚਿੱਠੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਲਿਖੀਆਂ ਸਨ, ਤੇਹਾਂ ਚਿੱਠੀਆਂ ਵਿਚ ਸ਼ਬਦਾਂ ਦੀਆਂ ਤਿੰਨ ਪਉੜੀਆਂ ਲਿਖੀਆਂ ਗਈਆਂ, ਚੌਥੀ ਪਉੜੀ ਦਰਸ਼ਨ ਹੋਣ ਪਰ ਉਚਾਰਨ ਕੀਤੀ। ਇਹ ਪ੍ਰਸੰਗ ਆਮ ਹੈ ਤੇ ਇਸ ਦਾ ਸਭ ਸੱਜਣਾਂ ਨੂੰ ਪਤਾ ਹੈ। ਇਸ ਸ਼ਬਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੰਤ ਆਖਿਆ ਹੈ, ਜਿਹਾ ਕਿ
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥
(ਮਾਝ ਮ: ੫, ਪੰਨਾ ੯੬)
ਬਸ ਇਸ ਸ਼ਬਦ ਵਿਚ ਸੰਤ ਅਤੇ ਗੁਰੂ ਦਾ ਪਦ ਇਕੋ ਅਰਥਾਂ ਵਿਚ ਹੀ ਵਰਤਿਆ ਗਿਆ ਹੈ। ਅਸਲ ਗੱਲ ਇਹ ਹੈ ਕਿ ਜਿਥੇ ਭੀ ਸਾਧ ਸੰਤ ਪਦ ਬੜੀ ਮਹਿਮਾ ਤੇ ਉਪਮਾ ਦੇ ਲਹਿਜੇ ਵਿਚ ਵਰਤੇ ਜਾਣ, ਉਥੇ ਇਨ੍ਹਾਂ ਦੇ ਅਰਥ ਗੁਰੂ ਵਾਲੇ ਹੀ ਹੁੰਦੇ ਹਨ। ਸੁਖਮਨੀ ਸਾਹਿਬ ਵਿਚ ਭੀ ਹੁਕਮ ਹੈ:
ਅਰਪਿ ਸਾਧ ਕਉ ਅਪਨਾ ਜੀਉ॥
(ਗਉੜੀ ਸੁਖਮਨੀ ਮ: ੫, ਪੰਨਾ ੨੮੩)
ਏਥੇ ਸਾਧ ਉਸ ਨੂੰ ਮੰਨਿਆ ਹੈ, ਕਿ ਜਿਸ ਨੂੰ ਆਪਣਾ ਮਨ ਅਰਪ ਸਕੀਏ, ਸੋ ਮਨ ਗੁਰੂ ਦੀ ਹੀ ਭੇਟਾ ਹੋ ਸਕਦਾ ਹੈ। ਇਹ ਗੱਲ ਪਿੱਛੇ ਚੰਗੀ ਤਰ੍ਹਾਂ ਲਿਖੀ ਜਾ ਚੁੱਕੀ ਹੈ। ਬਸ ਸਾਧ ਸੰਤ ਅਤੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸ ਸਰੂਪ ਹੀ ਹਨ। ਇਸ ਵਿਚ ਸ਼ੱਕ ਨਹੀਂ ਕਿ ਜਿਸ ਤਰ੍ਹਾਂ ਗੁਰੂ ਪਦ ਕਈ ਜਗ੍ਹਾ ਹੋਰ ਅਰਥਾਂ ਵਿਚ ਵਰਤਿਆ ਗਿਆ ਹੈ, ਇਸੇ ਤਰ੍ਹਾਂ ਸਾਧ ਸੰਤ ਭੀ ਕਈ ਥਾਈਂ ਆਮ ਭਲੇ ਲੋਕਾਂ ਨੂੰ ਆਖਿਆ ਗਿਆ ਹੈ। ਜਿਹਾ ਕਿ :
ਸਾਧੋ ਮਨ ਕਾ ਮਾਨੁ ਤਿਆਗਉ ॥
(ਗਉੜੀ ਮਹਲਾ ੯, ਪੰਨਾ ੨੧੯)
ਇਸ ਥਾਂ ਸਾਧ ਪਦ ਇਸ ਤਰ੍ਹਾਂ ਵਰਤਿਆ ਗਿਆ ਹੈ ਕਿ ਜਿਸ ਤਰ੍ਹਾਂ ਕੋਈ ਇਕ ਜਗ੍ਹਾ ਭਾਈ ਅਤੇ ਪਿਆਰੇ ਆਖ ਕੇ ਉਪਦੇਸ਼ ਕੀਤਾ ਗਿਆ ਹੈ। ਏਥੇ ਦੱਸਿਆ ਹੈ ਕਿ ਸਾਧੋ ਮਨ ਦਾ ਮਾਨ ਛੱਡੋ, ਗੋਯਾ ਜਿਨ੍ਹਾਂ ਦੇ ਮਨ ਵਿਚ ਅਜੇ ਮਾਨ ਹੈ ਤੇ ਜਿਨ੍ਹਾਂ ਨੂੰ ਅਜੇ ਉਪਦੇਸ਼ ਦੀ ਲੋੜ ਹੈ ਏਥੇ ਉਨ੍ਹਾਂ ਨੂੰ ਸਾਧ ਆਖਿਆ ਗਿਆ ਹੈ ਅਤੇ ਜਿਥੇ ਇਹ ਲਿਖਿਆ ਹੋਵੇ ਕਿ ਸਾਧ ਯਾ ਸੰਤ ਨੂੰ ਤਨ ਮਨ ਦੇਂਦਾ ਹਾਂ, ਉਥੇ ਸਾਧ ਸੰਤ ਆਦਿ ਪਦਾਂ ਦਾ ਅਰਥ ਇਹ ਕਦੇ ਨਹੀਂ ਹੋ ਸਕਦਾ ਕਿ ਜਿਹੜਾ ਨੌਵੇਂ ਪਾਤਸ਼ਾਹ ਜੀ ਦੇ ਸ਼ਬਦ ਵਿਚ ਆਇਆ ਹੈ। ਮੁੱਕਦੀ ਗੱਲ ਜਿਸ ਥਾਂ ਸਾਧ ਸੰਤ ਆਦਿ ਪਦ ਬਹੁਤ ਵਡਿਆਈ ਤੇ ਮਹਿਮਾ ਸਮੇਤ ਆਏ ਹੋਣ ਉਥੇ ਇਨ੍ਹਾਂ ਦਾ ਅਰਥ ਗੁਰੂ ਹੀ ਹੈ, ਜਿਥੇ ਇਹ ਪਦ ਆਮ ਸਾਧਾਰਨ ਤਰੀਕੇ ਵਿਚ ਵਰਤੇ ਹੋਣ ਉਥੇ ਇਨ੍ਹਾਂ ਦਾ ਅਰਥ ਹੁੰਦਾ ਹੈ ਭਲੇ ਲੋਕ।
ਮਿਸਟਰ ਮੈਕਾਲਿਫ਼ ਆਦਿ ਸਿਆਣੇ ਸੱਜਣਾਂ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਦੇ ਅਰਥ ਕਰਦਿਆਂ ਹੋਇਆਂ ਸਾਧ ਪਦ ਦਾ ਅਰਥ ਭਲੇ ਲੋਕ ਹੀ ਕੀਤਾ ਹੈ ਪਰ ਇਹ ਚੇਤੇ ਰੱਖੋ ਕਿ ਇਹ ਸਾਧ ਸੰਤ ਆਦਿ ਪਦ ਕਿਸੇ ਇਕ ਆਦਮੀ ਦੇ ਨਾਮ ਨਾਲ ਲਾ ਦੇਣੇ ਨਿਹਾਇਤ ਗ਼ਲਤੀ ਹੈ, ਕਿਉਂਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਆਦਮੀ ਬੜਾ ਨੇਕ ਹੈ। ਪਰ ਕਿਸੇ ਦੇ ਨਾਮ ਨਾਲ ਨੇਕ ਲਫ਼ਜ਼ ਲਾ ਕੇ ਉਸ ਨੂੰ ਕਦੇ ਨਹੀਂ ਬੁਲਾਇਆ ਗਿਆ, ਇਹ ਕਦੇ ਕਿਸੇ ਨੂੰ ਨਹੀਂ ਆਖਿਆ ਗਿਆ ਕਿ “ਨੇਕ ਰਾਮ ਸਿੰਘ ਜੀ ਰੋਟੀ ਖਾਣ ਜਾ ਰਹੇ ਹਨ।” ਜਿਸ ਤਰ੍ਹਾਂ ਨੇਕ ਪਦ ਕਿਸੇ ਇਕ ਨਾਮ ਨਾਲ ਇਕ ਲਕਬ ਦੀ ਸ਼ਕਲ ਵਿਚ ਵਰਤਣਾ ਅਯੋਗ ਹੈ, ਏਸੇ ਤਰ੍ਹਾਂ ਸੰਤ ਅਤੇ ਸਾਧ ਭੀ ਕਿਸੇ ਦੇ ਨਾਮ ਨਾਲ ਜੋੜ ਦੇਣਾ ਵੱਡੀ ਭੁੱਲ ਹੈ। ਨਾਲ ਹੀ ਇਹ ਭੀ ਗੱਲ ਸੋਚਣ ਵਾਲੀ ਹੈ ਕਿ ਕੌਮ ਵਿਚੋਂ ਚੰਦ ਆਦਮੀਆਂ ਨੂੰ ਸਾਧ ਸੰਤ ਖਿਤਾਬ ਦੇ ਦੇਣਾ ਉਤਨਾ ਹੀ ਖਤਰਨਾਕ ਹੈ ਕਿ ਜਿਤਨਾ ਕਿਸੇ ਕਿਸਮ ਦਾ ਭੇਖ ਧਾਰਨਾ। ਜਿਸ ਤਰ੍ਹਾਂ ਓਪਰੀ ਜਹੀ ਕਿਸਮ ਦੇ ਕੱਪੜੇ ਪਾ ਕੇ ਹਰ ਇਕ ਚਾਲਾਕ ਆਦਮੀ ਆਪਣੀ ਪੂਜਾ ਕਰਵਾ ਸਕਦਾ ਹੈ ਏਸੇ ਤਰ੍ਹਾਂ ਉਹ ਆਪਣੇ ਆਪ ਨੂੰ ਸਾਧ ਸੰਤ ਕਹਾ ਕੇ ਭੀ ਭਲੇ- ਮਾਣਸ ਤੇ ਸਿੱਧੇ-ਸਾਦੇ ਲੋਕਾਂ ਨੂੰ ਧੋਖਾ ਦੇ ਸਕਦਾ ਹੈ। ਗੁਰੂ ਕੇ ਸਿੱਖ ਭਾਈ ਹਨ, ਵੱਡੇ ਤੇ ਯੋਗ ਭਰਾਵਾਂ ਦਾ ਸਤਿਕਾਰ ਜ਼ਰੂਰ ਕਰੋ ਪਰ ਉਨ੍ਹਾਂ ਨੂੰ ਸਾਧ ਸੰਤ ਆਦਿ ਕੋਈ ਵੱਖਰਾ ਲਕਬ ਦੇ ਕੇ ਆਮ ਕੌਮ ਤੇ ਸਿੱਖ ਭਾਈਚਾਰੇ ਨਾਲੋਂ ਵੱਖਰਾ ਮਤ ਕਰੋ। ਭੇਖ ਹਰ ਤਰ੍ਹਾਂ ਦਾ ਬੁਰਾ ਹੈ, ਭਾਵੇਂ ਕੱਪੜੇ ਦਾ ਹੋਵੇ ਤੇ ਭਾਵੇਂ ਲਫ਼ਜ਼ਾਂ ਦਾ। ਸਾਰੀ ਕੌਮ ਵਿਚੋਂ ਇਕ ਖਾਸ ਟੋਲੇ ਨੂੰ ਸਾਧ ਸੰਤ ਆਖ ਕੇ ਚੇਤੇ ਕਰਨਾ ਇਹ ਇਕ ਕਿਸਮ ਦਾ ਲਫ਼ਜ਼ੀ ਭੇਖ ਹੈ।
ਫੁਟਕਲ ਗੱਲਾਂ
ਕਈ ਸੱਜਣ ਪੁੱਛਿਆ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਭੀ ਗੁਰੂ ਸਨ ਕਿ ਨਹੀਂ? ਉਨ੍ਹਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਸੂਰਜ ਦੇ ਨਾ ਹੋਣ ਸਮੇਂ ਦੀਵਾ ਹੀ ਸੂਰਜ ਹੋਇਆ ਕਰਦਾ ਹੈ ਪਰ ਸੂਰਜ ਦੇ ਚੜ੍ਹ ਆਉਣ ਪਰ ਉਸ ਦੀ ਕੋਈ ਪੁੱਛ-ਪ੍ਰਤੀਤ ਨਹੀਂ। ਇਸੇ ਤਰ੍ਹਾਂ ਜੇਹੜੇ ਲੋਕ ਅਸਲ ਸਤਿਗੁਰੂ ਦੇ ਸਿੱਖ ਨਹੀਂ ਬਣੇ ਉਹ ਪਏ ਆਮ ਮਹਾਤਮਾਂ ਨੂੰ ਗੁਰੂ ਆਖਣ ਯਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਕਹਿੰਦੇ ਹੋਣ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੀ ਕਈ ਜਗ੍ਹਾ ਪੁਰਾਣੇ ਖਿਆਲ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਆਮ ਰਿਸ਼ੀਆਂ ਮੁਨੀਆਂ ਨੂੰ ਉਨ੍ਹਾਂ ਦੇ ਆਪਣੇ-ਆਪਣੇ ਚੇਲਿਆਂ ਦੇ ਗੁਰੂ ਆਖਿਆ ਗਿਆ ਹੈ ਪਰ ਇਸ ਤਰ੍ਹਾਂ ਦੇ ਗੁਰੂ ਹੋਣ ਦੀ ਲੋੜ ਤਦ ਹੁੰਦੀ ਹੈ ਕਿ ਜਦ ਤਕ ਅਸਲ ਗੁਰੂ ਦਾ ਪ੍ਰਕਾਸ਼ ਨਾ ਹੋਇਆ ਹੋਵੇ। ਗੁਰਮਤਿ ਅਨੁਸਾਰ ਧਰਮ ਦੇ ਬਾਨੀ ਦਾ ਨਾਮ ਹੀ ਗੁਰੂ ਹੋ ਸਕਦਾ ਹੈ, ਜੋ ਮੁਸਲਮਾਨਾਂ ਲਈ ਹਜ਼ਰਤ ਮੁਹੰਮਦ ਸਾਹਿਬ, ਹਿੰਦੂਆਂ ਲਈ ਵੇਦਾਂ ਦੇ ਕਰਤਾ ਰਿਸ਼ੀ ਹੀ ਹੋ ਸਕਦੇ ਹਨ। ਪਰ ਹਿੰਦੂ ਧਰਮ ਦਾ ਮੁੱਢ ਧੁਰ ਤੋਂ ਹੀ ਕੁਝ ਖਿੰਡਿਆ ਜਿਹਾ ਹੈ। ਇਨ੍ਹਾਂ ਵਿਚ ਜਦ ਭੀ ਕਿਸੇ ਦੀ ਚਲ ਜਾਵੇ, ਤਦੋਂ ਹੀ ਉਸ ਨੂੰ ਵੱਡੇ ਤੋਂ ਵੱਡਾ ਸਗੋਂ ਰੱਬ ਤਕ ਆਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਮੁਸਲਮਾਨਾਂ ਯਾ ਹੋਰ ਜਥੇਬੰਦ ਧਰਮਾਂ ਦੀ ਤਰ੍ਹਾਂ ਹਿੰਦੂ ਕਿਸੇ ਇਕ ਧਾਰਮਕ ਲੜੀ ਵਿਚ ਨਹੀਂ ਪਰੋਏ ਜਾ ਸਕਦੇ। ਇਹ ਇਨ੍ਹਾਂ ਲਈ ਬੜਾ ਹੀ ਘਾਟਾ ਹੈ। ਪਰ ਜਦ ਹਿੰਦੂਆਂ ਨੂੰ ਗੁਰੂ ਦੀ ਲੋੜ ਦੱਸਣੀ ਹੋਵੇ, ਤਦੋਂ ਇਹ ਕਹਿ ਸਕਦੇ ਹਾਂ ਕਿ ਆਪ ਦੇ ਬੜੇ-ਬੜੇ ਬਜ਼ੁਰਗਾਂ ਨੂੰ ਭੀ ਬਿਆਸ, ਵਿਸ਼ਿਸ਼ਟ ਆਦਿ ਰਿਸ਼ੀਆਂ ਤੋਂ ਚੰਗਾ ਕੋਈ ਹੋਰ ਗੁਰੂ ਉਨ੍ਹਾਂ ਨੂੰ ਨਹੀਂ ਮਿਲ ਸਕਦਾ ਸੀ ਪਰ ਹੁਣ ਮੁਕੰਮਲ ਧਰਮ ਦੇ ਬਾਨੀ ਸਤਿਗੁਰੂਆਂ ਦਾ ਪ੍ਰਕਾਸ਼ ਹੋ ਚੁੱਕਾ ਹੈ। ਇਸ ਲਈ ਹੁਣ ਇਨ੍ਹਾਂ ਦੀ ਸ਼ਰਨ ਵਿਚ ਆਉ। ਉਨ੍ਹਾਂ ਰਿਸ਼ੀਆਂ ਦੀ ਮਿਸਾਲ ਦੇਣ ਤੋਂ ਭਾਵ ਇਹ ਨਹੀਂ ਕਿ ਅਸੀਂ ਸ਼ਖਸੀ ਗੁਰਿਆਈ ਦੀ ਤਾਈਦ ਕਰਦੇ ਹਾਂ। ਸਿਆਣੇ ਜਾਣਦੇ ਹਨ ਕਿ ਦ੍ਰਿਸ਼ਟਾਂਤ ਦਾ ਤਾਂ ਇਕੋ ਹੀ ਅੰਗ ਲਈਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਪਉੜੀ ਆਉਂਦੀ ਹੈ ਕਿ ਜਿਸ ਨੂੰ ਪੇਸ਼ ਕਰ ਕੇ ਕਈ ਚਾਲਾਕ ਸੱਜਣ ਇਹ ਆਖਿਆ ਕਰਦੇ ਹਨ ਕਿ ਏਥੇ ਇਨ੍ਹਾਂ ਰਿਸ਼ੀਆਂ ਨੂੰ ਆਪੋ ਆਪਣੇ ਚੇਲਿਆਂ ਦੇ ਗੁਰੂ ਮੰਨਿਆ ਗਿਆ ਹੈ। ਅਜੇਹੇ ਸੱਜਣਾਂ ਲਈ ਇਹ ਉੱਪਰਲੀ ਵਿਚਾਰ ਲਿਖੀ ਗਈ ਹੈ, ਉਨ੍ਹਾਂ ਨੂੰ ਇਹ ਭੀ ਸੋਚਣਾ ਚਾਹੀਦਾ ਹੈ ਕਿ ਜੇ ਸਤਿਗੁਰੂਆਂ ਨੂੰ ਇਸ ਤਰ੍ਹਾਂ ਘਰੋ-ਘਰੀ ਦਾ ਗੁਰੂ-ਡੰਮ੍ਹ ਮਨਜ਼ੂਰ ਹੁੰਦਾ, ਤਾਂ ਖਾਲਸਾ ਪੰਥ ਸਾਜਣ ਦੀ ਲੋੜ ਹੀ ਕੀ ਸੀ? ਇਹ ਵਤੀਰਾ ਤਾਂ ਯੋਗੀਆਂ-ਸੰਨਿਆਸੀਆਂ ਆਦਿਕਾਂ ਵਿਚ ਅੱਗੇ ਹੀ ਬੜੇ ਜ਼ੋਰ ਨਾਲ ਵਰਤ ਰਿਹਾ ਸੀ।
ਕਈ ਸੱਜਣ ਪੁੱਛਿਆ ਕਰਦੇ ਹਨ ਕਿ ਜੇ ਹੁਣ ਭੀ ਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਜਿਹਾ ਮਹਾਂਪੁਰਖ ਪ੍ਰਗਟ ਹੋ ਜਾਵੇ ਤੇ ਉਸ ਵਿਚ ਉਤਨੇ ਹੀ ਉੱਚੇ ਗੁਣ ਭੀ ਹੋਣ, ਤਾਂ ਕਿਉਂ ਨਾ ਉਸ ਨੂੰ ਗੁਰੂ ਆਖਿਆ ਜਾਵੇ? ਇਸ ਦੇ ਉੱਤਰ ਵਿਚ ਬੇਨਤੀ ਹੈ ਕਿ ਯੋਗਤਾ ਅਤੇ ਪਦਵੀ ਯਾ ਕਾਬਲੀਅਤ ਅਤੇ ਦਰਜਾ ਇਹ ਦੋਵੇਂ ਚੀਜ਼ਾਂ ਵੱਖੋ ਵੱਖਰੀਆਂ ਹਨ। ਇਹ ਜ਼ਰੂਰੀ ਨਹੀਂ ਕਿ ਜਿਥੇ ਕਾਬਲੀਅਤ ਹੋਵੇ ਉਥੇ ਦਰਜਾ ਭੀ ਆਪਣੇ ਆਪ ਹੀ ਆ ਜਾਵੇ। ਜਿਸ ਤਰ੍ਹਾਂ ਇਕ ਲਾਇਕ ਆਦਮੀ ਇਕ ਤਗੜੀ ਫੌਜ ਦਾ ਜਰਨੈਲ ਹੈ, ਉਸ ਦਾ ਦਰਜਾ ਭੀ ਜਰਨੈਲੀ ਹੈ ਤੇ ਉਸ ਵਿਚ ਕਾਬਲੀਅਤ ਅਤੇ ਲਿਆਕਤ ਭੀ ਜਰਨੈਲ ਵਾਲੀ ਹੈ। ਪਰ ਜੇ ਅਜੇਹਾ ਅਮਨ ਸ਼ਾਂਤੀ ਦਾ ਸਮਾਂ ਆ ਜਾਵੇ ਕਿ ਫੌਜ ਦੀ ਲੋੜ ਹੀ ਨਾ ਪਵੇ, ਤਦ ਭਾਵੇਂ ਕਈ ਮਹਾਂਪੁਰਖ ਉਸ ਜਰਨੈਲ ਦੀ ਲਿਆਕਤ ਦੇ ਕਿਉਂ ਨਾ ਮੌਜੂਦ ਹੋਣ ਪਰ ਉਨ੍ਹਾਂ ਨੂੰ ਦਰਜਾ ਜਰਨੈਲੀ ਨਹੀਂ ਮਿਲੇਗਾ। ਦਰਜਾ ਤਦ ਮਿਲਣਾ ਚਾਹੀਦਾ ਹੈ ਕਿ ਜੇ ਲਿਆਕਤ ਭੀ ਹੋਵੇ ਅਤੇ ਮੌਕਿਆ ਭੀ ਹੋਵੇ। ਸੋ ਗੁਰੂ ਦਾ ਕੰਮ ਉੱਪਰ ਦੱਸੇ ਅਨੁਸਾਰ ਮੁਕੰਮਲ ਹੋ ਚੁੱਕਿਆ ਹੈ। ਜੇ ਕੋਈ ਇਤਨਾ ਵੱਡਾ ਮਹਾਂਪੁਰਖ ਹੁਣ ਪੈਦਾ ਭੀ ਹੋ ਜਾਵੇ ਤਾਂ ਉਹ ਪ੍ਰਚਾਰਕ ਹੋਵੇਗਾ ਨਾ ਕਿ ਗੁਰੂ, ਕਿਉਂਕਿ ਗੁਰੂ- ਪਦਵੀ ਕਿਸੇ ਮਹਾਤਮਾ ਨੂੰ ਉਸ ਦੇ ਆਪਣੇ ਸ਼ਖਸੀ ਲਾਭ ਵਾਸਤੇ ਨਹੀਂ ਮਿਲਦੀ ਸਗੋਂ ਇਹ ਪਦਵੀ ਕਿਸੇ ਯੋਗ ਮਹਾਤਮਾ ਨੂੰ ਸੰਸਾਰ ਦੇ ਭਲੇ ਹਿਤ ਮਿਲਦੀ ਹੈ। ਜਦ ਸੰਸਾਰ ਦੀ ਲੋੜ ਪੂਰੀ ਹੋ ਜਾਵੇ ਅਰਥਾਤ ਇਕ ਯੋਗ ਪੰਥ ਅਤੇ ਕੌਮ ਨੂੰ ਗੁਰੂ ਰੂਪ ਬਣਾ ਦਿੱਤਾ ਜਾਵੇ ਤੇ ਮੁਕੰਮਲ ਧਰਮ ਪੁਸਤਕ ਅਰਥਾਤ ਗੁਰੂ ਦਾ ਗਿਆਨ ਮਈ ਸਰੂਪ (ਸ੍ਰੀ ਗੁਰੂ ਗ੍ਰੰਥ ਸਾਹਿਬ) ਸਾਹਮਣੇ ਹੋਵੇ, ਫੇਰ ਕਿਸੇ ਹੋਰ ਲਈ ਗੁਰੂ-ਪਦਵੀ ਦੀ ਲੋੜ ਨਹੀਂ ਪੈਂਦੀ।
ਇਕ ਸਵਾਲ
ਜਿਸ ਤਰ੍ਹਾਂ ਡੈਮੋਕ੍ਰੈਟਿਕ ਯਾ ਸਾਂਝੀ ਭਾਈਚਾਰਕ ਗਵਰਨਮੈਂਟ ਆਪਣੇ ਕਾਨੂੰਨ ਤੇ ਬਨਾਵਟ ਵਿਚ ਅਦਲਾ-ਬਦਲੀ ਕਰ ਸਕਦੀ ਹੈ, ਕੀ ਅਸੀਂ ਭੀ ਗੁਰਬਾਣੀ ਵਿਚ ਵਾਧਾ ਘਾਟਾ ਕਰ ਸਕਦੇ ਹਾਂ?
ਉੱਤਰ- ਅਦਲਾ-ਬਦਲੀ ਉਸ ਚੀਜ਼ ਵਿਚ ਹੁੰਦੀ ਹੈ ਕਿ ਜੇਹੜੀ ਨਾ ਮੁਕੰਮਲ ਹੋਵੇ ਪਰ “ਪੂਰੇ ਕਾ ਕੀਆ ਸਭੁ ਕਿਛੁ ਪੂਰਾ”। ਇਸ ਲਈ ਧਰਮ ਸਬੰਧੀ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੂਰਤ ਵਿਚ ਮੁਕੰਮਲ ਹੋ ਚੁੱਕਿਆ ਹੈ, ਬਸ ਇਸ ਵਿਚ ਵਾਧੇ-ਘਾਟੇ ਦੀ ਲੋੜ ਨਹੀਂ। ਹਾਂ, ਖਾਲਸਾ ਪੰਥ ਨੇ ਇਸ ਨੂੰ ਯੋਗ ਤਰੀਕੇ ਅਨੁਸਾਰ ਵਰਤਣਾ वै।
ਹੋਰ ਸਵਾਲ- ਕੀ ਕੋਈ ਅਜੇਹਾ ਆਦਮੀ ਸਿੱਖ ਹੋ ਸਕਦਾ ਹੈ ਕਿ ਜੇਹੜਾ ਆਖੇ ਮੈਂ ਪੰਜਾਂ, ਅੱਠਾਂ ਯਾ ਨੌਵਾਂ ਗੁਰੂਆਂ ਦਾ ਸਿੱਖ ਹਾਂ?
ਉੱਤਰ- ਹਰਗਿਜ਼ ਨਹੀਂ, ਜੇਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ, ਉਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਮੰਨਣੇ ਪੈਣਗੇ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਉਨ੍ਹਾਂ ਨੂੰ ਗੁਰੂ ਥਾਪ ਗਏ, ਬਸ ਜੇਹੜਾ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਹੀਂ ਮੰਨਦਾ, ਉਹ ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਭੀ ਨਹੀਂ ਕਹਾ ਸਕਦਾ। ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪਿਆ। ਜੇਹੜਾ ਉਨ੍ਹਾਂ ਨੂੰ ਨਾ ਮੰਨੇ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬੇਮੁਖ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬੇਮੁਖ ਹੋਣ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭੀ ਸੇਵਕ ਨਹੀਂ। ਏਸੇ ਤਰ੍ਹਾਂ ਦਸਵੇਂ ਗੁਰੂ ਤੇ ਗ੍ਰੰਥ ਪੰਥ ਤੀਕ ਆਉ, ਜੇਹੜਾ ਕਿਸੇ ਇਕ ਤੋਂ ਇਨਕਾਰੀ ਹੈ, ਉਹ ਸਭ ਤੋਂ ਹੀ ਛੁਟੜ ਹੈ ਕਿਉਂਕਿ ਪਿੱਛੇ ਦੱਸੇ ਅਨੁਸਾਰ ਇਹ ਸਾਰੀ ਲੜੀ ਇਕ ਹੈ, ਇਹ ਸਾਰੀ ਸਕੀਮ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਹੈ।
ਉਹ ਆਦਮੀ ਬੜਾ ਹੀ ਮੂਰਖ ਹੈ ਜੇਹੜਾ ਆਖੇ ਕਿ ਮੈਂ ਲਾਰਡ ਰਿਪਨ ( ਇਹ ਸਾਹਿਬ ਉਹ ਵਾਇਸਰਾਇ ਸਨ, ਕਿ ਜਿਨ੍ਹਾਂ ਨੇ ਮਿਊਂਸੀਪਲ ਕਮੇਟੀ ਆਦਿ ਬਣਾ ਕੇ ਹਿੰਦੁਸਤਾਨੀਆਂ ਨੂੰ ਸੈਲਫ਼ ਗਵਰਨਮੈਂਟ ਦੇ ਅਨੁਸਾਰ ਹੱਕ ਦੇਣੇ ਅਰੰਭੇ) ਤਕ ਹੋ ਚੁੱਕੇ ਕੁਲ ਵਾਇਸਰਾਏ ਹਿੰਦ ਬਜ਼ੁਰਗਾਂ ਨੂੰ ਤਾਂ ਮੰਨਦਾ ਹਾਂ ਪਰ ਉਨ੍ਹਾਂ ਤੋਂ ਪਿਛੋਂ ਆਏ ਵਾਇਸਰਾਏ ਤੇ ਉਨ੍ਹਾਂ ਦੇ ਕਾਨੂੰਨ ਨੂੰ ਮੈਂ ਮੰਨਣ ਨੂੰ ਤਿਆਰ ਨਹੀਂ, ਹੁਣ ਦੱਸੋ ਕੀ ਉਹ ਆਦਮੀ ਸਰਕਾਰ ਦੀ ਯੋਗ ਪਰਜਾ ਕਹਾਉਣ ਦਾ ਹੱਕਦਾਰ ਹੈ? ਸਗੋਂ ਸਾਰੇ ਵਾਇਸਰਾਏ ਤੇ ਉਹ ਸਭ ਕਾਨੂੰਨ ਕਿ ਜੇਹੜੇ ਹੁਣ ਗਵਰਨਮੈਂਟ ਦੀ ਬਨਾਵਟ ਵਿਚ ਮੌਜੂਦ ਹਨ, ਇਹ ਸਭ ਕੁਛ ਮੰਨਣਾ ਪਵੇਗਾ।
ਏਸੇ ਤਰ੍ਹਾਂ ਦਸ ਗੁਰੂ, ਗੁਰੂ ਗ੍ਰੰਥ ਅਤੇ ਪੰਥ ਇਸ ਸਾਰੇ ਮਨੋਹਰ ਪਸਾਰੇ ਨੂੰ ਠੀਕ ਠੀਕ ਮੰਨਣ ਵਾਲਾ ਪੁਰਸ਼ ਹੀ ਸਿੱਖ ਹੋ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਉਹ ਆਦਮੀ ਸਿੱਖ ਸੀ ਕਿ ਜੋ ਉਸ ਵੇਲੇ ਤਕ ਪ੍ਰਗਟ ਹੋ ਚੁੱਕੀ ਸਿੱਖੀ ਨੂੰ ਮੰਨਦਾ ਸੀ। ਏਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਉਹ ਸਿੱਖ, ਸਿੱਖ ਸੀ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪ੍ਰਗਟ ਹੋ ਚੁਕੀ ਸਿੱਖੀ ਅੱਗੇ ਸਿਰ ਝੁਕਾਉਂਦਾ ਸੀ। ਇੱਕੁਰ ਹੀ ਦਸਮ ਪਾਤਸ਼ਾਹ ਜੀ ਦੇ ਵੇਲੇ ਯਾ ਉਨ੍ਹਾਂ ਤੋਂ ਪਿਛੋਂ ਉਹੀ ਅਸਲ ਸਿੱਖ ਹੈ ਕਿ ਜੇਹੜਾ ਪੂਰਨ ਸੂਰਤ ਵਿਚ ਜ਼ਾਹਿਰ ਹੋ ਚੁਕੀ ਸਿੱਖੀ ਨੂੰ ਪਰਵਾਨ ਕਰੋ।
ਏਥੇ ਕਿਤੇ ਇਨ੍ਹਾਂ ਝਗੜਿਆਂ ਵਿਚ ਨਾ ਜਾ ਪੈਣਾ ਕਿ ਸਰਕਾਰੀ ਆਦਮੀ ਭੁੱਲਣ- ਅੰਦਰ ਹੁੰਦੇ ਹਨ ਪਰ ਸਤਿਗੁਰੂ ਅਭੁੱਲ ਸਨ। ਭਾਈ ਖਾਲਸਾ ਜੀ! ਦ੍ਰਿਸ਼ਟਾਂਤ ਦਾ ਅੰਗ ਇਕੋ ਹੀ ਲਈਦਾ ਹੈ।
ਪ੍ਰਿਥੀ ਚੰਦ ਦਾ ਇਹ ਕਸੂਰ ਸੀ ਕਿ ਉਹ ਚਾਰ ਗੁਰੂਆਂ ਤੋਂ ਪਿੱਛੋਂ ਪੰਜਵੇਂ ਗੁਰੂ ਨੂੰ ਨਹੀਂ ਮੰਨਦਾ ਸੀ, ਉਸ ਦੀ ਜੋ ਕੁਝ ਗਤ ਬਣੀ ਉਹ ਭਾਈ ਗੁਰਦਾਸ ਜੀ ਦੀ ਬਾਣੀ ਆਦਿ ਸਿੱਖ ਗ੍ਰੰਥਾਂ ਨੂੰ ਪੜ੍ਹਨ ਵਾਲੇ ਜਾਣਦੇ ਹਨ, ਏਸੇ ਤਰ੍ਹਾਂ ਧੀਰਮਲ ਛੇ ਗੁਰੂਆਂ ਤਕ ਮੰਨਦਾ ਸੀ ਪਰ ਅੱਗੋਂ ਨਿੱਖੜ ਗਿਆ। ਏਸੇ ਤਰ੍ਹਾਂ ਰਾਮਰਾਈਏ ਸੱਤਵੇਂ ਗੁਰੂ ਤਕ ਮੰਨਦੇ ਹਨ, ਮਸੰਦ ਦਸਮ ਗੁਰੂ ਦੇ ਸਮੇਂ ਬਾਗ਼ੀ ਸਮਝੇ ਗਏ।
ਹੁਣ ਦੇਖ ਲਉ ਕਿ ਧੀਰਮੱਲੀਆਂ, ਰਾਮਰਾਈਆਂ, ਮੀਣੇ (ਪ੍ਰਿਥੀ ਚੰਦ ਤੇ ਉਸ ਦੇ ਸਿੱਖ) ਮਸੰਦਾਂ ਬਾਬਤ ਅੰਮ੍ਰਿਤ ਪ੍ਰਚਾਰ ਸਮੇਂ ਕੀ ਆਖਿਆ ਜਾਂਦਾ ਹੈ। ਇਸ ਪਰ ਨੌਵੇਂ ਯਾ ਪੰਜਾਂ ਗੁਰੂਆਂ ਤੱਕ ਦੇ ਸਿੱਖ ਕਹਾਉਣ ਵਾਲੇ ਸੱਜਣ ਖੁਦ ਸੋਚ ਲੈਣ!
ਕੁਝ ਖਾਸ ਗੱਲਾਂ
ਮੈਨੂੰ ਇਕ ਵਾਰ ਮੇਰੇ ਇਕ ਮਿੱਤਰ ਜੀ ਨੇ ਆਖਿਆ ਸੀ ਕਿ ਤੁਸੀਂ ਗੁਰਬਾਣੀ ਨੂੰ ਇਸ ਲਈ ਪੂਜਦੇ ਹੋ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪੈਦਾ ਹੋਈ ਸੰਤਾਨ ਦੀ ਪੂਜਾ ਕਿਉਂ ਨਾ ਕੀਤੀ ਜਾਵੇ?
ਮੈਂ ਅਰਜ਼ ਕੀਤੀ ਕਿ ਅਸੀਂ ਗੁਰਬਾਣੀ ਨੂੰ ਅੰਧਾ-ਧੁੰਦ ਨਹੀਂ ਮੰਨ ਰਹੇ, ਸਗੋਂ ਇਸ ਬਾਣੀ ਵਿਚ ਅਜੇਹਾ ਸਵਾਦ ਤੇ ਗਿਆਨ ਦੀਆਂ ਝਲਕਾਂ ਹਨ ਕਿ ਇਸ ਬਾਣੀ ਨੂੰ ਪੜ੍ਹ ਕੇ ਸਤਿਗੁਰੂਆਂ ਦੀ ਲਾਸਾਨੀ ਸ਼ਖਸੀਅਤ ਦਾ ਪਤਾ ਚਲਦਾ ਹੈ, ਗੋਯਾ ਬਾਣੀ ਖੁਦ ਗੁਰੂਆਂ ਦੀ ਇੱਜ਼ਤ ਕਰਵਾ ਰਹੀ ਹੈ। ਸੱਚ ਤਾਂ ਇਹ ਹੈ ਕਿ ਉਨ੍ਹਾਂ ਬਜ਼ੁਰਗਾਂ ਦਾ ਸਭ ਤੋਂ ਵੱਡਾ ਸਬੂਤ ਹੀ ਬਾਣੀ ਹੈ। ਜੇ ਬਾਣੀ ਵਿਚ ਕੋਈ ਉੱਚੀ ਸਚਾਈ ਨਾ ਹੁੰਦੀ ਤਾਂ ਅਸੀਂ ਕੇਵਲ ਇਸ ਲਈ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਹਰਗਿਜ਼ ਇਸ ਨੂੰ ਉੱਚੀ ਤੇ ਸੁੱਚੀ ਮੰਨਣ ਨੂੰ ਤਿਆਰ ਨਾ ਹੁੰਦੇ। ਸਗੋਂ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦਾ ਪਤਾ ਹੀ ਨਾ ਲੱਗਦਾ। ਬਸ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਹੀ ਇਸ ਪਰਮ ਪਵਿਤਰ ਬਾਣੀ ਦੇ ਕਾਰਨ ਬਣੇ। ਉਸ ਬਾਣੀ ਨੂੰ ਮੰਨਣ ਵਾਸਤੇ ਉਸ ਦੇ ਅਨੁਸਾਰ ਅਮਲ ਕਰਨ ਵਾਲਾ ਭਾਵੇਂ ਕੋਈ ਭੀ ਹੋਵੇ ਉਹ ਸਾਡਾ ਮਾਨ ਯੋਗ ਭਰਾ ਹੈ। ਉਸ ਤੋਂ ਵਿਰੁੱਧ ਚੱਲਣ ਵਾਲਾ ਗੁਰਸਿੱਖੀ ਤੋਂ ਬੇਮੁਖ ਹੈ ਭਾਵੇਂ ਕੋਈ ਬੇਦੀ, ਸੋਢੀ ਹੋਵੇ ਤੇ ਭਾਵੇਂ ਕੋਈ ਖਤ੍ਰੀ ਬ੍ਰਾਹਮਣ ਆਦਿ, ਇਸ ਪਰ ਵਾਧੂ ਝਗੜੇ ਦੀ ਲੋੜ ਹੀ ਨਹੀਂ।
ਕਈ ਸੱਜਣ ਆਖਿਆ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸ਼ਾਂਤੀ ਪੂਰਬਕ ਪ੍ਰਚਾਰ ਕਰਨਾ ਸੀ ਪਰ ਦਸਮ ਪਾਤਸ਼ਾਹ ਜੀ ਨੇ ਤਲਵਾਰ ਉਠਾਈ, ਇਸ ਲਈ ਉਨ੍ਹਾਂ ਦਾ ਆਸ਼ਾ ਇਕ ਨਹੀਂ ਹੋ ਸਕਦਾ ਤੇ ਨਾ ਖ਼ਾਲਸਾ ਪੰਥ ਨੂੰ ਦਸਾਂ ਗੁਰੂਆਂ ਦੀ ਮਨਸ਼ਾ ਦੇ ਮੁਤਾਬਕ ਆਖਿਆ ਜਾ ਸਕਦਾ ਹੈ। ਇਸ ਲਈ ਪਿੱਛੇ ਦੱਸੇ ਅਨੁਸਾਰ ਇਹ ਗੁਰੂ ਗ੍ਰੰਥ ਹੋ ਹੀ ਨਹੀਂ ਸਕਦਾ। ਉਨ੍ਹਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਧਰਮ ਪ੍ਰਚਾਰ ਦਾ ਤਰੀਕਾ ਦਸਮ ਪਿਤਾ ਦਾ ਭੀ ਉਹੀ ਸੀ ਕਿ ਜੇਹੜਾ ਸਤਿਗੁਰੂ ਨਾਨਕ ਦੇਵ ਜੀ ਦਾ। ਲੜਾਈ ਉਨ੍ਹਾਂ ਨੂੰ ਧਰਮ ਪ੍ਰਚਾਰ ਹਿਤ ਨਹੀਂ ਕਰਨੀ ਪਈ, ਸਗੋਂ ਦੀਨ ਤੇ ਮਜ਼ਲੂਮ ਲੋਕਾਂ ਦੀ ਰੱਖਿਆ ਵਾਸਤੇ ਕਰਨੀ ਪਈ। ਜੇ ਔਰੰਗਜ਼ੇਬ ਦੀ ਥਾਂ ਦਾਰਾਸ਼ਕੋਹ ਦਾ ਰਾਜ ਹੁੰਦਾ ਤਾਂ ਉਨ੍ਹਾਂ ਨੂੰ ਤਲਵਾਰ ਨਾ ਉਠਾਉਣੀ ਪੈਂਦੀ ਤੇ ਖਾਲਸਾ ਪੰਥ ਨੂੰ ਮੁਕੰਮਲ ਭੀ ਕਰ ਜਾਂਦੇ। ਭਾਵ ਧਰਮ ਪ੍ਰਚਾਰ ਦਾ ਤਰੀਕਾ ਉਨ੍ਹਾਂ ਦਾ ਭੀ ਸੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ “ਇਸਲਾਹ ਵਾਲਾ” ਹੀ ਸੀ, ਨਾ ਕਿ “ਇਨਕਲਾਬ ਵਾਲਾ”। ਇਸ ਪਰ ਬਹੁਤ ਵਿਚਾਰ ਕਦੇ ਫੇਰ ਕੀਤਾ ਜਾਵੇਗਾ।
ਕਈ ਸੱਜਣ ਪੁੱਛਿਆ ਕਰਦੇ ਹਨ ਕਿ ਗੁਰਬਾਣੀ ਯਾ ਮੰਤਰ ਨੂੰ ਕੰਨ ਵਿਚ ਸੁਣਨਾ ਲਿਖਿਆ ਹੈ। ਫਿਰ ਕਿਉਂ ਗੁਪਤ ਕੋਠੜੀ ਵਿਚ ਬੈਠ ਕੇ ਗੁਰ-ਮੰਤਰ ਨਹੀਂ ਲਿਆ ਜਾਂਦਾ? ਉਨ੍ਹਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਕਥਾ, ਕੀਰਤਨ ਇਹ ਸਭ ਕੁਛ ਕੰਨਾਂ ਕਰਕੇ ਹੀ ਸੁਣਿਆ ਜਾਂਦਾ ਹੈ। ਬਿਨਾਂ ਕੰਨਾਂ ਤੋਂ ਹੋਰ ਸੁਣਨ ਦਾ ਸਾਧਨ ਹੀ ਕੋਈ ਨਹੀਂ। ਇਸ ਲਈ ਸਾਰਾ ਗੁਰ-ਮੰਤਰ ਅਰਥਾਤ ਗੁਰਬਾਣੀ ਅਸੀਂ ਕੰਨਾਂ ਦਵਾਰਾ ਹੀ ਸੁਣਦੇ ਹਾਂ। ਜੇ ਕਹੋ ਕਿ ਜਦ ਸਭ ਕੁਛ ਕੰਨਾਂ ਦਵਾਰਾ ਹੀ ਸੁਣਨਾ ਹੈ ਤਾਂ ਇਹ ਲਿਖਣ ਦੀ ਕੀ ਲੋੜ ਪਈ ਕਿ ਗੁਰੂ ਨੇ ਆਪਣਾ ਮੰਤਰ ਯਾ ਸ਼ਬਦ ਸਾਡੇ ਕੰਨ ਵਿਚ ਸੁਣਾ ਦਿੱਤਾ। ਬੇਨਤੀ ਹੈ ਕਿ ਜਦ ਕਿਸੇ ਨਾਲ ਕੋਈ ਗੱਲ ਕਰਨੀ ਹੋਵੇ, ਤਦੋਂ ਇਹ ਹੀ ਆਖਿਆ ਜਾਂਦਾ ਹੈ ਕਿ ਭਾਈ ਜੀ, ਇਸ ਗੱਲ ਨੂੰ ਕੰਨ ਦੇ ਕੇ ਸੁਣੋ। ਸੋ ਮੰਤਰ ਕੰਨ ਵਿਚ ਸੁਣਨ ਤੋਂ ਇਹ ਭਾਵ ਹੈ ਕਿ ਅਸੀਂ ਗੁਰੂ ਜੀ ਦੀ ਬਾਣੀ ਨੂੰ ਗਹੁ ਕਰਕੇ ਸੁਣਦੇ ਹਾਂ ਤੇ ਗੁਰੂ ਨੇ ਭੀ ਇਹ ਬਾਣੀ ਬੜੀ ਗਹੁ ਨਾਲ ਸੁਣਾਈ ਹੈ, ਅਰਥਾਤ ਇਸ ਦਾ ਪ੍ਰਚਾਰ ਬੜੀਆਂ ਕਰੜੀਆਂ ਘਾਲਣਾ ਘਾਲ ਕੇ ਕੀਤਾ है।
ਕਈ ਅਨਮੱਤੀਆਂ ਦਾ ਖਿਆਲ ਹੁੰਦਾ ਹੈ ਕਿ ਗੁਰੂ ਜੀ ਦਾ ਧਰਮ ਉਹੋ ਹੈ ਕਿ ਜੇਹੜਾ ਵੇਦ ਸ਼ਾਸਤ ਦਾ ਸਿਧਾਂਤ ਸੀ, ਫੇਰ ਉਨ੍ਹਾਂ ਨੂੰ ਕਿਉਂ ਇਕ ਅਲਹਿਦਾ ਧਰਮ ਦੇ ਬਾਨੀ ਆਖਿਆ ਜਾਵੇ ਤੇ ਉਨ੍ਹਾਂ ਦੀ ਰਾਏ ਨੂੰ ਕਿਉਂ ਸੁਤੰਤ੍ਰ ਮੰਨਿਆ ਜਾਵੇ? ਕਿਉਂਕਿ ਉਹ ਵੇਦ ਅਨੁਸਾਰੀ ਸਨ, ਸੋ ਅਸੀਂ ਭੀ ਵੇਦ ਅਨੁਸਾਰੀ ਹੋਈਏ। ਜਦ ਅਸੀਂ ਵੇਦ ਅਨੁਸਾਰੀ ਹੋ ਗਏ ਤਾਂ ਲਾਜ਼ਮੀ ਗੱਲ ਇਹ ਹੋਵੇਗੀ ਕਿ ਗੁਰੂ ਸਾਹਿਬ ਯਾ ਕਿਸੇ ਹੋਰ ਮਹਾਤਮਾ ਦੀ ਸਿਖਿਆ ਉਥੋਂ ਤਕ ਹੀ ਮੰਨ ਸਕਾਂਗੇ ਕਿ ਜਿਥੋਂ ਤਕ ਉਹ ਵੇਦ ਅਨੁਕੂਲ ਹੋਵੇ ਕਿਉਂਕਿ ਮਨੂੰ ਆਦਿ ਧਰਮ ਸ਼ਾਸਤ੍ਰਾਂ ਨੂੰ ਭੀ ਉਥੇ ਤੋੜੀਂ ਹੀ ਮੰਨਿਆ ਜਾਂਦਾ ਹੈ ਕਿ ਜਿਥੇ ਤਕ ਉਹ ਵੇਦ ਅਨੁਸਾਰੀ ਹੋਣ। ਇਸ ਸੂਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੀ ਇਕ ਤਰ੍ਹਾਂ ਦੀ ਸਿਮ੍ਰਿਤੀ ਹੀ ਮੰਨਿਆ ਜਾਵੇਗਾ, ਨਾ ਕਿ ਸ਼ਰੁਤੀ ਅਰਥਾਤ ਵੇਦ। ਜੇ ਆਖੋ ਕਿ ਜਿਸ ਤਰ੍ਹਾਂ ਚਾਰ ਵੇਦ ਅੱਗੇ ਸਨ, ਉਸੇ ਤਰ੍ਹਾਂ ਪੰਜਵਾਂ ਵੇਦ ਗੁਰੂ ਗ੍ਰੰਥ ਸਾਹਿਬ ਭੀ ਹੋ ਗਿਆ, ਤਾਂ ਇਹ ਨਿਸ਼ਚਾ ਕਿਸੇ ਸਿਆਣੇ ਆਦਮੀ ਨੂੰ ਪਸੰਦ ਨਹੀਂ ਆ ਸਕਦਾ ਕਿਉਂਕਿ ਜੇ ਚਾਰ ਵੇਦਾਂ ਵਿਚ ਮੁਕੰਮਲ ਗਿਆਨ ਆ ਚੁਕਿਆ ਸੀ, ਤਾਂ ਪੰਜਵੇਂ ਵੇਦ ਦੀ ਲੋੜ ਹੀ ਕੀ ਰਹੀ? ਹਾਂ, ਜੋ ਕੁਛ ਹਿੱਸਾ ਬਾਕੀ ਸੀ, ਤਾਂ ਜਦ ਪਰਮਾਤਮਾ ਨੇ ਚਾਰ ਵੇਦ ਬਣਾਏ, ਤਦੋਂ ਨਾਲ ਹੀ ਇਹ ਕਿਉਂ ਨਾ ਬਣਾ ਦਿੱਤਾ? ਜੇ ਆਖਿਆ ਜਾਵੇ ਕਿ ਆਮ ਲੋਕਾਂ ਨੂੰ ਸਮਝਾਉਣ ਵਾਸਤੇ ਸਿੱਧੀ ਬੋਲੀ ਵਿਚ ਇਹ ਵੇਦ ਬਣਾਇਆ ਗਿਆ ਇਸ ਪਰ ਵਿਚਾਰ ਹੋਵੇਗਾ ਕਿ ਫੇਰ ਕਾਬਲ ਤੇ ਈਰਾਨ ਆਦਿ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਕਿਉਂ ਫਾਰਸੀ ਵਿਚ ਕੋਈ ਨਵਾਂ ਵੇਦ ਨਾ ਬਣਿਆ? ਏਸੇ ਤਰ੍ਹਾਂ ਅੰਗਰੇਜ਼ੀ, ਅਰਬੀ ਆਦਿ ਦੁਨੀਆਂ ਦੀਆਂ ਸੈਂਕੜੇ ਬੋਲੀਆਂ ਵਿਚ ਭੀ ਨਵੇਂ ਨਵੇਂ ਵੇਦ ਬਣਨੇ ਚਾਹੀਦੇ ਸਨ ਪਰ ਅਜੇਹਾ ਨਹੀਂ ਹੋਇਆ। ਬਸ ਜਦ ਵੇਦਕ ਧਰਮ ਨੂੰ ਮੁਕੰਮਲ ਤੇ ਵੇਦਾਂ ਨੂੰ ਪੂਰਨ ਧਰਮ ਪੁਸਤਕ ਮੰਨ ਲਿਆ ਜਾਵੇ ਤੇ ਗੁਰੂ ਜੀ ਨੂੰ ਵੇਦ ਅਨੁਸਾਰੀ ਮੰਨਿਆ ਜਾਵੇ, ਤਦ ਦਸੇ ਸਤਿਗੁਰੂ ਗੁਰੂ ਕਹਾ ਹੀ ਨਹੀਂ मवरे।
ਇਸ ਦਾ ਉੱਤਰ ਇਹ ਹੀ ਹੈ ਕਿ ਸਤਿਗੁਰੂ ਵੇਦ-ਸ਼ਾਸਤ੍ਰ ਦੇ ਕਾਇਲ ਹਰਗਿਜ਼ ਨਹੀਂ ਸਨ ਤੇ ਨਾ ਉਹ ਉਸ ਧਰਮ ਨੂੰ ਮੁਕੰਮਲ ਧਰਮ ਮੰਨਦੇ ਸਨ, ਸਗੋਂ ਉਨਾਂ ਦਾ ਨਿਸ਼ਚਾ ਸੀ ਕਿ
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥੪॥
(ਆਸਾ ਮਹਲਾ ੫, ਪੰਨਾ ੩੯੭)
ਅਰਥਾਤ ਜਿਸ ਤਰ੍ਹਾਂ ਤੇ ਜਿਸ ਪ੍ਰਗਟ ਰੰਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਦੇਖਿਆ ਹੈ, ਉਹ ਨਜ਼ਾਰਾ ਵੇਦ ਕਤੇਬ ਤੋਂ ਵੱਖਰਾ ਹੀ ਹੈ।
ਦੁਨੀਆਂ ਦੇ ਸਾਰੇ ਮਜ਼੍ਹਬਾਂ ਵਿਚ ਕੇਵਲ ਸਿੱਖ-ਪੰਥ ਹੀ ਗੁਰੂ ਕਹਾਉਣ ਦਾ ਹੱਕ ਰੱਖਦਾ ਹੈ!
ਦੁਨੀਆਂ ਵਿਚ ਬੜੇ-ਬੜੇ ਮਜ਼੍ਹਬ ਮੌਜੂਦ ਹਨ, ਸਮਾਂ ਪਾ ਕੇ ਹਰ ਇਕ ਮਜ਼੍ਹਬ ਮੁਰਦਾ ਹੋ ਰਿਹਾ ਹੈ। ਭਾਵੇਂ ਉੱਪਰ ਤੋਂ ਉਸ ਦਾ ਡਾਂਡਾ-ਖਾਂਡਾ ਬਹੁਤ ਦਿੱਸ ਰਿਹਾ ਹੋਵੇ ਪਰ ਅਸਲ ਜ਼ਿੰਦਗੀ ਦੀ ਮਜ਼ਬੂਤੀ ਲਈ ਸਮੇਂ ਅਨੁਸਾਰ ਤਬਦੀਲੀਆਂ ਜ਼ਰੂਰ ਹੁੰਦੀਆਂ ਹਨ। ਜਿਸ ਪੰਥ ਨੂੰ ਇਹ ਹੱਕ ਹਾਸਲ ਹੋਵੇ ਤੇ ਇਸ ਹੱਕ ਨੂੰ ਸਾਰੀ ਸੰਗਤ ਵਰਤ ਸਕੇ ਉਹ ਮਜ਼੍ਹਬ ਗੁਰੂ-ਪੰਥ ਕਹਾ ਸਕਦਾ ਹੈ। ਸਿੱਖਾਂ ਤੋਂ ਛੁਟ ਕਿਸੇ ਮਜ੍ਹਬ ਦੀ ਸੰਗਤ ਨੂੰ ਇਹ ਹੱਕ ਹਾਸਲ ਨਹੀਂ ਕਿ ਉਹ ਆਪਣੇ ਮਜ਼੍ਹਬ ਵਿਚ ਸਮੇਂ ਅਨੁਸਾਰ ਅਦਲਾ-ਬਦਲੀ ਕਰ ਸਕੇ ਯਾ ਮਜ੍ਹਬ ਦੇ ਜ਼ਰੂਰੀ ਅਸੂਲਾਂ ਸਬੰਧੀ ਰਾਇ ਵੀ ਦੇ ਸਕੇ। ਇਸਲਾਮ ਬੇਸ਼ੱਕ ਬਹੁਤ ਹੱਦ ਤਕ ਇਕ ਜਥੇਬੰਦ ਮਜ੍ਹਬ ਹੈ, ਇਸ ਵਿਚ ਬਹੁਤ ਸਾਰੀਆਂ ਭਾਈਚਾਰਕ ਖੂਬੀਆਂ ਹਨ, ਪਰੰਤੂ ਕਿਸੇ ਮਜ਼੍ਹਬੀ ਗੱਲ ਪਰ ਆਮ ਮੁਸਲਮਾਨ ਪਬਲਿਕ ਨੂੰ ਰਾਇ ਦੇਣ ਦਾ ਕੋਈ ਹੱਕ ਨਹੀਂ। ਜੇ ਕੁਝ ਥੋੜਾ ਬਹੁਤਾ ਹੱਕ ਹੈ ਉਹ ਕੇਵਲ ਮਜ਼੍ਹਬੀ ਆਲਮਾਂ ਨੂੰ ਹੈ। ਉਹ ਵੀ ਆਪਣੀ ਵਿਚਾਰ ਨਿਰੀ ਪੁਰੀ ਕੁਰਾਨ ਤੇ ਹਦੀਸ ਦੇ ਸਹਾਰੇ ਹੀ ਕਰ ਸਕਦੇ ਹਨ। ਹਰ ਛੋਟੀ-ਛੋਟੀ ਗੱਲ ਵਿਚ ਉਨ੍ਹਾਂ ਨੂੰ ਕੁਰਾਨ ਤੇ ਹਦੀਸ ਦੇ ਹਵਾਲੇ ਲੱਭਣੇ ਪੈਣਗੇ। ਕੁਰਾਨ ਨੇ ਸ਼ਰ੍ਹਾ ਇਤਨੀ ਖੋਲ੍ਹ ਕੇ ਲਿਖੀ ਹੈ ਕਿ ਵਿਚਾਰੇ ਆਲਮਾਂ ਜੋਗਾ ਬਾਕੀ ਕੁਝ ਨਾਮ ਮਾਤਰ 8 ਹੀ ਬਚਿਆ ਹੈ. ਹੈ, ਉਹ ‘ ਜੋ ਬਚਿਆ ਹੈ, ਉਹ ਹਦੀਸਾਂ ਨੇ ਰੋਕ ਲਿਆ ਹੈ। ਇਸ ਤੋਂ ਕਹਿਣਾ ਪੈਂਦਾ ਹੈ ਕਿ ਮੌਜੂਦਾ ਮੁਸਲਮਾਨਾਂ ਨੂੰ ਆਪਣੇ ਮਜ਼੍ਹਬ ਸਬੰਧੀ ਕਿਸੇ ਕਿਸਮ ਦੀ ਵੀਚਾਰ ਦਾ ਹੱਕ ਨਹੀਂ, ਜਿਸ ਕਰਕੇ ਅਸੀਂ ਇਸਲਾਮ ਨੂੰ ਗੁਰੂ-ਪੰਥ ਨਹੀਂ ਕਹਿ ਸਕਦੇ।
ਈਸਾਈਆਂ ਵਿਚ ਵੀ ਪਾਦਰੀਆਂ ਤੋਂ ਛੁਟ ਬਾਕੀ ਈਸਾਈ ਸੰਗਤ ਮਜ਼੍ਹਬ ਸਬੰਧੀ ਫੈਸਲਿਆਂ ਵਿਚ ਦਖਲ ਨਹੀਂ ਦਿੰਦੀ, ਇਸ ਲਈ ਈਸਾਈ ਪੰਥ ਵੀ ਗੁਰੂ- ਪੰਥ ਨਹੀਂ ਹੈ।
ਹਿੰਦੂਆਂ ਦਾ ਤਾਂ ਸਵਾਲ ਹੀ ਗਲਤ ਹੈ। ਅਲਹਿਦਾ-ਅਲਹਿਦਾ ਰਿਸ਼ੀਆਂ ਦੀਆਂ ਅਲੱਗ-ਅਲੱਗ ਸਿਮ੍ਰਤੀਆਂ ਹਨ। ਅਲਹਿਦਾ-ਅਲਹਿਦਾ ਜਾਤਾਂ ਵਰਨਾਂ ਦੇ ਅਲੱਗ-ਅਲੱਗ ਧਰਮ ਤੇ ਰਸਮਾਂ ਹਨ, ਇਸ ਲਈ ਹਿੰਦੂਆਂ ਨੂੰ ਇਕ ਕੌਮ ਤਾਂ ਕਿਹਾ ਜਾ ਸਕਦਾ ਹੈ ਪਰ ਅਸਲ ਅਰਥਾਂ ਵਿਚ ਹਿੰਦੂ ਕੋਈ ਪੰਥ (ਮਜ੍ਹਬ) ਨਹੀਂ। ਸਰਸਰੀ ਤੌਰ ਪਰ ਕੰਮ ਚਲਾਉਣ ਵਾਸਤੇ ਬੇਸ਼ਕ ਹਿੰਦੂ ਮਜ਼੍ਹਬ (ਪੰਥ) ਆਖਿਆ ਜਾਂਦਾ ਹੈ। ਜਦ ਹਿੰਦੂ ਧਰਮ ਇਕ ਪੰਥ ਹੀ ਨਹੀਂ, ਫਿਰ ਉਸ ਨੂੰ ਗੁਰੂ-ਪੰਥ ਕਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਬੋਧਾਂ ਵਿਚ ਵੀ ਜਦ ਕਦੇ ਫੈਸਲੇ ਹੁੰਦੇ ਰਹੇ ਹਨ ਤਦ ਬੁਧ ਧਰਮ ਦੇ ਭਿਖਸ਼ੁ (ਪ੍ਰਚਾਰਕ) ਹੀ ਕਰਦੇ ਰਹੇ ਹਨ। ਆਮ ਬੋਧ ਸੰਗਤ ਦਾ ਉਨ੍ਹਾਂ ਵਿਚ ਵੀ ਕਦੇ ਕੋਈ ਦਖਲ ਨਹੀਂ ਹੋਇਆ।
ਗੁਰਬਾਣੀ ਅੰਦਰ ਲਿਖੋ ਫੈਸਲਿਆਂ ਵਿਚ ਤਬਦੀਲੀ ਨਹੀਂ ਹੋ ਸਕਦੀ
ਦਸਾਂ ਸਤਿਗੁਰੂਆਂ ਦੀ ਬਾਣੀ ਵਿਚ ਵਾਹਿਗੁਰੂ ਇਕ ਹੈ, ਮਨੁੱਖ ਜਾਤੀ ਇਕ ਹੈ, ਮੁਕਤੀ ਦਾ ਰਸਤਾ ਅਮਲੀ ਪ੍ਰੇਮ (ਸੇਵਾ ਪ੍ਰੇਮ ਦਾ ਹੀ ਇਕ ਅੰਗ ਹੈ)। ਸਿੱਖ ਲਈ ਤਨੋ ਮਨੋ ਪਵਿੱਤ੍ਰ ਤੇ ਤਿਆਰ-ਬਰ-ਤਿਆਰ ਰਹਿਣਾ ਜ਼ਰੂਰੀ ਹੈ। ਜਥੇਬੰਦੀ ਲਾਜ਼ਮੀ ਹੈ। ਇਨ੍ਹਾਂ ਪੰਜਾਂ ਅਸੂਲਾਂ ਦਾ ਪ੍ਰਚਾਰ ਬਹੁਤ ਜ਼ੋਰ ਨਾਲ ਹੈ ਤੇ ਸਤਿਗੁਰੂਆਂ ਦੇ ਅਮਲੀ ਜੀਵਨ ਤੇ ਗੁਰਬਾਣੀ ਤੋਂ ਇਹ ਵੀ ਸਿਧ ਹੈ ਕਿ ਦਸ ਗੁਰੂ ਇਕ ਹਨ ਤੇ ਉਨ੍ਹਾਂ ਨੂੰ ਗੁਰੂ ਮੰਨਣਾ ਸਿੱਖ ਲਈ ਜ਼ਰੂਰੀ ਹੈ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਗੁਰਬਾਣੀ ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮਜ੍ਹਬ ਵਿਚ ਸਭ ਤੋਂ ਉੱਚਾ ਦਰਜਾ ਹੈ ਤੇ ਗੁਰਬਾਣੀ ਗੁਰੂ ਸਰੂਪ ਹੈ। ਬਸ ਇਥੋਂ ਤਕ ਸਿੱਖਾਂ ਦੇ ਬੁਨਿਆਦੀ ਅਸੂਲ ਹਨ। ਇਨ੍ਹਾਂ ਵਿਚ ਅਦਲਾ-ਬਦਲੀ ਨਾ ਕੋਈ ਇਕੱਲਾ ਸਿੱਖ ਕਰ ਸਕਦਾ ਹੈ ਨਾ ਪੰਥ ਮਿਲ ਕੇ। ਇਸ ਤੋਂ ਬਿਨਾਂ ਗੁਰਬਾਣੀ ਤੋਂ ਸਾਫ ਪ੍ਰਗਟ ਹੋਏ ਹੋਰ ਕਿਸੇ ਸਿਧਾਂਤ ਵਿਚ ਵੀ ਪੰਥ ਕੋਈ ਅਦਲਾ-ਬਦਲੀ ਨਹੀਂ ਕਰ ਸਕਦਾ।
ਦਸਮ ਪਾਤਸ਼ਾਹ ਦੀ ਬਾਣੀ
ਦਸਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਮਿਲਾਈ ਤੇ ਨਾ ਉਨ੍ਹਾਂ ਨੇ ਅਜੇਹਾ ਕਰਨ ਦਾ ਹੁਕਮ ਹੀ ਦਿੱਤਾ ਹੈ, ਇਸ ਲਈ ਉਨ੍ਹਾਂ ਦੀ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅੱਡ ਰਹੇਗੀ, ਪਰੰਤੂ ਉਸ ਦਾ ਸਤਿਕਾਰ ਪੂਰਾ-ਪੂਰਾ ਹੋਣਾ ਜ਼ਰੂਰੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਸਮ ਪਾਤਸ਼ਾਹ ਦੀ ਬਾਣੀ ਤੋਂ ਬਿਨਾਂ ਵੀ ਉੱਪਰ ਦੱਸੇ ਅਸੂਲ ਪੂਰੀ ਤਰ੍ਹਾਂ ਆ ਜਾਂਦੇ ਹਨ ਤੇ ਕੋਈ ਘਾਟਾ ਵਾਧਾ ਨਹੀਂ ਰਹਿੰਦਾ। ਬੁਨਿਆਦੀ ਅਸੂਲਾਂ ਦੀ ਮੁਕੰਮਲ ਤਾਲੀਮ ਦੇਣ ਵਾਲਾ ਹੋਣ ਕਰਕੇ ਇਸ ਪਰਮ ਪਵਿੱਤਰ ਪੁਸਤਕ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਬਾਕੀ ਗੱਲਾਂ ਤਾਂ ਇਸ ਵਿਚ ਪ੍ਰਸਿੱਧ ਹਨ। ਸ਼ਾਇਦ ਕਈ ਸੱਜਣਾਂ ਨੂੰ ਇਹ ਸੰਦੇਹ ਹੋਵੇਗਾ ਕਿ ਨੌਵੇਂ ਗੁਰੂ ਦੀ ਬਾਣੀ ਆ ਜਾਣ ਨਾਲ ਨੌਂ ਸਤਿਗੁਰੂਆਂ ਤਕ ਦਾ ਸਤਿਗੁਰੂ ਹੋਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਸਵੇਂ ਸਤਿਗੁਰੂ ਦੀ ਗੁਰਿਆਈ ਵਾਸਤੇ ਕੋਈ ਨਿਸ਼ਾਨ ਨਹੀਂ, ਇਹ ਗੱਲ ਗਲਤ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਮਹਾਰਾਜ ਸਾਫ ਫੁਰਮਾ ਗਏ ਹਨ ਕਿ ਸਾਡੇ ਪਿਛੋਂ ਸਿੱਖਾਂ ਦੇ ਸਹਾਰੇ ਲਈ ਇਹ ਤਿੰਨ ਚੀਜ਼ਾਂ ਹਨ :
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥
(ਸਲੋਕ ਮਹਲਾ ੯, ਪੰਨਾ ੧੪੨੯)
ਇਸ ਥਾਂ ਨਾਮ ਦਾ ਅਰਥ ਪਰਮੇਸ਼ਰ ਹੈ, ਜਿਹਾ ਕਿ :
ਨਾਮ ਕੇ ਧਾਰੇ ਸਗਲੇ ਜੰਤ ॥
(ਗਉੜੀ ਸੁਖਮਨੀ ਮ: ੫, ਪੰਨਾ ੨੮੪)
ਤੇ “ਸਾਧੂ” ਤੋਂ ਭਾਵ ਸਾਧ ਸੰਗਤ ਹੈ “ਗੁਰੂ ਗੋਬਿੰਦ” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਹੈ।
ਮੁੱਕਦੀ ਗੱਲ ਐਥੋਂ ਤੀਕ ਬੁਨਿਆਦੀ ਸਿੱਖੀ ਦੀ ਹੈ, ਇਸ ਵਿਚ ਸਾਰਾ ਪੰਥ ਇਕ ਜ਼ਬਾਨ ਹੋ ਕੇ ਵੀ ਅਦਲਾ-ਬਦਲੀ ਨਹੀਂ ਕਰ ਸਕਦਾ। ਏਸੇ ਤਰ੍ਹਾਂ ਜਿਸ ਮਰਯਾਦਾ ਦਾ ਵਰਣਨ ਕਿਸੇ ਵੀ ਸਤਿਗੁਰੂ ਦੀ ਬਾਣੀ ਵਿਚ ਹੈ, ਉਸ ਵਿਚ ਵੀ ਸਿੱਖ-ਪੰਥ ਅਦਲਾ-ਬਦਲੀ ਨਹੀਂ ਕਰ ਸਕਦਾ।
ਪੰਥ ਦਾ ਹੱਕ
ਬਹੁਤ ਸਾਰੀਆਂ ਗੱਲਾਂ ਬਾਬਤ ਗੁਰਬਾਣੀ ਵਿਚ ਖੋਲ੍ਹ ਕੇ ਨਹੀਂ ਲਿਖਿਆ। ਇਸ ਦਾ ਭਾਵ ਇਹ ਨਹੀਂ ਕਿ ਗੁਰਬਾਣੀ ਨਾ ਮੁਕੰਮਲ ਹੈ। ਅਸਲ ਇਹ ਹੈ ਕਿ ਜਿਨ੍ਹਾਂ ਗੱਲਾਂ ਦਾ ਨਿਬੇੜਾ ਗੁਰਬਾਣੀ ਵਿਚ ਨਹੀਂ ਕੀਤਾ ਗਿਆ ਉਨ੍ਹਾਂ ਵਿਚ ਲਿਖ ਕੇ ਸਦੀਵੀ ਫੈਸਲਾ ਕਰਨਾ ਯੋਗ ਹੀ ਨਹੀਂ ਸੀ। ਕੁਰਾਨ ਸ਼ਰੀਫ ਵਿਚ ਸੂਦ ਖਾਣਾ ਹਰਾਮ ਆਖਿਆ ਗਿਆ ਪਰ ਹੁਣ ਪਤਾ ਲਗਦਾ ਹੈ ਕਿ ਮੌਜੂਦਾ ਸਮੇਂ ਵਿਚ ਸੂਦ ਤੋਂ ਬਿਨਾਂ ਵਿਹਾਰ ਹੀ ਨਹੀਂ ਚਲਦਾ, ਜਿਸ ਲਈ ਕਿਵੇਂ ਨਾ ਕਿਵੇਂ ਧਨੀ ਮੁਸਲਮਾਨਾਂ ਨੂੰ ਸੂਦ ਲੈਣਾ ਹੀ ਪੈਂਦਾ ਹੈ।
ਅੱਜ ਪੰਥ ਨੂੰ ਖੁੱਲ੍ਹ ਹੈ ਕਿ ਉਹ ਸਮੇਂ ਦੀ ਹਾਲਤ ਅਨੁਸਾਰ ਵੀਚਾਰ ਕੇ ਤੇ ਗੁਰਬਾਣੀ ਵਿਚ ਲਿਖੇ ਇਸਤਰੀ ਪੁਰਸ਼ ਦੇ ਆਦਰਸ਼ ਦਾ ਧਿਆਨ ਰੱਖ ਕੇ ਇਹ ਫੈਸਲਾ ਕਰੇ, ਇਕ ਪੁਰਸ਼ ਕਿਸੇ ਹਾਲਤ ਵਿਚ ਇਕ ਤੋਂ ਵਧ ਸ਼ਾਦੀ ਕਰ ਸਕਦਾ ਹੈ ਕਿ ਨਹੀਂ? ਇਹ ਸਵਾਲ ਅਜੇਹਾ ਹੈ ਕਿ ਜਿਸ ਵਿਚ ਸਮੇਂ ਅਨੁਸਾਰ ਤਬਦੀਲੀ ਹੋ ਸਕਦੀ ਹੈ। ਗੁਰਬਾਣੀ ਵਿਚ ਇਹ ਤਾਂ ਬਹੁਤ ਥਾਈਂ ਸਪੱਸ਼ਟ ਹੈ ਕਿ ਇਕ ਇਸਤਰੀ ਦੋ ਪੁਰਸ਼ਾਂ ਦੀ ਇਸਤਰੀ ਨਹੀਂ ਹੋ ਸਕਦੀ। ਇਹ ਗੱਲ ਹੈ ਭੀ ਸੱਚ, ਇਸਤਰੀ ਜਾਤੀ ਦਾ ਮਰਦ ਨਾਲੋਂ ਅਣਖ ਤੇ ਇੱਜ਼ਤ ਨਾਲ ਬਹੁਤ ਸਬੰਧ ਹੈ। ਜੇ ਇਕ ਇਸਤਰੀ ਦੇ ਦੋ ਪਤੀ ਹੋਣ ਲੱਗ ਜਾਣ ਤਦ ਦੁਨੀਆਂ ਬੇ-ਅਣਖੀ ਤੇ ਬੇ-ਇੱਜਤ ਹੋ ਜਾਵੇਗੀ। ਕਿਸੇ ਆਦਮੀ ਨੂੰ ਆਖਿਆ ਜਾਵੇ ਕਿ ਤੇਰਾ ਪੁੱਤਰ ਬਦਮਾਸ਼ ਹੈ, ਉਸ ਨੂੰ ਗੁੱਸਾ ਨਹੀਂ ਆਵੇਗਾ ਪਰ ਜੇ ਉਸ ਦੀ ਧੀ ਦੇ ਆਚਰਨ ਪਰ ਹਮਲਾ ਕੀਤਾ ਜਾਵੇ ਤਦ ਉਸ ਦਾ ਦਿਲ ਸੜ ਜਾਵੇਗਾ। ਇਸ ਤੋਂ ਬਿਨਾਂ ਇਸਤਰੀ ਜਾਤੀ ਬਹੁਤ ਕੀਮਤੀ ਹੈ ਪਰ ਸਾਰੇ ਕੁਦਰਤੀ ਨਿਯਮਾਂ ਤੋਂ ਸਿੱਧ ਹੈ ਕਿ ਪੁਰਸ਼ ਇਸਤਰੀ ਦਾ ਰਿਸ਼ਤਾ ਸੱਚੇ ਸ੍ਵਾਮੀ ਤੇ ਸੱਚੇ ਸੇਵਕ ਵਾਲਾ ਹੈ। ਗੁਰਬਾਣੀ ਵਿਚ ਵੀ ਏਸੇ ਤਰ੍ਹਾਂ ਹੀ ਜ਼ੋਰ ਦਿੱਤਾ ਗਿਆ ਹੈ। ਕੋਈ ਸੱਚਾ ਸੇਵਕ ਆਪਣੇ ਦੋ ਸੁਆਮੀ ਨਹੀਂ ਬਣਾ ਸਕਦਾ। ਇਹ ਠੀਕ ਹੈ ਕਿ ਵੱਸ ਲਗਦੇ ਪੁਰਸ਼ ਦੇ ਘਰ ਇਕੋ ਹੀ ਇਸਤਰੀ ਚਾਹੀਦੀ ਹੈ। ਗੁਰਬਾਣੀ ਵਿਚ ਇਸ ਤਰੀਕੇ ਨੂੰ ਤਰਜੀਹ ਦਿੱਤੀ ਗਈ ਹੈ ਪਰ ਅਖੀਰੀ ਫੈਸਲਾ ਨਹੀਂ ਕੀਤਾ ਗਿਆ। ਬੱਸ ਸਮੇਂ ਅਨੁਸਾਰ ਪੰਥ ਦੇ ਹੱਥ ਹੈ।
ਏਸੇ ਤਰ੍ਹਾਂ ਬਚਪਨ ਦੀ ਸ਼ਾਦੀ ਆਦਿ ਬਹੁਤ ਸਾਰੀਆਂ ਗੱਲਾਂ ਹਨ ਕਿ ਜਿਨ੍ਹਾਂ ਵਿਚ ਪੰਥ ਸਮੇਂ ਅਨੁਸਾਰ ਯੋਗ ਫੈਸਲਾ ਕਰ ਸਕਦਾ ਹੈ। ਗੱਲ ਕੀ ਗੁਰਬਾਣੀ ਦੇ ਸਿਧਾਂਤਾਂ ਦਾ ਵਿਰੋਧ ਨਾ ਕਰਦਿਆਂ ਹੋਇਆਂ ਪੰਥ ਨੂੰ ਹਰ ਕਿਸਮ ਦੇ ਫੈਸਲੇ ਕਰਨ ਦਾ ਹੱਕ ਹੈ, ਏਸ ਲਈ ਇਹ ਪੰਥ ਗੁਰੂ-ਪੰਥ ਹੈ। ਭਾਵੇਂ ਪਹਿਲੇ ਸਤਿਗੁਰਾਂ ਤੋਂ ਲੈ ਕੇ ਹੀ ਸੰਗਤ ਦੀ ਪ੍ਰਭੁਤਾ ਬਹੁਤ ਚਲੀ ਆਈ ਹੈ ਪਰ ਕਲਗੀਧਰ ਜੀ ਨੇ ਅੱਜ ਵਿਸਾਖੀ ਵਾਲੇ ਦਿਨ ਪੰਥ ਦੇ ਪੰਜਾਂ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਦਾਨ ਲੈ ਕੇ ਪੰਥ ਦੇ ਗੁਰੂ ਹੋਣ ਦਾ ਹੱਕ ਬਹੁਤ ਸਾਫ ਤੌਰ ਪੁਰ ਮੰਨਿਆ ਹੈ।
ਬੇਨਤੀ
ਇਸ ਛੋਟੀ ਜਿਹੀ ਕਿਤਾਬ ਵਿਚ ਸਾਰਾ ਸਿਧਾਂਤ ਤਾਂ ਮੈਂ ਨਹੀਂ ਲਿਖ ਸਕਿਆ ਪਰ ਕੁਝ ਨਮੂਨਾ ਜ਼ਰੂਰ ਪੇਸ਼ ਕੀਤਾ ਗਿਆ ਹੈ, ਇਸ ਲਈ ਆਮ ਭਰਾਵਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਉਹ ਵਾਹਿਗੁਰੂ ਦੇ ਵਾਸਤੇ, ਗੁਰੂ ਦੇ ਵਾਸਤੇ, ਆਖਰ ਆਪਣੀ ਕੌਮ ਦੇ ਵਾਸਤੇ ਇਸ ਕਿਤਾਬ ਨੂੰ ਸੋਚ-ਵਿਚਾਰ ਕੇ ਪੜ੍ਹਨ। ਜੇ ਕੋਈ ਸ਼ੰਕਾ ਹੋਵੇ ਤਾਂ ਮੈਨੂੰ ਲਿਖ ਭੇਜਣ, ਉਹ ਸ਼ੰਕਾ ‘ਗੁਰਮਤਿ ਪ੍ਰਚਾਰ ਲੜੀ” ਦੇ ਕਿਸੇ ਨੰਬਰ ਵਿਚ ਛਾਪ ਕੇ ਉਸ ਦਾ ਉੱਤਰ ਭੀ ਦਿੱਤਾ ਜਾਵੇਗਾ। ਮੇਰਾ ਨਿਸ਼ਚਾ ਹੈ ਕਿ ਖਾਲਸਾ ਕੌਮ ਦਾ ਉਹ ਬੂਟਾ ਜਿਸ ਦੀਆਂ ਜੜ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਰੜੀਆਂ ਘਾਲਾਂ ਦਾ ਪਾਣੀ ਪਿਆ ਹੋਇਆ ਹੈ ਤੇ ਜਿਸ ਦੇ ਇਕ ਇਕ ਰੇਸ਼ੇ ਵਿਚ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਪਵਿਤ੍ਰ ਲਹੂ ਦੀ ਖੁਸ਼ਬੂ ਹੈ ਤੇ ਜਿਸ ਦੇ ਪੱਤੇ-ਪੱਤੇ ਵਿਚ ਸਿੱਖ ਸ਼ਹੀਦਾਂ ਦੇ ਸੀਨੇ ਦਾ ਦਰਦ ਹੈ ਤੇ ਜਿਸ ਦੇ ਫਲਾਂ ਵਿਚ ਗੁਰੂ ਦਸਮ ਪਾਤਸ਼ਾਹ ਦੀ ਕੁਰਬਾਨੀ ਦਾ ਅੰਮ੍ਰਿਤ ਹੈ, ਇਹ ਤਦ ਤੀਕ ਹੀ ਭਰਿਆ ਰਹੇਗਾ ਕਿ ਜਦ ਤੋੜੀਂ ਮੌਜੂਦਾ ਸ਼ਖਸੀ ਗੁਰੂ-ਡੰਮ੍ਹ ਦਾ ਕੀੜਾ ਇਸ ਦੀਆਂ ਜੜ੍ਹਾਂ ਤੋਂ ਦੂਰ ਰਹੇ।
ਵਾਹਿਗੁਰੂ ਕਿਰਪਾ ਕਰੇ ਕਿ ਹਰ ਇਕ ਸਿੱਖ ਆਪਣੇ ਆਪ ਨੂੰ ਗੁਰੂ ਗ੍ਰੰਥ ਤੇ ਪੰਥ ਦੇ ਤਾਬਿਆ ਮੰਨ ਕੇ ਸਾਰੇ ਝਗੜੇ-ਰਗੜਿਆਂ ਨੂੰ ਮੇਟੇ ਤੇ ਇਸ ਪੰਥਕ ਬਗੀਚੇ ਦਾ ਸੁਹਾਵਣਾ ਬੂਟਾ ਬਣੇ
Credit – ਗਿਆਨੀ ਸ਼ੇਰ ਸਿੰਘ