ਸੁੰਦਰੀ ਨਾਵਲ ਭਾਈ ਸਾਹਿਬ ਭਾਈ ਵੀਰ ਸਿੰਘ | Sunadri Novel Bhai Vir Singh

ਸੁੰਦਰੀ

ਭਾਈ ਸਾਹਿਬ ਭਾਈ ਵੀਰ ਸਿੰਘ

ਸੁੰਦਰੀ ਨਾਵਲ ਭਾਈ ਸਾਹਿਬ ਭਾਈ ਵੀਰ ਸਿੰਘ | Sunadri Novel Bhai Vir Singh

ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ?

ਸੁੰਦਰੀ ਦੇ ਸਮਾਚਾਰ ਅਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿਚ ਲਿਖੇ ਹਨ ਅਸਾਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਾਂ ਅਰ ਬ੍ਰਿਧ ਤੀਵੀਆਂ ਪੁਰਖਾਂ ਤੋਂ ਸੁਣਕੇ ਕੱਠੇ ਕਰ ਕੇ ਇਕ ਸ਼ਰੇਣੀ ਵਿਚ ਗੁੰਦ ਕੇ ਅਰ ਟੁੱਟੇ ਸਿਲਸਲਿਆਂ ਨੂੰ ਮਿਲਾ ਕੇ ਲਿਖੇ ਹਨ। ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ ਦੋਹਾਂ ਨੂੰ ਨਿਬਾਹੁਣ, ਕੁਰੀਤੀਆਂ ਦਾ ਤਿਆਗ ਹੋਵੇ, ਧਰਮ ਦਾ ਵਾਧਾ ਹੋਵੇ ਅਰ ਸਿਖਾਂ ਨੂੰ ਆਪਣੇ ਉਤੱਮ ਅਸੂਲ ਪਿਆਰੇ ਲਗਣ, ਆਪਣੇ ਵਿਚ ਜਥੇਬੰਦ ਹੋ ਕੇ ਸਿੰਘ ਦੂਜੀਆਂ ਕੌਮਾਂ ਨੂੰ ਇਕ-ਰਸ ਜਾਣ ਕੇ ਕਿਸੇ ਨਾਲ ਅਤਿ ਵੈਰ ਤੇ ਕਿਸੇ ਨਾਲ ਅਤਿ ਮੋਹ ਨਾ ਕਰਨ, ਸਗੋਂ ‘ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ’ ਵਾਲੀ ਗੁਰੂ ਸਿਖਯਾ ਪੁਰ ਟੁਰ ਕੇ ਅਟੱਲ ਰਹਿਣ।

ਪ੍ਰਵੇਸ਼ਕਾ

‘ਸੁੰਦਰੀ’ ਭਾਈ ਵੀਰ ਸਿੰਘ ਜੀ ਦੀ ਸਭ ਤੋਂ ਜ਼ਿਆਦਾ ਹਰਮਨ ਪਿਆਰੀ ਤੇ ਮਨ ਨੂੰ ਟੁੰਬਣ ਵਾਲੀ ਰਚਨਾ ਹੈ। ਇਸ ਦੀ ਲੋਕਪ੍ਰਿਯਤਾ ਇਸ ਗੱਲ ਤੋਂ ਪਰਤੱਖ ਹੈ ਕਿ ਸੁੰਦਰੀ ਰਚਨਾ ਤੋਂ ਬਾਅਦ ਭਾਈ ਸਾਹਿਬ ‘ਸੁੰਦਰੀ ਕਰਤਾ’ ਹੋ ਗਏ। ਸੁੰਦਰੀ ਰਚਨਾ ਹੈ ਉਸ ਸੂਰਬੀਰ ਸਿੱਖ ਇਸਤਰੀ ਬਾਰੇ ਜੋ ਆਪਦੀ ਬੇਵਸੀ ਉਪਰ ਝੋਰੇ ਨਹੀਂ ਝੁਰਦੀ ਤੇ ਨਾ ਹੀ ਆਪਣੇ ਆਪ ਨੂੰ ਕਾਬਲੇ-ਰਹਿਮ ਸਮਝਦੀ ਹੈ। ਗਊ ਰੂਪੀ ਇਕ ਨਿਰਬਲ ਇਸਤਰੀ ਦੇ ਜੀਵਨ ਵਿਚ ਜ਼ੁਲਮ ਤੇ ਜਬਰ ਨਾਲ ਟੱਕਰ ਲੈਣ ਦੀ ਸ਼ਕਤੀ ਉਸ ਨੇ ਹਾਸਲ ਕੀਤੀ ਸਿੱਖ ਇਤਿਹਾਸ ਤੋਂ, ਸਿੱਖ ਕੀਮਤਾਂ-ਕਦਰਾਂ ਤੋਂ ਤੇ ਆਪਣੇ ਵੀਰ ਬਲਵੰਤ ਸਿੰਘ ਤੋਂ, ਜੋ ਸਿੱਖ ਬਣਕੇ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈ ਰਿਹਾ ਸੀ।

‘ਸੁੰਦਰੀ’ ਵਿਚ ਇਹ ਕੀ ਖੂਬੀ ਹੈ ਕਿ ਹੁਣ ਉਸ ਦੀ 40ਵੀਂ ਐਡੀਸ਼ਨ ਛਾਪੀ ਜਾ ਰਹੀ ਹੈ। ਇਹ ਗੱਲ ਨਾ ਤਾਂ ਨੁਕਤਾਚੀਨਾਂ ਨੂੰ ਸਮਝ ਆਈ ਤੇ ਨਾ ਹੀ ਸ਼ਰਧਾਲੂਆਂ ਨੂੰ। ਨੁਕਤਾਚੀਨੀਆਂ ਨੇ ਇਹ ਕਿਹਾ ਕਿ ‘ਸੁੰਦਰੀ’ ਇਤਿਹਾਸਕ ਤੱਥ ਨਹੀਂ ਇਹ ਕੇਵਲ ਆਦਰਸ਼ਵਾਦੀ ਝਾਕੀ ਹੈ। ਦਰਅਸਲ ਸੁੰਦਰੀ ਚਿੰਨ੍ਹ ਹੈ ਇਕ ਨਵੀਂ ਸ਼ਕਤੀ ਦਾ ਜਿਸ ਨੂੰ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਨੇ ਇਕ ਨਵਾਂ ਰਾਹ ਦਿਖਾਇਆ। ਮੱਧ-ਕਾਲੀਨ ਸਮੇਂ ਦੇ ਹਾਕਮ ਆਪਣੀ ਹਵਸ਼ ਲਈ ਨੌਜਵਾਨ ਇਸਤਰੀਆਂ ਨੂੰ ਜ਼ਬਰਦਸਤੀ ਆਪਣੇ ਧਰਮ ਵਿਚ ਸ਼ਾਮਲ ਕਰਨ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਖੋਹ ਕੇ ਲੈ ਜਾਂਦੇ ਸਨ ਅਤੇ ਉਸ ਵੇਲੇ ਦਾ ਸਮਾਜ ਆਪਣੀ ਮਾਨਸਿਕ ਕਮਜ਼ੋਰੀ ਕਾਰਣ ਇਸ ਜ਼ਬਰ ਨਾਲ ਟੱਕਰ ਨਹੀਂ ਸੀ ਲੈਂਦਾ। ਸਿੱਖ ਲਹਿਰ ਨੇ ਜਿਥੇ ਇਕ ਪਾਸੇ ਜ਼ੁਲਮ ਤੇ ਜਬਰ ਨਾਲ ਟੱਕਰ ਲੈਣ ਲਈ ਸਮਾਜ ਨੂੰ ਸੰਗਠਿਤ ਕੀਤਾ, ਉਥੇ ਇਸਤਰੀ ਵਿਚ ਸਮਾਜਕ ਬਰਾਬਰੀ ਤੇ ਮਨੋਬਲ ਪੈਦਾ ਕਰਕੇ ਇਕ ਨਵੀਂ ਰੂਹ ਭਰ ਦਿਤੀ। ਇਸ ਰਚਨਾ ਰਾਹੀਂ ਭਾਈ ਸਾਹਿਬ ਨੇ ਸੁਤੀ ਕਲਾ ਜਗਾ ਦਿਤੀ, ਕੌਮ ਉਠ ਖਲੋਤੀ ਤੇ ਨਵਾਂ ਸਮਾਜ ਉਸਾਰ ਦਿੱਤਾ।

ਅੱਜ ਜਦੋਂ ਕਈ ਕਾਰਨਾਂ ਕਰਕੇ ਸਿੱਖ ਸਮਾਜ ਫਿਰ ਢਹਿੰਦੀਆਂ ਕਲਾਂ ਵਲ ਜਾ ਰਿਹਾ ਹੈ, ਭਾਈ ਸਾਹਿਬ ਦੀਆਂ ਲਿਖਤਾਂ ਤੇ ਖ਼ਾਸ ਕਰਕੇ ‘ਸੁੰਦਰੀ’ ਉਨ੍ਹਾਂ ਨੂੰ ਆਪਣੇ ਬਲਵਾਨ ਤੇ ਨਰੋਏ ਵਿਰਸੇ ਦੀ ਪਹਿਚਾਨ ਕਰਨ ਵਿਚ ਸਹਾਈ ਹੋਵੇਗੀ।

ਡਾ. ਜਸਵੰਤ ਸਿੰਘ ਨੇਕੀ

ਆਨਰੇਰੀ ਜਨਰਲ ਸਕੱਤਰ

ਸੁੰਦਰੀ

1 ਕਾਂਡ 

ਇਕ ਹਰੇ ਖੇਤਾਂ ਨਾਲ ਲਹਿਲਹਾਉਂਦੇ ਮੈਦਾਨ ਵਿਚ ਇਕ ਨਿੱਕਾ ਜਿਹਾ ਪਿੰਡ ਘੁੱਗ ਵਸਦਾ ਸੀ, ਹਿੰਦੂ ਮੁਸਲਮਾਨ ਦੁਹਾਂ ਤਰ੍ਹਾਂ ਦੀ ਵੱਸੋਂ ਇਸ ਪਿੰਡ ਵਿਚ ਸੀ। ਪਿੰਡ ਥੀਂ ਕੁਝ ਦੂਰ ਇਕ ਸੰਘਣਾ ਬਨ ਅਰ ਵੱਡਾ ਸਾਰਾ ਛੰਭ ਸੀ, ਜਿਸ ਕਰਕੇ ਸ਼ਿਕਾਰ ਖੇਡਣ ਵਾਲੇ ਇਧਰ ਬਹੁਤ ਆਇਆ ਜਾਇਆ ਕਰਦੇ ਸਨ।

ਪਿੰਡ ਦੇ ਚੜ੍ਹਦੇ ਪਾਸੇ ਨੂੰ ਇਕ ਸੜਕ ਸੀ, ਇਸ ਰੁਖ਼ ਨੂੰ ਪਿੰਡ ਦੀ ਬਾਹਰਲੀ ਲਾਂਭ ਵਲ ਇਕ ਧਨਾਢ ਹਿੰਦੂ ‘ਸ਼ਾਮਾ’ ਨਾਮ ਦਾ ਘਰ ਸੀ, ਜਿਸ ਦੀ ਧੀ ਦਾ ਮੁਕਲਾਵਾ ਹੋਣ ਵਾਲਾ, ਸੀ । ਦੁਪਹਿਰ ਢਲ ਗਈ ਅਰ ਨਿੱਕੀ ਨਿੱਕੀ ਪੌਣ ਰੁਮਕਣ ਲੱਗ ਗਈ, ਸ਼ਾਮੇ ਦੇ ਘਰ ਮੁਕਲਾਵੇ ਦੀ ਤਿਆਰੀ ਵਿਚ ਇੱਡਾ ਧੂੰਆਂ ਤੇ ਹੁੰਮਸ ਹੋ ਰਿਹਾ ਸੀ ਕਿ ਅੰਦਰ ਖਲੋਣਾ ਔਖਾ ਹੋ ਗਿਆ। ਮੁਕਲਾਈ ਜਾਣ ਵਾਲੀ ਮੁਟਿਆਰ ਕੁੜੀ, ਜਿਸ ਦਾ ਨਾਉਂ ਸੁਰੱਸਤੀ ਸੀ, ਅਰ ਬੜੀ ਸੁੰਦਰ ਸੀ, ਇਸ ਧੂਏਂ ਤੋਂ ਨੱਕ ਜਿੰਦ ਆਕੇ ਆਪਣੀਆਂ ਸਹੇਲੀਆਂ ਨਾਲ (ਜੋ ਘਰ ਦੇ ਪਿਛਵਾੜੇ ਸੜਕ ਦੇ ਨੇੜੇ ਪਈਆਂ ਖੇਡਦੀਆਂ ਸਨ) ਚਲੀ ਗਈ। ਇਥੇ ਤਾਂ ਕੁੜੀਆਂ ਦਾ ਤ੍ਰਿੰਞਣ ਲੱਗਾ ਹੋਇਆ ਸੀ, ਸਭੇ ਜੁਆਨ ਮੁਟਿਆਰਾਂ ਸਨ, ਕਈ ਵਿਆਹੀਆਂ, ਕਈ ਮੁਕਲਾਈਆਂ ਤੇ ਕਈ ਅਜੇ ਕੁਆਰੀਆਂ ਸਨ। ਸਭਨਾਂ ਦੇ ਚਿਹਰੇ ਕੋਝੇ ਕਹਿਣ ਜੋਗੇ ਨਹੀਂ ਸਨ, ਪਰ ਸੁਰੱਸਤੀ ਦੀ ਸੁੰਦਰਤਾ ਅੱਗੇ ਸੱਭੇ ਇਉਂ ਮਾਤ ਸਨ ਜਿਵੇਂ ਚੰਦ ਚੜ੍ਹੇ ਤਾਰੇ। ਹੱਸਦੀਆਂ ਖੇਡਦੀਆਂ ਕੁੜੀਆਂ ਇਕ ਅਸਚਰਜ ਤਮਾਸ਼ਾ ਹੋ ਰਹੀਆਂ ਸਨ, ਜੋ ਇੰਨੇ ਨੂੰ ਦੋ ਹੋਰ ਮੁਟਿਆਰ ਖੜ੍ਹੇਟੀਆਂ ਨਿਨਾਣ ਭਾਬੀ, ਥੋੜ੍ਹਾ ਜਿਹਾ ਚੀਣਾ ਤੇ ਮੋਲਾ ਲੈ ਕੇ ਛੜਨ ਵਾਸਤੇ ਆ ਗਈਆਂ, ਕਿਉਂਕਿ ਕੋਲ ਵਾਰ ਹੀ ਇਕ ਪੱਕੀ ਉੱਖਲੀ ਬਣੀ ਹੋਈ ਸੀ, ਜਿਥੇ ਨੇੜੇ ਨੇੜੇ ਦੇ ਘਰਾਂ ਦੀਆਂ ਤ੍ਰੀਮਤਾਂ ਚੌਲ ਛੜਦੀਆਂ ਹੁੰਦੀਆਂ ਸਨ। ਪਹਿਲਾਂ ਤਾਂ ਕੁੜੀਆਂ ਨੇ ਉਨ੍ਹਾਂ ਨੂੰ ਡਾਢਾ ਠੱਠੇ ਵਿਚ ਉਡਾਇਆ ਪਰ ਫੇਰ ਵਾਰੋਵਾਰੀ ਥੋੜੀਆਂ ਥੋੜੀਆਂ ਸੱਟਾਂ ਲਾ ਕੇ ਉਨ੍ਹਾਂ ਲਈ ਚੀਣਾਂ ਛੜਨ ਲੱਗੀਆਂ। ਜਦ ਸੁਰੱਸਤੀ ਦੀ ਵਾਰੀ ਆਈ ਤਾਂ ਸਾਰੀਆਂ ਰਲ ਕੇ ਇਹ ਗੀਤ ਗਾਉਣ ਲੱਗ ਗਈਆਂ:-

‘ਢਲ ਪਰਛਾਵੇਂ ਬੈਠੀਆਂ ਅਸੀਂ ਮਾਵਾਂ ਧੀਵੜੀਆਂ’

ਸੁਰੱਸਤੀ ਦੇ ਮੋਲ੍ਹੇ ਦੀ ਸੱਟ ਇਸ ਗੀਤ ਦੇ ਤਾਲ ਨਾਲ ਆ ਕੇ ਲੱਗੇ ਮਾਨੋ ਮੋਲ੍ਹਾ ਬੀ ਤਬਲੇ ਦੀ ਥਾਪ ਹੋ ਗਿਆ। ਇਸ ਗੀਤ ਵਿਚ ਸਭ ਐਸੀਆਂ ਮਸਤ ਹੋਈਆਂ ਮਾਨੋ ਨਿਰਾ ਪੂਰਾ ਆਪਣਾ ਆਪ ਬੀ ਭੁੱਲ ਗਈਆਂ।

ਜਦ ਗੀਤ ਮੁੱਕਾ ਤਾਂ ਖੋਟਿਆਂ ਕਰਮਾਂ ਨੂੰ ਕੀ ਦੇਖਦੀਆਂ ਹਨ ਜੋ ਇਕ ਬੁਰਛਾ, ਕੜੀ ਵਰਗਾ ਜੁਆਨ ਮੁਗ਼ਲ, ਘੋੜੇ ਉਤੇ ਸਵਾਰ ਤ੍ਰਿੰਞਣ ਦੇ ਕੋਲ ਖੜਾ ਘੂਰ ਰਿਹਾ ਹੈ, ਅਰ ਉਸ ਦੀ ਨਿਸ਼ਾਨੇ ਵਾਂਗ ਬੱਧੀ ਹੋਈ ਨਜ਼ਰ ਸੁਰੱਸਤੀ ਦੇ ਚਿਹਰੇ ਪਰ ਪੈ ਰਹੀ ਹੈ, ਜਿਸ ਨੂੰ ਵੇਖਕੇ ਸੁਸ਼ੀਲ ਕੰਨਯਾ ਮੁੜ੍ਹਕੇ ਨਾਲ ਪਾਣੀ ਪਾਣੀ ਹੋ ਗਈ ਅਰ ਸਭਨਾਂ ਪੁਰ ਅਜਿਹਾ ਸਹਿਮ ਛਾਇਆ ਜੋ ਪੱਥਰ ਵਾਂਙ ਉਥੇ ਹੀ ਜੰਮ ਗਈਆਂ।

ਹਿੰਦੂ ਮਾਪੇ ਧੀਆਂ ਨੂੰ ਇਸ ਹਨੇਰ ਦੇ ਸਮੇਂ ਘਰੋਂ ਬਾਹਰ ਬਹੁਤ ਘੱਟ ਨਿਕਲਣ ਦੇਂਦੇ ਹੁੰਦੇ ਸਨ ਅਰ ਧੀਆਂ ਨੂੰਹਾਂ ਨੂੰ ਨਜ਼ਰਬੰਦ ਕੈਦੀਆਂ ਵਾਂਙ ਲੁਕਾ ਲੁਕਾ ਰੱਖਦੇ ਸਨ, ਕਿਉਂਕਿ ਸੋਹਣੀ ਇਸਤ੍ਰੀ ਸੋਹਣਾ ਘਰ, ਧਨ ਤੇ ਮਾਲ ਹਿੰਦੂ ਪਾਸ ਔਖਾ ਹੀ ਰਹਿਣਾ ਮਿਲਦਾ ਸੀ। ਕਾਰਨ ਇਹ ਸੀ ਕਿ ਦਿੱਲੀ ਦੇ ਪਾਤਸ਼ਾਹ ਦਾ ਤਪ ਤੇਜ ਘਟ ਚੁਕਾ ਸੀ, ਨਵਾਬੀਆਂ ਖੇਚਲਾਂ ਵਿਚ ਰਹਿੰਦੀਆਂ ਸਨ, ਦੇਸ਼ ਵਿਚ ਆਪੋ ਧਾਪੀ ਛੇਤੀ ਮਚਦੀ ਸੀ ਤੇ ਛੋਟੇ ਹਾਕਮ ਮਨ-ਮਰਜ਼ੀਆਂ ਕਰਦੇ ਸਨ ।

ਮੁਗ਼ਲ ਦੀ ਅਜਿਹੀ ਨਜ਼ਰ ਵੇਖਕੇ ਕੁੜੀਆਂ ਡਰ ਗਈਆਂ ਕਿ ਖ਼ਬਰੇ ਇਹ ਕੀ ਕਹੇਗਾ? ਪਰ ਕੁੜੀਆਂ ਦੀ ਇਹ ਸੋਚ ਥੋੜੇ ਚਿਰ ਵਿਚ ਹੀ ਮੁੱਕ ਗਈ, ਜਦ ਉਸਨੇ ਦੋ ਕਦਮ ਅੱਗੇ ਹੋ ਕੇ ਧਰਮੀ ਕੰਨਯਾ ਸੁਰੱਸਤੀ ਦੀ ਨਰਮ ਵੀਣੀ ਸ਼ੇਰ ਦੇ ਜੱਫੇ ਵਾਂਙ ਕਾਬੂ ਕਰ ਲਈ ਅਰ ਇਕ ਹੁਜੱਕੇ ਨਾਲ ਘੋੜੇ ਉਤੇ ਆਪਣੇ ਅੱਗੇ ਸੱਟਕੇ ਅੱਡੀ ਲਾ ਕੇ ‘ਔਹ ਗਿਆ’ ਹੋ ਗਿਆ। ਸੁਰੱਸਤੀ ਦੀਆਂ ਚੀਕਾਂ ਤੇ ਕੁੜੀਆਂ ਦੀ ਹਾਲ ਪਾਹਰਿਆ ਨੇ ਸਾਰਾ ਪਿੰਡ ਕੱਠਾ ਕਰ ਦਿੱਤਾ, ਹੱਕੇ ਬੱਕੇ ਹੋ ਸਭ ਕਾਰਣ ਪੁੱਛਣ ਲੱਗੇ। ਕੁੜੀਆਂ ਤੋਂ ਸਮਾਚਾਰ ਸਮਝ ਸੁਣਕੇ ਅਰ ਆਪਣੀਆਂ ਅੱਖਾਂ ਦੇ ਸਾਹਮਣੇ ਉਪੱਦ੍ਰਵ ਨੂੰ ਵੇਖਕੇ ਸਭ ਜਣੇ ਅਚੰਭਾ ਹੋ ਮੂੰਹ ਵਿਚ ਉਂਗਲਾਂ ਟੁਕ ਰਹੇ ਸਨ, ਪਰ ਹਾਇ ਧਰਮ ਦੀ ਹਾਨੀ। ਇੱਡੀ ਭੀੜ ਵਿਚ ਕਿਸੇ ਦਾ ਹੀਆ ਨਹੀਂ ਪੈਂਦਾ ਜੋ ਹਿੰਮਤ ਕਰੇ, ਜਾਨ ਹੂਲੇ ਤੇ ਮਗਰ ਜਾ ਕੇ ਛੁਡਾਵੇ।

ਜਦ ਮੁਗ਼ਲ ਅੱਖਾਂ ਤੋਂ ਉਹਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਉ, ਭਰਾ ਤੇ ਘਰ ਵਾਲਾ ਅਰ ਦੋ ਪੈਂਚ ਇਸ ਮੁਗ਼ਲ ਪਾਸ ਜਾ ਕੇ ਮਿੰਨਤਾਂ ਕਰਨ, ਭਲਾ ਜੇ ਉਸ ਦੇ ਮਨ ਤਰਸ ਪੈ ਜਾਵੇ।

ਪਿੰਡ ਤੋਂ ਮੀਲ ਕੁ ਦੀ ਵਾਟ ਪੁਰ ਇਸ ਦੇ ਤੰਬੂ ਲੱਗੇ ਹੋਏ ਸਨ। ਇਹ ਇਲਾਕੇ ਦਾ ਹਾਕਮ ਸੀ, ਅਰ ਏਥੇ ਸ਼ਿਕਾਰ ਖੇਡਣ ਆਇਆ ਹੋਇਆ ਸੀ। ਨੌਕਰ ਚਾਕਰ ਨਾਲ ਬਹੁਤ ਥੋੜੇ ਆਂਦੇ ਸਨ। ਅੱਜ ਸ਼ਿਕਾਰ ਖੇਡਣ ਚੜ੍ਹਿਆ ਤਾਂ ਪਿਛੇ ਡੇਰੇ ਵਿਚ ਕੋਈ ਸਿਪਾਹੀ ਨਾ ਛੱਡਿਆ, ਸਭ ਨੂੰ ਨਾਲ ਲੈ ਆਇਆ। ਸ਼ਿਕਾਰ ਖੇਡਦੇ ਹੋਏ ਨੇ ਇਕ ਹਰਨ ਦੇ ਮਗਰ ਘੋੜਾ ਸੁਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ। ਹਰਨ ਤਾਂ ਨਾ ਲੱਭਾ, ਪਰ ਪਿੰਡ ਵੇਖਕੇ ਪਾਣੀ ਪੀਣ ਲਈ ਇਧਰ ਆਏ ਨੂੰ ਕੰਨਯਾ ਦਾ ਸ਼ਿਕਾਰ ਹੱਥ ਲਗ ਗਿਆ। ਸੋ ਲੈ ਕੇ ਜਦ ਇਹ ਆਪਣੇ ਡੇਰੇ ਅੱਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ, ਇਸ ਲਈ ਇਸ ਕੁੜੀ ਨੂੰ ਇਕ ਦਰੀ ਪਰ ਬਿਠਾ ਕੇ ਘੋੜਾ ਬੰਨ੍ਹਣ ਤੇ ਪਾਣੀ ਆਦਿਕ ਪੀਣ ਦੇ ਕੰਮ ਵਿਚ ਲਗ ਗਿਆ, ਜੋ ਡੇਰੇ ਵਿਚ ਲਗਭਗ ਮੁੱਕਾ ਪਿਆ ਸੀ। ਜਦ ਵਿਹਲਾ ਹੋ ਕੇ ਫੇਰ ਸੁਰੱਸਤੀ ਵੱਲ ਆਇਆ ਤਾਂ ਇਨੇ ਚਿਰ ਵਿਚ ਪਿੰਡ ਦੇ ਲੋਕ ਵੀ ਅੱਪੜ ਪਏ ਸਨ। ਸੁਰੱਸਤੀ ਇਕ ਦਰੀ ਪਰ ਬੈਠੀ ਰੋ ਰਹੀ ਸੀ ਪਰ ਆਪ ਸਾਹਿਬ ਇਕ ਪਲੰਘ ਪਰ ਬੈਠੇ ਸਨ। ਉਸ ਵੇਲੇ ਪੰਜਾਂ ਜਣਿਆਂ ਮੱਥਾ ਟੇਕਿਆ ਅਰ ਬੇਨਤੀ ਕੀਤੀ ਕਿ ਇਸ ਕੰਨਯਾ ਨੂੰ ਛੱਡ ਦੇਵੋ। ਹਾਕਮ ਨੇ ਉਤਰ ਦਿਤਾ ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ? ਕੀ ਹੋਇਆ ਜੇ ਡਾਰ ਵਿਚੋਂ ਇਕ ਮੈਂ ਲੈ ਆਂਦੀ ਤਾਂ ਤੁਹਾਡੀ ਡਾਰ ਵਿਚ ਕੁਝ ਘਾਟਾ ਤਾਂ ਨਹੀਂ ਪੈ ਚਲਿਆ।

ਸ਼ਾਮੇ ਨੇ ਹੱਥ ਜੋੜ ਕੇ ਕਿਹਾ:-ਇਹ ਮੇਰੀ ਸੁਖੇ ਲੱਧੀ ਧੀ ਹੈ ਅਰ ਵਿਆਹੀ ਹੋਈ ਹੈ, ਅੱਜ ਮੁਕਲਾਵਾ ਹੈ। ਆਪ ਕਿਰਪਾ ਕਰੋ, ਨਹੀਂ ਤਾਂ ਮੇਰਾ ਨੱਕ ਵੱਢਿਆ ਜਾਵੇਗਾ, ਤੁਸੀਂ ਦਇਆ ਕਰੋ। ਹਾਕਮ ਪਰਜਾ ਦੇ ਮਾਈ ਬਾਪ ਹੁੰਦੇ ਹਨ।

ਹਾਕਮ— ਜਾਓ ਜਾਓ, ਨਹੀਂ ਦਿਆਂਗਾ।

ਸ਼ਾਮਾਂ- ਮਹਾਰਾਜ! ਆਪ ਦੇ ਕੀ ਪ੍ਰਵਾਹ ਹੈ, ਆਪ ਚਾਹੋ ਤਾਂ ਚਟੀ ਵਜੋਂ ਇਸ ਨਾਲ ਸਾਂਵੀਂ ਤੋਲਕੇ ਚਾਂਦੀ ਲੈ ਲਵੋ ਪਰ ਇਸਦੀ ਜਾਨ ਬਖਸ਼ੀ ਕਰੋ। ਪਰ ਨਵਾਬ ਨੇ ਸੜੇ ਹੋਏ ਹਾਸੇ ਵਿਚ ਕਿਹਾ: ਜਾਓ ਜਾਓ।

ਇਸ ਪਰ ਕੁੜੀ ਦੇ ਭਰਾਉ ਨੇ ਹੱਥ ਜੋੜ ਕੇ ਗੱਲ ਵਿਚ ਪੱਲਾ ਪਾ ਕੇ ਕਿਹਾ-ਮਹਾਰਾਜ! ਆਪ ਨੂੰ ਕੀ ਪਰਵਾਹ ਹੈ, ਆਪ ਪਾਸ ਹਜ਼ਾਰਾਂ ਤੀਮੀਆਂ ਹਨ, ਇਸ ਅਨਾਥ ਪੁਰ ਦਇਆ ਕਰੋ ਅਰ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਵਿਚ ਸੋਨਾ ਇਸ ਦੇ ਬਦਲੇ ਹਾਜ਼ਰ ਕਰਦਾ ਹਾਂ ਆਖੋ ਤਾਂ ਕਨੀਜ਼ਾਂ ਮੁੱਲ ਲੈ ਦੇਂਦਾ ਹਾਂ। ਆਪ ਵਡੇ ਉਦਾਰ ਹੋ, ਇਹ ਦਾਨ ਕਰੋ। ਪਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ।

ਫੇਰ ਕੰਨਯਾ ਦੇ ਘਰ ਵਾਲੇ (ਜਿਸ ਨਾਲ ਉਸਦਾ ਮੁਕਲਾਵਾ ਹੋਣਾ ਸੀ) ਪੈਰੀਂ ਪੈ ਕੇ ਕਿਹਾ ਕਿ ਮੈਂ ਆਪ ਦੀ ਪਰਜਾ ਹਾਂ, ਪਰਜਾ ਦੀ ਲਾਜ ਰਾਜੇ ਨੂੰ ਹੁੰਦੀ ਹੈ। ਮੈਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਾਂਗਾ, ਆਪ ਮਿਹਰ ਕਰੋ, ਮੇਰੇ ਪਾਸ ਜੋ ਕੁਛ ਧਨ ਮਾਲ ਹੈ ਨਜ਼ਰ ਵਜੋਂ ਕਬੂਲ ਲਓ ਤੇ ਮੇਰੀ ਇਸਤ੍ਰੀ ਮੈਨੂੰ ਇਸ ਵੇਲੇ ਮੋੜ ਦਿਓ। ਆਪ ਮੇਰੀ ਲਾਜ ਸ਼ਰਮ ਰਖ ਲਓ।

ਨਵਾਬ— ਅੱਛਾ, ਬੜੇ ਅਮੀਰ ਹੋ ਸਾਰੇ ਹੀ ਹੈਂ? ਜਾਓ ਜਾਓ। ਇਸ ਸੋਨੇ ਦੀ ਚਿੜੀ ਨੂੰ ਨਹੀਂ ਛੋੜਾਂਗਾ। ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੁਛ ਲਾਲਚ ਨਹੀਂ, ਜਾਓ ਚਲੇ ਜਾਓ, ਨਹੀਂ ਤਾਂ ਕੈਦ ਕਰ ਦਿਆਂਗਾ।

ਇਹ ਸੁਣਕੇ ਕੁੜੀ ਦਾ ਘਰ ਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਹਦੇ ਅਗੇ ਧਨੀ ਪ੍ਰਗਟ ਕਰ ਬੈਠਾ ਹਾਂ ਮਤੇ ਇਹ ਨਾ ਹੋਵੇ ਕਿ ਮੇਰਾ ਘਰ ਬਾਹਰ ਲੁੱਟ ਲੈਂਦਾ ਹੋਵੇ, ਇਥੋਂ ਖਿਸਕਣਾ ਹੀ ਠੀਕ ਹੈ। ਇਹ ਵਿਚਾਰ ਕੇ ਉਹ ਖਿਸਕਿਆ ਅਰ ਸੁਹਰੇ ਪਿੰਡ ਅੱਪੜ ਕੇ ਸਾਥੀਆਂ ਸਣੇ ਘਰਾਂ ਨੂੰ ਤੁਰ ਗਿਆ।

ਪਿੰਡ ਦਿਆਂ ਪੈਂਚਾਂ ਦੇ ਮਿੰਨਤ ਤਰਲੇ ਨੂੰ ਭੀ ਜਦ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬਿਹੋਸ਼ ਹੋ ਕੇ ਡਿੱਗ ਪਿਆ, ਬੁੱਢਾ ਪਿਉ ਸਿਰਹਾਣੇ ਬੈਠਾ ਰੋਣ ਲੱਗਾ। ਇਹ ਹਾਲ ਵੇਖਕੇ ਸੁਰੰਸਤੀ ਦੇ ਦਿਲ ਵਿਚ ਖਬਰੇ ਕੀ ਆਈ ਕਿ ਅੱਥਰੂ ਸੁੱਕ ਗਏ ਅਰ ਦਿਲ ਵਿਚ ਹੌਸਲਾ ਭਰ ਗਿਆ, ਘੁੰਡ ਚੁੱਕ ਦਿੱਤਾ, ਉਠ ਕੇ ਭਰਾ ਦੇ ਸਿਰਹਾਣੇ ਆ ਕੇ ਉਸ ਦੇ ਕੰਨਾਂ ਵਿਚ ਕਹਿਣ ਲੱਗੀ:

ਉਠ ਵੇ ਉਠ! ਮੇਰੀ ਮਾਂ ਦਿਆ ਜਾਇਆ, ਉਠ! ਘਰ ਨੂੰ ਜਹਾ ਮੁਗ਼ਲ ਦਾ ਪਾਣੀ ਮੈਂ ਨਾ ਪੀਆਂ, ਵੀਰਾ! ਮਰਾਂਗੀ ਅੱਗ ਜਲਾ’।

ਜਦ ਪਿਉ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗ਼ਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਇਹ ਪੁਤ੍ਰੀ ਧਰਮ ਛੀਨ ਭੀ ਨਹੀਂ ਕਰੇਗੀ ਤਦ ਸਾਰੇ ਉੱਠਕੇ ਟੁੱਟੇ ਲੱਕ ਤੇ ਭੱਜੇ ਦਿਲ ਘਰ ਨੂੰ ਆ ਗਏ।

ਹਾਇ! ਉਹ ਸੁੰਦਰ ਘਰ, ਜੋ ਕੁਝ ਚਿਰ ਹੋਇਆ ਚਾਉ ਮਲ੍ਹਾਰਾਂ ਦੀ ਥਾਂ ਹੋ ਰਿਹਾ ਸੀ, ਹੁਣ ਸਿਆਪੇ ਦਾ ਥਾਉਂ ਹੋ ਗਿਆ, ਸਾਰੇ ਸਾਕ ਅੰਗ ਪਰਚਾਉਣੀ ਕਰਨ ਆ ਜੁੜੇ ਅਰ ਤੀਵੀਆਂ ਦੇ ਰੋਣ ਪਿੱਟਣ ਨਾਲ ਡਾਢੀ ਹਾਹਾ-ਕਾਰ ਮਚ ਗਈ। ਕੀ ਹਿੰਦੂ ਕੀ ਮੁਸਲਮਾਨ ਉਂਗਲਾਂ ਟੁਕ ਟੁਕ ਰਹਿ ਗਏ, ‘ਹਾਇ ਹਨੇਰ’ ‘ਇਹ ਅਨਰਥ।’

ਗੱਲ ਕੀ ਇਹੋ ਜਿਹੇ ਦੁਖ ਰੋਏ ਜਾ ਰਹੇ ਸਨ ਕਿ ਅਚਾਨਕ ਇਕ ਸਬਜ਼ੇ ਘੋੜੇ ਪੁਰ ਇਕ ਅਸਵਾਰ (ਸਿਰ ਤੋਂ ਪੈਰਾਂ ਤੀਕ ਸ਼ਸਤ੍ਰਧਾਰੀ, ਤੇੜ ਗੋਡਿਆਂ ਵਾਲਾ ਕਛਹਿਰਾ, ਗਲ ਕੁੜਤਾ ਤੇ ਪਟਕੇ ਨਾਲ ਲੱਕ ਕੱਸਿਆ ਹੋਇਆ, ਸਿਰ ਪੁਰ ਸੁਰਮਈ ਦਸਤਾਰਾ, ਚਿਹਰੇ ਦਾ ਭਰਵਾਂ ਸਿੰਘ ਬਹਾਦਰ, ਜਿਸਨੂੰ ਦੇਖਕੇ ਸਿੱਕ ਭੁਖ ਲਹਿ ਜਾਵੇ) ਆ ਨਿਕਲਿਆ। ਸਭਨਾਂ ਦੀਆਂ ਨਜ਼ਰਾਂ ਉਧਰ ਉਠ ਗਈਆਂ, ਹੋਰ ਤਾਂ ਕੋਈ ਨਾ ਪਛਾਣ ਸਕਿਆ, ਪਰ ਸੁਰੱਸਤੀ ਦੀ ਮਾਂ ਨੇ (ਜੋ ਤੀਵੀਆਂ ਵਿਚ ਬੈਠੀ ਸੀ) ਤੁਰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁਤ੍ਰ ਹੈ, ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀਂ ਅਰ ਸਿੱਖ ਬਣਕੇ ਜਿਉਂ ਘਰੋਂ ਨਿਕਲਿਆ ਫੇਰ ਅੱਜ ਤੀਕ ਇਸ ਦੀ ਕੁਝ ਉੱਘ ਮੋਹਰ ਨਹੀਂ ਨਿਕਲੀ ਸੀ। ਪੁਤ੍ਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਹ ਫੁਰ ਪਿਆ ਅਰ ਉੱਠਕੇ ਪੁਤ੍ਰ ਦੇ ਗਲ ਆ ਲੱਗੀ ਜੋ ਘੋੜੇ ਤੋਂ ਹੁਣ ਉਤਰ ਕੇ ਖਲੋਤਾ ਸੀ। ਇਹ ਵੇਖ ਕੇ ਪਿਉ ਭਰਾ ਨੇ ਵੀ ਪਛਾਣਿਆ ਅਰ ਮਿਲਣ ਦੌੜੇ, ਪਰ ਅਫ਼ਸੋਸ ਇੰਨੇ ਚਿਰ ਦੇ ਵਿਛੋੜੇ ਪਿਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰੱਸਤੀ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ।

ਇਹ ਖ਼ਬਰ ਸਿੰਘ ਦੇ ਕੰਨਾਂ ਵਿਚ ਅਜਿਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜ੍ਹ ਆਇਆ ਅਰ ਸੂਹੀਆਂ ਅੱਖਾਂ ਕਰਕੇ ਦੰਦੀਆਂ ਕ੍ਰੀਚਣ ਲੱਗ ਪਿਆ। ਧਰਮ ਦੇ ਜੋਸ਼ ਨੇ ਅੰਗ ਅੰਗ ਹਿੱਲਾ ਦਿੱਤਾ ਫਿਰ ਪਤਾ ਪੁੱਛਿਓ ਸੁ ਕਿ ਮੁਗ਼ਲ ਦਾ ਡੇਰਾ ਕਿੱਥੇ ਕੁ ਹੈ? ਪਤਾ ਸੁਣ ਕੇ ਝੱਟ ਘੋੜੇ ਤੇ ਪਲਾਕੀ ਮਾਰ, ਔਹ ਗਿਆ! ਔਹ ਗਿਆ!! ਹੋ ਗਿਆ। ਮਾਂ ਪਿਉ ਭਾਵੇਂ ਬਥੇਰੇ ਵਾਸਤੇ ਪਾ ਰਹੇ ਕਿ ਨਾ ਜਾਹ, ਐਵੇਂ ਜਾਨ ਗੁਆ ਆਵੇਂਗਾ, ਕਿਉਂਕਿ ਤਦੋਂ ਹਾਕਮ ਸਿੱਖਾਂ ਨੂੰ ਦੇਖ ਨਹੀਂ ਸੁਖਾਂਦੇ ਸਨ, ਪਰ ਬਲਵੰਤ ਸਿੰਘ ਨੇ ਇਕ ਨਾ ਸੁਣੀ। ਪਲੋ ਪਲੀ ਵਿਚ ਤੰਬੂਆਂ ਲਾਗੇ ਜਾ ਪਹੁੰਚਾ। ਕੀ ਦੇਖਦਾ ਹੈ ਕਿ ਇਕ ਲੱਕੜਾਂ ਦਾ ਢੇਰ ਹੈ, ਜਿਸ ਦੇ ਇਕ ਪਾਸੇ ਅੱਗ ਸੁਲਗ ਰਹੀ ਜਾਪਦੀ ਹੈ ਅਰ ਉਤੋਂ ਜਪੁਜੀ ਸਾਹਿਬ ਦੀਆਂ ਪੌੜੀਆਂ ਦੇ ਪਾਠ ਦੀ ਆਵਾਜ਼ ਆਉਂਦੀ ਹੈ ਇਕ ਛਿਨ ਵਿਚ ਸਿੰਘ ਜੀ ਅੱਪੜੇ ਅਰ ਘੋੜੇ ਤੋਂ ਛਾਲ ਮਾਰ ਕੇ ਲੱਕੜਾਂ ਦੇ ਢੇਰ ਉਪਰੋਂ ਭੈਣ ਨੂੰ ਚੁਕ ਲਿਆ। ਸੁਰੱਸਤੀ ਆਪਣੀ ਜਾਨ ਤੋਂ ਪਿਆਰੇ ਭਰਾ ਨੂੰ ਦੇਖ ਕੇ ਬਾਗ ਬਾਗ ਹੋ ਗਈ ਅਰ ਬੋਲੀ-

ਮੇਰੇ ਪਿਆਰੇ ਵੀਰ ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾਹ ਨਹੀਂ ਉਪਜੀ ਬਿਨਾਂ ਤੇਰੇ ਮਿਲਣ ਦੇ, ਸੋ ਗੁਰੂ ਨੇ ਪੂਰੀ ਕੀਤੀ, ਅੰਤ ਵੇਲੇ ਤੂੰ ਆ ਮਿਲਿਆ ਹੈਂ, ਸ਼ੁਕਰ, ਲੈ ਹੁਣ ਜਿਧਰੋਂ ਆਇਆ ਹੈਂ ਚਲਾ ਜਾਹ, ਕਿਉਂਕਿ ਉਹ ਮੁਗ਼ਲ ਹੁਣੇ ਹੀ ਆ ਜਾਣ ਵਾਲਾ ਹੈ ਅਰ ਮੈਂ ਉਸਦੇ ਆਉਣ ਤੋਂ ਅੱਗੇ ਹੀ ਮਰ ਜਾਣਾ ਚਾਹੁੰਦੀ ਹਾਂ।

ਭਰਾ- ਪਿਆਰੀ ਭੈਣ ਆਤਮਾ ਦਾ ਘਾਤ ਕਰਨਾ ਵੱਡਾ ਪਾਪ ਹੈ, ਚੱਲ ਮੇਰੇ ਨਾਲ।

ਭੈਣ ਨਹੀਂ ਵੀਰ ਜੀ! ਧਰਮ ਲਈ ਮਰਨਾ ਬੁਰਾ ਨਹੀਂ ਅਰ ਜੇ ਮੈਂ ਤੁਹਾਡੇ ਨਾਲ ਚੱਲੀ ਜਾਵਾਂ ਤਾਂ ਇਹ ਪਾਪੀ ਸਾਡਾ ਸਾਰਾ ਘਰ ਉਜਾੜ ਦੇਵੇਗਾ ਅਰ ਤੈਨੂੰ ਵੀ ਨਹੀਂ ਛੱਡੇਗਾ। ਮੈਂ ਮਰਨ ਤੋਂ ਰਤਾ ਨਹੀਂ ਡਰਦੀ, ਗੁਰੂ ਤੇਗ਼ ਬਹਾਦਰ ਜੀ ਮੇਰੇ ਅੰਗ ਸੰਗ ਹਨ, ਜਾਹ, ਮੇਰੇ ਪਿੱਛੇ ਬਹੁਤਿਆਂ ਦੀ ਜਾਨ ਬਚਣ ਦੇਹ।

ਬਲਵੰਤ ਸਿੰਘ ਨੂੰ ਦੂਰੋਂ ਕੁਛ ਖੜਾਕ ਜੇਹਾ ਮਲੂਮ ਹੋਇਆ ਤਾਂ ਭੈਣ ਦੀ ਗੱਲ ਵਿੱਚੇ ਛੱਡ, ਬਾਹੋਂ ਗ੍ਰੀਕ ਉਸ ਨੂੰ ਘੋੜੇ ਤੇ ਸੁਟ ਹਵਾ ਹੋ ਗਿਆ। ਜਾਂ ਘਰ ਆਇਆ ਤਾਂ ਪਿਉ ਭਰਾ ਅਗੋਂ ਖਾਣ ਨੂੰ ਪਏ; “ਪਾਪੀਆ ਇਹ ਕੀ ਕਰ ਆਇਉਂ, ਭਲਾ ਹੁਣ ਤੁਰਕ ਸਾਨੂੰ ਛੱਡੇਗਾ? ਜਿਸ ਵੇਲੇ ਉਸਨੂੰ ਇਹ ਪਤਾ ਲੱਗਾ ਕਿ ਸਾਡਾ ਪੁੱਤਰ ਸਿਖ ਹੈ ਤਾਂ ਉਞ ਘਾਣ ਬੱਚਾ ਪੀੜਿਆ ਜਾਊ ਤੇ ਉਪਰੋਂ ਤੂੰ ਕੁੜੀ ਉਸ ਤੋਂ ਖੋਹ ਲਿਆਇਆ ਹੈਂ, ਉਹ ਤਾਂ ਭੁੱਖੇ ਸ਼ੇਰ ਵਾਂਗ ਆ ਪਏਗਾ। ਭਲਾਮਾਣਸ ਬਣ, ਜਿਧਰੋਂ ਆਇਆ ਹੈਂ, ਉਧਰ ਜਾ ਤੇ ਕੁੜੀ ਉਸ ਨੂੰ ਦੇ ਆ।”

ਮਾਪਿਆਂ ਥੋਂ ਇਹ ਨਿਰਾਦਰ ਦੇ ਵਚਨ ਸੁਣ ਕੇ ਸਿੰਘ ਜਰ ਨਾ ਸਕਿਆ। ਉਸੇ ਵੇਲੇ ਘੋੜੇ ਨੂੰ ਅੱਡੀ ਲਾ ਕੇ ਭੇਣ ਸਮੇਤ ਹਵਾ ਹੋ ਗਿਆ ਅਰ ਕੋਈ ਇਕ ਘੰਟਾ ਕੁ ਮਗਰੋਂ ਇਕ ਖੁੱਲ੍ਹੇ ਮੈਦਾਨ ਵਿਚ ਅੱਪੜਿਆ ਜਿੱਥੇ ਕਈ ਲੋਥਾਂ ਦੇ ਢੇਰ ਲੱਗੇ ਹੋਏ ਸਨ ਅਰ ਲਹੂ ਨਾਲ ਧਰਤੀ ਸੂਹੀ ਹੋ ਰਹੀ ਸੀ। ਇਹ ਦੇਖ ਕੇ ਸਿੰਘ ਹੱਕਾ ਬੱਕਾ ਰਹਿ ਗਿਆ ਕਿ ਪਲ ਦੀ ਪਲ ਵਿਚ ਕੀ ਹੋ ਗਿਆ? ਸੋਚੇ ਕਿ ਕਿਸ ਤੋਂ ਸਮਾਚਾਰ ਪੁੱਛਾਂ ਕਿ ਕਿੱਧਰ ਗਏ? ਇਹ ਸੋਚ ਕੇ ਘੋੜੇ ਤੋਂ ਉਤਰ ਲੋਥਾਂ ਨੂੰ ਵੇਖਣ ਲੱਗਾ। ਕੁਝ ਚਿਰ ਦੇ ਮਗਰੋਂ ਇਕ ਲੋਥ ਸਿਸਕਦੀ ਦਿੱਸੀ। ਇਸ ਨੂੰ ਚੁਕ ਕੇ ਡਿੱਠਾ ਤਾਂ ਘਾਉ ਕੁਝ ਕਰੜੇ ਨਹੀਂ ਸਨ। ਇਕ ਦਸਤਾਰ ਪਾੜ ਕੇ ਭੈਣ ਭਰਾ ਨੇ ਉਸ ਦੇ ਘਾਉ ਬੱਧੇ ਅਰ ਨੇੜੇ ਦੇ ਛੰਭ ਵਿਚੋਂ ਪਾਣੀ ਲਿਆ ਕੇ ਮੂੰਹ ਵਿਚ ਚੋਇਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਅਰ ਹੌਲੀ ਜਿਹੀ ਬੋਲਿਆ : ‘ਭਰਾ ਬਲਵੰਤ ਸਿੰਘ ਸ਼ੁਕਰ ਹੈ, ਤੂੰ ਅੰਤ ਵੇਲੇ ਆ ਮਿਲਿਆ।’

ਬਲਵੰਤ ਸਿੰਘ ਸ਼ੇਰ ਸਿੰਘਾ! ਇਹ ਕੀ ਹੋਇਆ ? ਪਲੋ ਪਲੀ ਵਿਚ ਕੀ ਭੜਥੂ ਮੱਚ ਕੇ ਹੇਠਲੀ ਉਤੇ ਹੋ ਗਈ?

ਸ਼ੇਰ ਸਿੰਘ ਭਰਾ! ਜਿਸ ਵੇਲੇ ਤੂੰ ਘਰ ਗਿਆ, ਅਸੀਂ ਅਜੇ ਡੇਰੇ ਹੀ ਕਰਦੇ ਸਾਂ ਕਿ ਤੁਰਕ ਆ ਪਏ, ਡਾਢੀ ਕਰੜੀ ਲੜਾਈ ਦੇ ਮਗਰੋਂ ਖਾਲਸਾ ਭੀੜੀ ਜੂਹ ਨੂੰ ਨੱਸ ਗਿਆ। ਮੈਂ ਉਸ ਵੇਲੇ ਘਾਇਲ ਹੋ ਕੇ ਡਿੱਗ ਪਿਆ ਸਾਂ। ਤੁਰਕ ਬਹੁਤ ਮੋਏ, ਪਰ ਉਹ ਸਨਗੇ ਬਹੁਤ, ਫੇਰ ਪਤਾ ਨਹੀਂ ਕੀ ਹੋਇਆ ?

ਇਹ ਸੁਣ ਕੇ ਸਿੰਘ ਨੇ ਉਸ ਨੂੰ ਇਕ ਬ੍ਰਿਛ ਦੀ ਛਾਵੇਂ ਲਿਟਾ ਦਿੱਤਾ ਅਰ ਹੋਰ ਜਿਉਂਦਿਆਂ ਦੀ ਭਾਲ ਵਿਚ ਲਗਾ, ਪਰ ਸਾਰੇ ਸਿੱਖ ਸ਼ਹੀਦਾਂ ਵਿਚੋਂ ਇਕ ਹੋਰ ਵਿਚ ਜਾਨ ਸੀ। ਇਸ ਨੂੰ ਘਾਉ ਤਾਂ ਕੋਈ ਕਰੜਾ ਨਹੀਂ ਸੀ, ਕੇਵਲ ਸੱਟ ਖਾ ਕੇ ਬੇ-ਸੁਧ ਹੋ ਗਿਆ ਸੀ। ਇਸ ਨੂੰ ਪਾਣੀ ਆਦਿ ਦੇ ਕੇ ਹੋਸ਼ ਵਿਚ ਆਂਦਾ ਤਾਂ ਉਹੋ ਸਮਾਚਾਰ ਸੁਣਿਆ। ਇਹ ਮਨੁਖ ਜ਼ਰਾ ਤਕੜਾ ਸੀ ਅਰ ਸਵਾਰੀ ਕਰ ਸਕਦਾ ਸੀ, ਇਸ ਕਰਕੇ ਘੋੜਿਆਂ ਦੀ ਭਾਲ ਕੀਤੀ ਤਾਂ ਦੂਰ ਸਾਰੇ ਇਕ ਰੁੱਖ ਨਾਲ ਬੱਧੇ ਦੋ ਘੋੜੇ ਮਿਲ ਗਏ, ਜੋ ਸਿੰਘਾਂ ਦੇ ਰਹਿ ਗਏ ਸਨ। ਹੁਣ ਇਕ ਸਰਸਰੀ ਗੁਰਮਤ ਹੋਇਆ ਕਿ ਇਕ ਘੋੜਾ ਸੁਰੱਸਤੀ ਨੂੰ ਦੇਈਏ* ਤੇ ਇਕ ਦੂਜੇ ਸਿੰਘ ਨੂੰ ਅਰ ਘਾਇਲ ਨੂੰ ਬਲਵੰਤ ਸਿੰਘ ਨਾਲ ਪਾ ਲਵੇ ਤੇ ਰਾਤੋ ਰਾਤ ਭੀੜੀ ਜੂਹ ਵਿਚ ਚਲ ਵੜੀਏ।

ਇਹ ਸਲਾਹ ਗਿਣ ਕੇ ਭੈਣ ਨੂੰ ਘੋੜੇ ਤੇ ਸਵਾਰ ਕਰਾ ਕੂਚ ਦੀ ਤਿਆਰੀ ਕੀਤੀ। ਸੁਰੱਸਤੀ ਇਸ ਭਰਾ ਕੋਲੋਂ ਸਿਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸਨ ਹੋ ਗਈ ਹੋਈ ਸੀ। ਮਾਪਿਆਂ ਤੋਂ ਚੋਰੀ ਪਾਠ ਭੀ ਕਰਦੀ ਹੁੰਦੀ ਸੀ ਤੇ ਇਉਂ ਅੰਦਰਲੀ ਭਾਉਣੀ ਪੱਕੀ ਹੋ ਗਈ ਸੀ। ਨਿਸਚਾ ਇਕ ਅਸਚਰਜ ਤਾਕਤ ਹੈ, ਜਦ ਕਿਸੇ ਗੱਲ ਪਰ ਬੁਝ ਜਾਏ ਤਾਂ ਪਰਬਤ ਵਾਂਗ ਅਚੱਲ ਹੋ ਜਾਂਦਾ ਹੈ, ਸੋ ਇਹ ਅਠਾਰਾਂ ਵਰ੍ਹੇ ਦੀ ਅਨ ਮੁਕਲਾਈ ਕੰਨਿਆ ਡਾਢੀ ਧਰਮੀ ਹੋ ਗਈ ਸੀ, ਇਹੋ ਕਾਰਣ ਸੀ ਕਿ ਮੁਗ਼ਲ ਨੂੰ ਤੇਹ ਦੇ ਧੋਖੇ ਪਾਣੀ ਲੈਣ ਘੱਲ ਕੇ ਸੁਰੱਸਤੀ ਨੇ ਝੱਟ ਹੀ ਇਕ ਲੱਕੜਾਂ ਦੇ ਢੇਰ ਪੁਰ (ਜੋ ਬਾਵਰਚੀ ਖਾਨੇ ਦੇ ਅੱਗੇ ਪਈਆਂ ਸਨ) ਪੱਛੀਆਂ ਨਾਲ ਇਕ ਪਾਸਿਉਂ ਅੱਗ ਲਾਈ ਅਤੇ ਜਪੁਜੀ ਦਾ ਪਾਠ ਕਰਦੀ ਹੋਈ ਉਤੇ ਬੈਠ ਗਈ*, ਜਦੋਂ ਕਿ ਉਸ ਦੇ ਬਹਾਦਰ ਵੀਰ ਨੇ ਉਸ ਨੂੰ ਆ ਬਚਾਇਆ। ਫੇਰ ਜਦੋਂ ਘਰਦਿਆਂ ਨੇ ਤ੍ਰਾਹ ਦਿੱਤੀ, ਤਦ ਭੀ ਕੰਨਯਾ ਦਾ ਨਿਸ਼ਚਾ ਨਾ ਫਿਰਿਆ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ। ਜਦ ਉਸ ਮੈਦਾਨ ਵਿਚ ਅੱਪੜੀ, ਜਿਥੇ ਹੁਣੇ ਹੀ ਸਿੱਖਾਂ ਤੇ ਤੁਰਕਾਂ ਦੀ ਇਕ ਛੋਟੀ ਜਿਹੀ ਲੜਾਈ ਹੋ ਕੇ ਹਟੀ ਸੀ ਅਰ ਘਾਇਲ ਸਿੱਖ ਦੇਖੇ ਸੇ; ਤਾਂ ਕੰਨਯਾ ਦਾ ਦਿਲ ਜੋਸ਼ ਨਾਲ ਉਛਲ ਪਿਆ ਕਿ ਅਜੇਹੇ ਬਹਾਦਰਾਂ ਦੀ ਸੇਵਾ ਕਰਨ ਨਾਲੋਂ, ਜੋ ਧਰਮ ਰੱਖਯਾ ਲਈ ਇਸ ਤਰ੍ਹਾਂ ਜਾਨਾਂ ਤਲੀ ਪੁਰ ਧਰੀ ਫਿਰਦੇ ਹਨ; ਹੋਰ ਕਿਹੜਾ ਕੰਮ ਚੰਗਾ ਹੋਊ? ਫਿਰ ਆਪਣੇ ਭਰਾ ਦੇ ਤਰਸ ਤੇ ਸੂਰਬੀਰਤਾ ਪਰ ਸੋਚ ਫੁਰੀ ਕਿ ਮੇਰਾ ਇਹ ਅੰਮੀ ਜਾਇਆ ਵੀਰ ਕਿੰਨਾ ਚੰਗਾ ਹੋ ਗਿਆ ਹੈ, ਕਿਉਂ ਨਾ ਮੇਰਾ ਮਨ ਭੀ ਏਡਾ ਬਹਾਦਰ ਹੋ ਜਾਵੇ। ਚੰਦਨ-ਸੁਗੰਧਿ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਅਰ ਜੀ ਵਿਚ ਸੋਚਣ ਲੱਗੀ ਕਿ “ਤੀਵੀਆਂ ਧਰਮ ਰੱਖਯਾ ਲਈ ਕਿਉਂ ਜੰਗ ਨਹੀਂ ਕਰਦੀਆਂ? ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀਂ ਹੋਵਾਂ ਜੋ ਭਰਾ ਵਾਂਙੂ ਸੂਰਬੀਰ ਹੋ ਜਾਵਾਂ?”

ਇਹੋ ਜਿਹੀਆਂ ਵਿਚਾਰਾਂ ਨੇ ਸੁਰੱਸਤੀ ਨੂੰ ਅੱਜ ਦੇ ਇਡੇ ਭਿਆਨਕ ਹਾਲਾਂ ਵਿਚ ਘਾਬਰਨ ਨਾ ਦਿੱਤਾ, ਸਗੋਂ ਉਸਦਾ ਹੌਸਲਾ ਦੂਣਾ ਕਰ ਦਿੱਤਾ ਅਰ ਘੋੜੇ ਪਰ ਇਉਂ ਸਵਾਰ ਹੋ ਗਈ ਕਿ ਮਾਨੋ ਪੱਕੀ ਸਵਾਰ ਹੈ। ਅਰ ਭਰਾ ਨੂੰ ਕਹਿ ਕੇ ਇਕ ਮੁਰਦੇ ਦੀ ਤਲਵਾਰ ਬੀ ਲੈ ਗਲੇ ਲਟਕਾ ਲਈਓ ਸੁ।

ਗੱਲ ਕੀ ਦੂਜੇ ਘਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿਚ ਸਨ ਕਿ ਪਿਛਲੀ ਲਾਭੋਂ ਧੂੜ ਉਡਦੀ ਦਿੱਸੀ ਅਰ ਪਲ ਮਗਰੋਂ ਤੁਰਕ ਸਵਾਰਾਂ ਦਾ ਇਕ ਦਸਤਾ ਦਿੱਸਿਆ, ਗਹੁ ਕਰਕੇ ਦੇਖਣ ਤੋਂ ਪਕਾ ਸ਼ੱਕ ਪੈ ਗਿਆ ਕਿ ਉਹੋ ਮੁਗ਼ਲ ਕੰਨਯਾ ਦੇ ਪਿੱਛੇ ਆ ਰਿਹਾ ਹੈ।

ਇਹ ਦੇਖ ਕੇ ਤਿੰਨਾਂ ਨੇ ਘੋੜੇ ਸਿੱਟ ਦਿੱਤੇ। ਹੁਣ ਅਸਚਰਜ ਮੌਜ ਹੋਈ, ਅੱਗੇ ਅੱਗੇ ਤਿੰਨੇ ਸਿੰਘ, ਮਗਰ ਕੋਈ ਸੌ ਕੁ ਤੁਰਕ। ਤਿੰਨ ਚਾਰ ਮੀਲ ਤਕ ਤਾਂ ਘੋੜੇ ਉਡੇ, ਪਰ ਇਥੇ ਅੱਪੜ ਕੇ ਸ਼ੇਰ ਸਿੰਘ ਦਾ ਘੋੜਾ ਨਹੁੰ ਖਾ ਕੇ ਡਿੱਗ ਪਿਆ। ਉਹਦੇ ਡਿੱਗਣ ਦੀ ਢਿੱਲ ਸੀ ਜੋ ਬਾਕੀ ਦੋਵੇਂ ਭੀ ਅਟਕ ਗਏ। ਇੰਨੇ ਨੂੰ ਤੁਰਕ ਭੀ ਪਹੁੰਚ ਗਏ, ਥੋੜ੍ਹਾ ਚਿਰ ਤਲਵਾਰ ਚੱਲੀ, ਅੱਠ ਦੱਸ ਤੁਰਕ ਡਿੱਗੇ, ਹਾਕਮ ਭੀ ਜ਼ਖਮੀ ਹੋਇਆ। ਸ਼ੇਰ ਸਿੰਘ ਮਾਰਿਆ ਗਿਆ, ਸੁਰੱਸਤੀ ਤੇ ਬਲਵੰਤ ਸਿੰਘ ਨੂੰ ਬੀ ਕੁਛ ਕੁ ਘਾਉ ਲੱਗੇ ਪਰ ਉਨ੍ਹਾਂ ਦੇ ਘੋੜੇ ਫੱਟ ਖਾ ਕੇ ਡਿੱਗ ਪਏ ਅਰ ਦੋਵੇਂ ਭੈਣ ਭਰਾ ਬੰਦੀ ਵਿਚ ਪੈ ਗਏ ਤੇ ਤੁਰਕਾਂ ਦੇ ਜੱਥੇ ਦੇ ਪਹਿਰੇ ਵਿਚ ਕਸ਼ਟ ਭੋਗਣ ਲਈ ਪਿਛਲੇ ਪੈਰੀਂ ਮੋੜੇ ਗਏ।

2 ਕਾਂਡ

ਭੀੜੀ ਜੂਹ ਦੇ ਵਿਚਕਾਰ ਸਿੱਖਾਂ ਨੇ ਬ੍ਰਿਛ ਬੂਟੇ ਕੱਟਕੇ ਇਕ ਖੁਲ੍ਹਾ ਮੈਦਾਨ ਬਣਾਇਆ ਹੋਇਆ ਸੀ ਅਰ ਇਸ ਤਰ੍ਹਾਂ ਦੇ ਥਾਂਉਂ ਪੰਜਾਬ ਦੇ ਬਨਾਂ ਵਿਚ ਅਨੇਕਾਂ ਸਨ; ਜਿਥੇ ਸਿੱਖ ਲੋਕ ਭੀੜ ਬਣੀ ਪੁਰ ਜਾ ਲੁਕਦੇ ਸਨ। ਬਨਾਂ ਦੇ ਪੱਤੇ ਪੱਤੇ ਦੀ ਉਨ੍ਹਾਂ ਨੂੰ ਖ਼ਬਰ ਸੀ, ਪਰ ਵੈਰੀਆਂ ਲਈ ਉਨ੍ਹਾਂ ਸੰਘਣੇ ਬਨਾਂ ਨੂੰ ਝਾਗਣਾ ਇਕ ਕਠਨ ਤੇ ਅਨਹੋਣਾ ਕੰਮ ਹੋਇਆ ਕਰਦਾ ਸੀ। ਇਥੇ ਅਸੀਂ ਭੀੜੀ ਜੂਹ ਦੇ ਇਕ ਸਮਾਗਮ ਦਾ ਵਰਣਨ ਕਰਦੇ ਹਾਂ। ਇਕ ਦਿਨ ਲੌਢੇ ਵੇਲੇ ਭੀੜੀ ਜੂਹ ਵਿਚ ਦੀਵਾਨ ਲੱਗਾ ਹੋਇਆ ਸੀ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਰ ਪੰਜ ਕੁ ਸਿੰਘ ਬੈਠੇ ਸ਼ਬਦ ਗਾਉਂ ਰਹੇ ਸਨ। ਇਸ ਜਥੇ ਦਾ ਸਰਦਾਰ ਸ਼ਾਮ ਸਿੰਘ ਸੀ; ਜੋ ਦੇਉ ਵਰਗੀ ਡੀਲ ਤੇ ਸੇਉ ਵਰਗੇ ਲਾਲ ਚਿਹਰੇ ਨਾਲ ਇਕ ਭਰਵਾਂ ਤੇ ਸੁਹਣਾ ਜੁਆਨ ਦਿਖਾਈ ਦੇਂਦਾ ਸੀ। ਪਾਠ ਸਮਾਪਤ ਹੋਣ ਮਗਰੋਂ ਬੋਲਿਆ: ਭਾਈ ਖਾਲਸਾ ਜੀ! ਕਿਸੇ ਨੂੰ ਬਲਵੰਤ ਸਿੰਘ ਦਾ ਪਤਾ ਹੈ? ਸਭ ਨੇ ਸਿਰ ਹਿਲਾਇਆ ਕਿ ਨਹੀਂ, ਉਹ ਤਾਂ ਜਦੋਂ ਦਾ ਆਪਣੇ ਪਿੰਡ ਗਿਆ ਹੈ ਮੁੜਕੇ ਨਹੀਂ ਆਇਆ, ਖਬਰੇ ਘਰ ਦੇ ਸੁਖਾਂ ਵਿਚ ਪੈ ਗਿਆ ਹੈ?

ਸ਼ਾਮ ਸਿੰਘ ਬੋਲਿਆ- ਇਹ ਗੱਲ ਅਨਹੋਣੀ ਹੈ; ਬਲਵੰਤ ਸਿੰਘ ਕੀ ਆਖ ਤੇ ਸੁਖ ਕੀ ਆਖ, ਉਸਨੂੰ ਜ਼ਰੂਰ ਕੋਈ ਅਪਦਾ ਪਈ ਹੈ, ਨਹੀਂ ਤਾਂ ਉਹ ਬਹਾਦਰ ਅਟਕਣ ਵਾਲਾ ਨਹੀਂ ਸੀ। ਕੋਲੋਂ ਰਾਠੌਰ ਸਿੰਘ ਬੋਲਿਆ: ਮਹਾਰਾਜ! ਕਿਸੇ ਨੂੰ ਉਸ ਦੇ ਪਿੰਡ ਘੱਲਿਆ ਜਾਵੇ, ਜੋ ਉਸਦੀ ਸਾਰ ਲਿਆਵੇ। ਇਕ ਸਿੰਘ ਬੋਲਿਆ: ਮੈਨੂੰ ਆਗਯਾ ਹੋਵੇ ਤਾਂ ਹੁਣੇ ਖ਼ਬਰ ਲੈਣ ਤੁਰ ਜਾਂਦਾ ਹਾਂ। ਸਰਦਾਰ ਨੇ ਕਿਹਾ-ਜਾਹ ਬਈ ਖਬਰ ਲਿਆ, ਪਰ ਝਬਦੇ ਮੁੜੀਂ, ਅਰ ਵੇਸ ਵਟਾ ਲੈ, ਮੁਗ਼ਲ ਬਣ ਕੇ ਜਾਹ, ਸਿੱਖੀ ਬਾਣੇ ਵਿਚ ਗਿਉਂ ਤਾਂ ਮਤਾਂ ਕਿਤੇ ਫਸ ਨਾ ਜਾਵੇਂ ਅਤੇ ਹੋਰ ਵੀ ਸੂੰਹ ਲਿਆਵੀਂ ਜੋ ਖਾਲਸਾ ਅਜ ਕਲ ਕਿਸ ਦਿਸ਼ਾ ਵਿਚ ਹੈ? ਲਾਹੌਰ ਵੱਲੋਂ ਕੁਝ ਭੈੜੀਆਂ ਕਨਸੋਆਂ ਆਉਂਦੀਆਂ ਹਨ।

ਇਹ ਵਾਕ ਸੁਣ ਉਹ ਸਿੰਘ, ਜਿਸਦਾ ਨਾਉਂ ਹਰੀ ਸਿੰਘ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਕੇ ਉਠਿਆ, ਡੇਰੇ ਵਿਚੋਂ ਮੁਗਲਈ ਕਪੜੇ ਲੈ ਪਹਿਨੇ ਤੇ ਘੋੜੇ ਉਤੇ ਅਸਵਾਰ ਹੋ ਤੁਰ ਪਿਆ। ਇਹ ਵੇਲਾ ਸੂਰਜ ਆਥਣ ਦਾ ਸੀ ਅਰ ਸੰਝ ਤੁਰੀ ਆਉਂਦੀ ਸੀ, ਪਰ ਬਹਾਦਰ ਸਿੰਘ ਡਰਿਆ ਨਹੀਂ, ਧਰਮ ਦੇ ਕੰਮ ਨੂੰ ਨਿਰਭੈ ਸ਼ੇਰ ਵਾਂਙੂ ਤੁਰ ਪਿਆ। ਕੁਛ ਦੂਰ ਜਾ ਕੇ ਜੰਗਲ ਸੰਘਣਾ ਆ ਗਿਆ, ਘੋੜੇ ਤੋਂ ਉਤਰ ਕੇ ਲਗਾਮ ਫੜ, ਕਈ ਚੱਕਰ ਫੇਰ ਖਾਂਦਾ, ਕਿਧਰੇ ਟਾਹਣੀਆਂ ਵਿਚ ਫਸਦਾ, ਕਿਧਰੇ ਨਿਕਲਦਾ, ਵੱਡੇ ਔਖ ਨਾਲ ਜੰਗਲ ਪਾਰ ਹੋ ਗਿਆ। ਘੁਸਮੁਸਾ ਵੇਲਾ ਸੀ ਘੋੜੇ ਤੇ ਪਲਾਕੀ ਮਾਰ ਪਲੋਪਲੀ ਵਿਚ ਇਕ ਨਿੱਕੇ ਪਿੰਡ ਅੱਪੜਿਆ ਅਰ ਇਕ ਪੁਰਾਣੀ ਟੁੱਟੀ-ਖੁਥੀ ਸਰਾਂ ਵਿਚ ਜਾ ਵੜਿਆ। ਇਥੇ ਇਕ ਮੁਸਲਮਾਨ ਤੰਦੂਰ ਵਾਲਾ ਤੇ ਇਕ ਬਾਣੀਆਂ ਹੱਟੀਵਾਣ ਰਹਿੰਦੇ ਸਨ, ਮੁਗ਼ਲ ਦੀ ਸ਼ਕਲ ਵੇਖ ਕੇ ਅਦਬ ਨਾਲ ਉਠ ਖਲੋਤੇ ਅਰ ਮੰਜੀ ਦੇਕੇ ਘੋੜੇ ਨੂੰ ਚਾਰਾ ਆਦਿ ਲਿਆ ਦਿੱਤਾ, ਪਰ ਰੋਟੀ ਵਲੋਂ ਉਸ ਨੇ ਨਾਂਹ ਕੀਤੀ ਕਿ ਮੈਨੂੰ ਲੋੜ ਨਹੀਂ। ਘੋੜੇ ਨੂੰ ਮੰਜੇ ਨਾਲ ਬੰਨ੍ਹ ਕੇ ਖ਼ਾਲਸਾ ਜੀ ਚੁਤੱਹੀ ਮੰਜੇ ਪਰ ਵਿਛਾ ਕੇ ਸੌਂ ਗਏ, ਦੋ ਕੁ ਘੰਟੇ ਮਗਰੋਂ ਇਕ ਰੌਲਾ ਜਿਹਾ ਪੈ ਗਿਆ। ਸਿੰਘ ਨੇ ਸਿਰ ਚੁੱਕ ਕੇ ਕੀ ਡਿੱਠਾ ਕਿ ਕਿਸੇ ਸਰਦਾਰ ਅਮੀਰ ਦੀ ਆਉਂਦਣ ਹੈ, ਨੌਕਰ ਚਾਕਰ ਨਾਲ ਹਨ। ਢੇਰ ਚਿਰ ਉੱਧੜਧੁੰਮੀ ਮਚਾ ਕੇ ਉਨ੍ਹਾਂ ਨੇ ਡੇਰਾ ਕੀਤਾ। ਅਮੀਰ ਤਾਂ ਸੌਂ ਗਿਆ। ਪਰ ਨੌਕਰ ਚਾਕਰ ਕੁਝ ਸੌਂ ਗਏ ਤੇ ਕੁਛ ਲੰਮੇ ਪਏ ਗਲੀਂ ਜੁੱਟ ਪਏ। ਦੋ ਸਿਪਾਹੀ ਸਾਡੇ ਸਿੰਘ ਦੇ ਨੇੜੇ ਪਏ ਗੱਲਾਂ ਕਰ ਰਹੇ ਸਨ, ਸਿੰਘ ਜੀ ਮਚਲੇ ਹੋ ਕੇ ਸੁਣਦੇ ਰਹੇ।

ਪਹਿਲਾ ਸਿਪਾਹੀ ਬੋਲਿਆ- ਬਈ ਇਹ ‘ਬਲਵੰਤ’ ਕੌਣ ਹੈ?

ਦੂਜਾ ਸਿਪਾਹੀ— ਇਹ ਉਹ ਕਾਫ਼ਰ ਹੈ ਨਾ ਕਿ ਜੋ ਨਾਦਰ ਦੇ ਮਗਰ ਹੱਲੇ ਕਰਨ ਵਾਲੇ ਸਿੱਖਾਂ ਵਿਚ ਇਕ ਵੱਡਾ ਦਲੇਰ ਆਦਮੀ ਸੁਣਿਆ ਗਿਆ ਸੀ, ਜਿਸ ਨੇ ਪਹਿਲੇ ਜੰਗ ਵਿਚ ਰੁਸਤਮ ਖ਼ਾਂ ਨੂੰ ਮਾਰਿਆ ਸੀ।

ਪਹਿਲਾ- ਬਈ ਵੱਡੇ ਭਾਗ ਹਨ ਜੋ ਅਜਿਹਾ ਬਹਾਦਰ ਫੜਿਆ ਗਿਆ।

ਦੂਜਾ— ਜੇ ਉਹਦੀ ਭੈਣ ਵੇਖੇਂ ਤਾਂ ਲੋਟਨ ਕਬੂਤਰ ਹੋ ਜਾਏਂ, ਹੁਣ ਤਾਂ ਉਹ ਸਤਰ ਵਿਚ ਹੈ, ਪਰ ਜਦ ਫੜੀ ਹੈ ਤਾਂ ਮੈਂ ਨਾਲ ਹੀ ਸਾਂ ਬਈ ਚੰਦ ਦਾ ਟੁਕੜਾ ਹੈ ਚੰਦ ਦਾ। ਖ਼ਬਰ ਨਹੀਂ ਕੀ ਸਬੱਬ ਹੈ ਕਿ ਹਿੰਦੂਆਂ ਦੀਆਂ ਤੀਵੀਆਂ ਵੱਡੀਆਂ ਹੀ ਸੁੰਦਰ ਹੁੰਦੀਆਂ ਹਨ?

ਪਹਿਲਾ—

ਉਹ ਤੀਵੀਂ ਬੀ ਮੁਸਲਮਾਨ ਕੀਤੀ ਜਾਊ?

ਦੂਜਾ— ਹਾਂ, ਹਾਂ, ਨਾਲੇ ਨਵਾਬ ਸਾਹਿਬ ਨਾਲ ਉਸਦਾ ਨਿਕਾਹ ਪੜ੍ਹਾਇਆ ਜਾਊ, ਬੜੀ ਧੂਮ ਧਾਮ ਹੋਵੇਗੀ, ਸਾਨੂੰ ਭੀ ਇਨਾਮ ਮਿਲਣਗੇ।

ਪਹਿਲਾ- ਪਰ ਭੈਣ ਭਰਾ ਨੇ ਦੀਨ ਵਿਚ ਆਉਣਾ ਕਬੂਲ ਕਰ ਲੀਤਾ ਹੈ ਕਿ ਨਹੀਂ ?

ਦੂਜਾ- ਇਹ ਸਿੱਖ ਬੀ ਕਦੀ ਖੁਸ਼ੀ ਨਾਲ ਦੀਨ ਛੱਡਦੇ ਹਨ ? ਇਨ੍ਹਾਂ ਨੂੰ ਤਾਂ ਬੰਨ੍ਹ ਕੇ ਖੀਰ ਖੁਆਉਣੀ ਹੋਈ। ਉਂਞ ਤਾਂ ਇਹ ਸਦਾ ਤਲਵਾਰ ਦਾ ਪਾਣੀ ਹੀ ਚੱਖਦੇ ਹਨ।

ਪਹਿਲਾ— ਹਾਂ ਠੀਕ ਹੈ, ਇਹ ਵੱਡੇ ਹਠੀਲੇ ਹਨ। ਹਿੰਦੂ ਤਾਂ ਮੱਖਣ, ਪਰ ਏਹ ਕਠੋਰ ਪੱਥਰ ਹਨ। ਖ਼ਬਰ ਨਹੀਂ ਇਹ ਕਿਥੋਂ ਉਗਮ ਪਏ ਹਨ?

ਭਲਾ ਹੁਣ ਕਿੰਨਾ ਕੁ ਰਸਤਾ ਹੈ?

ਦੂਜਾ— ਥੋੜਾ ਹੀ ਹੈ, ਅੱਜ ਪੀਰ, ਕੱਲ ਮੰਗਲ ਤੇ ਬੁਧ ਵੀਰ ਠਹਿਰ ਜੁਮੇ (ਸ਼ੁਕਰ) ਨੂੰ ਇਹ ਸਾਬ ਦਾ ਕੰਮ ਵੀ ਸਿਰੇ ਚੜ੍ਹ ਜਾਏਗਾ।

ਪਹਿਲਾ— ਭਈ ਤੁਹਾਨੂੰ ਮੌਜ ਹੋਊ, ਜਿਨ੍ਹਾਂ ਦੇ ਮਾਲਕ ਨੂੰ ਸੋਨੇ ਦੀ ਚਿੜੀ ਹੱਥ ਲੱਗੀ ਹੈ।

ਦੂਜਾ- ਤੇ ਤੁਹਾਨੂੰ ਭੀ ਮੌਜ ਹੈ, ਤੁਹਾਡੇ ਮਾਲਕ ਮੁੱਲਾਂ ਜੀ ਨੂੰ ਐਡੀ ਦੂਰੋਂ ਸੱਦਿਆ ਗਿਆ ਹੈ, ਇਨਾਮ ਭੀ ਤਾਂ ਬਹੁਤ ਹੀ ਮਿਲੇਗਾ। ਨਾਲ ਦੇ ਨਾਲ ਤੁਹਾਨੂੰ ਬਹੁਤ ਕੁਛ ਹੱਥ ਲਗੂ, ਪਰ ਭਈ ਮਿਲੇ ਜਾਂ ਨਾ ਇਹ ਰਹੀ ਵੱਖਰੀ ਗੱਲ, ਏਹਨਾਂ ਸਿੱਖਾਂ ਨੂੰ ਦੀਨ ਵਿਚ ਲਿਆਉਂਦਿਆਂ ਵੇਖਣਾ ਬੀ ਸ੍ਵਾਬ (ਪੁੰਨ) ਹੈ।

ਪਹਿਲਾ— ਸੱਚ ਹੈ, ਭਈ ਏਨਾ ਚਿਰ ਕਿਉਂ ਰਈ ਕੀਤੀ ਗਈ? ਮਹੀਨੇ ਤੋਂ ਉਪਰ ਹੋ ਗਿਆ ਬਲਵੰਤ ਸਿੰਘ ਨੂੰ ਫੜਿਆਂ ਫੇਰ ਢਿੱਲ ਕਿਉਂ ਪਈ ? ਤੱਤ ਫੱਟ ਕੰਮ ਸਿਰੇ ਕਾਸ ਲਈ ਨਾ ਚਾੜ੍ਹਿਆ ?

ਦੂਜਾ- ਬਲਵੰਤ ਸਿੰਘ ਤੇ ਉਸਦੀ ਭੈਣ ਦੋਵੇਂ ਘਾਇਲ ਸਨ, ਅੱਜ ਤੱਕ ਬੀਮਾਰ ਰਹੇ ਹਨ, ਹੁਣ ਮਸਾਂ ਤਕੜੇ ਹੋਏ ਹਨ, ਜਿਸ ਕਰਕੇ ਢਿੱਲ ਪਈ।

ਇਹੋ ਜਿਹੀਆਂ ਗੱਲਾਂ ਕਰ ਕੇ ਉਹ ਤਾਂ ਸੌਂ ਗਏ ਤੇ ਸਿੰਘ ਬਹਾਦਰ ਚੁਪ ਚੁਪਾਤਾ ਹੀ ਉਠਕੇ ਘੋੜੇ ਤੇ ਕਾਠੀ ਰੱਖ ਮੱਖਣ ਵਿਚੋਂ ਵਾਲ ਵਾਂਗੂ ਨਿਕਲ ਗਿਆ। ਹਨੇਰੀ ਕਾਲੀ ਰਾਤ ਹੈ, ਰਸਤਾ ਲੱਝਦਾ ਨਹੀਂ, ਬੱਦਲ ਛਾ ਰਹੇ ਹਨ, ਕਦਮ ਕਦਮ ਤੇ ਠੁਹਕਰ ਲੱਗਦੀ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਬੀਰ ਹੌਸਲਾ ਨਹੀਂ ਹਾਰਦੇ। ਕੋਈ ਪਹੁ ਫੁਟਣ ਤੋਂ ਅਗੇਰੇ ਸਿੰਘ ਹੁਰੀਂ ਜੰਗਲ ਵਿਚ ਜਾ ਵੜੇ, ਅਰ ਸੂਰਜੋਂ ਅੱਗੇ ਡੇਰੇ ਜਾ ਪਹੁੰਚੇ।

ਇਸ ਵੇਲੇ ਸਾਰੇ ਸਿੰਘ ਇਸ਼ਨਾਨ ਪਾਣੀ ਕਰ ਕੇ ਬੈਠੇ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਸਿੰਘ ਹੁਰੀਂ ਭੀ ਵਿਚ ਜਾ ਬੈਠੇ ਤੇ ਪਾਠ ਸੁਣਦੇ ਰਹੇ।

ਜਦ ਭੋਗ ਪਿਆ ਤਾਂ ਹਰੀ ਸਿੰਘ ਨੇ ਸਾਰੀ ਵਿਥਿਆ ਜੋ ਸਰਾਂ ਵਿਚ ਸੁਣੀ ਸੀ, ਕਹਿ ਸੁਣਾਈ : ਭਾਈ ਬਲਵੰਤ ਸਿੰਘ ਤੇ ਉਸਦੀ ਭੈਣ ਦੁਆਬੇ ਵਿਚ ਕੈਦ ਹਨ ਅਰ ਸ਼ੁਕਰਵਾਰ ਨੂੰ ਧੱਕੋ-ਧੱਕੀ ਤੁਰਕ ਬਣਾਏ ਜਾਣਗੇ। ਅੱਜ ਮੰਗਲਵਾਰ ਹੈ, ਜੇਕਰ ਖਾਲਸਾ ਹਿੰਮਤ ਕਰੇ, ਤਦ ਅਜੇ ਵੇਲਾ ਹੈ। ਇਹ ਖ਼ਬਰ ਖਾਲਸੇ ਨੂੰ ਅੱਗ ਵਾਂਗ ਲੱਗੀ। ਗੁੱਸੇ ਨਾਲ ਚਿਹਰੇ ਲਾਲ ਹੋ ਗਏ। ਸੀਨਿਆਂ ਵਿਚ ਦਿਲ ਤੇ ਦਿਲ ਵਿਚ ਕ੍ਰੋਧ ਨੇ ਜੋਸ਼ ਮਾਰਿਆ। ਧਰਮ ਬੀਰਤਾ ਨੇ ਉਮੰਗਾਂ ਨੂੰ ਜੋਸ਼ ਵਿਚ ਲਿਆਂਦਾ ਅਰ ਸਭ ਪਾਸਿਉਂ ‘ਗੁਰੂ ਗੁਰੂ’ ਦਾ ਸ਼ਬਦ ਗੂੰਜ ਉਠਿਆ।

ਸਰਦਾਰ ਸ਼ਾਮ ਸਿੰਘ ਨੂੰ ਆਪਣੇ ਜਥੇ ਦਾ ਇਕ ਸਿੰਘ ਜਾਨ ਤੋਂ ਵਧੀਕ ਪਿਆਰਾ ਸੀ, ਪਰ ਬਲਵੰਤ ਸਿੰਘ ਤਾਂ ਇਕ ਚੋਣਵਾਂ ਬਹਾਦਰ ਤੇ ਜੋਧਾ ਸੀ ਅਰ ਫੇਰ ਇਕ ਸਿੱਖ ਕੰਨਯਾਂ ਦਾ ਤੁਰਕ ਪੰਜੇ ਵਿਚ ਫਸਣਾ ਸੁਣ ਕੇ ਕਦ ਸਹਾਰਿਆ ਜਾ ਸਕਦਾ ਸੀ? ਤੁਰਤ ਸਾਰੇ ਜਥੇ ਨੂੰ ਕੱਠਿਆਂ ਕਰ ਕੇ ਹੁਕਮ ਦਿੱਤਾ ਕਿ ਏਸੇ ਵੇਲੇ ਕੁਚ ਹੈ ਅਰ ਭੋਜਨ ਭੀ ਰਸਤੇ ਵਿਚ ਡਿੱਠਾ ਜਾਊ, ਹੁਣ ਸਹਾਰਾ ਕਰਨਾ ਧਰਮ ਨਹੀਂ, ਪਰ ਚੱਲਣਾ ਹੈ ਜੰਗਲੋ ਜੰਗਲ ਬਸ ਵੇਲੇ ਸਿਰ ਚੱਲ ਨਿਕਲੀਏ ਤੇ ਫਤਹ ਦਾ ਡੰਕਾ ਵਜਾਉਂਦੇ ਨਿਕਲ ਆਈਏ।

ਸਾਰਾ ਕੰਮ ਫੁਰਤੀ ਦਾ ਹੈ।

ਇਹ ਹੁਕਮ ਸੁਣ ਕੇ ਸਾਰਾ ਜੱਥਾ ਘੋੜੇ ਕੱਸ ਕੇ ਸਵਾਰ ਹੋ ਗਿਆ ਅਰ ਬਨੋ ਬਨ ਅਨੇਕਾਂ ਜੱਫਰ ਜਾਲਦਾ ਤੁਰ ਗਿਆ

3 ਕਾਂਡ

ਸੂਰਜ ਦੇਉਤਾ ਬੱਦਲਾਂ ਵਿਚ ਲੁਕੇ ਹੋਏ ਹਨ, ਬੱਦਲਾਂ ਦੇ ਦਲਾਂ ਦੇ ਦਲ ਬੇਮੁਹਾਰੀ ਫੌਜ ਵਾਂਗ ਅਸਮਾਨ ਉਤੇ ਫਿਰ ਰਹੇ ਹਨ। ਪੌਣ ਦੀ ਚਾਲ ਬੀ ਅਸਚਰਜ ਹੈ। ਕਿਸੇ ਵੇਲੇ ਭੜਥੂ ਪਾਉਂਦੀ, ਘੱਟਾ ਉਡਾਉਂਦੀ, ਜ਼ੋਰ ਦੀ ਵੱਗਦੀ ਹੈ, ਕਿਸੇ ਵੇਲੇ ਚੁਪਾਤੀ ਹੋ ਸਹਿਜੇ ਸਹਿਜੇ ਰੁਮਕਣ ਲੱਗ ਜਾਂਦੀ ਹੈ। ਮੁਗ਼ਲ ਲੋਗ ਸ਼ਰਈ ਤੰਬੇ ਪਹਿਨੀ ਹਰਲ ਹਰਲ ਕਰਦੇ ਫਿਰ ਰਹੇ ਹਨ। ਨਿਮਾਣੇ ਹੱਟੀਆਂ ਵਾਲੇ ਸੁਸਤ ਤੇ ਉਦਾਸ ਬੈਠੇ ਦਿੱਸਦੇ ਹਨ। ਵੱਡੀ ਮਸੀਤ ਵਿਚ ਅਚਰਜ ਹਾਲ ਹੈ। ਟੋਲੀਆਂ ਦੀਆਂ ਟੋਲੀਆਂ ਕੱਠੀਆਂ ਆਉਂਦੀਆਂ ਤੇ ਬਹਿੰਦੀਆਂ ਜਾਂਦੀਆਂ ਹਨ। ਮਸੀਤ ਦੇ ਬਾਹਰ ਹੱਟਾਂ ਦੇ ਅੱਗੇ ਦੋਹੀਂ ਪਾਸੀਂ ਕੁਝ ਕੁ ਫੌਜੀ ਸਿਪਾਹੀ ਸ਼ਸਤ੍ਰਧਾਰੀ ਸਨੱਧਬੱਧ ਖੜੇ ਹਨ।

ਔਹ ਸਾਹਮਣੇ ਪਾਸੇ ਵਲੋਂ ਕੀ ਆਇਆ ? ਇਹ ਇਕ ਪਾਲਕੀ ਦੀ ਅਸਵਾਰੀ ਹੈ ਜੋ ਚਾਰ ਵਗਾਰੀ ਫੜੇ ਹੋਏ ਬ੍ਰਾਹਮਣਾਂ ਦੇ ਮੋਢਿਆਂ ਉਤੇ ਧਰੀ ਹੈ। ਇਸ ਵਿਚ ਇਕ ਵੱਡੇ ਮੁੱਲਾਂ ਜੀ ਬਿਰਾਜਮਾਨ ਹਨ ਜੋ ਅਜ ਦੇ ਦਿਨ ਲਈ ਉਚੇਚੇ ਸੱਦੇ ਗਏ ਹਨ। ਮਸੀਤ ਦੇ ਬੂਹੇ ਅੱਗੇ ਆ ਕੇ ਮੁੱਲਾਂ ਜੀ ਉਤਰੇ ਤੇ ਅੰਦਰ ਵੜੇ। ਸਭ ਨੇ ਅਦਬ ਨਾਲ ਅੱਗੇ ਬਿਠਾਇਆ। ਇੰਨੇ ਨੂੰ ਪੰਜ ਸੱਤ ਘੋੜੇ ਭਜਾਉਂਦੇ ਆਏ, ਮਗਰੋਂ ਨਵਾਬ ਸਾਹਿਬ ਦੀ ਅਸਵਾਰੀ ਪਹੁੰਚੀ। ਭਲਾ ਹੁਣ ਕੌਣ ਕੌਣ ਆਏ? ਇਕ ਪਾਲਕੀ ਬੰਦ ਹੈ, ਨਾਲ ਇਕ ਪੁਰਖ ਹੱਥਕੜੀ ਵੱਜੀ ਤੁਰਿਆ ਆਉਂਦਾ ਹੈ। ਤੇੜ ਮੈਲੀ ਕੱਛ ਹੈ, ਗਲ ਚਿੱਕੜ ਵਰਗਾ ਕੁੜਤਾ, ਸਿਰ ਉਤੇ ਨਿੱਕੀ ਪੱਗ, ਜਿਸ ਵਿਚੋਂ ਕੇਸ ਖਿਲਰੇ ਹੋਏ ਹਨ। ਚਿਹਰਾ ਚਿੰਤਾ ਦਾ ਸ਼ਿਕਾਰ ਹੈ, ਪਰ ਅੱਖਾਂ ਲਾਲ ਹਨ, ਜਿਨ੍ਹਾਂ ਵਿਚੋਂ ਕ੍ਰੋਧ ਦੇ ਬਾਣ ਨਿਕਲ ਰਹੇ ਹਨ।

ਮਸੀਤ ਦੇ ਬੂਹੇ ਅੱਗੇ ਪਾਲਕੀ ਵਿਚੋਂ ਇਕ ਬੁਰਕੇ ਵਾਲੀ ਉਤਰੀ, ਦੋਵੇਂ ਜਣੇ ਮਸੀਤ ਵੜੇ, ਦੋਵੇਂ ਮੁੱਲਾਂ ਦੇ ਅੱਗੇ ਬਿਠਾਏ ਗਏ। ਮਸੀਤ ਇਸ ਵੇਲੇ ਭਰੀ ਹੋਈ ਸੀ, ਸਭ ਲੋਕ ਚੁੱਪ ਵੱਟੀ ਤੱਕ ਰਹੇ ਸਨ ਕਿ ਮੁੱਲਾਂ ਸਾਹਿਬ ਇਉਂ ਬੋਲੇ :

ਬਲਵੰਤ ਸਿੰਘ! ਕੀ ਤੂੰ ਦੀਨ ਇਸਲਾਮ ਨੂੰ ਖ਼ੁਸ਼ੀ ਨਾਲ ਕਬੂਲਦਾ ਹੈਂ?

ਬਲਵੰਤ ਸਿੰਘ- ਮੈਂ ਮੌਤ ਖ਼ੁਸ਼ੀ ਨਾਲ ਕਬੂਲਦਾ ਹਾਂ।

ਮੁੱਲਾਂ (ਨਵਾਬ ਵੱਲ ਮੂੰਹ ਕਰਕੇ— ਇਹ ਵੱਡਾ ਮੂਜ਼ੀ ਹੈ, ਇਸ ਨੇ ਇਉਂ ਨਹੀਂ ਮੰਨਣਾ, ਇਸ ਨੂੰ ਜਾਂ ਤਾਂ ਕਤਲ ਕੀਤਾ ਜਾਵੇ ਜਾਂ ਜਬਰਨ…।

ਨਵਾਬ— ਹਾਂ, ਪਿਛਲੀ ਗੱਲ ਅੱਛੀ ਹੈ। ਮੈਂ ਇਸ ਮਾਹ-ਰੂ ਦੇ ਭਰਾ ਨੂੰ ਕਤਲ ਨਹੀਂ ਕਰਨਾ ਚਾਹੁੰਦਾ। …

ਮੁੱਲਾਂ— ਹੱਜਾਮ (ਨਾਈ) ਹਾਜ਼ਰ ਹੈ?

ਨਾਈ— ਹਾਂ ਹਜ਼ੂਰ।

ਮੁੱਲਾਂ— ਇਧਰ ਆਓ ਔਰ ਇਸ ਕੇ ਬਾਲ ਕਾਟੋ।

ਨਾਈ— ਬਹੁਤ ਅੱਛਾ।

ਇਹ ਗੱਲ ਕਹਿ ਕੇ ਨਾਈ ਗੁਥਲੀ ਖੋਲ੍ਹ ਬੈਠਾ। ਭਾਵੇਂ ਸਿੰਘ ਬਹਾਦਰ ਦੇ ਹੱਥ ਜਕੜੇ ਹੋਏ ਸਨ, ਪਰ ਉਸਦਾ ਜ਼ੋਰ ਨਾਲ ਹਿੱਲਣਾ ਹੀ ਸੁਕੜੀ ਨਾਈ ਲਈ ਬਥੇਰਾ ਸੀ। ਇਹ ਹਾਲ ਵੇਖ ਚਾਰ ਸਿਪਾਹੀਆਂ ਨੇ ਬਲਵੰਤ ਸਿੰਘ ਨੂੰ ਫੜਿਆ ਅਰ ਨਾਈ ਹੋਰੀ ਫੇਰ ਆਏ ਪਰ ਐਤਕੀਂ ਬੁਰਕੇ ਵਾਲੀ ਨੇ; ਜਿਸ ਦੇ ਹੱਥ ਪੈਰ ਬੱਧੇ ਹੋਏ ਨਹੀਂ ਸਨ, ਬੁਰਕਾ ਲਾਹ ਕੇ ਔਹ ਮਾਰਿਆ, ਅਰ ਛੇਤੀ ਨਾਲ ਉਠ ਕੇ ਮੋਢਿਆਂ ਤੋਂ ਨਾਈ ਨੂੰ ਫੜਕੇ ਪਟਕਾ ਮਾਰਿਆ, ਵਿਚਾਰਾ ਖੇਹਨੂੰ ਵਾਂਗ ਰਿੜ੍ਹਦਾ ਪਰੇ ਜਾ ਪਿਆ ਅਰ ਕੰਨਿਆਂ ਮਸਤ ਸ਼ੇਰ ਵਾਂਙ ਹੋ ਖੜੋਤੀ। ਇਸ ਦੀ ਸੁੰਦਰਤਾ ਅਰ ਸੁੰਦਰਤਾ ਪੁਰ ਗੁੱਸੇ ਦਾ ਲਹੂ ਚਿਹਰੇ ਉਤੇ ਸਵਾਰ, ਖ਼ਲਕਤ ਦੇਖ ਕੇ ਦੰਗ ਰਹਿ ਗਈ ਤੇ ਨਵਾਬ, ਜਿਸਦੇ ਮਨ ਵਿਚ ਰੂਪ ਦਾ ਪਿਆਰ ਸੀ, ਇਉਂ ਚੱਕ੍ਰਿਤ ਰਹਿ ਗਿਆ ਜਿਵੇਂ ਬਿਜਲੀ ਵੱਜਿਆਂ ਹੁੰਦਾ ਹੈ। ਮੁੱਲਾਂ ਨੇ ਤੁਰਤ ਦੋ ਸਿਪਾਹੀਆਂ ਨੂੰ ਅੱਖ ਮਾਰੀ, ਜਿਨ੍ਹਾਂ ਨੇ ਬਹਾਦਰ ਸੁਰੱਸਤੀ ਨੂੰ ਫੜ ਲਿਆ ਅਰ ਪਿਛਲੇ ਪਾਸੇ ਹੱਥ ਕਰ ਕੇ ਮੁਸ਼ਕਾਂ ਕੱਸ ਦਿਤੀਆਂ।

ਨਵਾਬ ਵੇਖ ਕੇ ਕੂੜ੍ਹ ਰਿਹਾ ਸੀ, ਪਰ ਕੀ ਕਰ ਸਕਦਾ ਸੀ। ਮੁੱਲਾਂ ਤੇ ਖ਼ਲਕਤ ਕੋਲੋਂ ਡਰਦਾ ਸੀ, ਕਿ ਜੇ ਮੈਂ ਕੁਝ ਆਖਦਾ ਹਾਂ ਤਾਂ ਕਹਿਣਗੇ ਕਿ ਕਾਫ਼ਰਾਂ ਪੁਰ ਦਯਾ ਕਰਦਾ ਹੈ, ਭਾਵੇਂ ਪਲੋ ਪਲੀ ਨੂੰ ਮੇਰੀ ਬੇਗ਼ਮ ਬਣੇਗੀ, ਪਰ ਅਜੇ ਤਾਂ ਕਾਫ਼ਰ ਹੀ ਹੈ ਨਾ।

ਇੰਨੇ ਵਿਚ ਨਾਈ ਹੁਰੀਂ ਵੀ ਉਠੇ ਫੇਰ ਆਪਣਾ ਆਪ ਸੰਭਾਲ ਕੇ ਵਧਣਾ ਚਾਹਿਆ। ਇਸ ਵੇਲੇ ਸੁਰੱਸਤੀ ਦੀ ਅਚਰਜ ਦਸ਼ਾ ਸੀ, ਉਹ ਡਾਢੇ ਪ੍ਰੇਮ ਤੇ ਨਿੰਮਰਤਾ ਨਾਲ ਪਿਆਰੇ ਭਰਾ ਦੀ ਡਰਾਉਣੀ ਦਸ਼ਾ ਵੇਖ ਰਹੀ ਸੀ, ਨਾਲੇ ਆਪਣੀ ਕਿਸਮਤ ਵੱਲ ਵੇਖ ਕੇ ਚਿੰਤਾ ਵਿਚ ਡੁੱਬ ਰਹੀ ਸੀ ਕਿ ਹਾਏ! ਮੈਂ ਨਿਕਰਮਣ ਦੇ ਪਿੱਛੇ ਅਜਿਹੇ ਸੂਰਬੀਰ ਭਰਾ ਨਾਲ ਇਹ ਦਸ਼ਾ ਹੁੰਦੀ ਹੈ।

ਇੰਨੇ ਵਿਚ ਬਾਜ਼ਾਰ ਵਿਚੋਂ ਇਕ ਘੰਟੇ ਦਾ ਗੁਬਾਰ ਦਿਸਿਆ, ਖੜ ਖੜ ਦੀ ਡਾਢੀ ਆਵਾਜ਼ ਆਈ। ਕਿਸੇ ਜਾਤਾ ਹਨੇਰੀ, ਕਿਸੇ ਜਾਤਾ ਕੋਈ ਘਰ ਢੱਠਾ, ਕਿਸੇ ਸਮਝਿਆ ਕਿ ਕਰੜਾ ਭੂਚਾਲ ਆ ਗਿਆ, ਕਿਸੇ ਜਾਤਾ ਕਿ ਕੋਈ ਹਾਕਮ ਸਵਾਰਾਂ ਨਾਲ ਇਸ ਖੁਸ਼ੀ ਵਿਚ ਸ਼ਾਮਲ ਹੋਣ ਲਈ ਆ ਰਿਹਾ ਹੈ, ਪਰ ਸਭ ਅੱਖਾਂ ਉਧਰ ਗੱਡੀਆਂ ਗਈਆਂ। ਇਕ ਅੱਖ ਦੇ ਫੋਰ ਵਿਚ ਉਸ ਘੱਟੇ ਦਾ ਰਸਾਲਾ ਬਣ ਗਿਆ ਅਰ ਬਜ਼ਾਰ ਵਿਚ ਖੜੇ ਸਿਪਾਹੀਆਂ ਨਾਲ ਕੱਟ ਵੱਢ ਛਿੜ ਪਈ ਤੇ ਇਕ ਦਸਤੇ ਦੇ ਸਵਾਰਾਂ ਨੇ ਘੋੜਿਆਂ ਨੂੰ ਅੱਡੀਆਂ ਲਾ ਮਸੀਤ ਅੰਦਰ ਜਾਂਦੇ ਹੀ ਫਤੇ ਦਾ ਜੈਕਾਰਾ ਗਜਾ ‘ਬਲਵੰਤ ਸਿੰਘ’ ਕਰਕੇ ਆਵਾਜ਼ ਮਾਰੀ ਅਰ ਦੂਜੀ ਪਲ ਵਿਚ ਕਿਸੇ ਬਲੀ ਹੱਥ ਨੇ ਬੱਝਾ ਬਲਵੰਤ ਸਿੰਘ ਚੁੱਕ ਕੇ ਘੋੜੇ ਉਤੇ ਸਿੱਟ ਲਿਆ ਅਰ ਇਕ ਹੋਰ ਹੱਥ ਨੇ ਸੁਰੱਸਤੀ ਨੂੰ ਚੁਕ ਕੇ ਘੋੜੇ ਤੇ ਰੱਖ ਲਿਆ ਤੇ ਘੋੜੇ ਮੋੜ ਕੇ ਵਿਚੋਂ ਦੀ ਚੀਰ ਕੇ ਨਿਕਲੇ। ਬਾਕੀ ਦਾ ਜਥਾ, ਜੋ ਨਾਲ ਸੀ, ਵਾੜ ਵਾਂਙੂ ਆਲੇ ਦੁਆਲੇ ਹੋ ਗਿਆ। ਤੇ ‘ਹਰਨ’ ਦਾ ਆਵਾਜ਼ਾ ਹੁੰਦਿਆਂ ਸਾਰ ਜਿਕੁੱਰ ਬਿਜਲੀ ਕਿਸੇ ਲਹਿਲਹਾਉਂਦੇ ਖੇਤ ਵਿਚ ਖਿਉਂ ਕੇ ਲੋਪ ਹੋ ਜਾਂਦੀ ਹੈ, ਇੱਕੁਰ ਇਹ ਚਾਣ ਚੱਕ ਆਣ ਪਈ ਸਿੱਖਾਂ ਦੀ ਫ਼ੌਜ ਮਸੀਤੋਂ ਬਾਹਰ ਹੋ; ਸ਼ਹਿਰ ਦੇ ਵੱਡੇ ਬਾਜ਼ਾਰ ਥਾਣੀ ਪੂਰਬੀ ਬੂਹੇ ਵਲੋਂ ਨਿਕਲਣ ਨੂੰ ਦਬਾਦਬ ਘੋੜੇ ਸੁਟੀ ਜਾ ਰਹੀ ਸੀ ਕਿ ਅਚਾਨਕ ਮੋਰਚੇ ਦੇ ਆਗੂ ਨੇ ‘ਥੰਮ੍ਹ ਦਾ ਬਚਨ ਕਿਹਾ ਅਰ ਇਕ ਪਲ ਵਿਚ ਸਾਰਾ ਦਸਤਾ ਖੜਾ ਹੋ ਗਿਆ। ਕਾਰਨ ਇਹ ਸੀ ਕਿ ਉਸ ਦਰਵਾਜ਼ੇ ਪੁਰ ਪਹਿਰੇ ਦੇ ਸਿਪਾਹੀਆਂ ਨੇ, ਜੋ ਪਹਿਲੋਂ ਤਾਂ ਇਹ ਸਮਝੇ ਸਨ ਕਿ ਕੋਈ ਪ੍ਰਾਹੁਣਾ ਹਾਕਮ ਫੌਜ ਸਣੇ ਆ ਰਿਹਾ ਹੈ ਤੇ ਨੇੜੇ ਆਏ ਸਿੱਖ ਸਿਞਾਣ ਕੇ ਕਾਹਲੀ ਨਾਲ ਲੁਕ ਗਏ ਸਨ, ਕੁਮਕ ਸੱਦ ਕੇ ਰੋਕ ਦਾ ਸਮਿਆਨ ਕਰ ਲਿਆ ਸੀ।

ਇਹ ਦਸ਼ਾ ਵੇਖ ਕੇ ਸ੍ਰ. ਸ਼ਾਮ ਸਿੰਘ ਨੇ ਚੋਣਵੇਂ ਬੰਦੂਕਚੀ ਅਗੇ ਕੀਤੇ। ਇਨ੍ਹਾਂ ਨੇ ਪਹਿਲਾਂ ਇਕ ਨਜ਼ਰ ਨਾਲ ਤੋਪਚੀ ਦੇਖੇ – ਫੇਰ ਇਸ ਫੁਰਤੀ ਨਾਲ ਬੰਦੂਕਾਂ ਨਿਸ਼ਾਨੇ ਕਰ ਕੇ ਸਰ ਕੀਤੀਆਂ ਕਿ ਦੋਵੇਂ ਤੋਪਚੀ ਘੁੱਗੀਆਂ ਵਾਂਙ ਹੇਠਾਂ ਆ ਪਏ। ਉਨ੍ਹਾਂ ਦੇ ਡਿਗਦਿਆਂ ਹੀ ਸਰਦਾਰ ਸ਼ਾਮ ਸਿੰਘ ਨੇ ਦਸ ਸਿੱਖ ਹੋਰ ਅੱਗੇ ਕੀਤੇ। ਇਨ੍ਹਾਂ ਨੇ ਥੋੜੇ ਚਿਰ ਵਿਚ ਹੀ ਤੀਰਾਂ ਦੀ ਅਜੇਹੀ ਬੁਛਾੜ ਕੀਤੀ ਕਿ ਦਰਵਾਜ਼ੇ ਦੇ ਉਪਰਲੇ ਜਿੰਨੇ ਮਨੁੱਖ ਸਨ ਵਿੰਨ੍ਹ ਸਿੱਟੇ ਅਰ ਫੇਰ ਹੁਮ ਹੁਮਾ ਕੇ ਦਰਵਾਜ਼ੇ ਨੂੰ ਜਾ ਪਏ ਤੇ ਬਦਾਮ ਦੇ ਛਿੱਲੜ ਵਾਂਗ ਉਸਨੂੰ ਭੰਨ ਸਿੱਟਿਆ। ਬਾਹਰ ਇਕ ਫੌਜ ਦਾ ਦਸਤਾ ਖੜਾ ਸੀ। ਸ਼ਾਮ ਸਿੰਘ ਨੇ ਇਕ ਅਜੇਹੀ ਸੈਨਤ ਕੀਤੀ ਕਿ ਸਾਰੀ ਫੌਜ ਤਲਵਾਰਾਂ ਧੂਹ ਕੇ ਸੱਜੇ ਖੱਬੇ ਵਾਹੁੰਦੀ ਸਰਪਟ ਘੋੜੇ ਸਿੱਟਦੀ ਵੈਰੀ ਨੂੰ ਚੀਰਦੀ ਹੋਈ ਦੂਰ ਨਿਕਲ ਗਈ।

4 ਕਾਂਡ

ਜਦ ਪੰਜ ਸੱਤ ਕੋਹ ਨਿਕਲ ਗਏ ਤਦ ਇਕ ਖੁੱਲ੍ਹਾ ਮੈਦਾਨ ਹਰੇ ਹਰੇ ਖੇਤਾਂ ਦੇ ਵਿਚਕਾਰ ਦੇਖ ਕੇ ਫੌਜ ਨੇ ਉਤਾਰਾ ਕੀਤਾ, ਘੋੜੇ ਬ੍ਰਿਛਾਂ ਨਾਲ ਬੰਨ੍ਹ ਦਿੱਤੇ ਤੇ ਘਾਹ-ਪੱਠਾ ਪਾਇਆ। ਕੁਝ ਖਾਣ ਪੀਣ ਦੇ ਆਹਰ ਵਿਚ ਪਿੰਡ ਵੱਲ ਗਏ। ਸਰਦਾਰ ਸ਼ਾਮ ਸਿੰਘ ਜੀ ਇਕ ਕਪੜਾ ਵਿਛਾ ਕੇ ਬੈਠੇ। ਬਲਵੰਤ ਸਿੰਘ ਤੇ ਸੁਰੱਸਤੀ ਦੇ ਹੱਥਾਂ ਪੈਰਾਂ ਦੇ ਬੰਦ ਖੋਹਲੇ ਗਏ ਅਰ ਸਰਦਾਰ ਜੀ ਦੇ ਪਾਸ ਆਂਦੇ ਗਏ। ਇਸ ਵੇਲੇ ਦਾ ਸਮਾਂ ਦੇਖਣ ਯੋਗ ਸੀ, ਹਰੇਕ ਬਹਾਦਰ ਸਿੰਘ ਆਉਂਦਾ ਤੇ ਬਲਵੰਤ ਸਿੰਘ ਨੂੰ ਘੁੱਟ ਘੁੱਟਕੇ ਮਿਲਦਾ ਅਰ ਸੁਰੱਸਤੀ ਨੂੰ ਹੱਥ ਜੋੜ ਕੇ ਫਤੇ ਗਜਾਉਂਦਾ। ਛੇਕੜ ਜਦ ਸਭ ਮਿਲ ਚੁਕੇ ਅਰ ਅਨੇਕਾਂ ਵੇਰ ‘ਗੁਰਬਰ ਅਕਾਲ’ ਦੇ ਜੈਕਾਰਿਆਂ ਨਾਲ ਅਕਾਸ਼ ਨੂੰ ਗੁੰਜਾ ਚੁਕੇ ਤਦ ਸਰਦਾਰ ਜੀ ਦੇ ਇਸ਼ਾਰੇ ਨਾਲ ਬਲਵੰਤ ਸਿੰਘ ਤੇ ਸੁਰੱਸਤੀ ਸਰਦਾਰ ਪਾਸ ਆ ਬੈਠੇ। ਪਹਿਲੇ ਤਾਂ ਬਲਵੰਤ ਸਿੰਘ ਨੇ ਸਿਰ ਬੀਤੀ ਸੁਣਾਈ ਅਰ ਉਨ੍ਹਾਂ ਦੁਖਾਂ ਦਾ ਸਮਾਚਾਰ ਦੱਸਿਆ ਜੋ ਕੈਦ ਤੋਂ ਮਗਰੋਂ ਉਸ ਨੂੰ ਤੇ ਸੁਰੱਸਤੀ ਨੂੰ ਝੱਲਣੇ ਪਏ। ਕਿੱਕੂੰ ਕੈਦ ਵਿਚ ਉਨ੍ਹਾਂ ਨੂੰ ਦੁੱਖ ਦਿਤੇ ਜਾਂਦੇ, ਕਿੱਕੂ ਰੋਜ਼ ਰੋਜ਼ ਉਪਦੇਸ਼ ਦਿਤੇ ਜਾਂਦੇ ਤੇ ਫੇਰ ਅਨੇਕਾਂ ਲਾਲਚ ਦਿਖਾਏ ਜਾਂਦੇ, ਪਰ ਛੇਕੜ ਬਲਵੰਤ ਸਿੰਘ ਨੇ ਠੰਢਾ ਸਾਹ ਭਰ ਕੇ ਕਿਹਾ ਕਿ ਭੈਣ ਜੀ ਨੂੰ ਘਰ ਪਾਉਣ ਦੀ ਨੀਯਤ ਜੋ ਨਵਾਬ ਦੀ ਸੀ, ਇਹ ਕਸ਼ਟ ਸਭ ਤੋਂ ਭਾਰਾ ਸੀ।

ਜਦ ਉਹ ਕਹਿ ਚੁਕਾ ਤਾਂ ਸਰਦਾਰ ਨੇ ਦੱਸਿਆ ਕਿ ਤੇਰਾ ਪਤਾ ਸੁਣਦਿਆਂ ਹੀ ਅਸਾਂ ਜੰਗਲੋ ਜੰਗਲ ਚੜ੍ਹਾਈ ਕੀਤੀ ਕਿ ਚੁਪ ਚਪਾਤੇ ਪਹੁੰਚ ਸਕੀਏ, ਪਰ ਰਸਤਾ ਖੁੰਝ ਗਏ, ਇਸ ਕਰਕੇ ਦੇਰ ਲੱਗੀ। ਅੱਜ ਸਵੇਰੇ ਸਾਡੀ ਆਸ ਦਾ ਲੱਕ ਟੁੱਟ ਗਿਆ ਸੀ ਕਿ ਹੁਣ ਵੇਲੇ ਸਿਰ ਪਹੁੰਚ ਕੇ ਬਲਵੰਤ ਸਿੰਘ ਨੂੰ ਬਚਾਉਣਾ ਖਰਾ ਕਠਨ ਹੋ ਗਿਆ ਹੈ, ਪਰ ਧੰਨ ਗੁਰੂ ਜੀ ਹਨ, ਉਹਨਾਂ ਨੇ ਤੁਹਾਡਾ ਦੋਹਾਂ ਦਾ ਧਰਮ ਕੈਮ ਰੱਖਣਾ ਸੀ, ਸੂਰਜ ਚੜ੍ਹੇ ਅਸੀਂ ਅਜਿਹੇ ਥਾਂ ਨਿਕਲੇ ਜਿਥੋਂ ਪਤਾ ਕੱਢਣ ਤੋਂ ਮਲੂਮ ਹੋਇਆ ਕਿ ਸ਼ਹਿਰ ਇਥੋਂ ਨਿਰਾ ਪੰਜ ਛੀ ਕੋਹ ਹੈ। ਖ਼ਬਰੇ ਇਸ ਵਿਚ ਗੁਰੂ ਜੀ ਨੇ ਭਲਾ ਹੀ ਕੀਤਾ ਜੋ ਅਸੀਂ ਠੀਕ ਵੇਲੇ ਸਿਰ ਆ ਪਹੁੰਚੇ ਅਰ ਬਹੁਤ ਥੋੜੀ ਜਿਹੀ ਲੜਾਈ ਵਿਚ ਹੀ ਕਜ਼ੀਆ ਪਾਰ ਹੋਇਆ, ਨਹੀਂ ਤਾਂ ਜੇ ਜੁੱਧ ਹੁੰਦਾ ਤਾਂ ਅਸੀਂ ਥੋੜੇ ਸਾਂ ਤੇ ਤੁਰਕਾਂ ਦੀ ਫੌਜ ਏਥੇ ਚੋਖੀ ਸੀ, ਫੇਰ ਜਿੱਤਣਾ ਔਖਾ ਹੋ ਜਾਂਦਾ। ਇਸ ਪ੍ਰਕਾਰ ਦੇ ਬਚਨ ਢੇਰ ਚਿਰ ਹੁੰਦੇ ਰਹੇ। ਹੁਣ ਪਿੰਡ ਵਲ ਜੋ ਸਿੱਖ ਦਾਣਾ ਖਾਣਾ ਲੈਣ ਗਏ ਸਨ ਮੁੜ ਆਏ ਕਿ ਹਿੰਦੂ ਇੱਥੇ ਘੱਟ ਹਨ, ਤੁਰਕਾਂ ਦਾ ਜ਼ੋਰ ਹੈ, ਕੋਈ ਭੀ ਰੋਟੀ ਪਾਣੀ ਨਹੀਂ ਦੇਂਦਾ, ਮੁੱਲ ਭੀ ਦੇ ਚੁਕੇ ਹਾਂ ਤਦ ਭੀ ਨਹੀਂ ਦੇਂਦੇ ਤੇ ਹਿੰਦੂ ਥੋੜੇ ਤੇ ਗ਼ਰੀਬ ਹੋਣ ਕਰਕੇ ਇਨ੍ਹਾਂ ਥੋਂ ਥਰ ਥਰ ਕੰਬਦੇ ਹਨ।

ਸ਼ਾਮ ਸਿੰਘ ਬੋਲਿਆ— ਪੈਂਚਾਂ ਨੂੰ ਫੜ ਲਿਆਓ। ਸਿੱਖਾਂ ਨੇ ਦੋ ਪੁਰਖ ਅੱਗੇ ਕੀਤੇ ਕਿ ਇਹ ਪੈਂਚ ਹਨ, ਜੋ ਫੜ ਆਂਦੇ ਹਨ।

ਸ਼ਾਮ ਸਿੰਘ- ਕਿਉਂ ਚੌਧਰੀਓ! ਖਾਣਾ ਕਿਉਂ ਨਹੀਂ ਦੇਂਦੇ?

ਪੈਂਚ— ਪਾਤਸ਼ਾਹ ਦਾ ਹੁਕਮ ਨਹੀਂ।

ਸ਼ਾਮ ਸਿੰਘ ਐਸ ਵੇਲੇ ਪਾਤਸ਼ਾਹ ਖ਼ਾਲਸਾ ਹੈ।

ਪੈਂਚ— ਖ਼ਾਲਸੇ ਦਾ ਕੀ ਪਤਾ ਹੈ ? ਬੱਦਲ ਛਾਇਆ ਵਾਂਗ ਹੁਣੇ ਹੈ ਤੇ ਹੁਣੇ ਗੁੰਮ। ਤੁਸੀਂ ਕੱਲ ਖ਼ਬਰੇ ਕਿਥੇ ਹੋਵੋਗੇ।

ਸ਼ਾਮ ਸਿੰਘ ਦਸ ਵੀਹ ਜਣੇ ਜਾ ਕੇ ਪਿੰਡ ਵਿਚੋਂ ਖਾਣ ਪੀਣ ਨੂੰ ਲੈ ਆਓ, ਪਰ ਕਿਸੇ ਤੀਵੀਂ ਬਾਲ ਨੂੰ ਦੁਖ ਨਾ ਦੇਣਾ ਤੇ ਨਾ ਹੀ ਖਾਣ ਦੀਆਂ ਚੀਜ਼ਾਂ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਛੇੜਨਾ।

ਸਰਦਾਰ ਇਹ ਹੁਕਮ ਦੇ ਰਿਹਾ ਸੀ ਕਿ ਤਿੰਨ ਚਾਰ ਮੁਸਲਮਾਨੀਆਂ ਬੁਰਕੇ ਪਹਿਨੀਂ ਹੌਲੀ ਹੌਲੀ ਰੋਂਦੀਆਂ ਆ ਖਲੋਤੀਆਂ ਅਰ ਨਾਲ ਇਕ ੧੪ ਵਰ੍ਹੇ ਦੇ ਬਾਲ ਨੂੰ ਲਿਆਈਆਂ, ਉਸ ਦੀ ਜ਼ੁਬਾਨੀ ਬੇਨਤੀਆਂ ਕਰਨ ਲੱਗੀਆਂ ਕਿ ਆਪ ਸਾਡੇ ਮਰਦਾਂ ਨੂੰ ਮਾਰੋ ਨਹੀਂ ਅਤੇ ਨਾ ਕੁਝ ਵਧੀਕੀ ਹੀ ਕਰੋ, ਜੋ ਕੁਝ ਮੰਗਦੇ ਹੋ ਅਸੀਂ ਦੇ ਦੇਂਦੀਆਂ ਹਾਂ।

ਸਰਦਾਰ— ਬੱਸ ਰੋਟੀਆਂ ਚਾਹੀਏ।

ਤੀਵੀਆਂ— ਅਸੀਂ ਹੁਣੇ ਹਿੰਦਵਾਣੀਆਂ ਥੋਂ ਪੂਰਾਂ ਦੇ ਪੂਰ ਰੋਟੀਆਂ ਦੇ ਪਕਵਾ ਕੇ ਘੱਲ ਦੇਂਦੀਆਂ ਹਾਂ, ਪਰ ਤੁਸੀਂ ਸਾਡੇ ਮਰਦਾਂ ਨੂੰ ਤਾਂ ਕੁਛ ਨਾ ਕਹੋਗੇ?

ਸ਼ਾਮ ਸਿੰਘ— ਨਹੀਂ, ਅਸੀਂ ਅੰਨ ਦਾ ਮੁੱਲ ਦੇਂਦੇ ਹਾਂ। ਪਰਜਾ ਨੂੰ ਲੁੱਟਣਾ ਯਾ ਮਾਰਨਾ ਖਾਲਸੇ ਦਾ ਕੰਮ ਨਹੀਂ। ਪਾਤਸ਼ਾਹ ਸੈਨਾ ਦੀ ਅੱਖੀਂ ਘੱਟਾ ਪਾਉਣਾ ਫੌਜਾਂ ਨੂੰ ਹਰਾ ਕੇ ਖ਼ਜ਼ਾਨੇ ਲੁੱਟ ਲੈ ਜਾਣੇ ਸਾਡਾ ਕੰਮ ਹੈ। ਅਸੀਂ ਜ਼ੁਲਮ ਦੇ ਵੈਰੀ ਹਾਂ ਪਰਜਾ ਦੇ ਦੁਸ਼ਮਨ ਨਹੀਂ ਹਾਂ। ਜਾਓ ਛੇਤੀ ਕਰੋ, ਖ਼ਾਲਸਾ ਕਾਜੇ ਹੈ। ਮੁੱਲ ਲਓ, ਅੰਨ ਦਿਓ। ਮਰਦ ਤੁਹਾਡੇ ਸੁਖੀ ਵੱਸਣ।

ਤੀਵੀਆਂ ਤੁਰਤ ਪਿੰਡ ਗਈਆਂ ਅਰ ਸਾਰੀਆਂ ਹਿੰਦਵਾਣੀਆਂ ਨੂੰ ਘਰਾਂ ਥੀ ਕੱਢ, ਆਟਾ ਦਾਲ ਕੋਲੋਂ ਦੇ ਕੇ ਪਕਾਉਣ ਡਾਹ ਦਿੱਤਾ। ਕਈ ਤੰਦੂਰ ਤਪ ਗਏ, ਕਈ ਲੋਹਾਂ ਧਰੀਆਂ ਗਈਆਂ, ਕਈ ਦੇਗਚੇ ਦਾਲਾਂ ਦੇ ਚੜ੍ਹ ਗਏ। ਰੋਟੀਆਂ ਪੱਕਦੀਆਂ ਤੱਕ ਖਾਲਸੇ ਨੇ ਇਕ ਦੋ ਖੇਤ ਗਾਜਰਾਂ ਦੇ ਮੁਕਾਏ। ਜਦ ਦਾਲਾਂ ਤੇ ਰੋਟੀਆਂ ਆਈਆਂ, ਤਾਂ ਰੱਜ ਕੇ ਛਕੀਆਂ। ਤ੍ਰਿਪਤ ਹੋ ਕੇ ਪੈਂਚਾਂ ਨੂੰ ਛੱਡ ਦਿੱਤਾ, ਆਟੇ ਦੇ ਮੁੱਲ ਵਜੋਂ ਤੇ ਗਾਜਰਾਂ ਦਾ ਮੁੱਲ ਕਰਕੇ ਕੁਝ ਮੋਹਰਾਂ ਦੇ ਕੇ ਕੂਚ ਦਾ ਹੁਕਮ ਦੇ ਦਿੱਤਾ। ਇਸ ਹੁਕਮ ਦੇ ਹੁੰਦਿਆਂ ਸਿੱਖਾਂ ਦੀ ਫੁਰਤੀ ਦੇਖਣ ਯੋਗ ਸੀ। ਦੇਖਦੇ ਦੇਖਦੇ ਹੀ ਸਾਰੇ ਸਵਾਰ ਹੋ ਪਏ ਅਰ ‘ਚੜਾਈ’ ਦਾ ਸ਼ਬਦ ਸੁਣ ਕੇ ਖ਼ਾਲਸੇ ਦੀ ਫ਼ੌਜ ਬਸੰਤ ਰੁੱਤ ਦੀ ਪੌਣ ਵਾਂਗੂ ਸਹਿਜੇ ਸਹਿਜੇ ਤੁਰ ਪਈ ਅਰ ਕੁਝ ਚਿਰ ਮਗਰੋਂ ਨਜ਼ਰਾਂ ਥੀਂ ਉਹਲੇ ਹੋ ਗਈ।

ਜਾਂ ਪਰਛਾਵੇਂ ਢਲਣ ਦਾ ਵੇਲਾ ਹੋਇਆ ਤਦ ਤੁਰਕਾਂ ਦੀ ਫ਼ੌਜ ਦਾ ਇਕ ਦਸਤਾ ਇਸੇ ਪਿੰਡ ਆ ਪਹੁੰਚਾ ਅਰ ਪੈਂਚਾਂ ਨੂੰ ਸਦਵਾ ਕੇ ਫ਼ੌਜ ਦੇ ਸਰਦਾਰ ਨੇ ਪੁੱਛਿਆ ਕਿ ਇਸ ਪਾਸਿਉਂ ਕੋਈ ਸਿੱਖਾਂ ਦੀ ਫ਼ੌਜ ਲੰਘੀ ਹੈ?

ਪੈਂਚ— ਹਾਂ ਹਜ਼ੂਰ! ਇੱਥੇ ਉਤਰੀ ਸੀ ਅਤੇ ਰੋਟੀ ਪਾਣੀ ਖਾ ਕੇ ਥੋੜਾ ਚਿਰ ਹੋਇਆ, ਗਈ ਹੈ।

ਸਰਦਾਰ- ਰੋਟੀ ਕਿਸ ਨੇ ਦਿੱਤੀ?

ਪੈਂਚ- ਪਿੰਡ ਦੇ ਹਿੰਦੂਆਂ ਨੇ।

ਸਰਦਾਰ- ਕਿਸੇ ਮੁਸਲਮਾਨ ਨੇ ਬੀ?

ਪੈਂਚ— ਨਹੀਂ ਜੀ, ਮੁਸਲਮਾਨ ਕਦੇ ਕਾਫ਼ਰਾਂ ਦੀ ਮਦਦ ਕਰਦੇ ਹਨ, ਖੁਸ਼ੀ ਨਾਲ? ਇਨ੍ਹਾਂ ਹਿੰਦੂਆਂ ਨੂੰ ਤਾਂ ਸਿੱਖ ਵੇਖ ਚੰਦ ਚੜ੍ਹ ਗਿਆ ਸੀ।

ਇਹ ਗੱਲ ਸੁਣ ਕੇ ਮੁਗ਼ਲ ਸਰਦਾਰ ਨੂੰ ਰੋਹ ਚੜ੍ਹ ਗਿਆ ਤੇ ਉਸੇ ਵੇਲੇ ਹਿੰਦੂਆਂ ਨੂੰ ਫੜ ਮੰਗਵਾਇਆ, ਨਾ ਕੋਈ ਪੁੱਛ ਨਾ ਗਿੱਛ, ਨਾ ਦੋਸ਼ ਸਬੂਤ ਕੀਤਾ, ਐਵੇਂ ਅੰਨ੍ਹੇ-ਵਾਹ ਮਾਰ ਕੁਟਾਈ ਤੇ ਉਤਰ ਪਏ। ਰੋਟੀ ਆਪ ਦਿੱਤੀ ਸਾਨੇ, ਫਸਾ ਦਿੱਤਾ ਬੇਦੋਸ਼ਿਆਂ ਨੂੰ। ਇਸ ਬੇਤਰਸੀ ਦੀ ਮਾਰ ਕੁੱਟ ਵਿਚ ਕਈ ਵਿਚਾਰੇ ਜਾਨੋ ਹੀ ਮਾਰੇ ਗਏ। ਇਕ ਨਵੀਂ ਵਿਆਹੀ ਇਸਤ੍ਰੀ ਦੇ ਭਰਾਤਾ ਨੂੰ ਮਾਰ ਦਿੱਤਾ ਤੇ ਉਸ ਮੁਟਿਆਰ ਨੂੰ ਨਿਕਾਹ ਵਿਚ ਲਿਆਉਣ ਦਾ ਹੁਕਮ ਦਿੱਤਾ, ਤਦ ਉਸ ਧਰਮੀ ਤੀਵੀਂ ਨੇ ਬੇਨਤੀ ਕੀਤੀ ਕਿ ਮੈਨੂੰ ਭੀ ਮੇਰੇ ਭਰਾਤਾ ਨਾਲ ਮਾਰ ਦਿਓ, ਪਰ ਇਹ ਗੱਲ ਕੌਣ ਮੰਨਦਾ ਸੀ? ਨਿਰਾਸ਼ ਹੋ ਕੇ ਉਸ ਤੀਵੀਂ ਨੇ ਡਾਢੀ ਫੁਰਤੀ ਨਾਲ ਵਧ ਕੇ ਸਰਦਾਰ ਦੀ ਅੱਖ ਪਰ ਅਜਿਹਾ ਘਸੁੰਨ ਜੜਿਆ ਕਿ ਉਸ ਦੀ ਅੱਖ ਫਿਸ ਗਈ ਅਰ ਬੇਸੁਧ ਲੇਟ ਗਿਆ। ਇਹ ਵੇਖਕੇ ਇਕ ਪਠਾਣ ਨੇ ਬੇਵਸਿਆਂ ਹੋ ਕੇ ਤਲਵਾਰ ਸੂਤ ਕੇ ਅਜਿਹੀ ਮਾਰੀ ਜੋ ਉਸ ਧਰਮੀ ਇਸਤ੍ਰੀ ਦਾ ਸਿਰ ਅੱਡ ਹੋ ਗਿਆ ਅਰ ਤਲਵਾਰ ਦੀ ਨੋਕ ਸਰਦਾਰ ਦੀ ਛਾਤੀ ਵਿਚ ਜਾ ਵੱਜੀ।

5 ਕਾਂਡ

ਉਪਰ ਲਿਖੇ ਸਮਾਚਾਰ ਨੂੰ ਕੁਛ ਦਿਨ ਬੀਤ ਗਏ ਹਨ। ਭੀੜੀ ਜੂਹ ਵਿਖੇ ਫੇਰ ਜੰਗਲ ਵਿਚ ਮੰਗਲ ਹੋ ਰਿਹਾ ਹੈ। ਬਣ ਦੇ ਬ੍ਰਿਛਾਂ ਹੇਠ ਧਰਮੀ ਬਹਾਦਰਾਂ ਦੀ ਗਹਿਮਾ ਗਹਿਮ ਹੋ ਰਹੀ ਹੈ। ਕੋਈ ਪਾਠ ਕਰ ਰਿਹਾ ਹੈ, ਕੋਈ ਕਪੜੇ ਪਹਿਨਦਾ ਹੈ, ਕੋਈ ਲੰਗਰ ਵਾਸਤੇ ਲਕੜਾਂ ਢੂੰਡ ਰਿਹਾ ਹੈ, ਕੋਈ ਫਲਾਂ ਦੀ ਭਾਲ ਵਿਚ ਹੈ, ਮਾਨੋ ਇਹ ਸ਼ੇਰ ਆਪਣੇ ਆਨੰਦ ਭਵਨ ਵਿਚ ਨਿਚਿੰਤ ਮੌਜਾਂ ਲੁਟ ਰਹੇ ਹਨ। ਇਨ੍ਹਾਂ ਨੂੰ ਇਹ ਗੱਲ ਚੇਤੇ ਭੀ ਨਹੀਂ ਕਿ ਸਾਡੇ ਮਾਪੇ ਕਿਥੇ ਹਨ ਤੇ ਘਰ ਬਾਰ ਕਿਹੜੇ ਪਾਸੇ ਹਨ? ਇਨ੍ਹਾਂ ਦੇ ਰੋਮ ਰੋਮ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਤ ਸਮਾ ਰਹੀ ਹੈ ਅਰ ਧਰਮ ਦੀ ਰਾਖੀ ਕਰਨਾ ਇਹਨਾਂ ਨੇ ਆਪਣੇ ਜਨਮ ਦਾ ਕੰਮ ਸਮਝਿਆ ਹੋਇਆ ਹੈ, ਇਸ ਕਰਕੇ ਅਜਿਹੇ ਡਰਾਉਣੇ ਬਣਾਂ ਵਿਚ ਨਿਰਭੈ ਸ਼ੇਰਾਂ ਵਾਂਗ ਗੱਜ ਰਹੇ ਹਨ।

ਰਾਤ ਦਾ ਵੇਲਾ ਹੈ, ਸਾਰੀ ਸੰਗਤ ਪ੍ਰਸ਼ਾਤ ਛੱਕ ਕੇ ਸੌਣ ਦੇ ਆਹਰ ਪਾਹਰ ਵਿਚ ਹੈ। ਇਕ ਚਾਦਰੇ ਪੁਰ ਸੂਰਬੀਰਾਂ ਦੇ ਸ਼ਰੋਮਣੀ ਸ਼ਾਮ ਸਿੰਘ ਜੀ ਬੈਠੇ ਹਨ, ਗੱਲਾਂ ਹੋ ਰਹੀਆਂ ਹਨ।

ਸ਼ਾਮ ਸਿੰਘ- ਫੇਰ ਬੀਬੀ ਜੀ! ਕੀ ਸੰਕਲਪ ਹੈ?

ਸੁਰੱਸਤੀ— ਜਿਸ ਤਰ੍ਹਾਂ ਆਪ ਦੀ ਆਗਯਾ ਹੋਵੇ।

ਸ਼ਾਮ ਸਿੰਘ ਸਾਡੀ ਆਗਯਾ ਕੀ, ਜਿਵੇਂ ਤੁਹਾਡੀ ਪ੍ਰਸੰਨਤਾ ਹੋਵੇ ਅਸੀਂ ਉਸੇ ਤਰ੍ਹਾਂ ਕਰ ਦੇਵੀਏ। ਜੇ ਤੁਸੀਂ ਚਾਹੋ ਤਾਂ ਤੁਹਾਡੇ ਸੁਆਮੀ ਨੂੰ ਫੜ ਲਿਆਵੀਏ ਤੇ ਤੁਸੀਂ ਉਸ ਨਾਲ ਵੱਸੋ। ਜੇ ਤੁਹਾਨੂੰ ਉਥੇ ਪੁਚਾ ਦੇਵੀਏ ਤਾਂ ਪੁਚਾ ਸਕੀਦਾ ਹੈ, ਪਰ ਮੁਗ਼ਲ ਨੇ ਪਿੱਛਾ ਨਹੀਂ ਛੋੜਨਾ, ਇਹ ਤਾਂ ਆਪੇ ਮੁੜ ਉਸਦੇ ਵੱਸ ਪੈ ਜਾਣਾ ਹੋਵੇਗਾ। ਜੋ ਗੱਲ ਤੁਸੀਂ ਕਹੋ, ਹੋ ਜਾਸੀ। ਬਲਵੰਤ ਸਿੰਘ ਸਾਡਾ ਭਰਾ ਹੈ ਸਾਰੇ ਸਿੰਘ ਇਸ ਨੂੰ ਪਿਆਰ ਕਰਦੇ ਹਨ, ਇਹ ਪੂਰਾ ਸਿੰਘ ਹੈ ਤੇ ਵੱਡਾ ਜੋਧਾ ਹੈ, ਤੁਸੀਂ ਇਸ ਦੀ ਭੈਣ ਹੋ, ਸਭ ਖਾਲਸਾ ਆਪ ਨੂੰ ਭੈਣ ਵਤ ਸਮਝਦਾ ਹੈ।

ਸੁਰੱਸਤੀ— ਮਹਾਰਾਜ, ਭ੍ਰਾਤਾ ਜੀ! ਗ੍ਰਿਹਸਤ ਮਾਰਗ ਤੋਂ ਮੇਰਾ ਚਿੱਤ

ਉਪਰਾਮ ਹੈ, ਅਰ ਭਰਤਾ ਜੀ ਮੈਨੂੰ ਆਪ ਤਿਆਗ ਗਏ ਹਨ। ਮੇਰੀ ਰੱਖਿਆ ਕਰਨੀ ਉਨ੍ਹਾਂ ਦਾ ਧਰਮ ਸੀ, ਜਿਸ ਵਲੋਂ ਉਹ ਕੰਨੀ ਕਤਰਾ ਗਏ ਹਨ। ਮੈਂ ਹੁਣ ਮੁੜ ਓਸ ਧੰਦੇ ਵਿਚ ਪੈਣਾ ਨਹੀਂ ਚਾਹੁੰਦੀ, ਜਿਸਤੋਂ ਮੈਨੂੰ ਗੁਰੂ ਜੀ ਨੇ ਰੱਖ ਲਿਆ ਹੈ। ਮੇਰੀ ਵਾਸ਼ਨਾ ਇਹ ਹੈ ਕਿ ਮੇਰੀ ਉਮਰਾ ਖਾਲਸੇ ਜੀ ਦੀ ਸੇਵਾ ਵਿਚ ਸਫਲੀ ਹੋਵੇ। ਜੇਕਰ ਆਪ ਆਗਯਾ ਬਖਸ਼ੋ ਤਾਂ ਮੈਂ ਆਪਣੇ ਭਰਾਵਾਂ ਵਿਚ ਰਹਾਂ। ਜਦ ਸੁਖ ਦੇ ਦਿਨ ਹੋਣ ਤਾਂ ਲੰਗਰ ਆਦਿਕ ਦੀ ਸੇਵਾ ਕਰਾਂ, ਜਦ ਜੁੱਧ ਚੜ੍ਹੋ ਤਦ ਵੀ ਮੈਂ ਨਾਲ ਰਹਾਂ ਅਰ ਘਾਇਲ ਭਰਾਵਾਂ ਦੀ ਮਲ੍ਹਮ ਪੱਟੀ ਕੀਤਾ ਕਰਾਂ। ਮੈਥੋਂ ਇਹ ਨਹੀਂ ਡਿੱਠਾ ਜਾਂਦਾ ਕਿ ਮੇਰਾ ਵੀਰ ਧਰਮ ਪਿਛੇ ਜਾਨ ਤਲੀ ਪਰ ਧਰੀ ਫਿਰੇ ਤੇ ਮੈਂ ਆਪਣਾ ਜੀਵਨ ਧਰਮ ਅਰਪਨ ਨਾ ਕਰਾਂ। ਇਹ ਦਾਨ ਕਰੋ ਕਿ ਤੁਸਾਂ ਜੀ ਦੀ ਕ੍ਰਿਪਾ ਨਾਲ ਬਾਣੀ ਪੜ੍ਹਾਂ, ਨਾਮ ਜਪਾਂ ਤੇ ਸੇਵਾ ਕਰਾਂ। ਜੇ ਮੇਰਾ ਜੀਵਨ ਧਰਮ ਦੇ ਅਰਪਨ ਹੋਵੇ, ਤਦ ਮੇਰੇ ਵਰਗੀ ਭਾਗਾਂ ਵਾਲੀ ਕੌਣ ਹੈ?

ਸ਼ਾਮ ਸਿੰਘ ਵਰਗੇ ਸ਼ੇਰ ਦੀਆਂ ਅੱਖਾਂ ਵਿਚ ਜਲ ਭਰ ਆਇਆ ਅਰ ਸਿਰ ਤੋਂ ਪੈਰਾਂ ਤੀਕ ਥੱਰਰਾ ਗਿਆ, ਪਰ ਫੇਰ ਸੋਚ ਕੇ ਬੋਲਿਆ, ਸਾਡਾ ਜੀਵਨ ਬੜਾ ਖੁਰਦਰਾ ਹੈ, ਮੁਸੀਬਤਾਂ ਦਾ ਸਾਹਮਣਾ ਰਹਿੰਦਾ ਹੈ, ਖ਼ਾਸ ਕਰ ਅੱਜ ਕੱਲ ਤਾਂ ਤੁਸੀਂ ਆਪਣੇ ਇਲਾਕੇ ਭੀ ਨਹੀਂ ਜਾ ਸਕਦੇ। ਤੁਸੀਂ ਦਲਾਂ ਦੇ ਦੁੱਖਾਂ ਵਿਚ ਕੀਕੂੰ ਨਿਭਸੋ?

ਸੁਰੱਸਤੀ— ਨਿਭਾਉਣ ਵਾਲਾ ਸਤਿਗੁਰੂ ਹੈ, ਮੈਂ ਸਾਰੇ ਦੁੱਖ ਝਲਾਂਗੀ ਅਰ ਜਨਮ ਸੇਵਾ ਵਿਚ ਸਫ਼ਲ ਕਰਾਂਗੀ।

ਸਰਦਾਰ ਫੇਰ ਕੁਝ ਸੋਚ ਕੇ ਬੋਲਿਆ- ਤੂੰ ਇਸਤ੍ਰੀ ਨਹੀਂ ਦੇਵੀਂ ਹੈਂ, ਧੰਨ ਤੇਰਾ ਜਨਮ ਹੈ, ਜਿਸ ਨੂੰ ਧਰਮ ਨਾਲ ਇੱਡਾ ਪਿਆਰ ਹੈ। ਬੀਬੀ ਭੈਣ! ਤੇਰੀ ਭਾਉਣੀ ਕਰਤਾਰ ਪੂਰੀ ਕਰੇ, ਮੇਰੇ ਵਲੋਂ ਤੈਨੂੰ ਖੁਲ੍ਹੀ ਛੁੱਟੀ ਹੈ, ਤੂੰ ਜਿੱਕੁਰ ਚਾਹੇਂ ਪੰਥ ਦੀ ਸੇਵਾ ਕਰ, ਆਪਣਾ ਜਨਮ ਸਫਲ ਕਰ ਲੈ, ਮਰਦ ਬਣ ਜਾਏਂ ਤਾਂ ਨਿਭ ਸਕੇਂਗੀ।

ਬਲਵੰਤ ਸਿੰਘ ਭੈਣ! ਸ਼ਾਬਾਸ਼ ਤੇਰੇ ਪੁਰ ਗੁਰੂ ਦੀਆਂ ਖੁਸ਼ੀਆਂ, ਸੱਚਮੁਚ ਤੂੰ ਗੁਰੂ ਜੀ ਦੀ ਪੁਤ੍ਰੀ ਹੈਂ, ਤੇਰਾ ਹੌਂਸਲਾ ਸ਼ੇਰਾਂ ਵਰਗਾ ਹੈ, ਕਰਤਾਰ ਤੇਰੀ ਸਹਾਇਤਾ ਕਰੇ; ਮਾਈ ਭਾਗੋ ਦਾ ਹੱਥ ਤੇਰੇ ਸਿਰ ਤੇ ਹੋਵੇ।

ਸੁਰੱਸਤੀ ਵੀਰ ਜੀ! ਇਹ ਦੇਹੀ ਬਿਨਸਨਹਾਰ ਹੈ, ਅੰਤ ਬਿਨਸਣੀ ਹੈ, ਫੇਰ ਜੇ ਪੰਥ ਦੀ ਸੇਵਾ ਵਿਚ ਬਿਨਸੇ ਤਦ ਇਸ ਤੋਂ ਵਧਕੇ ਕੀ ਲਾਹਾ ਹੈ? ਕਿਵੇਂ ਸਾਡੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਜਾਨਾਂ ਵਾਰੀਆਂ ਤੇ ਕਿਵੇਂ ਹੱਸ ਕੇ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਾਏ। ਜਦ ਵੀਰ ਜੀ! ਇਹੋ ਜਿਹੇ ਮਹਾਤਮਾਂ ਕੁਰਬਾਨ ਹੋ ਰਹੇ ਹਨ ਤਾਂ ਅਸੀਂ ਆਪਣੀ ਜਾਨ ਨੂੰ ਕਿਸ ਦਿਨ ਲਈ ਸਾਂਭ ਸਾਂਭ ਰੱਖੀਏ? ਮਾਂ ਪਿਉ ਸਾਕਾਂ ਅੰਗਾਂ ਨੂੰ ਪ੍ਰਤੱਖ ਦੇਖ ਆਈ ਹਾਂ ਕਿ ਉਨ੍ਹਾ ਦੇ ਮੋਹ ਕੂੜੇ ਹਨ। ਤੁਸਾਂ ਜੋ ਬਲਦੀ ਚਿਖ਼ਾਂ ਤੋਂ ਮੈਨੂੰ ਬਚਾ ਆਂਦਾ ਤੇ ਆਪਣੀ ਜਾਨ ਕਸ਼ਟਾਂ ਵਿਚ ਪਾਈ ਤਾਂ ਤੁਸਾਂ ਸਾਧਾਰਨ ਭਰਾਵਾਂ ਵਾਂਙੂ ਨਹੀਂ ਕੀਤਾ, ਤੁਹਾਡੇ ਹਿਰਦੇ ਵਿਚ ਧਰਮ ਸੀ, ਤੁਹਾਡੇ ਮਨੁ ਵਿਚ ਗੁਰਾਂ ਦੀ ਪ੍ਰੀਤੀ ਸੀ, ਤੁਹਾਡੇ ਅੰਦਰ ਅਣਖ (ਗ਼ੈਰਤ) ਸੀ, ਇਸ ਕਰਕੇ ਤੁਸਾਂ ਮੇਰੇ ਤੇ ਐਡੀ ਦਇਆ ਕੀਤੀ। ਹੁਣ ਜਦ ਮੈਂ ਸੋਚਦੀ ਹਾਂ ਕਿ ਧਰਮ ਅਜਿਹੀ ਪਵਿੱਤ੍ਰ ਵਸਤੂ ਹੈ ਕਿ ਇਸ ਨਾਲ ਜੋ ਕੰਮ ਹੁੰਦਾ ਹੈ, ਸੋ ਦ੍ਰਿੜ੍ਹ ਤੇ ਸੱਚਾ ਅਰ ਅਟੱਲ ਹੁੰਦਾ ਹੈ ਤਾਂ ਮੈਂ ਇਸ ਤੋਂ ਕਿਉਂ ਮੂੰਹ ਮੋੜਾਂ? ਤੁਹਾਡੇ ਮਨ ਵਿਚ ਇਹ ਸੰਸਾ ਹੋਊ ਕਿ ਤੀਵੀਂ ਜਿਕੁਰ ਸਰੀਰ ਕਰਕੇ ਨਿਰਬਲ ਹੁੰਦੀ ਹੈ, ਉੱਕਰ ਹੀ ਮਨ ਕਰ ਕੇ ਭੀ ਨਿਰਬਲ ਹੈ, ਪਰ ਇਸ ਸੰਸੇ ਨੂੰ ਭੀ ਨਵਿਰਤ ਕਰੋ। ਇਸਤ੍ਰੀ ਦਾ ਮਨ ਮੋਮ ਵਰਗਾ ਨਰਮ ਤੇ ਪੱਥਰ ਵਰਗਾ ਕਰੜਾ ਹੁੰਦਾ ਹੈ ਅਤੇ ਧਰਮ ਦੀ ਪਾਣ ਜਦ ਇਸਤ੍ਰੀ ਦੇ ਮਨ ਪੁਰ ਚੜ੍ਹਦੀ ਹੈ ਤਦ ਉਹ ਐਸੀ ਦ੍ਰਿੜ੍ਹ ਹੁੰਦੀ ਹੈ ਕਿ ਉਸਨੂੰ ਕੋਈ ਹਿਲਾ ਨਹੀਂ ਸਕਦਾ। ਮੈਂ ਇਹ ਗੱਲ ਸ਼ੇਖੀ ਮਾਰ ਕੇ ਨਹੀਂ ਆਖਦੀ ਪਰ ਨਿਰਾ ਸਤਿਗੁਰਾਂ ਦੀ ਕ੍ਰਿਪਾ ਪਰ ਭਰੋਸਾ ਰੱਖ ਕੇ ਆਖਦੀ ਹਾਂ।

ਇਹ ਸੁਣ ਕੇ ਸ਼ਾਮ ਸਿੰਘ ਤੇ ਬਲਵੰਤ ਸਿੰਘ ਨੇ ਬੀਬੀ ਨੂੰ ਸ਼ਾਬਾਸ਼ ਦਿੱਤੀ। ਹੁਣ ਅਵੇਰ (ਦੇਰ) ਹੋ ਗਈ ਸੀ, ਸਾਰੇ ਪਾਠ ਕਰਕੇ ਸੌਂ ਗਏ।

ਸਵੇਰੇ ਪ੍ਰਾਤਾਕਾਲ ਸਿੰਘ ਉਠਦੇ ਹੁੰਦੇ ਸਨ ਤੇ ਰੁੱਤ ਬੀ ਬਸੰਤ ਦੀ ਸੀ, ਉਸ ਜੰਗਲ ਦੇ ਵਿਚ ਈਸ਼੍ਵਰ ਦੇ ਨਾਮ ਦੀ ਮਹਿੰਮਾ ਨੇ ਉਹ ਰਸ ਬੱਧਾ ਕਿ ਬੈਕੁੰਠ ਭਾਸਣ ਲੱਗਾ। ਸਵੇਰ ਹੁੰਦੇ ਹੀ ਮਹਾਰਾਜ ਦਾ ਪ੍ਰਕਾਸ਼ ਹੋਇਆ ਅਰ ਸੰਗਤ ਆ ਜੁੜੀ। ਪਹਿਲੇ ਸ਼ਾਮ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਬੀਬੀ ਸੁਰੱਸਤੀ ਦਾ ਸੰਕਲਪ ਆਪਣਾ ਜਨਮ ਧਰਮ ਅਰਥ ਬਿਤੀਤ ਕਰਨ ਦਾ ਹੈ ਅਰ ਘਰ ਬਾਹਰ, ਸੁਲਹ ਜੰਗ ਹਰ ਥਾਂ ਭਰਾਵਾਂ ਦੀ ਸੇਵਾ ਕਰਨੀ ਚਾਹੁੰਦੀ ਹੈ, ਇਸ ਕਰਕੇ ਇਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸੰਗਤਾਂ ਵਿਚ ਸਾਂਝੀ ਕਰਦੇ ਹਾਂ ਅਰ ਆਪਣੀ ਧਰਮ ਭੈਣ ਬਨਾਉਂਦੇ ਹਾਂ। ਸਰਬਤ ਖ਼ਾਲਸਾ ਇਨ੍ਹਾਂ ਨੂੰ ਆਪਣੇ ਮਾਤਾ ਸਾਹਿਬ ਦੇਵਾਂ ਜੀ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਰੀ ਜਾਣੇ ਅਰ ਇਨ੍ਹਾਂ ਨਾਲ ਭੈਣਾਂ ਵਾਲਾ ਵਰਤਾਉ ਕਰੇ, ਫੇਰ ਅੰਮ੍ਰਿਤ ਛਕਾਇਆ ਗਿਆ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਨਾਮ ‘ਸੁੰਦਰ ਕੌਰ’ ਰਖਿਆ ਜੋ ‘ਸੁੰਦਰੀ’ ਹੋ ਕੇ ਪ੍ਰਸਿੱਧ ਹੋਇਆ।

ਖ਼ਾਲਸਾ ਜੀ ਦੀਆਂ ਖੁਸ਼ੀਆਂ ਦੀ ਹੱਦ ਕਿੱਥੇ ਸੀ? ਅਜ ਉਹ ਦਿਨ ਹੈ ਕਿ ਆਪਣੀ ਇਕ ਭੈਣ ਨੂੰ ਸ਼ੇਰ ਦੀਆਂ ਨਹੁੰਦਰਾਂ ਵਿਚੋਂ ਕੱਢ ਕੇ ਲੈ ਆਏ ਹਨ ਤੇ ਉਹ ਅਜ ਧਰਮ ਦੀ ਜਗਵੇਦੀ ਤੇ ਆਪਣਾ ਬਲੀਦਾਨ ਦੇਣ ਲੱਗੀ ਹੈ ਜੋ ਹੁਣ ਦਲ ਵਿਚ ਰਹਿ ਕੇ ਸਾਰੀ ਆਯੂ ਸੇਵਾ ਕਰੇਗੀ ਤੇ ਵੀਰਾਂ ਦੇ ਦੁੱਖ ਵੰਡਾਏਗੀ। ਸਾਰੀ ਫ਼ੌਜ ਵਿਚ ਕਿਹੜਾ ਪੁਰਖ ਸੀ ਜਿਸ ਦੇ ਸਿਰੋਂ ਇਸਤ੍ਰੀ ਦਾ ਕੋਮਲ ਪ੍ਰੇਮ-ਮਈ ਤੇ ਦਇਆਵਾਨ ਛਾਇਆ ਨਹੀਂ ਉਡ ਚੁੱਕਾ ਸੀ ? ਕਿਹੜਾ ਸੀ ਜੋ ਮਾਤਾ, ਭੈਣ ਜਾਂ ਵਹੁਟੀ ਦੇ ਪਵਿੱਤ੍ਰ ਸੰਬੰਧ ਤੋਂ ਧਰਮ ਦੀ ਖਾਤਰ ਇਕ ਤਰ੍ਹਾਂ ਵਿਛੁੜ ਨਹੀਂ ਚੁਕਾ ਸੀ ਅਰ ਮੁੱਦਤਾਂ ਤੋਂ (ਖੁਰਦਰਾ) ਫ਼ੌਜੀ ਜੀਵਨ ਬਿਤੀਤ ਨਹੀਂ ਕਰ ਰਿਹਾ ਸੀ? ਆ! ਪਿਆਰੇ ਪਾਠਕ! ਉਸ ਪੰਥ ਹਿਤ ਕੁਰਬਾਨ ਹੋਣ ਵਾਲੇ ਜਥੇ ਵਿਚ ਇਸ ਧਰਮੀ ਕੰਨਿਆਂ ਦੀ ਕੁਰਬਾਨੀ ਨੇ ਉਹ ਪਵਿੱਤ੍ਰ ਅਸਰ ਪੈਦਾ ਕੀਤਾ ਕਿ ਸਭ ਨੇ ਉਸਨੂੰ ਮਾਤਾ ਜਾਂ ਭੈਣ ਸਮਝ ਕੇ ਇਸ ਆਨੰਦ ਨਾਲ ਗੁਰੂ ਸਾਹਿਬ ਜੀ ਦੇ ਧੰਨਵਾਦ ਕੀਤੇ ਕਿ ਜਿਨ੍ਹਾਂ ਦੀ ਸਮਝ ਉਸ ਵੇਲੇ ਠੀਕ ਆਉਂਦੀ ਹੈ, ਜਿਸ ਵੇਲੇ ਦੁਖਾਂ ਤੋਂ ਛੁਟਕਾਰਾ ਪਾ ਕੇ ਮਨ ਸੁਤੇ ਹੀ ਕਰਤਾਰ ਵਲ ਖਿਚਿਆ ਜਾਂਦਾ ਹੈ।

ਹੇ ਸਿੱਖ ਧਰਮ ਦੇ ਸੱਜਣੋ! ਇਸ ਪਵਿਤ੍ਰ ਸਮੇਂ ਨੂੰ ਯਾਦ ਕਰਕੇ ਇਕ ਵੇਰੀ ਤਾਂ ਦੋ ਪਵਿੱਤ੍ਰ ਹੰਝੂ ਡੇਗ ਦਿਉ! ਉਹ ਕਿਹਾ ਪਵਿੱਤ੍ਰ ਸਮਾਂ ਸੀ? ਉਹ ਕਿਹੜਾ ਸਤਿਜੁਗ ਸੀ ਕਿ ਆਪਣੇ ਵਿਚ ਇਕ ਮੁਟਿਆਰ ਕਾਕੀ ਨੂੰ ਵੇਖ ਕੇ ਸਾਰੀ ਫ਼ੌਜ ਨੇ, ਹਾਂ, ਹਾਂ, ਪਵਿਤ੍ਰਤਾ ਦੀ ਦੇਵੀ ਤੇ ਸੱਕੀ ਭੈਣ ਵਾਲੀ ਭਾਵਨਾ ਨਾਲ ਵੇਖਿਆ। ਸਭ ਨੇ ਭੈਣ, ਸੱਕੀ ਭੈਣ ਜਾਣ ਕੇ ਸੀਸ ਨਿਵਾਇਆ ਤੇ ਖੁਸ਼ੀ ਮਨਾਈ। * ਇਹ ਪਵਿੱਤ੍ਰਤਾ ਸੀ ਜੋ ਸਤਿਗੁਰਾਂ ਨੇ ਸਿਖਾਈ ਸੀ।

ਕੌਮ ਤਦੋਂ ਗੁਰੂ ਪ੍ਰੇਮ ਨਾਲ ‘ਆਪਾਵਾਰ’ ਕੁਰਬਾਨੀਆਂ ਕਰਦੀ ਸੀ। ਗੁਰੂ ਪ੍ਰੇਮ ਨਾਲ ਪ੍ਰੋਤੀ ਪਈ ਸੀ ਤੇ ਨਾਮ ਬਾਣੀ ਦੇ ਆਸਰੇ ਜੀਉਂਦੀ ਸੀ।

ਜਦ ਦੀਵਾਨ ਸਮਾਪਤ ਹੋਇਆ, ਤਾਂ ਲੰਗਰ ਦੀ ਸੇਵਾ ਵਿਚ ਸੁੰਦਰੀ ਜੀ ਨੇ ਟਹਿਲਾ ਕੀਤਾ ਅਰ ਸਭ ਨੇ ਆਨੰਦ ਨਾਲ ਪ੍ਰਸ਼ਾਦ ਛਕਿਆ। ਇਸ ਪ੍ਰਕਾਰ ਉਸ ਧਰਮੀ ਬੀਬੀ ਨੂੰ ਖ਼ਾਲਸੇ ਜੀ ਦੀ ਸੇਵਾ ਕਰਦਿਆਂ ਕੁਝ ਸਮਾਂ ਬੀਤਿਆ।

6 ਕਾਂਡ

ਬੱਤੀਆਂ ਦੰਦਾਂ ਵਿਚ ਜਿਕਰ ਇਕ ਨਰਮ ਤੇ ਕੋਮਲ ਜੀਭ ਵੱਸਦੀ ਹੈ ਜੋ ਆਪਣੀ ਪ੍ਰੇਮ-ਮਈ ਤੇ ਮਿਠੀ ਸੇਵਾ ਨਾਲ ਦੰਦਾਂ ਨੂੰ ਸੁਖ ਦਿੰਦੀ ਹੈ ਤੇ ਅੱਗੋਂ ਦੰਦ ਭੀ ਉਸ ਨੂੰ ਖੇਦ ਨਹੀਂ ਪਹੁੰਚਾਉਂਦੇ, ਸਗੋਂ ਉਸ ਦੀ ਰਾਖੀ ਕਰਦੇ ਹਨ, ਇਕੁਰ ਹੀ ਸਰਦਾਰ ਸ਼ਾਮ ਸਿੰਘ ਦੇ ਜਥੇ ਦੇ ਬਹਾਦਰ ਸਿੰਘਾਂ ਵਿਚ ਨਿੰਮ੍ਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਬਾਹ ਹੋਣ ਲੱਗਾ। ਦੋ ਵੇਲੇ ਲੰਗਰ ਵਿਚ ਸੁੰਦਰੀ ਲੱਗੀ ਰਹਿੰਦੀ, ਭੋਜਨ ਤਿਆਰ ਕਰਦੀ, ਕੁਝ ਸਿੰਘ ਹੋਰ ਸਹਾਇਤਾ ਕਰਦੇ। ਜਦ ਸਭ ਜਣੇ ਛਕ ਲੈਂਦੇ, ਤਦ ਹੋਰ ਸੇਵਾ ਵਿਚ ਹਥ ਪੈਰ ਮਾਰਦੀ, ਭਜਨ ਬਾਣੀ ਭੀ ਨੇਮ ਨਾਲ ਕਰਦੀ। ਜਦ ਲੰਗਰ ਮਸਤਾਨਾ ਹੋ ਜਾਂਦਾ, ਅੰਨ ਦਾਣੇ ਦੀ ਟੋਟ ਹੋ ਜਾਂਦੀ, ਤਦ ਖ਼ਾਲਸਾ ਜੀ ਬਨ ਦੇ ਫਲ’ ਤੇ ਮਿੱਠੀਆਂ ਜੜ੍ਹਾਂ ਪੁਰ ਗੁਜ਼ਾਰਾ ਕਰਦੇ, ਇਸ ਸੇਵਾ ਵਿਚ ਵੀ ਸੁੰਦਰੀ ਤਕੜੀ ਹੋ ਗਈ ਸੀ। ਵਿਹਲੀ ਹੋ ਕੇ ਸਾਰੇ ਬਨ ਵਿਚ ਫਿਰਦੀ ਅਰ ਖਾਣ ਵਾਸਤੇ ਫਲਦਾਰ ਬਿੱਛਾਂ ਨੂੰ ਤੱਕ ਵਿਚ ਰਖਦੀ, ਲੋੜ ਪਈ ਤੇ ਲੈ ਭੀ ਆਉਂਦੀ। ਬਨ ਦੀ ਉੱਤਰ ਦਿਸ਼ਾ ਵਲ ਇਕ ਪਹਾੜੀ ਦਾ ਟਿੱਲਾ ਸੀ, ਸੁੰਦਰੀ ਇਕ ਦਿਨ ਉਸ ਪਰ ਚੜ੍ਹ ਗਈ ਅਰ ਜਦ ਕੋਹ ਕੁ ਉਤਰਾਈ ਉਤਰ ਗਈ ਤਦ ਉਥੇ ਇਕ ਨਿੱਕਾ ਜਿਹਾ ਪਿੰਡ ਡਿੱਠਾ, ਜਿਸ ਦੇ ਆਲੇ ਦੁਆਲੇ ਹਰੇ ਭਰੇ ਖੇਤ ਲਹਿਲਹਾ ਰਹੇ ਸਨ। ਪਿੰਡ ਵਿਚ ਜਾ ਕੇ ਸੁੰਦਰੀ ਨੇ ਕੁਛ ਮਧਰੇ, ਪਰ ਉਂਞ ਤਕੜੇ ਲੋਕ ਡਿਠੇ। ਉਹ ਸਭ ਵਾਹੀ ਕਰਦੇ ਸਨ ਤੇ ਸਨ ਬੀ ਹਿੰਦੂ। ਇਥੋਂ ਭਾਜੀਆਂ ਤੇ ਲੂਣ ਮਿਰਚ ਆਦਿ ਮਿਲ ਜਾਂਦੇ ਸਨ। ਕਈ ਵੇਰ ਸੁੰਦਰੀ ਇਥੋਂ ਤੀਕ ਗੇੜੇ ਲਾ ਜਾਂਦੀ ਅਰ ਕਈ ਛੋਟੇ ਸੌਦੇ ਸੂਤ ਭੀ ਲੈ ਜਾਂਦੀ, ਪਰ ਕਿਸੇ ਨੂੰ ਪਤਾ ਨਾ ਲਗਦਾ ਕਿ ਇਹ ਦੇਵੀ ਕਿਥੋਂ ਆਉਂਦੀ ਹੈ ਤੇ ਕਿਧਰ ਚਲੀ ਜਾਂਦੀ ਹੈ।

ਇਕ ਵੇਰੀ ਖ਼ਾਲਸੇ ਦਾ ਲੰਗਰ ਮਸਤਾਨਾ ਹੋ ਗਿਆ, ਫਲ ਜੜ੍ਹਾਂ ਆਦਿ ਖਾਂਦਿਆਂ ਮੂੰਹ ਫਿਰ ਗਏ ਤੇ ਖ਼ਜ਼ਾਨਾ ਭੀ ਖਾਲੀ ਹੋ ਗਿਆ। ਸਾਰੀ ਫੌਜ ਇਨ੍ਹਾਂ ਗਿਣਤੀਆਂ ਵਿਚ ਸੀ, ਕਿ ਕੀਹ ਕੀਤਾ ਜਾਵੇ ? ਸੁੰਦਰੀ ਦੇ ਕੋਲ ਇਕ ਮੁੰਦਰੀ ਸੀ, ਜੋ ਉਸਦੇ ਵਿਆਹ ਦੇ ਵੇਲੇ ਤੋਂ ਅਜ ਤੀਕ ਹੱਥੀਂ ਸੀ, ਇਸ ਵਿਚ ਹੀਰੇ ਦੀ ਟੁਕੜੀ ਜੜੀ ਹੋਈ ਸੀ। ਇਸਨੂੰ ਵੇਚਕੇ ਕੁਛ ਅੰਨ ਪਾਣੀ ਖਰੀਦਣ ਦਾ ਸੰਕਲਪ ਧਾਰ ਸੁੰਦਰੀ ਉਸ ਪਿੰਡ ਵਿਚ ਪਹੁੰਚ ਗਈ, ਪਰ ਉਸ ਪਿੰਡ ਵਿਚ ਹੀਰੇ ਦੀ ਸਾਰ ਕਿਸ ਨੂੰ ਮਲੂਮ ਸੀ? ਇਕ ਦੋ ਬਾਣੀਏ ਵੇਖ ਚੁਕੇ; ਪਰ ਸੱਚੇ ਝੂਠੇ ਦੀ ਪਰਖ ਕਿਸੇ ਥੋਂ ਨਾ ਹੋਈ। ਨਿਰਾਸ਼ ਹੋ ਕੇ ਮੁੜੀ ਆਉਂਦੀ ਸੀ ਕਿ ਬਜ਼ਾਰ ਦੀ ਨੁੱਕਰ ਉਤੇ ਇਕ ਚਿਟਪੋਸ਼ੀਆ ਖੱਤ੍ਰੀ-ਬੱਚਾ ਉਦਾਸ ਬੈਠਾ ਸੀ। ਸੁੰਦਰੀ ਦੀ ਸੁੰਦਰਤਾ ਤੇ ਉਸ ਦੇ ਚੰਦ ਵਰਗੇ ਚਿਹਰੇ ਪੁਰ ਉਦਾਸੀ ਦੀ ਬੱਦਲੀ ਵੇਖ ਕੇ ਖੱਤ੍ਰੀ ਤੋਂ ਨਾ ਰਿਹਾ ਗਿਆ, ਬੋਲਿਆ: ਬੀਬੀ! ਤੂੰ ਕੌਣ ਹੈਂ ਤੇ ਉਦਾਸ ਕਿਉਂ ਹੈਂ?

ਸੁੰਦਰੀ- ਮੈਂ ਉਦਾਸ ਇਸ ਕਰਕੇ ਹਾਂ ਕਿ ਮੇਰੀ ਹੀਰੇ ਦੀ ਮੁੰਦਰੀ ਦਾ ਗਾਹਕ ਨਹੀਂ ਕੋਈ ਮਿਲਦਾ।

ਖੱਤ੍ਰੀ- ਮੁੰਦਰੀ ਮੈਨੂੰ ਵਿਖਾ ਖਾਂ। ਸੁੰਦਰੀ ਨੇ ਮੁੰਦਰੀ ਵਿਖਾ ਦਿੱਤੀ।

ਖੱਤ੍ਰੀ- ਮੁੰਦਰੀ ਤਾਂ ਚੰਗੀ ਹੈ, ਨਗ ਭੀ ਸੁੱਚਾ ਹੈ, ਮੁੱਲ ਭੀ ਪੰਜ ਸਤ ਸੌ ਮਿਲ ਸਕਦਾ ਹੈ, ਪਰ ਸ਼ੋਕ! ਕਿ ਅੰਬ ਦੇ ਬ੍ਰਿਛ ਤੋਂ ਦੂਰ ਡਿੱਗੀ ਹੋਈ, ਖੰਭ ਟੁੱਟੀ ਕੋਇਲ ਹਾਂ, ਧਨ ਸੰਪਦਾ ਪਾਸ ਨਹੀਂ, ਨਹੀਂ ਤਾਂ ਮੈਂ ਇਸਦਾ ਪੂਰਾ ਮੁੱਲ ਦੇ ਦੇਂਦਾ। ਫੇਰ ਠੰਢਾ ਸਾਹ ਭਰ ਕੇ ਹੰਝੂ ਭਰ ਲਿਆਇਆ ਅਰ ਮੁੰਦਰੀ ਨੂੰ ਮੋੜ ਕੇ ਬੋਲਿਆ: ‘ਬੀਬੀ! ਸ਼ਿਵ ਜੀ ਤੇਰੀ ਕਾਮਨਾ ਪੂਰੀ ਕਰਨ, ਪਰ ਜੇ ਤੂੰ ਇਹ ਮੁੰਦਰੀ ਕਿਸੇ ਸ਼ਹਿਰ ਵਿਚ ਲੈ ਜਾਵੇਂ ਤਾਂ ਚੰਗਾ ਮੁਲ ਵੱਟ ਲਿਆਵੇਂ।’

ਸੁੰਦਰੀ- ਬਹੁਤ ਹੱਛਾ, ਜੋ ਗੁਰੂ ਜੀ ਨੂੰ ਭਾਵੇ, ਪਰ ਤੁਸੀਂ ਦੱਸੋ ਕਿ ਮਰਦ ਹੋ ਕੇ ਤੁਸੀਂ ਕਿਉਂ ਰੋ ਰਹੇ ਹੋ? ਹੰਝੂ ਤ੍ਰੀਮਤਾਂ ਦੇ ਕਿਰਦੇ ਹਨ, ਮਰਦ ਤਾਂ ਕਦੀ ਨਹੀਂ ਡੇਗਦਾ ?

ਖੱਤ੍ਰੀ- ਬੀਬੀ! ਤੂੰ ਤੀਵੀਂ ਤੇ ਮੈਂ ਬਲ-ਹੀਨ ਮਰਦ ਹਾਂ, ਨਾ ਤੂੰ ਮੇਰਾ ਦੁਖ ਨਵਿਰਤ ਕਰ ਸਕੇਂ, ਨਾ ਮੈਂ ਤੇਰੀ ਲੋੜ ਪੂਰੀ ਕਰ ਸਕਾਂ, ਫੇਰ ਕੀ ਦਸਣਾ ਹੋਇਆ? ਆਪਣੇ ਰਸਤੇ ਜਾਹ ਤੇ ਆਪਣੇ ਘਰ ਆਨੰਦ ਭੋਗ। ਭਾਵੇਂ ਤੇਰੇ ਮੁੰਦਰੀ ਵੇਚਣ ਤੋਂ ਜਾਪਦਾ ਹੈ ਕਿ ਤੂੰ ਵੀ ਦੁਖੀ ਹੈਂ ਪਰ ਫੇਰ ਭੀ ਇਨ੍ਹਾਂ ਬਨਾਂ ਦੇ ਆਸਰੇ ਮੁਗ਼ਲ ਹਾਕਮਾਂ ਦੇ ਧੱਕਿਆਂ ਤੋਂ ਸਿਰ ਲੁਕਾਈ ਬੈਠੀ ਹੈਂ। ਸ਼ਹਿਰਾਂ ਪਿੰਡਾਂ ਦਾ ਵਸੇਬਾ ਤਾਂ ਹੁਣ ਨਰਕ ਹੋ ਗਿਆ ਹੈ।

ਸੁੰਦਰੀ- ਹੇ ਪਰਮੇਸ਼ਰ ਦੇ ਬੰਦੇ! ਮੈਂ ਪਰਮ ਸੁਖੀ ਹਾਂ। ਸਰੀਰ ਕਰਕੇ ਅਬਲਾ ਮੈਨੂੰ ਕਹਿ ਲਓ, ਪਰ ਮੈਂ ਮਨ ਕਰਕੇ ਬਲੀ ਹਾਂ। ਮੇਰੇ ਕਬੀਲੇ ਵਾਲੇ ਬਲੀ ਹਨ ਕਿ ਜਿਨ੍ਹਾਂ ਦਾ ਲੋਹਾ ਹੁਣ ਤੁਰਕ ਬੀ ਮੰਨਦੇ ਹਨ।

ਖੱਤ੍ਰੀ- ਤੁਰਕਾਂ ਦੇ ਟਾਕਰੇ ਦਾ ਕੌਣ ਹੈ? ਸਿੱਖ ਵਿਚਾਰੇ ਉੱਠੇ ਸਨ, ਕਿਤੇ ਕਿਤੇ ਉਹਨਾਂ ਚੰਗੇ ਦੰਦ ਖੱਟੇ ਕੀਤੇ ਸਨ, ਪਰ ਨਾਸ ਹੋਵੇ ਸਾਡੇ ਆਪਣੇ ਭਰਾਵਾਂ ਦਾ, ਜਿਹੜੇ ਸਿੱਖਾਂ ਦਾ ਵੀ ਖੁਰਾ-ਖੋਜ ਪੁਟਵਾ ਰਹੇ ਹਨ, ਪਰ ਕੀਕੂੰ ਓਹ ਮਰਦੇ ਮੁਕਦੇ ਫੇਰ ਉਮਗਦੇ ਤੇ ਧਰਮ ਤੋਂ ਜਾਨਾਂ ਵਾਰਦੇ ਰਹਿੰਦੇ ਹਨ। ਹੁਣ ਵੇਖੋ ਖਾਂ, ਲਖਪਤ ਏਮਨਾਬਾਦੋਂ ਸਿੱਖਾਂ ਪਰ ਭੜਥੂ ਪਾਈ ਆ ਰਿਹਾ ਹੈ। ਉਹੋ! ਮਹਾਂਦੇਵ ਭੋਲੇ! ਇਹ ਕੀ ਹੋ ਰਿਹਾ ਹੈ?

‘ਸਿੱਖਾਂ ਦੇ ਸਿਰ ਭੜਥੂ’ ਸੁਣ ਕੇ ਸੁੰਦਰੀ ਦਾ ਚਿਹਰਾ ਲਾਲ ਹੋ ਗਿਆ। ਪਰ ਫੇਰ ਸੋਚ ਕੇ ਸੰਭਲੀ ਅਰ ਧੱਕੋ ਧਕੀ ਦੇ ਕੱਠੇ ਕੀਤੇ ਧੀਰਜ ਨਾਲ ਬੋਲੀ: ‘ਤੁਸੀਂ ਆਪਣਾ ਹਾਲ ਤਾਂ ਸੁਣਾਓ?”

ਖੱਤ੍ਰੀ ਹੇ ਦੇਵੀ! ਜੇ ਤੈਨੂੰ ਹਠ ਹੈ ਤਾਂ ਲੈ ਸੁਣ ਦੁਖ-ਭਰੀ ਵਾਰਤਾ: ਇਸ ਥਾਂ ਤੋਂ ਦਸ ਵੀਹ ਕੋਹ ਹਿਠਾੜ ਨੂੰ ਸ਼ਾਹੀ ਰਸਤੇ ਥੋਂ ਜ਼ਰਾ ਦੁਰਾਡਾ ਕਰਕੇ ਇਕ ਮੁਸਲਕਾ ਪਿੰਡ ਹੈ, ਉਸ ਵਿਚ ਹਿੰਦੂਆਂ ਦੇ ਘਰ ਬੀ ਚੋਖੇ ਹਨ। ਇਕ ਸੁੰਦਰ ਸ਼ਿਵ ਦੁਆਲਾ ਭੀ ਹੈ। ਸਾਡਾ ਘਰਾਣਾ ਵੱਡਾ ਪੁਰਾਤਨ ਹੈ। ਅਕਬਰ ਦੇ ਵੇਲੇ ਦੀਵਾਨ ਟੋਡਰ ਮਲ ਦੇ ਮਾਤਹਿਤ ਸਾਡਾ ਵੱਡਾ ਭੀ ਕੋਈ ਕਿਸੇ ਹੁੱਦੇ ਤੇ ਸੀ। ਧਨ ਦੌਲਤ ਇੰਨੀ ਹੈ ਕਿ ਅੱਜ ਤੱਕ ਨਹੀਂ ਮੁੱਕੀ। ਜਾਤ ਦੇ ਅਸੀਂ ਉੱਚੇ ਖੱਤ੍ਰੀ ਹਾਂ। ਸਾਡੇ ਨਗਰ ਵਿਚ ਇਕ ਹਾਕਮ ਤੇ ਉਸ ਦੇ ਸਿਪਾਹੀ ਰਹਿੰਦੇ ਹਨ। ਥੋੜੇ ਦਿਨ ਹੋਏ, ਮੈਂ ਸ਼ਿਵ-ਦੁਆਲੇ ਜਲ ਚੜ੍ਹਾਉਣ ਗਿਆ ਸੀ, ਪਿੱਛੇ ਮੇਰੀ ਵਹੁਟੀ ਕੋਠੇ ਉਤੇ ਖਲੋਤੀ ਵਾਲ ਸੁਕਾਉਂਦੀ ਸੀ, ਮੁਗ਼ਲ ਹਾਕਮ ਦਾ ਮਹਿਲ ਸਾਥੋਂ ਰਤਾ ਉਚੇਰਾ ਹੈ, ਕੋਠੇ ਉਤੋਂ ਉਸ ਨੇ ਮੇਰੀ ਇਸਤ੍ਰੀ ਵੇਖ ਲੀਤੀ, ਉਸੇ ਵੇਲੇ ਪਤਾ ਕੱਢਿਓਸ ਕਿ ਇਹ ਫ਼ਲਾਣੇ ਦੀ ਵਹੁਟੀ ਹੈ। ਬੱਸ ਮੈਨੂੰ ਸ਼ਿਵ-ਦੁਆਲੇ ਦੇ ਵਿਚੋਂ ਨਿਕਲਦਿਆਂ ਹੀ ਫੜਵਾ ਮੰਗਵਾਇਆ ਅਰ ਆਖਣ ਲੱਗਾ ਕਿ ‘ਪਾਤਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ ਜੋ ਤੁਹਾਡੇ ਘਰ ਅਕਬਰ ਦੇ ਖ਼ਜ਼ਾਨੇ ਦੇ ਜਵਾਹਰਾਤ ਹੈਨ, ਸੋ ਜੇਕਰ ਦੇ ਦੇਵੋ ਤਾਂ ਚੰਗਾ ਨਹੀਂ ਤਾਂ ਕੈਦ ਹੋ ਜਾਓਗੇ : ਮੈਂ ਕਿਹਾ ਕਿ ਅਕਬਰ ਨੂੰ ਮੋਇਆਂ ਪੀੜ੍ਹੀਆਂ ਬੀਤ ਗਈਆਂ, ਮੇਰੀਆਂ ਪੀੜ੍ਹੀਆਂ ਮਰ ਚੁਕੀਆਂ ਹਨ, ਇਸ ਗਲ ਦਾ ਕੋਈ ਸਬੂਤ ਨਹੀਂ। ਕਹਿਣ ਲੱਗਾ : ‘ਓ ਕਾਫ਼ਰ! ਮੋਮਨਾਂ ਦੇ ਸਾਹਮਣੇ ਝੂਠ ਬੋਲਦਾ ਹੈਂ? ਚੱਲ ਦੂਰ ਹੋ।’ ਇਹ ਕਹਿ ਕੇ ਅੱਖ ਨਾਲ ਸੈਨਤ ਕੀਤੀਓਸ, ਝੱਟ ਸਿਪਾਹੀ ਮੈਨੂੰ ਬੰਦੀਖਾਨੇ ਲੈ ਗਏ; ਉਧਰੋਂ ਮੇਰੇ ਘਰ ਉਤੇ ਪਹਿਰਾ ਬਿਠਾ ਦਿੱਤਾ। ਦੂਜੇ ਦਿਨ ਮੈਨੂੰ ਕਹਾ ਭੇਜਿਆ ਕਿ ‘ਜੇ ਤੂੰ ਆਪਣੀ ਇਸਤ੍ਰੀ ਦੇ ਦੇਵੇਂ ਤਾਂ ਤੈਨੂੰ ਛੱਡ ਦੇਂਦੇ ਹਾਂ।’ ਇਹ ਗੱਲ ਸੁਣ ਕੇ ਮੈਨੂੰ ਗ਼ਸ਼ ਪੈ ਗਿਆ ਕਿ ‘ਹਾਇ! ਪਿਆਰੀ ਵਹੁਟੀ ਮੈਥੋਂ ਖੁੱਸ ਕੇ ਦੂਏ ਦੀ ਬਣ ਜਾਏਗੀ?”

“ਜਾਂ ਹੋਸ਼ ਆਈ ਤਦ ਮੈਂ ਸੋਨੇ ਦੇ ਕੜੇ ਤੇ ਮੁੰਦਰੀਆਂ, ਜੋ ਮੇਰੇ ਕੋਲ ਸਨ, ਦਰੋਗੇ ਨੂੰ ਵੱਢੀ ਵਿਚ ਦੇ ਦਿੱਤੇ ਅਰ ਛੁਟਕਾਰਾ ਪਾ ਕੇ ਘਰ ਵਲ ਗਿਆ ਪਰ ਮੇਰੀ ਵਹੁਟੀ ਨੂੰ ਉਹ ਅੱਗੇ ਹੀ ਫੜ ਕੇ ਲੈ ਗਿਆ ਸੀ ਅਰ ਮੇਰੇ ਘਰ ਪਹਿਰੇ ਬਿਠਾਏ ਹੋਏ ਸਨ। ਇਹ ਖ਼ਬਰ ਸੁਣ ਕੇ ਮੇਰੀਆਂ ਸਤੇ ਸੁਧਾਂ ਭੁਲ ਗਈਆਂ ਪਰ ਮੈਂ ਕਰ ਕੀ ਸਕਦਾ ਸਾਂ। ਪਿੰਡੋਂ ਬਾਹਰ ਜਾ ਕੇ ਦੋ ਦਿਨ ਰੋਂਦਿਆਂ ਕੱਟੇ, ਛੇਕੜ ਕਿਸੇ ਹੀਲੇ ਨਾਲ ਖ਼ਬਰ ਮੰਗਵਾਈ ਕਿ ਮੇਰੀ ਵਹੁਟੀ ਨੇ ਅਜੇ ਧਰਮ ਨਹੀਂ ਹਾਰਿਆ, ਪਰ ਕੈਦ ਵਿਚ ਪਈ ਹੋਈ ਹੈ, ਪਰੰਤੂ ਲੋਕਾਂ ਵਿਚ ਇਹ ਗੱਲ ਉਡੀ ਹੋਈ ਹੈ ਕਿ ਉਹ ਮਹਿਲੀਂ ਵੜ ਗਈ ਹੈ। ਇਕ ਦਿਨ ਹੋਰ ਲੁਕ ਛਿਪ ਕੇ ਕਟਿਆ, ਕੋਈ ਢੰਗ ਵਹੁਟੀ ਦੇ ਬਚਾਉਣ ਦਾ ਨਾ ਪਾ ਕੇ ਮੈਂ ਏਧਰ ਨਿਕਲ ਆਇਆ ਹਾਂ, ਜੋ ਕਿਸੇ ਤਰ੍ਹਾਂ ਮਰ ਜਾਵਾਂ, ਪਰ ਜਿੰਦ ਪਾਪਨ ਵੱਡੀ ਪਿਆਰੀ ਹੈ।”

ਸੁੰਦਰੀ- ਹੇ ਅਪਦਾ ਗ੍ਰਸੇ ਸੱਜਣ! ਆਤਮਘਾਤ ਕਰਨਾ ਮਹਾਂ ਪਾਪ ਹੈ ਤੇ ਤੂੰ ਵਹੁਟੀ ਦਾ ਛੁਟਕਾਰਾ ਚਾਹੇ ਤਾਂ ਮੇਰੇ ਨਾਲ ਚੱਲ, ਮੇਰੇ ਭਰਾ ਤੇਰੀ ਇਸਤ੍ਰੀ ਤੈਨੂੰ ਲੈ ਦੇਣਗੇ। ਜੇ ਤੂੰ ਵਹੁਟੀ ਦੇ ਤੁਰਕ ਹੋ ਜਾਣ ਦੀ ਪੱਕੀ ਖਬਰ ਪਾਈ ਹੈ ਤੇ ਹੁਣ ਉਸ ਨੂੰ ਮਿਲਿਆ ਨਹੀਂ ਚਾਹੁੰਦਾ ਤਾਂ ਮੇਰੇ ਵੀਰ ਤੈਨੂੰ ਧਰਮ ਦੇ ਕੰਮ ਵਿਚ ਲਾ ਦੇਣਗੇ ਐਸਾ ਕਿ ਤੇਰਾ ਜੀਵਨ ਸਫਲ ਹੋ ਜਾਏਗਾ।

ਖੱਤ੍ਰੀ- ਬੀਬੀ! ਤੇਰੇ ਬਚਨ ਅਜੇਹੇ ਕੋਮਲ ਤੇ ਮਿੱਠੇ ਹਨ ਕਿ ਮੇਰੇ ਘਾਇਲ ਮਨ ਉਤੇ ਮਲ੍ਹਮ ਦਾ ਕੰਮ ਕਰਦੇ ਹਨ। ‘ਡੁਬਦੇ ਨੂੰ ਤੀਲੇ ਦਾ ਸਹਾਰਾ’ ਕੋਈ ਢੰਗ ਮੇਰੇ ਪਾਸ ਆਪਣੇ ਬਚਾਉ ਦਾ ਨਹੀਂ ਰਿਹਾ ਕੋਈ ਰਸਤਾ ਵਹੁਟੀ ਛੁਟਕਾਰੇ ਦਾ ਨਹੀਂ, ਚਾਰ ਚੁਫੇਰੇ ਹਨੇਰਾ ਛਾ ਰਿਹਾ ਹੈ। ਬਿਪਤਾ ਦੀਆਂ ਮੂਰਤਾਂ ਪੱਤੇ ਪੱਤੇ ਪਰ ਲਿਖੀਆਂ ਗਈਆਂ ਹਨ। ਉਹ ਕੀ ਪਾਪ ਹੈ ਜਿਸ ਕਰਕੇ ਸਾਡੇ ਦੇਸ ਉਤੇ ਇੱਡਾ ਕਹਿਰ ਹੋ ਰਿਹਾ ਹੈ? ਕਿਉਂ ਸਾਡੇ ਭਾ ਦੀ ਕੰਬਖਤੀ ਆ ਰਹੀ ਹੈ? ਦੇਵੀ ਦੇਉਤੇ ਕਿੱਧਰ ਜਾ ਲੁੱਕੇ ? ਰਿਖੀ ਮੁਨੀ ਕਿਉਂ ਨਹੀਂ ਬਹੁੜਦੇ ? ਹੇ ਸ਼ਿਵ! ਹੇ ਵਿਸ਼ਨੂੰ! ਦੇਵਤੇ ਦੁਖੀ ਹਨ, ਬਹੁੜੋ! ਹਾਇ ਅਪਦਾ! ਇਹ ਕੀ ਕਹਿਰ ਵਰਤ ਗਿਆ? ਮਲੇਛਾਂ* ਦਾ ਨਾਸ਼ ਕਿਉਂ ਨਹੀਂ ਹੁੰਦਾ? ਇਹ ਉਪਦਰ ਕਿਉਂ ਨਹੀਂ ਟਲਦਾ ? ਹਾਇ ਕਸ਼ਟ! ਕੀ ਅਨਰਥ ਹੋ ਰਿਹਾ ਹੈ?

ਮਨ ਦੇ ਦੁਖੜੇ ਤੇ ਅੰਤਹਕਰਣ ਦੀ ਨਿਰਾਸਤਾ ਦੇ ਕੀਰਨੇ ਸੁਣਕੇ ਸੁੰਦਰੀ ਦਾ ਕਲੇਜਾ ਕੰਬ ਗਿਆ, ਧੀਰਜ ਨਾਲ ਬੋਲੀ : ਹੇ ਸਾਈਂ ਦੇ ਬੰਦੇ! ਇਹ ਸਭ ਔਖ ਇਕ ਪਰਮੇਸ਼ਰ ਦੀ ਸੇਵਾ ਛੱਡਕੇ ਫੋਕਟ ਕਰਮ ਕਰਨ ਦੇ ਫਲ ਹਨ। ਇਕ ਪਰਮੇਸ਼ਰ ਦਾ ਲੜ ਫੜਿਆਂ ਕਾਰਜ ਰਾਸ ਹੁੰਦੇ ਹਨ। ਇਕ ਦੇ ਲੜ ਲੱਗੇ ਸਾਰੇ ਆਪੋ ਵਿਚ ਪਿਆਰ ਨਾਲ ਪੁਰੋਤੇ ਜਾਂਦੇ ਹਨ, ਇਕ ਦੋ ਪੁੱਤ੍ਰ ਆਪੋ ਵਿਚ ਭਰਾਉ ਹੁੰਦੇ ਹਨ। ਭਰਾਉਪਨੇ ਤੇ ਭਾਉ ਨਾਲ ਜੁੜੇ ਹੋਏ ਇਕ ਤਾਕਤ ਬਣ ਜਾਂਦੇ ਹਨ। ਵਿਕੋਲਿੱਤ੍ਰਿਆਂ ਰਹਿਣਾ ਸਾਡੇ ਦੇਸ਼ ਦੀ ਕਮਜ਼ੋਰੀ ਦਾ ਕਾਰਨ ਹੈ। ਸਾਡੇ ਆਪੋ ਵਿਚ ਪਾਟੇ ਰਹਿਣਾ ਇਕ ਮੰਦ ਕਰਮ ਹੈ, ਜਿਸ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ। ਖੱਤ੍ਰੀ ਆਪਣੇ ਵਹਿਣਾ ਵਿਚ ਡੁੱਬਾ ਮੂਰਤ ਬਣਿਆ ਬੈਠਾ ਸੀ, ਸੁੰਦਰੀ ਨੇ ਬਾਹੋਂ ਫੜ ਉਠਾਯਾ ਤੇ ਨਾਲ ਲੈ ਤੁਰੀ। ਜਦ ਪਿੰਡੋਂ ਦੂਰ ਨਿਕਲ ਗਈ ਤਦ ਕਹਿਣ ਲੱਗੀ ਕਿ ਅਜ ਕੱਲ ਸਮਾਂ ਜਾਂਦਾ ਹੈ ਬੁਰਾ ਤੇ ਅਸੀਂ ਲੁਕ ਕੇ ਗੁਜ਼ਾਰਾ ਕਰ ਰਹੇ ਹਾਂ, ਇਸ ਕਰਕੇ ਕਿਸੇ ਨੂੰ ਆਪਣਾ ਪਤਾ ਨਹੀਂ ਦੱਸ ਸਕਦੇ ਤੇਰੀਆਂ ਅੱਖਾਂ ਤੇ ਮੈਂ ਪੱਟੀ ਬੰਨ੍ਹ ਦੇਂਦੀ ਹਾਂ ਤੇ ਟਿਕਾਣੇ ਚੱਲ ਕੇ ਖੋਲ੍ਹ ਦੇਵਾਂਗੀ। ਖੱਤ੍ਰੀ ਨੇ ਅੱਗੋਂ ਨਾਂਹ ਨੁੱਕਰ ਕੁਛ ਨਾ ਕੀਤੀ। ਸੁੰਦਰੀ ਨੇ ਪੱਟੀ ਬੰਨ੍ਹ ਦਿੱਤੀ ਅਰ ਜੰਗਲ ਦੇ ਬਿਖੜੇ ਰਸਤੇ ਥਾਣੀਂ ਲੰਘ ਕੇ ਆਪਣੇ ਡੇਰੇ ਵਿਚ ਲੈ ਪਹੁੰਚੀ।

ਅੱਗੇ ਜਾ ਕੇ ਕੀ ਵੇਖਦੀ ਹੈ ਕਿ ਜੰਗਲ ਵਿਚ ਰੌਣਕ ਲੱਗ ਰਹੀ ਹੈ ਅਰ ਦੇਗਾਂ ਗਰਮ ਹਨ, ਜੁਆਲਾ ਲਟਲਟ ਕਰ ਰਹੀ ਹੈ। ਹਰਿਆਨ ਹੋ ਕੇ ਇਕ ਸਿੰਘ ਨੂੰ ਪੁੱਛਣ ਲੱਗੀ ਭਰਾ ਜੀ! ਇਹ ਕੀ ਹੈ ? ਉਸ ਉੱਤਰ ਦਿੱਤਾ – ਭੈਣ ਜੀ! ਇਹ ਮਹਾਂ ਪ੍ਰਸ਼ਾਦ ਹੈ, ਅੱਜ ਲੰਗਰ ਮਸਤਾਨੇ ਹੋਣ ਕਰਕੇ ਸਰਦਾਰ ਹੁਰੀਂ ਤੇ ਬਲਵੰਤ ਸਿੰਘ ਜੀ ਸ਼ਿਕਾਰ ਚੜ੍ਹੇ ਸਨ ਸੋ ਕੋਈ ਹਰਨਾਂ ਦੀ ਡਾਰ ਮਾਰ ਲਿਆਏ ਹਨ, ਉਨ੍ਹਾਂ ਦੀਆਂ ਦੇਗਾਂ ਧਰ ਦਿੱਤੀਆਂ ਹਨ। ਤੁਸਾਂ ਅੱਜ ਵੱਡਾ ਚਿਰ ਲਾਇਆ, ਕਿੱਧਰ ਗਏ ਸਾਓ?

ਸੁੰਦਰੀ (ਹੱਸ ਕੇ ਬੋਲੀ)— ਵੀਰ ਜੀ! ਤੁਸੀਂ ਚਿਰ ਤੋਂ ਵਿਹਲੇ ਬੈਠੇ ਸਾਓ, ਤੁਹਾਡੇ ਲਈ ਕੰਮ ਲੱਭਣ ਗਈ ਸਾਂ।

ਸਿੰਘ- ਫੇਰ ਕੋਈ ਆਂਦਾ ਜੇ ?

ਸੁੰਦਰੀ (ਖੱਤ੍ਰੀ ਵਲ ਸੈਨਤ ਕਰ ਕੇ)— ਆਹ ਵੇਖਾਂ।

ਇੰਨੇ ਨੂੰ ਬਲਵੰਤ ਸਿੰਘ ਆ ਗਿਆ, ਭੈਣ ਨੂੰ ਪੁੱਛਣ ਲੱਗਾ ਕਿ ਇਹ ਕੌਣ ਹੈ? ਸੁੰਦਰੀ ਨੇ ਸਾਰੀ ਵਿੱਥਯਾ ਸੁਣਾਈ, ਫੇਰ ਦੋਵੇਂ ਸਰਦਾਰ ਪਾਸ ਗਏ, ਖੱਤ੍ਰੀ ਨੂੰ ਭੀ ਲੈ ਗਏ। ਸਾਰਾ ਹਾਲ ਸੁਣ ਕੇ ਸ਼ਾਮ ਸਿੰਘ ਦੇ ਹਿਰਦੇ ਪੁਰ ਇਕ ਅਸਚਰਜ ਅਸਰ ਹੋਇਆ। ਸੁੰਦਰੀ ਦੇ ਹਿਰਦੇ ਵਿਚ ਧਰਮ ਦਾ ਇੱਡਾ ਪ੍ਰੇਮ ਦੇਖਕੇ ਕਿ ਉਹ ਭਰਾਵਾਂ ਦੀ ਖ਼ਾਤਰ ਆਪਨੀ ਮੁੰਦਰੀ ਵੇਚਣ ਉੱਠ ਤੁਰੀ, ਸਰਦਾਰ ਇਕ ਚਾਉ ਤੇ ਕਦਰਦਾਨੀ ਦੇ ਭਾਵ ਨਾਲ ਭਰ ਗਿਆ, ਫਿਰ ਬੋਲਿਆ : ਭੈਣ ਜੀ! ਸੱਚਮੁਚ ਤੁਸੀਂ ਦੇਵੀ ਹੋ। ਫੇਰ ਖੱਤ੍ਰੀ ਦੀ ਵਾਰਤਾ ਨੂੰ ਵਿਚਾਰ ਕੇ ਇਕ ਸਿੱਖ ਨੂੰ ਆਗਯਾ ਦਿੱਤੀ ਕਿ ਇਸਨੂੰ ਲੰਗਰ ਵਿਚ ਲਿਜਾ ਕੇ ਪੱਟੀ ਖੋਲ੍ਹੋ ਤੇ ਕੁਛ ਛਕਾਓ। ਇਧਰ ਬਲਵੰਤ ਸਿੰਘ ਨਾਲ ਗੱਲ ਵਰਤੀ ਕਿ ਮਤਾਂ ਇਹ ਕੋਈ ਵੈਰੀਆਂ ਵਿਚੋਂ ਭੇਤ ਲੈਣ ਨਾ ਆਇਆ ਹੋਵੇ ਇਸਦਾ ਵਿਸਾਹ ਕਰਨਾ ਠੀਕ ਨਹੀਂ ਅਰ ਇਕ ਸਿੱਖ ਨੂੰ ਇਹ ਆਗਿਆ ਦਿਤੀ ਕਿ ਹਰ ਵੇਲੇ ਉਸਦੇ ਨਾਲ ਰਹੇ ਤੇ ਖ਼ਿਆਲ ਰੱਖੇ ਕਿ ਉਹ ਕੀ ਕੁਝ ਕਰਦਾ ਹੈ ਤੇ ਕਿੱਧਰ ਆਉਂਦਾ ਜਾਂਦਾ ਹੈ। ਇਕ ਹੋਰ ਸਿੱਖ, ਜਿਸਨੂੰ ਅੱਗੇ ਸੂਹ ਲੈਣ ਘੱਲਿਆ ਸੀ, ਉਸ ਪਿੰਡ ਤੋਰ ਦਿੱਤਾ ਕਿ ਖ਼ਬਰ ਲਿਆਵੇ ਕਿ ਜੋ ਕੁਛ ਖੱਤ੍ਰੀ ਨੇ ਕਿਹਾ ਹੈ ਠੀਕ ਹੈ ਕਿ ਨਹੀਂ? ਸੁੰਦਰੀ ਨੂੰ ਆਪਣੀ ਕੈਦ ਭੁੱਲੀ ਨਹੀਂ ਸੀ ਅਰ ਉਹ ਜਾਣਦੀ ਸੀ ਕਿ ਖੱਤ੍ਰੀ ਦੀ ਵਹੁਟੀ ਕਿਸ ਔਖ ਵਿਚ ਹੋਵੇਗੀ ਅਰ ਕਿੱਕੁਰ ਇਕ ਇਕ ਘੜੀ ਉਸਦੇ ਛੁਟਕਾਰੇ ਵਾਸਤੇ ਅਮੋਲਕ ਹੈ। ਉਹ ਚਾਹੁੰਦੀ ਸੀ ਕਿ ਉਸ ਇਸਤ੍ਰੀ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਛੇਤੀ ਕੀਤੀ ਜਾਵੇ ਚੰਗੀ ਹੈ, ਪਰ ਸਰਦਾਰ ਦੀ ਅਕਲ ਤੇ ਦੂਰ ਦੀ ਸੋਚ ਵੀ ਉਲੰਘ ਨਹੀਂ ਸਕਦੀ ਸੀ, ਕਿਉਂਕਿ ਪੱਕ ਜਾਣਦੀ ਸੀ ਕਿ ਉਹਨਾਂ ਦੀ ਬੁੱਧਿ ਸਾਰੇ ਜਥੇ ਵਿਚੋਂ ਚੰਗੀ ਹੈ, ਅਰ ਨਾ ਨਿਰੇ ਜਥੇ ਵਿਚੋਂ ਸਗੋਂ ਸਾਰਾ ਪੰਥ ਉਨ੍ਹਾਂ ਦੀ ਅਕਲ ਨੂੰ ਮੰਨਦਾ ਹੈ।

7 ਕਾਂਡ

ਉਪਰ ਲਿਖੇ ਸਮਾਚਾਰ ਨੂੰ ਤਿੰਨ ਦਿਨ ਬੀਤ ਗਏ, ਸਵੇਰ ਹੋ ਚੁਕੀ, ਦਸ ਬਾਰਾਂ ਵਜੇ ਦਾ ਵੇਲਾ ਹੈ। ਉਸ ਨਗਰ ਵਿਚ ਜਿੱਥੇ ਉਸ ਖੱਤ੍ਰੀ ਦੀ ਵਹੁਟੀ ਕੈਦ ਸੀ, ਸਭ ਲੋਕੀਂ ਆਪੋ ਆਪਣੇ ਕੰਮਾਂ ਵਿਚ ਰੁੱਝੇ ਹੋਏ ਹਨ। ਨਿਕੜੇ ਜਿਹੇ ਨਗਰ ਵਿਚ ਹੱਟਾਂ ਪੁਰ ਲੈਣ ਦੇਣ ਹੋ ਰਿਹਾ ਹੈ । ਘਰਾਂ ਵਿਚ ਰੋਟੀਆਂ ਤਿਆਰ ਪਈਆਂ ਹੁੰਦੀਆਂ ਹਨ। ਹਾਕਮ ਦੇ ਮਹਿਲਾਂ ਵਿਚ ਅਚਰਜ ਰੰਗ ਹੈ, ਦੀਵਾਨਖ਼ਾਨੇ ਵਿਚ ਹਾਕਮ ਬੈਠੇ ਹਨ, ਪਾਸ ਕੁਛ ਮੁਸਾਹਿਬ ਕੱਚੇ ਕੁਸ਼ਾਮਤੀ ਬੈਠੇ ਗੱਪਾਂ ਲਾ ਰਹੇ ਹਨ। ਸ਼ਰਾਬ ਦਾ ਦੌਰ ਜਾਰੀ ਹੈ, ਰੰਗ ਰੰਗ ਦੇ ਖਾਣੇ ਪਏ ਹਨ, ਕੋਈ ਪਿਆਲਾ ਮੂੰਹ ਨਾਲ ਲਾਈ ਬੈਠਾ ਹੈ, ਕੋਈ ਨਕਲ ਉਡਾ ਰਿਹਾ ਹੈ।

ਜ਼ਨਾਨਖ਼ਾਨੇ ਵਿਚ ਭੀ ਗਹਿਮਾ-ਗਹਿਮ ਹੈ। ਇਕ ਗਲੀਚੇ ਪੁਰ ਪੰਜ ਛੇ ਬੇਗ਼ਮਾਂ ਬੈਠੀਆਂ ਹਨ, ਉਧਰ ਗੋਲੀਆਂ ਬਾਂਦੀਆਂ ਫਿਰ ਰਹੀਆਂ ਹਨ। ਇਨ੍ਹਾਂ ਬੇਗ਼ਮਾਂ ਦੀ ਸੁੰਦਰਤਾ ਇਕ ਤੋਂ ਇਕ ਚੜ੍ਹਦੀ ਹੈ, ਰੇਸ਼ਮੀ ਕਪੜਿਆਂ ਤੇ ਗਹਿਣਿਆਂ ਦੀ ਸੱਜਧਜ ਬਹੁਤ ਵਧਕੇ ਹੈ। ਇਨ੍ਹਾਂ ਵਿਚੋਂ ਇਕ ਤੀਵੀਂ ਡਾਢੀ ਉਦਾਸ ਬੈਠੀ ਹੈ। ਉਸ ਕਮਰੇ ਦੀ ਅਮੀਰੀ ਸਜਾਵਟ, ਉਸਦੇ ਗਲ ਦੇ ਕਪੜੇ ਤੇ ਅਮੋਲਕ ਗਹਿਣੇ ਇਉਂ ਜਾਪਦੇ ਹਨ, ਜਿੱਕੁਰ ਇਕ ਨਵੀਂ ਫੜੀ ਮੈਨਾ ਨੂੰ ਸੋਨੇ ਦੇ ਪਿੰਜਰੇ ਵਿਚ ਪਾਇਆ ਹੈ। ਹੋਰ ਸਭ ਗੱਲਾਂ ਕਰਦੀਆਂ ਹਨ, ਹੱਸਦੀਆਂ ਹਨ, ਕੁਝ ਜੁਗਤ ਮਖ਼ੌਲ ਵੀ ਕਰਦੀਆਂ ਹਨ, ਪਰ ਇਹ ਚੁੱਪ ਬੈਠੀ ਹੈ। ਕਿਸੇ ਕਿਸੇ ਵੇਲੇ ਠੰਢਾ ਸਾਹ ਭਰਦੀ ਹੈ ਕਦੀ ਅੱਖਾਂ ਵਿਚੋਂ ਹੰਝੂ ਕਿਰ ਪੈਂਦੇ ਹਨ। ਨਾਲ ਦੀਆਂ ਬੁਲਾਉਂਦੀਆਂ ਹਨ, ਪਰ ਇਹ ਸਿਰ ਹੀ ਨਹੀਂ ਚੁਕਦੀ, ਇਕ ਜਣੀ ਨੇ ਫ਼ਾਰਸੀ ਵਿਚ ਕਿਹਾ : ‘ਇਹ ਨਵੀਂ ਚਿੜੀ ਹੈ, ਆਪੇ ਗਿੱਝ ਜਾਏਗੀ’ ਇੰਨੇ ਨੂੰ ਖਾਣੇ ਦੀ ਖ਼ਬਰ ਆਈ, ਉਥੇ ਹੀ ਦਸਤਰਖ਼ਾਨ ਵਿਛਾਯਾ ਗਿਆ, ਉਤੇ ਭਾਂਤ ਭਾਂਤ ਦੇ ਖਾਣੇ ਰੱਖੇ ਗਏ, ਸਭੇ ‘ਬਿਸਮਿੱਲਾ’ ਕਹਿਕੇ ਖਾਣ ਲੱਗੀਆਂ। ਇਹ ਚੁੱਪ ਬੈਠੀ ਹੈ। ਜੇ ਉਹ ਖਾਣ ਵਾਸਤੇ ਤੰਗ ਕਰਦੀਆਂ ਹਨ, ਤਾਂ ਇਹ ਤਪ ਤਪ ਹੰਝੂ ਕੇਰਦੀ ਤੇ ਹੌਲੀ ਜੇਹੀ ਕਹਿ ਉਠਦੀ ਹੈ : ‘ਹੇ ਸ਼ਿਵ ਸੰਘਾਰ ਕਰ’। ਜਦ ਬੇਗ਼ਮਾਂ ਨੇ ਬਹੁਤ ਤੰਗ ਕੀਤਾ ਤਦ ਤਾਂ ਫੁੱਟ ਫੁੱਟ ਰੋਈ, ਡਸਕਾਰਿਆਂ ਦੀ ਆਵਾਜ਼ ਦੂਰ ਤੱਕ ਪਹੁੰਚਣ ਲੱਗੀ। ਸਭੇ ਜਣੀਆਂ ਗੁੱਸੇ ਵਿਚ ਭਰ ਗਈਆਂ ਕਿ ਇਸਨੇ ਸਾਡਾ ਖਾਣਾ ਹਰਾਮ ਕਰ ਦਿੱਤਾ ਹੈ। ਹੱਥੋ ਹੱਥੀ ਕੁਟਣ ਨੂੰ ਤਿਆਰ ਸਨ, ਪਰ ਇਕ ਜਣੀ ਨੂੰ ਕੁਛ ਤਰਸ ਆਇਆ, ਬੋਲੀ : ‘ਭੈਣੋ! ਇਹ ਇਸ ਦੇ ਵੱਸ ਨਹੀਂ, ਜਦ ਮੈਨੂੰ ਫੜਕੇ ਆਂਦਾ ਸੀ ਤਦ ਮੇਰਾ ਇਸ ਤੋਂ ਬੀ ਬੁਰਾ ਹਾਲ ਸੀ, ਹੌਲੀ ਹੌਲੀ ਆਪੇ ਰਚਮਿਚ ਜਾਏਗੀ।’ ਗੱਲ ਕਾਹਦੀ ਓਹ ਸਭੇ ਕੁਝ ਕੁ ਟਲੀਆਂ ਤੇ ਸਹੀ, ਪਰ ਆਖਣ ਲੱਗੀਆਂ ਕਿ ਇਸ ਨੂੰ ਕੁਛ ਖੁਆਉਣਾ ਜ਼ਰੂਰੀ ਹੈ। ਲਾ ਤਰਲੇ ਰਹੀਆਂ, ਪਰ ਉਸ ਰੱਬ ਦੀ ਬੰਦੀ ਨੇ ਇਕ ਨਾ ਮੰਨੀ, ਛੇਕੜ ਉਨ੍ਹਾਂ ਨੇ ਰਲਕੇ ਉਸਨੂੰ ਢਾਇਆ ਤੇ ਮਾਸ ਦੀ ਤਰੀ ਉਸਦੇ ਮੂੰਹ ਵਿਚ ਪਾਉਣ ਲੱਗੀਆਂ ਹੀ ਸਨ ਕਿ ਇੰਨੇ ਨੂੰ ਹਾਕਮ ਸਾਹਿਬ, ਜੋ ਹੇਠਾਂ ਸ਼ਰਾਬ ਪੀ ਰਹੇ ਸਨ, ਮਸਤ ਹੋਏ ਹੋਏ ਉਤੇ ਆ ਗਏ ਅਰ ਇਹ ਹਾਲ ਵੇਖ ਕੇ ਸਮਝੇ ਕਿ ਸਭੇ ਖਾਰ ਸਾੜ ਪਿਛੇ ਇਸ ਨੂੰ ਕੁਟਦੀਆਂ ਹਨ। ਇਹ ਸਮਝਕੇ ਦੋ ਦੋ ਧੌਲਾਂ ਸਭਨਾਂ ਦੇ ਸਿਰ ਮਾਰਕੇ ਉਸ ਵਿਚਾਰੀ ਨੂੰ ਬਾਹੋਂ ਫੜਕੇ ਬਾਹਰ ਛੱਜੇ ਪੁਰ ਲੈ ਗਏ ਤੇ ਨਸ਼ੇ ਵਿਚ ਮਸਤ ਹੋ ਕੇ ਲੱਗੇ ਊਲ ਜਲੂਲ ਗੱਲਾਂ ਕਰਨ। ਇਸ ਵੇਲੇ ਇਸਤ੍ਰੀ ਨੂੰ ਨਿਸਚਾ ਹੋ ਗਿਆ ਕਿ ਹੁਣ ਧਰਮ ਬਚਨ ਦੀ ਕੋਈ ਵਾਹ ਨਹੀਂ ਰਹੀ ਹੁਣ ਜਾਨ ਦੇਣੀ ਉੱਤਮ ਹੈ। ਸੰਕਲਪ ਧਾਰਿਆ ਕਿ ਬਾਰੀ ਦੇ ਪਾਸ ਖੜੀ ਹਾਂ ਛਾਲ ਮਾਰ ਦੇਵਾਂ, ਪਰ ਹਾਇ! ਦੁਖੀਆਂ ਪਾਸੋਂ ਮੌਤ ਵੀ ਡਰਦੀ ਹੈ। ਇਸਦੀ ਬੇਰੁਖੀ ਉਦਾਸੀ ਤੇ ਨਿਰਾਸਤਾ ਤੇ ਸ਼ਰਾਬੀ ਨਵਾਬ ਨੂੰ ਭੀ ਕਹਿਰ ਚੜ੍ਹ ਗਿਆ, ਉਸਨੇ ਵੀਣੀਉਂ ਵੱਡੇ ਜ਼ੋਰ ਨਾਲ ਫੜਿਆ ਤੇ ਲਾਲ ਅੱਖਾਂ ਕਰਕੇ ਪਤਾ ਨਹੀਂ ਕੀਹ ਬੋਲਣ ਲੱਗਾ ਸੀ ਕਿ ਉਸਦੀ ਆਵਾਜ਼ ਐਉਂ ਨਿਕਲੀ: ਘੈ ਘੈ ਘ ਘ ਘਘਘ ਘ।

ਹੈਂ! ਇਹ ਕੀ ਹੋ ਗਿਆ? ਨਵਾਬ ਜੀ ਕੀ ਆਖਣ ਲੱਗੇ ਸਨ ? ਸੰਘ ਨੂੰ ਕੀ ਹੋ ਗਿਆ? ਹਾਂ, ਨਵਾਬ ਸਾਹਿਬ ਨੂੰ ਕਿਸੇ ਤਕੜੇ ਹੱਥ ਨੇ ਗਿੱਚੀਉਂ ਫੜ ਲਿਆ ਹੈ ਅਰ ਜੋ ਕਹਿਣ ਲੱਗੇ ਸਨ, ਸੰਘ ਵਿਚ ਹੀ ਰਹਿ ਗਿਆ।

ਹੁਣ ਇਸ ਵੇਲੇ ਨਗਰ ਵਿਚੋਂ ਇਕ ਡਾਢੀ ‘ਘਨਾਉ’ ਕਰਦੀ ਅਵਾਜ਼, ਜਿੱਕੁਰ ਘਮਸਾਨ ਦੀ ਹੁੰਦੀ ਹੈ, ਆ ਰਹੀ ਸੀ। ਪਲੋ ਪਲੀ ਵਿਚ ਪੰਜ ਸੱਤ ਹੋਰ ਆਦਮੀ ਉਤੇ ਆ ਚੜ੍ਹੇ। ਨਵਾਬ ਸਾਹਿਬ ਫੜੇ ਗਏ ਬੇਗ਼ਮਾਂ ਪੱਥਰਾਂ ਦੀਆਂ ਮੂਰਤਾਂ ਹੋ ਗਈਆਂ, ਗੋਲੀਆਂ ਇਕ ਪੈਰ ਦੌੜ ਕੇ ਦੂਜੇ ਰਸਤਿਉਂ ਬਾਹਰ ਹੋਈਆਂ। ਉਹ ਦੁਖੀ ਇਸਤ੍ਰੀ ਬੇਬਸ ਹੋ ਇਹੋ ਕਹੀ ਜਾਂਦੀ, “ਜੈਸੀ ਰਾਖੀ ਦ੍ਰੋਪਤੀ ਦੀ ਲਾਜ”। ਪਲ ਵਿਚ ਹੀ ਇਕ ਤੀਵੀਂ ਤੇ ਇਕ ਹਿੰਦੂ ਹੋਰ ਹੇਠੋਂ ਉਤੇ ਆਏ। ਹਿੰਦੂ ਨੂੰ ਦੇਖਦੇ ਹੀ ਉਹ ਇਸਤ੍ਰੀ ਖਿੜ ਗਈ, ਉਹ ਵੀ ਅੱਗੇ ਵਧਿਆ, ਪਰ ਇਸਤ੍ਰੀ ਨੇ ਝੱਟ ਕਿਹਾ- “ਮਹਾਰਾਜ! ਮੈਥੋਂ ਰਤਾ ਪਰੇ ਰਹੋ, ਮੈਂ ਹਿੰਦੂ ਧਰਮ ਗੁਆ ਬੈਠੀ ਹਾਂ।” ਇਹ ਗੱਲ ਸੁਣ ਕੇ ਤੀਵੀਂ, ਜੋ ਹਿੰਦੂ ਦੇ ਨਾਲ ਸੀ ਵਧ ਕੇ ਬੋਲੀ- “ਕੀ ਪਤੀਬ੍ਰਤਾ ਧਰਮ ਹਾਰ ਬੈਠੀ ਹੈਂ?” ਉਸਨੇ ਉਤਰ ਦਿੱਤਾ, ‘ਨਹੀਂ ਜੀ, ਮੈਂ ਸ਼ੀਲ ਧਰਮ ਵਿਚ ਦ੍ਰਿੜ੍ਹ ਹਾਂ, ਪਰ ਮੈਨੂੰ ਧੱਕੋ ਧੱਕੀ ਤੁਰਕ ਖਾਣਾ ਖੁਆ ਦਿਤਾ ਗਿਆ ਹੈ।’ ਇਹ ਸੁਣਕੇ ਉਹ ਤੀਵੀਂ,ਜੋ ਸਾਡੀ ਬਹਾਦਰ ਭੈਣ ‘ਸੁੰਦਰੀ” ਸੀ, ਬੋਲੀ, ‘ਪਯਾਰੀ ਭੈਣ! ਧੰਨ ਹੈਂ ਤੂੰ ਜਿਸਨੇ ਇੱਡੇ ਕਸ਼ਟ ਵਿਚ ਆਪਣਾ ਜਤ ਸਤ ਪੱਕਾ ਰਖਿਆ।’

ਇਕ ਅੱਧੇ ਸਿੱਖ ਨੇ ਬੇਗ਼ਮਾਂ ਤੋਂ ਗਹਿਣੇ ਲੈਣ ਦੀ ਸਲਾਹ ਕੀਤੀ, ਪਰ ਬਲਵੰਤ ਸਿੰਘ ਨੇ ਝਟ ਰੋਕ ਦਿਤਾ ਕਿ ਇਸਤ੍ਰੀ ਪਰ ਧੱਕਾ ਕਰਨਾ ਖਾਲਸੇ ਦਾ ਧਰਮ ਨਹੀਂ। ਭਰਾ ਦੀ ਇਹ ਗੰਭੀਰਤਾ ਵੇਖ ਕੇ ਸੁੰਦਰੀ ਬਾਗ਼ ਬਾਗ਼ ਹੋ ਗਈ।

ਪਲੋ ਪਲੀ ਵਿਚ ਨਵਾਬ ਦੀਆਂ ਮੁਸ਼ਕਾਂ ਕੱਸਕੇ ਸਾਰੇ ਜਣੇ ਉਤਰੇ। ਅਗੇ ਸਰਦਾਰ ਸ਼ਾਮ ਸਿੰਘ ਨੇ ਸਾਰਾ ਖਜਾਨਾ ਘੋਡਿਆਂ ਪੁਰ ਲਦਵਾ ਲੀਤਾ। ਖਾਲਸੇ ਦੀ ਫੌਜ ਸਾਰੇ ਨਗਰ ਵਿਚ ਜਰਵਾਣੇ ਤੇ ਪਾਪੀ ਮੁਗਲਾਂ ਪਾਸੋਂ ਹਿੰਦੂਆਂ ਦੇ ਬਦਲੇ ਲੈ ਰਹੀ ਸੀ ਜਿਸ ਜਿਸ ਮਜ਼ਲੂਮ ਹਿੰਦੂ ਨੇ ਤੇ ਕੋਈ ਗ਼ਰੀਬ ਮੁਸਲਮਾਨਾਂ ਨੇ ਵੀ ਆਪਨੇ ਦੁਖ ਕਿਸੇ ਤੁਰਕ ਵਲੋਂ ਰੋਏ, ਖਾਲਸੇ ਨੇ ਉਸਦੀ ਸਹਾਇਤਾ ਕਰਕੇ ਧੱਕਾ ਕਰਨ ਵਾਲੇ ਖੂਬ ਸੋਧੇ, ਥੋੜੀ ਫੌਜ, ਜੋ ਹਾਕਮ ਦੀ ਸੀ, ਉਹ ਗੜ੍ਹੀ ਵਿਚ ਸੀ, ਜੋ ਸਿਖਾਂ ਨੇ ਪਹਿਲੇ ਹੀ ਬਾਹਰੋਂ ਬੰਦ ਕਰਕੇ ਘੇਰ ਲਈ ਸੀ। ਖਾਲਸਾ ਇਸ ਫੁਰਤੀ ਨਾਲ ਜਾ ਕੇ ਪਿਆ ਸੀ, ਕਿ ਸਾਰੇ ਸ਼ਹਿਰ ਵਿਚ ਕਿਸੇ ਦੇ ਚਿੱਤ ਖਿਆਲ ਬੀ ਨਹੀਂ ਸੀ ਕਿ ਕੋਈ ਬਿਜਲੀ ਦਾ ਲਿਸ਼ਕਾਰਾ ਬਿਨ ਬਦਲੋਂ ਹੀ ਆ ਪੈਣ ਵਾਲਾ ਹੈ। ਇਹੋ ਹੀ ਖਾਲਸੇ ਦੀ ਉਸ ਵੇਲੇ ਦੀ ਪ੍ਰਬੀਨਤਾ ਸੀ ਕਿ ਅਤਿ ਦੇ ਫੁਰਤੀਲੇ ਤੇ ਅਤਿ ਦੇ ਨਿਸ਼ਾਨੇਬਾਜ਼ ਬੰਦੂਕਚੀ ਸਨ। ਦੁਖੀਏ ਖੱਤ੍ਰੀ ਦੀ ਇਸਤ੍ਰੀ ਤੇ ਨਵਾਬ ਨੂੰ ਕਾਬੂ ਕਰਕੇ ਸਰਦਾਰ ਸ਼ਾਮ ਸਿੰਘ ਤੇ ਬਲਵੰਤ ਸਿੰਘ ਖੱਤ੍ਰੀ ਦੇ ਘਰ ਪਹੁੰਚੇ, ਥੜੇ ਪਰ ਦਰੀ ਵਿਛਾਕੇ ਡਟ ਗਏ। ਹੁਣ ਫੌਜ ਸਾਰੀ ਨਗਰੋਂ ਬਾਹਰ ਕੱਠੀ ਹੋ ਰਹੀ ਸੀ, ਦਸ ਵੀਹ ਜੁਆਨ ਸਰਦਾਰ ਦੇ ਨਾਲ ਬੀ ਸਨ, ਬੀਬੀ ਸੁੰਦਰੀ ਬੀ ਤੇ ਉਹ ਤੀਵੀਂ ਜਿਸਦਾ ਹਾਲ ਅਸੀਂ ਦੱਸਦੇ ਆਏ ਹਾਂ (ਜੋ ਖੱਤ੍ਰੀ ਦੀ ਵਹੁਟੀ ਸੀ ਅਰ ਨਵਾਬ ਨੇ ਖੋਹ ਲਈ ਸੀ) ਕੋਲ ਆ ਬੈਠੀ। ਸਰਦਾਰ ਸਾਹਿਬ ਨੇ ਹੁਕਮ ਕੀਤਾ ਕਿ ਪਿੰਡ ਦੇ ਸਾਰੇ ਬ੍ਰਾਹਮਣਾਂ ਨੂੰ ਬੁਲਾਓ। ਦੋ ਸਿੰਘ ਇਹ ਕੰਮ ਕਰਨ ਚਲੇ ਗਏ। ਖੱਤ੍ਰੀ ਆਪਣੇ ਘਰ ਅੰਦਰ ਜਾਕੇ ਦੇਖ ਰਿਹਾ ਸੀ ਕਿ ਮਾਲ ਮਤਾ ਲੁਟਿਆ ਗਿਆ ਹੈ ਕਿ ਨਹੀਂ, ਪਰ ਉਸਦੇ ਭਾਗਾਂ ਨੂੰ ਇਕ ਕੌਡੀ ਦਾ ਬੀ ਨੁਕਸਾਨ ਨਹੀਂ ਹੋਇਆ ਸੀ।

ਇੰਨੇ ਚਿਰ ਨੂੰ ਇਕ ਬੁਢੀ ਤੀਵੀਂ ਡੰਗੋਰੀ ਟੇਕਦੀ ਤੇ ਅਖਾਂ ਤੋਂ ਹੰਝੂ ਕੇਰਦੀ ਆਈ ਅਰ ਬੁਢਾਪੇ ਦੀ ਢਿੱਲੀ ਪਈ ਹੋਈ ਆਵਾਜ਼ ਵਿਚ ਬੋਲੀ: ਹੇ ਸਿੰਘ ਸੂਰਮੇ। ਤੇਰਾ ਜੁਗ ਜੁਗ ਰਾਜ, ਤੂੰ ਤਾਂ ਕੋਈ ਰੱਬ ਨੇ ਅਉਤਾਰ ਘੱਲਿਆ ਹੈਂ ਮੇਰੀ ਛਾਤੀ ਠੰਡੀ ਪਾ, ਰੱਬ ਤੈਨੂੰ ਇਸ ਤੋਂ ਚੌਗੁਣਾ ਕਰੇ।

ਸੁੰਦਰੀ ਦਾ ਮਨ ਇਹ ਦੁਹਾਹੀ ਸੁਣ ਕੇ ਦ੍ਰਵ ਗਿਆ, ਬੋਲੀ- ਮਾਈ ਕੀਹ ਗੱਲ ਹੈ?

ਮਾਈ- ਬੱਚੀ, ਕੀਹ ਦੱਸਾਂ? ਆਹ ਜੋ ਹਾਕਮ ਬੈਠਾ ਹੈ, ਐਸ ਵੇਲੇ ਚੋਰ ਵਾਂਗੂ ਬੱਧਾ ਹੋਇਆ, ਇਸਨੇ ਮੇਰੇ ਨਾਲ ਵੱਡਾ ਅਨਰਥ ਕੀਤਾ ਹੈ। ਮੇਰਾ ਇਕੋ ਇਕ ਪੁਤ੍ਰ ਸੀ ਤੇ ਪੁਹਰਿਆ ਕਰ ਕਰ ਮੈਂ ਉਸਨੂੰ ਪਾਲਿਆ ਸੀ। ਇਕ ਦਿਨ ਕਰਮਾਂ ਦੀ ਮਾਰ ਇਹਦੇ ਮਹਿਲਾਂ ਹੇਠੋਂ ਲੰਘਦਾ ਹੋਇਆ ਗਿੱਚੀ ਉੱਚੀ ਕਰਕੇ ਬਾਰੀ ਵਲ ਤਕ ਬੈਠਾ, ਭਾਵੇਂ ਬਾਰੀ ਵਿਚ ਸੁਆਹ ਭੀ ਨਹੀਂ ਸੀ, ਪਰ ਇਸ ਨਵਾਬ ਨੂੰ ਗੁੱਸਾ ਆ ਗਿਆ, ਲੋਂਹਦੀ ਦੇ ਪੁਤ੍ਰ ਨੂੰ ਇੰਨਾ ਮਰਵਾਇਓਸੁ ਕਿ ਉਹ ਮਰ ਹੀ ਗਿਆ। ਮੈਂ ਬਥੇਰੇ ਤਰਲੇ ਕੀਤੇ ਪਰ ਇਸ ਪੱਥਰ ਚਿੱਤ ਨੇ ਇਕ ਨਾ ਸੁਣੀ। ਹੇ ਰੱਬ ਦੇ ਘੱਲੇ ਹੋਏ ਪਾਤਸ਼ਾਹ। ਮੇਰਾ ਨਿਆਂ ਕਰ।

ਇਹ ਗੱਲ ਸੁਣ ਹਾਕਮ ਦੇ ਚਿਹਰੇ ਪਰ ਫਿਟਕਾਰ ਦਾ ਰੰਗ ਫਿਰ ਗਿਆ, ਸਿੰਘਾਂ ਸਭਨਾਂ ਦੇ ਹਿਰਦੇ ਦ੍ਰਵ ਗਏ। ਸ਼ਾਮ ਸਿੰਘ ਨੇ ਕੁਝ ਚਿਰ ਸੋਚ ਕੇ ਪੰਜ ਸੱਤ ਮਹੱਲੇਦਾਰਾਂ ਤੋਂ ਪੁਛਿਆ ਕਿ ਕੀ ਇਹ ਬੁਢੀ ਸੱਚ ਆਖਦੀ ਹੈ ? ਤਾਂ ਠੀਕ ਨਿਕਲਿਆ ?

ਪਲ ਮਗਰੋਂ ਇਕ ਜੁਆਨ ਮੁਸਲਮਾਨ ਤੀਵੀਂ ਇਕ ਬਾਲ ਕੁੱਛੜ ਤੇ ਦੋ ਉਂਗਲਾਂ ਨਾਲ ਲਾਈ ਲੀਰਾਂ ਵਗਦੀਆਂ ਤੇ ਭੁਖ ਨਾਲ ਵਿਲੂੰ ਵਿਲੂੰ ਕਰਦਿਆਂ ਨੂੰ ਲਿਆਈ। ਇਸ ਨੂੰ ਵੇਖ ਸ਼ਾਮ ਸਿੰਘ ਨੇ ਪੁਛਿਆ ਤੂੰ ਬੀਬੀ ਕੀਕੂੰ ਆਈ ਹੈਂ? ਉਸਨੇ ਉੱਤਰ ਦਿਤਾ ਕਿ ਤੈਨੂੰ ਸਾਈਂ ਵਲੋਂ ਘੱਲਿਆ ਸਮਝ ਕੇ ਨਿਆਂ ਕਰਵਾਣ ਆਈ ਹਾਂ। ਮੇਰਾ ਸਾਈਂ ਇਸ ਹਾਕਮ ਦਾ ਦਰਬਾਰੀ ਸੀ ਅਰ ਸਾਡੇ ਘਰ ਦੌਲਤ ਦੀ ਪ੍ਰਵਾਹ ਨਹੀਂ ਸੀ। ਇਕ ਦਿਨ ਸ਼ਰਾਬ ਦੇ ਨਸ਼ੇ ਵਿਚ ਨਵਾਬ ਨਾਲ ਲੜ ਪਿਆ, ਬਸ ਉਸੇ ਵੇਲੇ ਮਰਵਾ ਦਿਤੋਸੁ ਤੇ ਸਾਰਾ ਘਰ ਬਾਰ ਲੁੱਟ ਕੇ ਮੈਨੂੰ ਫਕੀਰਨੀ ਕਰ ਦਿਤੋ ਸੁ। ਹੁਣ ਮੇਰੇ ਤੇ ਇਨ੍ਹਾਂ ਬੱਚਿਆਂ ਜੋਗਾ ਘਰ ਪਾ ਅੰਨ ਭੀ ਨਹੀਂ ਰਿਹਾ, ਮੰਗਿਆਂ ਭੀ ਭਿੱਛਿਆ ਨਹੀਂ ਪੈਂਦੀ, ਕੀ ਕਰਾਂ? ਮੌਤ ਵੀ ਨਹੀਂ ਆਉਂਦੀ । ਤੂੰ ਜਰਵਾਣਿਆਂ ਦਾ ਸਿਰ-ਭੰਨ ਜਾਪਦਾ ਹੈਂ, ਕੁਝ ਮੈਂ ਦੁਖਿਆਰੀ ਦਾ ਭੀ ਉਪਰਾਲਾ ਕਰ।

ਇਹ ਗੱਲ ਸੁਣਕੇ ਭੀ ਸਿੱਖਾਂ ਦੇ ਮਨ ਵਿਚ ਨਵਾਬ ਵਲੋਂ ਡਾਢੀ ਘ੍ਰਿਣਾ ਹੋਈ। ਉਦਾਰ ਚਿੱਤ ਸਰਦਾਰ ਨੇ ਨਵਾਬ ਦੇ ਖਜ਼ਾਨੇ ਵਿਚੋਂ ਇਕ ਥੈਲੀ ਮੰਗਵਾਈ ਤੇ ਉਸ ਦੁਖੀਆ ਦੀ ਝੋਲੀ ਵਿਚ ਪਾ ਕੇ ਕਿਹਾ, ਜਾਹ ਤੇ ਖਾਹ ਪੀ ਤੇ ਅਰਾਮ ਕਰ।

ਇਹ ਗੱਲ ਵੇਖ ਕੇ ਇਕ ਬ੍ਰਾਹਮਣ ਨੇ ਹੌਲੀ ਜਿਹੀ ਕਿਹਾ- ‘ਸਰਦਾਰ ਦੂਰ ਦੀ ਸੋਝੀ ਨਹੀਂ ਕਰਦੇ, ਵੇਖੋ ਮਲੇਛਣੀ ਨੂੰ ਰੁਪਏ ਦੇ ਦਿਤੇ ਸੁ।’ ਇਹ ਗੱਲ ਸਰਦਾਰ ਨੇ ਸੁਣ ਪਾਈ। ਬੋਲਿਆ: ‘ਸੁਣੋ ਮਿਸਰ ਜੀ! ਇਹ ਸਾਡਾ ਘਰ ਪੱਖਪਾਤੀ ਨਹੀਂ ਹੈ ਨਾ ਸਾਨੂੰ ਕਿਸੇ ਨਾਲ ਵੈਰ ਹੈ, ਹਿੰਦੂ ਮੁਸਲਮਾਨ ਕੀ ਸਾਡੇ ਸਤਿਗੁਰਾਂ ਨੂੰ ਕਿਸੇ ਨਾਲ ਬੀ ਵੈਰ ਨਹੀਂ ਸੀ, ਸਾਰੀ ਸ੍ਰਿਸ਼ਟੀ ਸਾਨੂੰ ਇਕ ਸਮਾਨ ਹੈ। ਅਸਾਂ ਤਾਂ ਅਨਯਾਇ ਨਾਸ਼ ਕਰਨਾ ਹੈ ਤੇ ਪੂਰਾ ਤੋਲਣਾ ਹੈ। ਇਸ ਵੇਲੇ ਜੋ ਹਾਕਮ ਜ਼ੁਲਮ ਕਰ ਰਹੇ ਹਨ, ਅਸਾਂ ਤਾਂ ਉਹਨਾਂ ਨੂੰ ਸੋਧਣਾ ਹੈ, ਉਹਨਾਂ ਨੂੰ ਸੋਧਣਾ ਜ਼ੁਲਮ ਨੂੰ ਸੋਧਣਾ ਹੈ।

ਬ੍ਰਾਹਮਣ ਬੋਲਿਆ- ਫੇਰ ਆਪ ਤੁਰਕਾਂ ਨੂੰ ਕਿਉਂ ਮਾਰਦੇ ਹੋ? ਉਨ੍ਹਾਂ ਨੂੰ ਸ਼ਰਨ ਲਓ।

ਸ਼ਾਮ ਸਿੰਘ- ਪੰਡਤ ਜੀ! ਸਾਡਾ ਤੁਰਕਾਂ ਨਾਲ ਕਿ ਪਠਾਣਾਂ ਨਾਲ ਉਹਨਾਂ ਦੇ ਮੁਸਲਮਾਨ ਹੋਣ ਪਿਛੇ ਕੋਈ ਵੈਰ ਨਹੀਂ ਤੇ ਨਾ ਹੀ ਵੈਰ ਵਿਰੋਧ ਵਿਚ ਪੈ ਕੇ ਅਸੀਂ ਉਨ੍ਹਾਂ ਦਾ ਰਾਜ ਗੁਆ ਰਹੇ ਹਾਂ, ਸਾਡਾ ਮੁਗ਼ਲਾਂ ਦੇ ਰਾਜ ਨੂੰ ਨਾਸ਼ ਕਰਨ ਦਾ ਮਤਲਬ ਇਹ ਹੈ ਕਿ ਓਹ ਪਾਤਸ਼ਾਹ ਹੋ ਕੇ ਪਰਜਾ ਨੂੰ ਦੁਖ ਦੇਂਦੇ ਹਨ, ਨਿਆਉਂ ਨਹੀਂ ਕਰਦੇ ਹਨ, ਬੇਗੁਨਾਹਾਂ ਤੇ ਨਿਰਦੋਸ਼ਿਆਂ ਨੂੰ ਮਰਵਾ ਸੁਟਦੇ ਹਨ, ਮਾਮਲਾ ਲੈਂਦੇ ਹਨ ਪਰ ਪਰਜਾ ਦੀ ਰਾਖੀ ਨਹੀਂ ਕਰਦੇ। ਧਰਮ ਵਿਚ ਦਖਲ ਦੇਂਦੇ ਹਨ, ਮਲੋ ਮਲੀ ਧਰਮ ਹੀਨ ਕਰਦੇ ਹਨ। ਏਹ ਪਾਪ ਹਨ, ਰਾਜਾ ਦਾ ਧਰਮ ਇਹ ਨਹੀਂ ਹੈ, ਇਸ ਕਰਕੇ ਅਸੀਂ ਉਹਨਾਂ ਦੇ ਜ਼ੁਲਮ ਦੇ ਰਾਜ ਦਾ ਨਾਸ਼ ਕਰ ਰਹੇ ਹਾਂ। ਕਿਸੇ ਜਾਤ ਜਾਂ ਮਤ ਨਾਲ ਸਾਨੂੰ ਕੋਈ ਵੈਰ ਨਹੀਂ। ਸਾਡੇ ਸਤਿਗੁਰ ਧਰਮ ਫੈਲਾਵਨ ਆਏ ਸਨ, ਸੋ ਉਹਨਾਂ ਵਾਕਾਂ ਪੁਰ ਪਰਪਕ ਹਾਂ ਅਰ ਸਤਿ ਧਰਮ ਪਿਛੇ ਉਨ੍ਹਾਂ ਪੁਰਖਾਂ ਦਾ ਨਾਸ਼ ਕਰਦੇ ਹਾਂ, ਜੋ ਅਧਰਮ ਕਰਦੇ ਹਨ ਅਰ ਅਕਾਲ ਪੁਰਖ ਦੀ ਪਰਜਾ ਨੂੰ ਦੁਖਾਉਂਦੇ ਹਨ। ਤੁਸੀਂ ਦੇਖੋ ਏਥੇ ਹਾਕਮ ਮੁਤਾਣੇ ਤੇ ਜਰਵਾਣੇ ਹੋ ਰਹੇ ਹਨ, ਨਾ ਹੀ ਇਨ੍ਹਾਂ ਨੂੰ ਖੌਫ਼ ਖ਼ੁਦਾ ਦਾ ਹੈ ਤੇ ਨਾ ਹੀ ਲਾਹੌਰ ਦਿੱਲੀ ਦਾ ਕੋਈ ਰੋਅਬ ਰਹਿ ਗਿਆ ਹੈ। ਦਿੱਲੀ ਆਪ ਢਿੱਲੀ ਹੁੰਦੀ ਜਾ ਰਹੀ ਹੈ, ਲਾਹੌਰ ਭੀ ਕਈ ਰੰਗ ਪਲਟਦਾ ਜਾ ਰਿਹਾ ਹੈ।

ਇਹ ਉੱਤਰ ਸੁਣਦੇ ਸਾਰ ਮਿਸਰ ਜੀ ਚੁਪ ਹੋ ਗਏ।

ਇੰਨੇ ਨੂੰ ਰਹਿੰਦੇ ਖੂੰਹਦੇ ਬ੍ਰਾਹਮਣ ਤੇ ਕਈ ਖੱਤ੍ਰੀ ਪਿੰਡ ਦੇ ਕੱਠੇ ਹੋ ਗਏ ਸਨ। ਹੁਣ ਸਰਦਾਰ ਨੇ ਕਿਹਾ ਕਿ- ਦੇਖੋ! ਇਹ ਇਸਤ੍ਰੀ ਪਤੀਬ੍ਰਤ ਧਰਮ ਵਿਚ ਕਿੱਡੀ ਪੱਕੀ ਰਹੀ ਹੈ ਅਤੇ ਪ੍ਰਮੇਸ਼ਰ ਨੇ ਭੀ ਇਸ ਦੀ ਲਾਜ ਰੱਖੀ ਹੈ, ਪਰ ਤੁਰਕਾਂ ਨੇ ਇਸ ਨੂੰ ਧਕੋ ਧਕੀ ਆਪਣੇ ਮਜ਼ਹਬ ਵਿਚ ਰਲਾ ਲੀਤਾ ਸੀ ਹੁਣ ਤੁਸੀਂ ਇਸ ਪਰ ਦਇਆ ਕਰਕੇ ਇਸਨੂੰ ਆਪਣੇ ਧਰਮ ਵਿਚ ਰਲਾ ਲਓ ਅਰ ਵਰਤਾ ਕੇ ਅਭੇਦ ਕਰ ਲਓ, ਜੋ ਅਸੀਂ ਵਿਦਾ ਹੋਈਏ। ਪਰ ਖੱਤ੍ਰੀ ਬ੍ਰਾਹਮਣਾਂ ਨੇ ਉਤਰ ਦਿਤਾ ਕਿ ਇਹ ਕਦੀ ਨਹੀਂ ਹੋਣਾ। ਪ੍ਰੰਪਰਾ ਚਲੀ ਆਈ ਹੈ: ਹਿੰਦੂ ਧਰਮ ਕੱਚਾ ਧਾਗਾ ਹੈ, ਇਹ ਝਟ ਪਟ ਟੁਟ ਜਾਂਦਾ ਹੈ। ਤੁਸੀਂ ਜਾਣਦੇ ਹੋ ਟੁਟੇ ਫਲ ਭੀ ਕਦੇ ਬੂਟਿਆਂ ਨਾਲ ਲੱਗੇ ਹਨ?

ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸਦਾ ਕੋਈ ਕਸੂਰ ਨਹੀਂ ਸੀ, ਸਗੋਂ ਇਸ ਦੀ ਬਹਾਦਰੀ ਪੁਰ ਸ਼ਾਬਾਸ਼ ਦਿਓ, ਤੇ ਵਿਛੁੜਿਆਂ ਨੂੰ ਗਲ ਲਾਓ। ਸ਼ਰਨ ਆਏ ਨੂੰ ਧੱਕਾ ਨਾ ਦਿਓ, ਸ਼ਰਨ ਆਏ ਨੂੰ ਤ੍ਰਾਹੁਣਾ ਵੱਡਾ ਪਾਪ ਹੈ। ਪਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੁਝ ਅਸਰ ਨਾ ਹੋਇਆ। ਫੇਰ ਬਲਵੰਤ ਸਿੰਘ ਤੇ ਸ਼ੇਰ ਸਿੰਘ ਨੇ ਸਮਝਾਇਆ, ਪਰ ਉਹਨਾਂ ਦੇ ਧਰਮ ਦੇ ਜੋ ਭਾਵ ਉਨ੍ਹਾਂ ਵਿਚ ਸਨ ਸੋ ਪੱਕੇ ਰਹੇ ਕਿ ਸਾਡਾ ਧਰਮ ਕੱਚਾ ਧਾਗਾ ਹੈ, ਹਿੰਦੂ ਜਨਮ ਨਾਲ ਹੀ ਹੁੰਦਾ ਹੈ, ਕਿਸੇ ਮਰਿਯਾਦਾ ਨਾਲ ਕੋਈ ਹਿੰਦੂ ਨਹੀਂ ਬਣ ਸਕਦਾ। ਇਹ ਅਸੂਲ ਉਨ੍ਹਾਂ ਦੇ ਅੰਦਰ ਬੱਝਾ ਪਿਆ ਸੀ। ਹਾਲਾਤ ਦੀ ਮੁਸ਼ਕਲ ਦੇਖਕੇ ਬੀ ਓਹ ਆਪਣੇ ਓਸ ਖਿਆਲ ਤੋਂ ਨਾ ਬਦਲੇ। ਇਹ ਕਠੋਰਤਾ ਦੇਖ ਉਸ ਖੱਤ੍ਰੀ ਤੇ ਉਸਦੀ ਵਹੁਟੀ ਨੇ ਭੀ ਤਰਲੇ ਕੀਤੇ ਪਰ ਕਿਸੇ ਨੇ ਨਾ ਮੰਨੀ। ਹੁਣ ਸਰਦਾਰ ਨੂੰ ਰੋਹ ਚੜ੍ਹ ਗਿਆ, ਹੁਕਮ ਕੀਤਾ ਕਿ ਕੜਾਹ ਪ੍ਰਸ਼ਾਦ ਤਿਆਰ ਕਰੋ। ਝਟ ਪਟ ਕੜਾਹ ਪ੍ਰਸ਼ਾਦ ਤਿਆਰ ਹੋ ਗਿਆ, ਅਰਦਾਸਾ ਸੋਧਿਆ ਗਿਆ ਹੁਕਮ ਦਿੱਤਾ ਕਿ ਖਤ੍ਰਾਣੀ ਵਰਤਾਵੇ ਅਰ ਸਭ ਖਾਣ, ਜੋ ਨਹੀਂ ਖਾਵੇਗਾ ਮਾਰਿਆ ਜਾਵੇਗਾ। ਇਸ ਹੁਕਮ ਨਾਲ ਸਾਰੇ ਕੰਬ ਉਠੇ, ਸੁੰਦਰੀ ਦਾ ਮਨ ਤ੍ਰਬਕ ਉਠਿਆ। ਉਠ ਕੇ ਖੱਤ੍ਰੀ ਨੂੰ ਵੱਖਰਿਆਂ ਲਿਜਾਕੇ ਸਮਝਾਉਣ ਲੱਗੀ ਕਿ ਇਨ੍ਹਾਂ ਬ੍ਰਾਹਮਣਾਂ ਨੂੰ ਇਕ ਇਕ ਮੋਹਰ ਦੇਈ ਜਾਹ ਚਰਨੀ ਹੱਥ ਲਾਈ ਜਾਹ, ਫੇਰ ਸਾਰੇ ਖਾ ਲੈਣਗੇ। ਉਸਨੇ ਇਸੇ ਤਰ੍ਹਾਂ ਕੀਤਾ। ਅੱਗੇ ਅੱਗੇ ਖੱਤ੍ਰੀ ਮੋਹਰ ਦਿੰਦਾ ਜਾਵੇ ਤੇ ਮਗਰ ਮਗਰ ਖਤ੍ਰਾਣੀ ਕੜਾਹ ਪ੍ਰਸ਼ਾਦ ਵਰਤਾਈ ਜਾਵੇ ਫੇਰ ਤਾਂ ਸਭ ਨੇ ਖਾ ਲਿਆ ਤੇ ਅਸ਼ੀਰਵਾਦ ਦੇ ਕੇ ਵਿਦਾ ਹੋਏ।

ਸਰਦਾਰ ਨੇ ਹੁਣ ਕੂਚ ਦਾ ਹੁਕਮ ਬੋਲਿਆ ਪਰ ਖੱਤ੍ਰੀ ਤੇ ਖੱਤ੍ਰਾਣੀ ਨਿੰਮ੍ਰਤਾ ਕਰਕੇ ਬੋਲੇ ਕਿ ਹੁਣ ਅਸਾਂ ਇਥੇ ਨਹੀਂ ਰਹਿਣਾ, ਸਾਨੂੰ ਨਾਲ ਲੈ ਚੱਲੋ, ਤੁਹਾਡੇ ਬਹਾਦਰਾਂ ਦੀ ਸੇਵਾ ਕਰਾਂਗੇ। ਇਕ ਤਾਂ ਮਨ ਇਥੇ ਦਬੇਲ ਰਹੇਗਾ, ਤੁਸਾਂ ਵਿਚ ਤੁਸਾਡੇ ਸੰਗ ਦਾ ਰੰਗ ਲੈ ਕੇ ਤਕੜਾ ਹੋ ਜਾਏਗਾ, ਦੂਜਾ ਇਥੇ ਤੁਰਕ ਸਿਪਾਹੀ ਆਉਣਗੇ ਤੇ ਸਭ ਦਾ ਗੁੱਸਾ ਅਸਾਂ ਪਰ ਪਏਗਾ। ਤੁਸਾਂ ਹੁਣੇ ਚਲੇ ਜਾਣਾ ਹੈ, ਸੋ ਸਾਨੂੰ ਨਾਲ ਹੀ ਲੈ ਚਲੋ। ਤੁਹਾਡੀਆਂ ਪਰਉਪਕਾਰੀਆਂ ਦੀ ਸੇਵਾ ਕਰਾਂਗੇ, ਜਨਮ ਸਫਲਾ ਹੋ ਜਾਏਗਾ।

ਮੇਰਾ ਸਾਰਾ ਧਨ ਬੀ ਨਾਲ ਲੈ ਚੱਲੋ, ਜੋ ਖਾਲਸੇ ਦੇ ਕੰਮ ਆਵੇ। ਇਥੇ ਬ੍ਰਿਥਾ ਜਾਊ, ਪੁੱਤ ਧੀ ਮੇਰਾ ਕੋਈ ਖਾਣ ਵਾਲਾ ਪਿਛੇ ਹੈ ਹੀ ਨਹੀਂ।

ਕੁਝ ਚਰਚਾ ਦੇ ਮਗਰੋਂ ਇਹ ਗੱਲ ਮੰਨੀ ਗਈ ਤੇ ਖਾਲਸੇ ਜੀ ਨੇ ਫਿਰ ਭੀੜੀ ਜੂਹ ਨੂੰ ਰੁਖ ਕੀਤਾ, ਪਰੰਤੂ ਤੁਰਨੇ ਤੋਂ ਪਹਿਲੋਂ ਸਰਦਾਰ ਨੇ ਉਸ ਪਿੰਡ ਦੇ ਲਾਗੇ ਦੇ ਦੋਹ ਕੁ ਪਿੰਡਾਂ ਦੇ ਲੋਕ ਕੱਠੇ ਕਰਕੇ ਕਿਹਾ ਕਿ “ਇਹ ਹਾਕਮ ਪਰਜਾ ਉਤੇ ਅਤਿ ਜ਼ੁਲਮ ਕਰਦਾ ਰਿਹਾ ਹੈ, ਜ਼ਿੰਮੀਦਾਰਾਂ ਤੋਂ ਇਸ ਨੇ ਵੱਧ ਮਾਮਲੇ ਲਏ ਹਨ, ਕਈ ਸ਼ਾਹਾਂ ਨੂੰ ਲੁਟ ਪੁਟਕੇ ਇਸਨੇ ਨੰਗ ਕੀਤਾ, ਬੇਗੁਨਾਹਾਂ ਨੂੰ ਮਰਵਾਇਆ ਅਨਾਥਾਂ ਨੂੰ ਤਸੀਹੇ ਦਿੱਤੇ ਅਰ ਹਾਕਮ ਹੋ ਕੇ ਥੋਹਰ ਦੇ ਬੂਟੇ ਵਾਂਗ ਹਰੇਕ ਨੂੰ ਕੰਡੇ ਚੋਭੇ ਹਨ। ਨਿਆਉਂ ਕਰਨ ਦੀ ਥਾਂ ਇਸ ਨੇ ਸ਼ਰਾਬ ਤੇ ਵਿਸ਼ਿਆਂ ਵਿਚ ਸਮਾਂ ਬਿਤਾਇਆ ਤੇ ਰਬ ਦੀ ਪਰਜਾ ਨੂੰ-ਜੋ ਇਸਦੇ ਹਵਾਲੇ ਸੀ- ਇਸਨੇ ਬੇਤਰਸਾਂ ਵਾਂਗ ਦੁੱਖ ਦਿੱਤਾ ਹੈ, ਇਸ ਲਈ ਇਸਨੂੰ ਸਾਰੇ ਦੋਸ਼ਾਂ ਬਦਲੇ ਦੰਡ ਦਿਤਾ ਜਾਂਦਾ ਹੈ।” ਇਹ ਕਹਿੰਦਾ ਹੀ ਸੀ ਕਿ ਦੋ ਚੂਹੜਿਆਂ ਨੇ ਪਾਪੀ ਦੇ ਗਲ ਰੱਸਾ ਪਾ ਕੇ ਬਿੱਖ ਨਾਲ ਟੰਗ ਦਿੱਤਾ। ਇਸ ਦੀ ਲੋਥ ਫੜਕਦੀ ਦੇਖ, ਕੀ ਹਿੰਦੂ ਕੀ ਮੁਸਲਮਾਨ ਸਭ ਖੁਸ਼ ਹੋਏ। ਹਾਂ, ਦੋ ਇਕ ਨੀਵੇਂ ਆਚਾਰ ਵਾਲੇ ਮੁਲਾਣੇ ਪੇਟ ਪਿੱਛੇ, ਜਿਸ ਵਿਚ ਇਸਦੇ ਪਾਪਾਂ ਦਾ ਹਿੱਸਾ ਪਹੁੰਚਦਾ ਹੁੰਦਾ ਸੀ, ਵਿਚੇ ਵਿਚ ਕੁੜ੍ਹਦੇ ਰਹੇ।

8 ਕਾਂਡ

ਭੀੜੀ ਜੂਹ ਵਿਚ ਪਹੁੰਚ ਕੇ ਖ਼ਾਲਸਾ ਜੀ ਨੇ ਪਹਿਲੋਂ ਤਾਂ ਉਸ ਖੱਤ੍ਰੀ ਤੇ ਖੱਤ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਖੱਤ੍ਰੀ ਦਾ ਨਾਉਂ ਧਰਮ ਸਿੰਘ ਤੇ ਖੱਤ੍ਰਾਣੀ ਦਾ ਨਾਉਂ ਧਰਮ ਕੌਰ ਰੱਖਿਆ ਗਿਆ। ਇਹ ਖੱਤ੍ਰੀ ਪਹਿਲਾਂ ਤੋਂ ਮਾਮੂਲੀ ਨਿਰਬਲ ਤੇ ਪਿੱਲਾ ਭੂਕ ਸ਼ਹਿਰੀਆ ਸੀਅ ਤੇ ਉਪਰ ਦੱਸੇ ਸਦਮੇ ਨਾਲ ਹੋਰ ਝਉਂ ਗਿਆ ਹੋਇਆ ਸੀ, ਪਰ ਹੁਣ ਆਪਣੇ ਇੰਦੀਏ ਵਿਚ ਕਾਮਯਾਬ ਹੋ ਕੇ ਖਿੜ ਗਿਆ ਤੇ ਬੀਰ ਰਸੀ ਸਤਿਸੰਗ ਨਾਲ ਉਤਸ਼ਾਹ ਭਰ ਆਇਆ। ਫੇਰ ਅੰਮ੍ਰਿਤ ਛਕ ਕੇ ਡਾਢਾ ਤਕੜਾ ਤੇ ਬਲੀ ਹੋ ਗਿਆ, ਤੇ ਨਿਧੜਕ ਬਨ ਵਿਚ ਫਿਰਨ ਦਾ ਡਾਢਾ ਪਿਆਰਾ ਹੋ ਗਿਆ। ਇਸ ਦੀ ਵਹੁਟੀ ਸੁੰਦਰੀ ਨਾਲ ਰਲ ਕੇ ਲੰਗਰ ਦੀ ਸੇਵਾ ਕਰਦੀ ਅਰ ਬਾਣੀ ਕੰਠ ਕਰਦੀ।

ਇਕ ਦਿਨ ਲੰਗਰ ਵਿਚ ਲੂਣ ਮੁੱਕ ਗਿਆ, ਸੁੰਦਰੀ ਧਰਮ ਕੌਰ ਸਣੇ ਉਸ ਪਹਾੜੀ ਵੱਲ ਗਈ, ਜਿਸਦੇ ਪਰਲੇ ਪਾਸੇ ਪਿੰਡ ਵਿਚ ਕਈ ਵੇਰ ਜਾਂਦੀ ਹੁੰਦੀ ਸੀ। ਦੁਪਹਿਰ ਦਾ ਵੇਲਾ ਸੀ, ਧੁੱਪ ਚੰਗੀ ਪਿਆਰੀ ਪਿਆਰੀ ਲੱਗਦੀ ਸੀ, ਸੁੰਦਰੀ ਹਰਨੋਟੇ ਵਾਂਙ ਚੌਕੜੀਆਂ ਭਰਦੀ ਉਸ ਪਿੰਡ ਵਿਚ ਪਹੁੰਚੀ, ਲੂਣ ਮਸਾਲਾ ਲੈ ਕੇ ਫੇਰ ਘਰ ਨੂੰ ਮੁੜੀ, ਜਦ ਪਿੰਡੋਂ ਕੁਝ ਵਾਟ ਲੰਘ ਆਈ ਤਾਂ ਪਗਡੰਡੀ ਤੋਂ ਰਤਾ ਲਾਂਭਿਉਂ ਇਕ ‘ਹਾਇ ਹਾਇ’ ਦੀ ਆਵਾਜ਼ ਆਈ। ਸੁੰਦਰੀ ਝਿਜਕ ਕੇ ਖਲੋ ਗਈ, ਫੇਰ ਆਵਾਜ਼ ਦੀ ਸੇਧ ਉਤੇ ਤੁਰੀ; ਕੀ ਵੇਖਦੀ ਹੈ ਕਿ ਘਾਹ ਪੁਰ ਇਕ ਜਵਾਨ ਪੁਰਖ ਲਹੂ ਲੁਹਾਨ ਹੋਇਆ ਪਿਆ ਹੈ। ਅੱਗੋ ਹੋ ਕੇ ਸੁੰਦਰੀ ਨੇ ਉਸ ਨੂੰ ਚੰਗੀ ਤਰ੍ਹਾਂ ਵੇਖਿਆ। ਉਸਦੇ ਮੋਢੇ ਪਰ ਤਲਵਾਰ ਦਾ ਘਾਉ ਲੱਗਾ ਸੀ ਅਰ ਨਿੱਕੇ ਨਿੱਕੇ ਘਾਉ ਤਾਂ ਕਿੰਨੇ ਹੀ ਸਨ। ਲਹੂ ਫਰਨ ਫਰਨ ਵਗ ਰਿਹਾ ਸੀ, ਚਿਹਰਾ ਪੀਲਾ ਭੂਕ, ਮਰੌਨੀ ਛਾਈ ਹੋਈ। ਇਹ ਦਸ਼ਾ ਵੇਖ ਕੇ ਮਾਤਾ ਸਾਹਿਬ ਦੇਵਾਂ ਦੀ ਬੀਰ ਪੁੱਤਰੀ ਨੇ ਰਤਾ ਜੀ ਨਾ ਮਚਕਾਇਆ, ਆਪਣੇ ਭੋਛਣ ਨਾਲੋਂ ਲੀਰਾਂ ਪਾੜ ਕੇ ਉਸ ਦੇ ਪਿੰਡੇ ਥੋਂ ਲਹੂ ਪੂੰਝਿਆ ਅਰ ਧਰਮ ਕੌਰ ਨੂੰ ਕਿਹਾ ਕਿ ਕਿਧਰੋਂ ਪਾਣੀ ਛੇਤੀ ਲਿਆ ਤੇ ਆਪੂੰ ਹਿੰਮਤ ਨਾਲ ਉਸ ਦੇ ਘਾਉ ਨੂੰ ਉਸ ਦੀ ਪੱਗ ਨਾਲ ਚੰਗੀ ਤਰ੍ਹਾਂ ਬੰਨ੍ਹਿਆਂ। ਇੰਨੇ ਨੂੰ ਧਰਮ ਕੌਰ ਆਪਣੇ ਭੋਛਨ ਨੂੰ ਪਾਣੀ ਵਿਚ ਤ੍ਰਿਬੁਡ ਕਰਕੇ ਲੈ ਆਈ। ਸੁੰਦਰੀ ਨੇ ਉਹ ਪਾਣੀ ਉਸ ਦੇ ਮੂੰਹ ਵਿਚ ਚੋਇਆ ਤੇ ਉਸਦੇ ਹੱਥਾਂ ਪੈਰਾਂ ਨੂੰ ਪੂੰਝਿਆ। ਹੁਣ ਉਸ ਪੁਰਖ ਨੂੰ ਡੋਬ ਵਿਚੋਂ ਰਤਾ ਬੋਲਣ ਦੀ ਹੋਸ਼ ਆਈ। ਪਹਿਲੇ ਤਾਂ ਬੇਸੁਧੀ ਜੇਹੀ ਵਿਚ ਕੇਵਲ ‘ਹਾਇ’ ਮੂੰਹੋਂ ਨਿਕਲੀ, ਪਰ ਫੇਰ ਅੱਖ ਬੀ ਖੋਲ੍ਹੀਓਸੁ।

ਜ਼ਖ਼ਮੀ ਆਪਣੇ ਆਪ ਦੀ ਸੇਵਾ ਹੁੰਦੀ ਵੇਖਕੇ ਅਸਚਰਜ ਸੀ ਕਿ ਐਸੇ ਔਕੜ ਦੇ ਵੇਲੇ ਕੌਣ ਆ ਪੁੱਕਰਿਆ। ਕੁਛ ਬੋਲਣਾ ਚਾਹਿਆ ਪਰ ਬੋਲਣ ਦੀ ਆਸੰਙ ਨਾ ਪਾਕੇ ਚੁਪ ਹੀ ਰਹਿ ਗਿਆ। ਹੁਣ ਸੁੰਦਰੀ ਨੇ ਇਹ ਵਿਚਾਰਿਆ ਕਿ ਜੇ ਇਹ ਪੁਰਖ ਇਥੇ ਪਿਆ ਰਿਹਾ ਤਦ ਮਰ ਜਾਏਗਾ, ਜੇ ਇਸ ਨੂੰ ਪਿੰਡ ਪੁਚਾਇਆ ਤਾਂ ਮਤੇ ਮੈਂ ਆਪ ਹੀ ਕਿਸੇ ਮੁਸ਼ਕਲ ਵਿਚ ਫਸ ਜਾਵਾਂ ਤੇ ਜੂਹ ਵਿਚ ਲੈ ਚੱਲਾਂ ਤਾਂ ਇਕ ਲਿਜਾਣਾ ਕਠਨ, ਦੂਜੇ ਇਹ ਤੁਰਕ ਹੈ, ਸਾਰੇ ਭਰਾ ਮੈਨੂੰ ਸ਼ੁਦਾਇਣ ਆਖਣਗੇ। ਫੇਰ ਕੁਝ ਧਰਮ ਕੌਰ ਨਾਲ ਸਲਾਹ ਕੀਤੀ, ਛੇਕੜ ਇਹੋ ਹੀ ਸੋਚ ਪੱਕੀ ਹੋਈ ਕਿ ਇਸਨੂੰ ਲੈ ਜਾਕੇ ਇਸ ਦੀ ਸੇਵਾ ਕਰੀਏ। ਗੁਰਸਿੱਖੀ ਇਹੀ ਹੈ।

ਵੱਡੇ ਔਖ ਤੇ ਕਸ਼ਟਾਂ ਨਾਲ ਉਹ ਬਿਖੜਾ ਰਸਤਾ ਉਹਨਾਂ ਬਹਾਦਰ ਤੀਵੀਆਂ ਨੇ ਉਸ ਭਾਰ ਨੂੰ ਚੁੱਕ ਕੇ ਪੂਰਾ ਕੀਤਾ ਅਰ ਜੰਗਲ ਦੀ ਅਧ ਕੁ ਵਾਟ ਪਹੁੰਚ ਕੇ ਥਕ ਗਈਆਂ। ਫਿਰ ਕਿੰਨਾ ਚਿਰ ਸਾਹ ਕੱਢਦੀਆਂ ਰਹੀਆਂ, ਛੇਕੜ ਦਿਨ ਢਲਣ ਦੇ ਵੇਲੇ ਟਿਕਾਣੇ ਤੇ ਪਹੁੰਚੀਆਂ ਤੇ ਪੁਰਾਣੇ ਥੋੜ੍ਹ ਦੇ ਹੇਠ ਸੁੱਕਾ ਘਾਹ ਵਿਛਾ ਕੇ ਚਾਦਰ ਪਾ ਕੇ ਉਸ ਨੂੰ ਲਿਟਾ ਦਿਤਾ ਅਰ ਖਾਣ ਦੀ ਚੀਜ਼ ਉਸ ਦੇ ਮੂੰਹ ਵਿਚ ਪਾਈ।

ਜਾਂ ਇਹ ਗੱਲ ਸੁੰਦਰੀ ਨੇ ਵੀਰ ਨਾਲ ਕੀਤੀ ਤੇ ਸ਼ਾਮ ਸਿੰਘ ਨੂੰ ਖਬਰ ਹੋਈ ਤਾਂ ਦੋਹਾਂ ਨੇ ਨੱਕ ਵੱਟਿਆ ਅਰ ਭੈਣ ਨੂੰ ਸਮਝਾਇਆ ਕਿ ਦਇਆ ਕਰਨੀ ਸਾਡਾ ਧਰਮ ਤਾਂ ਹੈ ਪਰ ਸਮਾਂ ਅਜਿਹਾ ਵਿੰਗਾ ਹੈ ਕਿ ਤੁਰਕਾਂ ਤੋਂ ਸਾਨੂੰ ਬਹੁਤ ਹੀ ਬਚਾਉ ਕਰਨਾ ਪੈਂਦਾ ਹੈ, ਕਿਉਂਕਿ ਉਹ ਸਾਡੀਆਂ ਜੜ੍ਹਾਂ ਮੇਖਾਂ ਪੁੱਟਣ ਦੇ ਗਿਰਦ ਹਨ, ਤਾਂ ਤੇ ਇਨ੍ਹਾਂ ਕੋਲੋਂ, ਜੋ ਸ਼ਤਰੂ ਹਨ, ਭਲੇ ਦੀ ਆਸ ਨਹੀਂ ਕਰਨੀ ਚਾਹੀਏ। ਜੇਕਰ ਅਸੀਂ ਕਿਸੇ ਚੰਗੀ ਦਸ਼ਾ ਵਿਚ ਹੋਈਏ ਤਾਂ ਪਰਵਾਹ ਨਾ ਕਰੀਏ ਪਰ ਇਸ ਬਿਪਤਾ ਵਿਚ ਆਪਣਾ ਆਪ ਬਚਾਉਣਾ ਸਭ ਤੋਂ ਮੁਖ ਗੱਲ ਹੈ।

ਸੁੰਦਰੀ ਨੇ ਕਿਹਾ: ਵੀਰ ਜੀ ! ਹੁਣ ਤਾਂ ਭੁੱਲ ਹੋਈ, ਫੇਰ ਕਾਹਲੀ ਨਹੀਂ

ਕਰਾਂਗੀ, ਹੁਣ ਤਾਂ ਮੈਂ ਲਿਆ ਬੈਠੀ ਹਾਂ, ਪਰ ਅੱਗੇ ਨੂੰ ਮੈਂ ਵੱਡੀ ਚੌਕਸ ਰਹਾਂਗੀ। ਜੇਕਰ ਇਹ ਮਰ ਗਿਆ ਤਦ ਕੋਈ ਵਸ ਵਸੇ (ਫ਼ਿਕਰ) ਦੀ ਗੱਲ ਹੀ ਨਹੀਂ, ਜੇ ਬਚ ਗਿਆ ਤਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਕਿਤੇ ਦੂਰ ਛੱਡ ਆਵਾਂਗੇ।

ਗੱਲ ਕੀ ਭਰਾਵਾਂ ਦੀ ਖਾਤਰ- ਨਿਸ਼ਾ ਕਰਕੇ ਸੁੰਦਰੀ ਆਪਣੇ ਆਹਰ ਵਿਚ ਲੱਗੀ। ਰੋਜ਼ ਜਦ ਕੰਮ ਥੋਂ ਵਿਹਲੀ ਹੁੰਦੀ ਤਾਂ ਉਸ ਬੀਮਾਰ ਦੀ ਸੇਵਾ ਕਰਦੀ, ਉਸਦੇ ਘਾਵਾਂ ਪੁਰ ਤੇਲ ਲਾਕੇ ਪੱਟੀ ਬੰਨ੍ਹਦੀ, ਖਾਣ ਨੂੰ ਜੋ ਬਣੇ ਦੇਂਦੀ। ਕੋਈ ਮਹੀਨੇ ਕੁ ਦੀ ਸੇਵਾ ਮਗਰੋਂ ਉਸ ਮੁਗ਼ਲ ਜੁਆਨ ਦੇ ਘਾਉ ਚੰਗੇ ਹੋ ਗਏ ਅਰ ਤੁਰਨ ਫਿਰਨ ਲੱਗ ਪਿਆ। ਉਹ ਸੁੰਦਰੀ ਦਾ ਵੱਡਾ ਧੰਨਵਾਦ ਕਰਦਾ ਤੇ ਉਸਦੇ ਹਸਾਨ ਨੂੰ ਵੱਡੇ ਮਿੱਠੇ ਬਚਨਾਂ ਨਾਲ ਦੂਣਾਂ ਚੌਣਾਂ, ਕਰਕੇ ਮੰਨਦਾ ਪਰ ਵੱਡਾ ਹੈਰਾਨ ਇਸ ਗੱਲ ਉਤੇ ਹੁੰਦਾ ਸੀ, ਕਿ ਸਿੱਖ, ਜੋ ਅਤਿ ਕਰੜੇ ਹਨ; ਦਇਆਵਾਨ ਵੀ ਪਰਲੇ ਦਰਜੇ ਦੇ ਹਨ। ਇਹ ਗੁਣ ਕੇਵਲ ਇਨ੍ਹਾਂ ਵਿਚ ਹੀ ਹਨ ਜੋ ਅੱਗ ਪਾਣੀ ਦਾ ਮੇਲ ਕਰ ਰਖਿਆ ਹੈ।

ਸਰਦਾਰ ਸ਼ਾਮ ਸਿੰਘ ਨੇ ਦੋ ਚਾਰ ਸਿੰਘ ਉਸਦੀ ਤੱਕ ਵਿਚ ਪਿੱਛੇ ਛਡੇ ਹੋਏ ਸਨ ਕਿ ਕਿਧਰੇ ਨਿਕਲ ਨਾ ਜਾਵੇ ਅਰ ਰਸਤਾ ਮਾਲੂਮ ਕਰਕੇ ਵੈਰੀਆਂ ਨੂੰ ਖਬਰ ਨਾ ਕਰ ਦੇਵੇ। ਕੁਛ ਚਿਰ ਮਗਰੋਂ ਜਾਂ ਉਹ ਨਵਾਂ ਨਰੋਆ ਹੋ ਗਿਆ ਤਾਂ ਛੁੱਟੀ ਮੰਗਣ ਲੱਗਾ, ਇਸ ਕਰ ਕੇ ਇਹੋ ਸਲਾਹ ਹੋਈ ਕਿ ਇਸ ਦੀਆਂ ਅੱਖਾਂ ਪਰ ਪੱਟੀ ਬੰਨ੍ਹ ਕੇ ਇਕ ਸਿੱਖ ਜੰਗਲੋਂ ਕੱਢ ਕੇ ਕਿਤੇ ਦੂਰ ਇਸਨੂੰ ਛੱਡ ਆਵੇ। ਸੋ ਸਰਦਾਰ ਸ਼ਾਮ ਸਿੰਘ ਦੇ ਹੁਕਮ ਮੂਜਬ ਇਸੇ ਤਰ੍ਹਾਂ ਕੀਤਾ ਗਿਆ, ਪਰ ਸਰਦਾਰ ਜੀ ਦੇ ਜੀ ਵਿਚ ਵਸਵਸਾ ਉਠਦਾ ਹੀ ਰਿਹਾ ਕਿ ਗੁਰੂ ਸੁੱਖ ਕਰੇ।

9 ਕਾਂਡ

ਕੁਝ ਦਿਨ ਮਗਰੋਂ ਇਕ ਦਿਨ ਸੁੰਦਰੀ ਲੌਢੇ ਕੁ ਪਹਿਰ ਉਸੇ ਪਿੰਡੋਂ ਬਨ ਨੂੰ ਮੁੜੀ ਆਉਂਦੀ ਸੀ, ਜਦ ਪਹਾੜੀ ਚੜ੍ਹਕੇ ਪਗਡੰਡੀ ਦਾ ਰਸਤਾ ਛੱਡ ਕੇ ਅਪਾਣੇ ਨਿਸ਼ਾਨੇ ਵਾਲੇ ਰਾਹ ਪੈਣ ਲੱਗੀ ਤਦ ਇਕ ਅਵਾਜ਼ ਆਈ ‘ਬਸ ਖੜੀ ਰਹੁ। ਇਹ ਸੁਣ ਕੇ ਸੁੰਦਰੀ ਨੇ ਪਿਛੇ ਮੁੜ ਕੇ ਡਿੱਠਾ, ਤਾਂ ਚਾਰ ਹਥਿਆਰਬੰਦ ਤੁਰਕ ਸਿਪਾਹੀ ਦਿਸੇ ਜੋ ਬ੍ਰਿਛ ਦੀ ਆੜ ਵਿਚੋਂ ਨਿਕਲ ਰਹੇ ਸਨ। ਅਚਰਜ ਹੋਕੇ, ਪ੍ਰੰਤੂ ਬਿਨਾਂ ਭੈ ਦੇ ਵੇਖਣ ਲੱਗ ਪਈ ਕਿ ਇਹ ਕੌਣ ਹਨ? ਅੱਖ ਦੇ ਫੋਰ ਵਿਚ ਚਾਰੇ ਜਣੇ ਆ ਕੇ ਘੇਰਾ ਪਾ ਕੇ ਖੜੋ ਗਏ। ਸੁੰਦਰੀ ਦਾ ਸੱਜਾ ਹੱਥ ਭੀ ਇਸ ਵੇਲੇ ਭੋਛਣ ਦੇ ਅੰਦਰ ਲੁਕਵੀ ਪਹਿਨੀ ਹੋਈ ਕਟਾਰ ਦੇ ਕਬਜੇ ਪੁਰ ਪਹੁੰਚ ਗਿਆ ਸੀ, ਪਰ ਉਂਞ ਹੌਸਲੇ ਨਾਲ ਪੁਛਣ ਲੱਗੀ ਤੁਸੀਂ ਕੌਣ ਹੋ ਅਰ ਕੀ ਮੰਗਦੇ ਹੋ?

ਸਿਪਾਹੀ— ਸਿੱਖਾਂ ਦਾ ਪਤਾ ਦੱਸ ਕਿਥੇ ਹਨ?

ਸੁੰਦਰੀ- ਇਹ ਗੱਲ ਅਨਹੋਣੀ ਹੈ।

ਸਿਪਾਹੀ— ਨਹੀਂ ਤਾਂ ਤੈਨੂੰ ਬੇਪਤ ਕਰਾਂਗੇ।

ਸੁੰਦਰੀ- ਕਿਸ ਮੁਰਦੇ ਦੀ ਤਾਕਤ ਹੈ ਕਿ ਹੱਥ ਲਾ ਜਾਏ?

ਸਿਪਾਹੀ— ਜਾਨੋਂ ਮਾਰ ਦਿਆਂਗੇ।

ਸੁੰਦਰੀ- ਕੀ ਪਰਵਾਹ ਹੈ?

ਸੁੰਦਰੀ ਨੇ ਜਰਾ ਉੱਚੀ ਨਜ਼ਰ ਕੀਤੀ ਤਾਂ ਇਕ ਹੋਰ ਸਿਪਾਹੀ ਨੂੰ ਆਪਣੇ ਵਲ ਆਉਂਦਾ ਡਿੱਠਾ। ਜਾਂ ਨੇੜੇ ਪਹੁੰਚਾ ਤਾਂ ਸੁੰਦਰੀ ਨੇ ਤੁਰਤ ਪਛਾਣ ਲੀਤਾ ਕਿ ਇਹ ਓਹੀ ਤੁਰਕ ਹੈ ਜਿਸਨੂੰ ਮੈਂ ਘਾਇਲ ਪਏ ਨੂੰ ਏਸੇ ਥਾਂ ਤੋਂ ਚੁਕ ਲਿਗਈ ਸਾਂ ਅਰ ਮਹੀਨਾ ਦਿਨ ਸੇਵਾ ਕਰਕੇ ਰਾਜੀ ਕੀਤਾ ਸੀ। ਮਨ ਵਿਚ ਪ੍ਰਸੰਨ ਹੋਈ ਕਿ ਇਹ ਮੈਨੂੰ ਇਨ੍ਹਾਂ ਤੋਂ ਬਚਾ ਲਵੇਗਾ ਅਰ ਐਸ ਵੇਲੇ ਜ਼ਰੂਰ ਸਹਾਇਤਾ ਕਰੇਗਾ। ਉਸਨੇ ਨੇੜੇ ਪੁਜਕੇ ਸਲਾਮ ਕੀਤਾ, ਸਿਪਾਹੀ ਸਾਰੇ ਪਰੇ ਹਟ ਗਏ। ਵਡੇ ਆਦਰ ਨਾਲ ਸੁਖ ਸਾਂਦ ਪੁੱਛੀ।

ਸੁੰਦਰੀ ਨੇ ਭੀ ਸਤਿਕਾਰ ਨਾਲ ਉਤਰ ਦਿੱਤਾ ਅਰ ਕਿਹਾ: ਇਹ ਲੋਕ ਕੌਣ ਹਨ ਅਰ ਮੇਰੇ ਦੁਆਲੇ ਕਿਉਂ ਹੋ ਗਏ ਹਨ ਅਰ ਵੱਡੀ ਬੇਸਤਿਕਾਰੀ ਨਾਲ ਗੱਲਾਂ ਕਿਉਂ ਕਰਦੇ ਹਨ?

ਤੁਰਕ ਬੋਲਿਆ: ਬੀਬੀ ਤੂੰ ਨਹੀਂ ਜਾਣਦੀ ਕਿ ਮੈਂ ਕੌਣ ਸਾਂ ਤੇ ਕੌਣ ਨਹੀਂ, ਪਹਿਲੇ ਮੈਂ ਆਪਣਾ ਪਤਾ ਦੱਸਾਂ ਤਦ ਤੁਹਾਡੀ ਸਮਝ ਵਿਚ ਕੁਝ ਸੌਖਾ ਆ ਜਾਵੇਗਾ। ਮੈਂ ਉਸ ਨਵਾਬ ਦਾ ਨੌਕਰ ਹਾਂ ਜੋ ਤੁਹਾਨੂੰ ਆਪਣੇ ਪਿੰਡੋਂ ਪਕੜ ਲਿਆਏ ਸਨ। ਮੈਂ ਇਥੇ ਉਸ ਦਿਨ ਇਕ ਸਿੱਖ ਨਾਲ ਲੜਨ ਤੋਂ ਜ਼ਖਮੀ ਹੋਕੇ ਮਰਨ ਮਰਾਂਦ ਪਿਆ ਸੀ, ਜਿਸ ਦਿਨ ਤੁਸੀਂ ਮੈਨੂੰ ਚੁਕ ਲਿਗਏ ਸੀ, ਪਹਿਲਾਂ ਤਾਂ ਮੈਂ ਕੁਛ ਨਾ ਪਛਾਤਾ, ਪਰ ਪੰਜਾਂ ਸੱਤਾਂ ਦਿਨਾਂ ਪਿਛੋਂ ਮੈਂ ਤੁਹਾਨੂੰ ਪਛਾਣ ਲੀਤਾ ਸੀ ਕਿ ਤੁਸੀਂ ਉਹੋ ਹੋ ਜਿਸਨੂੰ ਸਾਡਾ ਨਵਾਬ ਪਿੰਡੋਂ ਚੱਕ ਲਿਆਇਆ ਸੀ ਅਰ ਫਿਰ ਸਿੱਖ ਮਸਜਿਦ ਵਿਚੋਂ ਖੋਹਕੇ ਲੈ ਗਏ ਸਨ। ਜਾਂ ਮੈਂ ਆਪਦੀ ਕ੍ਰਿਪਾ ਨਾਲ ਰਾਜ਼ੀ ਹੋਕੇ ਆਪਣੇ ਘਰ ਪਹੁੰਚਾ ਤੇ ਨਵਾਬ ਨਾਲ ਗੱਲ ਕੀਤੀ, ਤਦ ਉਹ ਮੇਰੇ ਗਲ ਪੈ ਗਿਆ ਕਿ ਉਸ ਥਾਂ ਦਾ ਪਤਾ ਦੱਸ ਅਰ ਉਸਨੂੰ ਐਥੇ ਲਿਆ ਦੇਹ, ਤਦ ਤਾਂ ਪੰਜ ਹਜ਼ਾਰ ਇਨਾਮ ਦਿਆਂਗੇ, ਨਹੀਂ ਤਾਂ ਮੈਂ ਤੈਨੂੰ ਭੀ ਮਾਰ ਦਿਆਂਗਾ। ਸੋ ਮੈਂ ਕਈ ਦਿਨ ਜੰਗਲਾਂ ਬਨਾਂ ਵਿਚ ਟੱਕਰਾਂ ਮਾਰਦਾ ਰਿਹਾ ਹਾਂ ਮੈਨੂੰ ਤੁਹਾਡੀ ਥਾਂ ਦਾ ਥਹੁ ਨਹੀਂ ਲੱਗਾ। ਛੇਕੜ ਮੈਨੂੰ ਚੇਤਾ ਆਇਆ ਕਿ ਇਸ ਥਾਂ ਤੋਂ ਲੰਘਦੇ ਹੋਏ ਤੁਸੀਂ ਮੈਨੂੰ ਲੈ ਗਏ ਸੀ, ਮੈਂ ਸੋਚਿਆ ਕਿ ਕਦੀ ਨਾ ਕਦੀ ਏਥੋਂ ਲੰਘੋਗੇ ਹੀ, ਸੋ ਇਹ ਥਾਂ ਆ ਮੱਲੀ ਅਰ ਕਈ ਦਿਨ ਥੋਂ ਪੰਜ ਸਿਪਾਹੀਆਂ ਸਣੇ ਮੈਂ ਇਥੇ ਛਹਿ ਬੈਠਾ ਸੀ, ਸ਼ੁਕਰ ਹੈ ਖੁਦਾਵੰਦ ਕਰੀਮ ਦਾ ਜਿਸਨੇ ਮੇਰੀ ਮੁਰਾਦ ਪੂਰੀ ਕੀਤੀ। ਹੁਣ ਮੇਰੀ ਅਰਜ਼ ਇਹ ਹੈ ਕਿ ਤੁਸੀਂ ਐਸ ਜੁਆਨੀ ਤੇ ਸੁੰਦਰਤਾ ਪਰ ਕੁਛ ਤਰਸ ਕਰੋ, ਕਿਥੇ ਜੰਗਲ ਵਿਚ ਨਿਘਰੇ ਸਿਖਾਂ ਨਾਲ ਉਮਰ ਬਿਤਾ ਰਹੇ ਹੋ, ਸਵੇਰੇ ਤੋਂ ਸੰਞ ਤੀਕ ਨੌਕਰਾਂ ਵਾਂਗ ਸੇਵਾ ਕਰਦੇ ਹੋ ਫੇਰ ਨਫਾ ਕੁਛ ਨਹੀਂ ਤੇ ਦੁਨੀਆਂ ਦੇ ਸੁਖ ਲੈਣ ਦੀ ਇਹੋ ਉਮਰ ਹੈ, ਫੇਰ ਕਿਸ ਵੇਲੇ ਆਨੰਦ ਭੋਗੋਗੇ? ਹੁਣ ਤਾਂ ਐਡਾ ਵੱਡਾ ਨਵਾਬ ਤੁਹਾਡਾ ਹੱਥ ਬੱਧੀ ਗੁਲਾਮ ਬਣਦਾ ਹੈ, ਮਹਿਲਾਂ ਵਿਚ ਰਹੋ, ਹੁਕਮ ਕਰੋ ਆਨੰਦ ਭੋਗੋ, ਚਲੋ ਸਵਾਰੀ ਤਿਆਰ ਹੈ।

ਸੁੰਦਰੀ ਕੁਝ ਘਾਬਰੀ, ਹਿਰਦਾ ਬੀ ਸੁੰਗੜਿਆ, ਪਰ ਧੀਰਜ ਨਾਲ ਬੋਲੀ- ਕੀ ਮੇਰੀ ਸੇਵਾ ਦਾ ਇਹੋ ਫਲ ਸੀ? ਕੀ ਨੇਕੀ ਦਾ ਬਦਲਾ ਇਹੋ ਹੁੰਦਾ ਹੈ ?

ਤੁਰਕ- ਨੇਕੀ ਤੁਹਾਡੀ ਮੇਰੇ ਸਿਰ ਮੱਥੇ ਉਤੇ ਅਰ ਮੈਂ ਤੁਹਾਡੇ ਨਾਲ ਬਦੀ ਨਹੀਂ ਕਰਦਾ। ਫਕੀਰਨੀ ਤੋਂ ਰਾਣੀ ਬਣਾਉਂਦਾ ਹਾਂ, ਕਾਫਰ ਤੋਂ ਮੋਮਨ ਬਣਾਉਂਦਾ ਹਾਂ। ਕਾਫ਼ਰਾਂ ਨਾਲ ਵਲ ਛਲ ਕਰਨਾ ਵੀ ਰਵਾ ਹੈ। ਲਓ ਹੁਣ ਛੇਤੀ ਕਰੋ ਚਿਰ ਹੁੰਦਾ ਹੈ।

ਸੁੰਦਰੀ— ਨਿਮਾਜ਼ ਕਦੀ ਭਾਵੇਂ ਭੁੱਲ ਕੇ ਵੀ ਨਾ ਪੜ੍ਹੋ, ਪਰ ਜ਼ੁਲਮ ਕਰਨ ਲਈ ਦੀਨ ਦੇ ਮੱਥੇ, ਹੇ ਕ੍ਰਿਤਘਣ ਪੁਰਖ! ਇਹ ਲੱਛਣ ਵੱਡੇ ਖੋਟੇ ਹਨ। ਯਾਦ ਰੱਖ ਤੂੰ ਯਾ ਤੇਰਾ ਮਾਲਕ ਆਪਣੀ ਮੁਰਾਦ ਨੂੰ ਕਦੀ ਨਾ ਪਹੁੰਚੇਗਾ, ਕਿਉਂਕਿ ਮੈਂ ਸ਼ੇਰਨੀ ਹਾਂ, ਕੋਈ ਕਮੀਨ ਇਸਤ੍ਰੀ ਨਹੀਂ ਕਿ ਕਿਸੇ ਲਾਲਚ ਵਿਚ ਫਸਾਂ, ਜਾਨ ਦਿਆਂਗੀ, ਪਰ ਧਰਮ ਨਹੀਂ।

ਤੁਰਕ— ਤੇਰੀ ਇਸ ਜ਼ਿਦ ਤੇ ਹਠ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਹੁਣ ਤੂੰ ਪੱਕ ਧਿਆਨ ਰੱਖੀਂ ਕਿ ਅੱਗੇ ਵਾਂਗੂੰ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ। ਇਧਰੋਂ ਸ਼ਹਿਰ ਪਹੁੰਚੀ ਤੇ ਉਧਰੋਂ ਮਹਿਲੀ ਦਾਖ਼ਲ ਹੋ ਗਈ।

ਸੁੰਦਰੀ— ਬਹੁਤ ਚੰਗਾ, ਪਰ ਇਥੋਂ ਮੈਨੂੰ ਲਿਜਾਣ ਦੀ ਤਾਕਤ ਕਿਹਦੇ

ਵਿਚ ਹੈ? ਜ਼ਰਾ ਸੋਚ ਕੇ ਤਾਂ ਗੱਲ ਕਰੋ, ਮੈਨੂੰ ਰਹਿ ਰਹਿ ਕੇ ਸ਼ੋਕ ਇਸ ਗੱਲ ਪੁਰ ਆਉਂਦਾ ਹੈ, ਕਿ ਤੇਰਾ ਮਨ ਵੱਡਾ ਹੀ ਪੱਥਰ ਹੈ ਜਿਸ ਵਿਚ ਦਇਆ ਧਰਮ ਦੀ ਮੁਸ਼ਕ ਮਾਤ੍ਰ ਬੀ ਨਹੀਂ। ਕੀਹ ਤੈਨੂੰ ਮਰਦ ਹੋ ਕੇ ਇਹ ਜ਼ੁਲਮ ਕਰਦਿਆਂ ਸੋਚ ਨਹੀਂ ਫੁਰਦੀ ਕਿ ਮੈਂ ਕਿਸ ਨਾਲ ਜ਼ੁਲਮ ਕਮਾਉਣ ਲੱਗਾ ਹਾਂ। ਲੈ ਹੁਣ ਕੰਨ ਖੋਲ੍ਹਕੇ ਸੁਣ ਲੈ, ਜੇ ਤਾਂ ਮੈਨੂੰ ਛੱਡ ਦੇਵੇਂ ਤਾਂ ਅੱਲਾ ਤੇਰਾ ਭਲਾ ਕਰੇਗਾ ਤੇ ਜੇ ਨਾ ਛੱਡੇਂ ਤਾਂ ਮੈਂ ਆਪਣੀ ਜਾਨ ਪੁਰ ਖੇਡ ਜਾਵਾਂਗੀ। ਜਿਹੜੀ ਗੱਲ ਪਸਿੰਦ ਹਈ ਕਰ ਲੈ।

ਤੁਰਕ— ਦੋਵੇਂ ਪਸਿੰਦ ਨਹੀਂ। ਆਪਣੇ ਮਾਲਕ ਦੀ ਬੇਗ਼ਮ ਬਣਾਵਾਂਗਾ, ਬੱਸ ਇਹੋ ਗੱਲ ਪਸਿੰਦ ਹੈ।

ਇਹ ਗੱਲ ਮੂੰਹ ਵਿਚ ਹੀ ਸੀ ਕਿ ਇਕ ਸਿਪਾਹੀ ਨੇ ਸੁੰਦਰੀ ਦੀ ਖੱਬੀ ਬਾਂਹ ਨੂੰ ਹੱਥ ਪਾਇਆ, ਪਰ ਆਹਾ ਹਾ। ਕਿਸ ਫੁਰਤੀ ਨਾਲ ਉਸ ਸ਼ੇਰ ਕੰਨਿਆਂ ਨੇ ਸੱਜੇ ਹੱਥ ਨਾਲ ਕਟਾਰ ਕੱਢ ਕੇ ਹੱਥ ਫੜਨ ਵਾਲੇ ਦੇ ਸੀਨੇ ਵਿਚ ਖੋਭੀ ਹੈ, ਜਾਦੂ ਕਰ ਦਿੱਤਾ ਹੈ, ਬਿਜਲੀ ਨੇ ਕੀ ਛੇਤੀ ਕਰਨੀ ਹੈ? ਡੱਟਾ ਸਿਪਾਹੀ ਲਹੂ-ਲੁਹਾਨ ਢੈ ਪਿਆ ਅਰ ਫੜਕ ਫੜਕ ਕੇ ਜਾਨ ਤੋੜਨ ਲੱਗਾ।

ਇਹ ਸਮਾਚਾਰ ਵੇਖਕੇ ਇਕ ਸਿਪਾਹੀ ਨੇ ਪਿੱਛੋਂ ਦੀ ਹੋ ਕੇ ਸੁੰਦਰੀ ਦਾ ਕਟਾਰ ਵਾਲਾ ਹੱਥ ਫੜ ਲਿਆ, ਦੂਜੇ ਨੇ ਲੱਕੋਂ ਹੱਥ ਪਾ ਕੇ ਚੱਕ ਲਿਆ, ਤੀਸਰੇ ਨੇ ਬਾਂਹ ਨੱਪ ਲਈ। ਰੁਖਾਂ ਦੇ ਉਹਲੇ ਪੀਨਸ ਵਰਗਾ ਡੋਲਾ ਪਿਆ ਸੀ ਤੇ ਕਹਾਰ ਖੜੇ ਸਨ। ਝੱਟ ਡੋਲੇ ਵਿਚ ਸਿੱਟੀ ਗਈ, ਬੂਹੇ ਮਾਰੇ ਗਏ ਅਰ ਵਿਚਾਰੀ ਸੁੰਦਰੀ ਫੇਰ ਤੁਰਕਾਂ ਦੀ ਕੈਦਣ ਹੋ ਗਈ। ਪਲੋ-ਪਲੀ ਵਿਚ ਜਰਵਾਣੇ ਡੋਲੀ ਪਾ ਕੇ ਪੱਤਰਾ ਹੋਏ।

10 ਕਾਂਡ

ਸੁੰਦਰੀ ਜਿਸ ਵੇਲੇ ਆਪਣੇ ਪਿਆਰੇ ਭਰਾਵਾਂ ਵਿਚੋਂ ਪਿੰਡ ਨੂੰ ਤੁਰੀ ਸੀ, ਉਸ ਤੋਂ ਪਲ ਕੁ ਮਗਰੋਂ ਸਰਦਾਰ ਸ਼ਾਮ ਸਿੰਘ, ਬਲਵੰਤ ਸਿੰਘ ਅਰ ਹੋਰ ਮੁਖੀਏ ਪੁਰਖ ਕੱਠੇ ਹੋਕੇ ਬੈਠੇ ਵਿਚਾਰਾਂ ਕਰ ਰਹੇ ਸਨ ਕਿ ਜਿਥੇ ਅਸੀਂ ਲੁਕੇ ਦਿਨ ਗੁਜ਼ਾਰ ਰਹੇ ਹਾਂ ਇਹ ਥਾਂ ਵੀ ਹੁਣ ਬਚਣਾ ਨਹੀਂ, ਜੋ ਅਵਾਈਆਂ ਲੱਖੂ ਦੀਆਂ ਆ ਰਹੀਆਂ ਹਨ ਭਿਆਨਕ ਹਨ। ਠੀਕ ਓਸ ਵੇਲੇ ਇਕ ਹੋਰ ਸਿੰਘ ਜਿਸਦਾ ਨਾਉਂ ਬਿਜਲਾ ਸਿੰਘ ਸੀ, ਆ ਪਹੁੰਚਾ। ਇਸਨੂੰ ਸ਼ਾਮ ਸਿੰਘ ਨੇ ਪਛਾਤਾ, ਆਦਰ ਨਾਲ ਪਾਸ ਬਿਠਾਯਾ ਤੇ ਦੂਸਰੇ ਜਥਿਆਂ ਦੀ ਸੁਖ ਸਾਂਦ ਪੁਛੀ। ਬਿਜਲਾ ਸਿੰਘ ਨੇ ਬੇਨਤੀ ਕੀਤੀ ਕਿ ਮੈਨੂੰ ਖਾਲਸਾ ਜੀ ਨੇ ਘਲਿਆ ਹੈ, ਤੁਸਾਂ ਨੂੰ ਪਤਾ ਹੀ ਹੈ ਕਿ ਲਖਪਤ ਰਾਏ ਨੇ ਡਾਢਾ ਹਨੇਰ ਚੁਕਿਆ ਹੋਇਆ ਹੈ, ਕਤਲਾਮ ਸ਼ੁਰੂ ਹੈ, ਧਰਮਸਾਲਾਂ ਦੀ ਬੇਅਦਬੀ ਕੀਤੀ ਹੈ ਕਈ ਥਾਂ ਪੋਥੀਆਂ ਸਾੜੀਆਂ ਹਨ ਤੇ ਸਾਰੇ ਦੇਸ਼ ਅੰਦਰ ਘਮਸਾਨ ਚੋਦੇਂ ਮਚਾ ਰੱਖੀ ਹੈ ਸੋ ਇਸ ਕਰਕੇ ਸਰਦਾਰ ਜਸਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਸੁਖਾ ਸਿੰਘ, ਗਲ ਕੀ ਸਾਰੇ ਸਰਦਾਰ ਕੱਠੇ ਹੋ ਰਹੇ ਹਨ, ਕਿਉਂਕਿ ਲਖੂ ਰਾਵੀ ਦੇ ਝੱਲਾਂ ਤੇ ਹੋਰ ਲੁਕੇਵਿਆਂ ਤੋਂ ਖਾਲਸੇ ਨੂੰ ਕੱਢ ਰਿਹਾ ਹੈ, ਤੁਸੀਂ ਭੀ ਉਧਰ ਚਾਲੇ ਪੈ ਜਾਓ। ਇਸ ਪਾਸੇ ਵੀ ਦੁਸ਼ਮਨ ਸੈਨਾਂ ਝੱਲਾਂ ਬਨਾਂ ਨੂੰ ਖੋਜਣ ਆ ਰਹੀ ਹੈ, ਤੁਸੀਂ ਏਥੇ ਅਮਨ ਵਿਚ ਨਹੀ ਰਹਿ ਸਕਦੇ।

ਇਹ ਗੱਲ ਸੁਣਕੇ ਸ਼ਾਮ ਸਿੰਘ ਨੇ ਕਿਹਾ: ਸਤਿ ਬਚਨ! ਕਿਉਂ ਭਾਈ ਬਲਵੰਤ ਸਿੰਘਾ! ਖਾਲਸਾ ਜੀ ਨੂੰ ਆਖ ਦੇਵੋ ਜੋ ਕਮਰ-ਕਸੇ ਕਰਕੇ ਚੜ੍ਹਾਈ ਦਾ ਤਿਆਰਾ ਕਰ ਲੈਣ, ਹੁਣ ਤਾਂ ਸੂਰਜ ਡੁਬਣ ਦਾ ਵੇਲਾ ਹੈ, ਇਕ ਅੱਧ ਦਿਨ ਵਿਚ ਸਭ ਕੁਝ ਹੋ ਜਾਵੇ ਤੇ ਫੇਰ ਤੜਕੇ ਤਾਰਿਆਂ ਦੀ ਛਾਵੇਂ ਕੂਚ ਹੋ ਜਾਵੇ। ਹਾਂ, ਭਾਈ ਬਿਜਲਾ ਸਿੰਘ! ਕੱਠੇ ਕਿਥੇ ਹੋਣਾ ਹੈ?

ਬਿਜਲਾ ਸਿੰਘ— ਮਹਾਰਾਜ ਜੀ! ਹਾਲੇ ਕਾਹਨੂੰਵਾਨ ਦੇ ਛੰਭ ਕੋਲ ਸੰਘਣੇ ਬਨ ਵਿਚ ਜਾ ਰਹੇ ਹਨ।

ਬਲਵੰਤ ਸਿੰਘ- ਤਾਂ ਅਸਾਂ ਹੁਣ ਬਨੋਬਨ ਚਲਣਾ ਹੈ, ਕਿ ਦੇਸ਼ ਵਿਚੋਂ ਦੀ ?

ਬਿਜਲਾ ਸਿੰਘ- ਦੇਸ਼ ਵਿਚੋਂ ਹੀ ਫੱਟ ਦੇਕੇ ਨਿਕਲ ਚਲੋ, ਏਸ ਬੰਨੇ ਤੁਰਕ ਅਜੇ ਕੁਛ ਅਵੇਸਲੇ ਪਏ ਹਨ, ਚਾਰ ਪੰਜ ਦਿਨਾਂ ਬਾਦ ਤੁੰਮਣ ਏਧਰ ਵੀ ਆ ਨਿਕਲਣਗੇ।

ਬਲਵੰਤ ਸਿੰਘ- ਸਤਿ ਬਚਨ।

‘ਸਤਿ ਬਚਨ’, ਕਹਿਕੇ ਬਲਵੰਤ ਸਿੰਘ ਲੰਗਰ ਵੱਲ ਗਿਆ, ਅਗੋਂ ਸੁੰਦਰੀ ਨੂੰ ਨਾ ਦੇਖਕੇ ਪੁਛਿਆ। ਧਰਮ ਕੌਰ ਬੋਲੀ ਕਿ ਭੈਣ ਅਜ ਪਿੰਡ ਗਈ ਹੋਈ ਹੈ। ਬਲਵੰਤ ਸਿੰਘ ਵਿਚਾਰੇ ਨੂੰ ਕੀ ਪਤਾ ਸੀ ਕਿ ਭੈਣ ਕਿਹੜੇ ਦੁਖ ਨੂੰ ਫੜੀ ਗਈ ਹੈ? ਉਹ ਮਾਮੂਲੀ ਗੱਲ ਸਮਝਕੇ ਚਲਿਆ ਗਿਆ ਅਰ ਖਾਲਸੇ ਜੀ ਨੂੰ ਕੂਚ ਦੀ ਖਬਰ ਸੁਣਾ ਕੇ ਫੇਰ ਸਰਦਾਰ ਹੁਰਾਂ ਪਾਸ ਜਾ ਬੈਠਾ। ਇਥੇ ਅਗੇ ਗੱਲਾਂ ਬਾਤਾਂ ਛਿੜੀਆਂ ਹੋਈਆਂ ਸਨ। ਬਿਜਲਾ ਸਿੰਘ ਸਿਖਾਂ ਦੇ ਦੁਖੜੇ ਤੇ ਲਖਪਤ ਰਾਏ ਦੇ ਧਕੇ ਇਉਂ ਸੁਣਾ ਰਿਹਾ ਸੀ:

ਬਿਜਲਾ ਸਿੰਘ- ਬਸ ਸਰਦਾਰ ਜੀ! ਜਿਸ ਵੇਲੇ ਲਖਪਤ ਰਾਇ ਨੂੰ ਖਬਰ ਪਹੁੰਚੀ, ਭਈ ਮੇਰੇ ਭਰਾ ਨੇ ਸਿੱਖਾਂ ਨੂੰ ਤੰਗ ਕੀਤਾ ਤੇ ਦੱਬੀ ਜਾਂਦਾ ਸੀ, ਤਾਂ ਸਿੱਖਾਂ ਨੇ ਭੀ ਅੱਗੋਂ ਲੜਾਈ ਕੀਤੀ ਅਰ ਉਸਨੂੰ ਮਾਰ ਦਿੱਤਾ, ਤਦ ਤਾਂ ਅੱਗ ਦਾ ਅਵਾਂਡਾ ਹੋ ਗਿਆ ਅਰ ਕ੍ਰੋਧ ਵਿਚ ਭਰ ਕੇ ਬੋਲਿਆ: ਮੈਂ ਖੱਤ੍ਰੀ ਹਾਂ ਜੇਕਰ ਸਿੱਖਾਂ ਦਾ ਬੀਜ ਨਾਸ਼ ਕਰ ਦਿਆਂ ਤਾਂ। ਬੱਸ ਜੀ। ਓਸੇ ਵੇਲੇ ਲਾਹੌਰ ਦੇ ਨਵਾਬ ਕੋਲ ਜਾ ਪਿਟਿਆ ਕਿ ਵੇਖ ਤੇਰੇ ਰਾਜ ਵਿਚ ਸਿੱਖਾਂ ਨੇ ਮੇਰਾ ਭਰਾ ਮਾਰ ਸਿੱਟਿਆ ਹੈ ਅਰ ਕਿਸੇ ਬਹੁੜਾ ਨਾ ਕੀਤੀ। ਹੁਣ ਮੈਂ ਸਿੱਖਾਂ ਦਾ ਨਾਸ਼ ਕੀਤਾ ਚਾਹੁੰਦਾ ਹਾਂ। ਤਦ ਨਵਾਬ ਨੇ ਕਿਹਾ: ਲਖਪਤ ਰਾਇ! ਜੇ ਤੂੰ ਇਹ ਕੰਮ ਕਰੇਂ ਤਾਂ ਹੋਰ ਕੀ ਲੋੜੀਂਦਾ ਹੈ ? ਤੁਹਾਨੂੰ ਪਤਾ ਹੈ ਕਿ ਲਾਹੌਰ ਦੇ ਨਵਾਬ ਯਾਹਯਾ ਖਾਂ ਨੂੰ ਪਿਓ ਨਾਲੋਂ ਬਹੁਤਾ ਸ਼ੌਕ ਸਿੱਖਾਂ ਨੂੰ ਮਾਰਨ ਦਾ ਹੈ । ਸਰਕਾਰੀ ਤੋਪਖਾਨਾ, ਫੌਜਾਂ, ਜੋ ਜੀ ਚਾਹੇ ਲੈ ਇਹਨਾਂ ਦਾ ਖੁਰਾ ਖੋਜ ਮੁਕਾ। ਬੱਸ ਜੀ, ਲਖਪਤ ਨੂੰ ਕੀ ਚਾਹੀਦਾ ਸੀ? ਲਾਹੌਰ ਤੋਂ ਹੀ ਸਿੱਖਾਂ ਦੀ ਕਤਲ ਤੇ ਉਹਨਾਂ ਨੂੰ ਦੁਖ ਦੇਣਾ ਆਰੰਭ ਕਰ ਦਿੱਤੇ ਸੁ। ਜੋ ਸਿੱਖ ਲਾਹੌਰ ਦੇ ਕਿਸੇ ਦਰਵਾਜ਼ੇ ਵਿਚੋਂ ਲੰਘੇ ਉਥੇ ਹੀ ਫੜਿਆ ਜਾਵੇ ਤੇ ਮਾਰਿਆ ਜਾਵੇ”। ਦੋ ਤਿੰਨ ਦਿਨ ਇਹ ਹਾਲ ਰਿਹਾ ਤੇ ਅਨੇਕਾਂ ਸਿੱਖ ਮਾਰੇ ਗਏ। ਇਹ ਜੋਧੇ ਨਹੀਂ, ਸ਼ਹਿਰੀ ਵਸੋਂ ਦੇ ਸਿੱਖ ਸਨ। ਵੱਡੇ ਵੱਡੇ ਸੋਹਣੇ ਜੁਆਨ, ਵਿਲਕਦੇ ਬਾਲ ਵਹੁਟੀਆਂ ਤੇ ਮਾਵਾਂ ਛੱਡਕੇ ਕੰਮ ਕਾਜ ਗਏ ਹੋਏ ਹੀ ਮੌਤ ਦਾ ਸ਼ਿਕਾਰ ਹੋ ਗਏ, ਪਰ ਵਾਹ ਵਾਹ ਖਾਲਸਾ ਜੀ! ਕਿਸੇ ਨੇ ਧਰਮ ਵਲੋਂ ਮੂੰਹ ਨਹੀਂ ਮੋੜਿਆ, ਹੱਸ ਹੱਸ ਕੇ ਜਾਨਾਂ ਦੇਂਦੇ ਰਹੇ।

ਇਕ ਦਿਨ ਦੀ ਗੱਲ ਹੈ ਕਿ ਭਾਈ ਹਰਿਕੀਰਤ ਸਿੰਘ ਜੀ ਆਪਣੀ ਸਿੰਘਣੀ ਤੇ ਭੁਜੰਗੀ ਸਮੇਤ ਲਾਹੌਰ ਆ ਗਏ, ਉਹਨਾਂ ਨੂੰ ਕੀ ਖਬਰ ਸੀ ਜੋ ਸ਼ਹਿਰ ਵਿਚ ਕਹਿਰ ਵਰਤ ਰਿਹਾ ਹੈ? ਅਜੇ ਸੁਨਹਿਰੀ ਮਸੀਤ ਤੋਂ ਦੁਰਾਡੇ ਹੀ ਸਨ ਕਿ ਲਖਪਤ ਸਾਮ੍ਹਣੇ ਪਾਸਿਉਂ ਘੋੜੇ ਤੇ ਚੜ੍ਹਿਆ ਆ ਗਿਆ। ਭਾਈ ਜੀ ਨੂੰ ਵੇਖ ਕੇ ਖੜਾ ਹੋ ਗਿਆ ਤੇ ਬੋਲਿਆ, ‘ਕੀ ਅਜੇ ਤੋੜੀ ਦਿਨ ਦਿਹਾੜੇ ਲਾਹੌਰ ਵਿਚ ਸਿੱਖ ਫਿਰ ਰਹੇ ਹਨ? ਹੇ ਰਾਮ। ਇਹ ਕਾਢਿਆਂ ਦਾ ਭੌਣ ਕਦ ਸਿਮਟੀਵੇਗਾ। ਸਿਪਾਹੀਓ! ਇਸ ਸਿਖ ਨੂੰ ਪਕੜ ਲਉ।’ ਭਾਈ ਹੋਰੀਂ ਝੱਟਪਟ ਫੜੇ ਗਏ, ਜਦ ਦੀਵਾਨ ਦੇ ਨੇੜੇ ਆਏ ਤਾਂ ਆਖਣ ਲਗੇ, ‘ਕਿਸ ਕਸੂਰ ਬਦਲੇ ਸਾਨੂੰ ਫੜਿਆ ਹੈ?’ ਲਖਪਤ ਰਾਇ ਨੇ ਕਿਹਾ— ‘ਸਿੱਖ ਹੋਣਾ ਘੋਰ ਪਾਪ ਹੈ, ਇਸਦੇ ਬਦਲੇ ਫੜਿਆ ਹੈ, ਹੁਣ ਜਾਂ ਤਾਂ ਇਸ ਧਰਮ ਨੂੰ ਛਡੋ, ਜਾਂ ਪਿਆਰੀ ਜਾਨ ਤੋਂ ਹੱਥ ਧੋ ਬੈਠੋ।’

ਹਰਿਕੀਰਤ ਸਿੰਘ ਸਤਿ ਬਚਨ! ਜੋ ਆਪਦੀ ਇੱਛਾ। ਇਹ ਅੰਨਯਾਯ ਚੰਗਾ ਤਾਂ ਨਹੀਂ, ਪਰ ਡਾਢੇ ਨਾਲ ਕੀ ਚਾਰਾ? ਤੁਸਾਂ ਜ਼ਰੂਰ ਸਰੀਰ ਲੈ ਹੀ ਲੈਣਾ ਹੈ ਤਾਂ ਵਾਹ ਵਾ!

ਲਖਪਤ ਰਾਇ ਸਿੱਖੀ ਨਹੀਂ ਛੱਡੋਗੇ ?

ਹਰਿਕੀਰਤ ਸਿੰਘ— ਇਹ ਬਚਨ ਕੰਨੀਂ ਭੀ ਨਾ ਪਾਓ, ਜੋ ਕੁਛ ਕਰਨਾ ਹੈ, ਕਰ ਲਓ।

ਲਖਪਤ ਰਾਇ ਇਹ ਤੀਵੀਂ ਤੇ ਮੁੰਡਾ ਕਿਸਦਾ ਹੈ?

ਹਰਿਕੀਰਤ ਸਿੰਘ— ਸਭ ਕੁਛ ਗੁਰੂ ਜੀ ਦਾ ਹੈ।

ਲਖਪਤ ਰਾਇ ਤੇਰਾ ਭੀ ਕੁਛ ਹੈ?

ਹਰਿਕੀਰਤ ਸਿੰਘ ਮੇਰਾ ਕੁਛ ਭੀ ਨਹੀਂ, ਜੋ ਕੁਛ ਹੈ ਗੁਰੂ ਦਾ ਹੈ ਮੇਰਾ ਤਾਂ ਆਪਣਾ ਆਪ ਭੀ ਗੁਰੂ ਦਾ ਹੈ।

ਲਖਪਤ ਰਾਇ ਗੱਲਾਂ ਦਲੇਰੀ ਦੀਆਂ ਹਨ, ਪਰ ਮੌਤ ਬੁਰੀ ਬਲਾ ਹੈ।

ਹਰਿਕੀਰਤ ਸਿੰਘ- ਪਰਮੇਸ਼ਰ ਤੋਂ ਵਿਛੁੜੇ ਹੋਇਆਂ ਲਈ, ਗੁਰੂ ਦੇ ਸੇਵਕਾਂ ਲਈ ਤਾਂ ਪਿਆਰੀ ਚੀਜ਼ ਹੈ।

ਲਖਪਤ ਰਾਇ (ਨੌਕਰਾਂ ਵਲ ਤੱਕ ਕੇ)— ਸਿਪਾਹੀਓ! ਇਸ ਸਿੱਖ ਨੂੰ ਮਾਰ ਦਿਓ ਤੇ ਇਸਦੀ ਵਹੁਟੀ ਪੁਤ੍ਰ ਨੂੰ ਜਾਨ ਬੇਗ ਪਾਸ ਦੇ ਆਓ ਮੁਸਲਮਾਨ ਬਣਾ ਲਵੇ।

ਇਹ ਬਚਨ ਉਹਦੇ ਮੂੰਹ ਵਿਚ ਹੀ ਸਨ ਕਿ ਹਰਿਕੀਰਤ ਸਿੰਘ ਦੀ ਸਿੰਘਣੀ ਬੈਂਤ ਵਾਂਗੂੰ ਥਰਨ ਥਰਨ ਕੰਬੀ ਅਤੇ ਰੁਕੀ ਹੋਈ ਅਵਾਜ਼ ਵਿਚ ਬੋਲੀ- ਸਾਨੂੰ ਪਹਿਲੇ ਮਰਵਾ ਦੇਹ ਤੈਨੂੰ ਸੌ ਗਊ ਦਾ ਪੁੰਨ ਹੋਊ।

ਲਖਪਤ ਰਾਇ ਨਹੀਂ, ਨਹੀਂ ਤੁਹਾਡੀ ਸਜਾ ਏਹੋ ਠੀਕ ਹੈ, ਤੇਰੇ ਨਾਲ ਏਹੋ ਕੁਛ ਹੋਊ ਮੇਰਾ ਹੁਕਮ ਅਟੱਲ ਹੈ।

ਇਹ ਕਹਿਣ ਦੀ ਢਿੱਲ ਹੋਈ ਕਿ ਉਸ ਧਰਮੀ ਤੀਵੀਂ ਨੇ ਪੁਤ੍ਰ ਨੂੰ ਗਲੋਂ ਫੜ ਕੇ ਸੁਆਮੀ ਨੂੰ ਕਿਹਾ, ‘ਮਹਾਰਾਜ ਮੈਂ ਇਸ ਦਾ ਗਲਾ ਘੁਟਦੀ ਹਾਂ, ਅਰ ਆਪ ਮੇਰਾ ਘੁਟ ਦਿਓ, ਤੁਹਾਨੂੰ ਤਾਂ ਇਹ ਮਾਰ ਹੀ ਦੇਣਗੇ। ਛੇਤੀ ਕਰੋ, ਵਿਕਲਪ ਨਾ ਕਰੋ, ਇਸ ਵੇਲੇ ਧਰਮ ਦੀ ਆਨ ਹੈ।’ ਪਰ ਸ਼ੋਕ ਕਿ ਸਿਪਾਹੀਆਂ ਨੇ ਇਸਤ੍ਰੀ ਨੂੰ ਫੜ ਲੀਤਾ ਤੇ ਲਖਪਤ ਭੀ ਡਾਢਾ ਹੈਰਾਨ ਹੋਯਾ ਕਿ ਇਹ ਬੰਦੇ ਕਿਸ ਮਿੱਟੀ ਦੇ ਘੜੇ ਹੋਏ ਹਨ? ਜਾਨ ਤਾਂ ਕੁਛ ਸਮਝਦੇ ਹੀ ਨਹੀਂ।

ਬਜ਼ਾਰ ਵਿਚ ਐਸ ਵੇਲੇ ਭੀੜ ਹੋ ਗਈ ਸੀ, ਅਣਗਿਣਤ ਲੋਕੀ ਤ੍ਰਾਹ ਤ੍ਰਾਹ ਕਰ ਰਹੇ ਸਨ। ਲਖਪਤ ਦੇ ਮਨ ਵਿਚ ਖਬਰੇ ਕੀ ਆਈ? ਆਖਣ ਲੱਗਾ ਕਿ ‘ਜਾਓ ਪਹਿਲਾਂ ਇਸ ਬੱਚੇ ਨੂੰ ਵੱਢਣਾ ਫੇਰ ਇਸ ਤੀਵੀਂ ਨੂੰ ਤੇ ਫਿਰ ਇਸ ਸਿੱਖ ਨੂੰ। ਹਾਏ ਰਾਮ। ਮੇਰਾ ਪਿਆਰਾ ਭਰਾ ਇਨ੍ਹਾਂ ਦੁਸ਼ਟ ਸਿੱਖਾਂ ਨੇ ਮਾਰ ਦਿਤਾ, ਨਹੀਂ ਤਾਂ ਮੈਂ ਕਿਉਂ ਇਨ੍ਹਾਂ ਨੂੰ ਮਾਰਦਾ।’ ਇਸ ਵੇਲੇ ਭੀੜ ਵਿਚੋਂ ਫਿਟਕਾਰ ਦੀ ਆਵਾਜ਼ ਆਈ, ਜੋ ਲਖਪਤ ਨਾ ਸਹਾਰ ਕੇ ਛੇਤੀ ਛੇਤੀ ਚਲਾ ਗਿਆ। ਉਹ ਤਿੰਨੇ ਜਣੇ ਉਸ ਦਿਨ ਮਾਰੇ ਗਏ।

ਹਰਿਕੀਰਤ ਸਿੰਘ ਦੀ ਮੌਤ ਸੁਣਕੇ ਸ਼ਾਮ ਸਿੰਘ ਵੱਡਾ ਦੁਖੀ ਹੋਯਾ, ਕਿਉਂਕਿ ਸਿੱਖਾਂ ਵਿਚ ਉਸ ਸਮੇਂ ਵਿਦਵਾਨ ਬੜੇ ਘਟ ਹੁੰਦੇ ਸਨ। ਹਰਿਕੀਰਤ ਸਿੰਘ ਇਕ ਤਕੜਾ ਗਿਆਨੀ ਸੀ ਅਰ ਨਿਰਾ ਮੁੱਖ ਗਿਆਨੀ ਹੀ ਨਹੀਂ ਸੀ, ਸਗੋਂ ਕਰਨੀ ਦਾ ਭੀ ਗਿਆਨੀ ਸੀ। ਸਾਰੇ ਸਿੰਘਾਂ ਵਿਚ ਇਸਦਾ ਵੱਡਾ ਮਾਨ ਸੀ, ਇਸ ਕਰਕੇ ਸ਼ਾਮ ਸਿੰਘ ਨੂੰ ਵੱਡੀ ਸੱਟ ਵੱਜੀ ਤੇ ਕ੍ਰੋਧ ਵਿਚ ਭਰਕੇ ਬੋਲਿਆ- “ਇਸ ਲਖਪਤ ਨਾਲ ਉਹ ਕਰਨੀ ਹੈ, ਜੋ ਸਾਰੇ ਪੰਜਾਬ ਵਿਚ ਧਾਂਕ ਪਏ। ਨਿਰਦੋਸ਼ ਤੇ ਐਡੇ ਗੁਣੀ ਪੁਰਸ਼ ਨੂੰ ਇਸ ਨੇ ਬੇਦਰਦੀ ਨਾਲ ਮਾਰਿਆ ਹੈ।”

ਬਿਜਲਾ ਸਿੰਘ ਸਰਦਾਰ ਜੀ! ਕੀ ਕੀ ਹਾਲ ਸੁਣਾਵਾਂ? ਸਾਡੇ ਸਿਰਾਂ ਤੇ ਅਚਰਜ ਦੁਖ ਟੁਟ ਪਏ ਹਨ, ਘਰਾਂ ਦੀਆਂ ਕੰਧਾਂ ਤੱਕ ਵੈਰੀ ਹੋ ਗਈਆਂ ਹਨ, ਇਕ ਗੁਰੂ ਸਾਹਿਬ ਦਾ ਆਸਰਾ ਹੈ, ਜੋ ਅਸੀਂ ਕਿਸੇ ਥੋਂ ਨਹੀਂ ਲਈਦੇ, ਨਹੀਂ ਤਾਂ ਵੈਰੀਆਂ ਨੇ ਸਾਡਾ ਬੀਜ ਨਾਸ਼ ਕਰ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਦੇਖੋ ਜਦ ਭਾਈ ਹਰਿਕੀਰਤ ਸਿੰਘ ਤੇ ਉਹਨਾਂ ਦੀ ਸਿੰਘਣੀ ਤੇ ਪੁਤ ਦੀਆਂ ਲੋਥਾਂ ਸਿੰਘਾਂ ਨੇ ਹੌਸਲਾ ਕਰਕੇ ਮੰਗੀਆਂ ਅਰ ਲੈਕੇ ਦਾਹ ਕਰ ਆਏ ਤਾਂ ਲਖਪਤ ਦੇ ਆਦਮੀ ਅੱਗੇ ਖੜੇ ਸਨ, ਝੱਟ ਸਿੰਘ ਫੜੇ ਗਏ ਅਰ ਸ਼ਹੀਦ ਕੀਤੇ ਗਏ।

ਸਰਦਾਰ- ਹੱਛਾ ਕੀਹ ਹੋਇਆ! ਆਪਣੀ ਮੌਤ ਨੂੰ ਵਾਜਾਂ ਮਾਰ ਰਿਹਾ ਹੈ; ਹਾਂ ਅਸਾਂ ਕੱਲ ਹੀ ਸੁਣਿਆ ਸੀ ਕਿ ਲੱਖੂ ਨੇ ਪਹਿਲੀ ਕਤਲਾਮ ਆਪਣੇ ਮੁਲਾਜ਼ਮ ਸਿੱਖਾਂ ਦੀ ਕੀਤੀ ਸੀ। ਉਸ ਦਿਨ ਮੱਸਯਾ ਸੀਹ, ਦੀਵਾਨ ਕੌੜਾ ਮਲ, ਕਸ਼ਮੀਰਾ ਮਲ, ਲੱਛੀ ਰਾਮ, ਸੂਰਤ ਸਿੰਘ ਦੀਵਾਨ, ਦਿਲੇ ਰਾਮ, ਹਰੀ ਮੱਲ, ਬਹਲੂ ਮੱਲ ਆਦਿ ਸਿਰਕਰਦੇ ਤੇ ਸ਼ਹਿਰ ਦੇ ਲੋਕ ਲੱਖੂ ਪਾਸ ਆਏ ਕਿ ਬੇ-ਗੁਨਾਹ ਹਨ, ਇਹਨਾਂ ਨੂੰ ਨਾ ਮਾਰੋ, ਪਰ ਉਸ ਨੇ ਇਕ ਨਾ ਮੰਨੀਂ।

ਬਿਜਲਾ ਸਿੰਘ- ਇਹ ਗੱਲ ਠੀਕ ਹੈ। ਹਾਂ, ਸੱਚ ਹੋਰ ਗੱਲ ਸੁਣੋ-

ਦਰਬਾਰ ਸਾਹਿਬ ਕੁਛ ਚਿਰ ਤੋਂ ਪਹਿਰਾ ਨਹੀਂ ਹੈ। ਇਕ ਦਿਨ ਲਖਪਤ ਨੂੰ ਜਸੂਸ ਨੇ ਦੱਸਿਆ ਕਿ ਸਿੱਖਾਂ ਦਾ ਇਕ ਗੁਰਪੁਰਬ ਨੇੜੇ ਹੈ। ਅੰਮ੍ਰਿਤਸਰ ਦੇ ਮੰਦਰ ਵਿਚ ਸਾਰੇ ਕੱਠੇ ਹੋਣਗੇ, ਇਸ ਨਾਲੋਂ ਚੰਗਾ ਵੇਲਾ ਇਨ੍ਹਾਂ ਦੇ ਮੁਕਾਉਣ ਦਾ ਹੋਰ ਕੋਈ ਨਹੀਂ। ਲਖਪਤ ਨੇ ਝੱਟ ਨਵਾਬ ਨਾਲ ਗੱਲ ਕਰਕੇ ਇਸ ਕੰਮ ਨੂੰ ਸਿਰ ਚਾੜ੍ਹਨ ਦਾ ਉਪਾਉ ਭੀ ਕਢ ਲਿਆ, ਪਰ ਇਹ ਖਬਰ ਦੀਵਾਨ ਕੌੜਾ ਮਲ ਅਰ ਦੀਵਾਨ ਸੂਰਤ ਸਿੰਘ ਨੂੰ ਲਗ ਗਈ। ਉਹਨਾਂ ਨੇ ਲਖਪਤ ਨੂੰ ਬਹੁਤ ਸਮਝਾਇਆ ਕਿ ਦੇਖ! ਏਹ ਸਿੱਖ ਲੋਕ ਸਾਡੀਆਂ ਹੀ ਬਾਹਾਂ ਹਨ, ਸਾਡਾ ਆਪਣਾ ਅੰਗ ਹਨ, ਇਨ੍ਹਾਂ ਨਾਲ ਵੈਰ ਕਰਨਾ ਆਪਣੇ ਪੈਰੀਂ ਆਪ ਕੁਹਾੜਾ ਮਾਰਨਾ ਹੈ। ਹਿੰਦੂ ਹੋ ਕੇ ਹਿੰਦੂ ਨੂੰ ਹੀ ਮਰਵਾਈਏ ਤਾਂ ਗਰਕੀ ਆ ਗਈ। ਤੇਰਾ ਇਕ ਭਰਾ ਇਨ੍ਹਾਂ ਮਾਰਿਆ ਸੀ, ਸਾਨੂੰ ਵੀ ਸ਼ੋਕ ਹੈ, ਉਂਞ ਸੋਚੋ ਤਾਂ ਭਾਈ ਮਨੀ ਸਿੰਘ ਦੇ ਪਕੜਾਉਣ ਵਿਚ ਓਸਦਾ ਹਿੱਸਾ ਸੀ, ਜਿਸਦਾ ਸਿੱਖਾਂ ਨੂੰ ਗੁੱਸਾ ਸੀ, ਪਰ ਖ਼ੈਰ ਜੇ ਤੁਹਾਨੂੰ ਰੋਹ ਹੈ ਤਾਂ ਤੁਹਾਨੂੰ ਯੋਗ ਇਹ ਸੀ ਜੋ ਭਰਾ ਦੇ ਕਾਤਲਾਂ ਨੂੰ ਮਾਰਦੇ, ਯਾ ਸ਼ਸਤ੍ਰਧਾਰੀਆਂ ਨਾਲ ਲੜਦੇ। ਨਿਰਦੋਸ਼ ਮਨੁੱਖਾਂ ਤੇ ਤੀਵੀਆਂ ਅਰ ਮਸੂਮ ਬਾਲਾਂ ਨੇ ਤੁਹਾਡਾ ਕੀਹ ਵਿਗਾੜਿਆ ਹੈ ? ਭਾਈ ਹਰਿਕੀਰਤ ਸਿੰਘ ਜਿਹੇ

ਗੁਣੀ ਨੂੰ ਮਰਵਾ ਦਿੱਤਾ, ਤੇਰੇ ਹੱਥ ਕੀ ਲੱਗਾ? ਅੱਗੇ ਹੀ ਸਾਡੇ ਵਿਚ ਐਸਾ ਗੁਣੀ ਕੋਈ ਨਹੀਂ, ਉਤੋਂ ਤੂੰ ਦਾਤਰੀ ਫੜ ਲਈ ਹੈ। ਖ਼ੈਰ ਹੁਣ ਜੋ ਬੀਤੀ ਸੋ ਬੀਤੀ, ਅੱਗੇ ਨੂੰ ਹੀ ਬੱਸ ਕਰ ਤੇ ਅੰਮ੍ਰਿਤਸਰ ਜਾਣ ਦਾ ਸੰਕਲਪ ਛੱਡ ਦੇਹ।

ਲਖਪਤ ਰਾਇ ਭਰਾਵੋ! ਸੱਚ ਆਖਦੇ ਹੋ ਪਰ ‘ਜਿਸ ਤਨ ਲਗੇ ਸੋਈ ਜਾਣੇ ਕੌਣ ਜਾਣੈ ਪੀਰ ਪਰਾਈ।’ ਭਰਾ ਮੋਏ ਦਾ ਸੱਲ ਤਾਂ ਮੈਨੂੰ ਹੈ ਕਿਸੇ ਹੋਰ ਨੂੰ ਤਾਂ ਨਹੀਂ ?

ਸੂਰਤ ਸਿੰਘ ਸੱਚ ਹੈ ਪਰ ਐਨੇ ਖੂਨ ਕਰਨ ਨਾਲ ਤੁਹਾਡਾ ਭਰਾ ਜੀਉ ਤਾਂ ਨਹੀਂ ਪਿਆ?

ਕੌੜਾ ਮਲ— ਦੀਵਾਨ ਜੀ! ਜ਼ਰਾ ਵਿਚਾਰ ਥੋਂ ਕੰਮ ਲਓ ਹੁਣ ਸੰਭਲ ਜਾਓ, ਬਥੇਰੀ ਹੋ ਚੁਕੀ ਹੈ।

ਲਖਪਤ— ਹਾਇ! ਮੈਥੋਂ ਸਹਾਰਾ ਨਹੀਂ ਹੁੰਦਾ। ਤੁਸੀਂ ਐਵੇਂ ਨਾ ਔਖੇ ਹੋਵੋ। ਮੇਰਾ ਜੀ ਨਹੀਂ ਮੰਨਦਾ। ਗੱਲ ਕੀ ਓਹ ਦੋਵੇਂ ਸੱਜਣ ਪੁਰਖ ਟੱਕਰਾਂ ਮਾਰ ਕੇ ਚਲੇ ਆਏ, ਉਸ ਅੜਮੰਨੇ ਇਕ ਨਾ ਮੰਨੀ।

ਏਹ ਦੋਵੇਂ ਜਣੇਂ ਓਸੇ ਵੇਲੇ ਅੰਮ੍ਰਿਤਸਰ ਤੁਰ ਪਏ ਅਰ ਸ਼ਹਿਰ ਵਿਚ ਪਹੁੰਚ ਕੇ ਰਾਤੋ ਰਾਤ ਸਭਨਾਂ ਦੇ ਘਰੀਂ ਜਾਕੇ ਦੱਸ ਦਿੱਤਾ ਕਿ ਲਖਪਤ ਨੇ ਕਲ ‘ਕਤਲਾਮ’ ਕਰਨੀ ਹੈ, ਜੋ ਮੰਦਰ ਜਾਏਗਾ ਮਾਰਿਆ ਜਾਏਗਾ, ਇਸ ਕਰਕੇ ਕੱਲ ਕੋਈ ਮੰਦਰ ਨਾ ਜਾਵੇ। ਇਹ ਕੰਮ ਕਰਕੇ ਲਾਗੇ ਦੇ ਸਾਰੇ ਪਿੰਡਾਂ ਦੇ ਰਸਤਿਆਂ ਵਿਚ ਆਪਣੇ ਆਦਮੀ ਖੜੇ ਕਰ ਦਿੱਤੇ ਕਿ ਜੋ ਸਿਖ ਸ਼ਹਿਰ ਆਉਂਦਾ ਮਿਲੇ ਪਿਛੇ ਮੋੜ ਦਿਓ ਕਿ ਸਰਕਾਰੀ ਹੁਕਮ ਬੰਦ ਹੈ।

ਧਰਮੀ ਪੁਰਖਾਂ ਨੇ ਇਹ ਸ਼ੁਭ ਉਦਮ ਸਿਰੇ ਚਾੜ੍ਹਿਆ, ਪਰ ਲਖਪਤ ਹੋਰਾਂ ਸਵੇਰੇ ਹੀ ਢੇਰ ਸਾਰੇ ਸਿਪਾਹੀ ਦਰਬਾਰ ਸਾਹਿਬ ਜੀ ਦੇ ਲਾਗੇ ਲੁਕਾ ਦਿਤੇ ਤੇ ਆਪ ਕੱਚੀ ਅਟਾਰੀ ਉਤੇ ਬੈਠ ਕੇ ਤਮਾਸ਼ਾ ਵੇਖਣ ਲੱਗਾ।

ਓਧਰ ਸਵੇਰ ਹੋਈ ਦੇਖ ਕੇ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਭੀ ਘੋੜਿਆਂ ਤੇ ਚੜ੍ਹ ਕੇ ਲਖਪਤ ਦੀ ਹੇਠੀ ਹੁੰਦੀ ਵੇਖਣ ਨੂੰ ਤੁਰੇ; ਪਰ ਹਾਇ ਸ਼ੋਕ! ਜਦ ਮੰਦਰ ਦੇ ਨੇੜੇ ਪਹੁੰਚੇ ਤਾਂ ਸਿਦਕੀ ਸਿੱਖਾਂ ਦੇ ਸਿੰਘਣੀਆਂ ਦੇ ਸ਼ਬਦਾਂ ਦੀਆਂ ਧੁਨੀਆਂ ਦਾ ਆਨੰਦ ਮਈ ਰਸ ਬਰਖਾ ਵਾਂਗ ਬਰਸਦਾ ਨਜ਼ਰ ਆਇਆ। ਦੋਵੇਂ ਦੀਵਾਨ ਹੱਕੇ-ਬੱਕੇ ਹੋ ਗਏ ਅਰ ਉਂਗਲਾਂ ਟੁੱਕ ਕੇ ਰਹਿ ਗਏ: ਇਹ ਪਯਾਰੇ ਸਿੱਖ ਕਿਸ ਮਿੱਟੀ ਦੇ ਘੜੇ ਹੋਏ ਹਨ? ਮੌਤ ਨੂੰ ਤਾਂ ਕੁਝ ਜਾਣਦੇ ਹੀ ਨਹੀਂ, ਕਿਹੇ ਧਰਮ ਦੇ ਬੀਰ ਹਨ? ਹਾਇ ਸ਼ੋਕ! ਕੀ ਲੱਖੂ ਇਹਨਾਂ ਬਹਾਦਰਾਂ ਦੇ ਲਹੂ ਨ੍ਹਾਏਗਾ?

ਮਨ ਵਿਚ ਕੁਝ ਵਿਚਾਰਕੇ ਦੋਵੇਂ ਜਣੇ ਘੋੜਿਆਂ ਨੂੰ ਅੱਡੀ ਲਾ ਤੰਬੂਆਂ ਵੱਲ ਮੁੜੇ। ਦਰਸ਼ਨੀ ਡਿਉੜੀ ਦੇ ਕੋਲ ਵਾਰ ਸਨ ਕਿ ਇਕ ਜੁਆਨ ਤੀਵੀਂ ਨਜ਼ਰ ਪਈ, ਜਿਸਦੀ ਸੁੰਦਰਤਾ ਪੁੰਨਯਾ ਦੇ ਚੰਦ ਵਰਗੀ ਸੀ, ਘਸਮੈਲੜਾ ਕੱਪੜਾ ਉਤੇ ਕੀਤਾ ਹੋਇਆ ਤੇ ਨਾਲ ਇਕ ਨੌ ਵਰ੍ਹੇ ਦਾ ਬਾਲ ਸੀ। ਦੋਵੇਂ ਜਣੇ ਕੁਝ ਪੜ੍ਹਦੇ ਆਉਂਦੇ ਸਨ। ਅੱਗੇ ਵਧਕੇ ਦੀਵਾਨ ਕੌੜਾ ਮੱਲ ਨੇ ਪੁੱਛਿਆ, ਕਿੱਧਰ ਚੱਲੇ ਹੋ ?

ਤੀਵੀਂ (ਪੱਲਾ ਨੀਵਾਂ ਕਰਕੇ ਤੇ ਹੱਥ ਜੋੜ ਕੇ)— ਸ੍ਰੀ ਦਰਬਾਰ ਸਾਹਿਬ ਜੀ ਨੂੰ।

ਸੂਰਤ ਸਿੰਘ ਦਾ ਚਿਹਰਾ ਲਾਲ ਹੋ ਗਿਆ, ਅੱਗੇ ਹੋ ਕੇ ਬੋਲਿਆ- ਕਿਥੋਂ ਆਈ ਹੈਂ, ਤੈਨੂੰ ਕਿਸੇ ਰੋਕਿਆ ਨਹੀਂ? ਵੱਡੇ ਧੀਰਜ ਨਾਲ ਤੀਵੀਂ ਨੇ ਉਤਰ ਦਿੱਤਾ, ਜੀ ਮੈਂ ਤੁੰਗਾਂ? ਥੋਂ ਆਈ ਹਾਂ, ਦੋ ਆਦਮੀ ਰਾਹ ਵਿਚ ਖੜੇ ਸਨ, ਉਨ੍ਹਾਂ ਆਖਿਆ ਕਿ ‘ਮੰਦਰ ਨਾ ਜਾਓ, ਮਾਰੇ ਜਾਓਗੇ ਸੋ ਓਥੋਂ ਮੁੜ ਕੇ ਪੈਲੀਆਂ ਵਿਚ ਦੀ ਲੁਕ ਕੇ ਲੰਘ ਆਈ ਹਾਂ ਤੇ ਰਾਹ ਵਟਾ ਕੇ ਆਈ ਹਾਂ ?

ਕੌੜਾ ਮੱਲ— ਤੈਨੂੰ ਜਾਨ ਪਿਆਰੀ ਨਹੀਂ?

ਤੀਵੀਂ— ਮਹਾਰਾਜ ਜੀ! ਜਾਨ ਨਾਲੋਂ ਵਧਕੇ ਹੋਰ ਕੀ ਪਿਆਰਾ ਹੋਣਾ ਹੈ? ਪਰ ਅੰਤ ਜਾਨ ਨੇ ਚਲੇ ਜਾਣਾ ਹੈ, ਧਰਮ ਨੇ ਸਾਥ ਕਦੀ ਨਹੀਂ ਛੱਡਣਾ, ਇਸ ਕਰਕੇ ਜਾਨ ਨੂੰ ਧਰਮ ਦੇ ਕੇ ਤਾਂ ਨਹੀਂ ਨਾ ਬਚਾਉਣਾ।

ਸੂਰਤ ਸਿੰਘ— ਮੰਦਰ ਨਾ ਆਉਂਦੀਉਂ ਤਾਂ ਧਰਮ ਕਿੱਧਰ ਜਾਂਦਾ ਹੈ ?

ਤੀਵੀਂ— ਮਹਾਰਾਜ ਜੀ! ਅਜਿਹੇ ਗੁਰਪੁਰਬ ਦੇ ਦਿਨ ਸਤਿਗੁਰਾਂ ਤੋਂ ਬੇਮੁਖ ਹੋਇਆਂ ਫੇਰ ਢੋਈ ਕਿੱਥੇ ਮਿਲਣੀ ਹੈ? ਫੇਰ ਜਾਨ ਬਚਾਉਣ ਦੀ ਖ਼ਾਤਰ ਜਿਸ ਨਿਕਾਰੀ ਨੇ ਨਾਲ ਨਿਭਣਾ ਹੀ ਨਹੀਂ, ਤੇ ਇਸਨੇ ਇਕ ਦਿਨ ਦਗ਼ਾ ਦੇ ਜਾਣਾ ਹੈ, ਪਰ ਧਰਮ, ਪ੍ਯਾਰਾ ਧਰਮ ਉਸ ਵੇਲੇ ਭੀ ਅੰਗ ਸੰਗ ਰਹੇਗਾ। ਜਦੋਂ ਸਭੇ ਤਿਆਗ ਦੇਣਗੇ ਇਹ ਨਾਲ ਹੋਵੇਗਾ।

ਸੂਰਤ ਸਿੰਘ- ਬੀਬੀ! ਤੇਰਾ ਏਡਾ ਜਿਗਰਾ ਕਿੱਥੋਂ ਹੋ ਗਿਆ? ਇਹ ਤੇਰੀ ਉਮਰ ਸੁਖ ਭੋਗਣ ਦੀ, ਤੂੰ ਐਡੀ ਵੈਰਾਗ ਵਾਲੀ ਕਿੱਕੁਰ ਹੋ ਗਈ?

ਤੀਵੀਂ— ਗੁਰੂ ਨਾਨਕ ਦੇਵ ਜੀ ਨੇ ਬਾਹੋਂ ਫੜ੍ਹਕੇ ਆਪਣੀ ਵੱਲ ਖਿੱਚ ਲਿਆ ਹੈ ? ਬੱਸ ਮੈਨੂੰ ਕੁਝ ਮਾਲੂਮ ਨਹੀਂ, ਹਾਂ ਭਾਈ ਹਰਿਕੀਰਤ ਸਿੰਘ ਜੀ ਦੀ ਕਥਾ ਅੱਖਾਂ ਅੱਗੇ ਫਿਰ ਰਹੀ ਹੈ।

ਕੌੜਾ ਮਲ— ਹਾਂ, ਉਹ ਵਿਚਾਰ ਭੀ ਮਾਰਿਆ ਗਿਆ।

ਤੀਵੀਂ- ਸ੍ਰੀ ਵਾਹਿਗੁਰੂ! ਸੰਤ ਬੀ ਮਰਦੇ ਹਨ? ਸੰਤ ਆਪਣੇ ਘਰਾਂ ਨੂੰ ਜਾਂਦੇ ਹਨ, ਸੰਤਾਂ ਨੂੰ ਮਾਰਨ ਵਾਲਾ ਕੌਣ ਜੰਮਿਆ ਹੈ?

ਕੌੜਾ ਮੱਲ— ਹੱਛਾ, ਹੁਣ ਤੁਸੀਂ ਮੰਦਰ ਜ਼ਰੂਰ ਜਾਣਾ ਹੈ?

ਤੀਵੀ— ਜੋ ਸਤਿਗੁਰਾਂ ਨੂੰ ਭਾਵੇ।

ਕੌੜਾ ਮੱਲ— ਤੇਰਾ ਸੁਆਮੀ ਨਾਲ ਨਹੀਂ ਆਇਆ?

ਤੀਵੀਂ- ਜੀ ਉਹ ਸੱਚਖੰਡ ਨੂੰ ਵਿਦਾ ਹੋ ਚੁਕੇ ਹਨ।

ਸੂਰਤ ਸਿੰਘ- ਬੀਬੀ! ਸਾਡੇ ਕਹੇ ਲੱਗ ਅਰ ਮੁੜ ਜਾਹ ਅਰ ਇਸ ਬਾਲ ਦੀ ਤੇ ਆਪਣੀ ਜਿੰਦ ਬਚਾ ਲੈ, ਲਖਪਤ ਅੱਗੇ ਬੈਠਾ ਹੈ, ਉਹ ਮਾਰੇ ਬਿਨਾਂ ਛਡੇਗਾ ਨਹੀਂ।

ਤੀਵੀਂ— ਸਤਿ ਬਚਨ, ਆਪ ਕ੍ਰਿਪਾ ਕਰਕੇ ਰਸਤਾ ਬਖ਼ਸ਼ ਦੇਵੋ।

ਸੂਰਤ ਸਿੰਘ— ਮਾਈ ਜੀ! ਇਸ ਬਾਲ ਪਰ ਭੀ ਤਰਸ ਨਹੀਂ ਆਉਂਦਾ।

ਤੀਵੀ ਤਰਸ ਆਇਆ ਹੈ ਤਦੇ ਤਾਂ ਨਾਲ ਲੈ ਆਈ ਹਾਂ, ਨਹੀਂ ਤਾਂ ਪਿਛੇ ਨਾ ਛੱਡ ਆਉਂਦੀ? ਮੈਂ ਸੋਚਿਆ ਕਿ ਮੈਂ ਇਕੱਲੀ ਹੀ ਕਿਉਂ ਸੱਚਖੰਡ ਨੂੰ ਜਾਵਾਂ ਆਪਣੀ ਜਿੰਦ ਦੇ ਟੋਟੇ ਨੂੰ ਭੀ ਲੈ ਜਾਵਾਂ, ਪਿਛੇ ਖਬਰੇ ਇਹ ਸਤਿਗੁਰਾਂ ਤੋਂ ਬੇਮੁਖ ਹੋ ਜਾਵੇ। ਉਮਰ ਨਿਆਣੀ ਹੈ।

ਕੌੜਾ ਮੱਲ— ਹੇ ਵਾਹਿਗੁਰੂ, ਉਹ ਕੀ ਵਸਤੂ ਹੈ ਜੋ ਤੂੰ ਪਿਆਰਿਆਂ ਸਿੱਖਾਂ ਦੇ ਹਿਰਦੇ ਵਿਚ ਪਾਈ ਹੈ ? ਹਾਇ ਸ਼ੋਕ! ਲਖਪਤ ਅਜਿਹੇ ਧਰਮੀਆਂ ਨੂੰ ਮਾਰੇਗਾ ?

ਤੀਵੀ— ਮਹਾਂਪੁਰਖੋ! ਇਹ ਅੰਮ੍ਰਿਤ ਦਾ ਪ੍ਰਤਾਪ ਹੈ, ਗੁਰੂ ਦੀ ਮਿਹਰ ਹੈ, ਅਰ ਜੇ ਸਿੱਖਾਂ ਨਾਲ ਆਪ ਨੂੰ ਏਡਾ ਪਿਆਰ ਹੈ ਜਿੱਡਾ ਇਸ ਵੇਲੇ ਆਪ ਦੇ ਵਰਤਾਉ ਤੋਂ ਦਿਸ ਰਿਹਾ ਹੈ ਤਾਂ ਲਖਪਤ ਨਾਲ ਲੜ ਕੇ ਉਸਨੂੰ ਅਜੇਹੇ ਪਾਪ ਤੋਂ ਰੋਕ ਦਿਓ। ਜੇ ਕੋਈ ਰਾਜਨੀਤੀ ਦੀ ਇਸ ਵਿਚ ਰੋਕ ਹੈ ਤਾਂ ਕਿਸੇ ਬਨ ਵਿਚ ਖਾਲਸੇ ਦੇ ਕਿਸੇ ਜਥੇ ਨੂੰ ਖ਼ਬਰ ਘੱਲ ਦਿਓ।

ਇਹ ਗੱਲ ਦੁਹਾਂ ਨੂੰ ਤੀਰ ਵਾਂਙੂ ਲੱਗੀ। ਬੀਬੀ ਨੂੰ ਰੋਕ ਨਾ ਸਕੇ। ਉਹ ਧਰਮੀ ਤੀਵੀਂ ਪਾਠ ਕਰਦੀ ਹਰਿਮੰਦਰ ਸਾਹਿਬ ਨੂੰ ਚਲੀ ਗਈ।

ਦੋਵੇਂ ਜਣੇ ਇਹ ਸਲਾਹ ਪੱਕੀ ਕਰਕੇ ਕਿ ਅੱਜ ਭਾਵੇਂ ਜਾਨ ਜਾਏ, ਸਿੱਖਾਂ ਨੂੰ ਬਚਾ ਲੈਣਾ ਹੈ, ਡੇਰੇ ਪਹੁੰਚੇ ਅਰ ਪੰਝੀ ਤੀਹ ਅਸਵਾਰ ਜੋ ਇਨ੍ਹਾਂ ਦੇ ਨਾਲ ਸਨ, ਲੈ ਕੇ ਲਖਪਤ ਪਾਸ ਪਹੁੰਚੇ ਅਰ ਉਸ ਨੂੰ ਬਹੁਤ ਸਮਝਾਇਆ। ਛੇਕੜ ਉਸ ਨੇ ਇੰਨਾ ਮੰਨਿਆ ਕਿ ਮੈਨੂੰ ਸੋਚ ਲੈਣ ਦਿਓ ਅਰ ਵੱਖਰਿਆਂ ਜਾਕੇ ਲੱਖੂ ਨੇ ਆਪਣੀ ਸੈਨਾ ਦੇ ਸੈਨਾਪਤੀ ਨੂੰ ਇਹ ਕਿਹਾ ਕਿ ਮੈਂ ਜਾਂਦਾ ਹਾਂ ਅਰ ਇਹ ਹੁਕਮ ਦਿਆਂਗਾ ਕਿ ਕਿਸੇ ਸਿੱਖ ਨੂੰ ਨਾ ਮਾਰਨਾ, ਪਰ ਤੁਸੀਂ ਫੇਰ ਅੱਖ ਬਚਾਕੇ ਮੁੜ ਆ ਜਾਣਾ, ਜਾਂ ਕੁਝ ਸਿਪਾਹੀ ਆਪਣੇ ਵਿਚੋਂ ਖਿਸਕਾ ਦੇਣੇ ਤੇ ਸਿੱਖਾਂ ਨੂੰ ਮਾਰੀ ਜਾਣਾ।

ਗੱਲ ਕੀ, ਏਸ ਧੋਖੇ ਵਿਚ ਲਿਆਕੇ ਲਖੂ ਸੈਨਾ ਸਮੇਤ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਦੇ ਨਾਲ ਚਲਿਆ ਗਿਆ, ਜਦ ਡੇਰੇ ਪਹੁੰਚ ਗਏ ਅਰ ਦੋਵੇਂ ਦੀਵਾਨ ਤਸੱਲੀ ਕਰਕੇ ਆਪਣੇ ਡੇਰੇ ਨੂੰ ਤੁਰ ਗਏ ਤਦ ਲੱਖੂ ਦੇ ਪੰਜਾਹ ਅਸਵਾਰ ਘੋੜੇ ਸੁੱਟਕੇ ਹਰਿਮੰਦਰ ਪਹੁੰਚੇ। ਹਰਿਮੰਦਰ ਵਿਚ ਅਗੇ ਭੋਗ ਪੈ ਚੁਕਾ ਸੀ। ਸੰਗਤ ਘਰੋ ਘਰੀ ਜਾ ਰਹੀ ਸੀ। ਕਈ ਤਾਂ ਨਿਕਲ ਭੀ ਗਏ ਸਨ, ਪਰ ਕਈ ਅਜੇ ਤੁਰੇ ਜਾਂਦੇ ਸਨ, ਜੋ ਲੱਖੂ ਦੇ ਸਿਪਾਹੀਆਂ ਨੇ ਫੜ ਲੀਤੇ ਅਰ ਤੀਵੀਆਂ ਤੇ ਬਾਲਾਂ ਸਣੇ ਗਾਜਰਾਂ ਵਾਂਗ ਕੱਟ ਕੇ ਰੱਖ ਦਿਤੇ। ਦੁਪਹਿਰ ਕੁ ਵੇਲੇ ਇਹ ਖ਼ਬਰ ਸੂਰਤ ਸਿੰਘ ਨੂੰ ਲੱਗੀ ਕੌੜਾ ਮੱਲ ਨਾਲ ਚੱਲਕੇ ਉਥੇ ਆਏ ਅਰ ਲੋਥਾਂ ਵੇਖ ਕੇ ਫੁੱਟ ਫੁੱਟ ਕੇ ਰੋਏ। ਛੇਕੜ ਲੱਕੜਾਂ ਪਵਾ ਕੇ ਉਹਨਾਂ ਦਾ ਸਸਕਾਰ ਉਥੇ ਹੀ ਕਰਵਾ ਦਿੱਤਾ ਅਤੇ ਉਸੇ ਦਿਨ ਸਿੱਖ ਜਥੇਦਾਰਾਂ ਵਲ ਜਸੂਸ ਤੋਰ ਦਿਤੇ ਕਿ ਪੰਥ ਨੂੰ ਸੰਭਾਲੋ। ਅਰ ਕਈ ਥਾਈਂ ਸਿੱਖਾਂ ਨੂੰ ਖਰਚ ਵਾਸਤੇ ਦਮੜੇ ਭੀ ਘੱਲ ਦਿੱਤੇ ਕਿ ਆਪਣਾ ਆਪਣਾ ਬਚਾ ਕਰ ਲਓ, ਲੱਖੂ ਆ ਰਿਹਾ ਹੈ।

ਜਦ ਬਿਜਲਾ ਸਿੰਘ ਹੁਰੀਂ ਇਹੋ ਜਿਹੇ ਕਈ ਦੁੱਖਾਂ ਦੇ ਸਮਾਚਾਰ ਕਹਿ ਹਟੇ ਤਾਂ ਉਸ ਵੇਲੇ ਰਾਤ ਪੈ ਰਹੀ ਸੀ, ਖਾਲਸਾ ਭੋਜਨ ਛਕ ਚੁੱਕਾ ਸੀ। ਬਲਵੰਤ ਸਿੰਘ ਉਠਕੇ ਲੰਗਰ ਵਲ ਗਿਆ, ਪਰ ਭੈਣ ਅਜੇ ਭੀ ਨਹੀਂ ਆਈ ਸੀ। ਹੁਣ ਤਾਂ ਖਾਨਿਆਉਂ ਗਈ, ਕਿ ਜ਼ਰੂਰ ਕੁਝ ਵਿਘਨ ਹੋਇਆ ਹੈ। ਓਸੇ ਵੇਲੇ ਧਰਮ ਕੌਰ ਨੂੰ ਨਾਲ ਕੀਤਾ ਅਤੇ ਵੀਹ ਕੁ ਸਵਾਰਾਂ ਨੂੰ ਸ਼ਸਤ੍ਰਧਾਰੀ ਕਰਵਾਕੇ ਪਿੰਡ ਦਾ ਰਸਤਾ ਫੜਿਆ। ਰਾਤ ਦਾ ਵੇਲਾ, ਚੜ੍ਹਾਈ ਲਹਾਈ ਦਾ ਅਵੈੜਾ ਰਸਤਾ, ਵਡੇ ਔਖ ਨਾਲ ਸਿਖ ਉਸ ਟਿਲੇ ਉਤੇ ਚੜ੍ਹੇ। ਪਗਡੰਡੀ ਉਪਰ ਇਕ ਪਠਾਣ ਦੀ ਲੋਥ ਡਿੱਠੀ, ਜਾਂ ਚੰਗੀ ਤਰ੍ਹਾਂ ਭਾਲ ਕੀਤੀ ਤਾਂ ਇਕ ਕਟਾਰ ਲੱਭੀ ਜੋ ਬਲਵੰਤ ਸਿੰਘ ਨੇ ਪਛਾਣੀ ਕਿ ਭੈਣ ਦੀ ਹੈ। ਹੁਣ ਤਾਂ ਪੱਕਾ ਨਿਸ਼ਚਾ ਹੋ ਗਿਆ ਕਿ ਭੈਣ ਕਿਸੇ ਬਲਾ ਵਿਚ ਫੇਰ ਫਸ ਗਈ ਹੈ। ਫੁਰਤੀ ਕਰਕੇ ਪਿੰਡ ਵਿਚ ਗਏ; ਬਜ਼ਾਰ ਦੇ ਲੋਕ ਕੱਠੇ ਕਰਕੇ ਪੁਛਿਆ ਤਾਂ ਇੰਨਾ ਪਤਾ ਲੱਗਾ ਕਿ ਲੌਢੇ ਵੇਲੇ ਇਕ ਡੋਲਾ ਪੰਜਾਂ ਸੱਤਾਂ ਤੁਰਕਾਂ ਦੇ ਪਹਿਰੇ ਵਿਚ ਇਥੋਂ ਲੰਘਿਆ ਹੈ। ਇਹ ਸੁਣ ਕੇ ਬਲਵੰਤ ਸਿੰਘ ਨੇ ਦੋ ਚਾਰ ਕੋਹ ਤੱਕ ਪਿੱਛਾ ਭੀ ਕੀਤਾ ਪਰ ਹੋਰ ਥਹੁ ਨਾ ਲੱਗਾ, ਛੇਕੜ ਮੁੜ ਆਏ ਅਰ ਸਾਰੇ ਮੁਖੀ ਪੁਰਖ ਕੱਠੇ ਹੋ ਕੇ ਸਲਾਹਾਂ ਕਰਨ ਲਗੇ ਕਿ ਹੁਣ ਕੀ ਕੀਤਾ ਜਾਏ। ਸਵੇਰੇ ਕੂਚ ਭੀ ਜ਼ਰੂਰ ਕਰਨੀ ਹੈ।

11 ਕਾਂਡ

ਇਕ ਬਾਉਰੀਆਂ ਵਾਲਾ ਫਕੀਰ ਆਉਂਦਾ ਹੈ। ਲੰਮਾ ਚੋਗਾ ਹੈ, ਪਰ ਲੀਰਾਂ ਵੀ ਲਟਕਦੀਆਂ ਹਨ, ਠੂਠਾ ਹੱਥ ਅਤੇ ਖੁਲ੍ਹਾ ਤੰਬਾ ਤੇੜ ਹੈ, ਇਕ ਟਟੂ ਨਾਲ ਹੈ, ਜਿਸ ਪੁਰ ਕਦੀ ਚੜ੍ਹ ਬੈਠਦਾ ਹੈ ਅਤੇ ਕਦੀ ਤੁਰ ਪੈਂਦਾ ਹੈ। ਕਦੀ ਅਰਬੀ ਵਿਚ ਕੁਝ ਗਾਉਂਦਾ ਹੈ, ਕਦੀ ਫਾਰਸੀ ਵਿਚ। ਕਦੀ ਹੀਰ ਰਾਂਝੇ ਦੇ ਟੱਪੇ, ਕਦੇ ਬਾਬੇ ਨਾਨਕ ਜੀ ਦੇ ਸਲੋਕ, ਪਰ ਇਕ ਤੁਕ ਵਡੇ ਪ੍ਰੇਮ ਨਾਲ ਗਾਉਂਦਾ ਹੈ; ‘ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ।’

ਇਹ ਨਦੀ ਦੇ ਰੁਖ਼ ਨੂੰ ਜਾ ਰਿਹਾ ਸੀ ਕਿ ਇਕ ਮੁਸਲਮਾਨ ਨੇ ਕਿਹਾ: ‘ਸਾਂਈਂ! ਇਧਰ ਨਾ ਜਾਈਂ, ਪੱਤਣ ਦੇ ਦੋਵੇਂ ਨਾਕੇ ਸਿੱਖਾਂ ਮੱਲੇ ਹੋਏ ਹਨ, ਅਰ ਉਹਨਾਂ ਦੀ ਫੌਜ ਲੰਘ ਰਹੀ ਹੈ, ਤੁਸੀਂ ਉਧਰ ਨਾ ਜਾਣਾ, ਮਤਾਂ ਛੋਲਿਆਂ ਨਾਲ ਘੁਣ ਵਾਂਙੂ ਪਿਸ ਜਾਓ।’

ਸਾਂਈ- ਮਰਦੂਦ ਸਿੱਖ, ਬੰਦੇ ਸਾਂਈਂ ਦੇ ਕਿਧਰ ਜਾਵੇਂ ਫਿਰ?

ਮਨੁਖ- ਸਾਂਈਂ ਜੀ! ਔਹ ਹੇਠਲੀ ਪਗਡੰਡੀ ਪੈ ਜਾਓ ਤਦ ਤੁਸੀਂ ਇਕ ਟਿਕਾਣੇ ਪਹੁੰਚੋਗੇ ਜਿਥੇ ਦੋ ਚਾਰ ਬੇੜੀਆਂ ਵਾਲੇ ਮਲਾਹ ਲੁਕ ਕੇ ਜਾ ਬੈਠੇ ਹਨ। ਉਥੋਂ ਕਿਸੇ ਬੇੜੀ ਵਿਚ ਬੈਠ ਕੇ ਪਾਰ ਹੋ ਜਾਣਾ।

ਸਾਂਈਂ ਕੋਈ ਹੋਰ ਵੀ ਇਸ ਰਸਤੇ ਗਿਆ ਹੈ ?

ਮਨੁਖ- ਜੀ ਅੱਲਾ ਵਾਲੇ! ਤੁਹਾਥੋਂ ਅੱਗੇ ਹੀ ਅੱਗੇ ਇਕ ਮੁਗ਼ਲ ਕਬੀਲੇ ਸਮੇਤ ਲੰਘਿਆ ਹੈ। ਮੈਂ ਇਥੇ ਇਸੇ ਕਰ ਕੇ ਖਲੋਤਾ ਹਾਂ, ਜੇ ਕੋਈ ਬੰਦਾ ਰੱਬ ਦਾ ਪਾਰ ਹੋਣਾ ਚਾਹੇ ਤਾਂ ਉਸ ਨੂੰ ਏਧਰ ਘੱਲਾਂ ਤੇ ਸਿੱਖਾਂ ਤੋਂ ਬਚਾ ਦਿਆਂ।

ਸਾਂਈ— ਪੱਤਣ ਉਤੇ ਸਿਪਾਹੀ ਹੁੰਦੇ ਹਨ।

ਮਨੁਖ- ਓਹ ਸਿੱਖਾਂ ਨੇ ਆਉਂਦੇ ਸਾਰ ਅੰਦਰ ਡੱਕ ਦਿੱਤੇ ਹਨ।

ਫਕੀਰ ਹੁਰੀਂ ਸਿੱਖਾਂ ਦੇ ਨਾਮ ਥੋਂ ਅਜਿਹੇ ਡਰੇ ਜੋ ਟੱਟੂ ਤੇ ਪਲਾਕੀ ਮਾਰ ਉਸ ਨੂੰ ਪਯੇ ਪਾ ਦਿੱਤਾ ਅਰ ਝੱਟ ਪੱਟ ਪੱਤਣ ਉਤੇ ਪਹੁੰਚ ਗਏ। ਅੱਗੋਂ ਕੀ ਦੇਖਦੇ ਹਨ ਜੋ ਇਕ ਬੇੜੀ ਹੈ ਅਰ ਉਸ ਦਾ ਪੂਰ ਪੂਰਾ ਹੋ ਗਿਆ ਹੈ; ਲੱਗੇ ਮਿੰਨਤਾਂ ਕਰਨ ‘ਵਾਸਤੇ ਅੱਲਾ ਪਾਕ ਦੇ ਮੈਨੂੰ ਭੀ ਬਿਠਾ ਲਓ। ਉਸ ਬੇੜੀ ਵਿਚ ਇਕ ਸਰਦਾਰ ਤੇ ਬੇਗਮ ਦਾ ਡੋਲਾ ਸੀ, ਕੁਝ ਘੋੜੇ ਅਤੇ ਨੌਕਰ ਚਾਕਰ ਵੀ ਸਨ। ਅਮੀਰ ਨੇ ਤਾਂ ਸਾਂਈਂ ਦੀ ਇਕ ਨਾ ਮੰਨੀ, ਪਰ ਮਲਾਹ ਲੋਕੀ ਫ਼ਕੀਰਾਂ ਥੋਂ ਬਹੁਤ ਡਰਦੇ ਹਨ, ਕਿਉਂਕਿ ਓਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਫ਼ਕੀਰਾਂ ਦੀ ਬਦ ਦੁਆ ਨਾਲ ਬੇੜੇ ਡੁਬ ਜਾਂਦੇ ਹਨ। ਗੱਲ ਕਾਹਦੀ, ਮਲਾਹ ਦੇ ਕਹਿਣ ਪੁਰ ਵਿਚਾਰੇ ਨੂੰ ਥਾਂ ਮਿਲ ਗਈ। ਟੱਟੂ ਵੀ ਇਕ ਨੁਕਰੇ ਖੜਾ ਕਰ ਦਿੱਤਾ ਤੇ ਮਲਾਹ ਨੇ ਸਾਂਈਂ ਦਾ ਨਾਉਂ ਲੈ ਬੇੜਾ ਠੇਲ੍ਹ ਦਿੱਤਾ।

ਇਸ ਵੇਲੇ ਅਕਾਸ਼ ਵਿਚ ਕਿਤੇ ਕਿਤੇ ਬੱਦਲ ਸਨ ਅਰ ਪੌਣ ਸਹਿਜੇ ਸਹਿਜੇ ਵਗ ਰਹੀ ਸੀ। ਫ਼ਕੀਰ ਹੁਰੀਂ ਮਸਤੀ ਵਿਚ ਆਕੇ ਲੱਗੇ ਕੁਰਾਨ ਸ਼ਰੀਫ ਦੀਆਂ ਆਇਤਾਂ ਗਾਉਣ। ਉਸ ਮਸਤੀ ਵਿਚ ਕਿਤੇ ਇਹ ਟੱਪਾ ਭੀ ਗਾਉਂ ਗਏ ‘ਮੇਰੋ ਸੁੰਦਰ ਕਹਹੁ ਮਿਲੇ ਕਿਤੁ ਗਲੀ।’ ਸੱਚਮੁਚ ਐਸ ਵੇਲੇ ਨਦੀ ਦਾ ਸਮਾਂ, ਬੱਦਲ ਦੀ ਮੌਜ, ਹਵਾ ਦੇ ਠੌਕੇ ਤੇ ਫ਼ਕੀਰ ਦੀ ਮਸਤ ਲੈ ਇਕ ਜਾਦੂ ਸੀ, ਸਾਰੇ ਜਣੇ ਮਸਤ ਹੋ ਗਏ ਅਰ ਫ਼ਕੀਰ ਉਤੇ ਡਾਢੇ ਪ੍ਰਸੰਨ ਹੋਏ। ਅਮੀਰ ਹੁਰੀਂ ਵੀ ਸਰੂਰ ਵਿਚ ਸਿਰ ਹਿਲਾਉਣ ਲੱਗ ਪਏ, ਪਰ ਬੇਗਮ ਸਾਹਿਬ ਨੂੰ ਖ਼ਬਰੇ ਕੀ ਵੈਰਾਗ ਆਇਆ ਕਿ ਅਜੇਹਾ ਡੂੰਘਾ ਅਰ ਦਰਦ ਭਰਿਆ ਹੋਇਆ ਠੰਢਾ ਸਾਹ ਲਿਆ ਕਿ ਸਾਂਈਂ ਹੁਰੀਂ ਮਸਤੀ ਭੁੱਲ ਕੇ ਤ੍ਰਬਕ ਉਠੇ ਅਰ ‘ਲਾਹੌਲ ਵਲਾ ਕੁਵਤ’ ਪੁਕਾਰਨ ਲੱਗ ਪਏ। ਪਰ ਅਮੀਰ ਇਹ ਹਾਲ ਵੇਖ ਕੇ ਬੋਲਿਆ, ‘ਸਾਂਈਂ ਜੀ! ਖ਼ੈਰ ਮਿਹਰ ਹੈ, ਤੁਸੀਂ ਗਾਵੀਂ ਚਲੋ ਛੇਕੜਲਾ ਟੱਪਾ ਜ਼ਰਾ ਫੇਰ ਲੈਅ ਨਾਲ’। ਸਾਂਈਂ ਹੋਰਾਂ ਨੇ ਫਿਰ ਸੁਰ ਲਾਈ ਤੇ ਤੁਕ ਗਾਵੀਂ। ਫੇਰ ਬੇਗਮ ਸਾਹਿਬ ਨੇ ਹਉਕਾ ਭਰਿਆ ਅਰ ਨਾਲ ਹੀ ਇਹ ਗੱਲ ਮੂੰਹੋਂ ਨਿਕਲੀ ‘ਸ਼ੋਕ’!

ਹੁਣ ਫ਼ਕੀਰ ਹੋਰੀਂ ਸਭੇ ਰਾਗ ਛੱਡ ਕੇ ਅਮੀਰ ਨੂੰ ਆਖਣ ਲੱਗੇ, ‘ਤੂੰ ਕਾਫ਼ਰ ਹੈਂ ਜੋ ਬੀਵੀ ਨੂੰ ਤੰਗ ਰੱਖਦਾ ਹੈਂ, ਖੁਦਾ ਪਾਕ ਦਾ ਹੁਕਮ ਆਪਣੀ ਔਰਤ ਉਤੇ ਸਖ਼ਤੀ ਕਰਨ ਦਾ ਨਹੀਂ।’ ਅਮੀਰ ਨੇ ਉਸਨੂੰ ਬਹੁਤ ਕੁਝ ਸਮਝਾਇਆ, ਪਰ ਸਾਂਈਂ ਹੁਰੀਂ ਬੇਤੁਕੀਆਂ ਲਾਈ ਗਏ। ਕੰਨ ਡੋਲੇ ਵੱਲ ਸਨ ਮੂੰਹ ਅਮੀਰ ਵਲ ਸੀ, ਪਲ ਪਲ ਮਗਰੋਂ ਡੋਲੇ ਵਿਚੋਂ ‘ਸੀ’ ‘ਸੀ’ ਦੀ ਦਰਦ-ਭਰੀ ਸੋ ਨਿਕਲੇ। ਕੁਝ ਚਿਰ ਮਗਰੋਂ ਫ਼ਕੀਰ ਹੁਰੀਂ ਅੱਖਾਂ ਮੀਟ ਗਏ, ਕਿੰਨਾ ਚਿਰ ਐਉਂ ਬੈਠੇ ਰਹੇ, ਜਿੰਕੁਰ ਜੋਗੀ ਸਮਾਧੀ ਲਾਉਂਦਾ ਹੈ। ਫੇਰ ਅੱਖਾਂ ਖੋਲ੍ਹ ਕੇ ਬੋਲੇ, ‘ਸਰਦਾਰ ਸਾਹਿਬ! ਇਸ ਡੋਲੇ ਵਿਚ ਆਪਦੀ ਤੀਵੀਂ ਨਹੀਂ; ਗੈਰ ਔਰਤ ਹੈ, ਅਰ ਉਸ ਦੇ ਹੱਥ ਪੈਰ ਬੱਧੇ ਹੋਏ ਹਨ, ਇਹ ਅਸਾਂ ਗੈਬ ਦੇ ਇਲਮ ਨਾਲ ਡਿੱਠਾ ਹੈ’। ਅਮੀਰ ਅਚੰਭਾ ਰਹਿ ਗਿਆ ਅਰ ਪੈਰੀਂ ਹੱਥ ਲਾ ਕੇ ਬੋਲਿਆ, ‘ਹੇ ਵਲੀ ਸਾਂਈਂ ਦੇ! ਤੂੰ ਤਾਂ ਗੁੱਝਾ ਲਾਲ ਨਿਕਲ ਆਇਉਂ।’

ਪਲ ਮਗਰੋਂ ਪੌਣ ਫਰਾਟੇ ਮਾਰਵੀਂ ਵਗਣ ਲਗੀ, ਲਹਿਰਾਂ ਨੇ ਜੋਸ਼ ਮਾਰਿਆ, ਬੇੜੀ ਹੇਠ ਉਤੇ ਹੋਣ ਲੱਗੀ। ਹੁਣ ਤਾਂ ਸਾਰੇ ਸਾਂਈਂ ਦੇ ਪੈਰੀਂ ਪਏ ਕਿ ਕੋਈ ਰੇਖ ਵਿਚ ਮੇਖ ਮਾਰੋ ਅਰ ਬੇੜੀ ਨੂੰ ਡੁੱਬਣੇਂ ਬਚਾਓ।

ਸਾਂਈਂ ਜੀ ਬੋਲੇ- ਦੇਖੋ! ਡੋਲੇ ਵਿਚ ਜੋ ਔਰਤ ਹੈ ਉਸ ਦੇ ਬੰਦ ਖੋਲ੍ਹ ਦਿਓ; ਡੋਲੀ ਵਿਚੋਂ ਉਸ ਨੂੰ ਕੱਢ ਲਓ ਅਤੇ ਡੋਲੀ ਨੂੰ ਨਦੀ ਵਿਚ ਸੁੱਟ ਦਿਓ, ਮੇਰਾ ਟੱਟੂ ਤੇ ਆਪਣਾ ਘੋੜਾ ਛੱਡ ਕੇ ਬਾਕੀ ਸਭ ਬੋਝ ਤੇ ਚੀਜ਼ਾਂ ਬੀ ਨਦੀ ਵਿਚ ਸੁੱਟ ਦਿਓ।

ਜਾਨ ਵੱਡੀ ਪਿਆਰੀ ਚੀਜ਼ ਹੈ, ਇਕ ਪਲ ਵਿਚ ਹੁਕਮ ਦੀ ਤਾਮੀਲ ਹੋ ਗਈ। ਫ਼ਕੀਰ ਜੀ ਉਸ ਇਸਤ੍ਰੀ ਦੀ, ਜੋ ਡੋਲੀਉਂ ਨਿਕਲੀ, ਸੂਰਤ ਵੇਖ ਕੇ ਬੋਲੇ, ‘ਅੱਲਾਹ… ! ਬੰਦ ਖੋਹਲੋ, ਇਹ ਤਾਂ ਬੰਦਗੀ ਵਾਲਾ ਚਿਹਰਾ ਹੈ, ਜਲਦੀ ਕਰੋ।’

ਹੁਣ ਹਵਾ ਵੀ ਕੁਝ ਘਟੀ ਤੇ ਭਾਰ ਵੀ ਹੌਲਾ ਹੋ ਗਿਆ ਬੇੜੀ ਵੀ ਟਿਕ ਕੇ ਟੁਰ ਪਈ ਅਰ ਕੁਝ ਚਿਰ ਮਗਰੋਂ ਕੰਢੇ ਆ ਲੱਗੇ। ਕੰਢੇ ਤੇ ਪਹੁੰਚ ਕੇ ਇਕ ਖੁਲ੍ਹੀ ਥਾਂ ਉਤਾਰਾ ਕੀਤਾ ਗਿਆ। ਚਾਰ ਕੁਹਾਰ ਤੇ ਸਵਾਰ ਪਿੰਡ ਨੂੰ ਘੱਲੇ ਗਏ ਕਿ ਕੋਈ ਡੋਲਾ ਹੋਰ ਲਿਆਉਣ ਤੇ ਘੋੜਿਆਂ ਦਾ ਬੰਦੋਬਸਤ ਕਰਨ ਅਰ ਖਾਣ ਪੀਣ ਦਾ ਸਮਾਨ ਬੀ ਲਿਆਉਣ। ਆਪ ਅਮੀਰ ਸਾਹਿਬ ਜੀ ਦਰੀ ਪਰ ਇਕ ਪੇਚਵਾਨ ਰਖਕੇ ਤੱਕੀਏ ਦਾ ਢੇ ਲਾਕੇ ਬੈਠ ਗਏ ਤੇ ਕਮਰ-ਕੱਸਾ ਖੋਲ੍ਹ ਕੇ ਅੱਗੇ ਰੱਖ ਲਿਆ।

ਤੀਵੀ ਸਾਹਮਣੇ ਬੈਠੀ ਸ਼ੋਕ ਸਮੁੰਦਰ ਵਿਚ ਡੁੱਬੀ ਹੋਈ ਸੀ ਅਰ ਇਕ ਪਾਸੇ ਸਾਂਈਂ ਜੀ ਬੈਠੇ ਫੇਰ ਗਾਉਣ ਲੱਗ ਪਏ।

ਜਦ ਕੁਝ ਕੁ ਗਾਉਂ ਚੁਕੇ, ਤਦ ਤੀਵੀਂ ਬੋਲੀ, ‘ਸਾਂਈਂ ਜੀ! ਤੁਸੀਂ ਰੱਬ ਦੇ ਤਰਸ ਵਾਲੇ ਬੰਦੇ ਦਿੱਸਦੇ ਹੋ, ਸਾਡਾ ਨਿਆਂ ਕਰਨਾ’। ਸਾਂਈਂ ਹੋਰੀਂ ਬੋਲੇ, ‘ਵਾਹ ਵਾਹ ਤੂੰ ਆਪਣਾ ਸਮਾਚਾਰ ਕਹੁ।’ ਤਦ ਉਸ ਇਸਤ੍ਰੀ ਨੇ ਸਾਰਾ ਹਾਲ ਸੁਣਾਯਾ ਕਿ ਇਹੋ ਅਮੀਰ ਇਕ ਬਨ ਵਿਚ ਘਾਇਲ ਪਿਆ ਸੀ, ਮੈਂ ਇਸ ਦੀ ਮਹੀਨਾ ਦਿਨ ਮਾਵਾਂ ਤੋਂ ਵਧ ਕੇ ਸੇਵਾ ਕੀਤੀ ਹੁਣ ਇਹ ਮੈਨੂੰ ਕੈਦ ਕਰਕੇ ਲੈ ਚਲਿਆ ਹੈ। ਅਮੀਰ ਨੇ ਉੱਤਰ ਦਿੱਤਾ ਕਿ ਮੈਂ ਉਸ ਸੇਵਾ ਦਾ ਹੱਕ ਦੇਣ ਲੱਗਾ ਹਾਂ ਕਿ ਇਸ ਨੂੰ ਆਪਣੇ ਮਾਲਕ ਦੀ ਬੇਗਮ ਬਣਾਕੇ ਇਡੇ ਵੱਡੇ ਮੁਰਾਤਬੇ ਚਾੜ੍ਹਨਾ ਚਾਹੁੰਦਾ ਹਾਂ। ਦੁਹਾਂ ਦੀ ਗੱਲ ਸੁਣ ਕੇ ਸਾਂਈਂ ਹੁਰੀਂ ਹੱਸ ਪਏ ਅਰ ਆਖਣ ਲੱਗੇ: ‘ਹੇ ਬੀਬੀ! ਤੂੰ ਝੂਠੀ ਹੈਂ, ਤੇ ਸਰਦਾਰ ਸੱਚਾ ਹੈ।’

ਜਾਂ ਇਹ ਗੱਲ ਤੀਵੀਂ ਨੇ ਸੁਣੀ ਤਾਂ ਅੱਖਾਂ ਵਿਚ ਲਹੂ ਭਰ ਆਯਾ। ਸਾਂਈਂ ਹੁਰੀਂ ਤਾਂ ਕਿਸੇ ਸੋਚ ਵਿਚ ਡੁਬ ਗਏ ਸਨ ਤੇ ਸਰਦਾਰ ਸਾਹਿਬ ਬੀ ਇਕ ਹੁਲਾਰਾ ਲੈਕੇ ਮਸਤ ਜਿਹੇ ਹੋ ਰਹੇ ਸਨ। ਉਸ ਸ਼ੇਰਨੀ ਨੇ ਉਸ ਕ੍ਰੋਧ ਦੀ ਅੱਗ ਵਿਚ ਭੜਕ ਕੇ ਡਾਢੀ ਫੁਰਤੀ ਨਾਲ ਉਠਕੇ ਸਰਦਾਰ ਦੇ ਕਮਰਕੱਸ ਦੀ ਤਲਵਾਰ ਜੋ ਅਗੇ ਪਈ ਸੀ ਮਿਆਨ ਵਿਚੋਂ ਖਿਚ ਲਈ ਅਰ ਸੂਤ ਕੇ ਐਉਂ ਖੜੋ ਗਈ ਕਿ ਮਾਨੋਂ ਦੁਰਗਾ ਦੈਂਤਾਂ ਦੇ ਸੰਘਾਰ ਨੂੰ ਆ ਖੜੋਤੀ ਹੈ। ਉਹ ਹੱਕਾ-ਬੱਕਾ ਹੋ ਦੁਹਾਂ ਹੱਥਾਂ ਨੂੰ ਚਿਹਰੇ ਅਗੇ ਕਰਕੇ ਕੰਬਦਾ ਤੇ ਹੈਰਾਨੀ ਵਿਚ ਬਚਣ ਦਾ ਦਾਉ ਸੋਚਦਾ ਹੀ ਸੀ ਕਿ ਦੁਰਗਾ ਰੂਪੀ ਸੁੰਦਰੀ ਨੇ ਤੁਲਵੇਂ ਹੱਥਾਂ ਦਾ ਇਕ ਅਜਿਹਾ ਵਾਰ ਕੀਤਾ ਕਿ ਸਰਦਾਰ ਦੇ ਮੋਢੇ ਤੋਂ ਲੈ ਕੇ ਲੱਕ ਤੀਕ ਜਨੇਊ ਵਾਂਗ ਦੁਸਾਰ ਪਾਰ ਚੀਰ ਪੈ ਗਿਆ ਅਰ ਦੁਸ਼ਟ ਨਾਸ਼ੁਕਰੇ ਦੀ ਲੋਧ ਧਰਤੀ ਪਰ ਤੜਫਨ ਲੱਗੀ। ਸ਼ੇਰ ਦਿਲ ਇਸਤ੍ਰੀ ਨੇ ਤਲਵਾਰ ਸਿਟੀ ਅਰ ਸਰਦਾਰ ਦਾ ਘੋੜਾ ਬ੍ਰਿਛ ਨਾਲੋਂ ਖੋਲ੍ਹ, ਪਲਾਕੀ ਮਾਰ ਨਦੀ ਦੇ ਉਪਰਲੇ ਪਾਸੇ ਨੂੰ ਵਾਗਾਂ ਮੋੜੀਆਂ। ਸਾਂਈਂ ਹੁਰੀਂ ਭੀ ਟੱਟੂ ਉਤੇ ਚੜ੍ਹਕੇ ਮਗਰੇ ਹੋਏ ਤੇ ਲੱਗੇ ਵਾਜਾਂ ਮਾਰਨ- ਹੇ ਸੁੰਦਰੀ! ਹੇ ਸੁੰਦਰੀ ਠਹਿਰ ਜਾ, ਮੈਂ ਤੇਰੀ ਭਾਲ ਵਿਚ ਹੀ ਆਯਾ ਸਾਂ। ਪਰ ਦੁੱਧ ਦਾ ਸੜਿਆ ਲੱਸੀ ਨੂੰ ਫੂਕਦਾ ਹੈ। ਸੁੰਦਰੀ, ਬਹਾਦਰ ਸੁੰਦਰੀ, ਧਰਮੀ ਸੁੰਦਰੀ ਪਲੋ ਪਲੀ ਵਿਚ ਨਜ਼ਰੋਂ ਉਹਲੇ ਹੋ ਗਈ।

ਸਾਂਈਂ ਹੁਰਾਂ ਭੀ ਥੋੜ੍ਹੀ ਦੂਰ ਜਾਕੇ ਤੰਬਾ ਲਾਹਿਆ ਤਾਂ ਕਛਹਿਰਾ ਨਿਕਲਿਆ, ਚੋਗਾ ਲਾਹਿਆ ਤਾਂ ਕੁੜਤਾ ਕਮਰਕੱਸਾ ਤੇ ਤਲਵਾਰ ਦਿੱਸੀ। ਗੁਥਲਾ ਖੋਲ੍ਹ ਦਸਤਾਰ ਸਜਾਈ ਤਦ ਕਾਯਾਂ ਹੀ ਪਲਟ ਗਈ। ਕਿਥੇ ਸਾਂਈਂ ਜੀ ਸਨ, ਕਿਥੇ ਬਿਜਲਾ ਸਿੰਘ ਜੀ ਬਣ ਗਏ। ਹੁਣ ਆਪ ਪੱਤਣ ਤੇ ਨਾਕੇ ਕੋਲ ਪਹੁੰਚੇ, ਜਿਥੋਂ ਸਾਰਾ ਖਾਲਸਾ ਪਾਰ ਹੋ ਚੁਕਾ ਸੀ। ਬਲਵੰਤ ਸਿੰਘ ਅਰ ਸਾਰੇ ਸਿਖ, ਜੋ ਸੁੰਦਰੀ ਦੀ ਭਾਲ ਦਸ ਦਸ ਕੋਹ ਤੱਕ ਕਰ ਆਏ ਸਨ, ਨਿਰਾਸ ਮੁੜ ਆਏ ਸਨ। ਬਿਜਲਾ ਸਿੰਘ ਨੇ ਸੁੰਦਰੀ ਦਾ ਸਾਰਾ ਹਾਲ ਦੱਸਿਆ, ਉਸੇ ਵੇਲੇ ਬਲਵੰਤ ਸਿੰਘ ਤੇ ਦਸ ਕੁ ਹੋਰ ਸਿੰਘ ਭਾਲ ਕਰਨ ਉਸ ਰੁਖ਼ ਨੂੰ ਗਏ ਜਿਧਰ ਬਿਜਲਾ ਸਿੰਘ ਨੇ ਪਤਾ ਦਿੱਤਾ ਸੀ ਕਿ ਸੁੰਦਰੀ ਗਈ ਹੈ ਤੇ ਬਾਕੀ ਫ਼ੌਜ ਨਦੀ ਦੀ ਉਤਰ ਪਛੋਂ ਦੇ ਰੁਖ਼ ਨੂੰ ਤੁਰ ਪਈ।

12 ਕਾਂਡ

ਲਖਪਤ ਰਾਇ ਸਿੱਖਾਂ ਦੇ ਮਗਰ ਅਜਿਹਾ ਹੱਥ ਧੋ ਕੇ ਪਿਆ ਸੀ ਕਿ ਮਾਨੋ ਸਿੱਖ ਮਾਰਨੇ ਉਹ ਮੁਕਤੀ ਦਾ ਰਸਤਾ ਸਮਝਦਾ ਸੀ। ਬਿਜਲਾ ਸਿੰਘ ਦੀ ਜ਼ਬਾਨੀ ਪਾਠਕਾਂ ਨੇ ਕਈ ਹਾਲ ਸੁਣ ਹੀ ਲਏ ਹਨ ਉਹਨਾਂ ਤੇ ਹੀ ਬੱਸ ਨਹੀਂ, ਇਸਨੇ ਖਾਲਸੇ ਦਾ ਬੀਜ ਨਾਸ ਕਰਨੋਂ ਫਰਕ ਨਹੀਂ ਕੀਤਾ। ਇਸਦੇ ਇਸ ਜਤਨ ਤੇ ਮਿਹਨਤ ਨੂੰ ਵੇਖਕੇ ਮੁਸਲਮਾਨ ਹਾਕਮ ਅਗੇ ਹੀ ਸਿੱਖਾਂ ਦਾ ਖੁਰਾ-ਖੋਜ ਮਿਟਾ ਰਹੇ ਸਨ ਪਰ ਹੁਣ ਤਾਂ ਸਾਰੇ ਪੰਜਾਬ ਵਿਚ ਪਿਛਲੀ ਅੱਗ ਦੂਣੀ ਹੋ ਮੱਚੀ। ਅਸਲ ਵਿਚ ਨਾਦਰ ਦੇ ਹਮਲੇ ਦੇ ਬਾਦ ਖ਼ਾਨ ਬਹਾਦਰ ਨੇ ੧੭੯੬ ਤੋਂ ੧੮੦੧ ਬਿ: ਤਕ ਸਿੱਖਾਂ ਦੀ ਕਤਲਾਮ ਜਾਰੀ ਰੱਖੀ ਸੀ।

ਪਿੰਡ ਦੇ ਚੌਧਰੀਆਂ ਨੂੰ ਹੁਕਮ ਸੀ ਕਿ ਜਿਥੇ ਸਿੱਖ ਮਿਲੇ ਮਰਵਾ ਦਿਓ ਤੇ ਘਰਬਾਰ ਜ਼ਿਮੀ ਜ਼ਬਤ ਕਰ ਲਓ। ਗਸ਼ਤੀ ਫੌਜ ਇਲਾਕਿਆਂ ਵਿਚ ਸਿੱਖਾਂ ਨੂੰ ਮਾਰਨ ਵਾਸਤੇ ਫਿਰਨ ਲੱਗੀ। ਤਵਾਰੀਖ ਤੇ ਪੁਰਾਣੇ ਗ੍ਰੰਥਾਂ ਨੂੰ ਪੜ੍ਹਕੇ ਸਰੀਰ ਕੰਬ ਉਠਦਾ ਹੈ। ਜੋ ਜੋ ਕਹਿਰ ਉਸ ਸਮੇਂ ਖਾਲਸੇ ਨੇ ਬਹਾਦਰੀ ਨਾਲ ਸਹਾਰੇ ਲੇਖਣੀ ਲਿਖ ਨਹੀਂ ਸਕਦੀ, ਅੱਖਾਂ ਪੜ੍ਹ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ। ਪਿੰਡੀਂ ਤੇ ਸ਼ਹਿਰੀਂ ਸਿੱਖ ਮਾਰੇ ਗਏ। ਮੁਖਬਰੀਆਂ ਦਾ ਬਜ਼ਾਰ ਡਾਢੀ ਰੌਣਕ ਪੁਰ ਹੋ ਗਿਆ। ਸਿੱਖਾਂ ਦੇ ਫੜਵਾਉਣ ਵਾਲਿਆਂ ਨੂੰ ਚੋਖੇ ਚੋਖੇ ਇਨਾਮ ਮਿਲਦੇ, ਪਰ ਵਾਹ ਵਾਹ ਖਾਲਸਾ ਝਵਿਆਂ ਨਹੀਂ। ਫੜੇ ਗਏ ਤਾਂ ਹੱਸ ਹੱਸ ਕੇ ਮਰੇ। ਅਨੇਕਾਂ ਸ਼ਹਿਰਾਂ ਪਿੰਡਾਂ ਨੂੰ ਛੱਡ ਛੱਡ ਕੇ ਜੰਗਲਾਂ ਵਿਚ ਪਹਾੜਾਂ ਵਿਚ ਜਾ ਵਸੇ। ਅਰ ਪਿਆਰੇ ਧਰਮ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਸਹਾਰੇ। ਐਥੋਂ ਤੀਕ ਕਿ ਸਿੰਘਾਂ ਦੇ ਜਥੇ, ਜੋ ਗਸ਼ਤੀ ਫੌਜ ਦੇ ਕਾਬੂ ਚੜ੍ਹ ਜਾਂਦੇ ਤਾਂ ਲਾਹੌਰ ਲਿਆਕੇ ਤਸੀਹ ਦੇ ਕੇ ਮਾਰੇ ਜਾਂਦੇ। ਚਰਖੜੀਆਂ ਤੇ ਚਾੜ੍ਹਨਾ ਤੇ ਅਨੇਕਾਂ ਕਸ਼ਟ ਦੇਣੇ। ਲਾਹੌਰ ਸਿੰਘਾਂ ਦੇ ਸਿਰਾਂ ਨਾਲ ਖੂਹ ਭਰੇ ਗਏ ਤੇ ਬੁਰਜ ਉਸਾਰੇ ਗਏ। ਇਨ੍ਹੀਂ ਦਿਨੀਂ ਹੀ ਦਰਬਾਰ ਸਾਹਿਬ ਵਿਚ ਮੱਸਾ ਰੰਘੜ ਬੇ ਅਦਬੀ ਕਰ ਰਿਹਾ ਸੀ ਜਦੋਂ ਕਿ ਮਤਾਬ ਸਿੰਘ ਨੇ ਆ ਕੇ ਉਸਦਾ ਸਿਰ ਵੱਢ ਲਿਆ ਸੀ। ਦਰਬਾਰ ਸਾਹਿਬ ਦੇ ਇਰਦ ਗਿਰਦ ਫੌਜ ਦਾ ਪਹਿਰਾ ਰਹਿੰਦਾ ਸੀ ਕਿ ਕੋਈ ਸਿੱਖ ਮੰਦਰ ਵਿਚ ਨਾ ਆਉਣਾ ਪਾਵੇ, ਕਿਉਂਕਿ ਇਹ ਇਕ ਕਹਾਵਤ ਚਲੀ ਆਉਂਦੀ ਹੈ ਕਿ ਇਕ ਦਿਨ ਨਵਾਬ ਲਾਹੌਰ ਨੇ ਸਿੱਖਾਂ ਦੇ ਐਡੇ ਬਲੀ ਹੋਣ ਦਾ ਅਰ ਧਰਮ ਨਾ ਛੱਡਣ ਦਾ ਕਾਰਨ ਪੁਛਿਆ ਤਦ ਕਿਸੇ ਜੋਤਸ਼ੀ ਨੇ ਦਸਿਆ ਕਿ ਇਹ ਲੋਕ ਅੰਮ੍ਰਿਤ ਛਕਦੇ ਹਨ, ਇਹਨਾਂ ਦੇ ਗੁਰੂ ਵਡੇ ਉਲਿਆ ਸਨ। ਉਹਨਾਂ ਦਾ ਅੰਮ੍ਰਿਤ ਪੀ ਕੇ ਇਹ ਅਮਰ ਹੋ ਜਾਂਦੇ ਹਨ ਅਤੇ ਅੰਮ੍ਰਿਤਸਰ ਇਸ਼ਨਾਨ ਕਰਕੇ ਆਪਣੇ ਬਲ ਦਾ ਵਾਧਾ ਪ੍ਰਾਪਤ ਕਰਦੇ ਹਨ। ਇਹ ਗੱਲ ਸੁਣਕੇ ਉਨ੍ਹਾਂ ਨੇ ਅੰਮ੍ਰਿਤਸਰ ਵਿਚ ਸਿੱਖਾਂ ਦਾ ਨਾਉਣਾ ਰੋਕ ਦਿਤਾ। ਪਰ ਉਹ ਮੂਰਖ ਕੀ ਜਾਨਣ, ਸਿੱਖ ਕੱਚੀ ਮਿੱਟੀ ਦੇ ਘੜੇ ਹੋਏ ਨਹੀਂ ਹਨ, ਇਹਨਾਂ ਦੇ ਮਨ ਫੌਲਾਦ ਨਾਲੋਂ ਭੀ ਕਰੜੇ ਤੇ ਪੱਥਰ ਨਾਲੋਂ ਬੀ ਪੀਡੇ ਹਨ। ਖਾਲਸਾ ਰਾਤ ਨੂੰ ਚੋਰੀ ਇਸ਼ਨਾਨ ਕਰ ਜਾਯਾ ਕਰਨ। ਕਈ ਵਾਰੀ ਨਾਉਂਦੇ ਸਿੰਘ ਦਰਬਾਰ ਸਾਹਿਬ ਦੇ ਉਹਨਾਂ ਪਵਿੱਤ੍ਰ ਪੋੜਾਂ ਉਤੇ, ਜਿਥੇ ਅਜ ਕਲ ਪੱਥਰਾਂ ਦੇ ਬੁਤ ਪਏ ਪੂਜੇ ਜਾ ਰਹੇ ਹਨ*, ਹਾਂ ਪਯਾਰੇ ਪਾਠਕ! ਉਹਨਾਂ ਧਰਮ ਖੈਤ ਪੌੜਾਂ ਉਤੇ ਇਸ਼ਨਾਨ ਕਰਦੇ ਤੇ ਜਪੁ ਸਾਹਿਬ ਉਚਾਰਦੇ ਉਚਾਰਦੇ ਪਹਿਰੇਦਾਰਾਂ ਦੀਆਂ ਬੰਦੂਕਾਂ ਦਾ ਨਿਸ਼ਾਨਾ ਹੋਕੇ ਸ਼ਹੀਦੀ ਪਾਉਂਦੇ, ਪਰੰਤੂ ਹਠ ਨਾ ਛੱਡਦੇ। ਇਸ ਅਵਸਥਾ ਨੂੰ ਵੇਖਕੇ ਇਕ ਦਿਨ ਇਕ ਤੁਰਕ ਅਹੁਦੇਦਾਰ ਨੇ ਬੋਲੀ ਮਾਰੀ ਕਿ ਜੇ ਸਿੰਘ ਹਨ ਤਾਂ ਦਿਨ ਦਿਹਾੜੇ ਆਕੇ ਨ੍ਹਾਉਣ, ਰਾਤ ਗਿੱਦੜਾਂ ਵਾਂਗੂੰ ਕਿਉਂ ਆਉਂਦੇ ਹਨ? ਇਹ ਬੋਲੀ ਜਦ ਸਿੱਖਾਂ ਨੇ ਸੁਣੀ ਤਾਂ ਅੱਗ-ਭਬੂਕਾ ਹੋ ਗਏ।

ਸੁਖਾ ਸਿੰਘ ਨਾਮੇ ਇਕ ਸਿੰਘ ਸੀ, ਜੋ ਪਹਿਲੇ ਆਪਣੇ ਪਿੰਡ ਵਿਚ ਵੱਸਦਾ ਸੀ ਅਰ ਤੁਰਕਾਂ ਦੇ ਜ਼ੁਲਮ ਤੋਂ ਡਰਦੇ ਉਸਦੇ ਮਾਪਿਆਂ ਨੇ ਉਸਦੀ ਬੇਹੋਸ਼ੀ ਵਿਚ ਉਸਦੇ ਕੇਸ ਕਤਰਾ ਦਿੱਤੇ ਸਨ। ਸੁੱਖਾ ਸਿੰਘ ਇਹ ਅਨਰਥ ਦੇਖ ਕੇ ਆਤਮਘਾਤ ਕਰਨ ਲੱਗਾ ਸੀ ਕਿ ਇਕ ਸਿੱਖ ਨੇ ਕਿਹਾ: ‘ਸ਼ਹੀਦ ਹੋਕੇ ਮਰ, ਅਜਾਈਂ ਮੌਤ ਕਿਉਂ ਮਰਦਾ ਹੈਂ? ਤਦੋਂ ਹੀ ਸੁੱਖਾ ਸਿੰਘ ਸਾਡੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿਚ ਅੱਪੜਿਆ ਸੀ ਤੇ ਸਰਦਾਰ ਪਾਸੋਂ ਮੁੜ ਅੰਮ੍ਰਿਤ ਛਕ ਕੇ ਅਜਿਹਾ ਪੱਕਾ ਬਹਾਦਰ ਸਿੰਘ ਹੋ ਗਿਆ ਸੀ ਕਿ ਉਸਦੀਆਂ ਬਹਾਦਰੀਆਂ ਦੀ ਪੰਥ ਵਿਚ ਧਾਂਕ ਪੈ ਗਈ ਸੀ। ਐਥੋਂ ਤਾਂਈਂ ਕਿ ਪੰਥ ਨੇ ਉਸਨੂੰ ਇਕ ਜਥੇ ਦਾ ਸਰਦਾਰ ਥਾਪ ਦਿੱਤਾ ਸੀ, ਸੋ ਇਹ ਬਹਾਦਰ ਹਾਕਮਾਂ ਦਾ ਮਿਹਣਾ ਸੁਣਕੇ ਇਕ ਵੇਰ ਦਿਨ-ਦੀਵੀਂ ਸ੍ਰੀ ਅੰਮ੍ਰਿਤਸਰ ਇਸ਼ਨਾਨ ਕਰਨ ਗਿਆ ਸੀ। ਪਹਿਰੇ ਦੀ ਫੌਜ ਨੇ ਸਾਹਮਣਾ ਕੀਤਾ, ਤਾਂ ਇਸ ਇਕਲੇ ਨੇ ਕਈਆਂ ਦੇ ਆਹੂ ਲਾਹੇ ਅਰ ਜੀਉਂਦਾ ਨਿਕਲ ਗਿਆ। ਇਸ ਗੱਲ ਤੇ ਸ਼ਰਮ ਖਾ ਕੇ ਹਾਕਮਾਂ ਨੇ ਸ੍ਰੀ ਅੰਮ੍ਰਿਤਸਰ ਜੀ ਦੇ ਤਾਲ ਵਿਚ ਮਿੱਟੀ ਪਾ ਕੇ ਭਰ ਦਿੱਤਾ ਅਰ ਨਾਉਣ ਦੀ ਕੋਈ ਵਾਹ ਨਾ ਰਹਿਣ ਦਿੱਤੀ। ੧੮੦੨ ਬਿ: ਵਿਚ ਖਾਨ ਬਹਾਦਰ ਮੋਇਆ ਤੇ ਯਾਹੀਯਾ ਖਾਂ ਨੇ ਹਕੂਮਤ ਸੰਭਾਲੀ, ਇਸ ਨੇ ਪਿਉ ਤੋਂ ਵੱਧ ਅੱਤ ਚਾਈ।

ਅਜਿਹਾ ਭਿਆਨਕ ਹਾਲ ਖਾਲਸੇ ਦਾ ਉਸ ਸਮੇਂ ਸੀ ਕਿ ਕੱਖ ਵੀ ਵੈਰੀ ਹੋ ਰਹੇ ਸਨ। ਹੁਣ ਆਪਣੀ ਕਥਾ ਦੀ ਲੜੀ ਫੇਰ ਜੋੜਦੇ ਹਾਂ-

ਜਦ ਸੁੰਦਰੀ ਘੋੜੇ ਤੇ ਚੜ੍ਹਕੇ ਨੱਠੀ ਹੈ, ਤਦ ਪੱਤਣ ਤੋਂ ਅੱਗੋਂ ਦੀ ਕਿੱਡੀ ਵਿੱਥ ਪਰ ਹੋਕੇ ਨਿਕਲ ਗਈ ਤੇ ਇਸ ਨੂੰ ਖਾਲਸੇ ਦਾ ਦਲ ਕਿਤੇ ਨਾ ਮਿਲਿਆ, ਕਿਉਂਕਿ ਇਸ ਨੂੰ ਰਸਤਿਆਂ ਦਾ ਪਤਾ ਮਲੂਮ ਨਹੀਂ ਸੀ। ਹੁਣ ਕਦਮ ਕਦਮ ਤੇ ਇਹ ਸੰਸਾ ਉਤਪਨ ਹੁੰਦਾ ਸੀ ਕਿ ਵੈਰੀ ਮੇਰੇ ਮਗਰ ਆਏ ਕਿ ਆਏ। ਘੋੜੇ ਚੜੀ ਜਾਂਦੀ ਮੁੜ ਮੁੜ ਪਿਛੇ ਵੇਖਦੀ ਅਰ ਦਿਲ ਵਿਚ ਸ਼ੋਕ ਕਰਦੀ ਹੈ ਕਿ ਕਟਾਰ ਉਸ ਸਿਪਾਹੀ ਦੇ ਢਿੱਡ ਵਿਚ ਰਹੀ, ਜਿਸਨੂੰ ਪਹਾੜੀ ਉਤੇ ਮਾਰਿਆ ਸੀ ਅਰ ਤਲਵਾਰ ਉਸ ਅਮੀਰ ਨਾਸ਼ੁਕਰੇ ਦੇ ਪੇਟ ਪਾਸ ਸੁਟੀ, ਕੋਈ ਹਥਿਆਰ ਨਾਲ ਨਾ ਲਿਆਈ, ਜੇ ਕੋਈ ਮਾਮਲਾ ਆ ਬਣਿਆ ਤਾਂ ਕੀ ਕਰਾਂਗੀ? ਫੇਰ ਜੀ ਵਿਚ ਇਹ ਸੋਚਦੀ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਐਡੇ ਕਸ਼ਟਾਂ ਵਿਚੋਂ ਕੱਢ ਲਿਆ ਹੈ ਉਹ ਹਰ ਵੇਲੇ ਸਹਾਈ ਹਨ, ਮੈਂ ਕਿਉਂ ਡੋਲਾਂ ? ਇਸ ਸਿੰਘਣੀ ਦਾ ਜਿਗਰਾ ਕਿਹਾ ਹੌਂਸਲੇ ਵਾਲਾ ਸੀ। ਪੇਟੋਂ ਭੁਖੀ ਸਫਰ ਦੀ ਥੱਕੀ ਟੁੱਟੀ ਹੋਈ ਕੈਦ ਦੇ ਅਸਹਿ ਕਸਟਾਂ ਤੋਂ ਹੁਟੀ ਹੋਈ, ਭਰਾਵਾਂ ਦੇ ਵਿਛੋੜੇ ਤੋਂ ਘਾਬਰੀ ਹੋਈ, ਉਜਾੜ ਬੀਆਬਾਨ ਵਿਚ ਇਕੱਲੀ ਭਟਕਦੀ ਹੋਈ ਗੁਰੂ ਜੀ ਨੂੰ ਆਪਣਾ ਸੱਚਾ ਸਹਾਈ ਜਾਣਕੇ ਦਿਲ ਦੀ ਕੁਦਰਤੀ ਨਿਰਾਸ ਕਰਨ ਵਾਲੀ ਦਿਲਝਵੀਂ ਨੂੰ ਵਿਚਾਰ ਨਾਲ ਜਿੱਤ ਰਹੀ ਹੈ। ਕੁਛ ਦੂਰ ਜਾਕੇ ਅਚਾਨਕ ਇਕ ਛੰਭ ਨਿਰਮਲ ਜਲ ਦਾ ਦਿੱਸਿਆ ਜਿਸ ਦੇ ਕਿਨਾਰੇ ਰੰਗ ਰੰਗ ਦੇ ਪੰਛੀ ਕਲੋਲ ਕਰ ਰਹੇ ਸਨ। ਨਿਰਮਲ ਜਲ ਵੇਖਕੇ ਸੁੰਦਰੀ ਨੇ ਬੇਵਸੀ ਹੋ ਘੋੜੇ ਤੋਂ ਉਤਰ ਕੇ ਉਸਨੂੰ ਇਕ ਬੂਟੇ ਨਾਲ ਬੰਨ੍ਹਿਆ, ਜ਼ਰਾ ਸਸਤਾ ਕੇ ਇਸ਼ਨਾਨ ਕੀਤਾ, ਅਰ ਕੁਝ ਜਲ ਛਕਿਆ, ਫੇਰ ਜਪੁਜੀ ਸਾਹਿਬ ਦਾ ਪਾਠ ਕੀਤਾ, ਹਜ਼ਾਰੇ ਦੇ ਸ਼ਬਦ ਪੜ੍ਹੇ, ਪ੍ਰਾਰਥਨਾ ਕਰਦੀ ਹੋਈ ਅਜਿਹੀ ਮਗਨ ਹੋਈ ਕਿ ਮਾਨੋਂ ਪੱਥਰ ਦੀ ਮੂਰਤੀ ਬੈਠੀ ਹੈ। ਮੁਰਗਾਬੀਆਂ ਤੇ ਸਾਰਸ ਅਰ ਕਈ ਤਰ੍ਹਾਂ ਦੇ ਪੰਖੀ ਉਸਦੇ ਆਲੇ ਦੁਆਲੇ ਨਿਰਭੈ ਫਿਰਨ ਲੱਗ ਪਏ। ਇਸ ਦਸ਼ਾ ਵਿਚ ਉਸਨੂੰ ਕੋਈ ਚਾਰ ਪੰਜ ਘੜੀਆਂ ਬੀਤ ਗਈਆਂ, ਪਰ ਸੁੰਦਰੀ ਨੂੰ ਇਕ ਪਲ ਜਿੰਨਾ ਭੀ ਨਾ ਭਾਸਿਆ, ਕਿਉਂਕਿ ਉਹ ਇਕਾਗਰ ਹੋਈ ਸੁਖੋਪਤੀ ਤੇ ਆਤਮਾਨੰਦ ਦੇ ਰਲਵੇਂ ਰੰਗ ਵਿਚ ਟਿਕ ਗਈ ਸੀ। ਦੁਨੀਆਂ ਦੇ ਸਾਰੇ ਦੁਖੜੇ ਐਸ ਵੇਲੇ ਭੁਲ ਗਏ ਸਨ। ਨਾਮ ਦੀ ਖਿੱਚ ਕਰਕੇ ਟਿਕੀ ਹੋਈ ਸੁੰਦਰੀ ਆਪ ਸੀ ਯਾ ਗੁਰੂ ਮਹਾਰਾਜ ਜੀ, ਜਿਨ੍ਹਾਂ ਵਿਚ ਉਸਦੀ ਸੁਰਤਿ ਲੱਗ ਰਹੀ ਸੀ।

ਇਸ ਦਸ਼ਾ ਵਿਚੋਂ ਸੁੰਦਰੀ ਦੀ ਜਾਗ ਇਕ ਬੰਦੂਕ ਦੀ ਗੋਲੀ ਦੀ ਆਵਾਜ਼ ਨਾਲ ਖੁਲ੍ਹੀ। ਅੱਖਾਂ ਖੁਲੀਆਂ ਤਾਂ ਕੀ ਵੇਖਦੀ ਹੈ ਕਿ ਛੰਭ ਦੇ ਦੂਜੇ ਕੰਢੇ ਦੱਸ ਵੀਹ ਸਵਾਰ ਸ਼ਿਕਾਰ ਖੇਡ ਰਹੇ ਹਨ। ਉਹਨਾਂ ਦੀ ਗੋਲੀ ਸੁੰਦਰੀ ਦੇ ਕੋਲੋਂ ਦੀ ਇਕ ਗਿੱਠ ਭਰ ਫਰਕ ਤੇ ਸਰਰ ਕਰਦੀ ਲੰਘ ਗਈ ਸੀ ਅਰ ਇਸਦੇ ਨੇੜੇ ਇਕ ਸੁਰਖਾਬ ਨੂੰ ਫੁੰਡ ਗਈ ਸੀ। ਇਹ ਵੇਖ ਸੁੰਦਰੀ ਘਬਰਾ ਕੇ ਉਠੀ ਛੇਤੀ ਨਾਲ ਘੋੜੇ ਤੇ ਚੜ੍ਹੀ ਅਰ ਦੂਰੋਂ ਤਾੜਨ ਲੱਗੀ ਕਿ ਇਹ ਕੌਣ ਹਨ? ਤਾਂ ਪਛਾਣਿਆ ਕਿ ਉਹ ਤੁਰਕ ਹਨ ਅਰ ਉਹਨਾਂ ਦੇ ਵਿਚ ਉਹ ਹਾਕਮ ਭੀ ਹੈ, ਜਿਸ ਨੇ ਸੁੰਦਰੀ ਨੂੰ ਬਿਪਤਾ ਵਿਚ ਘੱਤ ਸਿੱਟਿਆ ਸੀ। ਸੁੰਦਰੀ ਕੰਬੀ, ਫੇਰ ਕੁਝ ਸੋਚੀ ਅਰ ਦਿਲ ਕਰੜਾ ਕਰਕੇ ਘੋੜੇ ਨੂੰ ਅੱਡੀ ਲਾ ਕੇ ਹਵਾ ਹੋ ਗਈ।

ਸ਼ਿਕਾਰੀ ਆਪਣੀ ਥਾਂ ਹੈਰਾਨ ਸਨ ਕਿ ਮੁਰਗਾਬੀਆਂ ਦੇ ਝੁੰਡ ਵਿਚੋਂ ਇਹ ਕਿਹੜਾ ਰਾਜ ਹੰਸ ਨਿਕਲ ਆਇਆ। ਹਰਿਆਨਗੀ ਦੇ ਮਾਰੇ, ਨਾਲੇ ਬੰਦੂਕ ਨਾਲ ਫੁੰਡੇ ਸ਼ਿਕਾਰ ਨੂੰ ਹਲਾਲ ਕਰਨ ਦੀ ਨੀਯਤ ਧਾਰ ਕੇ ਘੋੜਿਆਂ ਨੂੰ ਅੱਡੀ ਲਾ ਕੇ ਓਹ ਉਸ ਪਾਸ ਆਏ ਤੇ ਨਾਲੇ ਸੁੰਦਰੀ ਨੂੰ ਨੱਸਦਿਆਂ ਵੇਖ ‘ਕੇ ਆਪਣੀ ਹਰਿਆਨਗੀ ਮੱਠੀ ਕਰਨ ਲਈ ਪਿਛੇ ਦੌੜੇ ਅਰ ਉਸ ਦੇ ਘੋੜੇ ਨੂੰ ਕੁਛ ਦੂਰ ਜਾ ਘੇਰਿਆ। ਹਾਕਮ ਨੇ ਸੁੰਦਰੀ ਨੂੰ ਪਛਾਣਿਆ ਅਰ ਬੇਵਸਾ ਹੋਕੇ ਬੋਲਿਆ, “ਸ਼ੁਕਰ ਖੁਦਾਵੰਦ ਕਰੀਮ ਦਾ, ਜਿਨ੍ਹੇ ਇਸ ਤਰ੍ਹਾਂ ਮੇਲ ਕਰਾ ਦਿਤਾ। ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ।” ਇਹ ਕਹਿੰਦਾ ਹੀ ਘੋੜੇ ਤੇ ਬੇਹੋਸ਼ ਜਿਹਾ ਹੋ ਗਿਆ। ਸਾਰੇ ਸਾਥੀ ਅਚੰਭਤ ਖੜੇ ਸਨ, ਸੁੰਦਰੀ ਚਾਰ ਚੁਫੇਰਿਓਂ ਘਿਰੀ ਹੋਈ ਪਰੇਸ਼ਾਨ ਮਨ ਨਾਲ ਆਪਣੀ ਨਵੀਂ ਅਪਦਾ ਨੂੰ ਵੇਖ ਰਹੀ ਸੀ। ਹਾਕਮ ਨੇ ਫੇਰ ਅੱਖਾਂ ਖੋਲ੍ਹੀਆਂ ਅਰ ਕਿਹਾ: ‘ਤੇਰਾ ਜਨਮ ਕਿਨ੍ਹਾਂ ਕਾਫਰਾਂ ਦੇ ਹੋਯਾ, ਆਹ ਕਿਹੀਂ ਬਹਾਦਰ ਹੈਂ। ਘੋੜੇ ਪਰ ਕਿਹੀ ਰਾਨ ਪਟੜੀ ਜਮਾਈ ਉਡਦੀ ਰਹੀ ਹੈ। ਮਰਦਾਂ ਨੂੰ ਪਰੇ ਸਿੱਟਦੀ ਹੈਂ, ਬੇਸ਼ਕ ਇਹ ਮਾਹ-ਰੂ (ਸੁੰਦਰੀ) ਬੇਗਮ ਬਨਾਉਣ ਦੇ ਲਾਇਕ ਹੈ, ਪਰ ਪਤਾ ਨਹੀਂ ਮੈਥੋਂ * ਕਿਉਂ ਡਰਦੀ ਹੈ ? ਸੁੰਦਰ ਤਾਂ ਮੈਂ ਵੀ ਹਾਂ, ਖ਼ਬਰੇ ਇਸ ਗਲੋਂ ਨੱਸਦੀ ਹੈ ਕਿ ਇਸ ਦਾ ਮਨ ਐਸ ਤਰ੍ਹਾਂ ਖੁਲੇ ਫਿਰਨ ਨੂੰ ਚਾਹੁੰਦਾ ਹੈ ਕਿ ਹਰਨਾਂ ਵਾਂਗ ਬਨਾਂ ਵਿਚ ਚੌਕੜੀਆਂ ਭਰਦੀ ਫਿਰਾਂ, ਪਰ ਮੇਰੇ ਮਹਿਲਾਂ ਵਿਚ ਪਰਦੇ ਦੀ ਕੈਦ ਹੈ । ਹੂੰ ਠੀਕ ਹੈ। ਠੀਕ ਬੁੱਝਿਆ ਹੈ। ਤੁਸੀਂ ਘਾਬਰੋ ਨਾ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ, ਮੈਂ ਸ਼ਾਇਰ ਹਾਂ, ਜੱਟ ਗਵਾਰ ਨਹੀਂ, ਚਲੋ ਹੁਣ ਸ਼ਹਿਰ ਲੈ ਚੱਲੀਏ। ਇਹ ਕਹਿਕੇ ਹੱਸ ਪਿਆ।

ਸੁੰਦਰੀ ਇਸ ਵੇਲੇ ਬਾਤ ਚੀਤ ਨੂੰ ਨਹੀਂ ਸੁਣ ਰਹੀ ਸੀ, ਅੱਖਾਂ ਮੀਟੀ ਪ੍ਰਾਰਥਨਾ ਕਰ ਰਹੀ ਸੀ ਕਿ ‘ਹੇ ਅਕਾਲ ਪੁਰਖ, ਇਸ ਵੇਲੇ ਥੰਮ੍ਹਾਂ ਵਿਚੋਂ ਬਹੁੜੋ ਅਰ ਮੇਰੇ ਧਰਮ ਦੀ ਰਖਯਾ ਕਰੋ, ਕੋਈ ਆਸਰਾ ਆਪਦੀ ਕ੍ਰਿਪਾ ਬਿਨਾਂ ਨਹੀਂ ਹੈ।’ ਇਸ ਪ੍ਰਕਾਰ ਦੀ ਪ੍ਰਾਰਥਨਾ ਡੂੰਘੇ, ਅਰ ਏਕਾਗ੍ਰ ਚਿਤੋਂ ਅਜਿਹੀ ਨਿਕਲੀ ਕਿ ਕਰਤਾਰ ਦੇ ਚਰਨਾਂ ਵਿਚ ਅਪੜੀ ਅਰ ਬੰਦ ਅੱਖਾਂ ਵਿਚ ਹੀ ਸੁੰਦਰੀ ਨੂੰ ਆਪਣੇ ਭਰਾ ਅਰ ਕੁਛ ਸਿੱਖਾਂ ਦਾ ਦਰਸ਼ਨ ਹੋਇਆ ਕਿ ਘੋੜਿਆਂ ਤੇ ਸਵਾਰ ਚਲੇ ਆ ਰਹੇ ਹਨ ਅਰ ਅਕਾਸ਼ ਵਿਚੋਂ ਗੁਰੂ ਸਾਹਿਬ ਦੀ ਆਪਣੇ ਤੇਜ ਵਿਚ ਖੜੇ ਇਸ਼ਾਰਾ ਕਰ ਰਹੇ ਹਨ ਕਿ ਐਸ ਰਸਤੇ ਜਾਓ। ਸੁੰਦਰੀ ਬੇਵਸੀ ਹੋਕੇ ਚੀਕ ਉੱਠੀ, ‘ਪਿਆਰੇ ਵੀਰ! ਪਿਆਰੇ ਵੀਰ! ਛੇਤੀ ਪਹੁੰਚ ਵੀਰ ਵੇ! ਐਸ ਪਾਸੇ।’ ਇਹ ਦੁਹਾਈ ਇੱਡੀ ਕੜਕਵੀਂ ਆਵਾਜ਼ ਵਿਚ ਨਿਕਲੀ ਕਿ ਘੋੜੇ ਤੱਕ ਤਬਕ ਉਠੇ ਅਰ ਸੁੰਦਰੀ ਦੀਆਂ ਅੱਖਾਂ ਭੀ ਖੁਲ੍ਹ ਗਈਆਂ। ਕੀ ਵੇਖਦੀ ਹੈ ਕਿ ਸੱਚਮੁੱਚ ਵੀਰ ਜੀ ਕਈ ਸਿੱਖਾਂ ਸਣੇ ਘੋੜੇ ਸੁਟੀ ਆ ਰਹੇ ਹਨ ਅਰ ਦੁਹਾਈ ਸੁਣ ਕੇ ਹੋਰ ਭੀ ਹਵਾ ਵਾਂਗੂੰ ਉਡੇ ਹਨ। ਅੱਖ ਦੇ ਫੋਰ ਵਿਚ ਬਹਾਦਰ ਪਹੁੰਚੇ। ਇਕ ਛੋਟੀ ਜਿਹੀ ਲੜਾਈ ਮੁਗਲਾਂ ਤੇ ਸਿਖਾਂ ਦੀ ਹੋਈ। ਦੋ ਮੁਗਲ ਮੋਏ ਬਾਕੀ ਦੇ ਜਾਨਾਂ ਬਚਾ ਕੇ ਨੱਸ ਗਏ ਅਰ ਧਰਮੀ ਸੁੰਦਰੀ ਦੀ ਪਤ ਕਰਤਾਰ ਨੇ ਰੱਖ ਲਈ, “ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥” ਭੈਣ ਭਰਾ ਘੋੜਿਆਂ ਤੋਂ ਉਤਰ ਕੇ ਅਜਿਹੇ ਵਿੱਛੁੜ ਕੇ ਮਿਲੇ ਕਿ ਦੁਹਾਂ ਦੀਆਂ ਅੱਖਾਂ ਤੋਂ: ‘ਮੈਂ ਨੀਰੁ ਵਹੇ ਵਹਿ ਚਲੈ ਜੀਉ!’

13 ਕਾਂਡ

[ਘਲੂਘਾਰਾ ਛੋਟਾ]

ਸਰਦਾਰ ਸ਼ਾਮ ਸਿੰਘ ਦਾ ਜਥਾ ਨਦੀ ਤੋਂ ਪਾਰ ਪੰਜ ਕੋਹ ਤੇ ਡੇਰੇ ਲਾਈ ਬੈਠਾ ਸੀ ਅਰ ਸਿੰਘ ਭੋਜਨ ਦਾ ਆਹਰ ਕਰ ਰਹੇ ਸਨ। ਸਰਦਾਰ ਸਾਹਿਬ ਬੀ ਇਕ ਮੈਦਾਨ ਵਿਚ ਬੈਠੇ ਬਲਵੰਤ ਸਿੰਘ ਨੂੰ ਉਡੀਕ ਰਹੇ ਸਨ ਕਿ ਅਚਾਨਕ ਬਲਵੰਤ ਸਿੰਘ ਆਪਣੇ ਸਾਥੀਆਂ ਸਣੇ ਸਤਵੰਤੀ ਭੈਣ ਨੂੰ ਸਹੀ ਸਲਾਮਤ ਲੈਕੇ ਪਹੁੰਚ ਪਿਆ। ਸੁੰਦਰੀ ਨੂੰ ਵੇਖਕੇ ਸ਼ਾਮ ਸਿੰਘ ਵੱਡਾ ਗਦਗਦ ਹੋਇਆ ਅਰ ਸਿਰ ਤੇ ਪਿਆਰ ਦੇਕੇ ਪਾਸ ਬਿਠਾਇਆ। ਇਹ ਖੁਸ਼ੀ ਦੀ ਖ਼ਬਰ ਅੱਖ ਦੇ ਫੋਰ ਵਿਚ ਸਭ ਖਾਲਸੇ ਨੇ ਸੁਣ ਪਾਈ ਅਰ ਦੇਵੀ ਭੈਣ ਨੂੰ ਇਕ ਇਕ ਜਣਾ ਆਣਕੇ ਮਿਲਿਆ। ਸੁੰਦਰੀ ਭਾਵੇਂ ਆਪਣੇ ਧਰਮ ਤੇ ਨਿਸ਼ਚੇਵਾਨ ਹੋਣ ਕਰਕੇ ਬੜੀ ਹਠੀ ਹੋ ਰਹੀ ਸੀ ਪਰੰਤੂ ਇਸ ਕਸ਼ਟ ਵਿਖੇ ਰੰਗ ਕੁਝ ਕੁ ਪੀਲਾ ਪੈ ਗਿਆ ਸੀ ਅਰ ਚਿਹਰਾ ਉਤਾਰੇ ਵਿਖੇ ਹੋ ਗਿਆ ਸੀ। ਇਹ ਗੱਲ ਕੇਵਲ ਧਰਮ ਕੌਰ ਨੇ ਤਾੜੀ ਸੀ, ਜਿਸਦਾ ਲੂੰ ਲੂੰ ਸੁੰਦਰੀ ਦੇ ਪ੍ਰੇਮ ਵਿਚ ਰੱਤਾ ਹੋਇਆ ਸੀ। ਗੱਲ ਕਾਹਦੀ, ਸੁੰਦਰੀ ਅਰ ਸਰਬੱਤ ਖਾਲਸੇ ਨੇ ਭੋਜਨ ਛਕਿਆ ਅਰ ਥੋੜ੍ਹੇ ਚਿਰ ਮਗਰੋਂ ਕੂਚ ਕਰ ਦਿੱਤਾ ਅਤੇ ਮੰਜ਼ਲ ਮਾਰ ਕੇ ਕਾਹਨੂੰਵਾਲ ਦੇ ਲਾਗੇ ਆਪਣੇ ਭਰਾਵਾਂ ਪਾਸ ਝੱਲ ਵਿਚ ਜਾ भयरे।

ਸਰਦਾਰ ਸ਼ਾਮ ਸਿੰਘ ਦੇ ਅੱਪੜਨ ਤੋਂ ਅੱਗੇ ਸਰਦਾਰ ਕਰੋੜਾ ਸਿੰਘ, ਸਰਦਾਰ ਹਰੀ ਸਿੰਘ, ਬਾਬਾ ਦੀਪ ਸਿੰਘ ਜੀ ਸ਼ਹੀਦ, ਨਵਾਬ ਕਪੂਰ ਸਿੰਘ, ਸਰਦਾਰ ਸੁੱਖਾ ਸਿੰਘ, ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਚੜ੍ਹਤ ਸਿੰਘ, ਸ੍ਰਦਾਰ ਗੁਰਦਿਆਲ ਸਿੰਘ, ਸ੍ਰਦਾਰ ਹੀਰਾ ਸਿੰਘ ਤੇ ਸ੍ਰਦਾਰ ਗੁਰਬਖਸ਼ ਸਿੰਘ ਆਦਿ ਜਥੇਦਾਰ ਸ੍ਰਦਾਰ, ਜੋ ਉਸ ਸਮੇਂ ਖਾਲਸੇ ਵਿਚ ਆਗੂ ਸਨ ਅਰ ਵੱਡੇ ਜੋਧੇ ਤੇ ਸਚੇ ਸਿੰਘ ਸਨ, ਅੱਪੜ ਚੁਕੇ ਸਨ। ਜਦ ਸਰਦਾਰ ਸ਼ਾਮ ਸਿੰਘ ਪਹੁੰਚਿਆ, ਤਦ ਵੱਡੇ ਆਦਰ ਭਾ ਨਾਲ ਕੀ, ਭਰਾਵਾਂ ਨਾਲੋਂ ਭੀ ਅਧਿਕ ਸਨੇਹ ਨਾਲ ਮਿਲੇ। ਸੁੰਦਰੀ ਦੀ ਵਿਥਯਾ ਤੇ ਜਸ ਤੇ ਪੰਥ ਸੇਵਾ ਦਾ ਚਰਚਾ ਬੀ ਸਾਰੇ ਫੈਲਿਆ ਹੋਇਆ ਸੀ, ਉਹ ਭੀ ਸਭਨਾਂ ਨੂੰ ਮਿਲ ਕੇ ਖੁਸ਼ ਹੋਈ ਅੱਜ ਭਾਵੇਂ ਸਾਰੇ ਸਿੰਘ ਬਿਪਤ ਕਾਲ ਵਿਚ ਕੱਠੇ ਹੋਏ ਸਨ, ਪਰ ਉਨ੍ਹਾਂ ਦਾ ਪ੍ਰੇਮ ਅਜਿਹਾ ਸੀ ਕਿ ਜਿਸਦੀ ਉਪਮਾ ਇਸ ਜਗਤ ਵਿਚ ਮਾਨੋਂ ਨਹੀਂ। ਪਰ ਸਚਮੁਚ ਏਹ ਸਾਰੇ ਇਕ ਮਾਤਾ ਪਿਤਾ ਦੀ ਉਲਾਦ ਸਨ ਅਰ ਸਭ ਸੱਕੇ ਭਰਾ ਸਨ। ਕਿਸੇ ਭਰਾ ਨੂੰ ਕਿਸੇ ਨਾਲ ਵੈਰ ਨਹੀਂ ਸੀ, ਸਭ ਦੇ ਸੀਨੇ ਪੰਥਕ ਪਿਆਰ ਨਾਲ ਭਰੇ ਪਏ ਸਨ। ਵੱਡੇ ਛੋਟੇ ਸਾਰੇ ਇਕ ਦੂਜੇ ਨਾਲ ਕਿਸੇ ਗੱਲ ਦਾ ਵੇਰਵਾ ਨਹੀਂ ਰੱਖਦੇ ਸਨ। ਗੁਰੂ ਦਾ ਪਿਆਰ ਦਿਲ ਵਿਚ ਸੀ ਤੇ ਪੰਥ ਲਈ ਸਭ ਦੇ ਅੰਦਰ ਕੁਰਬਾਨੀ ਭਰੀ ਪਈ ਸੀ। ਸਾਰੇ ਬਾਣੀ ਦੇ ਪ੍ਰੇਮੀ ਸਨ ਤੇ ਉਚੇ ਆਚਰਨ ਵਾਲੇ ਸਨ। ਜਥੇਦਾਰ ਸ੍ਰਦਾਰ ਤਾਂ ਸਨ, ਪਰ ਬੰਦੋਬਸਤ ਦੀ ਖਾਤਰ, ਉਂਞ ਤਾਂ ਆਪਣੇ ਆਪ ਨੂੰ ਵੀਰਾਂ ਦੇ ਵੀਰ ਜਾਣਦੇ ਸਨ, ਪਰ ਸਿੰਘ ਜਥੇਦਾਰਾਂ ਦਾ ਸਨਮਾਨ ਬੜਾ ਹੀ ਕਰਦੇ ਸਨ। ਜਥੇਦਾਰ ਦੇ ਹੁਕਮ ਤੋਂ ਕੋਈ ਸਿਰ ਨਹੀਂ ਸੀ ਫੇਰਦਾ।

ਰਾਤ ਨੂੰ ਫਿਰ ਗੁਰਮਤਾ ਹੋਇਆ, ਉਸ ਵੇਲੇ ਬਿਜਲਾ ਸਿੰਘ ਜੀ ਸੁਣ ਕੇ ਖਬਰ ਲਿਆਏ ਕਿ ਲਖਪਤ ਕੋਈ ਲਗ ਪਗ ਲੱਖ ਸੈਨਾ ਪੈਦਲ ਪਿਆਦੇ ਅਰ ਤੋਪਖਾਨਾ ਲੈ ਕੇ ਏਸ ਪਾਸੇ ਦੱਬੀ ਆ ਰਿਹਾ ਹੈ। ਖਾਲਸੇ ਨੇ ਸੋਚਿਆ ਕਿ ਸਾਡਾ ਜਥਾ ਵੀਹ ਪੰਝੀ ਹਜ਼ਾਰ ਹੋਸੀ, ਪਰ ਓਹ ਲੱਖਾਂ ਦੀ ਗਿਣਤੀ ਵਿਚ ਹਨ, ਫੇਰ ਸਾਡੇ ਪਾਸ ਸਾਮਾਨ ਕੁਛ ਨਹੀਂ, ਅੰਨ ਦਾਣੇ ਦਾ ਪੂਰਾ ਬੰਦੋਬਸਤ ਨਹੀਂ, ਕੀ ਕੀਤਾ ਜਾਏ? ਇਸ ਵੇਲੇ ਜੋ ਵਿਚਾਰਾਂ ਅਰ ਦਲੀਲਾਂ ਤੇ ਦਾਨਾਈ ਦੀ ਬਹਿਸ ਹੋਈ ਉਸ ਦੀ ਉਪਮਾ ਨਹੀਂ ਹੋ ਸਕਦੀ। ਨਿੱਤ ਦੀਆਂ ਲੋੜਾਂ ਤੇ ਦੁਖਾਂ ਨੇ ਜੋ ਅਕਲ ਉਸ ਵੇਲੇ ਸਿੱਖਾਂ ਨੂੰ ਸਿਖਾਈ ਸੀ ਤੇ ਜੋ ਜਾਨ ਉਨ੍ਹਾਂ ਵਿਚ ਗੁਰੂ ਆਦਰਸ਼ ਨੇ ਭਰੀ ਸੀ, ਉਸ ਦਾ ਹੁਲਸਾਉ ਉਨ੍ਹਾਂ ਨੂੰ ਸੱਕੇ ਵੀਰ ਬਣਾ ਕੇ ਅਮਲੀ, ਅਕਲਾਂ ਸਿਖਾਲਦਾ ਸੀ। ਉਸ ਵੇਲੇ ਬਾਣੀ ਦਾ ਪ੍ਰੇਮ ਸੀ, ਜੀਵਨ ਉਚੇ ਸਨ ਪੰਥਕ ਪਯਾਰ ਅਤਿ ਦਾ ਸੀ, ਖ਼ੁਦਗਰਜੀ ਸਿੱਖਾਂ ਵਿਚ ਨਹੀਂ ਸੀ, ਪੰਥਕ ਕੰਮਾਂ ਤੋਂ ਆਪਾ ਵਾਰਦੇ ਸਨ। ਉਸ ਰਾਤ ਦਾ ਗੁਰਮਤਾ ਕੋਈ ਆਪੋ ਵਿਚ ਦੀ ਧੜੇਬਾਜ਼ੀ ਦੀ ਕਮੇਟੀ ਨਹੀਂ ਸੀ, ਨਾ ਨਿਜ ਪੇਟ-ਪਾਲੂ ਪਰਮ-ਹਿਤੈਸ਼ੀਆਂ ਦੀ ਕੁਕੜਾਂ ਵਾਲੀ ਲੜਾਈ ਸੀ, ਨਾ ਆਪਣੀ ਨਿੱਜ ਦੀ ਦੁਸ਼ਮਨੀ ਪਿੱਛੇ ਕਿਸੇ ਭਰਾ ਦਾ ਬੇੜਾ ਗਰਕ ਕਰਨ ਦਾ ਮਨਸੂਬਾ ਸੀ। ਨਾ ਕੋਈ ਤੂੰ ਫਾਂ ਤੇ ਦਿਖਾਵੇ ਦਾ ਜਲਸਾ ਸੀ। ਉਸ ਵੇਲੇ ਗੁਰਮਤਾ ਸੱਚੇ ਸਿੱਖਾਂ ਦੀ ਉਸ ਦਾਨਾਈ ਦੇ ਪੂਰਨਿਆਂ ਉਤੇ ਤੁਰਨ ਦਾ ਆਹਰ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਪੁੱਤਰਾਂ ਨੂੰ ਸਿਖਾ ਗਏ ਸਨ, ਅਰ ਜਿਸ ਨੂੰ ਸ਼ੋਕ ਹੈ ਕਿ ਅੱਜ ਕਲ ਦੇ ਚੁਫੇਰਗੜੀਏ ਸਿੱਖ ਭੁਲਾ ਰਹੇ ਹਨ। ਉਸ ਵੇਲੇ ਦੇ ਸਿਰ ਪੰਥ ਦੀ ਆਉਣ ਵਾਲੀ ਦਸ਼ਾ ਦਾ ਸਾਰਾ ਨਿਰਭਰ ਸੀ। ਜੋ ਉਸ ਵੇਲੇ ਦੇ ਗੁਰਮਤੇ ਵਿਚ ਅੱਜ ਕਲ ਦੇ ਕਈ ਪਾਲਿਸੀਬਾਜ਼, ਅਕਲ ਦੇ ਮੱਟ ਸਿੱਖਾਂ ਵਰਗੇ ਸਿੰਘ ਹੁੰਦੇ ਤਾਂ ਪਤਾ ਨਹੀਂ ਕਿ ਸਿੱਖਾਂ ਦਾ ਭਵਿਖੱਤ ਕੀ ਹੁੰਦਾ? ਗੁਰੂ ਮਹਾਰਾਜ ਜੀ ਪੰਥ ਦੇ ਵਾਲੀ ਸਦਾ ਅੰਗ ਸੰਗ ਹਨ, ਅਰ ਸੱਚੇ ਸਿੰਘਾਂ ਦੇ ਹਰ ਵੇਲੇ ਸਹਾਈ ਹਨ।

ਗੱਲ ਕਾਹਦੀ ਗੁਰਮਤੇ ਦਾ ਸਿੱਟਾ ਇਹ ਨਿਕਲਿਆ ਜੋ ਖਾਲਸੇ ਦਾ ਸਾਰਾ ਦਲ, ਕਾਹਨੂੰਵਾਣ ਦੇ ਅਪਾਰ ਬਨ ਤੇ ਝੱਲਾਂ ਵਿਚ ਵੜ ਗਿਆ। ਰਸਦ ਪਾਣੀ, ਜਿੰਨਾ ਕੁਛ ਕੱਠਾ ਹੋ ਸਕਿਆ ਸੀ, ਨਾਲ ਅੰਦਰ ਲੈ ਗਏ: ਬਾਕੀ ਛੰਭ ਦਾ ਸ਼ਿਕਾਰ ਤੇ ਬਨ ਦਾ ਸ਼ਿਕਾਰ ਅਰ ਵੈਰੀ ਦਲ ਦੀ ਲੁੱਟਮਾਰ, ਇਹ ਖਾਲਸੇ ਦਾ ਮਹਿਕਮਾ ਕਮਸਰੇਟ ਸੀ। ਬੰਦੂਕ, ਤੀਰ, ਡਾਂਗਾਂ, ਨੇਜ਼ੇ, ਤਲਵਾਰ ਏਹ ਹਥਿਆਰ ਸਨ। ਬਨ ਖਾਲਸੇ ਦਾ ਕਿਲ੍ਹਾ ਸੀ ਤੇ ਆਪੋ ਵਿਚ ਪ੍ਰੇਮ ਤੇ ਗੁਰੂ ਦਾ ਆਸਰਾ ਇਹ ਤਾਕਤ ਸੀ।

ਲਖਪਤ ਸਭ ਪਾਸਿਓਂ ਸਿੱਖਾਂ ਨੂੰ ਧੱਕ ਰਿਹਾ ਸੀ। ਸਾਰੇ ਲੁਕੇਵੇਂ ਦੇ ਥਾਵਾਂ ਤੋਂ ਧੱਕੇ ਹੋਏ ਸਿੰਘ ਇਧਰ ਆ ਰਹੇ ਸਨ, ਇਧਰ ਉਧਰ ਲੁਕੇ ਛਿਪੇ ਸਾਰੇ ਕੱਠੇ ਹੋਏ।

ਲਖਪਤ ਨੇ ਉਥੇ ਆਕੇ ਡੇਰਾ ਜਮਾਇਆ, ਪਰ ਬਨ ਅਜਿਹਾ ਸੀ ਕਿ ਵਿਚ ਲਖਪਤ ਦਾ ਜਾਣਾ ਕਠਨ ਸੀ। ਇਹ ਬਨ ਵੱਡਾ ਸੰਘਣਾ ਅਰ ਕੰਡੈਲੇ ਬ੍ਰਿਛਾਂ ਨਾਲ ਭਰਪੂਰ ਸੀ। ਇਸਦੇ ਰਸਤੇ ਸਿਵਾਏ ਗੁਰੂ ਦੇ ਸ਼ੇਰਾਂ ਦੇ ਹੋਰ ਕਿਸੇ ਨੂੰ ਮਾਲੂਮ ਨਹੀਂ ਸਨ। ਇਹ ਬਨ ਨਹੀਂ ਸੀ, ਖਾਲਸੇ ਦਾ ਲੋਹ- ਮਈ ਕਿਲ੍ਹਾ ਸੀ, ਜਿਸ ਵਿਚ ਲਖਪਤ ਦੀਆਂ ਤੋਪਾਂ ਬੇਅਰਥ ਸਨ, ਬਾਹਰ ਹੀ ਬੈਠਾ ਸਮੇਂ ਦੀ ਤਾੜ ਕਰਦਾ, ਪਰ ਉਲਟੀ ਪੈਂਦੀ, ਸਿੰਘ ਬਹਾਦਰ ਰਾਤ ਨੂੰ ਬਨ ਵਿਚੋਂ ਸ਼ੇਰਾਂ ਵਾਂਗ ਨਿਕਲਦੇ ਅਰ ਲਖਪਤ ਦੀ ਸੈਨਾ ਪਰ ਟੁਟ ਪੈਂਦੇ। ਹਜ਼ਾਰਾਂ ਦੇ ਆਹੂ ਲਾਹੁੰਦੇ, ਗੋਲੀ, ਬਾਰੂਦ, ਹਥਯਾਰ, ਖਾਣਾ-ਦਾਣਾ ਲੁੱਟਦੇ ਤੇ ਦਿਨ ਹੋਣ ਤੋਂ ਅੱਗੇ ਅੱਗੇ ਫੇਰ ਬਨ ਵਿਚ ਜਾ ਘੁਸਦੇ। ਸਾਮਾਨ ਘੱਟ ਸਨ, ਪਰ ਤਦ ਭੀ ਸੁੰਦਰੀ, ਧਰਮ ਕੌਰ ਅਰ ਅੱਠ ਨੌ ਹੋਰ ਜਥਿਆਂ ਦੇ ਵੈਦ ਸਿੰਘ ਤੇ ਸੇਵਕ ਮਲ੍ਹਮਪਟੀ ਕਰਨ ਵਾਲੇ ਘਾਇਲ ਭਰਾਵਾਂ ਦੀ ਸੇਵਾ ਕਰਦੇ। ਸਿੱਖਾਂ ਦੇ ਚੁਪੌਲ ਤੇ ਰਾਤਾਂ ਦੇ ਕੀਤੇ ਹੱਲੇ ਅਜੇਹੇ ਅਚਣਚੇਤ ਹੁੰਦੇ ਅਰ ਅਜੇਹੇ ਜ਼ੋਰ ਦੇ ਪੈਂਦੇ ਕਿ ਦੁਸ਼ਮਨ ਦੰਗ ਰਹਿ ਜਾਂਦੇ। ਜਿਸ ਥਾਂ ਉਹ ਪਕਿਆਈ ਕਰਦੇ ਅਰ ਤਕੜੇ ਹੁੰਦੇ ਓਧਰ ਸਿੱਖ ਨਜ਼ਰ ਬੀ ਨਾ ਕਰਦੇ, ਕਮਜ਼ੋਰ ਪਾਸੇ ਵੱਲ ਜਾ ਬਿਜਲੀ ਵਾਂਗ ਕੜਕਦੇ। ਬਿਜਲਾ ਸਿੰਘ ਅਰ ਕਈ ਸੂੰਹੀਏਂ ਦੁਸਮਨ ਦੇ ਦਲਾਂ ਵਿਚ ਭੇਸ ਵਟਾ ਕੇ ਜਾ ਨਿਕਲਦੇ, ਪਰ ਵੈਰੀਆਂ ਨੂੰ ਪਤਾ ਲੱਗਣ ਨਾ ਦੇਂਦੇ। ਇਕ ਦਿਨ ਇਕ ਸੂਹੀਆ ਫੜਿਆ ਗਿਆ ਲਖਪਤ ਨੇ ਉਸ ਨੂੰ ਬ੍ਰਿਛ ਨਾਲ ਬੰਨ੍ਹਵਾ ਕੇ ਜੀਊਦਾ ਸੜਵਾ ਦਿੱਤਾ। ਉਸ ਰਾਤ ਭਾਈ ਬਿਜਲਾ ਸਿੰਘ ਇਕੱਲੇ ਨੇ ਖੂਬ ਬਦਲਾ ਲਿਆ, ਅੱਧੀ ਰਾਤ ਦੇ ਵੇਲੇ ਦਾਉ ਤਾੜ ਕੇ, ਸਿਲਹਖਾਨੇ ਨੂੰ ਅੱਗ ਲਾਉਂਦਾ ਹੀ ਆਪ ਖਿਸਕ ਗਿਆ। ਉਸ ਅੱਗ ਨੇ ਬੜਾ ਨੁਕਸਾਨ ਕੀਤਾ, ਕਈ ਹਜ਼ਾਰ ਦਾ ਗੋਲਾ ਬਾਰੂਦ ਸੜ ਗਿਆ। ਆਪਣੇ ਸਿਲਹਖਾਨੇ ਦੇ ਫਟਣ ਨਾਲ ਆਪਣੇ ਲਸ਼ਕਰੀ ਬੀ ਬਹੁਤ ਮੋਏ ਤੇ ਫੱਟੜ ਹੋਏ। ਅਗਲੇ ਦਿਨ ਲੱਖੂ ਪਾਸ ਚਿੱਠੀ ਪੁੱਜੀ- ‘ਸਿਖ ਪਰਜਾ ਦੇ ਸੁਖ ਲਈ ਲੜਦੇ ਹਨ, ਤੂੰ ਜ਼ਾਲਮ ਹੋ ਕੇ ਆਪਣਿਆਂ ਨੂੰ ਮਾਰਦਾ ਹੈਂ, ਸਾਂਈਂ ਦਾ ਭਉ ਕਰ।’

ਇਸ ਪ੍ਰਕਾਰ ਕੁਛ ਸਮਾਂ ਬੀਤਿਆ, ਲਖਪਤ ਦੀ ਸੈਨਾ ਦਾ ਬਹੁਤ ਨੁਕਸਾਨ ਹੋਇਆ ਅਰ ਖਰਚ ਵੀ ਬਹੁਤ ਉਠ ਗਿਆ, ਪਰ ਉਥੇ ਪਰਵਾਹ ਵੀ ਕੀਹ ਸੀ? ਪਾਤਸ਼ਾਹੀ ਖਜ਼ਾਨਾ ਉਸ ਦੀ ਪਿੱਠ ਪਿੱਛੇ ਸੀ। ਇਧਰ ਖਾਲਸੇ ਦਾ ਖਾਣਾ ਦਾਣਾ ਮੁੱਕ ਗਿਆ, ਛੰਭ ਦੇ ਜੰਤੂ ਭੀ ਮੁਕ ਗਏ ਤੇ ਜੰਗਲ ਵਿਚ ਸ਼ਿਕਾਰ ਵੀ ਨਾ ਹੁਣ ਲੱਭੇ। ਹਜ਼ਾਰਾਂ ਆਦਮੀ ਖਾਣ ਵਾਲੇ ਸ਼ਿਕਾਰ ਕਿਥੋਂ ਵਧਦਾ ਜਾਏ? ਜੰਗਲ ਵਿਚ ਜੋ ਫਲ ਫੁਲ ਕੁਝ ਮਾੜਾ ਮੋਟਾ ਸੀ ਸੋ ਭੀ ਫਤੇ ਗਜਾ ਗਿਆ। ਗੋਲੀ ਬਾਰੂਦ ਮੁਕ ਚੱਲਿਆ। ਉਧਰੋਂ ਲੱਖੂ ਦੀ ਸੈਨਾ ਬੀ ਰਾਤ ਨੂੰ ਚੁਕੰਨੀ ਰਹਿਣ ਲੱਗੀ। ਰਾਤ ਦੀ ਲੁਟ ਮਾਰ ਵਿਚ ਬੀ ਸਿੰਘਾਂ ਦੇ ਹੱਥ, ਕੁਝ ਘਟ ਵੱਧ ਹੀ ਲਗਦਾ ਰੁਤ ਬੀ ਕਰੜੀ ਹੋ ਗਈ, ਇਹ ਵੇਲਾ ਡਾਢੇ ਘਬਰਾ ਦਾ ਸੀ, ਪਰ ਦਿਲ ਨਾ ਹਾਰਨ ਵਾਲਾ ਖਾਲਸਾ ਗੁਰੂ ਤੇ ਆਸ ਰੱਖੀ ਜੜ੍ਹਾਂ ਤੇ ਪੱਤੇ ਖਾ ਕੇ ਗੁਜ਼ਾਰਾ ਕਰਨ ਲੱਗਾ।

ਇਕ ਦਿਨ ਰਾਤ ਨੂੰ ਗੁਰਮਤਾ ਹੋ ਰਿਹਾ ਸੀ ਕਿ ਭਾਈ ਬਿਨੋਦ ਸਿੰਘ ਸੂਹੀਆ ਆ ਪਹੁੰਚਾ, ਆਖਣ ਲੱਗਾ ਕਿ ਖਾਲਸਾ ਜੀ! ਗੁਰੂ ਮਹਾਰਾਜ ਥਮਾਂ ਵਿਚੋਂ ਬਹੁੜ ਪਏ ਹਨ। ਕ੍ਰੋੜਾ ਸਿੰਘ ਨੇ ਕਿਹਾ, ਸੁਣਾ ਕਿੱਕੂ? ਉਹ ਬੋਲਿਆ- ਤੁਹਾਡਾ ਮੋਦੀ ਪੁਕਰਿਆ ਹੈ- ਦੀਵਾਨ ਕੌੜਾ ਮੱਲ, ਉਸ ਨੇ ਖੁੱਲ੍ਹੇ ਗੱਫੇ ਥੱਲੇ ਹਨ।–

ਸ਼ਾਮ ਸਿੰਘ ਕਿੱਥੇ ਹਨ?

ਬਿਨੋਦ ਸਿੰਘ ਲਓ ਮੈਂ ਸੁਣਾਉਂਦਾ ਹਾਂ- ਦੀਵਾਨ ਕੌੜਾ ਮੱਲ ਨੂੰ ਖ਼ਬਰਾਂ ਤਾਂ ਲਾਹੌਰ ਦੇ ਦਰਬਾਰ ਵਿਚੋਂ ਸਭ ਮਿਲਦੀਆਂ ਹਨ ਨਾ, ਹੁਣ ਉਸਨੇ ਸਿੱਖਾਂ ਦੀ ਤੰਗੀ ਦਾ ਹਾਲ ਸੁਣ ਕੇ ਅਨੇਕਾਂ ਗੱਡੇ ਆਟੇ ਆਦਿਕ ਦੇ ਇਕ ਬਾਣੀਏਂ ਦੀ ਸੌਂਪਣਾ ਵਿਚ ਘੱਲੇ ਹਨ। ਬਾਣੀਆਂ ਕੰਢੀ ਦਾ ਵਪਾਰੀ ਬਣ ਕੇ ਪਹਾੜਾਂ ਨੂੰ ਜਾ ਰਿਹਾ ਹੈ। ਅੱਜ ਛੰਭੋਂ ਤੋਂ ਦੋ ਮੀਲ ਪਰੇ ਉਤਰਿਆ ਪਿਆ ਹੈ, ਰਸਤੇ ਵਿਚ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੌਣ ਹੈ। ਇਹ ਗੱਲ ਸੁਣ ਕੇ ਸਰਦਾਰ ਕਪੂਰ ਸਿੰਘ ਬੋਲਿਆ ਬਈ! ਇਹ ਬਹਾਦਰ ਆਦਮੀ ਬੀ ਡਾਢਾ ਪੱਕਾ ਮਿਤ੍ਰ ਹੈ, ਸਦਾ ਔਕੜ ਵੇਲੇ ਪੁੱਕਰਦਾ ਹੈ, ਖਾਲਸੇ ਦਾ ਵੱਡਾ ਹਿਤੂ ਹੈ, ਅਰ ਵੈਰੀਆਂ ਦਾ ਇੱਡਾ ਹੁੱਦੇਦਾਰ ਹੋ ਕੇ ਫੇਰ ਸਾਡੇ ਨਾਲ ਪਿਆਰ ਇੰਨਾ ਹੈ ਕਿ ਜਿੰਦ ਜਾਨ ਹੈ ਜਿਵੇਂ।

ਸ਼ੇਰ ਸਿੰਘ— ਉਹ ਆਦਮੀ ਵੱਡੀ ਦੂਰ ਦੀ ਸੋਚ ਵਾਲਾ ਲੱਗਦਾ ਹੈ, ਉਹ ਪੱਕ ਜਾਣਦਾ ਹੈ ਕਿ ਇਕ ਦਿਨ ਸਿੱਖਾਂ ਰਾਜ ਕਰਨਾ ਹੈ ਅਰ ਚਾਹੁੰਦਾ ਹੈ ਕਿ ਇਹ ਤਕੜੇ ਹੋਕੇ ਛੇਤੀ ਜ਼ੁਲਮ ਵਾਲੇ ਰਾਜ ਨੂੰ ਨਾਸ ਕਰਨ।

ਸ਼ਾਮ ਸਿੰਘ ਤੁਸਾਨੂੰ ਫੇਰ ਪੂਰਾ ਪਤਾ ਨਹੀਂ, ਕੌੜਾ ਮੱਲ ਗੁਰੂ ਕਾ ਸਿੱਖ ਹੈ, ਖੁਲਾਸਾ ਸਿੰਘ, ਸਹਿਜਧਾਰੀ ਸਿੱਖ। ਜਿਸ ਬਾਣੇ ਵਿਚ ਰਹਿੰਦਾ ਹੈ ਇਸ ਵਿਚ ਰਹਿਕੇ ਹੀ ਪੰਥ ਨੂੰ ਔਖੇ ਵੇਲਿਆਂ ਤੇ ਪੁੱਕਰਦਾ ਹੈ ਤਦੇ ਤਾਂ ਪੰਥ ਵਿਚ ਇਸ ਨੂੰ ਹੁਣ ‘ਮਿੱਠਾ ਮੱਲ’ ਸੱਦਦੇ ਹਨ, ਆਪ ਸਿੰਘ ਹੈ, ਸਿੱਖਾਂ ਦਾ ਪੱਕਾ ਮਿਤ੍ਰ ਹੈ ਤੇ ਬਦੇਸ਼ੀ ਪਠਾਣਾਂ, ਹਮਲਾਆਵਰਾਂ ਦੇ ਪੈਰ ਨਹੀਂ ਲਗਣ ਦੇਣਾ ਚਾਹੁੰਦਾ।

ਬਿਨੋਦ ਸਿੰਘ— ਮੈਂ ਤੁਸਾਨੂੰ ਉਸ ਦੀ ਬਹਾਦਰੀ ਦੀ ਨਵੀਂ ਇਕ ਗੱਲ ਸੁਣਾਵਾਂ- ਸ਼ਾਹਪੁਰ ਯਾ ਕਿਸਦੇ, ਮੈਨੂੰ ਠੀਕ ਯਾਦ ਨਹੀਂ ਰਿਹਾ ਨਾਜ਼ਮਪੁਰ ਤਿੰਨ ਵੇਰ ਸਰਕਾਰ ਦੀ ਫੌਜ ਚੜਾਈ ਕਰਕੇ ਗਈ: ਤਿੰਨੇ ਵਾਰ ਹਾਰ ਖਾ ਕੇ ਆਈ। ਚੌਥੀ ਵੇਰ ਦੀਵਾਨ ਕੌੜਾ ਮੱਲ ਨੂੰ ਹੁਕਮ ਹੋਇਆ ਕਿ ਤੂੰ ਜਾਕੇ ਏ ਮੁਹਿੰਮ ਨੂੰ ਸਰ ਕਰ। ਸੋ ਇਹ ਫੌਜ ਲੈਕੇ ਸ਼ਹਿਰੋਂ ਦੋ ਕੁ ਕੋਹ ਉਤੇ ਜਾ ਉਤਰਿਆ। ਡੇਰਾ ਕਰਕੇ ਆਪ ਫਕੀਰੀ ਭੇਸ ਕਰ ਕੇ ਸ਼ਹਿਰ ਨੂੰ ਤੁਰਿਆ, ਇਕ ਬਾਗ ਵਿਚ ਉਥੋਂ ਦਾ ਹਾਕਮ ਤੇ ਦੋ ਕੁ ਹੋਰ ਆਦਮੀ ਸ਼ਤਰੰਜ ਖੇਡ ਰਹੇ ਸਨ ਕੌੜਾ ਮੱਲ ਨੇ ਜਾ ਸਦਾ ਕੀਤੀ, ਪਰ ਸ਼ਤਰੰਜ ਵਾਲਿਆਂ ਕਿਸੇ ਨਜ਼ਰ ਨਾ ਕੀਤੀ। ਪਲ ਕੁ ਖਲੋ ਕੇ ਅਚਾਨਕ ਪਲੰਘ ਤੇ ਚੜ੍ਹ ਗਿਆ ਅਰ ਨਾਜ਼ਮ ਨੂੰ ਢਾਹ ਕੇ ਛਾਤੀ ਤੇ ਬੈਠ ਗਿਆ ਤੇ ਖੰਜਰ ਕੱਢਕੇ ਉਸ ਦੀ ਛਾਤੀ ਤੇ ਧਰ ਦਿੱਤਾ। ਸੱਭੇ ਜਣੇ ਹੱਕੇ ਬੱਕੇ ਹੋ ਗਏ। ਕੌੜਾ ਮੱਲ ਜੋਸ਼ ਨਾਲ ਬੋਲਿਆ- ਸੁਣੋ! ਜੇ ਕੋਈ ਮੇਰੇ ਉਤੇ ਵਾਰ ਕਰੋ ਤਾਂ ਮੈਂ ਨਾਜ਼ਮ ਨੂੰ ਪਹਿਲੇ ਮੁਕਾ ਲਉਂ, ਏਸ ਕਰਕੇ ਮੈਨੂੰ ਮਾਰਨਾ ਤੁਹਾਡਾ ਅਫਲ ਹੈ। ਸੋ ਪਹਿਲਾਂ ਮੇਰੀ ਗੱਲ ਸੁਣ ਲਓ ਦੀਵਾਨ ਕੌੜਾ ਮੱਲ ਮੁਹਿੰਮ ਲੈ ਕੇ ਆਯਾ ਹੈ। ਨਾਜ਼ਮ ਦੇ ਦੀਵਾਨ ਨੇ ਕਿਹਾ, ਆਹੋ ਫੇਰ ਕੀ ਹੋਯਾ? ਦੋ ਕੋਹ ਦੀ ਵਾਟ ਪਰ ਉਤਰਿਆ ਹੈ ਨਾ, ਕੱਲ ਦੰਦ ਖੱਟੇ ਕਰਕੇ ਕੱਢ ਦਿਆਂਗੇ। ਓਹ ਫਕੀਰ (ਕੌੜਾ ਮੱਲ) ਬੋਲਿਆ- ਹੁਣ ਗੱਲ ਇਹ ਹੈ ਕਿ ਜੇ ਤੁਸੀਂ ਮੈਨੂੰ ਹੱਥ ਵੀ ਲਾਇਆ ਤਾਂ ਇਸ ਦੀ ਛਾਤੀ ਵਿਚ ਖੰਜਰ ਮਾਰ ਦਿਆਂਗਾ। ਖੰਜਰ ਛਾਤੀ ਤੇ ਰਖਿਆ ਹੈ, ਜ਼ਰਾ ਕੁ ਅੱਗੇ ਹੀ ਕਰਨਾ ਹੈ ਨਾ। ਜੇ ਮੈਂ ਮਰ ਗਿਆ ਤਾਂ ਦੀਵਾਨ ਕੌੜਾ ਮੱਲ ਦੇ ਸਿਰ ਤੋਂ ਵਾਰਿਆ, ਮੇਰੇ ਵਰਗੇ ਸੈਂਕੜੇ ਉਸਦੇ ਬੂਹੇ ਤੇ ਰੁਲਦੇ ਹਨ, ਤੁਸੀਂ ਇਸ ਪਲੰਘ ਨੂੰ ਇੱਕੁਰ ਹੀ ਚੁਕਾ ਕੇ ਦੀਵਾਨ ਸਾਹਿਬ ਦੇ ਤੰਬੂ ਤੱਕ ਲੈ ਚਲੋ। ਓਥੇ ਦੀਵਾਨ ਨਾਲ ਦੋ ਗੱਲਾਂ ਕਰ ਲਓ, ਬੱਸ ਮੈਂ ਕੁਝ ਨਹੀਂ ਮੰਗਦਾ। ਇਹ ਮੈਂ ਕੌਲ ਦੇਂਦਾ ਹਾਂ ਕਿ ਇਸ ਨੂੰ ਸਹੀ ਸਲਾਮਤ ਘਰ ਪੁਚਵਾ ਦਿਆਂਗਾ, ਓਥੇ ਵਾਲ ਵਿੰਗਾ ਨਹੀਂ ਹੋਵੇਗਾ। ਇਸ ਵੇਲੇ ਉਸਦਾ ਤੇਜ਼ ਅਰ ਅਚਾਨਕੀ ਦੀ ਸੱਟ ਤੇ ਬਿਖੜਾ ਦਾਉ ਅਜਿਹਾ ਭਾਰੂ ਪਿਆ ਕਿ ਸਾਥੀਆਂ ਵਿਚੋਂ ਕਿਸੇ ਨੂੰ ਕੁਝ ਨਾ ਅਹੁੜੇ, ਅੱਕ ਕੇ ਪਲੰਘ ਲੈ ਤੁਰੇ। ਜਦ ਦੀਵਾਨ ਦੇ ਤੰਬੂਆਂ ਲਾਗੇ ਪਹੁੰਚੇ ਤਾਂ ਦੀਵਾਨ ਹੁਰੀਂ ਝੱਟ ਛਾਲ ਮਾਰਕੇ ਤੰਬੂ ਦੇ ਅੰਦਰ ਵੜ ਗਏ, ਭੇਸ ਵਟਾ, ਜਿਗਾ ਲਾ ਕੇ ਬਿਲਕੁਲ ਠਾਠ ਬਦਲ ਅਗੁਵਾਈ ਕਰਨ ਨੂੰ ਬਾਹਰ ਆ ਗਏ ਤੇ ਨਾਜ਼ਮ ਨੂੰ ਬੜੇ ਅਦਬ ਨਾਲ ਤੰਬੂ ਦੇ ਅੰਦਰ ਲੈ ਗਏ। ਚਾਰ ਚੁਫੇਰੇ ਸੈਨਾ ਨੇ ਘੇਰਾ ਪਹਿਲੇ ਹੀ ਘੱਤ ਲਿਆ ਸੀ। ਗੱਲ ਕੀਹ ਦੀਵਾਨ ਜੀ ਦਾ ਮਿੱਠਾ ਬੋਲਣਾ ਤੇ ਰਾਜਨੀਤੀ ਦੀ ਵੀਚਾਰ ਐਸੀ ਪਈ ਕਿ ਹਾਕਮ ਨੇ ਲਾਹੌਰ ਦੀ ਤਾਬੇਦਾਰੀ ਮੰਨ ਲਈ ਅਰ ਇਕਰਾਰ ਨਾਮਾ ਲਿਖ ਕੇ ਟਕੇ ਭਰ ਦਿਤੇ। ਪਿੱਛੋਂ ਪੁੱਛਣ ਲੱਗਾ ਕਿ ਉਹ ਜਾਸੂਸ ਮੈਨੂੰ ਮਿਲਾਓ ਜੋ ਮੈਨੂੰ ਐਉਂ ਬੇਬਸ ਕਰ ਕੇ ਬਿਨਾਂ ਇਕ ਟੇਪਾ ਲਹੂ ਦਾ ਵੀਟੇ ਦੇ, ਆਪ ਪਾਸ ਲੈ ਆਇਆ ਹੈ, ਮੈਂ ਇਕ ਪਿੰਡ ਇਨਾਮ ਉਸ ਲਾਇਕ ਪੁਰਖ ਨੂੰ ਦਿਆਂਗਾ! ਪਰ ਦੀਵਾਨ ਨੇ ਸਿਰ ਫੇਰਿਆ ਕਿ ਓਹ ਤੁਹਾਡੇ ਸਾਹਮਣੇ ਨਹੀਂ ਆ ਸਕਦਾ। ਗੱਲ ਕੀ ਉਹ ਮੁਹਿੰਮ ਸਿਰੇ ਚੜ੍ਹੀ, ਦੀਵਾਨ ਜੀ ਦੀ ਬੜੀ ਪਤ ਵਧੀ ਕਿ ਇਕ ਬੂੰਦ ਲਹੂ ਦੀ ਵੀਟੇ ਬਿਨਾ ਫਤੇ ਕਰ ਆਇਆ।

ਸ਼ਹੀਦ ਦੀਪ ਸਿੰਘ ਬੋਲਿਆ ਇਹ ਕਾਰਨਾਮਾ ਭਾਰੀ ਰਾਜਨੀਤੀ ਤੇ ਤੇਜ ਪ੍ਰਤਾਪ ਦਾ ਹੈ। ਲੱਖੂ ਮੂਰਖ ਵਿਚ ਇਹ ਸਿਫਤਾਂ ਨਹੀਂ ਹਨ, ਉਹ ਧਿੰਗੋ ਸਾਹ ਤੇ ਅੜਬ ਹੈ।

ਬਿਨੋਦ ਸਿੰਘ ਇਸ ਮੁਹਿੰਮੋਂ ਮੁੜ ਆਉਂਦੇ ਦੀਵਾਨ ਨੇ ਇਕ ਅਚਰਜ ਨਿਆਉਂ ਕੀਤਾ ਹੈ ਕਿ ਇਕ ਜਿਠਾਣੀ ਪਾਸ ਮੈਂਹ ਤੇ ਇਕ ਦਿਰਾਣੀ ਪਾਸ ਭੇਡ ਸੀ। ਜਿਠਾਣੀ ਤਾਂ ਬਿਜੁਗਤਣ ਸੀ, ਨਾ ਦੁੱਧ ਬਚਦਾ ਨਾ ਮੱਖਣ ਤੇ ਦਿਰਾਣੀ ਨੇ ਭੇਡ ਦੇ ਦੁੱਧ ਵਿਚੋਂ ਮਣ ਕੱਚਾ ਮੱਖਣ ਜੋੜਿਆ। ਉਹ ਮੱਖਣ ਜਿਠਾਣੀ ਨੇ ਚੁਰਾ ਕੇ ਵਰਤ ਲੀਤਾ, ਜਾਂ ਦਿਰਾਣੀ ਨੂੰ ਪਤਾ ਲੱਗਾ ਤਾਂ ਲੜਾਈ ਹੋਈ। ਹੁੰਦੇ ਹੁੰਦੇ ਸਰਕਾਰੇ ਪਹੁੰਚੇ, ਹਾਕਮਾਂ ਪਾਸ ਗਏ, ਪਰ ਸਭ ਨੇ ਇਹੋ ਕਿਹਾ ਕਿ ਮੈਂਹ ਵਾਲੀ ਭੇਡ ਵਾਲੀ ਦੀ ਕਦ ਚੋਰੀ ਕਰ ਸਕਦੀ ਹੈ? ਅਰ ਭੇਡ ਤੇ ਮਣ ਮੱਖਣ? ਪਰ ਕਿਸੇ ਅਕਲ ਵਾਲੇ ਨੇ ਮੁਕੱਦਮੇ ਦੀ ਖੋਜ ਹੀ ਨਾ ਕੀਤੀ। ਜਾਂ ਇਕ ਦਿਨ ਦੀਵਾਨ ਜੀ ਨੇ ਆਪਣੇ ਕਿਸੇ ਦੌਰੇ ਵਿਚ ਇਸ ਪਿੰਡ ਕੋਲ ਜਾਕੇ ਡੇਰਾ ਕੀਤਾ ਤਦ ਸੱਚੀ ਦਿਰਾਣੀ ਅੱਗ ਲੱਗੇ ਮਨ ਨਾਲ ਦੀਵਾਨ ਪਾਸ ਨਿਆਂ ਕਰਾਉਣ ਆਈ। ਦੀਵਾਨ ਨੇ ਕਿਹਾ ਕਿ ਜਾਓ ਪਹਿਲਾਂ ਲਾਗਲੇ ਛੱਪੜ ਵਿਚੋਂ ਪੰਜ ਪੰਜ ਕੌਲ ਫੁਲ ਤੋੜ ਲਿਆਓ ਅਰ ਇਕ ਅਹਿਦੀਏ ਨੂੰ ਸੈਨਤ ਕਰਕੇ ਮਗਰ ਘੱਲਿਆ ਕਿ ਇਨ੍ਹਾਂ ਨੂੰ ਪੈਰ ਨਾ ਧੋਣ ਦੇਵੀ। ਜਾਂ ਦੋਵੇਂ ਮੁੜ ਕੇ ਆਈਆਂ ਤਾਂ ਇਕ ਇਕ ਟਿੰਡ ਪਾਣੀ ਦੀ ਦਿਵਾ ਕੇ ਦੀਵਾਨ ਜੀ ਨੇ ਕਿਹਾ ਕਿ ਜਾਓ ਪੈਰ ਧੋਕੇ ਹਾਜ਼ਰ ਹੋਵੇ। ਜਦ ਦੋਵੇਂ ਪੈਰ ਧੋ ਕੇ ਹਾਜ਼ਰ ਹੋਈਆਂ ਤਾਂ ਦੀਵਾਨ ਜੀ ਨੇ ਦੋਹਾਂ ਦੇ ਪੈਰਾਂ ਵੱਲ ਗਹੁ ਨਾਲ ਤਕਿਆ ਤੇ ਹੁਕਮ ਦਿੱਤਾ ਕਿ ਭੇਡ ਵਾਲੀ ਸੱਚੀ ਹੈ ਤੇ ਮੈਂਹ ਵਾਲੀ ਝੂਠੀ ਹੈ। ਆਪ ਦੇ ਇਸ ਫੈਸਲੇ ਪਰ ਸਭ ਹੈਰਾਨ ਹੋ ਗਏ। ਜਿਹੜੇ ਭੇਤੀ ਸਨ ਸੋ ਜਾਣਦੇ ਸਨ ਕਿ ਭੇਡ ਵਾਲੀ ਸੱਚੀ ਹੈ, ਸੋ ਉਸ ਇਲਾਕੇ ਵਿਚ ਆਪ ਦੇ ਨਿਆਂ ਦੀ ਬੜੀ ਧਾਕ ਹੋਈ। ਦੀਵਾਨ ਜੀ ਨੇ ਪੈਰਾਂ ਨੂੰ ਤੱਕ ਕੇ ਨਿਆਉਂ ਇਸ ਤਰ੍ਹਾਂ ਕੀਤਾ ਕਿ ਭੇਡ ਵਾਲੀ ਦੇ ਪੈਰ ਬਿਲਕੁਲ ਸਾਫ ਹੋ ਗਏ ਸਨ ਤੇ ਉਸਦੀ ਟਿੰਡ ਮੰਗਾ ਕੇ ਤੱਕੀ ਤਾਂ ਉਸ ਵਿਚ ਅਜੇ ਪਾਣੀ ਬਾਕੀ ਸੀ, ਤੇ ਮੈਂਹ ਵਾਲੀ ਦੀ ਟਿੰਡ ਖਾਲੀ ਸੀ, ਸਾਰਾ ਪਾਣੀ ਵਰਤ ਕੇ ਵੀ ਉਸ ਦੇ ਪੈਰਾਂ ਪਰ ਥਾਂ ਥਾਂ ਅਜੇ ਚਿੱਕੜ ਲੱਗਾ ਹੋਇਆ ਸੀ।

ਬਲਵੰਤ ਸਿੰਘ ਸੱਚੀ ਮੁਚੀ ਨਿਆਂ ਦੀ ਖੋਜ ਦਾ ਢੰਗ ਬੜਾ ਅਨੋਖਾ ਹੈਸੀ। ਹਾਂ ਸੱਚੀ ਬਿਨੋਦ ਸਿੰਘ ਜੀ! ਇਹ ਦੱਸੋ ਕਿ ਉਹ ਰਸਦ ਪਾਣੀ ਹੁਣ ਸਾਡੇ ਪਾਸ ਆਵੇ ਕਿੱਕੁਰ?

ਬਿਨੋਦ ਸਿੰਘ— ਮੈਂ ਤੇ ਬਿਜਲਾ ਸਿੰਘ ਇਕ ਹੱਥਕੰਡਾ ਕਰ ਆਏ ਹਾਂ, ਉਹ ਇਹ ਕਿ ਬਿਜਲਾ ਸਿੰਘ ਰਾਉਲ ਬਣਕੇ ਲੱਖੂ ਨੂੰ ਜਾ ਮਿਲਿਆ ਤੇ ਸੰਗਲੀ ਸੱਟਕੇ ਬੋਲਿਆ ਕਿ ਖਾਲਸਾ ਅੱਜ ਰਾਤੀਂ ਦੱਖਣ ਰੁਖੋਂ ਹੱਲਾ ਕਰੇਗਾ ਅਰ ਅੱਧੀ ਰਾਤ ਨੂੰ । ਲੱਖੂ ਨੇ ਅੱਜ ਸੈਨਾ ਦੱਖਣ ਰੁਖ ਕੱਠੀ ਕੀਤੀ ਹੈ ਅਰ ‘ ਮੋਰਚੇ ਬੰਨ੍ਹਕੇ ਉਦਾਲੇ ਤੋਪਖਾਨਾ ਬੀ ਉਸਨੇ ਬੀੜਿਆ ਹੈ ਉਤਰ ਰੁਖੋਂ ਸੈਨਾ ਖਿੱਚਕੇ ਹੇਠ ਨੂੰ ਵਧੇਰੇ ਕੱਠੀ ਕੀਤੀ ਗਈ ਹੈ, ਸੋ ਹੁਣ ਛੰਭ ਦੇ ਕੰਢੇ ਕੰਢੇ ਅੱਧ ਮੀਲ ਤੋਂ ਵਧੀਕ ਵਿੱਥ ਪੈ ਗਈ ਹੈ। ਜੇਕਰ ਖਾਲਸਾ ਹਿੰਮਤ ਕਰਕੇ ਅੰਨ ਦੇ ਬੋਰੇ ਬੋਰੀਆਂ ਹੱਥੋਂ-ਹਥੀ ਚੁਕ ਲਿਆਵੇ ਤਦ ਸੋਝਲੇ ਤੋਂ ਅੱਗੇ ਬਨ ਵਿਚ ਸਭ ਕੁਝ ਅੱਪੜ ਪਊ ਅਰ ਦਿਨ ਹੋਏ ਉਹ ਬਾਣੀਆਂ ਲੱਖੂ ਅੱਗੇ ਜਾ ਫਰਯਾਦ ਕਰੂ ਕਿ ਸਿੱਖਾਂ ਮੈਨੂੰ ਲੁੱਟ ਲਿਆ ਹੈ। ਇੰਕੁਰ ਦੀਵਾਨ ਕੌੜਾਮਲ ਤੇ ਕਿਸੇ ਨੂੰ ਸ਼ਕ ਨਾ ਪਊ। ਸਾਨੂੰ ਹੁਣ ਇਹ ਚਾਲ ਚੱਲਣੀ ਚਾਹੀਏ ਕਿ ਜਿਸ ਤੋਂ ਲੱਖੂ ਨੂੰ ਸ਼ੱਕ ਪੈ ਜਾਵੇ ਕਿ ਖਾਲਸੇ ਦਾ ਰੁੱਖ ਦੱਖਣ ਵੰਨੇ ਪੈ ਰਿਹਾ ਹੈ ਤੇ ਅੱਧੀ ਰਾਤ ਵੇਲੇ ਇਕ ਟੋਲਾ ਦੱਖਣ ਰੁਖ ਜਾਕੇ ਬਨ ਵਿਚੋਂ ਦਸ ਪੰਜ ਬੁਛਾੜਾਂ ਗੋਲੀਆਂ ਦੀਆਂ ਦੇਕੇ ਪਿੱਛੇ ਹਟ ਜਾਵੇ। ਇਕ ਤਾਂ ਰਾਉਲ ਦਾ ਕਹਿਣਾ ਸੱਚ ਹੋ ਜਾਊ ਦੂਜੇ ਲੱਖੂ ਦਾ ਗੋਲਾ ਬਾਰੂਦ ਵਿਅਰਥ ਜਾਊ ਤੀਸਰੇ ਅੱਜ ਬਿਜਲਾ ਸਿੰਘ ਨੇ ਉਸ ਤੰਬੂ ਨੂੰ ਅੱਗ ਲਾਉਣੀ ਹੈ, ਜਿਸ ਵਿਚ ਮਤਾਬ ਰਹਿੰਦੇ ਹਨ। ਓਹ ਫਿਰ ਪਹਿਲੇ ਹੀ ਫੂਕੇ ਜਾਣਗੇ ਜੁੱਧ ਵੇਲੇ ਹੋਊ ਹਨੇਰਾ ਘੁੱਪ ਇਸ ਲਈ ਵੈਰੀ ਸੱਜਣ ਮਿਤ੍ਰ ਨਾ ਪਛਾਣ ਸਕਣਗੇ। ਅਰ ਕਈ ਉਸ ਵੇਲੇ ਆਪੋ ਵਿਚ ਕੱਟ ਮਰਨਗੇ।

ਬਿਨੋਦ ਸਿੰਘ ਦੀ ਇਹ ਜੰਗ ਦੀ ਚਾਲ ਤੇ ਵਿਉਂਤ ਸਭ ਨੇ ਸਲਾਹੀ। ਇਕ ਟੋਲਾ ਤਾਂ ਦੱਖਣ ਰੁਖ ਜੰਗਲੋਂ-ਜੰਗਲ ਤੁਰਿਆ। ਇਸ ਜਥੇ ਨੇ ਇਸ ਆੜ ਦੇ ਟਿਕਾਣੇ ਰਹਿਕੇ ਵਾੜ ਝਾੜੀ। ਸ਼ੱਤਰੂ ਜਾਗ ਹੀ ਰਹੇ ਸਨ। ਆ ਗਏ ਆ ਗਏ ਦਾ ਰੌਲਾ ਮੱਚ ਗਿਆ। ਇਨਾਂ ਨੇ ਕੁਝ ਚਿਰ ਚੁਪ ਰਹਿ ਕੇ ਫਿਰ ਇਕ ਸ਼ਲਕ ਬੰਦੂਕਾਂ ਦੀ ਛੱਡੀ ਤੇ ਉਧਰ ਦਾ ਮੱਠਾ ਹੁੰਦਾ ਰੌਲਾ ਫਿਰ ਚਮਕ ਪਿਆ। ਇਸ ਤਰ੍ਹਾਂ ਵੈਰੀਆਂ ਵਿਚ ਖਲਬਲੀ ਮਚਾਉਂਦੇ ਸਾਰਾ ਰੁਖ ਉਸ ਪਾਸੇ ਕਰੀ ਰੱਖਿਆ ਤੇ ਆਪ ਬਾਹਰ ਹੋ ਕੇ ਨਾ ਲੜੇ। ਓਧਰ ਅਨੇਕਾਂ ਸਿੰਘ ਸਨੱਧ-ਬੱਧ ਹੋ ਛੰਭ ਦੇ ਕੰਢੇ ਕੰਢੇ ਵਹੀਰ ਪਾ ਰਾਤੋ ਰਾਤ ਖਾਣਾ ਦਾਣਾ ਲੈ ਕੇ ਆਪਣੇ ਬਨ ਰੂਪੀ ਘੁਰੇ ਵਿਚ ਜਾ ਵੜੇ। ਦਿਨ ਹੋਏ ਲੱਖੂ ਨੇ ਆਪਣੇ ਅਨੇਕਾਂ ਸਿਪਾਹੀ ਮੋਏ ਡਿੱਠੇ ਤੇ ਬਾਣੀਏਂ ਦੇ ਲੁੱਟੇ ਜਾਣ ਦਾ ਮੁਕੱਦਮਾ ਬੀ ਪੇਸ਼ ਹੋ ਗਿਆ।

ਗੱਲ ਕੀ, ਦੀਵਾਨ ਕੌੜਾ ਮੱਲ ਦੇ ਘੱਲੇ ਹੋਏ ਅੰਨ ਨਾਲ ਖਾਲਸੇ ਦੇ ਕਈ ਦਿਨ ਚੰਗੇ ਲੰਘ ਗਏ, ਹੁਣ ਫੇਰ ਲੰਗਰ ਮਸਤਾਨਾ ਹੋ ਗਿਆ।

ਅਨੇਕ ਸਲਾਹਾਂ ਸੋਚਣ, ਰਾਤਾਂ ਫਿਕਰਾਂ ਤੇ ਬਾਨ੍ਹਣੂ ਬੰਨ੍ਹਣ ਦੀਆਂ ਜੁਗਤਾਂ ਸੋਚਦਿਆਂ ਬੀਤਣ, ਪਰੰਤੂ ਕੋਈ ਰਾਹ ਨਾ ਨਿਕਲੇ। ਹੁਣ ਲੱਖੂ ਨੇ ਜੰਗਲ ਕਟਵਾ ਲਏ, ਕਈ ਥਾਂ ਝੱਲ ਸਾੜੇ ਤੇ ਸੇਧਾਂ ਕਰ ਕਰ ਤੋਪਾਂ ਚਲਾਵੇ। ਭਾਈ ਰਤਨ ਸਿੰਘ ਜੀ ਭੰਗੂ, ਕਰਤਾ ਪ੍ਰਾਚੀਨ ਪੰਥ ਪ੍ਰਕਾਸ਼ ਲਿਖਦੇ ਹਨ:

ਤਬੇ ਦਿਵਾਨ ਬਿਲਦਾਰ ਬੁਲਾਏ। ਬਿਕਟ ਠੇਰ ਤਹਾਂ ਰਾਹ ਬਨਵਾਏ ॥ ਝਲ ਗਾੜੇ ਤਹਿਂ ਫੂਕ ਜਲਾਵੈਂ। ਸੇਧ ਧਰੇ ਤੁਰ ਤੋਪ ਚਲਾਵੈਂ ॥੪੮॥ ਤਬ ਸਿੰਘਨ ਕੇ ਬਹੁਤ ਸਤਾਯਾ। ਖਾਣੇ ਨੂੰ ਕੁਛ ਹੱਥ ਨ ਆਯਾ॥ ਭੁੱਖੇ ਹੋਇ ਸਿੰਘ ਆਗੇ ਤੁਰੇ। ਝੱਲੋਂ ਬਾਹਰ ਸਿੰਘ ਨਿਕਰੇ॥੪੯॥

ਛੇਕੜ ਜੰਗ ਦੇ ਢਾਈ ਫੱਟ ਸੋਚ ਕੇ ਖਾਲਸੇ ਨੇ ਇਹ ਫੈਸਲਾ ਕੀਤਾ ਕਿ ਭੁੱਖ ਦੇ ਹੱਥੋਂ ਮਰਨ ਨਾਲੋਂ ਹੁਣ ਲੜਦੇ ਭਿੜਦੇ ਨਿਕਲ ਚਲੀਏ।

ਇਹ ਠਾਣ ਕੇ ਇਕ ਦਿਨ ਅੱਧੀ ਰਾਤ ਨੂੰ ਸਾਰਾ ਖਾਲਸਾ ਉਪਰ ਨੂੰ ਟੁਰ ਪਿਆ ਅਰ ਸੂਰਜ ਚੜ੍ਹਨ ਤੋਂ ਅੱਗੇ ਪਹਾੜਾਂ ਵੱਲ ਨਿਕਲ ਗਿਆ। ਲੱਖੂ ਨੇ ਵੀ ਇਧਰੋਂ ਸਿੱਖਾਂ ਦਾ ਪਿੱਛਾ ਨਾ ਛੱਡਿਆ ਤੇ ਉਧਰ ਪਹਾੜੀ

ਰਾਜਿਆਂ ਨੂੰ ਟਾਕਰਾ ਕਰਨ ਲਈ ਲਿਖ ਘੱਲਿਆ।

ਸਿੰਘ ਹੁਣ ਪਹਾੜਾਂ ਦੇ ਰੁਖ ਹੋ ਗਏ। ਕੋਈ ਝੱਲਾਂ ਵਿਚ ਉਰਾਰ ਕੋਈ ਪਾਰ, ਓਟਾਂ ਲੈਂਦੇ ਰਾਵੀ ਦੇ ਕੰਢੇ ਜਾ ਪੁੱਜੇ। ਹਲਾ-ਸ਼ੇਰੀ ਕਰਕੇ ਸਿੰਘ ਦਰਿਆਓ ਪਾਰ ਹੋ ਗਏ। ਪਾਰ ਸਿੰਘ ਅੱਗੇ ਵਧੀ ਜਾਣ; ਇਧਰ ਤੁਰਕ ਸੈਨਾ ਮਗਰੋਂ-ਮਗਰ ਉਰਾਰ ਵਧੀ ਆਵੇ, ਸਿੰਘਾਂ ਨੂੰ ਡੇਰਾ ਨਾ ਕਰਨਾ ਮਿਲੇ।

ਨਹਿਂ ਡੇਰੇ ਸਿੰਘ ਕਰਨਾ ਮਿਲੈ। ਕਹੂੰ ਰਤਾ ਕਹੂੰ ਦਿਨ ਹੂੰ ਚਲੈਂ॥

ਨਹਿਂ ਸਿੰਘ ਨਾ ਕਛੁ ਰਹਿਓ ਪੱਲੇ । ਭਾਰ ਬ੍ਰਦਾਰੀ ਬਿਨ ਕਯਾ ਚੱਲੈ ॥੫੮॥

ਗੋਲੀ ਦਾਰੂ ਕਹੂੰ ਪਹੁੰਚੈ ਨਾਹੀਂ। ਕਾ ਸੋਂ ਸਿੰਘ ਸੁ ਕਰੈਂ ਲਰਾਈ॥

ਸ਼ਸਤਰ ਕਾਟਤ ਖੁੰਢ ਹੋਏ। ਰਾਤ ਦਿਵਸ ਸਿੰਘ ਨਾਂਹੀ ਸੋਏ॥੫੫॥

ਗਈ ਕਮਾਨ ਟੂਟ ਸੋ ਚਲਤੀ। ਤੀਰ ਮੁਕੇ ਫਿਰ ਮਿਲੇ ਨਾ ਭਗਤੀ॥ ਨੇਜ਼ੇ ਫਲਰਹੇ ਦੁਸ਼ਮਨ ਤਨ ਮੇਂ। ਬਿਨ ਦਾਨੇ ਭਏ ਘੋੜੇ ਮਾੜੇ। ਘਾੜੂ ਲਭੇ ਸੁ ਨਾਹੀ ਬਨ ਮੇਂ॥੫੬॥ ਬਿਨ ਬਸਤਰ ਤਨ ਧੂਪ ਸੁ ਸਾੜੇ॥ ਆਟਾ ਦਾਣਾ ਨਹੀਂ ਕਿਆ ਖਾਵੈਂ। ਪਾਣੀ ਬੀ ਤਹਿ ਹੱਥ ਨ ਆਵੈ॥੫੭॥

ਦੋਹਰਾ- ਅੱਧੀ ਮੌਤ ਮੁਸਾਫਰੀ ਸਾਰੀ ਮੌਤ ਸੁ ਭੁੱਖ॥

ਊਹਾਂ ਆਇ ਦੋਊ ਮਿਲੀ ਅਹਭਯੋ ਖਾਲਸੇ ਦੁੱਖ॥੫੨॥

ਹੁਣ ਸਿੱਖਾਂ ਪਹਾੜ ਤਕਾਏ ਕਿ ਅੱਗੇ ਹਿੰਦੂ ਹਨ ਸਾਨੂੰ ਸੁਖ ਦੇਣਗੇ। ਬਸੋਹਲੀ ਵੱਲ ਨੂੰ ਤੁਰ ਪਏ। ਕੁਛ ਸਿੰਘ ਬਸੋਹਲੀ ਪੁੱਜੇ ਭੰਗੂ ਜੀ ਲਿਖਦੇ ਹਨ:

ਅਗੇ ਬਸੋਹਲੀ ਬਹੁ ਪਰਬਤੀ ਜੁੜੇ।

ਸਿੰਘ ਨ ਸਮਝੀ ਹਮ ਵਲ ਕਰੇਂ।

ਕਈ ਸਿੰਘ ਜਾ ਤਿਨਮੇਂ ਰਲੇ॥੬੩॥

ਤਬ ਤਿਨ ਤੁਰਤ ਸੁ ਦੀਨੇ ਮਾਰ।

ਇਸ ਤਰ੍ਹਾਂ ਜੋ ਸਿੰਘ ਪੜਲ ਕਠੂਹੇ ਵੱਲ ਗਏ ਸਨ, ਓਹ ਬੀ ਲੁੱਟੇ ਕੁਟੇ ਗਏ, ਜੋ ਬਚੇ ਪਛੁਤਾਕੇ ਮੁੜੇ। ਤਦ ਚਾਰ ਚੁਫੇਰਿਓਂ ਬਲਾ ਵਿਚ ਘਿਰ ਗਏ। ਅੱਗੋਂ ਤਾਂ ਪਹਾੜੀ ਰਾਜੇ ਰਾਹ ਰੋਕ ਬੈਠੇ ਪਿੱਛੇ ਇਕ ਲਾਂਭ ਵੱਲ ਲੱਖੂ ਦੀ ਟਿੱਡੀ ਦਲ ਸੈਨਾਂ, ਦੂਜੀ ਲਾਂਭੇ ਹੁਣ ਜਲ ਭਰੀ ਨਦੀ ਆਪਣੇ ਪੂਰੇ ਬਲ ਵਿਚ ਠਾਠਾਂ ਮਾਰਦੀ ਵਹਿ ਰਹੀ ਸੀ। ਇਸ ਵੇਲੇ ਖਾਲਸੇ ਨੂੰ ਕੁਝ ਨਾ ਅਹੁੜੇ ਕਿ ਹੁਣ ਕੀ ਬੰਦੋਬਸਤ ਕੀਤਾ ਜਾਏ। ਹੱਲਾ ਕਰ ਕੇ ਸਿਧੇ ਪਹਾੜੀਆਂ ਦਾ ਇਕ ਮੋਰਚਾ ਤੋੜਿਆ। ਕੁਝ ਸਿੰਘਾਂ ਨੇ ਇਹ ਹੌਂਸਲਾ ਕੀਤਾ ਕਿ ਪਹਾੜਾਂ ਦੇ ਉਪਰ ਚੜ੍ਹ ਚੱਲੀਏ: ਪਰ ਪਹਾੜ ਅਜਿਹੇ ਤਿੱਖੇ ਸਨ ਕਿ ਬਹੁਤ ਜਣੇ ਡਿੱਗੇ ਅਰ ਮੋਏ, ਪਰ ਫੇਰ ਬੀ ਅਨੇਕਾਂ ਨੇ ਪੈਦਲ ਇਹ ਹਿੰਮਤ ਕੀਤੀ ਤੇ ਜੜ੍ਹਾਂ ਬੂਟੀਆਂ ਨੂੰ ਫੜ ਫੜ ਕੇ ਭਾਰੀ ਬਨਾਂ ਵਿਚ ਚੜ੍ਹ ਗਏ। ਇਕ ਹੋਰ ਜਥੇ ਨੇ ਹਿੰਮਤ ਕਰਕੇ ਫੌਜ ਅਗੇ ਕੀਤੀ ਅਰ ਨਦੀ ਦੇ ਕਿਨਾਰੇ ਪਹੁੰਚ ਕੇ ਘੋੜੇ ਦਰਿਯਾ ਵਿਚ ਠਲ੍ਹ ਦਿੱਤੇ, ਪਰ ਮੰਦੇ ਭਾਗਾਂ ਨੂੰ ਨਦੀ ਇਸ ਵੇਲੇ ਹੜ੍ਹ ਨਾਲ ਉਛਲ ਰਹੀ ਸੀ। ਵਹਿਣ ਦੇ ਜ਼ੋਰ ਨੂੰ ਘੋੜੇ ਨਾ ਸਹਾਰ ਕੇ ਬਹਾਦਰਾਂ ਨੂੰ ਰੋੜ੍ਹ ਲਿ ਚੱਲੇ। ਇਸ ਜਤਨ ਵਿਚ ਸਰਦਾਰ ਗੁਰਦਿਆਲ ਸਿੰਘ ਜਿਹੇ ਬਹਾਦਰ ਜਦ ਡੁੱਬ ਗਏ, ਤਦ ਕਿਸੇ ਨੇ ਫੇਰ ਦਰਿਆ ਦੇ ਠਿੱਲ੍ਹਣ ਦਾ ਹੌਂਸਲਾ ਨਾ ਕੀਤਾ। ਸਾਰਾ ਦਿਨ ਦੁਵੱਲੀ ਪਹਾੜੀ ਰਾਜਿਆਂ ਤੇ ਲਖਪਤੀਆਂ ਨਾਲ ਜੁੱਧ ਕਰਦੇ ਰਹੇ। ਦੁਸ਼ਮਨਾਂ ਦੀਆਂ ਤੋਪਾਂ ਅਰ ਗੋਲੇ ਬਾਰੂਦ ਨੇ ਵੱਡਾ ਨੁਕਸਾਨ ਕੀਤਾ। ਇਹਨਾਂ ਬੀਰਾਂ ਪਾਸ ਜੁੱਧ ਦਾ ਸਾਮਾਨ ਬੀ ਥੁੜ ਚੁੱਕਾ ਸੀ, ਕੇਵਲ ਧਰਮ ਦੀ ਆਨ ਸੀ ਜੋ ਇਸ ਵੇਲੇ ਇਹਨਾਂ ਨੂੰ ਦੁਧਾਰੀ ਤਲਵਾਰਾਂ ਦੇ ਮੁਕਾਬਲੇ ਵਿਚ ਡੋਲਣ ਨਹੀਂ ਦੇਂਦਾ ਸੀ। ਜਦ ਹਰ ਘੜੀ ਦਲ ਦਾ ਕੰਘਾ ਹੁੰਦਾ ਡਿੱਠਾ ਤੇ ਵੈਰੀ ਦਲ ਦਾ ਜ਼ੋਰ ਪੈ ਗਿਆ ਤਦ ਜਥੇਦਾਰਾਂ ਨੇ ਖਾਲਸਾ ਨੂੰ ਸਲਾਹ ਕਰਕੇ ਕਿਹਾ:

ਸਭ ਹਟੋ ਪੀਛੇ ਖਾਲਸ ਜੀ ਬਾਂਧ ਕਰ ਸਭ ਗੋਲ।

ਇਕ ਵਾਰ ਵੱਟ ਕਸੀਸ ਬਿਸਵੇ ਬੀਸ ਹੱਲਾ ਬੋਲ।

ਬਲ ਧਾਰ ਅਸੂ ਵਧਾਇਕੇ ਦਲ ਲਖੋ ਤੁਰਕੀ ਧਾਇ।

ਜੋ ਨਿਕਸੁ ਜੈਹੈ ਰਾਜ ਲੈਹੈ, ਮਰੇ ਗੁਰਪੁਰਿ ਜਾਇ।

(ਪੰ:ਪ੍ਰ:)

ਇਸ ਸਲਾਹ ਨੂੰ ਮੰਨ ਕੇ ਖਾਲਸਾ ਇਕ ਖੰਡਾਕਾਰ ਸ਼ਕਲ ਵਿਚ ਕੱਠਾ ਹੋਕੇ ਇਉਂ ਕਹਿਰਦਾ ਹੱਲਾ ਕਰ ਕੇ ਪਿਆ ਕਿ ਤੁਰਕੀ ਸੈਨਾ ਦੇ ਸੀਨੇ ਕੰਬਾ ਦਿੱਤੇ। ਜਿੱਕੁਰ ਤੋਰੀਆਂ ਦੀਆਂ ਵੇਲਾਂ ਨਾਲ ਭਰਪੂਰ ਖੇਤ ਵਿਚ ਦੀ ਮੋਰ ਪੱਤਿਆਂ ਨੂੰ ਚੀਰਦੇ ਨਿਕਲ ਜਾਂਦੇ ਹਨ, ਤਿਵੇਂ ਖਾਲਸੇ ਨੇ ਬੋਲ-ਬਾਲਾ ਕੀਤਾ।

ਕੇਹਰਿ ਜਿਉਂ ਭਬਕਾਰ ਦਿਤੇ ਉਤ ਸਿੰਘ ਪਰੈਂ ਦਸ ਬੰਸ ਕਿਦਾਈ।

ਸਿੰਘ ਸੂੰਹੀਦ ਚਹੈਂ ਸਭ ਹੋਵਨ ਤੁਰਕ ਲਰੈਂ ਨਿਜ ਜਾਨ ਬਚਾਈ।

ਮਾਰ ਸਥਾਰ ਕਰੈਂ ਤਲਵਾਰਨ ਖੋਜ ਫਿਰੇ ਲਖੂ ਦੁਸ਼ਟ ਕੇ ਤਾਈਂ।

ਰਾਖਤ ਸਿੰਘਨ ਕੋ ਗੁਰ ਯੋਂ ਜਿਮ ਦਾਂਤਨ ਪਾਂਤ ਨ ਜੀਭ ਰਹਾਈ।

ਇਸ ਬਿਧ ਇਕ ਭਾਰੀ ਘਮਸਾਨ ਮਚ ਗਿਆ। ਚੰਦ ਜਿਕੂੰ ਪਰਵਾਰ ਵਿਖੇ ਹੁੰਦਾ ਹੈ, ਇੱਕੁਰ ਸਿੰਘ ਵੈਰੀਆਂ ਵਿਚ ਘਿਰ ਗਏ, ਪਰ ਕਿਸ ਸੂਰਬੀਰਤਾ ਨਾਲ ਟਾਕਰਾ ਕਰਦੇ ਹਨ? ਜੱਸਾ ਸਿੰਘ ਸਰਦਾਰ ਦੇ ਪੱਟ ਵਿਚ ਗੋਲੀ ਲਗੀ, ਪਰ ਕੀ ਮਜਾਲ ਕਿ ਹੌਸਲਾ ਹਾਰੇ। ਹੱਨੇ ਨਾਲ ਪੱਟ ਨੂੰ ਬੰਨ੍ਹ ਕੇ ਜੰਗ ਵਿਚ ਉਸੇ ਤਰ੍ਹਾਂ ਲੜਦਾ ਰਿਹਾ, ਮਾਨੋਂ ਸੱਟ ਲੱਗੀ ਹੀ ਨਹੀਂ। ਇਕ ਪਾਸੇ ਫ਼ੈਜੁੱਲਾ ਖਾਂ ਨਾਮੇ ਬਾਰਾਂ ਹਜ਼ਾਰੀ ਸਰਦਾਰ ਸਿੱਖਾਂ ਦੇ ਆਹੂ ਲਾਹ ਰਿਹਾ ਸੀ, ਸਰਦਾਰ ਕਪੂਰ ਸਿੰਘ ਨੇ ਤੱਕ ਕੇ ਇਸ ਵੱਲ ਕਮਾਨ ਦੀ ਸ਼ਿਸ਼ਤ ਬੱਧੀ। ਇਸ ਦਸ਼ਾ ਨੂੰ ਦੇਖਕੇ ਇਕ ਤੁਰਕ ਤਲਵਾਰ ਧੂਕੇ ਉਸ ਪੁਰ ਪਿਆ, ਪਰ ਇਸ ਦੁਸ਼ਟ ਦੇ ਮਨਸੂਬੇ ਨੂੰ ਸੁੰਦਰੀ ਨੇ ਤਾੜ ਲੀਤਾ ਸੀ, ਘੋੜੇ ਨੂੰ ਅੱਡੀ ਲਾ ਉਸਨੂੰ ਆਨ ਵਿਚ ਹੀ ਤਲਵਾਰ ਦੇ ਵਾਰ ਨਾਲ ਘਾਇਲ ਕਰਕੇ ਘੋੜਿਉਂ ਥੱਲੇ ਮਾਰਿਆ। ਉਧਰੋਂ ਨਵਾਬ ਕਪੂਰ ਸਿੰਘ ਦੀ ਸ਼ਿਸ਼ਤ ਠੀਕ ਬੈਠੀ, ਫੈਜ਼ਲਾ ਖਾਂ ਪਾਰ ਬੋਲਿਆ। ਇਸ ਪ੍ਰਕਾਰ ਜਾਨਾਂ ਤੋੜ ਤੋੜ ਕੇ ਲੜਦਿਆਂ ਭਾਰਤ ਭੂਮੀ ਦੇ ਮੁਕਤੀ ਦਾਤਿਆਂ ਨੂੰ ਰਾਤ ਪੈ ਗਈ। ਯਥਾ:

‘ਭਯੋ ਘਲੂਘਾਰਾ ਭਾਰਾ ਕਹਿਰ ਕਹਾਰਾ ਤਹਿਂ ਜੂਝਗੇ ਹਜ਼ਾਰਾਂ ਸਿੰਘ ਤੁਰਕਨ ਕੋ ਘਾਇਕੈ। ਯਾ ਬਿਧ ਕਰਤ ਜੰਗ ਲਰਤ ਭਿਰਤ ਸਿੰਘ ਮਾਰਤ ਮਰਤ ਬਹੁ ਹੂਲ ਹਾਲ ਪਾਇਕੈ। ਦੁਹੂੰ ਦਿਸ ਤੁਰਕ ਪਹਾੜੀਏ ਲਰਤ ਜਾਹਿਂ ਮੱਧ ਦਲ ਸਿੰਘਨ ਕਾ ਚਲਯੋ ਤਬ ਧਾਇਕੇ। ਯਾ ਬਿਧ ਲਰਤ ਗਏ ਲਾਗ ਦੋਈ ਤੀਨ ਕੋਸ ਸੂਰਜ ਅਬੈਯੋ ਛਯੋ ਅੰਧਕਾਰ ਆਇਕੈ।’

ਜਾਂ ਰਾਤ ਹੋ ਗਈ, ਵੈਰੀਆਂ ਦੇ ਦਲ ਨੇ ਬਿਸਰਾਮ ਕੀਤਾ ਸਿੰਘ ਬੀ ਇਕ ਲਾਂਭੇ ਡੇਰੇ ਲਾ ਬੈਠੇ। ਰਹੇ ਖਹੇ ਸਿੰਘ ਭੁੱਲੇ ਭਟਕੇ ਸਭ ਉਥੇ ਬੇਲੇ ਵਿਚ ਕਿ ਜਿਥੇ ਸੁਖਾ ਸਿੰਘ ਜੀ ਪੁਜ ਗਏ ਸੇ, ਕੱਠੇ ਹੋ ਗਏ, ਪਰ ਹਾਇ ਸ਼ੋਕ! ਸਾਰੇ ਰਾਤ ਦਿਨ ਦਾ ਕਠਨ ਯੁੱਧ ਜਿਸ ਵਿਚ ਹਜ਼ਾਰਾਂ ਮਾਰੇ ਗਏ, ਅਣਗਿਣਤ ਜ਼ਖਮੀ ਹੋਏ, ਪੇਟੋਂ ਭੁੱਖੇ, ਦਿਨ ਦੇ ਥੱਕੇ ਟੁੱਟੇ, ਘਾਉ ਚੀਸਾਂ ਮਾਰਦੇ ਹਨ, ਜ਼ਖਮ ਤ੍ਰਾਟਾਂ ਖਾਂਦੇ ਹਨ, ਫੇਰ ਅਜੇ ਅਪਦਾ ਸਿਰ ਤੇ ਹੈ, ਪਰ ਵਾਹ ਅੰਮ੍ਰਿਤਧਾਰੀ ਸਿੰਘ। ਹਾਇ ਦੀ ਆਵਾਜ਼ ਨਹੀਂ ਨਿਕਲਦੀ, ਬਾਣੀਆਂ ਦੇ ਪਾਠ ਤੇ ਵਾਹਿਗੁਰੂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਇਸ ਵੇਲੇ ਸੁੰਦਰੀ, ਧਰਮ ਕੌਰ, ਮਾਈ ਸੱਦਾਂ, ਬੀਰ੍ਹਾਂ, ਧੰਮੋਂ ਆਦਿਕ ਸਾਰੀਆਂ ਸਿੰਘਣੀਆਂ ਫੱਟੇ ਹੋਏ ਭਰਾਵਾਂ ਦੇ ਘਾਵਾਂ ਪੁਰ ਤੇਲ ਤੇ ਮਲ੍ਹਮ ਦੇ ਫਹੇ ਰੱਖ ਰੱਖ ਕੇ ਪੱਟੀਆਂ ਬੰਨ੍ਹ ਰਹੀਆਂ ਹਨ। ਹਰੇਕ ਸਿੰਘ ਇਕ ਦੂਜੇ ਦੀ ਲੋੜ ਪੂਰੀ ਕਰਨ ਦੇ ਯਤਨ ਵਿਚ ਹੈ। ਇਥੇ ਇਕ ਪਿੰਡ ਨਜ਼ਰੀ ਪੈ ਗਿਆ, ਇਸ ਪਰ ਹੱਲਾ ਕਰਕੇ ਖਾਲਸੇ ਨੇ ਕੁਛ ਖਾਧਾ ਪੀਤਾ ਤੇ ਕੁਛ ਆਰਾਮ ਕੀਤਾ ਸੀ ਕਿ ਸਰਦਾਰ ਸ਼ਾਮ ਸਿੰਘ ਤੇ ਜੱਸਾ ਸਿੰਘ ਨੇ, ਜੋ ਅਜੇ ਘੋੜਿਆਂ ਪਰ ਹੀ ਸਨ, ਪੰਥ ਨੂੰ ਸਲਾਹ ਦਿੱਤੀ ਕਿ ਸਾਰੇ ਜ਼ਖਮ ਆਕੜ ਜਾਣਗੇ, ਭੁੱਖ ਦਾ ਦਬਾਉ ਨਿਰਬਲ ਕਰ ਦੇਊ ਤੇ ਸਵੇਰੇ ਵੈਰੀ ਸਾਨੂੰ ਹੱਥੋਂ-ਹੱਥ ਮੁਕਾ ਦੇਊ ਲੱਕ ਬੰਨ੍ਹੋ ਤਾਂ ਐਸ ਵੇਲੇ ਤੱਤੇ ਘਾਉ ਨਿਕਲ ਚੱਲੀਏ।

ਇਹ ਸਲਾਹ ਪਕਾ, ਖਾਲਸੇ ਨੇ ਅੱਧੀ ਰਾਤ ਵੇਲੇ ਫੇਰ ਚੜ੍ਹਾਈ ਕੀਤੀ। ਤੁਰਕਾਂ ਦੀ ਸੈਨਾ ਕੁਛ ਸੂੰਹ ਪਾ ਕੇ ਮਗਰ ਆਈ, ਪਰ ਜੋ ਝੱਲ ਵਿਚ ਵੜਿਆ ਸਿੰਘਾਂ ਮਾਰ ਲਿਆ ਤੇ ਜੋ ਝਲੋਂ ਬਾਹਰ ਨਿਕਲਿਆ ਉਹਨਾਂ ਮਾਰ ਲਿਆ। ਹੁਣ ਖ਼ਾਲਸੇ ਨੇ ਮਤਾ ਪਕਾਇਆ ਕਿ ਹੇਠਾਂ ਨੂੰ ਨੱਠਦੇ ਚੱਲੋ, ਪਰ ਵੈਰੀ ਨਾਲ ਡਟ ਡਟ ਕੇ ਲੜਦੇ ਪੈਰ ਪਿੱਛੇ ਪਾਈ ਚੱਲੋ। ਇਸ ਤਰ੍ਹਾਂ ਖਾਲਸਾ ਦਲ ਝੱਲਾਂ ਦੀ ਆੜ ਵਿਚ ਹੇਠਾਂ ਨੂੰ ਵੱਧਦਾ ਦਿਨ ਹੋਣ ਤੋਂ ਅੱਗੇ ਅੱਗੇ ਇਕ ਸੰਘਣੇ ਝੱਲ ਵਿਖੇ ਧਸ ਗਿਆ ਤੇ ਜਾ ਬਿਸਰਾਮ ਕੀਤਾ।

ਪਰ ਮਗਰੇ-ਮਗਰ ਲਖਪਤ ਇਥੇ ਬੀ ਆ ਪਹੁੰਚਾ, ਪਹਿਲਾਂ ਤਾਂ ਝੱਲ ਦੇ ਬਾਹਰ ਡੇਰਾ ਕਰ ਦਿੱਤਾ, ਪਰ ਫੇਰ ਇਕ ਡੌਲ ਸੋਚੀ, ਵਗਾਰੀ ਲੋਕ ਫੜ ਕੇ ਅਤੇ ਦੇਸ ਦੀ ਰੱਯਤ ਲਾਲਚ ਦੇ ਕੇ ਕੱਠੀ ਕੀਤੀ ਤੇ ਬੰਦੂਕਾਂ ਤੇ ਸੇਲੇ ਦੇ ਕੇ ਝੱਲ ਵਿਚ ਵਾੜ ਦਿੱਤੇ ਕਿ ਤੁਸੀਂ ਸਿੰਘਾਂ ਨੂੰ ਲੁੱਟ-ਕੁੱਟ ਲਉ ਤੇ ਮਾਰ ਦਿਓ। ਓਹ ਬੇਲੇ ਵਿਚ ਆ ਵੜੇ ਤੇ ਲੱਗੇ ਤੰਗ ਕਰਨ। ਹੁਣ ਸੁੱਖਾ ਸਿੰਘ ਨੇ ਕਿਹਾ, ਕਿ ਭਾਈ ਹੈ ਤਾਂ ਇਹ ਮੁਲਖੱਯਾ, ਪਰ ਸਸਤ੍ਰ ਲੈਕੇ ਆ ਪਿਆ ਹੈ, ਹੁਣ ਅੱਗੋਂ ਚੁਪ ਕੀਤੀ ਤਾਂ ਮਾਰੇ ਜਾਵਾਂਗੇ, ਇਨ੍ਹਾਂ ਨਾਲ ਜੁੱਧ ਰਚਾਓ। ਸੋ, ਇਕ ਤੁਲਵਾਂ ਹੱਲਾ ਜਦ ਬੋਲਿਆ ਤਾਂ ਸਭ ਉਠ ਭੱਜੇ ਤੇ ਖਹਿੜਾ ਛੁੱਟ ਗਿਆ। ਉਹਨਾਂ ਦੇ ਸ਼ਸਤ੍ਰ ਤੇ ਘੋੜੇ ਖਾਲਸੇ ਦੇ ਹੱਥ ਬਹੁਤ ਆਏ।

ਅੱਗੇ ਰਾਮੇ ਦਾ ਇਲਾਕਾ ਆ ਗਿਆ। ਉਹ ਖਾਲਸੇ ਦਾ ਵੈਰੀ ਸੀ, ਸੋ ਦਰਿਆ ਟੱਪਣਾ ਹੀ ਉਸ ਵੇਲੇ ਦਨਾਈ ਸੀ। ਓਥੇ ਫੇਰ ਖਾਲਸੇ ਨੇ ਦੱਭਾਂ ਦੇ ਤੁਲ੍ਹੇ ਬਣਾ ਕੇ ਉਪਰਾਲੇ ਕਰ ਕਰ ਕੇ ਦਰਿਆ ਟੱਪਿਆ। ਦੋ ਚਾਰ-ਘੜੀਆਂ ਪਾਰ ਠਹਿਰਕੇ ਪਿਛਲਿਆਂ ਨੂੰ ਨਾਲ ਮੇਲ ਲਿਆ, ਪਰ ਜੋ ਹੋਰ ਮਗਰੋਂ ਆਏ ਕਈ ਨਦੀ ਵਿਚ ਰੁੜ੍ਹੇ।

ਹੁਣ ਖਾਲਸਾ ਇਸ ਪਾਰ ਖੁੱਲ੍ਹੇ ਦੇਸ਼ ਵਿਚ ਆ ਗਿਆ, ਪਰ ਅੱਗੇ ਦਰਿਆ ਦੀ ਬਰੇਤੀ ਤਪ ਰਹੀ ਸੀ, ਦੁਖੀ ਖਾਲਸਾ ਮਾਰੂ-ਥੱਲੇ ਵਿਚ ਕਾਬੂ ਆ ਗਿਆ, ਪਿੰਡੇ ਨੂੰ ਝੁਲਸਣੇ ਵਾਲੀ ਲੂ ਵਗੇ, ਪੈਰਾਂ ਨੂੰ ਲੂਹਣ ਵਾਲ਼ੀ ਰੇਤ ਠਾਠਾਂ ਮਾਰਦੀ ਦਿੱਸੇ, ਬ੍ਰਿਛ ਬੂਟੇ ਦਾ ਮੁਸ਼ਕ ਨਾ ਲੱਭੇ ਸਵਾਰ ਤਾਂ ਅਗੇ ਤੁਰੇ ਜਾਣ, ਪੈਦਲਾਂ ਦਾ ਬੁਰਾ ਹਾਲ ਅਰ ਜਿਨ੍ਹਾਂ ਦੀਆਂ ਜੁੱਤੀਆਂ ਵੀ ਗੁਆਚ ਚੁਕੀਆਂ ਸਨ, ਉਹਨਾਂ ਲਈ ਤਾਂ ਮੌਤ ਆ ਢੁੱਕੀ। ਕਪੜੇ ਪਾੜ ਪਾੜ ਪੈਰਾ ਨੂੰ ਬੰਨ੍ਹਣ। ਭਰਾਵਾਂ ਨਾਲ ਕੋਈ ਪੈਦਲ ਦਸ ਕਦਮ ਘੋੜੇ ਤੇ ਚੜ੍ਹੇ, ਫੇਰ ਦੂਸਰਾ ਭਰਾ ਚੜ੍ਹੇ। ਇਸ ਤਰ੍ਹਾਂ ਦੁਖ ਆਪੋ ਵਿਚ ਵੰਡਦੇ ਸਾਡੇ ਜੇਹੇ ਨਾਸ਼ੁਕਰਿਆਂ ਨੂੰ ਜ਼ੁਲਮ ਤੋਂ ਛੁਡਾਉਣ ਲਈ ਆਪਣੇ ਸਰੀਰ ਪਰ ਕਸ਼ਟ ਝੱਲ ਕੇ ਬਹਾਦਰ, ਪਰ ਦੁੱਖਾਂ ਨਾਲ ਪੀੜਤ ਸਿੰਘ ਰੇਤ ਬਲਾ ਲੰਘਣ ਲੱਗੇ, ਯਥਾ ਪੰਥ ਪ੍ਰਕਾਸ਼-

ਫਾਰ ਫਾਰ ਕਪਰੇ ਤਨ ਕੇਰੇ। ਬਾਧੇ ਨਿਜ ਨਿਜ ਪਗਨ ਚੁਫੇਰੇ।

ਤੈ ਭੀ ਜਰੈਂ ਚਰਨ ਅਤਿ ਗੌਰੇ । ਚਿਲ ਚਿਲਾਇ ਸਿੰਘ ਆਗੇ ਦੌਰੇਂ।

ਭੁਖ ਤਿਖਾ ਕਰ ਭਏ ਲਾਚਾਰੀ। ਘਾਮ ਪਰੈ ਉਪਰ ਤੇ ਭਾਰੀ।

ਯਾ ਬਿਧਿਪਾਇ ਮੁਸੀਬਤ ਕੇਤੀ। ਦਲ ਸਿੰਘਨ ਕਾ ਲਖਯੋ ਬਰੇਤੀ।

ਹੁਣ ਸਿੰਘ ਦੁਖ ਭੋਗਦੇ ਮਾਝੇ ਵਿਚ ਜਾ ਅੱਪੜੇ। ਪਰ ਇਥੇ ਆਰਾਮ ਨਹੀਂ ਸਨ ਕਰ ਸਕਦੇ, ਕਿਉਂਕਿ ਲਖਪਤ ਦੇ ਮਗਰ-ਮਗਰ ਆਉਣ ਦਾ ਡਰ ਸੀ। ਸੋ ਸਿੰਘ ਦੱਬੀ ਗਏ, ਬਿਆਸਾ ਟੱਪੇ ਫੇਰ ਧਾਓ-ਧਾਈ ਸਤਲੁਜ ਪਾਰ ਹੋ, ਮਾਲਵੇ ਵਿਚ ਵੜ ਗਏ, ਹੁਣ ਲੱਖਪਤ ਨਿਰਾਸ ਹੋ, ਲਾਹੌਰ ਮੁੜ ਗਿਆ । ਪਰ ਪੜੋਲ ਤੋਂ ਕਠੂਹੇ ਆਦਿ ਥਾਵਾਂ ਤੋਂ ਬਹੁਤੇ ਸਿੰਘ ਥੱਕੇ ਟੁਟੇ ਜ਼ਖਮੀ ਤੇ ਹੋਰ ਜੋ ਪਕੜੇ ਗਏ, ਲਾਹੌਰ ਲੈ ਆਇਆ ਸੀ। ਇਨ੍ਹਾਂ ਨੂੰ ਇਸ ਨੇ ਦਿੱਲੀ ਦਰਵਾਜ਼ੇ ਦੇ ਬਾਹਰ ਮਰਵਾ ਦਿੱਤਾ। ਲਖਪਤ ਸ਼ਹੀਦ ਹੋਏ ਸਿੰਘਾਂ ਦੇ ਸਿਰਾਂ ਦੇ ਕਈ ਗੱਡੇ ਲਾਹੌਰ ਲਿਆਇਆ ਸੀ, ਜਿਨ੍ਹਾਂ ਨਾਲ ਖੂਹ ਭਰੇ ਤੇ ਬੁਰਜ ਉਸਾਰੇ ਗਏ ਸਨ ਉਥੇ ਤਦੋਂ ਘੋੜ ਮੰਡੀ ਸੀ, ਹੁਣ ਲੰਡਾ ਬਜ਼ਾਰ ਹੈ ਤੇ ਸ਼ਹੀਦ ਗੰਜ ਬੀ ਹੈ। ਭੰਗੂ ਜੀ ਲਿਖਦੇ ਹਨ।

ਪਾਸ ਨਵਾਬ ਗਏ ਥੇ ਸਾਰੇ। ਉਨ ਕੈ ਸੀਸਨ ਬੁਰਜ ਉਸਾਰੇ।

ਉਧਰ ਮਾਲਵੇ ਅੱਪੜਕੇ ਖਾਲਸੇ ਦੇ ਜਥੇ ਅੱਡ ਅੱਡ ਪਿੰਡੀ ਖਿੰਡ ਗਏ। ਮਾਲਵੇ ਦੇ ਸਿੰਘਾਂ ਨੇ ਆਪਣੇ ਪੀੜਤ ਭਰਾਵਾਂ ਦੀ ਵੱਡੀ ਆਗਤ-ਭਾਗਤ ਕੀਤੀ। ਜਖ਼ਮੀਆਂ ਦੇ ਇਲਾਜ ਹੋਣ ਲੱਗੇ, ਦੁਰਬਲਾਂ ਦੀ ਪਾਲਣਾ ਹੋਣ ਲੱਗੀ। ਇਸ ਪ੍ਰਕਾਰ ਲਖਪਤ ਨੇ ਜਿੰਨੀ ਪੰਥ ਦੀ ਹਾਨੀ ਕਰਕੇ ਉਸ ਨੂੰ ਜਰਜਰਾ ਕਰ ਦਿੱਤਾ ਸੀ, ਉਨਾ ਮਾਲਵੇ ਦੇ ਸਿੰਘਾਂ ਨੇ ਆਪਣੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਫੇਰ ਬਲੀ ਕਰ ਦਿੱਤਾ। ਫੂਲ ਮਹਾਰਾਜ ਦੇ ਇਲਾਕੇ ਵਿਚ ਸਰਦਾਰ ਸ਼ਾਮ ਸਿੰਘ ਦਾ ਜੱਥਾ ਉਤਰਿਆ, ਕਪੂਰ ਸਿੰਘ ਦਾ ਵਿਝੋਕੇ ਜੱਸਾ ਸਿੰਘ ਨੇ ਜੈਤੋਂ ਕੇ ਡੇਰਾ ਕਰਕੇ ਇਲਾਜ ਕਰਾਇਆ ਤੇ ਪੰਜ ਕੁ ਮਹੀਨਿਆਂ ਵਿਚ ਟੰਗ ਵਲ ਹੋ ਗਈ। ਜੋ ਸਿੰਘ ਪਹਾੜੀ ਚੜ੍ਹ ਗਏ ਸਨ, ਭੇਸ ਵਟਾ ਵਟਾ ਕੇ ਏਥੇ ਖਾਲਸੇ ਨੂੰ ਆ ਮਿਲੇ। ਸਿੰਘ ਸਮਾਂ ਪਾ ਕੇ ਫੇਰ ਤਿਆਰ-ਬਰ-ਤਿਆਰ ਹੋ ਗਏ। ਇਹ ਸਮਾਚਾਰ ਜੇਠ ਸੰਮਤ ੧੮੦੩ ਬਿ: ਵਿਖੇ ਹੋਏ ਸਨ ਅਰ ਇਹ ਜੁੱਧ ‘ਛੋਟੇ ਘੱਲੂਘਾਰੇ’ ਦੇ ਨਾਮ ਤੋਂ ਪ੍ਰਸਿੱਧ ਹੈ।

14 ਕਾਂਡ

ਕਈ ਇਤਿਹਾਸਕਾਰਾਂ ਦੀ ਰਾਇ ਹੈ ਕਿ ਅੱਠ ਕੁ ਹਜ਼ਾਰ ਦੇ ਲਗ ਪਗ ਖ਼ਾਲਸਾ ਏਸ ਜੰਗ ਵਿਚ ਸ਼ਹੀਦ ਹੋਇਆ। ਕੋਈ ਇਸ ਸੰਖਯਾ ਨੂੰ ਦਸ ਬਾਰਾਂ ਹਜ਼ਾਰ ਤੀਕ ਦੱਸਦੇ ਹਨ, ਪਰ ਰਤਨ ਸਿੰਘ ਜੀ ਲਿਖਦੇ ਹਨ ਕਿ ਕੋਈ ਚਾਲੀ, ਕੋਈ ਪੰਜਾਹ ਹਜ਼ਾਰ ਦੱਸਦਾ ਹੈ, ਗਿਣਤੀ ਦਾ ਠੀਕ ਪਤਾ ਨਹੀਂ। ਪਰ ਇਨ੍ਹਾਂ ਬਹਾਦਰਾਂ ਦੀ ਯਾਦਗਾਰ ਸਿੱਖੀ ਨੇ ਵੀ ਕਾਇਮ ਨਹੀਂ ਕੀਤੀ। ਜਗਤ ਦੀਆਂ ਹੋਰ ਕੌਮਾਂ ਨੇ ਆਪਣੇ ਵੱਡਿਆਂ ਦੇ ਰਾਈ ਜਿੰਨੇ ਉਪਕਾਰ ਬੀ ਮੇਰੂ ਕਰਕੇ ਮੰਨੇ ਤੇ ਯਾਦਗਾਰਾਂ ਬਣਾਈਆਂ, ਪਰ ਧੰਨ ਹਨ ਸਿੱਖ ਜਿਨ੍ਹਾਂ ਨੇ ਪਰਬਤਾਂ ਜਿੱਡੇ ਉਪਕਾਰ ਚੇਤੇ ਬੀ ਨਹੀਂ ਰੱਖੇ, ਸਗੋਂ ਆਪਣਾ ਇਤਿਹਾਸ ਬੀ ਨਹੀਂ ਸੰਭਾਲਿਆ।

ਇਸ ਜੁੱਧ ਦੇ ਮਗਰੋਂ ਕਾਬਲ ਤੇ ਦਿੱਲੀ ਦੇ ਪਾਤਸ਼ਾਹਾਂ ਵਿਚ ਲਾਹੌਰ ਦਾ ਇਲਾਕਾ ਦੁਖਸਮੀ ਵਹੁਟੀ ਵਾਂਗੂੰ ਦੁਖੀ ਰਿਹਾ। ਇਸਦਾ ਸਮਾਚਾਰ ਇਹ ਹੈ ਕਿ ਲਾਹੌਰ ਦਾ ਨਵਾਬ ਜ਼ਕਰੀਯਾ ਖਾਂ ਸੀ, ਜਿਸਦਾ ਪ੍ਰਸਿੱਧ ਨਾਉਂ ਖਾਨ ਬਹਾਦਰ ਸੀ। ਸਿੱਖ ਖਾਂ ਸੱਦਦੇ ਸਨ। ਇਹ ਸੰਮਤ ੧੭੮੩ (੧੭੨੬ ਈ:) ਦੇ ਲਗ ਪਗ ਲਾਹੌਰ ਦਾ ਸੂਬਾ ਹੋਇਆ ਤੇ ਜੇਠ ੧੮੦੨ (੧੭੪੫ ਈ:) ਵਿਚ ਮਰ ਗਿਆ। ਫਿਰ ਇਸ ਦਾ ਪੁੱਤ੍ਰ ਯਾਹਯਾ ਖਾਂ* ਲਾਹੌਰ ਦਾ ਸੂਬਾ ਹੋਇਆ ਤੇ ਦੂਜਾ ਪੁੱਤ੍ਰ ਸ਼ਾਹ ਨਵਾਜ਼ ਖਾਨ ਮੁਲਤਾਨ ਦਾ ਹਾਕਮ ਬਣਿਆ ਸੀ। ਘੱਲੂਘਾਰਾ ਯਾਹਯਾ ਖਾਂ ਦੇ ਸਮੇਂ ਜੇਠ ੧੮੦੩ ਬਿਕ੍ਰਮੀ ਵਿਚ ਮੁੱਕਾ ਸੀ ਹੁਣ ਸ਼ਾਹ ਨਵਾਜ਼ ਨੇ ਕੀ ਕੀਤਾ ਕਿ ਲਾਹੌਰ ਪੁਰ ਚੜ੍ਹਾਈ ਕਰਕੇ ਫਤੇ ਪਾਈ ਤੇ ਆਪ ਲਾਹੌਰ ਦਾ ਮਾਲਕ ਬਣ ਬੈਠਾ ਤੇ ਆਪਣੇ ਭਰਾ ਯਾਹਯਾ ਖਾਂ ਨੂੰ ਕੈਦ ਕਰ ਲਿਆ। ਪਰ ਯਾਹਯਾ ਖਾਂ ਕਿਸੇ ਹਿਕਮਤ ਨਾਲ ਕੈਦ ਵਿਚੋਂ ਨਿਕਲ ਕੇ ਦਿੱਲੀ ਪੁੱਜ ਗਿਆ। ਇਹ ਗੱਲ ਸੁਣ ਕੇ ਸ਼ਾਹਨਵਾਜ਼ ਨੂੰ ਪਿੱਸੂ ਪਏ ਕਿ ਹੁਣ ਦਿੱਲੀ ਦੀ ਪਾਤਸ਼ਾਹ ਦੀ ਫੌਜ ਆ ਕੇ ਜ਼ਰੂਰ ਮੇਰਾ ਕੰਘਾ ਕਰੇਗੀ, ਇਸ ਕਰਕੇ ਉਸ ਨੇ ਕਾਬਲ ਦੇ ਪਾਤਸ਼ਾਹ ਅਹਿਮਦ ਸ਼ਾਹ ਦੁਰਾਨੀ ਨੂੰ ਚਿੱਠੀ ਲਿਖੀ ਕਿ ਆਪ ਲਾਹੌਰ ਆ ਕੇ ਮੈਥੋਂ ਰਾਜ ਲੈ ਲਵੋ। ਇਹ ਸੁਣਕੇ ਦੁਰਾਨੀ ਪਾਤਸ਼ਾਹ ਤਾਂ ਕਾਬਲੋਂ ਤੁਰਕੇ ਪਸ਼ੌਰ ਆ ਪਹੁੰਚਾ ਤੇ ਉਧਰੋਂ ਦਿੱਲੀ ਦੇ ਪਾਤਸ਼ਾਹ ਨੇ ਸ਼ਾਹਨਵਾਜ਼ ਨੂੰ ਲਿਖ ਘੱਲਿਆ ਕਿ ਅਸੀਂ ਤੈਨੂੰ ਲਾਹੌਰ ਦਾ ਨਾਜ਼ਮ ਆਪਣੀ ਵਲੋਂ ਪ੍ਰਵਾਨ ਕਰਦੇ ਹਾਂ, ਤੂੰ ਆ ਰਹੇ ਦੁਰਾਨੀ ਪਾਤਸ਼ਾਹ ਦਾ ਟਾਕਰਾ ਕਰ। ਇਸ ਪੇਚ ਵਿਚ ਆ ਕੇ ਸ਼ਾਹ ਨਵਾਜ਼ ਨੇ ਦੁਰਾਨੀ ਦਾ ਟਾਕਰਾ ਕੀਤਾ, ਪਰ ਹਾਰ ਖਾ ਦਿੱਲੀ ਨੂੰ ਨੱਸ ਗਿਆ। ਦੁਰਾਨੀ ਦਾ ਇਹ ਹੱਲਾ ਪੋਹ ੧੮੦੪ ਬਿ: ਵਿਚ ਹੋਇਆ। ਲਾਹੌਰ ਨੂੰ ਬੇਤਰਸ ਦੁੱਰਾਨੀਆਂ ਨੇ ਬੁਰੀ ਤਰ੍ਹਾਂ ਲੁੱਟਿਆ ਤੇ ਇਸ ਪਰ ਕਬਜ਼ਾ ਕਰ ਲਿਆ। ਲਖਪਤ ਜਦ ਆਪਣੀ ਰਕਮ ਦੇ ਚੁਕਾ ਤਾਂ ਉਸਦੀ ਗੁੱਡੀ ਹੋਰ ਚੜ੍ਹੀ, ਲਾਹੌਰ ਦਾ ਬੰਦੋਬਸਤ ਕਰ ਕੇ ਅਬਦਾਲੀ ਆਪ ਦਿੱਲੀ ਜਿੱਤਣ ਨੂੰ ਅੱਗੇ ਤੁਰਿਆ। ਸਰਹਿੰਦ ਤੋਂ ਉਚੇਰੇ ਮਾਣੂ ਪੁਰ ਕੋਲ ਦਿੱਲੀ ਦੀ ਫੌਜ ਨਾਲ ਲੜਾਈ ਹੋਈ, ਜਿਸ ਵਿਚ ਦੁੱਰਾਨੀ ਹਾਰ ਕੇ ਆਪਣੇ ਦੇਸ਼ ਨੂੰ ਨੱਸ ਗਿਆ। ਕਹਿੰਦੇ ਹਨ ਕਿ ਦੁੱਰਾਨੀ ਜਾਂਦਾ ਹੋਇਆ ਲਖਪਤ ਨੂੰ ਲਾਹੌਰ ਦਾ ਸੂਬਾ ਬਣਾ ਗਿਆ। ਪਰ ਲਾਹੌਰ ਦਾ ਰਾਜ ਦਿੱਲੀ ਦੇ ਪਾਤਸ਼ਾਹ ਵਲੋਂ ਮੁਅੱਯਨੁਲ ਮੁਲਕ ਨੂੰ ਮਿਲਿਆ, ਜਿਸ ਨੇ ਕਿ ਅਬਦਾਲੀ ਨੂੰ ਭਾਂਜ ਦਿੱਤੀ ਸੀ ਤੇ ਜਿਸ ਦਾ ਨਾਉਂ ਮੀਰ ਮੁਅੱਯਨੁਲ ਮੁਲਕ ਵੱਜਿਆ।

ਦੀਵਾਨ ਲਖਪਤ ਕੈਦ ਕੀਤਾ ਗਿਆ ਅਰ ਉਸ ਪਰ ੩੦ ਲੱਖ ਦਾ ਜੁਰਮਾਨਾ ਲੱਗਾ। ੨੦-੨੨ ਲੱਖ ਤਾਂ ਉਸ ਦੀ ਜਾਇਦਾਦ ਕੁਰਕ ਕਰਨ ਨਾਲ ਵਸੂਲ ਹੋਇਆ ਤੇ ਬਾਕੀ ਬਦਲੇ ਸਰਕਾਰੀ ਕੈਦ ਵਿਚ ਪਾਇਆ ਗਿਆ। ਫਿਰ ਦੀਵਾਨ ਕੌੜਾ ਮੱਲ ਨੇ ਚੌਖੀ ਰਕਮ ਦੇ ਕੇ ਉਸ ਨੂੰ ਮਾਨੋਂ ਮੁੱਲ ਲੈ ਕੇ ਆਪਣੇ ਕਾਬੂ ਕੀਤਾ। ਦੀਵਾਨ ਕੌੜਾ ਮੱਲ ਦੀ ਪਤ ਹੁਣ ਨੇਕ ਨੀਯਤੀ ਤੇ ਹਰ ਤਰ੍ਹਾਂ ਦੀ ਪ੍ਰਬੀਨਤਾਈ ਕਰ ਕੇ ਦਰਬਾਰ ਵਿਚ ਬਹੁਤ ਵਧ ਗਈ ਸੀ।

ਹੁਣ ਲਖਪਤ ਦਾ ਅੰਤ ਦੱਸੀਏ ਕਿ ਕੀ ਹੋਇਆ? ਦੀਵਾਨ ਕੌੜਾ ਮੱਲ ਨੇ ਲਖਪਤ ਨੂੰ ਕਰੜੀ ਤਰ੍ਹਾਂ ਕੈਦ ਕੀਤਾ ਅਰ ਖਾਲਸੇ ਨੂੰ ਚੋਰੀ ਖ਼ਬਰ ਭੇਜ ਦਿੱਤੀ ਕਿ ਆਪਣੇ ਵੈਰੀ ਦੀ ਭੁਗਤ ਸਵਾਰ ਲਓ। ਸੋ ਸਿੱਖਾਂ ਨੇ ਉਸ ਨੂੰ ਉਸਦੇ ਮੰਦ ਕਰਮਾਂ ਦਾ ਜੋਗ ਦੰਡ ਦਿੱਤਾ। ਬੇਦੋਸ਼ਾਂ ਨੂੰ ਕਤਲ ਕਰਨਾ, ਹਜ਼ਾਰਾਂ ਨੂੰ ਤਸੀਹੇ ਦੇ ਕੇ ਮਾਰਨਾ ਤੇ ਕਈ ਵਿਧਵਾ ਸਿੰਘਣੀਆਂ, ਅਨਾਥ ਭੁਜੰਗੀਆਂ ਅਰ ਹੋਰ ਬੇਗੁਨਾਹਾਂ ਦਾ ਲਹੂ ਡੋਲ੍ਹਣਾ ਕਦੀ ਵਿਅਰਥ ਨਹੀਂ ਜਾ ਸਕਦਾ। ਲਖਪਤ ਦੀ ਮੌਤ ਬੜੇ ਕਸ਼ਟ ਵਾਲੀ ਸੀ, ਲਖਪਤ ਛੇ ਮਹੀਨੇ ਸਿੰਘਾਂ ਦੀ ਕੈਦ ਵਿਚ ਰਹਿਕੇ ਮੋਇਆ, ਪਰ ਦੰਡ ਦਾਤੇ ਉਸਦੇ ਕੀਤੇ ਜ਼ੁਲਮਾਂ ਦੀ ਪੜੋਪੀ ਨਾਲ ਉਸਦੀ ਗਿਣਤੀ ਕਰ ਰਹੇ ਸੀ। ਪਾਪੀ ਕੇ ਮਾਰਨੇ

ਪਾਪ ਮਹਾਂਬਲੀ ਹੈ।’ ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ ਵਿਚ ਲਿਖਿਆ ਹੈ:

ਦੁਖ ਗਹਿ ਅਤਿ ਲਖੂ ਮਰਯੋ, ਪਾਛੇ ਕੌੜਾ ਮੱਲ।

ਕਰੀ ਦੀਵਾਨੀ ਧਰਮ ਕੀ, ਲੀਨੋਂ ਜਸ ਜਗ ਭੁੱਲ।

ਜੇਠ ੧੮੦੩ ਘੱਲੂਘਾਰੇ ਤੋਂ ਬਾਅਦ ਪੋਹ ੧੮੦੪ ਤੱਕ ਬੀ ਖ਼ਾਲਸਾ ਸੁਖੀ ਨਹੀਂ ਹੋਇਆ। ਪਰ ਦੁਰਾਨੀ ਜਿਸ ਵੇਲੇ ਲਾਹੌਰ ਨੂੰ ਲੁੱਟ ਪੁੱਟ ਵੈਰਾਨ ਕਰਕੇ ਸਤਲੁਜੋਂ ਪਾਰ ਹੋਇਆ, ਖਾਲਸਾ ਜੀ ਝਾੜ ਝਾੜ ਵਿਚੋਂ ਨਿਕਲ ਪਏ ਤੇ ਲੱਗੇ ਆਪਣੇ ਬਦਲੇ ਲੈਣ। ਇਹ ਵੇਲਾ ਖ਼ਾਲਸੇ ਲਈ ਪੁਰਬੀਦਾ ਸੀ ਮਾਲਵੇ ਵਿਚ ਪਲਕੇ ਸਿੰਘ ਬੱਗੇ ਸ਼ੀਂਹ ਵਾਂਗੂੰ ਖੜੇ ਹੋ ਗਏ ਸਨ ਅਤੇ ਇਨ੍ਹਾਂ ਦੀ ਫ਼ੌਜੀ ਗਿਣਤੀ ੨੦ ਕੁ ਹਜ਼ਾਰ ਨੂੰ ਫੇਰ ਅੱਪੜ ਪਈ ਸੀ*। ਚਾਹੇ ਕਿਤਨੇ ਹੀ ਕਸ਼ਟਾਂ ਨਾਲ ਜੰਗਾਂ ਜੁੱਧਾਂ ਤੇ ਜ਼ੁਲਮਾਂ ਵਿਚ ਸਿੰਘ ਮਾਰੇ ਜਾਂਦੇ, ਪਰ ਇਨ੍ਹਾਂ ਦੀ ਗਿਣਤੀ ਫੇਰ ਪੂਰੀ ਹੋ ਜਾਂਦੀ। ਇਨ੍ਹਾਂ ਦੇ ਕੁਰਬਾਨੀ ਦੇ ਜੀਵਨ ਦਾ ਜਾਦੂ, ਇਨ੍ਹਾਂ ਦੀ ਪਵਿੱਤ੍ਰਤਾ ਤੇ ਬੰਦਗੀ, ਇਨ੍ਹਾਂ ਦਾ ਦੇਸ਼ ਨੂੰ ਸੁਤੰਤਰ ਕਰਨ ਦਾ ਚਾਉ ਤੇ ਹਾਕਮਾਂ ਦੇ ਜ਼ੁਲਮ ਹੋਰ ਹੋਰ ਪ੍ਰੇਮੀ ਪ੍ਰੇਰ ਕੇ ਲੈ ਆਉਂਦਾ ਤੇ ਅੰਮ੍ਰਿਤ ਦਾ ਪ੍ਰਵਾਹ ਜਾਰੀ ਰਹਿੰਦਾ। ਲਾਹੌਰ ਲਈ ਜਦ ਦਿੱਲੀ ਤੇ ਕਾਬਲ ਦੇ ਮਾਲਕ ਲੜ ਰਹੇ ਸਨ, ਖਾਲਸੇ ਨੇ ਵੈਰੀਆਂ ਤੋਂ ਬਦਲੇ ਲੈਣੇ ਅਰੰਭੇ। ਜਦ ਅਹਿਮਦ ਸ਼ਾਹ ਦੁੱਰਾਨੀ ਹਾਰ ਖਾਕੇ ਨੱਸਿਆ ਤਦ ਖਾਲਸੇ ਨੇ ਉਸ ਦਾ ਪਿੱਛਾ ਭੀ ਕੀਤਾ ਤੇ ਜਿਹਲਮ ਤਕ ਪਿੱਛਾ ਕਰ ਕੇ, ਲਈ ਜਾਂਦੇ ਦੇਸ ਦੇ ਮਾਲ ਵਿਚੋਂ ਚੋਖੀ ਲੁੱਟ-ਮਾਰ ਮੋੜ ਲੀਤੀ।

ਫੇਰ ਅੰਮ੍ਰਿਤਸਰ ਆ ਕੱਠੇ ਹੋਏ ਅਰ ਗੁਰਮਤਾ ਕੀਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਰਾਮਸਰ ਉਤੇ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹੀ ਗਈ ਸੀ, ਸਿੰਘਾਂ ਨੇ ਇਕ ਰਾਉਣੀ ਬਣਾਈ ਦੁਸ਼ਮਨ ਤੋਂ ਰੱਖਿਆ ਲਈ, ਜੋ ਛੋਟੀ ਛੋਟੀ ਕੱਚੀ ਕੰਧ (ਵਲਗਣ) ਖੜੀ ਕਰ ਲਈ ਜਾਏ, ਉਸ ਨੂੰ ਰੌਣੀ ਆਖਦੇ ਹਨ; ਇਹ ਇਕ ਫੌਜੀ ਸਿਰ-ਲੁਕਾਉਣੀ ਹੁੰਦੀ ਹੈ, ਇਸ ਨੂੰ ਮਗਰੋਂ ਗੜ੍ਹ ਬਣਾਇਆ ਗਿਆ ਸੀ ਅਰ ਇਸ ਦੇ ਗਿਰਦੇ ਖੇਤ ਬੀਜ ਕੇ ‘ਰਾਮ ਰੌਣੀ’ ਨਾਮ ਧਰਿਆ।

ਮੀਰ ਮੰਨੂੰ ਹੁਣ ਪੰਜਾਬ ਦਾ ਨਵਾਂ ਸੂਬਾ ਆਇਆ ਸੀ। ਇਹ ਬੀ ਸਿੱਖਾਂ ਦੇ ਮਗਰ ਹੱਥ ਧੋ ਕੇ ਪੈ ਗਿਆ ਤੇ ਇਸਨੇ ਭੀ ਬੜੇ ਅਤਯਾਚਾਰ ਆਰੰਭ ਕੀਤੇ। ਆਦੀਨਾ ਬੇਗ ਦੀ ਸਲਾਹ ਨਾਲ ਸਿੱਖਾਂ ਦੀਆਂ ਗ੍ਰਿਫਤਾਰੀਆਂ ਆਰੰਭ ਹੋ ਗਈਆਂ ਤੇ ਘੋੜ ਮੰਡੀ ਲਾਹੌਰ ਵਿਚ ਕਤਲਾਮਾਂ ਲੱਗੀਆਂ ਹੋਣ। ਇਧਰ ਦੇਸ ਵਿਚ ਸਿੱਖਾਂ ਵਿਰੁੱਧ ਇਹ ਕਹਿਰ ਜਾਰੀ ਕਰਕੇ ਮੰਨੂੰ ਨੇ ਰਾਮਰੌਣੀ ਸਰ ਕਰਨੀ ਚਾਹੀ ਤੇ ਰਾਉਣੀ ਸਰ ਕਰਨ ਲਈ ਉਸਨੇ ਆਦੀਨਾ ਬੇਗ ਨੂੰ ਥਾਪਿਆ, ਖਾਨ ਅਜ਼ੀਜ਼ ਸਦੀਕ ਬੇਗ ਆਦਿ ਨਾਲ ਦਿੱਤੇ ਤੇ ਕੱਚਾ ਕਿਲ੍ਹਾ ਸਰ ਕਰਨ ਲਈ ਅੰਮ੍ਰਿਤਸਰ ਘੱਲਿਆ। ਖਾਲਸਾ ਬੀ ਆਕੀ ਹੋ ਬੈਠਾ। ਬਾਹਰ ਦੇ ਸਿੰਘਾਂ ਨੇ ਇਹ ਖ਼ਬਰਾਂ ਸੁਣ ਕੇ ਦਾਣਾ ਘਾਹ ਪੱਠੇ ਆਦਿ ਭਰਾਵਾਂ ਨੂੰ ਗੱਡਿਆਂ ਦੇ ਗੱਡੇ ਭਰ ਕੇ ਘੱਲੇ, ਪਰ ਬਾਹਰਲੀ ਫੜੋ-ਫੜਾਈ ਨੇ ਰੋਕਾਂ ਪਾ ਦਿੱਤੀਆਂ। ਤੁਰਕ ਸੈਨਾ ਨੇ ਰੌਣੀ ਦੇ ਉਦਾਲੇ ਘੇਰਾ ਘੱਤਿਆ, ਕਿੰਨਾ ਸਮਾਂ ਇਸ ਗੱਲ ਨੂੰ ਬੀਤ ਗਿਆ, ਪਰ ਤੁਰਕਾਂ ਤੋਂ ਕੁਝ ਖੋਹਣ ਨਾ ਖੁੱਥੇ। ਸਿੱਖ ਅੰਦਰੋਂ ਹੀ ਉਹ ਵਾੜਾਂ ਝਾੜਨ ਕਿ ਚੇਤ ਦੀਆਂ ਹੋਲਾਂ ਵਾਂਗੂੰ ਵੈਰੀ ਦੀ ਸੈਨਾ ਭੁੱਜੇ। ਕਿਸੇ ਦਿਨ ਖਾਲਸਾ ਬਹਾਦਰ ਬਾਹਰ ਨਿਕਲ ਕੇ ਬੀ ਹੋਲਾ ਖੇਡ ਜਾਵੇ ਅਰ ਤੁਰਕਾਂ ਦੀ ਲੁੱਟ ਨਾਲ ਹੱਥ ਰੰਗ ਕੇ ਫੇਰ ਕਿਲ੍ਹੇ ਵਿਚ ਜਾ ਵੜੇ।

ਜੱਸਾ ਸਿੰਘ ਨਾਮੇ ਇਕ ਸਿੱਖ ਬੜਾ ਬਹਾਦਰ ਖਾਲਸੇ ਵਿੱਚ ਸੀ। ਇਕ ਵੇਰੀ ਧੀ ਮਾਰਨ ਦੇ ਸ਼ੁਭੇ ਵਿਚ ਸਿੱਖਾਂ ਨੇ ਉਸ ਨੂੰ ਛੇਕ ਦਿੱਤਾ ਸੀ, ਤਦ ਤੋਂ ਉਹ ਨਵਾਬ ਆਦੀਨਾ ਬੇਗ ਪਾਸ ਸੌ ਸਿੱਖ ਸਿਪਾਹੀ ਨਾਲ ਲੈ ਕੇ ਨੌਕਰ ਜਾ ਰਿਹਾ ਸੀ। ਆਦੀਨਾ ਬੇਗ, ਜੱਸਾ ਸਿੰਘ ਤੇ ਇਸ ਦੇ ਸਿੱਖ ਜਥੇ ਸਮੇਤ ਰਾਮ ਰੌਣੀ ਦੇ ਘੇਰੇ ਵਿਚ ਜੁੱਟਿਆ ਹੋਇਆ ਸੀ। ਤੁਰਕ ਸੈਨਾਂ ਨੇ ਸਿੱਖਾਂ ਨੂੰ ਘੇਰੇ ਵਿਚ ਕਰ ਕੇ ਕਈ ਮਹੀਨੇ ਟਪਾ ਦਿਤੇ। ਹੁਣ ਰਸਦ ਦਾਣਾ ਭੀ ਮੁੱਕਣ ਲੱਗਾ, ਤਦ ਤਾਂ ਅੰਦਰ ਡਾਢੀ ਔਕੜ ਆ ਬਣੀ। ਕਈ ਢੰਗ ਸੋਚਣ, ਪਰ ਕੋਈ ਪੇਸ਼ ਨਾ ਜਾਏ। ਛੇਕੜ ਖਾਲਸੇ ਨੇ ਸੋਚਿਆ ਕਿ ਹੁਣ ਸ਼ਹੀਦ ਹੋਣ ਦਾ ਵੇਲਾ ਹੈ, ਇਕੋ ਵਾਰੀ ਟੁੱਟ ਕੇ ਵੈਰੀ ਉਤੇ ਜਾ ਪਈਏ ਮਾਰ ਦੇਈਏ ਤੇ ਮਰ ਜਾਈਏ। ਇਸ ਗੱਲ ਦੀ ਖਬਰ ਤੁਰਕਾਂ ਵਿਚ ਜਾ ਪਹੁੰਚੀ। ਜੱਸਾ ਸਿੰਘ ਦੇ ਕੌਮੀ ਪਿਆਰ ਤੇ ਧਰਮ ਭਾਵ ਨੇ ਜੋਸ਼ ਖਾਧਾ ਤੇ ਸੋਚਣ ਲੱਗਾ ਕਿ ਪੰਥ ਸ਼ਹੀਦੀ ਪਾਊ ਤੇ ਮੈਂ ਖਾਲਸੇ ਤੋਂ ਬੇਮੁਖ ਮਰੂੰ, ਗੁਰੂ ਖਾਲਸਾ ਹੈ ਤੇ ਮੈਂ ਖਾਲਸੇ ਤੋਂ ਬੇਮੁਖ ਹਾਂ, ਜੋਗ ਹੈ ਕਿ ਤਨਖਾਹ ਬਖਸ਼ਾ ਕੇ ਸ਼ਹੀਦ ਹੋਈਏ ਤੇ ਮੁਕਤ ਭੁਗਤ ਲਵੀਏ।

ਇਸ ਪਛਤਾਵੇ ਵਿਚ ਤੀਰ ਨਾਲ ਬੰਨ੍ਹ ਕੇ ਖਾਲਸੇ ਨੂੰ ਚਿੱਠੀ ਘੱਲੀ ਤੇ ਤੀਰ ਨਾਲ ਹੀ ਉਤੱਰ ਪਹੁੰਚਣ ਤੇ ਆਪਣੇ ਸਾਥੀਆਂ ਸਣੇ ਤੁਰਕਾਂ ਵਿਚੋਂ ਨਿਕਲ ਕੇ ਖਾਲਸੇ ਦੇ ਚਰਨਾਂ ਵਿਚ ਜਾ ਕੇ ਤਨਖਾਹ ਬਖਸ਼ਾ ਕੇ ਸ਼ਹੀਦੀ ਦਾ ਅੰਮ੍ਰਿਤ ਪੀਣ ਲਈ ਸਾਂਝੀਵਾਲ ਹੋ ਗਿਆ।

ਅਸੀਂ ਦੱਸ ਆਏ ਹਾਂ ਕਿ ਰੌਣੀ ਤੇ ਹੱਲਾ ਕਰਨ ਤੋਂ ਪਹਿਲੋਂ ਦੇਸ਼ ਵਿਚ ਮੰਨੂੰ ਨੇ ਸਿੱਖਾਂ ਦੀ ਕਤਲਾਮ ਫੇਰ ਸ਼ੁਰੂ ਕੀਤੀ ਹੋਈ ਸੀ। ਇਧਰ ਰਾਮ ਰੌਣੀ ਨੂੰ ਘੇਰਾ ਪਾਇਆ ਹੋਇਆ ਸੀ ਤੇ ਉਧਰ ਉਹਨਾਂ ਸਿੱਖਾਂ ਨੂੰ, ਜੋ ਪਹਾੜਾਂ ਵਿਚ ਲੁਕੇ ਹੋਏ ਸਨ, ਰਾਜਿਆਂ ਵਲ ਖਤ ਪਾ ਕੇ ਪਕੜਵਾ ਮੰਗਵਾਇਆ ਸੀ। ਸੈਂਕੜੇ ਸਿੱਖ ਰੋਜ਼ ਪਕੜੇ ਆਉਂਦੇ ਤੇ ਨਖ਼ਾਸ ਵਿਚ ਕਤਲ ਕੀਤੇ ਜਾਂਦੇ ਸਨ।*

ਆਦੀਨਾ ਬੇਗ ਨੇ ਕਿਸੇ ਫਰੇਬ ਨਾਲ ਸਿੱਖਾਂ ਨੂੰ ਸੁਲਹ ਦੇ ਬਹਾਨੇ ਸੱਦਕੇ ਕਤਲ ਕਰਨ ਦਾ ਮਨਸੂਬਾ ਸੋਚਿਆ ਸੀ, ਪਰ ਸਿੱਖ ਸਰਦਾਰ ਤਾੜ ਗਏ ਸਨ ਤੇ ਕਾਬੂ ਨਹੀਂ ਆਏ ਸਨ। ਆਦੀਨਾਬੇਗ ਨੇ ਲਾਹੋਰੋਂ ਹੁਣ ਹੋਰ ਫੌਜ ਮੰਗਵਾਈ। ਇਸੇ ਨਾਲ ਮੰਨੂੰ ਨੇ ਦੀਵਾਨ ਕੌੜਾ ਮਲ ਨੂੰ ਘੱਲਿਆ। ਦੀਵਾਨ ਸਾਹਿਬ ਹੁਣ ਮੁਸ਼ਕਲ ਵਿਚ ਸਨ ਸਿੱਖਾਂ ਦੀ ਤਾਕਤ ਨੂੰ ਉਹ ਨਸ਼ਟ ਨਹੀਂ ਹੋਣ ਦੇਣਾ ਚਾਹੁੰਦੇ ਸਨ ਤੇ ਫ਼ਰਜ਼ ਮਨਸਬੀ ਹੋਰ ਸੀ। ਦੱਸੀਦਾ ਹੈ ਕਿ ਸਰਦਾਰ ਜੱਸਾ ਸਿੰਘ ਨੇ ਦੀਵਾਨ ਸਾਹਿਬ ਨੂੰ ਲਿਖਿਆ ਕਿ ਇਹ ਵੇਲਾ ਹੈ ਖਾਲਸੇ ਦੀ ਮਦਦ ਦਾ ਤੁਸੀਂ ਸਾਡੇ ਮਿੱਤਰ ਹੋ ਬਹੁੜੋ, ਦੀਵਾਨ ਜੀ ਨੇ ਹੁਣ ਸੋਚਿਆ ਕਿ ਮੰਨੂੰ ਤੇ ਸਿੱਖਾਂ ਦੀ ਸੁਲਹ ਕਰਾ ਦਿਆਂ, ਸਿੱਖਾਂ ਤੇ ਮੰਨੂੰ ਦੀ ਤਾਕਤ ਰਲ ਕੇ ਬਦੇਸ਼ੀ ਅਹਿਮਦਸ਼ਾਹ ਦੁਰਾਨੀ ਦਾ ਟਾਕਰਾ ਕਰੇ ਤੇ ਪਠਾਣੀ ਜ਼ੋਰ ਨਾ ਪੰਜਾਬ ਵਿਚ ਬੱਝਣਾ ਪਾਵੇ। ਸੋ ਆਪ ਨੇ ਲਾਹੌਰ ਜਾ ਕੇ ਮੰਨੂੰ ਨਾਲ ਆਪਣਾ ਜ਼ਿੰਮਾਂ ਲੈ ਕੇ ਸੁਲਹ ਕਰਾ ਦਿੱਤੀ । ਸਿਖ ਸੁਖੀ ਹੋ ਗਏ ਤੇ ਕੁਛ ਮਹੀਨੇ ਅਰਾਮ ਦੇ ਲੰਘੇ ਤੇ ਖਾਲਸੇ ਦੀ ਗਿਣਤੀ ਭੀ ਖੂਬ ਵਧੀ। ਲਗ ਪਗ ਵਰ੍ਹੇ ਕੁ ਦੇ ਬੀਤਿਆ ਹੋਊ ਕਿ ਦੁਰਾਨੀ ਫੇਰ ਫ਼ੌਜ ਲੈ ਕੇ ਪੰਜਾਬ ਪਰ ਧਾਵਾ ਕਰਨ ਆਇਆ। ਇਹ ਮੱਘਰ ੧੮੦੫ ਬਿ: ਦੀ ਗੱਲ-ਬਾਤ ਹੈ।

ਮੱਘਰ ੧੮੦੫ (ਦਸੰਬਰ ੧੭੪੯ ਈ:) ਵਿਚ ਅਹਿਮਦਸ਼ਾਹ ਦੇ ਇਸ ਹਮਲੇ ਦੇ ਟਾਕਰੇ ਲਈ ਮੰਨੂੰ ਚਨਾਬ ਦੇ ਕਿਨਾਰੇ ਸੋਧਰੇ ਜਾ ਪਹੁੰਚਾ। ਪਰ ਮੰਨੂੰ ਅਹਿਮਦਸ਼ਾਹ ਨਾਲ ਬਰ ਮੇਚ ਨਾ ਸਕਿਆ ਤੇ ਸੁਲਹ ਮੁਨਾਸਬ ਸਮਝ ਕੇ ਚਾਰ ਜ਼ਿਲਿਆਂ ਦਾ ਮਾਲੀਆ ੧੪ ਕੁ ਲੱਖ ਦੇ ਲਗ ਪਗ ਦੇਣਾ ਕਰਕੇ ਉਸ ਨੂੰ ਮਗਰੋਂ ਲਾਹਿਆ ਸੋ ਦੁਰਾਨੀ ਬਿਨਾਂ ਕੋਈ ਤਕੜਾ ਜੰਗ ਕੀਤੇ ਦੇ ਮਾਲੀ ਮਾਰਕੇ ਟੁਰਦਾ ਹੋਇਆ ਤੇ ਮੰਨੂੰ ਇਧਰੋਂ ਨਿਚਿੰਤ ਹੋ ਕੇ ਲਾਹੌਰ ਆ ਬੈਠਾ। ਇਸਦੇ ਝੰਨਾ ਜਾਣ ਮਗਰੋਂ ਸਿੱਖਾਂ ਨੇ ਲਾਹੌਰ ਵਿਚ ਕੁਛ ਸੰਘਰਸ਼ ਕੀਤੀ ਸੀ, ਸੋ ਕਤਲਾਮ ਮੁੜ ਸ਼ੁਰੂ ਹੋਈ ਤੇ ਸਿੱਖ ਦੇ ਸਿਰ ਦਾ ਮੁੱਲ ੧੦) ਚੁੱਕਿਆ। ਕੁਛ ਚਿਰ ਇਹ ਕਹਿਰ ਦਾ ਜ਼ੁਲਮ ਘੁਕਿਆ, ਇੰਨੇ ਨੂੰ ਸ਼ਾਹ ਨਵਾਬ ਜੋ ਦਿੱਲੀ ਬੈਠਾ ਸੀ, ਉਥੋਂ ਵਜ਼ੀਰ ਨਾਲ ਗੰਢ ਤੁਪ ਕਰਕੇ ਮੁਲਤਾਨ ਦੀ ਸੂਬੇਦਾਰੀ ਦਾ ਪਰਵਾਨਾ ਲੈ ਕੇ ਮੁਲਤਾਨ ਤੇ ਆ ਪਿਆ। ਥੋੜੇ ਹੀ ਯਤਨ ਨਾਲ ਉਸਦਾ ਕਬਜ਼ਾ ਹੋ ਗਿਆ। ਹੁਣ ਆਪਣੇ ਆਪਨੂੰ ਪੱਕਾ ਕਰਕੇ ਉਹ ਲਾਹੌਰ ਦੀ ਹਕੂਮਤ ਮੀਰ ਮੰਨੂੰ ਤੋਂ ਖੋਹਣ ਲਈ ਫ਼ੌਜ ਭਰਤੀ ਕਰਨ ਲੱਗਾ। ਮੀਰ ਮੰਨੂੰ ਨੂੰ ਬੀ ਖਬਰਾਂ ਪੁੱਜ ਗਈਆਂ ਸਨ। ਉਸ ਨੇ ਇਕ ਅੱਧ ਦਿਨ ਦੁਖ ਤੇ ਸੋਚ ਵਿਚ ਰਹਿ ਕੇ ਮੁਲਤਾਨ ਤੇ ਹਮਲੇ ਦਾ ਫੈਸਲਾ ਕੀਤਾ ਤੇ ਮੁਹਿੰਮ ਕੌੜਾ ਮੱਲ ਦੇ ਸਪੁਰਦ ਕੀਤੀ। ਦੀਵਾਨ ਸਾਹਿਬ ਫੌਜਾਂ ਲੈ ਕੇ ਚੜ੍ਹ ਪਏ ਤੇ ਨਾਲ ਆਪਣੇ ਮਿੱਤ੍ਰ ਜੱਸਾ ਸਿੰਘ ਆਹਲੂਵਾਲੀਏ ਨੂੰ, ਦਸ ਕੁ ਹਜ਼ਾਰ ਖ਼ਾਲਸਾ ਫ਼ੌਜ ਦੇ ਨਾਲ, ਮਦਦ ਵਾਸਤੇ ਲੈ ਲਿਆ।

ਇਸ ਜੁੱਧ ਦਾ ਹਾਲ ਲੰਮੇਰਾ ਹੈ ਪਰ ਸਿੱਟਾ ਇਹ ਨਿਕਲਿਆ ਕਿ ਦੀਵਾਨ ਸਾਹਿਬ ਤੇ ਸਿੱਖਾਂ ਦੀ ਰਲਵੀਂ ਫੌਜ ਨੇ ਫ਼ਤਹ ਪਾਈ। ਇਹ ਜੰਗ ਮੱਘਰ ੧੮੦੫ ਵਿਚ ਛਿੜਿਆ ਸੀ ਤੇ ਦੀਵਾਨ ਸਾਹਿਬ ਦਾ ਰੱਖੜੀ ਵਾਲੇ ਦਿਨ ੧੮੦੬ ਤੇ ਮੁਲਤਾਨ ਵਿਚ ਕਬਜ਼ਾ ਹੋਇਆ। ਮੱਘਰ ਤੋਂ ਸਾਵਣ ਤਕ ਲਗਪਗ ੭-੮ ਮਹੀਨੇ ਮੁਹਿੰਮ ਪਰ ਲੱਗੇ।

ਇਸ ਸੇਵਾ ਦੇ ਬਦਲੇ ਮੀਰ ਮੰਨੂੰ ਵਲੋਂ ਦੀਵਾਨ ਸਾਹਿਬ ਕੌੜਾ ਮੱਲ ਨੂੰ ਮਹਾਰਾਜਗੀ ਦੀ ਪਦਵੀ ਮਿਲੀ ਅਤੇ ਮੁਲਤਾਨ ਤੇ ਸਾਰੇ ਦੱਖਣੀ ਪੰਜਾਬ ਦਾ ਰਾਜ ਉਸ ਦੇ ਤਾਬੇ ਕੀਤਾ ਗਿਆ।

ਇਸ ਗੁਰੂ ਦੇ ਸੇਵਕ ਮਹਾਰਾਜ ਕੌੜਾ ਮੱਲ ਨੇ ਸਿਖਾਂ ਨੂੰ ਬਹੁਤ ਇਨਾਮ ਦਿਤੇ ਅਰ ਅੰਮ੍ਰਿਤਸਰ ਆਕੇ ਹਰਿਮੰਦਰ ਦੀ ਸੇਵਾ ਕਰਾਈ।

ਲਖਪਤ ਨੇ ਉਸ ਵੇਲੇ ਦੇ ਨਵਾਬ ਦੀ ਸਲਾਹ ਨਾਲ ਸਰੋਵਰ ਮਿੱਟੀ ਨਾਲ ਭਰਵਾ ਦਿੱਤਾ ਹੋਇਆ ਸੀ, ਸੋ ਮਹਾਰਾਜਾ ਕੌੜਾ ਮੱਲ ਨੇ ਆਪ ਆਪਣੇ ਖਰਚ ਤੋਂ ਮਿੱਟੀ ਕਢਵਾ ਕੇ ਸਰੋਵਰ ਮੁੜ ਸਾਫ ਕਰਵਾ ਦਿੱਤਾ ਅਰ ਫੇਰ ਜਲ ਨਾਲ ਭਰਵਾ ਦਿੱਤਾ। ਮਹਾਰਾਜਾ ਕੌੜਾ ਮੱਲ ਪੱਕਾ ਸਿੱਖ ਸੀ ਤੇ ਹਰ ਸਮੇਂ ਪੰਥ ਨੂੰ ਪੁਕਰਦਾ ਸੀ। ਖ਼ਾਲਸਾ ਜੀ ਇਸਨੂੰ ‘ਮਿੱਠਾ ਮੱਲ’ ਸੱਦਿਆ ਕਰਦੇ ਸੀ। ਏਹ ਸਮਾਚਾਰ ੧੮੦੬-੧੮੦੭ ਬਿ: ਸੰਮਤ ਵਿਚ ਹੋਏ।

15 ਕਾਂਡ

ਹੁਣ ਕੁਝ ਸਮਾਂ ਪੰਜਾਬ ਤੇ ਸੁਖ ਦਾ ਬੀਤਿਆ। ਸਿੰਘ ਬੀ ਇਸ ਵੇਲੇ ਸੁਖੀ ਸਨ, ਲਾਹੌਰ ਬੀ ਅਮਨ ਵਿਚ, ਮੁਲਤਾਨ ਬੀ ਸੁਖ ਵਿਚ, ਦੁਆਬਾ ਬੀ ਚੈਨ ਵਿਚ, ਪਰ ਉਸ ਹਾਕਮ ਨੂੰ, ਜੋ ਸੁੰਦਰੀ ਦੇ ਪਿਛੇ ਪਿਆ ਹੋਇਆ ਸੀ, ਚੈਨ ਨਹੀਂ ਸੀ। ਉਸਨੂੰ ਫੜ ਮੰਗਵਾਉਣ ਦੇ ਅਨੇਕ ਉਪਾਉ ਸੋਚਦਾ: ਪਰ ਪੇਸ਼ ਨਾ ਜਾਂਦੀ। ਕਦੇ ਸਿਖਾਂ ਨਾਲ ਮੇਲ ਕਰਦਾ ਤੇ ਕਦੇ ਵੈਰ। ਹੁਣ ਇਹ ਫੇਰ ਮੈਤ੍ਰੀ ਰੱਖਣ ਲੱਗਾ, ਕਈ ਸੂੰਹੀਏਂ ਛਡੇ ਪਰ ਸੁੰਦਰੀ, ਜੋ ਧਰਮ ਦਾ ਸੂਰਜ ਸੀ, ਅਜਿਹੇ ਮੂਰਖਾਂ ਦੀ ਪਹੁੰਚ ਤੋਂ ਬਹੁਤ ਦੂਰ ਸੀ।

ਵਰ੍ਹਾ ਡੇਢ ਕੁ ਬੀਤਿਆ, ਮੀਰ ਮੰਨੂੰ ਨੇ ਆਪਣੇ ਕਰਾਰਾਂ ਮੂਜਬ ਕਾਬਲਵਾਲੇ ਨੂੰ ਟਕੇ ਨਾ ਭਰੇ ਸੋ ਉਹ ਫ਼ੌਜ ਲੈ ਕੇ ਪੰਜਾਬ ਪੁਰ ਤੀਸਰੀ ਵੇਰ ਚੜ੍ਹ ਆਯਾ। ਇਹ ਸੰਮਤ ੧੮੦੭ ਬਿ: ਦਾ ਸਮਾਚਾਰ ਹੈ। ਮੁਲਤਾਨੋਂ ਮਹਾਰਾਜਾ ਕੌੜਾ ਮੱਲ, ਜਲੰਧਰੋਂ ਆਦੀਨਾਬੇਗ ਤੇ ਹੋਰਨਾਂ ਥਾਵਾਂ ਤੇ ਹੋਰ ਸਰਦਾਰਾਂ ਨੂੰ ਸੱਦ ਕੇ ਜੰਗ ਦੀ ਤਿਆਰੀ ਕੀਤੀ ਗਈ ਤੇ ਮੋਰਚੇ ਬਣਾਏ ਗਏ। ਮਹਾਰਾਜਾ ਕੌੜਾ ਮੱਲ ਦੀ ਸਿਫਾਰਸ਼ ਨਾਲ ਸਿੰਘ ਫੇਰ ਕੁਮਕ ਲਈ ਸੱਦੇ ਗਏ, ਤੀਹ ਹਜ਼ਾਰ ਖਾਲਸਾ ਇਸ ਵੇਲੇ ਲਾਹੌਰ ਦੀ ਕੁਮਕ ਤੇ ਕੱਠਾ ਹੋਇਆ ਦੱਸੀਦਾ ਹੈ। ਚਾਰ ਪੰਜ ਮਹੀਨੇ ਸਾਮ੍ਹਣਾ ਰਿਹਾ, ਪਰ ਜੁੱਧ ਕੁਝ ਖਰਾ ਨਾ ਹੋਯਾ, ਛੇਕੜ ਆਮੋ ਸਾਮ੍ਹਣੇ ਹੱਲੇ ਹੋਏ । ਡਾਢਾ ਗੁੱਥਮ ਗੁੱਥਾ ਹੋਯਾ, ਦੁਪਹਿਰ ਤੀਕ ਜੀ ਰੱਜਵਾਂ ਘਮਸਾਨ ਮਚਿਆ। ਮਹਾਰਾਜਾ ਕੌੜਾ ਮੱਲ ਦੀ ਬਹਾਦਰੀ ਸਲਾਹੁਣ ਯੋਗ ਸੀ, ਖਾਲਸੇ ਦੇ ਹੱਥ ਬੀ ਕਰਾਰੇ ਵੱਜ ਰਹੇ ਸਨ, ਸੁੰਦਰੀ ਇਸ ਜੰਗ ਵਿਚ ਬੀ ਨਾਲ ਸੀ ਤੇ ਜ਼ਖਮੀਆਂ ਦੀ ਸੇਵਾ ਦਾ ਕੰਮ ਕਰ ਰਹੀ ਸੀ। ਉਹ ਹਾਕਮ ਭੀ ਲਾਹੌਰ ਵਲੋਂ ਹੋ ਕੇ ਦੁੱਰਾਨੀਆਂ ਨਾਲ ਲੜ ਰਿਹਾ ਸੀ। ਸਿੰਘਾਂ ਦਾ ਦਲ ਤੇ ਉਸਦੀ ਫ਼ੌਜ ਇਕੋ ਪਾਸੇ ਹੋਣ ਕਰਕੇ ਕਈ ਮੌਕੇ ਉਸ ਨੂੰ ਸੁੰਦਰੀ ਦੇ ਪਰਉਪਕਾਰੀ ਕੰਮਾਂ ਦੇ ਸੁਨਣ ਦੇਖਣ ਵਿਚ ਆਏ। ਪੰਜ ਸੱਤ ਵਾਰੀ ਸੁੰਦਰੀ ਨੂੰ ਪਰਉਪਕਾਰ ਵਿਚ ਜੱਫਰ ਜਾਲਦੀ ਨੂੰ ਵੇਖਕੇ ਹੱਕਾ ਬੱਕਾ ਹੋ ਰਿਹਾ ਸੀ। ਅਰ ਵੱਡਾ ਅਚੰਭਿਤ ਉਸ ਵੇਲੇ ਹੋਇਆ ਜਿਸ ਵੇਲੇ ਉਸ ਨੂੰ ਇਹ ਪਤਾ ਲੱਗਾ ਕਿ ਉਹ ਕਈ ਵੇਰ ਦੋਸਤ ਦੁਸ਼ਮਨ ਦਾ ਵੇਰਵਾ ਕੀਤੇ ਬਿਨਾਂ ਫੱਟੜਾਂ ਦੀ ਸਹਾਇਤਾ ਕਰ ਜਾਂਦੀ ਹੈ।

ਇਸ ਜੁੱਧ ਵਿਚ ਇਕ ਲਾਂਭ ਵਲੋਂ ਸ੍ਰੀ ਕੌੜਾ ਮੱਲ ਜੀ ਨੇ ਜ਼ੋਰ ਦੇ ਕੇ ਇਕ ਐਸੇ ਵੇਲੇ ਹੱਲਾ ਬੋਲਿਆ ਕਿ ਪਠਾਣਾਂ ਵਿਚ ਹਲਚਲੀ ਪੈ ਗਈ ਅਰ ਪੈਰ ਉਖੜ ਗਏ ਤੇ ਫੜ੍ਹੇ ਨੇੜੇ ਸੀ, ਇਸ ਵੇਲੇ ਅਦੀਨਾ ਬੇਗ ਦੁਆਬੇ ਦੇ ਨਵਾਬ ਨੇ ਦੀਵਾਨ ਜੀ ਦੀ ਮਦਦ ਵਿਚ ਢਿਲ ਮੱਠ ਕੀਤੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਫੜ੍ਹੇ ਦਾ ਸਿਹਰਾ ਮਹਾਰਾਜਾ ਕੌੜਾ ਮੱਲ ਨੂੰ ਮਿਲੇ। ਆਦੀਨਾ ਬੇਗ ਇਸ ਵੇਲੇ ਜੰਗ ਦੀ ਵਿਉਂਤ ਵਿਚ ਆਪਦਾ ਕੁਮਕੀਆ ਸੀ। ਮਹਾਰਾਜਾ ਕੌੜਾ ਮੱਲ ਜੀ ਉਸ ਵੇਲੇ ਆਪਣੇ ਦਲ ਸਣੇ ਮਰਨ ਮਾਰਨ ਮੰਡਕੇ ਟੁੱਟਕੇ ਵੈਰੀ ਤੇ ਜਾ ਪਏ ਪਰ ਸ਼ੋਕ ਕਿ ਇਕ ਗੋਲੀ ਮੱਥੇ ਵਿਚ ਵੱਜੀ* ਤੇ ਆਪਦੀ ਬਹਾਦਰ ਤੇ ਨਿਰਭੈ ਆਤਮਾ ਸਰੀਰ ਛੋੜ ਗਈ। ਏਥੇ ਤਾਰੀਖ ਖਾਲਸਾ ਵਿਚ ਇਉਂ ਲਿਖਿਆ ਹੈ ਕਿ ਅਜਿਹੇ ਕਿ ਅਜਿਹੇ ਜੁਆਨ ਮਰਦ ਤੇ ਬਹਾਦਰ ਅਰ ਪਤ ਵਾਲੇ ਸਰਦਾਰ ਦੇ ਮਰ ਜਾਣ ਨਾਲ ਨਾ ਨਿਰਾ ਮੰਨੂੰ ਦਾ ਹੌਸਲਾ ਟੁੱਟਾ ਸਗੋਂ ਸਾਰੀ ਫੌਜ ਦੇ ਪੈਰ ਉਖੜ ਗਏ ਅਰ ਨੱਸ ਤੁਰੇ। ਹੋਰ ਇਤਿਹਾਸਕਾਰ ਬੀ ਇਸ ਹਾਰ ਦਾ ਕਾਰਨ ਦੀਵਾਨ ਸਾਹਿਬ ਦੀ ਮੌਤ ਸਮਝਦੇ ਹਨ। ਮੰਨੂੰ ਨੱਸ ਕੇ ਲਾਹੌਰ ਜਾ ਵੜਿਆ। ਸਿੱਖ ਬੀ, ਆਪਣੇ ਸੱਜਣ ਨੂੰ ਸ਼ਹੀਦ ਹੋਇਆ ਵੇਖ ਤੇ ਮੰਨੂੰ ਨੂੰ ਭੱਜਦਿਆਂ ਤੱਕ ਉਦਾਸ ਹੋ ਗਏ। ਸੱਚ ਪੁਛੋ ਤਾਂ ਇਹ ਇਸੇ ਮਰਦ ਦੀ ਅਕਲ ਸੀ ਕਿ ਮੀਰ ਮੰਨੂੰ ਵਰਗੇ ਜ਼ਾਲਮ ਤੋਂ ਉਸਨੇ ਸਿੰਘਾਂ ਨੂੰ ਦੰਦਾਂ ਵਿਖੇ ਜੀਭ ਵਾਂਗੂੰ ਬਚਾ ਰਖਿਆ ਸੀ ਅਰ ਤਬਾਹ ਨਹੀਂ ਸੀ ਹੋਣ ਦਿੱਤਾ। ਇਤਿਹਾਸਾਂ ਤੋਂ ਪਤਾ ਲਗਦਾ ਹੈ ਕਿ ਇਸਦੇ ਮਗਰੋਂ ਮੀਰ ਮੰਨੂੰ ਨੇ ਓਹ ਓਹ ਦੁੱਖ ਸਿੱਖਾਂ ਨੂੰ ਦਿਤੇ ਹਨ ਕਿ ਕਲੇਜਾ ਕੰਬਦਾ ਹੈ*। ਫੇਰ ਕਦੀ ਉਨ੍ਹਾਂ ਦੁੱਖਾਂ ਦੀ ਵਾਰਤਾ ਲਈ ਸਮਾਂ ਲੱਭਾ ਤਦ ਲਿਖਾਂਗੇ। ਇਥੇ ਇਹ ਦੱਸਦੇ ਹਾਂ ਕਿ ਜਦ ਮੁਦੱਈ ਨੱਸ ਤੁਰਿਆ ਤਦ ਉਗਾਹ ਕੀ ਕਰਦੇ? ਇਹ ਵਿਚਾਰ ਕਰਕੇ ਸਿੰਘਾਂ ਨੇ ਭੀ ਇਕ ਰੁਖ ਮੂੰਹ ਧਰਕੇ ਕੂਚ ਬੋਲੀ”।

ਇਸ ਵੇਲੇ ਸੁੰਦਰੀ ਅਰ ਧਰਮ ਕੌਰ ਇਕ ਪਾਸੇ ਵਲ ਭਾਈ ਬਿਜਲਾ ਸਿੰਘ ਜੀ ਦੀ ਪਿੰਡਲੀ, ਜਿਸ ਵਿਚੋਂ ਗੋਲੀ ਲੰਘ ਗਈ ਸੀ, ਉੱਤੇ ਪੱਟੀ ਬੰਨ੍ਹ ਰਹੀਆਂ ਸਨ। ਇਸ ਕੰਮ ਤੋਂ ਵਿਹਲਾ ਹੋ ਬਿਜਲਾ ਸਿੰਘ ਕਸੀਸ ਵੱਟ ਕੇ ਘੋੜੇ ਤੇ ਚੜ੍ਹ ਕੇ ਤੁਰ ਪਿਆ। ਸਿੰਘਣੀਆਂ ਬੀ ਆਪਣੇ ਘੋੜਿਆਂ ਪੁਰ ਸਵਾਰ ਹੋ ਕੇ ਆਪਣੇ ਭਰਾਵਾਂ ਦੇ ਦਲ ਦੇ ਮਗਰ ਮਗਰ ਚੱਲੀਆਂ।

ਸੁੰਦਰੀ ਦਾ ਘੋੜਾ ਅੱਜ ਇਕ ਸੱਟ ਖਾਣ ਕਰਕੇ ਜ਼ਰਾ ਹਲਕਾ ਚਲਦਾ ਸੀ, ਪ੍ਰੰਤੂ ਫੇਰ ਵੀ ਆਪਣੇ ਸਵਾਰ ਨੂੰ ਲਈ ਗਿਆ, ਤਾਂ ਬੀ ਧਰਮ ਕੌਰ ਨਾਲੋਂ ਵਿੱਥ ਪੈ ਗਈ। ਦੌੜੀ ਜਾਂਦੀ ਨਜ਼ਰ ਇਕ ਟੋਏ ਵਿਚ ਪਈ, ਜਿਥੇ ਇਕ ਪਠਾਣ ਤੜਫਣੀ ਵਿਚ ਲੁੱਛ ਰਿਹਾ ਸੀ। ਘਾਵਾਂ ਨਾਲ ਲਹੂ ਲੁਹਾਨ ਸੀ, ਜਿੰਦ ਟੁੱਟ ਰਹੀ ਸੀ ਤੇ ਕੁਚਲੇ ਖਾਧੇ ਹੋਏ ਪੁਰਖ ਵਾਂਗੂੰ ਤੜਫਦਾ ਅਰ ਬਚਨ ਕਹਿੰਦਾ ਸੀ- ‘ਆਬ’ ‘ਆਬ’, ਬਰਾਏ ਖੁਦਾ ਆਬ’ (ਪਾਣੀ ਪਾਣੀ) ।

ਸੁੰਦਰੀ ਦੇ ਸਿੰਘਣੀਆਂ ਵਾਲੇ ਦਇਆ ਨਾਲ ਪਰਪੂਰ ਹਿਰਦੇ ਵਿਚ ਤਰਸ ਆ ਗਿਆ। ਇਕ ਆਦਮੀ ਦੇ ਬੱਚੇ ਦੀ ਇਹ ਦੁਰਦਸ਼ਾ ਵੇਖਕੇ ਰਿਹਾ ਨਾ ਗਿਆ। ਭਾਵੇਂ ਆਪਣਾ ਦੁਖ ਬੀ ਵੇਖਦੀ ਸੀ, ਪਰ ਪਿਆਰੀ ਜਿੰਦ ਹੂਲ ਕੇ ਘੋੜੇ ਤੋਂ ਉਤਰੀ ਅਰ ਆਪਣੀ ਜਿਸਤੀ ਸੁਰਾਹੀ ਵਿਚੋਂ ਦੋ ਘੁੱਟ ਪਾਣੀ ਉਸ ਦੇ ਮੂੰਹ ਵਿਚ ਚੋਇਆ। ਪਾਣੀ ਕੀ ਸੀ? ਅੰਮ੍ਰਿਤ ਸੀ, ਪਠਾਣ ਵਿਚ ਜਿੰਦ ਪੈ ਗਈ, ਅੱਖਾਂ ਖੋਲ੍ਹਕੇ ਆਖਣ ਲਗ ਪਿਆ। ‘ਹਜ਼ਾਰ ਸ਼ੁਕਰਬੰਦ ਹੋਏ ਤੋਅਮ’ ਏਹੋ ਜਿਹੀਆਂ ਫਾਰਸੀਆਂ ਮਾਰਨ ਲਗ ਪਿਆ। ਸੁੰਦਰੀ ਨੇ ਡਿੱਠਾ ਇਸ ਦੇ ਗੋਡੇ ਤੇ ਪੱਟ ਦੇ ਕੋਲ ਤਲਵਾਰ ਨੇ ਫੱਟ ਲਾਇਆ ਅਰ ਛਾਤੀ ਹੇਠ ਬੀ ਇਕ ਘਾਉ ਹੈ। ਉਸ ਦੀ ਪੱਗ ਪਾੜ ਕੇ ਉਸ ਦਾ ਲਹੂ ਪੂੰਝ ਕੇ ਫੱਟ ਬੰਨ੍ਹਣ ਲੱਗੀ। ਪਠਾਣ ਇਹ ਵੇਖਕੇ ਬੜਾ ਸ਼ੁਕਰ ਗੁਜ਼ਾਰ ਸੀ। ਖੁਸ਼ੀ ਵਿਚ ਆ ਕੇ ਪੁਛਣ ਲੱਗਾ, ‘ਮੁਸਲਮਾਨ ਹਸਤੀ? ਮੋਮਨ ਹਸਤੀ ? ਮੁਸਲਮਾਨੀ ? ਬੁਗੋ ਕੁਦਾਮ ਕਸ ਹਸਤੀ? ਮੁਸਲਮਾਨੀ? ਦੀਗਰ ਕਸ ਚੁਨਾਂ ਖੈਰ ਮੇ ਕੁਨਦ? ਅਜ਼ ਕਾਫਰਾਂ ਕਾਰੇ ਨੇਕੀ, ਮੁਮਕਿਨ ਨੇਸਤ।’ ਅਰਥਾਤ-ਤੂੰ ਕੌਣ ਹੈਂ, ਮੁਸਲਮਾਨੀ ਹੈ? ਕਾਫਰ ਤਾਂ ਨਹੀਂ ਹੋ ਸਕਦੀ, ਕਾਫਰਾਂ ਤੋਂ ਨੇਕੀ ਕਿਥੇ? ਇਹ ਮੁਸਲਮਾਲੀ ਹੋਊ। ਸੁੰਦਰੀ ਹੋਰ ਤਾਂ ਨਾ ਸਮਝੀ, ਪਰ ਇਹ ਸਮਝੀ ਕਿ ਇਹ ਪੁਛਦਾ ਹੈ ਤੂੰ ਕੌਣ ਹੈਂ ਸੁਤੇ ਹੀ ਉਸਦਾ ਸਿਰ ਹਿਲ ਗਿਆ ਅਰ ‘ਸਿੰਘਣੀ ਮੂੰਹੋਂ ਨਿਕਲ ਗਿਆ। ਅਸਲ ਵਿਚ ਸੁੰਦਰੀ ਦਾ ਦਿਲ ਆਪਣੇ ਜਥੇ ਤੋਂ ਦੂਰ ਰਹਿ ਜਾਣ ਦੇ ਫਿਕਰ ਵਿਚ ਸੀ, ਸੁੰਦਰੀ ਦੇ ਮੂੰਹੋਂ ਸਿੰਘਣੀ ਨਿਕਲਣਾ ਹੀ ਸੀ ਕਿ ਪਠਾਣ ਨੂੰ ਜੋਸ਼ ਚੜ੍ਹ ਗਿਆ, ਆਪਣੇ ਪਾਸ ਡਿੱਗੀ ਤਲਵਾਰ ਚੱਕ ਕੇ ਤੇ ਡਾਢੇ ਜ਼ੋਰ ਨਾਲ ਹੁਜਕ ਕੇ ਵਿਚਾਰੀ ਸੁੰਦਰੀ, ਦਇਆ ਦੀ ਖਾਣ ਸੁੰਦਰੀ ਨੂੰ ਵਾਹ ਦਿੱਤੀ। ਆਪ ਫਿਰ ਅਜਿਹਾ ਡਿੱਗਾ ਮੁੜ ਨਾ ਉਠਿਆ।

ਸੁੰਦਰੀ, ਖਾਲਸੇ ਦੀ ਨਿਧਿ ਸੁੰਦਰੀ! ਘਾਉ ਖਾਂਦੀ ਹੀ ਧੜ ਕਰ ਕੇ ਡਿੱਗੀ। ਲਹੂ ਦੇ ਫਰਾਟੇ ਚੱਲ ਪਏ। ਬੇਹੋਸ਼ ਪਈ ਹੈ, ਸਾਹ ਮੱਧਮ ਜਿਹਾ ਆ ਰਿਹਾ ਹੈ, ਗੁਲਾਬ ਵਰਗਾ ਚਿਹਰਾ ਚਿੱਟਾ ਹੋ ਗਿਆ ਹੈ, ਮਾਨੋ ਸੰਗਮਰਮਰ ਦੀ ਪੁੱਤਲੀ ਧਰੀ ਹੈ। ਹਾਇ ਸੁੰਦਰੀ ? ਤੇਰੀ ਦਇਆ ਤੈਨੂੰ ਕਸਾਇਣ ਹੋ ਢੁਕੀ। ਤੈਨੂੰ ਸ਼ਾਮ ਸਿੰਘ ਸਰਦਾਰ ਨੇ ਵਰਜਿਆ ਸੀ ਕਿ ਭੋਲੀ ਭੈਣ! ਵੈਰੀ ਤੇ ਸੱਪ ਇਕ ਤੁਲ ਹੁੰਦੇ ਹਨ। ਵੈਰੀਆਂ ਦਾ ਵਸਾਹ ਨਾ ਕਰਿਆ ਕਰ, ਇਹ ਕਿਸੇ ਦੇ ਸੱਕੇ ਨਹੀਂ, ਇਨ੍ਹਾਂ ਦੇ ਡੰਗੇ ਦਾ ਮੰਤਰ ਨਹੀਂ, ਭੋਲੀ ਸੁੰਦਰੀ! ਤੈਨੂੰ ਰਾਜਨੀਤਿ ਚੇਤੇ ਨਹੀਂ, ਤੂੰ ਧਰਮ ਮੂਰਤਿ ਦਇਆ ਦੀ ਪੁੰਜ ਹੈਂ। ਲੈ ਹੁਣ ਦੇਖ ਇਕੱਲੀ ਕਿਥੇ ਪਈ ਹੈਂ? ਜਿਥੇ ਤੇਰਾ ਕੋਈ ਬੇਲੀ ਨਹੀਂ। ਆਹ! ਤੇਰਾ ਪਿਆਰਾ ਘੋੜਾ ਮੁੜ ਮੁੜ ਤੇਰੇ ਵੱਲ ਤੱਕਦਾ ਹੈ, ਤੇਰੇ ਨੇੜੇ ਆ ਕੇ ਤੈਨੂੰ ਸੁੰਘਦਾ ਹੈ, ਫੇਰ ਚੁਫੇਰੇ ਤੱਕਦਾ ਹੈ, ਮਾਨੋਂ ਕਿਸੇ ਸਿੱਖ ਨੂੰ ਤਾੜਦਾ ਹੈ ਕਿ ਇਸ ਦੀ ਆਕੇ ਸਾਰ ਲਵੇ। ਕਦੀ ਪਠਾਣ ਵੱਲ ਘੂਰਦਾ ਹੈ, ਪਰ ਕੀ ਕਰੇ? ਬੇ-ਜ਼ੁਬਾਨ ਪਸ਼ੂ ਹੈ। ਧੰਨ ਤੂੰ, ਧੰਨ ਤੇਰਾ ਧਰਮ, ਜਿਸ ਨੇ ਪਸ਼ੂਆਂ ਵਿਚ ਬੀ ਤੇਰਾ ਪਿਆਰ ਪਾਇਆ ਹੈ। ਪਈ ਰਹੁ, ਪਿਆਰੀ ਸੁੰਦਰੀ! ਹੁਣ ਇਸ ਉਜਾੜ ਵਿਚ ਸਦੀਆਂ ਤੇਰੇ ਤੇ ਬੀਤਣ। ਤੂੰ ਪਈ ਰਹੁ! ਹਾਇ ਕੀ ਪਤਾ, ਤੇਰੀ ਅਜੇ ਕੀ ਕਿਸਮਤ ਹੈ?

ਹੇ ਅੱਜ ਕੱਲ ਦੀਆਂ ਸੋਨੇ ਵਿਚ ਪੀਲੀਆਂ ਹੋਕੇ ਸੁਖ ਨਾਲ ਬੈਠੀਓਂ ਸਿੰਘਣੀਓ! ਗਰੀਬ ਤੇ ਅਮੀਰ ਸਿੱਖਾਂ ਦੀਓ ਧੀਓ, ਭੈਣੋਂ ਤੇ ਮਾਂਤੋਂ! ਜ਼ਰਾ ਆਪਣੀ ਵਡੇਰੀ ਸੁੰਦਰੀ ਦੇ ਸਿਦਕ ਤੇ ਕਸ਼ਟਾਂ ਵੱਲ ਦੇਖੋ! ਕਿਨ੍ਹਾਂ ਔਕੜਾਂ ਵਿਚ ਫਸਦੀ ਹੈ, ਪਰ ਧਰਮ ਨਹੀਂ ਹਾਰਦੀ। ਜਾਨ ਜੋਖੋਂ ਵਿਚ ਪਾਉਂਦੀ ਹੈ, ਪਰ ਆਪਣੇ ਸ਼ੁਭ ਗੁਣ ਨਹੀਂ ਛੱਡਦੀ। ਕਿਸ ਅਪਦਾ ਅਰ ਬਿਪਦਾ ਦੇ ਸਮਿਆਂ ਵਿਚ ਸਿੰਘ ਧਰਮ ਪੁਰ ਦ੍ਰਿੜਤਾ ਰੱਖਦੀ ਹੈ ? ਜ਼ਰਾ ਆਪਣੀ ਵਲ ਤੱਕੋ ਤੇ ਦੇਖੋ ਕਿ ਸਿੱਖ ਕੌਮ ਦਾ ਘਾਟਾ ਤੁਹਾਡੇ ਹੱਥੋਂ ਹੋ ਰਿਹਾ ਹੈ ਕਿ ਨਹੀਂ। ਆਪਣੇ ਪਰਮੇਸ਼ਰ ਤੇ ਸਤਿਗੁਰਾਂ ਨੂੰ ਤਿਆਗ ਕੇ ਪੱਥਰਾਂ, ਬ੍ਰਿਛਾਂ, ਠਾਕਰਾਂ, ਮੜ੍ਹੀਆਂ ਤੇ ਪੀਰਾਂ ਨੂੰ ਪੂਜਦੀਆਂ ਹੋ। ਸਿੰਘ ਧਰਮ ਤੋਂ ਗਾਫਲ ਹੋ ਕੇ ਦੂਜੇ ਧਰਮ ਵਿਚ ਰੁਲਦੀਆਂ ਹੋ, ਆਪ ਸਤਿਗੁਰਾਂ ਤੋਂ ਬੇਮੁਖ ਹੋਕੇ ਆਪਣੀ ਸੰਤਾਨ ਨੂੰ ਵੀ ਦੂਜੇ ਧਰਮ ਦੀ ਸਿਖਿਆ ਦੇਂਦੀਆਂ ਹੋ। ਤੁਹਾਡੀ ਉਲਾਦ ਵੱਡੀ ਹੋਕੇ ਤੁਹਾਡੇ ਵਰਗੀ ਕਚਘਰੜ ਹੋਊ, ਸਿਰੋਂ ਸਿੱਖ, ਗਲੋਂ ਬ੍ਰਾਹਮਣ ਤੇ ਤੇੜੋਂ ਮੁਸਲਮਾਨ। ਧੜ ਤੂਤ ਦਾ ਤੇ ਲੱਤਾਂ ਧਰੇਕ ਦੀਆਂ। ਤੁਸਾਂ ਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਭੇਖੀ ਸਾਧਾਂ ਦੀ ਜੂਠ ਖਾਣੀ ਧਰਮ ਜਾਣਿਆ, ਤੁਸਾਂ ਪੁਤਰਾਂ ਨੂੰ ਅੰਮ੍ਰਿਤ ਤੋਂ ਬੇਮੁਖ ਕਰਕੇ ਜੰਝੂ ਪੁਆਏ ਤੇ ਧੋਤੀਆਂ ਪਹਿਨਾਈਆਂ, ਤੁਸਾਂ ਮਰਨੇ ਪਰਨੇ ਦੂਜਿਆਂ ਦੀਆਂ ਰੀਤਾਂ ਨਾਲ ਕੀਤੇ ਤੁਸਾਂ ਸਿਆਪੇ ਅੱਡਕੇ ਆਪਣੇ ਸਰੀਰ ਰੋਗੀ ਤੇ ਮਨ ਨੀਵੇਂ ਕੀਤੇ, ਫੂੜੀਆਂ ਪਾਕੇ ਗੰਦੇ ਬਸਤਰ ਪਹਿਨ ਕੇ ਪਤੀਆਂ ਨੂੰ ਆਪਣੇ ਘਰਾਂ ਤੋਂ ਘ੍ਰਿਣਾ ਕਰਾਈ, ਤੁਸਾਂ ਵਹਿਣੀਆਂ ਤੇ ਬੈਠਕੇ ਦੇਸ਼ ਦੇਸ਼ਾਤ੍ਰਾਂ ਵਿਚ ਪੁਤ੍ਰਾਂ ਤੇ ਪਤੀਆਂ ਨੂੰ ਰੁਲਾਇਆ ਅਰ ਨਾਲ ਆਪ ਰੁਲੀਆਂ, ਤੁਸਾਂ ਘਰ ਹੂੰਝ ਹੂੰਝ ਕੇ ਪੇਟ ਪਾਲੂਆਂ ਦੇ ਘਰੀਂ ਪਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਛੱਡ ਕੇ ਤੁਸਾਂ ਧਾਗਿਆਂ ਦੀਆਂ ਕਥਾ ਅਲਾਪਕੇ ਆਪਣੀ ਅਕਲ ਨੂੰ ਮੰਦ ਕੀਤਾ। ਸਿੰਘਣੀਆਂ ਵਾਲੇ ਮੋਟੇ ਤੇ ਸਾਫ਼ ਬਸਤ੍ਰ ਛੱਡ ਕੇ ਤੁਸਾਂ ਪਤਲੇ ਕਪੜੇ ਪਹਿਨਕੇ ਹਾਸੇ ਕਰਵਾਏ। ਜੀਉਂਦੇ ਪਰਮੇਸ਼ਰ ਨੂੰ ਛੱਡਕੇ ਤੁਸਾਂ ਸੱਪਾਂ ਨੂੰ ਪੂੜੇ ਖੁਲਾਏ ਤੇ ਸੱਚੇ ਅਦੁਤੀ ਜਨਮ ਮਰਨ ਤੋਂ ਰਹਿਤ ਪਰਮੇਸ਼ਰ ਨੂੰ ਤਿਆਗ ਕੇ ਨਰਕ ਦੇ ਰਸਤੇ ਪੈਰ ਰਖ ਕੇ ਪਤੀਆਂ ਤੇ ਪੁਤ੍ਰਾਂ ਨੂੰ ਭੀ ਓਸੇ ਰਸਤੇ ਤੋਰਿਆ। ਜ਼ਰਾ ਇਕ ਵੇਰ ਸੁੰਦਰੀ ਦੀ ਅਪਦਾ ਵੱਲ ਵੇਖਕੇ ਸੋਚੋ ਕਿ ਤੁਹਾਡੇ ਧਰਮ ਰੱਖਣ ਹਿਤ ਸਿੰਘਣੀਆਂ ਕੀ ਕੀ ਜੱਫਰ ਜਾਲ ਚੁਕੀਆਂ ਹਨ? ਆਪਣੇ ਮਨ ਵਿਚੋਂ ਮਿਲਗੋਭੇ ਨੂੰ ਕੱਢ ਕੇ ਨਿਰੋਲ ਸਿੰਘਣੀਆਂ ਬਣੋ, ਧਨ ਪਿਛੇ ਧੀਆਂ ਅਨਮਤੀਆਂ ਦੇ ਘਰੀਂ ਨਾ ਪਾਓ, ਅਨਮਤੀਆਂ ਤੇ ਉਹਨਾਂ ਦੀਆਂ ਤੀਵੀਆਂ ਤੁਹਾਨੂੰ ਸਿਆਪਿਆਂ ਵਿਚ ਠੱਠਾ ਕਰਦੀਆਂ ਹਨ, ਪਰ ਤੁਸੀਂ ਅਜੇਹੀਆਂ ਧੁਨਿ ਦੀਆਂ ਪੱਕੀਆਂ ਹੋ ਕਿ ਦੁਰਕਾਰੀਆਂ ਜਾਕੇ ਭੀ ਉਹਨਾਂ ਵਿਚ ਹੀ ਰਲਦੀਆਂ ਹੋ ਅਰ ਆਪਣੇ ਸਿੱਖੀ ਧਰਮ ਤੋਂ ਪਤਿਤ ਹੁੰਦੀਆਂ ਜਾਂਦੀਆਂ ਹੋ। ਆਓ! ਕੁਝ ਤਾਂ ਆਪਣਾ ਤੇ ਆਪਣੀ ਸੰਤਾਨ ਦਾ ਭਲਾ ਕਰੋ। ਸੁੰਦਰੀ ਵਰਗੀਆਂ ਜਤ ਸਤ ਵਾਲੀਆਂ ਬਣੋ ਅਰ ਆਪਣੀ ਸੰਤਾਨ ਨੂੰ ਸੱਚੇ ਸਿੰਘ ਬਣਾਓ, ਨਹੀਂ ਤਾਂ ਤੁਸੀਂ ਆਪਣੇ ਪਤੀ ਲਈ ਅਮਰਵੇਲ ਹੋ ਜੋ ਜਿਸ ਬੂਟੇ ਪਰ ਹੁੰਦੀ ਹੈ, ਉਸ ਨੂੰ ਸੁਕਾ ਕੇ ਆਪ ਬੀ ਮੁਕ ਜਾਂਦੀ ਹੈ।

ਪਯਾਰੇ ਪਾਠਕ ਜੀ! ਸਾਡੀ ਲਿੱਖਣ ਸੁੰਦਰੀ ਦੇ ਕਸ਼ਟਾਂ ਤੇ ਹੋਰ ਦੁਖਾਂ ਵਿਚ ਜਾ ਪਈ, ਆਓ ਹੁਣ ਵਿਚਾਰੀ ਦਾ ਪਤਾ ਕੱਢੀਏ।

ਮੀਰ ਮੰਨੂੰ ਦੀ ਫੌਜ ਜਦ ਨੱਸੀ ਤਦ ਉਹ ਹਾਕਮ ਬੀ ਦਾਉ ਲਾ ਕੇ ਖਿਸਕਿਆ ਕਿ ਕਿਤੇ ਕਿਸੇ ਅੜਿਕੇ ਵਿਚ ਨਾ ਆ ਜਾਵਾਂ। ਉਂਞ ਉਹ ਆਪਣੀ ਸੋਚੀ ਵਿਉਂਤ ਅਨੁਸਾਰ ਸਲਾਮਤੀ ਦੇ ਟਿਕਾਣੇ ਵਲ ਹੀ ਜਾ ਰਿਹਾ ਸੀ । ਸੋ ਜਾਂਦਾ ਜਾਂਦਾ ਸੁੰਦਰੀ ਦੇ ਟੋਏ ਕੋਲੋਂ ਲੰਘਿਆ। ਘੋੜਾ ਖੜਾ ਦੇਖਕੇ ਸੰਸਾ ਫੁਰਿਆ ਮਤਾਂ ਮੇਰਾ ਕੋਈ ਸਰਦਾਰ ਏਥੇ ਹੋਵੇ। ਅੱਡੀ ਲਾ ਕੇ ਟੋਏ ਪਾਸ ਪਹੁੰਚਾ ਤਾਂ ਕੀ ਦੇਖਦਾ ਹੈ ਕਿ ਮੇਰੀਆਂ ਉਮੈਦਾਂ ਦਾ ਨੌ-ਨਿਹਾਲ ਹਨੇਰੀ ਨਾਲ ਝੰਬਿਆ ਪਿਆ ਹੈ। ਬੇਵਸ ਹੋਕੇ ਘੋੜੇ ਤੋਂ ਉਤਰਿਆ ਅਰ ਡਿੱਠਾ ਕਿ ਅਜੇ ਸਵਾਸ ਆਉਂਦੇ ਹਨ। ਜੀ ਨੂੰ ਢਾਰਸ ਹੋਈ, ਦੋ ਅਸਵਾਰਾਂ ਸਮੇਤ ਉਤਰ ਕੇ ਸੁੰਦਰੀ ਦਾ ਜ਼ਖਮ, ਜੋ ਮੋਢੇ ਤੋਂ ਛਾਤੀ ਤੀਕ ਸੀ ਧੋਤਾ ਅਰ ਛਾਤੀ ਦੇ ਦੁਆਲੇ ਗੱਦੀਆਂ ਰੱਖਕੇ ਫੱਟ ਜੋੜਕੇ ਬੰਨ੍ਹ ਦਿੱਤਾ । ਹੁਣ ਡੋਲੀ ਦਾ ਫ਼ਿਕਰ ਹੋਇਆ, ਪਰ ਡੋਲੀ ਕਿੱਥੇ? ਲਾਚਾਰ ਇਕ ਰਾਜਪੂਤ ਨੇ ਸੰਭਾਲ ਕੇ ਆਪਣੇ ਘੋੜੇ ਤੇ ਧਰ ਲੀਤਾ। ਕੁਛ ਦੂਰ ਇਕ ਪਿੰਡੋਂ ਡੋਲਾ ਮੰਗਵਾਇਆ ਅਰ ਇਕ ਪੰਡਿਤ ਵੈਦ ਨੂੰ ਫੜ ਮੰਗਾਯਾ ਕਿ ਇਲਾਜ ਕਰੇ। ਪੰਡਤ ਜੀ ਨੇ ਜ਼ਖ਼ਮ ਤਾਂ ਨਾ ਖੁਲ੍ਹਵਾਏ ਪਰ ਅੰਦਰ ਮੁਮਿਆਈ ਦਿੱਤੀ ਅਰ ਹੋਰ ਤਾਕਤ ਵਾਲੀਆਂ ਦਵਾਵਾਂ ਭੀ ਮੂੰਹ ਵਿਚ ਪਾਉਣੀਆਂ ਆਰੰਭੀਆਂ। ਪੰਡਤ ਜੀ ਵਗਾਰੀ ਫੜੇ ਗਏ ਤੇ ਸੁੰਦਰੀ ਦੀ ਸੇਵਾ ਵਿਚ ਰਹਿਣਾ ਪਿਆ।

ਹਾਕਮ ਤਾਂ ਆਪਣੀ ਵਿਉਂਤ ਅਨੁਸਾਰ ਆਪਣੇ ਆਹਰ ਵਾਲੇ ਪਾਸੇ ਗਿਆ, ਕਿਉਂਕਿ ਇਸਨੇ ਲਾਹੌਰ ਵਿਚ ਕੁਛ ਵਿਉਂਤੇ ਕੰਮ ਕਰਨੇ ਸਨ, ਪਰ ਸੁੰਦਰੀ ਨੂੰ ਆਪਣੇ ਨਗਰ ਘੱਲਿਆ। ਉਥੇ ਮਹਿਲਾ ਵਿਖੇ ਇਕ ਸੁੰਦਰ ਕਮਰੇ ਵਿਚ ਸੁੰਦਰੀ ਉਤਾਰੀ ਗਈ, ਬੜੇ ਬੜੇ ਹਕੀਮ ਇਲਾਜ ਵਾਸਤੇ ਕੱਠੇ ਕੀਤੇ ਗਏ। ਹਿੰਦੂ ਗੋਲੀਆਂ ਹਰ ਵੇਲੇ ਹਾਜ਼ਰ, ਨੌਕਰ ਚਾਕਰ ਬੇਅੰਤ। ਸੁੰਦਰੀ ਸੀ ਤਾਂ ਬੇਹੋਸ਼, ਪਰ ਜਦ ਅੱਖਾਂ ਖੋਲ੍ਹਦੀ ਚਾਰ ਚੁਫੇਰੇ ਤੱਕਦੀ, ਅਤੇ ਕੁਝ ਬੋਲ ਨਾ ਸਕਦੀ। ਹਕੀਮਾਂ ਨੇ ਫੱਟ ਖੋਲ੍ਹ ਕੇ ਡਿੱਠੇ ਅਰ ਵੱਡੇ ਯਤਨ ਨਾਲ ਸਾਫ਼ ਕਰਕੇ ਰੇਸ਼ਮ ਦੀ ਤਾਰ ਨਾਲ ਸੀਉਂ ਕੇ ਉਤੋਂ ਦਵਾਵਾਂ ਲਾਉਣੀਆਂ ਆਰੰਭ ਕੀਤੀਆਂ, ਅੰਦਰ ਵਾਸਤੇ ਬੜੀਆਂ ਤਾਕਤ ਦੀਆਂ ਵਸਤੂਆਂ ਦਿੱਤੀਆਂ ਜਾਣ ਲੱਗੀਆਂ।

ਸੁੰਦਰੀ ਦੀ ਦਸ਼ਾ ਸਹਿਜੇ ਸਹਿਜੇ ਫਿਰਦੀ ਗਈ। ਕੋਈ ਇਕ ਮਹੀਨੇ ਮਗਰੋਂ ਇੰਨੀ ਗੱਲ ਬੋਲੀ ਕਿ ਮੈਂ ਕਿਥੇ ਹਾਂ? ਮੇਰਾ ਵੀਰ ਕਿਥੇ ਹੈ? ਧਰਮ ਕੌਰ ਕਿਥੇ ਹੈ? ਇਸ ਦਾ ਉਤਰ ਇਹ ਦਿੱਤਾ ਗਿਆ ਕਿ ਇਹ ਸ਼ਹਿਰ ਸਿੱਖਾਂ ਦਾ ਜਿੱਤਿਆ ਹੈ ਅਰ ਤੂੰ ਰਾਜ ਮਹਿਲ ਵਿਚ ਹੈਂ ਤੇ ਤੇਰੇ ਵੀਰ ਆਦਿਕ ਲਾਹੌਰ ਫੇਰ ਮੁਹਿੰਮ ਪੁਰ ਗਏ ਹੋਏ ਹਨ। ਸੁੰਦਰੀ ਫੇਰ ਚੁਪ ਹੋ ਗਈ। ਹਾਕਮ ਸਾਹਿਬ ਵੀ ਕੁਛ ਦਿਨਾਂ ਬਾਦ ਆ ਗਏ ਤੇ ਖਬਰ ਲੈਣ ਲਈ ਰੋਜ਼ ਆਉਂਦੇ, ਪਰ ਜਿਸ ਵੇਲੇ ਉਹ ਸੁਤੀ ਹੋਈ ਹੁੰਦੀ, ਕਿਉਂਕਿ ਜਾਣਦੇ ਸਨ ਕਿ ਜੇ ਇਸ ਨੂੰ ਮੇਰੇ ਮਹਿਲਾਂ ਵਿਚ ਹੋਣ ਦਾ ਪਤਾ ਲੱਗ ਗਿਆ ਤਦ ਚਿੰਤਾ ਨਾਲ ਮਰ ਜਾਏਗੀ।

ਕਈ ਮਹੀਨਿਆਂ ਮਗਰੋਂ ਸੁੰਦਰੀ ਵੱਲ ਹੋਈ ਅੰਗੂਰ ਭੀ ਭਰ ਗਏ, ਤਾਕਤ ਭੀ ਹੋ ਆਈ, ਚਿਹਰਾ ਭੀ ਖਿੜ ਪਿਆ, ਪਰ ਕਿਸੇ ਵੇਲੇ ਤਾਪ ਹੋ ਜਾਂਦਾ । ਹੁਣ ਹੌਲੀ ਹੌਲੀ ਸੁੰਦਰੀ ਨੂੰ ਆਪਣੀ ਦਸ਼ਾ ਦਾ ਪਤਾ ਲੱਗ ਗਿਆ ਅਰ ਹਾਕਮ ਸਾਹਿਬ ਭੀ ਦੂਜੇ ਚੌਥੇ ਆਉਂਦੇ ਅਤੇ ਆਪਣੀ ਰਾਮ ਕਹਾਣੀ ਸੁਣਾਉਂਦੇ। ਉਸ ਦਿਨ ਸੁੰਦਰੀ ਨੂੰ ਫੇਰ ਤਾਪ ਹੋ ਜਾਂਦਾ। ਪੰਜਾਂ ਸੱਤਾਂ ਦਿਨਾਂ ਮਗਰੋਂ ਟਹਿਕਦੀ ਤੇ ਜ਼ਾਲਮ ਹਾਕਮ ਫੇਰ ਦਖਾਲੀ ਦੇ ਜਾਂਦਾ, ਫੇਰ ਸੁੰਦਰੀ ਦਾ ਹਾਲ ਮਾੜਾ ਹੋ ਜਾਂਦਾ। ਹਕੀਮ ਬਥੇਰਾ ਰੋਕਦੇ, ਪਰ ਹਾਕਮ ਉਹਨਾਂ ਨੂੰ ਦੋਸ਼ ਦਿੰਦਾ, ਕਿ ਤੁਸੀਂ ਇਲਾਜ ਠੀਕ ਨਹੀਂ ਕਰਦੇ।

ਉਧਰ ਦਾ ਪ੍ਰਸੰਗ ਸੁਣੋ ਖਾਲਸੇ ਨੇ ਲਾਹੋਰੋਂ ਨੱਸ ਅੰਮ੍ਰਿਤਸਰ ਆ ਸਾਹ ਲੀਤਾ। ਏਥੇ ਪਤਾ ਲਗਾ ਕਿ ਸੁੰਦਰੀ ਹੈ ਨਹੀਂ, ਬਹੁਤ ਭਾਲ ਕੀਤੀ, ਪਰ ਕੁਝ ਥਹੁ ਨਾ ਲੱਗਾ। ਕਈ ਜਣੇ ਭੇਸ ਵਟਾ ਰਣ ਭੂਮੀ ਵਿਚ ਗਏ ਕਿ ਸੁੰਦਰੀ ਦੀ ਲੋਥ ਹੀ ਲੱਭੇ ਪਰ ਕੁਝ ਪਤਾ ਨਾ ਲੱਗਾ ਉਧਰੋਂ ਇਹ ਅਪਦਾ ਪਈ ਕਿ ਮੀਰ ਮੰਨੂੰ ਨੇ ਦੁੱਰਾਨੀ ਪਾਤਸ਼ਾਹ ਨਾਲ ਸੁਲਹ ਕਰਕੇ ਉਸ ਨੂੰ ਕਾਬਲ ਤੋਰਿਆ ਅਰ ਆਪ ਲੱਗਾ ਹਕੂਮਤ ਕਰਨ। ਮਹਾਰਾਜਾ ਕੋੜਾ ਮੱਲ ਜੀ ਤਾਂ ਪਰਲੋਕ ਜਾ ਚੁੱਕੇ ਸੀ, ਸਿੱਖਾਂ ਦਾ ਹਮੈਤੀ ਹੋਰ ਦਰਬਾਰ ਵਿਚ ਕੋਈ ਸੀ ਹੀ ਨਹੀਂ। ਫੇਰ ਲੱਗੀ ਪੁਠੀ ਕਲਮ ਵਗਣ। ਸਿੱਖਾਂ ਦੀ ਕਤਲਾਮ ਆਰੰਭੀ ਗਈ, ਸਾਰੇ ਪੰਜਾਬ ਵਿੱਚ ਗਸ਼ਤੀ ਫੌਜ ਛੱਡੀ ਗਈ, ਥਾਉਂ ਥਾਈਂ ਚੌਕੀਆਂ ਤੇ ਕੱਚੇ ਕਿਲ੍ਹੇ ਸਿੱਖਾਂ ਦੇ ਮਾਰਨ ਵਾਸਤੇ ਬਣਾਏ ਗਏ। ਪਿੰਡਾਂ ਦੇ ਪੈਚਾਂ ਦੀਆਂ ਜ਼ਮਾਨਤਾਂ ਲਈਆਂ ਗਈਆਂ ਕਿ ਕਿਸੇ ਸਿੱਖ ਨੂੰ ਆਪਣੇ ਇਲਾਕੇ ਵਿਚ ਨਾ ਵੱਸਣ ਦੇਣ। ਨਾ ਲੜਨ ਵਾਲੇ, ਅਰਥਾਤ ਖੇਤੀ ਕਰਨ ਵਾਲੇ ਤੇ ਕਿਰਤੀ ਵਪਾਰੀ ਸਿੱਖ ਸ਼ਹੀਦ ਕੀਤੇ ਜਾਣ ਲੱਗ ਪਏ। ਲਾਹੌਰ ਘੋੜਾ ਮੰਡੀ ਦੇ ਵਿਚ ਸਿੱਖਾਂ ਦੇ ਸਿਰ ਉਤਰਨੇ ਆਰੰਭ ਹੋਏ। ਦੇਸ਼ ਵਿਚ ਸਿੱਖਾਂ ਲਈ ਇਕ ਪਰਲੋ ਆ ਗਈ। ਸੋ ਵਿਚਾਰੇ ਫੇਰ ਬਨਾਂ ਤੇ ਝੱਲਾਂ ਵਿਚ ਜਾ ਵੜੇ। ਮਰਦ ਜਦ ਝੱਲਾਂ ਵਿਚ ਜਾ ਵੜੇ ਤਾਂ ਮੁਖ਼ਬਰਾਂ ਨੇ ਖਾਲਸਿਆਂ ਦੇ ਟੱਬਰ ਕਬੀਲੇ ਪਕੜਾ ਦਿੱਤੇ, ਮੀਰ ਮੰਨੂੰ ਦੇ ਜ਼ੁਲਮ ਡਾਢੇ ਕਹਿਰ ਦੇ ਸਨ, ਸਾਰੇ ਲਿਖੀਏ ਤਾਂ ਇਕ ਪੁਸਤਕ ਲੋੜੀਏ, ਪਰ ਇਸਦਾ ਸਿੰਘਣੀਆਂ ਪਰ ਜ਼ੁਲਮ ਬੜਾ ਵਹਿਸ਼ੀਆਨਾ ਸੀ। ਬਹੁਤ ਸਾਰੀਆਂ ਸਿੰਘਣੀਆਂ ਜੋ ਲਾਹੌਰ ਪਕੜ ਆਂਦੀਆਂ ਸਨ, ਮੀਰ ਮੰਨੂੰ ਨੇ ਬਹੁਤ ਯਤਨ ਕੀਤੇ ਕਿ ਉਹ ਸਿੰਘਣੀਆਂ ਤੁਰਕਣੀਆਂ ਹੋ ਜਾਣ, ਪਰ ਇਕ ਨੇ ਬੀ ਨਾ ਮੰਨਿਆ। ਪਹਿਲੇ ਉਨ੍ਹਾਂ ਨੂੰ ਭੁੱਖ ਦਾ ਦੁੱਖ ਦਿੱਤਾ। ਫੇਰ ਸਵਾ ਸਵਾ ਮਣ ਦੇ ਦਾਣੇ ਰੋਜ਼ ਪਿਹਾਏ ਤੇ ਭਾਂਤ ਭਾਂਤ ਦੇ ਕਸ਼ਟ ਦਿਖਾਏ, ਛੇਕੜ ਉਹਨਾਂ ਦੇ ਪਿਆਰੇ ਬੱਚੇ ਖੋਹਕੇ ਉਹਨਾਂ ਦੇ ਸਾਹਮਣੇ ਨੇਜ਼ਿਆਂ ਤੇ ਪ੍ਰੋ ਪ੍ਰੋ ਕੇ ਮਾਰੇ, ਫਿਰ ਝੋਲੀਆਂ ਵਿਚ ਬੱਚਿਆਂ ਦੀਆਂ ਲੋਥਾਂ ਪੁਆ ਕੇ ਚੱਕੀਆਂ ਪਿਹਾਈਆਂ, ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿਆਰੀਆਂ ਸਿੰਘਣੀਆਂ ਨੇ ਧਰਮ ਨਹੀਂ ਤਿਆਗਿਆ*। ਇਸ ਤਰ੍ਹਾਂ ਦੇ ਉਪੱਦ੍ਰਵ ਮੀਰ ਮੰਨੂੰ ਨੇ ਰੱਬ ਤੋਂ ਨਿਡਰ ਹੋ ਕੇ ਕਮਾਏ?।

ਸੋ ਇਸ ਸਮੇਂ ਸਿੰਘਾਂ ਦਾ ਸੁੰਦਰੀ ਨੂੰ ਲੱਭਣਾ ਖਰਾ ਕਠਨ ਹੋ ਗਿਆ; ਫੇਰ ਭੀ ਧਰਮ ਕੌਰ ਦੀ ਪ੍ਰੀਤੀ ਅਰ ਸਾਰੇ ਸਿੰਘਾਂ ਦੀ ਹੁੱਬ ਨੇ (ਜਿਨ੍ਹਾਂ ਨੇ ਕਦੀ ਨਾ ਕਦੀ ਸੁੰਦਰੀ ਤੋਂ ਸੁਖ ਪਾਇਆ ਸੀ) ਅਰ ਪੰਥ ਦੇ ਕੌਮੀ ਪ੍ਰੇਮ ਨੇ ਸਿੰਘਾਂ ਨੂੰ ਚਉ ਨਾ ਲੈਣ ਦਿੱਤਾ। ਬਿਜਲਾ ਸਿੰਘ ਬਿਨੋਦ ਸਿੰਘ ਆਦਿਕ ਸੂਹੀਏ ਛਡੇ ਗਏ, ਜਿਨ੍ਹਾਂ ਨੇ ਸਾਰੇ ਥਾਂ ਗਾਹ ਮਾਰੇ, ਛੇਕੜ ਏਨੀ ਸੁੰਧਕ ਨਿਕਲ ਆਈ ਕਿ ਸੁੰਦਰੀ ਬੀਮਾਰੀ ਦੀ ਦਸ਼ਾ ਵਿਚ ਹਾਕਮ ਦੀ ਕੈਦ ਵਿਚ ਪਈ ਹੈ ਅਰ ਇਲਾਜ ਹੋ ਰਿਹਾ ਹੈ। ਪਰ ਹੁਣ ਇਸ ਗੱਲ ਦਾ ਬੰਦੋਬਸਤ ਨਹੀਂ ਲੱਭਦਾ ਸੀ ਕਿ ਕਿੱਕੁਰ ਉਸਦੀ ਬੰਦ ਖਲਾਸੀ ਕਰਾਈ ਜਾਵੇ।

16 ਕਾਂਡ

“ਚਲਣ ਚਿੱਤ ਸਹੇਲੀਆਂ ਤੇ ਗੁਹੜੇ ਦਿਤੇ ਵੰਡ।”

ਸੁੰਦਰੀ ਭਾਵੇਂ ਜਖ਼ਮਾਂ ਤੋਂ ਰਾਜ਼ੀ ਹੋ ਗਈ, ਪਰ ਆਪਣੇ ਅਸਲ ਰੰਗ ਰੂਪ ਤੇ ਨਾ ਆਈ ਅਰ ਤਾਪ ਨੇ ਵਿਚਾਰੀ ਦਾ ਪਿੱਛਾ ਨਾ ਛੱਡਿਆ। ਉਤੋਂ ਭਰਾਵਾਂ ਦਾ ਵਿਛੋੜਾ ਧਰਮ ਭੰਗ ਹੋਣ ਦਾ ਡਰ, ਦੁਸ਼ਮਨਾਂ ਦੀ ਕੈਦ, ਸਰੀਰ ਦੀ ਰੋਗਤਾ ਆਦਿਕ ਚੋਭਾਂ ਨੇ ਅੰਦਰਲੇ ਦੁਖ ਨੂੰ ਘਟਣ ਨਾ ਦਿੱਤਾ।

“ਦੁਖੁ ਵਿਛੋੜਾ ਇਕੁ ਦੁਖੁ ਭੂਖ॥ ਇਕੁ ਦੁਖੁ ਸਕਤਵਾਰ ਜਮਦੂਤ॥ ਇਕੁ ਦੁਖੁ ਰੋਗੁ ਲਗੈ ਤਨਿ ਧਾਇ॥ ਵੈਦ ਨ ਭੋਲੇ ਦਾਰੂ ਲਾਇ॥੧॥

(ਮਲਾਰ ਮ:੧, ਪੰਨਾ ੧੨੫੬)

ਇਕ ਦਿਨ ਹਾਕਮ ਨੂੰ ਵੈਦਾਂ ਹਕੀਮਾਂ ਨੇ ਦੱਸਿਆ ਕਿ ਸੁੰਦਰੀ ਪਾਸ ਕੋਈ ਹਸਮੁਖੀ ਗੋਲੀ ਹੋਵੇ ਤਾਂ ਇਹਦਾ ਜੀ ਲੱਗੇ ਤੇ ਤਾਪ ਤੋਂ ਵੱਲ ਹੋਵੇ, ਇਹ ‘ਪਹਾੜੀ ਰਾਜਪੂਤ ਗੋਲੀਆਂ ਬਥੁਨ ਹਨ। ਇਹ ਵਿਚਾਰਕੇ ਗੋਲੀਆਂ ਭਾਲਣ ਲੱਗੇ, ਇਕ ਦੋ ਆਈਆਂ, ਪਰ ਸੁੰਦਰੀ ਦੇ ਪਸੰਦ ਨਾ ਆਈਆਂ। ਇਕ ਗੋਲੀ ਪੰਜਾਬਣ ਲੱਭੀ ਜੋ ਚਤੁਰ ਅਰ ਸੁੰਦਰ ਸੀ, ਇਸਦਾ ਨਾਉਂ ਰਾਧਾ ਸੀ। ਇਸ ਨੂੰ ਸੁੰਦਰੀ ਨੇ ਪਸਿੰਦ ਕੀਤਾ ਕਿਉਂਕਿ ਇਸ ਨੂੰ ਗੁਰਬਾਣੀ ਬਹੁਤ ਕੰਠ ਸੀ। ਸੁੰਦਰੀ ਆਪਣੇ ਹਿਰਦੇ ਵਿਚੋਂ ਨਾਮ ਨੂੰ ਤਾਂ ਕਦੀ ਨਹੀਂ ਭੁੱਲਦੀ ਸੀ, ਹਰ ਵੇਲੇ ਸਿਮਰਨ ਕਰਦੀ ਸੀ। ਇਸ ਗੋਲੀ ਨੇ ਜੇ ਪਾਠ ਕਰਨਾ ਤਾਂ ਸੁੰਦਰੀ ਦਾ ਮਨ ਵੱਡਾ ਆਨੰਦ ਹੋਣਾ। ਪਿਛਲੀ ਰਾਤ ਤੋਂ ਲੈ ਕੇ ਦਿਨ ਚੜ੍ਹੇ ਤੀਕ ਪਾਠ ਹੁੰਦਾ, ਸੁੰਦਰੀ ਦਾ ਦਿਲ ਭੀ ਪਰਚਿਆ, ਪਰ ਪਾਪੀ ਤਾਪ ਨੇ ਪਿੱਛਾ ਨਾ ਛੱਡਿਆ। ਹਕੀਮ ਆਖਣ ਲੱਗ ਪਏ ਕਿ ਇਹ ਦਿੱਕ ਤਾਪ ਹੋ ਗਿਆ ਹੈ, ਕਈ ਆਖਣ ਇਹ ਮੌਸਮੀ ਤਾਪ ਹੈ ਜੋ ਅੱਜ ਕਲ ਸਾਰੇ ਸ਼ਹਿਰਾਂ ਵਿਚ ਪਸਰ ਰਿਹਾ ਹੈ, ਪਰ ਸ਼ੋਕ ਹੈ ਤਾਂ ਇਹ ਕਿ ਕਿਸੇ ਦਾਰੂ ਨੇ ਕਾਟ ਨਾ ਕੀਤੀ।

ਇਕ ਦਿਨ ਹਾਕਮ ਗੋਲੀ ਰਾਧਾ ਨੂੰ ਵੱਖਰਿਆਂ ਸੱਦਕੇ ਪੁੱਛਣ ਲੱਗਾ . ਕਿ ਤੂੰ ਮੈਨੂੰ ਅਸਲ ਭੇਤ ਦੱਸ ਜੋ ਸੁੰਦਰੀ ਦੇ ਜੀਅ ਵਿਚ ਕੀਹ ਹੈ ਜੋ ਮੈਂ ਪੂਰਾ ਕਰਾਂ? ਇਹ ਤਾਂ ਮੈਂ ਜਾਣਦਾ ਹਾਂ ਕਿ ਉਹ ਸਿੱਖਣੀ ਹੈ ਅਰ ਸਿੱਖ ਧਰਮ ਨੂੰ ਨਹੀਂ ਤਿਆਗਦੀ, ਪਰ ਜੇ ਉਹ ਇਸ ਗਲੇ ਬਿਮਾਰੀ ਤੋਂ ਰਾਜ਼ੀ ਹੋ ਜਾਵੇ ਕਿ ਮੈਂ ਸਿੱਖ ਬਣ ਜਾਵਾਂ ਤਦ ਮੈਂ ਅੰਦਰ ਖਾਨੇ ਸਿੱਖ ਬਣ ਜਾਂਦਾ ਹਾਂ। ਗੋਲੀ ਨੇ ਉਤਰ ਦਿੱਤਾ: ਜੀ! ਮੈਂ ਕਿਸੇ ਵੇਲੇ ਗੱਲ ਦਾ ਭੇਤ ਲਵਾਂਗੀ, ਪਰ ਅਜੇ ਤਾਂ ਮੈਨੂੰ ਇਹੋ ਜਾਪਦਾ ਹੈ ਕਿ ਅੰਦਰੋਂ ਰੋਗ ਨਹੀਂ ਗਿਆ। ਬੇਅਦਬੀ ਮਾਫ਼, ਜੇਕਰ ਆਪ ਮੰਨੋ ਤਾਂ ਇਕ ਬੇਨਤੀ ਕਰਾਂ? ਨਵਾਬ ਨੇ ਕਿਹਾ: ਆਖ, ਡਰ ਨਾ। ਗੋਲੀ ਬੋਲੀ, ਤੁਸੀਂ ਇਲਾਜ ਵੱਡੇ ਵੱਡੇ ਹਕੀਮਾਂ ਦਾ ਕਰਦੇ ਹੋ, ਜਿਨ੍ਹਾਂ ਤੋਂ ਅਜੇ ਤੱਕ ਖੋਹਣ ਨਹੀਂ ਖੁੱਸੀ, ਛੋਟਿਆਂ ਦੇ ਤੁਸੀਂ ਪਾਸ ਨਹੀਂ ਜਾਂਦੇ ਤੇ ਉਨ੍ਹਾਂ ਕੋਲ ਸਗੋਂ ਚੰਗੇ ਟੋਟਕੇ ਹੋਯਾ ਕਰਦੇ ਹਨ। ਮੈਂ ਇਸ ਨਾਲੋਂ ਵੱਧ ਵੱਧ ਮਹੀਨਿਆਂ ਤੋਂ ਮਾਂਦੇ ਰਾਜ਼ੀ ਹੁੰਦੇ ਵੇਖੇ ਹਨ, ਬਾਉਰੀਆਂ ਵਾਲਾ ਕਰਕੇ ਸਦਾਉਂਦਾ ਇਕ ਹਕੀਮ ਹੈ, ਨੱਥੂ ਦੀ ਟਿੱਬੀ ਕੋਲ ਬਾਗ਼ ਵਿਚ ਰਹਿੰਦਾ ਹੈ। ਸਾਰੇ ਸ਼ਹਿਰ ਦੇ ਲੋਕ ਤਾਪ ਦੇ ਵਾਸਤੇ ਉਸਦੇ ਕੋਲ ਜਾਂਦੇ ਅਰ ਇਕ ਪੁੜੀ ਨਾਲ ਤਾਪ ਉਤਾਰਦਾ ਹੈ, ਤੁਸੀਂ ਉਸਦਾ ਇਲਾਜ ਕਰੋ। ਹਾਕਮ ਨੇ ਕਿਹਾ ਚੰਗੀ ਗੱਲ ਹੈ, ਫੇਰ ਕੁਝ ਘੋਰ ਮਸੋਰਾ ਕਰਕੇ ਵਿਦਾ ਹੋਏ।

ਹਾਕਮ ਨੇ ਜਦ ਪਤਾ ਕੱਢਿਆ ਤਦ ਠੀਕ ਪਤਾ ਲੱਗਾ ਕਿ ਬਾਉਰੀਆਂ ਵਾਲਾ ਹਕੀਮ ਸ਼ਹਿਰ ਵਿਚ ਤਪਾਲੀ ਦਾ ਸ਼ਰਤੀਆ ਇਲਾਜ ਕਰ ਰਿਹਾ ਹੈ। ਦੂਜੇ ਦਿਨ ਉਹ ਹਕੀਮ ਸਾਹਿਬ ਹਾਜ਼ਰ ਹੋਏ, ਸੁੰਦਰੀ ਦੀ ਨਾੜ ਵੇਖ ਕੇ ਆਖਣ ਲੱਗੇ, ਨਵਾਬ ਸਾਹਿਬ! ਇਸ ਨੂੰ ਹਮੀ ਮੁਤਫ਼ੱਕਰਾ ਹੈ, ਅਰਥਾਤ ਇਸ ਨੂੰ ਚਿੰਤਾ ਦਾ ਤਪ ਹੈ। ਫੇਰ ਪੈਰ ਦੀ ਨਾੜ ਡਿੱਠੀ, ਫੇਰ ਥੁੱਕਾਂ ਨੂੰ ਪਰਖਿਆ, ਤਦ ਬੋਲੇ ਕਿ ਤਪ ਨਾੜਾਂ ਵਿਚ ਵੜ ਗਿਆ ਹੈ। ਰਾਜ਼ੀ ਤਾਂ ਮੈਂ ਕਰ ਲਊਂ, ਪਰ ਸ਼ਹਿਰ ਦੀ ਹਵਾ ਮੁਤਅਫ਼ਨ (ਗੰਦੀ) ਹੈ, ਇਸ ਨੂੰ ਕਿਤੇ ਖੁੱਲੇ ਮੈਦਾਨ ਵਿਚ ਪਾਣੀ ਦੇ ਕੰਢੇ ਲੈ ਚੱਲੋ ਫੇਰ ਰਾਜ਼ੀ ਹੋ ਜਾਊ। ਹਾਕਮ ਸਾਹਿਬ ਬੋਲੇ, ਜਿਥੇ ਆਖੋ ਲੈ ਚਲੀਏ। ਹਕੀਮ ਸਾਹਿਬ ਬੋਲੇ, ਜੇਕਰ ਸਮੁੰਦਰ ਦਾ ਕਿਨਾਰਾ ਹੋਵੇ ਤਾਂ ਬਹੁਤ ਚੰਗਾ, ਨਹੀਂ ਤਾਂ ਕਿਸੇ ਝੀਲ (ਛੰਭ) ਦੇ ਕੰਢੇ ਹੀ ਸਹੀ। ਜੇ ਕਰ ਇਹ ਭੀ ਨਾ ਹੋਵੇ ਤਦ ਬਿਆਸਾ ਦੇ ਕੰਢੇ ਹੀ ਲੈ ਚੱਲੋ। ਫੇਰ ਹਕੀਮ ਜੀ ਨੇ ਸੌ ਕੁ ਰੁਪੱਯੇ ਦੇ ਮੋਤੀ ਦੇ ਕੁਝ ਸੰਗਯਸਥ ਸਾੜਿਆ, ਕੁਝ ਸੰਦਲ ਰਗੜਵਾਯਾ, ਗੁੱਲੀਆਂ ਮਰਵਾਈਆਂ, ਕੁਝ ਦਵਾ ਕੋਲੋਂ ਪਾਈ। ਦਵਾ ਬਣਾਕੇ ਉਸ ਵਿਚੋਂ ਤਿੰਨ ਪੁੜੀਆਂ ਦੇ ਗਏ। ਉਸ ਦਿਨ ਤਪ ਕੁਝ ਰੁਕ ਗਿਆ। ਹਕੀਮ ਜੀ ਦੀ ਇੱਜ਼ਤ ਬਣ ਗਈ। ਉਸ ਦਿਨ ਹੀ ਤੰਬੂ ਕਨਾਤਾਂ ਤੇ ਲਟਾਪਟਾ ਚੋਖੇ ਸਵਾਰ, ਹਾਕਮ ਸਾਹਿਬ ਆਪ, ਸੁੰਦਰੀ ਤੇ ਗੋਲੀਆਂ ਬਾਂਦੀਆਂ ਬਿਆਸਾ ਦੇ ਕਿਨਾਰੇ ਅੱਪੜੀਆਂ, ਤਿੰਨਾਂ ਦਿਨਾਂ ਵਿਚ ਪਰਖਰੀ ਹਵਾ ਦੇ ਅਸਰ ਨਾਲ ਸੁੰਦਰੀ ਦੀ ਕਾਇਆ ਪਲਟ ਹੋਣ ਲੱਗ ਪਈ। ਹਕੀਮ ਸਾਹਿਬ ਬੋਲੇ ਕਿ ਅਗਰ ਕਿਸੇ ਛੰਭ ਤੇ ਚੱਲੋ ਤਦ ਬਹੁਤ ਲਾਭ ਪਹੁੰਚੇ, ਬਹੁਤ ਸੋਚ ਵਿਚਾਰ ਮਗਰੋਂ ਕਾਹਨੂੰਵਾਣ ਦਾ ਛੰਭ ਪਸੰਦ ਆਇਆ। ਤੀਜੇ ਦਿਨ ਉਥੇ ਡੇਰੇ ਜਾ ਲੱਗੇ, ਇਥੇ ਤਾਂ ਸੁੰਦਰੀ ਸਚਮੁਚ ਸੁੰਦਰੀ ਬਣਨ ਲੱਗ ਗਈ।

ਇਕ ਦਿਨ ਹਾਕਮ ਸਾਹਿਬ ਸੁੰਦਰੀ ਨੂੰ ਆਨੰਦ ਵਿਚ ਬੈਠਿਆਂ ਦੇਖ ਕੇ ਪਾਸ ਆ ਬੈਠੇ ਅਰ ਮਸਾਲੇ ਲਾ ਲਾਕੇ ਲੱਗੇ ਗੱਲਾਂ ਕਰਨ। ਸੁੰਦਰੀ ਇਕ ਗੰਭੀਰ ਨਿਆਇ ਕਰਤਾ ਵਾਂਗੂੰ ਸੁਣਦੀ ਰਹੀ, ਛੇਕੜ ਬੋਲੀ ਕਿ ਨਵਾਬ ਸਾਹਿਬ! ਮੈਂ ਲੋਕਾਂ ਵਰਗੀ ਨਾਸ਼ੁਕਰੀ ਨਹੀਂ ਹਾਂ, ਚਾਹੇ ਮੈਨੂੰ ਕੈਦ ਵਿਚ ਪਾਕੇ ਇਲਾਜ ਕੀਤਾ ਹੈ, ਪਰ ਇਲਾਜ ਕਰਨ ਦਾ ਹਸਾਨ ਮੈਂ ਮੰਨਦੀ ਹਾਂ, ਪਰੰਤੂ ਜੋ ਇੰਦੀਆ ਆਪ ਦਾ ਮੇਰੇ ਨਾਲ ਵਿਆਹ ਦਾ ਹੈ ਸੋ ਬੜਾ ਅਯੋਗ ਹੈ, ਕਿਉਂਕਿ ਮੈਂ ਆਪ ਦੀਆਂ ਧੀਆਂ ਜਿਹੀ ਹਾਂ, ਆਪ ਹਾਕਮ ਹੋ, ਆਪ ਨੂੰ ਪਰਜਾ ਪੁਰ ਦਇਆ ਰੱਖਣੀ ਚਾਹੀਦੀ ਹੈ। ਪਰ ਨਵਾਬ ਸਾਹਿਬ ਨੇ ਬਹੁਤ ਮਿੰਨਤਾਂ ਕੀਤੀਆਂ, ਜਿਨ੍ਹਾਂ ਵਿਚ ਕੁਝ ਡਰਾਵਾ ਵੀ ਸੀ। ਇਸ ਦਾ ਉੱਤਰ ਸੁੰਦਰੀ ਨੇ ਇਹ ਦਿੱਤਾ ਕਿ ਆਪ ਨੇ ਜਿਥੇ ਐਡੀ ਕ੍ਰਿਪਾ ਕੀਤੀ ਹੈ ਥੋੜੀ ਹੋਰ ਕਰੋ, ਤਿੰਨ ਦਿਨ ਠਹਿਰੋ, ਫੇਰ ਮੈਂ ਆਪ ਨੂੰ ਪੱਕਾ ਉੱਤਰ ਦਿਆਂਗੀ, ਇਹ ਮੁਹਲਤ ਬਖਸ਼ੋ। ਹਾਕਮ ਜੀ ਸੁੰਦਰੀ ਦਾ ਜੀ ਰੰਜ ਨਹੀਂ ਕਰਨਾ ਚਾਹੁੰਦੇ ਸਨ, ਮੰਨ ਗਏ।

ਦੂਜੇ ਦਿਨ ਦੁਪਹਿਰ ਵੇਲੇ ਹਾਕਮ ਸਾਹਿਬ ਬੈਠੇ ਸ਼ਤਰੰਜ ਖੇਡ ਰਹੇ ਸਨ ਕਿ ਨੌਕਰ ਨੇ ਆਕੇ ਖ਼ਬਰ ਦਿੱਤੀ ਕਿ ਹਜ਼ੂਰ ਉਸ ਰੁਖ਼ ਤੋਂ ਗਰਦ ਉਡਦੀ ਹੈ, ਮਤਾਂ ਕੋਈ ਸੈਨਾ ਹੋਵੇ। ਹਾਕਮ ਸਾਹਿਬ ਬੋਲੇ, ਆਂਧੀ ਹੋਗੀ। ਕੁਛ ਚਿਰ ਮਗਰੋਂ ਫੇਰ ਖ਼ਬਰ ਆਈ, ਕਿ ਹਜ਼ੂਰ! ਹੁਣ ਤਾਂ ਸਵਾਰ ਸਾਫ਼ ਦਿੱਸਦੇ ਹਨ। ਝੱਟਪੱਟ ਹਾਕਮ ਸਾਹਿਬ ਨਿਕਲੇ। ਇਕ ਨੇ ਪਛਾਣਿਆ ਕਿ ਸਿੱਖ ਜਾਪਦੇ ਹਨ। ਤੁਰਤ ਫੁਰਤ ਸਵਾਰ ਆਦਮੀ ਤਿਆਰ ਹੋਣ ਲੱਗੇ।

ਹਾਕਮ ਜੀ ਵੀ ਸਟੀ ਪਟੀ ਭੁੱਲ ਗਏ, ਉਨ੍ਹਾਂ ਦੇ ਤਿਆਰ ਹੁੰਦੇ ਹੁੰਦੇ ਹੀ ੧੦੦ ਕੁ ਸਵਾਰ ਸਿੰਘ ਆ ਪਹੁੰਚੇ, ਪਹੁੰਚਦੇ ਸਾਰ ਹੀ ੩੦ ਜਣਿਆਂ ਨੇ ਉਸ ਟਿੱਬੀ ਦੇ ਦੁਆਲੇ, ਜਿਸ ਪੁਰ ਸੁੰਦਰੀ ਦਾ ਤੰਬੂ ਸੀ, ਘੇਰਾ ਪਾ ਲਿਆ ਤੇ ਬਾਕੀ ਤੁਰਕਾਂ ਨਾਲ ਗੁੱਥਮ ਗੁੱਥਾ ਹੋ ਗਏ। ਸਿੱਖਾਂ ਦੇ ਆਗੂ ਬਲਵੰਤ ਸਿੰਘ ਨੇ ਲਲਕਾਰ ਕੇ ਕਿਹਾ ਕਿ ਦੋ ਸੌ ਤੁਰਕ ਤੇ ਸੌ ਸਿੰਘ ਹਾਂ, ਆਓ ਇਕ ਲੜਾਈ ਤਾਂ ਕਰ ਲਵੋ। ਤੁਰਕਾਂ ਦਾ ਧਿਆਨ ਇਧਰ ਜਾ ਪਿਆ, ਉਧਰ ਤੰਬੂ ਵਿਚੋਂ ਸੁੰਦਰੀ ਨਿਕਲੀ, ਭਰਾਵਾਂ ਨੂੰ ਦੇਖ ਕੌਲ ਫੁੱਲ ਵਾਂਗੂੰ ਖਿੜ ਗਈ ਇਹ ਵੇਲਾ ਭੀ ਇਕ ਵੱਡੀ ਫੁਰਤੀ ਦਾ ਸੀ, ਸੁੰਦਰੀ ਲਈ ਘੋੜਾ ਨੇੜੇ ਹੀ ਬੁੱਧਾ ਸੀ। (ਰਾਧਾ ਜੋ ਅਸਲ ਵਿਚ ਧਰਮਕੌਰ ਸੀ) ਅਰ ਬਾਉਰੀਆਂ ਵਾਲਾ ਹਕੀਮ (ਜੋ ਅਸਲ ਵਿਚ ਭਾਈ ਬਿਜਲਾ ਸਿੰਘ ਸੀ) ਦੋਹਾਂ ਜਣਿਆਂ ਨੇ ਘੋੜੇ ਤੇ ਕਾਠੀ ਪਾਈ, ਸੁੰਦਰੀ ਅਸਵਾਰ ਹੋ ਗਈ। ਇਕ ਘੋੜਾ ਕਿਸੇ ਤੁਰਕ ਦਾ ਖੋਹਲ ਲਿਆਏ, ਇਸ ਪਰ ਧਰਮ ਕੌਰ ਚੜ੍ਹ ਬੈਠੀ, ਹੁਣ ਇਨ੍ਹਾਂ ਨੇ ਤਾਂ ਕੂਚ ਬੋਲੀ ਤੇ ਬਾਕੀ ਦੇ ਸਿੱਖ ਤੁਰਕਾਂ ਨਾਲ ਜੁੱਟੇ ਰਹੇ।

ਉਧਰ ਹਾਕਮ ਸਿਖਾਂ ਦੇ ਹੱਥ-ਕੰਡਿਆਂ ਤੋਂ ਪੱਕਾ ਵਾਕਫ਼ ਸੀ ਅਰ ਬਹੁਤ ਵੇਰੀ ਇਨ੍ਹਾਂ ਦੇ ਹੱਥ ਵੇਖ ਚੁਕਾ ਸੀ, ਉਹ ਇਸ ਗੱਲ ਨੂੰ ਪਹਿਲਾਂ ਹੀ ਤਾੜ ਗਿਆ ਸੀ। ਪੰਜਾਹ ਕੁ ਅਸਵਾਰ ਸਾਥੀ ਤਿਆਰ ਲੈ ਕੇ ਇਕ ਨੁੱਕਰੇ ਤੱਕ ਰਿਹਾ ਸੀ, ਇਧਰੋਂ ਸੁੰਦਰੀ ਦਾ ਤੰਬੂ ਹਿੱਲਿਆ ਉਧਰੋਂ ਇਹ ਉਧਰ ਨੂੰ ਵਧਿਆ। ਇਥੇ ਤਲਵਾਰ ਵਡੇ ਜ਼ੋਰ ਦੀ ਚੱਲੀ ਅਰ ੨੦ ਤੁਰਕ ਤੇ ਦੋ ਕੁ ਸਿੰਘ ਕੰਮ ਆਏ। ਹਾਕਮ ਝਈਆਂ ਲੈ ਲੈ ਕੇ ਪਵੇ, ਪਰ ਸਿੰਘਾਂ ਦੀ ਲੋਹ-ਮਈ ਕਰੜਾਈ ਅਗੇ ਰਹਿ ਜਾਵੇ। ਬਲਵੰਤ ਸਿੰਘ ਨੇ ਤਾੜਿਆ ਕਿ ਵਿਉਂਤ ਉਲਟੀ ਪਈ, ਛੇਤੀ ਨਾਲ ਖਾਲਸੇ ਨੂੰ ਇਕ ਬੋਲੀ ਦੇ ਕੇ ਉਸ ਘਮਸਾਨ ਵਿਚੋਂ ਕੱਢਦਾ ਹੈ ਉਤੱਰ ਰੁਖ਼ ਮੂੰਹ ਧਰਦਾ ਬਿਜਲੀ ਦੀ ਫੁਰਤੀ ਵਾਂਗੂੰ ਲਗਾਮ ਮੋੜ ਝੱਟ ਸੁੰਦਰੀ ਦੀ ਰੱਖਿਆ ਨੂੰ ਪਹੁੰਚਿਆ। ਹੁਣ ਹਾਕਮ ਨੂੰ ਜਿੰਦ ਬਚਾਉਣੀ ਔਖੀ ਹੋ ਗਈ, ਪਰ ਭਾਗਾਂ ਨੂੰ ਬਾਕੀ ਦੇ ਤੁਰਕ ਬੀ ਉਸਦੀ ਸਹਾਇਤਾ ਨੂੰ ਅੱਪੜ ਪਏ। ਹੁਣ ਤਾਂ ਖਿਚੜੀ ਵਾਂਗੂੰ ਸਿਖ ਤੇ . ਤੁਰਕ ਜੁੱਟ ਪਏ। ਬਲਵੰਤ ਸਿੰਘ ਨੇ ਸੋਚਿਆ ਕਿ ਬਾਜ਼ੀ ਗਈ, ਹਾਰਾਂਗੇ ਤਾਂ ਨਹੀਂ, ਪਰ ਸੁੰਦਰੀ ਨਾ ਬਚੀ। ਇਹ ਤਾੜ ਕੇ ਜ਼ੋਰ ਨਾਲ ਖਾਲਸੇ ਨੂੰ ‘ਗੁੱਥਾ’ ਕਹਿ ਕੇ ਅਜਿਹਾ ਪੈਂਤੜਾ ਬਦਲਿਆ ਕਿ ਸਿੰਘ ਲੜਦੇ ਮਾਰਦੇ; ਘੁੰਮਣ-ਘੇਰੀ ਵਿਚ ਦੇ ਤੀਲਿਆਂ ਵਾਂਗੂੰ ਕੱਠੇ ਹੁੰਦੇ ਹੁੰਦੇ ਇਕ ਪਿੰਡਾਕਾਰ ਦੀ ਤਰ੍ਹਾਂ ਹੋ ਗਏ। ਹੁਣ ਇਕ ਕਤਾਰ ਅੱਗੇ ਹੋ ਕੇ ਲੜਦੀ ਤੇ ਪਿਛਲੀਆਂ ਪਿੱਛੇ ਕਦਮ ਸੁੱਟਦੀਆਂ ਗਈਆਂ ਕਿ ਬਲਵੰਤ ਸਿੰਘ ਦੇ ਮੂੰਹੋਂ ‘ਹਰਨ’ ਸ਼ਬਦ ਨਿਕਲਿਆ। ਫੇਰ ਤਾਂ ਸਿੰਘਾਂ ਦੇ ਘੋੜੇ ਹਵਾ ਵਾਂਗੂੰ ਨੱਠੇ। ਇਸ ਨੱਠ ਵਿਚ ਹਾਕਮ ਦੇ ਲਾਗਿਓਂ ਹੀ ਬਿਜਲਾ ਸਿੰਘ ਤੇ ਸੁੰਦਰੀ ਨੱਸੇ। ਹਾਕਮ ਨੇ ਦਿਲ ਖੋਲ੍ਹਕੇ ਤਲਵਾਰ ਵਗਾਈ। ਬਿਜਲਾ ਸਿੰਘ ਦਾ ਘੋੜਾ ਤਾਂ ਨਿਕਲ ਗਿਆ ਪਰ ਸੁੰਦਰੀ ਨੂੰ ਤਲਵਾਰ ਪੇਟ ਦੇ ਉਤੋਂ ਦੀ ਛੋਹਕੇ ਪੱਟ ਨੂੰ ਲੱਗੀ। ਸੱਟ ਦੇ ਖੜਾਕ ਨੇ ਘੋੜੇ ਨੂੰ ਬਹੁਤ ਨਠਾਇਆ ਅਰ ਸੁੰਦਰੀ ਨਿਕਲ ਕੇ ਭਰਾਵਾਂ ਵਿੱਚ ਪਹੁੰਚ ਗਈ। ਪੀੜ ਨਾਲ ਬੇਤਾਬ ਸੀ, ਪਰ ਡਾਢੇ ਹਠ ਨਾਲ ਇਕ ਹੱਥ ਢਿੱਡ ਪੁਰ ਧਰੀ ਤੇ ਲਗਾਮਾਂ ਸੁੱਟੀ ਵਗੀ ਗਈ। ਲਹੂ ਦੀ ਧਾਰ ਉਤੇ ਬਲਵੰਤ ਸਿੰਘ ਦੀ ਨਜ਼ਰ ਪਈ, ਇਕ ਪਲਾਕੀ ਮਾਰ ਕੇ ਆਪਣੇ ਘੋੜਿਓਂ ਭੈਣ ਦੇ ਘੋੜੇ ਦੇ ਪਿੱਛੇ ਜਾ ਡਟਿਆ ਅਰ ਭੈਣ ਨੂੰ ਸੰਭਾਲ ਕੇ ਘੋੜੇ ਨੂੰ ਅੱਡੀ ਲਾ ਖ਼ਾਲਸੇ ਸਮੇਤ ਬਨ ਵਿਚ ਜਾ ਧਸਿਆ। ਇਧਰ ਬਹਾਦੁਰ ਦਾ ਖਾਲੀ ਘੋੜਾ ਬੀ ਨਾਲ ਹੀ ਦੌੜੀ ਗਿਆ। ਪਿੱਛੋਂ ਹਾਕਮ ਸਾਹਿਬ ਬੀ ਹੱਥ ਮਲਦੇ ਜ਼ਖਮੀ ਸਿਪਾਹੀਆਂ ਸਣੇ ਆਪਣੇ ਸ਼ਹਿਰ ਨੂੰ ਮੁੜੇ।

ਬਨ ਵਿਚ ਅੱਗੇ ਖ਼ਾਲਸੇ ਦੀ ਉਡੀਕ ਹੋ ਰਹੀ ਸੀ। ਜਦ ਇਹ ਪਹੁੰਚੇ ਤਦ ਬੜੇ ਆਨੰਦ ਹੋਏ, ਪਰ ਸੁੰਦਰੀ ਦੇ ਘਾਓ ਦੇਖਕੇ ਜੀਆਂ ਨੂੰ ਖੋਹ ਪਈ। ਸਰਦਾਰ ਸ਼ਾਮ ਸਿੰਘ ਨੇ ਇਕ ਚੰਗੀ ਸਾਏ ਵਾਲੀ ਥਾਏਂ ਘਾਹ ਦੇ ਬਿਸਤਰੇ ਪਰ ਸੁੰਦਰੀ ਨੂੰ ਲਿਟਾਇਆ। ਘਾਵਾਂ ਉਤੇ ਤੇਲ ਪਾ ਕੇ ਪੱਟੀ ਬੱਧੀ। ਪੱਟ ਦਾ ਜ਼ਖਮ ਤਾਂ ਕਾਬੂ ਆ ਗਿਆ ਪਰ ਪੇਟ ਦਾ ਘਾਉ ਭਾਵੇਂ ਆਂਦਰਾਂ ਨੂੰ ਤਾਂ ਨਹੀਂ ਸੀ ਕੱਟ ਗਿਆ, ਪਰੰਤੂ ਲਹੂ ਇੰਨਾ ਜਾਰੀ ਸੀ ਕਿ ਬੰਦ ਨਾ ਹੋਣ ਵਿਚ ਆਵੇ। ਸੁੰਦਰੀ ਹੋਸ਼ ਵਿਚ ਤਾਂ ਸੀ, ਪਰ ਪੀੜ ਕਰਕੇ ਨਿਰਬਲ ਸੀ। ਉਸ ਵੇਲੇ ਕੁਝ ਸਿੰਘ ਇਕ ਪਿੰਡ ਵਿਚ ਗਏ ਅਰ ਉਥੋਂ ਇਕ ਸਿਆਣੇ ਜੱਰਾਹ (ਨਾਈ) ਨੂੰ ਬਦੋਬਦੀ ਫੜ ਲਿਆਏ। ਇਸ ਪੁਰਖ ਨੇ ਜ਼ਖਮ ਸੀਤਾ ਤੇ ਬੰਦੋਬਸਤ ਸੁਖ ਦਾ ਕੀਤਾ। ਸੁੰਦਰੀ ਭਾਵੇਂ ਅਤਿ ਦੁਖੀ ਸੀ, ਪਰ ਛੁਟਕਾਰੇ ਦੀ ਖ਼ੁਸ਼ੀ ਕਰਕੇ ਆਨੰਦ ਸੀ। ਰਾਤ ਸੁੰਦਰੀ ਨੂੰ ਤਾਪ ਚੜ੍ਹ ਗਿਆ। ਦਿਨੇ ਕੁਝ ਵੱਲ ਹੋ ਗਈ, ਪਰ ਨਿਢਾਲ ਬਹੁਤ। ਸਿਆਣੇ ਹਕੀਮ ਪਾਸ ਨਾ ਹੋਣ ਕਰਕੇ ਸੁੰਦਰੀ ਦੇ ਘਾਵਾਂ ਦੀ ਗਹੁ ਨਾ ਹੋ ਸਕੀ, ਉਹਨਾਂ ਵਿਚ ਵਿਹੁ ਉਤਪਤ ਹੋ ਗਈ, ਦਿਨੋਂ ਦਿਨ ਤਾਕਤ ਘਟਦੀ ਵੇਖਕੇ ਸੁੰਦਰੀ ਜੀ ਵਿਚ ਲਖਣ ਲੱਗੀ ਕਿ ਹੁਣ ਅੰਤ ਨੇੜੇ ਹੋਊ। ਇਸਦੀ ਨਤਾਕਤੀ ਵਲੋਂ ਨਿਕਟਵਰਤੀਆਂ ਦੇ ਕਲੇਜੇ ਕੰਬਣ ਲੱਗੇ। ਇਸ ਨਿਰਾਸਤਾ ਵਿਚ ਬਿਜਲਾ ਸਿੰਘ ਜੀ ਦੀ ਦਨਾਈ ਨਾਲ ਓਹ ਹਕੀਮ ਸਾਹਿਬ ਫੜਕੇ ਆਂਦੇ ਗਏ ਕਿ ਜਿਨ੍ਹਾਂ ਨਵਾਬ ਦੇ ਮਹਿਲਾਂ ਵਿਚ ਸੁੰਦਰੀ ਦੇ ਘਾਉ ਸੀਤੇ ਸਨ। ਇਨ੍ਹਾਂ ਵਗਾਰੀ ਫੜਿਆਂ ਨੇ ਕੀ ਦਰਦ ਕਰਨਾ ਸੀ, ਪਰ ਫੇਰ ਬੀ ਜਿੰਦ ਦੇ ਡਰ ਪਿੱਛੇ ਆਪਣੀ ਵਲੋਂ ਬਥੇਰੀ ਵਾਹ ਲਾ ਥੱਕੇ। ਸੁੰਦਰੀ ਦਾ ਚਿਹਰਾ ਇੱਡੇ ਦੁਖ ਵਿਚ ਬੀ ਖ਼ੁਸ਼ ਸੀ, ਹਰ ਵੇਲੇ ਖਿੜੀ ਹੋਈ ਜਾਪਦੀ। ਪੀੜ ਹੁੰਦੀ, ਪਰ ਹਾਏ ਨਾ ਕਰਦੀ, ਤਪ ਚੜ੍ਹਦਾ, ਪਰ ਬਿਸਬਰੀ ਨਾ ਹੁੰਦੀ। ਇਸ ਦੇ ਚਿਹਰੇ ਵਿਚ ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤਿ ਸੀ, ਉਸ ਪ੍ਰੀਤ ਦੇ ਕਾਰਨ ਉਹ ਜਾਣਦੀ ਸੀ, ਸਗੋਂ ਉਸ ਲਈ ਇਹ ਪ੍ਰਗਟ ਨਿਸਚਾ ਸੀ ਕਿ ਮੈਂ ਗੁਰੂ ਦੀ ਹਾਂ, ਗੁਰੂ ਅੰਗ ਸੰਗ ਹਨ ਅਰ ਕਿਸੇ ਵੇਲੇ ਵੱਖ ਨਹੀਂ। ਜੀਉਣਾ, ਮੌਤ ਦੋ ਦਸ਼ਾਂ ਹਨ, ਕੋਈ ਦੋ ਵਸਤਾਂ ਨਹੀਂ। ਦੋਹਾਂ ਹਾਲਤਾਂ ਵਿਚ ਜਦ ਪ੍ਰੀਤ ਹੈ ਤਦ ਦੁੱਖ ਕਿੱਥੇ? ਸਰੀਰ ਨੂੰ ਸਰੀਰ ਰਹੇ ਤੇ ਨਾਮ ਜਪੇ ਤਾਂ ਹਰਿਮੰਦਰ ਸਮਝਦੀ ਸੀ, ਪਰ ਜਦ ਤਯਾਗਣਾ ਪਵੇ ਤਾਂ ਇਸਨੂੰ ਖੱਲੜਾ ਜਾਣਦੀ ਸੀ ਅਰ ਇਸ ਦੇ ਤਿਆਗ ਜਾਂ ਗਰਹਿਣ ਤੋਂ ਦੁਖੀ ਸੁਖੀ ਨਹੀਂ ਸੀ ਹੁੰਦੀ ਕਿਉਂਕਿ ਉਸਦਾ ਵਿਸ਼ਵਾਸ਼ ਇਹ ਸੀ:

“ਜੋਬਨ ਜਾਂਦੇ ਨਾ ਡਰਾਂ ਜੋ ਸਹ ਪ੍ਰੀਤਿ ਨ ਜਾਇ॥

ਫਰੀਦਾ ਕਿਤੀ ਜੋਬਨ ਪ੍ਰੀਤ ਬਿਨੁ ਸੁਕਿ ਗਏ ਕੁਮਲਾਇ॥੩੪॥”

ਸੁੰਦਰੀ ਦੀ ਨਤਾਕਤੀ ਪੈਰੋ-ਪੈਰ ਵਧਦੀ ਗਈ ਅਰ ਉਸ ਦੇ ਹਿਤੈਸ਼ੀਆਂ ਨੂੰ ਨਿਰਾਸਤਾ ਜਿਹੀ ਹੋਣ ਲੱਗ ਪਈ। ਇਕ ਦਿਨ ਬਲਵੰਤ ਸਿੰਘ ਨੇ ਕਿਹਾ: ਭੈਣ ਜੀ! ਕੋਈ ਵਾਸ਼ਨਾ ਹੋਵੇ ਤਾਂ ਦੱਸੋ?

ਸੁੰਦਰੀ ਬੋਲੀ: ਤੈਥੋਂ ਵਾਰੀ ਮੇਰੇ ਵੀਰ! ਮੇਰੀ ਵਾਸ਼ਨਾ ਕੋਈ ਬਾਕੀ ਨਹੀਂ, ਕਿਉਂਕਿ ਨਾ ਇਹ ਮਨ ਰਸਾਂ ਵਿਚ ਪਿਆ ਨਾ ਤ੍ਰਿਸ਼ਨਾ ਆਈ, ਜਦ ਤ੍ਰਿਸ਼ਨਾ ਦੂਰ ਰਹੀ ਤਦ ਵਾਸ਼ਨਾ ਕਿੱਥੇ? ਅਰ ਵਾਸ਼ਨਾ ਰਹੇ ਬੀ ਕਿਸਦੀ? ਗ੍ਰਿਹਸਤ ਦੀ ਖੁੱਭਣ ਤੋਂ ਗੁਰੂ ਨੇ ਬਚਾਈ ਰੱਖਿਆ ਹੈ, ਧਨ ਤੋਂ ਜੀਉ ਉਪ੍ਰਾਮ ਹੈ, ਬਿਨਾਂ ਗੁਰੂ ਦੇ ਕਿਸੇ ਨਾਲ ਮੋਹ ਨਹੀਂ ਫੁਰਦਾ ਤੇ ਉਹ ਆਨੰਦ ਦਾਤਾ ਅੰਦਰ ਬੈਠਾ ਹੈ, ਮਨ ਉਸ ਦੇ ਚਰਨਾਂ ਦੀ ਧੂੜ ਵਿਚ ਅਜਿਹਾ ਮਸਤ ਹੈ ਕਿ ਉਸ ਰਸ ਨੂੰ ਛਡਦਾ ਨਹੀਂ। ਸੋ ਵੀਰ ਜੀ! ਜਦ ਆਪਣੀ ਮੁਰਾਦ ਆਪਣੀ ਬੁੱਕਲ ਵਿਚ ਹੋਵੇ ਤਦ ਮਨ ਕਿੱਧਰ ਜਾਵੇ ਤੇ ਵਾਸ਼ਨਾ ਕਾਹਦੀ ਫੁਰੇ ?

ਮਨ ਅਸਵਾਰ ਪਵਨ ਕਾ ਘੋੜਾ, ਅਸਾਂ ਗਗਨ ਤਮਾਸੇ ਜਾਣਾ।

ਗਗਨ ਅੰਦਰ ਇਕ ਬਾਗ਼ ਅਜਾਇਬ ਚੁਣ ਅੰਮ੍ਰਿਤ ਫਲ ਖਾਣਾ।

ਮਿੱਠਾ ਬੋਲਣ ਤੇ ਨਾਮ ਅਰਾਧਣ, ਸੀਤਲ ਪਵਨ ਫੁਹਾਰਾ,

ਮਨ ਦੀਆਂ ਵਾਗਾਂ ਹੱਥ ‘ਬਿਹਾਰੀ’ ਤਿਨ੍ਹਾਂ ਕੌਣ ਮਿਲੇ ਅਸਵਾਰਾ।

(‘ਸਰਬ ਲੋਹ’ ਜੰਗਲ ਲੱਖੀ)

ਹਾਂ, ਵੀਰ ਜੀ! ਇਕ ਸੰਕਲਪ ਕਿਸੇ ਵੇਲੇ ਫੁਰਦਾ ਹੈ ਉਹ ਇਹ ਹੈ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਅਰ ਇਕ-ਰਸ ਸਾਰਾ ਪਾਠ ਸੁਣਾਂ ਤੇ ਇਸ ਨਿਰਬਲ ਦੇਹੀ ਨਾਲ ਰੱਜ ਕੇ ਮੱਥਾ ਟੇਕਾਂ, ਪਰ ਇਹ ਗੱਲ ਔਖੀ ਦਿੱਸਦੀ ਹੈ, ਇਸ ਕਰਕੇ ਸੰਕਲਪ ਦਾ ਤਿਆਗ ਕੀਤਾ ਹੈ।

ਬਲਵੰਤ ਸਿੰਘ ਭੈਣ ਜੀ! ਆਪ ਫਿਕਰ ਨਾ ਕਰੋ, ਇਹ ਗਲ ਔਖੀ ਨਹੀਂ ਹੈ, ਇਸ ਦਾ ਬਾਨ੍ਹਣੂ ਝਬਦੇ ਹੀ ਬੱਝ ਜਾਏਗਾ।

ਸੁੰਦਰੀ ਬੋਲੀ (ਅੱਖਾਂ ਵਿਚ ਅੱਥਰੂ ਆ ਗਏ)— ਵੀਰ ਜੀ! ਮੈਂ ਵੱਡੀ ਔਗਣਿਹਾਰੀ ਹਾਂ, ਮੇਰੇ ਪਿੱਛੇ ਤੁਹਾਨੂੰ ਅਰ ਸਾਰੇ ਸਿੰਘਾਂ ਨੂੰ ਵਡੇ ਕਸ਼ਟ ਝੱਲਣੇ ਪਏ ਹਨ। ਮੇਰੀ ਮੁਰਾਦ ਇਹ ਸੀ ਕਿ ਮੈਂ ਭਰਾਵਾਂ ਨੂੰ ਸੁਖ ਦਿੰਦੀ, ਉਲਟਾ ਸਗੋਂ ਮੈਂ ਦੁੱਖਾਂ ਦਾ ਕਾਰਨ ਹੁੰਦੀ ਰਹੀ ਹਾਂ। ਮੈਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੀ ਮੂੰਹ ਦਿਆਂਗੀ ਕਿ ਅੰਮ੍ਰਿਤ ਛਕ ਕੇ ਮੈਂ ਕਿੰਨੀ ਕੁ ਪੰਥ ਦੀ ਸੇਵਾ ਕੀਤੀ ਹੈ? ਕਲਗੀਵਾਲਾ ਸੁੰਦਰ ਚਿਹਰਾ ਜਦ ਪੁੱਛੇਗਾ ਪੁਤ੍ਰੀ! ਕੀ ਭਲਾ ਕਰਕੇ ਆਈ ਹੈਂ? ਉਸ ਵੇਲੇ ਮੇਰਾ ਸ਼ਰਮਿੰਦਾ ਮਨ ਕੀ ਉਤ੍ਰ ਦੇਵੇਗਾ? ਮਾਤਾ ਸਾਹਿਬ ਦੇਵਾਂ ਜੀ ਦੀ ਪਵਿੱਤ੍ਰ ਗੋਦ ਵਿਚ ਬੈਠਣੋਂ ਇਹ ਮਨ ਲਾਜ ਖਾਏਗਾ, ਜਦ ਮਾਤਾ ਜੀ ਪ੍ਰੇਮ-ਮਈ ਝਿੜਕ ਨਾਲ ‘ਕੁਚੱਜੀ ਧੀ’ ਕਰਕੇ ਸੱਦਣਗੇ।

ਸੁੰਦਰੀ ਦੇ ਇਹ ਦਿਲ ਕੰਬਾ ਦੇਣ ਵਾਲੇ ਨਿੰਮ੍ਰਤਾ ਦੇ ਵਾਕ ਸੁਣ ਕੇ ਸਭ ਦੇ ਨੇਤ੍ਰ ਪ੍ਰੇਮ-ਮਈ ਜਲ ਨਾਲ ਭਰ ਗਏ। ਸਰਦਾਰ ਸ਼ਾਮ ਸਿੰਘ ਨੇ ਪਿਆਰ ਦੇ ਕੇ ਕਿਹਾ:- ਪੁਤ੍ਰੀ! ਤੂੰ ਇਸਤ੍ਰੀ ਨਹੀਂ, ਦੇਵੀ ਹੈਂ, ਤੇਰੇ ਵਰਗੀਆਂ ਧਰਮੀ ਇਸਤ੍ਰੀਆਂ ਦੇ ਸਤ ਪਿੱਛੇ ਹੀ ਪੰਥ ਹੈ। ਤੂੰ ਜੇਹਾ ਅੰਮ੍ਰਿਤ ਸਫਲ ਕੀਤਾ ਹੈ ਤੇਹਾ ਹਰੇਕ ਇਸਤ੍ਰੀ ਪੁਰਖ ਕਰੇ। ਤੂੰ ਆਪਣੇ ਪਿਤਾ ਪਾਸ ਬੜੀ ਸੁਰਖ਼ਰੂ ਹੋ ਕੇ ਚੱਲੀ ਹੈਂ। ਮਾਤਾ ਸਾਹਿਬ ਦੇਵਾਂ ਤੇਰੇ ਵਰਗੀ ਪੁਤ੍ਰੀ ਲਈ ਗਦਗਦ ਹਨ, ਧੰਨ ਹੈਂ ਤੂੰ । ਧੰਨ ਤੇਰਾ ਜਨਮ ਹੈ। ਪੰਥ ਵਿਚ ਤੇਰੀ ਸੇਵਾ ਦੀ ਕਦਰ ਹੈ ਅਰ ਸਾਰੇ ਤੇਰੇ ਲਈ ਖੁਸ਼ੀ ਦੇ ਅਰਦਾਸੇ ਕਰਦੇ ਹਨ।

ਸੁੰਦਰੀ- ਪਿਤਾ ਜੀ! ਜੋ ਮੈਨੂੰ ਕਰਨਾ ਯੋਗ ਸੀ, ਸੋ ਮੈਂ ਨਹੀਂ ਕੀਤਾ। ਇਹ ਕਹਿਕੇ ਫਿਰ ਰੋ ਪਈ ਅਰ ਬੇਹੋਸ਼ ਹੋ ਗਈ। ਪਾਣੀ ਦੇ ਛੱਟੇ ਮਾਰਕੇ ਸੁੰਦਰੀ ਨੂੰ ਹੋਸ਼ ਵਿਚ ਆਂਦਾ ਅਰ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਲੈਣ ਚਲੇ ਗਏ।

ਸਵੇਰ ਸਾਰ ਹੀ ਗੁਰੂ ਬਾਬਾ ਜੀ ਆ ਗਏ। ਉਸ ਵੇਲੇ ਦਸ ਬਾਰਾਂ ਸਿੰਘਾਂ ਨੇ ਕੇਸਾਂ ਸਣੇ ਇਸ਼ਨਾਨ ਕੀਤਾ, ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਆਰੰਭ ਦਿੱਤਾ। ਸੁੰਦਰੀ ਪਾਸ ਲੇਟੀ ਪਈ ਪਾਠ ਸੁਣਦੀ ਰਹਿੰਦੀ, ਕਿੰਨਾ ਕਿੰਨਾ ਚਿਰ ਆਸਰੇ ਸਿਰ ਬੈਠਦੀ ਥੱਕ ਜਾਂਦੀ ਤਾਂ ਲੇਟ ਜਾਂਦੀ ਤਦ ਬੀ ਮਨ ਨਾ ਥੱਕਦਾ, ਦਿਲ ਨਾ ਅੱਕਦਾ, ਸਗੋਂ ਇਹ ਦਸ਼ਾ ਹੋ ਰਹੀ ਸੀ ਜੋ ਮੀਂਹ ਵਰਸੇ ਪਰ ਧਰਤੀ ਦੀ ਹੁੰਦੀ ਹੈ। ਸੁੰਦਰੀ ਦਾ ਲੂੰ ਲੂੰ ਨਾਮ ਵਿਚ ਰੱਤਾ ਹੋਇਆ ਸੀ ਤੇ ਆਨੰਦ ਦੇ ਸਮੁੰਦਰ ਵਿਚ ਇਸ਼ਨਾਨ ਕਰ ਰਹੀ ਸੀ। ਸੋਲਾਂ ਪਹਿਰਾਂ ਮਗਰੋਂ ਪਾਠ ਤਿਆਰ ਹੋਇਆ ਸਭ ਖਾਲਸੇ ਦਾ ਦੀਵਾਨ ਆ ਲੱਗਾ, ਪਹਿਲੇ ਸਭ ਨੇ ਰਲਕੇ ਸ਼ਬਦ ਗਾਵੇਂ, ਫੇਰ ਭੋਗ ਪਾਇਆ, ਆਨੰਦ ਪੜ੍ਹਿਆ, ਆਰਤੀ ਉਚਾਰੀ ਪ੍ਰਸ਼ਾਦ ਵਰਤਿਆ, ਸੁੰਦਰੀ ਨੇ ਵਡੇ ਪ੍ਰੇਮ ਨਾਲ ਕੁਣਕਾ ਛਕਿਆ ਅਰ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਇਉਂ ਕਹਿਣ ਲੱਗੀ:

“ਮੇਰਿਓ ਵੀਰੋ! ਮੇਰੀਓ ਭੈਣੋਂ! ਇਕ ਬੇਨਤੀ ਤੁਹਾਡੀ ਪ੍ਰਾਹੁਣੀ ਭੈਣ ਕਰਦੀ ਹੈ, ਵਿਛੋੜਾ ਭਾਵੇਂ ਦੁਖਦਾਈ ਹੁੰਦਾ ਹੈ, ਪਰ ਮੈਂ ਇਸ ਕਰਕੇ ਦੁਖੀ ਨਹੀਂ, ਕਿਉਂਕਿ ਸਾਡਾ ਆਤਮਾ ਦਾ ਮੇਲ ਕਦੇ ਨਹੀਂ ਟੁੱਟਣ ਲੱਗਾ, ਅਸੀਂ ਸਾਰੇ ਬੈਕੁੰਠੀ ਜੀਵ ਹਾਂ ਅਰ ਬੈਕੁੰਠ ਭੀ ਸਾਧ ਸੰਗਤ ਦਾ ਹੈ, ਪਰ ਮੈਂ ਇਹ ਆਖੇ ਬਿਨਾ ਨਹੀਂ ਰਹਿ ਸਕਦੀ ਕਿ ਉਸ ਹਾਕਮ ਦੀ ਮੈਂ ਰਿਣੀ ਹਾਂ, ਮੇਰੀ ਮਾਂਦਗੀ ਪਰ ਉਸਨੇ ਰੁਪੱਯਾ ਖ਼ਰਚ ਕੀਤਾ ਹੈ, ਤੁਸਾਂ ਕੁਝ ਰੁਪੱਯਾ ਉਸਨੂੰ ਪੁਚਾ ਦੇਣਾ, ਜੋ ਮੈਂ ਰਿਣੀ ਨਾ ਰਹਾਂ।” ਸ਼ਾਮ ਸਿੰਘ ਨੇ ਕਿਹਾ “ਬਹੁਤ ਹੱਛਾ! ਕੁਝ ਫ਼ਿਕਰ ਨਾ ਕਰੋ, ਸਿਰ ਦੇ ਜ਼ੋਰ ਪੁਚਾਵਾਂਗੇ, ਤੁਸੀਂ ਸੰਕਲਪ ਨਾ ਰੱਖੋ।”

ਸੁੰਦਰੀ- ਪਯਾਰੇ ਵੀਰ! ਗੁਰੂ ਤੁਹਾਡਾ ਰਾਖਾ ਹੈ, ਤੁਹਾਨੂੰ ਕਈ ਭੀੜਾਂ ਪੈਣਗੀਆਂ, ਸੰਗ੍ਰਾਮ ਆਉਣਗੇ, ਪਰ ਤੁਸੀਂ ਸਭ ਤੋਂ ਪਾਰ ਹੋਕੇ ਰਾਜ ਭੋਗੋਗੇ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਆਪਣੀਆਂ ਇਸਤ੍ਰੀਆਂ ਨੂੰ ਸਾਥੀ ਜਾਣਿਓ ਤੇ ਨੀਚ ਨਾ ਬਣਾਇਓ। ਜਦ ਉਹਨਾਂ ਨੂੰ ਨੀਚ ਜਾਣੋਗੇ, ਉਹਨਾਂ ਪਰ ਬੇਤਰਸ ਕਰੜਾਈ ਕਰੋਗੇ ਅਰ ਜਦ ਪਰ ਨਾਰੀਆਂ ਨੂੰ ਮੰਦੀ ਦ੍ਰਿਸ਼ਟੀ ਨਾਲ ਦੇਖੋਗੇ ਤਦ ਹੀ ਆਪਣੇ ਤੇਜ ਪ੍ਰਤਾਪ ਦਾ ਗਿਰਾਉ ਜਾਣਿਓ। ਸ਼ਾਸਤ੍ਰਾਂ ਵਿਚ ਇਸਤ੍ਰੀ ਸ਼ੂਦਰ ਲਿਖੀ ਹੈ, ਸਾਡੇ ਦਸਾਂ ਹੀ ਗੁਰਾਂ ਨੇ ਸਲਾਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਉਪਮਾ ਲਿਖੀ ਹੈ ਤੇ ਨਾਮ ਬਾਣੀ ਦਾ ਅਧਿਕਾਰ ਇਸਤ੍ਰੀ ਨੂੰ ਪੂਰਾ ਦਿੱਤਾ ਹੈ। ਤਿਵੇਂ ਦਸਵੇਂ ਗੁਰੂ ਜੀ ਨੇ ਅੰਮ੍ਰਿਤ ਵਿਚ ਪਤਾਸੇ ਪਵਾਏ ਹਨ ਅਰ ਹੁਣ ਠੀਕ ਤੁਸਾਂ ਅਸਾਂ ਤੇ ਦਇਆ ਕਰਦੇ ਹੋ ਜਾਨਾਂ ਹੂਲ ਕੇ ਰਾਖੀਆਂ ਕਰਦੇ ਹੋ ਤੇ ਸਤਿਕਾਰ ਦੇਂਦੇ ਹੋ, ਤਦੇ ਹੀ ਅਸੀਂ ਐਡੇ ਅਪਦਾ ਕਾਲ ਵਿਚ ਅਰ ਵੈਰੀਆਂ ਦੇ ਸਮੁੰਦਰ ਵਿਚ ਘਿਰੇ ਹੋਏ ਭੀ ਸਹੀ ਸਲਾਮਤ ਗੱਜ ਰਹੇ ਹਾਂ।

ਧਰਮ ਕੌਰ ਆਦਿ ਵੱਲ ਤੱਕ ਕੇ) ਹੇ ਭੈਣੋਂ! ਤੁਸੀਂ ਬੀ ਜਦ ਤੱਕ ਸ਼ੁੱਧ ਸਿੰਘਣੀਆਂ ਹੋ, ਤਦ ਤੀਕ ਪੰਥ ਤਕੜਾ ਹੈ, ਜਦ ਪਤੀ ਸਿੰਘ ਤੇ ਤੁਸੀਂ ਕੁਝ ਹੋਰ ਹੋਈਆਂ, ਤਦੋਂ ਹੀ ਤੁਹਾਡੀ ਗਤੀ ਮਾੜੀ ਹੋ ਜਾਏਗੀ। ਤੀਵੀਂ ਉਲਾਦ ਦੀ ਪਿਆਰੀ ਹੈ, ਉਲਾਦ ਪਿੱਛੇ ਗੁਰੂ ਪੀਰ ਕਿਸੇ ਦੀ ਪਰਵਾਹ ਨਹੀਂ ਕਰਦੀ। ਬੱਸ, ਤੁਸਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੂੰਹ ਮੋੜ ਕੇ ਜਦੋਂ ਹੋਰ ਪੂਜਾ ਤੇ ਨੇਮ ਧਾਰੇ, ਤਦੋਂ ਹੀ ਸ਼ੂਦਰਾਂ ਵਾਂਙੂ ਹੋ ਜਾਓਗੀਆਂ। ਤੁਹਾਡੀ ਸੰਤਾਨ ਬੀ ਗਿੱਦੜ ਹੋ ਜਾਏਗੀ, ਦੁਰਕਾਰ ਤੁਹਾਡੇ ਹਿੱਸੇ ਆਵੇਗੀ ਅਰ ਸਤਿਕਾਰ ਉੱਡ ਜਾਵੇਗਾ। ਮਾਯਾ ਦੇ ਚਮਤਕਾਰਾਂ ਵਿਚ ਨਾ ਫਸਣਾ ਇਹ ਥੋੜੇ ਦਿਨਾਂ ਦੇ ਹਨ। ਸਦਾ ਰਹਿਣ ਵਾਲੇ ਆਪਣੇ ਆਤਮਾ ਦੀ ਭਲਿਆਈ ਵੱਲ ਵਧੇਰੇ ਖਿਆਲ ਰੱਖਣਾ।

ਮੇਰੇ ਵੀਰੋ! ਮੇਰੀ ਬੇਨਤੀ ਨਾ ਭੁੱਲਣੀ, ਤੀਵੀਂ ਦਾ ਸਤਿਕਾਰ ਤੇ ਪੰਥ ਵਿਚ ਪਵਿੱਤਰਤਾ ਤੇ ਪਵਿੱਤ੍ਰ ਦ੍ਰਿਸ਼ਟੀ ਅਜਿਹੀ ਰਖਣੀ ਕਿ ਜੇਹੀ ਤੁਸਾਂ ਮੇਰੇ ਨਾਲ ਵਰਤਣ ਵਰਤੀ ਹੈ। ਭਰਾਵੋ, ਜਦ ਤੁਸੀਂ ਰਾਜੇ ਸਰਦਾਰ ਹੋਵੋਗੇ, ਕਿਸੇ ਸਿੰਘ ਨੂੰ ਛੋਟਾ ਨਾ ਜਾਣਨਾ, ਸਾਡੇ ਵਿਖੇ ਧਨ ਪ੍ਰਧਾਨ ਨਹੀਂ, ਕਰਨੀ ਪ੍ਰਧਾਨ ਹੈ। ਹੱਛਾ! ਥੋੜਾ ਜਲ ਲਿਆਓ, ਮੈਂ ਮੂੰਹ ਹੱਥ ਧੋਂਦੀ ਹਾਂ।

ਇਸ ਵੇਲੇ ਸੁੰਦਰੀ ਦਾ ਚਿਹਰਾ ਚੰਦ ਵਾਂਙ ਚਮਕ ਰਿਹਾ ਸੀ ਇਕ ਤਰ੍ਹਾਂ ਦਾ ਤੇਜ ਸੂਰਜ ਦੀਆਂ ਕਿਰਨਾਂ ਵਾਂਙੂ ਉਸ ਦੇ ਰੂਪ ਦੇ ਦੁਆਲੇ ਭਾਸਦਾ ਸੀ, ਸੱਭੇ ਹਰਿਆਨ ਸਨ ਕਿ ਇਸ ਕਮਜ਼ੋਰੀ ਵਿਚ ਬਲ ਕਿਥੋਂ ਆ ਗਿਆ? ਹਿਰਦੇ ਵਿਜੋਗ ਸਿਰੇ ਤੇ ਪਹੁੰਚਾ ਵੇਖ ਕੇ ਵਿਚੋਂ ਵਿਚ ਹਿਲਦੇ ਸਨ ਪਰ ਭਾਣੇ ਵੱਲ ਰੁਖ ਕਰ ਰਹੇ ਸਨ। ਧਰਮ ਕੌਰ ਤਾਂ ਭੈਣ ਦੇ ਵਿਛੋੜੇ ਨੂੰ ਵੇਖਕੇ ਅੰਦਰੋਂ-ਅੰਦਰ ਘੇਰੀਆਂ ਖਾ ਰਹੀ ਸੀ। ਦੀਵਾਨ ਵਿਚ ਭੀ ਇਕ ਵੈਰਾਗ ਦਾ ਪ੍ਰਭਾਉ ਛਾ ਰਿਹਾ ਸੀ।

ਜਲ ਆਇਆ ਸੁੰਦਰੀ ਨੇ ਮੂੰਹ ਹੱਥ ਧੋਤਾ। ਧਰਮ ਕੌਰ ਦੇ ਆਸਰੇ ਢੋ ਲਾਕੇ ਵਡੇ ਪ੍ਰੇਮ ਨਾਲ ਜਪੁਜੀ ਦਾ ਪਾਠ ਕੀਤਾ ਅਰ ਭੋਗ ਪਾ ਕੇ ਅਰਦਾਸਾ ਸੋਧਿਆ, ਆਪਣੇ ਪਾਪਾਂ ਦੀ ਭੁੱਲ ਬਖਸ਼ਾਈ ਤੇ ਹਿੰਮਤ ਨਾਲ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕਿਆ ਤੇ ਇਹ ਤੁੱਕਾਂ ਪੜ੍ਹੀਆਂ:

ਮੇਲਿ ਲੇਹੁ ਦਇਆਲ ਢਹਿ ਪਏ ਦੁਆਰਿਆ॥

ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ॥

ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ॥

ਤੁਝ ਬਿਨੁ ਨਾਹੀ ਕੋਇ ਬਿਨਉ ਮੇਹਿ ਸਾਰਿਆ॥

ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ॥੧੬॥

(ਜੈਤਸਰੀ ਵਾਰ ਮ:੫)

ਸੁੰਦਰੀ ਦਾ ਮੱਥਾ ਧਰਤੀ ਤੋਂ ਨਾ ਚੁੱਕਿਆ ਗਿਆ, ਕਿੰਨਾ ਚਿਰ ਲੰਘ ਗਿਆ। ਜਦ ਘਬਰਾ ਕੇ ਬਲਵੰਤ ਸਿੰਘ ਨੇ ਸਿਰ ਚੁੱਕਿਆ ਤਾਂ ਕੀ ਡਿੱਠਾ, ਸੁੰਦਰੀ ਤੁਰ ਗਈ, ਸੁੰਦਰੀ ਪਿਤਾ ਪਾਸ ਚਲੀ ਗਈ, ਹਾਂ। ਸਤਵੰਤੀ ਦਾ ਖਾਲੀ ਪਿੰਜਰਾ ਪਿਆ ਹੈ।

ਉਸ ਵੇਲੇ ਸ਼ਬਦ ਗਾਉਂਦੇ ਭਜਨ ਕਰਦੇ ਖਾਲਸੇ ਨੇ ਮਾਤਾ ਸਾਹਿਬ ਦੇਵਾਂ ਦੀ ਪਿਆਰੀ ਸੁੰਦਰ ਕੌਰ ਦਾ ਸਰੀਰ ਅਗਨੀ ਦੇ ਹਵਾਲੇ ਕੀਤਾ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਦਸਵੇਂ ਦਿਨ ਭੋਗ ਪਾਇਆ।

ਇਸਦੇ ਚਲਾਣੇ ਦਾ ਵੈਰਾਗ ਸਾਰੇ ਪੰਥ ਵਿਖੇ ਹੋਇਆ, ਪਰ ਧਰਮ ਕੌਰ ਆਪਣੀ ਪਿਆਰੀ ਰੱਖਯਕ ਦਾ ਵਿਛੋੜਾ ਨਾ ਸਹਾਰ ਸਕੀ, ਦਿਨੋ ਦਿਨ ਲਿੱਸੀ ਹੁੰਦੀ ਗਈ ਤੇ ਕੋਈ ਯਾਰੀਂ ਦਿਨੀਂ ਪੂਰੇ ਸਿਦਕ ਵਿਚ ਚਲਾਣਾ ਕਰ ਗਈ। ਬਲਵੰਤ ਸਿੰਘ ਭਾਵੇਂ ਵੈਰਾਗ ਵਿਚ ਨ੍ਰਿਬ੍ਰਿਤ ਹੋ ਕੇ ਏਕਾਂਤ ਭਜਨ ਕਰਨਾ ਚਾਹੁੰਦਾ ਸੀ, ਪਰ ਸਿੰਘਾਂ ਨੇ ਉਸ ਨੂੰ ਨਾ ਜਾਣ ਦਿੱਤਾ ਕਿ ਵਿਹਾਰ ਪਰਮਾਰਥ ਦੋਵੇਂ ਨਿਬਾਹੁਣੇ ਚਾਹੀਦੇ ਹਨ, ਅੰਦਰ ਦਾ ਤਯਾਗ ਕਰਨਾ ਹੈ, ਨਾਮ ਨਾਲ ਲਿਵ ਰੱਖਣੀ ਹੈ, ਕ੍ਰਿਯਾ ਵਿਚ ਵਸਦਿਆਂ ਤੇ ਕੰਮ ਕਰਦਿਆਂ ਨਿਰਲੇਪ ਰਹਿਣਾ ਹੈ। ਉਧਰੋਂ ਦੁੱਰਾਨੀ ਦੇ ਫੇਰ ਚੜ੍ਹ ਆਉਣ ਦੀਆਂ ਸੂੰਹਾਂ ਮਿਲ ਰਹੀਆਂ ਸਨ, ਇਸ ਕਰਕੇ ਬਲਵੰਤ ਸਿੰਘ “ਕਰਮ ਕਰਤ ਹੋਵੈ ਨਿਹਕਰਮ” ਦੇ ਹੁਕਮ ਮੂਜਬ ਪੰਥ ਸੇਵਾ ਪਰ ਤਤਪਰ ਹੀ ਰਿਹਾ।

ਸੁੰਦਰੀ ਨਾਵਲ ਭਾਈ ਸਾਹਿਬ ਭਾਈ ਵੀਰ ਸਿੰਘ | Sunadri Novel Bhai Vir Singh

ਅੰਤਕਾ-1

ਜੋ ਪੁਸਤਕ ਆਪਦੇ ਇਸ ਵੇਲੇ ਹੱਥ ਵਿਚ ਹੈ, ਇਹ ਪਹਿਲੇ ਪਹਿਲ ਸੰਮਤ ੪੨੯ ਗੁ:ਨਾ:ਸਾ: ਭਾਦਰੋਂ ੧੮੯੮ ਈ: ਵਿਚ ਛਪੀ ਸੀ, ਲਿਖੀ ਤਾਂ ਇਸ ਤੋਂ ਪਹਿਲਾਂ ਗਈ ਹੋਵੇਗੀ। ਇਸਦੇ ਲਿਖੇ ਜਾਣ ਦਾ ਆਧਾਰ ਇਹ ਗੀਤ ਹੈ ਜੋ ਤਦੋਂ ਬੀ ਇਸ ਵਿਚ ਛਪਿਆ ਸੀ। ਇਹ ਗੀਤ ਪੁਰਾਤਨ ਹੈ ਤੇ ਪੁਰਾਤਨ ਮਾਈਆਂ ਨੇ ਗਾਇਆ ਤੇ ਇਸ ਵਿਚ ਹਾਲ ਸੁੰਦਰੀ ਵਾਲਾ ਸੁਣਾਇਆ ਕਰਦੀਆਂ ਸਨ। ਉਹ ਗੀਤ ਇਹ ਹੈ

ਨਣਦ ਭਰਜਾਈ ਚੀਣਾ ਛੜਦੀਆਂ,

ਫ਼ੌਜ ਮੁਗਲਾਂ ਦੀ ਚੜ੍ਹਿਆ।

ਹਾਏ ਵੇ ਸਿਪਾਹੀ ਜਾਂਦਿਆ!

ਘਰ ਨਹੀਂ ਸੀ ਰਾਂਝਾ,

ਆਪਣੀ ਗੋਰੀ ਨੂੰ ਕੌਣ ਛੁਡਾ।

ਹਾਏ ਵੇ. ……..

ਉਡੀਂ ਉਡੀਂ ਵੇ ਕਾਗ ਸੁਲੱਖਣੇ!

ਕਹਿ ਮੇਰੇ ਬਾਪ ਨੂੰ, ਧੀ ਪਕੜੀ ਵੀ ਜਾ।

ਹਾਏ ਵੇ …..

ਮੁਹਰਾਂ ਦਿਆਂ ਡੇਢ ਲੱਖ ਰੁਪਏ ਦਿਆਂ ਲੱਖ ਚਾਰ,

ਮਿੰਨਤ ਮੁਥਾਜੀ ਕਰ ਕੇ ਧੀ ਲਊਂਗਾ ਛੁਡਾ।

ਹਾਏ ਵੇ …..

ਅੱਗ ਲਾਵਾਂ ਤੇਰੇ ਲੱਖਾਂ ਨੂੰ ਮੋਹਰਾਂ ਜਲ ਜਾ,

ਐਸੀ ਸੁੰਦਰ ਸੋਹਣੀ ਸਾਥੋਂ ਛਡੀਆ ਨਾ ਜਾ।

ਹਾਏ ਵੇ …..

ਉਡੀਂ ਉਡੀਂ ਵੇ ਕਾਗ ਸੁਲੱਖਣੇ! ਮੇਰੇ ਵੀਰ ਕੋਲ ਜਾ।

ਜਾ ਕਹੀਂ ਮੇਰੇ ਵੀਰ ਨੂੰ ਭੈਣ ਪਕੜੀ ਵੀ ਜਾ।

ਹਾਏ.ਵੇ …..

ਮੋਤੀ ਦਿਆਂਗਾ ਡੇਢ ਸੋ ਮੁਹਰਾਂ ਦਿਆਂ ਲਖ ਚਾਰ।

ਹੱਥ ਜੋੜ ਕਰ ਬੇਨਤੀ ਭੈਣ ਲਵਾਂਗਾ ਛੁਡਾ।

ਹਾਏ ਵੇ …..

ਅੱਗ ਲਾਵਾਂ ਤੇਰੇ ਮੋਤੀਆਂ ਮੋਹਰਾਂ ਜਲ ਜਾ,

ਐਸੀ ਸੁੰਦਰ ਸੋਹਣੀ ਸਾਥੋਂ ਛਡੀਆ ਨਾ ਜਾ।

ਹਾਏ ਵੇ …..

ਉਡੀਂ ਉਡੀਂ ਵੇ ਕਾਗ ਸੁਲੱਖਣੇ! ਮੇਰੇ ਕੰਤ ਕੋਲ ਜਾ,

ਆਖੀਂ ਮੇਰੇ ਕੰਤ ਨੂੰ ਨਾਰ ਪਕੜੀ ਵੀ ਜਾ।

ਹਾਏ ਵੇ …..

ਹੀਰੇ ਦਿਆਂ ਇਕ ਲਖ ਲਾਲਾਂ ਲਖ ਚਾਰ,

ਦੋ ਘੜੀਆਂ ਦੀ ਬੇਨਤੀ ਸੋਹਣੀ ਲਊਂ ਜਾ ਛੁਡਾ।

ਹਾਏ ਵੇ …..

ਅੱਗ ਲਾਵਾਂ ਤੇਰੇ ਹੀਰਿਆਂ ਲਾਲਾਂ ਜਲ ਜਾ,

ਐਸੀ ਸੁੰਦਰ ਸੋਹਣੀ ਸਾਥੋਂ ਛਡੀਆ ਨਾ ਜਾ।

ਹਾਏ ਵੇ …..

ਜਾਹ ਬਾਪ ਘਰ ਆਪਣੇ ਰੱਖਾਂ ਤੇਰੜੀ ਲਾਜ,

ਮੁਗਲਾਂ ਦਾ ਖਾਣਾ ਨਾ ਖਾਵਾਂ, ਮੈਂ ਖੜੀ ਜਲ ਜਾਂ ।

ਹਾਏ ਵੇ …..

ਜਾਹ ਵੀਰ ਘਰ ਆਪਣੇ ਰੱਖਾਂ ਤੇਰੜੀ ਲਾਜ,

ਮੁਗਲਾਂ ਦਾ ਪਾਣੀ ਨਾ ਪੀਵਾਂ ਮੈਂ ਖੜੀ ਜਲ ਜਾਂ।

ਹਾਏ ਵੇ …..

ਜਾਹ ਕੰਤ ਘਰ ਆਪਨੇ ਰੱਖਾਂ ਤੇਰੜੀ ਲਾਜ,

ਮੁਗਲਾਂ ਦੀ ਸੇਜੇ ਨਾ ਚੜ੍ਹਾਂ ਮੈਂ ਖੜੀ ਜਲ ਜਾਂ।

ਹਾਏ ਵੇ …..

ਬਾਪ ਹਮਾਰਾ ਡਿੱਗ ਪਿਆ ਵੀਰ ਪਿਆ ਗਸ਼ ਖਾ,

ਕੰਤ ਹਮਾਰਾ ਹੱਸ ਪਿਆ ਕਰਸਾਂ ਹੋਰ ਵਿਆਹ।

ਹਾਏ ਵੇ …..

ਮੁਗਲ ਗਿਆ ਸੀ ਪਾਣੀਏਂ ਪਿੱਛੋਂ ਗੋਰੀ ਚਿਖਾ ਬਨਾ,

ਸੜਨ ਲੱਗੀ ਸੀ ਭੈਨੜੀ ਉਤੋਂ ਵੀਰ ਗਯਾ ਆ।

ਹਾਏ ਵੇ …..

ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ? ਇਹ ਅਸੀਂ ਸੁੰਦਰੀ ਕਰਤਾ ਜੀ ਦੇ ਆਪਣੇ ਲਿਖੇ ਵਾਕਾਂ ਵਿਚ ਹੀ ਦੱਸਦੇ ਹਾਂ,

“ਸੁੰਦਰੀ ਦੇ ਸਮਾਚਾਰ ਅਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿਚ ਲਿਖੇ ਹਨ ਅਸਾਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਾਂ ਅਰ ਬ੍ਰਿਧ ਤੀਵੀਆਂ ਪੁਰਖਾਂ ਤੋਂ ਸੁਣਕੇ ਕੱਠੇ ਕਰ ਕੇ ਇਕ ਸ਼ਰੇਣੀ ਵਿਚ ਗੁੰਦ ਕੇ ਅਰ ਟੁੱਟੇ ਸਿਲਸਲਿਆਂ ਨੂੰ ਮਿਲਾ ਕੇ ਲਿਖੇ ਹਨ। ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ ਦੋਹਾਂ ਨੂੰ ਨਿਬਾਹੁਣ, ਕੁਰੀਤੀਆਂ ਦਾ ਤਿਆਗ ਹੋਵੇ, ਧਰਮ ਦਾ ਵਾਧਾ ਹੋਵੇ ਅਰ ਸਿਖਾਂ ਨੂੰ ਆਪਣੇ ਉਤੱਮ ਅਸੂਲ ਪਿਆਰੇ ਲਗਣ, ਆਪਣੇ ਵਿਚ ਜਥੇਬੰਦ ਹੋ ਕੇ ਸਿੰਘ ਦੂਜੀਆਂ ਕੌਮਾਂ ਨੂੰ ਇਕ-ਰਸ ਜਾਣ ਕੇ ਕਿਸੇ ਨਾਲ ਅਤਿ ਵੈਰ ਤੇ ਕਿਸੇ ਨਾਲ ਅਤਿ ਮੋਹ ਨਾ ਕਰਨ, ਸਗੋਂ ‘ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ’ (ਪਾ-੧੦) ਵਾਲੀ ਗੁਰੂ ਸਿਖਯਾ ਪੁਰ ਟੁਰ ਕੇ ਅਟੱਲ ਰਹਿਣ।”

ਸੁੰਦਰੀ ਛਪੀ ਨੂੰ ਅੱਜ (੧੯੩੩ ਈ: ਵਿਚ) ੩੫ ਕੁ ਬਰਸ ਹੋ ਗਏ ਹਨ*, ਉਸ ਸਮੇਂ ਦਾ ਹਾਲ, ਜਦੋਂ ਲਿਖੀ ਗਈ ਸੀ, ਇਸ ਵੇਲੇ ਸਾਡੀਆਂ ਅੱਖਾਂ ਅੱਗੇ ਨਹੀਂ ਹਨ ਤੇ ਉਸ ਤੋਂ ਬੀ ਪੰਝੀ ਕੁ ਵਰ੍ਹੇ ਪਹਿਲਾਂ ਸਿੱਖਾਂ ਦੀ ਹਾਲਤ ਬਹੁਤ ਦਰਦਨਾਕ ਸੀ, ਜਿਸ ਨੂੰ ਵੇਖ ਕੇ ਸਿੰਘ ਸਭਾ ਮੂਵਮੈਂਟ ਟੁਰੀ ਸੀ। ਇਸ ਸਮੇਂ ਪਰ ਇਕ ਸਰਸਰੀ ਨਜ਼ਰ ਪਾਇਆਂ ਸਾਨੂੰ ਪਤਾ ਲਗੇਗਾ ਕਿ ਇਹ ਪੋਥੀ ਕਿਸ ਸਮੇਂ ਲਿਖੀ ਗਈ ਤੇ ਇਸ ਦਾ ਕੀ ਫਲ ਹੋਇਆ।

ਅਚਾਨਕ ਰਾਜ ਗੁਆਚਣ ਦੀ ਸੱਟ ਖਾ ਕੇ ਸਿੱਖ ਅਸਚਰਜ ਦਸ਼ਾ ਵਿਚ ਜਾ ਪਏ। ਤੇਜ ਘਟ ਗਿਆ ਸੀ, ਤੇ ਅਨਮਤੀ ਪ੍ਰਭਾਵ ਪੂਰਾ ਛਾ ਗਿਆ ਸੀ, ਗੁਰਪੁਰਬ ਮਾਨੋਂ ਨਾ ਹੋਇਆਂ ਤੁੱਲ ਸਨ, ਗੁਰ ਮਰਿਯਾਦਾ ਮਾਨੋਂ ਲੋਪ ਸੀ, ਜਥੇਬੰਦੀ ਅਣਹੋਂਦ ਵਰਗੀ ਢਿੱਲੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਮਗਰਲੇ ਸਮੇਂ ਦਰਬਾਰ ਵਿਚ ਅਨਮਤੀ ਜ਼ੋਰ ਵਧ ਜਾਣ ਕਰਕੇ ਸਿੱਖੀ ਵਿਚ ਰਲੇ ਪੈ ਗਏ ਸਨ। ਰਾਜ ਜਾਣ ਦੇ ਮਗਰੋਂ ਇਹ ਹਾਲ ਸੀ ਕਿ ਸਾਡੇ ਮੰਦਰਾਂ ਵਿਚ ਬੁੱਤ ਪ੍ਰਸਤੀ ਤੇ ਘਰਾਂ ਵਿਚ ਅਨਮਤੀ ਪ੍ਰਵੇਸ਼ ਕਰ ਗਈ ਸੀ। ਸਿੱਖ ਮਾਵਾਂ ਵਿਚ ਆਦਰਸ਼ ਮਿਲਗੋਭਾ ਜਿਹਾ ਹੋ ਗਿਆ ਸੀ। ਸਿੱਖ ਧੀਆਂ ਦੂਜੇ ਅਵਤਾਰਾਂ ਦੇ ਗੀਤ ਗਾਉਂਦੀਆਂ ਤੇ ਆਰਤੀਆਂ ਉਤਾਰਦੀਆਂ ਸਨ। ਗਿਆਨੀਆਂ ਨੂੰ ਪੁਰਾਣਕ ਤੇ ਸੂਫੀਆਂ ਦੇ ਰੰਗ ਚੜ੍ਹ ਗਏ ਸਨ, ਗੁਰਦਵਾਰੀਏ ਆਪ ਸਿੱਖਾਂ ਵਿਰੁੱਧ ਰਸਮਾਂ ਸ਼ਾਮਲ ਕਰ ਬੈਠੇ ਸਨ। ਇਸ ਦਸ਼ਾ ਨੂੰ ਦੇਖ ਕੇ ਕੁਝ ਪੰਥ ਦਰਦੀਆਂ ਨੇ ਸ੍ਰੀ ਅੰਮ੍ਰਿਤਸਰ ਜੀ ਵਿਚ ਤੇ ਫੇਰ ਲਾਹੌਰ ਵਿਚ ਸਿੰਘ ਸਭਾਵਾਂ ਕਾਇਮ ਕੀਤੀਆਂ ਤੇ ਫੇਰ ਹੋਰ ਥਾਵਾਂ ਤੇ ਕਾਇਮ ਹੋਈਆਂ। ਫੇਰ ਖਾਲਸਾ ਦੀਵਾਨ ਅੰਮ੍ਰਿਤਸਰ ਤੇ ਮਗਰੋਂ ਲਾਹੌਰ ਦੀਵਾਨ ਬਣਿਆ। ਸਿੰਘ ਸਭਾਵਾਂ ਦਾ ਮੰਤਵ ਕੌਮ ਵਿੱਚ ਅਨਮਤੀ ਖਿਆਲਤ ਤੇ ਅਨਮਤੀ ਰੀਤਾਂ ਰਸਮਾਂ ਕੱਢ ਕੇ ਨਿਰੋਲ ਗੁਰਮਤਿ ਦੇ ਖਿਆਲਾਤ ਤੇ ਸਿੱਖ ਰਸਮਾਂ ਦਾ ਪ੍ਰਚਾਰ ਕਰਨਾ ਤੇ ਪੰਥ ਨੂੰ ਜਥੇਬੰਦ ਕਰਨਾ ਸੀ।

ਪ੍ਰੰਤੂ ਮੁੱਢ ਵਿਚ ਸਿੰਘ ਸਭਾ ਤਹਿਰੀਕ ਦਾ ਬਾਹਲਾ ਜ਼ੋਰ ਅਨਮਤੀ ਰੀਤਾਂ ਕੱਢਣ, ਭਾਈਚਾਰਕ ਸੁਧਾਰ ਤੇ ਵਿਦਯਕ ਕੰਮਾਂ ਵਲ ਹੀ ਰਿਹਾ ਤੇ ਅਭਾਗਤਾ ਨਾਲ ਸਿੰਘ ਸਭਾ ਆਰੰਭ ਹੋਣ ਤੇ ਕੁਛ ਸਮੇਂ ਮਗਰੋਂ ਦੋ ਧੜੇ ਬਣ ਗਏ, ਜਿਸ ਕਰਕੇ ਜਥੇਬੰਦੀ ਦੇ ਕੰਮ ਨੂੰ ਭਾਰੀ ਸੱਟ ਵੱਜੀ।

ਇਹ ਸਮਾਂ ਸੀ ਜਦੋਂ ਪੰਥ ਵਿਚ ਕੌਮੀ ਜੀਵਨ, ਜਥੇਬੰਦੀ, ਧਰਮ ਭਾਵ, ਬਾਣੀ ਤੇ ਨੇਮ ਅਤੇ ਸਤਿਗੁਰੂ ਦੇ ਚਰਨਾਂ ਦੇ ਪਿਆਰ ਦੀ ਰੌ ਪੈਦਾ ਕਰਨ ਦੀ ਭਾਰੀ ਲੋੜ ਸੀ ਤੇ ਜ਼ਰੂਰੀ ਸੀ ਕਿ ਪੁਰਾਤਨ ਸਿੱਖ-ਇਤਿਹਾਸ, ਖਾਲਸੇ ਦੇ ਅਸਲੀ ਪੰਥਕ ਜੀਵਨ ਦੇ ਕਾਰਨਾਮੇ ਕੌਮ ਦੇ ਅੱਗੇ ਰੱਖੇ ਜਾਣ।

ਇਸ ਵੇਲੇ, ਅਰਥਾਤ ੧੮੯੩ ਈ: ਦੇ ਲਗਪਗ, ਇਸ ਪੁਸਤਕ ਦੇ ਕਰਤਾ ਜੀ ਦੇ ਦਿਮਾਗ ਵਿਚ, ਜੋ ਅਜੇ ਛੋਟੀ ਉਮਰ ਵਿਚ ਸੇ, ਧਰਮ ਭਾਵ ਦਾ ਫੈਲਣਾ ਇਕ ਦਾਰੂ ਦਿੱਸ ਰਿਹਾ ਸੀ, ਜਿਸ ਨਾਲ ਪੰਥ ਵਿਚ ਕੁਰਬਾਨੀ ਦਾ ਮਾਦਾ ਪੈਦਾ ਹੋ ਕੇ ਮੈਤ੍ਰੀ ਤੇ ਜਥੇਬੰਦੀ ਦੀ ਆਸ ਹੋ ਸਕਦੀ ਸੀ।

ਇਸ ਆਸ ਨਾਲ ੧੮੯੩-੧੮੯੪ ਈ: ਵਿਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਧਰੀ ਗਈ, ਜਿਸਦੇ ਪ੍ਰਬੰਧ ਕਰਤਾ ਬਾਨੀ ਭਾਈ ਕੌਰ ਸਿੰਘ ਜੀ ਹੋਏ, ਦੋ ਚਾਰ ਸੱਜਣ ਹੋਰ ਨਾਲ ਰਲੇ ਤੇ ਸਾਹਿਤਯ ਲਿਖਣ ਦਾ ਕੰਮ ਏਸ ਲੇਖਣੀ ਨੇ ਆਪਣੇ ਪਰ ਲਿਆ। ‘ਪ੍ਰਾਰਥਨਾ’ ‘ਪ੍ਰੇਮਬਾਣ’ ਆਦਿਕ ਧਰਮ ਸਿਖਯਾ ਦੇ ਟ੍ਰੈਕਟ ਲਿਖੇ ਗਏ, ਛਪੇ ਤੇ ਇਹ ਕੰਮ ਜ਼ਾਹਰੀ ਭੜਕ ਤੋਂ ਬਿਨਾਂ ਟੁਰ ਪਿਆ। ਅਪਰੈਲ ੧੮੯੫ ਵਿਚ ਭਾਈ ਕੌਰ ਸਿੰਘ ਜੀ ਪ੍ਰਲੋਕ ਗਮਨ ਕਰ ਗਏ। ਉਸ ਵੇਲੇ ਤਕ ਪੰਜ ਟ੍ਰੈਕਟ ਨਿਕਲੇ ਸੇ, ਛੇਵਾਂ ਉਨ੍ਹਾਂ ਦੇ ਚਲਾਣੇ ਦਾ ਸ਼ੋਕ ਪਤ੍ਰ ਨਿਕਲਿਆ ਉਹਨਾਂ ਦੇ ਚਲਾਣੇ ਬਾਦ ਸੁਸਾਇਟੀ ਵਿਚ ਸਰਦਾਰ ਤ੍ਰਿਲੋਚਨ ਸਿੰਘ ਜੀ ਵਰਗੇ ਹੋਣਹਾਰ ਨੌਜਵਾਨ ਤੇ ਸੱਜਣ ਪੁਰਖ ਨੇ ਆਕੇ ਨਵੀਂ ਜਾਨ ਪਾ ਦਿੱਤੀ। ਸੁਸਾਇਟੀ ਦਾ ਪੱਕਾ ਫੰਡ ਬਣ ਗਿਆ, ਰਜਿਸਟਰੀ ਕਰਾਈ ਗਈ ਤੇ ਬਾਕਾਇਦਾ ਟ੍ਰੈਕਟ ਨਿਕਲਣ ਲੱਗ ਪਏ। ਇਸ ਸੁਸਾਇਟੀ ਦੇ ਕੰਮ ਨੇ ਬੜਾ ਨਿੱਗਰ ਅਸਰ ਪਾਉਣਾ ਸ਼ੁਰੂ ਕੀਤਾ। ਪੰਥ ਵਿਚ ਧਰਮ ਭਾਵਨਾ ਵਧਣ ਲੱਗੀ। ਖਾਨਾ ਜੰਗੀ ਤੋਂ ਨਫ਼ਰਤ ਪੈਦਾ ਹੋਣ ਲਗ ਪਈ, ਧਾਰਮਿਕ ਦੀਵਾਨ ਸਜਨ ਲੱਗ ਪਏ। ਨਿੱਗਰ ਉਸਾਰੀ ਦੇ ਕੰਮ ਵੱਲ ਰੁਜੂਅ ਵਧਣ ਲੱਗਾ।

ਪੰਥ ਵਿਚ ਇਸ ਧਰਮ ਭਾਵ ਦੀ ਤੇ ਪੰਥਕ ਪਯਾਰ ਦੀ ਰੌ ਵਧਾਉਣ ਲਈ ੧੮੯੮ ਈ: ਦੇ ਭਾਦਰੋਂ ਵਿਚ ਇਹ ਪੋਥੀ ਕਰਤਾ ਜੀ ਨੇ ਛਪਵਾਈ। ਪੰਥ ਵਿਚ ਧਾਰਮਿਕ ਤੇ ਪੰਥਕ ਜੀਵਨ ਤੇ ਪਿਆਰ ਨੂੰ ਹੋਰ ਦੁਮਰਦਾ ਲਾਉਣ ਲਈ ਅਗਲੇ ਸਾਲ ਦੇ ਕੱਤਕ ਵਿਚ ਆਪ ਜੀ ਨੇ ਅਖਬਾਰ ‘ਖਾਲਸਾ ਸਮਾਚਾਰ’ ਜਾਰੀ ਕਰ ਦਿੱਤਾ, ਇਸ ਲਈ ਕਿ ਟ੍ਰੈਕਟ ਤੇ ਸੁੰਦਰੀ ਵਰਗੇ ਪੁਸਤਕਾਂ ਦਾ ਲਾਭ ਤਾਂਹੀ ਵਧਦਾ ਹੈ ਜੇ ਅੱਠਵੇਂ ਦਿਨ ਧਰਮ ਭਾਵ ਵਾਲਾ ਅਖਬਾਰ ਬੀ ਸਿੱਖਾਂ ਦੇ ਹੱਥਾਂ ਵਿਚ ਜਾਵੇ। ਇਸਤੋਂ ਥੋੜੇ ਚਿਰ ਬਾਅਦ ਪ੍ਰਸਿੱਧ ਲੇਖਕ ਤੇ ਪੰਥ ਸੇਵਕ ਭਾਈ ਦਿੱਤ ਸਿੰਘ ਜੀ ਗਿਆਨੀ ਪਰਲੋਕ ਚੱਲ ਬਸੇ ਤੇ ਕੌਮ ਵਿਚ ਜੀਵਨ ਭਰਨ ਦਾ ਵਿਸ਼ੇਸ਼ ਕੰਮ ਸੁਤੇ ਹੀ ‘ਖਾਲਸਾ ਸਮਾਚਾਰ’ ਦੇ ਸਿਰ ਪਿਆ।

ਮਾਲੂਮ ਹੁੰਦਾ ਹੈ ਕਿ ਸੁੰਦਰੀ ਲਿਖਣ ਦਾ ਪ੍ਰਯੋਜਨ ਕੋਈ ਸਾਹਿਤਯਕ ਨੁਕਤੇ ਤੋਂ ਦਿਲਚਸਪੀ ਲਈ ਇਕ ਨਾਵਲ ਲਿਖਣ ਦਾ ਨਹੀਂ ਸੀ ਜੋ ਪਾਠਕਾਂ ਨੂੰ ਘੜੀ ਦੋ ਘੜੀ ਦੇ ਬਹਿਲਾਵੇ ਦਾ ਕੰਮ ਦੇਵੇ ਤੇ ਨਾ ਛਾਣ ਪੁਣ ਕੇ ਨਿਰਾ ਇਤਿਹਾਸ ਲਿਖਣ ਦਾ ਸੀ। ਇਤਿਹਾਸਕ ਨੁਕਤੇ ਤੋਂ ਇਤਿਹਾਸ ਦਾ ਖਾਕਾ (ਆਊਟ ਲਾਈਨ) ਜਿਹਾ ਖਿੱਚ ਕੇ ਜੋ ਉਸ ਵੇਲੇ ਦੀਆਂ ਆਸਾਨੀ ਨਾਲ ਦਸਤਯਾਬ ਚੀਜ਼ਾਂ ਤੋਂ ਲਿਆ ਜਾਵੇ ਤੇ ਸੀਨੇ-ਬਸੀਨੇ ਆਈਆਂ ਰਵਾਯਤਾਂ ਤੇ ਉਪਰਲੇ ਗੀਤ ਵਾਲੀ, ਕਥਾ ਨਾਲ ਮਿਲਾਕੇ ਇਕ ਸ਼ੈ ਬਣੇ, ਜਿਸ ਨਾਲ ਜਿਸ ਸਮੇਂ ਸਿੱਖਾਂ ਨੇ ਕਿ ਦਿਲ ਹਿਲਾ ਦੇਣ ਵਾਲੀਆਂ ਕੁਰਬਾਨੀਆਂ ਕੀਤੀਆਂ ਹਨ ਓਹ ਸਮੇਂ ਅੱਖਾਂ ਅੱਗੇ ਆ ਜਾਣ, ਓਦੋਂ ਦੇ ਹਾਕਮਾਂ ਦੇ ਜ਼ੁਲਮ, ਪਰਜਾ ਦੀ ਦੁਖੀ ਦਸ਼ਾ ਸਿੱਖਾਂ ਦੇ ਕਾਰਨਾਮੇ ਤੇ ਸਿੱਖਾਂ ਦੀਆਂ ਆਪਾਵਾਰ ਕੁਰਬਾਨੀਆਂ ਦਿੱਸ ਪੈਣ ਤੇ ਓਦੋਂ ਦੇ ਸਿੱਖ ਕੈਰੈਕਟਰ ਤੇ ਖਾਲਸੇ ਦੇ ਪੰਥਕ ਜੀਵਨ ਦਾ ਫੋਟੋ ਸਾਹਮਣੇ ਖਿੱਚਿਆ ਜਾਵੇ ਤੇ ਇਸ ਦੇ ਅਸਰ ਨਾਲ ਸਿੱਖ ਮਰਦ ਇਸਤ੍ਰੀਆਂ ਵਿਚ ਕੌਮ ਦੇ ਜੀਵਨ ਦੀ ਮੱਧਮ ਪੈ ਗਈ ਰੌ ਮੁੜ ਰੁਮਕ ਉਠੇ। ਜਥੇਬੰਦੀ, ਜਿਸਦੀ ਨੀਂਹ ਸਿੰਘ ਸਭਾ ਦੇ ਮੇਲ ਵਿਚ ਰੱਖੀ ਗਈ ਸੀ ਸਿਰੇ ਚੜ੍ਹੇ। ਗੁਰਪੁਰਬ ਜੋ ਕੌਮ ਦੀ ਇਕ ਜਾਨ ਹਨ, ਕੌਮ ਵਿਚ ਮੁੜ ਆ ਜਾਣ, ਗੁਰ ਮਰਿਯਾਦਾ ਸਿੱਖਾਂ ਦਾ ਅਮਲ ਹੋ ਜਾਵੇ ਤੇ ਪੰਥਕ ਦਿਲਧਾਪ ਸੁਰਜੀਤ ਹੋ ਕੇ ਅਰੋਗ ਵੱਜਣ ਲੱਗ ਪਵੇ।

ਸੋ, ਸੁੰਦਰੀ ਉਸ ਸਮੇਂ ਲਿਖੀ ਗਈ ਜਦੋਂ ਕਿ ਪੰਥ ਆਪਣੀ ਅਵੇਸਲੀ ਨੀਂਦ ਤੋਂ ਜਗਾਇਆ ਜਾ ਰਿਹਾ ਸੀ, ਤੇ ਇਸ ਜਾਗ ਰਹੇ ਸ਼ੇਰ ਵਿਚ ਇਸ ਦੇ ਪੁਰਾਤਨ ਬਾਹੂ-ਬਲ ਪ੍ਰਾਕ੍ਰਮ, ਧਰਮ ਪਵਿਤੱਤ੍ਰਾ ਤੇ ਉਚੇ ਆਦਰਸ਼ ਨੂੰ • ਸੁਰਜੀਤ ਕਰਨ ਦੀ ਲੋੜ ਸੀ ਤਾਂ ਕਿ ਖਾਲਸਾ, ਜੋ ਇਕ ਆਦਰਸ਼ ਇਨਸਾਨ ਸਤਿਗੁਰ ਨੇ ਬਣਾਇਆ ਸੀ, ਆਪਣੀ ਅੱਟਲਤਾ ਵਿਚ ਕਾਇਮ ਰਹੇ ਤੇ ਇਸਦੀ ਸੇਵਾ ਨਾਲ ਜਗਤ ਸੁਖੀ ਹੋਵੇ।

ਸੁੰਦਰੀ ਵਿਚ ਆਏ ਹਾਲਾਤ ਦੱਸ ਚੁਕੇ ਹਾਂ ਕਿ ਕਿਵੇਂ ਸੰਕਲਤ ਹੋਏ ਹਨ। ਸੁੰਦਰੀ ਅਜੇ ਛਪੀ ਨਹੀਂ ਸੀ ਕਿ ਭਾਈ ਸਾਹਿਬ ਤਖਤ ਸਿੰਘ ਜੀ ਨੇ (ਕਰਤਾ ਜੀ ਤੋਂ ਖਰੜਾ ਲਿਜਾ ਕੇ) ਸਰਦਾਰ ਚੰਦਾ ਸਿੰਘ ਜੀ ਵਕੀਲ ਫੀਰੋਜ਼ਪੁਰ ਨੂੰ ਸੁਣਾਈ, ਉਹਨਾਂ ਦੇ ਘਰ ਕੋਈ ਟਹਿਲਣ ਸੁਣ ਰਹੀ ਸੀ। ਤ੍ਰਬਕ ਕੇ ਬੋਲੀ, ਸਰਦਾਰ ਜੀ ਜੋ ਕਥਾ ਤੁਸੀਂ ਪੜ੍ਹ ਰਹੇ ਹੋ ਏਸ ਦਾ ਤਾਂ ਇਕ ਪੁਰਾਣਾ ਗੀਤ ਮੇਰੇ ਯਾਦ ਹੈ। ਉਹ ਗੀਤ ਸਰਦਾਰ ਜੀ ਦੇ ਕਹਿਣ ਤੇ ਉਸਨੇ ਸੁਣਾਇਆ, ਜੋ ਪਿੱਛੇ ਦਿੱਤਾ ਗੀਤ ਹੀ ਸੀ। ਹੋਰ ਹਾਲਾਤ, ਜੋ ਲਿਖਤੀ ਇਤਿਹਾਸਾਂ ਵਿਚੋਂ ਹਨ; ਉਹਨਾਂ ਦੇ ਥਹੁ ਪਤੇ ਜਿੰਨੇ ਕੁ ਹੋ ਸਕੇ ਕਰਤਾ ਜੀ ਨੇ ਇਸ ਵੇਰੀ ਲਾ ਦਿੱਤੇ ਹਨ।

  1. ਐਸੇ ਹਾਲਾਤ ਕਿ ਜਿਨ੍ਹਾਂ ਨੂੰ ਪੜ੍ਹ ਕੇ ਲੋਕੀਂ ਅਚਰਜ ਹੋ ਜਾਂਦੇ ਹਨ ਕਿ ‘ਹੈਂ ਦਿਨ ਦਿਹਾੜੇ ਹਾਕਮ ਜਨਾਨੀਆਂ ਖੱਸ ਲੈਂਦੇ ਸਨ ਤੇ ਖਾਲਸਾ ਕਿਵੇਂ ਬਹੁੜ ਸਕਦਾ ਸੀ’, ਸ਼ੱਕ ਦੀ ਨਜ਼ਰ ਨਾਲ ਦੇਖੇ ਜਾ ਸਕਦੇ ਹਨ, ਪਰ ਐਸੀਆਂ ਘਟਨਾਵਾਂ ਬਹੁਤ ਹੋ ਵਰਤੀਆਂ ਹਨ ਸੀਨੇ-ਬਸੀਨੇ ਰਹਿ ਕੇ ਰੁਲ ਗਈਆਂ, ਯਾ ਗੀਤਾਂ ਦੇ ਬੁੱਢੇ ਹੋ ਜਾਣ ਨਾਲ ਵਿਸਰ ਗਈਆਂ, ਪਰ ਲਿਖਤੀ ਇਤਿਹਾਸ ਵਿਚ ਵੀ ਘੱਟ ਤੋਂ ਘੱਟ ਪੰਜ ਸੱਤ ਇਸ ਤਰ੍ਹਾਂ ਦੇ ਵਾਕੇ ਆਏ ਹੋਏ ਹਨ। ਯਥਾ:-

(ੳ) ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਕ ਬ੍ਰਾਹਮਣ ਦੀ ਪੁਕਾਰ ਤੇ ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਮਾਤਹਿਤ ੧੦੦ ਜੁਆਨ ਦੇ ਕੇ ਹੁਸ਼ਿਆਰਪੁਰ ਦੇ ਲਾਗੇ ਬੱਸੀ ਦੇ ਹਾਕਮ ਤੋਂ ਲੜਕੀ ਛੁਡਾਉਣ ਲਈ ਘੱਲਿਆ ਜੋ ਜਾਕੇ ਬ੍ਰਾਹਮਣੀ ਛੁਡਾ ਕੇ ਲੈ ਆਏ ਤੇ ਗੁਰੂ

ਜੀ ਨੇ ਬ੍ਰਾਹਮਣ ਨੂੰ ਬ੍ਰਾਹਮਣੀ ਦੇਕੇ ਠੰਢ ਵਰਤਾਈ। (ਗੁ:ਪ੍ਰ: ਸੂਰਜ ਰੁਤ

ਪੰਜ ਅੰਸੂ ੩੩-੩੪)

(ਅ) ਖੁਡਾਲੇ (ਸਰਸੇ) ਦੇ ਹਾਕਮ ਦੀ ਕੈਦ ਵਿਚੋਂ ਇਕ ਲੜਕੀ ਦੇ ਬਾਪ ਨੂੰ ਦਸਵੇਂ ਗੁਰੂ ਜੀ ਨੇ ਆਪ ਛੁਡਾਇਆ, ਜਿਸ ਨੂੰ ਹਾਕਮ ਨੇ ਲੜਕੀ ਨਾ ਦੇਣ ਪਿਛੇ ਕੈਦ ਪਾ ਛੱਡਿਆ ਸੀ ਤੇ ਲੜਕੀ ਸੰਗਤ ਨੇ ਲੁਕਾ ਰਖੀ मी।

(ੲ) ਲੁਹਾਰੀ ਜਲਾਲਾਬਾਦ (ਜੋ ਦਿੱਲੀ ਲਾਗੇ ਹੈ) ਵਿਚ ਪੰਥ ਨੇ (ਬਾਬਾ ਬਘੇਲ ਸਿੰਘ ਦੇ ਸਮੇਂ) ਪੰਜਾਬ ਤੋਂ ਤੰਗ ਆਕੇ ਇਕ ਬ੍ਰਾਹਮਣ ਦੀ ਲੜਕੀ, ਜੋ ਹਾਕਮ ਮੱਲੋ-ਮੱਲੀ ਖੋਹਕੇ ਲੈ ਗਿਆ ਸੀ, ਭਾਰੀ ਜੰਗ ਕਰਕੇ ਛੁਡਾਈ। ਜਦੋਂ ਲੜਕੀ ਦੇ ਸਹੁਰਿਆਂ ਨੂੰ ਕਿਹਾ ਗਿਆ ਕਿ ਕਾਕੀ ਨੂੰ ਲੈ ਜਾਓ ਤਾਂ ਉਨ੍ਹਾਂ ਨੇ ਨਾਂਹ ਕੀਤੀ ਕਿ ਇਹ ਧਰਮਹੀਨ ਹੋ ਗਈ ਹੈ, ਅਸੀਂ ਨਹੀਂ ਇਸ ਨਾਲ ਵਰਤ ਸਕਦੇ; ਤਦ ਖਾਲਸੇ ਨੇ ਕਿਹਾ ਕਿ ਇਹ ਹੁਣ ਪੰਥ ਦੀ ਲੜਕੀ ਹੈ, ਜੋ ਇਸ ਨਾਲ ਵਰਤਣੋਂ ਨਾਂਹ ਕਰੇਗਾ ਉਸਨੂੰ ਦੰਭ ਦਿੱਤਾ ਜਾਏਗਾ ਤਦੋਂ ਕਾਕੀ ਨੇ ਪ੍ਰਸ਼ਾਦ ਪਕਾਇਆ ਤੇ ਸਾਰੇ ਸਾਕਾਂ ਤੇ ਬਿਰਾਦਰੀ ਨੇ ਖਾਧਾ। ਉਸ ਵੇਲੇ ਖਾਲਸੇ ਦੇ ਜਥੇ ਵਿਚੋਂ ਹਰ ਸਿੰਘ ਨੇ ਯਥਾਸਕਤ ਮਾਇਆ ਬੀਬੀ ਨੂੰ ਦਾਜ ਵਜੋਂ ਦਾਨ ਦਿੱਤੀ ਤੇ ਸੱਚਮੁੱਚ ਹੀ ਬਣਾਕੇ ਸੁਹਰੇ ਟੋਰਿਆ।

(ਸ: ਕਰਮ ਸਿੰਘ ਹਿਸਟੋਰੀਅਨ)

(ਸ) ਕਸੂਰ ਇੱਡਾ ਬਲੀ ਟਿਕਾਣਾ ਸੀ ਕਿ ਨਾਦਰ ਨੇ ਦਿੱਲੀ ਲੁੱਟੀ, ਦਿੱਲੀ ਤੱਕ ਦੇਸ਼ ਵੈਰਾਨ ਕੀਤਾ, ਪਰ ਕਸੂਰ ਤੇ ਹੱਲਾ ਕਰਨ ਦਾ ਹੌਂਸਲਾ ਨਹੀਂ ਪਿਆ। ਅਬਦਾਲੀ ਮਥਰਾ ਤਕ ਤਲਵਾਰ ਮਾਰਦਾ ਤੇ ਲੁੱਟਦਾ ਗਿਆ, ਪਰ ਕਸੂਰ ਵੰਨੇ ਉਸਨੇ ਬੀ ਨਹੀਂ ਸੀ ਤੱਕਿਆ। ਉਸ ਕਸੂਰ ਦੇ ਇਕ ਹਾਕਮ ਨੇ ਹਿੰਦੂ ਲੜਕੀ ਜ਼ਬਰੀ ਖੋਹ ਲਈ ਤੇ ਉਹ ਹਿੰਦੂ ਅਕਾਲ ਬੁੰਗੇ ਪੰਥ ਅਗੇ ਪਿੱਟਿਆ ਕਿ ਮੇਰੀ ਮਦਦ ਕਰੋ, ਨਹੀਂ ਤਾਂ ਮੈਂ ਮਰਦਾ ਹਾਂ। ਸਰਦਾਰ ਹਰੀ ਸਿੰਘ, ਭੰਗੀ ਮਿਸਲ ਦਾ ਵੱਡਾ ਅਣਖ ਖਾ ਕੇ ਪੰਜ ਹਜ਼ਾਰ ਜੁਆਨ ਨਾਲ ਮਰਨਾ ਮਾਰਨਾ ਬਿਦਕੇ ਅਰਦਾਸਾ ਸੋਧ ਕੇ ਟੁਰ ਪਿਆ। ਪੰਥ ਹੈਰਾਨ ਸੀ ਕਿ ਕਸੂਰ ਕਿਵੇਂ ਪੰਜ ਹਜ਼ਾਰ ਨਾਲ ਫਤੇ ਹੋ ਜਾਸੀ, ਪਰ ਪੰਥ ਪਿਆਰੇ ਇਹ ਕਦ ਝੱਲ ਸਕਦੇ ਸਨ ਕਿ ਇਕ ਭਰਾ ਜਾ ਕੇ ਸ਼ਹੀਦ ਹੋ ਜਾਵੇ ਤੇ ਬਾਕੀ ਦੇ ਤਕਦੇ ਰਹਿਣ। ਸਾਰੇ ਖਾਲਸੇ ਦੇ ਦਲ ਖਬਰ ਸੁਣਕੇ ਭਰਾ ਦੇ ਮਗਰ ਟੁਰ ਪਏ, ਕਸੂਰ ਅੱਪੜਦੇ ਤਾਈਂ ਚਾਲੀ ਹਜ਼ਾਰ ਖਾਲਸਾ ਹੋ ਗਿਆ। ਦੇਖੋ, ਇਤਿਹਾਸ ਲਿਖਦਾ ਹੈ ਕਿ ਇਕ ਬ੍ਰਾਹਮਣ ਲੜਕੀ ਨੂੰ ਛੁਡਾਉਣ ਵਾਸਤੇ ਚਾਲੀ ਹਜ਼ਾਰ ਸਿੰਘ ਪੰਜਾਬ ਦੇ ਮਜ਼ਬੂਤ ਤੋਂ ਮਜ਼ਬੂਤ ਸ਼ਹਿਰ ਤੇ ਜਾ ਪਿਆ। ਜਾਨ ਤੋੜ ਲੜਾਈ ਕਰਕੇ ਲੜਕੀ ਛੁਡਾਈ ਤੇ ਬ੍ਰਾਹਮਣ ਦੇ ਹਵਾਲੇ ਕੀਤੀ। (ਪੰਥ ਪ੍ਰਕਾਸ਼)

(ਹ) ਗੋਕਲ ਚੰਦ ਨਾਰੰਗ ਜੀ ਆਪਣੇ ‘ਸਿੱਖੋਂ ਕੇ ਪ੍ਰੀਵਰਤਨ’ ਵਿਚ ਲਿਖਦੇ ਹਨ- ਉਸ (ਜੱਸਾ ਸਿੰਘ ਰਾਮਗੜੀਏ) ਨੇ ਹਿਸਾਰ ਕੋ ਲੂਟਾ ਔਰ ਵਹਾਂ ਸੇ ਵੁਹ ਦੋ ਲੜਕੀਓਂ ਕੋ ਬਚਾ ਲਿਆਇਆ, ਜਿਨਕੋ ਕਿ ਵਹਾਂ ਕਾ ਹਾਕਮ ਜ਼ਬਰਦਸਤੀ ਭਗਾ ਲੈ ਗਿਆ ਥਾ। (ਪੰਨਾ ੧੫੬)

ਅਹਿਮਦ ਸ਼ਾਹ ਅਬਦਾਲੀ ਜਦ ਹਿੰਦ ਨੂੰ ਲੁੱਟ ਕੇ ਮੁੜਿਆ ਹਿੰਦੂ ਇਸਤ੍ਰੀਆਂ ਤੇ ਮਰਦ ਗੁਲਾਮ ਕਰਕੇ ਲੈ ਗਿਆ। ਇਕ ਤੋਂ ਵਧੀਕ ਵਾਰੀਆਂ ਐਸੀਆਂ ਹਨ ਕਿ ਖਾਲਸਾ ਮਗਰ-ਮਗਰ ਗਿਆ ਕਿ ਦਾਉ ਪਾਕੇ ਹਿੰਦੂ ਇਸਤ੍ਰੀਆਂ ਛੁਡਾ ਲਿਆਉਂਦਾ ਰਿਹਾ। ਪੰਥ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ, ਜੋ ਕਪੂਰਥਲਾ ਰਿਆਸਤ ਦੇ ਮੁੱਢ ਕਰਤਾ ਹੋਏ ਹਨ, ਉਹਨਾਂ ਦੀ ਇਕ ਇਸ ਤਰ੍ਹਾਂ ਦੀ ਮਰਦਾਨਗੀ ਗੋਕਲ ਚੰਦ ਨਾਰੰਗ ਜੀ ਨੇ ਆਪਣੇ ‘ਸਿੱਖੋਂ ਕੇ ਪ੍ਰੀਵਰਤਨ’ ਵਿਚ ਲਿਖੀ ਹੈ ਤੇ ਦੱਸਿਆ ਹੈ ਕਿ ਸਰਦਾਰ ਜੀ ਨੇ ਅਹਿਮਦ ਸ਼ਾਹ ਪਾਸੋਂ ਹਿੰਦੂ ਇਸਤ੍ਰੀਆਂ ਛੁਡਾ ਕੇ ਆਂਦੀਆਂ ਤੇ ਪਾਸੋਂ ਖਰਚ ਦੇ ਕੇ ਆਪੋ ਅਪਨੇ ਘਰੀਂ ਪੁਚਾਇਆ। (ਸਿੱਖੋਂ ਕਾ ਪ੍ਰੀਵਰਤਨ ਪੰਨਾ ੨੫੩) ਇਸੇ ਤਰ੍ਹਾਂ ਹਾਕਮ ਪਰਜਾ ਦੀ ਕੀ ਦੁਰਦਸ਼ਾ ਕਰ ਰਹੇ ਸਨ, ਜਿਸਦੀ ਤਸਵੀਰ ‘ਸੁੰਦਰੀ’ ਵਿਚ ਹੈ, ਜੇ ਲਿਖਤੀ ਇਤਿਹਾਸਾਂ ਵਿਚ ਲੱਭੀਏ ਤਾਂ

ਐਉਂ ਦੇ ਹਾਲ ਲੱਭਦੇ ਹਨ:

(ੳ) ਕਪੂਰੀ ਦਾ ਕੁਦਮੁੱਦੀਨ ਖ਼ਾਂ ਆਪਣੇ ਸ਼ਹਿਰ ਤੇ ਇਲਾਕੇ ਦੀ ਕਿਸੇ ਸੁੰਦਰ ਇਸਤ੍ਰੀ ਦਾ ਸਤ ਭੰਗ ਕੀਤੇ ਬਿਨਾਂ ਨਹੀਂ ਸੀ ਰਹਿੰਦਾ, ਜਿਸ ਪਰ ਬੰਦੇ ਨੇ ਬਨੂੜ ਜਿੱਤਣ ਵੇਲੇ ਹਲਾ ਬੋਲਿਆ ਸੀ। ਇਹ ਦੁਸ਼ਟ ਆਪਣਾ ਇਲਾਕਾ ਛੱਡ ਕੇ, ਲਿਖਦੇ ਹਨ ਕਿ ਅੰਮ੍ਰਿਤਸਰ ਆ ਕੇ ਇਸਤ੍ਰੀ ਚੁੱਕ ਕੇ ਲੈ ਗਿਆ ਸੀ। (ਪੰਨਾ ੧੬੩)

ਭਾਈ ਕਰਮ ਸਿੰਘ ਜੀ ਕਈ ਵਰ੍ਹੇ ਇਤਿਹਾਸ ਖੋਜ ਕੇ ਉਸ ਸਮੇਂ ਦੇ ਹਾਕਮਾਂ ਬਾਬਤ ਲਿਖਦੇ ਹਨ:

(ਅ) ਉਨ੍ਹਾਂ ਦਿਨੀਂ ਸ਼ਾਹੀ ਦਾ ਪ੍ਰਬੰਧ ਐਸਾ ਢਿੱਲਾ ਸੀ ਕਿ ਨਿੱਕੇ ਮੋਟੇ ਪਿੰਡਾਂ ਨੂੰ ਜ਼ੋਰਾਵਰਾਂ ਦੀਆਂ ਵਾਹਰਾਂ ਸਦਾ ਹੀ ਲੁਟ ਲਿਆ ਕਰਦੀਆਂ ਸਨ।

(ਬੰਦਾ ਬਹਾਦਰ, ਸਫ਼ਾ ੩੨)

(ੲ) ਉਨ੍ਹੀਂ ਦਿਨੀਂ ਬਾਹਰ ਦੇ ਪਿੰਡਾਂ ਵਿਚ ਸਦਾ ਨੰਗ ਭੁੱਖ ਵਰਤੀ ਰਹਿੰਦੀ ਸੀ, ਕਿਉਂਕਿ ਆਏ ਦਿਨ ਧਾੜਾਂ, ਕਾਨੂੰਗੋ ਤੇ ਆਮਲਾਂ ਦੀਆਂ ਸਖ਼ਤੀਆਂ ਗ਼ਰੀਬ ਜ਼ਿਮੀਦਾਰਾਂ ਪਾਸ ਕੁਛ ਨਹੀਂ ਸਨ ਰਹਿਣ ਦੇਂਦੀਆਂ।

(ਸ) ਤੁਰਕਾਂ ਦੇ ਜ਼ੁਲਮ: ਜੋ ਹਾਕਮ ਵੀ ਨਹੀਂ ਸਨ, ਐਉਂ ਦੱਸਦੇ ਹਨ; ਆਸ ਪਾਸ ਦੇ ਪਿੰਡਾਂ ਦੇ ਲੋਕੀ ਕਾਜ਼ੀਆਂ, ਸੱਯਦਾਂ ਤੇ ਸ਼ੇਖਾਂ ਦੇ ਜ਼ੁਲਮਾਂ ਤੋਂ ਅੱਕੇ ਹੋਏ ਸਨ।

(ਹ) ਵੱਡਾ ਆਦਮੀ ਭਾਵੇਂ ਬੰਦੇ ਨਾਲ ਕੋਈ ਨਾ ਰਲਿਆ, ਪਰ ਜ਼ਾਲਮ ਹਾਕਮਾਂ ਤੋਂ ਦੁਖੀ ਹੋਈ ਪਰਜਾ ਸਭ ਇਸ ਦੇ ਨਾਲ ਸੀ। ਉਸ ਸਮੇਂ ਦੇ ਹਾਕਮ ਦੈਂਤਾਂ ਦਾ ਅਵਤਾਰ ਸਨ, ਸਭ ਤੋਂ ਵੱਡੇ ਲੁਟੇਰੇ, ਪਰਲੇ ਦਰਜੇ ਦੇ ਬੇਰਹਿਮ, ਲੋਕਾਂ ਦੇ ਘਰ ਲੁੱਟ ਕੇ ਆਪਣੀਆਂ ਮਾੜੀਆਂ ਭਰਦੇ, ਜ਼ਿਮੀਂਦਾਰਾਂ ਨੂੰ ਨਿਚੋੜ ਕੇ ਵੇਸ਼ਵਾਵਾਂ ਦੇ ਘਰ ਪੂਰਦੇ, ਇਕ ਇਕ ਘਰ ਸੌ ਸੌ ਦੇ ਕਰੀਬ ਬੇਗਮ, ਤੇ ਇਸ ਥੋਂ ਪੰਜ ਪੰਜ ਗੁਣਾ ਲੌਂਡੀਆਂ, …..ਉਨ੍ਹਾਂ ਦੇ ਦਿਲਾਂ ਵਿਚ ਜ਼ੁਲਮ ਦਾ ਨਿਵਾਸ ਹੁੰਦਾ ਆਪਣੇ ਸਪੁਰਦ ਕੀਤੀ ਗਈ ਪਰਜਾ ਦੇ ਦਿਲ ਦੁਖਾਉਂਦੇ, ਉਹਨਾਂ ਦੀਆਂ ਨੂੰਹਾਂ ਧੀਆਂ ਫੜ ਕੇ ਬਦੋਬਦੀ ਮੁਸਲਮਾਨ ਕਰਦੇ।

੨. ਦੂਜੀ ਗੱਲ ਇਹ ਹੈ ਕਿ ਕੀ ਸਿੰਘ ਐਸੇ ਤਾਕਤਵਰ ਤੇ ਕੁਰਬਾਨੀਆਂ ਕਰਨ ਵਾਲੇ ਸਨ ਕਿ ਨਹੀਂ: ਕਿ ਮਰਦੇ ਸਨ, ਹੋ ਮਿਟਦੇ ਸਨ, ਖਯਾਲ ਪੰਜਾਬ ਭਰ ਵਿਚ ਹੋ ਜਾਂਦਾ ਸੀ ਕਿ ਸਿੱਖ ਮੁੱਕ ਗਏ ਹਨ, ਪਰ ਫੇਰ ਉਗਮ ਪੈਂਦੇ ਸਨ; ਕਤਲਾਮਾਂ ਸਿੱਖਾਂ ਦੀਆਂ ਬੰਦੇ ਦੇ ਸਮੇਂ ਤੇ ਮਗਰੋਂ ਖਾਨ ਬਹਾਦਰ ਦੇ ਹੱਥੀਂ, ਸ਼ਾਹਨਵਾਜ਼ ਤੇ ਯਾਹਯਾ ਖਾਂ ਦੇ ਸਮੇਂ ਤੇ ਮੀਰ ਮੰਨੂੰ ਵੇਲੇ ਐਸੀਆਂ ਦਰਦਨਾਕ ਹੋਈਆਂ ਹਨ ਕਿ ਪੜ੍ਹਕੇ ਕਲੇਜੇ ਪਕੜੇ ਜਾਂਦੇ ਹਨ। ਹਾਂ, ਕਤਲਾਮਾਂ ਲੜਨ ਵਾਲੇ ਸਿੱਖਾਂ ਦੀਆਂ ਹੀ ਨਹੀਂ ਸਗੋਂ ਸ਼ਹਿਰ, ਗਿਰਾਂਵਾਸੀ, ਨਾ-ਲੜਨਹਾਰੇ ਟੱਬਰਦਾਰਾਂ ਦੀਆਂ ਬੀ। ਲਖਪਤ ਨੇ ਪਹਿਲੇ ਦਿਨ ਤੇ ਮੱਸਿਆ ਵਾਲੇ ਦਿਨ ਜਦ ਕਤਲਾਮ ਸ਼ੁਰੂ ਕੀਤੀ ਤਾਂ ਪਹਿਲੇ ਆਪਨੇ ਘਰ ਦੇ ਬੇਗੁਨਾਹ ਸਿੱਖ ਨੌਕਰ ਹੀ ਕਤਲ ਕੀਤੇ ਅਤੇ ਸ਼ਹਿਰ ਦੇ ਵਡੇਕਿਆਂ ਅਤੇ ਆਪਨੇ ਵਰਗੇ ਸਰਕਾਰੀ ਆਹੁਦੇਦਾਰਾਂ, ਜੈਸੇ ਦੀਵਾਨ ਸੂਰਤ ਸਿੰਘ ਤੇ ਦੀਵਾਨ ਕੌੜਾ ਮੱਲ, ਦੇ ਮਨ੍ਹਾਂ ਕਰਦਿਆਂ ਕਤਲ ਕਰ ਦਿੱਤੇ ਸਨ। ਲਿਖਿਆ ਹੈ ਕਿ ਲਾਹੌਰ ਵਿਚ ਸੈਂਕੜੇ ਸਿੱਖ ਰੋਜ਼ ਕਤਲ ਕੀਤੇ ਜਾਂਦੇ, ਖੂਹ ਭਰੇ ਜਾਂਦੇ ਤੇ ਬੁਰਜ ਉਸਾਰੇ ਜਾਂਦੇ। ਏਹ ਗੱਲਾਂ ਹਿੰਦੂ ਇਤਿਹਾਸਕਾਰ ਤੇ ਮੁਸਲਮਾਨ ਆਪ ਲਿਖਦੇ ਹਨ। ਪਹਾੜਾਂ ਵਿਚ ਲੁਕੇ ਸਿੱਖਾਂ ਨੂੰ ਰਾਜੇ ਫੜ ਫੜ ਕੇ ਮੰਨੂੰ ਪਾਸ ਘੱਲਦੇ ਤੇ ਉਹ ਨਖਾਸ ਵਿਚ ਕਤਲਾਮਾਂ ਕਰਵਾਉਂਦਾ। ਏਥੇ ਹੀ ਬੱਸ ਨਹੀਂ, ਝੱਲਾਂ ਵਿਚ ਜਾ ਲੁਕੇ ਸਿਖਾਂ ਦੇ ਟੱਬਰ ਕਬੀਲੇ ਪਕੜ ਕੇ ਲਾਹੌਰ ਤਸੀਹੇ ਦੇ ਦੇ ਕੇ ਬੁਰੇ ਹਾਲ ਕੀਤੇ, ਪਰ ਕਿਸੇ ਸਿੰਘਣੀ ਨੇ ਧਰਮ ਨਹੀਂ ਹਾਰਿਆ।

੩. ਸਿੱਖ ਜਦ ਪਕੜੇ ਜਾਂਦੇ, ਉਹਨਾਂ ਨੂੰ ਲਾਲਚ ਮਿਲਦੇ, ਮੁਸਲਮਾਨ ਹੋਣ ਪਰ ਮਾਫੀਆਂ ਤੇ ਹੋਰ ਸੁਖ ਦੇ ਸਾਮਾਨ ਪੇਸ਼ ਕੀਤੇ ਜਾਂਦੇ, ਪਰ ਉਹ ਖੁਸ਼ੀ ਨਾਲ ਮੌਤ ਕਬੂਲਦੇ ਤੇ ਧਰਮ ਨਾ ਹਾਰਦੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਬਾਹੁੰਦੇ। ਬੰਦੇ ਦੇ ਨਾਲ ਫੜੇ ਗਏ ਇਕ ਨੌਜਵਾਨ ਸਿੱਖ ਦੀ ਮਾਂ ਫੱਰੁਖ਼ਸੀਅਰ ਪਾਤਸ਼ਾਹ ਤੋਂ ਪੁੱਤ ਵਾਸਤੇ ਮਾਫ਼ੀ ਲੈ ਆਈ ਕਿ ਮੇਰਾ ਪੁੱਤ ਸਿੱਖ ਨਹੀਂ, ਪਾਤਸ਼ਾਹ ਨੇ ਮਾਫ਼ ਕਰ ਦਿਤਾ ਹੈ। ਪਰ ਉਸ ਬੱਚੇ ਨੇ ਮਾਂ ਦੀ ਗੱਲ ਨਾ ਮੰਨੀ, ਸਿੱਖੀ ਤੇ ਕਾਇਮ ਰਿਹਾ ਤੇ ਹੱਸ ਹੱਸ ਕੇ ਦਿੱਲੀ ਕਤਲ ਹੋਇਆ। ਇਹ ਗੱਲ ਖਫ਼ੀ ਖਾਂ ਮੁਸਲਮਾਨ ਮੁਅੱਰਖ਼ ਆਪਣੀ ਅੱਖੀਂ ਡਿੱਠੀ ਗੱਲ ਲਿਖਦਾ ਹੈ। ਬੰਦੇ ਦੇ ਕਤਲ ਵੇਲੇ ਅੱਠ ਸੌ ਦੇ ਕਰੀਬ ਕਤਲ ਹੋਣ ਵਾਲਿਆਂ ਵਿਚੋਂ ਕਿਸੇ ਨੇ ਧਰਮ ਨਹੀਂ ਹਾਰਿਆ, ਸਗੋਂ ਅੱਗੇ ਵੱਧ ਵਧਕੇ ਸ਼ਹੀਦ ਹੋਏ। (ਸੈਰੁਲ ਮੁਤਾਖ਼ਰੀਨ)

੪. ਚੌਥੀ ਗੱਲ ਹੈ ਸਿੱਖਾਂ ਦਾ ਆਚਰਨ, ਬਾਹੂਬਲ, ਸ਼ੁਜਾਅਤ ਤੇ ਸੂਰਬੀਰਤਾ ਤੇ ਅਸੂਲਾਂ ਦੀ ਸੋਝੀ ਤੇ ਪਾਲਣਾ, ਇਹ ਗੱਲਾਂ ਹੈਸਨ ਕਿ ਨਹੀਂ, ਇਸ ਲਈ ਲਿਖਤੀ ਸਬੂਤ ਅਸੀਂ ਮੁਸਲਮਾਨ ਮੁਅੱਰਖ਼ਾਂ ਦੀ ਕਲਮ ਦੇ ਹੀ ਨਮੂਨੇ ਮਾਤ੍ਰ ਦੇਂਦੇ ਹਾਂ:

ਗ਼ੁਲਾਮ ਅਲੀ ਖਾਂ ਆਪਣੇ ਇਤਿਹਾਸ ‘ਅਮਾਦੁ-ਸਆਦਤ’ ਵਿਚ ਲਿਖਦਾ ਹੈ:

“ਦੁੱਰਾਨੀ ਦੀ ਫ਼ੌਜ ਤੋਂ ਬਿਨਾਂ ਕਿਸੇ ਦੀ ਫ਼ੌਜ ਸਿੱਖਾਂ ਦਾ ਟਾਕਰਾ ਨਹੀਂ ਕਰ ਸਕਦੀ। ਇਸ ਫਿਰਕੇ ਵਿਚ ਅਜੇਹੇ ਰਿਸ਼ਟ ਪੁਸ਼ਟ ਸ਼ੇਰ ਵਰਗੇ ਜਵਾਨ ਹਨ ਜੇ ਉਹ ਵਲਾਇਤੀ (ਭਾਵ ਕਾਬਲੀ) ਘੋੜੇ ਨੂੰ ਲੱਤ ਮਾਰਨ ਤਾਂ ਨਿਸ਼ਚਾ ਹੈ ਕਿ ਘੋੜਾ ਉਸੇ ਵੇਲੇ ਮਰ ਜਾਏ। ਇਨ੍ਹਾਂ ਦੀ ਬੰਦੂਕ ਨੌ ਸੌ ਕਦਮਾਂ ਤਕ ਆਦਮੀ ਤੇ ਮਾਰ ਕਰਦੀ ਹੈ ਤੇ ਹਰ ਇਕ ਸਿੱਖ ਘੋੜ ਸਵਾਰ ਹੋ ਕੇ ਸੌ ਕੋਹਾਂ ਤਕ ਦਾ ਪੈਂਡਾ ਕਰ ਸਕਦਾ ਹੈ।”

“ਪ੍ਰਗਟ ਹੈ ਕਿ ਜੇ ਅਜਿਹਾ ਨਾ ਹੁੰਦਾ ਤਾਂ ਇਹ ਦੁੱਰਾਨੀ ਸਿਪਾਹ ਦਾ ਟਾਕਰਾ ਕਿਵੇਂ ਕਰਦੇ। ਅੰਤ ਨੂੰ ਦੁੱਰਾਨੀ ਸਿਪਾਹ ਨੇ ਵੀ ਸਿੱਖਾਂ ਦੀ ਤਲਵਾਰ ਨੂੰ ਮੰਨ ਲਿਆ।” ਸਿੱਖਾਂ ਦੀ ਸੂਰਬੀਰਤਾ ਦੇ ਨਮੂਨੇ ਖਾਲਸਾ ਸਮਾਚਾਰ ਵਿਚ ‘ਬੀਰ ਦਰਸ਼ਨ ਹੇਠ ਛੱਪਦੇ ਹਨ, ਜਿਨ੍ਹਾਂ ਤੋਂ ਖਾਲਸਈ ਬਹਾਦਰੀ ਦਾ ਪਤਾ ਲੱਗਦਾ ਹੈ।

ਸਿੱਖਾਂ ਦਾ ਆਚਰਨ ਅਤਿ ਉੱਚਾ ਸੀ। ਝੂਠ ਇਨ੍ਹਾਂ ਵਿਚ ਹੈ ਨਹੀਂ ਸੀ, ਵਿਭਚਾਰ ਦਾ ਨਾਮ ਤਕ ਹੀ ਨਹੀਂ ਸੀ। ਇਨ੍ਹਾਂ ਇਖ਼ਲਾਕੀ ਖ਼ੂਬੀਆਂ ਦੀ ਉਗਾਹੀ ਲਈ ਦੇਖੋ ਕਾਜ਼ੀ ਨੂਰ ਮੁਹੰਮਦ ਬਲੋਚ ਲੇਖਕ ਆਪਣੀ ਅੱਖੀਂ ਡਿੱਠੇ ਹਾਲਾਤ ਆਪਣੇ ਜੰਗ ਨਾਮੇ ਵਿਚ ਐਉਂ ਦੇਂਦਾ ਹੈ।

ਜ਼ਨਾਹ ਹਮ ਨ ਬਾਸ਼ਦ ਮਿਆਨੇ ਸਗਾਂ

ਨ ਦੁਜ਼ਦੀ ਬਵਦ ਕਾਰੇ ਆਂ ਬਦਰਕਾਂ।

ਕਿ ਜਾਨੀ ਓ ਸਾਰਕ ਨ ਦਾਰੰਦ ਦੋਸਤ।

ਅਰਥਾਤ-ਸਗਾਂ* (ਲੇਖਕ ਨੇ ਇਹ ਸ਼ਬਦ ਸਿੱਖਾਂ ਲਈ ਗੁੱਸੇ ਵਿਚ ਵਰਤਿਆ ਹੈ) ਵਿਚ ਵਿਭਚਾਰ ਨਹੀਂ ਹੁੰਦਾ ਤੇ ਨਾ ਚੋਰੀ ਇਨ੍ਹਾਂ ਚੰਦਰਿਆਂ ਦਾ ਕੰਮ ਹੈ….ਵਿਭਚਾਰੀ ਤੇ ਚੋਰ ਨੂੰ ਇਹ ਮਿੱਤਰ ਹੀ ਨਹੀਂ ਬਣਾਉਂਦੇ।

ਸਿੱਖਾਂ ਵਿਚ ਉਸ ਸਮੇਂ ਦੇ ਜਤ ਸਤ ਦੇ ਨਜ਼ਾਰੇ ਦਾ ਸ੍ਰੀਰਾਮ ਕਿਸ਼ਨ ਸਿੰਘ ਹਿਸਟੋਰੀਅਨ ਨੇ ਇਕ ਵਾਕਿਆ ਦਿੱਤਾ ਹੈ:

ਕਿ ਇਕੇਰਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਜੁਆਈ ਤੇ ਵਿਭਚਾਰੀ ਹੋਣ ਦਾ ਦੋਸ਼ ਲਾਇਆ ਗਿਆ ਤਾਂ ਸਿੱਧ ਹੋਣ ਉਪਰ ਪੰਥ ਨੇ ਉਸਨੂੰ ਮਾਰੇ ਜਾਣ ਦਾ ਹੁਕਮ ਦਿੱਤਾ ਤੇ ਇਹੋ ਸਜ਼ਾ ਉਸ ਨੂੰ ਦਿੱਤੀ ਗਈ। ਜਿਸ ਤੋਂ ਸਿੱਧ ਹੁੰਦਾ ਹੈ ਕਿ ਓਦੋਂ ਖਾਲਸੇ ਵਿਚ ਵਿਭਚਾਰ ਬਿਲਕੁਲ ਨਹੀਂ ਸੀ ਹੁੰਦਾ ਤੇ ਇਸਨੂੰ ਐਨਾ ਭਾਰਾ ਦੋਸ਼ ਗਿਣਿਆ ਜਾਂਦਾ ਸੀ ਕਿ ਇਸਦੀ ਸਜ਼ਾ ਦੇਣ ਵੇਲੇ ਪੰਥ ਦੇ ਬਜ਼ੁਰਗ ਜਥੇਦਾਰ ਆਪਣੇ ਜੁਆਈ ਦੀ ਭੀ ਰਈ ਨਹੀਂ ਸਨ ਕਰਦੇ। (ਸਿਖ ਇਸਤ੍ਰੀਆਂ ਦੇ ਪ੍ਰਸੰਗ)

ਜੇ ਖਿਆਲ ਕਰੋ ਕਿ ਸਿੱਖ ਇਕ ਵਿਕੋਲਿੱਤ੍ਰੀ ਧਾੜ ਹੁੰਦੀ ਸੀ ਤਾਂ ਬੀ ਗ਼ਲਤ ਹੈ, ਸਿੱਖ ਇਕ ਆਪਣੇ ਤਰੀਕੇ ਦੀ ਆਪਣੇ ਆਪ ਵਿਚ ਜਥੇਬੰਦ ਕੌਮ ਸੀ। ਫ਼ੌਜੀ ਜਥੇਬੰਦੀ ਬੀ ਸੀ ਤੇ ਕੌਮੀ ਪ੍ਰਬੰਧ ਬੀ। ਜੰਗਾਂ ਤੋਂ ਪਤਾ ਲੱਗਦਾ ਹੈ ਕਿ ਸਿੱਖ ਲੜਦੇ ਪਿਛੇ ਹਟਦੇ ਸਨ ਤਾਂ ਅਬਦਾਲੀ ਵਰਗੇ ਜ਼ੋਰਾਵਰ ਨੂੰ ਉਹਨਾਂ ਦਾ ਕਾਹਲੀ ਨਾਲ ਪਿੱਛਾ ਕਰਨ ਦਾ ਹੌਂਸਲਾ ਨਹੀਂ ਸੀ ਪੈਂਦਾ, ਕਿਉਂਕਿ ਸਿੱਖ ਨੱਸੇ ਹੋਏ ਤਰਤੀਬ ਦੇ ਤਰੀਕੇ ਵਿਚ ਪਿੱਛੇ ਹਟਦੇ ਸਨ। ਜਦ ਦੁਸ਼ਮਨ ਪਿਛਾ ਕਰੇ ਤਾਂ ਅੱਗੋਂ ਡਟ ਕੇ ਐਸਾ ਜੰਗ ਕਰਦੇ ਕਿ ਕਈ ਵੇਰ ਫਤਹ ਪਾਉਂਦੇ। ਕੁਪਰਹੀੜੇ ਦੇ ਜੰਗ ਵਿਚ ਜੋ ਅਬਦਾਲੀ ਦਾ ਕੇਵਲ ਸਿੱਖਾਂ ਨਾਲ ਜਹਾਦ ਸੀ, ਅਬਦਾਲੀ ਅੱਗੇ ਵਧਿਆ ਤੇ ਸਿੱਖ ਪਿੱਛੇ ਹਟੇ। ੧੨ ਕੋਹ ਪਿੱਛੇ ਹਟਦੇ ਗਏ, ਪਰ ਕਿਸੇ ਤਰਤੀਬ ਤੇ ਖੂਬੀ ਨਾਲ ਅਰ ਆਪੇ ਵਿਚ ਕਿਸੇ ਐਸੇ ਜਥੇਬੰਦ ਤ੍ਰੀਕੇ ਨਾਲ ਕਿ ਅਬਦਾਲੀ ਕੋਲੋਂ ਉਨ੍ਹਾਂ ਦੀਆਂ ਸਫਾਂ ਤੇ ਪਰ੍ਹੇ ਟੁਟ ਨਹੀਂ ਸੀ ਸਕੇ, ਸਿੱਖ ਪਿੱਛੇ ਹਟਦੇ ਸਨ, ਲੜਦੇ ਸਨ, ਮਾਰਦੇ ਸਨ, ਮਰਦੇ ਸਨ, ਕਤਲ ਹੁੰਦੇ ਸਨ, ਪਰ ਵਾਰ ਕਰਦੇ ਸਨ ਤੇ ਆਪੋ ਵਿਚ ਹਲਚਲ ਪੈਣ ਦੀ ਹਾਲਤ ਵਿਚ ਮੂਲੋਂ ਨਹੀਂ ਸਨ ਜਾਂਦੇ। ਇਸ ਅਬਦਾਲੀ ਨੇ ਸਾਲ ਕੁ ਪਹਿਲਾਂ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿਚ ਉਖੇੜਕੇ ਹਲਚਲੀ ਮਚਾ ਕੇ ਭੰਨ ਦਿੱਤਾ ਸੀ, ਪਰ ਸਿਖਾਂ ਦੇ ਪੈਂਤੜੇ ਨੂੰ ਨਹੀਂ ਸੀ ਉਖੇੜ ਸਕਿਆ। ਇਹ ਮਾਮੂਲੀ ਜੰਗ ਨਹੀਂ ਸੀ, ਇਸ ਵਿਚ ੨੦ ਯਾ ੨੪ ਹਜ਼ਾਰ ਸਿੰਘ ਸ਼ਹੀਦ ਹੋਏ ਤੇ ਇਸ ਤੋਂ ਵੱਧ ਪਠਾਣ ਲੜਦੇ ਹੋਏ ਮਰੇ ਸਨ। ਐਸੇ ਭਯਾਨਕ ਜੰਗ ਵਿਚ ਪਿੱਛੇ ਹਟਣਾ, ਪਰ ਸੰਗਠਿਤ ਰਹਿਣਾ ਉਹਨਾਂ ਦੀ ਫ਼ੌਜੀ ਜਥੇਬੰਦੀ ਦੀ ਅਦੁਤੀ ਮਿਸਾਲ ਹੈ।

ਫਿਰ ਜਿਸ ਦਿਨ ਇਤਨਾ ਘਲੂਘਾਰਾ ਵਰਤਿਆ, ਇਕ ਸਿੰਘ ਸ਼ਾਮਾਂ ਵੇਲੇ ਮੁਰਦਿਆਂ ਨਾਲ ਮੀਲਾਂ ਵਿਚ ਭਰੇ ਮੈਦਾਨ ਵਿਚ ਖੜਾ ਕਹਿ ਰਿਹਾ ਸੀ- ਖਾਲਸੇ ਵਿਚ ਜੋ ਖੋਟ ਸੀ ਉਹ ਜਾਂਦੀ ਰਹੀ ਹੈ, ਹੁਣ ਤੱਤ ਖਾਲਸਾ ਰਹਿ ਗਿਆ ਹੈ।

ਇਹ ਹੈਸੀ ਚੜ੍ਹਦੀਆਂ ਕਲਾਂ ਦਾ ਅੰਦਾਜ਼ਾ, ਸਿੱਖਾਂ ਦਾ ਐਤਨੇ ਕਰੜੇ ਨੁਕਸਾਨ ਝੱਲਣ ਵੇਲੇ।

ਹੁਣ ਵੇਖੋ ਪ੍ਰਬੰਧਕ ਜਥੇਬੰਦੀ ਵੱਲ:-

ਜਦੋਂ ਪ੍ਰਬੰਧ ਦੇ ਸਮੇਂ ਹੁੰਦੇ ਤਾਂ ਅਕਾਲ ਬੁੰਗੇ ਇੱਕਠੇ ਹੁੰਦੇ ਉਹਨਾਂ ਦੇ ਸਮਾਗਮ ਦਾ ਨਾਮ ‘ਗੁਰਮਤਾ’ ਹੁੰਦਾ ਸੀ। ਉਸਦਾ ਹਾਲ ਮੈਲਕਮ ਨੇ ਐਉਂ ਦਿਤਾ ਹੈ:-

“ਜਿਸ ਵੇਲੇ ਸਰਦਾਰ ਇਸ ਗੰਭੀਰ ਕੰਮ ਲਈ ਇੱਕਠੇ ਹੁੰਦੇ ਸਨ ਤਾਂ ਸਮਝਿਆ ਜਾਂਦਾ ਸੀ ਕਿ ਸਾਰੇ ਨਿਜ ਦੇ ਤੇ ਸ਼ਖਸੀ ਝਗੜਿਆਂ ਦਾ ਅੰਤ ਹੋ ਗਿਆ ਹੈ ਤੇ ਸਾਰੇ ਆਦਮੀਆਂ ਨੇ ਆਪਣੇ ਜ਼ਾਤੀ ਤੇ ਸ਼ਖਸੀ ਭਾਵਾਂ ਨੂੰ ਪੰਥਕ ਭਲਿਆਈ ਦੀ ਯਗਵੇਦੀ ਤੋਂ ਕੁਰਬਾਨ ਕਰ ਦਿੱਤਾ ਹੈ ਤੇ ਸ਼ੁੱਧ ਦੇਸ਼ ਭਗਤੀ ਦੇ ਭਾਵਾਂ ਤੋਂ ਪ੍ਰੇਰਤ ਹੋ, ਆਪਣੇ ਧਰਮ ਤੇ ਰਾਜਯ ਲਈ ਇੱਕਠੇ ਹੋ, ਇਹ ਕਿਸੇ ਹੋਰ ਗੱਲ ਨੂੰ ਧਯਾਨ ਵਿਚ ਨਹੀਂ ਲਿਆਉਂਦੇ। ਜਦ ਸਰਦਾਰ ਲੋਕ ਤਥਾ ਆਗੂ ਬੈਠ ਜਾਂਦੇ ਹਨ, ਤਦ ਆਦਿ ਗ੍ਰੰਥ ਉਹਨਾਂ ਦੇ ਸਾਹਮਣੇ ਰੱਖੇ ਜਾਂਦੇ ਹਨ, ਪਵਿੱਤ੍ਰ ਗ੍ਰੰਥ ਦੇ ਸਾਹਮਣੇ ਸਾਰੇ ਮੱਥਾ ਟੇਕਦੇ ਹਨ ਤੇ ‘ਵਾਹਿਗੁਰੂ ਜੀ ਕਾ ਖਾਲਸਾ’ ਆਦਿਕ ਵਾਕ ਉਚਾਰਦੇ ਹਨ। ਇਸ ਤੋਂ ਪਿੱਛੋਂ ਸਾਰੇ ਸੱਜਣ ਖੜੇ ਹੋ ਜਾਂਦੇ ਹਨ ਜਦ ਕਿ ਅਕਾਲੀ ਉੱਚੀ ਆਵਾਜ਼ ਨਾਲ ਅਰਦਾਸਾ ਕਰਦੇ ਹਨ। ਅਰਦਾਸੇ ਪਿਛੋਂ ਪ੍ਰਤਿਨਿਧ ਆਪੋ ਆਪਣੀ ਥਾਂ ਤੇ ਬੈਠ ਜਾਂਦੇ ਹਨ ਤੇ ਕੜਾਹ ਪ੍ਰਸ਼ਾਦ ਵੰਡੇ ਜਾਣ ਤੇ ਛਕ ਲੈਂਦੇ ਹਨ, ਜਿਸ ਦਾ ਅਰਥ ਇਹ ਹੁੰਦਾ ਹੈ ਕਿ ਉਹਨਾਂ ਸਾਰਿਆਂ ਵਿਚ ਇਕ ਮਹਾਨ ਕੰਮ ਲਈ ਪੂਰਨ ਏਕਾ ਹੈ। ਫਿਰ ਅਕਾਲੀ ਉੱਚੀ ਆਵਾਜ਼ ਨਾਲ ਕਹਿੰਦੇ ਹਨ ਕਿ ਸਰਦਾਰੋ! ਇਹ ਗੁਰਮਤਾ ਹੈ, ਫਿਰ ਸਰਦਾਰ ਆਪੋ ਵਿਚ ਨੇੜੇ ਨੇੜੇ ਹੋ ਕੇ ਕਹਿੰਦੇ ਹਨ ਕਿ- ਪਵਿੱਤ੍ਰ (ਗੁਰੂ) ਗ੍ਰੰਥ ਸਾਹਿਬ ਜੀ ਦੀ ਅਸੀਂ ਹਜ਼ੂਰੀ ਵਿਚ ਹਾਂ, ਆਓ ਅਸੀਂ ਆਪਣੇ ਇਸ ਧਰਮ ਗ੍ਰੰਥ ਦੀ ਸ਼ਪਥ ਲਈਏ ਕਿ ਅਸੀਂ ਆਪੋ ਵਿਚ ਸਾਰੇ ਝਗੜਿਆਂ ਨੂੰ ਭੁੱਲ ਕੇ ਇਕ ਮਤ ਹੋ ਕੰਮ ਕਰਾਂਗੇ। ਸਾਰੇ ਦ੍ਰਿਸ਼ਾਂ ਨੂੰ ਭੁੱਲਣ ਵਿਚ ਧਾਰਮਕ ਭਾਵ ਜਾਂ ਉਗੱਰ ਦੇਸ਼ ਭਗਤੀ ਦੇ ਇਸ ਸਮੇਂ ਤੋਂ ਲਾਭ ਉਠਾਇਆ ਜਾਂਦਾ ਹੈ, ਫਿਰ ਉਹ ਆਪੋ ਆਪਣੇ ਟਿਕਾਣੇ ਤੇ ਵਿਚਾਰ ਕਰਦੇ ਹਨ, ਫਿਰ ਉਸ ਨੂੰ ਦੂਰ ਕਰਨ ਦੇ ਸਰਵੋਤਮ ਉਪਾਉ ਸੋਚਦੇ ਹਨ।”

“ਇਸ ਤੋਂ ਦਿੱਸ ਰਿਹਾ ਹੈ ਕਿ ਸਿੱਖ ਜਥੇਬੰਦ ਸਨ, ਜਥੇਬੰਦੀ ਉਹਨਾਂ ਦੀ ਪੱਛਮੀ ਢੰਗ ਦੀ ਨਹੀਂ ਸੀ, ਪਰ ਆਪਣੇ ਢੰਗ ਦੀ ਸੀ, ਪਰ ਕੰਮ ਦੀ ਪੂਰੀ ਜਥੇਬੰਦੀ ਵਿਚ। ਓਹ ਕੌਮੀ ਲੋੜ ਮੁੱਖ ਰੱਖਦੇ ਸਨ, ਆਪਾ ਭੁੱਲਦੇ ਸਨ ਤੇ ਆਪਾ ਵਾਰਦੇ ਸਨ। ਗੁਰਮਤੇ ਵੇਲੇ ਈਰਖਾ, ਦੈਖ ਤੇ ਵਿਰੋਧ ਕੋਈ ਨਹੀਂ ਸਨ ਆਉਣ ਦੇਂਦੇ। ਏਸੇ ਕਰਕੇ ਮੁੱਕ ਮੁੱਕ ਕੇ ਫੇਰ ਅਮੁੱਕ ਹੋ ਜਾਂਦੇ ਸਨ।”

“ਜਦ ਖਾਲਸੇ ਮੱਲਾਂ ਮਾਰੀਆਂ ਤਾਂ ਇਕ ਦੂਜੇ ਦਾ ਸਤਿਕਾਰ ਮੁੱਖ ਰੱਖਦੇ ਸਨ।”

ਸਰਹੰਦ ਦੀ ਲੜਾਈ ਬਾਬਤ ਕਨਿੰਘਮ ਸਾਹਿਬ ਲਿਖਦੇ ਹਨ:

“ਉਸ ਸਮੇਂ ਦੀਆਂ ਕਹਾਣੀਆਂ ਸੁਣ ਸੁਣ ਕੇ ਹੁਣ ਬੀ ਉਹ ਸਮਾਂ ਅੱਖਾਂ ਅੱਗੇ ਆ ਜਾਂਦਾ ਹੈ ਕਿ ਇਸ ਜਿੱਤ ਦੇ ਮਗਰੋਂ ਸਿੱਖ ਕਿਸ ਤਰ੍ਹਾਂ ਇਲਾਕੇ ਵਿਚ ਝਟ ਪਟ ਫੈਲ ਗਏ ਤੇ ਕਿਸ ਤਰ੍ਹਾਂ ਹਰ ਇਕ ਸਵਾਰ ਰਾਤ- ਦਿਨ ਘੋੜਾ ਦੌੜਾਉਂਦਾ ਪਿੰਡ ਪਿੰਡ ਫਿਰਿਆ ਤੇ ਇਹ ਨਿਸ਼ਾਨ ਦੇਣ ਲਈ ਕਿ ਇਹ ਥਾਵਾਂ ਉਸ ਦੀ ਮਲਕੀਅਤ ਹੋ ਗਈਆਂ ਹਨ, ਕਿਸੇ ਵਿਚ ਆਪਣੀ ਪੱਟੀ, ਤਲਵਾਰ ਦਾ ਮਿਆਨ ਕਿਸੇ ਵਿਚ ਆਪਣੇ ਸਰੀਰ ਦੇ ਕਪੜੇ ਤੇ ਲੜਾਈ ਦੇ ਹਯਾਰ ਸੁੱਟਦਾ ਗਿਆ, ਐਥੋਂ ਤੱਕ ਕਿ ਨੰਗਾ ਹੋ ਗਿਆ ਤੇ ਉਹਦੇ ਕੋਲ ਅਗਲੇ ਪਿੰਡ ਨਿਸ਼ਾਨੀ ਵਜੋਂ ਰੱਖਣ ਲਈ ਕੁਛ ਬੀ ਬਾਕੀ ਨਾ ਰਿਹਾ।”

ਇਸ ਗੱਲ ਨੂੰ ਮੁਫ਼ਤੀ ਅਲਾਉਦੀਨ ਨੇ ਵੀ ਲਿਖਿਆ ਹੈ ਤੇ ਇਸੇ ਤਰ੍ਹਾਂ ਵੰਡ ਵਿਚ ਆਏ ਕੁਛ ਪਿੰਡਾਂ ਦੇ ਨਾਮ ਪਤੇ ਵੀ ਦਿੱਤੇ ਹਨ। ਮੈਨਦਾਬ ਦੇ ਇਲਾਕੇ ਵਿਚ ਜੋ ਸਰਦਾਰੀਆਂ ਕਾਇਮ ਹੋਈਆਂ ਤੇ ਇਲਾਕਿਆਂ ਦੀ ਵੰਡ ਹੋਈ ਉਹ ਇਸੇ ਤਰ੍ਹਾਂ ਸੀ।

ਇਸ ਤਰ੍ਹਾਂ ਲਿਖਿਆ ਹੈ ਕਿ ਸਰਦਾਰ ਜੱਸਾ ਸਿੰਘ ਜੀ ਆਪਣੇ ਪਾਸ ਹੀ ਦਫ਼ਤਰ ਰੱਖਦੇ ਹੁੰਦੇ ਸਨ ਤੇ ਜੇ ਕੋਈ ਗਿਰਾਂ, ਜਗ੍ਹਾ, ਟਿਕਾਣਾ, ਕੋਈ ਜਥੇਦਾਰ ਫ਼ਤਹ ਕਰਦਾ ਆਪ ਪਾਸ ਆ ਕੇ ਲਿਖਾ ਦੇਂਦਾ ਤੇ ਉਹ ਉਸ ਦਾ ਮਾਲਕ ਹੋ ਜਾਂਦਾ ਆਪੇ ਵਿਚ ਕੋਈ ਵਿਖਾਂਧ ਨਾ ਉਠਦਾ। (ਤਾਰੀਖ ਬਾਰਾਂ ਮਿਸਲ)

ਇਤਿਹਾਸਕ ਵੀਚਾਰ ਤੋਂ ਵੱਖਰੇ ਜੋ ਆਰਟ (ਹੁਨਰ) ਦੇ ਨੁਕਤੇ ਤੋਂ ਇਸ ਪੋਥੀ ਬਾਬਤ ਵਿਚਾਰੀਏ ਤਾਂ ਇਹ Realistic (ਅਸਲ ਸਮਾਚਾਰ ਦੱਸਣ ਵਾਲੀ) ਤੇ Idealistic (ਆਦਰਸ਼ ਦੱਸਣ ਵਾਲੀ) ਚੀਜ਼ ਹੈ ਜਿਸ ਵਿਚ ਉਸ ਵੇਲੇ ਦੇ ਅਮਲੀ ਪੰਥਕ ਜੀਵਨ ਦਾ ਅਤੇ ਇਤਿਹਾਸਕ ਨੁਕਤੇ ਤੋਂ ਉਸ ਵੇਲੇ ਦੇ ਸਮਿਆਂ ਦਾ ਦਰੁਸਤ ਅਸਲੀ ਨਕਸ਼ਾ ਅੰਕਿਤ ਹੈ, ਫੇਰ ਸਿੱਖ ਆਦਰਸ਼ ਇਸ ਵਿਚ ਠੀਕ ਤਰ੍ਹਾਂ ਵਰਣਨ ਕੀਤਾ ਹੈ। ਦਰ-ਅਸਲ ਉਸ ਸਮੇਂ ਦਾ ਪੰਥਕ ਜੀਵਨ ਸੀ ਹੀ ਆਦਰਸ਼ਕ ਤੇ ਕਲਗੀਧਰ ਜੀ ਨੇ ਜੋ ਆਦਰਸ਼ ਦੱਸਿਆ ਸੀ ਉਹ ਅਸਲੀਅਤ ਹੋ ਕੇ ਪੰਥ ਵਿਚ ਵਰਤਣ ਵਿਚ ਆ ਰਿਹਾ ਸੀ। ਇਨ੍ਹਾਂ ਸਾਰੇ ਸਮਾਚਾਰਾਂ ਤੋਂ ਪਤਾ ਲੱਗਦਾ ਹੈ ਕਿ ਕਰਤਾ ਜੀ ਨੇ ਸੁੰਦਰੀ ਵਿਚ ਕਿਸ ਤਰ੍ਹਾਂ ਪੁਰਾਤਨ ਸਿੱਖ ਜੀਵਨ, ਉਸ ਸਮੇਂ ਦੇ ਰਾਜ ਪ੍ਰਬੰਧ ਦੇ ਅਤਯਾਚਾਰ, ਸਿੱਖਾਂ ਤੇ ਹੋਏ ਅਕਹਿ ਤੇ ਕਰੜੇ ਜ਼ੁਲਮ ਤੇ ਸਿੱਖਾਂ ਦੀ ਸੂਰਬੀਰਤਾ ਦਾ ਹੂਬਹੂ ਤੇ ਬਿਲਕੁਲ ਦਰੁਸਤ ਨਕਸ਼ਾ ਖਿੱਚਿਆ ਹੈ। ਸੁੰਦਰੀ ਇਤਿਹਾਸਕ ਵਾਰਤਾ ਦੇ ਕੈਮਰੇ ਦੁਆਰਾ ਉਸ ਸਮੇਂ ਦੇ ਦੇਸ਼ ਵਿਚ ਵਰਤ ਰਹੇ ਸਮਾਚਾਰਾਂ ਤੇ ਸਿੱਖ ਜੀਵਨ ਦਾ ਇਕ ਫੋਟੋ ਹੈ ਤੇ ਲੇਖਕ ਜੀ ਨੇ ਇਸ ਵਿਚ ਉਸ ਸਮੇਂ ਦੇ ਸਿੱਖ ਕੈਰੈਕਟਰ ਤੇ ਖਾਲਸਾ ਕੌਮ ਦੇ ਸਮੁੱਚੇ ਤੌਰ ਤੇ ਮਾਨੋਂ ਇਕ ਜੀਉਂਦੀ ਜਾਗਦੀ ਮੂਰਤੀ ਚਿੱਤ੍ਰਿਤ ਕਰ ਦਿੱਤੀ ਹੈ। ਪੰਥ ਤਦੋਂ ਵਿਸ਼ੇਸ਼ ਕਰ ਕੇ ‘ਖਾਲਸਾ ਆਦਰਸ਼’ ਵਾਲਾ ਪੰਥਕ ਜੀਵਨ ਬਤੀਤ ਕਰ ਰਿਹਾ ਸੀ- ਹਾਂ, ਲੇਖਕ ਜੀ ਦਾ ਵਿਸ਼ਾਲ ਤੇ ਸਿੱਖੀ ਜੀਵਨ ਤੇ ਖਾਲਸਾ ਆਦਰਸ਼ ਨੂੰ ਜਾਨਣ ਵਾਲਾ ਅਨੁਭਵ ਹੀ ਇਸ ਵਿਚ ‘ਵਰਤ ਰਿਹਾ’ ਤੇ ‘ਆਦਰਸ਼ਕ’ ਹਾਲ ਗੋਂਦਵਾਂ ਤੇ ਪ੍ਰਭਾਵਾਂ ਵਾਲਾ ਲਿਖ ਸਕਦਾ ਸੀ।

ਸੁੰਦਰੀ ਜਦੋਂ ਛਪੀ ਹੈ ਤਦੋਂ ਕੀਹ ਅਸਰ ਪਿਆ? ਇਸਦਾ ਅੰਦਾਜ਼ਾ ਕਰ ਸਕਣਾ ਕਠਨ ਹੈ, ਪਰ ਕੁਛ ਵਾਕੇ ਥੋੜੇ ਹੀ ਦਿਨਾਂ ਵਿੱਚ ਜਗ੍ਹਾ ਜਗ੍ਹਾ ਹੋਏ ਸਨ ਕਿ ਅਨਅੰਮ੍ਰਿਤੀਏ ਸਿੰਘਾਂ ਨੇ ਅੰਮ੍ਰਿਤ ਛਕੇ ਤੇ ਸਹਿਜਧਾਰੀ ਸਿੰਘ ਬਣੇ। ਸ੍ਰੀ ਮਾਨ ਸਰਦਾਰ ਆਇਆ ਸਿੰਘ ਜੀ ਤਦੋਂ ਹਿਸਾਰ ਵਾਲੇ ਪਾਸੇ ਈ.ਏ.ਸੀ. ਸਨ। ਆਪ ਦੱਸਦੇ ਹੁੰਦੇ ਸੀ ਕਿ ਅਸੀਂ ਇਕ ਦਿਨ ਦੌਰੇ ਗਏ ਤੇ ਬੰਦੋਬਸਤ ਦੇ ਇਕ ਸਿੰਘ ਅਫਸਰ ਦੇ ਡੇਰੇ ਪਹੁੰਚੇ ਕਿ ਇਹ ਸਿੱਖ ਹੈ ਇਸ ਪਾਸ ਰਹਾਂਗੇ। ਪਰ ਜਦ ਅਸੀਂ ਮਿਲੇ ਤਾਂ ਉਸ ਨੇ ਤਹਿਮਤ ਬੱਧੀ ਹੋਈ, ਕੇਸ ਖਿਲਰੇ ਹੋਏ ਤੇ ਸਾਨੂੰ ਮਿਲਦਿਆਂ ਗਿਲਾ ਕਰਨ ਲੱਗਾ ਕਿ ਕਿਸ ਕੌਮ ਵਿਚ ਅਸੀਂ ਜੰਮ ਪਏ, ਨਾ ਅੱਗਾ ਨਾ ਪਿੱਛਾ, ਵਹੂਸ਼ ਦੇ ਵਹੂਸ਼। ਸਰਦਾਰ ਜੀ ਦਸਦੇ ਹੁੰਦੇ ਸੀ ਕਿ ਅਸੀਂ ਉਦਾਸ ਹੋ ਕੇ ਉਠ ਆਏ ਤੇ ਉਸ ਪਾਸ ਠਹਿਰਨਾ ਮੁਨਾਸਬ ਨਾ ਸਮਝਿਆ। ਛੇ ਕੁ ਮਹੀਨੇ ਬਾਦ ਆਪ ਦੱਸਦੇ ਸਨ ਕਿ ਅਸੀਂ ਫੇਰ ਦੌਰੇ ਗਏ ਤਾਂ ਉਸ ਨੂੰ ਮਿਲਣ ਦਾ ਇਤਫ਼ਾਕ ਹੋਇਆ। ਦੂਹਰੀ ਦਸਤਾਰ ਤੇ ਹੱਥ ਵਿਚ ਕੜਾ ਵੇਖ ਕੇ ਅਸੀਂ ਅਚਰਜ ਹੋ ਕੇ ਪੁੱਛਿਆ ਕਿ ਆਪ ਤਿਆਰ-ਬਰ-ਤਿਆਰ ਹੋ ਗਏ ਹੋ, ਸਰਦਾਰ ਜੀ! ਇਹ ਕੀ ਕਾਰਨ ਵਰਤਿਆ ਹੈ ? ਤਾਂ ਆਖਣ ਲੱਗਾ: ਸਰਦਾਰ ਜੀਓ! ਮੈਂ ਤਾਂ ਭੁੱਲਾ ਹੀ ਰਿਹਾ, ਸਾਡੀ ਕੌਮ ਦਾ ਪਿੱਛਾ ਤਾਂ ਬੜਾ ਬਜ਼ੁਰਗ ਹੈ। ਸਾਡਾ ਇਤਿਹਾਸ ਤਾਂ ਸਾਡੇ ਫ਼ਖਰਾਂ ਦਾ ਪਰਬਤ ਹੈ। ਜਿਨ੍ਹਾਂ ਦਾ ਪਿੱਛਾ ਐਡਾ ਸ਼ਾਨਦਾਰ ਹੈ ਉਨ੍ਹਾਂ ਦਾ ਅੱਗਾ ਬੜਾ ਸ਼ਾਨਦਾਰ ਹੋਏਗਾ।

ਅਸਾਂ ਪੁੱਛਿਆ, ਛੇ ਮਹੀਨੇ ਹੋਏ ਤਾਂ ਆਪ ਦੇ ਖਿਆਲ ਹੋਰਵੇਂ ਸਨ, ਇਹ ਪ੍ਰੀਵਰਤਨ ਕੀਕੂੰ ਹੋਇਆ? ਤਾਂ ਆਪ ਉਠ ਕੇ ਅੰਦਰੋਂ ਜਾ ਕੇ ‘ਸੁੰਦਰੀ’ ਦੀ ਪੋਥੀ ਚੁੱਕ ਲਿਆਏ ਤੇ ਆਖਣ ਲੱਗੇ, ਆਹ ਪੜ੍ਹੋ, ਮੈਨੂੰ ਤਾਂ ਇਹ ਪੜ੍ਹ ਕੇ ਜਾਗ੍ਰਤ ਆਈ ਹੈ ਕਿ ਅਸੀਂ ਇਕ ਨਿਹਾਇਤ ਹੀ ਬਜ਼ੁਰਗ ਕੌਮ ਦੇ ਬੱਚੇ ਹਾਂ। ਸਰਦਾਰ ਆਇਆ ਸਿੰਘ ਜੀ ਦੱਸਦੇ ਸਨ ਕਿ ਅਸਾਂ ‘ਸੁੰਦਰੀ’ ਪੜ੍ਹੀ ਹੋਈ ਸੀ, ਅਸੀਂ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੂੰ ਵਧਾਈ ਦਿੱਤੀ ਤੇ ਆਖਿਆ: ‘ਸਰਦਾਰ ਜੀ, ਇਤਿਹਾਸ ਹੀ ਕੌਮ ਦੀ ਜਾਨ ਹੈ।

ਇਸ ਪੋਥੀ ਵਿਚ ਤਾਂ ਸਾਡੇ ਇਤਿਹਾਸ ਦੀ ਵੰਨਗੀ ਮਾਤ੍ਰ ਹੈ, ਸਾਰੇ ਨੂੰ ਖੋਜੋ ਤੇ ਵਿਚਾਰੋ ਤਾਂ ਦੰਗ ਰਹਿ ਜਾਓਗੇ।’ ਉਹਨਾਂ ਦਿਨਾਂ ਵਿਚ ਜੰਮੂ ਤੇ ਬੈਲਪਟ (ਬਲੋਚਿਸਤਾਨ) ਤੱਕ ਤੋਂ ਪੱਤ੍ਰ ਇਸ ਪ੍ਰਕਾਰ ਦੇ ਅਸਰਾਂ ਦੇ ਆਉਂਦੇ ਸਨ। ਸੈਂਕੜੇ ਸਿੱਖ ਨੌਜਵਾਨ, ਮਾਈ ਭਾਈ ਅਜੇ ਮਿਲਦੇ ਹਨ ਕਿ ਜਿਨ੍ਹਾਂ ਦੇ ਮਨ ਵਿਚ ਸੁੰਦਰੀ ਪੜ੍ਹਕੇ ਪੰਥ ਦੀ ਸ਼ਾਨ ਬਹੁਤ ਵਧ ਗਈ ਤੇ ਉਹਨਾਂ ਵਿਚ ਪੰਥਕ ਜੀਵਨ, ਕੌਮੀ ਪਿਆਰ ਤੇ ਸਿੱਖੀ ਦਾ ਮਾਨ ਪੈਦਾ ਹੋ ਗਿਆ। ਇਸ ਸਿਲਸਲੇ ਵਿਚ ਇਕ ਗੱਲ ਹੋਰ ਵੇਖਣ ਵਾਲੀ ਹੈ ਕਿ ਇਸ ਅਰਸੇ ਵਿਚ ਸੁੰਦਰੀ ੨੦ ਵਾਰ ਛਪ ਚੁਕੀ ਹੈ ਤੇ ਲੱਗਪੱਗ ੮੦ ਹਜ਼ਾਰ ਕਾਪੀ ਇਸ ਦੀ ਨਿਕਲ ਚੁਕੀ ਹੈ।*

ਇਸ ਨਿੱਕੀ ਜਿਹੀ ਪੋਥੀ ਨੇ ਕੌਮੀ ਜੀਵਨ ਦਾ ਪਿਆਰ, ਸਿੱਖੀ ਦਾ ਚਾਉ ਤੇ ਧਰਮ ਭਾਵ ਕੌਮ ਵਿਚ ਬਹੁਤ ਪੈਦਾ ਕੀਤਾ ਤੇ ਪੰਥ ਦੀ ਜਾਗ੍ਰਤੀ ਵਿਚ ਇਸ ਦਾ ਬਹੁਤ ਸਾਰਾ ਹਿਸਾ ਹੈ। ਥੋੜੇ ਸਮੇਂ ਵਿਚ ਹੀ ਤਕਰੀਬਨ ਸਾਰੇ ਸਿੱਖ ਆਸ਼ਮਾਂ ਵਿਚ ਪੜ੍ਹਾਈ ਜਾਣ ਲੱਗ ਪਈ ਤੇ ਇਮਤਿਹਾਨ ਦਾ ਕੋਰਸ ਬਣ ਗਈ। ਦੂਜੇ ਪਾਸੇ ਓਸ ਸਮੇਂ ਦੇ ਕੁਝ ਖਾਸ ਕਰ ਤੇ ਹੁਣ ਵੀ ਬਹੁਤ ਸਾਰੇ ਉਪਦੇਸ਼ਕ ਤੇ ਪ੍ਰਚਾਰਕ ‘ਸੁੰਦਰੀ’ ਵਿਚੋਂ ਪੜ੍ਹੇ ਸਮਾਚਾਰ ਸੁਣਾਉਂਦੇ ਹੁੰਦੇ ਸਨ ਤੇ ਹਨ। ਐਉਂ ਇਸ ਨਿੱਕੀ ਜਿਹੀ ਪੋਥੀ ਨੇ, ਕੀ ਪੜ੍ਹੇ ਹੋਏ ਤੇ ਕੀ ਅਨਪੜ੍ਹ ਅਨੰਤ ਸਿੱਖਾਂ ਵਿਚ ਧਰਮ ਦੀ ਰੌ ਚਲਾਈ ਸੀ।

ਜੂਨ, ੧੯੩੩

-ਮਾਨ ਸਿੰਘ ਬੀ.ਏ. ਐਲ.ਐਲ. ਬੀ.,

ਐਡਵੋਕੇਟ, ਹਾਈ ਕੋਰਟ, ਲਾਹੌਰ

ਅੰਤਕਾ-2

ਅਕਾਲੀ ਕੌਰ ਸਿੰਘ ਜੀ ਨਿਹੰਗ ਨੇ, ‘ਕਸ਼ਮੀਰ ਸਿੱਖ ਸਮਾਚਾਰ’ ਨਾਮ ਦਾ ਇਕ ਅਖ਼ਬਾਰ ਕੱਢਿਆ ਹੋਇਆ ਸੀ। ਇਸ ਅਖ਼ਬਾਰ ਦੇ ਪੋਹ ਸੰ: ਸਤਿਗੁਰੂ ਨਾਨਕ ਸਾਹਿਬ ੪੬੭ (ਜਨਵਰੀ-੧੯੩੬) ਦੇ ਸਫਾ ੩ ਪਰ ਸ. ਵਰਿਆਮ ਸਿੰਘ ਜੀ ਮੇਜਰ, ਛਾਉਣੀ ਸਤਵਾਰਾ (ਜੰਮੂ) ਦਾ ਫੋਟੋ ਤੇ ਹਾਲਾਤ ਆਪ ਨੇ ਛਾਪੇ ਹਨ ।

ਇਨਾਂ ਦਾ ਅਮਲੀ ਵਤਨ ਪਿੰਡ ਖ਼ਨੌੜਾ (ਜ਼ਿਲਾ ਹੁਸ਼ਿਆਰਪੁਰ) ਦੱਸਿਆ ਹੈ ਤੇ ਇਨ੍ਹਾਂ ਦੇ ਹਾਲਾਤ ਵਿਚ ਲਿਖਿਆ ਹੈ:-

“ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਦੇ ਸਮੇਂ ਇਸ ਬੰਸ ਦੇ ਇਕ ਸੱਜਣ ਨੇ ਗੁਰੂ ਖ਼ਾਲਸੇ ਨਾਲ ਮਿਲ ਕੇ ਅੰਮ੍ਰਿਤ ਪਾਨ ਕੀਤਾ ਤੇ ਉਸ ਦਾ ਨਾਮ ਸਿੰਘਾਂ ਨੇ ਸ੍ਰ. ਬਲਵੰਤ ਸਿੰਘ ਰੱਖਿਆ, ਇਨ੍ਹਾਂ ਦਾ ਹੀ ਜ਼ਿਕਰ ਸੁੰਦਰੀ ਨਾਮੇ ਟਰੈਕਟ ਵਿਚ ਦਰਜ ਹੈ।”

ਇਸ ਲਿਖਤ ਤੋਂ ਸੁੰਦਰੀ ਜੀ ਦੇ ਵਤਨ ਤੇ ਖ਼ਾਨਦਾਨ ਦੀ ਕੁਛ ਟੋਹ ਮਿਲਦੀ ਹੈ। ਸਿਖ ਇਤਿਹਾਸ ਦੇ ਪ੍ਰੇਮੀਆਂ ਨੂੰ ਇਸ ਪਾਸੇ ਵਿਸ਼ੇਸ਼ ਤਵੱਜੋ ਦੇ ਕੇ ਖੋਜ ਕਰਨੀ ਚਾਹਿਦੀ ਹੈ ਤਾਂ ਕਿ ਸੁੰਦਰੀ ਜੀ ਦੇ ਅਦੁੱਤੀ ਕਾਰਨਾਮਿਆਂ ਤੇ ਹੋਰ ਰੋਸ਼ਨੀ ਪੈ ਸਕੇ।

ਸੂੰਹ ਆਈ ਹੈ ਕਿ ਕਾਹਨੂਵਾਣ ਦੇ ਛੰਭ ਦੇ ਇਲਾਕੇ (ਜ਼ਿਲਾ ਗੁਰਦਾਸਪੁਰ) ਵਿਚ ਇਕ ਪੁਰਾਣੀ ਬਾਉਲੀ ਮੌਜੂਦ ਹੈ ਜੋ ਬੀਬੀ ਸੁੰਦਰੀ ਦੀ ਯਾਦ ਵਿਚ ਖ਼ਾਲਸੇ ਦੀ ਬਣਾਈ ਦੱਸੀ ਜਾਂਦੀ ਹੈ। ਸਰੋਤ ਹੈ ਕਿ ਹੁਣ ਗੁਰਦੁਆਰਾ ਬੀ ਓਥੇ ਬਣ ਰਿਹਾ ਹੈ।

 

Credit – ਭਾਈ ਸਾਹਿਬ ਭਾਈ ਵੀਰ ਸਿੰਘ

 

Leave a comment