ਸ੍ਰੀਮਤੀ ਸਤਵੰਤ ਕੌਰ ਦੀ – ਜੀਵਨਬਿਰਥਾ ਭਾਈ ਸਾਹਿਬ ਭਾਈ ਵੀਰ ਸਿੰਘ

ਸ੍ਰੀਮਤੀ ਸਤਵੰਤ ਕੌਰ ਦੀ – ਜੀਵਨਬਿਰਥਾ
ਭਾਈ ਸਾਹਿਬ ਭਾਈ ਵੀਰ ਸਿੰਘ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥

ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜਿ ਜਿਉ ਹੋਹੁ ਸਹਾਇ॥

ਸਤਵੰਤ ਕੌਰ

ਸ੍ਰੀਮਤੀ ਸਤਵੰਤ ਕੌਰ ਦੀ - ਜੀਵਨਬਿਰਥਾ ਭਾਈ ਸਾਹਿਬ ਭਾਈ ਵੀਰ ਸਿੰਘ

1 ਕਾਂਡ

ਹੇ ਅਕਾਲ ਪੁਰਖ ! ਮੈਂ ਕੀ ਕਰਾਂ? ਐਡੇ ਕਸ਼ਟਾਂ ਦੇ ਮੂੰਹ ਕਿਉਂ ਆ ਗਈ? ਤੂੰ ਬਖਸ਼ੰਦ ਹੈਂ, ਬਖਸ਼ ! ਬਖਸ਼ ! ਮੈਂ ਕੀ ਕਰਾਂ, ਹਾਇ ! ਮੈਂ ਕੀ ਕਰਾਂ, ਕੀ ਕਰਾਂ, ਕੀ ਕਰਾਂ? ਸ੍ਰੀ ਵਾਹਿਗੁਰੂ ! ਇਹ ਕੀ ਉਬਾਲ ਉਠਿਆ? ਮੇਰੀ ਸਮਝ ਬੀ ਹੁਣ ਕੰਮ ਨਹੀਂ ਕਰਦੀ! ਮੈਂ ਗਈ, ਕਰਤਾਰ! ਮੈਂ ਗਈ, ਉਫੁ ਹਾਇ ਕਲਗੀਆਂ ਵਾਲਿਆ! ਕ੍ਰਿਪਾ …….

ਹਾਇ ! ਮੈਂ ਕੀ ਕਰਾਂ, ਮੈਂ ਕੀ ਕਰਾਂ। ਹੁਣ ਤਾਂ ਪ੍ਰਾਣ ਬੀ ਚੱਲੇ ਹਨ।

ਮੈਂ ਕਿਨ੍ਹਾਂ ਦੁੱਖਾਂ ਨੂੰ ਫੜੀ ਗਈ? ਆਪ ਵਿਹਾਜੇ ਮਾਮਲੇ ਆਪੇ ਹੱਡ ਪਏ। ਹੇ ਦਇਆ! ਤੂੰ ਕਸਾਇਣ ਹੋ ਢੁੱਕੀ। ਮੈਂ ਦਇਆ ਹੀ ਕੀਤੀ ਤਾਂ ਮੈਂ ਫਸੀ, ਹੁਣ ਕੋਈ ਰਸਤਾ ਨਹੀਂ। ਹੈਂ…ਆਹ ਜਿੰਦ ਤੂਹੋਂ ਪਿੰਜਰੇ ਨੂੰ ਛੱਡ, ਨਿਕਲ। ਉਫ ਫੇਰ ਡੋਬ ਆਇਆ, ਮੈਂ ਗਈ। (ਡੋਬ ਪੈ ਗਿਆ) ।

(ਫੇਰ ਹੋਸ਼ ਕਰਕੇ) ਉਫ ਹੇ ਕਰਤਾਰ ਛੇਤੀ ਨਿਬੇੜਾ ਕਰੋ, ਹਾਇ! ਮੈਂ ਕਿੱਥੇ ਪਈ ਖੁੱਸਦੀ ਹਾਂ? ਮੇਰੇ ਘਰ ਐਸ ਵੇਲੇ ਜਗਮਗ ਹੋ ਰਹੀ ਹੈ; ਪਿਤਾ ਜੀ ਕਥਾ ਕਰ ਰਹੇ ਹਨ, ਪਿਆਰੀ ਮਾਂ, ਮੇਰੇ ਅੱਖਾਂ ਦੇ ਤਾਰੇ ਵੀਰ, ਮੇਰੀਆਂ ਜਿਗਰ ਜਾਨ ਭੈਣਾਂ ਬੈਠੀਆਂ ਸੁਣਦੀਆਂ ਹਨ। ਹੁਣ ਸਾਰੇ ਅਰਦਾਸ ਕਰ ਰਹੇ ਹਨ, ਮੇਰੇ ਦੈਵੀ ਵੀਰ ਦੀਆਂ ਗੱਲ੍ਹਾਂ ਪਰ ਮੋਤੀ ਹੰਝੂ ਕਿਰ ਰਹੇ ਹਨ, ਕਿਹਾ ਗੁਰੂ ਦਾ ਪਿਆਰਾ ਹੈ, ਉਸਨੂੰ ਸਤਿਗੁਰੂ ਐਸੇ ਪਿਆਰੇ ਹਨ, ਜੈਸੇ ਜਿੰਦ। ਵਾਹ ਵਾਹ! ਹੁਣ ਸਾਰੇ ਸ਼ਬਦ ਗਾਉਂਦੇ ਹਨ, ਔਹ ਆਵਾਜ਼ ਆਈ, ਕੰਨ ਲਾਵਾਂ, ਸੁਣਾਂ:-

ਖੇਤ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥

ਆਹਾ! ਕੈਸੀ ਪਿਆਰੀ ਸੁਰ ਹੈ! ਹੈਂ! ਮੈਂ ਤਾਂ ਸੌਂ ਗਈ ਸਾਂ, ਨਹੀਂ ਹੁਣ ਤਾਂ ਮੈਂ ਸ਼ੁਦੈਣ ਹੋ ਚੱਲੀ, ਮੈਂ ਕੀ ਬਰੜਾ ਰਹੀ ਹਾਂ ਕਿ ਝੱਲੀ ਹੋ ਬੱਕ ਰਹੀ ਹਾਂ? ਕੋਈ ਤਰਸ ਨਹੀਂ ਕਰਦਾ। ਕੰਨ੍ਹਾ ਪਰ ਭੀ ਕੋਈ ਜ਼ੁਲਮ ਕਰਦਾ ਹੈ? ਹਾਇ! ਮੈਂ ਤਾਂ ਤੇਰੀ ਰੱਖ੍ਯਾ ਕੀਤੀ, ਤੂੰ ਮੈਨੂੰ ਫਸਾ ਦਿੱਤਾ, ਹੱਛਾ ਗੁਰੂ ਤੇਰਾ ਭਲਾ ਕਰੇ। ਧੰਨ ਗੁਰੂ! ਮੈਂ ਕਲਗੀਆਂ ਵਾਲੇ ਦੇ ਆਸਰੇ ਸਭ ਦੁੱਖਾਂ ਨੂੰ ਝਾਗ ਲੰਘਾਂਗੀ। ਮੈਂ ਕਿੰਨੇ ਦੁੱਖ ਭੋਗ ਚੁੱਕੀ ਹਾਂ, ਭੋਗਦਿਆਂ ਤਾਂ ਲੰਘ ਗਏ, ਪਰ ਚੇਤਾ ਕਰਦਿਆਂ ਜਾਨ ਸੁਕਦੀ ਹੈ! ਕਿਸ ਤਰ੍ਹਾਂ ਵਿਸਾਹ- ਘਾਤ ਨਾਲ ਮੈਂ ਕੈਦ ਹੋਈ! ਹਾਇ । ਫਿਰ ਡੋਬ ਆਯਾ…… ।

(ਫਿਰ ਤ੍ਰਬਕ ਕੇ ਅੱਖਾਂ ਖੋਹਲਕੇ) ਊਈ ਰੱਬਾ! ਕਿਸ ਪ੍ਰਕਾਰ ਮੇਰੀਆਂ ਮੁਸ਼ਕਾਂ ਕੱਸੀਆਂ ਗਈਆਂ ਤੇ ਗਊਆਂ ਵਾਂਙ ਕੈਦੀਆਂ ਦੇ ਵੱਗਾਂ ਵਿਚ ਰੱਖੀ ਗਈ? ਕਿੱਥੇ ਖੰਨਾ ਕਿਤੇ ਕਾਬਲ? ਡਾਢਿਆਂ ਦੀ ਕੈਦ ਵਿਚ ਮੈਂ ਐਨਾ ਪੈਂਡਾ ਕੀਕੂੰ ਪੈਦਲ ਕੱਟਿਆ? ਪਰ ਦੇਸ਼ ਭੈਣਾਂ ਦੇ ਸੰਗ ਵਿਚ ਦੁਖੜੇ ਲੰਘ ਗਏ। ਹੋਰ ਨਹੀਂ ਤਾਂ ਦੋ ਰਲਕੇ ਰੋ ਲੈਂਦੀਆਂ ਸਾਂ, ਰੋਟੀ ਪਕਾ ਲੈਂਦੀਆਂ ਸਾਂ, ਪਰ ਹੁਣ ਤਾਂ ਰੋਣ ਦੀ ਭੀ ਕੋਈ ਸਾਥਣ ਨਹੀਂ, ਡੰਗਰਾਂ ਵਾਂਙ ਸਾਰੀਆਂ ਵਿਕ ਗਈਆਂ। ਪਿਤਾ ਜੀ ਕਿਹਾ ਕਰਦੇ ਸਨ ਕਿ ਆਦਮੀ ਦਾ ਪੁੱਤਰ ਅਮੋਲਕ ਹੁੰਦਾ ਹੈ, ਇਥੇ ਖੋਤੇ ਤੋਂ ਬੀ ਸਸਤਾ ਵਿਕਦਾ ਹੈ। ਹੱਛਾ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਲੰਘ ਗਿਆ, ਹੁਣ ਇਸ ਨਵੀਂ ਬਿਪਤਾ ਨੂੰ ਕੀ ਕਰਾਂ? ਮੈਂ ਪਰਸੋਂ ਦੀ ਭੁੱਖੀ ਹਾਂ, ਹਾਇ! ਤਿੰਨ ਦਿਨ ਅੰਨ ਜਲ ਅੰਗੀਕਾਰ ਕੀਤਿਆਂ ਲੰਘ ਗਏ। ਮੇਰੀਆਂ ਅੱਖਾਂ ਕਿਸ ਤਰ੍ਹਾਂ ਰਕੇਬੀ ਵਲ ਤੱਕਦੀਆਂ ਹਨ, ਚਾਰ ਬੋਟੀਆਂ ਤੇ ਅੱਧੀ ਰੋਟੀ ਪਈ ਹੈ, ਕਲੇਜੇ ਨੂੰ ਲੂਹਾ ਫਿਰਦਾ ਹੈ, ਢਿੱਡ ਨੂੰ ਛੁਰੀ ਵੱਜਦੀ ਹੈ, ਜੀ ਕਹਿੰਦਾ ਹੈ ਖਾ ਲੈ। ਖਾ ਲਵਾਂ, ਸੱਚੀਂ ਖਾ ਲਵਾਂ? ਹਾਇ! ਕਿੱਕੁਰ ਖਾਵਾਂ? ਇਹ ਕੁੱਠਾ ਹੈ, ਖ਼ਬਰੇ ਕਿਸ ਚੀਜ਼ ਦਾ ਮਾਸ ਹੈ, ਮੈਂ ਸਿੱਖਾਂ ਦੀ ਪੁਤ੍ਰੀ ਹਾਂ, ਮੈਂ ਸਿੱਖਣੀ ਹਾਂ, ਮੈਂ ਕਿੱਕੁਰ ਖਾ ਲਵਾਂ? ਹੇ ਮਨ! ਖਾ ਲਵਾਂ? ਪ੍ਰਾਣ ਜਾਣ ਤਾਂ ਜਾਣ ਪਰ ਧਰਮ ਨਾ ਜਾਏ। ਹੁਣ ਕੀ ਹੋਵੇ? ਖ਼ਬਰੇ ਪ੍ਰਾਣ ਜਾਣ ਵੇਲੇ ਅੰਨ ਕੁਅੰਨ ਖਾ ਲਈਦਾ ਹੈ, ਪਰ ਪਤਾ ਨਹੀਂ। ਜੇ ਮੈਂ ਜਾਣਦੀ ਕਿ ਇਹ ਵਖਤ ਪੈਣੇ ਹਨ ਤਾਂ ਸਭ ਗੱਲਾਂ ਪੁੱਛ ਛੱਡਦੀ; ਪਰ ‘ਜੇ’ ਦੀ ਕਿਸਨੂੰ ਖ਼ਬਰ ਸੀ। ਮੈਂ ਕੀ ਕਰਾਂ? ਖਾਵਾਂ, ਨਾ ਖਾਵਾਂ ? ਫੇਰ ਡੋਬ ਆਇਆ । ਹਾਇ ਮੈਂ ਗਈ (ਤ੍ਰਿਬਕ ਕੇ ਅੱਖਾਂ ਖੋਹਲ ਕੇ) ਮੈਨੂੰ ਕੁਝ ਥਹੁ ਨਹੀਂ ਲਗਦਾ, ਪਰ ਧਰਮ ਰੱਖਣਾ ਹੈ, ਧਰਮ ਰੱਖਣਾ ਹੈ। ਜੇ ਖਾਵਾਂ ਤਾਂ ਪਤਾ ਨਹੀਂ ਧਰਮ ਰਹਿੰਦਾ ਹੈ ਕਿ ਨਹੀਂ, ਜੇ ਨਾ ਖਾਵਾਂ ਤਾਂ ਮੇਰਾ ਨਿਸਚਾ ਹੈ ਕਿ ਧਰਮ ਨਹੀਂ ਜਾਏਗਾ। ਚੱਲ ਮਨ! ਉੱਠ, ਭੁਆਕੇ ਮਾਰ ਇਨ੍ਹਾਂ ਮਾਸ ਦੀਆਂ ਬੋਟੀਆਂ ਨੂੰ, ਜੋ ਹੋਵੇ ਸੋ ਹੋਵੇ। ਚੱਲ, ਜਾਹ ਪਰੇ ਹੋ, ਹੇ ਕੁਅੰਸ! ਮੇਰੇ ਅੱਗੋਂ (ਬੋਟੀਆਂ ਪਰੇ ਸਿੱਟਕੇ) ਚੜ੍ਹਦੀਆਂ ਕਲਾਂ ਜੀ! ਆਓ, ਸ਼ੇਰ: ਬੱਚੀ ਨੂੰ ਸ਼ੇਰ ਬਣਾਓ, ਪਰ ਹਾਇ! ਮੈਂ ਤਾਂ ਗਈ, ਹਾਇ! ਡੋਬ ਪਿਆ ਮੈਂ ਗਈ, ਗਈ… ( ਕਹਿੰਦੀ ਬੇਹੋਸ਼ ਹੋ ਕੇ ਡਿੱਗ ਹੀ ਪਈ ) ।

2 ਕਾਂਡ ।

ਇਕ ਸੱਚੇ ਸਿੰਘ ਦੀ ਕੰਨ੍ਹਾਂ ਬਿਦੇਸ਼ ਵਿਚ ਭੁੱਖ ਦੇ ਡੋਬੇ ਖਾਂਦੀ ਘਰ ਤੋਂ ਬਾਹਰ ਬੇਹੋਸ਼ ਪਈ ਹੈ; ਘਰ ਦੇ ਅੰਦਰ ਉਡੀਕਦੇ ਹਨ ਕਿ ਰੋਟੀ ਖਾ ਕੇ ਆਉਂਦੀ ਹੈ, ਪਰ ਜਦ ਚਿਰ ਹੋ ਗਿਆ ਤਦ ਨੌਕਰਾਂ ਦਾ ਜਮਾਂਦਾਰ ਬਾਹਰ ਨਿਕਲਿਆ ਅਰ ਉਸ ਨੂੰ ਮਚਲੀ ਜਾਣਕੇ ਮਾਰਨ ਡਹਿ ਪਿਆ। ਭੁੱਖ ਨਾਲ ਟੁੱਟੀ ਹੋਈ ਦੀਆਂ ਡਾਡਾਂ ਨਿਕਲ ਗਈਆਂ, ਥਰ ਥਰ ਕੰਬਦੀ, ਪੈਰ ਪੈਰ ਤੇ ਥਿੜਕਦੀ, ਅੱਖਾਂ ਅੱਗੇ ਚੱਕਰਾਂ ਦੇ ਆਉਣ ਕਰਕੇ ਠੁੱਡੇ ਖਾਂਦੀ ਅੰਦਰ ਗਈ। ਬਾਵਰਚੀ ਖਾਨੇ ਦੇ ਸਾਰੇ ਜੂਠੇ ਭਾਂਡੇ ਅੱਗੇ ਰੱਖੇ ਗਏ ਕਿ ਉਹਨਾਂ ਨੂੰ ਸਾਫ ਕਰੇ, ਪਰ ਉਸ ਨੂੰ ਫੇਰ ਡੋਬ ਪੈ ਗਿਆ।

ਇਸ ਵੇਲੇ ਮਾਲਕ ਦਾ ਛੋਟਾ ਪੁੱਤ੍ਰ ਬਾਵਰਚੀ ਖਾਨੇ ਵਿਚ ਆ ਗਿਆ ਅਰ ਨੌਕਰਾਂ ਨਾਲ ਲਾਡੀਆਂ ਕਰਨ ਲੱਗ ਪਿਆ। ਉਧਰ ਜਦ ਨੌਕਰ ਨੇ ਸਤਵੰਤ ਕੌਰ ਨੂੰ ਬੇਹੋਸ਼ ਡਿੱਠਾ ਤਦ ਫੇਰ ਮਾਰਨ ਲੱਗਾ, ਪਰ ਨਿਆਣੇ ਬਾਲ ਨੇ ਤਰਸ ਖਾਧਾ, ਕੰਬਿਆ ਤੇ ਨੌਕਰ ਨੂੰ ਫੜਕੇ ਕੰਨ੍ਹਾ ਨੂੰ ਛੁਡਾ ਕੇ ਦੂਜੇ ਕਮਰੇ ਵਿਚ ਲੈ ਗਿਆ। ਇਕ ਗੁੱਛਾ ਅੰਗੂਰਾਂ ਦਾ ਲਿਆਕੇ ਅੱਗੇ ਧਰ ਦਿੱਤਾ ਤੇ ਬੋਲਿਆ ‘ਬੀਬੇ ਭੈਣ ਜੀ! ਖਾਓ ਤੇ ਰੋਵੋ ਨਾ। ਇਉਂ ਪਿਆਰ ਨਾਲ ਲਾਡੀਆਂ ਕਰਦਾ ਅੰਗੂਰ ਖੁਆ ਕੇ ਆਪਣੀ ਮਾਂ ਕੋਲ ਜਾ ਕੇ ਕੁੜੀ ਦੇ ਰੋਣ ਤੇ ਨੌਕਰ ਦੇ ਮਾਰਨ ਦਾ ਸਾਰਾ ਹਾਲ ਕਹਿ ਸੁਣਾਇਆ। ਬਾਲਾਂ ਦੀ ਜੀਭ ਵਿਚ ਕੁਝ ਅਚਰਜ ਅਸਰ ਹੋਇਆ ਕਰਦੇ ਹਨ, ਬੱਚੇ ਦੇ ਵਾਕ ਸੁਣਕੇ ਮਾਂ ਦੇ ਜੀ ਵਿਚ ਭੀ ਕੁਝ ਤਰਸ ਆ ਗਿਆ ਅਰ ਕੰਨ੍ਹਾਂ ਨੂੰ ਆਪਣੇ ਪਾਸ ਬੁਲਾ ਲਿਆ ਤੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਘਰ ਦੇ ਕਮੀਨਾਂ ਵਿਚ ਇਹ ਨਾ ਰਹੇ, ਮੇਰੇ ਕਮਰੇ ਵਿਚ ਸੁੱਤਾ ਕਰੇ ਤੇ ਮੇਰੀ ਨਿਜ ਦੀ ਟਹਿਲ ਲਈ ਮੇਰੇ ਪਾਸ ਹੀ ਰਿਹਾ ਕਰੇ।

ਸਤਵੰਤ ਕੌਰ ਨੂੰ ਅੰਗੂਰ ਖਾ ਕੇ ਕੁਝ ਹੋਸ਼ ਆ ਗਈ ਸੀ ਪਰ ਫੇਰ ਬੀ ਅਤਿ ਥਕਾਨ ਤੇ ਤੋਟ ਕਾਰਣ ਉਥੇ ਹੀ ਬੈਠੀ ਸੌਂ ਗਈ।

ਰਾਤ ਬੀਤੀ, ਦਿਨ ਹੋਇਆ, ਸਾਰੇ ਉੱਠੇ, ਸਤਵੰਤ ਵੀ ਉੱਠੀ ਬੱਚਾ ਫੇਰ ਅੰਗੂਰ ਲੈ ਕੇ ਆ ਗਿਆ ਤੇ ਕੁੜੀ ਨੂੰ ਦੇ ਕੇ ਬੋਲਿਆ:

‘ਖਾਓ’। ਮਾਂ ਨੇ ਪੁੱਤ ਦਾ ਇਹ ਰੁੱਖ਼ ਦੇਖ ਕੇ ਬੱਚੇ ਦੀ ਖਿਡਾਵੀ ਦਾ ਕੰਮ ਉਸ ਨੂੰ ਦੇ ਦਿੱਤਾ। ਸੁਆਣੀ ਨੂੰ ਜਾਂ ਸਮਝ ਪਈ ਕਿ ਇਹ ਸਾਡੇ ਘਰ ਦਾ ਮਾਸ ਨਹੀਂ ਖਾਂਦੀ ਤਾਂ ਉਸ ਨੂੰ ਫਲ ਦੇ ਦਿੰਦੀ ਤੇ ਰੋਟੀ ਆਪੇ ਪਕਾ ਲੈਣ ਦੀ ਖੁੱਲ੍ਹ ਬੀ ਦੇ ਦਿੱਤੀ। ਨਾਲ ਇਕ ਸਹਿਜ ਧਾਰੀ ਦਾ ਘਰ ਸੀ, ਓਥੇ ਜਾਣ ਆਉਣ ਤੇ ਉਹਨਾਂ ਦੇ ਖਾ ਪੀ ਲੈਣ ਦੀ ਬੀ ਖੁੱਲ੍ਹ ਮਿਲ ਗਈ। ਸੋ ਉਸ ਬਾਲਕ ਦੇ ਖਿਡਾਉਣ ਵਿਚ ਸਤਵੰਤ ਕੌਰ ਨੌਕਰਾਂ ਦੇ ਜ਼ੁਲਮ ਤੋਂ ਤਾਂ ਛੁੱਟੀ, ਪਰ ਬੋਲੀ ਨਾ ਜਾਣਨੇ ਦਾ ਦੁੱਖ ਐਸਾ ਸੀ ਕਿ ਸੁਆਣੀ ਅਰ ਖੇਡਣ ਵਾਲੇ ਬਾਲਕ ਦੇ ਗੁੱਸੇ ਹੋ ਜਾਣ ਦਾ ਡਰ ਹਰ ਵੇਲੇ ਰਹਿੰਦਾ ਸੀ। ਸ਼ੇਰ ਦੀ ਜਾਈ ਐਡੀ ਕਠਨ ਬਿਪਤਾ ਵਿਚ ਬੀ ਨਿਰਾਸਾ ਵਿਚੋਂ ਨਿਕਲੀ, ਜਿਸ ਹਾਲ ਵਿਚ ਸਾਂਈਂ ਨੇ ਪੁਚਾਇਆ ਹੈ ਉਸ ਵਿਚ ਆਪ ਨੂੰ ਉੱਚਿਆਂ, ਸੁਖੀ ਤੇ ਹੌਂਸਲੇ ਭਰੀ ਕਰਨ ਦੇ ਫਿਕਰ ਵਿਚ ਲੱਗ ਪਈ। ਆਪਣੇ ਹੀ ਗੁਆਂਢ ਜੋ ਸਹਿਜਧਾਰੀਆਂ ਦਾ ਘਰ ਸੀ ਉਹਨਾਂ ਨਾਲ ਪਿਆਰ ਪਾਇਆ ਤੇ ਉਥੋਂ ਦੀ ਬੋਲੀ ਸਿੱਖਣੀ ਸ਼ੁਰੂ ਕੀਤੀ। ਥੋੜ੍ਹੇ ਹੀ ਚਿਰ ਵਿਚ ਬੋਲੀ ਬੀ ਸਮਝਣ ਲੱਗ ਪਈ। ਇਸ ਕੰਨ੍ਹਾਂ ਦੀ ਨਿਮਕੀ, ਮਿੱਠਤ ਤੇ ਸ਼ੀਲ ਸੁਭਾਵ ਨੇ ਦੁੱਖਾਂ ਨਾਲ ਭਰੀ ਸੁਆਣੀ ਦੇ ਜੀ ਵਿਚ ਬੀ ਤਰਸ ਵਧਾਇਆ। ਹੌਲੀ ਹੌਲੀ ਸੁਆਣੀ ਦੀ ਮਿਹਰ ਦੀ ਨਜ਼ਰ ਵਧਣ ਲੱਗੀ, ਉਸ ਦਾ ਕਾਰਣ ਇਹ ਸੀ ਕਿ ਸੁਆਣੀ ਪੇਕੇ ਪਾਸਿਓਂ ਊਣੀਂ ਸੀ ਅਰ ਦੁਨੀਆਂ ਪੁਰ ਸਿਵਾ ਘਰ ਵਾਲੇ ਦੇ ਕੋਈ ਉਸਦਾ ਨੇੜੇ ਦਾ ਸਾਕ ਨਹੀਂ ਸੀਗਾ। ਪਤੀ ਬੜਾ ਮੰਦ-ਕਰਮੀ ਸੀ, ਮਾੜੇ ਕਰਮਾਂ ਵਿਚ ਬਹੁਤ ਪਰਚਦਾ ਸੀ, ਇਸ ਕਰਕੇ ਸੁਆਣੀ (ਫ਼ਾਤਮਾ) ਬੜੀ ਦੁਖੀ ਰਹਿੰਦੀ ਸੀ। ਸੁਭਾਉ ਫ਼ਾਤਮਾ ਦਾ ਕੁਛ ਅਣਖੀਲਾ ਸੀ। ਦੁੱਖਾਂ ਨੇ ਇਸ ਦੇ ਮਨ ਨੂੰ ਤੋੜਿਆ ਨਹੀਂ, ਸਗੋਂ ਇਕ ਤਰ੍ਹਾਂ ਦੀ .. ਛਿਥਿਹਾਣ ਚੜ੍ਹਾ ਛੱਡੀ ਸੀ। ਪਤੀ ਦਾ ਪਿਆਰ ਘੱਟ ਹੋਣ ਕਰਕੇ ਸਹੁਰੇ ਸਾਕਾਂ ਵਿਚ ਬੀ ਪੂਰਾ ਆਦਰ ਨਹੀਂ ਸੀ ਮਿਲਦਾ ਤੇ ਨੌਕਰ ਬਾਂਦੀਆਂ ਗੋਲੀਆਂ ਬੀ ਘੱਟ ਪਰਵਾਹ ਕਰਦੀਆਂ ਸਨ। ਇਕੋ ਅੱਖਾਂ ਦਾ ਤਾਰਾ ਬੱਚਾ ਸੀ, ਜਿਸ ਨਾਲ ਦਿਲ ਪਰਚਾਉਂਦੀ ਸੀ, ਇਹੋ ਲਾਲ ਵਿਚਾਰੀ ਦੀਆਂ ਖ਼ੁਸ਼ੀਆਂ ਦਾ ਇਕੋ ਸਹਾਰਾ ਸੰਸਾਰ ਪੁਰ ਸੀ। ਅੱਠਾਂ ਪਹਿਰਾਂ ਵਿਚ ਜੇ ਕਦੇ ਕੋਈ ਖੁਸ਼ੀ ਦੀ ਘੜੀ ਉਸ ਨੂੰ ਆਉਂਦੀ ਤਾਂ ਉਹ ਆਪਣੇ ਦੁਲਾਰੇ ਦੇ ਪਿਆਰ ਵਿਚ ਬਿਹਬਲ ਹੋ ਜਾਣ ਦੀ ਹੁੰਦੀ ਸੀ। ਸਤਵੰਤ ਕੌਰ ਦੇ ਸ਼ੀਲ ਸੁਭਾਵ ਅਰ ਕੁਦਰਤੀ ਪਿਆਰ ਵਾਲੇ ਵਰਤਾਉ ਕਰਕੇ ਬਾਲਕ ਦਾ (ਜਿਸ ਨੂੰ ਲਾਡ ਨਾਲ ਗ਼ਨੀ ਕਿਹਾ ਕਰਦੇ ਸਨ) ਉਸ ਨਾਲ ਬਹੁਤ ਮੋਹ ਪੈ ਗਿਆ ਪਰ ਇਸੇ ਮੋਹ ਨੇ ਫ਼ਾਤਮਾਂ ਨੂੰ ਸਤਵੰਤ ਵੱਲ ਹੋਰ ਝੁਕਾਇਆ। ਫ਼ਾਤਮਾ ਦੀਆਂ ਉਦਾਸੀਆਂ ਦੇ ਵੇਲੇ ਸਤਵੰਤ ਕੌਰ ਦਾ ਨਾ ਅੱਕਣਾ ਅਰ ਉਸ ਦੇ ਚਿੜਚਿੜੇ ਸੁਭਾਉ ਤੋਂ ਪਰੇ ਨਾ ਹੋਣਾ ਏਹ ਹੋਰ ਕਾਰਨ ਸਨ ਕਿ ਇਕ ਸਿੱਖ ਕੰਨ੍ਹਾਂ ਆਪਣੀ ਅਨਮਤੀ ਸੁਆਣੀ ਨੂੰ ਭਾਉਣ ਲੱਗ ਗਈ।

-0-

3 ਕਾਂਡ ।

ਫ਼ਾਤਮਾ ਨੇ ਮੁੱਦਤ ਤੀਕ ਪਤੀ ਦੀਆਂ ਅਨੀਤੀਆਂ ਦਾ ਦੁੱਖ ਸਹਾਰਿਆ, ਪਰ ਇਕ ਦਿਨ ਇਸ ਨੇ ਕਾਬਲ ਦੀ ਪਟਰਾਣੀ ਨੂੰ ਮਿਲ ਕੇ ਅਮੀਰ ਕਾਬਲ ਦੇ ਕੰਨਾਂ ਤੀਕ ਪਤੀ ਦੇ ਬੁਰੇ ਕੰਮਾਂ ਦੀ ਖ਼ਬਰ ਪੁਚਾਈ। ਅਮੀਰ ਨੇ ਉਸ ਨੂੰ ਬੁਲਾਕੇ ਕਰੜੀ ਝਾੜ ਪਾਈ। ਝਾੜ ਖਾ ਕੇ ਸਿੱਧੇ ਹੋਣ ਦੀ ਥਾਂ ਖਾਂ ਸਾਹਿਬ ਨੂੰ ਇਸ ਗੱਲ ਦੀ ਖੋਜ ਦੀ ਧੁਨਿ ਸਮਾਈ ਕਿ ਅਮੀਰ ਸਾਹਿਬ ਦੇ ਕੰਨਾਂ ਤੀਕ ਖ਼ਬਰ ਪੁਚਾਉਣ ਵਾਲੇ ਦਾ ਥਹੁ ਕੱਢਾਂ ਸੋ ਅੰਤ ਉਸਨੂੰ ਪਤਾ ਮਿਲ ਗਿਆ ਕਿ ਇਹ ਮੇਰੀ ਵਹੁਟੀ ਦਾ ਹੀ ਕਾਰਾ ਹੈ।

ਇਹ ਖ਼ਬਰ ਪਾ ਕੇ ਇਕ ਦਿਨ ਰਾਤ ਵੇਲੇ ਨਸ਼ੇ ਵਿਚ ਚੂਰ ਹੋਏ ਨੇ ਵਹੁਟੀ ਦੇ ਅੰਦਰ ਵੜ ਕੇ ਤਲਵਾਰ ਧੂ ਲਈ। ਭਾਗਾਂ ਨੂੰ ਫ਼ਾਤਮਾ ਜਾਗਦੀ ਬੈਠੀ ਸੀ। ਪਤੀ ਦੇ ਹੱਥ ਤਲਵਾਰ ਦੇਖਦਿਆਂ ਸਾਰ ਉਸ ਦੀਆਂ ਡਾਡਾਂ ਨਿਕਲ ਗਈਆਂ। ਉਧਰੋਂ ਸਤਵੰਤ ਕੌਰ ਜਾਗ ਉੱਠੀ, ਉਸ ਜਰਵਾਣੇ ਨੂੰ ਤੀਵੀਂ ਪੁਰ ਤਲਵਾਰ ਚੁੱਕੇ ਹੋਏ ਦੇਖਕੇ ਸਿਖ ਕੰਨ੍ਹਾ ਨੂੰ ਧਰਮ ਦਾ ਰੋਹ ਉੱਮਲ ਪਿਆ, ਝੱਟ ਪੱਟ ਪਿਛੇ ਵਾਰ ਹੋ ਕੇ ਖਾਨ ਦੀ ਲੱਤ ਐਸੇ ਜ਼ੋਰ ਨਾਲ ਝਟਕੀ ਕਿ ਉਹ ਚੁਫਾਲ ਜਾ ਪਿਆ ਅਰ ਤਲਵਾਰ ਹੱਥੋਂ ਨਿਕਲ ਗਈ। ਕੰਨ੍ਹਾਂ ਨੇ ਡਿੱਗੇ ਪਏ ਨੂੰ ਹੁਣ ਐਸਾ ਦਬਾਯਾ ਕਿ ਉਠਣੇ ਜੋਗਾ ਨਾ ਰਹੇ, ਇਸ ਹਿੰਮਤ ਨੂੰ ਦੇਖ ਕੇ ਪਠਾਣੀ ਨੂੰ ਬੀ ਹੌਸਲਾ ਭਰ ਆਇਆ ਤੇ ਉਸਨੇ ਬੀ ਆ ਦਬਾਇਆ। ਦੁਹਾਂ ਨੇ ਰਲਕੇ ਉਸ ਦੀਆਂ ਮੁਸ਼ਕਾਂ ਕੱਸ ਲਈਆਂ। ਕੁਝ ਚਿਰ ਮਗਰੋਂ ਨਸ਼ੇ ਵਿਚ ਗੁੱਟ ਨਸ਼ਈ ਬੇਹੋਸ਼ ਹੋ ਗਿਆ ਅਰ ਘੁਰਾੜੇ ਮਾਰਦੇ ਦੀ ਰਾਤ ਬਤੀਤ ਹੋਣ ਲੱਗੀ। ਪਰ ਦਿਨ ਤੋਂ ਪਹਿਲੇ ਤ੍ਰੀਮਤਾਂ ਨੇ ਉਸਦੀਆਂ ਮੁਸ਼ਕਾਂ ਖੁਹਲ ਦਿੱਤੀਆਂ, ਜੋ ਸਵੇਰੇ ਮੁਸ਼ਕਾਂ ਤੱਕ ਕੇ ਰਾਤ ਦੀ ਗੱਲ ਉਸ ਨੂੰ ਚੇਤੇ ਨਾ ਆਵੇ। ਸੱਚਮੁਚ ਨਸ਼ੇ ਦੀ ਟੋਟ ਵਿਚ ਜਾਗੇ ਹੋਏ ਨੂੰ ਰਾਤ ਦੀ ਬੀਤੀ ਚੇਤੇ ਨਾ ਆਈ; ਆਪਣੀ ਟੋਟ ਦੀ ਧੁਨ ਵਿਚ ਹੋਰ ਪੀਤੀ ਅਰ ਬਾਗ਼ ਨੂੰ ਚਲਿਆ ਗਿਆ। ਸਾਰਾ ਦਿਨ ਬਹਾਰਾਂ ਵਿਚ ਬੀਤਿਆ, ਰਾਤ ਨੂੰ ਫੇਰ ਘਰ ਆਇਆ, ਵਹੁਟੀ ਨੂੰ ਦੇਖ ਕੇ ਚੇਤਾ ਆਇਆ ਕਿ ਇਸੇ ਨੇ ਅਮੀਰ ਸਾਹਿਬ ਨੂੰ ਖ਼ਬਰ ਪੁਚਾਈ ਸੀ, ਫੇਰ ਵਾਰ ਕੀਤੋਸੁ ਪਰ ਬਹਾਦਰ ਸਿੰਘਣੀ ਤੇ ਫ਼ਾਤਮਾਂ ਅੱਜ ਅੱਗੇ ਹੀ ਤਿਆਰ ਸਨ। ਹਿੰਮਤ ਤੇ ਹੌਸਲੇ ਨੇ ਮਦਦ ਦਿਤੀ। ਸਿੰਘ ਕੰਨ੍ਹਾਂ ਦੀ ਮਦਦ ਨੇ ਪਠਾਣੀ ਨੂੰ ਫੇਰ ਬਚਾ ਲਿਆ। ਤੀਸਰੇ ਦਿਨ ਆਪ ਘਰ ਹੀ ਨਾ ਵੜੇ ਤੇ ਕਈ ਦਿਨ ਨਾ ਵੜੇ। ਗੱਲ ਕੀ, ਵੈਲਦਾਰੀਆਂ ਵਿਚ ਰੁਪੱਯਾ ਆਪਣਾ ਤੇ ਸਰਕਾਰੀ ਸਾਰਾ ਬਰਬਾਦ ਹੁੰਦਾ ਗਿਆ। ਮਾਲਕ ਦੇ ਕਹਿਣ ਦਾ ਬੀ ਅਸਰ ਨਾ ਹੋਇਆ। ਸ਼ਰਾਬ ਕੋਈ ਐਸਾ ਵਿਕਾਰ ਨਹੀਂ ਕਿ ਲੱਗੇ ਤੇ ਫੇਰ ਛੇਤੀ ਛੁੱਟ ਜਾਏ, ਇਹ ਐਸੀ ਖਿੱਚ ਵਾਲੀ ਚੀਜ਼ ਹੈ ਕਿ ਇਕ ਵੇਰ ਮੂੰਹ ਨੂੰ ਲੱਗੀ ਹੋਈ ਮਗਰੋਂ ਨਹੀਂ ਲਹਿੰਦੀ। ਜੋ ਲੋਕ ਇਸ ਦੇ ਮੰਦਰ ਪੁਰ ਗਏ, ਜਾਨ, ਮਾਲ, ਇੱਜ਼ਤ, ਧਰਮ, ਲੋਕ ਪ੍ਰਲੋਕ ਸਭ ਕੁਝ ਮਣਸਕੇ ਬੀ ਨਹੀਂ ਮੁੜੇ।

ਇਸੇ ਤਰ੍ਹਾਂ ਖ਼ਾਨ ਦਾ ਹਾਲ ਹੋਇਆ। ਜਦ ਤੱਕ ਰੁਪੱਯਾ ਖੁੱਲ੍ਹਾ ਰਿਹਾ ਨਿਭਦੀ ਗਈ, ਤਦ ਤਕ ਵਿਰੋਧੀ ਬੀ ਨਾ ਕੁਝ ਬੋਲ ਸਕੇ ਪਰ ਜਦ ਹੁਣ ਆਪਣਾ ਰੁਪੱਯਾ ਮੁੱਕ ਕੇ ਸਰਕਾਰੀ ਰੁਪਏ ਨੂੰ ਹੱਥ ਪੈਣ ਲੱਗਾ, ਤਦ ਕੀ ਬਣੇ। ਹੌਲੀ ਹੌਲੀ ਸੱਜਣ ਵੈਰੀ ਬਣਨ ਲੱਗੇ, ਅਰ ਵੈਰੀ ਬਦਲੇ ਲੈਣ ਦਾ ਸਮਾਂ ਸਮਝਕੇ ਵਾਰ ਕਰਨ ਲੱਗੇ। ਇਥੋਂ ਤੀਕ ਕਿ ਸਰਕਾਰੀ ਗ਼ਬਨ ਦਾ ਹਾਲ ਸਰਕਾਰੇ ਮਲੂਮ ਹੋ ਗਿਆ। ਖ਼ਾਨ ਸਾਹਿਬ ਫੜੇ ਗਏ ਅਰ ਹਵਾਲਾਤ ਪਹੁੰਚੇ। ਘਰ ਬਾਰ ਜ਼ਬਤ ਹੋ ਗਏ ਤੇ ਫ਼ਾਤਮਾ ਨੂੰ (ਅਮੀਰ ਸਾਹਿਬ ਦੀ ਕੋਈ ਦੂਰ ਨੇੜੇ ਦੀ ਸਾਕ ਹੋਣ ਕਰਕੇ) ਘਰ ਮਿਲਿਆ ਰਿਹਾ ਤੇ ਗੁਜ਼ਾਰੇ ਵਾਸਤੇ ਕੁਝ ਰੁਪੱਯਾ ਮਿਲਦਾ ਰਿਹਾ, ਬਾਕੀ ਦਾ ਸਭ ਮਾਲ ਮਤਾ ਸਰਕਾਰੀ ਖ਼ਜ਼ਾਨੇ ਵਿਚ ਜਾ ਪਿਆ। ਇਕ ਖ਼ਾਸ ਹਾਕਮ ਪੜਤਾਲ ਕਰਨ ਲੱਗਾ। ਪੜਤਾਲ ਵਿਚ ਖ਼ੁਨਾਮੀਆਂ ਨਿਕਲੀਆਂ, ਉਤੋਂ ਵੈਰੀਆਂ ਦਾ ਪਾਣੀ ਚੜ੍ਹ ਗਿਆ ਅਰ ਖ਼ਾਨ ਸਾਹਿਬ ਨੂੰ ਨਿਮਕ ਹਰਾਮੀ ਵਿਚ ਕਤਲ ਕਰਨੇ ਦਾ ਹੁਕਮ ਹੋ ਗਿਆ।

ਜਦ ਇਹ ਹੁਕਮ ਹੋਇਆ ਕਿ ਖ਼ਾਨ ਸਾਹਿਬ ਕਤਲ ਕੀਤੇ ਜਾਣ ਤਦ ਫ਼ਾਤਮਾਂ ਦੇ ਤਾਂ ਸੁਣਦਿਆਂ ਹੀ ਹੱਥਾਂ ਦੇ ਤੋਤੇ ਉਡ ਗਏ। ਭਾਵੇਂ ਪਤੀ ਦੇ ਕੁਕਰਮਾਂ ਕਰਕੇ ਦੁਖਿਤ ਸੀ, ਪਰ ਉਸ ਦੀ ਮੌਤ ਦੀ ਇੱਛਾਵਾਨ ਉਹ ਕਦੇ ਬੀ ਨਹੀਂ ਸੀ। ਬੜੇ ਕਰੜੇ ਦਿਲ ਵਾਲੀ ਕੌਮ ਵਿਚੋਂ ਸੀ, ਪਰ ਆਪ ਨਰਮ ਦਿਲ ਵਾਲੀ ਸੀ ਤੇ ਸਤਵੰਤ ਕੌਰ ਦੀ ਸੰਗਤ ਨੇ ਸੁਹਣੀ ਰੰਗਤ ਚਾੜ੍ਹ ਦਿੱਤੀ ਸੀ ਤੇ ਇਹ ਮੱਤ ਸਿੱਖਾ ਦਿੱਤੀ ਸੀ:-

‘ਜੇ ਪਿਰ ਬਹੁ ਘਰ ਹੰਢਣਾ ਸਤ ਰੱਖੇ ਨਾਰੇ॥’ (ਵਾ: ਭਾ: ਗੁ:) ਸੋ ਵਿਚਾਰੀ ਸੁਣਦੇ ਸਾਰ ਸੋਚ ਸਮੁੰਦਰ ਵਿਚ ਗ਼ਰਕ ਹੋ ਗਈ। ਕੋਈ ਦਰਦੀ ਨਹੀਂ, ਕੋਈ ਸੱਜਣ ਨਹੀਂ, ਕਿਸਨੂੰ ਸੁਣਾਵੇ? ਕਿਸ ਦੀ ਸਹਾਇਤਾ ਲਵੇ? ਇਕ ਸਿੱਖ ਕੰਨ੍ਯਾ ਹੈ ਸੋ ਪਰਦੇਸਣ ਅਰ ਗ਼ੁਲਾਮੀ ਦੀ ਦਸ਼ਾ ਵਿਚ। ਪਰ ਡੁੱਬਦੇ ਨੂੰ ਤੀਲੇ ਦਾ ਸਹਾਰਾ ਸੀ ਇਸਨੂੰ ਆਪਣੀ ਸਜਨੀ ਤੇ ਦਰਦਣ ਜਾਣਕੇ ਦਿਲ ਦੀ ਵਿਥਯਾ ਕਹਿ ਸੁਣਾਉਂਦੀ ਅਰ ਰੋ ਰੋ ਕੇ ਪੁੱਛਦੀ ਕਿ ਦੱਸ ਸਹੀਏ! ਹੁਣ ਕੀ ਕਰਾਂ, ਜਦ ਕਿ ਮਾਲਕ ਦੇ ਸਿਰ ਦੀ ਖ਼ੈਰ ਨਹੀਂ? ਸਤਵੰਤ ਨੇ ਦਰਦ ਵੰਡਾਇਆ, ਫਿਰ ਸੋਚ ਸੋਚ ਕੇ ਸਮਝਾਇਆ ਕਿ ਭਾਵੀ ਅਮਿਟ ਹੈ ਜੋ ਹੋਣਹਾਰ ਹੈ ਸੋ ਹੋਵੇਗਾ। ਪਰ ਉਦਮ ਤੇ ਹੀਲਾ ਕਰਨਾ ਲੋੜੀਂਦਾ ਹੈ। ਵੱਡੀ ਰਾਣੀ ਤੱਕ ਆਪ ਦੀ ਪਹੁੰਚ ਹੈ, ਉਸਨੂੰ ਮਿਲੋ ਤੇ ਵੱਡੇ ਵਡੇਰਿਆਂ ਦਾ ਵਾਸਤਾ ਪਾਓ, ਭਲਾ ਜੇ ਉਸਦੇ ਮਨ ਮਿਹਰ ਪਵੇ, ਤੇ ਅਮੀਰ ਨੂੰ ਕਹਿਕੇ ਬਖ਼ਸ਼ਵਾ ਦੇਵੇ। ਤੀਰ ਨਿਸ਼ਾਨੇ ਬੈਠੇ ਤੇ ਤੇਰੇ ਪਤੀ ਦੀ ਬੰਦ ਖਲਾਸ ਹੋ ਜਾਵੇ। ਫ਼ਾਤਮਾਂ ਨੂੰ ਇਹ ਸਿਖ੍ਯਾ ਪਸੰਦ ਆਈ ਅਰ ਬੇਗਮ ਨੂੰ ਮਿਲਣੇ ਦਾ ਉਪਰਾਲਾ ਕੀਤਾ। ਦੂਸਰੇ ਦਿਨ ਉਸਦੇ ਮਹਿਲੀਂ ਗਈ। ਉਸਨੇ ਆਦਰ ਦਿੱਤਾ ਅਰ ਪਾਸ ਬਿਠਾਇਆ ਤੇ ਪਿਆਰ ਨਾਲ ਉਸਦੇ ਦੁਖੀ ਹੋਣ ਦਾ ਕਾਰਣ ਪੁਛਿਆ।

ਫ਼ਾਤਮਾ ਨੇ ਸਾਰਾ ਹਾਲ ਸੁਣਾ ਕੇ ਕਿਹਾ ‘ਵਾਸਤੇ ਖ਼ੁਦਾ ਰਸੂਲ ਦੇ, ਅਮੀਰ ਸਾਹਿਬ ਪਾਸ ਸਫਾਰਸ਼ ਕਰੋ, ਜੋ ਮੇਰੇ ਘਰ ਵਾਲੇ ਦੀ ਜਾਨ ਬਖ਼ਸ਼ੀ ਹੋਵੇਂ’ । ਬੇਗਮ ਦਾ ਦਿਲ ਭਰ ਆਯਾ ਅਰ ਉਸਨੇ ਦਿਲਾਸਾ ਦੇ ਕੇ ਕਿਹਾ ਕਿ ਫ਼ਾਤਮਾਂ ! ਤੂੰ ਉਦਾਸ ਨਾ ਹੋ, ਮੈਂ ਸਿਰੋਂ ਪਰੇ ਇਸ ਗੱਲ ਦਾ ਜਤਨ ਕਰਾਂਗੀ ਕਿ ਤੇਰੇ ਪਤੀ ਦੀ ਬੰਦ ਖ਼ਲਾਸੀ ਹੋਵੇ, ਤੂੰ ਅੱਲਾ ਤੇ ਭਰੋਸਾ ਕਰ। ਫ਼ਾਤਮਾ ਘਰ ਆਈ, ਆਪਣੀ ਸਿੱਖ ਸਖੀ ਨੂੰ ਹਾਲ ਸੁਣਾਇਆ। ਜਾਂ ਰਾਤ ਹੋਈ ਤਦ ਨੀਂਦ ਕਿਥੇ? ਫ਼ਾਤਮਾ ਤਾਂ ਗਿਣਤੀਆਂ ਤੇ ਵਿਚਾਰਾਂ ਵਿਚ ਨੀਮ ਸ਼ੁਦੈਣ ਵਾਂਗ ਬੜਾਉਂਦੀ, ਜਾਗਦੀ, ਸੌਂਦੀ ਤੇ ਊਂਘਦੀ ਰਹੀ, ਪਰ ਸਤਵੰਤ ਕੌਰ ਸਾਰੀ ਰਾਤ ਸੋਚਾਂ ਦੇ ਘੋੜੇ ਐਸੇ ਦੁੜਾਉਂਦੀ ਰਹੀ ਕਿ ਜਿਸ ਤਰ੍ਹਾਂ ਕੋਈ ਭਾਰਾ ਦਾਨਾ ਮਨੁੱਖ ਔਖਿਆਈਆਂ ਵੇਲੇ ਸੋਚਾਂ ਸੋਚਦਾ ਹੈ। ਇਸ ਨੇ ਛੇਕੜ ਇਹ ਸਿੱਟਾ ਕੱਢ ਲਿਆ ਕਿ ਬੇਗਮ ਦੇ ਕਹੇ ਦਾ ਅਸਰ ਅਮੀਰ ਨੂੰ ਹੋਣਾ ਸੋਟੇ ਨੂੰ ਸੋਨਾ ਹੈ। ਜੇ ਸੋਟੇ ਨੂੰ ਸੋਨਾ ਨਾ ਚੜ੍ਹੇ ਤਦ ਕੀ ਕੀਤਾ ਜਾਵੇ? ਇਹ ਵਿਚਾਰਦੀ ਕੰਨ੍ਹਾ ਐਸੀ ਡੂੰਘੀ ਸੋਚੀਂ ਉੱਤਰੀ ਕਿ ਅੰਦਰ ਆਸਾ ਤੇ ਨਿਰਾਸ਼ਤਾ ਦਾ ਘੋਲ਼ ਹੋਣ ਲੱਗ ਪਿਆ। ਇਸਦੀ ਸੋਚ ਆਸ ਨੂੰ ਤਕੜਿਆਂ ਕਰਨ ਦੇ ਕਈ ਉਪਰਾਲੇ ਸੋਚੇ ਅਰ ਨਿਰਾਸਤਾ ਨੂੰ ਹਟਾਵੇ, ਪਰ ਅੰਤ ਨਿਰਾਸਤਾ ਮਰਦੀ ਨਾ ਦਿੱਸੇ। ਇਸੇ ਤਰ੍ਹਾਂ ਦੀਆਂ ਸੋਚਾਂ ਵਿਚ ਸਤਵੰਤ ਕੌਰ ਆਮੁਹਾਰੀ ਬੋਲ ਉਠੀ- ਹੇ ਨਿਰਾਸਤਾ! ਜੇ ਤੂੰ ਇਕੁਰ ਮਰਦੀ ਨਹੀਂ ਤਾਂ ਤੂੰ ਮੇਰੀ ਜਾਨ ਉਤੇ ਆਪਣੇ ਪੈਰ ਟਿਕਾ ਤੇ ਉਸ ਦੇ ਬਦਲੇ ਮੇਰੇ ਜਤਨ ਦੇ ਰਸਤੇ ਛੱਡ ਦੇਹ, ਅਦਲਾ ਬਦਲੀ ਕਰ ਲੈ।’ ਇਹ ਕਹਿਕੇ ਹਟੀ ਤਾਂ ਇਸਦੇ ਉਪਰਾਲੇ ਦਾ ਰਸਤਾ ਸਾਫ਼ ਹੋ ਗਿਆ ਅਰ ਜੋ ਕੁਝ ਦਿਨੇ ਉਠ ਕੇ ਕਰਨਾ ਚਾਹੀਏ, ਐਸ ਤਰ੍ਹਾਂ ਉਸ ਨੇ ਮਿਥ ਲਿਆ ਜਿੱਕੁਰ ਕੋਈ ਨਕਸ਼ਾ ਖਿੱਚ ਲਈਦਾ ਹੈ।

ਸਵੇਰੇ ਉਠੀ ਅਰ ਸੁਆਣੀ ਪਾਸ ਗਈ। ਉਸਨੂੰ ਉਠਾਇਆ, ਕਪੜੇ ਪਵਾਏ, ਉਪਦੇਸ਼ ਦੇ ਕੇ ਧੀਰਜ ਬਨ੍ਹਵਾਇਆ ਅਰ ਇਹ ਅਕਲ ਦੇ ਕੇ ਬੇਗ਼ਮ ਵੱਲ ਘੱਲਿਆ ਕਿ ਜੇਕਰ ਤੇਰੇ ਮਾਲਕ ਦੀ ਜਾਨ ਬਖ਼ਸ਼ੀ ਨਾ ਹੋਵੇ ਤਦ ਬੇਗ਼ਮ ਨੂੰ ਕਹੀਂ ਕਿ ਇਂਤਨੀ ਆਯਾ ਤਾਂ ਤੈਨੂੰ ਲੈ ਦੇਵੇ ਕਿ ਇਕ ਵਾਰੀ ਤੂੰ ਪਤੀ ਨੂੰ ਉਸ ਦੇ ਮਰਨ ਤੋਂ ਪਹਿਲੇ ਮਿਲ ਸਕੇਂ। ਇਹ ਗੱਲ ਬੇਗ਼ਮ ਨੂੰ ਜਿਵੇਂ ਬਣ ਪਵੇ ਤਿਵੇਂ ਮਨਾਵੀਂ, ਮੈਨੂੰ ਪੱਕਾ ਨਿਸ਼ਚਾ ਹੈ ਕਿ ਅਮੀਰ ਸਾਹਿਬ ਏਸ ਗੱਲ ਨੂੰ ਜ਼ਰੂਰ ਮੰਨ ਲੈਣਗੇ। ਟੁੱਟੇ ਦਿਲ, ਪਰ ਔੜ ਮਾਰੀ ਪਰਜਾ ਦੀ ਉਸ ਦਸ਼ਾ ਵਾਂਙ ਜੋ ਬਰਸਾਤ ਦੇ ਅੰਤ ਤਕ ਆਸ ਬੰਨ੍ਹੀ ਰੱਖਦੀ ਹੈ ਕਿ ਖ਼ਬਰੇ ਹੁਣ ਬੀ ਮੀਂਹ ਪੈ ਜਾਏ, ਫ਼ਾਤਮਾ ਦਿਲ ਨੂੰ ਦਿਲਬਰੀਆਂ ਦਿੰਦੀ ਡੋਲੀ ਵਿਚ ਬੈਠਕੇ ਤੁਰੀ ਅਰ ਅਮੀਰ ਦੇ ਘਰ ਪਹੁੰਚੀ। ਅਗੋਂ ਬੇਗ਼ਮ ਨੇ ਆਦਰ ਨਾਲ ਬਿਠਾਇਆ, ਸੁੱਖ ਪੁੱਛੀ, ਫ਼ਾਤਮਾ ਨੇ ਅਦਬ ਨਾਲ ਉੱਤਰ ਦਿੱਤੇ, ਪਰ ਜਦ ਮਤਲਬ ਦੀ ਗੱਲ ਛਿੜੀ ਤਦ ਬੇਗ਼ਮ ਨੇ ਸਿਰ ਫੇਰ ਕੇ ਕਿਹਾ : ਬੀਬੀਏ! ਜਿੰਨਾਂ ਜ਼ੋਰ ਮੇਰੇ ਵਿਚ ਸੀ ਮੈਂ ਲਾ ਥੱਕੀ ਹਾਂ, ਪਰ ਅਮੀਰ ਸਾਹਿਬ ਇਕ ਨਹੀਂ ਮੰਨਦੇ। ਕਹਿੰਦੇ ਹਨ ਕਿ ਤੇਰੇ ਪਤੀ ਦਾ ਕਤਲ ਹੋਣਾ ਜ਼ਰੂਰੀ ਹੈ, ਇਸ ਲਈ ਕੁਝ ਪੇਸ਼ ਨਹੀਂ ਜਾਂਦੀ। ਫ਼ਾਤਮਾ ਸੁਣਦੀ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਥੋੜ੍ਹੀ ਬਹੁਤ ਆਸਾ ਜੇ ਕੁਝ ਸੀ ਸਭ ਟੁਟ ਗਈ ਅਰ ਡੋਬ ਪੈਣ ਲੱਗਾ ਸੀ ਕਿ ਫੇਰ ਸਮਾਂ ਵਿਚਾਰ ਕੇ ਫ਼ਾਤਮਾਂ ਸੰਭਲੀ ਤੇ ਦੂਸਰੀ ਬੇਨਤੀ ਕੀਤੀ। ਉਹ ਬੇਗ਼ਮ ਨੇ ਕਿਹਾ ਕਿ ਇਹ ਮੈਂ ਜ਼ਰੂਰ ਮਨਾ ਲਵਾਂਗੀ। ਤਸੱਲੀ ਲੈ ਕੇ ਅਰ ਬੇਗ਼ਮ ਤੋਂ ਵਿਦਾ ਹੋ ਕੇ ਫ਼ਾਤਮਾ ਘਰ ਆਈ ਅਰ ਸਤਵੰਤ ਕੌਰ ਨੂੰ ਹਾਲ ਸੁਣਾਇਆ। ਉਸ ਬੀਰ ਕੁੜੀ ਦੇ ਚਿਹਰੇ ਦਾ ਰੰਗ ਨਾ ਵਟੀਜਿਆ, ਉਹੋ ਜਿਹੀ ਦੀ ਉਹੋ ਜਿਹੀ ਰਹੀ। ਬੜੇ ਪੱਕੇ ਜਿਗਰੇ ਨਾਲ ਪੁੱਛਣ ਲੱਗੀ ਕਿ ਕੀ ਤੁਸਾਂ ਦੂਸਰੀ ਬੇਨਤੀ ਕੀਤੀ ਸੀ? ਫ਼ਾਤਮਾ ਬੋਲੀ, ‘ਹਾਂ, ਬੇਗ਼ਮ ਨੇ ਕਿਹਾ ਸੀ ਕਿ ਇਹ ਗੱਲ ਮੈਂ ਜ਼ਰੂਰ ਮਨਾ ਲਵਾਂਗੀ ਅਰ ਅੱਜ ਦੁਪਹਿਰੇ ਹੀ ਤੈਨੂੰ ਖ਼ਬਰ ਦੱਸ ਭੇਜਾਂਗੀ, ਕਿਉਂਕਿ ਅਮੀਰ ਨੇ ਹੁਣ ਮਹਿਲਾਂ ਵਿਚ ਆਉਣਾ ਹੈ। ਇਹ ਸੁਣਕੇ ਸਤਵੰਤ ਕੌਰ ਦੂਸਰੇ ਕਮਰੇ ਵਿਚ ਜਾ ਕੇ ਪਾਠ ਕਰਨ ਲੱਗ ਗਈ ਅਰ ਕਰਦੀ ਕਰਦੀ ਕਿੰਨਾ ਚਿਰ ਲੱਗੀ ਰਹੀ, ਜਦ ਦੋ ਵਜੇ ਦਾ ਵੇਲਾ ਹੋ ਗਿਆ ਤਦ ਫ਼ਾਤਮਾ ਨੇ ਆ ਬੁਲਾਇਆ ਅਰ ਦੱਸਿਆ ਕਿ ਅਮੀਰ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਹੈ, ਪਰ ਇਕੱਲੀ ਵਾਸਤੇ ਅਰ ਇਹ ਬੀ ਕਹਿ ਭੇਜਿਆ ਹੈ ਕਿ ਕੱਲ੍ਹ ਹੀ ਮਿਲ ਲਓ, ਕਿਉਂਕਿ ਪਰਸੋਂ ਉਸ ਨੇ ਮਾਰੇ ਜਾਣਾ ਹੈ। ਇਹ ਗੱਲ ਬੀ ਬੇਗ਼ਮ ਨੇ ਦੱਸ ਭੇਜੀ ਹੈ ਕਿ ਕੈਦਖਾਨੇ ਦੇ ਅਫਸਰ ਨੂੰ ਹੁਕਮ ਹੈ, ਜਿਸ ਵੇਲੇ ਮੈਂ ਚਾਹਾਂ ਚਲੀ ਜਾਵਾਂ।

ਸਤਵੰਤ ਕੌਰ ਬੋਲੀ- ਬੀਬੀ! ਬਹੁਤ ਭਲਾ ਹੋਇਆ, ਹੁਣ ਅਕਾਲ ਪੁਰਖ ਭਲੀ ਕਰੇਗਾ।

ਫ਼ਾਤਮਾ-ਪਿਆਰੀ! ਕੀ ਭਲੀ ਕਰੇਗਾ? ਹੁਣ ਤਾਂ ਸਭ ਇਲਾਜ ਦੂਰ ਹੋ ਚੁਕੇ, ਹੁਣ ਕੀ ਹੋਵੇਗਾ?

ਸਤਵੰਤ ਕੌਰ-ਬੀਬੀ! ਤੂੰ ਕੁਛ ਨਾ ਕਰ, ਮੈਂ ਭਾਵੇਂ ਅਯੋਗ ਢੰਗ ਨਾਲ ਕੈਦ ਪਈ ਹਾਂ, ਭਾਵੇਂ ਮੈਂ ਛਲ ਨਾਲ ਫਾਹੀ ਗਈ ਹਾਂ, ਪਰ ਮੈਂ ਸਿੰਘ ਹਾਂ ਅਰ ਮੈਂ ਤੁਹਾਡਾ ਨਿਮਕ ਖਾਧਾ ਹੈ, ਅਤੇ ਤੁਸੀਂ ਮੇਰੀ ਬਿਪਤਾ ਵਿਚ ਮੇਰੇ ਨਾਲ ਪਿਆਰ ਕੀਤਾ ਹੈ, ਇਸ ਲਈ ਮੈਂ ਆਪ ਦੀ ਸੇਵਾ ਵਿਚ ਜਿੰਦ ਵਾਰਨੋਂ ਵੀ ਫਰਕ ਨਹੀਂ ਕਰਾਂਗੀ, ਤੁਸੀਂ ਪੁੱਛੋ ਕੁਛ ਨਾ, ਜੋ ਕਹਾਂ ਕਰੌ ਚਲੋ। ਡੋਲੇ ਦਾ ਬੰਦੋਬਸਤ ਕਰੋ ਕਿ ਜਿਸ ਵਿਚ ਬੈਠਕੇ ਪਰਦੇ ਨਾਲ ਅੰਦਰ ਪਹੁੰਚ ਹੋਵੇ।

ਗੱਲ ਕੀ ਇਸ ਪ੍ਰਕਾਰ ਦੀਆਂ ਗੱਲਾਂ ਹੋ ਬੀਤੀਆਂ। ਦੂਜੇ ਦਿਨ ਸਵੇਰ ਸਾਰ ਕੈਦਖਾਨੇ ਡੋਲਾ ਪਹੁੰਚਾ, ਅੰਦਰ ਕੈਦੀ ਦੀ ਕੋਠੀ ਵਿਚ ਉਤਾਰਿਆ ਗਿਆ, ਚੁੱਕਣ ਵਾਲੇ ਅਰ ਸਿਪਾਹੀ ਸਭ ਬਾਹਰ ਹੋਏ। ਕੈਦੀ ਨੂੰ ਬੀ ਖ਼ਬਰ ਸੀ ਕਿ ਮੇਰੀ ਉਹ ਵਹੁਟੀ-ਜਿਸ ਨੂੰ ਮੈਂ ਸਦਾ ਦੁੱਖ ਹੀ ਦਿੱਤੇ ਹਨ-ਮੇਰੀ ਮੁਖ-ਯਾਤ੍ਰਾ ਕਰਨੇ ਨੂੰ ਆਈ ਹੈ। ਇਸ ਵੇਲੇ ਸ਼ਰਾਬ ਅਰ ਪਦਾਰਥਾਂ ਦਾ ਨਸ਼ਾ ਉੱਡ ਚੁਕਾ ਹੋਇਆ ਸੀ, ਖ਼ਾਨ ਬਹਾਦਰ ਸੁੱਕ ਕੇ ਤੀਲਾ ਹੋ ਰਿਹਾ ਸੀ, ਅੱਖਾਂ ਟੋਏ ਲਹਿ ਚੁਕੀਆਂ ਸਨ, ਹੁਣ ਤਾਂ ਉਸ ਨੂੰ ਇਹ ਬੀ ਸਮਝ ਪੈ ਚੁਕੀ ਹੋਈ ਸੀ ਕਿ ਮੈਂ ਭਾਰਾ ਪਾਪੀ ਹਾਂ, ਅਰ ਮੇਰੇ ਕਰਮਾਂ ਦਾ ਫਲ ਦੇਣੇ ਲਈ ਮੇਰੇ ਸਿਰ ਤੇ ਤਲਵਾਰ ਚਮਕ ਰਹੀ ਹੈ।

-0-

4 ਕਾਂਡ।

ਇਸ ਤੰਗ ਕੋਠੜੀ ਵਿਚ ਜਾਂ ਖ਼ਾਨ ਸਾਹਿਬ ਹਨ ਜਾਂ ਡੋਲਾ ਪਿਆ ਹੈ, ਜਿਸ ਵਿਚੋਂ ਇਕ ਸੁੰਦਰ ਜਵਾਨ ਇਸਤ੍ਰੀ ਨਿਕਲੀ ਅਰ ਨਿਕਲਦੇ ਸਾਰ ਕਮਰੇ ਵਿਚ ਜਾ ਵੜੀ। ਫਿਰ ਚਾਰ ਚੁਫੇਰੇ ਫੁਰਤੀ ਦੀ ਨਜ਼ਰ ਦੁੜਾਕੇ ਤੱਕ ਕੇ ਤਸੱਲੀ ਕਰਕੇ ਕਿ ਹੋਰ ਕੋਈ ਨਹੀਂ ਹੈ, ਬੋਲੀ ਕਿ ਹੁਣ ਵਕਤ ਹੈ ਬੜਾ ਨਾਜ਼ਕ, ਗਲ ਕਰਨੇ ਦਾ ਸਮਾਂ ਨਹੀਂ, ਤੁਸੀਂ ਮਰਦਾਵੇਂ ਲਾਹ ਦਿਓ ਤੇ ਜ਼ਨਾਨੇ ਪਹਿਨ ਲਵੋ ਜੋ ਮੈਂ ਆਂਦੇ ਹਨ ਤੇ ਤੁਸੀਂ ਡੋਲੇ ਵਿਚ ਬੈਠ ਜਾਓ। ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ। ਤੁਸੀਂ ਇੰਜ ਤ੍ਰੀਮਤ ਦੇ ਵੇਸ ਵਿਚ ਘਰ ਪਹੁੰਚ ਜਾਓਗੇ, ਤਦ ਡੋਲਿਓਂ ਉਤਰਦੇ ਹੀ ਭੇਸ ਵਟਾ ਲਿਓ ਅਰ ਹਿੰਦੁਸਤਾਨ ਨੂੰ ਨਿਕਲ ਜਾਇਓ। ਹੋਰ ਸਲਾਹ ਘਰ ਪਹੁੰਚਕੇ ਕਰ ਲੈਣੀ, ਛੇਤੀ ਕਰੋ।

ਖ਼ਾਂ ਹੱਕਾ ਬੱਕਾ ਰਹਿ ਗਿਆ ਕਿ ਇਹ ਕੀ ਹੋਇਆ, ਮੌਤ ਦੇ ਮੂੰਹੋਂ ਬਚਣੇ ਦਾ ਰਸਤਾ ਨਿਕਲ ਪਿਆ! ਬਹੁਤ ਪ੍ਰਸ਼ਨ ਪੁੱਛਣੇ ਚਾਹੇ ਪਰ ਉਸ ਕੰਨ੍ਹਾਂ ਦੀ ਕਾਹਲੀ ਨੇ ਉਸ ਨੂੰ ਕੁਛ ਨਾ ਪੁੱਛਣ ਦਿੱਤਾ। ਤ੍ਰੀਮਤ ਦਾ ਭੇਸ ਵਟਾ ਕੇ ਉਤੇ ਬੁਰਕਾ ਪਾ ਕੇ ਡੋਲੇ ਵਿਚ ਹੋ ਬੈਠਾ। ਕੁਛ ਸਮੇਂ ਮਗਰੋਂ ਟਹਿਲੀਏ ਆਏ, ਡੋਲਾ ਚੁੱਕ ਕੇ ਲੈ ਗਏ। ਪਹਿਰੇਦਾਰਾਂ ਨੂੰ ਕੀ ਸ਼ੁਬਹ ਹੋ ਸਕਦਾ ਸੀ ਕਿ ਇੰਨੇ ਚਿਰ ਵਿਚ ਕੀਹ ਹਨੇਰ ਵਰਤ ਗਿਆ ਹੈ। ਬੇਖਟਕੇ ਡੋਲਾ ਚੁਕਵਾ ਕੇ ਤੇ ਕੋਠੜੀ ਨੂੰ ਜਿੰਦਰਾ ਮਾਰ ਕੇ ਸਹਜ ਸੁਭਾ ਸਾਰੇ ਵਿਦਾ ਹੋ ਗਏ।

ਦੂਸਰੇ ਦਿਨ ਕਤਲ ਦਾ ਸਮਾਂ ਆ ਗਿਆ, ਬਾਹਰਲੇ ਮੈਦਾਨ ਵਿਚ ਤਿਆਰੀ ਕੀਤੀ ਗਈ, ਜੱਲਾਦ ਤਲਵਾਰ ਲੈ ਕੇ ਆ ਪਹੁੰਚਾ। ਇਧਰ ਦੋ ਸਿਪਾਹੀ ਕੋਠੜੀ ਵਿਚੋਂ ਕੈਦੀ ਨੂੰ ਕੱਢਣ ਵਾਸਤੇ ਗਏ, ਪਰ ਕੀ ਦੇਖਦੇ ਹਨ ਕਿ ਉੱਥੇ ਕੈਦੀ ਤਾਂ ਕੋਈ ਨਹੀਂ ਹੈ, ਇਕ ਮੁਟਿਆਰ ਬੈਠੀ ਹੈ ਤੇ ਮਰਦਾਵੇਂ ਕਪੜੇ ਕੋਲ ਪਏ ਹਨ। ਹੱਕੇ ਬੱਕੇ ਹੋਕੇ ਉਨ੍ਹਾਂ ਨੇ ਦਰੋਗੇ ਨੂੰ ਆਵਾਜ਼ ਦਿੱਤੀ, ਉਸ ਨੇ ਭੀ ਹੈਰਾਨੀ ਨਾਲ ਅਚਰਜ ਕੌਤਕ ਦੇਖ ਕੇ ਆਪਣਾ ਬੁੱਲ ਟੁੱਕਿਆ ਅਰ ਕਚੀਚੀ ਵੱਟੀ, ਪਰ ਨਿਰਭੈ ਇਸਤ੍ਰੀ ਡਰੀ ਨਹੀਂ, ਗੰਭੀਰ ਬੈਠੀ ਉਨ੍ਹਾਂ ਦੇ ਚਿਹਰੇ ਵੱਲ ਤੱਕ ਰਹੀ ਹੈ।

ਦਰੋਗਾ-ਹੇ ਤ੍ਰੀਮਤ! ਤੂੰ ਕੌਣ ਹੈਂ? ਅਰ ਖ਼ਾਂ ਸਾਹਿਬ ਕਿਥੇ ਹਨ? ਤ੍ਰੀਮਤ-ਮੈਂ ਉਹ ਹਾਂ ਜੋ ਕਲ੍ਹ ਡੋਲੇ ਵਿਚ ਆਈ ਸਾਂ, ਅਰ ਖ਼ਾਂ ਸਾਹਿਬ ਡੋਲੇ ਵਿਚ ਬੈਠਕੇ ਚਲੇ ਗਏ, ਤੁਸੀਂ ਉਨ੍ਹਾਂ ਦੀ ਥਾਂ ਮੈਨੂੰ ਕਤਲ ਕਰ ਦਿਓ।

ਦਰੋਗ਼ਾ-ਗ਼ਜ਼ਬ! ਕਹਿਰ ਇਲਾਹੀ!! ਐ ਔਰਤ! ਤੂੰ ਹਨੇਰ ਮਾਰਿਆ, ਮਰਦਾਂ ਦੇ ਕੰਨ ਕੁਤਰੇ, ਸਾਰੀ ਅਕਲ ਮੇਟ ਦਿੱਤੀ। ਤੇਰੀ ਸਜ਼ਾ ਇਹ ਚਾਹੀਦੀ ਹੈ ਕਿ ਤੈਨੂੰ ਇਸੇ ਵੇਲੇ ਡੱਕਰੇ ਡੱਕਰੇ ਕਰ ਦਿੱਤਾ ਜਾਵੇ।

ਤ੍ਰੀਮਤ-ਠੀਕ ਹੈ, ਮੈਂ ਤਾਂ ਆਪਣਾ ਨਿਮਕ ਹਲਾਲ ਕੀਤਾ ਹੈ, ਇਕ ਜਾਨ ਬਚਾਈ ਹੈ; ਤੁਸੀਂ ਜੋ ਸਜ਼ਾ ਦਿਓ ਮੇਰੇ ਲਈ ਸੁਖ ਹੈ, ਚਲਾਓ ਤਲਵਾਰ ਅਰ ਮਾਰੋ ਇਕ ਤ੍ਰੀਮਤ ਨੂੰ।

ਦਰੋਗਾ-ਠੀਕ ! ਹੱਛਾ..! ਹੈਂ ਕੀਹ ਮੈਂ ਤ੍ਰੀਮਤ ਦੇ ਲਹੂ ਨਾਲ ਹੱਥ ਰੰਗਾਂ? ਨਹੀਂ ਨਹੀਂ ਕਦੇ ਨਹੀਂ। ਮੈਂ ਆਪਣੇ ਹੱਥ ਤੀਵੀਂ ਦੇ ਲਹੂ ਨਾਲ ਕਦੇ ਨਹੀਂ ਰੰਗਾਂਗਾ ਪਰ ਮੈਂ ਮਾਲਕ ਨੂੰ ਕੀਹ ਮੂੰਹ ਦਿਖਾਵਾਂਗਾ ਕਿ ਐਡਾ ਪੁਰਾਣਾ ਆਦਮੀ ਤੀਵੀਂ ਦੇ ਹੱਥੋਂ ਛਲਿਆ ਗਿਆ। ਤ੍ਰੀਮਤੇ! ਜੇ ਤੈਨੂੰ ਮਾਰਾਂ ਤਦ ਕਾਇਰ, ਜੇ ਛੱਡਾਂ ਨਿਮਕ ਹਰਾਮ, ਜੇ ਮਾਲਕ ਨੂੰ ਦੱਸਾਂ ਤਦ ਉੱਲੂ।

ਤ੍ਰੀਮਤ-ਹੇ ਬਜ਼ੁਰਗ ਦਰੋਗੇ! ਘਬਰਾ ਨਹੀਂ, ਤੇਰੇ ਮਾਲਕ ਨੇ ਕਿਹਾ ਸੀ ਕਿ ਡੋਲਾ ਬੰਦ ਆਵੇ ਬੰਦ ਚਲਾ ਜਾਵੇ, ਤੇਰਾ ਇਸ ਵਿਚ ਕੋਈ ਦੋਸ਼ ਨਹੀਂ ਹੈ। ਤੂੰ ਮਾਲਕ ਨੂੰ ਛੇਤੀ ਖ਼ਬਰ ਕਰ, ਜੋ ਹੁਕਮ ਹੋਵੇ ਮੈਂ ਸਹਿਣ ਨੂੰ ਤਿਆਰ ਹਾਂ, ਕਿਉਂਕਿ ਜੇ ਮੈਨੂੰ ਜਿੰਦ ਪਿਆਰੀ ਹੁੰਦੀ ਤਾਂ ਮੈਂ ਮੌਤ ਦੇ ਘੁਰੇ ਵਿਚ ਆਪ ਨਾ ਆ ਵੜਦੀ, ਮੈਂ ਮਰਨਾ ਬਿਦ ਕੇ ਆਈ ਹਾਂ, ਮੈਂ ਕਿਸੇ ਦੁੱਖ ਤੋਂ ਕਿਸੇ ਤਰ੍ਹਾਂ ਦੀ ਮੌਤ ਤੋਂ ਨਹੀਂ ਡਰਦੀ। ਜੋ ਬਹਾਦੁਰ ਸ਼ਸਤ੍ਰ ਪਹਿਨਦਾ ਜੰਗ ਨੂੰ ਤੁਰਦਾ ਹੈ, ਉਹ ਦੁੱਖਾਂ ਨੂੰ ਸਜੇ ਹੱਥ ਅਰ ਮੌਤ ਨੂੰ ਖੱਬੇ ਹੱਥ ਪਰ ਧਰ ਲੈਂਦਾ ਹੈ। ਬਹਾਦੁਰ ਹਾਂ, ਕਿਉਂਕਿ ਮੈਂ ਇਕ ਜਾਨ ਬਚਾਈ ਹੈ, ਕਿਸੇ ਨੇ ਬੇਕਸੀ ਵਿਚ ਮੇਰੇ ਨਾਲ ਪਿਆਰ ਕੀਤਾ ਸੀ, ਮੈਂ ਉਸ ਨਾਲ ਨੇਕੀ ਦੇ ਬਦਲੇ ਜਿੰਦ ਹੂਲਕੇ ਨੇਕੀ ਕੀਤੀ ਹੈ।

ਇਸ ਤਰ੍ਹਾਂ ਦੇ ਵਾਕ ਸੁਣਕੇ ਦਰੋਗਾ ਹੱਕਾ ਬੱਕਾ ਰਹਿ ਗਿਆ, ਬਹੁਤ ਕੁਝ ਸੋਚਿਆ, ਪਰ ਕੁਝ ਨਾ ਫੁਰਿਆ, ਛੇਕੜ ਦਰਬਾਰ ਵਿਚ ਹਾਜ਼ਰ ਹੋਇਆ ਅਰ ਵਜ਼ੀਰ ਸਾਹਿਬ ਦੀ ਰਾਹੀਂ ਸਾਰਾ ਕਿੱਸਾ ਅਮੀਰ ਸਾਹਿਬ ਦੇ ਕੰਨਾਂ ਤਕ ਪੁਚਾਇਆ। ਅਮੀਰ ਸਾਹਿਬ ਸੁਣਦੇ ਅਚਰਜ ਰਹਿ ਗਏ, ਹੁਕਮ ਦਿੱਤਾ ਕਿ ਉਸ ਔਰਤ ਨੂੰ ਜਿਸ ਵਿਚ ਇਤਨੀ ਕੁਰਬਾਨੀ ਹੈ, ਦਰਬਾਰ ਵਿਚ ਹਾਜ਼ਰ ਕਰੋ। ਉਸੇ ਵੇਲੇ ਦਰੋਗਾ ਦੌੜਿਆ ਗਿਆ ਅਰ ਤ੍ਰੀਮਤ ਦਰਬਾਰ ਵਿਚ ਲਿਆ ਹਾਜ਼ਰ ਕੀਤੀ। ਭਰੀ ਸਭਾ ਵਿਚ ਇਕੱਲੀ ਤ੍ਰੀਮਤ ਅਦਬ ਨਾਲ ਸਿਰ ਨੀਵਾਂ ਕਰ ਖੜੋ ਗਈ। ਅਮੀਰ ਸਾਹਿਬ ਨੇ ਪੁੱਛਿਆ ਤੂੰ ਕੌਣ ਹੈਂ ਅਰ ਇਹ ਕੀ ਮਾਜਰਾ ਹੈ ਜੋ ਤੂੰ ਇਸ ਤਰ੍ਹਾਂ ਆਪਣੀ ਜਾਨ ਜੋਖੋਂ ਵਿਚ ਪਾਈ ਹੈ”?

ਤ੍ਰੀਮਤ-ਮੈਂ ਪੰਜਾਬ ਦੇਸ਼ ਦੇ ਇਕ ਸਿੱਖ ਦੀ ਪੁੱਤਰੀ ਹਾਂ, ਆਪ ਦੇ ਜ਼ੁਲਮ ਨੇ ਮੈਨੂੰ ਕੈਦ ਕੀਤਾ ਅਰ ਪਸ਼ੂਆਂ ਦੀ ਤਰ੍ਹਾਂ ਬੰਦੀ ਵਿਚ ਪਾਕੇ ਇਥੇ ਪੁਚਾਇਆ ਅਰ ਡੰਗਰਾਂ ਦੀ ਤਰ੍ਹਾਂ ਮੰਡੀ ਵਿਕਾਇਆ। ਇਸ ਕਹਿਰ ਹੇਠ ਵਿਕ ਕੇ ਮੈਂ ਇਸ ਖ਼ਾਨ ਸਾਹਿਬ ਦੇ ਘਰ ਪਹੁੰਚੀ, ਜਿਸਨੂੰ ਆਪ ਨੇ ਕਤਲ ਦੀ ਸਜ਼ਾ ਦਿੱਤੀ ਸੀ ਅਰ ਉਸਦੀ ਵਹੁਟੀ ਫਾਤਮਾ ਦੀ ਟਹਿਲਣ ਬਣੀ। ਭਾਵੇਂ ਉਹ ਮੇਰਾ ਮਾਲਕ ਨਹੀਂ, ਮੈਂ ਉਸਦੀ ਦਾਸੀ ਨਹੀਂ, ਮੈਂ ਇਕ ਬੇਗੁਨਾਹ ਦੁਖੀਆ ਹਾਂ, ਮਜ਼ਲੂਮ ਹਾਂ, ਪਰ ਫੇਰ ਬੀ ਉਸ ਦੀ ਵਹੁਟੀ ਦੇ ਨੇਕ ਸਲੂਕ ਦੀ ਹਿਸਾਨਮੰਦ ਹੋ ਕੇ ਮੈਂ ਉਸਦੇ ਘਰ ਵਾਲੇ ਦੀ ਜਾਨ ਬਚਾਉਣ ਨੂੰ ਪੁੰਨ ਸਮਝਿਆ ਅਰ ਛੁਡਾਉਣ ਦੇ ਬੰਦੋਬਸਤ ਕੀਤੇ, ਪਰ ਕੁਝ ਪੇਸ਼ ਨਾ ਗਈ, ਛੇਕੜ ਆਪ ਤੋਂ ਇਹ ਆਗ੍ਯਾ ਮੰਗਵਾਈ ਕਿ ਫਾਤਮਾ ਖਾਂ ਸਾਹਿਬ ਨੂੰ ਮਿਲ ਲਵੇ। ਉਹ ਤ੍ਰੀਮਤ ਡਰਪੋਕ ਹੈ ਅਰ ਜਿੰਦ ਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਮੈਂ ਆਪ ਉਸਦੀ ਥਾਂ ਬੰਦੀਖਾਨੇ ਗਈ, ਖਾਂ ਨੂੰ ਜ਼ਨਾਨਾ ਭੇਸ ਕਰਾਕੇ ਬਾਹਰ ਭੇਜ ਦਿੱਤਾ ਅਰ ਮਰਦਾਨਾ ਭੇਸ ਕਰ ਬੈਠੀ ਰਹੀ, ਫੇਰ ਮੈਂ ਮਰਦਾਨਾ ਲਿਬਾਸ ਲਾਹਕੇ ਦੂਸਰਾ ਜ਼ਨਾਨਾ ਵੇਸ਼, ਜੋ ਨਾਲ ਲਿਆਈ ਸਾਂ ਪਾ ਲਿਆ।

ਅਮੀਰ-ਐ ਦਲੇਰ ਔਰਤ! ਤੂੰ ਬੜੀ ਬਹਾਦੁਰ ਹੈਂ, ਤੂੰ ਉਹ ਕੰਮ ਕੀਤਾ ਹੈ ਜੋ ਕਿਸੇ ਦੇ ਕਰਨੇ ਦਾ ਨਹੀਂ, ਮੇਰੀ ਅਕਲ ਹੈਰਾਨ ਹੈ ਤੇਰੇ ਕਰਤਬ ਉੱ ਤੇ, ਪਰ ਤੂੰ ਸਿੱਖ ਦੀ ਧੀ ਹੈਂ ਇਸ ਲਈ ਤੇਰਾ ਮਾਰਨਾ ਹੀ ਚੰਗਾ ਹੈ. ਪਰ ਤੇਰੀ ਬਹਾਦੁਰੀ ਦਾ ਇਨਾਮ ਨਾ ਦੇਵਾਂ ਤਦ ਬੀ ਹੈਫ ਹੈ, ਸੋ ਮੰਗ ਕਿ ਮੈਂ ਤੈਨੂੰ ਕੀ ਦੇਵਾਂ?

ਤ੍ਰੀਮਤ- ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ ਮੈਂ ਕੁਛ ਨਹੀਂ ਮੰਗਦੀ। ਹਾਂ, ਕੁਛ ਪੁੱਛਿਆ ਚਾਹੁੰਦੀ ਹਾਂ।

ਅਮੀਰ-ਕੀ ਪੁੱਛਿਆ ਚਾਹੁੰਦੀ ਹੈ ?

ਤ੍ਰੀਮਤ-ਮੈਂ ਇਹ ਪੁੱਛਿਆ ਚਾਹੁੰਦੀ ਹਾਂ ਕਿ ਸਿੱਖਾਂ ਪਰ ਇੱਡਾ ਜ਼ੁਲਮ ਕਿਉਂ ਹੁੰਦਾ ਹੈ? ਕਿਆ ਸਿੱਖ ਆਦਮੀ ਨਹੀਂ?

ਅਮੀਰ-ਸਿੱਖ ਆਦਮੀ ਤਾਂ ਹਨ, ਪਰ ਲੁਟੇਰੇ ਹਨ। ਮੇਰੇ ਪੰਜਾਬ ਖੁਹਣ ਦੇ ਰਸਤੇ ਵਿਚ ਅਟਕਦੇ ਹਨ। ਵੈਸੇ ਓਹ ਕਾਫਰ ਹਨ, ਇਸ ਕਰਕੇ ਮਾਰਦਾ ਹਾਂ।

ਤ੍ਰੀਮਤ-ਸਿੱਖ ਲੁਟੇਰੇ ਨਹੀਂ ਹਨ। ਲੁਟੇਰੇ ਤੇਰੇ ਹਾਕਮ ਹਨ, ਜੋ ਪੰਜਾਬ ਵਿਚ ਪਰਜਾ ਨੂੰ ਲੁਟਦੇ ਹਨ। ਤੈਂ ਬਿੱਲੀਆਂ ਨੂੰ ਪੇੜਿਆਂ ਦੀ ਰਾਖੀ ਪੁਰ ਛੱਡਿਆ ਹੈ। ਹਾਕਮਾਂ ਨੇ ਤੇ ਚੌਧਰੀਆਂ ਨੇ ਕਈ ਤ੍ਰੀਕੇ ਰੱਖੇ ਹੋਏ ਹਨ, ਜਿਨ੍ਹਾਂ ਨਾਲ ਉਹ ਦੇਸ਼ ਨੂੰ ਲੁਟਦੇ ਅਰ ਪਰਜਾ ਨੂੰ ਵੈਰਾਨ ਕਰਦੇ ਹਨ। ਸਿੱਖ ਉਨ੍ਹਾਂ ਤੋਂ ਪਰਜਾ ਦੀ ਰਾਖੀ ਕਰਦੇ ਹਨ। ਜਦ ਦੁਹਾਈ ਮੱਚਦੀ ਹੈ ਤਦ ਦੋਸ਼ ਸਿੱਖਾਂ ਦੇ ਸਿਰ ਥੱਪ ਦਿੰਦੇ ਹਨ ਅਰ ਬੇਗੁਨਾਹਾਂ ਨੂੰ ਫੜਕੇ ਮਾਰ ਦਿੰਦੇ ਹਨ। ਫਰਿਯਾਦ ਕੋਈ ਸੁਣਦਾ ਨਹੀਂ, ਜਿਸਨੂੰ ਕਹੋ ਉਹ ਆਪ ਉਹੋ ਜਿਹਾ ਉਪਦਰੀ ਹੁੰਦਾ ਹੈ। ਸਭ ਤੋਂ ਵੱਡੇ ਦਿੱਲੀ ਵਾਲੇ ਹਨ, ਉਹ ਬੁੱਢੇ ਸ਼ੇਰ ਵਾਂਗ ਹਿੱਲਣ ਜੋਗੇ ਨਹੀਂ। ਪਰਜਾ ਦੀ ਦੂਜੀ ਪਹੁੰਚ ਆਪਦੇ ਥਾਪੇ ਹਾਕਮਾਂ ਤੱਕ ਹੁੰਦੀ ਹੈ,ਉਹ ਵੀ ਉਹੋ ਜੇਹੇ ਹਨ। ਤੁਸੀਂ ਜਿੰਨੀ ਵੇਰ ਪੰਜਾਬ ਹਿੰਦੁਸਤਾਨ ਵਿਚ ਗਏ ਪਰਜਾ ਨੂੰ ਲੁੱਟ ਲੁੱਟ ਕੇ ਨਾਸ਼ ਕੀਤਾ ਅਰ ਆਪਣੇ ਖੀਸੇ ਭਰਕੇ ਕਾਬਲ ਦਾ ਰਸਤਾ ਫੜਿਆ। ਸਿੱਖਾਂ ਨਾਲ ਤੁਸਾਂ ਦਾ ਵੈਰ ਠੀਕ ਨਹੀਂ। ਜੇ ਨਿਆਉਂ ਨਾਲ ਦੇਖੋ ਤਾਂ ਸਿੱਖ ਜ਼ਾਲਮ ਹਾਕਮਾਂ ਨੂੰ ਸਜ਼ਾ ਦਿੰਦੇ ਹਨ, ਉਨ੍ਹਾਂ ਨੂੰ ਲੁੱਟਦੇ ਅਰ ਉਨ੍ਹਾਂ ਦੀ ਮਿੱਟੀ ਪੁੱਟਦੇ ਹਨ। ਪੰਜਾਬ ਸਾਡਾ ਘਰ ਹੈ, ਦੇਸ਼ ਹੈ। ਤੁਹਾਡਾ ਕੋਈ ਹੱਕ ਨਹੀਂ ਕਿ ਸਾਡੇ ਦੇਸ਼ ਨੂੰ ਲੁੱਟੋ ਤੇ ਉਸ ਤੇ ਰਾਜ ਕਰੋ। ਆਪਣਾ ਘਰ ਸੰਭਾਲਣ ਵਾਸਤੇ ਸਿੱਖਾਂ ਦਾ ਤੁਸਾਂ ਨਾਲ ਲੜ ਪੈਣਾ ਕੋਈ ਅਪ੍ਰਾਧ ਨਹੀਂ। ਮੈਂ ਸੱਚ ਕਹਿ ਦਿੱਤਾ ਹੈ ਅਰ ਨਿਡਰ ਹੋਕੇ ਕਿਹਾ ਹੈ। ਜੋ ਮੌਤ ਤੋਂ ਨਿਡਰ ਹੈ ਓਹ ਕਾਸ ਤੋਂ ਡਰੇ? ਮੈਨੂੰ ਮਾਰ ਦੇਣ ਦੀ ਤਾਕਤ ਆਪ ਨੂੰ ਹੈ, ਸੋ ਮੈਂ ਆਪ ਮੌਤ ਦੇ ਮੂੰਹ ਪਈ ਹਾਂ। ਮੇਰੀ ਇਕੋ ਡੰਝ ਬਾਕੀ ਸੀ ਕਿ ਆਪ ਦੇ ਕੰਨੀਂ ਇਹ ਸੱਚ ਦੀ ਆਵਾਜ਼ ਪੈ ਜਾਵੇ, ਸੋ ਮੈਂ ਪਾ ਦਿੱਤੀ ਹੈ। ਹੁਣ ਸੱਚ ਦੇ ਬਦਲੇ ਜੋ ਸਜ਼ਾ ਜੀ ਆਵੇ ਦਿਓ, ਮੈਂ ਹਾਜ਼ਰ ਖੜੀ ਹਾਂ। ਮੌਤ ਮੈਨੂੰ ਜੱਫੀ ਪਾਏ ਖੜੋਤੀ ਹੈ, ਮੈਂ ਮੌਤ ਦੀ ਗੋਦੀ ਵਿਚ ਬੈਠੀ ਹਾਂ, ਇਸ ਲਈ ਮੈਂ ਨਿਡਰ ਹਾਂ। ਜਿੰਦਾਂ ਦਾ ਪਿਆਰ ਜੀਵ ਨੂੰ ਕਾਇਰ ਬਣਾਉਂਦਾ ਹੈ, ਜਿੰਦ ਤੋਂ ਹੱਥ ਧੋਤੇ ਤਾਂ ਬੀਰ ਹੋ ਗਏ। ਆਪ ਬੜੇ ਬਲਵਾਨ ਹੋ, ਮੈਂ ਕੈਦੀ ਹਾਂ, ਪਰ ਮੈਂ ਸਿੱਖ ਦੀ ਧੀ ਹਾਂ, ਬਹਾਦਰਾਂ ਦੇ ਘਰ ਜੰਮੀ ਪਲੀ ਹਾਂ, ਮੈਂ ਸੱਚ ਨੂੰ ਪਿਆਰ ਕਰਦੀ ਹਾਂ। ਹੁਣ ਹੁਕਮ ਦਿਓ ਜੋ ਮੇਰਾ ਸਿਰ ਤਨ ਤੋਂ ਜੁਦਾ ਹੋ ਜਾਏ।

ਦਰਬਾਰ ਦੇ ਮੁਸਾਹਿਬ, ਜੋ ਅਮੀਰ ਸਾਹਿਬ ਦੇ ਅੱਗੇ ਥਰ ਥਰ ਕੰਬਦੇ ਹੁੰਦੇ ਸਨ ਅਰ ਬਿਨਾਂ ਪੁੱਛੇ ਕੋਈ ਬੋਲ ਨਹੀਂ ਸੀ ਸਕਦਾ ਹੁੰਦਾ, ਇਸ ਦਲੇਰ ਕੰਨ੍ਹਾਂ ਦੇ ਬਚਨ ਸੁਣਕੇ ਹੱਕੇ ਬੱਕੇ ਰਹਿ ਗਏ ਕਿ ਇਹ ਕਿਸ ਵਲਾਇਤ ਅਰ ਕਿਸ ਜਿਨਸ ਵਿਚੋਂ ਹੈ ਕਿ ਇਸ ਤਰ੍ਹਾਂ ਨਿਡਰ ਹੋਕੇ ਐਡੇ ਸਖ਼ਤ ਪਾਤਸ਼ਾਹ ਦੇ ਸਾਹਮਣੇ ਬੋਲਦੀ ਹੈ। ਅਮੀਰ ਸਾਹਿਬ ਨੂੰ ਕੁਝ ਗੁੱਸਾ ਉਪਜਦਾ ਸੀ, ਕੁਝ ਦਯਾ ਆਉਂਦੀ ਸੀ ਤੇ ਕਿਸੇ ਵੇਲੇ ਪਿਆਰ ਬੀ ਉਪਜਦਾ ਸੀ। ਢੇਰ ਚਿਰ ਇੱਕੁਰ ਅਚੰਭਿਤ ਰਹਿ ਕੇ ਅਮੀਰ ਨੇ ਪੁੱਛਿਆ : ਐ ਦਲੇਰ ਔਰਤ! ਤੂੰ ਕੈਦ ਕਿੱਕੁਰ ਪੈ ਗਈ? ਇਹ ਸਮਝ, ਇਹ ਹੌਸਲਾ ਅਰ ਕੈਦ!

ਤ੍ਰੀਮਤ- ਅਮੀਰ ਸਾਹਿਬ! ਕੀ ਦੱਸਾਂ? ਆਪ ਦਾ ਇਕ ਫ਼ੌਜੀ ਅਫ਼ਸਰ ਘੋੜਾ ਦੁੜਾਏ ਜਾਂਦਾ ਸੀ, ਇਕ ਢੱਠੇ ਖੂਹ ਵਿਚ ਡਿਗ ਪਿਆ, ਮੈਂ ਉਸ ਨੂੰ ਡਿਗਦੇ ਡਿੱਠਾ, ਪਿੰਡੋਂ ਵਾਹਰ ਸੱਦ ਕੇ ਉਸਨੂੰ ਕਢਵਾਇਆ ਅਰ ਅੱਠ ਦਸ ਦਿਨ ਉਸਦੀ ਖ਼ਾਤਰ, ਇਲਾਜ ਮਾਲਜਾ ਕੀਤਾ, ਜਾਂ ਤਕੜਾ ਹੋਇਆ ਤਦ ਉਹ ਤੁਰ ਪਿਆ ਅਰ ਲੁਧਿਆਣੇ ਚਲਾ ਗਿਆ, ਜੋ ਸਾਡੇ ਪਿੰਡੋਂ ਕੁਝ ਦੂਰ ਵਾਟ ਪੁਰ ਹੈ। ਇਕ ਦਿਨ ਉਸ ਅਫਸਰ ਦਾ ਸੁਨੇਹਾ ਮੇਰੇ ਪਿਤਾ ਨੂੰ ਪਹੁੰਚਾ ਕਿ ਆਪ ਦੀ ਧੀ ਦੀ ਕ੍ਰਿਪਾ ਦਾ ਮੈਂ ਧੰਨਵਾਦੀ ਹਾਂ, ਮੇਰੀ ਬੇਗ਼ਮ ਉਸਨੂੰ ਮਿਲਿਆ ਚਾਹੁੰਦੀ ਹੈ; ਜੇਕਰ ਤੁਸੀਂ ਉਸਨੂੰ ਭੇਜ ਦਿਓ ਤਾਂ ਚੰਗੀ ਗੱਲ ਹੈ। ਮੇਰੇ ਪਿਤਾ ਨੇ ‘ਨਾਂਹ ਕਰ ਭੇਜੀ। ਫੇਰ ਦਸ ਦਿਨ ਮਗਰੋਂ ਉਹ ਆਪਣੀ ਵਹੁਟੀ ਸਮੇਤ ਸਾਡੇ ਪਿੰਡ ਪਹੁੰਚਾ ਅਰ ਵਹੁਟੀ ਉਸ ਦੀ ਮੈਨੂੰ ਮਿਲਣੇ ਆਈ। ਮੇਰਾ ਉਸਦਾ ਪਿਆਰ ਪੈ ਗਿਆ। ਇਕ ਦਿਨ ਮੈਂ ਉਸਨੂੰ ਮਿਲਣ ਉਸਦੇ ਤੰਬੂ ਗਈ, ਉਸ ਵੇਲੇ ਮੈਨੂੰ ਉਨ੍ਹਾਂ ਕੈਦ ਕਰ ਲਿਆ ਅਰ ਮੈਨੂੰ ਲੈਕੇ ਨੱਸ ਗਏ। ਉਹ ਤੀਮੀ ਜੋ ਉਸਦੀ ਵਹੁਟੀ ਸੀ, ਕੋਈ ਓਪਰੀ ਤ੍ਰੀਮਤ ਸੀ, ਵਹੁਟੀ ਨਹੀਂ ਸੀ। ਸੋ ਉਹ ਤ੍ਰੀਮਤ ਤਾਂ ਖਿਸਕ ਗਈ, ਤੇ ਮੈਨੂੰ ਦੁਸ਼ਟ ਨੇ ਵਿਆਹ ਵਾਸਤੇ ਕਿਹਾ। ਦੂਸਰੇ ਦਿਨ ਤੁਸਾਂ ਆਪਣੇ ਦੇਸ਼ ਨੂੰ ਕੂਚ ਕੀਤੀ ਤੇ ਉਸ ਦੁਸ਼ਟ ਨੂੰ ਡੇਰਿਓਂ ਅੱਗੇ ਤੋਰ ਦਿੱਤਾ, ਇਸੇ ਹਫਲਾਤਫਲੀ ਵਿਚ ਮੈਂ ਪਿੱਛੇ ਰਹਿ ਗਈ। ਮੈਨੂੰ ਆਪਦੇ ਸਿਪਾਹੀਆਂ ਨੇ ਬੱਧੀ ਹੋਈ ਦੇਖਕੇ ਕੈਦੀਆਂ ਵਿਚ ਰਲਾ ਦਿੱਤਾ ਜੋ ਆਪ ਨੇ ਸਾਡੇ ਦੇਸ਼ ਵਿਚੋਂ (ਮਰਦ ਤ੍ਰੀਮਤਾਂ) ਫੜ ਆਂਦੇ ਸਨ, ਇਸ ਪਾਪ ਕਰਕੇ ਕਿ ਆਪ ਦਾ ਜੀ ਕਰ ਆਇਆ ਸੀ ਕਿ ਕੁਝ ਗ਼ੁਲਾਮ ਫੜ ਲਿਚੱਲੀਏ। ਮੈਂ ਬੀ ਹੋਰਨਾਂ ਵਾਂਙ ਇਥੇ ਵਿਕ ਗਈ; ਉਸ ਦੁਸ਼ਟ ਦਾ ਫੇਰ ਪਤਾ ਨਹੀਂ ਲੱਗਾ ਕਿ ਕਿੱਧਰ ਗਿਆ, ਅੱਜ ਆਪ ਦੇ ਦਰਬਾਰ ਵਿਚ ਉਸਦੀ ਸੂਰਤ ਫਿਰ ਨਜ਼ਰ ਪਈ ਹੈ।

ਅਮੀਰ-ਕਿਹੜਾ ਹੈ?

ਤ੍ਰੀਮਤ (ਉਂਗਲ ਕਰਕੇ)- ਔਹ?

ਅਮੀਰ (ਉਸ ਵੱਲ ਮੂੰਹ ਕਰਕੇ)- ਫਿਟਕਾਰ ਹੈ ਤੈਨੂੰ ਐ ਮਲਊਨ (ਫਿਟਕਾਰੇ ਹੋਏ) ! ਮਿਹਰਬਾਨੀ ਦਾ ਇਹ ਬਦਲਾ ਸੀ? ਲਾਅਨਤੇ ਖ਼ੁਦਾ ਬਰ ਤੋ (ਖ਼ੁਦਾ ਦੀ ਫਿਟਕਾਰ ਤੇਰੇ ਉਤੇ), ਅਰ ਹੋਰ ਬੀ ਗਾਲ੍ਹਾਂ ਦਿੱਤੀਆਂ ਅਰ ਦਰੋਗੇ ਵੱਲ ਮੂੰਹ ਕਰਕੇ ਕਿਹਾ ਕਿ ਇਸ ਲੜਕੀ ਦੀ ਜਾਨ ਬਖ਼ਸ਼ੀ ਕੀਤੀ ਤੇ ਉਸ ਦੀ ਥਾਂ ਇਸਨੂੰ ਗੋਲੀ ਨਾਲ ਉਡਾ ਦਿਓ।

ਤ੍ਰੀਮਤ- ਅਮੀਰ ਸਾਹਿਬ ! ਇਨ੍ਹਾਂ ਦੀ ਜਾਨ ਬਖ਼ਸ਼ੀ ਕਰੋ। ਇਨ੍ਹਾਂ ਦੇ ਮਾਰੇ ਜਾਣ ਨਾਲ ਮੇਰੇ ਦੁਖੜੇ ਮੋੜੇ ਨਹੀਂ ਜਾ ਸਕਦੇ, ਖ਼ਾਂ ਸਾਹਿਬ ਦੀ ਥਾਂ ਮੈਨੂੰ ਮਾਰੋ, ਕਿਉਂਕਿ ਹੁਣ ਦੁਖੜੇ ਸਹਿਣੇ ਦੀ ਤਾਕਤ ਮੇਰੇ ਵਿਚ ਨਹੀਂ। ਮੇਰਾ ਮਾਰ ਦੇਣਾ ਬੀ ਐਸ ਵੇਲੇ ਪੁੰਨ ਹੈ, ਕਿਉਂਕਿ ਮਰਨੇ ਨਾਲ ਮੇਰੇ ਦੁੱਖ ਮੁੱਕ ਜਾਣਗੇ।

ਏਹ ਬਚਨ ਕੁਝ ਐਸੇ ਅਸਰ ਵਾਲੇ ਪਏ ਕਿ ਅਮੀਰ ਦਾ ਦਿਲ ਭਰ ਆਇਆ ਅਰ ਬੋਲਿਆ :- ਹੇ ਤ੍ਰੀਮਤ ! ਤੂੰ ਮੰਗ ਜੋ ਕੁਝ ਤੇਰਾ ਜੀ ਚਾਹੇ ਮੈਨੂੰ ਤੇਰੇ ਤੇ ਤਰਸ ਆ ਗਿਆ ਹੈ”!

ਤ੍ਰੀਮਤ- ਮੇਰੀ ਫ਼ਾਤਮਾ ਦੇ ਸੁਆਮੀ ਖ਼ਾਂ ਸਾਹਿਬ ਦੀ ਜਾਨ ਬਖ਼ਸ਼ੀ ਕਰੋ ਅਰ ਕੈਦਖ਼ਾਨੇ ਦੇ ਦਰੋਗ਼ ਨੂੰ ਕੋਈ ਸਜ਼ਾ ਨਾ ਦਿਓ। ਬੱਸ ਹੋਰ ਮੈਨੂੰ ਕੁਝ ਲੋੜ ਨਹੀਂ ਜੇਕਰ ਆਪ ਬਹੁਤ ਦਿਆਲ ਹੋਏ ਹੋ ਤਾਂ ਮੈਨੂੰ ਮੇਰੇ ਘਰ ਪੁਚਾ ਦਿਓ।

ਅਮੀਰ- ਐ ਸ਼ੇਰ ਦਿਨ ਕੰਨ੍ਹਾਂ ਤੇਰੇ ਗੁਣ ਦੇਖਕੇ ਮੇਰੀ ਅਕਲ ਦੰਗ ਹੋ ਗਈ ਹੈ, ਤੇਰੇ ਪਹਿਲੇ ਦੋਵੇਂ ਮਨੋਰਥ ਮਨਜ਼ੂਰ ਹਨ, ਪਰ ਤੇਰਾ ਛੇਕੜਲਾ ਮਨੋਰਥ ਕਬੂਲ ਨਹੀਂ, ਕਿਉਂਕਿ ਤੇਰੇ ਜਿਹੀ ਜਾਂ-ਨਿਸਾਰ (ਆਪਾ ਵਾਰੂ) ਕੁੜੀ ਮਿਲਣੀ ਕਠਨ ਹੈ, ਮੈਂ ਤੈਨੂੰ ਤੇਰੇ ਸਾਰੇ ਕਸ਼ਟਾਂ ਦੇ ਬਦਲੇ ਹੁਣ ਸੁਖਾਂ ਦੇ ਭੰਡਾਰ ਖੋਲ੍ਹ ਦਿੰਦਾ ਹਾਂ, ਤੂੰ ਮੇਰੀ ਬੇਗ਼ਮ ਹੋਕੇ ਸੰਸਾਰ ਪੁਰ ਬਿਰਾਜ ਅਰ ਆਪਣੇ ਜੀਵਨ ਦੀ ਮੌਜ ਲੈ।

ਇਹ ਕਹਿੰਦੇ ਹੀ ਸੈਨਤ ਕੀਤੀ ਝੱਟ ਸਿਪਾਹੀ ਦਰਬਾਰੋਂ ਬਾਹਰ ਲੈ ਗਏ, ਹਰਮ ਸਰਾ (ਜ਼ਨਾਨੇ ਮਹੱਲ) ਵਿਚ ਜਾ ਪੁਚਾਇਆ। ਅੱਗੇ ਗੋਲੀਆਂ ਹਾਜ਼ਰ ਹੋ ਗਈਆਂ। ਇਕ ਉੱਤਮ ਮਕਾਨ ਵਿਚ ਵਾਸਾ ਮਿਲਿਆ, ਧਨ ਪਦਾਰਥ ਗਹਿਣੇ ਕੱਪੜੇ ਸਭ ਅੱਗੇ ਧਰੇ ਗਏ ਤੇ ਸਤਵੰਤ ਕੌਰ ਜੋ ਪੰਜ ਰੁਪਏ ਦੀ ਦਾਸੀ ਬਣਕੇ ਬੱਕਰੀ ਵਾਂਙ ਵਿਕੀ ਸੀ, ਅੱਜ ਮਹਿਲਾਂ ਵਿਚ ਪਹੁੰਚੀ ਹੈ।

5 ਕਾਂਡ।

ਸਤਵੰਤ ਕੌਰ ਮਹਿਲੀਂ ਪਹੁੰਚ ਗਈ, ਪਰ ਉਥੇ ਕੀ ਕੀਤੋਸੁ ਰੋਈ ਪਿੱਟੀ ਉਦਾਸ ਹੋਈ? ਹਾਂ ਪਹਿਲੇ ਤਾਂ ਕੁਛ ਦਿਲਗੀਰ ਹੋਈ ਪਰ ਫੇਰ ਤਾਂ ਉਸ ਦਾ ਚਿਹਰਾ ਟਹਿਕ ਆਇਆ, ਜਿੱਕੁਰ ਬੱਦਲੀ ਸੂਰਜ ਅੱਗੋਂ ਹਟ ਜਾਵੇ ਤਾਂ ਧੁੱਪ ਚਮਕ ਉਠਦੀ ਹੈ। ਪੱਕੇ ਦਿਲ ਤੇ ਬੇਪਰਵਾਹੀ ਦੀ ਸੂਰ ਨਾਲ ਮਹਿਲ ਵਿਚ ਜਾ ਬੈਠੀ। ਕੱਪੜੇ ਬਦਲ ਲਏ, ਸੂਰਤ ਵਟਾ ਲਈ। ਗੋਲੀਆਂ ਬਾਂਦੀਆਂ ਨੂੰ ਹੁਕਮ ਹੇਠ ਕਰ ਲਿਆ। ਸਾਰੇ ਮਹਿਲ ਦੇ ਕਮਰੇ ਫਿਰ ਫਿਰ ਕੇ ਝੱਟ ਪਟ ਦੇਖ ਲਏ। ਕੋਈ ਜਾਣੇ ਜੋ ਸਦਾ ਦੀ ਏਥੇ ਰਹਿੰਦੀ ਸੀ। ਟਹਿਲ ਵਾਲੀਆਂ ਨੂੰ ਅੱਡ ਅੱਡ ਕੰਮੀ ਲਾ ਦਿੱਤਾ ਤੇ ਆਪ ਇਕੱਲੀ ਹੋ ਕੇ ਕੁਝ ਅਸਚਰਜ ਕੰਮ ਕਰਦੀ ਰਹੀ। ਜਦ ਰਾਤ ਹੋਈ ਅਮੀਰ ਸਾਹਿਬ ਮਹਿਲੀਂ ਆਏ; ਆ ਕੇ ਬੈਠ ਗਏ। ਸਤਵੰਤ ਕੌਰ ਨੂੰ ਵੇਖ ਕੇ ਪ੍ਰਸੰਨ ਹੋਏ। ਸਿਆਣੀ ਮਾਲਣ ਬੀ ਫੁੱਲਾਂ ਦੀ ਟੋਕਰੀ ਲੈ ਆਈ। ਉਧਰ ਨਿਕਾਹ ਪੜ੍ਹਨ ਵਾਸਤੇ ਕਾਜ਼ੀ ਆ ਗਿਆ ਕਿ ਅਚਾਨਕ ਸਾਰਾ ਕਮਰਾ ਧੂੰਏਂ ਨਾਲ ਭਰ ਗਿਆ। ਅਮੀਰ ਸਾਹਿਬ ਬੀ ਘਬਰਾ ਗਏ ਅਰ ਸਤਵੰਤ ਕੌਰ ਬੀ ਘਾਬਰੀ। ਘਾਬਰੀ ਬੀ ਐਸੀ ਕਿ ਕਦੀ ਕਿਧਰੇ ਅਰ ਕਦੀ ਕਿਧਰੇ ਦੇਖਦੀ ਫਿਰੇ; ਛੇਕੜ ਇਕ ਕਮਰੇ ਦਾ ਬੂਹਾ ਖੋਲ੍ਹਿਆ, ਤਦ ਤਾਂ ਧੂੰਏਂ ਦਾ ਬਦਲ ਹੀ ਉਧਰੋਂ ਆ ਵੜਿਆ ਅਰ ਦੂਜੀ ਪਲ ਵਿਚ ਭਬਾਕੇ ਮਾਰਦੀ ਅੱਗ ਫੈਲੀ। ਇਸ ਵੇਲੇ ਐਸੀ ਹਫਲਾ ਤਫਲੀ ਮਚੀ ਅਰ ਹਲਚਲ ਪਈ ਕਿ ਕਿਸੇ ਨੂੰ ਕੁਝ ਨਾ ਸੁੱਝਾ, ਆਪਣੀ ਜਿੰਦ ਬਦਲੇ ਸਭ ਉੱਠ ਨੱਸੇ। ਗੋਲੀਆਂ ਕਿਤੇ ਤੇ ਬਾਂਦੀਆਂ ਕਿਤੇ, ਅਮੀਰ ਸਾਹਿਬ ਕਿਤੇ ਤੇ ਸਤਵੰਤ ਕੌਰ ਕਿਤੇ। ਇਸ ਭੜਥੂ ਤੱਤੇ ਨੇ ਸਾਰੇ ਮਹਿਲ ਦੇ ਪਹਿਰੇਦਾਰਾਂ ਤੇ ਫੌਜੀਆਂ ਵਿਚ ਹਫਲਾ-ਤਫਲੀ ਪਾ ਦਿੱਤੀ। ਸਭ ਉਧਰ ਨੂੰ ਦੌੜੇ, ਕਿਉਂਕਿ ਅਮੀਰ ਸਾਹਿਬ ਦੇ ਉਧਰ ਹੋਣ ਦਾ ਪਤਾ ਸਭ ਨੂੰ ਸੀ। ਸਤਵੰਤ ਕੌਰ ਇਸ ਹਫਲਾ-ਤਫਲੀ ਵਿਚ ਦਾਉ ਬਚਾਉਂਦੀ ਕਿਤੇ ਚੁੱਪ ਕਿਤੇ ਰੌਲਾ ਮਚਾਉਂਦੀ ਪਾਤਸ਼ਾਹੀ ਮਹਿਲ ਵਿਚੋਂ ਨਿਕਲ ਗਈ।

ਬਹੁਤ ਚਿਰ ਬਾਦ ਅੱਗ ਬੁਝੀ ਤੇ ਸਾਰੇ ਟਿਕਾਣੇ ਸਿਰ ਦੂਸਰੇ ਪਾਸੇ ਜਾ ਟਿਕੇ ਤਾਂ ਅਮੀਰ ਨੇ ਕੁੜੀ ਬਾਬਤ ਪੁੱਛਿਆ, ਪਰ ਕੋਈ ਉੱਤਰ ਨਾ ਦੇ ਸਕਿਆ। ਕਹਿਰਵਾਨ ਹੋ ਕੇ ਅਮੀਰ ਨੇ ਤਲਾਸ਼ ਕਰਨੇ ਦਾ ਹੁਕਮ ਦਿੱਤਾ। ਸਭ ਮਕਾਨ ਕਮਰੇ ਦੇਖੇ ਗਏ, ਪਤਾ ਨਾ ਲੱਗਾ।

ਆਸ ਪਾਸ ਢੂੰਡਿਆ, ਥਹੁ ਨਾ ਲੱਗਾ। ਹੁਣ ਸੜੇ ਹੋਏ ਮਕਾਨ ਦੀ ਤਲਾਸ਼ ਸ਼ੁਰੂ ਹੋਈ, ਸੁਆਹ ਪੱਟੀ ਗਈ। ਨਾ ਸਤਵੰਤ ਕੌਰ ਨਾ ਉਸ ਦੀ ਹੱਡੀ ਹੀ ਲੱਭੀ। ਅਮੀਰ ਸਾਹਿਬ ਬੜੇ ਘਾਬਰੇ, ਸਾਰੇ ਨੌਕਰ ਚੱਕ੍ਰਾਏ ਕਿਸੇ ਦੀ ਅਕਲ ਕੰਮ ਨਾ ਕਰੇ ਕਿ ਕੀਹ ਹੋ ਗਿਆ ਅਰ ਕੀਹ ਨਹੀਂ ਹੋਇਆ। ਸਾਰੇ ਸੋਚਣ, ਪਰ ਸਿਰ ਧੁਨ ਧੁਨ ਕੇ ਰਹਿ ਜਾਣ। ਛੇਕੜ ਸਿਆਣਿਆਂ ਨੇ ਸੋਚਿਆ ਕਿ ਮਤਾਂ ਕਿਤੇ ਬਾਹਰ ਨਿਕਲ ਗਈ ਹੋਵੇ। ਇਸ ਲਈ ਚਾਰ ਚੁਫੇਰੇ ਸਵਾਰ ਦੁੜਾਏ। ਕੁਝ ਸਵਾਰ ਹਵਾ ਵਾਂਗ ਉੱਡ ਗਏ ਅਰ ਦੂਰ ਦੂਰ ਤੱਕ ਭਾਲ ਕਰਦੇ ਫਿਰੇ, ਪਰ ਇਕ ਜਣੇ ਨੂੰ ਨੇੜੇ ਵਾਰ ਹੀ ਸਤਵੰਤ ਕੌਰ ਦਾ ਰੇਸ਼ਮੀ ਦੁਪੱਟਾ ਸੜਿਆ ਲੱਭਾ, ਇਕ ਗਹਿਣਾ ਭੀ ਧੁਆਂਖਿਆ ਹੋਇਆ ਹੱਥ ਆਇਆ। ਜਦ ਇਹ ਚੀਜ਼ਾਂ ਅਮੀਰ ਪਾਸ ਪਹੁੰਚਾਈਆਂ ਗਈਆਂ ਅਰ ਪਛਾਣੀਆਂ ਗਈਆਂ ਤਾਂ ਸਭ ਨੇ ਇਹ ਸਿੱਟਾ ਕੱਢਿਆ ਕਿ ਉਸਦੇ ਕਪੜਿਆਂ ਨੂੰ ਅੱਗ ਲੱਗ ਗਈ ਹੈ ਅਰ ਘਬਰਾ ਵਿਚ ਦੌੜੀ ਫਿਰੀ ਹੈ ਤੇ ਸੜ ਕੇ ਕਿਸੇ ਟੋਏ ਖੁੜੱਲ ਵਿਚ ਡਿੱਗ ਪਈ ਹੈ, ਇਸ ਲਈ ਹੋਰ ਮੇਹਨਤ ਨਾਲ ਤਲਾਸ਼ ਆਰੰਭ ਹੋਈ।

ਇਧਰ ਦਾ ਹਾਲ ਸੁਣੋ ਕਿ ਸਤਵੰਤ ਕੌਰ ਮਹਿਲੋਂ ਨਿਕਲਦੀ ਇਕ ਉਜਾੜ ਬੀਆਬਾਨ ਵਿਚ ਪਹੁੰਚੀ ਤੇ ਉਥੇ ਬੈਠੀ ਮਨ ਨਾਲ ਗਿਣਤੀਆਂ ਗਿਣ ਰਹੀ ਹੈ : ਮੈਂ ਕੀਹ ਕੀਤਾ? ਚੰਗਾ ਹੀ ਕੀਤਾ। ਦੁਸ਼ਟ ਦੇ ਪੰਜਿਓਂ ਨਿਕਲ ਆਈ। ਮੈਂ ਅਞਾਣੀ ਕੁੜੀ ਸਾਂ, ਮੈ ਐਸੀਆਂ ਅਕਲਾਂ ਕਿੱਥੋਂ ਸਿਖ ਗਈ? ਲੋੜਾਂ ਨੇ ਸਭ ਕੁਝ ਸਿਖਾ ਦਿੱਤਾ, ਔਕੜਾਂ ਨੇ ਮੈਨੂੰ ਛਲੀਆ ਤੇ ਚਲਾਕ ਬਣਾ ਦਿੱਤਾ, ਪਰ ਹੁਣ ਸੋਚ ਵਾਲੀ ਗੱਲ ਇਹ ਹੈ ਕਿ ਮੈਂ ਪਾਪ ਤਾਂ ਨਹੀਂ ਕਰ ਬੈਠੀ ?

ਪਹਿਲੇ ਮੈਂ ਆਪਣੀ ਪਿਆਰੀ ਦੇ ਮਾਲਕ ਦੀ ਜਿੰਦ ਬਚਾਈ, ਮੈਂ ਕੋਈ ਪਾਪ ਨਹੀਂ ਕੀਤਾ, ਜਿਸ ਦਾ ਲੂਣ ਖਾਧਾ ਉਸਦਾ ਭਲਾ ਕਰਨਾ ਚਾਹੀਏ। ਪਿਤਾ ਜੀ ਕਿਹਾ ਕਰਦੇ ਸਨ ਕਿ ਸਿੱਖਾਂ ਦਾ ਧਰਮ ਇਹ ਹੈ ਕਿ ਕਿਰਤ ਕਰਕੇ, ਕਮਾ ਕੇ ਖਾਣ, ਜੇ ਨੌਕਰੀ ਕਰਨ ਤਾਂ ਮਾਲਕ ਦੇ ਪਾਣੀ ਦੀ ਥਾਂ ਲਹੂ ਡੋਲ੍ਹਣ, ਸੋ ਮੈਂ ਤਾਂ ਭਾਵੇਂ ਨੌਕਰ ਭੀ ਨਹੀਂ ਸਾਂ ਤਾਂ ਬੀ ਅੰਗ ਪਾਲਿਆ ਹੈ। ਦੂਜਾ ਕੰਮ ਅੱਜ ਮਹਿਲ ਨੂੰ ਮੈਂ ਅੱਗ ਲਾਈ, ਪਰ ਅੱਗ ਲਾਉਣ ਵਿਚ ਮੈਂ ਕਿਸੇ ਦੀ ਜਿੰਦ ਨੂੰ ਦੁੱਖ ਨਹੀਂ ਦਿੱਤਾ। ਮੈਂ ਮਹਿਲ ਦੇ ਸੜਨ ਵਾਲੇ ਕਮਰੇ ਏਸ ਤਰ੍ਹਾਂ ਖਾਲੀ ਕਰਾ ਦਿੱਤੇ ਸਨ ਕਿ ਕਿਸੇ ਦੀ ਜਾਨ ਨੂੰ ਔਖ ਨਾ ਪਹੁੰਚੇ। ਮਕਾਨ ਸੜਿਆ ਪਰ ਇਹ ਪਾਪ ਨਹੀਂ। ਮੈਂ ਆਪਣਾ ਜਤ ਸਤ ਬਚਾ ਲਿਆ। ਮੇਰੇ ਵਿਚ ਐਨੀ ਹਿੰਮਤ ਕਿਥੇ ਸੀ, ਐਨੀ ਅਕਲ ਕਿਥੇ ਸੀ, ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਮੈਂ ਕੀ ਕਰਾਂ? ਐਸ ਵੇਲੇ ਮੈਂ ਸੁਤੰਤ੍ਰ ਹਾਂ, ਮੈਂ ਪੰਜਾਬ ਵਿਚ ਕਿੱਕੁਰ ਜਾਵਾਂ? ਕਿੱਕੁਰ ਵਲਿੱਖਾਂ ਨੂੰ ਚੀਰਾਂ ? ਕਿਥੇ ਕਾਬਲ ਕਿੱਥੇ ਪੰਜਾਬ ! ਐਡਾ ਪੈਂਡਾ ਕੌਣ ਮੁਕਾਵੇ? ਫੇਰ ਰਸਤਾ ਬੜਾ ਔਖਾ, ਖੂੰਖਾਰ ਲੋਕ, ਰਸਤੇ ਵਿਚ ਚੋਰ ਧਾੜਵੀ ਦਾ ਡਰ। ਇਕੱਲੇ ਦਾ ਕੰਮ ਨਹੀਂ ਕਿ ਪੈਂਡਾ ਮੁਕਾ ਲਏ। ਮੈਂ ਕੀ ਕਰਾਂ? ਫਾਤਮਾ ਦੇ ਘਰ ਗਈ ਤਦ ਉਨ੍ਹਾਂ ਨੇ ਢੋਈ ਨਹੀਂ ਦੇਣੀ, ਕਹਿਣਗੇ ਇਹ ਪਾਤਸ਼ਾਹ ਦੀ ਗੁਨਾਹਗਾਰ ਹੈ, ਮਤਾਂ ਮੈਨੂੰ ਫੜਾ ਦੇਣ। ਹੋਰ ਕੋਈ ਵਾਕਫ ਨਹੀਂ, ਜਾਣੂੰ ਨਹੀਂ, ਕਿਸ ਪਾਸ ਫਰਿਆਦ ਕਰਾਂ? ਕਿਸਦਾ ਆਸਰਾ ਲਵਾਂ ? ਹੇ ਅਕਾਲ ਪੁਰਖ ! ਮੈਂ ਕਿੱਥੇ ਫੱਸ ਗਈ? ਤੂੰ ਬੜਾ ਦਿਆਲੂ ਹੈਂ, ਕੋਈ ਮੇਰਾ ਉਪਰਾਲਾ ਕਰ ਜੋ ਇਸ ਔਕੜ ਵਿਚੋਂ ਨਿਕਲਾਂ। ਜਾਂ ਮੇਰਾ ਸਰੀਰ ਹੀ ਚਲ ਜਾਵੇ। ਜੋ ਦੁਖਿੜਿਆਂ ਤੋਂ ਛੁੱਟਾਂ।
ਸਤਵੰਤ ਕੌਰ ਇਸ ਤਰ੍ਹਾਂ ਸੋਚਾਂ ਵਿਚ ਡੁੱਬੀ ਹੋਈ ਢੇਰ ਸਾਰਾ ਚਿਰ ਪਈ ਰਹੀ, ਪਰ ਕੋਈ ਗੱਲ ਨਾ ਅਹੁੜੀ। ਛੇਕੜ ਵਿਚਾਰੀ ਨੂੰ ਇਕੋ ਹੀ ਰਸਤਾ ਨਜ਼ਰ ਆਵੇ ਕਿ ਫਾਤਮਾ ਦੇ ਘਰ ਜਾ ਕੇ ਜਤਨ ਕਰਾਂ, ਜੋ ਖ਼ਬਰੇ ਤਰਸ ਖਾਕੇ ਉਹ ਕੁਝ ਸਹੈਤਾ ਕਰੇ। ਇਸ ਗੱਲ ਪੁਰ ਉਸਨੂੰ ਪੱਕਾ ਨਿਸਚਾ ਸੀ ਕਿ ਖ਼ਾਨ ਸਾਹਿਬ ਸ਼ਾਯਦ ਮੇਰੀ ਮਦਦ ਨਹੀਂ ਕਰਨਗੇ ਕਿਉਂਕਿ ਪਾਤਸ਼ਾਹ ਤੋਂ ਡਰਨਗੇ। ਪਰ ਫ਼ਾਤਮਾ ਪੁਰ ਕੁਝ ਭਰੋਸਾ ਪੈਂਦਾ ਸੀ, ਇਸ ਲਈ ਹੁਣ ਜੁਗਤਾਂ ਸੋਚਣ ਲੱਗੀ ਕਿ ਐਸੇ ਢੰਗ ਨਾਲ ਘਰ ਪਹੁੰਚਾਂ ਜੋ ਬਿਨਾਂ ਫ਼ਾਤਮਾਂ ਦੇ ਕਿਸੇ ਨੂੰ ਪਤਾ ਨਾ ਲੱਗੇ। ਸੋ ਵਿਚਾਰੀ ਢੰਗ ਸੋਚਦੀ ਉਸਦੇ ਘਰ ਨੂੰ ਗਈ ਅੱਗੋਂ ਬੂਹੇ ਬੰਦ ਸਨ। ਇਹ ਵਿਚਾਰੀ ਇਕ ਵਧਾ ਦੇ ਹੇਠਵਾਰ ਮੂੰਹ ਸਿਰ ਲਪੇਟ ਕੇ ਗੁੱਛਾ ਹੋ ਕੇ ਪੈ ਰਹੀ, ਐਉਂ ਜਾਪਦਾ ਸੀ ਕਿ ਕੋਈ ਪੱਥਰ ਪਿਆ ਹੈ। ਕੋਈ ਤ੍ਰੈ ਘੜੀਆਂ ਮਗਰੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ। ਦੂਰੋਂ ਚਾਨਣਾ ਦਿੱਸਿਆ, ਸਤਵੰਤ ਕੌਰ ਦਾ ਕਲੇਜਾ ਮੁੱਠ ਵਿਚ ਆ ਗਿਆ ਅਰ ਸਮਝ ਗਈ ਕਿ ਮੇਰੀ ਭਾਲ ਵਿਚ ਕੋਈ ਆਇਆ ਹੈ। ਇਹ ਸੋਚਕੇ ਉਥੋਂ ਉੱਠੀ ਅਰ ਸਾਮ੍ਹਣੇ ਜਾ ਖਲੋਤੀ ਇਕ ਘਰ ਬੜਾ ਪੁਰਾਣਾ ਜਿਹਾ ਸੀ ਅਰ ਇਸ ਦਾ ਇਕ ਬੁਖਾਰਚੇ ਦੀ ਵਜ੍ਹਾ ਦਾ ਵਧਿਆ ਹੋਇਆ ਹਿੱਸਾ ਸੱਖਣਾ ਤੇ ਉਹਲੇ ਵਾਰ ਸੀ, ਪਰ ਇਸ ਪੁਰ ਚੜ੍ਹਨਾ ਕਠਨ ਸੀ। ਸਤਵੰਤ ਕੌਰ ਦੇਖਦੀ ਸੀ ਕਿ ਇਹ ਥਾਂ ਤਾਂ ਬਚਾਉ ਦੀ ਹੈ ਪ੍ਰੰਤੂ ਚੜ੍ਹਨੇ ਦਾ ਢਬ ਨਾ ਲੱਭੇ। ਜਿੰਦ ਬੜੀ ਪਿਆਰੀ ਚੀਜ਼ ਹੈ, ਆਪਣਾ ਬਚਾਉ ਆਪ ਕੱਢ ਲੈਂਦੀ ਹੈ। ਆਪਣੇ ਉਪਰਲੇ ਤਿੰਨ ਕਪੜੇ ਇਕ ਦੂਜੇ ਨੂੰ ਬੰਨ੍ਹਕੇ ਇਕ ਸਿਰੇ ਤੇ ਇੱਟ ਜਿਹਾ ਰੋੜਾ ਬੰਨ੍ਹਿਆਂ, ਅਰ ਉਸ ਵਧਾ ਦੇ ਥੰਮ੍ਹੇ ਦੇ ਦੁਆਲੇ ਐਕੁਰ ਸਿੱਟਿਆ ਕਿ ਦੂਜਾ ਸਿਰਾ ਆਪਣੇ ਹੱਥ ਵਿਚ ਆ ਗਿਆ, ਉਸਨੂੰ ਕਾਬੂ ਕਰਕੇ ਤੇ ਪੈਰ ਕੰਧ ਨੂੰ ਦੇ ਕੇ ਚੜ੍ਹ ਗਈ ਅਰ ਉਤੇ ਲੁਕ ਕੇ ਹੋ ਬੈਠੀ। ਹੁਣ ਸਤਵੰਤ ਕੌਰ ਹੇਠਲਾ ਹਾਲ ਦੇਖਦੀ ਸੀ, ਪਰ ਉਸਨੂੰ ਕੋਈ ਨਹੀਂ ਸੀ ਵੇਖਦਾ।
ਪਲੋਪਲੀ ਵਿਚ ਕੀ ਦੇਖਦੀ ਹੈ ਕਿ ਕੁਝ ਅਸਵਾਰ ਮਿਸ਼ਾਲਾਂ ਲਈ ਆ ਗਏ ਹਨ। ਇਨ੍ਹਾਂ ਨੇ ਖ਼ਾਨ ਸਾਹਿਬ ਦਾ ਬੂਹਾ ਖੁਲ੍ਹਾ ਕੇ ਪੁੱਛਿਆ ਕਿ ਸਿੱਖ ਲੜਕੀ ਏਧਰ ਤਾਂ ਨਹੀਂ ਆਈ। ਉਨ੍ਹਾਂ ਨੇ ਸਾਰੇ ਘਰ ਦੀ ਤਲਾਸ਼ੀ ਬੀ ਲਈ, ਪੱਤਾ ਪੱਤਾ ਢੂੰਡਿਆ, ਹਰ ਨੁੱਕਰ, ਹਰ ਥਾਂ ਦੇਖਿਆ ਪਰ ਸਿੱਖ ਕੰਨ੍ਯਾ ਦਾ ਮੁਸ਼ਕ ਬੀ ਨਾ ਪਾਇਆ। ਅੱਕ ਕੇ ਹਾਰਕੇ ਤੁਰ ਗਏ। ਸਤਵੰਤ ਕੌਰ ਸਾਹ ਵੱਟ ਕੇ ਦੇਖਦੀ ਰਹੀ। ਦਿਲ ਧੜਕਦਾ ਹੈ, ਸਹਿਮ ਚਿੰਤਾ ਨੇ ਡੇਰੇ ਲਾ ਰਖੇ ਹਨ, ਨਿਰਾਸਾ ਤੇ ਆਸਾ ਦਾ ਘੋਲ ਹੋ ਰਿਹਾ ਹੈ।

ਤਾਰੇ ਗਿਣਦਿਆਂ ਤੇ ਗਿਣਤੀਆਂ ਕਰਦਿਆਂ ਰਾਤ ਦਾ ਹਨੇਰਾ ਘਟ ਗਿਆ ਤੇ ਪਹੁ-ਫੁਟਾਲਾ ਆ ਗਿਆ। ਸਤਵੰਤ ਕੌਰ ਨੇ ਡਿੱਠਾ ਕਿ ਖ਼ਾਨ ਸਾਹਿਬ ਬੰਦੂਕ ਲੈ ਕੇ ਤੇ ਪੰਜ ਚਾਰ ਟਹਿਲ ਵਾਲੇ ਨਾਲ ਕਰਕੇ ਘਰੋਂ ਨਿਕਲੇ ਹਨ, ਇਨ੍ਹਾਂ ਦੇ ਮਗਰੋਂ ਦੋ ਕੁ ਨੌਕਰ ਬਜ਼ਾਰ ਨੂੰ ਗਏ, ਹੁਣ ਸਤਵੰਤ ਕੌਰ ਨੇ ਲੇਖਾ ਲਾ ਕੇ ਸਮਝ ਲਿਆ ਕਿ ਆਦਮੀ ਨੌਕਰ ਘਰ ਵਿਚ ਕੋਈ ਨਹੀਂ ਰਿਹਾ ਤ੍ਰੀਮਤਾਂ ਹਨ; ਸੋ ਆਪੋ ਆਪਣਿਆਂ ਕਮਰਿਆਂ ਵਿਚ ਹੋਣਗੀਆਂ, ਫ਼ਾਤਮਾ’ ਦੇ ਅੰਦਰ ਕੋਈ ਨਹੀਂ ਹੋਣਾ, ਇਹ ਵੇਲਾ ਹੈ ਸੋ ਮੈਂ ਆਪਣੀ ਸੁਆਣੀ ਨੂੰ ਜਾ ਮਿਲਾਂ ਤਾਂ। ਇਹ ਵੀਚਾਰ ਕਰਕੇ ਹੇਠ ਉਤਰੀ ਅਰ ਆਪਣੇ ਕਪੜੇ ਵਲ੍ਹੇਟ ਵਲਾਟ ਹੋਰ ਤਰ੍ਹਾਂ ਦਾ ਮੂੰਹ ਕਰਕੇ ਸਿਰ ਤੇ ਬੀ ਕਪੜਾ ਵਲ੍ਹੇਟ ਕੇ ਚੁਪ ਕੀਤੀ ਅੰਦਰ ਵੜ ਗਈ ਅਰ ਸਾਹ ਵੱਟ ਕੇ ਕਦਮ ਰੱਖਦੀ ਗੋਲੀਆਂ ਦੀ ਨਜ਼ਰ ਤੋਂ ਬਚਦੀ ਫ਼ਾਤਮਾ ਦੇ ਅੰਦਰ ਜਾ ਵੜੀ। ਨੀਂਗਰ ਤਾਂ ਸੁੱਤਾ ਪਿਆ ਸੀ ਪਰ ਫ਼ਾਤਮਾ ਉਠੀ ਬੈਠੀ ਸੀ।

ਇਹ ਅਚਰਜ ਸੂਰਤ ਵੇਖ ਕੇ ਫ਼ਾਤਮਾ ਡਰ ਗਈ ਅਰ ਚੀਕ ਮਾਰ ਕੇ ਦੁਹਾਈ ਦੇਣ ਲੱਗੀ ਹੀ ਸੀ ਕਿ ਸਤਵੰਤ ਕੌਰ ਨੇ ਸੈਨਤ ਮਾਰੀ ਅਰ ਛੇਤੀ ਨਾਲ ਮੂੰਹ ਨੰਗਾ ਕਰਕੇ ਦਿਖਾਇਆ, ਜਿਸ ਤੋਂ ਫ਼ਾਤਮਾ ਨੂੰ ਠੰਢ ਤਾਂ ਪੈ ਗਈ, ਪਰ ਇਹ ਹੈਰਾਨੀ ਲੱਗ ਗਈ ਕਿ ਇਹ ਤਾਂ ਅਮੀਰ ਸਾਹਿਬ ਦੀ ਬੇਗ਼ਮ ਬਣਦੀ ਸੁਣੀ ਸੀ ਐਥੇ ਮੇਰੇ ਪਾਸ ਕੀਕੂੰ ਆ ਗਈ ਹੈ! ਰਾਤੀਂ ਸਿਪਾਹੀ ਇਸੇ ਦੀ ਭਾਲ ਵਿਚ ਆਏ ਸਨ। ਅਚੰਭਾ ਹੋ ਕੇ ਪੁੱਛਣ ਲੱਗੀ :-

ਫ਼ਾਤਮਾ- ਪਿਆਰੀ ! ਤੂੰ ਕਿੱਥੇ ?

ਸਤਵੰਤ ਕੌਰ- ਸੁਆਣੀ ਜੀ ਆਪ ਪਾਸ ਸਿਰ ਲੁਕਾਉਣ ਆਈ ਹਾਂ ।

ਫ਼ਾਤਮਾ- ਕੀ ਤੈਨੂੰ ਅਮੀਰ ਸਾਹਿਬ ਨੇ ਕੱਢ ਦਿੱਤਾ ਹੈ?

ਸਤਵੰਤ- ਨਹੀਂ, ਮੈਂ ਤਾਂ ਨੱਸਕੇ ਆ ਗਈ ਹਾਂ!

ਫ਼ਾਤਮਾ- ਕਿਉਂ, ਬੇਗ਼ਮ ਹੋਣਾ ਛੱਡਕੇ ਨੱਸੀ ਹੈਂ?

ਸਤਵੰਤ ਕੌਰ- ਮੈਂ ਸਿੱਖ ਕੰਨ੍ਯਾ ਹਾਂ, ਮੇਰਾ ਸਰੀਰ ਪਵਿੱਤ੍ਰ ਹੈ। ਮੈਂ ਕਿਸੇ ਦੇ ਜ਼ੋਟ ਜ਼ੁਲਮ ਹੇਠ ਧਰਮ ਨਹੀਂ ਹਾਰ ਸਕਦੀ।

ਫ਼ਾਤਮਾ(ਹੈਰਾਨ ਹੋਕੇ)- ਸਤਵੰਤ ਕੌਰ, ਤੇਰੀ ਰਾਤ ਤੂੰਹੇਂ ਜੰਮੀਂ ਹੈਂ, ਤੇਰੇ ਜੈਸੀ ਕਨੀਜ਼ (ਗੋਲੀ) ਕਦੇ ਹਿੰਦੁਸਤਾਨ ਵਿਚੋਂ ਨਹੀਂ ਆਈ, ਤੂੰ ਤਾਂ ਕਾਜ਼ੀਆਂ ਮੁੱਲਾਂ ਨਾਲੋਂ ਬੀ ਵਧੀਕ ਦੀਨਦਾਰ ਹੈਂ, ਅਕਲ ਤੇਰੀ ਲੁਕਮਾਨ ਤੋਂ ਉੱਤੇ ਹੈ। ਮੇਰੇ ਸਿਰ ਉਪਕਾਰ ਕੀਤਾ ਹੈ, ਮੈਂ ਤੇਰੀ ਰਿਣੀ ਹਾਂ, ਕੁਝ ਸੇਵਾ ਦੱਸ ਕਿ ਮੈਂ ਤੇਰੀ ਟਹਿਲ ਕਰਾਂ।

ਸਤਵੰਤ ਕੌਰ- ਮੈਂ ਕੁਝ ਨਹੀਂ ਕੀਤਾ, ਜੋ ਹੋਇਆ ਤੇਰੇ ਭਾਗਾਂ ਨਾਲ, ਮੈਂ ਬੜੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਐਤਨੀ ਕਿਰਪਾ ਕਰਦੇ ਹੋ। ਹੁਣ ਮੇਰੇ ਪਰ ਦਯਾ ਕਰਨੇ ਦਾ ਵੇਲਾ ਹੈ, ਕਿਉਂਕਿ ਮੈਂ ਅਮੀਰ ਦੇ ਮਹਿਲਾਂ ਤੋਂ ਨੱਸੀ ਹਾਂ ਅਰ ਮੇਰੇ ਫੜਨੇ ਲਈ ਆਦਮੀ ਫਿਰ ਰਹੇ ਹਨ ਮੈਨੂੰ ਕੁਝ ਚਿਰ ਆਪਣੇ ਘਰ ਵਿਚ ਐਉਂ ਲੁਕਾ ਰਖੋ ਕਿ ਤੇਰੇ ਬਾਝ ਹੋਰ ਕੋਈ ਨਾ ਜਾਣੇ।

ਫ਼ਾਤਮਾ- ਠੀਕ ਹੈ ! ਅੱਧੀ ਰਾਤ ਸਰਕਾਰੀ ਸਵਾਰ ਐਥੇ ਭੀ ਭਾਲ ਕਰ ਗਏ ਹਨ, ਮੈਂ ਤੇਰੀ ਸਹਾਇਤਾ ਖ਼ੁਸ਼ੀ ਨਾਲ ਕਰਾਂਗੀ ਅਰ ਤੇਰੇ ਲੁਕਾਉਣ ਦਾ ਪੂਰਾ ਬਾਨ੍ਹਣੂ ਬੰਨ੍ਹਾਂਗੀ, ਤੂੰ ਘਾਬਰ ਨਹੀਂ। ਇਹ ਕਹਿਕੇ ਫ਼ਾਤਮਾ ਨੇ ਆਪਣੇ ਕਮਰੇ ਦੇ ਨਾਲ ਦਾ ਬੂਹਾ ਖੋਲ੍ਹਿਆ, ਅਰ ਉਥੋਂ ਇਕ ਹੋਰ ਪਾਸੇ ਦਾ ਤਖ਼ਤਾ ਕਿਸੇ ਹਿਕਮਤ ਨਾਲ ਹਿਲਾਕੇ ਪਰੇ ਕੀਤਾ ਤੇ ਅੰਦਰ ਜਾਕੇ ਕਿਹਾ ਕਿ ਸਤਵੰਤ ਕੌਰ ਇਹ ਕਮਰਾ ਤੇਰੇ ਵਸਣੇ ਦੀ ਥਾਂ ਹੋਵੇਗਾ। ਇਥੇ ਕੋਈ ਨਹੀਂ ਆਉਂਦਾ, ਨਾ ਕਿਸੇ ਨੂੰ ਇਸ ਕਮਰੇ ਦਾ ਪਤਾ ਹੈ। ਇਹ ਸਾਡੇ ਵਡਿਆਂ ਦੇ ਵੇਲੇ ਕੁਵੇਲੇ ਲਈ ਬਣਾਏ ਹੋਏ ਚੋਰ ਥਾਂ ਹਨ। ਮੈਂ ਸੰਝ ਸਵੇਰੇ ਦੁਪਹਿਰੇ ਹਰ ਵਿਹਲ ਦੇ ਵੇਲੇ ਬਾਹਰਲੇ ਬੂਹੇ ਮਾਰਕੇ ਤੇਰੇ ਪਾਸ ਆ ਬੈਠਿਆ ਕਰਾਂਗੀ ਅਰ ਮੇਰੇ ਸਿਵਾ ਇਸ ਭੇਤ ਨੂੰ ਕੋਈ ਨਹੀਂ ਜਾਣੇਗਾ। ਤੈਨੂੰ ਖਾਣੇ ਵਾਸਤੇ ਫਲ ਤੇ ਹੋਰ ਜੋ ਚਾਹੇਂ ਮੈਂ ਪੁਚਾਇਆ ਕਰਾਂਗੀ। ਜੇ ਤੂੰ ਬਾਹਰ ਘਰ ਵਿਚ ਜਾਣਾ ਲੋੜੀਂ ਤਾਂ ਅੱਧੀ ਰਾਤ ਆ ਕੇ ਲੈ ਚਲਿਆ ਕਰਾਂਗੀ। ਹੋਰ ਜੋ ਕੁਝ ਕਹੇਂ ਮੈਂ ਤੇਰੇ ਲਈ ਕਰਨੇ ਨੂੰ ਹਾਜ਼ਰ ਹਾਂ।

ਤੂੰ ਮੇਰੇ ਸਿਰ ਬੜਾ ਉਪਕਾਰ ਕੀਤਾ ਹੈ, ਤੇਰੀਆਂ ਦੇਣੀਆਂ ਮੈਂ ਦੇ ਨਹੀਂ ਸਕਦੀ। ਧੰਨ ਤੂੰ ਹੈਂ ! ਧੰਨ ਤੇਰਾ ਜਨਮ ਹੈ ! ਮੈਨੂੰ ਤੂੰ ਬਿਨਾਂ ਦੰਮਾਂ ਤੋਂ ਮੁੱਲ ਲੈ ਲਿਆ ਹੈ। ਅੱਗੇ ਤਾਂ ਤੂੰ ਮੇਰੀ ਦਾਸੀ ਸੈਂ, ਅਰ ਮੈਂ ਤੇਰੀ ਮਾਲਕ ਸਾਂ, ਹੁਣ ਤੂੰ ਮੇਰੀ ਮਾਲਕ ਹੈਂ, ਅਰ ਮੈਂ ਤੇਰੀ ਦਾਸੀ ਹਾਂ। ਤੇਰੀ ਕਿਰਪਾ ਨਾਲ ਮੇਰਾ ਉਜੜਿਆ ਘਰ ਵੱਸਿਆ, ਤੇਰੀ ਕਿਰਪਾ ਨਾਲ ਮੇਰੇ ਪਤੀ ਦੀ ਜਾਨ ਬਖ਼ਸ਼ੀ ਹੋਈ, ਤੇਰੀ ਕਿਰਪਾ ਨਾਲ ਮੇਰਾ ਪਤੀ ਮੇਰਾ ਹੋ ਗਿਆ, ਜੋ ਹੁਣ ਮੈਨੂੰ ਬੜਾ ਪਿਆਰ ਕਰਦਾ ਹੈ !

ਤੇਰੀ ਕਿਰਪਾ ਨਾਲ ਸੰਸਾਰ ਵਿਚ ਮੂੰਹ ਦੇਣ ਜੋਗੇ ਰਹਿ ਗਏ। ਹੁਣ ਤੈਨੂੰ ਲੋੜ ਪਈ ਹੈ, ਮੇਰਾ ਸਰੀਰ, ਮੇਰੀ ਦੌਲਤ ਸਭ ਤੇਰੇ ਅੱਗੇ ਹਾਜ਼ਰ ਹੈ।

ਸਤਵੰਤ ਕੌਰ- ਪ੍ਯਾਰੀ ਸੁਆਣੀ ਜੀ ! ਮੇਰਾ ਲੂੰ ਲੂੰ ਤੁਹਾਥੋਂ ਵਾਰਨੇ ਜਾਂਦਾ ਹੈ, ਜੋ ਤੁਸਾਂ ਮੇਰੇ ਪਰ ਉਪਕਾਰ ਕੀਤਾ ਹੈ ਅਰ ਐਡਾ ਦਿਲਾਸਾ ਦਿੱਤਾ ਹੈ, ਧੰਨ ਤੁਸੀਂ ਹੋ, ਜਿਨ੍ਹਾਂ ਐਤਨੀ ਕ੍ਰਿਪਾ ਕੀਤੀ ਹੈ ! ਸ਼ੁਕਰ ਹੈ ਅਕਾਲ ਪੁਰਖ ਦਾ, ਮੈਂ ਬੀ ਆਪ ਨੂੰ ਬਹੁਤ ਤਕਲੀਫ ਨਹੀਂ ਦੇਵਾਂਗੀ, ਇਕੱਲੀ ਬੈਠੀ ਮੈਂ ਦਿਨ ਰਾਤ ਬਿਤਾਵਾਂਗੀ। ਅੱਕਾਂਗੀ ਨਹੀਂ, ਅੱਠ ਪਹਿਰੀਂ ਇਕ ਫੇਰਾ ਕਰ ਜਾਇਆ ਕਰਨਾ * ਅਰ ਇਕ ਅੱਧ ਸੇਰ ਅੰਗੂਰ ਤੇ ਕੁਛ ਦੁੱਧ ਆਦਿਕ ਦੇ ਜਾਇਆ ਕਰਨਾ। ਮੇਰੇ ਵਾਸਤੇ ਇਹ ਕੁਝ ਬੱਸ ਹੈ, ਪਰ ਇਹ ਕਿਰਪਾ ਕਰਨੀ ਕਿ ਦੂਜੇ ਦੇ ਕੰਨੀਂ ਖ਼ਬਰ ਨਾ ਪਵੇ, ਨਾ ਤੁਹਾਡੇ ਪਤੀ ਦੇ, ਨਾ ਕਿਸੇ ਨੌਕਰ ਦੇ, ਐਥੋਂ ਤੀਕ ਕਿ ਕਾਕੇ ਨੂੰ ਬੀ ਖ਼ਬਰ ਨਾ ਹੋਵੇ, ਕਿਉਂਕਿ ਇਸ ਭੇਤ ਦੇ ਖੁਲ੍ਹਿਆਂ ਨ ਕੇਵਲ ਮੈਨੂੰ ਅਪਦਾ ਪਵੇਗੀ, ਸਗੋਂ ਤੁਸੀਂ ਬੜੇ ਦੁਖ ਵਿਚ ਫਸ ਜਾਓਗੇ।

ਫ਼ਾਤਮਾ- ਰੱਬ ਚੰਗੀ ਕਰੇਗਾ। ਆਹ ਇਕ ਹੋਰ ਬੂਹਾ ਹੈ, ਜੇ ਕਦੇ ਕੋਈ ਮੁਸੀਬਤ ਪਹੁੰਚੀ ਦੇਖੋ ਤਦ ਇਸ ਨੂੰ ਖੋਲ੍ਹ ਦੇਣਾ। ਇਥੋਂ ਬਾਹਰ ਜੰਗਲ ਨੂੰ ਸੁਰੰਗੋ ਸੁਰੰਗ ਰਾਹ ਨਿਕਲ ਜਾਂਦਾ ਹੈ, ਅੱਗੇ ਕੁਛ ਪੱਥਰ ਹਨ ਜੋ ਛੇਤੀ ਰਾਹ ਦੇਂਦੇ ਹਨ, ਸੋ ਝੱਟ ਇਧਰੋਂ ਨਿਕਲ ਜਾਣਾ।

-0-

6 ਕਾਂਡ ।

ਹੁਣ ਸਤਵੰਤ ਕੌਰ ਆਪਣੀ ਆਪੇ ਪਾਈ ਕੈਦ ਭੋਗਣ ਲਗ ਗਈ। ਸਾਰਾ ਦਿਨ ਅੰਦਰ ਨਾਲ ਵਿਹਾਰ ਹੋ ਗਿਆ। ਫ਼ਾਤਮਾਂ ਦਿਨ ਵਿਚ ਕਈ ਫੇਰੇ ਪਾਉਂਦੀ, ਪਰ ਜਦ ਘਰ ਵਿਚ ਕੋਈ ਨਾ ਹੁੰਦਾ ਤਾਂ। ਇਸ ਨੇ ਕੀਤੇ ਦਾ ਬਦਲਾ ਖੂਬ ਲਾਹਿਆ। ਆਪਣੀ ਮੁੱਲ ਲਈ ਗੋਲੀ ਦੀ ਸੇਵਾ ਪੂਰੀ ਪੂਰੀ ਕੀਤੀ, ਪਰ ਹੁਣ ਫ਼ਾਤਮਾਂ ਨੂੰ ਇਕ ਹੈਰਾਨਗੀ ਲੱਗੀ ਕਿ ਮੈਂ ਤਾਂ ਘੜੀ ਭਰ ਇਕੱਲੀ ਨਹੀਂ ਬੈਠ ਸਕਦੀ; ਇਹ ਕੁੜੀ ਕਿੱਕੁਰ ਅੱਠ ਪਹਿਰ ਕੱਲਿਆਂ ਬਿਤਾ ਲੈਂਦੀ ਹੈ। ਬਹੁਤ ਸੋਚੇ ਪਰ ਸਮਝ ਨਾ ਪਵੇ। ਇਕ ਦਿਨ ਰਹਿ ਨਾ ਸਕੀ, ਪੁੱਛਣ ਲੱਗੀ, ਬੀਬੀ ! ਕੀ ਕਾਰਨ ਹੈ, ਕਿ ਤੂੰ ਸਾਰਾ ਦਿਨ ਇਕੱਲੀ ਉਦਾਸ ਨਹੀਂ ਹੁੰਦੀ?’

ਸਤਵੰਤ ਕੌਰ- ਬੀਬੀ ! ਮੈਂ ਇਕੱਲੀ ਕਦੇ ਨਹੀਂ ਹੋਈ। ਫ਼ਾਤਮਾਂ (ਹੈਰਾਨ ਹੋ ਕੇ)- ਤੇਰੇ ਪਾਸ ਆਉਂਦਾ ਕੋਈ ਦਿੱਸਦਾ ਤਾਂ ਨਹੀਂ।

ਸਤਵੰਤ ਕੌਰ- ਠੀਕ ਹੈ, ਪਰ ਜਿਹੜਾ ਮੇਰੇ ਨਾਲ ਰਹਿੰਦਾ ਹੈ, ਉਹ ਅੱਖਾਂ ਨਾਲ ਨਹੀਂ ਦਿੱਸਦਾ।

ਫ਼ਾਤਮਾਂ(ਡਰ ਕੇ)- ਹੈਂ ! ਉਹ ਕੌਣ ਹੈ? ਕੀ ਤੈਂ ਕੋਈ ਭੂਤ ਵੱਸ ਕਰ ਰੱਖਿਆ ਹੈ। ਸਤਵੰਤ ਕੌਰ- ਨਹੀਂ ਜੀ, ਭੂਤ ਨਹੀਂ ਬੀਬੀ ! ਮੇਰਾ ਗੁਰੂ ਮੇਰੇ ਨਾਲ ਰਹਿੰਦਾ ਹੈ।

ਫ਼ਾਤਮਾਂ(ਹੋਰ ਬੀ ਅਚੰਭਾ ਹੋਕੇ)- ਗੁਰੂ ਕਿਥੇ ਰਹਿੰਦਾ ਹੈ, ਤੇ ਕਿਸ ਤਰ੍ਹਾਂ?

ਸਤਵੰਤ ਕੌਰ- ਬੀਬੀ ! ਮੈਂ ਗੁਰੂ ਕੀ ਬਾਣੀ ਦਾ ਪਾਠ ਕਰਦੀ ਰਹਿੰਦੀ ਹਾਂ ਤੇ ਇਹ ਪਿਤਾ ਜੀ ਨੇ ਦੱਸਿਆ ਹੋਇਆ ਹੈ। ਕਿ ਜਿਥੇ ਬਾਣੀ ਦਾ ਪਾਠ ਮਨ ਲਾ ਕੇ ਕੀਤਾ ਜਾਵੇ ਉਥੇ ਗੁਰੂ ਹੁੰਦਾ ਹੈ। ਉਹ ਬਾਣੀ ਬੀ ਗੁਰੂ ਦਾ ਪਰਤੱਖ ਰੂਪ ਹੈ।

ਫ਼ਾਤਮਾਂ- ਬਾਣੀ ਗੁਰੂ ਕਿੱਕੁਰ ਹੁੰਦੀ ਹੈ?

ਸਤਵੰਤ ਕੌਰ- ਇਹ ਤਾਂ ਮੈਨੂੰ ਪਤਾ ਨਹੀਂ, ਪਰ ਸਾਡੇ ਧਰਮ ਦਾ ਨੇਮ ਹੈ ਕਿ ਬਾਣੀ ਗੁਰੂ ਹੈ, ਪ੍ਰੰਤੂ ਇੰਨਾਂ ਮੈਂ ਭੀ ਜਾਣਦੀ ਹਾਂ ਕਿ ਬਾਣੀ ਪੜ੍ਹਦਿਆਂ ਦਿਲ ਬੜਾ ਪ੍ਰਸੰਨ ਹੋ ਜਾਂਦਾ ਹੈ ਅਰ ਕੋਈ ਚਿੰਤਾ ਦੁੱਖ ਦਿਲ ਵਿਚ ਨਹੀਂ ਰਹਿੰਦਾ। ਇਕੱਲ ਦੁਕੱਲ ਕੁਛ ਮਲੂਮ ਨਹੀਂ ਹੁੰਦੀ, ਇਸ ਤੋਂ ਮੈਂ ਸਮਝਦੀ ਹਾਂ ਕਿ ਗੁਰੂ ਮੇਰੇ ਨਾਲ ਹੈ, ਕਿਉਂਕਿ ਗੁਰੂ ਤੇ ਪਰਮੇਸ਼ਰ ਦਾ ਰੂਪ ਹੈ ਆਨੰਦ, ਖ਼ੁਸ਼ੀ। ਜਦ ਪੜ੍ਹਕੇ ਮੈਨੂੰ ਅਨੰਦ ਹੁੰਦਾ ਹੈ ਤਦ ਜ਼ਰੂਰ ਹੈ ਕਿ ਗੁਰੂ ਮਹਾਰਾਜ ਮੇਰੇ ਅੰਗ ਸੰਗ ਹੈਨ। ਜਿੰਕੁਰ ਠੰਢੀ ਪੌਣ ਤੋਂ ਜਲ ਦਾ ਹੋਣਾ ਸਮਝ ਲਈਦਾ ਹੈ, ਇਕੁਰ ਅੰਦਰ ਆਨੰਦ ਆ ਜਾਣ ਤੋਂ ਮੈਂ ਸਮਝ ਲੈਂਦੀ ਹਾਂ ਕਿ ਠੀਕ ਬਾਣੀ ਗੁਰੂ ਹੀ ਹੈ, ਲੱਛਣ ਜੋ ਗੁਰੂ ਮਹਾਰਾਜ ਦੇ ਹਨ। ਬੀਬੀ ਜੀ ! ਇਸ ਕਰਕੇ ਮੈਂ ਕਦੇ ਆਪਣੇ ਆਪ ਨੂੰ ਇਕੱਲੀ ਨਹੀਂ ਸਮਝਦੀ, ਨਾਲੇ ਗੁਰੂ ਸਾਡੇ ਸਦਾ ਜੀਉਂਦੇ ਹਨ ਤੇ ਅਸੀਂ ਅਰਦਾਸ ਵਿਚ ਕਹਿੰਦੇ ਹਾਂ ਕਿ ਸਭ ਥਾਈਂ ਹੋਹਿਂ ਸਹਾਇ! ਸਾਡੇ ਗੁਰੂ ਸਾਡੇ ਸਹਾਈ ਹਨ ਸਭ ਥਾਵੇਂ। ਹਾਂ, ਉਸ ਵੇਲੇ ਘਾਬਰਦੀ ਹਾਂ ਕਿ ਜਦ ਬਾਣੀ ਛੁੱਟ ਜਾਵੇ, ਜਾਂ ਮੈਂ ਦਿਲ ਲਾ ਕੇ ਪਾਠ ਨਾ ਕਰਾਂ ਤਾਂ। ਪਰ ਪ੍ਰਾਰਥਨਾ ਕਰਦਿਆਂ ਤੇ ਮਨ ਲਾ ਕੇ ਪਾਠ ਕਰਦਿਆਂ ਦਿਲ ਲੱਗ ਜਾਂਦਾ ਹੈ ਅਰ ਦਿਲ ਲੱਗਦੇ ਹੀ ਆਨੰਦ ਆ ਜਾਂਦਾ ਹੈ, ਪਰ ਇਹ ਪਿਤਾ ਜੀ ਦੀ ਕ੍ਰਿਪਾ ਹੈ। ਪਿਤਾ ਜੀ ਨੂੰ ਪਰਮੇਸ਼ੁਰ ਸਦਾ ਆਨੰਦ ਰਖੇ, ਜੇ ਉਹ ਛੋਟੇ ਹੁੰਦੇ ਮੇਰੇ ਨਾਲ ਮਿਹਨਤ ਨਾ ਕਰਦੇ ਅਰ ਇਹ ਦਾਤ ਨ ਬਖ਼ਸ਼ਦੇ ਤਦ ਏਨ੍ਹਾਂ ਦੁੱਖਾਂ ਨੂੰ ਮੈਂ ਕਦੇ ਝੱਲ ਨਾ ਸਕਦੀ।

ਫ਼ਾਤਮਾਂ ਨੇ ਮਿੱਠਤ ਨਾਲ ਪੁੱਛਿਆ ਕਿ ਬੀਬੀ ! ਕੀ ਤੇਰੇ ਪਿਤਾ ਜੀ ਨੇ ਮਾਪਿਆਂ ਵਾਲੇ ਮੋਹ ਵਿਚ ਕਿਰਪਾ ਕਰ ਦਿੱਤੀ ਸੀ ਕਿ ਤੈਂ ਬੀ ਕੁਝ ਐਸਾ ਕੰਮ ਕੀਤਾ ਸੀ ਕਿ ਜਿਸ ਕਰਕੇ ਓਹ ਤੇਰੇ ਉਤੇ ਤਠ ਪਏ ਸਨ?

ਸਤਵੰਤ ਕੌਰ- ਬੀਬੀ ਜੀ ! ਤੁਸੀਂ ਐਸ ਤਰ੍ਹਾਂ ਦੀਆਂ ਪੁੱਛਾਂ ਕਿਉਂ ਪੁੱਛਦੇ ਹੋ? ਮੈਂ ਕਦੇ ਅੱਗੇ ਤੁਹਾਡੇ ਪਾਸੋਂ ਐਸੀਆਂ ਗੱਲਾਂ ਨਹੀਂ ਸੁਣੀਆਂ ਸਨ।

ਫ਼ਾਤਮਾਂ- ਮੈਨੂੰ ਕੁਛ ਸਮਝ ਨਹੀਂ ਹੈ, ਪਰ ਮੈਂ ਛੋਟੇ ਹੁੰਦਿਆਂ ਐਸੀਆਂ ਐਸੀਆਂ ਗੱਲਾਂ ਸੁਣੀਆਂ ਹੋਈਆਂ ਹਨ। ਮੇਰੇ ਪਿਤਾ ਫ਼ਕੀਰਾਂ ਦੇ ਮੇਲੀ ਸਨ ਅਰ ਘਰ ਵਿਚ ਜਦ ਕੋਈ ਆਉਂਦਾ ਸੀ ਤਦ ਮੈਂ ਭੀ ਫ਼ਕੀਰਾਂ ਦੇ ਬਚਨ ਕਦੇ ਕਦੇ ਸੁਣੇ ਹਨ, ਪਰ ਮੈਂ ਪਿਤਾ ਜੀ ਤੋਂ ਕੁਝ ਲਾਭ ਨਾ ਉਠਾਇਆ ਇਸੇ ਕਰਕੇ ਮੈਂ ਤੈਥੋਂ ਪੁੱਛਦੀ ਹਾਂ ਕਿ ਤੂੰ ਕਿੱਕੁਰ ਲਾਭ ਉਠਾ ਲਿਆ?

ਸਤਵੰਤ ਕੌਰ- ਬੀਬੀ! ਸਾਡੇ ਧਰਮ ਵਿਚ ਮਾਤਾ ਪਿਤਾ ਦਾ ਇਹ ਧਰਮ ਹੈ ਕਿ ਸੰਤਾਨ ਨੂੰ ਧਰਮ ਦੀ ਸਿੱਖਯਾ ਦੇਣ। ਨਿਰਾ ਪਾਲਣ ਪੋਸਣ ਹੀ ਨਹੀਂ, ਸਗੋਂ ਭਲੈਮਾਣਸ, ਨੇਕ ਤੇ ਧਰਮੀ ਬਨਾਉਣਾ ਬੀ ਉਨ੍ਹਾਂ ਦਾ ਧਰਮ ਹੈ, ਇਸ ਕਰਕੇ ਜੋ ਕੁਝ ਮੈਨੂੰ ਲੱਭਾ ਹੈ ਪਿਤਾ ਜੀ ਦੀ ਕਿਰਪਾ ਕਰਕੇ, ਕਿਸੇ ਮੇਰੇ ਗੁਣ ਕਰਕੇ ਨਹੀਂ। ਹਾਂ ਇਕ ਦਿਨ ਮੈਂ ਪਿਤਾ ਜੀ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਸਤਵੰਤ ਕੌਰ ! ਮੈਂ ਤੈਨੂੰ ਦੇਖ ਕੇ ਕਰਤਾਰ ਦਾ ਸ਼ੁਕਰ ਕਰਦਾ ਹਾਂ ਅਰ ਬੜਾ ਆਨੰਦ ਹੁੰਦਾ ਹਾਂ। ਉਸ ਦਿਨ ਇਹ ਗੱਲ ਹੋਈ ਸੀ ਕਿ ਮੈਂ ਵਰ੍ਹਾ ਦਿਨ ਲਾ ਕੇ ਇਕ ਪੋਥੀ ਪੰਜ ਗ੍ਰੰਥੀ ਦੀ ਹੱਥੀਂ ਲਿਖੀ ਸੀ, ਉਹ ਪੋਥੀ ਇਕ ਲੋੜਵੰਦ ਵਿਧਵਾ ਨੇ ਮੈਥੋਂ ਮੰਗੀ, ਮੈਂ ਉਸ ਨੂੰ ਤਰਸ ਕਰਕੇ ਦੇ ਦਿੱਤੀ। ਇਹ ਗੱਲ ਸੁਣਕੇ ਪਿਤਾ ਜੀ ਬੜੇ ਪ੍ਰਸੰਨ ਹੋਏ ਸਨ। ਸਾਡੇ ਧਰਮ ਵਿਚ ਪੋਥੀ ਕਿਸੇ ਨੂੰ ਦੇਣੀ ਬੜਾ ਭਾਰਾ ਪੁੰਨ ਹੈ, ਪਰ ਮੈਨੂੰ ਏਸ ਗੱਲ ਦੀ ਖ਼ਬਰ ਬੀ ਪਿਛੋਂ ਲੱਗੀ ਸੀ।

ਫ਼ਾਤਮਾਂ- ਬੀਬੀ ! ਮੈਂ ਹੁਣ ਸਮਝੀ ਕਿ ਤੇਰਾ ਹੌਂਸਲਾ ਕਿਉਂ ਹਰ ਦੁਖ ਸੁਖ ਵਿਚ ਤੈਨੂੰ ਹਾਰ ਨਹੀਂ ਦੇਂਦਾ ਅਰ ਕਿਉਂ ਤੂੰ ਦੁਖੀ ਹੋ ਹੋ ਕੇ ਬੀ ਸਦਾ ਪ੍ਰਸੰਨ ਹੋ ਹੋ ਜਾਂਦੀ ਹੈਂ ਅਰ ਇਕੱਲੀ ਬੀ ਨਹੀਂ ਘਾਬਰਦੀ। ਪਰ ਕੀ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਤੁਸੀਂ ਮੈਨੂੰ ਬੀ ਇਸ ਸੁਖ ਦਾ ਭਾਗੀ ਕਰ ਲਓ?

ਸਤਵੰਤ ਕੌਰ- ਮੈਨੂੰ ਆਪ ਤੋਂ ਕਿਸੇ ਗੱਲ ਦਾ ਲੁਕਾਉ ਨਹੀਂ, ਜੇਕਰ ਆਪ ਦੀ ਆਤਮਾ ਨੂੰ ਠੰਢ ਪਹੁੰਚ ਸਕੇ ਤਦ ਮੈਂ ਹਾਜ਼ਰ ਹਾਂ, ਪਰ ਇਹ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲਵੋ?

ਫ਼ਾਤਮਾਂ- ਜਿੰਕੁਰ ਕਹੋ।

ਸਤਵੰਤ ਕੌਰ- ਐਉਂ ਕਰੋ ਕਿ ਹਰ ਰੋਜ਼ ਇਕ ਤੁਕ ਬਾਣੀ ਦੀ ਮੈਥੋਂ ਸੁਣ ਲਿਆ ਕਰੋ ਅਰ ਅਰਥ ਸਮਝ ਲਿਆ ਕਰੋ। ਫੇਰ ਪਿਆਰੀ ਲੱਗੇ ਤਾਂ ਯਾਦ ਕਰ ਲਿਆ ਕਰੋ ਤੇ ਨਾਲੇ ਜੋ ਜੋ ਊਣਾ ਤੇ ਔਗਣ ਤੁਹਾਨੂੰ ਆਪਣੇ ਵਿਚ ਦਿੱਸਣ ਉਨ੍ਹਾਂ ਨੂੰ ਕੱਢਣ ਦਾ ਜਤਨ ਕਰੋ ਅਰ ਐਸਾ ਸੁਭਾਉ ਬਣਾਓ ਕਿ ਜੋ ਦੂਸਰੇ ਨੂੰ ਦੁੱਖ ਦਾਤਾ ਨਾ ਹੋਵੇ।

ਜਦ ਫ਼ਾਤਮਾ ਨੇ ਇਹ ਉਪਦੇਸ਼ ਸੁਣਿਆਂ, ਤਦ ਉੱਦਮ ਨਾਲ ਉਸ ਦੇ ਕਹੇ ਪਰ ਤੁਰਨੇ ਲੱਗ ਪਈ। ਇਧਰ ਸਤਵੰਤ ਕੌਰ ਨੇ ਉਸਨੂੰ ਜਪੁਜੀ ਸਾਹਿਬ ਦੀ ਇਕ ਤੁਕ ਰੋਜ਼ ਕੰਠ ਕਰਾਉਣੀ ਸ਼ੁਰੂ ਕਰ ਦਿੱਤੀ, ਨਾਲੇ ਅਰਥ ਸਮਝਾਵੇ ਨਾਲੇ ਯਾਦ ਕਰਾਵੇ। ਉਸ ਵਿਚਾਰੀ ਦੀ ਜ਼ੁਬਾਨ ਉਤੇ ਬਹੁਤ ਔਖੀ ਤੁਕ ਚੜ੍ਹੇ ਤੇ ਸਮਝ ਬੀ ਔਖ ਨਾਲ ਪਵੇ, ਪਰ ਸਤਵੰਤ ਕੌਰ ਦੀ ਅਥੱਕ ਮਿਹਨਤ ਨੇ ਸਭ ਮੁਸ਼ਕਲਾਂ ਨੂੰ ਹੱਲ ਕੀਤਾ ਅਰ ਕਿੰਨੇ ਚਿਰ ਦੀ ਮਿਹਨਤ ਦੇ ਮਗਰੋਂ ਉਸ ਨੂੰ ਜਪੁਜੀ ਸਾਹਿਬ ਕੰਠ ਹੋ ਗਈ। ਹੁਣ ਸਤਵੰਤ ਕੌਰ ਨੇ ਉਸ ਨੂੰ ਪਾਠ ਕਰਨੇ ਦਾ ਵੱਲ ਸਿਖਾਇਆ। ਫ਼ਾਤਮਾਂ ਜਦ ਪਾਠ ਕਰੇ ਤਦ ਆਨੰਦ ਆਵੇ, ਸਦਾ ਲਈ ਸੁਖੀ ਰਹੇ, ਭਲਾ ਕਰਨ ਦੀ ਚਾਹ ਰਹੇ। ਸਤਵੰਤ ਕੌਰ ਦੀ ਪਤ ਉਸ ਦੀਆ ਅੱਖਾਂ ਵਿਚ ਬਹੁਤ ਵਧ ਗਈ, ਉਹ ਉਸ ਨੂੰ ਇਕ ਉੱਚਾ ਫ਼ਕੀਰ ਮੰਨਣ ਲਗ ਗਈ। ਅਰ ਉਸ ਦੀ ਸੇਵਾ ਨੂੰ ਆਪਣੇ ਧੰਨ ਭਾਗ ਜਾਣਨੇ ਲੱਗ ਗਈ; ਪਰ ਸਤਵੰਤ ਸਮਝੇ ਕਿ ਇਹ ਗੁਰੂ ਦੀ ਮਿਹਰ ਹੈ, ਗੁਰੂ ਦਾ ਪ੍ਰਤਾਪ ਹੈ ਕਿ ਕੈਦ ਪਿਆਂ ਬੀ ਮੈਨੂੰ ਕਿਸ ਸੁਖ ਵਿਚ ਪੁਚਾ ਦਿੱਤਾ ਹੈ ਸੂ, ਨਹੀਂ ਤਾਂ ਪੰਜ ਰੁਪੈ ਤੋਂ ਵਿਕੀ ਹੋਈ ਗ਼ੁਲਾਮ ਕੁੜੀ ਕਿਸੈ ਬਾਵਰਚੀ ਖਾਨੇ ਵਿਚ ਭਾਂਡੇ ਮਾਂਜਦੀ ਹੁੰਦੀ, ਪਰ ਇਹ ਗੁਰੂ ਕੀ ਬਾਣੀ ਦਾ ਪਰਤਾਪ ਹੈ ਕਿ ਮੈਨੂੰ ਕੈਦ ਵਿਚ ਬੀ ਸੁਖ ਤੇ ਸ਼ੋਭਾ ਪਰਦਾਨ ਕੀਤੀ। ਗੁਰੂ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਕੈਸੀ ਸੁਹਣੀ ਆਖੀ ਹੈ : ਧੰਨ ਗੁਰੂ, ਧੰਨ ਗੁਰੂ, ਧੰਨ ਬਾਣੀ ! :-

ਛੂਟਤ ਨਹੀ ਕੋਟਿ ਲਖ ਬਾਹੀ॥ ਨਾਮੁ ਜਪਤ ਤਹ ਪਾਰਿ ਪਰਾਹੀ॥ ਅਨਿਕ ਬਿਘਨ ਜਹ ਆਇ ਸੰਘਾਰੈ॥ ਹਰਿ ਕਾ ਨਾਮੁ ਤਤਕਾਲ ਉਧਾਰੈ॥ ਅਨਿਕ ਜੋਨਿ ਜਨਮੈ ਮਰਿ ਜਾਮ॥ ਨਾਮੁ ਜਪਤ ਪਾਵੈ ਬਿਸ੍ਰਾਮ॥ ਹਉ ਮੈਲਾ ਮਲੁ ਕਬਹੁ ਨ ਧੋਵੈ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ॥ ਐਸਾ ਨਾਮੁ ਜਪਹੁ ਮਨ ਰੰਗਿ॥ ਨਾਨਕ ਪਾਈਐ ਸਾਧ ਕੈ ਸੰਗਿ॥੩॥

(ਗਉ: ਸੁਖਮਨੀ-੨

-0-

7 ਕਾਂਡ ।

ਫ਼ਾਤਮਾਂ ਦੀ ਦੂਸਰੀ ਸੌਂਕਣ ਦੇ ਜੀ ਨੂੰ ਬਹੁਤ ਦੁਖ ਪਹੁੰਚ ਰਿਹਾ ਸੀ, ਦਿਨ ਰਾਤ ਮਨਸੂਬੇ ਸੋਚਦੀ ਕਿ ਕਿਸ ਪ੍ਰਕਾਰ ਉਸ ਨੂੰ ਦੁੱਖ ਦੇਵੇ। ਜਿਸ ਦਿਨ ਤੋਂ ਸਤਵੰਤ ਕੌਰ ਨੇ ਉਸ ਦੇ ਪਤੀ ਦੀ ਜਿੰਦ ਬਚਾਈ ਸੀ, ਉਸ ਦਿਨ ਤੋਂ ਪਤੀ ਨੇ ਖੋਟੇ ਕੰਮ ਤੇ ਸ਼ਰਾਬਾਂ ਛੱਡ ਦਿੱਤੀਆਂ ਸਨ ਅਰ ਦੂਸਰੀ ਵਹੁਟੀ ਦੇ ਘਰ ਨੂੰ ਬੀ ਛੱਡ ਦਿੱਤਾ ਸੀ, ਕੇਵਲ ਖ਼ਰਚ ਮਾਤ੍ਰ ਉਸਨੂੰ ਭੇਜ ਛਡਦਾ ਸੀ। ਕਾਰਣ ਇਹ ਸੀ ਕਿ ਉਸ ਨੂੰ ਸਮਝ ਪੈ ਗਈ ਸੀ ਕਿ ਇਹ ਵਹੁਟੀ ਹੀ ਮੇਰੀ ਤਬਾਹੀ ਦਾ ਕਾਰਨ ਹੋਈ ਹੈ, ਜਿਸ ਨੇ ਘਰ ਦੇ ਖ਼ਰਚ ਅੰਨ੍ਹੇ ਵਾਹ ਵਧਾ ਕੇ ਅਰ ਦਿਨ ਰਾਤ ਐਸ਼ ਵਿਚ ਪਾ ਕੇ ਮੈਨੂੰ ਸਰਕਾਰੀ ਦਰੋਹੀ ਬਣਾ ਦਿੱਤਾ। ਖ਼ਰਚ ਦੇ ਬੇਹੱਦ ਹੋਣ ਨੇ ਐਥੋਂ ਤੋੜੀ ਮੈਨੂੰ ਬੇਈਮਾਨ ਬਣਾ ਦਿਤਾ ਕਿ ਮਾਲਕ ਨਾਲ ਤਰ੍ਹਾਂ ਤਰ੍ਹਾਂ ਦੇ ਛਲ ਕਰਨੇ ਪਏ ਅਰ ਛੇਕੜ ਕਤਲ ਹੋਣ ਤਕ ਨੌਬਤ ਆ ਪਹੁੰਚੀ ਸੀ। ਉਸ ਵਹੁਟੀ ਦੇ ਔਗੁਣਾਂ ਨੇ ਤਾਹ ਦਿੱਤਾ, ਪਰ ਫ਼ਾਤਮਾਂ ਦੇ ਗੁਣਾਂ ਨੇ ਖਿੱਚ ਕੀਤੀ। ਕਿਉਂਕਿ ਖ਼ਾਨ ਦੇ ਕਰੜੇ ਜ਼ੁਲਮਾਂ ਅਰ ਧੱਕਿਆਂ ਦੀ ਹਾਲਤ ਵਿਚ ਬੀ ਫ਼ਾਤਮਾਂ ਸ਼ਰਮ ਧਰਮ ਵਿਚ ਪੱਕੀ ਰਹੀ ਅਰ ਸਦਾ ਪਤੀ ਦੀ ਸੇਵਾ ਕਰਨੇ ਦਾ ਜਤਨ ਕਰਦੀ ਰਹੀ। ਛੇਕੜ ਜੋ ਵਾਹ ਪਤੀ ਦੀ ਜਿੰਦ ਬਚਾਉਣੇ ਲਈ ਉਸ ਨੇ ਲਾਈ, ਉਹ ਬੀ ਉਸ ਨੂੰ ਸਾਰੀ ਮਲੂਮ ਹੋ ਗਈ ਸੀ ਅਰ ਸਤਵੰਤ ਕੌਰ ਦੀ ਹਿੰਮਤ ਦਾ ਕਾਰਣ ਬੀ ਉਹ ਆਪਣੀ ਵਹੁਟੀ ਨੂੰ ਹੀ ਸਮਝਦਾ ਸੀ। ਇਨ੍ਹਾਂ ਗੱਲਾਂ ਕਰਕੇ ਫ਼ਾਤਮਾਂ ਫਰਿਸ਼ਤਾ ਭਾਸਦੀ ਸੀ ਅਰ ਦੂਸਰੀ ਵਹੁਟੀ ਠੀਕ ਸ਼ੈਤਾਨ ਲਗਦੀ ਸੀ, ਜਿਸ ਤੋਂ ਉਸ ਨੂੰ ਕਰੜੀ ਸੁਗ ਹੋ ਚੁਕੀ ਸੀ।

ਦੂਸਰੀ ਵਹੁਟੀ ਦਾ ਨਾਮ ਜ਼ੈਨਬ ਸੀ। ਇਹ ਇਕ ਛੋਟੇ ਘਰਾਣੇ ਦੀ ਕੁੜੀ ਸੀ ਅਰ ਬੜੇ ਬੁਰੇ ਲੋਕਾਂ ਵਿਚ ਪਲੀ ਸੀ, ਪਰ ਸੁੰਦਰ ਬਹੁਤ ਹੋਣ ਕਰਕੇ ਖ਼ਾਂ ਸਾਹਿਬ ਨੇ ਪਰਨਾ ਲਈ ਸੀ। ਇਸ ਤ੍ਰੀਮਤ ਦਾ ਦਿਲ ਇਸ ਦੇ ਚਿਹਰੇ ਵਰਗਾ ਸੁਹਣਾ ਨਹੀਂ ਸੀ, ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਸੂਰਤ ਤੇ ਭੁੱਲਣਾ ਬੜੀ ਭੁੱਲ ਹੈ,

ਗੁਰੂ ਮਹਾਰਾਜ ਜੀ ਫੁਰਮਾਉਂਦੇ ਹਨ :-

ਸੂਰਤਿ ਦੇਖਿ ਨ ਭੂਲੁ ਗਵਾਰਾ॥

ਮਿਥਨ ਮੋਹਾਰਾ ਝੂਠੁ ਪਸਾਰਾ॥

(ਮਾਰੂ ਮ:੫)

ਬਹੁਤ ਸਾਰੇ ਨੌਜਵਾਨ ਨਿਰੀਆਂ ਸੁਹਣੀਆਂ ਵਹੁਟੀਆਂ ਢੂੰਡਦੇ ਹਨ, ਪਰ ਨਿਰੀ ਸੁਹੱਪਣ ਵਾਲੀ ਵਹੁਟੀ ਥੋੜੇ ਦਿਨ ਹੀ ਚੰਗੀ ਲਗਦੀ ਹੈ। ਜਦ ਪਹਿਲੇ ਚਾਉ ਦੇ ਦਿਨ ਲੰਘ ਜਾਂਦੇ ਹਨ, ਤਦ ਗੁਣਾਂ ਦੀ ਖਿੱਚ ਹੀ ਇਸਤ੍ਰੀ ਭਰਤਾ ਦੇ ਸਦਾ ਸੁਖੀ ਨਿਭਣ ਦਾ ਕਾਰਨ ਬਣਦੀ ਹੈ। ਜੇ ਗੁਣ ਨਾ ਹੋਣ ਤਾਂ ਚਿੱਟੇ ਰੰਗ ਦੀ ਵਹੁਟੀ ਬੀ ਮਾੜੀ ਲੱਗਣ ਲੱਗ ਜਾਂਦੀ ਹੈ; ਤਾਂਤੇ ਗੁਣਾਂ ਦੀ ਸੁੰਦਰਤਾ ਪ੍ਰਾਪਤ ਕਰਨੀ ਸਭ ਤੋਂ ਵੱਡੀ ਸੁੰਦਰਤਾ ਹੈ। ਚਿਹਰੇ ਦੀ ਸੁੰਦਰਤਾ ਨੂੰ ਹੀ ਇਕੱਲਾ ਲੱਛਣ ਚੰਗਿਆਈ ਦਾ ਨਹੀਂ ਸਮਝ ਲੈਣਾ ਚਾਹੀਦਾ ਜੋ ਇਕ ਫਿਨਸੀ ਲਾਲ ਵਿਗੜ ਜਾ ਸਕਦੀ ਹੈ ਅਰ ਸੀਤਲਾ ਦੇ ਇਕ ਧੱਪੇ ਨਾਲ ਕੁਰੂਪਤਾ ਵਿਚ ਬਦਲ ਜਾ ਸਕਦੀ ਹੈ, ਪਰ ਗੁਣਾਂ ਦੀ ਸੁੰਦਰਤਾ ਹੀ ਹੈ ਜੋ ਵਧੇਰੇ ਨਾਲ ਨਿਭਦੀ ਹੈ। ਮਹਾਰਾਜ ਜੀ ਦਾ ਵਾਕ ਹੈ :-

ਗੁਣ ਕਾਮਣ ਕਰਿ ਕੰਤੁ ਰੀਝਾਇਆ॥

ਸੋ ਇਸ ਸੁਹਣੀ ਪਰ ਦਿਲ ਦੀ ਕੁਰੂਪ ਜ਼ੈਨਬ ਦੇ ਔਗੁਣਾਂ ਨੇ ਜਦ ਪਤੀ ਨੂੰ ਉਸ ਤੋਂ ਦੂਰ ਕਰ ਦਿੱਤਾ, ਤਦ ਉਹ ਕੁਟਿਲ ਇਸਤ੍ਰੀ ਆਪਣੀਆਂ ਚਲਾਕੀਆਂ ਨਾਲ ਆਪਣੀ ਸੌਂਕਣ ਤੇ ਪਤੀ ਤੋਂ ਬਦਲੇ ਲੈਣ ਦੇ ਮਨਸੂਬੇ ਬੰਨ੍ਹਣ ਲੱਗੀ। ਸਭ ਤੋਂ ਪਹਿਲਾ ਕੰਮ ਉਂਸ ਨੇ ਇਹ ਕੀਤਾ ਕਿ ਇਕ ਫਫੇ ਕੁੱਟਣੀ ਚਲਾਕ ਤ੍ਰੀਮਤ ਨੂੰ ਜੋ ਉਸ ਦੀ ਭੇਤਣ ਸੀ, ਸੌਂਕਣ ਦੇ ਘਰ ਕਿਸੇ ਬਹਾਨੇ ਨੌਕਰ ਕਰਵਾ ਦਿੱਤਾ। ਇਸ ਦਾ ਨਾਮ ‘ਸੈਦ’ ਸੀ। ਸੈਦ ਬੜੀ ਚਲਾਕ ਤ੍ਰੀਮਤ ਸੀ। ਨੌਕਰ ਹੁੰਦੇ ਸਾਰ ਹੀ ਇਸ ਨੇ ਫ਼ਾਤਮਾਂ ਦੀ ਐਸੀ ਸੇਵਾ ਚੱਕੀ ਕਿ ਜਿਸ ਨਾਲ ਉਸ ਦੇ ਢਿੱਡ ਵਿਚ ਵੜ ਜਾਵੇ ਅਰ ਉਸ ਨੂੰ ਹੱਥਾਂ ਉਤੇ ਪਾ ਲਵੇ।

ਸੈਦ ਜਦ ਨੌਕਰ ਹੋਈ, ਤਦ ਹੀ ਸਤਵੰਤ ਕੌਰ ਨੂੰ ਫ਼ਾਤਮਾਂ ਨੇ ਦੱਸਿਆ ਸੀ, ਪਰ ਸਤਵੰਤ ਕੌਰ ਨੇ ਕੁਝ ਲੰਮੀ ਗਹੁ ਨਾ ਕੀਤੀ। ਪਰ ਜਦ ਕੁਝ ਦਿਨ ਪਾ ਕੇ ਫ਼ਾਤਮਾ ਜਦ ਮਿਲੇ ਤਦ ਹੀ ਸੈਦ ਦੀ ਕੁਝ ਉਪਮਾਂ ਕਰੇ ਤਾਂ ਸਤਵੰਤ ਕੌਰ ਨੂੰ ਕੁਝ ਖਟਕਾ ਹੋਇਆ ਅਰ ਉਸ ਦੀ ਡੂੰਘੀ ਸੋਚ ਗੋਤੇ ਮਾਰ ਮਾਰ ਵਿਚਾਰਨ ਲੱਗੀ ਕਿ ਐਡੀ ਨੇਕ ਪਰਉਪਕਾਰਨ ਤੇ ਲਾਇਕ ਨੌਕਰਾਣੀ ਏਥੇ ਕਿੱਥੋਂ ਆ ਗਈ ਅਰ ਐਡੀ ਛੇਤੀ ਕਿੱਕੁਰ ਭੇਤਣ ਬਣ ਗਈ ਜੋ ਨਾਲੇ ਤਾਂ ਸੇਵਾ ਕਰਦੀ ਹੈ ਨਾਲੇ ਐਸੇ ਲੱਛਣ ਦਿਖਾਲਦੀ ਹੈ ਕਿ ਜਿਨ੍ਹਾਂ ਤੋਂ ਸ਼ੱਕ ਹੁੰਦਾ ਹੈ ਕਿ ਉਹ ਦਿਲੋਂ ਸਾਫ਼ ਨਹੀਂ।

ਇਕ ਵੇਰ ਫ਼ਾਤਮਾਂ ਤੇ ਖ਼ਾਂ ਸਾਹਿਬ ਅੱਧੀ ਰਾਤ ਨੂੰ ਆਪਣੇ ਕਮਰੇ ਵਿਚ ਗੱਲਾਂ ਕਰਦੇ ਸਨ, ਉਸ ਵੇਲੇ ਸਤਵੰਤ ਕੌਰ ਚੁੱਪ ਕਰੀਤੀ ਮਲਕੜੇ ਜਿਹੇ ਬੂਹਾ ਖੋਲ੍ਹ ਕੇ ਜੋ ਆਪਣੇ ਲੁਕਵੇਂ ਥਾਂ ਤੋਂ ਅੰਦਰ ਆਈ ਅਰ ਉਰੇ ਆਪਣੇ ਬੂਹੇ ਕੋਲ ਹੀ ਖਲੋ ਕੇ ਦੇਖੇ ਤਾਂ ਦੀਵੇ ਦੀ ਮੱਧਮ ਲੋ ਵਿਚ ਸੈਦ ਖੜੀ ਦਿੱਸੀ, ਜੋ ਕੰਨ ਲਾ ਕੇ ਵਹੁਟੀ ਗੱਭਰੂ ਦੇ ਬਚਨ ਬਿਲਾਸ ਸੁਣ ਰਹੀ ਸੀ। ਸਤਵੰਤ ਕੌਰ ਪਿਛਲੇ ਪੈਰੀਂ ਮੁੜ ਗਈ, ਪਰ ਸਵੇਰੇ ਉਸ ਨੇ ਫ਼ਾਤਮਾਂ ਨੂੰ ਕਹਿ ਦਿੱਤਾ ਕਿ ਸੈਦ ਦਾ ਘਰ ਵਿਚ ਰੱਖਣਾ ਮੁਨਾਸਬ ਨਹੀਂ, ਜਿੰਨੀ ਛੇਤੀ ਕੱਢ ਦਿੱਤੀ ਜਾਵੇ ਚੰਗੀ ਹੈ। ਫ਼ਾਤਮਾਂ ਦਾ ਦਿਲ ਤਾਂ ਨਹੀਂ ਸੀ ਚਾਹੁੰਦਾ, ਪਰ ਸਤਵੰਤ ਦਾ ਆਖਿਆ ਮੋੜਨਾ ਬੀ ਔਖਾ ਸੀ। ਉਸ ਨੇ ਗੱਭਰੂ ਨੂੰ ਕਿਹਾ, ਗੱਭਰੂ ਸੈਦ ਦੀ ਸੇਵਾ ਪੁਰ ਖ਼ੁਸ਼ ਸੀ, ਉਹ ਉਸ ਨੂੰ ਕੱਢਣੋਂ ਨਾਂਹ ਨੁੱਕਰ ਕਰਨ ਲੱਗਾ। ਜਦ ਵਹੁਟੀ ਨੇ ਬਹੁਤ ਕਿਹਾ ਤਦ ਕਹਿਣੈ ਲੱਗਾ ਸਬੱਬ ਦੱਸੋ? ਹੁਣ ਫ਼ਾਤਮਾਂ ਸਬੱਬ ਕੀ ਦੱਸੇ? ਗੱਲ ਕੀ ਕੁਝ ਚਿਰ ਗੱਲਬਾਤ ਹੋ ਕੇ ਚੁੱਪ ਹੋ ਗਈ। ਇਹ ਸਾਰੀ ਬਾਤਚੀਤ ਕਪਟਣ ਸੈਦ ਸੁਣਦੀ ਰਹੀ, ਹੁਣ ਉਹ ਪੱਕ ਜਾਣ ਗਈ ਕਿ ਮੇਰੇ ਵੱਲੋਂ ਕੁਝ ਭਰਮ ਫ਼ਾਤਮਾਂ ਨੂੰ ਪੈ ਗਿਆ ਹੈ, ਪਰ ਉਸ ਨੂੰ ਪਤਾ ਨਾ ਲੱਗੇ ਕਿ ਕਿੱਕੁਰ ਭਰਮ ਪਿਆ ਹੈ, ਕਿਉਂਕਿ ਸੈਦ ਦੇ ਸਾਰੇ ਚਾਲੇ ਐਸੇ ਪੱਕੇ ਅਰ ਲੁਕੇ ਹੋਏ ਸਨ ਕਿ ਉਨ੍ਹਾਂ ਦਾ ਧੂੰ ਨਿਕਲਣਾ ਬੀ ਕਠਨ ਸੀ। ਬਹੁਤ ਸੋਚ ਕੇ ਸੈਦ ਨੂੰ ਆਪਣੇ ਸ਼ੱਕ ਹੀ ਪੱਕੇ ਹੁੰਦੇ ਦਿੱਸੇ। ਓਹ ਸ਼ੁਭੇ ਇਹ ਸਨ ਕਿ ਕਈ ਵੇਰ ਫ਼ਾਤਮਾਂ ਅਚਾਨਕ ਗੁੰਮ ਹੋ ਜਾਂਦੀ, ਸੈਦ ਸਾਰਾ ਘਰ ਟੋਲਦੀ, ਪਰ ਪਤਾ ਨਾ ਲੱਗਦਾ। ਨੌਕਰਾਂ ਬਾਂਦੀਆਂ ਨੂੰ ਪੁੱਛਦੀ ਕੋਈ ਥਹੁ ਨਾ ਦੱਸਦਾ। ਉਸ ਕੁਟਣੀ ਦਾ ਚੰਚਲ ਮਨ ਹੈਰਾਨ ਰਹਿੰਦਾ ਕਿ ਇਹ ਕੀਹ ਭੇਤ ਹੈ, ਖ਼ਬਰੇ ਏਹ ਕਿਸੇ ਓਪਰੇ ਪਾਸ ਚਲੀ ਜਾਂਦੀ ਹੈ, ਖ਼ਬਰੇ ਕਿਸੇ ਜਾਦੂ ਨਾਲ ਉਡ ਜਾਂਦੀ ਹੈ, ਖ਼ਬਰੇ ਕਿਤੇ ਲੁਕ ਬੈਠਦੀ ਹੈ। ਹੁਣ ਸੈਦ ਨੇ ਆਪਣੀ ਸੁਆਣੀ ਦਾ ਪਿੱਛਾ ਕਰਨਾ ਆਰੰਭ ਦਿਤਾ, ਉਹ ਸਾਰਾ ਦਿਨ ਘਰ ਕੰਮ ਕਰੇ, ਪਰ ਉਸ ਦੀ ਸੁਰਤ ਫ਼ਾਤਮਾਂ ਵਿਚ ਰਹੇ। ਜਦ ਫ਼ਾਤਮਾਂ ਗੁੰਮ ਹੋ ਜਾਏ ਉਹ ਝੱਟ ਟੋਲ ਕਰੇ, ਪਰ ਪਤਾ ਨਾ ਲੱਗੇ। ਭਲਾ ਘਰ ਦੇ ਵਿਚ ਹੀ ਗੁੰਮ ਹੁੰਦੀ ਦਾ ਕੀ ਥਹੁ ਲੱਗੇ? ਇਕ ਦਿਨ ਸੈਦ ਉਸ ਦੇ ਮਗਰ ਮਗਰ ਹੀ ਸਾਰਾ ਦਿਨ ਰਹੀ, ਪਰ ਅਕਾਰਥ। ਰਾਤ ਪੈ ਗਈ ਸਭ ਸੌਂ ਗਏ, ਸੈਦ ਉਸ ਦੇ ਬੂਹੇ ਅੱਗੇ ਦੀਵਾ ਬੁਝਾ ਕੇ ਦਮ ਵੱਟਕੇ ਬਹਿ ਰਹੀ। ਜਦ ਅੱਧੀ ਰਾਤ ਹੋਈ ਫ਼ਾਤਮਾਂ ਉੱਠੀ, ਮਗਰ ਸੈਦ ਤੁਰੀ, ਦੂਜੇ ਕਮਰੇ ਜਾ ਵੜੀ, ਮਗਰੇ ਸੈਦ ਗਈ, ਜਾਂ ਉਸਨੇ ਕੰਧ ਵਿਚ ਕਲਾ ਦੱਬੀ, ਬੂਹਾ ਖੁਲ੍ਹਿਆ ਉਹ ਅੰਦਰ ਵੜ ਗਈ, ਝਟ ਬੂਹਾ ਬੰਦ ਹੋ ਗਿਆ। ਹਨੇਰੇ ਕਰਕੇ ਸੈਦ ਨੂੰ ਦਿੱਸਿਆ ਤਾਂ ਕੁਝ ਨਾ ਪਰ ਬੂਹੇ ਖੋਲ੍ਹਣ ਵੱਜਣ ਦਾ ਖੜਾਕ ਜ਼ਰੂਰ ਸੁਣਿਆਂ। ਜਾਂ ਤਿੰਨ ਪਹਿਰਾ ਵਜਿਆ ਫੇਰ ਆਵਾਜ਼ ਆਈ, ਫ਼ਾਤਮਾਂ ਨਿਕਲ ਕੇ ਆਪਣੇ ਕਮਰੇ ਚਲੀ ਗਈ ਮਗਰੋਂ ਸੈਦ ਆਪਣੇ ਥਾਂ ਜਾ ਸੁੱਤੀ, ਪਰ ਉਸਨੂੰ ਨੀਂਦ ਕਿਥੋਂ? ਉਹ ਸਾਰੀ ਰਾਤ ਸੋਚਾਂ ਸੋਚਦੀ ਰਹੀ। ਦਿਨ ਚੜ੍ਹੇ ਉਸ ਨੇ ਸਫ਼ਾਈ ਕਰਨ ਦੇ ਬਹਾਨੇ ਪਹਿਲਾ ਕੰਮ ਉਸ ਕਮਰੇ ਦੀ ਦੇਖ ਭਾਲ ਦਾ ਕੀਤਾ, ਭਈ ਮੈਂ ਉਸ ਖੜਕਾਰ ਵਾਲੀ ਥਾਂ ਨੂੰ ਲੱਭ ਲਵਾਂ, ਪਰ ਸਭ ਵਿਅਰਥ। ਪਹਿਰ ਭਰ ਸੈਦ ਨੇ ਟੱਕਰਾਂ ਮਾਰੀਆਂ, ਕੁਝ ਸਿਰ ਪੈਰ ਨਾ ਆਇਆ। ਛੇਕੜ ਹਫ ਗਈ, ਸਿਰ ਦੁਖਣ ਲਗ ਗਿਆ ਚਾਹ ਦੀ ਪਿਆਲੀ ਪੀ ਕੇ ਲੇਟ ਗਈ।

-0-

8 ਕਾਂਡ।

ਸਤਵੰਤ ਕੌਰ ਦੀ ਸੁਣੋਂ। ਉਹ ਉਸ ਘੁਰੇ ਵਿਚ ਸਮਾਂ ਕੱਟਦੀ ਰਹੀ, ਪਰ ਕਦੇ ਇਹ ਨਹੀਂ ਸਮਝ ਬੈਠੀ ਕਿ ਇਹ ਮੇਰਾ ਘਰ ਹੈ, ਜਾਂ ਇਸ ਬੰਦੀ-ਖਾਨੇ ਵਿਚ ਉਮਰ ਕੱਟਾਂਗੀ। ਉਹ ਪਿਤਾ ਦਾ ਘਰ, ਉਹ ਧਰਮਸਾਲਾ ਦੀ ਕੀਰਤਨ ਦੀ ਝਰਨਾਟ, ਉਹ ਸਤਿਸੰਗਤਾਂ ਦੀ ਠੰਢੀ ਰੌਣਕ, ਜੋੜ ਮੇਲ, ਜੋ ਕਈ ਵੇਰ ਤੁਰਕਾਂ ਤੋਂ ਡਰਦਿਆਂ ਲੁਕਕੇ ਬੀ ਹੁੰਦੇ ਸਨ, ਦਿਲ ਨੂੰ ਖਿਚਦੇ ਰਹਿੰਦੇ ਹਨ- ਉਹ ਦਿਨ ਰਾਤ ਆਪਣੇ ਵਤਨ ਪਹੁੰਚਣੇ ਦੀ ਧੁਨਿ ਵਿਚ ਰਹਿੰਦੀ, ਸਾਧਨ ਸੋਚਦੀ ਤੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੀ। ਸਤਵੰਤ ਕੌਰ ਨੇ ਉਨ੍ਹਾਂ ਦਿਨਾਂ ਵਿਚ ਹੀ ਫ਼ਾਤਮਾਂ ਦੀ ਰਾਹੀਂ ਆਪਣੇ ਮੇਚੇ ਦੇ ਮਰਦਾਵੇਂ ਕਪੜੇ ਬੀ ਬਨਵਾ ਲਏ ਹੋਏ ਸਨ; ਕਿਉਂਕਿ ਉਸਨੂੰ ਇਕੋ ਇਹੋ ਸੂਰਤ ਬਚਾਉ ਦੀ ਦਿੱਸਦੀ ਸੀ ਕਿ ਮਰਦਾਵੇਂ ਭੇਸ ਵਿਚ ਦੇਸ ਅੱਪੜੇ। ਇਕ ਕੁਦਰਤੀ ਮੌਜ ਬੀ ਉਸਨੂੰ ਸੀ ਕਿ ਸਰੀਰ ਲੰਮੇਰਾ ਸੀ ਤੇ ਚਿਹਰੇ ਪੁਰ ਸਾਵੀਆਂ ਬਿੰਦੀਆਂ ਬੀ ਨਹੀਂ ਸਨ, ਜੋ ਕੁਛ ਸਮੇਂ ਤੋਂ ਰੀਸੋ ਰੀਸੀ ਚਮੜਾ ਪੱਛਕੇ ਸਿੰਘਣੀਆਂ ਬੀ ਕੱਢ ਲੈਂਦੀਆਂ ਹਨ। ਪੁਰਾਤਨ ਸਮੇਂ ਵਿਚ ਭਾਰਤ ਵਰਸ਼ ਦੀਆਂ ਇਸ- ਤ੍ਰੀਆਂ ਉਹ ਬਿੰਦੀ ਵਰਤਦੀਆਂ ਸਨ ਜੋ ਧੋਤਿਆਂ ਲਹਿ ਜਾਂਦੀ ਸੀ। ਇਹ ਸਦਾ ਦਾ ਦਾਗ ਹਿੰਦ ਦੇ ਜੰਗਲੀ ਲੋਕਾਂ ਵਿਚ ਹੁੰਦਾ ਸੀ, ਜਿਸ ਦੇ ਸਬੂਤ ਲਈ ਅੱਜ ਕੱਲ ਦੀਆਂ ਪੁਰਾਤਨ ਅਸਲੀ ਅਵਿੱਦ੍ਯ ਕੌਮਾਂ ਵੱਲ ਦੇਖ ਲਵੋ ਕਿ ਸਾਰਾ ਸਰੀਰ ਇਕੁਰ ਪੱਛਕੇ ਕਈ ਸ਼ਕਲਾਂ ਬਣਾਕੇ ਆਪਣੇ ਆਪ ਨੂੰ ਕੋਝਿਆਂ ਕਰਦੀਆਂ ਹਨ। ਮੁਸਲਮਾਨਾਂ ਦੇ ਵੇਲੇ ਕੁਝ ਤਾਂ ਡਰਦਿਆਂ ਕਿ ਚਿਹਰਾ ਕੁਰੂਪ ਹੋ ਜਾਵੇ, ਕੁਝ ਇਸ ਸੋਚ ਪਰ ਕਿ ਨੀਚ ਮਲੂਮ ਹੋਣ ਤੇ ਮੁਸਲਮਾਨ ਸਰਦਾਰ ਖੋਹ ਨਾ ਲੈਣ, ਇਹ ਮੁਕਾਲਕ ਦਾ ਟਿੱਕਾ ਪਰਧਾਨ ਹੋ ਗਿਆ ਸੀ, ਪਰ ਖ਼ਾਲਸੇ ਜੀ ਨੇ ਤਾਂ ਗ਼ੁਲਾਮੀ ਨੂੰ ਸੁਰੰਗ ਲਾਈ ਤੇ ਸੁਤੰਤਰਤਾ ਦਾ ਡੰਕਾ ਵਜਾਇਆ, ਤਦ ਕੰਨ ਪੜਾਉਣ ਆਦਿ ਜੋ ਗ਼ੁਲਾਮੀ ਦੇ ਲੱਛਣ ਸਨ, ਸ਼ੁਰੂ ਵਿਚ ਹੀ ਛੱਡੇ ਗਏ ਅਰ ਨਾਲ ਸਿੰਘਣੀਆਂ ਨੇ ਬਿੰਦੀ ਦੂਰ ਕਰਕੇ ਅਕਲੰਕ ਚਿਹਰੇ ਰੱਖਣੇ ਦੀ ਆਗਿਆ ਪਾਈ*। ਜੇ ਸਤਵੰਤ ਕੌਰ ਦੇ ਚਿਹਰੇ ਪਰ ਇਹ ਰੋਗ ਹੁੰਦਾ ਤਦ ਖ਼ਤਰਾ ਸੀ ਕਿ ਮਰਦਾਵੇਂ ਭੇਸ ਵਿਚ ਬੀ ਪਛਾਣ ਹੋ ਜਾਂਦੀ।

ਉਧਰ ਹੁਣ ਸੈਦ ਨੂੰ ਚਉ ਕਿਥੇ? ਭੇਤ ਦੇ ਨੇੜੇ ਨੇੜੇ ਤਾਂ ਅੱਪੜ ਪਈ, ਪਰ ਤੋੜ ਨਾ ਪਹੁੰਚੀ, ਹਰ ਵੇਲੇ ਇਸ ਗੱਲ ਦੀ ਧੁਨ ਵਿਚ ਰਹੇ ਕਿ ਕਿਹੜੇ ਵੇਲੇ ਆਪਣੇ ਮਤਲਬ ਨੂੰ ਪਹੁੰਚਾਂ। ਇਕ ਦਿਨ ਉਹ ਕਮਰੇ ਦੇ ਅੰਦਰ ਇਕ ਨੁੱਕਰ ਵਿਚ ਮੈਲੇ ਕਪੜਿਆਂ ਦੇ ਢੇਰ ਹੇਠ ਲੁਕ ਰਹੀ। ਜਦ ਦੁਪਹਿਰ ਵੇਲੇ ਫ਼ਾਤਮਾ ਵਿਹਲੀ ਹੋਕੇ ਆਈ ਅਰ ਸਤਵੰਤ ਕੌਰ ਦੇ ਅੰਦਰ ਵੜੀ ਤਦ ਸ਼ੈਤਾਨ ਸੈਦ ਨੇ ਸਾਰਾ ਭੇਤ ਦੇਖ ਲਿਆ ਅਰ ਬੜੇ ਖ਼ੁਸ਼ ਦਿਲ ਬਾਹਰ ਚਲੀ ਗਈ। ਇਸ ਪ੍ਰਕਾਰ ਕਈ ਵੇਰ ਉਸ ਨੇ ਲੁਕ ਕੇ ਦੇਖ ਦੇਖ ਕੇ ਪੱਕਾ ਵੱਲ ਸਿੱਖ ਲਿਆ ਤੇ ਕੁੰਜੀ ਦੀ ਗੁਪਤ ਥਾਂ ਬੀ ਤਾੜ ਲਈ। ਇਕ ਦਿਨ ਰਾਤ ਵੇਲੇ ਜਦ ਸਾਰੇ ਸੌਂ ਗਏ, ਤਦ ਉਸ ਨੇ ਬੂਹੇ ਖੋਲ੍ਹਣ ਦਾ ਜਤਨ ਕੀਤਾ, ਜਤਨ ਕੀ ਕੀਤਾ ਖੋਲ੍ਹ ਹੀ ਲੀਤਾ, ਪਰ ਬੰਦ ਕਰਕੇ ਫੇਰ ਸਵੇਰੇ ਚਾਰ ਵਜੇ ਜਾ ਖੋਲ੍ਹਿਆ, ਅਰ ਇਕ ਕਦਮ ਅੰਦਰ ਬੀ ਵੜੀ। ਹਨੇਰੇ ਕਰਕੇ ਦਿੱਸਿਆ ਤਾਂ ਕੁਝ ਨਾ, ਪਰ ਮੱਧਮ ਜਿਹੀ ਆਵਾਜ਼ ਸ੍ਵਾਸਾਂ ਦੀ ਆਈ। ਉਸਨੇ ਜਾਤਾ ਕਿ ਕੋਈ ਸੌਂ ਰਿਹਾ ਹੈ। ਤਦ ਜ਼ਰਾ ਕੁ ਠਿਠੰਬਰ ਕੇ ਡਿੱਠੋ ਸੂ ਤਾਂ ਬਾਹਰਲੇ ਕਮਰੇ ਦੀ ਅੰਗੀਠੀ ਦੀ ਲੋ, ਜੋ ਮੱਧਮ ਜੇਹੀ ਉਸ ਅੰਦਰ ਪੈ ਰਹੀ ਸੀ, ਚੌਕੜੀ ਲੱਗੀ ਹੋਈ ਕੋਈ ਸੂਰਤ ਬੈਠੀ ਭਾਸੀ, ਜਿਸ ਦੀ ਪਿੱਠ ਹੋਣ ਕਰਕੇ ਠੀਕ ਪਤਾ ਨਹੀਂ ਲੱਗਦਾ ਸੀ ਕਿ ਕੌਣ ਹੈ? ਸੈਦ ਜ਼ਰਾ ਕੁ ਖੜੀ ਰਹੀ। ਪਲ ਕੁ ਮਗਰੋਂ ਉਹ ਸੂਰਤ ਹਿੱਲੀ, ਹਿਲਦੀ ਦੇਖਕੇ ਉਹ ਪਿਛਲੀ ਪੈਰੀਂ ਮੁੜੀ ਅਰ ਬੂਹਾ ਬੰਦ ਕਰ ਦਿੱਤਾ। ਸਤਵੰਤ ਕੌਰ ਉੱਠੀ ਅਰ ਘਾਬਰੀ ਕਿ ਅੱਜ ਦੋ ਵੇਰ ਬੂਹਾ ਖੁੱਲ੍ਹਕੇ ਵੱਜ ਗਿਆ ਹੈ ਤੇ ਫ਼ਾਤਮਾਂ ਨਹੀਂ ਆਈ, ਜ਼ਰੂਰ ਭੇਤ ਪਾਟ ਗਿਆ ਹੈ ਅਰ ਕਿਸੇ ਤੀਸਰੇ ਨੂੰ ਪਤਾ ਲੱਗ ਗਿਆ ਹੈ। ਦਿਨ ਹੋਏ ਜਦ ਫ਼ਾਤਮਾਂ ਸਤਵੰਤ ਕੌਰ ਨੂੰ ਮਿਲਣ ਗਈ ਤਦ ਉਸਨੂੰ ਕਮਰਕੱਸਾ ਕੀਤਾ ਹੋਇਆ ਤਿਆਰ ਬਰ ਤਿਆਰ ਪਾਇਆ। ਇਹ ਦੇਖ ਫ਼ਾਤਮਾਂ ਅਚਰਜ ਹੋ ਪੁੱਛਣ ਲੱਗੀ ਕਿ ‘ਕੀ ਕਾਰਣ ਹੈ? ਸਤਵੰਤ ਕੌਰ ਨੇ ਉੱਤਰ ਦਿੱਤਾ ਕਿ ਹੁਣ ਇੱਥੇ ਰਹਿਣਾ ਸਾਡੇ ਦੁਹਾਂ ਲਈ ਦੁੱਖ ਦਾ ਕਾਰਣ ਹੈ, ਕਿਸੇ ਤੀਸਰੇ ਨੂੰ ਭੇਤ ਪਤਾ ਲੱਗ ਗਿਆ ਹੈ। ਅੱਜ ਰਾਤ ਦੋ ਵੇਰ ਬੇਵਕਤ ਬੂਹਾ ਖੁੱਲ੍ਹਾ ਅਰ ਓਪਰੇ ਦੀ ਆਹਟ ਮੈਂ ਸੁਣੀ ਹੈ। ਭਾਵੇਂ ਸੂਰਤ ਨਹੀਂ ਡਿੱਠੀ, ਪਰ ਮੈਂ ਕਹਿ ਸਕਦੀ ਹਾਂ ਕਿ ਤੁਸੀਂ ਨਹੀਂ ਸੀਗੇਂ। ਫ਼ਾਤਮਾਂ ਨੇ ਅਚੰਭਾ ਹੋਕੇ ਕਿਹਾ ਕਿ ‘ਹਾਂ, ਮੈਂ ਨਹੀਂ ਸਾਂ, ਪਰ ਕੀ ਪਤਾ ਲੱਗੇ ਕਿ ਉਹ ਕੌਣ ਸੀ ?

ਸਤਵੰਤ ਕੌਰ ਬੋਲੀ :- ਬੀਬੀ ਜੀ ਭਾਵੇਂ ਮੈਂ ਵਾਕਫ਼ ਨਹੀਂ, ਸੂਰਤ ਨਹੀਂ ਡਿੱਠੀ ਪਰ ਮੇਰਾ ਸ਼ੁਬਹ ਪੱਕ ਇਹੋ ਹੈ ਕਿ ਇਹ ਕਾਰਾ ਤੁਹਾਡੀ ਗੋਲੀ ਸੈਦ ਦਾ ਹੈ। ਸੈਦ ਦੇ ਲੱਛਣ ਚੰਗੇ ਨਹੀਂ। ਤੁਹਾਡੇ ਘਰ ਵਿਚ ਇਸ ਨੇ ਵੈਰਾਨੀ ਪੈਦਾ ਕਰਨੀ ਹੈ।

ਫ਼ਾਤਮਾਂ- ਮੈਨੂੰ ਇੰਨੀ ਸਮਝ ਨਹੀਂ, ਪਰ ਸ਼ੱਕ ਉਸ ਉਤੇ ਮੈਨੂੰ ਬੀ ਪੈਂਦਾ ਹੈ ਅਰ ਤੁਹਾਡੇ ਕਹੇ ਪਰ ਮੈਂ ਇਸ ਨੂੰ ਕੱਢਣੇ ਦਾ ਬੰਦੋਬਸਤ ਕੀਤਾ ਸੀ, ਪਰ ਖ਼ਾਂ ਸਾਹਿਬ ਮੰਨਦੇ ਨਹੀਂ ਸਨ, ਹੁਣ ਉਨ੍ਹਾਂ ਦੀ ਮਰਜ਼ੀ ਰੱਦਕੇ ਮੈਂ ਕਿਸ ਪ੍ਰਕਾਰ ਧੱਕਾ ਕਰਾਂ?

ਸਤਵੰਤ ਕੌਰ- ਮੈਂ ਨਹੀਂ ਚਾਹੁੰਦੀ ਕਿ ਤੁਸੀਂ ਧੱਕਾ ਕਰੋ ਅਰ ਨਾ ਮੈਂ ਚਾਹੁੰਦੀ ਹਾਂ ਕਿ ਮੇਰੇ ਪਿੱਛੇ ਸੈਦ ਨੂੰ ਕੱਢੋ, ਪਰ ਤੁਸੀਂ ਆਪਣੇ ਸੁਖ ਪਿੱਛੇ ਗੰਦੀ ਉਂਗਲ ਵੱਢੇ ਅਰ ਮੈਂ ਹੁਣ ਕਿਨਾਰਾ ਕਰਿਆ ਚਾਹੁੰਦੀ ਹਾਂ। ਮੇਰਾ ਦਿਲ ਨਹੀਂ ਚਾਹੁੰਦਾ ਕਿ ਸੈਦ ਮੈਨੂੰ ਫੇਰ ਇਥੇ ਵੇਖੇ।

ਫ਼ਾਤਮਾਂ- ਆਪ ਦਾ ਕਥਨ ਠੀਕ ਹੈ, ਪਰ ਮੈਂ ਆਪ ਤੋਂ ਅੱਡ ਨਹੀਂ ਹੋਇਆ ਲੋੜਦੀ, ਆਪ ਇਸ ਕਮਰੇ ਨੂੰ ਛੱਡ ਦਿਓ, ਇਕ ਹੋਰ ਕਮਰਾ ਹੈ ਜਿਸਦੀ ਬਣਤ ਇਸੇ ਤਰ੍ਹਾਂ ਦੀ ਹੈ ਅਰ ਅੱਗੇ ਜਾਕੇ ਇਸੇ ਦੇ ਰਸਤੇ ਨਾਲ ਮਿਲ ਜਾਂਦਾ ਹੈ ਅਰ ਉਧਰੋਂ ਪਤਾ ਨਹੀਂ ਲੱਗ ਸਕਦਾ। ਮੇਰੀ ਸੋਚ ਵਿਚ ਚੰਗੀ ਗੱਲ ਇਹ ਹੈ ਕਿ ਤੁਸੀਂ ਉਧਰ ਚਲੇ ਜਾਓ।

ਸਤਵੰਤ ਕੌਰ- ਹਾਲੇ ਸਲਾਹ ਇਹੋ ਨੇਕ ਹੈ, ਕਿਉਂਕਿ ਇਸ ਵਿਚ ਸੈਦ ਨੂੰ ਕੱਢਣ ਦਾ ਮੌਕਾ ਮਿਲੇਗਾ ਸੈਦ ਨੇ ਕੁਝ ਨਾ ਕੁਝ ਕਰਨਾ ਹੈ ਅਰ ਕਿਸੇ ਵੇਲੇ ਝੂਠੀ ਪਵੇਗੀ। ਗੱਲ ਕਾਹਦੀ ਢੇਰ ਚਿਰ ਦੀ ਸੋਚ ਮਗਰੋਂ ਇਹੋ ਸਲਾਹ ਪੱਕੀ ਠਹਿਰ ਗਈ।

ਸੈਦ ਨੇ ਦੂਜੇ ਦਿਨ ਹੀ ਖ਼ਾਂ ਸਾਹਿਬ ਨੂੰ ਕੱਲਿਆਂ ਦੇਖ ਕੇ ਜਾ ਸੀਖਿਆ :- ‘ਮਹਾਰਾਜ ਆਪ ਦੇ ਘਰ ਵਿਚ ਗ਼ੈਰ ਆਦਮੀ ਰਹਿੰਦਾ ਹੈ ਅਰ ਆਪਦੀ ਇਸਤ੍ਰੀ ਉਸ ਨਾਲ ਵਿਗੜੀ ਹੋਈ ਹੈ ਤੇ ਆਪ ਨੂੰ ਕੁਝ ਪਤਾ ਨਹੀਂ ਲਗਦਾ’। ਸੁਣਦੇ ਸਾਰ ਖ਼ਾਂ ਦਾ ਹੱਥ ਤਲਵਾਰ ਪੁਰ ਗਿਆ, ਕੜਕ ਕੇ ਬੋਲੇ, ‘ਬੁਲਾਓ !’ ਸੈਦ ਫ਼ਾਤਮਾਂ ਨੂੰ ਲੱਭਣ ਗਈ, ਪਰ ਉਹ ਲੱਭੀ ਨਾ। ਇਹ ਸਮਝ ਗਈ ਕਿ ਹੁਣ ਅੰਦਰ ਹੋਣੀ ਹੈ, ਚੰਗਾ ਹੋਯਾ ਸਿਰੋਂ ਫੜਾਵਾਂਗੀ ਤਾਂ ਦੁਹਾਂ ਦਾ ਕੰਮ ਪਾਰ ਹੋ ਜਾਵੇਗਾ। ਦੌੜੀ ਗਈ ਅਰ ਬੋਲੀ :- ‘ਆਓ, ਖ਼ਾਂ ਸਾਹਿਬ ਜੀ ਸਿਰੋਂ ਫੜਾਵਾਂ।’ ਖ਼ਾਂ ਸਾਹਿਬ ਲੋਹੇ ਲਾਖੇ ਹੋ ਤਲਵਾਰ ਫੜੀ ਆਏ। ਸੈਦ ਨੇ ਗੁਪਤ ਬੂਹੇ ਖੋਲ੍ਹੇ, ਖ਼ੁਸ਼ੀ ਨਾਲ ਉਛਲਦੇ ਦਿਲ ਅੰਦਰ ਵੜੀ, ਪਰ ਤੱਤੀ ਦੇ ਲੇਖ ਸੜ ਗਏ। ਉਥੇ ਤਾਂ ਬੰਦੇ ਦਾ ਮੁਸ਼ਕ ਬੀ ਨਹੀਂ ਸੀ। ਅੱਗੇ ਪਿੱਛੇ ਢੂੰਡਿਆ, ਪਰ ਕੁਛ ਨਾ ਲੱਭਾ। ਖ਼ਾਂ ਸਾਹਿਬ ਚੱਕ੍ਰਾਏ, ਘਬਰਾਏ, ਸ਼ਰਮਾਏ ਤੇ ਪਿੱਛੇ ਮੁੜੇ। ਫੇਰ ਸੈਦ ਦੀ ਗੁਤੜੀ ਭੁਆਈ ਅਰ ਦੋ ਚਾਰ ਹੂਰੇ ਲਾਏ। ਛਿੱਥੇ ਹੋਏ ਹੋਏ ਬਾਹਰ ਨਿਕਲੇ, ਤਦ ਖ਼ਾਂ ਸਾਹਿਬ ਲਗੇ ਢੂੰਡਣ। ਸੌਣ ਵਾਲੇ ਕਮਰੇ ਗਏ ਤਦ ਫ਼ਾਤਮ ਇਬਾਦਤ ਵਿਚ ਬੈਠੀ ਪਾਈ। ਬੇਵੱਸ ਹੋ ਖ਼ਾਂ ਸਾਹਿਬ ਨੇ ਉਸਨੂੰ ਗਲ ਨਾਲ ਲਾ ਲਿਆ ਅਰ ਸਾਰਾ ਕੱਚਾ ਚਿੱਠਾ ਕਹਿ ਸੁਣਾਇਆ।

ਫ਼ਾਤਮਾਂ ਸੁਣ ਕੇ ਬੋਲੀ :- ਖ਼ਾਂ ਸਾਹਿਬ ਮੈਂ ਕਹਿੰਦੀ ਸਾਂ ਕਿ ਨਹੀਂ ਕਿ ਇਹ ਸੈਦ ਸ਼ੈਤਾਨ ਦੀ ਧੀ ਹੈ? ਸਾਡਾ ਘਰ ਖ਼ਰਾਬ ਕਰੇਗੀ, ਇਸਨੂੰ ਰੱਖਣਾ ਠੀਕ ਨਹੀਂ, ਹੁਣ ਬੀ ਜੇ ਆਪ ਕੱਢ ਦਿਓ ਤਾਂ ਠੀਕ ਹੈ। ਖ਼ਾਂ ਸਾਹਿਬ ਸਹਾਰ ਨ ਸਕੇ। ਦੌੜੇ ਗਏ, ਗੁੱਤੋਂ ਫੜਕੇ ਸੈਦ ਨੂੰ ਬਾਹਰ ਕੀਤਾ, ਸਾਰੇ ਘਰ ਵਿਚ ਇਹ ਹਾਲ ਮਲੂਮ ਹੋ ਗਿਆ, ਸਾਰੇ ਨੌਕਰ ਖ਼ੁਸ਼ ਹੋਏ ਕਿ ਬਲਾ ਗਈ, ਕਿਉਂਕਿ ਹੁਣ ਉਹ ਹਰ ਇਕ ਨਾਲ ਨਹੁੰ ਲੈਂਦੀ ਹੁੰਦੀ ਸੀ।

-0-

9 ਕਾਂਡ।

ਰਾਤ ਨੂੰ ਜਦ ਦੋ ਪਹਿਰ ਬੀਤੇ ਤਦ ਫ਼ਾਤਮਾਂ ਚੁੱਪ ਕਰੀਤੀ ਉੱਠੀ, ਦੂਜੇ ਪਾਸਿਓਂ ਗੁਪਤ ਬੂਹਾ ਖੋਲ੍ਹਿਆ ਅਰ ਸਤਵੰਤ ਕੌਰ ਪਾਸ ਪਹੁੰਚੀ। ਜਾਕੇ ਅਚਰਜ ਕੌਤਕ ਡਿੱਠਾ, ਸਤਵੰਤ ਕੌਰ ਨਾ ਪਾਈ। ਕਲੇਜਾ ਧਕ ਧਕ ਕਰਨ ਲਗ ਪਿਆ, ਜਿੰਦ ਮੁੱਠ ਵਿਚ ਆ ਗਈ, ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾਵੇ, ਹੱਥਾਂ ਦੇ ਤੋਤੇ ਉਡਦੇ ਜਾਣ, ਇਕ ਰੰਗ ਆਵੇ ਇਕ ਜਾਵੇ ! ਦਿਲ ਵਿਚ ਸੋਚ, ਘਾਬਰੇ ਐਧਰ ਉਧਰ ਤੱਕੇ, ਭਾਲੇ, ਫੇਰ ਗੋਤੇ ਲਹਿ ਜਾਵੇ। ਇਸ ਤਰ੍ਹਾਂ ਦੀ ਹੈਰਾਨੀ ਵਿਚ ਅੱਧਾ ਘੰਟਾ ਲੰਘਿਆ, ਫ਼ਾਤਮਾਂ ਬੇਸੁਧ ਹੋਕੇ ਘੜੀ ਭਰ ਪਈ ਰਹੀ ਹੋਊ ਕਿ ਫੇਰ ਇਸਦੀ ਅੱਖ ਖੁੱਲ੍ਹੀ। ਕੀ ਦੇਖਦੀ ਹੈ ਕਿ ਸਤਵੰਤ ਕੌਰ ਨੇ ਸਿਰ ਪੱਟਾਂ ਤੇ ਰੱਖਿਆ ਹੋਇਆ ਹੈ ਅਰ ਪਾਣੀ ਦੇ ਛੱਟੇ ਮਾਰ ਰਹੀ ਹੈ। ਸਤਵੰਤ ਕੌਰ ਨੂੰ ਦੇਖਦੇ ਹੀ ਖ਼ੁਸ਼ੀ ਨਾਲ ਸਰੀਰ ਭਰ ਆਇਆ। ਹੰਭਲਾ ਮਾਰਕੇ ਉੱਠੀ ਅਰ ਐਉਂ ਗਲ ਮਿਲੀ ਕਿ ਸਾਰਾ ਜ਼ੋਰ ਲਾ ਕੇ ਗਲ ਨਾਲ ਘੁੱਟ ਲਿਆ ਅਰ ਛੱਡੇ ਨਾ। ਕਿੰਨੇ ਚਿਰ ਪਿਛੋਂ ਛੱਡ ਕੇ ਪਾਸ ਹੋ ਬੈਠੀ ਅਰ ਲੱਗੀ ਪੁੱਛਣ ਕਿ ਇਹ ਕੀ ਕੌਤਕ ਹੋਇਆ ਸੀ ?

ਸਤਵੰਤ ਕੌਰ- ਬੀਬੀ ! ਕੀ ਦੱਸਾਂ। ਸੈਦ ਦੇ ਮਾਮਲੇ ਤੋਂ ਚਿੱਤ ਉਦਾਸੀਨ ਹੋ ਗਿਆ। ਮੈਂ ਸੋਚਿਆ ਕਿ ਬੱਕਰੇ ਦੀ ਮਾਂ ਕਦ ਤਕ ਸੁੱਖਣਾ ਸੁਖੇਗੀ। ਇਕ ਦਿਨ ਇਹ ਪੋਲ ਖੁੱਲ੍ਹ ਜਾਏਗਾ ਅਰ ਜਦ ਖੁੱਲ੍ਹੇਗਾ ਤੇਰੇ ਸਿਰ ਅਪਦਾ ਪਏਗੀ। ਮੈਂ ਬੀ ਫਸਾਂਗੀ ਤਾਂ ਸਹੀ, ਪਰ ਮੇਰਾ ਕੀ ਹੈ, ਮੈਂ ਤਾਂ ਇਸ ਧਰਤੀ ਵਿਚ ਪੰਜ ਰੁਪੱਯੇ ਦੀ ਹੀ ਚੀਜ਼ ਹਾਂ, ਮਾਰੀ ਗਈ ਤਾਂ ਮਾਰੀ ਗਈ ਸਹੀ, ਪਰ ਤੁਸੀਂ ਅਮੀਰ ਲੋਕ ਕਾਹਨੂੰ ਮੇਰੇ ਨਾਲ ਪਿਸ ਜਾਓ। ਮੈਨੂੰ ਪਨਾਹ ਦੇਣੀ ਕੋਈ ਛੋਟਾ ਜਿਹਾ ਪਾਪ ਨਹੀਂ ਹੈ।

ਫ਼ਾਤਮਾਂ- ਹੈ ਤਾਂ ਠੀਕ, ਪਰ ਸਾਡਾ ਪਰਦਾ ਪਾਟ ਕਿਸ ਤਰ੍ਹਾਂ ਸਕਦਾ ਹੈ? ਇਸ ਥਾਂ ਨੂੰ ਕੋਈ ਜਾਣਦਾ ਨਹੀਂ ਅਰ ਫੇਰ ਇਸ ਵਿਚੋਂ ਬਚ ਜਾਣੇ ਦਾ ਰਸਤਾ ਜੰਗਲ ਨੂੰ ਹੈ। ਘਰ ਵਿਚ ਇਕ ਸੈਦ ਫਿਟਣੀਆਂ ਦਾ ਫੇਟ ਸੀ, ਨਿਕਲ ਗਈ, ਬਾਕੀ ਨੌਕਰ ਮੇਰੇ ਥਾਂ ਲਹੂ ਡੋਹਲਦੇ ਹਨ।

ਸਤਵੰਤ ਕੌਰ- ਸੱਚ ਹੈ, ਪਰ ਕੁਦਰਤ ਦੇ ਕਾਰਖ਼ਾਨੇ ਨਿਆਰੇ ਹਨ। ਸਿਆਣਪਾਂ ਦੀ ਪੇਸ਼ ਨਹੀਂ ਚੱਲਦੀ, ਇਸ ਕਰਕੇ ਮੈਂ ਅੱਜ ਚਾਹਿਆ ਕਿ ਅੱਗੋਂ ਦਾ ਸਾਰਾ ਰਸਤਾ ਦੇਖ ਆਵਾਂ, ਸੋ ਬੱਤੀ ਲੈਕੇ ਚਲੀ ਗਈ ਅਰ ਦੂਜੇ ਲੰਮੇ ਰਸਤਿਓਂ ਜੋ ਜੰਗਲ ਵਿਚ ਜਾਂਦਾ ਹੈ। ਸੁਰੰਗੋਂ ਬਾਹਰ ਨਿਕਲ ਗਈ। ਜੰਗਲ ਸੁੰਨਸਾਨ ਪਿਆ ਸੀ। ਮੈਂ ਕੁਝ ਦੂਰ ਚਲੀ ਗਈ, ਇਕ ਪੱਥਰ ਦੇ ਉਹਲੇ ਦੋ ਸਿਪਾਹੀ ਬੈਠੇ ਗੱਲਾਂ ਕਰਦੇ ਸਨ। ਮੈਂ ਖੜੋਕੇ ਸੁਣਿਆਂ ਤਾਂ ਪਤਾ ਲੱਗਾ ਕਿ ਮੇਰੀਆਂ ਹੀ ਗੱਲਾਂ ਕਰਦੇ ਹਨ ਕਿ ਪਾਤਸ਼ਾਹ ਨੂੰ ਸ਼ੱਕ ਹੈ ਕਿ ਮੈਂ ਸ਼ਾਇਦ ਸੜੀ ਨਹੀਂ, ਇਸ ਕਰਕੇ ਲੱਭਣ ਵਾਲੇ ਵਾਸਤੇ ਇਨਾਮ ਮੁਕੱਰਰ ਹੋਇਆ ਹੈ। ਇਹ ਗੱਲਾਂ ਸੁਣਕੇ ਮੈਂ ਮੁੜ ਆਈ ਅਰ ਆ ਕੇ ਤੁਹਾਨੂੰ ਬੇਹੋਸ਼ ਡਿੱਠਾ। ਫੇਰ ਛੱਟੇ ਮਾਰ ਮਾਰ ਕੇ ਹੋਸ਼ ਆਂਦੀ।

ਫ਼ਾਤਮਾਂ- ਤੁਸੀਂ ਬੜਾ ਹੌਸਲਾ ਕਰਦੇ ਹੋ !

ਸਤਵੰਤ ਕੌਰ- ਕੀ ਕਰਾਂ, ਦੁਖੜੇ ਝੱਲ ਝੱਲ ਕੇ ਦਿਲ ਕੁਝ ਕਰੜਾ ਹੋ ਗਿਆ ਹੈ।

ਫ਼ਾਤਮਾਂ- ਤੁਸੀਂ ਨੱਸੇ ਹੋਏ ਹੋ, ਪਰ ਐਥੋਂ ਨਾਲੋਂ ਵਧੀਕ ਬਚਾਉ ਦੀ ਜਗ੍ਹਾ ਹੋਰ ਮੈਨੂੰ ਬੀ ਕੋਈ ਨਹੀਂ ਦਿੱਸਦੀ।

ਸਤਵੰਤ ਕੌਰ- ਸੱਚ ਹੈ, ਇਸ ਗੱਲ ਨੂੰ ਤਾਂ ਮੈਂ ਬੀ ਜਾਣਦੀ ਹਾਂ, ਪਰ ਕੇਵਲ ਜਿੰਦ ਹੀ ਨਹੀਂ ਬਚਾਣੀ ਚਾਹੁੰਦੀ, ਮੈਂ ਜੀਉਂਦੇ ਜੀ ਮਾਤਾ ਪਿਤਾ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ।

ਫ਼ਾਤਮਾਂ- ਕੀ ਪੰਜਾਬ ਜਾਣੇ ਦਾ ਸੰਕਲਪ ਹੈ ?

ਸਤਵੰਤ ਕੌਰ- ਜੀ ਹਾਂ।

ਫ਼ਾਤਮਾਂ- ਇਹ ਬੜੀ ਕਠਨ ਗੱਲ ਹੈ, ਤੀਮੀਂ ਜਾਤ, ਕੋਈ ਸਾਥੀ ਨਹੀਂ; ਫੇਰ ਪਾਤਸ਼ਾਹ ਦਾ ਡਰ, ਪਹੁੰਚਨਾ ਬੜਾ ਕਠਨ ਹੈ।

ਸਤਵੰਤ ਕੌਰ- ਇਹ ਮੈਂ ਬੀ ਜਾਣਦੀ ਹਾਂ, ਪਰ ਕੀ ਕਰਾਂ, ਮੇਰਾ ਦਿਲ ਹਾਰ ਨਹੀਂ ਦਿੰਦਾ; ਇਹੋ ਕਹਿੰਦਾ ਹੈ ਕਿ ਸਿੱਖ ਦੀ ਧੀ ਅੱਗੇ ਬਿਪਤਾ ਝਾਗਣੀ ਕੋਈ ਬੜੀ ਗੱਲ ਨਹੀਂ।

ਫ਼ਾਤਮਾਂ- ਬੀਬੀ! ਤੁਹਾਡਾ ਹੌਸਲਾ ਹੈ ਕਿ ਕਹਿਰ ਹੈ, ਜਦ ਕਦੀ ਸਾਡਾ ਪਾਤਸ਼ਾਹ ਹਿੰਦੁਸਤਾਨ ਲੁੱਟਕੇ ਆਉਂਦਾ ਸੀ ਤਦੋਂ ਆਏ ਲੋਕਾਂ ਤੋਂ ਸਿੱਖਾਂ ਦੀਆਂ ਗੱਲਾਂ ਸੁਣੀਦੀਆਂ ਸਨ ਤੇ ਹੈਰਾਨ ਹੋਈਦਾ ਸੀ ਕਿ ਐਡੇ ਕਰੜੇ ਜਿਗਰੇ ਦੇ ਆਦਮੀ ਕਿਥੋਂ ਉਪਜ ਪਏ ਹਨ। ਕਈ ਕਈ ਅਚਰਜ ਬਾਤਾਂ ਲੋਕੀਂ ਕਰਨ ਪਰ ਅਸੀਂ ਹੱਸ ਛੱਡਣਾ ਕਿ ਐਵੇਂ ਕਹਾਣੀਆਂ ਕਰਦੇ ਹਨ, ਪਰ ਹੁਣ ਤਾਂ ਤੁਹਾਨੂੰ ਦੇਖਕੇ ਨਿਸ਼ਚਾ ਹੋ ਗਿਆ ਹੈ ਕਿ ਸਿੱਖ ਸੱਚ ਮੁੱਚ ਅਚਰਜ ਬਹਾਦਰ ਹਠੀ ਤੇ ਧਰਮੀ ਹਨ।

ਸਤਵੰਤ ਕੌਰ- ਬੀਬੀ ਕੀਹ ਦੱਸਾਂ? ਨਾ ਸਾਡੇ ਪਾਸ ਰਾਜ, ਨਾ ਕਿਲ੍ਹਾ, ਨਾ ਦੇਸ਼, ਨਾ ਖ਼ਜ਼ਾਨੇ, ਇਕ ਰੱਬ ਦੀ ਆਸ, ਜਿਸ ਪੁਰ ਸਾਰਾ ਪੰਥ ਜਾਨਾਂ ਪਰ ਖੇਡਦਾ ਹੈ। ਅਰ ਵੈਰੀਆਂ ਦੇ ਮੂੰਹੋਂ ਸ਼ਾਬਾਸ਼ ਤੇ ਧੰਨ ਧੰਨ ਕਰਾਉਂਦਾ ਹੈ।

ਫ਼ਾਤਮਾਂ- ਸੱਚ ਹੈ, ਮੈਂ ਪਰਤੱਖ ਦੇਖ ਲਿਆ ਹੈ।

ਇੰਨੇ ਨੂੰ ਕੁਝ ਰਸਲ ਜਿਹੀ ਅਵਾਜ਼ ਆਈ। ਫ਼ਾਤਮਾਂ ਤਾਂ ਚਲੀ ਗਈ ਤੇ ਸਤਵੰਤ ਕੌਰ ਨੇ ਦਿਨ ਹੋਣ ਤੋਂ ਪਹਿਲੋਂ ਹੀ ਮਰਦਾਵੇਂ ਕੱਪੜੇ ਪਾ ਕੇ ਪਠਾਣੀ ਸ਼ਕਲ ਬਣਾਕੇ ਸੁਰੰਗ ਦੇ ਰਸਤੇ ਜੰਗਲ ਦਾ ਰਸਤਾ ਫੜਿਆ।

-0-

10 ਕਾਂਡ ।

ਕਾਬਲ ਸ਼ਹਿਰ ਤੋਂ ਥੋੜ੍ਹੀ ਦੂਰ ਕੋਈ ਤ੍ਰੈ ਕੁ ਘੜੀ ਦਿਨ ਚੜ੍ਹੇ ਇਕ ਰੁੱਖ ਹੇਠ ਦੋ ਜੁਆਨ ਜੋ ਲਾਲ ਪੱਗ ਤੋਂ ਹਿੰਦੂ ਜਾਪਦੇ ਹਨ; ਬੈਠੇ ਗੱਲਾਂ ਕਰ ਰਹੇ ਹਨ :-

ਪਹਿਲਾ- ਫੇਰ, ਮੈਂ ਕੀ ਕਰਾਂ?

ਦੂਜਾ- ਭਰਾ ਜੀ ਮੈਂ ਕੀ ਦੱਸਾਂ?

ਪਹਿਲਾ- ਮੰਗਵੀਂ ਹੀ ਚਾ ਦਿਓ।

ਦੂਜਾ- ਔਖੀ ਗੱਲ।

ਪਹਿਲਾ- ਮੈਂ ਫੇਰ ਅੰਨ ਕਿਕੁਰ ਅੰਗੀਕਾਰ ਕਰਾਂ?

ਦੂਜਾ- ਇਸ ਗੱਲ ਦਾ ਫਿਕਰ ਮੈਨੂੰ ਬੀ ਹੈ, ਪਰ ਤੁਸੀਂ ਰੋਜ਼ ਆ ਜਾਇਆ ਕਰੋ।

ਪਹਿਲਾ- ਐਡੀ ਦੂਰੋਂ ਆ ਨਹੀਂ ਹੁੰਦਾ। ਜੇ ਤੁਸੀਂ ਪੰਜ ਦਿਨ ਵਾਸਤੇ ਹੋਰ ਦੇ ਦਿਓ ਤਦ ਮੈਂ ਦਿਨ ਰਾਤ ਲਾਗੈ ਕੰਠ ਕਰ ਲਵਾਂ।

ਦੂਜਾ- ਮੈਂ ਬਥੇਰਾ ਪਿਤਾ ਨੂੰ ਕਿਹਾ ਹੈ, ਓਹ ਨਹੀਂ ਮੰਨਦੇ।

ਪਹਿਲਾ- ਮੈਨੂੰ ਚੋਰੀ ਕੱਢ ਦਿਓ।

ਦੂਜਾ- ਚੋਰੀ ਕਿੱਕੁਰ ਕੱਢ ਦਿਆਂ? ਲੋਹੇ ਦੇ ਸੰਦੂਕਾਂ ਦੇ ਜੰਦਰੇ ਕੌਣ ਤੋੜ ਸਕੇ?

ਪਹਿਲਾ- ਹੱਛਾ ਮੇਰੇ ਭਰਾ ! ਜੇ ਤੁਹਾਡੇ ਵਿਚ ਹਿੰਮਤ ਨਹੀਂ ਸੀ ਤਾਂ ਮੈਨੂੰ ਚਾਟ ਹੀ ਕਿਉਂ ਲਾਈ?

ਦੂਜਾ- ਮਾੜਾ ਤਾਂ ਨਹੀਂ ਕੀਤਾ; ਭਲਾ ਹੀ ਹੈ ਨਾ।

ਪਹਿਲਾ- ਹਾਂ, ਕਿਸੇ ਨੂੰ ਅਫੀਮ ਖਾਣੀ ਸਿਖਾਲ ਕੇ ਫੇਰ ਡੱਬੀ ਲੁਕਾ ਲੈਣੀ ਕਿਹੀ ਭਲਿਆਈ ਹੈ?

ਦੂਜਾ- ਤੂੰ ਦੱਸ, ਮੇਰੇ ਕੀ ਵੱਸ ਹੈ?

ਪਹਿਲਾ- ਠੀਕ ਹੈ, ਪਰ ਅਮਲੀ ਬੀ ਕੀ ਕਰੇ?

ਦੂਜਾ- ਕੀ ਦੱਸਾਂ ਕੁਝ ਵਾਹ ਨਹੀਂ ਚਲਦੀ !

ਪਹਿਲਾ- ਅੱਛਾ ਤੁਸੀਂ ਚਾਰ ਦਿਨ ਮੇਰੇ ਕੋਲ ਚੱਲ ਰਹੋ !

ਦੂਜਾ- ਇਹ ਪਿਤਾ ਜੀ ਨਹੀਂ ਮੰਨਦੇ, ਓਹ ਡਰਦੇ ਹਨ, ਰਾਤੀ ਕਹਿੰਦੇ ਸਨ ਕਿ ਪੰਜਾਬ ਵਿਚੋਂ ਸਿੱਖਾਂ ਦੇ ਰਾਮ ਰੌਲੇ ਦੀ ਖ਼ਬਰ ਆਈ ਹੈ ਅਰ ਅਮੀਰ ਬੜਾ ਤਪ ਰਿਹਾ ਹੈ, ਆਸ ਤਾਂ ਨਹੀਂ ਪਰ ਖਬਰੇ ਐਥੋਂ ਦੇ ਸਿੱਖਾਂ ਪਰ ਬੀ ਕੁਝ ਕਹਿਰ ਉਤਰ ਪਵੇ, ਇਸ ਕਰਕੇ ਲੁਕ ਕੇ ਗੁਜ਼ਾਰਾ ਕਰਨਾ ਚਾਹੀਏ।

ਪਹਿਲਾ- ਹੱਛਾ ਫੇਰ, ਭੁੱਖ ਹੋਟੇ ਪ੍ਰਾਣ ਦੇ ਛੱਡਾਂਗੇ।

ਇਨ੍ਹਾਂ ਦੀਆਂ ਗੱਲਾਂ ਇਕ ਨੱਢਾ ਸੁਣ ਰਿਹਾ ਸੀ, ਉਹ ਹੱਥ ਜੋੜਕੇ ਅੱਗੇ ਆ ਖੜੋਤਾ ਅਰ ਬੋਲਿਆ ਕਿ ਮੈਂ ਅਣ ਬੁਲਾਇਆ ਬੋਲਦਾ ਹਾਂ, ਪਰ ਤੁਹਾਡੇ ਲਾਭ ਲਈ। ਤੁਸੀਂ ਪੰਜ ਗ੍ਰੰਥੀ ਪੋਥੀ ਮੰਗਦੇ ਹੋ, ਤੁਹਾਨੂੰ ਪਾਠ ਦਾ ਰਸ ਪੈ ਗਿਆ ਹੈ ਤੇ ਇਹ ਦੇ ਨਹੀਂ ਸਕਦੇ, ਤੁਸਾਂ ਇਕ ਭੁੱਲ ਕੀਤੀ ਹੈ, ਜੇ ਕਦੀ ਜਪੁਜੀ ਹੀ ਕੰਠ ਕਰ ਲੈਂਦੇ ਤਾਂ ਬੀ ਪਾਠ ਦੀ ਬਹਾਰ ਲੱਗੀ ਰਹਿੰਦੀ, ਹੁਣ ਜੇ ਤੁਸੀਂ ਮੇਰੀ ਗੱਲ ਪਰਵਾਨ ਕਰੋ ਤਾਂ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ। ਕਾਗਦ ਕਲਮ ਦਵਾਤ ਲਿਆ ਦਿਓ ਤਾਂ ਮੈਂ ਤੁਹਾਨੂੰ ਹੱਥੀਂ ਲਿਖ ਦਿਆਂਗਾ। ਜਪੁਜੀ ਸਾਹਿਬ, ਹਜ਼ਾਰੇ ਦੇ ਸ਼ਬਦ, ਰਹਰਾਸ; ਸੋਹਿਲਾ, ਸੁਖਮਨੀ ਤੇ ਆਸਾ ਦੀ ਵਾਰ ਤਾਂ ਮੇਰੇ ਕੰਠ ਹਨ, ਬਾਕੀ ਬਾਣੀਆਂ ਨਹੀਂ, ਜੋ ਇੰਨੀਆਂ ਬਾਣੀਆਂ ਚਾਹੋ ਤਦ ਮੈਂ ਤੁਹਾਨੂੰ ਪੋਥੀ ਲਿਖਕੇ ਦੇ ਸਕਦਾ ਹਾਂ।

ਇਹ ਖ਼ੁਸ਼ੀ ਦੀ ਖ਼ਬਰ ਸੁਣ ਕੇ ਦੁਹਾਂ ਨੇ ਚਰਨ ਫੜ ਲਏ ਅਰ ਚਾਉ ਨਾਲ ਬਿਹਬਲ ਹੋ ਕੇ ਬੋਲੇ : ਧੰਨ ਜਨਮ, ਧੰਨ ਜਨਮ ! ਕੋਈ ਸ਼ਹੀਦ ਸਿੰਘ ਆ ਬਹੁੜੇ, ਧੰਨ ਜਨਮ, ਧੰਨ ਜਨਮ, ਵਾਰਨੇ ਥੀ ਵੰਞਾ, ਕੁਰਬਾਨ ਥੀ ਵੰਞਾ।

ਨੱਢਾ- ਮੇਰੇ ਪੈਰ ਨਾ ਫੜੋ, ਮੈਂ ਸ਼ਹੀਦ ਨਹੀਂ, ਤੁਹਾਡਾ ਹੀ ਸਿੱਖ ਭਰਾ ਸਾਧ ਸੰਗਤ ਦਾ ਸੇਵਕ ਹਾਂ।

ਪਹਿਲੇ ਮਨੁੱਖ ਦਾ ਨਾਉਂ ਤੋਤਾ ਰਾਮ ਸੀ ਅਰ ਸਿੰਘ ਸਜਣ ਨੂੰ ਤਿਆਰ ਸੀ ਤੇ ਦੂਜੇ ਦਾ ਨਾਉਂ ਮੰਗਲ ਸਿੰਘ ਸੀ, ਜਿਸਦੇ ਉਪਦੇਸ਼ ਕਰਕੇ ਪਹਿਲਾ ਤਿਆਰ ਹੋਇਆ ਸੀ। ਤੋਤੇ ਨੂੰ ਇਸ ਨੇ ਪੰਜ ਗ੍ਰੰਥੀ ਦਿੱਤੀ ਸੀ, ਜੋ ਉਸ ਸਮੇਂ ਬੜੀ ਅਮੋਲਕ ਹੋਣ ਕਰਕੇ ਮੰਗਲ ਸਿੰਘ ਦੇ ਪਿਤਾ ਨੇ ਮੋੜ ਲਈ ਅਰ ਫੇਰ ਨਾ ਦਿੱਤੀ। ਇਸੇ ਗੱਲੇ ਤੋਤਾ ਰਾਮ ਉਦਾਸ ਹੋ ਰਿਹਾ ਸੀ ਕਿ ਪਰਮੇਸ਼ੁਰ ਨੇ ਉਸਦੀ ਸੁਣ ਲਈ ਅਰ ਉਸਦੇ ਪਾਸ ਇਹ ਸਿੱਖ ਲਿਖਾਰੀ ਘੱਲ ਦਿੱਤਾ। ਹੁਣ ਸਲਾਹ ਇਹ ਹੋਈ : ਇਹ ਤੋਤਾ ਰਾਮ ਉਸ ਨੱਢੇ ਨੂੰ ਨਾਲ ਆਪਣੇ ਪਿੰਡ ਲੈ ਜਾਵੇ ਅਰ ਆਪਣੇ ਘਰ ਰੱਖੇ, ਪਰ ਉਨ੍ਹਾਂ ਨੇ ਡਿੱਠਾ ਕਿ ਬਾਲਕੇ ਦੇ ਸਿਰ ਤੇ ਪੱਗ ਚਿੱਟੀ ਹੈ, ਸੋ ਮੰਗਲ ਸਿੰਘ ਨੇ ਆਪਣੀ ਪੱਗ ਨਾਲੋਂ ਦੋ ਗਜ਼ ਕੱਪੜਾ ਪਾੜ ਦਿੱਤਾ ਕਿ ਆਪਣੇ ਸਿਰ ਤੇ ਵਲ੍ਹੇਟ ਲਵੇ। ਕਾਰਨ ਇਹ ਸੀ ਕਿ ਕਾਬਲ ਵਿਚ ਤ੍ਰੀਕਾ ਸੀ ਕਿ ਜੋ ਮੁਸਲਮਾਨ ਨਹੀਂ ਲਾਲ ਪੱਗ ਰੱਖੇ, ਤਾਂ ਜੋ ਪਛਾਣਿਆ ਜਾਵੇ।

ਗੱਲ ਕੀ ਦੋਵੇਂ ਮਿੱਤ੍ਰ ਵਿਦਾ ਹੋਏ ਅਰ ਤੋਤਾ ਰਾਮ ਤੇ ਲਿਖਾਰੀ ਨੱਢਾ ਪਿੰਡ ਚਲੇ ਗਏ। ਉੱਥੇ ਜਾ ਕੇ ਉਸਨੇ ਆਪਣੇ ਘਰ ਵਿਚ ਇਕ ਨਵੇਕਲਾ ਕੋਠਾ ਦੇ ਦਿੱਤਾ, ਕਲਮ ਦੁਆਤ ਕਾਗਤ ਬੀ ਮੰਗਾ ਦਿੱਤਾ। ਇਸ ਸਿੱਖ ਗਭਰੂ ਨੇ ਜਪੁਜੀ ਤਾਂ ਤਿੰਨਾਂ ਦਿਨਾਂ ਵਿਚ ਹੀ ਲਿਖ ਲਈ, ਮੋਤੀਆਂ ਵਰਗੇ ਅੱਖਰ ਦੇਖਕੇ ਤੋਤਾ ਰਾਮ ਬਾਗ ਬਾਗ ਹੋ ਗਿਆ। ਉਸ ਨੂੰ ਆਪ-ਮੁਹਾਰਾ ਪਿਆਰ ਆਵੇ ਤੇ ਵਧੀਕ ਤੋਂ ਵਧੀਕ ਆਦਰ ਭਾ ਕਰੇ। ਮਹੀਨਾ ਕੁ ਲੱਗ ਕੇ ਸਾਰੀ ਬਾਣੀ ਲਿਖੀ ਗਈ ਅਰ ਪੋਥੀ ਤਿਆਰ ਹੋ ਗਈ। ਤੋਤਾ ਰਾਮ ਦੀ ਚਾਹ ਪੂਰੀ ਹੋ ਗਈ। ਬਾਣੀ ਦਾ ਆਨੰਦ ਆ ਗਿਆ ਅਰ ਨਿੱਤਨੇਮ ਦਾ ਨਿਰਬਾਹ ਹੋਣ ਲੱਗਾ। ਕੁਝ ਚਿਰ ਪਾ ਕੇ ਚੋਰੀ ਚੋਰੀ ਅੰਮ੍ਰਿਤ • ਛੱਕਕੇ ਤੋਤਾ ਰਾਮ ਸਿੰਘ ਸਜ ਗਿਆ। ਹੁਣ ਉਸ ਬਾਲਕ ਦੀ ਖ਼ਾਤਰ ਦਿਨੋ ਦਿਨ ਵਧਣ ਲੱਗੀ, ਕਿਉਂਕਿ ਪੋਥੀਆਂ ਦੀ ਲੋੜ ਹਰ ਕਿਸੇ ਨੂੰ ਸੀ, ਪਰ ਲੱਭਦੀ ਬੜੀ ਔਖੀ ਹੁੰਦੀ ਸੀ। ਕਾਬਲ ਵਿਚ ਕਈ ਵੇਰ ਪੰਜ ਗ੍ਰੰਥੀ ਪੰਜ ਸੌ ਨੂੰ ਹੱਥ ਨਹੀਂ ਸੀ ਆਉਂਦੀ; ਪਰ ਇਸ ਭੁਜੰਗੀ ਨੇ ਬਿਨਾਂ ਪੈਸੇ ਲੀਤੇ ਤੇ ਕੇਵਲ ਅੰਨ ਬਸਤਰ ਦਾ ਗੁਜ਼ਾਰਾ ਤੋਰ ਕੇ ਕਈ ਪੋਥੀਆਂ ਲਿਖ ਦਿੱਤੀਆਂ। ਇਸ ਕਰਕੇ ਹੌਲੇ ਹੌਲੇ ਸਾਰੇ ਸਿੰਘਾਂ ਵਿਚ ਇਸ ਦਾ ਜਸ ਫੈਲ ਗਿਆ; ਜਿਸ ਦਾ ਨਾਮ ‘ਜਸਵੰਤ ਸਿੰਘ ਸੀ। ਜਸਵੰਤ ਸਿੰਘ ਦੀ ਚੰਗੀ ਆਗਤ ਭਾਗਤ ਹੋਣ ਲੱਗ ਪਈ। ਇਕ ਦਿਨ ਇਕ ਸ਼ਾਹੂਕਾਰ ਦਾ ਪਿਤਾ ਬੀਮਾਰ ਸੀ, ਉਸ ਨੇ ਪੁੱਤ ਨੂੰ ਕਿਹਾ ਕੋਈ ਐਸਾ ਸਿੱਖ ਲਿਆ ਜੋ ਸੁਖਮਨੀ ਦਾ ਪਾਠ ਸੁਣਾਵੇ। ਭਾਗਾਂ ਨੂੰ ਜਸਵੰਤ ਸਿੰਘ ਉਥੇ ਸੀ, ਉਸ ਨੂੰ ਲੈ ਗਏ। ਜਸਵੰਤ ਸਿੰਘ ਨੇ ਐਸੀ ਮਧੁਰ ਸੁਰ ਨਾਲ ਪਾਠ ਕੀਤਾ ਕਿ ਉਸ ਦਾ ਤਨ ਮਨ ਠਰ ਗਿਆ। ਉਸੇ ਦਿਨ ਉਸ ਨੂੰ ਕੁਝ ਫਰਕ ਬੀ ਪੈ ਗਿਆ ਅਰ ਕੁਛ ਦਿਨਾਂ ਮਗਰੋਂ ਰਾਜ਼ੀ ਬੀ ਹੋ ਗਿਆ। ਜਸਵੰਤ ਸਿੰਘ ਉਸ ਬ੍ਰਿਧ ਨੂੰ ਐਸਾ ਪਿਆਰਾ ਲੱਗਾ ਕਿ ਉਸ ਨੇ ਇਸ ਨੂੰ ਘਰ ਆਪਣੇ ਪਾਸ ਰੱਖ ਲਿਆ। ਜਸਵੰਤ ਸਿੰਘ ਸੁਖਮਨੀ ਦਾ ਰੋਜ਼ ਪਾਠ ਕਰਿਆ ਕਰੇ ਤੇ ਬ੍ਰਿਧ ਸੁਣਿਆ ਕਰੇ। ਇਕ ਦਿਨ ਬੁੱਢਾ ਕਹਿਣ ਲੱਗਾ ਕਿ ਆਪ ਨੂੰ ਕੋਈ ਲਾਲਚ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਮੈਂ ਆਪ ਦੀ ਕੀ ਸੇਵਾ ਕਰ ਸਕਦਾ ਹਾਂ, ਪਰ ਫੇਰ ਬੀ ਜੀ ਕਰਦਾ ਹੈ ਕਿ ਕੁਝ ਸੇਵਾ ਮੈਨੂੰ ਦੱਸੋ ਜ਼ਰੂਰ?

ਜਸਵੰਤ ਸਿੰਘ- ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕੋਈ ਇੱਛਾ ਨਹੀਂ। ਇਕ ਹੈ, ਸੋ ਪੂਰੀ ਨਹੀਂ ਹੋ ਸਕਦੀ।

ਬ੍ਰਿਧ- ਨਹੀਂ, ਜ਼ਰੂਰ ਦੱਸੋ?

ਜਸਵੰਤ ਸਿੰਘ- ਕੀ ਦੱਸਾਂ? ਦੱਸ ਕੇ ਗੁਆਉਣੀ ਹੈ।

ਬ੍ਰਿਧ- ਨਹੀਂ ਨਹੀਂ, ਜ਼ਰੂਰ ਦੱਸੋ।

ਜਸਵੰਤ ਸਿੰਘ- ਮੇਰਾ ਜੀ ਇਕ ਵੇਰ ਪੰਜਾਬ ਜਾਣੇ ਨੂੰ ਕਰਦਾ ਹੈ।

ਬ੍ਰਿਧ- ਇਹ ਕੀ ਅਣਹੋਣੀ ਗੱਲ ਹੈ? ਜਦ ਕੋਈ ਕਾਫ਼ਲਾ ਜਾਵੇਗਾ ਤੁਹਾਨੂੰ ਨਾਲ ਤੋਰ ਦਿਆਂਗੇ। ਚਲੇ ਜਾਣਾ। ਸ੍ਰੀ ਅੰਮ੍ਰਿਤਸਰ ਜੀ ਦਾ ਦਰਸ਼ਨ ਕਰਕੇ ਆਨੰਦ ਲੈ ਕੇ ਜਦ ਕਾਫ਼ਲਾ ਮੁੜੇ, ਮੁੜ ਆਉਣਾ।

ਜਸਵੰਤ ਸਿੰਘ- ਮੁੜ ਆਵਣੇ ਦਾ ਮੇਰਾ ਸੰਕਲਪ ਨਹੀਂ।

ਬ੍ਰਿਧ- ਤੇ ਮੇਰਾ ਜੀਵਨ ਤੁਹਾਡੇ ਆਸਰੇ ਹੋ ਗਿਆ ਹੈ, ਤੁਸੀਂ ਗਏ ਤਾਂ ਮੈਂ ਕੀ ਕਰਸਾਂ?

ਜਸਵੰਤ ਸਿੰਘ- ਮੇਰਾ ਮੂੰਹ ਛੋਟਾ ਗੱਲ ਵੱਡੀ ਹੈ, ਪਰ ਕਹੇ ਬਿਨਾਂ ਰਿਹਾ ਨਹੀਂ ਜਾਂਦਾ। ਆਪ ਨੇ ਉਮਰ ਭੋਗ ਲਈ, ਸਭ ਆਨੰਦ ਲੈ ਲਏ, ਪੁੱਤ੍ਰ ਸਿਆਣੇ ਹੋ ਗਏ, ਵਿਹਾਰ ਸਾਂਭ ਬੈਠੇ ਹਨ। ਕਿਉਂ ਨਾ ਹੁਣ ਇਨ੍ਹਾਂ ਨੂੰ ਛੱਡ ਦਿਓ ਤੇ ਸ੍ਰੀ ਅੰਮ੍ਰਿਤਸਰ ਜੀ ਹੀ ਚੱਲ ਬੈਠੋ ਅਰ ਆਪਣਾ ਅੰਤ ਸਵਾਰ ਲਵੋ।

ਬ੍ਰਿਧ- ਬਰਖ਼ੁਰਦਾਰ ! ਕਹਿੰਦੇ ਤਾਂ ਸੱਚ ਹੋ, ਪਰ ਮੈਂ ਟੱਬਰ ਵਿਚ ਬੁਹਾਰੀ ਦਾ ਬੰਨ੍ਹ ਬੈਠਾ ਹਾਂ।

ਜਸਵੰਤ ਸਿੰਘ- ਸੱਚ ਹੈ, ਪਰ ਇਕ ਦਿਨ ਬੁਹਾਰੀ ਦੇ ਬੰਨ੍ਹ ਨੇ ਟੁੱਟਣਾ ਹੀ ਹੈ, ਚਾਰ ਦਿਨ ਪਹਿਲੋਂ ਸਹੀ।

ਬ੍ਰਿਧ- ਦਿਲ ਤਾਂ ਚਿਰੋਕਣਾ ਕਰਦਾ ਹੈ, ਪਰ ਇਹੋ ਬਾਲ ਬੱਚੇ ਦੀ ਮਮਤਾ ਕਰਕੇ ਅਟਕ ਜਾਈਦਾ ਹੈ ਤੇ ਜਦ ਸੋਚੀਦਾ ਹੈ ਕਿ ਅੰਤ ਸਭ ਨੂੰ ਛੱਡਣਾ ਹੈ ਤਦ ਫੇਰ ਜੀ ਕਰ ਆਉਂਦਾ ਹੈ। ਇੱਕੁਰ ਜੱਕੋ ਤੱਕੇ ਵਿਚ ਹੀ ਰਹੀਦਾ ਹੈ।

ਜਸਵੰਤ ਸਿੰਘ- ਜੱਕੋ ਤੱਕੇ ਛੱਡਣੇ ਚਾਹੀਦੇ ਹਨ।

ਬ੍ਰਿਧ- ਅੱਛਾ, ਅੱਜ ਗੱਲ ਟੱਬਰ ਵਿਚ ਕਰਸਾਂ।

ਉਸ ਦਿਨ ਟੱਬਰ ਵਿਚ ਗੱਲ ਤੁਰੀ। ਭਲਾ ਕੌਣ ਮੰਨੇ। ਵੱਡੇ ਛੋਟੇ ਮੁੰਡੇ ਕੁੜੀਆਂ ਸਾਰੇ ਰੋਣ ਲੱਗ ਪਏ, ਅਸਾਂ ਤਾਂ ਵੱਡੇ ਬਾਪੂ ਜੀ ਨੂੰ ਨਹੀਂ ਜਾਣ ਦੇਣਾ ਤਾਂ ਬਾਪੂ ਹੁਰੀਂ ਕੁਝ ਹਠ ਵਿਚ ਹੋ ਗਏ। ਗੱਲ ਕੀ ਇਸ ਤਰ੍ਹਾਂ ਕਈ ਦਿਨ ਛੇੜਖਾਨੀ ਚਲਦੀ ਰਹੀ। ਇਕ ਦਿਨ ਬ੍ਰਿਧ ਨੂੰ ਢਿਡ ਵਿਚ ਐਸਾ ਸੂਲ ਉੱਠਿਆ ਕਿ ਠੱਲ੍ਹਿਆ ਨਾ ਜਾਵੇ, ਵਿਆਕੁਲ ਹੋ ਗਿਆ। ਇਲਾਜ ਮਾਲਜੇ ਕੀਤੇ। ਪੀੜ ਹਟੀ, ਪਰ ਇਹ ਸੰਕਲਪ ਪੱਕਾ ਹੋ ਗਿਆ ਕਿ ਇਕ ਵੇਰ ਜ਼ਰੂਰ ਅੰਮ੍ਰਿਤਸਰ ਜੀ ਚੱਲਣਾ ਹੈ। ਕਿਉਂਕਿ ਇਸ ਪੀੜ ਨੇ ਮੌਤ ਦੀ ਦਿਖਾਲੀ ਦਿਖਾ ਦਿੱਤੀ ਹੈ ਤੇ ਦੱਸ ਦਿੱਤਾ ਹੈ ਕਿ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ, ਜੋ ਸ਼ੁਭ ਕੰਮ ਕਰਨਾ ਹੈ ਛੇਤੀ ਕਰ ਲੈਣਾ ਚਾਹੀਏ। ਟੱਬਰ ਨੇ ਬੀ ਇਹ ਗੱਲ ਮੰਨ ਲਈ ਪਰ ਤਾਂ ਜੇ ਬਾਪੂ ਹੁਰੀਂ ਜਾ ਕੇ ਉਥੇ ਰਹਿ ਨਾ ਪੈਣ, ਮੁੜ ਆਉਣ।

ਬ੍ਰਿਧ ਨੇ ਜਸਵੰਤ ਸਿੰਘ ਨੂੰ ਇਹ ਗੱਲ ਦੱਸ ਦਿੱਤੀ ਕਿ ਮੈਂ ਉਥੇ ਜਾ ਕੇ ਨਾ ਮੁੜਾਂਗਾ। ਇਹ ਗੱਲ ਸੁਣ ਕੇ ਜਸਵੰਤ ਸਿੰਘ ਨੇ ਕਿਹਾ ਕਿ ਮੈਨੂੰ ਇਹ ਗੱਲ ਨਹੀਂ ਭਾਉਂਦੀ ਕਿ ਲਾਰਾ ਲਾਓ। ਭਾਵੇਂ ਆਪ ਦਾ ਸੰਕਲਪ ਸ਼ੁਭ ਹੈ ਤੇ ਇਸ ਕੂੜ ਵਿਚ ਸ੍ਵਾਰਥ ਦੀ ਕੋਈ ਲੇਸ ਜਿੰਨੀ ਬੀ ਨਹੀਂ, ਪਰ ਤਦ ਬੀ ਸੱਚ ਸੱਚ ਹੈ ਤੇ ‘ਨਾ ਸੱਚ ਕੂੜ ਹੀ ਹੈ, ਇਸ ਲਈ ਟੱਬਰ ਨਾਲ ਸੱਚਾ ਬਚਨ ਕਰੋ :

ਬ੍ਰਿਧ- ਇਨ੍ਹਾਂ ਤਾਂ ਐਵੇਂ ਜਾਣੇ ਨਹੀਂ ਦੇਣਾ।

ਜਸਵੰਤ ਸਿੰਘ- ਫੇਰ ਤੁਸਾਂ ਮੁੜ ਆਉਣਾ, ਦੋ ਚਾਰ ਮਹੀਨੇ ਉਥੇ ਲਾ ਆਉਣੇ।

ਬ੍ਰਿਧ- ਕੀ ਤੁਸੀਂ ਨਾਲ ਆਓਗੇ?

ਜਸਵੰਤ ਸਿੰਘ- ਮੈਂ ਮੁੜ ਆਉਣ ਦਾ ਭਰੋਸਾ ਨਹੀਂ ਦੇਂਦਾ। ਪਰ ਜੇ ਤੁਹਾਨੂੰ ਉਥੇ ਪਹੁੰਚ ਕੇ ਮੇਰੇ ਉਥੇ ਹੀ ਰਹਿਣ ਨਾਲੋਂ ਤੁਹਾਡੇ ਨਾਲ ਮੁੜ ਆਉਣਾ ਚੰਗਾ ਭਾਸੇ, ਤਦ ਮੈਂ ਬੀ ਆਵਾਂਗਾ। ਪਰ ਜੇ ਤੁਸਾਂ ਹੀ ਉਥੇ ਜਾ ਕੇ ਕਿਹਾ ਭਾਈ ਸੱਜਣਾ ਤੂੰ ਪੰਜਾਬ ਵਿਚ ਹੀ ਰਹੁ, ਤਦ ਤਾਂ ਤੁਹਾਡੇ ਨਾਲ ਨਾ ਮੁੜਨ ਵਿਚ ਮੇਰਾ ਕੋਈ ਦੋਸ਼ ਨਾ ਹੋਊ।।

-0-

11 ਕਾਂਡ।

ਉਧਰ ਬੀਬੀ ਫ਼ਾਤਮਾਂ ਜਿਸ ਵੇਲੇ ਘਰ ਦੇ ਧੰਦਿਓਂ ਵਿਹਲੀ ਹੋਈ ਅਰ ਸਤਵੰਤ ਕੌਰ ਵਲ ਗਈ, ਤਦ ਅੰਦਰ ਖਾਲੀ ਪਾਇਆ। ਪੰਖੀ ਉਡ ਗਿਆ, ਪਿੰਜਰਾ ਸੱਖਣਾ। ਕੀ ਕਰਦੀ? ਪਹਿਲੇ ਤਾ ਕੁਝ ਸ਼ੱਕ ਰਿਹਾ, ਪਰ ਜਦ ਮਰਦਾਵੇਂ ਕਪੜੇ ਨਾ ਡਿੱਠੇ ਤਦ ਦਿਲ ਨੂੰ ਘਾਟ ਪਈ। ਅੱਖਾਂ ਅੱਗੇ ਹਨੇਰਾ ਆ ਗਿਆ, ਹੋਸ਼ ਧੂਏਂ ਵਾਂਗ ਉੱਡ ਖੜੋਤੀ ਅਰ ਦਿਮਾਗ਼ ਨੂੰ ਚੱਕਰ ਦੇਕੇ ਧੜਾ ਕਰਕੇ ਡੇਗਿਆ। ਡਿੱਗੀ ਪਈ ਰਹੀ, ਕਿੰਨਾ ਚਿਰ ਲੰਘ ਗਿਆ। ਬੇਹੋਸ਼ ਤਾਂ ਨਹੀ ਹੋਈ, ਪਰ ਸਰੀਰ ਢਿੱਲਾ ਐਸਾ ਹੋਇਆ ਕਿ ਉੱਠਣੇ ਦੀ ਆਸੰਙ ਨਾ ਰਹੀ। ਕਿੰਨੇ ਚਿਰ ਪਿਛੋਂ ਉੱਠੀ, ਪਰ ਲੱਤਾਂ ਥਿੜਕਨ, ਫੇਰ ਸਾਹਸਹੀਨ ਹੋਕੇ ਬੈਠ ਗਈ। ਇੱਕੁਰ ਕਿੰਨੇ ਚਿਰ ਮਗਰੋਂ ਉਠੀ, ਬਾਹਰ ਗਈ; ਜਾਕੇ ਅੰਗੂਰਾਂ ਦਾ ਰਸ ਪੀਤਾ, ਜ਼ਰਾ ਕੁ ਢਾਰਸ ਹੋਈ ਸਰੀਰ ਖਲੋਤਾ ਪਰ ਦਿਲ ਦੀ ਖੁੱਸਣ ਨੂੰ ਕੌਣ ਹਟਾਵੇ? ਫੇਰ ਅੰਦਰ ਗਈ, ਦੀਵਾ ਜਗਾਕੇ ਸਾਰੀ ਸੁਰੰਗ ਦੇਖੀ, ਖੋਲ੍ਹਕੇ ਬਾਹਰ ਗਈ। ਸੱਜਰੀ ਮਿੱਟੀ ਢੱਠੀ ਦੇਖਕੇ ਪੱਕਾ ਨਿਸ਼ਚਾ ਹੋ ਗਿਆ ਕਿ ਸੋਨੇ ਦੀ ਚਿੜੀ ਉਡ ਗਈ। ਨਿਰਾਸ਼ ਹੋਕੇ ਆਪਣੇ ਅੰਦਰ ਆ ਬੈਠੀ ਤੇ ਗਿਣ- ਤੀਆਂ ਗਿਣਨ ਲੱਗੀ। ਪੁੱਤ੍ਰ ਬੁਲਾਵੇ, ਇਸ ਨੂੰ ਮੂਲੋਂ ਨਾ ਭਾਵੇ। ਗੋਲੀਆਂ ਬਾਂਦੀਆਂ ਕੰਮ ਪੁੱਛਣ ਇਸ ਨੂੰ ਮੂੰਹੋਂ ਗੱਲ ਨਾ ਆਵੇ। ਆਪਣੀ ਵੱਲੋਂ ਬਥੇਰਾ ਹੌਸਲਾ ਕਰੇ, ਪਰ ਦਿਲ ਨੂੰ ਐਸੀ ਗ੍ਰੀਕ ਪਵੇ ਜੋ ਕਿਸੇ ਬਿਧਿ ਨਾ ਠੱਲ੍ਹੀ ਜਾਵੇ। ਅੱਗੇ ਬਿਪਤਾ ਵੇਲੇ ਜਪੁ ਸਾਹਿਬ ਦਾ ਪਾਠ, ਜਿਕੁਰ ਸਤਵੰਤ ਕੌਰ ਨੇ ਦੱਸਿਆ ਸੀ, ਇਸ ਨੂੰ ਰੁੜ੍ਹਨੋਂ ਠੱਲ੍ਹ ਲੈਂਦਾ ਸੀ, ਪਰ ਹੁਣ ਪਾਠ ਕਰੇ ਇਕ ਪੌੜੀ ਦਾ ਤੇ ਮਨ ਸੋਚਾਂ ਦੇ ਪਰ ਲਾਕੇ ਸਤਵੰਤ ਕੌਰ ਦੇ ਮਗਰ ਸ਼ਹਿਰਾਂ ਜੰਗਲਾ ਵਿਚ ਸੈਂਕੜੇ ਉਡਾਰੀਆਂ ਮਾਰੇ। ਢਾਰਸ ਕਿਸ ਪ੍ਰਕਾਰ ਹੋਵੇ? ਬੈਠੀ ਬੈਠੀ ਦੇ ਅੱਥਰੂ ਵਗ ਤੁਰਨ, ਇਹ ਉਨ੍ਹਾਂ ਨੂੰ ਰੋਕੇ, ਪਰ ਜਿੱਕੁਰ ਪਿਚ- ਕਾਰੀ ਦੇ ਮੂੰਹ ਅੱਗੇ ਤਾਂ ਦੇਈਏ ਉਂਗਲ ਤੇ ਪਿਛੋਂ ਦਬਾਈਏ ਡਕਾ ਤਦ ਪਾਣੀ ਉਂਗਲ ਨੂੰ ਪਰੇ ਧੱਕ ਕੇ ਜ਼ੋਰ ਨਾਲ ਨਿਕਲਦਾ ਹੈ, ਵਿਛੋੜੇ ਦੀ ਪੀੜਾ ਦੇ ਧੱਕੇ ਨਾਲ ਏਸਦੀ ਅਕਲ ਦੀ ਉਂਗਲ ਜੋ ਅੱਥਰੂਆਂ ਨੂੰ ਰੋਕੇ ਪਰੇ ਜਾ ਜਾ ਪਵੇ ਅਰ ਹੰਝੂਆਂ ਦੀ ਤਾਰ ਤਿੱਖੀ ਹੋ ਹੋ ਕੇ ਵਗੇ, ਇਹ ਹਾਰਕੇ ਪਾਣੀ ਦੀ ਬਾਟੀ ਉਪਰ ਮੂੰਹ ਕਰਕੇ ਛੱਟੇ ਮਾਰੇ, ਜੋ ਅੱਖਾਂ ਦਾ ਸੋਮਾਂ ਸੁਕੜਕੇ ਹੀ ਪਾਣੀ ਨੂੰ ਬੰਦ ਕਰੇ ਪਰ ਕਿਥੋਂ? ਸਗੋਂ ਉਲਟਾ ਅਸਰ ਹੋਵੇ, ਅੰਦਰੋਂ ਸੜਦੇ ਪਾਣੀ ਨੂੰ ਜਦ ਠੰਢੇ ਪਾਣੀ ਦੇ ਛੱਟਿਆਂ ਨਾਲ ਸਪਰਸ਼ ਹੋਵੇ, ਤਦ ਆਪਣੀ ਅੱਗ ਬੁਝਾਉਣੇ ਲਈ ਹੰਝੂਆਂ ਦਾ ਤੱਤਾ ਪਾਣੀ ਉਛਲ ਉਛਲ ਕੇ ਵੱਧ ਨਿਕਲੇ। ਵਿਚਾਰੀ ਫ਼ਾਤਮਾਂ ਦੇ ਹੱਥ ਪੁਰ ਠੰਢੀਆਂ ਤੇ ਤੱਤੀਆਂ ਬੂੰਦਾਂ ਜਲ ਦੀਆਂ ਅੱਡ ਅੱਡ ਐਉਂ ਪ੍ਰਤੀਤ ਦੇਣ, ਜਿੰਕੁਰ ਅਟਕ ਤੇ ਲੰਡਾ ਨਾਲੋਂ ਨਾਲ ਵੱਗਦੇ ਅੱਡ ਅੱਡ ਰੰਗ ਦਿਖਾਲਦੇ ਹਨ।

ਫ਼ਾਤਮਾਂ ਦੇ ਘਰ ਵਾਲੇ ਨੂੰ ਕਿਸੇ ਭਾਰੀ ਸੇਵਾ ਦੇ ਬਦਲੇ ਸਰਕਾਰੋਂ ਇਕ ਪਿੰਡ ਇਨਾਮ ਮਿਲਿਆ ਸੀ, ਉਸ ਨੇ ਆ ਕੇ ਦੱਸਿਆ, ਪਰ ਫ਼ਾਤਮਾ ਦੇ ਚਿਹਰੇ ਨੇ ਹਾਸੇ ਵਿਚ ਰੰਗ ਨਾ ਵਟਾਇਆ। ਬੰਨ੍ਹ ਬੰਨ੍ਹ ਕੇ ਹੱਸੇ, ਪਰ ਅੱਖਾਂ ਬੁਲ੍ਹਾਂ ਦੇ ਕਹੇ ਪੂਰੀ ਤਰ੍ਹਾਂ ਆਖੇ ਨਾ ਲੱਗਣ, ਅੱਖਾਂ ਤਰਬਤਰ ਹੋ ਹੋ ਜਾਣ। ਖ਼ਾਂ ਪੁੱਛੇ ਕਿ ਅੱਜ ਕਿਹੀ ਉਦਾਸੀ ਹੈ, ਪਰ ਓਹ ਕੀ ਦੱਸੇ? ਉਥੇ ਤਾਂ ਇਹ ਮਾਮਲਾ ਵਰਤ ਰਿਹਾ ਸੀ :-

ਹੇ ਦਿਲ ਦੇ ਸਾੜ ! ਇਕ ਸੁਣ ਬੇਨਤੀ ਤੂੰ,
ਇਸ਼ਕ ਦੇ ਭੇਤ ਦੀ ਨਿਕਲੇ ਨ ਟੁਕ ਸੂੰ,
ਵਿਚੋ ਵਿਚ ਫੂਕ, ਛਡ ਬਾਕੀ ਨ ਇਕ ਲੂੰ,
ਪਰ ਐਸੀ ਅੱਗ ਹੋ ਜਿਸ ਦਾ ਨਾ ਹੋ ਧੂੰ।

ਇਹ ਮਾਮਲਾ ਫ਼ਾਤਮਾਂ ਨੂੰ ਆ ਵਾਪਰਿਆ ਸੀ, ਸੋ ਘਰ ਵਾਲੇ ਨੂੰ ਕੀਹ ਦੱਸੇ? ਬਹਾਨੇ ਕਰ ਕਰ ਟਾਲੇ, ਪਰ ਉਹ ਵਧੀਕ ਹਿਤ ਕਰ ਕਰ ਪੁੱਛੇ? ਛੇਕੜ ਨੀਂਦ ਨੇ ਆ ਛੁਡਾਇਆ। ਸਭ ਸੌਂ ਗਏ, ਇਕ ਫ਼ਾਤਮਾ ਸਿਰਹਾਣੇ ਤੇ ਸਿਰ ਰੱਖੀ ਰੋ ਰੋ ਕੇ ਉਸਨੂੰ ਗਿੱਲਿਆਂ ਕਰ ਰਹੀ ਸੀ। ਕਿੰਨੀ ਰਾਤ ਤਾਂ ਬੀਤੀ, ਪਰ ਹੁਣ ਥਕਾਨ ਨੇ ਥਕਾ ਦਿੱਤਾ ਸੀ, ਬਾਣੀ ਦੇ ਪਾਠ ਨੇ ਬੀ ਠਰਮਾ ਦਿੱਤਾ ਕੁਝ ਕੁ ਆਲਸ ਜਿਹਾ ਆ ਗਿਆ।

ਜਾਂ ਫ਼ਾਤਮਾਂ ਦਿਨੇ ਉੱਠੀ ਤਦ ਸਰੀਰ ਨਿਰਬਲ, ਦਿਲ ਕਮਜ਼ੋਰ ਤੇ ਓਹੋ ਵਿਛੋੜੇ ਦਾ ਸੱਲ ਬਾਕੀ। ਵਿਚਾਰੀ ਸੋਚਾਂ ਸੋਚੇ ਕਿ ਕੀਕੁਰ ਸਤਵੰਤ ਕੌਰ ਲੱਭੇ। ਆਪ ਪਰਦੇਦਾਰ, ਘਰੋਂ ਬਾਹਰ ਪੈਰ ਨਾ ਕੱਢਣਾ, ਭੇਤ ਐਸਾ ਜੋ ਕਿਸੇ ਨੂੰ ਦੱਸ ਨਾ ਸਕੇ, ਢੂੰਡ ਭਾਲ ਹੋਵੇ ਤਾਂ ਕਿੱਕੁਰ? ਫੇਰ ਜਦ ਸੋਚੇ ਕਿ ਸਤਵੰਤ ਕੌਰ ਬੜੀ ਹਠੀਆ ਹੈ। ਅਰ ਜ਼ਰੂਰ ਪੰਜਾਬ ਨੂੰ ਧਾਈ ਕਰੇਗੀ, ਤਦ ਰਸਤੇ ਦੇ ਔਖ ਅਰ ਉਸਦੀ ਗ਼ਰੀਬੀ ਤੇ ਤੀਵੀਂ ਦੇ ਆਲਮ ਦਾ ਖ਼ਿਆਲ ਉਸਨੂੰ ਗੜੇ ਗੜੇ ਦੀ ਹੰਝੂ ਰੁਆਵੇ ਕਿ ਕਿੱਕੁਰ ਐਡਾ ਭਾਰਾ ਜੱਫ਼ਰ ਜਾਲੇਗੀ; ਖ਼ਬਰੇ ਕਿਸ ਮੁਸੀਬਤ ਵਿਚ ਫਸੇਗੀ, ਕਿਨ੍ਹਾਂ ਔਕੜਾਂ ਦੇ ਮੂੰਹ ਆਵੇਗੀ। ਇਨ੍ਹਾਂ ਸੋਚਾਂ ਤੇ ਫਿਕਰਾਂ ਵਿਚ ਕਈ ਦਿਨ ਬੀਤੇ, ਪਰ ਬਣਿਆਂ ਕੁਝ ਨਾ। ਇਕ ਦਿਨ ਘਰ ਵਾਲੇ ਨੇ ਆਕੇ ਦੱਸਿਆ ਕਿ ਉਹ ਲੜਕੀ ਜੋ ਸਾਡੇ ਘਰ ਰਹੀ ਸੀ ਅਰ ਜਿਸ ਨੇ ਮੈਨੂੰ ਕੈਦੋਂ ਛੁਡਾਇਆ ਸੀ (ਅਰਥਾਤ ਸਤਵੰਤ ਕੌਰ) ਫੜੀ ਗਈ ਹੈ ਅਰ ਅਮੀਰ ਦੇ ਮਹਿਲੀਂ ਪੁਚਾਈ ਗਈ ਹੈ। ਇਕ ਪਠਾਣ ਦੇ ਪਾਸ ਸੀ ਅਰ ਉਹ ਮੰਡੀ ਵਿਚ ਵੇਚ ਰਿਹਾ ਸੀ, ਸਿਪਾਹੀਆਂ ਪਛਾਣ ਕੀਤੀ ਅਰ ਸਰਕਾਰੇ ਪੁਚਾਇਆ। ਓਥੇ ਗੋਲੀਆਂ ਬਾਂਦੀਆਂ ਨੇ ਭੀ ਪਛਾਣ ਲਿਆ ਹੈ। ਅਮੀਰ ਸਾਹਿਬ ਬੀ ਕੁਝ ਕੁਝ ਪਛਾਣ ਕਰਦੇ ਹਨ। ਉਸ ਨੂੰ ਜੇ ਪੁੱਛੋ ਤਾਂ ਉੱਤਰ ਨਹੀਂ ਦੇਂਦੀ, ਬਿਟਰ ਬਿਟਰ ਤੱਕਦੀ ਤੇ ਫਰਨ ਫਰਨ ਰੋ ਪੈਂਦੀ। ਅਮੀਰ ਸਾਹਿਬ ਨੇ ਕੈਦ ਦਾ ਹੁਕਮ ਦਿੱਤਾ ਸੀ, ਪਰ ਮੈਂ ਰਹਿ ਨਾ ਸਕਿਆ, ਅਰਜ਼ ਕੀਤੀ ਕਿ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਲੜਕੀ ਉਹ ਨਹੀਂ ਹੈ, ਬਿਹਤਰ ਹੋਵੇ ਜੇ ਇਹ ਮੇਰੀ ਵਹੁਟੀ ਪਾਸ ਘੱਲੀ ਜਾਵੇ, ਉਹ ਠੀਕ ਤਰ੍ਹਾਂ ਪਛਾਣ ਸਕੇਗੀ ਜਿਸ ਪਾਸ ਇਸ ਨੇ ਮੁੱਦਤ ਕੱਟੀ ਹੈ; ਤੇ ਹੁਣ ਜੋ ਲੋਕ ਪਛਾਣਦੇ ਹਨ ਉਨ੍ਹਾਂ ਨੇ ਕੇਵਲ ਇਕੋ ਵੇਰ ਡਿੱਠੀ ਹੈ। ਅਮੀਰ ਨੇ ਇਹ ਗੱਲ ਮੰਨ ਲਈ ਹੈ ਅਰ ਕੱਲ ਉਹ ਤੁਹਾਡੇ ਪਾਸ ਆਂਦੀ ਜਾਵੇਗੀ। ਮੇਰਾ ਤਾਤਪਰਜ ਇਹ ਸੀ ਕਿ ਮੈਂ ਭੀ ਹਸਾਨ ਲਾਹ ਲਵਾਂ, ਜੇ ਉਹੋ ਹੋਈ, ਤੁਸਾਂ ਕਹਿ ਦੇਣਾ ਕਿ ਇਹ ਉਹ ਨਹੀਂ ਹੈ, ਅਮੀਰ ਛੱਡ ਦੇਵੇਗਾ, ਤਦ ਵਿਚਾਰੀ ਬਚ ਰਹੇਗੀ, ਅਸੀਂ ਫੇਰ ਉਸ ਨੂੰ ਲੈ ਆਵਾਂਗੇ, ਤੇ ਲੁਕਾਕੇ ਕਿਤੇ ਸੁਖ ਦੇ ਥਾਂ ਪੁਚਾ ਦਿਆਂਗੇ।

ਫ਼ਾਤਮਾਂ ਪਹਿਲੇ ਤਾਂ ਗੋਤੇ ਗਈ ਸੀ, ਪਰ ਫੇਰ ਪਤੀ ਦੀ ਦਨਾਈ ਦੀ ਚਾਲ ਨੂੰ ਦੇਖਕੇ ਬੜੀ ਪ੍ਰਸੰਨ ਹੋਈ ਕਿ ਸ਼ੁਕਰ ਹੈ ਫੇਰ ਪ੍ਯਾਰੀ ਲੱਭ ਪਈ ਅਰ ਮੈਨੂੰ ਉਸ ਦੀ ਸੇਵਾ ਕਰਨ ਦਾ ਸਮਾਂ ਹੱਥ ਲਗੇਗਾ।

ਦੂਸਰੇ ਦਿਨ ਫ਼ਾਤਮਾਂ ਪਾਤਸ਼ਾਹੀ ਮਹਿਲਾਂ ਨੂੰ ਸੱਦੀ ਗਈ। ਉਥੇ ਜਾ ਕੇ ਉਹ ਫੜੀ ਹੋਈ ਕੁੜੀ ਉਸ ਦੇ ਸਾਮ੍ਹਣੇ ਆਂਦੀ ਗਈ। ਫ਼ਾਤਮਾਂ ਦਾ ਦਿਲ ਸ਼ੌਕ ਨਾਲ ਧਕ ਧਕ ਕਰ ਰਿਹਾ ਸੀ, ਪਰ ਸ਼ੌਕ ਦੇਖਦੇ ਸਾਰ ਹੀ ਸਾਰਾ ਦੂਰ ਹੋ ਗਿਆ। ਉਹ ਕੋਈ ਹੋਰ ਦੁਖਿ- ਆਰਨ ਸੀ, ਸਤਵੰਤ ਕੌਰ ਨਹੀਂ ਸੀ। ਫ਼ਾਤਮਾਂ ਨੇ ਦੇਖਦੇ ਹੀ ਸਿਰ ਫੇਰਿਆ ਕਿ ਇਹ ਉਹ ਨਹੀਂ ਹੈ। ਅਰ ਦਿਲ ਵਿਚ ਬੀ ਨਿਰਾਸ ਹੋ ਗਈ। ਫੇਰ ਕੁਝ ਸ਼ੱਕ ਫੁਰਿਆ ਤਾਂ ਦੋ ਚਾਰ ਗੱਲਾਂ ਉਸ ਨਾਲ ਕੀਤੀਆਂ, ਪਰ ਉਹ ਕੋਈ ਹੋਰ ਹੀ ਨਿਕਲੀ। ਜਦ ਉਸ ਨੇ ਕਹਿ ਦਿੱਤਾ ਕਿ ਇਹ ਉਹ ਕੁੜੀ ਨਹੀਂ ਹੈ, ਤਦ ਉਹ ਦਰੋਗੇ ਪਾਸ ਫੇਰ ਭੇਜੀ ਗਈ। ਪਾਤਸ਼ਾਹ ਦੀ ਤਸੱਲੀ ਹੋ ਗਈ ਅਰ ਉਸ ਕੁੜੀ ਨੂੰ ਛੱਡ ਦੇਣੇ ਦਾ ਹੁਕਮ ਹੋਇਆ। ਪਰ ਰਾਸ਼ੇ ਪਠਾਣ ਕੁਤਵਾਲ ਨੂੰ ਜਿਸ ਨੇ ਉਸ ਨੂੰ ਫੜਿਆ ਸੀ, ਕ੍ਰੋਧ ਆ ਗਿਆ, ਕਿ ਕਮਬਖ਼ਤ ਨੇ ਮੇਰੀ ਮਿਹਨਤ ਹੀ ਔਤ ਕੀਤੀ; ਇਸ ਰੋਹ ਵਿਚ ਬੰਦੂਕ ਦੇ ਕੁੰਦੇ ਨਾਲ ਹੁੱਜ ਦਿੱਤੀ, ਉਹ ਵਿਚਾਰੀ ਫਾਕਿਆਂ ਦੀ ਮਾਰੀ, ਬੇਨਸੀਬ ਹਿੰਦੁਸਤਾਨ ਦੀ ਕੈਦਣ, ਦੁੱਖਾਂ ਤੋਂ ਨਿਰਬਲ ਹੋਈ ਹੋਈ ਡਿੱਗ ਪਈ ਅਰ ਰਿੜ੍ਹਦੀ ਰਿੜ੍ਹਦੀ ਹੇਠ ਜਾ ਪਈ ਸਿਰ ਪਾਟ ਗਿਆ ਅਰ ਭੌਰ ਉਡੰਤ ਹੋ ਗਿਆ।

ਉਨ੍ਹਾਂ ਦੁੱਖਾਂ ਦੇ ਸਮੇਂ ਹਿੰਦੂਆਂ ਦਾ ਇਹ ਹਾਲ ਹੁੰਦਾ ਸੀ ਅਰ ਇਸ ਬੇਤਰਸੀ ਨਾਲ ਤੁਰਕ ਪਠਾਣ ਹਾਕਮ ਲੋਕ ਉਨ੍ਹਾਂ ਨਾਲ ਵਰਤਾਉ ਕਰਦੇ ਸਨ। ਹਿੰਦੂ ਨੂੰ ਤਾਂ ਬੱਸ ਪਸ਼ੂ ਤੁੱਲ ਬੀ ਨਹੀਂ ਜਾਣਦੇ ਸਨ। ਜੀ ਆਇਆ ਮਾਰ ਸਿਟਿਆ, ਜੀ ਆਇਆ ਦਾਸ ਬਣਾ ਲਿਆ, ਜੀ ਆਇਆ ਕਰੜੇ ਕੰਮੀਂ ਜੋ ਲਿਆ, ਜੀ ਆਇਆ ਪਸ਼ੂਆਂ ਵਾਂਙ ਵੇਚ ਛੱਡਿਆ*। ਐਸੇ ਜ਼ਾਲਮ ਵਿਦੇਸ਼ੀ ਪਾਤਸ਼ਾਹਾਂ ਨਾਲ ਲੜ ਲੜਕੇ ਸਿੱਖ ਬਹਾਦਰਾਂ ਨੇ ਆਪਣਾ ਆਪ ਕੁਰਬਾਨ ਕਰ ਕਰਕੇ ਦੇਸ਼ ਨੂੰ ਉਨ੍ਹਾਂ ਤੋਂ ਸਾਫ਼ ਕੀਤਾ ਸੀ।

-0-

12 ਕਾਂਡ ।

ਇਕ ਦਿਨ ਦੀ ਗੱਲ ਹੈ ਕਿ ਖ਼ਾਂ ਸਾਹਿਬ ਰਾਤ ਕਿਤੇ ਦੌਰੇ ਬਾਹਰ ਗਏ, ਘਰ ਦੇ ਨੌਕਰ ਚਾਕਰ ਸਭ ਸੌਂ ਗਏ। ਫ਼ਾਤਮਾਂ ਆਪਣੇ ਕਮਰੇ ਵਿਚ ਲੰਮੀ ਪਈ ਹੋਈ ਸੀ, ਪਹਿਲੇ ਤਾਂ ਨੀਂਦ ਨੇ ਦਰਸ਼ਨ ਨਾ ਦਿੱਤਾ, ਪਰ ਜਦ ਛੇਕੜ ਆਈ ਹੀ ਤਾਂ ਫ਼ਾਤਮਾਂ ਐਸੀ ਗੁੱਟ ਗਈ ਕਿ ਉਸਨੂੰ ਨੀਂਦ ਦੀ ਖ਼ਬਰ ਹੀ ਨਾ ਰਹੀ। ਨੀਂਦ ਨੇ ਆਕੇ ਉਸ ਨੂੰ ਥਾਪੜਿਆ, ਅੱਖਾਂ ਦੇ ਛੱਪਰ ਮੇਲ ਦਿੱਤੇ, ਝੋਲੀ ਵਿਚ ਪਾ ਕੇ ਸੁਆਲ ਲਿਆ। ਸੁੱਤੀ ਪਈ ਕੀ ਦੇਖਦੀ ਹੈ ਕਿ ਮੈਨੂੰ ਨੀਂਦਰ ਨਹੀਂ ਪੈਂਦੀ ਤੇ ਘਾਬਰਕੇ ਸਿਰ ਪਟਕਦੀ ਹਾਂ; ਫੇਰ ਰੋਂਦੀ ਹਾਂ ਤੇ ਕਹਿੰਦੀ ਹਾਂ ਕਿ ਹੇ ਸਤਵੰਤ ਕੌਰ ! ਤੂੰ ਕਿੱਕੁਰ ਐਡੀ ਨਿਰਮੋਹੀ ਹੋ ਗਈ? ਤੂੰ ਮੇਰੀ ਨੀਂਦਰ ਤੇ ਭੁੱਖ ਬੀ ਨਾਲ ਹੀ ਲੈ ਗਈ; ਇਹ ਕਹਿੰਦੀ ਕਹਿੰਦੀ ਰੋ ਪਈ। ਰੋਂਦੀ ਰੋਂਦੀ ਕੀ ਦੇਖਦੀ ਹੈ ਕਿ ਚੰਦ ਦੀ ਚਾਂਦਨੀ ਕੱਠੀ ਹੁੰਦੀ ਜਾਂਦੀ ਹੈ ਅਰ ਇਕ ਪੁਤਲਾ ਜਿਹਾ ਬਣਾਈ ਜਾਂਦੀ ਹੈ। ਸਹਿਜੇ ਸਹਿਜੇ ਕੀ ਹੋਯਾ ਕਿ ਉਹ ਚਾਂਦਨੀ ਤੀਵੀਂ ਬਣ ਗਈ ਅਰ ਅੰਤ ਫ਼ਾਤਮਾਂ ਨੇ ਕੀ ਪਛਾਣਿਆ ਕਿ ਉਹ ਤਾਂ ਸਤਵੰਤ ਕੌਰ ਹੈ। ਸਤਵੰਤ ਕੌਰ ਨੇ ਆ ਕੇ ਮੋਢਾ ਹਿਲਾਯਾ ਤਾਂ ਫ਼ਾਤਮਾਂ ਜਾਗ ਪਈ ਸੱਚ ਮੁਚ ਜਾਗ ਪਈ ਤੇ ਕੀ ਦੇਖਦੀ ਹੈ ਕਿ ਸੱਚ ਮੁਚ ਸਤਵੰਤ ਕੌਰ ਸਿਰਹਾਣੇ ਬੈਠੀ ਹੈ । ਉਹ ਹੱਕੀ ਬੱਕੀ ਰਹਿ ਗਈ। ਚਾਰ ਚੁਫੇਰੇ ਤੱਕੇ, ਦੀਵੇ ਨੂੰ ਦੇਖੇ ਆਪਣੇ ਹੱਥਾਂ ਪੈਰਾਂ ਨੂੰ ਵੇਖੇ ਕਿ ਸੁਪਨਾ ਹੈ ਕਿ ਸਾਮਰਤੱਖ ਹੈ। ਕਦੀ ਡੌਰ ਭੌਰੀ ਹੋ ਕੇ ਅੱਖਾਂ ਮੀਟ ਲਵੇ। ਛੇਕੜ ਸਤਵੰਤ ਕੌਰ ਨੇ ਕਿਹਾ ਫ਼ਾਤਮਾ ! ਘਬਰਾ ਨਹੀਂ, ਤੂੰ ਸੁਪਨਾ ਨਹੀਂ ਦੇਖਦੀ, ਜਾਗਦੀ ਹੈਂ, ਅਰ ਮੈਂ ਸੁਪਨੇ ਦੀ ਦੇਵੀ ਨਹੀਂ, ਸਤਵੰਤ ਕੌਰ ਤੇਰੇ ਕੋਲ ਬੈਠੀ ਹਾਂ । ਹੁਣ ਤਾਂ ਬੇਵਸ ਹੋ ਕੇ ਫ਼ਾਤਮਾਂ ਨੇ ਜੱਫੀ ਪਾ ਲਈ ਅਰ ਦੋਵੇਂ ਜਣੀਆਂ ਇਕ ਦੂਜੇ ਨੂੰ ਚੰਬੜ ਗਈਆਂ।

ਐਨੇ ਚਿਰ ਮਗਰੋਂ ਅਚਾਨਕ ਸਤਵੰਤ ਕੌਰ ਦਾ ਫ਼ਾਤਮਾਂ ਨੂੰ ਮਿਲ ਪੈਣਾ ਇਕ ਭਾਰਾ ਅਚੰਭਾ ਸੀ, ਉਹ ਅਚਰਜ ਸੀ ਕਿ ਉਹ ਕਿਥੇ ਰਹੀ, ਕਿਥੋਂ ਆਈ ਅਰ ਕੀ ਕਾਰਨ ਉਸਨੂੰ ਖਿੱਚਕੇ ਲਿਆਇਆ, ਪਰ ਸਤਵੰਤ ਕੌਰ ਨੇ ਉਹਦੀ ਪਹਿਲੀ ਹਰਿਆਨੀ ਦੇ ਉਡ ਜਾਣ ਦੇ ਮਗਰੋਂ ਹਿਤ ਪਿਆਰ ਦੀ ਪੋਥੀ ਨਹੀਂ ਖੋਲ੍ਹੀ, ਕੇਵਲ ਏਨੀ ਗੱਲ ਹੀ ਕਹੀ ਕਿ ਉਸ ਰਸਤਿਓਂ ਬਾਹਰ ਕਿਸੇ ਕੰਮ ਗਈ ਸਾਂ ਅਰ ਆਪਣੇ ਵਤਨ ਪਹੁੰਚਨੇ ਦੇ ਫਿਕਰ ਵਿਚ ਸਾਂ ਕਿ ਤੁਹਾਡੇ ਘਰ ਵਿਚ ਮੁਸੀਬਤ ਪਹੁੰਚਦੀ ਵੇਖਕੇ ਜਿੰਦ ਹੂਲਕੇ ਅਰ ਬੜੀ ਮੁਸ਼ਕਲ ਨਾਲ ਉਹੋ ਪੁਰਾਣਾ ਰਸਤਾ ਲੱਭਕੇ ਸੁਰੰਗ ਦੇ ਰਸਤੇ ਥਾਣੀਂ ਫਿਰ ਆਈ ਹਾਂ। ਲੈ ਹੁਣ ਤਕੜੀ ਹੋ; ਸੋਚਾਂ ਦਾ ਵੇਲਾ ਨਹੀਂ, ਕੁਝ ਕਰਨੇ ਦਾ ਵੇਲਾ ਹੈ। ਤੇਰੀ ਸੌਂਕਣ ਇਕ ਡਾਕੂ ਦੇ ਨਾਲ ਰਲ ਗਈ ਹੈ ਅਰ ਅੱਜ ਰਾਤ ਨੂੰ ਤੇਰੇ ਪਤੀ ਦੇ ਨਾ ਹੋਣ ਕਰਕੇ ਤੇਰੇ ਘਰ ਲੁੱਟਣੇ ਅਰ ਤੈਨੂੰ ਬਦੋਬਦੀ ਚੁੱਕ ਲਿਜਾਣੇ ਦਾ ਬਾਨ੍ਹਣੂ ਬੱਝ ਗਿਆ ਹੈ। ਜਿਸ ਵੇਲੇ ਅੱਧੀ ਰਾਤ ਦੇ ਮਗਰੋਂ ਪੰਜਵੀਂ ਘੜੀ ਵੱਜੇਗੀ, ਅਚਾਨਕ ਤੇਰੀ ਗੋਲੀ ਹਸਨਾ ਬੂਹਾ ਖੋਲ੍ਹ ਦੇਵੇਗੀ, ਚੋਰ ਅੰਦਰ ਆ ਜਾਣਗੇ ਅਰ ਘਰ ਲੁੱਟ ਕੇ ਤੈਨੂੰ ਚੁੱਕ ਲੈ ਜਾਣਗੇ ਅਰ ਕੰਨੋ ਸੰਨੇ ਕਿਸੇ ਨੂੰ ਪਤਾ ਨਹੀਂ ਲੱਗਣਾ, ਕਿਉਂਕਿ ਤੈਨੂੰ ਲੈਕੇ ਓਨ੍ਹਾਂ ਸ਼ਹਿਰ ਦੇ ਵਿਚ ਹੀ ਸੌਂਕਣ ਤੇਰੀ ਦੇ ਘਰ ਗੁੰਮ ਹੋ ਜਾਣਾ ਹੈ ਅਰ ਉਥੋਂ ਫੇਰ ਸਹਿਜ ਨਾਲ ਨਿਕਲਕੇ ਹੋਰ ਰਾਹ ਫੜਨਗੇ।

ਫ਼ਾਤਮਾਂ ਘਾਬਰੀ, ਡੋਲੀ ਡਰੀ ਤੇ ਚੱਕਰ ਜਿਹਾ ਖਾ ਕੇ ਭਚੱਕ ਰਹਿ ਗਈ, ਪਰ ਦਲੇਰ ਸਤਵੰਤ ਕੌਰ ਨੇ ਪਿਆਰ ਨਾਲ ਚੂੰਢੀ ਵੱਢਕੇ ਕਿਹਾ:- ਤਕੜੀ ਹੋ ! ਪਠਾਣੀ ਹੋ ਕੇ ਐਸ ਤਰ੍ਹਾਂ ਹਿਰਾਸੀ? ਉਠ ਛੇਤੀ ਕਰ ਅਰ ਉਸ ਗੋਲੀ ਨੂੰ ਗੁਪਤ ਕੋਠੜੀ ਵਿਚ ਲਿਜਾਕੇ ਬਿਠਾ ਦੇਹ ਅਰ ਬੂਹਾ ਮਾਰ ਦੇਹ ਫੇਰ ਜੀਲਾਨੀ ਨੌਕਰ ਨੂੰ ਜਗਾ ਕੇ ਕੁਤਵਾਲੀ ਭੇਜ ਕਿ ਉਥੋਂ ਦਸ ਅਹਿਦੀਏ ਆ ਜਾਣ ਅਰ ਰਾਤ ਭਰ ਮਕਾਨ ਉਤੇ ਪਹਿਰਾ ਦੇਣ। ਕੁਤਵਾਲ ਭਾਵੇਂ ਤੇਰੇ ਪਤੀ ਦਾ ਮੇਲੀ ਹੈ ਪਰ ਪੰਜਾਹ ਕੁ ਰੁਪੱਯੇ ਨਾਲ ਭੇਜ ਦੇਵੇਂ ਤਾਂ ਛੇਤੀ ਕੰਮ ਕਰੇਗਾ, ਪਰ ਠਹਿਰ ਜ਼ਰਾ ਦਮ ਲੈ। ਹੱਛਾ ਜਾਹ, ਪਹਿਲੇ ‘ਹਸਨਾਂ ਨੂੰ ਕਾਬੂ ਕਰ, ਫੇਰ ਮੈਂ ਕੁਝ ਹੋਰ ਸੋਚਦੀ ਹਾਂ।

ਫ਼ਾਤਮਾਂ ਗਈ ਹਸਨਾ ਨੂੰ ਜਗਾਇਆ, ਉਹ ਸੁੱਤੀ ਹੋਈ ਤਾਂ ਸੀ ਨਹੀਂ ਘੜੀਆਂ ਗਿਣ ਰਹੀ ਸੀ, ਪਰ ਮਚਲੀ ਜੇਹੀ ਹੋ ਕੇ ਜਾਗੀ। ਫ਼ਾਤਮਾਂ ਨੇ ਕਿਹਾ ‘ਹਸਨਾ ! ਤੂੰ ਅੱਜ ਬੜੀ ਛੇਤੀ ਸੌਂ ਗਈ ਦੁੱਧ ਨਹੀਂ ਰੱਖ ਆਈ, ਕਾਕਾ ਰੋਂਦਾ ਤੇ ਦੁੱਧ ਮੰਗਦਾ ਹੈ।’ ਹਸਨਾ ਉਠੀ, ਦੇਖੇ ਤਾਂ ਦੁੱਧ ਦਾ ਗਲਾਸ ਬਾਵਰਚੀਖ਼ਾਨੇ ਹੀ ਪਿਆ ਹੈ, ਸੱਚ ਮੁਚ ਆਪਣੇ ਪਾਪਾਂ ਦੀ ਧੁਨ ਵਿਚ ਦੁੱਧ ਭੁੱਲ ਗਈ ਸੀ। ਸੁਆਣੀ ਦੇ ਕਹੇ ਦੁੱਧ ਦਾ ਛੰਨਾ ਚੁੱਕ ਕੇ ਮਗਰ ਹੋ ਤੁਰੀ। ਫ਼ਾਤਮਾਂ ਉਸ ਨੂੰ ਇਕ ਗੁਪਤ ਕੋਠੜੀ ਵਲ ਲੈ ਗਈ ਅਰ ਬੋਲੀ : ਦੁੱਧ ਮੈਨੂੰ ਫੜਾ ਦੇ ਤੇ ਦੋ ਪੌੜੀਆਂ ਹੇਠਾਂ ਉਤਰ ਕੇ ਹੇਠਲੇ ਚੁਬੱਚੇ ਵਿਚੋਂ ਗਹਿਣੇ ਦੀ ਡੱਬੀ ਚੁਕ ਲਿਆ, ਮੈਂ ਸਿਰ੍ਹਾਣੇ ਰੱਖਕੇ ਸਵਾਂਗੀ, ਅੱਜ ਘਰ ਇਕੱਲਾ ਹੈ। ਕਾਹਲੀ ਕਾਹਲੀ ਹਸਨਾ ਹੇਠਾਂ ਉਤਰੀ। ਫ਼ਾਤਮਾਂ ਅਜੇ ਤੱਕਦੀ ਹੀ ਸੀ ਕਿ ਸਤਵੰਤ ਆ ਪਹੁੰਚੀ ਅਰ ਉਸ ਨੇ ਚੁਬੱਚੇ ਦਾ ਲੋਹੇ ਦਾ ਬੂਹਾ ਉਤੇ ਸੁੱਟਕੇ ਜੜ ਦਿਤਾ ਅਰ ਆਪ ਉਹਲੇ ਹੋ ਗਈ। ਹਸਨਾ ਨੇ ਸਤਵੰਤ ਨਹੀਂ ਦੇਖੀ, ਪਰ ਹਸਨਾ ਨੇ ਅਚਾਨਕ ਆਪਣੇ ਆਪ ਨੂੰ ਕੈਦੀ ਪਾਇਆ। ਫ਼ਾਤਮਾ ਬੋਲੀ : ਹਸਨਾ ! ਨਿਮਕ ਹਰਾਮੀ ਦਾ ਆਨੰਦ ਇਥੇ ਬੈਠਕੇ ਤੂੰ ਤਾਂ ਭੋਗ ਤੇ ਬਾਕੀਆਂ ਦਾ ਬੰਦੋਬਸਤ ਮੈਂ ਹੁਣ ਕਰਦੀ ਹੈ।

ਉਧਰੋਂ ਆ ਕੇ ਸਤਵੰਤ ਨੇ ਫ਼ਾਤਮਾਂ ਨੂੰ ਕਿਹਾ ਕਿ ਕੁਤਵਾਲ ਨੂੰ ਖ਼ਬਰ ਕਰਨੀ ਚੰਗੀ ਨਹੀਂ, ਮੈਨੂੰ ਸ਼ੱਕ ਹੁੰਦਾ ਹੈ ਕਿ ਡਾਕੂ ਅਹਿ ਦੀਆਂ (ਸਿਪਾਹੀਆਂ) ਨਾਲ ਰਲੇ ਹੋਏ ਹੋਣੇ ਹਨ, ਉਨ੍ਹਾਂ ਦੀ ਮਦਦ ਲੈਣੀ ਠੀਕ ਨਹੀਂ ਤੇ ਘਰ ਦੇ ਹੋਰ ਨੌਕਰਾਂ ਨੂੰ ਜਗਾ ਲੈਣਾ ਚਾਹੀਦਾ ਹੈ, ਕੋਈ ਐਸਾ ਤਾਂ ਨਹੀਂ ਕਿ ਜਿਸ ਪਰ ਸ਼ੱਕ ਹੋਵੇ? ਫ਼ਾਤਮਾਂ ਨੇ ਦੱਸਿਆ ਕਿ ਇਨ੍ਹਾਂ ਵਿਚ ਤਾਂ ਐਸਾ ਕੋਈ ਨਹੀਂ ਹੈ, ਪਰ ਜਿੱਕੁਰ ਤੁਸੀਂ ਕਹੋ। ਸਤਵੰਤ ਆਪ ਸਭਨਾਂ ਨੂੰ ਜਾਣਦੀ ਸੀ, ਅਰ ਉਨ੍ਹਾਂ ਦੀ ਈਮਾਨਦਾਰੀ ਪਰ ਭਰੋਸਾ ਰੱਖਦੀ ਸੀ, ਇਸ ਲਈ ਇਹ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਜਗਾ ਦੇਹ ਅਰ ਕੈਹ ਸਾਰੇ ਉਠਕੇ ਕੰਮ ਧੰਦੇ ਲੱਗ ਪੈਣ, ਦੀਵੇ ਬਾਲ ਦੇਣ ਅਰ ਗੱਲਾਂ ਬਾਤਾਂ ਕਰਨ ਤੇ ਭਾਂਡਿਆਂ ਦਾ ਖੜਾਕ ਰੱਖਣ ਤੇ ਭੇਤ ਉਨ੍ਹਾਂ ਨੂੰ ਨਾ ਦੱਸੀਂ, ਕੇਵਲ ਇੰਨੀ ਗੱਲ ਆਖ ਕਿ ਮੇਰਾ ਜੀ ਡਰਦਾ ਹੈ ਤੁਸੀਂ ਘਰ ਵਿਚ ਰੌਣਕ ਰਖੋ, ਚਾਨਣਾ ਕਰ ਦਿਓ ਜੋ ਚਹਿਲ ਪਹਿਲ ਬਣੀ ਰਹੇ। ਬਾਹਰਲੇ ਦੋਹਾਂ ਬੂਹਿਆਂ ਨੂੰ ਪਹਿਲਾਂ ਅੰਦਰੋਂ ਜੰਦਰੇ ਮਾਰ ਲੈ ਤੇ ਮੈਨੂੰ ਹਥਯਾਰਾਂ ਵਾਲੇ ਅੰਦਰ ਜਾਣ ਦੇਹ। ਤੂੰ ਕਿਸੇ ਗੋਲੀ ਨੂੰ ਨਾਲ ਲੈ ਕੇ ਬੈਠੀ ਗੱਲਾਂ ਬਾਤਾਂ ਕਰਦੀ ਰਹੁ। ਜਦ ਦਿਲ ਉਦਾਸ ਹੋਵੀ, ਉਸ ਵੇਲੇ ਬਹਾਨੇ ਨਾਲ ਮੇਰੇ ਵੱਲ ਆ ਜਾਵੀਂ ਤੇ ਜੇ ਮੈਨੂੰ ਲੋੜ ਹੋਈ ਤਦ ਮੈਂ ਅੰਦਰੋਂ ਚੂਹੇ ਦੇ ਕੁਤਰਨ ਵਰਗਾ ਖੜਾਕ ਕਰੂੰ, ਤੂੰ ਚੁਪਾਤੇ ਮੇਰੇ ਅੰਦਰ ਆ ਵੜੀਂ, ਇੰਨੇ ਚਿਰ ਵਿਚ ਮੈਂ ਕੋਈ ਬੰਦੂਕ ਤਿਆਰ ਕਰ ਲਵਾਂਗੀ। ਸੋ ਸਤਵੰਤ ਕੌਰ ਦੇ ਕਹੇ ਮੂਜਬ ਫ਼ਾਤਮਾਂ ਨੇ ਕੀਤਾ। ਨੌਕਰ ਇਸ ਭੋਲੀ ਭਾਲੀ ਸੁਆਣੀ ਪਰ ਖ਼ੁਸ਼ ਸਨ, ਉਨ੍ਹਾਂ ਨੂੰ ਸੰਸਾ ਬੀ ਨਾ ਪਿਆ ਕਿ ਕੋਈ ਮਾੜੀ ਗੱਲ ਹੋਈ ਜਾਂ ਹੋਣ ਵਾਲੀ ਹੈ। ਸੁਆਣੀ ਦਾ ਹੁਕਮ ਪਾ ਕੇ ਸਾਰੇ ਉਠ ਬੈਠੇ। ਦੀਵੇ ਜਗ ਗਏ ਅਰ ਘਰ ਵਿਚ ਗਹਿਮਾ ਗਹਿਮ ਹੋ ਗਈ। ਗੱਲਾਂ ਬਾਤਾਂ ਤੇ ਹੋਰ ਰੌਣਕ ਦੇ ਕਾਰਣ ਐਉਂ ਪ੍ਰਤੀਤ ਦੇਵੇ ਕਿ ਅਜੇ ਰਾਤ ਦੇ ਕੰਮੋਂ ਵਿਹਲੇ ਹੀ ਨਹੀਂ ਹੋਏ। ਇਸ ਪ੍ਰਕਾਰ ਜਦ ਅੱਧੀ ਰਾਤ ਟੱਪੀ, ਤਾਂ ਡਾਕੂ ਬਾਹਰ ਆਏ, ਉਹ ਸਾਰੇ ਘਰ ਨੂੰ ਜਾਗਦਿਆਂ ਮਲੂਮ ਕਰਕੇ ਬਹੁਤ ਅਚੰਭਾ ਹੋਏ। ਲੱਗੇ ਉਡੀਕ ਕਰਨ ਕਿ ਹੁਣ ਸੌਂਦੇ ਹਨ ਪਰ ਉਥੇ ਸੌਂਦਾ ਕੌਣ? ਉਹ ਬਾਹਰ ਖੜੇ ਅੱਕ ਗਏ ਕਿ ਹਸਨਾ ਨੇ ਸਾਡੇ ਨਾਲ ਧ੍ਰੋਹ ਕੀਤਾ, ਜਾਂ ਖ਼ਾਂ ਸਾਹਿਬ ਮੁੜ ਆਏ, ਜਾਂ ਸਾਡੀ ਖ਼ਬਰ ਹੋ ਗਈ, ਪਰ ਕੁਝ ਹੀ ਹੋਵੇ ਇੰਨਾ ਤਾਂ ਜ਼ਰੂਰ ਸੀ ਕਿ ਹਸਨਾ ਕਿਸੇ ਬਹਾਨੇ ਬਾਹਰ ਆਕੇ ਸਾਨੂੰ ਪਤਾ ਤਾਂ ਦੇ ਜਾਂਦੀ। ਹਸਨਾ ਨਾਲ ਉਨ੍ਹਾਂ ਨੇ ਆਪਣੇ ਆਉਣੇ ਦੀ ਖ਼ਬਰ ਦੇਣ ਦਾ ਇਹ ਢੰਗ ਨਿਯਤ ਕੀਤਾ ਸੀ ਕਿ ਅਸੀਂ ਉੱਲੂ ਬੋਲੀ ਬੋਲਾਂਗੇ। ਸੋ ਵਿਚਾਰੇ ਕਈ ਵਾਰ ਉੱਲੂ ਬੋਲੀ ਬੋਲ ਚੁਕੇ, ਲੋਹੇ ਦੇ ਜੰਗਲੇ ਵਿਚ ਬੈਠੀ ਹਸਨਾ ਉੱਲੂਆਂ ਦੀਆਂ ਅਵਾਜ਼ਾਂ ਕਿਥੋਂ ਸੁਣਦੀ? ਪਰ ਘੜੀ ਮੁੜੀ ਇਹ ਧ੍ਯਾਨਕ ਸ਼ਬਦ ਸੁਣਕੇ ਫ਼ਾਤਮਾਂ ਦਾ ਕਲੇਜਾ ਬੈਠਦਾ ਜਾਂਦਾ ਸੀ, ਅੰਤ ਘਾਬਰਕੇ ਸਤਵੰਤ ਦੇ ਕਮਰੇ ਗਈ। ਕੀ ਦੇਖਦੀ ਹੈ ਕਿ ਉਹ ਬਾਹਰ ਰੁਖ਼ੇ ਇਕ ਨਿੱਕੇ ਕਮਰੇ ਵੱਲ ਲੁਕੀ ਬੈਠੀ/ ਹੈ ਤੇ ਝਰਨੇ ਵਿਚ ਇਕ ਬੰਦੂਕ ਦਾ ਮੂੰਹ ਰੱਖਕੇ ਟਕ ਲਾਈ ਤੱਕਦੀ ਹੈ। ਫ਼ਾਤਮਾਂ ਨੇ ਕਿਹਾ ਕੀ ਦੇਖਦੇ ਹੋ? ਸਤਵੰਤ ਕੌਰ ਬੋਲੀ ਕੁਝ ਨਹੀਂ ਤੁਹਾਡੇ ਡਾਕੂਆਂ ਦੇ ਕਰਤਬ ਦੇਖ ਰਹੀ ਹਾਂ। ਫ਼ਾਤਮਾਂ ਨੇ ਬੜੇ ਸ਼ੌਕ ਨਾਲ ਝਰਨੇ ਵਿਚ ਮੂੰਹ ਕਰਕੇ ਬਾਹਰ ਡਿੱਠਾ ਤਾਂ ਹਨੇਰੇ ਵਿਚ ਪੰਜ ਛੇ ਦੇਉ ਵਰਗੇ ਜੁਆਨ ਡਿੱਠੇ ਅਰ ਡਰ ਖਾਕੇ ਪਿੱਛੇ ਹਟ ਗਈ। ਸਤਵੰਤ ਕੌਰ ਨੇ ਕਿਹਾ- ਬੀਬੀ ਜੀ ! ਤੁਸੀਂ ਅਰਮਾਨ ਨਾਲ ਆਪਣੀ ਥਾਂ ਜਾ ਬੈਠੋ, ਮੈਂ ਇਥੇ ਮੋਰਚਾ ਲਾਈ ਬੈਠੀ ਹਾਂ। ਜੇ ਇਨ੍ਹਾਂ ਡਾਕੂਆਂ ਨੇ ਰਤਾ ਹਲਚਲ ਕੀਤੀ ਤਾਂ ਗੋਲੀ ਸਰ ਕਰ ਦਿਆਂਗੀ। ਤੁਹਾਡੇ ਅੰਦਰ ਛੀ ਬੰਦੂਕਾਂ ਸਨ, ਮੈਂ ਛੀਏ ਭਰ ਰੱਖੀਆਂ ਹਨ, ਸੋਈ ਏਹ ਪੰਜ ਸੱਤ ਆਦਮੀ ਹਨ, ਇਨ੍ਹਾਂ ਦਾ ਕੰਮ ਕਰ ਲਵਾਂਗੀ। ਸਤਵੰਤ ਕੌਰ ਦੀ ਬਹਾਦਰੀ ਤੇ ਹੌਂਸਲਾ ਦੇਖਕੇ ਫ਼ਾਤਮਾਂ ਦਿਲ ਹੀ ਦਿਲ ਵਿਚ ਅਚੰਭਾ ਹੋ ਰਹੀ ਸੀ ਕਿ ਐਸੀ ਦਿਲ ਵਾਲੀ ਲੜਕੀ ਕੈਦ ਕਿੱਕੂਰ ਹੋ ਗਈ ਅਰ ਇਥੇ ਕਿੱਕੁਰ ਆ ਕੇ ਬਲਦਾਂ ਵਾਂਗ ਵਿਕੀ ! ਇਹ ਤਾਂ ਕਿਤੇ ਰਾਣੀ ਹੋਣੀ ਚਾਹੀਦੀ ਸੀ, ਕੈਸੀ ਨਿਡਰ ਅਰ ਸਾਹਸ ਵਾਲੀ ਹੈ ! ਮੇਰੇ ਤਾਂ ਹੱਥਾਂ ਦੇ ਤੋਤੇ ਉਡਦੇ ਤੇ ਪੈਰਾਂ ਦੀ ਮਿੱਟੀ ਨਿਕਲਦੀ ਜਾਂਦੀ ਹੈ, ਪਰ ਇਹ ਤੋਪਖਾਨਾ ਬੀੜੀ ਬੈਠੀ ਹੈ। ਮੇਰੇ ਘਰ ਸਭ ਕੁਝ ਹੈ, ਪਰ ਮੇਰੀ ਥੁੜ-ਦਿਲੀ ਮੈਨੂੰ ਕੁਝ ਨਹੀਂ ਕਰਨ ਦਿੰਦੀ। ਇਹੋ ਜਿਹੀਆਂ ਸੋਚਾਂ ਸੋਚਦੀ ਫ਼ਾਤਮਾਂ ਗੋਲੀਆਂ ਵਿਚ ਜਾ ਬੈਠੀ।

ਉਧਰ ਜਦ ਡਾਕੂ ਅੱਕ ਗਏ ਤਦ ਇਹ ਸਲਾਹ ਕੀਤੀ ਕਿ ਬੂਹਾ ਭੰਨ ਕੇ ਅੰਦਰ ਵੜ ਚੱਲੋ, ਕਿਉਂਕਿ ਇਸ ਵੇਲੇ ਦੋ ਡਾਕੂ ਹੋਰ ਆ ਮਿਲੇ ਸਨ ਜੋ ਇਸ ਗੱਲ ਦੀ ਪੱਕੀ ਖ਼ਬਰ ਲੈ ਆਏ ਸਨ ਕਿ ਖ਼ਾਂ ਸਾਹਿਬ ਅਜੇ ਬਾਹਰ ਦੌਰੇ ਪਰ ਹੀ ਹਨ। ਜਦ ਉਨ੍ਹਾਂ ਨੇ ਬੂਹੇ ਨੂੰ ਹੁੱਝ ਦਿੱਤੀ, ਤਦ ਫ਼ਾਤਮਾਂ ਡਰੀ ਕਿ ਬੱਸ ਹੁਣ ਆ ਵੜੇ ਮੈਂ ਕੀ ਕਰਾਂਗੀ? ਨੌਕਰ ਬੀ ਸਾਰੇ ਕੋਈ ਬੂਹੇ ਵੱਲ ਕੋਈ ਸੁਆਣੀ ਵੱਲ ਦੌੜੇ, ਪਰ ਘਰ ਦੇ ਕਿਲ੍ਹੇ ਵਿਚ ਡਟੀ ਬੈਠੀ ਸਤਵੰਤ ਨੇ ਝਰਨੇ ਵਿਚੋਂ ਹੀ ਫ਼ਾਰਸੀ ਬੋਲੀ ਤੇ ਅਫ਼ਗਾਨੀ ਲਹਿਜੇ ਵਿਚ ਲਲਕਾਰਾ ਦਿੱਤਾ ‘ਕਿਉਂ ਮੌਤ ਦੇ ਮੂੰਹ ਛਾਲ ਮਾਰਦੇ ਹੋ? ਇਹ ਆਵਾਜ਼ ਸੁਣ ਕੇ ਡਾਕੂ ਡਰਨ ਦੀ ਥਾਂ ਭੂਹੇ ਹੋ ਗਏ ਅਰ ਇਕੋ ਵਾਰ ਹਮਲਾ ਕਰਕੇ ਬੂਹੇ ਨੂੰ ਪਏ। ਉਧਰੋਂ ਉਹ ਬੂਹੇ ਨੂੰ ਪਏ, ਇਧਰੋਂ ਸਤਵੰਤ ਕੌਰ ਦੀ ਬੰਦੂਕ ਸਰ ਹੋਈ, ਅਰ ਗੋਲੀ ਠਾਹ ਕਰਦੀ ਇਕ ਡਾਕੂ ਦੀ ਲੱਤ ਤੇ ਵੱਜੀ ਜੋ ਢਹਿ ਪਿਆ, ਬਾਕੀ ਦੇ ਤ੍ਰਬਕ ਕੇ ਰਹਿ ਗਏ, ਏਧਰ ਉਧਰ ਦੇਖਣ, ਪਰ ਪਤਾ ਨਾ ਲੱਗੇ। ਹੁਣ ਉਨ੍ਹਾਂ ਨੇ ਰੋਸ਼ਨੀ ਕਰ ਲਈ, ਕਿਉਂਕਿ ਕੁਤਵਾਲ ਨਾਲ ਮਿਲੇ ਹੋਏ ਹੋਣੇ ਕਰਕੇ ਉਨ੍ਹਾਂ ਦਾ ਡਰ ਭੈ ਦੂਰ ਹੋ ਚੁੱਕਾ ਹੋਇਆ ਸੀ, ਪਰ ਉਨ੍ਹਾਂ ਨੂੰ ਅਚੰਭਾ ਇਹੋ ਹੋ ਰਿਹਾ ਸੀ ਕਿ ਗੋਲੀ ਕਿਧਰੋਂ ਆ ਵੱਜੀ? ਹੁਣ ਦੋ ਜਣੇ ਤਾਂ ਬੰਦੂਕਾਂ ਭਰਕੇ ਰਾਖੀ ਖੜੋ ਗਏ ਤੇ ਬਾਕੀ ਦੇ ਬੂਹਾ ਭੰਨਣ ਲੱਗੇ ਪਰ ਫੇਰ ਉਪਰੋਂ ਬੰਦੂਕ ਚੱਲੀ ਅਰ ਇਕ ਹੋਰ ਦੀ ਬਾਂਹ ਵਿਚ ਐਸੀ ਲੱਗੀ ਕਿ ਬਾਂਹ ਨਿਕਾਰੀ ਹੋ ਗਈ। ਹੁਣ ਉਨ੍ਹਾਂ ਨੇ ਬੀ ਕੰਧ ਵਲ ਬੰਦੂਕ ਸਰ ਕੀਤੀ ਪਰ ਉਹ ਉਪਰ ਨੂੰ ਗਈ। ਇਸ ਵੇਲੇ ਸਤਵੰਤ ਕੌਰ ਕੋਲ ਕੰਬਦੀ ਕੰਬਦੀ ਤੇ ਹਿਰਾਸੀ ਹੋਈ ਹੋਈ ਫ਼ਾਤਮਾਂ ਆਈ ਸਤਵੰਤ ਨੂੰ ਬੀਰ ਰਸ ਵਿਚ ਮੱਤੀ ਡਟੀ ਬੈਠੀ ਨੂੰ ਦੇਖਕੇ ਕੁਝ ਬੋਲੀ, ਪਰ ਸਤਵੰਤ ਨੇ ਨਾ ਸਮਝਿਆ ਪਰ ਸਤਵੰਤ ਨੇ ਕਿਹਾ ਕਿ ਨੌਕਰ ਤੇਰੇ ਹੁਣ ਸਮਝ ਤਾਂ ਗਏ ਹਨ ਕਿ ਬਾਹਰ ਡਾਕੂ ਹਨ, ਉਨ੍ਹਾਂ ਨੂੰ ਕਹੁ ਦੂਜੇ ਪਾਸੇ ਬਾਵਰਚੀ ਖ਼ਾਨੇ ਦੇ ਝਰੋਖੇ ਵਿਚੋਂ ਦੋ ਚਾਰ ਤੀਰ ਚਲਾ ਦੇਣ, ਤੀਰ ਕਮਾਨ ਐਥੋਂ ਲੈ ਜਾਹ। ਗੱਲ ਕੀ ਥਿਬਕਦੀ ਪਰ ਕਾਹਲੀ ਕਾਹਲੀ ਫ਼ਾਤਮਾਂ ਨੇ ਇਹੋ ਕੀਤਾ। ਉਧਰ ਸਤਵੰਤ ਨੇ ਬਾਕੀ ਚਾਰ ਬੰਦੂਕਾਂ ਉਪਰੋਥਲੀ ਸਰ ਕਰ ਦਿੱਤੀਆਂ। ਉਹ ਉਨ੍ਹਾਂ ਦੇ ਵਿਚ ਪਈਆਂ ਅਰ ਚੌਹਾਂ ਨੂੰ ਜ਼ਖਮੀ ਕਰ ਗਈਆਂ, ਉਧਰੋਂ ਦੂਜੇ ਪਾਸਿਓਂ ਪੰਜ ਚਾਰ ਤੀਰ ਕੋਈ ਬੇਨਿਸ਼ਾਨੇ ਤੇ ਕੋਈ ਨਿਸ਼ਾਨੇ ਆ ਡਿੱਗੇ। ਇਸ ਤੋਂ ਡਾਕੂ ਸਮਝ ਗਏ ਕਿ ਅੰਦਰ ਦਸ ਵੀਹ ਆਦਮੀ ਹਨ, ਇਕ ਦੋਂਹ ਦਾ ਕੰਮ ਨਹੀਂ, ਕਿਉਂਕਿ ਉਸ ਸਮੇਂ ਬੰਦੂਕ ਭਰਨੀ ਤੇ ਛੇਤੀ ਛੇਤੀ ਚਲਾਉਣੀ ਕਠਨ ਹੁੰਦੀ ਸੀ। ਨਾਲੇ ਦੋ ਰੁਖ਼ਾਂ ਤੋਂ ਦੋ ਮਾਰਾਂ ਪਈਆਂ ਇਹ ਦੇਖਕੇ ਸੱਟਾਂ ਪੇਟਾਂ ਖਾਂਦੇ ਉਠ ਨੱਸੇ।

ਹੁਣ ਜਦ ਸਤਵੰਤ ਕੌਰ ਨੇ ਡਾਕੂਆਂ ਨੂੰ ਨਸਾ ਦਿੱਤਾ ਅਰ ਘਰ ਉਨ੍ਹਾਂ ਤੋਂ ਬਚਾ ਲਿਆ ਤਦ ਉਸਨੂੰ ਆਪਣੇ ਬਚਾਉ ਦਾ ਖ਼ਿਆਲ ਆਇਆ। ਆਪਣੀ ਦੱਸੀ ਹੋਈ ਸੈਨਤ ਨਾਲ ਉਸ ਨੇ ਫ਼ਾਤਮਾਂ ਨੂੰ ਸੱਦਿਆ ਅਰ ਕਿਹਾ ‘ਕਿ ਹੁਣ ਤੇਰੇ ਘਰ ਰੌਲਾ ਪੈਣ ਵਾਲਾ ਹੈ ਇਸਨੂੰ ਹੁਣ ਤੂੰ ਆਪ ਨਜਿੱਠਣਾ ਹੋਵੇਗਾ, ਮੈਂ ਤੇਰੀ ਉਸੇ ਗੁਪਤ ਕੁਟੀਆ ਵਿਚ ਜਾਂਦੀ ਹਾਂ। ਦਿਨ ਬੀ ਆ ਰਿਹਾ ਹੈ, ਇਕ ਆਦਮੀ ਕੁਤਵਾਲੀ ਭੇਜ ਤੇ ਜਦ ਸਿਪਾਹੀ ਆ ਜਾਣ ਤਦ ਇਕ ਆਦਮੀ ਨੂੰ ਖ਼ਾਂ ਸਾਹਿਬ ਦੇ ਮਗਰ ਭੇਜ ਦੇਈਂ। ਇਸ ਗੱਲ ਦਾ ਨਾਂ ਨਾ ਲਵੀਂ, ਕਿ ਅਸੀਂ ਅੰਦਰ ਕੀ ਕੀਤਾ ਹੈ, ਨਾ ਹਸਨਾ ਦਾ ਨਾਮ ਲਵੀਂ, ਉਸ ਨੂੰ ਜਦ ਤੇਰਾ ਪਤੀ ਆ ਜਾਵੇ ਤਾਂ ਨਜਿੱਠ ਲੈਣਾ; ਜੇ ਕੁਝ ਹੋਰ ਗਲ ਪੁੱਛਣੀ ਹੋਈ ਤਾਂ ਆ ਜਾਵੀਂ। ਹੁਣ ਛੇਤੀ ਨਾਲ ਹਧ੍ਯਾਰ ਆਪੋ ਆਪਣੀ ਥਾਂ ਤੇ ਸਾਂਭੇ ਗਏ ਅਰ ਬੂਹਾ ਦੇਕੇ ਦੋਵੇਂ ਜਣੀਆਂ ਹੇਠ ਉਤਰੀਆਂ। ਸਤਵੰਤ ਕੌਰ ਤਾਂ ਚੁਪ ਕੀਤੀ ਆਪਣੀ ਗੁਪਤ ਕੁਟੀ ਵਿਚ ਜਾ ਵੜੀ ਤੇ ਉਧਰੋਂ ਫ਼ਾਤਮਾਂ ਨੇ ਇਕ ਆਦਮੀ ਕੁਤਵਾਲੀ ਭੇਜਿਆ। ਇਕ ਪਲ ਵਿਚ ਅਹਿਦੀਏ ਆ ਜੁੜੇ, ਕੁਤਵਾਲ ਆਪ ਆਇਆ, ਬੜੀ ਸਰਗਰਮੀ ਨਾਲ ਤਫ਼ਤੀਸ਼ ਹੋਣ ਲੱਗੀ। ਇਕ ਦਸਤਾ ਸਵਾਰਾਂ ਦਾ ਕਿਸੇ ਪਾਸੇ; ਇਕ ਕਿਸੇ ਪਾਸੇ ਦੌੜਾਇਆ ਗਿਆ। ਦੋ ਆਦਮੀ ਖ਼ਾਂ ਸਾਹਿਬ ਵੱਲ ਦੁੜਾਏ ਅਰ ਹੋਰ ਕੋਸ਼ਸ਼ ਹੋਣ ਲੱਗੀ; ਕੋਈ ਜਾਣੇ ਕਿ ਇਹ ਸੱਚ ਮੁਚ ਹੀ ਤਲਾਸ਼ ਵਿਚ ਲੱਗੇ ਹਨ। ਅੰਦਰਲੀ ਕੀ ਖ਼ਬਰ ਕਿ ਰਾਤ ਭਰ ਤਾਂ ਖ਼ਬਰ ਨੂੰ ਜਾਣਕੇ ਵੱਢੀ ਖਾਕੇ ਮਚਲੇ ਹੋਇਆਂ ਨੇ ਗੱਲ ਨੂੰ ਲੁਕਾਈ ਰੱਖਿਆ, ਜੇ ਹੁਣ ਬੀ ਇਸ ਪ੍ਰਕਾਰ ਦੀ ਸਰਗਰਮੀ ਨਾ ਪ੍ਰਗਟ ਕਰਦੇ ਤਾਂ ਕੀ ਕਰਦੇ? ਗੱਲ ਕਾਹਦੀ ਦੁਪਹਿਰ ਤੱਕ ਖੂਬ ਊਧਮ ਮਚਿਆ ਰਿਹਾ, ਪਰ ਚੋਰਾਂ ਦਾ ਥਹੁ ਨਾ ਲੱਗਾ। ਲੱਗਦਾ ਕਿੱਕਰ? ਜੇ ਕਿਸੇ ਨੇ ਲਾਉਣਾ ਹੁੰਦਾ ਤਾਂ ਲਗਾ ਪਿਆ ਸੀ, ਜਦ ਨੀਯਤ ਹੀ ਹੋਰ ਹੋ ਰਹੀ ਸੀ ਤਦ ਕੌਣ ਪਤਾ ਲਾਉਂਦਾ? ਦੁਪਹਿਰ ਤੋਂ ਪਿਛੋਂ ਖ਼ਾਂ ਸਾਹਿਬ ਆ ਗਏ। ਉਨ੍ਹਾਂ ਨੂੰ ਬੜਾ ਅਫਸੋਸ ਹੋਇਆ ਪਰ ਘਰ ਨੂੰ ਸਬੂਤ ਪਾਕੇ ਅਰ ਇਹ ਦੇਖਕੇ ਕਿ ਤਖ਼ਤਿਆਂ ਤੋਂ ਛੁਟ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੈ, ਚਿਤ ਦਾ ਖੋਭ ਬਹੁਤ ਦੂਰ ਹੋਇਆ। ਇਸਨੇ ਪਹਿਲੇ ਤਾਂ ਕੁਤਵਾਲ ਤੇ ਅਹਿਦੀਆਂ ਨਾਲ ਗੱਲ ਬਾਤ ਕੀਤੀ ਅਰ ਟੋਹ ਲਾਉਣੇ ਦਾ ਇੰਤਜ਼ਾਮ ਕੀਤਾ, ਫੇਰ ਤਰਖ਼ਾਨ ਬੁਲਾ ਕੇ ਬੂਹਾ ਮੁਰੰਮਤ ਕਰਵਾਇਆ, ਛੇ ਸਿਪਾਹੀ ਪਹਿਰੇ ਵਾਸਤੇ ਰੱਖ ਲਏ ਅਰ ਫੇਰ ਅੰਦਰ ਆ ਕੇ ਨੌਕਰਾਂ ਨੂੰ ਸ਼ਾਬਾਸ਼ ਦਿੱਤੀ, ਫੇਰ ਵਹੁਟੀ ਨੂੰ ਮਿਲਕੇ ਦਿਲ ਦੀਆਂ ਲੀਤੀਆਂ ਦਿੱਤੀਆਂ ਅਰ ਸਾਰਾ ਸਮਾਚਾਰ ਸੁਣਿਆ। ਫ਼ਾਤਮਾਂ ਗੱਲ ਜਿਵੇਂ ਜਿਵੇਂ ਸੁਣਾਵੇ: ਸਤਵੰਤ ਕੌਰ ਦਾ ਜ਼ਿਕਰ ਲੁਕਾਵੇ, ਪਰ ਗਲ ਟੁੱਟ ਟੁੱਟ ਜਾਵੇ ਫੇਰ ਬਣਾਵੇ, ਪਰ ਸੂਤ ਨਾ ਆਵੇ, ਤਿਵੇਂ ਤਿਵੇਂ ਉਸ ਦੇ ਘਰ ਵਾਲੇ ਦੀ ਹੈਰਾਨੀ ਵਧਦੀ ਜਾਵੇ, ਪਰ ਉਸ ਨੇ ਆਪਣੇ ਚਿਤ ਦੀ ਆਪ ਤਸੱਲੀ ਕਰ ਲਈ ਕਿ ਇਹ ਮੇਰੀ ਤ੍ਰੀਮਤ ਸਿੱਧੀ ਸਾਦੀ ਹੈ, ਇਡੇ ਭਾਰੇ ਡਰ ਨੂੰ ਦੇਖ ਕੇ ਘਾਬਰ ਗਈ ਹੈ, ਅਜੇ ਤੱਕ ਸਿਰ ਟਿਕਾਣੇ ਨਹੀਂ ਸੂ ਹੋਇਆ ਤਦੇ ਵਿਚ ਵਿਚ ਅਰਲ ਬਰਲ ਗੱਲਾਂ ਕਰ ਜਾਂਦੀ ਹੈ।

-0-

13 ਕਾਂਡ ।

ਹੁਣ ਸਤਵੰਤ ਕੌਰ ਨੂੰ ਆਪਣੇ ਨਿਕਲਣੇ ਦਾ ਫਿਕਰ ਹੋਇਆ, ਉਸਦੀ ਸਲਾਹ ਹੋਈ ਕਿ ਮੈਂ ਚੁਪਾਤੇ ਨਿਕਲ ਜਾਵਾਂ, ਪਰ ਫੇਰ ਫ਼ਾਤਮਾਂ ਨੂੰ ਮਿਲੇ ਬਾਝ ਜਾਣਾ ਬੁਰਾ ਜਾਣ ਕੇ ਠਹਿਰੀ ਰਹੀ, ਦੂਸਰੇ ਦਿਨ ਫ਼ਾਤਮਾਂ ਉਸ ਨੂੰ ਅੰਦਰ ਆਕੇ ਮਿਲੀ। ਹੁਣ ਦੁਹਾਂ ਵਿਚ ਗੱਲ ਬਾਤ ਹੋਈ। ਸਤਵੰਤ ਕੌਰ ਤਾਂ ਇਹ ਚਾਹੇ ਕਿ ਮੈਂ ਚਲੀ ਜਾਵਾਂ ਤੇ ਫ਼ਾਤਮਾਂ ਚਾਹੇ ਕਿ ਇਹ ਮੇਰੇ ਪਾਸ ਰਹੇ। ਫ਼ਾਤਮਾਂ ਆਪਨੇ ਸੁਖ ਦੀ ਬੱਧੀ ਤੇ ਸਤਵੰਤ ਕੌਰ ਨੂੰ ਆਪਣੇ ਵਤਨ, ਪਿਤਾ ਤੇ ਕੌਮੀ ਜੋਸ਼ ਦੀ ਖਿੱਚ। ਉਹ ਉਹਨਾਂ ਹਿੰਦੀ ਤ੍ਰੀਮਤਾਂ ਵਿਚੋਂ ਨਹੀਂ ਸੀ ਜੋ ਪਰਦੇਸਾਂ ਵਿਚ ਜਾਕੇ ਆਪਣੇ ਪਿਛਲੇ ਅਸਲੇ ਨੂੰ ਭੁੱਲ ਜਾਂਦੀਆਂ ਹਨ। ਉਹ ਆਪਣੇ ਅਸਲੇ ਨੂੰ ਜਾਣਦੀ ਅਰ ਉਥੇ ਪਹੁੰਚਣੇ ਦੀ ਚਾਹਵਾਨ ਸੀ ਅਰ ਅਜੇ ਤੱਕ ਆਪਣੇ ਧਰਮ ਨੂੰ ਬਚਾਏ ਹੋਏ ਸੀ। ਪਾਤਸ਼ਾਹ ਦੀ ਬੇਗਮ ਬਣਨੋਂ ਜਿਸ ਨੇ ਸਿਰ ਫੇਰਿਆ, ਉਹ ਹੋਰ ਕਿਸ ਲਾਲਚ ਵਿਚ ਆ ਸਕਦੀ ਸੀ? ਪਰ ਉਧਰ ਫ਼ਾਤਮਾਂ ਚਰਨ ਫੜੀ ਜਗਯਾਸੂ ਵਾਂਙ ਹੰਝੂਆਂ ਦੀ ਤਾਰ ਵਹਾ ਰਹੀ ਸੀ ਤੇ ਬੇਨਤੀ ਕਰ ਰਹੀ ਸੀ ਕਿ ਮੈਨੂੰ ਛੱਡਕੇ ਕਿਤੇ ਨਾ ਜਾਵੀਂ। ਇਸ ਪ੍ਰੇਮ ਦੇ ਬੰਧਨ ਨੂੰ ਤੋੜਨਾ ਡਾਢਾ ਕਠਨ ਸੀ। ਕਸ਼ਟਾਂ ਤੇ ਬਿਪਤਾ ਨੂੰ ਸਤਵੰਤ ਝਾਗ ਨਿਕਲੀ ਸੀ, ਪਾਤਸ਼ਾਹੀ ਲਾਲਚਾਂ ਨੂੰ ਤਰ ਨਿਕਲੀ ਸੀ, ਹੁਣ ਪ੍ਰੇਮ ਦੇ ਸਮੁੰਦਰ ਨੂੰ ਠਿੱਲ੍ਹਣ ਦਾ ਔਖਾ ਕੰਮ ਆ ਪਿਆ ਅਰ ਪ੍ਰੇਮ ਬੀ ਪਵਿੱਤ੍ਰ ਗੁਰਸਿਖੀ ਯਾ ਸੰਤ ਭਗਤੀ ਦੀ ਅੰਸ਼-ਸਤਿਸੰਗ-ਵਾਲਾ। ਫ਼ਾਤਮਾਂ ਦਾ ਉਸ ਦੇ ਚਰਨਾਂ ਨੂੰ ਵਾਰ ਵਾਰ ਚੁੰਮਣਾ, ਹੱਥ ਜੋੜਨੇ, ਮੱਥੇ ਟੇਕਣੇ, ਸਤਵੰਤ ਕੌਰ ਦਾ ਬਚਾਣਾ, ਨਾਂਹ ਨਾਂਹ ਕਰਣੀ, ਦਿਲਾਸਾ ਦੇਣਾ ਇਕ ਅਸਚਰਜ ਨਕਸ਼ਾ ਬੰਨ੍ਹ ਰਹੇ ਸਨ। ਬਹੁਤ ਚਿਰ ਇੱਕੁਰ ਦਾ ਹਾਲ ਰਿਹਾ, ਛੇਕੜ ਪ੍ਰੇਮ ਨੇ ਸਤਵੰਤ ਕੌਰ ਦੀ ਉਪਰਾਮਤਾ ਦੇ ਡੌਲੇ ਥਕਾ ਦਿੱਤੇ, ਡੋਬਿਆ ਤਾਂ ਨਹੀਂ, ਪਰ ਅੱਗੇ ਵਧਣੋਂ ਰੋਕ ਦਿੱਤਾ। ਸਤਵੰਤ ਕੌਰ ਨੂੰ ਮਜ਼ਬੂਰ ਹੋ ਕੇ ਇਹ ਕਰਾਰ ਕਰਨਾ ਪਿਆ ਕਿ ਮੈਂ ਅੱਠ ਦਿਨ ਤੇਰੇ ਪਾਸ ਜ਼ਰੂਰ ਰਹਾਂਗੀ। ਫ਼ਾਤਮਾਂ ਨੂੰ ਕੁਝ ਕੁ ਢਾਰਸ ਹੋਈ, ਹੁਣ ਫ਼ਾਤਮਾਂ ਬੜੀ ਹੀ ਖ਼ਾਤਰ ਕਰਨ ਲੱਗੀ। ਮਾਲਕ ਵਾਲੀ ਬੋ ਸਾਰੀ ਨਿਕਲ ਗਈ ਹੋਈ ਸੀ, ਇਕ ਮੁਰੀਦ ਵਾਂਙ ਆ ਕੇ ਉਸਦੀ ਸੇਵਾ ਕਰੇ ਅਰ ਉਸਦਾ ਅਦਬ ਲਿਹਾਜ਼ ਰੱਖੇ। ਸਤਵੰਤ ਕੌਰ ਮਨ ਹੀ ਮਨ ਨੂੰ ਕਹੇ ਕਿ ਇਸ ਖੁੱਭਣ ਤੋਂ ਦੇਖੀਏ ਕਿੱਕੁਰ ਨਿਕਾਸ ਹੋਵੇ?

ਅੱਠ ਦਿਨ ਬੀਤ ਗਏ, ਜਿਵੇਂ ਬੀਤਦੇ ਹਨ ਦਿਨ ਸਦਾ। ਸਤਵੰਤ ਫਿਰ ਤੁਰਨੇ ਲਈ ਤਯਾਰ ਹੋਈ, ਪਰ ਫ਼ਾਤਮਾਂ ਤੁਰਨ ਨਾ ਦੇਵੇ।

ਸਤਵੰਤ ਕੌਰ ਨੇ ਕਿਹਾ, ਬੀਬੀ ਜੀ ! ਮੈਂ ਕਿਸੇ ਪ੍ਰਕਾਰ ਅਟਕ ਨਹੀਂ ਸਕਦੀ, ਮੈਂ ਆਪਣੇ ਘਰ ਜ਼ਰੂਰ ਪਹੁੰਚਣਾ ਹੈ। ਮੈਨੂੰ ਆਪਣੀ ਮਾਂ ਦਾ ਦਰਸ਼ਨ ਹੁੰਦਾ ਹੈ ਜੋ ਕਰਤਾਰ ਦੇ ਭਾਣੇ ਪਰ ਸ਼ਾਕਰ ਹੋਣੇ ਦਾ ਅਤਿ ਜਤਨ ਕਰਦੀ ਹੈ, ਪਰ ਕੁਦਰਤੀ ਮੋਹ ਦਾ ਸੋਮਾਂ ਕਿਸੇ ਵੇਲੇ ਐਸਾ ਪਾਟਦਾ ਹੈ ਕਿ ਉਹ ਆਪਣਾ ਆਪ ਸੰਭਾਲ ਨਹੀਂ ਸਕਦੀ, ਮੈਂ ਕੀ ਕਰਾਂ? ਉਸ ਪਾਸ ਮੈਂ ਪਹੁੰਚਣਾ ਜ਼ਰੂਰ ਹੈ। ਤੂੰ ਪੱਕ ਜਾਣ, ਜੇ ਮੈਂ ਮਾਤਾ ਪਿਤਾ ਦੇ ਰੂਬਰੂ ਮਰ ਜਾਂਦੀ ਤਦ ਉਹ ਮੇਰੇ ਵਲੋਂ ਕਦੇ ਸ਼ੋਕਾਤੁਰ ਨਾ ਹੁੰਦੇ, ਪਰ ਹੁਣ ਉਨ੍ਹਾਂ ਨੂੰ ਇਹ ਸੱਲ ਉੱਠ ਖਲੋਂਦਾ ਹੈ ਕਿ ਕਿਆ ਸਾਡੀ ਪੁਤ੍ਰੀ ਜ਼ਾਲਮਾਂ ਦੇ ਪਾਪਾਂ ਦਾ ਹਿੱਸਾ ਵੰਡਾ ਰਹੀ ਹੋਵੇਗੀ? ਉਨ੍ਹਾਂ ਦੀ ਬੁੱਧਿ ਮੰਨਦੀ ਨਹੀਂ, ਪਰ ਭਰਮ ਦਾ ਦਾਰੂ ਲੁਕਮਾਨ ਨੂੰ ਬੀ ਨਹੀਂ ਲੱਭਾ ਸੀ। ਇਸ ਕਰਕੇ ਮੇਰੇ ਚਿੱਤ ਵਿਚ ਉਮੰਗ ਹੈ ਕਿ ਮੈਂ ਇਕੇਰਾਂ ਉਨ੍ਹਾਂ ਦੇ ਚਰਨਾਂ ਵਿਚ ਪਹੁੰਚਾਂ ਅਰ ਉਨ੍ਹਾਂ ਨੂੰ ਤਸੱਲੀ ਦੇ ਦਿਆਂ ਕਿ ਧਰਮ ਨੂੰ ਸਾਬਤ ਲੈ ਕੇ ਮੈਂ ਆਪ ਤੱਕ ਅੱਪੜ ਪਈ ਹਾਂ। ਫ਼ਾਤਮਾਂ ਕਹੇ ਕਿ ਮੈਂ ਕੀ ਕਰਾਂ? ਮੈਨੂੰ ਤੇਰੇ ਨਾਲ ਐਡਾ ਪ੍ਰੇਮ ਉਪਜ ਪਿਆ ਹੈ ਕਿ ਤੇਰੇ ਜਾਣ ਦਾ ਨਾਉਂ ਸੁਣਕੇ ਮੇਰੀ ਜਾਨ ਨਿਕਲਦੀ ਹੈ।

ਸਤਵੰਤ ਕੌਰ- ਦੇਖ ਬੀਬੀ! ਅੱਗੇ ਤੈਨੂੰ ਬਾਣੀ ਪੜ੍ਹਨੇ ਦਾ ਵੱਲ ਦੱਸਿਆ ਸੀ, ਜਿਸ ਨੇ ਤੈਨੂੰ ਇਤਨਾ ਲਾਭ ਪੁਚਾਇਆ ਤੂੰ ਹੁਣ ਧਰਮ, ਦਯਾ, ਦਾਨ ਆਦਿ ਨੂੰ ਸਮਝਦੀ ਹੈਂ ਅਰ ਅੰਤ੍ਰੀਵ ਸੁਖ ਨੂੰ ਬੀ ਪ੍ਰਤੀਤ ਕਰਦੀ ਹੈਂ। ਹੁਣ ਇਹ ਸੋਚ ਕਿ ਅੰਤ ਤੂੰ ਇਕੱਲੇ ਹੋ ਜਾਣਾ ਹੈ, ਚਾਹੇ ਆਪ ਕੱਲੇ ਟੁਰ ਗਏ, ਚਾਹੇ ਸਾਰਾ ਪਰਵਾਰ ਮਰ ਜਾਏ ਤੇ ਇਕੱਲੀ ਰਹਿ ਜਾਏਂ। ਉਸ ਵੇਲੇ ਕੌਣ ਭੈਣ, ਪਤੀ, ਪੁੱਤ ਤੇਰੇ ਨਾਲ ਨਿਭੇਗਾ? ਉਸ ਇਕੱਲ ਨੂੰ ਬੀ ਕਿਸੇ ਤਰ੍ਹਾਂ ਕੱਟੇਂਗੀ ਕਿ ਨਹੀਂ? ਤਿਵੇਂ ਹੁਣ ਸੋਚ ਕੇ ਉਸ ਇਕੱਲ ਨੂੰ ਪਹੁੰਚੀ ਹੋਈ ਸਮਝ ਲੈ ਅਰ ਸਭ ਤੋਂ ਟੁੱਟਕੇ ਆਪਣੇ ਵਿਚ ਮਗਨ ਹੋ ਜਾਹ। ਸਭਨਾਂ ਵਿਚ ਵੱਸ, ਪਰ ਆਪਣੀਆਂ ਆਸਾਂ ਤੇ ਉਮੈਦਾਂ ਦਾ ਸਹਾਰਾ ਕਿਸੇ ਪਰ ਨਾ ਰਖ, ਕਿਉਂਕਿ ਅੰਤ ਨੂੰ ਨਿਰਾਧਾਰ ਆਪਣੇ ਆਪ ਦੇ ਆਸਰੇ ਸਿਰ ਹੋ ਜਾਣਾ ਹੈ। ਸੋ ਜਿਸ ਗੱਲ ਨੂੰ ਸਮੇਂ ਨੇ ਬਦੋਬਦੀ ਸਾਡੇ ਗਲ ਮੜ੍ਹਨਾ ਹੈ, ਕਿਉਂ ਨਾ ਆਪ ਆਪਣੇ ਤੇ ਪਹਿਲੇ ਵਰਤਾ ਲਈਏ। ਇਸ ਪਰ ਮੈਂ ਤੈਨੂੰ ਇਕ ਵਾਰਤਾ ਸੁਣਾਉਂਦੀ ਹਾਂ :- ਇਕ ਸਿੰਘ ਸਾਧੂ ਇਕ ਬਨ ਵਿਚ ਵੱਸਦੇ ਸਨ। ਉਸ ਬਨ ਵਿਚ ਵੱਡੇ ਬ੍ਰਿਛ ਤਾਂ ਘੱਟ ਸਨ, ਪਰ ਝਾੜੀਆਂ ਅਰ ਕਈ ਪ੍ਰਕਾਰ ਦੇ ਘਾਹ ਬਹੁਤ ਸਨ ਕਿ ਦਾਵਾਨਲ (ਬਨ ਦੀ ਅੱਗ) ਭੜਕ ਉਠੀ ਅਰਥਾਤ ਉਸ ਸਾਰੇ ਬਨ ਨੂੰ ਅੱਗ ਲਗ ਉੱਠੀ। ਪੂਰਬ ਰੁਖੋਂ ਅੱਗ ਲੱਗੀ ਤੇ ਨਾਲ ਹੀ ਪੂਰਾ ਵਗ ਪਿਆ। ਦਿਨ ਵਿਸਾਖ ਦੇ ਸਨ, ਇਸ ਮਹਾਤਮਾ ਦੀ ਕੁਟੀ ਦੇ ਉਦਾਲੇ ਸੰਘਣੀਆਂ ਪੈਲੀਆਂ ਪੱਕੀਆਂ ਖੜੀਆਂ ਸਨ, ਘਰ ਇਕ ਤ੍ਰੀਮਤ ਤੇ ਪੁੱਤ੍ਰ ਸੀ ਅਰ ਕਈ ਕੁ ਤ੍ਰੀਮਤਾਂ ਭਟਕੀਆਂ ਹੋਈਆਂ ਉਨ੍ਹਾਂ ਦੀ ਛਤ੍ਰ ਛਾਇਆ ਹੇਠ ਆ ਉਤਰੀਆਂ ਸਨ। ਇਹ ਮੈਂ ਤੈਨੂੰ ਕਹਾਣੀ ਨਹੀਂ ਪਈ ਸੁਣਾਉਂਦੀ, ਇਹ ਬੀਤੀ ਹੋਈ ਵਾਰਤਾ ਹੈ ਅਰ ਜਿਨ੍ਹਾਂ ਦੇ ਸਿਰ ਬੀਤੀ ਸੀ ਓਹ ਸਾਡੇ ਘਰ ਆਏ ਸਨ ਅਰ ਪਿਤਾ ਜੀ ਨੂੰ ਉਨ੍ਹਾਂ ਇਹ ਵਿਥਿਆ ਸੁਣਾਈ ਸੀ, ਜੋ ਮੈਂ ਸੁਣਾਉਂਦੀ ਪਈ ਹਾਂ। ਸੋ ਬੀਬੀ ! ਓਹ ਸਾਧੂ ਜੋ ਭਜਨੀਕ ਸਿੱਖ ਸੀ ਬਨ ਵਿਚ ਇਸ ਕਰਕੇ ਰਹਿੰਦਾ ਸੀ ਕਿ ਔਕੜ ਬਣੀ ਤੇ ਆਪਣੇ ਵੀਹ ਤੀਹ ਭਰਾਵਾਂ ਨੂੰ ਆਸਰਾ ਦਿੰਦਾ ਅਰ ਕਮਾਈ ਦੇ ਦਾਣੇ ਫੱਕੇ ਦੇ ਉਥੇ ਸ਼ਰਨ ਆਏ ਭਰਾਵਾਂ ਲਈ ਲੰਗਰ ਜਾਰੀ ਰੱਖਦਾ ਸੀ। ਭਾਵੇਂ ਅੱਗ ਅਜੇ ਡਾਢੀ ਦੂਰ ਸੀ, ਪਰ ਹਵਾ ਦੀ ਮੁਸ਼ਕ ਤੋਂ ਉਸ ਸਾਧੂ ਨੇ ਪਰਖ ਲਿਆ ਕਿ ਦਾਵਾਨਲ ਲੱਗੀ ਪਈ ਹੈ, ਇਹ ਆਕੇ ਸਾਨੂੰ ਸਾੜੇਗੀ। ਇਸ ਦਾ ਤਾਂ ਧੂੰ ਹੀ ਨੇੜੇ ਆਯਾ ਦਮ ਘੁੱਟ ਘੱਤੇਗਾ ਫਿਰ ਸੋਚਣ ਲੱਗਾ ਕਿ ਕੀਹ ਅੱਗ ਤੋਂ ਬਚਣੇ ਦਾ ਕੋਈ ਉਪਾ ਬੀ ਹੋ ਸਕਦਾ ਹੈ? ਵਾਹਿਗੁਰੂ ਦੀਨ ਦਿਆਲ ਨੇ ਉਸਦੀ ਸੁਰਤਿ ਨੂੰ ਸਮਝ ਬਖ਼ਸ਼ੀ ਕਿ ਅੱਗ ਦਾ ਇਲਾਜ ਅੱਗ ਹੈ। ਉਸ ਨੇ ਤੁਰੰਤ ਅੱਗ ਬਾਲਕੇ ਆਪਣੇ ਇਰਦ ਗਿਰਦ ਦੀਆਂ ਪੈਲੀਆਂ ਨੂੰ ਲਾ ਦਿੱਤੀ। ਪਲੋ ਪਲੀ ਵਿਚ ਇਹ ਅੱਗ ਫੈਲ ਗਈ ਅਰ ਚਾਰ ਚੁਫੇਰੇ ਸਾੜਦੀ ਤੁਰੀ ਗਈ। ਜਿਉਂ ਜਿਉਂ ਇਹ ਅੱਗ ਖੇਤ ਸਾੜਦੀ ਗਈ ਪਰੇ ਤੋਂ ਪਰੇ ਹੁੰਦੀ ਗਈ ਤੇ ਕੁਟੀ ਦੇ ਦੁਆਲੇ ਖੇਤਾਂ, ਘਾਹਾਂ ਤੋਂ ਧਰਤੀ ਸਫਾ ਹੁੰਦੀ ਗਈ। ਇਹ ਭਬਾਕਾ ਪੈਲੀਆਂ ਦਾ ਝਟ ਪਟ ਮਿਟਦਾ ਬੀ ਗਿਆ। ਗੱਲ ਕੀ ਉਸ ਵੱਡੀ ਅੱਗ ਦੇ ਨੇੜੇ ਆਉਣ ਤੋਂ ਪਹਿਲੇ ਉਸ ਕੁਟੀਆ ਦੇ ਇਰਦ ਗਿਰਦ ਅੱਧ ਅੱਧ ਮੀਲ ਤੋਂ ਵਧੀਕ ਥਾਂ ਸੜ ਚੁਕੀ ਸੀ ਅਰ ਸੜਨੇ ਯੋਗ ਪਦਾਰਥ ਕੋਈ ਬਾਕੀ ਨਹੀਂ ਸੀ, ਸੋ ਉਹ ਵੱਡੀ ਅੱਗ ਅੱਧ ਅੱਧ ਕੋਹ ਕੁਟੀਆ ਤੋਂ ਦੂਰ ਰਹਿਕੇ ਲੰਘ ਗਈ, ਅਰ ਸਾਰਾ ਪਰਵਾਰ ਸੜ ਕੇ ਮਰਨੋਂ ਬਚ ਰਿਹਾ। ਜੇ ਬੀਬੀ ਜੀ ! ਉਹ ਸਿੱਖ ਅਕਲ ਨਾ ਕਰਦਾ ਤਦ ਉਸ ਵੱਡੀ ਅੱਗ ਨੇ ਤਾਂ ਕਿਤੇ ਰਿਹਾ ਨੇੜੇ ਆਈ ਦੇ ਧੂੰਏਂ ਨੇ ਹੀ ਮਾਰ ਛੱਡਣਾ ਸੀ। ਇਸੀ ਪ੍ਰਕਾਰ ਬੀਬੀ ! ਸਾਡੇ ਸਭਨਾਂ ਦੇ ਸਿਰ ਇਕ ਤਰ੍ਹਾਂ ਦੀ ਇਕੱਲ ਆ ਰਹੀ ਹੈ। ਕਿ ਜਿਸ ਨੇ ਸਾਨੂੰ ਸਭ ਦਿੱਸਦੇ ਸਾਕਾਂ ਮਿੱਤਰਾਂ ਤੋਂ ਵਿਛੋੜ ਕੇ ਵੱਖ ਕਰ ਦੇਣਾ ਹੈ, ਉਹ ਇਕੱਲ ਸਾਨੂੰ ਐਸਾ ਬਿਹਬਲ ਕਰੇਗੀ ਕਿ ਉਹ ਇਕੱਲ ਹੀ ਨਰਕ ਹੋਵੇਗੀ ਸੋ ਹੁਣ ਸਮਾਂ ਹੈ ਕਿ ਅਸੀਂ ਇਕੱਲੇ ਹੋਣ ਦੀ ਜਾਚ ਸਿੱਖ ਲਈਏ ਅਰ ਆਪਣੇ ਆਲੇ ਦੁਆਲੇ ਇਕੱਲ ਹੀ ਸਮਝੀਏ ਅਰ ਆਪਣੀਆਂ ਵਾਸ਼ਨਾਂ ਦੀਆਂ ਬਾਹਾਂ ਆਪਣੇ ਆਪ ਦੇ ਹੀ ਆਸਰੇ ਰੱਖੀਏ ਤਾਂ ਜੋ ਉਸ ਵੱਡੀ ਇਕੱਲ ਤੋਂ ਪਹਿਲਾਂ ਅਸੀਂ ਇਸ ਇਕੱਲ ਨੂੰ ਜਾਣ ਜਾਈਏ, ਇਹ ਇਕੱਲ ਉਸ ਤੋਂ ਰੱਖ ਲਵੇਗੀ। ਇਸ ਇਕੱਲ ਵਿਚ ਅਸੀਂ ਸੁਖੀ ਹੋਈਏ, ਇਕੱਲ ਵਿਚ ਰੱਬ ਦੀ ਟੇਕ ਤੇ ਰਹੀਏ ਤੇ ਫੇਰ ਇਕੱਲ ਭਾਗੇ ਭਰੀ ਹੋ ਜਾਂਦੀ ਹੈ। ਅਸੀਂ ਫੇਰ ਇਕੱਲੇ ਨਹੀਂ ਰਹਿੰਦੇ, ਸਾਡੇ ਨਾਲ ਮਾਲਕ ਆਪ ਆ ਵੱਸਦਾ ਹੈ।

ਫ਼ਾਤਮਾਂ- ਤੁਸੀਂ ਸੱਚ ਆਖਦੇ ਹੋ ਅਰ ਕਈ ਵੇਰ ਮੈਨੂੰ ਸਮਝਾ ਥੱਕੇ ਹੋ, ਪਰ ਕੀ ਕਰਾਂ ! ਮੇਰਾ ਦਿਲ ਸਮਝਦਾ ਤਾਂ ਹੈ, ਪਰ ਪ੍ਰਤੀਤ ਨਹੀਂ ਕਰਦਾ, ਕੋਈ ਐਸੀ ਕ੍ਰਿਪਾ ਕਰੋ ਕਿ ਜੋ ਸਮਝਦੀ ਹਾਂ ਉਹੋ ਹਾਲਤ (ਅਵਸਥਾ) ਬੀ ਹੋ ਜਾਵੇ।

ਸਤਵੰਤ ਕੌਰ- ਸਾਡੇ ਧਰਮ ਵਿਚ ਇਹ ਉਪਦੇਸ਼ :-

‘ਜੀਵਤੁ ਮਰੈ ਮਰੈ ਫੁਨਿ ਜੀਵੈਂ

ਜੀਉਂਦਾ ਮਰੇ ਤੇ ਮਰ ਕੇ ਫੇਰ ਜੀਵੇ, ਉਸ ਨੂੰ ਇਸ ਮਨੁੱਖ ਦੇਹ ਦਾ ਆਨੰਦ ਹੈ। ਸੋ ਇਸ ਗੱਲ ਦਾ ਸਾਧਨ ਕਰਨਾ ਚਾਹੀਏ। ਸਾਡੇ ਦੇਸ਼ ਵਿਚ ਸੀਤਲਾ ਦਾ ਰੋਗ ਕਦੇ ਕਦੇ ਪੈਂਦਾ ਹੈ, ਹਜ਼ਾਰਾਂ ਲੋਕ ਉਸ ਨਾਲ ਮਰ ਜਾਂਦੇ ਹਨ ਪਰ ਸਿਆਣਿਆਂ ਨੇ ਉਸ ਦਾ ਇਕ ਉਪਾਉ ਲੱਭਾ ਹੈ। ਸਿਆਲੇ ਵਿਚ ਪਹਾੜਾਂ ਤੋਂ ਕਈ ਲੋਕ ਆਉਂਦੇ ਹਨ, ਉਨ੍ਹਾਂ ਪਾਸ ਸੀਤਲਾ ਦੇ ਸੁੱਕੇ ਹੋਏ ਚੀਚਕਿਆਂ ਦਾ ਪੀਠਾ ਹੋਇਆ ਧੂੜਾ ਹੁੰਦਾ ਹੈ, ਉਹ ਕੀ ਕਰਦੇ ਹਨ, ਕਿ ਵੀਣੀ ਉਪਰ ਇਕ ਸੂਈਆਂ ਦਾ ਗੁੱਛਾ ਮਾਰ ਕੇ ਪੁੱਛ ਲਾਉਂਦੇ ਹਨ ਅਰ ਉਸ ਪੱਛ ਪਰ ਧੂੜਾ ਧੂੜਦੇ ਹਨ, ਜਿਸ ਨਾਲ ਇਕ ਵੱਡਾ ਸਾਰਾ ਛਾਲਾ ਹੋ ਪੈਂਦਾ ਹੈ। ਕੋਈ ਪੰਦਰਾਂ ਵੀਹ ਦਿਨ ਔਖ ਹੁੰਦਾ ਹੈ, ਪਰ ਫੇਰ ਉਸਨੂੰ ਸੀਤਲਾ ਨਹੀਂ ਨਿਕਲਦੀ। ਇਨ੍ਹਾਂ ਗੱਲਾਂ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਦੁਖ ਤੋਂ ਜੇ ਬਚਣਾ ਲੋੜੀਏ ਤਦ ਥੋੜ੍ਹਾ ਜਿਹਾ ਦੁੱਖ ਉਸੇ ਪ੍ਰਕਾਰ ਦਾ ਕਿਸੀ ਵਿਧੀ ਅਨੁਸਾਰ ਪਹਿਲਾਂ ਭੋਗਣੇ ਕਰਕੇ ਵੱਡਾ ਦੁੱਖ ਟਲ ਜਾਂਦਾ ਹੈ। ਜਿੰਕੁਰ ਹੁਣ ਤੈਨੂੰ ਵਿਛੋੜੇ ਦਾ ਦੁੱਖ ਪਿਆ ਭਾਸਦਾ ਹੈ ਅਰ ਫੇਰ ਮੌਤ ਦਾ ਦੁੱਖ ਦੀਹਦਾ ਹੈ, ਜੇ ਤੂੰ ਜੀਉਂਦੀ ਹੀ ਆਪੇ ਨੂੰ ਵੱਖ ਕਰਨ ਦੀ ਜਾਚ ਸਿੱਖ ਲਵੇਂ ਤਦ ਵਿਛੋੜੇ, ਇਕੱਲ ਤੇ ਮੌਤ ਦਾ ਦੁੱਖ ਤੈਨੂੰ ਕੀਹ ਕਹੇਗਾ? ਤੈਨੂੰ ਤਾਂ ਫੇਰ ਕੋਈ ਦੁੱਖ ਬੀ ਡੋਲਣ ਨਾ ਦੇਵੇਗਾ।

ਫ਼ਾਤਮਾਂ- ਕਿਰਪਾ ਕਰਕੇ ਮੈਨੂੰ ਉਪਾਉ ਦੱਸੋ?

ਸਤਵੰਤ ਕੌਰ- ਉਪਾਉ ਕਠਨ ਨਹੀਂ। ਬਾਣੀ ਦੇ ਆਨੰਦ ਨੂੰ ਤੂੰ ਦੇਖ ਚੁੱਕੀ ਹੈਂ, ਇਹ ਆਨੰਦ ਤੇਰੇ ਅੰਦਰ ਦੀਆਂ ਮੈਲਾਂ ਕੱਢਣੇ ਨੂੰ ਸਮਰੱਥ ਹੈ ਅਰ ਮੈਂ ਦੇਖਦੀ ਹਾਂ ਕਿ ਤੇਰਾ ਹਿਰਦਾ ਬਹੁਤ ਸ਼ੁੱਧ ਹੋ ਰਿਹਾ ਹੈ। ਹੁਣ ਤੂੰ ਵਿਚਾਰ ਤੋਂ ਕੰਮ ਲੈ ਅਰ ਸਾਰੇ ਪਦਾਰਥਾਂ ਨੂੰ ਗਿਆ ਹੋਇਆ ਸਮਝ ਅਰ ਦੇਖ ਕਿ ਕੋਈ ਪਦਾਰਥ ਸਦਾ ਰਹਿਣ ਵਾਲਾ ਨਹੀਂ ਹੈ। ਕੋਈ ਸੁੱਖ ਸਦਾ ਟਿਕਣ ਵਾਲਾ ਨਹੀਂ, ਕੋਈ ਖ਼ੁਸ਼ੀ ਬਿਨਾਂ ਆਸਰੇ ਨਹੀਂ ਅਰਥਾਤ ਨਿਰੇ ਆਪਣੇ ਆਧਾਰ ਤੇ ਨਹੀਂ। ਜੋ ਖ਼ੁਸ਼ੀ ਦੂਸਰਿਆਂ ਦੇ ਆਸਰੇ ਤੋਂ ਪ੍ਰਾਪਤ ਹੁੰਦੀ ਹੈ ਉਹ ਇਕ ਰਸ ਰਹਿਣ ਵਾਲੀ ਨਹੀਂ ਹੋ ਸਕਦੀ, ਕਿਉਂਕਿ ਉਹ, ਜਿਨ੍ਹਾਂ ਪਦਾਰਥਾਂ ਤੇ ਜੀਵਾਂ ਦੇ ਆਸਰੇ ਸੇਤੀ ਹੈ, ਉਹ ਸਾਰੇ ਅਟੱਲ ਨਹੀਂ, ਮਰਨਾਊ ਜਾਂ ਨਾਸਵੰਤ ਹਨ। ਤਾਂਤੇ ਐਸੀ ਖ਼ੁਸ਼ੀ ਰੇਤ ਦਾ ਕੋਟ ਹੈ, ਅੰਤ ਕਿਰੇਗੀ। ਸੋ ਅਸੀਂ ਹੁਣ ਹੀ ਪਦਾਰਥਾਂ ਨੂੰ ਜਿਹੋ ਜਿਹੇ ਕਿ ਇਹ ਹਨ ਉਹੋ ਜੇਹੇ ਸਮਝ ਕੇ ਇਨ੍ਹਾਂ ਵਲੋਂ ਮਨ ਦਾ ਮੂੰਹ ਮੋੜੀਏ। ਨੱਸ ਨਾ ਜਾਈਏ, ਵਿਚੇ ਰਹੀਏ, ਵਰਤੀਏ ਪਰ ਓਪਰਿਆਂ ਜਾਣ ਕੇ ਸ਼ਹਿਦ ਦੀ ਮੱਖੀ ਵਾਂਗ ਫੁੱਲਾਂ ਦੀ ਮਿਠਾਸ ਲਈਏ, ਫੁੱਲਾਂ ਵਿਚ ਫਸ ਨਾ ਜਾਈਏ, ਜੀਕੂੰ ਘਰ ਦੀ ਮੱਖੀ ਮਰਤਬਾਨ ਵਿਚ ਬੈਠਕੇ ਮਿੱਠੇ ਵਿਚ ਫਸ ਜਾਂਦੀ ਹੈ। ਐਉਂ ਅਸੀਂ ਇਨ੍ਹਾਂ ਦੇ ਵਿਛੁੜਨ ਦੇ ਦੁੱਖ ਤੋਂ ਛੁੱਟ ਜਾਵਾਂਗੇ, ਸਾਡੇ ਜੀਉਣ ਦੇ ਦਿਨ ਚੰਗੇ ਲੰਘਣਗੇ ਅਰ ਅੰਤ ਵੇਲੇ ਪੀੜਾ ਨਹੀਂ ਹੋਵੇਗੀ। ਦੂਜਾ ਕੰਮ ਅਸੀਂ ਇਹ ਕਰੀਏ ਕਿ ਉਸ ਸੱਚੀ ਖ਼ੁਸ਼ੀ ਨੂੰ ਲੱਭੀਏ ਕਿ ਜਿਸ ਦਾ ਆਧਾਰ ਯਾ ਆਸਰਾ ਕੋਈ ਐਸਾ ਹੋਵੇ ਕਿ ਜੋ ਆਪ ਇਕ ਰਸ ਅਰ ਅਟੱਲ ਰਹਿਣੇ ਵਾਲਾ ਹੋਵੇ ਤਾਂ ਜੋ ਸਾਡਾ ਆਨੰਦ ਬੀ ਇਕ ਰਸ ਅਰ ਅਟੱਲ ਹੋਵੇ, ਜਿਸ ਦੇ ਗੁਆਚਣ ਦਾ ਸੰਸਾ ਚੁੱਕ ਜਾਵੇ। ਸੋ ਉਹ ਆਨੰਦ ਆਪਣੇ ਅੰਦਰ ਹੈ ਅਰ ਉਹ ਆਧਾਰ ਬੀ ਸਾਡੇ ਅੰਦਰ ਹੈ। ਕਹਿੰਦੇ ਹਨ ਕਿ ਕਸਤੂਰੇ ਮਿਰਗ ਨੂੰ ਜੁਆਨੀ ਚੜ੍ਹੇ ਖ਼ੁਸ਼ਬੂ ਦੀ ਮਸਤੀ ਜੰਗਲਾਂ ਵਿਚ ਭਟਕਾਉਂਦੀ ਹੈ, ਪਰ ਜਦ ਦੈਵ ਨੇਤ ਨਾਲ ਕਦੇ ਥੱਕ ਕੇ ਡਿਗਦੇ ਦੀ ਬੂਥੀ ਆਪਣੀ ਹੀ ਧੁੰਨੀ ਨਾਲ ਵੱਜ ਜਾਵੇ ਤਦ ਆਪਣੇ ਆਪ ਵਿਚ ਮਸਤ ਹੋਕੇ ਝਾੜੀਆਂ ਵਿਚ ਸਿਰ ਦੇਣੋਂ ਹਟ ਜਾਂਦਾ ਹੈ। ਤਿਵੇਂ ਜਦ ਆਪਣੇ ਅੰਦਰ ਆਨੰਦ ਅਰ ਆਨੰਦ ਦਾ ਆਸਰਾ ਦਿੱਸ ਪੈਂਦਾ ਹੈ, ਤਦ ਆਨੰਦ ਭੋਗਣੇ ਵਾਲਾ ਬਾਹਰ ਨਹੀਂ ਭਟਕਦਾ।

ਸਾਡੇ ਸਤਿਗੁਰਾਂ ਦਾ ਵਾਕ ਹੈ :-

ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ॥

ਫ਼ਾਤਮਾਂ – ਬੀਬੀ ਜੀ ! ਆਪ ਦੀਆਂ ਬਾਤਾਂ ਬਹੁਤ ਮਨ ਮੋਹਣੇ ਵਾਲੀਆਂ ਹਨ, ਅਰ ਸੁਣ ਸੁਣ ਕੇ ਮੇਰਾ ਮਨ ਆਪਣੇ ਆਪੇ ਵਿਚ ਕੱਠਾ ਹੁੰਦਾ ਜਾਂਦਾ ਹੈ ਅਰ ਮੈਨੂੰ ਮਲੂਮ ਪੈਂਦਾ ਹੈ ਕਿ ਜੇ ਬਾਹਰਲੀਆਂ ਖਿੱਚਾਂ ਟੁੱਟ ਕੇ ਆਪਣੇ ਆਪ ਨਾਲ ਅੰਦਰ ਗੰਢ ਪੈ ਜਾਵੇ ਤਦ ਜ਼ਰੂਰ ਕੋਈ ਭਾਰਾ ਸੁੱਖ ਨਿਕਲੇਗਾ, ਪਰ ਆਪ ਮੈਨੂੰ ਚੰਗੀ ਤਰ੍ਹਾਂ ਸਮਝਾਓ। ਪਰਮੇਸ਼ੁਰ ਦੀ ਪ੍ਯਾਰੀ ! ਮੈਂ ਤੇਰੀ ਭਾਰੀ ਰਿਣੀ ਹਾਂ, ਮੇਰੇ ਸਿਰ ਜੋ ਜੋ ਉਪਕਾਰ ਤੂੰ ਕੀਤੇ ਹਨ, ਮੈਂ ਦੇ ਨਹੀਂ ਸਕਦੀ, ਮੈਂ ਕਿਸੇ ਜੁਗ ਤੇਰੀ ਦੇਣੀਆਂ ਦੇਣ ਦੇ ਯੋਗ ਨਹੀਂ ਹਾਂ। ਜਿੱਥੇ ਅੱਗੇ ਮੇਰੇ ਔਗੁਣਾਂ ਵੱਲ ਅੱਖਾਂ ਮੀਟ ਕੇ ਅਰ ਆਪਣੀ ਦਿਆਲਤਾ ਵੱਲ ਤੱਕ ਕੇ ਤੂੰ ਮੇਰੇ ਪਰ ਕਿਰਪਾ ਕਰਦੀ ਰਹੀ ਹੈਂ ਹੁਣ ਬੀ ਮੇਰੇ ਤੇ ਮਿਹਰ ਕਰ ਤੇ ਮੇਰੇ ਭਰਮ ਦੇ ਛੋੜ ਕੱਟ ਦੇਹ।

ਸਤਵੰਤ ਕੌਰ- ਸੁਣ ਬੀਬੀ ! ਮੈਂ ਕੋਈ ਉਪਕਾਰ ਨਹੀਂ

ਕੀਤਾ, ਉਪਕਾਰ ਕਰਨੇ ਵਾਲਾ ਗੁਰੂ ਹੈ। ਹਾਂ, ਜੇ ਕਿਸੇ ਦਾ ਭਲਾ ਇਸ ਨਿਕਾਰੀ ਦੇਹ ਦੇ ਰਸਤੇ ਹੋ ਜਾਵੇ ਤਦ ਦੇਹ ਦੀ ਸਫ਼ਲਤਾ ਹੈ। ਹੁਣ ਮੈਂ ਤੈਨੂੰ ਇਕ ਭੇਤ ਦੱਸਦੀ ਹਾਂ। ਮੇਰੇ ਨਾਲ ਕਰਾਰ ਕਰ ਕਿ ਤੂੰ ਸਿਰ ਜਾਏ ਪਰ ਤਦ ਬੀ ਇਹ ਭੇਤ ਕਿਸੇ ਨਾ ਤਿਆਰ ਬੰਦੇ ਨੂੰ ਨਹੀਂ ਦਸੇਂਗੀ।

ਫ਼ਾਤਮਾਂ- ਮੈਂ ਨੇਮ ਕਰਦੀ ਹਾਂ, ਪਰ ਇਕ ਬੇਨਤੀ ਹੈ ਕਿ ਜਿੰਕੁਰ ਤੁਸਾਂ ਮੇਰੇ ਤੇ ਕਿਰਪਾ ਕੀਤੀ ਹੈ, ਜੇਕਰ ਕੋਈ ਸਮਾਂ ਮੈਨੂੰ ਆ ਲੱਗੇ ਤਾਂ ਉਸ ਵੇਲੇ ਕੀ ਕਰਾਂ?

ਸਤਵੰਤ ਕੌਰ- ਸਮਾਂ ਆ ਲੱਗੇ ਤਦ ਵਰਤੋ। ਇਹ ਕੋਈ ਸੂਮ ਦਾ ਧਨ ਥੋੜਾ ਹੈ? ਇਹ ਸੱਚੇ ਸਤਿਗੁਰੂ ਜਗਤ ਦਾਤੇ ਦੀ ਦਾਤ ਹੈ ਜੋ ਹਰੇਕ ਲਈ ਖੁੱਲ੍ਹੀ ਤੇ ਅਮੁੱਲ ਪਈ ਹੈ, ਕੋਈ ਖਾਏ ਵਰਤੇ, ਵੰਡੇ। ਪਰ ਇੰਨੀ ਵਿਚਾਰ ਆਪ ਨੂੰ ਲੋੜੀਦੀ ਹੈ ਕਿ ਮੋਤੀਆਂ ਦੀ ਕਦਰ ਅੰਨ੍ਹੇਂ ਨਹੀਂ ਕਰ ਸਕਦੇ। ਅਰ ਇਹ ਕਿ ਨਕਦਰਿਆਂ ਅਗੇ ਅਮੋਲਕ ਸਾਮਾਨ ਰੱਖੇ ਐਵੇਂ ਜਾਂਦੇ ਹਨ, ਓਥੇ ਸੱਚੇ ਸਤਿਗੁਰੂ ਦਾ ਇਹ ਹੁਕਮ ਹੈ ਕਿ ਪਹਿਲੇ ਨਕਦਰਿਆਂ ਨੂੰ ਕਦਰ ਕਰਨੀ ਸਿਖਾਲੋ, ਜਦ ਕਦਰ ਸਿੱਖ ਜਾਣ ਫੇਰ ਦਾਤ ਤਾਂ ਗੁਰੂ ਕੀ ਵੰਡੀ ਹੀ ਜਾ ਰਹੀ ਹੈ, ਆਪੇ ਕੜਛਾ ਮਿਲ ਜਾਂਦਾ ਹੈ, ਇਸ ਪਰ ਤੈਨੂੰ ਵਾਰਤਾ ਸੁਣਾਉਂਦੀ ਹਾਂ :-

ਇਕ ਅਨਪੜ੍ਹ ਪੰਡਤ ਨੇ ਇਕ ਰਾਜਾ ਨੂੰ ਵੱਸ ਕਰ ਲਿਆ। ਇਸ ਪੰਡਤ ਨੂੰ ਕੁਝ ਚਿਰ ਵਾਸਤੇ ਕਿਤੇ ਬਾਹਰ ਜਾਣਾ ਪੈ ਗਿਆ। ‘ਰਾਜਾ ਮੇਰੇ ਵੱਸ ਵਿਚ ਰਹੇ ਇਹ ਸੋਚ ਕੇ ਪੰਡਤ ਜਾਂਦਾ ਹੋਇਆ ਇਕ ਸ਼ਲੋਕ ਰਾਜਾ ਨੂੰ ਕੰਠ ਕਰਾ ਗਿਆ ਤੇ ਕਹਿ ਗਿਆ ਕਿ ਜੋ ਪੰਡਿਤ ਆਵੇ ਇਸ ਦੇ ਅਰਥ ਪੁੱਛੀ, ਜੋ ਦਸੇ ਕਿ ਦੇਵੀ ਪੀੜ੍ਹੇ ਤੇ ਬੈਠੀ ਮਰੂੰਡੇ ਖਾਂਦੀ ਹੈ ਉਸ ਨੂੰ ਪੰਡਿਤ ਜਾਣੀ, ਦੂਜੇ ਨੂੰ ਮੂਰਖ। ਹੁਣ ਜੋ ਪੰਡਿਤ ਰਾਜਾ ਪਾਸ ਆਵੇ ਏਹ ਅਰਥ ਨਾ ਕਰ ਸਕਣ ਕਰਕੇ ਰਾਜਾ ਤੋਂ ਅਨਾਦਰ ਲੈ ਕੇ ਜਾਵੇ, ਕਿਉਂਕਿ ਉਹ ਸਾਰੇ ਦਰੁਸਤ ਅਰਥ ਦਸਦੇ ਸਨ, ਪਰ ਰਾਜੇ ਨੂੰ ਜੋ ਅਰਥ ਯਾਦ ਕਰਾਏ ਗਏ ਸਨ ਸੋ ਗਲਤ ਸਨ। ਇਕ ਵੇਰ ਉਥੇ ਪੰਡਿਤ ਕਾਲੀਦਾਸ ਜੀ ਆ ਗਏ। ਉਹ ਜਾਣਦੇ ਸਨ ਕਿ ਰਾਜਾ ਮੂਰਖ ਹੈ। ਐਵੇਂ ਵਿਦ- ਵਾਨਾਂ ਦਾ ਅਨਾਦਰ ਕਰਦਾ ਹੈ, ਇਸ ਨੂੰ ਚਾਨਣ ਦੇਣਾ ਚਾਹੀਏ। ਸੋ ਜਦ ਰਾਜਾ ਨੇ ਅਰਥ ਉਸ ਤੋਂ ਬੀ ਪੁੱਛਿਆ, ਤਦ ਕਾਲੀਦਾਸ ਨੇ ਕਿਹਾ ਕਿ ਇਸਦੇ ਅਰਥ ਵਾਸਤੇ ਛੇ ਮਹੀਨੇ ਚਾਹੀਦੇ ਹਨ ਅਰ ਹਰ ਦਿਨ ਆਪ ਦੋ ਚਾਰ ਘੜੀਆਂ ਮੇਰੇ ਨਾਲ ਰਹੋ, ਐਵੇਂ ਇਸ ਦੇ ਅਰਥ ਨਹੀਂ ਲੱਗ ਸਕਦੇ। ਗੱਲ ਕੀ ਛੇ ਮਹੀਨੇ ਵਿਚ ਕਾਲੀ- ਦਾਸ ਨੇ ਰਾਜਾ ਨੂੰ ਵ੍ਯਾਕਰਣ ਵਿਦਿਆ ਤੇ ਕੁਛ ਕਾਵ੍ਯ ਕੋਸ਼ ਪੜ੍ਹਾ ਦਿੱਤੇ ਤੇ ਕਹਿਣ ਲੱਗਾ ਲਓ ਰਾਜਾ ਜੀ ! ਹੁਣ ਆਪ ਸ਼ਲੋਕ ਦਾ ਅਰਥ ਆਪੇ ਕਰੋ। ਜਦ ਰਾਜਾ ਨੇ ਆਪੇ ਅਰਥ ਕੀਤਾ ਤਦ ਠੀਕ ਅਰਥ ਉਹੋ ਕੀਤਾ ਜੋ ਸਾਰੇ ਪੰਡਿਤ ਕਰਦੇ ਹੁੰਦੇ ਸਨ, ਨਾ ਦੇਵੀ ਨਿਕਲੀ, ਨਾ ਪੀੜ੍ਹਾ ਤੇ ਨਾ ਮਰੂੰਡੇ। ਭਾਵ ਇਸ ਦਾ ਇਹ ਹੈ ਕਿ ਰਾਜਾ ਨੂੰ ਸੱਚੇ ਅਰਥ ਦੀ ਸੋਝੀ ਤੇ ਕਦਰ ਕਰਨੀ ਸਿਖਾਲ ਦਿੱਤੀ। ਸਨ,

ਜਦ ਪਛਾਣ ਤੇ ਕਦਰ ਕਰਨੀ ਸਿੱਖ ਗਿਆ ਤਦ ਅਰਥ ਸਪੱਸ਼ਟ ਕਿਤੇ ਲੁਕੇ ਸਨ ਹੀ ਨਹੀਂ :-

ਇਸ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ
“ਰਾਮ ਪਦਾਰਥ ਪਾਇ ਕੈ ਕਬੀਰਾ ਗਾਂਠਿ ਨ ਖੋਲ੍॥
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕ ਨਹੀ ਮੋਲ॥੩੨॥
“ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੇ ਖੋਲਿ॥
ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥

ਇਸ ਦਾ ਇਹ ਅਰਥ ਨਹੀਂ ਕਿ ਏਸ ਨੂੰ ਰੁਪਈਏ ਲੈ ਕੇ ਸੱਚੀ ਮੁੱਚੀ ਮਹਿੰਗੇ ਮੁੱਲ ਤੇ ਵੇਚਣਾ ਹੈ। ਮਹਿੰਗੇ ਮੁੱਲ ਦਾ ਤਾਤਪਰਜ ਕੇਵਲ ਕਦਰ ਹੈ ! ਨਕਦਰੇ ਨੂੰ ਦਿੱਤਾ ਪਦਾਰਥ ਵਿਅਰਥ ਜਾਂਦਾ ਹੈ, ਜੈਸੇ ਅੰਨ੍ਹੇ ਦੇ ਹੱਥ ਦੀਵਾ ਧਰ ਦੇਣਾ ਹੁੰਦਾ ਹੈ। ਹਾਂ, ਪ੍ਰਉਪਕਾਰੀਆਂ ਦਾ ਧਰਮ ਇਹ ਹੈ ਕਿ ਪਹਿਲੇ ਹਠ ਤੇ ਅਵਿੱਯਾ ਦੇ ਛੌੜ ਕੱਟਣ ਅਰ ਕਦਰ ਦਾ ਦੀਵਾ ਜਗਾ ਦੇਣ। ਫੇਰ ਇਹ ਪਦਾਰਥ ਬਖ਼ਸ਼ਿਆ ਗੁਣਕਾਰ ਹੁੰਦਾ ਹੈ। ਸਤਿ ਧਰਮ ਦਾ ਉਪਦੇਸ਼ ਕਰਨੇ ਤੋਂ ਪਹਿਲੇ ਧਰਮ ਦੀ ਪਿਆਸ* ਉਤਪਤ ਕਰਨੀ ਚਾਹੀਏ। ਜਦ ਤਕ ਲੋੜ ਨਹੀਂ, ਕਦਰ ਨਹੀਂ, ਤਦ ਤਕ ਕਿਸੇ ਨੇ ਪਦਾਰਥ ਨੂੰ ਕੀ ਕਰਨਾ ਹੈ। ਨਕਦਰੇ ਨੂੰ ਦੱਸਿਆਂ ਪਦਾਰਥ ਦਾ ਅਨਾਦਰ ਤੇ ਆਪਣੇ ਆਪ ਨੂੰ ਦੁੱਖ ਪਹੁੰਚਦਾ ਹੈ। ਇਸ ਗੱਲ ਨੂੰ ਇਕ ਕਹਾਣੀ ਪਾ ਕੇ ਸਿਆਣੇ ਦੱਸਿਆ ਕਰਦੇ ਹਨ ਕਿ ਇਕ ਉਚੇ ਬ੍ਰਿਛ ਪਰ ਇਕ ਬਿੱਜੜੇ ਨੇ ਆਲ੍ਹਣਾ ਬਣਾਇਆ। ਇਕ ਦਿਨ ਮੀਂਹ ਟੁੱਟਕੇ ਲੱਥਾ। ਬਿੱਜੜਾ ਬਿੱਜੜੀ ਨਿੱਘੇ ਹੋਏ ਘਰ ਵਿਚ ਬੈਠੇ ਸਨ ਅਰ ਦੋ ਟਟੈਣੇ ਵਿਚ ਰੱਖੇ ਹੋਏ ਸਨ; ਜਿਨ੍ਹਾਂ ਕਰਕੇ ਘਰ ਚਾਨਣਾ ਚਰਾਗ਼ ਹੋ ਰਿਹਾ ਸੀ। ਇਸ ਵੇਲੇ ਇਕ ਬਾਂਦਰ ਠਰੂ ਠਰੂ ਕਰਦਾ ਇਕ ਟਾਹਣੀ ਤੋਂ ਦੂਜੀ ਟਾਹਣੀ ਪਰ ਟੱਪਦਾ ਦੁਖੀ ਹੋ ਰਿਹਾ ਸੀ। ਦੁਖੀ ਦੇਖ ਕੇ ਬਿੱਜੜੇ ਨੇ ਉਪਦੇਸ਼ ਦਿੱਤਾ ਕਿ ਹੇ ਮਨੁੱਖ ਸੂਰਤ ਜੰਤੂ, ਦੋ ਹੱਥਾਂ ਪੈਰਾਂ ਵਾਲੇ ! ਜੇ ਤੂੰ ਪਹਿਲੇ ਘਰ ਬਣਾ ਛੱਡਦੋਂ ਤਾਂ ਅੱਜ ਕਿਉਂ ਦੁਖੀ ਹੁੰਦੋਂ। ਬਾਂਦਰ ਨੂੰ ਗੁੱਸਾ ਆਇਆ ਕਿ ਇਹ ਕੌਣ ਹੈ ਜੋ ਮੈਨੂੰ ਉਪਦੇਸ਼ ਕਰਦਾ ਹੈ। ਝੁੰਜਲਾਕੇ ਝੱਟ ਬਿੱਜੜੇ ਦਾ ਆਲ੍ਹਣਾ ਵਲੂੰਧਰ ਦਿੱਤਾ।
ਸੋ ਬੀਬੀ ! ਨਕਦਰੇ ਨੂੰ ਧਰਮ ਦਾ ਉਪਦੇਸ਼ ਯੋਗ ਨਹੀਂ, ਉਸ ਲਈ ਪਹਿਲਾਂ ‘ਧਰਮ ਦੀ ਕਦਰ ਕਰਨੇ ਦਾ ਉਪਦੇਸ਼ ਠੀਕ ਹੈ।

ਸੁਣ ਬੀਬੀ ! ਸਭ ਤੋਂ ਪਹਿਲਾਂ ਲੋੜ ਹੈ ਇਹ ਕਿ ਸਾਡਾ ਸੁਭਾਉ ਨੇਕੀ ਸਿੱਖੇ, ਬੁਰਾ ਕਰਨੋਂ ਰੁਕੇ, ਪਾਪ ਤੋਂ ਡਰੇ, ਮਾੜੀਆਂ ਰੁਚੀਆਂ ਉੱਤੇ ਕਾਬੂ ਪਾਵੇ, ਆਪਣੇ ਆਪ ਤੇ ਵੱਸ ਪਾਉਣ ਦੀ ਜਾਚ ਸਿੱਖੇ, ਇਸ ਕੰਮ ਲਈ ਬਾਣੀ ਦੀ ਸਹੈਤਾ ਲਵੇ। ਮਨ ਸਫਾ ਹੋਵੇ ਤੇ ਬਦੀ ਵਲੋਂ ਸਹਿਜਾਂ ਨਾਲ ਮੁੜੇ, ਇਸੇ ਕਰਕੇ ਗੁਰੂ ਜੀ ਨੇ ਬਾਣੀ ਦਾ ਅਯਾਸ ਮੁਖ ਰੱਖਿਆ ਹੈ। ਬਾਣੀ ਹ੍ਰਿਦੇ ਨੂੰ ਸ਼ੁੱਧ ਕਰਦੀ ਹੈ, ਅਰ ਵਿਕਾਰਾਂ ਨੂੰ ਦੂਰ ਕਰਦੀ ਹੈ, ਇਨ੍ਹਾਂ ਦੁਹਾਂ ਗੱਲਾਂ ਦੇ ਨਾਲ ਹੀ ਪ੍ਰੇਮ ਨੂੰ ਵਧਾਉਂਦੀ ਹੈ। ਏਹ ਤਰੀਫ਼ਾਂ ਹੋਰ ਕਿਸੇ ਕਰਮ ਵਿਚ ਨਹੀਂ ਹਨ। ਇਸ ਕਰਕੇ ਇਹ ਮੁਖ ਕਰਮਾਂ ਵਿਚੋਂ ਚੋਟੀ ਦਾ ਮੁਖ ਕਰਮ ਹੈ ਅਰ ਇਸੇ ਕਰਕੇ ਹੁਣ ਤਕ ਤੈਨੂੰ ਬਾਣੀ ਦੇ ਅਯਾਸ ਵਿਚ ਹੀ ਲਾਈ ਰੱਖਿਆ ਸੀ। ਹੁਣ ਤੈਨੂੰ ਮੈਂ ਉਹ ਭੇਤ ਦੱਸਦੀ ਹਾਂ ਜਿਸ ਕਰਕੇ ਤੇਰਾ ਹਿਦਾ ਐਸਾ ਨਿਰਮਲ ਹੋ ਜਾਵੇ ਕਿ ਜਿਸ ਵਿਚ ਪਰਮੇਸ਼ੁਰ ਦਾ ਪ੍ਰਤਿਬਿੰਬ ਝਲਕ ਪਵੇ ਅਰ ਤੂੰ ਅੱਠੇ ਪਹਿਰ ਉਸ ਦੇ ਮੇਲ ਵਿਚ ਰਹੇਂ।

ਮੈਨੂੰ ਪਤਾ ਨਹੀਂ ਕਿ ਤੁਹਾਨੂੰ ਦੱਸਣਾ ਮੇਰੇ ਧਰਮ ਭਰਾਵਾਂ ਨੂੰ ਕੈਸਾ ਲੱਗੇ, ਯਾ ਪੰਥ ਦਾ ਕੀ ਹੁਕਮ ਹੋਵੇ, ਪਰ ਮੈਂ ਤੁਹਾਡੇ ਵਿਚ ਸਫਾਈ ਦੀ ਝਲਕ ਦੇਖਦੀ ਹਾਂ, ਇਸ ਕਰਕੇ ਮੈਂ ਬੇਵਸੀ ਹੋਈ ਦੱਸਦੀ ਹਾਂ। ਤੁਹਾਡੀ ਦਸ਼ਾ ਵੈਰਾਗ ਤੇ ਪ੍ਰੇਮ ਨੇ ਐਸੀ ਕਰ ਦਿੱਤੀ ਹੈ ਕਿ ਦੱਸੇ ਬਾਝ ਤੁਹਾਡਾ ਹੁਣ ਜੀਵਨ ਸੁਖੀ ਰਹਿਣਾ ਕਠਨ ਹੈ। (ਜ਼ਰਾ ਅਝਕ ਕੇ) ਪਰ ਮੈਂ ਕੀ ਕਰਾਂ? ਪਿਤਾ ਜੀ ਨੇ ਗੁਰਮੁਖਤਾਈ ਦੀਆਂ ਗੱਲਾਂ ਤਾਂ ਕੁਛ ਦੱਸ ਕੇ ਕਰਵਾਈਆਂ ਹੋਈਆਂ ਸਨ। ਹਾਂ ਸੱਚੀ… ਹੁਣ ਮੌਕਾ ਹੈ ਹਾਂ, ਪਰ ਫੇਰ ਅਞਾਣੀਂ ਹਾਂ ਅੱਜ ਦਾ ਦਿਨ ਠਹਿਰ, ਮੈਂ ਰਾਤ ਬਾਹਰ ਜਾਵਾਂਗੀ, ਇਕ ਗੁਰਮੁਖ ਪਿਆਰੇ ਦੇਸ਼ ਤੋਂ ਏਥੇ ਆਏ ਹੋਏ ਹਨ, ਉਨ੍ਹਾਂ ਨੂੰ ਪੁੱਛ ਕੇ ਕੱਲ ਪਰਸੋਂ ਤੈਨੂੰ ਆ ਦੱਸਾਂਗੀ।

ਇਹ ਸੁਣ ਕੇ ਫ਼ਾਤਮਾਂ ਬੋਲੀ- ਬੀਬੀ ਜੀ ! ਜਿਵੇਂ ਆਪ ਦੀ ਰਜ਼ਾ ਕਹਿਣਾ ਯੋਗ ਨਹੀਂ, ਪਰ ਮੇਰਾ ਖੋਟਾ ਦਿਲ ਰਹਿ ਨਹੀਂ ਸਕਦਾ, ਕਿਤੇ ਆਪ ਜਾ ਕੇ ਮੁੜ ਨਾ ਆਏ ਤਾਂ ਮੈਂ ਕੀ ਕਰਸਾਂ।

ਸਤਵੰਤ ਕੌਰ- ਬੀਬੀ ਜੀ ! ਸਿੱਖ ਝੂਠ ਨਹੀਂ ਬੋਲਿਆ ਕਰਦੇ, ਮੈਂ ਜਦ ਦੇਸ਼ ਨੂੰ ਜਾਵਾਂਗੀ ਖ਼ਬਰ ਕਰਕੇ ਜਾਵਾਂਗੀ, ਚੁੱਪ ਕੀਤੇ ਤੇ ਚੋਰੀ ਨਹੀਂ ਜਾਵਾਂਗੀ।

ਗੱਲ ਇਹ ਹੈ ਕਿ ਮੈਨੂੰ ਭਾਗਾਂ ਨਾਲ ਇਥੇ ਉਹ ਗੁਰੂ ਕੇ ਲਾਲ ਮਿਲ ਗਏ ਹਨ, ਜਿਨ੍ਹਾਂ ਨੇ ਮੇਰੇ ਪਰ ਬੜੀ ਕ੍ਰਿਪਾ ਕੀਤੀ ਹੈ। ਜਿੰਨੇ ਦਿਨ ਮੈਂ ਤੁਹਾਥੋਂ ਵਿਛੁੜਕੇ ਬਾਹਰ ਰਹੀ ਹਾਂ। ਪਿਤਾ ਜੀ ਦੇ ਬੀਜੇ ਹੋਏ ਬੀਜ ਨੂੰ ਉਨ੍ਹਾਂ ਨੇ ਪ੍ਰਫੁਲਤ ਕਰ ਦਿੱਤਾ ਹੈ। ਜੋ ਗੱਲਾਂ ਮੈਂ ਅੱਜ ਕੀਤੀਆਂ ਹਨ ਉਨ੍ਹਾਂ ਦੀ ਮਿਹਰ ਹੋਈ ਹੈ। ਇਕ ਗੱਲ ਦੀ ਮੈਨੂੰ ਸ਼ੰਕਾ ਹੈ ਉਹ ਮੈਂ ਉਹਨਾਂ ਤੋਂ ਨਵਿਰਤ ਕਰਕੇ ਤੁਹਾਨੂੰ ਫੇਰ ਆਕੇ ਦੱਸਾਂਗੀ?

ਇਸ ਪ੍ਰਕਾਰ ਦੇ ਬਚਨ ਬਿਲਾਸ ਦੇ ਮਗਰੋਂ ਸਤਵੰਤ ਕੌਰ ਨੇ ਆਯਾ ਲਈ, ਅਰ ਮੁੜਕੇ ਮਰਦਾਨਾ ਭੇਸ ਕਰਕੇ ਚੁਪਾਤੀ ਬਾਹਰ ਨਿਕਲ ਗਈ ਅਰ ਇਕ ਲੁਕਵੇਂ ਟਿਕਾਣੇ ਵਿਚ, ਜਿਥੇ ਉਹ ਗੁਰੂ ਕੇ ਪਿਆਰੇ ਰਹਿੰਦੇ ਸਨ, ਉਹਨਾਂ ਨੂੰ ਜਾ ਮਿਲੀ।

-0-

14 ਕਾਂਡ।

ਆਪਣੇ ਠੀਕ ਇਕਰਾਰ ਸਿਰ ਦੋ ਦਿਨ ਮਗਰੋਂ ਸਤਵੰਤ ਕੌਰ ਆਪਣੇ ਬਚਨਾਂ ਦੀ ਬੱਧੀ ਫੇਰ ਫ਼ਾਤਮਾਂ ਦੇ ਘਰ ਗੁਪਤ ਰਸਤੇ, ਥਾਣੀਂ ਆਈ। ਫ਼ਾਤਮਾਂ ਨੂੰ ਵੇਖ ਕੇ ਚੰਦ ਚੜ੍ਹ ਗਿਆ, ਕਈ ਵਾਰਨੇ ਤੇ ਫੇਰੇ ਗਈ। ਸਤਵੰਤ ਕੌਰ ਨੇ ਭੀ ਹਿਤ ਨਾਲ ਵਰਤਾਉ ਕੀਤਾ। ਇਹ ਵੇਲਾ ਸੰਝ ਦਾ ਸੀ। ਸੋ ਰਾਤ ਤਾਂ ਬੀਤੀ। ਤੜਕੇ ਚਾਰ ਵਜੇ ਉੱਠ ਕੇ ਫ਼ਾਤਮਾਂ ਇਸ਼ਨਾਨ ਕਰਕੇ ਸੱਛ ਬਸਤ੍ਰ ਪਹਿਨਕੇ ਚੁੱਪ ਚੁਪਾਤੀ ਸਤਵੰਤ ਕੌਰ ਪਾਸ ਗਈ। ਅੱਗੋਂ ਉਹ ਪ੍ਰੇਮ ਦੀ ਪੁਤਲੀ ਆਪਣੇ ਆਪ ਵਿਚ ਮਗਨ ਬੈਠੀ ਸੀ। ਇਹ ਬੀ ਪਾਸ ਬੈਠ ਗਈ। ਸਹਿਜੇ ਸਹਿਜੇ ਪਾਠ ਕਰਦੀ ਰਹੀ। ਕੋਈ ਪੰਜ ਵਜੇ ਸਤਵੰਤ ਕੌਰ ਨੇ ਅੱਖਾਂ ਖੋਲ੍ਹੀਆਂ, ਚਿਹਰਾ ਲਾਲ ਭਖ ਭਖ ਕਰਦਾ ਸੀ, ਨੇਤ੍ਰਾਂ ਦੀ ਜੋਤਿ ਝੱਲੀ ਨਹੀਂ ਜਾਂਦੀ ਸੀ।

ਫ਼ਾਤਮਾਂ ਵੱਲ ਤੱਕ ਕੇ ਬੋਲੀ- ਭੈਣ ਜੀ ! ਗੁਰੂ ਨਾਨਕ ਦੇਵ ਜੀ ਨੇ ਕਲਜੁਗ ਦੇ ਵਿਚ ਇਕ ਅਗੰਮ ਦਾ ਖੂਹ ਪੁੱਟਿਆ, ਉਸ ਸੋਮੇ ਪਰ ਸੁੰਦਰ ਮੰਦਰ ਪਵਾਇਆ, ਉਸ ਵਿਚ ਜਲ ਦਾ ਸੁੰਦਰ ਹੌਜ਼ ਬਣਾਕੇ ਐਸੀ ਕਲਾ ਲਾ ਦਿੱਤੀ ਕਿ ਉਹ ਹੌਜ਼ ਹਰ ਵੇਲੇ ਭਰਪੂਰ ਰਹਿੰਦਾ ਹੈ, ਕੌਲ ਛੰਨੇ ਗੜਵੀਆਂ ਪਾਸ ਧਰੇ ਹਨ ਤਾਂ ਜੋ ਥੱਕਿਆ ਟੁੱਟਿਆ ਦੁਖੀ ਆਵੇ ਸੋ ਪੀ ਕੇ ਸੁਖੀ ਹੋਵੇ। ਸੋ ਜਿਹੜਾ ਕੋਈ ਪਿਛੋਂ ਦਾ ਬਲੀ ਇਥੇ ਆਕੇ ਉਹਨਾਂ ਦੇ ਇਸ ਹੁਕਮ ਪਰ ਖੜਾ ਹੋ ਜਾਵੇ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ਉਹ ਤਾਂ ਆਪ ਇਸ ਪਾਣੀ ਨੂੰ ਪੀਵੇ, ਨ੍ਹਾਵੇ, ਉਡਾਵੇ, ਕੁਝ ਕਰੇ, ਉਸ ਦੇ ਵੱਸ ਸਭੋ ਕੁਝ ਹੈ, ਪਰ ਐਸਾ ਜੀਵ ਕ੍ਰੋੜਾਂ ਵਿਚ ਕੋਈ ਹੁੰਦਾ ਹੈ। ਦੂਸਰੇ ਹਮਾਤੜ ਜੀਵਾਂ ਲਈ ਸਤਿਸੰਗਤ ਦੀ ਸਹਇਤਾ ਦੀ ਲੋੜ ਹੈ। ਓਹ ਸਤਿ- ਸੰਗਤ ਦੇ ਨਾਲ ਇਥੇ ਅੱਪੜਦੇ ਹਨ। ਸਤਿਸੰਗਤ ਉਹਨਾਂ ਨੂੰ ਕੌਲ ਭਰ ਭਰ ਕੇ ਪਿਲਾਉਂਦੀ ਹੈ ਅਰ ਸਨੇ ਸਨੇ ਉਹ ਰਸਲੀਨ ਤੇ ਰਜ਼ਾ ਪਰ ਖੜੇ ਹੋ ਜਾਂਦੇ ਹਨ। ਸੋ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਹਨ, ਧੁਰਾਂ ਦੇ ਗੁਰੂ ਹਨ, ਅਕਾਲ ਪੁਰਖ ਦੇ ਸਾਜੇ ਨਿਵਾਜੇ ਗੁਰੂ ਗੋਬਿੰਦ ਰੂਪ ਹਨ। ਮਾਲਕ ਰਖ੍ਯਕ ਓਹ ਹਨ। ਮੇਰਾ ਤੇਰਾ ਸੰਬੰਧ ਸਤਿਸੰਗਤ ਦਾ ਹੈ, ਜਿੱਕੁਰ ਸਤਿਸੰਗਤ ਵਿਚੋਂ ਮੈਂ ਕ੍ਰਿਤਾਰਥ ਹੋਈ ਹਾਂ ਇਕੁਰ ਹੀ ਤੂੰ ਹੁੰਦੀ ਹੈਂ, ਜੋ ਪਿਆਲਾ ਮੈਨੂੰ ਖੁਲ੍ਹੇ ਦਿਲ ਪੀਣ ਨੂੰ ਸਤਿਸੰਗਤ ਵਲੋਂ ਦਿੱਤਾ ਗਿਆ ਸੀ ਉਹ ਪਿਆਲਾ ਤੈਨੂੰ ਮੈਂ ਦਿੰਦੀ ਹਾਂ, ਗੁਰ ਨਾਨਕ ਦੀ ਦਾਤ ਅਤੁੱਟ ਹੈ। ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥
‘ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈਂ ਸੋ ਉਹ ਪਿਆਲਾ ਤੁਹਾਡੇ ਲਈ ਹਾਜ਼ਰ ਹੈ, ਪੀਓ, ਦਿਨ ਰਾਤ ਪੀਓ ਅਰ ਸਦਾ ਖੀਵੇ ਬਣੇ ਰਹੋ। ਇਹ ਕਹਿਕੇ ਸਤਵੰਤ ਕੌਰ ਨੇ ਖਾਲਸੇ ਵਿਚ ਅੰਮ੍ਰਿਤ ਦੀ ਮਰਿਯਾਦਾ ਦਾ ਵੇਰਵਾ ਦੱਸਿਆ। ਫਿਰ ਸਮਝਾਇਆ ਕਿ ਉਹ ਮਰਿਯਾਦਾ ਤੇਰੇ ਲਈ ਹੋ ਸਕਣੀ ਕਠਨ ਹੈ, ਇਸ ਕਰਕੇ ਹਾਲੇ ਮੈਂ ਤੈਨੂੰ ਨਾਮ ਵਿਚ ਲਾ ਦਿੰਦੀ ਹਾਂ, ਉਹ ਸਮਾਂ ਬੀ ਗੁਰੂ ਲੈ ਆਵੇਗਾ ਜਦ ਸਹਿਜਧਾਰੀਆਂ ਨੂੰ ਸਾਡੇ ਵਿਚ ਨਾਮ ਦੀ ਦਾਤ ਮਿਲ ਜਾਵੇਗੀ।

ਇਹ ਕਹਿਕੇ ਸਤਵੰਤ ਕੌਰ ਨੇ ਉਸ ਨੂੰ ਫੇਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿਚ ਲਾ ਦਿੱਤਾ। ਫ਼ਾਤਮਾਂ ਅੱਗੇ ਜਪੁਜੀ ਸਾਹਿਬ ਦਾ ਪਾਠ ਕਰਦੀ ਸੀ ਤੇ ਮੂਲ ਮੰਤ੍ਰ ਦਾ ਜਾਪ ਕਰਦੀ ਸੀ।

ਸਤਵੰਤ ਕੌਰ- ਫ਼ਾਤਮਾਂ ਬੀਬੀ ਸਾਡਾ ਮਨ ਸੋਚਾਂ ਵਿਚ ਰਹਿੰਦਾ ਹੈ। ਜਿਹੀਆਂ ਸੋਚਾਂ ਤੇਹਾ ਸੁਭਾਵ, ਜਾਂ ਜੇਹਾ ਸੁਭਾਵ ਤੇਹੀ ਸੋਚ, ਸਾਡਾ ਸੁਭਾਵ ਚੰਗਾ ਨਹੀਂ।ਜੇ ਅਸੀਂ ਚੰਗੇ ਤੋਂ ਚੰਗੇ ਅਰਥਾਤ ਪਰਮੇਸ਼ੁਰ ਦੀ ਸੋਚ ਹਰ ਵੇਲੇ ਰੱਖੀਏ ਅਸੀਂ ਚੰਗੇ ਹੋ ਜਾਵਾਂਗੇ। ਸੋ ਸਾਡੀ ਸੋਚ ਵਿਚ ਸਦਾ ਰੱਬ ਰਹੇ, ਅਰਥਾਤ ਅਸੀਂ ਰੱਬ ਨੂੰ ਯਾਦ ਰੱਖੀਏ, ਸਿਮਰਦੇ ਰਹੀਏ। ‘ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ਜੇ ਮਨ ਕਰਕੇ ਅਸੀਂ ਸਿਮਰਨ ਵਿਚ ਰਹਿ ਨਹੀਂ ਸਕਦੇ ਤਾਂ ਅਸੀਂ ਪਰਮੇਸ਼ੁਰ ਦੇ ਨਾਮ ਦਾ ਜਪੁ ਕਰੀਏ। ਜਪੁ ਕਰਨ ਨਾਲ ਨਾਮ ਸਿਮਰਨ ਵਿਚ ਆ ਜਾਂਦਾ ਹੈ। ਸੋ ਤੁਸੀਂ ਪਰਮੇਸ਼ੁਰ ਦਾ ਨਾਮ, ਜੋ ਮੈਂ ਦੱਸਿਆ ਹੈ ‘ਵਾਹਿਗੁਰੂ’ ਇਸ ਦਾ ਜਪ ਕਰਨਾ ਹੈ। ਰਸਨਾ ਨਾਲ ਜਪਣ ਨੂੰ ‘ਨਾਮ ਜਪਣਾ’ ਕਹਿੰਦੇ ਹਨ। ਧਿਆਨ ਯਾ ਖਿਆਲ ਯਾ ਤਵੱਜੋ ਇਸੇ ਨਾਮ ਵਿਚ ਰੱਖਣੀ ਹੈ। ਹੋਰ ਸੋਚਾਂ ਵਿਚ ਜਾਂਦੇ ਮਨ ਨੂੰ ਵਰ- ਜਦੇ ਰਹਿਣਾ ਹੈ। ਐਉਂ ਜਪ ਨਾਲ ‘ਸਾਂਈਂ ਦੀ ਯਾਦ’ ਅੰਦਰ ਘਰ ਕਰ ਲਏਗੀ। ਇਸਦਾ ਅਸਰ ਇਹ ਹੋਵੇਗਾ ਕਿ ਮਨ ਆਪੇ ਵਿਚ ਜੁੜੇਗਾ। ਰੱਬ ਦੀ ‘ਹੈਂ ਅੰਦਰ ਪ੍ਰਤੀਤ ਹੋਇਆ ਕਰੇਗੀ। ਮਨ ਇੰਦ੍ਰਿਆਂ ਨੂੰ ਬਾਹਰ ਧਾਵਨੋਂ ਵਰਜੇਗਾ ਤੇ ਸਰੀਰਕ ਰਸ ਜ਼ੋਰ ਘੱਟ ਪਾ ਸਕਿਆ ਕਰਨਗੇ, ਫੇਰ ਇਕ ਸ੍ਵਛਤਾ ਜੈਸੀ ਅੰਦਰ ਭਾਸੇਗੀ, ਆਪਾ ਨਿਰਮਲ ਨਿਰਮਲ ਤੇ ਸੁਹਣਾ ਸੁਹਣਾ ਲੱਗੇਗਾ। ਅੰਤ ਨੂੰ ਵਾਹਿਗੁਰੂ ਦੇ ਨਾਮ ਰਸ ਦੀ ਲੱਖਤਾ ਹੋਣ ਲੱਗ ਜਾਏਗੀ। ਇਹ ਘਾਲ ਤੇਰੀ ਥਾਂ ਪਵੇਗੀ, ਕਰਤਾਰ ਕ੍ਰਿਪਾ ਕਰੇਗਾ ਅਰ ਮੈਨੂੰ ਭਰੋਸਾ ਹੈ ਕਿ ਫੇਰ ਅੰਮ੍ਰਿਤ ਛਕਾਕੇ ਤੈਨੂੰ ਸਿੱਖੀ ਦਾਨ ਪ੍ਰਾਪਤ ਹੋਵੇਗਾ। ਤੇਰਾ ਜਨਮ ਕਿਸ ਕੁਲ ਵਿਚ ! ਤੇਰਾ ਪਤੀ ਅਨਮਤੀ ! ਵਾਸ ਅਨਮਤ ਵਿਚ। ਅੰਮ੍ਰਿਤ ! ਪਰ ਹੱਛਾ ਸਮਾਂ ਗੁਰੂ ਜੀ ਲਿਆਉਣ ਕਿ ਤੇਰੀ ਦਰਗਾਹ ਵਿਚ ਪੂਰੀ ਪੈ ਜਾਵੇਗੀ। ਜੋ ਕੁਝ ਦੱਸਿਆ ਹੈ ਸੰਭਾਲਕੇ ਰੱਖੀਂ। ਬੀਜ ਦਾ ਦਾਣਾ ਚੁਰਾਹੇ ਵਿਚ ਰੁਲਦਾ ਕੌਡੀ ਨੂੰ ਨਹੀਂ ਵਿਕਦਾ, ਪਰ ਧਰਤੀ ਵਿਚ ਜਾ ਕੇ ਤੇ ਪਾਣੀ ਪਾਕੇ ਉਹੋ ਦਾਣਾ ਬੂਟਾ ਬਣਦਾ ਹੈ ਤੇ ਫੈਲਦਾ ਹੈ। ਇਕੁਰ ਹੀ ਗੁਰੂ ਨਾਨਕ ਦੇਵ ਦੀ ਦਾਤ ਦੀ ਕਠੋਰ ਲੋਕ ਕਦਰ ਨਹੀਂ ਕਰਦੇ ਪਰ ਅਧਿਕਾਰੀ ਹਿਰਦੇ ਅਸਥਾਨਾਂ ਵਿਚ ਜੰਮਕੇ ਉਹੋ ਫੇਰ ਅੰਮ੍ਰਿਤ ਦਾ ਬ੍ਰਿਛ ਹੋ ਜਾਂਦਾ ਹੈ।

ਅਸਲ ਕਲਪ ਬ੍ਰਿਛ ਇਹੋ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਲੁਕੋ ਨਹੀਂ ਰੱਖਿਆ ਅਰ ਨਾ ਸਤਿਸੰਗ ਵਿਚ ਕੋਈ ਲੁਕੋ ਹੈ। ਇਹ ਪ੍ਰਗਟ ਪਦਾਰਥ ਆਪਣੀ ਪ੍ਰਗਟਤਾਈ ਦੀ ਬਹੁਲਤਾ ਵਿਚ ਹੀ ਗੁੰਮ ਹੈ, ਜੈਸੇ ਬਿਜਲੀ ਦੇ ਅਯੰਤ ਤੇਜ ਝਲਕੇ ਵਿਚ ਅੱਖਾਂ ਮਿਟ ਜਾਂਦੀਆਂ ਹਨ। ਐਸੇ ਪਦਾਰਥ ਨੂੰ ਜੋ ਲੋਕ ਮੂਰਖਾਂ ਦੀ ਹਾਸੀ ਵਿਚ ਲਿਆਉਂਦੇ ਹਨ, ਉਹ ਗੁਰੂ ਪਰਮੇਸ਼ੁਰ ਦੀ ਬੇਅਦਬੀ ਕਰਦੇ ਹਨ।

ਕੁਝ ਚਿਰ ਤੱਕ ਹੁਣ ਦੁਵੱਲੀ ਚੁਪ ਰਹੀ। ਫੇਰ ਸਤਵੰਤ ਕੌਰ ਨੇ ਫਾਰਸੀ ਬੋਲੀ ਵਿਚ ਉਲਟਾਕੇ ਹੇਠ ਲਿਖਿਆ “ਪ੍ਰਸ਼ਨੋਤ੍ਰ ਭਾਈ ਨੰਦ ਲਾਲ ਜੀ ਦਾ” ਜੋ ਲਿਖਵਾਕੇ ਨਾਲ ਲਿਆਈ ਸੀ, ਉਸਨੂੰ ਦਿੱਤਾ ਤੇ ਤਾਕੀਦ ਕਰ ਦਿੱਤੀ ਕਿ ਤੇਰਾ ਆਗੂ ਤੇ ਸਹਾਈ ਇਹ ਉਪਦੇਸ਼ ਰਹੇਗਾ।

“ਸ੍ਰੀ ਗੁਰੂ ਵਾਕਨ ਕੋ ਤਜਕੇ; ਪੁਨ ਔਰਨ ਵਾਕ ਰਿਦੇ ਜੁ ਲਿਆਵੈਂ। ਲੋਕ ਪ੍ਰਲੋਕ ਸੁ ਠੌਰ ਨਹੀਂ ਤਿਨ੍ਹ, ਸੋ ਨਰਕਾਂਤਰ ਬੀਚ ਭ੍ਰਮਾਵੈਂ। ਤਾਂ ਨਰ ਸੋ ਯਮਧਾਮ ਭਰੋ, ਦਿਨ ਰਾਤ ਹਮੇਸ਼ਹਿ ਸੋ ਦੁਖ ਪਾਵੈਂ।

ਆਵਨ ਜਾਵਨ ਬੀਚ ਫਿਰੈਂ ਯਮ ਕੀ ਸਦਹੀ ਪੁੰਨ ਚੋਟਨ ਖਾਵੈਂ। ਗੁਰਮੁਖ ਰਹਿਤ ਸੁਨਹ ਮੇਰੇ ਮੀਤ ! ਪਰਭਾਤੇ ਉਠ ਕਰ ਹਿਤ ਚੀਤ। ਵਾਹਿਗੁਰੂ ਪੁਨ ਮੰਤ੍ਰ ਸੁ ਜਾਪ। ਕਰ ਇਸ਼ਨਾਨ ਪੜੇ ਜਪ ਜਾਪ। ਸੰਧਯਾ ਸਮੇ ਸੁਨੇ ਰਹਿਰਾਸ। ਕੀਰਤਨ ਕਥਾ ਸੁਨੈ ਹਰਿ ਜਾਸ। ਇਨ ਮੈਂ ਨੇਮ ਜੁ ਏਕ ਕਰਾਇ ! ਸੋ ਸਿਖ ਅਮਰ ਪੁਰੀ ਮਹਿ ਜਾਇ।

ਤੀਨ ਰੂਪ ਹੈਂ ਮੋਹਿ ਕੇ ਸੁਨੋ ਨੰਦ ਚਿਤ ਲਾਇ।

ਨਿਰਗੁਣ ਸਰਗੁਣ ਗੁਰਸ਼ਬਦ, ਕਹੋਂ ਤੋਹਿ ਸਮਝਾਇ। ਏਕ ਰੂਪ ਤਿਹ ਗੁਣ ਤੇ ਪਰੇ। ਨੇਤਿ ਨੇਤਿ ਜਿਹ ਨਿਗਮ ਉਚਰੇ। ਘਟ ਘਟ ਵ੍ਯਾਪਕ ਅੰਤਰਜਾਮੀ। ਪੂਰ ਰਹ੍ਯਾ ਕ੍ਯੋਂ ਜਲ ਘਟ ਭਾਨੀ। ਦੂਸਰ ਰੂਪ ਗ੍ਰੰਥ ਜੀ ਜਾਨਹੁ। ਅਪਨ ਅੰਗ ਮੇਰੇ ਕਰ ਮਾਨਹੁ। ਰੋਮ ਰੋਮ ਅੱਖਰ ਸੋ ਲਹੋ। ਬਾਤ ਯਥਾਰਥ ਤੁਮ ਸੋਂ ਕਹੋਂ। ਸਬਦ ਸੁਣੋ ਗੁਰ ਹਿਤ ਚਿਤ ਲਾਇ। ਗ੍ਯਾਨ ਸ਼ਬਦਗੁਰ ਸੁਨੇ ਸੁਨਾਇ। ਜੋ ਮਮ ਸਾਥ ਚਾਹਿ ਕਰ ਬਾਤ। ਪੜੈ ਗਰੰਥ ਬਿਚਾਰਹਿ ਸਾਥ। ਤੀਸਰ ਰੂਪ ਸਿੱਖ ਹੈ ਮੋਰ। ਗੁਰ ਬਾਣੀ ਰਤ ਜਿਨ ਨਿਸ ਭੋਰ। ਵਿਸ਼ਸਪ੍ਰੀਤਗੁਰ ਸ਼ਬਦ ਜੁ ਧਰੇ। ਗੁਰ ਕਾ ਦਰਸ਼ਨ ਨਿਤ ਉਠ ਕਰੇ। ਗੁਰਦ੍ਵਾਰਨ ਕਾ ਦਰਸ਼ਨ ਕਰੇ। ਪਰਦਾਰਾ ਕਾ ਤ੍ਯਾਗਨ ਧਰੇ। ਗੁਰ ਸਿਖ ਸੇਵ ਕਰੇ ਚਿਤ ਲਾਇ। ਆਪਾ ਪਰ ਕਾ ਸਗਲ ਮਿਟਾਇ।

ਐਸੇ ਗੁਰ ਸਿਖ ਸੇਵ ਕੀ ਮੋਹਿ ਪਹੂਚੇ ਆਇ। ਸੁਨਹੁ ਨੰਦ ਚਿਤ ਦੇਇਕੇ ਮੁਕਤ ਬੈਕੁੰਠੇ ਜਾਇ।”

ਫ਼ਾਤਮਾਂ ਭਾਗਵਾਨ ਦੇ ਧੰਨ ਭਾਗ ਜੋ ਹੁਣ ਤਿੰਨ ਪਦਾਰਥਾਂ ਦੀ ਮਾਲਕ ਹੋ ਗਈ, ਇਕ ਤਾਂ ਬਾਣੀ ਤੇ ਮੂਲ ਮੰਤ੍ਰ ਦੀ ਯਾਤਾ ਆ ਗਈ, ਦੂਜੇ ਗੁਰ ਮੰਤ੍ਰ ਅਰਥਾਤ ਨਾਮ ਦੀ ਘਾਲ ਮਿਲ ਗਈ ਤੀਜੇ ਰਹਿਤ ਸਿੱਖੀ ਦੀ ਮਲੂਮ ਹੋ ਗਈ ! ਫ਼ਾਤਮਾਂ ਪਰਮਾਰਥ ਦੇ ਰਾਹੇ ਪੈ ਗਈ ਤੇ ਸਾਂਈਂ ਵਿਚ ਯਾਦ ਨੂੰ ਲਗਾਈ ਰੱਖਣ ਵਾਲਾ ਨਾਮ ਦਾ ਅਨ੍ਯਾਸ ਫ਼ਾਤਮਾਂ ਨੂੰ ਪ੍ਰਾਪਤ ਹੋ ਗਿਆ। ਹਾਂ, ਅੰਤਰ ਆਤਮੇ ‘ਜਗਤ ਦੇ ਮੂਲ ਨਾਲ ਲੱਗੇ ਰਹਿਣ ਵਾਲਾ ਰੁਖ਼ ਉਸ ਨੂੰ ਮਿਲ ਗਿਆ।

ਸਤਵੰਤ ਨੇ ਫੇਰ ਇਨ੍ਹਾਂ ਤਿੰਨ ਦਾਤਾਂ ਤੋਂ ਰਖਯਾ ਕਰਨੇ ਹਿਤ ਤਿੰਨ ਸ਼ਸਤ੍ਰ ਬੀ ਦੱਸ ਦਿਤੇ- ਇਕ ਬਾਣੀ ਜਾਂ ਨਿੱਤ ਨੇਮ, ਦੂਜੇ ਬੇਨਤੀ ਦੀ ਜਾਚ, ਤੀਸਰੇ ਸ਼ੁਕਰ ਦਾ ਸੁਭਾਵ। ਫ਼ਾਤਮਾਂ ਨੂੰ ਉਸ ਨੇ ਇਹ ਬੀ ਸਮਝਾ ਦਿੱਤਾ ਕਿ ‘ਯਾਦ ਰੱਖਣਾ ਪਿਆਰੇ ਵਾਹਿਗੁਰੂ ਨੂੰ ਉਸ ਨਾਲ ਪ੍ਰੇਮ ਵਿਚ ਰਹਿਣਾ ਹੈ, ਮਾਨੋਂ ਮਿਲੇ ਰਹਿਣਾ ਹੈ, ਪਰ ‘ਯਾਦ ਰੱਖਣਾ’ ਇਕ ਸੂਖਮ ਗਤੀ ਹੈ, ਇਸ ਸੂਖਮ ਗਤੀ ਨੂੰ ਪਾਉਣ ਲਈ ਨਾਮ ਜਪੀਦਾ ਹੈ, ਨਾਮ ਜੀਭ ਤੋਂ ਜਪਿਆ ਸਹਿਜੇ ਮਨ ਨੂੰ ਏਕਾਗ੍ਰਤਾ ਵਿਚ ਲਿਜਾਂਦਾ ਹੈ। ਇਸ ਤਰ੍ਹਾਂ ਜਪਿਆ ਨਾਮ ਆਪੇ ਪ੍ਰਾਣਾਂ ਵਿਚ ਪ੍ਰਵੇਸ਼ ਕਰਦਾ ਹੈ- ਫਿਰ ਦਿਲ ਵਿਚ ਜਾਕੇ ਸਦਾ ‘ਯਾਦਂ ਦਾ ਰੂਪ ਧਾਰ ਲੈਂਦਾ ਹੈ ਫਿਰ ਐਉਂ ਜਾਪਦਾ ਹੈ ਕਿ ਲੂੰ ਲੂੰ ਵਿਚ ਸਿਮਰਨ ਹੈ? ਫਿਰ ਐਉਂ ਕਿ ਧਰਤ ਅਕਾਸ਼ ਸਾਰੇ ਨਾਮ ਵਿਆਪਕ ਹੈ। ਪਰ ਹਾਂ, ਮੂਲ ਨਾਮ ‘ਜਾਪਣਾ ਹੈ’।

ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ॥ ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ॥ ਰਸਨਾ ਦੇ ਜਾਪ ਨੂੰ ਸਾਰੇ ਫਲ ਲਗਦੇ ਹਨ, ਇਸਨੂੰ ਛੱਡਣਾ ਨਹੀਂ ਚਾਹੀਏ, ਇਥੋਂ ਨਾਮ ਆਪੇ ਹਿਰਦੇ ਪ੍ਰਾਣਾਂ ਵਿਚ ਜਾਂਦਾ ਹੈ।

ਇਸ ਪ੍ਰਕਾਰ ਫ਼ਾਤਮਾਂ ਜਦ ਜਾਣ ਲਗੀ। ਤਦ ਗੁਰਮੁਖਿ ਗਾਡੀ ਰਾਹ ਚਲਾਇਆ ਪਰ ਪੱਕੀ ਤੁਰਾਉੂ ਬਣ ਗਈ।

ਪਿਆਰੇ ਖਾਲਸਾ ਜੀ! ਪਰਸਪਰ ਹਮਦਰਦੀ ਦੇ ਅਸੂਲ ਨੂੰ ਸਮਝ ਕੇ ਅਧਿਕਾਰੀ ਭਰਾਵਾਂ ਨਾਲ ਰਲ ਵਰਤੋ। ਭੇਖ ਤੋਂ ਬਚੋ, ਭਰਮ ਨਾ ਕਰੋ, ਨਾ ਭਰਮ ਵਿਚ ਪਵੋ। ਯਥਾ- ਗੁਰੂ ਜੀ ਦੇ ਨਿਜ ਕਵੀ ਸੈਨਾਪਤ ਨੇ ਗੁਰ ਸ਼ੋਭਾ ਵਿਚ ਲਿਖਿਆ ਹੈ:-

ਖਾਲਸਾ ਖਾਸ ਕਹਾਵੈ ਸੋਈ। ਜਾਂਕੈ ਹਿਰਦੈ ਭਰਮ ਨ ਹੋਈ॥ ਭਰਮ ਭੇਖ ਤੇ ਰਹੈ ਨਿਆਰਾ। ਸੋ ਖਾਲਸ ਸਤਿਗੁਰੂ ਹਮਾਰਾ॥ ਦੂਜੇ ਪਾਸੇ ਅੱਜ ਕੱਲ ਸਤਿਸੰਗ ਤੋਂ ਨਫਰਤ ਤੇ ਆਪੇ ਤੀਸ ਮਾਰ ਖ਼ਾਂ ਬਣ ਬੈਠਣ ਦੀ ਆਕੜ ਆ ਰਹੀ ਹੈ। ਨਾਮ ਰਸੀਏ ਕਰਨੀ ਵਾਲੇ, ਕਣੀ ਵਾਲੇ ਦੀ ਕਦਰ ਨਹੀਂ। ਖੋਟੇ ਕਰਮੀ ਤੇ ਉੱਚੀ ਕਰਨੀ ਵਾਲੇ ਨੂੰ ਇਕ ਬਰੋਬਰ ਸਮਝਣੇ ਦੀ ਭੁੱਲ ਵਾਪਰ ਰਹੀ ਹੈ। ਸ਼ੁਭ ਸੰਗਤ ਦੀ ਢੂੰਡ ਨਹੀਂ, ਇਨ੍ਹਾਂ ਭੁੱਲਾਂ ਨਾਲ ਸਿੱਖੀ ਜੀਵਨ ਘਟ ਰਿਹਾ ਹੈ ਤੇ ਪੰਥ ਦੀ ਰੂਹਾਨੀਅਤ ਤਬਾਹ ਹੋ ਰਹੀ ਹੈ। ਦੂਜੇ ਪਾਸੇ ਮਾਮੂਲੀ ਜੀਵ ਥੋੜੀ ਘਾਲ ਯਾ ਸਮਝ ਦੇ ਮਗਰੋਂ ਦਸਾਂ ਪਾਤਸ਼ਾਹੀਆਂ ਦੀ ਤੁੱਲਤਾ ਦਾ ਦਾਵਾ ਕਰਦੇ ਹਨ, ਗੁਰੂ ਸਾਹਿਬ ਤੋਂ ਦੂਰੀ ਤੇ ਲੈ ਜਾਂਦੇ ਹਨ। ਐਸੇ ਭੇਖ ਧਾਰੀਆਂ ਤੇ ਪਾਜ ਵਾਲਿਆਂ ਤੋਂ ਬਚਣਾ ਲੋੜੀਏ। ਗੁਰਮੁਖ ਦਾ ਮੇਲ ਸਾਧ ਦਾ ਸੰਗ ਸਦਾ ਚੰਗਾ ਹੈ, ਸਦਾ ਮੰਗੋ।

ਫ਼ਾਤਮਾਂ ਹੁਣ ਕ੍ਰਿਤ ਕ੍ਰਿਤ ਹੋ ਗਈ। ਦਿਨ ਹੁਣ ਚੜ੍ਹਨੇ ਵਾਲਾ ਸੀ, ਇਸ ਕਰਕੇ ਫ਼ਾਤਮਾਂ ਦਾ ਘਰ ਵਿਚ ਸਭ ਦੇ ਜਾਗਣ ਤੋਂ ਪਹਿਲਾਂ •ਵੜ ਜਾਣਾ ਜ਼ਰੂਰੀ ਸੀ। ਸੋ ਹੁਣ ਉਠੀ, ਕੈਸੇ ਆਨੰਦ ਨੂੰ ਅਨੁਭਵ ਕਰ ਰਹੀ ਹੈ ਅਰ ਉਸਤੋਂ ਕੈਸਾ ਸ਼ੁਕਰ ਦਾ ਸੋਮਾ ਫੁੱਟਿਆ ਹੈ। ਨੇਤ੍ਰ ਜਲ ਨਾਲ ਭਰ ਗਏ, ਸਰੀਰ ਪਰ ਲੂੰ ਖੜੇ ਹੋ ਗਏ ਅਰ ਬੇਵਸੇ ਹੋਕੇ ਸਤਵੰਤ ਕੌਰ ਦੇ ਚਰਨਾਂ ਪਰ ਡਿੱਗ ਪਈ। ਸਤਵੰਤ ਨੇ ਬੜੀ ਛੇਤੀ ਚੁੱਕਿਆ ਅਰ ਗਲਵੱਕੜੀ ਪਾ ਕੇ ਕਿਹਾ, ਬੀਬੀ ! ਤੂੰ ਜੋ ਮੇਰੀ ਸੱਜਣ ਹੈਂ, ਤਾਂ ਸੱਜਣ ਲਈ ਸੱਜਣ ਦੀ ਰੁਚੀ ਤੋਂ ਓਪਰਾ ਕੰਮ ਨਹੀਂ ਕਰੀਦਾ, ਤਕੜੀ ਹੋ, ਨਾਮ ਜਪ ਕਰਨੀ ਪਰਵਾਨ ਕਰਨੀ ਪਰਵਾਨ।

ਇਹ ਸੁਣ ਕੇ ਫ਼ਾਤਮਾਂ ਨੇ ਹੋਰ ਭੀ ਨੀਵੀਂ ਹੋਕੇ ਮਾਫ਼ੀ ਮੰਗੀ ਤੇ ਕਿਹਾ ਕਿ ਪਿਆਰ ਤੇ ਸ਼ੁਕਰ ਦੇ ਵਲਵਲੇ ਕਈ ਬੇਅਦਬੀਆਂ ਕਰਾ ਦੇਂਦੇ ਹਨ। ਸੱਜਣੀ ! ਦਿਲ ਦੀਆਂ ਲੱਗੀਆਂ ਦੇ ਮਾਮਲੇ ਨਿਆਰੇ ਜੁ ਹੋਏ।
ਕੁਝ ਚਿਰ ਮਗਰੋਂ ਫ਼ਾਤਮਾਂ ਤਾਂ ਚਲੀ ਗਈ ਤੇ ਸਤਵੰਤ ਕੌਰ ਹੁਣ ਤੁਰਨ ਦੇ ਆਹਰ ਸੋਚਣ ਲੱਗੀ। ਇਸ ਵੇਲੇ ਉਸਨੂੰ ਕੁਝ ਕੁ ਮੋਹ ਫ਼ਾਤਮਾਂ ਦਾ ਫੁਰ ਪਿਆ, ਤਦ ਆਪਣੇ ਮਨ ਨੂੰ ਸਮਝਾਉਣ ਲੱਗੀ, ਹੇ ਮਨ ! ਇਹ ਮੋਹ ਹਾਨੀ ਦਾ ਮੂਲ ਹੈ। ਇਸੇ ਪਰ ਕਬੀਰ ਜੀ ਦਾ ਵਾਕ ਹੈ :-

“ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ॥ ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ॥”

ਹੇ ਮਨ ! ਮੈਨੂੰ ਜੇ ਪਿਆਰ ਨਾ ਫੁਰਦਾ ਤਾਂ ਇਸਦਾ ਲਾਭ ਕੀਕੂੰ ਹੁੰਦਾ। ਪ੍ਰੇਮ ਤਾਂ ਫੁਰਨਾ ਮਾੜਾ ਨਹੀਂ, ਪਰ ਮੈਨੂੰ ਹਉਮੈਂ ਤੇ ਮੋਹਂ ਨਾ ਫੁਰੇ। ਇਸ ਤਰ੍ਹਾਂ ਵਿਚਾਰ ਨਾਲ ਸਤਵੰਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਵਿਚ ਉਛਾਲ ਖਾਧਾ ਤੇ ਜੋ ਉਪਕਾਰ ਕੀਤਾ ਸੀ ਉਸਨੂੰ ਗੁਰੂ ਕੇ ਹੁਕਮ ਵਿਚ ਪੂਰਾ ਕਰਨਾ ਆਪਣਾ ਫ਼ਰਜ਼ ਸਮਝ ਲਿਆ ਉਹ ਧੰਨ ਗੁਰੂ ਨਾਨਕ ਦੀ ਧੁਨਿ ਵਿਚ ਮਗਨ ਹੋ ਕੇ ਉੱਚੀ ਹੋ ਗਈ,, ਅਤੇ ਗੁਰਚਰਨਾਂ ਨੂੰ ਚੰਬੜ ਕੇ ਉਸ ਪ੍ਰੇਮ ਵਿਚ ਉਛਲੀ ਕਿ ਸਾਰੇ ਪਿਆਰ ਨੀਵੇਂ ਰਹਿ ਗਏ। ਕੁਝ ਦਿਨ ਸਤਵੰਤ ਕੌਰ ਉਥੇ ਰਹੀ ਅਰ ਫ਼ਾਤਮਾਂ ਦਾ ਹਾਲ ਦੇਖਦੀ ਰਹੀ ਕਿ ਜੋ ਰੰਗਣ ਇਸ ਨੂੰ ਚੜ੍ਹਾਈ ਗਈ ਹੈ, ਕੀ ਅਸਰ ਕਰਦੀ ਹੈ? ਸੋ ਉਸ ਨੇ ਡਿੱਠਾ ਕਿ ਅਸਰ ਠੀਕ ਹੋ ਗਿਆ ਹੈ। ਫ਼ਾਤਮਾਂ ਦਾ ਸਿਦਕ ਦਿਨੋ ਦਿਨ ਤੱਕੀ ਕਰਦਾ ਹੈ, ਬਾਕੀ ਨਾਮ ਦਾ ਪ੍ਰੇਮ ਵਧ ਰਿਹਾ ਹੈ, ਈਰਖਾ ਮਾਨ ਛੱਡ ਗਏ ਹਨ, ਹਰ ਵੇਲੇ ਪ੍ਰਸੰਨ ਬਦਨ ਦਿੱਸਦੀ ਹੈ, ਬੋਲ ਮਿੱਠਾ ਹੋ ਗਿਆ ਹੈ ਤੇ ਦਿਲ ਦੀ ਜਮਾਂਦਰੂ ਕਰੜਾਈ ਘਟ ਰਹੀ ਹੈ। ਇਕ ਹੋਰ ਵਾਧਾ ਇਹ ਹੋਯਾ ਹੈ ਕਿ ਪੁੱਤ੍ਰ ਨੂੰ ਬੀ ਇਸੇ ਰਸਤੇ ਪਾਉਣੇ ਦੇ ਆਹਰ ਵਿਚ ਹੈ। ਉਸਨੂੰ ਤੜਕੇ ਉਠਾਉਂਦੀ ਹੈ ਅਰ ਬੇਨਤੀ ਕਰਨ ਦਾ ਵੱਲ ਸਿਖਾਉਂਦੀ ਹੈ। ਇਥੇ ਹੀ ਬੱਸ ਨਹੀਂ, ਪਤੀ ਦੇ ਕੰਨੀਂ ਕਈ ਵਾਰੀਂ ਇਹ ਗੱਲ ਬੀ ਪਾ ਦਿੰਦੀ ਹੈ ਕਿ ਕਾਕੇ ਦੇ ਵਾਲ ਕੈਸੇ ਸੋਹਣੇ ਹਨ, ਤੁਸੀਂ ਐਵੇਂ ਕਤਰਾ ਦੇਂਦੇ ਹੋ ਜੇ ਸਾਰੇ ਵਧਣ ਦਿਓ ਤਾਂ ਕੈਸੇ ਸੋਹਣੇ ਲੱਗਣ। ਉਹ ਕਦੀ ਹੱਸ ਛੱਡਦਾ ਹੈ, ਕਦੀ ਹਾਂ ਕਹਿ ਛਡਦਾ ਹੈ। ਕਦੀ ਕੋਈ ਸਿੱਖਾਂ ਦੇ ਰੌਲੇ ਦੀ ਪੰਜਾਬ ਵਿਚੋਂ ਖ਼ਬਰ ਆਉਂਦੀ ਹੈ ਤਦ ਖ਼ਾਂ ਗੱਲ ਕਰਦਾ ਹੈ ਅਰ ਕੁਝ ਵੱਧ ਘੱਟ ਕਹਿੰਦਾ ਹੈ, ਤਦ ਬੇਵਸੇ ਹੰਝੂ ਫ਼ਾਤਮਾਂ ਦੇ ਨੇਤ੍ਰਾਂ ਵਿਚ ਆ ਜਾਂਦੇ ਹਨ ਅਰ ਕਹਿੰਦੀ ਹੈ ਕਿ ਕਿਉਂ ਉਨ੍ਹਾਂ ਨੂੰ ਐਸਾ ਦੁੱਖ ਦੇਂਦੇ ਹੋ? ਭਲਾ ਜੇ ਕੋਈ ਸਾਨੂੰ ਆ ਕੇ ਏਸੇ ਤਰ੍ਹਾਂ ਸਾਡੇ ਘਰ ਵਿਚ ਦੁੱਖ ਦੇਵੇ ਤਾਂ ਅਸੀਂ ਕੇਡਾ ਬੁਰਾ ਮੰਨੀਏ? ਇਸ ਤਰ੍ਹਾਂ ਤੁਹਾਨੂੰ ਉਨ੍ਹਾਂ ਨੂੰ ਦੁਖ ਦੇਣੋਂ ਸੰਗਣਾ ਉਚਿਤ ਹੈ। ਪਾਤਸ਼ਾਹਾਂ ਨੂੰ ਚਾਹੀਦਾ ਹੈ ਕਿ ਅਪਣੇ ਅਪਣੇ ਦੇਸ ਰਾਜ ਕਰਨ, ਦੂਜੇ ਦਾ ਦੇਸ਼ ਕਿਉਂ ਖੁਹਣ? ਦੂਜੇ ਦੇਸ਼ ਨਾਲ ਲੜਾਈ ਤਾਂ ਤਦ ਕਰਨੀ ਚਾਹੀਏ ਜਦ ਕੋਈ ਰਾਜਾ ਕਿਸੇ ਦੇਸ਼ ਨੂੰ ਖੁਹਣ ਜਾ ਪਵੇ। ਹਰ ਦੇਸ਼ ਤੇ ਦੇਸ਼ ਦਾ ਆਪਣਾ ਰਾਜਾ ਚਾਹੀਏ। ਜਦੋਂ ਕੋਈ ਕਿਸੇ ਤੇ ਜਾ ਪਵੇ ਤਾਂ ਦੂਸਰੇ ਰਾਜੇ ਉਸਦੀ ਰੱਖ੍ਯਾ ਕਰਨ। ਕਿਸੇ ਦਾ ਘਰ ਖੁਹਣਾ, ਕਿਸੇ ਦਾ ਦੇਸ਼ ਖੂਹਣਾ ਇਕ ਬਰੱਬਰ ਪਾਪ ਕਰਮ ਹਨ। ਜੋ ਪਾਤਸ਼ਾਹ ਦੁਸਰੇ ਦੇਸ਼ ਨੂੰ ਗ਼ੁਲਾਮੀ ਵਿਚ ਪਾਉਂਦਾ ਹੈ ਉਹ ਸਾਰੀ ਦੁਨੀਆਂ ਦੀ ਸਾਂਝੀ ਤੱਕੀ ਦੇ ਰਸਤੇ ਵਿਚ ਪੱਥਰ ਰੱਖ ਰਿਹਾ ਹੈ, ਅਰਥਾਤ ਮਨੁੱਖ ਮਾਤ੍ਰ ਨੂੰ ਅੱਗੇ ਵੱਧਣੋਂ ਰੋਕ ਰਿਹਾ ਹੈ।

ਗੱਲ ਕੀ ਇਸ ਪ੍ਰਕਾਰ ਦੋ ਮਹੀਨੇ ਲੰਘ ਗਏ। ਹੁਣ ਸਤਵੰਤ ਨੇ ਨਿਸ਼ਚਾ ਕਰ ਲਿਆ ਕਿ ਬੀਜ ਫਲੇਗਾ, ਮੈਨੂੰ ਹੁਣ ਤੁਰਨਾ ਚਾਹੀਏ, ਸੋ ਤਿਆਰੀ ਕੀਤੀ। ਫ਼ਾਤਮਾਂ ਨੂੰ ਕਹਿ ਦਿੱਤਾ ਕਿ ਹੁਣ ਮੈਂ ਜਾਣਾ ਹੈ। ਉਹ ਕਿੱਥੋਂ ਮੰਨੇ? ਛੇਕੜ ਇਕ ਦਿਨ ਉਸ ਨੂੰ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਵੇਲੇ ਚੁੱਪ ਕੀਤੀ ਤੁਰ ਜਾਂਵਾਂਗੀ, ਕਿਉਂਕਿ ਤੁਸੀਂ ਖ਼ੁਸ਼ੀ ਨਾਲ ਜਾਣ ਨਹੀਂ ਦਿੰਦੇ। ਫ਼ਾਤਮਾਂ ਬਥੇਰੇ ਜ਼ੋਰ ਲਾ ਰਹੀ ਪਰ ਬੱਧੇ ਕਦੀ ਨ ਰਹਿ ਸਕੇ ਪੰਛੀ ਤੇ ਦਰਵੇਸ਼, ਸਮਾ ਦਾਉ ਜਦ ਫਬ ਗਿਆ ਨਿਕਲ ਤੁਰੇ ਪਰਦੇਸ਼।’

ਸੋ ਇਕ ਦਿਨ ਰਾਤ ਦੇ ਦੋ ਬਜੇ ਜਦ ਫ਼ਾਤਮਾਂ ਸੁੱਤੀ ਪਈ ਸੀ, ਸਤਵੰਤ ਕੌਰ ਉੱਠੀ ਅਰ ਮਰਦਾਵਾਂ ਭੇਸ ਕਰਕੇ ਜਿਕਰ ਪਹਿਲੇ ਨਿਕਲੀ ਸੀ, ਹੁਣ ਫੇਰ ਨਿਕਲ ਤੁਰੀ। ਉਸ ਘਰ ਵਿਚੋਂ, ਜਿੱਥੇ ਕੈਦ ਹੋਕੇ ਆਈ ਸੀ, ਜਿਨ੍ਹਾਂ ਨੂੰ ਕੈਦੋਂ, ਮੌਤੋਂ ਤੇ ਨਰਕੋਂ ਛੁਡਾ ਦਿੱਤਾ ਸੀ, ਸਤਵੰਤ ਕੌਰ ਛੇਕੜ ਦਾ ਗੁੱਛਾ ਅੰਗੂਰਾਂ ਦਾ ਛਕ ਕੇ ਆਪਣੇ ਰਸਤੇ ਪਈ। ਫ਼ਾਤਮਾਂ ਨੇ ਦੋ ਕੁ ਸੌ ਮੋਹਰ ਅਰ ਹੋਰ ਮਾਲ ਮਤਾ ਏਸ ਦੇ ਅਰਪਨ ਕੀਤਾ ਹੋਯਾ ਸੀ, ਜੋ ਇਹ ਲੈਂਦੀ ਨਹੀਂ ਸੀ, ਪਰ ਉਹ ਧਿੰਗੋ ਜੋਰੀ ਸੁੱਟ ਗਈ ਸੀ, ਸੋ ਸਭ ਕੁਝ ਪਿਆ ਛੱਡਕੇ ਕੇਵਲ ਆਪਣੇ ਦੋ ਹੱਥ ਤੇ ਪੈਰਾਂ ਸਮੇਤ ਸਤਵੰਤ ਕੌਰ ਤੁਰ ਗਈ।

ਇਥੋਂ ਨਿਕਲ ਕੇ ਸਤਵੰਤ ਕੌਰ ਦਬੇ ਪੈਰ ਉਸ ਕੰਦਰਾ ਵਿਚ ਅੱਪੜੀ ਜਿਥੇ ਮਹਾਤਮਾ ਰਹਿੰਦੇ ਸਨ। ਇਹ ਇਕ ਖੱਡ ਜਿਹੀ ਦੇ ਵਿਚ ਇਕ ਟਿੱਬੇ ਜਿਹੇ ਦੇ ਉਹਲੇ ਥਾਉਂ ਸੀ, ਅੰਦਰ ਵਾਰ ਲੰਘਕੇ ਕੁਝ ਹੇਰ ਫੇਰ ਦੇ ਮਗਰੋਂ ਇਕ ਖੁੱਲ੍ਹੀ ਥਾਂ ਸੀ, ਜਿਸ ਨੂੰ ਪਰਲੇ ਪਾਸੇ ਵਲੋਂ ਇਕ ਹੋਰ ਐਸਾ ਹੀ ਗੁਪਤ ਜੇਹਾ ਰਸਤਾ ਸੀ। ਜਦ ਸਤਵੰਤ ਕੌਰ ਅੰਦਰ ਗਈ ਤਦ ਕੀਹ ਦੇਖਦੀ ਹੈ ਕਿ ਨਿੰਮਾ ਜਿਹਾ ਦੀਵਾ ਜਗ ਰਿਹਾ ਹੈ ਅਰ ਮਹਾਤਮਾ ਚੌਂਕੜੀ ਮਾਰੇ ਬੈਠੇ ਹਨ। ਮੱਥਾ ਟੇਕਕੇ ਸਤਵੰਤ ਕੌਰ ਪਾਸ ਬੈਠ ਗਈ। ਸਵੇਰ ਸਾਰ ਆਪ ਨੇ ਅੱਖਾਂ ਖੋਲ੍ਹੀਆਂ, ਬੀਬੀ ਨੂੰ ਦੇਖਕੇ ਮੁਸਕਰਾਏ, ਫੇਰ ਬੋਲੇ ‘ਸੁਣਾ ਬੱਚੜਾ ! ਗੁਰੂ ਕਾ ਕਾਰਜ ਸੁਆਰ ਆਈ ਹੈਂ? ਸਿਰ ਨਿਵਾਕੇ ਬਿਹਬਲਤਾ ਨਾਲ ਰੋ ਕੇ ਸਤਵੰਤ ਕੌਰ ਨੇ ਕਿਹਾ – ‘ਮਹਾਰਾਜ ! ਜੈਸੇ ਆਪ ਦੀ ਪ੍ਰੇਰਨਾ ਸੀ ਹੋ ਗਿਆ, ਨਾਮ ਦੀ ਦਾਤ ਦੇ ਆਈ ਹਾਂ ਜਿਵੇਂ ਆਪ ਨੇ ਦਿੱਤੀ ਸੀ। ਮੇਰੇ ਭੁੱਲ ਕਰ ਬੈਠਣ ਵਿਚ ਕੁਝ ਕਸਰ ਤਾਂ ਨਹੀਂ ਸੀ ਰਹਿਣੀ, ਪਰ ਆਪ ਨੇ ਪੂਰਨ ਰੱਖਿਆ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵਾਕ ਸਹਾਇਤਾ ਕਰਦਾ ਰਿਹਾ “ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੈ ਬਾਟ। । ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ।।” ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੈ।
ਇਹ ਉੱਤਰ ਸੁਣ ਕੇ ਆਪ ਨੇ ਪ੍ਰਸੰਨਤਾ ਪੂਰਬਕ ਕਿਹਾ ‘ਪੁੱਤ੍ਰੀ ! ਤੂੰ ਧੰਨ੍ਯ ਹੈਂ ! ਤੇਰਾ ਜਨਮ ਧੰਨ੍ਯ ਹੈ ! ਸਾਡੀ ਸਿਖ੍ਯਾ ਯਾਦ ਰੱਖੀਂ : ਭਾਵੇਂ ਪਰਮੇਸ਼ੁਰ ਦੀ ਪ੍ਰਾਪਤੀ ਤੱਕ ਪਹੁੰਚ ਜਾਵੇਂ ਬੰਦਗੀ ਨਹੀਂ ਛੱਡਣੀ ਤੇ ਪਰਮੇਸ਼ੁਰ ਦਾ ਨਿਰਮਲ ਭੈ ਦੂਰ ਨਹੀਂ ਕਰਨਾ, ਨਾਮ ਤੋਂ ਕਦੇ ਨਹੀਂ ਉੱਕਣਾ। ਕਲਜੁਗ ਵਿਚ ਇਨ੍ਹਾਂ ਦੁਹਾਂ ਸਾਧਨਾਂ ਬਿਨਾਂ ਸਾਧ ਮਾਰਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ “ਨਾਨਕ ਭੈ ਵਿਣੁ ਜੋ ਮਰੈ ਮੁਹਿ ਕਾਲੈ ਉਠਿ ਜਾਇ॥” ਉਹ ਪਾਰਬ੍ਰਹਮ ਦਾ ਨਿਰਮਲ ਭਉ ਸੁਖਾਂ ਦਾ ਮੂਲ ਹੈ। ਅਕਸਰ ਮਤਾਂ ਦੇ ਫਕੀਰ ਸਰੂਪ ਦੀ ਪਛਾਣ ਦੇ ਲਾਗੇ ਆਕੇ ਯਾ ਖ੍ਯਾਲ ਕਰਕੇ ਕਿ ਆ ਗਏ ਹਾਂ ਨਿਡਰ ਤੇ ਗੁਸਤਾਖ਼ ਹੋ ਜਾਂਦੇ ਹਨ, ਇਹ ਅਸਲ ਵਿਚ ਡਿੱਗਣ ਦੇ ਸਮਾਨ ਹੁੰਦੇ ਹਨ। ਉਸ ਵੇਲੇ ਇਕ ਅਤੀ ਸੂਖਮ ਹਉਮੈ ਅਵੱਰ ਲੈਂਦੀ ਹੈ, ਜਿਸ ਕਰਕੇ ਪਤਾ ਨਹੀਂ ਲੱਗਦਾ ਕਿ ਮੈਂ ਸ੍ਵੈ ਸਰੂਪ ਇਸਥਿਤ ਹਾਂ ਕਿ ਹਉਮੈ ਦੇ ਇਕ ਪਾਰਦਰਸ਼ਕ ਸੂਖਮ ਪਰਦੇ ਵਿਚ ਹਾਂ, ਜਿਸ ਪਰਦੇ ਨੂੰ ਮਹਾਰਾਜ ਨੇ ਭੰਬੀਰੀ ਦੇ ਖੰਭ ਨਾਲ ਉਪਮਾ ਦਿੱਤੀ ਹੈ।

ਜਦ ਤੱਕ ਦੇਹ ਤਦ ਤੱਕ ਕਰਤਾ ਪੁਰਖ ਦਾ ਅਦਬ ਰੱਖਣਾ ਤੇ ਨਿਰਮਲ ਭੈ ਵਾਲਾ ਪ੍ਰੇਮ ਉਸ ਨਾਲ ਕਰਨਾ ਚਾਹੀਏ। ਸਾਈਂ ਦਾ ਮੇਲ ਤਾਂ ਅਭੈਤਾ ਹੈ, ਪਰ ਹਉਮੈਂ ਸੂਖਮ ਬੀ ਵਿੱਥ ਦੀ ਨਿਸ਼ਾਨੀ ਹੈ। ਦੇਖੋ ਜਿਸ ਇਸਤ੍ਰੀ ਨੂੰ ਪਤੀ ਪਟਰਾਣੀ ਬਣਾ ਦੇਵੇ, ਸਭ ਤਰ੍ਹਾਂ ਹੁਕਮ ਹਾਸਲ ਕਰਾ ਦੇਵੇ, ਆਪ ਬੀ ਉਸ ਦੇ ਕਹੇ ਚੱਲੇ ਅਰ ਲਾਡ ਭੀ ਸਹਾਰੇ ਉਸ ਪਟਰਾਣੀ ਦਾ ਧਰਮ ਤਦ ਭੀ ਅਦਬ ਹੈ ਕਿਉਂਕਿ ਉਹ ਅਦਬ ਨੇ ਉਥੋਂ ਤੱਕ ਪਹੁੰਚਾਈ ਸੀ। ਜੇ ਅਦਬ ਛੱਡੇਗੀ, ਭਾਵੇਂ ਹੁਕਮ ਹਾਸਲ ਰਹਿ ਭੀ ਜਾਵੇ ਤਦ ਬੀ ਬੇਅਦਬੀ ਵਿੱਥ ਦੀ ਨਿਸ਼ਾਨੀ ਹੈ, ਕਿਉਂਕਿ ਉਸ ਵਿਚ ਹਉਮੈਂ ਹੁੰਦੀ ਹੈ।

ਇਹ ਉਪਦੇਸ਼ ਸੁਣਕੇ ਸਤਵੰਤ ਕੌਰ ਨੇ ਉਨ੍ਹਾਂ ਦਾ ਸੱਚੇ ਦਿਲੋਂ ਧੰਨ੍ਯਵਾਦ ਕੀਤਾ ਅਰ ਕਿਹਾ ਕਿ ‘ਮਹਾਰਾਜ ਜੀ ! ਹੁਣ ਸੰਕਲਪ ਵਤਨ ਪਹੁੰਚਣੇ ਦਾ ਦ੍ਰਿੜ੍ਹ ਹੋ ਰਿਹਾ ਹੈ, ਆਪ ਖ਼ੁਸ਼ੀ ਕਰੋ । ਗੁਰਮੁਖ ਜੀ ਨੇ ਕਿਹਾ, ‘ਬੱਚੜਾ ! ਜੋ ਤੁਸਾਂ ਪਹਿਲੇ ਤੋਤਾ ਸਿੰਘ ਦੇ ਸੰਬੰਧੀ ਬ੍ਰਿਧ ਪੁਰਖ ਨਾਲ, ਜਿਨ੍ਹਾਂ ਦਾ ਨਾਉਂ ਲੱਧਾ ਸਿੰਘ ਹੈ, ਤਿਆਰਾ ਕੀਤਾ ਸੀ ਸੋ ਠੀਕ ਹੈ। ਹੁਣ ਉਹ ਤਿਆਰ ਹੈ, ਤੁਹਾਡੀ ਭਾਲ ਬਹੁਤ ਕਰਦਾ ਸੀ ਪਰ ਜਦ ਅਸਾਂ ਕਿਹਾ ਕਿ ਫਿਕਰ ਨਾ ਕਰੋ, ਆਪ ਹੀ ਆ ਜਾਉ ਤਦ ਉਹਨਾਂ ਨੂੰ ਧੀਰਜ ਹੋ ਗਿਆ। ਹੁਣ ਤੁਸੀਂ ਉਹਨਾਂ ਨੂੰ ਮਿਲੋ। ਪੰਦਰਾਂ ਦਿਨਾਂ ਨੂੰ ਕਾਫਲਾ ਤੁਰਨੇ ਵਾਲਾ ਹੈ। ਅਸੀਂ ਭੀ ਚੱਲਦੇ, ਪਰ ਅਜੇ ਪੰਥ ਦੇ ਹੁਕਮ ਮੂਜਬ ਕੰਮ ਨਹੀਂ ਮੁੱਕ ਚੁੱਕਾ। ਕਾਬਲ ਦੀ ਸਿੱਖੀ ਨੂੰ ਦੇਖ ਭਾਲ ਸੰਭਾਲ ਲੀਤਾ ਹੈ, ਹੁਣ ਕੰਧਾਰ ਵੱਲ ਜਾਣਾ ਹੈ, ਫੇਰ ਚਿਮਨ ਦੇ ਰਸਤਿਓਂ ਅਸੀਂ ਮੁੜਕੇ ਪੰਜਾਬ ਅੱਪੜਾਂਗੇਂ ।

ਇਸ ਪ੍ਰਕਾਰ ਦੇ ਬਚਨ ਬਿਲਾਸ ਕਰਦੇ ਕਰਾਉਂਦਿਆਂ ਪਹੁ ਫੁੱਟ ਪਈ, ਬਾਬਾ ਲੱਧਾ ਸਿੰਘ ਬੀ ਆ ਪਹੁੰਚਾ। ਸੰਤਾਂ ਨੇ ਸਤਵੰਤ (ਜੋ ਏਸ ਵੇਲੇ ਭਾਈ ਜਸਵੰਤ ਸਿੰਘ ਦੇ ਭੇਖ ਵਿਚ ਸੀ) ਦੀ ਬਾਂਹ ਉਸਦੇ ਹੱਥ ਦੇ ਕੇ ਕਿਹਾ ਕਿ ਇਨ੍ਹਾਂ ਨੂੰ ਸਭ ਤਰ੍ਹਾਂ ਪ੍ਰਸੰਨ ਰੱਖਣਾ, ਅਸੀਂ ਦੀਪਮਾਲਾ ਤੱਕ ਅੱਪੜਾਂਗੇ, ਤਦ ਤੱਕ ਤੁਸਾਂ ਬੀ ਉੱਥੇ ਹੀ ਰਹਿਣਾ।’ ਗੱਲ ਕੀ ਦੂਜੀ ਵੇਰ ਜਸਵੰਤ ਸਿੰਘ ਆਪਣੇ ਪ੍ਰੇਮੀ ਭਰਾਵਾਂ ਦੇ ਘਰ ਪਹੁੰਚਾ ਅਰ ਤੁਰਨ ਦੀਆਂ ਤਿਆਰੀਆਂ ਲੱਗੀਆਂ ਹੋਣ।

ਸਾਧੂ ਜਨ ਤਾਂ ਦੋ ਚਾਰ ਦਿਨ ਮਗਰੋਂ ਕੰਧਾਰ ਪਧਾਰ ਗਏ ਤੇ ਇੱਧਰ ਟੁਰਨੇ ਦੀ ਤਿਆਰੀ ਹੋਣ ਲੱਗੀ। ਕਾਫਲਾ ਜਾਣ ਵਾਸਤੇ ਬਣ ਰਿਹਾ ਸੀ ਅਰ ਵਕਤ ਨਿਯਤ ਹੋ ਚੁਕਾ ਸੀ, ਸੋ ਹੁਣ ਕੇਵਲ ਬੰਨ੍ਹ ਬੰਨ੍ਹਾ ਤੇ ਉਸ ਦਿਨ ਦੀ ਉਡੀਕ ਸੀ। ਸਤਵੰਤ ਦਾ ਭੇਸ ਮਰ- ਦਾਵਾਂ ਸੀ ਅਰ ਜਸਵੰਤ ਸਿੰਘ ਕਰਕੇ ਹੀ ਸਾਰੇ ਘਰ ਵਿਚ ਪ੍ਰਸਿੱਧ ਸੀ। ਬਾਬਾ ਲੱਧਾ ਸਿੰਘ ਹੁਰੀਂ ਉਂਞ ਹੀ ਉਸ ਦਾ ਆਦਰ ਬਹੁਤ ਕਰਦੇ ਸਨ, ਪਰ ਹੁਣ ਸੰਤਾਂ ਦੀ ਸਪੁਰਦੀ ਨੇ ਤਾਂ ਬਹੁਤ ਹੀ ਅਸਰ ਕੀਤਾ ਅਰ ਉਹ ਉਸਦੀ ਹੱਦੋਂ ਵੱਧ ਖ਼ਾਤਰ ਕਰਨ ਲੱਗ ਪਿਆ। ਆਦਰ ਪਾਕੇ ਉਹ ਸਿੰਘ ਦੀ ਪੁਤ੍ਰੀ ਅਕਾਲ ਪੁਰਖ ਦਾ ਸ਼ੁਕਰ ਕਰਦੀ ਅਰ ਇਹ ਬਚਨ ਉਚਾਰਦੀ ਕਿ ਸਭ ਆਪ ਦੀ ਦਿਆਲਤਾ ਹੈ। ਇਹ ਗੁਰੂ ਨਾਨਕ ਦੇਵ ਜੀ ਦਾ ਬਿਰਦ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਂਹਿ ਗਹੇ ਕੀ ਲਾਜ ਹੈ, ਮੈਂ ਨਿਕਰਮਣ ਤਾਂ ਐਸੀ ਮੰਦ ਭਾਗਣ ਹਾਂ ਕਿ ਪਸ਼ੂਆਂ ਵਾਂਙੂ ਵਿਕ ਗਈ ਤੇ ਗ਼ੁਲਾਮੀ ਵਿਚ ਪੈ ਗਈ। ਇਸ ਗ਼ੁਲਾਮੀ ਵਿਚ ਹੀ ਸੱਚੇ ਪਾਤਸ਼ਾਹ ਨੇ ਮੈਨੂੰ ਮਾਨ ਤੇ ਵਡਿਆਈ ਬਖ਼ਸ਼ੀ, ਕਿਨ੍ਹਾਂ ਕਿਨ੍ਹਾਂ ਬਿਪਤਾਂ ਵਿਚੋਂ ਕੱਢਿਆ? ਕੀ ਕੀ ਔਕੜਾਂ ਕੱਟੀਆਂ ਤੇ ਹੁਣ ਕਿਸ ਆਰਾਮ ਵਿਚ ਪੁਚਾ ਦਿੱਤਾ ਹੈ? ਮੇਰਾ ਇਸ ਵਿਚ ਕੁਝ ਨਹੀਂ ਹੈ। ਸ਼ੁਕਰ ਹੈ ਉਸ ਸੱਚੇ ਮਾਲਿਕ ਦਾ।

ਗੱਲ ਕੀ, ਜਿਉਂ ਜਿਉਂ ਆਰਾਮ ਮਿਲਿਆ, ਤਿਉਂ ਤਿਉਂ ਜਸਵੰਤ ਨੇ ਸ਼ੁਕਰ ਕੀਤਾ, ਨਾ ਕੇਵਲ ਅਕਾਲ ਪੁਰਖ ਦਾ, ਸਗੋਂ ਜਿਹੜੇ ਉਸ ਦਾ ਮਾਨ ਕਰਦੇ ਉਹ ਆਪਣੇ ਆਪ ਨੂੰ ਉਹਨਾਂ ਦੀ ਬੀ ਰਿਣੀ ਸਮਝਦੀ ਅਰ ਕਹਿਂਦੀ ਮੇਰੇ ਵਿਚ ਕੋਈ ਗੁਣ ਨਹੀਂ। ਮੈਂ ਤਾਂ ਇਨ੍ਹਾਂ ਸੱਜਣਾਂ ਨੂੰ ਬੀ ਧੋਖਾ ਦੇ ਰਹੀ ਹਾਂ ਕਿ ਹਾਂ ਤ੍ਰੀਮਤ ਤੇ ਬਣੀ ਹਾਂ ਮਰਦ, ਪਰ ਧੰਨ ਹਨ ਏਹ ਜੋ ਗੁਰੂ ਜੀ ਦੇ ਨਾਮ ਪਿੱਛੇ ਮੇਰੇ ਜਿਹੀ ਦਾ ਸਤਿਕਾਰ ਕਰਦੇ ਹਨ। ਇਨ੍ਹਾਂ ਦੇ ਹਿਰਦੇ ਕੈਸੇ ਉੱਤਮ ਹਨ ਕਿ ਮੇਰੇ ਤੇ ਉਪਕਾਰ ਕਰ ਰਹੇ ਹਨ। ਸਤਵੰਤ ਵਾਹਿਗੁਰੂ ਦੀ ਮਿਹਰ ਨੂੰ ਸਭਨਾਂ ਦੀ ਮਿਹਰ ਦਾ ਕਾਰਨ ਜਾਣਕੇ, ਸੁਰਤ ਵਿਚ ਅੰਦਰੋਂ ਉੱਚੀ ਤੇ ਸਿਮਰਨ ਦੇ ਸਹਿਜ ਰੰਗ ਵਿਚ ਰਹਿਂਦੀ !

ਪਿਆਰੇ ਸੱਜਣੋਂ ! ਸਾਡੇ ਪਿਛਲੇ ਬਜੁਰਗਾਂ ਵਿਚ ਇਹ ਗੁਣ ਹੁੰਦੇ ਸੇ ਕਿ ਉਹ ਮਾਨ ਪਾਕੇ ਬੀ ਆਪਣੇ ਛੋਟੇ ਵੀਰਾਂ ਨੂੰ ਆਪਣੇ ਤੋਂ ਚੰਗਾ ਜਾਣਦੇ ਸਨ, ਤਦੇ ਤਾਂ ਪੰਥ ਵਿਚ ਪਰਸਪਰ ਪਿਆਰ ਤੇ ਵਾਹਿਗੁਰੂ ਨਾਲ ਪ੍ਰੇਮ ਰਹਿੰਦਾ ਸੀ। ਅੱਜ ਕਲ ਤਾਂ ਜਿਸ ਨੂੰ ਚਾਰ ਸ਼ਰੀਰ ਵੱਡਾ ਯਾ ਆਗੂ ਕਹਿਣ ਲਗ ਪੈਣ ਉਸਦੀ ਆਕੜ ਦਾ ਅੰਤ ਨਹੀਂ ਰਹਿਂਦਾ। ਉਹ ਸਮਝਦਾ ਹੈ ਕਿ ਜ਼ਰੂਰ ਹੁਣ ਮੈਂ ਬਹੁਤ ਵੱਡਾ ਹੋ ਗਿਆ ਹਾਂ। ਨਹੀਂ ਸੋਚਦਾ ਕਿ ਉਹੋ ਮੇਰੀ ਦੇਹੀ ਹੈ, ਉਹੋ ਮਨ ਬੁੱਧੀ ਅੰਗ ਮੇਰੇ ਹਨ ਜੋ ਇਨ੍ਹਾਂ ਦੇ ਹਨ ਆਤਮ ਸੱਤਾ ਕਹਾਂ ਤਾਂ ਸਭ ਵਿਚ ਇਕ ਹੈ; ਜੇ ਇਹ ਕਹਾਂ ਕਿ ਮੈਂ ਗਿਆਨਵਾਨ ਹਾਂ ਏਹ ਅਗ੍ਯਾਨੀ ਹਨ, ਤਦ ਗਿਆਨ ਦੀ ਪਹਿਲੀ ਅਵਸਥਾ ਹਉਮੈ ਦਾ ਤਿਆਗ ਹੈ* । ਜੇ ਗੁਣ ਕਹੋ ਤਦ ਹਰੇਕ ਵਿਚ ਇਕ ਨਾ ਇਕ ਗੁਣ ਹੁੰਦਾ ਹੈ। ਜੇ ਦੌਲਤ ਕਹੋ ਤਦ ਏਹ ਨੀਚਾਂ ਦੇ ਬੀ ਅਮਿੱਤ ਹੁੰਦੀ ਹੈ। ਜੇ ਕਹੋ ਕਿ ਲੋਕ ਜੁ ਮੈਨੂੰ ਆਗੂ ਤੇ ਵੱਡਾ ਕਹਿੰਦੇ ਹਨ ਤਦ ਜਾਣੋ ਕਿ ਏਹ ਤਾਂ ਸਗੋਂ ਲੋਕਾਂ ਦੀ ਵਡਿਆਈ ਹੈ, ਕਿਉਂਕਿ ਆਦਮੀ ਦੀ ਹਉਮੈਂ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਜਾਣਦੀ। ਜਦ ਕਿਸੇ ਨੇ ਸਾਨੂੰ ਚੰਗਾ ਕਿਹਾ ਤਦ ਉਸ ਵਿਚ ਹਉਮੈ ਘਟੀ ਤੇ ਸਾਨੂੰ ਮਾਨ ਨੇ ਘੇਰਿਆ, ਤਦ ਉਹ ਸਾਥੋਂ ਚੰਗਾ ਹੋਇਆ ਕਿ ਨਾਂ? ਤੇ ਜੇ ਕਹੋ ਕਿ ਸਾਨੂੰ ਬਾਣੀ ਤੇ ਸ਼ਬਦ ਦੀ ਸੂਝ ਹੈ, ਤਦ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ, ਸੁਭਾਗ ਹੋਵੇ ਜੋ ਇਕ ਸੇਵਾ ਸਪੁਰਦ ਹੋਈ ਹੈ। ਗੁਰੂ ਕੇ ਹੋ ਕੇ ਤੁਸੀਂ ਮੈਤ੍ਰੀ ਵਿਚ ਵਰਤੋ। ਉਚੇ ਰਹੋ ਮਤਿ ਵਿਚ, ਸੁਰਤ ਵਿਚ ਦਾਤੇ ਰਹੋ, ਵਾਹਿਗੁਰੂ ਦੀ ਰਖਵਾਲੀ ਵਿਚ ਰਹਿਣ ਵਾਲੀ ਮਤਿ ਵਿਚ ਟਿਕੇ ਹੋਏ, ਪਰ ਮਨ ਵਿਚ ਰਹੇ ‘ਸਗਲ ਚਰਨ ਕੀ ਇਹੁ ਮਨੁ ਰਾਲਾ । ਗੁਰਮੁਖ ਦਾ ਧਰਮ, ਮਨ ਨੀਵਾਂ ਮਤਿ ਉਚੀ। ਇਹ ਸਮਝ ਜੇ ਸੰਸਾਰਕ ਪਰਮਾਰਥਕ ਦੋਹਾਂ ਤਰ੍ਹਾਂ ਦੇ ਆਗੂਆਂ ਦੇ ਚਿੱਤ ਵਿਚ ਰਹੇ ਤਾਂ ਆਪ ਬੀ ਤਰ ਜਾਂਦੇ ਹਨ, ਤੇ ਸੰਸਾਰ ਬੀ ਤਰਦਾ ਹੈ। ਨਹੀਂ ਤਾਂ ਖੇਚਲ ਹੀ ਖੇਚਲ ਹੁੰਦੀ ਹੈ।

ਹੁਣ ਪਰਮਾਰਥ ਵਿਚ ਜਯਾਸੂਆਂ ਦੀ ਸ਼ਰਧਾ, ਪ੍ਰੇਮ ਤੇ . ਨਿੰਮ੍ਰਤਾ ਨਹੀਂ ਰਹੀ। ਪਰਮੇਸ਼ੁਰ ਦੇ ਪਿਆਰਿਆਂ, ਨਾਮ ਦੇ ਤਾਰੇ ਰਸੀਆਂ, ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਵਾਲਿਆਂ ਗੁਰਮੁਖਾਂ ਨੂੰ ਲੋਕੀਂ ਪਿਆਰ ਸਤਿਕਾਰ ਤੇ ਆਦਰ ਨਾਲ ਨਹੀਂ ਮਿਲਦੇ। ਗੁਰੂ ਜੀ ਉਸ ਸਿੱਖ ਦੀ ਧੂੜ ਮੰਗਦੇ ਹਨ* ਜੋ ਜਪਦਾ ਤੇ ਜਪਾਉਂਦਾ ਹੈ, ਪਰ ਪੱਛਮੀ ਵਿਦ੍ਯਾ ਪੜ੍ਹਕੇ ਝੂਠੀ ਬਰਾਬਰੀ ਦੇ ਕੁੱਠੇ ਲੋਕ ਵਿਸ਼ਈਆਂ ਦੁਰਾਚਾਰੀਆਂ ਤੇ ਨਾਮ ਰੱਤੇ ਪ੍ਰੇਮੀਆਂ ਨੂੰ ਇਕ ਤੁੱਲ ਕਹਿਕੇ ਹਉਮੈ ਨਾਲ ਸਤਿਸੰਗ ਵਿਚ ਈਰਖਾ ਦੈਖ ਫੈਲਾਉਂਦੇ ਹਨ। ਪਿਛਲੇ ਪ੍ਰੇਮੀ ਸਤਵੰਤ ਕੌਰ ਤੇ ਫ਼ਾਤਮਾਂ ਵਾਂਙ ਦਿਆਲੂ ਤੇ ਨਿਰਮਾਣ ਹੁੰਦੇ ਸਨ ਅਤੇ ਸਤਿਕਾਰ, ਸ਼ੁਕਰ ਤੇ ਆਦਰ ਨਾਲ ਸ਼ਰਧਾਲੂ ਹੋਕੇ ਕ੍ਰਿਤ ਕ੍ਰਿਤ ਹੁੰਦੇ ਸਨ। ਗੁਰਿਆਈ ਗੁਰੂ ਸਾਹਿਬਾਨ ਵਿਚ ਮੰਨਕੇ ਸਿੱਖ ਪਰਸਪਰ ਤਰਦੇ ਤਾਰਦੇ ਸਨ।

ਗੱਲ ਕਾਹਦੀ ਕਾਫਲਾ ਤੁਰਿਆ ਅਰ ਸਤਵੰਤ ਕੌਰ ਦੀਆਂ ਮੁੜ ਵਤਨ ਨੂੰ ਮੁਹਾਰਾਂ ਮੁੜੀਆਂ। ਇਕ ਬ੍ਰਿਧ ਪੁਰਖ, ਜਸਵੰਤ ਸਿੰਘ ਤੇ ਇਕ ਨੌਕਰ ਤਿੰਨ ਜਣੇ ਇਸ ਕਾਫਲੇ ਦੇ ਨਾਲ ਪੰਜਾਬ ਲਈ ਵਿਦਾ ਹੋਏ। ਅਜੇ ਦੋ ਕੁ ਮੰਜ਼ਲਾਂ ਹੀ ਗਏ ਸਨ ਕਿ ਪਿਛੋਂ ਅਮੀਰ ਦਾ ਹੁਕਮ ਆਇਆ ਕਿ ਕਾਫਲਾ ਰੋਕ ਲਵੋ। ਕਾਫਲਾ ਰੁਕ ਗਿਆ ਅਰ ਸਰਕਾਰੀ ਅਹਿਦੀਏ ਆਕੇ ਲੱਗੇ ਤਲਾਸ਼ੀ ਲੈਣ, ਹਜ਼ਾਰਾਂ ਰੁਪੱਯਾਂ ਦਾ ਸਮਾਨ, ਪਿੱਠੂ ਗੰਢਾਂ, ਬਿਸਤਰੇ, ਸੰਦੂਕ, ਯਖ਼ਦਾਨ ਲੱਗੇ ਫੁਲੀਜਨ। ਕਾਰਨ ਇਹ ਸੀ ਕਿ ਅਮੀਰ ਦਾ ਇਕ ਹੀਰਾ ਜਾਂਦਾ ਰਿਹਾ ਸੀ। ਚੋਰ ਦਰਬਾਰ ਦੇ ਵਿਚ ਹੀ ਸੀ, ਉਸ ਨੇ ਸਲਾਹ ਦਿੱਤੀ ਕਿ ਕਾਫਲੇ ਦੀ ਤਲਾਸ਼ੀ ਲਵੋ, ਮਤਾਂ ਚੋਰ ਇਸ ਕਾਫਲੇ ਵਿਚ ਹਿੰਦੁਸਤਾਨ ਨੂੰ ਭੱਜਾ ਜਾਂਦਾ ਹੋਵੇ। ਇਸ ਸਲਾਹ ਦੇ ਸੁਣਦੇ ਸਾਰ ਹੁਕਮ ਹੋ ਗਿਆ ਸੀ ਤਲਾਸ਼ੀ ਦਾ; ਸੋ ਹੁਣ ਲੱਗੇ ਫਰੋਲਾ ਫਰਾਲੀ ਕਰਨ। ਪਾਤਸ਼ਾਹ ਜੇ ਹੁਕਮ ਦੇਵੇ ਕਿ ਇਕ ਪੈਸੇ ਦੀ ਚੀਜ਼ ਚੁਕ ਲਿਆਓ ਤਦ ਨੌਕਰ ਹਜ਼ਾਰਾਂ ਰੁਪੱਯਾਂ ਨੂੰ ਹੱਥ ਫੇਰਦੇ ਹਨ, ਸੋਈਓ ਇਥੇ ਹੋਈ। ਹੁਕਮ ਤਾਂ ਮਾਲ ਤਲਾਸ਼ੀ ਦਾ ਸੀ, ਨੌਕਰਾਂ ਜਾਮੇ ਤਲਾਸ਼ੀ ਬੀ ਸ਼ੁਰੂ ਕੀਤੀ। ਕਪੜੇ ਲੁਹਾਕੇ ਸਰੀਰ ਦੀ ਬੀ ਤਲਾਸ਼ੀ ਲੈਣ, ਤ੍ਰੀਮਤਾਂ ਨੂੰ ਤ੍ਰੀਮਤਾਂ ਦੇਖਣ। ਇਹ ਹਾਲ ਦੇਖਕੇ ਸਤਵੰਤ ਕੌਰ ਨੂੰ ਫਿਕਰ ਪਿਆ ਕਿ ਹੁਣ ਕਿੱਕੁਰ ਹੋਊ। ਜੋ ਮੈਂ ਜ਼ਨਾਨੇ ਲਿਬਾਸ ਵਿਚ ਹੁੰਦੀ ਤਦ ਬੀ ਖ਼ੈਰ ਸੀ, ਹੁਣ ਔਕੜ ਇਹ ਬਣੀ ਕਿ ਤਲਾਸ਼ੀ ਮਰਦਾਂ ਲੈਣੀ ਹੈ ਤੇ ਮੇਰਾ ਪਰਦਾ ਉਘੜ ਜਾਣਾ ਹੈ। ਨਾ ਫੜੀਂਦੀ ਬੀ ਫੜੀ ਜਾਵਾਂਗੀ ਕਰਾਂ ਤੇ ਕੀ ਕਰਾਂ? ਕਿਸ ਉਪਾਉ ਨਾਲ ਬਚਾਂ? ਸਾਰਾ ਦਿਨ ਉਧਰ ਤਲਾਸ਼ੀ ਹੁੰਦੀ ਰਹੀ, ਉਧਰ ਸਤਵੰਤ ਕੌਰ ਦੀ ਛਾਤੀ ਧੜਕਦੀ ਰਹੀ ਕਿ ਹੁਣ ਵਾਰੀ ਆਈ ਕਿ ਆਈ। ਉਸ ਦਾ ਉੱਚਾ ਹੋ ਗਿਆ ਮਨ, ਉਸ ਦੀ ਦੁੱਖਾਂ ਦੀ ਸਾਣ ਤੇ ਚੜ੍ਹ ਕੇ ਤਿੱਖੀ ਹੋ ਗਈ ਅਕਲ ਸਾਰਾ ਦਿਨ ਸੋਚਦੀ ਰਹੀ। ਨਾ ਤਾਂ ਕੋਈ ਸੁਲਝਾਉ ਸੁੱਝਾ ਤੇ ਨਾ ਹੀ ਦਿਲ ਨੇ ਨਿਰਾਸਤਾ ਦਾ ਲੜ ਫੜਿਆ। ਸੰਝਾਂ ਪੈ ਗਈਆਂ ਤੇ ਕਾਫਲੇ ਤੋਂ ਦੂਰ ਦੂਰ ਚੁਫੇਰੇ ਪਹਿਰੇ ਲੱਗ ਗਏ। ਤਲਾਸ਼ੀ ਸਾਰੇ ਦਿਨ ਵਿਚ ਅੱਧੀ ਬੀ ਨਾ ਮੁੱਕੀ ਸੀ, ਸੋ ਘੇਰਾ ਘੱਤਿਆ ਗਿਆ ਅਰ ਬਾਕੀ ਦੀ ਤਲਾਸ਼ੀ ਲੈਣੀ ਸਵੇਰ ਪਰ ਰੱਖੀ ਗਈ।

-0-

15 ਕਾਂਡ।

ਦਿਨ ਦਾ ਉਜਾਲਾ ਲੋਪ ਹੋ ਗਿਆ, ਰਾਤ ਦਾ ਹਨੇਰਾ ਆ ਪਸਰਿਆ, ਪੰਛੀ ਘੁੱਰਿਆਂ ਵਿਚ ਜਾ ਲੁਕੇ, ਲੋਕੀਂ ਘਰਾਂ ਵਿਚ ਜਾ ਵੜੇ, ਨਿੱਕੇ ਨਿੱਕੇ ਦੀਵਿਆਂ ਨੇ ਘਰ ਰੋਸ਼ਨ ਕੀਤੇ, ਅਕਾਸ਼ਾਂ ਦੇ ਨੀਲ ਨੂੰ ਤਾਰਿਆਂ ਦੀਆਂ ਨਿੱਕੀਆਂ ਨਿੱਕੀਆਂ ਦਿੱਸਣ ਵਾਲੀਆਂ ਜੋਤਾਂ ਨੇ ਰੌਸ਼ਨ ਕਰ ਦਿੱਤਾ। ਚੰਦ੍ਰਮਾਂ ਚੜ੍ਹ ਪਿਆ; ਸਰਦ ਚਾਂਦਨੀ ਵਰਗੀ ਨਿੱਖਰੀ ਹੋਈ ਚਾਂਦਨੀ ਫੈਲ ਗਈ। ਅੱਖਾਂ ਅਸਮਾਨਾਂ ਨੂੰ ਦੇਖਕੇ ਠਰਦੀਆਂ ਤੇ ਸੁਹਾਉ ਦੇ ਕਾਰਨ ਤਰੌਤੀਆਂ ਹੁੰਦੀਆਂ ਜਾਂਦੀਆਂ ਹਨ। ਪਰ ਹਾਇ ! ਮਾਂ ਦੀ ਮਮਤਾ ਕੈਸੇ ਸੀਤਲ ਸਮੇਂ ਗਰਮ ਹਾਹੁਕੇ ਤੇ ਠੰਢੇ ਸਾਸ ਲੈ ਲੈ ਕੇ ਆਪਣੇ ਗ਼ਮਾਂ ਦੇ ਗੋਤਿਆਂ ਵਿਚ ਡਿੱਗਦੇ ਮਨ ਨੂੰ ਢਾਰਸਾਂ ਦੇ ਦੇ ਕੇ ਪ੍ਰਾਰਥਨਾ ਵੱਲ ਲਾਉਣ ਦੇ ਹੰਭਲੇ ਮਾਰਦੀ ਹੈ। ਮੂੰਹ ਤੋਂ ਅਕਾਲ ਪੁਰਖ ਤੇਰੀ ਸ਼ਰਣਂ ਕਹਿਂਦੀ ਹੈ। ਗਿੱਲੀਆਂ ਝਿੰਮਣੀਆਂ ਨੂੰ ਪੂੰਝਦੀ ਹੈ ਤੇ ਦਿਲ ਵਿਚ ਭਾਣਾ ਮੰਨਣ ਦਾ ਉਦਮ ਕਰਦੀ ਹੈ। ਪਰ ਮਮਤਾ ਦੀ ਲਹਿਰ ਉਮਡਕੇ ਸਿਰ ਨੂੰ ਰੁਖ਼ ਕਰਦੀ ਤਪਦੇ ਤਪਦੇ ਹੰਝੂ ਤੱਪ ਤੱਪ ਕੇਰਦੀ ਹੈ। ਮੂੰਹ ਤੋਂ ਡੁਸਕਾਰਿਆਂ ਦੀ ਆਵਾਜ਼ ਪੈਦਾ ਹੁੰਦੀ ਹੈ, ਗਲਾ ਰੁਕਦਾ ਹੈ ਕਿ ਇੰਨੇ ਨੂੰ ਪਰਮਾਰਥ ਦੀਆਂ ਲਟਕਾਂ ਵਾਲਾ ਹਿਰਦਾ ਫੇਰ ਚਿੰਤਾ ਦੇ ਖੂਹ ਵਿਚੋਂ ਹੰਭਲਾ ਮਾਰਕੇ ਭਾਣੇ ਦੀ ਮਣ ਤੇ ਚੜ੍ਹਦਾ ਹੈ, ‘ਸ਼ੁਕਰ, ਭਾਣਾ, ਰਜ਼ਾ’ ਮੂੰਹੋਂ ਨਿਕਲਦਾ ਹੈ, ਅੱਖਾਂ ਦੇ ਹੰਝੂ ਅੱਖਾਂ ਵਿਚ ਹੀ ਸਮਾ ਜਾਂਦੇ ਹਨ। ਚਾਰ ਚੁਫੇਰੇ ਖਿੜੀ ਚਾਂਦਨੀ ਵੱਲ ਦੇਖਦੀ ਹੈ, ਆਕਾਸ਼ ਦੇ ਤਾਰਿਆਂ ਵੱਲ ਤੱਕਦੀ ਹੈ, ਚੰਦ੍ਰਮਾਂ ਦੀ ਖਿੜੀ ਹੋਈ ਟਿੱਕੀ ਤੇ ਨਜ਼ਰ ਜਮਾਉਂਦੀ ਹੈ ਤੇ ਫੇਰ ਆਹ ਭਰਕੇ ਕਹਿਂਦੀ ਹੈ- ਪ੍ਯਾਰੀ ਦੁਲਾਰੀ ! ਕਿਸੇ ਧਰਤੀ ਤੇ ਬੈਠੀ ਖ਼ਬਰੇ ਤੂੰ ਬੀ ਐਸ ਵੇਲੇ ਚੰਦ ਨੂੰ ਦੇਖਦੀ ਹੋਵੇਂ: ਮੈਂ ਬੀ ਇਸ ਨੂੰ ਦੇਖ ਰਹੀ ਹਾਂ, ਨਜ਼ਰਾਂ ਤਾਂ ਇਸ ਮੰਡਲ ਤੇ ਕੱਠੀਆਂ ਹੋ ਗਈਆਂ, ਪਰ ਹਾਇ ਵਿਛੋੜਾ ਦੂਰ ਨਾ ਹੋਇਆ। ਹੇ ਅਕਾਲ ਪੁਰਖ ! ਮੈਂ ਕੈਸੀ ਸਿਦਕ ਹੀਨ ਸਿੱਖ ਹਾਂ, ਭਾਣੇ ਤੇ ਸ਼ਾਕਰ ਨਹੀਂ, ਮੋਹ ਮਮਤਾ ਦਾ ਜਾਲ ਕੱਪ ਨਹੀਂ ਸੱਕੀ।… ਬਚੜੀ ਮਰ ਜਾਂਦੀ ਤਾਂ ਸਬਰ ਦਾ ਘੁੱਟ ਕੌੜਾ ਕਸੈਲਾ ਹੋ ਕੇ ਲੰਘ ਜਾਂਦਾ ਜਾਂ ਤੇਰੀ ਮਿਹਰ ਨਾਲ ਭਾਣਾ ਮਿੱਠਾ ਲੱਗ ਜਾਂਦਾ। ਹਾਇ ਕੋਈ ਸੋ ਧੀ ਦੀ ਨਹੀਂ ਪੈਂਦੀ। ਬੱਚੀ ! ਚੰਗੀ ਗਈਓਂ ! ਕਹਿੰਦੇ ਹਨ ‘ਜਾਹ ਧੀਆ ਰਾਵੀ ਨਾ ਕੋਈ ਆਵੀ ਤੇ ਨਾ ਕੋਈ ਜਾਵੀਂ। ਤੇ ਇਥੇ ਤਾਂ ਧੀ ਗਈ ਅਟਕੋਂ ਪਾਰ, ਨਾ ਕੋਈ ਖ਼ਬਰ ਤੇ ਨਾ ਕੋਈ ਸਾਰ। ਉਸ ਦੇਸ਼ ਵਲੂੰਧਰੀ ਗਈਓਂ ਜਿਧਰੋਂ ਗਿਆ ਕੋਈ ਨਹੀਂ ਮੁੜਦਾ। ਕੋਈ ਐਨੀ ਖ਼ਬਰ ਹੀ ਆ ਦੱਸੇ, ਜੋ ਸ਼ਰਮ ਧਰਮ ਵਿਚ ਬਚੜੀ ਮਰ ਗਈ ਹੈ। ਵਾਹ ! ਕੋਈ ਮਰਣੇ ਦੀ ਸੁਣਾਉਣੀ ਹੀ ਆ ਸੁਣਾਵੇ ਤਾਂ ਸ਼ਦਿਆਨੇ ਕਰਾਂ, ਦੁੱਧ ਦਾ ਕਟੋਰਾ ਪੀਆਂ: ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੇ ਹਜ਼ੂਰ ਸਾਹਿਬ ਜੀ ਦੀ ਯਾਤ੍ਰਾ ਦੇ ਤੁੱਲ ਜਾਣਾ, ਪਰ ਕੌਣ ਦੱਸੇ ਕਿ ਬੱਚੀ ਫ਼ਰਸ਼ਾਂ ਤੇ ਰੁਲ ਰਹੀ ਹੈ ਕਿ ਅਰਸ਼ਾਂ ਤੇ ਕੁਰਸੀ ਨਸ਼ੀਨ ਹੋ ਰਹੀ ਹੈ। ਮੇਰੇ ਲਹੂ ਦਾ ਲਹੂ, ਮੇਰੇ ਜਿਗਰ ਦਾ ਜਿਗਰ, ਹਾਂ ! ਮੈਥੋਂ ਕਿੱਕੁਰ ਪ੍ਰੀਕਿਆ ਗਿਆ। – ਕੇਹੀਆਂ ਵਿਲਿੱਖਾਂ ਪੈ ਗਈਆਂ :-

ਵਿਛੁੜ ਕੇ ਤੂੰ ਸੁਹਣੀਏ!
ਮੱਲਿਆ ਕਿਹੜਾ ਮੁੱਖ ਨੀ?
ਨਿੱਜ ਜੰਮਦੀਓਂ ਤੂੰ ਬਚੜੀਏ !
ਔਤ ਚੰਗੇਰੀ ਕੁੱਖ ਨੀ ?

ਕਿਹਾ ਭੁਲਾਵਾ ਛਲ ਗਿਆ
ਹੋ ਗਈ ਕੇਹੀ ਚੁੱਖ ਨੀ !
ਹਾਵੇ क्षा ਗਏ ਜਿੰਦੜੀ,
ਦਿਲ ਨੂੰ ਖਾ ਗਈ ਧੁੱਖ ਨੀ।

ਡੋਲੇ ਬੇੜੀ ਸਿਦਕ ਦੀ
ਲੱਦ ਗਏ ਦਿਲ-ਸੁੱਖ ਨੀ।

ਸੁਪਨੇ ਵਿੱਚ ਹੀ ਆ ਮਿਲੇ
ਦੇਖਾਂ ਤੇਰਾ ਮੁੱਖ ਨੀ
ਸੋ ਕਨਸੋ ਕੋਈ ਘੱਲ ਦੇਇ,
ਠਰੇ ਦਿਲੇ ਦੀ ਝੁੱਖ ਨੀ ।
ਕਿਵੇਂ ਕਦੇ ਤੂੰ ਆ ਮਿਲੇ
ਮਿਟੇ ਤੜਫਦੀ ਭੁੱਖ ਨੀ

ਇਸ ਤਰ੍ਹਾਂ ਦਾ ਵੈਰਾਗ ਕਰਦਿਆਂ ਮਾਂ ਦੀਆਂ ਅੱਖਾਂ ਦੇ ਸੋਮੇ ਪਾਟ ਪਏ, ਬਹੁਤ ਰੋਈ, ਰੋਂਦੀ ਰੋਂਦੀ ਦਾ ਗਲਾ ਰੁਕ ਗਿਆ, ਅੱਖਾਂ ਅੱਗੇ ਛੱਪਰ ਢਹਿ ਪਏ, ਬੈਠੀ ਬੈਠੀ ਦੀ ਮਾਨੋਂ ਅੱਖ ਲੱਗ ਗਈ। ਅੱਖ ਲੱਗੀ ਵਿਚ ਮਾਂ ਕੀ ਦੇਖਦੀ ਹੈ ਕਿ ਇਕ ਪਹਾੜੀ ਜਿਹੀ ਦੇ ਲਾਗੇ ਇਕ ਪਾਣੀ ਦੀ ਕੁਲ ਵਗ ਰਹੀ ਹੈ, ਨਿੱਕੇ ਨਿੱਕੇ ਪੱਥਰਾਂ ਨਾਲ ਰਗੜ ਰਗੜ ਕੇ ਤੁਰਨ ਤੋਂ ਪਾਣੀ ਦੀ ਅਵਾਜ਼ ‘ਵਿਪਲ ਵਿਪਲਂ ਵਾਂਗੂ ਆ ਰਹੀ ਹੈ। ਇਕ ਥਾਂ ਤੇ ਇਸ ਦੇ ਕਿਨਾਰੇ ਪਰ ਬ੍ਰਿਛਾਂ ਦਾ ਝੁੰਡ ਹੈ, ਜਿਸ ਪਰ ਕਾਲੇ ਅੰਗੂਰਾਂ ਦੀ ਵੇਲ ਚੜ੍ਹੀ ਹੋਈ ਹੈ: ਸਾਵੇ ਸਾਵੇ ਪੱਤਿਆਂ ਵਿਚੋਂ ਗੁੱਛਿਆਂ ਦੇ ਗੁੱਛੇ ਲੱਟਕ ਰਹੇ ਹਨ। ਹੇਠਾਂ ਏਸ ਦੀ ਪਿਆਰੀ ਸਤਵੰਤ ਕੌਰ ਬੈਠੀ ਹੈ, ਅੱਖਾਂ ਧਰਤੀ ਵਿਚ ਗੱਡੀਆਂ ਹਨ, ਹੱਥਾਂ ਨਾਲ ਕੱਖ ਤੋੜ ਰਹੀ ਹੈ, ਕਿਸੇ ਵੇਲੇ ਹਾਹੁਕਾ ਲੈਂਦੀ ਕਿਸੇ ਵੇਲੇ ਅੱਥਰੂ ਕੇਰਦੀ ਹੈ, ਕਿਸੇ ਵੇਲੇ ਕੁਝ ਗਾਉਂਦੀ ਹੈ, ਕਦੇ ਫੇਰ ਚੁੱਪ ਹੋ ਜਾਂਦੀ ਹੈ। ਧ੍ਯਾਨ ਲਾ ਕੇ ਜੋ ਮਾਉਂ ਨੇ ਸੁਣਿਆਂ ਤਾਂ ਸਤਵੰਤ ਨੇ ਹੁਣ ਇਹ ਗਾਉਣ ਗਾਂਵਿਆ, ਇਸ ਦਰਦ ਵੈਰਾਗ ਨਾਲ ਕਿ ਪੱਥਰ ਬੀ ਪੰਘਰ ਪੈਣ-

ਕਿਸੇ ਗੁਆਂਢਣ ਨੇ ਆਖਿਆ ਮਾਏ!
‘ਤੇਰਾ ਪਿਓ ਭਰਾ ਗਿਆ ਆਇ!
ਜੀ ਵਿਚ ਹੋਈਆਂ ਸ਼ਾਦੀਆਂ, ਮਾਏ!

ਮੇਰੇ ਮਨ ਵਿਚ ਹੋਇਆ ਏ ਚਾਇ!
ਮੇਰੀ ਰਾਣੀਏਂ ਰਾਜਬਹਾਲੀਏ.
ਮੇਰੀ ਸਦਾ ਸੁਖਾਲੀਏ,

ਪੁੱਤ੍ਰਾਂ ਵਾਲੀਏ ਮਾਏ ! ੧
ਪੱਕੀ ਖੂਹੀ ਘੜਾ ਰੰ ਗਲਾ,
ਨੀ ਜਿੱਥੋਂ ਅੰਬੜੀ ਪਾਣੀ ਭਰੇ!
ਇਕ ਭਰ ਧਰੇ ਦੂਜਾ ਸਿਰ ਧਰੇ,
ਨੀ ਸਾਨੂੰ ਧੀਆਂ ਨੂੰ ਯਾਦ ਕਰੇ।
ਮੇਰੀ ਰਾਣੀਏ ਰਾਜ ਬਹਾਲੀਏ,
ਮੇਰੀ ਸਦਾ ਸੁਖਾਲੀਏ,

ਪੁੱਤ੍ਰਾਂ ਵਾਲੀਏ ਮਾਏ !
ਸਾਂ ਢੁਲ ਪਰਛਾਵੇਂ ਬਹਿੰਦੀਆਂ,
ਮਾਏ! ਅਸੀਂ ਮਾਵਾਂ ਤੇ ਧੀਵੜੀਆਂ!
ਨੀ ਮੈਂ ਸਿਰ ਗੁੰਦਾਂ ਤੈਂਡੜਾ ਮਾਏ!
ਤੂੰ ਕਰੇਂ ਗੱਲਾਂ ਮਿੱਠੜੀਆਂ!
ਮੇਰੀ ਰਾਣੀਏਂ-
ਅੰਬੜਿ ਅੰਬੜਿ ਕਰਾਂ ਮੈਂ ਮਾਏ!
ਮੇਰੀ ਅੰਬੜੀ ਕੇਡਾ ਹਿੱਤ ਨੀ!
ਮਨੋ ਵਿਸਾਰੀ ਧੀਵੜੀ ਮਾਏ !
ਮੇਰੀ ਅੰਮੀ ਸੁਖਾਲੜਾ ਚਿਤ ਨੀ।
ਮੇਰੀ ਰਾਣੀਏਂ-
ਕੰਧ ਕੰਧਾਰੀ ਬੈਠੀ ਹਾਂ ਮਾਏ!
ਮੇਰਾ ਚਿੱਤ ਭਰਾਵਾਂ ਦੇ ਵਿਚ ਨੀ!
ਮੇਰੇ ਨੈਣ ਛਮਾਂ ਛਮ ਰੋਵਦੇ!
ਮੇਰਾ ਕਾਲਜਾ ਧੂਹਦੀ ਖਿੱਚ ਨੀ।
ਮੇਰੀ ਰਾਣੀਏਂ- !

ਇਹ ਸੁਣਦੀ ਮਾਂ ਅੱਗੇ ਨੂੰ ਵਧੀ ਅਰ ਧੀ ਨੂੰ ਘੁੱਟਕੇ ਜੱਫੀ ਪਾ ਲਈ, ਪਰ ਕਲਾਈ ਵਿਚ ਕੁਛ ਬੀ ਨਾ ਆਇਆ, ਸਗੋਂ ਜੋ ਅੱਖਾਂ ਨਾਲ ਧੀ ਦਿੱਸ ਰਹੀ ਸੀ ਉਹ ਬੀ ਦਿੱਸਣੋਂ ਰਹਿ ਗਈ। ਐਧਰ ਤੱਕ, ਔਧਰ ਦੇਖ, ਪਰ ਧੀ ਦਿੱਸਣ ਦੀ ਥਾਂ ਆਪਣਾ ਸੱਖਣਾ ਵਿਹੜਾ ਪਿਆ ਦਿੱਸਦਾ ਹੈ-ਉਹ ਵਿਹੜਾ, ਜਿਥੇ ਪ੍ਯਾਰੀ ਪੁੱਤ੍ਰੀ ਹਰਨੋਟਿਆਂ ਵਾਂਙ ਚੌਂਕੜੀਆਂ ਭਰਦੀ ਫਿਰਦੀ ਹੁੰਦੀ ਸੀ, ਜਿਥੇ ਨਿਕੀ ਹੁੰਦੀ ਗੀਟੇ ਖਿੱਧੂ ਖੇਡਦੀ ਥਾਲ ਪਾਇਆ ਕਰਦੀ ਸੀ, ਮਾਂ ਦੀ ਨਜ਼ਰ ਦੇ ਸਾਹਮਣੇ ਸੁੰਞਾ ਪਿਆ ਹੈ। ਬੜਾ ਲੰਮਾਂ ਡੂੰਘਾ ਸਾਹ ਭਰਿਓਸੁ। . ਹਾਇ ਸੁਫਨਾ ! -ਬੱਚੀ ਤੂੰ ਜੀਉਂਦੀ ਹੈਂ? ਅਰ ਹਾਵਿਆਂ ਵਿਚ ਦਿਨ ਕੱਟ ਰਹੀ ਹੈਂ? ਮੈਂ ਕੀ ਕਰਾਂ? ਕੀ ਬਨਾਵਾਂ ? ਲੋਚਾਂ ਲੋਚਦੀ ਨੂੰ ਆਹ ਦਿਨ ਆ ਗਏ, ਕੋਈ ਸੁੰਧਕ ਨਾ ਪਈ। ਗੁਰੂ ਸੁਆਰੇ ਭਾਈ ਜੀ ਨੇ ਬੀ ਕੋਈ ਪਤਾ ਨਾ ਭੇਜਿਆ। ਹੇ ਗੁਰੂ! ਹੁਣ ਮੈਂ ਆਪ ਕਾਬਲ ਜਾਵਾਂ, ਆਪ ਧਾਈ ਕਰਾਂ, ਆਪ ਖੋਜਾਂ! ਮੇਰੀਆਂ ਆਂਦਰਾਂ ਮੇਰੀ ਲਾਲੀ ਨੂੰ ਲੱਭ ਲੈਣਗੀਆਂ, ਜੇ ਨਾ ਲੱਭੀ ਤਾਂ ਮੈਂ ਹੀ ਮਰ ਮਿਟੂੰ। ਹੇ ਸਾਂਈ! ਜਾਂ ਬੱਚੜੀ ਭੇਜ, ਜਾਂ ਮੈਨੂੰ ਮੇਟ।

“ਹੈਂ ! ਮੈਨੂੰ ਮੇਟ ਇਹ ਕੀ ਨਾਸ਼ੁਕਰੀ ਹੈਂ? ਇਕ ਭਾਰੀ ਗੰਭੀਰ ਆਵਾਜ਼ ਨੇ ਡੇਉਢੀ ਵਿਚੋਂ ਆਖਿਆ। ਤ੍ਰਬਕ ਕੇ ਮਾਤਾ (ਅਰਥਾਤ ਬਸੰਤ ਕੌਰ) ਉਠ ਖੜੌਤੀ ਅਰ ਆਪਣੇ ਪ੍ਰਾਣ ਪਤੀ ਨੂੰ ਲੈਣ ਵਾਸਤੇ ਅੱਗੇ ਹੋਈ। ਉਹ ਹੁਣ ਵਿਹੜੇ ਵਿਚ ਆ ਪਹੁੰਚੇ ਸੇ, ਸਿਰ ਨਿਵਾਉਂਦੀ ਨਾਰ ਦੇ ਮੋਢੇ ਤੇ ਹੱਥ ਧਰਕੇ ਕਹਿਣ ਲੱਗੇ, “ਪ੍ਰਿਯ ! ਇਹ ਕੀ ਬੇ-ਸਿਦਕੀ ਹੈ? ਸਾਂਈ ਸਾਨੂੰ ਰਚੇ, ਸਾਂਈਂ ਮੇਟੇ, ਅਸੀਂ ਕੌਣ ਹਾਂ ਇਹ ਕਹਿਣ ਵਾਲੇ ਕਿ ਸਾਨੂੰ ਮੇਟ? ਕੀ ਸਾਡੀ ਮਰਜ਼ੀ ਉਸ ਤੋਂ ਵਧੀਕ ਠੀਕ ਹੈ? ਤੁਸੀਂ ਤਾਂ ਬੜੇ ਧੀਰਜੀ ਸੇ, ਧੀ ਦੇ ਅਸਹਿ ਵਿਛੋੜੇ ਨੂੰ ਬੜੇ ਸਿਦਕ ਨਾਲ ਝੱਲਦੇ ਰਹੇ, ਪਰ ਅੱਜ ਕੀ ਹੋਇਆ?”

ਬਸੰਤ ਕੌਰ-ਖਿਮਾਂ ਕਰਨੀ ਸਿੰਘ ਜੀ! ਜ਼ਨਾਨੀ ਦਾ ਆਲਮ ਬਹੁਤ ਖੋਟਾ ਹੈ ਅਸੀਂ ਪਸ਼ੂ ਹਾਂ। ਮਹਾਰਾਜ ਜੀ ਦਾ ਵਾਕ ਹੈ – ਚਉਣੇ* ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ। ਕਿੰਨਾ ਸਮਝਾਓ ਬੁਝਾਓ ਸਾਡਾ ਅਸਲਾ ਨਹੀਂ ਸੌਰਦਾ। ਜੋ ਦਿਨ ਲੰਘੇ ਆਪਦੀ ਕ੍ਰਿਪਾ ਨਾਲ ਲੰਘੇ, ਦੋ ਹੀ ਦਿਨ ਤੁਸੀਂ ਵਾਂਢੇ ਗਏ ਤੇ ਮੇਰੇ ਧੀਰਜ ਦਾ ਲੱਕ ਟੁੱਟ ਗਿਆ ਮੇਰੇ ਹੌਸਲੇ ਦੇ ਪੈਰ ਲੰਗੜੇ ਹੋ ਗਏ, ਮੇਰੀ ਢਾਰਸ ਨੂੰ ਰੀਂਘਵਣਾ ਹੋ ਗਿਆ, ਮੇਰੇ ਸਿਦਕ ਨੂੰ ਝੋਲਾ ਵੱਜ ਗਿਆ, ਮੇਰਾ ਸਿੱਖੀ ਭਾਵ ਮੇਰੇ ਵਿਚ ਹੀ ਪਿੰਗਲਾ ਹੋ ਢੱਠਾ। ਅਜ ਮੈਂ ਆਮ ਤ੍ਰੀਮਤਾਂ ਵਾਂਗ ਹਾਵੇ ਕੱਢੇ ਹਨ, ਵੈਣ ਪਾਏ ਹਨ, ਰੋਈ ਹਾਂ, ਧੀ ਰੋਂਦੀ ਦੇ ਦਰਸ਼ਨ ਕੀਤੇ ਹਨ, ਆਪਣੇ ਆਪ ਨੂੰ ਧਿਕਾਰਿਆ ਹੈ, ਜੀਵਨ ਕੌੜਾ ਜਾਣ ਕੇ ਮੌਤ ਮੰਗੀ ਹੈ, ਅਰ ‘ਸਦਾ-ਪਿਆਰੇ’ ਸਿਰਜਣਹਾਰ ਦੀ ਬੇ-ਅਦਬੀ ਕੀਤੀ ਹੈ। ਮੈਂ ਇਸ ਲਾਇਕ ਨਹੀਂ ਜੋ ਤੁਹਾਡੀ ਸਾਥਣ ਬਣਾਂ, ਮੈਨੂੰ ਕਾਬਲ ਤੋਰ ਦਿਓ ਜੋ ਜਾਂ ਤਾਂ ਧੀ ਨੂੰ ਲੱਭ ਲਵਾਂ, ਜਾਂ ਪੱਥਰਾਂ ਨਾਲ ਸਿਰ ਟਕਰਾ ਟਕਰਾ ਕੇ ਮਰ ਜਾਵਾਂ। (ਇਹ ਕਹਿਂਦੀ ਫੇਰ ਫੁਟ ਫੁਟ ਕੇ ਰੋਈ)।

ਹਿੰਮਤ ਸਿੰਘ (ਕੋਮਲਤਾ ਨਾਲ) -ਪ੍ਰਿਯ ਜੀ! ਮੈਂ ਨਹੀਂ ਮੰਨਦਾ ਕਿ ਤ੍ਰੀਮਤ ਦਾ ਅਸਲਾ ਬੁਰਾ ਹੈ। ਅਸਲਾ ਕਿਸੇ ਦਾ ਬੁਰਾ ਨਹੀਂ, ਕੁਸੰਗ ਮਾੜਾ ਹੈ। ਕੁਸੰਗ ਬਹੁਤ ਵੇਰ ਤ੍ਰੀਮਤਾਂ ਦੇ ਉਦਾਲੇ ਹੋ ਜਾਂਦਾ ਹੈ, ਸੋ ਸਤਿਸੰਗ ਨਾਲ ਸੌਰ ਜਾਂਦਾ ਹੈ। ਬਾਕੀ ਰਿਹਾ ਤੁਹਾਡਾ ਰੋਣਾ, ਇਹ ਮੋਹ ਦੀ ਪ੍ਰਬਲਤਾਈ ਹੈ, ਮੋਹ ਦਾ ਜਿੱਤਣਾ ਖੇਡ ਨਹੀਂ, ਮਾਂ ਦੀ ਮਮਤਾ ਜਿੱਤਣੀ ਤਾਂ ਬਹੁਤ ਕਰੜੀ ਖੇਡ ਹੈ, ਤੁਸੀਂ ਰੋਏ ਹੋ, ਪਰ ਪ੍ਯਾਰ ਨਾਲ ਰੋਏ, ਤੁਹਾਨੂੰ ਕੋਈ ਵਲੇਵਾ ਨਹੀਂ ਹੈ; ਜਿਸ ਨੇ ਰੁਆਇਆ ਹੋਵੇ। ਤੁਹਾਡੀ ਧੀ ਦੇ ਦੁੱਖਾਂ ਦਾ ਕਸ਼ਟ ਰੁਆਉਂਦਾ ਹੈ, ਹਾਂ ਪਰ ਤੁਸੀਂ ਰੋਏ ਉਨ੍ਹਾਂ ਵਾਂਙ ਹੋ ਜਿਨ੍ਹਾਂ ਦਾ ਰੱਬ ਨਹੀਂ ਹੈ। ਤੁਸੀਂ, ਵੈਰਾਗ ਉਨ੍ਹਾਂ ਵਾਂਗ ਕੀਤਾ ਹੈ, ਜੋ ‘ਗੁਰੂ-ਪਿਆਰ’ ਦੀ ਛਾਂ ਤੋਂ ਖਾਲੀ ਮਨਮਤਿ ਦੇ ਰੜੇ ਵਿਚ ਤਪ ਰਹੇ ਹਨ। ਤੁਸੀਂ ਓਹਨਾਂ ਵਾਂਙ ਹਾਵੇ ਕੀਤੇ ਹਨ, ਜਿਨ੍ਹਾਂ ਪਾਸ ਗੁਰਬਾਣੀ ਦਾ ਚਾਨਣ ਨਹੀਂ ਹੈ। ਤੁਸਾਂ ਓਹ ਦੁੱਖ ਕੱਢੇ ਹਨ ਜੋ ਸਤਿਸੰਗ ਦੇ ਆਸਰੇ ਤੋਂ ਸਖਣੇ ਡਾਵਾਂ ਡੋਲ ਰਹਿਣ ਵਾਲੇ ਲੋਕ ਕੱਢਦੇ ਹਨ। (ਕੁਛ ਚਿਰ ਚੁਪ ਰਹਿ ਕੇ ਸੋਚ ਕੇ) ਹਾਂ ਇਸਤ੍ਰੀ ਅਰਧੰਗਿ ਹੈ, ਜੇ ਸੁਖੀ ਹੈ ਤਾਂ ਪਤੀ ਅਰੋਗ ਅੰਗ ਹੈ, ਜੇ ਦੁਖੀ ਹੈ ਤਾਂ ਪਤੀ ਨੂੰ ਅਧਰੰਗ ਹੈ।

ਫੇਰ ਵਹੁਟੀ ਵੱਲ ਤੱਕ ਕੇ ਹਿੰਮਤ ਸਿੰਘ ਬੋਲਿਆ:- ਲਓ ਵਿਚਾਰ ਕਰੋ। ਇਕ ਤਾਂ ਧੀ ਗਈ, ਇਕ ਅਸਾਂ ਅੱਜ ਸਿੱਖੀ ਸਿਦਕਂ ਨੂੰ ਵਿਦੈਗੀ ਦਾ ਸੁਨੇਹਾ ਦੇ ਦਿੱਤਾ। ਤੁਸੀਂ ਜਾਣਦੇ ਹੋ ਧੀ ਪਰਮੇਸ਼ੁਰ ਦੀ ਦਾਤ ਸੀ, ਆਪਣੀ ਦਾਤ ਉਸ ਨੇ ਲੈ ਲਈ। ਦੁੱਖ ਹੈ ਤਾਂ ਇਹ ਹੈ ਕਿ ਖ਼ਬਰੇ ਕਿਹੜੇ ਦੁੱਖਾਂ ਨੂੰ ਫੜੀ ਹੋਈ ਹੋਊ, ਪਰ ਜੇ ਸੋਚੀਏ ਤਾਂ ਸਾਡੇ ਘਰ ਜੰਮਣ ਤੋਂ ਪਹਿਲਾਂ ਖ਼ਬਰੇ ਕਿਹੜੇ ਦੁੱਖਾਂ ਨੂੰ ਫੜੀ ਹੋਈ ਆਈ ਸੀ। ਜੇ ਓਹਨਾਂ ਦਾ ਉਪਰਾਲਾ ਸਾਡੇ ਵਸੋਂ ਬਾਹਰ ਸੀ ਤਦ ਹੁਣ ਦਾ ਬੀ ਉਸੇ ਤਰ੍ਹਾਂ ਦਾ ਹੈ। ਜੋ ਕੁਝ ਹੁਣ ਸਾਥੋਂ ਬਣ ਸਕਦਾ ਹੈ ਅਸਾਂ ਕਰ ਘੱਤਿਆ ਹੈ। ਸੋਚ ਬਾਹਲੀ ਇਹ ਪੈਂਦੀ ਹੈ ਕਿ ਉਸਦਾ ਸਤਿ ਧਰਮ, ਉਸਦਾ ਸਿੱਖੀ ਸਿਦਕ ਕਾਇਮ ਰਿਹਾ ਹੋਵੇ। ਇਹ ਲੈ ਕੇ ਜੀਉਂਦੀ ਹੋਵੇ ਤਾਂ ਨਿਸ਼ੰਗ ਹੋਵੇ, ਇਹ ਲੈਕੇ ਮਰ ਗਈ ਹੋਵੇ ਤਾਂ ਨਿਸ਼ੰਗ, ਪਰ ਇਹ ਲਾਲ ਨਾ ਗੁਆ ਬੈਠੀ ਹੋਵੇ। ਸੋ ਮੈਨੂੰ ਤਾਂ ਸਿਦਕ ਹੈ ਕਿ ਉਸ ਨੇ ਕਦੇ ਕਮਜ਼ੋਰੀ ਨਹੀਂ ਖਾਣੀ। ਉਸ ਦੀਆਂ ਰਗਾਂ ਵਿਚ ਪਵਿੱਤ੍ਰ ਖੂਨ ਹੈ, ਉਸ ਦੇ ਦਿਲ ਵਿਚ ਸਿੱਖੀ ਦੀ ਗ਼ੈਰਤ ਤੇ ਅਣਖ ਹੈ। ਤੁਸੀਂ ਬੀ ਸਿਦਕ ਰੱਖੋ, ਵੇਖੋ ਜੇ ਤੁਸੀਂ ਆਪਣੇ ਜੀ ਵਿਚ ਸ਼ੱਕ ਕੀਤਾ ਕਿ ਧੀ ਖ਼ਬਰੇ ਢੈ ਪਈ ਹੋਵੇ, ਤਦ ਤੁਹਾਡਾ ਇਹ ਸੰਕਲਪ ਜਿਥੇ ਤੁਹਾਡੀ ਧੀ ਹੈ, ਉਸ ਨੂੰ ਢਹਿਂਦੀਆਂ ਕਲਾਂ ਦੀ ਲਹਿਰ ਮਾਰੇਗਾ। ਤੁਸੀਂ ਮਨ ਵਿਚ ਚੜ੍ਹਦੀ ਕਲਾਂ ਨੂੰ ਵਾਸ ਦਿਓ, -ਜਦ ਧੀ ਯਾਦ ਆਵੇ ਤਾਂ ਇਹ ਖਯਾਲ ਬੰਨ੍ਹੋਂ ਕਿ ਸਿਦਕ ਵਿਚ ਅਡੋਲ ਖੜੋਤੀ ਧੀ ਪਰਤਾਵਿਆਂ ਦਾ ਟਾਕਰਾ ਕਰ ਰਹੀ ਹੈ। ਉਸ ਵੇਲੇ ਭਰੋਸੇ ਨਾਲ ਪ੍ਰਾਰਥਨਾ ਕਰੋ ਕਿ ਹੇ ਗੁਰੂ ਜੀ! ਸਹਾਇਤਾ ਕਰੋ। ਆਖੋ ‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ’। ਐਸਾ ਕਰਨ ਨਾਲ ਧੀ ਦੀਆਂ ਵਾਸ਼ਨਾ ਦੀ ਡੋਰ ਚੜ੍ਹਦੀ ਕਲਾ ਵਿਚ ਰਹੇਗੀ।

ਦਿੱਸਣ ਵਾਲੇ ਸੰਸਾਰ ਨੂੰ ਸਭ ਕੁਛ ਨਾ ਜਾਣੋ, ‘ਨਾ ਦਿੱਸਣ ਵਾਲਾ’ ‘ਦਿੱਸਣ ਵਾਲੇ ਤੋਂ ਬਹੁਤ ਵਿਸ਼ਾਲ ਹੈ। ਉਸ ਦੇ ਤ੍ਰੀਕੇ ਤੇ ਤਾਕਤਾਂ ਸੂਖਮ ਹਨ, ਪਰ ਬਲਵਾਨ। ਤੁਹਾਡੇ ਸੰਕਲਪ ‘ਨਾ ਦਿੱਸਣ ਵਾਲੇ ਜਗਤ ਵਿਚ ਤੀਰਾਂ ਵਾਂਙੂ ਚਾਲ ਰੱਖਦੇ ਤੇ ਨਿਸ਼ਾਨੇ ਅੱਪੜਦੇ ਹਨ, ਪੁੰਹਦੇ ਪੁੜਦੇ ਤੇ ਆਪਣਾ ਪ੍ਰਭਾਵ ਪਾਉਂਦੇ ਹਨ, ਚੁੱਕਦੇ ਹਨ, ਡੇਗਦੇ ਹਨ, ਸੁਆਰਦੇ ਹਨ, ਵਿਗਾੜਦੇ ਹਨ, ਚਾਹੋ। ਬਹੁਤ ਚਾਹੋ ਥੋੜਾ।

ਜੋ ਕੁਝ ਤੁਸਾਂ ਅੱਜ ਕੀਤਾ ਹੈ, ਉਸ ਨਾਲ ਤੁਸਾਂ ਧੀ ਬੀ ਰੋਂਦੀ ਦੇਖੀ ਹੈ। ਪ੍ਯਾਰੀ ਧੀ ਨੂੰ ਜਦ ਦੇਖੀਦਾ ਹੈ, ਚੜ੍ਹਦੀਆਂ ਕਲਾਂ ਵਿਚ ਦੇਖੀਦਾ ਹੈ। ਉਸ ਵੇਲੇ ਅਸੀਸ ਦੇਈਦੀ ਹੈ- ਬੱਚੀ! ਤੂੰ ਕਦੇ ਢਹਿਂਦੀਆਂ ਕਲਾਂ ਵਿਚ ਨਾ ਪਵੇਂ । ਸਤਿਸੰਗ ਵਿਚ ਰੋਜ਼ ਏਹੋ ਅਰਦਾਸ ਹੁੰਦੀ ਹੈ ਕਿ ਜੋ ਸਿੱਖ ਬਚੇ ਤ੍ਰੀਮਤਾਂ (ਚਾਹੇ ਕਿੰਨੇ ਥੋੜੇ ਹਨ) ਕੈਦ ਪਏ ਹਨ, ਓਹ ਸਿੱਖੀ ਸਿਦਕ ਵਿਚ ਪੱਕੇ ਰਹਿਣ। ਸਾਨੂੰ • ਸ਼ੋਕ ਨਹੀਂ ਕਿ ਸਾਡਾ ਇਕ ਬਾਲ ਬੀ ਧਰਮ ਹਾਰੇਗਾ। ਤੁਸੀਂ ਕਿਉਂ ਉਸ ਉੱਚ-ਅਟਾਰੀ ਤੋਂ ਹੇਠਾਂ ਆਉਂਦੇ ਹੋ? ਕਦੇ ਸੁਣਿਆਂ ਜੇ ਕੋਈ ਸਿੱਖ ਕੈਦ ਪੈ ਕੇ ਧਰਮ ਹਾਰ ਗਿਆ ਹੋਵੇ? ਬਾਬੇ ਬੰਦੇ ਦੇ ਨਾਲ ਅੱਠ ਸੌ ਕਿ ਹਜ਼ਾਰ ਸਿੱਖ ਕੈਦ ਪਏ ਸਨ। ਕਈ ਤਾਂ ਬਾਬੇ ਦੇ ਨਾਲ ਦੇ ਸਨ, ਕਈ ਰਾਹ ਜਾਂਦੇ ਸਿੱਖ ਫੜਕੇ ਵਿਚ ਪਾ ਦਿਤੇ ਗਏ ਸਨ, ਪਰ ਕਿਸੇ ਧਰਮ ਨਹੀਂ ਹਾਰਿਆ। ਮੈਂ ਨਹੀਂ ਕਹਿਂਦਾ ਹੰਕਾਰ ਦਾ ਹੰਮਾਂ ਬੰਨ੍ਹੋਂ ਪਰ ਸਿਦਕ ਤੇ ਭਰੋਸਾ ਬੰਨ੍ਹੋਂ ਅਰ ਸ਼ੱਕ, ਭੈ ਤੇ ਭਰਮ ਨੂੰ ਕਦੇ ਨੇੜੇ ਨਾ ਫਟਕਣ ਦਿਓ। ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਕਿ ਹੋਵੇ ਆਪਣੇ ਆਤਮਾ ਨੂੰ ਭਰੋਸੇ ਵਿਚ ਰੱਖਦੇ ਹੋਏ ਚੜ੍ਹਦੀਆਂ ਕਲਾਂ ਵਿਚ ਹੋ ਕੇ ਉਹੋ ਪੱਕੇ ਸੰਕਲਪ ਕਰੋ, ਗੁਰੂ ਚਾਹੇ ਤਾਂ ਉਹੋ ਕੁਛ ਹੋਵੇਗਾ।

ਬਸੰਤ ਕੌਰ-ਸੱਚ ਹੈ, ਸੁਆਮੀ ਜੀ! ਪਰ ਆਮੁਹਾਰੀ ਜੀ ਨੂੰ ਖਿੱਚ ਪੈ ਜਾਂਦੀ ਹੈ। ਦੇਖੋ ਕੋਈ ਸੱਜਰੇ ਕੱਥੇ ਦਿਨ ਨਹੀਂ, ਪਰ ਜਿਸ ਵੇਲੇ ਰੋਟੀ ਖਾਣ ਬੈਠਾ ਜੀ ਕਹਿਂਦਾ ਹੈ, ਖਬਰੇ ਧੀ ਖਾ ਬੈਠੀ ਹੈ ਕਿ ਭੁੱਖੀ ਹੈ ? ਜਦ ਸੌਣ ਲੱਗਾਂ, ਜੀ ਕਹਿੰਦਾ ਹੈ, ਖਬਰੇ ਧੀ ਰੜੇ ਵਿਚ ਹੈ ਕਿ ਸੌੜੇ? ਦੁੱਧ ਚੌਂਦੀ ਹਾਂ ਤਾਂ ਕਹਿੰਦੀ ਹਾਂ ‘ਬੱਚੀ! ਤੇਰਾ ਰਲਿਆ ਹੋ ਚੁਕਾ। ਰੇੜਕਾ ਪਾਉਂਦੀ ਹਾਂ ਤਾਂ ਕਹਿਂਦੀ ਹਾਂ ਹੁਣ ਮੈਨੂੰ ਕੌਣ ਆਖੇ-

‘ਅੰਮਾਂ ਨੀ ਤੂੰ ਘੁੰਮ ਮਧਾਣੀ
ਆਨੀ ਹਾਂ, ਮੈਂ ਆਨੀ ਹਾਂ,
ਬੇਹੀ ਰੋਟੀ ਸੱਜਰਾ ਮੱਖਣ,
ਪੀਹੜੇ ਬਹਿਕੇ ਖਾਨੀ ਹਾਂ।

ਪਤੀ ਜੀ ! ਫੇਰ ਆਪ ਦੇ ਉਪਦੇਸ਼ਾਂ ਦਾ ਆਸਰਾ ਲੈਂਦੀ ਹਾਂ, ਝੱਟ ਵਿਚਾਰ ਵਿਚ ਪੈ ਜਾਂਦੀ ਹਾਂ ਕਿ ਜਿਸ ਵਾਹਿਗੁਰੂ ਨੇ ਜੰਮਣ ਤੋਂ ਪਹਿਲੇ ਬੱਚੀ ਲਈ ਦੁੱਧ ਰਚ ਦਿੱਤਾ ਸੀ, ਜਿਸ ਨੇ ਦੁੱਧ ਮੁਕਣ ਤੋਂ ਮੂਹਰੇ ਉਸਦੇ ਦੰਦ ਕੱਢ ਦਿਤੇ ਸਨ, ਉਸ ਪਰਮੇਸ਼ੁਰ ਨੇ ਕੈਦ ਪੈਣ ਤੋਂ ਪਹਿਲਾਂ ਉਸਦਾ ਉਪਰਾਲਾ ਜ਼ਰੂਰ ਕੀਤਾ ਹੋਵੇਗਾ। ਫੇਰ ਮੈਂ ਸੋਚਦੀ ਹਾਂ ਉਹ ਸ਼ੇਰ ਪੁੱਤ੍ਰੀ ਦੁੱਖਾਂ ਨੂੰ ਕੱਟ ਜਾਵੇਗੀ। ਮੈਨੂੰ ਉਸ ਪਰ ਪੱਕਾ ਭਰੋਸਾ ਹੈ। ਕਹਿੰਦੀ ਹਾਂ ਖ਼ਬਰੇ ਇਸ ਕਸ਼ਟਣੀ ਵਿਚ ਕੋਈ ਭਲਿਆਈ ਹੋਵੇ, ਵਾਹਿਗੁਰੂ ਜੋ ਕੁਝ ਕਰਦਾ ਹੈ ਸਾਡਾ ਭਲਾ ਕਰਦਾ ਹੈ, ਕੀ ਜਾਣੀਏ ਕਾਬਲ ਵਿਚ ਕੋਈ ਐਸਾ ਕੰਮ ਹੋਵੇ ਜੋ ਪਿਆਰੀ ਸਤਵੰਤ ਹੀ ਕਰ ਸਕਦੀ ਹੋਵੇ, ਗੁਰੂ ਨੇ ਇਸੇ ਕਰਕੇ ਉਸ ਨੂੰ ਉਥੇ ਭੇਜਿਆ ਹੋਵੇ। ਗੁਰੂ ਦੇ ਕਾਰੇ ਗੁਰੂ ਜਾਣਦਾ ਹੈ, ਸਾਨੂੰ ਸਿਦਕ ਲੋੜੀਏ; ਐਉਂ ਸੋਚਾਂ ਤਾਂ ਮੈਂ ਤਕੜੀ ਰਹਿਂਦੀ ਹਾਂ। ਅੱਜ ਸਵੇਰੇ ਮੇਰੀ ਵਿਚਾਰ ਇਹ ਸੀ ਕਿ ਮੈਂ, ਬਹੁਤ ਦੁੱਖ ਇਸੇ ਕਰਕੇ ਕਰਦੀ ਹਾਂ ਨਾ, ਜੋ ਮੇਰੀ ਧੀ ਹੈ । ਅੱਗੇ ਵੀ ਕਈ ਵੇਰੀ ਭਾਜੜਾਂ ਪਈਆਂ, ਕਈ ਮਾਪਿਆਂ ਦੀਆਂ ਧੀਆਂ ਕਾਬਲ ਫੜੀਆਂ ਗਈਆਂ, ਮੇਰੇ ਜੀ ਨੂੰ ਕੁਝ ਕੁਝ ਹੁੰਦਾ ਸੀ, ਪਰ ਆਹ ਕੁਝ ਤਾਂ ਕਦੇ ਨਹੀਂ ਸੀ ਨਾ ਹੋਇਆ। ਹੁਣ ਇਹ ਕੁਛ ਮੈਨੂੰ ‘ਮੇਰੀ ਕਰਕੇ ਹੋਇਆ ਤੇ ਗੁਰੂ ਗ੍ਰੰਥ ਜੀ ਦਾ ਵਾਕ ਹੈ।-

ਜਬ ਲਗੁ ਮੇਰੀ ਮੇਰੀ ਕਰੈ॥
ਤਬ ਲਗੁ ਕਾਜੁ ਏਕੁ ਨਹੀ ਸਰੈ॥ (ਭੈਰ ਕਬੀਰ)

ਪਤੀ-ਸੱਚ ਹੈ, ਦੁੱਖ ਹੈ ਤਾਂ ਮੈਂ ਮੇਰੀ ਦਾ ਹੀ ਹੈ, ਪਰ ‘ਮੈਂ ਮੇਰੀਂ ਮਿਟਣੀ ਰਸਤੇ ਉਤੇ ਨਹੀਂ ਪਈ ਹੋਈ। ਪਰ ਭੁਲੇਖਾ ਬੀ ਇਕ ਏਥੇ ਹੈ ‘ਮੈਂ ਮੇਰੀ ਦਾ ਝੂਠਾ ਤਿਆਗ ਜੋ ਲੋਕੀਂ ਜਾਣਦੇ ਹਨ, ਓਹ ਕਮਜ਼ੋਰ ਤੇ ਨਿਤਾਣੇ ਹੋ ਰਹੇ ਹਨ। ਲੋਕੀਂ ਆਪਣੀ ਹੀਣੀ ਹਾਲਤ ਨੂੰ ਸਮਝਦੇ ਹਨ ਕਿ ਅਸੀਂ ‘ਮੈਂ ਮੇਰੀ ਤਿਆਗ ਬੈਠੇ ਹਾਂ। ‘ਮੈਂ ਮੇਰੀ ਜੋ ਦੁੱਖ ਦਾਤੀ ਹੈ ਉਸ ਦਾ ਤਿਆਗ ਕਰੀਦਾ ਹੈ। ਅਸਲ ‘ਮੈਂ ‘ਸ਼ੁੱਧ ਮੈਂ ਤਾਂ ਆਪੇ ਦਾ ਧੁਰਾ ਹੈ, ਕੇਂਦਰ ਹੈ, ਉਸਨੂੰ ਵਞਾਕੇ ਕਾਹਦਾ ਸੁੱਖ।

ਤੁਸਾਂਨੂੰ ਜੋ ਦੁੱਖ ਉੱਠਦਾ ਹੈ, ਉਹ ਉਸ ਸ੍ਵੈ ਸਤਿਕਾਰ ਤੋਂ ਉਸ ਸੁੱਚੀ ਅਣਖ ਤੋਂ ਉੱਠਦਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਹਿੰਦੀਆਂ’ ਦੇ ਮਰ ਚੁਕੇ ਮਨਾਂ ਵਿਚ ਜਗਾਈ ਹੈ। ਤੁਹਾਡਾ ਜੋਸ਼ ਤੇ ਪਿਆਰ ਕਿ ਧੀ ਧਰਮ ਸ਼ਰਮ ਵਿਚ ਮਰੇ, ਇਹ ਇਕ ਸੁਹਣੀ ਉੱਚੀ ਅਣਖ ਹੈ ਧਰਮ ਸਰੂਪੀ ਅਣਖ ਹੈ। ਇਹ ਇਕ ਮਾਨਸਿਕ ਜਿੰਦ ਹੈ। ਇਹ ਨਾ ਹੋਵੇ ਤਾਂ ਉਹ ਤੁਸਾਂ ‘ਮੈਂ ਮੇਰੀਂ ਨਹੀਂ ਜਿੱਤੀ, ਉਹ ਤਾਂ ਤੁਸਾਂ ਵਿਚ ਤਾਣ ਨਹੀਂ ਰਿਹਾ, ਆਪੇ ਦਾ ਸਤਿਕਾਰ ਨਹੀਂ ਰਿਹਾ, ਅਣਖ ਨਹੀਂ ਰਹੀ, ਜਿੰਦ ਨਹੀਂ ਰਹੀ। ਬਾਕੀ ਰਹੀ ‘ਮੈਂ ਮੇਰੀ ਦੀ ਅਸਲ ਜਿੱਤ, ਉਹ ਬੀ ਸਮਝ ਲਓ। ‘ਮੈਂ ਮੇਰੀ ਗੱਲਾਂ ਨਾਲ ਨਹੀਂ ਮਰ ਸਕਦੀ, ਅਨੇਕ ਸਾਧਨ ਕਰੋ ਇਹ ਜੀਉਂਦੀ ਰਹਿੰਦੀ ਹੈ। ਕਿਉਂਕਿ ਸਰੀਰ ਸੁਖ ਲੋੜਦਾ ਤੇ ਦੁੱਖ ਤੋਂ ਪਰੇ ਹਟਦਾ ਹੈ। ਸੁਖ ਦੇਣ ਵਾਲਿਆਂ ਨਾਲ ‘ਮੈਂ ਪਿਆਰ ਕਰਦੀ ਹਾਂ, ਦੁੱਖ ਦੇਣ ਵਾਲਿਆਂ ਨਾਲ ਸੂਗ। ਇਸ ਕਰਕੇ ਸੁਖਦਾਈ ‘ਮੈਂ ਤੇ ‘ਮੇਰੀਆਂ’ ਵਿਚ ਸਾਡਾ ਪਿਆਰ ਗਠਿਆ ਪਿਆ ਹੈ। ਇਸੇ ਕਰਕੇ ਗੁਰੂ ਜੀ ਨੇ ਪ੍ਰੇਮ ਤੋਂ ਹੀ ਇਸ ਦਾ ਦਾਰੂ ਕਰਨਾ ਦੱਸਿਆ ਤੇ ਸਾਨੂੰ ਇਲਾਹੀ ਭੇਤ ਓਸ ‘ਪਿਆਰੇ ਵਾਹਿਗੁਰੂ ਨੂੰ ਪ੍ਰੇਮ ਕਰਨ ਦਾ ਸਿਖਾਇਆ, ਜੋ ਸਾਨੂੰ ਓਸ ‘ਪਿਆਰ ਸੋਮੇਂ ਨਾਲ ਪਿਆਰ ਪੈ ਜਾਵੇ, ਓਸਨੂੰ ਅਸੀਂ ਪਿਆਰ ਕਰਦੇ ਕਰਦੇ ਓਪਰਾ ਜਾਣਨੋਂ ਹਟ ਜਾਵੀਏ ਤੇ ਹੁਣ, ਜੋ ਸਾਡੇ ਤੇ ਉਹਦੇ ਵਿਚ ਵਿੱਥ ਹੈ, ਦੂਰ ਹੋ ਜਾਵੇ ਤੇ ਉਸਨੂੰ ਅਸੀਂ ਮੇਰਾ ਯਾ ਆਪਣਾ ਸਮਝਣ ਲਗ ਪਈਏ। ਜਦੋਂ ਸਾਡੀ ‘ਮੇਰੀ ਦੀ ਤਣਾਂਵ ਉਸ ਪਿਆਰੇ ਨਾਲ ਲਗ ਗਈ ਤਦ ਉਹਨਾਂ ਪਦਾਰਥਾਂ ਦੀ ‘ਮੇਰੀ’ ਤੋਂ-ਜੋ ਨਹੀਂ ਰਹਿਣੇਂ-ਉਚੇ ਹੋ ਕੇ ‘ਵਾਹਿਗੁਰੂ ਮੇਰਾ ਹੈ ਇਸ ਉੱਚੀ ‘ਮੇਰੀ ਵਿਚ ਪਹੁੰਚ ਪਵਾਂਗੇ। ਵਾਹਿਗੁਰੂ ਨੂੰ ਮੇਰਾ ਮੇਰਾ’ ਕਹਿੰਦਿਆਂ ਜਦ ਉਸ ਪਿਆਰੇ ਦਾ ਪ੍ਰੇਮ ਸਾਡੇ ਤੇ ਆ ਕੇ ਨਿੱਝਰ ਧਾਰ ਵਸੇਗਾ, ਤਦੋਂ ਸਾਡੀ ਸ਼ੁੱਧ ਮੈਂ ਉਤੇ, ਜੋ ਹਉਂ ਦਾ ਪਰਦਾ ਹੈ, ਹਟ ਜਾਵੇਗਾ ਅਰ ਸ਼ੁੱਧ ਹੋ ਗਈ ਮੈਂ ਉਸ ਪ੍ਰੇਮ ਪੁੰਜ ਦੇ ਨਾਲ ਜੁੜ ਜਾਵੇਗੀ। ਐਉਂ ਉਹ ਬਲਵਾਨ ਹੋ ਜਾਵੇਗੀ ਅਤੇ ਉਸਦੇ ਮੇਲ ਦੇ ਰਸ ਵਿਚ ਸੁਖ ਮਾਣੇਗੀ। ਸੁਖੀ ਹੋ ਕੇ ਜੁੜ ਜਾਏਗੀ ਅਰ ਫੇਰ ਵਿਛੋੜਾ ਨਹੀਂ ਹੋਵੇਗਾ।

ਜੋ ਸਾਡੀ ਹੁਣ ਦੀ ਅਵਸਥਾ ਹੈ ਇਹ ਜਤਨ ਦੀ ਅਵਸਥਾ ਹੈ ਅਰਥਾਤ ਹੰਭਲੇ ਮਾਰਨ ਦੀ ਹਾਲਤ ਹੈ। ਸਤਿਸੰਗ ਸਾਨੂੰ ਸਦਾ ਇਹੋ ਸਿਖਾਲਦਾ ਹੈ ਕਿ ਪਿਆਰੇ ਵਾਹਿਗੁਰੂ ਨੂੰ ਪਿਆਰ ਕਰੋ ਤਾਂ ਜੋ ਹੋਰ ਸਭ ਕੁਛ ਆਪੇ ਓਪਰਾ ਹੋ ਜਾਵੇ। ਦੁਨੀਆਂ ਦੇ ਲੋਕਾਂ ਦਾ ਤਾਂ ਇਹ ਹਾਲ ਹੈ, ਸਭ ਕਿਛੁ ਆਪਣਾ ਇਕ ਰਾਮ ਪਰਾਇਆ ਤੇ ਗੁਰੂ ਸਾਹਿਬ ਦੇ ਪ੍ਰੇਮਾ ਭਗਤੀ ਦੇ ਤ੍ਰੀਕੇ ਨਾਲ ਸਭ ਕਿਛ ਓਪਰਾ ਹੋ ਜਾਂਦਾ ਹੈ ਤੇ ਵਾਹਿਗੁਰੂ ਪਿਆਰਾ ਲੱਗਦਾ ਹੈ। ਜਦ ਵਾਹਿਗੁਰੂ ਵਧੀਕ ਪਿਆਰਾ ਹੋ ਗਿਆ ਤਦ ਹੋਰਨਾਂ ਪਿਆਰਿਆਂ ਦੀ ਖਿੱਚ ਸਾਨੂੰ ਉਸ ਤੋਂ ਵਿੱਥ ਤੇ ਲੈ ਜਾਣੋਂ ਅਸਮਰਥ ਹੋ ਜਾਂਦੀ ਹੈ। ਤੁਸੀਂ ਅਜੇ ਵਾਹਿਗੁਰੂ ਨੂੰ ਮੁੱਖ ਕਰਕੇ ਅਰਥਾਤ ਹੋਰਨਾਂ ਪਿਆਰਿਆਂ ਤੋਂ ਵਧੀਕ ਪਿਆਰਾ ਸਮਝਕੇ ਪਿਆਰ ਘੱਟ ਕਰਦੇ ਹੋ, ਇਸੇ ਕਰਕੇ ਬੇ-ਮੁਖਤਾਈ ਫੇਰੇ ਪਾ ਜਾਂਦੀਹੈ। ਤੁਸੀਂ ਮੋਹ ਗ੍ਰਸਿਆਂ ਦੇ ਹਾਵੇ ਨਾ ਸੁਣਿਆਂ ਕਰੋ ਤੇ ਨਾ ਹੀ ਫੋਕੇ ਗਿਆਨ ਦੀਆਂ ਗੱਲਾਂ ਸੁਣਿਆਂ ਕਰੋ। ਨੀਵੇਂ ਪਾਸੇ ਤੋਂ ਸ਼ੁਰੂ ਕਰੀਏ ਤੇ ਸਹਿਜੇ ਸਹਿਜੇ ਚੜ੍ਹੀਏ। ਤੁਸੀਂ ਸਾਰਾ ਦਿਨ ਇਸ ਵਿਚਾਰ ਵਿਚ ਰਿਹਾ ਕਰੋ ਕਿ ‘ਨਾ ਦਿੱਸਣ ਵਾਲਾ ਵਾਹਿਗੁਰੂ ਹੈਂ।

ਤਾਂ ਜੋ ਉਸਦੇ ਹੋਣ ਦਾ ਸੰਕਲਪ ਮਾਤ੍ਰ ਦਿਨ ਰਾਤ ਯਾਦ ਰਹਿਣ ਲੱਗ ਜਾਵੇ। ਫਿਰ ਸੋਚਿਆ ਕਰੋ, ਕਿੱਥੇ ਹੈ !’ ਤਦ ਵੀਚਾਰਿਆ ਕਰੋ ਜੋ ‘ਮੇਰੇ ਨਾਲ ਹੈਂ, ‘ਅੰਗ ਸੰਗ ਵੱਸਦਾ ਹੈ। ਫੇਰ ਕਿਸੇ ਵੇਲੇ ਖਿਆਲ ਕੀਤਾ ਕਰੋ। ਸਾਡੇ ਨਾਲ ਉਸ ਦਾ ਕੀਹ ਸਨਬੰਧ ਹੈ? ਤਦ ਸੋਚਿਆ ਕਰੋ ਜੋ ਉਹ ਪਿਤਾ ਹੈ, ਸਾਨੂੰ ਪਿਆਰ ਕਰਦਾ ਹੈ। ਜਦ ਉਸ ਦੇ ਪਿਆਰ ਕਰਨੇ ਦਾ ਸੰਕਲਪ ਅੰਦਰ ਦ੍ਰਿੜ੍ਹ ਹੋ ਜਾਏਗਾ: ਤਦ ਸ਼ਰਧਾ ਤੇ ਪ੍ਰੇਮ ਪੱਕ ਜਾਏਗਾ, ਫੇਰ ਐਸਾ ਜੀ ਜੁੜਿਅ ਕਰੇਗਾ ਕਿ ਤੁਸੀਂ ਇਸ ਰੰਗ ਵਿਚ ਰੱਤੇ ਰਿਹਾ ਕਰੋਗੇ ਕਿ ਮਾਨੋ ਉਸ ਵਾਹਿਗੁਰੂ ਦੀ ਪ੍ਰਕਾਸ਼ ਤੇ ਆਨੰਦ ਭਰੀ ਹਜ਼ੂਰੀ ਹਰ ਵੇਲੇ ਮੇਰੇ ਉਦਾਲੇ ਹੈ। ਮਨ ਵਿਚ ਚਾਉ ਤੇ ਰਸ ਭਰਿਆ ਰਿਹਾ ਕਰੇਗਾ। ਇਸ ਤਰ੍ਹਾਂ ਨਾਲ, ਜਿਸ ਨੇ ‘ਮੈਂ ਮੇਰੀ ਜਿੱਤੀ ਹੈ, ਉਸ ਤੋਂ ਸੁਤੇ ਹੀ ਜਗਤ ਦਾ ਭਲਾ ਹੁੰਦਾ ਹੈ, ਉਸ ਦਾ ਮਨ ਉੱਚਾ ਰਹਿੰਦਾ ਹੈ, ਉਸ ਦੇ ਅੰਦਰ ‘ਆਪੇ’ ਦਾ ਟਿਕਾਉ ਤੇ ‘ਆਪੇ’ ਦਾ ਸਤਿਕਾਰ ਵੱਸਦੇ ਹਨ। ਉਹ ‘ਜੀਉਂਦਾ ਹੈ, ਜੀਵਾ ਹੋ ਜਾਂਦਾ ਹੈ, ਉਚੀ ਜਿੰਦ ਉਸ ਵਿਚ ਵੱਸਦੀ ਹੈ। ਪਰ ਇਹ ਗੱਲਾਂ ਤਾਂ ਹੀ ਫੁਰਦੀਆਂ ਤੇ ਹੋ ਆਉਂਦੀਆਂ ਹਨ ਜੇ ਪਹਿਲਾਂ ਬਾਣੀ ਨਾਲ ਮਨ ਸ਼ੁੱਧ ਹੋਵੇ ਤੇ ਫੇਰ ਨਾਮ ਨਾਲ ਪਿਆਰ ਪਵੇ।

ਬਸੰਤ ਕੌਰ-ਸੱਚ ਹੈ ਪਤੀ ਜੀ ! ਜਿਕੂੰ ਬ੍ਰਿਛ ਦੇ ਚਰਨਾਂ ਵਿਚ ਕਮਜ਼ੋਰ ਵੇਲ ਉਗਦੀ ਹੈ ਤੇ ਬ੍ਰਿਛ ਦਾ ਆਸਰਾ ਪਾ ਕੇ ਬਿਛ ਜੇਡੀ ਉੱਚੀ ਹੋ ਜਾਂਦੀ ਹੈ, ਉਸੇ ਤਰ੍ਹਾਂ ਨਿਰਬਲ ਜਗ੍ਯਾਸੂ ਆਪਣੇ ਸਤਿਸੰਗੀ ਦੇ ਲੜ ਲੱਗ ਕੇ ਉਸਦੇ ਆਸਰੇ ਹੋ ਕੇ ਉੱਚਾ ਹੋ ਜਾਂਦਾ ਹੈ। ਆਪ ਦੇ ਸਤਿਸੰਗ ਨੇ ਮੇਰਾ ਹਾਲ ਸੁਆਰਿਆ ਤੇ ਸੁਆਰਨਾ ਹੈ। ਮੈਂ ਸੱਚ ਮੁੱਚ ਮੂਰਖ ਤੇ ਅਜੇ ਵਾਹਿਗੁਰੂ ਜੀ ਦੀ ਹਜ਼ੂਰੀ ਨੂੰ ਹਰਦਮ ਆਪਣੇ ਨਾਲ ਪਛਾਣਨ ਵਾਲੀ ਨਹੀਂ ਹੋਈ ਹਾਂ ਪਰ ਆਪ ਦੀ ਦਿਆਲਤਾ ਆਸ਼ਾ ਹੈ ਕਿ ਬਲ ਭਰ ਦੇਵੇਗੀ।

ਹਿੰਮਤ ਸਿੰਘ – ਮੈਂ ਤੇ ਆਪ ਅਜੇ ਪਕੇ ਨਹੀਂ, ਪਰ ਸਾਡੇ ਸਿਰ ਪਰ ਸਤਿਸੰਗ ਦੀ ਛਾਉਂ ਹੈ, ਇਸ ਕਰਕੇ ਘਾਬਰਨ ਦੀ ਲੋੜ ਨਹੀਂ, ਗੁਰੂ ਆਪ ਸਿਰੇ ਚਾੜ੍ਹੇਗਾ।

ਬਸੰਤ ਕੌਰ ਜਿਸ ਘੜੀ ਬਾਣੀ ਦਾ ਰਸ ਆ ਜਾਵੇ, ਜਾਂ ਮਨ ਨਾਮ ਨਾਲ ਗੁਰੂ ਦੇ ਚਰਨਾਂ ਵਿਚ ਲੱਗਾ ਰਹੇ, ਜਾਂ ਤੁਸੀਂ ਨੇੜੇ ਹੋਵੋ, ਤਾਂ ਚਿੱਤ ਘੱਟ ਡੋਲਦਾ ਏ। ਜੇਕਰ ਪਿਆਰੀ ਸਤਵੰਤ ਯਾਦ ਆਉਂਦੀ ਹੈ ਤਾਂ ਪਿਆਰੀ ਲਗਦੀ ਹੈ, ਅਸੀਸ ਮੂੰਹੋਂ ਨਿਕਲਦੀ ਹੈ ਤੇ ਗੁਰੂ ਚਰਨਾਂ ਵਿਚ ਬੇਨਤੀ ਹੁੰਦੀ ਹੈ, ਦਿਲ ਢਹਿੰਦਾ ਨਹੀਂ ਤੇ ਨਹੀਂ ਆਖਦਾ ‘ਕੀਹ ਹੋਵੇਗਾ? ਪਰ ਜਦੋਂ ਸੁਰਤ ਨੀਵੀਂ ਹੋਈ ਤਦੋਂ ਹੀ ਕਟਕ ਟੁੱਟ ਪੈਂਦਾ ਹੈ, ਹਨੇਰਾ ਛਾ ਜਾਂਦਾ ਹੈ, ਕਲੇਜੇ ਖੋਹ ਪੈਂਦੀ ਹੈ ਤੇ ਕਹਿੰਦੀ ਹਾਂ ‘ਹਾਇ ! ਕੀ ਹੋ ਗਿਆ? ਕੀਹ ਹੋ ਰਿਹਾ ਹੈ? ਕੀਹ ਹੋਵੇਗਾ?

ਹਿੰਮਤ ਸਿੰਘ – ਪਰਮੇਸ਼ੁਰ ਨਾਲ ਪ੍ਰੀਤ ਦਾ ਇਹ ਗੁਣ ਹੈ ਜੋ ਸੁਰਤ ਉੱਚੀ ਰਹਿਣ ਲਗ ਪੈਂਦੀ ਹੈ, ਮਨ ਖੇੜੇ ਵਿਚ ਵਸਦਾ ਹੈ। ਅਸਲ ਵਿਚ ਜੋਗੀ ਜਨ ਜੋਗ ਨੂੰ ਟੋਲਦੇ ਹਨ, ਉਹ ਜੋਗ ਗ੍ਰਿਹਸਤ ਤੋਂ ਨਿਰਜੋਗ ਹੋਣ ਅਰਥਾਤ ਟੁੱਟ ਜਾਣ ਵਿਚ ਨਹੀਂ, ਸਗੋਂ, ‘ਸਾਂਈਂ ਸੰਜੋਗ’ ਵਿਚ ਹੈ, ਅਰਥਾਤ ਪ੍ਰੀਤ ਦੀ ਇਕ ਤਾਰ ਵਿਚ ਹੈ।

ਬਸੰਤ ਕੌਰ – ਮੈਂ ਨਹੀਂ ਸਮਝੀ ਪਤੀ ਜੀ ! ਜੋਗੀ ਕੌਣ ਲੋਕ? ਜੋਗੀ ਕੰਨ ਪਾਟੇ ਮੁੰਦਰਾਂ ਵਾਲੇ? ਜਾਂ ਜੋ ਸੱਪਾਂ ਦੇ ਮਾਂਦਰੀ ਬੀਨ ਵਜਾਉਂਦੀ ਗਲੀਆਂ ਵਿਚ ਆਉਂਦੇ ਹਨ?

थडी ਨਹੀਂ, ਤੁਸੀਂ ਕਿਸ ਪਾਸੇ ਚਲੇ ਗਏ, ਇਹ ਕੰਨ ਪਾਟੇ ਤਾਂ ਅਸਲੀ ਜੋਗੀ ਨਹੀਂ। ਇਨ੍ਹਾਂ ਦੀ ਸੰਪ੍ਰਦਾ ਗੋਰਖ ਨਾਥ ਤੋਂ ਟੁਰ ਕੇ ਪਹਿਲੇ ਤਪੱਯਾ ਹਠ ਜੋਗ ਕਰਦੀ ਫੇਰ ਸਿੱਧੀਆਂ ਕਰਾਮਾਤਾਂ ਦੇ ਫੇਰ ਵਿਚ ਫਸ ਕੇ ਸ਼ਰਾਬ ਆਦਿ ਮਸਤੀਆਂ ਵਿਚ ਡਿਗਦੀ, ਉਲਟ ਫੇਰ ਖਾਂਦੀ, ਹੁਣ ਕੇਵਲ ਕਿੰਗ ਵਜਾਉਂਦੀ ਮੰਗਤ ਹੱਦ ਤਕ ਰਹਿ ਗਈ ਹੈ। ਦੂਜੇ ਸਪਾਧੇ ਹਨ, ਓਹ ਬੀ ਜੋਗੀਆਂ ਦੇ ਹੀ ਚੇਲੇ ਸਨ, ਜੋ ਗੁੱਗੇ ਚੁਹਾਨ ਰਾਜਪੂਤ ਦੇ ਜੋਗ ਦੀ ਮਹਿੰਮਾ ਕਰਦੇ ਲੋਕਾਂ ਨੂੰ ਉਸ ਦੀ ਪੂਜਾ ਵਿਚ ਲਾਉਂਦੇ ਹੁੰਦੇ ਸਨ, ਪਰ ਹੁਣ ਬੇਖ਼ਬਰ ਹੋ ਕੇ ਨਿਰੇ ਸੱਪਾਂ ਦੇ ਖੇਲ ਦਿਖਾ ਕੇ ਗੁਜ਼ਾਰਾ ਟੋਰਦੇ ਹਨ। ਇਹ ਬੀ ਇਕ ਤਰ੍ਹਾਂ ਦੇ ਮੰਗਤੇ ਹੀ ਰਹਿ ਗਏ ਜਾਪਦੇ ਹਨ। ਮੈਂ ਇਹ ਯੋਗੀ ਨਹੀਂ ਆਖੇ, ਮੈਂ ਜਿਹੜੇ ਜੋਗੀ ਆਖੇ ਹਨ। ਓਹ ਲੋਕ ਹਨ ਜੋ ਆਪਣੇ ਮਨ ਦੀਆਂ ਬਿਰਤੀਆਂ ਨੂੰ ਰੋਕਦੇ ਹਨ ਅਤੇ ਆਪਣੇ ਆਪੇ ਵਿਚ ਜੁੜ ਜਾਣ ਦਾ ਯਤਨ ਕਰਦੇ ਹਨ जेगी।

ਬਸੰਤ ਕੌਰ ਹੱਛਾ ਜੀ ਮੈਂ ਹੁਣ ਸਮਝੀ, ਓਹ ਜੋ ਗੀਤ ਵਿਚ ਜੋਗ ਦਾ ਵੇਰਵਾ ਹੈ, ਓਹ ਜੋ ਜੋਗੀ ਹੈ ?

ਪਤੀ – ਹਾਂ ਓਥੇ ਕਈ ਪ੍ਰਕਾਰ ਦੇ ਯੋਗੀ ਦੱਸੇ ਹਨ। ਪਰ ਇਕ ‘ਜੋਗ ਮਾਰਗ’ ਪਾਤੰਜਲ ਵਾਲਾ ਹੈ ਤੇ ਇਕ ਹਠ ਜੋਗੀ ਵੀ ਹੁੰਦੇ ਹਨ। ਇਕ ‘ਸਾਂਖ ਜੋਗੀ’ ਅਰਥਾਤ ਯਾਨ ਜੋਗੀ ਹਨ ਜੋ ਤੱਤਾਂ ਦਾ ਵਿਚਾਰ ਕਰ ਕਰਕੇ ਭੋਗ ਅਨਿੱਤ ਹਨ’, ‘ਦੁਖ ਦਾ ਹੇਤੂ ਹਨ, ਇਹ ਸੋਚ ਕਰ ਕਰਕੇ ਚਿਤ ਨੂੰ ਸਾਰੇ ਵਿਸ਼ਿਆਂ ਤੋਂ ਖਿੱਚ ਕੇ ਵੱਸ ਵਿਚ ਕਰਨ ਦਾ ਤਰਲਾ ਲੈਂਦੇ ਹਨ। ਓਹ ਕਹਿਂਦੇ ਹਨ ਕਿ ਦ੍ਰਿੜ ਤੇ ਪੱਕੇ ਸੰਸਕਾਰਾਂ ਨਾਲ ਹੀ ਸੰਸਾਰ ਤੇ ਇਹ ਸਰੀਰ ਬਣਿਆ ਹੈ, ਹੁਣ ਪੱਕਾ ਵੈਰਾਗ ਇਸ ਵਲੋਂ ਕਰਕੇ ਉਨ੍ਹਾਂ ਸੰਸਕਾਰਾਂ ਨੂੰ ਮੇਟ ਦੇਣਾ ਹੈ। ਦੂਸਰੇ ਓਹ ਯੋਗੀ, ਜੋ ਸਰੀਰ ਦੇ ਇੰਦ੍ਰਿਆਂ ਨੂੰ ਰੋਕਦੇ ਮਨ ਦੀਆਂ ਬ੍ਰਿਤੀਆਂ ਮਾਰਨ ਦਾ ਜਤਨ ਕਰਦੇ ਹਨ। ਤੁਹਾਨੂੰ ਐਉਂ ਠੀਕ ਸਮਝ ਵਿਚ ਆ ਜਾਵੇਗਾ ਕਿ ਜੇ ਮਨ ਟਿਕੇ ਤਾਂ ਸਰੀਰ ਟਿਕ ਜਾਂਦਾ ਹੈ ਤੇ ਜੇ ਸਰੀਰ ਟਿਕੇ ਤਾਂ ਮਨ ਦਾ ਟਿਕਾਉ ਹੋ ਪੈਂਦਾ ਹੈ। ਕਈ ਵੈਰਾਗ ਕਰਕੇ ਮਨ ਨੂੰ ਉਪਰਾਮਤਾ ਵਿਚ ਲਿਜਾਂਦੇ ਤੇ ਵਿਵੇਕ ਯਾ ਸੋਚ ਵਿਚ ਵਿਚਾਰ ਨੂੰ ਉੱਚਾ ਕਰਨ ਦਾ ਤਰਲਾ ਲੈਂਦੇ ਸਨ। ਖ਼ਬਰੇ ਇਸੇ ਗੱਲ ਨੂੰ ਜਪੁਜੀ ਸਾਹਿਬ ਵਿਚ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖਵਾਰ ਲਿਖਿਆ ਹੋਵੇ। ਇਸੇ ਤਰ੍ਹਾਂ ਕ੍ਰਿਯਾ ਯੋਗ ਵਾਲੇ ਕਾਂਇਆਂ ਨੂੰ ਮਾਂਜ ਕੇ ਸਵਾਸਾਂ ਨੂੰ ਰੋਕਦੇ, ਚਿਤ ਦੀਆਂ ਬ੍ਰਿਤੀਆਂ ਨੂੰ ਰੋਕਣ ਦਾ ਜਤਨ ਕਰਦੇ ਸਨ। ਇਸ ਕ੍ਰਿਯਾ ਯੋਗ ਦੇ ਕਈ ਪ੍ਰਕਾਰ ਹਨ; ਹਠ ਜੋਗ ਬੀ ਇਸੇ ਵਿਚ ਹੈ। ਜਿਸ ਦੇ ਅਨੇਕਾਂ ਸਾਧਨ ਸਰੀਰ ਦੇ ਅੰਗਾਂ ਪਰ ਵਸੀਕਰਨ ਪਾਉਣ ਦੇ ਹਨ। ਰਾਜ ਜੋਗ, ਮੰਤ੍ਰ ਜੋਗ ਆਦਿ ਬੀ ਜੋਗ ਹਨ। ਰਾਜ ਜੋਗ ਵਿਚ ਬੀ ਪ੍ਰਾਣਾਯਾਮ ਆਦਿਕ ਸਾਧਨ ਹਨ। ਪਰ ਸਾਰਿਆਂ ਜੋਗਾਂ ਦਾ ਛੇਕੜਲਾ ਜਤਨ ਇਹ ਹੈ ਕਿ ਮਨ ਦੀਆਂ ਬ੍ਰਿਤੀਆਂ ਦਾ ਟਿਕਾਉ ਹੋ ਜਾਵੇ, ਅੰਦਰ ਉਠਦੀਆਂ ਲਹਿਰਾਂ ਦੇ ਤੰਗ ਚੁਪ ਹੋ ਜਾਣ। ਏਸੇ ਨੂੰ ਖ਼ਬਰੇ ਜਪੁਜੀ ਸਾਹਿਬ ਵਿਚ ‘ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ’ ਵਾਲੀ ਤੁਕ ਵਿਚ ਦੱਸਿਆ ਹੋਵੇ। ਫਿਰ ਓਹ ਤਪੱਸ੍ਰੀ ਹੁੰਦੇ ਹਨ ਜੋ ਨਾਨਾਂ ਤਰ੍ਹਾਂ ਦੇ ਬ੍ਰਤ ਧਾਰਨ ਕਰਕੇ ਸਰੀਰ ਦੇ ਇੰਦ੍ਰਿਆਂ ਨੂੰ ਸਿਥਲ ਕਰਦੇ ਹਨ ਤੇ ਮਨ ਨੂੰ ਨਾਨਾਂ ਪ੍ਰਕਾਰਾਂ ਦੇ ਸਰੀਰਕ ਤੇ ਮਾਨਸਿਕ ਭੋਗਾਂ ਤੋਂ ਭੁੱਖਾਂ ਦੇ ਦੇ ਕੇ, ਤਪ ਕਰਵਾ ਕਰਵਾ ਕੇ ਜਤਨ ਕਰਦੇ ਹਨ ਕਿ ‘ਆਪਾ’ ‘ਆਪੇ ਵਿਚ ਟਿਕ ਜਾਵੇ। ਖ਼ਬਰੇ ਏਸ ਜਤਨ ਨੂੰ ਆਖਿਆ ਹੋਵੇ ਭੁਖਿਆ ਭੁ ਖ 어 ਉਤਰੀ ਜੇ ਬੰਨਾ ਪੁਰੀਆ ਭਾਰ’।

ਇਨ੍ਹਾਂ ਸਾਰੇ ਜਤਨਾਂ ਨਾਲ ਮਨੁੱਖ ਦਾ ਜਤਨ ਮਨੁੱਖ ਦੇ ਆਪਣੇ ਵਿਚਾਰਾਂ ਦੇ ਮੰਡਲ ਵਿਚ ਹੁੰਦਾ ਸੀ, ਮਨੁੱਖ ਆਪਣੀ ਸੋਚ ਸਮਝ ਦੀ ਹੱਦ ਦੇ ਵਿਚ ਵਿਚ ਤੇ ਨਿਰੀ ਆਪਣੀ ਟੇਕ ਦੇ ਆਸਰੇ ਆਪਣੀ ਸੱਯਾ, ਤਾਕਤ ਸਮਰੱਥਾ ਦੇ ਬਲ ਜਿਤਨਾ ਤਾਣ ਹੁੰਦਾ ਲਾ ਲਾ ਕੇ ਜਤਨ ਕਰਦਾ ਸੀ। ਮਨ ਵਿਚ ਕਦੇ ਥੋੜ੍ਹਾ ਟਿਕਾਉ ਮਾਤ੍ਰ ਕਦੇ ਉਪਰਾਮਤਾ ਦਾ ਭਾਵ, ਕਦੇ ਬੇਮਲੂਮ ਸੂਗ ਜਾਂ ਕਦੇ ਵਿਰਾਗ ਜਿਹਾ ਟਿਕ ਜਾਂਦਾ ਸੀ। ਆਪਾ ਉਚਾ ਹੋ ਕੇ ਉਚੇ ਵਿਕਾਸ ਵਿਚ ਨਹੀਂ ਸੀ ਜਾਂਦਾ। ਕਿਉਂਕਿ ਮੂਲ ਵਿਚ ਲਈ ਉਦਾਸੀ ਤੇ ਗਮੀ ਜੇਹੀ ਦਾ ਰੂਪ ਲੈ ਕੇ ਮਨ ਦੀ ਤਹਿ ਵਿਚ ਬੈਠ ਜਾਈਦਾ ਹੈ।

ਆਪਾ ਜੀਵਨ ਕਣੀ ਪਾ ਕੇ ਕਿ ਮਾਨੋਂ ਨਵੇਂ ਜਨਮ ਵਿਚ ਆ ਕੇ ਖੇੜਾ ਰਸ, ਸੁਆਦ ਹਲਕਾ ਪਨ ਕਿਸੇ ਨਾ ਦਿਸਦੇ ਸੁਹਣੇ ਦੇ ਪਿਆਰ, ਲਗਾਉ, ਛੁਹ ਵਿਚ ਆਪੇ ਨੂੰ ਨਹੀਂ ਸੀ ਪ੍ਰਤੀਤ ਕਰਦਾ। ਇਹਨਾਂ ਜਤਨਾਂ ਵਿਚ ਕਈ ਵੇਰ ਭਾਰੀ ਉਖੇੜ ਵੀ ਵੱਜ ਜਾਂਦੇ ਸਨ। ਸੋਚਾਂ ਸੋਚਕੇ ਮਨ ਜੋੜਨ ਵਾਲੇ ਤਾਂ ਇਕ ਸ਼ਨ ਜੇਹੀ ਨੂੰ ਟਿਕਾਊ ਸਮਝਦੇ ਸਨ ਅਤੇ ਕ੍ਰਿਯਾ ਯੋਗੀ ਤਾਂ ਰਤਾ ਉਕਾਈ ਖਾ ਕੇ ਰੋਗੀ ਹੋ ਜਾਂਦੇ ਸੇ, ਜਾਂ ਸਿੱਧੀਆਂ ਵਿਚ ਫਸੇ ਨਾਟਕਾਂ ਚੇਟਕਾਂ ਵਿਚ ਰਹਿ ਜਾਂਦੇ ਸੇ ਤੇ ਕੋਈ ਇਸ ਤੋਂ ਅੱਗੇ ਲੰਘੇ ਬੀ ਤਾਂ ਮੰਨ ਲਓ ਕਿ ਉਹ ਮਾਯਾ ਤੋਂ ਛੁਟਕੇ ਸੁਤੰਤ੍ਰ ਪੁਰਖ ਬਣ ਜਾਵੇ ਤਾਂ ਪੁਰਖ ਵਿਸ਼ੇਸ਼** ਅਰਥਾਤ ਵਾਹਿਗੁਰੂ ਨਾਲ (ਜੋ ਕਦੇ ਬੀ ਮਾਯਾ ਵਿਚ ਨਹੀਂ ਆਯਾ) ਨਹੀਂ ਜੁੜ ਸਕਦੇ ਸਨ। ਤੀਸਰੇ ਇਕ ਭਗਤੀ ਮਾਰਗ ਵਾਲੇ ਟੁਰੇ; ਇਹ ਮੂਰਤੀ ਪੂਜਾ ਵਿਚ ਫਸ ਕੇ ਰਹਿ ਗਏ। ਫਿਰ ਇਨ੍ਹਾਂ ਵਿਚ ਰਾਸਾਂ, ਲੀਲ੍ਹਾਂ ਟੁਰ ਪਈਆਂ ਤੇ ਨਿਰੋਲ ਵਾਹਿ- ਗੁਰੂ ਦੀ ਥੁੜ ਇਨ੍ਹਾਂ ਵਿਚ ਜਾਨ ਨਹੀਂ ਭਰਦੀ ਸੀ। ਰਸ ਸੁਆਦ, ਅਕਹਿ ਖੇੜਾ, ਅਰਥਾਤ ਆਪੇ ਦਾ ਸਾਂਈਂ ਵਿਚ ਮੇਲ ਤੇ ਉਸ ਦਾ ਜੀਂਵਦਾ ਅਸਰ ਪੈਦਾ ਨਹੀਂ ਸੀ ਹੁੰਦਾ, ਇਸ ਕਰਕੇ ਸ੍ਰੀ ਗੁਰੂ ਜੀ ਨੇ ਇਕ ਤ੍ਰੀਕਾ ਐਸਾ ਸਿਖਾਇਆ ਕਿ ਜਿਸ ਨਾਲ ਠੀਕ ਤੀਰ ਨਿਸ਼ਾਨੇ ਤੇ ਬੈਠੇ, ਇਸ ਨੂੰ ਅਸੀਂ ਪ੍ਰੇਮਾ ਭਗਤੀ ਆਖਦੇ ਹਾਂ। ਇਹ ਇਕ ਨਵਾਂ ਬ੍ਰਿਛ ਹੈ, ਪਰ ਇਸ ਵਿਚ ਸਾਰੀ ਤਰ੍ਹਾਂ ਦੇ ਯੋਗਾਂ ਦੇ ਉੱਤਮ ਅੰਗ ਆਉਂਦੇ ਹਨ, ਮਾਨੋਂ ਇਕ ਬ੍ਰਿਛ ਨੂੰ ਜਾਨ ਪਾ ਕੇ ਹਰੀਆਂ ਭਰੀਆਂ ਸ਼ਾਖਾਂ ਲਾ ਕੇ ਸਤਿਗੁਰਾਂ ਨੇ ਫਲਦਾਰ ਤੇ ਫੁੱਲਦਾਰ ਕਰ ਦਿੱਤਾ ਹੈ।

ਬਸੰਤ ਕੌਰ ਜ਼ਰਾ ਉਖੇਰੀ ਗੱਲ ਜਾਪਦੀ ਹੈ, ਕੁਛ ਸੌਖਾ ਕਰਕੇ ਸਮਝਾਓ ਨਾ ਜੀਓ, ਤ੍ਰੀਕਾ ਸਮਝਾਓ ਕਿੰਝ ਕੀਤਾ ਲੋੜੀਏ?

ਹਿੰਮਤ ਸਿੰਘ – ਸਾਰਿਆਂ ਤੋਂ ਉਚਾ ਤੇ ਸਭ ਗੁਣਾਂ ਤੋਂ ਪਰੇ ਤੇ ਪਰੇ ਤੋਂ ਬੀ ਪਰੇ ਪਰਮੇਸ਼ੁਰ ਹੈ। ਉਹ ਵਾਹਿਗੁਰੂ ਸਾਡਾ ਪਿਆਰਾ ਪਿਤਾ ਹੈ, ਸੋ ਉਸ ਨੂੰ ਸਦਾ ਮਿਹਰ ਕਰਨ ਵਾਲਾ, ਸਦਾ ਪ੍ਰੇਮ ਕਰਨ ਵਾਲਾ ਪਤਿਤ ਪਾਵਨ ਜਾਣਕੇ ਉਸ ਨਾਲ ਪਿਆਰ ਕਰਨਾ, ਇਹ ਆਪਣੇ ਜੀਵਨ ਦਾ ਲਾਹਾ-ਜੀਵਨ ਦਾ ਪਰੋਜਨ-ਸਮਝਣਾ, ਇਹ ਪਹਿਲਾ ਕਦਮ ਹੈ। ਜਦ ਇਹ ਪਰੋਜਨ ਸਮਝਿਆ, ਅਰਥਾਤ ਇਹ ਕਿ ਪਰਮੇਸ਼ੁਰ ਪਿਆਰ ਸਰੂਪ ਹੈ ਅਰ ਸਾਡਾ ਪ੍ਰੀਤਮ ਹੈ, ਤਦ ਪਿਆਰੇ ਦੇ ਪਿਆਰ ਦਾ ਪਹਿਲਾ ਸਰੂਪ ਇਹ ਹੈ ਕਿ ਉਹ ਹਰ ਵੇਲੇ ਪਾਸ ਰਹੇ।’ ਜੇ ਕਦੇ ਪਿਆਰਾ ਪਾਸ ਨਾ ਹੋਵੇ ਤਦ ਫੇਰ ਮਨ ਤੋਂ ਕਦੇ ਨਹੀਂ ਵਿਸਰਦਾ।’ ਅਰਥਾਤ ਜਦ ਕਿਸੇ ਮਨੁੱਖ ਦੇ ਅੰਦਰ ਕਿਸੇ ਦਾ ਪਿਆਰ ਹੋਵੇ ਤਾਂ ਉਸ ਦੇ ਦੋ ਸਰੂਪ ਹਨ :- ੧. ਜੇ ਪਿਆਰਾ ਪਾਸ ਹੈ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਨਜ਼ਰੋਂ ਉਹਲੇ ਨਾ ਹੋਵੇ ਤੇ ੨. ਜੇ ਪਿਆਰਾ ਉਹਲੇ ਹੈ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਮਨੋਂ ਨਾ ਵਿਸਰੇ, ਸੋ ਪਤਾ ਲੱਗਾ ਕਿ ਵਿਛੋੜੇ ਵੇਲੇ ਯਾ ਵਿੱਥ ਵੇਲੇ ਪਿਆਰ ਦੀ ਪੱਕੀ ਨਿਸ਼ਾਨੀ ਯਾਦ’ ਯਾ ‘ਸਿਮਰਨ’ ਹੈ। ਇਹ ਦੂਜੀ ਗੱਲ ਹੈ।

ਸੋ ਜਦ ਅਸੀਂ ਇਸ ਪਾਸੇ ਲੱਗੇ ਤਾਂ ਪਹਿਲੇ ਵਾਹਿਗੁਰੂ ਪਿਆਰੇ ਦੇ ‘ਹੋਣ ਦਾ ਫੇਰ ਉਸ ਦੇ ਅੰਗ ਸੰਗ ਹੋਣ ਦਾ, ਫੇਰ ਸਾਨੂੰ ‘ਪਿਆਰ ਕਰਨ ਵਾਲਾ ਹੋਣ ਦਾ ਚੇਤਾ ਰਹੇਗਾ, ਉਹ ਮਾਨੋ ਸਾਨੂੰ ਵਿਸਰੇਗਾ ਨਹੀਂ।
ਬਸੰਤ ਕੋਰ – ਪਰ ਅਸਾਂ ਉਸ ਨੂੰ ਡਿੱਠਾ ਨਹੀਂ ਨਾ ਹੋਇਆ।
ਹਿੰਮਤ ਸਿੰਘ – ਇਹੋ ਤਾਂ ਮੈਂ ਦੱਸਿਆ ਹੈ ਕਿ ਡਿੱਠਾ ਨਾ
ਹੋਣ ਕਰਕੇ ਸਮਝ ਲਓ ਕਿ ਪਰਦੇਸ਼ ਹੈ, ਯਾ ਐਂ ਸਮਝ ਲਓ ਕਿ ਉਸਦਾ ਰੂਪ ਰੰਗ ਨਾ ਹੋਣ ਕਰਕੇ ਸਾਨੂੰ ਉਹ ਮਾਨੋਂ ਉਹਲੇ ਹੈ। ਉਂਞ ਤਾਂ ਨੇੜੇ ਹੈ, ਪਰ ਦੀਹਦਾ ਨਹੀਂ, ਇਸ ਕਰਕੇ ਉਹ ਪਿਆਰਾ ਮਾਨੋਂ ਪਰਦੇਸ਼ ਹੈ, ਅਰਥਾਤ ਅਸੀਂ ਪਿਆਰੇ ਤੋਂ ਵਿਛੁੜੇ ਹੋਏ ਹਾਂ। ਹੁਣ ਸੋਚ ਲਓ ਕਿ ਜੇ ਸਾਡੇ ਅੰਦਰ ਪਿਆਰ ਹੋਵੇ ਤਾਂ ਪਿਆਰਾ ਸਾਨੂੰ ਆਪਣੇ ਦਿਲੋਂ ਭੁਲੇਗਾ ਨਹੀਂ, ਇਸੇ ਗੱਲ ਨੂੰ ਉਲਟ ਦਿਓ ਕਿ ਜੇ ਅਸੀਂ ਉਸ ਨੂੰ ਨਾ ਭੁੱਲੀਏ ਤਾਂ ਉਹ ਯਾਦ ਮਾਨੋ ‘ਪਿਆਰ’ ਹੈ। ਤਾਂ ਤੇ ਯਾਦ ਵਿਚ ਰਹਿਣਾ-ਪਰਮੇਸ਼ਰ ਦੀ ਯਾਦ ਵਿਚ ਰਹਿਣਾ-ਉਸ ਨਾਲ ਪ੍ਰੇਮ ਕਰਨਾ ਹੈ ਕਿ ਉਹ ਹੈ, ਅੰਗ ਸੰਗ ਹੈ ਅਰ ਪਿਆਰ ਕਰਦਾ ਹੈ, ਐਉਂ ਉਸ ਨੂੰ ਯਾਦ ਰੱਖਣਾ ਚਿੱਤ ਵਿਚ ਪ੍ਰੇਮ ਨੂੰ ਵਸਾਉਣਾ ਹੈ।

ਬਸੰਤ ਕੌਰ – ਕਿਸੇ ਹੋਰ ਤਰ੍ਹਾਂ ਸਮਝਾਓ ਨਾ।

ਹਿੰਮਤ ਸਿੰਘ – ਜੇ ਸਾਡੇ ਘਰ ਧੱਕ ਹੈ ਤਾਂ ਇਸ ਨੂੰ ਬੀਜ ਪਵੇਗਾ ‘ਤ੍ਰਿਕੋਨਾਂ। ਜੇ ਸਾਡੇ ਪਾਸ ‘ਧ੍ਰਿਕੋਨਾ ਹੈ ਇਹ ਬੀਜ ਦੇਈਏ ਤਾਂ ਧੇਕ’ ਦਾ ਬੂਟਾ ਹੋ ਆਵੇਗਾ। ਇਸੇ ਤਰ੍ਹਾਂ ਜੇ ਪ੍ਰੇਮ ਸਾਡੇ ਅੰਦਰ ਲਗਾ ਹੋਇਆ ਹੈ ਤਾਂ ਉਸ ਦਾ ਸਰੂਪ ਕੀ ਹੈ? ਪ੍ਰੀਤਮ ਹਰਦਮ ਯਾਦ ਰਹਿੰਦਾ ਹੈ ਤੇ ਜੇ ਅਸੀਂ ਕਿਸੇ ਦੀ ਯਾਦ ਲਗਾਤਾਰ ਅੰਦਰ ਵਸਾ ਲਈਏ ਤਾਂ ਇਹ ਯਾਦ ਪ੍ਰੇਮ ਬਣ ਜਾਏਗੀ। ਇਸ ਕਰਕੇ ਗੁਰੂ ਜੀ ਨੇ ਫੁਰਮਾਇਆ ਹੈ:-

‘ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥’

ਜੇ ਸਾਨੂੰ ਸਾਡਾ ਰੱਬ ਯਾਦ ਰਹਿਣ ਲੱਗ ਜਾਵੇ ਤਾਂ ਕਾਰਜ ਹੋ ਗਿਆ। ਜੇ ਯਾਦ ਨਾ ਰਹੇ ਤਾਂ ਫਿਰ ਉਸਦਾ ਨਾਮ ਜਪੀਦਾ ਹੈ। ਨਾਮ ਜਪਦਿਆਂ ਉਹ ਫਿਰ ਯਾਦ ਰਹਿਣ ਲੱਗ ਜਾਂਦਾ ਹੈ, ਯਾ ਇਹੋ ਕਹੋ ਕਿ ਮਨ ਵਿਚ ਵੱਸ ਜਾਂਦਾ ਹੈ। ਮਨ ਵਿਚ ਸਾਂਈ ਆਪਣੇ ਦੀ ਯਾਦ ਰੱਖਣਾ ਨਾਮ ਦਾ ਸਿਮਰਨ ਹੈ। ਸਿਮਰਨ ਕਰਦਿਆਂ ਉਸ ਨਾਲ ਜਾ ਮਿਲੀਦਾ ਹੈ, ਫੇਰ ਵਿੱਥ ਨਹੀਂ ਰਹਿੰਦੀ। ਇਸ ਸਾਰੀ ਗੱਲ ਬਾਤ ਨੂੰ ਨਾਮ ਆਖੀਦਾ ਹੈ।

ਬਸੰਤ ਕੌਰ ਪਰ ਜੀ, ਜੇ ਕੋਈ ਐਵੇਂ ਪਿਆ ਰਟੇ।

ਹਿੰਮਤ ਸਿੰਘ ਭੋਲੀਏ ! ਨਾਮ ਜਪਣਾ ਜੀਉਂਦੇ ਜਾਗਦੇ ਬੰਦੇ ਨੇ ਹੈ, ਕਿਸੇ ਨਿਰਜਿੰਦ ਕੋਲ੍ਹ ਚਰਖੇ ਨੇ ਤਾਂ ਨਹੀਂ ਨਾ ਜਪਣਾ। ਜੋ ਕੰਮ ਜਿੰਦ ਵਾਲਾ ਕਰੇਗਾ ਮਨ ਤੇ ਅਸਰ ਪਏਗਾ ਜਦ ਕਿ ਅਸਾਂ ਇਹ ਸਮਝਕੇ ਨਾਮ ਜਪਣਾ ਹੈ ਕਿ ਇਹ ਸਿਮਰਨ ਬਣ ਜਾਵੇ ਤੇ ਸਿਮਰਨ ਪ੍ਰੇਮ ਬਣ ਜਾਵੇ ਤਾਂ ਸਾਡੀ ਨੀਯਤ ਮਨੋਰਥ ਨੂੰ ਪਾਵੇਗੀ। ਹਾਂ, ਜੋ ਪਖੰਡ ਲਈ ਕਰਦਾ ਹੈ ਉਹ ਵੱਖਰੀ ਗੱਲ ਹੈ।

ਬਸੰਤ ਕੌਰ ਊਈ ! ਕੀਕੂੰ ਮੈਂ ਭੁਲੇਵਿਆਂ ਵਿਚ ਪੈ ਜਾਂਦੀ ਹਾਂ। ਭਲਾ ਜੀ ਰੱਬ ਜੀ ਨਾਲ ਪਯਾਰ ਕਿਉਂ ਨਹੀਂ ਪੈਂਦਾ?

ਹਿੰਮਤ ਸਿੰਘ – ਇਕ ਨੁਕਤਾ ਹੋਰ ਬੀ ਹੈ, ਲੋਕਾਂ ਨੇ ਵਾਹਿਗੁਰੂ ਨੂੰ ਭੈ ਦਾਤਾ, ਨਾ ਬਖਸ਼ਣ ਵਾਲਾ ਤੇ ਕਰੜਾ ਹਾਕਮ ਜਾਨ ਰੱਖਿਆ ਹੈ, ਇਸੇ ਕਰਕੇ ਉਸ ਨਾਲ ਪਿਆਰ ਨਹੀਂ ਪੈਦਾ ਹੁੰਦਾ। ਗੁਰੂ ਜੀ ਨੇ ਉਸ ਨੂੰ ਨਿਰਭਉ ਨਿਰਵੈਰ, ਬਖਸ਼ਿੰਦ ਪਿਤਾ, ਭਰਾਤਾ, ਸਖਾ, ਮਿਤ੍ਰ ਵਾਂਙੂ ਸਦਾ ਪਿਆਰ ਕਰਨ ਵਾਲਾ ਤੇ ਪਤਿਤ ਪਾਵਨ ਦੱਸਿਆ ਹੈ। ਇਸ ਤਰ੍ਹਾਂ ਪਰਮੇਸ਼ੁਰ ਨੂੰ ਆਪੇ ਪ੍ਰੀਤਿ ਪ੍ਰੇਮ ਪਰਮੇਸੁਰ ਸਮਝਿਆਂ ਪਰਮੇਸ਼ੁਰ ਨਾਲ ਪ੍ਯਾਰ ਪੈਣ ਵਿਚ ਸੌਖ ਹੋ ਜਾਂਦਾ ਹੈ ਤੇ ਸਾਡਾ ਝੱਕ ਖੁਲ੍ਹ ਜਾਂਦਾ ਹੈ, ਅਸੀਂ ਪਿਆਰ ਸਰੂਪ ਤੋਂ ਝੱਕ, ਡਰ, ਸੰਗ ਨਾਲ ਜੇ ਦੂਰ ਰਹਿੰਦੇ ਹਾਂ ਉਸਨੂੰ ਨੇੜੇ ਹੋ ਕੇ ਪਿਆਰ ਕਰਨ ਲੱਗ ਪੈਂਦੇ ਹਾਂ ਅਰ ਇਸ ‘ਭੈ ਕਰਕੇ ਕਿ ਉਹ ਕਰੜਾ ਹਾਕਮ ਹੈ, ਉਸਦੇ ਪ੍ਰੇਮ ਤੋਂ ਵਾਂਜੇ ਨਹੀਂ ਰਹਿ ਜਾਂਦੇ।

ਬਸੰਤ ਕੌਰ ਮੈਂ ਨਹੀਂ ਸਮਝੀ ? ਸਾਨੂੰ ਵਾਹਿਗੁਰੂ ਸਾਂਈਂ ਤੋਂ ਝੱਕ ਕੇਹਾ ਹੈ?

ਹਿੰਮਤ ਸਿੰਘ – ਉਹ ਇਹ ਗੱਲ ਹੈ ਕਿ ਪਰਮੇਸ਼ੁਰ ਨੂੰ ਅਸੀਂ ਭੈ ਦਾਤਾ, ਡਰਾਵਣਾ, ਬਦਲੇ ਲੈਣ ਵਾਲਾ ਜੇ ਸਮਝ ਬਹੀਏ ਤੇ ਆਪਣੇ ਔਗੁਣਾਂ ਨੂੰ ਅਸੀਂ ਜਾਣਦੇ ਹੀ ਹਾਂ, ਸੋ ਅੰਦਰ ਝੱਕ ਬਹਿ ਜਾਂਦਾ ਹੈ। ਸ਼ਰਮ ਆਉਂਦੀ ਹੈ ਉਸ ਅਗੇ ਅਰਦਾਸ ਕਰਦਿਆਂ ਉਸਦਾ ਨਾਮ ਜਪਦਿਆਂ ਤੇ ਇਹ ਸਮਝਦਿਆਂ ਕਿ ਉਹ ਪ੍ਯਾਰ ਕਰੇਗਾ। ਮੰਨ ਲਓ ਕਿ ਸ਼ੇਰਨੀ ਨੂੰ ਮਨੁੱਖਾਂ ਵਾਲੀ ਸਮਝ ਮਿਲ ਜਾਵੇ। ਉਸਦਾ ਬੱਚਾ ਬੀਮਾਰ ਹੋ ਜਾਵੇ। ਦਾਰੂਆਂ ਨਾਲ ਵੱਲ ਨਾ ਹੋਵੇ। ਉਸਨੂੰ ਕੋਈ ਆਖੇ ਕਿ ਪਰਮੇਸ਼ੁਰ ਅਗੇ ਅਰਦਾਸ ਕਰ ਤਾਂ ਉਸਨੂੰ ਝੱਕ ਆਵੇਗਾ। ਪੁੱਛੋ ਤਾਂ ਕਹੇਗੀ ਕਿ ਮੈਂ ਪਰਮੇਸ਼ੁਰ ਦੇ ਅਨੇਕਾਂ ਜੀਵ ਘਾਤ ਕੀਤੇ ਹਨ, ਉਹ ਦੰਡ ਦਾਤਾ ਹੈ, ਕਰੜਾ ਨਿਆਇਕਾਰੀ ਹੈ, ਕੀਤੇ ਕਰਮਾਂ ਦੇ ਬਦਲੇ ਪੀਹੜੀਆਂ ਤੱਕ ਲੈਂਦਾ ਹੈ, ਮੈਂ ਕਿਸ ਮੂੰਹ ਉਸ ਅਗੇ ਅਰਦਾਸ ਕਰਾਂ। ਇਹ ਝੱਕ ਹੈ। ਤੇ ਜੇ ਸਾਨੂੰ ਸੁਮੱਤ ਹੋਵੇ ਕਿ ਪਰਮੇਸ਼ੁਰ ਇਕ ਵ੍ਯਾਪਕ ਤੇ ਚੇਤਨਾ ਸ਼ਕਤੀ ਹੈ ਤੇ ਉਹ ਸੁਧੀ ਨੇਕੀ ਹੈ ਤੇ ਉਹ ਪਿਆਰ ਹੈ, ਸਾਨੂੰ ਸਾਡੇ ਕਰਮ ਮਾਰਦੇ ਹਨ, ਉਸ ਦੇ ਨੇੜੇ ਗਿਆਂ ਸਾਨੂੰ ਉਸਦੀ ਠੰਢ, ਪ੍ਯਾਰ ਦੀ ਛਾਂ ਮਿਲਦੀ ਹੈ ਤੇ ਆਪਣੇ ਕਰਮਾਂ ਦੇ ਸਾੜ ਠਰਦੇ ਹਨ ਤਦ ਸਾਨੂੰ ਅਰਦਾਸ ਕਰਦਿਆਂ, ਨਾਮ ਜਪਦਿਆਂ, ਗੁਣ ਗਾਉਂ- ਦਿਆਂ, ਸ਼ੁਕਰ ਕਰਦਿਆਂ ਝੁੱਕ ਨਹੀਂ ਆਵੇਗਾ। ਸਮਝੇ ਹੋ?

ਬਸੰਤ ਕੌਰ – ਜੀ ਹਾਂ ! ਸੁਆਦ ਆ ਗਿਆ।

ਹਿੰਮਤ ਸਿੰਘ ਸੋ ਜਦੋਂ ਅਸੀਂ ਉਸਨੂੰ ਪ੍ਯਾਰ ਦਾ ਸੋਮ ਸਮਝ ਲਿਆ ਤਾਂ ਪਹਿਲਾ ਕਦਮ ਇਹ ਸਿਰੇ ਚੜ੍ਹ ਗਿਆ ਕਿ ਜਨਮ ਮਰਨ ਦੇ ਵਿਛੁੜੇ ਨੂੰ ਪਰਮੇਸ਼ੁਰ ਦੇ ‘ਸਦ-ਬਖਸ਼ਿੰਦ ਤੇ ‘ਸੁਧਾ ਪ੍ਯਾਰ ਹੋਣ ਦੀ ਢਾਰਸ ਹੋ ਗਈ। ਜਦ ਸਭ ਤੋਂ ਪਿਆਰੀ ਚੀਜ਼ ਪਿਆਰੀ ਲਗੀ ਤਦ ਚਿੱਤ ਦੀ ਰੁਚੀ ਉਸ ਦੇ ਚਰਨਾਂ ਵੱਲ ਰੁਖ ਕਰ ਗਈ ਤੇ ਉਸ ਨਾਲ ਅੱਠ ਪਹਿਰੀ ਲਗਾਉ ਅੰਦਰਲੇ ਦਾ ਹੋ ਗਿਆ। ਇਉਂ ਸਮਝੋ ਕਿ ਜਦੋਂ ਸਾਡਾ ਅੰਦਰਲਾਂ-ਸਾਡਾ ਆਪਾ-ਸਾਂਈਂ ਦੀ ਯਾਦ (ਪ੍ਯਾਰ) ਦੇ ਲਗਾਉ ਵਿਚ ਰਹਿਣ ਲਗ ਪਿਆ ਤਾਂ ਪਰਮੇਸ਼ੁਰ ਜੀ ਨਾਲ ਜਾ ਲੱਗਾ। ਫਿਰ ਪਰਮੇਸ਼ੁਰ ਜੀ ਦੀ ਸੁਖ ਭਰੀ ਰੌ ਸਾਡੇ ਵਿਚ ਆਉਣ ਲੱਗ ਪਈ। ਅਰਥਾਤ ਸਾਡੇ ਪਿਆਰ ਉਪਰ ਉਸਦਾ ਪਿਆਰ ਢੁਰ ਪਿਆ। ਗੁਰੂ ਜੀ ਦੇ ‘ਪ੍ਰੇਮ-ਦਰਸ਼ਨ’ ਦਾ ਇਹ ਸੂਤ੍ਰ ਸੁਣੋ ਤੇ ਸਮਝੋ :-

ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ॥

ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭ ਵਿਸਾਰਣਾ॥ ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ॥ ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ॥

ਕਹੈ ਨਾਨਕ ਮੰਨ ਮੇਰੇ ਸਦਾ ਰਹੁ ਹਰਿ ਨਾਲੇ॥੨॥

ਅਰਥਾਤ ਹੇ ਮੇਰੇ ਮਨ ! ਤੂੰ ਸਦਾ ਪਰਮੇਸ਼ੁਰ ਜੀ ਦੇ ਨਾਲ ਰਹੁ। ਨਾਲ ਰਹੀਦਾ ਹੈ ‘ਯਾਦ’ ਨਾਲ। ਜਿਵੇਂ ਮੈਂ ਹੁਣੇ ਦੱਸ ਚੁਕਾ ਹਾਂ ਕਿ ‘ਯਾਦ’ ਨਾਲ ਸੁਰਤ ਭੈ ਤੇ ਭਰਮ ਦੇ ਖੂਹ ਵਿਚੋਂ ਨਿਕਲਕੇ, ਸਿਦਕ, ਭਰੋਸੇ ਦੇ ਖੰਭਾਂ ਨਾਲ ਉੱਡਕੇ ਚੜ੍ਹਦੀ ਕਲਾ ਦੇ ਵੇਗ ਨਾਲ ਪ੍ਰੇਮ ਅਟਾਰੀ ਤੇ ਜਾ ਚੜ੍ਹਦੀ ਹੈ ਤੇ ਜੀਵਨ ਦਾ ਰਸ ਆ ਜਾਂਦਾ ਹੈ।

ਪ੍ਰੇਮ ਦਾ ਸਰੂਪ ਹੈ ‘ਯਾਦ’, ‘ਯਾਦ’ ਦਾ ਫਲ ਹੈ ਪ੍ਰੇਮ। ਅਰਥਾਤ ਜੇ ਅੰਦਰ ਪ੍ਰੇਮ ਹੈ ਤਾਂ ਪਿਆਰਾ ‘ਯਾਦ’ ਰਹਿੰਦਾ ਹੈ ਤੇ ਜੇ ਅੰਦਰ ‘ਯਾਦ’ ਹੈ ਤਾਂ ਪਿਆਰੇ ਦਾ ਪਿਆਰ ਅੰਦਰ ਆ ਰਿਹਾ ਹੈ। ਪਿਆਰਾ ਅਸਲ ਵਿਚ ਕਦੇ ਦੂਰ ਨਹੀਂ ਸੀ। ਕੇਵਲ ਭੁੱਲ ਦੇ ਪਰਦੇ ਕਰਕੇ ਦੂਰ ਜਾਪਦਾ ਸੀ, ‘ਭੁੱਲ ਹਉਮੈਂ ਤੋਂ ਪੈਂਦੀ ਹੈ, ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ। ਸੋ ਜਦ ਭੁੱਲ ਨੂੰ ਯਾਦ ਨੇ ਤੋੜਿਆ ਤਾਂ ਪਿਆਰਾ, ਜੋ ਪਾਸ ਸੀ ਪਾਸ ਹੀ ਮਿਲ ਪਿਆ। ‘ਯਾਦ-ਲਗਾਤਾਰੀ ਯਾਦ-ਮੇਲ ਹੈ। ਜੀਕੂੰ ਸੱਜਣ ਸੱਜਣ ਦਾ ਅੰਗ ਪਾਲਦਾ ਹੈ ਤਿਵੇਂ ਪਰਮੇਸ਼ੁਰ ਆਪਣੇ ਪਿਆਰੇ ਦਾ ਅੰਗ ਕਰਦਾ ਹੈ, ਪ੍ਰੇਮ ਕਰਦਾ ਹੈ, ਅਰਥਾਤ ਜਦ ਅਸੀਂ ਮਨ ਨੂੰ ਉਸ ਸਾਂਈਂ ਨਾਲ ਲਾਈ ਰੱਖਿਆ ਤਾਂ ਉਸ ਨੇ ਆਪਣਾ ਪਿਆਰ ਤੇ ਸੁਖ ਰਸ ਸਾਨੂੰ ਆਪ ਦੇਣਾ ਹੈ। ਫੇਰ ਸਾਡੇ ਦੁਖ ਦੂਰ ਹੋ ਜਾਣਗੇ। ਓਹ ਦੁਖ ਜੋ ਉਸ ਨਾਲ ਵਿਛੋੜੇ ਕਰਕੇ ਪਏ ਹਨ, ਨਾਲੇ ਓਹ ਦੁਖ ਜੋ ਜਗਤ ਵਿਚ ਸਾਨੂੰ ਵਾਪਰਦੇ ਹਨ, ਸਭ ਦੂਰ ਹੋਣਗੇ, ਕਿਉਂਕਿ ਉਹ ਸਾਡੇ ਨਾਲ ਅੰਗੀਕਾਰ ਕਰੇਗਾ, ਕਿਉਂਕਿ ਉਹ ਸਮੱਰਥ ਹੈ। ਇਸ ਸੰਸੇ ਦੀ ਲੋੜ ਹੀ ਨਹੀਂ ਕਿ ਸੁਆਰ ਸਕੇਗਾ ਕਿ ਨਹੀਂ, ਉਹ ‘ਸਦਾ-ਸਮੱਰਥ ਸਦਾ ਸੁਆਰੇਗਾ। ਤਾਂ ਤੇ ਏਸ ਪ੍ਰੇਮ ਯੋਗ ਨਾਲ, ਯਾਦ ਦੁਆਰੇ ਸਾਂਈਂ ਨਾਲ ਜੁੜੇ ਰਹਿਣ ਨਾਲ ਅਰਥਾਤ ਪਰਮੇਸ਼ੁਰ ਨਾਲ ਅੰਦਰੋਂ ਲਗੇ ਰਹਿਣ ਕਰਕੇ ਹੋਰਨਾਂ ਨਾਲ-ਜੋ ਪਰਮੇਸੁਰ ਦੀ ਪ੍ਰੀਤਿ ਤੋਂ ਰੋਕਣ ਵਾਲੇ ਹਨ-ਆਪੇ ਮਨ ਵਿਚ ਵਿੱਥ ਪੈ ਜਾਵੇਗੀ। ਇਹ ਜੋ ਪਰਮੇਸ਼ੁਰ ਛੁੱਟ ਦੂਏ ਹਨ, ਇਨ੍ਹਾਂ ਨਾਲ ਵਿੱਥ ਦਾ ਨਾਮ ਹੀ ਵੈਰਾਗ ਹੈ। ਇਸ ਵੈਰਾਗ ਨਾਲ ਬਾਹਰਲੇ ਸੰਨ੍ਯਾਸ ਦੀ ਲੋੜ ਬੀ ਉੱਡ ਗਈ। ਸੁਖ ਦਾ ਰਸਤਾ ਤੇ ਸਾਂਈਂ ਦਾ ਰਾਹ ਜੋ ਅਗੇ ਖੁਸ਼ਕ ਤੇ ਖਤਰਿਆਂ ਵਾਲਾ ਸੀ, ਠੰਢਾ, ਛਾਂ ਦਾਰ, ਮਿੱਠਾ, ਰਸਦਾਰ ਤੇ ਪਿਆਰਾ ਬਣ ਗਿਆ।

ਬਸੰਤ ਕੌਰ ਹੁਣ ਸਮਝਿਆ, ‘ਇਸ ਅੰਦਰਲੇ ਦੇ ਸਾਂਈਂ ਨਾਲ ਲਗਾਤਾਰੀ ਲਗਾਉ ਲੱਗੇ ਰਹਿਣ ਨਾਲ ਹੋਰ ਸਾਰੇ ਗੁਣ ਆ ਜਾਣਗੇ ਤੇ ਸਾਰੇ ਫਲ ਲਗ ਪੈਣਗੇ।

ਹਿੰਮਤ ਸਿੰਘ ਹਾਂ ਜਦ ਵਾਹਿਗੁਰੂ ਨਾਲ ਪ੍ਰੀਤ ਹੋਈ ਤਾਂ ਸੰਸਾਰ ਮਾੜਾ ਤੇ ਭੈੜਾ ਕਹਿਣ ਤੋਂ ਬਿਨਾਂ ਹੀ ਸੰਸਾਰ ਵਿਥ ਤੇ ਹੋ ਗਿਆ, ਅਰਥਾਤ ਮਨੁੱਖ ਜਗਤ ਦੇ ਕੰਮ ਕਰਦਾ ਹੋਇਆ ਇਸ ਦੀ ਕਾਲਖ ਵਿਚ ਫੇਰ ਫਸਦਾ ਨਹੀਂ। ਇਹ ਸੁਤੇ ਵੈਰਾਗ ਹੋ ਗਿਆ। ਪਰ ਨ ਘਰ ਬਾਰ, ਇਸਤ੍ਰੀ, ਪਦਾਰਥ ਛੱਡਣੇ ਪਏ, ਨਾ ਬਨਾਂ ਵਿਚ ਜਾ ਕੇ ਦੁੱਖ ਭੋਗਣੇ ਪਏ। ਘਰ ਬੈਠਿਆਂ ਵੈਰਾਗ ਹੋ ਗਿਆ। ਇਸ ਤਰ੍ਹਾਂ ਸਮਝ ਲਓ ਕਿ ਜਦ ਅੰਦਰਲੇ ਦਾ ਰੁਖ਼ ਯਾ ਝੁਕਾਉ ਯਾ ਲਗਨ ਪਰਮੇਸ਼ੁਰ ਵੱਲ ਰਹਿੰਦੀ ਹੈ ਤਾਂ ਇਹ ਹੋਇਆ ਕੀਹ? ‘ਧਿਆਨ’। ਹਠ ਵਾਲਾ, ਮੂਰਤ ਬੰਨ੍ਹਣ ਵਾਲਾ ਧਿਆਨ ਨਾ, ਸਗੋਂ ਸਹਿਜ ਧਿਆਨ-ਜੀਉਂਦਾ ਜਾਗਦਾ, ਖਿੱਚ ਵਾਲਾ, ਪਿਆਰ ਵਾਲਾ ਧਿਆਨ-ਰੱਬ ਵੱਲ ਲੱਗਾ ਰਿਹਾ:-

ਗੁਰਮੁਖਿ ਲਾਗੈ ਸਹਿਜ ਧਿਆਨੁ॥

ਇਹ ਧਿਆਨ ਅੰਦਰਲੇ ਦਾ ਰੌ ਹੋਵੇਗਾ ਸਾਂਈਂ ਵਲ। ਤਵੱਜੋ ਕਹੋ, ਫਿਕਰ ਕਹੋ, ਖ੍ਯਾਲ ਦਾ ਰੌ ਕਹੋ, ਇਹ ਸਾਂਈ ਵੱਲ ਟੁਰਿਆ ਰਹੇਗਾ। ਜੋ ਲਗਾਤਾਰੀ ਹੋ ਕੇ ਲਿਵ ਅਖਵਾਏਗਾ। ਪ੍ਰੇਮ ਮੱਤੇ ਦਾ ਖਾਣਾ ਪੀਣਾ ਸੰਜਮ ਦਾ ਆਪੇ ਹੋ ਜਾਂਦਾ ਹੈ। ਮਨ ਦੇ ਵਿਕਾਰ ਤੇ ਐਬ ਪਿਆਰੇ ਦੇ ਪਿਆਰ ਕਰਕੇ ਆਪੇ ਛੁੱਟ ਜਾਂਦੇ ਹਨ। ਉਹ ਜਾਣਦਾ ਹੈ ਕਿ ਵਾਹਿਗੁਰੂ ਪਵਿੱਤ੍ਰ ਹੈ, ਓਸ ਨੂੰ ਮਾੜੇ ਕੰਮ ਪਸੰਦ ਨਹੀਂ ਹਨ, ਇਸ ਲਈ ਪਿਆਰੇ ਦੇ ਸੁਭਾਵ ਅਨੁ- ਸਾਰ ਵਰਤਾਉ ਹੋਵੇ ਤਾਂ ਪਿਆਰੇ ਨੂੰ ਪ੍ਰਸੰਨ ਕਰਾਂਗੇ। ਨਾਮੀ ਪੁਰਖ ਨੂੰ ਨਾਮ ਜਪਦਿਆਂ ਅੰਦਰ ਇਕ ਸਫਾਈ, ਸਵੱਛਤਾਈ ਦਾ ਭਾਵ ਉਪਜਦਾ ਹੈ। ਆਪਣਾ ਅੰਦਰ ਆਪਣੇ ਆਪ ਨੂੰ ਸੁਹਣਾ ਲੱਗਦਾ ਹੈ। ਪਾਪ ਕਰਮਾਂ ਨਾਲ ਇਹ ਗੱਲ ਘੱਟਦੀ ਹੈ ਤੇ ਮੈਲ ਮੈਲ, ਧੂੜ ਧੂੜ ਆ ਪੈਂਦੀ ਹੈ। ਇਹ ਮੈਲ ਮਾੜੀ ਲੱਗਦੀ ਤੇ ਪੀੜ ਦੇਂਦੀ ਜਾਪਦੀ ਹੈ। ਇਸ ਤੋਂ ਬਚਣ ਲਈ ਨਾਮ ਦਾ ਪ੍ਰੇਮੀ ਮਾੜੇ ਕਰਮਾਂ ਤੋਂ ਝੱਕਦਾ ਰੁਕਦਾ ਟਿਕਾਣੇ ਟਿਕ ਜਾਂਦਾ ਹੈ। ਸੋ ਆਪ ਤੋਂ ਆਪ ਬਿਨਾਂ ਦੁੱਖ ਪਾਏ ਦੇ ਸਾਰੇ ਸਾਧਨ ਸੁਖ ਨਾਲ ਹੁੰਦੇ ਜਾਂਦੇ ਹਨ।

ਵਿਚਾਰ ਲਓ ਕਿ ਜਦੋਂ ਪ੍ਰੇਮੀ ਪਿਆਰੇ ਦੇ ਰੰਗ ਵਿਚ ਰੱਤੇ ਜਾਂਦੇ ਹਨ, ਸੁਰਤ ਸਦਾ ਚੜ੍ਹੀ ਰਹਿੰਦੀ ਹੈ, ਚੜ੍ਹੀ ਸੁਰਤ ਵਾਲਾ ਬਿਨਾਂ ਜਤਨ ਦੇ ਮਾੜੇ ਕਰਮਾਂ ਤੋਂ ਅਲੇਪ ਰਹਿੰਦਾ ਹੈ। ਵੈਰਾਗ ਉਸਦੇ ਅੰਗ ਅੰਗ ਵਿਚ ਹੁੰਦਾ ਹੈ, ਪਰ ਬੇਮਲੂਮ। ਹਰਦਮ ਲਗੇ ਰਹਿਣ ਕਰਕੇ ਅੱਯਾਸ ਉਸ ਦੀ ਰਗ ਰਗ ਵਿਚ ਵੱਸਦਾ ਹੈ, ਪਰ ਸਹਿਜ ਸੁਭਾ। ਉਸ ਪ੍ਰੇਮ ਦੇ ਮੱਤੇ ਨੂੰ ਗਿੜਾ ਘੱਟ ਹੁੰਦਾ ਹੈ, ਕਿਉਂਕਿ ਉਹ ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਨ ਨਹੀਂ ਕਰ ਰਿਹਾ। ਪ੍ਰੇਮੀ ਜੜ੍ਹਤਾ ਵਿਚ ਨਹੀਂ ਢਹਿਂਦਾ, ਕਿਉਂਕਿ ਉਸਨੂੰ ਉਪਦੇਸ਼ ਇਹ ਹੈ:- ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਏਕਾਗਰ ਚੀਤ॥ ਸਿੱਧੀਆਂ ਨੂੰ ਧ੍ਰਿਗ ਧ੍ਰਿਗ ਕਰਕੇ ਇਨ੍ਹਾਂ ਵਿਚ ਫਸਦਾ ਨਹੀਂ, ਸਗੋਂ ਟੁਰੀ ਜਾਂਦਾ ਹੈ, ਸੋ ਇਸ ਮਾਰਗ ਦੇ ਟੁਰਨ ਵਾਲੇ ਦਾ ਆਚਰਨ ਉੱਚਾ ਤੇ ਸੁੱਚਾ ਹੋ ਜਾਂਦਾ ਹੈ। ਜੇ ਉਕਾਈ ਹੋ ਜਾਵੇ ਤਾਂ ਉਹ ਉਸਨੂੰ ਦੂਰ ਕਰਦਾ ਹੈ। ਉਹ ਉਚ ਜੀਵਨ ਦੀ ਪੱਕੀ ਨੀਂਹ ਸੁੱਚੇ ਆਚਰਨ ਦੀ ਬਣਾਉਂਦਾ ਹੈ। ਫਿਰ ਉਸਨੂੰ ਇਕ ਹੋਰ ਤਜਰਬਾ ਉਸਤਾਦ ਹੋ ਢੁੱਕਦਾ ਹੈ। ਉਸ ਨੂੰ ਮਾੜੇ ਕੰਮਾਂ ਦੇ ਕਰਨ ਨਾਲ ਜੋ ਉਦਾਸੀਆਂ ਦੁੱਖ ਹੁੰਦੇ ਹਨ, ਉਹ ਉਸਨੂੰ ਬੜੇ ਚੁਭਦੇ ਹਨ, ਕਿਉਂਕਿ ਉਹ ਮੈਲ ਪਾ ਕੇ ਅੰਦਰਲੇ ਰਸ ਨਾਲ ਵਿੱਥ ਪੈਦਾ ਕਰਦੇ ਹਨ। ਵਾਹਿਗੁਰੂ ਦਾ ਰਸ ਉਸਨੂੰ ਹੋਰਨਾਂ ਰਸਾਂ ਵਿਚ ਪੈਣ ਨਹੀਂ ਦੇਂਦਾ, ਕਿਉਂਕਿ ਹੋਰ ਰਸ ਇਸ ਤੋਂ ਫਿੱਕੇ ਹਨ :-

“ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ॥” ਸੋ ਉਚੇ ਰਸ ਵਿਚ ਰੱਤਾ ਓਹ ਇਨ੍ਹਾਂ ਨੀਵੇਂ ਰਸਾਂ ਕਸਾਂ ਵਿਚ ਨਹੀਂ ਫਸਦਾ। ਇਸ ਤਰ੍ਹਾਂ ਇਹ ਗੁਰਮੁਖਾਂ ਦਾ ਗਾਡੀ ਰਾਹ ਬਹੁਤ ਸੁਆਦਲਾ, ਖ਼ਤਰੇ ਤੋਂ ਸਾਫ ਤੇ ਸਿੱਧਾ ਪੱਧਰਾ, ਖੇੜੇ ਵਾਲੇ ਸਾਂਈਂ ਦੇਸ਼ ਨੂੰ ਲੈ ਜਾਂਦਾ ਹੈ।
ਬਸੰਤ ਕੋਰ – ਪਤੀ ਜੀ ! ਜਿਸ ਰਸਤੇ ਵਿਚ ਪ੍ਰੇਮ ਨਹੀਂ ਉਸ ਵਿਚ ਤਾਂ ਜਾਨ ਹੀ ਨਾ ਹੋਈ। ਭਲਾ ਜਿਸ ਵਾਹਿਗੁਰੂ ਵਿਚ ਚਿੱਤ ਨੂੰ ਲਾਉਣਾ ਹੈ, ਜੇ ਉਸ ਨਾਲ ਪ੍ਰੇਮ ਨਹੀਂ ਪਾਉਣਾ ਤਾਂ ਉਸ ਦੇ ਮਿਲਨ ਦੇ ਸਾਧਨਾਂ ਵਿਚ ਰਸ ਤੇ ਉਤਸ਼ਾਹ ਕਿੱਥੇ?

ਹਿੰਮਤ ਸਿੰਘ ਸਿੱਧੀ ਗਲ ਹੈ, ਜਦ ‘ਚੇਤੰਨ ਆਤਮਾ’ (ਸਾਡੀ ਰੂਹ) ਨੇ ‘ਚੇਤੰਨ ਵਾਹਿਗੁਰੂ ਨੂੰ ਮਿਲਨਾ ਹੈ ਤਾਂ ਉਸਦਾ ਮਿਲਾਪ ਕਿਸੇ ‘ਚੇਤੰਨ ਸਾਧਨ ਬਿਨਾਂ ਕੀਕੂੰ ਹੋ ਸਕਦਾ ਹੈ? ‘ਚੇਤੰਨ ਸਾਧਨ ਹੈ ਪ੍ਰੇਮ ਜੋ ਪ੍ਰੇਮ ਤੋਂ ਬਿਨਾਂ ਮਿਲਾਪ ਹੀ ਕੀਹ ਹੈ? –

ਬਸੰਤ ਕੌਰ – ਠੀਕ ਹੈ ਜੀ। ਹਾਂ ਮੈਨੂੰ ਸਮਝ ਤਾਂ ਨਹੀਂ ਹੈ, – ਪਰ ਮੋਟੀ ਜੇਹੀ ਗੱਲ ਆਪ ਦੇ ਕਥਨ ਤੋਂ ਸਮਝੇ ਪੈਂਦੀ ਹੈ ਕਿ ਜੇ ਇਕ ਤੀਮੀਂ ਤੇ ਇਕ ਪੁਰਖ ਕੋਲੋ ਕੋਲ ਬਹਾ ਦਿਤੇ ਜਾਣ ਤਦ ਉਸ ਦਾ ਨਾਉਂ ਮਿਲਾਪ ਤਾਂ ਨਹੀਂ ਹੈ। ਜੇ ਦੁਹਾਂ ਦੇ ਅੰਦਰੋਂ ਦਿਲ ਪਿਆਰ ਨਾਲ ਖਿਚੇ ਹੋਏ ਹੋਣ ਤਦ ਪ੍ਰੇਮ ਹੈ, ਤਦ ਮਿਲਾਪ ਹੈ। ਇਸ ਤਰ੍ਹਾਂ ਬਿਨਾਂ ਪ੍ਰੇਮ ਦੀ ਲਗਨ ਦੇ ਵਾਹਿਗੁਰੂ ਦਾ ਮਿਲਾਪ ਤੇ ਉਸਦਾ ਸਾਧਨ ਇਕ ਖੁਸ਼ਕ ਕੰਮ ਹੈ ਅਰ ਮੇਰੇ ਜਾਣੇ ਜੇ ਬੇਅਦਬੀ ਨਾ ਹੋਵੇ ਤਾਂ ਮੁਰਦਾ ਸਾਧਨ ਹੈ, ਜਿਸ ਵਿਚ ਜਿੰਦ ਜਾਨ ਜਾਂ ਰੂਹ ਨਹੀਂ ਹੈ, ਉਹ ਸਾਡੇ ਯਾਨ ਦਾ ਵਿਸ਼ਾ ਤਾਂ ਨਹੀਂ ਨਾ ਬਣ ਸਕਦਾ, ਅਰਥਾਤ ਉਹ ਸਾਡੀਆਂ ਅੱਖਾਂ ਅੱਗੇ ਜਾਂ ਮਨ ਅੱਗੇ ਮੂਰਤ ਧਾਰ ਕੇ ਤਾਂ ਖਲਾ ਨਹੀਂ ਹੈ ਨਾ।

ਹਿੰਮਤ ਸਿੰਘ ਠੀਕ ਹੈ।ਇਸ ਨਾਮ ਤੋਂ ਬਿਨਾਂ ਨਿਰੇ ਗੱਲਾਂ ਸਿੱਖੇ ਹੋਏ ਲੋਕ ਬਹੁਤ ਟਪਲੇ ਖਾਂਦੇ ਤੇ ਦੇਂਦੇ ਹਨ। ਓਹ ਖ੍ਯਾਲ ਕਰਦੇ ਹਨ ਕਿ ਬਸ ਐਉਂ ਜਾਣ ਲਿਆ ਕਿ ਮੈਂ ਤੇ ਪਰਮੇਸ਼ੁਰ ਜਾਗਤੀ ਜੋਤ ਹਾਂ, ਕਲ੍ਯਾਨ ਹੈ। ਪਰ ਗ੍ਯਾਨ ਤਾਂ ਹੈ ਜਾਣ ਲੈਣਾ ਤੇ ਪ੍ਰੇਮ ਹੈ ਪਾ ਲੈਣਾ। ਯਾਨ ਨਾਲ ਪਾਇਆ ਤਾਂ ਨਹੀਂ ਜਾਂਦਾ ਕਿਉਂਕਿ ਸੋਚਣਾ, ਜਾਣਨਾ ਤਾਂ ਮਨ ਦੇ ਧਰਮ ਹੈਨ। ਮਨ ਦਾ ਜਾਣਨਾ ਤਾਂ ਹਦਬੰਦੀ ਵਾਲਾ ਯਾਨ ਹੈ। ਨਾਮ ਦੇ ਅਧ੍ਯਾਸ ਨਾਲ ਮਨ ਦਾ ਰੁਖ਼ ਪਲਟੇ, ਜੋ ਬਾਹਰ ਨੂੰ ਦੇਖਦਾ ਹੈ, ਅੰਦਰ ਨੂੰ ਉਲਟੇ ਤਾਂ ਆਪਣਾ ਟਿਕਿਆ ਹੋਇਆ ਆਪਾ ਸਾਂਈਂ ਨੂੰ ਅਨੁਭਵ ਕਰੇ, ਅਰਥਾਤ ਅਸਲੀ ਯਾਨ ਨੂੰ ਪਾਵੇ ਜੋ ਯਾਨ ਕਿ ਆਤਮਾ ਦਾ ਯਾਨ ਹੈ। ਉਹ ਜਾਣਨਾ ਮਾਤ੍ਰ ਤਾਂ ਨਹੀਂ, ਉਹ ਤਾਂ ‘ਤੱਤ’ ਦਾ ‘ਪਰਮ ਤੱਤ ਨੂੰ ਮਿਲ ਪੈਣਾ ਹੈ, ਜੈਸੇ ਮਹਾਂ ਵਾਕ ਹੈ :- ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀਂ । ਸਾਂਈਂ ਦ੍ਰਿਸ਼ਟਮਾਨ ਨਹੀਂ ਨਾਂ, ਦ੍ਰਿਸ਼ਟਮਾਨ ਤਾਂ ਸਤਿਗੁਰ ਨੇ ਮਿਥਿਆ ਕਿਹਾ ਹੈ ਤੇ ਉਹ ਸੱਤ ਹੈ।

ਬਸੰਤ ਕੌਰ – ਕਿਸੇ ਮੋਟੀ ਤਰ੍ਹਾਂ ਸਮਝਾਓ ਨਾ।

ਹਿੰਮਤ ਸਿੰਘ ਜਿਵੇਂ ਮਾਂ ਬੈਠੀ ਹੈ, ਉਸਦੀ ਗੋਦ ਵਿਚ ਬੱਚਾ ਬੈਠਾ ਹੈ; ਸਾਹਮਣੇ ਖਿਡੌਣੇ ਪਏ ਹਨ, ਬੱਚਾ ਖਿਡੌਣੇ ਦੇਖ ਕੇ ਉਨ੍ਹਾਂ ਵਿਚ ਮੋਹਿਤ ਤੇ ਮਸਤ ਬੈਠਾ ਹੈ। ਉਸ ਨੂੰ ਮਾਂ ਦਾ ਚੇਤਾ ਬੀ ਨਹੀਂ ਰਿਹਾ। ਖਿਡੌਣੇ ਦ੍ਰਿਸ਼ਟਮਾਨ ਹਨ, ਬੱਚਾ ਦ੍ਰਿਸ਼ਟਾ ਹੈ। ਹੁਣ ਬੱਚੇ ਦੀ ਸੁਰਤ ਨੂੰ ਖਿਡੌਣਿਆਂ ਵਿਚੋਂ ਕੱਢੀਏ, ਪਿਛਲੇ ਪਾਸੇ ਉਲਟਾਈਏ ਤਾਂ ਉਸਨੂੰ ਸੋਝੀ ਆਵੇ ਕਿ ਮਾਂ ਹੈ, ਮੈਨੂੰ ਪਯਾਰ ਕਰ ਰਹੀ ਹੈ ਤੇ ਮੈਂ ਉਸ ਦੀ ਗੋਦ ਵਿਚ ਬੈਠਾ ਹਾਂ, ਮੇਰੀ ਪਿੱਠ ਉਸਦੇ ਨਾਲ ਲੱਗ ਕੇ ਸੁਖ ਲੈ ਰਹੀ ਹੈ। ਉਸਨੂੰ ਮਾਂ ਦਾ ਹੁਣ ਯਾਨ ਹੋਇਆ ਹੈ, ਇਹ ਗ੍ਯਾਨ ਉਸ ਤਰ੍ਹਾਂ ਦਾ ਤਾਂ ਨਹੀਂ ਨਾ ਕਿ ਜਿਸ ਤਰ੍ਹਾਂ ਨਾਲ ਕਿ ਉਸ ਨੂੰ ਖਿਡਾਉਣਿਆਂ ਦਾ ਹੋ ਰਿਹਾ ਸੀ। ਇਸ ਤੋਂ ਸਮਝ ਲਓ ਕਿ ਪਰਮੇਸ਼ੁਰ ਦਾ ਗਿਆਨ, ਖਿਡਾਉਣਿਆਂ ਦੇ ਗ੍ਯਾਨ ਵਰਗਾ ਨਹੀਂ ਪਰ ਬੱਚੇ ਨੂੰ ਖਿਡਾਉਣਿਆਂ ਤੋਂ ਪਰਤਕੇ ਪਿਛਲੇ ਪਾਸੇ (ਅੰਤਰ ਮੁਖ ਹੋਕੇ) ਪ੍ਰਾਪਤ ਹੋਏ ਮਾਂ ਦੇ ਗ੍ਯਾਨ ਵਰਗਾ ਗ੍ਯਾਨ ਹੈ। ਇਕ ਹੋਰ ਤਰ੍ਹਾਂ ਸਮਝੋ।

ਬਸੰਤ ਕੌਰ – ਓਹ ਕਿੰਕੂ ?

ਹਿੰਮਤ ਸਿੰਘ ਜਿਕੂੰ ਨਜ਼ਰ ਸਭ ਕੁਝ ਦੇਖਦੀ ਹੈ ਪਰ ਆਪਣੇ ਆਪ ਨੂੰ ਹੋਰਨਾਂ ਪਦਾਰਥਾਂ ਵਾਂਙੂ ਅੱਖਾਂ ਦੇ ਸਾਹ ਦੇ ਕੜ ਤਾਂ ਨਹੀਂ ਨਾ ਦੇਖ ਸਕਦੀ। ਨਜ਼ਰ ਤਾਂ ਆਪੇ ਅਨੁਭਵ ਕਰਦੀ ਹੈ ਕਿ ਮੈਂ ‘ਦੇਖਣਹਾਰ’ ਹਾਂ, ਇਸ ਕਰਕੇ ਨਜ਼ਰ ਦਾ ਯਾਨ ਤਾਂ ਦੇਖਣ ਵਾਲੇ ਨੂੰ ਆਪਣੀ ਦੇਖਣਹਾਰੀ ਦਸ਼ਾ ਵਿਚ ਹੈ। ਸੋ ਇਸੇ ਤਰ੍ਹਾਂ ਪ੍ਰਿਯਾ ਜੀ ! ਪਹਿਲੇ ਆਪਣੇ ਸਰੂਪ ਦਾ ਟਿਕਾਉ ਹੁੰਦਾ ਹੈ। ਇਥੇ ਜੋਗ ਵਾਲੇ ਅਟਕ ਜਾਂਦੇ ਹਨ। ਪਰ ਗੁਰੂ ਜੀ ਦੱਸਦੇ ਹਨ ਕਿ ਸਾਡਾ ਆਪਾ ਜੋ ਐਉਂ ਟਿਕਿਆ ਹੈ, ਇਸ ਦੇ ਪਿਛੇ ਕੋਈ ਹੋਰ ਦੇਖਣਹਾਰ ਹੈ।

ਬਸੰਤ ਕੌਰ – ਮੋਟਾ ਕਰਕੇ ਦੱਸੋ?

ਹਿੰਮਤ ਸਿੰਘ – ਤੁਸੀਂ ਇਕ ਮੂਰਤ ਨੂੰ ਤੱਕ ਰਹੇ ਹੋ। ਤੁਹਾਡੀ ਅੱਖ ਦੇਖ ਰਹੀ ਹੈ, ਪਰ ਤੁਸੀਂ ਆਪਣੀ ਅੱਖ ਨਹੀਂ ਦੇਖ ਰਹੇ ਹੋ, ਉਂਞ ਅਨੁਭਵ ਕਰ ਰਹੇ ਹੋ ਕਿ ਅੱਖ ਹੈ। ਹੁਣ ਅੱਖ ਦ੍ਰਿਸ਼ਟਾ ਹੈ, ਮੂਰਤ ਦ੍ਰਿਸ਼ਟਮਾਨ ਹੈ। ਤੁਸੀਂ ਮੂਰਤ ਛੱਡਕੇ ਆਪੇ ਵਿਚ ਟਿਕ ਗਏ, ਜੋਗ ਏਥੇ ਬੱਸ ਹੈ। ਗੁਰੂ ਜੀ ਕਹਿੰਦੇ ਹਨ ਕਿ ਅੱਖ ਦੇ ਮਗਰ ਤੁਹਾਡਾ ਆਪਣਾ ਆਪਾ ਹੈ, ਜੋ ਨਜ਼ਰ ਸ਼ਕਤੀ ਨੂੰ ਅੱਖ ਵਿਚ ਭੇਜਕੇ ਅੱਖਾਂ ਨੂੰ ਦ੍ਰਿਸ਼ਟਮਾਨ ਦਾ ਦੇਖਣਹਾਰ ਬਣਾਉਂਦਾ ਹੈ, ਪਰ ਆਪ ਉਹ ਉਸ ਦੇ ਬੀ ਪਿਛੇ ਦੇਖਣਹਾਰ ਹੈ, ਅਰਥਾਤ ਸਾਡਾ ਆਪਾ ਜਗਤ ਦਾ ਦੇਖਣਹਾਰ ਹੈ ਤੇ ਸਾਡੇ ਪਿੱਛੇ ਸਾਡਾ ਤੇ ਜਗਤ ਦਾ ਦੇਖਣਹਾਰ ਅਕਾਲ ਪੁਰਖ ਹੈ। ਗੁਰੂ ਜੀ ਨੇ ਇਸ ਤਰ੍ਹਾਂ ਸਾਡੇ ‘ਆਪੇ ਨੂੰ ‘ਤੱਤ ਤੇ ਵਾਹਿਗੁਰੂ ਦੇ ਆਪੇ ਨੂੰ ਪਰਮ ਤੱਤ ਕਹਿਕੇ ਦੋਹਾਂ ਦੇ ਮਿਲਾਪ ਨੂੰ ਮਿਲਾਪ ਕਿਹਾ ਹੈ। ਯਥਾ- ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀਂ । ਸੋ ਅਸਾਂ ਸਿਮਰਨ ਦੁਆਰਾ ਦ੍ਰਿਸ਼ਟਮਾਨ ਤੋਂ ਉੱਠਕੇ ਆਪੇ ਵਿਚ ਟਿਕਣਾ ਹੈ ਤੇ ਆਪੇ ਨੂੰ ਪਰਮ ਆਪੇ ਨਾਲ ਮੇਲਣਾ ਹੈ ਤੇ ਇਹ ਮਿਲਾਪ ਕਹੋ ਯਾ ਅਨੁਭਵ ਯਾਨ ਹੋ ਉਸ ਤਰ੍ਹਾਂ ਦਾ ਨਹੀਂ ਹੈ ਕਿ ਜਿਸ ਤਰ੍ਹਾਂ ਦਾ ਬੱਚਾ ਖਿਡਾਉਣੇ ਦੇਖ ਰਿਹਾ ਹੈ, ਸਗੋਂ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਉਹ ਜਾਣਦਾ ਹੈ ਕਿ ਮੇਰੀ ਨਜ਼ਰ ਹੈ ਤੇ ਉਹ ਜਾਣ ਲੈਂਦਾ ਹੈ ਕਿ ਮੈਂ ਮਾਂ ਦੀ ਗੋਦ ਵਿਚ ਬੈਠਾ ਹਾਂ, ਚਾਹੇ ਮਾਂ ਪਿਛਲੇ ਪਾਸੇ ਹੈ, ਨੈਣਾਂ ਦੇ ਸਾਹਮਣੇ ਨਹੀਂ। ਇਸ ਕਰਕੇ ਗੁਰੂ ਜੀ ਨੇ ‘ਮਨ ਮਾਤ੍ਰ ਨਾਲ ਜਾਣ ਲੈਣ ਨੂੰ ਨਹੀਂ ਪਰ ‘ਨਾਮ ਦੁਆਰਾ ਮਿਲ ਪੈਣ ਨੂੰ ਈਸ਼ਰ ਪ੍ਰਾਪਤੀ ਆਖਿਆ ਹੈ :-

ਇਕ ਦੂ ਜੀਭੋ ਲਖ ਹੋਹਿ ਲਖ ਹੋਵਹਿ ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥

ਬਸੰਤ ਕੌਰ – ਅਸਲ ਗੱਲ ਜ਼ਰਾ ਹੋਰ ਸੌਖੀ ਕਰਕੇ ਸਮਝਾਓ।

ਹਿੰਮਤ ਸਿੰਘ – ਇਹ ਸਾਡਾ ਆਪਾ ਅੰਸ਼ ਹੈ ਉਸ ਚੇਤਨ ਦੀ, ਜਿਸ ਨੂੰ ਪਰਮੇਸ਼ੁਰ ਆਖਦੇ ਹਾਂ। ਓਸ ਚੇਤਨ ਦਾ ਸਰੂਪ ‘ਪ੍ਰੇਮ’ ਹੈ, ਇੰਜ ਅੰਸ਼ ਦਾ ਸਰੂਪ ਬੀ ‘ਪ੍ਰੇਮ ਹੈ। ਵਿਛੋੜਾ ਇਸ ਗੱਲ ਵਿਚ ਹੈ ਕਿ ਇਹ ਅੰਸ਼ ਦ੍ਰਿਸ਼ਟਮਾਨ (ਦਿੱਸ ਰਹੇ ਜਗਤ) ਦੇ ਪ੍ਰੇਮ ਵਿਚ ਫਸ ਗਈ ਹੈ ਇਸ ਕਰਕੇ ਆਪਣੇ ਕਾਰਨ, ਆਪਣੇ ਮਾਲਕ ‘ਪ੍ਰੇਮ ਸਰੂਪ ਦ੍ਰਿਸ਼ਟੇਂ ਤੋਂ ਵਿਛੜ ਗਈ ਹੈ। ਹੁਣ ਮੁਰਦੇ ਸਾਧਨ ‘ਪ੍ਰੇਮ’ ਦੀ ਸ਼ਕਤੀ, ਪ੍ਰੇਮ ਦੀ ਰੂਹ ਤੇ ਤ੍ਰਾਣ ਵਾਲਿਆਂ ਨੂੰ ਕਿੱਕੂ ਮਿਲਾ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਆਪਣੇ ਕਾਰਨ (ਪਰਮੇਸ਼ੁਰ) ਨੂੰ ਪ੍ਰਾਪਤ ਹੋਵੀਏ ਤਦ ਸਾਫ ਗੱਲ ਇਹ ਹੈ ਕਿ ਸਾਡੇ ਪ੍ਰੇਮ ਦਾ ਵੇਗ, ਜੋ ਦ੍ਰਿਸ਼ਟ- ਮਾਨ ਵੱਲ ਹੋ ਗਿਆ ਹੈ, ਉਸ ਨੂੰ ਵਾਹਿਗੁਰੂ (ਦ੍ਰਿਸ਼ਟਾ) ਵੱਲ ਲਾ ਦੇਈਏ। ਦੁਹਾਂ ਵਿਚ ਪ੍ਰੇਮ ਦਾ ਗੁਣ ਹੈ, ਯਾ ਦੁਹਾਂ ਦਾ ਅਸਲ ਸਰੂਪ ‘ਪ੍ਰੇਮ ਹੈ, ਜਦ ਸਜਾਤੀ* ਤੇ ਸਜਾਤੀ ਵਸਤਾਂ, ਜਿਨਾਂ ਦਾ ਸਰੂਪ ਖਿੱਚ (ਪ੍ਰੇਮ) ਹੈ ਆਮੋ ਸਾਹਮਣੇ ਆਉਂਦੀਆਂ ਹਨ ਤਦ ਉਹੋ ਖਿੱਚ ਉਹਨਾਂ ਨੂੰ ਮੇਲ ਦੇਂਦੀ ਹੈ, ਤਾਂ ਤੇ ਪਰਮ ਉੱਤਮ ਕੰਮ ਇਹ ਹੈ ਕਿ ਅਪਣੇ ਪ੍ਰੇਮ ਦੇ ਪ੍ਰਵਾਹ ਨੂੰ ਜੋ ਜਗਤ (ਦ੍ਰਿਸ਼ਟਮਾਨ) ਵਿਚ ਖਚਿਤ ਹੋਕੇ ਪਰਮੇਸ਼ੁਰ (ਦ੍ਰਿਸ਼ਟਾ) ਤੋਂ ਵਿਛੁੜ ਗਿਆ ਹੈ, ਮੋੜਕੇ ਪਰਮੇਸ਼ੁਰ (ਦ੍ਰਿਸ਼ਟਾ) ਵੱਲ ਲਗਾ ਦੇਈਏ। ਇਹ ਸਾਂਈਂ ਮਿਲਾਪ ਦਾ ਸਿੱਧਾ ਤੇ ਜੀਉਂਦਾ ਸਾਧਨ ਹੈ।
ਬਸੰਤ ਕੌਰ ਬਹੁਤ ਬਰੀਕ ਗੱਲਾਂ ਹਨ, ਆਪ ਨੇ ਬਹੁਤ ਸਾਫ ਕਰਕੇ ਸਮਝਾਈਆਂ ਹਨ, ਪਰ ਮੇਰੀ ਬੁੱਧ ਮੋਟੀ ਹੈ, ਇਸ ਕਰਕੇ ਆਪ ਨੂੰ ਸੁਣਾ ਲਵਾਂ ਕਿ ਠੀਕ ਸਮਝ ਆਈ ਹੈ ਕਿ ਨਹੀਂ: (੧) ਵਾਹਿਗੁਰੂ ਆਪ ਪ੍ਰੇਮ ਦਾ ਸਰੂਪ ਹੈ। (੨) ਇਹ ਜੀਵ ਉਸ ਦੀ ਅੰਸ਼ ਹੈ, ਇਸ ਕਰਕੇ ਇਸ ਵਿਚ ਬੀ ਪ੍ਰੇਮ ਹੈ: ਪਰ (੩) ਇਸਨੇ ਆਪਣੇ ਇਸ ਗੁਣ ਨੂੰ ਦੁਨੀਆਂ ਦੇ ਵਿਚ ਲਾ ਲਿਆ ਹੈ। (੪) ਇਧਰ ਲਗਣ ਕਰਕੇ ਇਸ ਦੀ ਅੰਦਰਲੀ ਪ੍ਯਾਰ ਵਾਲੀ ਤਾਕਤ ਦ੍ਰਿਸ਼ਟ- ਮਾਨ ਦੇ ਪ੍ਯਾਰ ਵਿਚ ਲਗ ਰਹੀ ਹੈ। (੫) ਤੇ ਆਪਣੇ ਕਾਰਨ ਵਾਹਿਗੁਰੂ ਦੇ ਪ੍ਰੇਮ ਸਰੂਪ ਤੋਂ ਵਿਛੁੜ ਰਹੀ ਹੈ। (੬) ਹੁਣ ਜੇ ਇਸ ਦੇ ਇਸ ਸੁਭਾਉ ਨੂੰ, ਜੋ ਪੁੱਠਾ ਹੋ ਗਿਆ ਹੈ, ਫਿਰ ਅਸਲ ਪਾਸੇ ਵਲ ਮੋੜ ਦੇਈਏ ਕਿ ਭੁੱਲ ਵਿਚ ਰਹਿਣ ਦੀ ਥਾਂ-ਪਰਮੇਸ਼ੁਰ ਨਾਲ ਪ੍ਯਾਰ ਕਰਨ ਵਿਚ ਅਰਥਾਤ ਉਸ ਦੀ ‘ਯਾਦ’ ਵਿਚ ਲਾ ਦੇਈਏ, ਤਦ ਸੁਭਾਉ ਸਿੱਧਾ ਹੋ ਜਾਵੇਗਾ।

ਜਿਕਰ ਸੰਸਾਰ ਦੀਆਂ ਲੋੜਾਂ ਪੈਣ ਤਦ ਅਸੀਂ ਡਾਢੇ ਉਦਾਸ ਹੁੰਦੇ ਹਾਂ ਤੇ ਉਨ੍ਹਾਂ ਨਮਿੱਤ ਤਰਲੇ ਲੈਂਦੇ ਹਾਂ, ਇਹ ਸਾਡੇ ਮੋਹ ਦੇ ਕਾਰਨ ਸਾਥੋਂ ਜਤਨ ਹੁੰਦੇ ਹਨ। ਜੇ ਅਸੀਂ ਸਤਿਸੰਗੀ ਬੀ ਹੋਈਏ ਤਾਂ ਪ੍ਰਾਰਥਨਾ ਕਰਦੇ ਹਾਂ ਕਿ ਹੇ ਭਗਵੰਤ ਜੀ ! ਮੇਰਾ ਬਾਲ ਰਾਜ਼ੀ ਹੋ ਜਾਏ, ਮੇਰੀ ਭੋਂ ਬਹੁਤੀ ਦਾਣੇ ਦੇਵੇ। ਇਸ ਵਿਚ ਬੀ ਅਸੀਂ ਪਰਮੇਸ਼ੁਰ ਦੇ ਨੇੜੇ ਤਾਂ ਹੋਏ ਪਰ ਓਸ ਨੂੰ ਅਜੇ ਕੁਛ ਓਪਰਾ ਤੇ ਇਨ੍ਹਾਂ ਚੀਜ਼ਾਂ ਨੂੰ ਕੁਛ ਵਧੇਰੇ ਆਪਣਾ ਜਾਣ ਉਸ ਤੋਂ ਆਪਣੀਆਂ ਚੀਜ਼ਾਂ ਦਾ ਸੁਖ ਤੇ ਵਾਧਾ ਮੰਗਦੇ ਹਾਂ। ਤੇ ਜੇ ਅਸੀਂ ਸੰਸਾਰ ਦੇ ਮੋਹ ਵਿਚ ਨਾ ਹੋਵੀਏ ਤਾਂ ਅਸੀਂ ਭਗਵੰਤ ਜੀ ਨੂੰ ਪਿਆਰ ਕਰੀਏ ਤੇ ਜੋ ਕੁਛ ਹੋਵੇ ਆਪਣੇ ਪਿਆਰੇ ਦੀ ਮਰਜ਼ੀ ਜਾਣਕੇ ਪ੍ਰਸੰਨ ਹੋਵੀਏ, ਭਈ ਇਹ ਸੰਸਾਰ ਤਾਂ ਸਦਾ ਲਈ ਆਪਣਾ ਨਹੀਂ ਹੈ ਤੇ ਇਸ ਵਿਚ ਜੋ ਕੁਛ ਹੋ ਰਿਹਾ ਹੈ ਸਾਡੇ ਪਿਆਰੇ ਦਾ ਚੋਜ ਹੈ, ਤਾਂ ਤੇ ਪਿਆਰਾ ਜੋ ਕੁਝ ਕਰਦਾ ਹੈ, ਚੰਗਾ ਕਰਦਾ ਹੈ। ਐਉਂ ਅਸੀਂ ਪਿਆਰੇ ਨਾਲ ਜੁੜ ਜਾਂਦੇ ਹਾਂ। ਇਹੋ ‘ਹੁਕਮਿ ਰਜਾਈ ਚਲਣਾ ਹੈ ਪਤੀ ਜੀ! ਮੇਰੀ ਸਮਝ ਵਿਚ ਤਾਂ ਏਸ ਤਰ੍ਹਾਂ ਕੁਛ ਆਇਆ ਹੈ।

ਹਿੰਮਤ ਸਿੰਘ – ਠੀਕ ਹੈ।

ਬਸੰਤ ਪਰੰਤੂ ਇਕ ਸੰਸਾ ਹੈ। ਤ੍ਰੀਮਤਾਂ ਗਾਉਂਦੀਆਂ ਹੁੰਦੀਆਂ ਹਨ-‘ਵੇ ਢੋਲਾ ! ਨੇਹੁ ਨ ਲਗਦੇ ਜੋਰੀਂ ਤੇ ਪੁੱਛ ਨਾ ਪੈਂਦੇ ਮਾਮਲੇ । ਸੋ ਇਹ ਜੋ ਵਾਹਿਗੁਰੂ ਜੀ ਨਾਲ ਪ੍ਰੇਮ ਕਰਨਾ ਹੈ, ਅਰਥਾਤ ਨੇਹੁਂ ਲਾਉਣਾ ਹੈ, ਇਹ ਜੋਰੀਂ ਕੀਕੂੰ ਲੱਗ ਸਕਦਾ ਹੈ? ਦਿੱਸਣ ਵਾਲੀਆਂ ਚੀਜ਼ਾਂ ਵਿਚ ਤਾਂ ਉਹਨਾਂ ਚੀਜ਼ਾਂ ਦੀ ਸੁੰਦਰਤਾ ਅਰ ਫਬਵੀਂ ਨੁਹਾਰ, ਗੁਣ ਆਦਿਕ ਮਨ ਨੂੰ ਮੋਹ ਲੈਂਦੇ ਹਨ ਤੇ ਨੇਹੁ ਲੱਗ ਜਾਂਦਾ ਹੈ। ਜਿਸ ਭਗਵੰਤ ਜੀ ਨੂੰ ਡਿੱਠਾ ਨਹੀਂ ਹੈ, ਜਿਸ ਦੀ ਸੁੰਦਰਤਾ ਨੂੰ ਅੱਖਾਂ ਨੇ ਨਹੀਂ ਤੱਕਿਆ ਤੇ ਗੁਣਾਂ ਤੋਂ ਮਨ ਨੇ ਖਿੱਦ ਨਹੀਂ ਖਾਧੀ ਉਸ ਨਾਲ ਜ਼ੋਰੀਂ ਨੇਹੁ ਕੀਕੂੰ ਲੱਗ ਪੈਂਦਾ ਹੈ?

ਹਿੰਮਤ ਸਿੰਘ – ਇਹ ਗੱਲ ਠੀਕ ਹੈ, ਪਰ ਦੁਨੀਆਂ ਵਿਚ ਬੀ ਨੇਹੁੰ ਸਦਾ ਗੁਣ ਤੇ ਸੁੰਦਰਤਾ ਕਰਕੇ ਨਹੀਂ ਲੱਗਦੇ। ਕਈ ਵੇਰ ਮਨਾਂ ਨੂੰ ਅਕਾਰਨ ਖਿੱਚ ਬੀ ਪੈ ਜਾਂਦੀ ਹੈ। ਗੁਰਮੁਖ ਆਖਦੇ ਹਨ ਕਿ ਪਿਛਲੇ ਜਨਮਾਂ ਦੇ ਮੇਲ ਹੁੰਦੇ ਹਨ, ਜਾਂ ਕੋਈ ਰੂਹਾਂ ਦੇ ਆਪੋ ਵਿਚ ਕੁਦਰਤੀ ਖਿੱਚਾਂ ਦੇ ਢੋ ਢੁਕਦੇ ਹਨ, ਜਿਨ੍ਹਾਂ ਦੇ ਕਾਰਨ ਸਾਨੂੰ ਪਤਾ ਨਹੀਂ, ਸੋ ਪ੍ਯਾਰੀ ਜੀ ! ਅਕਸਰ ਤਾਂ ਪਿਛਲੇ ਜਨਮਾਂ ਦੇ ਲੱਗੇ ਹੋਏ ਲੋਕ ਇਥੇ ਅਕਾਰਨ ਹੀ ਵਾਹਿਗੁਰੂ ਜੀ ਨਾਲ ਖਿੱਚ ਖਾਂਦੇ ਤੇ ਪ੍ਰੇਮ ਕਰਦੇ ਹਨ। ਇਨ੍ਹਾਂ ਦੇ ਅੰਦਰ ਕੋਈ ਸੋਝੀ ਜੇਹੀ ਹੁੰਦੀ ਹੈ ਜੋ ਮੱਲੋ ਮਲੀ ਇਸ ਰਾਹੇ ਪਾਉਂਦੀ ਹੈ। ਕੁਦਰਤ ਦੀ ਸੁੰਦਰਤਾ ਦੇ ਝਲਕੇ ਕਈਆਂ ਨੂੰ ਕਾਦਰ ਦੀ ਪ੍ਰਾਪਤੀ ਦੀ ਚਾਹ ਲਾ ਦੇਂਦੇ ਹ ਓਹ ਕਿਸੇ ਠੁਹਕਰ ਨਾਲ, ਕਿਸੇ ਬਹਾਨੇ ਨਾਲ, ਲੱਗ ਪੈਦੇ ਗੁਰ ਸਿੱਖੀ ਵਿਚ ਗੁਰਬਾਣੀ ਦੇ ਪਾਠ ਵਿਚਾਰ ਕਰਨ ਵਾਲੇ ਇਸ ਪਾਸੇ ਲਗਦੇ ਹਨ। ਪਰੰਤੂ ਜਿਨ੍ਹਾਂ ਨੂੰ ਪਿਛਲੇ ਜਨਮ ਦਾ ਤੀਰ ਨਹੀਂ ਵੱਜਾ ਹੋਇਆ ਤੇ ਹੁਣ ਲਾਵਣਾ ਹੈ, ਸੋ ਉਹ ਭਲੇ ਦੇ ਸੰਗ ਤੇ ਲੱਗਦੇ ਹਨ, ਜਿਕੂੰ ਐਬ ਕੁਸੰਗ ਨਾਲ ਲੱਗਦੇ ਹਨ, ਤਿੱਕੂੰ ਸਾਂਈਂ ਦਾ ਨੇਹੁੰ ਨੇਹੁੰ ਵਾਲੇ ਸਤਿਸੰਗੀ ਦੀ ਸੰਗਤ ਵਿਚ ਬੈਠਿਆਂ ਲਗਦਾ ਹੈ।

ਬਸੰਤ ਕੌਰ ਪਰ ਕੋਈ ਸਤਿਸੰਗੀਆਂ ਦੀ ਗੋਸ਼ਟ ਵਿਚ ਬੈਠਣ ਦੀ ਖਿੱਚ ਕੀਕੂੰ ਖਾਵੇ?

थडी ਇਹ ਗੱਲ ਆਪਣੇ ਉੱਦਮ ਦੀ ਹੈ, ਪਰ ਅਕਸਰ ਦੁੱਖਾਂ ਦੇ ਹੱਥ ਹੈ। ਸ੍ਰੀ ਗੁਰੂ ਜੀ ਨੇ ਇਸ ਦਾ ਦਾਰੂ ‘ਦੁੱਖ ਭੀ ਲਿਖਿਆ ਹੈ। ਸੰਸਾਰ ਜੜ੍ਹ, ਦੁੱਖ ਰੂਪ ਤੇ ਨਾਸ਼ਮਾਨ ਸਭ ਕਿਸੇ ਨੂੰ ਦਿੱਸਦਾ ਹੈ। ਜਿਨ੍ਹਾਂ ਨਾਲ ਪਿਆਰ ਕਰੀਦਾ ਹੈ ਉਹ ਮਰ ਜਾਂਦੇ ਹਨ, ਜਿਨ੍ਹਾਂ ਵਸਤਾਂ ਨੂੰ ਜੋੜ ਜੋੜ ਧਰੀਦਾ ਹੈ ਨਾਸ਼ ਹੋ ਜਾਂਦੀਆਂ ਹਨ। ਤਦੋਂ ਹਾਵਾ ਲਗਦਾ ਹੈ ਕਿ ਹਾਇ ਕੀ ਹੋ ਗਿਆ, ਏਹ ਪਿਆਰੇ ਕਿੱਥੇ ਗਏ? ਸੰਸਾਰ ਦੇ ਮੋਹ ਵਿਚ ਸੱਟਾਂ ਵਜਦੀਆਂ ਹਨ, ਉਹ ਮਨ ਨੂੰ ਸੋਚ ਪਾਉਂਦੀਆਂ ਹਨ ਕਿ ਇਨ੍ਹਾਂ ਦੁੱਖਾਂ ਦਾ ਕੋਈ ਦਾਰੂ ਹੋਵੇ। ਮਨੁੱਖ ਫੇਰ ਆਪਣੀ ਅਕਲ ਦੇ ਸਾਰੇ ਉਪਰਾਲੇ ਤੇ ਹੀਲੇ ਕਰਦਾ ਹੈ। ਨਾਸ਼ਵਾਨ ਨੇ ਬਿਨਸਣਾ ਹੀ ਹੋਇਆ। ਜਦ ਕੋਈ ਪੇਸ਼ ਨਹੀਂ ਜਾਂਦੀ ਤੇ ਸੱਟਾਂ ਤੇ ਧੱਕੇ ਲਗਦੇ ਹਨ, ਤਦ ਅਖੀਰ ਮਨ ਟੋਲ ਕਰਦਾ ਹੈ ਕਿ ਕਿਤੇ ਹੋਰਥੇ ਹੀ ਨਾ ਸੁਖ ਹੋਵੇ। ਜਦ ਕੋਈ ਗੁਰਮੁਖ ਸੁਖੀ ਨਜ਼ਰ ਪੈਂਦਾ ਹੈ, ਜਿਸ ਨੂੰ ਓਹ ਦੁੱਖ ਕਲੇਸ਼ ਨਹੀਂ ਦੇਂਦੇ ਜੋ ਸਾਨੂੰ ਦੇਂਦੇ ਹਨ, ਤਦ ਹਰਿਆਨ ਹੋਕੇ ਗੁਰਮੁਖ ਤੋਂ ਕਾਰਨ ਪੁੱਛੀਦਾ ਹੈ; ਉਹ ਕਿਰਪਾ ਕਰਕੇ ਦੱਸਦੇ ਹਨ ਕਿ ਜੋ ਦਿੱਸਦਾ ਹੈ ‘ਜਗਤ’ ਉਹ ਜ਼ਰੂਰ ਪਲਟੇ ਖਾਂਦਾ ਹੈ, ਜੋ ਇਸ ਨਾਲ ਮੋਹ ਹੈ, ਉਹ ਇਸ ਦੇ ਹਰ ਪਲਟੇ ਤੇ ਸੱਟ ਖਾਵੇਗਾ। ਜੇ ਤੁਸੀਂ ਉਸ ਨਾਲ ਮੋਹ ਕਰੋ ਕਿ ਜੋ ਇਸਦਾ ਕਾਰਨ ਹੈ, ਜਿਸਦਾ ਇਹ ਪ੍ਰਕਾਸ਼ ਹੈ, ਤਦ ਸੁਖ ਹੋਵੇ, ਕਿਉਂਕਿ ਉਹ ਸਦਾ ਇਕ ਰਸ ਰਹਿੰਦਾ ਹੈ। ਜਦੋਂ ਇਸ ਤਰ੍ਹਾਂ ਕੁਛ ਸਮਝ ਪੈਂਦੀ ਹੈ, ਤਦ ਫੇਰ ਗੁਰਮੁਖਾਂ ਦਾ ਮੇਲ ਗੇਲ ਚੰਗਾ ਲਗਦਾ ਹੈ; ਜਦ ਉਨ੍ਹਾਂ ਨੂੰ ਮਿਲੀ ਗਿਲੀਦਾ ਹੈ, ਤਦ ਉਹਨਾਂ ਦੇ ਰੰਗ ਲੱਗਣ ਦਾ ਅਵਸਰ ਆਉਂਦਾ ਹੈ, ਐਉਂ ਦ੍ਰਿਸ਼ਟਮਾਨ ਦੇ ਮੋਹ ਤੋਂ ਪੈਦਾ ਹੋਏ ਦੁੱਖ ਸਾਨੂੰ ਉਸ ਸਤਿਸੰਗ ਵਾਲੇ ਪਾਸੇ ਵਲ ਭੇਜਦੇ ਹਨ।

ਬਸੰਤ ਕੌਰ – ਠੀਕ ਹੈ, ਪਰ ਉਨ੍ਹਾਂ ਦੇ ਕੋਲ ਬੈਠਿਆਂ ਉਠਿਆਂ ਦੇਖਾ ਦੇਖੀ ਨੇਹੁਂ ਲੱਗ ਜਾਂਦਾ ਹੈ, ਜਾਂ ਓਹ ਵਾਹਿਗੁਰੂ ਦਾ ਦਰਸ਼ਨ ਕਰਾ ਦੇਂਦੇ ਹਨ ਤੇ ਉਹ ਸੁੰਦਰਤਾ ਮੋਹ ਲੈਂਦੀ ਹੈ?

ਪਤੀ – ਇਹ ਆਪੋ ਆਪਣੀ ਰੂਹ ਦੀ ਸਫਾਈ ਦੀ ਗੱਲ ਹੈ,

ਪਰ ਗੁਰਮੁਖ ਜਦ ਦਿਆਲ ਹੁੰਦੇ ਹਨ ਤਦ ਪਰਮੇਸ਼ੁਰ ਦੀ ਸੇਵਾ ਦੀ ਜਾਚ ਸਿਖਾਲਦੇ ਹਨ ਤੇ ਪਰਮੇਸ਼ੁਰ ਜੀ ਦੇ ਗੁਣਾਂ ਦਾ ਕੀਰਤਨ ਸੁਣਾਉਂਦੇ ਹਨ ਤੇ ਉਸਦੇ ਜਸ ਵਰਣਨ ਕਰਦੇ ਹਨ, ਇਸ ਤਰ੍ਹਾਂ ਮਨ ਤੇ ਅਸਰ ਹੁੰਦਾ ਹੈ। ਫੇਰ ਉਹ ਬਾਣੀ ਪੜ੍ਹਨ ਵਿਚ ਲਾਉਂਦੇ ਹਨ। ਬਾਣੀ ਵਿਚ ਪਰਮੇਸ਼ੁਰ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਹਨ। ਉੱਚੇ ਸੁੱਚੇ ਪ੍ਰੇਮੀ ਹਿਰਦੇ ਤੋਂ ਉਚਰੀ ਹੋਈ ਹੋਣ ਕਰਕੇ ਬਾਣੀ ਵਿਚ ਇਕ ਸੱਤ੍ਯਾ ਹੁੰਦੀ ਹੈ ਉਸ ਦੇ ਅਸਰ ਨਾਲ ਮਨ ਉਤੇ ਪਿਆਰ ਲੀਹਾਂ ਪੈਂਦੀਆਂ ਹਨ। ਫੇਰ ਗੁਰਮੁਖ ਸ੍ਰੀ ਪਰਮੇਸ਼ੁਰ ਜੀ ਦੇ ਅੱਗੇ ਬੇਨਤੀ ਕਰਨ ਦਾ ਸੁਭਾਉ ਪਾਉਂਦੇ ਹਨ ਤੇ ਸ਼ੁਕਰ ਦੇ ਭੇਤ ਸਮਝਾਉਂਦੇ ਹਨ। ਐਸ ਤਰ੍ਹਾਂ ਨਾਲ ਮਨ ਦੇ ਮੋਹ ਦੀਆਂ ਵਾਗਾਂ ਪਰਤਾ ਖਾ ਜਾਂਦੀਆਂ ਹਨ, ਚੰਗੀਆਂ ਗੱਲਾਂ ਵੱਲ ਧਿਆਨ ਰਹਿੰਦਾ ਹੈ; ਮੰਦੀਆਂ ਦਾ ਮੰਦ ਦਿੱਸਕੇ ਮਾੜਾਪਨ ਭਾਸ ਜਾਂਦਾ ਹੈ। ਜੀ ਕੁਛ ਮਿੱਠੀ ਮਿੱਠੀ ਉਦਾਸੀ ਵਾਲਾ, ਕੁਛ ਉਚਾ ਤੇ ਉਮੰਗ ਜੇਹੀ ਨਾਲ ਭਰਕੇ ਚਾਹਵਾਨ ਹੋ ਜਾਂਦਾ ਹੈ। ਤਦੋਂ ਗੁਰਮੁਖ ਪਰਮੇਸ਼ੁਰ ਦੀ ਯਾਦ ਦੀ ਜਾਚ ਸਿਖਾਲਦੇ ਹਨ। ਜਦੋਂ ਯਾਦ ਅਰਥਾਤ ਸਿਮਰਨ ਦੇ ਸੁਆਦ ਦਾ ਝਲਕਾ ਪੈ ਗਿਆ, ਸਮਝੋ ਕਿ ਪ੍ਰੇਮ ਅੰਦਰ ਵੜ ਗਿਆ, ਇਹ ਪ੍ਰੇਮ ਨਾਮ ਹੈ, ਪ੍ਯਾਰੇ ਦਾ ਮੇਲ ਹੈ।

ਬਸੰਤ ਕੌਰ ਡਾਢਾ ਸਾਫ਼ ਰਸਤਾ ਹੈ, ਪਰ ਗੁਰਮੁਖਾਂ ਦੀ ਕੀਹ ਪਛਾਣ ਹੈ? ਕੀ ਜਾਣੀਏ ਕੋਈ ਲੱਬ ਵਾਲਾ ਮਿਲ ਪਵੈ ਤੇ ਭੁਲੇਖੇ ਵਿਚ ਪਾ ਦੇਵੇ? ਕਿਉਂਕਿ ਜਿਸ ਨੇ ਸੁਣਿਆਂ ਹੈ, ਪਰ ਡਿੱਠਾ ਨਹੀਂ ਹੈ, ਉਸ ਨੂੰ ਬਗਲਿਆਂ ਤੇ ਹੰਸਾਂ ਦੀ ਪਛਾਣ ਕੀਕੂੰ ਹੋ ਸਕਦੀ ਹੈ।

ਪਤੀ – ਇਹ ਤਾਂ ਠੀਕ ਹੈ, ਪਰ ਸੋਚ ਲਵੋ; ‘ਸਰੋਵਰਾਂ ਵਲੋਂ ਪੌਣ ਠੰਢੀ ਹੀ ਝੁੱਲਦੀ ਹੈ, ਭਲਿਆਂ ਦਾ ਪ੍ਰਭਾਉ ਭਲਾ ਹੁੰਦਾ ਹੈ।

ਫੇਰ ਵਾਹਿਗੁਰੂ ਦਿਆਲ ਮੂਰਤੀ ਹੈ, ਜੇ ਪ੍ਰਾਰਥਨਾ ਕਰਕੇ ਭਾਲ ਕਰੀਏ ਤਾਂ ਪਰਮੇਸ਼ੁਰ ਭਲਿਆਂ ਦਾ ਹੀ ਮੇਲ ਕਰਾਉਂਦਾ ਹੈ। ਫੇਰ ਗੁਰਮੁਖਾਂ ਦੀ ਪਛਾਣ ਗੁਰੂ ਜੀ ਨੇ ਸਾਰੀ ਬਾਣੀ ਵਿਚ ਲਿਖੀ ਹੈ।

ਆਪੇ ਵਿਚ ਜੁੜੇ ਹੋਏ ਨੂੰ ਯੋਗੀ ਕਹਿੰਦੇ ਹਨ ਪਰ ਜੋ ਵਾਹਿਗੁਰੂ ਨਾਲ ਜੁੜੇ ਸੋ ਗੁਰਮੁਖ ਹੁੰਦਾ ਹੈ। ਗੁਰਮੁਖਾਂ ਵਿਚ ਸਭ ਤੋਂ ਵੱਡਾ ਗੁਣ ਵਾਹਿਗੁਰੂ ਦਾ ਪਿਆਰ ਤੇ ਉਸ ਨਾਲ ਅੰਤਰ ਆਤਮੇ ਸਦਾ ਮੇਲਾ ਹੈ। ਹੋਰ ਗੁਣ ਤਾਂ ਇਸ ਗੁਣ ਦੇ ਲੱਛਣ ਮਾਤ੍ਰ ਹੁੰਦੇ ਹਨ। ਜਿਕੂੰ ਅੱਖਾਂ ਦੀ ਪੀਲੱਤਣ ਰੋਗ ਨਹੀਂ, ਪਰ ਜਿਗਰ ਵਿਚ ਪਿੱਤਾਂ ਦਾ ਰੋਗ ਹੋ ਜਾਂਦਾ ਹੈ ਅਰ ਅੱਖਾਂ ਦਾ ਪੀਲਾ ਹੋਣਾ ਤਾਂ ਸੁਤੇ ਹੀ ਹੋ ਜਾਏਗਾ ਤੇ ਰੋਗੀ ਦੀ ਅੰਦਰ ਦੀ ਗਤੀ ਨੂੰ ਲਖਾਏਗਾ। ਸੋ ਗੁਰਮੁਖਾਂ ਦੇ ਅੰਦਰਲੇ ਪਿਆਰ ਨੂੰ-ਸਦਾ ਯਾਦ ਨਾਲ ਸਾਂਈਂ ਵਿਚ ਲਗੇ ਰਹਿਣ ਦੀ ਹਾਲਤ ਨੂੰ-ਤਾਂ ਗੁਰਮੁਖ ਆਪ ਹੀ ਜਾਣਦੇ ਹਨ ਪਰ ਉਸ ਅੰਦਰਲੀ ਹਾਲਤ ਤੋਂ ਜੋ ਲੱਛਣ ਪੈਦਾ ਹੁੰਦੇ ਹਨ ਉਹ ਕੁਛ ਪਛਾਣ ਵਿਚ ਮਦਦ ਕਰਦੇ ਹਨ : ਗੁਰਮੁਖਾਂ ਦੀ (੧) ਅੰਦਰਲੀ ਹਾਲਤ ਇਹ ਹੁੰਦੀ ਹੈ ਕਿ ਮਨ ਦਾ ਲਗਾਉ ਸਦਾ ਰੱਬ ਵੱਲ ਹੁੰਦਾ ਹੈ, ਉਸ ਦੀ ਯਾਦ ਕਦੇ ਨਹੀਂ ਵਿਸਰਦੀ, ਉਸ ਵਿਚ ਇਕ ਸੁਆਦ ਆਉਂਦਾ ਹੈ। ਚੜ੍ਹਦੀ ਕਲਾ ਵਿਚ ਖੇਡਦੇ ਹਨ, ਭੈ ਤੇ ਭਰਮ ਵਿਚ ਨਹੀਂ ਪੈਂਦੇ। (੨) ਵਰਤਣ ਐਸ ਤਰ੍ਹਾਂ ਦੀ ਹੁੰਦੀ ਹੈ, ਸੁਖੀਆਂ ਨਾਲ ਪਿਆਰ ਕਰਦੇ ਹਨ, ਦੁਖੀਆਂ ਤੇ ਦਇਆ ਕਰਦੇ ਹਨ, ਭਲੇ ਤੇ ਉਪਕਾਰ ਦੇ ਕੰਮ ਵਿਚ ਉਹਨਾਂ ਤੋਂ ਸਹਿ-ਸੁਭਾ ਭਲਿਆਈ ਹੁੰਦੀ ਹੈ। ਮਾੜੇ ਕੰਮਾਂ ਤੇ ਕੁਸੰਗਾਂ ਤੋਂ ਉਪ੍ਰਾਮ ਰਹਿੰਦੇ ਹਨ। ਕੰਮ ਉਨ੍ਹਾਂ ਦੇ ਸਾਰੇ ਫਲ ਦੀ ਚਾਹ ਤੋਂ ਖਾਲੀ ਹੁੰਦੇ ਹਨ। (੩) ਪ੍ਰਭਾਉ ਐਉਂ ਦਾ ਹੁੰਦਾ ਹੈ ਕਿ ਮਸਤਕ ਪ੍ਰਸੰਨ ਹੁੰਦਾ ਹੈ। ਕੋਲ ਬੈਠਿਆਂ ਚਿੱਤ ਖਿੜਦਾ ਯਾ ਨਿਰਮਲ ਭੈ ਵਿਚ ਆਉਂਦਾ ਹੈ, ਸੰਗ ਕੀਤਿਆਂ ਠੰਢ ਪੈਂਦੀ ਹੈ; (੪) ਉਪਰ (ਰੱਬ ਜੀ ਵੱਲ) ਦੀ ਖੇਡ ਇਹ ਹੁੰਦੀ ਹੈ ਕਿ ਵਾਹਿਗੁਰੂ ਉਨ੍ਹਾਂ ਨੂੰ ਪਿਆਰ ਕਰਦਾ ਹੈ। ਇਸ ਕਰਕੇ ਸੁਰਤ ਉਨ੍ਹਾਂ ਦੀ ਦਾਤਾ ਪਦ ਵਿਚ ਸਾਂਈਂ ਵਲ ਝੁਕ ਪੈਂਦੀ ਹੈ। (੫) ਸਤਿਗੁਰ ਜੀ ਨੇ ਦੱਸਿਆ ਹੈ:- ਸਾਧ ਕੈ ਸੰਗਿ ਨਹੀ ਕਛੁ ਘਾਲ॥ ਦਰਸਨੁ ਭੇਟਤ ਹੋਤ ਨਿਹਾਲ॥ਸਾਧੂ ਦੇ ਸੰਗ ਨਾਲ ਸੁਤੇ ਹੀ ਇਹ ਅਸਰ ਹੁੰਦਾ ਹੈ ਕਿ ਉਸਦੇ ਦਰਸ਼ਨ ਮਾਤ੍ਰ ਨਾਲ ਚਿਤ ਨਿਹਾਲ ਹੋ ਜਾਂਦਾ, ਭਾਵ ਖਿੜ ਜਾਂਦਾ ਹੈ। ਅਸਲ ਵਿਚ ਗੁਰ ਸਿਖੀ ਦੀ ਪਹਿਲੀ ਗੱਲ ਹੈ ‘ਗੁਰ ਦੀਖ੍ਯਾ ਜੋ ਪ੍ਰਾਪਤ ਹੁੰਦੀ ਹੈ ਅੰਮ੍ਰਿਤ ਛਕਣ ਨਾਲ। ਅੰਮ੍ਰਿਤ ਛਕ ਕੇ ਰਹਿਣੀ ਰੱਖੀਦੀ ਹੈ, ਬਾਣੀ ਪੜ੍ਹੀ, ਗਾਵੀਂ ਵੀਚਾਰੀ ਤੇ ਖੋਜੀਦੀ ਹੈ। ਮੂਲ ਮੰਤ੍ਰ ਉਚਾਰੀਦਾ ਹੈ, ਗੁਰਮੰਤ੍ਰ ਦਾ ਅਯਾਸ ਕਰੀਦਾ ਹੈ। ਜੇ ਸੁਤੇ ਰੌ ਟੁਰ ਪਈ ਤਾਂ ਵਾਹ ਵਾਹ, ਨਹੀਂ ਤਾਂ ਫਿਰ ਨਾਮ ਦੇ ਪ੍ਰੇਮੀ ਗੁਰਮੁਖ ਦਾ ਸਤਿਸੰਗ ਕਰੀਦਾ ਹੈ। ਕੀਰਤਨ, ਕਥਾ, ਗੁਰਦੁਆਰੇ, ਬਾਣੀ ਦਾ ਪਾਠ, ਗੁਰਮੁਖ ਦਾ ਸਤਿਸੰਗ ਸਾਰੇ ਸਹਾਇਕ ਹਨ।

ਬਸੰਤ ਕੌਰ ਭਲਾ ਜੇ ਚਿੱਤ ਸੰਸਾਰ ਦੇ ਦੁੱਖ ਪਾਕੇ ਇਸ ਤੋਂ ਮੁੜੇ, ਨਾਮ ਅਸ ਕਰੇ, ਸਹਾਇਤਾ ਲਈ ਗੁਰਮੁਖਾਂ ਦਾ ਸਤਿਸੰਗ ਕਰੇ। ਆਪ ਦੇ ਕਹੇ ਮੂਜਬ, ਓਹ ਰਾਹੇ ਵੀ ਪਾ ਦੇਣ, ਫੇਰ ਤਾਂ ਕੋਈ ਤੌਖਲਾ ਨਹੀਂ ਹੈ? ਕਿਉਂਕਿ ਮੈਂ ਆਪਣੇ ਵਲ ਵੇਖਦੀ ਹਾਂ ਕਿ ਨਾਮ ਪ੍ਰਾਪਤ ਹਾਂ; ਆਪ ਗੁਰਮੁਖ ਹੋ, ਆਪ ਨੇ ਰਸਤੇ ਬੀ ਪਾਇਆ ਹੈ, ਪਰ ਮੈਂ ਫੇਰ ਓਸੇ ਹੀ ਆਪਣੇ ਚੱਕਾਂ ਵਹਿਣਾਂ, ਮਨ ਦੀਆਂ ਲਹਿਰਾਂ ਵਿਚ ਜਾ ਜਾ ਪੈਨੀ ਹਾਂ, ਡਰਨੀ ਹਾਂ ਕਿਤੇ ਕੋਈ ਭੁਲੇਖਾ ਨਾ ਮੈਨੂੰ ਖਾ ਜਾਵੇ।

ਹਿੰਮਤ ਸਿੰਘ ਤੌਖ਼ਲਾ ਤਾਂ ਕੋਈ ਨਹੀਂ ਪੈਂਦਾ ਜੇਕਰ ਨੀਯਤ ਰਾਸ ਹੋਵੇ। ਜੇ ਨੀਯਤ ਉਚੇ ਹੋਣ ਦੀ ਹੈ, ਮਨ ਨੇ ਸੇਧ ਸਤਿਗੁਰ ਨਾਨਕ ਦੀ ਧਾਰ ਲਈ ਹੈ ਤਾਂ ਜਿੰਨੀਆਂ ਭੁੱਲਾਂ ਪੈਂਦੀਆਂ ਹਨ ਇਹ ਸਭ ਉੱਨਤੀ ਦੀ ਪੌੜੀ ਦੇ ਡੰਡੇ ਬਣਦੀਆਂ ਹਨ। ਹਰ ਭੁੱਲ ਦੁੱਖ ਲਿਆਉਂਦੀ ਹੈ। ਹਰ ਦੁੱਖ ਮਨ ਨੂੰ ਮਤਿ ਦੇਂਦਾ ਹੈ। ਮਨੁੱਖ ਨੇ ਜੋ ਕੁਝ ਸਿਖਿਆ ਹੈ ਦੁੱਖ ਦੀ ਭੱਠੀ ਵਿਚ ਹੀ ਤਪ ਕੇ ਸਿੱਖਿਆ ਹੈ। ਸਤਿਸੰਗ ਦਾ ਵਾਧਾ ਹੋਰ ਹੈ ਕਿ ਇਸ ਦੀ ਗੋਸ਼ਟ ਭੁੱਲਣ ਘਟ ਦੇਂਦੀ ਹੈ। ਜੇ ਭੁੱਲ ਪਵੇ ਬੀ ਤਾਂ ਝੱਟ ਕੱਢ ਲੈਂਦੀ ਹੈ, ਇਸ ਕਰਕੇ ਗੁਰੂ ਜੀ ਨੇ ਸ਼ੁਭ ਸੰਗਤ ਲਈ ਆਗ੍ਯਾ ਕੀਤੀ ਹੈ :-

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥

ਬਸੰਤ ਕੌਰ – ਸੱਚ ਹੈ, ਪਤੀ ਜੀ ! ਜਿੰਕੁਰ ਮੇਰੀ ਅੱਜ ਦੀ ਭੁੱਲ ਨੂੰ ਜੇ ਆਪ ਨਾ ਕੱਟਦੇ ਤਾਂ ਮੈਂ ਕਈ ਦਿਨ ਧੁਖ ਧੁਖ ਕੇ ਦੁੱਖ ਪਾਕੇ ਮੋੜਾ ਖਾਂਦੀ; ਕੀਹ ਜਾਣੀਏਂ ਨਾਂ ਹੀ ਮੋੜਾ ਖਾਂਦੀ।

ਪਤੀ – ਸਤਿਸੰਗ ਤਾਂ ਡਾਢੀ ਹੀ ਲੋੜੀ ਦੀ ਸ਼ੈ ਹੈ ਤੇ ਇਸ ਗੱਲ ਦੀ ਖ਼ਬਰਦਾਰੀ ਚਾਹੀਏ ਕਿ ਸਤਿਸੰਗ ਅਸਲੀ ਹੋਵੇ। ਸਾਡੇ ਵਿਚ ਤਾਂ ਮਿਹਰ ਹੈ, ਕਰਨੀ ਵਾਲੇ ਗੁਰ ਸਿੱਖੀ ਵਿਚ ਬਹੁਤ ਹਨ, ਪਰ ਉਂਞ ਗੁਰਮੁਖ ਆਮ ਨਹੀਂ ਹੁੰਦੇ। ਆਮ ਜੋ ਸਾਧ ਸੰਤ ਦਿੱਸਦੇ ਹਨ, ਕੋਈ ਤਪੀਏ, ਕੋਈ ਨੇਮੀ ਤੇ ਬਹੁਤੇ ਪਖੰਡੀ। ਸਤਿਗੁਰ ਨੇ ਕਿਹਾ ਹੈ, ਢੂੰਡਿ ਸਜਨ ਸੰਤ ਪਕਿਆ ਕਬੀਰ ਜੀ ਨੇ ਕਿਹਾ ਹੈ, ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ॥ ਕਾਚੀ ਸਰਸਉਂ ਪੇਲਿਕੈ ਨਾ ਖਲਿ ਭਈ ਨ ਤੇਲੁ॥ ਸੋ ਪ੍ਰਿਯ ! ਕਿਵੇਂ ਹੋਵੇ, ਦੁੱਖ ਨਾਲ ਚਾਹੋ ਅੰਦਰਲੇ ਦੀ ਚਾਹ ਨਾਲ, ਚਾਹੋ ਹੋਰ ਤਰ੍ਹਾਂ, ਜਦ ਅੰਦਰੋਂ ਉਮਾਹ ਵਾਹਿਗੁਰੂ ਦੇ ਰਸਤੇ ਦਾ ਉੱਠੇ ਤਾਂ ਪਹਿਲਾ ਕੰਮ ਇਹ ਹੈ ਕਿ ਨਿੱਤਨੇਮ ਦਾ ਰੋਜ਼ ਮਨ ਬਾਣੀ ਵਿਚ ਲਾਕੇ ਪਾਠ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਦਰਸ਼ਨ ਤੇ ਪਾਠ ਕਰਨਾ ਵੀਚਾਰ ਨਾਲ ਅਰ ਆਪਣੇ ਬਚਾਉ ਲਈ ਗੁਰੂ ਜੀ ਦੇ ਚਰਨਾਂ ਵਿਚ ਪ੍ਰਾਰਥਨਾ ਕਰਨੀ ਕਿ ਸੱਚੇ ਪਾਤਸ਼ਾਹ ਜੀ ਆਪਣੀ ਅਗੁਵਾਨੀ ਵਿਚ ਆਪ ਟੋਰੋ ਗੁਰਮੁਖ ਦੇ ਮੇਲ ਲਈ ਅਰਦਾਸ ਨਿਤ ਕਰੇ। ਅਸੀਂ ਰੋਜ਼ ਅਰਦਾਸਾ ਕਰਦੇ ਹਾਂ: ਗੁਰਮੁਖ ਦਾ ਮੇਲ, ਸਾਧ ਦਾ ਸੰਗ, ਸੇਈ ਪ੍ਯਾਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇਂ’। ਅਰਥਾਤ ਗੁਰਮੁਖ-ਸੱਚੇ ਗੁਰਮੁਖ ਦਾ ਮਿਲਾਪ ਹੋਵੇ। ਮਿਲਾਪ ਡਾਢੇ ਪਿਆਰ ਵਾਲੇ ਸੰਬੰਧ ਦਾ ਨਾਉਂ ਹੈ। ਸਾਧ ਦਾ ਸੰਗ ਹੋਵੇ, ਅਰਥਾਤ ਜੋ ਸਾਂਈਂ ਰਸਤੇ ਸਾਧਨ ਕਰ ਰਿਹਾ ਹੋਵੇ ਸੰਗਤ ਉਸ ਦੀ ਹੋਵੇ ਤੇ ਨਾਮ ਜਪਣ ਵਾਲੇ ਸਿੱਖ ਵੀਰਾਂ ਦਾ ਸੰਗ ਬਣਿਆਂ ਰਹੇ। ਕਿਉਂ ਜੋ ਆਪ ਜਪਦੇ ਹਨ ਉਨ੍ਹਾਂ ਦੇ ਪਾਸ ਬੈਠਿਆਂ ਨਾਮ ਚਿੱਤ ਆਉਂਦਾ ਹੈ।

ਬਸੰਤ ਕੌਰ – ਪਤੀ ਜੀ ! ਮੈਂ ਇਹ ਗੱਲ ਏਸ ਕਰਕੇ ਪੁੱਛੀ ਹੈ। ਕਿ ਕਾਕੀ ਸਤਵੰਤ ਕੌਰ ਕੈਦ ਪੈ ਗਈ, ਬਿਦੇਸ਼ ਚਲੀ ਗਈ ਗੁਰਮੁਖ ਪਿਤਾ ਤੋਂ ਵਿੱਛੁੜ ਗਈ, ਹੁਣ ਉਸ ਨੂੰ ਗੁਰਮੁਖ ਦਾ ਮੇਲ, ਸਾਧ ਦਾ ਸੰਗ, ਨਾਮੀਆਂ ਦੇ ਦਰਸ਼ਨ ਕਿੱਥੇ ਨਸੀਬ ਹਨ? ਅਠ ਪਹਿਰ ਕੁਸੰਗ, ਵਿਛੋੜਾ, ਬੰਦੀ, ਭੁੱਖ, ਗ਼ਰੀਬੀ ਉਸਨੂੰ ਕੀਕੂੰ ਪਰਮੇਸ਼ੁਰ ਜੀ ਦੇ ਪਿਆਰ ਤੋਂ ਨਾ ਵਿਛੋੜਦੀ ਹੋਵੇਗੀ? ਐਸੇ ਵਿਛੁੰਨਿਆਂ ਪਿਆਰਿਆਂ ਲਈ ਸ੍ਰੀ ਗੁਰੂ ਜੀ ਨੇ ਕੀਹ ਕ੍ਰਿਪਾ ਕੀਤੀ ਹੈ, ਸੋ ਪ੍ਰਕਾਰ ਦਇਆ ਕਰਕੇ ਸਮਝਾਓ।

ਪਤੀ – ਪਰਮੇਸ਼ੁਰ ਦੇ ਬਿਰਦ ਦੀ ਤੁਸਾਂ ਗੱਲ ਨਹੀਂ ਸੁਣੀ:- ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ’। ਸਾਈਂ ਆਪਣਿਆਂ ਦੇ ਅੰਦਰ ਆਪ ਆ ਬਹਿਂਦਾ ਹੈ। ਫਿਰ ਉਹੋ ਦੁਖ ਦਾਰੂ ਤੇ ਨੀਯਤ ਰਾਸ ਵਾਲੀ ਗੱਲ ਚੇਤੇ ਕਰੋ ਜਿਸਦੀ ਨੀਯਤ ਮਿਲਨੇ ਦੀ ਹੈ, ਚਾਹੇ ਕਿਤਨਾ ਨਿਰਬਲ ਹੈ, ਕਿਤਨਾ ਭੁੱਲਦਾ ਤੇ ਡਿੱਗਦਾ ਹੈ, ਵਾਹਿਗੁਰੂ ਉਸਦਾ ਆਪ ਰਾਖਾ ਹੁੰਦਾ ਹੈ। ਇਹ ਕੁਦਰਤ ਦਾ ਨੇਮ ਹੈ ਕਿ ਪਰਮੇਸ਼ੁਰ ਨੂੰ ਯਾਦ ਰੱਖਣ ਵਾਲੇ ਪਿਆਰੇ ਜਦ ਬਿਪਤਾ ਵਿਚ ਪੈਂਦੇ ਹਨ ਤਦ ਉਹਨਾਂ ਦੀ ਸੁਰਤ ਨੂੰ ਵਾਹਿਗੁਰੂ ਆਪ ਬਲ ਦੇ ਕੇ ਖਿੱਚਦਾ ਹੈ, ਅਰ ਸੁਰਤ ਵਿਚ ਬਿਪਤਾ ਦਾ ਟਾਕਰਾ ਕਰਨੇ ਦਾ ਮਾਦਾ ਵਧੀਕ ਪੈਦਾ ਹੋ ਜਾਂਦਾ ਹੈ। ਉਨ੍ਹਾਂ ਦੀ ਸੁਰਤ ਟਾਕਰਿਆਂ ਵਿਚ ਆ ਕੇ ਕੱਸੀ ਜਾਂਦੀ ਤੇ ਉੱਚੀ ਹੋਕੇ ਹੋਰ ਚੜ੍ਹਦੀ ਹੈ। ਮਰਨ ਚਾਹੇ ਜੀਉਣ ਕਾਂਪ ਨਹੀਂ ਖਾਂਦੇ। ਫਿਰ ਸਾਡੇ ਪੰਥ ਦਾ ਬਿਰਦ ਬੜਾ ਪਿਆਰ ਵਾਲਾ ਹੈ। ਪਿਛਲੀ ਲੁੱਟ ਵਿਚ ਜਿਤਨੇ ਸਿੱਖ ਕੈਦ ਹੋ ਕੇ ਕਾਬਲ ਗਏ ਹਨ, ਸਭਨਾਂ ਦੀ ਰਖਿਆ ਵਾਸਤੇ ਹਰ ਰੋਜ਼ ਦੋ ਵੇਲੇ ਹਰ ਧਰਮਸਾਲ, ਗੁਰਦਵਾਰੇ, ਜੱਥੇ ਤੇ ਹਰ ਸਿੱਖ ਵਲੋਂ ਅਰਦਾਸਾ ਹੁੰਦਾ ਹੈ। ਇਹ ਜੋ ਗੁਰਮੁਖਾਂ ਤੇ ਪ੍ਰੇਮੀਆਂ ਵਲੋਂ ਨਿਤ ਸੱਚੇ ਦਿਲੋਂ ਪ੍ਰਾਰਥਨਾ ਹੁੰਦੀ ਹੈ, ਇਹ ਉਨ੍ਹਾਂ ਦੀ ਆਤਮਾ ਨੂੰ ਬਲ ਦੇਂਦੀ ਹੈ, ਵਾਹਿਗੁਰੂ ਦੀ ਵ੍ਯਾਪਕ ਸਤ੍ਯਾ ਨੂੰ ਸਹਾਯਤਾ ਲਈ ਖਿੱਚਦੀ ਹੈ। ਸਾਡਾ ਵਿਸ਼ਵਾਸ ਹੈ ਕਿ ਸਾਰੇ ਪਿਆਰੇ ਉਸ ਬੰਦੀ ਵਿਚੋਂ ਸਲਾਮਤ ਵਾਪਸ ਆਉਣਗੇ। ਅੱਗੇ ਲਗਪਗ ਸਾਰੇ ਆ ਚੁਕੇ ਹਨ, ਇਸ ਕਰਕੇ ਤੁਹਾਨੂੰ ਸਮਝਾਈਦਾ ਹੈ ਕਿ ਸਿੱਖ ਦੇ ਦਿਲ ਨੂੰ ਕੌਣ ਫੇਰ ਸਕਦਾ ਹੈ? ਕਾਕੀ ਦਾ ਤੌਖਲਾ ਨਾ ਕਰੋ, ਸਗੋਂ ਸਿਦਕ ਧਾਰੋ ਤੇ ਰੋਜ਼ ਮਜ਼ਬੂਤ ਦਿਲ ਨਾਲ ਕਾਕੀ ਦਾ ਧਿਆਨ ਕਰਕੇ ਉਸ ਵਿਚ ਤਕੜਾਈ ਭਰੋ। ਅਸੀਂ ਜੋ ਰੋਜ਼ ਅਰਦਾਸ ਕਰਦੇ ਹਾਂ ਕਿ ‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖ੍ਯਾ ਰਿਆਇਤ ਸੋਚ ਲਓ ਕਿ ਇਹ ਸਾਡੇ ਪੰਥਕ ਪਿਆਰ ਦੀ ਕੇਡੀ ਡੂੰਘੀ ਗੰਢ ਹੈ। ਤੁਸੀਂ ਜਾਣਦੇ ਹੋ ਕਿ ਪੰਥ ਵਿਚ ਗੁਰੂ ਪਰਮੇਸ਼ੁਰ ਦਾ ਪਿਆਰ ਤੇ ਸਿਦਕ ਕਿਤਨਾ ਹੈ। ਪ੍ਰੇਮ ਨਾਲ ਜੁੜੇ ਦਿਲ ਜਦ ਰੋਜ਼ ਇਹ ਅਰਦਾਸ ਕਰਦੇ ਹਨ, ਕਦੇ ਹੋ ਸਕਦਾ ਹੈ ਕਿ ਮੁਸ਼ਕਲਾਂ ਵਿਚ ਪਏ ਪਿਆਰਿਆਂ ਦੀ ਰੱਛਿਆ ਤੇ ਰਿਐਤ ਨਾ ਹੁੰਦੀ ਹੋਵੇਗੀ? ਕਦੇ ਹੋ ਸਕਦਾ ਹੈ ਕਿ ਸਾਰੇ ਪੰਥ ਦੇ ਇਨ੍ਹਾਂ ਅਰਦਾਸਿਆਂ ਨਾਲ ਸਾਡੇ ਬੰਦੀਖਾਨੇ ਪਏ, ਦੂਰ ਗਏ, ਕਿਸੇ ਤਰ੍ਹਾਂ ਵਿਛੁੜੇ ਤੇ ਬੇਵਸ ਹੋਏ, ਯਾ ਕਸ਼ਟਾਂ ਦੇ ਮੂੰਹ ਆਏ ਪਿਆਰਿਆਂ ਦੀ ਸੁਰਤ ਨੂੰ ਇਸ ਤੋਂ ਤਕੜਾਈ ਨਾ ਪਹੁੰਚੀ ਹੋਵੇ?

ਬਸੰਤ ਕੌਰ – ਸੱਚ ਹੈ, ਗੁਰਸਿੱਖੀ ਧੰਨ ਹੈ, ਸਾਡਾ ਪੰਥਕ ਪ੍ਰੇਮ ਧੰਨ ਹੈ ਕਿ ਸਾਰੇ ਸਿਖ ਇਕ ਦੂਜੇ ਦੀ ਪੀੜ ਨੂੰ ਆਪਣੀ ਪੀੜਾ ਜਾਣਦੇ ਹਨ ਅਰ ਫੇਰ ਦੇਖੋ ਕਰਨੀਆਂ ਵਾਲੇ ਤੇ ਚੰਗੇ ਚੰਗੇ ਪੁਰਖ ਆਪਣਿਆਂ ਦੇ ਮਗਰ ਜਾਂਦੇ ਹਨ ਅਰ ਇਕ ਇਕ ਬੱਚਾ ਢੂੰਡ ਕੇ ਵਾਪਸ ਲਿਆਉਂਦੇ ਹਨ। ਧੰਨ ਸਿੱਖੀ, ਧੰਨ ਸਿੱਖੀ ਪ੍ਰੇਮ ! ਪਰ ਪਤੀ ਜੀ ਆਪ ਦਾ ਬੀ ਧੰਨ ਜਨਮ ਹੈ ! ਦੇਖੋ ਆਪਦੇ ਇਸ ਸਾਰੇ ਉੱਤਮ ਉਪਦੇਸ਼ ਵਿਚ ਐਸਾ ਜੀ ਲੱਗਾ ਰਿਹਾ ਹੈ ਕਿ ਇਸ ਵੇਲੇ ਮੇਰਾ ਮੋਹ ਤੇ ਭਰਮ ਦੂਰ ਹੋ ਗਿਆ ਹੈ। ਐਸੀ ਕਿਰਪਾ ਕਰੋ ਜੋ ਮਨ ਸਦਾ ਐਸਾ ਰਹੇ।
ਪਤੀ – ਸ੍ਰੀ ਗੁਰੂ ਜੀ ਨੇ ਸੁਰਤ ਦੇ ਲਹਾਉ ਚੜਾਉ ਪਰ ਸੁਖਮਨੀ ਸਾਹਿਬ ਵਿਚ ਸਾਫ ਦੱਸਿਆ ਹੈ ਕਿ ਇਹ ਹੇਠਾਂ ਉਤਾਂਹਾਂ ਹੁੰਦੀ ਰਹਿੰਦੀ ਹੈ : ਇਸ ਗੱਲ ਤੋਂ ਨਿਰਾਸ ਨਹੀਂ ਹੋਣਾ ਚਾਹੀਦਾ। ਦਾਰੂ ਇਸ ਦਾ ਸਦਾ ਸਿਮਰਨ ਵਿਚ ਰਹਿਣਾ ਹੈ ਅਤੇ ਸਤਿਸੰਗ . ਕਰਨਾ ਹੈ, ਜੈਸਾ ਓਥੇ ਹੀ ਦੱਸਿਆ ਹੈ :-

ਕਬਹੂ ਸਾਧਸੰਗਤਿ ਇਹੁ ਪਾਵੈ॥

ਉਸੁ ਅਸਥਾਨ ਤੇ ਬਹੁਰਿ ਨ ਆਵੈ॥ (ਸੁਖਮਨੀ)

ਬਸੰਤ ਕੌਰ – ਸਿਰਤਾਜ ਜੀ ! ਅੱਜ ਕੱਲ੍ਹ ਹੋ ਸਕੇ ਤਾਂ ਕੋਈ ਖ਼ਾਸ ਪ੍ਰਬੰਧ ਕਰੋ ਜਿਸ ਨਾਲ ਨਿਰੰਤਰ ਘਰ ਵਿਚ ਕੀਰਤਨ ਦਾ ਸਮਾਗਮ ਬਣੇ ਅਤੇ ਮਨ, ਸਾਧ ਸੰਗਤ ਦੇ ਚਰਨਾਂ ਵਿਚ ਰਹੇ।

ਪਤੀ – ਸਤਿ ਬਚਨ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਰਖਾਉਂਦੇ ਹਾਂ ਅਰ ਪਿਆਰਿਆਂ ਨੂੰ ਸੱਦ ਭੇਜਦੇ ਹਾਂ।

ਬਸੰਤ ਕੋਰ ਵਾਹ ਵਾਹ, ਬਹੁਤ ਹੀ ਚੰਗਾ ਹੈ।

ਅਗਲੇ ਦਿਨ ਦੂਰ ਨੇੜੇ ਦੇ ਪ੍ਰੇਮੀਆਂ ਨੂੰ ਸੁਨੇਹੇ ਪਹੁੰਚ ਗਏ ਅਤੇ ਭਾਈ ਸਾਹਿਬ ਦੇ ਘਰ ਸੰਗਤ ਆ ਜੁੜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਗਿਆ। ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸਾ ਸੋਧਿਆ ਗਿਆ ਕਿ ਕਾਬਲ ਗਏ ਕੈਦੀ ਸਹੀ ਸਲਾਮਤ ਵਾਪਸ ਆਉਣ ਅਰ ਸਤਿਗੁਰੂ ਉਨ੍ਹਾਂ ਦੂਰ ਗਿਆਂ ਦਾ ਅਤੇ ਉਹਨਾਂ ਦੇ ਮਗਰ ਗਿਆਂ ਦੀਆਂ ਮਿਹਨਤਾਂ ਵਿਚ ਆਪ ਸਹਾਈ ਹੋਵੇ। ਪੰਜ ਭੋਗ ਪਾ ਕੇ ਸੰਗਤ ਵਿਦਾ ਹੋ ਗਈ। ਇਹ ਪੰਦਰਾਂ ਵੀਹ ਦਿਨ ਭਾਈ ਸਾਹਿਬ ਦਾ ਘਰ ਸੱਚਖੰਡ ਬਣਿਆ ਰਿਹਾ। ਦਿਨ ਰਾਤ ਇਕ ਰਸ ਈਸ਼੍ਵਰ ਆਰਾਧਨਾ ਬਣੀ ਰਹੀ, ਆਰਾਧਨਾ ਵਾਲੇ ਸੁੱਚੇ ਹੀਰੇ, ਪ੍ਰੇਮਾ ਭਗਤੀ ਦੇ ਨਮੂਨੇ, ਸੱਚੇ, ਸੁੱਚੇ, ਤੇ ਸਾਫ਼ ਲੋਕ ਸਨ। ਲਗਾਤਾਰ ਸਤਿਸੰਗ ਨੇ ਬਸੰਤ ਕੌਰ ਤੇ ਬੜਾ ਅਸਰ ਕੀਤਾ ਅਤੇ ਉਸ ਦੀ ਮਮਤਾ ਦਾ ਭਰਿਆ ਦਿਲ ਕੁਛ ਆਸ ਤੇ ਸਿਦਕ ਵਿਚ ਉਚੇਰਾ ਹੋ ਗਿਆ।

-0-

16 ਕਾਂਡ ।

ਖ਼ਾਲ ਕੀਤਾ ਜਾਂਦਾ ਹੈ ਕਿ ਮੀਰ ਮੰਨੂੰ ਨੇ ਮਰਨ ਤੋਂ ਪਹਿਲਾਂ ਦਿੱਲੀ ਦਰਬਾਰ ਵਿਚ ਆਪਣਾ ਤਅੱਲਕ ਵਧਾਉਣ ਲਈ ਆਪਣੀ ਧੀ ਦਿੱਲੀ ਦੇ ਵਜ਼ੀਰ ਗਾਜ਼ੀਉਦੀਨ ਨਾਲ ਮੰਗਾਈ ਸੀ, ਪਰ ਮੁਰਾਦ ਬੇਗਮ ਤੇ ਉਸ ਦੀ ਧੀ ਇਸ ਗੱਲ ਦੇ ਵਿਰੁੱਧ ਸਨ।

ਜਦੋਂ ਬੇਗਮ ਤੇ ਉਮਰਾਵਾਂ ਦੀ ਅਨਬਣ ਹੋ ਗਈ ਤਾਂ ਗਾਜ਼ੀਉਦੀਨ ਨੇ ਸੱਯਦ ਜਮੀਲ ਨੂੰ ਉਸਦੀ ਸਹਾਯਤਾ ਲਈ ਲਾਹੌਰ ਘੱਲਿਆ; ਪਰ ਬੇਗਮ ਦੀ ਇਸ ਦੇ ਨਾਲ ਵੀ ਵਿਗੜ ਗਈ। ਬੇਗਮ ਨੇ ਅਬਦਾਲੀ ਨੂੰ ਆਪਣੀ ਸਹਾਇਤਾ ਲਈ ਚੋਰੀ ਸੱਦ ਘੱਲਿਆ।

ਗ਼ਾਜ਼ਉਦੀਨ ਇਹ ਚਲਾਕੀ ਮਲੂਮ ਕਰਕੇ ੧੮੧੨ ਬਿ: ਵਿਚ ਫ਼ੌਜ ਲੈ ਕੇ ਦਿੱਲੀਓਂ ਟੁਰਿਆ। ਬਹੁਤੀ ਫ਼ੌਜ ਮਾਛੀਵਾੜੇ ਛੱਡ ਕੇ ਥੋੜ੍ਹੀ ਜੇਹੀ ਨਾਲ ਲੈ ਕੇ ਇਸ ਬਹਾਨੇ ਤੱਤ ਫੱਟ ਲਾਹੌਰ ਪੁਜਾ ਕਿ ਮਾਨੋ ਆਪਣਾ ਵਿਆਹ ਕਰਨ ਆਇਆ ਹੈ। ਇਸ ਬਹਾਨੇ ਉਸਨੇ ਲਾਹੌਰ ਪਹੁੰਚ ਕੇ ਸ਼ਹਿਰ ਤੇ ਬੇਗ਼ਮ ਦਾ ਮਹਿਲ ਅਚਾਨਕ ਘੇਰ ਲਿਆ।
ਜਦ ਬੇਗਮ ਨਾ ਮੰਨੀ ਤਾਂ ਉਸ ਨੂੰ ਕੈਦ ਕਰਕੇ ਦਿੱਲੀ ਟੋਰ ਦਿੱਤਾ ਤੇ ਲਾਹੌਰ ਦੀ ਸੂਬੇਦਾਰੀ ੩੦ ਲੱਖ ਨਜ਼ਰਾਨਾ ਲੈ ਕੇ ਅਦੀਨਾ ਬੇਗ, ਦੁਆਬੇ ਦੇ ਹਾਕਮ ਨੂੰ ਦੇ ਦਿੱਤੀ। ਵਜ਼ੀਰ ਤਾਂ ਦਿੱਲੀ ਮੁੜ ਗਿਆ ਬੇਗਮ ਦੀ ਧੀ ਵੀ ਉਸ ਨੇ ਵਿਆਹ ਲਈ, ਪਰ ਅਹਿਮਦਸ਼ਾਹ ਅਬਦਾਲੀ ਇਹ ਖ਼ਬਰਾਂ ਸੁਣ ਕੇ ਕੰਧਾਰ ਤੋਂ ਪੰਜਾਬ ਤੇ ਸੰਮਤ ੧੮੧੩ ਬਿ: ਵਿਚ ਚੜ੍ਹ ਆਇਆ। ਅਦੀਨਾ ਬੇਗ ਉਸ ਦੇ ਅੱਗੇ ਲਗ ਕੇ ਭੱਜ ਉਠਿਆ ਤੇ ਪਹਾੜੀਂ ਜਾ ਲੁਕਿਆ। ਲਾਹੌਰ ਵਿਚ * ਆਪਣੀ ਕੁਛ ਫ਼ੌਜ ਛੋੜ ਕੇ ਅਬਦਾਲੀ ਅਗੇ ਟੁਰਿਆ। ਦੁਆਬੇ ਪੁੱਜ ਕੇ ਉਸ ਨੇ ਨਾਸਰੁੱਦੀਨ ਨੂੰ ਇਥੋਂ ਦਾ ਹਾਕਮ ਥਾਪਿਆ ਤੇ ਫੇਰ ਆਪ ਸਰਹਿੰਦ ਹੁੰਦਾ ਹੋਇਆ ਦਿੱਲੀ ਅਪੜਿਆ। ਨਵਾਬ ਨਜੀਬੁੱ- ਦੌਲਾ ਜੋ ਅੰਦਰਖਾਨੇ ਅਬਦਾਲੀ ਨਾਲ ਰਲਿਆ ਹੋਇਆ ਸੀ?, ਕਰਨਾਲ ਅਬਦਾਲੀ ਨੂੰ ਆ ਮਿਲਿਆ। ਓਧਰੋਂ ਪਾਤਸ਼ਾਹ ਆਲਮਗੀਰ ਤੇ ਗਾਜ਼ੀਉਦੀਨ ਵਜ਼ੀਰ ਬੀ ਅਬਦਾਲੀ ਨੂੰ ਦਸ ਕੋਹ ਅੱਗੇ ਆ ਮਿਲੇ ਤੇ ਹਮਲਾਆਵਰ ਨੂੰ ਬੜੇ ਆਦਰ ਨਾਲ ਸ਼ਹਿਰ ਲੈ ਗਏ। ਵਜ਼ੀਰ ਨੇ ਪਹਿਲਾਂ ਸੱਸ ਨਾਲ ਸੁਲਹ ਕੀਤੀ ਤੇ ਫੇਰ ਉਸਦੀ ਸਿਫ਼ਾਰਸ਼ ਨਾਲ ਅਬਦਾਲੀ ਤੋਂ ਮਾਫ਼ੀ ਲਈ । ਹੁਣ ਅਬਦਾਲੀ ਨੇ ਅਮੀਰਾਂ ਉਮਰਾਵਾਂ ਤੇ ਚੱਟੀਆਂ ਲਾਈਆਂ, ਤਲਾਸ਼ੀਆਂ ਲਈਆਂ ਲੱਖਾਂ ਹੀ ਰੁਪੱਯੇ ਕਢਵਾਏ। ਫੇਰ ਸ਼ਹਿਰ ਦੇ ਲੋਕਾਂ ਨੂੰ ਲੁੱਟਿਆ। ਦੋ ਮਹੀਨੇ ਸ਼ਹਿਰ ਤੇ ਲੁੱਟ ਦੀ ਉਹ ਬਿਪਤਾ ਰਹੀ ਜੋ ਨਾਦਰ ਦੀ ਲੁੱਟ ਭੁੱਲ ਗਈ, ਵਡੇ ਵਡੇ ਅਮੀਰਾਂ ਦੇ ਘਰਾਂ ਵਿਚ ਝਾੜੂ ਦਾ ਤੀਲਾ ਤਕ ਨਾ ਛਡਿਆ । ਅੰਤ ਅਬਦਾਲੀ ਨੇ ਆਪਣੇ ਪੁਤ੍ਰ ਤੈਮੂਰ ਸ਼ਾਹ ਦਾ ਵਿਆਹ ਮੁਹੰਮਦ ਸ਼ਾਹ ਦੇ ਪੁਤ੍ਰ ਅਹਿਮਦਸ਼ਾਹ ਦੀ ਲੜਕੀ ਨਾਲ ਕੀਤਾ। ਫੇਰ ਬੱਲਬ ਗੜ੍ਹ ਕਤਲ ਕਰਕੇ ਮਥੁਰਾ ਲੁੱਟੀ ਤੇ ਕਤਲਾਮ ਕੀਤੀ” ਫੇਰ ਆਗਰੇ ਤੇ ਕਹਿਰ ਟੁੱਟਾ ਤੇ ਗਿਰਦੇ ਦਾ ਦੇਸ਼ ਵੈਰਾਨ ਕੀਤਾ। ਹਜ਼ਾਰਾਂ ਹਿੰਦੂ ਗ਼ੁਲਾਮ ਬਣਾ ਕੇ ਨਾਲ ਲੈ ਟੁਰਿਆ, ਵਹਿਸ਼ੀਆਨਾ ਜ਼ੁਲਮ ਤੇ ਕਤਲਾਂ ਦੇ ਮਗਰੋਂ ਅਬਦਾਲੀ ਦਿੱਲੀ ਆਇਆ ਤੇ ਮੁਹੰਮਦ ਸ਼ਾਹ ਦੀ ਬੇਟੀ ਹਜ਼ਰਤ ਬੇਗਮ ਨਾਲ ਵਿਆਹ ਕਰਕੇ ਪਾਤਸ਼ਾਹ ਆਲਮਗੀਰ ਤੋਂ ਬਹੁਤ ਧਨ ਲੀਤਾ ਤੇ ਉਸ ਨੂੰ ਤਖ਼ਤ ਤੇ ਬਿਠਾਕੇ ਕੰਧਾਰ ਵੱਲ ਨੂੰ ਮੁੜ ਗਿਆ। ਲਾਹੌਰ ਨੂੰ ਮੁੜਦਿਆਂ ਰਸਤੇ ਉਹ ਹੋਣੀ ਹੋਈ ਸੀ ਕਿ ਜਿਸ ਵਿਚ ਸਤਵੰਤ ਕੌਰ ਕੈਦ ਪਈ ਸੀ।

ਉਪਰ ਦੱਸੇ ਹਾਲਾਤ ਮੂਜਬ ਜਦੋਂ ਅਬਦਾਲੀ ਦਿੱਲੀ ਨੂੰ ਗਿਆ ਸੀ ਤਾਂ ਮਗਰੋਂ ਅਦੀਨਾ ਬੇਗ ਪਹਾੜਾਂ ਤੋਂ ਉਤਰਿਆ ਸੀ। ਜਲੰਧਰ ਦੇ ਇਲਾਕੇ ਵਿਚ ਨਾਸਰੁੱਦੀਨ ਇਸ ਵੇਲੇ ਸਿਖਾਂ ਤੇ ਕਹਿਰ ਦੇ ਜ਼ੁਲਮ ਢਾ ਰਿਹਾ ਸੀ। ਨਾਸਰੁੱਦੀਨ ਨੇ ਹੁਣ ਸੋਢੀ ਵਡ- * ਭਾਗ ਸਿੰਘ ਸਾਹਿਬ ਨੂੰ ਐਸਾ ਤੰਗ ਕੀਤਾ ਕਿ ਉਨ੍ਹਾਂ ਨੂੰ ਬੀ ਨਸਣਾ ਪਿਆ। ਗੁਰਦੁਆਰੇ ਤੇ ਨਾਸਰੁੱਦੀਨ ਨੇ ਕਬਜ਼ਾ ਕਰਕੇ ਥੰਮ੍ਹ ਸਾਹਿਬ ਨੂੰ ਸਾੜ ਦਿੱਤਾ। ਉਥੇ ਗਊਆਂ ਕੁਹਾਈਆਂ, ਇਸਤ੍ਰੀਆਂ ਤੇ ਜ਼ੁਲਮ ਕਰਾਏ ਤੇ ਤਰ੍ਹਾਂ ਤਰ੍ਹਾਂ ਦੇ ਕਹਿਰ ਕਮਾਏ। ਇਨ੍ਹਾਂ ਦਿਨਾਂ ਵਿਚ ਪਿੰਡ ਭੈੜੀ (ਹੁਯਾਰਪੁਰ) ਦੇ ਲਾਗੇ ਸੋਢੀ ਸਾਹਿਬ ਤੇ ਅਦੀਨਾ- ਬੇਗ਼ ਦਾ ਮਿਲਾਪ ਹੋ ਗਿਆ। ਦੋਹਾਂ ਦਾ ਇਕ ਦੁੱਖ ਵਿਚ ਦੁਖੀ ਹੋਣ ਕਰਕੇ ਤੌਖਲਿਆਂ ਦੀ ਏਕਤਾ ਦੇ ਕਾਰਣ ਇਕ ਆਸ਼ਾ’ ਹੋ ਗਿਆ। ਏਥੇ ਹੀ ਹੁਣ ਇਹ ਗੋਂਦ ਗੁੰਦੀ ਗਈ ਕਿ ਜਲੰਧਰ ਤੋਂ ਨਾਸਰੁੱਦੀਨ ਨੂੰ ਕੱਢ ਦਿੱਤਾ ਜਾਵੇ। ਇਸ ਲਈ ਸੋਢੀ ਸਾਹਿਬ ਨੇ ਜੰਗਲਾਂ ਬਨਾਂ, ਪਹਾੜਾਂ ਤੇ ਬਾਰਾਂ ਵਿਚ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ। ਖਾਲਸੇ ਦੇ ਦਲ ਮੱਤੇ ਹੋਏ ਸ਼ੇਰਾਂ ਵਾਂਗੂੰ ਉਮੰਡ ਆਏ। ਇਕ ਭਾਰੀ ਫ਼ੌਜ ਇਕੱਤ੍ਰ ਹੋ ਗਈ। ਗੁਰਮਤਾ ਹੋ ਕੇ ਅਦੀਨਾ ਬੇਗ ਨਾਲ ਸ਼ਰਤਾਂ ਦਾ ਫੈਸਲਾ ਹੋਇਆ ਤੇ ਖਾਲਸੇ ਦੇ ਜੱਥੇਦਾਰ ਨਵਾਬ ਸਾਹਿਬ ਕਪੂਰ ਸਿੰਘ ਜੀ ਇਸ ਜੰਗ ਦੀ ਸਰਕਰਦਗੀ ਕਰਨ ਲਈ ਤੁਰਕੀ ਤੇ ਸਿੰਘ, ਦੁਹਾਂ ਦਲਾਂ ਪਰ ਥਾਪੇ ਗਏ। ਇਸ ਵੇਲੇ ਦੀ ਇਕ ਹਾਸ ਦੀ ਗੱਲ ਅੱਜ ਤੱਕ ਚਲੀ ਆਉਂਦੀ ਹੈ, ਉਹ ਇਹ ਹੈ ਕਿ ਅਦੀਨਾ ਬੇਗ ਦੇ ਮੁਸਲਮਾਨ ਸਿਪਾਹੀਆਂ ਤੇ ਨਾਸਰੁੱਦੀਨ ਦੀ ਮੁਸਲਮਾਨ ਸੈਨਾਂ ਦੀ ਪੁਸ਼ਾਕ ਨੀਲੀ ਜੇਹੀ ਇਕ ਰੰਗੀ ਸੀ, ਤਾਂਤੇ ਖ਼ਤਰਾ ਸੀ ਕਿ ਖਾਲਸਾ ਜੀ ਕਿਤੇ ਨਾਸਰੁੱਦੀਨ ਦੀ ਸੈਨਾ ਨਾਲ ਲੜਦੇ ਘਰ ਵਿਚ ਖਾਨਾ ਜੰਗੀ ਤੇ ਹੀ ਭੁਲੇਖੇ ਸਿਰ ਨਾ ਉਤਰ ਪੈਣ ਇਸ ਕਰਕੇ ਜਥੇਦਾਰ ਨੇ ਹਰੇਕ ਮੁਸਲਮਾਨ ਨੂੰ ਹੁਕਮ ਦਿਤਾ ਕਿ ਆਪਣੀ ਦਸਤਾਰ ਵਿਚ ਕਣਕ ਦੇ ਸਿੱਟੇ ਕੱਸ ਕੇ ਬੰਨ੍ਹ ਲਵੋ, ਜੋ ਖਾਲਸਾ ਜੀ ਆਪਣੇ ਵੱਲ ਦਿਆਂ ਨੂੰ ਪਛਾਣ ਸੱਕਣ। ਨਵਾਬ ਸਾਹਿਬ ਨੇ ਸ਼ੁਰੂ ਕਰਨ ਲਈ ਆਪਣੀ ਹੱਥੀਂ ਕੁਛ ਸਿੱਟੇ ਅਦੀਨਾ ਬੇਗ ਦੀ ਪੱਗ ਵਿਚ ਅਤੁੰਬ ਦਿੱਤੇ। ਆਖਦੇ ਹਨ ਕਿ ਅਦੀਨਾ ਬੇਗ ਨੇ ਇਸ ਗੱਲ ਨੂੰ ਆਪਣੀ ਫਤੇ ਦਾ ਸ਼ਗਨ ਸਮਝ ਕੇ ਸ਼ੁਕਰੀਆ ਕੀਤਾ, ਪਰੰਤੂ ਇਸ ਨਿਸ਼ਾਨ ਨੇ ਵੈਰੀ ਨੂੰ ਬੀ ਲਾਭ ਪਹੁੰਚਾਇਆ। ਘੋਰ ਜੁੱਧ ਸ਼ੁਰੂ ਹੋ ਗਿਆ, ਸਿੱਖਾਂ ਦੇ ਹਮਲੇ ਦੀ ਹੁੰਦੀ ਤੇ ਕੌਮੀ ਜੋਸ਼ ਅਰ ਬੇਗੁਨਾਹਾਂ ਦੇ ਕਤਲ ਹੋਣ ਤੇ ਗੁਰਦੁਆਰਿਆਂ ਦੇ ਬੇਅਦਬੀ ਦਾ ਗੁੱਸਾ ਕਟਕ ਕੇ ਸਿਰਾਂ ਨੂੰ ਜਾ ਚੜ੍ਹਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਇਕ ਦਸਤਾ ਫੌਜ ਦਾ ਲੈ ਕੇ ਸੱਜੇ ਪਰ੍ਹੇ ਪਰ ਇਸ ਜ਼ੋਰ ਨਾਲ ਜਾ ਕੇ ਪਏ ਕਿ ਚਲਦੀਆਂ ਤੋਪਾਂ ਦੇ ਸਿਰ ਤੇ ਪਹੁੰਚਕੇ ਮੂੰਹ ਬੰਦ ਕਰ ਦਿਤੇ ਅਰ ਸ਼ਮਸ਼ੇਰ ਖਾਂ ਸੈਨਾਪਤੀ ਦਾ ਸਿਰ ਉਡਾ ਦਿੱਤਾ। ਦੂਸਰੇ ਪਾਸੇ ਸੱਯਦ ਖ਼ੈਰ ਸ਼ਾਹ ਸਰਦਾਰ ਕਰਮ ਸਿੰਘ ਜੀ ਪੰਜ ਗੜ੍ਹੀਏ ਹੱਥੋਂ ਕਤਲ ਹੋ ਗਿਆ। ਜਦ ਦੋ ਵੱਡੇ ਸਰਦਾਰ ਗਾਜਰਾਂ ਦੀ ਤਰ੍ਹਾਂ ਕੱਟੇ ਗਏ ਤਦ ਕੀਹ ਸੀ? ਨਾਸਰੁੱਦੀਨ ਦੀ ਫ਼ੌਜ ਉੱਠ ਨੱਸੀ। ਸਿੱਖ ਸ਼ਹਿਰ ਜਲੰਧਰ ਵਿਚ ਜਾ ਵੜੇ ਤੇ ਪਲੋ ਪਲੀ ਵਿਚ ਕਬਜ਼ਾ ਕਰ ਲਿਆ। ਇਸ ਵੇਲੇ ਨਾਸਰੁੱਦੀਨ ਬੀ ਇਕ ਦਸਤੇ ਦੇ ਹੱਥ ਆ ਗਿਆ। ਗੁਰਦੁਆਰਾ ਸਾੜਨ ਦੇ ਜੁਰਮ ਵਿਚ ਉਸ ਨੂੰ ਆਪਣੀ ਜਾਨ ਦੇਣੀ ਪਈ*। ਅਦੀਨਾ ਬੇਗ ਨੇ ਇਸ ਵੇਲੇ ਪੰਜ ਹਜ਼ਾਰ ਦਾ ਕੜਾਹ ਪ੍ਰਸ਼ਾਦ ਕਰਵਾਕੇ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਕੀਤਾ ਅਤੇ ਕੁਛ ਹਜ਼ਾਰ ਰੁਪਯਾ ਗੁਰਦੁਆਰੇ ਦੀ ਮੁਰੰਮਤ ਵਾਸਤੇ ਨਜ਼ਰ ਕੀਤਾ, ਜੋ ਖਾਲਸੇ ਨੇ ਦਿਨਾਂ ਵਿਚ ਹੀ ਫੇਰ ਬਣਾ ਲਿਆ। ਅਦੀਨਾ ਬੇਗ਼ ਨੇ ਇਸ ਮੰਦਰ ਨਾਲ ਜਗੀਰ ਲਾਈ, ਜਿਸ ਦਾ ਕੁਛ ਹਿੱਸਾ ਅੱਜ ਤੱਕ ਮੰਦਰ ਦੇ ਨਾਲ ਟੁਰਿਆ ਆਉਂਦਾ ਹੈ। ਜਿਨ੍ਹਾਂ ਜਿਨ੍ਹਾਂ ਸਿਖਾਂ ਦੇ ਘਰ ਬਾਰ ਬਰਬਾਦ ਹੋਏ ਸੇ ਅਦੀਨਾ ਬੇਗ ਨੇ ਸਭ ਦੇ ਨੁਕਸਾਨ ਭਰ ਦਿੱਤੇ ਤੇ ਖਾਲਸੇ ਨਾਲ ਮੇਲ ਵਧਾ ਲਿਆ।

ਅਹਿਮਦਸ਼ਾਹ ਤਾਂ ਕਾਹਲੀ ਦਾ ਮਾਰਿਆ ਕੰਧਾਰ ਨੂੰ ਟੁਰ ਗਿਆ ਸੀ ਆਪਣੇ ਪੁੱਤ੍ਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬਾ ਥਾਪ ਗਿਆ ਸੀ ਤੇ ਜਹਾਂ ਖ਼ਾਂ ਨੂੰ ਉਸਦਾ ਵਜ਼ੀਰ ਅਤੇ ਪੁਤ੍ਰ ਨੂੰ ਕਹਿ ਗਿਆ ਸੀ ਕਿ ਸਿੱਖਾਂ ਨੂੰ ਦੰਡ ਦੇਣਾ। ਸੋ ਤੈਮੂਰ ਨੇ ਸਿੱਖਾਂ ਤੇ ਸਖ਼ਤੀ ਸ਼ੁਰੂ ਕੀਤੀ, ਪਰ ਸਿੱਖ ਕਦ ਦਾਉ ਹੇਠ ਆਉਂਦੇ ਸੇ? ਵੱਸਦਾ ਪੰਜਾਬ ਫੇਰ ਖਾਲੀ ਹੋ ਗਿਆ ਅਰ ਖਾਲਸਾ ਜੀ ਬਨਾਂ ਤੇ ਬਾਰਾਂ ਵਿਚ ਜਾ ਵੜੇ।

ਸ਼ਾਹਜ਼ਾਦਾ ਤੈਮੂਰ ਨੂੰ ਇਕ ਦਿਨ ਆਪਣੇ ਦੇਸ਼ ਤੋਂ ਪਾਤਸ਼ਾਹੀ ਖ਼ਤਾਂ ਵਿਚ ਇਕ ਨਿਜ ਦਾ ਰੁੱਕਾ ਆਇਆ, ਜਿਸ ਵਿਚ ਸਤਵੰਤ ਕੌਰ ਦੇ ਪਿੰਡ ਦਾ ਪਤਾ ਲਿਖਿਆ ਸੀ ਅਰ ਇਹ ਹੁਕਮ ਸੀ ਕਿ ਉਸ ਪਿੰਡ ਤੋਂ ਪਤਾ ਕਰੋ ਕਿ ਹਿੰਮਤ ਸਿੰਘ ਦੀ ਲੜਕੀ ਜੋ ਮੀਰ ਜਾਫਰ ਦਾਉ ਨਾਲ ਕੈਦ ਕਰਕੇ ਲੈ ਆਇਆ ਸੀ, ਮੜਕੇ ਘਰ ਪਹੁੰਚ ਗਈ ਹੈ ਕਿ ਨਹੀਂ। ਜੇ ਪਹੁੰਚ ਗਈ ਹੋਵੇ ਤਾਂ ਕੈਦ ਕਰਕੇ ਕਾਬਲ ਵਾਪਸ ਭੇਜੀ ਜਾਵੇ ਤੇ ਜੇ ਨਾ ਪਹੁੰਚੀ ਹੋਵੇ ਤਾਂ ਕਿਸੇ ਨਾਲ ਕੋਈ ਸਖ਼ਤੀ ਨਰਮੀ ਨਾ ਕੀਤੀ ਜਾਵੇ। ਪੁਛ ਗਿੱਛ ਵੀ ਚੁਪ ਚਾਪ ਹੋਵੇ, ਆਮ ਤੌਰ ਤੇ ਨਾ ਹੋਵੇ। ਤੈਮੂਰ ਸ਼ਾਹ ਨੇ ਇਸ ਕੰਮ ਪਰ ਆਪਣੇ ਇਕ ਇਤਬਾਰੀ ਆਦਮੀ ਨੂੰ ਲਗਾਇਆ ਜੋ ਆਪਣਾ ਪ੍ਰਬੰਧ ਕਰਕੇ ਟੁਰ ਗਿਆ। ਦੋ ਇਕ ਜ਼ਨਾਨੀਆਂ ਨੇ ਪਿੰਡ ਵਿਚ ਜਾ ਕੇ ਚੁਪ ਚੁਪਾਤੇ ਪਤੇ ਕੀਤੇ ਤਾਂ ਇਤਨਾ ਪਤਾ ਲੱਗਾ ਕਿ ਇਸ ਨਾਮ ਦੀ ਇਕ ਅਤਿ ਨੇਕ ਧਰਮਾਤਮਾਂ ਤੇ ਦੇਵੀ ਕੰਨ੍ਹਾਂ ਇਕ ਕਾਬਲੀ ਸਰਦਾਰ ਨੇਕੀ ਦੇ ਬਦਲੇ ਬਦੀ ਕਰਦਾ ਹੋਇਆ ਕੈਦ ਕਰਕੇ ਲੈ ਗਿਆ ਸੀ, ਪਰ ਉਸ ਦੇ ਮਾਂ ਬਾਪ ਨੂੰ ਮੁੜਕੇ ਕੁਛ ਸੁੱਧ ਨਹੀਂ ਆਈ ਕਿ ਲੜਕੀ ਦਾ ਕੀ ਹੋਇਆ।

ਭਾਵੇਂ ਜ਼ਨਾਨੀਆਂ ਨੇ ਸ਼ਹਿਰ ਤੋਂ ਹਾਲ ਚੁਪ ਚੁਪਾਤੇ ਕੱਢਿਆ, ਪਰ ਬਸੰਤ ਕੌਰ ਨੂੰ ਪਤਾ ਲੱਗ ਗਿਆ ਸੀ ਕਿ ਸਤਵੰਤ ਕੌਰ ਦੀ ਪੁੱਛ ਗਿੱਛ ਹੋ ਰਹੀ ਹੈ, ਮਾਂ ਦੀ ਮਮਤਾ ਕਦ ਅਟਕਣ ਦੇਂਦੀ ਹੈ? ਥਹੁ- ਥਿੱਤਾ ਲੈਂਦੀ ਉਹਨਾਂ ਸੂਹੀਆਂ ਤ੍ਰੀਮਤਾਂ ਨੂੰ ਜਾ ਹੀ ਮਿਲੀ ਅਰ ਇਸ ਤਰ੍ਹਾਂ ਨਾਲ ਧੀ ਦੇ ਹਾਲਾਤ ਕਹੇ ਕਿ ਉਹ ਪੱਥਰ ਬੀ ਮੋਮ ਹੋ ‘ਗਈਆਂ। ਵਿਸ਼ੇਸ਼ ਪਤਾ ਤਾਂ ਉਹਨਾਂ ਨੂੰ ਬੀ ਕੁਛ ਨਹੀਂ ਸੀ, ਪਰ ਇੰਨਾਂ ਬਸੰਤ ਕੌਰ ਥਹੁ ਲੈ ਆਈ ਸੀ ਕਿ ਕਾਬਲ ਤੋਂ ਇਹ ਪੁਛ ਕੀਤੀ ਗਈ ਹੈ ਕਿ ਕਾਕੀ ਘਰ ਪਹੁੰਚੀ ਹੈ ਕਿ ਨਹੀਂ ? ਹੁਣ ਘਰ ਵਿਚ ਵੀਚਾਰ ਸ਼ੁਰੂ ਹੋਈ, ਸਭਨਾਂ ਨੇ ਇਹ ਸਿੱਟਾ ਕੱਢਿਆ ਕਿ ਸਤਵੰਤ ਕੌਰ ਉਥੇ ਜ਼ਰੂਰ ਕਿਸੇ ਵੱਡੇ ਆਦਮੀ ਦੇ ਹੱਥ ਚੜ੍ਹੀ ਹੈ ਨਹੀਂ ਤਾਂ ਇਤਨੀ ਭਾਲ ਕਿੱਕੂੰ ਹੋਣੀ ਸੀ ਤੇ ਇਹ ਜੋ ਭਾਲ ਹੋ ਰਹੀ ਹੈ, ਇਸ ਦਾ ਸਾਫ ਮਤਲਬ ਹੈ ਕਿ ਉਹ ਆਪਣੀ ਬੰਦੀ ਵਿਚੋਂ ਨੱਸ ਟੁਰੀ ਹੈ। ਉਸ ਦਾ ਨੱਸ ਟੁਰਨਾ ਦੱਸਦਾ ਹੈ ਕਿ ਉਸਦਾ ਧਰਮ ਕਾਇਮ ਹੈ ਅਰ ਉਸ ਨੂੰ ਆਪਣੇ ਘਰ ਪਹੁੰਚਣ ਦੀ ਸਿੱਕ ਹੈ। ਉਸ ਧਰਮ ਪਿਆਰੀ ਮਾਂ ਨੂੰ ਅੱਜ ਇਕ ਠੰਢ ਤਾਂ ਪੈ ਗਈ ਕਿ ਮੇਰੀ ਪਿਆਰੀ ਆਪਣੇ ਧਰਮ ਵਿਚ ਹਰੀ ਕੈਮ ਹੈ ਦੁਖ ਚਾਹੇ ਪਾਉਂਦੀ ਹੋਵੇ, ਪਰ ਧਰਮ ਰੱਖ੍ਯਾ ਲਈ ਜੋਧਨ ਕਰ ਰਹੀ ਹੈ, ਮਾਂ ਦੀਆਂ ਆਂਦਰਾਂ ਦਾ ਸੰਸਾਰੀ ਹਿੱਸਾ ਤਾਂ ਤੜਫਨੀ ਵਿਚ ਹੈ, ਪਰ ਵੱਡੀ ਤੜਫਨੀ ਜੋ ਧਰਮ ਦੀ ਆਨ ਨੂੰ ਵੱਜਦੀ ਸੀ, ਦੂਰ ਹੋ ਗਈ, ਕਿਉਂਕਿ ਇਹ ਨਿਸ਼ਚਾ ਬਹੁਤ ਸੁਖਦਾਈ ਸੀ ਕਿ ਜੋ ਕਾਬਲੋਂ ਉੱਠ ਨੱਸੀ ਹੈ ਅਰ ਫੇਰ ਹੱਥ ਨਹੀਂ ਆਈ, ਜੇ ਕਦੇ ਫਸ ਬੀ ਗਈ ਤਾਂ ਜਾਨ ਪਰ ਖੇਡੇਗੀ, ਧਰਮ ਪਰ ਕਦੇ ਨਹੀਂ ਖੇਡੇਗੀ। ਅੱਜ ਬਸੰਤ ਕੌਰ ਦੇ ਘਰ ਕੀਰਨੇ ਨਹੀਂ ਪਏ, ਪੱਲੇ ਨਹੀਂ ਪਾਏ ਗਏ, ਸਹੇਲੀਆਂ ਤੇ ਸਾਕਾਂ ਦੀਆਂ ਤ੍ਰੀਮਤਾਂ ਵੈਣ ਪਾਉਣ ਨਹੀਂ ਆਈਆਂ ਪਰਚਾਉਣੀ ਤੇ ਜਣਾਉਣੀ ਨਹੀਂ ਹੋਈ। ਅੱਜ ਖੁਸ਼ੀ ਮਨਾਈ ਗਈ ਹੈ, ਅਰਦਾਸਾ ਸੋਧਿਆ ਗਿਆ ਹੈ, ਸ਼ੁਕਰ ਕੀਤਾ ਗਿਆ ਹੈ ਲੋਹੇ ਦੀ ਖਾਣ ਵਿਚ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਖਾਣ ਤੋਂ ਵਿਛੁੜ ਲੋਹੇ ਨੇ ਆਪਣੀ ਲੋਹਸਾਰੀ ਕਰੜਾਈ ਨਹੀਂ ਛੱਡੀ। ਜਿੱਥੇ ਜਿੱਥੇ ਸਿੱਖਾਂ ਵਿਚ ਖਬਰ ਹੁੰਦੀ ਹੈ ਵਧਾਈ ਆਉਂਦੀ ਹੈ ਅਰ ਹਰ ਸਿੱਖ ਸੁਣਦੇ ਸਾਰ ਹੱਥ ਜੋੜ ਉੱਠ ਖੜੋਂਦਾ ਤੇ ਸ਼ੁਕਰੀਆ ਕਰਦਾ ਹੈ ਕਿ ਹੇ ਵਾਹਿਗੁਰੂ ! ਤੂੰ ਧੰਨ ਹੈਂ ਜੋ ਸਾਡੇ ਬੱਚਿਆਂ ਦਾ ਬਾਟ ਘਾਟ, ਦੁਖ ਸੁਖ, ਦੁਸ਼ਮਨਾਂ ਦੇ ਘੁਰਿਆਂ ਵਿਚ ਬੀ ਸਹਾਈ ਹੋ ਰਿਹਾ ਹੈਂ। ਫੇਰ ਅਰਦਾਸਾ ਸੋਧਿਆ ਜਾਂਦਾ ਹੈ ਕਿ ਗੁਰੂ ਜੀ! ਪ੍ਯਾਰੀ ਦੀ ਸਹਾਇਤਾ ਕਰੋ, ਉਸਦੇ ਰਸਤੇ ਦੇ ਆਗੂ ਹੋਵੋ ਅਰ ਬਚਾਕੇ ਘਰੀਂ ਲਿਆਓ : ‘ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਇਹ ਅਰਦਾਸਾ ਉਨ੍ਹਾਂ ਸਮਿਆਂ ਦਾ ਸਿਖਾਂ ਦਾ ਜੀਉਂਦਾ ਇਤਿਹਾਸ ਹੈ।

ਲਾਹੌਰ ਦੇ ਤਖ਼ਤ ਤੇ ਬੈਠਾ ਤੈਮੂਰ ਸ਼ਾਹ ਅਦੀਨਾ ਬੇਗ ਨੂੰ ਆਪਣੇ ਤਾਬੇ ਪੱਕੀ ਕਰਨ ਦੇ ਫਿਕਰ ਵਿਚ ਸੀ। ਇਕ ਵੇਰ ਬਹਾਨੇ ਪਾ ਕੇ ਸ਼ਾਹਜ਼ਾਦੇ ਨੇ ਅਦੀਨਾ ਬੇਗ ਨੂੰ ਕਿਸੇ ਮਸ਼ਵਰੇ ਲਈ ਲਾਹੌਰ ਸੱਦ ਭੇਜਿਆ। ਉਸ ਨੇ ਉੱਤਰ ਦਿੱਤਾ ਕਿ ਮੇਰੇ ਇਲਾਕੇ ਵਿਚ ਸਿੱਖਾਂ ਨੇ ਫਸਾਦ ਪਾ ਰੱਖਿਆ ਹੈ, ਮੈਂ ਇਸ ਕਰਕੇ ਅਜੇ ਨਹੀਂ ਆ ਸਕਦਾ। ਇਸ ਪਰ ਸ਼ਾਹਜ਼ਾਦੇ ਨੇ ਨੀਤੀ ਤੋਂ ਕੰਮ ਨਾ ਲਿਆ ਪਠਾਣੀ ਗੁੱਸੇ ਵਿਚ ਆ ਕੇ ਉਸ ਦੇ ਫੜਨੇ ਲਈ ਫ਼ੌਜ ਭੇਜ ਦਿੱਤੀ। ਅੱਗੇ ਅਦੀਨਾ ਬੇਗ ਸੀ, ਜਿਸ ਦੀਆਂ ਚਾਲਾਂ ਦਾ ਜਾਣੂੰ ਨਿਰਾ ਇਕੋ ਉਹੋ ਆਪ ਸੀ। ਜਦ ਲਾਹੌਰ ਦੀ ਫੌਜ ਜਲੰਧਰ ਪਹੁੰਚੀ ਤਦੋਂ ਅਦੀਨਾ ਬੇਗ (ਲਤੀਫ ਲਿਖਦਾ ਹੈ ਕਿ-) ਸਿੱਖ ਸੈਨਾ ਲੈ ਕੇ ਉਸ ਨਾਲ ਲੜਿਆ ਤੇ ਉਹ ਹਾਰ ਖਾ ਕੇ ਵਟਾਲੇ ਨੂੰ ਮੁੜ ਗਈ। ਹਾਰ ਦਾ ਹਾਲ ਸੁਣ ਕੇ ਜਹਾਂ ਖਾਂ ਆਪ ਦੁਆਬੇ ਵੱਲ ਵਧਿਆ ਤੇ ਆਪ ਵਟਾਲੇ ਅੱਪੜਕੇ ਉਸ ਨੇ ਮੁਰਾਦ ਖਾਂ ਨੂੰ ਜੋ ਹਾਰ ਖਾ ਕੇ ਜਲੰਧਰ ਤੋਂ ਮੁੜਿਆ ਸੀ, ਮਰਵਾ ਦਿੱਤਾ, ਇਸ ਸ਼ੁਭੇ ਵਿਚ ਕਿ ਉਹ ਅਦੀਨਾ ਬੇਗ਼ ਨਾਲ ਰਲ ਗਿਆ ਸੀ। ਲਾਹੌਰੋਂ ਵੱਡੀ ਸੈਨਾ ਦੀ ਖ਼ਬਰ ਪਾ ਕੇ ਅਦੀਨਾ ਬੇਗ ਪਹਾੜਾਂ ਨੂੰ ਫੇਰ ਨੱਸ ਗਿਆ। ਹੁਣ ਜਹਾਂ ਖਾਂ ਤੇ ਸ਼ਾਹਜ਼ਾਦਾ ਤੈਮੂਰ ਸਿੱਖਾਂ ਦੇ ਮਗਰ ਪੈ ਗਏ ਤੇ ਰਾਮਰੌਣੀ ਤੇ ਹਮਲਾ ਕਰ ਦਿੱਤਾ । ਰਾਮਰੌਣੀ ਢਾਹ ਦਿੱਤੀ ਤੇ ਗੁਰਦਵਾਰਿਆਂ ਦੀ ਬੇਅਦਬੀ ਵੀ ਕੀਤੀ। ਇਹ ਖ਼ਬਰ ਸੁਣ ਕੇ ਖਾਲਸਾ ਚਾਰ ਚੁਫੇਰਿਓਂ ਉਮਡ ਆਇਆ। ਖੂਬ ਜੰਗ ਹੋਏ। ਪੰਜਾਬ ਵਿਚ ਤੜਥੱਲ ਮਚ ਗਿਆ। ਹਾਲ ਲੰਮੇ ਹਨ, ਪਰ ਸੰਖੇਪ ਗੱਲ ਇਹ ਹੈ ਕਿ ਸਿੱਖਾਂ ਦਾ ਹੱਥ ਉੱਚਾ ਰਿਹਾ ਤੇ ਲਤੀਫ਼ ਲਿਖਦਾ. ਹੈ ਕਿ ਪਹਿਲੀ ਪੂਰੀ ਫਤੇ ਸਿੱਖਾਂ ਨੂੰ ਇਸ ਸਮੇਂ ਹੋਈ। ੧੭੫੮ ਈ: (੧੮੧੫ ਬਿ:) ਦੇ ਅੱਧ ਦੇ ਲਗਪਗ ਤੈਮੂਰ ਸ਼ਾਹ ਤੇ ਜਹਾਂ ਖ਼ਾਂ ਚੁਪਾਤੇ ਲਾਹੌਰ ਖਾਲੀ ਕਰਕੇ ਅਹਿਮਦ ਸ਼ਾਹ ਪਾਸ ਟੁਰ ਗਏ। ਸਿੱਖਾਂ ਦੀ ਕਾਮਯਾਬੀ ਨਾਲ ਦੁਖ ਕੇ ਅਦੀਨਾ ਬੇਗ ਨੇ ਹੁਣ ਮਰਹੱਟੇ ਪੰਜਾਬ ਵਿਚ ਬੁਲਾਏ।

ਦੱਖਣ ਤੇ ਹਿੰਦੁਸਤਾਨ ਦੇ ਇਲਾਕੇ ਵਿਚ ਮਰਹੱਟਿਆਂ ਦਾ ਜ਼ੋਰ ਫੈਲ ਰਿਹਾ ਸੀ, ਇਨ੍ਹਾਂ ਵਲ ਅਦੀਨਾ ਬੇਗ ਨੇ ਇਕ ਏਲਚੀ ਭੇਜਿਆ ਕਿ ਤੁਸੀਂ ਕਿੱਧਰ ਭੁੱਲੇ ਫਿਰ ਰਹੇ ਹੋ, ਪੰਜਾਬ ਸੁੰਞਾ ਪਿਆ ਹੈ, ਕੋਈ ਮਾਲਕ ਨਹੀਂ ਹੈ ਇਧਰ ਮੁਹਾੜਾਂ ਮੋੜੋ ਅਰ ਆ ਕੇ ਦੇਸ਼ ਨੂੰ ਸਾਂਭ ਲਵੋ, ਮੈਂ ਮਦਦ ਲਈ ਤਿਆਰ ਹਾਂ। ਸਗੋਂ ਜਿਸ ਦਿਨ ਤੁਸੀਂ ਸਤਲੁਜ ਟੱਪੋ ਲਾਹੌਰ ਤੋੜੀ ਲੱਖ ਰੁਪੱਯਾ ਪੜਾ ਲਓ, ਦੇਸ਼ ਫਤਹ ਕਰੋ। ਮੈਨੂੰ ਲਾਲਚ ਏਨਾ ਏ ਕਿ ਜਲੰਧਰ ਦੀ ਸੂਬੇਦਾਰ ਮੇਰੀ ਨਾ ਖੋਹੀ ਜਾਵੇ। ਜਦ ਇਹ ਖਬਰ ਪਹੁੰਚੀ ਤਦੋਂ ਮਰਹੱਟੇ ਇੱਧਰ ਝੁਕੇ। ਮਲਹਾਰ ਰਾਓ ਤੇ ਰਾਘੋ ਰਾਏ ਆਦਿਕ ਸਰਦਾਰ ਆਪਣੇ ਤਾਬੇ ਬਹੁਤੀ ਫ਼ੌਜ ਤੇ ਤੋਪਖਾਨੇ ਲੈ ਕੇ ਪੰਜਾਬ ਵਲ ਟੁਰੇ। ਸੰਮਤ ੧੮੧੩-੧੪ ਵਿਚ ਸਰਹਿੰਦ ਦੇ ਨਵਾਬ ਨਾਲ ਮੁਕਾਬਲਾ ਪਿਆ, ਇਧਰੋਂ ਆਦੀਨਾ ਬੇਗ ਤੇ ਸਿੱਖ ਪਹੁੰਚ ਪਏ; ਇਹ ਗੱਲ ਅਨਹੋਣੀ ਸੀ ਕਿ ਸਰਹਿੰਦ ਉੱਤੇ ਹਮਲਾ ਹੋਵੇ ਤੇ ਸਿਖ ਅਝਕਣ, ਵਗਦੀ ਅੱਗ ਵਿਚ ਪੌੜੀਆਂ ਲਾਕੇ ਸ਼ਹਿਰ ਦੀ ਫਸੀਲ ਤੇ ਜਾ ਚੜ੍ਹੇ ਤੇ ਸੀਨਾਜ਼ੋਰੀ ਨਾਲ ਅੰਦਰ ਕੁੱਦ ਪਏ, ਦੇਖਦੇ ਦੇਖਦੇ ਸ਼ਹਿਰ ਸਰ ਹੋ ਗਿਆ। ਹੰਕਾਰੀ ਮਰਹੱਟੇ ਸਿੱਖਾਂ ਦੀ ਇਹ ਬਹਾਦਰੀ ਦੇਖਕੇ ਅਸ਼ ਅਸ਼ ਕਰ ਉਠੇ। ਸਰਹਿੰਦ ਹੱਥ ਆ ਗਿਆ। ਮਰਹੱਟਿਆਂ ਨੇ ਕਬਜ਼ਾ ਕਰਕੇ ਸਦੀਕ ਬੇਗ ਖਾਂ ਨੂੰ ਆਪਣਾ ਹਾਕਮ ਥਾਪਿਆ ਤੇ ਅੱਗੇ ਟੁਰੇ। ਖੰਨੇ ਕੋਲ, ਜਦ ਪਹੁੰਚੇ ਤਦ ਮਰਹੱਟੇ ਇਕ ਮੂਰਖਤਾ ਵਿਚ ਆ ਗਏ। ਜੇ ਕਦੇ ਇਸ ਵੇਲੇ ਮਰਹੱਟੇ ਅਰ ਸਿੱਖ ਇਕ ਜਾਨ ਹੋ ਜਾਂਦੇ ਤਾਂ ਸਾਰਾ ਦੇਸ਼ ਇਨ੍ਹਾਂ ਦੋਹਾਂ ਤਾਕਤਾਂ ਦੇ ਹੱਥ ਆ ਜਾਂਦਾ ਅਰ ਹਿੰਦੁਸਤਾਨ ਇਕ ਵੇਰ ਤਾਂ ‘ਹਿੰਦੀ ਹਿੰਦ ਹੋ ਕੇ ਆਜ਼ਾਦੀ ਦਾ ਪੰਘੂੜਾ ਝੂਟ ਲੈਂਦਾ, ਪਰ ਮਰਹੱਟਿਆਂ ਨੇ ਸਰਹਿੰਦ ਦੇ ਖਜ਼ਾਨੇ ਤੇ ਸ਼ਹਿਰ ਦੀ ਲੁੱਟ ਦਾ ਮਾਲ ਸਿੱਖਾਂ ਤੋਂ ਵਾਪਸ ਮੰਗਿਆ, ਜਦ ਉਨ੍ਹਾਂ ਨਾਂਹ ਕੀਤੀ ਤੇ ਦੱਸਿਆ ਕਿ ਅਸਾਂ ਜੋ ਕੁਛ ਲਿਆ ਹੈ ਇਹ ਅਦੀਨਾ ਬੇਗ ਨਾਲ ਸਾਡੀ ਸ਼ਰਤ ਸੀ ਅਰ ਅਸਾਂ ਇਸ ਮਾਲ ਨਾਲ ਦੇਸ਼ ਦੇ ਵੈਰਾਨ ਹੋ ਗਏ ਗਰੀਬਾਂ ਤੇ ਮਜ਼ਲੂਮ ਸਿੱਖਾਂ ਨੂੰ ਪਾਲਣਾ ਹੈ ਅਰ ਆਪਣੀ ਜੰਗੀ ਤਾਕਤ ਦੇ ਸਾਮਾਨ ਖ਼ਰੀਦਣੇ ਹਨ, ਅਸੀਂ ਕਦੇ ਇਹ ਨਹੀਂ ਮੋੜਾਂਗੇ। ਇਹ ਝਗੜਾ ਉਸ ਪਿੰਡ ਤੇ ਹੋ ਰਿਹਾ ਹੈ, ਜਿਥੇ ਗ਼ਰੀਬ ਸਤਵੰਤ ਕੌਰ ਨੇ ਜਨਮ ਧਾਰਿਆ ਸੀ, ਜਿਥੋਂ ਦੀ ਮਿੱਟੀ ਨੇ ਉਸ ਦੀ ਕਾਯਾਂ ਡੋਲੀ ਸੀ, ਜਿਥੋਂ ਦੇ ਪਾਣੀ ਤੇ ਪੌਣ ਨੇ ਉਸਨੂੰ ਖਿਡਾਇਆ ਸੀ। ਖਾਲਸੇ ਦੇ ਦਲ ਇਥੇ ਉਤਰੇ ਪਏ ਸੇ, ਸਤਿਸੰਗ ਲਗ ਰਿਹਾ ਸੀ, ਸਿੱਖ ਹਿੰਦੂ ਸਭ ਖ਼ੁਸ਼ ਸੇ ਕਿ ਹੁਣ ਇਹ ਦੋ ਤਾਕਤਾਂ, ਜੋ ਪਛਮੋਤਰ ਨੂੰ ਚੱਲੀਆਂ ਹਨ, ਸਦਾ ਲਈ ਕਾਬਲ ਦਾ ਕਿੱਲਾ ਪੱਟਕੇ ਦੱਰਾ ਖ਼ੈਬਰ ਦੀ ਧੌਣ ਤੋੜ ਆਉਣਗੀਆਂ ਪਰ ਅਭਾਗੇ ਦੇਸ਼ ਦੇ ਅਭਾਗੇ ਲੱਛਣ, ਐਨ ਦੀਵਾਨ ਸਜੇ ਵਿਚ ਖਬਰ ਆਈ ਕਿ ਰਾਘੋ ਰਾਉ ਫੌਜ ਲਈ ਸਿੱਖਾਂ ਨੂੰ ਮਾਰਨ ਆ ਰਿਹਾ ਹੈ। ਭੋਗ ਪਾਉਂਦੇ ਹੀ ਖਾਲਸਾ ਜੀ ਉੱਠ ਤੁਰੇ, ਖਾਲੀ ਤੰਬੂ ਤੇ ਸਾਏਬਾਨ ਪਿਛੇ ਰਹਿ ਗਏ, ਜਿਨ੍ਹਾਂ ਪਰ ਰਾਘੋ ਨੇ ਆਕੇ ਧਾਵਾ ਕੀਤਾ ਤੇ ਸ਼ਰਮ ਉਠਾਈ। ਖਾਲਸਾ ਜੀ ਪੈਰ ਉਠਾਉਂਦਾ ਸਿੱਧਾ ਅੰਮ੍ਰਿਤਸਰ ਨੂੰ ਹੋਇਆ ਤੇ ਉੱਥੇ ਗੁਰਮਤੇ ਲਈ ਸਾਹ ਲੀਤਾ। ਦੇਸ਼ ਸਾਰੇ ਸੱਦੇ ਫਿਰ ਗਏ ਕਿ ਇਕ ਭਾਰੇ ਗੁਰਮਤੇ ਲਈ ਪ੍ਰਬੰਧ ਹੋਯਾ ਹੈ ਕਿ ਪੰਥ ਨੇ ਮਰਹੱਟਿਆਂ ਨਾਲ ਕੀਕੂੰ ਵਰਤਣਾ ਹੈ।

ਹੁਣ ਮਰਹੱਟੇ ਸਤਲੁਜ ਪਾਰ ਹੋ ਆਏ, ਸਰਹਿੰਦ ਸਰ ਕਰ ਆਏ ਸਨ, ਦੁਆਬੇ ਨੇ ਤਾਂ ਉਸ ਨੂੰ ਨੇਉਂਦਿਆਂ ਹੀ ਸੀ। ਮਾਰੋ ਮਾਰ ਕਰਦੇ ਮਰਹੱਟੇ ਲਾਹੌਰ ਪਹੁੰਚ ਪਏ। ਪਿੱਛੇ ਦੱਸ ਆਏ ਹਾਂ ਕਿ ਤੈਮੂਰ ਸ਼ਾਹ ਨੱਸ ਚੁੱਕਾ ਸੀ, ਪਰ ਇਹ ਬੀ ਖਿਆਲ ਹੈ ਕਿ ਓਹ ਅਜੇ ਲਾਹੌਰ ਹੈਸੀ। ਕੱਚੀ ਸਰਾਂ ਕੋਲ ਤੈਮੂਰ ਸ਼ਾਹ ਨਾਲ ਮਰਹੱ ਟਿਆਂ ਦਾ ਟਾਕਰਾ ਹੋਇਆ। ਦੁਰਾਨੀ ਹਾਰ ਖਾ ਕੇ ਨੱਸੇ ਤੇ ਅਟਕ ਪਾਰ ਹੋ ਗਏ। ਤੈਮੂਰ ਸ਼ਾਹ ਦਾ ਮਾਲ ਮਤਾ ਸਾਰਾ ਮਰਹੱਟਿਆਂ ਨੇ ਸਾਂਭਿਆ। ੭੫ ਲੱਖ ਰੁਪਯਾ ਸਾਲਾਨਾ ਨਜ਼ਰਾਨਾ ਲੈਣ ਕਰਕੇ ਇਨ੍ਹਾਂ ਨੇ ਆਦੀਨਾ ਬੇਗ਼ ਨੂੰ ਲਾਹੌਰ ਦਾ ਸੂਬੇਦਾਰ ਥਾਪਿਆ ਅਤੇ ਖਾਜਾ ਮੀਰਜ਼ਾ ਨੂੰ ਆਦੀਨਾ ਬੇਗ ਦਾ ਨਾਇਬ ਥਾਪਿਆ। ਸ਼ਾਮ ਜੀ ਰਾਮ ਜੀ ਦੋ ਮਰਹੱਟੇ ਸਰਦਾਰ ਮੁਲਤਾਨ ਪਹੁੰਚ ਕੇ ਹਾਕਮ ਬਣੇ। ਇਕ ਜ਼ਬਰਦਸਤ ਫੌਜ ਸਾਹਬੋ (ਯਾ ਸਾਹਿਬਾ ਪਤੇਲ) ਮਰਹੱਟੇ ਦੇ ਤਾਬਿਆ ਕਿਲ੍ਹੇ ਅਟਕ ਤੇ ਕਬਜ਼ਾ ਕਰਨ ਲਈ ਟੋਰੀ ਗਈ, ਰਸਤੇ ਵਿਚ ਕਿਤੇ ਲੰਮਾ ਟਾਕਰਾ ਨਹੀਂ ਹੋਇਆ। ਅਟਕ ਤੋਂ ਸਰਹਿੰਦ ਤੱਕ ਇਕ ਹੀ ਵਰ੍ਹੇ ਵਿਚ ਦੁਰਾਨੀ ਹੁਕਮ ਉੱਠ ਗਿਆ ਅਰ ਮਰਹੱਟੇ ਮਾਲਕ ਬਣ ਬੈਠੇ। ਪੰਜਾਬ, ਦੁੱਖਾਂ ਦੀ ਮਾਰੀ ਪੰਜਾਬ ਦਾ ਇਹ ਹਾਲ ਸੀ। ਪਰ ਕੀਹ ਸੱਚੀ ਮੁੱਚੀ ਪਿਛਲੇ ਸਾਲ ਦੁਰਾਨੀ ਤੇ ਅੱਜ ਮਰਹੱਟੇ ਮਾਲਕ ਸਨ? ਨਹੀਂ, ਇਹ ਤਾਂ ਹੜ੍ਹ ਦੀ ਤਰ੍ਹਾਂ ਕਾਗਾਂ ਆਈਆਂ, ਸਾਰੇ ਦੇਸ਼ ਨੂੰ ਡੋਬਿਆ ਤੇ ਗੁੰਮ। ਅਸਲੀ ਮਾਲਕੀ ਦੀਆਂ ਜੜ੍ਹਾਂ ਤਾਂ ਥਾਂ ਥਾਂ ਸਿੱਖ ਫੈਲਾ ਰਹੇ ਸਨ ਜੋ ਹੜ੍ਹ ਆਏ ਤੇ ਲਾਂਭੇ ਹੋ ਜਾਂਦੇ ਤੇ ਮਗਰੋਂ ਫੇਰ ਥਾਂ ਥਾਂ ਦੇ ਮਾਲਕ ਤੇ ਹਾਕਮ ਬਣ ਜਾਂਦੇ ਸਨ।

ਖਾਲਸੇ ਦੇ ਇਸ ਗੁਰਮਤੇ ਦਾ, ਜੋ ਅੰਮ੍ਰਿਤਸਰ ਹੋਇਆ ਸੀ, ਇਹ ਫੈਸਲਾ ਹੋਇਆ ਕਿ ਮਰਹੱਟਿਆਂ ਨਾਲ ਲੜਨਾ ਨਹੀਂ ਹੈ, ਮੇਲ ਕਰਨ ਤਾਂ ਕਰ ਲੈਣਾ ਹੈ, ਪਰ ਜੇ ਸ਼ਰਨ ਮੰਗਣ ਤਾਂ ਨਹੀਂ ਲੈਣੀ। ਆਕੜਨ, ਮੁਕਾਬਲਾ ਕਰਨ ਤਾਂ ਡਟ ਕੇ ਲੜਨਾ ਹੈ, ਬਹੂੰ ਬਲ ਪੈ ਜਾਏ ਤਾਂ ਬਾਰਾਂ ਵਿਚ ਜਾ ਵੜਨਾ ਹੈ। ਇਸ ਫੈਸਲੇ ਪਰ ਸਿੱਖਾਂ ਦੇ ਦਲ ਥਾਂ ਥਾਂ ਫੈਲ ਗਏ। ਆਦੀਨਾ ਬੇਗ ਨੇ ਮਰਹੱਟਿਆਂ ਦੀ ਸ਼ਹਿ ਸਮਝਕੇ ਖ਼ਾਲਸੇ ਨੂੰ ਅੱਖ ਦਿਖਾਈ। ਸੋ ਖਾਲਸੇ ਦੀ ਪਹਿਲੀ ਚੜ੍ਹਾਈ ਉਸੇ ਤੇ ਹੀ ਹੋਈ, ਜਿਸ ਵਿਚ ਆਦੀਨਾ ਬੇਗ ਨੇ ਸਿੱਖਾਂ ਤੋਂ ਉਹ ਉਲਰਵਾਂ ਧੱਪਾ ਦੋ ਹੀ ਘੰਟੇ ਵਿਚ ਖਾਧਾ ਕਿ ਵੀਹ ਹਜ਼ਾਰ ਜੁਰਮਾਨਾ ਦੇ ਕੇ ਸ਼ਰਨ ਮੰਨੀ ਤਾਂ ਖਹਿੜਾ ਛੁੱਟਾ। ਬਾਰਾਂ ਤੇ ਬਨ ਖਾਲਸੇ ਛੱਡ ਦਿੱਤੇ, ਥਾਂ ਥਾਂ ਕਬਜ਼ੇ ਜਮਾ ਲਏ ਤੇ ਲੱਗੇ ਰਾਜ ਕਰਨ। ਮੈਨਦਾਬ ਵਿਚ ਵੀ ਭਾਰੀ ਕੱਠ ਹੋ ਗਿਆ ਅਰ ਫੇਰ ਸਰਹਿੰਦ ਨਾਲ ਜੰਗ ਸ਼ੁਰੂ ਹੋ ਗਿਆ। ਇਸ ਜੰਗ ਵਿਚ ਤੋਪਾਂ ਦੇ ਸਾਹਮਣੇ ਖਾਲਸੇ ਨੇ ਪਾਰ ਹੋ ਜਾਣਾ ਸੀ ਕਿ ਆਨੰਦਪੁਰ ਦੇ ਪਹਾੜਾਂ ਤੋਂ ਪਹਾੜਾਂ ਵਿਚ ਲੁਕੇ ਵੀਰਾਂ ਦੇ ਜੱਥੇ ਕਟਕ ਦੀ ਤਰ੍ਹਾਂ ਆ ਉਤਰੇ। ਸਦੀਕ ਬੇਗ ਹਾਕਮ ਸਰਹਿੰਦ ਨੂੰ ਹਾਰ ਹੋਈ, ਉਸ ਨੇ ਸਿੱਖਾਂ ਦਾ ਸਾਰਾ ਨੁਕਸਾਨ ਭਰਕੇ ਦੋ ਲੱਖ ਰੁਪੱਯਾ ਦੇ ਕੇ ਸ਼ਰਨ ਮੰਨਕੇ ਸੁਲਹ ਕੀਤੀ ਤੇ ਫੇਰ ਰਾਜ ਕਰਨ ਲੱਗਾ। ਇਸ ਨਿਰਭੈਤਾ ਤੇ ਸੂਰਬੀਰਤਾ ਦੇ ਵਰਤਾਉ ਅੱਗੇ ਪੰਜਾਬ ਵਿਚ ਆਏ ਮਰਹੱਟੇ ਨਾ ਤਾਂ ਮੁਕਾਬਲਾ ਕਰਦੇਂ ਸਨ ਨਾ ਟੁਰਦੇ ਸਨ, ਚੰਗੇ ਚੰਗੇ ਥਾਂਈਂ ਕਬਜ਼ੇ ਜਮਾਈ ਕੁਛ ਸੋਚ ਵਿਚ ਬੈਠੇ ਤੱਕਦੇ ਸਨ। ਸਿੱਖਾਂ ਦੀ ਦਲੇਰੀ ਐਥੋਂ ਤੱਕ ਸੀ ਕਿ ਲਾਹੌਰ ਦੀਆਂ ਕੰਧ ਕੀ ਬਜਾਰਾਂ ਤਕ ਵਿਚ ਆ ਕੇ ਆਪਣੇ ਖੂਨੀਆਂ ਨੂੰ ਫੜ ਕੇ ਲੈ ਗਏ ਅਰ ਮਰਹੱਟਿਆਂ ਦੇ ਕਿਲ੍ਹੇ ਤੋਂ ਇਕ ਗੋਲੀ ਤੱਕ ਨਾ ਝੜੀ।

-0-

17 ਕਾਂਡ ।

ਚੁੱਪ ਚਾਪ ਰਾਤ ਛਾ ਗਈ, ਲੋਕੀਂ ਨੀਂਦ ਦੀ ਗੋਦ ਵਿਚ ਹਨ। ਜੀ ਨਹੀਂ ਸੁਰਕਦਾ, ਪੰਛੀ ਨਹੀਂ ਡੋਲਦਾ, ਹਵਾ ਤਕ ਨਹੀਂ ਰੁਮਕਦੀ, ਸਨਾਟਾ ਛਾ ਰਿਹਾ ਹੈ, ਆਕਾਸ਼ ਵਿਚ ਡਲ੍ਹਕ ਡਲ੍ਹਕ ਕਰਦੇ ਤਾਰੇ ਚੁੱਪ ਚਾਪ ਟੁਰੇ ਜਾ ਰਹੇ ਹਨ। ਕਾਬਲ ਦੇ ਰੜੇ ਵਿਚ ਕਾਫਲਾ ਪਿਆ ਹੈ, ਜਿਸਨੇ ਪਸ਼ੌਰ ਤੱਕ ਵਪਾਰ ਕਰਕੇ ਮੁੜਨਾ ਸੀ, ਅੱਜ ਦੂਸਰੀ ਮੰਜ਼ਲੇ ਹੀ ਪਹਿਰੇਦਾਰਾਂ ਵਿਚ ਘੇਰਿਆ ਪਿਆ ਹੈ। ਜਿਸ ਹਿੱਸੇ ਦੀ ਤਲਾਸ਼ੀ ਹੋ ਚੁਕੀ ਹੈ ਉਹ ਹਿੱਸਾ ਤਾਂ ਬੇਫਿਕਰ ਸੌਂ ਗਿਆ ਹੈ, ਪਰ ਜਿਸ ਹਿੱਸੇ ਦੀ ਨਹੀਂ ਹੋਈ ਉਸ ਵਿਚ ਬੇਚੈਨੀ ਜੇਹੀ ਹੈ : ਜ਼ਾਲਮ ਨੀਂਦ ਨੇ ਤਦ ਬੀ ਅੱਖਾਂ ਮੇਲ ਕੇ ਸੁਆਲ ਦਿੱਤਾ ਹੈ। ਨੀਂਦ ਦੀ ਐਡੀ ਜ਼ੋਰਾਵਰੀ ਦੇ ਹੁੰਦਿਆਂ ਜਸਵੰਤ ਸਿੰਘ ਹੁਰੀਂ ਬੇਚੈਨ ਹਨ, ਸੁੱਤੇ ਨਹੀਂ ਬੈਠੇ ਹਨ ਅਰ ਨੈਣ ਆਕਾਸ਼ ਵਲ ਤੇ ਸੁਰਤ ਅਕਾਸ਼ਾਂ ਦੇ ਸਾਂਈਂ ਵੱਲ ਲੱਗੀ ਹੋਈ ਹੈ। ਪਰਦੇ ਖੁਲ੍ਹ ਜਾਣ ਦਾ ਭੈ ਹੈ। ਸਵੇਰੇ ਤਲਾਸ਼ੀ ਹੋਣੀ ਹੈ ਤੇ ਜਾਮਾ ਤਲਾਸ਼ੀ ਹੋਣੀ ਹੈ, ਉਸ ਵੇਲੇ ਪਤਾ ਲੱਗ ਜਾਣਾ ਹੈ ਕਿ ਮੈਂ ਜ਼ਨਾਨੀ ਹਾਂ ਅਰ ਮਰਦਾਵੇਂ ਭੇਸ ਵਿਚ ਹਾਂ, ਉਸ ਵੇਲੇ ਪਤਾ ਲੱਗ ਜਾਣਾ ਕਿ ਮੈਂ ਅਮੀਰ ਦੇ ਮਹਿਲੋਂ ਨੱਠੀ ਹੋਈ ਹਾਂ, ਬਸ ਫੇਰ ਬੰਦੀ ਤੇ ਬੰਦੀ ਨਾਲ ਤਸੀਹੇ ਤੇ ਮੌਤ।

ਸਤਵੰਤ ਇਸ ਆਪਣੇ ਮਰਦਾਵੇਂ ਜਾਮੇ ਵਿਚ ਸਲਾਮਤੀ ਸਮਝਦੀ ਸੀ, ਪਰ ਇਸ ਵੇਲੇ ਔਕੜ ਦੇ ਮੂੰਹ ਆ ਗਈ ਹੈ। ਪਹਿਲਾਂ ਤਾਂ ਕੁਛ ਘਾਬਰ ਗਈ ਸੀ, ਪਰ ਹੁਣ ਜੀ ਸਗੋਂ ਕੁਛ ਕੱਠਾ ਹੁੰਦਾ ਜਾਂਦਾ ਹੈ ਤੇ ਸੁਰਤ ਜੁੜਦੀ ਜਾਂਦੀ ਹੈ। ਸੋਚਾਂ ਰੋੜ੍ਹਣ ਲਗਦੀਆਂ ਹਨ, ਤਦ ਮਾਨੋਂ ਆਵਾਜ਼ ਆਉਂਦੀ ਹੈ ‘ਅੰਗੀਕਾਰੁ ਓਹ ਕਰੇ ਤੇਰਾ ਕਾਰਜ ਸਭਿ ਸਵਾਰਣਾ।’ ਹਾਂ ‘ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।’ ਇਨ੍ਹਾਂ ਸੋਚਾਂ ਦੀਆਂ ਫੇਟਾਂ ਤੇ ਸਿਦਕ ਦੇ ਹੰਭਲਿਆਂ ਤੇ ਸੁਰਤ ਲਹਾ ਚੜ੍ਹਾਵਾਂ ਵਿਚ ਅੱਧੀ ਰਾਤ ਲੰਘ ਗਈ ਅਜੇ ਤੱਕ ਕੋਈ ਡੌਲ ਨਹੀਂ ਸੁੱਝੀ। ਸਿਦਕ ਵਾਲੀ ਭਰੋਸੇ ਵਿਚ ਜੁੜ ਜੁੜ ਅੰਦਰੋਂ ਉਠਦੀ ਹੈ ਕਿ ਗੁਰੂ ਕੋਈ ਰਸਤਾ ਕੱਢੇਗਾ। ਹੌਂਸਲਿਆਂ ਵਾਲੀ ਅੰਦਰੋਂ ਹਿੰਮਤਾਂ ਦੇ ਤਾਣ ਲਾ ਲਾ ਉੱਠਦੀ ਹੈ, ਪਰ ਚਾਰ ਚੁਫੇਰੇ ਨਜ਼ਰ ਮਾਰਕੇ ਫੇਰ ਬੈਠ ਜਾਂਦੀ ਹੈ। ਅਖੀਰ ਉਠੀ ਅਰ ਇਕ ਪਾਸੇ ਵਲੋਂ ਖਿਸਕ ਜਾਣ ਦੀ ਸੋਚੀ ਪਰ ਥੋੜ੍ਹੇ ਹੀ ਕਦਮਾਂ ਤੇ ਪਹਿਰਾ ਖੜਾ ਸੀ, ਦਬਕ ਕੇ ਬੈਠ ਗਈ। ਮਲਕੜੇ ਜੇਹੇ ਫੇਰ ਮੁੜੀ ਇਕ ਹੋਰ ਪਾਸੇ ਵਲੋਂ ਤਿਲਕਣ ਦੀ ਕੀਤੀ ਪਰ ਇਕ ਉਹਦੇਦਾਰ ਫੇਰਾ ਲਾਉਂਦਾ ਆ ਰਿਹਾ ਸੀ। ਫੇਰ ਮਲਕੜੇ ਪੈਰੀਂ ਆਪਣੇ ਬਿਸਤਰੇ ਤੇ ਆ ਟਿਕੀ। ਇਹ ਉਹਦੇਦਾਰ ਜੀ ਫਿਰਦੇ ਫਿਰਦੇ ਨੇੜੇ ਕੁ ਆ ਕੇ ਖੜੇ ਹੋ ਗਏ। ਚਾਰ-ਚੁਫੇਰੇ ਨਜ਼ਰ ਮਾਰੀ ਸਾਰੇ ਸੁੱਤੇ ਪਏ ਭਾਸੇ। ਫੇਰ ਇਸ ਨੇ ਆਪਣੇ ਆਪ ਨੂੰ ਹੌਲੇ ਜਿਹੇ ਆਖਿਆ, “ਸਭ ਸੁਤੇ ਪਏ ਹਨ; ਸਾਰੇ ਪਠਾਣ ਤੇ ਕਾਬਲੀ ਹਨ। ਭਲਾ ਕਿਸ ਤੋਂ ਪਤਾ ਲਗੇ ਕਿ ਬੁਤਾਲਾ ਕੀ ਹੈ ਤੇ ਕਿੱਥੇ ਹੈ, ਪਤਾ ਨਹੀਂ ਸੱਚ ਹੈ ਕਿ ਝੂਠ? ਉਫ਼ ! ਕੀ…? ਕੁਛ… ! ਪਤਾ ਨਹੀਂ ਕੀ ਕਰਾਂ? ਅੱਛਾ ਖ਼ੈਰ ! ਅਜੇ ਤਕ ਕੋਈ ਡੋਲ ਨਹੀਂ, ਕੱਲ ਟੁਰ ਪਏ ਅੱਗੇ ਤਾਂ ਫੇਰ ਕੀ ਬਣਨਾ ਹੈ ?”

ਇਸ ਪਠਾਣ ਹੁੱਦੇਦਾਰ ਨੂੰ ਮਨ ਨਾਲ ਗੱਲਾਂ ਕਰਦਿਆਂ ਕੁਛ ਬਰੀਕ ਜਿਹੀ ਅਵਾਜ਼ ਕੰਨੀ ਪਈ। ਖ਼ਿਆਲ ਕੀਤਾ ਤਾਂ ਇਕ ਸੂਰਤ ਅਡੋਲ ਬੈਠੀ ਸਹਿਜੇ ਕੁਛ ਪੜ੍ਹ ਰਹੀ ਹੈ, ਚੰਗੀ ਤਰ੍ਹਾਂ ਕੰਨ ਲਾਏ ਤਦ ਕੋਈ ਗੈਰ ਜ਼ੁਬਾਨ ਦੀ ਬਾਣੀ ਸੀ। ਜਦ ਬਹੁਤ ਧਿਆਨ ਕੀਤਾ ਤਾਂ ਸਮਝਿਆ ਕਿ ਕਈ ਸਿੱਖ ਹੈ ਅਰ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਹੈ। ਪਲ ਕੁ ਮਗਰੋਂ ਇਸ ਨੂੰ ਸਾਫ ਸਮਝ ਪੈਣ ਲੱਗ ਗਈ ਕਿ ਠੀਕ ਇਹ ਉਹੋ ਸ਼ੈ ਹੈ, ਜਿਸ ਦਾ ਮੈਨੂੰ ਪਤਾ ਲੱਗਾ ਸੀ। ਕੁਛ ਹੈਰਾਨੀ, ਕੁਛ ਆਪਣੀ ਚਾਹ, ਕੁਛ ਥਹੁ ਕੱਢਣ ਦਾ ਸ਼ੌਕ, ਕਾਹਲਾ ਹੋ ਗਿਆ। ਵੇਲਾ ਏਕਾਂਤ ਦਾ ਸੀ, ਉਹ ਆਪ ਪਹਿਰੇ- ਦਾਰਾਂ ਦੇ ਪਹਿਰੇ ਦੀ ਰਾਤ ਵੇਲੇ ਫਿਰਵੀਂ ਪੜਤਾਲ ਕਰ ਰਿਹਾ ਸੀ। ਅੱਗੇ ਵਧਕੇ ਜੁਆਨ ਨੂੰ ਆ ਹਿਲਾਇਓਸੁ ਤੇ ਕਹਿਣ ਲੱਗਾ- ‘ਤੂੰ ਕੌਣ ਹੈਂ ਭਾਈ ?

ਜਸਵੰਤ – ਮੁਸਾਫਰ ਹਾਂ।

ਹੁੱਦੇਦਾਰ – ਕਿੱਥੇ ਜਾਂਦਾ ਹੈ ?

ਜਸਵੰਤ – ਹਿੰਦੁਸਤਾਨ ਵੱਲ।

ਹੁੱਦੇਦਾਰ – ਕਦੇ ਅੱਗੇ ਬੀ ਗਿਆ ਹੈਂ, ਯਾ ਪਹਿਲੇ ਵੇਰ?

• ਜਸਵੰਤ – ਮੈਂ ਸਰਹਿੰਦ ਤੱਕ ਦਾ ਜਾਣੂ ਹਾਂ।

ਹੁੱਦੇਦਾਰ ਬੁਤਾਲਾ ਬੀ ਡਿੱਠਾ ਹੈ?

ਜਸਵੰਤ ਬੁਤਾਲਾ ਤਾਂ ਨਹੀਂ ਵਟਾਲਾ ਹੈ।

ਹੁੱਦੇਦਾਰ – ਹਾਂ ਵਤਾਲਾ, ਵਟਾਲਾ, ਉਹ ਕੀ ਥਾਂ ਹੈ?

ਜਸਵੰਤ – ਮੁਸਲਮਾਨਾਂ ਦੇ ਮਦਰੱਸੇ ਤੇ ਪੁਸਤਕਾਲੇ ਉਥੇ ਹਨ।

ਹੁੱਦੇਦਾਰ – ਹਾਂ, ਠੀਕ, ਤੈਨੂੰ ਪੰਜਾਬ ਦੀ ਖ਼ਬਰ ਹੈ?

ਜਸਵੰਤ ਕੁਛ ਥੋੜ੍ਹੀ ਬਹੁਤੀ ਹੈ ਹੀ।

ਹੁੱਦੇਦਾਰ – ਕੀ ਸਬੱਬ?

ਜਸਵੰਤ – ਪਿੱਛਾ ਪੰਜਾਬ ਦਾ ਜੁ ਹੋਇਆ।

ਹੁੱਦੇਦਾਰ ਨਾਦਰ ਸ਼ਾਹ ਕੈਦ ਕਰਕੇ ਲਿਆਇਆ ਸੀ?

ਜਸਵੰਤ – ਜੀ ਨਹੀਂ, ਪਰ ਉਂਞ ਅਸੀਂ ਓਧਰ ਦੇ ਹੀ ਹਾਂ।
ਹੁੱਦੇਦਾਰ – ਪੰਜਾਬ ਵਿਚ ਤੂੰ ਕਿਸੇ ਦਾ ਜਾਣੂੰ ਹੈਂ?

ਜਸਵੰਤ – ਕਿਸੇ ਕਿਸੇ ਦਾ।

ਹੁੱਦੇਦਾਰ – ਆਸਕੁਰ ਨਾਮ ਸੁਣਿਆਂ ਹੈ।

ਜਸਵੰਤ – (ਬੜੀ ਡੂੰਘੀ ਸੋਚ ਸੋਚ ਕੇ ਤੇ ਵਟਾਲੇ ਦਾ ਧਿਆਨ ਆ ਕੇ) – ਜੀ ਹਾਂ, ਵਟਾਲੇ ਤੋਂ ਇਹ ਮਾਈ ਆਸ ਕੌਰ ਆਪਣੇ ਦੋ ਤ੍ਰੈ ਵਰ੍ਹੇ ਦੇ ਬੱਚੇ ਸਣੇ ਨਾਦਰ ਸ਼ਾਹ ਦੇ ਹਿੰਦੂ ਗ਼ੁਲਾਮਾਂ ਵਿਚ ਕਿਸੇ ਧੋਖ ਨਾਲ ਫਸ ਗਈ ਸੀ ਤੇ ਜਕੜਬੰਦ ਕੀਤੀ ਇਧਰ ਆਂਦੀ ਗਈ ਸੀ।

ਹੁੱਦੇਦਾਰ – ਫਿਰ ਉਸ ਦਾ ਕੀ ਹੋਇਆ ਸੀ?

ਜਸਵੰਤ – ਅਟਕ ਪਾਸ ਸਿੱਖ ਆ ਕੇ ਹਿੰਦੂ ਕੈਦੀ ਛੁਡਾ ਕੇ ਲੈ ਗਏ ਸਨ, ਪਰ ਇਹ ਮਾਈ ਨਹੀਂ ਲੱਭੀ ਸੀ, ਪਤਾ ਨਹੀਂ ਲੱਗਾ ਕਿ ਉਸਦਾ ਕੀ ਹਾਲ ਹੋਇਆ। ਇਉਂ ਬੀ ਸੁਣਿਆਂ ਸੀ ਕਿ ਆਸ ਕੌਰ ਨਾਲ ਇਕ ਪਹਾੜਨ ਖਿਡਾਵੀ ਨੌਕਰ ਸੀ, ‘ਨੁਕਰੋਂ ਉਸ ਦਾ ਨਾਮ ਸੀ ਉਹ ਬੀ ਨਾਲ ਹੀ ਕੈਦ ਪਈ ਸੀ, ਪਰ ਤਿੰਨਾਂ ਸਰੀਰਾਂ ਦਾ ਫੇਰ ਕੁਛ ਪਤਾ ਨਹੀਂ ਲੱਗਾ।

ਹੁੱਦੇਦਾਰ (ਤੇਵਰ ਬਦਲ ਕੇ ਤੇ ਬੁਲ੍ਹ ਟੁੱਕ ਕੇ) – ਐ

ਨੌਜੁਆਨ ! ਤੈਨੂੰ ਐਤਨੇ ਹਾਲ ਕਿਸ ਤਰ੍ਹਾਂ ਮਲੂਮ ਹਨ?

ਜਸਵੰਤ – ਸੁਣੇ ਸੁਣਾਏ।

ਹੁੱਦੇਦਾਰ – ਤੂੰ ਇਸ ਵੇਲੇ ਤੱਕ ਜਾਗ ਕਿਉਂ ਰਿਹਾ ਹੈਂ?

ਜਸਵੰਤ – ਆਪਣੇ ਅੱਲਾ ਨੂੰ ਯਾਦ ਕਰ ਰਿਹਾ ਹਾਂ।

ਹੁੱਦੇਦਾਰ – ਕਿਉਂ !

ਜਸਵੰਤ – ਗੁਰੂ ਨਾਨਕ ਦਾ ਹੁਕਮ ਹੈ ਕਿ ਦਿਲ ਨਾਲ ਅੱਲਾ ਨੂੰ ਯਾਦ ਕਰੋ ਤੇ ਹੱਥਾਂ ਨਾਲ ਕੰਮ ਕਰੋ। ਜੋ ਮਾਲਕ ਨੂੰ ਯਾਦ ਨਹੀਂ ਕਰਦਾ ਉਹ ਹਰਾਮ ਖਾਂਦਾ ਹੈ।

ਹੁੱਦੇਦਾਰ – ਤੂੰ ਬੜਾ ਨੇਕ ਬੰਦਾ ਮਲੂਮ ਹੁੰਦਾ ਹੈ। (ਦਿਲ ਨਾਲ-ਮੱਥਾ ਡਾਢਾ ਹੀ ਪਿਆਰਾ ਹੈ। ਬੋਲੀ ਬਹੁਤ ਹੀ ਮਿੱਠੀ ਤੇ ਅਕਲ ਬਹੁਤ ਹੀ ਸੁਥਰੀ ਹੈ) ਭਲਾ ਇਹ ਦੱਸ ਖਾਂ ਆਸ ਕੌਰ ਦਾ ਪਤੀ ਹੈ ਅਰ ਉਸ ਦਾ ਕੁਛ ਨਾਮ ਹੈ?

ਜਸਵੰਤ – ਹੈ। ਉਸ ਦਾ ਨਾਮ ਸ਼ਤ੍ਰ ਜੀਤ ਸਿੰਘ ਹੈ, ਇਕ ਓਸ ਦੀ ਕਾਕੀ ਹੈ, ਓਹ ਬੜੀ ਸੁੰਦਰ, ਪਰਮੇਸ਼ੁਰ ਦੀ ਪਿਆਰੀ ਤੇ ਨੇਕ ਹੈ, ਨਿਰੀ ਆਪਣੀ ਮਾਂ ਦੀ ਨੁਹਾਰ ਦੀ ਸੁਣੀਂਦੀ ਹੈ।

ਹੁੱਦੇਦਾਰ – ਦੇਖੀ ਨਹੀਂ?

ਜਸਵੰਤ – ਸੁਣੀ ਹੈ।

ਹੁੱਦੇਦਾਰ ਕੀਹ ਤੂੰ ਹਿੰਦੁਸਤਾਨ ਵਿਚ ਹੋਵੇਂ ਤਾਂ ਉਸ ਕਾਕੀ ਦਾ ਪਤਾ ਕਰ ਲਵੇਂ ?

ਜਸਵੰਤ ਠੀਕ ਨਹੀਂ ਕਹਿ ਸਕਦਾ, ਜੇ ਕਿਸੇ ਨੇਕ ਕੰਮ ਲਈ ਲੋੜ ਪਵੇ ਤਾਂ ਜਤਨ ਕਰ ਸਕਾਂ।

ਹੁੱਦੇਦਾਰ – ਹੂੰ, ਦਾਨਾ ਹੈ।

ਜਸਵੰਤ – ਹਾਂ ਜੀ, ਸੁਣਿਆਂ ਹੈ ਕਿ ਆਪਣੇ ਵੀਰ ਤੇ ਮਾਂ ਨੂੰ ਯਾਦ ਕਰ ਕਰਕੇ ਜਦ ਗੀਤ ਗਾਉਂਦੀ ਹੈ ਤਾਂ ਪੱਥਰ ਪੰਘਰ ਜਾਂਦੇ ਹਨ।

ਹੁੱਦੇਦਾਰ – ਉਰੇ ਆ ਜਾ !

ਜਸਵੰਤ – (ਉਰੇ ਆ ਕੇ) – ਹੁਕਮ?

ਹੁੱਦੇਦਾਰ – ਤੇਰੇ ਪਾਸ ਕੋਈ ਹਥਿਆਰ ਹੈ?

ਜਸਵੰਤ – ਕਟਾਰ ਹੈ।

ਹੁੱਦੇਦਾਰ – ਮੈਨੂੰ ਦੇ ਦੇਹ।

ਜਸਵੰਤ – ਮੈਂ ਆਪਣੀ ਰਖਿਆ ਲਈ ਪਾਸ ਕੀ ਰੱਖਾਂ?

ਹੁੱਦੇਦਾਰ – ਮੇਰਾ ਹੁਕਮ ਮੋੜਨਾ ਕਿਤਨਾ ਬੁਰਾ ਹੈ?

ਜਸਵੰਤ – ਠੀਕ ਹੈ, ਪਰ ਮੈਨੂੰ ਕਾਰਨ ਤਾਂ ਦੱਸੋ?

ਹੁੱਦੇਦਾਰ – ਮੈਂ ਤੈਨੂੰ ਕੈਦ ਕਰਨਾ ਹੈ।

ਜਸਵੰਤ – ਕਿਸ ਕਸੂਰ ਬਦਲੇ?

ਹੁੱਦੇਦਾਰ ਕਸੂਰ ਕੋਈ ਨਹੀਂ, ਮੈਨੂੰ ਤੇਰੀ ਕੁਛ ਲੋੜ ਹੈ, ਜਦ ਮੇਰਾ ਕੰਮ ਹੋ ਜਾਏਗਾ ਛੱਡ ਦਿਆਂਗਾ।
ਜਸਵੰਤ – ਫੇਰ ਕੈਦ ਦੀ ਕੀ ਲੋੜ ਹੈ? ਹੁਕਮ ਦਿਓ, ਕੰਮ – ਨੇਕ ਹੈ ਤਾਂ ਮੈਂ ਕਰ ਦਿਆਂਗਾ।

ਹੁੱਦੇਦਾਰ ਮੈਂ ਕੁਛ ਨਹੀਂ ਕਹਿ ਸਕਦਾ। ਮੈਂ ਮੁੱਦਤ ਤੋਂ ਤੇਰੇ ਵਰਗੇ ਦੀ ਢੂੰਡ ਵਿਚ ਸਾਂ, ਖਬਰੇ ਤੈਥੋਂ ਕੰਮ ਚੱਲੇ।

ਜਸਵੰਤ ਫੇਰ ਮੈਨੂੰ ਬੇਗੁਨਾਹ ਨੂੰ ਆਪਣੀ ਲੋੜ ਬਦਲੇ ਕੈਦ ਕਿਉਂ ਕਰਨਾ?

ਹੁੱਦੇਦਾਰ – ਮੇਰੀ ਮਰਜ਼ੀ।

ਜਸਵੰਤ – ਇਨਸਾਫ.. ਇਨਸਾਫ. ਇਨ… ।

ਹੁੱਦੇਦਾਰ ਇਨਸਾਫ, ਇਨਸਾਫ, ਇਨਸਾਫ ਹੁੰਦਾ ਤਾਂ ਤੇਰੀ ਲੋੜ ਕਿਉਂ ਪੈਂਦੀ? ਹੁਣ ਬੋਲਣ ਦਾ ਵੇਲਾ ਨਹੀਂ, ਚੁਪ ਚਾਪ ਟੁਰ ਪਉ, ਨਹੀਂ ਤਾਂ ਖ਼ੈਰ ਨਹੀਂ ਹੈ।

ਜਸਵੰਤ – ਇਕ ਗੱਲ ਸੁਣ ਲਓ ਤੇ ਵੀਚਾਰ ਲਓ ! ਮਲੂਮ ਹੁੰਦਾ ਹੈ ਕਿ ਤੁਸੀਂ ਕਿਸੇ ਭਾਲ ਵਿਚ ਹੋ ਅਰ ਜਿਸ ਮਾਮਲੇ ਦੀ ਭਾਲ ਹੈ ਉਹ ਕੋਈ ਮਾਮਲਾ ਗੁੱਝਾ ਭੇਤ ਹੈ, ਜਿਸ ਦੇ ਪ੍ਰਗਟ ਹੋਣ ਦਾ ਤੁਹਾਨੂੰ ਡਰ ਹੈ ਅਰ ਉਸ ਮਾਮਲੇ ਦੇ ਸਨਬੰਧ ਵਿਚ ਬਹੁਤ ਸਾਰੇ ਨਾਮ ਤੁਹਾਡੇ ਪੁੱਛਣ ਤੋਂ ਮੈਨੂੰ ਮਲੂਮ ਹੋ ਗਏ ਹਨ। ਜੇਕਰ ਤੁਸਾਂ ਮੇਰੇ ਨਾਲ ਜਬਰ ਕੀਤਾ, ਕੈਦ ਪਾਇਆ ਤਦ ਮੈਂ ਖ਼ੈਰ ਕੈਦ ਝੱਲ ਲਈ ਸਹੀ, ਪਰ ਜਦ ਕਿਸੇ ਅੱਗੇ ਉਹ ਸਾਰੇ ਨਾਉਂ ਕਹਿਕੇ ਮੈਂ ਕੁਛ ਆਪ ਦਾ ਭੇਤ ਦੱਸ ਦਿਤਾ ਤਦ ਉਹ ਗੱਲ ਪ੍ਰਗਟ ਹੋ ਕੇ ਇਸ ਤਰ੍ਹਾਂ ਫੁਟੇਗੀ ਕਿ ਤੁਹਾਡਾ ਸਾਰਾ ਮਾਮਲਾ ਚੌੜ ਹੋ ਜਾਏਗਾ। ਭਾਵੇਂ ਮੈਂ ਮਾਰਿਆ ਜਾਵਾਂ, ਪਰ ਤੁਹਾਡਾ ਕੰਮ ਤੇ ਤੁਸੀਂ ਚੌੜ ਹੋ ਜਾਸੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੁਛ ਨਾ ਲੱਭਾ ਤੇ ਜੇ ਤੁਸੀਂ ਮੈਨੂੰ ਕੈਦ ਨਾ ਪਾਓ ਪਿਆਰ ਕਰੋ ਮੈਂ ਦੁੱਖੀ ਹਾਂ, ਇਸ ਵੇਲੇ ਮੇਰਾ ਦਰਦ ਕਰੋ, ਆਪਣਾ ਸ਼ੁਕਰ ਗੁਜ਼ਾਰ ਬਣਾਓ, ਤਦ ਉਸ ਅਹਿਸਾਨ ਦੇ ਭਾਰ ਨਾਲ ਲੱਦਿਆ ਮੈਂ ਖ਼ੁਸ਼ੀ ਨਾਲ ਆਪ ਦੀ ਸੇਵਾ ਬੀ ਕਰਾਂ ਤੇ ਆਪ ਦਾ ਭੇਤ ਬੀ ਰੱਖਾਂ। ਮੈਨੂੰ ਤੁਹਾਡੀ ਗੱਲ ਬਾਤ ਤੋਂ ਬਹੁਤ ਸੰਸਾ ਪੈ ਗਿਆ ਹੈ, ਤੁਹਾਡੀ ਆਵਾਜ਼ ਨਰਮ ਹੈ, ਵਿਚ ਕੁਛ ਸੋਚ ਤੇ ਵਿਚਾਰ ਦਾ ਮਾਦਾ ਹੈ, ਤ੍ਰਬਕਦੇ ਹੋ, ਕੋਈ ਭੈ ਬੀ ਹੈ, ਐਸੇ ਹਾਲ ਵਿਚ ਹੋਰ ਦੁੱਖ ਕਾਸਨੂੰ ਦੇਂਦੇ ਹੋ?

ਹੁੱਦੇਦਾਰ ਡੂੰਘੀਆਂ ਸੋਚਾਂ ਵਿਚ ਲਹਿ ਗਿਆ, ਮਨ ਨੇ ਸੋਚਿਆ ਕਿ ਮੇਰੇ ਭੇਤ ਦੇ ਨਾਮ ਇਸ ਨੂੰ ਪਤਾ ਲੱਗ ਗਏ ਹਨ, ਅਰ ਜੇ ਇਹ ਇਨ੍ਹਾਂ ਨੂੰ ਪ੍ਰਗਟ ਕਰੇ ਤਦ ਸੱਚ ਮੁਚ ਮੇਰਾ ਸਾਰਾ ਮਨਸੂਬਾ ਮਿੱਟੀ ਵਿਚ ਮਿਲ ਜਾਏਗਾ। ਮੈਂ ਆਪਣੇ ਸ਼ੌਕ ਤੇ ਬੇਚੈਨੀ ਦੀ ਕਾਹਲ ਵਿਚ ਮੂਰਖਤਾ ਕਰ ਬੈਠਾ ਸਾਂ। ਏਸ ਨੂੰ ਕੈਦ ਪਾਉਣਾ ਮਾਰ ਦੇਣਾ ਮੇਰੇ ਵੱਸ ਵਿਚ ਹੈ, ਪਰ ਇਸ ਦੀ ਜੀਭ ਮੇਰੇ ਕੈਦ ਨਹੀਂ ਪੈ ਸਕਦੀ। ਜੀਭ ਦਾ ਬਿਰਕ ਪੈਣਾ ਮੈਨੂੰ ਤਬਾਹ ਕਰੇਗਾ, ਪਰ ਇਸ ਦਾ ਜੀਉਂਦੇ ਰਹਿਣਾ, ਮੈਨੂੰ ਮੇਰੇ ਕੰਮ ਵਿਚ ਮਦਦ ਦੇਵੇਗਾ। ਮੈਨੂੰ ਕੋਈ ਪਤਾ ਨਹੀਂ ਹੈ, ਇਸ ਨੂੰ ਸਾਰੀ ਸੂਝ ਹੈ, ਕਿਉਂ ਨਾ ਇਸ ਨੂੰ ਮਿੱਤ੍ਰ ਬਣਾਈਏ ਤੇ ਕੰਮ ਸੁਆਰੀਏ। ਏਸ ਤਰ੍ਹਾਂ ਦੇ ਡੂੰਘੇ ਵਹਿਣਾਂ

ਵਿਚ ਡੁੱਬ ਡੁੱਬ ਕੇ ਹੱਸਿਆ ਤੇ ਕਹਿਣ ਲੱਗਾ :-

ਨੌਜਵਾਨ ! ਤੂੰ ਬਹੁਤ ਸ਼ਾਤਰ* ਹੈਂ? ਦੱਸ ਜੋ ਤੈਨੂੰ ਕੀ ਖੇਚਲ ਹੈ : ਜਿਸ ਵਿਚ ਮੈਂ ਮਦਦ ਕਰਾਂ ਤਾਂ ਤੂੰ ਮੇਰਾ ਅਹਿਸਾਨ ਮੰਨੇ?

ਜਸਵੰਤ ਮੈਂ ਦੱਸਣ ਨੂੰ ਹਾਜ਼ਰ ਹਾਂ, ਪਰ ਪਹਿਲੇ ਮੇਰੇ ਨਾਲ ਇਕਰਾਰ ਕਰੋ ਕਿ ਮੇਰੇ ਨਾਲ ਮਿੱਤ੍ਰਤਾ ਕਰੋਗੇ ?

ਹੁੱਦੇਦਾਰ ਅਗਰ ਤੂੰ ਮੇਰੇ ਕੰਮ ਵਿਚ ਮਦਦ ਕਰੇਂਗਾ, ਤਾਂ।

ਜਸਵੰਤ – ਜੇ ਆਪ ਦਾ ਕੰਮ ਪਾਪ ਨਹੀਂ ਤਾਂ।

ਹੁੱਦੇਦਾਰ – ਮੇਰਾ ਕੰਮ ਪਾਪ ਦਾ ਨਹੀਂ, ਸਗੋਂ ਨੇਕੀ ਦਾ ਹੈ।

ਜਸਵੰਤ ਕੁਛ ਦੱਸ ਸਕਦੇ ਹੋ?

ਹੁੱਦੇਦਾਰ – ਨਹੀਂ ਇਸ ਵੇਲੇ ਨਹੀਂ, ਪਰ ਜੇ ਮੇਰੀ ਮਦਦ ਕੀਤੀ ਤਾਂ ਜ਼ਰੂਰ।

ਜਸਵੰਤ – ਮੇਰਾ ਭਰਮ ਹੈ ਕਿ ਤੁਸੀਂ ਜਿਸ ਭੈ ਕਰਕੇ ਮੇਰਾ ਇਤਬਾਰ ਨਹੀਂ ਕਰਦੇ ਉਹ ਹੀ ਭੈ ਗ਼ਲਤ ਹੈ, ਸਗੋਂ ਆਪ ਦੇ ਪਿਆਰ ਦਾ ਕਾਰਨ ਉਥੇ ਹੈ।

ਹੁੱਦੇਦਾਰ ਸ਼ਾਯਦ (ਬੇਵਸਾ ਹਾਹੁਕਾ ਆ ਗਿਆ)।

ਜਸਵੰਤ – ਫੇਰ ਕੌਲ ਦਿਓ !

ਹੁੱਦੇਦਾਰ – ਤੂੰ ਨੁਕਰੋ ਦਾ ਜਾਣੂੰ ਹੈ?

ਜਸਵੰਤ – ਨਹੀਂ।

ਹੁੱਦੇਦਾਰ – ਕਾਬਲ ਵਿਚ ਉਸ ਨੂੰ ਕਦੇ ਡਿੱਠਾ ਹੈ ?

ਜਸਵੰਤ – ਸਿਆਣ ਨਹੀਂ ਭਾਵੇਂ ਡਿੱਠਾ ਹੀ ਹੋਵੈ।

ਹੁੱਦੇਦਾਰ – ਹੱਛਾ ! ਮੈਂ ਫੇਰ ਆਉਂਦਾ ਹਾਂ।

ਇਹ ਕਹਿਕੇ ਆਪ ਟੁਰ ਗਿਆ। ਪਤਾ ਨਹੀਂ ਕਿਉਂ? ਪਰ ਇਸ ਵੇਲੇ ਜਸਵੰਤ ਨੂੰ ਉਸ ਦੀਆਂ ਗਲ੍ਹਾਂ ਤੇ ਅੱਥਰੂ ਮਲੂਮ ਹੁੰਦੇ ਸਨ ਅਰ ਜਸਵੰਤ ਦੇ ਭਾਣੇ ਉਹ ਆਪਣੇ ਨਾ ਰੁਕਦੇ ਅੱਥਰੂ ਹੀ ਛਿਪਾਉਣ ਵਾਸਤੇ ਚਲਾ ਗਿਆ ਸੀ। ਥੋੜ੍ਹੀ ਹੀ ਦੇਰ ਬਾਦ ਉਹ ਫੇਰ ਆ ਗਿਆ। ਚੰਦਰਮਾਂ ਚੜ੍ਹ ਪਿਆ ਸੀ, ਚਾਂਦਨੀ ਦੀ ਡਲ੍ਹਕ ਦੱਸਦੀ ਸ਼ੀ ਕਿ ਮੂੰਹ ਨੂੰ ਧੋ ਕੇ ਆਇਆ ਹੈ। ਹੈ ਹਾਕਮ ਪਰ ਕਿਸੇ ਡਾਢੀ ਖਿੱਚ ਅਰ ਭਾਰ ਹੇਠ ਦੱਬਿਆ ਤੇ ਬੇਚੈਨ ਹੈ। ਜਸਵੰਤ ਨੇ ਸੋਚਿਆ ਕਿ ਇਹ ਹੀ ਇਕ ਦਾਉ ਹੈ ਕਿ ਤਲਾਸ਼ੀ ਦੇ ਕਲੇਸ਼ ਤੋਂ ਬਚ ਸਕਾਂ, ਨਹੀਂ ਤਾਂ ਹੁਣ ਦਿਨ ਹੋਣ ਵਾਲਾ ਹੈ; ਹੋਰ ਕੀ ਉਪਰਾਲਾ ਹੋ ਸਕਦਾ ਹੈ ! ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ ਕਿ ਜਿੱਕੂ ਗਜ ਜੈਸੇ ਮੁਢ ਦੇ ਬੰਧਨ ਆਪ ਨੇ ਕੱਟ ਦਿੱਤੇ ਤਿਵੇਂ ਹੇ ਦੀਨ ਦਿਆਲ ! ਇਸ ਨੌਜੁਆਨ ਦੇ ਮਨ ਮਿਹਰ ਪਾ ਅਰ ਮੇਰੇ ਬੰਧਨ ਇਸ ਦੇ ਵਸੀਲੇ ਦੂਰ ਕਰਾ ਦੇਹ ਯਾ ਜਿਵੇਂ ਤੇਰੀ ਰਜ਼ਾ ਹੋਵੇ ਮਿਹਰ ਕਰ।

ਹੁੱਦੇਦਾਰ – ਦੇਖ ਨੌਜੁਆਨ ! ਇਹ ਕੀ ਹੈ?

ਜਸਵੰਤ – ਇਹ ਗੋਲ ਚੀਜ਼ ਕੜਾ ਹੈ, ਤੇ ਇਹ ਨਿੱਕੀ ਜਿਹੀ ਕ੍ਰਿਪਾਨ ਹੈ।
ਹੁੱਦੇਦਾਰ – ਕੀਹ ਸਿੱਖ ਬੱਚੇ ਇਸ ਨਾਲ ਖੇਲਦੇ ਹਨ?

ਜਸਵੰਤ – ਨਹੀਂ ਇਹ ਬੱਚੇ ਤੇ ਵੱਡੇ ਸਾਰੇ ਹੀ ਪਾਸ ਰੱਖਦੇ ਹਨ, ਪਰ ਇਹ ਜੋ ਆਪ ਨੇ ਦੱਸੇ ਹਨ ਇਹ ਬੱਚੇ ਦੇ ਹੀ ਹਨ, ਅਰ ਕਿਸੇ ਲਾਡਲੀ ਮਾਂ ਦੇ ਬਣਵਾਏ ਹੋਏ ਹਨ, ਕਿਉਂਕਿ ਇਨ੍ਹਾਂ ਦੀ ਸਿਕਲ ਬਹੁਤ ਹੀ ਵਧੀਆ ਹੈ।

ਹੁੱਦੇਦਾਰ (ਇਕ ਗੁਟਕਾ ਦਿਖਾਕੇ) – ਇਹ ਕੀ ਹੈ?

ਜਸਵੰਤ (ਨੀਝ ਲਗਾਕੇ) – ਸਿੱਖਾਂ ਦੀ ਸਵੇਰ ਦੀ ਨਿਮਾਜ਼ ਹੈ।

ਹੁੱਦੇਦਾਰ – ਜਪ ਨੀਸਾਣ ਹੈ?

ਜਸਵੰਤ ਜੀ ਹਾਂ, ਜਪ ਨੀਸਾਣ ਹੈ, ਬਹੁਤ ਸੁੰਦਰ ਲਿਖਿਆ ਹੈ।

ਜਸਵੰਤ ਨੇ ਫੁਰਤੀ ਨਾਲ ਪੱਤਰੇ ਉਥੱਲਦਿਆਂ ਛੇਕੜ ਦਾ ਪੱਤਰਾ ਤੱਕਿਆ, ਚੰਦ ਦੇ ਚਾਨਣੇ ਡੂੰਘੀ ਨਜ਼ਰ ਜਮਾਈ ‘ਸ਼ੱਤ੍ਰੁਜੀਤ ਸਿੰਘ ਲਿਖਤ ਸਤਵੰਤੀ ਆਸ ਕੌਰ ਲਈਂ ਇਹ ਹਰਫ਼ ਪੜ੍ਹ ਲਏ,

ਫੇਰ ਕਹਿਣ ਲੱਗਾ :-

ਇਹ ਆਪ ਦੇ, ਜੋ ਮੁਸਲਮਾਨ ਹੋ, ਕਿਸ ਕੰਮ ਹਨ?

ਹੁੱਦੇਦਾਰ (ਛੇਤੀ ਨਾਲ ਲੈ ਕੇ) – ਕੰਮ ਹਨ, ਫੇਰ ਕੀ ਮਰਜ਼ੀ ਹੈ ? ਜਸਵੰਤ – ਕੌਲ ਕਰੋ।

ਹੁੱਦੇਦਾਰ – ਕਿਤੇ ਤੇਰੇ ਪਾਸ ਹੀਰਾ ਤਾਂ ਨਹੀਂ ਹੈ ਅਰ ਉਸ ਦੇ ਛਿਪਾ ਵਾਸਤੇ ਮਦਦ ਚਾਹੁੰਦੇ ਹੋ?

ਜਸਵੰਤ – ਨਹੀਂ।

ਹੁੱਦੇਦਾਰ – ਫੇਰ ਮੈਂ ਕੌਲ ਕਰਦਾ ਹਾਂ, ਅਰ ਅੱਲਾ ਨੂੰ ਜ਼ਾਮਨ ਦੇਂਦਾ ਹਾਂ ਕਿ ਮੈਂ ਤੇਰੇ ਨਾਲ ਸੱਚੇ ਮਿੱਤ੍ਰ ਦੀ ਤਰ੍ਹਾਂ ਅੰਗ ਪਾਲਾਂਗਾ, ਤੂੰ ਬੀ ਕੌਲ ਦੇਹ !

ਜਸਵੰਤ – ਮੈਂ ਕੋਲ ਕਰਦਾ ਹਾਂ ਅਰ ਬਹੈਸੀਅਤ ਸਿੱਖ ਦੇ ਕੌਲ ਕਰਦਾ ਹਾਂ ਕਿ ਮੈਂ ਆਪ ਨਾਲ ਅੰਗ ਪਾਲਾਂਗਾ ਅਰ ਆਪ ਦੇ ਭੇਤ ਸੰਭਾਲਾਂਗਾ।

ਹੁੱਦੇਦਾਰ – ਮੈਂ ਪੱਕੀ ਤਰ੍ਹਾਂ ਸੁਣ ਲਿਆ ਹੈ ਕਿ ਸਿੱਖ ਸਦਾ ਸੱਚਾ ਹੈ, ਇਸ ਦੀ ਜ਼ਬਾਨ ਝੂਠ ਨਾਲ ਆਸ਼ਨਾ ਨਹੀਂ ਹੈ, ਪਰ ਫਿਰ ਪੁੱਛਦਾ ਹਾਂ ਕਿ ਕੀ ਇਸ ਕੌਲ ਵਿਚ ਤੂੰ ਆਪਣਾ ਅੱਲਾ ਜ਼ਾਮਨ ਦੇਂਦਾ ਹੈ ?

ਜਸਵੰਤ – ਜਿਸ ਵੇਲੇ ਸਿੱਖ ਬਹੈਸੀਅਤ ਸਿੱਖ ਕੋਲ ਕਰਦਾ ਹੈ ਉਸ ਵਿਚ ਅੱਲਾ ਆਪੇ ਜ਼ਾਮਨ ਹੁੰਦਾ ਹੈ, ਕਿਉਂਕਿ ਸਿੱਖ ਹਰ ਵੇਲੇ ਅੱਲਾ ਦੀ ਹਜ਼ੂਰੀ ਵਿਚ ਵੱਸਦਾ ਹੈ।

ਹੁੱਦੇਦਾਰ – ਹੱਛਾ, ਤਾਂ ਤੇਰਾ ਅੱਲਾ ਜ਼ਾਮਨ ਹੈ, ਲੈ ਹੁਣ ਤੂੰ ਦੱਸ ਕਿ ਤੈਨੂੰ ਕੀਹ ਲੋੜ ਹੈ?

ਜਸਵੰਤ – ਮੇਰੀ ਜਾਮਾ-ਤਲਾਸ਼ੀ ਨਾ ਹੋਵੇ :

ਹੁੱਦੇਦਾਰ – ਕਿਸ ਕਰਕੇ?

ਜਸਵੰਤ – ਮੈਂ ਆਪਣੇ ਸਰੀਰ ਨੂੰ ਗ਼ੈਰਾਂ ਦੇ ਹੱਥ ਲਗਣ ਦੇਣੋਂ ਨਫ਼ਰਤ ਖਾਂਦਾ ਹਾਂ।
ਹੁੱਦੇਦਾਰ – ਸ਼ਾਬਾਸ਼ ! ਠੀਕ, ਪਰ ਤਲਾਸ਼ੀ ਦਾ ਹਰਜ਼ ਤਾਂ ਕੋਈ ਨਹੀਂ।

ਜਸਵੰਤ ਜ਼ਾਹਰਾ ਤਾਂ ਕੋਈ ਨਹੀਂ, ਪਰ ਪ੍ਰਣ ਜੁ ਐਸਾ ਹੀ ਹੈ। ਹੋਰ ਤੁਸੀਂ ਇਹ ਭਰਮ ਨਾ ਕਰੋ ਕਿ ਮੈਂ ਚੋਰ ਹਾਂ, ਜਾਂ ਕੋਈ ਖ਼ੁਨਾਮੀਆਂ ਹਾਂ, ਮੈਂ ਆਪ ਇਕ ਇਕ ਕਰਕੇ ਆਪਨੂੰ ਆਪਣੇ ਕਪੜੇ ਦੱਸ ਦੇਂਦਾ ਹਾਂ। ਤਸੱਲੀ ਕਰ ਲਵੋ ਯਾ ਮੇਰੇ ਬਚਨ ਤੇ ਅਮਨਾਂ ਕਰੋ ਜੋ ਮੈਂ ਸਿੱਖ ਹੋ ਕੇ ਆਖ ਰਿਹਾ ਹਾਂ ਕਿ ਇਸ ਸਿੱਖ ਪਾਸ ਹੀਰਾ ਨਹੀਂ ਹੈ।

ਹੁੱਦੇਦਾਰ – ਮੈਂ ਨਹੀਂ ਸਮਝਦਾ ਦੋਸ਼ ਕੀਹ ਹੈ?

ਜਸਵੰਤ – ਤੁਸੀਂ ਸਿੱਖ ਨਹੀਂ ਹੈ, ਮੁਸਲਮਾਨ ਹੋ ਸਾਡੇ ਅਰ ਖ਼ਾਸ ਕਰ ਮੇਰੇ ਅਜੇ ਭੇਤੀ ਨਹੀਂ ਹੋ, ਇਸ ਕਰਕੇ ਸਮਝ ਨਹੀਂ ਸਕਦੇ।
ਹੁੱਦੇਦਾਰ – ਨਹੀਂ, ਮੈਂ ਜਾਣਦਾ ਹਾਂ ਕਿ ਤੁਸੀਂ ਲੋਕ ਮੁਸਲ- ਮਾਨ ਨਾਲ ਛੁਹਣੋਂ ਪ੍ਰਹੇਜ਼ ਕਰਦੇ ਹੋ, ਪਰ ਭਲਾ ਜੇ ਛੋਹਿਆ ਜਾਵੇ, ਯਾ ਸਾਡਾ ਖਾ ਪੀ ਬੈਠੇ ਤਾਂ ਬੱਸ ਗਿਆ?

ਜਸਵੰਤ ਨਹੀਂ ਜੀ, ਅਸੀਂ ਆਪਣੇ ਵਿਛੁੜਿਆਂ ਨੂੰ ਮੇਲ ‘ ‘ਲੈਂਦੇ ਹਾਂ ਤੇ ਭਟਕ ਗਿਆਂ ਨੂੰ ਫੇਰ ਵਾੜੇ ਵਾੜ ਲੈਂਦੇ ਹਾਂ !

ਹੁੱਦੇਦਾਰ (ਲੰਮਾ ਸਾਹ ਲੈ ਕੇ) ਇਤਨੀ ਸੇਵਾ ਲੋਚਦੇ ਹੋ ਕਿ ਕੁਛ ਹੋਰ? ਹੱਛਾ, ਤੁਸੀਂ ਮੈਥੋਂ ਬੱਸ

ਜਸਵੰਤ – ਬੱਸ ਏਤਨੀ।

ਹੁੱਦੇਦਾਰ – ਫੇਰ ਹੋਰ ਡੋਲ ਬਚਾਉ ਦੀ ਕੋਈ ਨਹੀਂ ਸਿਵਾ

ਇਸ ਦੇ ਕਿ ਮੇਰੇ ਨਾਲ ਆਓ ਤੇ ਚੱਲਕੇ ਇਹ ਕੱਪੜੇ ਲਾਹ ਕੇ ਮੁਸਲਮਾਨਾਂ ਵਾਲੇ ਮੇਰੇ ਨੌਕਰ ਦੇ ਪਹਿਨ ਲਵੋ ਤੇ ਮੇਰੇ ਤੰਬੂ ਵਿਚ ਘੋੜੇ ਦੀ ਸੇਵਾ ਵਿਚ ਲਗ ਜਾਓ। ਆਪਣੇ ਘੋੜੇ ਵਾਲੇ ਨੂੰ ਮੈਂ ਆਪਣੇ ਨਾਲ ਫਿਰਨ ਲਈ ਲਾ ਲਵਾਂਗਾ, ਐਉਂ ਪਤਾ ਨਾ ਲੱਗੇਗਾ। ਹੋਰ ਕਾਫ਼ਲੇ ਵਿਚ ਰਹਿਕੇ ਬਚਾਉ ਕਠਨ ਹੈ। ਨਾਲੇ ਪਤਾ ਨਹੀਂ ਹੈ ਕਿ ਜੇ ਚੋਰ ਮਿਲ ਗਿਆ ਤਾਂ ਸਾਰੇ ਕਾਫ਼ਲੇ ਨਾਲ ਕੀ ਬਣੇ ਤੇ ਮੇਰੇ ਨੌਕਰਾਂ ਵਿਚ ਤਾਂ ਤੂੰ ਸਲਾਮਤ ਰਹੇਂਗਾ ! ਇਹ ਕਹਿਕੇ ਉਸ ਨੇ ਇਸ਼ਾਰਾ ਕੀਤਾ ਤੇ ਪਰੇ ਜਾ ਖਲੋਤਾ। ਇਧਰ ਜਸਵੰਤ ਨੇ ਬੁਢੇ ਨੂੰ ਜਗਾ ਕੇ ਕਿਹਾ ਕਿ ਮੈਂ ਕਿਤੇ ਜਾਣਾ ਹੈ, ਪਰਸੋਂ ਤੁਹਾਨੂੰ ਮਿਲ ਪੈਸਾਂ, ਨਾ ਮੇਰੀ ਤਲਾਸ਼ ਕਰਨੀ ਨਾ ਫਿਕਰ ਕਰਨਾ।

ਬਿਰਧ – ਹੈਂ ਹੈਂ !

ਜਸਵੰਤ 1 ਚੁਪ। ਬੋਲਣ ਦਾ ਵੇਲਾ ਨਹੀਂ ਹੈ, ਮੈਂ ਅੱਗੇ ਸਦਾ । ਬਚਨ ਪੂਰੇ ਕੀਤੇ ਹਨ, ਹੁਣ ਬੀ ਕਰਸਾਂ, ਤੁਸੀਂ ਬੇ-ਗ਼ਮ ਹੋ ਜਾਓ। ਇਹ ਕਹਿਕੇ ਜਸਵੰਤ ਸਿੰਘ ਉਸ ਹੁੱਦੇਦਾਰ ਦੇ ਨਾਲ ਨਿਰਭੈ ਚਲਾ ਗਿਆ : ਉਸ ਦੇ ਤੰਬੂ ਵਿਚ ਜਾਕੇ ਸਾਈਸ ਦੇ ਕੱਪੜੇ ਮੁਸਲੱਕੇ ਪਠਾਣ ਮੁੰਡੇ ਦੇ ਪਾ ਲਏ ਤੇ ਆਪਣੇ ਲਾਹ ਕੇ ਸਾਂਭ ਦਿੱਤੇ। ਹੁੱਦੇਦਾਰ ਨੂੰ ਯਕੀਨ ਤਾਂ ਪਹਿਲੇ ਹੀ ਆ ਗਿਆ ਸੀ, ਪਰ ਲੱਥੇ ਕਪੜਿਆ ਤੋਂਹੋਰ ਤਸੱਲੀ ਹੋ ਗਈ ਕਿ ਇਸ ਨੌਜਵਾਨ ਪਾਸ ਹੀਰਾ ਨਹੀਂ ਹੈ। ਘੋੜੇ ਦੇ ਪਾਸ ਜੋ ਸਾਈਸ ਸੁੱਤਾ ਪਿਆ ਸੀ, ਉਸ ਨੂੰ ਜਗਾ ਕੇ ਉਹ ਨਾਲ ਲੈ ਗਿਆ ਤੇ ਫੇਰ ਗਸ਼ਤ ਕਰਨ ਚੜ੍ਹ ਪਿਆ। ਦੂਸਰੀ ਚੌਕੀ ਤੇ ਜਾ ਕੇ ਉਸ ਨੇ ਆਪਣੇ ਬਾਲਗੀਰ ਨੂੰ ਇਕ ਕੰਮ ਤੇ ਲਗਾ ਦਿੱਤਾ। ਤੇ ਆਪ ਡੇਰੇ ਆ ਗਿਆ।

ਜਸਵੰਤ ਦੇ ਜੀਵਨ ਦੇ ਖਖੇੜ ਬਖੇੜ ਦੇਖੋ, ਕਿਸੇ ਵੇਲੇ ਦੈਵੀ ਮਾਪਿਆਂ ਦੀ ਲਾਡਲੀ ਧੀ, ਸਤਿਸੰਗੀਆਂ ਦੇ ਪਰਵਾਰ ਵਿਚ ਪਿਛਲੇ ਜਨਮ ਦੀ ਮਾਨੋ ਯੋਗੀ ਲੜਕੀ ਆਨੰਦ ਹੁਲਾਰੇ ਪੈ ਰਹੀ ਹੈ। ਕਿਸੇ ਵੇਲੇ ਕੈਦ ਪੈ ਕੇ ਕਾਬਲ ਦੀ ਮੰਡੀ ਵਿਚ ਵਿਕ ਰਹੀ ਹੈ। ਕਿਸੇ ਵੇਲੇ ਗੁਰਮੁਖ ਹੋ ਕੇ ਰਸਤੇ ਪਾ ਰਹੀ ਹੈ, ਕਿਸੇ ਵੇਲੇ ਕੈਦਾਂ ਕੱਟ ਰਹੀ ਹੈ, ਕਿਸੇ ਵੇਲੇ ਸਤਿਸੰਗ ਲਾ ਰਹੀ ਹੈ, ਅੱਜ ਗ਼ਰੀਬ ਦੁਖੀਆ ਸਾਈਸ ਬਣਕੇ ਘੋੜੇ ਦੇ ਪਾਸ ਘਾਸ ਦੇ ਬਿਸਤਰੇ ਤੇ ਲੇਟ ਰਹੀ ਹੈ।

ਅਫਸਰ ਨੂੰ, ਜੋ ਆਗਾ ਖਾਂ ਕਹਿਲਾਉਂਦਾ ਹੈ ਤੇ ਜੋ ਦੋ ਸੌ ਸਵਾਰ ਦਾ ਵੱਡਾ ਹੈ ਅਰ ਇਸ ਕਾਫਲੇ ਨੂੰ ਪਿਸ਼ਾਵਰ ਅਪੜਾਉਣ ਚੱਲਿਆ ਹੈ, ਇਕ ਅਚਰਜ ਰੰਗ ਦੀ ਖਿੱਚ ਨੇ ਖਿੱਚ ਰੱਖਿਆ ਹੈ। ਹੈ ਨੌਕਰੀ ਪਰੰਤੂ ਉੱਪਰ ਕਿਹਾ ਮਾਜਰਾ ਦੱਸਦਾ ਹੈ ਕਿ ਕੁਛ ਪਾਗ਼ਲ ਹੈ, ਜਾਂ ਘੱਟ ਤੋਂ ਘੱਟ ਮੂਰਖ ਹੈ, ਪਰ ਨਹੀਂ, ਦਿਲਾਂ ਦੇ ਸਾੜ ਬੁਰੇ। ਦਿਲ ਜਦੋਂ ਠੁਹਕਰ ਖਾ ਜਾਵੇ ਤਦੋਂ ਇਹੋ ਹੀ ਹਾਲ ਹੁੰਦਾ ਹੈ।

ਰਾਤ ਹੁਣ ਥੋੜੀ ਜੇਹੀ ਸੀ, ਆਗਾ ਖਾਂ ਥੱਕ ਗਿਆ ਸੀ, ਆ ਕੇ ਲੇਟ ਗਿਆ। ਬੇਚੈਨੀ ਬਹੁਤ ਵਧ ਗਈ ਸੀ; ਭਾਵੇਂ ਉਸ ਨੂੰ ਆਪਣੇ ਕੰਮ ਵਿਚ ਇਕ ਮਦਦਗਾਰ ਮਿਲ ਗਿਆ ਸੀ, ਪਰ ਅਜੇ ਮੁਸ਼ਕਲਾਂ ਦਾ ਸਾਮ੍ਹਣਾ ਸੀ। ਆਪਣੀ ਸਾਰੀ ਵਿਉਂਤ ਨੂੰ ਸੋਚਦਾ ਸੀ, ਅਤੇ ਰੋ ਰੋ ਪੈਂਦਾ ਸੀ। ਕਦੀ ਕਿਸੇ ਵੇਲੇ ਠੰਢੇ ਸਾਂਹ ਲੈ ਉੱਠਦਾ ਸੀ, ਕਦੇ ਡਾਢੇ ਕ੍ਰੋਧ ਵਿਚ ਆ ਮੁਹਾਰੇ ਦੰਦ ਕਰੀਚ ਉੱਠਦਾ ਸੀ। ਇਸੇ ਰੰਗ ਵਿਚ ਹੀ ਨੀਂਦ ਆ ਗਈ, ਸੂਰਜ ਚੜ੍ਹੇ ਤਕ ਇਸਦੇ ਥੱਕੇ ਸਰੀਰ ਨੇ ਆਰਾਮ ਕੀਤਾ। ਦਿਨ ਚੜ੍ਹਦੇ ਹੀ ਤਲਾਸ਼ੀ ਸ਼ੁਰੂ ਹੋ ਗਈ। ਆਗਾ ਖਾਂ ਨੂੰ ਕੂਚ ਦੀ ਕਾਹਲ ਸੀ ਓਸਨੇ ਬਾਕੀ ਹਿੱਸੇ ਦੀ ਤਲਾਸ਼ੀ ਛੇਤੀ ਕਰ- ਵਾਈ। ਦੁਪਹਿਰ ਤੋਂ ਬਾਦ ਵੇਹਲ ਹੋ ਗਈ। ਅਮੀਰ ਪਾਸ ਖ਼ਬਰ ਗਈ ਕਿ ਕਾਫ਼ਲੇ ਵਿਚ ਚੀਜ਼ ਨਹੀਂ ਹੈ, ਹੁਕਮ ਹੋਵੇ ਤਾਂ ਕਾਫਲਾ ਟੁਰੇ। ਸੰਝ ਵੇਲੇ ਟੁਰਨ ਦਾ ਹੁਕਮ ਆ ਗਿਆ। ਐਡੀ ਛੇਤੀ ਅਜੇ ਭਾਵੇਂ ਹੁਕਮ ਨਾ ਆਉਂਦਾ ਪਰ ਚੋਰ ਕਿਸੇ ਹੋਰ ਤਰ੍ਹਾਂ ਨਾਲ ਤੇ ਹੋਰ ਥਾਉਂ ਤੋਂ ਅੱਜ ਹੀ ਫੜਿਆ ਗਿਆ ਸੀ ਅਰ ਉਹ ਹੀਰਾ ਮਿਲ ਗਿਆ ਸੀ।

ਰਾਤ ਨੂੰ ਡੇਰਾ ਓਥੇ ਹੀ ਰਿਹਾ। ਆਗਾ ਖਾਂ ਨੂੰ ਬੇਚੈਨੀ ਖਾ ਰਹੀ ਸੀ, ਉਸ ਦੀ ਵਿਉਂਤ ਦਾ ਅੱਧਾ ਹਿੱਸਾ ਅੱਜ ਹੀ ਫੈਸਲਾ ਹੋਣਾ ਚਾਹੀਦਾ ਸੀ; ਪਰ ਜਦ ਤਕ ਕਿ ਕੋਈ ਸੱਜਣ ਭੇਤੀ ਮਦਦ- ਗਾਰ ਨਾ ਬਣੇ ਕੰਮ ਸਿਰੇ ਨਹੀਂ ਚੜ੍ਹ ਸਕਦਾ ਸੀ। ਜਸਵੰਤ ਸਿੰਘ ਉਸ ਨੇ ਮੱਦਦਗਾਰ ਲੱਭ ਤਾਂ ਲਿਆ ਸੀ, ਤੇ ਭੇਤੀ ਬੀ ਬਣਾ ਲਿਆ ਸੀ, ਪਰ ਡਰਦਾ ਸੀ ਕਿ ਹੋਰ ਇਤਬਾਰ ਕਰਾਂ ਕਿ ਨਾ? ਕਿ ਜਿੰਨਾ ਕਰ ਚੁਕਾ ਹਾਂ ਉਨਾਂ ਹੀ ਬਹੁਤ ਹੈ। ਇਹ ਸੋਚ ਸੀ ਜੋ ਉਸ ਨੂੰ ਖਾ ਰਹੀ ਸੀ। ਜੇਕਰ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਜਸਵੰਤ ਸਿੰਘ ਨੂੰ ਤਲਾਸ਼ੀ ਦਾ ਐਤਨਾ ਕਿਉਂ ਡਰ ਹੈ ਤਦ ਓਸ ਨੂੰ ਇਕ ਐਸਾ ਭੇਤ ਮਲੂਮ ਹੋ ਜਾਂਦਾ ਜਿਸ ਦੀ ਜ਼ਮਾਨਤ ਉਤੇ ਉਹ ਆਪਣਾ ਭੇਤ ਉਸ ਨਾਲ ਹੋਰ ਛੇਤੀ ਸਾਂਝਾ ਕਰ ਲੈਂਦਾ। ਭਾਵੇਂ ਉਸਦੀ ਨੇਕੀ ਤੇ ਸਚਾਈ ਉਸ ਦੇ ਮਨ ਨੂੰ ਖਿੱਚ ਰਹੀ ਸੀ, ਪਰ ਅਜੇ ਕਲੇਜੇ ਵਿਚ ਡਰ ਉੱਠ ਹੀ ਖੜੋਂਦਾ ਸੀ।

-0-

18 ਕਾਂਡ ।

ਸਮੇਂ ਦਾ ਫੇਰਵਾਂ ਚੱਕਰ ਫੇਰ ਰਾਤ ਲੈ ਆਇਆ। ਅੱਜ ਕਾਫ਼ਲੇ ਵਿਚ ਉਹ ਰੰਜ, ਦੁੱਖ, ਬੇਚੈਨੀ ਤੇ ਘਬਰਾ ਨਹੀਂ ਹੈ, ਜੋ ਕਲ੍ਹ ਰਾਤ ਸੀ। ਸਾਰੇ ਖੁਸ਼ੀ ਖੁਸ਼ੀ ਅੰਨ ਪਾਣੀ ਛਕ ਛਕਾ ਰਹੇ ਹਨ। ਸਵੇਰੇ ਕੂਚ ਦਾ ਨਗਾਰਾ ਵੱਜੇਗਾ ਤੇ ਘੜਿਆਲ ਤਿਆਰੀ ਦੀ ਟਨ ਟਨ ਸੁਣਾਏਗਾ, ਪਰ ਦੇਖੋ, ਆਗਾ ਖਾਂ ਬੇਚੈਨ ਹੈ। ਕਾਫਲੇ ਤੋਂ ਮੀਲ ਕੁ ਵਾਟ ਦੂਰ ਇਕ ਰੁੱਖ ਨਾਲ ਘੋੜਾ ਬੱਧਾ ਹੋਇਆ ਹੈ ਤੇ ਆਪ ਇਕ ਉੱਚੇ ਜਿਹੇ ਪੱਥਰ ਤੇ ਬੈਠਾ ਹੈ। ਅੱਗੇ ਇਕ ਸਿਲ ਤੇ ਜਸਵੰਤ ਸਿੰਘ ਸਾਈਸ ਦੇ ਰੂਪ ਵਿਚ ਬੈਠਾ ਹੈ।

ਆਗਾ ਖਾਂ – ਫੇਰ ਜਸਵੰਤ ਸਿੰਘ ! ਅਸਲ ਭੇਤ ਤੇਰੇ ਤਲਾਸ਼ੀ ਤੋਂ ਝੇਪਣ ਦਾ ਕੀਹ ਸੀ?

ਜਸਵੰਤ ਖ਼ਾਂ ਸਾਹਿਬ, ਸੱਚੀ ਸੱਚੀ ਤੇ ਨਿਰਭੈ ਗੱਲ ਇਹ – ਹੈ ਕਿ ਤੁਸੀਂ ਤੇ ਮੈਂ ਪਰਸਪਰ ਸਹਾਇਤਾ ਦਾ ਕੌਲ ਕੀਤਾ ਹੈ, ਪਰ ਪਰਸਪਰ ਭੇਤ ਖੋਲ੍ਹਣ ਦਾ ਨਹੀਂ ਕੀਤਾ। ਜੇ ਆਪ ਮੇਰਾ ਭੇਤ ਲੈਣਾ ਚਾਹੁੰਦੇ ਹੋ ਤਾਂ ਮੇਰੇ ਮਨ ਉਤੇ ਆਪਣੇ ਇਤਬਾਰ ਦਾ ਅਸਰ’ ਪਾਓ, ਜਿਸ ਤੋਂ ਮੈਂ ਸਮਝਾਂ ਕਿ ਤੁਸੀਂ ਮੇਰੇ ਤੇ ਭਰੋਸਾ ਕਰਦੇ ਹੋ। ਹਾਂ, ਇਹ ਮੈਂ ਨਿਸਚਾ ਕਰਾਉਂਦਾ ਹਾਂ ਕਿ ਆਪ ਦਾ ਭੇਤ ਕਦੇ ਨਹੀਂ ਖੁੱਲ੍ਹੇਗਾ ਅਰ ਆਪ ਨੂੰ ਪੂਰੀ ਪੂਰੀ ਮਦਦ ਦੇਵਾਂਗਾ। ਬਾਕੀ ਰਹੀ ਇਹ ਗੱਲ ਕਿ ਸਿੱਖ ਬਚਨ ਦੇ ਪੂਰੇ ਹੁੰਦੇ ਹਨ ਕਿ ਨਹੀਂ, ਇਹ ਗੱਲ ਤੁਸੀਂ ਇਥੋਂ ਦੇ ਸਿੱਖਾਂ ਤੋਂ ਪੁੱਛ ਲਓ, ਉਨ੍ਹਾਂ ਪਠਾਣਾਂ ਤੋਂ, ਜੋ ਕਦੀ ਹਿੰਦੁਸਤਾਨ ਗਏ ਹਨ ਯਾ ਇਥੋਂ ਦੇ ਸਿੱਖਾਂ ਨਾਲ ਜਿਨ੍ਹਾਂ ਨੂੰ ਵਾਹ ਪਿਆ ਹੋਵੇ, ਉਨ੍ਹਾਂ ਤੋਂ ਪੁੱਛ ਲਵੋ।

ਆਗਾ ਖਾਂ ਇਹ ਮੈਨੂੰ ਪਤਾ ਹੈ ਜੇ ਮੈਨੂੰ ਸਿੱਖਾਂ ਦੀ ਕੌਮ ਦੇ ਸਤਿਵਾਦੀ ਹੋਣ ਦਾ ਪੱਕਾ ਪਤਾ ਨਾ ਹੁੰਦਾ ਤਾਂ ਤੇਰੇ ਨਾਲ ਗੱਲ ਹੀ ਨਾ ਕਰਦਾ। ਜੇ ਤੂੰ ਸਿੱਖ ਨਾ ਹੁੰਦਾ ਤਾਂ ਮੇਰੇ ਹੋਠਾਂ ਦੀ ਮੁਹਰ ਕੌਣ ਤੋੜ ਸਕਦਾ ਸੀ?

ਜਸਵੰਤ ਫੇਰ ਦੱਸੋ ਕੀਹ ਬਾਤ ਹੈ ਜਿਸ ਵਿਚ ਮੈਂ ਮਦਦ ਕਰਾਂ ?

ਆਗਾ ਖਾਂ ਮੈਂ, ਹੇ ਸਿੱਖ ! ਤੇਰੇ ਤੇ ਪੂਰੀ ਮਿੱਤ੍ਰਤਾ ਦਾ ਇਤਬਾਰ ਕਰਕੇ ਭੇਤ ਦੱਸਦਾ ਹਾਂ। ਅੱਲਾ ਮੇਰਾ ਸਹਾਈ ਹੋਵੇ। ਅਮਾਨਤ ਹੈ ਇਹ ਭੇਤ ਮੇਰਾ ਤੇਰੇ ਪਾਸ, ਕਹੁ ਅੱਲਾ ਜ਼ਾਮਨ ਹੈ।

ਜਸਵੰਤ – ਮੇਰਾ ਵਾਹਿਗੁਰੂ ਧਰਮ ਨਿਭਾਵੇਗਾ।

ਆਗਾ ਖਾਂ ਮੈਂ ਪਿਸ਼ੌਰ ਤਕ ਜਾਣਾ ਹੈ, ਇਸ ਕਾਫ਼ਲੇ ਦੀ ਰਾਖੀ ਦਾ ਕੰਮ ਮੇਰੇ ਸਪੁਰਦ ਹੈ, ਪਰ ਮੈਨੂੰ ਇਕ ਔਕੜ ਹੈ। ਮੇਰੀ ਇਕ ਦਾਈ ਹੈ, ਜਿਸ ਨੇ ਮੈਨੂੰ ਪਾਲਿਆ ਤੇ ਖਿਡਾਇਆ ਹੈ, ਉਹ ਵਿਚਾਰੀ ਕੈਦ ਹੈ ਅਰ ਉਸ ਬੇਗੁਨਾਹ ਨੇ ਬੇਗੁਨਾਹੀ ਵਿਚ ਕਤਲ ਹੋ ਜਾਣਾ ਹੈ। ਮੈਨੂੰ ਉਹ ਅਤਿ ਪਿਆਰੀ ਹੈ, ਇਸ ਕਰਕੇ ਮੈਂ ਉਸਦੀ ਜਾਨ ਬਚਾਉਣੀ ਚਾਹੁੰਦਾ ਹਾਂ। ਕਾਫਲੇ ਨੇ ਕਲ੍ਹ ਟੁਰ ਪੈਣਾ ਹੈ ਤੇ ਮੈਂ ਅਜੇ ਤੱਕ ਉਸ ਦੇ ਬਚਾਉ ਦਾ ਕੋਈ ਬਾਨ੍ਹਣੂ ਨਹੀਂ ਬੰਨ੍ਹ ਸਕਿਆ। ਮੈਨੂੰ ਇਸ ਨੌਕਰੀ ਤੇ ਖ਼ਾਸ ਇਸੇ ਮਤਲਬ ਲਈ ਏਥੋਂ ਟੋਰਿਆ ਗਿਆ ਹੈ ਕਿ ਮੇਰੇ ਪਿਛੋਂ ਉਸ ਨੂੰ ਮਾਰ ਕੇ ਦਫ਼ਾ ਕਰ ਛੱਡਿਆ ਜਾਵੇ ਅਰ ਮੁੜ ਕੇ ਆਉਂਦੇ ਨੂੰ ਕੋਈ ਪਤਾ ਨਾ ਲੱਗੇ। ਮਾਰਨ ਦੇ ਸੰਕਲਪ ਵਾਲੇ ਸਮਝਦੇ ਹਨ ਕਿ ਮੈਂ ਜਦੋਂ ਮੁੜ ਕੇ ਆਊਂ ਰੋ ਧੋ ਕੇ ਚੁੱਪ ਕਰ ਰਹੂੰ।

ਜਸਵੰਤ – ਐਸੀ ਕੌਣ ਜ਼ਬਰਦਸਤ ਤਾਕਤ ਹੈ ਜੋ ਆਪ ਦੀ ਦਾਈ ਨੂੰ ਆਪ ਦੀ ਮਰਜ਼ੀ ਤੋਂ ਉਲਟ ਮਾਰ ਸਕਦੀ ਹੈ?

ਆਗਾ ਖਾਂ – ਮੇਰਾ ਆਪਣਾ ਪਿਤਾ।

ਜਸਵੰਤ ਕੁਛ ਖੋਟ।

ਆਗਾ ਉਨ੍ਹਾਂ ਦਾ ਕੋਈ ਭੇਤ ਦਾਈ ਪਾਸ ਹੈ, ਦਾਈ ਨਾਲ ਮੇਰੀ ਮਤੇਈ ਮਾਂ ਦੀ ਕੁਛ ਖਟਪਟੀ ਹੋ ਗਈ ਹੈ, ਮੇਰੇ ਨਾਲ ਬੀ ਕਿਸੇ ਗਲੋਂ ਵਿਗਾੜ ਹੋਇਆ ਹੈ। ਉਨ੍ਹਾਂ ਨੇ ਦੋ ਵੇਰ ਦਾਈ ਨੂੰ ਮੇਰੇ ਨਾਲ ਕੁਛ ਗੱਲਾਂ ਕਰਦੇ ਡਿੱਠਾ ਹੈ, ਉਸ ਤੋਂ ਉਨ੍ਹਾਂ ਨੂੰ ਸ਼ੱਕ ਪੈ ਗਿਆ ਹੈ ਕਿ ਮਤਾਂ ਦਾਈ ਉਹ ਭੇਤ ਮੈਨੂੰ ਦੱਸ ਦੇਵੇ, ਇਸ ਕਰਕੇ ਮੈਨੂੰ ਉਸ ਤੋਂ ਜੁਦਾ ਕੀਤਾ ਗਿਆ ਹੈ। ਫਿਰ ਮੇਰੀ ਗ਼ੈਰ ਹਾਜ਼ਰੀ ਉਸ ਦੀ ਮੌਤ ਦਾ ਪੜਦਾ ਹੈ ਕਿ ਉਸ ਦੇ ਮਰਨ ਦੇ ਕਾਰਨ ਦਾ ਮੈਨੂੰ ਪਤਾ ਨਾ ਲੱਗਸੀ, ਪਰ ਓਹ ਨਹੀਂ ਜਾਣਦੇ ਕਿ ਜਿਸ ਭੇਤ ਦੇ ਮੈਨੂੰ ਪਤਾ ਲੱਗਣ ਤੋਂ ਉਹ ਡਰਦੇ ਹਨ, ਉਹ ਮੈਨੂੰ ਮੇਰੀ ਦਾਈ ਹੁਣ ਤਕ ਦੱਸ ਚੁਕੀ ਹੈ। ਹੁਣ ਉਸ ਦੇ ਮਰ ਜਾਣ ਨਾਲ ਮੇਰੇ ਪਿਤਾ ਨੂੰ ਕੋਈ ਲਾਭ ਨਹੀਂ ਹੈ। ਪਿਆਰ ਮੇਰੇ ਨਾਲ ਬਾਪ ਦਾ ਇਤਨਾ ਅਤੁੱਟ ਹੈ ਕਿ ਓਹ ਮੈਥੋਂ ਜੁਦਾ ਨਹੀਂ ਹੋ ਸਕਦੇ, ਪਰ ਏਸ ਕੰਮ ਦੀ ਖ਼ਾਤਰ ਉਹਨਾਂ ਨੂੰ ਇਹ ਜੁਦਾਈ ਬੀ ਝੱਲਣੀ ਪਈ ਹੈ। ਬੱਸ ਇਤਨਾ ਹੀ ਖੋਟ ਹੈ।

ਜਸਵੰਤ ਤੁਹਾਡੀ ਆਪਣੀ ਮਤੇਈ ਮਾਂ ਨਾਲ ਕਿਉਂ ਅਣਬਣ ਹੋਈ?

ਆਗਾ ਏਸ ਦਾ ਕੀਹ ਪੁੱਛਣਾ ਹੋਇਆ? ਮੇਰਾ ਜੀ ਕੁਦਰਤੋਂ ਹੀ ਆਪਣੇ ਪਰਵਾਰ ਦੇ ਉਲਟ ਹੈ; ਧੱਕਾ ਕਰਨਾ, ਮਾਰਨਾ, ਪਾਪ ਕਰਨੇ ਮੈਨੂੰ ਬੁਰੇ ਲੱਗਦੇ ਹਨ ਤੇ ਸਮੇਂ ਦਾ ਹਾਲ ਇਹ ਹੈ ਕਿ ਉਤੋਂ ਰੰਗ ਹੋਰ, ਅੰਦਰੋਂ ਹੋਰ, ਅਸਲ ਵਿਚ ਮੈਨੂੰ ਕੀਹ ਥਹੁ ਲੱਗਣਾ ਸੀ, ਮੇਰੀ ਦਾਈ ਨੇ ਹੀ ਮੈਨੂੰ ਭਿਣਕ ਪਾ ਦਿੱਤੀ ਸੀ ਕਿ ਮਤੇਈ ਮਾਂ ਦੇ ਬਹੁਤੇ ਪਿਆਰ ਤੋਂ ਸੰਭਲਕੇ ਰਹੀਂ, ਇਹ ਪਿਆਰ ਕੁਛ ਖੋਟਾ ਹੈ।

ਜਸਵੰਤ ਤਦ ਤਾਂ ਦਾਈ ਦੀ ਸ਼ਾਮਤ ਆਪੇ ਸਿਰ ਚੜ੍ਹ ਕੇ ਆਈ ਸੀ? ਅੱਛਾ ਹੁਣ ।

ਆਗਾ (ਕਾਹਲਾ ਹੋਕੇ) ਫੇਰ ਹੁਣ ਕੀਕੂੰ ਕਰੀਏ? ਜਸਵੰਤ – ਕੀ ਉਸਨੂੰ ਘਰੋਂ ਕੱਢ ਕੇ ਲਿਆ ਸਕਦੇ ਹੋ?

ਆਗਾ ਘਰੋਂ ਕੱਢਣਾ ਤਾਂ ਕੀਹ ਔਖਾ ਹੈ? ਅੱਗੋਂ ਸੰਭਾਲਣਾ ਔਖਾ ਹੈ। ਮੇਰਾ ਕੋਈ ਦਰਦੀ ਨਹੀਂ ਹੈ ਕਿ ਜਿੱਥੇ ਮੈਂ ਉਸ ਨੂੰ ਲੁਕਾਵਾਂ। ਪਿਤਾ ਜੀ ਨੇ ਮੈਨੂੰ ਐਨਾ ਪਿਆਰ ਕੀਤਾ ਹੈ ਕਿ ਕਿਸੇ ਦੀ ਬੈਠਕੇ ਬੈਠਣ ਹੀ ਨਹੀਂ ਦਿੱਤਾ। ਜੇ ਮੈਂ ਨਾਲ ਲੈ ਟੁਰਾਂ ਤਾਂ ਛਿਪਾਉ ਹੋ ਨਹੀਂ ਸਕਦਾ, ਜੇ ਵਖਰਿਆਂ ਟੋਰਾਂ ਤਾਂ ਖ਼ੈਬਰ ਦਾ ਦੌਰਾ ਐਸਾ ਇਲਾਕਾ ਹੈ ਕਿ ਉਥੋਂ ਕੌਣ ਇਕੱਲਾ ਲੰਘ ਸਕਦਾ ਹੈ ? ਇਸ ਦੇ ਦੁਵੱਲੀ ਉਚੇ ਉਚੇ ਪਹਾੜ ਹਨ ਤੇ ਐਸੀਆਂ ਖੂੰਖਾਰ ਕੌਮਾਂ ਦਾ ਵਾਸ ਹੈ ਕਿ ਇਕੱਲਾ ਟੁਰਦਾ ਮਿਲਿਆ ਨਹੀਂ ਤੇ ਮਾਰਿਆ ਨਹੀਂ।

ਜਸਵੰਤ ਜੇਕਰ ਤੁਸੀਂ ਐਥੇ ਲੈ ਆਓ, ਤਦ ਕਾਫਲੇ ਵਿਚ ਛਿਪਾਕੇ ਨਿਬਾਹੀ ਚਲਣਾ ਮੇਰੇ ਜ਼ਿੰਮੇ ਛੱਡ ਦਿਓ।

ਆਗਾ ਕੀਕੂੰ ?

ਜਸਵੰਤ ਮਰਦਾਨਾ ਲਿਬਾਸ ਸਿੱਖਾਂ ਵਾਲਾ ਪਹਿਨਾਕੇ ਸਾਡੇ ਸਪੁਰਦ ਕਰ ਦੇਣਾ, ਅਸੀਂ ਆਪਣੇ ਅਸਥਾਨ ਦੀ ਰਾਖੀ ਲਈ ਨੌਕਰ ਦੇ ਬਹਾਨੇ ਲਈ ਚੱਲਾਂਗੇ। ਆਪਣੇ ਸਾਥੀਆਂ ਨੂੰ ਮੈਂ ਨਜਿੱਠ ਲਵਾਂਗਾ। ਮਜਾਲ ਹੈ ਜੋ ਉਹਨਾਂ ਨੂੰ ਭੇਤ ਮਿਲੇ ਯਾ ਕੋਈ ਗੱਲ ਬਾਹਰ ਨਿਕਲ ਸਕੇ। ਖ਼ਾਤਰ ਜਮਾ ਰੱਖੀਓ।

ਆਗਾ (ਅਚਰਜ ਹੋ ਕੇ) ਤੇ ਜੇ ਗੱਲ ਨਿਕਲ ਗਈ, ਤਦ ਮੇਰੇ ਇਸ ਗੋਰੇ ਬਦਨ ਦਾ ਫੀਤਾ ਫੀਤਾ ਹੋ ਉਡੇਗਾ।

ਜਸਵੰਤ ਗੱਲ ਨਿਕਲੇ ਹੀ ਕੀਕੂੰ? ਤੇ ਜੇ ਨਿਕਲੇ ਤਾਂ ਆਪਣੇ ਬਦਨ ਦਾ ਫੀਤਾ ਫੀਤਾ ਹੋਣ ਤੋਂ ਪਹਿਲਾਂ ਤੁਸੀਂ ਮੇਰੇ ਬਦਨ ਦਾ ਫੀਤਾ ਫੀਤਾ ਕਰਵਾ ਸਕਦੇ ਹੋ ! ਫਿਰ ਸੋਚੋ ਤੁਹਾਡੇ ਵਲ ਤੱਕਣ ਵਾਲਾ ਜੰਮਿਆਂ ਕੌਣ ਹੈ? ਕੁਛ ਆਪਣੇ ਤੇ ਭਰੋਸਾ ਬੀ ਕਰੋ। ਅਕਲ ਸਾਰੀ ਵਰਤੋ, ਪਰ ਤਕੜੇ ਬੀ ਹੋਵੋ।

ਆਗਾ ਉਹ ਪਿਆਰਾ ਪਿਤਾ ਐਸਾ ਕਠੋਰ ਚਿੱਤ ਹੈ ਕਿ ਕ੍ਰੋਧ ਵਿਚ ਆਇਆ ਪਿਆਰੇ ਤੋਂ ਪਿਆਰੇ ਨੂੰ ਉਡਾ ਦੇਣ ਵਾਲਾ ਹੈ। ਅੱਠ ਨੌਂ ਵੇਰ ਹਿੰਦੁਸਤਾਨ ਜਾ ਕੇ ਲੱਖਾਂ ਰੁਪੱਯੇ ਲਿਆਇਆ ਹੈ ਤੇ ਬੇਗੁਨਾਹਾਂ ਦੇ ਲਹੂ ਪੀ ਕੇ ਭੂਤ ਹੋ ਚੁਕਾ ਹੈ।

ਜਸਵੰਤ ਕੀ ਹੋਇਆ, ਤੁਸੀਂ ਬੀ ਕੁਛ ਹਿੰਮਤ ਕਰੋ। ਜਦੋਂ ਇਨਸਾਨ ਔਕੜਾਂ ਵਿਚ ਫਸੇ ਤਾਂ ਸਿੱਖੀ ਸਿਖਾਲਦੀ ਹੈ ਕਿ ਇਕ ਰੱਬ ਤੇ ਭਰੋਸਾ ਕਰੇ ਤੇ ਇਕ ਆਪਣੀ ਹਿੰਮਤ ਤੇ ਦਾਈਏ ਤੇ। ਢਿੱਲਾ ਤੇ ਨਿਰਾਸ ਨਾ ਹੋਵੇ।

ਆਗਾ ਫੇਰ ਜੇ ਮੈਂ ਲੈ ਆਵਾਂ ਤਾਂ ਨਿਬਾਹ ਲਵੋਗੇ, ਇਸ ਗੱਲ ਦੀ ਜ਼ਮਾਨਤ ?
ਜਸਵੰਤ ਵਾਹਿਗੁਰੂ ਨਿਭਾਹੇਗਾ, ਜ਼ਮਾਨਤ ਇਕ ਸਿੱਖ ਦੇ ਮੂੰਹ ਦਾ ਬਚਨ, ਸਚਾਈ ਨਾਲ ਦਿੱਤਾ ਕੌਲ।

ਇਹ ਸੁਣਦੇ ਹੀ ‘ਹਵਾ ਰਫਤਾਰ ਘੋੜੇ ਦੀਆਂ ਰਕਾਬਾਂ ਵਿਚ ਸੁਹਣੇ ਆਗਾ ਖਾਂ ਨੇ ਪੈਰ ਰੱਖ ਕੇ ਚਾਬਕ ਕੜਕਾਇਆ, ਜੋ ਅੱਖ ਦੇ ਫੋ ਰ ਵਿਚ ਉਡੰਤ ਹੋ ਗਿਆ। ਸਤਵੰਤ ਓਥੇ ਹੀ ਬੈਠੀ ਕਰਤਾਰ ਦੇ ਰੰਗਾਂ ਨੂੰ ਵੇਖਦੀ ਹੈ ਕਿ ਮੇਰੇ ਨਸੀਬਾਂ ਵਿਚ ਮਾਮਲੇ ਦੇ ਬਾਦ ਮਾਮਲਾ ਲਿਖਿਆ ਹੈ। ਕੋਈ ਚਾਰ ਦਿਨ ਚੈਨ ਦੇ ਨਹੀਂ ਆਉਂਦੇ ਕਿ ਹੋਰ ਤੋਂ ਹੋਰ ਚੱਕਰ ਆ ਪੈਂਦਾ ਹੈ, ਪਰ ਧੰਨ ਹੈ ਕਰਤਾਰ ! ਹਰ ਦੁੱਖ ‘ਚੋਂ ਕੱਢ ਲੈਂਦਾ ਹੈ। ਇਹ ਹੁਣ ਨਵਾਂ ਕੰਮ ਹੈ, ਹੈ ਤਾਂ ਪਰਉਪਕਾਰ ਦਾ ਪਰ ਦੇਖੀਏ ਕੀ ਰੰਗ ਖਿੜਾਉਂਦਾ ਹੈ। ਇਸ ਤਰ੍ਹਾਂ ਸੋਚਦੀ ਸਤਵੰਤ ਖਿਆਲੀ ਵਹਿਮਾਂ ਵਿਚ ਅੰਦਰੋਂ ਅੰਦਰ ਉਤਰ ਗਈ ਕਿ ਇਹ ਸਾਰਾ ਮਾਮਲਾ ਕੀ ਹੋ ਸਕਦਾ ਹੈ? ਉਸ ਨੇ ਕਈ ਜੋੜ ਤੋੜ ਲਾਏ, ਪਰ ਛੇਕੜ ਆਪਣੇ ਤੇ ਗੁੱਸਾ ਆਇਆ ਕਿ ਮੈਂ ਆਪਣਾ ਸਮਾਂ ਕਿਸ ਪਾਸੇ ਲਾਇਆ। ਗੁਰਮੁਖ ਪਿਆਰੇ ਜੀ ਦੀ ਕੀਹ ਆਗਿਆ ਸੀ ਤੇ ਮੇਰਾ ਮਨ ਕਿੱਥੇ ਨੂੰ ਟੁਰ ਪਿਆ ਹੈ। ਜੋ ਹੋ ਰਿਹਾ ਹੈ, ਸੋ ਹੋ ਰਿਹਾ ਹੈ ਜੋ ਗੁਰੂ ਕਰੇਗਾ ਸੋ ਭਲਾ ਕਰੇਗਾ, ਬੈਠ ਰੇ ਮਨ ਸਬਰ ਕੇ ਹੁਜਰੇ ਜੇਹੀ ਜੇਹੀ ਆਵੇ ਤੇਹੀ ਤੇਹੀ ਗੁਜਰੇਂ । ਤੂੰ ਵਾਹਿਗੁਰੂ ਦੇ ਨਾਲ ਰਹੁ, ਸਦਾ ਨਾਲ ਰਹੁ, ਤੇਰੇ ਕੰਮ ਆਪੇ ਸਾਂਈਂ ਸੁਆਰੇਗਾ।

ਰਾਤ ਅੱਧੀ ਤੋਂ ਵੱਧ ਲੰਘ ਗਈ, ਆਕਾਸ਼ ਦਾ ਚੱਕਰ ਭੌਂ ਗਿਆ, ਸਤਵੰਤ ਕੌਰ ਦੇ ਕੰਨਾਂ ਵਿਚ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆਈ। ਪੱਥਰਾਂ ਵਿਚ ਲੁਕੀ ਹੋਈ ਨੇ ਧਿਆਨ ਕੀਤਾ, ਅਗਲੀ ਪਲ ਨੂੰ ‘ਜਸਵੰਤ ਦੀ ਆਵਾਜ਼ ਕੰਨੀਂ ਪਈ ਤੇ ਆਗ਼ਾ ਖਾਂ ਦਾਈ ਸਣੇ ਆ ਗਿਆ।

ਇਹ ਇਕ ਲੰਮੀ ਪਤਲੀ ਪੰਜਤਾਲੀ ਕੁ ਵਰ੍ਹੇ ਦੀ ਢਲਵੀਂ, ਪਰ ਸਡੌਲ ਤੇ ਮਜ਼ਬੂਤ ਜ਼ਨਾਨੀ ਸੀ! ਚਿਹਰਾ ਪਠਾਣੀਆਂ ਵਾਂਗ ਗੋਲ ਨਹੀਂ ਸੀ ਸਗੋਂ ਕੁਛ ਲੰਮਾ ਤੇ ਪਤਲਾ ਸੀ। ਅੱਖਾਂ ਵਿਚ ਕੁਛ ਉਦਾਸੀ ਤੇ ਬੇਚੈਨੀ ਸੀ, ਪਰ ਇਹ ਸਾਫ਼ ਦਿੱਸਦਾ ਸੀ ਕਿ ਏਹ ਅੱਖਾਂ ਸਮੇਂ ਦੇ ਕਈ ਪਰਤੇ ਦੇਖਕੇ ਕੁਛ ਦਾਨੀਆਂ, ਕੁਛ ਕਰੜੀਆਂ ਹੋ ਚੁਕੀਆਂ ਸਨ।

ਜਸਵੰਤ – ਬੜੀ ਫੁਰਤੀ ਨਾਲ ਕੰਮ ਹੋ ਗਿਆ।

ਆਗਾ ਖਾਂ ਕੁਛ ਅੱਲਾ ਨੇ ਮਦਦ ਕੀਤੀ। ਇਹ ਤਾਂ ਆਪੇ ਆਪਣੇ ਘਰੋਂ ਕਿਸੇ ਹਿੰਮਤ ਹੀਲੇ ਨਾਲ ਤੜਕਸਾਰ ਨਿਕਲ ਤੁਰੀ ਹੋਈ ਸੀ, ਦਿਨ ਭਰ ਲੁਕੀ ਰਹੀ ਤੇ ਰਾਤ ਭਰ ਟੁਰੀ ਰਹੀ ਸੀ। ਹੁਣ ਕਾਫ਼ਲੇ ਦੇ ਮਗਰ ਆ ਰਹੀ ਕਿ ਮੈਨੂੰ ਰਸਤੇ ਵਿਚ ਮਿਲ ਪਈ। ਇਸ ਨੂੰ ਮੇਰੇ ਟੁਰਦੇ ਸਾਰ ਹੀ ਭਿਣਕ ਪੈ ਗਈ ਸੀ ਕਿ ਮੇਰੇ ਪਿਛੋਂ ਕਤਲ ਹੋ ਜਾਏਗੀ, ਇਸ ਲਈ ਇਸ ਨੇ ਉਸ ਘਰ ਦੀ ਬੰਦ ਤੋਂ ਨਿਕਲ ਪੈਣ ਦਾ ਕੋਈ ਰਾਹ ਆਪੇ ਕੱਢ ਲਿਆ ਸੀ। ਸੋ ਹੁਣ ਇਸ ਦੇ ਘਰੋਂ ਗੁੰਮ ਹੋ ਜਾਣ ਕਰਕੇ ਘਰ ਵਾਲੇ ਜਾਣਦੇ ਹਨ ਕਿ ਇਹ ਸਾਥੋਂ ਨਿਕਲ ਗਈ ਹੈ ਅਰ ਸੌ ਵਿਸਵਾ ਸ਼ੱਕ ਏਥੇ ਹੀ ਪੈਣਾ ਹੈ। ਕਾਫ਼ਲਾ ਦੋ ਦਿਨ ਅਟਕਿਆ ਰਿਹਾ ਹੈ, ਉਹਨਾਂ ਨੇ ਸਮਝਣਾ ਹੈ ਕਿ ਦੋ ਦਿਨਾਂ ਵਿਚ ਤਾਂ ਟੁਰ ਕੇ ਬੀ ਪਹੁੰਚ ਪਈ ਹੋਵੇਗੀ। ਸੋ ਖ਼ਤਰਾ ਹੈ ਕਿ ਸਵੇਰ ਤੋਂ ਪਹਿਲੇ ਓਹ ਏਥੇ ਆ ਵੱਜਣਗੇ। ਹੁਣ ਜਸਵੰਤ ਸਿੰਘ ਜੀ ! ਨਿਤਰਨ ਦਾ ਸਮਾਂ ਹੈ।

ਇਸ ਤਰ੍ਹਾਂ ਗੱਲਾਂ ਕਰਦੇ ਏਹ ਮਲਕੜੇ ਜਿਹੇ ਆਪਣੇ ਤਵੇਲੇ ਵਾਲੇ ਡੇਰੇ ਪਹੁੰਚੇ। ਜਸਵੰਤ ਸਿੰਘ ਨੇ ਏਥੇ ਆ ਕੇ ਆਪਣੀ ਸਿੱਖਾਂ ਵਾਲੀ ਪੁਸ਼ਾਕ ਪਾਈ ਤੇ ਆਪਣੇ ਡੇਰੇ ਜਾ ਕੇ ਆਪਣੇ ਅਸਬਾਬ ਵਿਚੋਂ ਆਪਣੀ ਦੂਜੀ ਮਰਦਾਨਵੀ ਪੁਸ਼ਾਕ ਲਿਆ ਕੇ ਦਾਈ ਨੂੰ ਪਹਿਨਾਈ ਤੇ ਫੇਰ ਡੇਰੇ ਲੈ ਆਏ। ਬ੍ਰਿਧ ਜੀ ਨੂੰ ਜਗਾਕੇ ਸਮਝਾਇਆ ਕਿ ਇਹ ਸਾਥੀ ਇਕ ਸੱਜਣ ਹੈ ਕਿਸੇ ਕਾਰਨ ਨੌਕਰ ਕਰਕੇ ਨਾਲ ਰੱਖਣਾ ਹੈ ਤੇ ਇਸ ਦੇ ਰੱਖਣ ਵਿਚ ਫੌਜਦਾਰ ਆਗਾ ਖ਼ਾਂ ਦਾ ਗੁਪਤ ਹੁਕਮ ਹੈ, ਸੋ ਪ੍ਰਗਟ ਨਹੀਂ ਕਰਨਾ ਤੇ ਗੱਲ ਨੂੰ ਨਿਬਾਹੁਣਾ ਹੈ, ਮੈਂ ਖਾਲਸੇ ਵਾਲਾ ਬਚਨ ਦੇ ਆਇਆ ਹਾਂ।

ਬਿਰਧ ਪੁਰਖ ਨੇ ਕਿਹਾ : ਸਤਿ ਬਚਨ ! ਹੁਣ ਬਾਕੀ ਰਾਤ ਮਲਕੜੇ ਬੀਤ ਗਈ। ਦਿਨ ਹੋਣ ਤੋਂ ਪਹਿਲਾਂ ਹੀ ਆਗਾ ਖਾਂ ਦਾ ਭਿਆਨਕ ਪਿਤਾ ਆ ਪਹੁੰਚਾ, ਕਾਫ਼ਲੇ ਦੇ ਅਟਕ ਜਾਣ ਕਰਕੇ ‘ਮਿਲਣੇ ਦਾ ਬਹਾਨਾ ਆਪਣੇ ਆਉਣ ਦਾ ਕਾਰਨ ਦੱਸਿਆ। ਫੇਰ ਸਰਸਰੀ ਗੱਲ ਦਾਈ ਦੇ ਗੁੰਮ ਹੋਣ ਦੀ ਚਲਾਈ। ਇਧਰ ਪਿਤਾ ਪੁਤ੍ਰ ਗੱਲ ਕਰਦੇ ਰਹੇ, ਉਧਰ ਉਸਦੇ ਸਾਥੀਆਂ ਨੇ ਕਾਫ਼ਲੇ ਵਿਚ ਢੂੰਡ ਭਾਲ ਕਰ ਲਈ, ਪੱਤ ਪੱਤ ਫਿਰ ਕੇ ਵੇਖ ਲਿਆ। ਇਸ ਗ਼ਰੀਬ ਪੁੱਤ੍ਰ ਦਾ ਡੇਰਾ ਫੁਲਵਾ ਲੈਣਾ ਤਾਂ ਚੰਚਲ ਪਿਤਾ ਦਾ ਇਕ ਮਾਮੂਲੀ ਕੰਮ ਸੀ, ਜੋ ਬੇਮਲੂੰਮੇ ਹੋ ਗਿਆ।

ਹੁਣ ਦਿਨ ਚੋਖਾ ਚੜ੍ਹ ਪਿਆ ਸੀ, ਲੋਕੀਂ ਆਗਾ ਖਾਂ ਦੀ ਆਗ੍ਯਾ ਮੰਗ ਰਹੇ ਸਨ ਕਿ ਕੂਚ ਦੀ ਆਗ੍ਯਾ ਦੇ ਦਿੱਤੀ। ਜਿਉਂ ਜਿਉਂ ਲੋਕੀਂ ਟੁਰੇ, ਨਾਕੇ ਤੇ ਖੜੋ ਕੇ ਆਗ਼ਾ ਖਾਂ ਦੇ ਪਿਤਾ ਦੇ ਸੂੰਹੀਆਂ ਨੇ ਇਕ ਇਕ ਆਦਮੀ ਤੇ ਤ੍ਰੀਮਤ ਨੂੰ ਡਿੱਠਾ। ਜਸਵੰਤ ਦੀ ਵਾਰੀ ਵੀ ਆਈ, ਦਾਈ ਤੇ ਉਹ ਦੋਵੇਂ ਬੇਝੱਕ ਹੱਸਦੇ ਖੇਡਦੇ ਲੰਘ ਗਏ। ਅਹਿਦੀਆਂ ਨੇ ਵੱਟੇ ਹੋਏ ਭੇਸ ਵਿਚ ਕੁਛ ਨਾ ਲਖਿਆ ਕਿ ਕੀ ਹੋ ਗਿਆ ਹੈ। ਹੁਣ ਪਿਆਰ ਦਾ ਕੁੱਠਾ, ਪਰ ਨਿਰਦਈ ਪਿਤਾ, ਪੁਤ੍ਰ ਨੂੰ ਗਲ ਲਾ ਕੇ ਮਿਲਦਾ ਤੇ ਅਸੀਸਾਂ ਦੇਂਦਾ ਵਿਦਾ ਹੋ ਗਿਆ, ਅਰ ਨੌਕਰਾਂ ਦੇ ਟੋਲੇ ਵਿਚੋਂ ਦੋ ਚਾਰ ਸੂੰਹੀਏ ਛੱਡ ਗਿਆ, ਜੋ ਸੁੰਧਕ ਰੱਖਣ ਕਿ ਪਾਪਣ ਦਾਈ ਕਿਤੇ ਅੱਗੇ ਜਾ ਕੇ ਆਗਾ ਖਾਂ ਦੇ ਕਾਫ਼ਲੇ ਨੂੰ ਨਾ ਆ ਮਿਲੇ ਅਰ ਪਿਤਾ ਪੁਤ੍ਰ ਵਿਚ ਦੁਫੇੜ ਨਾ ਪੁਆ ਦੇਵੇ।

ਖ਼ੈਰ, ਸਿੱਕਾਂ ਸਿਕਦਿਆਂ ਤੇ ਦੁੱਖਾਂ ਦੇ ਬਨ ਝਲਦਿਆਂ ਗ਼ਰੀਬ ਸਤਵੰਤ ਕੌਰ ਵਾਗਾਂ ਵਤਨ ਨੂੰ ਪਰਤੀਆਂ ਤੇ ਲੱਗਾ ਕਾਫ਼ਲਾ ਟੁਰਨ। ਹੁਣ ਉਸ ਦੀ ਕੈਦ ਦੀ ਭੂਮੀ ਵੱਲ ਪਿੱਠ ਹੈ ਤੇ ਪਿਆਰੇ ਵਤਨ ਵੱਲ ਰੁਖ਼ ਹੋਇਆ ਹੈ। ਸ਼ੁਕਰ ਹੈ ਮੁਹਾੜਾਂ ਪਰਤਾ ਦੇਣ ਵਾਲੇ ਅਰਸ਼ੀ ਮਾਲਕ ਦਾ।

ਤੀਸਰੀ ਮੰਜ਼ਲ ਆਈ। ਕਾਫ਼ਲੇ ਨੇ ਡੇਰੇ ਕੀਤੇ। ਸਭ ਲੋਕ ਆਪੋ ਆਪਣੇ ਆਹਰਾਂ ਵਿਚ ਲਗੇ। ਇਸ ਵੇਲੇ ਜਸਵੰਤ ਜੀ ਤੇ ਨਵੇਂ ਸਾਥੀ, ਜਿਸ ਦਾ ਨਾਉਂ ‘ਸਾਂਈਂ ਜੀ ਕਰਕੇ ਰੱਖਿਆ ਸੀ, ਇਕਲਵਾਂਜੇ ਬੈਠੇ ਗੱਲੀਂ ਲੱਗ ਰਹੇ ਹਨ।

ਸਾਂਈਂ – ਤੁਸੀਂ ਮੇਰੇ ਆਗਾ ਦੇ ਕਦ ਕੁ ਦੇ ਜਾਣੂ ਹੋ, ਜੋ ਉਨ੍ਹਾਂ ਨੇ ਤੁਸਾਂ ਉਤੇ ਇਤਨਾ ਇਤਬਾਰ ਕਰ ਲੀਤਾ ਹੈ ?

ਜਸਵੰਤ ਵਾਕਬੀ ਤਾਂ ਪੁਰਾਣੀ ਨਹੀਂ, ਪਰ ਸ਼ਾਇਦ ਸਿੱਖ ਜਾਣਕੇ ਭਰੋਸਾ ਕਰ ਲੀਤਾ ਨੇ।

ਸਾਂਈਂ ਹਾਂ, ਠੀਕ ਹੈ ! ਮੈਨੂੰ ਖਿਆਲ ਨਹੀਂ ਆਇਆ। ਸਿੱਖ ਤੇ ਸੱਚ ਦੋਵੇਂ ਇਕ ਸ਼ੈ ਤੇ ਇਕ ਰੂਪ ਹਨ।

ਜਸਵੰਤ – ਗੁਰੂ ਜੀ ਦਾ ਪ੍ਰਤਾਪ ਹੈ।

ਸਾਂਈਂ – ਤੁਸੀਂ ਪਸ਼ੌਰ ਤਕ ਜਾਸੋ?

ਜਸਵੰਤ – ਨਹੀਂ ਅਗੇਰੇ ਜਾਣਾ ਹੈ (ਛੇਤੀ ਨਾਲ) ਪਰ ਤੁਸੀਂ ਹੁਣ ਕੀ ਕਰੋਗੇ ?

ਸਾਂਈਂ – ਕਿਉਂ?

ਜਸਵੰਤ ਤੁਸੀਂ ਦੋਵੇਂ ਮਾਂ ਪੁਤ੍ਰ (ਆਖਾਂ, ਹੋਰ ਕੀ ਆਖਾਂ) ਐਸ ਤਰ੍ਹਾਂ ਟੁਰੇ ਹੋ ਕਿ ਮੁੜਕੇ ਇਸ ਧਰਤੀ ਵਿਚ ਆਉਣ ਜੋਗ ਨਹੀਂ ਹੋ, ਖ਼ਾਸ ਕਰ ਤੂੰ ਤਾਂ ਨਹੀਂ ਆ ਸਕਦੀ।

ਸਾਂਈਂ ਹੈ ਤਾਂ ਠੀਕ ਪਰ ਆਗਾ ਖਾਂ ਵਾਪਸ ਆ ਸਕਦਾ ਹੈ।

ਜਸਵੰਤ ਠੀਕ ਹੈ, ਪਰ ਤੁਹਾਡਾ ਦੋਹਾਂ ਦਾ ਪਿਆਰ ਵਿਛੁੜਨ ਵਾਲਾ ਨਹੀਂ ਜਾਪਦਾ।

ਸਾਂਈਂ – ਇਹ ਬੀ ਸੱਚ ਹੈ ਤੇ ਹੋਵੇ ਬੀ ਕੀਕੂੰ ਨਾ। ਇਹ ਅਜੇ ਬੱਚਾ ਹੀ ਸੀ, ਸਾਢੇ ਤ੍ਰੈ ਵਰ੍ਹੇ ਦਾ ਕਿ ਮਾਂ ਮਰ ਗਈ, ਫੇਰ ਮੈਂ ਹੀ ਇਸ ਨੂੰ ਪਾਲਿਆ ਹੈ। ਉਂਞ ਨਿਕੇ ਹੁੰਦੇ ਨੂੰ ਬੀ ਮੈਂ ਹੀ ਦੁੱਧ ਚੁੰਘਾਉਂਦੀ ਤੇ ਖਿਡਾਉਂਦੀ ਸਾਂ, ਮਾਂ ਤਾਂ ਵਿਚਾਰੀ ਅਤਿ ਸੁਹਲ ਜਿੰਦ ਸੀ, ਰਤਾ ਕੁ ਹਵਾ ਦਾ ਹੁਲਾਰਾ ਆਵੇ ਤਾਂ ਸਰੀਰ ਨਿੱਫਰ ਹੋ ਜਾਂਦਾ ਸਾਸੁ। ਸੋ ਇਹ ਲਾਲ ਮੇਰੇ ਹੀ ਥਣਾਂ ਤੇ ਪਲਿਆ ਤੇ ਮੇਰੀ ਹੀ ਗੋਦ ਖੇਲਿਆ ਹੈ। ਮੇਰੀਆਂ ਹੀ ਆਂਦਾਂ ਨੂੰ ਪੁੱਤ੍ਰਾਂ ਵਾਲੀ ਧੂਹ ਹੈ ਤੇ ਉਸ ਦੀਆਂ ਆਂਦਰਾਂ ਨੂੰ ਮਾਂ ਵਾਲੀ ਮਮਤਾ ਮੇਰੇ ਨਾਲ ਹੈ, ਦੇਖੋ ਵਿਚਾਰੇ ਨੇ ਮੇਰੇ ਪਿਛੇ ਹੁਣ ਤਕ ਕਿਤਨਾ ਦੁੱਖ ਝੱਲਿਆ ਹੈ। ਅਜੇ ਜੀਕੂੰ ਤੁਸਾਂ ਕਿਹਾ ਹੈ, ਕੀ ਪਤਾ ਹੈ ਕਿ ਦੇਸ਼ ਬੀ ਛੱਡਣਾ ਪੈ ਜਾਵੇਸੁ। * ਅੰਗ ਪਾਲ, ਬਚਨ ਦਾ ਪੂਰਾ ਸੱਚਾ ਤੇ ਭਰੋਸਾ ਕਰਨ ਵਾਲਾ ਹੈ। ਏਸ ਧਰਤੀ ਦੇ ਲੋਕ ਤਾਂ ਡਾਢੇ ਵਲਦਾਰ ਹਨ, ਪਰ ਏਸ ਨੂੰ ਵਲ ਛਲ ਨਹੀਂ ਹੈ।

ਜਸਵੰਤ ਇਨ੍ਹਾਂ ਦੀ ਮਾਤਾ ਜੀ (ਸੁਰਗਵਾਸ ਰਹੇ ਨੇ) ਕਿਸ ਔਹਰ ਨਾਲ ਗੁਜ਼ਰੇ ਸੇ?

ਸਾਂਈਂ ਔਹਰ ਕਾਹਦੀ ਸੀ, ਇਸੇ ਕਰੜੇ ਪਠਾਣ ਦਾ, ਜੋ ਸਵੇਰੇ ਪੁੱਤ ਪੁੱਤ ਕਰਦਾ ਮੱਥੇ ਸੁੰਘਦਾ ਤਲਾਸ਼ੀਆਂ ਲੈ ਗਿਆ ਹੈ; ਗੁੱਸਾ ਵਿਚਾਰੀ ਨੂੰ ਖਾ ਗਿਆ।

ਜਸਵੰਤ ਡਾਢੀ ਕੂਮਲ ਹੋਣੀ ਹੈ, ਜੋ ਗੁੱਸੇ ਨਾਲ ਮਰ ਗਈ, ਕੂੜ੍ਹ ਕੁੜ੍ਹ ਕੇ ਕਿਸੇ ਖਈ ਰੋਗ ਨਾਲ ਟੁਰ ਗਈ ਹੋਊ?

ਸਾਂਈਂ (ਜ਼ਹਿਰ ਭਰੇ ਹਾਸੇ ਨਾਲ) ਨਾਲੋਂ ਬੀ ਛੇਤੀ ਨਾਲ। ਖਈ ਨਹੀਂ, ਹੈਜ਼ੇ

ਜਸਵੰਤ – ਉਹ ਕੀਕੂੰ ?

ਸਾਂਈਂ ਤਲਵਾਰ ਦੀ ਆਬਦਾਰ ਧਾਰ ਨਾਲ।

ਜਸਵੰਤ (ਤ੍ਰਿੜ੍ਹਕ ਕੇ) – ਇਸਤ੍ਰੀ ਪਰ ਤਲਵਾਰ ਦਾ ਵਾਰ !

(ਰੋ ਕੇ) ਕਿਹੇ ਕਠੋਰ ਤੇ ਜਾਂਗਲੀ ਲੋਕ ਹਨ ! ਕੁਛ (ਪਰਮੇਸ਼ਰ ਤਰਸ ਕਰੇ ਉਸ ਦੀ ਰੂਹ ਉਤੇ) ਗ਼ਰੀਬਣੀ ਵਿਚ ਦੋਸ਼ ਸੀ?

ਸਾਂਈਂ ਸੁੱਚਾ ਹੀਰਾ, ਨਿਰੀ ਨਿਰਦੋਸ਼ ਨਿਰਦੋਸ਼ ਹੋਣਾ ਹੀ ਤਾਂ ਕਤਲ ਦਾ ਕਾਰਨ ਸੀ, ਦੋਸ਼ੀ ਹੁੰਦੀ ਤਾਂ ਕੌਣ ਮਾਰਦਾ ? ਏਸ ਧਰਤੀ ਵਿਚ ਧਰਮੀਆਂ ਲਈ ਕਤਲ ਹੈ। ਤੁਸੀਂ ਲੋਕ ਸਾਨੂੰ ਰਾਖਸ਼ ਏਸੇ ਅਧਰਮ ਕਰਨ ਕਰਕੇ ਆਖਦੇ ਹੋ।

ਜਸਵੰਤ – ਨਿਰਦੋਸ਼ ਨੂੰ ਕਿਉਂ ਮਾਰਿਆ? ਗੁੱਸਾ ਕਿਸ ਗੱਲੇ ਭੜਕਿਆ ?
ਸਾਂਈਂ ਹੱਸ ਪਿਆ ਤੇ ਜਸਵੰਤ ਦੇ ਹੱਥ ਘੁੱਟ ਕੇ ਕਹਿਣ ਲੱਗਾ; ਆਓ ਕੁਛ ਕੰਮ ਕਰੀਏ, ਡੇਰੇ ਵਿਚ ਮਦਦ ਦੀ ਲੋੜ ਹੋਣੀ ਹੈ, ਗੱਲਾਂ ਫੇਰ ਕਰਾਂਗੇ। ਹਾਂ, ਇਕ ਗੱਲ ਹੈ, ਮੇਰਾ ਬੱਚਾ ਡਾਢਾ ਸਿੱਧਾ ਹੈ, ਉਸ ਨੇ ਹੁਣ ਮੈਨੂੰ ਮਿਲਣ ਆਉਣਾ ਹੈ। ਚੰਗਾ ਹੋਵੇ ਜੇ ਤੂੰ ਕਿਸੇ ਬਹਾਨੇ ਮਿਲ ਆਵੇਂ ਸੁ ਕਿ ਕੁਛ ਦਿਨ ਮੈਨੂੰ ਨਾ ਮਿਲੇ। ਉਸ ਦਾ ਕਪਟੀ ਪਿਤਾ ਜ਼ਰੂਰ ਸੂੰਹੀਏ ਛੱਡ ਗਿਆ ਹੋਣਾ ਹੈ, ਜਿਨ੍ਹਾਂ ਨੇ ਮੇਰੀ ਢੂੰਡ ਭਾਲ ਰੱਖਣੀ ਹੈ। ਜੇ ਕਿਤੇ ਉਹਨਾਂ ਨੇ ਇਧਰ ਬਹੁਤ ਆਉਂਦਾ ਜਾਂਦਾ ਤੇ ਮਿਲਦਾ ਗਿਲਦਾ ਤੱਕ ਲਿਆ, ਸ਼ੱਕ ਪੈ ਗਿਆ, ਖੋਜ ਨਿਕਲ ਗਿਆ ਤਾਂ ਮੇਰਾ ਤਾਂ ਤੱਤੜੀ ਦਾ ਕੀਹ ਹੈ ਪਾਪੀ ਪਿਤਾ ਨੇ ਮੇਰੇ ਲਾਲ ਨੂੰ ਤੂੰਬਾ ਤੂੰਬਾ ਕਰਕੇ ਉਡਾ ਦੇਣਾ ਹੈ। ਲਾਲ ਨੂੰ ਮੇਰੀ ਜ਼ਬਾਨੀ ਕਹਿ ਆ ਕਿ ਆਪਣੇ ਚਾਰ ਚੁਫੇਰੇ ਖਿਆਲ ਰਖੇ ਅਰ ਬਹੁਤ ਮਿਹਨਤ ਕਰੇ ਤਾਂ ਉਸ ਨੂੰ ਜ਼ਰੂਰ ਆਪਣੇ ਉਤੇ ਛੱਡੇ ਹੋਏ ਜਸੂਸ ਇਸ ਕਾਫਲੇ ਵਿਚ ਲੱਭ ਪੈਣਗੇ।

ਜਸਵੰਤ ਸਿੰਘ ਨੇ ਸਮਝ ਲਿਆ ਕਿ ਦਾਈ ਗੱਲ ਵਲਾ ਗਈ ਹੈ ਅਰ ਅਸਲ ਭੇਤ ਨਹੀਂ ਦੱਸਿਆ ਸੂ, ਪਰ ਖ਼ੈਰ ਕੀਹ ਹੋਇਆ, ਸਹਿਜੇ ਸਹਿਜੇ ਗੱਲ ਖੁਲ੍ਹ ਜਾਏਗੀ ਤੇ ਉਂਞ ਪਰਾਏ ਭੇਤ ਪਾੜਨ ਲਈ ਮੈਂ ਕਿਉਂ ਜ਼ੋਰ ਲਾਵਾਂ। ਹੁਣ ਮੈਂ ਇਸ ਦਾ ਕੰਮ ਕਰ ਆਵਾਂ। ਇਹ ਸੋਚ ਕੇ ਕੁਛ ਆਪਣੇ ਸਫਰ ਸੰਬੰਧੀ ਕੰਮ ਲੈ ਕੇ ਆਗਾ ਖਾਂ ਨੂੰ ਜਾ ਮਿਲਿਆ ਅਰ ਉਚੀ ਉਚੀ ਉਹ ਕੰਮ ਦੱਸਕੇ ਉਸ ਨੂੰ ਮੌਕੇ ਦੇ ਦਿਖਾਉਣ ਲਈ ਕਿ ਜਿਥੋਂ ਦਾ ਕੰਮ ਦੱਸਿਆ ਸੀ ਨਾਲ ਲੈ ਆਂਦਾ ਤੇ ਰਸਤੇ ਵਿਚ ਹੌਲੇ ਹੌਲੇ ਦਾਈ ਦਾ ਸੁਨੇਹਾ ਸੁਣਾ ਦਿੱਤਾ। ਆਗਾ ਇਹ ਸੁਣਕੇ ਅਚੰਭਾ ਰਹਿ ਗਿਆ, ਪਰ ਗੱਲ ਉਸ ਦੇ ਮਨ ਲੱਗੀ। ਉਹ ਆਪਣੀ ਪਾਲਕ ਮਾਂ ਦੀ ਅਕਲ ਦਾ ਬੜਾ ਕਦਰ ਪਾਉਣ ਵਾਲਾ ਸੀ, ਕਿਉਂਕਿ ਉਹ ਜਦ ਬੋਲਦੀ ਪਤੇ ਦੀ ਬੋਲਦੀ ਹੁੰਦੀ ਸੀ। ਉਸ ਨੂੰ ਸੁਣਦੇ ਸਾਰ ਤਸੱਲੀ ਆ ਗਈ ਕਿ ਅੰਮਾਂ ਸੱਚ ਆਖਦੀ ਹੈ। ਸੋ ਗੱਲ ਬਾਤ ਕਰਕੇ ਓਹ ਡੇਰੇ ਨੂੰ ਮੁੜ ਗਿਆ ਅਰ ਚੁੱਪ ਚਾਪ ਏਸੇ ਤਲਾਸ਼ ਭਾਲ ਵਿਚ ਲਗ ਪਿਆ ਕਿ ਕਿਹੜਾ ਕਿਹੜਾ ਆਦਮੀ ਮੇਰੇ ਹੀ ਕਾਫ਼ਲੇ ਵਿਚ ਮੇਰੇ ਤੇ ਹੀ ਸੂਹੀਆਂ ਹੋ ਸਕਦਾ ਹੈ।

ਰਾਤ ਫੇਰ ਆ ਗਈ ਤੇ ਕਾਫਲੇ ਨੇ ਉਤਾਰਾ ਕੀਤਾ। ਜਸਵੰਤ ਤੇ ਸਾਂਈਂ ਰੋਟੀ ਖਾ ਕੇ ਇਕਲਵੰਜੇ ਜਾ ਬੈਠੇ ਤੇ ਕਈ ਗੱਲਾਂ ਬਾਤਾਂ ਛਿੜ ਪਈਆਂ।

ਸਾਂਈਂ – ਇਸ ਧਰਤੀ ਵਿਚ ਹਜ਼ਾਰਾਂ ਲੱਖਾਂ ਲੋਕ ਪਠਾਣ ਹੀ ਨਹੀਂ ਹਨ, ਪਰ ਹਿੰਦੁਸਤਾਨ ਤੋਂ ਫੜ ਕੇ ਆਂਦੇ ਹਿੰਦੂ ਵਿਚੇ ਹੀ ਰਲ ਮਿਲ ਜਾਂਦੇ ਹਨ।

ਜਸਵੰਤ – ਫੜਕੇ ਆਂਦੇ, ਚੁੱਪ ਕੀਤੇ ਰਲ ਜਾਂਦੇ ਹਨ?

ਸਾਂਈਂ ਤੇ ਹੋਰ ਕਰਨ ਬੀ ਕੀਹ? ਤਲਵਾਰ ਸਿਰ ਤੇ ਸ਼ੂਕਦੀ ਹੈ, ਬਣ ਕੁਛ ਸਕਦਾ ਨਹੀਂ ਆਪਣੇ ਦੇਸ਼ ਵਿਚ ਕੁਛ ਸਾਹਸ ਨਹੀਂ, ਜੋ ਕਿਸੇ ਦੀ ਆਸ ਰੱਖੀ ਜਾਵੇ ਕਿ ਕੋਈ ਆਪਣਾ ਪਾਤਸ਼ਾਹ ਆਵੇਗਾ ਜੋ ਕਦੇ ਛੁਡਾਵੇਗਾ। ਨਿਰਾਸ, ਦੁਖੀ, ਭੁੱਖਾਂ ਦੇ ਮਾਰੇ ਕਲਿਆਨ ਕਲਮੇ ਵਿਚ ਹੀ ਸਮਝਦੇ ਹਨ।

ਜਸਵੰਤ ਚੜ੍ਹ ਜਾਂਦੇ ਹੋਣੇ? ਪਰ ਮੁਸਲਮਾਨ ਹੋ ਕੇ ਕੁਛ ਅਰਸ਼ ਤੇ ਤਾਂ ਨਹੀਂ

ਸਾਂਈਂ – ਇਹ ਤਾਂ ਠੀਕ ਹੈ, ਪਰ ਪੇਟ ਭਰ ਰੋਟੀ ਤਾਂ ਲੱਝ – ਜਾਂਦੀ ਹੈ, ਤੇ ਮੌਤ ਦਾ ਭੈ ਦੂਰ ਹੋ ਜਾਂਦਾ ਹੈ।

ਜਸਵੰਤ ਇਹ ਗੱਲ ਮੰਨੀ, ਪਰ ਜੇ ਕਤਲ ਹੀ ਹੋ ਜਾਣ ਤਾਂ ਗ਼ੁਲਾਮੀ ਦੀ ਜ਼ਿੰਦਗੀ ਤੋਂ ਤਾਂ ਛੁੱਟ ਜਾਣ। ਧਰਮ ਤੇ ਖੁਲ੍ਹ ਗੁਆਕੇ ਜੀਉਣਾ ਬੀ ਕੀਹ ਜੀਉਣਾ ਹੈ?

ਸਾਂਈਂ – ਹਿੰਦੂਆਂ ਵਿਚ ਤਾਂ ਏਤਨਾ ਬਲ ਨਹੀਂ ਰਿਹਾ। ਹਾਂ, ਸਿੱਖ ਹਨ ਜੋ ਕੈਦ ਨਹੀਂ ਪੈਂਦੇ, ਜੇ ਕਦੇ ਕੋਈ ਫਸੇ ਤਾਂ ਰਸਤੇ ਵਿਚ ਹੀ ਇਨ੍ਹਾਂ ਨਾਲ ਲੜ ਭਿੜਕੇ ਮਰ ਜਾਂਦਾ ਹੈ। ਜੇ ਕਿਤੇ ਕੋਈ ਬੁਰੇ ਹਾਲੀਂ ਆ ਹੀ ਪਹੁੰਚੇ, ਤਾਂ ਓਹ ਜ਼ਰੂਰ ਮਰਨਾ ਹੀ ਪਸੰਦ ਕਰਦਾ ਹੈ। ਅਜੇ ਤੱਕ ਕਿਸੇ ਸਿੱਖ ਇਸਤ੍ਰੀ ਯਾ ਪੁਰਖ ਨੇ ਏਥੇ ਆਕੇ ਧਰਮ ਨਹੀਂ ਦਿੱਤਾ ਤੇ ਨਾ ਹੀ ਗ਼ੁਲਾਮੀ ਸਿਰ ਚਾਈ ਹੈ। ਖੁਲ੍ਹ ਦਾ ਪਿਆਰ ਤੇ ਧਰਮ ਦੀ ਆਣ ਇਹਨਾਂ ਵਿਚ ਜ਼ਰੂਰ ਹੈ। ਹਨ ਸਿੱਖ ਹਿੰਦੂ ਤੇ ਅਕਸਰ ਹਿੰਦੂ ਕੁਲ ਵਿਚੋਂ ਪਰ ਅੰਮ੍ਰਿਤ ਛਕਦੇ ਸਾਰ ਹੋਰ ਦੇ ਹੋਰ ਹੋ ਜਾਂਦੇ ਹਨ। ਤੁਸੀਂ ਇਹ ਗੱਲ ਬੜੀ ਹੈਰਾਨੀ ਨਾਲ ਸੁਣ ਰਹੇ ਹੋ, ਕੀ ਤੁਸਾਂ ਕਦੇ ਕਿਸੇ ਸਿੱਖ ਦੀ ਏਥੇ ਕਤਲ ਦੀ ‘ਚਰਚਾ ਆਪ ਨਹੀਂ ਸੁਣੀ? ਐਹ ਥੋੜ੍ਹਾ ਹੀ ਚਿਰ ਹੋਇਆ ਹੈ ਕਿ ਇਕ ਸਿੱਖ ਮੁਟਿਆਰ ਅਮੀਰ ਦੇ ਮਹਿਲਾਂ ਵਿਚ ਜਾਂਦੀ ਹੀ ਆਪਣੇ ਕਮਰੇ ਨੂੰ ਅੱਗ ਲਾਕੇ ਸੜ ਮੋਈ, ਧਰਮੋਂ ਨਹੀਂ ਡਿੱਗੀ। ਸੁਣਿਆ ਸਾ ਜੇ ਕਿ ਨਹੀਂ ?

ਜਸਵੰਤ ਸਿੰਘ ਹਾਂ, ਇਸ ਮਾਮਲੇ ਦੀ ਮੈਨੂੰ ਖ਼ਬਰ ਹੈ। ਸਿੱਖ ਐਸੇ ਹੀ ਹੁੰਦੇ ਹਨ। ਮੈਂ ਆਪ ਬੀ ਸਿੱਖ ਹੀ ਹਾਂ।

ਸਾਂਈਂ ਪਰ ਗੁੱਸਾ ਨਾ ਕਰਨਾ, ਜੋ ਸਿੱਖ ਏਥੋਂ ਦੇ ਰਹਿਣ – ਵਾਲੇ ਹਨ, ਓਹ ਜ਼ਰਾ ਲਾਂਭੇ ਰਹਿਕੇ ਵਕਤ ਕੱਟਦੇ ਹਨ; ਪਰ ਜੋ ਦੇਸ਼ ਤੋਂ ਫੜੇ ਆਉਂਦੇ ਹਨ ਓਹ ਤਾਂ ਸਜਰੇ ਬਨੋਂ ਫੜਕੇ ਆਂਦੇ ਸ਼ੇਰ ਵਾਂਙੂ ਡਾਢੇ ਰੋਹ ਭਰੇ ਤੇ ਜੋਸ਼ ਵਾਲੇ ਹੁੰਦੇ ਹਨ। ਪਠਾਣ ਬੀ ਉਨ੍ਹਾਂ ਦਾ ਲੋਹਾ ਮੰਨਦੇ ਹਨ। ਪਰ ਸਿੱਖ ਫੜਿਆ ਆਵੇ? ਇਹ ਗੱਲ ਬੜੀ ਹੀ ਘੱਟ ਹੁੰਦੀ ਹੈ।

ਜਸਵੰਤ ਤੁਸੀਂ ਠੀਕ ਆਖਦੇ ਹੋ। ਪੰਜਾਬ ਵਿਚ ਸਿੱਖ ਫ਼ਖ਼ਰ ਕਰਦੇ ਹਨ ਕਿ ਉਨ੍ਹਾਂ ਦਾ ਇਕ ਬੱਚਾ ਵੀ ਕੈਦ ਵਿਚ ਪੈ ਕੇ ਗ਼ੁਲਾਮ ਨਹੀਂ ਬਣਿਆ। ਯਾ ਤਾਂ ਕਤਲ ਹੋਇਆ ਹੈ ਯਾ ਕਿਵੇਂ ਦੇਸ਼ ਵਾਪਸ ਪਹੁੰਚਾ ਹੈ।

ਸਾਂਈਂ ਠੀਕ ਹੈ। ਇਨ੍ਹਾਂ ਵਿਚ ਕੁਝ ਐਸਾ ਅੱਗ ਦਾ ਚੁਆਤਾ ਲੁਕਿਆ ਹੋਇਆ ਹੈ ਕਿ ਜੰਮਦੇ ਨੂੰ ਮੁਸਲਮਾਨ ਕਰ ਘੱਤੋ, ਵਰਿਹਾਂ ਬੱਧੀ ਮੁਸਲਮਾਨ ਘਰਾਂ ਵਿਚ ਪਾਲੋ ਜਦੋਂ ਕੰਨ ਵਿਚ ਫੂਕ ਦਿਓ ਕਿ ਤੂੰ ਸਿੱਖ ਦੀ ਉਲਾਦ ਹੈਂ, ਬੱਸ ਕੋਇਲ ਦੇ ਬੱਚੇ ਵਾਂਙੂ ਉਡਾਰੀ ਮਾਰੀ ਤੇ ਆਪਣੀ ਮਾਂ ਕੋਲ।

ਜਸਵੰਤ (ਇਕ ਲੰਮਾ ਸਾਹ ਲੈ ਕੇ ਤੇ ਸਾਂਈਂ ਵੱਲ ਨੀਝ ਲਾ ਕੇ) – ਤੁਸੀਂ ਤਾਂ ਪਠਾਣ ਹੋ, ਸਿੱਖਾਂ ਦੀ ਐਡੀ ਮਹਿਮਾ ਕਿਉਂ?

ਸਾਂਈਂ ਮੈਂ ਸੱਚ ਕਹਿੰਦੀ ਹਾਂ, ਝੂਠੀ ਮਹਿਮਾ ਨਹੀਂ ਕਰਦੀ। ਨਾ ਕੁਸ਼ਾਂਮਤ ਕਰਦੀ ਹਾਂ ਕਿ ਚਾਰ ਦਿਨ ਤੁਹਾਡੇ ਨਾਲ ਵਾਹ ਪਿਆ ਹੈ, ਇਸ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੁਭਾ ਲਵਾਂ। ਮੈਂ ਵੀ ਤੋਲਵੀਂ ਗੱਲ ਆਖਦੀ ਹਾਂ ਅਰ ਰਤਾ ਭਰ ਵਾਧਾ ਨਹੀਂ ਕਰਦੀ।

ਜਸਵੰਤ ਸ੍ਰੀ ਵਾਹਿਗੁਰੂ ! ਤੁਹਾਡਾ ਖਿਆਲ ਕਿੱਧਰ ਗਿਆ ਹੈ? ਮੈਂ ਤਾਂ ਇਸ ਕਰਕੇ ਪੁੱਛਿਆ ਹੈ ਕਿ ਜਰਵਾਣਿਆਂ ਦਾ ਸੁਭਾਵ ਹੁੰਦਾ ਹੈ ਕਿ ਸੱਚ ਦਾ ਬੀ ਇਕਰਾਰ ਨਹੀਂ ਕਰਦੇ, ਜੇ ਕਰਨ ਤਾਂ ਸਾਨੂੰ ਸੱਚਿਆਂ ਨੂੰ ਸਾਡੇ ਦੇਸ਼ ਵਿਚ ਜਾ ਕੇ ਕਿਉਂ ਮਾਰਨ? ਤੁਸੀਂ ਸਾਡੇ ਲੋਹੇ ਨੂੰ ਮੰਨਦੇ ਹੋ, ਇਸ ਕਰਕੇ ਪਿਆਰ ਦੀ ਹੈਰਾਨੀ ਵਿਚ ਮੈਂ ਏ ਪ੍ਰਸ਼ਨ ਪੁੱਛਿਆ ਸੀ।

ਸਾਂਈਂ ਨਹੀਂ ਜੀ, ਰੰਜ ਦੀ ਗੱਲ ਨਹੀਂ ਹੈ, ਮੈਂ ਸਮਝਦੀ ਹਾਂ ਕਿ ਤੁਸੀਂ ਲੋਕ, ਜੋ ਕਹਿੰਦੇ ਹੋ, ਝੂਠ ਕਦੇ ਨਹੀਂ ਹੁੰਦਾ। ਤੁਹਾਡੇ ਗੁਣ ਐਸੇ ਹਨ ਕਿ ਦੁਸ਼ਮਣ ਬੀ ਮਹਿਮਾ ਕਰਨੋ ਨਹੀਂ ਰੁਕਦਾ। ਭਲਾ ਨਾਦਰ ਸ਼ਾਹ ਵਰਗਾ ਜ਼ਾਲਮ ਪਾਤਸ਼ਾਹ ਹੋਵੇ, ਦੇਸ਼ ਵਿਚ ਲਹੂ ਦੇ ਦਰਿਯਾ ਵਗਾਕੇ ਉਹ ਥਲਕਾ ਮਚਾਕੇ ਆਇਆ ਹੋਵੇ ਕਿ ਸਦੀਆਂ ਤੱਕ ਦੁਨੀਆਂ ਨਾ ਭੁਲੇਗੀ, ਉਸ ਜ਼ਾਲਮ ਪਾਸੋਂ ਅਟਕ ਤੇ ਆ ਕੇ ਆਪਣੇ ਦੇਸ਼ ਦੀਆਂ ੨੧੦੦ ਹਿੰਦੂ ਜ਼ਨਾਨੀਆਂ ਖੋਹ ਕੇ ਵਾਪਸ ਲੈ ਜਾਣਾ ਇਹ ਇਨ੍ਹਾਂ ਹੀ ਮਰਦਾਂ ਦਾ ਕੰਮ ਹੈ। ਕੇਵਲ ਇਕ ਸਿੱਖ ਜਨਾਨੀ ਹੱਥ ਪੈਰ ਬੱਧੇ ਨਾਦਰਸ਼ਾਹ ਨਾਲ ਏਥੇ ਆਈ ਸੀ ਸੋ ਬੀ ਉਹ ਹਿੰਦੀਆਂ ਦੇ ਟੋਲੇ ਵਿਚ ਸੀ ਜੋ ਪਹਿਲੇ ਅੱਗੇ ਲੰਘ ਚੁਕਾ ਸੀ, ਪਰ ਉਸ ਬਹਾਦਰ ਸਿੰਘਣੀ ਦੇ ਸ਼ਾਬਾਸ਼ ! ਸਿਰ ਦਿੱਤਾ। ਪਰ ਧਰਮ ਨਹੀਂ ਦਿੱਤਾ।

ਜਸਵੰਤ – ਕੀਹ ਤੁਸੀਂ ਉਸ ਨੂੰ ਡਿੱਠਾ ਸੀ ?

ਸਾਂਈਂ – ਡਿੱਠਾ ਕੀਹ ਮੈਂ ਉਸ ਦੇ ਨਾਲ ਸਾਂ।

ਇਹ ਕਹਿਕੇ ਸਾਂਈਂ ਦੀਆਂ ਅੱਖਾਂ ਤੋਂ ਪਾਣੀ ਵੱਗ ਟੁਰਿਆ ਤੇ ਚਿਹਰਾ ਗ਼ਮ ਨਾਲ ਉੱਡ ਗਿਆ।

ਜਸਵੰਤ ਇਸ ਸਿੰਘਣੀ ਦੀ ਮੌਤ ਦੀ ਯਾਦ ਨੇ ਤੁਹਾਨੂੰ ਬਹੁਤ ਉਦਾਸ ਕੀਤਾ ਹੈ, ਹੋਰ ਗੱਲ ਹੁਣ ਮੈਂ ਨਾਂਹ ਪੁੱਛਦਾ, ਫੇਰ ਸਹੀ। ਤੁਸੀਂ ਜੇਰਾ ਕਰੋ, ਜੀਓ ਜੀਓ, ਜੇਰਾ ਕਰੋ। ਪਰ ਸਾਂਈਂ ਦਾ ਗਲਾ ਰੁਕ ਗਿਆ ਸੀ ਅਰ ਜਵਾਬ ਦੇਣ ਦੀ ਤਾਕਤ ਨਹੀ ਜਾਪਦੀ ਸੀ। ਰਾਤ ਹੁਣ ਰਤਾ ਡੂੰਘੀ ਹੋ ਗਈ ਸੀ ਅਤੇ ਲੋਕ ਸੌਂ ਰਹੇ ਸੇ। ਇਸ ਵੇਲੇ ਫਿਰਦੇ ਟੁਰਦੇ ਆਗਾ ਖ਼ਾਂ ਜੀ ਆ ਗਏ ਅਰ ਚਾਰ ਚੁਫੇਰੇ ਨਜ਼ਰ ਬਚਾ ਕੇ ਜਸਵੰਤ ਹੁਰਾਂ ਦੇ ਤੰਬੂ ਦੇ ਪਿਛਲੇ ਪਾਸੇ ਸਾਂਈਂ ਕੋਲ ਆ ਬੈਠੇ। ਜਸਵੰਤ ਨੇ ਇਸ਼ਾਰਾ ਸਮਝ ਲਿਆ ਅਰ ਉਸ ਨੇ ਤੰਬੂ ਦੇ ਉਦਾਲੇ ਟਹਿਲਣਾ ਸ਼ੁਰੂ ਕਰ ਦਿੱਤਾ ਜੋ ਮਤਾਂ ਕੋਈ ਆਗਾ ਖ਼ਾਂ ਦਾ ਸੂਹੀਆ ਨਾ ਫਿਰ ਰਿਹਾ ਹੋਵੇ, ਉਧਰ ਮਾਂ ਪੁੱਤ ਗੱਲੀਂ ਜੁੱਟ ਗਏ।

ਆਗਾ ਖ਼ਾਂ – ਅੰਮੀਂ ਜੀ ! ਮੈਂ ਸੂੰਹੀਏ ਲੱਭ ਲਏ ਹਨ, ਚਾਰ ਆਦਮੀ ਹਨ, ਦਿਨ ਰਾਤ ਮੇਰੇ ਮਗਰ ਰਹਿੰਦੇ ਹਨ।

ਸਾਂਈਂ ਤੁਸੀਂ ਹੁਣ ਕਿੱਕੂ ਆ ਗਏ? ਕਿਤੇ ਓਹ ਮਗਰ ਨਾ ਹੋਣ। ਮੈਨੂੰ ਆਪਣਾ ਤਾਂ ਫਿਕਰ ਨਹੀਂ ਹੈ, ਤੁਹਾਡੀ ਜਾਨ ਦਾ ਤੌਖ਼ਲਾ ਹੈ। ਮੇਰੇ ਵਰਗੀਆਂ ਤਾਂ ਲੱਖਾਂ ਹਜ਼ਾਰਾਂ ਇਸ ਲਹੂ ਪੀਣੀ ਧਰਤੀ ਵਿਚ ਮਰ ਚੁਕੀਆਂ ਹਨ।

ਆਗਾ ਖਾਂ – ਫਿਕਰ ਨਾ ਕਰੋ, ਮੈਂ ਪ੍ਰਬੰਧ ਕਰਕੇ ਆਇਆ ਹਾਂ ਉਹਨਾਂ ਦੇ ਉਤੇ ਹੁਣ ਮੇਰੇ ਪਹਿਰੇ ਲਗਾਏ ਗਏ ਹਨ। ਇਸ ਵੇਲੇ ਚਾਰੇ ਸ਼ਰਾਬ ਪੀ ਕੇ ਮਸਤ ਪਏ ਹਨ ਤੇ ਸਿਰ ਉਤੇ ਪਹਿਰਾ ਖੜਾ ਹੈ।
ਸਾਂਈਂ – ਸ਼ੁਕਰ ਹੈ?
ਆਗਾ – ਜਸਵੰਤ ਦਾ ਕੈਸਾ ਹਾਲ ਹੈ?

ਸਾਂਈਂ ਬਹੁਤ ਨੇਕ ਨੌਜਵਾਨ ਹੈ। ਖ਼ਾਤਰ ਵਿਚ ਰਤਾ ਫਰਕ ਨਹੀਂ ਕਰਦਾ। ਪਿਆਰ ਐਨਾ ਕਰਦਾ ਹੈ ਕਿ ਮੱਲੋ ਮੱਲੀ ਇਤਬਾਰ ਕਰਨ ਨੂੰ ਜੀ ਕਰਦਾ ਹੈ।

ਆਗਾ ਪਵਿੱਤ੍ਰ ਖੂਨ ਹੈ। ਭਲਾ ਏਹ ਪਤਾ ਕੱਢੋ ਖਾਂ, ਰਹਿਣ ਵਾਲਾ ਕਾਬਲ ਦਾ ਹੈ ਕਿ ਪੰਜਾਬ ਦਾ? ਲੱਛਣ ਸਾਰੇ ਪੰਜਾਬੀ ਦੇ ਹਨ।

ਸਾਂਈਂ ਮੈਂ ਪੁੱਛਿਆ ਤਾਂ ਨਹੀਂ, ਪਰ ਇਹ ਬਿਰਧ ਪੁਰਖ ਜੋ ਹੈ, ਇਸ ਦਾ ਅਤਿ ਸਤਿਕਾਰ ਕਰਦਾ ਹੈ, ਏਹ ਜਾਣਦੇ ਹਨ ਕਿ ਮੈਂ ਪੰਜਾਬੀ ਨਹੀਂ ਸਮਝਦੀ, ਪਰ ਤਦ ਵੀ ਮੇਰੇ ਸਾਹਮਣੇ ਗੱਲ ਬਾਤ ਘੱਟ ਕਰਦੇ ਹਨ, ਪਰ ਜਿੰਨੀ ਕਰਦੇ ਹਨ ਉਸ ਤੋਂ ਇਹ ਮੈਂ ਸਮਝ ਚੁਕੀ ਹਾਂ ਕਿ ਇਹ ਨੌਜਵਾਨ ਪੰਜਾਬੀ ਹੈ ਅਰ ਕਿਸੇ ਗੁਰਮੁਖ ਖ਼ਾਨਦਾਨ ਵਿਚੋਂ ਹੈ, ਕਿਉਂਕਿ ਡੇਰੇ ਦੇ ਤੇ ਹੋਰ ਹਿੰਦੂ ਤੇ ਸਿੱਖ ਲੋਕ ਇਸ ਨੂੰ ਬੜੇ ਅਦਬ ਆਦਰ ਨਾਲ ਮਿਲਦੇ ਹਨ।

ਆਗਾ ਖ਼ਾਂ – ਬੇਸ਼ੱਕ ਪੰਜਾਬੀ ਹੈ। ਗੁਣ ਸਾਰੇ ਦੱਸਦੇ ਹਨ।

ਸਾਂਈਂ ਮੇਰੇ ਨਾਲ ਬਹੁਤ ਪਿਆਰ ਦੀਆਂ ਤੇ ਡੂੰਘੀਆਂ ਗੱਲਾਂ ਛਿੜ ਪੈਂਦੀਆਂ ਹਨ। ਮੈਨੂੰ ਡਰ ਹੈ ਕਿਸੇ ਵੇਲੇ ਸਾਰਾ ਭੇਤ ਖੁੱਲ੍ਹ ਜਾਏਗਾ। ਤੁਸੀਂ ਦੱਸੋ ਲੁਕੋ ਰੱਖਾਂ ਕਿ ਨਾ?

ਆਗਾ ਖ਼ਾਂ ਤੁਸੀਂ ਮੈਥੋਂ ਵਧੀਕ ਸਿਆਣੇ ਹੋ। ਸਿੱਖ ਬਚਨ ਦੇ ਪੂਰੇ ਹਨ, ਜੇਕਰ ਕੁਛ ਕਿਹਾ ਗਿਆ ਤਾਂ ਡਰ ਕੋਈ ਨਹੀਂ, ਸਗੋਂ ਇਤਬਾਰ ਵਧ ਜਾਏਗਾ ਕਿਉਂਕਿ ਪੰਜਾਬ ਪਹੁੰਚ ਕੇ ਸਾਨੂੰ ਫੇਰ ਏਸ ਦੀ ਬਹੁਤ ਹੀ ਲੋੜ ਪੈਣੀ ਹੈ।

ਸਾਂਈਂ ਜਦ ਤੁਸੀਂ ਇਕੱਲੇ ਜਾ ਰਹੇ ਸੋ, ਤਦੋਂ ਤੁਹਾਨੂੰ ਪੰਜਾਬ ਜਾ ਕੇ ਲੋੜ ਬਹੁਤ ਸੀ, ਹੁਣ ਤਾਂ ਮੈਂ ਨਾਲ ਹਾਂ, ਪੰਜਾਬ ਦੇ ਪੱਤ ਪੱਤ ਤੋਂ ਵਾਕਫ ਹਾਂ, ਇਸ ਗੱਲ ਦਾ ਖਿਆਲ ਤਾਂ ਠੀਕ ਨਹੀਂ। ਉਂਞ ਜਿੰਨਾ ਵਾਹ ਪਿਆ ਹੈ, ਉਸ ਤੋਂ ਬੰਦਾ ਮਿੱਤ੍ਰਤਾ ਦੇ ਲਾਇਕ ਰਹਿੰਦਾ ਹੈ, ਇਸ ਕਰਕੇ ਮਿੱਤ੍ਰਤਾ ਦੀ ਖ਼ਾਤਰ ਮਿੱਤ੍ਰ ਬਣਾ ਲੈਣਾ ਬਹੁਤ ਚੰਗਾ ਹੈ ਤੇ ਮੈਂ ਇਹ ਬੀ ਡਿੱਠਾ ਹੈ ਕਿ ਓਸ ਨੂੰ ਤੁਹਾਡੇ ਨਾਲ ਕੁਛ ਪਿਆਰ ਪੈ ਗਿਆ ਹੈ ਅਤੇ ਮੇਰਾ ਸ਼ੁਭਾ ਹੈ ਕਿ ਸਾਡੇ ਭੇਤ ਦੇ ਕੁਛ ਨਾ ਕੁਛ ਉਹ ਬੀ ਸਿਰ ਹੈ।

ਆਗਾ ਖ਼ਾਂ ਮੈਂ ਤਾਂ ਕੁਛ ਦੱਸਿਆ ਨਹੀਂ, ਪਰ ਨਾਮ ਸਾਰੇ ਉਸ ਦੇ ਕੰਨੀ ਪੈ ਚੁਕੇ ਹਨ। ਉਹ ਚੀਜ਼ਾਂ ਬੀ ਵੇਖ ਚੁਕਾ ਹੈ।

ਸਾਂਈਂ – ਤਦੇ ਹੀ, ਆਦਮੀ ਬਹੁਤ ਸਿਆਣਾ ਤੇ ਸੋਚ ਵਾਲਾ – ਹੈ। ਰੱਬ ਨੂੰ ਯਾਦ ਕਰਨ ਵਾਲਾ ਹੈ, ਅਕਲ ਤਾਂ ਸਾਫ ਹੋਣੀਓ ਹੋਈ। ਫੇਰ ਕੀ ਮਰਜ਼ੀ ਹੈ?
ਆਗਾ ਖ਼ਾਂ – ਮੇਰੀ ਜਾਚੇ ਕੁਛ ਮੰਜ਼ਲ ਲੰਘ ਕੇ ਗੱਲ ਬਾਤ ਖੋਲ੍ਹ ਦੇਣੀ।

19 ਕਾਂਡ।

ਪਹਾੜਾਂ ਵਿਚ ਕਣਕਾਂ ਉੱਗ ਪੈਂਦੀਆਂ ਹਨ ਤਾਂ ਉਤੇ ਬਰਫਾਂ ਪੈ ਜਾਂਦੀਆਂ ਹਨ। ਫੱਗਣ ਤੱਕ ਇਹ ਨਿਆਣੀ ਖੇਤੀ ਬਰਫ਼ ਹੇਠ ਗੁੰਮ ਰਹਿੰਦੀ ਹੈ, ਜਦ ਸੂਰਜ ਤਪਿਆ ਤੇ ਬਰਫ਼ ਪੰਘਰੀ ਤਦ ਖੇਤੀ ਹੇਠੋਂ ਉਸੇ ਤਰ੍ਹਾਂ ਨਿਕਲਦੀ ਹੈ। ਪਰ ਹੁਣ ਜਦ ਰੌਸ਼ਨੀ, ਹਵਾ ਤੇ ਨਿੱਘ ਖੁੱਲ੍ਹੀ ਮਿਲਦੀ ਹੈ ਤਾਂ ਉਹ ਝਿਜਕਾਉ, ਉਦਾਸੀ, ਰੁਕਾਵਟ ਦੂਰ ਹੋ ਜਾਂਦੀ ਹੈ; ਨਿਸਰਾਉ, ਖਿੜਾਉ, ਲਹਿਲਹਾਉ ਆ ਜਾਂਦਾ ਹੈ, ਦਿਨਾਂ ਵਿਚ ਹੀ ਬੂਟੇ ਸਿੱਟਿਆਂ ਤਕ ਆ ਜਾਂਦੇ ਹਨ। ਇਸੇ ਤਰ੍ਹਾ ਮੁੱਦਤਾਂ ਦੀ ਕਲੇਸ਼ਾਂ ਤੇ ਦੁੱਖਾਂ ਹੇਠ ਦੱਬੀ ਸਤਵੰਤ ਦੇ ਸਿਰੋਂ ਮਾਨੋਂ ਬਰਫ਼ ਢਲੀ ਹੈ। ਇਸ ਕੰਨਿਆਂ ਦੇ ਸੁਭਾਵ ਵਿਚ ਖ਼ੁਸ਼ੀ, ਬੇਖਿਆਲੀ, ਵੀਚਾਰ ਪਰ ਵਹਿਮ ਤੋਂ ਖਾਲੀ, ਜੁਗਤ ਕਰਨੀ ਪਰ ਚੋਭ ਤੋਂ ਖਾਲੀ, ਹਰਨੋਟੇ ਵਾਂਙ ਬੇਪਰਵਾਹ ਫਿਰਨਾ ਐਸੇ ਐਸੇ ਗੁਣ ਸਨ, ਪਰ ਜਦ ਤੋਂ ਇਕ ਦਮ ਕੈਦ ਪਈ ਤੇ ਦੁੱਖਾਂ ਦੇ ਮੂੰਹ ਆਈ ਡਾਢੀ ਡੂੰਘੀ ਸੋਚ ਵਾਲੀ, ਫੂਕ ਫੂਕ ਕੇ ਕਦਮ ਧਰਨ ਵਾਲੀ ਹੋ ਗਈ। ਚਾਹੇ ਚੜ੍ਹਦੀਆਂ ਕਲਾਂ ਦੇ ਭੇਤ ਤੋਂ ਜਾਣੂੰ ਸੀ, ਪਰ ਦੁੱਖਾਂ ਨੇ ਵਰਤਣ ਦਾ ਖਿੜਾਉ ਸੋਚ ਦੇ ਹਿੱਸੇ ਪਾ ਛੱਡਿਆ ਸੀ। ਇਸ ਗੱਲ ਦਾ ਪ੍ਰਤਾਪ ਸੀ ਕਿ ਸਤਵੰਤ ਕਦੇ ਦਿਲ ਤੋੜਕੇ ਨਹੀਂ ਸੀ ਬੈਠੀ। ਨਾਮ ਦੇ ਅਭਿਆਸੀ ਨੂੰ ਜਦ ਕਲੇਸ਼ ਤੇ ਬਿਪਤਾ ਪੈਂਦੀਆਂ ਹਨ ਤਾਂ ਸੁਰਤ ਅੰਦਰ ਵਧੀਕ ਰੁਖ਼ ਕਰਦੀ ਤੇ ਕੱਠੀ ਹੋ ਜਾਂਦੀ ਹੈ। ਉਸ ਵੇਲੇ ਵੀਚਾਰ, ਧੀਰਜ ਤੇ ਸਹਾਰਾ ਬਹੁਤ ਵਧ ਜਾਂਦੇ ਹਨ, ਖਿੜਾਉ ਤੇ ਬੇਪਰਵਾਹੀ ਘਟ ਜਾਂਦੇ ਹਨ। ਸੋ ਹੁਣ ਜਦ ਉਹ ਦਬਾਉ ਦੇ ਕਾਰਨ ਜ਼ਰਾ ਹਟੇ ਤਾਂ ਸਤਵੰਤ ਦੇ ਅਸਲੀ ਸੁਭਾਉ ਨੇ ਪਲਟਾ ਖਾਣਾ ਸ਼ੁਰੂ ਕੀਤਾ। ਆਪਣੇ ਡੇਰੇ ਵਿਚ ਉਸ ਦੇ ਅਸਲੀ ਹਸਮੁਖ ਸੁਭਾਉ ਨੇ ਇਕ ਹੋਰ ਤਰ੍ਹਾਂ ਦੀ ਰੌਣਕ ਪੈਦਾ ਕਰ ਦਿੱਤੀ। ਸਾਂਈਂ ਉਤੇ ਇਸ ਸੁਭਾਉ ਦਾ ਉਸ ਦੇ ਸੱਚ ਅਰ ਨਿਰੋਲ ਪਿਆਰ ਦੇ ਨਾਲ ਡੂੰਘਾ ਪ੍ਰੇਮ ਹੋ ਗਿਆ, ਪਰ ਅਜੇ ਤੱਕ ਸਾਂਈ ਨੂੰ ਇਹ ਪਤਾ ਨਹੀਂ ਸੀ ਕਿ ਇਹ ਗੁਣਾਂ ਦਾ ਪੁਤਲਾ ਇਸਤ੍ਰੀ ਜਾਤ ਹੈ। ਸਫਰ ਆਨੰਦ ਪੂਰਬਕ ਹੁੰਦਾ ਰਿਹਾ। ਤਦੋਂ ਅੱਜ ਕੱਲ ਵਾਂਙੂ ਸੁਖੱਲੇ ਸਫਰ ਨਹੀਂ ਸਨ, ਸੁਖੱਲੀਆਂ ਰਾਹਾਂ ਨਹੀਂ ਸਨ, ਮੁਸ਼ਕਲਾਂ ਨਾਲ ਸਫਰ ਹੁੰਦੇ ਸੇ, ਪਰ ਰਲੇ ਸਰਬੰਧ ਗੁਜ਼ਾਰਾ ਲੰਘ ਜਾਂਦਾ ਸੀ। ਕਾਫਲਿਆਂ ਦਾ ਦਸਤੂਰ ਬੀ ਤਦੋਂ ਹੋਰ ਸੀ। ਕਾਫ਼ਲੇ ਦੇ ਲੋਕ ਮਿਲਕੇ ਕਈ ਵੇਰ ਆਪਣੀ ਰਾਖੀ ਦਾ ਪ੍ਰਬੰਧ ਕਰਦੇ ਸੇ, ਪਰ ਅਕਸਰ ਵੇਰ ਕਿਸੇ ਵਡ ਨਾਮੀ ਧਾਕ ਵਾਲੇ ਆਦਮੀ ਵਲੋਂ ਰਾਖੀ ਦਾ ਪ੍ਰਬੰਧ ਹੋ ਜਾਇਆ ਕਰਦਾ ਸੀ। ਸਭ ਤੋਂ ਵਧੀਕ ਖ਼ਤਰਨਾਕ ਹਿੱਸਾ ਖ਼ੈਬਰ ਦਾ ਸਾਰਾ ਦਲ ਹੁੰਦਾ ਸੀ। ਪਰ ਏਥੇ ਬੀ ਕਈ ਕਈ ਨਾਵਾਂ ਦਾ ਡਰ ਐਸਾ ਹੁੰਦਾ ਸੀ ਕਿ ਖ਼ੈਬਰ ਵਿਚ ਧਾੜਵੀ ਤਕ ਡਰਦੇ ਸਨ। ਅਜੇ ਬਹੁਤ ਸਮਾਂ ਨਹੀਂ ਲੰਘਿਆ ਕਿ ਇਕ ਸਿੱਖ ਨਾਮ ਦੀ ਬੜੀ ਇੱਜ਼ਤ ਸੀ। ਮਿੱਠਾ ਸਿੰਘ ਦਾ ਨਾਮ ਲਵੋ ਤਾਂ ਧਾੜਵੀ ਲੁਟਦਿਆਂ ਛੱਡ ਕੇ ਪਰੇ ਹਟ ਜਾਂਦੇ ਸਨ। ਤਦੋਂ ਇਸ ਤਰ੍ਹਾਂ ਆਗਾ ਖ਼ਾਂ ਦੇ ਬਾਪੂ ਦੀ ਖ਼ੈਬਰ ਵਿਚ ਧਾਂਕ ਸੀ* ਜਿਸ ਦੇ ਕਾਰਨ ਇਹ ਬਰਖ਼ੁਰਦਾਰ ਇੰਨੇ ਵੱਡੇ ਕਾਫ਼ਲੇ ਨੂੰ ਨਿਰਭੈ ਲਈ ਜਾ ਰਿਹਾ ਸੀ। ਕਾਬਲ ਦੇ ਅਮੀਰ ਆਪਣੇ ਰਾਜ ਵਿਚ ਜਾਣ ਵਾਲਿਆਂ ਤੋਂ ਮਸੂਲ ਲੈਂਦੇ ਆਏ ਸਨ ਪਰ ਰਾਖੀ ਨਹੀਂ ਕਰਦੇ ਸਨ ਤੇ ਕਈ, ਜਿਨ੍ਹਾਂ ਨੂੰ ਵਪਾਰ ਤੋਂ ਵਧੀਕ ਲਾਭ ਦਾ ਖਿਆਲ ਹੁੰਦਾ ਸੀ, ਉਹ ਪ੍ਰਬੰਧ ਬੀ ਕਰਦੇ ਹੁੰਦੇ ਸਨ। ਜਿਸ ਸਮੇਂ ਦੇ ਅਸੀਂ ਹਾਲ ਲਿਖ ਰਹੇ ਹਾਂ ਇਸ ਤੋਂ ਕੁਛ ਚਿਰ ਪਹਿਲੇ ਅਫ਼ਗਾਨਿਸਤਾਨ ਦਿੱਲੀ ਦੇ ਤਖ਼ਤ ਦੀ ਤਾਬਿਆ ਸੀ। ਅਕਬਰ ਤੋਂ ਲੈ ਕੇ ਮੁਗ਼ਲ ਪਾਤਸ਼ਾਹ ਇਸ ਪਰ ਆਪਣਾ ਸਿੱਕਾ ਟੋਰਦੇ ਰਹੇ ਹਨ। ਪਰ ਮੁਗ- ਲੀਆ ਸਲਤਨਤ ਦੇ ਅਖ਼ੀਰਲੇ ਕਮਜ਼ੋਰ ਪਾਤਸ਼ਾਹ ਦੇ ਹਥੋਂ ਇਹ ਦੇਸ਼ ਨਿਕਲ ਗਿਆ ਪਰ ਨਾਦਰਸ਼ਾਹ ਦੇ ਹਮਲੇ ਨੇ ਤਾਂ ਇਸ ਨੂੰ ਪੂਰਾ ਸੁਤੰਤਰ ਕਰ ਦਿੱਤਾ। ਅਬਦਾਲੀ ਦੇ ਹਮਲੇ ਪੰਜਾਬ ਨੂੰ ਬੀ ਦਿੱਲੀ ਨਾਲੋਂ ਤੋੜ ਕੇ ਕਾਬਲ ਨਾਲ ਜੋੜ ਰਹੇ ਸਨ, ਪਰ ਸਿੱਖਾਂ ਨੇ ਇਸ ਵਿਚ ਸਫਲਤਾ ਨਾ ਹੋਣ ਦਿੱਤੀ। ਸੋ ਨਵਾਂ ਰਾਜ ਪੱਕਾ ਕਰਨ ਕਰਕੇ ਅਬਦਾਲੀ ਪੰਜਾਬ ਤੇ ਕਾਬਲ ਦੇ ਵਪਾਰ ਨੂੰ ਪੱਕਾ ਕਰਨਾ ਲੋਚਦਾ ਸੀ। ਭਾਵੇਂ ਲੁਟੇਰਾ ਸੀ, ਪਰ ਚਿੱਤੋਂ ਅਫ਼ਗਾਨਿਸਤਾਨ ਬੈਠਕੇ ਬੰਗਾਲੇ ਤਕ ਰਾਜ ਦੀਆਂ ਧੁਨਾਂ ਰੱਖਦਾ ਸੀ, ਸ਼ਾਇਦ ਕਾਮ- ਯਾਬ ਹੋ ਜਾਂਦਾ ਪਰ ਪੰਜਾਬ ਵਿਚ ਸਿਖ ਇਸ ਦੇ ਮਨਸੂਬੇ ਪੂਰੇ ਨਹੀਂ ਸੀ ਹੋਣ ਦੇਂਦੇ। ਜਦੋਂ ਇਹ ਹਮਲਾ ਕਰਕੇ ਆਉਂਦਾ ਸਿੱਖ ਬਨਾਂ ਪਹਾੜਾਂ ਵਿਚ ਜਾ ਵੜਦੇ। ਜਦੋਂ ਇਹ ਦਿੱਲੀ ਨੂੰ ਤੁਰ ਜਾਂਦਾ ਤਾਂ ਉਹ ਆਪਣੇ ਲੁਕੇਵਿਆਂ ਵਿਚੋਂ ਨਿਕਲ ਪੈਂਦੇ ਤੇ ਥਾਂ ਥਾਂ ਕਬਜ਼ੇ ਕਰ ਲੈਂਦੇ, ਅਹਿਮਦਸ਼ਾਹ ਨੂੰ ਦਿੱਲੀ ਜਾਕੇ ਪੰਜਾਬ ਵਿਚ ਸਿੱਖਾਂ ਦੇ ਰੌਲੇ ਦੀ ਖ਼ਬਰ ਪਹੁੰਚਦੀ। ਤਦ ਉਸ ਨੂੰ ਫਿਕਰ ਪੈ ਜਾਂਦਾ ਕਿ ਕਿਤੇ ਇਹ ਜ਼ੋਰ ਪਾਕੇ ਅਫ਼ਗਾਨਿਸਤਾਨ ਤੇ ਉਸਦੇ ਵਿਚਾਲੇ ਉਹ ਰੋਕ ਨਾ ਪਾ ਦੇਣ ਕਿ ਜਿਸ ਕਰਕੇ ਉਸਨੂੰ ਦੇਸ਼ ਅਪੜਨ ਦੇ ਕਿਸੇ ਲੋੜ ਵੇਲੇ ਕਰੜੀ ਔਕੜ ਪੇਸ਼ ਆ ਜਾਵੇ ਤੇ ਉਸਦਾ ਪਿੱਛਾ ਚੌੜ ਹੋ ਜਾਵੇ। ਇਉਂ ਉਹ ਜਦ ਪੰਜਾਬ ਨੂੰ ਮੁੜਦਾ ਕਿ ਇਨ੍ਹਾਂ ਨੂੰ ਮੁਕਾ ਦਿਆਂ ਤਦ ਓਹ ਫੇਰ ਛੁਪ ਜਾਂਦੇ। ਪਰ ਦਾਉ ਪਾ ਪਾ ਕੇ ਸਿੱਖ ਉਸ ਦੇ ਪਿਛੇ ਤੇ ਹੱਲੇ ਕਰਦੇ ਅਰ ਲੁੱਟ ਦਾ ਮਾਲ ਜੋ ਉਹ ਲੈ ਜਾ ਰਿਹਾ ਹੁੰਦਾ ਸੀ ਉਸ ਵਿਚੋਂ ਕੁਛ ਨਾ ਕੁਛ ਹਿੱਸਾ ਮੋੜ ਲੈਂਦੇ ਤੇ ਕਈ ਬੰਦੀ ਛੁਡਾ ਲੈਂਦੇ। ਜਦੋਂ ਉਹ ਦੇਸ਼ ਜਾ ਵੜਦਾ ਸਿੱਖ ਫੇਰ ਥਾਓਂ ਥਾਂਈਂ ਕਬਜ਼ੇ ਜਮਾਉਣ ਦੀ ਕਰਦੇ। ਵੱਡਾ ਘੱਲੂਘਾਰਾ ਉਸਨੇ ਕੇਵਲ ਸਿੱਖਾਂ ਨੂੰ ਮੁਕਾ ਦੇਣ ਵਾਸਤੇ ਰਚਾ- ਇਆ ਸੀ। ਸਾਲ ਕੁ ਪਹਿਲਾਂ ਜਿਹੜਾ ਅਬਦਾਲੀ ਪਾਣੀਪਤ ਦੇ ਮੈਦਾਨ ਤੇ ਮਰਹੱਟਿਆਂ ਨੂੰ ਉਹ ਮਾਰ ਕਰ ਗਿਆ ਸੀ ਕਿ ਉਹਨਾਂ ਦਾ ਹਿੰਦੂ ਰਾਜ ਦਾ ਸੁਪਨਾ ਸਾਰਾ ਤੁਟ੍ਰ ਗਿਆ, ਉਹ ਅਬਦਾਲੀ ਵਡੇ ਘੱਲੂਘਾਰੇ ਵਿਚ ਸਾਰਾ ਤਾਣ ਲਾਕੇ ਸਿੱਖਾਂ ਨੂੰ ਨਾ ਮਾਰ ਸਕਿਆ। ਬਾਰਾਂ ਘੰਟੇ ਸਿੱਖ ਪਿੱਛੇ ਹਟਦੇ ਗਏ ਤੇ ਅਬਦਾਲੀ ਦੱਬੀ ਗਿਆ, ਪਰ ਸਾਰਾ ਤਾਣ ਲਾ ਕੇ ਬੀ ਉਹਨਾਂ ਦੀਆਂ ਸਫਾਂ ਨਾ ਤੋੜ ਸਕਿਆ ਅਰ ਪੈਂਤੜਾ ਨਾ ਹਿਲਾ ਸਕਿਆ*। ਚਾਹੋ ਹਜ਼ਾਰਾਂ ਸਿੱਖ ਮਾਰੇ ਗਏ; ਪਰ ਉਨ੍ਹਾਂ ਦੀ ਮਰਦਾਨਗੀ ਤੇ ਜੰਗੀ ਵਿਚਾਰ ਦੀ ਪ੍ਰਬੀਨਤਾ ਦਾ ਅਬਦਾਲੀ ਵੀ ਕਾਇਲ ਹੋ ਗਿਆ। ਇਸ ਤੋਂ ਮਗਰੋਂ ਸਿੱਖਾਂ ਦਾ ਪੈਰ ਪੰਜਾਬ ਵਿਚ ਜੰਮਦਾ ਗਿਆ ਸੀ ਤੇ ਅਬਦਾਲੀ ਦਾ ਸੁਪਨਾ ਹਿੰਦ ਪਰ ਮੁੜ ਪਠਾਣ ਰਾਜ ਥਾਪ ਲੈਣ ਦਾ ਸਾਰਾ ਨਸ਼ਟ ਹੋ ਗਿਆ ਸੀ। ਆਖਰੀ ਹਮਲੇ ਵਿਚ ਤਾਂ ਉਹ ਆਪ ਸਰਦਾਰ ਲਹਿਣਾ ਸਿੰਘ ਨੂੰ ਲਾਹੌਰ ਦੀ ਸੂਬੇਦਾਰੀ ਦੇਂਦਾ ਸੀ, ਪਰ ਉਸ ਬੀਰ ਨੇ ਕਿਹਾ ਕਿ ਸਾਡੇ ਡੌਲੇ ਤੇ ਤਲਵਾਰ ਰਾਜ ਪੈਦਾ ਕਰਨਗੇ, ਕਿਸੇ ਦਾ ਦਿੱਤਾ ਰਾਜ ਅਸੀਂ ਨਹੀਂ ਲੈਣਾ।

ਹੁਣ ਇਹ ਕਾਫ਼ਲਾ ਜਲਾਲਾਬਾਦ ਲਾਗੇ ਆ ਪਹੁੰਚਾ। ਦਰਿਯਾ ਲੁੰਡੇ ਦੇ ਸਜੇ ਕਿਨਾਰੇ ਤੇ ਇਹ ਤ੍ਰੈ ਚਾਰ ਹਜ਼ਾਰ ਦੀ ਵਸੋਂ ਦਾ ਸ਼ਹਿਰ ਆਬਾਦ ਹੈ, ਇਸ ਦੇ ਸੁੰਦਰ ਨਜ਼ਾਰੇ ਨੇ ਦਿਲਾਂ ਨੂੰ ਪ੍ਰਸੰਨ ਕਰ ਦਿੱਤਾ। ਸੰਝ ਕੁ ਵੇਲੇ ਜਸਵੰਤ ਤੇ ਸਾਂਈਂ ਦਰਿਆ ਦੇ ਕਿਨਾਰੇ ਬੈਠੇ ਸਨ। ਜਸਵੰਤ ਨੇ ਰਹੁਰਾਸ ਦਾ ਭੋਗ ਪਾਇਆ, ਇਸ ਨੂੰ ਸਾਂਈਂ ਨੇ ਪ੍ਰੇਮ ਨਾਲ ਸੁਣਿਆ ਅਰ ਅਰਦਾਸੇ ਵਿਚ ਸਰੀਰ ਆਪੇ ਖੜੋ ਬੀ ਗਿਆ ਤੇ ਭੋਗ ਪਰ ਮੱਥਾ ਬੀ ਟਿਕ ਗਿਆ।

ਜਦ ਘਰ ਨੂੰ ਮੁੜੇ ਤਦ ਜਸਵੰਤ ਨੇ ਮੁਸਕ੍ਰਾਕੇ ਕਿਹਾ, ਸੱਜਣ ਜੀ ! ਅੱਜ ਤਾਂ ਤੁਸੀਂ ਬੀ ਕਾਫਰ ਹੋ ਗਏ।

ਸਾਂਈਂ – ਕਿਕੂੰ?

ਜਸਵੰਤ – ਕਾਫ਼ਰਾਂ ਦੀ ਨਿਮਾਜ਼ ਦਿਲ ਲਾ ਕੇ ਸੁਣੀ, ਸ਼ਾਮਲ ਹੋਏ, ਫੇਰ ਕਾਫਰਾਂ ਦੇ ਖ਼ੁਦਾ ਨੂੰ ਮੱਥਾ ਬੀ ਟੇਕਿਆ।

ਸਾਂਈਂ (ਹੱਸਕੇ) – ਹੱਛਾ, ਇਹ ਗੱਲ ਹੈ, ਮੈਂ ਤਾਂ ਨਾਂ ਕਾਫਰਾਂ ਦੇ ਖ਼ੁਦਾ ਨੂੰ ਮੱਥਾ ਟੇਕਿਆ ਹੈ, ਨਾ ਮੋਮਨਾਂ ਦੇ ਖ਼ੁਦਾ ਨੂੰ, ਮੈਂ ਤਾਂ ਆਪਣੇ ਜਸਵੰਤ ਦੀ ਨਿਮਾਜ਼ ਪੜ੍ਹੀ ਹੈ ਤੇ ਜਸਵੰਤ ਦੇ ਪਿਆਰ ਨੂੰ ਮੱਥਾ ਟੇਕਿਆ ਹੈ। ਮੈਂ ਤਾਂ ਕੋਈ ਜੀਉਂਦਾ ਜਾਗਦਾ ਪਿਆਰ ਲੱਭਿਆ ਤੇ ਉਸੇ ਨੂੰ ਪਿਆਰ ਕੀਤਾ, ਇਹੋ ਮੇਰੀ ਪੂਜਾ ਤੇ ਇਹੋ ਮੇਰੀ ਇਬਾਦਤ ਰਹੀ ਹੈ। ਛੋਟੇ ਹੁੰਦਿਆਂ ਮੇਰਾ ਨੇਕ ਪਿਤਾ ਮੇਰਾ ਖ਼ੁਦਾ ਸੀ, ਮੈ ਅੱਠੇ ਪਹਿਰ ਉਸੇ ਦੇ ਸਦਕੜੇ ਹੁੰਦੀ ਰਹੀ। ਵਿਆਹੀ ਗਈ ਤਾਂ ਵਰ੍ਹੇ ਭਰ ਦਾ ਸੁਪਨਾ ਆਪਣਾ ਪਤੀ ਮੇਰਾ ਪੂਜ ਸੀ, ਮੈਂ ਉਸਦੀ ਪੂਜਾ ਕਰਦੀ ਨਿਮਾਜ਼ ਗੁਜ਼ਾ- ਰਦੀ ਰਹੀ। ਉਹ ਅੱਖਾਂ ਮੀਟ ਗਿਆ ਤਾਂ ਆਗ਼ਾ ਖਾਂ ਦੀ ਮਾਂ ਨੂੰ ਮਾਬੂਦ (ਪੂਜ) ਬਣਾਇਆ ਤੇ ਉਸ ਤੋਂ ਘੋਲੀ ਹੁੰਦੀ ਰਹੀ ਉਹ ਮਰ ਗਈ ਤਾਂ ਆਗਾ ਖਾਂ ਨੂੰ ਪੂਜ ਪਿਆਰ ਦਾ ਨਿਸ਼ਾਨਾ ਬਣਾਇਆ। ਹੁਣ ਉਸੇ ਦੀ ਹੁੱਬ ਦੀ ਖ਼ਾਤਰ ਤੁਹਾਡੇ ਨਾਲ ਮੋਹ ਪੈ ਗਿਆ ਹੈ। ਮੈਂ ਕੀਹ ਜਾਣਾ ਨਿਮਾਜ਼ ਤੇ ਰੋਜ਼ੇ, ਮੈਂ ਤਾਂ ਆਪਣੇ ਪਿਆਰੇ ਦੇ ਪਿਆਰ ਨੂੰ ਨਿਮਾਜ਼ ਰੋਜ਼ਾ ਜਾਣਦੀ ਹਾਂ।

ਇਹ ਲਫਜ਼ ਕੁਛ ਐਸੇ ਪਿਆਰ ਤੇ ਨਰਮੀ ਨਾਲ ਕਹੇ ਗਏ ਕਿ ਹਸਦੇ ਹਸਦੇ ਜਸਵੰਤ ਦੇ ਅੱਖਾਂ ਵਿਚ ਨੀਰ ਲੈ ਆਏ। ਹੱਸ ਕੇ ਪਰ ਸ਼ਾਂਤਿ ਨਾਲ :-

ਜਸਵੰਤ – ਹੈ ਤਾਂ ਡਾਢੀ ਚੰਗੀ ਗੱਲ, ਜਿਸ ਦਾ ਮੁੱਲ ਨਹੀਂ ਪੈ

ਸਕਦਾ; ਪਰ ਖ਼ੁਦਾ ਦਾ ਨਾਮ ਜ਼ਰਾ ਵਧੇਰੇ ਅਦਬ ਨਾਲ ਲਿਆ ਕਰੋ। ਇਹੋ ਪ੍ਰੇਮ ਦੀ ਮੰਜ਼ਲ ਉਸ ਤੱਕ ਲੈ ਜਾਂਦੀ ਹੈ ਤੇ ਹਰ ਮੰਜ਼ਲ ਉਤੇ ਰਸਤੇ ਦੇ ਹਰ ਕਦਮ ਉਤੇ ਉਹ ਆਪ ਹੈ। ਪਰ ਮੰਜ਼ਲਾਂ ਤੇ ਰਸਤੇ ਨੂੰ ਅਦਬ ਸੁਆਰੇ ਖ਼ੁਦਾ ਕਹਿਣ ਵਾਲੇ ਚੁਪ ਤੋਂ ਕੰਮ ਲੈਂਦੇ ਹਨ। ਉਹ ਆਪ ਪ੍ਰੇਮ ਹੈ, ਉਹ ਹਰ ਥਾਂ ਵੱਸਦਾ ਹੈ, ਪਰ ਵਰਤਦਾ ਅਲੇਪ ਹੈ, ਪ੍ਰੇਮ ਆਪ ਦਾ ਅਮੁੱਲ ਹੈ, ਦਿਲ ਦੀ ਜਿਸ ਅਟਾਰੀ ਵਿਚ ਪਿਤਾ, ਪਤੀ, ਸੁਆਣੀ ਤੇ ਆਗਾ ਖ਼ਾਂ ਵੱਸਦੇ ਹਨ, ਏਥੇ ਹੀ ਉਸ ਮਾਲਕ ਨੇ ਆ ਵੱਸਣਾ ਹੈ। ਇਹ ਉਸ ਦੇ ਪਿਆਰ ਤਰੁੱਕੇ ਹਨ ਜੋ ਥਾਂਓਂ ਥਾਂਓਂ ਆ ਆ ਵਜਦੇ ਹਨ।

ਸਾਂਈਂ – ਇਸ ਵੇਲੇ ਕੋਈ ਕਸਰ ਨਿਕਲ ਸੱਕਣੀ ਕਠਨ ਹੈ,

ਕਿਉਂਕਿ ਡਾਢੀ ਵਿੱਥ ਪੈ ਰਹੀ ਹੈ। ਜਦੋਂ ਹੁਣ ਵਾਲਾ ਮਾਮਲਾ ਸਿਰੇ ਚੜ੍ਹ ਜਾਏਗਾ ਤਦੋਂ ਖਬਰੇ ਸ਼ੁਕਰਾਨੇ ਵਿਚ ਕੋਈ ਪੂਰਾ ਭਾਂਡਾ ਮੇਰੀਆਂ ਕਸਰਾਂ ਕੱਢ ਦੇਵੇਗਾ। ਜਿਸ ਘਰ ਦੀ ਮੈਂ ਉਮਰਾਂ ਤੋਂ ਨਿਮਾਣੀ ਸੇਵਾ ਕਰ ਰਹੀ ਹਾਂ, ਉਹ ਤਾਂ ਬਹੁਤ ਹੀ ਉਪਕਾਰੀ ਤੇ ਤਿਲ ਨੂੰ ਮੇਰੂ ਕਰਕੇ ਜਾਣਨ ਵਾਲਾ ਹੈ।

ਜਸਵੰਤ ਅੱਜ ਮੈਥੋਂ ਰਿਹਾ ਨਹੀਂ ਜਾਂਦਾ, ਮੈਂ ਗੁਸਤਾਖ਼ੀ ਕਰਕੇ ਬੀ ਪੁੱਛ ਲੈਣਾ ਹੈ। ਪਿਆਰੇ ਸਾਂਈਂ ਜੀ ! ਦੱਸੋ ਨਾ ਤੁਸੀਂ ਕਦ ਤਕ ਬੁਝਾਰਤਾਂ ਪਾਓਗੇ ਅਰ ਮੈਨੂੰ ਹਨੇਰੇ ਵਿਚ ਰਖੋਗੇ। ਜਦ ਤੁਸੀਂ ਮੈਨੂੰ ਐਨਾ ਪਿਆਰ ਕਰਦੇ ਹੋ, ਤਾਂ ਹਾਲ ਕਿਉਂ ਨਹੀਂ ਖੋਲ੍ਹਦੇ, ਵਲ ਵਲਾ ਕਿਉਂ ਜਾਂਦੇ ਹੋ? ਜੇ ਤਾਂ ਮੈਨੂੰ ਕੁਛ ਥਹੁ ਨਾ ਹੁੰਦਾ ਤਾਂ ਹੋਰ ਗੱਲ ਸੀ, ਕੁਛ ਭਿਣਕ ਮੇਰੇ ਕੰਨੀਂ ਪੈ ਚੁਕੀ ਹੈ, ਮੇਰੀ ਆਪਣੀ ਅਕਲ ਜੋੜ ਤੋੜ ਬਣਾਉਂਦੀ ਤੇ ਢਾਉਂਦੀ ਰਹਿੰਦੀ ਹੈ। ਮੈਂ ਆਪਣੀ ਹਰਿਆਨੀ ਲਈ ਨਹੀਂ ਪੁੱਛਦਾ ਮੈਨੂੰ ਪਿਆਰ ਤਰੁੱਕੇ ਵੱਜਣ ਲਗ ਪਏ ਹਨ ਤੇ ਤੁਹਾਡੇ ਹੋਰ ਨੇੜੇ ਕਰਨਾ ਚਾਹੁੰਦੇ ਹਨ।

ਸਾਂਈਂ(ਠੰਢਾ ਸਾਹ ਲੈਕੇ) – ਪਿਆਰੇ ਜੀ ! ਤੁਹਾਥੋਂ ਕੀ ਲੁਕਾਉ ਹੈ? ਪਰ ਦੁੱਖਾਂ ਦੀਆਂ ਗੰਢਾਂ ਖੋਲ੍ਹਿਆਂ ਚੋਭ ਹੀ ਵੱਜਣੀ ਹੈ।

ਜਸਵੰਤ – ਸੱਚ ਹੈ, ਪਰ ਅਸੀਂ ਮਿਲੇ ਹੀ ਦੁੱਖਾਂ ਵਿਚ ਹਾਂ, ਦੁੱਖਾਂ ਵਿਚ ਹੋਏ ਮੇਲੇ ਪਿਆਰ ਦੀ ਗੋਦੀ ਵਿਚ ਛੇਤੀ ਲੈ ਜਾਂਦੇ ਹਨ। ਮੈਂ ਕਿਹੜੇ ਸੁੱਖਾਂ ਵਿਚ ਹਾਂ?

ਸਾਂਈਂ – ਮੈਨੂੰ ਅਗੇ ਹੀ ਖਿਆਲ ਸੀ ਕਿ ਤੁਸੀਂ ਪੰਜਾਬੀ ਹੋ ਅਰ ਰੱਬ ਨਾ ਭੁਲਾਵੇ ਤਾਂ ਕੈਦ ਵਿਚ ਆਏ ਹੋ ਤੇ ਹੁਣ ਕਿਸੇ ਜੁਗਤ ਨਾਲ ਮੁੜੇ ਜਾਂਦੇ ਹੋ।

ਜਸਵੰਤ ਬਿਲਕੁਲ ਠੀਕ ਹੈ। ਡਾਢੀਆਂ ਮੁਸ਼ਕਲਾਂ ਨਾਲ ਛੁਟਕਾਰਾ ਹੋਇਆ ਹੈ ਤੇ ਪਰਮੇਸ਼ਰ ਫਜ਼ਲ ਕਰੇ, ਆਪ ਦੇ ਆਗਾ ਖ਼ਾਂ ਦੀ ਕਿਰਪਾ ਨਾਲ ਸ਼ਾਇਦ ਵਤਨ ਅੱਪੜ ਪਵਾਂ, ਪਰ ਪਠਾਣ ਹੋਣ ਕਰਕੇ ਮੈਂ ਉਹਨਾਂ ਨਾਲ ਖੁੱਲ੍ਹਕੇ ਗੱਲ ਬਾਤ ਨਹੀਂ ਕੀਤੀ, ਪਰ ਸਾਂਈਂ ਜੀ ! ਪ੍ਰੇਮ ਅੱਗੇ ਕਦ ਤਕ ਲੁਕੋ ਰਹਿ ਸਕਦੇ ਹਨ।

ਸਾਂਈਂ – ਕੋਈ ਗੈਬ ਤੋਂ ਬਲਾ ਨਾ ਆ ਪਵੇ, ਮੇਰਾ ਲਾਲ ਤਾਂ ਸਿਰ ਤੱਕ ਤੁਹਾਡੇ ਨਾਲ ਨਿਬਾਹੇਗਾ।

ਜਸਵੰਤ – ਉਸ ਦੀ ਜਾਤ ਤੋਂ ਅਰ ਤੁਹਾਡੇ ਤੋਂ ਇਹੋ ਉਮੈਦ ਹੈ। ਮੇਰਾ ਰੱਬ ਨਾ ਭੁਲਾਵੇ, ਮੇਰੇ ਮਿੱਠੇ ਮਿੱਠੇ ਸਾਂਈਂ ਜੀਓ ! ਤੁਹਾਡੇ ਤੇ ਮੇਰੇ ਲਹੂ ਵਿਚ ਉਹ ਵਿੱਥ ਨਹੀਂ ਹੈ ਜੋ ਦਿੱਸ ਪਈ ਆਉਂਦੀ ਹੈ।

ਸਾਂਈਂ ਇਹ ਖਿਆਲ ਆਪ ਦਾ ਠੀਕ ਹੈ। ਮੈਂ ਪਠਾਣੀ ਨਹੀਂ ਅਰ ਨਾ ਮੁਸਲਮਾਨੀ ਹਾਂ। ਮੇਰੇ ਇਹ ਰੂਪ ਬੀ ਪ੍ਰੇਮ ਨੇ ਹੀ ਢਾਲ ਕੱਢੇ ਹਨ, ਯਾ (ਹੱਸਕੇ) ਮੇਰੇ ਪੂਰਬਲੇ ਕਰਮਾਂ ਨੇ।

ਜਸਵੰਤ (ਸਾਂਈਂ ਦਾ ਹੱਥ ਘੁੱਟਕੇ) – ਰੱਬ ਮਿਹਰ ਕਰੇ, ਛੇਤੀ ਦੱਸੋ ਜੋ ਤੁਸੀਂ ਕਿਸ ਕੁਲ ਵਿਚੋਂ ਹੋ? ਮੇਰਾ ਕਲੇਜਾ ਉਛਲ ਰਿਹਾ ਹੈ, ਇਹ ਮੁੱਠ ਵਿਚ ਨਹੀਂ ਆਉਂਦਾ।

ਸਾਂਈਂ – ਮੈਂ ਸਪਤ ਸਿੰਧੂ (ਸੱਤ ਪਾਣੀਆਂ ਵਾਲੇ) ਪੰਜਾਬ ਦੀ ਪੁੱਤ੍ਰੀ ਹਾਂ। ਹਾਂ ਮੈਂ ਰਾਜਪੂਤ ਕੁਲ ਦੀ ਪਰ ਪੰਜਾਬ ਦੇ ਪਹਾੜਾਂ ਦੀ ਜਾਈ ਹਾਂ। ਪਿਤਾ ਮੇਰੇ ਚੰਗੇ ਜ਼ਿਮੀਂਦਾਰ ਸਨ। ਨਾਦੌਣ ਵਿਚ ਮੇਰਾ ਘਰ ਸੀ, ਸ਼ਕਤੂ ਮੇਰੇ ਜਨਕ ਜੀ ਦਾ ਨਾਮ ਸੀ। ਸਿਆਣੀ ਹੋਈ ਨੂੰ ਪਿਤਾ ਨੇ ਵਿਆਹ ਦਿੱਤਾ। ਥੋੜੇ ਹੀ ਦਿਨ ਦਾ ਜੀਵਨ ਡਿੱਠਾ ਕਿ ਪਤੀ ਤੇ ਪਿਤਾ ਕੱਠੇ ਹੀ ਪ੍ਰਲੋਕ ਟੁਰ ਗਏ। ਇਸ ਵੇਲੇ ਅਸੀਂ ਲਾਹੌਰ ਸਾਂ। ਜਿਸ ਮਹੱਲੇ ਵਿਚ ਵਾਸ ਸੀ ਉਥੇ ਇਕ ਗੰਭੀਰ ਆਸ਼੍ਯ ਲੋਕ ਵਸਦੇ ਸਨ। ਮੇਰੇ ਦੁੱਖ ਵਿਚ ਉਹਨਾਂ ਦੀ ਵਹੁਟੀ ਨੇ, ਜੋ ਨੇਕੀ ਦਾ ਅਵਤਾਰ ਸੀ, ਮੇਰੇ ਨਾਲ ਅੱਤਿ ਪਿਆਰ ਕੀਤਾ। ਇਸ ਪਿਆਰ ਨੇ ਪਤੀ ਦੀ ਥਾਂ ਮੈਨੂੰ ਇਹ ਸਰੀਰ ਦੇ ਦਿੱਤਾ: ਮੈਂ ਪਿਆਰ ਵਿਚ ਪੁਰੋਤੀ ਉਨ੍ਹਾਂ ਦੀ ਹੀ ਹੋ ਗਈ। ਸੋਂ ਪਿਆਰੇ ਜਸਵੰਤ ਜੀ ! ਮੇਰੀਆਂ ਰਗਾਂ ਵਿਚ ਪੰਜਾਬ ਦੇ ਪਰਬਤਾਂ ਉਤੇ ਵਹਿੰਦੇ ਪਵਿੱਤ੍ਰ ਪਾਣੀਆਂ ਤੋਂ ਬਣਿਆ ਪਵਿੱਤ੍ਰ ਖੂਨ ਠਾਠਾਂ ਮਾਰਦਾ ਹੈ ਅਰ ਚਾਹੇ ਤੁਸੀਂ ਮਰਦ ਹੋ ਤੇ ਮੈਂ ਤੀਮੀਂ ਹਾਂ, ਤੁਸੀਂ ਮੇਰੇ ਪੁਤਾਂ ਜੇਡੇ ਹੋ ਮੈਂ ਆਪ ਨੂੰ ਦੇਸ਼ ਵੀਰ ਤੇ ਸੱਕਾ ਵੀਰ ਜਾਣਕੇ ਇਸ ਵੇਲੇ ਮਿਲੇ ਬਿਨਾਂ ਰੁਕ ਨਹੀਂ ਸਕਦੀ। ਇਹ ਕਹਿੰਦਿਆਂ ਜੱਫੀ ਪਾ ਲਈ ਅਰ ਐਸਾ ਘੁੱਟ ਕੇ ਮਿਲੀ ਕਿ ਅੱਖਾਂ ਤੋਂ ਹੰਝੂ ਵਹਿ ਤੁਰੇ ਅਰ ਸ੍ਵਾਸ ਲੰਮੇ ਹੋ ਗਏ ਤੇ ਹੋਸ਼ ਕੱਸੀ ਪੈ ਗਈ। ਕਿਤਨਾ ਚਿਰ ਏਸ ਤਰ੍ਹਾਂ ਲੰਘ ਗਿਆ।

ਜਸਵੰਤ – ਸਾਂਈਂ ! ਪਿਆਰ ਦੇ ਅਵਤਾਰ ਸਾਂਈਂ ! ਸ਼ੁਕਰ ਹੈ, ਇਸ ਬਿਦੇਸ਼, ਇਸ ਉਜਾੜ ਤੇ ਓਪਰੀ ਧਰਤੀ ਵਿਚ, ਇਸ ਇਕੱਲ ਦੇ ਵਿਛੋੜੇ ਵਿਚ ਮੈਨੂੰ ਦੇਸ਼-ਭੈਣ ਦਾ ਮੇਲਾ ਹੋਇਆ ਅਰ ਇਸ ਪਿਆਰ ਵਿਚ ਹੋਇਆ ਕਿ ਜਦੋਂ ਪਵਿੱਤ੍ਰ ਉਛਾਲੇ ਵਿਚ ਵਿੱਥ ਨਹੀਂ। ਜੇ ਕਦੀ ਮੇਰੀ ਇਕ ਹੋਰ ਆਸ ਬੀ ਪੂਰੀ ਹੋ ਜਾਵੇ ਤਾਂ ਮੇਰੀ ਖੁਸ਼ੀ ਸੰਪੂਰਨ ਹੋ ਜਾਵੇ। ਹਾਂ ਹੁਣ ਪਿਆਰ ਭਰੀ ਸਾਂਈਂ ਜੀ ਦੀ ਮਿੱਠੀ ਰਸੀਲੀ ਰਸਨਾ ਉਹ ਮਧੂ* ਭੀ ਦਾਨ ਕਰੇ। ਸਾਂਈਂ – ਉਹ ਕੀ ਹੈ?

ਜਸਵੰਤ – ਮੇਰਾ ਲਹੂ ਉਛਾਲੇ ਮਾਰਕੇ ਆਖਦਾ ਹੈ ਕਿ ਆਜ਼ਾ ਖ਼ਾਂ ਦੀਆਂ ਰਗਾਂ ਵਿਚ ਬੀ ਪੰਜਾਬ ਦੀ ਪਵਿੱਤ੍ਰ ਧਰਤੀ ਦਾ ਖੂਨ ਗੇੜੇ ਲਾ ਰਿਹਾ ਹੈ। ਉਸ ਦੀਆਂ ਜੋਸ਼ ਭਰੀਆਂ ਨਾੜਾਂ ਵਿਚ ਕਠੋਰਤਾ ਦਾ ਓਪਰਾ ਓਪਰਾ ਖੂਨ ਨਹੀਂ ਹੈ ! ਉਥੇ ਉਤਸ਼ਾਹ ਦੇ ਬਲ ਵਾਲੀ ਰੱਤੀ ਰੱਤ ਜੋਸ਼ ਮਾਰਦੀ ਹੈ। ਪਿਆਰੀ ਭੈਣ ! ਮੇਰੀ ਆਸ ‘ਨਾਂਹ’ ਕਰਕੇ ਨਾ ਤੋੜ ਦੇਈਂ। ਪਰਮੇਸ਼ਰ ਕਰੇ ਤੇਰਾ ਜਵਾਬ ਤੇ ਸੱਚ ਦੋਵੇਂ ਮੇਰੀ ਆਸ ਪੂਰਨ ਵਾਲੇ ਹੋਣ।

ਸਾਂਈਂ – ਪਿਆਰੇ ਵੀਰ ! ਕੀਹ ਦੱਸਾਂ? ਦੁੱਖਾਂ ਦੀਆਂ ਪੰਡਾਂ ਹਨ, ਪਰ ਸੁਣ ਅਰ ਦਿਲ ਥੰਮ੍ਹ ਕਲੇਜਾ ਘੁੱਟਕੇ ਸੁਣ ! ਤੁਹਾਡੀ ਪੁਛ ਦੇ ਸਾਰੇ ਉੱਤਰ ਮੇਰੀ ਅਗਲੀ ਵਿੱਥਿਆ ਵਿਚ ਆ ਜਾਣਗੇ। ਮੈਂ ਆਪਣੀ ਵਿੱਥਿਆ ਦੀ ਪਿਛੇ ਛੱਡੀ ਲੜੀ ਫੇਰ ਅਗੇ ਤੋਰਦੀ ਹਾਂ, ਜਦ ਮੈਨੂੰ ਹੁਣ ਆਪਣੇ ਪਿਆਰ ਦਾ ਨਵਾਂ ਆਲੰਬ ਮਿਲ ਗਿਆ, ਤਦ ਮੈਂ ਉਸ ਦੇ ਪਿਆਰ ਵਿਚ ਲੱਗ ਗਈ। ਮਾਲਕਾਣੀ ਕਹਾਂ ਕਿ ਭੈਣ ਕਹਾਂ, ਭਲਿਆਈ ਹੀ ਭਲਿਆਈ ਸੀ। ਸੱਚ ਦੀ ਪੁਤਲੀ ਸੀ। ਸੁਤੇ ਸੁਭਾਵ ਹੀ ਉਸਨੇ ਬੁਰਾ ਕਦੀ ਕੀਤਾ ਹੀ ਨਹੀਂ ਸੀ, ਹਸਮੁਖ ਸਦਾ ਸੁਖ ਦਾਤੀ। ਦਿਨ ਰਾਤ ਗਾਉਂਦੀ, ਗੁਰੂ ਦੀ ਬਾਣੀ ਪੜ੍ਹਦੀ ਤੇ ਗੁਰੂ ਗੁਰੂ ਕਰਦੀ ਸੀ। ਸੁੰਦਰ, ਬਾਂਕੀ, ਕੋਇਲ ਵਰਗੀ ਬਰੀਕ ਤੇ ਬੁਲਬੁਲ ਵਰਗੀ ਮਿੱਠੀ ਆਵਾਜ਼। ਪਤੀ ਉਸ ਦੇ ਬੀਰ ਬਾਂਕੁਰੇ ਸਖੀ, ਨੇਕ, ਸਟੇ, ਧਰਮੀ ਤੇ ਸਦਾ ਉਪਕਾਰੀ। ਇਹ ਜੋੜੀ ਇਕ ਅਨੂਪਮ ਜੋੜੀ ਸੀ। ਇਕ ਕਾਕੀ ਇਨ੍ਹਾਂ ਦੇ ਘਰ ਸੀ। ਹੁਣ ਵਾਹਿਗੁਰੂ ਨੇ ਬਰਕਤ ਦਿੱਤੀ, ਇਕ ਕਾਕਾ ਜਨਮਿਆਂ ਜੋ ਸੁੰਦਰਤਾ ਵਿਚ ਚੰਦ ਨੂੰ ਮਾਤ ਕਰੇ। ਮੇਰੇ ਉਹ ਦਿਨ ਇਸ ਪਰਵਾਰ ਦੀਆਂ ਖੁਸ਼ੀਆਂ ਤੇ ਭਜਨਾਂ ਵਿਚ ਸੁਹਾਵਣੇ ਲੰਘੇ। ਮੈਨੂੰ ਉਹ ਦਿਨ ਪੇਕੇ ਘਰ ਨਾਲੋਂ ਬੀ ਵਧੀਕ ਸੁਖੀ ਬੀਤੇ ਯਾਦ ਪੈਂਦੇ ਹਨ।

ਸਾਡੇ ਘਰ ਪਰਾਹੁਣੇ ਬਹੁਤ ਆਉਂਦੇ ਸਨ। ਸੁਆਣੀ ਦਾ ਖਿੜਿਆ ਮੱਥਾ ਪਰਾਹੁਣਿਆਂ ਨੂੰ ਪਿਆਰ ਕਰਦਾ ਸੀ। ਉਹ ਸਦਾ ਸੇਵਾ ਵਿਚ ਰੁੱਝੀ ਰਹਿੰਦੀ ਸੀ ਤੇ ਮੈਂ ਬੱਚੇ ਦੇ ਪਾਲਣ ਪੋਸਣ ਵਿਚ ਰਹਿੰਦੀ ਸਾਂ। ਅਕਸਰ ਵੇਰ ਜਦ ਸੁਆਣੀ ਢੇਰ ਚਿਰ ਰੁਝੀ ਰਵੇ ਜਾਂ ਕਮਜ਼ੋਰੀ ਦੇ ਨਾਲ ਕੁਛਕੁ ਬੀਮਾਰ ਹੋ ਜਾਵੇ, ਤਾਂ ਬੱਚੇ ਨੂੰ ਮੈਂ ਆਪਣੀ ਛਾਤੀ ਤੇ ਪਾਉਣਾ। ਪਿਆਰ ਦੀ ਖਿੱਚ ਤੇ ਆਂਦਰਾਂ ਦੇ ਵਲਵਲੇ ਦਾ ਅਸਰ ਦੇਖੋ ਜੇ ਮੈਨੂੰ ਦੁੱਧ ਉਤਰ ਆਇਆ। ਫੇਰ ਤਾਂ ਸੌਖ ਹੋ ਗਿਆ ਅੱਗੇ ਤੌਂ ਵਧੀਕ ਬੱਚੇ ਨੂੰ ਮੇਰਾ ਹੀ ਦੁੱਧ ਮਿਲਦਾ ਸੀ। ਪਿਆਰ ਦੀਆਂ ਹੋਰ ਕਥਾ ਕੀ ਸੁਣਾਵਾਂ? ਯਾਦ ਕਰਦਿਆਂ ਹੋਣ ਆਉਂਦਾ ਹੈ। ਉਸ ਸਤਿਸੰਗ, ਉਪਕਾਰ, ਖ਼ੁਸ਼ੀ ਸਾਡੇ ਘਰ ਵਿਚ ਵਰਤਦਾ ਸੀ। ਦੇ ਰੰਗ ਮੈਂ ਦੱਸ ਨਹੀਂ ਸਕਦੀ ਜੋ

ਦੇਸ਼ ਦੇ ਅਭਾਗ ਆ ਗਏ, ਦਿੱਲੀ ਦੇ ਤਖ਼ਤ ਉਤੇ ਔਰੰਗਜ਼ੇਬ ਬੈਠਕੇ ਜੋ ਤਅੱਸਬ ਨਾਲ ਪਰਜਾ ਵਿਚ ਨਫਰਤ ਦੇ ਬੀ ਬੀਜ ਗਿਆ ਸੀ ਉਹ ਰਾਜ ਪ੍ਰਬੰਧ ਦਾ ਸੱਤ੍ਯਾ ਨਾਸ ਕਰਦੇ ਗਏ। ਅਖੀਰ ਨਿਕੰਮਾ ਤੇ ਰੰਗੀਲਾ ਪਾਤਸ਼ਾਹ ਮੁਹੰਮਦਸ਼ਾਹ ਓਸੇ ਤਖ਼ਤ ਉਤੇ ਬੈਠ ਗਿਆ ਤੇ ਇਧਰੋਂ ਨਾਦਰ ਸ਼ਾਹ, ਸਾਡੇ ਦੇਸ਼ ਦੀ ਸ਼ਾਮਤ, ਦਲਾਂ ਦੇ ਦਲ ਲੈ ਕੇ ਆ ਗਿਆ। ਪਸ਼ੌਰ ਤੋਂ ਦਿੱਲੀ ਤਕ ਵੈਰਾਨੀ ਛਾ ਗਈ। ਲਹੂ ਦੇ ਦਰਿਆਵਹਿ ਗਏ। ਸੱਤਰ ਕ੍ਰੋੜ ਤੋਂ ਵਧੀਕ ਦਾ ਸੋਨਾ ਚਾਂਦੀ ਤੇ ਰਤਨ ਨਾਦਰ ਨੇ ਦਿੱਲੀ ਤੋਂ ਲੁੱਟੇ ਗੋਲਕੁੰਡੇ ਦਾ ਕੋਹੇਨੂਰ ਹੀਰਾ ਤੇ ਸ਼ਾਹ ਜਹਾਂ ਦਾ ਤਖ਼ਤੇ ਤਾਊਸ ਇਸੇ ਲੁੱਟ ਵਿਚ ਹੀ ਗਏ। ਬੇ-ਗਿਣਤ ਭਾਰਤਵਾਸੀ ਕੈਦ ਪੈ ਕੇ ਗੋਲੇ ਬਣਾਏ ਗਏ। ਸਿੱਖਾਂ ਨੇ ਮੁੜੇ ਜਾਂਦੇ ਨਾਦਰ ਪਾਸੋਂ ਬਹੁਤ ਕੁਛ ਰਾਤਾਂ ਨੂੰ ਛਾਪੇ ਮਾਰ ਮਾਰ ਕੇ ਲੁੱਟਿਆ, ਬਹੁਤ ਕੈਦੀ ਛੁਡਾਏ ਪਰ ਜਿਨ੍ਹਾਂ ਦੇ ਭਾਗ ਹਿਰੇ ਸਨ ਉਹਨਾਂ ਦਾ ਕੀ ਬਣਦਾ ਸੀ। ਲਾਹੌਰ ਵਿਚ ਆ ਕੇ ਨਾਦਰ ਨੇ ਸਿੱਖਾਂ ਦੇ ਹਾਲ ਪੁੱਛੇ ਪਤਾ ਕਰਕੇ ਹੱਕਾ ਬੱਕਾ ਰਹਿ ਗਿਆ ਤੇ ਖ਼ਾਨ ਬਹਾਦਰ ਨੂੰ ਕਹਿਣ ਲੱਗਾ ਸੰਭਲਕੇ ਵਰਤੋ ਇਹ ਲੋਕ ਜੋ ਗੁਣ ਰੱਖਦੇ ਹਨ, ਰਾਜ ਕਰਨਗੇ* ਪਰ ਕੌਣ ਸੁਣਦਾ ਸੀ ਤੇ ਉਹ ਆਪ ਸਿੱਖਾਂ ਨਾਲ ਕੀਹ ਘੱਟ ਗੁਜ਼ਾਰਦਾ ਸੀ ? ਅਸੀਂ ਇਨ੍ਹੀਂ ਦਿਨੀਂ ਵਟਾਲੇ ਸਾਂ; ਮਹਾਰਾਜਾ ਨੇ ਸੱਦਿਆ ਸੀ। ਲੁਧਿਆਣੇ ਕੋਲ ਇਸ ਆਗਾ ਖ਼ਾਂ ਦੇ ਪਠਾਣ ਪਿਤਾ ਦੇ ਢਹੇ ਚੜ੍ਹ ਗਏ, ਜੋ ਕਿਸੇ ਸਰਕਾਰੀ ਕੰਮ ਕਰਕੇ ਬਹੁਤ ਪਿਛੇ ਆ ਰਿਹਾ ਸੀ। ਮੈਂ, ਮੇਰੀ ਸੁਆਣੀ, ਬੱਚੇ ਤੇ ਘਰ ਦੇ ਮਾਲਕ ਜੀ ਫਸ ਗਏ। ਲਾਹੌਰ ਤੋਂ ਪਹਿਲੇ ਪਹਿਲੀ ਰਾਤ ਦੇ ਸਿੱਖਾਂ ਵਲੋਂ ਕਿਸੇ ਛਾਪੇ ਪਏ ਤੇ ਮਾਲਕ ਜੀ ਤੇ ਕਾਕੀ ਤਾਂ ਸਿੱਖਾਂ ਦੇ ਹੱਥ ਚੜ੍ਹ ਗਏ ਪਰ ਅਸੀਂ ਤਿੰਨੇ ਹੱਥ ਨਾ ਆਏ। ਫੇਰ ਤਾਂ ਅਟਕ ਤਕ ਸਿਖਾਂ ਦੇ ਛਾਪੇ ਵੱਜਦੇ ਰਹੇ। ਸ਼ਾਇਦ ਸਾਡੇ ਛੁਡਾਉਣ ਲਈ ਮਾਲਕ ਜੀ ਬੀ ਆਉਂਦੇ ਰਹੇ ਹੋਣ, ਪਰ ਪੇਸ਼ ਕੁਛ ਨਾ ਗਈ, ਅਸੀਂ ਛੁਡਾਉਣ ਹਾਰਿਆਂ ਦੇ ਹੱਥ ਨਾ ਚੜ੍ਹੇ। ਇਸ ਵੇਲੇ ਜ਼ਾਲਮ ਹਸਨ ਖ਼ਾਂ (ਆਗਾ ਦਾ ਪਠਾਣ ਬਾਪੂ) ਫ਼ੌਜ ਦੇ ਅਗੇਰੇ ਦਲ (ਹਰਾਵਲ) ਵਿਚ ਸੀ। ਜਿਸ ਦਿਨ ਨਾਦਰ ਅਟਕ ਤੇ ਅਟਕਿਆ ਇਹ ਪਾਰ ਲੰਘ ਚੁਕਾ ਸੀ ਅਰ ਅਸੀਂ ਇਸ ਦੇ ਬੰਧੂ ਬੀ ਮੁਸ਼ਕਾਂ ਬੱਧੀਆਂ ਪਾਰ ਪਹੁੰਚ ਚੁਕੇ ਸੇ; ਇਸ ਕਰਕੇ ਅਟਕ ਪਰ ਸਿੱਖਾਂ ਦਾ ਜੋ ਭਾਰਾ ਛਾਪਾ ਪਿਆ ਉਸ ਵਿਚ ਅਸੀਂ ਨਾ ਛੁਟ ਸਕੇ। ਉਂਞ ਕਈ ਸੌ ਤੋਂ ਵਧੀਕ ਹਿੰਦੂ ਜ਼ਨਾਨੀਆਂ, ਬੱਚੇ, ਗੱਭਰੂ ਸਿੱਖ ਛੁਡਾ ਕੇ ਲੈ ਗਏ ਸੀ ਇਹ ਗੱਲ ਅਸਾਂ ਅੱਗੇ ਆ ਕੇ ਸੁਣੀ ਸੀ। ਪਰ ਸਾਡੇ ਨਸੀਬ ਦੇ ਡੱਬੇ ਨੂੰ ਮੁਹਰ ਵੱਜੀ ਹੀ ਰਹੀ। ਗੱਲ ਕੀਹ ਬੁਰੇ ਹਾਲੀਂ ਕਾਬਲ ਪਹੁੰਚੇ। ਹਸਨ ਖ਼ਾਂ ਨੇ ਨਾਦਰ ਤੋਂ ਵਿਦੈਗੀ ਲੈਕੇ ਆਪਣੇ ਪਿੰਡ ਡੇਰੇ ਲਾਏ, ਲੁੱਟ ਸਾਂਭੀ ਤੇ ਹਿੰਦੁਸਤਾਨ ਦੇ ਬਗੀਚੇ ਦੇ ਫੁੱਲਾਂ ਨੂੰ ਮਲਣਾ ਸ਼ੁਰੂ ਕੀਤਾ। ਪੰਜ ਪੰਜ ਰੁਪੈ ਨੂੰ ਭਾਰਤ ਵਰਸ਼ ਦੀਆਂ ਪੁਤ੍ਰੀਆਂ ਤੇ ਪੁਤ੍ਰ ਮੰਡੀ ਵਿਚ ਪਸ਼ੂਆਂ ਵਾਂਗ ਵਿਕੇ। ਮੇਰੀ ਸੁਆਣੀ ਦੀ ਸੁੰਦਰਤਾ ਤੇ ਬਾਲਕ ਦੀ ਸ਼ਕਲ ਅਤੇ ਗੁਣਾਂ ਪਰ ਹਸਨ ਖਾਂ ਰੀਝ ਪਿਆ। ਉਹਨਾਂ ਨੂੰ ਘਰ ਰੱਖ ਲਿਓਸੁ ਤੇ ਉਹਨਾਂ ਦੀ ਸੇਵਾ ਖਾਤਰ ਮੈਂ ਵੀ ਵਿਕਣੋਂ ਬਚ ਗਈ, ਪਰ ਨਸੀਬ ਅਜੇ ਖਹਿੜਾ ਕਦ ਛੱਡਦੇ ਸੇ? ਹਸਨ ਖ਼ਾਂ ਨੇ ਮੇਰੀ ਦੇਵੀ ਸੁਆਣੀ ਨੂੰ ਵਹੁਟੀ ਬਨਾਉਣ ਲਈ ਕਲਮਾਂ ਪੜ੍ਹਾਉਣਾ ਚਾਹਿਆ। ਸਤਵੰਤੀਆਂ ਦੀ ਵੰਸ਼, ਵੀਰਾਂ ਦੀ ਔਲਾਦ ਤੇ ਧਰਮ ਦੀ ਪੁਤਲੀ ਇਹ ਗਿਰਾਉ ਕਦ ਖਾਂਦੀ ਸੀ। ਹਸਨ ਖ਼ਾਂ ਨੂੰ ਮੂੰਹ-ਤੋੜ ਜਵਾਬ ਦਿੱਤੇ ਤੇ ਇਕ ਨਾ ਮੰਨੀ। ਕਹਿਰ ਵਿਚ ਆ ਕੇ ਹਸਨ ਖ਼ਾਂ ਨੇ ਤਲਵਾਰ ਦਿਖਾਈ ਅਰ ਡਰਾਇਆ, ਪਰ ਡਰੇ ਕੌਣ? ਜਿਨ੍ਹਾਂ ਨਿਰਭੈ ਨੂੰ ਪੂਜਿਆ ਹੋਵੇ ਉਹ ਡਰ ਕੀ ਜਾਣੇ? ਹਸਨ ਖ਼ਾਂ ਨੇ ਬਥੇਰਾ ਜ਼ੋਰ ਲਾਇਆ ਪਰ ਮੇਰੀ ਪਿਆਰੀ ਭੈਣ ਨੇ ਇਕ ਨਾ ਮੰਨੀ। ਹਸਨ ਖ਼ਾਂ ਦਾ ਕਹਿਰ ਵਧਦਾ ਗਿਆ ਤੇ ਅੰਤ ਉਸਦੀ ਤਲਵਾਰ ਪਿਆਰੀ ਦੇ ਸਿਰ ਫਿਰ ਗਈ ਅਰ ਮੇਰੇ ਪਿਆਰ ਦਾ ਆਸਰਾ, ਮੇਰੇ ਜੀਵਨ ਦਾ ਆਧਾਰ, ਧਰਤੀ ਪਰ ਲੇਟਣ ਲਗ ਗਿਆ। ਕੋਈ ਦੋ ਘੰਟੇ ਤੜਫ ਤੜਫ ਕੇ ਪਿਆਰੀ ਨੇ ਜਾਨ ਦੇ ਦਿੱਤੀ। ਉਸ ਵੇਲੇ ਮੈਂ ਤੇ ਬੱਚਾ ਕੋਲ ਸਾਂ। ਬੱਚੇ ਦਾ ਰੋਣਾ ਤੇ ਮਾਂ ਦੀ ਤੜਫਣੀ ਨੂੰ ਵੇਖਣਾ ਨਜ਼ਾਰੇ ਸਨ ਜੋ ਗੁਰੂ ਕਿਸੇ ਨੂੰ ਕਦੀ ਨਾ ਦਿਖਾਵੇ। ਮੇਰਾ ਇਨ੍ਹਾਂ ਰੰਗਾਂ ਨੂੰ ਵੇਖ ਵੇਖ ਕੇ ਜੀ ਇਹ ਕਰਦਾ ਸੀ ਕਿ ਛੁਰੀ ਮਾਰ ਕੇ ਮਰ ਜਾਵਾਂ, ਪਰ ਪਿਆਰੀ ਨੇ ਅਖੀਰ ਦਮਾਂ ਵਿਚ ਮੈਨੂੰ ਸੁਗੰਧ ਦੇਕੇ ਕਿਹਾ ਕਿ ‘ਜਿਉਂ ਜਾਣੇਂ ਮੇਰੇ ਲਾਲ ਨੂੰ ਪਾਲੀਂ ਤੇ ਜਦੋਂ ਇਹ ਪਲ ਖਲੋਵੇ ਤੇ ਜਦੋਂ ਫੇਰ ਤੇਰਾ ਦਾਉ ਲੱਗੇ, ਇਸ ਨੂੰ ਇਸਦਾ ਜਨਮ ਤੇ ਮੇਰੀ ਬ੍ਰਿਥਾ ਸੁਣਾ ਦੇਵੀਂ ਤੇ ਉਸਦਾ ਫਲ ਦੇਖੀਂ ਕਿ ਉਹ ਆਪਣੇ ਅਸਲੇ ਨੂੰ ਜਾਏਗਾ। ਜੇ ਮੇਰਾ ਬੱਚਾ ਅਸਲੇ ਪਰ ਚਮਕ ਪਵੇ ਤਾਂ ਮੇਰੀ ਇਛਾ ਇਹ ਦੱਸੀਂ ਕਿ ਦੇਸ਼ ਜਾਕੇ ਆਪਣੇ ਦੇਸ਼ ਕੌਮ ਦੀ ਸੇਵਾ ਕਰੇ, ਸਿੱਖੀ ਸਿਦਕ ਧਾਰਨ ਕਰੇ ਬੱਸ ਇਹ ਮੇਰਾ ਕੱਰ ਹੈ, ਜੋ ਮੈਂ ਤੇਰੇ ਸਿਰ ਛੱਡਦੀ ਹਾਂ ਅਰ ਤੇਰੇ ਸਿਰ ਕੱਰ ਪਾ ਕੇ ਮੈਂ ਆਪ ਸੁਖੀ ਤੇ ਸ਼ਾਂਤਿ ਮਰਦੀ ਹਾਂ, ਇਸ ਤਰ੍ਹਾਂ ਮੈਨੂੰ ਨਿਸਚਾ ਹੈ ਕਿ ਮੇਰਾ ਬੱਚਾ ਉਸ ਆਪਣੀ ਵਾੜੀ ਵਿਚ ਜਾ ਪਹੁੰਚੇਗਾ। ਸੋ ਰਾਤ ਮੈਂ ਰੋ ਰੋ ਕੇ ਹਨੇਰੇ ਵਿਚ ਤੜਫ- ਦਿਆਂ ਤੇ ਲਾਲ ਨੂੰ ਪਿਆਰ ਦੇਂਦਿਆਂ ਕੱਟੀ। ਦਿਨੇ ਕੁਛ ਅਕਾਸ਼ਾਂ ਤੋਂ ਹੌਂਸਲਾ ਤੇ ਜ਼ੋਰ ਆ ਗਿਆ, ਮੈਂ ਬੱਚੇ ਨੂੰ ਲੈਕੇ ਹਸਨ ਖਾਂ ਦੇ ਚਰਨਾਂ ਵਿਚ ਜਾ ਸੁਟਿਆ ਤੇ ਆਖਿਆ ਕਿ ਮਾਂ ਤਾਂ ਇਸਦੀ ਮਰ ਗਈ ਹੈ, ਹੁਣ ਇਸ ਵਾਸਤੇ, ਕੀਹ ਹੁਕਮ ਹੈ? ਕਹਿਣ ਲੱਗਾ ਇਹ ਬੀ ਕਲਮਾਂ ਨਹੀਂ ਪੜ੍ਹੇਗਾ? ਮੈਂ ਹੱਥ ਜੋੜਕੇ ਕਿਹਾ ਕਿ ਇਹ ਮਾਸੂਮ ਬੱਚਾ ਹੈ, ਇਹ ਪੜ੍ਹਨਾ ਤੇ ਨਾ ਪੜ੍ਹਨਾ ਕੀਹ ਜਾਣਦਾ ? ਇੰਨਾ ਮੈਂ ਆਪ ਨੂੰ ਦੱਸ ਦੇਂਦੀ ਹਾਂ ਕਿ ਇਹ ਬੜੀ ਉੱਚੀ ਕੁਲ ਦਾ ਹੈ ਅਰ ਇਕ ਵਡੇ ਸਿੱਖਾਂ ਦੇ ਸਰਦਾਰ ਵਰਗੇ ਸਰਦੇ ਪੁਜਦੇ ਵਾਲੇ ਖ਼ਾਨਦਾਨ ਵਿਚੋਂ ਹੈ। ਇਹ ਮਾਮੂਲੀ ਵਞਾ ਦੇਣ ਲਾਇਕ ਸ਼ੈ ਨਹੀਂ ਹੈ। ਇਹ ਅਮੋਲਕ ਲਾਲ ਹੈ, ਜੋ ਰਹਿਮ ਦੇ ਯੋਗ ਹੈ। ਪਤਾ ਨਹੀਂ ਕੀ ਕੌਤਕ ਵਰਤਿਆ, ਬੱਚੇ ਨੇ ਦੋਵੇਂ ਹੱਥ ਉਚੇ ਕਰਕੇ ਜੋ ਤੱਕਿਆ ਤਾਂ ਹਸਨ ਖਾਂ ਦੀਆਂ ਅੱਖਾਂ ਲੜ ਗਈਆਂ ਅਰ ਉਸ ਕਠੋਰ ਪੱਥਰ ਨੇ ਬੱਚੇ ਨੂੰ ਚੁਕ ਕੇ ਗੋਦ ਵਿਚ ਲੈ ਲਿਆ ਤੇ ਕਿਹਾ: ‘ਮੇਰੀ ਗੋਦ ਸੁੰਞੀ ਸੀ ਅੱਲਾ ਨੇ ਹਰੀ ਕੀਤੀ ਇਹ ਮੇਰਾ ਬੇਟਾ ਹੋਇਆ। ਜੀਓ ਬੇਟਾ ! ਉਸੇ ਵੇਲੇ ਵੱਡੀ ਬੇਗ਼ਮ ਨੂੰ ਬੁਲਾਕੇ ਬੱਚਾ ਉਸਦੀ ਗੋਦੀ ਪਾਇਆ। ਪਰ ਬੱਚਾ ਵਿਲਚਦਾ ਨਹੀਂ ਸੀ, ਓਹ ਬਾਰ ਬਾਰ ਮੇਰੀ ਵੱਲ ਉੱਲਰਦਾ ਸੀ। ਬੇਗ਼ਮ ਨੂੰ ਜਦ ਪਤਾ ਲੱਗਾ ਕਿ ਇਸਦੀ ਮਾਂ ਕਤਲ ਹੋ ਚੁਕੀ ਹੈ, ਉਸ ਨੂੰ ਬੀ ਠੰਢ ਪੈ ਗਈ, ਬੱਚੇ ਨੂੰ ਪੁਤ੍ਰ ਬਣਾ ਲੈਣਾ ਵੀ ਉਸਦੇ ਪਸੰਦ ਆ ਗਿਆ, ਪਰ ਮੇਰੀ ਵਲੋਂ ਦੋਵੇਂ ਵਹੁਟੀ ਗੱਭਰੂ ਝਿਜਕਦੇ ਸਨ। ਉਹਨਾਂ ਦੇ ਦਿਲ ਦੀ ਗੱਲ ਤਾੜ ਕੇ ਮੈਂ ਬੇਨਤੀ ਕੀਤੀ ‘ਖ਼ਾਂ ਸਾਹਿਬ ! ਹੁਣ ਬਾਕੀ ਮੈਂ ਹਾਂ, ਮੈਂ ਇਨ੍ਹਾਂ ਦੀ ਨੌਕਰ ਹਾਂ ਅਰ ਇਸ ਬੱਚੇ ਦੀ ਦਾਈ ਹਾਂ, ਪਾਲਿਆ ਵੀ ਮੈਂ ਹੈ ਤੇ ਖਿਡਾਇਆ ਬੀ ਮੈਂ ਹੈ। ਜੇ ਆਪ ਮਾਰਨਾ ਚਾਹੋ ਤਾਂ ਹਾਜ਼ਰ ਹਾਂ, ਤੇ ਰੱਖਣਾ ਚਾਹੋ ਤਾਂ, ਇਸ ਦੀ ਸੇਵਾ ਕਰਾਂਗੀ। ਰਾਤ ਇਸ ਦੀ ਮਾਂ ਮੋਈ ਹੈ ਤੇ ਜੇ ਮੈਂ ਮਾਰੀ ਗਈ ਤਾਂ ਏਹ ਦੋ ਹੇਰਵੇ ਨਹੀਂ ਝੱਲ ਸਕੇਗਾ। ਰੋ ਰੋ ਕੇ ਮਰ ਜਾਵੇਗਾ। ਹੁਣ ਤੁਸੀਂ ਇਸ ਨੂੰ ਪੁਤ੍ਰ ਬਣਾ ਚੁਕੇ ਹੋ, ਇਸਦੀ ਜਾਨ ਖਾਤਰ ਮੈਨੂੰ ਖਿਡਾਵੀ ਰੱਖ ਲਓਗੇ ਤਾਂ ਮੈਂ ਸੇਵਾ ਕਰਾਂਗੀ। ਹਸਨ ਖ਼ਾਂ ਕਹਿਣ ਲੱਗਾ :- ‘ਤੂੰ ਬੀ ਸਿੱਖਣੀ ਹੈ ? ‘ਮੈਂ ਕਿਹਾ ਮੈਂ ਤਾਂ ਪਹਾੜਨ ਹਾਂ।’ ਕਹਿਣ ਲੱਗਾ ਤਦ ਸਖਤ ਮਾਦਾ ਨਹੀਂ ਹੈ। (ਮੇਰੇ ਵੱਲ ਘੂਰਕੇ) ‘ਕੀ ਤੂੰ ਕਲਮਾਂ ਪੜ੍ਹੇਗੀ? ਮੇਰੀ ਹਿੱਕ ਤੇ ਭੈਣ ਦਾ ਹੁਕਮ ਸੀ, ਮੈਂ ਸੋਚਿਆ ਮੇਰਾ ਧਰਮ ਤਾਂ ਪਿਆਰ ਹੈ, ਹਾਂ, ਮੈਨੂੰ ਹਿੰਦੂ ਪੁਣੇ ਨਾਲ ਕੀਹ ਤੇ ਮੁਸਲਮਾਨ ਪੁਣੇ ਨਾਲ ਕੀਹ, ਮੈਂ ਤਾਂ ਪਿਆਰ ਦਾ ਅੰਗ ਪਾਲਣਾ ਹੈ, ਬੱਚੇ ਨੂੰ ਸਿਰੇ ਚੜ੍ਹਾਉਣਾ ਹੈ, ਇਸ ਮਨਤਵ ਲਈ ਜੋ ਵੀ ਕਰਨਾ ਪਵੇ ਸੋ ਹੀ ਮੇਰਾ ਧਰਮ। ਮੈਂ ਕਿਹਾ, ‘ਜਿਵੇਂ ਕਹੋ ਹਾਜ਼ਰ ਹਾਂ।’ ਇਹ ਸੁਣਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ ਦੇਖੋ ਇਸ ਬੱਚੇ ਨੂੰ ਕਦੇ ਜਨਮ ਦਾ ਭੇਦ ਨਹੀਂ ਦੱਸਣਾ’ । ਇਹ ਸੁਣ ਕੇ ਮੇਰਾ ਸਿਰ ਨਿਉਂ ਗਿਆ ਅਰ ਗਸ਼ ਜੇਹੀ ਆ ਗਈ। ਜੀਭ ਮੇਰੀ ਨੇ ਕੀ ਖੁੱਲ੍ਹਣਾ ਸੀ? ਕਿਉਂਕਿ ਇਹੋ ਹੀ ਤਾਂ ਮੇਰਾ ਫਰਜ਼ ਸੀ ਜਿਸ ਲਈ ਮੈਂ ਜੀਵਨ ਦਾ ਪ੍ਰਬੰਧ ਕੀਤਾ ਸੀ। ਥੋੜੀ ਦੇਰ ਬਾਦ ਇਕ ਮੁੱਲਾਂ ਆ ਗਿਆ ਮੈਨੂੰ ਮੁਸਲਮਾਨ ਹੋਣ ਲਈ ਹੁਕਮ ਹੋਇਆ ਤਦ ਮੈਂ ਕਿਹਾ – ‘ਮੈਂ ਹਾਜ਼ਰ ਹਾਂ, ਪਰ ਮੈਨੂੰ ਉਹ ਮੁਰਦਾ ਦੇਹ ਸਾੜ ਲੈਣ ਦਿਓ ਜੋ ਅੰਦਰ ਪਈ ਹੈ ਤੇ ਫੇਰ ਜੋ ਕਹੋ ਕਰਸਾਂ।’ ਹਸਨ ਖ਼ਾਂ ਕਹਿਣ ਲੱਗਾ, ਉਸਦੀ ਦੇਹ ਨੂੰ ਇਸੇ ਤਰ੍ਹਾਂ ਤਰੱਕਣ ਦਿਓ।’ ਤਦ ਮੈਂ ਉਸ ਨੂੰ ਸਮਝਾਇਆ ਕਿ ਮਰ ਗਏ ਨਾਲ ਬੀਰ ਲੋਕ ਵੈਰ ਨਹੀਂ ਕਰਦੇ। ਫੇਰ ਉਹ ਸਰਦਾਰਨੀ ਸੀ, ਤੁਸੀਂ ਸਰਦਾਰ ਹੋ, ਤੁਹਾਡੀ ਸਰਦਾਰੀ ਨੂੰ ਯੋਗ ਨਹੀਂ ਹੈ ਕਿ ਰਾਜ ਕੁਲ ਦੇ ਮਕਤੂਲਾਂ ਨਾਲ ਐਸਾ ਸਲੂਕ ਕਰੋ। ਗੱਲ ਕੀਹ ਬਹੁਤ ਝਗੜੇ ਬਾਦ ਦਰਿਯਾ ਵਿਚ ਪਾਉਣ ਦੀ ਬੇਨਤੀ ਮੰਨੀ ਗਈ। ਸੋ ਮੈਂ ਆਪਣੇ ਝੋਲੇ ਵਿਚੋਂ ਚਾਦਰ ਤੇ ਲੀੜੇ ਕੱਢੇ ਅਰ ਉਸ ਪਿਆਰੀ ਜਾਨ ਤੋਂ ਪਿਆਰੀ ਨੂੰ ਲਪੇਟ ਕੇ ਆਪਣੇ ਮੋਢੇ ਤੇ ਚਾ ਕੇ ਇਕ ਦਰਿਆ ਦੇ ਕਿਨਾਰੇ ਤੇ ਗਈ। ਸ੍ਰੀ ਵਾਹਿਗੁਰੂ ਕਹਿੰਦਿਆਂ ਤੇ ਰੋਂਦਿਆਂ ਇਸ਼ਨਾਨ ਕਰਵਾਇਆ ਫੇਰ ਲੀੜੇ ਲਪੇਟੇ ਤੇ ਕੁਛ ਪੱਥਰ ਨਾਲ ਬੰਨ੍ਹੇ, ਜੋ ਮੁਰਦਾ ਤਰੇ ਨਾ ਤੇ ਹੇਠਾਂ ਹੇਠਾਂ ਰੁੜ੍ਹੇ। ਮੈਂ ਪਿਆਰੀ ਦੇ ਪਿੰਜਰੇ ਨੂੰ ਤੱਤਾਂ ਦੇ ਵਜ਼ੀਰ ਦੇਵਤਾ ਪਾਣੀ ਦੇ ਸਪੁਰਦ ਕਰਕੇ ਦਿਲ ਨੂੰ ਕਿਹਾ- ‘ਲੈ ਮਨਾ ! ਤ੍ਰੈ ਪਿਆਰੇ ਤਾਂ ਹੱਥੀਂ ਟੋਰੇ ਨੀਂ ਹੁਣ ਚੌਥੇ ਪਿਆਰੇ ਦੀ ਸੇਵਾ ਕਰ, ਦੇਖ ਉਸ ਦਾ ਕੀ ਬਣਦਾ ਹੈ? ਹੇ ਹੋਣੀ ਬਲਵਾਨ ! ਤੇਰੇ ਚਾਲੇ ਕੈਸੇ ਨਿਆਰੇ ਹਨ।’

ਪਿਆਰੀ ਦਾ ਪ੍ਰਣ ਪੂਰਾ ਕਰਨ ਲਈ ਮੈਂ ਲਿਫ ਗਈ ਅਰ ਉਸ ਘਰ ਵਿਚ ਮੈਂ ਇਸ ਤਰ੍ਹਾਂ ਧਸੀ ਕਿ ਜਿੱਕੂੰ ਕੋਈ ਨਿੱਤ ਦਾ ਘਰ ਦਾ ਆਪਣਾ ਆਦਮੀ ਹੁੰਦਾ ਹੈ। ਮੇਰਾ ਇਤਬਾਰ ਬਣ ਗਿਆ ਅਰ ਪਠਾਣੀਆਂ ਵਿਚ ਮੈਂ ਪਠਾਣੀ ਹੋ ਗਈ। ਆਪਣੇ ਲਾਲ ਨੂੰ ਪਾਲਦੀ ਰਹੀ। ਸੋ ਪਿਆਰੇ ਜਸਵੰਤ ਸਿੰਘ ਜੀ ! ਇਸ ਆਗਾ ਖ਼ਾਂ ਦੀਆਂ ਨਾੜਾਂ ਦਾ ਲਹੂ ਤੁਹਾਨੂੰ ਬਹੁਤ ਨੇੜੇ ਹੈ, ਇਹ ਦੇਸ਼ ਵੀਰ ਵੀ ਹੈ ਤੇ ਧਰਮ ਵੀਰ ਬੀ ਹੈ।

ਸਤਵੰਤ ਨੇ ਇਹ ਸਾਰੀ ਕਥਾ ਸਾਹ ਵੱਟਕੇ ਸੁਣੀ ਸੀ, ਕਈ ਵੇਰ ਰੋਈ ਤੇ ਕਈ ਵੇਰ ਹਾਹੁਕੇ ਲੈ ਹਟੀ ਸੀ, ਹੁਣ ਇਸਨੇ ਉੱਛਲ ਕੇ ਸਾਈਂ ਨੂੰ ਗਲ ਲਾ ਲਿਆ ਤੇ ਬੋਲੀ ਤੇਰੇ ਮੂੰਹ ਗੁਲਾਬਾਂ ਨਾਲ ਭਰਾਂ ਤੂੰ ਧੰਨ ਹੈਂ ਜਿਸ ਨੇ ਮੇਰੇ ਖਿਆਲ ਨੂੰ ਆਪਣੀ ਆਸ ਦੀ ਅਟਾਰੀ ਤੋਂ ਹੇਠਾਂ ਨਹੀਂ ਉਤਰਨ ਦਿੱਤਾ। ਸ਼ੁਕਰ ਹੈ ! ਲੱਖ ਲੱਖ ਸ਼ੁਕਰ ਹੈ ! ! ਪ੍ਯਾਰੀ ਮਾਂ ਜੀ! ਮੇਰੀ ਇਹੋ ਟੋਹ ਸੀ ਕਿ ਇਸ ਆਗਾ ਖ਼ਾਂ ਦੀਆਂ ਨੀਲੀਆਂ ਰਗਾਂ ਪੰਜਾਬੀ ਹਨ ਤੇ ਉਨ੍ਹਾਂ ਵਿਚ ਵਹਿ ਰਿਹਾ ਪਵਿੱਤ੍ਰ ਖੂਨ ਸਿੱਖੀ ਦਾ ਹੈ। ਹੁਣ ਬਾਕੀ ਵਿਥਿਆ ਸੁਣਾਓ।

ਸਾਂਈਂ – ਹੋਰ ਕੀ ਦੱਸਾਂ? ਸਤਾਰ੍ਹਾਂ ਕੁ ਵਰ੍ਹੇ ਇਸ ਕੈਦ ਵਿਚ ਬੀਤੇ। ਗੋਲੀਆਂ ਦੀ ਤਰ੍ਹਾਂ ਸੇਵਾ ਕੀਤੀ, ਜੀਜੀ ਦੀ ਖੁਸ਼ਾਮਦ ਕੀਤੀ, ਰਾਜ- ਪੂਤ ਹੋਕੇ ਤੁਰਕਾਂ ਦੇ ਘਰ ਦਾ ਖਾਧਾ, ਛੱਤੀ ਖੇਖਣ ਢਾਲੇ, ਪਰ ਬੱਧੀ ਓਸ ਸੁਖਨ ਦੀ ਕਿ ‘ਲਾਲ ਨੂੰ ਪਾਲਣਾ ਹੈ ਤੇ ਭੇਤ ਦੱਸਣਾ ਹੈ, ਨਹੀਂ ਤਾਂ ਸਿੱਖਾਂ ਦੇ ਘਰ ਰਹਿਕੇ ਮੇਰਾ ਅਗੇ ਹੀ ਕੁਰਾੜਾ ਰਾਜਪੂਤੀ ਮਨ ਹੋਰ ਕਰੜਾ ਹੋ ਗਿਆ ਸੀ ਸੌ ਵਿਸਵਾ ਮੈਂ ਬੀ ਦੂਏ ਦਿਨ ਕਤਲ ਹੀ ਹੁੰਦੀ ਪਰ ਲੱਗੀਆਂ ਦੀ ਤੋੜ ਨਿਬਾਹੁਣੀ ਕੋਈ ਖੇਡ ਨਹੀਂ। ਜਦ ਲਾਲ ਕੁਛ ਸਿਆਣਾ ਹੋ ਗਿਆ ਤੇ ਬੈਠਾਂ, ਸੋਚਾਂ, – ਲਾਲ ਨੂੰ ਭੇਤ ਦਸਾਂ, ਪਰ ਫੇਰ ਵਿਚਾਰਾਂ ਇਹ ਖ਼ਬਰੇ ਕੀ ਕਰੇ। ਕਿਤੇ ਮਾਂ ਦਾ ਮਤਲਬ ਹੀ ਨਾਂ ਉੱਡ ਜਾਵੇ। ਇਸ ਕਰਕੇ ਇਸ ਦੀ ਜੁਆਨੀ ਤੇ ਸਿਆਣੀ ਅਵਸਥਾ ਨੂੰ ਉਡੀਕਦੀ ਰਹੀ। ਹੁਣ ਜਦ ਇਹ ਜੁਆਨ ਹੋਇਆ, ਸਿੱਖੀ ਖੂਨ ਕਾਬਲੀ ਮੇਵੇ ਖਾ ਕੇ ਮੌਲਿਆ ਤਾਂ ਤੁਸਾਂ ਆਪ ਡਿੱਠਾ ਹੀ ਹੈ ਕਿ ਦੇਖਿਆਂ ਸਿੱਕ ਭੁੱਖ ਲਹਿੰਦੀ ਹੈ। ਹਾਂ ਸੱਚੀਂ ਜਿਸ ਪਠਾਣ ਮਾਂ ਦੀ ਇਸ ਲਾਲ ਨੂੰ ਗੋਦੀ ਪਾਇਆ ਉਹ ਬਹੁਤ ਭਲੀ ਤ੍ਰੀਮਤ ਸੀ। ਇਸ ਨਾਲ ਪਯਾਰ ਪੁੱਤਰਾਂ ਵਾਲਾ ਹੀ ਕਰਦੀ ਸੀ, ਮੈਨੂੰ ਬੀ ਪੂਰਾ ਸੁਖੀ ਰੱਖਦੀ ਸੀ, ਸ਼ੋਕ ਇਹ ਕਿ ਉਹ ਬੀ ਮਰ ਗਈ। ਹਸਨ ਖ਼ਾਂ ਨੇ ਹੋਰ ਵਿਆਹ ਕੀਤਾ। ਇਹ ਨਵੀਂ ਆਈ ਹਸਨ ਖ਼ਾਂ ਦੀਆਂ ਵਹੁਟੀਆਂ ਦੀ ਸਰਦਾਰ ਹੈ, ਮੁਟਿਆਰ ਹੈ ਤੇ ਡਾਢੀ ਸੁੰਦਰ ਹੈ। ਪਹਿਲੇ ਤਾਂ ਉਹ ਲਾਲ ਨਾਲ ਅੰਦਰੋਂ ਕੈਰੀ ਅੱਖ ਰਖਦੀ ਸੀ, ਪਰ ਕੁਛ ਸਮੇਂ ਤੋਂ ਉਸਦਾ ਲਾਲ ਨਾਲ ਪਿਆਰ ਬਹੁਤ ਵਧਦਾ ਗਿਆ। ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਪਰ ਲਾਲ ਭੋਲੇ ਨੂੰ ਪਤਾ ਨਹੀਂ ਸੀ ਕਿ ਮੇਰੀ ਮਤ੍ਰੇਈ ਮਾਂ ਦੇ ਅੰਦਰ ਖੋਟ ਹੈ ਕਿ ਲਾਲ ਨੂੰ ਕਿਸੇ ਵੇਲੇ ਪਾਰ ਬੁਲਾਵੇ। ਉਸਦਾ ਕਾਰਨ ਇਹ ਹੈ ਕਿ ਉਸਦੇ ਪਹਿਲੇ ਘਰ ਵਾਲੇ ਵਿਚੋਂ ਇਕ ਪੁੱਤ੍ਰ ਹੈ, ਜੋ ਪਹਿਲੇ ਤਾਂ ਪੇਕੇ ਰਿਹਾ ਤੇ ਹੁਣ ਉਸਨੇ ਘਰ ਲੈ ਆਂਦਾ ਹੈ। ਉਹ ਹੁਣ ਇਹ ਲੋਚਦੀ ਸੀ ਕਿ ਆਗ਼ਾ ਖ਼ਾਂ ਨੂੰ ਹੱਥਾਂ ਤੇ ਪਾਈ ਰੱਖਾਂ ਜੋ ਹਸਨ ਖ਼ਾਂ ਨਾ ਤ੍ਰਬਕੇ ਤੇ ਸਹਿਜੇ ਸਹਿਜੇ ਮੋਹ ਘਟਾ ਕੇ (ਜੋ ਹਸਨ ਖ਼ਾਂ ਦੇ ਅੰਦਰ ਐਤਨਾ ਡੂੰਘਾ ਹੈ ਕਿ ਨਿਕਲ ਨਹੀਂ ਸਕਦਾ) ਆਪਣੇ ਪੁੱਤ੍ਰ ਦਾ ਮੋਹ ਵਾੜਾਂ ਤੇ ਫੇਰ ਕਿਸੇ ਵੇਲੇ ਇਸਦਾ ਬੇੜਾ ਪਾਰ ਕਰਾਂ, ਫੇਰ ਹਸਨ ਖ਼ਾਂ ਆਪੇ ਮੇਰੇ ਪੁੱਤ੍ਰ ਨੂੰ ਪਿਆਰ ਕਰੇਗਾ। ਇਸ ਬੁੱਢੇ ਨੇ ਤਾਂ ਮਰ ਹੀ ਜਾਣਾ ਹੈ, ਸੋ ਇਸ ਤਰ੍ਹਾਂ ਸਾਰੇ ਸਰਬੰਸ ਦੀ ਮਾਲਕੀ ਮੇਰੇ ਹੱਥ ਆ ਜਾਵੇਗੀ। ਉਸਦੇ ਇਨ੍ਹਾਂ ਮਨਸੂਬਿਆਂ ਦਾ ਪਤਾ ਲੱਗ ਜਾਣ ਤੇ ਮੈਂ ਲਾਲ ਨੂੰ ਸਮਝਾਇਆ। ਲਾਲ ਦਾ ਮੇਰੇ ਨਾਲ ਅਤਿ ਪਿਆਰ ਹੈ, ਉਸ ਨੇ ਸੁਣਿਆਂ ਤੇ ਸਹੀ, ਮੰਨਿਆਂ ਬੀ, ਪਰ ਜੁਆਨੀ ਦੇ ਬਲਕਾਰ ਵਿਚ ਉਸਨੂੰ ਇਹ ਖਿਆਲ ਸੁਣਨਾ ਬੀ ਨੀਵਾਂ ਲੱਗਦਾ ਸੀ ਕਿ ਮੈਨੂੰ ਕੋਈ ਮਾਰ ਸਕਦਾ ਹੈ? ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ। ਲਾਲ ਤਾਂ ਜੁਆਨੀ ਦੇ ਬਲਕਾਰ ਵਿਚ ਰਹੇ ਪਰ ਮੈਂ ਉਸ ਦੀਆਂ ਰਾਖੀਆਂ ਦੇ ਆਹਰਾਂ ਵਿਚ ਰਹਾਂ। ਇਕ ਦਿਨ ਮੈਂ ਫੇਰ ਸਮਝਾਇਆ, ਉਸ ਵੇਲੇ ਅਵਾਗੁਤ ਮੇਰੇ ਮੂੰਹੋਂ ਨਿਕਲ ਗਿਆ: ‘ਲਾਲ ਜੀ! ਤੁਸੀਂ ਚੌਕਸ ਨਹੀਂ ਰਹਿੰਦੇ ਪਛੁਤਾਓਗੇ, ਇਨ੍ਹਾਂ ਪਠਾਣਾਂ ਦਾ ਇਤਬਾਰ ਨਾ ਕਰਿਆ ਕਰੋ। ‘ ਇਹ ਸੁਣਕੇ ਲਾਲ ਕਹਿਣ ਲੱਗਾ- ਇਨ੍ਹਾਂ ਪਠਾਣਾਂ ਦਾ ਕੀ ਮਤਲਬ? ਤੁਸੀਂ ਤੇ ਮੈਂ ਪਠਾਣ ਹਾਂ ਕਿ ਕੁਝ ਹੋਰ? ਮੈਂ ਹੱਸ ਪਈ ਤੇ ਜਿਕੂੰ ਕੋਈ ਕੁਝ ਲੁਕਾਉਂਦਾ ਹੈ, ਐਉਂ ਟਾਲ ਕੇ ਚਲੀ ਗਈ। ਦੂਜੇ ਦਿਨ ਸਵੇਰੇ ਹੀ ਮੈਨੂੰ ਸੁੱਤੀ ਪਈ ਨੂੰ ਲਾਲ ਨੇ ਆ ਜਗਾਇਆ। ਕਹਿਣ ਲੱਗਾ, ਮਾਂ ! ਤੂੰ ਮੈਨੂੰ ਸਭ ਤੋਂ ਪਿਆਰੀ ਹੈਂ, ਤੂੰ ਹੀ ਰਾਤੀ ਮੈਨੂੰ ਇਕ ਵਾਢਵੀਂ ਗੱਲ ਕਹੀ ਹੈ ਫੇਰ ਇਸ ਗੱਲ ਦਾ ਲੁਕਾ ਕੀਤਾ ਹੈ। ਮੈਂ ਹੁਣ ਕੀਹ ਕਰਾਂ? ਮੈਂ ਸਾਰੀ ਰਾਤ ਸੌਂ ਨਹੀਂ ਸਕਿਆ, ਜੀ ਤੜਫ ਤੜਫ ਉਠਦਾ ਹੈ, ਕਿ ਹੈਂ ਮੈਂ ਤੇ ਮਾਂ ਵਿਚ ਕੋਈ ਪੜਦਾ ਹੈ? ਇਹ ਸੁਣਕੇ ਮੈਂ ਸੋਚਿਆ ਕਿ ਲਾਲ ਨੂੰ ਸੁਨੇਹੇ ਦੇਣ ਦਾ ਹੁਣ ਵੇਲਾ ਠੀਕ ਹੈ। ਸੋ ਉਸੇ ਵੇਲੇ ਲਾਲ ਨੂੰ ਸੁਗੰਧਾਂ ਦੇ ਕੇ ਤੇ ਤਲਵਾਰ ਅੱਗੇ ਧਰ ਕੇ ਆਖਿਆ :- ਬੱਚਾ! ਜੇ ਮੇਰੀ ਗੱਲ ਤੇ ਤੈਨੂੰ ਯਕੀਨ ਨਾ ਆਵੇ, ਜਾਂ ਮੇਰੀ ਗੱਲ ਨਾ ਭਾਵੇ ਤਾਂ ਮੈਨੂੰ ਆਪਣੇ ਹੱਥੀਂ ਕਤਲ ਕਰ ਦੇਈਂ, ਪਰ ਅੱਗੇ ਗੱਲ ਨਾ ਕਰੀਂ। ਇਸ ਤਰ੍ਹਾਂ ਲਾਲ ਤੋਂ ਕੌਲ ਲੈ ਕੇ ਫਿਰ ਮੈਂ ਸਾਰੀ ਵਿਥਿਆ ਸੁਣਾਈ।

ਜਿਉਂ ਜਿਉਂ ਮੈਂ ਹਾਲ ਕਹਾਂ ਮੈਂ ਉਸ ਸ਼ੇਰ ਦੇ ਬੱਚੇ ਤੇ ਅਚਰਜ ਅਸਰ ਹੁੰਦਾ ਵੇਖਾਂ। ਹੈਰਾਨ ਸਾਂ ਕਿ ਸਤਾਰਾਂ ਅਠਾਰਾਂ ਵਰ੍ਹੇ ਗ਼ੈਰ ਲੋਕਾਂ ਦੇ ਵਿਚ ਅੱਯਾਤ ਪਲਕੇ, ਇਕ ਚੰਗੇ ਇਲਾਕੇ ਦਾ ਸਰਦਾਰ ਹੋਕੇ, ਦੌਲਤ ਮਾਲ ਦਾ ਵਾਲੀ ਹੋ ਕੇ ਜਦ ਆਪਣੇ ਅਸਲੇ ਨੂੰ ਸੁਣੇਗਾ ਤਾ ਸਿਵਾ ਦੱਸਣ ਵਾਲੇ ਨਾਲ ਗੁੱਸੇ ਹੋ ਪੈਣ ਦੇ ਹੋਰ ਕੀ ਕਰੇਗਾ? ਪਰ ਓਥੇ ਕਵ ਹਰ ਹੀ ਵਰਤਿਆ; ਉਹ ਮੁਸਲਮਾਨ ਤੇ ਪਠਾਣ ਗੱਭਰੂ ਆਪਣਾ ਅਸਲਾ ਸੁਣਦਾ ਆਪਣੀ ਮਾਤਾ ਦੇ ਦੁਖੜੇ ਸਮਝਦਾ ਤੇ ਮੇਰੀ ਕੁਰ- ਬਾਨੀ ਦਾ ਹਾਲ ਸੁਣਦਾ ਲੋਹਾ ਲਾਖਾ ਹੁੰਦਾ ਗਿਆ, ਛੇਕੜ ਬੁਲ੍ਹ ਟੁੱਕਣ ਲੱਗ ਗਿਆ, ਤੇ ਤੀਊਰ ਬਦਲ ਗਏ, ਅੱਖਾਂ ਅੰਗਾਰਾ ਹੋ ਗਈਆਂ ਤੇ ਤਲਵਾਰ ਚੁੱਕ ਕੇ ਉਠ ਤੁਰਿਆ। ਮੈਂ ਬਾਹੋਂ ਫੜਕੇ ਕਿਹਾ :- ਕਿੱਧਰ?’ ਕਹਿਣ ਲੱਗਾ ‘ਆਪਣੀ ਮਾਂ ਦੇ ਕਾਤਲ ਦਾ ਕਿੱਸਾਸ (ਬਦਲਾ) ਲੈਣ ਜਾਂਦਾ ਹਾਂ।’ ਮੈਂ ਬਾਹੋਂ ਖਿੱਚ ਬਹਾਲ ਲਿਆ ਤੇ ਫੇਰ ਛਾਤੀ ਨਾਲ ਗਲ ਲਾਇਆ ਤੇ ਪਿਆਰ ਦੇ ਕੇ ਸਮਝਾਇਆ ਕਿ ਤੇਰੀ ਮਾਂ ਦੇਵਤਾ ਸੀ, ਓਹ ਬਦਲਾ ਮਾਫ ਕਰ ਗਈ ਸੀ, ਜੋ ਗੱਲ ਉਹ ਕਹਿ ਗਈ ਸੀ,ਉਹ ਗੱਲ ਤੇ ਉਸਦੀ ਮਰਜ਼ੀ ਸਿਰੇ ਚਾੜ੍ਹਨੀ ਇਹ ਤੇਰਾ ਧਰਮ ਹੈ।’

ਮੇਰੀ ਗੱਲ ਸੁਣਕੇ ਠਿਠੰਬਰ ਗਿਆ ਤੇ ਉਨ੍ਹਾਂ ਲਾਲ ਅੱਖਾਂ ਵਿਚੋਂ ਦੋ ਗਰਮ ਗਰਮ ਸੜਦੇ ਅੱਥਰੂ ਕਿਰੇ ਤੇ ਕਹਿਣ ਲੱਗਾ:- ‘ਛੇਤੀ ਦਸੋ, ਮੇਰੀ ਮਾਂ ਦੀ ਕੀਹ ਮਰਜ਼ੀ ਸੀ? ਮੈਂ ਕਿਹਾ ‘ਉਹ ਮੈਂ ਅਜੇ ਨਹੀਂ ਦੱਸਦੀ ਮੈਂ ਉਸਦੀ ਵਾਕ ਸੱਤਾ ਵੇਖਣੀ ਹੈ। ਪਹਿਲੇ ਤੂੰ ਦੱਸ ਕਿ ਹੁਣ ਤੂੰ ਕੀਹ ਕਰੇਂਗਾ? ਕਹਿਣ ਲੱਗਾ :- ‘ਮੈਂ ਕੀ ਕਰਨਾ ਹੈ, ਹਸਨ ਖ਼ਾਂ ਨੂੰ ਕਤਲ ਕਰਕੇ ਪੰਜਾਬ ਚਲਾ ਜਾਵਾਂਗਾ ਅਰ ਆਪਣੇ ਬੁੱਢੇ ਬਾਪ ਨੂੰ ਤਲਾਸ਼ ਕਰਕੇ ਦਸਾਂਗਾ ਕਿ ਮੈਂ ਸ਼ੇਰ ਬੱਚਾ ਮਾਂ ਦਾ ਬਦਲਾ ਲੈ ਕੇ ਆਇਆ ਹਾਂ।’ ਮੈਂ ਕਿਹਾ:- ਖਬਰੇ ਉਹ ਤੇਰੇ ਨਾਲ ਵਰਤੇ ਕਿ ਨਹੀਂ ਕਿਉਂਕਿ ਮੁਸਲਮਾਨਾਂ ਨਾਲ ਸਾਡੇ ਦੇਸ਼ ਦੇ ਲੋਕ ਖਾਂਦੇ ਪੀਂਦੇ ਨਹੀਂ ਹਨ।’ ਇਹ ਸੁਣ ਕੇ ਕਹਿਣ ਲੱਗਾ, ‘ਕੀ ਮੇਰਾ ਬਾਪ ਮੈਨੂੰ ਆਪਣੇ ਘੋੜਿਆਂ ਦੇ ਘਾਸ ਕੱਟਣ ਤੇ ਵੀ ਨਾ ਰੱਖੇਗਾ ਅਰ ਕੀਹ ਮੇਰੀ ਭੈਣ ਨਹੀਂ ਹੈ ਜੋ ਆਪਣੀ ਡੇਉਢੀ ਤੇ ਮੈਨੂੰ ਪਹਿਰੇਦਾਰ ਨਾ ਰੱਖ ਲਵੇਗੀ? ਤੂੰ ਧਰੋਹ ਕੀਤਾ ਹੈ ਜੋ ਮੈਨੂੰ ਪਹਿਲੇ ਨਹੀਂ ਦੱਸਿਆ। ਮੈਂ ਆਪਣੀ ਮਾਂ ਦੇ ਕਾਤਲਾਂ ਦੇ ਘਰ ਪਲਦਾ ਰਿਹਾ ਹਾਂ, ਮੈਂ ਕਾਤਲਾਂ ਦਾ ਅੰਨ ਪਾਣੀ ਖਾਂਦਾ ਰਿਹਾ ਹਾਂ। ਧ੍ਰਿਗ ਹੈ ਮੇਰੀ ਜ਼ਿੰਦਗੀ ਤੇ।’ ਇਹ ਸੁਣ ਕੇ ਮੈਂ ਰੋ ਪਈ ਅਰ ਘੜੀ ਭਰ ਮੈਨੂੰ ਹੋਸ਼ ਨਹੀਂ ਰਹੀ ਕਿ ਮੈਂ ਕਿਥੇ ਹਾਂ ਮੈਂ ਆਪਣੀ ਪਿਆਰੀ ਦੀ ਵਾਕ ਸੱਤਾ ਵੇਖ ਵੇਖ ਕੇ ਅਸਚਰਜ ਵਿਚ ਡੁੱਬ ਰਹੀ ਸਾਂ। ਇਧਰ ਲਾਲ ਜੀ ਕਦੇ ਲਹੂ ਹੰਝੂ ਕੇਰਦੇ, ਕਦੇ ਬੁਲ੍ਹ ਟੁੱਕਦੇ ਤੇ ਕਦੇ ਧਰਤੀ ਤੇ ਅੱਡੀਆਂ ਮਾਰਦੇ ਰਹੇ, ਛੇਕੜ ਮੈਨੂੰ ਟੁੰਬ ਹਿਲਾ ਕੇ ਬੋਲੇ- ‘ਮਾਂ ! ਦੱਸ ਛੇਤੀ, ਮੇਰੀ ਅੰਮਾਂ ਦਾ ਕੀਹ ਹੁਕਮ ਹੈ? ਮੈਂ ਸਖ਼ਤ ਬੇਚੈਨ ਹਾਂ। ਮੇਰਾ ਖੂਨ ਉਬਲ ਰਿਹਾ ਹੈ। ਅਰ ਮੇਰੇ ਵੱਸ ਤੋਂ ਬਾਹਰ ਜੋਸ਼ ਮਾਰਦਾ ਹੈ।’ ਤਦ ਮੈਂ ਦੱਸਿਆ:- ‘ਤੇਰੇ ਲਈ ਕੋਈ ਹੁਕਮ ਨਹੀਂ ਹੁਕਮ ਮੇਰੇ ਲਈ ਤੈਨੂੰ ਪਾਲਣ ਤੇ ਭੇਤ ਦੇ ਦਸਣ ਦਾ ਸੀ। ਹਾਂ ਇਹ ਅਗੰਮ ਵਾਕ ਉਹ ਕਹਿ ਗਈ ਸੀ ਕਿ ਜਦੋਂ ਮੇਰਾ ਲਾਲ ਇਹ ਹਾਲ ਸੁਣੇਗਾ ਤਾਂ ਕਦੇ ਗ਼ੈਰਾਂ ਵਿਚ ਨਹੀਂ ਰਹੇਗਾ, ਆਪਣੀ ਵਾੜੀ ਵਿਚ ਜਾਏਗਾ। ਇਹੋ ਮੇਰੀ ਮਰਜ਼ੀ ਹੈ ਤੂੰ ਉਸਨੂੰ ਦੱਸ ਦੇਵੀਂ।’ ਲਾਲ ਨੇ ਕਿਹਾ: ‘ਇਸ ਤੋ ਉਤੇ ਹੋਰ ਕੀਹ ਹੁਕਮ ਹੈ? ਮੈਂ ਦੇਸ਼ ਆਪਣੇ ਜਾਵਾਂਗਾ ਅਰ ਆਪਣੀ ਮਾਂ ਦੇ ਕਾਤਲ ਦਾ ਸੀਸ ਨੇਜ਼ੇ ਤੇ ਟੰਗ ਕੇ ਖ਼ੈਬਰ ਦੇ ਦਰੇ ਵਿਚੋਂ ਨਿਹੱਤਾ ਲਿਜਾਵਾਂਗਾ ਅਰ ਪੰਜਾਬ ਦੇ ਦਰਿਯਾ ਇਸੇ ਤਰ੍ਹਾਂ ਪਾਰ ਕਰਾਂਗਾ। ਆਪਣੇ ਪਿਤਾ ਦੇ ਚਰਨਾਂ ਵਿਚ ਜਾਕੇ ਇਹ ਮਨਹੂਸ ਸਿਰ ਧਰਾਂਗਾ ਤੇ ਕਹਾਂਗਾ: ਬਾਪੂ ਜੀ ? ਏਹ ਮੂਜ਼ੀ ਹੈ, ਜਿਸਨੇ ਆਪ ਨੂੰ ਦੁਖ ਦਿੱਤਾ ਸੀ, ਮੈਨੂੰ ਸ਼ਾਬਾਸ਼ ਦਿਓ ਕਿ ਮੈਂ ਇੰਤਕਾਮ (ਬਦਲਾ) ਲੈ ਆਇਆ ਹਾਂ। ਮੈਂ ਕਿਹਾ ‘ਲਾਲ ਜੀ! ਤੁਹਾਡੀ ਅੰਮੀ ਨੇ ਆਪਣੇ ਅੰਤ ਸਮੇਂ ਵੇਲੇ ਬੇਹੋਸ਼ ਹੋ ਜਾਣ ਤੋਂ ਪਹਿਲਾਂ ਇਕ ਆਪਣੇ ਪਤੀ ਤੇ ਕਾਕੀ ਦੀ ਸੁਖ ਸਲਾਮਤੀ ਲਈ ਪ੍ਰਾਰਥਨਾ ਕੀਤੀ ਸੀ। ਇਕ ਮੇਰੇ ਤੇ ਆਪ ਦੀ ਸੁਖ ਸਲਾਮਤੀ ਤੇ ਇਕ ਹਸਨ ਖ਼ਾਂ ਲਈ ਪ੍ਰਾਰਥਨਾ ਕੀਤੀ ਸੀ: ਹੇ ਪਰਮੇਸ਼ੁਰ ! ਮੈਂ ਇਸ ਆਪਣੇ ਫੰਧਕ ਤੇ ਕਾਤਲ ਨੂੰ ਬੀ ਬਖ਼ਸ਼ਿਆ। ਲਾਲ ਦੰਦ ਕ੍ਰੀਚ ਕੇ ਬੋਲਿਆ ਤਾਂ ਮੇਰੀ ਮਾਂ ਵਿਚ ਬਹਾਦਰੀ ਨਹੀਂ ਸੀ।’ ਮੈਂ ਕਿਹਾ :- ‘ਲਾਲ ਜੀ ! ਤੁਸੀਂ ਅਜੇ ਸਿੱਖਾਂ ਤੋਂ ਵਾਕਫ ਨਹੀਂ ਹੋ, ਓਹ ਜਾਂਗਲੀ ਜੋਧੇ ਨਹੀਂ, ਉਹ ਉਤਸ਼ਾਹ ਭਰੇ ਬੀਰ ਹਨ। ਓਹ ਰੋਜ਼ ‘ਸਰਬੱਤ ਦਾ ਭਲਾ ਮੰਗਦੇ ਹਨ। ਓਹ ਫਕੀਰ ਹਨ ਜੋ ਧਰਤੀ ਦਾ ਭਾਰ ਹਰਨ ਆਏ ਹਨ। ਓਹ ਬਦਲੇ ਨਹੀਂ ਲੈਂਦੇ, ਓਹ ਨਿਰਵੈਰ ਹਨ, ਪਰ ਬਦੀ ਨਾਲ ਲੜਦੇ ਹਨ, ਪਾਪ ਜ਼ੁਲਮ ਨਾਲ ਟਾਕਰੇ ਕਰਦੇ ਹਨ।’ ਇਸ ਤਰ੍ਹਾਂ ਜਾਂ ਮੈਂ ਕੁਛ ਹਾਲ ਸਿੱਖਾਂ ਦੇ ਸੁਣਾਏ, ਤਾਂ ਗੁੱਸਾ ਪਲਟ ਗਿਆ ਅਰ ਉਸ ਦੇ ਨੈਣਾਂ ਤੋਂ ਵੈਰਾਗ ਦਾ ਮੀਂਹ ਛੁੱਟ ਪਿਆ। ਹੁਣ ਉਹ ਆਪਣੀ ਹਾਲਤ ਨੂੰ ਸਿੱਖਾਂ ਨਾਲ ਮੁਕਾਬਲਾ ਕਰੇ ਅਰ ਆਪਣੇ ਵਿਛੋੜੇ ਨੂੰ ਰੋਵੇ।

ਇਸ ਵੇਲੇ ਮੈਂ ਲਾਲ ਨੂੰ ਉਸ ਦਾ ਕੜਾ ਤੇ ਕ੍ਰਿਪਾਨ ਦਿੱਤੀ ਜੋ ਹਸਨ ਖ਼ਾਂ ਦੇ ਹਵਾਲੇ ਕਰਨ ਤੋਂ ਪਹਿਲੇ ਮੈਂ ਸਾਂਭ ਲਈ ਸੀ ਤੇ ਉਸਦੀ ਮਾਤਾ ਦਾ ਗੁਟਕਾ ਜੋ ਉਸਦੇ ਪਤੀ ਦੇ ਹੱਥਾਂ ਦੀ ਲਿਖਤ ਸੀ, ਉਹ ਦਿੱਤੀ ਅਰ ਸਾਰੀ ਗੱਲ ਸਮਝਾਈ ਕਿ ਆਪਦੀ ਮਾਤਾ ਆਪ ਲਈ ਏਹ ਦੇ ਗਈ ਸੀ ਕਿ ਮੇਰੇ ਬੱਚੇ ਨੂੰ ਇਹ ਮੇਰਾ ਵਿਰਸਾ ਉਸ ਵੇਲੇ ਦੇਈਂ ਜਿਸ ਵੇਲੇ ਉਹ ਸਾਰੀ ਵਿੱਥਿਆ ਸੁਣ ਲਵੇ। ਇਸ ਤੋਹਫੇ ਨੂੰ ਉਸਨੇ ਸੀਸ ਤੇ ਰੱਖਿਆ ਅਰ ਮੈਨੂੰ ਕਿਹਾ ਕਿ ਹੁਣ ਤੇਰਾ ਹੁਕਮ ਤੇ ਮਾਂ ਦਾ ਹੁਕਮ ਮੰਨਕੇ ਮੈਂ ਹਸਨ ਖ਼ਾਂ ਨੂੰ ਮਾਰਦਾ ਨਹੀਂ, ਪਰ ਮੈਂ ਇਸਦੇ ਘਰ ਰਹਿਣਾ ਨਹੀਂ। ਫੇਰ ਮੈਂ ਸਮ- ਝਾਇਆ ਕਿ ਕਾਹਲੀ ਕਰਨੀ ਅੱਛੀ ਨਹੀਂ, ਜ਼ਰਾ ਕੁ ਸਮਾਂ ਕੱਟੋ ਅਰ ਜੁਗਤ ਨਾਲ ਨਿਕਲੋ। ਸਫਰ ਖ਼ਤਰਨਾਕ ਹੈ, ਪੈਂਡਾ ਖੋਟਾ ਹੈ, ਕਿਸੇ ਹਿਕਮਤ ਨਾਲ ਪਹੁੰਚਣਾ ਹੈ, ਸੀਨਾ-ਜੋਰੀ ਠੀਕ ਨਹੀਂ ਹੈ।’ ਗੱਲ ਕੀ ਮੇਰਾ ਆਖਿਆ ਮੰਨ ਲੈਣ ਦਾ ਪਿਆਰ ਜੋ ਲਾਲ ਦੇ ਅੰਦਰ ਅੱਗੇ ਹੀ ਬੜਾ ਸੀ ਉਸ ਨੂੰ ਰੋਕੀ ਗਿਆ ਤੇ ਲਾਲ ਹਸਨ ਖ਼ਾਂ ਦੀ ਜਾਨ ਲੈਣ ਤੋਂ ਟਲ ਗਿਆ। ਫਿਰ ਇਹ ਸਮਝਕੇ ਕਿ ਮੈਂ ਉਸ ਦੀ ਜਾਨ ਦੀ ਖ਼ਾਤਰ ਆਪਣਾ ਧਰਮ ਵਾਰਿਆ ਤੇ ਉਸਦੀ ਮਾਂ ਨਾਲ ਕੀਤਾ ਪ੍ਰਣ ਪਾਲਿਆ ਹੈ ਉਸਨੂੰ ਹੋਰ ਮੇਰੇ ਪਿਆਰ ਵਿਚ ਗ਼ਰਕ ਕਰੀ ਗਿਆ, ਇਸ ਕਰਕੇ ਮੇਰੇ ਸਮਝਾਉਣ ਬੁਝਾਉਣ ਨਾਲ ਉਹ ਪਹਿਲਾ ਜੋਸ਼ ਦਾ ਉਬਾਲ ਟਲ ਗਿਆ।

ਹੁਣ ਸੁਤੇ ਹੀ ਲਾਲ ਦਾ ਖਿਆਲ ਮਾਪਿਆਂ ਵਲੋਂ ਵਟੀਣ ਲੱਗਾ। ਉਹ ਮੇਰੇ ਕਹੇ ਜ਼ੋਰ ਤਾਂ ਬੜਾ ਲਾਉਂਦਾ ਕਿ ਮਾਪਿਆਂ ਨੂੰ ਉਸਦੇ ਅੰਦਰਲ ਰੁਖ਼ ਦਾ ਪਤਾ ਨਾ ਲਗੈ, ਪਰ ਮਾਂ ਨੂੰ ਰੁਖ਼ ਪਲਟੇ ਦਾ ਥਹੁ ਪੈ ਗਿਆ ਤੇ ਉਸਨੂੰ ਬਹੁਤ ਦੁਖ ਹੋਇਆ ਫੇਰ ਉਹ ਕਾਰਨ ਲੱਭਣ ਲਗੀ।

ਹਰ ਤਾਂ ਕੁਛ ਪਤਾ ਨਾ ਲੱਗਾ, ਪਰ ਇਕ ਦੇ ਵੇਰੀ ਮੇਰੇ ਨਾਲ ਗੂੜੀਆਂ ਗੱਲਾਂ ਵਿਚ ਡਿੱਠੇ ਸੁ। ਇਹ ਗੱਲ ਉਸਨੇ ਹਸਨ ਖ਼ਾਂ ਨੂੰ ਦੱਸੀ। ਹਸਨ ਖ਼ਾਂ ਬੀ ਪੁੱਤਰ ਦਾ ਰੁੱਖ ਪਲਟਿਆ ਵੇਖ ਰਿਹਾ ਸੀ। ਜਾਂ ਉਸਨੂੰ ਗੱਲ ਮਾਲੂਮ ਹੋਈ ਤਾਂ ਉਸਨੂੰ ਸ਼ੱਕ ਪੈ ਗਿਆ ਕਿ ਮਤਾਂ ਮੈਂ ਭੇਤ ਦੱਸ ਦਿਤਾ ਹੋਵੇ, ਯਾ ਕੋਈ ਭਿਣਕ ਪਾ ਦਿੱਤੀ ਹੋਵੇ। ਕਈ ਵੇਰ ਲੁਕ ਛਿਪਕੇ ਸਿਰੇ ਬੀ ਆਏ। ਪਤਾ ਤਾਂ ਕੁਛ ਨਾ ਲੱਗੋਨੇ, ਪਰ ਆਗਾ ਖਾਂ ਦੀ ਕਦੇ ਕਦੇ ਅਕਾਰਨ ਉਦਾਸੀ ਨੇ ਉਸਨੂੰ ਬੀ ਤੌਖਲਾ ਪਾ ਦਿੱਤਾ ਕਿ ਮਤਾ ਮੈਂ ਭੇਤ ਦੱਸ ਕੇ ਉਸਦਾ ਕੰਮ ਖਰਾਬ ਨਾ ਕੀਤਾ ਹੋਵੇ, ਯਾ ਕਰ ਨਾਂ ਦਿਆਂ। ਸੋ ਉਸਨੇ ਇਹ ਗੋਂਦ ਗੁੰਦੀ ਕਿ ਉਸਨੂੰ ਬਿਦੇਸ ਭੇਜੇ ਤੇ ਪਿਛੋਂ ਮੈਨੂੰ ਪਾਰ ਕਰੇ ਤੇ ਆਏ ਨੂੰ ਕਹਿ ਦੇਵੇ ਕਿ ਬਿਮਾਰ ਹੋ ਕੇ ਮਰ ਗਈ।

ਜਸਵੰਤ – ਐਉਂ ਤੁਹਾਨੂੰ ਚੋਰੀ ਕਿਉਂ ਮਾਰਦਾ ਸੀ?

ਸਾਂਈਂ – ਉਹ ਡਰਦਾ ਸੀ ਕਿ ਆਗ਼ਾ ਦਾ ਮੇਰੇ ਨਾਲ ਅਤਿ ਪਿਆਰ ਹੈ, ਜੇਕਰ ਉਸਦੇ ਰੋਬਰੂ ਮਾਰਿਆ ਤਾਂ ਕੀਹ ਜਾਣੀਏ ਭੜਕ ਉਠੇ ਅਰ ਘਰ ਵਿਚ ਤਲਵਾਰ ਚੱਲ ਪਏ, ਇਸ ਕਰਕੇ ਉਸਨੇ ਇਹ ਵਤੀਰਾ ਸੋਚਿਆ। ਲਾਲ ਨੇ ਪੰਜਾਬ ਜਾਣਾ ਤਾਂ ਗਨੀਮਤ ਸਮਝਿਆ, ਪਰ ਮੇਰਾ ਪਿਛੇ ਰਹਿਣਾ ਪਸੰਦ ਨਹੀਂ ਸਾ ਸੁ, ਚੁੱਪ ਚਾਪ ਤਰਕੀਬ ਸੁੱਝਦੀ ਨਹੀਂ ਸੀ, ਇਸ ਕਰਕੇ ਅਤਿ ਦੁਖੀ ਸੀ, ਪਰ ਧੰਨ ਵਾਹਿਗੁਰੂ ਹੈ ! ਤੁਹਾਡਾ ਮੇਲ ਹੋ ਗਿਆ ਅਤੇ ਇਹ ਵਿਉਂਤ ਮੇਰੀ ਬੱਚੇ ਦੇ ਨਾਲ ਜਾਣ ਦੀ ਨਿਕਲ ਪਈ।

ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਰਾਤ ਬਹੁਤ ਬੀਤ ਗਈ। ਸਾਂਈਂ ਤਾਂ ਸੌਂ ਗਈ, ਪਰ ਸਤਵੰਤ ਨੂੰ ਨੀਂਦ ਨਹੀਂ ਆਈ। ਮਨ ਵਿਚ ਵਿਚਾਰਾਂ ਕਰਦੀ ਹੈ ਕਿ ਹੇ ਪਰਮੇਸ਼ੁਰਾ ! ਸਾਡੇ ਦੇਸ ਨੂੰ ਕੀਹ ਵਗ ਗਈ ਹੈ ਕਿ ਆਪਣੇ ਆਪ ਨੂੰ ਸੰਭਾਲਦਾ ਹੀ ਨਹੀਂ। ਇਥੇ ਆਕੇ ਸਾਡੇ ਦੇਸ਼ ਵਾਸੀਆਂ ਦਾ ਕੀ ਕੀ ਹਾਲ ਹੁੰਦਾ ਹੈ, ਜਿਥੇ ਕਿਸੇ ਨੂੰ ਤਰਸ ਹੀ ਨਹੀਂ। ਆਪਣੇ ਦੇਸ ਵਿਚ ਤਾਕਤ ਤਾਂ ਹੈ, ਪਰ ਹੰਨੇ ਹੰਨੇ ਮੀਰੀ ਹੈ। ਸਾਡਾ ਅਭਾਗਾ ਦੇਸ਼ ਹੋਸ਼ ਹੀ ਨਹੀਂ ਫੜਦਾ? ਆਪਣੇ ਹਾਲਾਂਤ, ਗੁਰਮੁਖ ਜੀ ਤੋਂ ਹੋਰਨਾਂ ਭਰਾਵਾਂ ਭੈਣਾਂ ਦੇ ਸੁਣੇ ਹਾਲਾਤ ਤੇ ਇਹ ਆਗਾ ਖਾਂ ਤੇ ਸਾਂਈਂ ਦੇ ਹਾਲਾਤ ਅਚੰਭੇ ਤੋਂ ਅਚੰਭੇ ਵਾਲੇ ਸਨ।

ਇਨ੍ਹਾਂ ਅਚੰਭਿਆਂ ਵਿਚ ਹੈਰਾਨ ਹੁੰਦਿਆਂ ਤੇ ਸੋਚਾਂ ਸੋਚਦਿਆਂ ਤੇ ਅਪਣੀ ਕੌਮ ਦੇ ਸੱਤ ਦੀ ਤਾਸੀਰ ਪਰ ਵਿਚਾਰ ਕਰਦਿਆਂ ਤਾਰਾ ਮੰਡਲ ਚੱਕਰ ਖਾ ਗਿਆ ਪਰ ਸਤਵੰਤ ਅਜੇ ਸੋਚ ਵਿਚ ਹੀ ਹੈ। ਮਾਈ ਆਸ ਕੌਰ ਦਾ ਪਰਦੇਸ ਵਿਚ ਕਤਲ ਹੋਣਾ ਤੇ ਸਤਾਰਾਂ ਵਰ੍ਹੇ ਬਾਦ ਪੁਤ੍ਰ ਦਾ ਆਪਣੇ ਅਸਲੇ ਦੇ ਹਾਲਾਤ ਸੁਣਕੇ ਪਿਤਾ ਪ੍ਰੇਮ, ਧਰਮ ਦੇ ਪਿਆਰ ਤੇ ਵਤਨਾਂ ਦੀ ਹੁੱਬ ਨਾਲ ਭੜਕ ਉਠਣਾ, ਸੁਖ ਅਮੀਰੀ ਤੋਂ ਮੂੰਹ ਮੋੜ ਕੇ ਆਪਣਿਆਂ ਵਿਚ ਖਖੇੜਾਂ ਬਖੇੜਾਂ ਦਾ ਜੀਵਨ ਬਤੀਤ ਕਰਨ ਲਈ ਟੁਰ ਪੈਣਾ ਉਸਦੇ ਉਚ ਜੀਵਨ ਦਾ ਅਸਚਰਜ ਨਮੂਨਾ ਸੀ, ਜਿਸਨੇ ਸਤਵੰਤ ਦੇ ਦਿਲ ਤੇ ਉਸਦੀਆਂ ਖੂਬੀਆਂ ਤੇ ਆਪਣੇ ਪੰਥ ਦੀ ਸਤ੍ਯਤਾ ਦਾ ਡਾਢਾ ਡੂੰਘਾ ਅਸਰ ਪਾਇਆ। ਇਸ ਤਰ੍ਹਾਂ ਦੇ ਹਰਿਆਨੀ ਚੱਕਾਂ ਵਿਚ ਹੀ ਅੱਖਾਂ ਦੇ ਛੱਪਰ ਭਾਰੇ ਹੋ ਕੇ ਡਿੱਗ ਪਏ ਤੇ ਸਤਵੰਤ ਨੂੰ ਨੀਂਦ ਆ ਗਈ।

-0-

20 ਕਾਂਡ।

ਸ਼ਾਹਾਜ਼ਾਦਾ ਤੈਮੂਰ ਕਾਬਲ ਪਹੁੰਚ ਚੁਕਾ ਹੋਇਆ ਸੀ। ਅਬਦਾਲੀ ਮਰਹੱਟਿਆਂ ਦਾ ਪੰਜਾਬ ਵਿਚ ਆਉਣਾ ਸੁਣਕੇ ਲੋਹਾ ਲਾਖਾ ਹੋ ਰਿਹਾ ਸੀ।

ਹੁਣ ਨਵੇਂ ਹਮਲੇ ਕਰਨ ਦੀਆਂ ਤਿਆਰੀਆਂ ਦਾ ਪ੍ਰਬੰਧ ਸੋਚ ਰਿਹਾ ਸੀ । ਤੈਮੂਰ ਪਿਛੇ ਸੂੰਹੀਏ ਛੱਡ ਆਇਆ ਸੀ, ਜੋ ਪੰਜਾਬ ਦੀ ਖਬਰ ਭੇਜਦੇ ਰਹਿਣ। ਜਦੋਂ ਕਾਫਲਾ ਜਲਾਲਾਬਾਦ ਤੋਂ ਟੁਰਕੇ ਚੋਰ ਗਲੀ ਪਹੁੰਚਾ, ਤਦ ਆਗਾ ਖ਼ਾਂ ਨੂੰ ਕੁਛ ਅਫਰੀਦੀ ਆਦਮੀ ਮਿਲੇ ਜੋ ਪੰਜਾਬ ਤੋਂ ਤਾਜ਼ੀਆਂ ਖ਼ਬਰਾਂ ਅਬਦਾਲੀ ਪਾਸ ਲੈ ਜਾ ਰਹੇ ਸਨ। ਇਨ੍ਹਾਂ ਤੋਂ ਆਜ਼ਾ ਖ਼ਾਂ ਨੂੰ ਪਤਾ ਲੱਗਾ ਕਿ ਅਟਕ ਤਕ ਮਰਹੱਟੇ ਪਸਰ ਰਹੇ ਹਨ, ਅਰ ਇਸ ਸਰਹੱਦ ਉਤੇ ਮੋਰਚਾ ਬੰਨ੍ਹੀ ਬੈਠੇ ਹਨ, ਪ੍ਰੰਤੂ ਸਾਰੇ ਦੇਸ਼ ਵਿਚ ਸਿੱਖਾਂ ਦਾ ਸਿੱਕਾ ਚਲ ਰਿਹਾ ਹੈ ਅਰ ਉਨ੍ਹਾਂ ਦੀਆਂ ਫ਼ੌਜਾਂ ਦੀਆਂ ਫ਼ੌਜਾਂ ਫਿਰ ਰਹੀਆਂ ਹਨ ਅਰ ਆਪਣਿਆਂ ਇਲਾਕਿਆਂ ਤੇ ਕਬਜ਼ੇ ਕਰਕੇ ਪ੍ਰਬੰਧ ਕਰ ਰਹੀਆਂ ਹਨ। ਮਰਹੱਟੇ ਉਨ੍ਹਾਂ ਨੂੰ ਦਲ ਸੁਟਣ ਦੇ ਨਾਕਾਬਿਲ ਹਨ। ਇਹ ਗੱਲਾਂ ਸੁਣਕੇ ਆਗਾ ਖ਼ਾਂ ਦਾ ਦਿਲ ਖ਼ੁਸ਼ੀ ਨਾਲ ਉਛਲ ਪਿਆ ਕਿ ਮੈਂ ਉਸ ਵੇਲੇ ਆਪਣੇ ਦੇਸ਼ ਪਹੁੰਚਦਾ ਹਾਂ ਕਿ ਜਿਸ ਵੇਲੇ ਸੇਵਾ ਦਾ ਬਹੁਤ ਚੰਗਾ ਵਕਤ ਮਿਲੇਗਾ, ਕਿਉਂਕਿ ਉਸਨੂੰ ਪਤਾ ਸੀ ਕਿ ਅਬਦਾਲੀ ਨਵੇਂ ਹੱਲੇ ਦੀਆਂ ਤਿਆਰੀਆਂ ਕਰ ਰਿਹਾ ਹੈ, ਹੁਣ ਮੂੰਹ ਸਾਹਮਣੇ ਜੋੜ ਹੋਣਗੇ ਅਤੇ ਦੇਸ਼-ਰੱਖਯਾ ਵਿਚ ਸਰੀਰ ਲਾਉਣ ਦਾ ਅਵਸਰ ਮਿਲੇਗਾ।

ਹਸਨ ਖ਼ਾਂ ਦੇ ਸੂੰਹੀਏ ਜੋ ਹੁਣ ਤੱਕ ਨਾਲ ਰਹੇ ਸਨ, ਇਨ੍ਹਾਂ ਅਫ੍ਰੀ- ਦੀਆਂ ਨਾਲ ਪਿਛੇ ਮੁੜ ਗਏ ਇਹ ਪੱਕੀ ਤਸੱਲੀ ਲੈਕੇ ਕਿ ਆਗ਼ਾ ਖ਼ਾਂ ਦੀ ਦਾਈ ਕਾਫਲੇ ਵਿਚ ਨਹੀਂ ਹੈ। ਉਨ੍ਹਾਂ ਨੇ ਆਪਣੀ ਤਲਾਸ਼ ਵਿਚ ਰਤੀ ਕਸਰ ਨਹੀਂ ਸੀ ਛੱਡੀ। ਜਸਵੰਤ ਦਾ ਡੇਰਾ ਬੀ ਕਈ ਵੇਰ ਉਹਨਾਂ ਦੀ ਤ੍ਰਿਖੀ ਨਜ਼ਰ ਹੇਠੋਂ ਲੰਘਿਆ ਪਰ ਭੇਸ ਵੱਟੇ ਵਿਚ ਕੱਖ ਪਤਾ ਨਾ ਲੱਗਾ। ਸੋ ਹੁਣ ਉਨ੍ਹਾਂ ਦੇ ਮੁੜ ਜਾਣ ਨਾਲ ਆਗਾ ਖ਼ਾਂ ਦੇ ਸਿਰ ਤੋਂ ਇਹ ਕਲੇਸ਼ ਬੀ ਟਲਿਆ ਤੇ ਆਪੋ ਵਿਚ ਮੇਲ ਗੇਲ ਦੀ ਕਰੜੀ ਰੋਕ ਦੂਰ ਹੋ ਗਈ। ਜਦੋਂ ਭੱਟੀ ਕੋਟ ਆ ਡੇਰਾ ਪਿਆ ਤਾਂ ਇਕ ਰਾਤ ਸਾਂਈਂ ਨੇ ਆਗਾ ਖ਼ਾਂ ਨੂੰ ਦੱਸਿਆ ਕਿ ਜਸਵੰਤ ਦੇ ਤੇ ਮੇਰੇ ਸਾਰੇ ਹਾਲਾਤ ਖੁਲ੍ਹ ਗਏ ਹਨ। ਉਹ ਭੀ ਪੰਜਾਬ ਤੋਂ ਕੈਦ ਹੋਕੇ ਆਇਆ ਹੋਇਆ ਹੈ। ਅਜੇ ਮੈਂ ਉਸਦੇ ਦੁਖ ਭਰੇ ਹਾਲਾਂ ਦਾ ਵੇਰਵਾ ਨਹੀਂ ਸੁਣਿਆਂ, ਪਰ ਉਸਨੇ ਬੀ ਕਿਸੇ ਡਾਢੀ ਬਹਾਦਰੀ ਨਾਲ ਕੈਦ ਤੋਂ ਖਲਾਸੀ ਪਾਈ ਹੈ। ਅਰ ਬਿਰਧ ਪੁਰਖ ਦੇ ਪਰਵਾਰ ਨਾਲ ਵਾਪਸ ਜਾ ਰਿਹਾ ਹੈ। ਆਪਦੀ ਕ੍ਰਿਪਾਲਤਾ ਦਾ ਉਸ ਦੇ ਦਿਲ ਪਰ ਡਾਢਾ ਹੀ ਡੂੰਘਾ ਅਸਰ ਹੈ, ਪਰ ਜਦ ਉਸਨੂੰ ਪਤਾ ਲੱਗਾ ਹੈ ਕਿ ਆਪ ਸਿੱਖ ਹੋ ਅਰ ਸ਼ਤ੍ਰ ਜੀਤ ਸਿੰਘ ਦੇ ਸਪੁੱਤਰ ਹੋ; ਤਦ ਉਸਨੂੰ ਬਹੁਤ ਪ੍ਰਸੰਨਤਾ ਹੋਈ ਹੈ। ਮੈਨੂੰ ਉਸ ਤੋਂ ਪਤਾ ਲਗਦਾ ਹੈ ਕਿ ਆਪ ਦੀ ਭੈਣ ਜੀਉਂਦੀ ਹੈ ਅਰ ਉਹ ਆਪਦੇ ਵਿਛੋੜੇ ਦੇ ਬੜੇ ਬੜੇ ਦਿਲ- ਚੀਰਵੇਂ ਬਿਰਹੇ ਗਾਉਂਦੀ ਹੈ। ਭਾਵੇਂ ਆਪ ਦੀ ਉੱਘ ਮੁਹਰ ਉਨ੍ਹਾਂ ਸਾਰੇ ਸਿੱਖ ਸੂੰਹੀਆਂ ਨੂੰ ਨਹੀਂ ਮਿਲੀ, ਜੋ ਪੰਥ ਵਲੋਂ ਨਾਨਾ ਭੇਸ ਵਟਕੇ ਅਫ਼ਗ਼ਾਨਿਸਤਾਨ ਵਿਚ ਆਪਣੇ ਕੈਦੀਆਂ ਨੂੰ ਲੱਭਣ ਆਉਂਦੇ ਰਹੇ ਹਨ, ਪਰ ਅੱਜੇ ਤੱਕ ਆਪਦੇ ਲਈ ਤੇ ਆਪਦੀ ਮਾਤਾ ਲਈ ਜੱਥਿਆਂ ਵਿਚ ਅਰਦਾਸਾ ਹੁੰਦਾ ਹੈ। ਸਿੱਖਾਂ ਵਿਚ ਆਪਸ ਦਾ ਪਿਆਰ ਇਤਨਾ ਡੂੰਘਾ ਹੈ ਕਿ ਉਹ ਅਜੇ ਤਕ ਆਪ ਨੂੰ ਮਰ ਗਏ ਨਹੀਂ ਸਮਝਦੇ ਅਰ ਹੋਰ ਸਿੱਖ ਸੂੰਹੀਆਂ, ਜੋ ਕਦੇ ਕਿਸੇ ਕੰਮ ਏਧਰ ਆਵੇ, ਆਪ ਦੀ ਮਾਤਾ ਤੇ ਆਪਦੀ ਟੋਲ ਕਰਦਾ ਹੈ। ਜਸਵੰਤ ਸਿੰਘ ਨੇ ਮੈਨੂੰ ਦੱਸਿਆ ਹੈ ਕਿ ਇਕ ਗੁਰਮੁਖ ਜੋ ਹੁਣੇ ਆਏ ਸਨ, ਜਿਨ੍ਹਾਂ ਨੇ ਪਿਛਲੇ ਫਸੇ ਸਿੱਖ ਕੈਦੀ ਸਾਰੇ ਟੋਲ ਲਏ ਤੇ ਅਨੇਕਾਂ ਤ੍ਰੀਕਿਆਂ ਨਾਲ ਵਾਪਸ ਮੋੜ ਦਿਤੇ ਸਨ। ਉਹ ਬੀ ਆਸ ਕੌਰ, ਉਸਦੀ ਸਹੇਲੀ ਤੇ ਭੁਜੰਗੀ ਦੀ ਟੋਲ ਕਰਦੇ ਰਹੇ ਸਨ। ਉਨ੍ਹਾਂ ਨੇ ਜਸਵੰਤ ਸਿੰਘ ਨੂੰ ਦੱਸਿਆ ਸੀ ਕਿ ਸਾਡਾ ਆਤਮਾ ਉਗਾਹੀ ਦਿੰਦਾ ਹੈ ਕਿ ਉਸ ਪਰਵਾਰ ਦਾ ਕੁਛ ਹਿੱਸਾ ਕਿਤੇ ਨਾ ਕਿਤੇ ਜ਼ਰੂਰ ਇਥੇ ਹੈ ਅਰ ਉਹ ਆਪਣੀ ਢੂੰਡ ਵਿਚ ਅਜੇ ਨਿਰਾਸ ਨਹੀਂ ਸਨ। ਜਸਵੰਤ ਨੂੰ ਉਨ੍ਹਾਂ ਨੇ ਥਹੁ ਪਤੇ ਦੇਕੇ ਤਾਕੀਦ ਕੀਤੀ ਸੀ ਕਿ ਤੂੰ ਬੀ ਟੋਹ ਰੱਖੀਂ, ਜਦੋਂ ਤੁਸਾਂ ਜਸਵੰਤ ਸਿੰਘ ਤੋਂ ਪ੍ਰਸ਼ਨ ਪੁੱਛੇ ਸਨ ਅਰ ਆਪਣੇ ਪਰਵਾਰ ਦੇ ਨਾਮ ਦੱਸੇ ਸਨ, ਤਦੋਂ ਉਸਨੂੰ ਬਹੁਤ ਸਾਰਾ ਸ਼ੱਕ ਪੈ ਗਿਆ ਸੀ ਅਰ ਮੇਰੇ ਆਉਣ ਤੋਂ ਬਾਦ ਤਾਂ ਉਸ ਨੇ ਪੱਕੀਆਂ ਟੋਹਾਂ ਲਾ ਰੱਖੀਆਂ ਸਨ, ਕੇਵਲ ਸੰਸਾ ਹੋਣ ਕਰਕੇ ਤਸੱਲੀ ਦੀ ਲੋੜ ਰੱਖਦਾ ਸੀ, ਸੋ ਜਦ ਤੋਂ ਪੱਕਾ ਪਤਾ ਲੱਗ ਗਿਆ ਹੈ ਸੁ ਉਹ ਅਤਿ ਨਿਹਾਲ ਹੈ।

ਜਦ ਪੰਥ ਵਿਚ ਆਪ ਦਾ ਉਸਦੇ ਨਾਲ ਵਾਪਸ ਪਹੁੰਚਣਾ ਮਾਲੂਮ ਹੋਵੇਗਾ ਤਦ ਅਸਚਰਜ ਖ਼ੁਸ਼ੀ ਹੋਵੇਗੀ, ਉਸ ਦੇ ਪਿਤਾ ਜੀ ਉਸ ਨੂੰ ਇਸ ਸੇਵਾ ਦਾ ਥਾਪੜਾ ਦੇਣਗੇ।

ਆਗਾ – ਅੰਮਾਂ ! ਮੈਨੂੰ ਸਮਝ ਨਹੀਂ ਪੈਂਦੀ ਕਿ ਜਿਸ ਕੌਮ ਦਾ ਮੇਰਾ ਜਨਮ ਹੈ ਉਹ ਕਿਸ ਮਿੱਟੀ ਦੀ ਘੜੀ ਹੋਈ ਹੈ। ਆਪੋ ਵਿਚ ਐਤਨਾ ਪ੍ਯਾਰ ਰੱਖਦੇ ਹਨ ਕਿ ਸਤਾਰਾਂ ਅਠਾਰਾਂ ਬਰਸ ਬੀਤ ਚੁੱਕਣ ਪਰ ਬੀ ਆਪਣੀ ਇਕ ਤ੍ਰੀਮਤ ਅਰ ਇਕ ਨਿਆਣੇ ਬੱਚੇ ਤੇ ਉਸਦੀ ਸਹੇਲੀ ਲਈ ਅਰਦਾਸਾਂ ਕਰਦੇ ਹਨ ਤੇ ਤਲਾਸ਼ ਲਈ ਆਦਮੀ ਭੇਜਦੇ ਹਨ ਅਰ ਕੋਈ ਉੱਘ ਮੋਹਰ ਨਾ ਮਿਲਣ ਤੇ ਬੀ ਨਿਰਾਸ਼ ਨਹੀਂ ਹੁੰਦੇ। ਕਾਸ਼! ਮੈਂ ਕੈਦ ਨਾ ਪੈਂਦਾ। ਕਾਸ਼ ! ਮੈਂ ਆਪਣੇ ਘਰ ਵਿਚ ਪਲਦਾ, ਕਾਸ਼ ! ਮੈਂ ਸਿੱਖ-ਅੰਨ’ ਖਾ ਕੇ ਪਲਦਾ ! ਹਾਂ, ਮੈਂ ਇਸ ਵੇਲੇ ਆਪਣੇ ਬਿਰਧ ਪਿਤਾ ਦੀ ਬੁਢੇਪੇ ਦੀ ਡੰਗੋਰੀ ਹੁੰਦਾ ਅਰ ਪੰਥ ਦੀ ਸੇਵਾ ਵਿਚ ਤਲਵਾਰ ਧੂਹ ਕੇ ਸੀਸ ਤਲੀ ਤੇ ਧਰਕੇ ਖੇਲਦਾ ਫਿਰਦਾ। ਸ਼ੋਕ ! ਮੇਰਾ ਜੁਆਨੀ ਦਾ ਪਹਿਲਾ ਛੱਲਾ ਵੈਰੀਆਂ ਨੂੰ ਆਪਣਾ ਸਮਝਕੇ ਆਪਣਿਆ ਨੂੰ ਵੈਰੀ ਜਾਨਣ ਦੀ ਭੁੱਲ ਵਿਚ ਆਇਆ, ਪਰ ਹੱਛਾ ਜੋ ਹੋ ਗਿਆ, ਸੋ ਹੋ ਗਿਆ, ਹੁਣ ਰੱਬ ਮਦਦ ਕਰੇ, ਮੈਂ ਸਾਰੀ ਕਸਰ ਪੂਰੀ ਕਰਾਂਗਾ।

ਸਾਂਈਂ – ਰੱਬ ਸੁੱਖ ਸੁੱਖਾਂ ਨਾਲ ਘਰ ਪਹੁੰਚਾਵੇ; ਜਿਸ ਕੌਮ ਦੇ ਤੁਸੀਂ ਨੌਨਿਹਾਲ ਹੋ ਉਹ ਆਪੋ ਵਿਚ ਐਸੀ ਗੁੰਦੀ ਪਈ ਹੈ ਕਿ ਰੋਜ਼ ਹਰੇਕ ਸਿੱਖ ਆਪਣੇ ਦੂਜੇ ਭਰਾਵਾਂ ਲਈ ਐਉਂ ਦੁਆ ਕਰਦਾ ਹੈ :-

‘ਜਹਾਂ ਜਹਾਂ ਖ਼ਾਲਸਾ ਜੀ ਸਾਹਿਬ
ਤਹਾਂ ਤਹਾਂ ਰੱਛਿਆ ਰਿਆਇਤ।’

ਨਾਲੇ ਤਾਂ ਆਪਣੀ ਅਰਦਾਸ ਵਿਚ ਰੋਜ਼ ਸਰਬੱਤ ਦਾ ਭਲਾ ਮੰਗਦੇ ਹਨ, ਬੁਰਾ ਕਿਸੇ ਦਾ ਨਹੀਂ ਚਿਤਵਦੇ ਪਰ ਆਪਣਿਆਂ ਲਈ, ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਨਹੀ, ਕੋਈ ਪਰਦੇਸ਼ ਵਿਚ ਹੈ, ਕੋਈ ਜੰਗ ਵਿਚ ਆੜੇ ਦਾਉ ਫਸਿਆ ਹੈ, ਕੋਈ ਕੈਦ ਵਿਚ ਹੈ ਤੇ ਕੋਈ ਕਤਲ ਹੋ ਰਿਹਾ ਹੈ, ਓਹ ਅਰਦਾਸ ਕਰਦੇ ਹਨ। ਉਂਞ ਉਹ ਹਰੇਕ ਆਪਣੇ ਲਈ, ਜੋ ਮੁਸ਼ਕਲ ਵਿਚ ਹੈ, ਸਰੀਰਕ ਜਤਨ ਵੱਖਰੇ ਕਰਦੇ ਹਨ, ਪਰ ਹਰੇਕ ਭਰਾ ਲਈ ਪ੍ਰਾਰਥਨਾ ਵੱਖਰੀ ਕਰਦੇ ਹਨ ਕਿ ਗੁਰੂ ਉਨ੍ਹਾਂ ਦੀ ਯਾ ਕਹੇ ਅਰ ਉਨ੍ਹਾਂ ਦੀ ਦੁੱਖਾਂ ਵਿਚ ਰਿਆਇਤ ਕਰੇ। ਇਸ ਵਿਚ ਉਨ੍ਹਾਂ ਦਾ ਮਤਲਬ ਬੜਾ ਉਚਾ ਹੁੰਦਾ ਹੈ, ਉਹ ਇਸ ਨੂੰ ਰੱਯਾ ਰਿਆਇਤ ਹੀ ਸਮਝਦੇ ਹਨ ਕਿ ਸਿੱਖ ਮਰ ਜਾਏ ਕਤਲ ਹੋ ਜਾਏ ਪਰ ਨਿਸਚੇ ਭਰੋਸੇ ਵਿਚ ਪੱਕਾ ਰਹੇ ਤੇ ਪਰਮੇਸ਼ੁਰ ਦੇ ਪਿਆਰ ਵਿਚ ਰੱਤਾ ਹੋਇਆ ਸਰੀਰ ਦੇ ਦੇਵੇ। ਜੇ ਸਿੱਖ ਧਰਮ ਛੱਡ ਦੇਵੇ, ਕਾਇਰ ਹੋ ਜਾਵੇ, ਤਾਂ ਇਸ ਨੂੰ ਕਹਿਰ ਸਮਝਦੇ ਹਨ। ਅਰਦਾਸਾਂ ਇਸ ਲਈ ਕਰਦੇ ਹਨ ਕਿ ਮੁਸ਼ਕਲਾਂ ਵਿਚ ਫਸਿਆਂ ਨੂੰ ਅਰਸ਼ਾਂ ਤੋਂ ਗ਼ੈਬੀ ਮਦਦ ਮਿਲੇ ਅਰ ਉਨ੍ਹਾਂ ਦੀ ਸੁਰਤ ਨੂੰ ਤਕੜਾਈ ਪਹੁੰਚੇ। ਮੈਂ ਤਾਂ ਹੁਣ ਜਸਵੰਤ ਜੀ ਤੋਂ ਪੰਜਾਬ ਦੀਆਂ ਰੋਜ਼ ਗੱਲਾਂ ਸੁਣਦੀ ਹਾਂ। ਭਾਵੇਂ ਸਤਾਰਾਂ ਵਰ੍ਹੇ ਬੀਤ ਗਏ ਪਰ ਸੰਸਕਾਰ ਤਾਂ ਮੈਨੂੰ ਨਹੀਂ ਭੁੱਲੇ। ਤੁਸੀਂ ਕਿਸੇ ਵੇਲੇ ਉਨ੍ਹਾਂ ਨਾਲ ਗੱਲਾਂ ਕਰੋ, ਤਾਂ ਸੁਆਦ ਆ ਜਾਵੇ।

ਇਹ ਗੱਲ ਮੂੰਹ ਵਿਚ ਹੀ ਸੀ ਕਿ ਜਸਵੰਤ ਜੀ ਆ ਗਏ।

ਇਕ ਨਿਰਜਨ ਟਿਕਾਣੇ ਬੈਠੇ ਗੱਲਾਂ ਬਾਤਾਂ ਛਿੜ ਪਈਆਂ :- ਆਗਾ ਖ਼ਾਂ – ਆਓ, ਆਪਣੇ ਸੰਬੰਧੀ ਜੀ !

ਜਸਵੰਤ – ਸ਼ੁਕਰ ਹੈ ਕਿ ਅਸੀਂ ਇਕ ਨਿਕਲੇ, ਧੰਨ ਹੈ ਵਾਹਿਗੁਰੂ ਜੋ ਸਾਨੂੰ ਪਿਆਰ ਕਰਦਾ ਹੈ, ਉਸਨੂੰ ਆਪਣਿਆਂ ਦੀ ਸਦਾ ਲਾਜ ਹੈ।

ਆਗਾ ਮੈਂ ਤਾਂ ਕੋਇਲ ਹੋ ਕੇ ਸਤਾਰਾਂ ਵਰ੍ਹੇ ਕਾਗਾਂ ਵਿਚ ਪਲਿਆ ਹਾਂ, ਆਪਣੀ ਕੁਲ ਦੀ ਮਹਿਮਾ ਕੀ ਜਾਣਾਂ? ਪਰ ਸੁਣਦੇਸਾਰ ਕਿ ਮੈਂ ਕੋਇਲਾਂ ਵਿਚੋਂ ਹਾਂ, ਮੇਰੀ ਰਗ ਰਗ ਵਿਚ ਜੋਸ਼ ਉਬਾਲੇ ਮਾਰ ਉਠਿਆ। ਮੈਨੂੰ ਮਾਂ ਨੇ ਰੋਕਿਆ, ਮੇਰੇ ਤੇ ਜ਼ੁਲਮ ਕੀਤਾ, ਨਹੀਂ ਤਾਂ ਮੈਂ ਆਪਣੀ ਮਾਤਾ ਦੇ ਕਾਤਲ ਦਾ ਮੁਜ਼ੀ ਸਿਰ ਆਪਣੇ ਪਿਤਾ ਦੇ ਚਰਨਾਂ ਵਿਚ ਜਾ ਕੇ ਰੱਖਣਾ ਸੀ ਅਰ ਉਨ੍ਹਾਂ ਤੋਂ ਬਰਖ਼ੁਰਦਾਰੀ ਲੈਣੀ ਸੀ ‘ਸ਼ਾਬਾਸ਼ ਬੇਟਾ !’ ਪਰ ਕੀਹ ਕਰਾਂ? ਮਾਂ ਮੈਥੋਂ ਸਿਆਣੀ ਹੈ, ਮੈਂ ਇਸ ਦੀ ਸਿਆਣਪ ਦੇ ਮਗਰ ਟੁਰਦਾ ਹਾਂ। ਭਲਾ ਜਸਵੰਤ ਸਿੰਘ ਜੀ ! ਮੈਨੂੰ ਪਿਤਾ ਜੀ ਏਹ ਉਲਾਂਭਾ ਨਾ ਦੇਣਗੇ ਕਿ ਤੂੰ ਕੈਸਾ ਬੇਹਿਯਾ ਹੈਂ ਜੋ ਮਾਂ ਦੇ ਖੂਨ ਦਾ ਕੱਸਾਸ (ਬਦਲਾ) ਨਹੀਂ ਲੈਕੇ ਆਇਆ ?

ਜਸਵੰਤ – ਆਪ ਫਿਕਰ ਨਾ ਕਰੋ, ਸ਼ਤ੍ਵਜੀਤ ਸਿੰਘ ਜੀ ਇਹ ਨਹੀਂ ਆਖਦੇ। ਸਿੱਖਾਂ ਵਿਚ ਐਵੇਂ ਖੂਨ ਵੀਟਣ ਦਾ ਸ਼ੌਕ ਨਹੀਂ ਹੈ, ਸਿੱਖ ਤਾਂ ਜਦ ਦੇਖਦੇ ਹਨ ਕਿ ਬੇਗੁਨਾਹਾਂ ਤੇ ਅਤਿ ਕਹਿਰ ਹੁੰਦਾ ਹੈ ਤਾਂ ਤਲ- ਵਾਰ ਫੜਦੇ ਹਨ, ਨਹੀਂ ਤਾਂ ਫਕੀਰ ਹਨ, ਪਰ ਬੀਰ ਰਸੀਏ ਫ਼ਕੀਰ। ਸਿੱਖ ਜ਼ਾਲਮ ਦੇ ਕਹਿਰ ਨੂੰ ਪਹਿਲਾ ਉਪਦੇਸ਼ ਨਾਲ ਰੋਕਦੇ ਹਨ, ਜਦ

ਦੇਖਦੇ ਹਨ ਕਿ ਪਿਆਰ, ਮੈਤ੍ਰੀ, ਉਪਦੇਸ਼ ਕਿਸੇ ਤਰ੍ਹਾਂ ਨਾਲ ਜ਼ਾਲਮ ਨਹੀਂ ਟਲਦਾ, ਤਦ ਜੀਕੂੰ ਹੀਰੇ ਨਾਲ ਹੀਰਾ ਵਿੰਨ੍ਹੀਦਾ ਹੈ, ਦੀਨ ਰੱਖ੍ਯਾ ਲਈ ਤਲਵਾਰ ਫੜਕੇ ਖੜੇ ਹੋ ਜਾਂਦੇ ਹਨ। ਜਦ ਜ਼ਾਲਮ ਨੂੰ ਸਮਝਾਉਂਦੇ ਬੁਝਾਉਂਦੇ ਰੋਕਦੇ ਹਨ, ਤਦ ਉਹ ਅੱਗੋਂ ਉਨ੍ਹਾਂ ਤੇ ਵਾਰ ਕਰਦਾ ਹੈ, ਉਸ ਵਾਰ ਨੂੰ ਰੋਕਣ ਵਿਚ ਜ਼ੋਰ ਲੱਗਦਾ ਹੈ, ਪਰ ਰੱਖ੍ਯਾ ਬੀ ਰੋਕਣ ਵਿਚ ਹੀ ਹੁੰਦੀ ਹੈ! ਜੇ ਨਾ ਰੋਕਣ ਤਾਂ ਆਪ ਕਤਲ ਹੋ ਜਾਣ ਤੇ ਜੇ ਉਸ ਵੈਰੀ ਨੂੰ ਰੋਕਣ ਤਾ ਮੁਕਾਬਲਾ। ਉਸਨੇ ਵਾਰ ਤੇ ਵਾਰ ਕਰਨਾ ਹੋਇਆ। ਜਦੋਂ ਰੋਕ ਕਰਦਿਆ ਉਹ ਨਾ ਟਲੇ ਤਾ ਉਸਨੂੰ ਰੋਕਣ ਵਿਚ ਉਸਦਾ ਵਾਰ ਘੱਟ ਕਰਨ ਵਿਚ ਵਾਰ ਕਰਨਾ ਬੀ ਪੈਣਾ ਹੋਇਆ, ਬਸ ਜੰਗ ਹੋ ਗਿਆ। ਐਉ ਸਿੱਖ ਜੰਗਜੂ ਹਨ ! ਜੰਗ ਵਿਚ ਉਨ੍ਹਾਂ ਨੂੰ ਕੋਈ ਪਦਾਰਥ ਦੀ ਲਾਲਸਾ ਨਹੀਂ ਹੈ। ਦੂਸਰਿਆਂ ਦੇ ਭਲੇ ਦਾ ਪ੍ਰੇਮ ਹੈ। ਆਪਣੇ ਗ਼ੁਲਾਮ ਹੋਏ ਦੇਸ਼ ਨੂੰ ਖੁੱਲ੍ਹ ਵਿਚ ਦੇਖਣ ਦਾ ਚਾਉ ਹੈ। ਇਸ ਕਰਕੇ ਓਹਨਾਂ ਦੇ ਅੰਦਰ ਉਤਸ਼ਾਹ ਦਇਆ ਤੇ ਸੱਚੀ ਬੀਰਤਾ ਰਹਿੰਦੀ ਹੈ। ਜੇ ਅੰਦਰ ਖੋਟ ਹੋਵੇ ਤਾਂ ਡਾਹ; ਈਰਖਾ ਸਾੜਾ ਹੋਵੇ ਤੇ ਕਮੀਨੇ ਕੰਮ ਕਰਨ। ਪਿਆਰ ਕਰਨਾ ਕੁਛ ਅਗਲੇ ਨੂੰ ਖ਼ੁਸ਼ ਕਰਨ ਵਿਚ ਹੀ ਨਹੀਂ ਹੁੰਦਾ, ਜਿਸ ਤਰ੍ਹਾਂ ਪੰਜਾਬੀ ਨੂੰ ਸਰਾਬ ਪਿਲਾਉਣਾ ਖ਼ੁਸ਼ ਕਰਨਾ ਹੈ, ਪਰ ਅਸਲ ਵਿਚ ਉਸ ਨਾਲ ਵੈਰ ਕਰਨਾ ਹੈ। ਇਸ ਤਰ੍ਹਾਂ ਬੱਚੇ ਨੂੰ ਕੁਸੰਗ ਵਿਚ ਪੈਣੋਂ ਰੋਕਿਆਂ ਉਸਨੂੰ ਦੁੱਖ ਹੁੰਦਾ ਹੈ, ਪਰ ਇਹ ਪਿਆਰ ਹੈ, ਅਰ ਮਾਪੇ ਕਰਦੇ ਹਨ।

ਇਸ ਤਰ੍ਹਾਂ ਲੋਭ ਲਹਿਰ ਵਿਚ ਮੂਰਖ ਹੋ ਗਏ ਲੋਕਾਂ ਨੂੰ ਸਿੱਖ ਉਨ੍ਹਾਂ ਦੀ ਮੂਰਖਤਾ ਤੋਂ ਪਿਆਰ ਦੇ ਨਮੂਨੇ ਦੱਸ ਉਪਦੇਸ਼ ਦੇਕੇ ਰੋਕਦੇ ਹਨ। ਜਦ . ਦੇਖਦੇ ਹਨ ਕਿ ਮੂਰਖ ਤਬਾਹ ਕਰਨ ਲੱਗ ਗਿਆ ਹੈ ਅਰ ਮੁੜਦਾ ਨਹੀਂ ਹੈ ਤਦ ਉਸਨੂੰ ਡਰ ਦਾਬੇ ਨਾਲ ਰੋਕਦੇ ਹਨ ਅਰ ਜਦ ਉਹ ਸਿਰ ਨੂੰ ਆਵੇ ਤਦ ਤਲਵਾਰ ਨਾਲ ਰੋਕਦੇ ਹਨ। ਜਿਸ ਤਰ੍ਹਾਂ ਮਸਤ ਹਾਥੀ ਨੂੰ ਤਬਾਹੀ ਕਰਨੋਂ ਅੰਕਸ ਨਾਲ ਰੋਕੀਦਾ ਹੈ, ਇਸ ਤਰ੍ਹਾਂ ਤਲਵਾਰੀਏ ਜਰਵਾਣਿਆ ਨੂੰ ਸਿੱਖ ਤਲਵਾਰ ਨਾਲ ਰੋਕਦੇ ਹਨ। ਸਿੱਖਾਂ ਦੇ ਜੀ ਵਿਚ ਉਨ੍ਹਾਂ ਨਾਲ ਵੈਰ ਨਹੀਂ ਹੈ, ਪਿਆਰ ਹੈ ਇਸ ਕਰਕੇ ਉਹ ਵੈਰੀਆਂ ਵਾਂਗੂੰ ਜਾਂਗਲੀ ਹੋ ਕੇ ਮਾਰਦੇ ਕੁੱਟਦੇ ਤੇ ਕਤਲਾਮਾਂ ਨਹੀਂ ਕਰਦੇ ਪਰ ਨਿਰਭੈ ਤੇ ਕਰੜੇ ਜੋਧੇ ਹਨ ਜੋ ਅਜਿੱਤ ਤੇ ਰਾਠ ਹਨ। ਬਾਬੇ ਬੰਦੇ ਤੋਂ ਬਾਦ ਹੁਣ ਤਕ ਕਈ ਕਤਲਾਮਾਂ ਹੋ ਚੁਕੀਆਂ ਹਨ! ਹਜ਼ਾਰਾਂ ਦੀ ਗਿਣਤੀ ਵਿਚ ਅਤੇ ਬੇਰਹਿਮੀ ਤੇ ਵਹਿਸ਼ੀਆਨਾ ਤ੍ਰੀਕਿਆਂ ਨਾਲ ਅਣਗਿਣਤ ਸਿੱਖ ਕਤਲ ਹੋ ਚੁਕੇ ਹਨ, ਪਰ ਨਾ ਡਰਦੇ ਹਨ, ਨਾ ਘਟਦੇ ਹਨ, ਨਾ ਪਿਛੇ ਹਟਦੇ ਹਨ; ਸਗੋਂ ਭੂਏ ਹੋ ਕੇ ਲੜਦੇ ਹਨ। ਮੀਰ ਮੰਨੂੰ ਦੀਆਂ ਕਤਲਾਮਾਂ ਬੜੀਆਂ ਭਿਆਨਕ ਸਨ, ਪਰ ਸਿੱਖਾਂ ਵਿਚ ਉਨ੍ਹਾਂ ਕਤਲਾਮਾਂ ਵੇਲੇ ਕੀਹ ਟੱਪਾ ਬੋਲੀਦਾ ਸੀ :-

‘ਮੈਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ।

ਜਿਉਂ ਜਿਉਂ ਸੋਏ ਵੱਢੀਏ ਦੂਣ ਸਵਾਏ ਹੋਏ।’

ਦੇਖੋ ਤੁਹਾਡੀ ਮਾਤਾ ਦਾ ਕੈਸਾ ਉੱਚਾ ਦਿਲ ਸੀ ਕਿ ਉਸਨੇ ਆਪਣੇ ਕਾਤਲ ਨੂੰ ਬਖਸ਼ ਦਿੱਤਾ, ਉਹ ਆਪਣੇ ਦਿਲ ਨੂੰ ਵੈਰ ਦੀ ਅੱਗ ਤੋਂ ਸਾਫ ਕਰਕੇ ਖਿਮਾ ਪ੍ਰੇਮ ਤੇ ਪਰਮੇਸ਼ੁਰ ਪਿਆਰ ਦੇ ਉੱਚੇ ਦਰਜੇ ਵਿਚ ਸੰਸਾਰ ਤੋਂ ਗਈ ਹੈ, ਪਰ ਬਹਾਦਰੀ ਉਸਦੀ ਦੇਖੋ ਕਿ ਜਾਨ ਦੇ ਗਈ, ਧਰਮ ਨਹੀਂ ਦਿੱਤਾ। ਫੇਰ ਤੁਸਾਨੂੰ ਪੰਥ ਸੇਵਾ ਲਈ ਆਪਣੀ ਬੀਰਤਾ ਦੇ ਵਲਵਲੇ ਨਾਲ ਸੂਰਮਾ ਬਣਾ ਗਈ।

ਆਗਾ ਮੈਂ ਇਨ੍ਹਾਂ ਉਚੇ ਖਿਆਲਾਂ ਨੂੰ ਬੜੀ ਕਠਨਾਈ ਨਾਲ ਸਮਝਦਾ ਹਾਂ, ਮੇਰਾ ਕਲੇਜਾ ਤਾਂ ਬਦਲੇ ਲਈ ਕਸਕਦਾ ਹੈ।

ਜਸਵੰਤ – ਏਹ ਸਤਾਰਾਂ ਵਰ੍ਹੇ ਦੀ ਸਿਖਿਆ ਤੇ ਨਮੂਨਿਆਂ ਦਾ ਫਲ ਹੈ।

ਆਗਾ ਬਦਲਾ ਲੈਣ ਤੇ ਅੰਗ ਪਾਲਣਾ ਦੋ ਗੱਲਾਂ ਤਾਂ ਮੈਂ ਇਥੋਂ ਬਹੁਤ ਚੰਗੀਆਂ ਸਿੱਖੀਆਂ ਹਨ।

ਜਸਵੰਤ (ਹੱਸਕੇ) – ਅੰਗ ਪਾਲਣਾ ਤਾਂ ਬਹੁਤ ਚੰਗਾ ਹੈ, ਇਨ੍ਹਾਂ *ਲੋਕਾਂ ਵਿਚ ਇਹ ਗੁਣ ਕੌਮੀ ਪਿਆਰ ਕਰਕੇ ਹੈ, ਹਿੰਦੀਆਂ ਵਿਚ ਖ਼ੁਦ- ਗਰਜ਼ੀ ਬਹੁਤ ਹੈ, ਇਸ ਕਰਕੇ ਉਨ੍ਹਾਂ ਵਿਚ ਇਹ ਗੁਣ ਨਹੀਂ ਰਿਹਾ ਤੇ ਇਸ ਕਰਕੇ ਸਦਾ ਸੱਟਾਂ ਖਾਂਦੇ ਹਨ। ਸਿੱਖਾਂ ਵਿਚ ਅੰਗ ਪਾਲਣਾ ਕਹਿਰ ਦਾ ਹੈ, ਕਿਉਂਕਿ ਉਹ ਪਿਆਰ ਕਰਦੇ ਹਨ, ਵੈਰ ਓਹਨਾਂ ਵਿਚ ਹੈ ਹੀ ਨਹੀਂ। ਇਸ ਕਰਕੇ ਕਮੀਨਾ ਦਿਲ ਕਰਕੇ ਨੀਵੇਂ ਕੀਨਿਆਂ ਵਿਚ ਘਟ ਹੇਠਾਂ ਉਤਰਦੇ ਹਨ।

ਆਗਾ – ਸਤਾਰਾਂ ਵਰ੍ਹੇ ਬੀਤ ਗਏ ਤੇ ਮੇਰੀ ਟੋਹ ਕੌਮ ਨੇ ਨਹੀਂ ਛੱਡੀ, ਇਹ ਪਿਆਰ ਹੈ ਕਿ ਇਸ਼ਕ ਤੋਂ ਬੀ ਪਰੇ ਹੈ। ਹਾਂ ਪਰ ਕੀਹ ਸਿੱਖ ਮੈਨੂੰ ਆਪਣੇ ਵਿਚ ਲੈ ਲੈਣਗੇ।

ਜਸਵੰਤ – ਬੜੀ ਖੁਸ਼ੀ ਨਾਲ?

ਆਗਾ ਮੇਰੇ ਨਾਲ ਵਰਤ ਲੈਣਗੇ ?

ਜਸਵੰਤ – ਕਿਉਂ ਨਹੀਂ, ਜੋ ਖ਼ੁਸ਼ੀ ਪੰਥ ਨੂੰ ਤੁਹਾਡੇ ਇੰਨੇ ਲੰਮੇ ਵਿਛੋੜੇ ਬਾਦ ਮਿਲਸੀ ਉਹ ਦੇਖੋਗੇ ਹੀ, ਤਾਂ ਹੀ ਪਤਾ ਲਗੇਗਾ। ਜਿਸ ਵੇਲੇ ਓਹਨਾਂ ਸੁਣਿਆਂ ਕਿ ਆਪਣਾ ਜਨਮ ਸੁਣਦੇ ਸਾਰ ਤੁਸਾਂ ਇਕ ਪਲ ਸੋਚਿਆ ਨਹੀਂ ਤੇ ਰਾਜ ਭਾਗ ਦੇ ਲਾਲਚ ਨੇ ਤੁਹਾਨੂੰ ਦਬੋਚਿਆ ਨਹੀਂ, ਫੌਰਨ ਪਲਟ ਖਲੋਤੇ ਸਾਓ, ਤਾਂ ਸਾਰਿਆਂ ਨੇ ਧੰਨ ਕਲਗੀਆਂ ਵਾਲੇਂ ਦੇ ਜੈਕਾਰੇ ਗਜਾਉਣੇ ਹਨ। ਹਾਂ; ਇਸ ਗੱਲ ਨੇ ਸਾਰੇ ਪੰਥ ਨੂੰ ਉਪਦੇਸ਼ ਦੇਣਾ ਹੈ ਕਿ ਸਿੱਖਾਂ ਦਾ ਲਹੂ ਬੜਾ ਪਵਿੱਤ੍ਰ ਅਰ ਅਪਣੇ ਅਸਲੇ ਤੋਂ ਕਿਸੇ ਅਸਰ ਨਾਲ ਪਲਟਾ ਖਾਣ ਵਾਲਾ ਨਹੀਂ ਹੈ।

ਆਗਾ ਸਿੱਖ ਕਿੰਨੇ ਕੁ ਹਨ?

ਜਸਵੰਤ – ਬਹੁਤ ਥੋੜੇ ਹਨ, ਪਰ ਥੋੜੇ ਇਕ ਮੁੱਠ ਹਨ, ਇਸ

ਕਰਕੇ ਬਲੀ ਬਹੁਤ ਹਨ, ਇਕ ਸਿੱਖ ਕਈ ਵੇਰ ਅਨੇਕਾਂ ਤੇ ਭਾਰੂ ਹੋ ਜਾਂਦਾ ਹੈ। ਦੇਸ਼ ਦੀ ਹਾਲਤ ਬੜੀ ਹੀ ਖਰਾਬ ਹੈ, ਇਧਰੋਂ ਕੋਈ ਨਾ ਕੋਈ ਜਰਵਾਣਾ ਜਾ ਪੈਂਦਾ ਹੈ ਅਰ ਦੇਸ਼ ਨੂੰ ਤਬਾਹ ਕਰ ਆਉਂਦਾ ਹੈ। ਅਬਦਾਲੀ ਦੇ ਹੱਥੋਂ ਦੇਸ਼ ਦੀ ਵੈਰਾਨੀ ਦਾ ਇਹ ਹਾਲ ਹੈ ਕਿ ਪੰਜਾਬ

ਵਿਚ ਪਿੰਡ ਪਿੰਡ ਇਹ ਕਹਾਵਤ ਮਸ਼ਹੂਰ ਹੈ :-

‘ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ।’
ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਨਾਦਰ ਪਾਤਸ਼ਾਹ ਦੀ ਰਾਇ ਕੁਛ ਹੋਰ ਸੀ ਤੇ ਅਹਿਮਦ ਦੀ ਕੁਛ ਹੋਰ ਹੈ।

ਆਗਾ ਉਹ ਕੀਹ ਹੈ?

ਜਸਵੰਤ – ਭਾਈ ਸਾਹਿਬ ਮੈਨੂੰ ਕਾਬਲ ਹੀ ਦੱਸਦੇ ਸਨ ਕਿ ਨਾਦਰ ਨੇ ਲਾਹੌਰ ਜਦ ਸਿੱਖਾਂ ਦੇ ਹਾਲਾਤ ਸੁਣੇ ਸਨ ਤਦ ਖਾਨ ਬਹਾਦਰ ਨੂੰ ਸਮਝਾਇਆ ਸੀ ਕਿ ਇਹ ਲੋਕ ਇਕ ਦਿਨ ਦੇਸ਼ ਵਿਚੋਂ ਤੁਹਾਡਾ ਰਾਜ ਸਮਾਪਤ ਕਰ ਦੇਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਸਿਰੇ ਨਾ ਆਉਣ ਤਾਂ ਇਨ੍ਹਾਂ ਨੂੰ ਸੰਭਾਲੋ।

ਖੈਰ, ਨਾਦਰ ਤਾਂ ਚਲਿਆ ਗਿਆ ਸੀ ਤੇ ਖਾਨ ਬਹਾਦਰ ਨੂੰ ਅੱਗੇ ਪਤਾ ਸੀ ਕਿ ਉਹ ਸਿੱਖਾਂ ਨੂੰ ਜ਼ੁਲਮ ਨਾਲ ਸੰਭਾਲਦਾ ਆਪ ਗ਼ਲਤੀ ਕਰ ਚੁਕਾ ਸੀ। ਖਾਨ ਬਹਾਦਰ ਨੇ ਦਿੱਲੀ-ਪਤੀ ਤੋਂ ਆਗਯਾ ਲੈਕੇ ਸਿੱਖਾਂ ਨੂੰ ਲੱਖ ਰੁਪਏ ਦੀ ਜਗੀਰ ਚੂਣੀਆਂ ਆਦਿਕ ਇਲਾਕਾ ਦੇਕੇ ਨਵਾਬੀ ਦਾ ਖਿਤਾਬ ਘੱਲਿਆ ਸੀ ਕਿ ਇਹ ਟਿਕਕੇ ਰੱਯਤ ਬਣ ਜਾਣ। ਇਹ ਖਿਲਅਤ, ਖਿਤਾਬ ਤੇ ਜਗੀਰ ਦਾ ਪਟਾ ਲੈਕੇ ਜੋ ਵਕੀਲ ਖ਼ਾਨ ਬਹਾਦਰ ਵਲੋਂ ਸਿੱਖਾਂ ਵਲ ਗਿਆ ਸੀ, ਉਹ ਸਿੱਖ ਸੀ ਪੰਥ ਨੇ ਗੁਰਮਤਾ ਕੀਤਾ, ਸਭ ਨੇ ਇਸ ਨਵਾਬੀ ਨੂੰ ਲੈਣੋਂ ਨਾਂਹ ਕੀਤੀ ਤੇ ਆਖਿਆ ਕਿ ਰਾਜ ਸਾਨੂੰ ਵਾਹਿਗੁਰੂ ਨੇ ਬਖਸ਼ਣਾ ਹੈ, ਕਬਜ਼ਾ ਅਸਾਂ ਆਪਣੇ ਡੌਲਿਆਂ ਨਾਲ ਕਰਨਾ ਹੈ। ਇਸ ਨਾਂਹ ਪਰ ਸਿੱਖ ਵਕੀਲ ਨੇ ਬਹੁਤ ਸਮਝਾਇਆ ਤਦ ਜਥੇਦਾਰ ਨੇ ਕਿਹਾ ਕਿ ਖਾਲਸਾ ਜੀ’ ਕਿਸੇ ਟਹਿਲੀਏ ਨੂੰ ਦੇ ਦਿਓ, ਓਸ ਵੇਲੇ ਪੱਖਾ ਕਰਨ ਵਾਲੇ-ਕਪੂਰ ਸਿੰਘ-ਦੇ ਪੈਰਾਂ ਵਿਚ ਖਿਲਅਤ ਸੱਟ ਕੇ ਕਿਹਾ, ਲੈ ਓਹਿ ਨਿਕਿਆ, ਨਵਾਬੀ ਸਾਂਭ। ਕਪੂਰ ਸਿੰਘ ਨੇ ਅਗੋਂ ਕਿਹਾ- ਮੈਨੂੰ ਨਵਾਬੀ ਦੀ ਲੋੜ ਨਹੀਂ, ਪਰ ਜਥੇਦਾਰ ਦਾ ਹੁਕਮ ਮੰਨਕੇ ਇਸਨੂੰ ਲੈਂਦਾ ਹਾਂ, ਪਰ ਪੱਖਾ ਕਰਨ ਦੀ ਸੇਵਾ ਮੇਰੀ ਬਣੀ ਰਹੇ।

ਆਗਾ ਖ਼ਾਂ – ਸ਼ਾਬਾਸ਼ ਕਪੂਰ ਸਿੰਘ ! ਸ਼ਾਬਾਸ਼ ! ! ਇਹ ਸਿੱਖੀ ਬਹੁਤ ਅੱਛੀ ਹੈ।

ਜਸਵੰਤ – ਇਸ ਤੋਂ ਮਗਰੋਂ ਸਿੱਖ ਅਮਨ ਅਮਾਨ ਹੋ ਗਏ ਪਰ ਜਦ ਅਮਨ ਅਮਾਨ ਕੁਛ ਸਮਾਂ ਲੰਘ ਗਿਆ ਤਾਂ ਜਗੀਰ ਜ਼ਬਤ ਹੋ ਗਈ । ਖਾਨ ਬਹਾਦਰ ਮਰ ਗਿਆ, ਇਸ ਤੋਂ ਮਗਰੇ ਦੀ ਗੱਲ ਹੈ ਕਿ ਜਲੰਧਰ ਦੁਆਬੇ ਦੇ ਮਾਲਕ ਨੇ ਤਜਵੀਜ਼ ਭੇਜੀ ਕਿ ‘ਖਾਲਸਾ ਜੀ ! ਆਪ ਹੁਸ਼ਾਰ ਪੁਰ ਦੇ ਜ਼ਿਲੇ ਆਬਾਦ ਹੋ ਜਾਓ, ਰ੍ਯਾਸਤ ਬੰਨ੍ਹ ਲਓ, ਨਵਾਬੀ ਲੈ ਲਓ ਤੇ ਟਿਕ ਜਾਓ।’ ਖਾਲਸੇ ਨੇ ਗੁਰਮਤਾ ਕਰਕੇ ਫੈਸਲਾ ਕੀਤਾ ਕਿ ਅਸਾਂ ਇਸ ਦਾਓ ਨੂੰ ਅੱਗੇ ਪਰਤਾ ਲਿਆ ਹੈ, ਹੁਣ ਨਹੀਂ ਪਰਵਾਨ ਕਰਦੇ। ਅਸੀਂ ਆਪਣੇ ਸੁਖ ਮੌਜ ਬਹਾਰਾਂ ਲਈ ਸਿੱਖ ਨਹੀਂ ਬਣੇ, ਜੋ ਵੱਢੀ ਲੈ ਕੇ ਦੇਸ਼ ਦੇ ਜ਼ੁਲਮ ਨੂੰ ਜਾਰੀ ਰਹਿਣ ਦੇਈਏ, ਅਸਾਂ ਤਾਂ ਦੇਸ਼ ਦਾ ਦੁੱਖ ਦੂਰ ਕਰਨਾ ਹੈ, ਜੇ ਦੁੱਖ ਦੂਰ ਕਰੋ ਤਾਂ ਅਸੀਂ ਗੱਲ ਬਾਤ ਕਰਨ ਨੂੰ ਤਿਆਰ ਹਾਂ। ਸੋ ਇਹੋ ਜਵਾਬ ਹਾਕਮ ਨੂੰ ਸਿੱਖਾਂ ਦੇ ਵਕੀਲ ਨੇ ਜਾ ਸੁਣਾਇਆ ਕਿ ਉਹ ਦੇਸ਼ ਦੀ ਖੁੱਲ੍ਹ, ਖੁਸ਼ੀ ਤੇ ਖੁਸ਼ਾਲੀ ਮੰਗਦੇ ਹਨ ਆਪਣੇ ਲਈ ਐਸ਼ ਨਹੀਂ ਮੰਗਦੇ। ਨਵਾਬ ਨੂੰ ਸੁਣਕੇ ਗੁੱਸਾ ਆ ਗਿਆ ਅਰ ਇਹ ਦੇਖ ਕੇ ਕਿ ਇਸ ਬਹਾਨੇ ਸਿੱਖ ਕੱਠੇ ਹੋਏ ਹੋਏ ਹਨ, ਭੁੰਨ ਕੱਢੋ ਤੇ ਆਖੋ ਜੋ ਇਨ੍ਹਾਂ ਦਾ ਖੁਰਾ ਖੋਜ ਹੀ ਮਿਟ ਗਿਆ। ਸੋ ਫ਼ੌਜ ਲੈ ਕੇ ਲੜਾਈ ਦੀ ਚੜ੍ਹਾਈ ਕਰ ਦਿੱਤੀ। ਜਦ ਦੋਵੇਂ ਦਲ ਆਮੋ ਸਾਮ੍ਹਣੇ ਆਏ ਤਾਂ ਸਿੱਖਾਂ ਨੇ ਕਹਾ ਭੇਜਿਆ ਕਿ ਇਸ ਲੜਾਈ ਦਾ ਕੀਹ ਸੁਆਦ ਹੈ, ਐਵੇਂ ਬੇਗੁਨਾਹਾਂ ਦਾ ਖੂਨ ਦੁਵੱਲੀ ਕਰਦੇ ਹੋ, ਸੁਆਦ ਤਾਂ ਹੈ ਕਿ ਤੂੰ ਤੇ ਸਾਡਾ ਸਰਦਾਰ ਆਓ ਕੱਲੇ ਜੰਗ ਕਰੋ; ਇਸੇ ਹਾਰ ਜਿੱਤ ਉੱਤੇ ਜੰਗ ਦਾ ਫੈਸਲਾ ਹੋ ਜਾਵੇ, ਐਵੇਂ ਖ਼ਲਕਤ ਦੇ ਕਤਲ ਕਰਨ ਦਾ ਕੀਹ ਫ਼ਾਇਦਾ। ਹਾਕਮ ਨੂੰ ਆਪਣੀ ਸ਼ਹਜ਼ੋਰੀ ਉਤੇ ਬੜਾ ਭਰੋਸਾ ਸੀ, ਉਸ ਨੇ ਇਹ ਗੱਲ ਮੰਨ ਲਈ ਅਰ ਪ੍ਰਬੰਧ ਇਹ ਕੀਤੋਸੁ : ਜਿਸ ਵੇਲੇ ਮੈਂ ਸਿੱਖਾਂ ਦੇ ਸਰਦਾਰ ਨੂੰ ਢਾ ਲਵਾਂ ਹੁਮ ਹੁਮਾ ਕੇ ਸਿੱਖਾਂ ਤੇ ਜਾ ਪੈਣਾ ਤੇ ਸਾਰੇ ਕਤਲ ਕਰ ਦੇਣੇ।

ਉੱਧਰ ਖ਼ਾਲਸੇ ਨੇ ਕਪੂਰ ਸਿੰਘ ਨੂੰ ਲੜਾਈ ਲਈ ਥਾਪਿਆ। ਸਿੰਘ ਹੁਰੀਂ ਸੰਜੋਅ ਤੇ ਖੋਦ ਸਜਾਕੇ ਤੇ ਸਨੱਧਬੱਧ ਹੋਕੇ ਘੋੜੇ ਤੇ ਚੜ੍ਹ ਕੇ ਸੂਰਜ ਨਿਕਲਦੇ ਸਾਰ ਆਮੋ ਸਾਮ੍ਹਣੇ ਜਾ ਜੁੱਟੇ । ਲੱਗੇ ਵਾਰ ਤੇ ਦਾਉ ਘਾਉ ਹੋਣ। ਸ਼ਹਜ਼ੋਰ ਨਾਜ਼ਮ ਕਾਬੂ ਨਹੀਂ ਚੜ੍ਹਦਾ ਸੀ ਤੇ ਨਾ ਹੀ ਕਪੂਰ ਸਿੰਘ ਜੀ ਢਹੇ ਚੜ੍ਹਦੇ ਸੇ; ਦੁਵੱਲੀਓਂ ਕਈ ਵੇਰ ਘੋੜਿਆਂ ਨੂੰ ਅੱਡੀਆਂ ਲਾਕੇ ਲਪਕੇ, ਕਿੰਨੀ ਵੇਰ ਲੋਹੇ ਦੇ ਬਸਤ੍ਰਾਂ ਨਾਲ ਵੱਜ ਕੇ ਸ਼ਸਤ੍ਰ ਟੁੱਟੇ ਸਿੱਖ ਸਦਾ ਜੰਗਾਂ ਵਿਚ ਰਹਿੰਦੇ ਤੇ ਦੁਖੜੇ ਕੱਟਦੇ ਸਨ ਇਸ ਲਈ ਕਪੂਰ ਸਿੰਘ ਦਾ ਸਹਾਰਾ ਬਹੁਤ ਤਕੜਾ ਸੀ, ਉਧਰ ਗੋਸ਼ਤਾਂ ਤੇ ਮੱਖਣਾਂ ਦਾ ਪਲਿਆ ਬਲੀ ਜੋਧਾ ਸੀ। ਛਾਹ ਵੇਲੇ ਤਕ ਘੋਰ ਯੁੱਧ ਹੁੰਦਾ ਰਿਹਾ। ਕਦੇ ਇਹ ਖ਼ਿਆਲ ਪੈਂਦਾ ਸੀ ਕਿ ਐਤਕੀ ਔਹ ਜਿਤ ਗਿਆ, ਕਦੇ ਔਹ। ਕਪੂਰ ਸਿੰਘ ਜੀ ਸਮਝ ਚੁਕੇ ਸਨ ਕਿ ਇਸ ਨੂੰ ਜਿੱਤਣਾ ਕਠਨ ਹੈ, ਇਸ ਕਰਕੇ ਉਨ੍ਹਾਂ ਨੇ ਇਕ ਹੋਰ ਦਾਉ ਚੁੱਕਿਆ ਹੋਇਆ ਸੀ। ਆਪ ਭੁੱਖ ਤੇਹ ਧੁੱਪ ਸਹਾਰ ਸਕਦੇ ਸਨ, ਨਾਜ਼ਮ ਨੂੰ ਉਨ੍ਹਾਂ ਥਕਾਵਟਾਂ ਦੇ ਯੋਗ ਨਹੀਂ ਸਮਝਦੇ ਸਨ, ਇਸ ਕਰਕੇ ਦੁਪਹਿਰ ਤਕ ਅਨੇਕਾਂ ਤਰ੍ਹਾਂ ਦੇ ਹੱਲਿਆਂ ਤੇ ਦਾਵਾਂ ਘਾਵਾਂ ਵਿਚ ਜੰਗ ਨੂੰ ਲਮ- ਕਾਈ ਗਏ। ਇਸ ਵੇਲੇ ਆਪ ਨੇ ਅਚਾਨਕ ਤਲਵਾਰ ਮਿਆਨੇ ਕਰ ਲਈ ਅਰ ਘੋੜੇ ਨੂੰ ਇਕ ਚੱਕਰ ਦੇ ਕੇ ਐਸਾ ਮੇਲਵਾਂ ਛੱਡਿਆ ਕਿ ਨਾਜ਼ਮ ਦੇ ਘੋੜੇ ਨਾਲ ਖਹਿਕੇ ਲੰਘੇ ਅਰ ਜਿਸ ਵੇਲੇ ਘੋੜਾ ਖਹਿ ਕੇ ਲੰਘਣ ਲੱਗਾ, ਆਪ ਨੇ ਕਲਾਈ ਭਰਕੇ ਨਾਜ਼ਮ ਨੂੰ ਘੋੜੇ ਤੋਂ ਥੱਲੇ ਡੇਗ ਲਿਆ ਅਰ ਆਪ ਬੀ ਹੇਠਾਂ ਆ ਖੜੇ ਹੋਏ। ਦੋਵੇਂ ਘੋੜੇ ਨੱਸ ਗਏ ਤੇ ਹੁਣ ਹੇਠਾਂ ਭੋਇਂ ਤੇ ਦੋਹਾਂ ਦੀ ਕੁਸ਼ਤੀ ਸ਼ੁਰੂ ਹੋ ਗਈ। ਇਸ ਕੁਸ਼ਤੀ ਵਿਚ ਨਾਜ਼ਮ ਨੂੰ ਦਮ ਚੜ੍ਹਨ ਲੱਗਾ ਤਦ ਕਪੂਰ ਸਿੰਘ ਨੇ ਲਲਕਾਰ ਕੇ ਪੰਥ ਨੂੰ ਆਵਾਜ਼ ਦਿੱਤੀ। ‘ਖਾਲਸਾ ਜੀ ਦੁੰਬਾ ਹੁੱਸ ਗਿਆ ਹੁਣ ਲਿਆ ਕਿ ਲਿਆ।’

ਦੋ ਚਾਰ ਪਲੱਥਿਆਂ ਵਿਚ ਕਪੂਰ ਸਿੰਘ ਨੇ ਨਾਜ਼ਮ ਨੂੰ ਚਾਰੋਂ ਸ਼ਾਨੇ ਚਿੱਤ ਕਰਕੇ ਛਾਤੀ ਤੇ ਚੌਕੜਾ ਜਮਾ ਲਿਆ। ਇਸ ਵੇਲੇ ਨਾਜ਼ਮ ਦਾ ਹੱਥ ਆਪਣੀ ਕਟਾਰ ਦੇ ਕਬਜ਼ੇ ਤੇ ਪਹੁੰਚ ਚੁਕਾ ਸੀ। ਪਰ ਇਸ ਤੋਂ ਪਹਿਲੇ ਕਿ ਉਹ ਕੁਛ ਕਰ ਸਕਦਾ, ਕਪੂਰ ਸਿੰਘ ਦੀ ਪੇਸ਼-ਕਬਜ਼ ਨਾਜ਼ਮ ਦੇ ਜ਼ਿਰਹ ਬਕਤਰ ਦੇ ਲੋਹੇ ਦਾ ਪਰਦਾ ਚੁੱਕ ਕੇ ਗਿੱਚੀ ਵਿਚ ਵੜ ਚੁੱਕੀ ਸੀ। ਇਹ ਹੁੰਦੇ ਸਾਰ ਕਪੂਰ ਸਿੰਘ ਜੀ ਟੱਪਕੇ ਉੱਠ ਖੜੋਤੇ, ਛਾਤੀ ਠੋਕਕੇ ਅਕਾਸ਼ ਵਲ ਤੱਕੇ, ਖਾਲਸਾ ਜੀ ਹੁਮ ਹਮਾ ਕੇ ਆ ਗਏ ਅਰ ਬਿਜੈਮਾਨ ਵੀਰ ਨੂੰ ਚੁੱਕ ਕੇ ਜੈਕਾਰੇ ਗਜਾਉਣ ਲਗ ਪਏ। ਇਸੇ ਵਕਤ ਧਾਵਾ ਬੋਲ ਦਿੱਤਾ ਗਿਆ ਅਰ ਜਲੰਧਰ ਤੇ ਕਬਜ਼ਾ ਕਰ ਲਿਆ। ਅੱਜ ਸ਼ਾਮ ਨੂੰ ਭਾਰੀ ਦਰਬਾਰ ਕਰਕੇ, ਕਪੂਰ ਸਿੰਘ ਜੀ ਨੂੰ ਪੰਥ ਨੇ ਨਵਾਬੀ ਦਾ ਖ਼ਿਤਾਬ ਦਿੱਤਾ ਅਤੇ ਹੋਰ ਵਡੇ ਵਡੇ ਸਿੰਘਾਂ ਨੂੰ ਸਰਦਾਰੀ ਦਾ। ਅੱਜ ਪਹਿਲਾ ਦਿਨ ਸੀ ਕਿ ਸਿੱਖਾਂ ਵਿਚ ਸਰਦਾਰੀ ਦਾ ਖ਼ਿਤਾਬ ਆਇਆ।
ਆਗਾ ਤਦ ਤਾਂ ਦੁਆਬੇ ਵਿਚ ਸਾਡਾ ਰਾਜ ਹੈ।

ਜਸਵੰਤ – ਨਹੀਂ ਜੀ, ਥੋੜੇ ਚਿਰ ਮਗਰੋਂ ਸਿੱਖਾਂ ਨੇ ਹੁਜਰਾ ਸ਼ਾਹ . ਮੁਕੀਮ ਦੇ ਲਾਗੇ ਸ਼ਾਹੀ ਫੌਜ ਨੂੰ ਹਰਾਇਆ ਸੀ, ਪਰ ਫੇਰ ਖ਼ਾਨ ਬਹਾਦਰ ਨੇ ਭਾਰੀ ਫ਼ੌਜ ਜਮਾਂ ਕੀਤੀ ਤੇ ਸਿੱਖ ਜਥੇ ਦੂਰ ਦੂਰ ਖਿੰਡ ਗਏ ਕਿਉਂਕਿ ਪਾਤਸ਼ਾਹੀ ਮੁਕਾਬਲੇ ਦਾ ਸਾਰਾ ਸਾਮਾਨ ਅਜੇ ਸਾਡੇ ਪਾਸ ਨਹੀਂ ਸੀ। ਇਹ ਸਮਾਂ ਸਾਡੇ ਤੇ ਬੜੇ ਕਹਿਰ ਦਾ ਬੀਤਿਆ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ ਤੇ ਹੋਰ ਅਨੇਕਾਂ ਸਿੰਘ ਸ਼ਹੀਦ ਹੋਏ ਤੇ ਪਿੰਡ ਪਿੰਡ ਕਤਲਾਮ ਹੋਈ, ਪਰ ਉਸ ਤੋਂ ਮਗਰੋਂ ਸਿੱਖਾਂ ਕਈ ਵੇਰ ਜ਼ੋਰ ਫੜਿਆ, ਕਈ ਵੇਰ ਪਿਛੇ ਪਏ, ਪਰ ਉਹ ਨਵਾਬੀ ਤੇ ਸਰਦਾਰੀ ਤੇ ਖ਼ਿਤਾਬ ਪੰਥ ਵਿਚ ਸ਼ੁਰੂ ਹਨ, ਪਰ ਫਤਹ ਤੇ ਕਾਮਯਾਬੀਆਂ ਬੀ ਥਾਂ ਥਾਂ ਸਾਡੇ ਹੱਥ ਰਹਿੰਦੀਆਂ ਹਨ।

ਆਗਾ ਮੈਂ ਤਾਂ ਨਾਦਰ ਦੇ ਹੱਲੇ ਦਾ ਹੀ ਭੁਲੇਵੇ ਵਿਚ ਫਸਿਆ ਹਾਂ। ਨਾਦਰ ਨੇ ਅਸਲ ਵਿਚ ਹਿੰਦੁਸਤਾਨ ਦਾ ਬੇੜਾ ਗਰਕ ਕੀਤਾ ਹੈ; ਨਹੀਂ ਤਾਂ ਕਾਬਲ ਦਾ ਰਾਜ ਤਾਂ ਦਿੱਲੀ ਦੇ ਤਖ਼ਤ ਦੀ ਤਾਬਿਆ ਵਿਚ ਰਹਿੰਦਾ ਹੁੰਦਾ ਸੀ।

ਜਸਵੰਤ – ਠੀਕ ਹੈ, ਮੈਂ ਜੋ ਗੱਲ ਸੁਣਾਈ ਹੈ ਇਹ ਨਾਦਰ ਦੇ ਹਮਲੇ ਤੋਂ ਪਹਿਲਾਂ ਦੀ ਹੈ, ਜਦੋਂ ਲਾਹੌਰ ਵਲੋਂ ਸਿੱਖਾਂ ਨੂੰ ਨਵਾਬੀ ਮਿਲੀ ਤੇ ਨਹੀਂ ਸਨ ਕਬੂਲਦੇ।

ਨਾਦਰ ਦੀ ਵੈਰਾਨੀ ਦਾ ਹਾਲ ਤਾਂ ਇਸ ਟੱਪੇ ਵਿਚ ਹੈ, ਜੋ ਪੰਜਾਬੀ ਬੱਚੇ ਬੱਚੇ ਦੀ ਜ਼ਬਾਨ ਤੇ ਚੜ੍ਹਿਆ ਹੋਇਆ ਹੈ :-

ਆਯਾ ਨਾਦਰ ਕੁਲ ਕੁੜੇ ! ਕਪਾਹੀ ਪੈਂਦੇ ਫੁੱਲ ਕੁੜੇ ! ਰੰਨਾਂ ਚੜ੍ਹ ਪਹਾੜੀ ਗਈਆਂ, ਮਰਦਾਂ ਮੱਲੀ ਚੁੱਲ੍ਹ ਕੁੜੇ ! ਮੁੜਿਆ ਨਾਦਰ ਰੁੱਲ ਕੁੜੇ ! ਸਰਹੋਂ ਸੜੇਂਦੇ ਫੁੱਲ ਕੁੜੇ ! ਦਿੱਲੀ ਰੰਡੀ ਕਰਕੇ ਆਇਆ, ਸਾਡੀ ਠੰਢੀ ਚੁੱਲ੍ਹ ਕੁੜੇ*।

ਆਗਾ – ਇਸ ਦਾ ਕੀਹ ਅਰਥ ਹੈ?

ਜਸਵੰਤ ਨੇ ਉਸ ਨੂੰ ਸਾਰਾ ਮਤਲਬ ਦੱਸਿਆ, ਤੇ ਦੇਸ ਦੀ ਵੈਰਾਨੀ, ਖ਼ਾਸ ਕਰਕੇ ਦਿੱਲੀ ਦੀ ਕਤਲਾਮ ਦਾ ਹਾਲ ਸੁਣਾਇਆ, ਜਿਸ ਨੂੰ ਸੁਣਕੇ ਆਗਾ ਖ਼ਾਂ ਦੇ ਲੂੰ ਕੰਡੇ ਖੜੇ ਹੁੰਦੇ ਤੇ ਰੋਹ ਭਰ ਭਰ ਉਠਦਾ ਸੀ। ਜਸਵੰਤ ਨੇ ਇਹ ਰੰਗ ਵੇਖਕੇ ਉਸ ਨੂੰ ਸਿੱਖਾਂ ਦੇ ਇਕ ਹੋਰ ਕਾਰਨਾਮੇ ਵੱਲ ਫੇਰਿਆ, ਜਿਸ ਤੋਂ ਉਸ ਨੂੰ ਕੁਛ ਸ਼ਾਂਤੀ ਆਵੇ ਕਿ ਸਿੱਖ ਬੀ ਬੜਾ ਭਾਰੀ ਕੰਮ ਕਰ ਰਹੇ ਹਨ।

ਜਸਵੰਤ ਸਿੰਘ – ਮੈਨੂੰ ਇਥੇ ਆਏ ਗੁਰਮੁਖ ਜੀ ਨੇ ਦੱਸਿਆ ਸੀ ਕਿ ਅਹਿਮਦਸ਼ਾਹ ਨੇ ਬੀ ਸਿੱਖਾਂ ਦੀ ਕਤਲਾਮ ਤੇ ਹੀ ਲੱਕ ਬੰਨ੍ਹ ਲਿਆ ਹੈ। ਚੁਨਾਂਚਿ ਆਪਣੇ ਇਕ ਹੱਲੇ ਦੇ ਬਾਦ ਉਹ ਹਰੇਕ ਦੁਆਬੇ ਵਿਚ ਇਕ ਤੁੰਮਣ ਛੱਡ ਆਇਆ ਹੈ। ਤੁੰਮਣ ਵਿਚ ਇਕ ਭਾਰੀ ਦਸਤਾ ਸਿਪਾਹੀਆਂ ਦਾ ਹੁੰਦਾ ਹੈ, ਇਸਦੇ ਅਫਸਰ ਦਾ ਨਾਂ ਤੁੰਮਣਦਾਰ` ਹੁੰਦਾ ਹੈ। ਇਹ ਜੱਥਾ ਆਪਣੇ ਦੁਆਬੇ ਵਿਚ ਦੌਰਾ ਕਰਦਾ ਰਹਿੰਦਾ ਹੈ। ਜਿਸ ਪਿੰਡ ਜਾਂਦਾ ਹੈ ਉਥੋਂ ਮਾਮਲਾ ਉਗਰਾਹੁੰਦਾ ਹੈ ਤੇ ਫੇਰ ਸਿੱਖਾਂ ਦੀ ਭਾਲ ਹੁੰਦੀ ਹੈ, ਜਿੰਨੇ ਸਿੱਖ ਮਿਲਣ ਮਾਰ ਦਿੱਤੇ ਜਾਂਦੇ ਹਨ। ਜਿਸ ਟੱਬਰ ਵਿਚੋਂ ਕੋਈ ਸਿੱਖ ਹੋ ਗਿਆ ਹੋਵੇ, ਉਸ ਟੱਬਰ ਨੂੰ ਤਸੀਹੇ ਦਿੱਤੇ ਜਾਂਦੇ ਹਨ, ਪਿੰਡ ਵਾਲੇ ਫਿਰ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਖ਼ਬਰ ਪਹੁੰਚਾ ਦੇਂਦੇ ਹਨ ਕਿ ਤੁਹਾਡੇ ਟੱਬਰ ਦਾ ਇਹ ਹਾਲ ਹੋ ਰਿਹਾ ਹੈ, ਤੁਸੀਂ ਆਕੇ ਆਪਨੂੰ ਫੜਾ ਦਿਓ, ਨਹੀਂ ਤਾਂ ਸਾਰਾ ਕਬੀਲਾ ਮਾਰਿਆ ਜਾਵੇਗਾ। ਜੇ ਸਿੱਖ ਹਥ ਨਾ ਆਵੇ ਤਾਂ ਬੇਦੋਸ਼ ਟੱਬਰ ਪੀੜੇ ਜਾਂਦੇ ਹਨ।

ਦੁਆਬਾ ਰਚਨਾਂ ਵਿਚ ਸਦਰਹਮਤ ਖਾਂ ਨਾਮੇ ਤੁੰਮਣਦਾਰ ਸੀ, ਇਹ ਦੌਰਾ ਕਰਦਾ ਕਰਦਾ ਦੁਆਬੇ ਦੇ ਸਿਖ਼ਰ ਵਲ ਬੁਲਾਕੀ ਚੱਕਾਂ ਵਿਚ ਆਇਆ। ਬੁਲਾਕੀ ਸ਼ਾਹ ਨਾਮੇ ਗੁਰਾਏਂ ਗੋਤ ਦਾ ਇਕ ਭਾਰਾ ਦਬਦਬੇ ਵਾਲਾ ਚੌਧਰੀ ਹੈਸੀ, ਉਸਦੇ ਕਈ ਆਪਣੇ ਪਿੰਡ ਹਨ, ਵੱਡੇ ਪਿੰਡ ਦਾ ਨਾਉਂ ਬੁਲਾਕੀ ਚੱਕ ਹੈ, ਇਸ ਪਿੰਡ ਜਦ ਤੁੰਮਣਦਾਰ ਸਾਰਾ ਮਾਮਲਾ ਉਗ੍ਰਾਹ ਚੁਕਾ ਤਦ ਸਿੱਖਾਂ ਦੀ ਪੜਤਾਲ ਹੋਈ, ਪਤਾ ਲਗਾ ਕਿ ਪਿੰਡਾਂ ਵਿਚ ਤਾਂ ਕੋਈ ਸਿੱਖ ਨਹੀਂ ਹੈ, ਪਰ ਬੁਲਾਕੀ ਸ਼ਾਹ ਦੇ ਪੁਤ੍ਰ ਸੁਖਾ ਸਿੰਘ ਤੇ ਮਨਸਾ ਸਿੰਘ* ਸਿੱਖੀ ਜਾ ਰਲੇ ਹਨ। ਤੁੰਮਣਦਾਰ ਨੇ ਚੌਧਰੀ ਨੂੰ ਪੁੱਛਿਆ, ਉਸ ਕਿਹਾ ਜਨਾਬ ! ਜੋ ਪੁਤ੍ਰ ਸੁੱਖਾ ਮੱਸਾ* ਸਿੱਖੀ ਜਾ ਰਲੇ ਹਨ ਸੋ ਮੋਏ ਗਏ। ਪਰ ਤੁਮਣਦਾਰ ਨੇ ਟੱਬਰ ਕਬੀਲੇ ਸਮੇਤ ਉਸਨੂੰ ਬੰਨ੍ਹ ਲੀਤਾ। ਨਾਲ ਹੀ ਸਾਰੇ ਪਿੰਡ ਨੂੰ ਘੇਰ ਕੇ ਹੁਕਮ ਦਿਤਾ ਕਿ ਜੇ ਤਾਂ ਅੱਠਾਂ ਦਿਨਾਂ ਦੇ ਵਿਚ ਵਿਚ ਸੁਖਾ ਸਿੰਘ ਮਨਸਾ ਸਿੰਘ ਆਪਣੇ ਆਪਨੂੰ ਹਾਜ਼ਰ ਕਰ ਦੇਣ ਯਾ ਪਿੰਡ ਦੇ ਕੋਈ ਆਦਮੀ ਫੜਕੇ ਲੈ ਆਉਣ ਤਾਂ ਵਾਹਵਾ, ਨਹੀਂ ਤਾਂ ਸਾਰਾ ਪਿੰਡ ਛਾਪੇ ਰੱਖ ਕੇ ਸਾੜ ਦਿੱਤਾ ਜਾਵੇਗਾ।

ਸੋ ਸਿੱਖਾਂ ਦਾ ਇਹ ਹਾਲ ਸੀ ਕਿ ਦਿਨ ਨੂੰ ਸਭ ਲੁਕੇ ਰਹਿੰਦੇ ਸਨ, ਰਾਤ ਪਈ ਰਹੁਰਾਸ ਵੇਲੇ ਕਿਤੇ ਮੁਕੱਰਰ ਕੀਤੀ ਥਾਂ ਤੇ ਦੋ ਦੋ ਚਾਰ ਚਾਰ ਕੋਹ ਤੋਂ ਕੱਠੇ ਹੋ ਕੇ ਦੀਵਾਨ ਲਾਉਂਦੇ ਸਨ ਅਰ ਸੋਦਰ ਰਹਿਰਾਸ ਦਾ ਭੋਗ ਪਾ ਕੇ ਫੇਰ ਰਾਤ ਦੇ ਦੂਏ ਦਿਨ ਲਈ ਗੁਰਮਤਾ ਸੋਧਦੇ ਸਨ। ਦਿਨ ਨੂੰ ਜੇ ਸਿੱਖ ਨੇ ਦਿਖਾਈ ਦਿੱਤੀ ਤਾਂ ਫੜਿਆ ਜਾਂਦਾ ਸੀ ਅਰ ਫੜਾਉਣ ਵਾਲੇ ਨੂੰ ਇਨਾਮ ਮਿਲਦਾ ਸੀ।

ਇਕ ਭਾਰੀ ਜੰਗਲ ਗੁਰੂ ਕੀ ਰੌੜ* ਦੇ ਉਦਾਲੇ ਹੈ। ਇਹ ਥਾਂ ਅੰਮ੍ਰਿਤਸਰ ਤੋਂ ਨੌ ਕੋਹ ਤੇ ਸਿੱਖਾਂ ਦਾ ਗੁਰਦਵਾਰਾ ਤੇ ਬਨ ਬੇਲੇ ਕਰ ਕੇ ਕਿਲ੍ਹੇ ਵਾਂਗੂੰ ਹੈ। ਮਨਸਾ ਸਿੰਘ ਤੇ ਸੁਖਾ ਸਿੰਘ ਵੀ ਇਸ ਰੋੜ ਦੀ ਝੱਲ ਵਿਚ ਸਨ। ਬੁਲਾਕੀ ਸ਼ਾਹ ਨੇ ਕਿਸੇ ਮਾਤਬਰ ਦੇ ਹੱਥ ਪੁੱਤਾਂ ਨੂੰ ਚਿੱਠੀ ਲਿਖੀ ਕਿ ਬੱਚਾ ਸਾਡੇ ਨਸੀਬ ਫੁੱਟ ਗਏ ਜੋ ਤੁਸੀਂ ਸਿੱਖੀ ਜਾ ਰਲੇ। ਹੁਣ ਸਾਰੇ ਕਬੀਲੇ ਅਤੇ ਪਿੰਡ ਤੇ ਆ ਬਣੀ ਹੈ। ਚੰਗਾ ਹੈ ਜੇ ਤੁਸੀਂ ਦੋ ਮਰ ਜਾਓ ਤੇ ਪਿੰਡ ਸਾਰਾ ਬਚ ਰਹੇ। ਤੁਸੀਂ ਤਰਸ ਵਾਲੇ ਗੁਰੂ ਦੇ ਚੇਲੇ ਹੋ, ਤਰਸ ਕਰੋ ਅਰ ਹਜ਼ਾਰਾਂ ਬੇਗੁਨਾਹਾਂ ਦੀ ਖਾਤਰ ਆਪ ਜਾਨਾਂ ਵਾਰਕੇ ਸੱਚੀ ਸ਼ਹੀਦੀ ਪਾਓ। ਮੈਨੂੰ ਤੁਹਾਡੇ ਮਰਨ ਦਾ ਦੁੱਖ ਹੈ, ਪਰ ਸਾਰੇ ਪਿੰਡ ਦੀ ਖ਼ਾਤਰ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਾਂਗਾ। ਆਓ ਆਪਣੇ ਆਪ ਨੂੰ ਤੁੰਮਣਦਾਰ ਦੇ ਹਵਾਲੇ ਕਰ ਦਿਓ।

ਜਦ ਇਹ ਚਿੱਠੀ ਉਨ੍ਹਾਂ ਨੂੰ ਪਹੁੰਚੀ ਤਾਂ ਸੰਝ ਨੂੰ ਗੁਰੂ ਕੀ ਰੌੜ ਵਿਚ ਦੀਵਾਨ ਲੱਗਾ, ਰਹਰਾਸ ਦੇ ਮਗਰੋਂ ਇਹ ਚਿੱਠੀ ਪੇਸ਼ ਹੋਈ ਗੁਰਮਤਾ ਹੋ ਕੇ ਇਹ ਫੈਸਲਾ ਹੋਇਆ ਕਿ ਕਾਇਰਾਂ ਵਾਂਗੂੰ ਆਪਣਾ ਆਪ ਹਵਾਲੇ ਕਰਕੇ ਮਰਨਾ ਤਾਂ ਬੁਰਾ ਹੈ, ਪਰ ਤੁੰਮਣਦਾਰ ਨੂੰ ਜ਼ੁਲਮ ਕਰਨ ਦੇਣਾ ਬੀ ਪਾਪ ਹੈ। ਤਾਂ ਤੇ ਕੂਚ ਕਰੋ ਰਾਤੋ ਰਾਤ ਅਰ ਤੜਕੇ ਤੁੰਮਣਦਾਰ ਨਾਲ ਜੰਗ ਮਚਾ ਦਿਓ। ਸਾਰਾ ਜ਼ੋਰ ਲਗਾ ਕੇ ਡੇਢ ਕੁ ਸੌ ਸਿੱਖ ਰਾਤੋ ਰਾਤ ਕੱਠਾ ਹੋਇਆ। ਸਿੱਖ ਕੂਚ ਕਰਦੇ ਤੜਕਸਾਰ ਦਰਿਆ ਦੇ ਕਿਨਾਰੇ ਜਾ ਪਹੁੰਚੇ। ਤੁੰਮਣਦਾਰ ਪਾਰ ਡੇਰੇ ਲਈ ਬੈਠਾ ਸੀ। ਰੁੱਤ ਕੱਤੇ ਮੱਘਰ ਦੀ ਸੀ। ਕੁਛ ਬੱਦਲਵਾਈ ਤੇ ਬਰਖਾ ਫੁਹਾਰ ਪੈ ਰਹੀ ਸੀ ਇਸ ਕਰਕੇ ਸਲਾਹ ਹੋਈ ਕਿ ਦੋ ਜਣੇ ਤਰਕੇ ਪਾਰ ਜਾਣ ਤੇ ਦੁਸ਼ਮਨ ਦਾ ਸਾਰਾ ਥਹੁ ਥਿਤਾ ਲੈ ਆਉਣ, ਫੇਰ ਜਾਣੂ ਹੋ ਕੇ ਰਾਤੀਂ ਪਾਰ ਚੱਲੀਏ ਤੇ ਦਿਨ ਹੁੰਦੇ ਜੰਗ ਮਚਾ ਦੇਈਏ। ਸੁੱਖਾ ਸਿੰਘ ਤੇ ਮਨਸਾ ਸਿੰਘ ਨੇ ਇਹ ਕੰਮ ਆਪਣੇ ਸਿਰ ਲਿਆ ਅਰ ਠਿੱਲ੍ਹਕੇ ਪਾਰ ਹੋਏ।

ਇਸ ਵੇਲੇ ਅਜੇ ਧੁੰਦ ਜੇਹੀ ਸੀ। ਕੁਦਰਤ ਐਸੀ ਬਣੀ ਕਿ ਜਦ ਪਾਰ ਢਾਏ ਤੇ ਉਤਰੇ ਤੇ ਸਿਰਾਂ ਤੋਂ ਕੱਪੜੇ ਲਾਹਕੇ ਪਹਿਨੇ, ਸ਼ਸਤ੍ਰ ਸੰਭਾਲੇ ‘ਤੇ ਹੋਰਵੇਂ ਦਾ ਭੇਸ ਬਣਾਕੇ ਤੁਰੇ ਤਾਂ ਐਨ ਸਦਰਹਮਤ ਖ਼ਾਂ ਦੇ ਡੇਰੇ ਦੇ ਪਿਛਲੇ ਪਾਸੇ ਜਾ ਨਿਕਲੇ, ਜਦ ਸਦਰਹਮਤ ਖਾਂ ਇਸ ਵੇਲੇ ਪਾਣੀ ਦਾ ਲੋਟਾ ਹੱਥ ਵਿਚ ਲਈ ਮਦਾਨ ਖੇਡਣ ਲਈ ਢਾਹੇ ਤੇ ਇਧਰ ਆ ਰਿਹਾ ਸੀ। ਧੁੰਦ ਦੇ ਵਿਚੋਂ ਅਚਾਨਕ ਦੋ ਨਾ ਸਿਞਾਤੀਆਂ ਜਾਣ ਵਾਲੀਆਂ ਸੂਰਤਾਂ ਨਿਕਲੀਆਂ ਵੇਖਕੇ ਹੈਂਕੜ ਨਾਲ ਪੁੱਛਦਾ ਹੈ: ‘ਕੌਣ ਹੈ?’ ਉਨ੍ਹਾਂ ਨੇ ਉਸ ਦੇ ਕੁਰਬ ਤੋਂ ਤਾੜ ਲਿਆ ਸੀ ਕਿ ਏਹੀ ਪ੍ਰਜਾ ਦੀ ਰੋਹ ਹੈ, ਕਹਿਣ ਲੱਗੇ : ਬੁਲਾਕੀ ਸ਼ਾਹ ਦੇ ਪੁੱਤਰ ਹਨ ਪਿੰਡ ਛੁਡਾਉਣ ਆਏ ਹਨ।’ ਇਹ ਸੁਣਕੇ ਉਸਨੂੰ ਖੁਸ਼ੀ ਹੋਈ ਕਿ ਡਰਦੇ ਮਾਰੇ ਆ ਗਏ ਹਨ, ਪਰ ਹੁਣ ਉਹਨਾਂ ਨੇ ਪੁਛਿਆ ਤੁਸੀਂ ਕੌਣ ਹੋ? ਹੈਂਕੜ ਵਿਚ ਆਕੇ ਤੁੰਮਣਦਾਰ ਨੇ ਕਿਹਾ: ‘ਮੈਂ ਸਦ ਰਹਮਤ ਖ਼ਾਂ ਤੁੰਮਣਦਾਰ ਹਾਂ।’ ਇਹ ਸੁਣਕੇ ਸਿੱਖਾਂ ਨੂੰ ਤਸੱਲੀ ਹੋ ਗਈ ਪੁੱਛਣ ਲੱਗੇ ‘ਭਲੇ ਪੁਰਖਾ! ਸਿੱਖ ਅਸੀਂ ਹੋਏ ਤੇ ਕੈਦ ਸਾਰਾ ਪਿੰਡ ਪਾ ਦਿੱਤਾ ਹੈ ਇਹ ਕੀ ਇਨਸਾਫ ਹੈ?’

ਸਦਰਹਮਤ ਖਾਂ ਬੱਸ ਇਨਸਾਫ ਦੀ ਖੂਬੀ ਦੇਖੋ ਕਿ ਤੁਸੀ ਸ਼ਰਨ ਆ ਗਏ ਹੋ।

ਸਿੱਖ – ਸ਼ਰਨ ਨਹੀਂ ਆਏ, ਅਸੀਂ ਤਾਂ ਮਰਨ ਮਾਰਨ ਆਏ ਹਾਂ। ਸਦਰਹਮਤ ਖਾਂ ਨੇ ਇਸ ਵੇਲੇ ਕਾਂਬਾ ਖਾਧਾ ਅਰ ਜ਼ੋਰ ਦੀ ਆਵਾਜ਼ ਦਿੱਤੀ। ਆਵਾਜ਼ ਤਾਂ ਕਿਥੇ ਪਹੁੰਚਣੀ ਸੀ? ਮਨਸਾ ਸਿੰਘ ਨੇ ਕਿਹਾ ‘ਲੈ ਤੇਰਾ ਆਖਰੀ ਵੇਲਾ ਹੈ, ਆਪਣੇ ਗੁਨਾਹਾਂ ਦਾ ਫਲ ਭੋਗ ਲੈ। ਕਤਲਾਂ ਦੇ ਬਦਲੇ ਕਤਲ ਹੋ ਜਾਹ ਇਹ ਕਹਿੰਦੇ ਹੀ ਸਿੱਖ ਨੇ ਆਪਣੀ ਤਲਵਾਰ ਸਦਰਹਮਤ ਖਾਂ ਨੂੰ ਦੇ ਦਿੱਤੀ ਤੇ ਦੂਸਰੀ ਤਲਵਾਰ ਸੂਤਕੇ ਕਿਹਾ ‘ਆ ਦੋ ਹੱਥ ਕਰ ਲੈ ਸਦਰਹਮਤ ਖਾਂ ਇਸ ਅਚਾਨਕ ਘੋਲ ਲਈ ਤਿਆਰ ਨਹੀਂ ਸੀ, ਪਰ ਕਰਦਾ ਕੀ; ਆਖਰ ਜੋਧਾ ਸੀ, ਸੋ ਤਲਵਾਰ ਲੈਕੇ ਵਧਿਆ, ਦੋ ਹੱਥ ਕੀਤੇ, ਪਰ ਫੁਰਤੀਲੇ ਸਿੱਖ ਦੇ ਅੱਗੇ ਪੇਸ਼ ਨਾ ਗਈ, ਦੋ ਚਾਰ ਪਰਸਪਰ ਦੇ ਵਾਰਾਂ ਵਿਚ ਮਾਰਿਆ ਗਿਆ। ਉਪਰ ਉਸਦੇ ਕੁਛ ਆਦਮੀ, ਜੋ ਹੁਣ ਆ ਪਹੁੰਚੇ ਸੇ, ਸਰਦਾਰ ਨੂੰ ਕਤਲ ਹਾਸਾ ਦੇਖਕੇ ਚੁਕਾਏ । ਧੁੰਦ ਦੇ ਕਾਰਨ ਇਹ ਪਤਾ ਬੀ ਨਾ ਕਰ ਸਕੇ ਕਿ ਦ ਸਿੱਖ ਹਨ। ਬੱਸ ਇਹ ਹਰੋਲੀ ਮੱਚ ਗਈਂ, ਆ ਪਏ, ਸਿੱਖ ਆ ਪਏ । ਤੁੰਮਣਦਾਰ ਦਾ ਕਤਲ ਤੇ ਸਿੱਖਾਂ ਦਾ ਆ ਪੈਣਾ ਉਹ ਹੈਰਾਨੀ ਪਾ ਗਿਆ ਕਿ ਗਿਲਜੇ ਤੇ ਪੰਜਾਬੀ ਸਿਪਾਹੀ ਉਠ ਭੱਜੇ। ਇਧਰ ਏਹ ਤਮਾਸ਼ਾ ਮਚਦਾ ਦੇਖਕੇ ਏਹ ਪਿੱਛੇ ਮੁੜੇ। ਦਰਿਆ ਦੇ ਪਾਰ ਖਾਲਸਾ ਜੀ ਉਡੀਕ ਰਹੇ ਸੇ। ਪਾਰ ਜਾ ਕੇ ਅਚਾਨਕ ਮਿਲ ਗਈ ਜਿੱਤ ਦੀ ਖਬਰ ਦਿਤੀ। ਸੁਣਦੇ ਸਾਰ ਸਾਰਾ ਦਲ ਉਰਾਰ ਆਇਆ। ਜੈਕਾਰੇ ਗਜਾਉਂਦੇ ਹੁਣ ਸਾਰੇ ਬੁਲਾਕੀ ਚੱਕ ਆ ਵੜੇ ਅਰ ਭਾਰੀ ਦੀਵਾਨ ਲਗਾਯਾ। ਇਸ ਦੀਵਾਨ ਵਿਚ ਫੈਸਲਾ ਹੋਇਆ ਕਿ ਸੁਖਾ ਸਿੰਘ ਮਨਸਾ ਸਿੰਘ ਨੂੰ ਇਸ ਇਲਾਕੇ ਦਾ ਸਰਦਾਰ ਥਾਪਿਆ ਜਾਵੇ। ਇਹ ਇਥੇ ਫੌਜ ਕੱਠੀ ਕਰਨ ਅਰ ਸਿੱਖਾਂ ਦੇ ਲੁਕਣ ਲਈ ਰੱਖਾਂ ਤੇ ਥਾਂਉਂ ਬਨਾਉਣ। ਸੋ ਇਨ੍ਹਾਂ ਨੂੰ ਰਾਜ ਤਿਲਕ ਦੇ ਕੇ ਕੁਛ ਸਿੰਘ ਨਾਲ ਰਹੇ ਤੇ ਬਾਕੀ ਜੱਥਾ ਟੁਰ ਗਿਆ। ਅਜੇ ਛੇ ਸੱਤ ਮਹੀਨੇ ਗੁਜ਼ਰੇ ਸਨ, ਜੇਠ ਦੇ ਦਿਨ ਸਨ, ਸੰਧ੍ਯਾ ਪਈ ਲੋਕੀਂ ਕੋਠਿਆਂ ਤੇ ਬੈਠ ਰੋਟੀਆਂ ਖਾ ਰਹੇ ਸਨ ਕਿ ਆਵਾਜ਼ ਆਈ ਜੋ ਗਿਲਜ਼ੇ ਪਿਛਲਾ ਬਦਲਾ ਲੈਣ ਆਏ ਹਨ। ਬੁਲਾਕੀ ਚੱਕਾਂ ਵਿਚ ਹੁਣ ਉਹ ਡਰ ਦਾ ਮਾਦਾ ਨਹੀਂ ਸੀ, ਸਿੱਖੀ ਦੀ ਰੂਹ ਭਰ ਚੁਕੀ ਸੀ। ਹਰ ਮਨੁੱਖ ਤੀਮੀਂ ਵਿਚ ਸਾਹਸ ਸੀ ਅਰ ਲਗਪਗ ਬਹੁਤੇ ਸਿੱਖ ਹੋ ਚੁਕੇ ਸਨ। ਕੁਛ ਸਰਦਾਰਾਂ ਦੇ ਕੋਲ ਬੀ ਹੁਣ ਚੰਗੀ ਗਿਣਤੀ ਸਿੱਖ ਜੁਆਨਾਂ ਦੀ ਰਹਿੰਦੀ ਸੀ। ਗੱਲ ਕੀਹ ਉਸੇ ਵੇਲੇ ਹਰ ਕੋਈ ਉਠ ਪਿਆ। ਜੋ ਹਯਾਰ ਕਿਸੇ ਦੇ ਹਥ ਆਯਾ ਉਹ ਹੀ ਮੋਢੇ ਧਰ ਲਿਆ। ਤ੍ਰੀਮਤਾਂ ਤਕ ਤਲਵਾਰਾਂ, ਕਹੀਆਂ, ਟੋਕੇ, ਦਾਤਰੀਆਂ ਤੱਕ ਲੈਕੇ ਮਗਰ ਟੁਰ ਪਈਆਂ। ਗਿਲਜੇ ਦਿਨ ਦੇ ਥੱਕੇ ਹੋਏ ਦੋ ਕੋਹ ਪਰੇ ਹੀ ਉਤਰੇ ਪਏ ਸਨ, ਗਰਮੀ ਦੀ ਰੁੱਤ ਸੀ ਉਹ ਕੀਹ ਜਾਣਦੇ ਸਨ ਕਿ ਅੱਗੋਂ ਕਿਸੇ ਇਥੇ ਵਧਕੇ ਆਕੇ ਟਾਕਰਾ ਕਰ ਦੇਣਾ ਹੈ। ਉਨ੍ਹਾਂ ਨੇ ਤਾਂ ਅਗਲੀ ਸਵੇਰੇ ਬੁਲਾਕੀ ਚੱਕਾਂ ਤੇ ਹਮਲਾ ਕਰਨਾ ਸੀ। ਸੋ ਰਾਤ ਦੇ ਅਰਾਮ ਲਈ ਡੇਰੇ ਕਰ ਰਹੇ ਗਿਲਜਿਆਂ ਦੀ ਖ਼ਾਤਰ ਸ਼ੁਰੂ ਹੋ ਪਈ। ਘਰ ਯੁੱਧ ਹੋਇਆ, ਦੋ ਹੀ ਘੰਟੇ ਦੇ ਘਮਨ ਵਿਚ ਬਹੁਤ ਮਾਰੇ ਮਰੇ ਤੇ ਬਾਕੀ ਦੇ ਘਬਰਾ ਕੇ ਸਿਰਾ ਤੇ ਅੱਡੀਆਂ ਰੱਖਕੇ ਪਿਛਲੇ ਪੈਰੀ ਉੱਠ ਦੌੜੇ, ਨਾਲੇ ਨੱਸੀ ਜਾਣ ਤੇ ਨਾਲੇ ਲਾਹੌਲਾ ਪੜ੍ਹਦੇ ਜਾਣ ਖੂਹ ਥੁੱਕ ਬੁਲਾਕੀ ਚੱਕਾਂ ਦੇ*।’ ਅਰਥਾਤ ਉਸਦੀ ਦਾੜ੍ਹੀ ਤੇ ਥੁੱਕ ਹੈ ਜੋ ਫੇਰ ਕਦੇ ਬੁਲਾਕੀ ਚੱਕਾਂ ਵੱਲ ਮੂੰਹ ਕਰੇ। ਤਦ ਤੋਂ ਉਸ ਇਲਾਕੇ ਵਿਚ ਕਈ ਸਿੱਖ ਲੋੜ ਪਈ ਤੇ ਜਾ ਲੁਕਦੇ ਹਨ ਤੇ ਪੰਥ ਦੀ ਲੋੜ ਵੇਲੇ ਦੇਸ਼ ਵਿਚ ਆਉਂਦੇ ਹਨ।

ਆਗਾ – ਮੈਨੂੰ ਬੜੀ ਖ਼ੁਸ਼ੀ ਹੋਈ ਹੈ ਕਿ ਮੇਰੇ ਭਰਾ ਐਸੇ ਐਸੇ ਬਹਾਦਰੀ ਤੇ ਕੁਰਬਾਨੀ ਦੇ ਕੰਮ ਕਰਦੇ ਹਨ ਤੇ ਆਪਣੇ ਵੈਰੀਆਂ ਨੂੰ ਐਸੀਆਂ ਮੂੰਹ ਦੀਆਂ ਲਵਾਉਂਦੇ ਹਨ। ਧੰਨ ਹਨ ਉਹ ! ਸ਼ੁਕਰ ਹੈ ਕਿ ਹੁਣ ਮੇਰੀ ਤਲਵਾਰ ਬੀ ਉਸ ਪਿਆਰੇ ਦੇਸ਼ ਦੀ ਰੱਖ੍ਯਾ ਵਿਚ ਚਮ- ਕਿਆ ਕਰੇਗੀ ਅਰ ਮੇਰੀਆਂ ਰਗਾਂ ਦਾ ਖੂਨ ਆਪਣੀ ਜਨਮ ਭੂਮੀ ਦੀ ਸੇਵਾ ਕਰਦਾ ਉਸੇ ਪਵਿਤ੍ਰ ਧਰਤੀ ਵਿਚ ਸਮਾਏਗਾ, ਜਿਸ ਤੋਂ ਕਿ ਪੈਦਾ ਹੋਇਆ ਸੀ, ਸਿੰਘ ਜੀ! ਆਪ ਨੂੰ ਆਪਣੀ ਕੌਮ ਦੇ ਬੜੇ ਹਾਲ ਮਲੂਮ ਹਨ।

ਜਸਵੰਤ ਸਿੰਘ – ਅਸੀਂ ਸਾਰਾ ਪੰਥ, ਇਕ ਟੱਬਰ ਹਾਂ। ਸਾਡਾ ਲੰਗਰ ਇਕ ਹੈ। ਸਾਡੇ ਭੈ ਤੇ ਦੁੱਖ ਸਾਂਝੇ ਹਨ। ਸਾਡੇ ਘਰਾਂ ਵਿਚ ਸਿਵਾ ਭਗਤੀ ਤੇ ਸੇਵਾ ਦੇ ਹੋਰ ਕੋਈ ਕਥਾ ਨਹੀਂ, ਮੌਤ ਲਈ ਅਸੀਂ ਤਿਆਰ ਰਹਿੰਦੇ ਹਾਂ, ਸ਼ਸਤ੍ਰ ਤੇ ਜੰਗ, ਸ਼ਹੀਦੀ ਤੇ ਮੌਤ, ਇਹੋ ਗੱਲਾਂ ਹਰ ਸਿੱਖ ਘਰ, ਹਰ ਸਿੱਖ ਮੰਡਲੀ ਵਿਚ ਹੁੰਦੀਆਂ ਹਨ। ਬੱਚੇ ਬੱਚੇ ਨੂੰ ਪੰਥ ਦੇ ਹਾਲਾਤ ਦਾ ਪਤਾ ਹੈ। ਅਸੀਂ ਸਾਰੇ ਪੰਥ ਦੇ ਬੰਦੇ ਇਕ ਹਾਂ, ਇਕ ਖੂਨ ਲੱਖਾਂ ਪੰਥ ਦੀਆਂ ਨਾੜਾਂ ਵਿਚ ਜੋਸ਼ ਮਾਰਦਾ ਹੈ, ਸਾਰੇ ਇਕ ਦੇ ਪੁਤ੍ਰ ਹਾਂ ਤੇ ਇਸੇ ਕਰਕੇ ਸੱਕੇ ਭਰਾ ਭੈਣ ਹਾਂ, ਦੇਸ਼ ਜਾਓਗੇ ਤਾਂ ਵੇਖੋਗੇ। ਕੁਝ ਹਾਲ ਤਾਂ ਮੈਨੂੰ ਪਤਾ ਸਨ, ਪਰ ਬਹੁਤੀਆਂ ਗੱਲਾਂ ਮੈਨੂੰ ਪਿਛੋਂ ਆਏ ਸੰਤ ਜੀ ਬੀ ਦੱਸ ਗਏ ਹਨ।

21 ਕਾਂਡ ।

ਪੰਜਾਬ ਵਿਚ ਮਰਹੱਟਿਆਂ ਦਾ ਜ਼ੋਰ ਵੱਧ ਜਾਣ ਦੀਆਂ ਸੋਆਂ ਸੁਣ ਸੁਣਕੇ ਆਗਾ ਖ਼ਾਂ ਦੀ ਸਲਾਹ ਇਹ ਹੋ ਰਹੀ ਸੀ ਕਿ ਉੱਪਰ ਦੇ ਰਸਤੇ ਪੈ ਜਾਵੇ ਤੇ ਮਾਲਾਕਾਂਦ ਦੇ ਦਰਹੇ ਤੋਂ ਹਿੰਦੁਸਤਾਨ ਵਿਚ ਪਰਵੇਸ਼ ਕਰੇ ਤੇ ਸਿੱਧਾ ਦਰਬੰਦ ਯਾ ਪਿਦੁਰ ਦੇ ਪੱਤਣ ਕੋਲੋਂ ਅਟਕ ਨੂੰ ਪਾਰ ਕਰੇ, ਪਰ ਕਾਫ਼ਲੇ ਨੇ ਪਸ਼ੌਰ ਜਾਣਾ ਸੀ ਤੇ ਇਹ ਬੀ ਆਸਾਨ ਸੀ ਕਿ ਕਾਫ਼ਲੇ ਨੂੰ ਮਾਲਾਕਾਂਦ ਟੱਪਕੇ ਪਸ਼ੌਰ ਵੱਲ ਚਾਰਸੱਦੇ ਤੇ ਰਸਤੇ ਪਹੁੰਚਾ ਦੇਵੇ। ਇਹ ਸਾਲਾਹਾਂ ਉਸਨੂੰ ਇਸ ਜੱਕੋ ਤੱਕੀ ਦੇ ਹਾਲਾਤ ਵਿਚ ਫੁਰ ਰਹੀਆਂ ਸਨ ਕਿ ਪਹਿਲੀ ਖ਼ਬਰ ਮਰਹੱਟਿਆਂ ਦੇ ਪਸ਼ੌਰ ਅੱਪੜ ਜਾਣ ਦੀ ਤੇ ਜਮਰੋਦ ਤੇ ਨਾਕਾ ਬੰਨ੍ਹਣ ਦੀ ਅਪੜੀ ਸੀ। ਸੋ ਉਹ ਕਾਫ਼ਲੇ ਨੂੰ ਹੋਤੀ ਪਹੁੰਚਾਕੇ ਆਪ ਉਪਰਲੇ ਪੱਤਣੋਂ, ਅਰਥਾਤ ਅਟਕ ਦੇ ਪੱਤਣ ਤੋਂ ਉੱਤੇ ਉੱਤੇ ਅੰਮ੍ਰਿਤਸਰ ਵੱਲ ਨੱਸ ਜਾਣ ਦੀ ਠਾਣ ਰਿਹਾ ਸੀ, ਪਰ ਜੇ ਮਰਹੱਟੇ ਅਟਕ ਤੇ ਹੀ ਅਟਕੇ ਹੋਣ ਅਰ ਅੱਗੇ ਨਾ ਵਧੇ ਹੋਣ ਤਦ ਵੱਧ ਸਲਾਮਤੀ ਏਸ ਵਿਚ ਸੀ ਕਿ ਕਾਫ਼ਲਾ ਖ਼ੈਬਰ ਦੇ ਰਸਤੇ ਸਿੱਧਾ ਪਸ਼ੌਰ ਅੱਪੜੇ ਤੇ ਆਗਾ ਖ਼ਾਂ ਪਸ਼ੌਰ ਤੋਂ ਸ਼ਾਹਬਾਜ਼ ਗੜ੍ਹੇ ਦੇ ਰਸਤੇ ਉਸ ਰਸਤੇ ਜੋ ਬਹੁਤ ਪੁਰਾਣਾ ਹੈ ਅਰ ਜਿਸ ਰਸਤੇ ਪ੍ਰਸਿਧ ਚੀਨੀ ਮੁਸਾਫਰ ਲੰਘੇ ਸੇ ਤੇ ਜਿਸ ਪਰ ਰਾਜਾ ਅਸ਼ੋਕ ਦਾ ਕੁਤਬੇ ਦਾ ਪੱਥਰ ਹੁਣ ਤਕ ਪਿਆ ਹੈ-ਲੰਘੇ ਤੇ ਦਰਿਯਾ ਸਿੰਧ ਤੋਂ ਪਾਰ ਹੋ ਜਾਵੇ। ਹਰ ਹਾਲ ਪਸ਼ੌਰੋਂ ਅੱਗੇ ਦਾ ਰਸਤਾ ਤਾਂ ਉਹ ਮਨ ਵਿਚ ਮਿਥ ਚੁੱਕਾ ਸੀ, ਪਰ ਪਸ਼ੌਰ ਅੱਪੜਨ ਬਾਬਤ ਵਿਚਾਰ ਫੁਰ ਰਹੇ ਸਨ ਕਿ ਸਿੱਧਾ ਜਾਏ ਕਿ ਉੱਪਰਲੇ ਰਸਤੇ ਜਾਏ। ਖ਼ੈਬਰ ਵਲ ਅਫਰੀਦੀਆਂ ਆਦਿਕ ਪਠਾਣ ਕੌਮਾਂ ਦਾ ਡਰ ਬੀ ਸੀ, ਪਰ ਹਸਨ ਖ਼ਾਂ ਦਾ ਜੋ ਸਿੱਕਾ ਉਥੇ ਸੀ ਉਸ ਕਰਕੇ ਤੌਖ਼ਲਾ ਘੱਟ ਸੀ।

ਸੋ ਇਥੇ ਦੋ ਕੁ ਦਿਨ ਠਹਿਰ ਕੇ ਸੂੰਹੀਏਂ ਅੱਗੇ ਘੱਲ ਕੇ ਸੂਹਾਂ ਕੱਢੀਆਂ ਤਾਂ ਪਤਾ ਲੱਗਾ ਕਿ ਝੁਨਕਾਰ ਰਾਓ ਮਰਹੱਟਾ ਸੈਨਾਪਤ ਅਟਕ ਦੇ ਕਿਲ੍ਹੇ ਵਿਚ ਹੀ ਨਾਕਾਬੰਦੀ ਕੀਤੀ ਬੈਠਾ ਹੈ ਤੇ ਖ਼ੈਬਰ ਤੋਂ ਲੈ ਕੇ ਖ਼ੈਰਾਬਾਦ* ਤਕ ਮਰਹੱਟਿਆਂ ਦਾ ਕੋਈ ਵਸੀਕਾਰ ਅਜੇ ਨਹੀਂ ਬਣਿਆਂ। ਆਗਾ ਖ਼ਾਂ ਨੂੰ ਹੁਣ ਤਾਂਘ ਛੇਤੀ ਅੱਪੜਨ ਦੀ ਸੀ। ਕਾਫ਼ਲਾ ਪਹੁੰਚਾਉਣਾ ਸੀ, ਪਰ ਤਾਂਘ ਡਾਢੀ ਇਹੋ ਲੱਗ ਰਹੀ ਸੀ ਕਿ ਕਦ ਆਪਣੇ ਪਿਆਰੇ ਪਿਤਾ ਦੀ ਛਾਤੀ ਨਾਲ ਸਿਰ ਲਾ ਕੇ ਪਿਆਰ ਲਵੇ। ਸੂੰਹਾਂ ਦੇ ਆ ਜਾਣ ਤੇ ਉਸ ਨੇ ਖ਼ੈਬਰ ਦਾ ਰਸਤਾ ਹੀ ਠੀਕ ਜਾਤਾ ਤੇ ਭੱਟੀ ਕੋਟ ਪਹੁੰਚਾ, ਏਥੋਂ ਫੇਰ ਵਾਗਾਂ ਇਧਰ ਢੱਕੇ ਨੂੰ ਸਿੱਧੀਆਂ ਮੋੜ ਦਿੱਤੀਆਂ। ਜਸਵੰਤ ਤੇ ਸਾਂਈਂ ਜੀ ਨੂੰ ਮਿਲਣ ਗਿਲਣ ਵਾਸਤੇ ਆਗਾ ਖ਼ਾਂ ਦੀ ਆਵਾਜਾਈ ਉਨ੍ਹਾਂ ਦੇ ਡੇਰੇ ਹੁਣ ਕੁਛ ਵਧ ਗਈ ਤੇ ਕਾਫ਼ਲੇ ਵਿਚ ਕੁਛ ਕੰਨੋ ਸੰਨੀ ਗੱਲ ਬਾਤ ਬੀ ਹੋਣ ਲਗ ਪਈ ਕਿ ਸਾਡੇ ਅਗੁਵਾਨੀ ਸਰਦਾਰ ਜੀ ਇਹਨਾਂ ਸਿੱਖਾਂ ਨੂੰ ਬਹੁਤ ਮਿਲਦੇ ਹਨ ਭਾਵੇਂ ਕਾਰਨ ਕੁਛ ਨਹੀਂ ਸੀ ਭਾਸਦਾ ਤੇ ਨਾ ਹੀ ਕੁਛ ਕੋਈ ਤੂਤਭੀਤੀ ਕੱਢ ਸਕਦਾ ਸੀ, ਪਰ ਜਗਤ ਆਰਸੀ ਵਿਚ ਵਧੇਰੇ ਮੇਲ ਜੋਲ ਦਾ ਅਕਸ ਪ੍ਰਤੀਤ ਹੋਣ ਲਗ ਗਿਆ ਸੀ। ਅਫ਼ਗਾਨ ਸਵਾਰਾਂ ਦਾ ਦਸਤਾ ਜੋ ਆਗਾ ਦੀ ਮਾਤਹਿਤੀ ਵਿਚ ਸੀ, ਉਹਨਾਂ ਦਾ ਖ਼ਿਆਲ ਆਯਾ ਤਾਂ ਸਹੀ, ਪਰ ਤੌਖ਼ਲਾ ਨਹੀਂ ਪਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਏਹ ਕਾਬਲ ਦੇ ਰਹਿਣ ਵਾਲੇ ਸਿੱਖ ਹਨ ਤੇ ਇਹਨਾਂ ਸਿੱਖਾਂ ਨੂੰ ਉਹ ਆਪਣੇ ਦੇਸ਼ ਦੇ ਵਪਾਰੀ ਸਮਝਦੇ ਹਨ, ਜਿਨ੍ਹਾਂ ਬਿਨਾਂ ਉਹਨਾਂ ਦਾ ਲੈਣ ਦੇਣ, ਵੰਡ ਵਿਹਾਰ, ਵਾਪਾਰੀ ਸਾਮਾਨਾਂ ਦਾ ਝੱਟ ਨਹੀਂ ਸੀ ਲੰਘ ਸਕਦਾ। ਇਨ੍ਹਾਂ ਬਾਬਤ ਓਨਾਂ ਨੂੰ ਇਹ ਤੌਖ਼ਲਾ ਕਦੇ ਨਹੀਂ ਸੀ ਪੈਂਦਾ ਜੋ ਪੰਜਾਬ ਦੇ ਨਿਰਭੈ ਵਿਚਰਦੇ ਤੇ ਜੰਗ ਮਚਾਉਂਦੇ ਖਾਲਸੇ ਦਾ ਹਾਲ ਸੁਣ ਸੁਣ ਕੇ ਪੈਂਦਾ ਸੀ। ਸੋ ਸਫਰ ਤੈ ਹੁੰਦਾ ਰਿਹਾ ਤੇ ਕੋਈ ਘਟਨਾ ਕਲੇਸ਼ ਦੀ ਕਿਤੇ ਨਹੀਂ ਹੋਈ। ਆਗਾ ਖ਼ਾਂ ਦੀ ਸ਼ਹਜ਼ੋਰੀ, ਉਸ ਦੀ ਜਵਾਨੀ ਸ਼ੇਰ- ਸੂਰਤ ਤੇ ਸਿਪਾਹੀ ਰੌ ਦਾ ਦਿਲੀ ਉਛਾਲ ਉਨ੍ਹਾਂ ਨੂੰ ਭਾ ਰਿਹਾ ਸੀ ਤੇ ਆਪਣੇ ਸਰਦਾਰ ਦੀ ਮਗ਼ਰੂਰੀ ਦਿਲ ਵਿਚ ਲਈ ਬੜੇ ਰੰਗਾਂ ਨਾਲ ਹੁਕਮ ਮੰਨੀ ਚਲੇ ਜਾ ਰਹੇ ਸਨ। ਆਗਾ ਖ਼ਾਂ ਦੀ ਖ਼ੁਸ਼ੀ ਅਮੇਟ ਸੀ ਤੇ ਸਾਂਈਂ ਬੜੀ ਪ੍ਰਸੰਨ ਸੀ ਕਿ ਉਸਦੀ ਸਾਰੀ ਉਮਰ ਦੀ ਘਾਲ ਸਿਰੇ ਚੜ੍ਹ ਪਈ ਹੈ। ਪਰ ਸਤਵੰਤ ਦਾ ਖਖੇੜਾਂ ਦੇਖ ਚੁਕਾ ਮਨ ਅਜੇ ਕਿਸੇ ਵੇਲੇ ਘਬਰਾ ਜਾਂਦਾ ਸੀ ਕਿ ਹੇ ਵਾਹਿਗੁਰੂ- “ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥’ ਤੂੰ ਹੀ ਬੇੜੇ ਬੰਨੇ ਲਾਉਣ ਵਾਲਾ ਹੈਂ, ਤੇਰੀ ਮਿਹਰ ਹੋਵੇ।

ਗੱਲ ਕੀ ਇਥੋਂ ਬੀ ਕਾਫ਼ਲਾ ਟੁਰਿਆ ਤੇ ਢੱਕੇ ਆ ਡੇਰੇ ਲਾਏਂ, ਏਥੋਂ ਸਰਹੱਦੀ ਪਠਾਣ ਕੌਮਾਂ ਦਾ ਮਾਨੋਂ ਆਰੰਭ ਹੋ ਜਾਂਦਾ ਹੈ। ਸਰਹੱਦ ਦੀਆਂ ਕੌਮਾਂ ਦੇ ਹੱਥੋਂ ਅਕਬਰ ਬੀ ਤੰਗ ਹੁੰਦਾ ਰਿਹਾ ਤੇ ਹੁਣ ਤਕ ਸਾਰੇ ਹਿੰਦ ਦੇ ਪਾਤਸ਼ਾਹ ਇਨ੍ਹਾਂ ਦਾ ਪ੍ਰਬੰਧ ਖ਼ਾਸ ਰੱਖਦੇ ਆਏ ਹਨ; ਏਹ ਨਾ ਕਾਬਲ ਦੀ ਈਨ ਮੰਨਦੇ ਹਨ ਨਾ ਇਧਰ ਦੇ ਜਬੇ ਹੇਠ ਆਉਂਦੇ ਹਨ। ਹਾਂ, ਜੇ ਕਦੇ ਲੋਹਾ ਮੰਨਦੇ ਹਨ ਤਾਂ ਜ਼ੋਰਾਵਰ ਦਾ। ਇਥੋਂ ਇਕ ਟਿਕਾਣੇ ਆਗਾ ਖ਼ਾਂ ਨੇ ਕੁਛ ਆਦਮੀ ਇਕ ਰੁੱਖ ਹੇਠ ਐਉਂ ਬੈਠੇ ਤੱਕੇ ਜੀਕੂੰ ਪਠਾਣ ਜਿਰਗਾ ਕਰਨ ਬੈਠੇ ਹਨ। ਇਸ ਨੇ ਪਾਸ ਜਾ ਕੇ ਕੀ ਦੇਖਿਆ ਕਿ ਇਹ ਤਾਂ ਸਿੱਖ ਹਨ ਤੇ ਇਕ ਸਿੱਖ ਮੁਜਰਮ ਵਾਂਗੂ ਬੈਠਾ ਹੈ ਤੇ ਬਾਕੀ ਦੇ ਕੁਛ ਵਿਚਾਰਾਂ ਕਰ ਰਹੇ ਹਨ। ਏਹ ਸਿੱਖ ਪੰਜਾਬੀ ਨਹੀਂ, ਪਰ ਉਸੇ ਇਲਾਕੇ ਦੇ ਸਨ। ਪਤਾ ਕਰਨ ਤੇ ਸਿੱਖਾਂ ਨੇ ਦੱਸਿਆ ਕਿ ਇਹ ਸਾਡਾ ਭਰਾ ਹੈ, ਇਸ ਨੇ ਅੱਜ ਸਾਡੀ ਸ਼ਰਹ* ਦੇ ਵਿਰੁੱਧ ਇਕ ਦੂਜੇ ਸਿੱਖ ਨਾਲ ਨਾਰਾਜ਼ ਹੋ ਕੇ ਉਸਨੂੰ ਗਾਲ੍ਹਾਂ ਦਿੱਤੀਆਂ ਹਨ। ਫੇਰ ਇਕ ਪਠਾਣ ਪਾਸ ਉਸ ਦੀ ਨਿੰਦਿਆ ਕੀਤੀ ਹੈ। ਤੇ ਕੁਛ ਸਲਾਹ ਮਸ਼ਵਰਾ ਕੀਤਾ ਹੈ ਕਿ ਉਸਦੀ ਮਦਦ ਨਾਲ ਕਿਸੇ ਵੇਲੇ ਉਸਨੂੰ ਮਾਰ ਕੁਟਾਈ ਕਰੇ। ਆਗਾ ਖ਼ਾਂ ਨੇ ਹੈਰਾਨ ਹੋ ਕੇ ਪੁੱਛਿਆ ਜਦ ਦੋਹਾਂ ਦੀ ਲੜਾਈ ਹੋ ਪਈ ਤਾਂ ਦੋਹਾਂ ਨੂੰ ਆਪੋ ਵਿਚ ਜਿਸ ਤਰ੍ਹਾਂ ਬਣ ਪਵੇ ਬਦਲੇ ਲੈਣ ਦਾ ਹੱਕ ਹੈ। ਤੁਸੀਂ ਇਸ ਉਤੇ ਜਿਰਗਾ ਕਿਉਂ ਬੈਠ ਰਹੇ ਹੋ*? ਸਿੱਖਾਂ ਦੇ ਜੱਥੇਦਾਰ ਨੇ ਕਿਹਾ, ਖਾਂ ਸਾਹਿਬ ! ਅਸੀਂ ਸਿੱਖ ਹਾਂ, ਸਾਡਾ ਮਤ ਤੇ ਤਰੀਕਾ ਨਿਆਰਾ ਹੈ। ਅਸੀਂ ਆਪੋ ਵਿਚ ਸਾਰੇ ਭਰਾ ਹਾਂ। ਸਾਡੇ ਵਿਚ ਜੋ ਕਿਸੇ ਗੱਲੇ ਦੋ ਭਰਾਉ ਖ਼ਫ਼ਾ ਹੋ ਜਾਣ ਤਾਂ ਗੁਰਦੁਆਰੇ ਵਿਚ ਅਸੀਂ ਫੈਸਲਾ ਕਰ ਲੈਂਦੇ ਹਾਂ। ਆਪੋ ਵਿਚ ਲੜਨਾ ਸਾਡੇ ਵਿਚ ਮਨ੍ਹੇ ਹੈ, ਇਥੋਂ ਤਾਈਂ ਸਾਡੀ ਸ਼ਰਹ ਦਾ ਫਤਵਾ ਹੈ ਕਿ ਜੋ ਸਿੱਖ ਸਿੱਖ ਦਾ ਮੂੰਹ ਫਿਟਕਾਰੇ ਸੋ ਤਨਖਾਹੀਆ ਹੈ। ਫਿਰ ਸਾਡੇ ਵਿਚ ਨਿੰਦਿਆ ਮਨ੍ਹੇ ਹੈ। ਕੋਈ ਸਿੱਖ ਕਿਸੇ ਸਿੱਖ ਦੀ ਨਿੰਦਿਆ ਕੰਡੂ ਪਿਛੇ ਨਹੀਂ ਕਰ ਸਕਦਾ ਅਤੇ ਫੇਰ ਗ਼ੈਰ ਮਜ੍ਹਬ ਵਾਲੇ ਕੋਲ? ਜੇ ਸਿੱਖ ਨੇ ਕਿਸੇ ਸਿੱਖ ਦਾ ਐਬ ਕਹਿਣਾ ਹੈ ਤਾਂ ਆਪ ਉਸਨੂੰ ਪਿਆਰ ਨਾਲ ਅੱਡ ਜਾ ਦੱਸੇ। ਜੇ ਕਿਵੇਂ ਇਹ ਗੱਲ ਨਹੀਂ ਹੋ ਸਕਦੀ ਤਾਂ ਆਪਣੇ ਪਰਵਾਰ ਦੇ ਵਡੇ ਕੋਲ ਅੰਦਰਖਾਨੇ ਦੱਸਕੇ ਉਸਨੂੰ ਸਮਝਾ ਦੇਵੇ, ਜੇ ਇਥੋਂ ਭੀ ਗੱਲ ਲੰਘ ਜਾਵੇ ਤਾਂ ਗੁਰਦੁਆਰੇ ਗ੍ਰੰਥੀ ਸਿੰਘ ਨੂੰ ਦੱਸੇ, ਉਹ ਜਾਂ ਆਪ ਸਮਝਾ ਦੇਵੇਗਾ ਜਾਂ ਦੀਵਾਨ ਵਿਚ ਦੱਸਕੇ ਉਸ ਤੋਂ ਪੁੱਛ ਗਿੱਛ ਹੋ ਕੇ ਸਮਝ ਸਮਝੌਤੀ ਹੋ ਜਾਏਗੀ।

ਆਗਾ ਖਾਂ ਨੇ ਕਿਹਾ- ਇਹ ਗੱਲਾਂ ਬੜੀਆਂ ਕਠਨ ਹਨ। ਤੁਹਾਡੀ ਕੌਮ ਇਨ੍ਹਾਂ ਗੱਲਾਂ ਵਿਚ ਨਿਭਦੀ ਹੈ?

ਸਿੱਖ – ਕਿਉਂ ਨਹੀਂ ਖਾਂ ਜੀ ! ਅਸੀਂ ਲੋਕ ਇਕ ਪਰਵਾਰ ਹਾਂ, ਜੇ ਇਹ ਪਿਆਰ ਨਾ ਹੋਵੇ ਤਾਂ ਪਰਵਾਰ ਕਾਹਦਾ ਹੈ?

ਆਗਾ ਖ਼ਾਂ – ਸਬੱਬ ਕੀਹ ਹੈ?

ਸਿੱਖ – ਗੁਰੂ ਦਾ ਹੁਕਮ। ਹੁਕਮ ਹੈ ਕਿ (ੳ) ਸਿੱਖ ਸਿੱਖ ਦਾ ਮੂੰਹ ਨਾ ਫਿਟਕਾਰੇ। (ਅ) ਕੰਡੂ ਪਿਛੇ ਨਿੰਦਾ ਨਾ ਕਰੇ। (ੲ) ਕਿਸੇ ਸਿੱਖ ਯਾ ਅਸਿੱਖ ਨਾਲ ਮਿਲਕੇ ਸਿੱਖ ਦਾ ਬੁਰਾ ਨਾ ਕਰੇ !

ਜੇ ਇਹ ਗੱਲਾਂ ਸਾਡੇ ਵਿਚ ਨਾ ਰਹੀਆਂ ਤਾਂ ਅਸੀਂ ਭਰਾ ਨਹੀਂ ਰਹਿ ਸਕਾਂਗੇ। ਭਰਾ ਜੇ ਭਰਾ ਦਾ ਐਬ ਦੇਖੇ ਤਾਂ ਉਸ ਦਾ ਧਰਮ ਹੁੰਦਾ ਹੈ ਭਰਾ ਦਾ ਸੁਧਾਰ ਕਰਨਾ, ਨਾਕਿ ਬਦਲਾ ਲੈਣਾ, ਦੁੱਖ ਦੇਣਾ। ਜੇ ਭਰਾ ਹੀ ਆਪੋ ਵਿਚ ਵੈਰ ਕਰਨ ਤਾਂ ਬਾਹਰਲੇ ਵੈਰੀ ਦੇ ਮਾਰਨ ਦੀ ਕੀ ਲੋੜ ਹੈ, ਆਪੇ ਹੀ ਆਪੋ ਵਿਚ ਖਹਿ ਖਹਿਕੇ ਮਰ ਜਾਣਗੇ। ਸੋ ਸਾਡਾ ਅਸੂਲ ਇਹ ਹੈ ਕਿ ਸਿਖ ਦਾ ਆਪੋ ਵਿਚ ਏਕਾ ਤੇ ਪਿਆਰ ਨਾ ਟੁੱਟੇ। ਮਨੁੱਖਾ ਜਨਮ ਹੈ ਭੁੱਲ ਭੀ ਹੋਣੀ ਹੋਈ ਤੇ ਬਿਖਾਂਦ ਭੀ ਆਪੋ ਵਿਚ ਖੜੇ ਹੋ ਜਾਣੇ ਹੋਏ, ਸੋ ਉਸ ਲਈ ਬੰਦੋਬਸਤ ਇਹ ਹੈ ਕਿ ਸਿਖ ਸਿਖ ਦੀ ਭੁੱਲ ਦੇਖਕੇ ਅਣਡਿੱਠ ਕਰੇ ਯਾ ਆਪਣੇ ਭਰਾ ਦੇ ਸੁਧਾਰ ਵਿਚ ਹੋਵੇ, ਵੈਰ ਲੈਣ ਵਿਚ ਨਾ ਪਵੇ ਤੇ ਸੁਧਾਰ ਚੁਪ ਚਾਪ ਹੋਵੇ। ਫਿਟਕਾਰਨਾ ਕਿ ਨਿੰਦਾ ਕਰਨੀ ਕਿ ਉਸ ਨੂੰ ਆਪ ਭੰਡਣਾ ਯਾ ਮਿਰਾਸੀ ਦਾ ਗੁੱਡਾ ਬੰਨ੍ਹਣਾ, ਕਿਸੇ ਤਰ੍ਹਾਂ ਨਸ਼ਰ ਕਰਨਾ, ਸਭ ਗੱਲ੍ਹਾਂ ਮਨ੍ਹੇ ਹਨ। ਭਰਾ ਭਰਾ ਦੇ ਮਾਮਲੇ ਨਜਿੱਠਣ ਲਈ ਸਿੱਖ ਸਿੱਖ ਦਾ ਆਪਣਾ ਪਿਆਰ, ਪਰਵਾਰ ਦਾ ਪਿਆਰ, ਦੀਵਾਨ ਦਾ ਪਿਆਰ ਬੱਸ ਕਾਫੀ ਅਦਾਲਤਾਂ ਹਨ। ਇਸ ਸਿੱਖ ਭਰਾ ਨੇ ਜੋ ਭੁੱਲ ਕੀਤੀ ਹੈ ਇੰਨੀ ਵੱਡੀ ਹੈ ਕਿ ਅੱਜ ਪੰਥ ਦਾ ਇਹ ਜੱਥਾ ਫੈਸਲਾ ਕਰ ਰਿਹਾ ਹੈ।

ਆਗਾ ਖਾਂ ਨੇ ਪੁਛਿਆ ਕਿ ਫੇਰ ਕੀ ਫੈਸਲਾ ਹੋਇਆ ਹੈ?

ਸਿੱਖ ਜੁਰਮ ਸਾਬਤ ਹੋ ਗਿਆ ਹੈ ਅਰ ਸਿੱਖ ਨੇ ਮੰਨ ਲਿਆ ਹੈ, ਇਸ ਲਈ ਤਨਖਾਹ ਇਹ ਤਜਵੀਜ਼ ਹੋਈ ਹੈ ਕਿ ੧) ਗੁਰੂ ਕੀ ਗੋਲਕ ਵਿਚ ਦੇਵੇ ਤੇ ਪੰਜ ਪਾਠ ਜਪੁਜੀ ਸਾਹਿਬ ਦੇ ਕਰੇ, ਫੇਰ ਅਪਣੇ ਘਰ ਸਿਖਾਂ ਦਾ ਪ੍ਰਸ਼ਾਦ ਕਰੇ। ਜਿਸ ਸਿੱਖ ਭਰਾ ਦੀ ਨਿੰਦਾ ਕੀਤੀ ਹੈ ਉਸਨੂੰ ਆਪ ਸੱਦਣ ਜਾਵੇ ਤੇ ਪ੍ਰਸ਼ਾਦ ਵਾਲੇ ਦਿਨ ਸਾਰੇ ਭਰਾ ਇਕੱਠੇ ਬੈਠਣ ਤੇ ਪ੍ਰਸ਼ਾਦ ਛਕਣ। ਇਸ ਤੋਂ ਪਿੱਛੇ ਜਿਸ ਭਰਾ ਦੀ ਨਿੰਦਾ ਹੋਈ ਹੈ ਉਸਦੇ ਘਰ ਸਾਰੇ ਪ੍ਰਸ਼ਾਦ ਛਕਣ। ਹੁਣ ਗੱਲ ਕੇਵਲ ਇੰਨੀ ਹੋ ਰਹੀ ਹੈ ਕਿ ਗ੍ਰੰਥੀ ਸਿੰਘ ਜੀ ਉਸਨੂੰ ਸਮਝਾ ਰਹੇ ਹਨ ਕਿ ਆਪਣੇ ਭਰਾ ਤੋਂ ਬਦਲਾ ਲੈਣ ਵਾਸਤੇ ਤੂੰ ਪਠਾਣ ਦੀ ਸ਼ਰਨ ਲੈਣ ਵਿਚ ਜੋ ਭੁੱਲ ਕੀਤੀ ਸੋ ਬੜੀ ਹਾਨੀਕਾਰਕ ਸੀ।

ਖ਼ਾਂ ਸਾਹਿਬ ! ਤੁਸਾਂ ਖ਼ਫੇ ਨਹੀਂ ਹੋਣਾ, ਸਾਡੇ ਖ਼ੈਲ ਵਿਚ ਇਹੋ ਤਰੀਕਾ ਹੈ ਕਿ ਚਾਹੇ ਕਿੰਨਾਂ ਮਿੱਤ੍ਰ ਹੋਵੇ ਜੋ ਸਿੱਖ ਨਹੀਂ ਉਸ ਦੀ ਮਦਦ ਸਿੱਖ ਦੇ ਬਰਖ਼ਿਲਾਫ਼ ਕਦੇ ਨਹੀਂ ਲੈਣੀ। ਸਿਖ ਲੜੇ ਹੋਏ ਬੀ ਆਪੋ ਵਿਚ ਨਾ ਸਿੱਖ’ ਕੋਲੋਂ ਨੇੜੇ ਦੇ ਸਾਕੇਦਾਰ ਹਨ।

ਇਸ ਪ੍ਰਕਾਰ ਦੀਆਂ ਗੱਲਾਂ ਸੁਣਕੇ ਆਗਾ ਖਾਂ ਅਪਣੇ ਡੇਰੇ ਆ ਗਿਆ ਅਰ ਸ਼ਾਮਾਂ ਨੂੰ ਉਸ ਨੇ ਇਹ ਸਾਰਾ ਮਾਜਰਾ ਜਸਵੰਤ ਤੇ ਸਾਂਈਂ ਨੂੰ ਸੁਣਾਇਆ ਅਰ ਅਪਣੇ ਪੰਥ ਵਿਚ ਇਸ ਅਲੌਕਿਕ ਰਵੱਯੇ ਦੀ ਮਹਿਮਾ ਕੀਤੀ ਤੇ ਕਿਹਾ ਕਿ ਪੰਜਾਬ ਵਿਚ ਤੁਰਕ ਰਾਜ ਜ਼ਰੂਰ ਤਬਾਹ ਹੋਵੇਗਾ ਅਰ ਸਿਖ ਜ਼ਰੂਰ ਰਾਜ ਕਰਨਗੇ।

ਇਸ ਪ੍ਰਕਾਰ ਸਫਰ ਮੁਕਦਾ ਰਿਹਾ। ਲੰਡੀ ਕੋਤਲ* ਜਮਰੋਦ ਹੁੰਦੇ ਹੋਏ ਪਿਸ਼ਾਵਰ ਅੱਪੜੇ। ਸਭ ਨੇ ਅਪਣੇ ਅਪਣੇ ਟਿਕਾਣੇ ਕੀਤੇ ਆਗਾ ਖਾਂ ਪਿਸ਼ਵਾਰ ਦੇ ਖਾਨ ਦਾ ਮਹਿਮਾਨ ਹੋਇਆ। ਸਾਰੇ ਪ੍ਰਬੰਧ ਕਰਕੇ ਹੁਣ ਇਹ ਵਿਉਂਤ ਠਹਿਰੀ ਕਿ ਜਸਵੰਤ ਸਿੰਘ ਜੀ ਨੂੰ ਤੇ ਹੋਰ ਵਪਾਰੀਆਂ ਨੂੰ ਜੋ ਯੂਸਫ-ਜ਼ਈ ਦੇ ਇਲਾਕੇ ਦੇ ਰਸਤੇ ਹੋਤੀ ਜਾਣਾ ਚਾਹੁੰਦੇ ਸਨ, ਕੁਛ ਜੁਆਨ ਨਾਲ ਜਾ ਕੇ ਪਹੁੰਚਾ ਆਉਣ। ਪਿਸ਼ੌਰ ਤੋਂ ਇਕ ਕਾਫਲਾ ਕਾਬਲ ਜਾਣ ਲਈ ਤਿਆਰ ਸੀ ਪਰ ਇਸ ਕਾਫ਼ਲੇ ਨੇ ਹੋਤੀ, ਦਰਗਈ, ਮਾਲਾਕਾਂਦ ਦੇ ਰਸਤੇ ਜਾਣਾ ਸੀ। ਸੋ ਇਹ ਪ੍ਰਬੰਧ ਬੀ ਪਿਸ਼ਾਵਰ ਦੇ ਖਾਨ ਨਾਲ ਹੋ ਗਿਆ ਕਿ ਇਸ ਕਾਫਲੇ ਦੀ ਅਗੁਵਾਈ ਬੀ ਆਗਾ ਖਾਂ ਕਰੇ। ਕਿਉਂਕਿ ਖਾਨੇ ਨੂੰ ਹਸਨ ਖਾਂ ਵਲੋਂ ਸੰਦੇਸ਼ਾ ਪੁੱਜ ਚੁੱਕਾ ਸੀ ਕਿ ਆਗ਼ਾ ਖਾਂ ਦੀ ਖ਼ਾਤਰ ਕਰੇ ਤੇ ਉਸਨੂੰ ਛੇਤੀ ਵਾਪਸ ਕਰੇ, ਉਹ ਬੱਚਾ ਹੈ ਤੇ ਉਸਦਾ ਇਹ ਪਹਿਲਾ ਸਫ਼ਰ ਹੈ। ਸੋ ਅਪਣੇ ਜੱਥੇ ਨੂੰ ਪਿਸ਼ਾਵਰ ਛੱਡਕੇ ਕੁਛ ਸਿਪਾਹੀਆਂ ਨੂੰ ਨਾਲ ਲੈ ਹੋਤੀ ਅੱਪੜਨ ਵਾਲੇ ਵਪਾਰੀਆਂ ਸਣੇ ਆਗਾ ਹੋਤੀ ਆਯਾ ਏਥੇ ਪਿਸ਼ਾਵਰ ਦੇ ਖਾਨ ਦਾ ਮਹਿਮਾਨ ਰਿਹਾ। ਜਸਵੰਤ ਤੇ ਸਾਥੀਆਂ ਨੇ ਧਰਮਸਾਲਾ ਡੇਰੇ ਕੀਤੇ ਤੇ ਅੱਗੇ ਟੁਰਨ ਦੇ ਪ੍ਰਬੰਧ ਸੋਚਣ ਲੱਗੇ। ਖਾਨ ਨੇ ਇਕ ਦਿਨ ਆਗਾ ਖਾਂ ਨੂੰ ਸ਼ਿਕਾਰ ਖਿਡਾਯਾ। ਸ਼ਿਕਾਰ ਖੇਡਦੇ ਇਹ ਤਖਤਬਾਹੀ ਦੀ ਪਹਾੜੀ ਤੇ ਜਾ ਚੜ੍ਹੇ। ਉਪਰ ਜਾ ਕੇ ਖੰਡਰ ਖੋਲੇ ਵੇਖ ਕੇ ਆਗ਼ਾ ਖਾਂ ਨੂੰ ਪਤਾ ਲਗਾ ਕਿ ਇਸ ਪਹਾੜੀ ਉਤੇ ਕਦੇ ਕਾਫਰਾਂ (ਬੋਧੀਆਂ) ਦੇ ਬੜੇ ਮੰਦਰ ਤੇ ਮਦਰੱਸੇ ਸਨ। ਮਿੱਟੀਆਂ ਹੇਠ ਸਭ ਕੁਛ ਦਬ ਰਿਹਾ ਸੀ, ਪਰ ਕਿਤੇ ਕਿਤੇ ਕੁਛ ਨੰਗਾ ਬੀ ਸੀ। ਟੁੱਟੇ ਬੁੱਤਾਂ ਦੇ ਟੁਕੜੇ, ਨੱਕ ਕੱਟ ਦਿੱਤੇ ਹੋਏ, ਕਈ ਇਮਾਰਤਾਂ ਦੀਆਂ ਕੰਧਾਂ ਤੇ ਚੂਨੇ ਨਜ਼ਰ ਆਏ, ਦੇਖਕੇ ਉਸਨੇ ਹਾਹੁਕਾ ਲੀਤਾ, ਤੇ ਆਖਿਆ ਕਿ ‘ਕਮਜ਼ੋਰ ਕੌਮਾਂ ਦੇ ਐਸ਼ਰਜ ਜ਼ਬਰਦਸਤ ਕੌਮਾਂ ਕੀਕੂੰ ਤਬਾਹ ਕਰਦੀਆਂ ਹਨ। ਫੇਰ ਡੇਰੇ ਆ ਕੇ ਉਸਨੇ ਓਸ ਥਾਵੇਂ ਇਕੱਲਿਆਂ ਫੇਰਾ ਪਾਯਾ ਜੋ ਕਲਪਾਣੀ ਨਦੀ ਦੇ ਕਿਨਾਰੇ ਜਸਵੰਤ ਸਿੰਘ ਨਾਲ ਮਿਲਣੇ ਦਾ ਠਾਣ ਰੱਖਿਆ ਸੀ। ਇਥੇ ਗੱਲਾਂ ਕਰਦਿਆਂ ਉਸ ਨੇ ਜਸਵੰਤ ਤੋਂ ਪੁੱਛਿਆ ਕਿ ਸਿੱਖ ਬੀ ਬੁਤਪ੍ਰਸਤ ਨਹੀਂ ਹਨ, ਪਰ ਕਦੇ ਉਨ੍ਹਾਂ ਨੇ ਹਿੰਦੂਆਂ ਦੇ ਬੁਤਖਾਨੇ ਗਿਰਾਏ ਹਨ?

ਜਸਵੰਤ ਸਿੰਘ – ਕਦੇ ਨਹੀਂ ! ਤੇ ਸਿੱਖ ਨਿਰੇ ਨਾ-ਬੁਤਪ੍ਰਸਤ ਹੀ ਨਹੀਂ ਹਨ, ਸਗੋਂ ਬੁਤ ਸ਼ਿਕਨ ਬੀ ਹਨ, ਪਰ ਓਹ ਬੁਤ ਜਬਰੀ ਹਥੌੜੇ ਨਾਲ ਨਹੀਂ ਤੋੜਦੇ, ਓਹ ਆਪਣੇ ਉਪਦੇਸ਼ਾਂ ਨਾਲ, ਪਵਿੱਤ੍ਰ ਤੇ ਕਣੀ ਵਾਲੇ ਜੀਵਨ ਨਾਲ, ਲੋਕਾਂ ਦੇ ਦਿਲਾਂ ਵਿਚੋਂ ਬੁੱਤਾਂ ਦੇ ਡੇਰੇ ਉਠਾ ਕੇ ਵਾਹਿਗੁਰੂ ਦਾ ਨਿਵਾਸ ਕਰਾ ਦੇਂਦੇ ਤੇ ਬੁੱਤ ਤੁੜਵਾ ਦੇਂਦੇ ਹਨ। ਬੁੱਤ ਸ਼ਿਕਨ ਤਾਂ ਅਪਣੇ ਇੰਦੀਏ ਵਿਚ ਨਾ-ਕਾਮਯਾਬ ਰਹਿੰਦਾ ਹੈ, ਕਿਉਂਕਿ ਉਸਨੇ ਜਦ ਮੰਦਰ ਤੇ ਬੂਤ ਤਾਕਤ ਨਾਲ ਤੋੜ ਲਏ, ਤਦੋਂ ਬੀ ਲੋਕਾਂ ਦੇ ਦਿਲਾਂ ਵਿਚ ਬੁੱਤ ਵੱਸਦੇ ਰਹਿੰਦੇ ਹਨ, ਸਮਾਂ ਪਾਕੇ ਦਿਲਾਂ ਦੇ ਬੁੱਤ ਫਿਰ ਮਿੱਟੀਆਂ ਪੱਥਰਾਂ ਦੇ ਬੁੱਤ ਘੜ ਲੈਂਦੇ ਹਨ* । ਫਿਰ ਜੋ ਜ਼ਬਰਦਸਤੀ ਦੀਨ ਦੀ ਈਨ ਮਨਾਕੇ ਆਪਣੇ ਮਜ਼ਹਬ ਵਿਚ ਲੋਕਾਂ ਨੂੰ ਮਿਲਾ ਲੈਂਦੇ ਹਨ, ਉਹ .ਬੀ ਇਕ ਭੁੱਲ ਕਰਦੇ ਹਨ, ਕਿਉਂਕਿ ਇਹ ਭਾਰੀ ਅੰਨ੍ਯਾਇ ਹੈ ਤੇ ਤਾਕਤ ਦੇ ਅੱਗੇ ਉੱਚੇਮਨਾਂ ਵਾਲੇ ਤੇ ਸ਼ਰੀਫ ਦਿਲਾਂ ਵਾਲੇ ਝੁਕਦੇ ਨਹੀਂ, ਓਹ ਤਾਂ ਮੌਤ ਕਬੂਲ ਕਰਦੇ ਹਨ, ਬਾਕੀ ਕਮਜ਼ੋਰ, ਕਾਇਰ ਤੇ ਕਮੀਨੇ ਦਿਲਜ਼ੋਰ ਤੇ ਲਾਲਚ ਅੱਗੇ ਝੁਕਕੇ ਦੀਨ ਕਬੂਲਦੇ ਹਨ, ਐਸੇ ਲੋਕਾਂ ਦੇ ਦੀਨ ਵਿਚ ਆ ਜਾਣ ਨਾਲ ਦੀਨ ਦੀ ਇਖ਼ਲਾਕੀ ਸੁਰ ਨੀਵੀਂ ਪੈਣ ਲੱਗ ਜਾਂਦੀ ਹੈ। ਕਿਸੇ ਇਨਸਾਨੀ ਖਿਆਲ ਨੂੰ ਮੋੜਾ ਦੇਣ ਲਈ ਪ੍ਰੇਰਨਾ ਹੀ ਠੀਕ ਤਰੀਕਾ ਹੈ, ਜਬਰ ਕਦੇ ਬੀ ਚੰਗਾ ਨਹੀਂ ਅਰ ਦੋਹਾਂ ਧਿਰਾਂ ਲਈ ਚੰਗਾ ਨਹੀਂ। ਜਬਰ ਨਾਲ ਲੋਕਾਂ ਨੂੰ ਗ਼ੁਲਾਮ ਬਨਾਉਣ ਵਾਲੀ ਕੌਮ ਸਮਾਂ ਪਾਕੇ ਉਸੇ ਅਪਣੇ ਜ਼ੁਲਮ ਦੇ ਵਤੀਰੇ ਦੇ ਕਾਰਨ ਇਹੋ ਜਿਹੀਆਂ ਗ਼ਲਤੀਆਂ ਕਰ ਕਰਕੇ ਇਖ਼ਲਾਕ ਵਿਚ ਗਿਰ ਜਾਂਦੀ ਹੈ। ਨਿਰੇ ਬੁੱਤ ਹੀ ਬੁੱਤ ਨਹੀਂ, ਇਕ ਬੁਤਖਾਨਾ ਇਨਸਾਨ ਦੇ ਦਿਲ ਵਿਚ ਬੀ ਹੈ। ਸਿੱਖ ਦਿਲਾਂ ਦੇ ਬੁੱਤਾਂ ਨੂੰ ਬੀ ਢਾਉਂਦੇ ਹਨ। ਵਾਹਿਗੁਰੂ ਤੋਂ ਵਧੀਕ ਅਪਣੇ ਦਿਲ ਵਿਚ ਜਾਨ ਮਾਲ, ਇੱਜ਼ਤ, ਪੁੱਤ੍ਰ ਇਸਤ੍ਰੀ ਕਿਸੇ ਹੀ ਹੋਰ ਨੂੰ ਪਿਆਰ ਕਰਨਾ ਇਕ ਵੱਡੀ ਬੁਤਪ੍ਰਸਤੀ ਹੈ, ਜੋ ਮੋਮਨ ਤੇ ਬੁਤ ਸ਼ਿਕਨ ਲੋਕ ਆਪ ਵੀ ਕਰਦੇ ਹਨ, ਸਿੱਖ ਇਸ ਬੁਤਪ੍ਰਸਤੀ ਦਾ ਦਾਰੂ ਵੀ ਸਿਖਾਲਦੇ ਹਨ। ਕੁਛ ਦਿਨ ਇਹੋ ਗੱਲ ਰਹੀ ਕਿ ਤੜਕਸਾਰ ਕਲਪਾਣੀ ਨਦੀ ਦੇ ਕਿਨਾਰੇ ਆਗ਼ਾ ਖਾਂ, ਜਸਵੰਤ ਸਿੰਘ ਤੇ ਸਾਂਈਂ ਨੇ ਮਿਲਗਿਲ ਲੈਣਾ ਤੇ ਪੰਜਾਬ ਦੇ ਸਫਰ ਦੀ ਤਿਆਰੀ ਗਿਣ ਗੱਠ ਲੈਣੀ ਤੇ ਹੋਰ ਮਾਮਲੇ ਵਿਚਾਰ ਲੈਣੇ। ਅੰਤ ਪਿਸ਼ਾਵਰ ਦਾ ਕਾਫਲਾ ਆ ਗਿਆ, ਕੁਛ ਲੋਕ ਹੋਤੀ ਤੋਂ ਨਾਲ ਰਲੇ, ਕਾਬਲ ਨੂੰ ਕੂਚ ਦੀ ਤਿਆਰੀ ਹੋਈ। ਹੁਣ ਆਗ਼ਾ ਖਾਂ ਤਿੰਨ ਦਿਨ ਜਸਵੰਤ ਸਿੰਘ ਨੂੰ ਨਹੀਂ ਮਿਲ ਸਕਿਆ। ਇਧਰ ਇਸ ਨੇ ਇਹ ਪ੍ਰਬੰਧ ਕੀਤਾ ਕਿ ਆਪਣਾ ਇਕ ਨਾਇਬ ਜੱਥੇਦਾਰ ਥਾਪ ਕੇ ਰੁਪਯਾ ਤੇ ਸਾਮਾਨ ਉਸਦੀ ਸਪੁਰਦੀ ਵਿਚ ਦੇਕੇ ਕਾਫਲੇ ਨੂੰ ਫੌਜ ਦੇ ਦਸਤੇ ਸਮੇਤ ਮਾਲਾਕਾਂਦ ਟੋਰਿਆ ਤੇ ਆਖਿਆ ਕਿ ਤੁਸੀਂ ਦਰਗਈ ਡੇਰੇ ਪਾਓ ਤੇ ਮੈਂ ਏਥੇ ਖਾਨ ਹੋਤੀ ਪਾਸ ਦੋ ਚਾਰ ਦਿਨ ਠਹਿਰਨਾ ਹੈ, ਤੁਸੀਂ ਚੱਲੋ ਤੇ ਮੈਂ ਮਗਰੇ ਅੱਪੜਾਂਗਾ। ਸੋ ਆਗ਼ਾ ਏਹਨਾਂ ਨੂੰ ਟੋਰਕੇ ਆਪ ਖ਼ਾਨ ਦਾ ਮਹਿਮਾਨ ਰਿਹਾ।

ਆਗ਼ਾ ਤੇ ਜਸਵੰਤ ਸਿੰਘ ਸੰਝ ਨੂੰ ਜਦ ਮਿਲੇ ਤਾਂ ਆਗ਼ਾ ਖ਼ਾਂ ਨੇ ਆਪਣੇ ਦਸਤੇ ਨੂੰ ਮਾਲਕਾਂਦ ਵੱਲ ਅੱਗੇ ਟੋਰ ਦੇਣ ਦਾ ਹਾਲ ਦੱਸਿਆ, ਤਾਂ ਜਸਵੰਤ ਸਿੰਘ ਨੇ ਕਿਹਾ ਕਿ ਤੁਸਾਂ ਜੋ ਦਸਤੇ ਨੂੰ ਕਿਹਾ ਕਿ ਤੁਸੀਂ ਫਲਾਣੀ ਥਾਂ ਡੇਰੇ ਕਰੋ ਤੇ ਮੈਂ ਦੋ ਚਾਰ ਦਿਨਾਂ ਨੂੰ ਆ ਮਿਲਾਂਗਾ, ਇਹ ਹੈ ਦੁਨਿਆਵੀ ਨੀਤੀ, ਪਰ ਸਿੱਖਾਂ ਵਿਚ ਰਵਾ ਨਹੀਂ, ਸਿੱਖ ਅਪਣੀ ਨੀਤੀ ਬੀ ਸੱਚ ਉਤੇ ਧਰਦਾ ਹੈ, ਝੂਠ ਨਹੀਂ ਬੋਲਦਾ, ਮੈਨੂੰ ਬੀ ਦਿੱਸਦਾ ਹੈ ਕਿ ਦਸਤੇ ਤੋਂ ਛੁੱਟਣਾ ਕਠਨ ਕੰਮ ਹੈਸੀ, ਪਰ ਸਿੱਖ ਦੀ ਰਸਨਾ ਝੂਠ ਨਾਲ ਵਾਕਫੀ ਨਹੀਂ ਰੱਖਦੀ। ਸਿੱਖ ਨੂੰ ਜਦ ਨੀਤੀ ਦਾ ਵੇਲਾ ਆਵੇ ਤਾਂ ਉੱਚੀ ਅਕਲ ਨਾਲ ਮਾਮਲੇ ਨਜਿੱਠਦਾ ਹੈ। ਪਰ ਇਹ ਤੁਹਾਡਾ ਕਸੂਰ ਨਹੀਂ, ਤੁਸੀਂ ਅਪਣੀ ਕੌਮ ਵਿਚ ਜੰਮੇ ਪਲੇ ਨਹੀਂ ਤੇ ਤੁਹਾਨੂੰ ਆਪਣੀ ਕੌਮ ਦੇ ਹਾਲ ਦਾ ਪਤਾ ਨਹੀਂ।

ਆਗਾ ਖ਼ਾਂ – ਜਦੋਂ ਵੀਰ ਜੀ, ਸਾਡਾ ਵੈਰੀ ਝੂਠਾ ਹੋਵੇ, ਚਾਲਾਕ ਤੇ ਰਿੰਦ ਹੋਵੇ, ਸਾਨੂੰ ਦਾਉ ਘਾਉ, ਫਰੇਬ, ਛਲ ਨਾਲ ਜਿਸ ਨੂੰ ਓਹ ਨੀਤੀ ਆਖੇ, ਮਾਰੇ ਤਦ ਉਸਦੇ ਮਾਰਨ ਲਈ ਬੀ ਝੂਠ ਛਲ ਫਰੇਬ ਅਰਥਾਤ ਉਸੇ ਵਰਗੀ ਨੀਤੀ ਰਵਾ ਨਹੀਂ ?

ਜਸਵੰਤ ਸਿੰਘ – ਮੈਨੂੰ ਬੀ ਦੇਸੋਂ ਨਿਖੜਿਆਂ ਮੁੱਦਤ ਬੀਤ ਚੁੱਕੀ ਹੈ, ਪਰ ਜੋ ਦਾਤਾ ਸਿੱਖ ਜੀ ਕਾਬਲ ਵਿਚ ਮੈਨੂੰ ਰੱਬ ਦੇ ਰਸਤੇ ਪਾ ਗਏ ਹਨ ਓਹ ਦੱਸਦੇ ਸਨ ਕਿ ਸਿੱਖ ਕਿਸੇ ਵੇਲੇ ਝੂਠ ਦੇ ਰਸਤੇ ਨਹੀਂ ਪੈਂਦੇ ਕਿਉਂਕਿ ਸਿੱਖ ਭੁੱਲ ਵੱਲ ਰੁਖ਼ ਰੱਖਣ ਵਾਲਾ ਜੀਵ ਨਹੀਂ, ਸਿੱਖ ਯਾਦ ਵਿਚ ਵੱਸਦਾ ਹੈ, ਇਸ ਕਰਕੇ ਜੀਉਂਦਾ ਹੈ। ਉਹ ਸੱਚ ਤੇ ਖੜੋਕੇ ਹੀ ਆਪਣੇ ਪੈਰਾਂ ਤੇ ਘੁੰਮ ਕੇ ਸਾਰੇ ਜਹਾਨ ਨੂੰ ਚੱਕਰ ਦੇ ਲੈਂਦਾ ਹੈ। ਝੂਠੇ ਬੰਦੇ ਕਦੇ ਕੌਮ ਦਾ ਕੁਛ ਨਹੀਂ ਸਾਰ ਸਕਦੇ। ਝੂਠ ਤਾਂ ਪਰਵਿਰਤ ਹੀ ਤਦੋਂ ਬਹੁਤਾ ਹੋ ਸਕਦਾ ਹੈ, ਜਦੋਂ ਖ਼ੁਦਗਰਜ਼ ਲੋਕ ਕਿਸੇ ਖ਼ੁਦਗਰਜ਼ੀ ਦੇ ਹਾਣ ਲਾਭ ਲਈ ਕੱਠੇ ਹੋਣ। ਓਹ ਝੂਠ ਦੀ ਮੱਦਦ ਲੈਕੇ ਜਦ ਸਾਂਝੇ ਵੈਰੀ ਨੂੰ ਮਾਰ ਲੈਂਦੇ ਹਨ ਤਾਂ ਫੇਰ ਪਿੱਛੋਂ ਆਪੋ ਵਿਚ ਝੂਠ ਦੇ ਵਰਤਾਉ ਕਰਕੇ ਬੇਵਸਾਹੀ ਦੇ ਕਾਰਨ ਪਾਟਦੇ ਹਨ। ਸਾਂਈਂ ਵੱਲ ਰੁਖ ਰੱਖਣ ਵਾਲੇ, ਬੀਰ ਰਸੀਏ, ਬਾਂਕੁਰੇ, ਸੱਚ ਤੇ ਖੜੇ ਹੋਕੇ ਸੱਚੀ ਸੂਰਮਗਤੀ ਵਿਚ ਵਰਤਦੇ ਹਨ। ਸਾਡੇ ਗੁਰਾਂ ਦਾ ਵਾਕ ਹੈ, ਹਰਿ ਨਾਮੈ ਕੇ ਹੋਵਹੁ ਜੋੜੀ’, ਕਿ ਵਾਹਿਗੁਰੂ ਦੇ ਨਾਮ ਵਾਲੇ ਹੋਕੇ ਜੁੜੋ। ਜਥੇਬੰਦੀ ਹਰਿਨਾਮ ਵਾਲਿਆਂ ਦੀ ਹੈ, ਜਿਨ੍ਹਾਂ ਵਿਚ ਦੁਬਿਧਾ ਨਹੀਂ ਪੈਂਦੀ। ਸਭਾ ਅਰਥਾਤ ਜਥੇਬੰਦੀ ਗੁਰਮੁਖਾਂ ਦੀ ਹੈ ਅਸਲੀ, ਜਿਸ ਵਿਚ ਵੈਰ ਨਹੀਂ ਹੁੰਦਾ।
ਇਸ ਵਿਚਾਰ ਦੇ ਮਗਰੋਂ ਹੁਣ ਵਿਚਾਰ ਇਸ ਪਾਸੇ ਪਾਈ ਕਿ ਅੰਮ੍ਰਿਤਸਰ ਕਿਕੂੰ ਅੱਪੜੀਏ? ਖ਼ਤਰੇ ਤੋਂ ਖਾਲੀ ਸਫਰ ਕਿਸੇ ਭੇਸ ਵਿਚ ਨਹੀਂ ਸੀ। ਹਿੰਦੂ ਵੇਸ ਲਈ ਮੁਸਲਮਾਨਾਂ ਦਾ ਡਰ ਸੀ ਤੇ ਮੁਸਲਮਾਨ ਵੇਸ ਲਈ ਜਗ੍ਹਾ ਜਗ੍ਹਾ ਫਿਰ ਨਿਕਲੇ ਮਰਹੱਟੇ ਦਸਤਿਆਂ ਦਾ ਡਰ। ਸਿੱਖ ਵੇਸ ਵਿਚ ਦੋਹਾਂ ਦਾ ਡਰ। ਆਖਰ ਇਸੇ ਸਿੱਟੇ ਤੇ ਅਪੜੇ ਕਿ ਪੰਜਾਬੀ ਮੁਸਲਮਾਨ ਦੇ ਵੇਸ ਵਿਚ ਖਤਰਾ ਘੱਟ ਹੈ। ਆਗਾ ਖਾਂ ਦੀ ਮਰਜ਼ੀ ਕੁਛ ਹੋਰ ਠਹਿਰਨ ਦੀ ਸੀ, ਪਰ ਜਸਵੰਤ ਨੇ ਕਾਹਲੀ ਚੰਗੀ ਸਮਝੀ। ਸੋ ਅਗਲੇ ਹੀ ਦਿਨ ਤੜਕਸਾਰ ਕੂਚ ਹੋ ਗਈ। ਲਿਬਾਸ ਸਭ ਦੇ ਪੋਠੋਹਾਰੀ ਮੁਸਲਮਾਨਾਂ ਦੇ ਸਨ, ਸਵਾਰੀ ਘੋੜਿਆਂ ਦੀ, ਨਾਲ ਲੋੜ ਜੋਗਾ ਲਟਾਪਟਾ ਖੱਚਰਾਂ ਉੱਤੇ ਸੀ। ਜੱਥੇ ਵਿਚ ਸਨ- ਆਗਾ ਖਾਂ, ਜਸਵੰਤ ਸਿੰਘ, ਤੇ ਸਾਂਈਂ ਜੀ, ਲੱਥਾ ਸਿੰਘ ਤੇ ਲੱਧਾ ਸਿੰਘ ਦਾ ਉਮਰਾਂ ਦਾ ਇਤਬਾਰੀ ਨੌਕਰ। ਆਪੋ ਵਿਚ ਭੇਤ ਖੁਲ੍ਹ ਚੁਕੇ ਤੇ ਪਿਆਰ ਪੈ ਚੁਕੇ ਸਨ ਪਰ ਦਾਨੀ ਸਤਵੰਤ ਕੌਰ ਦਾ ਭੇਤ, ਕਿ ਇਹ ਇਕ ਕੰਨ੍ਯਾ ਹੈ ਅਰ ਗੱਭਰੂ ਸਿੱਖ ਨਹੀਂ, ਅਜੇ ਤੱਕ ਸਰਬੰਦ ਭੇਤ ਸੀ। ਹੋਤੀ ਤੋਂ ਤੁਰਕੇ ਇਹ ਸ਼ਾਹਬਾਜ਼ ਗੜ੍ਹੇ ਅੱਪੜੇ। ਇਹ ਇਲਾਕਾ ਪਹਾੜੀਆਂ ਟਿੱਲਿਆਂ ਨਾਲ ਸ਼ਸ਼ੋਭਤ, ਫੇਰ ਪੱਧਰਾ ਤੇ ਹਰਿਆ ਭਰਿਆ ਬੜਾ ਸੁੰਦਰ ਹੈ।

ਇਹ ਉਹ ਧਰਤੀ ਹੈ ਜੋ ਸਤਵੰਤ ਕੌਰ ਵਾਂਗੂੰ ਬੜੇ ਦੁੱਖੜੇ ਭੋਗ ਚੁਕੀ ਹੈ। ਕਦੇ ਸਮਾਂ ਸੀ ਕਿ ਇਥੇ ਆਰਯਾ ਕੁਲ ਦੇ ਵੱਡਿਆਂ ਪੈਰ ਪਾਏ ਸਨ ਤੇ ਸਹਿਜੇ ਸਹਿਜੇ ਇਕ ਸ, ਮਾਲਦਾਰ ਤੇ ਜ਼ੋਰਦਾਰ ਕੌਮ ਬਣ ਗਏ ਸਨ। ਜਿਸ ਨੂੰ ਅੱਜਕਲ ਪਿਸ਼ੌਰ ਦਾ ਇਲਾਕਾ ਆਖਦੇ ਹਨ, ਇਸ. ਸਾਰੇ ਤੇ ਹੋਰ ਗਿਰਦ ਦੇ ਇਲਾਕੇ ਦਾ ਨਾਮ ਤਦੋਂ ‘ਗਾਧਾਰ’ ਰਾਜ ਸੀ।

ਬੜੇ ਬੜੇ ਬਲੀ ਰਾਜੇ ਮਹਾਂਰਾਜੇ ਏਥੇ ਰਾਜ ਕਰ ਗਏ ਸਨ। ਇਥੋਂ ਪਸ਼ੌਰ ਜਿਸਦਾ ਹੁਣ ਵਾਲਾ ਨਾਮ ਪੇਸ਼ਾਵਰ’ ਅਕਬਰ ਨੇ ਬਦਲਿਆ ਸੀ ਰਾਜਾ ‘ਪੋਰਸ਼’ ਦੀ ਵਸਾਈ ਰਾਜਧਾਨੀ ਸੀ, ਜਿਸ ਨੂੰ ਉਸਨੇ ‘ਪੋਰਸ਼ਾ ਪੁਰਾ’ ਦਾ ਨਾਂ ਦਿੱਤਾ ਸੀ। ਅੱਜ ਤੋਂ ਬਾਰਾਂ ਚੌਦਾਂ ਸੌ ਬਰਸ ਪਹਿਲੇ, ਜੋ ਚੀਨੀ ਮੁਸਾਫ਼ਰ ਆਏ, ਓਹ ਲੋਕ ਬੀ ਏਸ ਰਾਜਧਾਨੀ (ਪਿਸ਼ੌਰ) ਦਾ ਨਾਮ ‘ਪਰੁਸ਼ਾ ਪੁਰਾ’ ਦੇ ਲਗਪਗ ਹੀ ਲਿਖਦੇ ਹਨ। ਏਥੇ ਪਹਿਲੇ ਹਿੰਦੂ ਧਰਮ ਦਾ ਹੀ ਜ਼ੋਰ ਸੀ। ‘ਪਾਣਨੀਯ ਵਰਗੇ ਪੰਡਤ ਇਸੇ ਧਰਤੀ ਵਿਚ ਪੈਦਾ ਹੋਏ। ਜਿਥੇ ਅੱਜ ਕਲ ‘ਲਹੌਰ” ਨਾਮੇ ਪਿੰਡ ਹੈ, ਇਥੇ ਪੁਰਾਣੇ ਨਗਰ ‘ਸਾਲਤੂਰਾ’ ਦੇ ਖੰਡਰਾਤ ਢੇਰੀ ਹੋਏ ਪਏ ਹਨ, ਇਸ ਨਗਰੀ ਨੇ ਸੰਸਕ੍ਰਿਤ : ਦੇ ਪ੍ਰਸਿਧ ਵ੍ਯਾਕਰਣੀ ਪੰਡਤ ਪਾਣਨੀਯ ਨੂੰ ਜਨਮ ਦਿੱਤਾ ਸੀ।

ਫੇਰ ਇਹ ਸਾਰਾ ਦੇਸ਼ ਬੋਧੀ ਹੋ ਗਿਆ ਤੇ ਬੋਧੀ ਮੰਦਰ, ਬੁਤ ਤੇ ਕਾਰੀਗਰੀ ਦਾ ਭਾਰੀ ਟਿਕਾਣਾ ਹੋਇਆ। ਪੁਰਾਣੇ ਨਗਰ ਊਦਾਬੰਧ ਤੇ ਅੱਜ ਕਲ੍ਹ ਦੇ ‘ਉਂਦ ਤੇ ਬਾਬਰ ਦੇ ਦੱਸੇ ‘ਦ੍ਵਾਰਹਿੰਦ ਨਾਮੇ ਪਿੰਡ ਤੋਂ ਇਹ ਥਾਂ ਸਤ ਅੱਠ ਮੀਲ ਦੇ ਫਾਸਲੇ ਤੇ ਹੈ। ਇਸੇ ਧਰਤੀ ਤੇ ਯੂਨਾਨੀ ‘ਸਿਕੰਦਰ’ ਵਰਗੇ ਆਏ ਤੇ ਇਸ ਦੀ ਵਸੋਂ ਤੇ ਪ੍ਰਤਾਪ ਦੀ ਮਹਿੰਮਾ ਕਰਦੇ ਗਏ। ਚੰਦਰ ਗੁਪਤ ਤੇ ਅਸ਼ੋਕ ਵਰਗੇ ਮਹਾਂਬਲੀ ਦਾ ਡੰਕਾ ਇੱਥੇ ਵੱਜ ਚੁੱਕਾ ਹੈ। ਇਸ ਤੋਂ ਮਗਰੋਂ ਪੱਛਮੀ ਤੇ ਹਿੰਦੀ ਮਿਲਵੇਂ ਲੋਕਾਂ ਦੇ ਪ੍ਰਤਾਪ ਦਾ ਇਹ ਪੰਘੂੜਾ ਝੂਟਦਾ ਰਿਹਾ। ਸਿਥੀਅਨ ਯੂਨਾਨੀ ਤੇ ਦੋਵੇਂ ਰਲ ਮਿਲਕੇ ਬਣੇ ਹਿੰਦੀ ਰਾਜੇ ਰਾਜ ਕਰਦੇ ਰਹੇ। ਕਨਿਸ਼ਕ ਵਰਗੇ ਮਹਾਰਾਜੇ ਏਥੇ ਰਾਜ ਕਰ ਗਏ ਸਨ। ਚੀਨੀ ਮੁਸਾਫਰ ਦੱਸਦੇ ਹਨ ਕਿ ਏਹ ਗਾਂਧਾਰ ਦੇਸ਼ ਅਪਣੀ ਸਬਜ਼ੀ, ਫੁੱਲਾਂ, ਫਲਾਂ, ਪੈਦਾਵਾਰ, ਜੰਗਲਾਂ, ਬਾਗਾਂ, ਚਸ਼ਮਿਆਂ, ਠੰਢੀਆਂ ਛਾਵਾਂ ਕਰਕੇ ਅਤਯੰਤ ਸੁੰਦਰ ਦੇਸ਼ ਹੈ। ਭਾਵੇਂ ਅੱਜ ਕਲ੍ਹ ਭੀ ਭੂਮੀ ਧਨ ਉਪਜਾਊ ਹੈ, ਪਰ ਨਾ ਓਹ ਜੰਗਲ ਹਨ, ਨਾ ਬਾਗਾਤ, ਨਾ ਓਹ ਚਸ਼ਮੇ ਤੇ ਨਾ ਓਹ ਕੁਦਰਤੀ ਰੰਗ। ਮਹਿਮੂਦ ਗ਼ਜ਼ਨਵੀ ਨੇ ਏਸ ਇਲਾਕੇ ਨੂੰ ਤਬਾਹ ਕੀਤਾ। ਕੋਮਲ ਉਨ੍ਹਰਾਂ ਦੇ ਬਣੇ ਮੰਦਰ, ਖੂਬਸੂਰਤ ਟੋਪੇ, ਬੋਧੀ ਵਿਹਾਰੇ ਢਾਹ ਢੇਰੀ ਕਰ ਦਿੱਤੇ। ਕੁਛ ਸਮੇਂ ਤੱਕ ਤਾਂ ਹਿੰਦੂ ਦੁਖ ਜ਼ੁਲਮ ਕਤਲਾਂ ਝੱਲਦੇ ਨਿਭਦੇ ਰਹੇ, ਪਰ ਫੇਰ ਕਈ ਪਠਾਣੀ ਕੌਮਾਂ ਨੇ ਜ਼ਿਮੀਦਾਰੀ ਖੋਹਣੀ ਸ਼ੁਰੂ ਕੀਤੀ। ਸਹਿਜੇ ਸਹਿਜੇ ਸਭ ਹਿੰਦੂ ਤੇ ਬੁਧ ਨਿਸ਼ਾਨ ਗੁੰਮ ਹੋ ਗਏ, ਹਿੰਦੁਸਤਾਨੀ ਕਤਲ ਹੋ ਗਏ, ਮੁਸਲਮਾਨ ਹੋ ਗਏ ਯਾ ਅਟਕੋਂ ਉਰਾਰ ਟੁਰ ਆਏ। ਕੇਵਲ ਪਿੰਡ ਦਾ ਹਟਵਾਣੀਆਂ ਮੁਸਲਮਾਨਾਂ ਵਿਚ ਰਹਿ ਗਿਆ ਯਾ ਮਗਰੋਂ ਫੇਰ ਕੋਈ ਜਾ ਵਸਿਆ। ਹੁਣ ਸਾਰਾ ਇਲਾਕਾ ਪਠਾਣੀ ਹੈ, ਹਿੰਦੂ ਸਿਖ ਵਸੋਂ ਬੜੀ ਘੱਟ ਹੈ। ਸਿਖਾਂ ਦੇ ਅਹਿਦ ਵੇਲੇ ਕੁਝ ਦੌਰ ਪਰਤਿਆ ਸੀ ਪਰ ਉਹ ਰਾਜ ਛੇਤੀ ਹੀ ਸੁਪਨਾ ਹੋ ਗਿਆ। ਕੁਦਰਤ ਦੇ ਰੰਗ ਦੇਖੋ ਯਾ ਇਤਿਹਾਸ ਤੋਂ ਸਿਖ ਮਤ ਲਵੋ ਤਾਂ ਵਿਚਾਰ ਉਪਜਦੀ ਹੈ ਕਿ ਜਦ ਗਾਂਧਾਰ ਦੇ ਰਸਮ ਪ੍ਰਸਤ ਲੋਕੀਂ ਆਪੋ ਵਿਚ ਫਟ ਗਏ ਤਦ ਸਨੇ ਸਨੇ ਪ੍ਰਤਾਪਸ਼ੀਲ ਹਿੰਦੂ ਤੇ ਬੋਧੀ ਵਾਸੀਆਂ ਦਾ ਪਾਣਨੀਯ ਵਰਗਿਆਂ ਨੂੰ ਜਨਮ ਦੇਣ ਵਾਲਾ ਇਲਾਕਾ, ਬੋਧੀਆਂ ਦੀ ਭੀਮ ਦੇਵੀ, ਬੁੱਧ ਜੀ ਦੀ ਸਮਾਧ, ਤਖਤ ਬਾਹੀ ਦੇ ਵਿਦ੍ਯਾ ਆਸ਼੍ਰਮਾਪੋਰੁਸ਼ਾ ਪੁਰਾ, ਪੁਸ਼ਕ੍ਰਾਵਤੇ, ਪੋਲੂਸੂਤੇ ਊਦ ਬੰਧ ਵਰਗੇ ਪ੍ਰਤਾਪਸ਼ੀਲ ਸ਼ਹਿਰਾਂ ਤੇ ਭਾਰੀਆਂ ਮੰਡੀਆਂ ਵਾਲਾ ਦੇਸ਼ ਫਿਰ ਹਸਤ ਨਗਰ ਵਰਗੇ ਅੱਠ ਘੁੱਘ ਵਸਦੇ ਨਗਰਾਂ ਤੇ ਹਜ਼ਾਰ ਹਾਂ ਟੋਪਾਂ ਤੇ ਮੰਦਰਾਂ ਵਾਲਾ ਇਲਾਕਾ ਉਨ੍ਹਾਂ ਲਈ ਪਰਦੇਸ਼ ਤੇ ਯਵਨ ਭੂਮੀ ਹੋ ਗਿਆ। ਜਿਥੇ ਸਾਰੇ ਹਿੰਦ ਦੇ ਲੋਕ ਤੀਰਥ ਯਾਤ੍ਰਾ ਨੂੰ ਜਾਯਾ ਕਰਦੇ ਸਨ, ਓਥੇ ਜਾਣਾ ਹਿੰਦੂਆਂ ਨੇ ਕਹਿ ਦਿਤਾ ਕਿ ਮੁਸਲਮਾਨ ਹੋਣ ਤੱਲ ਹੈ, ‘ਅਟਕੋਂ ਪਾਰ ਗਿਆ ਸੋ ਹਿੰਦੂ ਨਾ ਰਿਹਾ।

ਫਿਰ ਇਸ ਹਿੰਦੁਸਤਾਨੀ ਖਮੀਰ ਦੀ ਗਾਫ਼ਲਤਾਈ ਦੇ ਦਲਿੱਦਰ ਵਲ ਤਕੋ ਕਿ ਅੱਜ ਕਿਸੇ ਨੂੰ ਸੁਪਨੇ ਮਾਤ੍ਰ ਚੇਤਾ ਨਹੀਂ ਹੈ ਕਿ ਇਹ ਧਰਤੀ ਕੀਹ ਸੀ ਤੇ ਕੀਹ ਹੋ ਗਈ। ਜਿਸ ਕੌਮ ਵਿਚ ਕੌਮੀ ਪਿਆਰ ਨਹੀਂ ਰਹਿੰਦਾ ਤੇ ਫੁਟ ਆ ਵਸਦੀ ਹੈ ਉਸ ਦਾ ਅੰਤ ਇਹੀ ਹੁੰਦਾ ਹੈ।
ਪਾਠਕ ਜੀ ! ਕੀਹ ਤੁਸਾਨੂੰ ਪਤਾ ਹੈ ਜਿਥੇ ਇਸ ਵੇਲੇ ਚਾਰ ਸੱਦਾ ਤੇ ਪ੍ਰਾਗ ਦੇ ਪਿੰਡ ਹਨ ਇਥੇ ‘ਪੁਸ਼ਕ੍ਰਾਵਤੀ ਨਾਮੀ ਭਾਰੀ ਨਗਰ ਹੁੰਦਾ ਸੀ। ਕੀਹ ਆਪ ਨੂੰ ਪਤਾ ਹੈ ਕਿ ਜਿਥੇ ਅਜ ਕਲ੍ਹ ਸ਼ਾਹਬਾਜ਼ਗੜੀ ਹੈ। ਤੇ ਅਸ਼ੋਕ ਦਾ ਭਾਰੀ ਪੱਥਰ ਪਿਆ ਹੈ, ਇਸ ਦਾ ਨਾਮ ਕਦੇ ‘ਵਰਸ਼ਾਪੁਰਾ ਤੇ ਪੋਲੂਸ਼ੂ ਸੀ। ਇਸ ਦੇ ਲਾਗ ਦੇ ਟਿੱਲੇ ਉਤੇ ਮੰਦਰ ਸਨ ਤੇ ਰਾਜਕੁਮਾਰ ‘ਵਿਸ਼ਵਾਂਤਰਾਂ ਦੇ ਅਪਣੇ ਦੇਸ਼ ਨਿਕਾਲੇ ਦੇ ਦਿਨ ਕੱਟਣ ਦੀ ਇਥੇ ਕੰਦ੍ਰਾ ਹੈਸੀ। ਇਥੇ ਹੀ ਇਸ ਰਾਜਾ ਨੇ ਚਿੱਟਾ ਹਾਥੀ ਦਾਨ ਕਰ ਦਿੱਤਾ, ਫੇਰ ਰਥ ਦਾਨ ਕਰ ਦਿੱਤਾ, ਫੇਰ ਪੁਤ੍ਰ ਦਾਨ ਕਰ ਦਿੱਤੇ। ਤੇ ਨਿਰਦਈ ਬ੍ਰਾਹਮਣ, ਜੋ ਏਹ ਤਸੀਹੇ ਦੇ ਰਿਹਾ ਸੀ, ਉਨ੍ਹਾਂ ਬੱਚਿਆਂ ਨੂੰ ਮਾਰਦਾ ਹੈ ਤੇ ਖੂਨ ਟਪਕ ਕੇ ਧਰਤੀ ਲਾਲ ਹੋ ਜਾਂਦੀ ਹੈ । ਇਨ੍ਹਾਂ ਘਟਨਾਵਾਂ ਦੇ ਧਰਤੀ ਵਿਚੋਂ ਨਿਕਲੇ ਪੱਥਰਾਂ ਉਤੇ ਉੱਕਰੇ ਚਿੱਤ੍ਰ ਬ੍ਰਿਟਿਸ਼ ਅਜੈਬ ਘਰ ਵਿਚ ਪਏ ਹਨ ਤੇ ਉਸ ਦਾ ਉਤਾਰਾ ਕਲਕੱਤੇ ਦੇ ਅਜੈਬ ਘਰ ਵਿਚ ਪਿਆ ਹੈ। ਕਿਆ ਆਪ ਨੂੰ ਯਾਦ ਹੈ ਕਿ ਇਹ

ਸ਼ਾਹਬਾਜ਼ ਗੜੀ ਕਦੇ, ਜਦੋਂ ਆਪਣਾ ਨਾਮ ਪੋਲੂਸ਼ੂ ਸਦਾਉਂਦੀ ਸੀ, ਐਸੀ ਸੁੰਦਰ ਤੇ ਰਮਣੀਕ ਜਗ੍ਹਾ ਸੀ ਕਿ ਚੀਨੀ ਮੁਸਾਫਰ ਸੌਂਗਯੂਨ ਅੱਖੀਂ ਦੇਖਕੇ ਐਉਂ ਲਿਖਦਾ ਹੈ:-

“ਖੁਸ਼ਨੁਮਾ ਚਸ਼ਮੇ ਤੇ ਸੁਆਦੀ ਫਲ ਏਥੇ ਓਹ ਹਨ ਜੋ ਧਰਮ ਪੁਸਤਕਾਂ ਵਿਚ ਲਿਖੇ ਹਨ। ਵਾਦੀਆਂ ਸੁਹਾਵਣੀਆਂ ਗਰਮ ਹਨ ਤੇ ਦਰਖਤ ਸਿਆਲੇ ਬੀ ਹਰੇ ਰਹਿੰਦੇ ਹਨ। ਠੰਢੀ ਹਵਾ ਝੁੱਲਦੀ ਹੈ, ਪੰਛੀ ਗਾਉਂਦੇ ਹਨ ਤੇ ਤਿਤ੍ਰੀਆਂ ਫੁਲਾਂ ਦੇ ਫਰਸ਼ਾਂ ਤੇ ਝੂੰਮਦੀਆਂ ਹਨ।”

ਕੀਹ ਤੁਸਾਂ ਨੂੰ ਯਾਦ ਹੈ ਕਿ ਕੋਲ ਖੜੇ ‘ਕੜਾਮਾਰ ਪਹਾੜ ਦਾ ਨਾਮ ਭੀਮ ਦੇਵੀ ਪਰਬਤ ਸੀ, ਜਿਥੇ ਸਾਰਾ ਹਿੰਦ ਅਮਰਨਾਥ ਦੇ ਮੰਦਰ ਵਾਂਗੂ ਯਾਤ੍ਰਾ ਕਰਨ ਆਯਾ ਕਰਦਾ ਸੀ। ਇਸ ਦੇ ਪੂਰਬਲੇ ਦਾਮਨ ਹੇਠ ਜੋ ਸੇਵਾ ਪਿੰਡ ਹੈ, ਕੀ ਆਪ ਨੂੰ ਯਾਦ ਹੈ ਕਿ ਇਥੇ ਭਾਰੀ ਸ਼ਿਵ ਮੰਦਰ ਸੀ ਅਰ ਸ਼ਿਵ ਤੋਂ ਹੀ ਹੁਣ ਤਕ ‘ਸ਼ੇਵਾ’ ਨਾਮ ਜਾਰੀ ਹੈ। ਇਸ ਤਰ੍ਹਾਂ ‘ਗੰਧਾਰ ਵਿਚ ਹੁਣ ਜੋ ਢੇਰੀਆਂ ਪਈਆਂ ਹਨ, ਜੈਸੇ ‘ਪਰੀਅਨ ਢੇਰੀ੧, ‘ਸਰਾਏ ਪਖੋ ਢੇਰੀਂ੨ ਸ਼ਾਹ ਜੀ ਕੀ ਢੇਰੀੜ ਤੇ ਹੋਰ ਨਾਮ ਸਦਾਂਦੀਆਂ ਹਨ, ਪੁਰਾਣੇ ਮੰਦਰਾਂ, ਬੁੱਧ ਅਸਥਾਨਾਂ ਤੇ ਸ਼ਹਿਰਾਂ ਦੇ ਖੰਡਰ ਹਨ, ਨਹੀਂ ਨਹੀਂ ਖੰਡਰ ਬੀ ਢਹਿ ਢੇਰੀ ਹੋ ਚੁਕੇ ਤੇ ਢੇਰੀਆਂ ਹੀ ਰਹਿ ਗਈਆਂ ਹਨ। ਬਾਲਾ ਹਿਸਾਰ ਦਾ ਉੱਚਾ ਥਾਂ ਜਿਸ ਤੋਂ ਕਦੇ ਖਾਲਸਾ ਜੀ ਅਪਣੇ ਰਾਜ ਸਮੇਂ ਕਿਲ੍ਹੇ ਦਾ ਕੰਮ ਲੈਂਦੇ ਰਹੇ, ਬੁੱਧ ਜੀ ਦੇ ਅੱਖੀਆਂ ਦਾਨ ਕਰਨ ਦਾ ਇਕ ਅਦੁਤੀ ਮੰਦਰ ਸੀ। ਫਾਹੀਆਨੇਂ ਚੀਨੀ ਮੁਸਾਫਰ ਲਿਖਦਾ ਹੈ ਕਿ ਇਹ ਚਾਂਦੀ ਅਰ ਸੋਨੇ ਨਾਲ ਜੜਤ ਸੀ।

ਸਮੇਂ ਨੇ ਕਿਸ ਤਰ੍ਹਾਂ ਚਾਦਰਾਂ ਵਲ੍ਹੇਟੀਆਂ ਹਨ। ਹਿੰਦੂ ਪ੍ਰਤਾਪ ਦੇ ਸਮੇਂ ਦਾ ਕੋਈ ਮੁਸ਼ਕ ਨਹੀਂ, ਬੁੱਧ ਸਮੇਂ ਦੇ ਪ੍ਰਤਾਪ ਦਾ ਸਿਵਾਏ ਢੇਰੀਆਂ . ਦੇ ਕੋਈ ਵਜੂਦ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਏਥੇ ਕਦੇ ਸਿਵਾਏ ਯੂਸਫਜ਼ਈ ਤੇ ਹੋਰ ਪਠਾਣਾਂ ਦੇ ਕੋਈ ਵੱਸਦਾ ਹੀ ਨਹੀਂ ਸੀ ਤੇ ਜੋ ਪਿੰਡਾਂ ਵਿਚ ਟਾਂਵੇਂ ਟਾਂਵੇਂ ਹਿੰਦੀ ਦਿੱਸਦੇ ਹਨ, ਮੁਸਾਫਰ ਲੱਗਦੇ ਹਨ। ਮਾਨੋਂ ਇਨ੍ਹਾਂ ਨੂੰ ਪਠਾਣ ਜ਼ਿਮੀਂਦਾਰ ਅਪਣੇ ਸ਼ਾਹੂਕਾਰੇ ਤੇ ਲੇਖੇ ਪੱਤੇ ਦੇ ਕੰਮਾਂ ਲਈ ਲੋੜ ਦੇ ਕਾਰਨ ਰੱਖਦੇ ਆਏ ਹਨ। ਜਾਂ ਓਹ ਲੋਕ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਸੇ ਸਨ।

ਹਿੰਦੁਸਤਾਨ ਦਾ ਹਰ ਫਤਹ ਕਰਨ ਵਾਲਾ ਇਸੇ ਰਸਤੇ ਆਯਾ।
ਆਰਯ ਆਪ ਇਸੇ ਰਸਤੇ ਆਏ ਸਿੰਕਦਰ ਇਸੇ ਰਸਤੇ ਆਯਾ। ਸਿਥੀਅਨ ਤੇ ਹੋਰ ਯਵਨ ਤੇ ਅਸੁਰ (ਅਸਿਰੀਅਨ) ਏਸੇ ਰਾਹ ਆਏ। ਅੰਤ ਅਫ਼ਗਾਨ ਤੇ ਮੁਗ਼ਲ ਏਸੇ ਰਾਹ ਆਏ ਤੇ ਇਹ ਗੰਧਾਰ ਦੀ ਧਰਤੀ ਦਰਵਾਜ਼ਾ ਹੋਣ ਕਰਕੇ ਸਭ ਤੋਂ ਵਧੀਕ ਉਤਰਾ ਚੜ੍ਹਾ ਦੇਖਦੀ ਤੇ ਉਜੜਦੀ ਵੱਸਦੀ ਰਹੀ।

ਸ਼ਾਹਬਾਜ਼ ਗੜੇ ਰਾਜਾ ਅਸ਼ੋਕ ਦਾ ਇਕ ਪੱਥਰ ਪਿਆ ਹੈ, ਜਿਸ ਪਰ ਉਨ੍ਹਾਂ ਦਾ ਇਕ ਹੁਕਮਨਾਮਾ ਉੱਕਰਿਆ ਪਿਆ ਹੈ। ਅਸਲ ਵਿਚ ਇਹੀ ਪੰਜਾਬ ਦਾ ਪੁਰਾਣਾ ਰਸਤਾ ਸੀ। ਹਿੰਦੂ ਤੇ ਬੋਧੀ ਸਮੇਂ ਪਹਾੜਾਂ ਦੇ ਲਾਗ ਲਾਗ ਸ਼ਾਹੀ ਸੜਕ ਜਾਂਦੀ ਸੀ ਕਿਉਂਕਿ ਇਨ੍ਹਾਂ ਥਾਵਾਂ ਤੇ ਦਰਿ- ਯਾਵਾਂ ਦੇ ਪਾੜ ਛੋਟੇ ਹੁੰਦੇ ਸਨ, ਪਾਰ ਹੋਣਾ ਸੌਖਾ ਹੁੰਦਾ ਸੀ। ਜੇ ਕਦੇ ਕੋਈ ਜਮਨਾ ਕਿਨਾਰੇ ‘ਕਾਲਸੀਂ ਦੇ ਕੋਲਵਾਰ ਪਿਆ ‘ਅਸ਼ੋਕ’ ਰਾਜਾ ਦਾ ਪੱਥਰ ਤੇ ਇਥੇ ‘ਸ਼ਾਹਬਾਜ਼ ਗੜੇ ਪਿਆ ਅਸ਼ੋਕ ਪੱਥਰ ਆਪ ਤੱਕ ਲਵੇ ਤਾਂ ਉਹ ਸਮਝ ਸਕਦਾ ਹੈ ਕਿ ਪਹਾੜਾਂ ਦੇ ਪੈਰਾਂ ਦੇ ਲਾਗ ਲਾਗ ਸ਼ਾਹਰਾਹ ਯਾ ਵੱਡੀ ਸੜਕ ਇਸੇ ਲੀਕੇ ਟੁਰੀ ਜਾਂਦੀ ਹੋਊ, ਕਿਉਂਕਿ ਮਹਾਰਾਜਿਆਂ ਦੇ ਫੁਰਮਾਨ ਸ਼ਾਹੀ ਰਾਹਾਂ ਤੇ ਹੀ ਲਾਏ ਜਾਂਦੇ ਸਨ। ਲਗਪਗ ਉਸੇ ਲੀਕੇ ਰਾਹੇ ਜਾਣ ਦਾ ਸੰਕਲਪ ਧਾਰਕੇ ਸਾਡਾ ਇਹ ਦਲੇਰ ਜਥਾ ਟੁਰਿਆ ਸੀ। ਅਟਕ ਦੇ ਕਿਲ੍ਹੇ ਪਾਸੋਂ ਲੰਘਣ ਦੀ ਮਨਸ਼ਾ ਨਹੀਂ ਸੀ, ਉਥੇ ਮਰਹੱਟੇ ਸੁਣੀਂਦੇ ਸਨ, ਇਸ ਕਰਕੇ ਉਤੋਂ ਉਤੋਂ ਟੁਰਦੇ ਗਏ।

ਜਦੋਂ ਇਹ ਸਿੰਧ ਦੇ ਕਿਨਾਰੇ ਅੱਪੜੇ ਤਾਂ ਇਨ੍ਹਾਂ ਨੂੰ ਹੇਠਾਂ ਵਾਰ ਕੁਛ ਦੂਰੀ ਤੇ ਐਨ ਦਰਿਯਾ ਦੇ ਕਿਨਾਰੇ ਕੁਛ ਆਦਮੀਆਂ ਦਾ ਝੁੰਡ ਜਿਹਾ ਦਿੱਸਿਆ ਤੇ ਕੁਛ ਗਾਉਣ ਦੀ ਆਵਾਜ਼ ਆਈ। ਜਸਵੰਤ ਸਿੰਘ ਨੇ ਸਿਆਣ ਕਰ ਲਈ ਕਿ ਇਹ ਸਿੱਖਾਂ ਦਾ ਸਮਾਗਮ ਹੈ, ਉਸਦੇ ਚਿੱਤ ਆਈ ਕਿ ਆਗ਼ਾ ਖਾਂ ਨੂੰ ਸਿੱਖਾਂ ਦੇ ਕੀਰਤਨ ਦਾ ਇਹ ਨਜ਼ਾਰਾ ਦਿਖਾਵੇ। ਸੋ ਉਪਰ ਵਾਰ ਡੇਰਾ ਕਰ ਦਿੱਤਾ ਤੇ ਨੌਕਰ ਘੱਲਿਆ ਕਿ ਸੂੰਹ ਲਿਆਵੇ ਉਥੇ ਕੀ ਹੈ? ਉਹ ਪਤਾ ਲਿਆਇਆ ਕਿ ਦਸ ਵੀਹ ਸਿੱਖਾਂ ਸਿੱਖਣੀਆਂ ਦਾ ਦੀਵਾਨ ਸਜ ਰਿਹਾ ਹੈ, ਵਿਚ ਕੜਾਹ ਪ੍ਰਸ਼ਾਦ ਦੀ ਪਰਾਤ ਧਰੀ ਹੈ ਤੇ ਸਾਰੇ ਕੀਰਤਨ ਕਰ ਰਹੇ ਹਨ। ਥੋੜੀ ਜੇਹੀ ਸਲਾਹ ਦੇ ਮਗਰੋਂ ਲੱਧਾ ਸਿੰਘ ਤੇ ਨੌਕਰ ਤੇ ਸਾਂਈਂ ਡੇਰੇ ਰਹੇ, ਪਰ ਜਸਵੰਤ ਸਿੰਘ ਸਿੱਖੀ ਲਿਬਾਸ ਪਹਿਨ ਕੇ ਅਰ ਆਗਾ ਖਾਂ ਨੂੰ ਬੀ ਪਹਿਲੀ ਵੇਰ ਸਿੱਖੀ ਲਿਬਾਸ ਪਹਿਨਾ ਕੇ ਦੀਵਾਨ ਵਿਚ ਜਾ ਬੈਠੇ। ਸਿੰਘਾਂ ਨੇ ਇਕ ਨੂੰ ਸਿੰਘ ਤੇ ਦੂਏ ਨੂੰ ਸਹਿਜਧਾਰੀ ਸਮਝਕੇ ਆਦਰ ਦਿੱਤਾ, ਸ਼ਬਦ ਕੀਰਤਨ ਦੇ ਮਗਰੋਂ ਅਰਦਾਸਾ ਹੋਇਆ। ਅਰਦਾਸੇ ਤੋਂ ਜਸਵੰਤ ਸਿੰਘ ਨੂੰ ਪਤਾ ਲਗਾ ਕਿ ਮਾਮਲਾ ਇਹ ਹੈ ਕਿ ਕਿਸੇ ਇਕ ਤੁਰ- ਕਾਨੀ ਹਮਲੇ ਦੀ ਵਾਪਸੀ ਪਰ ਲੁੱਟਮਾਰ ਦੇ ਮਾਲ ਦੇ ਨਾਲ ਕਈ ਬੇੜੀਆਂ ਹਿੰਦੂ ਕੈਦੀਆਂ ਦੀਆਂ ਇਥੋਂ ਪਾਰ ਹੋ ਰਹੀਆਂ ਸਨ ਕਿ ਉਨ੍ਹਾਂ ਵਿਚ ਇਕ ਸਿੱਖ-ਕੰਨ੍ਹਾ ਬੀ ਹੱਥ ਪੈਰ ਬੱਧੀ ਹੋਈ ਜਾ ਰਹੀ ਸੀ। ਇਹ ਲੜਕੀ ਰਸਤੇ ਵਿਚ ਸਭਨਾਂ ਨੂੰ ਉਦਮ ਦਾ ਉਪਦੇਸ਼ ਦੇਂਦੀ ਸੀ, ਮਰਦ ਤੀਵੀਂ ਸਭ ਨੂੰ ਕਹਿੰਦੀ ਸੀ ਕਿ ਚੁੱਪ ਚਾਪ ਬੱਕਰੀਆਂ ਵਾਂਙੂ ਆਪਣੇ ਕਸਾਈ ਦੇ ਮਗਰ ਕਿਉਂ ਜਾ ਰਹੀਆਂ ਹੋ, ਕਿਉਂ ਨਹੀਂ ਅੜਦੇ ਲੜਦੇ ਮਰਦੇ ਮਾਰਦੇ? ਗ਼ੁਲਾਮੀ ਵਿਚ ਜਾ ਰਹੇ ਹੋ, ਗ਼ੁਲਾਮੀ ਦਾ ਜੀਵਨ ਮੌਤ ਤੋਂ ਬੁਰਾ ਸਿਰੇ ਆ ਰਿਹਾ ਹੈ, ਉਸ ਜੀਵਨ ਦਾ ਕੀ ਲਾਭ ਹੈ? ਲੜਨ ਨਾਲ ਮੌਤ ਹੈ। ਸੋ ਉਹ ਮੌਤ ਜੋ ਖੁਲ੍ਹ ਲਈ ਆ ਜਾਵੇ ਉਸ ਜੀਵਨ ਤੋਂ ਜੋ ਗੁਲਾਮੀ ਵਿਚ ਬੀਤੇ, ਸਰੇਸ਼ਟ ਹੈ। ਇਹ ਉਪਦੇਸ਼ ਕਦੇ ਅਸਰ ਕਰਦਾ ਸੀ ਅਰ ਕੈਦੀ ਵਿੱਟਰ ਖਲੋਂਦੇ ਤੇ ਕੈਦ ਪਾਉਣ ਵਾਲੇ ਜਰਵਾਣਿਆਂ ਨਾਲ ਟੱਕਰ ਹੋ ਜਾਂਦੀ ਸੀ, ਕਦੇ ਮਰਦੇ ਫੜੀਂਦੇ ਪਰ ਕੈਦ ਪਾਉਣ ਵਾਲੇ ਬੀ ਕਈ ਜ਼ਖਮੀ ਹੁੰਦੇ ਕਦੇ ਕੋਈ ਮਰ ਭੀ ਜਾਂਦਾ। ਅੰਤ ਉਹਨਾਂ ਨੂੰ ਪਤਾ ਲਗ ਗਿਆ ਸੀ ਕਿ ਸਾਡੇ ਕੈਦੀਆਂ ਵਿਚ ਇਕ ਸਿੱਖ ਕੁੜੀ ਹੈ, ਅਸੀਂ ਜਾਲ ਫਾਹੀਆਂ ਮੱਛੀਆਂ ਦੇ ਢੇਰ ਵਿਚ ਇਕ (ਨਿਹੰਗ) ਮਗਰਮੱਛ ਦਾ ਬੱਚਾ ਬੀ ਲਿਜਾ ਰਹੇ ਹਾਂ। ਸੋ ਓਹ ਉਸ ਪਰ ਕਰੜਾਈ ਬਹੁਤ ਕਰਦੇ ਸੇ ਤੇ ਉਸ ਦੇ ਹੱਥ ਪੈਰ ਬੰਨ੍ਹ ਦਿੱਤੇ ਸੇ। ਹੁਣ ਏਥੋਂ ਕੁ ਵਾਰ ਅੱਪੜਕੇ ਸਲਾਹ ਠਹਿਰੀ ਕਿ ਇਸਨੂੰ ਇਥੇ ਹੀ ਮੁਸਲਮਾਨ ਬਣਾ ਲਈਏ, ਸੋ ਉਸ ਨੂੰ ਹੁਕਮ ਦਿੱਤਾ ਗਿਆ ਪਰ ਉਸ ਨੇ ਨਾ ਮੰਨਿਆ। ਕਾਜ਼ੀ ਆਇਆ, ਬਹਿਸ ਛਿੜੀ, ਉਸ ਨਿਰਭੈ ਕੁਮਾਰੀ ਨੇ ਓਹ ਸੁਣਾਈਆਂ ਕਿ ਜਰਵਾਣਿਆਂ ਤੋਂ ਕੁਛ ਬਣ ਨਾ ਪਈ, ਛੇਕੜ ਨੌਬਤ ਮਾਰ ਕੁਟਾਈ ਤੇ ਅੱਪੜੀ। ਜਦ ਕੁਛ ਪੇਸ਼ ਨਾ ਗਈ ਤਦ ਜ਼ਾਲਮਾਂ ਨੇ ਕੰਨ੍ਹਾਂ ਚਾ ਕੇ ਦਰਯਾ ਵਿਚ ਸੁੱਟ ਦਿੱਤੀ। ਓਹ ਸੂਰਮਿਆਂ ਦੀ ਵੰਸ਼, ਬੀਰਾ, ਖਲਾਸੀ ਪਾ ਗਈ ਸਰੀਰ ਦੀ ਕੈਦ ਤੋਂ ਤੇ ਜਰਵਾਣਿਆਂ ਦੀ ਬੰਦ ਤੋਂ, ਸੁਖੀ ਤੇ ਸੁਤੰਤ੍ਰ ਗਈ ਸਾਂਈਆਂ ਜੀ ਦੇ ਦੇਸ਼। ਕੈਦ ਪਾਉਣ ਵਾਲੇ ਤੇ ਕੈਦੀ ਪਿਸ਼ਾਵਰ ਨੂੰ ਟੁਰ ਗਏ ਅਤੇ ਇਹ ਸਾਰਾ ਮਾਜਰਾ ਉਥੇ ਉਸ ਇਲਾਕੇ ਵਿਚ ਪ੍ਰਸਿੱਧ ਹੋ ਗਿਆ। ਇਲਾਕੇ ਦੇ ਸਿੱਖਾਂ ਨੇ, ਜੋ ਦੂਰ ਨੇੜੇ ਬਹੁਤ ਸਨ, ਇਹ ਖ਼ਬਰ ਸੁਣ ਪਾਈ ਤੇ ਏਥੇ ਕੱਠੇ ਹੋਏ। ਲੋਥ ਤਾਂ ਕੀ ਲੱਭਣੀ ਸੀ ਪਰ ਕੜਾਹ ਪ੍ਰਸ਼ਾਦ ਕੀਤਾ ਤੇ ਬੀਬੀ ਦਾ ਅਰਦਾਸਾ ਸੋਧਿਆ। ਤਦ ਤੋਂ ਹਰ ਸਾਲ ਨੇੜੇ ਤੇੜੇ ਦੇ ਸਿੰਘ ਏਸੇ ਥਾਂ ਕੱਠੇ ਹੋਕੇ ਕੀਰਤਨ ਕਰਦੇ ਤੇ ਕੜਾਹ ਪ੍ਰਸ਼ਾਦ ਵਰਤਾਉਂਦੇ ਤੇ ਬੀਬੀ ਦਾ ਅਰਦਾਸਾ ਸੋਧਦੇ ਸੇ। ਭਾਵੇਂ ਜਦੋਂ ਖਬਰ ਮਿਲੀ ਸੀ ਬੀਬੀ ਦੇ ਨਾਮ ਗ੍ਰਾਮ ਦਾ ਪਤਾ ਨਹੀਂ ਸੀ, ਕੇਵਲ ਦੇਸ਼ ਦੇ ਪਠਾਣਾਂ ਪਾਸੋਂ ਇਸ ਸਿੱਖ ਕੰਨ੍ਹਾਂ ਦੇ ਸਾਕੇ ਦੀ ਕਥਾ ਸੁਣ ਪਾਈ ਸੀ ਪਰ ਪੰਥ ਦੇ ਢੰਡਾਊ ਫਕੀਰ ਸੂੰਹੀਆਂ ਦੀ ਪੜਤਾਲ ਤੇ ਵੇਰਵੇ ਮੇਲਣ ਤੋਂ ਹੁਣ ਤੱਕ ਪਤਾ ਨਿਕਲ ਚੁੱਕਾ ਸੀ ਕਿ ਇਹ ਕੰਨ੍ਹਾਂ ਘੜਥਲ ਦੇ ਕਿਸੇ ਉੱਘੇ ਘਰਾਣੇ ਵਿਚੋਂ ਸੀ ਜੋ ਸਿਖੀ ਸਿਦਕ ਵਿਚ ਪੂਰਾ ਸੀ। ਇਸ ਦੇ ਪਿਤਾ ਜੀ ਹੀ ਸਿੰਘ ਸਜੇ ਸਨ ਤੇ ਕਿਸੇ ਜੰਗ ਵਿਚ ਸ਼ਹੀਦ ਹੋਏ ਸਨ। ਮਾਂ ਤੇ ਇਹ ਕੰਨਿਆਂ ਆਪਣੇ ਗਿਰਾਂ ਤੋਂ ਗੁਜਰਾਤ ਸ਼ਹਿਰ ਕਿਸੇ ਮੁਕਾਣ ਜਾ ਰਹੀਆਂ ਸਨ ਕਿ ਲੰਘ ਰਹੇ ਪਠਾਣੀ ਦਲ ਦੇ ਇਹ ਕੰਨਿਆਂ ਕਿਸੇ ਤਰ੍ਹਾਂ ਕਾਬੂ ਆ ਗਈ ਅਰ ਕੈਦੀਆਂ ਦੇ ਦਲ ਵਿਚ ਸ਼ਾਮਲ ਕੀਤੀ ਗਈ। ਇਸ ਕੰਨਿਆਂ ਦੇ ਇਤਨੇ ਲਫ਼ਜ਼ ਸਿੰਘਾਂ ਨੇ ਜਸਵੰਤ ਸਿੰਘ ਨੂੰ ਦੱਸੇ ਕਿ ਸਾਡੇ ਇਲਾਕੇ ਦੇ ਪਠਾਣ ਕਹਿੰਦੇ ਹਨ ਕਿ ਆਪਣੇ ਸਾਥੀ ਕੈਦੀਆਂ ਨੂੰ ਕਹਿੰਦੀ ਹੁੰਦੀ ਸੀ ਕਿ ਹੋਰ ਕੁਛ ਨਹੀਂ ਸਰਿਆ ਜੇ ਤਾਂ ਛਾਲਾਂ ਮਾਰ ਕੇ ਡੁੱਬ ਹੀ ਮਰੋ। ਸਤਲੁਜ ਬਿਆਸ, ਰਾਵੀ, ਝਨਾਂ, ਜੇਹਲਮ, ਸਿੰਧ, ਲੁੰਡਾ ਸੱਤ ਦਰਯਾ ਰਸਤੇ ਵਿਚ ਪੈਂਦੇ ਹਨ।

ਆਗ਼ਾ ਖਾਂ ਦੇ ਦਿਲ ਵਿਚ ਇਹ ਹਾਲ ਸੁਣ ਕੇ ਗੱਚ ਚੜ੍ਹੇ ਤੇ ਆਪਣੀ ਮਾਂ ਦੀ ਕੈਦ ਤੇ ਆਪਣੇ ਕੁੱਛੜ ਕੈਦ ਵਿਚ ਜਾਣ ਦੇ ਨਕਸ਼ੇ ਅੱਖਾਂ ਅੱਗੇ ਫਿਰਨ, ਵਲਵਲੇ ਦਾ ਜੋਸ਼ ਉੱਠੇ ਤੇ ਬੇਵਸਾ ਹੱਥ ਤਲਵਾਰ ਦੀ ਮੁੱਠ ਤੇ ਪਵੇ, ਪਰ ਅੱਗੇ ਸਾਰੇ ਵੀਰ ਭਰਾ ਵੇਖਕੇ ਹੱਥ ਠਿਠੰਬਰ ਤੇ ਖੂਨ ਸਰਦੀ ਖਾਵੇ। ਇਸ ਤਰ੍ਹਾਂ ਜੋਸ਼ ਉਠਦਾ ਠਰਦਾ, ਉਠਦਾ ਠਰਦਾ ਨੀਵਾਂ ਹੋ ਆਇਆ। ਫੇਰ ਸਿੱਖੀ ਪਿਆਰ ਦਾ ਨਕਸ਼ਾ ਨੈਣੀਂ ਨੀਰ ਲੈ ਆਇਆ। भावे :- ‘ਵਾਹ ਓਇ ਦਾਤਿਆ ! ਐਸੀ ਸੂਰਮਾਂ ਕੌਮ ਬਣਾਉਣ ਵਾਲਿਆ ! ਤੂ ਧੰਨ ਹੈਂ ! ਇਕ ਕੈਦ ਪਈ, ਜਾਣੀ ਨਾ, ਪਛਾਣੀ ਨਾ, ਅੱਖੀਂ ਡਿੱਠੀ ਨਾ, ਸ਼ਹੀਦ ਹੋਈ ਸੁਣ ਕੇ ਏਹ ਲੋਕ ਹਰ ਸਾਲ ਕੱਠੇ ਹੁੰਦੇ, ਕੀਰਤਨ ਕਰਦੇ ਤੇ ਉਸ ਲਈ ਅਰਦਾਸਾ ਸੋਧਦੇ ਹਨ। ਇਹ ਕੌਮ ਹੈ। ਕਿ ਇਕ ਪਰਵਾਰ ਹੈ, ਇਹ ਇਕ ਮਜ਼੍ਹਬ ਹੈ ਕਿ ਇਕ ਕੁਟੰਬ ਹੈ। ਕੈਸਾ ਪਿਆਰ ਦਾ ਨਕਸ਼ਾ ਹੈ? ਕੈਸਾ ਮੁਹੱਬਤ ਦਾ ਚਿੱਤ੍ਰ ਹੈ? ਸ਼ੁਕਰ ਹੈ ਕਿ ਮੇਰੀਆਂ ਰਗਾਂ ਵਿਚ ਇਹੋ ਪਵਿੱਤ੍ਰ ਖੂਨ ਹੈ, ਸ਼ੁਕਰ ਹੈ ਕਿ ਇਸੇ ਪਵਿਤ੍ਰ ਖੂਨ ਨੇ ਮੈਨੂੰ ਆਪਣਿਆਂ ਵਿਚ ਖਿੱਚ ਲਿਆ ਹੈ, ਸ਼ੁਕਰ ਹੈ ਕਿ ਸਿੱਖ ਖੂਨ ਸਿੱਖੀ ਵੱਲ ਆਇਆ ਹੈ, ਪਰ ਓਪਰੇ ਖੂਨ ਵਿਚ ਰਲ ਕੇ ਜ਼ੁਲਮ ਤੇ ਧੱਕੇ ਵੱਲ ਕੈਦ ਪਾਉਣ ਤੇ ਤਬਾਹ ਕਰਨ ਵੱਲ ਨਹੀਂ ਗਿਆ।

ਕੜਾਹ ਪ੍ਰਸ਼ਾਦ ਦਾ ਗੱਫਾ ਲੈ ਕੇ ਅਰ ਅਪਣੇ ਵਤਨੀਂ ਭਰਾਵਾਂ ਦੇ ਪਹਿਲੇ ਦਿੱਸੇ ਇਕੱਠ ਦੇ ਪਹਿਲੇ ਦਰਸ਼ਨ ਕਰ ਕੇ, ਆਗ਼ਾ ਖਾਂ ਖਿੜ ਗਿਆ। ਸਾਰੇ ਸਿੱਖ ਉਸ ਨੂੰ ਜੱਫੀਆਂ ਪਾ ਪਾ ਕੇ ਮਿਲੇ। ਸਤਵੰਤ ਕੌਰ ਨੇ ਜੋ ਸਿੱਖਾਂ ਦੇ ਸੁਭਾਉ ਦੀ ਵਾਕਫ਼ ਸੀ ਆਪਣੇ ਅਫ਼ਗਾਨਿਸਤਾਨੋਂ ਟੁਰ ਓਥੋਂ ਤਾਂਈਂ ਦੇ ਅੱਪੜਨ ਮਾਤ੍ਰ ਦੇ ਅਤਿ ਸੰਖੇਪ ਜਿਹੇ ਹਾਲ ਦੱਸੇ, ਜਿਸ ਤੋਂ ਸਾਰੇ ਗਦ ਗਦ ਹੋਏ। ਸਤਵੰਤ ਕੌਰ ਨੂੰ ਰਤਾ ਭੈ ਨਹੀਂ ਸੀ ਕਿ ਅਸਾਂ ਅਪਣੇ ਮੋਟੇ ਮੋਟੇ ਹਾਲ ਕਿਉਂ ਦੱਸ ਦਿੱਤੇ ਹਨ, ਕਿਉਂਕਿ ਉਹ ਜਾਣਦੀ ਸੀ ਕਿ ਇਹ ਸਿੱਖ ਹਨ, ਅਸੀਂ ਸਿੱਖ ਹਾਂ, ਸਾਡਾ ਇਨ੍ਹਾਂ ਦਾ ਭੇਤ ਸਾਂਝਾ ਹੈ, ਜੋ ਬਾਤ ਇਨ੍ਹਾਂ ਨੂੰ ਪਤਾ ਹੈ ਸਿੱਖੀ ਮੰਡਲ ਤੋਂ ਬਾਹਰ ਨਹੀਂ ਜਾਏਗੀ। ਸਿੱਖ ਕੌਮ ਵਿਚ ਇਸ ਸਮੇਂ ਕੋਈ ਸਿੱਖ ਤੁਰਕ ਕੌਮ ਦਾ ਸੂੰਹੀਆ ਬਣ ਕੇ ਆਪਣੀ ਕੌਮ ਦੇ ਉਹਨਾਂ ਨੂੰ ਭੇਤ ਦੱਸਣ ਦਾ ਕੰਮ ਨਹੀਂ ਸੀ ਕਰਦਾ ਪ੍ਰੰਤੂ ਫਿਰ ਭੀ ਸਤਵੰਤ ਕੌਰ ਨੇ ਆਪਣੇ ਕੰਨ੍ਹਾਂ ਹੋਣ ਦਾ ਅਰ ਆਗਾ ਖਾਂ ਦੇ ਸ਼ੱਤ੍ਰੁਜੀਤ ਸਿੰਘ ਦੇ ਪੁੱਤ੍ਰ ਹੋਣ ਦਾ ਹਾਲ ਤੇ ਹੋਰ ਵੇਰਵੇ ਦੱਸਣੋਂ ਸੰਕੋਚ ਹੀ ਰਖਿਆ, ਕਿਉਂਕਿ ਆਪਣਾ ਭੇਤ ਤਾਂ ਉਹ ਅਜੇ ਤੱਕ ਲੁਕਾਈ ਰੱਖਣਾ ਹੀ ਯੋਗ ਸਮਝਦੀ ਸੀ।

-0-

22 ਕਾਂਡ ।

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਅਰ ਅਕਾਲ ਬੁੰਗੇ ਸਾਹਿਬ ਦੇ ਵਿਚਕਾਰ ਜੋ ਵੱਡਾ ਮੈਦਾਨ ਹੈ ਇਸ ਟਿਕਾਣੇ ਸਮਿਆਂ ਵਿਚ ਇਕ ਬੁੰਗਾ ਸੀ, ਜਿਸ ਨੂੰ ਤੋਸ਼ੇਖਾਨੇ ਦਾ ਬੁੰਗਾ ਕਹਿੰਦੇ ਸਨ। ਇਸ ਬੁੰਗੇ ਦੀ ਹੋਂਦ ਅਕਾਲ ਬੁੰਗੇ ਦੇ ਅਗਲੇ ਮੈਦਾਨ ਨੂੰ ਇਕ ਐਸੀ ਸ਼ਕਲ ਦੇ ਦੇਂਦੀ ਸੀ ਕਿ ਏਥੇ ਗੁਪਤ ਮਸ਼ਵਰੇ ਦਾ ਦੀਵਾਨ ਲੱਗ ਸਕੇ। ਇਸੇ ਕਰਕੇ ਗੁਰਮਤਾ ਏਥੇ ਹੁੰਦਾ ਸੀ। ਚਾਰ ਚੁਫੇਰੇ ਤੋਂ ਰਸਤੇ ਬੰਦ ਹੁੰਦੇ ਸੇ, ਅਰ ਦਰਵਾਜ਼ਿਆਂ ਤੇ ਪਹਿਰੇ ਹੁੰਦੇ ਸੇ। ਅੰਦਰ ਕੇਵਲ ਉਹ ਜਾ ਸਕਦੇ ਸੇ ਜੋ ਸੱਦੇ ਹੁੰਦੇ ਸੇ ਤੇ ਪਹਿਰੇਦਾਰਾਂ ਨੂੰ ਇਕ ਐਸਾ ਬੋਲਾ (ਪਦ) ਮਾਲੂਮ ਹੁੰਦਾ ਸੀ ਜੋ ਸਜਣ ਉਹ ਦੱਸ ਸਕੇ ਉਸ ਗੁਰਮਤੇ ਵਿਚ ਸ਼ਾਮਲ ਹੋ ਸਕਦਾ ਸੀ। ਜੋ ਨਾ ਦੱਸ ਸਕੇ ਉਹ ਅੰਦਰ ਨਹੀਂ ਜਾ ਸਕਦਾ ਸੀ, ਬੋਲਾ ਅਕਾਲ ਬੁੰਗੇ ਸਾਹਿਬ ਦੇ ਅਕਾਲੀ ਜਥੇ ਦੇ ਜਥੇਦਾਰ ਨੀਯਤ ਕੀਤਾ ਕਰਦੇ ਸੇ।

ਅਕਾਲ ਬੁੰਗੇ ਦਾ ਅਕਾਲੀ ਉਹ ਹੋ ਸਕਦਾ ਸੀ ਜੋ ਨਾਮ ਬਾਣੀ ਦਾ ਪ੍ਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ। ਘਰ ਬਾਰ ਮਾਲ ਮਿਲਖ ਤੋਂ ਉਸ ਨੇ ਕਬਜ਼ੇ ਤੇ ਅਪਣਤ ਦਾ ਨਾ ਸਿਰਫ ਮੂੰਹੋਂ ਸਗੋਂ ਸੱਚੀ ਮੁੱਚੀ ਸਬੰਧ ਤੋੜਿਆ ਹੋਇਆ ਹੋਵੇ*। ਜੋ ਕਿਸੇ ਸ਼ੈ ਨੂੰ ਆਪਣੀ ਨਾ ਸਮਝਦਾ ਹੋਵੇ ਅਰ ਕਿਸੇ ਮਾਲ ਮਿਲਖ ਤੇ ਦਾਵਾ ਨਾ ਰੱਖਦਾ ਹੋਵੇ। ਪਰ ਏਹ ਉਦਾਸੀ ਸੰਨ੍ਯਾਸੀ ਨਹੀਂ ਸੇ ਹੁੰਦੇ, ਏਹ ਉਚੇ ਮਨ ਵਾਲੇ ਉਨਮਨੀਏ, ਨਾਮ ਰਸੀਏ, ਵੈਰ ਵਿਰੋਧ ਨੂੰ ਜਿੱਤੇ ਸੂਰੇ ਅਰ ਅਤਿ ਨਿਰਭੈ ਸੂਰਮੇ ਹੁੰਦੇ ਸੇ। ਜੇ ਇਨ੍ਹਾਂ ਨਾਲ ਪਦਾਰਥ ਦੀ ਗੱਲ ਕਰੋ ਤਾਂ ਪਤੇ ਦਾ ਉੱਤਰ ਦੇਣਗੇ, ਜੇ ਇਨ੍ਹਾਂ ਦਾ ਸਤਿਸੰਗ ਕਰੋ ਤਾਂ ਨਾਮ ਦਾ ਰੰਗ ਚੜ੍ਹੇਗਾ, ਜੇ ਇਨ੍ਹਾਂ ਨਾਲ ਮੋਹ ਪਾਉ ਉਹ ਕਾਬੂ ਨਹੀਂ ਆਉਣਗੇ ਜੇ ਲਾਲਚ ਦਿਓ ਤਾਂ ਠੱਗੇ ਨਹੀਂ ਜਾਣਗੇ, ਜੇ ਇਸਤ੍ਰੀਆਂ ਦੇ ਕਟਾਯਾਂ ਦੀ ਤੀਰ-ਬਰਖਾ ਹੇਠ ਖੜੇ ਕਰ ਦਿਓ ਤਾਂ ਕਿਸੇ ਇਕ ਦੀ ਨੋਕ ਦੀ ਚੋਭ ਬੀ ਨਹੀਂ ਖਾਣਗੇ। ਜ਼ੁਬਾਨ ਇਨ੍ਹਾਂ ਦੀ ਨਾਮ ਰਸ ਰੱਤੀ ਚੁੱਪ, ਪਰ ਬੋਲਣ ਤਾਂ ਬ੍ਰਹਮ ਗਿਆਨ, ਜੇ ਜਗਤ ਦੀ ਗੱਲ ਕਰੋ ਤਾਂ ਪੰਥ ਰੱਖ੍ਯਾ, ਪੰਥ ਦੀ ਭਲਾਈ, ਪੰਥ ਦੇ ਬਚਾਉ ਦੀ, ਹੋਰ ਮਾਮਲੇ ਛੇੜੋ ਤਾਂ ਇਹ ਮੋਨੀ। ਇਨ੍ਹਾਂ ਦਾ ਵਜੂਦ ਆਪਣੇ ਆਪ ਵਿਚ ਰੂਹਾਨੀ ਖਿੱਚ ਦਾ ਕੇਂਦਰ ਹੁੰਦਾ ਸੀ। ਤਦੋਂ ਲੈਕਚਰ ਤੇ ਉਪਦੇਸ਼ਕਾਂ ਦੇ ਵਖਿਆਨ ਨਹੀਂ ਸੇ ਹੁੰਦੇ, ਬਸ ਅਕਾਲ ਬੁੰਗੇ ਆਓ, ਇਨ੍ਹਾਂ ਵ੍ਯਕਤੀਆਂ ਦੇ ਦਰਸ਼ਨ ਮੇਲੇ ਮਿਕਨਾਤੀਸੀ ਅਸਰ ਪਾ ਕੇ ਗੁਰੂ ਚਰਨਾਂ ਵੱਲ ਖਿੱਚ ਲੈਂਦੇ ਸੇ। ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀਆਂ, ਸੇਵਾਦਾਰਾਂ ਦਾ ਜੀਵਨ ਬੀ ਇਸੇ ਤਰ੍ਹਾਂ ਨਾਮ ਰਸ ਰੱਤਾ, ਸ਼ਾਂਤਿ-ਸਰੋਵਰ ਹੁੰਦਾ ਸੀ।

‘ਅਕਾਲੀਂ ਉਹ ਜੋ ਇਕ ਅਕਾਲ ਤੇ ਟੇਕ ਰੱਖੇ। ‘ਅਕਾਲੀ ਉਹ ਜੋ ਅਕਾਲ ਬੁੰਗੇ ਦੇ ਸੇਵਕ ਜੱਥੇ ਦਾ ਸਭਾਸ਼ਦ ਹੋਵੇ। ਅਕਾਲ ਬੁੰਗਾ ਛੇਵੇਂ ਸਤਿਗੁਰਾਂ ਰਚਿਆ ਤੇ ਉਸ ਵੇਲੇ ‘ਅਕਾਲੀ’ ਦੀ ਨੀਂਹ ਬੀ ਨਾਲ ਹੀ ਧਰੀ ਗਈ ਤੇ ਇਹੋ ਬ੍ਰਿਤੀ ਮਾਨੋਂ ਉਸੇ ਵੇਲੇ ਧਾਰਨ ਕਰਾਈ ਗਈ। ਨਾਮ ਦੇ ਅਯਾਸੀ, ਮਾਲ ਮਿਲਖ ਦੇ ਕਬਜ਼ੇ ਦੀ ਬ੍ਰਿਤੀ ਨੂੰ ਜੋ ਜਿੱਤ ਚੁਕੇ ਸੋ ਅਕਾਲ ਬੁੰਗੇ ਦੀ ਸੇਵਾ ਕਰੇ। ਅਕਾਲ ਬੁੰਗੇ ਦਾ ਸੇਵਕ-ਅਕਾਲੀ।

‘ਅਕਾਲੀ’ ਨੀਲੇ ਬਸਤ੍ਰਾਂ ਵਾਲਾ। ਜਦੋਂ ਅੰਮ੍ਰਿਤ ਪ੍ਰਚਾਰ ਹੋਇਆ ਤੇ ਪੰਥ ਰਚਿਆ ਗਿਆ ਜਦੋਂ ਨੀਲੇ ਬਸਤ੍ਰਾਂ ਦਾ ਬੀ ਰਿਵਾਜ ਟੁਰਿਆ ਹੈ। ਯਥਾ- ‘ਇਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ*।

ਸਿੰਘਾਂ ਦੇ ਅੱਡ ਅੱਡ ਜੱਥੇ ਭਰਤੀ ਹੋਏ ਤੇ ਅੱਡ ਅੱਡ ਨਿਸ਼ਾਨ ਤੇ ਪਰਖ ਲਈ ਅੱਡ ਅੱਡ ਪੁਸ਼ਾਕੇ ਤੇ ਰੰਗ ਫ਼ੌਜਾਂ ਦੇ ਦਸਤਿਆਂ ਦੇ ਥਾਪੇ ਗਏ, ਸਭ ਤੋਂ ਪਹਿਲਾ ਤੇ ਮੁੱਖ ਰੰਗ ਨੀਲਾ ਸੀ, ਜਿਸ ਜਥੇ ਯਾ ਫੌਜ ਦੇ ਦਸਤੇ ਦਾ ਬਾਣਾ ਨੀਲਾ ਸੀ, ਉਹ ਸਾਹਿਬਜ਼ਾਦੇ ਫਤਹ ਸਿੰਘ ਦੇ ਨਾਮ ਤੇ ਸੀ। ਇਕ ਦਿਨ ਉਨ੍ਹਾਂ ਦਾ ਪੁਸ਼ਾਕਾ ਇਸ ਰੰਗ ਦਾ ਤੇ ਦੁਮਾਲੇ ਵਾਲਾ ਸੀ, ਜਿਸ ਤੋਂ ਉਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਪੁਸ਼ਾਕੇ ਦੇ ਰੰਗ ਤੇ ਇਕ ਫੌਜ ਨੀਲਾਂਬਰੀ ਰਚੀ ਗਈ। ਦੁਮਾਲਾ ਇਨ੍ਹਾਂ ਦਾ ਖੁੱਲ੍ਹੇ ਲੜ ਦਾ ਹੁੰਦਾ ਸੀ, ਜੋ ਦਸਤਾਰੇ ਦੇ ਉੱਪਰਵਾਰ ਹੁੰਦਾ ਹੈ। ਇਹ ਰੰਗ ਤੇ ਵੇਸ ਜੋ ਓਦੋਂ ਉਸ ਖਾਸ ਤੇ ਮੁੱਖ ਸੈਨਾ ਦਾ ਸੀ ਪਿਛੋਂ ਅਕਾਲੀ ਤੇ ਨਿਹੰਗ ਸਿੰਘਾਂ ਦਾ ਸੰਪ੍ਰਦਾਈ ਚਿੰਨ੍ਹ ਬਣ ਗਿਆ। ਜਿਸ ਦੀ ਵ੍ਯਾਖ੍ਯਾ ਇਸ ਪ੍ਰਕਾਰ ਹੈ :-

ਮਾਛੀਵਾੜੇ ਜਦ ਭਾਈ ਮਾਨ ਸਿੰਘ ਜੀ ਤੇ ਭਾਈ ਦਇਆ ਸਿੰਘ ਸਤਿਗੁਰਾਂ ਪਾਸ ਅੱਪੜੇ ਤੇ ਬਾਗ਼ ਵਿਚ ਆਰਾਮ ਨਾਲ ਜਾ ਬੈਠੇ, ਤਦ ਪ੍ਰਸੰਨ ਹੋਕੇ ਸਤਿਗੁਰਾਂ ਨੇ ਵਰ ਦਿੱਤਾ* ‘ਪੰਥ ਖ਼ਾਲਸੇ ਵਿਚ ਤੇਰੇ ਵਰਗੇ ਖੁੱਲ੍ਹੇ ਸੁਭਾਵ ਵਾਲੇ ਨਿਰਭੈ ਤੇ ਸਿਧੇ ਸਾਦੇ ਲਿਬਾਸ ਵਾਲੇ ਅਨੇਕ ਸਿੰਘ ਹੋਣਗੇ, ਜਿਨ੍ਹਾਂ ਦੀ ਬ੍ਰਿਤੀ ਅਕਾਲੀ (ਵਾਹਿਗੁਰੂ ਟੇਕ ਵਾਲੀ) ਹੋਵੇਗੀ ਤੇ ਨਿਰਾਂਕੁਸਤਾ ਨਿਹੰਗ ਵਰਗੀ ਹੋਵੇਗੀ। ਮਾਨ ਸਿੰਘ ਨੀਲਾਂਬਰੀ ਸੈਨਾ ਦੇ ਵੱਡੇ ਹੋਣ ਕਰਕੇ ਉਸ ਵੇਲੇ ਵੀ ਨੀਲੇ ਬਾਣੇ ਵਿਚ ਸਨ। ਫਿਰ ਜਦੋਂ ਦਸਮੇਂ ਸਤਿਗੁਰਾਂ ਨੇ ਨੀਲੇ ਸਾੜੇ ਤਦੋਂ ਇਕ ਟੁਕੜਾ ਰੱਖ ਲਿਆ ਤੇ ਓਹ ਖੰਜਰ ਨੂੰ ਬੰਨ੍ਹ ਦਿਤਾ। ਮੁਰਾਦ ਗ਼ਾਲਬਨ ਇਹ ਸੀ ਕਿ ਸ਼ਸਤ੍ਰ ਵਿਯਾ ਵਿਚ ਇਸਦੀ ਫਿਰ ਲੋੜ ਪਵੇ ਤਾਂ ਖਾਲਸਾ ਵਰਤੇ ਸਾੜ ਦੇਣ ਥੋਂ ਨੀਲਾਂ- ਬਰ ਨੂੰ ਸਦਾ ਤ੍ਰਿਸਕਾਰਿਤ ਨਾ ਸਮਝੇ। ਇਉਂ ਬੀ ਰਵਾਯਤ ਹੈ ਕਿ ਜਦੋਂ ਨੀਲੇ ਕਪੜੇ ਪਾੜ ਪਾੜ ਸਾੜੇ ਤਾਂ ਇਕ ਟੁਕੜਾ ਬਾਹਰ ਜਾ ਪਿਆ। ਸਾਰੇ ਕਰੜੇ ਖੇਦਾਂ ਵਿਚ ਨਾਲ ਰਹੇ ਤੇ ਬਚ ਨਿਕਲੇ ਤੇ ਅਤਿਧਰਮੀ ਭਾਈ ਮਾਨ ਸਿੰਘ ਜੀ ਕੋਲ ਸਨ, ਇਸ ਟੁਕੜੇ ਨੂੰ ਗੁਰੂ ਸਾਹਿਬਾਂ ਪਾਸੋਂ ਮੰਗਕੇ ਉਨ੍ਹਾਂ ਨੇ ਆਪਣੇ ਦਸਤਾਰੇ ਵਿਚ ਟੁੰਗ ਲਿਆ*। ਇਹ ਦੂਜੇ ਕਿਸਮ ਦੇ ਦੁਮਾਲੇ ਦਾ ਮੁੱਢ ਤੇ ਨੀਲੇ ਬਾਣੇ ਦਾ ਸੰਪ੍ਰਦਾਈ ਮੁੱਢ ਹੋਯਾ ਸਮਝਿਆ ਜਾਂਦਾ ਹੈ। ਇਹ ਬੀ ਲਿਖਿਆ ਹੈ ਕਿ ਇਕ ਨੀਲਾ ਟੁਕੜਾ ਸਤਿਗੁਰਾਂ ਆਪ ਮਾਨ ਸਿੰਘ ਨੂੰ ਬਖ਼ਸ਼ਿਆ। ਇਸ ਵੇਲੇ ਇਹ ਪਿਆਰੇ ਸਤਿਗੁਰਾਂ ਦੇ ਚਰਨਾਂ ਦੇ ਭੌਰੇ ਪੂਰਨ ਤਿਆਗ ਬ੍ਰਿਤੀ ਵਿਚ ਸਦਕੇ ਹੋ ਰਹੇ ਸੇ, ਇਨ੍ਹਾਂ ਵਿਚ ਉਹ ਭਾਵ ਜ਼ਿੰਦਗੀ ਦਾ ਵਰਤਾਉ ਤੇ ਰੰਗ ਸੀ ਜੋ ਪੂਰਨ ਪ੍ਰੇਮੀ, ਪੂਰਨ ਤਿਆਗ ਤੇ ਪੂਰਨ ਨਾਮ ਅਭਿਆਸੀ ਵਿਚ ਲੋੜੀਏ। ਸੋ ਮਾਨ ਸਿੰਘ ਜੀ ਨੇ ਦੁਮਾਲਾ ਸਜਾਈ ਰੱਖਿਆ ਤੇ ਉਨ੍ਹਾਂ ਦੇ ਪਿਆਰ ਵਾਲਿਆਂ ਉਨ੍ਹਾਂ ਦੀ ਪੈਰਵੀ ਕੀਤੀ। ਹੁਣ ਉਹ ਤਿਆਗ-ਬ੍ਰਿਤੀ ਜੋ ਅਕਾਲ ਬੁੰਗੇ ਦੇ ਅਕਾਲੀਆਂ ਵਿਚ ਹੁੰਦੀ ਸੀ, ਇਸ ਤਰ੍ਹਾਂ ਪਰਵਿਰਤ ਹੋ ਗਈ ਸਾਰੇ ਪੰਥ ਵਿਚ ਤੇ ਇਨ੍ਹਾਂ ਲੋਕਾਂ ਦਾ ਨਾਮ ਹੋ ਗਿਆ ‘ਨਿਹੰਗ’। ਨਿਹੰਗ ਫ਼ਾਰਸੀ ਵਿਚ ਮਗਰਮੱਛ ਨੂੰ ਕਹਿੰਦੇ ਹਨ, ਮੁਰਾਦ ਹੈ ਜੋ ਨਿਰਭੈ ਅਤਿ ਹੋਵੇ, ਕਿਸੇ ਭੈ ਅੱਗੇ ਜਿਸਦੀ ਅੱਖ ਝਮਕਾ ਨਾ ਖਾਵੇ। ਨਿਹੰਗ ਦਾ ਇਹ ਅਰਥ ਬੀ ਕਰਦੇ ਹਨ ‘ਜੋ ਦੁੱਖ ਸੁਖ ਦਾ ਅੰਗ ਨਾ ਮੰਨੇਂ । ਦੁਖ ਸੁਖ ਦੋਹਾਂ ਵੇਲੇ ਜੋ ਆਪਣੇ ਅਸਲੇ ਤੋਂ ਨਾ ਹਿੱਲੇ। ਨਿਹੰਗ ਦਾ ਮੂਲ ਜਾਪਦਾ ਹੈ ਪਦ ਨਿ:ਸੰਗ-ਨਿਹੰਗ-ਜੋ ਇਕੱਲਾ ਵਿਚਰੇ, ਇਸਤ੍ਰੀ ਆਦਿ ਦੇ ਪਰਿਵਾਰਕ ਸੰਬੰਧ ਤੋਂ ਸੁਤੰਤ੍ਰ ਹੋਕੇ ਜੋ ਸਾਧੂ ਬ੍ਰਿਤੀ ਵਿਚ ਵਿਚਰੇ। ਅਕਾਲ ਬੁੰਗੇ ਦੇ ਅਕਾਲੀ, ਖ੍ਯਾਲ ਹੈ ਕਿ ਛੇਵੇਂ ਸਤਿਗੁਰਾਂ ਤੋਂ ਲੈ ਦਸਮੇਂ ਸਤਿਗੁਰਾਂ ਦੇ ਸਮੇਂ ਤਕ ਕੇਵਲ ਸਤਿਗੁਰਾਂ ਦੇ ਹੁਕਮ ਦੇ ਤਾਬੇ ਕੰਮ ਕਰਦੇ ਸੇ ਅਰ ਉਨ੍ਹਾਂ ਪਰ ਉਤਨੇ ਜ਼ਿੰਮੇਵਾਰੀ ਦੇ ਕੰਮ ਨਹੀਂ ਪੈਂਦੇ ਸੇ ਜਿਤਨੇ ਕਿ ਦਸਮੇਂ ਜਾਮੇਂ ਦੇ ਅੰਤਰਧਾਨ ਹੋਣ ਮਗਰੋਂ ਪਏ ਹਨ। ਤਦੋਂ ਉਹ ਨਾਮ ਰਸੀਏ ਇਕ ਸ਼ੁਭ ਤੇ ਸੁਹਣੇ, ਪਰ ਤ੍ਯਾਗੀ ਸੇਵਕ ਤਖ਼ਤ ਸਾਹਿਬ ਦੀ ਸੇਵਾ ਵਾਲੇ ਹੁੰਦੇ ਸੇ। ਅਕਾਲ ਬੁੰਗੇ ਤੇ ਪੂਰਾ ਵਸੀਕਾਰ ਭੁਜੰਗੀਆਂ ਦਾ, ਜੀਤ ਮੱਲੀਆਂ, ਬੰਦਈਆਂ, ਚੁਬੰਦਆਂ ਆਦਿਕਾਂ ਦੇ ਹਟ ਜਾਣ ਪਰ ਹੋਇਆ। ਤਦੋਂ ਇਹ ‘ਅਕਾਲ ਪੁਰਖੀਏਂ ਨਾਮ ਤੋਂ ਵੀ ਕੁਛ ਚਿਰ ਪ੍ਰਸਿਧ ਰਹੇ ਹਨ।

ਖਾਸ ਭੇਖ ਕੋਈ ਨਹੀਂ ਸੀ ਪਰ ਦਸਮੇਂ ਜਾਮੇ ਦੇ ਮਗਰੋਂ ਬਾਬੇ ਫਤਹ ਸਿੰਘ ਦੇ ਨਾਮ ਦੀ ਫੌਜ ਵਾਲੇ ਸ੍ਰੀ ਮਾਨ ਸਿੰਘ ਜੀ ਦੀ ਸੰਪ੍ਰਦਾ ਦੇ ਨਿਹੰਗ ਤੇ ਅਕਾਲੀ ਸਿੰਘ ਲਗਪਗ ਇਕੋ ਹੋ ਗਏ ਅਰ ਦੋਵੇਂ ਪਦ ਇਕਨਾਂ ਅਰਥਾਂ ਵਿਚ ਵਰਤੀਣ ਲਗ ਪਏ, ਪਰ ਦੁਮਾਲੇ ਦਾ ਫਰਕ ਜਾਰੀ ਰਿਹਾ। ਅਕਾਲ ਬੁੰਗੇ ਦੇ ਅਕਾਲੀ ਉਨ੍ਹਾਂ ਹੀ ਗੁਣਾਂ ਵਾਲੇ ਜੋ ਉਪਰ ਕਹੇ ਹਨ ਤਖਤ ਸਾਹਿਬ ਦੀ ਸੇਵਾ ਵਿਚ ਰਹਿਣ ਵਾਲੇ ਸੇ। ਹੋਰ ਖੁੱਲ੍ਹੇ ਵਿਚਰਨ ਵਾਲੇ ਅਕਾਲੀ ਵਹੀਰ ਬਣਾ ਕੇ ਪੰਥਕ ਕਾਰਜਾਂ ਲਈ ਜਗ੍ਹਾ ਜਗ੍ਹਾ ਫਿਰਦੇ ਸਨ। ਸਭਨਾਂ ਦਾ ਇਕੱਠ ਕਈ ਵੇਰ ਅਕਾਲ ਬੁੰਗੇ ਹੋ ਜਾਂਦਾ ਸੀ। ਖੁਲ੍ਹੇ ਵਿਚਰਨ ਵਾਲਿਆਂ ਦੀ ਮਾਨੋਂ ਬਹੂਦਕ ਸਨ੍ਯਾਸ ਦੀ ਸ਼ਕਲ ਸੀ ਤੇ ਅਕਾਲ ਬੁੰਗੇ ਦੇ ਸੇਵਕਾਂ ਦੀ ਜੋ ਕਈ ਵੇਰ ਇਨ੍ਹਾਂ ਵਿਚੋਂ ਚੋਣਵੇਂ ਹੋਇਆ ਕਰਦੇ ਸੇ, ਕੁਟੀਚਰ ਸਨ੍ਯਾਸ ਦੀ, ਪਰ ਫਰਕ ਇਹਹੈ ਕਿ ਇਹ ਸੰਨ੍ਯਾਸੀ ਤ੍ਯਾਗ ਕਰਕੇ ਆਪਾ ਕੌਮ, ਦੇਸ਼ ਤੇ ਪੰਥ ਦੀ ਸੇਵਾ ਵਿਚ ਲਾਉਂਦੇ ਸੇ, ਉਦਾਸ ਹੋ ਬਨਾਂ ਵਿਚ ਤੇ ਬਰਫਾਂ ਵਿਚ ਨਹੀਂ ਜਾ ਲਗਦੇ ਸੇ*। ਵਿਆਹ ਇਨ੍ਹਾਂ ਵਿਚ ਹੁਕਮਨ ਮਨ੍ਹੇ ਨਹੀਂ ਸੀ ਪਰ ਰਿਵਾਜਨ ਇਹ ਅਕਸਰ ਨਿਰਵਿਰਤ ਵਿਚਰਦੇ ਸੇ। ਜਥੇ- ਬੰਦੀ ਇਨ੍ਹਾਂ ਦੀ ਇਸ ਤਰ੍ਹਾਂ ਦੀ ਸੀ ਕਿ ਹਰ ਵਹੀਰ ਦਾ ਇਕ ਜਥੇਦਾਰ ਹੁੰਦਾ ਸੀ, ਜਿਸ ਦੀ ਸਭ ਤੋਂ ਵੱਡੀ ਮਹਿਮਾ ਨਾਮ-ਰਸੀਆ ਤੇ ਅਭੈ ਹੋਣਾ ਹੁੰਦੀ ਸੀ, ਇਸਨੂੰ ਜਥੇਦਾਰ ਤੇ ਵਹੀਰੀਆ ਬੀ ਆਖਦੇ ਸਨ। ਆਪਣੇ ਜਥੇ ਦਾ ਇਹ ਗੁਰਮੁਖ ਤੇ ਸਰਦਾਰ ਹੁੰਦਾ ਸੀ, ਪ੍ਰਬੰਧ ਸਾਰਾ ਇਸ ਦੇ ਹੱਥ ਹੁੰਦਾ ਸੀ, ਸਾਰੇ ਇਸ ਦਾ ਹੁਕਮ ਮੰਨਦੇ ਸੇ। ਕਈ ਵੇਰ ਜਥੇਦਾਰ ਨੂੰ ‘ਗੁਰਦੇਵ ਸਿੰਘ’ ਬੀ ਸੱਦਦੇ ਸੇ, ਅੰਮ੍ਰਿਤ ਛਕਾਉਣਾ ਬੀ ਇਸ ਦਾ ਕੰਮ ਹੁੰਦਾ ਸੀ। ਜਥੇਦਾਰ ਦੇ ਜੇ ਸਾਰੇ ਵਿਰੋਧੀ ਹੋ ਜਾਣ ਤਾਂ ਨਵਾਂ ਥਾਪ ਲੈਂਦੇ ਸਨ, ਪਰ ਜਥੇਦਾਰ ਦੇ ਹੁਕਮੋਂ ਸਿਰ ਨਹੀਂ ਸਨ ਫੇਰਦੇ ਪਰ ਇਹ ਗੱਲ ਹੋਈ ਕਦੇ ਘਟ ਹੈ। ਕਿਉਂਕਿ ਪੂਰਨ ਤ੍ਯਾਗੀ ਤੇ ਨਾਮਰਸੀਏ ਹੋਣ ਕਰਕੇ ਓਹ ਕਾਰਨ ਜੋ ਜਥਿਆਂ ਵਿਚ ਵਿਖੇਵੇਂ ਦੇ ਪੈਂਦੇ ਹਨ, ਮੌਜੂਦ ਹੀ ਨਹੀਂ ਸਨ ਹੁੰਦੇ। ਮੁਸੀਬਤਾਂ ਚੁਫੇਰੇ ਸਨ ਤੇ ਪਰਸਪਰ ਪ੍ਯਾਰ ਭਰਾਵਾਂ ਵਾਲੇ ਸਨ, ਇਸ ਕਰ ਕੇ ਇਹ ਘਟਨਾ ਲਗਪਗ ਨਹੀਂ ਹੋਈ ਵਾਂਙੂ ਹੈ। ਅਕਸਰ ਨਿਹੰਗ ਸਿੰਘ ਵਹੀਰਾਂ ਵਿਚ ਬੀ ਨਹੀਂ ਰਹੇ, ਇਕੱਲੇ ਵਿਚਰੇ ਹਨ, ਅਕਸਰਾਂ ਨੇ ਗੁਰਦੁਆਰੇ ਸੰਭਾਲੇ ਸੇਵਾ ਵਿਚ ਉਮਰਾਂ ਲਾਈਆਂ ਤੇ ਜੀਵਨ ਸਫਲ ਕੀਤੇ। ਅਕਾਲੀ ਯਾ ਨਿਹੰਗ ਸਿੰਘ ਹੁਣ ਇਕੋ ਅਰਥ ਵਾਲਾ ਪਦ ਹੋ ਗਿਆ ਸੀ। ਨਿਰਬਾਹ ਇਨ੍ਹਾਂ ਦਾ ਪਿਆਰ ਨਾਲ ਮਿਲੀ ਭੇਟਾ ਸੀ ਯਾ ਗੁਰਦਵਾਰੇ ਦੇ ਲੰਗਰ ਤੋਂ। ਏਹ ਲੋਕ ਮੰਗਦੇ ਨਹੀਂ ਸਨ, ਕਦੇ ਕਿਸੇ ਹਾਲਤ ਵਿਚ ਬੀ ਹੱਥ ਨਹੀਂ ਸਨ ਅੱਡਦੇ। ਜੇ ਸਫਰ ਵਿਚ ਹਨ, ਪਾਸ ਕੁਛ ਨਹੀਂ ਪ੍ਰਸ਼ਾਦੇ ਦਾ ਵੇਲਾ ਹੈ, ਤਾਂ ਕਿਸੇ ਪਿੰਡ ਸ਼ਹਿਰ ਦੀ ਗਲੀ ਜਾ ਵੜਨਗੇ, ਜਿਸ ਘਰ ਮਰਜ਼ੀ ਹੈ ਲੰਘ ਜਾਣਗੇ, ਉਸ ਵੇਲੇ ਦੇ ਨਿਰਬਾਹ ਜੋਗਾ ਅੰਨ ਮਾਤ੍ਰ ਲੈਕੇ ਟੁਰ ਆਉਣਗੇ, ਹੀਰੇ ਮੋਤੀ ਪਾਸ ਪਏ ਰਹਿਣ, ਤੱਕਣਗੇ ਨਹੀਂ। ਇਥੋਂ ਤਕ ਕਿ ਉਸ ਡੰਗ ਤੋਂ ਵਧੀਕ ਦਾ ਅੰਨ ਬੀ ਨਹੀਂ ਚੁੱਕਣਗੇ। ਲੋਕਾਂ ਵਿਚ ਇਤਨਾ ਸਤਿਕਾਰ ਇਨ੍ਹਾਂ ਦਾ ਸੀ ਕਿ ਜਦੋਂ ਨਿਹੰਗ ਸਿੰਘ ਆ ਜਾਣ ਤੇ ਲੋਕੀਂ ਸੁਣ ਲੈਣ ਕਿ ਨਿਹੰਗ ਆਏ ਹਨ, ਤਾਂ ਬੂਹੇ ਖੋਲ੍ਹ, ਘਰਾਂ ਤੋਂ ਬਾਹਰ ਆਕੇ ਅਦਬ ਨਾਲ ਹਥ ਜੋੜ ਕੇ ਖਲੋ ਜਾਂਦੇ ਸਨ ਤੇ ਸਾਰੇ ਚਾਹੁੰਦੇ ਸਨ ਕਿ ਇਹ ਮੇਰੇ ਘਰ ਅੰਦਰ ਜਾਣ। ਫੇਰ ਜਿਸ ਘਰ ਏਹ ਵੜ ਜਾਣ ਉਹ ਆਪਣੇ ਧੰਨ ਭਾਗ ਸਮਝਦਾ ਸੀ, ਤਦੋਂ ਦੀ ਹੀ ਇਹ ਕਹਾਵਤ ਅਜ ਤਕ ਮੂੰਹਾਂ ਤੇ ਚੜ੍ਹੀ ਹੋਈ ਹੈ :-

“ਆਏ ਨੀ ਨਿਹੰਗ ਬੂਹਾ ਖੋਲ੍ਹ ਦੇ ਨਿਸ਼ੰਗ।”

ਜਿਸ ਦਾ ਭਾਵ ਇਹ ਸੀ ਕਿ ਏਹ ਉੱਚੇ ਖਿਆਲ ਵਾਲੇ ਲੋਕ ਹਨ, ਇਨ੍ਹਾਂ ਨੂੰ ਰੋਕੋ ਨਾ, ਖੁਲ੍ਹੇ ਦਿਲ ਅੰਦਰ ਆਉਣ ਦਿਓ, ਏਹ ਤੁਹਾਡੇ ਘਰ ਦੇ ਮਾਲ, ਧਨ, ਰੂਪ ਕਿਸੇ ਸ਼ੈ ਦੇ ਰਵਾਦਾਰ ਨਹੀਂ। ਨਿਰਬਾਹ ਮਾਤ੍ਰ ਅੰਨ ਲੈਣਗੇ ਤੇ ਤੇਰੀ ਕਮਾਈ ਸਫ਼ਲ ਕਰ ਜਾਣਗੇ।

ਇਸ ਦਾ ਕਾਰਨ ਇਹ ਸੀ ਕਿ ਨਿਹੰਗਾਂ ਤੇ ਸਿੰਘਾਂ ਵਿਚ ਮਾਲ ਮਿਲਖ ਦੇ ਕਬਜ਼ੇ ਦਾ ਖ਼ਿਆਲ ਦਾ ਤਿਆਗ ਕਰਨਾ ਮੁੱਖ ਗੁਣ ਸੀ।

ਉਹ ਨਾ ਕੇਵਲ ਆਪ ਹੀ ਮਾਲਕ ਨਹੀਂ ਬਣਦੇ ਸੇ ਸਗੋਂ ਕਿਸੇ ਨੂੰ ਕਿਸੇ ਮਾਲ ਦਾ ਮਾਲਕ ਨਹੀਂ ਸੇ ਸਮਝਦੇ। ਸਭ ਮਾਲ ਅੰਨ, ਬਸਤ੍ਰ, ਪਦਾਰਥ ਦਾ ਮਾਲਕ ਉਨ੍ਹਾਂ ਦੀ ਨਜ਼ਰ ਵਿਚ ਵਾਹਿਗੁਰੂ ਸੀ। ਉਹ ਜਦ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤ੍ਰ ਅੰਗੀਕਾਰ ਕਰਦੇ ਸੇ ਤਦ ਉਸ ਘਰ ਵਾਲੇ ਦੇ ਅੰਨ ਨੂੰ ਉਸ ਦਾ ਸਮਝ ਕੇ ਹੱਥ ਨਹੀਂ ਸੇ ਲਾਉਂਦੇ, ਪਰ ਦਾਣਾ ਪਾਣੀ ਗੁਰੂ ਕਾ ਸਮਝ ਕੇ ਸਾਂਝੇ ਬਾਬਲ ਦੇ ਭੰਡਾਰੇ ਵਿਚੋਂ ਭੁੱਖ ਪੂਰਨ ਮਾਤ੍ਰ ਅੰਨ ਸ੍ਰੀਕਾਰ ਕਰਦੇ ਸੇ। ਜਬਰ ਧੱਕਾ ਕਦੇ ਨਹੀਂ ਸੇ ਕਰਦੇ। ਜਬਰ ਸਹਿਣਾ, ਜਬਰ ਕਰਨਾ ਦੁਇ ਗੱਲਾਂ ਤੋਂ ਉਚੇਰੇ ਸੇ। ਨਿਹੰਗ ਸਿੰਘ ਪਾਸ ਕਛਹਿਰੇ ਤਾਂ ਦੋ ਹੁੰਦੇ ਸੇ, ਪਰ ਚੋਲਾ, ਦਸਤਾਰਾ, ਚਾਦਰ ਇਹ ਕਦੇ ਦੋ ਨਹੀਂ ਸੇ ਹੁੰਦੇ ਤੇ ਦਿਨ ਦਾ ਅੰਨ ਪਾ ਕੇ ਰਾਤ ਲਈ ਬਾਕੀ ਨਹੀਂ ਸੇ ਰੱਖਦੇ। ਇਸੇ ਵਾਸਤੇ ਮਗਰੋਂ ਇਨ੍ਹਾਂ ਦਾ ਨਾਮ ਬਿਹੰਗਮ* ਬੀ ਪੈ ਗਿਆ ਸੀ, ਅਰਥਾਤ ਪੰਛੀ ਬ੍ਰਿਤੀ ਵਾਲੇ, ਜਿਥੇ ਚੋਗਾ ਜਿਸ ਵੇਲੇ ਮਿਲ ਗਿਆ ਖਾ ਲਿਆ, ਜਿਥੇ ਰਾਤ ਪੈ ਗਈ ਟਿਕ ਗਏ। ਪਰੰਤੂ ਇਹ ਸਾਰੇ ਤਿਆਗ ਤੇ ਵਰਤਾਰੇ ਦੀਆਂ ਖੁਲ੍ਹਾਂ ਇਨ੍ਹਾਂ ਲੋਕਾਂ ਵਿਚ ਨਾਮ ਦੇ ਆਧਾਰ ਤੇ ਸਨ, ਅਰਥਾਤ ਆਤਮ ਜੀਵਨ (ਰੂਹਾਨੀ ਜ਼ਿੰਦਗੀ) ਇਸਦਾ ਮੂਲ ਸੀ। ਪਦਾਰਥਕ ਵੰਡ ‘ਪਰਸਪਰ ਮਾਦੀ ਏਕਤਾ ਦਾ ਖ਼ਿਆਲ ਇਨ੍ਹਾਂ ਗੱਲਾਂ ਦਾ ਮੂਲ ਨਹੀਂ ਸੀ। ਆਤਮ ਜੀਵਨ ਤੋਂ ਖਾਲੀ, ਉਚੇ ਇਖ਼ਲਾਕ ਤੋਂ ਵਿਰਵੇ ਨਿਰੇ ਮਾਯਾ ਤੇ ਮਾਦਾ ਪ੍ਰਸਤੀ ਤੇ ਪਦਾਰਥ ਯਾ ਰਾਜਸੀ ਭੁੱਖਾਂ ਵਾਲੀ ਸੰਸਾਰੀ ਬ੍ਰਿਤੀ ਅਕਾਲੀ ਦਾ ਆਦਰਸ਼ ਕਦੇ ਨਹੀਂ ਸੀ।

ਨਿਹੰਗ ਸਿੰਘਾਂ ਵਿਚ ਸੁਖ ਨਿਧਾਨ (ਭੰਗ) ਦਾ ਰਿਵਾਜ, ਨਿਹਾ- ਯਤ ਕਸ਼ਟ ਦੇ ਜੀਵਨਾਂ, ਥਕਾਨਾਂ ਤੇ ਦੁਖਾਂ ਤੋਂ ਸਰੀਰ ਨੂੰ ਸੁਖ ਦੇਣ ਲਈ ਪਿਆ ਸੀ, ਇਸੇ ਕਰਕੇ ਇਸ ਦਾ ਨਾਮ ‘ਸੁਖ ਨਿਧਾਨ’ ਪਿਆ। ਪਰ ਪਿੱਛੋਂ ਇਹ ਨਸ਼ੇ ਦੀ ਸ਼ਕਲ ਵਿਚ ਵਧਕੇ ਉਨ੍ਹਾਂ ਦੇ ਗਿਰਾਉ ਦਾ ਮੂਲ ਕਾਰਨ ਬਣਿਆ। ਜਾਇਦਾਦਾਂ ਵਾਲੇ ਬੀ ਨਿਹੰਗ ਸਿੰਘ ਮਗਰੋਂ ਹੋਏ, ਪਰ ਇਹ ਗਿਰਾਉ ਦੇ ਸਮੇਂ ਦੇ ਹਨ, ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਕੁਛ ਸਮਾਂ ਪਹਿਲਾਂ ਥੋੜ੍ਹਾ ਥੋੜ੍ਹਾ ਸ਼ੁਰੂ ਹੋ ਗਿਆ ਸੀ, ਪਰੰਤੂ ਆਦਰਸ਼ਕ ਨਿਹੰਗ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਣ- ਗਿਣਤ ਸਨ, ਟਾਂਵੇਂ ਟਾਂਵੇਂ ਉਸ ਤੋਂ ਮਗਰੋਂ ਬੀ ਹੁੰਦੇ ਰਹੇ ਹਨ। ਬਾਬਾ ਨੈਣਾ ਸਿੰਘ ਜੀ ਦੇ ਚਾਟੜੇ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੀ ਸ਼ਿੰਗਾਰ ਸਨ*।

ਜਿਸ ਸਮੇਂ ਦਾ ਅਸੀਂ ਹਾਲ ਲਿਖ ਰਹੇ ਹਾਂ, ਨਿਹੰਗ ਸਿੰਘ ਤੇ ਅਕਾਲ ਬੁੰਗੇ ਦੇ ਅਕਾਲੀ ਆਪਣੇ ਆਦਰਸ਼ ਤੇ ਪੂਰੇ ਪੂਰੇ ਸਨ, ਇਨ੍ਹਾਂ ਦਾ ਪਿੱਛੇ ਦੱਸ ਆਏ ਹਾਂ, ਕਿ ਇਕ ਕੰਮ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਰਹਿਣਾ, ਪੰਥਕ ਸਾਂਝੀਆਂ ਲੋੜਾਂ ਦਾ ਖਿਆਲ ਰੱਖਣਾ, ਜਦੋਂ ਕੋਈ ਜਥੇ- ਦਾਰ ਕੋਈ ਪੰਥਕ ਔਕੜ ਦੱਸ ਘੱਲੇ ਤਾਂ ਇਨ੍ਹਾਂ ਨੇ ਗੁਰਮਤਾ’ ਸੱਦਣਾ। ‘ਗੁਰਮਤਾ’ ਨਾਮ ਪੰਥ ਦੀ ਸ਼ਰੋਮਣੀ ਜਥੇਬੰਦੀ ਦਾ ਸੀ; ਹਾਂ, ਇਹ ਇਕ ‘ਪੰਥਕ ਆਸ਼੍ਰਮ ਸੀ-ਜੱਥੇਬੰਦੀ ਦਾ। ਉਸ ਦਾ ਤਰੀਕਾ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਦੇ ਅਕਾਲੀ ਪੰਥ ਦੇ ਸਾਰੇ ਜਥੇਦਾਰਾਂ ਤੇ ਜ਼ਿਮੇਵਾਰ ਸਰਦਾਰਾਂ, ਗ੍ਰੰਥੀਆਂ ਤੇ ਪ੍ਰਸਿੱਧ ਧਾਰਮਿਕ ਬਜ਼ੁਰਗੀ ਵਾਲਿਆਂ ਤੇ ਹੋਰ ਜ਼ਰੂਰੀ ਸਿੱਖਾਂ ਨੂੰ ਸੱਦਿਆ ਕਰਦੇ ਸਨ। ਨੀਯਤ ਸਮੇਂ ਤੇ ਸਭ ਨੇ ਆ ਹਾਜ਼ਰ ਹੋਣਾ। ਜੇ ਕਦੇ ਦੋ ਸਿੱਖ ਜਥੇ ਆਪੋ ਵਿਚ ਲੜ ਬੀ ਰਹੇ ਹੋਣ (ਜੋ ਮਿਸਲਾਂ ਦੇ ਸਮੇਂ ਦੀ ਗੱਲ ਹੈ) ਤਾਂ ਗੁਰਮਤੇ ਦਾ ਸੱਦਾ ਪਹੁੰਚਦੇ ਸਾਰ ਲੜਾਈ ਬੰਦ ਕਰਕੇ ਦੋਵੇਂ ਟੁਰ ਪੈਣਗੇ, ਰਸਤੇ ਵਿਚ ਯਾ ਗੁਰਦਵਾਰੇ ਅੱਪੜਕੇ ਆਪੋ ਵਿਚ ਕੋਈ ਬਦਲਾ ਨਹੀਂ ਲੈਣਗੇ, ਇਕ ਦੂਜੇ ਤੇ ਵਾਰ ਨਹੀਂ ਕਰਨਗੇ। ਗੁਰਮਤੇ ਦੇ ਨੀਯਤ ਸਮੇਂ ਅਕਾਲ ਬੁੰਗੇ ਦੇ ਹਜ਼ੂਰ ਸਭ ਪਾਸੇ ਤੋਂ ਰਸਤੇ ਬੰਦ ਮੈਦਾਨ ਵਿਚ ਦੀਵਾਨ ਸਜਦਾ, ਕੀਰਤਨ ਹੋ ਕੇ ਅਵਾਜ਼ਾ ਲਿਆ ਜਾਂਦਾ, ਫੇਰ ਕੜਾਹ ਪ੍ਰਸ਼ਾਦ* ਵਰਤਦਾ, ਸਾਰੇ ਛਕਦੇ। ਚਾਹੋ ਕਿਸੇ ਜਾਤ, ਕਿਸੇ ਮਜ਼੍ਹਬ ਤੇ ਕਿਸੇ ਕੌਮ ਤੋਂ ਸਜੇ ਹੋਏ ਸਿੱਖ ਹੋਣ ਜੋ ਗੁਰਮਤੇ ਵਿਚ ਸ਼ਾਮਲ ਹੁੰਦੇ, ਸਾਰੇ ਉਸ ਵੇਲੇ ਇਕੱਠੇ ਛਕਦੇ। ਫੇਰ ਅਕਾਲੀ ਜਥੇਦਾਰ ਸਿੰਘ ਅਰਦਾਸਾ ਸੋਧਦਾ, ਇਸ ਤੋਂ ਮਗਰੋਂ ਹਰੇਕ ਆਇਆ ਸੱਜਣ ਉਠਕੇ ਅਕਾਲੀ ਜਥੇਦਾਰ ਦੇ ਸਨਮੁਖ ਹੋ ਆਖਦਾ ਕਿ ਮੈਂ ਸੱਚੇ ਸਤਿਗੁਰੂ ਦੀ ਹਜ਼ੂਰੀ ਵਿਚ ਪੰਥ ਦੇ ਸਾਂਝੇ ਭਲੇ ਲਈ ਆਇਆ ਹਾਂ, ਮੇਰਾ ਨਿਜ ਦਾ ਹਾਨ ਲਾਭ, ਕੋਈ ਲੋਭ ਲਾਲਚ, ਮੇਰੇ ਰਸਤੇ ਵਿਚ, ਮੇਰੀਆਂ ਵਿਚਾਰਾਂ ਵਿਚ ਕੋਈ ਖੋਟ, ਕੋਈ ਰਲਾ ਨਹੀਂ ਪਾਉਣਗੇ। ਇਸ ਪ੍ਰਤੱਯਾ ਦੇ ਮਗਰੋਂ ਫਿਰ ਅਰਦਾਸਾ ਸੋਧ ਕੇ ਕਾਰਜ ਆਰੰਭ ਹੁੰਦਾ। ਵਿਚਾਰਾਂ ਹੋ ਕੇ ਜੋ ਮਤਾ ਸੁਧ ਜਾਂਦਾ, ਅਰਥਾਤ ਫੈਸਲਾ ਹੋ ਜਾਂਦਾ, ਉਹ ਅਕਾਲੀ ਜਥੇਦਾਰ ਸਭ ਨੂੰ ਸੁਣਾ ਦੇਂਦਾ। ਫਿਰ ਸਾਰੇ ਆਪੋ ਆਪਣੇ ਥਾਂ ਟੁਰ ਜਾਂਦੇ। ਅਕਾਲੀਆਂ ਦਾ ਫੇਰ ਇਹ ਕੰਮ ਹੁੰਦਾ ਸੀ ਕਿ ਓਹ ਪੰਥਕ ਫੈਸਲਾ ਸਾਰੇ ਪੰਥ ਵਿਚ ਨੱਕ ਦੀ ਸੇਧੇ ਮਨੀਵੇ। ਅਕਾਲੀਆਂ ਦਾ ਪਵਿਤ੍ਰ ਜੀਵਨ, ਨਾਂਮ ਦੀ ਸਤ੍ਹਾ ਤੇ ਬੇਗ਼ਰਜ਼ੀ ਐਸੇ ਗੁਣ ਸਨ ਕਿ ਜਿਸ ਦੇ ਅੱਗੇ ਪੰਥ ਦੇ ਸਾਰੇ ਫਰਦ ਝੁਕਦੇ ਅਰ ਬੇਵਸੇ ਝੁਕਦੇ ਸੀ। ਫੌਜ ਤੇ ਤੋਪਾਂ ਵਾਲੇ ਜਥੇ ਇਨ੍ਹਾਂ ਪੰਛੀ (ਬਿਹੰਗਮ) ਬ੍ਰਿਤੀ ਵਾਲਿਆਂ ਦੇ ਆਖੇ ਅੱਗੇ ਸਿਰ ਝੁਕਾਉਂਦੇ ਸਨ। ਇਹ ਕਦੇ ਨਹੀਂ ਸੀ ਹੋਇਆ ਕਿ ਗੁਰਮਤੇ ਵਿਚ ਹੋਏ ਫੈਸਲੇ ਦੇ ਵਿਰੁਧ ਕੋਈ ਟੁਰੇ। ਇਸ ਗੁਰਮਤੇ ਦੀ ਮਰਿਯਾਦਾ ਦਾ ਮੁੱਢ ਚਮਕੌਰ ਵਿਚ ਹੋਇਆ, ਮਾਨੋਂ ਪਹਿਲਾ ਗੁਰਮਤਾ ਉਸ ਕਸ਼ਟ ਵੇਲੇ ਹੋਇਆ ਤੇ ਹਜ਼ੂਰ ਸਾਹਿਬ ਸਤਿਗੁਰਾਂ ਨੇ ਸਿੰਘਾਂ ਨੂੰ ਇਸ ਦੀ ਪੂਰੀ ਜਾਚ ਸਿਖਾਈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਦ ਪਹਿਲਾ ਪੰਥਕ ਗੁਰਮਤਾ ਬਾਬਾ ਸੰਤੋਖ ਸਿੰਘ ਜੀ ਦੀ ਜਥੇਦਾਰੀ ਵਿਚ ਹਜੂਰ ਸਾਹਿਬ ਹੋਇਆ ਤੇ ਆਖਰੀ ਗੁਰਮਤਾ ਨੁਸ਼ਹਿਰੇ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਜਥੇਦਾਰੀ ਤੇ ਬਾਬਾ ਫੂਲਾ ਸਿੰਘ ਅਕਾਲੀ ਦੇ ਪ੍ਰਬੰਧ ਵਿਚ ਹੋਇਆ। ਇਸ ਤੋਂ ਮਗਰੋਂ ਫੇਰ ਗੁਰਮਤਾ ਨਹੀਂ ਹੋਇਆ, ਪੰਥ ਰਾਜ ਗੁਆ ਕੇ ਕੋਈ ਐਸੀ ਸੱਟ ਖਾ ਕੇ ਮੂਰਛਿਤ ਹੋ ਗਿਆ ਕਿ ਪਾਸਾ ਹੀ ਨਹੀਂ ਪਰਤਿਆ। ਖ਼ੁਦਗਰਜ਼ੀ ਤੇ ਗਿਰਾਉ, ਜਿਸ ਤੋਂ ਸਤਿ- ਗੁਰਾਂ ਨੇ ਚਾਇਆ ਸੀ, ਫੇਰ ਆ ਗਏ। ਕਿੰਨਾ ਚਿਰ ਮੂਰਛਾ ਵਿਚ ਰਹਿਕੇ ‘ਅਕਾਲੀ ਤੇ ਢਾਡੀ’ ਦੋ ਲੋੜੀਂਦੀਆਂ ਸੰਪ੍ਰਦਾਵਾਂ ਗੁਆ ਕੇ ਫੇਰ ਸਿੰਘ ਸਭਾ ਦੀ ਜਥੇਬੰਦੀ ਹੇਠ ਜਾਗਿਆ। ਹੁਣ ਕੁਛ ਪੂਰਬੀ ਪਰ ਵਿਸ਼ੇਸ਼ ਪੱਛਮੀ ਲੀਕਾਂ ਤੇ ਜਥੇਬੰਦੀ ਟੁਰੀ ਤੇ ਖਿੰਡੀ ਫੁਟੀ ਟੁਰ ਰਹੀ ਹੈ ਤੇ ਕਈ ਵੇਰ ਪੱਛਮ ਦੇ ਮਾੜੇ ਤੇ ਨੀਵੇਂ ਤੋਂ ਨੀਵੇਂ ਵਰਤਾਰੇ ਬੀ ਵਰਤ ਚੁਕੀ ਹੈ।

ਕਈ ਵੇਰ ਸ਼ੁਭ ਜਥੇਬੰਦੀ ਬੀ ਹੋਈ ਹੈ, ਕੰਮ ਬੀ ਕਈ ਸੁਆਰੇ ਹਨ, ਪਰ ‘ਗੁਰਮਤੇ’ ਦੇ ਸਾਮਾਨ ਵਾਪਸ ਨਹੀਂ ਆਏ। ‘ਗੁਰਮਤਾ’ ਫੇਰ ਨਹੀਂ ਲੱਗਾ। ਸਗੋਂ ਗੁਰਮਤੇ ਦਾ ਅਰਥ ਬਦਲ ਗਿਆ ਹੈ, ਲੋਕੀਂ ਹੁਣ ਗੁਰਮਤੇ ਦਾ ਅਰਥ ਨਿਰਾ ਤਜਵੀਜ਼ (ਰੈਜ਼ੋਯੂਸ਼ਨ) ਮਾਤ੍ਰ ਸਮਝਦੇ ਹਨ ਤੇ ਇਨ੍ਹਾਂ ਤੰਗ ਅਰਥਾਂ ਵਿਚ ਹੀ ਪਦ ਨੂੰ ਵਰਤ ਲੈਂਦੇ ਹਨ। ਕਿਸੇ ਰੈਜੋਯੂਸ਼ਨ ਨੂੰ ਮਤਾ ਤਾਂ ਕਿਹਾ ਜਾ ਸਕਦਾ ਹੈ ਪਰ ਗੁਰਮਤਾ ਨਹੀਂ, ਕਿਉਂਕਿ ਗੁਰਮਤਾ ਤਾਂ ਇਕ ਜਥੇਬੰਦੀ ਹੈ, ਇਕ ਉੱਚਾ ਆਸ਼੍ਰਮ ਹੈ, ਪਵਿੱਤ੍ਰਤਾ, ਨਾਮ ਤੇ ਤ੍ਯਾਗ ਦੀਆਂ ਨੀਹਾਂ ਤੇ ਉਸਰਿਆ ਇਕ ਮੰਦਰ ਹੈ, ਇਕ ਮਰਿਯਾਦਾ ਹੈ, ਜਿਸ ਵਿਚ ਖ਼ੁਦਗਰਜ਼ੀ, ਮਾਦੀ ਲਾਭ, ਸੁਆਰਥ, ਪੱਖਵਾਦ, ਈਰਖਾ ਤੇ ਨੀਵੇਂ ਤ੍ਰੀਕਿਆਂ ਨਾਲ ਆਪਣਾ ਬਲ ਬਣਾਕੇ ਹਾਰ ਜਿੱਤ ਦੇ ਮਨਸੂਬੇ ਸਿਰੇ ਚਾੜ੍ਹਨ ਦੇ ਤ੍ਰੀਕਿਆਂ ਦੀ ਗੁੰਜਾਇਸ਼ ਨਹੀਂ। ਮਾਦਾ ਪ੍ਰਸਤ ਪੱਛਮ ਦੇ ਤ੍ਰੀਕੇ ਜਥੇਬੰਦੀ ਦੇ ਹੋਰ ਹਨ, ਉਨ੍ਹਾਂ ਦਾ ਵਰਤਾਉ ਸ਼ੁਭ ਮਨੋਰਥਾਂ ਲਈ ਦਿਆਨਤਦਾਰੀ ਨਾਲ ਬੀ ਹੋ ਸਕਦਾ ਹੈ ਪਰ ਸਾਡੇ ਦੇਸ਼ ਵਿਚ ਅਕਸਰ ਓਹ ਪੱਖਵਾਦ ਤੇ ਧੜੇਬੰਦੀ ਦੇ ਤ੍ਰੀਕੇ ਤੇ ਟੁਰਦੀ ਹੈ ਤੇ ਕਈ ਵੇਰ ਓਹ ਸੱਚ ਤੇ ਭਲਿਆਈ ਤੋਂ ਪਰੇ ਹੋਕੇ ਨੀਵੇਂ ਵਰਤਾਵਾਂ ਨੂੰ ਬੀ ਲੈ ਟੁਰਦੀ ਹੈ। ਅਕਸਰ ਐਉਂ ਹੁੰਦਾ ਹੈ ਕਿ ਜਿਵੇਂ ਇਕ ਪਾਤਸ਼ਾਹ ਦੇ ਨਾਤਕ ਹੁਕਮ ਵੇਲੇ ਉਸ ਪਾਤਸ਼ਾਹ ਦੀ ਹਉਮੈਂ ਨੂੰ ਪੱਠੇ ਪਾ ਕੇ ਆਪਣਾ ਮਤਲਬ, ਗ਼ਰਜ਼ ਸਿਰੇ ਚਾੜ੍ਹੇ ਜਾਂਦੇ ਸਨ ਤਿਵੇਂ ਇਸ ਪੱਛਮੀ ਜਥੇਬੰਦੀ ਦੇ ਤਰੀਕੇ ਵਿਚ ਅਕਸਰ ਆਮ ਲੋਕਾਂ (ਪਬਲਿਕ) ਦੀ ਹਉਮੈ ਨੂੰ ਪੱਠੇ ਪਾ ਕੇ ਉਨ੍ਹਾਂ ਦੇ ਛੇਤੀ ਉਭਾਰ ਖਾਣ ਵਾਲੇ ਜਜ਼ਬਿਆਂ ਨੂੰ ਆਪਣੇ ਮਤਲਬ ਦੀ ਸੇਧ ਵਿਚ ਪ੍ਰਚਲਤ ਕਰਕੇ ਆਪਣਾ ਸ੍ਵਾਰਥ, ਗ਼ਰਜ਼, ਆਪਣਾ ਖਿਆਲ ਸਿਰੇ ਚਾੜ੍ਹਨ ਦਾ ਜਤਨ ਹੁੰਦਾ ਹੈ ਤੇ ਕਈ ਵੇਰੀ ਸੱਚ ਝੂਠ ਦ੍ਯਾਨਤਦਾਰੀ ਦੀ ਪਰਵਾਹ ਬੀ ਨਹੀਂ ਹੁੰਦੀ। ਗੁਰਮਤਾ ਉੱਚੇ ਮਨਾਂ, ਸੁੱਚੇ ਮਨਾਂ, ਗ਼ਰਜ਼ਾਂ ਤੋਂ ਧੋਤੇ ਮਨਾਂ ਦਾ ਸਾਂਝੇ ਪੰਥਕ ਹਾਨ ਲਾਭ ਤੇ ਆਪੇ ਨੂੰ ‘ਮੈਂ ਮੇਰੀ ਤੋਂ ਧੋਤਾ, ਸਾਫ ਰੱਖਕੇ ਨਿਰੋਲ ਪੰਥਕ ਭਲੇ ਦੇ ਵਿਚਾਰ ਤੇ ਆਸ਼ਰਮ ਤੇ ਮਰਿਯਾਦਾ ਦਾ ਨਾਮ ਸੀ।

ਉੱਪਰ ਅਸੀਂ ਗੁਰਮਤੇ ਦਾ ਹਾਲ ਦੱਸ ਆਏ ਹਾਂ, ਅਕਾਲੀ ਤੇ ਨਿਹੰਗ ਦਾ ਸੰਖੇਪ ਸਮਾਚਾਰ ਕਹਿ ਆਏ ਹਾਂ, ਅਕਾਲ ਬੁੰਗੇ, ਵਹੀਰਾਂ ਵਾਲੇ, ਗੁਰਦਵਾਰਿਆਂ ਦੀ ਸੇਵਾ ਵਾਲੇ ਅਕਾਲੀਆਂ ਬਾਬਤ ਕੁਛ ਲਿਖ ਆਏ ਹਾਂ। ਹੁਣ ਕੁਛ ਧਿਆਨ ਉਨ੍ਹਾਂ ਅਕਾਲੀਆਂ ਵਲ ਪਾਉਂਦੇ ਹਾਂ ਜੋ ਆਤਮਕ ਤ੍ਰੀਕੇ ਤੇ ਪੂਰਨ ਪਦ ਨੂੰ ਅੱਪੜਕੇ ਸਭ ਸਬੰਧਾਂ ਤੋਂ ਦੂਰ ਰਹਿੰਦੇ ਜੀਵਨ ਬਿਤਾਉਂਦੇ ਸਨ। ਇਸ ਪ੍ਰਕਾਰ ਦਾ ਅਕਾਲੀ ਇਕੱਲਾ ਵਿਚਰਦਾ ਸਾਰੇ ਗੁਣ ਆਪਣੀ ਸੰਪ੍ਰਦਾ ਦੇ ਰੱਖਦਾ ਸੀ, ਪਰ ਫੇਰ ਸਰੀਰ ਨਾਲ ਕੰਮ ਬੀ ਕਰਦਾ ਸੀ। ਇਸ ਪ੍ਰਕਾਰ ਦਾ ਇਕ ਅਕਾਲੀ ਇਕ ਬਿਦੇਸੀ ਇਤਿਹਾਸਕਾਰ ਕਨਿੰਘਮ ਨੇ ਅੱਖੀਂ ਡਿੱਠਾ ਸੀ ਜਿਸ ਬਾਬਤ ਉਹ ਲਿਖਦਾ ਹੈ :- “ਮੁਸੰਨਫ ਨੇ (ਅਰਥਾਤ ਮੈਂ) ਇਕ ਵੇਰੀ ਇਕ ਅਕਾਲੀ ਡਿੱਠਾ ਕਿ ਸਤਲੁਜ ਤੋਂ ਲੈਕੇ ਕੀਰਤਪੁਰ ਤੱਕ ਬਿਖੜੀਆਂ ਘਾਟੀਆਂ ਦੇ ਵਿਚ ਦੀ ਸੜਕ ਦੀ ਮੁਰੰਮਤ ਕਰ ਰਿਹਾ ਸੀ। ਉਹ ਆਮ ਤੌਰ ਤੇ ਦੁਨੀਆਂ ਤੋਂ ਉਪ- ਰਾਮ ਰਹਿੰਦਾ ਸੀ। ਲੋਕ ਉਸਦਾ ਬੜਾ ਸਤਿਕਾਰ ਕਰਦੇ ਸਨ ਤੇ ਉਸ ਦੇ ਲਈ ਰੋਟੀ ਤੇ ਕੱਪੜੇ ਆਪੇ ਐਸੇ ਥਾਈਂ ਛੱਡ ਜਾਂਦੇ ਸਨ ਜਿਥੋਂ ਓਹ ਆਪੇ ਲੋੜ ਵੇਲੇ ਲੈ ਲਵੇ। ਉਸ ਦੇ ਅਹਿੱਲ ਤੇ ਦਿਲੋਂ ਜਾਨੋਂ ਲੱਗਕੇ ਕੰਮ ਕਰਨ ਵਾਲੇ ਆਚਰਣ ਦਾ ਅਸਰ ਇਕ ਹਿੰਦੂ ਭੇਡਾਂ ਚਾਰਨ ਵਾਲੇ ਨੌਜਵਾਨ ਤੇ ਐਸਾ ਹੋਇਆ ਕਿ ਜਿਸ ਨੇ ਕੁਛ ਅਕਾਲੀ ਬਾਣਾ ਧਾਰ ਲਿਆ, ਉਹ ਅਕਾਲੀ ਜੀ ਦਾ ਜ਼ਿਕਰ ਅਦਬ ਵਾਲੇ ਭੈ ਨਾਲ ਕਰਦਾ ਸੀ*।”

23 ਕਾਂਡ ।

ਉਸ ਸਮੇਂ ਜਿਸ ਦੇ ਹਾਲ ਅਸੀਂ ਲਿਖ ਰਹੇ ਹਾਂ ਪੰਥ ਨੇ ਆਪਣੀ ਇਸ ਜਥੇਬੰਦੀ ਦੀ ਮਰਿਯਾਦਾ-ਗੁਰਮਤੇ-ਦੇ ਆਸਰੇ ਹੀ ਸ਼ਾਨਦਾਰ ਕਾਮਯਾਬੀਆਂ ਪਾਈਆਂ ਤੇ ਥੋੜੇ, ਗਰੀਬ ਤੇ ਚੁਫੇਰਿਓਂ ਦੁੱਖਾਂ ਵਿਚ ਘਿਰੇ ਹੋਏ ਹੋਣ ਤੇ ਬੀ ਤਬਾਹ ਹੋਣੋਂ ਬਚੇ, ਵਧੇ, ਫੁਲੇ ਫਲੇ ਤੇ ਜਗਤ ਦੀ ਸੇਵਾ ਕਰਦੇ ਰਹੇ।

ਸਾਡੀ ਕਥਾ ਦੀ ਲੜੀ ਜਿਥੇ ਕੁ ਪੁੱਜੀ ਹੈ ਪੰਥ ਉਸ ਸਮੇਂ ਫੇਰ ਔਕੜਾਂ ਵਿਚ ਸੀ। ਅਹਿਮਦਸ਼ਾਹ ਦੇ ਫੇਰ ਹਮਲਾ ਕਰਨ ਦੀਆਂ ਪੱਕੀਆਂ ਖ਼ਬਰਾਂ ਮਿਲੀਆਂ ਸਨ, ਓਧਰ ਮਰਹੱਟਿਆਂ ਦਾ ਪੰਜਾਬ ਵਿਚ ਆ ਪਸਰਨਾ ਤੇ ਉਹਨਾਂ ਦੀਆਂ ਪੰਜਾਬ ਵਿਚ ਕਾਰਵਾਈਆਂ ਖਾਸ ਤਵੱਜੋ ਦੀਆਂ ਮੁਥਾਜ ਸਨ, ਦੋਹਾਂ ਤਾਕਤਾਂ ਦੇ ਟਕਰਾਉ ਵਿਚੋਂ ਪੰਥ ਨੂੰ ਸਲਾਮਤ ਰੱਖਣਾ ਸੀ ਤੇ ਉਹ ਸਾਰੇ ਬੰਦੋਬਸਤ ਕਰਨੇ ਸਨ। ਇਨ੍ਹਾਂ ਤੋਂ ਵੱਖਰੇ ਪੰਥ ਦੇ ਆਪੋ ਵਿਚ ਦੇ ਕੋਈ ਮਾਮਲੇ ਸਨ, ਜਿਨ੍ਹਾਂ ਦੀ ਦਰੁਸਤੀ ਕੇਂਦਰੀ ਜਥੇਬੰਦੀ ਦੇ ਬੰਨ੍ਹ ਨੂੰ ਮੰਨਜ਼ੂਰ ਸੀ। ਇਸ ਲਈ ਗੁਰਮਤਾ ਸੱਦਿਆ ਗਿਆ। ਚਾਰ ਚੁਫੇਰੇ ਤੋਂ ਦੂਲੇ ਆ ਜੁੜੇ, ਗੁਰਮਤਾ ਲੱਗ ਗਿਆ। ਤ੍ਰੈ ਦਿਨ ਹੋ ਚੁਕੇ ਸਨ ਕਿ ਇਹ ਸਮਾਗਮ ਰੋਜ਼ ਲਗਦਾ ਸੀ। ਫ਼ਜ਼ੂਲ ਝਗੜੇ ਵਕਤ ਨਹੀਂ ਸਨ ਲੈ ਰਹੇ, ਪਰ ਮਾਮਲੇ ਬਹੁਤੇ ਤੇ ਨਾਜ਼ਕ ਸਨ। ਹਾਂ, ਅੱਜ ਗੁਰਮਤਾ ਲੱਗ ਰਿਹਾ ਸੀ, ਤ੍ਰੈ ਦਿਨ ਦੀ ਰੋਜ਼ਾਨਾ ਬੈਠਕ ਵਿਚ ਪੰਥ ਦੇ ਇਸ ਇਕੱਠ ਨੇ ਸਾਰਾ ਕੁਛ ਨਜਿੱਠ ਲਿਆ ਸੀ। ਅੱਜ ਚੌਥਾ ਦਿਨ ਸੀ, ਨਿੱਕੇ ਨਿੱਕੇ ਮਾਮਲੇ ਤੈ ਹੋ ਰਹੇ ਸਨ ਕਿ ਜਿਨ੍ਹਾਂ ਵਿਚ ਪੰਥ ਤੋਂ ਵਿਛੁੜਿਆਂ ਦੀ ਸੰਭਾਲ ਹੋ ਰਹੀ ਸੀ, ਠੀਕ ਇਸ ਵੇਲੇ ਲੱਧਾ ਸਿੰਘ, ਆਗਾ ਖਾਂ, ਮਾਈ ਤੇ ਸਤਵੰਤ ਕੌਰ ਅੱਪੜੇ। ਆਪ ਹੁਣ ਸਾਰੇ ਖਾਲਸਈ ਲਿਬਾਸ ਵਿਚ ਸਨ।

ਜਦ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਸ੍ਰੀ ਅੰਮ੍ਰਿਤਸਰ ਦੇ ਕਿਨਾਰੇ ਆਕੇ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਏ, ਚੌਹਾਂ ਦੇ ਦਿਲ ਅਚਰਜ ਤੋਂ ਅਚਰਜ ਹੁੰਦੇ ਬਿਸਮਾਦ ਦੇ ਝਲਕੇ ਵਿਚ ਨਿਵੇਂ। ਚਾਰੇ ਸੱਚੇ ਸਿਜਦੇ (ਨਮਸਕਾਰ) ਵਿਚ ਪਵਿੱਤ੍ਰ ਧਰਤੀ ਤੇ ਪੈ ਗਏ। ਸਤਵੰਤ ਕੌਰ, ਕਰੜੀਆਂ ਕੈਦਾਂ, ਸੈਂਕੜੇ ਕੋਹਾਂ ਦੀਆਂ ਦੁਸ਼ਤਰ ਵਲਿੱਖਾਂ ਵਿਚ ਸਟੀ ਗਈ ਸਤਵੰਤ ਨੂੰ ਕਦੇ ਆਸ ਹੋ ਸਕਦੀ ਸੀ ਕਿ ਮੁੜ ਆਪਣੇ ਪ੍ਯਾਰੇ ਹਰੀ ਜੀ ਦੇ ਮੰਦਰ ਦੇ ਦਰਸ਼ਨ ਕਰ ਸਕੇਗੀ? ਅੱਜ ਦੇਖੋ ਉਸ ਅਣਡਿੱਠ ਪਰ ਪੂਰਾ ਤੋਲਣ ਵਾਲੀ ਸ਼ਕਤੀ ਦੀ ਮਿਹਰ ਨਾਲ, ਅੱਜ ਤੱਕੋ ਉਸ ਬਜ਼ੁਰਗ ਪੰਥ ਦੇ ਪ੍ਯਾਰ ਦਾ ਸਦਕਾ, ਜੋ ਆਪਣੇ ਇਕ ਇਕ ਟੁਕੜੇ ਨੂੰ ਸਾਰੇ ਜਿੰਨਾ ਪ੍ਯਾਰ ਕਰਦਾ ਹੈ, ਸਤਵੰਤ ਲਈ ਅਸੰਭਵ ਸੰਭਵ ਹੋ ਗਿਆ ਹੈ, ਅਨਹੋਣਾ ਅੱਖਾਂ ਅਗੇ ਵਰਤ ਰਿਹਾ ਹੈ। ਇਸ ਦਰਸ਼ਨ ਨੇ ਅੰਦਰਲੇ ਉਮਾਹ, ਪਿਆਰ, ਵੈਰਾਗ, ਚਾਉ, ਸ਼ੁਕਰ ਦੇ ਭਾਵਾਂ ਨੂੰ ਉਮਡਾਉ ਦੇ ਕੇ ਕਿਸੇ ਐਸੀ ਰੰਗਣ ਵਿਚ ਚਾੜ੍ਹਿਆ ਹੈ ਕਿ ਉਸ ਨੇ ਰਸ ਰੂਪ ਕਰਕੇ ਕਿਸੇ ਰਸ ਸਾਗਰ ਦੀ ਪੈਰੀਂ ਪਾ ਦਿੱਤਾ ਹੈ।

ਲੱਧਾ ਸਿੰਘ ਦੀ ਸਾਰੀ ਉਮਰ ਦੀ ਅਭਿਲਾਖਾ ਹੀ ਇਹੋ ਦਰਸ਼ਨ ਸਨ, ‘ਇਨ੍ਹਾਂ ਦਰਸ਼ਨਾਂ ਵਿਚ ਸਮਾਈ ਹੀ ਹੋ ਜਾਏਂ, ਇਹੋ ਉਸ ਦੀ ਮੰਗ ਸੀ ਪਰ ਪੰਜਾਬ ਦੇ ਕਠਨ ਹਾਲਾਤ ਤੇ ਪ੍ਰਦੇਸ਼ਾਂ ਵਿਚੋਂ ਅੱਪੜਨਾ ਕਠਨਾ- ਈਆਂ ਸਨ ਜੋ ਸਦਾ ਰੋਕਦੀਆਂ ਰਹੀਆਂ, ਪਰ ਅੱਜ ਕਿਸੇ ਅਮਰੀ ਮਿਹਰ ਨੇ ਸਾਰੀਆਂ ਕੱਟਕੇ ਪਰੇ ਸੁੱਟ ਦਿੱਤੀਆਂ ਹਨ ਤੇ ਦੇਖੋ ਜਗ੍ਯਾਸੂ ਦਾ ‘ਪੁਜਾਰੀ-ਮਨ’ ਅਪਣੇ ਪੂਜ੍ਯ ਦੇ ਚਰਨਾਂ ਨੂੰ ਪ੍ਰਾਪਤ ਹੋ ਗਿਆ ਹੈ, ਹਾਂ ਆਬਿਦ ਅਪਣੇ ਮਾਬੂਦ ਦੇ ਕਦਮਾਂ ਤੇ ਸਿਰ ਸਿੱਟਕੇ ਅਪਣੇ ਦਿਲ ਦੀ ‘ਆਪਾ-ਨੁਛਾਵਰ ਭੇਟਾ ਜਿਸਦੇ ਵਿਚ ਪੇਸ਼ ਕਰਕੇ ਵਿਸਮਾਦੀ ਰੰਗ ਵਿਚ ਬੇ-ਸੁੱਧ ਹੋ ਰਿਹਾ ਹੈ।

ਆਗਾ ਖ਼ਾਂ – ਹਾਂ ਜੀ, ਆਗਾ ਖ਼ਾਂ ਦੇ ਵਲਵਲੇ ਅਚਰਜ ਦੀ ਹੱਦ ਟੱਪ ਗਏ ਹਨ, ਇਸ ਜ਼ਮੀਨ ਉਤੇ ਅਸਮਾਨੀ ਸੁੰਦਰਤਾ ਦਾ ਝਾਕਾ ਉਸ ਨੇ ਕਾਸ ਨੂੰ ਡਿੱਠਾ ਯਾ ਕਦੇ ਖਿਆਲ ਬੀ ਕੀਤਾ ਸੀ, ਉਹ ਖੂਬਸੂਰਤੀ ਦਾ ਬੁੱਕਾ ਉਸਦਾ ਆਪਣਾ ਸੀ, ਪਰ ਉਸ ਤੋਂ ਖੁੱਸ ਚੁਕਾ ਸੀ ਬਚਪਨ ਵਿਚ ਹੀ ਹਾਂ ਜਿਸ ਤੋਂ ਨਾ ਨਿਰਾ ਓਸਦਾ ਸਰੀਰ ਵਿਛੁੜਿਆ ਸੀ ਪਰ ਜਿਸ ਤੋਂ ਉਸ ਦਾ ਮਨ, ਖਿਆਲ, ਸ਼ਰਧਾ, ਪ੍ਯਾਰ ਸਾਰੇ ਅਣਜਾਣੇ ਹੀ ਵਿਛੋੜ ਦਿੱਤੇ ਗਏ ਸਨ, ਤੇ ਹਾਂ ਜਿਸਦੀ ਸੋਝੀ ਬਿਜਲੀ ਦੇ ਲਿਸ਼ਕਾਰੇ ਵਾਂਗੂੰ ਤੇ ਉਸ ਲਿਸ਼ਕਾਰੇ ਵਾਂਗੂੰ ਜੋ ਭਾਦੋਂ ਦੀ ਮਸ੍ਯਾ ਦੀ ਰਾਤ ਨੂੰ ਕਾਲੀ ਘਟਾ ਦੇ ਛਾਏ ਅੰਧਕਾਰ ਵਿਚ ਬਿਨ ਗਰਜੇ ਬਿਨ ਬੋਲੇ ਅਚਾਨਕ ਕੂੰਦ ਪਵੇ, ਆ ਪਈ ਸੀ। ਹਾਂ, ਉਹ ਅਪੂਰਬ ਝਾਕਾ ਉਸ ਲਈ ਉਹ ਅਦਭੁਤ ਨਜ਼ਾਰਾ ਹੋਰ ਹੀ ਹੋਰ ਅਸਰ ਰੱਖਦਾ ਸੀ। ਦਰਸ਼ਨ ਕਰਦੇ ਸਾਰ ਉਸ ਦੇ ਨੈਣ ਝਮਕਣਾ ਭੁੱਲ ਗਏ ਮੂੰਹ ਅੱਡਿਆ ਗਿਆ, ਹੱਥ ਦੋਇ ਉੱਚੇ ਹੋ ਤਲੀਆਂ ਸਿਰ ਦੀ ਸੇਧ ਮੰਦਰ ਵੱਲ ਹੋ ਗਈਆਂ ਤੇ ਕੁਛ ਪਲਾਂ ਵਿਚ ਹੀ ਐਉਂ ਤੱਕਦਾ ਤੱਕਦਾ ਸਤਵੰਤ ਵਾਂਙੂ ਸਿਜਦੇ ਵਿਚ ਢਹਿ ਪਿਆ। ਬਾਕੀ ਰਹੀ ਅੰਮਾਂ ਸਾਂਈਂ ਜੀ, ਹਾਂ ਜੀ, ਉਹ ਸਿੱਖੀ ਮੰਡਲ ਵਿਚ ਪਲੀ, ਸਿੱਖ ਪ੍ਰੀਤਮਾਂ ਨੂੰ ਪਿਆਰ ਕਰਨ ਵਾਲੀ, ਸਿੱਖੀ ਵਲਵਲਿਆਂ ਨਾਲ ਭਰਪੂਰ, ਆਪਣੀ ਪ੍ਰੀਤਮਾਂ ਦੀ ਆਖਰੀ ਵਸੀਅਤ ਨੂੰ ਸਿਰੇ ਚਾੜ੍ਹਣ ਵਿਚ ਵਰ੍ਹਿਆਂ ਬੱਧੀ ਜੱਫਰ ਜਾਲਣ ਵਾਲੀ, ਮੌਤ ਤੱਕ ਦੀਆਂ ਖਾਖਾਂ ਵਿਚ ਪੈ ਪੈ ਕੇ ਨਿਕਲੀ ਪ੍ਰੇਮਣ, ਉਸ ਪ੍ਯਾਰ ਕੁੱਠੀ ਨੇ ਜਦ ਆਪਣੇ ਧਰਮ ਮੰਦਰ ਦੇ ਦਰਸ਼ਨ ਕੀਤੇ, ਨਿਰਾਸਤਾ ਤੋਂ ਪਈ ਨਿਰਾਸਤਾ ਦੇ ਮਗਰੋਂ ਜਦ ਅੱਜ ਆਸਾ ਪੂਰਨ ਸੂਰਜ ਤੱਕਿਆ ਤਾਂ ਸ਼ੁਕਰ ਤੇ ਪਿਆਰ ਨਾਲ ਘੁਲਦੀ ਘੁਲਦੀ ਉਸ ਖੂਬਸੂਰਤੀ ਦੇ ਸਮੁੰਦਰ ਦੇ ਚਰਨੀਂ ਢੱਠਕੇ ਜਾ ਪਈ ਘੁਲਕੇ ਜਿਵੇਂ ਜਾ ਪਵੇ ਬਰਫ਼ ਪਾਣੀਆਂ ਵਿਚ। ਚਾਰੇ ਪਏ ਹਨ, ਸਿਜਦੇ ਵਿਚ ਪਏ ਹਨ ਅਸਾਰ, ਪਰ ਮਦਮਸਤ ਕਿਸੇ ਰੰਗ ਵਿਚ, ਕਿਸੇ ਅੰਦਰਲੇ ਤ੍ਰਿਖੇ ਭਾਵ ਵਿਚ ਡੁਬੇ ਹੋਏ। ਪਏ ਰਹੋ ਸੁਹਣਿਓਂ ! ਇਸੇ ਅੰਦਰਲੇ ਦੇ ਭਾਵ ਵਿਚ ਪਏ ਰਹਿਣਾ, ਹਾਂ, ਇਸ ਜੀਵਨ ਦਾ ਇਹੋ ਲਾਹਾ ਹੈ ਜੇ। ਇਹੋ ਸੁਆਦ ਹੈ ਜੇ, ਜੋ ਹੋਰਨਾਂ ਸੁਆਦਾਂ ਦੇ ਮਗਰ ਆਪਣੇ ਭੁਲਾਵੇ ਪਾ ਪਾ ਲਈ ਫਿਰਦਾ ਹੈ। ਇਹ ਸੁਆਦ ਹੈ ਜੋ ਅੱਜ ਸਿੱਧਾ ਤੁਹਾਨੂੰ ਲੱਭਾ ਹੈ, ਹਾਂ ਪਏ ਰਹੋ !

ਸਮਾਂ ਲੰਘਿਆ ਤਾਂ ਆਪਣੀ ਚਾਲੇ, ਪਰ ‘ਵਿਸਮਾਦ ਮਸਤ ਮਨਾਂ ਨੂੰ ਚਲਦਾ ਭਾਸਿਆ ਨਹੀਂ। ਹੁਣ ਉੱਠੇ ਕੁਛ ਚਿਰ ਬਾਦ ਉੱਠੇ, ਸ਼ੁਕਰ ਸ਼ੁਕਰ ਵਿਚ ਭਰੇ ਸਰੋਵਰ ਦੇ ਕਿਨਾਰੇ ਬਹਿ ਗਏ। ਪਰ ਥੋੜੀ ਦੇਰ ਬਾਦ ਕੀ ਦੇਖਦੇ ਹਨ ਕਿ ਪਿੱਠ ਪਿੱਛੇ ਇਕ ਸਿੰਘ ਸੂਰਤ ਖੜੀ ਹੈ। ਸਤਵੰਤ ਨੇ ਤੱਕਿਆ, ਗਹੁ ਕੀਤੀ, ਝੱਟ ਪਛਾਣ ਲਿਆ ਕਿ ਇਹ ਜਥੇ ਵਾਲੇ ਸਿੰਘ ਜੀ ਤਾਂ ਓਹੋ ਬਾਉਰੀਆਂ ਵਾਲੇ ਦਾਤਾ ਜੀ ਹਨ, ਹਾਂ ਉਹ ਗੁਰਮੁਖ ਹਨ ਕਿ ਜੋ ਕਾਬਲ ਵਿਚ ਸਤਵੰਤ ਦਾ ਪਾਰ ਉਤਾਰਾ ਕਰ ਆਏ ਸਨ, ਜੋ ਕਿ ਸਾਰੇ ਸਿੱਖ ਕੈਦੀਆਂ ਨੂੰ ਲੱਭ ਆਏ ਸਨ, ਜੋ ਸਤਵੰਤ ਤੋਂ ਕਾਬਲ ਵਿਛੁੜੇ ਸਨ, ਉਹਨਾਂ ਨੇ ਅਜੇ ਹੋਰ ਕੰਮ ਕਰਨੇ ਸਨ, ਪਰ ਦੇਖੋ ਓਹ ਸਾਰੇ ਕੰਮ ਕਰਕੇ ਇਨ੍ਹਾਂ ਤੋਂ ਪਹਿਲੇ ਦੇਸ਼ ਅੱਪੜੇ ਹਨ। ਪੰਥ ਵਿਚ ਗੁਰਮਤਾ ਲੱਗਣ ਵਾਲਾ ਸੀ ਤੇ ਓਹ ਆਪਣੇ ਉੱਚੇ ਰੂਹਾਨੀ ਜੀਵਨ ਕਰਕੇ ਡਾਢੇ ਪਿਆਰ ਨਾਲ ਪੰਥ ਵਿਚ ਸਨਮਾਨੇ ਜਾਂਦੇ ਸਨ, ਉਹਨਾਂ ਦਾ *ਗੁਰਮਤੇ ਵਿਚ ਅੱਪੜਨਾ ਜ਼ਰੂਰੀ ਸੀ। ਨਾ ਡਾਕ ਨਾ ਰੇਲ, ਨਾ ਤਾਰ, ਪਰ ਫੇਰ ਇਨ੍ਹਾਂ ਅਨਘੜ ਸਿਪਾਹੀਆਂ ਦੀ ਜਥੇਬੰਦੀ ਦਾ ਖਿਆਲ ਕਰਨਾ ਕਿ ਅਫ਼ਗ਼ਾਨਿਸਤਾਨ ਬੀ ਝੱਟ ਗੁਪਤ ਖ਼ਬਰ ਪੁੱਜ ਗਈ ਕਿ ਗੁਰਮਤਾ ਹੈ ਤੇ ਸਿੰਘ ਜੀ ਦੀ ਲੋੜ ਹੈ ਤੇ ਸਿੰਘ ਜੀ ਜਲਦੀ ਤੋਂ ਜਲਦੀ ਅੱਪੜ ਜਾਣ।

ਸਿੰਘ ਜੀ ਨੇ ਸਤਵੰਤ ਨੂੰ ਅੱਡ ਲਿਜਾਕੇ ਰਸਤੇ ਦਾ ਸਾਰਾ ਹਾਲ ਪੁੱਛਿਆ, ਜੋ ਉਸਨੇ ਕਹਿ ਸੁਣਾਇਆ। ਹੁਣ ਸਤਵੰਤ ਕੌਰ ਤੋਂ ਸਿੰਘ ਜੀ ਨੂੰ ਪਤਾ ਲਗਾ ਕਿ ਇਹ ਨੌਜਵਾਨ ਸਹਿਜਧਾਰੀ ਲਗਦਾ ਸ਼ਤ੍ਵਜੀਤ ਸਿੰਘ ਦਾ ‘ ਬੇਟਾ ਹੈ ਅਰ ਇਹ ਮੁਸ਼ਕਲਾਂ ਤੇ ਅਸੰਭਵ ਹੋਣੀਆਂ ਵਿਚੋਂ ਬਚ, ਨਿੱਤਰ ਕੇ ਫੇਰ ਆਪਣੇ ਘਰ ਆਇਆ ਹੈ ਤੇ ਸਿੱਖੀ ਖੂਨ ਦੀ ਪਵਿੱਤ੍ਰਤਾ ਦਾ ਇਕ ਨਮੂਨਾ ਬਣਕੇ ਆਇਆ ਹੈ। ਸੋਲਾਂ ਸਤਰਾਂ ਵਰ੍ਹੇ ਗ਼ੈਰ ਮਤ, ਗ਼ੈਰ ਸਿਖ੍ਯਾ ਵਿਚ ਪਲ ਕੇ ਬੀ ਇਸਨੂੰ ਆਪਣੇ ਅਸਲੇ ਦੀ ਸੁਧ ਪਾਂਦਿਆਂ ਸਾਰ ਆਪਣੇ ਅਸਲੇ ਵਲ ਪਲਟਦਿਆਂ ਇਕ ਛਿਨ ਦੇਰ ਨਹੀਂ ਲੱਗੀ। ਇਹ ਸੋਚਕੇ ਉਹ ਅਡੋਲ ਨਾਮ ਰੱਤਾ ਹਿਰਦਾ ਦ੍ਰਵ ਗਿਆ, ਅੱਖਾਂ ਵਿਚ ਅੱਥਰੂ ਭਰ ਆਏ, ਨੈਣ ਉੱਚੇ ਹੋ ਗਏ, ਧੰਨ ਗੁਰ ਨਾਨਕ ! ਧੰਨ ਗੁਰ ਨਾਨਕ” ਦੀ ਅੰਦਰ ਲੱਲ ਲਗ ਗਈ ਅਰ ਕੋਈ ਅੱਧੀ ਘੜੀ ਅਗੰਮ

ਵਿਚ ਗੁੰਮ ਰਹਿਕੇ ਨੈਣ ਖੁੱਲ੍ਹੇ, ਜੀਭ ਨੇ ਫਿਰ ਕਿਹਾ :-

“ਧੰਨ ਗੁਰ ਨਾਨਕ, ਕਲਗੀਆਂ ਵਾਲਾ ਦਾਤਾ ਤੂੰ ਧੰਨ ! ਤੂੰ ਧੰਨ ! ! ਤੂੰ ਧੰਨ! ! ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੂੰ ਧੰਨ! ਤੂੰ ਧੰਨ ! ! ਤੂੰ ਧੰਨ! !!

ਫੇਰ ਸਤਵੰਤ ਨੇ ਆਗਾ ਖ਼ਾਂ ਨੂੰ ਇਨ੍ਹਾਂ ਦੇ ਪੇਸ਼ ਕੀਤਾ ਤੇ ਉਸਨੂੰ ਦੱਸਿਆ ਕਿ ਇਹ ਗੁਰਮੁਖ ਜੀ ਹਨ, ਦਾਤਾ ਜੀ ਹਨ, ਪੰਥ ਵਿਚ ਉਚੇ ਮੰਨੇ ਆਤਮ ਰਸੀਏ ਰਤਨ ਹਨ।

ਇਹ ਜਦ ਭਾਰੀ ਔਕੜ ਪਵੇ ਤਾਂ ਆਪਣੀ ਮੌਜ ਅਨੁਸਾਰ ਆਪਾ ਵਾਰ ਕੇ ਦੁਸ਼ਤਰ ਕੰਮਾਂ ਵਿਚ ਆ ਨਿਤਰਦੇ ਹਨ, ਅਰ ਕਾਮਯਾਬ ਹੁੰਦੇ ਹਨ। ਕਈ ਬੋਲੀਆਂ ਦੇ ਵਿਦਵਾਨ ਹਨ, ਰਹਿੰਦੇ ਬਿਹੰਗਮ ਬ੍ਰਿਤੀ ਵਿਚ ਹਨ। ਅਕਸਰ ਜਦ ਕਿਸੇ ਮੁਹਿੰਮ ਤੇ ਜਾਣ ਤਾਂ ਕੇਸ ਖੁਲ੍ਹੇ ਛੱਡਕੇ ਵਿਚਰਦੇ ਹਨ। ਜਦੋਂ ਦੂਰ ਥਾਂਈਂ ਮੁਸਲਮਾਨ ਧਰਤੀਆਂ ਵਿਚ ਕੰਮ ਕਰਦੇ ਫਿਰਦੇ ਹਨ ਤੇ ਲੋਕੀਂ ਇਨ੍ਹਾਂ ਦੇ ਖੁਲ੍ਹੇ ਲਟਕਦੇ ਘੁੰਗਰ੍ਯਾਲੇ ਕੇਸਾਂ ਨੂੰ ਏਹਨਾਂ ਦੇ ਚੰਦਨ ਚਿਹਰੇ ਦੇ ਉਦਾਲ ਲਪੇਟਾਂ ਮਾਰਦੇ ਤੱਕਦੇ ਹਨ ਤਾਂ ਇਹਨਾਂ ਨੂੰ ਬਾਉਰੀਆਂ ਵਾਲਾ ਬਾਬਾ ਜੀ ਕਹਿੰਦੇ ਹਨ। ਸਿੱਖਾਂ ਵਿਚ ਤਾਂ ਥਾਂ ਉੱਚੀ ਤੇ ਹਨ, ਪਰ ਬਲੋਚਿਸਤਾਨ, ਗਜ਼ਨੀ, ਕੰਧਾਰ, ਕਾਬਲ, ਜਲਾਲਾਬਾਦ, ਖ਼ੈਬਰ ਤੇ ਤੀਰਾਹ ਜਗ੍ਹਾ ਜਗ੍ਹਾ ਇਨ੍ਹਾਂ ਨੂੰ ਪੀਰ ਕਰਕੇ ਮੰਨਣ ਵਾਲੇ ਅਨੇਕਾਂ ਹੀ ਮੁਸਲਮਾਨ ਹਨ। ਸੁਖ ਹੋਵੇ ਤਾਂ ਇਹ ਆਪਣੇ ਏਕਾਂਤ ਵਾਸੀ ਬੰਦਗੀ ਦੇ ਰਸ ਵਿਚ ਮਗਨ ਰਹਿੰਦੇ ਹਨ, ਜਦੋਂ ਮੌਜ ਆ ਜਾਵੇ ਤਾਂ ਇਸ ਰੂਪ ਵਿਚ ਫਿਰ ਟੁਰਕੇ ਕਾਰਜ ਸਿਰੇ ਚਾੜ੍ਹ ਲੈਂਦੇ ਹਨ। ਸ਼ਬਜੀਤ ਸਿੰਘ ਜੀ ਦੇ ਪਰਵਾਰ ਦੀ ਭਾਲ ਵਿਚ ਬੜਾ ਜਤਨ ਕੀਤਾ ਸਾਨੇ ਪਰ ਥਹੁ ਨਹੀਂ ਸਾਨੇ ਲੱਗਾ। ਤਾਂ ਬੀ ਇਹ ਕਿਹਾ ਕਰਦੇ ਸਨ ਕਿ ਸ਼ਤ੍ਰਜੀਤ ਸਿੰਘ ਦੇ ਪਰਵਾਰ ਦਾ ਕੋਈ ਬੰਦਾ ਅਜੇ ਜੀਉਂਦਾ ਅਫ਼ਗ਼ਾਨਿਸਤਾਨ ਵਿਚ ਹੈ। ਹੁਣ ਦੇਖੋ ਇਨ੍ਹਾਂ ਦੀ ਲਾਈ ਬੂਟੀ ਸਤਵੰਤ ਕੌਰ ਇਸ ਪੰਥਕ ਚੰਦ ਦੀ ਚੰਨ ਟੁਕੜੀ ਨੂੰ ਨਾਲ ਲੈ ਆਈ ਹੈ।

ਆਪ ਹੁਣ ਚੌਹਾਂ ਨੂੰ ਨਾਲ ਲੈ ਕੇ ਗੁਰਮਤੇ ਦੇ ਦੀਵਾਨ ਵੱਲ ਆਏ। ਰਸਤੇ ਵਿਚ ਰੋਕ ਸੀ ਤੇ ਗੁਪਬੋਲਾ’ ਜਾਣ ਤੇ ਦੱਸੇ ਬਿਨਾਂ ਅੰਦਰ ਜਾਣਾ ਕਠਨ ਸੀ ਜੋ ਗੁਰਮੁਖ ਜੀ ਨੇ ਚੌਹਾਂ ਨੂੰ ਦੱਸ ਦਿੱਤਾ ਸੀ ਕਿ ਅੱਜ ਦਾ ਬੋਲਾ ‘ਰਜਤਪਣ ਹੈ। ਪਹਿਰੇਦਾਰਾਂ ਨੂੰ ਜੋ ਤ੍ਰੈ ਟਿਕਾਣਿਆਂ ਤੇ ਹੋਣਗੇ ਕੰਨ ਵਿਚ ‘ਰਜਤਪਣ’ ਕਹਿ ਦੇਣਾ ਤੇ ਮੇਰੇ ਮਗਰ ਤੁਰੀ ਆਉਣਾ। ਸੋ ਇਸੇ ਤਰ੍ਹਾਂ ਹੋਇਆ। ਪਹਿਰੇਦਾਰ ਚੌਹਾਂ ਨੂੰ ਦੇਖਕੇ ਡਾਢੀ ਤ੍ਰਿਖੀ ਨਿਗਾਹ ਪਾਉਂਦੇ ਸਨ ਅਰ ਕੁਛ ਸ਼ੱਕ ਕਰਦੇ ਜਾਪਦੇ ਸਨ, ਪਰ ਗੁਪਬੋਲਾ*’ ਸੁਣਕੇ ਠਿਠੰਬਰ ਜਾਂਦੇ ਸੇ ਤੇ ਫੇਰ ਗੁਰਮੁਖ ਜੀ ਦਾ ਇਸ਼ਾਰਾ ਤੱਕਕੇ ਨਿਰਸੰਸੇ ਲੰਘ ਜਾਣ ਦੇਂਦੇ ਸਨ। ਜਦੋਂ ਅੰਦਰ ਦੀਵਾਨ ਵਿਚ ਗਏ ਤਾਂ ਗਿਆਨੀ ਘਰਬਾਰਾ ਸਿੰਘ ਜੀ ਸ਼ਬਦ ਦੀ ਕਥਾ ਸਮਾਪਤ ਕਰ ਚੁਕੇ ਸੇ, ਹੁਣ ਸਮਾਪਤੀ ਦਾ ਅਰਦਾਸਾ ਹੀ ਬਾਕੀ ਸੀ ਕਿ ਗੁਰਮੁਖ ਜੀ ਨੇ ਅਰਦਾਸਾ ਕਰਨ ਤੋਂ ਪਹਿਲਾਂ ਚਬੂਤਰੇ ਤੇ ਖੜੋਕੇ ਗੱਜ ਕੇ ‘ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਤੇ ਫੇਰ ਪੰਥ ਨੂੰ ਵਧਾਈਆਂ ਦਿੱਤੀਆਂ। ‘ਖਾਲਸਾ ਜੀ ! ਅੱਜ ਓਹ ਵਧਾਈ ਹੈ ਕਿ ਜਿਸ ਪਰ ਸਾਰੇ ਪੰਥ ਦਾ ਖੂਨ ਸੱਚੇ ਪ੍ਰੇਮ ਤੇ ਖੁਸ਼ੀ ਦਾ ਉਛਾਲਾ ਖਾਏਗਾ ਤੇ ਓਹ ਮੰਗਲਾਂ ਵਾਲੀ ਗਲ ਇਹ ਹੈ ਕਿ ਪਿਆਰੇ ਸ਼ਤਜੀਤ ਸਿੰਘ ਦਾ ਬੇਟਾ ਲੱਭ ਪਿਆ ਹੈ ਅਤੇ ਅੱਜ ਪੰਥ ਦੇ ਚਰਨਾਂ ਵਿਚ ਆ ਗਿਆ ਹੈ ਤੇ ਨਾਲ ਬੀਰਤਾ ਦੀ ਦੇਵੀ ਸਤਵੰਤ ਕੌਰ ਕੈਦਾਂ ਦੇ ਬੰਧਨ ਕੱਟ ਕਟਾ ਕੇ ਸਿੱਖੀ, ਸ਼ਰਮ, ਧਰਮ, ਕੇਸ ਤੇ ਬੰਦਗੀ ਸਲਾਮਤ ਲੈ ਕੇ ਆ ਗਈ ਹੈ। ਇਹ ਖ਼ਬਰ ਇਸ ਤਰ੍ਹਾਂ ਦੀ ਉਛਾਲੇ ਵਾਲੀ ਪਈ ਕਿ ਮਾਨੋਂ ਪਿਆਰਾਂ ਦੀ ਬਿਜਲੀ ਵਿਛੋੜੇ ਦੇ ਖਲ- ਵਾੜਿਆਂ ਤੇ ਪੈਕੇ ਉਸ ਨੂੰ ਪਵਿੱਤ੍ਰ ਅਲਾਂਬੇ ਦਾ ਨੂਰ ਲਾ ਲਗੀ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਉਸ ਗੁਪਤ ਮੰਡਲ ਦਾ ਆਕਾਸ਼ ਗੂੰਜ ਉੱਠਿਆ। ਜਦ ਚੁੱਪ ਹੋਈ ਤਾਂ ਗੁਰਮੁਖ ਜੀ ਨੇ ਸਤਵੰਤ ਕੌਰ ਨੂੰ ਆਖਿਆ ਕਿ ਆਪਣਾ ਹਾਲ ਸੁਣਾਵੇ। ਸਤਵੰਤ ਕੌਰ ਨੇ ਆਪਣੇ ਦੁਖੜੇ, ਆਪਣੀ ਸਿੱਖੀ ਸੁਰਤ ਨਾਲ ਦੁਖੜਿਆਂ ਦੇ ਮੁਕਾਬਲੇ ਤੇ ਸਾਂਈਂ ਦੀਆਂ ਮਿਹਰਾਂ ਤੇ ਫੇਰ ਗੁਰਮੁਖ ਜੀ ਦੀ ਪਿਆਰ ਛੁਹ ਤੇ ਨਾਮ ਦਾਨ ਨਾਲ ਜੀ ਉਠਣ ਦੀ ਮਗਰਲੀ ਸਿਰ ਬੀਤੀ ਤੇ ਆਗਾ ਖ਼ਾਂ ਦੇ ਮਿਲਣ ਦੀ ਗੱਲ ਬਾਤ ਕਹਿ ਸੁਣਾਈ।

ਅੱਜ ਦਾ ਸਮਾਗਮ ਪੰਥ ਦੇ ਜਥੇਦਾਰਾਂ, ਚੋਣਵੇਂ ਮਹਾਂ ਪੁਰਖਾਂ, ਵਿਦਵਾਨਾਂ, ਸੂਰਮਿਆਂ ਤੇ ਜੋਧਿਆਂ ਦਾ ਸੀ, ਚੋਣਵਿਆਂ ਦਾ ਦੀਵਾਨ ਹੀ ਗੁਰਮਤਾ ਕਹੀਦਾ ਸੀ। ਹਾਂ ਜੀ, ਓਹਨਾਂ ਸਾਰੇ ਬਹਾਦਰਾਂ ਤੇ ਸਰੇਸ਼ਟ ਸੱਜਣਾਂ ਦੇ ਦਿਲ ਸਤਵੰਤ ਦੇ ਦੁਖਾਂ ਅਰ ਉਸ ਦੀਆਂ ਬਹਾਦਰੀਆਂ ਨਾਲ ਭਰ ਆਏ, ਆਪਣੀ ਕੌਮ ਤੇ ਸਿੱਖੀ ਵਿਸ਼ਵਾਸ਼ ਦੀਆਂ ਉੱਚੀਆਂ ਤਾਸੀਰਾਂ ਉਤੇ ਫ਼ਖ਼ਰ ਆ ਆ ਕੇ ਨੈਣ ਭਰ ਭਰ ਲਿਆਏ। ਇਸ ਵੇਲੇ ਇਕ ਫ਼ਖ਼ਰਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ, ਜੋਸ਼ ਦਾ ਇਕ ਅਝੱਲ ਵਲਵਲਾ ਉਤਸ਼ਾਹ ਬਣਕੇ ਉਮਡਦਾ ਸੀ, ਨੈਣ ਭਰਦੇ ਡੁੱਲ੍ਹਦੇ ਤੇ ਚਮਕ ਚਮਕ ਉਠਦੇ ਸੇ, ਉਦਾਸੀਆਂ ਨਾਲ ਨਹੀਂ, ਪਰ ਸ਼ੁਕਰਾਂ, ਫ਼ਖ਼ਰਾਂ ਤੇ ਉਮਾਹਾਂ ਨਾਲ ਕਿ ਅਸੀਂ ਕਿਸ ਅਕਲਾਂ ਤੇ ਸ਼ਕਤੀਆਂ ਦੇ ਮਾਲਕ ਤੇ ਧਨੀ, ਸਾਹਿਬ ਦੇ ਰਚੇ ਹੋਏ ਖ਼ਾਲਸਾ ਹਾਂ। ਸਾਡੇ ਨਾ ਕੇਵਲ ਖਿਆਲ, ਪਰ ਸਾਡੇ ਖੂਨ ਵਿਚ ਉਸ ਨੇ ਕਿਹੜੀ ਜਾਨ ਪਾਈ ਹੈ ਕਿ ਸਾਡੀਆਂ ਕੰਨ੍ਹਾਂ ਬੀ ਕਠਨ ਤੋਂ ਕਠਨ ਮੁਸ਼ਕਲਾਂ ਵਿਚ ਜਾਕੇ ਇਕ ਅੱਗ ਦੇ ਮੱਘਦੇ ਕੋਲੇ ਵਾਂਗ ਜੋ ਸਿਆਲੇ ਦੀ ਕਕਰੀ ਰਾਤ ਵਿਚ ਅਪਣਾ ਨਿਕੇ ਤੋਂ ਨਿੱਕਾ ਵਜੂਦ ਹੁੰਦੇ ਤਕ ਮਘਦਾ, ਭਖਦਾ ਹੈ ਤੇ ਸੇਕ ਦੇਂਦਾ ਹੈ–ਹਾਰਦੀਆਂ ਨਹੀਂ। ਨਾ ਮੁਸ਼ਕਲਾਂ, ਨਾ ਡਰ ਨਾ ਨਿਰਾਸਤਾ ਦੇ ਹਨੇਰੇ, ਨਾ ਲੋਭ ਦੇ ਭੁਲਾਵੇ, ਨਾ ਲਾਲਚ ਨਾ ਫੁਸਲਾ- ਹਟ, ਕੋਈ ਸਾਡੇ ਬੱਚੇ ਬੱਚੀਆਂ ਨੂੰ ਭੀ ਆਪਣੇ ਟਿਕਾਣੇ ਤੋਂ ਹਿਲਾ ਨਹੀਂ ਸਕਦਾ। ਅਸੀਂ ਉਹਨਾਂ ਵਿਚੋਂ ਹੀ ਨਿਕਲੇ ਹਾਂ, ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਬੱਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ ਹਿੰਦੂ ਕੁਸ਼ ਰੱਖ ਦਿੱਤਾ ਗਿਆ ਹੈ। ਜਿਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼* ਧਰ ਦਿੱਤਾ ਹੈ। ਵਾਹ ਓਇ ਸਾਹਿਬਾ ! ਸੁਹਣੇ ਕੁੰਡਲਿਆਲੇ ਕੇਸਾਂ ਵਾਲੇ ਕਲਗੀਧਰਾ ! ਧੰਨ ਤੇਰੀ ਜਿੰਦ ! ਤੇ ਜਿੰਦ ਪਾਣ ਦੀ ਰੱਬੀ ਤਾਕਤ ! ਇਨ੍ਹਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ ਅਝੁੱਕ ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ ਤੇਰੇ ਆਪਣੇ ਬੱਚਿਆਂ ਵਾਲੀ ਬੀਰਤਾ ਦਿਖਾਲਦੇ ਹਨ। ਹਾਂ, ਸੁਹਣੇ ਕੇਸਾਂ ਵਾਲਿਆ ! ਤੂੰ ਹੀ ਆਪਣੇ ਜਾਏ ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁਤ੍ਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁਤ੍ਰ ਹੋਰ ਹਨ ਜੋ ਖਾਲਸਾ ਕਹੀਦੇ ਹਨ ਤੇ ਏਹ ਮੇਰੇ ਖ਼ਾਲਸਾ ਜੀ ਇਕ ਪੁਤ੍ਰ ਸੋਮਾਂ ਹੈ। ਮੇਰਾ ਇਹ ਪੁਤ੍ਰ ਅਮਰ ਪੁਤ੍ਰ ਹੈ, ਸਦਾ ਜੀਏਗਾ। ‘ਖਾਲਸਾ’ ਅਮਰ ਹੈ। ਹਾਂ, ਤੂੰ ਸਾਨੂੰ ਪੁਤ੍ਰ ਬਣਾਇਆ ਸੀ, ਤੇ ਅਮਰ ਪੁਤ੍ਰ ਬਣਾਇਆ ਸੀ। ਫੇਰ ਤੇਰੇ ਇਹ ਅਮਰ ਬੱਚੇ ਕੀਕੂੰ ਨਾ ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿੱਲ ਅਝੁੱਕ, ਅਬੁਝ ਅੱਗ ਦਾ ਅਲਾਂਬਾ ਹੋਣ, ਇਸ ਤਰ੍ਹਾਂ ਭਾਵ ਸਨ ਜੋ ਮਹਾਂਬਲੀ ਸੂਰਿਆਂ, ਯਾਨੀਆਂ, ਤਿਆਗੀਆਂ ਤੇ ਕਰਨੀਆਂ ਵਾਲੇ ਮਹਾਂਪੁਰਖਾਂ ਦੇ ਅੰਦਰ ਠਾਠਾਂ ਮਾਰ ਰਹੇ ਸਨ ਕਿ ਜਦੋਂ ਸਤਵੰਤ ਅਪਣੇ ਦੁਖੜੇ, ਅਪਣੇ ਹੀਲੇ, ਹਿੰਮਤਾਂ, ਅਪਣੇ ਹਾਲ ਹਵਾਲ ਦੱਸ ਰਹੀ ਸੀ, ਜਦੋਂ ਦੱਸ ਚੁਕੀ ਤਦ ਧੰਨ ਸਿੱਖੀ ! ਧੰਨ ਸਿੱਖੀ ਦੀ ਗੁੰਜਾਰ ਨਾਲ ਅਕਾਸ਼ ਗੂੰਜਿਆ। ਹੁਣ ਆਗਾ ਖ਼ਾਂ ਦੇ ਖੜੇ ਕਰਾਕੇ ਦਰਸ਼ਨ ਕਰਾਏ ਗਏ, ਉਹ ਪੰਜਾਬੀ ਸਮਝਣ ਤੇ ਕੁਛ ਟੂ ਟੂ ਕਰਨ ਲੱਗ ਪਿਆ ਸੀ, ਪਰ ਸਾਫ਼ ਨਹੀਂ ਬੋਲ ਸਕਦਾ ਸੀ, ਪਰ ਉਸ ਨੇ ਇੰਨੇ ਪਦ ਆਖ ਹੀ ਲਏ :-

‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ।। ਮੇਰਾ ਸੀਸ ਗੁਰੂ ਖ਼ਾਲਸੇ ਦੀ ਭੇਟਾ ਹੋਵੇਂ’। ਇਸ ਇਕ ਫਿਕਰੇ ਤੇ ਫਿਰ ਕਲੇਜੇ ਉਛਲੇ ਅਰ ਧੰਨ ਕਲਗ਼ੀਆਂ ਵਾਲੇ ਦਾ ਨਕਸ਼ਾ ਅੱਖਾਂ ਅੱਗੇ ਜਾਗਦੀ ਜੋਤ ਹੋ ਲਿਸ਼ਕਿਆ।

ਹੁਣ ਜੱਥੇਦਾਰ ਨੇ ਚਾਹਿਆ ਕਿ ਆਗਾ ਖ਼ਾਂ ਦੀ ਖਿਡਾਵੀ ਆਪਣੀ ਸ਼ਹੀਦ ਹੋਈ ਸਵਾਣੀ ਦਾ ਹਾਲ ਸੁਣਾਵੇ। ਸੋ ਉਸ ਪਿਆਰ ਨੁਛਾਵਰ ਬੀਬੀ ਨੇ ਸ਼ੱਤ੍ਰੁਜੀਤ ਸਿੰਘ ਦੀ ਸਿੰਘਣੀ ਆਸ ਕੌਰ ਤੇ ਬੱਚੇ (ਆਗਾ ਖ਼ਾਂ) ਦੇ ਕੈਦ ਪੈਣ ਤੋਂ ਲੈਕੇ ਸਤਵੰਤ ਜੀ ਦੇ ਮਿਲਣ ਤੱਕ ਦੇ ਸਾਰੇ ਹਾਲਾਤ ਸੁਣਾਏ। ਇਨ੍ਹਾਂ ਕਸ਼ਟ ਭਰੇ ਦੁਖੜਿਆਂ ਤੇ ਕੌਣ ਸੀ ਜੋ ਵੈਰਾਗ ਮੂਰਤ ਨਹੀਂ ਸੀ ਹੋ ਹੋ ਜਾਂਦਾ। ਆਸ ਕੌਰ ਦਾ ਮੌਤ ਦਾ ਜ਼ਹਿਰ ਪਿਆਲੇ ਨੂੰ ਸ਼ਹੀਦੀ ਦਾ ਸ਼ਰਬਤ ਬਣਾ ਕੇ ਪੀ ਜਾਣਾ, ਆਪਣੇ ਬੱਚੇ ਨੂੰ ਪੰਥ ਸੇਵਾ ਲਈ ਜੀਉਂਦੇ ਰੱਖ ਜਾਣਾ, ਆਸ ਕੌਰ ਦਾ ਸਿਦਕ ਕਿ ਮੇਰਾ ਬੱਚਾ ਆਪਣਾ ਜਨਮ ਸੁਣਕੇ ਆਪਣੇ ਅਸਲੇ ਵਿਚ ਜ਼ਰੂਰ ਜਾਏਗਾ ਦਾ ਪੂਰਾ ਉਤਰਨਾ, ਜ਼ਿੰਦਾ ਸਬੂਤ ਸਨ ਸਿੱਖੀ ਜ਼ਿੰਦਗੀ ਦੇ, ਸਿੱਖੀ ਵਿਸ਼ਵਾਸ ਦੇ ਤੇ ਸਿੱਖੀ ਸੱਤ੍ਯਾ ਦੇ ਏਹ ਸਾਰੇ ਭਾਵ ਇਕ ਉੱਚਾ ਵੈਰਾਗ ਪੈਦਾ ਕਰਦੇ ਹਨ, ਜਿਸ ਵਿਚ ਖੂਨ ਸਰਦ ਹੋਣ ਦੀ ਥਾਂ ਲਾਲੀ ਤੇ ਉਭਾਰ ਖਾਂਦਾ ਸੀ ਹਾਂ, ਵੈਰਾਗ ਦਾ ਝਲਕਾ ਵਜਦੇ ਸਾਰ ਨਾਸ਼ਮਾਨ ਜਗਤ ਦੇ ਦਿਲ ਫਰੇਬ ਨਕਸ਼ਿਆਂ ਤੋਂ ਜਿੱਤ ਉੱਠਕੇ ਸਾਹਿਬ ਜੀ ਦੀ ਪਿਆਰ ਮੂਰਤੀ ਦਾ ਝਲਕਾ ਲੈ ਲੈਂਦੇ ਸੀ, ਕਲੇਜੇ ਉਸ ਮਾਣ ਵਿਚ, ਫ਼ਖ਼ਰ ਵਿਚ ਉਛਲ ਪੈਂਦੇ ਕਿ ਸਾਡੇ ਦਾਤੇ ਸਤਿਗੁਰ ਗੋਬਿੰਦ ਸਿੰਘ ਜੀ ਨੇ ਕੀਹ ਪਾਰਸ ਛੂਹ ਸਾਡੇ ਮਨਾਂ ਨੂੰ ਲਾਈ ਹੈ ਕਿ ਇਹ ਬਿਦੇਸ਼ਾਂ ਵਿਚ ਪਰਵੱਸ ਪੈ ਕੇ, ਇਕ ਪਾਸੇ ਧ੍ਯਾਨਕ ਮੌਤ ਤੇ ਦੂਜੇ ਪਾਸੇ ਐਸ਼ਰਜ ਦੇ ਲਾਲਚਾਂ ਵਿਚ ਬੀ ਘਿਰੇ ਜਾ ਕੇ ਆਪਣੀ ਆਨ ਤੋਂ ਨਹੀਂ ਹਿਲਦੇ। ਮਰਨ ਵਿਚ ਜੀਵਨ ਸਮਝਦੇ ਹਨ ਅਰ ਗੁਲਾਮੀ ਦੇ ਜੀਵਨ ਨੂੰ ਮੌਤ ਤੋਂ ਬੁਰਾ ਸਮਝਦੇ ਹਨ। ਜਿੱਥੇ ਹਮਸਾਏ, ਸਾਕ ਤੇ ਨਾਤੇਦਾਰ ਜੋ ਉਸ ਯਤੀ ਦਾਤਾਂ ਗੁਰੂ ਗੋਬਿੰਦ ਸਿੰਘ ਜੀ ਦੀ ‘ਪਾਰਸ-ਛੁਹ’ ਤੋਂ ਵਿਰਵੇ ਹਨ, ਉਹਨਾਂ ਹੀ ਧਰਤੀਆਂ ਵਿਚ ਉਨ੍ਹਾਂ ਹੀ ਹਾਲਤਾਂ ਵਿਚ ਜਾਕੇ ਦੋ ਦੋ ਚਾਰ ਚਾਰ ਰੁਪਏ ਨੂੰ ਪਸ਼ੂਆਂ ਵਾਂਗੂ ਵਿਕਦੇ ਹਨ, ਉੱਥੇ ਸਾਡੇ ਬੱਚੇ, ਸਾਡੀਆਂ ਇਸਤ੍ਰੀਆਂ ਨੂੰ •ਕੋਈ ਲਾਲਚ ਮੋਹ ਨਹੀਂ ਸਕਦਾ, ਕੋਈ ਡਰ ਝੁਕਾ ਨਹੀਂ ਸਕਦਾ, ਨਿਰਭੈ ਮੌਤ ਦੇ ਘਾਟ ਉਤਰਦੇ ਹਨ ਅਰ ਟੁਟਦੇ ਸਿਤਾਰੇ ਵਾਂਙੂ ਆਪਣੀ ਮੌਤ ਵਿਚ ਬੀ ਨੂਰ ਦਾ ਲਿਸ਼ਕਾਰਾ ਮਾਰਦੇ ਹਨ। ਹਾਂ, ਸਾਡੇ ਬੱਚਿਆਂ ਦੇ ਖਿਡਾਵੇ, ਜਿਨ੍ਹਾਂ ਨੂੰ ਸਾਡੇ ‘ਪਿਆਰ ਜੀਵਨ ਦੀ ਛੁਹ ਮਿਲੀ ਹੈ, ਉਨ੍ਹਾਂ ਵਿਚ ਬੀ ਹੇ ਕਲਗੀਧਰ ! ਤੇਰੀ ਛੁਹ ਦਰ ਛੁਹ ਐਸਾ ਬਲ ਭਰ ਦੇਂਦੀ ਹੈ ਕਿ ਐਸੀ ਕਠਨ ਦਸ਼ਾ ਵਿਚ ਉਹ ਅਝੁਕ ਰਹਿੰਦੇ ਹਨ ਅਰ ਪਿਆਰ ਦੀ ਜਗਵੇਦੀ ਉਤੇ ਆਪਣਾ ਸਭ ਕੁਛ ਵਾਰ ਕੇ ਆਪਣੇ ਪਿਆਰੇ ਦਾ ਕੌਲ ਪਾਲ ਦੱਸਦੇ ਹਨ। ਵਾਹ ਵਾਹ ! ਇਕ ਢੱਠੇ ਦੇਸ਼, ਇਕ ਗ਼ੁਲਾਮ ਦੇਸ਼ ਵਿਚ ਹੇ ਚਮਕਦੇ ਨੂਰ ਕਲਗੀਧਰ ! ਵਾਹ ਵਾਹ ਤੈਨੂੰ, ਵਾਹ ਵਾਹ ਵਾਹ ਤੈਨੂੰ, ਸਦਾ ਵਾਹ ਵਾਹ ਤੈਨੂੰ, ਜੀਵਣ ਕਣੀ ਭਰ ਕੇ ਮੋਏ ਜਿਵਾਲ ਦੇਣ ਵਾਲੇ ਜੀਅਦਾਨ ਦੇ ਦਾਤਿਆ ! ਵਾਹ ਵਾਹ ਤੈਨੂੰ !

ਆਗਾ ਖ਼ਾਂ ਦੀ ਖਿਡਾਵੀ ਦੇ ‘ਆਪਾ ਵਾਰ ਪਿਆਰ ਨੇ ਆਖ਼ਰ ਸੂਰਮਿਆਂ ਦੇ ਭਰ ਆਉਂਦੇ, ਪਰ ਅੱਖਾਂ ਵਿਚ ਹੀ ਗੁੰਮ ਹੋ ਹੋ ਜਾਂਦੇ ਅੱਥਰੂ-ਪਵਿੱਤ੍ਰ ਅਥਰੂ-ਪਾਵਨ ਧਰਤੀ ਉਤੇ ਡੇਗ ਲਏ ਪਰ ਡੇਗ ਹੀ ਲਏ।

ਆਗਾ ਖ਼ਾਂ, ਲੱਧਾ ਸਿੰਘ ਤੇ ਸਾਂਈਂ ਹੈਰਾਨ ਸਨ ਕਿ ਸਤਵੰਤ ਕੌਰ ਕੰਨ੍ਹਾ ਸੀ ਅਰ ਇਸ ਛਿਨ ਤੱਕ ਇਸ ਨੇ ਸਾਨੂੰ ਬੀ ਆਪਾ ਨਹੀਂ ਜਤਾਇਆ, ਕਿਸ ਬਹਾਦਰੀ ਨਾਲ ਇਸ ਨੇ ਆਪਾ ਲੁਕਾਈ ਰੱਖਿਆ ਹੈ। ਅਰ ਕੀਕੂੰ ਫੇਰ ਪੂਰੇ ਪਿਆਰ ਤੇ ਭਰੋਸੇ ਨਾਲ ਨਿਭੀ ਹੈ। ਪੰਥ ਵਿਚ ਉਸ ਦੀ ਸਿੱਖੀ ਸੁਰਤ ਬੀਰਤਾ ਤੇ ਧਰਮ ਉਤੇ ਤਾਂ ਅਸ਼ ਅਸ਼ ਹੋ ਹੀ ਰਹੀ ਸੀ ਪਰ ਉਸ ਦੀ ਦਨਾਈ ਤੇ ਅਕਲ ਉਤੇ ਬੀ ਬਹੁਤ ਹੀ ਸ਼ਾਬਾਸ਼ ਹੋਈ ! ਸਿੱਖ ਕੰਨਿਆਂ ਨੂੰ ਜ਼ਾਲਮ ਕੈਦ ਕਰ ਕੇ ਲੈ ਗਏ, ਪਰ ਉਹ ਮੂਰਖ ਨਹੀਂ ਸਨ ਜਾਣਦੇ ਕਿ ਇਹ ਮਗਰਮੱਛ ਦਾ ਬੱਚਾ ਹੈ, ਇਹ ਨਿਹੰਗ ਦਾ ਪੂੰਗੜਾ ਹੈ, ਇਹ ਸਾਡੀ ਖੁਰਾਕ ਨਹੀਂ ਬਣੇਗਾ। ਉਹ ਮੱਛੀਆਂ ਦੇ ਜਾਲ ਵਿਚ ਅਡੋਲ ਹੀ ਇਸ ਨੂੰ ਲੈ ਗਏ ਸਨ। ਇਸ ਨਿਹੰਗ ਬੱਚੇ ਨੇ ਨਾ ਕੇਵਲ ਆਪਣਾ ਛੁਟਕਾਰਾ ਪਾਇਆ ਸਗੋਂ ਆਪਣੇ ਦੋ ਹੋਰ ਭੈਣ ਭਰਾ ਕੈਦੋਂ ਨਾਲ ਵਾਪਸ ਲਿਆਂਦੇ। ਹਾਂ, ਉਸ ਪਾਵਨ ਧਰਤੀ ਵਿਚ ਲਿਆਂਦੇ ਕਿ ਜਿਥੇ ਖੁਲ੍ਹ ਲਈ-ਹਾਂ; ਦੇਸ਼, ਧਰਮ, ਖਿਆਲ, ਤ੍ਰੈਆਂ ਖੁਲ੍ਹਾਂ ਲਈ ਮਹਾਨ ਯਤਨ ਹੋ ਰਿਹਾ ਹੈਸੀ। ਹਾਂ ਜੀ, ਨਾ ਕੇਵਲ ਸਿੱਖ ਕੈਦੀ ਇਹ ਕੈਦ ਪਈ ਸਿੱਖ ਕੰਨ੍ਹਾਂ ਸੁਤੰਤ੍ਰ ਕਰ ਕੇ ਨਾਲ ਲਿਆਈ ਹੈ, ਸਗੋਂ ਇਕ ਜਰਵਾਣਿਆਂ ਦੇ ਕਿਲ੍ਹੇ ਵਿਚੋਂ ਛੁੱਟ ਕੇ ਆਉਣ ਦੀ, ਉੱਚੇ ਨਮੂਨੇ ਦੀ ਆਪਣੀ ‘ਪਿਆਰ ਛੁਹਂ ਦੀ ਇਕ ਐਸੀ ਚਿਣਗ ਲਿਆਈ ਹੈ ਕਿ ਜਿਸ ਨੇ ਪੰਥ ਤੇ ਦੇਸ਼ ਵਿਚ ਲੱਗਕੇ ਕੋਈ ਰੰਗ ਦਿਖਾਉਣਾ ਹੈ ਤੇ ਕਈ ਅਲਾਂਬੇ ਕੁਰਬਾਨੀਆਂ ਦੇ ਬਾਲਣੇ ਹਨ। ਹਾਂ, ਆਪਣੀ ਕੈਦ ਦੀ ਧਰਤੀ ਵਿਚ ਬੀ ਕੋਈ ਪਿਆਰ ਦੀ ਚਿਣਗ ਲਾਕੇ ਆਈ ਹੈ, ਜਿਸ ਨੇ ਕਿਸੇ ਦਿਨ ਆਪਣਾ ਰੰਗ ਦਿਖਾਉਣਾ ਹੈ। ਇਹ ਸੀ ਜ਼ਿੰਦਗੀ ਜੋ ਉਸ ਘੁੰਗਰਿ- ਆਲੇ ਕੇਸਾਂ ਵਾਲੇ ਸੂਰਮੇਂ ਦਾਤਾ ਨੇ ਮੁਰਦਾ ਕੌਮ ਵਿਚ ਭਰੀ ਸੀ ਤੇ ਜਗਤ ਨੂੰ ਇਕ ਕਰਾਮਾਤ–ਸਦਾ ਅਟੱਲ ਕਰਾਮਾਤ-ਕਰ ਦਿਖਾਈ ਸੀ*।

ਹੁਣ ਦੀਵਾਨ ਵਿਚ ਅੰਮ੍ਰਿਤ ਤਿਆਰ ਹੋ ਗਿਆ, ਅਰ ਛਕਾ- ਇਆ ਗਿਆ। ਇਸ ਅਤਿ ਖੁਸ਼ੀ ਦੇ ਨਜ਼ਾਰੇ ਨੂੰ ਪੰਥ ਨੇ ਫੇਰ ਤੇ ਪਾਉਣਾ ਪਸੰਦ ਨਹੀਂ ਕੀਤਾ। ਆਗਾ ਖ਼ਾਂ ਦਾ ਨਾਮ ਅਲਾਂਬਾ ਸਿੰਘ ਰੱਖਿਆ ਗਿਆ, ਉਸ ਦੀ ਖਿਡਾਵੀ ਨੇ ਜੋ ਆਪਣਾ ਧਰਮ ‘ਪਿਆਰ’ ਰੱਖਦੀ ਸੀ। ਤੇ ਆਪਣੇ ਪਾਲੇ ਬੱਚੇ ਦੀ ਸੱਕੀ ਮਾਂ ਹੋ ਚੁਕੀ ਸੀ, ਅੱਜ ਮਾਈ ਤੇਜ ਕੌਰ ਦਾ ਨਾਮ ਪਾਇਆ। ਹਾਂ ਜੀ, ਜੁੱਗਾਂ ਤੱਕ ਕੌਮ ਵਿਚ ਚਾਨਣ ਮੁਨਾਰਾ ਬਣਕੇ ਰੌਸ਼ਨੀ ਦੇਣ ਵਾਲਿਆਂ ਦਾ ਨਵਾਂ ਜਨਮ ਹੋ ਗਿਆ।

ਇਸ ਵੇਲੇ ਜਦ ਕਿ ਹੁਣ ਅਰਦਾਸਾ ਹੋਣ ਵਾਲਾ ਸੀ ਇਕ ਪਿਆਰੇ ਨੇ ਕਿਹਾ, ‘ਖ਼ਾਲਸਾ ਜੀ ! ਕੈਸੀਆਂ ਆਦਰ ਜੋਗ ਕੁਰਬਾਨੀਆਂ, ਕਸ਼ਟਾਂ ਤੇ ਪਿਆਰਾਂ ਵਿਚੋਂ ਸਤਵੰਤ ਤੇ ਅਲਾਂਬਾ ਸਿੰਘ ਲੰਘੇ ਹਨ ਤੇ ਇਕੱਠੇ ਦੇਸ਼ ਅੱਪੜੇ ਹਨ ਤੇ ਪਰਸਪਰ ਸਤਿਕਾਰ ਤੇ ਹਿਤ ਨਾਲ ਇਕ ਦੂਸਰੇ ਦੇ ਆਦਰ ਕਰਨ ਵਾਲੇ ਹੋ ਚੁਕੇ ਹਨ, ਚੰਗਾ ਹੋਵੇ ਕਿ ਦੋਹਾਂ ਦਾ ਵਿਵਾਹ ਕਰਕੇ ਇਨ੍ਹਾਂ ਨੂੰ ਅਵਿੱਛੜ ਕਰ ਦਿੱਤਾ ਜਾਵੇ । ਇਹ ਗੱਲ ਸੁਣਕੇ ਸਤਵੰਤ ਕੌਰ ਨੇ ਬੜੀ ਅਦਬ ਵਾਲੀ ਤੇ ਅਹਿੱਲ ਸੁਰ ਵਿਚ ਬੇਨਤੀ ਕੀਤੀ :- “ਮੇਰੇ ਗੁਰੂ ਦੇ ਰੂਪ ਵਾਲੇ ਖਾਲਸਾ ਜੀ ! ਮੈਨੂੰ ਜਦ ਅਲਾਂਬਾ ਸਿੰਘ ਜੀ ਆਗਾ ਖ਼ਾਂ ਦੇ ਰੂਪ ਵਿਚ ਮਿਲੇ ਤੇ ਆਪੋ ਵਿਚ ਪਰਸਪਰ ਸਹਾਇਤਾ ਦੇ ਅਹਿਦ ਹੋਏ, ਤਦ ਤੋਂ ਅਰ ਫੇਰ, ਜਦੋਂ ਉਹਨਾਂ ਦੇ ਤੇ ਮੇਰੇ ਖੂਨ ਦੇ ਇਕੋ ਕੌਮ ਦੇ ਹੋਣ ਦੇ ਹਾਲਾਤ ਆਪੋ ਵਿਚ ਖੁਲ੍ਹੇ, ਮੇਰੀ ਨਜ਼ਰੋਂ ਉਹ ਮੇਰੇ ਮਾਂ ਪਿਉ ਜਾਏ ਵੀਰ ਹੋ ਕੇ ਲੰਘੇ। ਆਪ ਦੇ ਚਰਨਾਂ ਕਮਲਾਂ ਵਿਚ ਅੱਪੜਦਿਆਂ ਤੱਕ ਮੇਰੇ ਅੰਦਰਲੇ ਨਾਜ਼ਕ ‘ਭਾਵਾਂ ਦੇ ਪੰਘੂੜੇ ਵਿਚ ਓਹ ਵੀਰ ਹੋ ਕੇ ਝੂਮਦੇ ਰਹੇ ਹਨ, ਮੇਰੀ ਆਤਮਾਂ ਵਿਚ ਉਨ੍ਹਾਂ ਲਈ ਭੈਣਾਂ ਵਾਲਾ ਪਿਆਰ ਪੱਲਰ ਚੁੱਕਾ ਹੈ, ਮੈਨੂੰ ਇਸ ਉੱਚੇ ਦਰੋਂ ਤੇ ਅਪਣੇ ਚਰਨਾਂ ਦੇ ਸੁਗੰਧਤ ਕੇਸਰ ਵਿਚੋਂ ਇਕ ਉਸ ਸੁਗੰਧੀ ਦਾ ਦਾਨ ਕਰੋ ਕਿ ਮੇਰੀ ਉਹ ਪਵਿੱਤ੍ਰ ਆਤਮ ਲਹਿਰ ਜਿਸ ਵਿਚ ਉਹ ਭਰਾ ਤੇ ਵੀਰ-ਸੁੱਕੇ ਵੀਰ-ਹੋ ਕੇ ਲਿਸ਼ਕੇ ਹਨ ਅੰਤ ਪ੍ਰਯੰਤ ਨਿਭ ਜਾਵੇ, ਉਹ ਵੀਰ ਹੋਣ ਮਿੱਠੇ ਮਿੱਠੇ, ਮੈਂ ਭੈਣ ਹੋਵਾਂ ਅਸੀਸਾਂ ਦੇਣ ਵਾਲੀ। ਦੂਜੀ ਬਿਨੈ ਹੈ ਕਿ ਮੈਨੂੰ ਹੁਣ ਗ੍ਰਿਹਸਤ ਵਿਚ ਨਾ ਪਾਓ। ਗ੍ਰਿਹਸਤ ਸੁਹਣਾ ਹੈ ਸਤਿਗੁਰੂ ਦਾ ਪਵਿੱਤ੍ਰ ਕੀਤਾ ਆਸ਼੍ਰਮ ਹੈ, ਪਰ ਹੇ ਵੀਰੋ ! ਮੇਰਾ ਆਤਮਾ ਪੰਥ ਸੇਵਾ ਦੇ ਪਿਆਰ ਵਿਚ ਬਹੁਤ ਵਧ ਚੁਕਾ ਹੈ, ਇਸ ਖੂਨ ਵਿਚ ਕੋਈ ਵਧਵਾਂ ਵਲਵਲਾ ਪੈ ਚੁੱਕਾ ਹੈ, ਪੰਥ ਦੀਆਂ ਮੁਸ਼ਕਲਾਂ ਵਿਚ ਕਸ਼ਟ ਪਾਣਾ ਤੇ ਆਪਾ ਨੁਛਾਵਰ ਕਰਕੇ (ਜੇ ਹੁਕਮ ਹੋਵੇ ਤਾਂ) ਸ਼ਹੀਦੀ ਪਾਣ ਦਾ ਵਲਵਲਾ ਬੱਝ ਚੁੱਕਾ ਹੈ। ਮੈਨੂੰ ਪੰਥ ਦਾ ਲਾਂਗਰੀ ਬਣਾਓ, ਮੈਨੂੰ ਪੰਥ ਦੇ ਜ਼ਖ਼ਮ ਬੰਨ੍ਹਣ ਵਾਲਾ ਵੈਦ ਬਣਾਓ, ਮੈਨੂੰ ਭੈਣਾਂ ਭਰਾਵਾਂ ਦੀ ਖਿਡਾਵੀ ਬਣਾਓ, ਪਰ ਮੈਨੂੰ ਹੁਣ ਗ੍ਰਿਹਸਤ ਨਾ ਦਿਓ। ਇਹ ਭੁੱਲ ਹੈ, ਅਵੱਗ੍ਯਾ ਹੈ, ਪਰ ਮੈਂ ਕਰ ਚੁੱਕੀ ਹਾਂ ਤੇ ਤੁਹਾਡਾ ਬਿਰਦ ਹੈ ਕਿ ਅੰਦਰਲੇ ਦੇ ਧਰਮ ਭੀ ਸਿਰੇ ਚੜ੍ਹਾ ਦਿਓ, ਚਾਹੇ ਉਹ ਔਖੇ ਬੀ ਹੋਣ। ਅਸੀਸ ਦਿਓ ਕਿ ਮੈਂ ਜੀਵਨ ਨੂੰ ਕਲਗੀਧਰ ਦੇ ਪਿਆਰ ਵਿਚ, ਵਾਹਿਗੁਰੂ ਦੀ ਯਾਦ ਵਿਚ ਉੱਚਾ ਰੱਖ ਕੇ ਪੰਥ ਸੇਵਾ ਵਿਚ ਸਫ਼ਲ ਕਰ ਲਵਾਂ। ਮੈਂ ਹੁਕਮ ਨਾਬਰ ਨਹੀਂ, ਸੰਨ੍ਯਾਸੀ ਬਣਨਾ ਚੰਗਾ ਬੀ ਨਹੀਂ ਜਾਣਦੀ, ਪਰ ਮੇਰੇ ਚਾਉ ਨੂੰ ਉੱਛਲਣ ਦਿਓ, ਇਸ ਬੂੰਦ ਨੂੰ ਸਾਗਰ ਬਣ ਜਾਣ ਦਿਓ ! ਵਰ ਦਿਓ ਕਿ ਇਹ ਇਕ ਨਿਕਾਰਾ ਨਿਮਾਣਾ ਜੀਵਨ ਉਸ ਜੀਅਦਾਨ ਦਾਤੇ ਕਲਗੀਧਰ ਦੇ ਆਦਰਸ਼ ‘ਖਾਲਸਾ ਤੋਂ ਸਦਕੇ ਹੋਵੇ। ਸੋਚ ਲਓ ਕਿ ਜੇ ਇਕ ਕੰਨ੍ਹਾ ਨੇ ਸੇਵਾ ਸਿਰ ਚਾ ਲਈ ਹੈ ਤੇ ਬਾਲ ਬੱਚੇ ਦੀ ਮੋਹ ਮਮਤਾ ਵਿਚ ਨਹੀਂ ਗਈ ਤਾਂ ਐਡੇ ਵਡੇ ਪੰਥ ਦਾ ਕੁਛ ਘਟ ਨਹੀਂ ਚਲਿਆ, ਸੋ ਮੇਰੇ ਵੱਡਿਓ ! ਦਾਨ ਦਿਓ, ਦਾਤਾ ਜੀ ਤੋਂ ਲੈ ਦਿਓ :- ਮੇਰੀ ਖ਼ਾਲਸਾ ਜੀ ਦੇ ਚਰਨਾਂ ਨਾਲ ਰਹਿ ਬਣ ਆਵੈਂ, ਮੇਰੀ ਖ਼ਾਲਸਾ ਜੀ ਦੇ ਚਰਨਾਂ ਨਾਲ ਨਿਭ ਜਾਵੇ।”

ਕੌਣ ਸੀ ਜੋ ਇਸ ਵੇਲੇ ਸਿੱਖੀ ਪਵਿੱਤ੍ਰਤਾ, ਪਾਵਨ ਪਵਿੱਤ੍ਰਤਾ, ਪੁਨੀਤ ਪਵਿੱਤ੍ਰਤਾ ਤੇ ਉਛਲ ਨਾ ਪਿਆ ਹੋਵੇ। ਹਾਂ ਜੀ, ਇਸ ਸਮੇਂ ਸਿੱਖਾਂ ਵਿਚ ਇਹ ਪਵਿੱਤ੍ਰਤਾ ਠਾਠਾਂ ਮਾਰਦੀ ਸੀ, ਨਾਮ ਅਯਾਸ ਦਾ ਇਹ ਪ੍ਰਤਾਪ ਹੈ, ਇਹ ਮੁਬਾਲਗਾ ਤੇ ਬਨਾਵਟ ਨਹੀਂ, ਵੈਰੀਆਂ ਨੇ ਸਾਖ ਭਰੀ ਹੈ, ਬਲੋਚੀ ਖ਼ਾਨ ਦੇ ਦਰਬਾਰੀ ਲੇਖਕ ਨੇ ਲਿਖਿਆ ਹੈ* ਕਿ ਸਿੱਖਾਂ ਵਿਚ ਵਿਕਾਰ ਦ੍ਰਿਸ਼ਟੀ ਦਾ ਅਭਾਵ ਹੈ, ਇਹ ਆਚਰਨ ਦੇ . ਪੂਰਨ ਪਵਿਤ੍ਰ ਲੋਕ ਹਨ।

ਹੁਣ ਆਗਾ ਖ਼ਾਂ ਨੇ ਗੁਰਮੁਖ ਜੀ ਪਾਸ ਫ਼ਾਰਸੀ ਬੋਲੀ ਵਿਚ ਆਪਣਾ ਭਾਵ ਆਖਿਆ ਕਿ ਸਤਵੰਤ ਕੌਰ ਨੂੰ ਜਦ ਮੈਂ ਮਿਲਿਆ ਅਸੀਂ ਭਰਾ ਬਣੇ ਸਾਂ, ਇਸ ਪਵਿੱਤ੍ਰਤਾ ਦੇ ਅਗਨ ਕੁੰਡ ਨਾਲ ਮੇਰਾ ਭਰਾ ਭੈਣ ਦਾ ਭਾਵ ਗਠ ਚੁੱਕਾ ਹੈ, ਜਦੋਂ ਕਿ ਮੈਨੂੰ ਪੱਕਾ ਪਤਾ ਨਹੀਂ ਸੀ ਕਿ ਇਹ ਭੈਣ ਹੈ। ਹੁਣ ਮੈਨੂੰ ਅੱਜ ਪਤਾ ਲੱਗਾ ਹੈ ਕਿ ਇਹ ਭਰਾ ਨਹੀਂ ਸੀ, ਸੋ ਮੈਂ ਹੁਣ ਜਾਤਾ ਹੈ; ਪਛਾਤਾ ਹੈ, ਸਹੀ ਕਰ ਪਛਾਤਾ ਹੈ ਕਿ ਭੈਣ ਹੈ, ਇਹ ਸੱਕੀ ਭੈਣ ਹੈ। ਇਹਦਾ ਤੇ ਮੇਰਾ ਪਿਆਰ ਜੋ ਹਮਸ਼ੀਰੀ ਭਾਵ (ਵਾਤਸਲ ਰਸ) ਵਿਚ ਸ਼ੁਰੂ ਹੋ ਕੇ ਪੱਕ ਚੁੱਕਾ ਹੈ, ਉਹ ਉਹੋ ਹਮਸ਼ੀਰੀ ਪਿਆਰ (ਵਾਤਸਲ ਪ੍ਰੇਮ) ਹੀ ਰਹੇਗਾ। ਮੇਰਾ ਕਲੇਜਾ ਮੈਨੂੰ ਉਸ ਸਿਖ ਵੀਰ ਦੀ ਨੇਕੀ ਨਾਲ ਆਖੀ ਗਈ ਗੱਲ ਸੁਣਕੇ ਪਾਪੀ ਆਖਦਾ ਹੈ। ਕਾਸ਼ ! ਮੇਰੇ ਕੰਨ ਇਹ ਗੱਲ ਕਦੇ ਨਾ ਸੁਣਦੇ। ਮੈਨੂੰ ਆਪ ਪੰਥ ਪਾਸੋਂ ਵਰ ਲੈ ਦਿਓ ਕਿ ਇਹ ਭੈਣ ਹੋਵੇ ਮੈਂ ਭਰਾ ਹੋਵਾਂ। ਜਿਸ ਪਵਿੱਤ੍ਰਤਾ ਦੇ ਭਾਵ ਵਿਚ, ਜਿਸ ਵਾਤਸਲ ਪ੍ਰੇਮ ਵਿਚ ਅਸੀਂ ਮਿਲੇ ਹਾਂ ਉਸੇ ਪ੍ਰੇਮ ਵਿਚ ਸਾਡੀ ਨਿਭੇ। ਦੂਸਰਾ ਦਾਨ ਲੈ ਦਿਓ ਕਿ ਮੈਨੂੰ ਸੇਵਾ ਮਿਲੇ, ਖ਼ੁਦਗਰਜ਼ੀ ਦੇ ਜੀਵਨ ਵਿਚ ਪੈਕੇ ਅਪਣੇ ਲਈ ਕੁਟੰਬ ਰਚਕੇ ਉਸਦੇ ਮੋਹ ਤੇ ਆਪਣੇ ਸ੍ਵਾਰਥ ਦੇ ਚਿੱਕੜ ਵਿਚ ਫਸਕੇ ਨਾ ਮਰਾਂ। ਸੋ ਮੈਨੂੰ ਆਗ੍ਯਾ ਲੈ ਦਿਓ ਕਿ ਮੈਂ ਕਲਗੀਆਂ ਵਾਲੇ, ਸੁਹਣੇ ਕੇਸਾਂ ਵਾਲੇ, ਸਰਦਾਰਾਂ ਦੇ ਸਰਦਾਰ ਦੀ ਸੇਵਾ ਕਰਾਂ। ਹਾਂ ਮੈਂ ਪੰਥ ਦੀ ਸੇਵਾ ਕਰਾਂ, ਜਿਸ ਸੇਵਾ ਕਰਨ ਨਾਲ ਕਿ ਇਹ ਦੇਹ ਜੋ ਅਨਮਤੀ ਅੰਨ ਖਾਕੇ ਪਲੀ ਹੈ, ਸਫਲ ਹੋ ਜਾਵੇ। ਮੇਰਾ ਖ਼ੂਨ ਠਾਠਾਂ ਮਾਰਦਾ ਹੈ ਕਿ ਆਪਣੀ ਮਾਂ ਦੇ ਕਾਤਲ ਤੋਂ ਕੱਸਾਸ ਲਵਾਂ, ਪਟ ਭੈਣ ਮੈਨੂੰ ਸਮਝਾਉਂਦੀ ਆਈ ਹੈ ਕਿ ਪੰਥ ਸੇਵਾ ਕਰੋ, ਪੰਥਕ ਲੋੜ ਪਈ ਤੇ ਲੜੋ ਪਰ ਨਿਰੇ ਖੂਨ ਵਿਚ ਹੱਥ ਰੰਗਕੇ ਖ਼ੁਸ਼ ਹੋਣ ਦਾ ਖ਼ਿਆਲ ਸਿੱਖੀ ਆਦਰਸ਼ ਵਿਚ ਥਾਂ ਨਹੀਂ ਰੱਖਦਾ। ਦਾਨ ਲੈ ਦਿਓ ਕਿ ਮੇਰਾ ਸਰੀਰ ਸੇਵਾ ਵਿਚ ਸਫਲੇ।”

ਆਸ ਕੌਰ ਦੀ ਸਹੇਲੀ ਤੇ ਧਰਮ ਦਾਨ ਕਰਕੇ ਬੀ ਪਾਲਣ ਵਾਲੀ ਮਾਂ ਸਤਵੰਤ ਕੌਰ ਦੀ ਸਾਂਈਂ, ਜੋ ਹੁਣ ਤੇਜ ਕੌਰ ਬਣ ਚੁੱਕੀ ਸੀ, ਬੋਲੀ “ਖ਼ਾਲਸਾ ਜੀ ! ਮੈਂ ਆਪਦੇ ਇਕ ਸੁਹਣੇ ਪਰਵਾਰ ਦੀ ਸੇਵਾ ਕੀਤੀ ਹੈ। ਮੈਂ ਆਪਣਾ ਮਜ਼ਹਬ ਬੀ ‘ਪਿਆਰ’ ਤੋਂ ਸਦਕੇ ਕੀਤਾ ਸੀ, ਕੋਈ ਖ਼ੈਰ ਅੱਜ ਮੇਰੀ ਝੋਲੀ ਬੀ ਪਾਓ, ਮੇਰੀ ਘਾਲ ਨੂੰ ਸਫ਼ਲਾ ਦਿਓ। ਅਲਾਬਾ ਸਿੰਘ ਮੇਰੀ ਗੋਦੀ ਵਿਚ ਪਲ ਚੁੱਕਾ ਹੈ, ਸਤਵੰਤ ਕੌਰ ਮੇਰੇ ਨੈਣਾਂ ਦੇ ਸੀਨਿਆਂ ਨਾਲ ਲੱਗ ਚੁੱਕੀ ਹੈ, ਦੋਵੇਂ ਮੇਰੀ ਝੋਲੀ ਪਾ ਦਿਓ, ਇਕ ਮੇਰਾ ਪੁੱਤ ਤੇ ਦੂਈ ਮੇਰੀ ਧੀ ਹੋਵੇ, ਮੈਂ ਦੋਹਾਂ ਦੀ ਮਾਂ ਹੋਵਾਂ ਤੇ ਏਹ ਦੋਵੇਂ ਭੈਣ ਭਰਾ ਹੋਣ ਤੇ ਅਸਾਂ ਤਿੰਨਾਂ ਦਾ ਲਹੂ ਪੰਥ ਸੇਵਾ ਦੀ ਜਗਵੇਦੀ ਤੇ ਆਹੂਤੀ ਹੋਵੇ।

ਅਸਾਂ ਲਈ ਹੁਣ ਸੰਸਾਰ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿਓ।” ਹੁਣ ਥੋੜੀ ਜੇਹੀ ਵਿਚਾਰ ਹੋ ਕੇ ਫੈਸਲਾ ਹੋਇਆ ਕਿ ਇਨ੍ਹਾਂ ਦੀ ਇੱਛਾ ਸੰਪੂਰਨ ਹੋਵੇ। ਅਲਾਂਬਾ ਸਿੰਘ ਦਾ ਸੰਕਲਪ ਸਿਰੇ ਚੜ੍ਹੇ ਤੇ ਇਹ ਨਿਰਾ ਇਕ ਸਿਪਾਹੀ ਨਾ ਹੋਵੇ, ਜਥੇਦਾਰ ਬਣੇ ਤੇ ਸੇਵਾ ਕਰੇ। ਇਸ ਪਰ ਸਾਰੇ ਜਥੇਦਾਰਾਂ ਨੇ ਕਿਹਾ ਕਿ ਚਾਰ ਚਾਰ ਪੰਜ ਪੰਜ ਸਿੰਘ ਅਸੀਂ ਦਿਆਂਗੇ ਛੋਟਾ ਜਿਹਾ ਵਹੀਰ ਇਸ ਦੀ ਤਾਬਿਆ ਹੋ ਜਾਵੇ। ਫੇਰ ਇਹ ਆਪ ਜਤਨ ” ਕਰੇ ਤਾਂ ਜੋ ਅਬਦਾਲੀ ਦੇ ਆਉਂਦੇ ਤਕ ਇਕ ਜੱਥਾ ਤਕੜਾ ਨਾਲ ਲੈ ਕੇ ਅਲਾਂਬਾ ਸਿੰਘ ਜੀ ਪੰਥ ਦੇ ਦਲਾਂ ਵਿਚ ਰਲ ਕੇ ਸੇਵਾ ਕਰਨ। ਸਤਵੰਤ ਕੌਰ ਇਨ੍ਹਾਂ ਦੇ ਜਥੇ ਵਿਚ ਸੇਵਾ ਪਰ ਹੋਵੇ। ਜੋ ਉਸ ਦੀ ਵਾਸ਼ਨਾ ਹੈ, ਲੰਗਰ ਦੀ, ਜੰਗ ਵੇਲੇ ਮਲ੍ਹਮ ਪੱਟੀ ਦੀ, ਸੋ ਕਰੇ। ਲੱਧਾ ਸਿੰਘ ਜੀ ਅਕਾਲ ਬੁੰਗੇ ਦੇ ਅਕਾਲੀ ਦਲ ਵਿਚ ਸ਼ਾਮਲ ਕੀਤੇ ਜਾਣ, ਮਾਈ ਤੇਜ ਕੌਰ ਸਤਵੰਤ ਕੌਰ ਦੇ ਨਾਲ ਰਹਿਣ ਲਈ ਦਿੱਤੀ ਜਾਵੇ।

ਅਕਾਲੀਆਂ ਵਾਲਾ ਬਾਗ਼ ਤਦੋਂ ਅਕਾਲ ਬੁੰਗੇ ਦੇ ਪਿਛਵਾੜੇ ਤਕ ਹੁੰਦਾ ਸੀ। ਜਿਸ ਤਰ੍ਹਾਂ ਦੱਖਣ ਪੂਰਬ ਦੀ ਬਾਹੀ ਵੱਲ ਗੁਰੂ ਕਾ ਬਾਗ਼ ਅੱਜ ਤੱਕ ਹੈ, ਇਸ ਤਰ੍ਹਾਂ ਉੱਤਰ ਪਛੋਂ ਦੀ ਬਾਹੀ ਵਲ ਅਕਾਲੀ ਬਾਗ਼ ਸੀ, ਮੁਨਿਆਰਾਂ ਵਾਲਾ ਬਾਜ਼ਾਰ, ਕਾਠੀਆਂ ਵਾਲਾ ਬਾਜ਼ਾਰ, ਮਾਈ ਸੇਵਾ ਦਾ ਕੁਛ ਹਿੱਸਾ, ਪਾਪੜਾਂ ਵਾਲਾ ਬਾਜ਼ਾਰ, ਕੁਛ ਹਿੱਸਾ ਮੋਹਰ ਸਿੰਘ ਦੇ ਕਟੜੇ ਦਾ ਬਾਗ਼ ਵਿਚ ਹੁੰਦੇ ਸਨ। ਸਹਿਜੇ ਸਹਿਜੇ ਵਸੋਂ ਵਧੀ ਤਾਂ ਇਹ ਬਾਗ਼ ਵੀ ਵਸੋਂ ਵਿਚ ਦਿੱਤਾ ਗਿਆ ਅਰ ਇਸ ਦਾ ਚੋਖਾ ਸਾਰਾ ਹਿੱਸਾ ਅਜੇ ਪਾਪੜਾਂ ਵਾਲੇ ਬਾਜ਼ਾਰ ਦੇ ਪਿਛਵਾੜੇ ਹੈ ਜੋ ਹੁਣ ਤਕ ਅਕਾਲੀਆਂ ਵਾਲਾ ਬਾਗ਼ ਸਦਾਉਂਦਾ ਹੈ ਅਤੇ ਹੁਣ ਸੁਹਣੇ ਬਗੀਚੇ ਦੀ ਸ਼ਕਲ ਰੱਖਦਾ ਹੈ। ਇਸ ਬਾਗ਼ ਵਿਚ ਅਕਸਰ ਸਿੰਘਾਂ ਦੇ ਉਤਾਰੇ ਹੋਇਆ ਕਰਦੇ ਸਨ। ਇਹ ਕਦੇ ਵੈਰਾਨ ਜੰਗਲ ਬਣ ਜਾਂਦਾ ਸੀ ਤੇ ਕਦੇ ਫੇਰ ਤ੍ਰੀਕੇ ਵਾਲਾ ਬਾਗ਼। ਇਹੋ ਕੁਛ ਹੁੰਦਾ ਰਿਹਾ ਹੈ। ਅਲ੍ਹਾਂਬਾ ਸਿੰਘ ਨੂੰ ਜਥੇਦਾਰਾਂ ਨੇ ਉਸ ਦਿਨ ਦਸ ਬਾਰਾਂ ਸਿੰਘ ਤੇ ਕੁਛ ਗੱਫੇ ਦੇ ਦਿੱਤੇ ਸਨ ਕਿ ਆਪਣੇ ਜੱਥੇ ਦਾ ਕੰਮ ਆਰੰਭ ਹੋਵੇ। ਇਸ ਦਾ ਪਹਿਲਾ ਡੇਰਾ ਅਕਾਲੀਆਂ ਵਾਲੇ ਬਾਗ਼ ਪਿਆ। ਅਲਾਂਬਾ ਸਿੰਘ ਸਾਰੀ ਕਾਰਵਾਈ ਸਮਝਦਾ ਰਿਹਾ ਸੀ ਅਰ ਦਮ-ਬਦਮ ਸ਼ੁਕਰ ਕਰਦਾ ਸੀ ਕਿ ਕਿਸ ਭਆਨਕ ਜੀਵਨ ਤੋਂ ਨਿਕਲਕੇ ਉਹ ਪਿਆਰ ਭਰੇ ਬਹਾਦਰੀ ਦੇ ਜੀਵਨ ਵਿਚ ਆਇਆ ਹੈ। ਰਾਤ ਨੂੰ ਰਹਿਰਾਸ ਦੇ ਦੀਵਾਨ ਮਗਰੋਂ ਪ੍ਰਸ਼ਾਦ ਛਕ ਕੇ ਅਲਾਂਬਾ ਸਿੰਘ ਨੇ ਸਤਵੰਤ ਕੌਰ ਨੂੰ ਪੁੱਛਿਆ ਕਿ ਅਰਦਾਸੇ ਦਾ ਸਾਰਾ ਭਾਵ ਮੈਨੂੰ ਸਮਝੇ ਨਹੀਂ ਪਿਆ, ਉਹ ਖੋਲ੍ਹੋ? ਸਤਵੰਤ ਨੇ ਸਾਰਾ ਖੋਲ੍ਹ ਸੁਣਾਇਆ। ਜਦੋਂ ਅਲਾਂਬਾ ਸਿੰਘ ਨੂੰ ਇਸ ਤੁਕ ਦਾ ਭਾਵ ਖੁਲ੍ਹ ਕੇ ਫੇਰ ਸਮਝ ਪਿਆ, ਸਿੱਖਾਂ ਦੇ ਕੌਮੀ ਪਿਆਰ ਦੇ ਸਦਕੇ ਹੋ ਹੋ ਗਿਆ ‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਸਤਵੰਤ ਕੌਰ ਨੇ ਦੱਸਿਆ ਕਿ ਇਹ ਅਰਦਾਸਾ ਉਨ੍ਹਾਂ ਲਈ ਕਰਦੇ ਹਨ ਕਿ ਜੋ ਸਾਡੇ ਵੀਰ ਕਿਸੇ ਔਕੜ ਵਿਚ ਹਨ ਤੇ ਪੰਥ ਨੂੰ ਖਬਰ ਨਹੀਂ ਯਾ ਕੋਈ ਐਸੀ ਥਾਂਵੇਂ ਮੁਸ਼ਕਲ ਵਿਚ ਹੈ ਕਿ ਦੂਸਰੇ ਭਰਾ ਸਰੀਰ ਨਾਲ ਅੱਪੜ ਨਹੀਂ ਸਕਦੇ। ਕੋਈ ਜਰਵਾਣੇ ਨਾਲ ਇਕੱਲਾ ਲੜ ਰਿਹਾ ਹੈ, ਕੋਈ ਕਿਸੇ ਮੁਸੀਬਤ ਵਿਚ ਹੈ, ਕੋਈ ਕੈਦ ਪੈ ਗਿਆ ਹੈ, ਕੋਈ ਮੁਸ਼ਕਾਂ ਬਝੀ ਕੇ ਪ੍ਰਦੇਸੀਂ ਅੱਪੜ ਗਿਆ ਹੈ, ਕੋਈ ਦੁਖੀ ਹੈ, ਬੀਮਾਰ ਹੈ ਐਸਿਆਂ ਲਈ ਦੋਨੋਂ ਵੇਲੇ ਪੰਥ ਵਿਚ, ਹਰ ਪੰਥਕ ਇਕੱਠ ਵਿਚ, ਹਰ ਇਕ ਸਿੱਖ ਦੇ ਯੱਕਾ ਯੱਕਾ* ਅਰਦਾਸੇ ਵਿਚ ਅਕਾਲ ਪੁਰਖ ਅੱਗੇ ਬੇਨਤੀ ਹੁੰਦੀ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ” ਜੋ ਵਾਹਿਗੁਰੂ ਉਹਨਾਂ ਦਾ ਹਰ ਥਾਂ ਹਰ ਹਾਲ ਸਹਾਈ ਹੋਵੇ। ਸਰੀਰ ਨਾਲ ਸਹਾਇਤਾ ਲਈ ਯਤਨ ਹੁੰਦਾ ਰਹਿੰਦਾ ਹੈ, ਪਰ ਫੇਰ ਬੀ ਨਾਲ ਨਾਲ ਅਰਦਾਸਾ ਜਾਰੀ ਰਹਿੰਦਾ ਹੈ। ਦੇਖੋ ਤੁਹਾਡੇ ਲਈ ਕਿਤਨੇ ਵਰ੍ਹੇ ਭਾਲ ਜਾਰੀ ਰਹੀ ਹੈ ਮੇਰੇ ਲਈ ਗੁਰਮੁਖ ਕਾਬਲ ਗਏ, ਪਰ ਸਭਨਾਂ ਲਈ ਜਤਨ ਦੇ ਨਾਲ ਅਰਦਾਸ ਜਾਰੀ ਰਹੀ। ਇਹ ਅਰਦਾਸ ਮੁਸ਼ਕਲਾਂ ਵਿਚ ਪਿਆਰ ਦੇ ਦਿਲਾਂ ਦੀ ਢਾਰਸ ਹੈ। ਇਹ ਗੁਪਤ ਤੇ ਮਹੀਨ ਤਾਕਤ ਵਾਹਿਗੁਰੂ ਦੇ ਤਖਤ ਨੂੰ ਛੁਹ ਕੇ ਉਥੋਂ ਉਸ ਦੀ ਸਤ੍ਯਾ ਲੈ ਕੇ ‘ਬੇਵਸੀ ਵਿਚ ਪਏਂ ਸਿੱਖਾਂ ਦੇ ਦਿਲਾਂ ਵਿਚ ਤਾਕਤ ਭਰਦੀ ਤੇ ਉਨ੍ਹਾਂ ਤੇ ਪਈਆਂ ਮੁਸ਼ਕਲਾਂ ਨੂੰ ਆਸਾਨ ਕਰਦੀ ਹੈ ਤੇ ਥਾਂ ਥਾਂ ਸਹਾਈ ਹੁੰਦੀ ਹੈ।

ਆਹ ! ਇਹ ਅਰਥ ਸੁਣ ਕੇ ਅਲਾਂਬਾ ਸਿੰਘ ਦੇ ਖੂਨ ਵਿਚ ਆਪਣੀ ਕੌਮ ਦੇ ਕੌਮੀ ਪਿਆਰ ਦੀ ਦਿਲਗੀਰ ਝਰਨਾਟ ਛਿੜੀ ਕਿ ਇਹ ਕੌਮ ਹੈ ਕਿ ਪਰਵਾਰ ਹੈ? ‘ਪਰਵਾਰ ਹੈ ਕਿ ਇਕ ਸੱਕੇ ਅਵਿੱਛੜ ਭਰਾਵਾਂ ਦਾ ਕੁਟੰਬ ਹੈ? ਕੁਟੰਬ ਹੈ ਕਿ ਸਰੀਰ ਹੈ ਜਿਸਦੇ ਸਾਰੇ ਹਿੱਸੇ ਇਕ ਦੂਸਰੇ ਦੇ ਅੰਗ ਹਨ ! ਗੁਰੂ ਮਿਹਰ ਕਰੇ ਕਿ ਇਹ ‘ਪਰਵਾਰ ਪਿਆਰ’ ਕਦੇ ਨਾ ਟੁੱਟੇ, ਇਸ ਵੀਰ-ਸੰਘਟਨ’ ਵਿਚ ਕਦੇ ਵਿਰਲ ਨਾ ਪਵੇ। ਇਸ ‘ਅੰਗ ਅੰਗੀ ਮੇਲਂ ਵਿਚ ਕਦੇ ਵਿੱਥ ਨਾ ਪਵੇ।

ਅਲਾਂਬਾ ਸਿੰਘ ਜੀ ਨੂੰ, ਜੋ ਸਿੰਘ ਜਥੇਦਾਰਾਂ ਨੇ ਆਪਣੇ ਪਾਸੋਂ ਇਸ ਵੇਲੇ ਸਿਪਾਹੀ ਦਿੱਤੇ ਓਹ ਰਲ ਕੇ ਪੰਝੀ ਹੋ ਗਏ, ਸੋ ਪਰਦੇਸੋਂ ਆਉਂਦੇ ਸਾਰ, ਸਿੰਘ ਸਜਦੇ ਸਾਰ, ਪੰਝੀ ਸਿੰਘਾਂ ਦੇ ਜਥੇ ਦਾ ਜਥੇਦਾਰ ਹੋ ਗਿਆ। ਹੁਕਮ ਹੋਇਆ ਕਿ ਆਪਣੇ ਪਿਤਾ ਵਾਂਗੂੰ ਨਾਮਣੇ ਦਾ ਸਿੰਘ ਬਣੋ, ਜੱਥਾ ਬਣਾਓ ਅਰ ਪੰਥ ਦੀ ਸੇਵਾ ਤੇ ਦੇਸ਼ ਛੁਟਕਾਰੇ ਵਿਚ ਬਲਵਾਨ ਸ਼ੇਰ ਹੋ ਕੇ ਗੱਜੋਂ। ਇਕ ਕੌਮ ਦਾ, ਜੋ ਨਿੱਕੀ ਜਿਹੀ ਹੈ ਤੇ ਸਾਰੀ ਜੋਧਾ ਹੈ, ਉਸ ਦਾ ਉੱਚੇ ਤੋਂ ਉੱਚਾ ਪਿਆਰ ਆਪਣੇ ਵਿਛੁੜ ਕੇ ਆ ਮਿਲੇ ਬੱਚੇ ਨਾਲ ਇਹੋ ਹੀ ਹੋ ਸਕਦਾ ਸੀ। ਅਲਾਂਬਾ ਸਿੰਘ ਅਜੇ ਬੱਚਾ ਹੈ, ਪਰ ਪੰਥ ਨੇ ਆਪਣੇ ਅਮਿੱਤ ਪਿਆਰ ਵਿਚ ਉਸ ਨੂੰ ਜਥੇਦਾਰ ਥਾਪ ਦਿੱਤਾ ਹੈ।

ਦੋ ਚਾਰ ਦਿਨ ਆਪ ਅਕਾਲੀਆਂ ਵਾਲੇ ਬਾਗ਼ ਟਿਕੇ ਰਹੇ, ਜੋ ਗੱਫਾ ਪੰਥ ਵੱਲੋਂ ਮਿਲਿਆ ਸੀ ਉਸ ਨਾਲ ਆਪਣੇ ਜਥੇ ਦਾ ਸਾਮਾਨ ਸਾਰਾ ਕਰ ਲਿਆ। ਸਤਵੰਤ ਤੇ ਸਾਂਈਂ ਜੀ ਜੱਥੇ ਵਿਚ ਸੇਵਾ ਦੇ ਕੰਮ ਲਈ ਨਾਲ ਰਹੇ। ਇਨ੍ਹਾਂ ਦਿਨਾਂ ਵਿਚ ਅਲਾਂਬਾ ਸਿੰਘ ਨੇ ਆਪਣੇ ਆਪ ਨੂੰ ਪੰਥ ਦੇ ਹੁਣ ਦੇ ਹਾਲਾਤ, ਦੇਸ਼ ਦੇ ਅਤੇ ਪਤੇ, ਵਰਤ ਰਹੀ ਰਾਜਸੀ ਹਾਲਤ ਦੇ ਥਹੁ ਸਾਰੇ ਲਾ ਲਏ। ਪੰਥ ਨੇ ਇਕ ਗਜਰਾਜ ਸਿੰਘ ਨਾਮੇ ਪੁਰਾਤਨ ਸਿੰਘ ਨੈਬ ਜਥੇਦਾਰ ਨਾਲ ਦਿੱਤਾ ਸੀ ਜੋ ਬੜਾ ਪੁਰਾਣਾ ਸਿੰਘ, ਹੇਠੀਆਂ ਜੇਠੀਆਂ ਦੇਖ ਚੁਕਾ ਤੇ ਤਜਰਬੇਕਾਰ ਸੀ, ਬੜਾ ਖਰਾ ਆਦਮੀ ਤੇ ਸਾਂਈਂ ਦੇ ਪਿਆਰ ਵਾਲਾ ਸੀ।

ਹੁਣ ਭੈਣ ਭਰਾ ਦੇ ਕੂਚ ਦੀ ਤਿਆਰੀ ਹੋਈ। ਭਰਾ ਕਹੇ ਪਹਿਲਾਂ ਤੁਹਾਡੇ ਪੇਕੇ ਪਿੰਡ ਚੱਲੀਏ, ਤੁਹਾਡੇ ਮਾਪਿਆਂ ਨੂੰ ਠੰਢ ਪਾਈਏ ਤੇ ਸਤਵੰਤੀ ਭੈਣ ਕਹੇ ‘ਪਹਿਲਾਂ ਤੁਹਾਡੀ ਭੈਣ ਪਾਸ ਚੱਲੀਏ ਤੇ ਉਨ੍ਹਾਂ ਨੂੰ ਨਵਾਂ ਜੀਉ ਪਿਆ ਭਰਾ ਮਿਲਾਕੇ ਠੰਢ ਪਾਈਏ’। ਅਲਾਂਬਾ ਸਿੰਘ ਨੇ ਕਿਹਾ ਕਿ ‘ਮੇਰੀ ਭੈਣ ਨਿਰਾਸ ਹੋ ਚੁਕੀ ਹੈ ਤੇ ਪੇਕੇ ਪਰਵਾਰ ਦੀ ਮੌਤ ਦਾ ਕੌੜਾ ਘੁੱਟ ਭਰ ਚੁਕੀ ਹੈ ਉਸ ਨੂੰ ਕੁਛ ਦਿਨ ਪਿਛੋਂ ਮਿਲ ਪੈਣਾ ਮਾੜਾ ਨਹੀਂ। ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਮਿਲਣ ਦੀ ਆਸ ਹੈ, ਪੰਥ ਵਲੋਂ ਜੋ ਢੂੰਡ ਹੁੰਦੀ ਹੈ ਉਸ ਦੇ ਉਹ ਜਾਣੂ ਹਨ। ਆਸ ਵਿਚ ਵਿਛੋੜੇ ਦੀ ਪੀੜ ਲਗਾਤਾਰ ਚੁਭਦੀ ਹੈ ਤੇ ਸਬਰ ਨੂੰ ਅੰਦਰ ਨਹੀਂ ਵੜਨ ਦੇਂਦੀ, ਸੋ ਪਹਿਲੇ ਉਨ੍ਹਾਂ ਦੀਆਂ ਆਂਦਰਾਂ ਨੂੰ ਠੰਢ ਪਾਈਏਂ । ਸਤਵੰਤ ਕਹੇ ਕਿ ‘ਮੇਰੇ ਮਾਤਾ ਪਿਤਾ ਨੂੰ ਜੋ ਆਸ ਹੈ ਓਹ ਹੋਰ ਦਿਨ ਲੰਘਵਾ ਸਕਦੀ ਹੈ, ਜਿਥੇ ਇਤਨਾ ਸਮਾਂ ਲੰਘਿਆ ਹੈ ਹੋਰ ਥੋੜ੍ਹਾ ਸਹੀ; ਦੂਜੇ ਮੇਰੇ ਦੇਸ਼ ਆ ਪਹੁੰਚਣ ਦੀ ਖ਼ਬਰ ਜੋ ਹੁਣ ਜਥੇਦਾਰਾਂ ਨੂੰ ਹੋਈ ਹੈ ਨੇੜੇ ਦਾ ਜਥੇਦਾਰ ਛੇਤੀ ਤੋਂ ਛੇਤੀ ਵਾਪਸ ਜਾਕੇ ਮੇਰੇ ਮਾਪਿਆਂ ਨੂੰ ਦੇਵੇਗਾ ਅਰ ਉਨ੍ਹਾਂ ਨੂੰ ਮੇਰੇ ਮਿਲਣ ਦੀ ਉਤਕੰਠਾ ਤਾਂ ਤ੍ਰਿਖੀ ਹੋ ਜਾਏਗੀ, ਪਰ ਮੈਂ ਕੈਦ ਵਿਚ ਹਾਂ, ਦੁਖਾਂ ਵਿਚ ਹਾਂ?’ ਇਹ ਡੂੰਘੀ ਪੀੜ ਦਾ ਘਾਉ ਵੱਲ ਹੋ ਜਾਏਗਾ। ਆਪਦੀ ਭੈਣ ਨੂੰ ਤੁਹਾਡੇ ਮਿਲਣ ਨਾਲ ਇਕ ਤਰ੍ਹਾਂ ਦਾ ਨਵਾਂ ਜੀਵਨ ਮਾਨੋਂ ਮਿਲੇਗਾ, ਜਿਵੇਂ ਕਿ ਤੁਸਾਨੂੰ ਨਵਾਂ ਜੀਵਨ ਮਿਲਿਆ ਹੈ। ਇਸ ਤਰ੍ਹਾਂ ਦੇ ਪਿਆਰ ਵਿਚ ਇਕ ਦੂਜੇ ਨੂੰ ਸੁਖ ਦੇਣ ਦੀ ਵਿਚਾਰ ਕਰਦੇ ਛੇਕੜ ਸਾਂਈਂ ਤੇ ਫੈਸਲਾ ਰਖਿਆ। ਉਸ ਨੇ ਪਹਿਲੇ ਭੈਣ ਨੂੰ ਮਿਲਣ ਦਾ ਫੈਸਲਾ ਦੇ ਦਿੱਤਾ ਤੇ ਛੇਤੀ ਤੋਂ ਛੇਤੀ ਜਦੋਂ ਕਿ ਤਿਆਰੀ ਸਿਰੇ ਚੜ੍ਹ ਸਕੀ, ਚਾੜ੍ਹ ਕੇ ਇਹ ਜੱਥਾ ਵਟਾਲੇ ਨੂੰ ਤੁਰ ਪਿਆ। ਅਲਾਂਬਾ ਸਿੰਘ ਦਾ ਜੀ ਕਰਦਾ ਸੀ ਕਿ ਕਿਵੇਂ ਮੈਂ ਆਪਣੇ ਜਥੇ ਨੂੰ ਘੋੜ ਸਵਾਰਾਂ ਦਾ ਜੱਥਾ ਛੇਤੀ ਬਣਾਵਾਂ, ਪਰ ਪੰਝੀ ਘੋੜੇ ਅਜੇ ਕਠਨ ਗੱਲ ਸੀ, ਜਥੇ ਵਿਚ ਅਜੇ ਪੰਜ ਘੋੜੇ ਸਨ। ਇਕ ਜਥੇਦਾਰ, ਇਕ ਨੈਬ ਜਥੇਦਾਰ, ਇਕ ਸਾਂਈਂ, ਇਕ ਸਤਵੰਤ ਕੌਰ ਤੇ ਇਕ ਹਰੌਲ ਕੋਲ। ਦੋ ਤ੍ਰੈ ਖੱਚਰਾਂ ਬੀ ਸਨ ਅਸਬਾਬ ਲਈ। ਚਾਹੇ ਸਿੱਖ ਸਿਪਾਹੀ ਆਪਣਾ ਸਾਰਾ ਲਟਾ ਪਟਾ ਮੋਢੇ ਰੱਖਦੇ ਸੇ, ਪਰ ਜ਼ਰਾ ਅਮਨ ਵੇਲੇ ਕੁਛ ਸਾਮਾਨ ਵਧੇਰੇ ਕਰ ਲੈਂਦੇ ਸੇ। ਲੰਗਰ ਆਦਿ ਦਾ ਸਾਮਾਨ ਹੋ ਕੇ ਕੁਛ ਨਿੱਕੀ ਜਿਹੀ ਰਸਦ ਦੀ ਭਾਰ ਬਰਾਦਰੀ ਬੀ ਹੋ ਜਾਂਦੀ ਸੀ।

ਜੱਥਾ ਅੰਮ੍ਰਿਤਸਰੋਂ ਇਕ ਦਿਨ ਨੂਰ ਦੇ ਤੜਕੇ ਵਟਾਲੇ ਨੂੰ ਤੁਰ ਪਿਆ। ਵਟਾਲੇ ਪੁੱਜਕੇ ਦੂਰ ਬਾਹਰ ਜਿਥੇ ਮਗਰੋਂ ਮਹਾਰਾਜਾ ਸ਼ੇਰ ਸਿੰਘ ਜੀ ਨੇ ਬਾਰਾਂਦਰੀ ਬਣਵਾਈ (ਜੋ ਹੁਣ ਈਸਾਈਆਂ ਦੇ ਹੱਥ ਵਿਚ ਹੈ) ਡੇਰਾ ਕੀਤਾ। ਤੇਜ ਕੌਰ ਜੀ ਇਕ ਹਿੰਦੂ ਸੁਆਣੀ ਦੇ ਭੇਸ ਵਿਚ ਹੋ ਗਈ ਅਤੇ ਇਕ ਸਿੱਖ ਦੀ ਅਗੁਵਾਈ ਵਿਚ, ਜੋ ਵਿੱਥ ਤੇ ਟੁਰਦਾ ਸੀ, ਸ਼ਹਿਰ ਗਈ। ਉਸ ਮਹੱਲੇ ਗਈ, ਜਿਥੇ ਭੰਡਾਰੀ ਰਹਿੰਦੇ ਸੀ। ਜਾਂ ਉਸ ਨੇ ਗਲੀ ਵਿੱਚ ਥਹੁ ਪਤੇ ਕੱਢੇ ਤਾਂ ਸੂਹ ਮਿਲੀ ਕਿ ਸ਼ੱਤ੍ਰੁਜੀਤ ਸਿੰਘ ਦੀ ਕਾਕੀ ਆਪਣੇ ਘਰ ਵਾਲੇ ਦੇ ਨਾਲ ਇਥੋਂ ਟੁਰ ਚੁੱਕੀ ਹੈ ਅਤੇ ਸੌ ਵਿਸਵਾ ਉਹ ਦੋਵੇਂ ਸ਼ਾਹਪੁਰ ਜਾ ਵਸੇ ਹਨ, ਜਾਂ ਬਸੋਹਲੀ ਜਾ ਰਹੇ ਹਨ, ਇਹ ਠੀਕ ਪਤਾ ਸ਼ਾਹਪੁਰ ਤੋਂ ਚੱਲੇਗਾ। ਇਹ ਖ਼ਬਰ ਪਾ ਕੇ ਜੱਥਾ ਹੁਣ ਸ਼ਾਹਪੁਰ ਨੂੰ ਹੋ ਟੁਰਿਆ।

ਸ਼ਾਹਪੁਰ ਇਕ ਉਚੇ ਰਿੜੀਏ ਤੇ ਬੜਾ ਸੁਥਰਾ ਪਿੰਡ ਹੈ ਇਸਦੇ ਲਾਗੇ ਰਾਵੀ ਪਹਾੜਾਂ ਦੀਆਂ ਵਲਿੱਖਾਂ ਝਾਗ ਕੇ ਖੁੱਲ੍ਹੇ ਦੇਸ਼ ਪੈਰ ਪਾਉਣ ਦੀ ਪਹਿਲ ਕਦਮੀ ਕਰਦੀ ਹੈ। ਸ਼ਾਹਪੁਰ ਰਾਵੀ ਦੇ ਪਾਣੀਆਂ ਤੋਂ ਕੋਈ ਦੋਤ੍ਰੈ ਸੌ ਫੁੱਟ ਉੱਚਾ ਹੈ ਤੇ ਰਾਵੀ ਦੇ ਪਾਣੀਆਂ ਤਕ ਅੱਪੜਨ ਲਈ ਪਿੰਡ ਤੋਂ ਰਾਵੀ ਤਕ ਇਕ ਗਊ ਘਾਟ ਰਸਤਾ ਹੈ, ਇਸ ਰਾਹੇ ਉਤਰ ਕੇ ਠੰਢੇ ਠੰਢੇ ਪਾਣੀ ਵਹਿ ਰਹੇ ਸਨ ਤੇ ਇਥੇ ਪਾਣੀਆਂ ਦੇ ਕਿਨਾਰੇ ਛੋਟਾ ਜਿਹਾ- ਬਹੁਤ ਨਿੱਕਾ ਜਿਹਾ-ਮੈਦਾਨ ਬੀ ਹੈ, ਜਿਥੇ ਬੈਠ ਕੇ ਵਗਦੇ ਪਾਣੀਆਂ ਦੇ ਦਰਸ਼ਨ ਦਾ ਆਨੰਦ ਲੈ ਸਕੀਦਾ ਹੈ। ਇਹ ਟਿਕਾਣਾ ਦੇਖਣ ਨੂੰ ਬੜਾ ਰਮਣੀਕ ਹੈ। ਇਸ ਥਾਂਵੇਂ ਉਪਰਵਾਰ ਐਨ ਰਾਵੀ ਦੇ ਕਿਨਾਰੇ-ਅਰਥਾਤ ਇਧਰੋਂ ਗਿਆ ਉਰਾਰਲੇ ਪਾਸੇ ਵੱਲ, ਪਾਣੀਆਂ ਤੋਂ ਸਿੱਧਾ ਉਪਰ ਨੂੰ, ਉਚੇ ਕਿਨਾਰੇ-ਕਦੇ ਇਕ ਕਿਲ੍ਹਾ ਸੀ, ਜੋ ਢਹਿ ਚੁੱਕਾ ਹੈ। ਇਸ ਦਾ ਇਕ ਬੁਰਜ ਅਜੇ ਤਕ ਸਲਾਮਤ ਖੜਾ ਹੈ, ਇਸ ਬੁਰਜ ਤੋਂ ਵਗਦੇ ਪਾਣੀ ਲਗ ਪਗ ਦੋ ਸੌ ਫੁੱਟ ਹੇਠਾਂ ਨੂੰ ਹਨ। ਇਸ ਬੁਰਜ* ਵਿਚੋਂ ਹੇਠਾਂ ਵਗਦੇ ਸੀਤਲ ਪਾਣੀਆਂ ਨੂੰ ਤੱਕੋ ਤੇ ਆਖੋ ਝਾਤ ਸੁਹਣੀਏ !’ ਤਾਂ ਸੁਹਣੀ ਰਾਵੀ ਦੀ ਝਾਤ ਕਲੇਜਾ ਠਾਰ ਦੇਂਦੀ ਹੈ। ਸਰਨਾਈਆਂ ਤੇ ਤਰਨ ਵਾਲੇ ਲੋਕੀਂ ਹੇਠਾਂ ਅਜਬ ਨਜ਼ਾਰਾ ਦਿਖਾਲਦੇ ਹਨ। ਪਾਰਲੇ ਪਾਸੇ ਪਹਾੜੀਆਂ ਤੋਂ ਸੁੰਦਰਤਾ ਦਾ ਅਨੋਖਾ ਝਲਕਾ ਵੱਜਦਾ ਹੈ। ਇਸ ਬੁਰਜ ਤੋਂ ਉਰੇ ਪੁਰਾਣੇ ਖੋਲੇ ਕੁਛ ਹੋਰ ਬੀ ਪਏ ਹਨ।

24 ਕਾਂਡ।

ਇਸ ਥਾਂਵੇਂ ਹੁਣ ਸਾਡੇ ਨਵੇਂ ਜਥੇ ਦਾ ਹਰੌਲ ਵੇਸ ਵਟਾਕੇ ਅੱਪ- ੜਿਆ ਹੈ, ਅਤੇ ਬੁਰਜ ਦੇ ਉਰੇ ਜੋ ਖੰਡਰ ਤੇ ਪੁਰਾਣਾ ਜਿਹਾ ਖੂਹ ਹੈ ਉਥੇ ਫੇਰਾ ਮਾਰ, ਬੁਰਜ ਤੱਕ, ਫੇਰ ਗਊ ਘਾਟ ਦੇ ਰਸਤੇ ਉੱਤਰ ਹੇਠਾਂ ਜਲ ਦੇ ਕਿਨਾਰੇ ਚੱਕਰ ਲਾ, ਉੱਪਰ ਪਿੰਡ ਦੇ ਇਰਦ ਗਿਰਦ ਚੱਕਰ ਲਾ, ਮੁੜਕੇ ਡੇਰੇ ਜਾ ਅੱਪੜਿਆ ਹੈ। ਡੇਰਾ ਇਸ ਥਾਉਂ ਤੋਂ ਕੋਹ ਕੁ ਭਰ ਉਰੇ ਨਦੀ ਦੇ ਪਾਸ ਹੇਠਾੜ ਵੱਲ ਓਹਲੇ ਵਾਰ ਇਕ ਥਾਵੇਂ ਪਿਆਸੀ। ਸਾਰੀ ਵਾਕਫੀ ਜੋ ਇਹ ਲੈ ਕੇ ਆਇਆ ਤੇ ਦੇ ਸਕਿਆ ਉਸ ਮੂਜਬ ਵਿਚਾਰ ਕਰਕੇ ਸਾਂਈਂ ਜੀ ਅਰਥਾਤ ਤੇਜ ਕੌਰ ਜੀ, ਪਹਾੜਨਾਂ ਵਾਲਾ ਰੰਗ ਢੰਗ ਬਣਾਕੇ ਅਗਲੇ ਦਿਨ ਸਵੇਰੇ ਹੀ ਤੁਰ ਪਏ। ਗਿਰਾਂ ਸ਼ਾਹਪੁਰ ਦੇ ਲੋਕੀਂ ਨਹਾਉਣ ਧੋਣ ਤੇ ਪਾਣੀ ਲੈਣ ਲਈ ਗਾਗਰਾਂ ਚੁੱਕੀ ਰਾਵੀ ਵਲ ਨੂੰ ਉੱਤਰਦੇ ਚੜ੍ਹਦੇ ਇਕ ਸੁਆਦਲਾ ਦਰਸ਼ਨ ਦੇ ਰਹੇ ਸਨ। ਇਹ ਸਿਧੀ ਗਊ ਘਾਟ ਰਸਤਾ ਉੱਤਰਕੇ ਜਲ ਦੇ ਕਿਨਾਰੇ ਗਈ। ਅੱਗੇ ਅੱਜ ਇਕ ਤਿਉਹਾਰ ਸੀ; ਲੋਕੀ ਨ੍ਹਾ ਧੋ ਇਸ਼ਨਾਨ ਕਰ ਰਹੇ ਸੀ। ਜਗ੍ਹਾ ਜਗ੍ਹਾ ਬ੍ਰਾਹਮਣ ਚੌਂਕੀਆਂ ਡਾਹਕੇ ਬੈਠੇ ਸਨ। ਚੌਂਕੀਆਂ ਦੇ ਆਸ ਪਾਸ ਲੋਕੀਂ ਬੀ ਬੈਠੇ ਸਨ। ਕੋਈ ਕਪੜੇ ਪਾ ਰਿਹਾ ਸੀ, ਕੋਈ ਲਾਹ ਰਿਹਾ ਸੀ, ਕਥਾ ਬੀ ਕਿਸੇ ਥਾਂ ਹੋ ਰਹੀ ਸੀ, ਤੇਜਕੌਰ ਵੀ ਜਾਕੇ ਇਕਲਵੰਜੇ ਨ੍ਹਾਤੀ, ਫਿਰ ਇਕ ਇਕੱਲਾ ਬੈਠਾ ਬ੍ਰਾਹਮਣ ਤਾੜਕੇ ਉਸਦੀ ਚੌਂਕੀ ਦੇ ਪਾਸ ਜਾ ਬੈਠੀ ਤੇ ਇਕ ਦੁਆਨੀ ਉਸਦੇ ਅੱਗੇ ਧਰਕੇ ਬੋਲੀ :- ਦੇਵਤਾ ਜੀ ! ਕਥਾ ਸੁਣਾਓ? ਪੰਡਤ ਜੀ ਦੁਆਨੀ ਵੇਖਕੇ ਗਦਗਦ ਹੋ ਗਏ ਸੇ, ਇਕ ਤਾਂ ਆਪ ਵੱਲ ਆਏ ਹੀ ਲੋਕੀਂ ਘੱਟ ਸਨ, ਦੂਸਰੇ ਕੋਈ ਆਈ, ਪਾ ਚੌਲਾਂ ਦਾ ਧਰ ਗਈ, ਕੋਈ ਲੱਪ ਆਟਾ ਰੱਖ ਗਈ, ਕਿਸੇ ਅੱਠ ਕੌਡੀਆਂ, ਕਿਸੇ ਬੜੀ ਮਲ ਮਾਰੀ ਤਾਂ ਪੈਸਾ ਧਰ ਦਿੱਤਾ। ਪੰਡਤ ਜੀ ਸੋਚਣ ਕਿ ਇਹ ਸੁਭਾਗ ਮਾਈ ਕੌਣ ਹੈ ਜੋ ਹੈ ਗਰੀਬੀ ਵੇਸ ਵਿਚ, ਪਰ ਦਖਣਾ ਦੁਆਨੀ ਧਰੀ ਸੂ? ਪੰਡਤ ਜੀ ਨੇ ਇਹੋ ਜੇਹੀਆਂ ਸੋਚਾਂ ਸੋਚਕੇ ਅੰਤ ਕਥਾ ਸੁਣਾਈ ਤੇ ਫੇਰ ਆਦਰ ਨਾਲ ਪੁੱਛਿਆ :- ਬੀਬੀ ! ਤੂੰ ਇਸੇ ਸਾਡੇ ਸ਼ਾਹਪੁਰ ਗਿਰਾਂ ਦੀ ਹੈਂ? ਅੱਗੇ ਕਦੀ ਏਥੇ ਤੱਕੀ ਤਾਂ ਨਹੀਂ?

ਮਾਈ ਨੇ ਇਸ ਦਾ ਉੱਤਰ ਦੇਣਾ ਨਾ ਚਾਹਿਆ ਤੇ ਪੰਡਤ ਦੀ ਗੱਲ ਵਿਚੋਂ ਟੁੱਕਕੇ ਪੁੱਛਿਆ- “ਪੰਡਤ ਜੀ ! ਕੀ ਤੁਸੀਂ ਹੱਥ ਬੀ ਦੇਖ ਲੈਂਦੇ ਹੋ?” ਪੰਡਤ ਨੇ ਹੱਸਕੇ ਕਿਹਾ – “ਤੇ ਹੋਰ ਮਾਈ ਕੀ ਅਸੀਂ ਵੱਛੇ ਚਾਰਦੇ ਰਹੇ ਹਾਂ? ਇਹੋ ਤਾਂ ਸਾਡਾ ਕੰਮ ਹੋਇਆ।”

ਮਾਈ ਨੇ ਸੱਜਾ ਹੱਥ ਅੱਗੇ ਕੀਤਾ, ਤਾਂ ਪੰਡਤ ਨੇ ਕਿਹਾ “ਤੀਵੀਂ ਦਾ ਖੱਬਾ ਦੇਖੀਦਾ ਹੈ।”

ਮਾਈ ਨੇ ਖੱਬਾ ਹੱਥ ਅੱਗੇ ਕੀਤਾ। ਪੰਡਤ ਜੀ ਕਦੇ ਹੱਥ ਵੱਲ ਦੇਖਣ ਕਦੇ ਕੁਛ ਹਿਸਾਬ ਕਰਨ ਕਦੇ ਮੱਥੇ ਤੇ ਅੱਖਾਂ ਵਲ ਨੀਝ ਲਾਉਣ, ਆਖਰ ਬੋਲੇ “ਮਾਈ ! ਵੇਦਨ ਹੈ ਕੋਈ ਵੇਦਨ, ਮੁਰਾਦ ਪੁੱਗਣ ਵਾਲੀ ਹੈ:” ਫੇਰ ਆਪਣੇ ਬੁਗਚੇ ਵਿਚੋਂ ਕੁੰਡਲੀ ਕੱਢਕੇ ਸੁਟੀਓਸੁ : ‘ਮਾਈ ! ਮੈਂ ਹੱਥ ਵੀ ਵੇਖਦਾ ਹਾਂ, ਜੋਤਸ਼ ਬੀ ਪੜ੍ਹਿਆ ਹਾਂ, ਰਮਲ ਭੀ ਜਾਣਦਾ ਹਾਂ, ਦੇਖ ! ਮੈਂ ਸਾਰੇ ਟੇਵੇ ਲਾਕੇ ਦੱਸਦਾ ਹਾਂ। ਤੇਰੇ ਕਸ਼ਟ ਸਨ ਕਸ਼ਟ ! ਉਖਿਆਈ, ਹੁਣ ਮੁਰਾਦ ਹੈ, ਮਿਲਣ ਹੀ ਵਾਲੀ ਹੈ ! ਬੱਸ ! ਜੇ ਮਾਈ ਹੋਰ ਪੱਕੇ ਪਤੇ ਚਾਹੇਂ ਤਾਂ ਆਪਣੀ ਜਨਮ-ਪੱਤ੍ਰੀ ਜਾਂ ਟੇਵਾਲਿਆ, ਜਾਂ ਠੀਕ ਸਮਾਂ ਘੜੀ • ਮੁਹਤ ਪਲ ਛਿਨ ਜਨਮ ਦੀ ਦੱਸ ਤਾਂ ਮੈਂ ਹਿਸਾਬ ਲਾ ਕੇ ਦੱਸਾਂ ?”

ਮਾਈ ਨੇ ਇਕ ਹੋਰ ਟਕਾ ਪੰਡਿਤ ਅੱਗੇ ਧਰਿਆ ਤੇ ਠੰਢਾ ਸਾਹ ਭਰ ਕੇ ਆਖਿਆ – ਪੰਡਤ ਜੀ ਕੁਛ ਵਿਦੰਗੀ ਭੀ ਜਾਣਦੇ ਹੋ?

ਪੰਡਤ – ਮਾਈ ! ਵਿਦੰਗੀ ਤਾਂ ਮੈਂ ਨਹੀਂ ਜਾਣਦਾ, ਪਰ ਜੇ ਤੁਸਾਨੂੰ ਕੋਈ ਅਹੁਰ ਹੋਵੇ, ਖੇਦ ਹੋਵੇ ਤਾਂ ਵੈਦ ਪਾਸ ਲਿਜਾ ਸਕਦਾ ਹਾਂ, ਸਾਡੇ ਪਿੰਡ ਖਰਾ ਖਰਾ ਇਕ ਵੈਦ ਰਹਿੰਦਾ ਹੈ।

ਮਾਈ – ਉਹ ਵੀ ਪੰਡਤ ਹੈ ਕੋਈ? ਅਪਣਾ ਭਰਾ ਭਾਈ, ਜਾਣ ਪਛਾਣ, ਕੋਈ ਇਤਬਾਰ ਵਾਲਾ ਮਾਣੂੰ ਹੈ ?

ਪੰਡਤ – ਨਹੀਂ, ਪੰਡਤ ਤਾਂ ਨਹੀਂ, ਪਰ ਹੈ ਖਰਾ ਖਰਾ, ਝਿਕਾਂ ਦਾ ਸਿੱਖ ਹੈ, ਪਰ ਹੈ ਪੂਰਾ, ਨਿਰਘੰਟ ਸ਼ੁਸ਼ਰਤ ਪੜ੍ਹਿਆ ਹੋਇਆ, ਮੇਰਾ ਪੱਕਾ ਜਾਣੂ ਹੈ, ਪਿਆਰ ਵਾਲਾ ਬੰਦਾ ਹੈ।

ਮਾਈ – ਗਿਰਾਂ ਵਿਚ ਰਹਿੰਦਾ ਹੈ? ਨਾਮ?

ਪੰਡਤ ( ਹੁਣ ਪਹਾੜੀ ਬੋਲਿਆ) – ਤੁਸਾਂ ਨਾਮੇ ਜੁ ਕੀ ਕਰਨਾ ਹੈ? ਮੈਂ ਜੋ ਲੈਈ ਚੱਲਾਂਗਾ ਨਾਲ।

ਮਾਈ ਪਰ ਤਦ ਭੀ?

ਪੰਡਤ (ਅਸਮਾਨ ਵੱਲ ਤੱਕ ਕੇ) – ਨਾਂ ਸੂ, ਦੇਖੋ ਭਲਾ ਜਿਹਾ ਨਾਂ ਸੂ ਲਾਲ। ਨਾਂ (ਫੇਰ ਚੁਫੇਰੇ ਤੱਕਕੇ) ਨਾਂ ਸੂ ਲਾਲ ਰਤਨ ਸਿੰਘ, ਹੈਂ ਔਹ ਵੇਖ ਖਾਂ (ਨੀਝ ਲਾਕੇ) ਓਹੋ ਹੈ ! .ਔਹ ਉਸਦੀ ਦੇਵੀ ਇਸਤ੍ਰੀ ਨਾਕੇ ਆ ਰਹੀ ਹੈ, ਔਹ ਬਾਬੇ ਨਾਨਕ ਦੀ ਬਾਣੀ ਪੜ੍ਹਦੀ ਆ ਰਹੀ ਹੈ, ਔਹ ਤੱਕੋ ਨਾ। ਵਿਚਾਰੀ ਕਦੇ ਨਹੀਂ ਹੱਸੀ ! (ਠੰਢਾ ਸਾਹ ਲੈਕੇ) ਕਦੇ ਨਹੀਂ ਉਪਰ ਤੱਕੀ, ਕਦੇ ਨਹੀਂ ਮੱਥਾ ਵਿੰਗਾ ਹੋਇਆ। ਜਾਂ ਬਾਣੀ ਪੜ੍ਹਦੀ ਹੈ, ਜਾਂ ਚੁੱਪ ਚਾਪ ਆ ਮੁਹਾਰੀ ਤਪ ਤਪ ਰੋ ਪੈਂਦੀ ਹੈ। ਕਦੇ ਅਪਣੇ ਘਰੇ ਅੰਦਰ ਕੋਈ ਬਿਰਹੜੇ ਗਾਉਂਦੀ ਹੈ, ਪੱਥਰ ਮੋਮ ਹੁੰਦੇ ਹਨ, ਵਿਯੋਗਨ ਹੈ ਕੋਈ, ਪਰ ਹੈ ਪਤੀਬਤਾ ਦੇਵੀ ਰੂਪ, ਦੇਵ ਕਰਕੇ ਪਤੀ ਨੂੰ ਪੂਜਦੀ ਹੈ, ਖਰੀ ਖਰੀ ਹੈ, ਇਸੇ ਦਾ ਪਤੀ ਵੈਦ ਹੈ।

ਮਾਈ ਨੇ ਦੋ ਪੈਸੇ ਪੰਡਤ ਜੀ ਅਗੇ ਹੋਰ ਧਰੇ ਤੇ ਉੱਠਕੇ ਤੁਰ ਪਈ, ਪੰਡਤ ਜੀ ਬੀ ਛੇਤੀ ਛੇਤੀ ਮੁਹਰੇ ਹੋ ਟੁਰੇ। ਉਸ ਸੰਗਮਰਮਰ ਵਰਗੀ ਚਿੱਟੀ, ਲਹੂ ਦੀ ਲਾਲੀ ਤੋਂ ਉੱਕੀ ਸਾਫ, ਲਿੱਸੇ ਪਰ ਟਿਕਵੇਂ ਚਿਹਰੇ ਵਾਲੀ ਕਾਕੀ ਪਾਸ ਜਾ ਕੇ ਆਖਣ ਲੱਗੇ – ਦੇਵੀ ! ਇਹ ਮਾਈ ਕੁਛ ਵਿਦੰਗੀ ਦੀ ਲੋੜ- ਵੰਦ ਹੈ, ਸਾਡੇ ਚਰਨਾਂ ਦੀ ਬੜੀ ਪ੍ਰੇਮਣ ਹੈ; ਚੰਗੀ ਉਦਾਰ ਆਤਮਾ ਹੈ, ਮੈਂ ਇਨ੍ਹਾਂ ਨੂੰ ਸਿੰਘ ਜੀ ਦਾ ਪਤਾ ਦੱਸਿਆ ਹੈ, ਘਰ ਚਲੇ ਹੋ ਤਾਂ ਨਾਲ ਲਈ ਜਾਓ, ਸਿੰਘ ਹੁਰਾਂ ਨੂੰ ਸਾਡੀ ਸਪਾਰਸ਼ ਵੀ ਪਾ ਦੇਣੀ, ਅਸੀਂ ਆਪ ਬੀ ਉਨ੍ਹਾਂ ਨੂੰ ਆਖਾਂਗੇ। ਅੱਜ ਤਿਹਾਰ ਦਾ ਦਿਨ ਹੈ, ਸਭ ਕੋਈ ਆਸਵੰਦ ਹੈ, ਨਹੀਂ ਤਾਂ ਅਸੀਂ ਆਪ ਹੀ ਅੱਖੀਆਂ ਪਰਨੇ ਟੁਰ ਕੇ ਨਾਲ ਜਾਂਦੇ।’

ਬੀਬੀ ਨੇ ਨਾਂ ਪੰਡਤ ਵਲ ਅੱਖ ਪਰਤਕੇ ਡਿੱਠਾ ਤੇ ਨਾ ਮਾਈ ਵੱਲ, ਖੱਬੇ ਹੱਥ ਦੀ ਉਂਗਲ ਨਾਲ ਮਾਈ ਨੂੰ ਨਾਲ ਆਉਣ ਦੀ ਸੈਨਤ ਕੀਤੀ, ਮਾੜਾ ਜਿਹਾ ਸਿਰ ਹਿਲਾਯਾ ਤੇ ਅਪਣੇ ਰਾਹੇ ਸਿਆਲੇ ਦੀ ਟਿਕਵੀਂ ਟੋਰ ਵਾਲੀ ਨਦੀ ਵਾਂਗ ਸਹਿਜੇ ਸਹਿਜੇ ਟੁਰੀ ਗਈ। ਪਹਾੜੀ ਕੂਲ੍ਹਦੇ ਪਾਣੀਆਂ ਦੇ ਗੀਟਿਆਂ ਪਰ ਟੁਰਦਿਆਂ ‘ਵਿਪਲ ਪਲ ਪਲ, ਵਿਪਲ ਪਲ ਪਲਂ ਦੀ ਮਧੁਰ ਧੁਨੀ ਵਾਂਗ ਸੁਖਮਨੀ ਦਾ ਪਾਠ ਜਿਵੇਂ ਕਰਦੀ ਆ ਰਹੀ ਸੀ ਤਿਵੇਂ ਮਿੱਠੇ ਮਿੱਠੇ ਠਟੁੱਕਿਆਂ ਵਿਚ ਪਾਠ ਕਰਦੀ ਟੁਰੀ ਚਲੀ ਗਈ। ਮਾਈ ਭੀ ਮਗਰੇ ਮਗਰ ਗਈ;- ਚੜ੍ਹਾਈ ਚੜ੍ਹਕੇ ਕਾਕੀ ਇਕ ਪਾਸੇ ਹੋ ਗਈ, ਇਕ ਨਿੱਕੇ ਜਿਹੇ ਥੜੇ ਤੇ ਬੈਠ ਗਈ :-

“ਸਭ ਤੇ ਊਚ ਤਾਕੀ ਸੋਭਾ ਬਨੀ।। ਨਾਨਕ ਇਹ ਗੁਣਿ ਨਾਮੁ ਸੁਖਮਨੀ। । ”

ਪੜ੍ਹ ਕੇ ਭੋਗ ਪਾਇਆ, ਅਰਦਾਸਾ ਸੋਧਿਆ, ਮੱਥਾ ਟੇਕਿਆ, ਅਰਸ਼ਾਂ ਵੱਲ ਤੱਕੀ, ਨੈਣ ਭਰ ਆਏ ਤੇ ਬੋਲੀ :-

“ਦਾਤਾ ! ਅਰਸ਼ਾਂ ਦੇ ਦਾਤਾ !”

‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ- ਇਤ ਸਾਰਾ ਪੰਥ ਅਰਦਾਸ ਕਰਦਾ ਹੈ, ਮੈਂ ਕਰਦੀ ਹਾਂ, ਮੇਰੀ ਮਾਂ, ਮੇਰੇ ਨਿਆਣੇ ਵਿਛੁੜੇ ਵੀਰ ਤੇ ਉਸ ਦੀ ਪਾਲਕਾ ਦੀ ਰੱਛਿਆ ਰਿਆਇਤ ਕਰ। ਹਾਂ ਕਰ ਦਾਤਾ ! ਕਰ ਮੇਲ, ਇਕ ਵੇਰ ਅੰਮੀ ਵੀਰ ਮਿਲਾ ਦੇ।”

ਐਉਂ ਅਰਦਾਸਾ ਕਰਦੀ ਚੁੱਪ ਹੋ ਗਈ। ਫੇਰ ਗਲਾ ਖੁਲ੍ਹਿਆ ਮਿੱਠੀ ਮਿੱਠੀ ਧੁਨਿ ਨਿਕਲੀ ਗਾਣੇਂ ਦੀ :-

ਧੀਆਂ ਦੇ ਦਿਲ ਖੁੱਸਣ ਮਾਏ ! ਦੂਰ ਗਈਆਂ ਨੀ ਮਾਂਵਾਂ ।
ਦੂਰ ਗਈਆਂ ਨਾਂ ਪਰਤੀਆਂ ਹਾਏ ! ਦੂਰ ਗਈਆਂ ਨੀ ਮਾਂਵਾਂ।
ਆਂਦਰਾਂ ਕਲਵਲ ਹੋ ਹੋ ਟੁੱਟਣ, ਭੈਣਾਂ ਬਿਨਾ ਭਰਾਵਾਂ।
ਦੂਰ ਗਏ ਨੀ ਵੀਰ ਜਿਨ੍ਹਾਂ ਦੇ, ਦੂਰ ਗਈਆਂ ਨੀ ਮਾਂਵਾਂ ।
ਵਿੱਛੁੜ ਫੇਰ ਨ ਮਿਲੀਆਂ ਮਾਂਵਾਂ, ਦੂਰ ਗਈਆਂ ਜੋ ਮਾਂਵਾਂ।
ਵੀਰ ਵਿਛੋੜਾ ਕਹਿਰ ਵਿਛੋੜਾ, ਭੈਣਾਂ ਨਾਲ ਭਰਾਵਾਂ।
ਧੀਆਂ ਹਾਵੇ ਭਰ ਭਰ ਮੁਕੀਆਂ, ਮਿਲੀਆਂ ਫੇਰ ਨ ਮਾਂਵਾਂ।
ਵੀਰਾ ! ਵੀਰਾ ! ਰੁੰਨੀ ਵੀਹਾ ! ਵੀਰਾ ਵੀਰਾ ਗਾਂਵਾਂ।
ਵੀਰ ਵਿਛੁੰਨੀ ਦੇ ਆਜਾ ਵੀਰਾ ! ਆ ਵੀਰਾ ! ਗਲ ਲਾਵਾਂ।
ਮਾਂਵਾਂ ਬਾਝੋਂ ਜੀਵਣ ਔਖਾ, ਔਖਾ ਬਾਝ ਭਰਾਵਾਂ।
ਵੀਰ ਵਿਛੁੰਨੀਆਂ ਜੀਣ ਨ ਭੈਣਾਂ, ਸ਼ਾਲਾ ! ਮੈਂ ਮਰ ਜਾਵਾਂ।
ਧੀਆਂ ਦੇ ਦਿਲ ਘਾਇਲ ਮਾਏ ! ਦੂਰ ਗਈਆਂ ਨੀ ਮਾਂਵਾਂ।
ਦੂਰ ਗਈਆਂ ਨਾ ਪਰਤੀਆਂ ਹਾਏ ! ਦੂਰ ਗਈਆਂ ਨੀ ਮਾਂਵਾਂ ।

ਚੁੱਪ ਹੋ ਗਈ ਫੇਰ ਬੋਲੀ :-

“ਹੈਂ! ਵਾਹਿਗੁਰੂ! ਦਾਤਾ! ਸਾਂਈਂ! ਧੰਨ ਗੁਰ ਨਾਨਕ!
ਸਾਂਈਆਂ ! ਮਿਹਰ, ਮਿਹਰ, ਮਿਹਰ। ਮੈਂ ਫਿਰ ਵੈਰਾਗ ਵਿਚ ਚਲੀ ਗਈ, ਮੈਂ ਤਾਂ ਰਜ਼ਾ ਮੰਨ ਖੜੋਤੀ ਸਾਂ, ਬਾਪੂ ਜੀ ਆਪ ਦੇ ਦਰ ਚਲੇ ਗਏ, ਮੈਂ ਹੱਥੀਂ ਟੋਰੇ। ਉਹ ਹਸਦੇ ਹਸਦੇ ਗਏ, ਮੈਨੂੰ ਗੱਲ ਲਾਕੇ ਪਿਆਰ ਦੇਕੇ ਟੁਰੇ, ਮੈਨੂੰ ਕਹਿਰ ਵਿਛੋੜਾ ਹੈ ਬਾਪੂ ਜੀ ਦਾ, ਪਰ ਦਾਤਾ ! ਦੇਖ ਓਹ ਤੇਰੇ ਦੇਸ਼ ਗਏ, ਮੈਨੂੰ ਪਤਾ ਹੈ ਤੇਰੇ ਦੇਸ਼ ਗਏ, ਅਪਣੇ ਘਰ ਗਏ, ਓਹ ਸੁਖੀ ਹਨ, ਤੇਰੇ ਦਰ ਦੇ ਕੀਰਤਨ ਵਿਚ ਆਨੰਦ ਹਨ, ਮੈਨੂੰ ਪਿਆਰ ਭੇਜਦੇ ਹਨ, ਵਿਛੋੜਾ ਹੈ ਮੈਨੂੰ, ਪਰ ਪਤਾ ਹੈ ਮੈਨੂੰ ਕਿ ਓਹ ਕਿੱਥੇ ਹਨ। ਮੈਂ ਓਹਨਾਂ ਦਾ ਹਾਵਾ ਨਹੀਂ ਕੀਤਾ, ਪਰ ਰੱਬਾ ਜੀਓ ! ਤੱਕੋ ਨਾ, ਮੇਰੇ ਨਿਮਾਣੀ ਦੇ ਮਨ ਤੇ ਮਿਹਰ ਕਰੀਓ ! ਮਾਂ ਤੇ ਵੀਰ ਦਾ ਪਤਾ ਨਹੀਂ ਕਿੱਥੇ ਗਏ? ਕਿਸ ਹਾਲ ਹਨ? ਕਿਨ੍ਹਾਂ ਕਹਿਰਾਂ ਦੇ ਮੂੰਹ ਹਨ? ਕੀ ਜੱਫਰ ਜਾਲਦੇ ਹਨ? ਜੁੱਗ ਬੀਤ ਗਏ, ਥਹੁ ਨਹੀਂ, ਹਾਇ ਕੀ ਕਰਦੇ ਹੋਣਗੇ ਵਲਿੱਖਾਂ ਵਿਚ, ਸਾਂਈਂ ਜੀਓ ! ਏਹੋ ਸੁੱਧ ਘੱਲ ਦਿਓ ਨਾ ਜੋ ਆਪਣੇ ਦੇਸ਼ ਅਪੜ ਪਏ ਹਨ, ਫਿਰ ਮੇਰੇ ਦਿਲ ਦਾ ਘਾਉ ਭਰ ਜਾਵੇ, ਮੇਰੇ ਕਾਲਜੇ ਸੰਤੋਖ ਆ ਜਾਵੇ। ਬੇ ਪਤਾ ਵਿਛੋੜਾ ਕਹਿਰਾਂ ਕਹਾਰਾਂ ਦੇ ਤੌਖਲੇ ਮੈਂ ਕਿੰਝ ਜੀਵਾਂ? ਰਜ਼ਾ ! ਤੇਰੀ ਰਜ਼ਾ !! ਮੇਰੀ ਭੁੱਲ ਤੇ ਖਿਮਾਂ, ਹਾਂ, ਦਾਤਾ ! ਮੇਰੀ ਉਕਾਈ, ਮੇਰੀ ਭੁੱਲ ਤੇ ਰਿੰਜ ਨਾ ਹੋਵਿਓ, ਮੈਂ ਨਿਮਾਣੀ ਬੱਚੀ ਹਾਂ ਆਪਦੀ। ਮੇਰੇ ਜੇਰੇ ਤੇ-ਮੇਰੇ ਜਤਨੋ ਲਾ ਲਾ ਕੀਤੇ ਜੇਰੇ ਤੇ-ਮੈਨੂੰ ਸ਼ਾਬਾਸ਼ੇ ਦੇਵਿਓ ਹੇ ਬਖ਼ਸ਼ਿਦ ਪਿਆਰਾਂ ਵਾਲੇ ! ਮੇਰੀ ਭੁੱਲ ਮੇਰਾ ਸੁਭਾਵ ਹੈ, ਮੇਰਾ ਅਧੂਰਾਪਨ ਹੈ, ਮੇਰੀ ਹੰਭਲਾ ਮਾਰਨ ਦੀ, ਉੱਚੇ ਹੋਣ ਦੀ ਚਾਹ, ਮੇਰੇ ਹੱਥ ਪੈਰ ਮਾਰਕੇ ਕਿਸੇ ਵੇਲੇ ਠਿੱਲ੍ਹਕੇ ਤਰ ਪੈਣ ਦੀ ਪਹੁੰਚ ਤਰਲੇ ਹਨ ਮੇਰੇ ਨਿਤਾਣੇ ਤਾਣ ਦੇ, ਸੋ ਤੁਸੀਂ ਮੇਰੇ ਨਿਤਾਣ ਦੇ ਸਿਰ ਹੱਥ ਫੇਰਿਓ, ਦਿਲਾਸਾ ਦੇਵਿਓ ਮੈਂ ਵੀਰ ਵਿਛੁੰਨੀ ਅੰਮੀ ਵਿੱਛੁੜੀ ਬਾਲੀ ਨੂੰ ਆਪਣੀ ਛਾਤੀ ਨਾਲ ਲਾਓ, ਅਪਣੇ ਅੰਮ੍ਰਿਤ ਚੋਂਦੇ ਬੁੱਲ੍ਹਾਂ ਨਾਲ ਮੇਰਾ, ਮੱਥਾ ਚੁੰਮੋਂ। ਹੇ ਵਾਹਿਗੁਰੂ ਪਿਆਰੇ ਪਿਤਾ ! ਮੇਰੇ ਅੱਥਰੂ ਭਰੇ ਨੈਣਾਂ ਨੂੰ ਚੁੰਮੋ, ਮੇਰੀ ਕੰਡੀ ਤੇ ਹੱਥ ਫੇਰੋ, ਆਖੋ ਤੂੰ ਮੇਰੀ ਗੋਦੀ ਹੈਂ, ਮੈਂ ਤੇਰਾ ਹਾਂ, ਤੇਰਾ ਮੈਂ ਹਾਂ । ਹਾਂ ਦਾਤਾ ! ਤੂੰ ਮੇਰਾ ਹੋਹੁ, ਤੂੰ ਮੈਨੂੰ ਅਪਣਾ, ਅਪਣੀ ਗੋਦ ਖਿਡਾ”।

ਇਉਂ ਕੂਕਦੀ ਕੂਕਦੀ ਕੂੰਜ ਉੱਠੀ, ਘਰ ਨੂੰ ਟੁਰ ਪਈ, ਨਹੀਂ ਨਜ਼ਰ ਭਰ ਤਕਿਆ ਕਿ ਕੌਣ ਹੈ ਜੋ ਮੇਰੇ ਨਾਲ ਹੈ। ਰੁਮਕੇ ਰੁਮਕੇ ਘਰ ਅੱਪੜ ਗਈ ਤੇ ਸਾਂਈਂ (ਤੇਜਕੌਰ) ਨੈਣ ਛਮਾਂ ਛਮ ਕੇਰਦੀ ਮਗਰੇ ਮਗਰ ਟੁਰੀ ਗਈ।

ਗਿਰਾਂ ਦੇ ਇਕ ਸੁਹਣੇ ਪਾਸੇ ਵੈਦ ਜੀ ਦਾ ਘਰ ਸੀ, ਘਰ ਦੇ ਬਾਹਰਲੇ ਪਾਸੇ ਓਹਨਾਂ ਦੀ ਵੈਦੰਗੀ ਦੀ ਕੋਠੜੀ ਸੀ, ਨਾਲ ਲੰਮੀ ਡਿਉਢੀ। ਇਸ ਡਿਉਢੀ ਥਾਣੀ ਉਹ ਅੰਦਰ ਲੰਘਕੇ ਮੰਜੇ ਤੇ ਜਾ ਲੇਟੀ ਤੇ ਸੌਂ ਗਈ। ਇਧਰ ਮਾਈ ਵੈਦ ਜੀ ਦੇ ਪਾਸ ਐਉਂ ਜਾ ਬੈਠੀ ਜਿਵੇਂ ਮਰੀਜ਼ ਹਕੀਮਾਂ ਪਾਸ ਬੈਠਦੇ ਹਨ। ਵੈਦ ਜੀ ਨੇ ਆਦਰ ਨਾਲ ਪੁੱਛਿਆ :- “ਆਓ ਮਾਈ ਜੀ ! ਕੀ ਖੇਚਲ ਹੈ? ਕਿੱਥੋਂ ਆਏ ਹੋ?”

ਮਾਈ – ਵੈਦ ਜੀ ! ਮੈਂ ਜ਼ਰਾ ਇਕੱਲਿਆਂ ਗੱਲ ਕਰਨੀ ਹੈ, ਇਥੇ ਹੋਰ ਲੋਕੀਂ ਆਉਂਦੇ ਜਾਂਦੇ ਹੋਣਗੇ?

ਵੈਦ – ਜੇ ਕੋਈ ਐਸੀ ਖੇਚਲ ਹੈ ਤਾਂ ਵੱਖਰੇ ਚਲੇ ਚਲਦੇ ਹਾਂ, ਪਰ ਅੱਜ ਤਿਉਹਾਰ ਤੇ ਲੋਕੀਂ ਨ੍ਹਾਉਣ ਗਏ ਹੋਏ ਹਨ, ਅੱਜ ਕਿਸੇ ਡਾਢੇ ਔਖੀ ਵਾਲੇ ਹੀ ਆਉਣਾ ਹੈ, ਸੋ ਵਿਹਲ ਹੈ ਤੇ ਤੁਸੀਂ ਇੱਥੇ ਭੀ ਗਲ ਬਾਤ ਕਰ ਸਕਦੇ ਹੋ।

ਮਾਈ – ਮੈਂ ਜ਼ਰਾ ਪੁਛ ਪੁੱਛਾ ਕਰਨੇ ਹਨ ਤੇ ਫੇਰ ਆਪਣੀ ਵਿਯਾ ਕਹਿਣੀ ਹੈ, ਆਪ ਕਾਹਲੇ ਨਾ ਪੈਸੋ?

ਵੈਦ – ਮਾਈ ਜੀ ! ਵੈਦ ਕੀ ਤੇ ਕਾਹਲੇ ਪੈਣਾ ਕੀਹ? ਰੋਗੀ ਦੀ ਜੀਭ ਤੇ ਵੈਦ ਦੇ ਕੰਨ ਕੁਦਰਤ ਵਲੋਂ ਹੀ ਵਡੇਰੇ ਹੁੰਦੇ ਹਨ।

ਮਾਈ ਆਪ ਦਾ ਹੀ ਨਾਮ ਲਾਲ ਰਤਨ ਸਿੰਘ ਹੈ?

ਵੈਦ – ਜੀ ਹਾਂ।

ਮਾਈ ਅਪਾ ਹੀ ਸ਼ੱਤ੍ਵਜੀਤ ਸਿੰਘ ਜੀ ਦੇ ਜਵਾਈ ਹੋ?

ਵੈਦ (ਤ੍ਰਬਕ ਕੇ) ਜੀ …..ਹਾਂ

ਮਾਈ – ਮੈਂ ਬੇ-ਅਦਬੀ ਕਰ ਰਹੀ ਹਾਂ, ਪਰ ਮੇਰਾ ਕੰਮ ਗੁਰੂ ਕਰੇ ਸੁਖਦਾਈ ਹੋਸੀ।

ਵੈਦ (ਸੋਚ ਵਿਚੋਂ ਨਿਕਲਕੇ) – ਜੀ ਭਲਾ ਹੋਵੇ ਆਖੋ?

ਮਾਈ – ਕੀ ਇਸ ਬੀਬੀ ਦਾ ਨਿਆਣਾ ਵੀਰ ਤੇ ਮਾਤਾ ਕੈਦ ਪੈ ਕੇ ਕਾਬਲ ਚਲੇ ਗਏ ਸੇ।

ਵੈਦ (ਘੂਰਕੇ, ਤੱਕ ਕੇ) – ਜੀ, ਬਹੁਤ ਚਿਰਾਂ ਦੀ ਗੱਲ ਹੈ।

ਮਾਈ – ਇਹ ਬੀਬੀ ਦਰਿਯਾ ਤੋਂ ਬੜਾ ਵੈਰਾਗ ਕਰਦੀ ਆਈ ਹੈ, ਆਪਣੀ ਦੇਵੀ ਮਾਤਾ ਤੇ ਵੀਰ ਦਾ।

टैर ਤੁਸੀਂ ਇਲਾਜ ਵਾਸਤੇ ਆਏ ਹੋ, ਇਹ ਪੁੱਛਣਾ ਤੁਸਾਡੀਆਂ ਕੀਹ ਹਨ?

ਮਾਈ – ਆਪ ਦਾ ਵਿਆਹ ਮੈਥੋਂ ਪਿੱਛੋਂ ਹੋਇਆ ਹੈ ਇਸ ਕਰ ਕੇ ਆਪ ਮੈਨੂੰ ਨਹੀਂ ਸਿਞਾਣਦੇ। ਬੀਬੀ ਜੇ ਮੈਨੂੰ ਵੇਖਦੀ ਤਾਂ ਖ਼ਬਰੇ ਸਿਆਣ ਹੀ ਲੈਂਦੀ, ਪਰ ਉਹ ਆਪਣੇ ਵੈਰਾਗ ਵਿਚ ਮੇਰੇ ਵੱਲ ਪਰਤਕੇ ਭੀ ਨਹੀਂ ਤੱਕੀ।

ਵੈਦ (ਬਹੁਤ ਤ੍ਰਬਕ ਕੇ, ਫਿਰ ਸ਼ੌਕ ਨਾਲ ਤੱਕ ਕੇ) – ਹੱਛਾ, ਤਾਂ ਆਪ ਆਪਣੇ ਹੋ, ਫਿਰ ਆਪ ਤਸੱਲੀ ਨਾਲ ਆਪਣੀ ਗੱਲ ਬਾਤ ਦੱਸ ਦਿਓ ?

ਮਾਈ – ਮੈਂ ਬੀਬੀ ਦੀ ਮਾਈ ਦੀ ਸਖੀ ਤੇ ਇਨ੍ਹਾਂ ਦੀ ਖਿਡਾਵੀ ਹਾਂ।

ਵੈਦ – ਪੁੰਨਾ, ਪੁੰਨਾ, ਪੁੰਨਾ ? ਹਾ (ਛੱਤ ਵੱਲ ਤੱਕ ਕੇ) ਪੁੰਨਾ ਬੀ ਤਾਂ ਨਾਲੇ ਕੈਦ ਪਈ ਸੀ?

ਮਾਈ – ਜੀਉ ਜੀ ! ਪੁੰਨਾ, ਕਦੇ ਪੁੰਨਾ ਨਿਖੁੱਟੀ ਹੋ ਗਈ ਸੀ ਪਰ ਹੁਣ ਫੇਰ ਪੁੰਨਾ ਵਾਲੀ ਪੁੰਨਾ ਮੈਂ ਹੀ ਹਾਂ।

ਵੈਦ (ਦੋਵੇਂ ਹੱਥ ਜੋੜ ਕੇ, ਸੀਸ ਝੁਕਾ ਕੇ, ਰਸੀਲੇ ਨੈਣਾਂ ਨਾਲ ਤੱਕ ਕੇ) – ਜੀਉ ਆਏ, ਧੰਨ ਭਾਗ ! ਧੰਨ ਦਾਤਾ ! ਧੰਨ ਗੁਰੂ! ਧੰਨ ਮੇਰਾ ਸੁਹਣੀ ਕਲਗੀ ਵਾਲਾ ! ਧੰਨ ! ਦਿਓ ਸੁਖ ਸੁਨੇਹੇ, ਠੰਢ ਵਰਤਾਓ ? ?

ਮਾਈ – ਵੈਦ ਜੀ ! ਬੀਬੀ ਦੀ ਮਾਈ ਆਪਣੇ ਸ਼ਰਮ ਧਰਮ ਸਿਖੀ ਸਿਦਕ ਵਿਚ ਸਾਬਤ, ਅਫ਼ਗਾਨਿਸਤਾਨ ਵਿਚ ਤਲਵਾਰ ਦੀ ਪੌੜੀ ਚੜ੍ਹਕੇ ਸੱਚਖੰਡ ਜਾ ਵਸੀ ਹੈ।

ਵੈਦ(ਨੈਣ ਮੀਟਕੇ) – ਵਾਹ ਵਾਹ! ਸਤਿਗੁਰੂ! ਧੰਨ, ਧੰਨ, ਧੰਨ ਤੂੰ ਦਾਤਾ ! ਸ਼ੁਕਰ, ਸ਼ੁਕਰ ਸ਼ੁਕਰ ! ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ! ਅਰਸ਼ਾਂ ਵਲ ਤੱਕਕੇ)-ਅੰਮੀ ! ਤੇਰਾ ਸਤਿਗੁਰਾਂ ਦੇ ਚਰਨਾਂ ਵਿਚ ਨਿਵਾਸ ਤੈਨੂੰ ਦਰ ਠਾਕ ਨਾ ਪਵੇ, ਤੇਰੇ ਲਈ ਸਭ ਦਰ ਖੁਲੇ, ਅੰਮੀ ! ਤੂੰ ਧੰਨ।

ਮਾਈ(ਨੈਣ ਭਰਕੇ)-ਪਰ ਬੇਟਾ ਜੀ ! ਸ਼ਤਜੀਤ ਸਿੰਘ ਦਾ ਬੇਟਾ ਜੀਉਂਦਾ ਹੈ, ਦੇਸ਼ ਆ ਗਿਆ ਹੈ ਸਹੀ ਸਲਾਮਤ, ਕਾਵਾਂ ਦੇ ਆਲ੍ਹਣੇ ਪਲਕੇ ਕੋਇਲ ਦਾ ਬੱਚਾ ਘਰ ਆ ਗਿਆ ਹੈ, ਹਾਂ ਜਵਾਨ ਗੱਭਰੂ ਹੋਕੇ, ਸਿੱਖੀ ਸਿਦਕ ਵਿਚ ਜੀਉ ਪਿਆ ਤੇ ਹੁਣ ਤਿਆਰ ਬਰ ਤਿਆਰ ਖਾਲਸਾ ਹੋਕੇ ਆ ਗਿਆ ਹੈ ਦੇਸ਼।

ਵੈਦ- ਵਾਹ ਵਾ ਸ਼ੁਕਰ ! ਵਾਹ ਵਾ ਸ਼ੁਕਰ ! ਧੰਨ ਲਾਜ ਪਾਲ ਸਤਿਗੁਰੂ ! ਧੰਨ ਬਿਰਦ ਬਾਣੇ ਦੀਆਂ ਸ਼ਰਮਾਂ ਵਾਲਾ ਮੇਰਾ ਆਪਣਾ ਵਾਹਿਗੁਰੂ ! ਧੰਨ ਬਖਸਿੰਦ ਦਾਤਾ ! ਮਿਹਰ ! ਮਿਹਰ ! ਜੀਆਦਾਨ ਦੇਣ ਵਾਲਾ, ਮੋਏ ਜੀਵਾਲਕੇ ਆਨ, ਸ਼ਾਨ, ਅਣਖ, ਗ਼ੈਰਤ, ਬਲ ਸਾਹਸ ਦੇਣ ਵਾਲਾ ਦਾਤਾ ਗੁਰੂ ! ਹਾਂ, ਬਾਟ ਘਾਟ ਸਹਾਈ, ਬਿਖੜੇ ਦਾਵਾਂ ਵਿਚ ਰੱਛਿਆ ਰਿਆਇਤ ਕਰਨ ਵਾਲਾ ਧੰਨ ! (ਮਾਈ ਵਲ ਤੱਕ ਕੇ) ਅੰਮਾਂ ਜੀ ਨੂੰ ਜੇ ਖੇਚਲ ਨਾ ਹੋਵੇ ਤਾਂ ਸਾਰੀ ਵਿੱਧ੍ਯਾ ਚਾ ਸੁਣਾਓ, ਜੋ ਮਨ ਨੂੰ ਮਨ ਦੀ ਹੈਰਾਨੀ ਤੋਂ ਬੀ ਚੈਨ ਆ ਜਾਵੇ।

ਮਾਈ – ਬੇਟਾ ਜੀਓ ! ਬੀਬੀ ਵਿਆਕੁਲ ਅੰਦਰ ਗਈ ਹੈ, ਸੀ ਤਾਂ ਹੁਣ ਫੇਰ ਰਜ਼ਾ ਦੇ ਪਿਆਰ ਵਿਚ, ਪਰ ਸੀ ਵੈਰਾਗ ਵਿਚ, ਚੰਗਾ ਹੋਵੇ ਕਿ ਉਸ ਨੂੰ ਬੀ ਦੱਸ ਕੇ ਠੰਢ ਪਾਵਾਂ। ਸਿਰ ਵਰਤੀ ਤੇ ਹੱਡ ਬੀਤੀ ਸਾਰੀ ਮੈਂ ਦੋਹਾਂ ਨੂੰ ਕੱਠੀ ਸੁਣਾਵਾਂ ?

ਵੈਦ – ਠੀਕ ਹੈ, ਪਰ ਲਾਲਮਨ ਨੂੰ ਕਦੇ ਕਦੇ ਇਸ ਪਿਆਰ ਦੇ ਰੋੜ੍ਹਾਂ ਦਾ ਦੌਰਾ ਪੈਂਦਾ ਹੈ ਤਦ ਮਗਰੋਂ ਬੜੀ ਨਿਢਾਲ ਹੋ ਜਾਂਦੀ ਹੈ, ਇਸ ਹਾਲ ਵਿਚ ਉਸ ਨੂੰ ਹਾਲ ਦੱਸਣਾ ਉਸ ਲਈ ਅਸਹਿ ਹੋਵੇਗਾ ਖੁਸ਼ੀ ਬੀ ਤੇ ਵਿੱਯਾ ਦੀ ਦਰਦਨਾਕੀ ਬੀ। ਸੋ ਤੁਸੀਂ ਬੈਠੋ ਤੇ ਮੈਂ ਅੰਦਰ ਜਾ ਕੇ ਉਹਨਾਂ ਨੂੰ ਜ਼ਰਾ ਦਵਾਉਲਮਿਸਕ* ਦੇ ਆਵਾਂ, ਜੋ ਜ਼ਰਾ ਤਾਕਤ ਵਿਚ ਹੋ ਜਾਵੇ।

ਸੋ ਵੈਦ ਜੀ ਅੰਦਰ ਗਏ ਤਾਂ ਬੀਬੀ ਘੂਕ ਸੁੱਤੀ ਪਈ ਸੀ, ਨਬਜ਼, ਅੱਖਾਂ, ਦੰਦ, ਸ੍ਵਾਸ ਤੋਂ ਉਹਨਾਂ ਤਸੱਲੀ ਕਰ ਲਈ ਕਿ ਗ਼ਸ਼ ਨਹੀਂ, ਦੰਦਣ ਨਹੀਂ, ਸੁਖ ਦੀ ਨੀਂਦੇ ਸੁੱਤੀ ਪਈ ਹੈ, ਸੋ ਆਪ ਉਸ ਨੂੰ ਅਡੋਲ ਪਈ ਛੋੜ ਫੇਰ ਆ ਗਏ, ਪਰ ਡੂੰਘੀ ਸੋਚ ਵਿਚ ਸਨ।

ਵੈਦ – ਮਾਈ ਜੀ ! ਲਾਲਮਨ ਟਿਕੀ ਹੋਈ ਹੈ ਤੇ ਹਾਂ ਸੱਚੀ ਕੀ ਆਪ ਗੁਰਮਤੇ ਵੇਲੇ ਅੱਪੜੇ ਸਾਓ ਕਿ ਮਗਰੋਂ ?

ਮਾਈ – ਐਨ ਵੇਲੇ ਸਿਰ, ਤੇ ਹਾਂ ਛੇਕੜਲੇ ਦਿਨ ਵਿਚ ਸ਼ਾਮਲ ਬੀ ਹੋਏ ਸਾਂ ਓਥੇ ਹੀ ਬਚੜਾ ਜੀ ਨੇ ਅੰਮ੍ਰਿਤ ਛਕਿਆ ਹੈ।

ਵੈਦ – ਤਾਂ ਆਪ ਨੂੰ ਗੁਪਬੋਲੇ ਦਾ ਪਤਾ ਹੋਸੀ, ਮੈਨੂੰ ਬੀ ਸੱਦਾ ਸੀ ਪਰ ਏਥੇ ਕੁਛ ਪੰਥਕ ਕਾਰਜ ਹੀ ਐਸਾ ਸੀ ਕਿ ਜਾ ਨਹੀਂ ਸਕਿਆ।

ਮਾਈ – ਤਾਂ ਆਪ ਪੰਥ ਵਿਚ ਸ਼ਿਰੋਮਣੀ ਲੋਕਾਂ ਵਿਚੋਂ ਹੋ, ਆਪ ਨੂੰ ਬੀ ਤਾਂ ਪਤਾ ਹੈ, ਪਤੇ ਵਾਲੇ ਨੂੰ ਦੱਸਣਾ ਮਨ੍ਹੇ ਨਹੀਂ ਤੇ ਆਪ ਆਪਣੀ ਤਸੱਲੀ ਲਈ ਪੁੱਛਦੇ ਹੋ, ਬੇਟਾ ਜੀਓ ! (ਮੁਸਕ੍ਰਾਕੇ) ਗੁਪਬੋਲਾ ਐਤਕੀ ਦਾ ਜਗਤ ਦੇ ਰਿਜ਼ਕ ਦਾ ਨਾਮ ਸੀ-ਰਜਤਪਣ*।

ਵੈਦ ਜੀ ਦੇ ਨੈਣ ਦਮਕ ਉੱਠੇ, ਮਨ ਮੰਡਲ ਨਿੱਕੀ ਨਿੱਕੀ ਉੱਠ ਰਹੀ ਸੰਸੇ-ਬਦਲੀਂ ਤੋਂ ਸਾਫ ਹੋ ਗਿਆ, ਪਿਆਰ ਖੁੱਲ੍ਹਾ ਹੋ ਚਮਕਿਆ।

ਵੈਦ – ਠੀਕ ਹੈ, ਮਾਤਾ ਜੀ ! ਖਿਮਾ ਕਰਨਾ, ਸਮੇਂ ਬਿਖੜੇ ਹਨ ਤੇ ਸਾਡੀ ਸਭ ਦੀ ਜਾਨ ਸਦਾ ਤਲੀ ਤੇ ਹੈ, ਇਸ ਕਰਕੇ ਫੂਕ ਫੂਕਕੇ ਕਦਮ ਧਰੀਂਦੇ ਹਨ।

ਮਾਈ- ਕੋਈ ਨਹੀਂ ਬੇਟਾ ਜੀਓ ! ਸਲਾਮਤੀ ਏਸੇ ਵਿਚ ਹੈ।

ਹੁਣ ਮਾਈ ਜੀ ਨੇ ਮੁੱਢ ਤੋਂ ਲੈਕੇ ਵੈਦ ਪਾਸ ਅੱਪੜਨ ਤੱਕ ਦੀ ਸਾਰੀ ਵਿਖ੍ਯਾ ਕਹਿ ਸੁਣਾਈ। ਉਹ ਚੁੱਪ ਚਾਪ ਬੈਠਾ ਸੋਚ ਵਿਚ ਟਿਕਿਆ ਤੇ ਭਾਵਾਂ ਵਲਵਲਿਆਂ ਤੋਂ ਸੱਖਣਾ ਲੱਗਦਾ ਸਿਖ ਸੁਣਦਾ ਰਿਹਾ, ਪਰ ਉਹ ਐਉਂ ਅੰਦਰੋਂ ਜੀਉਂਦਾ ਸੀ ਕਿ ਮਾਨੋਂ ਮਘਦੇ ਕੋਲੇ ਜਾਣਕੇ ਦਬਾ ਰਖੇ ਹਨ।

ਵੈਦ ਇਕ ਵਾਰੀ ਫੇਰ ਅੰਦਰ ਗਿਆ, ਬੀਬੀ ਟਿਕੀ ਹੋਈ ਸੀ, ਇਹ ਤਸੱਲੀ ਕਰਕੇ ਵੈਦ ਬਾਹਰ ਆਯਾ ਤੇ ਮਾਈ ਦੇ ਨਾਲ ਅਲਾਂਬਾ ਸਿੰਘ ਦੇ ਡੇਰੇ ਅੱਪੜਿਆ। ਮਾਈ ਜੀ ਨੇ ਸਾਰੀ ਵਿਯਾ ਅਲਾਂਬਾ ਸਿੰਘ ਨੂੰ ਦੱਸੀ। ਦੋਇ ਲੰਮੀਆਂ ਵਿੱਥਾਂ ਵਿਚ ਪਲੇ ਪਰ ਸਾਕਾਦਾਰੀ ਨਾਲ ਬੇ-ਮਲੂੰਮੇ ਜੋੜੇ ਗਏ। ਅਵਿੱਛੜ ਪਿਆਰੇ ਅੱਜ ਵਿਛੁੜੇ ਮਿਲੇ। ਅਲਾਂਬਾ ਸਿੰਘ ਦੀ ਪੰਜਾਬੀ ਜੋ ਅਜੇ ਪੂਰੀ ਤਾਂ ਨਹੀਂ ਸੀ ਪਰ ਮਤਲਬ ਸਾਰਣ ਵਾਲੀ ਸੀ, ਅਫਗਾਨੀ ਲਹਿਜੇ ਵਿਚ ਡਾਢੀ ਮਿੱਠੀ ਮਿੱਠੀ ਲੱਗੇ। ਪਰ ਲਾਲ ਰਤਨ ਸਿੰਘ ਜੀ ਫਾਰਸੀ ਦੇ ਜਾਣੂੰ ਸੇ, ਪਿਆਰਾਂ ਦੇ ਭਾਵ ਫਾਰਸੀ ਵਿਚ ਚੰਗੇ ਖੁੱਲ੍ਹੇ ਤੇ ਅਕਹਿ ਰਸਾਂ ਦੇ ਸੰਗਮ ਹੋਏ।

(ਅਮਾਂ ਦਾ ਮਿਲਾਪ)

ਫੇਰ ਬੀਬੀ ਬਾਬਤ ਸਲਾਹ ਕਰਕੇ ਇਹੋ ਠਹਿਰੀ ਕਿ ਲਾਲ ਰਤਨ ਸਿੰਘ ਸਹਿਜੇ ਸਹਿਜੇ ਬੀਬੀ ਨੂੰ ਖਬਰ ਸੁਣਾਵੇ ਤੇ ਜਦੋਂ ਤਕ ਵੀਰ ਮਿਲਾਪ ਦੀ ਖੁਸ਼ੀ ਭੈਣ ਸਹਿਸਕਣ ਜੋਗੀ ਹੋ ਜਾਵੇ, ਤਦੋਂ ਮਿਲਾਪ ਹੋਵੇ। ਇਸ ਗੱਲ ਪਰ ਵੈਦ ਜੀ ਨੇ ਦੋ ਦਿਨ ਲਾਏ, ਸਾਰੇ ਹਾਲ ਡਾਢੀ ਅਕਲ ਨਾਲ ਸੁਣਾਏ। ਉਸ ਵਰਿਹਾਂ ਦੀ ਭੁੱਖ ਨੂੰ ਸਹਿਜੇ ਸਹਿਜ ਨਰਮ ਨਰਮ ਸਹਿੰਦੇ ਸਹਿੰਦੇ ਬਚਨਾਂ ਵਿਚ ਪਿਆਰਿਆਂ ਦੇ ਦੁੱਖ ਦੀ ਸ਼ਹਾਦਤ ਤੇ ਖਲਾਸੀ ਦੀ ਸੋ ਸੁਣਾਈ। ਬੀਬੀ, ਜਿਸ ਨੂੰ ਪਤੀ ਜੀ ਲਾਡ ਨਾਲ ਤੇ ਉਸਦੇ ਬਿਰਹੀ ਮਨ ਨੂੰ ਸਦਾ ‘ਪਿਆਰ-ਝਰਨਾਟ ਨਾਲ ਉਚਿਆ ਰੱਖਣ ਵਾਸਤੇ ‘ਲਾਲ ਮਨ’ ਸੱਦਿਆ ਕਰਦੇ ਸਨ ‘ਵੀਰ ਮਿਲਾਪ ਲਈ ਤਿਆਰ ਹੋ ਗਈ। ਪਹਿਲਾਂ ਲਾਲ-ਮਨ ਨੂੰ ਘਰ ਆਕੇ ਅੰਮਾ ਤੇਜ ਕੌਰ ਮਿਲੀ, ਇਸਦਾ ਚਿਹਰਾ ਬਹੁਤ ਬਦਲ ਚੁਕਾ ਸੀ, ਪਰ ਲਾਲ ਮਨ ਨੇ ਨੁਹਾਰ ਤੇ ਨਕਸ਼ ਸਿਆਣ ਲਏ। ਅੰਮਾਂ ਅੰਮਾਂ ਕਰਕੇ ਗਲੇ ਚੰਬੜ ਗਈ। ਚਾਹੋ ਵੈਦ ਜੀ ਨੇ ਕਿਤਨੇ ਉਪਾਉ ਕੀਤੇ ਸੇ, ਪਰ ਤਦ ਬੀ ਲਾਲ ਮਨ ਓਸ ਪਿਆਰ ਫੁਟਾਲੇ ਵਿਚ ਜੱਫੀ ਵਿਚ ਹੀ ਬੇ-ਸੁਧ ਹੋ ਗਈ। ਬੀਬੀ ਬੜੇ ਨਾਜ਼ਕ ਮਨ ਤੇ ਨਾਜ਼ਕ ਸਰੀਰ ਵਾਲੀ ਸੀ ਸਹਿਜੇ ਸਹਿਜੇ ਹੋਸ਼ ਵਿਚ ਆਈ, ਮਾਂ ਦਾ ਮੂੰਹ ਬਉਰੇ ਵਾਂਙੂ ਤੱਕਦੀ ਗਲੇ ਜਾ ਚੰਬੜਦੀ, ਮੁੜ ਮੁੜ ਬੇ-ਵੱਸ ਹੋ ਹੋ ਕੇ ਕਦੇ ਮੱਥਾ ਕਦੇ ਹੱਥ ਚੁੰਮਦੀ ਤੇ ਨੈਣ ਭਰ ਭਰ ਆਖਦੀ :- ਅੰਮੀ.. ਅੰਮੀ. ਅੰਮੀ.. ! ਜਦ ਹੋਸ਼ ਟਿਕਾਣੇ

ਆਈ ਤਾਂ ਇਕ ਡੂੰਘਾ ਸਾਹ ਭਰਕੇ ਬੋਲੀ :-

ਸਾਂਈਆਂ ਜੀਓ ! ਮੈਨੂੰ ਮਾਂ ਵਿਛੋੜੇ ਨੇ ਵਰਿਹਾਂ ਬੱਧੀ ਘਾਇਲ ਕੀਤਾ ਹੈ, ਪਰ ਦੇਖੋ ਅੰਮੀਂ ਦੇ ਤਸੀਹੇ ਸੁਣਕੇ, ਮੌਤ ਸੁਣ ਕੇ ਮੇਰੇ ਘਾਵਾਂ ਨੂੰ ਕੋਈ ਐਸਾ ਚੀਰ ਮਿਲ ਗਿਆ ਹੈ ਕਿ ਕਦੇ ਨਾ ਰਾਜ਼ੀ ਹੋਣ ਵਾਲਾ ‘ਦਿਲ ਜ਼ਖਮ ਭਰ ਆਯਾ ਹੈ, ਪੀੜ ਹੋਈ, ਪਰ ਹੁਣ ਮੈਨੂੰ ਠੰਢ ਪੈ ਗਈ ਹੈ। ਮੇਰੀ ਮਾਂ ਦਰ ਘਰ ਅੱਪੜੀ ਹੋਈ ਹੈ, ਮੈਂ ਮੂਰਖ ਨਾ ਜਾਣਕੇ ਰੋਈ, ਰੋਈ ਰੋਈ, ਪਰ ਅੰਮੀ ਬਾਪੂ ਜੀ ਤੋਂ ਭੀ ਪਹਿਲਾਂ ਵਾਹਿਗੁਰੂ ਦੇ ਦੇਸ਼, ਜਿਥੇ ਮੌਤ ਕਦੇ ਨਹੀਂ ਜਾ ਸਕਦੀ, ਉਥੇ ਅੱਪੜੀ ਹੋਈ ਹੈ। ਹਾਂ ਹੁਣ ਮੈਨੂੰ ਠੰਢ ਪੈ ਗਈ ਹੈ। ਮੈਨੂੰ ਵਿਛੋੜਾ ਹੈ, ਪਰ ਹੁਣ ਮੈਨੂੰ ਘਬਰਾ, ਕਸ਼ਟ, ਅਝੱਲ ਡੋਬ ਨਹੀਂ। (ਉੱਪਰ ਤੱਕ ਕੇ) ਜੀਓ ਮੇਰੀ ਅੰਮੀ ਜੀਓ ! ਦਾਤੇ ਦੇ ਦੇਸ਼ ! ਹੁਣ ਤਾਂ ਵਿਛੋੜਾ ਹੈ ਨਾ, ਮੈਂ ਆ ਮਿਲਾਂਗੀ। ਮੈਨੂੰ ਠੰਢ ਪੈ ਗਈ ਹੈ ਜੋ ਮੇਰੀ ਮਾਂ ਸਾਡੇ ਵਾਹਿਗੁਰੂ ਦੇ ਸਾਜੇ ‘ਤਲਵਾਰ ਦੇ ਘਾਟ ਤੋਂ ਲੰਘ ਕੇ ਅਰਸ਼ਾਂ ਵਿਚ ਪਹੁੰਚ ਗਈ ਹੈ, ਸੁਖੀ ਹੈ ਸੁਖੀ ਰਹੇ। ਸੁਖੀ ਰਹੋ, ਅੰਮੀ ਜੀ ! ਬਾਪੂ ਜੀ !

ਹਾਂ ਮੇਰੀ ਪਾਲਣ ਵਾਲੀ ਮਾਈ ! ਤੂੰ ਮਿਲ ਪਈ ਹੈਂ ਤੂੰ ਮਾਂ ਹੈ ਨਾਂ ! ਮਾਂ ਹੈਂ ਤੂੰ (ਗੱਲ ਲੱਗ ਕੇ ਠੋਡੀ ਨੂੰ ਫੜ ਕੇ) ਬੋਲ ਨਾ ਅੰਮਾਂ ! ਤੂੰ ਹੈਂ ਨਾਂ ਅੰਮਾਂ !

ਮਾਈ – ਜੀਉ ! ਬੱਚਾ ਜੀਉ ! ਮੇਰਾ ਹੋਰ ਕੌਣ? ਤੂੰ ਤੇ ਤੇਰਾ ਵੀਰ ਅੱਖਾਂ ਦੇ ਤਾਰੇ।

ਲਾਲ ਮਨ – ਅੰਮਾਂ ! ਹੁਣ ਮੈਨੂੰ ਵੀਰ ਦੀ ਛਾਤੀ ਨਾਲ ਲਾ ਦੇਹ। ਘੁੱਟ ਕੇ ਅੰਮੀ ਜਾਏ ਨਾਲ ਮਿਲਾ ਦੇਹ। ਹਾਂ, ਉਹ ਚੰਦ ਵਰਗਾ ਮੱਥਾ ਸੁੰਘਾ ਦੇਹ, ਓਹ ਅੰਮੀ ਦੇ ਨੈਣਾਂ ਵਰਗੇ ਨੈਣ ਮੇਰੇ ਨੈਣਾਂ ਨਾਲ ਇਕ ਨਜ਼ਰ ਕਰ ਦੇਹ। ਓਹ ਮੇਰੀ ਮਾਂ ਦੇ ਜਿਗਰ ਦਾ ਟੁਕੜਾ ਮੇਰੇ ਇਸ ਤੜਫਦੇ ਟੁਕੜੇ ਨਾਲ ਛੁਹਾ ਦੇਹ ਜੋ ਵੀਰ ਭੈਣ ਇਕੋ ਮਾਂ ਦੇ ਵਿਛੜੇ ‘ਜਿਗਰ ਟੁਕੜੇ ਮਿਲਕੇ ਇਕ ਹੋਣ। ਹਾਂ, ਉਹ ਮੇਰੇ ਮਗ਼ਰੂਰ ਸਿਰ ਵਾਲੇ ਬਾਪੂ ਜੀ ਦੇ ਸਰੀਰ ਤੋਂ ਉਪਜਿਆ ਸੀ। ਹਾਂ, ਮੇਰੇ ਵੀਰ ਦਾ ਗੁਮਾਨੀ ਸੀਸ, ਅਣਖਾਂ ਅਤੇ ਗ਼ੈਰਤਾਂ ਵਾਲਾ ਸੀਸ, ਲੋਂਹਦੀ ਭੈਣ ਦੀ ਛਾਤੀ ਨਾਲ ਲਾਕੇ ਵਰਿਹਾਂ ਦੀ ਧੁਖਦੀ ਛਾਤੀ ਠਾਰ ਦੇਹ, ਸੀਤਲ ਕਰ ਦੇਹ, ਠਾਰਾਂ ਪਾ ਦੇਹ, ਸੀਅਰਾਈਂਰੇ ਰੀ*

ਲੰਮੀ ਮਲ੍ਹਾਰ ਦੀ ਧੁਨੀ ਵਿਚ “ਸੀਂਅਰਾਈਂਰੇ ਰੀ, ਸੀਂਅਰਾਈਰੇ ਰੀ” ਕਹਿੰਦੀ ਮਾਂ ਦੀ ਛਾਤੀ ਨਾਲ ਲੱਗੀ ਫੇਰ ਬੇ-ਸੁਰਤ ਹੋ ਗਈ।

ਵੈਦ ਜੀ ਨੇ ਹੁਣ ਅੰਬਰ, ਕਸਤੂਰੀ ਤੇ ਕੇਸਰ ਨੂੰ ਇਕੱਠਿਆਂ ਰਲਾਕੇ ਬਨਾਈ ਦਿਲ ਤਾਕਤ ਦੀ ਦੁਆਈ ਜ਼ਰਾ ਕੁ ਜੀਭ ਤੇ ਰੱਖੀ ਹੱਥ ਪੈਰ ਝਸਾਏ, ਤਾਂ ਫੇਰ ਕੁਛ ਚਿਰ ਬਾਦ ਹੋਸ਼ ਤੇ ਤਕੜਾਈ ਆ ਗਈ।

(ਵੀਰ ਮਿਲਾਪ)

ਭਾਵੇਂ ਸਿਆਣੇ ਵੈਦ ਜੀ ਤੇ ਅੰਮਾਂ ਜੀ ਦੀਆਂ ਸਲਾਹਾਂ ਭੈਣ ਭਰਾ ਦੇ ਮਿਲਾਪ ਵਿਚ ਅਜੇ ਢਿੱਲ ਪਾਉਣ ਦੀਆਂ ਸਨ, ਪਰ ਅਲਾਂਬਾ ਸਿੰਘ ਦੇ ਦਿਲ ਦੀਆਂ ਪਿਆਰ ਤਣਾਵਾਂ ਹੋਰ ਕੱਸ ਨਾ ਝੱਲ ਸਕੀਆਂ। ਪਿਤਾ ਨਹੀਂ ਦੇਖੇ ਮਾਂ ਨਹੀਂ ਤੱਕੀ, ਗੈਰਾਂ ਵਿਚ ਪਲੇ ਨੇ ਮਾਤਾ ਪਿਤਾ ਦੇ ਦੁਖੜੇ ਸੁਣੇ ਹਨ ਤੇ ‘ਸੁਣੇ-ਵਿਛੋੜੇਂ ਨੇ ਬਿਰਹੋਂ ਦੇ ਜ਼ਖਮ ਡੂੰਘੇ ਕੀਤੇ ਤੇ ਜ਼ਖਮਾਂ ਦੀ ਪੀੜ ਝੱਲੀ ਹੈ, ਹੁਣ ਮਿਲਾਪ ਦੀ ਸ਼ੈ ਇਕੋ ਬਾਕੀ ਹੈ-ਇਹੋ ਇਕੋ ਭੈਣ, ਜਿਸ ਦੇ ਪਿਆਰ ਵਿਚ ਪਿਉ ਦੇ ਮਿਹਰ ਭਰੇ ਨੈਣ ਵੇਖਣੇ ਹਨ ਤੇ ਜਿਸ ਦੀਆਂ ਨਿਗਾਹਾਂ ਵਿਚ ਮਾਂ ਦੀਆਂ ਮਮਤਾ ਭਰੀਆਂ ਚਸ਼ਮਾਂ ਤੱਕਣੀਆਂ ਹਨ। ਮਾਂ ਦੀ ਗੋਦ ਤਾਂ ਨਹੀਂ ਹੈ, ਪਰ ਵੱਡੀ ਭੈਣ ਦੀ ਗੋਦ ਵਿਚ ਮਾਂ ਦੀ ਗੋਦ ਲੱਭਣੀ ਹੈ; ਐਉਂ ਅਲਾਂਬਾ ਸਿੰਘ ਦੇ ਪਿਆਰ ਵਲਵਲੇ ਉੱਛਲ ਪਏ, ਕਾਹਲਾ ਹੋ ਟੁਰ ਪਿਆ, ਨਾਲ ਸਤਵੰਤ ਬੀ-ਉਸਦੇ ‘ਪਿਆਰ ਪਰਨਾਲੇਂ ਛੁੱਟੇ ਵੇਖਕੇ ਤੇ ਠਾਕਣ ਦਾ ਵੇਲਾ ਨਾ ਸਮਝ-ਟੁਰ ਪਈ।

ਇਧਰ ਵੈਦ ਜੀ ਦੇ ਘਰ ਤ੍ਰੈਏ ਅਜੇ ਅੰਦਰ ਓਸੇ ਤਰ੍ਹਾਂ ਬੈਠੇ ਸਨ। ਲਾਲ ਮਨ ਅੰਮਾਂ ਦੀ ਛਾਤੀ ਨਾਲ ਸਿਰ ਲਾਈ ਗੋਦ ਵਿਚ ਬੈਠੀ ਸੀ ਕਿ ਬਰਖੁਰਦਾਰ ਸ਼ਤ੍ਰਜੀਤ ਸਿੰਘ ਜੀ ਦੇ ਪਵਿੱਤ੍ਰ ਖੂਨ ਦਾ ਸਜੀਲਾ ਜਵਾਨ ਸ਼ੇਰ ਆਨ ਬਾਨ ਵਾਲਾ ਗੱਭਰੂ ਮਗਰੂਰੀ ਤੇ ਅਭਿਮਾਨ ਭਰੇ ਸਿੱਧੇ ਸਿਰ ਵਾਲਾ, ਗ਼ੈਰਤ ਦਾ ਪੁਤਲਾ ਪਰ ਐਸ ਵੇਲੇ ਡਾਢੇ ਰਸੀਲੇ ਵਾਲਾ, ਡਾਢੇ ਮਿੱਠੇ ਸੁਹਣੇ ਚੰਦ ਵਰਗੇ ਮੁਖੜੇ ਵਾਲਾ, ਪਿਆਰ ਝਰਨਾਟਾਂ ਨਾਲ ਆਪੇ ਵਿਚ ਕੋਮਲ ਹੋ ਕੇ ਮਮਤਾ ਦੀ ਰੌ ਬਣਕੇ ਦਰੱਵਿਆ ਵੀਰ ਵੇਹੜੇ ਆ ਵੜਿਆ। ਆ ਸਾਹਮਣੇ ਖ਼ਲੋਤਾ। ਲਾਲੀ ਦਾ ਅੰਮਾਂ ਦੀ ਛਾਤੀ ਨਾਲ ਲੱਗਾ ਸੀ ਸਿਰ, ਬਾਹਾਂ ਗਲੇ ਵਿਚ ਪਈਆਂ ਸਨ, ਨੈਣ ਖੁੱਲ੍ਹੇ ਆਕਾਸ਼ਾਂ ਵਲ ਤੱਕਦੇ ਪਏ ਸਨ ਐਉਂ ਖੁੱਲ੍ਹੇ ਨੈਣਾਂ, ਹਾਏ ! ਖੁੱਲ੍ਹੇ ਨੈਣਾਂ ਨੇ ਆਪਣੇ ਪਿਉ ਵਰਗੇ, ਮਾਂ ਵਰਗੇ ਨੈਣ ਇਕ ਆਨ ਵਿਚ ਸਿਞਾਤੇ, ਬਿਜਲੀ ਦੀ ਫੁਰਤੀ ਨਾਲ ਉੱਠੀ ਉੱਡੀ ਤੇ ਜਾ ਚੰਮੜੀ ਵੀਰਨ ਨੂੰ। ਭਰਾ ਦੀਆਂ ਕਲਾਈਆਂ ਬੇਵਸੀਆਂ ਭੈਣ ਦੇ ਦੁਆਲੇ ਚੰਬੜ ਗਈਆਂ, ਚੰਬੜਕੇ ਦੋਵੇਂ ਮਾਤਾ ਪਿਤਾ ਦੇ ਜਿਗਰ ਦੇ ਟੋਟੇਂ, ਹਾਂ ਇਕ ਸੋਮੇ ਦੇ ਦੋ ਰੌ, ਹਾਂ ਇਕ ਤਨ ਦੇ ਇਕ ਇਕ ਹੋਏ ਦੋ ਟੁਕੜੇ ਜੋ ਤਰਸਦੇ, ਤੜਫਦੇ, ਮਿਲਣ ਲੋਚਦੇ ਸੇ ਮਿਲੇ, ਮਿਲੇ ਕਿ ਚੰਬੜੇ? ਹਾਏ ! ਸਰੀਰਾਂ ਦੀ ਵਿੱਥ ਨੂੰ ਮੇਟਣ ਵਾਲੀ ਚੰਬੜ ਹੀ ਚੰਬੜ-ਹਾਂ ਸ਼ੁਦਾਈ ਚੰਬੜ ਹੀ-ਇਕ ਸ਼ੈ ਹੈ, ਪਰ ਇਹ ਮੇਲੇ ਇਸ ਵੇਲੇ ਸਰੀਰ ਦੀ ਸ਼ੁਧ ਨੂੰ ਟੱਪ ਗਏ। ਸਰੀਰ ਬੇਸੁਧ ਹੋ ਗਏ, ਰੂਹ ਨੂੰ ਮਿਲੀ ਰੂਹ। ਵੀਰ-ਰੂਹ’ ‘ਭੈਣ-ਰੂਹ’ ਪੰਘਰਕੇ, ਪਿਘਲਕੇ ਪਉਣ ਰੂਪ ਹੋ ਕੇ ਉੱਡਕੇ, ਕਿਸੇ ਹੋਰ ਦੇਸ਼ ਜਾ ਕੇ ਕਿਸੇ ਅਮਰੀ ਮੇਲ ਵਿਚ ਮਿਲ ਗਈਆਂ। ਆਹ ! ਅਰਸ਼ਾਂ ਦੇ ਦਿਉਤੇ ਸੱਚੇ ਸੁੱਚੇ ਪਿਆਰਾਂ ਉੱਤੇ ਫੁਲ ਵਰਖਾ ਕਰਨ ਵਾਲੇ ਦਿੱਸਦੇ ਨਹੀਂ, ਪਰ ਪਿਆਰ ਫੁਹਾਰ ਵੱਸ ਰਹੀ ਹੈ ਵੀਰ ਭੈਣ ਦੇ ਮਿਲਾਪ-ਬੇਸੁਧ ਬੇਹੋਸ਼ ਪਵਿੱਤ੍ਰ ਰੂਹਾਂ ਦੇ ਮੇਲਿਆਂ ਪਰ- ਅਸਮਾਨ ਤੋਂ ਜ਼ਰੂਰ ਪਵਿੱਤ੍ਰਤਾ ਦੇ ਤੇ ਦਿੱਬ ਸੁਗੰਧੀ ਦੇ ਫੁਲ ਵਰਸ ਰਹੇ ਹਨ; ਕੋਈ ਅਗੰਮੀ ਰਸ-ਫੁਹਾਰ ਪੈ ਰਹੀ ਹੈ, ਕੋਈ ਅਣਡਿੱਠ ਸੁਆਦ ਛਾ ਰਿਹਾ ਹੈ-ਸੀਤਲ, ਮਿੱਠਾ ਮਿੱਠਾ, ਸ਼ਾਂਤ ਸ਼ਾਂਤ। ਪਾਸ ਬੈਠਿਆਂ ਦੀ ਸੁਰਤ ਜੁੜ ਗਈ ਹੈ, ਸਾਂਈਂ ਦੀ, ਸਤਵੰਤ ਦੀ, ਵੈਦ ਦੀ। ਵੀਰ ਭੈਣ ਬੇਹੋਸ਼ ਹਨ, ਰਹਿਮਤ ਹੈ, ਰਹਿਮਤ :-

ਸਦੀਵ ਵੱਸੇ ਰਹਿਮਤ ਪਵਿੱਤ੍ਰ ਪਿਆਰਾਂ ਤੇ।

ਹੋਸ਼ਾਂ ਪਰਤੀਆਂ; ਭੈਣ ਭਰਾ ਦੋਏ ਸਾਂਈਂ ਦੀ ਗੋਦ ਵਿਚ ਜਾ ਬੈਠੇ, ਇਕ ਪੱਟ ਤੇ ਪੁੱਤਰ ਤੇ ਇਕ ਤੇ ਬੇਟੀ, ਦੋਹਾਂ ਨੇ ਇਕ ਇਕ ਹੱਥ ਮਾਂ ਦੇ ਮੋਢੇ ਤੇ ਧਰ ਦਿੱਤਾ, ਇਕ ਇਕ ਹੱਥ ਗੋਦ ਵਿਚ ਪਏ ਆਪੇ ਨੂੰ ਘੁੱਟ ਰਹੇ ਹਨ। ਹਾਂ, ਅੱਜ ਜਨਮ ਦਾਤੀ ਅੰਮੀ ਨਹੀਂ ਹੈ, ਪਰ ਪਾਲਣ ਵਾਲੀ ਮਾਂ, ਨਿਭਣ ਵਾਲੀ ਮਾਂ ਹੈ; ਜੋ ਆਪਣੇ ਜਾਲੇ ਜੱਫਰਾਂ ਦੇ ਪੇੜ ਨੂੰ ਅੰਮ੍ਰਿਤ ਫਲ ਲੱਗੇ ਵੇਖ ਰਹੀ ਹੈ। ਤੱਕੋ ਨਾ, ਤੱਕੋ ਜੀ ਤੱਕੋ :- ਅਸਮਾਨਾਂ ਵਿਚ ਜੰਮਣ ਵਾਲੀ ਮਾਂ ਇਸ ਪਿਆਰ ਪਰ ਖੁਸ਼ੀ ਦੇ ਫੁਲ ਵਰਸਾ ਰਹੀ ਹੈ, ਨਕਸ਼ਾ ਜ਼ਿਮੀਂ ਤੇ ਖਿੱਚ ਰਿਹਾ ਹੈ ਪ੍ਰਤਿਬਿੰਬ ਅਰਸ਼ਾਂ ਵਿਚ ਪੈ ਰਿਹਾ ਹੈ। ਸੁੱਖਾਂ ਦੀ ਛੁਹ ਧਰਤੀ ਦੀ ਮਾਂ ਮਾਣ ਰਹੀ ਹੈ, ਵਾਤਸਲਰਸ* ਦਾ ਸਾਰਸੁਗੰਧੀ ਹੋਕੇ ਚੜ੍ਹ ਰਿਹਾ ਹੈ ਉਪਰ ਨੂੰ ਜੋ ਅਰਸ਼ਾਂ ਵਿਚ ਅਮਰ-ਅੰਮੀਂ ਮਾਣ ਰਹੀ ਹੈ। ਆਹਾ ਪਿਆਰਾਂ ਦੀਆਂ ਬੇ-ਸੁਧੀਆਂ ! ਵਾਹਵਾ ਪਵਿੱਤ੍ਰਤਾ, ਤੇਰੇ ਜਲਵੇ ਵਾਹਵਾ ਪਿਆਰ, ਤੇਰੀਆਂ ਝਰਨ ਝਰਨ ਥਰਾਟਾਂ। ਮਾਂ ਕਦੇ ਧੀ ਦਾ ਮੱਥਾ ਚੁੰਮਦੀ ਹੈ, ਕਦੇ ਪੁੱਤ੍ਰ ਦਾ, ਬਲਾਈ ਲੈਂਦੀ ਹੈ, ਪਿਆਰੀ ਆਸ ਕੌਰ ਨੂੰ ਯਾਦ ਕਰ ਕਰ ਨੈਣ ਭਰਦੀ ਹੈ। ਭਾਵ ਲੰਘਦੇ ਹਨ-ਕਾਸ਼ ! ਇਹ ਰੰਗ ਮੇਰੀ ਪਿਆਰੀ ਵੇਖਦੀ ਕਾਸ਼ ! ਇਹ ਰਸ ਮਰਣਹਾਰ ਦੁਲਾਰੀ ਮਾਣਦੀ, ਕਾਸ਼ ! ਇਹ ਸੂਰਜ ਓਸਦੇ ਨੈਣਾ ਲਈ ਚੜ੍ਹਦਾ, ਕਾਸ਼ ! ਇਹ ਸੁਗੰਧੀ ਵਾਲੀ ਹਵਾ ਅੱਜ ਉਸ ਦੇ ਸਾਸਾਂ ਨੂੰ ਸੁਗੰਧਤ ਕਰਦੀ; ਕਾਸ਼ ! ਇਸ ਥਾਂਵੇਂ ਉਹ ਹੁੰਦੀ ਤੇ ਮਾਣਨ ਹਾਰ, ਰਸ ਲੈਣ ਹਾਰ ਉਹ ਆਪ ਹੁੰਦੀ-ਮੈਂ ਇਸ ਨਕਸ਼ੇ ਦੀ ਦਰਸ਼ਨ ਕਰਨਹਾਰ ਹੁੰਦੀ। ਮੈਂ ਦੇਖਦੀ ਕਿ ਮੇਰੀ ਪਿਆਰੀ ਮੇਰੀ ਪ੍ਰੀਤਮਾ ਠਰ ਰਹੀ ਹੈ, ਰਸ ਮਗਨ ਹੈ, ਸੁਆਦ ਮਸਤ ਹੈ। ਹਾਇ ! ਮੇਰੀ ਮੈਂ ਤੋਂ ਪਿਆਰੀ ! ਤੂੰ ਇਸ ਪਿਆਰ-ਸੰਗਮ ਦਾ ਰਸ ਨਾ ਡਿੱਠਾ।” ਐਉਂ ਸੋਚਦੀ ਦੇ ਨੈਣ ਵਰਸਦੇ, ਫੇਰ ਸ਼ੁਕਰ ਵਿਚ ਭਰਦੀ :- ‘ਦਾਤਾ ਸਤਿਗੁਰ ਆਖਦੀ ਤੂੰ ਧੰਨ ਹੈਂ, ਤੂੰ ਧੰਨ ਹੈਂ ਕਿ ਪਿਆਰੀ ਦੀ ਅੱਜ ਆਸ ਪੂਰੀ ਹੋਈ; ਹਾਂ, ਆਸ ਕੌਰ ਦੀ ਆਸ ਪੂਰੀ ਹੋਈ ਫੇਰ ਨੈਣ ਮੁੰਦ ਮੁੰਦ ਲੈਂਦੀ। ‘ਹੁਣ ਨੂੰ ਦੇਖਣਹਾਰ ਨੈਨ’ ਜੋ ਰਸ ਵਿਚ ਮਗਨ ਸੇ ਫੇਰ ਖੁਲ੍ਹੇ, ਵੈਦ ਜੀ ਨੇ ਦੇਖਿਆ ਕਿ ਲਾਲੀ ਵੀਰ ਤੇ ਮਾਂ ਨਾਲ ਮਿਲੀ ਅਜੇ ਮਗਨ ਹੈ। ਹੁਣ ਅੱਖਾਂ ਭਾਵੇਂ ਬੰਦ ਹਨ, ਪਰ ਮੱਥੇ ਤੇ ਚਮਕ ਅਤੇ ਲਾਲੀ ਹੈ ਜੋ ਲਾਲੀ ਕਦੇ ਨਹੀਂ ਸੀ ਆਈ ਅੱਜ ਉਹ ਲਾਲੀ ਗੁਲਾਬਾਂ ਦੀਆਂ ਗੱਲ੍ਹਾਂ ਤੋਂ ਉਠਕੇ ਲਾਲ ਮਨ ਦੇ ਮੱਥੇ ਆ ਲਸੀ ਹੈ। ਸਤਵੰਤ ਕੌਰ ਤੱਕਦੀ ਹੈ ਕਿ ਮੇਰਾ ਦੁਖੜਿਆਂ ਦਾ ਬੇਲੀ ਵੀਰ ਆਪਣੀਆਂ ਵਿਛੁੜੀਆਂ ਆਂਦਰਾਂ ਨੂੰ ਮਿਲ ਰਿਹਾ ਹੈ, ਹਾਂ ਪਿਆਰ ਦੀਆਂ ਨੈਆਂ ਵਿਛੁੜ ਵਿਛੁੜ ਬਿਖੜੇ ਥਾਂਈਂ ਵਗ ਵਗ ਆ ਮਿਲੀਆਂ ਹਨ, ‘ਨਦੀਆਂ ਵਾਹ ਵਿਛੁਨੇਂ ਹਾਂ ਵਿਛੁਨੇਂ ਪਰ ਸੰਜੋਗਾਂ ਦੇ ਮਾਲਕ ਦੀਆਂ ਮਿਹਰਾਂ ਤੱਕੋ, ਸੰਜੋਗ ਘੱਲ ਦਿੱਤੇ ਮੇਲ ਹੋ ਗਏ।

ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥’

ਹਾਂ, ਇਹ ਵਿਛੋੜੇ ਜੋ ਸਦਾ ਵਧਦੇ ਜਾਂਦੇ ਵਿਛੋੜੇ ਕਹੀਦੇ ਹਨ, ਜੋ ਸਮਝੀ ਦੇ ਹਨ ਕਿ ਕਦੇ ਨਹੀਂ ਮਿਲਣਗੇ, ਹਾਂ, ਓਹ ਕਦੇ ਅਨੰਤ ਵਿਚ ਜਾ ਜਾਕੇ ਮੇਲ ਖਾਂਦੇ ਹਨ, ਮਿਲ ਜਾਂਦੇ ਹਨ, ਵਿਛੁੜੇ ਅਨੰਤ ਵਿਚ ਜਾ ਆਖਰ ਨੂੰ ਮਿਲਦੇ ਹਨ, ਪਰ ਏਥੇ ਦੇਖੋ ‘ਅਨੰਤਾਂ ਵਾਲੇ ਨੇ ਸੰਜੋਗ ‘ਅੰਤ ਵਾਲੇ ਦੇਸ਼ ਵਿਚ ਹੀ ਘੱਲ ਦਿੱਤੇ ਹਨ, ਤੇ ਦੇਖੋ ਅੰਤ ਵਾਲੇ ਦੇਸ਼’ ਵਿਚ ‘ਨਦੀਆਂ ਵਾਹ ਵਿਛੁੰਨਿਆਂ ਦੇ ਮੇਲੇ ਹੋ ਰਹੇ ਹਨ ! ਖਿੱਚੀ ਰਹੇ ਇਹ ਤਸਵੀਰ ਵਾਤਸਲ ਰਸ ਦੀ, ਲੱਗੀ ਰਹੇ ਇਹ ਸਮਾਧਿ ਸੁੱਚੇ ਉੱਚੇ ਵੀਰ ਭੈਣੀ-ਪਿਆਰ’ ਦੀ, ਹਾਂ, ਖਿਚਿਆ ਰਹੇ ਇਹ ਨਕਸ਼ਾ ਪਵਿਤ੍ਰ ਪ੍ਰੇਮ ਦਾ।

-0-

25 ਕਾਂਡ।

ਹਾਂ ਜੀ, ਸਤਿਲੁਜੋਂ ਪਾਰ, ਪਰੇ ਦੂਰ, ਦੂਰ, ਇਕ ਖਤ੍ਰੰਮਾਂ ਪਿੰਡ ਹੈ, ਕੀ ਜਾਣੀਏ ਖੰਨੇ ਖੱਤ੍ਰੀਆਂ ਦਾ ਵਸਾਇਆ ਹੋਵੇ। ਏਥੇ ਇਕ ਸਿੱਖ ਘਰਾਣਾ ਹੈ ਅਖੰਡ ਪਾਠ ਦਾ ਭੋਗ ਪੈ ਰਿਹਾ ਹੈ, ਸੰਗਤ ਜੁੜ ਰਹੀ ਹੈ, ਭੋਗ ਪੈ ਗਿਆ, ਅਰਦਾਸਾ ਸੁਧ ਰਿਹਾ ਹੈ, ਅਰਦਾਸੇ ਦੇ ਅਖੀਰ ਅਰਦਾਸੀਏ ਸਿੰਘ ਨੇ ਆਖਿਆ ਹੈ-ਹੇ ਸੱਚੇ ਪਾਤਸ਼ਾਹ ! ਤੇਰੇ ਪ੍ਰੇਮੀਆਂ ਵਲੋਂ, ਸਰਬ ਸਾਧ ਸੰਗਤ ਵਲੋਂ ਬਿਨੈ ਹੈ ਕਿ ਪਾਤਸ਼ਾਹ ! ਆਪਣੇ ਦੂਰ ਗਏ ਤੇ ਵਿਛੁੜੇ, ਦੁੱਖਾਂ ਦੇ ਮੂੰਹ ਆਏ ਪਰਵਸ ਹੋਏ ਪਿਆਰਿਆ ਦੀ ਰੱਛਾ ਕਰ, ਰਿਆਇਤ ਕਰ, ਔਗੁਣ ਨਾ ਚਿਤਾਰ, ਬਖਸ਼ ਤੇ ਉਨ੍ਹਾਂ ਦੇ ਰਸਤੇ ਆਸਾਨ ਕਰ, ਪੈਂਡੇ ਸੌਖੇ ਕਰ, ਮੁਹਾੜਾਂ ਮੋੜ, ਵਿਛੁੜੇ ਮਿਲਾ, ਆਂਦਰੀ ਠੰਢਾਂ ਪਾ। ਹੇ ਦਾਤਾ ! ਤੁੱਠ ਤੇ ਮਿਹਰਾਂ ਦੇ ਮੀਂਹ ਪਾ। ਹੇ ਮਾਲਕ ਜੀ ! ਜੇ ਆਪ ਦੇ ਭਾਣੇ ਵਿਚ ਸਾਡੇ ਪਿਆਰੇ ਆਪਦੇ ਦੇਸ਼ ਅੱਪੜ ਗਏ ਹਨ ਤਾਂ ਆਪਣੀਆਂ ਬਿਜਲੀਆਂ ਚਮਕਾ ਕੇ ਸਾਡੇ ਹਨੇਰੇ ਮਨਾਂ ਤੇ ਚਾਨਣੇ ਪਾ, ਜੋ ਅਸੀਂ ਵੇਖੀਏ ਕਿ ਓਹ ਆਪ ਦੇ ਦਰ ਪਰਵਾਨ ਹੋ ਗਏ ਹਨ। ਹਾਂ, ਅਸੀਂ ਪਿਆਰਿਆਂ ਨੂੰ ਦੁੱਖਾਂ ਵਿਚ ਧਿਆਨਣ ਦੀ ਥਾਂ ਆਪ ਦੇ ਦਰ ਸੁੱਖਾਂ ਵਿਚ ਧਿਆਨੀਏ ਕਲੇਜੇ ਠਰਨ, ਛਾਤੀਆਂ ਸੀਤਲ ਤੇ ਮਨ ਸੁਖੀ ਹੋਣ ਆਪਦਾ ਕੀਰਤਨ, ਆਪਦਾ ਨਾਮ ਸਾਡੇ ਮਨਾਂ ਤੇ ਰਾਜ ਕਰੇ। ਦਾਤਾ ! ਇਸ ਪਰਿਵਾਰ ਦੀ ਇਕ ਮਾਸੂਮ ਕੰਨ੍ਯਾ ਪਰਉਪਕਾਰ ਕਰਦੀ ਪਰਵਸ ਪੈ ਗਈ ਹੈ, ਉਸਦੀ ਕ੍ਯਾ ਕਰੋ, ਸ਼ਰਮ ਧਰਮ ਬਚਾਓ; ਆਪ ਉਸਦੇ ਰਹਿਬਰ, ਰਾਖੇ ਤੇ ਮੁਕਤੀ ਦਾਤਾ ਹੋਵੋ, ਮਿਹਰਾਂ ਕਰੋ, ਸਾਵਣ ਦੇ ਬਦਲਾਂ ਵਾਂਗੂੰ ਵਰਸੋ, ਮਾਤਾ ਪਿਤਾ ਆਪਦੇ ਭਾਣੇ ਵਿਚ ਵੱਸਣ ਤੇ ਸ਼ੁਕਰ ਮਨਾਉਣ ਦੇ ਹੰਭਲੇ ਮਾਰਦੇ ਹਨ, ਉਨ੍ਹਾਂ ਵਿਚ ਆਪ ਆਓ, ਸਹਾਰਾ ਦਿਓ, ਭਾਣਾ ਮਿੱਠਾ ਕਰ ਦਿਓ।

‘ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ॥’ ਅਰਦਾਸੇ ਵਿਚ ਸਾਰੇ ਇਕ ਮਨ ਜੁੜ ਰਹੇ ਸਨ। ਅਰਦਾਸਾ ਸਮਾ- ਪਤ ਹੋ ਗਿਆ, ਸਾਰੇ ਅਡੋਲ ਖੜੇ ਉਸੇ ਭਾਵ ਵਿਚ ਜੁੜੇ ਖੜੇ ਹਨ। ਫੇਰ ਸਾਰੇ ਸਿਰ ਝੁਕ ਗਏ, ਤਾਰਨਹਾਰ ਦੇ ਚਰਨੀਂ ਪੈ ਗਏ, ਸਰਬ ਦੇ ਸੀਸ ‘ਸਹਸ ਪਦ ਬਿਮਲਂ’ ਤੇ ਢਹਿ ਪਏ, ਫੇਰ ਸਾਵਧਾਨ ਹੋਏ, ਕੜਾਹ ਪ੍ਰਸ਼ਾਦ ਵਰਤਿਆ ਤੇ ਨਿੱਕੀ ਜਿਹੀ ਸੰਗਤ ਵਿਦਾ ਹੋਈ। ਭੋਗਦੇ ਮਗਰੋਂ ਪ੍ਰਸ਼ਾਦੇ ਛਕਾ ਕੇ ਸਤਵੰਤ ਕੌਰ ਦੀ ਮਾਂ ਕੋਠੇ ਉਤੇ ਚੁਬਾਰੇ ਜਾ ਬੈਠੀ। ਉਸ ਦੇ ਪਤੀ ਜੀ ਬਾਹਰ ਕੰਮ ਕਾਜ ਗਏ। ਮਾਤਾ ਬੈਠੀ ਤਾਂ ਉਤੇ ਕਸ਼ੀਦਾ ਲੈ ਕੇ, ਪਰ ਖਿਆਲ ਵਹਿਣੀ ਪੈ ਗਏ। ਭਰੋਸਾ ਹੋ ਹੋ ਆਵੇ, ਆਖੇ : ਆਂਦਰਾਂ ਨਹੀਂ ਮੰਨਦੀਆਂ ਕਿ ਬੱਚੀ ਮਰ ਗਈ ਹੈ, ਆਂਦਰਾਂ ਮੰਨਦੀਆਂ ਹਨ ਕਿ ਇਕ ਵੇਰੀ ਮਿਲੇਗੀ। ਧੀ ਦੀ ਸੋਚ ਤੇ ਹਿੰਮਤ ਨਿੱਕੀ ਹੁੰਦੀ ਦੀ ਤਕੜੀ ਸੀ। ਨਿੱਕੇ ਨਿੱਕੇ ਕੰਮਾਂ ਵਿਚ ਦਾਈਏ ਵਾਲੇ ਹੰਭਲੇ ਮਾਰਦੀ ਹੁੰਦੀ ਸੀ। ਦੁਖ ਪੈਂਡੇ ਮੁਸ਼ਕਲਾਂ ਅੱਤ ਹਨ। ਕਦੇ ਗੰਗਾ ਗਈਆਂ ਹੱਡੀਆਂ ਨਹੀਂ ਮੁੜੀਆਂ, ਏਡੇ ਕਠਨ ਪੈਂਡਿਆਂ ਤੋਂ ਕੌਣ ਮੁੜਿਆ? ਬਾਉਰੀਆਂ ਵਾਲੇ ਗੁਰਮੁਖ ਬੜੇ ਉਪਕਾਰੀ ਹਨ ਓਹ ਕਈਆਂ ਨੂੰ ਲੈਕੇ ਆਏ ਹਨ, ਐਤਕੀਂ ਫੇਰ ਗਏ ਹਨ (ਉਪਰ ਤੱਕਕੇ ਬਿਹਬਲ ਹੋਕੇ) ਹੇ ਦਾਤਾ ! ਪਾ ਬਰਕਤ ਸਾਡੇ ਬਾਉਰੀਆਂ ਵਾਲੇ ਪਿਆਰੇ ਵਿਚ, ਅਗੁਵਾਨੀ ਕਰ ਆਪ ਉਹਨਾਂ ਦੀ, ਜੋ ਐਤਕੀਂ ਮੇਰੀ ਬੱਚੀ ਲੈ ਕੇ ਆਉਣ, ਦਾਤਾ ! ਬਾਉਰੀਆਂ ਵਾਲੇ ਸਾਂਈਂ ਲੋਕ ! ਤੇਰਾ ਜੁਗ ਜੁਗ ਭਲਾ। ਨਾਮ ਦੇ ਪਿਆਰੇ ! ਤੈਨੂੰ ਹੋਰ ਨਾਮ ਚਿੱਤ ਆਵੇ, ਚਿੱਤ ਆਵੇ, ਮੇਰੀਆਂ ਆਂਦਰਾਂ ਨੂੰ ਭੀ ਠੰਢ ਪਾ ।

ਬਸੰਤ ਕੌਰ ਇਸ ਤਰ੍ਹਾਂ ਦੇ ਅਰਦਾਸਿਆਂ, ਦਿਲਬਰੀਆਂ, ਦਿਲਝਵੀਆਂ, ਉਦਾਸੀਆਂ, ਹੰਭਲੇ ਮਾਰਵੀਆਂ ਵਿਚਾਰਾਂ ਵਿਚ ਟੁਰ ਰਹੀ ਸੀ ਕਿ ਹੇਠੋਂ ਛੋਟੀ ਕਾਕੀ ਨੇ ਆਕੇ ਕਿਹਾ:- ‘ਮਾਂ ਜੀ ਲਿਟਾਂ ਵਾਲੇ ਸੰਤ ਜੀ ਆਏ ਹਨ, -ਲਿਟਾਂ ਵਾਲੇ, ਭਗਵੇ ਕਪੜਿਆਂ ਵਾਲੇ। ਪਿਤਾ ਜੀ ਨੂੰ ਪੁੱਛਿਆ ਨੇ, ਮੈਂ ਦੱਸਿਆ ਹੈ ਬਾਹਰ ਗਏ ਹਨ, ਫੇਰ ਤੁਸਾਡਾ ਪੁੱਛਣ ਲੱਗੇ. ਮੈਂ ਕਿਹਾ ਉੱਪਰ ਹਨ, ਤਾਂ ਕਹਿਣ ਲੱਗੇ ਪੁੱਛ ਆ, ਅਸੀਂ ਆ ਜਾਈਏ, ਕਿ ਬੇਬੇ ਜੀ ਹੇਠਾਂ ਆਉਂਦੇ ਹਨ ? ਬਸੰਤ ਕੌਰ ਨੇ ਆਖਿਆ- ਕਾਕੀ ਉਤੇ ਹੀ ਲੈ ਆ। ਕਾਕੀ ਹੇਠਾਂ ਉਤਰ ਗਈ ਤਾਂ ਕੋਈ ਪਲ ਮਗਰੋਂ ਸੰਤ ਜੀ ਉੱਪਰ ਆ ਗਏ। ਉੱਤੇ ਆ ਗਏ ਵੇਖ ਕੇ ਤੇ ਅਦਬ ਨਾਲ ਹੱਥ ਜੋੜ ਕੇ ਬੀਬੀ ਨੇ ਸੀਸ ਨਿਵਾਕੇ ਪੀੜ੍ਹੀ ਬੈਠਣ ਲਈ ਦਿੱਤੀ ਤੇ ਆਪ ਮੂੜ੍ਹੇ ਤੇ ਹੋ ਬੈਠੀ।

ਬਸੰਤ – ਚਿਰਕੇ ਆਏ ਭੋਗ ਤੇ ਨਾ ਅੱਪੜੇ ?

ਲਿਟਾਂ ਵਾਲੇ – ਬੇਬੇ ਜੀ ! ਵੱਡੇ ਸੰਤਾਂ* ਦਾ ਸਰੀਰ ਕੁਛ ਮਸਤਾਨਾ ਹੈ, ਇਸ ਕਰ ਕੇ ਢਿੱਲ ਲੱਗ ਗਈ, ਮੈਂ ਤਾਂ ਹੁਣ ਬੀ ਨਾ ਆ ਸਕਦਾ, ਪਰ ਸੰਤਾਂ ਨੇ ਆਖਿਆ :- ਸਾਡੀ ਸੁਖ ਹੈ, ਤੂੰ ਜਾ ਕੇ ਸੁਣੀਆਂ ਗੱਲਾਂ ਸੁਣਾ ਆ ਜੋ ਮਤੇ ਕੋਈ ਉਪਰਾਲਾ ਕਰਨ ਤੇ ਪਤਾ ਲੱਗ ਜਾਵੇ। ਗੱਲ ਇਹੋ ਹੈ ਕਿ ਰਾਤ ਸਾਡੇ ਗੁਰਦਵਾਰੇ ਦੋ ਸਿੰਘ ਅੰਮ੍ਰਿਤਸਰ ਵਲੋਂ ਆਏ ਉਤਰੇ ਸਨ, ਓਹ ਸੰਤਾਂ ਨਾਲ ਬਚਨ ਬਿਲਾਸ ਲੁਕਵਾਂ ਜਿਹਾ ਕਰਦੇ ਸਨ, ਜੋ ਸਾਡੇ ਸੰਤਾਂ ਸਮਝੇ ਓਹ ਐਉਂ ਹਨ, ਕਿ ਬਾਉਰੀਆਂ ਵਾਲੇ ਮਹਾਂ ਪੁਰਖ ਐਤਕੀਂ ਕਾਬਲ ਦੀ ਧਰਤੀ ਤੋਂ ਬੜੇ ਕਾਮਯਾਬ ਆਏ ਹਨ, ਇਥੋਂ ਤਾਂਈਂ ਕਿ ਸ਼ੱਤ੍ਰ ਜੀਤ ਸਿੰਘ ਦਾ ਬੇਟਾ ਵੀ ਲੈ ਆਏ ਸੁਣੇ ਹਨ।

ਬਸੰਤ ਕੌਰ (ਤ੍ਰਬਕ ਕੇ) – ਹੈਂ? ਉਹ ਤਾਂ ਨਿੱਕਾ ਜਿਹਾ ਦੁੱਧ ਚੁੰਘਦਾ ਬੱਚਾ ਗਿਆ ਸੀ, ਉਹ ਮੇਰੀ ਜਾਚੇ ਵੀਹ ਵਰ੍ਹੇ ਹੋ ਗਏ ਤਾਂ ਫਾਥਾ ਸੀ। ਓਹ ਕਿਵੇਂ ਸਿਆਣਿਆਂ ਗਿਆ ਤੇ ਕਿਵੇਂ ਲੱਭਿਆ ?

ਲਿਟਾਂ ਵਾਲੇ – ਮਾਈ ਜੀ ! ਥਹੁ ਨਹੀਂ ਕਿਵੇਂ। ਇਹ ਦੱਸਦੇ ਹਨ ਕਿ ਉਸਦੀ ਤਾਂ ਮਾਤਾ ਜਾਂਦਿਆਂ ਹੀ ਸ਼ਹੀਦ ਹੋ ਗਈ ਤੇ ਉਹ ਬੜੇ ਖਾਨ ਦਾ ਪੁਤ੍ਰ ਹੋ ਕੇ ਪਲਿਆ, ਉਸ ਨੂੰ ਕਿਵੇਂ ਮਾਂ ਦਾ ਗੁਟਕਾ, ਕੜਾ ਤੇ ਕ੍ਰਿਪਾਨ ਮਿਲ ਗਏ ਤੇ ਉਸ ਤੋਂ ਪਤਾ ਚੱਲ ਗਿਆ ਕਿ ਮੈਂ ਅਫ਼ਗਾਨ ਨਹੀਂ, ਮੈਂ ਸਿੱਖ ਹਾਂ। ਬੱਸ ਕਾਇਆ ਪਲਟ ਗਈ, ਖ਼ਾਲਸਈ ਅਣਖ ਜਾਰ ਪਈ ਤੇ ਦੇਸ ਅੱਪੜ ਗਿਆ ਹੈ, ਤੇ ਪੰਥ ਨੇ ਆਏ ਨੂੰ ਮਿਲਾ ਲਿਆ ਹੈ।

ਮਾਈ – ਧੰਨ ਕਲਗੀਆਂ ਵਾਲਾ ! ਧੰਨ ਦਾਤਾ ! ਧੰਨ ਬੰਦੀ ਮੋਚ ! ਧੰਨ ਆਪਣਿਆਂ ਦੀ ਰੱਛਿਆ ਰਿਆਇਤ ਕਰਨ ਵਾਲਾ ! ਵਾਹ ਵਾਹ ! ਮੇਰੇ ਸਾਂਈਆਂ ਵਾਹ ਤੂੰ ! ਤੂੰ ਧੰਨ ! ! ਇਉਂ ਕਹਿੰਦੀ ਜਾਏ ਤੇ ਨੈਣਾਂ ਤੋਂ ਕੋਈ ਕੋਈ ਹੰਝੂ ਕਿਰੇ, ਪਿਆਰੇ ਦਾਤਾ ! ਮਿਹਰਾਂ ਵਾਲੇ ਦਾਤਾ ! ਧੰਨ ਤੇਰਾ ਪਿਆਰ !!

ਸੰਤ – ਮਾਈ ਜੀ ਅੱਗੋਂ ਮੈਨੂੰ ਪੱਕੀ ਗੱਲ ਨਹੀਂ ਮਿਲੀ, ਪਰ ਇਹ ਬੀ ਉਹ ਕਹਿੰਦੇ ਸਨ ਕਿ ਦੋ ਮਾਈਆਂ ਬੀ ਗੁਰਮੁਖ ਜੀ ਨਾਲ ਲਿਆਏ ਹਨ। ਕੀ ਜਾਣੀਏ ਇਨ੍ਹਾਂ ਵਿਚ ਆਪਣੀ ਸਤਵੰਤ ਹੋਵੇ। ਮੈਨੂੰ ਸੰਤਾਂ ਨੇ ਕਿਹਾ ਕਿ ਦੱਸ ਆ ਜਾ ਕੇ ਜੋ ਉਹ ਸ੍ਰੀ ਅੰਮ੍ਰਿਤਸਰ ਤੋਂ ਪਤਾ ਕਰਨ ਕਿ ਕਾਕੀ ਆ ਗਈ ਹੋਵੇ ਤਾਂ ਭਾਲ ਕਰ ਲੈਣ ਤਾਂ ਜੋ ਵਿਯੋਗ ਦੀਆਂ ਛਿਨਾਂ ਜਿੰਨੀਆਂ ਘਟ ਸਕਣ ਘਟ ਜਾਣ।

ਬਸੰਤ ਕੌਰ ਦੇ ਪੰਥਕ ਪਿਆਰ ਨਾਲ ਭਰੇ ਹਿਰਦੇ ਵਿਚ ਸੱਤਜੀਤ ਸਿੰਘ ਦੇ ਬੇਟੇ ਦੀ ਲੱਭ ਤੇ ਵੀਹ ਵੀਹ ਵਰ੍ਹੇ ਤੱਕ ਪੰਥ ਦੇ ਇਕ ਬੱਚੇ ਲਈ ਬੀ ਟੋਲ ਜਾਰੀ ਰੱਖਣ ਦੀ ਸਿਫਤ ਦੇ ਚਾਉ ਤੇ ਫੇਰ ਉਸਦੇ ਲੱਭ ਪੈਣ ਦੀ ਖੁਸ਼ੀ ਨੇ ਉਛਾਲਾ ਦਿੱਤਾ ਕਿ ਜਿਸ ਵਿਚ ਉਹ ਆਪਣੇ ਵਿਯੋਗ ਨੂੰ ਭੁੱਲ ਗਈ ਸੀ। ਉਸਦਾ ਮਨ ਸਾਂਈਂ ਦੀ ਸਿਫਤ ਸਲਾਹ ਵਿਚ ਉੱਚਾ ਉਠ ਰਿਹਾ ਸੀ, ਲਿਟਾਂ ਵਾਲੇ ਦੇ ਯਾਦ ਕਰਾਉਣ ਨਾਲ ਸਤਵੰਤ ਕੌਰ ਦੀ ਯਾਦ ਤ੍ਰਿਖੀ ਹੋ ਗਈ। ਬਿਰਹੁ ਦੀ ਖਿੱਚ, ਮਤੇ ਆ ਗਈ ਹੋਵੇ ਦੀ ਆਸ, ਪੱਕੀ ਖਬਰ ਨਾ ਹੋਣ ਦਾ ਸੰਸਾ, ਸਾਰੇ ਭਾਵਾਂ ਨੇ ਹਿਰਦੇ ਨੂੰ ਇਕ ਝੰਜੋਲ ਦਿੱਤੀ, ਕਾਹਲੀ ਹੋ ਹੋ ਮੁੜ ਮੁੜ ਸੰਤਾਂ ਤੋਂ ਕੁਛ ਪੁੱਛੇ ਪਰ ਉਨ੍ਹਾਂ ਨੇ ਜਿੰਨੀ ਗੱਲ ਸੁਣੀ ਸੀ ਉਸਤੋਂ ਵੱਧ ਦਾ ਪਤਾ ਨਹੀਂ ਸਨ ਰੱਖਦੇ। ਫੇਰ ਉਸੇ ਘਬਰਾ ਵਿਚ ਉਸਨੂੰ ਸੁੱਝੀ ਕਿ ਜੇ ਕਿਤੇ ਸ਼ਤ੍ਵਜੀਤ ਸਿੰਘ ਦਾ ਬੇਟਾ ਮਿਲ ਪਵੇ ਤਾਂ ਉਸ ਤੋਂ ਪੁੱਛਾਂ ਮਤੇ ਉਸਨੂੰ ਮੇਰੀ ਬਚੜੀ ਦਾ ਪਤਾ ਹੋਵੇ। ਇਸ ਪੁੱਛ ਦੇ ਉੱਤਰ ਵਿਚ ਲਿਟਾਂ ਵਾਲੇ ਨੇ ਆਖਿਆ : ‘ਉਹ ਸਿੰਘ ਰਾਤੀਂ ਦੱਸਦੇ ਸਨ ਕਿ ਸ਼ੱਤ੍ਰੁਜੀਤ ਸਿੰਘ ਦਾ ਬੇਟਾ ਆਪਣੀ ਭੈਣ ਭਣਵੱਯੇ ਨੂੰ ਮਿਲਣ ਗਿਆ ਹੈ।

ਬਸੰਤ – ਕਿੱਥੇ ?

ਲਿਟਾਂ ਵਾਲੇ (ਨਿਉਂਕੇ ਤੇ ਬੜੀ ਮੱਧਮ ਸੁਰ ਕਰਕੇ) – ਉਸ ਦਾ ਭਣਵੱਯਾ ਲਾਲ ਰਤਨ ਸਿੰਘ ਜੀ ਪਹਿਲੇ ਤਾਂ ਵਟਾਲੇ ਹੀ ਰਿਹਾ ਕਰਦਾ ਸੀ ਪਰ ਫੇਰ ਹੁਣ ਕੰਧੀ ਜਾ ਰਿਹਾ ਹੈ, ਕੰਧੀ ਰਾਵੀ ਦੀ- ਸ਼ਾਹਪੁਰ ਕੰਧੀ।

ਬਸੰਤ – ਪਸਿੱਤੇ ਪਾਸੇ, ਕਿਉਂ ਸੁਖ ਹੈ?

ਲਿਟਾਂ ਵਾਲੇ (ਹੋਰ ਨੀਵੀਂ ਸੁਰ ਕਰਕੇ) – ਓਥੇ ਉਹ ਪੰਥ ਸੇਵਾ ਲਈ ਹੀ ਜਾ ਟਿਕੇ ਹਨ। ਵੈਦ ਹਨ ਸਿਆਣੇ, ਸਾਰੇ ਇਰਦ ਗਿਰਦ ਰਾਵੀਓਂ ਪਾਰ ਟਿੱਬੀਆਂ ਦੇ ਗਿਰਾਵਾਂ ਵਿਚ ਲਾਗ ਬਸੋਹਲੀ ਤੱਕ ਸਾਰੇ ਲੋਕ ਉਨ੍ਹਾਂ ਦੇ ਹਸਾਨਮੰਦ ਹੋ ਗਏ ਹਨ। ਆਪਣੀ ਵਿਦੰਗੀ ਤੇ ਮਿੱਠਤ ਪਿਆਰ ਨਾਲ ਥਾਂ ਥਾਂ ਗਿਰਾਂ ਉਨ੍ਹਾਂ ਦੇ ਸੇਵਕ ਬਣ ਗਏ ਹਨ। ਜੇ ਕੋਈ ਪੰਥ ਪਿਆਰਾ ਯਾ ਜੱਥਾ ਕਿਸੇ ਔਕੜ ਵੇਲੇ ਜਾਵੇ ਤਾਂ ਚੋਖੀ ਗਿਣਤੀ ਨੂੰ ਸੰਭਾਲ ਲੈਂਦੇ ਹਨ। ਇਕ ਇਕ ਘਰ ਇਕ ਇਕ ਸਿੱਖ ਗਿਰਾਂ ਗਿਰਾਂ ਦੋ ਦੋ ਚਾਰ ਚਾਰ ਸਿੱਖ ਵੰਡ ਦੇਣ ਤਾਂ ਇਕ ਚੋਖੀ ਗਿਣਤੀ ਨੂੰ ਓਟ ਆਸਰਾ ਮਿਲ ਜਾਂਦਾ ਹੈ। ਉਨ੍ਹਾਂ ਦੇ ਅਹਿਸਾਨ ਤੇ ਪਿਆਰ ਕਰਕੇ ਲੋਕੀਂ ਸੇਵਾ ਕਰਦੇ ਤੇ ਭੇਤ ਰੱਖਦੇ ਹਨ। ਆਪ ਓਹ ਨਿਰਮਾਣ ਚੁੱਪ ਮਾਨੋਂ ਕੋਈ ਸਿਲਾ ਪਈ ਹੈ, ਇਸ ਤਰ੍ਹਾਂ ਲੱਗਦੇ ਹਨ, ਪਰ ਅੰਦਰੋਂ ਦਗ਼ ਦਗ਼ ਕਰਦੇ ਹਨ, ਉੱਚੇ ਜੀਵਨ, ਨਾਮ ਦੇ ਪਿਆਰ ਨਾਲ। ਸਮਾਂ ਸਫਲ ਕਰਦੇ ਹਨ ਆ ਬਣੀਂ ਤੇ ਪੰਥਕ ਲੋੜਵੰਦਾਂ ਦੀ ਸੇਵਾ ਵਿਚ। ਜਦੋਂ ਜ਼ਖ਼ਮੀ ਕਿ ਬਿਮਾਰ ਸਿੱਖ ਪਹੁੰਚ ਜਾਣ ਤਾਂ ਥਾਂ, ਕੁੱਲੀ, ਅੰਨ ਬਸਤ੍ਰ ਬੀ ਦੇਂਦੇ ਹਨ ਤੇ ਇਲਾਜ ਮਾਲਜਾ ਬੀ ਕਰਦੇ ਹਨ। ਇਹ ਹੈ ਮਾਤਾ ਜੀ ! ਜੀਵਨ ਭਾਈ ਲਾਲ ਰਤਨ ਸਿੰਘ ਜੀ ਦਾ ! ਤੁਹਾਨੂੰ ਆਪਨੂੰ ਬੀ ਕੁਛ ਪਤਾ ਹੋਣਾ ਹੀ ਹੈ। ਬੀਬੀ ਲਾਲਮਨ ਕੰਵਰ ਸ਼ੱਤ੍ਰੁਜੀਤ ਸਿੰਘ ਜੀ ਦੀ ਲਾਡਲੀ ਬਚੀ ਬੀ ਆਪਣੇ ਪ੍ਰਾਨ-ਪਤੀ ਦੇ ਨਾਲ ਤਿਆਰ ਬਰਤਿਆਰ ਹੈ। ਉਸ ਦਾ ਜੁੱਸਾ ਜ਼ਰਾ ਸੁਹਲ ਹੈ। ਕਦੇ ਵੀਰ ਮਾਂ ਦੇ ਵਿਛੋੜੇ ਵਿਚ ਇਸ ਤਰ੍ਹਾਂ ਨਿਢਾਲ ਹੋ ਜਾਂਦੀ ਹੈ ਕਿ ਮਾਨੋਂ ਹੋ ਮੁੱਕਦੀ ਹੈ, ਪਰ ਵੈਦ ਜੀ ਦਾਰੂਆਂ ਦੇ ਜ਼ੋਰ ਵੱਲ ਕਰ ਹੀ ਲੈਂਦੇ ਹਨ।

ਇਹ ਸੁਣਕੇ ਬਸੰਤ ਦੇ ਆਪਣੇ ਅੱਥਰੂ ਭਰ ਆਏ, ‘ਧੀ ਵਿਯੋਗ’ ਦੀ ਨਸ਼ਤਰ ਤਿੱਖੀ ਹੋ ਚੁੱਭੀ, ਬੁੱਲ੍ਹ ਥਰਕਣ ਲੱਗ ਗਏ ਤੇ ਕਲੇਜਾ ਕੰਬਣ ਲੱਗ ਗਿਆ। ਸੰਤਾਂ ਨੇ ਡਿੱਠਾ ਕਿ ਅਸਾਂ ਬੀਬੀ ਦੀਆਂ ਬੜੀਆਂ ਨਾਜ਼ਕ ‘ਦਿਲ-ਤਰਬਾਂ ਛੇੜ ਦਿੱਤੀਆਂ ਹਨ, ਪਰ ਹੱਛਾ, ਇਹ ਝਰਨਾਟ ਲੰਘ ਜਾਵੇਗੀ, ਜਿਵੇਂ ਲੰਘਦੀਆਂ ਰਹੀਆਂ ਹਨ ਅਗਲੀਆਂ ਝਰਨਾਟਾਂ। ਬਸੰਤ ਕੌਰ ਰਜ਼ਾ ਵਿਚ ਤਕੜੀ ਸੀ, ਥੋੜੇ ਹੀ ਚਿਰ ਬਾਦ ਸੱਚੀ ਮੁੱਚੀ ਉਸ ਦੇ ਮਨ ਨੇ ਭਾਣੇ ਵੱਲ ਰੁਖ਼ ਕਰਕੇ ਦਿਲ ਉੱਚਾ ਕੀਤਾ ਤੇ ਅੱਖਾਂ ਪੂੰਝ ਕੇ ਬੁੱਲ੍ਹ ਟੁੱਕ ਕੇ ਤਕੜੀ ਹੋ ਕੇ ਆਖਿਆ : ਪਤੀ ਜੀ ਦੱਸਦੇ ਸਨ ਕਿ ਤੁਸਾਂ ਤੀਰਾਹ ਜਾਣਾ ਹੈ।

ਲਿਟਾਂ ਵਾਲੇ – ਜੀ ਹਾਂ, ਵੱਡੇ ਸੰਤਾਂ ਨੂੰ ਪੰਥ ਦਾ ਹੁਕਮ ਆਇਆ ਹੈ ਕਿ ਤੀਰਾਹ ਵਿਚ ਇਕ ਸਿੱਖ ਪਰਵੱਸ ਪਿਆ ਹੈ ਅਰ ਇਕ ਕਬੀਲਾ ਹਿੰਦੂਆਂ ਦਾ ਬੀ ਉਥੇ ਪਰਵੱਸ ਪਿਆ ਹੈ, ਉਹ ਬੀ ਨਿਕਲਣਾ ਚਾਹੁੰਦੇ ਹਨ, ਉਨ੍ਹਾਂ ਦੋਹਾਂ ਨੂੰ ਕੱਢਣਾ ਹੈ। ਸੋ ਉਨ੍ਹਾਂ ਨੂੰ ਕੱਢਣ ਵਾਸਤੇ ਮੇਰੀ ਸੇਵਾ ਨੂੰ ਵੰਗਾਰਿਆ ਗਿਆ ਹੈ।

ਮਾਈ – ਕਿਉਂ ? ਬਾਉਰੀਆਂ ਵਾਲੇ ਓਧਰ ਨਹੀਂ ਜਾਂਦੇ?

ਸੰਤ – ਬੀਬੀ ਜੀ ! ਮੈਂ ਪਸ਼ਤੋ ਸਾਫ਼ ਬੋਲਦਾ ਹਾਂ ਤੇ ਓਧਰ ਦੀ ਬੋਲੀ ਪਸ਼ਤੋ ਹੈ। ਬਾਉਰੀਆਂ ਵਾਲੇ ਪਸ਼ਤੋ ਜਾਣਦੇ ਤਾਂ ਹਨ, ਪਰ ਫ਼ਾਰਸੀ ਵਿਚ ਵਧੇਰੇ ਤਕੜੇ ਹਨ। ਅੱਗੇ ਮੈਂ ਇਕ ਦੋ ਵਾਰ ਤੀਰਾਹ ਹੋ ਆਇਆ ਹਾਂ। ਮੇਰੇ ਓਥੇ ਜਾਣੂੰ ਪਛਾਣੂ (ਹੱਸਕੇ) ਸੇਵਕ ਮੁਰੀਦ ਬਹੁਤੇ ਹਨ, ਉਨ੍ਹਾਂ ਦੀ ਮੱਦਦ ਨਾਲ ਕੰਮ ਸਾਰ ਲਈਦਾ ਹੈ। ਨਾਲੇ ਬੀਬੀ ! ਮੈਂ ਹੋਇਆ .ਇਕ ਟਹਿਲੀਆ ਤੇ ਬਾਉਰੀਆਂ ਵਾਲੇ ਇਕ ਰਤਨ ਹਨ, ਉਨ੍ਹਾਂ ਨੂੰ ਸਾਂਭਕੇ ਰੱਖਣਾ ਚਾਹੀਏ। ਮੈਂ ਤਾਂ ਨਹੀਂ ਚਾਹੁੰਦਾ ਕਿ ਉਹ ਕਦੇ ਬੀ ਓਸ ਕਠੋਰ ਧਰਤੀ ਵੱਲ ਜਾਣ, ਉਹ ਤਾਂ ਪੰਥ ਨੂੰ ਜਿੰਦ ਨਾਲੋਂ ਪਿਆਰੇ ਕਰਕੇ ਤੇ ਭੈੜੀ ਨਜ਼ਰ ਤੋਂ ਬੀ ਲੁਕਾ ਕੇ ਰੱਖਣੇ ਚਾਹੀਦੇ ਹਨ। ਵਧੀਕ ਕੀਮਤੀ ਰੂਹਾਂ ਨੂੰ ਜੋਖੋਂ ਵਿਚ ਪੈਣੋਂ ਵਧੀਕ ਬਚਾਉਣਾ ਚਾਹੀਏ।

ਬਸੰਤ- ਸੱਚ ਕਿਹਾ ਨੇ। ਉਹ ਗੁੱਝੇ ਲਾਲ ਹਨ, ਪੂਰੇ ਭਾਂਡੇ ਹਨ। ਹਾਂ ਸੱਚੀ, ਤੁਹਾਨੂੰ ਲਾਲ ਚੋਲੇ ਵਾਲੇ ਨੂੰ ਹਿੰਦੂ ਸਮਝ ਕੇ ਓਧਰ ਦੇ ਲੋਕੀਂ ਔਖ ਨਹੀਂ ਦੇਂਦੇ?

ਸੰਤ – ਨਹੀਂ ਬੇਬੇ ਜੀ, ਓਥੇ ਉਹਨਾਂ ਦੇ ਫ਼ਕੀਰ ਬਣਕੇ ਜਾਈਦਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਹੋਕੇ ਮੁਰੀਦ ਕਰੀਦਾ ਹੈ, ਇਸ ਤਰ੍ਹਾਂ ਸਹਾਇਤਾ ਦੇ ਢੰਗ ਕੱਢ ਲਈਦੇ ਹਨ, ਨਹੀਂ ਤਾਂ ਬੇਬੇ ਜੀ ! ਸ਼ੇਰ ਦੀਆਂ ਦਾਹੜਾਂ ਵਿਚੋਂ ਮਾਸ ਕੱਢਣਾ ਕੋਈ ਸੌਖਾ ਹੈ।

ਬਸੰਤ – ਰੱਬ ਭਲਾ ਕਰੇ ਨੇ, ਤੁਸੀਂ ਨਹੀਂ ਖੇਚਲ ਕਰ ਸਕਦੇ ਜੋ ਮੇਰੀ ਸਤਵੰਤ ਦਾ ਬੀ ਗਏ ਹੋਏ ਕੋਈ ਖੁਰਾ ਖੋਜ ਕੱਢੋ ?

ਸੰਤ – ਸਿਰ ਦੇ ਤਾਣ ਹਾਜ਼ਰ ਹਾਂ, ਹੁਣ ਦੀਆਂ ਆਈਆਂ ਸੋਆਂ ਤੋਂ ਤੁਸੀਂ ਪਹਿਲਾਂ ਸਾਰਾ ਥਹੁ ਕਰ ਲਓ, ਮੇਰੇ ਤੁਰਨ ਵਿਚ ਅਜੇ ਮਹੀਨਾ ਹੈ, ਜੇ ਤਾਂ ਬੀਬੀ ਆ ਗਈ ਹੋਵੇ ਤਾਂ ਸੁੱਖ, ਨਹੀਂ ਤਾਂ ਮੈਂ ਸਾਰੀ ਸਰਹੱਦ ਵਿਚ ਟੋਲ ਕਰਾਂਗਾ ਤੇ ਅਫ਼ਗਾਨਿਸਤਾਨ ਵਿਚ ਜਾਣ ਦਾ ਵੀ ਹੀਆ ਕਰਾਂਗਾ।

ਬਸੰਤ – ਨਾਮ ਚਿੱਤ ਆਵੇ, ਗੁਰੂ ਮਿਹਰ ਕਰੇ, ਨਾਮ ਚਿੱਤ ਰਹੇ ਸਦਾ ਸਦਾ।

ਹੁਣ ਲਿਟਾਂ ਵਾਲੇ ਸੰਤ ਜਾਣ ਨੂੰ ਕਾਹਲੇ ਸਨ। ਆਪ ਦਾ ਡੇਰਾ ਰਿਆਸਤ ਪਟਿਆਲਾ ਵਿਚ ਸੀ। ਆਪ ਪੰਥ ਦਰਦੀ ਸੇਵਕ ਸਨ। ਪਿਆਰੇ -ਪਿਆਰੇ ਸਿੱਖ ਸਾਧੂ ਬਣਕੇ ਤਦੋਂ ਇਸ ਤਰ੍ਹਾਂ ਦੇ ਰੰਗਾਂ ਵਿਚ ਰਹਿ ਕੇ ਮੁਸ਼ਕਲ ਵੇਲੇ ਸੇਵਾ ਕਰਦੇ ਸੇ। ਯਾ ਸਹਿਜਧਾਰੀ ਹੋ ਸਹਿਜਧਾਰੀ ਰਹਿਕੇ ਵਸਤੀਆਂ ਵਿਚ ਵੱਸਦੇ, ਕੰਮ ਕਾਜ ਕਰਦੇ, ਵਪਾਰਾਂ ਨੌਕਰੀਆਂ ਵਿਚ ਹੁੰਦੇ ਹੋਏ ਪੰਥ ਦੀ ਚੁੱਪ ਚਾਪ ਹਰ ਪਾਸਿਓਂ ਸਹਾਇਤਾ ਕਰਦੇ ਸਨ। ਇਨ੍ਹਾਂ ਸਿਖਾਂ ਨੂੰ ਆਪਣੇ ਬੋਲੇ ਵਿਚ ਤਦੋਂ ਕੌਮ ਵਿਚ ਖੁਲਾਸਾ ਸਿੱਖ ਬੀ ਆਖਦੇ ਹੁੰਦੇ ਸਨ। ਇਨ੍ਹਾਂ ਦੇ ਘਰੀਂ ਲੁਕਣ ਦੀਆਂ ਠਾਹਰਾਂ, ਇਨ੍ਹਾਂ ਦੀ ਅਕਲ ਮੁਸ਼ਕਲਾਂ ਦੇ ਹੱਲ, ਇਨ੍ਹਾਂ ਦੀ ਕਮਾਈ ਖਰਚਾਂ ਵਿਚ ਮਦਦਗਾਰ ਹੋਇਆ ਕਰਦੀਆਂ ਸਨ।

26 ਕਾਂਡ ।

ਸੰਤ ਹੁਣ ਉਤਾਵਲੇ ਹੋ ਗਏ। ਬਸੰਤ ਕੌਰ ਬੇਚੈਨ ਬੈਠੀ ਨੂੰ ਛੱਡ ਗਏ, ਜਿਸ ਦਾ ਜੀ ਕਾਹਲਾ ਹੈ ਕਿ ਛੇਤੀ ਪਤਾ ਲੱਗੇ। ਦਿਲ ਨੂੰ ਹੁਣ ਕੁੜੱਲ ਨਹੀਂ ਪੈਂਦੇ ਪਰ ਬੇਚੈਨੀ ਹੁੰਦੀ ਹੈ ਕਿ ਕਿਵੇਂ ਉਡ ਜਾਵਾਂ ਮਾਝੇ ਤੇ ਧੀ ਐਉਂ ਟੋਲ ਲਵਾਂ ਜਿਵੇਂ ਕੋਇਲ ਉਡਾਰੀਆਂ ਮਾਰ ਬੱਚੇ ਨੂੰ ਲੱਭ ਲੈਂਦੀ ਹੈ, ਪਰ ਫੇਰ ਨਿਰਾਸਾ ਆਉਂਦੀ ਹੈ ਕਿ ਖ਼ਬਰੇ ਉਹ ਨਾ ਆਈ ਹੋਵੇ; ਉਸ ਦਾ ਪਤਾ ਅਜੇ ਨਾ ਲੱਗਾ ਹੋਵੇ।

ਇਸੇ ਹਾਲ ਰਾਤ ਪੈ ਗਈ, ਪਤੀ ਜੀ ਆ ਗਏ, ਸਾਰੀ ਵਿਥਾ ਉਨ੍ਹਾਂ ਨੂੰ ਸੁਣਾਈ। ਉਹ ਬੀ ਸੋਚੀਂ ਪੈ ਗਏ, ਪਰ ਫੇਰ ਆਖਣ ਲੱਗੇ, – ਜੇ ਗੁਰ- ਮਤੇ ਦੇ ਵੇਲੇ ਬੱਚੀ ਸ਼ਤ੍ਵਜੀਤ ਸਿੰਘ ਦੇ ਬੇਟੇ ਨਾਲ ਪੁੱਜੀ ਹੈ ਤਦ ਹੁਣ ਤੱਕ ਉਹ ਘਰ ਅੱਪੜਦੀ ਯਾ ਬਾਉਰੀਆਂ ਵਾਲੇ ਦਾਤਾ ਜੀ ਸਾਨੂੰ ਖ਼ਬਰ ਘੱਲ ਕੇ ਆਂਦ੍ਰੀ ਠੰਢ ਪਾਉਂਦੇ। ਓਹ ਬੜੇ ਮ੍ਰਿਦੁਲ ਹਨ, ਨਰਮ ਦਿਲ ਵਾਲੇ ਹਨ, ਕੂਲੇ ਕੂਲੇ ਪ੍ਰੇਮ ਦਾ ਰੂਪ ਹਨ, ਬੱਸ ਨਾਮ ਵਿਚ ਰਤੇ, ਰੱਬ ਨਾਲ ਲਗੇ ਰਹਿਣਾ ਕੁਛ ਕਰਨਾ ਤਾਂ ਭਲਾ,ਉਨ੍ਹਾਂ ਕਿਉਂ ਸੁਧ ਨਾ ਘੱਲੀ? ਅਕਾਲ ਬੁੰਗੇ ਵਲੋਂ ਹੀ ਸੂੰਹ ਆ ਜਾਂਦੀ। ਸੌ ਵਿਸਵਾ ਬੱਚੀ ਨਹੀਂ ਆਈ।

ਬਸੰਤ – ਸਾਂਈਆਂ ਜੀਉ, ਜੁਗ ਜੁਗ ਜੀਓ ! ਸੌ ਗੱਲਾਂ ਹੋ ਜਾਂਦੀਆਂ ਹਨ, ਪਤਾ ਤਾਂ ਮੰਗਾਓ ਨਾ। ਇਹ ਜੁ ਹੁਣ ਅਵੱਲੀ ਧੂਹ ਸ਼ੁਰੂ ਹੋਈ ਹੈ ਤੇ ਘਬਰਾ ਪਾਉਂਦੀ ਹੈ; ਇਹ ਤਾਂ ਕਿਸੇ ਪਿੜ ਪੱਤਣ ਲੱਗੇ।

ਪਤੀ – ਜੀਓ ਜੀ, ਸਤਿ ਬਚਨ ! ਮੈਂ ਤਾਂ ਤੁਸਾਂ ਨਾਲ ਇਹ ਇਕ ਵਿਚਾਰ ਦੀ ਗੱਲ ਕੀਤੀ ਹੈ। ਬਾਕੀ ਸਵੇਰੇ ਹੀ ਕਿਸੇ ਨੂੰ ਪੰਜਾਬ ਟੋਰਦਾ ਹਾਂ। ਰਾਹ ਖਹਿੜੇ ਦੇ ਕੀ ਹਾਲ ਹਨ? ਪਤਾ ਕਰ ਲਵਾਂ; ਫੇਰ ਮੈਂ ਆਪ ਭੀ ਜਾਣ ਨੂੰ ਤਿਆਰ ਹਾਂ। ਅਕਾਲ ਬੁੰਗੇ ਦੇ ਜੱਥੇਦਾਰ ਨੂੰ ਮਿਲਾਂਗਾ, ਬਾਉਰੀਆਂ ਵਾਲੇ ਦਾਤਾ ਜੀ ਨੂੰ ਮਿਲਾਂਗਾ, ਜਦੋਂ ਉਹ ਪਿਛਲੀ ਵੇਰ ਅਫ਼ਗਾਨਿਸਤਾਨ ਨੂੰ ਟੁਰੇ ਸਨ, ਬੱਚੀ ਵਾਸਤੇ ਮੈਂ ਖਾਸ ਜਾ ਕੇ ਆਖਿਆ मी।

ਇਸ ਪ੍ਰਕਾਰ ਪਤੀ ਪਤਨੀ ਦੀਆਂ ਰਾਤ ਗੱਲਾਂ ਬਾਤਾਂ ਹੁੰਦਿਆਂ ਹੁੰਦਿਆਂ ਦੋਹਾਂ ਨੂੰ ਨੀਂਦ ਪੈ ਗਈ, ਪਰ ਉਖੜਵੀਂ, ਕਦੇ ਪਈ, ਕਦੇ ਖੁੱਲ੍ਹ ਗਈ।

ਹਾਂ ਜੀ, ਦਿਨ ਲੰਘਦੇ ਗਏ, ਦਿਨ ਲੰਘਦੇ ਹਨ ਕਦੇ ਦਿਨ ਅਟਕੇ ਹਨ? ਦੁਖ ਹੋਵੇ ਸੁਖ ਹੋਵੇ, ਟਿਕਾਉ ਹੋਵੇ ਉੱਚੜ ਚਿੱਤੀ ਘਬਰਾ ਹੋਵੇ, ਜੋ ਹੋਵੇ ਸੋ ਹੋਵੇ ਦਿਨ ਲੰਘੀ ਜਾਂਦੇ ਹਨ, ਸੋ ਲੰਘਦੇ ਹੀ ਗਏ। ਮਾਂ ਕਦੇ ਘਬਰਾ ਵਿਚ, ਕਦੇ ਅਰਦਾਸ ਵਿਚ ਕਦੇ ਟਿਕਾਊ ਵਿਚ, ਕਦੇ ਉੱਚੀ ਕਦੇ ਗੇਣਤੀਆਂ ਵਿਚ ਲੱਗੀ ਰਹੀ। ਕਾਕੀ ਦੇ ਪਿਤਾ ਜੀ ਨੇ ਇਕ ਇਤਬਾਰੀ ਬਦਰੱਕਾ ਅਕਾਲ ਬੁੰਗੇ ਦੇ ਜੱਥੇਦਾਰ ਵੱਲ ਟੋਰਿਆ, ਇਕ ਪਟਿਆਲੇ ਟੋਰਿਆ ਜੋ ਮਤਾਂ ਰਿਆਸਤ ਵਲੋਂ ਗੁਰਮਤੇ ਤੇ ਗਏ ਕੋਈ ਸੱਜਣ ਸੁਧ ਲਿਆਏ ਹੋਣ, ਪਰ ਅਜੇ ਕਿਸੇ ਪਾਸਿਓਂ ਕੋਈ ਨਹੀਂ ਸੀ ਮੁੜਿਆ।

(ਅੰਮੀ-ਬਚੀ ਮੇਲ)

ਰਾਤ ਪਹਿਰ ਬੀਤ ਚੁਕੀ ਹੈ ਚੰਦ੍ਰਮਾਂ ਦੀ ਚਾਂਦਨੀ ਛਟਕ ਰਹੀ ਹੈ, ਜਿਨ੍ਹਾਂ ਪਾਣੀਆਂ ਤੇ ਪੈ ਰਹੀ ਹੈ ਉਹ ਚਾਨਣੇ ਦੇ ਆਸਰੇ ਚੰਦ ਦਾ ਦਰਸ਼ਨ ਕਰ ਰਹੇ ਖਿੜਖਿੜ ਹੱਸ ਰਹੇ ਹਨ, ਜਿਨ੍ਹਾਂ ਰੇਤਿਆਂ ਤੇ ਪੈ ਰਹੀ ਹੈ ਉਨ੍ਹਾਂ ਦੇ ਚਮਕਦੇ ਕਿਣਕੇ ਚੰਦ ਵਲ ਨਜ਼ਰ ਲਾਈ ਹੁਲਾਰਿਆਂ ਵਿਚ ਨੈਣ ਝਮਕੇ ਪਾ ਰਹੇ ਹਨ। ਕੁਦਰਤ ਅਡੌਲ ਹੈ, ਸਾਰੇ ਸੁੱਤੇ ਪਏ ਹਨ, ਤਾਰੇ ਸੁੱਤਿਆਂ ਨੈਣਾਂ ਨੂੰ ਵੇਖ ਵੇਖ ਸੈਨਤਾਂ ਮਾਰਦੇ ਹਨ, ਪਰ ਸੁੱਤੇ ਨੈਣ ਸੁੱਤੇ ਹੀ ਪਏ ਹਨ, ਕੁਛ ਸਾਰ ਨਹੀਂ ਨੇ ਕਿ ਅਰਸ਼ਾਂ ਤੋਂ ਕੌਣ ਨੂਰ ਵਰਸਾ ਰਹੇ ਹਨ।

ਬਸੰਤ ਕੌਰ ਦੇ ਘਰ ਮਲਕੜੇ ਬੂਹਾ ਖੜਕਿਆ। ਸਿੰਘ ਜੀ ਤਾਂ ਸੌਂ ਗਏ ਸਨ, ਪਰ ਬੀਬੀ ਜੀ ਅਜੇ ਜਾਗ ਰਹੇ ਸੀ, ਦੀਵਾ ਟਿਮ ਟਿਮ ਕਰ ਰਿਹਾ ਸੀ, ਬੀਬੀ ਆਪਣੇ ਬਿਸਤਰੇ ਤੇ ਲੇਟੀ ਝਰੋਖਿਆਂ ਵਿਚੋਂ ਆ ਰਹੇ ਚੰਦ ਤੇ ਤੱਕ ਰਹੇ ਤਾਰਿਆਂ ਨਾਲ ਗੱਲਾਂ ਕਰ ਰਹੀ ਸੀ। ਅਵਾਜ਼ ਸੁਣਕੇ ਚੁਬਾਰੇ ਵਿਚੋਂ ਸਹਿਜੇ ਬੋਲੀ :- ਭਾਈਆ ਜੀ ! ਕੌਣ ਹੈ ?

ਅਵਾਜ਼ ਲਿਟਾਂ ਵਾਲੇ।

ਅਵਾਜ਼ ਪਛਾਣ ਕੇ ਬੀਬੀ ਛੇਤੀ ਛੇਤੀ ਹੇਠਾਂ ਉਤਰੀ, ਸਹਿਜੇ ਹੋੜਾ ਭੁਆਇਆ ਜੰਦ੍ਰਾ ਖੋਲ੍ਹਿਆ, ਕੁੰਡਾ ਖੋਲ੍ਹਿਆ, ਆਖਿਆ: ‘ਜੀਉ ਆਇਆਂ ਨੂੰ । ਪਰ ਇਸ ਛਿਨ ਚੇਤਾ ਆ ਗਿਆ ਕਿ ਚੁਬਾਰੇ ਵਿਚ ਬੈਠਣ ਨੂੰ ਥਾਂ ਨਹੀਂ, ਮੈਂ ਛੇਤੀ ਜਾ ਕੇ ਥਾਂ ਬਣਾਵਾਂ, “ਕੁੰਡਾ ਮਾਰ ਆਇਆ ਜੇ” ਕਹਿੰਦੀ ਉਤਾਵਲੀ ਉਤਾਵਲੀ ਬਸੰਤ ਉੱਤੇ ਚਲੀ ਗਈ, ਮੰਜਾ ਆਪਣਾ ਚਾਇਆ, ਪੀੜੀ ਸੰਤਾਂ ਵਾਸਤੇ ਡਾਹੀ ਤੇ ਜ਼ਰਾ ਵਿੱਥ ਤੇ ਸਫ ਵਿਛਾਕੇ ਬੈਠ ਗਈ, ਤੇ ਸੋਚਣ ਲੱਗ ਪਈ : ‘ਸੁਖ ਹੋਵੇ ਸੰਤ ਐਸ ਵੇਲੇ ਆਏ ਹਨ? ਖ਼ਬਰੇ ਸੁਖ ਦੀ ਸੋ ਲਿਆਏ ਹੋਣ ? ਖ਼ਬਰੇ ਮੇਰੇ ਦਿਲ ਅਣਹੋਣੀਆਂ ਆਸਾਂ ਦੇ ਜੋ ਸੱਪ ਜਗਾ ਗਏ ਹਨ, ਨਿਰਾਸਾ ਦੀ ਸੋ ਲਿਆਕੇ ਉਨ੍ਹਾਂ ਦੇ ਫੁੰਕਾਰੇ ਠੰਢੇ ਕਰਨ ਆਏ ਹਨ। ਇਸ ਪ੍ਰਕਾਰ ਦੇ ਖਿਆਲ ਬਿਜਲੀ ਦੇ ਵੇਗ ਵਾਂਗੂੰ ਸਿਰ ਵਿਚੋਂ ਲੰਘਦੇ ਹਨ ਕਿ ਇੰਨੇ ਨੂੰ ਪਉੜੀਆਂ ਵਿਚੋਂ ਚੜ੍ਹਨ ਦੀ ਆਵਾਜ਼ ਆਈ, ਪਰ ਕਦਮ ਹਉਲੇ ਹਨ, ਪੋਖੜ ਦੀ ਅਵਾਜ਼ ਮੱਧਮ ਹੈ। ‘ਰਾਤ ਹੋਣ ਕਰਕੇ ਸੰਤ ਜਾਣਕੇ ਹਉਲੇ ਕਦਮ ਸੁੱਟਦੇ ਹੋਣਗੇ, ਜੋ ਗਵਾਂਢੀ ਨਾ ਕੋਈ ਜਾਗੇਂ ਸੋਚਦੀ ਸੋਚਦੀ ਬਸੰਤ ਕੌਰ ਦੇ ਦਿਮਾਗ਼ ਅੱਗੋਂ ਇਕ ਦਮ ਸਾਰੇ ਵਿਛੋੜੇ ਦਾ ਬੀਤਿਆ ਨਕਸ਼ਾ ਲੰਘਿਆ, ਨੈਣ ਭਰ ਆਏ ਤੇ ਲੂੰ ਕੰਡੇ ਹੋ ਗਏ। ‘ਹਾਇ ! ਸਤਵੰਤ’ ਦਾ ਸੰਕਲਪ ਚੀਰਦਾ ਚੀਰਦਾ ਕਲੇਜੇ ਵਿਚੋਂ ਲੰਘਿਆ। ਇਨੇ ਨੂੰ ਆ ਗਏ ਭਗਵੇਂ ਚੋਲੇ ਵਾਲੇ, ਅੰਦਰ ਲੰਘ ਮਾਂ ਦੇ ਡੁਬਡੁਬਾਏ ਨੈਣਾਂ ਨੇ ਵੜਦੇ ਤੱਕੇ, ਪਰ ਚੋਲੇ ਵਾਲੇ ਪੀਹੜੀ ਤੇ ਨਹੀਂ ਬੈਠੇ ਘੜੰਮ ਬਸੰਤ ਦੀ ਗੋਦ ਵਿਚ ਤੇ ਗਲਵੱਕੜੀ ਪੈ ਗਈ। ਇਕ ਛਿਨ ਦੇ ਬੀ ਕਿੰਨੇ ਹੀ ਨਿੱਕੇ ਹਿੱਸੇ ਵਿਚ, ਜਿੰਨੇ ਚਿਰ ਵਿਚ ਕਿ ਬੀਬੀ ਤ੍ਰਬਕੀ ਕਿ ਹੈਂ, ‘ਸੰਤ ਕੀ ਆਖ ਤੇ ਮੇਰੀ ਗੋਦੀ ਵਿਚ ਬੈਠਣਾ ਕੀ ਆਖ? ਹਾਂ, ਉਸ ਤੋਂ ਬੀ ਤ੍ਰਿਖੇ ਵੇਗ ਨਾਲ ਝੋਲੀ ਬੈਠੀ ਸੁਰਤ ਦੀ ਅਵਾਜ਼ ਆਈ “ਅੰਮੀ ਤੇ ਗਲਵੱਕੜੀ ਪੈ ਗਈ, ਹੋਰ ਤ੍ਰਿਖੀ। ਗਲਵੱਕੜੀ ਹੋ ਗਈ ਚੰਬੜ, ਕਰੜੀ ਬੇਤਰਸ ਚੰਬੜ, ਘੁੱਟਕੇ ਘੁੱਟੀ ਰਹਿ ਜਾਣ ਵਾਲੀ ਚੰਬੜ। ਡਾਢੇ ਹੀ ਤ੍ਰਿਖੇ ਨੱਸੇ ਜਾਂਦੇ ਸਮੇਂ ਦੇ ਡਾਢੇ ਨਿੱਕੇ ਚਿਰ ਵਿਚ ਮਾਂ ਦਾ ਤੜਫਦਾ ਰਿਦਾ ਉਸ ਮਿੱਠੀ ਛੁਹ ਅਰ ਉਸ ਮਮਤਾਭਰੀ ਅਵਾਜ਼ ਨੂੰ ਸਿਆਣ ਗਿਆ ਤੇ ਸਿਆਣਦੇ ਸਾਰ ਆ ਮੁਹਾਰੇ ਮਾਂ ਦੀਆਂ ਬੱਚੀ ਦੇ ਦੁਆਲੀ ਕਲਾਈਆਂ ਚੰਬੜ ਗਈਆਂ, ਸਿਰ ਨੂੰ ਇਕ ਬੇਸੁਧੀ ਛਾ ਗਈ। ਚੌਹਾਂ ਹੀ ਕਲਾਈਆਂ ਦੀ ਘੁੱਟ ਅਸਹਿ ਚੰਬੜ ਹੈ। ਹਾਇ ਪਿਆਰ ! ਤੇਰੀਆਂ ਪੀੜਾਂ ਹਰਿ ਲੈਣ ਵਾਲੀਆਂ ਅਦਾਵਾਂ !

ਵਾਹਵਾ ! ਉਸ ਡਾਢੀ ਘੁੱਟ ਵਿਚ ਦੁਹਾਂ ਨੂੰ ਹੋਸ਼ ਹੀ ਨਹੀਂ। ਜੁੱਸੇ ਤੋਂ ਵੱਧ ਚੰਬੜੇ ਹਨ, ਘੁਟੀਜੇ ਹਨ ਪਰ ਘੁੱਟ ਦੀ ਪੀੜ ਨਹੀਂ ਪਈ, ਹਾਂ ਜੁੱਸੇ ਘੁਟੀਜੇ ਹਨ ਕਿ ਨੇੜੇ ਤੋਂ ਨੇੜੇ ਹੋ ਜਾਣ। ਪਰ ਇਸ ਤੋਂ ਵੱਧ ਹੋਰ ਨੇੜੇ ਕੀ ਹੋਣ? ਨੇੜੇ ਤੋਂ ਨੇੜੇ ਤਾਂ ਮਨ ਹੁੰਦੇ ਹਨ, ਸੋ ਹੁਣ ਉਹ ਬੀ ਹੋ ਗਏ ਹਨ, ਨੇੜੇ ਤੋਂ ਨੇੜੇ, ਆਪੋ ਵਿਚ ਘੁਲ ਮਿਲ ਲੀਨ ਹੋ ਗਏ ਹਨ। ਮਨ ਵਿਚ ਮਨ, – ਪ੍ਰੇਮ ਦੀ ਪਿਘਲਾਹਟ ਤੇ ਮਮਤਾ ਦੀ ਧਾਹ ਵੱਜਵੀਂ ਖਿੱਚ ਨਾਲ – ਹਾਂ ਆਪੇ ਵਿਚ ਮਨ ਗੁੰਮ ਹੋ ਗਏ ਹਨ, ਜਾਂ ਆਖੋ ਬੇਸੁਧ ਹੋ ਗਏ ਹਨ, ਬੇਸੁਰਤ ਹਨ। ਪਰ ਵੇਖੋ ਸੁਰਤ ਤਾਂ ਸੁਰਤ ਵਿਚ ਰਲ ਮਿਲ ਗਈ ਹੈ, ਸੁਰਤ ਸੁਰਤ ਵਿਚ ਪ੍ਰੋ ਹੋ ਗਈ ਹੈ, ਸੁਰਤਾਂ ਬੇਸੁਰਤ ਕਿਉਂ ਹਨ? ਸੁਰਤ ਸੁਰਤ ਵਿਚ ਰਲਕੇ ਮਗਨਾਨੰਦ ਹੋ ਰਹੀ ਹੈ। ਉਹ ਜਤਨ, ਜੋ ਜੁੱਸਿਆ ਨੇ ਇਕ ਹੋਣ ਦਾ ਕੀਤਾ ਹੈ, ਉਹ ਮਨਾਂ ਦੇ ਇਕ ਹੋ ਜਾਣ ਵਿਚ ਆਪਣੇ ਮਨੋਰਥ ਦੇ ਕਮਾਲ ਨੂੰ ਅੱਪੜ ਗਿਆ ਹੈ। ਮਨ ਮਨ ਵਿਚ ਲੀਨ ਹੈ, ਚਿਤ ਚਿਤ ਵਿਚ ਸਮਾ ਰਿਹਾ ਹੈ, ਰੰਗ ਲੱਗ ਰਿਹਾ ਹੈ, ਰੰਗ ਨੇ ਦੋ ਰੰਗ ਇਕ ਰੰਗ ਕੀਤੇ ਹਨ। ਰੰਗ ਘਨਾ ਹੋ ਰਿਹਾ ਹੈ, ਮਾਂ ਂਧੀ ਪ੍ਰੇਮ ਵਿਚ ਧੀ ‘ਮਾਂ ਪ੍ਰੇਮ ਵਿਚ ਗੁੰਮ ਹਨ। ਗੁੰਮ ਹਨ। ਗੁੰਮ ਰਹੋ, ਜੀਉ ਜੀ ਗੁੰਮ ਰਹੋ। ਪ੍ਰੇਮੀਓ ! ਇਹੋ ਹੀ ਵੇਲਾ ਜੇ, ਇਹੋ ਛਿਨ ਹੈ ਕਿ ਜਿਸਨੂੰ ਦੇਵ ਲੋਚਦੇ ਹਨ, ਇਹੋ ‘ਪ੍ਯਾਰ-ਸੰਗਮ’ ਹੈ ਜਿਸ ਵਿਚ ਵਿੱਥਾਂ ਵਾਲੇ ਵਿੱਥਾਂ ਮੇਟਕੇ ਆਪੇ ਵਿਚ ਗੁੰਮਦੇ ਹਨ।

ਭਾਗ ਹੋਣ ਤਾਂ ਗੁੰਮਿਆਂ ਆਪਾ ਕਿਸੇ ਹੋਰ ਉਚੇਰੀ ਚੋਟੀ ਤੇ ਜਾ ਲੱਭਦਾ ਹੈ। ਹਾਂ, ਮਾਂ ਧੀ, ਹਾਂ, ਬੇਟੀ ਅੰਮੀ, ਗੁੰਮ ਹੋਈਆਂ ਰਹੋ। ਜਦ ਤਕ ਸਮਾਂ ਆਗ੍ਯਾ ਦੇਵੇ ਆਪੋ ਵਿਚ ਮਿਲੀਆਂ ਆਪੇ ਵਿਚ ਗੁੰਮ ਰਹਿਣਾ।

ਹਾਂ, ਇਸ ‘ਆਪਾ ਘੁਲ ਮਿਲਂ ਸਮਾਧੀ ਵਿਚ ਇਸ ਆਪੇ ਦੇ ਆਪੇ ਤੋਂ ਭੁੱਲ ਆਪਿਆਂ ਵਿਚ ਸਮਾਈ ਪਾਉਣ ਵਾਲੀ ਸਮਾਧੀ ਨੇ ਪਰਤਾ ਖਾਧਾ ਲੰਮੇ ਲੰਮੇ ਸਾਹ ਆਏ, ਮਾਂ ਦਾ ਹੱਥ ਪਿੱਠ ਤੇ ਫਿਰਨ ਲੱਗਾ।

ਪਹਿਲੀ ਅਵਾਜ਼ ਆਈ – ਸਤਵੰਤ !

ਦੂਜੀ ਅਵਾਜ਼ ਆਈ – ਅੰਮੀ, ਜੀਓ ਅੰਮੀ !

ਪਰ ਹੁਣ ਫੇਰ ਬੇ-ਸੁਧੀ ਦੀ ਲਹਿਰ ਜਿਹੀ ਛਾਂਦੀ ਜਾਂਦੀ ਹੈ, ਮੁੜ ਮੁੜ ਸਿਰ ਵਿਚ ਵੱਜਦੀ ਹੈ, ਪਰ ਘੱਟ ਵਜਦੀ ਹੈ, ਮੁੜ ਮੁੜ ਵੱਜਦੀ ਢਿੱਲੀ ਹੁੰਦੀ ਜਾਂਦੀ ਹੈ, ਪਿੱਠ ਤੇ ਹੱਥ ਫਿਰਦੇ ਹਨ, ਮੱਥਾ ਚੁੰਮੀਦਾ ਹੈ ਤੇ ਹੋਸ਼ ਕੰਮ ਕਰਦੀ ਹੈ। ਹੁਣ ਮਾਂ ਵੇਖਦੀ ਹੈ ਬੱਚੀ ਦਾ ਮੁਖੜਾ ਫੇਰ ਗਲੇ ਲਾ ਲੈਂਦੀ ਹੈ। ਐਉਂ ਮਿਲਦਿਆਂ ਹੁਣ ਸੰਸੇ ਹੁਰੀਂ ਆ ਗਏ–ਹੈਂ ! ਇਹ ਸਤਵੰਤ ਹੈ ਕਿ ਸਤਵੰਤ ਦਾ ਸੁਪਨਾ? ਨੈਣ ਤਾਂ ਉਸ ਪਿਆਰ ਨਸ਼ੇ ਵਿਦ ਮਿਟ ਮਿਟ ਜਾਂਦੇ ਹਨ, ਖੁੱਲ੍ਹਦੇ ਹਨ ਦੇਖਦੇ ਹਨ, ਪਰ ਮਨ ਕਹਿੰਦਾ ਹੈ ਸੁਪਨਾ ਹੈ, ਕਈ ਵੇਰ ਆਇਆ। ਫੇਰ ਧੀ ਨੂੰ ਘੁੱਟ ਲੈਂਦੀ ਹੈ, ਜ਼ੋਰ ਦੀ ਘੁੱਟਦੀ ਹੈ, ਤਕੜਾ ਜੱਫਾ ਮਾਰਦੀ ਹੈ, ਮਤੇ ਅੱਜ ਬੀ ਇਹ ਸੁਪਨਾ ਹੀ ਨਾ ਹੋ ਜਾਵੇ।

ਫੇਰ ਪੁੱਛਦੀ ਹੈ – ਸਤਵੰਤ ਤੂੰ ਹੈਂ ?

ਧੀ – ਅੰਮੀ ਜੀ !

भां ਸਚ ਮੁੱਚ ?

ਧੀ – ਅੰਮੀ ਜੀ !

ਮਾਂ – ਤੂੰ ਸੁਪਨਾ ਨਹੀਂ ?

ਧੀ ਘੁੱਟ ਕੇ ਜਫਾ ਮਾਰਦੀ ਹੈ, ਉਹ ਮਾਂ ਦੀ ਛਾਤੀ ਨਾਲ ਸਿਰ ਸਹਿਲਾ ਸਹਿਲਾ ਕੇ ਲਾਉਂਦੀ ਹੈ, ਊਂ ਊਂ ਕਰਦੀ ਹੈ, ਕਹਿੰਦੀ ਹੈ, ਅੰਮੀ ਮੈਂ ਹਾਂ, ਪਰ ਹਾਇ ! ਸੁਪਨਿਆਂ ਹੱਥੋਂ ਕਈ ਵੇਰ ਛਲੀ ਜਾ ਚੁਕੀ ਮਾਂ ਬਾਹਾਂ ਘੁੱਟ ਘੁੱਟ ਵੇਖਦੀ ਹੈ, ਪਿੱਠ ਤੇ ਚੂੰਢੀ ਭਰਦੀ ਹੈ, ਸਿਰ ਤੇ ਕੇਸ ਟਟੋਲਦੀ ਹੈ, ਫੇਰ ਕੰਡ ਨੂੰ ਹੱਥ ਨਾਲ ਦੱਬਕੇ ਛਾਤੀ ਨਾਲ ਘੁੱਟਦੀ ਹੈ, ਆਪਣੇ ਹੱਥ ਨੂੰ ਚੱਕ ਮਾਰ ਕੇ ਚੀਸ ਪ੍ਰਤੀਤ ਕਰਦੀ ਹੈ, ਹਾਂ, ਅੱਜ ਸੁਪਨਾ ਨਹੀਂ ਹੈ। ਹੁਣ ਹੋਰ ਹੋਸ਼ ਪਰਤਦੀ ਹੈ ਨੈਣ ਛਮਾਂ ਛਮ ਭਰ ਆਉਂਦੇ ਹਨ ਲੂੰ ਕੰਡੇ ਹੁੰਦੇ ਹਨ, ਅੰਦਰ ਗੁਦਗੁਦੀ ਹੁੰਦੀ ਹੈ, ਅਵਾਜ਼ ਮਾਰਦੀ ਹੈ, ਕੰਠ ਭਰ ਆਉਂਦਾ ਤੇ ਗਦਗਦ ਹੋ ਜਾਂਦਾ ਹੈ। ਮਿੱਠੇ ਮਿੱਠੇ, ਨਿੱਘੇ ਨਿੱਘੇ ਤ੍ਰੇਲ ਵਰਗੇ ਚਮਕਦੇ ਮੋਤੀ ਸਤਵੰਤ ਦੀਆਂ ਗੱਲ੍ਹਾਂ ਤੇ ਪੈ ਰਹੇ ਹਨ। ਪਿਆਰ ਦੇ ਅੰਦ- ਰਲੇ ਸਮੁੰਦਰ ਠਾਠਾਂ ਮਾਰ ਕੇ ਬਾਹਰ ਆ ਗਏ ਹਨ, ਪ੍ਰੀਤਮਾਂ ਨੂੰ ਆਪ ਧਾ ਧਾ ਕੇ ਮਿਲ ਰਹੇ ਹਨ। ਹੁਣ ਮਾਂ ਨਾ ‘ਪਿਆਰ ਸਮਾਧੀ’ ਵਿਚ ਹੈ, ਨਾ ਸੰਸੇ ਵਿਚ, ਕੁਛ ਤਾਂ ਪਿਆਰ ਦੀਆਂ ਉਮਡ ਚੜ੍ਹ ਆਈਆਂ ਕਾਂਗਾਂ ਵਿਚ ਰੁੜ੍ਹ ਪਈ ਹੈ, ਧੀ ਨੂੰ ਘੁੱਟਦੀ ਹੈ ਸਿਰ ਤੇ ਕੰਡ ਪੁਰ ਹੱਥ ਫੇਰਦੀ ਹੈ ਨੈਣ ਭਰ ਭਰ ਡੁਲ੍ਹਦੇ ਹਨ, ਫੇਰ ਭਰਦੇ ਹਨ, ਫੇਰ ਡੁੱਲਦੇ ਹਨ, ਹੱਥ ਫੇਰ ਘੁੱਟਦੇ ਹਨ, ਛਾਤੀ ਨਾਲ ਧੀ ਨੂੰ ਲਾ ਲਾ ਘੁੱਟਦੇ ਰਜਦੇ ਨਹੀਂ। ਕੋਈ ਅਗੰਮ ਦੀ ਧੂਹ ਮਾਂ ਨੂੰ ਬਿਹਬਲ ਕਰ ਰਹੀ ਹੈ। ਹਾਂ ਮਾਂ ਉਸ ਆਪਣੇ ਹੀ ਜਿਗਰ ਦੇ ਟੁਕੜੇ ਦੀ ਛੁਹ ਪਾ ਪਾ ਕੇ ‘ਛੁਹ ਰਸ’ ਲੈ ਲੈ ਕੇ ਜੀਉ ਜੀਉ ਪੈ ਰਹੀ ਹੈ। ਕਲੇਜੇ ਨੂੰ ਕੁਛ ਹੁੰਦਾ ਹੈ, ਕੀ ਹੁੰਦਾ ਹੈ? ਕੌਣ ਕਹੇ? ਆ ਮਿਲੀ ਹੈ ਧੀ, ਮੇਲ ਵਿਚ ਤਾਂ ਖੁਸ਼ੀ ਲੋੜੀਏ, ਪਰ ਏਥੇ ਇਸ ਵੇਲੇ ਕੁਛ ਹੋ ਰਿਹਾ ਹੈ, ਕੀ ਹੋ ਰਿਹਾ ਹੈ? ਕੁਛ ਹੋ ਰਿਹਾ ਹੈ ! ਮਾਂ ਆਪਣਾ ਸਿਰ ਚਾਉਂਦੀ ਹੈ, ਧੀ ਦੀ ਠੋਡੀ ਹੇਠ ਹੱਥ ਦੇ ਕੇ ਮੂੰਹ ਉੱਚਿਆਂ ਕਰਦੀ ਹੈ, ਵੱਸਦੇ ਹੰਝੂਆਂ ਦੇ ਸ਼ੀਸ਼ਿਆਂ ਵਿਚ, ਸਤਰੰਗੀ ਝਾਲ ਵਿਚ ਧੀ ਦਾ ਦਰਸ਼ਨ ਕਰਦੀ ਹੈ, ਮੱਥਾ ਚੁੰਮਦੀ ਹੈ, ਫੇਰ ਗਲੇ ਲਿਪਟਕੇ ਘੁੱਟ ਘੁੱਟ ਕੇ ਫਰਨ ਫਰਨ ਡੁੱਲ੍ਹ ਪੈਂਦੀ ਹੈ। ਮਾਂ ਦੇ ਤ੍ਰੇਲ-ਮੋਤੀ ਧੀ ਦੀਆਂ ਠੰਢੀਆਂ ਠੰਢੀਆਂ ਗੱਲ੍ਹਾਂ ਤੇ ਪੈ ਰਹੇ ਹਨ ਪਰ ਧੀ ਦੇ ਤ੍ਰੇਲ ਮੋਤੀ ਉਸਦੀ ਆਪਣੀ ਝੋਲੀ ਵਿਚ ਹੀ ਕਿਰਦੇ ਹਨ। ਸਤਵੰਤ ! ਲਵੋ ਬੇਟਾ ਜੀਓ ! ਇਹ ਪਿਆਰ ! ਇਹੋ ਪਿਆਰ ਪੰਜ ਸੌ ਮੀਲ ਤੋਂ ਧੂ ਲਾਏ ਹਨ। ਇਹੋ ਪਿਆਰ ਜੱਫਰਾਂ ਨੂੰ ਖੁਸ਼ੀਆਂ ਨਾਲ ਭੁਗਵਾ ਆਏ ਹਨ। ‘ਪਿਆਰ-ਖਿਨ’ ‘ਅੰਦਰਲੇ ਦੀ ਪ੍ਰੇਮ ਪ੍ਰਤੀਤੀ ਦੀ ਛਿਨ ਨੂੰ ਮਾਣੋ। ‘ਰਸ-ਪ੍ਰੇਮ-ਪ੍ਰਤੀਤੀ, ‘ਪ੍ਰੇਮ ਅਨੁਭਵ ‘ਪ੍ਰੇਮ ਰਸ ਲੀਨਤਾ; ਹਾਂ, ਇਹੋ ਗੁੱਝੇ ਡੂੰਘਾਣਾਂ ਦੇ ਭਾਵ ਹਨ, ਬੇਟਾ ਜੀਉ ! ਇਹੋ ਤਾਂ ਜੀਵਨ ਹਨ।

ਸਮਾਂ ਪਤਾ ਨਹੀਂ ਕਿੰਨਾ ਲੰਘ ਗਿਆ, ਅੰਮੀ ਅਜੇ ਰੱਜੀ ਨਹੀਂ, ਉਸੇ ਰੰਗ ਵਿਚ ਰੱਤੀ ਹੋਈ ਧੀ ਦੀ ਛੁਹ ਤੋਂ ਪਰੇ ਨਹੀਂ ਹੁੰਦੀ। ਆਪੇ ਰਤਾ ਕੁ ਮੂੰਹ ਤੱਕਣ ਲਈ ਵਿੱਥ ਕਰਦੀ ਹੈ, ਆਪੇ ਫੇਰ ਗਲ ਨਾਲ ਘੁੱਟ ਲੈਂਦੀ ਹੈ, ਛਮ ਛਮ ਰੋ ਪੈਂਦੀ ਹੈ ਵਾਸਤਾ ਈ ਬੱਚੀਏ ! ਹੁਣ ਨਾ ਸੁਪਨਾ ਹੋਵੀਂ, ਹੇ ਮੇਰੀ ਆਪਣੀ ਲਾਲੀ ਦੇ ਜੁੱਸੇ ! ਹੁਣ ਨਾ ਪਰਛਾਵਾਂ ਹੋ ਜਾਵੀਂ।’

(ਗੁਰਮੁਖ ਸੰਮੇਲ)

ਦੂਜਾ ਪਹਿਰ ਵੱਜ ਗਿਆ, ਸਿੰਘ ਜੀ ਨੇ ਪਾਸਾ ਪਰਤਿਆ ਜਾਗ ਖੁੱਲ੍ਹ ਗਈ, ਚੰਦ ਦਾ ਸਾਰਾ ਚਾਨਣ ਅੰਦਰ ਪੈ ਰਿਹਾ ਸੀ, ਦੀਵਾ ਆਪੇ ਬੁਝ ਗਿਆ ਸੀ। ਸਿੰਘ ਜੀ ਨੂੰ ਕੋਈ ਬੈਠਾ ਦਿੱਸਿਆ, ਖ੍ਯਾਲ ਆਇਆ ਬਸੰਤ ਕੌਰ ਬੈਠੀ ਪਾਠ ਕਰਦੀ ਹੋਸੀ। ਪਰ ਦੂਜੀ ਛਿਨ ਬਸੰਤ ਕੌਰ ਭੁੰਏਂ ਬੈਠੀ ਦਿੱਸੀ, ਫੇਰ ਉਹਦੀ ਝੋਲੀ ਵਿਚ ਭਗਵੇਂ ਰੰਗ ਦਾ ਝਾਉਲਾ ਪਿਆ। ਗਹੁ ਕਰਕੇ ਤੱਕਿਆ ਤਾਂ ਠੀਕ ਭਗਵੇਂ ਵੇਸ ਵਾਲਾ ਕੋਈ ਬੈਠਾ ਹੈ। ਆਪ ਨੇ ਤਾਰਿਆਂ ਵਲ ਤੱਕਿਆ ਤਾਂ ਰਾਤ ਦਾ ਕੁਛ ਅੰਦਾਜ਼ਾ ਲਾਇਆ, ਫੇਰ ਘਬਰਾ ਕੇ ਓਧਰ ਤੱਕੇ, ਸੱਚ ਮੁਚ ਕੋਈ ਭਗਵੇ ਰੰਗ ਵਾਲਾ ਗੋਦੀ ਵਿਚ ਬੈਠਾ ਹੈ ਅਰ ਦੋਏ ਇਕ ਦੂਏ ਨੂੰ ਚੰਬੜੇ ਬੈਠੇ ਹਨ। ਆਪਣੇ ਘਰ ਕਿਸੇ ਬੱਚੇ ਦੇ ਭਗਵੇ ਕੱਪੜੇ ਨਹੀਂ, ਘਰ ਵਿਚ ਕੋਈ ਭਗਵਾ ਚਾਦਰਾ ਲੋਈ ਨਹੀਂ, ਇਹ ਕੀ ਹੈ ? ਮੇਰੇ ਨੈਣ ਅਜੇ ਠੀਕ ਨਹੀਂ ਖੁਲ੍ਹੇ, ਅਜ ਥਕੇਵੇਂ ਕਰਕੇ ਨੀਂਦ ਗੂਹੜੀ ਪਈ ਹੈ, ਅੱਖਾਂ ਅਜੇ ਕੌੜੀਆਂ ਹਨ, ਰੱਜ ਨਹੀਂ ਸੁੱਤੀਆਂ, ਤਦੇ ਰੰਗ ਬਿਰੰਗ ਦੇਖਦੀਆਂ ਹਨ। ਪਰ ਫੇਰ ਕੁਛ ਕਮਰੇ ਵਿਚੋਂ ਸੁਆਦ ਸੁਆਦ ਆਵੇ, ਨਾਮ ਜੋ ਸਿੰਘ ਜੀ ਦੇ ਪ੍ਰਾਣਾਂ ਵਿਚ ਵੱਸਦਾ ਸੀ, ਤ੍ਰਿਖਾ ਟੁਰ ਰਿਹਾ ਹੈ, ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਜਿਸਦੀ ਸੁਤੇ ਅਵਸਥਾ ਹੋ ਚੁਕੀ ਸੀ, ਸਿੰਘ ਆਪਣੇ ਨਾਮ ਦੇ ਪ੍ਰਵਾਹ ਵਿਚ ਸੁਆਦ ਵਧਿਆ ਦੇਖਦਾ ਹੈ। ਫੇਰ ਨੀਝ ਲਾਕੇ ਅੱਖਾਂ ਪੱਟ ਪੱਟ ਕੇ ਵਹੁਟੀ ਵੱਲ ਦੇਖਦਾ ਹੈ, ਕਹਿੰਦਾ ਹੈ:- ਹੈ ਤਾਂ ਭਗਵਾਂ ਵੇਸ ਤੇ ਮੇਰੀ ਹੀ ਪਿਆਰੀ ਦੀ ਗੋਦ ਤੇ ਇਸ ਗੋਦ ਵਿਚ ਕੋਈ ਡਾਢਾ ਮਿੱਠਾ ਪਿਆਰਾ ਨਾਮ ਦਾ ਆਲੰਬ ਆਇਆ ਹੈ, ਚਾਹੇ ਚਮਤਕਾਰ ਹੈ ਕੋਈ, ਚਾਹੇ ਸਾਮਰਤੱਖ। ਆਹ ! ਦਿਲ ਨੇ ਟੋਹ ਲਾ ਲਈ, ਸੁਗੰਧਿ ਸੁੰਘ ਲਈ, ਕਿਤੇ ਇਹ ਵਲਿੱਖਾਂ ਚੀਰ, ਭੇਸ ਵਟਾਕੇ ਪੈਂਡੇ ਮਾਰਦੀ ਬੱਚੀ ਤਾਂ ਨਹੀਂ ਆ ਗਈ ? ਮੇਰੇ ਹੀ ਜਿਗਰ ਦਾ ਟੁਕੜਾ ਤਾਂ ਨਹੀਂ ਪਿਆਰ ਗੋਦੀ ਵਿਚ ਆ ਬੈਠਾ ? ਸਮਾਹਿਤ ਚਿਤ ਨੂੰ ਫੇਰ ਸੋਚ ਦੀ ਲੋੜ ਨਹੀਂ ਪਈ ਬੇਵਸ ਅਵਾਜ਼ ਨਿਕਲੀ – ‘ਸਤਵੰਤ !’ ਤੇ ਉਸੇ ਦਮ ਵਿਚ ਆਵਾਜ਼ ਆਈ – “ਬਾਪੂ ਜੀਓ ਓ ਓ ! ਤੇ ਅਗਲੀ ਛਿਨ ਵਿਚ ਜਿਗਰ ਦਾ ਟੁਕੜਾ ਜਿਗਰ ਨਾਲ ਜਾ ਵੱਜਾ। ਪਿਤਾ ਦੀ ‘ਪਿਆਰ ਗੋਦ’ ਵਿਚ ਧੀਅ ਜਾ ਬੈਠੀ ਤੇ ਛਾਤੀ ਨਾਲ ਧੀ ਦਾ ਸਿਰ ਜਾ ਲੱਗਾ ਤੇ ਧੀ ਦੇ ਸਿਰ ਉਤੇ ਟਿਕ ਗਿਆ ਤੇ ਫਿਰ ਪਿਆ ਪਿਆਰਾਂ ਵਾਲਾ, ਨਾਮ ਵਾਲਾ, ਨਾਮਰਸੀਆ ਹੱਥ – “ਬੇਟਾ ਜੀਉ ਬੇਟਾ ਜੀਉ ! ਉਸ ਨਾਮ ਰਸੀਆ ਰਸਨਾ ਤੋਂ ਉਚਾਰ ਹੋ ਰਿਹਾ ਹੈ। ਹਾਂ ਉਨ੍ਹਾਂ ਰੰਗ ਰੱਤੜੇ ਨੈਣਾਂ ਤੋਂ ਕੋਈ ਕੋਈ ਤ੍ਰੇਲ ਮੋਤੀ ਕਦੇ ਕਦੇ ਕਿਰਦਾ ਹੈ ਬੇਟਾ ਜੀਉ ਦੇ ਸੀਸ ਦੇ ਦਸਮ ਦ੍ਵਾਰ ਦੇ ਟਿਕਾਣੇ ਪੈਂਦਾ ਹੈ। ਝਰਨ ਝਰਨ ਝਰਨਾਟ ਬੇਟਾ ਜੀਉ ਦੇ ਸਰੀਰ ਵਿਚ ਹੁੰਦੀ ਹੈ, ਅੰਦਰ ਧੂਹ ਪੈਂਦੀ ਹੈ ਪਿਆਰ ਦੀ। ਹਾਂ ਨਾਲੇ ਨਾਮ ਅੰਦਰ ਝੂਮਦਾ ਦਿੱਸਦਾ ਹੈ, ਆਪ ਉਸ ਦੇ ਦੁਆਲੇ ਪ੍ਰਕਰਮਾ ਕਰਦਾ ਜਾਪਦਾ ਹੈ। ਪਿਤਾ ਦੇ ਪਿਆਰ ਦਾ, ਵਿਛੜ ਵਿਛੁੜ ਮਿਲਿਆਂ ਦਾ ਬੇਸੁਧ ਕਰ ਦੇਣ ਵਾਲਾ ‘ਪਿਆਰ-ਸੁਆਦ’ ਝਿੰਮ ਝਿੰਮ ਅੰਮ੍ਰਿਤ ਵੱਸਦਾ ਪੈ ਰਿਹਾ ਹੈ, ਵਿਚ ਨਾਮ ਦੀ ਮਗਨਤਾ ਨਾਮ ਮਹਾਂਰਸ ਦਾ ਸੁਆਦ ਸਿੰਜਰਦਾ ਹੈ। ਸਤਵੰਤ ਨੂੰ ਬੇਹੋਸ਼ੀ ਦੇ ਦਰਜੇ ਦੀ ਮਗਨਤਾ ਹੈ, ਕਿਸੇ ਵੇਲੇ ਡੋਬਾ, ਕਿਸੇ ਵੇਲੇ ਨਾਮ ਰਸ ਦਾ ਲਹਿਰਾ, ਕਿਸੇ ਵੇਲੇ ਕਲੇਜੇ ਵਿਚ ਅਗੰਮੀ ਧੂਹ, ਖਿੱਚ, ਕਸਕ, ਪਿਆਰ ਤੇ ਨੈਣਾਂ ਦਾ ਸਾਰਾ ਹੀ ਡੁੱਲ੍ਹ ਪੈਣਾ ! ਆਹਾ ਪਿਆਰ-ਰਾਮ ਜੀਉ ! ਤੇਰੇ ਸਾਗਰ ਵਾਂਗੂੰ ਅਨੰਤ ਤਰੰਗ। ਤੇਰੇ ਲਹਿਰੇ ਸਦਾ ਨਵੇਂ ਤੋਂ ਨਵੇਂ। ਕੌਣ ਇਨ੍ਹਾਂ ਨੂੰ ਗਿਣੇ ਤੇ ਵਰਣਨ ਕਰੇ ? ਹਾਂ, ਤੂੰ ਹੋ; ਤੂੰ ਆ, ਤੂੰ ਅੰਦਰ ਲੰਘ ਝੰਜੋਲ ਤੇ ਹਿਲੋਰੇ ਲਾ ਦੇਹ, ਜੀਵਨ ਰੁਮਕੇ ਛੇੜ ਦੇਹ, ਜਿਵਾ ਦੇਹ ਸਾਰੇ, ਜਿਵਾ ਦੇਹ ਜਿੰਨੇ ਹੋ ਸਕਣੀ। ਹਾਂ, ਇਸ ਵੇਲੇ ਬੇਟਾ ਜੀਉ ! ਇਸ ਪਿਆਰੀ ਗੋਦੀ ਵਿਚ, ਨਾਮ-ਰਸੀਆ ਗੋਦੀ ਵਿਚ ਕੋਈ ‘ਸੁਆਦ- ਪੀਘਾਂ ਵਿਚ ਬੈਠੀ ਝੂਟੇ ਲੈ ਰਹੀ ਹੈ, ਜੋ ਝੂਟੇ ਉਸ ਨੂੰ ਰਸ ਮਗਨ ਕਰ ਰਹੇ ਹਨ। ਹਾਂ ਮਦਹੋਸ਼ੀ ਹੈ, ਜਿਸ ਮਦਹੋਸ਼ੀ ਵਿਚ ਕਲੇਜਾ ਕਸਕਾਂ ਖਾਂਦਾ ਹੈ, ਲੀਨ ਹੁੰਦਾ ਹੈ, ਰਸ ਵਿਚ ਡੁਬਦਾ ਹੈ। ਸੁਰਤ ਕਿਸੇ ਸ਼ੁਕਰ ਤੇ ਕਿਸੇ ਉਚ੍ਯਾਣ ਵਿਚ ਉਡਾਰੀ ਮਾਰਦੀ ਹੈ, ਫੇਰ ਵੈਰਾਗ ਲਹਿਰੇ ਮਾਰਦਾ ਤੇ ਨੈਣ ਭਰਕੇ ਡੁੱਲ੍ਹ ਪੈਂਦੇ ਹਨ, ਫੇਰ ਕੋਈ ਨਾਮ ਰੰਗ ਦੀ ਲਹਿਰ ਆਉਂਦੀ ਹੈ, ਦਿਲ ‘ਰਸ-ਮਗਨਤਾ’ ਵਿਚ ਜਾਂਦਾ ਹੈ, ਫੇਰ ਆਪਾ ਝਰਨਾਟ ਖਾ ਕੇ ਬਿਰਹੁੰ ਦੇ ਤਰੰਗ ਤੇ ਮੇਲ ਦੇ ਰੰਗ ਵਿਚ ਲਹਿਰ ਖਾ ਜਾਂਦਾ ਹੈ। ਫੇਰ ਆਪਾ ਟਿਕ ਟਿਕ ਕੇ ਕਿਤੇ ਕਿਸੇ ਉੱਚੇ ਰੰਗ ਵਿਚ ਲਹਿਰ ਖਾ ਜਾਂਦਾ ਹੈ। ਮਾਂ ਤੱਕ ਰਹੀ ਹੈ, ਨੈਣ ਭਰ ਭਰ ਆ ਰਹੇ ਹਨ, ਕਲੇਜਾ ਠਰ ਰਿਹਾ ਹੈ, ਹੁਣ ਮਨ ਕਹਿ ਰਿਹਾ ਹੈ : ‘ਸੁਪਨਾ ਨਹੀਂ ਪਰ ਪ੍ਰਤੱਖ ਹੈਂ। ਫੇਰ ਤਸੱਲੀ ਕਰਨ ਲਈ ਆਪਣੇ ਆਪਨੂੰ ਚੂੰਢੀ ਵੱਢਕੇ ਵੇਖਦੀ ਹੈ ਫੇਰ ਧੀ ਦੇ ਪਿੰਡੇ ਤੇ ਹੱਥ ਫੇਰਕੇ ਵੇਖਦੀ ਹੈ ਉੱਠ ਕੇ ਟੁਰਦੀ ਹੈ, ਪਤੀ ਜੀ ਦੇ ਮੰਜੇ ਤੇ ਹੱਥ ਫੇਰ ਕੇ ਤੱਕਦੀ ਹੈ ਕਿ ਮੰਜਾ ਖਾਲੀ ਹੈ, ਫੇਰ ਹੇਠਾਂ ਬੈਠੇ ਵੇਖ ਕੇ ਉਨ੍ਹਾਂ ਦੇ ਚਰਨਾਂ ਤੇ ਹੱਥ ਲਾਕੇ ਦੇਖਦੀ ਹੈ, ਮਲਕੜੇ ਪ੍ਰਤੀਤ ਕਰਦੀ ਹੈ ਕਿ ਉਨ੍ਹਾਂ ਦੇ ਹੀ ਚਰਨ ਹਨ। ਪਰ ਵੇਖੋ ! ਓਹ ਕਿਸੇ ਉੱਚੇ ਰੰਗ ਵਿਚ ਆਰੂੜ ਹਨ ਕਿ ਚਰਨਾਂ ਨੂੰ ਛੁਹ- ਦਿਆਂ ਸਾਰ ਉਸ ਉੱਚੇ ਰੰਗ ਦੀ ਰਸ ਭਰੀ ਝਰਨਾਟ ਬਸੰਤ ਕੌਰ ਨੂੰ ਵੀ ਛਿੜਦੀ ਹੈ; ਉਹ ਅੱਗੇ ਹੀ ‘ਪ੍ਰੇਮ-ਰਾਜ’ ਦੇ ਪੰਘੂੜੇ ਝੂਟ ਰਹੀ ਸੀ, ਇਸ ਛੁਹ ਨਾਲ ਇਕ ਉੱਚੇ ਰਸ ਦੀ ਅਗੰਮੀ ਲਹਿਰ ਆਪਣੀ ਪ੍ਰਤੀਤੀ ਦੇਂਦੀ ਆ ਵੱਜੀ। ਜਾਣਦੀ ਤਾਂ ਸੀ : ਪਤੀ ਜੀ ਨਾਮ ਰਸੀਆ ਹਨ, ਕਦੇ ਕਦੇ ਉਨ੍ਹਾਂ ਦੀ ਛੁਹ ਵਿਚ ਇਹ ਰੰਗ ਤੱਕਿਆ ਵੀ ਸੀ, ਪਰ ਅੱਜ ਉਹ ਰਸ ਬੜੇ ਜ਼ੋਰਾਂ ਦਾ ਸੀ ਅਰ ਛਹਿਬਰਾਂ ਲਾ ਲਾ ਕੇ ਵਰਸ ਰਿਹਾ ਸੀ, ਬਸੰਤ ਕੌਰ ਉਸ ਤਰ੍ਹਾਂ ਪਤੀ ਚਰਨਾਂ ਨੂੰ ਛੁਹੰਦੀ ਉਸੇ ਤਰ੍ਹਾਂ ਧਰੇ ਹੱਥ ਚਰਨਾਂ ਤੇ ਧਰੀ ਰਹਿ ਗਈ, ਉਸੇ ਰੰਗ ਵਿਚ ਰੰਗ ਮਗਨ ਹੋ ਗਈ। ਆਪਣੇ ਆਪਦੇ ਅੰਦਰ ਨਾਮ-ਰਸ ਵਿਚ ਹਾਂ ਦਾਤੇ ਦੇ, ਅਰਸ਼ਾਂ ਦੇ ਪਤੀ ਦੇ ਰੰਗ ਵਿਚ ਟਿਕ ਗਈ।

ਜੀਉ ਜੀ ! ਇਹ ਪ੍ਰੇਮ ਮੂਰਤੀ, ਇਹ ਪਿਆਰਾਂ ਦਾ ਨਕਸ਼ਾ, ਇਹ ਸੱਚੇ ਉੱਚੇ ਗੁਰਮੁਖ ਪ੍ਰੇਮ ਦਾ ਰੰਗ, ਇਹ ਉਸ ਇਸ਼ਕ ਦੇ ਦੇਵਤੇ ਦਾ ਬੁਤ- ਖ਼ਾਨਾ, ਇਸੇ ਤਰ੍ਹਾਂ ਲੱਗਾ ਰਹੇ, ਰਸ ਰੰਗ ਦੀ ਮਿੱਠੀ ਮਿੱਠੀ ਤੇਲ ਪੈਂਦੀ ਰਹੇ। ਨਾਮ ਦਾ ਪ੍ਰਵਾਹ ਬ੍ਰੀਕ ਬ੍ਰੀਕ ਫੁਹਾਰੇ ਵਾਂਗ ਚਲਦਾ ਰਹੇ, ਚੰਦ੍ਰਮਾ ਝੁਕ ਝੁਕ ਬਾਰੀਆਂ ਵਿਚੋਂ ਅੰਦਰ ਆ ਆ ਦਰਸ਼ਨ ਕਰ ਕਰ ਠਰਦਾ ਰਹੇ। ਤਾਰੇ ਲਟਕ ਲਟਕ ਕੇ ਖਿੜਕੀਆਂ ਵਿਚੋਂ ਤੱਕਦੇ ਤੱਕਦੇ ਲਡਿੱਕੀਆਂ ਨਜ਼ਰਾਂ ਪਾ ਪਾ ਇਸ ਨੂਰਾਨੀ ਛੁਹ ਨਾਲ ਛੁਹ ਛੁਹ ਕੇ ਚਮਕਦੇ ਡਲ੍ਹਕਦੇ ਰਹਿਣ।

27 ਕਾਂਡ।

ਹਾਂ, ਇਕ ਰਾਤ ਪਿੱਛੇ ਅਸਾਂ ਸਤਵੰਤ ਕੌਰ ਨੂੰ ਮਾਪਿਆਂ ਨੂੰ ਮਿਲਦੇ ਤੱਕਿਆ ਹੈ। ਪਹਿਲੋਂ ਬੂਹਾ ਖੜਕਿਆ ਸੀ ਤੇ ਬਸੰਤ ਕੌਰ ਦੇ ਪੁੱਛਣ ਤੇ ਅਵਾਜ਼ ਆਈ ਸੀ ਕਿ ‘ਲਿਟਾਂ ਵਾਲੇ ਪਰ ਉੱਪਰ ਆਈ ਸੀ ਸਤਵੰਤ ਭਗਵੇ ਭੇਸ ਵਿਚ।

ਅਸਲ ਗੱਲ ਇਹ ਸੀ ਕਿ ਪੰਜਾਬ ਵਿਚ ਜਗ੍ਹਾ ਜਗ੍ਹਾ ਮਰਹੱਟੇ ਫਿਰ ਰਹੇ ਸਨ, ਲਾਹੌਰ ਵਿਚ ਬੀ ਮਰਹੱਟੇ ਕਬਜ਼ਾ ਕਰ ਚੁਕੇ ਸਨ, ਅਟਕ ਮੁਲ- ਤਾਨ ਤੱਕ ਕਿਲ੍ਹਿਆਂ ਤੇ ਕਬਜ਼ਾ ਰਖਦੇ ਸਨ, ਪਰ ਜਗ੍ਹਾ ਜਗ੍ਹਾ ਬਚਵੇਂ ਟਿਕਾਣੀ ਸਿੱਖ ਆਪਣੇ ਪੈਰ ਪੱਕੇ ਜਮਾ ਰਹੇ ਸਨ। ਭਾਵੇਂ ਇਹ ਮਰਹੱਟੇ ਸਿੱਖਾਂ ਨਾਲ ਲੜਦੇ ਬੀ ਖੁੱਲ੍ਹ ਕੇ ਨਹੀਂ ਸਨ, ਪਰ ਮੇਲ ਬੀ ਨਹੀਂ ਸੀ ਤੇ ਐਸਾ ਲਾਇਕ ਆਦਮੀ ਸਮੇਂ ਨੇ ਕੋਈ ਨਹੀਂ ਸੀ ਦਿੱਤਾ ਜੋ ਉਸ ਵੇਲੇ ਸਿੱਖ ਤੇ ਮਰਹੱਟਾ ਤਾਕਤਾਂ ਦਾ ਏਕਾ ਕਰਾਕੇ ਇਕ ਮਿਲਵਾਂ ਟਾਕਰਾ ਬਦੇਸ਼ੀ ਅਫ਼ਗਾਨਾਂ ਦੇ ਲਈ ਤਿਆਰ ਕਰਵਾ ਦੇਂਦਾ। ਸਿੱਖ ਦਬਕੇ ਨਹੀਂ ਪਰ ਇਹਤ੍ਯਾਤ ਕਰਦੇ ਸਨ, ਭਾਵੇਂ ਆਦੀਨਾ ਬੇਗ ਪਾਸੋਂ ਮਾਮਲਾ ਲੈ ਆਏ ਸਨ ਤੇ ਸਰਹੰਦ ਪਰ ਬੀ ਧਾਵਾ ਕਰਕੇ ਨਜ਼ਰਾਨਾ ਲਿਆ ਸਾਨੇ, ਪਰ ਤਦ ਬੀ ਉਹ ਜਾਣਦੇ ਸਨ ਕਿ ਸਾਡੀ ਬੱਝਵੀਂ ਤਾਕਤ ਅਜੇ ਨਹੀਂ ਬਣੀ। ਉਧਰੋਂ ਅਫ਼ਗਾਨਿਸਤਾਨ ਤੋਂ ਬਹੁਤ ਸਾਰੀ ਫੌਜ ਦੇ ਟੁਰਨ ਦੀ ਅਵਾਈ ਕੰਨੀਂ ਪੈ ਰਹੀ ਸੀ। ਅਹਿਮਦਸ਼ਾਹ ਫੇਰ ਆ ਰਿਹਾ ਸੀ, ਇਸ ਕਰਕੇ ਸਿੱਖਾਂ ਨੇ ਗੁਰ- ਮੱਤਾ ਸੋਧ ਕੇ ਆਪਣੇ ਸਾਰੇ ਵਰਤਾਰੇ ਜੋ ਵਰਤਣੇ ਸਨ, ਫੈਸਲਾ ਕਰ ਲਏ ਸਨ। ਅਹਿਮਦਸ਼ਾਹ ਦੇ ਕਾਬਲੋਂ ਟੁਰਨ ਦੀ ਖ਼ਬਰ ਸੁਣਕੇ ਮਰਹੱਟੇ ਪੰਜਾਬ ਵਿਚੋਂ ਖਿਸਕਣੇ ਸ਼ੁਰੂ ਹੋਏ। ਇਸ ਦੁਚਿਤਾਈ ਵਿਚ ਕਿ ਕਿਤੇ ਮਰਹੱਟਿਆਂ ਨਾਲ ਅੜ ਭੇਟ ਨਾ ਹੋ ਜਾਏ, ਯਾ ਅਬਦਾਲੀ ਦੇ ਆਇਆਂ ਕੀ ਫੁੱਲ ਖਿੜੇ ਸ਼ਾਹ ਰਾਹ ਉੱਤੇ ਵਸਦੇ ਨਗਰ ਖੰਨੇ ਵੱਲ ਸਤਵੰਤ ਤੇ ਅਲਾਂਬਾ ਸਿੰਘ ਦੇ ਜੱਥੇ ਨੂੰ ਖੁਲ੍ਹਮ ਖੁੱਲ੍ਹੇ ਟੋਰ ਦੇਣਾ ਦਾਨਾਈ ਨਹੀਂ ਸੀ। ਅਲਾਂਬਾ ਸਿੰਘ ਨਵਾਂ ਜੁਆਨ ਸੀ, ਉਸ ਨੂੰ ਕਿਸੇ ਵਧੇਰੀ ਸਲਾਮਤੀ ਵਾਲੀ ਥਾਂ ਰੱਖਕੇ ਸਿੱਖਾਂ ਦੇ ਖਖੇੜ ਬਖੇੜ ਵਾਲੇ ਜੀਵਨ ਲਈ ਤਿਆਰ ਕਰਨਾ ਮੁਨਾਸਬ ਸੀ, ਇਸ ਕਰਕੇ ਉਹ ਮਹਾਰਾਜਾ ਪਟਿਆਲਾ ਦੇ ਸੁਪਰਦ ਹੋਏ, ਜਿੱਥੇ ਉਨ੍ਹਾਂ ਨੂੰ ੭੨ ਜੁਆਨ ਹੋਰ ਦੇਕੇ ੧੦੦ ਦੇ ਜੱਥੇ ਦਾ ਜਥੇਦਾਰ ਥਾਪਿਆ ਗਿਆ ਅਰ ਉਹ ਉਥੇ ਰਤਾ ਲਾਂਭੇ ਥਾਂ ਰਹਿਕੇ ਕੰਮ ਕਾਜ ਸਿੱਖਣ ਲੱਗੇ। ਸਤਵੰਤ ਜੀ ਨੂੰ ਲਿਟਾਂ ਵਾਲੇ ਸੰਤਾਂ ਦੇ ਨਾਲ ਭਗਵੇ ਵੇਸ ਵਿਚ ਆਪਣੇ ਘਰ ਘੱਲਿਆ ਗਿਆ, ਜੋ ਮਿਲ ਬੀ ਆਵੇ ਤੇ ਨੱਗਰ ਵਿਚ ਪਤਾ ਵੀ ਨਾ ਲੱਗੇ। ਪਤਾ ਨਹੀਂ ਸੀ ਕਿ ਅਬਦਾਲੀ ਦੇ ਆਯਾਂ ਦੇਸ਼ ਦਾ ਕੀ ਬਣੇਗਾ ਅਰ ਖਾਸ ਖੰਨੇ ਦੀ ਤਾਂ ਤਲਾਸ਼ੀ ਹੋਣ ਦੀ ਭੀ ਆਸ ਪੱਕੀ ਸੀ। ਸੋ ਸਤਵੰਤ ਭਗਵੇ ਵੇਸ ਵਿਚ ਸੰਤਾਂ ਦੇ ਨਾਲ ਰਾਤ ਵੇਲੇ ਆਈ ਸੀ । ਬੂਹਾ ਲਿਟਾਂ ਵਾਲੇ ਸੰਤਾਂ ਨੇ ਹੀ ਆ ਖੜਕਾਇਆ ਸੀ। ਉਹਨਾਂ ਹੀ ਆਖਿਆ ਸੀ ‘ਲਿਟਾਂ ਵਾਲੇਂ । ਉਨ੍ਹਾਂ ਨੂੰ ਹੀ ਬਸੰਤ ਕੌਰ ਇਹ ਕਹਿਕੇ “ਬੂਹਾ ਭੀੜੀ ਆਉਣਾ ਆਪ ਓਹਨਾਂ ਲਈ ਥਾਂ ਬਨਾਉਣ ਚੁਬਾਰੇ ਚੜ੍ਹ ਗਈ ਸੀ, ਜੋ ਚੁਬਾਰਾ ਡਿਉਢੀ ਦੇ ਉੱਤੇ ਗਲੀ ਵੱਲ ਰੁੱਖ ਰਖਦਾ ਸੀ। ਡਿਉਢੀ ਦੇ ਅੰਦਰ ਵੜਕੇ ਸੰਤ ਤਾਂ ਮੰਜੀ ਡਾਹਕੇ ਉਥੇ ਹੀ ਬੈਠ ਗਏ ਤੇ ਸਤਵੰਤ, ਜੋ ਸੰਤਾਂ ਦੇ ਮਗਰ ਲੁਕੀ ਖੜੀ ਸੀ, ਤੇ ਮਾਂ ਦੀ ਨਜ਼ਰੇ ਨਹੀਂ ਸੀ ਪਈ ਤੇ ਸੀ ਭਗਵੇ ਵੇਸ ਵਿਚ, ਮਾਂ ਦੇ ਮਗਰੇ ਮਗਰ ਉੱਪਰ ਗਈ ਸੀ, ਸੰਤ ਪ੍ਰੇਮ ਰਾਜ ਦੇ ਜਾਣੂ ਸਨ, ਓਹ ਹੇਠਾਂ ਡਿਉਢੀ ਵਿਚ ਇਸ ਲਈ ਰਹੇ ਸਨ ਕਿ ਮਾਤਾ ਪਿਤਾ ਤੇ ਬਚੜੀ ਦੇ ਮਿਲਾਪ ਵੇਲੇ ਪਿਆਰ ਦੇ ਵਲਵਲਿਆਂ ਦੇ ਉਛਾਲੇ ਤੇ ਰਸਾਂ ਦੇ ਤਰੰਗਾਂ ਵੇਲੇ ਕੋਈ ਗ਼ੈਰ ਨੇੜੇ ਨਾ ਹੋਵੇ।
ਸੰਤ ਤਾਂ ਅੰਮ੍ਰਿਤ ਵੇਲੇ ਟੁਰ ਗਏ ਸਨ ਤੇ ਸਤਵੰਤ ਮਾਪਿਆਂ ਦੇ ਘਰ ੧੫ ਕੁ ਦਿਨ ਰਹੀ ਪਰ ਗੁਪਤ। ਕਿਸੇ ਨੂੰ ਗਿਰਾਂ ਵਿਚ ਪਤਾ ਨਹੀਂ ਲੱਗਾ ਕਿ ਇਨ੍ਹਾਂ ਦੀ ਕਾਕੀ ਆ ਗਈ ਹੈ, ਇਸ ਤੋਂ ਮਗਰੋਂ ਉਹ ਵੀ ਪਟਿਆਲੇ ਰਾਜ ਵਿਚ ਚਲੀ ਗਈ ਤੇ ਆਪਣੇ ਵੀਰ ਦੇ ਜੱਥੇ ਵਿਚ ਸੇਵਾ ਦੇ ਕੰਮ ਤੇ ਰਹੀ।

ਮਰਹੱਟੇ ਤਾਂ ਹੁਣ ਪੰਜਾਬ ਛਡਕੇ ਪਰਤ ਚੁੱਕੇ ਸਨ, ਅਬਦਾਲੀ ਦਾ ਇਹ ਹਮਲਾ ਬੇਰੋਕ ਆ ਰਿਹਾ ਸੀ। ਸਿੱਖ ਬੀ ਉਸਦੀ ਫੌਜੀ ਤਾਕਤ ਦਾ ਅੰਦਾਜ਼ਾ ਕਰਕੇ ਇਧਰ ਉਧਰ ਹੋ ਗਏ। ਉਹ ਤਾਂ ਤਾਕਤ ਬਣਾ ਰਹੇ ਸਨ ਤੇ ਐਉਂ ਲੜਦੇ ਸਨ ਕਿ ਲੜਨ ਮਾਰਨ ਪਰ ਅਪਾਣੀ ਤਾਕਤ ਗੁਆ ਨਾ ਲੈਣ। ਓਹ ਹਰ ਸਮੇਂ ਦੇ ਫੇਰ ਨੂੰ ਤੇ ਹਰ ਵਟਾਉ ਨੂੰ ਆਪਣੇ ਬਲ ਵਧਾਉਣ ਦਾ ਵਸੀਲਾ ਬਣਾ ਲੈਂਦੇ ਅਰ ਕਦੇ ਭੁਲੇਵੇਂ ਵਿਚ ਆ ਕੇ ਆਪਣਾ ਬਲ ਨਸ਼ਟ ਨਾ ਕਰਦੇ। ਲਾਹੌਰ ਅੱਪੜ ਕੇ ਅਬਦਾਲੀ ਨੇ ਖੁੱਲ੍ਹੀ ਦਰਵਾਜ਼ੀ ਕਬਜ਼ਾ ਕੀਤਾ, ਕਰੀਮ ਦਾਦ ਖਾਂ ਨੂੰ ਹਾਕਮ ਥਾਪ ਕੇ ਆਪ ਦਿੱਲੀ ਨੂੰ ਕੂਚ ਕੀਤਾ। ਉਸ ਨੇ ਦੱਸਿਆ ਕਿ ਮਰਹੱਟੇ ਤਾਂ ਟੁਰ ਗਏ ਹਨ, ਪਰ ਸਿੱਖ ਤੁਰ ਨਹੀਂ ਗਏ, ਓਹ ਇਧਰ ਉਧਰ ਤਿਲਕ ਗਏ ਹਨ, ਆਪਣੇ ਕਬਜ਼ੇ ਕੀਤੇ ਥਾਉਂ ਬੀ ਨਾਲੇ ਛਡ ਗਏ ਹਨ। ਆਪ ਦੇ ਟੁਰ ਜਾਣ ਮਗਰੋਂ ਓਹ ਆ ਸਿਰ ਕੱਢਣਗੇ ਅਰ ਕਿਸੇ ਤੋਂ ਦਬਾਯਾਂ ਨਹੀਂ ਦਬਣਗੇ। ਮਰਹੱਟਿਆਂ ਤੋਂ ਨਹੀਂ ਦਬੇ, ਦੁਆਬੇ ਦਾ ਨਵਾਬ ਡਰਦਾ ਹੈ, ਸਰਹਿੰਦ ਤੁਹਾਡੇ ਮਗਰੋਂ ਫੇਰ ਜਾ ਪਏ ਸਨ। ਇਹ ਸੁਣਕੇ ਪੰਜ ਹਜ਼ਾਰ ਫੌਜ ਤੇ ਕੁਛ ਤੋਪਾਂ ਦੇ ਕੇ ਅਬਦਾਲੀ ਨੇ ਅਬ- ਦੁੱਲਾ ਖਾਂ ਨੂੰ ਸਿੱਖਾਂ ਦੇ ਪ੍ਰਬੰਧ ਲਈ ਪੰਜਾਬ ਵਿਚ ਗਸ਼ਤ ਕਰਨ ਅਤੇ ਜਿਥੋਂ ਸਿੱਖ ਸਿਰ ਕੱਢਣ ਓਥੇ ਹੀ ਫੇਹ ਦੇਣ ਲਈ ਛੱਡਿਆ, ਪਰ ਸਿੱਖ ਅਞਾਣੇ ਨਹੀਂ ਸਨ ਕਿ ਆਪਣੇ ਆਪ ਨੂੰ ਇਸ ਵੇਲੇ ਤਬਾਹ ਕਰਦੇ, ਜਦ ਕਿ ਉਨ੍ਹਾਂ ਦੇ ਪੈਰ ਜੰਮ ਰਹੇ ਸਨ। ਉਨ੍ਹਾਂ ਦਾ ਜੋ ਕੁਛ ਸੀ ਆਪਣੇ ਪੈਰਾਂ ਤੇ ਸੀ। ਉਧਰੋਂ ਦਿੱਲੀ ਦੀ ਜੋ ਤਾਕਤ ਰਹੀ ਖਹੀ ਸੀ, ਉਨ੍ਹਾਂ ਦੇ ਵਿਰੁੱਧ ਸੀ, ਅਫ਼ਗਾਨਿਸਤਾਨ ਦੀ ਤਾਕਤ ਵੀ ਉਨ੍ਹਾਂ ਦੇ ਵਿਰੁੱਧ ਸੀ, ਇਨ੍ਹਾਂ ਹਾਲਤਾਂ ਵਿਚ ਉਹ ਬੜਾ ਬਚਾ ਬਚਾ ਕੇ ਟੁਰਦੇ ਤੇ ਆਪਣੇ ਪੈਰ ਪੱਕੇ ਕਰਦੇ ਅਰ ਤਬਾਹੀ ਦੇ ਵੇਲੇ ਬਚਾਉ ਦੇ ਦਾਉ ਘਾਉ ਕਰ ਲੈਂਦੇ।

ਅਬਦੁੱਲਾ ਖ਼ਾਂ, ਜੋ ਸਿੱਖਾਂ ਲਈ ਥਾਪਿਆ ਗਿਆ, ਉਹ ਸੀ ਜੋ ਇਸ ਤੋਂ ਪਹਿਲੇ ਹਮਲੇ ਵਿਚ ਅਬਦਾਲੀ ਵਲੋਂ ਕਸ਼ਮੀਰ ਗਿਆ ਸੀ, ਜਿਸ ਨੇ ਕਸ਼ਮੀਰ ਮੁਗ਼ਲ ਕਬਜ਼ੇ ਤੋਂ ਸਦਾ ਲਈ ਛੁਡਾਕੇ ਪਠਾਣਾਂ ਦੇ ਕਬਜ਼ੇ ਕੀਤਾ, ਜੋ ਕਿ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹੀ ਆਕੇ ਛੁਡਾਇਆ।

ਅਬਦੁੱਲਾ ਖ਼ਾਂ ਪੰਜਾਬ ਵਿਚ ਫਿਰ ਨਿਕਲਿਆ, ਅਰ ਉਸ ਨੂੰ ਕਿਤੇ ਕੋਈ ਸਿੱਖ ਦਲ ਨਹੀਂ ਮਿਲਿਆ, ਗਿਰਾਵਾਂ ਸ਼ਹਿਰਾਂ ਦੇ ਰਹਿਣ ਵਾਲੇ, ਆਪਣੇ ਕਿੱਤੇ ਕਾਰ ਕਰਨ ਵਾਲੇ ਉਸ ਨਾਲ ਅੜਦੇ ਹੀ ਨਹੀਂ ਸਨ ਅਰ ਨਾ ਇਸ ਨੇ ਉਨ੍ਹਾਂ ਨੂੰ ਦੁੱਖ ਦੇਣ ਦੀ ਮੂਰਖਤਾ ਕੀਤੀ।

ਅਬਦਾਲੀ ਮੂੰਹ ਚੱਕ ਦਿੱਲੀ ਵੱਲ ਟੁਰੀ ਗਿਆ, ਸਰਹਿੰਦ ਠਹਿਰਕੇ ਅੱਗੇ ਵਧਿਆ। ਖੰਨੇ ਮੁਕਾਮ ਪਿਆ ਸੱਚਮੁੱਚ ਨਗਰ ਵਿਚ ਤਲਾਸ਼ੀ ਹੋਈ ਪਰ ਪਿੰਡ ਦੇ ਹਿੰਦੂ ਮੁਸਲਮਾਨਾਂ ਸਭ ਤੋਂ ਇਹੋ ਖ਼ਬਰ ਮਿਲੀ ਕਿ ਏਥੋਂ ਦੀ ਕਾਬਲ ਨੂੰ ਫੜਕੇ ਗਈ ਬੀਬੀ ਵਾਪਸ ਨਹੀਂ ਆਈ। ਦਿੱਲੀ ਅੱਪੜ ਕੇ ਅਬਦਾਲੀ ਵਜ਼ੀਰ ਅਮੀਰ ਅਰ ਕਈ ਉਮਰਾਵਾਂ ਨੂੰ ਕਤਲ ਕਰਕੇ ਨਜੀਬ ਖਾਂ ਨੂੰ ਵਜ਼ੀਰ ਬਣਾਕੇ ਅੱਗੇ ਵਧਿਆ। ਮਥੁਰਾਪੁਰ ਮਰਹੱਟਿਆਂ ਨੂੰ ਭਾਂਜ ਦੇਕੇ ਉਹ ਲੁਟ ਮਚਾਈ ਕਿ ਬੜੇ ਬੜੇ ਮੰਦਰਾਂ ਦੇ ਹੀਰੇ ਜ਼ਾਹਰਾਤ ਮਾਲ ਮਤੇ ਲੁੱਟ ਲਏ, ਅਨਗਿਣਤ ਧਨ ਦੌਲਤ ਲੈ ਸ਼ਹਿਰ ਲੁੱਟ, ਹਿੰਦੂ ਸ਼ਾਨ ਮਿੱਟੀ ਵਿਚ ਮਿਲਾ, ਇਜ਼ਤ ਸਤਿਕਾਰ ਦੇ ਸਿਰ ਮਿੱਟੀ ਪਾ ਦਿੱਲੀ ਮੁੜਿਆ । ਇਥੋਂ ਬੀ ਜੋ ਕੁਛ ਮਿਲਿਆ ਲੈ, ਤ੍ਰੈ ਮਹੀਨੇ ਵਿਚ ਮਾਲਾ ਮਾਲ ਹੋ ਸਰਹਿੰਦ ਆ ਪੁੱਜਾ। ਏਥੇ ਜ਼ੈਨ ਖਾਂ ਨੂੰ ਨਵਾਬ ਥਾਪਿਓ ਸੁ। ਇਸ ਵੇਲੇ ਏਥੇ ਕੋਟਲੇ ਤੇ ਰਾਇ ਕੋਟ ਦੇ ਮੁਸਲਮਾਨ ਰਾਜਪੂਤਾਂ ਨੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਦੀ ਸ਼ਿਕਾਇਤ ਕੀਤੀ। ਅਬਦਾਲੀ ਨੇ ਕੁਛ ਫੌਜ ਬਰਨਾਲੇ ਵਲ, ਜੋ ਤਦੋਂ ਪਟਿਆਲੇ ਦੀ ਰਾਜਧਾਨੀ ਸੀ, ਘੱਲ ਦਿੱਤੀ। ਇਧਰ ਤਾਂ ਮਹਾਰਾਜਾ ਨੇ ਆਪਣੀ ਸਾਰੀ ਤਾਕਤ ਜੋੜਕੇ ਸ਼ਹਿਰ ਦੀ ਰਾਖੀ ਦਾ ਪ੍ਰਬੰਧ ਕੀਤਾ ਤੇ ਆਈ ਫੌਜ ਦੀਆਂ ਗਿਰਾਵਾਂ ਤੋਂ ਹੀ ਸ਼ੁਰੂ ਹੋ ਗਈਆਂ ਹੱਥ ਚਲਾਕੀਆਂ ਲੁੱਟਾਂ ਮਾਰਾਂ ਦੇ ਟਾਕਰੇ ਦਾ ਪ੍ਰਬੰਧ ਕੀਤਾ, ਉਧਰ ਕੁਛ ਸਿਆਣੇ ਆਦਮੀ ਵਿਚ ਪਾਕੇ ਅਬਦਾਲੀ ਨਾਲ ਸੁਲਹ ਕਰ ਲਈ; ਇਥੋਂ ਤਾਈਂ ਕਿ ਅਬਦਾਲੀ ਉਨ੍ਹਾਂ ਦੀ ਰਾਜਗੀ ਦਾ ਖਿਤਾਬ ਖਿਲਅਤ ਹੋਰ ਪੱਕਿਆਂ ਕਰ ਗਿਆ। ਜੋ ਮੁਠ ਭੇੜ ਇਸ ਵੇਲੇ ਪਠਾਣਾਂ ਨਾਲ ਸਿੱਖਾਂ ਦੀ ਹੋਈ ਉਸ ਵਿਚ ਦਿਲ ਖੋਲ੍ਹਕੇ ਅਲਾਂਬਾ ਸਿੰਘ ਨੇ ਜਾਨਬਾਜ਼ੀ ਦਿਖਾਈ ਸੀ। ਇਹ ਲੜਾਈ ਛੇਤੀ ਮੁਕ ਗਈ ਸੀ। ਪਰ ਜ਼ਖਮੀਆਂ ਤੇ ਦੁਖੀਆਂ ਦੀ ਕਾਫੀ ਗੇਣਤੀ ਸਤਵੰਤ ਤੇ ਸਾਂਈ ਜੀ ਦੀ ਸੇਵਾ ਤੇ ਧਿਆਨ ਲਈ ਹੋ ਗਈ। ਇਨ੍ਹਾਂ ਜ਼ਖਮੀਆਂ ਵਿਚ ਕੁਛ ਦੁੱਰਾਨੀ ਦੇ ਆਦਮੀ ਬੀ ਸਨ ਜਿਨ੍ਹਾਂ ਦੇ ਇਲਾਜ ਦਾ ਪ੍ਰਬੰਧ ਬੀ ਇਨ੍ਹਾਂ ਬਹਾਦਰ ਸਿੱਖ ਇਸਤ੍ਰੀਆਂ ਨੇ- ਬਿਨਾ ਇਸ ਗੱਲ ਦੇ ਸੰਸੇ ਦੇ ਕਿ ਇਹ ਵੈਰੀ ਹਨ-ਆਪਣੇ ਸਿਰ ਲੈ ਲਿਆ ਸੀ। ਸੰਜੋਗਾਂ ਦੇ ਰੰਗ ਦੇਖੋ ਕਿ ਨਵਾਬ ਅਸਮਤੁਲਾ ਖਾਂ, ਜਿਨ੍ਹਾਂ ਦੇ ਘਰ ਸਤਵੰਤ ਗ਼ੁਲਾਮੀ ਦੀ ਹਾਲਤ ਵਿਚ ਰਹਿ ਆਈ ਸੀ, ਜੋ ਫਾਤਮਾ ਦਾ ਘਰ ਵਾਲਾ ਸੀ- ਜਿਸ ਦੀ ਅੱਗੇ ਸਤਵੰਤ ਨੇ ਕਾਬਲ ਹੁੰਦਿਆਂ ਜਾਨ ਬਚਾਈ ਸੀ, ਇਨ੍ਹਾਂ ਜ਼ਖਮੀਆਂ ਵਿਚ ਸੀ। ਸਤਵੰਤ ਨੇ ਸਿਆਣ ਲਿਆ, ਆਪ ਉਸਦੇ ਸਾਹ- ਮਣੇ ਨਹੀਂ ਹੋਈ, ਸਾਈਂ ਜੀ ਦੇ ਸਪੁਰਦ ਕੀਤੇ ਬਿਮਾਰਾਂ ਵਿਚ ਇਹ ਬੀਮਾਰ ਰੱਖਿਆ ਗਿਆ। ਜੋ ਜ਼ਖਮੀ ਥੋੜ੍ਹੀ ਥੋੜ੍ਹੀ ਸੱਟ ਫੇਟ ਵਾਲੇ ਸਨ, ਪੱਟੀਆਂ ਬੰਨ੍ਹ ਬੰਨ੍ਹ ਦੋ ਚਾਰ ਦਿਨਾਂ ਵਿਚ ਸਰਹਿੰਦ ਵਿਚ ਪੁਚਾ ਦਿੱਤੇ ਗਏ। ਅਬਦਾਲੀ ਨੇ ਇਹ ਸਲੂਕ ਮਹਾਰਾਜਾ ਪਯਾਲੇ ਦੀ ਸਿਦਕ ਦਿਲੀ ਦਾ ਸਬੂਤ ਸਮਝਕੇ ਬੜੀ ਖ਼ੁਸ਼ੀ ਪ੍ਰਗਟ ਕੀਤੀ ਅਰ ਸਿਖਾਂ ਦੇ ਇਸ ਵਰਤਾਉ ਨੇ ਚੰਗਾ ਅਸਰ ਪੈਦਾ ਕੀਤਾ। ਜੋ ਜ਼ਖਮੀ ਬਰਨਾਲੇ ਵੈਦ-ਰਾਜਾਂ ਦੇ ਇਲਾਜ ਤੇ ਸਤਵੰਤ ਵਰਗੀਆਂ ਆਪਾ ਵਾਰ ਸੇਵਕ ਸਿੰਘਣੀਆਂ ਦੀ ਸੇਵਾ ਹੇਠ ਰਾਜ਼ੀ ਹੋ ਰਹੇ ਸੀ, ਹੋ ਗਏ। ਪਰ ਨਵਾਬ ਅਸਮਤੁੱਲਾ ਖਾਂ ਦੀ ਹਾਲਤ ਖ਼ਰਾਬ ਹੋ ਗਈ। ਸਰਹਿੰਦ ਤੋਂ ਅਬਦਾਲੀ ਨੇ ਆਪਣੇ ਜੱਰਾਹ (ਨਾਈ) ਬੀ ਘੱਲੇ, ਪਰ ਉਹ ਰਾਜ਼ੀ ਨਾ ਹੋ ਸਕਿਆ, ਉਥੇ ਹੀ ਮਰ ਗਿਅ ਤੇ ਉਸਦੀ ਲੋਥ ਸਰਹਿੰਦ ਘੱਲੀ ਗਈ, ਜਿਥੇ ਉਹ ਦਫਨਾਯਾ ਗਿਆ।

ਜਿਸ ਵੇਲੇ ਵੈਦਾਂ ਨੇ ਦੱਸ ਦਿੱਤਾ ਸੀ ਕਿ ਇਹ ਹੁਣ ਜ਼ਰੂਰ ਮਰੇਗਾ ਤੇ ਕੋਈ ਦਿਨ ਦਾ ਪਰਾਹੁਣਾ ਹੈ ਤਾਂ ਸਤਵੰਤ ਇਕ ਦਿਨ ਉਸ ਨੂੰ ਮਿਲ ਹੀ ਪਈ ਤੇ ਉਸ ਦੀ ਬੋਲੀ ਵਿਚ ਇਸ ਨੇ ਖੁੱਲ੍ਹੇ ਬਚਨ ਬਿਲਾਸ ਕੀਤੇ। ਉਸ ਨੂੰ ਅੰਤ ਵੇਲੇ ਐਸੇ ਸਜਨ ਦੇ-ਜਿਸ ਨੇ ਕਦੇ ਆਪਣੀ ਜਾਨ ਹੂਲਕੇ ਉਸ ਦੀ ਜਾਨ ਬਚਾਈ ਸੀ-ਦਰਸ਼ਨ ਹੋਣੇ ਬੜੇ ਸੁਖਦਾਈ ਹੋਏ। ਸਤਵੰਤ ਨੇ ਉਸਨੂੰ ਵਾਹਿਗੁਰੂ ਦੇ ਦੇਸ਼ ਦੇ ਉਪਦੇਸ਼ ਦਿੱਤੇ ਅਰ ਰੂਹਾਨੀ ਬਾਤਾਂ ਸੁਣਾਕੇ ਠੰਢ ਪਾਈ। ਉਹ ਮਰਨ ਵੇਲੇ ਨਾਮ ਵਿਚ ਲੱਗ ਗਿਆ। ਉਸ ਦੀ ਇਹ ਬੜੀ ਇੱਛਾ ਸੀ ਕਿ ਕਿਵੇਂ ਸਤਵੰਤ ਫਾਤਮਾਂ ਨੂੰ ਮਿਲ ਪਵੇ, ਜੋ ਫਾਤਮਾਂ ਦੇ ਬਾਕੀ ਦਿਨ ਦੁਖੀ ਨਾ ਲੰਘਣ, ਪਰ ਇਹ ਹੋਣਾ ਕਠਨ ਸੀ ਉਹ ਜਾਣਦਾ ਸੀ ਕਿ ਸਤਵੰਤ ਉਸ ਦੇਸ਼ ਨੂੰ ਕੈਦ ਸਮਝਦੀ ਹੈ ਤੇ ਫਾਤਮਾ ਨੇ ਵਤਨ ਛੱਡਕੇ ਏਥੇ ਆਉਣਾ ਨਹੀਂ, ਪਰ ਤਦ ਬੀ ਉਸ ਨੇ ਇਕ ਖ਼ਤ ਆਪਣੀ ਵਹੁਟੀ ਨੂੰ ਲਿਖਿਆ, ਜਿਸ ਵਿਚ ਆਪਣੇ ਆਖ਼ਰੀ ਪ੍ਯਾਰ ਦੇ ਪਿਛੋਂ ਉਸ ਨੂੰ ਉਸਦੇ ਮਰਨ ਮਗਰੋਂ ਕਰਨ ਵਾਲੇ ਕੰਮ ਦੱਸੇ ਤੇ ਲਿਖਿਆ ਕਿ ਪੰਜਾਬ ਦਾ ਪ੍ਰਬੰਧ ਅਬਦਾਲੀ ਨੇ ਪੱਕਾ ਕਰ ਦਿੱਤਾ ਹੈ, ਉਮੈਦ ਨਹੀਂ ਕਿ ਪਠਾਣ ਰਾਜ ਹੁਣ ਏਥੋਂ ਹਿੱਲ ਸਕੇ, ਸੋ ਅਮਨ ਹੈ ਅਰ ਉਸ ਦਾ ਚਿਤ ਜੇ ਸਤਵੰਤ ਨੂੰ ਮਿਲੇ ਬਿਨਾਂ ਸੁਖੀ ਨਾ ਰਹਿ ਸਕੇ ਤਾਂ ਹਿੰਦ ਵਿਚ ਆ ਜਾਵੇ ਤੇ ਸਰਹਿੰਦ ਵਾਲੇ ਪੀਰਾਂ* ਦੇ ਡੇਰੇ ਆ ਕੇ ਠਹਿਰੇ ਅਰ ਏਥੋਂ ਪ੍ਰਬੰਧ ਕਰ ਕੇ ਬੀਬੀ ਨੂੰ ਮਿਲ ਲਵੇ। ਇਹ ਚਿੱਠੀ ਓਸਨੇ ਬੀਬੀ ਦੇ ਹੱਥ ਦਿੱਤੀ ਤੇ ਆਪ ਉਸ ਦੇ ਅਗਲੇ ਤੇ ਹੁਣ ਦੇ ਸ਼ੁਕਰੀਏ ਕਰਦਾ ਜਗਤ ਤੋਂ ਟੁਰ ਗਿਆ। ਅਸਮਤੁੱਲਾ ਖਾਂ ਮਰਨ ਤੋਂ ਪਹਿਲੇ ਇਕ ਹੋਰ ਖ਼ਤ ਅਬਦਾਲੀ ਵਲ ਘਲ ਗਿਆ, ਜਿਸ ਵਿਚ ਉਸਨੇ ਆਪਣੀ ਸਿੱਖਾਂ ਵਿਚ ਹੋਈ ਖ਼ਿਦਮਤ, ਸਿੱਖਾਂ ਦੇ ਨੇਕ ਸਲੂਕ ਤੇ ਇਨ੍ਹਾਂ ਦੇ ਫਕੀਰੀ ਅਰ ਪਿਆਰ ਭਰੇ ਜੀਵਨ ਦਾ ਜ਼ਿਕਰ ਕੀਤਾ ਤੇ ਬਿਨੈ ਕੀਤੀ ਕਿ ਇਨ੍ਹਾਂ ਨਾਲ ਸੁਲਹ ਕੀਤੀ ਜਾਵੇ, ਇਹ ਇਕ ਅੱਲਾ ਦੇ ਮੰਨਣ ਵਾਲੇ ਹਨ, ਨਾ ਕਾਫ਼ਰ ਹਨ ਨਾਂ ਮੁਸ਼ਰਿਕ, ਇਨ੍ਹਾਂ ਬਾਬਤ ਆਪ ਤਕ ਗ਼ਲਤ ਖ਼ਬਰਾਂ ਅੱਪੜਦੀਆਂ ਹਨ ਤੇ ਕਿਸੇ ਵੇਲੇ ਫਕੀਰਾਂ ਤੇ ਜ਼ੁਲਮ ਹੋ ਜਾਂਦੇ ਹਨ। ਚੰਗਾ ਹੈ ਕਿ-ਮੁਸਲਮਾਨਾਂ ਤੇ ਸਿੱਖਾਂ ਦਾ ਵਿਰੋਧ ਕਦੇ ਨਾ ਹੋਵੇ। ਜਿਵੇਂ ਕਿਵੇਂ ਹੋ ਸਕੇ ਇਨ੍ਹਾਂ ਨਾਲ ਮੇਲ ਕਰ ਕੇ ਸਦਾ ਦੀ ਸੁਲਹ ਕਰ ਲਈ ਜਾਵੇ, ਪਰ ਅਹਿਮਦ ਸ਼ਾਹ ਤਾਂ ਪਠਾਣੀ ਰਾਜ ਦੇ ਬੰਨ੍ਹਣ ਦੇ ਫਿਕਰ ਵਿਚ ਸੀ, ਉਸ ਨੇ ਤਾਂ ਇਸ ਲੋਭ ਦੇ ਲਈ ਮਾਰਨੇ ਸਨ ਕਿ ਓਸ ਦੇ ਰਾਹ ਵਿਚ ਰੋੜਾ ਸਨ।

ਅਹਿਮਦ ਸ਼ਾਹ ਨੇ ਹੁਣ ਲਾਹੌਰ ਨੂੰ ਕੂਚ ਕੀਤਾ, ਪਰ ਸਤਲੁਜ ਪਾਰ ਅੱਪੜਦੇ ਹੀ ਉਸਦੇ ਲੁੱਟ ਦੇ ਮਾਲ ਉਤੇ ਕਦੇ ਕਦੇ ਰਾਤੀਂ ਛਾਪੇ ਪੈਣੇ ਸ਼ੁਰੂ ਹੋ ਗਏ। ਸਿੱਖ ਸਵਾਰਾਂ ਦੇ ਜੱਥੇ ਜੰਗਲਾਂ ਵਿਚੋਂ ਅੱਧੀ ਰਾਤ ਨਿਕਲਦੇ ਤੇ ਆਪਣੇ ਦੇਸ਼ ਦੇ ਲੁੱਟੇ ਹੋਏ ਬਦੇਸ਼ ਨੂੰ ਚਲੇ ਜਾ ਰਹੇ ਮਾਲ ਤੇ ਹਮਲਾ ਕਰਕੇ, ਜਿੰਨਾ ਬਣ ਪਵੇ ਲੁੱਟਕੇ ਖੋਹਕੇ ਨਿਕਲ ਜਾਂਦੇ, ਦਿਨ ਹੁੰਦੇ ਤੱਕ ਓਹ ਜੰਗਲਾਂ ਬਨਾਂ ਵਿਚ ਲੁਕ ਜਾਂਦੇ। ਉਨ੍ਹਾਂ ਨੂੰ ਲੱਭਣਾ ਤੇ ਫੜਨਾ ਕਠਨ ਸੀ। ਇਸ ਤਰ੍ਹਾਂ ਦੇ ਹਥ ਲਗੇ ਮਾਲ ਤੋਂ ਸਿੱਖ ਸ਼ਸਤ੍ਰ, ਘੋੜੇ ਤੇ ਜੰਗੀ ਸਾਮਾਨ ਬਣਾਉਂਦੇ, ਇਥੋਂ ਤਾਈਂ ਕਿ ਹੁਣ ਆਪਣੀਆਂ ਤੋਪਾਂ ਬੀ ਢਾਲਣ ਲੱਗ ਪਏ ਸਨ। ਪਾਤਸ਼ਾਹ ਵਲੋਂ ਬੁਲੰਦ ਖਾਂ ਪੰਜ ਹਜ਼ਾਰ ਫੌਜ ਦੇ ਹੁਕਮ ਉਤੇ ਸਿੱਖਾਂ ਨੂੰ ਫੜਨ ਵਾਸਤੇ ਥਾਪਿਆ ਗਿਆ, ਪਰ ਉਸ ਨੂੰ ਕੋਈ ਜਥਾ ਹੱਥ ਨਾ ਆਇਆ। ਅਖ਼ੀਰ ਵਿਚ ਉਸਨੇ ਆਪਣੀ ਅਬਰੋ ਰੱਖਣ ਖ਼ਾਤਰ ਨਾ ਲੜਨ ਵਾਲੇ ਕਈ ਸਿੱਖ ਮਾਰੇ। ਕਈ ਗਿਰਾਂ ਲੁੱਟੇ ਤੇ ਕਈ ਕਿਰਤੀ ਤੇ ਜ਼ਿਮੀਦਾਰ ਸਿੱਖ ਫੜੇ, ਨਾਲ ਪੰਜ ਦਸ ਆਗੂ ਬੀ ਉਸ ਦੇ ਹੱਥ ਆ ਗਏ ਜੋ ਉਸ ਨੇ ਸਰਗਨੇ ਦੱਸ ਕੇ ਲਾਹੌਰ ਆ ਅਬਦਾਲੀ ਦੇ ਪੇਸ਼ ਕੀਤੇ, ਜਿਨ੍ਹਾਂ ਵਿਚ ਇਹ ਨਾਮ ਇਤਿਹਾਸ ਵਿਚ ਯਾਦ ਰਹਿ ਗਏ ਹਨ :- ਰਾਵਨ ਸਿੰਘ, ਕੇਹਰ ਸਿੰਘ, ਬਾਘੜ ਸਿੰਘ, ਹਾਠੋ ਸਿੰਘ ਤੇ ਗਿਰਝਾ ਸਿੰਘ। ਅਬਦਾਲੀ ਇਨ੍ਹਾਂ ਦੇ ਕੱਦ, ਗ੍ਰਾਂਡੀਲ ਸ਼ਕਲਾਂ, ਅਡੋਲ ਤੇ ਨਿਰਭੈ ਤੌਰ ਵੇਖਕੇ ਹੈਰਾਨ ਹੋ ਪੁੱਛਣ ਲੱਗਾ :- ਤੁਸੀਂ ਕੌਣ ਲੋਕ ਹੋ ? ਹਾਠੂ ਸਿੰਘ ਨੇ ਜਵਾਬ ਦਿੱਤਾ ਕਿ ਅਸੀਂ ਸਿੰਘ ਹਾਂ।

ਅਬਦਾਲੀ – ਸਿੰਘ ਕੀ ਹੁੰਦਾ ਹੈ।

ਹਾਠੂ ਸਿੰਘ – ਸ਼ੇਰ।

ਅਬਦਾਲੀ – ਸ਼ੇਰ ਹਾਥੀ ਨਾਲ ਲੜਦਾ ਹੈ, ਕੀ ਤੂੰ ਬੀ ਹਾਥੀ ਨਾਲ ਲੜ ਸਕਦਾ ਹੈ ?

ਹਾਠੂ ਸਿੰਘ ਬਨ ਵਿਚ ਵਿਚਰਦਾ ਸ਼ੇਰ ਹਾਥੀ ਨੂੰ ਮਾਰ ਸਕਦਾ ਹੈ, ਪਿੰਜਰੇ ਪਿਆ ਕੀਕੂੰ ?

ਪਾਤਸ਼ਾਹ ਨੇ ਕਿਹਾ : ਇਕ ਖੂਨੀ ਹਾਥੀ ਲਿਆਓ। ਹਾਠੋ ਸਿੰਘ ਦੇ ਬੰਦ ਖੋਲ੍ਹ ਦਿੱਤੇ ਗਏ ਅਰ ਢਾਲ ਤਲਵਾਰ ਹੱਥ ਦਿੱਤੀ ਗਈ। ਸਾਂਈਂ ਦੀ ਮਿਹਰ, ਹਾਠੂ ਸਿੰਘ ਨੇ ਉਹ ਹੱਥ ਪਲੱਥੇ ਖੇਡੇ ਤੇ ਛੇਕੜ ਉਸਦੀ ਸੁੰਡ ਤੇ ਅਚਾਨਕ ਵਾਰ ਕਰਕੇ ਅਗਲਾ ਹਿੱਸਾ ਦੁਟੱਕ ਕਰ ਦਿੱਤਾ ਕਿ ਹਾਥੀ ਚੀਕਾਂ ਮਾਰਦਾ ਭੱਜ ਗਿਆ। ਦੁੱਰਾਨੀ ਨੇ ਇਕ ਪਠਾਣ ਪਹਿਲਵਾਨ ਨਾਲ ਗਿਰਝਾ ਸਿੰਘ ਦਾ ਘੋਲ ਕਰਾਇਆ, ਸਾਂਈਂ ਨੇ ਸਿੰਘ ਦੀਆਂ ਭੁਜਾਂ ਵਿਚ ਬਲ ਪਾਇਆ ਕਿ ਉਸਨੇ ਪਠਾਣ ਨੂੰ ਚਾਰੋਂ ਸ਼ਾਨੇ ਚਿੱਤ ਰਖਿਆ।

ਅਬਦਾਲੀ ਨੇ ਇਹ ਤੱਕਕੇ ਸਾਰੇ ਸਿੱਖ ਛੱਡ ਦਿੱਤੇ। ਮੁਸਲਮਾਨਾਂ ਵਲ ਤੱਕਕੇ ਅਬਦਾਲੀ ਨੇ ਕਿਹਾ ਕਿ ਇਹ ਕੌਮ ਥੋੜ੍ਹੀ ਸੁਣੀਂਦੀ ਹੈ, ਪਰ ਜੇ ਦਿੱਲੀ ਤੇ ਕਾਬਲ ਇਨ੍ਹਾਂ ਨੂੰ ਠੱਲ ਨਾ ਸਕੇ ਤਾਂ ਰਾਜ ਕਰੇਗੀ, ਤੁਸੀਂ ਇਨ੍ਹਾਂ ਨੂੰ ਪ੍ਰੇਮ ਨਾਲ ਢਾਓ। ਨਵਾਬ ਲਾਹੌਰ ਨੂੰ ਉਸਨੇ ਕਿਹਾ ਕਿ ਇਨ੍ਹਾਂ ਨੂੰ ਹੁਣ ਮਿੱਤ੍ਰ ਬਣਾਓ ਤੇ ਜੋ ਵਿਖਾਂਧ ਦੇ ਨੁਕਤੇ ਹਨ ਸਫਾ ਕਰ ਲਓ। ਹੁਣ ਇਨ੍ਹਾਂ ਨਾਲ ਟਾਕਰਾ ਕਰਨਾ ਇਨ੍ਹਾਂ ਵਿਚ ਬਲ ਭਰਨਾ ਹੋਵੇਗਾ। ਅਬਦੁੱਲਾ ਖ਼ਾਂ ਤੇ ਬੁਲੰਦ ਖ਼ਾਂ ਨੂੰ ਹੁਕਮ ਹੋਇਆ ਕਿ ਇਨ੍ਹਾਂ ਲੋਕਾਂ ਦਾ ਪਿੱਛਾ ਛੋੜ ਦੇਵੋ।

ਅਬਦਾਲੀ ਹੁਣ ਆਪਣੀ ਵੱਲੋਂ ਪੱਕੇ ਪੈਰ ਜਮਾ ਕੇ ਟੁਰ ਗਿਆ ਤੇ ਸਿੱਖਾਂ ਫੇਰ ਜੰਗਲਾਂ ਪਹਾੜਾਂ ਕੰਧੀਆਂ ਵਿਚੋਂ ਨਿਕਲਕੇ ਆਪਣੇ ਥਾਂ ਟਿਕਾਣੇ ਸੰਭਾਲ ਲਏ। ਰਾਜੇ ਬੀਕਾਨੇਰ ਦੇ ਸੱਦਣ ਤੇ ਮਾਲਵੇ ਵਿਚ ਸਿੱਖ ਕੱਠੇ ਹੋਏ, ਨਵੇਂ ਸਿਰੇ ਜਥੇ ਬਣੇ ਤੇ ਉਧਰ ਨੂੰ ਟੁਰ ਪਏ। ਮਾਝੇ ਮਾਲਵੇ ਦੇ ਸਾਰੇ ਜਥੇਦਾਰ ਇਸ ਸਮੇਂ ਇਕ ਜਾਨ ਇਕ ਰੰਗ ਬਣੇ ਇਕੱਠੇ ਹੋਏ ਹੋਏ ਸਨ। ਅਜੇ ਤੱਕ ਪਾਟੋਧਾੜ, ਦੇਸ਼ ਭੇਦ, ਜਾਤਿ ਭੇਦ ਦੀ ਕੋਈ ਤ੍ਰੇੜ ਸਿੱਖਾਂ ਵਿਚ ਨਹੀਂ ਸੀ ਆਈ।

ਸਿੱਖ ਦੱਖਣੀ ਪੰਜਾਬ ਵਲ ਜਦ ਸਾਰੇ ਰੁਖ ਕਰ ਗਏ, ਤਦ ਅਲਾਂਬਾ ਸਿੰਘ ਗੁਰਧਾਮਾਂ ਦੀ ਰਾਖੀ ਲਈ ਦਰਬਾਰ ਸਾਹਿਬ ਘੱਲਿਆ ਗਿਆ। ਇਸ ਦੇ ਸੁਪਰਦ ਦੋ ਸੋ ਜੁਆਨ ਸੀ । ਹੁਕਮ ਇਹ ਸੀ ਕਿ ਆਪ ਕਿਸੇ ਨਾਲ ਲੜਨਾ ਨਹੀਂ। ਲਾਹੌਰ ਦੇ ਹਾਲਾਤ ਦੀ ਪੂਰੀ ਖ਼ਬਰ ਰੱਖਣੀ ਤੇ ਕਾਬਲ ਦੀ ਖ਼ਬਰ ਸੁਰਤ ਬੀ ਰੱਖਣੀ, ਜੇ ਜ਼ਰਾ ਖਤਰਾ ਦੇਖੋ ਤਾਂ ਪੰਥ ਨੂੰ ਛੇਤੀ ਖਬਰ ਪਹੁੰਚਾ ਦੇਣੀ। ਉਹ ਜਾਣਦੇ ਸਨ ਕਿ ਇਸ ਵੇਲੇ ਮੈਦਾਨ ਵਿਚ ਅਬਦਾਲੀ ਨਾ ਹੋਵੇ ਤਾਂ ਪੰਜਾਬ ਅਸਾਂ ਦਾ ਹੈ, ਕਿਸੇ ਓਪਰੇ ਦਾ ਏਥੇ ਦਖ਼ਲ ਰਹਿ ਨਹੀਂ ਸਕਦਾ, ਬਲਕਿ ਉਹ ਹੁਣ ਦਿੱਲੀ ਫਤਹ ਕਰਨੀ ਬੀ ਨੇੜੇ ਤਕ ਰਹੇ ਸਨ। ਅਬਦਾਲੀ ਚਾਹੇ ਸਿੱਖਾਂ ਦੀ ਬਹਾਦਰੀ ਤੇ ਅਸ਼ ਅਸ਼ ਕਰ ਜਾਂਦਾ ਸੀ, ਪਰ ਦਾਉ ਤਾਂ ਸਦਾ ਲੱਭਦਾ ਸੀ ਕਿ ਜਾਂ ਤਾਂ ਇਹ ਸ਼ਰਨ ਹੋਣ ਤੇ ਮੇਲ ਬਣ ਜਾਵੇ, ਨਹੀਂ ਤਾਂ ਇਨ੍ਹਾਂ ਦਾ ਮਲੀਆਮੇਟ ਕਰੋ, ਇਸ ਲਈ ਸਿੱਖ ਬੀ ਚੌਕਸ ਰਹਿੰਦੇ ਸਨ ਅਰ ਅਜ ਤੱਕ ਉਸ ਦੀ ਤਾਕਤ ਤੋਂ ਨਪੀੜੇ ਨਹੀਂ ਜਾਂਦੇ ਸਨ। ਉਨ੍ਹਾਂ ਨੂੰ ਰੋਹ ਇਹ ਚੜਦਾ ਸੀ ਕਿ ਕਿਸੇ ਦੇ ਘਰ ਆਕੇ ਕੋਈ ਕਿਉਂ ਦਖਲ ਦੇਵੇ ? ਅਬਦਾਲੀ ਆਪਣੇ ਘਰ ਵਸੇ ਹਿੰਦੁਸ- ਤਾਨ ਵਿਚ ਆਕੇ ਲੁਟ ਮਾਰ ਦਾ ਕੀ ਮਤਲਬ ? ਪਰ ਆਪਣੇ ਗਿਰਦੇ ਹਿੰਦੂ ਮੁਸਲਮਾਨਾਂ ਨੂੰ ਸਾਂਝੇ ਇਕੱਠ ਵਿਚ ਇਕ ਮੁੱਠ ਹੋ ਦੇਸ਼ ਦੇ ਸਾਂਝੇ ਵੈਰੀ ਨਾਲ ਟਾਕਰੇ ਲਈ ਤਿਆਰ ਨਹੀਂ ਤੱਕਦੇ ਸਨ ਇਸ ਕਰਕੇ ਇਕੱਲੇ ਸਿਰ ਝੱਲਦੇ ਸਨ ਜੋ ਕੁਛ ਆ ਬਣੇ। ਦੇਸ਼ ਨੂੰ ਸੁਖੀ ਤੇ ਸੁਤੰਤਰ ਕਰਨਾ ਹੈ ਤੇ ਰਾਜ ਆਪਣਾ ਮਾਜਣਾ ਹੈ ਇਹ ਮਦ ਸਿੱਖਾਂ ਦੇ ਸਿਰ ਵਿਚ ਠਾਠਾਂ ਮਾਰਦਾ ਰਹਿੰਦਾ ਸੀ।

ਇਧਰ ਹੁਣ ਚੌਕਸਤਾਈ ਲਈ ਕਿ ਗੁਰਧਾਮਾਂ ਦੀ ਰਾਖੀ ਰਹੇ ਤੇ ਪੰਜਾਬ ਦੀ ਸਾਰੀ ਸੂੰਹ ਮਿਲਦੀ ਰਹੇ, ਅਲਾਂਬਾ ਸਿੰਘ ਜੀ ਅੰਮ੍ਰਿਤਸਰ ਆ ਗਏ। ਜਿਸ ਥਾਉਂ ਨੂੰ ਹੁਣ ਨਿਹੰਗਾਂ ਦੀ ਛਾਉਣੀ ਕਹਿੰਦੇ ਹਨ, ਏਥੇ ਇਨ੍ਹਾਂ ਦਾ ਡੇਰਾ ਪਿਆ।

(ਸਤਿਸੰਗ ਮਿਲਾਪ)

ਉੱਪਰ ਲਿਖੇ ਸਮਾਚਾਰਾਂ ਨੂੰ ਛੇ ਮਹੀਨੇ ਬੀਤ ਗਏ ਹਨ। ਇਕ ਦਿਨ ਸੰਧ੍ਯਾ ਪੈ ਚੁਕੀ, ਚੰਦ੍ਰਮਾ ਚੜ੍ਹ ਪਿਆ, ਸਤਵੰਤ ਬੀ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾਂ ਵਿਚ ਹਰਿ ਕੀ ਪੌੜੀ ਵਾਲੀ ਸੱਜੀ ਬਾਹੀ ਪਾਸ ਪੌੜੀਆਂ ਦੇ ਪਾਸ ਬੈਠੀ ਸੀ। ਅੰਦਰ ਇਕ ਜੱਥਾ ਯਾਤ੍ਰਾ ਕਰਨ ਆਇਆ ਕੀਤਰਨ ਕਰ ਰਿਹਾ ਸੀ ਕਿ ਬਾਉਰੀਆਂ ਵਾਲੇ ਸਾਂਈਂ ਲੋਕ ਆ ਗਏ; ਪਾਸ ਬਹਿ ਗਏ। ਬੀਬੀ ਨੇ ਦਰਸ਼ਨ ਕਰ ਕੇ ਸੀਸ ਝੁਕਾਇਆ ਤੇ ਬੜੇ ਅਦਬ ਨਾਲ ਸੁਖ ਸਾਂਦ ਪੁੱਛੀ, ਆਪ ਨੇ ਹੱਥ ਨਾਲ ਸੈਨਤ ਕੀਤੀ ਬੀਬੀ ਮਗਰੇ ਮਗਰ ਟੁਰ ਪਈ, ਨਾਲ ਹੀ ਸਾਂਈਂ ਜੀ (ਤੇਜ ਕੌਰ) ਜੀ ਬੀ ਟੁਰ ਪਏ ਜੋ ਪਾਸ ਵਾਰ ਬੈਠੇ ਸੇ।

ਬਾਉਰੀਆਂ ਵਾਲੇ ਉਨ੍ਹਾਂ ਨੂੰ ਬੀ ਅਕਾਲ ਬੁੰਗੇ ਦੇ ਉੱਪਰ ਲੈ ਗਏ ਤੇ ਫੇਰ ਪਿਛਲੇ ਪਾਸੇ ਵਲ ਲੈ ਗਏ। ਅੱਗੇ ਇਕ ਸਿੰਘੀ ਲਿਬਾਸ ਵਿਚ ` ਸਿੰਘਣੀ ਖੜੀ ਸੀ ਤੇ ਨਾਲ ਇਕ ਭੁਜੰਗੀ ਸਿੰਘ ਸੀ। ਇਨ੍ਹਾਂ ਦੇ ਅੱਪੜਦੇ ਸਾਰ ਉਹ ਸਿੰਘਣੀ ਉੱਠਕੇ ਆਈ, ਧਾ ਕੇ ਸਤਵੰਤ ਕੌਰ ਦੇ ਗਲੇ ਚੰਬੜ ਗਈ ਤੇ ਫਾਰਸੀ ਵਿਚ ਬੋਲੀ ‘ਅਜ਼ੀਜ਼ਾ ਅਜ਼ੀਜ਼ਾ।’ ਆਹ ! ਪਿਆਰ ਦਾ ਦਿਲਾਂ ਦੀਆ ਕੰਦਰਾਂ ਵਿਚ ਲੁਕ ਲੁਕ ਬਹਿਣਾ ਤੇ ਛਾਲਾਂ ਮਾਰ ਮਾਰ ਕੇ ਉੱਛਲ ਉੱਛਲ ਬਾਹਰ ਆਉਣਾ ! ਸਤਵੰਤ ਦੇ ਕੰਨ ਅਵਾਜ਼ ਪਛਾਣ ਗਏ ਕੋਮਲ ਪਰ ਘੁੱਟਵੀਂ ਜੱਫੀ ਨੇ ਪਿਆਰ ਦੇ ਕੜ ਪਾੜ ਘੱਤੇ। ਸਤਵੰਤ ਨੇ ਘੁੱਟ ਲਿਆ, ਘੁੱਟ ਰਹੀ ਹੈ ਆਪਣੀ ਪਿਆਰੀ ਫਾਤਮਾ ਨੂੰ, ਜਿਸ ਨੇ ਉਸ ਨਾਲ ਕਦੇ ਔਖੀਆਂ ਵੇਲੇ ਪਿਆਰ ਕੀਤਾ ਸੀ। ਹਾਂ ਜਿਸ ਦੇ ਪਿਆਰ ਬਦਲੇ ਸਤਵੰਤ ਉਸਦਾ ਘਟ ਦੀਪ ਜਗਾ ਆਈ ਸੀ। ਹਾਂ ਜੋ ਲੱਗੀਆਂ ਫੇਰ ਬੁਝੀਆਂ ਨਹੀਂ। ਉਹ ਨਾਮ ਦੀ ਰੌ, ਉਹ ਉੱਚੀ ਸੁਰਤ ਦੇ ਉਚੇਰੇ ਤੇ .ਉਨਮਨ ਵਿਚ ਰਹਿਣ ਤੇ ਤਦੋਂ ਚੜ੍ਹੇ ਰੰਗ ਫੇਰ ਲੱਥੇ ਨਹੀਂ ਸਨ। ਅੱਜ ਵੇਖੋ ਉਹੋ ਅੰਦਰਲੀਆਂ ਲੱਗੀਆਂ ਫਾਤਮਾ ਨੂੰ ਕਿੱਥੇ ਲੈ ਆਈਆਂ ਅਰ ਕਿਸ ਤਰ੍ਹਾਂ ਵਲਿੱਖਾਂ ਚੀਰਕੇ ਪਿਆਰੀ ਦੇ ਗਲੇ ਚਿਮਟਾ ਰਹੀਆਂ ਹਨ, ਉਹ ਅਸਮਤੁੱਲਾ ਦਾ ਆਖ਼ਰੀ ਖ਼ਤ ਫਾਤਮਾ ਦੇ ਸਤਵੰਤ ਲਈ ਫੜਕ ਰਹੇ ਦਿਲ ਨੂੰ ਖੰਭ ਲਾ ਕੇ ਪੰਜਾਬ ਲੈ ਆਇਆ ਹੈ, ਉਸ ਅੰਦਰਲੇ ਸਤਿਸੰਗ-ਪ੍ਰੇਮ ਨੇ ਆਪਣੇ ਪਿਆਰ ਦੇ ਆਲੰਬ ਨੂੰ ਕੀਕੂੰ ਢੂੰਡ ਲਿਆ ਹੈ? ਪ੍ਰੇਮ ਨੇ ਮਨ ਬਦਲਿਆ ਸੀ, ਮਨ ਨੇ ਵੇਸ, ਦੇਸ਼, ਮਤ ਤੇ ਧਰਮ ਸਾਰਾ ਕੁਛ ਬਦਲ ਘੱਤਿਆ।

ਅਪਣੀ ਪ੍ਰੀਤਮਾ ਸਤਵੰਤ ਦੇ ਹੂ-ਬ-ਹੂ ਨਕਸ਼ੇ ਦੀ ਹੋ ਕੇ ਫਾਤਮਾ ਸਾਰੇ ‘ਆਪਣੇਂ ਤੋਂ ਸੰਨ੍ਯਾਸ ਧਾਰ ਸਦਾ ਲਈ ਆਪਣਾ ਦੇਸ਼ ਛੱਡ ਪਿਆਰੀ ਦੇ ਦੇਸ਼ ਆ ਗਲੇ ਮਿਲੀ ਹੈ। ਮਿਲੀ ਹੈ ਕਿ ਇਕ ਹੋ ਗਈ ਹੈ। ਪਿਆਰ- ਅੰਦਰਲੇ ਦੇ ਪਿਆਰ-ਵਾਲੀਆਂ ਅੱਡ ਅੱਡ ਦੇਸ਼ਾਂ ਦੀਆਂ ਰੂਹਾਂ, ਅੱਡ ਅੱਡ ਮਤਾਂ ਦੀਆਂ ਰੂਹਾਂ, ਅੱਡ ਅੱਡ ਭਾਈਚਾਰਕ ਦੇਸ਼ਾਂ ਵਿਚ ਜੰਮੀਆਂ ਪਲੀਆਂ ਰੂਹਾਂ ਕਿਵੇਂ ਅੰਦਰਲੇ ਦੇ ਪਿਆਰ ਨੇ ਇਕ ਕਰਾਈਆਂ ਹਨ। ਫਾਤਮਾ ਘੁੱਟ ਘੁੱਟਕੇ ਬਿਹਬਲ ਹੁੰਦੀ ਹੈ, ਨੈਣ ਛਮਾਂ ਛਮ ਵਗਦੇ ਹਨ, ਕੰਠ ਗਦ ਗਦ ਹੈ। ਸਤਵੰਤ ਅਜਬ ਤ੍ਰੰਗਾਂ ਵਿਚ ਉਸ ਨੂੰ ਘੁੱਟਦੀ ਹੈ। ਜਿਉਂ ਜਿਉਂ ਮਿਲਣ, ਠੰਢ ਪੈਂਦੀ ਹੈ, ਪਿਆਰ ਨੂੰ ਰੱਜ ਆਉਂਦਾ ਹੈ ਤੇ ਖਿੱਚ ਵਧਦੀ ਹੈ। ਵੱਖ ਵੱਖ ਹੋ ਕੇ ਫੇਰ ਮਿਲਦੀਆਂ ਹਨ, ਪਰ ਜਿਉਂ ਜਿਉਂ ਮਿਲਦੀਆਂ ਹਨ, ਤਿਉਂ ਤਿਉਂ ਵਲਵਲੇ ਵਧਦੇ ਹਨ। ਜਿਉਂ ਜਿਉਂ ਰੰਗ ਵਧਿਆ ਤਿਉਂ ਤਿਉਂ ਪਿਆਰ ਸਮਾਧੀ ਗਾੜ੍ਹੀ ਹੋਈ, ਤਿਉਂ ਤਿਉਂ ਲਬਾਂ ਨੇ ਘੁੱਟ ਖਾਧੀ, ਨੈਣਾਂ ਦੇ ਅੰਦਰ ਨੂੰ ਖਿੱਚ ਲਾਈ, ਸਿਰ ਨੂੰ ਕੁਛ ਚੜ੍ਹਿਆ।

ਜਿਉਂ ਜਿਉਂ ਪਵਿੱਤ੍ਰ ਅੰਗਾਂ ਦੀ ਪਰਸਪਰ ਛੁਹ ਲਗੀ, ਤਿਉਂ ਤਿਉਂ ਵਿਸਮਾਦ ਦੇ ਰੰਗ ਚੜ੍ਹੇ : ਚੜ੍ਹਦਿਆਂ ਫਾਤਮਾ ਮਾਨੋਂ ਬੇ-ਸੁਧ ਹੋ ਗਈ। ਵਾਹ ਵਾ, ਇਹ ਭੈਣਾਂ ਨਹੀਂ, ਮਾਵਾਂ ਧੀਆਂ ਨਹੀਂ, ਲਹੂ ਦੀਆਂ ਸਾਂਝੀ- ਵਾਲ ਨਹੀਂ, ਸਤਿਸੰਗ ਮੇਲਣਾ ਹਨ, ਕੇਵਲ ਸਤਿਸੰਗ ਦਾ ਪਿਆਰ ਹੈ, ਪਿਆਰਾਂ ਦੀ ਖਿੱਚ ਕਹਿਰ ਕਰ ਰਹੀ ਹੈ, ਝੰਜੋਲ ਝੰਜੋਲ ਕੇ ਦਿਲਾਂ ਵਿਚ ਸਮਾਈ ਜਾਂਦੀ ਹੈ, ਸਮਾਏ ਦਿਲ ਰਸ-ਰੰਗ ਵਿਚ ਮਗਨ ਹੁੰਦੇ ਜਾਂਦੇ ਹਨ। ਮਗਨਤਾ ਹੈ, ਹਾਂ ਜੀ ! ਸੁਰਤਾਂ ਦੀ ਸੁਰਤ ਸਮਾਈ ਹੋ ਰਹੀ ਹੈ। ਇਹੋ ਹੈ ਨਾ ਪ੍ਰੇਮ ਦੀ ਬੇਸੁਧੀ। ਸੁਰਤ ਵਿਚ ਮੇਲ ਹੋਕੇ ਉੱਚ ਸੁਰਤਿਆਂ ਹੋਕੇ ਬੇਸੁਰਤੀ ਹੈ ਇਹ। ਹਾਂ ਦੁਇ ਬੇਸੁਰਤ ਹੋ ਰਹੀਆਂ ਹਨ। ਸੁਰਤਾਂ ਪੰਘਰ ਪੰਘਰ ਕੇ ਸੁਰਤਾਂ ਵਿਚ ਸਮਾ ਰਹੀਆਂ ਹਨ, ਇਸ ਨੂੰ ਪ੍ਰੇਮ ਮਦਹੋਸ਼ੀ ਆਖਦੇ ਹਨ। ਇਹੋ ਹੈ ਦੇਹਾਂ ਦਾ ਇਕ ਹੋਣਾ। ਵਾਹ ਵਾਹ ਪਿਆਰ, ਵਾਹ ਵਾਹ ਉੱਚੇ ਸੁੱਚੇ ਉਨਮਨੇ ਮਨਾਂ ਦਾ ਮਨਾਂ ਵਿਚ ਸਮਾਉ, ਹਾਂ ਇਹ ਮਦਹੋਸ਼ੀ ਹੈ। ਪਤਾ ਨਹੀਂ ਆਪੋ ਵਿਚ ਕੌਣ ਸਾਂ ਤੇ ਹਾਂ, ਪਰ ਆਪੋ ਵਿਚ ਮਨ ਮਨਾਂ ਵਿਚ ਘੁਲ ਮਿਲ ਗਏ ਹਨ, ਰੰਗ ਤੇ ਰਸ ਭਰ ਰਿਹਾ ਹੈ। ਆਨੰਦ ਹੈ, ਰਸ ਹੈ, ਫੇਰ ਮਦਹੋਸ਼ੀ ਹੈ। ਸਦਕੇ ਹਾਂ ਏਸ ਪਿਆਰ ਮੂਰਤੀ ਦੇ, ਸਦਕੇ ਹਾਂ ਪਿਆਰ ਦੇ ਇਸ ਕਲੀਆਂ ਭਰ ਆਏ ਲਹਿਲਹਾ ਰਹੇ ਚਮਨ ਦੇ।

ਮਿਲੇ ਰਹੋ, ਮਿਲੇ ਰਹੋ, ਜੋ ਵਿੱਛੁੜ ਵਿੱਛੁੜ ਮਿਲੇ ਹੋ ਮਿਲੇ ਰਹੋ। ਇਸ ਪ੍ਰੇਮ ਮੂਰਤੀ ਉਤੇ ਬਾਵਰੀਆਂ ਵਾਲੇ ਗੁਰਮੁਖ ਦੇ ਪ੍ਰੇਮ ਪ੍ਰਵੇਧੇ ਪਵਿੱਤ੍ਰ ਤ੍ਰੇਲ ਮੋਤੀਆਂ ਨਾਲ ਭਰੇ ਨੈਣ ਇਲਾਹੀ ਪੁਸ਼ਪਾਂ ਦੀ ਬਰਖਾ ਕਰ ਰਹੇ ਹਨ। ਹਾਂ ਉਨ੍ਹਾਂ ਦੇ ਅਰਸ਼ੀ ਦਾਤੇ ਅਰਸ਼ਾਂ ਅਤੇ ਅਰਸ਼ਾਂ ਤੋਂ ਪਾਰ ਉਰਾਰਦੇ ਜਗਤ ਪਾਲਕ ਆਪਣੇ ਇਲਾਹੀ ਪਿਆਰ ਦੀ ਰਸ ਤ੍ਰੇਲ ਵਰਸਾ ਰਹੇ ਹਨ। ਇਹ ਰਹੇ ਮੂਰਤੀ ਠਟੀ ਹੋਈ, ਹਾਂ ਜੀ, ਇਹ ਖਿੱਚੀ ਰਹੇ ਤਸਵੀਰ ਸਤਿਸੰਗ ਪ੍ਰੇਮ ਦੀ, ਹਾਂ, ਸਦਾ ਦਿਸਦੀ ਰਹੇ ਇਹ ਮੂਰਤੀ, ਪ੍ਰੇਮ ਦਾ ਨੂਰ ਵਰਸਾਂਦੀ ਰਹੇ ਇਹ ਚਿਤ੍ਰ-ਕਾਰੀ। ਪ੍ਰੇਮ ਦੀ ਸੁਗੰਧੀ ਇਸ ਪਿਆਰੇ ਨਕਸ਼ੇ ਤੋਂ ਮਹਿਕ ਮੁਸ਼ਕਾਂ ਮਚਾਂਦੀ ਰਹੇ, ਸਮੇਂ ਦਰ ਸਮੇਂ ਮਗਨ ਕਰਦੀ ਰਹੇ, ਮਨਾਂ ਨੂੰ- ਪ੍ਰੇਮ ਦੇ ਜਗਾਏ ਮਨਾਂ ਨੂੰ-ਰਸ ਮਗਨ ਕਰਦੀ ਰਹੇ। ਹਾਂ ਤਨ ਮਨ ਆਪਾ ਸਾਰਾ ਕੁਛ ਮਗਨ ਕਰਦੀ ਰਹੇ, ਛੋਹਾਂ ਲਾਂਦੀ ਰਹੇ, ਜਿੰਦਾਂ ਪਾਂਦੀ ਰਹੇ ਅਤੇ ਸਦਾ ਜੀਵੇ ਉਹ ਦੂਲਾ ਪੰਥ ਜਿਸਦੇ ਚਮਨ ਐਸੇ ਫੁੱਲ ਖਿੜਦੇ ਹਨ।

 

Credit – ਭਾਈ ਵੀਰ ਸਿੰਘ

 

 

 

Leave a comment