ਬੀਬੀ ਰਜਨੀ ਜੀ
ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋਂ !
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਇਮ ਜੋਗੀ ਤਪਸੀ ਮਹਦ ਭਯੋ ਬ੍ਰਿਤੰਤ ਬਿਸਾਲ॥
ਸੁਨਿ ਪਿਖਿ ਨਰ ਨਾਰੀ ਤਹਾਂ ਅਚਰਜ ਭੇ ਤਿਸੁ ਕਾਲ ॥
ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ। ਜੋਗੀ ਕਿੰਨੇ ਦੇਰ ਦਾ ਸੁਆਸ ਰੋਕ ਕੇ ਬੈਠਾ ਹੈ ? ਸਾਹਿਬ ਨੇ ਜਿਹੜੇ ਬਚਨ ਸਾਂਝੇ ਕੀਤੇ। ਸਾਰੀ ਸਿੱਖ ਸੰਗਤ ਜਿਨ੍ਹਾਂ ਵਿਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ ਤੇ ਬੱਚੇ ਵੀ ਸਨ। ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
ਇਤਨੇ ਬਿਖੈ ਝਗਰਤੇ ਤਹਾਂ ਦੰਪਤਿ ਚਲਿ ਆਏ ਗੁਰ ਜਹਾਂ॥
ਅਜੇ ਜੋਗੀ ਵਾਲਾ ਪ੍ਰਸੰਗ ਸਿੱਖ ਸੁਣ ਹੀ ਰਹੇ ਸਨ। ਇੰਨੇ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਹਨ ਕਿ ਪਤੀ ਤੇ ਪਤਨੀ ਆਪਸ ਵਿਚ ਝਗੜਦੇ ਹੋਏ, ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਪਹੁੰਚੇ ਹਨ :
ਸੋਇ ਪ੍ਰਸੰਗ ਛੋਰਤੇ ਬਰਨੋ॥
ਜਥਾ ਸੁਧਾਸਰ ਬਿਦਤੈ ਕਰਨੋ॥
ਕਵੀ ਜੀ ਕਹਿੰਦੇ ਹਨ ਕਿ ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਸੁਣਾਉਣਾ ਚਾਹੁੰਦਾ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਸਰੋਵਰ ਹੈ, ਜਦੋਂ ਇਹ ਪ੍ਰਗਟ ਹੋਇਆ ਹੈ। ਇਸ ਦੇ ਪ੍ਰਗਟ ਹੁੰਦਿਆਂ ਇਹੋ ਜਿਹਾ ਅਸਚਰਜ ਕੌਤਕ ਵਾਪਰਿਆ :
ਮਾਝੇ ਦੇਸ਼ ਪੁਰੀ ਇਕ ਅਹੈ॥
‘ਪੱਟੀ’ ਨਾਮ ਜਿਸੀ ਕੋ ਕਹੈਂ॥
ਮਾਝੇ ਦੇ ਅੰਦਰ ਪੱਟੀ ਨਾਮ ਦਾ ਸ਼ਹਿਰ ਹੈ।
ਤਹਿ ਕੋ ਨ੍ਰਿਪ ਲਘੁ ਰਾਜ ਕਰੰਤਾ॥
ਤੁਰਕਨ ਕੇ ਅਨੁਸਾਰਿ ਰਹੰਤਾ॥ ਇਸ ਪੱਟੀ ਰਿਆਸਤ ਦੇ ਅੰਦਰ ਇਕ ਰਾਜਾ ਸੀ। ਜਿਹੜਾ ਰਜਵਾੜੇ ਨੂੰ ਕਾਇਮ ਕਰਕੇ ਬੈਠਾ ਹੈ। ਇਹ ਸੁਤੰਤਰ ਨਹੀਂ ਹੈ। ਤੁਰਕਾਂ ਦੇ ਮੁਗ਼ਲਾਂ ਦੇ ਅਧੀਨ ਜੋ ਉਸ ਸਮੇਂ ਦਾ ਰਾਜਾ ਸੀ, ਉਸ ਦੇ ਅਧੀਨ ਇਸ ਨੇ ਆਪਣੇ ਆਪ ਨੂੰ ਕੀਤਾ ਹੈ :
ਤਿਸ ਗ੍ਰਿਹਿ ਸੁਤਾ ਪੰਚ ਜਨਮਾਈ॥
ਬਧਤਿ ਆਰਬਲ ਰੂਪ ਸੁਹਾਈ॥ ਕਹਿੰਦੇ, ਇਸ ਪੱਟੀ ਦੇ ਰਾਜੇ ਘਰ ਪੰਜ ਧੀਆਂ ਨੇ ਜਨਮ ਲਿਆ ਸੀ। ਸਮੇਂ ਦੇ ਨਾਲ ਇਹ ਬੱਚੀਆਂ ਜੁਆਨ ਹੁੰਦੀਆਂ ਗਈਆਂ। ਸੁੰਦਰ ਅੰਗੁ ਰੰਗ ਤਨ ਗੋਰਾ॥ ਕਮਲ ਲੋਚਨੀ ਉਰਜ ਕਠੋਰਾ ॥ ਪਰਮਾਤਮਾ ਨੇ ਇਨ੍ਹਾਂ ਬੱਚੀਆਂ ਨੂੰ ਸੁੰਦਰਤਾ ਬਖ਼ਸ਼ੀ ਹੈ।
ਤਿਨਿ ਮਹਿ ਏਕ ਹੁਤੀ ਸਤਿਸੰਗਨਿ॥
ਅਲਪ ਆਰਬਲ ਕੋਮਲ ਅੰਗਨਿ ॥
ਇਨ੍ਹਾਂ ਬੱਚੀਆਂ ਵਿਚ ਰੱਬ ਦੀ ਕ੍ਰਿਪਾ ਵਾਲੀ ਪੈਦਾ ਹੋ ਗਈ। ਜਿਸ ਦਾ ਸਰੀਰ ਅੱਤ ਦਾ ਕੋਮਲ ਹੈ। ਉਸ ਦਾ ਹਿਰਦਾ ਵੀ ਅੱਤ ਦਾ ਕੋਮਲ ਹੈ। ਇਨ੍ਹਾਂ ਪੰਜਾਂ ਵਿਚ ਇੱਕ ਉਹ ਬੱਚੀ ਹੈ ਜਿਸ ਦਾ ਸੁਭਾਅ ਗੁਰੂ ਦੀ ਸੰਗਤ ਵਾਲਾ ਹੈ :
ਪ੍ਰਭ ਕੇ ਗੁਨ ਸੰਤਨ ਨੇ ਸੁਨੇ॥
ਬੈਠਹਿ ਨਿਕਟ ਜਬਹਿ ਮਿਲਿ ਭਨੇ॥
ਕਹਿੰਦੇ, ਜਦੋਂ ਇਸ ਨੂੰ ਪਤਾ ਲੱਗਣਾ ਕਿ ਕੋਈ ਮਹਾਂਪੁਰਖ ਆਏ ਹਨ, ਕੋਈ ਗੁਰਮੁਖ ਆਏ ਹਨ, ਤਾਂ ਇਸ ਛੋਟੀ ਜਿਹੀ ਬੱਚੀ ਨੇ ਉਨ੍ਹਾਂ ਮਹਾਂਪੁਰਖਾਂ ਦੇ ਕੋਲ ਬੈਠ ਜਾਣਾ। ਉਨ੍ਹਾਂ ਨੇ ਆਪਸ ਵਿਚ ਵਾਰਤਾਲਾਪ ਕਰਨਾ, ਸਤਿਸੰਗ ਕਰਨਾ। ਇਸ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਨ ਕਰੀ ਜਾਣੇ : ਜੀਵ ਜੀਵ ਪ੍ਰਤਿ ਤੀਨਹੁਂ ਲੋਕ॥
ਨਿਤਿ ਪਾਲਤ ਸਭਿ ਪ੍ਰਭੁ ਅਰੋਕ॥
ਇਕ ਦਿਨ ਬੱਚੀ ਗੁਰਮੁਖਾਂ ਦੀ ਸੰਗਤ ਵਿਚ ਗਈ ਹੈ। ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਸਨ, ਆਪਸ ਵਿਚ ਵਾਰਤਾਲਾਪ ਕਰਦੇ ਪਏ ਸਨ ਕਿ ਕੁਦਰਤੀ ਤੌਰ ਤੇ ਕੋਈ ਸ਼ੱਕ ਨਹੀਂ, ਮਾਝੇ ਦੀ ਧਰਤੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਨਾਲ ਨਿਵਾਜੀ ਪਈ ਹੈ। ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ। ਕਿੰਨਾ ਭਾਗਾਂ ਵਾਲਾ ਇਹ ਸਾਰਾ ਇਲਾਕਾ ਹੈ। ਝਬਾਲ ਸਾਹਿਬ ਕਿੰਨੀ ਭਾਗਾਂ ਵਾਲੀ ਧਰਤੀ ਹੈ ਜਿਥੇ ਚੱਪੇ-ਚੱਪੇ ‘ਤੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹਨ। ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿਚ, ਕਦੀ ਗੁਰੂ ਅਮਰਦਾਸ ਸਾਹਿਬ ਦੇ ਰੂਪ ਵਿਚ, ਕਦੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ, ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿਚ, ਕਦੀ ਹਰਿਗੋਬਿੰਦ ਸਾਹਿਬ ਦੇ ਰੂਪ ਵਿਚ ਸਾਹਿਬ ਜੀ ਨੇ ਧਰਤੀ ਨੂੰ ਭਾਗ ਲਗਾਏ ਹਨ।
ਕਵੀ ਜੀ ਕਹਿੰਦੇ ਹਨ, ਗੁਰੂ ਦੇ ਸਿੱਖ ਬੈਠੇ ਹਨ। ਇਹ ਛੋਟੀ ਜਿਹੀ ਬੱਚੀ ਕੋਲ ਜਾ ਕੇ ਬੈਠ ਗਈ। ਉਥੇ ਵਾਰਤਾਲਾਪ ਅਰੰਭ ਹੋ ਗਈ। ਇਹ ਜਿੰਨੀ ਵੀ ਸ੍ਰਿਸ਼ਟੀ ਹੈ ਇਸ ਸ੍ਰਿਸ਼ਟੀ ਦੇ ਜਿੰਨੇ ਵੀ ਜੀਵ ਹਨ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇਕ ਪਰਮਾਤਮਾ ਹੈ। ਬੱਚੀ ਦੇ ਕੰਨਾਂ ‘ਚ ਆਵਾਜ਼ ਪਈ ਕਿ ਹਰ ਇਕ ਦੀ ਪ੍ਰਵਿਰਸ਼ ਪਰਮਾਤਮਾ ਕਰਦਾ ਹੈ।
ਜੋ ਜਿਸ ਜੂਨਿ ਜਹਾਂ ਹੁਇ ਪ੍ਰਾਨੀ॥
ਤਹਾਂ ਦੇਤਿ ਭੋਜਨ ਗੁਨ ਖਾਨੀ॥
ਗੁਰਮੁਖ ਕਹਿੰਦੇ ਹਨ ਕਿ ਭਾਵੇਂ ਜੀਵ ਕਿਸੇ ਵੀ ਰੂਪ ਵਿਚ ਹੋਵੇ, ਭਾਵੇਂ ਸੱਪ ਹੋਵੇ, ਭਾਵੇਂ ਪੰਛੀ ਹੋਵੇ, ਭਾਵੇਂ ਪਸ਼ੂ ਹੋਵੇ, ਮੇਰਾ ਵਾਹਿਗੁਰੂ ਇੰਨਾ ਬੇਅੰਤ ਹੈ ਕਿ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਹੈ। ਪਾਣੀ ਵਿਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ ਹੈ। ਉਹ ਅਸਮਾਨ ਵਿਚ ਉਡਦੇ ਹੋਏ ਪੰਛੀ ਨੂੰ ਵੀ ਰਿਜ਼ਕ ਦਿੰਦਾ ਹੈ। ਹਰ ਇਕ ਨੂੰ ਰਿਜ਼ਕ ਕੇਵਲ ਪਰਮਾਤਮਾ ਦਿੰਦਾ ਹੈ।
ਸ੍ਰੀ ਗੁਰ ਨਾਨਕ ਕਰ੍ਯੋ ਸਲੋਕ॥ ਪਠਤਿ ਬਿਚਾਰਤਿ ਸੋ ਪ੍ਰਭੁ ਲੋਕ॥ ਕਵੀ ਜੀ ਕਹਿੰਦੇ ਹਨ ਕਿ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਨ੍ਹਾਂ ਵਿਚ ਕਈ ਪੁੱਛਦੇ ਹੋਣਗੇ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਹਰ ਇਕ ਨੂੰ ਰਿਜ਼ਕ ਕੇਵਲ ਪਰਮਾਤਮਾ ਦਿੰਦਾ ਹੈ ? ਉਨ੍ਹਾਂ ਗੁਰਮੁਖਾਂ ਵਿਚ ਇਕ ਬੋਲਿਆ, ਇਹ ਬੱਚੀ ਸਭ ਕੁਝ ਸੁਣਦੀ ਪਈ ਸੀ :
ਤਿਸੁ ਤੇ ਸੁਨਿ ਕੰ ਦਿਢ ਕੀਨੋ॥
ਸੋ ਅਬਿ ਇਸ ਥਲ ਲਿਖਿ ਕਰਿ ਦੀਨੋ॥
ਕਵੀ ਜੀ ਕਹਿੰਦੇ ਹਨ, ਉਥੋਂ ਉਸ ਗੁਰਮੁਖ ਸਿੱਖ ਨੇ ਸਲੋਕ ਸੁਣਾਇਆ, ਜੋ ਗੁਰੂ ਨਾਨਕ ਸਾਹਿਬ ਉਚਾਰ ਗਏ ਹਨ। ਇਸ ਬੱਚੀ ਨੇ ਧਿਆਨ ਨਾਲ ਸੁਣਿਆ। ਸੁਣਦਿਆਂ ਸਾਰ ਇਸ ਬੱਚੀ ਦੇ ਮਨ ਉਤੇ ਸਲੋਕ ਨੇ ਇੰਨਾ ਕੁ ਅਸਰ ਕੀਤਾ ਕਿ ਦ੍ਰਿੜ ਇਰਾਦਾ ਹੋ ਗਿਆ ਕਿ ਰੱਬ ਤੋਂ ਬਿਨਾਂ ਦੁਨੀਆਂ ਵਿਚ ਹੋਰ ਕੋਈ ਰਿਜ਼ਕ ਦੇਣ ਵਾਲਾ ਨਹੀਂ ਹੈ। ਕਵੀ ਜੀ ਕਹਿੰਦੇ ਹਨ ਕਿ ਇਸ ਸਲੋਕ ਨੂੰ ਮੈਂ ਅੰਕਿਤ ਕਰਦਾ ਹਾਂ :
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
ਗੁਰੂ ਨਾਨਕ ਸਾਹਿਬ ਜੀ ਦਾ ਇਹ ਸਲੋਕ ਹੈ। ਇਹ ਆਸਾ ਦੀ ਵਾਰ ਵਿਚ ਸਾਨੂੰ ਮਿਲਦਾ ਹੈ। ਪੁਰਖਾਂ ਦਾ ਅਰਥ-ਮਨੁੱਖਾਂ, ਬਿਰਖਾਂ ਦਾ ਅਰਥ-ਜਿੰਨੀ ਵੀ ਬਨਸਪਤੀ ਹੈ। ਤੀਰਥਾਂ ਦਾ ਅਰਥ–ਜਿੰਨੇ ਵੀ ਤੀਰਥਾਂ ਦੇ ਕਿਨਾਰੇ ਰਹਿਣ ਵਾਲੇ ਲੋਕ ਹਨ। ਤਟਾਂ ਦਾ ਅਰਥ-ਨਦੀਆਂ। ਮੇਘ ਦਾ ਅਰਥ-ਬੱਦਲ। ਖੇਤਾਂਹ ਦਾ ਅਰਥ-ਖੇਤ ਹਨ। ਸਾਹਿਬ ਕਹਿੰਦੇ ਹਨ, ਕੀ ਮਨੁੱਖ, ਕੀ ਰੁੱਖ, ਕੀ ਤੀਰਥ, ਕੀ ਦਰਿਆ, ਕੀ ਬੱਦਲ, ਕੀ ਖੇਤ, ਇਸ ਤੋਂ ਇਲਾਵਾ ਦੀਪਾਂ, ਬ੍ਰਹਿੰਮਡ ਹਨ :
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
ਅੰਡਜ=ਜਿਹੜੇ ਜੀਵ ਆਂਡੇ ਵਿਚੋਂ ਪੈਦਾ ਹੁੰਦੇ ਹਨ।
ਜੇਰਜ=ਜਿਹੜੇ ਜੇਰਜ ਵਿਚੋਂ ਪੈਦਾ ਹੋਏ ਮਨੁੱਖ ਤੇ ਪਸ਼ੂ। ਉਤਭੁਜਾਂ ਦਾ ਅਰਥ=ਜਿਹੜੇ ਜ਼ਮੀਨ ਵਿਚੋਂ ਪੈਦਾ ਹੋਏ ਬਨਸਪਤੀ, ਖੇਤ।
ਸੇਤਜਾਂਹ ਦਾ ਮਤਲਬ ਕਿ ਜਦੋਂ ਕਈ ਵਾਰੀ ਪਸੀਨਾ ਆਉਂਦਾ ਹੈ। ਇਸ ਪਸੀਨੇ ਵਿਚੋਂ ਵੀ ਕਈ ਜੀਵਾਂ ਦਾ ਜਨਮ ਹੁੰਦਾ ਹੈ।
ਇਹ ਸ੍ਰਿਸ਼ਟੀ ਦੀ ਉਤਪਤੀ ਦੇ ਚਾਰ ਤਰੀਕੇ ਹਨ। ਸਾਹਿਬ ਕਹਿੰਦੇ ਹਨ ਕਿ ਇਹ ਸਾਰੇ ਜਿੰਨੇ ਵੀ ਜੀਵ ਹਨ। ਇਨ੍ਹਾਂ ਸਾਰਿਆਂ ਦੀ ਮਿਥ ਵਾਹਿਗੁਰੂ ਜਾਣਦਾ ਹੈ। ਉਸ ਨੂੰ ਸਭ ਦਾ ਪਤਾ ਹੈ। ਉਹ ਸਭ ਦੀ ਸੰਭਾਲ ਕਰਦਾ ਹੈ :
ਨਾਨਕ ਜੰਤ ਉਪਾਇ ਕੈ ਸੰਮਾਲ਼ੇ ਸਭਨਾਹ ॥
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਕੇਵਲ ਉਸ ਨੇ ਪੈਦਾ ਹੀ ਨਹੀਂ ਕੀਤੇ ਹਨ ਉਸ ਦੀ ਸੰਭਾਲ ਵੀ ਆਪ ਕਰਦਾ ਪਿਆ ਹੈ। ਸਤਿਗੁਰੂ ਅੰਦਰ ਨੂੰ ਧੀਰਜ ਦੇ ਕੇ ਕਹਿੰਦੇ ਪਏ ਹਨ ਕਿ ਗੁਰੂ ਦੇ ਸਿੱਖਾ ! ਚਾਰੇ ਖਾਣੀਆਂ ਦੇ ਜੀਵ ਭਾਵੇਂ ਲੈ। ਹਰ ਇਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ ਪਿਆ ਹੈ। ਤੂੰ ਚਿੰਤਾ ਨਾ ਕਰ ਕਿ ਮੇਰਾ ਕੀ ਬਣੇਗਾ ?
ਉੱਦਮ ਕਰੀ ਜਾ। ਵਾਹਿਗੁਰੂ ਨੇ ਪੈਦਾ ਕੀਤਾ ਤਾਂ ਰਿਜ਼ਕ ਤੈਨੂੰ ਜ਼ਰੂਰ ਦੇਵੇਗਾ। ਬੱਚੀ ਨੇ ਇਹ ਸਲੋਕ ਸੁਣਿਆ।
ਸੁਨ ਸ ਅਰਥ ਗੁਰ ਸ਼ਬਦ ਕੋ ਕੰਨ੍ਯਾ ਨਿਸ਼ਚੈ ਕੀਨੁ॥
ਤੀਨ ਲੋਕ ਪਤਿ ਪਰਮ ਗੁਰ ਰਿਜਕ ਸਭਿਨਿ ਕਹੁ ਦੀਨ॥
ਮਹਾਂਪੁਰਸ਼ਾਂ ਨੇ ਸਲੋਕ ਦੇ ਇੱਕ-ਇੱਕ ਅੱਖਰ ਦੇ ਅਰਥ ਕੀਤੇ। ਇਸ ਬੱਚੀ ਨੇ ਸੁਣ ਕੇ ਦ੍ਰਿੜੁ ਕਰ ਲਿਆ ਕਿ ਇਹ ਮਹਾਂਪੁਰਸ਼ ਜੋ ਕਹਿੰਦੇ ਹਨ, ਉਹ ਸੱਚ ਹੈ। ਜੋ ਗੁਰੂ ਨਾਨਕ ਸਾਹਿਬ ਦੇ ਬਚਨ ਉਹ ਅਟੱਲ ਹਨ। ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਵਾਹਿਗੁਰੂ ਹੈ। ਮਨਾ, ਤੂੰ ਵੀ ਯਕੀਨ ਕਰ। ਤੇਰੀ ਉਮਰ ਥੋੜ੍ਹੀ ਹੈ। ਰੱਬ ਤੈਨੂੰ ਵੀ ਰਿਜ਼ਕ ਦਿੰਦਾ ਪਿਆ ਹੈ।
ਇਕ ਦਿਨ ਸਭਿ ਕੰਨ੍ਹਾ ਮਿਲ ਕਰਕੈ॥
ਕਥਾ ਅਨੇਕ ਸੁਨਾਇ ਬਿਚਾਰਿ ਕੈ॥
ਇਕ ਦਿਨ ਪੰਜੇ ਭੈਣਾਂ ਆਪਸ ਵਿਚ ਇਕੱਠੀਆਂ ਬੈਠੀਆਂ ਸਨ। ਆਪਸ ਵਿਚ ਗਈਆਪਸ ਇਹ ਗੱਲਾਂ ਕਰਨ ਲੱਗ ਗਈਆਂ :
ਨਿਜ ਪਿਤ ਕੀ ਭਾਖਤਿ ਬਡਿਆਈ॥
ਹਮਹਿ ਪਦਾਰਥ ਅਧਿਕ ਭੁਗਾਈ॥
ਇਨ੍ਹਾਂ ਵਿਚੋਂ ਚਾਰ ਬੱਚੀਆਂ ਗੱਲਾਂ ਕਰਦੀਆਂ ਹਨ ਕਿ ਦੇਖੋ,ਸਾਡਾ ਬਾਪੂ ਕਿੰਨਾ ਚੰਗਾ ਹੈ। ਸਾਨੂੰ ਪਾਉਣ ਲਈ ਵਸਤਰ ਦਿੰਦਾ ਹੈ। ਖਾਣ ਵਾਸਤੇ ਭੋਜਨ ਦਿੰਦਾ ਹੈ। ਅਸੀਂ ਆਪਣੇ ਪਿਤਾ ਦੇ ਸਿਰ ‘ਤੇ ਇੰਨਾ ਸੁਖ ਮਾਣਦੀਆਂ ਹਾਂ।
ਖਾਨ ਪਾਨ ਪਹਿਰਨ ਕੋ ਦਾਤਾ॥
ਬਸਤ੍ਰ ਬਿਭੂਖਨ ਦੇ ਖ੍ਯਾਤਾ॥
ਫਿਰ ਕਹਿਣ ਲੱਗੀਆਂ, ਖਾਣ ਨੂੰ, ਪੀਣ ਨੂੰ, ਪਹਿਨਣ ਨੂੰ ਵਸਤਰ ਦਿੰਦੇ ਹਨ। ਸਾਨੂੰ ਹੱਥਾਂ ਵਿਚ ਪਾਉਣ ਲਈ ਗਹਿਣੇ ਵੀ ਪਿਤਾ ਨੇ ਦਿੱਤੇ ਹਨ :
ਸਭਿ ਤੇ ਸੁਨਿ ਤਿਸ ਕੰਨ੍ਯਾ ਕਯੋ॥
ਪਾਲਤਿ ਪ੍ਰਭੂ ਸਭਿਨਿ ਕੋ ਲਯੋ॥
ਚਾਰੇ ਜਾਣੀਆਂ ਹੱਸ ਕੇ ਗੱਲਾਂ ਕਰਦੀਆਂ ਹਨ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ। ਜਿਹੜੀ ਲੜਕੀ ਸਤਿਸੰਗਤ ਕਰਦੀ ਸੀ ਉਹ ਖਾਮੋਸ਼ ਬੈਠੀ ਸੀ। ਉਸ ਨੂੰ ਪੁੱਛਦੀਆਂ ਕਿ ਤੂੰ ਕਿਉਂ ਨਹੀਂ ਬੋਲਦੀ ਪਈ ? ਸਾਡੀ ਹਾਂ ਵਿਚ ਹਾਂ ਕਿਉਂ ਨਹੀਂ ਮਿਲਾਉਂਦੀ ? ਉਹ ਬੱਚੀ ਕਹਿਣ ਲੱਗੀ, ਨਹੀਂ ਭੈਣੋਂ ! ਤੁਸੀਂ ਭੁਲੇਖੇ ਵਿਚ ਹੋ। ਕੋਈ ਕਿਸੇ ਨੂੰ ਨਹੀਂ ਦੇਣ ਵਾਲਾ। ਰਿਜ਼ਕ ਦੇਣ ਵਾਲਾ ਤਾਂ ਕੇਵਲ ਪਰਮਾਤਮਾ ਹੈ। ਰੋਜ਼ੀ ਕੇਵਲ ਵਾਹਿਗੁਰੂ ਦਿੰਦਾ ਹੈ। ਉਹ ਖਾਣ ਨੂੰ, ਉਹ ਪਾਉਣ ਨੂੰ ਬਖ਼ਸ਼ਦਾ ਹੈ :
ਦਾਤਨਿ ਕੋ ਦਾਤਾ ਇਕ ਰਾਮ॥
ਕਰਹਿ ਜਗਤ ਕੇ ਪੂਰਣ ਕਾਮ॥
ਕਹਿਣ ਲੱਗੀ, ਭੈਣੋਂ ! ਤੁਹਾਨੂੰ ਪਤਾ ਨਹੀਂ ਹੈ। ਭਾਵੇਂ ਮੰਗਤੇ ਬੇਅੰਤ ਹਨ, ਦੇਣ ਵਾਲਾ ਦਾਤਾ ਇਕ ਹੈ। ਇਕ ਦਾਤਾ ਸਾਰੀ ਸ੍ਰਿਸ਼ਟੀ ਦੀ ਪ੍ਰਵਿਰਸ਼ ਕਰਦਾ ਪਿਆ ਹੈ। ਹਰ ਇਕ ਨੂੰ ਉਹ ਰਿਜ਼ਕ ਪਹੁੰਚਾਉਂਦਾ ਹੈ।
ਸਭਿ ਦਿਨੁ ਸਭਿ ਕੋ ਭੋਗ ਭੁਗਾਵੈ॥
ਕਰਿ ਅਹਾਰ ਕੋ ਜੀਵਤਿ ਪਾਵੈ॥
ਜਿੰਨੇ ਵੀ ਜੀਵ ਹਨ। ਤੁਸੀਂ ਸੋਚਦੀਆਂ ਕਿ ਤੁਹਾਨੂੰ ਬਾਪੂ ਦਿੰਦਾ ਹੈ, ਪਰ ਕਦੀ ਪਾਣੀ ਵਿਚ ਝਾਤੀ ਮਾਰੀ। ਉਥੇ ਤਾਂ ਸਾਡਾ ਬਾਪੂ ਕਿਸੇ ਨੂੰ ਰਿਜ਼ਕ ਨਹੀਂ ਦਿੰਦਾ। ਕਦੀ ਧਰਤੀ ਵਿਚ ਰਹਿਣ ਵਾਲੇ ਜੀਵਾਂ ਵੱਲ ਦੇਖਿਆ, ਉਥੇ ਤਾਂ ਸਾਡਾ ਬਾਪੂ ਰਿਜ਼ਕ ਨਹੀਂ ਦਿੰਦਾ। ਉੱਗੀ ਹੋਈ ਬਨਸਪਤੀ ਨੂੰ ਤਾਂ ਸਾਡਾ ਬਾਪੂ ਨਹੀਂ ਪਾਲਦਾ। ਇਹ ਕੇਵਲ ਅਸੀਂ ਆਪਣੀ ਸੋਚ ਨਾਲ ਕਹਿੰਦੇ ਪਏ ਹਾਂ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ। ਅਸਲ ਵਿਚ ਇਕ ਹੋਰ ਹੈ ਜਿਹੜਾ ਸਾਡੇ ਬਾਪੂ ਦੀ ਝੋਲੀ ਵਿਚ ਦਾਤ ਪਾਉਂਦਾ ਹੈ। ਉਹ ਕੇਵਲ ਦਾਤਾ ਪਰਮਾਤਮਾ ਹੈ। ਉਸ ਤੋਂ ਬਿਨਾਂ ਕਿਸ ਨੇ ਰਿਜ਼ਕ ਦੇਣਾ ਹੈ।
ਸੋ ਨ ਦੇਯ ਸਭਿ ਲਹੈ ਬਿਨਾਸ॥
ਤਿਸ ਬਿਨ ਕਹਾਂ ਜਿਯਨ ਕੀ ਆਸ॥
ਜੇ ਉਹ ਪਰਮਾਤਮਾ ਰਿਜ਼ਕ ਨਾ ਦੇਵੇ ਤਾਂ ਕਿਸੇ ਨੂੰ ਮਿਲੇ ਵੀ ਨਾ। ਸਾਰੇ ਖ਼ਤਮ ਹੋ ਜਾਣ। ਰਿਜ਼ਕ ਦੇਣ ਵਾਲਾ ਪਰਮਾਤਮਾ ਹੈ। ਕਹਿੰਦੇ, ਪੱਥਰ ਦਾ ਕੀੜਾ ਪੱਥਰ ਵਿਚ ਹੈ। ਕੋਈ ਰਸਤਾ ਨਹੀਂ, ਜਿਸ ਰਸਤੇ ਰਿਜ਼ਕ ਪਹੁੰਚਾ ਸਕੀਏ। ਪੱਥਰ ਵਿਚ ਪੈਦਾ ਕੀਤੇ ਕੀੜੇ ਨੂੰ ਰਿਜ਼ਕ ਦਿੰਦਾ ਹੈ। ਬੰਦੇ ਦੀ ਆਸ ਨਾ ਕਰੀਂ। ਦੇਣ ਵਾਲਾ ਸਿਰਫ਼ ਪਰਮਾਤਮਾ ਹੈ। ਬੱਚੀ ਕਹਿੰਦੀ, ਮੈਂ ਗੁਰਮੁਖਾਂ ਤੋਂ ਬਚਨ ਸੁਣ ਕੇ ਆਈ ਹਾਂ। ਸਾਰੀ ਸ੍ਰਿਸ਼ਟੀ ਦੀ ਪਾਲਣਾ ਕੇਵਲ ਪਰਮਾਤਮਾ ਕਰਦਾ ਹੈ।
ਰਾਉ, ਰੰਕ, ਰਾਜ, ਚੀਟੀ ਜੋਈ॥
ਸਭਿ ਕੋ ਦਾਤਾ ਤਾਤਾ ਸੋਈ॥
ਕਹਿਣ ਲੱਗੀ, ਭੈਣੋਂ ! ਅੱਤ ਦੇ ਗ਼ਰੀਬ ਵੱਲ ਤੱਕੋ। ਭਾਵੇਂ ਮਜ਼ਦੂਰੀ ਕਰਦਾ ਹੈ। ਆਖਿਰ ਉਹ ਕੱਖਾਂ ਦੀ ਕੁੱਲੀ ਵਿਚ ਰੋਟੀ ਪਕਾ ਕੇ ਖਾਂਦਾ ਹੈ। ਤੁਹਾਡਾ ਬਾਪੂ ਤਾਂ ਨਹੀਂ ਦਿੰਦਾ। ਜੇ ਕੋਈ ਰਾਜਾ ਰੋਟੀ ਖਾਂਦਾ ਹੈ, ਉਸ ਨੂੰ ਵੀ ਮਾਲਕ ਦਿੰਦਾ ਹੈ। ਕਹਿੰਦੀ, ਮੇਰੀ ਗੁਰੂ ਦੀ ਬਾਣੀ ਕਹਿੰਦੀ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੀ ਸੰਭਾਲ ਨਿਰੰਕਾਰ ਕਰਦਾ ਹੈ।
ਅਪਰ ਬਿਖੈ ਸਮਰਥ ਹੈ ਕਹਾਂ॥
ਜੀਵਨਿ ਜੋ ਪਾਲਹਿ ਜਾਹਿ ਕਹਾਂ॥
ਕਹਿਣ ਲੱਗੀ, ਕਿਸ ਦੇ ਅੰਦਰ ਸਮਰੱਥਾ ਹੈ, ਜਿਹੜਾ ਮੇਰੇ ਵਾਹਿਗੁਰੂ ਜੀ ਦਾ ਮੁਕਾਬਲਾ ਕਰ ਸਕੇ ? ਇੰਨੇ ਜੀਵਾਂ ਨੂੰ ਕੋਈ ਪਾਲ ਸਕਦਾ ਹੈ ? ਕਿਸੇ ਅੰਦਰ ਤਾਕਤ ਨਹੀਂ ਹੈ।
ਸ਼ਾਇਦ ਇਹੀ ਕਾਰਨ ਹੈ, ਜਦੋਂ ਗੁਰੂ ਨਾਨਕ ਸਾਹਿਬ ਵਿਸਮਾਦ ਵਿਚ ਜਾਂਦੇ ਹਨ। ਇਕ ਗੱਲ ਕਹਿੰਦੇ ਹਨ, ਦਾਤਿਆ ! ਮੈਂ ਇਸ ਗੱਲੋਂ ਹੈਰਾਨ ਹਾਂ। ਉਹ ਤੇਰਾ ਘਰ ਕਿਹੋ ਜਿਹਾ ਹੈ, ਜਿਸ ਘਰ ਵਿਚ ਤੂੰ ਬੈਠਾ ਹੈਂ ? ਉਸ ਘਰ ਦੇ ਦਰਵਾਜ਼ੇ ਕਿਹੋ ਜਿਹੇ ਹਨ, ਜਿਸ ਦਰਵਾਜ਼ੇ ਵਿਚੋਂ ਤੂੰ ਲੰਘਦਾ ਹੈਂ ? ਪੁੱਛਿਆ ਮਹਾਰਾਜ ਹੈਰਾਨੀ ਕਿਉਂ ਕਹਿੰਦੇ, ਹੈਰਾਨੀ ਤਾਂ ਹੈ, ਇੰਨੇ ਜੀਵਾਂ ਨੂੰ ਪੈਦਾ ਕਰਕੇ ਸਾਰਿਆਂ ਦੀ ਸੰਭਾਲ ਕਰਦਾ ਹੈ। ਮੈਨੂੰ ਦੱਸ ਤਾਂ ਸਹੀ ਤੇਰਾ ਘਰ ਕਿਹੋ ਜਿਹਾ ਹੈ, ਜਿੱਥੇ ਇੱਕ ਥਾਂ ‘ਤੇ ਬੈਠ ਕੇ ਸਭ ਨੂੰ ਰਿਜ਼ਕ ਦਿੰਦਾ ਹੈਂ ?
ਬੱਚੀ ਕਹਿੰਦੀ ਕਿ ਸਭ ਨੂੰ ਰਿਜ਼ਕ ਪਰਮਾਤਮਾ ਦਿੰਦਾ ਹੈ :
ਇਮ ਸੁਨਿ ਕੰਨ੍ਯਾ ਸਭਿ ਹੀ ਕਹੈਂ॥
ਹਮ ਕੋ ਪਿਤ ਪ੍ਰਤਿਪਾਲਤਿ ਰਹੈ॥
ਕਹਿੰਦੇ, ਇੰਨੀ ਗੱਲ ਸੁਣ ਕੇ ਦੂਸਰੀਆਂ ਭੈਣਾਂ ਗ਼ੁੱਸੇ ਵਿਚ ਆ ਗਈਆਂ। ਕਹਿਣ ਲੱਗੀਆਂ, ਚੁੱਪ ਕਰ ਜਾ। ਤੈਨੂੰ ਕੋਈ ਸਮਝ ਨਹੀਂ ਹੈ। ਅਸੀਂ ਨਹੀਂ ਜਾਣਦੀਆਂ ਕੌਣ ਰੱਬ ਦੇਣ ਵਾਲਾ। ਸਾਨੂੰ ਤਾਂ ਸਾਡਾ ਬਾਪੂ ਕਪੜੇ ਦਿੰਦਾ ਹੈ। ਸਾਡਾ ਪਿਤਾ ਹੀ ਹਰ ਪ੍ਰਕਾਰ ਨਾਲ ਸੰਭਾਲਦਾ ਹੈ :
ਨਹਿ ਦੇਯੋ ਦੇਤੇ ਕਿਤ ਰਾਮ॥
ਦਿਯੋ ਜਾਇ ਕਿਸੁ ਕੇ ਕਬਿ ਧਾਮ॥
ਉਹ ਕਹਿੰਦੀਆਂ ਕਿ ਅਸੀਂ ਨਹੀਂ ਦੇਖਿਆ ਕਿ ਕੋਈ ਵਾਹਿਗੁਰੂ ਹੈ। ਕਿਸੇ ਦੇ ਘਰ ਵਿਚ ਜਾ ਕੇ ਰੋਜ਼ੀ ਦਿੰਦਾ ਹੋਵੇ। ਕਦੀ ਵੇਖਿਆ ਸਾਡੇ ਘਰ ਰੱਬ ਆਇਆ ਹੋਵੇ ਤੇ ਸਾਨੂੰ ਰੋਟੀ ਦੇ ਕੇ ਜਾਵੇ।
ਅੰਨ ਬਸਤ੍ਰ ਸਭਿ ਕਰਿ ਕੇ ਤ੍ਯਾਰ॥
ਕਿਸ ਕੌਨ ਦੇਤਿ ਕਿਸ ਬਾਰਿ॥
ਕਹਿੰਦੀਆਂ ਹਨ, ਸਾਡਾ ਬਾਪੂ ਸਾਨੂੰ ਕੱਪੜੇ ਦਿੰਦਾ ਹੈ। ਰੱਬ ਨੇ ਕਦੀ ਕੱਪੜੇ ਸਵਾ ਕੇ ਦਿੱਤੇ ਹਨ ? ਸਾਡਾ ਬਾਪੂ ਤਾਂ ਅਨਾਜ ਲਿਆਉਂਦਾ ਹੈ। ਕਈ ਤਰ੍ਹਾਂ ਦੇ ਫਲ ਲਿਆਉਂਦਾ ਹੈ। ਤੂੰ ਕਹਿੰਦੀ ਹੈਂ ਰੱਬ ਦੇਣ ਵਾਲਾ ਹੈ। ਅਸੀਂ ਨਹੀਂ ਦੇਖਿਆ ਕਿ ਕਿਸੇ ਘਰ ਰੱਬ ਇਹ ਵਸਤੂਆਂ ਲੈ ਕੇ ਆਉਂਦਾ ਹੈ।
ਇਮ ਸੁਨਿਕੈ ਕੰਨ੍ਯਾ ਲਰ ਪਰੀ॥
ਜਾਇ ਪਿਤਾ ਕੇ ਢਿਗਿ ਸੁਧਿ ਕਰੀ॥
ਉਹ ਇੰਨੇ ਦ੍ਰਿੜ ਇਰਾਦੇ ਵਾਲੀ ਹੈ। ਕਹਿੰਦੀ ਕਿ ਤਰਕ ਨਾ ਕਰੋ। ਵਿਸ਼ਵਾਸ ਕਰੋ ਕਿ ਰਿਜ਼ਕ ਦੇਣ ਵਾਲਾ ਵਾਹਿਗੁਰੂ ਹੈ, ਜਿਸ ਨੇ ਸਰੀਰ ਦਿੱਤਾ ਹੈ। ਉਸ ਦੇ ਬਚਨਾਂ ‘ਤੇ ਭਰੋਸਾ ਕਰ ਲਵੋ। ਸ਼ਾਇਦ ਇਹੀ ਕਾਰਨ ਹੈ ਕਿ ਕਿਸੇ ਵੇਲੇ ਮਨੁੱਖ ਉਸ ਰੱਬ ਦੀ ਦਿੱਤੀ ਹੋਈ ਚੀਜ਼ ਨੂੰ ਨਹੀਂ ਸਮਝਦਾ ਹੈ। ਨਾਸਤਿਕ ਲੋਕ ਰੱਬ ‘ਤੇ ਵੀ ਤਰਕ ਕਰਨ ਲੱਗ ਪੈਂਦੇ ਹਨ। ਉਹ ਲੜ ਪਈਆਂ। ਅੱਗੋਂ ਕਹਿੰਦੀ, ਦੇਖੋ, ਜਿੰਨੀਆਂ ਮਰਜ਼ੀ ਦਲੀਲਾਂ ਦੇ ਦਿਉ। ਮੇਰੇ ‘ਤੇ ਅਸਰ ਨਹੀਂ। ਮੈਂ ਗੁਰਮੁਖਾਂ ਤੋਂ ਇਕ ਬਚਨ ਸੁਣਿਆ ਹੈ ਕਿ ਦੇਣ ਵਾਲਾ ਵਾਹਿਗੁਰੂ ਹੈ। ਕੋਈ ਕਿਸੇ ਨੂੰ ਰਿਜ਼ਕ ਨਹੀਂ ਦਿੰਦਾ :
ਹਮ ਸਭਿ ਕਹਹਿ ਪਿਤਾ ਤੇ ਖਾਵਤਿ॥
ਇਹ ਕੁਛ ਬਾਤ ਅਪਰ ਬਿਦਤਾਵਤਿ ॥
ਕਹਿੰਦੇ, ਲੜਦੀਆਂ-ਲੜਦੀਆਂ ਇਹ ਉੱਠ ਪਈਆਂ। ਬਾਪੂ ਕੋਲ ਗਈਆਂ। ਪਿਤਾ ਆਪਣੇ ਮੰਜੇ ‘ਤੇ ਬੈਠਾ ਸੀ। ਇਹ ਵਿਚਾਰੀ ਵੀ ਪਿੱਛੇ ਤੁਰ ਪਈ। ਚਾਰਾਂ ਭੈਣਾਂ ਨੇ ਜਾ ਕੇ ਪਿਤਾ ਨੂੰ ਘੇਰ ਲਿਆ ਤੇ ਕਹਿਣ ਲੱਗੀਆਂ, ਪਿਤਾ ਜੀ ! ਦੇਖੋ ਇਹ ਕਿਹੋ ਜਿਹੀਆਂ ਗੱਲਾਂ ਕਰਦੀ ਪਈ ਹੈ। ਅਸੀਂ ਅੱਜ ਇਕੱਠੀਆਂ ਬੈਠੀਆਂ ਤੇ ਗੱਲ ਚੱਲ ਪਈ ਕਿ ਸਾਡਾ ਬਾਪੂ ਸਾਨੂੰ ਰਿਜ਼ਕ ਦਿੰਦਾ ਹੈ। ਸਾਡਾ ਬਾਪੂ ਸਾਨੂੰ ਵਸਤਰ ਦਿੰਦਾ ਹੈ। ਇਹ ਤਰਕ ਕਰਦੀ ਹੈ :
ਜੋ ਪ੍ਰਤਿਪਾਰਹਿ ਦੇਤਿ ਹਮੇਸ਼॥
ਲਘੁ ਤਨ ਤੇ ਜਿਨ ਕੀਨ ਬਿਸ਼ੇਸ਼ੁ॥
ਕਹਿਣ ਲੱਗੀਆਂ, ਇਹ ਤਾਂ ਗੱਲਾਂ ਹੋਰ ਕਰਦੀ ਹੈ। ਆਖਦੀ ਹੈ ਕਿ ਰਿਜ਼ਕ ਦੇਣ ਵਾਲਾ ਕੋਈ ਹੋਰ ਹੈ, ਜਿਸ ਨੇ ਸਾਡੇ ਛੋਟੇ ਜਿਹੇ ਤਨ ਨੂੰ ਸੰਭਾਲ ਕੇ ਰੱਖਿਆ ਹੈ। ਜਿਸ ਦੀ ਕ੍ਰਿਪਾ ਨਾਲ ਤਨ ਵੱਡਾ ਹੋ ਰਿਹਾ ਹੈ : ਸੁਖ ਸੋਂ ਸ਼ੁਭ ਅਹਾਰ ਹਮ ਕਹਿਰੀਂ॥ ਕਿਸੂ ਬਾਤ ਕੀ ਚਿੰਤ ਨ ਧਰਿਹੀਂ॥ ਕਹਿਣ ਲੱਗੀਆਂ, ਅਸੀਂ ਫਿਰ ਦਲੀਲ ਦਿੱਤੀ ਕਿ ਸਾਡੀ ਪ੍ਰਤਿਪਾਲਣਾ ਸਾਡਾ ਬਾਪੂ ਕਰਦਾ ਹੈ। ਸੁਖ ਨਾਲ ਅਸੀਂ ਆਹਾਰ ਕਰਦੀਆਂ ਹਾਂ। ਸਾਨੂੰ ਰੋਟੀ ਦੀ ਚਿੰਤਾ ਨਹੀਂ :
ਇਹ ਨਹਿ ਮਾਨੈ ਮਤ ਕਿਯ ਨ੍ਯਾਰੋ॥
ਹਮ ਸਭਿ ਕਹਿ ਕੀਨਸਿ ਨਿਰਧਾਰੋ॥
ਕਹਿਣ ਲੱਗੀਆਂ, ਅਸੀਂ ਸਾਰਿਆਂ ਨੇ ਇੱਕੋ ਹੀ ਆਪਸ ਵਿਚ ਵਿਚਾਰ ਕੀਤੀ ਹੈ ਕਿ ਦੇਣ ਵਾਲਾ ਸਾਡਾ ਪਿਤਾ ਹੈ, ਪਰ ਇਸ ਦਾ ਮੱਤ ਨਿਆਰਾ ਹੈ। ਇਹ ਹਾਂ ਵਿਚ ਹਾਂ ਨਹੀਂ ਮਿਲਾਉਂਦੀ
ਸੁਨਤਿ ਨ੍ਰਿਪਤ ਪਿਤ ਮੂਰਖ ਰੋਸਾ॥
ਨਹਿ ਈਸ਼ੁਰ ਕੋ ਲਯੋ ਭਰੋਸਾ॥
ਕਵੀ ਜੀ ਕਹਿੰਦੇ ਹਨ ਕਿ ਰਾਜਾ ਵੀ ਮੂਰਖ ਹੈ। ਉਸ ਨੂੰ ਇਹ ਸਮਝ ਨਹੀਂ। ਜਿਹੜੀਆਂ ਚਾਰ ਜਣੀਆਂ ਕਹਿੰਦੀਆਂ ਪਈਆਂ ਹਨ ਇਨ੍ਹਾਂ ਨੂੰ ਸਮਝ ਨਹੀਂ। ਜਿਹੜੀ ਇਕ ਕਹਿੰਦੀ ਪਈ ਹੈ ਉਹ ਸੱਚ ਕਹਿੰਦੀ ਹੈ। ਕਹਿਣ ਲੱਗੇ, ਇਹ ਮੂਰਖ ਬੰਦਾ, ਇਸ ਨੂੰ ਸਮਝ ਨਹੀਂ, ਵਾਹਿਗੁਰੂ ‘ਤੇ ਭਰੋਸਾ ਨਹੀਂ :
ਆਪਨੇ ਰਾਜ ਮਾਨ ਮਹਿ ਫੂਲਾ॥
ਪ੍ਰਭੁ ਪ੍ਰਤਿਕੂਲ ਭਏ ਤੇ ਭੂਲਾ॥
ਕਵੀ ਜੀ ਕਹਿੰਦੇ, ਆਪਣੀ ਚਾਰ ਗਜ਼ ਜ਼ਮੀਨ ‘ਤੇ ਫੁਲਿਆ ਬੈਠਾ ਹੈ। ਰਾਜਗੱਦੀ ‘ਤੇ ਫੁਲਿਆ ਬੈਠਾ ਹੈ। ਇਸ ਨੂੰ ਇੰਨਾ ਪਤਾ ਨਹੀਂ ਕਿ ਦੇਣ ਵਾਲਾ ਇਕ ਪਰਮਾਤਮਾ ਹੈ ।
ਸਭਿ ਕੰਨ੍ਯਾ ਨਿਜ ਨਿਕਟਿ ਹਕਾਰੀ॥
ਆਸ਼ੈ ਸਮਝਨ ਇੱਛਾ ਧਾਰੀ॥
ਉਸੇ ਸਮੇਂ ਇਸ ਨੇ ਸਾਰੀਆਂ ਬੱਚੀਆਂ ਨੂੰ ਕੋਲ ਬੁਲਾ ਲਿਆ। ਇਹ ਪੁੱਛਣ ਲਈ ਕਿ ਇਨ੍ਹਾਂ ਦੇ ਮਨ ਵਿਚ ਕੀ ਹੈ ?
ਪ੍ਰਥਕ ਪ੍ਰਥਕ ਤਿਨ ਬੂਝਨ ਲਾਗਾ ॥
ਕਹੁ ਤੂੰ ਕਿਸ ਕੌ ਭੁਗਤਹਿ ਭਾਗਾ॥
ਕਹਿਣ ਲੱਗੇ, ਇਕ-ਇਕ ਬੱਚੀ ਨੂੰ ਪੁੱਛਣ ਲੱਗਾ ਕਿ ਦੱਸ ਤੂੰ ਕਿਸ ਦੇ ਦਿੱਤੇ ਕੱਪੜੇ ਪਾਉਂਦੀ ਹੈਂ ? ਕਿਸ ਦੀ ਦਿੱਤੀ ਰੋਟੀ ਖਾਂਦੀ ਹੈਂ ? ਤੈਨੂੰ ਦੁਨੀਆਂ ‘ਤੇ ਸੁਖ ਦਾ ਸਾਧਨ ਕਿਸ ਨੇ ਦਿੱਤਾ ਹੈ ?
ਸਭਿ ਨੇ ਕਯੋ ਪਿਤਾ ਹਮ ਤੇਰਾ॥
ਖਾਵਹਿ ਪਹਿਰਹਿ ਦਰਬ ਘਨੇਰਾ॥
ਉਹ ਸਾਰੀਆਂ ਉੱਚੀ ਅਵਾਜ਼ ‘ਚ ਕਹਿਣ ਲੱਗੀਆਂ, ਪਿਤਾ ਜੀ ! ਜਿਹੜੇ ਤਨ ‘ਤੇ ਵਸਤਰ ਪਾਉਂਦੀਆਂ ਹਾਂ, ਇਹ ਤੇਰੇ ਦਿੱਤੇ ਹਨ। ਜਿਹੜੇ ਅਸੀਂ ਹੱਥਾਂ ਵਿਚ ਗਹਿਣੇ ਪਾਏ ਹਨ, ਇਹ ਵੀ ਤੇਰੇ ਹਨ ਤੇ ਜਿਹੜਾ ਅਸੀਂ ਭੋਜਨ ਛੱਕਦੀਆਂ ਹਾਂ, ਇਹ ਵੀ ਤਾਂ ਤੇਰਾ ਬਖ਼ਸ਼ਿਆ ਹੋਇਆ ਹੈ :
ਪ੍ਰਤਿਪਾਰਤਿ ਨਿਤ ਦੇਤਿ ਅਹਾਰਾ॥
ਹਮ ਸਭਿ ਭੁਗਤਹਿ ਭਾਗ ਤੁਹਾਰਾ॥
ਸਾਨੂੰ ਕੋਈ ਫ਼ਿਕਰ ਨਹੀਂ ਹੈ। ਆਰਾਮ ਨਾਲ ਘਰ ਰਹਿੰਦੀਆਂ ਹਾਂ। ਸਾਡੇ ਉੱਠਣ ਤੋਂ ਪਹਿਲਾਂ ਭੋਜਨ ਤਿਆਰ ਹੈ। ਇਕ ਦਿਨ ਨਹੀਂ, ਰੋਜ਼ ਤੂੰ ਸਾਨੂੰ ਭੋਜਨ ਦਿੰਦਾ ਹੈਂ।
ਸਾਡੀ ਪ੍ਰਤਿਪਾਲਣਾ ਤੁਸੀਂ ਕਰਦੇ ਹੋ :
ਨਿਜ ਭਗਨੀ ਸਭਿ ਤੇ ਪਸਚਾਤੀ॥
ਰਾਜ ਕੁਇਰ ਬੋਲੀ ਇਸ ਭਾਂਤੀ॥
ਕਹਿਣ ਲੱਗੇ, ਜਿਹੜੀ ਇਕ ਕਹਿੰਦੀ ਪਈ ਸੀ ਕਿ ਦੇਣ ਵਾਲਾ ਪਰਮਾਤਮਾ ਹੈ ਉਸ ਨੂੰ ਪੁੱਛਿਆ ਕਿ ਦੱਸ ਕਿਸ ਦਾ ਦਿੱਤਾ ਖਾਂਦੀ ਹੈਂ ? ਉਸ ਨੇ ਬਚਨ ਕਹੇ ਹਨ :
ਹੇ ਪਿਤਾ ਭਾਗ ਏਕ ਕੋ ਦੂਵਾ॥
ਭਗਤਹਿ ਏਹ ਨਹੀਂ ਕਬਿ ਹੂਆ॥
ਕਹਿਣ ਲੱਗੀ, ਬਾਪੂ ! ਇਕ ਗੱਲ ਧਿਆਨ ਨਾਲ ਸੁਣ। ਕੋਈ ਕਿਸੇ ਦਾ ਦਿੱਤਾ ਨਹੀਂ ਖਾਂਦਾ। ਇਕ ਦੇ ਭਾਗ ਨੂੰ ਦੂਸਰਾ ਨਹੀਂ ਖੋਹ ਸਕਦਾ। ਚੇਤੇ ਰੱਖੀਂ ਆਪਣੇ-ਆਪਣੇ ਭਾਗ ਸਾਰੇ ਖਾਂਦੇ ਹਨ। ਤੈਨੂੰ ਸਮਝ ਨਹੀਂ। ਕਹਿੰਦੀ, ਇਹ ਤਾਂ ਰੱਬ ਦੀ ਕ੍ਰਿਪਾ ਹੈ। ਇਕ ਮਾਂ ਦੀ ਕੁੱਖ ਵਿਚੋਂ ਦੋ ਬੱਚਿਆਂ ਦਾ ਜਨਮ ਹੋਇਆ ਹੈ। ਇਕ ਵਿਚਾਰਾ ਦਿਹਾੜੀਆਂ ਕਰਦਾ ਪਿਆ ਹੈ। ਇਕ ਰਾਜ ਗੱਦੀ ‘ਤੇ ਬੈਠਾ ਹੋਇਆ ਹੈ। ਆਪਣੇ-ਆਪਣੇ ਭਾਗ ਹਨ।
ਬਾਪੂ ਸਾਰੇ ਆਪਣੇ-ਆਪਣੇ ਭਾਗ ਖਾਂਦੇ ਹਨ :
ਨਿਜ ਨਿਜ ਭਾਗ ਅਧਿਕ ਅਰੁ ਘਾਟ ॥
ਭੋਗਤਿ ਜਗ ਮਹਿ ਰੰਕ ਸੁਰਾਟ ॥
ਇਹ ਗੱਲ ਵੱਖਰੀ ਹੈ ਕਿ ਸਾਰਿਆਂ ਦੇ ਆਪਣੇ ਭਾਗ ਹਨ। ਕੋਈ ਛੱਤੀ ਪ੍ਰਕਾਰ ਦੇ ਭੋਜਨ ਰਾਤ ਨੂੰ ਖਾ ਕੇ ਸੌਂਦਾ ਹੈ। ਕੋਈ ਸੁੱਕਾ ਪ੍ਰਸ਼ਾਦਾ ਖਾ ਕੇ ਸੌਂ ਜਾਂਦਾ ਹੈ। ਕੋਈ ਆਪਣੇ ਤਨ ‘ਤੇ ਖੱਦਰ ਦੇ ਕੱਪੜੇ ਪਾ ਕੇ ਦਿਨ ਕੱਢ ਲੈਂਦਾ ਹੈ। ਕੋਈ ਇਕ ਦਿਨ ਵਿਚ ਕਈ ਵਸਤਰ ਬਦਲਦਾ ਹੈ। ਸਾਰੇ ਆਪਣੇ-ਆਪਣੇ ਭਾਗਾਂ ਦਾ ਖਾਂਦੇ ਹਨ :
ਸੁਨਿ ਪਿਤ ਕ੍ਰੋਧ ਕਰ੍ਯੋ ਉਰ ਭਾਰੀ॥
ਸਭਿ ਕੇ ਸੁਨਿਤੇ ਗਿਰਾ ਉਚਾਰੀ ॥
ਕਹਿੰਦੇ, ਮੂਰਖ ਬਾਪੂ ਨੂੰ ਸਮਝ ਨਹੀਂ ਪਈ। ਧੀ ਵੱਲ ਅੱਖਾਂ ਲਾਲ ਕਰਕੇ ਦੇਖਿਆ। ਕ੍ਰੋਧ ਨਾਲ ਚਿਹਰਾ ਭਖਣ ਲੱਗਾ।
ਅਮੁਕ ਰੰਕ ਹਮ ਜਾਤਿ ਮਝਾਰੀ॥
ਤਿਸ ਕੇ ਪੁੱਤ੍ਰ ਕਸ਼ਟ ਤਨ ਭਾਰੀ॥
ਕਹਿਣ ਲੱਗਾ, ਤੈਨੂੰ ਕੌਣ ਰਿਜ਼ਕ ਦਿੰਦਾ ਹੈ ? ਕਹਿਣ ਲੱਗੀ, ਪਰਮਾਤਮਾ। ਆਪਣੇ ਭਾਗ ਖਾਂਦੀ ਹਾਂ। ਗ਼ੁੱਸੇ ਵਿਚ ਆਇਆ ਤੇ ਕਹਿਣ ਲੱਗਾ, ਆਪਣੇ ਭਾਗ ਤੂੰ ਖਾਂਦੀ ਹੈਂ ਇਹ ਨਹੀਂ ਸਮਝਦੀ ਕਿ ਮੈਂ ਤੈਨੂੰ ਦਿੰਦਾ ਹਾਂ। ਕਹਿੰਦਾ, ਸਾਡੀ ਜਾਤ ਦੇ ਅੰਦਰ ਇਕ ਮਨੁੱਖ ਹੈ, ਜਿਸ ਦੇ ਪੁੱਤਰ ਨੂੰ ਕੋੜ ਦਾ ਰੋਗ ਲੱਗਾ ਹੋਇਆ ਹੈ। ਸਾਡੀ ਬਰਾਦਰੀ ਵਿਚ ਰਹਿੰਦਾ ਹੈ। ਤੈਨੂੰ ਸਮਝ ਲੱਗ ਜਾਵੇਗੀ ਕਿ ਦੇਣ ਵਾਲਾ ਕੌਣ ਹੈ।
ਸਿਰਫ਼ ਇਹੀ ਗੱਲ ਹੈ ਜਿਹੜੀ ਮਨੁੱਖ ਨੂੰ ਰੱਬ ਤੋਂ ਦੂਰ ਕਰ ਦਿੰਦੀ ਹੈ। ਰਹੀਮ ਨੇ ਦੋ ਦੋਹਰੇ ਕਹੇ। ਇਕ ਨਵਾਬ ਸੀ। ਉਸ ਨੇ ਰੁਪਈਆਂ ਦੀ ਥਾਲੀ ਭਰ ਲੈਣੀ, ਵਿਚ ਸੋਨੇ ਦੀਆਂ ਮੋਹਰਾਂ ਰੱਖਣੀਆਂ। ਜਦੋਂ ਭਿਖਾਰੀ ਨੇ ਆਉਣਾ ਤਾਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਬੁੱਕ ਭਰ ਕੇ ਦੇ ਦਿੰਦਾ। ਲੋਕਾਂ ਨੇ ਲੰਘੀ ਜਾਣਾ। ਕਿਸੇ ਨੇ ਅੱਖ ਚੁੱਕ ਕੇ ਨਹੀਂ ਵੇਖਣਾ। ਇਕ ਦਿਨ ਕੋਈ ਸੱਜਣ ਮਿਲਿਆ। ਉਸ ਨੇ ਪੁੱਛਿਆ, ਨਵਾਬ ! ਇਕ ਗੱਲ ਤੋਂ ਤਾਂ ਤੇਰੀ ਖ਼ੁਸ਼ ਹਾਂ, ਤੂੰ ਰੱਬ ਦਾ ਭੈਅ ਮੰਨਦਾ ਹੈਂ, ਲੋਕਾਂ ਨੂੰ ਦਾਨ-ਪੁੰਨ ਕਰਦਾ ਹੈਂ, ਪਰ ਜਦੋਂ ਤੂੰ ਕਿਸੇ ਦੀ ਝੋਲੀ ਵਿਚ ਰੁਪਈਏ ਪਾਉਂਦਾ ਹੈਂ, ਤਾਂ ਆਪਣੀਆਂ ਅੱਖਾਂ ਨੀਵੀਆਂ ਕਿਉਂ ਕਰ ਲੈਂਦਾ ਹੈਂ? ਨਵਾਬ ਕਹਿੰਦਾ, ਮੈਂ ਇਸ ਕਰਕੇ ਅੱਖਾਂ ਨੀਵੀਆਂ ਕਰਦਾ ਹਾਂ, ਹੱਥ ਮੇਰਾ ਹੈ, ਪਰ ਦੇਣ ਵਾਲਾ ਕੋਈ ਹੋਰ ਹੈ।
ਉਸ ਕਮਲੇ ਨੂੰ ਸਮਝ ਨਹੀਂ ਪਈ। ਗ਼ੁੱਸੇ ਵਿਚ ਆ ਕੇ ਕਹਿੰਦਾ ਕਿ ਮੈਂ ਦੇਖਦਾ ਹਾਂ ਤੇਰੇ ਭਾਗ ਕਿੰਨੇ ਕੁ ਬਲਵਾਨ ਹਨ
ਹਾਥ ਪਾਵ ਅੰਗੁਰੀ ਝਰਿ ਗਈ॥
ਅਸ ਕੋ ਮੈਂ ਜਬਿ ਤੁਹਿ ਦੇ ਦਈ॥
ਬਾਪੂ ਕਹਿੰਦਾ, ਮੈਂ ਉਸ ਕੋੜ੍ਹੀ ਦੇ ਲੜ ਲਗਾ ਦੇਵਾਂਗਾ ਤੇ ਦੇਖਾਂਗਾ ਕਿ ਤੇਰੇ ਭਾਗ ਕਿੰਨੇ ਕੁ ਕੰਮ ਕਰਦੇ ਹਨ ?
ਅਪਨ ਭਾਗ ਤਬਿ ਭੁੰਚਨਿ ਕਰੀਅਹਿ॥
ਨਰਕ ਸਮਾਨ ਕਸ਼ਟ ਕੋ ਭਰੀਅਹਿ॥
ਕਹਿੰਦੇ, ਆਪਣੇ ਭਾਗ ਤੂੰ ਭੋਗੀਂ। ਉਹ ਕਹਿੰਦੀ ਕਿ ਦੇਣ ਵਾਲਾ ਰੱਬ ਹੈ। ਬਾਪੂ ਕਹਿੰਦਾ, ਫਿਰ ਮੈਂ ਦੇਖਾਂਗਾ ਤੇਰੇ ਭਾਗ। ਤੂੰ ਨਰਕ ਦੇ ਸਮਾਨ ਜ਼ਿੰਦਗੀ ਬਤੀਤ ਕਰੇਂਗੀ।
ਸੁਨਿ ਕੰਨ੍ਯਾ ਨੇ ਪਿਤ ਕੀ ਬਾਨੀ॥
ਸੋਈ ਸੀਸ ਧਰੀ ਮਨ ਮਾਨੀ॥
ਪੱਟੀ ਦੇ ਇਲਾਕੇ ਦਾ ਚੌਧਰੀ, ਜਿਸ ਦੇ ਘਰ ਪੰਜ ਧੀਆਂ ਹਨ। ਉਨ੍ਹਾਂ ਵਿੱਚੋਂ ਇਕ ਦੀ ਭਾਵਨਾ ਨੂੰ ਪਰਮਾਤਮਾ ਨੇ ਇਹੋ ਜਿਹਾ ਭਾਗ ਲਗਾਇਆ ਹੈ ਕਿ ਜਿੱਥੇ ਵੀ ਗੁਰਮੁਖ ਜਨ ਬੈਠਦੇ ਹਨ ਇਹ ਬੱਚੀ ਉਨ੍ਹਾਂ ਕੋਲ ਬੈਠ ਕੇ ਬਚਨ ਸਰਵਨ ਕਰਦੀ ਹੈ। ਇਕ ਦਿਨ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਬਖ਼ਸ਼ੇ ਹੋਏ ਕੁਝ ਸਿੱਖ ਇਕਾਂਤ ਹੋ ਕੇ ਗੁਰਬਾਣੀ ਦੀ ਵਿਚਾਰ ਕਰ ਰਹੇ ਸਨ ਕਿ ਹਰ ਇਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਪਰਮਾਤਮਾ ਹੈ। ਹਰ ਇਕ ਦੇ ਭਾਗਾਂ ਵਿਚ ਜੋ ਮਾਲਕ ਨੇ ਲਿਖ ਦਿੱਤਾ ਹੈ, ਉਹੀ ਉਸ ਨੂੰ ਨਸੀਬ ਹੁੰਦਾ ਹੈ। ਇਸ ਬੱਚੀ ਨੇ ਇਸ ਸਲੋਕ ਨੂੰ ਆਪਣੇ ਹਿਰਦੇ ਵਿਚ ਦ੍ਰਿੜ ਕਰ ਲਿਆ ਤੇ ਜ਼ੁਬਾਨ ਤੋਂ ਕੰਠ ਕਰ ਲਿਆ ਕਿ ਹਰ ਇਕ ਨੂੰ ਰਿਜ਼ਕ ਦੇਣ ਵਾਲਾ ਪਰਮਾਤਮਾ ਹੈ।
ਇਕ ਦਿਨ ਆਪਸ ਵਿਚ ਪੰਜੇ ਭੈਣਾਂ ਬੈਠੀਆਂ ਸਨ। ਚਾਰ ਜਣੀਆਂ ਵਿਚਾਰ ਕਰਦੀਆਂ ਕਿ ਸਾਡਾ ਬਾਪੂ ਕਿੰਨਾ ਚੰਗਾ ਹੈ ਜਿਹੜਾ ਪਹਿਨਣ ਨੂੰ ਵਸਤਰ ਦਿੰਦਾ ਹੈ। ਖਾਣ ਨੂੰ ਭੋਜਨ ਦਿੰਦਾ ਹੈ। ਤਨ ‘ਤੇ ਪਾਉਣ ਲਈ ਸੁੰਦਰ ਗਹਿਣੇ ਦਿੰਦਾ ਹੈ। ਇਹ ਖਾਮੋਸ਼ ਹੋ ਕੇ ਸਭ ਕੁਝ ਸੁਣ ਰਹੀ ਸੀ। ਜਦੋਂ ਪੁੱਛਿਆ ਗਿਆ ਕਿ ਤੂੰ ਕਿਉਂ ਨਹੀਂ ਬੋਲ ਰਹੀ ? ਇਸ ਨੇ ਕਿਹਾ ਕਿ ਨਹੀਂ ਭੈਣੋਂ, ਇਹ ਤੁਹਾਡੇ ਮਨ ਦਾ ਭੁਲੇਖਾ ਹੈ ਕਿ ਦੇਣ ਵਾਲਾ ਸਾਡਾ ਬਾਪੂ ਹੈ। ਕਿਸੇ ਨੂੰ ਕੋਈ ਦੇ ਨਹੀਂ ਸਕਦਾ, ਨਾ ਹੀ ਲੈ ਸਕਦਾ ਹੈ। ਦੇਣ ਵਾਲਾ ਕੇਵਲ ਨਿਰੰਕਾਰ ਹੈ। ਮੈਂ ਤਾਂ ਉਸ ਦਾ ਦਿੱਤਾ ਖਾਂਦੀ ਹਾਂ। ਉਸ ਦੇ ਦਿੱਤੇ ਹੋਏ ਵਸਤਰ ਪਾਉਂਦੀ ਹਾਂ। ਉਸ ਨਿਰੰਕਾਰ ਦੇ ਦਿੱਤੇ ਹੋਏ ਤਨ ‘ਤੇ ਗਹਿਣੇ ਪਾਉਂਦੀ ਹਾਂ।
ਆਪਸ ਵਿਚ ਝਗੜ ਕੇ ਉਠ ਗਈਆਂ। ਚਾਰਾਂ ਨੇ ਜਾ ਕੇ ਦੁਨੀ ਚੰਦ ਨੂੰ ਕਿਹਾ ਕਿ ਅਸੀਂ ਕਹਿੰਦੇ ਪਏ, ਤੇਰਾ ਦਿੱਤਾ ਖਾਂਦੀਆਂ ਹਾਂ, ਪਰ ਉਹ ਕਹਿੰਦੀ ਕਿ ਦੇਣ ਵਾਲਾ ਕੋਈ ਹੋਰ ਹੈ। ਉਸ ਨੂੰ ਬੁਲਾਇਆ ਗਿਆ। ਉਸ ਨੇ ਨਿਡੱਰ ਹੋ ਕੇ ਕਿਹਾ, ਕਿ ਦੇਣ ਵਾਲਾ ਕੇਵਲ ਪਰਮਾਤਮਾ ਹੈ ਜਿਹੜਾ ਪੱਥਰ ਵਿਚ ਕੀੜਿਆਂ ਨੂੰ ਰਿਜ਼ਕ ਦਿੰਦਾ ਹੈ। ਜਿਹੜਾ ਪਾਣੀ ਵਿਚ ਪੈਦਾ ਹੋਏ ਜੀਵਾਂ ਨੂੰ ਰਿਜ਼ਕ ਦਿੰਦਾ ਹੈ। ਜਿਹੜਾ ਧਰਤੀ ‘ਤੇ ਪੈਦਾ ਹੋਈ ਬਨਸਪਤੀ ਨੂੰ ਰਿਜ਼ਕ ਦਿੰਦਾ ਹੈ। ਜੋ ਤੂੰ ਰਾਜ ਭਾਗ ਮਾਣਦਾ ਪਿਆ ਹੈਂ ਇਹ ਵੀ ਉਸ ਕਰਤਾਰ ਦੀ ਦਿੱਤੀ ਹੋਈ ਦਾਤ ਹੈ। ਕਿਉਂ ਭੁਲੇਖੇ ਵਿਚ ਪੈ ਕੇ ਕਹਿੰਦਾ ਹੈਂ ਕਿ ਮੈਂ ਦੇਣ ਵਾਲਾ ਹਾਂ। ਕੋਈ ਕਿਸੇ ਨੂੰ ਦੇਣ ਵਾਲਾ ਨਹੀਂ। ਸਭ ਆਪਣੇ ਆਪਣੇ ਭਾਗ ਖਾਂਦੇ ਹਨ। ਦੁਨੀ ਚੰਦ ਦੇ ਹੰਕਾਰ ਨੂੰ ਸੱਟ ਵੱਜੀ। ਕਹਿਣ ਲੱਗਾ, ਜੇ ਤੂੰ ਰੱਬ ਦਾ ਦਿੱਤਾ ਖਾਂਦੀ ਹੈਂ, ਤਾਂ ਸਾਡੀ ਬਰਾਦਰੀ ਵਿਚ ਇਕ ਕੋੜੀ ਹੈ। ਮੈਂ ਤੈਨੂੰ ਉਸ ਦੇ ਲੜ ਲਗਾ ਦੇਵਾਂਗਾ, ਫਿਰ ਦੇਖਾਂਗਾ ਕਿ ਉਸ ਨਿਰੰਕਾਰ ਨੇ ਤੇਰੇ ਭਾਗਾਂ ਵਿਚ ਕੀ ਲਿਖਿਆ ਹੈ ? ਉਸ ਬੱਚੀ ਨੇ ਸਤਿ ਬਚਨ ਕਹਿ ਕੇ ਪ੍ਰਵਾਨ ਕਰ ਲਿਆ ਹੈ।
ਸੁਨਿ ਕੰਨ੍ਹਾਂ ਨੇ ਪਿਤ ਕੀ ਬਾਨੀ॥
ਸੋਈ ਸੀਸ ਧਰੀ ਮਨ ਮਾਨੀ॥
ਜਦੋਂ ਹੰਕਾਰੀ ਬਾਪ ਨੇ ਇਹ ਕਹਿ ਦਿੱਤਾ ਕਿ ਮੈਂ ਤੈਨੂੰ ਕੋੜੀ ਦੇ ਲੜ ਲਗਾ ਦੇਵਾਂਗਾ, ਜਿਸ ਦੇ ਹੱਥ ਪੈਰ ਨਹੀਂ ਚੱਲਦੇ ਤੇ ਤੂੰ ਜਿਉਂਦੇ-ਜੀਅ ਨਰਕ ਭੋਗੇਂਗੀ। ਉਸ ਬੱਚੀ ਨੇ ਸਤਿ ਬਚਨ ਕਹਿ ਕੇ ਮੰਨ ਲਿਆ ਹੈ।
ਤਿਸ ਕੀ ਮਾਤ ਸੁ ਬਰਜਤਿ ਰਹੀ॥
ਤਉ ਪਿਤਾ ਨੇ ਰਿਸ ਕਰਿ ਕਹੀ॥
ਉਸ ਬੱਚੀ ਦੀ ਮਾਂ ਰੋਕਦੀ ਪਈ ਹੈ ਕਿ ਧੀਏ, ਤੇਰੇ ਬਾਪੂ ਦਾ ਗੁੱਸਾ ਬੜਾ ਮਾੜਾ ਹੈ। ਜੋ ਤੇਰੀਆਂ ਦੂਸਰੀਆਂ ਭੈਣਾਂ ਕਹਿੰਦੀਆਂ ਪਈਆਂ ਹਨ ਉਹ ਤੂੰ ਵੀ ਆਪਣੀ ਜ਼ੁਬਾਨ ਤੋਂ ਕਹਿਣਾ ਸ਼ੁਰੂ ਕਰ ਦੇ। ਤੂੰ ਖ਼ੁਦਾ-ਖ਼ੁਦਾ ਕਹਿ ਕੇ ਕੀ ਲੈਣਾ ਹੈ :
ਕਰ੍ਯੋ ਕੰਤ ਸੋ ਨਿਸ਼ਚੈ ਠਾਨਾ॥
ਅਪਰ ਥਾਨ ਕੋ ਬ੍ਯਾਹੁ ਨ ਮਾਨਾ॥
ਉਹ ਕਹਿਣ ਲੱਗੀ, ਨਹੀਂ ਮਾਂ ! ਜੋ ਕੁਝ ਮੇਰੇ ਭਾਗਾਂ ਵਿਚ ਨਿਰੰਕਾਰ ਨੇ ਲਿਖ ਦਿੱਤਾ ਹੈ ਉਹ ਕੁਝ ਹੋ ਕੇ ਰਹਿਣਾ ਹੈ। ਜੇ ਤੂੰ ਸੋਚੇਂ ਕਿ ਮੈਂ ਇਹ ਕਹਿ ਦਿਆਂ ਕਿ ਦੇਣ ਵਾਲਾ ਮੇਰਾ ਬਾਪੂ ਹੈ, ਨਹੀਂ, ਇਹ ਕਦੀ ਨਹੀਂ ਕਹਾਂਗੀ। ਜੇ ਤੁਸੀਂ ਮੈਨੂੰ ਕੌੜੀ ਦੇ ਲੜ ਲਗਾ ਦੇਵੋਗੇ ਤਾਂ ਮੈਂ ਨਿਰੰਕਾਰ ਦਾ ਹੁਕਮ ਸਮਝ ਕੇ ਪ੍ਰਵਾਨ ਕਰਾਂਗੀ :
ਕਯੋ ਪ੍ਰਥਮ ਸੋਈ ਪਤਿ ਮੇਰਾ॥
ਤਥਾ ਭਾਗ ਮੈਂ ਅਪਨੋ ਹੇਰਾ ॥
ਜੇ ਮੇਰੇ ਭਾਗਾਂ ਵਿਚ ਉਹ ਕੋੜ੍ਹੀ ਪਤੀ ਲਿਖਿਆ ਹੈ, ਫਿਰ ਮੇਰੇ ਭਾਗਾਂ ਨੂੰ ਗੁਰੂ ਤੋਂ ਬਿਨਾਂ ਕੌਣ ਰਚਾਉਣ ਵਾਲਾ ਹੈ। ਮੈਂ ਗੁਰੂ ਦੀ ਆਗਿਆ ਨੂੰ ਸਤਿ ਕਰਕੇ ਮੰਨਾਂਗੀ:
ਰਹੇ ਹਟਾਇ ਲੋਕ ਮਿਲਿ ਘਨੇ॥
ਕੁਸ਼ਟੀ ਸੰਗ ਕਸ਼ਟ ਬਹੁ ਭਨੇ॥
ਕਹਿੰਦੇ, ਕੇਵਲ ਮਾਂ ਹੀ ਨਹੀਂ, ਪੱਟੀ ਪਿੰਡ ਦੇ ਲੋਕ ਵੀ ਇਕੱਠੇ ਹੋਏ ਸਨ। ਸਿਆਣੇ ਆ ਕੇ ਕਹਿਣ ਲੱਗੇ, ਬੱਚੀ ! ਤੂੰ ਆਪਣੇ ਬਾਪੂ ਦੇ ਹੁਕਮ ਸਾਹਮਣੇ ਆਪਣਾ ਸਿਰ ਝੁਕਾ ਦੇ। ਤੂੰ ਮੰਨ ਜਾ ਕੇ ਤੇਰਾ ਪਿਤਾ ਸਭ ਕੁਝ ਦੇਣ ਵਾਲਾ ਹੈ। ਜਿੰਨੇ ਵੀ ਸਿਆਣੇ ਆਏ, ਬੱਚੀ ਉਤੇ ਕਿਸੇ ਦੀ ਅਵਾਜ਼ ਦਾ ਅਸਰ ਨਹੀਂ ਹੋਇਆ। ਬਸ, ਇੱਕੋ ਰਟ ਹੈ ਕਿ ਜੋ ਮੇਰੇ ਨਿਰੰਕਾਰ ਦਾ ਹੁਕਮ ਹੈ, ਉਸ ਨੂੰ ਕੋਈ ਮਿਟਾ ਨਹੀਂ ਸਕਦਾ :
ਰਹੇ ਫੇਰ ਸੋ ਫਿਰੀ ਨ ਫੇਰੇ॥
ਫੇਰੇ ਫਿਰੀ ਸਾਥ ਤਿਸੁ ਕੇਰੇ ॥
ਕਹਿੰਦੇ, ਬਹੁਤਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਬੱਚੀ ਰੁਕੀ ਨਹੀਂ। ਆਖ਼ਿਰ ਵਿਚ ਨਿਰਦਈ ਬਾਪ ਨੇ ਕੋੜੀ ਦੇ ਮਾਪਿਆਂ ਨਾਲ ਸੰਪਰਕ ਬਣਾਇਆ ਤੇ ਕਹਿਣ ਲੱਗਾ, ਮੈਂ ਆਪਣੀ ਧੀ ਨੂੰ ਤੁਹਾਡੇ ਕੋੜੀ ਦੇ ਲੜ ਲਗਾਉਣਾ ਚਾਹੁੰਦਾ ਹਾਂ। ਜਿਨ੍ਹਾਂ ਦਾ ਬੱਚਾ ਸੀ, ਉਨ੍ਹਾਂ ਦਾ ਹਿਰਦਾ ਵੀ ਕੰਬ ਗਿਆ। ਉਸ ਕੋੜੀ ਨੂੰ ਲਿਆਂਦਾ ਗਿਆ। ਬੀਬੀ ਰਜਨੀ ਨੂੰ ਉਸ ਕੋੜੀ ਦੇ ਲੜ ਲਗਾਇਆ ਗਿਆ :
ਨਹਿ ਦਾਇਜ ਕੋ ਨ੍ਰਿਪ ਨੈ ਦੀਨਾ॥
ਮਨ ਮੂਰਖ ਨੇ ਹਠ ਦਿਢ ਕੀਨਾ॥
ਕਹਿੰਦੇ, ਧੀ ਨੂੰ ਘਰੋਂ ਤੋਰਨ ਲੱਗਾ। ਦੂਸਰੀਆਂ ਚਾਰੋਂ ਧੀਆਂ ਦੇਖਦੀਆਂ ਪਈਆਂ ਸਨ, ਜਿਹੜੀਆਂ ਕਹਿੰਦੀਆਂ ਕਿ ਦੇਣ ਵਾਲਾ ਬਾਪੂ ਹੈ। ਜਦੋਂ ਇਸ ਨੇ ਧੀ ਨੂੰ ਤੋਰਿਆ, ਤਾਂ ਕੇਵਲ ਤਨ ਦੇ ਬਸਤਰ ਦਿੱਤੇ ਹਨ। ਪਾਪੀ ਬੰਦੇ ਨੇ ਇਕ ਟਕਾ ਵੀ ਧੀ ਦੇ ਝੋਲੀ ਵਿਚ ਨਹੀਂ ਪਾਇਆ।
ਕੰ ਮਨ ਪ੍ਰਭ ਭਾਵੀ ਮਾਨਿ॥
ਸਮ ਈਸ਼ੁਰ ਕੇ ਸੇ ਪਤਿ ਜਾਨਿ॥
ਕਹਿੰਦੇ, ਉਸ ਬੱਚੀ ਨੇ ਪਰਮਾਤਮਾ ਦਾ ਭਾਣਾ ਮੰਨਿਆ। ਰਜਨੀ ਕਹਿੰਦੀ, ਗੁਰੂ ਨਾਨਕ ਸਾਹਿਬ ਜੀ, ਤੇਰੇ ਬਚਨਾਂ ‘ਤੇ ਯਕੀਨ ਕਰਕੇ ਕਹਿ ਦਿੱਤਾ ਹੈ ਕਿ ਦੇਣ ਵਾਲਾ ਪਰਮਾਤਮਾ ਹੈ। ਇਕ ਕ੍ਰਿਪਾ ਕਰੀਂ, ਜਿਸ ਦੇ ਲੜ ਤੂੰ ਮੈਨੂੰ ਲਗਾਇਆ ਹੈ, ਇਕ ਤਾਂ ਇਸ ਉੱਪਰ ਮੇਰਾ ਯਕੀਨ ਬਣਿਆ ਰਹੇ ਤੇ ਮੇਰਾ ਮਨ ਡੋਲੇ ਨਾ। ਤੇਰੇ ਭਾਣੇ ਨੂੰ ਸਤਿ ਕਰਕੇ ਮੰਨ ਲਵਾਂ।
ਸਦਨ ਸਾਸੁਰੇ ਦਾਰਿਦ ਮਹਾਂ॥
ਪਹਿਰਨਿ ਖਾਨ ਨ ਪ੍ਰਾਪਤਿ ਜਹਾਂ॥
ਕਹਿੰਦੇ, ਜਦੋਂ ਸਹੁਰੇ ਘਰ ਗਈ, ਤਾਂ ਉਥੇ ਨਾ ਤਾਂ ਪਾਉਣ ਨੂੰ ਵਸਤਰ ਹੈ। ਨਾ ਖਾਣ ਨੂੰ ਭੋਜਨ ਹੈ। ਕੁਝ ਦਿਨ ਉਥੇ ਰਹੀ। ਜੋ ਕੁਝ ਘਰ ਵਿਚ ਸੀ, ਉਹ ਪਤੀ ਨੂੰ ਬਣਾ ਕੇ ਦਿੱਤਾ ਹੈ :
ਕੇਤਿਕ ਦਿਨ ਦੁਖ ਭੁਖ ਕੋ ਸਯੋ॥
ਬਹੁਰ ਅਨਤ ਕਿਤ ਚਲਿਬੋ ਚਯੋ॥
ਕੁਝ ਦਿਨ ਬੱਚੀ ਨੇ ਭੁੱਖ ਨੂੰ ਆਪਣੇ ਤਨ ‘ਤੇ ਸਹਿ ਲਿਆ ਹੈ। ਜਦੋਂ ਪਤੀ ਦੇਖਦਾ ਤੇ ਕਹਿੰਦਾ, ਰਜਨੀ ! ਮੇਰੇ ਨਸੀਬ ਤਾਂ ਮੰਦੇ ਹਨ। ਮੈਂ ਤਾਂ ਪਤਾ ਨਹੀਂ ਕਿਹੜੇ ਕਰਮਾਂ ਦਾ ਫਲ ਭੋਗਦਾ ਹਾਂ, ਤੂੰ ਤਾਂ ਮੇਰੇ ਤੋਂ ਦੂਰ ਰਹਿੰਦੀ। ਮੇਰੇ ਲੜ ਨਾ ਲੱਗਦੀ। ਸ਼ਾਇਦ ਤੇਰਾ ਭਲਾ ਹੋ ਜਾਂਦਾ। ਰਜਨੀ ਕਹਿੰਦੀ, ਨਹੀਂ ਪਤੀ ਜੀ, ਮੈਂ ਇਕ ਵਾਰ ਤੇਰੇ ਲੜ ਲੱਗ ਗਈ ਹਾਂ। ਉਸ ਪਰਮਾਤਮਾ ਨੇ ਲਿਖਿਆ ਸੀ, ਤੇਰੇ ਲੜ ਲਗਾਉਣਾ। ਕੌਣ ਦੁਨੀਆਂ ਦੀ ਤਾਕਤ ਮੈਨੂੰ ਰੋਕਣ ਵਾਲੀ। ਯਾਦ ਰੱਖੀਂ ਮੇਰੇ ਮਨ ਵਿਚ ਕਦੀ ਤੁਹਾਡੇ ਲਈ ਨਫ਼ਰਤ ਨਹੀਂ ਹੈ। ਮੈਨੂੰ ਹੋਰ ਕੁਝ ਨਹੀਂ ਸੁੱਝਦਾ, ਕੇਵਲ ਇਕ ਗੁਰੂ ਦੀ ਬਾਣੀ ਤੇ ਦੂਸਰਾ ਤੈਨੂੰ ਪਰਮਾਤਮਾ ਸਮਝ ਕੇ ਤੇਰੀ ਸੇਵਾ ਕਰਾਂਗੀ।
ਤਿਸ ਪੁਰਿ ਰਹੀ ਨ ਬਹੁ ਦੁਖਿਆਰੀ ॥
ਪਤਿਬ੍ਰਤ ਧਰਮ ਹਾਂ ਦ੍ਰਿਢ ਧਾਰੀ ॥
ਕਹਿੰਦੇ, ਕੁਝ ਸਮਾਂ ਘਰ ਟਿਕੀ। ਬਾਅਦ ਵਿਚ ਬੱਚੀ ਨੇ ਆਪਣੇ ਪਤੀ ਨੂੰ ਖਾਰੀ ਵਿਚ ਬਿਠਾ ਲਿਆ। ਬਿਠਾ ਕੇ ਦੂਸਰੇ ਪਾਸੇ ਲੈ ਗਈ ਤੇ ਨਾਲ ਕਹਿੰਦੀ ਕਿ ਗੁਰੂ-ਗੁਰੂ ਜਪੀ ਜਾ। ਮੈਨੂੰ ਯਕੀਨ ਹੈ ਕਿ ਮੇਰਾ ਗੁਰੂ ਨਾਨਕ ਸਾਨੂੰ ਜਿੱਥੇ ਵੀ ਰੱਖੇਗਾ, ਆਪਣੀ ਰਜ਼ਾ ਦੇ ਅੰਦਰ ਖ਼ੁਸ਼ ਰੱਖੇਗਾ। ਰਜਨੀ ਨੇ ਆਪਣੇ ਘਰ ਨੂੰ ਤਿਆਗ ਕੇ ਦੂਸਰੀ ਥਾਂ ‘ਤੇ ਵਸੇਬਾ ਕੀਤਾ ਹੈ :
ਪਤਿ ਕੁਸ਼ਟੀ ਕੋ ਧਰਿ ਬਿਚ ਧਾਰੀ॥
ਅਪਰ ਗ੍ਰਾਮ ਤੇ ਮਾਂਗਿ ਅਹਾਰੀ॥
ਪਤੀ ਨੂੰ ਟੋਕਰੀ ‘ਚ ਪਾ ਕੇ, ਸਿਰ ‘ਤੇ ਚੁੱਕ ਲਿਆ ਤੇ ਦੂਸਰੇ ਪਿੰਡਾਂ ਵਿਚ ਪਹੁੰਚ ਗਈ। ਉਥੇ ਜਾ ਕੇ ਮੰਗਣਾ ਸ਼ੁਰੂ ਕਰਦੀ ਹੈ। ਕੁਝ ਘਰਾਂ ਵਿਚ ਰੋਟੀ, ਸਬਜ਼ੀ ਮੰਗ ਕੇ ਲੈ ਆਉਂਦੀ ਹੈ :
ਪਿਤ ਕੋ ਪੁਰਿ ਨ ਜਾਚਨਾ ਕਰਿਹੌ ॥
ਅਪਰ ਪੁਰਨਿ ਤੇ ਉਦਰ ਸੁ ਭਰਿਹੌ॥
ਰਜਨੀ ਨੇ ਇਕ ਅਸੂਲ ਬਣਾ ਲਿਆ ਕਿ ਬਾਕੀ ਪਿੰਡਾਂ ਵਿਚ ਜਾ ਕੇ ਮੰਗਾਂਗੀ, ਪਰ ਆਪਣੇ ਹੰਕਾਰੀ ਬਾਪੂ ਦੇ ਪਿੰਡ ਮੈਂ ਮੰਗਣ ਵੀ ਨਹੀਂ ਜਾਣਾ। ਭੁੱਖਿਆਂ ਰਹਿਣਾ ਪ੍ਰਵਾਨ ਹੈ, ਪਰ ਜਿਸ ਦੇ ਮਨ ਵਿਚ ਇੰਨਾ ਹੰਕਾਰ ਹੈ ਕਿ ਦੇਣ ਵਾਲਾ ਮੈਂ ਹਾਂ ਉਸ ਦੀ ਨਗਰੀ ਵਿਚ ਕਿਸੇ ਘਰੋਂ ਨਹੀਂ ਮੰਗਣਾ :
ਜਾਚਤਿ ਅੰਨ ਆਨਤੀ ਤੇਤੋ॥
ਪਤਿ ਅਰੁ ਆਪ ਖਾਇ ਲੇ ਜੇਤੋ॥
ਜਦੋਂ ਕਿਸੇ ਕੋਲੋਂ ਮੰਗਣ ਜਾਂਦੀ ਹੈ ਤਾਂ ਕਹਿੰਦੀ ਹੈ ਕਿ ਕੇਵਲ ਸਾਡੇ ਦੋਨਾਂ ਲਈ ਖਾਣ ਨੂੰ ਦੇ ਦਿਉ। ਉਸ ਦੇ ਅੰਦਰ ਲਾਲਚ ਨਹੀਂ ਹੈ। ਕੇਵਲ ਇਕ ਵਕਤ ਦਾ ਪ੍ਰਸ਼ਾਦਾ ਮੰਗਣਾ ਹੈ। ਆਪ ਵੀ ਛਕਣਾ ਤੇ ਆਪਣੇ ਹੱਥਾਂ ਨਾਲ ਪਤੀ ਨੂੰ ਛਕਾਉਣਾ।
ਮਹਾਂ ਸੁਧਰਮਾਂ ਧਾਰਤਿ ਧਰਮੁ ॥
ਨਿਜ ਪਤਿ ਤੇ ਨਹਿ ਧਾਯੋ ਭਰਮੁ ॥
ਕਹਿੰਦੇ, ਉਹ ਆਪਣੇ ਧਰਮ ਵਿਚ ਦ੍ਰਿੜ ਹੈ। ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਦੀ ਟੇਕ ਨਹੀਂ ਹੈ। ਉਸ ਦੀ ਰਜ਼ਾ ਵਿਚ ਸਤਿ ਬਚਨ ਕਰਕੇ ਗੁਰੂ-ਗੁਰੂ ਸੁਣਾ ਰਹੀ ਹੈ :
ਸੀਸ ਉਠਾਯੋ ਫਿਰੈ ਸੁ ਜਹਿ ਕਹਿ॥
ਜਾਚਹਿ ਅੰਨ ਪੋਖਿਬੇ ਤਿਹ ਤਹਿ॥
ਜਦੋਂ ਪਿੰਡਾਂ ਵਿਚੋਂ ਲੰਘਦੀ ਹੈ, ਤਾਂ ਵੇਖਣ ਵਾਲਿਆਂ ਦੀਆਂ ਦਰਦ ਨਾਲ ਅੱਖਾਂ ਭਰ ਆਉਂਦੀਆਂ ਹਨ।
ਨਿਕਟ ਗ੍ਰਾਮ ਕੇ ਦੇਤਿ ਉਤਾਰ॥
ਫਿਰਹਿ ਸਦਨ ਤੇ ਗਾਇ ਅਹਾਰ॥
ਕਿਸੇ ਵੀ ਪਿੰਡ ਵਿਚ ਜਾਂਦੀ ਹੈ ਤਾਂ ਉਥੇ ਨੇੜੇ ਜਾ ਕੇ ਟੋਕਰੀ ਰੱਖਦੀ ਹੈ। ਆਪ ਪਿੰਡ ਵਿਚ ਜਾ ਕੇ ਘਰ-ਘਰ ਵਿੱਚੋਂ ਮੰਗਦੀ ਹੈ। ਜਿੰਨਾ ਕੁ ਭੋਜਨ ਉਨ੍ਹਾਂ ਨੂੰ ਚਾਹੀਦਾ।
ਹੈ ਉਸ ਨਾਲ ਗੁਜ਼ਾਰਾ ਕਰਦੀ ਹੈ :
ਬਿਚਰਤਿ ਗ੍ਰਾਮਨਿ ਇਸੀ ਪ੍ਰਕਾਰੀ॥
ਆਈ ਗੁਰ ਕੇ ਚਕ ਇਕ ਬਾਰੀ॥
ਭਾਈ ਸੰਤੋਖ ਸਿੰਘ ਕਹਿੰਦੇ ਹਨ ਕਿ ਭਾਗਾਂ ਵਾਲੀ ਪਿੰਡਾਂ ਵਿਚ ਵਿਚਰਦੀ-
ਵਿਚਰਦੀ ਗੁਰੂ ਕੇ ਚੱਕ ਆ ਗਈ।
ਦੇਗ ਗੁਰੂ ਕੀ ਲੀਨਿ ਅਹਾਰਾ॥
ਪਤਿ ਜੁਤਿ ਖਾਇ ਰਿਦੈ ਸੁਖ ਧਾਰਾ॥
ਸੰਗਤ ਵਿਚ ਗਈ। ਜਦੋਂ ਗੁਰੂ ਦੀ ਦੇਗ ਮਿਲੀ ਤਾਂ ਆਪਣੇ ਪਤੀ ਦੇ ਮੂੰਹ ਵਿਚ ਪਾਉਂਦੀ ਹੈ ਤੇ ਨਾਲ-ਨਾਲ ਪਤੀ ਨੂੰ ਕਹਿੰਦੀ ਕਿ ਮੁੱਖ ਤੋਂ ਗੁਰੂ-ਗੁਰੂ ਬੋਲ। ਸਾਨੂੰ ਇਸ ਦੇ ਦਰ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ। ਇਹੀ ਤਾਂ ਉਹ ਦਰ ਹੈ ਜਿਹੜਾ ਨਿਮਾਣਿਆਂ ਨੂੰ ਵੀ ਕਹਿੰਦਾ ਹੈ ਕਿ ਪਰਮਾਤਮਾ ‘ਤੇ ਵਿਸ਼ਵਾਸ ਰੱਖੋ, ਦੇਣ ਵਾਲਾ ਉਹੀ ਹੈ। ਇਹੀ ਦਰ ਹੈ ਜਿਹੜਾ ਯਤੀਮਾਂ ਨੂੰ ਵੀ ਕਹਿੰਦਾ ਹੈ ਕਿ ਜੇ ਸਿਰ ਤੋਂ ਮਾਂ-ਬਾਪ ਉਠ ਗਏ। ਕਿਸੇ ਉੱਪਰ ਟੇਕ ਨਾ ਰੱਖ, ਨਿਰੰਕਾਰ ਦੀ ਟੇਕ ਲੈ। ਤੇਰੇ ਸਿਰ ਦਾ ਮਾਲਕ ਅਜੇ ਜਿਉਂਦਾ ਹੈ। ਇਹ ਉਹੀ ਦਰ ਹੈ, ਜਦੋਂ ਦੁਨੀਆਂ ਦੇ ਵੈਦ, ਹਕੀਮ ਜੁਆਬ ਦੇ ਜਾਣ, ਤਾਂ ਇਹ ਰੋਗੀਆਂ ਨੂੰ ਵੀ ਤੰਦਰੁਸਤ ਕਰ ਦਿੰਦਾ ਹੈ। ਆਪਣੇ ਪਤੀ ਦੇ ਮੂੰਹ ਵਿਚ ਗੁਰੂ ਦੀ ਦੇਗ ਪਾਈ ਹੈ :
ਪੁਨ ਅਗਲੇ ਦਿਨ ਬਦਰੀ ਬਨ ਮੈਂ॥
ਖਾਰੀ ਜਾਇ ਧਰੀ ਤਬਿ ਤਿਨ ਮੈਂ॥
ਕਹਿੰਦੇ, ਅਗਲਾ ਦਿਨ ਚੜ੍ਹਿਆ। ਮਨ ਵਿਚ ਸੋਚਦੀ ਹੈ ਕਿ ਗੁਰੂ-ਦਰ ਵਿਚ ਵੀ ਲੰਗਰ ਚੱਲਦਾ ਪਿਆ। ਜਦੋਂ ਮੈਂ ਹੱਥਾਂ ਨਾਲ ਸੇਵਾ ਨਹੀਂ ਕਰਦੀ ਪਈ। ਜਿਵੇਂ ਅੱਗੇ ਮੰਗ ਕੇ ਖਾਂਦੀ ਹਾਂ ਕਿਸੇ ਪਿੰਡ ਵਿੱਚੋਂ ਜਾ ਕੇ ਮੰਗ ਲਵਾਂ।
ਬੇਰੀਆਂ ਦਾ ਇਕ ਝੁੰਡ ਹੈ। ਹਰਿਮੰਦਰ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੇ ਚਰਨ ਵੀ ਪਏ ਸਨ। ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਬਾਬੇ ਬੁੱਢੇ ਜੀ ਨੂੰ ਇਥੇ ਮਿਲੇ ਸਨ। ਉਦੋਂ ਉਨ੍ਹਾਂ ਦੀ ਉਮਰ 12 ਸਾਲ ਦੀ ਸੀ। ਇਹੀ ਦੁੱਖ ਭੰਜਨੀ ਬੇਰੀ ਹੈ ਜਿਥੇ ਗੁਰਦੇਵ ਜੀ ਨੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਸੀ। ਜਦੋਂ ਹਜ਼ੂਰ ਗੋਇੰਦਵਾਲ ਆਏ, ਉਦੋਂ ਅਜੇ ਨਗਰ ਨਹੀਂ ਵੱਸਿਆ ਸੀ। ਉਥੇ ਇਕ ਢਾਬ ‘ਤੇ ਬੈਠੇ ਸਨ। ਕੀਰਤਨ ਕੀਤਾ। ਮਰਦਾਨੇ ਨੇ ਗੱਲ ਕਹੀ, ਦਾਤਿਆ ! ਥਾਂ ਬੜੀ ਰਮਨੀਕ ਹੈ। ਹਜ਼ੂਰ ਨੇ ਅੱਗੋਂ ਕਿਹਾ, ਮਰਦਾਨਿਆ ! ਕਦੀ ਕੋਈ ਪੁਰਖ ਆਵੇਗਾ ਤੇ ਵੱਸਦੀ ਹੋਵੇਗੀ।
ਗੁਰੂ ਸਾਹਿਬ ਨੇ ਅਗਲਾ ਟਿਕਾਣਾ ਫਤਿਆਬਾਦ ਕੀਤਾ। ਇਥੇ ਪਾਣੀ ਦੀ ਇਕ ਢਾਬ ਸੀ। ਬਾਰਾਂ ਮਹੀਨੇ ਇਥੇ ਨਿਰਮਲ ਜਲ ਖਲੋਤਾ ਰਹਿੰਦਾ ਸੀ। ਰਿਸ਼ੀ-ਮੁਨੀ, ਭਗਤੀ ਕਰਨ ਵਾਲੇ ਇਸ ਪਾਣੀ ਦੀ ਢਾਬ ਦੇ ਕਿਨਾਰੇ ‘ਤੇ ਟਿਕਦੇ ਸਨ। ਜਿਸ ਦਿਨ ਗੁਰੂ ਸਾਹਿਬ ਇਥੇ ਆਏ। ਪਾਣੀ ਦੀ ਢਾਬ ਦੇ ਕਿਨਾਰੇ ਬੈਠ ਗਏ। ਜਲ ਛਕਿਆ ਤੇ ਕੀਰਤਨ ਕੀਤਾ। ਇਸ ਦੇ ਨੇੜੇ ਇਕ ਪਿੰਡ ਸੀ। ਉਥੋਂ ਦੇ ਭਾਈ ਤਾਰੇ ਦੇ ਬੱਚੇ ਦਾ ਧਮਾਨ ਸੀ। ਇਸ ਨੂੰ ਕਿਸੇ ਨੇ ਦੱਸਿਆ ਕਿ ਅੱਜ ਪਾਣੀ ਦੀ ਢਾਬ ਦੇ ਕਿਨਾਰੇ ਕੋਈ ਮਹਾਂਪੁਰਖ ਆਇਆ ਹੈ, ਜਿਹੜਾ ਕਿਸੇ ਦੇ ਘਰੋਂ ਮੰਗ ਕੇ ਨਹੀਂ ਖਾਂਦਾ। ਪਾਣੀ ਦੇ ਕਿਨਾਰੇ ਬੈਠ ਕੇ ਰੱਬੀ ਰੰਗ ਵਿਚ ਰੰਗਿਆ ਹੈ। ਭਾਈ ਤਾਰਾ ਪ੍ਰਸ਼ਾਦਾ ਲੈ ਕੇ ਚਲਾ ਗਿਆ। ਸਤਿਗੁਰੂ ਨੂੰ ਲੰਗਰ ਛਕਾਇਆ। ਗੁਰੂ ਸਾਹਿਬ ਨੇ ਕੀਰਤਨ ਕੀਤਾ। ਭਾਈ ਤਾਰੇ ਨੇ ਬਚਨ ਕਿਹਾ, ਮਹਾਂਪੁਰਸ਼ੋ ! ਤੁਹਾਡੇ ਬਚਨ ਸੁਣ ਕੇ ਅੰਦਰ ਨੂੰ ਠੰਡ ਪੈਂਦੀ ਹੈ। ਤੂੰ ਕੁਝ ਦਿਨ ਇਥੇ ਟਿਕ ਜਾ। ਤੂੰ ਧਰਤੀ ਨੂੰ ਕਿੰਨੇ ਭਾਗ ਲਗਾਏ ਹਨ। ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ, ਗੁਰਮੁਖਾ ! ਇਕ-ਦੋ ਦਿਨ ਨਹੀਂ, ਅਸੀਂ ਇਸ ਧਰਤੀ ‘ਤੇ ਸਦਾ ਲਈ ਟਿਕ ਜਾਣਾ ਹੈ। ਕਦੀ ਸਮਾਂ ਆਵੇਗਾ, ਇਸ ਧਰਤੀ ‘ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਭੋਗ ਦਾ ਮਤਲਬ ਤਨ ਦੇ ਪਰਵਿਰਸ਼ ਲਈ ਲੰਗਰ ਚੱਲੇਗਾ ਤੇ ਆਤਮਾ ਦੀ ਭੁੱਖ ਲਈ ਇਥੇ ਬਾਣੀ ਦਾ ਕੀਰਤਨ ਚੱਲੇਗਾ। ਇੱਥੇ ਗੁਰੂ ਅੰਗਦ ਸਾਹਿਬ ਜੀ ਵੀ ਆਏ ਜਦੋਂ ਖਡੂਰ ਦੀ ਧਰਤੀ ਤੋਂ ਕਰਤਾਰਪੁਰ ਗਏ।
ਗਿਆਨੀ ਕ੍ਰਿਪਾਲ ਸਿੰਘ ਜੀ ਲਿਖਦੇ ਹਨ, ਉਹ ਇਸੇ ਸਰੋਵਰ ਦੇ ਢਾਬ ਦੇ ਕਿਨਾਰੇ ਟਿਕੇ ਹਨ ਜਦੋਂ ਗੁਰੂ ਅੰਗਦ ਸਾਹਿਬ ਦੇ ਅਗੂੰਠੇ ‘ਤੇ ਜ਼ਖ਼ਮ ਹੋਇਆ। ਉਸ ਸਮੇਂ ਇਸੇ ਬੇਰੀ ਦੇ ਥੱਲਿਉਂ ਇਕ ਬੂਟੀ ਸੀ, ਜਿਸ ਦਾ ਨਾਮ ਅੰਮ੍ਰਿਤੀ ਸੀ। ਉਸ ਬੂਟੀ ਨੂੰ ਤੋੜ ਕੇ ਗੁਰੂ ਅਮਰਦਾਸ ਜੀ ਲੈ ਕੇ ਗਏ। ਉਸ ਬੂਟੀ ਦਾ ਦੁੱਧ ਗੁਰੂ ਅੰਗਦ ਸਾਹਿਬ ਜੀ ਦੇ ਅਗੂੰਠੇ ‘ਤੇ ਚੋਇਆ ਸੀ। ਬੀਬੀ ਰਜਨੀ ਉਸ ਜਗ੍ਹਾ ‘ਤੇ ਪਹੁੰਚ ਗਈ ਹੈ। ਉਸ ਨੇ ਆਪਣੀ ਪਤੀ ਦੀ ਟੋਕਰੀ ਪਾਣੀ ਦੇ ਢਾਬ ਦੇ ਕਿਨਾਰੇ ਰੱਖ ਦਿੱਤੀ :
ਗ੍ਰਾਮ ਬਿਖੈ ਨਰ ਹੇਰਤਿ ਜੋਈ॥
ਕਰਤਿ ਗਿਲਾਨ ਤਰਕਤੇ ਸੋਈ॥
ਲੋਕ ਨਫ਼ਰਤ ਕਰਦੇ ਹਨ, ਇਸ ਲਈ ਬੀਬੀ ਰਜਨੀ ਪਤੀ ਨੂੰ ਕਹਿੰਦੀ, ਤੁਸੀਂ ਛਾਂ ਥੱਲੇ ਬੈਠੋ, ਭੁੱਖ ਲੱਗੀ ਹੈ, ਮੈਂ ਪਿੰਡ ਵਿੱਚੋਂ ਕੁਝ ਮੰਗ ਕੇ ਲਿਆਉਂਦੀ ਹਾਂ।
ਇਸ ਹਿਤ ਤੇ ਪਤਿ ਦੂਰ ਬਿਠਾਯੋ॥
ਖਾਰੀ ਸਹਸ ਸੁ ਛਾਇ ਟਿਕਾਯੋ॥
ਕਹਿੰਦੇ ਹਨ ਇਸ ਕਰਕੇ ਬੀਬੀ ਰਜਨੀ ਖਾਰੀ ਨੂੰ ਪਿੰਡੋਂ ਬਾਹਰ ਰੱਖ ਗਈ ਕਿ ਲੋਕ ਨਫ਼ਰਤ ਨਾ ਕਰਨ। ਮੇਰੇ ਤਾਂ ਭਾਗ ਹਨ। ਸਤਿ ਬਚਨ ਮੰਨ ਕੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
ਗ੍ਰਾਮ ਤੁੰਗ ਕੋ ਆਪਿ ਸਿਧਾਰੀ॥
ਭਿੱਖ੍ਯਾ ਹਿਤ ਲੈਬੇ ਇਛ ਧਾਰੀ॥
ਬੀਬੀ ਰਜਨੀ ਆਪਣੇ ਪਤੀ ਦੀ ਖਾਰੀ ਨੂੰ ਰੱਖ ਕੇ ਨੇੜੇ ਦੇ ਪਿੰਡ ਤੁੰਗ ਵਿਚ ਮੰਗਣ
ਲਈ ਚਲੀ ਗਈ :
ਜੋ ਸ੍ਰੀ ਰਾਮਦਾਸ ਖਨਿਵਾਯੋ॥
ਦੁਖਭੰਜਨਿ ਬਦਰੀ ਤਰ ਭਾਯੋ॥
ਇਹ ਉਹ ਅਸਥਾਨ ਹੈ, ਜਿਹੜਾ ਗੁਰੂ ਰਾਮਦਾਸ ਜੀ ਨੇ ਪੁਟਵਾਇਆ ਸੀ। ਕਵੀ ਜੀ ਕਹਿੰਦੇ ਹਨ, ਮੈਂ ਉਸ ਦੀ ਗੱਲ ਕਰਦਾ ਪਿਆਂ,ਜਿਸ ਦੁਖਭੰਜਨੀ ਬੇਰੀ ਨੂੰ ਤੁਸੀਂ
ਅੱਜ ਵੀ ਦੇਖਦੇ ਹੋ :
ਤਹਿ ਕੁਛ ਟੋਵਾ ਬਿਨਾਂ ਚਿਨਾਰੀ॥
ਰਯੋ ਹੁਤੋ ਨਹਿ ਕਿਸੁ ਨਿਰਧਾਰੀ॥
ਗੁਰੂ ਅਮਰਦਾਸ ਜੀ ਨੇ ਥੋੜ੍ਹਾ ਜਿਹਾ ਸਰੋਵਰ ਪੁਟਵਾਇਆ ਸੀ, ਪਰ ਅਜੇ ਪੱਕਾ ਨਹੀਂ ਸੀ।
ਤਿਸ ਮਹਿ ਪਰਯੋ ਨੀਰ ਕੁਛ ਬਿਰਿਯੋ ॥
ਬਦਰੀ ਤਰੁ ਕੇ ਤਰ ਸੋ ਢਰਿਯੋ॥
ਉਸ ਬੇਰੀ ਥੱਲੇ ਪਾਣੀ ਇਕੱਠਾ ਸੀ। ਪਾਣੀ ਬਿਲਕੁਲ ਨਿਰਮਲ ਹੈ।
ਹੁਤੀ ਮੇਖ ਕੀ ਤਬਿ ਸੰਕ੍ਰਾਂਤਿ॥
ਸਸੋ ਪੁਰਬ ਕੋ ਤਬਿ ਬਿਰਤਾਂਤ ॥
ਜਿਸ ਦਿਨ ਬੀਬੀ ਖਾਰੀ ਨੂੰ ਰੱਖ ਕੇ ਗਈ ਸੀ ਉਸ ਦਿਨ ਵੈਸਾਖ ਦੀ ਸੰਕ੍ਰਾਂਤ ਸੀ।
ਸਹਿਜ ਸੁਭਾਇਕ ਬਾਇਸੁ ਆਯੋ॥
ਬੈਠਿ ਤਰੁ ਪਰ ਜਲ ਦ੍ਰਿਸ਼ਟਾਯੋ॥
ਕਹਿੰਦੇ, ਕੋੜਾ ਟੋਕਰੀ ਵਿਚ ਬੈਠਾ ਹੈ। ਦੇਖਦਾ ਹੈ ਕਿ ਬੇਰੀ ਉੱਪਰ ਕਿੰਨੇ ਪੰਛੀ ਬੈਠੇ ਹੋਏ ਸਨ। ਦੇਖਦਿਆਂ ਹੀ ਇਕ ਕਾਲੇ ਰੰਗ ਦਾ ਕਾਂ ਆਇਆ ਹੈ :
ਹੁਤੋ ਤ੍ਰਿਖਾਤੁਰ ਉਤਯੋ ਤਰੇ॥
ਪੰਚ ਬੇਰ ਚੁੰਚਨ ਕੋ ਭਰੋ ॥
ਕਵੀ ਜੀ ਕਹਿੰਦੇ ਹਨ ਕਿ ਇਸ ਕਾਂ ਨੂੰ ਪਿਆਸ ਲੱਗੀ ਹੈ। ਜਦੋਂ ਇਹ ਬੇਰੀ ਤੋਂ ਥੱਲੇ ਉਤਰਿਆ, ਤਾਂ ਇੰਨੇ ਪੰਜ ਵਾਰੀ ਪਾਣੀ ਦੀ ਚੁੰਜ ਭਰ ਕੇ ਪੀਤਾ
ਜਬਿ ਅੰਤਰ ਜਲ ਪ੍ਰਵਿਯੋ ਜਾਇ॥
ਰਿਦਾ ਸ਼ੁੱਧ ਹੁਇ ਬੁਧਿ ਬਿਦੁਤਾਇ॥
ਜਦੋਂ ਜਲ ਨੇ ਅੰਦਰ ਪ੍ਰਵੇਸ਼ ਕੀਤਾ। ਇਸ ਕਾਂ ਦਾ ਅੰਦਰ ਪਵਿੱਤਰ ਹੋ ਗਿਆ।
ਇਸ ਦੇ ਅੰਦਰ ਦੀ ਮਲੀਨਤਾ ਦੂਰ ਹੋ ਗਈ ਹੈ।
ਕਯੋ ਸ਼ਨਾਨ ਪੁਰਬ ਕੇ ਕਾਲ॥
ਭਯੋ ਸ੍ਰੇਤ ਤਨ ਰੁਚਿਰੁ ਮਰਾਲ ॥
ਪਹਿਲਾਂ ਕਾਂ ਨੇ ਪਾਣੀ ਪੀਤਾ ਤੇ ਫਿਰ ਉਸ ਨੇ ਇਸ਼ਨਾਨ ਕੀਤਾ। ਜਦੋਂ ਕਾਂ ਪਾਣੀ ਵਿੱਚੋਂ ਬਾਹਰ ਨਿਕਲਿਆ ਤਾਂ ਇਸ ਦਾ ਤਨ ਬਿਲਕੁਲ ਚਿੱਟਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਹੰਸ ਬਣ ਗਿਆ। ਕਾਂ ਨੇ ਹੰਸ ਬਣ ਕੇ ਉਡਾਰੀ ਮਾਰੀ ਹੈ।
ਸੋ ਪਿੰਗਲ ਦੇਖਤਿ ਸਭਿ ਰਯੋ॥
ਜਥਾ ਕਾਕ ਨੇ ਸ਼ੁਭ ਫਲ ਲਯੋ॥
ਪਿੰਗਲਾ ਧਿਆਨ ਨਾਲ ਦੇਖਦਾ ਪਿਆ ਹੈ ਕਿ ਕਾਂ ਨੇ ਪਹਿਲਾਂ ਪਾਣੀ ਪੀਤਾ। ਪਰਤ ਕੇ ਉਸ ਨੇ ਇਸ਼ਨਾਨ ਕੀਤਾ ਹੈ। ਇਸ ਦਾ ਰੰਗ ਕਾਲੇ ਤੋਂ ਸਫ਼ੈਦ ਹੋਇਆ ਹੈ।
ਉਦੈ ਭਾਗ ਤੇ ਉਰ ਫੁਰਿਆ ॥
ਇਸੁ ਜਲ ਕੀ ਮਹਿਮਾ ਅਧਿਕਾਈ॥
ਉਹ ਪਿੰਗਲਾ ਕਹਿੰਦਾ, ਵਾਹ ਮੇਰੇ ਵਾਹਿਗੁਰੂ ! ਅੱਜ ਮੇਰੀ ਪਤਨੀ ਦੀ ਭਾਵਨਾ ਨੂੰ ਭਾਗ ਲੱਗ ਗਏ। ਇਸ ਪਾਣੀ ਵਿਚ ਤਾਕਤ ਬੜੀ ਹੈ।
ਮਨਹੁ ਪੁੰਨ ਮਮ ਬਾਇਸ ਆਯੋ॥
ਨੀਰ ਮਹਾਤਮ ਕੋ ਦਰਸਾਯੋ॥
ਕਹਿੰਦਾ, ਇਹ ਪ੍ਰੇਰਨਾ ਜਿਵੇਂ ਮਾਲਕ ਨੇ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ ਹੈ।
ਬਿਨਾਂ ਬਿਲਮ ਤੇ ਇਤ ਉਤ ਹਾਲਾ॥
ਜੋ ਨਿਜ ਬਲ ਤੇ ਸਕਹਿ ਨ ਚਾਲਾ॥
ਕਹਿੰਦੇ, ਬਿਨਾਂ ਕਿਸੇ ਤਾਕਤ ਤੋਂ ਹਿਲ ਨਹੀਂ ਸਕਦਾ। ਮਨ ਵਿਚ ਕਿ ਤੂੰ ਵੀ ਇਸ ਵਿਚ ਇਸ਼ਨਾਨ ਕਿਉਂ ਨਹੀਂ ਕਰਦਾ ?
ਖਾਰੀ ਤੇ ਨਿਕਯੋ ਗਿਰ ਪਯੋ॥
ਰਿੜ੍ਹਤ ਰਿੜ੍ਹਤ ਪਹੁਚਨ ਤਹਿ ਕਯੋ॥
ਇਸ ਕੋਲੋਂ ਤਾਂ ਤੁਰਿਆ ਜਾਂਦਾ ਨਹੀਂ। ਟੋਕਰੀ ਵਿੱਚੋਂ ਨਿਕਲ ਕੇ ਬਾਹਰ ਆ ਗਿਆ। ਰਿੜ੍ਹਦਾ-ਰਿੜ੍ਹਦਾ ਪਾਣੀ ਦੀ ਢਾਬ ਕੋਲ ਪਹੁੰਚ ਗਿਆ।
ਤੁਰਨ ਤੀਰ ਨੀਰ ਕੋ ਛੁਯੋ॥
ਰ੍ਯੋ ਸ਼ਨਾਨ ਅਧਿਕ ਫਲ ਲਯੋ॥
ਕਹਿੰਦੇ, ਇੱਕੋ ਦਮ ਇਸ ਦਾ ਹੱਥ ਪਾਣੀ ਅੰਦਰ ਗਿਆ ਹੈ। ਜਦੋਂ ਅੰਮ੍ਰਿਤ ਜਲ ਵਿਚ ਇਸ ਦਾ ਹੱਥ ਗਿਆ ਤਾਂ ਇਸ ਦਾ ਹੱਥ ਬਿਲਕੁਲ ਆਰੋਗ ਹੋ ਗਿਆ। ਮਨ ਵਿਚ ਆਇਆ, ਇਹ ਧਰਤੀ ਗੁਰਾਂ, ਪੀਰਾਂ ਵਾਲੀ ਥਾਂ ਹੈ। ਆਪਣੇ ਤਨ ਦਾ ਇਸ਼ਨਾਨ ਕਰਾ ਲੈ।
ਪੰਕ ਸਮੇਤ ਸੁ ਮਰਦਨ ਕਰਿ ਕਰਿ॥
ਮੱਜਤਿ ਮਹਾਂ ਚੌਂਪ ਕੋ ਧਰਿ ਧਰਿ॥
ਰਿੜ੍ਹਦਾ-ਰਿੜ੍ਹਦਾ ਜਲ ਵਿਚ ਚਲਾ ਗਿਆ। ਜਿਉਂ-ਜਿਉਂ ਜਲ ਵਿਚ ਗਿਆ, ਤਿਉਂ-ਤਿਉਂ ਅਰੋਗ ਹੋ ਗਿਆ।
ਕਰ ਪਗ ਜੁਗ ਗਰ ਗਰ ਗਿਰ ਪਰੇ॥
ਤਤਛਿਨ ਭਏ ਅਰੁਜ ਸਮਸਰੇ ॥
ਜਿਹੜੇ ਹੱਥ ਪੈਰ ਝੜਦੇ ਪਏ ਸਨ, ਉਹ ਇੱਕੋ ਦਮ ਅਰੋਗ ਹੋ ਗਏ। ਤਨ ਬਿਲਕੁਲ ਠੀਕ ਹੋ ਗਿਆ।
ਜੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਤੋਂ ਦਾਤਾ ਇਹ ਬਰਕਤ ਵਰਤਦੀ ਹੈ ? ਸਾਹਿਬ ਕਹਿੰਦੇ, ਹਾਂ। ਜਿਸ ਦਾ ਸਿਮਰਨ ਕਰਨ ਨਾਲ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ ਹੈ, ਉਸ ਕੋਲ ਇੰਨੀ ਕੁ ਤਾਕਤ ਹੈ ਕਿ ਇਕ ਮਨੁੱਖ ਨੂੰ ਹਰਿਆਵਲ ਨਹੀਂ ਦੇ ਸਕਦਾ।
ਇਕ ਸਾਧੂ ਨੇ ਕਿਹਾ, ਹਰਿਮੰਦਰ ਸਾਹਿਬ ਸ਼ਹਿਰ ਤੋਂ ਨੀਵੀਂ ਥਾਂ ‘ਤੇ ਹੈ। ਬਾਕੀ ਥਾਂ ਉੱਚੀ ਹੈ ਇਹ ਨੀਵਾਂ ਹੈ। ਉਹ ਕਹਿੰਦਾ, ਇਸ ਦਾ ਕਾਰਨ ਹੈ। ਕਹਿੰਦਾ, ਲੋਕ ਪੂਜਾ, ਦਾਨ, ਬੈਕੁੰਠ ਲਈ ਕਰਦੇ ਹਨ। ਕਹਿੰਦਾ, ਮੇਰੇ ਮਾਲਕ ਨੇ ਤੱਕਿਆ, ਇਕ ਥਾਂ ਲੋਕ ਬੈਕੁੰਠ ਨੂੰ ਲੱਭਣ ਵਾਲੇ ਹਨ ਤੇ ਇਕ ਪਾਸੇ ਹਰਿਮੰਦਰ ਨਾਲ ਜੁੜੇ ਹਨ। ਕਹਿੰਦਾ, ਨੀਵੀਂ ਥਾਂ ‘ਤੇ ਕਿਉਂ ਹੈ ? ਉਹ ਬਚਨ ਕਰਦਾ ਹੈ, ਮਾਲਕ ਨੇ ਤਕੜੀ ਵਿਚ ਇਕ ਪਾਸੇ ਹਰਿਮੰਦਰ ਸਾਹਿਬ ਦੀ ਧਰਤੀ ਨੂੰ ਰੱਖਿਆ ਤੇ ਦੂਸਰੇ ਪਾਸੇ ਬੈਕੁੰਠ ਨੂੰ ਪਾਇਆ ਹੈ। ਜਿਸ ਸਵਰਗ ਦੀ ਦੁਨੀਆਂ ਕਾਮਨਾ ਕਰਦੀ ਹੈ, ਉਹ ਅੱਖਾਂ ਤੋਂ ਓਹਲੇ ਕਿਤੇ ਉੱਚਾ ਚਲਾ ਗਿਆ, ਜਿਸ ਧਰਤੀ ਅੰਦਰ ਭਾਰਾਪਣ ਸੀ, ਜਿਸ ਦੇ ਅੰਦਰ ਕ੍ਰਿਪਾ ਸੀ, ਉਹ ਨੀਵਾਂ ਚਲਾ ਗਿਆ। ਕਹਿੰਦੇ, ਝੁੱਕਦੇ ਨੀਵੇਂ ਹੁੰਦੇ ਹਨ, ਹੌਲਾ ਤਾਂ ਉੱਪਰ ਨੂੰ ਚਲਾ ਜਾਂਦਾ ਹੈ। ਸਾਧੂ ਕਹਿੰਦਾ, ਜਿਸ ਨੇ ਹਰਿਮੰਦਰ ਸਾਹਿਬ ‘ਚ ਇਸ਼ਨਾਨ ਕਰ ਲਿਆ ਉਸ ਨੂੰ ਤੀਰਥਾਂ ‘ਤੇ ਭੱਜਣ ਦੀ ਕੋਈ ਲੋੜ ਨਹੀਂ। ਜਿਸ ਨੇ ਇਸ਼ਨਾਨ ਨਹੀਂ ਕੀਤਾ, ਦਸਵੰਧ ਨਹੀਂ ਦਿੱਤਾ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੈ, ਉਹ ਜਿਉਂਦਾ, ਨਾ ਜਿਉਂਦਾ ਇੱਕੋ ਜਿਹਾ ਹੈ।
ਜਦੋਂ ਕੋੜੀ ਨੇ ਇਸ਼ਨਾਨ ਕੀਤਾ ਤਾਂ ਸਾਹਿਬ ਨੇ ਕ੍ਰਿਪਾ ਕੀਤੀ। ਇਸ ਦੇ ਤਨ ਨੂੰ ਅਰੋਗਤਾ ਬਖ਼ਸ਼ੀ ਹੈ।
ਸਕਲ ਅੰਗ ਤੇ ਰੋਗ ਨਸਾਯੋ॥
ਕੰਚਨ ਬਰਨ ਰੰਗੁ ਮਨ ਭਾਯੋ॥
ਕਵੀ ਜੀ ਕਹਿੰਦੇ ਹਨ, ਇਸ ਦੇ ਸਾਰੇ ਤਨ ਦਾ ਰੋਗ ਮਿਟ ਗਿਆ। ਵਾਹਿਗੁਰੂ ਨੇ ਕ੍ਰਿਪਾ ਕੀਤੀ। ਇਸ ਦਾ ਤਨ ਕੰਚਨ ਵਰਗਾ ਹੋ ਗਿਆ।
ਦੋਹਰਾ॥
ਪਿੰਗਲ ਮੱਜਨ ਜਥਿ ਕਰ੍ਯੋ ਯੋ ਸਰੀਰ ਅਰੋਗ ॥
ਬਿਸਮਤ ਬੁਧਿ ਮਹਿ ਦੇਖਿ ਫਲ ਕਰਿ ਅਨੰਦੁ ਹਰਿ ਸੋਗੁ॥
ਜਦੋਂ ਇਸ ਪਿੰਗਲੇ ਨੇ ਇਸ਼ਨਾਨ ਕੀਤਾ, ਅਰੋਗ ਵੀ ਹੋ ਗਿਆ ਤੇ ਤਨ ਨੂੰ ਵੇਖ ਕੇ ਹੈਰਾਨ ਹੋ ਗਿਆ ਹੈ।
ਮਨਹੁ ਪਾਨ ਅੰਮ੍ਰਿਤ ਕੋ ਕਯੋ॥
ਜਰਾ ਆਦਿ ਰੁਜ ਸਭਿ ਪਰਹਯੋ ॥
ਜਿਵੇਂ ਇਸ ਨੇ ਅੱਜ ਅੰਮ੍ਰਿਤ ਛਕ ਲਿਆ। ਸਾਰਾ ਰੋਗ ਦੂਰ ਚਲਾ ਗਿਆ ਹੈ।
ਜਨੁ ਸਮਰਥ ਸੁਰ ਹੋਇ ਪ੍ਰਸੰਨ ॥
ਰ੍ਯੋ ਸ਼ਕਤਿ ਨਿਜ ਤੇ ਤਨ ਅੰਨ॥
ਕਹਿੰਦੇ, ਮੰਨ ਲਵੋ, ਉਹ ਅਕਾਲ ਪੁਰਖ ਇਸ ਉੱਪਰ ਤਰੁੱਠ ਗਿਆ ਹੈ। ਉਸ ਨੇ ਕ੍ਰਿਪਾ ਕਰਕੇ ਆਪਣੀ ਬੱਚੀ ਨੂੰ ਭਾਗ ਲਗਾਇਆ ਹੈ।
ਸੁੰਦਰਤਾ ਮੰਦਿਰ ਤਨੁ ਹੋਵਾ॥
ਅਖਿਲ ਬਿਕਾਰਨ ਕੋ ਤਬਿ ਖੋਵਾ॥
ਕੇਵਲ ਤਨ ਅਰੋਗ ਨਹੀਂ ਹੋਇਆ, ਗੁਰੂ ਨੇ ਮਨ ਨੂੰ ਵੀ ਅਰੋਗ ਕਰ ਦਿੱਤਾ। ਇਹ ਨੌਜਵਾਨ ਉਸ ਬੇਰੀ ਥੱਲੇ ਬੈਠ ਗਿਆ।
ਪ੍ਰਭੂ ਕ੍ਰਿਪਾ ਅਸੁ ਕਾਇਆ ਧਾਰੀ ॥
ਜਿਸ ਤੇ ਹੋਇ ਨ ਸਕਹਿ ਚਿਨਾਰੀ॥
ਉਸ ਅਕਾਲ ਪੁਰਖ ਦੀ ਕ੍ਰਿਪਾ ਬਰਸੀ। ਸਤਿਗੁਰੂ ਦੀ ਕ੍ਰਿਪਾ ਨਾਲ ਅਰੋਗ ਹੋ ਗਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਗੁਰਸਿੱਖੀ ਕੀ ਹੈ ?
ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋਂ !
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਕੁਦਰਤੀ ਤੌਰ ‘ਤੇ ਮਨੁੱਖ ਨੇ ਜਿਸ ਸਥਾਨ ‘ਤੇ ਸੇਵਾ ਕੀਤੀ ਹੋਵੇ, ਜਿਸ ਸਥਾਨ ‘ਤੇ ਦਾਤੇ ਨੇ ਕ੍ਰਿਪਾ ਕਰਕੇ ਝੋਲੀ ਵਿਚ ਦਾਤਾਂ ਪਾਈਆਂ ਹੋਣ, ਮਨੁੱਖ ਦਾ ਮਨ ਪਰਤ- ਪਰਤ ਕੇ ਉਸ ਸਥਾਨ ਦਾ, ਉਸੇ ਗੁਰੂ ਦਾ ਸ਼ੁਕਰ ਕਰਦਾ ਹੈ। ਆਮ ਤੌਰ ‘ਤੇ ਲੋਕਾਂ ਨੇ ਜਦੋਂ ਮਕਾਨ ਦੀ ਛੱਤ ‘ਤੇ ਚੜ੍ਹਨਾ ਹੁੰਦਾ ਹੈ ਇਕ-ਇਕ ਪੌੜੀ ‘ਤੇ ਪੈਰ ਰੱਖਦੇ ਹਨ। ਮਨੁੱਖ ਦਾ ਸੁਭਾਅ ਹੈ ਕਿ ਜਿੰਨੀ ਦੇਰ ਤੱਕ ਛੱਤ ਨਹੀਂ ਮਿਲੀ, ਓਨੀ ਦੇਰ ਤੱਕ ਪੌੜੀ ਦਾ ਆਸਰਾ ਰੱਖਦਾ ਹੈ। ਜਦੋਂ ਉਸ ਨੂੰ ਪੌੜੀ ਦੇ ਆਸਰੇ ਨਾਲ ਛੱਤ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੇ ਰਾਹੀਂ ਛੱਤ ਮਿਲੀ ਉਸ ਦੇ ਵੱਲ ਕੁਦਰਤੀ ਤੌਰ ‘ਤੇ ਪਿੱਠ ਹੋ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਪਾਠ ਕਰਦੇ ਹਾਂ। ਇਕ ਸ਼ਬਦ ਪਰਤ-ਪਰਤ ਕੇ ਬਾਣੀ ਵਿਚ ਮਿਲਦਾ ਹੈ ‘ਗੁਰਸਿੱਖ। ਇਕ ਸ਼ਬਦ ਸਿੱਖ ਹੈ। ਦੂਸਰਾ ਗੁਰਸਿੱਖ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣ ਵਾਲੇ ਨੂੰ ਵੀ ਸਿੱਖ ਜਾਂ ਗੁਰਸਿੱਖ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਸਿੱਖ ਸ਼ਬਦ ਦਾ ਅਰਥ ਸਿੱਖਣਾ ਹੈ। ਸਤਿਗੁਰੂ ਨੇ ਕਮਾਲ ਦਾ ਸ਼ਬਦ ਦਿੱਤਾ ਹੈ। ਸਿੱਖ ਸ਼ਬਦ ਦੇ ਕੇ ਬੰਦੇ ਅੰਦਰ ਦੀ ਹਊਮੇ ਨੂੰ ਮਸਲ ਦਿੱਤਾ। ਕਦੀ ਮਨ ਵਿਚ ਇਹ ਆਈ ਨਾ ਕਿ ਮੈਂ ਸਭ ਕੁਝ ਸਿੱਖ ਲਿਆ। ਸਿੱਖ ਸ਼ਬਦ ਦਾ ਮਤਲਬ ਹੈ ਕਿ ਸਾਰੀ ਜ਼ਿੰਦਗੀ ਸਿੱਖ ਕੇ ਵੀ ਅੰਦਰ ਇਹੀ ਭਾਵਨਾ ਬਣੀ ਰਹੇ ਕਿ ਮੈਂ ਹੋਰ ਵੀ ਸਿੱਖਣਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬੰਦਗੀ ਕਰਨ ਵਾਲਿਆਂ ਨੂੰ ਚਾਰ ਨਾਮਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਪਹਿਲਾ ਨਾਮ, ਭਗਤ ਜਨ, ਦੂਸਰਾ ਸੰਤ ਜਨ, ਤੀਸਰਾ ਸਾਧ ਜਨ, ਚੌਥਾ ਨਾਮ ਗੁਰਮੁਖ ਜਨ ਤੇ ਇਸ ਤੋਂ ਅਗਲਾ ਨਾਮ ਹੁੰਦਾ ਹੈ, ਉਥੇ ਸਾਹਿਬ ਨੇ ਸ਼ਬਦ ਵਰਤਿਆ ਗੁਰਸਿੱਖ। ਸਤਿਗੁਰੂ ਦੀ ਬਾਣੀ ਪੜ੍ਹਦਿਆਂ ਸੋਰਠਿ ਦੀ ਵਾਰ ਵਿਚ ਇਕ ਬਚਨ ਆਉਂਦਾ ਹੈ। ਸਾਹਿਬ ਕਹਿੰਦੇ ਹਨ, ਉਹ ਭਗਤ ਬੜੇ ਧੰਨਤਾ ਦੇ ਯੋਗ ਹਨ ਜੋ ਆਪਣੇ ਮੁਖ ਤੋਂ ਹਰੀ ਨਾਮ ਨੂੰ ਕਹਿੰਦੇ ਹਨ। ਉਹ ਵਡਭਾਗੀ ਹਨ, ਜਿਨ੍ਹਾਂ ਨੂੰ ਲੋਕ ਭਗਤ ਕਹਿੰਦੇ ਹਨ। ਉਨ੍ਹਾਂ ਸੰਤ-ਜਨਾਂ ਦੇ ਭਾਗ ਵੀ ਧੰਨਤਾ ਦੇ ਯੋਗ ਹਨ, ਜਿਹੜੇ ਹਰੀ ਦੇ ਜਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਦੇ ਹਨ। ਉਹ ਸਾਧ- ਜਨ ਵੀ ਧੰਨਤਾ ਦੇ ਯੋਗ ਹਨ, ਜਿਹੜੇ ਹਰੀ ਦੇ ਗੁਣ ਨੂੰ ਗਾਉਂਦੇ ਹਨ ਤੇ ਕੀਰਤਨ ਕਰਕੇ ਆਪਣੇ ਅੰਦਰ ਗੁਣਾਂ ਨੂੰ ਗ੍ਰਹਿਣ ਕਰਦੇ ਹਨ। ਸਾਹਿਬ ਕਹਿੰਦੇ ਹਨ, ਉਨ੍ਹਾਂ ਗੁਰਮੁਖਾਂ ਦੇ ਭਾਗ ਵੀ ਉੱਚੇ ਹਨ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲਿਆ। ਆਖ਼ਿਰ ਵਿਚ ਚਾਰਾਂ ਦੀ ਗੱਲ ਕਹਿ ਕੇ ਆਖਣ ਲੱਗੇ, ਸਾਰੇ ਭਾਗਾਂ ਵਾਲੇ ਹਨ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਹਨ, ਜਿਸ ਬੰਦੇ ਨੇ ਆਪਣੀ ਹੋਂਦ ਨੂੰ ਮਿਟਾ ਕੇ ਕਿਹਾ ਹੈ ਕਿ ਦਾਤਾ ! ਨਾ ਮੈਂ ਭਗਤ ਹਾਂ, ਨਾ ਮੈਂ ਸੰਤ ਹਾਂ, ਨਾ ਮੈਂ ਸਾਧ ਹਾਂ, ਨਾ ਮੈਂ ਗੁਰਮੁਖ ਹਾਂ। ਗੁਰਦੇਵ ਮੈਂ ਤੇਰੇ ਚਰਨਾਂ ਵਿਚ ਜੁੜਿਆ ਹਾਂ। ਇਕ ਕ੍ਰਿਪਾ ਕਰਕੇ ਦਾਤ ਮੰਗਣ ਆਇਆ ਹਾਂ, ਮੈਨੂੰ ਆਪਣੀ ਸਿੱਖੀ ਦੀ ਜਾਚ ਦੱਸਦੇ।
ਗੁਰੂ ਅੰਗਦ ਸਾਹਿਬ ਕਮਾਈ ਕਰ-ਕਰ ਕੇ ਗੁਰੂ ਬਣ ਗਏ ਹਨ, ਪਰ ਲੋਚਾ ਅਜੇ ਵੀ ਸਿੱਖੀ ਨੂੰ ਕਮਾਉਣ ਦੀ ਹੈ। ਗੁਰੂ ਅਮਰਦਾਸ ਜੀ 72 ਸਾਲ ਦੀ ਉਮਰ ਤੱਕ ਗਾਚਾਰ ਢੋਂਦੇ ਹਨ। ਲੋਚਾ ਅਜੇ ਵੀ ਗੁਰੂ ਨਾਨਕ ਤੇਰੀ ਸਿੱਖੀ ਕਮਾ ਲਵਾਂ। ਗੁਰੂ, ਰਾਮਦਾਸ ਜੀ ਆਪ ਸੋਢੀ ਸੁਲਤਾਨ ਹਨ। ਆਪ ਗੁਰੂ ਰਾਮਦਾਸ ਜੀ ਦੇ ਦੀਦਾਰ ਕੀਤਿਆਂ ਭੁੱਖ ਲਹਿੰਦੀ ਹੈ। ਗੁਰੂ ਨਾਨਕ ਦੇਵ ਜੀ ਦੀ ਜੋਤ ਕਹਿੰਦੀ ਪਈ ਹੈ, ਦਾਤਾ ! ਮੈਨੂੰ ਗੁਰਸਿੱਖ ਮਿਲ ਜਾਣ। ਮੈਂ ਉਨ੍ਹਾਂ ਦੇ ਚਰਨਾਂ ਦੀ ਖ਼ਾਕ ਆਪਣੇ ਮਸਤਕ ‘ਤੇ ਲਾਵਾਂ। ਆਪ ਗੁਰੁ ਬਣ ਗਏ ਹਨ, ਪਰ ਜਦੋਂ ਸਿੱਖ ਵੱਲ ਤੱਕਦੇ ਹਨ ਤੇ ਪ੍ਰੇਮ ਵਿਚ ਭਿੱਜ ਕੇ ਕਹਿੰਦੇ ਹਨ,
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨ ॥
ਗੁਰੂ ਅਰਜਨ ਦੇਵ ਜੀ ਤੱਤੀ ਤਵੀ ‘ਤੇ ਬੈਠ ਗਏ ਹਨ। ਸੀਸ ਵਿਚ ਗਰਮ ਰੇਤਾ ਵੀ ਪਵਾ ਲਿਆ ਹੈ। ਉਬਲਦੀ ਦੇਗ ਵਿਚ ਵੀ ਬੈਠ ਗਏ ਹਨ ਤੇ ਫਿਰ ਵੀ ਕਹਿੰਦੇ ਪਏ ਹਨ :
ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥
ਮੈਨੂੰ ਗੁਰੂ ਦੇ ਸਿੱਖਾਂ ਦੇ ਚਰਨਾਂ ਦੀ ਧੂੜ ਦੇ ਦੇ। ਇਸ ਦਾ ਮਤਲਬ ਗੁਰਸਿੱਖ ਕਿੰਨਾ ਉੱਚਾ ਹੈ, ਜਿਸ ਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਜੀ ਮੰਗਦੇ ਹਨ। ਜਿਸ ਨੂੰ ਗੁਰੂ ਦੀ ਜੋਤ, ਨਾਨਕ ਦੇਵ ਜੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਨੂੰ ਕਹਿੰਦੀ ਪਈ ਹੈ। ਜਿਸ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਹਨ, ਮਾਲਕਾ ! ਚਰਨਾਂ ਦੀ ਧੂੜ ਦੇ। ਅਸੀਂ ਪਾਪੀ ਵੀ ਪਾਰ ਹੋ ਜਾਈਏ।
ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੇਰੀ ਚਮੜੀ ਉਦੇੜ ਲਵੋ। ਇਨ੍ਹਾਂ ਦੀਆਂ ਜੁੱਤੀਆਂ ਬਣਾ ਕੇ, ਉਨ੍ਹਾਂ ਗੁਰਸਿੱਖਾਂ ਦੇ ਚਰਨਾਂ ਵਿਚ ਪਾ ਦਿਉ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਕਮਾਉਣਾ ਆਰੰਭ ਕਰ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਧਰਤੀ ! ਤੂੰ ਸਭ ਤੋਂ ਨੀਵੀਂ ਨਹੀਂ ਹੈਂ। ਤੇਰੇ ਤੋਂ ਵੀ ਨੀਵਾਂ ਰਹਿਣ ਵਾਲਾ ਉਹ ਪਾਣੀ ਹੈ, ਜਿਸ ਨੇ ਆਪਣੇ ਸਿਰ ਉਤੇ ਤੈਨੂੰ ਟਿਕਾਇਆ ਹੋਇਆ ਹੈ। ਇਕ ਤਾਂ ਉਹ ਨਿਮਰਤਾ ਵਿਚ ਰਹਿੰਦਾ ਹੈ। ਦੂਸਰਾ ਉਹ ਨੀਵਾਣ ਨੂੰ ਤੁਰਦਾ ਹੈ। ਪਾਣੀ ਨਿਰਮਲ, ਸ਼ੀਤਲ ਹੈ। ਜਿੰਨੇ ਮਰਜ਼ੀ ਰੰਗਾਂ ਵਿਚ ਮਿਲਾ ਦਿਉ, ਕੁਝ ਸਮੇਂ ਬਾਅਦ ਰੰਗ ਬਹਿ ਜਾਣਗੇ। ਪਾਣੀ ਫਿਰ ਵੀ ਨਿਰਮਲ ਹੈ। ਕੱਪੜੇ ਪਾਣੀ ਵਿਚ ਧੋਂਦੇ ਹਾਂ। ਕੱਪੜਿਆਂ ਦੀ ਮੈਲ ਪਾਣੀ ਉਤਾਰ ਦੇਵੇਗਾ। ਉਸ ਬਰਤਨ ਨੂੰ ਤੁਸੀਂ ਇਕ ਦਿਨ ਪਿਆ ਰਹਿਣ ਦਿਉ, ਜਦੋਂ ਦੇਖੋਗੇ ਟਿਕੇ ਹੋਏ ਪਾਣੀ ਵਿਚ ਮੈਲ ਥੱਲੇ ਬੈਠ ਜਾਵੇਗੀ। ਪਾਣੀ ਉਸੇ ਤਰ੍ਹਾਂ ਨਿਰਮਲ ਨਜ਼ਰ ਆਵੇਗਾ। ਪਹਿਲੀ ਗੱਲ ਉਹ ਨਿਰਮਲ ਹੈ। ਦੂਸਰੀ ਗੱਲ ਉਹ ਸ਼ੀਤਲ ਹੈ। ਕਿਸੇ ਨੂੰ ਪਿਆਸ ਲੱਗੀ ਹੋਵੇ, ਭਾਵੇਂ ਉਹ ਪਸ਼ੂ, ਪੰਛੀ ਜਾਂ ਮਨੁੱਖ ਹੋਵੇ, ਪਾਣੀ ਦਾ ਸੁਭਾਅ ਹੈ, ਜਿਹੜਾ ਉਸ ਨੂੰ ਪੀ ਲੈਂਦਾ ਹੈ, ਉਸ ਦੇ ਅੰਦਰ ਨੂੰ ਠੰਢ ਦਿੰਦਾ ਹੈ। ਅਗਲਾ ਪਾਣੀ ਦਾ ਸੁਭਾਅ ਕਿ ਉਹ ਸ਼ੁੱਧ ਹੈ। ਉਸ ਦੇ ਕੋਲ ਤਨ ਕੋਈ ਮੈਲਾ ਲੈ ਕੇ ਆ ਜਾਵੇ, ਤਨ ਦੀ ਮੈਲ ਉਤਾਰ ਦਿੰਦਾ ਹੈ। ਉਸ ਦੇ ਕੋਲ ਕੋਈ ਬਰਤਨ ਮੈਲਾ ਲੈ ਕੇ ਆ ਜਾਵੇ, ਉਹ ਬਰਤਨ ਦੀ ਮੈਲ ਉਤਾਰ ਦਿੰਦਾ ਹੈ। ਉਸ ਦੇ ਕੋਲ ਕੋਈ ਕੱਪੜੇ ਮੈਲੇ ਲੈ ਕੇ ਆ ਜਾਵੇ, ਉਹ ਮੈਲਿਆਂ ਕੱਪੜਿਆਂ ਦੀ ਮੈਲ ਉਤਾਰ ਦਿੰਦਾ ਹੈ। ਇਹ ਸਾਰੀਆਂ ਸਿੱਖੀ ਦੀਆਂ ਨਿਸ਼ਾਨੀਆਂ ਹਨ। ਜਦੋਂ ਇਸ ਨੂੰ ਧੁੱਪ ਮਿਲੇ ਇਹ ਗਰਮ ਹੋ ਜਾਂਦਾ ਹੈ। ਜਦੋਂ ਛਾਂ ਦੀ ਸੰਗਤ ਮਿਲੇ ਤਾਂ ਬਿਲਕੁਲ ਠੰਢਾ ਠਾਰ ਹੋ ਜਾਂਦਾ ਹੈ। ਇਸ ਪਾਣੀ ਦਾ ਗੁਣ ਹੈ। ਜਦੋਂ ਅੱਤ ਦੀ ਸਰਦੀ ਪੈਂਦੀ ਹੋਵੇ ਤਾਂ ਖੂਹਾਂ ਵਿੱਚੋਂ ਪਾਣੀ ਨਿੱਘਾ ਮਿਲੇਗਾ। ਜਿਸ ਦਿਨ ਅੱਤ ਦੀ ਗਰਮੀ ਪੈਂਦੀ ਹੋਵੇ, ਖੂਹ ਵਿੱਚੋਂ ਪਾਣੀ ਕੱਢ ਕੇ ਦੇਖੋ, ਠੰਡਾ ਹੋਵੇਗਾ। ਕਿਉਂਕਿ ਇਹ ਪਰਉਪਕਾਰੀ ਹੈ। ਸਾਹਿਬ ਕਹਿੰਦੇ, ਇਹ ਨਾ ਸਮਝੀਂ ਕਿ ਉਹ ਤੱਪਦਾ ਕਿਸੇ ਨੂੰ ਦੁੱਖ ਦੇਣ ਲਈ। ਕਹਿਣ ਲੱਗੇ, ਜੇ ਉਹ ਤੱਪਦਾ ਕਿਸੇ ਦੇ ਪਰਉਪਕਾਰ ਨੂੰ, ਕੇਵਲ ਭਲਾ ਕਰਨ ਲਈ ਤੱਪਦਾ ਹੈ। ਕਹਿੰਦੇ, ਉਹ ਠੰਡਾ ਹੋਇਆ ਵੀ ਪਰਉਪਕਾਰ ਕਰਦਾ ਹੈ।
ਸਾਹਿਬ ਕਹਿੰਦੇ ਹਨ, ਸਿੱਖਾ ! ਧਰਤੀ ਵਿਚ ਬੜੀ ਨਿਮਰਤਾ ਹੈ। ਜੇ ਗੁਰੂ ਨਾਨਕ ਦੀ ਸਿੱਖੀ ਸਿੱਖਣੀ ਹੈ, ਜਿਸ ਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਜੀ ਮੰਗਦੇ ਹਨ, ਜਿਸ ਦੇ ਚਰਨਾਂ ਦੀ ਧੂੜ ਗੁਰੂ ਅਰਜਨ ਦੇਵ ਜੀ ਮੰਗਦੇ ਹਨ, ਜਿਸ ਦੇ ਚਰਨਾਂ ਦੇ ਜੋੜੇ ਭਾਈ ਗੁਰਦਾਸ ਮੰਗਦੇ ਹਨ, ਜੇ ਉਹ ਸਿੱਖੀ ਸਿੱਖਣੀ ਚਾਹੁੰਦਾ ਹੈਂ, ਸਭ ਤੋਂ ਪਹਿਲਾਂ ਤੇਰੇ ਅੰਦਰ ਪਾਣੀ ਵਰਗੀ ਨਿਮਰਤਾ ਹੋਣੀ ਚਾਹੀਦੀ ਹੈ। ਜਿੰਨੇ ਲੋਕ ਨਿਮਰਤਾ ਵਿਚ ਰਹਿੰਦੇ ਹਨ, ਸੱਜਣਾ ! ਤੂੰ ਉਨ੍ਹਾਂ ਤੋਂ ਵੱਧ ਨਿਮਰਤਾ ਵਿਚ ਆ ਜਾਵੀਂ। ਜਿਵੇਂ ਪਾਣੀ ਨੇ ਸਾਰੀ ਧਰਤੀ ਨੂੰ ਨਿਮਰਤਾ ਵਿਚ ਚੁੱਕਿਆ ਹੈ। ਇੰਨਾ ਕੁ ਨਿਮਰਤਾ ਵਿਚ ਆ ਜਾਵੀਂ। ਪਾਣੀ ਦੀ ਤਰ੍ਹਾਂ ਨਿਮਰਤਾ ਵਿਚ ਆ ਜਾਵੇਂਗਾ, ਤਾਂ ਸਿੱਖੀ ਦਾ ਪਹਿਲਾ ਪਾਠ ਹੀ ਇਹੀ ਹੈ ਕਿ ਤੇਰੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ। ਜੇ ਤੇਰੇ ਅੰਦਰ ਨਿਰਮਤਾ ਨਹੀਂ ਤਾਂ ਯਾਦ ਰੱਖੀਂ, ਬਾਬੇ ਨੇ ਅੱਗੋਂ ਪਾਠ ਨਹੀਂ ਦੇਣਾ। ਪਹਿਲਾ ਸਬਕ ਤੈਨੂੰ ਇਹ ਪੜ੍ਹਨਾ ਪੈਣਾ ਕਿ ਨਿਮਰਤਾ ਵਿਚ ਆ। ਜਦੋਂ ਹਜ਼ੂਰ ਦੇ ਚਰਨਾਂ ਵਿਚ ਕੋਈ ਵੀ ਆਉਂਦਾ ਸੀ, ਇਕ ਗੱਲ ਕਹਿਣੀ, ਸਿੱਖਾ ! ਭਾਂਡੇ ਮਾਂਜ, ਸਿੱਖਾ ! ਤੂੰ ਤੱਪੜ ਝਾੜ, ਸਿੱਖਾ ! ਤੂੰ ਲੰਗਰ ਵਰਤਾਈਂ। ਚੇਤੇ ਰੱਖਣਾ ਪੰਗਤ ਦਾ ਬੜਾ ਅਨੰਦ ਹੈ। ਇਕ ਗੁਰਸਿੱਖ ਨੇ ਕਿਹਾ ਕਿ ਗੋਰਾ ਕਹਿੰਦਾ, ਜਦੋਂ ਅਸੀਂ ਤੱਪੜ ‘ਤੇ ਬੈਠ ਕੇ ਪਰਸ਼ਾਦਾ ਮੰਗਣ ਲਈ ਹੱਥ ਕਰਾਂਗੇ, ਉਦੋਂ ਅੱਧੀ ਹਉਮੈ ਮਰ ਜਾਵੇਗੀ। ਸਤਿਗੁਰੂ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਤੇਰੇ ਦਰ ਦੇ ਮੰਗਤੇ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਧਰਤੀ ਦੀ ਤਰ੍ਹਾਂ ਨਿਮਰਤਾ ਵਿਚ ਆ ਜਾ।
ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਮੈਂ ਆਪਣੇ ਪਿਤਾ ਗੁਰੂ ਰਾਮਦਾਸ ਜੀ ਕੋਲ ਟਿਕਿਆ ਸਾਂ ਤਾਂ ਉਨ੍ਹਾਂ ਨੇ ਇਕ ਗੱਲ ਕਹੀ। ਕਹਿਣ ਲੱਗੇ, ਪੁੱਤਰ ਅਰਜਨ ਦੇਵ ! ਜੇ ਤੂੰ ਵਿਕਾਰਾਂ ਤੋਂ ਬਚਣਾ ਹੈ, ਜੇ ਦੁਸ਼ਮਣਾਂ ਦੀ ਈਰਖਾ ਤੋਂ ਬਚਣਾ ਹੈ, ਜੇ ਤੂੰ ਇਨ੍ਹਾਂ ਵੈਰੀਆਂ ਤੋਂ ਬਚਣਾ ਹੈ, ਮੈਂ ਤੈਨੂੰ ਕੁਝ ਹਥਿਆਰ ਦੇਣੇ ਚਾਹੁੰਦਾ ਹਾਂ। ਤੂੰ ਇਨ੍ਹਾਂ ਸ਼ਸਤਰਾਂ ਨੂੰ ਸਾਂਭ ਕੇ ਰੱਖੀਂ। ਪੁੱਛਿਆ, ਕਿਹੜੇ ਸ਼ਸਤਰ ? ਕਹਿੰਦੇ, ਇਕ ਤੈਨੂੰ ਗ਼ਰੀਬੀ ਦੀ ਗਦਾ ਦੇਣੀ ਚਾਹੁੰਦਾ ਹਾਂ। ਗਦਾ ਦਾ ਅਰਥ-ਗੁਰਜ। ਮੈਂ ਤੈਨੂੰ ਗ਼ਰੀਬੀ ਦੀ ਗੁਰਜ ਦੇਣੀ ਚਾਹੁੰਦਾ ਹਾਂ। ਗ਼ਰੀਬੀ ਦਾ ਅਰਥ-ਨਿਮਰਤਾ। ਸਿੱਖੀ ਦਾ ਪਹਿਲਾ ਗੁਣ ਹੀ ਇਹ ਹੈ ਕਿ ਨਿਮਰਤਾ ਹੋਵੇ। ਮੈਂ ਤੈਨੂੰ ਗਦਾ ਦੇਣਾ ਚਾਹੁੰਦਾ ਹਾਂ, ਜਿਸ ਨਾਲ ਤੂੰ ਵੈਰੀ ਨਾਲ ਟੱਕਰ ਲੈ ਸਕੇ। ਦੂਸਰਾ ਮੈਂ ਤੇਰੇ ਹੱਥ ਵਿਚ ਖੰਡਾ ਫੜਾਉਣਾ ਚਾਹੁੰਦਾ ਹਾਂ। ਪੁੱਛਿਆ, ਖੰਡਾ ਕਾਹਦੇ ਵਾਸਤੇ ? ਸਾਹਿਬ ਕਹਿੰਦੇ :
ਗਰੀਬੀ ਗਦਾ ਹਮਾਰੀ ॥
ਖੰਨਾ ਸਗਲ ਰੇਨੁ ਛਾਰੀ ॥
ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ। ਇਹ ਤੇਰੇ ਲਈ ਖੰਡੇ ਦਾ ਕੰਮ ਕਰੇਗੀ। ਨਿਮਰਤਾ ਤੋਂ ਬਿਨਾਂ ਸਿੱਖੀ ਨਹੀਂ ਕਮਾਈ ਜਾਂਦੀ ਹੈ। ਕਬੀਰ ਜੀ ਦਾ ਸਲੋਕ ਹੈ, ਕਹਿੰਦੇ ਹਨ, ਵਾਹਿਗੁਰੂ ਨੇ ਸੰਸਾਰ ਨੂੰ ਇਸ ਤਰ੍ਹਾਂ ਬਣਾਇਆ, ਜਿਵੇਂ ਰੇਤ ਹੋਵੇ। ਜਿਵੇਂ ਮਾਰੂਥਲ ਹੋਵੇ। ਕਹਿੰਦੇ, ਰੇਤ ਵਿਚ ਕਿਸੇ ਨੇ ਖੰਡ ਮਿਲਾ ਦਿੱਤੀ ਹੈ। ਕੀੜੀ ਦਾ ਸੁਭਾਅ ਹੈ ਕਿ ਖੰਡ ਖਾਣਾ। ਹਾਥੀ ਵੀ ਚਾਹੁੰਦਾ ਹੈ ਕਿ ਮੈਨੂੰ ਮਿਠਾਸ ਮਿਲ ਜਾਵੇ, ਪਰ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਜੀ ਕਹਿੰਦੇ ਹਨ, ਜੇ ਨਾਮ ਦੇ ਮਿੱਠੇ ਨੂੰ ਚੱਖਣਾ ਚਾਹੁੰਦਾ ਹੈਂ ਤਾਂ ਇਕ ਗੱਲ ਚੇਤੇ ਰੱਖੀਂ, ਹਾਥੀ ਬਣ ਕੇ ਨਾ ਆਵੀਂ, ਕਿਉਂਕਿ ਹਾਥੀ ਨੇ ਕਦੀ ਖੰਡ ਚੁੰਨ ਨਹੀਂ ਸਕਣੀ। ਜੇ ਤੂੰ ਖੰਡ ਦਾ ਅਨੰਦ ਮਾਣਨਾ ਚਾਹੁੰਦਾ ਹੈਂ ਤਾਂ ਤੈਨੂੰ ਕੀੜੀ ਬਣ ਕੇ ਰੇਤ ਵਿਚ ਤੁਰਨਾ ਪਵੇਗਾ। ਜੇ ਸਿੱਖੀ ਵਿਚੋਂ ਨਾਮ ਦਾ ਰਸ ਲੈਣਾ ਹੈ, ਤਾਂ ਹਾਥੀ ਵਾਲੀ ਹੰਕਾਰ ਦੀ ਬਿਰਤੀ ਨਾਲ ਲੈ ਕੇ ਨਾ ਆਵੀਂ। ਇਥੇ ਕੀੜੀ ਵਾਲੀ ਬਿਰਤੀ ਲੈ ਕੇ ਆ। ਸਾਹਿਬ ਤੈਨੂੰ ਕ੍ਰਿਪਾ ਕਰਕੇ ਨਾਮ ਦਾ ਰਸ ਦੇਵੇਗਾ। ਕਬੀਰ ਜੀ ਕਹਿੰਦੇ, ਜਦੋਂ ਬਾਬੇ ਦੇ ਚਰਨਾਂ ਵਿਚ ਆਵੇਂ ਤਾਂ ਇਕ ਮਨ ਲੈ ਕੇ ਆਵੀਂ। ਇੰਨੀ ਕੁ ਨਿਮਰਤਾ ਵਿਚ ਆਵੀਂ ਕਿ ਮੇਰੇ ਮਾਲਕਾ, ਸਭ ਦੁਨੀਆਂ ਤੋਂ ਮੈਂ ਮਾੜਾ ਹਾਂ। ਮੈਨੂੰ ਛੱਡ ਕੇ ਸਾਰੀ ਦੁਨੀਆਂ ਚੰਗੀ ਹੈ।
ਸਾਹਿਬ ਕਹਿੰਦੇ ਹਨ, ਜੇ ਕੋਈ ਤੇਰੇ ‘ਤੇ ਵਾਰ ਕਰਦਾ ਹੈ, ਤੇਰੇ ਨਾਲ ਬੁਰਾ ਕਰਦਾ ਹੈ, ਜੇ ਕੋਈ ਤੇਰੇ ਨਾਲ ਈਰਖਾ ਕਰਦਾ ਹੈ, ਤੂੰ ਉਸ ਦੇ ਨਾਲ ਈਰਖਾ ਨਾ ਕਰੀਂ। ਉਹ ਤਾਂ ਅੰਦਰੋਂ ਸੜਿਆ ਪਿਆ ਹੈ, ਜੇ ਤੂੰ ਵੀ ਸੜ ਗਿਆ ਤਾਂ ਤੇਰੇ ਵਿਚ ਤੇ ਉਸ ਵਿਚ ਕੋਈ ਅੰਤਰ ਨਹੀਂ ਰਹਿਣਾ। ਜਦੋਂ ਤੂੰ ਉਸ ਦਾ ਜਵਾਬ ਨਹੀਂ ਦੇਵੇਂਗਾ, ਉਸ ਈਰਖਾਲੂ ਨਾਲ ਈਰਖਾ ਨਹੀਂ ਕਰੇਂਗਾ, ਜਿਹੜਾ ਤੇਰਾ ਮਨ ਘਰ ਤੋਂ ਬਾਹਰ ਭਟਕਦਾ ਪਿਆ ਹੈ, ਇਹ ਮਨ ਤੇਰੇ ਘਰ ਵਿਚ ਸਦਾ ਲਈ ਟਿੱਕ ਜਾਵੇਗਾ। ਇਹ ਸ਼ਾਂਤ ਹੋ ਜਾਵੇਗਾ ।
ਭਾਈ ਵੀਰ ਸਿੰਘ ਜੀ ਦਾ ਪਾਵਨ ਪਵਿੱਤਰ ਬਚਨ ਹੈ। ਉਨ੍ਹਾਂ ਨੇ ਸਮੁੰਦਰ ਦਾ ਤੇ ਨਦੀ ਦਾ ਆਪਸੀ ਵਾਰਤਾਲਾਪ ਕਰਾਇਆ ਹੈ। ਉਹ ਕਹਿੰਦੇ ਹਨ, ਨਦੀ ਬਰਸਾਤ ਦਾ ਪਾਣੀ ਲੈ ਕੇ ਪੂਰੀ ਭਰੀ ਹੈ। ਛਾਲਾਂ ਮਾਰਦੀ ਗਈ। ਜੇ ਸਾਹਮਣੇ ਪੱਥਰ ਆਇਆ, ਉਹ ਵੀ ਰੋੜ੍ਹ ਲਿਆ। ਜੇ ਚਟਾਨ ਆਈ ਤਾਂ ਉਸ ਨੂੰ ਵੀ ਆਪਣੇ ਨਾਲ ਲੈ ਤੁਰੀ। ਜੇ ਨਦੀ ਦੇ ਸਾਹਮਣੇ ਮਨੁੱਖ ਆਇਆ, ਉਸ ਨੂੰ ਵੀ ਰੋੜ ਲਿਆ। ਜੇ ਸਾਹਮਣੇ ਪਸ਼ੂ ਆਇਆ, ਉਹ ਵੀ ਰੋੜ ਲਿਆ। ਜਦੋਂ ਇਹ ਨਦੀ ਸਾਗਰ ਵਿਚ ਜਾ ਕੇ ਲੀਨ ਹੋਈ ਤੇ ਕਹਿਣ ਲੱਗੀ, ਵੇਖ ਸਾਗਰ ! ਮੈਂ ਤੇਰੀ ਕਿੰਨੀ ਸੇਵਾ ਕਰਦੀ ਹਾਂ। ਮੈਂ ਤੇਰੇ ਲਈ ਕਿੰਨੀਆਂ ਕੀਮਤੀ ਵਸਤੂਆਂ ਲੈ ਕੇ ਆਉਂਦੀ ਹਾਂ। ਤੇਰੇ ਲਈ ਇੰਨਾ ਪਿਆਰ ਹੈ। ਮੈਂ ਤੇਰੇ ਲਈ ਜਿਹੜੇ ਤੋਹਫੇ ਲੈ ਕੇ ਆਉਂਦੀ ਹਾਂ। ਮਨੁੱਖ ਰੋੜ੍ਹਦੀ ਹਾਂ, ਪਸ਼ੂ ਰੋੜ੍ਹਦੀ ਹਾਂ, ਪੱਥਰ ਰੋੜ੍ਹਦੀ ਹਾਂ। ਮੈਂ ਮਿੱਟੀ ਦੀਆਂ ਚੱਟਾਨਾਂ ਰੋੜ੍ਹਦੀ ਹਾਂ। ਸਾਗਰ ਹੱਸ ਕੇ ਕਹਿੰਦਾ, ਨਦੀ ! ਮੁੱਦਤਾਂ ਤੋਂ ਤੂੰ ਮੇਰੇ ਲਈ ਭੇਟਾਵਾਂ ਲੈ ਕੇ ਆਉਂਦੀ ਹੈਂ, ਪਰ ਮੈਂ ਇਕ ਗੱਲ ਤੇਰੇ ਕੋਲੋਂ ਪੁੱਛਣੀ ਚਾਹੁੰਦਾ ਹਾਂ, ਤੂੰ ਕਦੀ ਬੈਂਤ ਦਾ ਰੁੱਖ ਕਿਉਂ ਨਹੀਂ ਲੈ ਕੇ ਆਉਂਦੀ? ਅੱਗੋਂ ਨਦੀ ਕਹਿੰਦੀ, ਸਾਗਰ ਕਦੀ ਆਸ ਵੀ ਨਾ ਕਰੀਂ ਕਿ ਮੈਂ ਬੈਂਤ ਨੂੰ ਪੁੱਟ ਸਕਾਂ। ਕਹਿਣ ਲੱਗਾ, ਇੰਨਾ ਤੇਰਾ ਬਹਾਵ, ਬੈਂਤ ਨੂੰ ਪੁੱਟ ਕਿਉਂ ਨਹੀਂ ਸਕਦੀ ? ਨਦੀ ਕਹਿਣ ਲੱਗੀ, ਉਸ ਨੂੰ ਝੁਕਣ ਦੀ ਜਾਚ ਆ ਗਈ ਹੈ। ਜਿਹੜੇ ਝੁਕ ਜਾਂਦੇ ਹਨ, ਉਨ੍ਹਾਂ ‘ਤੇ ਮੇਰੀ ਪੇਸ਼ ਨਹੀਂ ਚੱਲਦੀ। ਜਿਹੜਾ ਆਕੜਦਾ ਹੈ, ਉਸ ਨੂੰ ਮੈਂ ਜੜ੍ਹਾਂ ਤੋਂ ਪੁੱਟ ਕੇ ਲਿਆਉਂਦੀ ਹਾਂ। ਸਾਹਿਬ ਕਹਿੰਦੇ, ਯਾਦ ਰੱਖੀਂ, ਇਕ ਝੱਖੜ ਚੱਲਦਾ ਪਿਆ ਹੈ। ਇਕ ਨਦੀ ਵਹਿੰਦੀ ਪਈ ਹੈ। ਤੂੰ ਇੰਨਾ ਕੁ ਨਿਮਰਤਾ ਵਿਚ ਚਲਾ ਜਾਵੀਂ। ਬੈਂਤ ਦੀ ਤਰ੍ਹਾਂ ਆਪਣੇ ਆਪ ਨੂੰ ਝੁਕਾਣ ਦੀ ਜਾਚ ਸਿੱਖ ਲੈ। ਜਦੋਂ ਤੂੰ ਨਿਮਰਤਾ ਵਿਚ ਝੁਕਣ ਦੀ ਜਾਚ ਸਿੱਖ ਗਿਆ, ਫਿਰ ਵਿਕਾਰਾਂ ਦੇ ਜਿੰਨੇ ਮਰਜ਼ੀ ਤੂਫ਼ਾਨ ਆਉਣ, ਵਿਕਾਰਾਂ ਦੀ ਤਾਕਤ ਨਹੀਂ ਤੈਨੂੰ ਪੁੱਟ ਕੇ ਲੈ ਜਾ ਸਕਦੀ, ਕਿਉਂਕਿ ਤੈਨੂੰ ਗੁਰੂ ਦੇ ਚਰਨਾਂ ਵਿਚ ਝੁਕਣ ਦੀ ਜਾਚ ਆ ਗਈ ਹੈ। ਨਿਮਰਤਾ ਵਿਚ ਇੰਨਾ ਅਨੰਦ ਹੈ। ਸਾਹਿਬ ਕਹਿੰਦੇ ਹਨ, ਤੂੰ ਨਿਮਰਤਾ ਵਿਚ ਆ ਜਾ। ਆਪਣੇ ਆਪ ਨੂੰ ਝੁਕਾ ਲੈ। ਜੇ ਤੈਨੂੰ ਕਿਤੋਂ ਨਾਮ ਦੀ ਦਾਤ, ਕਿਤੇ ਗੁਰਮਖ ਪਿਆਰਾ ਮਿਲਦਾ ਹੈ, ਤੂੰ ਉਸ ਦੇ ਚਰਨਾਂ ਵਿਚ ਝੁਕ ਜਾ। ਆਪਣੀ ਹੋਂਦ ਨੂੰ ਕਾਇਮ ਨਾ ਕਰੀਂ। ਸ਼ਾਇਦ ਇਹੀ ਕਾਰਨ ਹੈ ਕਿ ਸਾਹਿਬ ਨੇ ਬਾਣੀ ਵਿਚ ਝੁਕਣ ਲਈ ਕਿਹਾ। ਕਹਿੰਦੇ, ਜੇ ਝੁਕ ਜਾਵੇਗਾ, ਸਿੱਖੀ ਨੂੰ ਸਿੱਖੇਗਾ। ਜੇ ਤੈਨੂੰ ਝੁਕਣ ਦੀ ਜਾਚ ਆ ਗਈ, ਫਿਰ ਗੁਰੂ ਤੇਰੇ ਭਾਂਡੇ ਵਿਚ ਦਾਤ ਪਾਵੇਗਾ। ਸਾਹਿਬ ਨੇ ਕੇਵਲ ਕਿਹਾ ਹੀ ਨਹੀਂ, ਕਰਕੇ ਵੀ ਦਿਖਾਇਆ ਹੈ।
ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਧਿਆਨ ਟਿਕਾਈਏ, ਜਿਹੜਾ ਦੀਨ- ਦੁਖੀਆਂ ਦੀ ਬਾਂਹ ਫੜਨ ਵਾਲਾ ਹੈ। ਕਈ ਵਾਰੀ ਜਦੋਂ ਗੁਰੂ ਰਾਮਦਾਸ ਜੀ ਦਾ ਨਾਮ ਮੁਖ ਵਿਚ ਹੁੰਦਾ ਹੈ ਤੇ ਕਦੀ ਅੰਦਰ ਭਿੱਜਾ ਹੋਵੇ ਤਾਂ ਝੜਨਾਹਟ ਛਿੜ ਪੈਂਦੀ ਹੈ, ਕਿਉਂਕਿ ਗੁਰੂ ਰਾਮਦਾਸ ਜੀ ਤੇਰੇ ਦਰ ਤੋਂ ਕਦੀ ਕਿਸੇ ਦੀ ਝੋਲੀ ਖ਼ਾਲੀ ਨਹੀਂ ਆਈ। ਤੇਰੇ ਦਰ ਤੋਂ ਝੋਲੀਆਂ ਭਰੀਆਂ ਜਾਂਦੀਆਂ ਹਨ, ਕਿਉਂਕਿ ਤੁਸੀਂ ਆਪ ਉਹ ਦਿਨ ਦੇਖੇ ਹਨ। ਗ਼ਰੀਬੀ ਕੱਟੀ ਹੈ। ਲੋਕਾਂ ਦੀਆਂ ਠੋਕਰਾਂ ਖਾਧੀਆਂ ਹਨ। ਗਾਲ੍ਹਾਂ ਖਾਧੀਆਂ ਹਨ। ਕਿੰਨੇ-ਕਿੰਨੇ ਦਿਨ ਭੁੱਖਿਆਂ ਰਹਿ ਕੇ ਗੁਜ਼ਾਰਾ ਕੀਤਾ ਹੈ। ਜਦੋਂ ਕੋਈ ਭੁੱਖਾ, ਬੇ-ਘਰਾ, ਕੋਈ ਦੁਖੀ ਤੇਰੇ ਦਰ ‘ਤੇ ਜਾਂਦਾ ਹੈ, ਤੁਸੀਂ ਉਸੇ ਤਰ੍ਹਾਂ ਦੇਖ ਕੇ ਪਸੀਜ ਜਾਂਦੇ ਹੋ, ਉਸ ਦੇ ਦੁੱਖ ਦੇਖ ਕੇ, ਉਸ ਦੀ ਝੋਲੀ ਵਿਚ ਤੁਸੀਂ ਦਾਤ ਪਾ ਦਿੰਦੇ ਹੋ। ਅੱਜ ਵੀ ਤੁਹਾਡੇ. ਕੋਲ ਕ੍ਰਿਪਾ ਹੈ।
ਕਹਿੰਦੇ, ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਸੁੱਕਿਆ ਸੀ। ਇਕ ਵਾਰੀ ਲਾਹੌਰ ਗਏ। ਬੇ-ਮੌਸਮੇ ਅੰਬ ਮਿਲ ਗਏ। ਅੰਬ ਬੜੇ ਰਸਦਾਇਕ ਸਨ। ਅੰਬ ਕੱਪੜੇ ਵਿਚ ਲਪੇਟਿਆ ਤੇ ਸੋਚਿਆ ਮੈਂ ਅੰਬ, ਗੁਰੂ ਦੇ ਚਰਨਾਂ ਵਿਚ ਰੱਖਾਂਗਾ। ਮੱਥਾ ਟੇਕਾਂਗਾ, ਨਮਸਕਾਰ ਕਰਾਂਗਾ। ਗੁਰੂ ਗ਼ਰੀਬ ਦੀ ਭੇਟਾ ਸਵੀਕਾਰ ਕਰਨਗੇ। ਰਸਤੇ ਵਿਚ ਦੇਖਿਆ ਤਾਂ ਅੰਬ ਵਿੱਚੋਂ ਰਸ ਚੋਣ ਲੱਗ ਪਿਆ। ਸੋਚਿਆ ਹੁਣ ਕੀ ਕਰਾਂ? ਗੁਰੂ ਅਮਰਦਾਸ ਜੀ ਲਈ ਲੈ ਕੇ ਚੱਲਿਆ ਹਾਂ। ਉਨ੍ਹਾਂ ਦੇ ਚਰਨਾਂ ਵਿਚ ਭੇਟਾ ਰੱਖਣੀ ਹੈ।
ਇੱਕੋ ਦਮ ਗੁਰੂ ਅਮਰਦਾਸ ਜੀ ਦਾ ਧਿਆਨ ਟਿਕਾਅ ਦਿੱਤਾ। ਧਿਆਨ ਟਿਕਾਅ ਕੇ ਆਪ ਅੰਬ ਚੂਪ ਲਿਆ। ਜਦੋਂ ਗੋਇੰਦਵਾਲ ਪਹੁੰਚੇ। ਗੁਰੂ ਅਮਰਦਾਸ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ। ਅਜੇ ਕੁਝ ਕਹਿਣ ਹੀ ਵਾਲੇ ਸਨ ਕਿ ਗੁਰੂ ਅਮਰਦਾਸ ਜੀ ਕਹਿੰਦੇ ਹਨ, ਭਾਈ ਜੇਠਿਆ ! ਅੰਬ ਦਾ ਸਵਾਦ ਬੜਾ ਮਿੱਠਾ ਸੀ। ਗੁਰੂ ਦੇ ਸਿੱਖ ਅੰਦਰ ਗੁਰੂ ਵਰਤਦਾ ਹੈ। ਕਹਿੰਦੇ, ਭਾਈ ਜੇਠਿਆ, ਬੜਾ ਅਨੰਦ ਸੀ। ਉਹੀ ਗੁਰੂ ਰਾਮਦਾਸ ਜੀ ਜਿਹੜੇ ਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਹਨ, ਉਹ ਕਹਿੰਦੇ ਹਨ, ਸੱਜਣਾ ! ਜੇ ਸਿੱਖੀ ਕਮਾਉਣੀ ਹੈ ਤਾਂ ਯਾਦ ਰੱਖ, ਭਾਈ ਗੁਰਦਾਸ ਜੀ ਦੇ ਬਚਨ : ਧਰਤੀ ਪੈਰਾ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ॥
ਤੂੰ ਪਾਣੀ ਦੀ ਤਰ੍ਹਾਂ ਨਿਮਰਤਾ ਵਿਚ ਆ ਜਾ।
ਅੰਮ੍ਰਿਤਸਰ ਸਰੋਵਰ ਦੀ ਸੇਵਾ ਲੱਗੀ ਹੈ। ਅਜੇ ਹਰਿਮੰਦਰ ਸਾਹਿਬ ਬਣਿਆ ਨਹੀਂ। ਗੁਰੂ ਰਾਮਦਾਸ ਜੀ ਕਿਨਾਰੇ ‘ਤੇ ਬੈਠੇ ਹਨ। ਆਪ ਟੋਕਰੀ ਢੋਂਦੇ ਹਨ। ਬਾਬਾ ਬੁੱਢਾ ਜੀ ਤੇ ਸਿੱਖ ਪ੍ਰੇਮ ਵਿਚ ਭਿੱਜੇ ਸੇਵਾ ਕਰਦੇ ਪਏ ਹਨ। ਇੰਨੀ ਦੇਰ ਨੂੰ ਇਕ ਸਿੱਖ ਦੌੜਿਆ ਆਇਆ। ਆ ਕੇ ਕਹਿੰਦਾ, ਗੁਰੂ ਰਾਮਦਾਸ ਜੀ ! ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਆਏ ਹਨ। ਗੁਰੂ ਰਾਮਦਾਸ ਜੀ ਨੇ ਟੋਕਰੀ ਰੱਖ ਦਿੱਤੀ। ਉਨ੍ਹਾਂ ਨੂੰ ਲੈਣ ਗਏ। ਜਾ ਕੇ ਝੁਕ ਕੇ ਨਮਸਕਾਰ ਕੀਤੀ। ਬਾਬਾ ਸ੍ਰੀ ਚੰਦ ਜੀ ਬਹੁਤ ਬਜ਼ੁਰਗ ਸਨ। ਬਾਬਾ ਸ੍ਰੀ ਚੰਦ ਜੀ ਨੇ ਸੁਭਾਵਿਕ ਇੰਨੀ ਗੱਲ ਪੁੱਛੀ ਕਿ ਗੁਰੂ ਰਾਮਦਾਸ, ਤੇਰਾ ਦਾਹੜਾ ਬਹੁਤ ਲੰਬੇਰਾ ਹੈ। ਤੁਹਾਡੇ ਦਾਹੜੇ ਦੇ ਕੇਸ ਕਿਉਂ ਲੰਬੇ ਹਨ। ਗੁਰੂ ਜੀ ਥੱਲੇ ਉੱਤਰ ਕੇ, ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਨੂੰ ਹੱਥ ਵਿਚ ਫੜ ਕੇ, ਆਪਣੇ ਕੇਸਾਂ ਨਾਲ ਝਾੜ ਕੇ ਕਹਿੰਦੇ, ਮਹਾਂਪੁਰਸ਼ੋ, ਤੁਹਾਡੇ ਵਰਗੇ ਸੰਤ-ਜਨਾਂ ਤੇ ਗੁਰੂ ਨਾਨਕ ਦੇਵ ਜੀ ਦੇ ਖ਼ੂਨ ਦੇ ਚਰਨ ਝਾੜਨ ਲਈ ਦਾਹੜਾ ਵਧਾਇਆ ਹੈ। ਕਹਿੰਦੇ, ਬਾਬਾ ਸ੍ਰੀ ਚੰਦ ਜੀ ਕੋਲੋਂ ਰਿਹਾ ਨਾ ਗਿਆ। ਥੱਲੇ ਝੁੱਕ ਕੇ ਗੁਰੂ ਰਾਮਦਾਸ ਜੀ ਦੇ ਚਰਨ ਫੜ ਲਏ। ਅੱਖਾਂ ਵਿਚ ਨੀਰ ਭਰ ਕੇ ਕਹਿੰਦੇ ਕਿ ਜਿਹੋ ਜਿਹਾ ਸੁਣਿਆ, ਉਹੋ ਜਿਹਾ ਦੇਖਿਆ। ਕਹਿੰਦੇ, ਗੁਰੂ ਰਾਮਦਾਸ ਜੀ ਮੈਂ ਦੇਣ ਜੋਗਾ ਤਾਂ ਨਹੀਂ, ਪਰ ਮੈਂ ਇਕ ਅਰਜ਼ ਕਰਦਾ ਹਾਂ। ਗੁਰੂ ਰਾਮਦਾਸ ਤੇਰੇ ਸਰੋਵਰ ਦੇ ਕਿਨਾਰੇ ਖਲੋਤਾ ਹਾਂ। ਤੇਰੇ ਵਿਚ ਇੰਨੀ ਨਿਮਰਤਾ ਹੈ, ਜਿਹੜੇ ਤੇਰੇ ਸਰੋਵਰ ਵਿਚ ਆ ਕੇ ਨਿਮਰਤਾ ਨਾਲ ਇਸ਼ਨਾਨ ਕਰਨਗੇ, ਉਨ੍ਹਾਂ ਦੇ ਜਨਮਾਂ- ਜਨਮਾਂ ਦੇ ਪਾਪ ਤੇਰਾ ਸਰੋਵਰ ਧੋ ਦੇਵੇਗਾ। ਤੇਰੇ ਸਰੋਵਰ ਵਿਚ ਤਾਂ ਪਾਪੀਆਂ ਨੂੰ ਮੁਕਤੀ ਮਿਲਣੀ ਹੈ।
ਪਹਿਲਾ ਸਬਕ ਇਹ ਹੀ ਹੈ ਕਿ ਜੇ ਤੂੰ ਕਿਸੇ ਕੋਲੋਂ ਕੁਝ ਲੈਣਾ ਹੈ, ਜੇ ਸਿੱਖੀ ਨੂੰ ਕਮਾਉਣਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰਸਿੱਖੀ ਦੀ ਇਹੋ ਨਿਸ਼ਾਨੀ ਹੈ। ਜੇ ਤੂੰ ਕੁਝ ਕਮਾਉਣਾ ਚਾਹੁੰਦਾ ਹੈਂ ਤਾਂ ਆਪਣੇ ਅੰਦਰ ਨਿਮਰਤਾ ਨੂੰ ਧਾਰਨ ਕਰ ਲੈ। ਜਦੋਂ ਤੇਰੇ ਕੋਲ ਨਿਮਰਤਾ ਆਵੇਗੀ, ਫਿਰ ਕਦੀ ਤੂੰ ਗੁਰੂ-ਘਰ ਆਕੜ ਕੇ, ਇਹ ਨਹੀਂ ਕਹੇਂਗਾ ਕਿ ਮੈਂ ਵੱਡਾ ਹਾਂ, ਮੈਂ ਚੰਗਾ ਹਾਂ। ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਹੈ ਕਹੇਂਗਾ :
ਮੈ ਕੀਤਾ ਨ ਜਾਤਾ ਹਰਾਮਖੋਰੁ ॥
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
ਨਾਨਕੁ ਨੀਚੁ ਕਹੈ ਬੀਚਾਰੁ ॥
ਧਾਣਕ ਰੂਪਿ ਰਹਾ ਕਰਤਾਰ ॥
ਜਦੋਂ ਤੇਰੇ ਅੰਦਰ ਸਿੱਖੀ ਦਾ ਪਹਿਲਾ ਗੁਣ ਆ ਜਾਵੇਗਾ ਤਾਂ ਗੁਰੂ ਅਰਜਨ ਦੇਵ ਜੀ ਦੇ ਮੁਤਾਬਿਕ, ਜਿਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਿਆ ਹੈ। ਕਈ ਵਾਰੀ ਹੈਰਾਨ ਵੀ ਹੋਈਦਾ ਹੈ ਕਿ ਬਾਣੀ ਤਰਤੀਬ ਨਾਲ ਹੈ। ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਉਹ ਕਿੰਨੇ ਭਾਗਾਂ ਵਾਲੇ ਹਨ। ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਉਂਦੀ ਹੈ। ਫਿਰ ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ, ਗੁਰੂ ਅਰਜਨ ਦੇਵ ਜੀ ਦੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਬਦਾਂ ਤੋਂ ਬਾਅਦ ਅਸਟਪਦੀਆਂ, ਛੰਤ, ਵਾਰਾਂ ਤੇ ਭਗਤ ਬਾਣੀ। ਹੁਣ ਤਰਤੀਬ ਮੁਤਾਬਕ ਸਲੋਕ, ਵਾਰਾਂ ਤੇ ਵਧੀਕ ਆਏ। ਗੁਰੂ ਨਾਨਕ ਦੇਵ ਜੀ ਦੇ ਸਲੋਕ, ਗੁਰੂ ਅਮਰਦਾਸ ਜੀ ਦੇ ਸਲੋਕ, ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਸਾਹਿਬ ਜੀ ਦੇ ਸਲੋਕ ਆਏ। ਬਾਣੀ ਦੀ ਤਰਤੀਬ ਮੁਤਾਬਿਕ ਗੁਰੂ ਅਰਜਨ ਸਾਹਿਬ ਜੀ ਦੇ ਸਲੋਕ ਖ਼ਤਮ ਹਨ।
ਇਕ ਵਿਦਵਾਨ ਲਿਖਦਾ ਹੈ, ਸਿੱਖਾ, ਸਿੱਖੀ ਦੀ ਪਹਿਲੀ ਨਿਸ਼ਾਨੀ ਨਿਮਰਤਾ ਹੈ। ਤੇਰੇ ਗੁਰੂ ਨੇ ਗੁਰੂ ਦੀ ਬਾਣੀ ਅੰਕਿਤ ਕਰਦਿਆਂ, ਅਖੀਰ ਵਿਚ ਇਕ ਗੱਲ ਕਹੀ। ਆਮ ਤੌਰ ‘ਤੇ ਤੂੰ ਚਾਰ ਪਦਿਆਂ ਦੀ ਕਿਤਾਬ ਲਿਖ ਲਵੇਂ। ਉਹ ਪਹਿਲਾ ਸ਼ਬਦ ਹੀ ਇਹ ਲਿਖਦਾ ਹੈ ਕਿ ਮੈਂ ਇੰਨੀ ਮਿਹਨਤ ਕੀਤੀ, ਇੰਨੇ ਗ੍ਰੰਥ ਪੜ੍ਹੇ, ਇੰਨੇ ਬੰਦਿਆਂ ਨੂੰ ਮਿਲਿਆ ਤਾਂ ਮੈਂ ਗ੍ਰੰਥ ਲਿਖਿਆ। ਜੇ ਮੇਰੇ ਤੋਂ ਇਲਾਵਾ ਹੋਰ ਕਿਸੇ ਨੇ ਛਪਾਇਆ ਤਾਂ ਮੈਂ ਉਸ ‘ਤੇ ਮੁਕੱਦਮਾ ਕਰ ਦੇਵਾਂਗਾ ਅਸਲ ਵਿਚ ਗੁਰੂ ਜੀ ਨੇ ਲਿਖਾਰੀ ਦਾ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਲਿਖਿਆ। ਜੇ ਤਤਕਰਾ ਦਿੱਤਾ, ਕੇਵਲ ਬਾਣੀ ਦਾ। ਕਿਤੇ ਵੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਕਲਮ ਨਾਲ ਤਤਕਰੇ ਵਿਚ ਵੀ ਨਹੀਂ ਲਿਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੇਰੀ ਬਾਣੀ ਸ਼ੁਰੂ ਹੋਣ ਲੱਗੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸਲੋਕ ਮਹਲਾ ੧ ਤੋਂ ਬਾਅਦ ਹੈ। ਇਸ ਦਾ ਮਤਲਬ ਹੈ, ਸਿੱਖਾ, ਦੇਖ ਗੁਰੂ ਨੇ 30 ਰਾਗਾਂ ਵਿਚ ਬਾਣੀ ਉਚਾਰੀ। ਆਪਣੇ ਤੋਂ ਬਿਨਾਂ ਚਾਰ ਪਾਤਸ਼ਾਹੀਆਂ ਦੀ ਹੋਰ ਬਾਣੀ ਇਕੱਤਰ ਕੀਤੀ। 15 ਭਗਤਾਂ ਦੀ ਬਾਣੀ ਇਕੱਤਰ ਕੀਤੀ। 11 ਭੱਟਾਂ ਦੀ ਇਕੱਤਰ ਕੀਤੀ। ਹਿੰਦੁਸਤਾਨ ਦੀ ਰੂਹਾਨੀਅਤ ਨੂੰ ਇਕ ਗ੍ਰੰਥ ਵਿਚ ਅੰਕਿਤ ਕਰ ਲਿਆ। ਇੰਨਾ ਕੁਝ ਕਰਕੇ ਕਹਿੰਦੇ, ਦਾਤਾ ! ਤੇਰਾ ਕੋਈ ਗੁਣ ਨਹੀਂ। ਅਖ਼ੀਰ ਵਿਚ ਨਿਮਰਤਾ ਆਈ :
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤੇਰੇ ਕੀਤੇ ਨੂੰ ਮੈਂ ਜਾਣਿਆ ਨਹੀਂ। ਜੋ ਕੁਝ ਵੀ ਸੇਵਾ ਹੋਈ ਹੈ, ਸਿਰਫ਼ ਤੇਰੀ ਕ੍ਰਿਪਾ ਨਾਲ ਹੋਈ ਹੈ। ਮੇਰੇ ਕੋਲ ਇੰਨੀ ਸਮਰੱਥਾ ਨਹੀਂ ਸੀ ਕਿ ਮੈਂ ਇੰਨੀ ਸੇਵਾ ਕਰ ਸਕਾਂ। ਜਿਹੜੀ ਗੁਰਸਿੱਖੀ ਦੀ ਗੱਲ ਕਰਦੇ ਪਏ ਹਾਂ। ਉਸ ਗੁਰਸਿੱਖੀ ਦਾ ਪਹਿਲਾ ਲੱਛਣ ਨਿਮਰਤਾ ਹੈ।
ਭਾਈ ਗੁਰਦਾਸ ਜੀ ਨੇ ਗੁਰਸਿੱਖੀ ਦੀ ਨਿਸ਼ਾਨੀ ਦੇ ਅੰਦਰ ਸਭ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ :
ਧਰਤੀ ਪੈਰਾਂ ਹੇਠ ਹੈ,
ਧਰਤੀ ਮਨੁੱਖ ਦੇ ਪੈਰਾਂ ਥੱਲੇ ਹੈ। ਪਸ਼ੂ ਦੇ ਪੈਰਾਂ ਥੱਲੇ ਹੈ। ਬਨਸਪਤੀ ਦੇ ਥੱਲੇ ਹੈ। ਇਸ ਦੇ ਉੱਪਰ ਬੇਅੰਤ ਜੀਵ ਵਿਚਰਦੇ ਪਏ ਹਨ। ਕਹਿਣ ਲੱਗੇ, ਧਰਤੀ ਵਿਚ ਇੰਨੀ ਵੱਡੀ ਨਿਮਰਤਾ ਹੈ ਤੇ ਨਾਲ ਕਹਿਣ ਲੱਗੇ, ਜਿਹੜਾ ਪਾਣੀ ਹੈ, ਉਹ ਧਰਤੀ ਤੋਂ ਵੀ ਨਿਮਰਤਾ ਵਿਚ ਹੈ।
ਧਰਤੀ ਹੇਠ ਵਸੰਦਾ ਪਾਣੀ।
ਗੁਰਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਸਿੱਖ ਦੇ ਅੰਦਰ ਨਿਮਰਤਾ ਹੋਵੇ,
ਪਾਣੀ ਚਲੈ ਨੀਵਾਨੁ ਨੂੰ ਨਿਰਮਲ ਸ਼ੀਤਲ ਸ਼ੁੱਧ ਪਾਣੀ॥
ਕਹਿੰਦੇ, ਜੇ ਪਾਣੀ ਵਿਚ ਨਿਮਰਤਾ ਹੈ ਉਹ ਧਰਤੀ ਤੋਂ ਵੀ ਨੀਵਾਂ ਰਹਿੰਦਾ ਹੈ। ਜਦੋਂ ਵੀ ਪਾਣੀ ਚੱਲਦਾ ਹੈ, ਕਦੀ ਉਹ ਉੱਚਾਈ ਵੱਲ ਨਹੀਂ, ਹਮੇਸ਼ਾ ਨੀਵੇਂ ਪਾਸੇ ਨੂੰ ਚੱਲਦਾ ਹੈ। ਜੇ ਪਹਾੜਾਂ ਦੀ ਚੋਟੀ ਉਤੇ ਵੀ ਬਰਸਾਤ ਹੋਵੇ, ਪਰ ਪਾਣੀ ਉੱਚੇ ਬਰਸਨ ਦੇ ਬਾਵਜੂਦ ਹਮੇਸ਼ਾਂ ਨੀਵੇਂ ਪਾਸੇ ਨੂੰ ਜਾਂਦਾ ਹੈ, ਕਿਉਂਕਿ ਉਹ ਨੀਵਿਆਂ ਨਾਲ ਆਪਣਾ ਨੇਹ ਪਾਉਣਾ ਚਾਹੁੰਦਾ ਹੈ। ਕਹਿੰਦੇ ਹਨ, ਵੱਡਿਆਂ ਨਾਲ ਹਰ ਕੋਈ ਮਿੱਤਰਤਾ ਪਾਉਣੀ ਚਾਹੁੰਦਾ ਹੈ, ਜੇ ਕੋਈ ਦੌਲਤ ਕਰਕੇ ਵੱਡਾ ਹੈ। ਲੋਕ ਚਾਹੁੰਦੇ ਹਨ ਕਿ ਮੈਂ ਕਿਸੇ ਤਰੀਕੇ ਨਾਲ ਸੰਬੰਧ ਕਾਇਮ ਕਰ ਲਵਾਂ। ਜੇ ਕੋਈ ਤਾਕਤ ਕਰਕੇ ਬਲਵਾਨ ਹੈ, ਤਾਂ ਲੋਕ ਤਾਕਤ ਕਰਕੇ ਉਸ ਨਾਲ ਆਪਣੀ ਸਾਂਝ ਪਾਉਂਦੇ ਹਨ। ਜੇ ਕਿਸੇ ਕੋਲ ਪਦਵੀ ਹੋਵੇ, ਲੋਕ ਉੱਚੀ ਪਦਵੀ ਨੂੰ ਦੇਖ ਕੇ ਉਸ ਨਾਲ ਸਾਂਝ ਪਾਉਂਦੇ ਹਨ। ਵੱਡਿਆਂ ਨਾਲ ਮਿੱਤਰ ਵੀ ਕਾਫੀ ਮਿਲ ਜਾਂਦੇ ਹਨ। ਵੱਡਿਆਂ ਦੇ ਰਿਸ਼ਤੇਦਾਰ ਵੀ ਕਾਫ਼ੀ ਬਣ ਜਾਂਦੇ ਹਨ। ਵੱਡਿਆਂ ਦੇ ਨਾਲ ਘੁੰਮਣ ਵਾਲੇ ਲੋਕ ਵੀ ਕਈ ਮਿਲ ਜਾਂਦੇ ਹਨ, ਪਰ ਨੀਵੇਂ ਰਹਿਣ ਵਾਲੇ, ਜਿਨ੍ਹਾਂ ਕੋਲ ਦੌਲਤ ਨਹੀਂ, ਜਿਨ੍ਹਾਂ ਕੋਲ ਪਦਵੀ ਨਹੀਂ, ਜਿਨ੍ਹਾਂ ਕੋਲ ਕੋਈ ਸੁਖ ਆਰਾਮ ਨਹੀਂ, ਜਿਹੜੇ ਅੱਤ ਦੇ ਨੀਵੇਂ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਨੀਵਿਆਂ ਵੱਲ ਕੋਈ ਨਹੀਂ ਜਾਂਦਾ। ਉੱਚਿਆਂ ਵੱਲ ਤਾਂ ਸਾਰੇ ਜਾਂਦੇ ਹਨ। ਪਾਣੀ ਤੇਰੇ ਸੁਭਾਅ ਅੰਦਰ ਕਿੰਨਾ ਵੱਡਾ ਗੁਣ ਹੈ। ਲੋਕ ਉੱਚਿਆਂ ਵੱਲ ਨੂੰ ਤੁਰਦੇ ਹਨ। ਤੇਰਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਤੂੰ ਨੀਵਿਆਂ ਵਾਲੇ ਪਾਸੇ ਜਾਂਦਾ ਹੈਂ। ਤੇਰੀ ਸਾਂਝ ਨੀਵਿਆਂ ਨਾਲ ਹੈ। ਸਤਿਗੁਰੂ ਜੀ ਨੇ ਬਾਣੀ ਵਿਚ ਵੀ ਬਚਨ ਕੀਤਾ ਹੈ। ਕਹਿਣ ਲੱਗੇ, ਲੋਕ ਉੱਚਿਆਂ ਨਾਲ ਕਿਵੇਂ ਮਿੱਤਰਤਾ ਬਣਾਉਂਦੇ ਹਨ।
ਗੁਰੂ ਰਾਮਦਾਸ ਜੀ ਦਾ ਇਕ ਬਚਨ ਹੈ। ਸਾਹਿਬ ਕਹਿੰਦੇ ਹਨ, ਜਦੋਂ ਬੰਦਾ ਧੜੇ ਵਿਚ ਬੱਝ ਜਾਂਦਾ ਹੈ ਤੇ ਧੜੇ ਵਿਚ ਛੇਤੀ ਧਰਮ ਨਹੀਂ ਕਮਾਇਆ ਜਾਂਦਾ, ਕਿਉਂਕਿ ਧੜੇ ਪਿੱਛੇ ਲੱਗ ਕੇ ਬੰਦੇ ਨੂੰ ਹਰ ਚੰਗੀ-ਮੰਦੀ ਗੱਲ ਅਪਣਾਉਣੀ ਪੈਂਦੀ ਹੈ। ਜੇ ਧੜੇ ਅੰਦਰ ਇਕ ਮਾੜਾ ਬੰਦਾ ਹੈ। ਅਸੀਂ ਸੱਚਾਈ ਨਹੀਂ ਦੱਸਾਂਗੇ ਕਿ ਸਾਡੇ ਧੜੇ ਵਿਚ ਮਾੜਾ ਬੰਦਾ ਹੈ। ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਹੀ ਦਬਾਅ ਕੇ ਉਸ ਮਾੜੇ ਉੱਤੇ ਵੀ ਪਰਦਾ ਪਾ ਦੇਵਾਂਗੇ। ਗੁਰੂ ਰਾਮਦਾਸ ਜੀ ਕਹਿੰਦੇ ਹਨ, ਨਹੀਂ, ਵੱਡਿਆਂ ਨਾਲ ਸਾਰੇ ਧੜੇ ਬਣਾਉਂਦੇ ਹਨ, ਨੀਵਿਆਂ ਨਾਲ ਕੋਈ ਧੜਾ ਨਹੀਂ ਬਣਾਉਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ, ਜਿਹੜੀ ਤੁਸੀਂ ਸਿੱਖੀ ਦੇ ਕੇ ਗਏ। ਤੇਰੀ ਸਿੱਖੀ ਦਾ ਦੂਸਰਾ ਗੁਣ ਹੀ ਇਹ ਹੈ ਕਿ ਤੇਰਾ ਸਿੱਖ ਹਮੇਸ਼ਾ ਡਿੱਗਿਆਂ ਹੋਇਆਂ ਨੂੰ ਛਾਤੀ ਨਾਲ ਲਗਾਉਂਦਾ ਹੈ। ਨੀਵਿਆਂ ਨੂੰ ਚੁੱਕਦਾ ਹੈ। ਨੀਵਿਆਂ ਵਿਚ ਜਾ ਕੇ ਟਿੱਕਦਾ ਹੈ। ਕੇਵਲ ਸਤਿਗੁਰੂ ਜੀ ਨੇ ਕਿਹਾ ਨਹੀਂ ਹੈ। ਸਾਹਿਬ ਕਹਿੰਦੇ, ਜੇ ਕੋਈ ਉੱਚੀ ਕੁਲ ਵਿੱਚੋਂ ਬੰਦਗੀ ਕਰਨ ਵਾਲਾ, ਗੁਰੂ ਦੀ ਬਾਣੀ ਪੜ੍ਹਨ ਵਾਲਾ ਪੈਦਾ ਹੋ ਜਾਂਦਾ ਹੈ, ਉਸ ਦੀ ਤਾਂ ਮਹਿਮਾ ਨਹੀਂ ਕੀਤੀ ਜਾ ਸਕਦੀ, ਜਿਹੜਾ ਉੱਚੀ ਕੁਲ ਵਿਚ ਪੈਦਾ ਹੋ ਕੇ ਵੀ ਕੁਲ ਦੇ ਨਾਮ ਨੂੰ ਛੱਡ ਕੇ, ਨੀਵਾਂ ਰਹਿ ਕੇ ਕਮਾਈ ਕਰਦਾ ਪਿਆ ਹੈ। ਪਰ ਨੀਵੀਂ ਕੁਲ ਦਾ, ਜਿਸ ਨੂੰ ਲੋਕ ਨਫ਼ਰਤ ਕਰਦੇ ਹੋਣ, ਨੀਵੀਂ ਜਾਤ ਵਿਚ ਰਹਿ ਕੇ ਰੱਬ ਦੀ ਭਗਤੀ ਕਰਦਾ ਹੈ। ਬਾਬਾ ਜੀ ਕਹਿੰਦੇ, ਮੇਰੀ ਚਮੜੀ ਦੇ ਜੋੜੇ ਬਣਾ ਕੇ, ਉਸ ਦੇ ਚਰਨਾਂ ਵਿਚ ਪਾ ਦੇਵੀਂ, ਜਿਹੜਾ ਨੀਵਾਂ ਹੋ ਕੇ ਰੱਬ ਨੂੰ ਪਾਉਂਦਾ ਪਿਆ ਹੈ। ਇਹੀ ਤਾਂ ਸਿੱਖੀ ਦੀ ਨਿਸ਼ਾਨੀ ਹੈ। ਲੋਕ ਉੱਚਿਆਂ ਨੂੰ ਜਾਂਦੇ ਹਨ। ਗੁਰੂ ਨਾਨਕ ਸਾਹਿਬ ਜੀ ਨੀਵਿਆਂ ਲਈ ਇੰਨੀ ਵੱਡੀ ਕੁਰਬਾਨੀ ਕਰਦੇ ਹਨ।
ਭਾਈ ਗੁਰਦਾਸ ਜੀ ਨੇ ਆਪਣਾ ਕਾਫ਼ੀ ਸਮਾਂ ਕਾਂਸ਼ੀ ਵਿਚ ਬਤੀਤ ਕੀਤਾ ਹੈ। ਇਥੋਂ ਤੱਕ ਮਹਾਨ ਵਿਦਵਾਨ ਪੰਡਤ, ਭਾਈ ਗੁਰਦਾਸ ਜੀ ਦੇ ਵਿਚਾਰ ਸਾਹਮਣੇ ਝੁਕ ਗਏ। ਸਿਰਫ਼ ਭਾਈ ਗੁਰਦਾਸ ਜੀ ਵਿਦਵਾਨ ਨਹੀਂ, ਸਿਰਫ਼ ਗੁਰਦਾਸ ਜੀ ਕਥਨੀ ਨਹੀਂ, ਭਾਈ ਗੁਰਦਾਸ ਜੀ ਦਾ ਸਰੀਰ, ਕਰਨੀ ਪੱਖੋਂ ਵੀ ਬੋਲਦਾ ਪਿਆ। ਭਾਈ ਸਾਹਿਬ ਦੀ ਚਰਚਾ ਹੋਈ, ਇਥੋਂ ਤੱਕ ਕਾਂਸ਼ੀ ਦੇ ਨਰੇਸ਼ ਨੇ ਵੀ ਭਾਈ ਗੁਰਦਾਸ ਜੀ ਦੀ ਸਿੱਖਿਆ ਲੈ ਕੇ ਗੁਰੂ ਨਾਨਕ ਜੀ ਦੇ ਚਰਨਾਂ ਵਿਚ ਚਰਨ-ਪੋਹ ਲੈ ਲਈ ਸੀ। ਉਸ ਨੇ ਸਿੱਖੀ ਨੂੰ ਧਾਰਨ ਕੀਤਾ।
ਭਾਈ ਗੁਰਦਾਸ ਜੀ ਬਨਾਰਸ ਵਿਚ ਬੈਠੇ ਸਨ। ਇਕ ਚਰਚਾ ਆਰੰਭ ਹੋਈ। ਕਹਿਣ ਲੱਗੇ, ਅਸੀਂ ਤੇਰੇ ਵਿਚਾਰਾਂ ਨਾਲ ਸਹਿਮਤ ਹਾਂ ਕਿ ਗੁਰੂ ਦੀ ਬਾਣੀ ਧੁਰ ਕੀ ਬਾਣੀ ਹੈ। ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਇਕ ਪੰਗਤ ਵਿਚ ਬੈਠ ਕੇ ਗੁਰੂ ਦਾ ਲੰਗਰ ਛਕਣਾ ਚਾਹੀਦਾ ਹੈ, ਪਰ ਸਾਡੇ ਮਨ ਵਿਚ ਇਕ ਸ਼ੰਕਾ ਪੈਦਾ ਹੋਈ ਹੈ। ਉਸ ਸ਼ੰਕਾ ਨੂੰ ਦੂਰ ਕਰੇਂਗਾ ? ਭਾਈ ਗੁਰਦਾਸ ਜੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਦੀ ਕ੍ਰਿਪਾ ਹੋਈ ਤਾਂ ਜ਼ਰੂਰ ਦੂਰ ਕਰਾਂਗਾ। ਕਹਿਣ ਲੱਗੇ, ਭਾਈ ਗੁਰਦਾਸ ! ਤੈਨੂੰ ਪਤਾ ਹੈ ਕਿ ਜਿਹੜੇ ਨੀਵੀਂ ਜਾਤ ਵਾਲੇ ਹਨ, ਅਸੀਂ ਉਨ੍ਹਾਂ ਨੂੰ ਕੁੱਤਿਆਂ ਦੇ ਬਰਾਬਰ ਸਮਝਦੇ ਹਾਂ, ਪਰ ਇਕ ਸਾਨੂੰ ਬੜੀ ਵੱਡੀ ਸ਼ੰਕਾ ਹੈ, ਤੁਹਾਡੇ ਗੁਰੂ ਨੇ ਭਾਈ ਮਰਦਾਨੇ ਨੂੰ ਨਾਲ ਰੱਖਿਆ ਸੀ। ਗੁਰੂ ਨਾਨਕ ਸਾਹਿਬ ਨੇ ਸਾਰੀ ਜ਼ਿੰਦਗੀ ਮਰਦਾਨੇ ਨੂੰ ਭਾਈ ਕਿਹਾ। ਅੱਜ ਵੀ ਤੁਸੀਂ ਉਸ ਦਾ ਕੀਰਤਨ ਸੁਣਦੇ ਹੋ। ਉਨ੍ਹਾਂ ਕੋਲੋਂ ਅਰਦਾਸਾਂ ਕਰਾਉਂਦੇ ਹੋ। ਜਦੋਂ ਉਹ ਕੀਰਤਨ ਕਰਦੇ ਹਨ, ਉਨ੍ਹਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ‘ਤੇ ਲਗਾਉਂਦੇ ਹੋ। ਇਹ ਸਮਝ ਨਹੀਂ ਪਈ ਤੁਸੀਂ ਨੀਵੀਂ ਜਾਤ ਦੇ ਚਰਨਾਂ ਵਿਚ ਕਿਉਂ ਝੁਕਦੇ ਹੋ ? ਭਾਈ ਗੁਰਦਾਸ ਜੀ ਕਹਿੰਦੇ ਕਿ ਮੇਰੀ ਗੱਲ ਧਿਆਨ ਨਾਲ ਸੁਣ ਲਵੋ, ਤੁਹਾਡੀਆਂ ਨਜ਼ਰਾਂ ਵਿਚ ਉਹ ਨੀਵੇਂ ਹਨ, ਪਰ ਜੇ ਉਨ੍ਹਾਂ ਨੂੰ ਤੁਸੀਂ ਤੱਕਣਾ ਹੈ, ਗੁਰੂ ਨਾਨਕ ਤੇ ਉਨ੍ਹਾਂ ਦੇ ਸਿੱਖਾਂ ਦੀ ਨਜ਼ਰ ਨਾਲ ਦੇਖੋ। ਬਾਣੀ ਪੜ੍ਹਨ ਵਾਲਾ ਤੇ ਕਰਮ ਕਰਨ ਵਾਲਾ ਕਿੰਨਾ ਕੁ ਉੱਚਾ ਹੁੰਦਾ ਹੈ। ਭਾਈ ਸਾਹਿਬ ਕਹਿੰਦੇ, ਲੈਲਾ ਦੇ ਘਰ ਵਿੱਚੋਂ ਕੁੱਤਾ ਨਿਕਲਿਆ ਹੈ। ਜਦੋਂ ਲੈਲਾ ਦੇ ਘਰੋਂ ਕੁੱਤਾ ਨਿਕਲਿਆ ਤਾਂ ਮਜਨੂੰ ਸਾਹਮਣੇ ਦੇਖਦਾ ਪਿਆ ਹੈ। ਲੋਕਾਂ ਦਾ ਇਕੱਠ ਸੀ। ਉਸ ਕੋਲ ਰਿਹਾ ਨਾ ਗਿਆ। ਭੱਜ ਕੇ ਉਹ ਕੁੱਤੇ ਦੇ ਪੈਰਾਂ ਵਿਚ ਜਾ ਡਿੱਗਾ ਹੈ। ਉਸ ਕੁੱਤੇ ਦੇ ਪੈਰਾਂ ਨੂੰ ਚੁੰਮਣ ਲੱਗ ਪਿਆ। ਵੇਖਣ ਵਾਲੇ ਲੋਕ ਤਾਲੀਆਂ ਮਾਰ ਕੇ ਹੱਸੇ ਕਹਿਣ ਲੱਗੇ, ਹੱਦ ਹੋ ਗਈ। ਬੰਦਾ ਹੋ ਕੇ ਕੁੱਤੇ ਦੇ ਪੈਰਾਂ ਵਿਚ ਡਿੱਗਦਾ ਪਿਆ ਹੈ। ਅੱਗੋਂ ਮਜਨੂੰ ਨੇ ਗੱਲ ਕਹੀ, ਤੁਹਾਨੂੰ ਕੇਵਲ ਕੁੱਤਾ ਨਜ਼ਰ ਆਉਂਦਾ ਹੈ, ਪਰ ਮੇਰੀਆਂ ਨਜ਼ਰਾਂ ਨਾਲ ਦੇਖੋ, ਮੇਰੇ ਪਿਆਰੇ ਦੇ ਘਰ ਵਿੱਚੋਂ ਆਇਆ ਹੈ। ਜਿਹੜਾ ਮੇਰੇ ਪਿਆਰੇ ਦੇ ਘਰ ਵਿੱਚੋਂ ਆਏ, ਮੈਂ ਉਸ ਦੇ ਚਰਨਾਂ ਨੂੰ ਵੀ ਨਮਸਕਾਰ ਕਰਾਂਗਾ।
ਸਾਹਿਬ ਕਹਿੰਦੇ, ਹੱਦ ਹੋ ਗਈ। ਉਹ ਤਾਂ ਕੁੱਤਾ ਸੀ। ਉਹ ਕੇਵਲ ਦੇਹ ਨੂੰ ਪਿਆਰ ਕਰਨ ਵਾਲੇ ਹਨ। ਦੇਹ ਤੋਂ ਅੱਗੇ ਲੰਘ ਕੇ ਅੰਦਰ ਦੀ ਖਿੱਚ ਪਈ। ਜੇ ਇਕ ਸਰੀਰ ਨੂੰ ਪਿਆਰ ਕਰਨ ਵਾਲਾ ਆਸ਼ਕ, ਉਸ ਦੇ ਘਰ ਵਿੱਚੋਂ ਕੁੱਤਾ ਆਵੇ, ਉਸ ਦੇ ਕੁੱਤੇ ਦੇ ਪੈਰਾਂ ਵਿਚ ਝੁਕਦਾ ਹੈ। ਜਿਨ੍ਹਾਂ ਨੂੰ ਤੁਸੀਂ ਕੁਕਰ ਕਹਿੰਦੇ ਹੋ, ਉਹ ਗੁਰੂ ਨਾਨਕ ਦੇਵ ਜੀ ਦਾ ਰਬਾਬੀ ਸੀ। ਜੇ ਇਕ ਕੁੱਤੇ ਦੇ ਪੈਰਾਂ ਵਿਚ ਲੋਕ ਝੁਕਦੇ ਹਨ। ਅਸੀਂ ਤਾਂ ਭਾਈ ਮਰਦਾਨੇ ਦੇ ਚਰਨਾਂ ਨੂੰ ਧੋ-ਧੋ ਕੇ ਉਸ ਦੀ ਚਰਨ ਧੂੜ ਨੂੰ ਪੀ ਜਾਵਾਂਗੇ। ਅਸੀਂ ਉੱਚਿਆਂ ਵੱਲ ਨਹੀਂ, ਨੀਵਿਆਂ ਵੱਲ ਨੂੰ ਤੱਕਦੇ ਹਾਂ। ਕਹਿੰਦੇ, ਅਸੀਂ ਕੁਕਰ ਨੂੰ ਤੇ ਨੀਵੀਂ ਜਾਤ ਵਾਲਿਆਂ ਨੂੰ ਇਕ ਬਰਾਬਰ ਸਮਝਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਹਨ, ਭਾਈ ਮਰਦਾਨਾ ਮਿਰਾਸੀਆਂ ਵਿੱਚੋਂ ਭਾਵੇਂ ਸਭ ਤੋਂ ਨੀਵਾਂ ਮਿਰਾਸੀ ਸੀ, ਪਰ ਸਾਰੀ ਜ਼ਿੰਦਗੀ ਉਸ ਨੇ ਇੱਕੋ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਜੀ ਮੈਂ ਤੇਰਾ ਨਾਮ ਗ੍ਰੀਕ ਸਿੱਖ ਹਾਂ। ਗੁਰੂ ਦਾ ਸਿੱਖ ਜਾਤ ਨਹੀਂ ਤੱਕਦਾ। ਉਸ ਦਾ ਸੁਭਾਅ ਕੇਵਲ ਇੰਨਾ ਹੈ ਉਹ ਗੁਰੂ ਦੇ ਸ਼ਬਦ ਦੀ ਆਸ ‘ਤੇ ਹਨ। ਸ਼ਬਦ ਉਨ੍ਹਾਂ ਨੂੰ ਕੋਈ ਵੀ ਸੁਣਾਏ। ਉਹ ਜਾਤ ਨਹੀਂ ਤੱਕਦੇ। ਉਹ ਸ਼ਬਦ ਸੁਣਾਉਣ ਵਾਲਿਆਂ ਦੇ ਚਰਨ ਧੋ ਕੇ ਪੀਂਦੇ ਹਨ। ਸਿੱਖੀ ਦਾ ਦੂਸਰਾ ਗੁਣ ਇਹ ਹੈ ਕਿ ਜਿਨ੍ਹਾਂ ਨੂੰ ਲੋਕ ਨੀਵਾਂ ਕਹਿੰਦੇ ਹਨ, ਗੁਰੂ ਦੇ ਸਿੱਖ ਉਨ੍ਹਾਂ ਨੂੰ ਆਪਣੀ ਗਲਵੱਕੜੀ ਵਿਚ ਲੈ ਲੈਂਦੇ ਹਨ। ਗੁਰੂ ਦਾ ਸਿੱਖ ਨੀਵੇਂ ਨੂੰ ਪਿਆਰ ਕਰਦਾ ਹੈ।
ਗੁਰੂ ਨਾਨਕ ਦੇਵ ਜੀ ਨੂੰ ਬਾਬਰ ਮਿਲਦਾ ਹੈ। ਉਸ ਨੇ ਭੰਗ ਦੀਆਂ ਕੁਝ ਮੁੱਠੀਆਂ ਪੇਸ਼ ਕੀਤੀਆਂ ਹਨ। ਹਜ਼ੂਰ ਕਹਿੰਦੇ ਹਨ, ਬਾਬਰ ! ਮੈਂ ਤਾਂ ਭੰਗ ਆਪਣੇ ਹਿਰਦੇ ਵਿਚ ਲੈ ਕੇ ਬੈਠਾ ਹਾਂ । ਤੂੰ ਤਾਂ ਆਪਣੇ ਕੱਪੜੇ ਦੀ ਪੋਟਲੀ ਵਿੱਚੋਂ ਭੰਗ ਕੱਢਦਾ ਹੈ। ਗੁਰੂ ਸਾਹਿਬ ਕਹਿੰਦੇ, ਮੇਰਾ ਚਿਤ ਅਸਲ ਵਿਚ ਭੰਗ ਦੀ ਗੁੱਠਲੀ ਬਣਿਆ ਹੋਇਆ ਹੈ। ਬਾਬਰ ਪੁੱਛਦਾ ਹੈ ਕਿਹੜੀ ਭੰਗ ਹੈ ? ਗੁਰੂ ਸਾਹਿਬ ਕਹਿਣ ਲੱਗੇ, ਵਾਹਿਗੁਰੂ ਜੀ ਦਾ ਭੈਅ, ਭੰਗ ਬਣਾ ਲਿਆ ਹੈ। ਚਿਤ ਨੂੰ ਗੁੱਠਲੀ ਬਣਾ ਲਿਆ ਹੈ। ਜਦੋਂ ਮੈਂ ਉਸ ਦੇ ਡਰ ਦੀ ਭੰਗ ਨੂੰ ਹਿਰਦੇ ਵਿਚ ਧਾਰਨ ਕੀਤਾ ਹੈ। ਮੈਂ ਉਸ ਦਿਨ ਤੋਂ ਦੀਵਾਨਾ ਹੋ ਗਿਆ ਹਾਂ। ਗੁਰੂ ਸਾਹਿਬ ਕਹਿੰਦੇ, ਜਿਵੇਂ ਫ਼ਕੀਰ ਲੋਕ ਹੱਥਾਂ ਵਿਚ ਭਾਂਡੇ ਫੜ ਕੇ ਗਲੀ-ਮੁਹੱਲੇ ਵਿਚ ਮੰਗਦੇ ਹਨ। ਗੁਰੂ ਸਾਹਿਬ ਕਹਿੰਦੇ, ਬਾਬਰ ! ਮੈਂ ਨਹੀਂ ਦੇਖਦਾ ਕਿ ਕਿਹੜਾ ਮਨੁੱਖ ਉੱਚਾ ਹੈ। ਮੈਂ ਨਹੀਂ ਦੇਖਦਾ ਕਿ ਕਿਹੜਾ ਮਨੁੱਖ ਨੀਵਾਂ ਹੈ। ਮੈਂ ਤਾਂ ਆਪਣੇ ਹੱਥਾਂ ਨੂੰ ਗਾਫਾ ਬਣਾਇਆ ਹੈ ਤੇ ਗਲੀ-ਬਜ਼ਾਰਾਂ ਵਿਚ ਲੰਘ ਕੇ ਉੱਚੀ-ਉੱਚੀ ਹੋਕੇ ਦਿੰਦਾ ਹਾਂ ਕਿ ਕੋਈ ਰੱਬ ਦੇ ਰੰਗ ਵਿਚ ਰੰਗਿਆ ਹੋਵੇ ਤੇ ਮੇਰੇ ਇਸ ਗਾਫੇ ਵਿਚ ਦਰਸ਼ਨਾਂ ਦੀ ਖ਼ੈਰ ਪਾ ਦੇਵੇ। ਮੈਂ ਨਹੀਂ ਦੇਖਦਾ ਕੀ ਜਾਤ ਕਿਹੜੀ ਹੈ ? ਕਹਿੰਦੇ, ਜਿਸ ਦਿਨ ਤੋਂ ਵਾਹਿਗੁਰੂ ਦਾ ਅਦਬ ਪੈਦਾ ਹੋਇਆ ਉਸ ਦਿਨ ਤੋਂ ਉਸ ਦੇ ਨਾਮ ਵਿਚ ਮਸਤ ਹੋ ਗਿਆ। ਜਿਵੇਂ ਮੰਗਤਾ ਕਿਸੇ ਦੇ ਦਰਵਾਜ਼ੇ ਅੱਗੇ ਖਲੋਂਦਾ ਹੈ ਤੇ ਉੱਚੀ ਸਾਰੀ ਹੋਕਾ ਦੇ ਕੇ ਕਹਿੰਦਾ ਹੈ ਕਿ ਮੇਰੀ ਝੋਲੀ ਵਿਚ ਕੁਝ ਖ਼ੈਰ ਪਾ ਦੇ। ਵਾਹਿਗੁਰੂ ਜੀ ਤੇਰੇ ਨਾਮ ਵਿਚ ਰੰਗੇ ਹੋਏ ਮਿਲ ਜਾਣ, ਮੈਂ ਉਨ੍ਹਾਂ ਦੇ ਦਰਵਾਜ਼ਿਆਂ ‘ਤੇ ਖਲੋ ਕੇ ਹੋਕੇ ਦਿੰਦਾ ਪਿਆ ਹਾਂ ਕਿ ਰੱਬ ਵਿਚ ਜੁੜੇ ਹੋਏ ਲੋਕੋ ! ਪਰਮਾਤਮਾ ਦੀ ਬੰਦਗੀ ਵਿਚ ਭਿੱਜੇ ਹੋਏ ਲੋਕੋ ! ਮੈਂ ਤੁਹਾਡੇ ਦਰ ‘ਤੇ ਆਇਆ ਹਾਂ। ਮੇਰੇ ਭਾਂਡੇ ਵਿਚ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪਾ ਦਿਉ। ਸਾਹਿਬ ਕਹਿੰਦੇ ਹਨ, ਮੈਂ ਨੀਵੇਂ ਕੋਲ ਜਾ ਕੇ ਵੀ ਮੰਗਾਂਗਾ।
ਹਜ਼ੂਰ ਨੇ ਅਗਲਾ ਬਚਨ ਕੀਤਾ, ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ, ਜਿਹੜੀਆਂ ਕਦੀ ਭਿੱਜਦੀਆਂ ਨਹੀਂ। ਪਾਣੀ ਨੂੰ ਕਹਿੰਦੇ ਭਿੱਜ ਜਾਂਦਾ ਹੈ। ਦੁੱਧ ਨੂੰ ਕਹਿੰਦੇ ਭਿੱਜ ਜਾਂਦਾ ਹੈ। ਆਮ ਕੱਪੜਾ ਵੀ ਭਿੱਜ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਹਨ ਕਿ ਇਕ ਕਸਤੂਰੀ, ਦੂਸਰਾ ਫੁੱਲ, ਤੀਸਰਾ ਰੇਸ਼ਮ ਦਾ ਕੱਪੜਾ ਤੇ ਚੌਥਾ ਘਿਉ। ਕਦੀ ਵੀ ਪੁਜਾਰੀ ਨਹੀਂ ਕਹਿੰਦਾ ਕਿ ਭਿੱਜ ਗਏ ਹਨ। ਉਹ ਫੁੱਲ ਜਿਹੜੇ ਮੰਦਰ ਦੀ ਮੂਰਤੀ ਸਾਹਮਣੇ ਪੇਸ਼ ਕਰਨੇ ਹਨ, ਪਤਾ ਨਹੀਂ ਕਿੰਨੀ ਕੁ ਨੀਵੀਂ ਜ਼ਾਤ ਵਾਲੇ ਲੋਕਾਂ ਨੇ ਹੱਥ ਲਗਾਏ ਹਨ ? ਸਾਹਿਬ ਕਹਿੰਦੇ ਹਨ, ਜਿਹੜੇ ਰੇਸ਼ਮ ਦੇ ਕੱਪੜੇ ਪਾਉਂਦਾ ਹੈਂ, ਪਤਾ ਨਹੀਂ ਕਿਨ੍ਹਾਂ ਹੱਥਾਂ ਵਿੱਚੋਂ ਨਿਕਲ ਕੇ ਆਏ ਹਨ ? ਜਿਸ ਘਿਉ ਨੂੰ ਪਵਿੱਤਰ ਮੰਨਦਾ ਹੈਂ, ਪਤਾ ਨਹੀਂ ਕਿਹੜੇ ਹੱਥਾਂ ਵਿੱਚੋਂ ਨਿਕਲਿਆ ਹੈ ? ਨਾ ਘਿਉ ਨੂੰ, ਨਾ ਰੇਸ਼ਮ ਨੂੰ, ਨਾ ਤੂੰ ਫੁੱਲ ਨੂੰ, ਨਾ ਤੂੰ ਕਸਤੂਰੀ ਨੂੰ ਮਾੜਾ ਕਹਿੰਦਾ ਹੈਂ। ਜਿਵੇਂ ਚੰਦਨ, ਘਿਉ, ਕਸਤੂਰੀ ਤੇ ਰੇਸ਼ਮ ਦਾ ਕੱਪੜਾ ਨਹੀਂ ਭਿੱਜਦਾ, ਜਿਨ੍ਹਾਂ ਨੂੰ ਤੁਸੀਂ ਨੀਵੇਂ ਜਾਣ ਕੇ ਕਹਿੰਦੇ ਹੋ ਭਿੱਜ ਗਏ, ਜਿਨ੍ਹਾਂ ਕੋਲ ਵਾਹਿਗੁਰੂ ਦਾ ਨਾਮ ਜਪਣ ਵਾਲਿਆਂ ਦੇ ਅੰਦਰ ਕਦੀ ਭਿੱਜ ਹੁੰਦੀ ਨਹੀਂ ਹੈ। ਜਿਹੜੇ ਨੀਵੀਂ ਜਾਤ ਵਿਚ ਪੈਦਾ ਹੋ ਕੇ, ਵਾਹਿਗੁਰੂ ਦੇ ਨਾਮ ਅੱਗੇ ਭਿੱਜ ਗਏ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਇਕਾਗਰਤਾ ਕਦੀ ਵੀ ਭੰਗ ਨਹੀਂ ਹੁੰਦੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਮੈਂ ਉਨ੍ਹਾਂ ਦੇ ਦਰਵਾਜ਼ੇ ਵਿਚ ਜਾ ਕੇ ਨਾਮ ਦੀ ਖ਼ੈਰ ਮੰਗਦਾ ਹਾਂ। ਸਾਹਿਬ ਕਹਿੰਦੇ ਹਨ, ਗੁਰੂ ਦੇ ਸਿੱਖਾ ! ਜੇ ਤੂੰ ਸਿੱਖੀ ਨੂੰ ਕਮਾਉਣਾ ਚਾਹੁੰਦਾ ਹੈਂ, ਪਹਿਲੀ ਗੱਲ ਨਿਮਰਤਾ ਤੇ ਦੂਸਰੀ ਗੱਲ ਨੀਵੇਂ ਪਾਸੇ ਚੱਲਣ ਦੀ ਜਾਚ ਸਿੱਖ ਲੈ।
ਸਿੱਖ ਇਤਿਹਾਸ ਵਿਚ ਇਕ ਬੜਾ ਵੱਡਾ ਮਹਾਂਪੁਰਸ਼ ਹੋਇਆ ਹੈ, ਜਿਸ ਦਾ ਨਾਮ ਬਾਬਾ ਜਸਵੰਤ ਸਿੰਘ ਹੈ। ਇਹ ਹਰਿਆਣੇ ਦੇ ਰਹਿਣ ਵਾਲੇ ਹਨ। ਕਾਬਲ ਦੀ ਧਰਤੀ ‘ਤੇ ਇਨ੍ਹਾਂ ਦੇ ਪ੍ਰਚਾਰ ਦਾ, ਇਨ੍ਹਾਂ ਦੇ ਜੀਵਨ ਦਾ, ਇਨ੍ਹਾਂ ਦੀ ਰਹਿਤ ਦਾ, ਇਨ੍ਹਾਂ ਦੀ ਕਰਨੀ ਦਾ, ਇਨ੍ਹਾਂ ਦੇ ਬਚਨਾਂ ਦਾ ਇੰਨਾ ਕੁ ਪ੍ਰਭਾਵ ਪੈ ਗਿਆ ਸੀ ਕਿ ਭਾਈ ਜਸਵੰਤ ਸਿੰਘ ਜਦੋਂ ਪਿੰਡ ਵਿੱਚੋਂ ਨਿਕਲਦਾ ਸੀ ਤੇ ਮੁਸਲਮਾਨ ਲੋਕ ਦਰਵਾਜ਼ਾ ਖੋਲ੍ਹ ਕੇ ਕਹਿੰਦੇ ਸਨ, ਖ਼ੁਦਾ ਦਾ ਨੂਰ ਆ ਗਿਆ। ਉਸ ਬਾਬੇ ਦਾ ਨਾਮ ਖ਼ੁਦਾ ਸਿੰਘ ਪੈ ਗਿਆ। ਇਨ੍ਹਾਂ ਜੀਵਨ ਉੱਚਾ, ਇੰਨੀ ਕਮਾਈ ਕੀਤੀ। ਮੁਗ਼ਲ ਲੋਕ ਵੀ ਬਾਬਾ ਜੀ ਦੇ ਚਰਨਾਂ ਵਿਚ ਝੁੱਕਦੇ ਸਨ। ਭਾਈ ਸਾਹਿਬ ਕਹਿੰਦੇ ਹਨ ਕਿ ਜੇ ਗੁਰੂ ਦੀ ਸਿੱਖੀ ਕਮਾਉਣੀ ਹੈ ਤਾਂ ਰੱਬ ਦੀ ਬੰਦਗੀ ਕਰ।
ਬਾਬਾ ਖ਼ੁਦਾ ਸਿੰਘ ਜੀ ਸ਼ਾਮ ਨੂੰ ਆਪਣੇ ਟਿਕਾਣੇ ‘ਤੇ ਬੈਠ ਕੇ ਸੋਦਰ ਦਾ ਪਾਠ ਕਰਦੇ ਪਏ ਹਨ। ਉਸ ਸਮੇਂ ਉੱਚੀ ਇਕ ਅਵਾਜ਼ ਕੰਨਾਂ ਵਿਚ ਪਈ। ਇਸ ਆਵਾਜ਼ ਵਿਚ ਦਰਦ ਸੀ। ਅਵਾਜ਼ ਵਿਚ ਸ਼ਬਦ ਸਨ ਕਿ ਹਾਏ ਮਾਂ, ਮੈਂ ਮਰ ਚੱਲੀ ਹਾਂ। ਜੇ ਤੇਰੇ ਕੋਲ ਦਵਾ ਹੈ ਤਾਂ ਮੈਨੂੰ ਬਚਾਅ ਲੈ। ਮੈਂ ਤਾਂ ਤੜਫ-ਤੜਫ ਕੇ ਮਰਨਾ ਹੈ। ਜਿਹੜਾ ਤੇਰਾ ਦੋਹਤਾ ਹੈ, ਜਿਸ ਦੇ ਅਜੇ ਦੰਦ ਨਹੀਂ ਨਿਕਲੇ, ਜਿਹੜਾ ਅਜੇ ਬੋਲ ਨਹੀਂ ਸਕਦਾ, ਮੇਰੀ ਮੌਤ ਦੇ ਨਾਲ ਇਸ ਕੋਮਲ ਜਿਹੇ ਬੱਚੇ ਦੀ ਮੌਤ ਹੋ ਜਾਣੀ ਹੈ। ਜੇ ਮਾਂ ਤੂੰ ਮੈਨੂੰ ਬਚਾਅ ਸਕਦੀ ਤਾਂ ਬਚਾਅ ਲੈ। ਸਤਿਗੁਰੂ ਜੀ ਦਾ ਸਿੱਖ ਬਾਣੀ ਪੜ੍ਹਦਾ ਪਿਆ ਹੈ, ਜਿਸ ਘਰ ਵਿੱਚੋਂ ਅਵਾਜ਼ ਆਉਂਦੀ ਪਈ ਹੈ, ਬਾਬਾ ਜੀ ਉਸ ਘਰ ਦੇ ਨੇੜੇ ਟਿੱਕੇ ਹਨ। ਕੱਚਾ ਮਿੱਟੀ ਦਾ ਘਰ ਹੈ। ਇਕ ਔਰਤ ਮੰਜੇ ‘ਤੇ ਪਈ ਹੈ ਤੇ ਬੁੱਢੜੀ ਮਾਂ ਉਸ ਦੀਆਂ ਅੱਖਾਂ ਦਾ ਪਾਣੀ ਸਾਫ਼ ਕਰਦੀ ਪਈ ਹੈ। ਇਸ ਬੱਚੀ ਦੀ ਛਾਤੀ ‘ਤੇ ਇਕ ਫੋੜਾ ਪੈਦਾ ਹੋਇਆ ਹੈ। ਉਸ ਫੋੜੇ ਨਾਲ ਬੱਚੀ ਦਾ ਸ਼ੀਰ ਰੁਕ ਗਿਆ ਹੈ। ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ। ਦੂਸਰਾ ਖ਼ੂਨ ਦਾ ਇੰਨਾ ਪ੍ਰਭਾਵ ਹੈ ਕਿ ਉਸ ਫੋੜੇ ਨਾਲ ਇਸ ਦੀਆਂ ਚੀਕਾਂ ਨਿਕਲਦੀਆਂ ਪਈਆਂ ਹਨ। ਇਕ ਪਾਸੇ ਉਸ ਦੇ ਅੰਦਰ ਦਾ ਦਰਦ। ਦੂਸਰੇ ਪਾਸੇ ਜਦੋਂ ਉਹ ਬੱਚਾ ਮਾਂ ਦੇ ਤਰਲੇ ਲੈਂਦਾ ਹੈ। ਦੁੱਧ ਨੂੰ ਮੰਗਦਾ ਹੈ। ਮਾਂ ਵਿਚਾਰੀ ਬੇਵੱਸ ਹੈ। ਬੱਚੇ ਨੂੰ ਦੁੱਧ ਪਿਲਾ ਨਹੀਂ ਸਕਦੀ, ਪਰ ਦਰਦ ਉਸ ਦੀ ਜ਼ਿੰਦ ਕੱਢਦਾ ਪਿਆ ਹੈ। ਘਰ ਵਿਚ ਗ਼ਰੀਬੀ ਇੰਨੀ ਹੈ ਕਿ ਨਾ ਤਾਂ ਮਾਂ ਕਿਤੋਂ ਦੁੱਧ ਲੈ ਕੇ ਦੇ ਸਕਦੀ ਹੈ। ਨਾ ਨਾਨੀ ਕਿਸੇ ਦੇ ਘਰੋਂ ਦੁੱਧ ਲਿਆ ਸਕਦੀ ਹੈ। ਬਾਬਾ ਖ਼ੁਦਾ ਸਿੰਘ ਪਾਠ ਕਰੀ ਗਏ। ਪਰਤ ਕੇ ਫਿਰ ਅਵਾਜ਼ ਕੰਨਾਂ ਵਿਚ ਪਈ। ਮਾਂ ਜੇ ਬਚਾਅ ਸਕਦੀ ਤਾਂ ਬਚਾਅ ਲੈ। ਜਨਮ ਤਾਂ ਤੂੰ ਦਿੱਤਾ ਸੀ। ਤੇਰੀਆਂ ਅੱਖਾਂ ਸਾਹਮਣੇ ਜਨਮ ਹੋਇਆ ਹੈ। ਮਾਂ ਹੁਣ ਤੇਰੀਆਂ ਅੱਖਾਂ ਦੇ ਸਾਹਮਣੇ ਜਿਸ ਨੂੰ ਜਨਮ ਦਿੱਤਾ, ਉਸ ਦੀ ਮੌਤ ਹੋ ਜਾਣੀ ਹੈ।
ਮਾਂ ਕੋਲੋਂ ਰਿਹਾ ਨਾ ਗਿਆ। ਰਾਤ ਨੂੰ ਵੈਦ ਦੇ ਦਰਵਾਜ਼ੇ ਨੂੰ ਖੜਕਾਇਆ ਤੇ ਕਿਹਾ, ਵੈਦ ਜੀ ! ਤਰਸ ਖਾਉ। ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ, ਤੂੰ ਕੌਣ ਹੈਂ ? ਕਹਿਣ ਲੱਗੀ, ਵੈਦ ਜੀ ! ਮੈਂ ਉਹ ਬਦਕਿਸਮਤ ਔਰਤ ਹਾਂ, ਜਿਹੜੀ ਤੁਹਾਡੇ ਘਰਾਂ ਵਿਚ ਗੰਦਗੀ ਨੂੰ ਸਾਫ਼ ਕਰਕੇ ਆਪਣੇ ਤਨ ‘ਤੇ ਪਾ ਲੈਂਦੀ ਹਾਂ। ਮੈਂ ਜਮਾਂਦਾਰਨ ਹਾਂ, ਜਿਹੜੀ ਤੁਹਾਡੇ ਘਰ ਦੀ ਗੰਦਗੀ ਨੂੰ ਸਾਫ਼ ਕਰਦੀ ਹਾਂ। ਮੇਰੀ ਧੀ ਬਿਮਾਰ ਹੈ। ਉਹ ਦਰਦ ਨਾਲ ਤੜਫਦੀ ਪਈ ਹੈ। ਪਤਾ ਨਹੀਂ ਉਹ ਬਚੇ ਕਿ ਨਾ। ਜੇ ਤੂੰ ਇਲਾਜ ਕਰ ਦੇਵੇ ਤਾਂ ਸ਼ਾਇਦ ਮੇਰੀ ਬੱਚੀ ਨੂੰ ਟਿਕਾਅ ਮਿਲ ਜਾਵੇ। ਵੈਦ ਕਹਿੰਦਾ, ਤੂੰ ਨੀਵੀਂ ਜਾਤ ਦੀ ਹੈਂ ? ਕਹਿਣ ਲੱਗੀ, ਹਾਂ। ਇੱਕੋ ਦਮ ਗ਼ੁੱਸੇ ਵਿਚ ਆ ਗਿਆ ਤੇ ਕਹਿਣ ਲੱਗਾ, ਤੇਰੀ ਹਿੰਮਤ ਕਿਵੇਂ ਪਈ ਕਿ ਤੂੰ ਮੇਰੇ ਘਰ ਵਿਚ ਪੈਰ ਪਾਏ। ਕਹਿੰਦਾ, ਜੇ ਤੂੰ ਮਰ ਵੀ ਜਾਵੇਂਗੀ, ਤੇਰੀ ਬੱਚੀ ਮਰ ਜਾਵੇਗੀ, ਤੇਰਾ ਪੋਤਾ ਵੀ ਮਰ ਜਾਵੇਗਾ, ਤਾਂ ਰੱਬ ਦੇ ਘਰ ਵਿਚ ਕੋਈ ਘਾਟਾ ਨਹੀਂ ਪੈਣ ਲੱਗਾ। ਰੱਬ ਨੂੰ ਤੁਹਾਡੇ ਮਰਨ ਦਾ ਕੋਈ ਦੁੱਖ ਨਹੀਂ। ਉਹ ਔਰਤ ਚੁੱਪ ਕਰਕੇ ਵਾਪਸ ਆ ਗਈ। ਜਦੋਂ ਘਰ ਆਈ, ਕੁੜੀ ਨੇ ਕਿਹਾ, ਮਾਂ ਕਿਤੇ ਇਲਾਜ ਦਾ ਸਾਧਨ ਲੱਭਾ ? ਹੌਕਾ ਭਰ ਕੇ ਮਾਂ ਕਹਿਣ ਲੱਗੀ, ਧੀਏ! ਬਸ, ਹੁਣ ਅੱਖਾਂ ਬੰਦ ਕਰਕੇ ਮਰ ਜਾ। ਮੈਂ ਤੇਰੇ ਬੱਚੇ ਨੂੰ ਪਾਲਣ ਦੀ ਕੋਸ਼ਿਸ਼ ਕਰਾਂਗੀ।
ਇੰਨੀ ਦੇਰ ਨੂੰ ਦਰਵਾਜ਼ਾ ਖੜਕਿਆ। ਦੇਖਿਆ, ਇਕ ਗੁਰਮੁਖ ਤੁਰਿਆ ਆਉਂਦਾ ਹੈ। ਉਸ ਨੇ ਆਪਣੇ ਸੀਸ ‘ਤੇ ਖੱਦਰ ਦਾ ਪਰਨਾ ਬੰਨ੍ਹਿਆ ਹੋਇਆ ਹੈ। ਉਹ ਬਾਬਾ ਖ਼ੁਦਾ ਸਿੰਘ ਜੀ ਸਨ। ਜਦੋਂ ਉਹ ਕੱਖਾਂ ਦੀ ਕੁੱਲੀ ‘ਚ ਆਇਆ ਤਾਂ ਬੁੱਢੜੀ ਚਰਨਾਂ ਵਿਚ ਝੁਕ ਗਈ। ਬਾਬਾ ਖ਼ੁਦਾ ਸਿੰਘ ਜੀ ਨੇ ਕਿਹਾ, ਮਾਂ ! ਤੇਰੇ ਘਰ ਵਿੱਚੋਂ ਦਰਦ ਦੀ ਅਵਾਜ਼ ਆਉਂਦੀ ਪਈ ਹੈ। ਕਹਿਣ ਲੱਗੀ, ਬਾਬਾ ! ਤੂੰ ਅਵਾਜ਼ ਸੁਣ ਕੇ ਕੀ ਲੈਣਾ ਹੈ। ਸਾਡੇ ਮਰਨ ਨਾਲ ਕਿਹੜਾ ਰੱਬ ਦੇ ਘਰ ਵਿਚ ਘਾਟਾ ਪੈ ਜਾਣਾ ਹੈ। ਬਾਬਾ ਖ਼ੁਦਾ ਸਿੰਘ ਨੇ ਉਸ ਦੇ ਮੂੰਹ ਅੱਗੇ ਹੱਥ ਰੱਖ ਦਿੱਤਾ। ਕਹਿਣ ਲੱਗੇ, ਮਾਈ ! ਇਕ ਗੱਲ ਚੇਤੇ ਰੱਖੀਂ, ਮੇਰਾ ਗੁਰੂ ਨਾਨਕ ਦਰਦ ਭਰੀਆਂ ਚੀਕਾਂ ਨਹੀਂ ਸੁਣ ਸਕਦਾ। ਜੇ ਗੁਰੂ ਨਾਨਕ ਨਹੀਂ ਸੁਣ ਸਕਦਾ ਤਾਂ ਉਸ ਦੀ ਸਿੱਖੀ ਨੂੰ ਕਮਾਉਣ ਵਾਲਾ ਵੀ ਨਹੀਂ ਸੁਣ ਸਕਦਾ। ਮੈਂ ‘ਸੋਦਰਿ’ ਦਾ ਪਾਠ ਕਰਦਾ ਸਾਂ। ਰੋਜ਼ ਸੁਰਤ ਲੱਗਦੀ ਸੀ। ਅੱਜ ਜਦੋਂ ਪਾਠ ਕਰਦਾ ਪਿਆ ਤਾਂ ਇੰਝ ਪ੍ਰਤੀਤ ਹੁੰਦਾ ਪਿਆ ਕਿ ਮੇਰਾ ਗੁਰੂ ਨਾਨਕ ਕੋੜੀ ਦੇ ਦਰਵਾਜ਼ੇ ਅੱਗੇ ਖਲੋਤਾ ਹੋਵੇ ਤੇ ਉਸ ਦੇ ਜ਼ਖ਼ਮ ਨੂੰ ਸਾਫ਼ ਕਰਕੇ ਮੱਲ੍ਹਮ ਪੱਟੀ ਕਰਦਾ ਹੋਵੇ, ਨਾਲੇ ਕਹਿੰਦਾ, ਖ਼ੁਦਾ ਸਿੰਘ ! ਬਾਣੀ ਪੜ੍ਹਨ ਦਾ ਕੀ ਲਾਭ ਹੈ, ਬਾਣੀ ਪੜ੍ਹ ਕੇ ਤਾਂ ਕਿਸੇ ਦਾ ਭਲਾ ਕਰੀਦਾ ਹੈ। ਤੇਰੇ ਗੁਆਂਢ ਵਿਚ ਦਰਦ ਭਰੀਆਂ ਚੀਕਾਂ ਆ ਰਹੀਆਂ ਹਨ ਕਿ ਤੂੰ ਉਨ੍ਹਾਂ ਦਾ ਦਰਦ ਨਹੀਂ ਵੰਡਾ ਸਕਦਾ। ਮਾਂ ਦੱਸ ਕੋਈ ਦੁੱਖ ਹੈ ? ਮੈਂ ਤੇਰੇ ਦੁੱਖ ਨੂੰ ਕੱਟ ਸਕਦਾ ਹਾਂ। ਇਕ ਪਾਸੇ ਉਹ ਵੈਦ ਕਹਿੰਦਾ ਪਿਆ ਕਿ ਤੁਹਾਡੇ ਮਰਨ ਨਾਲ ਭਗਵਾਨ ਦੇ ਘਰ ਵਿਚ ਕੋਈ ਘਾਟਾ ਨਹੀਂ ਪੈਣਾ। ਉਸ ਵੈਦ ਦੇ ਘਰ ਜਾਂਦੀ ਹੈ, ਪਰ ਆਉਣ ਲਈ ਤਿਆਰੀ ਨਹੀਂ। ਸਿੱਖੀ ਕਮਾਉਣ ਵਾਲੇ ਨੂੰ ਕੋਈ ਸੱਦਣ ਵੀ ਨਹੀਂ ਗਿਆ, ਪਰ ਦਰਵਾਜ਼ੇ ਅੱਗੇ ਖਲੋ ਕੇ ਪੁੱਛਦਾ ਪਿਆ ਕਿ ਤੁਹਾਨੂੰ ਦੁੱਖ ਕੀ ਹੈ ? ਮਾਈ ਕਹਿੰਦੀ, ਅੱਜ ਮੈਨੂੰ ਵਿਸ਼ਵਾਸ ਹੋ ਗਿਆ ਕਿ ਰੱਬ ਹੈ। ਕਹਿਣ ਲੱਗੀ, ਬਾਬਾ ! ਅੰਦਰ ਮੇਰੀ ਧੀ ਦੇ ਫੋੜੇ ਹੋਏ ਹਨ। ਦੁੱਧ ਰੁਕ ਗਿਆ ਹੈ। ਬੱਚਾ ਰੋਂਦਾ ਪਿਆ ਹੈ। ਉਸ ਦੀ ਮੌਤ ਹੋ ਜਾਣੀ ਹੈ। ਵੈਦ ਨੇ ਜਵਾਬ ਦੇ ਦਿੱਤਾ ਹੈ। ਬਾਬਾ ਖ਼ੁਦਾ ਸਿੰਘ ਜੀ ਅੰਦਰ ਗਏ। ਆਵਾਜ਼ ਦੇ ਕੇ ਕਹਿਣ ਲੱਗੇ, ਗੁਰੂ ਨਾਨਕ ਜੀ ! ਤੁਸੀਂ ਇਕ ਬਚਨ ਕੀਤਾ ਹੈ ਕਿ “ਵੇਖ ਪਰਾਈਆਂ ਚੰਗੀਆਂ ਮਾਂਵਾਂ, ਭੈਣਾਂ, ਧੀਆਂ ਜਾਣੈ”॥ ਤੇਰੇ ਘਰ ਦੀ ਸਿੱਖੀ ਹੈ। ਕਹਿਣ ਲੱਗਾ, ਮੈਂ ਵੈਦ ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਹੈ, ਉਹ ਤਕਲੀਫ ਸੁਣ ਨਹੀਂ ਸਕਦਾ। ਮਾਈ ਕਹਿਣ ਲੱਗੀ, ਅਸੀਂ ਜਾਤ ਦੇ ਨੀਵੇਂ ਹਾਂ। ਬਾਬਾ ਜੀ ਕਹਿਣ ਲੱਗੇ, ਮਾਂ, ਇਹ ਕਹਿ ਕੇ ਗੁਰੂ ਨਾਨਕ ਦੇ ਘਰ ਦੀ ਬੇਅਦਬੀ ਨਾ ਕਰ। ਜਦ ਦੇਖਿਆ ਬੱਚੀ ਦੇ ਫੋੜੇ ਭਰੇ ਪਏ ਹਨ। ਉਸ ਵਕਤ ਹੱਥ ਜੋੜ ਕੇ ਅਰਦਾਸ ਕੀਤੀ, ਗੁਰੂ ਨਾਨਕ ਜੀ ! ਤੂੰ ਕ੍ਰਿਪਾ ਕਰੀਂ, ਮੈਂ ਇਹ ਦਰਦ ਵੰਡਾ ਸਕਾਂ। ਉਸ ਬਜ਼ੁਰਗ ਸੰਤ ਨੇ ਆਪਣੇ ਮੂੰਹ ਦੇ ਨਾਲ ਸਾਰੇ ਫੋੜੇ ਦੇ ਗੰਦੇ ਲਹੂ ਨੂੰ ਚੂਸ ਲੀਤਾ। ਉਸ ਲਹੂ ਨੂੰ ਚੂਸ ਕੇ ਬਾਹਰ ਸੁੱਟਿਆ। ਜਦੋਂ ਖੂਨ ਨਿਕਲਿਆ, ਇੱਕੋ ਦਮ ਬੱਚੀ ਨੂੰ ਸੁਖ ਦਾ ਸਾਹ ਆਇਆ। ਦੁੱਧ ਆਇਆ, ਬੱਚੇ ਨੇ ਦੁੱਧ ਪੀਤਾ। ਬੱਚੇ ਦੇ ਚਿਹਰੇ ‘ਤੇ ਰੌਣਕ ਹੈ। ਮਾਂ ਦੇ ਚਿਹਰੇ ‘ਤੇ ਖੇੜਾ ਹੈ। ਬੁੱਢੜੀ ਮਾਂ ਦੀਆਂ ਅੱਖਾਂ ਵਿਚ ਨੂਰ ਹੈ।
1920 ਦੀ ਇਕ ਘਟਨਾ ਹੈ। ਗੁਰੂ ਨਾਨਕ ਸਾਹਿਬ ਦੀ ਕ੍ਰਿਪਾ ਨਾਲ, ਜਿਨ੍ਹਾਂ ਨੂੰ ਲੋਕ ਅਛੂਤ ਕਹਿੰਦੇ ਸਨ, ਉਨ੍ਹਾਂ ਨੇ ਅੰਮ੍ਰਿਤਪਾਨ ਕੀਤਾ। ਅੰਮ੍ਰਿਤ ਛਕ ਕੇ ਉਹ ਹਰਿਮੰਦਰ ਸਾਹਿਬ ਆਏ ਹਨ। ਉਸ ਸਮੇਂ ਪੁਜਾਰੀ ਨੇ ਦਰਸ਼ਨੀ ਡਿਉੜੀ ਵਿਚ ਰੋਕ ਲਿਆ। ਕਹਿਣ ਲੱਗਾ, ਤੁਹਾਡੇ ਵਰਗੇ ਨੀਚ ਲੋਕਾਂ ਦੀ ਦੇਗ ਕਦੀ ਪ੍ਰਵਾਨ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ, ਅਸੀਂ ਤਾਂ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣ ਗਏ ਹਾਂ। ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ। ਅੱਗੋਂ ਆਵਾਜ਼ ਆਈ ਕਿ ਸਾਨੂੰ ਦਲੀਲਾਂ ਨਾ ਦਿਉ। ਤੁਸੀਂ ਨੀਚ ਹੋ ਤੇ ਨੀਚ ਬੰਦਿਆਂ ਦੀ ਦੇਗ ਕਦੀ ਪ੍ਰਵਾਨ ਨਹੀਂ ਹੋ ਸਕਦੀ। ਪਿੱਛੋਂ ਤੇਜਾ ਸਿੰਘ ਆ ਗਏ। ਉਹ ਕਹਿਣ ਲੱਗੇ, ਤੁਸੀਂ ਇਨ੍ਹਾਂ ਨੂੰ ਕਿਉਂ ਰੋਕਿਆ ਹੈ ? ਪੁਜਾਰੀ ਕਹਿਣ ਲੱਗੇ, ਇਹ ਨੀਵੀਂ ਜਾਤ ਦੇ ਹਨ। ਤੇਜਾ ਸਿੰਘ ਨੇ ਦੇਗ ਆਪਣੇ ਹੱਥ ਵਿਚ ਫੜ ਲਈ ਤੇ ਪੁਜਾਰੀਆਂ ਨੂੰ ਕਹਿਣ ਲੱਗੇ, ਖ਼ਬਰਦਾਰ ! ਗੁਰੂ ਰਾਮਦਾਸ ਜੀ ਦਾ ਘਰ ਹੈ, ਮੈਂ ਹੱਥ ਨਹੀਂ ਚੁੱਕ ਸਕਦਾ। ਤੁਸੀਂ ਨੀਚ ਇਨ੍ਹਾਂ ਨੂੰ ਨਹੀਂ ਕਿਹਾ। ਅੱਜ ਤੁਸੀਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਨੀਚ ਕਹਿੰਦੇ ਹੋ। ਅਸਲ ਵਿਚ ਤੁਸੀਂ ਨੀਚ ਹੋ। ਜਿਨ੍ਹਾਂ ਦੇ ਅੰਦਰ ਨੂੰ ਅਜੇ ਤੱਕ ਸਮਝ ਨਹੀਂ ਪਈ ਕਿ ਗੁਰੂ ਨਾਨਕ ਦੀ ਸਿੱਖੀ ਕੀ ਹੈ ? ਅੰਦਰ ਗਏ ਤੇ ਪੁਜਾਰੀ ਨੂੰ ਕਿਹਾ, ਅਰਦਾਸ ਕਰ। ਅੰਦਰੋਂ ਫਿਰ ਰੌਲਾ ਪੈ ਗਿਆ ਕਿ ਅਰਦਾਸ ਨਹੀਂ ਹੋਣੀ। ਉਸ ਸਮੇਂ ਸੰਗਤ ਵਿੱਚੋਂ ਕਿਸੇ ਨੇ ਕਿਹਾ, ਭਾਈ ਜੀ ! ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ? ਕਹਿਣ ਲੱਗੇ, ਮੰਨਦੇ ਹਾਂ। ਕਹਿਣ ਲੱਗੇ, ਕੇਵਲ ਪੂਜਾ ਲਈ ਮੰਨਦੇ ਹੋ, ਜੀਵਨ ਲਈ ਨਹੀਂ ਮੰਨਦੇ। ਜੇ ਜੀਵਨ ਵਾਸਤੇ ਮੰਨਦੋ ਹੋ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰੋ, ਜੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿ ਦੇਣ ਕਿ ਇਹ ਮੇਰੇ ਸਿੱਖ ਹਨ, ਫਿਰ ਤੁਹਾਨੂੰ ਰੋਕਣ ਦਾ ਕੋਈ ਹੱਕ ਨਹੀਂ ਹੈ। ਜਦੋਂ ਅਰਦਾਸ ਕਰਕੇ ਹੁਕਮ ਲਿਆ ਤੇ ਬਚਨ ਆਇਆ :
ਸੋਰਠਿ ਮਹਲਾ ੩ ਦੁਤੁਕੀ ॥
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥
ਭਾਈ ਸਾਹਿਬ ਕਹਿੰਦੇ, ਤੁਸੀਂ ਨੀਚ ਕਹਿੰਦੇ ਸੀ, ਪਰ ਗੁਰੂ ਨਾਨਕ ਦਾ ਘਰ ਹੀ ਕਹਿੰਦਾ ਪਿਆ ਕਿ “ਪਾਣੀ ਚਲੇ ਨੀਵਾਣ ਨੂੰ।” ਸਿੱਖੀ ਦਾ ਪਹਿਲਾ ਗੁਣ ਨਿਮਰਤਾ, ਦੂਸਰਾ ਗੁਣ ਨੀਵਿਆਂ ਨਾਲ ਪਿਆਰ ਕਰੀਂ ਤੇ ਤੀਸਰਾ ਗੁਣ ਉਸ ਦੇ ਅੰਦਰ ਮੈਲ ਨਾ ਹੋਵੇ। ਮੈਲਾ ਹਿਰਦਾ ਕਦੀ ਬਾਣੀ ਵਿਚ ਟਿਕਦਾ ਨਹੀਂ। ਅੰਦਰ ਨਿਰਮਲ ਹੋਣਾ ਚਾਹੀਦਾ ਹੈ। ਜੇ ਤੇਰੇ ਅੰਦਰ ਨਿਮਰਤਾ ਹੋਵੇਗੀ, ਜੇ ਤੇਰੇ ਅੰਦਰ ਨੀਵਿਆਂ ਨੂੰ ਪਿਆਰ ਕਰਨ ਦੀ ਤਾਕਤ ਹੋਵੇਗੀ, ਤੇਰਾ ਅੰਦਰ ਨਿਰਮਲ ਹੋਵੇਗਾ, ਤਾਂ ਤੂੰ ਰੱਬ ਦੇ ਪਿੱਛੇ ਨਹੀਂ, ਤੂੰ ਅੱਗੇ ਹੋਵੇਂਗਾ। ਰੱਬ ਆਵਾਜ਼ ਮਾਰ ਕੇ ਕਹੇਗਾ, ਨਿਰਮਲ ਹਿਰਦੇ ਵਾਲਿਆ, ਤੂੰ ਮੇਰੀ ਗੱਲ ਸੁਣ ਜਾ। ਮੈਂ ਤੇਰੇ ਅੰਦਰ ਟਿਕਣਾ ਚਾਹੁੰਦਾ ਹਾਂ। ਮੈਨੂੰ ਮੈਲੇ ਹਿਰਦੇ ਵਿਚ ਕਦੀ ਟਿਕਾਅ ਨਹੀਂ ਮਿਲਦਾ।
ਭਾਈ ਗੁਰਦਾਸ ਜੀ ਕਹਿੰਦੇ ਹਨ, ਪਾਣੀ ਨਿਰਮਲ ਹੈ। ਗੁਰੂ ਦੇ ਸਿੱਖ ਦਾ ਹਿਰਦਾ ਵੀ ਬਾਣੀ ਪੜ੍ਹ ਕੇ ਨਿਰਮਲ ਹੋ ਜਾਂਦਾ ਹੈ। ਕਹਿੰਦੇ ਕਿ ਪਾਣੀ ਸ਼ੀਤਲ ਹੈ। ਜਦੋਂ ਮਨੁੱਖ ਪਿਆਸ ਨਾਲ ਤਪਦਾ ਹੋਵੇ ਜਾਂ ਕਿਸੇ ਦੇ ਤਨ ਨੂੰ ਗਰਮੀ ਨੇ ਅੱਤ ਦਾ ਤਪਾਇਆ। ਹੋਵੇ, ਉਹ ਪਾਣੀ ਵਿਚ ਇਸ਼ਨਾਨ ਕਰੇ, ਉਸ ਦੀ ਚਮੜੀ ਨੂੰ ਪਾਣੀ ਠੰਡ ਪਹੁੰਚਾਉਂਦਾ ਹੈ। ਜੇ ਪਿਆਸ ਦੇ ਨਾਲ ਅੰਦਰ ਤਪਦਾ ਹੋਵੇ ਤੇ ਪਾਣੀ ਉਸ ਦੇ ਅੰਦਰ ਨੂੰ ਵੀ ਠੰਡ ਪਾਉਂਦਾ ਹੈ। ਸਾਹਿਬ ਕਹਿੰਦੇ ਹਨ, ਪਾਣੀ ਸ਼ੀਤਲ ਹੈ। ਸਾਹਿਬ ਕਹਿੰਦੇ ਹਨ, ਜਦੋਂ ਮਨੁੱਖ ਪਰਮਾਤਮਾ ਦਾ ਨਾਮ ਭੁੱਲ ਜਾਵੇ, ਉਦੋਂ ਅੰਦਰ ਤਪਦਾ ਹੈ। ਅੰਦਰ ਦੀ ਤਪਸ਼, ਨਾਮ ਤੋਂ ਬਿਨਾਂ ਨਹੀਂ ਮਿਟਦੀ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੁੱਛ ਲਈਏ ਕਿ ਸਿੱਖ ਅੰਦਰ ਕਿੰਨੀ ਕੁ ਸ਼ੀਤਲਤਾ ਹੈ ? ਲੋਕ ਕਿਸ ਵਿਚ ਤਪਦੇ ਪਏ ਹਨ ? ਗੁਰੂ ਸਾਹਿਬ ਕਹਿੰਦੇ ਹਨ, ਜਿਸ ਦਾ ਹਿਰਦਾ ਬਾਣੀ ਤੋਂ ਬਿਨਾਂ ਤਪਦਾ ਪਿਆ, ਜਿਸ ਦਾ ਹਿਰਦਾ ਨਾਮ ਤੋਂ ਬਿਨਾਂ ਤਪਦਾ ਪਿਆ, ਕੀ ਗੁਰੂ ਦਾ ਸਿੱਖ ਇੰਨਾ ਕੁ ਠੰਡਾ ਹੈ ਕਿ ਇਹੋ ਜਿਹੇ ਤਪਦਿਆਂ ਹਿਰਦਿਆਂ ਨੂੰ ਸ਼ਾਂਤੀ ਦੇ ਸਕੇ ? ਇਹੋ ਜਿਹੇ ਹਿਰਦਿਆਂ ਨੂੰ ਠੰਡ ਦੇ ਸਕੇ ? ਗੁਰੂ ਦੇ ਸਿੱਖ ਦੇ ਦੁਆਲੇ ਅੱਗ ਨਾਲ ਭਰੇ ਲੋਕ ਬੈਠੇ ਹੋਣ। ਗੁਰੂ ਦਾ ਸਿੱਖ ਇੰਨਾ ਕੁ ਸ਼ੀਤਲ ਹੈ ਕਿ ਇਸ ਦੇ ਉੱਪਰ ਤਪਦੇ ਹੋਏ ਲੋਕਾਂ ਦਾ ਅਸਰ ਨਹੀਂ। ਗੁਰੂ ਸਾਹਿਬ ਕਹਿੰਦੇ ਹਨ, ਜੇ ਤੂੰ ਇਸ ਦਾ ਉੱਤਰ ਲੈਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ थड़ीं।
ਮੈਂ ਸਿੱਖ ਸ਼ਬਦ ਵਰਤਦਾ ਪਿਆ ਹਾਂ। ਗੁਰੂ ਗ੍ਰੰਥ ਸਾਹਿਬ ਨੇ ਉਸੇ ਸਿੱਖ ਨੂੰ ਸੰਤ ਕਹਿ ਕੇ ਸੰਬੋਧਤ ਕੀਤਾ ਹੈ। ਕਹਿਣ ਲੱਗੇ, ਭਗਤ ਕਬੀਰ ਦਾ ਇਕ ਸਲੋਕ ਪੜ। ਚੰਦਨ ਦਾ ਬੂਟਾ ਹੈ। ਜਿਸ ਦੇ ਚਾਰ-ਚੁਫੇਰੇ ਮਹਿਕ ਹੈ। ਜਿੱਥੇ ਚੰਦਨ ਦਾ ਬੂਟਾ ਹੈ, ਉਥੇ ਜ਼ਹਿਰਲੇ ਸੱਪ ਵੀ ਪਹੁੰਚ ਗਏ ਹਨ। ਉਹ ਸੱਪ ਜਿਨ੍ਹਾਂ ਦੇ ਮੂੰਹ ‘ਚੋਂ ਜ਼ਹਿਰ ਦੀ ਅੱਗ ਨਿਕਲਦੀ ਪਈ ਹੈ। ਉਨ੍ਹਾਂ ਵਿਚ ਇੰਨਾ ਜ਼ਹਿਰ ਹੈ ਕਿ ਜੇ ਉਹ ਬੰਦੇ ਨੂੰ ਫੂਕ ਵੀ ਮਾਰ ਦੇਣ ਤਾਂ ਕਈ ਵਾਰ ਫੂਕ ਮਾਰਨ ਨਾਲ ਵੀ ਬੰਦੇ ਦੀ ਮੌਤ ਹੋ ਸਕਦੀ ਹੈ। ਸਤਿਗੁਰੂ ਕਹਿੰਦੇ ਹਨ, ਜ਼ਹਿਰਲੇ ਸੱਪ ਅੱਗ ਨਾਲ ਭਰੇ, ਜਦੋਂ ਚੰਦਨ ਦੇ ਨੇੜੇ ਗਏ। ਉਨ੍ਹਾਂ ਨੇ ਚੰਦਨ ਦੇ ਪੱਤਿਆਂ ਨੂੰ ਚਬਾਇਆ। ਉਨ੍ਹਾਂ ਨੇ ਚੰਦਨ ਦੀ ਲੱਕੜ ਨੂੰ ਚੱਟਣਾ ਸ਼ੁਰੂ ਕੀਤਾ, ਪਰ ਚੰਦਨ ਵਿਚ ਇੰਨੀ ਕੁ ਮਹਿਕ ਤੇ ਠੰਡਕ ਸੀ, ਉਸ ਨੇ ਇਕ ਗੱਲ ਕਹੀ, ਜਿੰਨਾ ਮਰਜ਼ੀ ਤੁਸੀਂ ਅੱਗ ਨਾਲ ਭਰੇ ਹੋ, ਪਰ ਰੱਬ ਨੇ ਮੈਨੂੰ ਇੰਨੀ ਕੁ ਠੰਡ ਦਿੱਤੀ ਹੈ ਕਿ ਤੁਹਾਡੇ ਚੱਟਣ ਨਾਲ ਮੇਰੇ ਉਤੇ ਤੁਹਾਡੀ ਤਪਸ਼ ਦਾ ਕੁਝ ਅਸਰ ਨਹੀਂ ਹੋਣਾ। ਰੱਬ ਦੀ ਦਿੱਤੀ ਦਾਤ ਨਾਲ ਮੇਰੇ ਅੰਦਰ ਦੀ ਠੰਡਕ ਨਾਲ ਤੁਹਾਡੇ ਅੰਦਰ ਠੰਡਕ ਜ਼ਰੂਰ ਪਹੁੰਚੇਗੀ।
ਸਾਹਿਬ ਕਹਿੰਦੇ ਹਨ, ਜੇ ਪਾਣੀ ਸ਼ੀਤਲ ਹੈ ਤਾਂ ਸਿੱਖ ਕਿੰਨਾ ਕੁ ਸ਼ੀਤਲ ਠੰਡਾ ਹੈ ? ਕਹਿੰਦੇ, ਸਿੱਖ ਅੰਦਰ ਦੀ ਸ਼ੀਤਲਤਾ ਨਹੀਂ ਛੱਡਦਾ। ਭਾਵੇਂ ਤਪਦੇ ਹੋਏ ਕਰੋੜਾਂ ਮਿਲ ਜਾਣ। ਬਾਬੇ ਨਾਨਕ ਦਾ ਸਿੱਖ ਇੰਨਾ ਕੁ ਸ਼ੀਤਲ ਹੈ ਇਸ ਦੇ ਨੇੜੇ ਸਾਕਤ ਵੀ ਆ ਜਾਵੇ ਤਾਂ ਇਸ ਦੇ ਅੰਦਰ ਦੀ ਠੰਡ ਉਸ ਨੂੰ ਵੀ ਕੀਲ ਲੈਂਦੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਤੇਰਾ ਅੰਦਰ ਤਪਦਾ ਹੈ, ਤੇਰੇ ਅੰਦਰ ਨੂੰ ਟਿਕਾਅ ਨਹੀਂ ਆਉਂਦਾ। ਕਿਤੇ ਨਿੰਦਕ ਬੰਦਾ ਤੇਰੇ ਅੰਦਰ ਨੂੰ ਤਪਾ ਦੇਵੇ, ਈਰਖਾਲੂ ਤੇਰੇ ਅੰਦਰ ਨੂੰ ਤਪਾ ਦੇਵੇ ਜਾਂ ਕੋਈ ਪਰਿਵਾਰ ਵਿਚ ਤੇਰੇ ਅੰਦਰ ਨੂੰ ਤਪਾ ਦੇਵੇ। ਇਕ ਕੰਮ ਕਰੀਂ, ਉਸ ਸਮੇਂ ਤੇਰੇ ਅੰਦਰ ਨੂੰ ਠੰਡ ਮਿਲ ਸਕਦੀ ਹੈ। ਠੰਡੀਆਂ ਚੀਜ਼ਾਂ ਤਾਂ ਬੜੀਆਂ ਹਨ, ਪਰ ਅੰਦਰ ਨੂੰ ਠੰਡ ਉਨ੍ਹਾਂ ਕੋਲੋਂ ਨਹੀਂ ਮਿਲਣੀ। ਜਦੋਂ ਤੇਰਾ ਅੰਦਰ ਤਪੇ, ਪਰ ਚੰਦਰਮਾ ਕੋਲ ਇੰਨੀ ਤਾਕਤ ਨਹੀਂ ਹੈ ਕਿ ਤੇਰੇ ਅੰਦਰ ਨੂੰ ਸ਼ੀਤਲਤਾ ਦੇ ਸਕੇ। ਕਹਿਣ ਲੱਗੇ, ਚੰਦਨ ਵੀ ਠੰਡਾ ਹੈ, ਪਰ ਸੱਪ ਨੂੰ ਠੰਡ ਇਹ ਦੇ ਸਕਦਾ ਹੈ, ਪਰ ਉਸ ਵਿਚ ਇੰਨੀ ਠੰਡਕ ਨਹੀਂ ਕਿ ਤੇਰੇ ਅੰਦਰ ਦੀ ਤਪਸ਼ ਨੂੰ ਮਿਟਾ ਸਕੇ। ਸਰਦੀ ਦੀ ਰੁੱਤ ਵੀ ਠੰਡੀ ਹੈ। ਜੇ ਅੰਦਰ ਤਪਦਾ ਹੋਵੇ, ਤੂੰ ਪਹਾੜ ਦੀ ਚੋਟੀ ਦੀ ਠੰਡ ਨੂੰ ਵੀ ਮਾਣੇ, ਪਰ ਪਹਾੜ ਦੀ ਠੰਡ ਵੀ ਤੇਰੇ ਅੰਦਰ ਨੂੰ ਸ਼ੀਤਲਤਾ ਨਹੀਂ ਦੇ ਸਕਦੀ। ਕਹਿੰਦੇ, ਗੁਰੂ ਅਰਜਨ ਸਾਹਿਬ ਜੀ ! ਫਿਰ ਅੰਦਰ ਦੀ ਠੰਡ ਕਿਥੋਂ ਲਈਏ ? ਕਹਿਣ ਲੱਗੇ, ਗੁਰੂ ਨਾਨਕ ਦਾ ਸਿੱਖ ਬੜਾ ਸ਼ੀਤਲ ਹੈ। ਜਦੋਂ ਤੇਰਾ ਅੰਦਰ ਤਪਦਾ ਹੋਵੇ ਤਾਂ ਗੁਰੂ-ਗੁਰੂ ਜਪਣ ਵਾਲੇ ਦੇ ਕੋਲ ਬੈਠ ਜਾਵੀਂ। ਉਹ ਤੇਰੇ ਤਪਦੇ ਹੋਏ ਹਿਰਦੇ ਨੂੰ ਸ਼ਾਂਤ ਕਰ ਦੇਵੇਗਾ, ਕਿਉਂਕਿ ਉਸ ਦੇ ਅੰਦਰ ਸ਼ੀਤਲਤਾ ਆਈ ਹੋਈ ਹੈ। ਆਪਣੇ ਅੰਦਰ ਦੀ ਠੰਡ ਉਹ ਦੂਸਰੇ ਨੂੰ ਵੀ ਦਿੰਦਾ ਹੈ।
ਸਵਾਲ ਉਠਿਆ ਕਿ ਗੁਰੂ ਦਾ ਸਿੱਖ ਠੰਡਾ ਕਿਵੇਂ ਹੋ ਗਿਆ ? ਇਸ ਦੇ ਅੰਦਰ ਸ਼ੀਤਲਤਾ ਕਿਵੇਂ ਆ ਗਈ ? ਗੁਰੂ ਅਮਰਦਾਸ ਜੀ ਨੇ ਬਾਣੀ ਵਿਚ ਕਿਹਾ ਕਿ ਪਿਆਰੇ ਗੱਲਾਂ ਨਾਲ ਨਹੀਂ, ਜਦੋਂ ਸਿੱਖ ਨੇ ਇਕਾਂਤ ਵਿਚ ਟਿਕ ਕੇ ਗੁਰੂ ਦੀ ਬਾਣੀ ਪੜ੍ਹੀ, ਗੁਰੂ ਦੀ ਬਾਣੀ ਦਾ ਓਟ ਆਸਰਾ ਲੈ ਕੇ ਸਿਮਰਨ ਕੀਤਾ, ਤਾਂ ਸਿਮਰਨ ਨੇ ਇੰਨੀ ਕੁ ਕ੍ਰਿਪਾ ਕਰ ਦਿੱਤੀ ਕਿ ਸਿੱਖ ਦੇ ਅੰਦਰ ਦੀ ਤਪਸ਼ ਮਿਟ ਗਈ ਤੇ ਉਹ ਠੰਡਾ ਹੋ ਗਿਆ। ਫਿਰ ਗੁਰੂ ਦੀ ਬਾਣੀ ਦੀ ਸ਼ੀਤਲਤਾ ਲੈ ਕੇ, ਜਦੋਂ ਕੋਈ ਉਸ ਦੇ ਨੇੜੇ ਗਿਆ, ਸਿੱਖ ਨੇ ਉਸ ਨੂੰ ਵੀ ਸ਼ੀਤਲ ਕਰ ਦਿੱਤਾ।
ਸਾਹਿਬ ਨੇ ਬਾਣੀ ਵਿਚ ਭਗਤ ਕਬੀਰ ਸਾਹਿਬ ਦਾ ਪਵਿੱਤਰ ਸਲੋਕ ਉਚਾਰਨ ਕੀਤਾ। ਕਹਿੰਦੇ, ਅੱਗ ਦਾ ਕੰਮ ਸਾੜਨਾ ਹੈ, ਪਰ ਕਦੀ ਅੱਗ ਪਾਣੀ ਬਣਦੀ ਦੇਖੀ ਹੈ ? ਅੱਗ ਪਾਣੀ ਨੂੰ ਸੁਕਾ ਕੇ ਭਾਫ਼ ਬਣਾ ਦਿੰਦੀ ਹੈ, ਪਰ ਅੱਗ ਕਦੀ ਪਾਣੀ ਨਹੀਂ ਬਣੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਸਿੱਖ ਦਾ ਹਿਰਦਾ ਸ਼ੀਤਲ ਹੋ ਗਿਆ, ਜਿਹੜਾ ਬਾਣੀ ਪੜ੍ਹ-ਪੜ੍ਹ ਕੇ ਅੰਦਰੋਂ ਟਿਕ ਗਿਆ, ਠੰਡਾ ਹੋ ਗਿਆ, ਉਸ ਦੇ ਅੰਦਰ ਗੁਰੂ ਨੇ ਇੰਨੀ ਕੁ ਕ੍ਰਿਪਾ ਪਾਈ ਹੈ ਕਿ ਕ੍ਰੋਧ ਵਰਗੀ ਅਗਨੀ ਵੀ ਉਸ ਦੇ ਅੰਦਰ ਜਾ ਕੇ ਪਾਣੀ ਬਣ ਜਾਂਦੀ ਹੈ। ਈਰਖਾ ਵਰਗੀ ਬਿਰਤੀ ਵੀ ਉਸ ਦੇ ਅੰਦਰ ਜਾ ਕੇ ਠੰਡੀ ਹੋ ਜਾਂਦੀ ਹੈ। ਕਾਮ ਵਰਗੀ ਅੱਗ ਵੀ ਉਸ ਦੇ ਅੰਦਰ ਜਾ ਕੇ ਪਾਣੀ ਬਣ ਜਾਂਦੀ ਹੈ, ਕਿਉਂਕਿ ਸਿੱਖ ਇੰਨਾ ਕੁ ਸ਼ੀਤਲ ਹੋ ਗਿਆ। ਬ੍ਰਹਮ ਗਿਆਨ ਦੀ ਅਵਸਥਾ ਨੇ ਉਸ ਦੇ ਸ਼ਾਹਮਣੇ ਅੱਗ ਨੂੰ ਵੀ ਪਾਣੀ ਕਰ ਦਿੱਤਾ।
ਉ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰੂ ਦਾ ਸਿੱਖ ਠੰਡਾ ਹੁੰਦਾ ਹੈ। ਕਹਿੰਦੇ, ਕੇਵਲ ਸ਼ੀਤਲ ਨਹੀਂ, ਪਾਣੀ ਅੰਦਰ ਇਕ ਕੰਮ ਹੋਰ ਵੀ ਹੈ। ਪਾਣੀ ਵਿਚ ਇਕ ਬੜਾ ਵੱਡਾ ਗੁਣ ਹੈ। ਜਦੋਂ ਕਿਸੇ ਦੇ ਤਨ ‘ਤੇ ਧੂੜ ਪੈ ਜਾਵੇ, ਪਾਣੀ ਉਸ ਨੂੰ ਵੀ ਧੋ ਦਿੰਦਾ ਹੈ। ਜੇ ਕਿਸੇ ਦੇ ਕੇਸਾਂ ਵਿਚ ਮੈਲ ਹੋਵੇ, ਪਾਣੀ ਉਸ ਨੂੰ ਵੀ ਧੋ ਦਿੰਦਾ ਹੈ, ਜੇ ਕਿਸੇ ਦੇ ਵਸਤਰ ਮਲੀਨ ਹੋ ਜਾਣ ਤਾਂ ਪਾਣੀ ਉਸ ਦੀ ਵੀ ਮੈਲ ਕੱਢ ਦਿੰਦਾ ਹੈ। ਜੇ ਪਾਣੀ ਮੈਲਿਆਂ ਨੂੰ ਧੋ ਕੇ ਪਵਿੱਤਰ ਕਰ ਦਿੰਦਾ ਹੈ ਤੇ ਗੁਰਸਿੱਖ ਜਿਹੜਾ ਅੰਦਰੋਂ ਸ਼ੀਤਲ ਹੋ ਚੁੱਕਾ ਹੈ, ਜਦੋਂ ਉਸ ਦੀ ਕੋਈ ਸੰਗਤ ਕਰਦਾ ਹੈ ਤਾਂ ਉਹ ਵੀ ਮੈਲਿਆਂ ਨੂੰ ਧੋ ਕੇ ਪਵਿੱਤਰ ਕਰ ਦਿੰਦਾ ਹੈ। ਗੁਰੂ ਦਾ ਇਕ ਸਿੱਖ ਕਰੋੜਾਂ ਲੋਕਾਂ ਨੂੰ ਤਾਰ ਦਿੰਦਾ ਹੈ। ਉਹ ਆਪ ਨਾਮ ਜਪਦਾ ਹੈ। ਜਦੋਂ ਕਿਸੇ ਹੋਰ ਦੇ ਅੰਦਰ ਨਾਮ ਦਾ ਕਿਨਕਾ ਟਿਕਾ ਦਿੰਦਾ ਹੈ, ਉਸ ਦੀ ਕ੍ਰਿਪਾ ਨਾਲ ਕਰੋੜਾਂ ਬੰਦੇ ਭਵਜਲ ਤੋਂ ਤਰ ਜਾਂਦੇ ਹਨ। ਜੇ ਪਾਣੀ ਤੂੰ ਕਰੋੜਾਂ ਲੋਕਾਂ ਦੀ ਮੈਲ ਧੋ ਸਕਦਾ ਹੈਂ, ਯਾਦ ਰੱਖੀਂ ਗੁਰੂ ਨਾਨਕ ਦਾ ਸਿੱਖ ਲੋਕਾਂ ਦੇ ਅੰਦਰ ਦੀ ਮੈਲ ਨੂੰ ਧੋ ਦਿੰਦਾ ਹੈ।
ਕਿਸੇ ਨੇ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਿੱਖ ਨੂੰ ਪਰਮ-ਹੰਸ ਕਿਹਾ ਹੈ। ਤੁਸੀਂ ਵੀ ਆਪਣੀ ਬਾਣੀ ਵਿਚ ਸਿੱਖ ਨੂੰ ਪਰਮ-ਹੰਸ ਕਹਿੰਦੇ ਹੋ। ਇਕ ਗੱਲ ਦੱਸੋ ਕਿ ਹੰਸ ਤੇ ਪਰਮ-ਹੰਸ ਵਿਚ ਕੀ ਅੰਤਰ ਹੈ ? ਹੰਸ ਤਾਂ ਬੜੇ ਦੇਖੇ, ਪਰ ਸਿੱਖ ਨੂੰ ਪਰਮ-ਹੰਸ ਕਿਉਂ ਕਿਹਾ ਹੈ ? ਭਾਈ ਸਾਹਿਬ ਕਹਿੰਦੇ ਹਨ, ਹੰਸ ਮਾਨ-ਸਰੋਵਰ ਦੀ ਨਿਸ਼ਾਨੀ ਦੇਖ ਕੇ ਉਸ ਮਾਨ-ਸਰੋਵਰ ਦੇ ਕਿਨਾਰੇ ‘ਤੇ ਜਾ ਕੇ ਬੈਠਦਾ ਹੈ। ਜਿਹੜਾ ਸਿੱਖ ਹੈ, ਜਦੋਂ ਉਹ ਧਰਮਸ਼ਾਲਾ ਦਾ ਨਿਸ਼ਾਨ ਸਾਹਿਬ ਦੇਖਦਾ ਹੈ, ਸਿੱਖ ਗੁਰਦੁਆਰੇ ਆਉਂਦਾ ਹੈ। ਇਸ ਲਈ ਸਿੱਖ ਨੂੰ ਪਰਮ-ਹੰਸ ਕਿਹਾ ਹੈ।
ਸਵਾਲ ਕੀਤਾ ਕਿ ਦੋਨਾਂ ਵਿਚ ਕੀ ਅੰਤਰ ਹੈ ? ਭਾਈ ਸਾਹਿਬ ਕਹਿੰਦੇ, ਸੱਜਣਾ ! ਮਾਨ-ਸਰੋਵਰ ‘ਤੇ ਜਿਹੜਾ ਹੰਸ ਹੈ, ਉਹ ਮੋਤੀ ਖਾਂਦਾ ਹੈ। ਸਿੱਖ ਆਪਣੀ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਛਕਦਾ ਹੈ। ਇਸ ਲਈ ਸਿੱਖ ਪਰਮ-ਹੰਸ ਹੈ। ਹੰਸ ਮੋਤੀ ਚੁਣਦਾ ਹੈ ਤੇ ਸਿੱਖ ਸ਼ਬਦ ਦੇ ਮੋਤੀ ਚੁਣਦਾ ਹੈ। ਕਿਸੇ ਨੇ ਕਿਹਾ ਕਿ ਫਿਰ ਦੋਨਾਂ ਦਾ ਸੁਭਾਅ ਇੱਕੋ ਜਿਹਾ ਹੈ। ਜੇ ਹੰਸ ਮੋਤੀ ਚੁਣਦਾ ਹੈ। ਗੁਰੂ ਦਾ ਸਿੱਖ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣਦਾ ਹੈ। ਫਿਰ ਪਰਮ-ਹੰਸ ਦੀ ਵਿਸ਼ੇਸ਼ਤਾ ਕੀ ਹੈ? ਗੁਣਾਂ ਤਾਂ ਦੋਨਾਂ ਦੇ ਇੱਕੋ ਜਿਹੇ ਹਨ। ਭਾਈ ਗੁਰਦਾਸ ਜੀ ਨੇ ਫਿਰ ਤੀਸਰੀ ਉਦਾਹਰਣ ਦਿੱਤੀ ਤੇ ਕਹਿਣ ਲੱਗੇ, ਸੱਜਣਾ ! ਹੰਸ ਦੇ ਸਾਹਮਣੇ ਜੇ ਕੋਈ ਦੁੱਧ ਤੇ ਪਾਣੀ ਰੱਖ ਦੇਵੇ ਤਾਂ ਉਹ ਦੁੱਧ ਤੇ ਪਾਣੀ ਨੂੰ ਨਿਖੇੜ ਦਿੰਦਾ ਹੈ। ਉਹ ਹੰਸ ਦੁੱਧ ਨੂੰ ਛਕ ਲੈਂਦਾ ਹੈ ਤੇ ਪਾਣੀ ਨੂੰ ਤਿਆਗ ਦਿੰਦਾ ਹੈ। ਗੁਰੂ ਦੇ ਸਿੱਖ ਦੇ ਸਾਹਮਣੇ ਦੁਰਮਤਿ ਤੇ ਗੁਰਮਤਿ ਰੱਖ ਦੇਵੇ ਤਾਂ ਸਿੱਖ ਦੁਰਮਤਿ ਭੈੜੀ ਮਤ ਨੂੰ ਤਿਆਗ ਦਿੰਦਾ ਹੈ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ। ਇਸ ਕਰਕੇ ਮੈਂ ਕਿਹਾ ਕਿ ਸਿੱਖ ਪਰਮ-ਹੰਸ ਹੈ।
ਫਿਰ ਕਹਿਣ ਲੱਗੇ ਭਾਈ ਗੁਰਦਾਸ ਜੀ ! ਜੇ ਦੋਨਾਂ ਦੇ ਗੁਣ ਇੱਕੋ ਜਿਹੇ ਹਨ, ਜੇ ਹੰਸ ਦੁੱਧ ਤੇ ਪਾਣੀ ਨੂੰ ਨਿਖੇੜਦਾ ਹੈ ਤਾਂ ਸਿੱਖ ਭੈੜੀ ਮਤ ਤੇ ਗੁਰਮਤਿ ਨੂੰ ਨਿਖੇੜ ਦਿੰਦਾ ਹੈ, ਫਿਰ ਸਿੱਖ ਵਿਚ ਕਿਹੜੀ ਵਿਸ਼ੇਸ਼ਤਾ ਹੈ ਕਿ ਤੁਸੀਂ ਉਸ ਨੂੰ ਪਰਮ-ਹੰਸ ਕਿਹਾ ਹੈ ? ਭਾਈ ਗੁਰਦਾਸ ਜੀ ਨੇ ਕਿਹਾ, ਸੱਜਣਾ ! ਮਾਨ-ਸਰੋਵਰ ਦੀ ਨਿਸ਼ਾਨੀ ਦੇਖ ਕੇ ਹੰਸ ਉਥੇ ਗਿਆ। ਗੁਰਦੁਆਰੇ ਦਾ ਨਿਸ਼ਾਨ ਦੇਖ ਕੇ ਸਿੱਖ ਪਰਮ-ਹੰਸ ਆ ਗਿਆ।
ਮਾਨ-ਸਰੋਵਰ ‘ਚ ਹੰਸ ਨੇ ਮੋਤੀ ਚੁਣੇ, ਸਿੱਖ ਨੇ ਗੁਰਦੁਆਰੇ ਆ ਕੇ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣੇ। ਹੰਸ ਨੇ ਦੁੱਧ ਤੇ ਪਾਣੀ ਵੱਖ ਕਰ ਦਿੱਤਾ, ਸਿੱਖ ਨੇ ਦੁਰਮਤਿ ਤੇ ਗੁਰਮਤਿ ਨੂੰ ਵੱਖ ਕਰ ਦਿੱਤਾ। ਜਿੱਥੇ ਹੰਸ ਬੈਠਾ ਹੈ, ਉਥੇ ਕਾਲੇ ਕਾਂ ਵੀ ਬੈਠੇ ਹਨ। ਜਿੱਥੇ ਹੰਸ ਬੈਠਾ, ਉਥੇ ਚਿੱਟੇ ਬਗਲੇ ਵੀ ਬੈਠੇ ਹਨ। ਬਗਲੇ ਚਿੱਟੇ ਹਨ ਤੇ ਕਾਂ ਕਾਲੇ ਹਨ। ਕਾਲੇ ਕਾਂਵਾਂ ਦੀ ਕਾਲਖ ਨਹੀਂ ਮਿਟਦੀ ਪਈ। ਹੰਸ ਕੋਲ ਬੈਠ ਕੇ ਕਾਂ ਗੰਦਗੀ ਵਿਚ ਚੁੰਝ ਮਾਰਦਾ ਹੈ। ਬਗਲਾ ਡੱਡੀਆਂ ਤੇ ਮੱਛੀਆਂ ਖਾਂਦਾ ਹੈ। ਹੰਸ ਕੋਲ ਇੰਨੀ ਤਾਕਤ ਨਹੀਂ ਕਿ ਕਾਂ ਤੇ ਬਗਲੇ ਨੂੰ ਆਪਣੇ ਵਰਗਾ ਬਣਾ ਦੇਵੇ, ਪਰ ਗੁਰੂ ਦੇ ਸਿੱਖ ਕੋਲ ਇੰਨੀ ਕੁ ਤਾਕਤ ਹੈ ਕਿ ਕਾਲੇ ਮਨਾਂ ਤੇ ਕਪਟੀ ਮਨਾਂ ਵਾਲਿਆਂ ਨੂੰ ਆਪਣੇ ਵਰਗਾ ਸਿੱਖ ਬਣਾ ਦਿੰਦਾ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਸਿੱਖ ਪਰਮ-ਹੰਸ ਹੈ।
ਗੁਰੂ ਨਾਨਕ ਸਾਹਿਬ ਸ੍ਰੀਰਾਗ ਵਿਚ ਬਚਨ ਕਰਦੇ ਹਨ— ਪਿਆਰਿਆ ! ।ਜਿਹੜਾ ਅਸਲ ਵਿਚ ਸਿੱਖ ਸ਼ੁੱਧ ਬਣ ਗਿਆ ਹੈ, ਉਹ ਕੇਸਰ ਦੀ ਤਰ੍ਹਾਂ ਪਵਿੱਤਰ ਹੈ। ਜਿਵੇਂ ਚੰਦਨ ਕੋਲੋਂ ਮਹਿਕ ਆਉਂਦੀ ਹੈ। ਉਸ ਦੇ ਸੁਆਸਾਂ ਵਿੱਚੋਂ ਮਹਿਕ ਆਉਂਦੀ ਹੈ। ਤੂੰ 68 ਤੀਰਥਾਂ ਦਾ ਇਸ਼ਨਾਨ ਕਰਦਾ ਹੈਂ, ਜੇ ਉਸ ਜਪਣ ਵਾਲੇ ਦੇ ਨੇੜੇ ਇਕ ਖਿਨ ਵੀ ਬੈਠ ਜਾਵੇਂਗਾ, ਤਾਂ ਉਸ ਦੇ ਸੁਆਸ ਤੇਰੇ ਅੰਦਰ ਨੂੰ ਸੁਗੰਧੀ ਨਾਲ ਭਰਪੂਰ ਕਰ ਦੇਣਗੇ।
ਭਾਈ ਸਾਹਿਬ ਕਹਿੰਦੇ ਹਨ, ਪਾਣੀ ਤੂੰ ਨਿਰਮਲ ਹੈਂ ਤੇ ਸਿੱਖ ਵੀ ਨਿਰਮਲ ਹੈ। ਜੇ ਪਾਣੀ ਤੂੰ ਸ਼ੀਤਲ ਹੈਂ ਤਾਂ ਸਿੱਖ ਵੀ ਸ਼ੀਤਲ ਹੈ। ਪਾਣੀ ! ਤੂੰ ਲੋਕਾਂ ਦੀ ਚਮੜੀ ਦੀ ਅੰਦਰ ਦੀ ਪਿਆਸ ਮਿਟਾਉਂਦਾ ਹੈਂ ਤੇ ਸਿੱਖ ਵੀ ਲੋਕਾਂ ਨੂੰ ਬਚਨ ਸੁਣਾ-ਸੁਣਾ ਕੇ ਅੰਦਰ ਨੂੰ ਠੰਡ ਦਿੰਦਾ ਹੈ। ਪਾਣੀ ਤੂੰ ਸ਼ੁੱਧ ਹੈਂ ਤੇ ਦੂਸਰਿਆਂ ਦੀ ਮੈਲ ਧੋਂਦਾ ਹੈਂ। ਗੁਰੂ ਨਾਨਕ ਦਾ ਸਿੱਖ ਲੋਕਾਂ ਦੇ ਅੰਦਰ ਦੀ ਮੈਲ ਨੂੰ ਧੋ ਦਿੰਦਾ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਜੇ ਕਮਾਈ ਵਾਲਾ ਸਿੱਖ ਹੋਵੇ। ਤੁਸੀਂ ਕੁਝ ਨਾ ਕਹੋ। ਸਾਹਿਬ ਕਹਿੰਦੇ ਹਨ, ਜਦੋਂ ਜਪਣ ਵਾਲਾ ਤੇਰੇ ਕੋਲ ਆ ਜਾਂਦਾ ਹੈ। ਤੂੰ ਪਾਪ ਕੀਤੇ ਹਨ। ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ। ਤੇਰੇ ਇਕ-ਇਕ ਕੰਮ ਦਾ ਲੇਖਾ ਹੋਣਾ ਹੈ। ਜਦੋਂ ਤੇਰੇ ਕੋਲ ਕਮਾਈ ਵਾਲਾ ਆ ਜਾਵੇ, ਤੂੰ ਕੇਵਲ ਉਸ ਨੂੰ ‘ਸਿੱਖ ਜੀ’ ਕਹਿ ਕੇ ਬੁਲਾ ਲਈਂ। ਤੇਰੇ ‘ਜੀ’ ਕਹਿਣ ਨਾਲ ਹੀ ਰੱਬ ਨੇ ਤੇਰੇ ਲੇਖੇ ਦੇ ਕਾਗ਼ਜ਼ ਪਾੜ ਦੇਣੇ ਹਨ। ਸਿੱਖ ਕਿੰਨਾ ਰੱਬ ਦੇ ਨੇੜੇ ਹੈ। ਇਸ ਦਾ ਮਤਲਬ ਉਹ ਜਮਾਂ ਦੀਆਂ ਫਾਹੀਆਂ ਤੋੜਨ ਦੀ ਸਮਰੱਥਾ ਰੱਖਦਾ ਹੈ। ਸਿੱਖ ਇੰਨਾ ਸ਼ੁੱਧ ਹੈ। ਉਹ ਦੂਸਰੇ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਪਾਣੀ ਨੂੰ ਜਿੰਨੇ ਮਰਜ਼ੀ ਰੰਗਾਂ ਵਿਚ ਮਿਲਾ ਦਿਉ, ਪਰ ਉਹ ਆਪਣੇ ਅੰਦਰ ਦਾ ਰੰਗ ਛੱਡਦਾ ਨਹੀਂ। ਉਸ ਵਿਚ ਰੰਗ ਮਿਲਾ ਦਿਉ, ਕੁਝ ਸਮੇਂ ਬਾਅਦ ਰੰਗ ਥੱਲੇ ਬੈਠ ਜਾਵੇਗਾ ਤੇ ਪਾਣੀ ਆਪਣੇ ਰੰਗ ਵਿਚ ਫਿਰ ਉਤੇ ਆ ਜਾਵੇਗਾ। ਗੁਰੂ ਦਾ ਸਿੱਖ ਅਨੇਕਾਂ ਵਿਚ ਰਹਿੰਦਾ ਹੈ, ਪਰ ਅਨੇਕਾਂ ਵਿਚ ਰਹਿ ਕੇ ਆਪਣੇ ਅੰਦਰ ਦੇ ਰੰਗ ਨਹੀਂ ਛੱਡਦਾ। ਭਾਵੇਂ ਲੱਖਾਂ ਲੋਕ ਉਸ ਦੇ ਕੋਲ ਹੋਣ। ਉਹ ਬਹੁ-ਰੰਗੀ ਹੋ ਕੇ ਵੀ ਆਪਣੇ ਅੰਦਰੋਂ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਜਿਵੇਂ ਅੱਕ ਦਾ ਕੌੜਾ ਪੇੜ ਹੋਵੇ, ਪਾਣੀ ਉਸ ਵਿਚ ਵੀ ਟਿੱਕਿਆ ਹੋਇਆ ਹੈ। ਜੇ ਨਾਖਾਂ ਤੇ ਅੰਗੂਰ ਮਿੱਠੇ ਹਨ, ਪਾਣੀ ਉਨ੍ਹਾਂ ਵਿਚ ਵੀ ਟਿੱਕਿਆ ਹੋਇਆ ਹੈ। ਜੇ ਤੂੰਬੇ ਦਾ ਜ਼ਹਿਰੀਲਾ ਰੁਖ ਹੈ, ਪਾਣੀ ਉਸ ਵਿਚ ਟਿੱਕਿਆ ਹੋਇਆ ਹੈ। ਜੇ ਅੰਬ ਦਾ ਫਲ ਹੈ, ਪਾਣੀ ਉਸ ਵਿਚ ਵੀ ਹੈ। ਜਿਵੇਂ ਇਕ ਪਾਣੀ ਸਾਰੀ ਬਨਸਪਤੀ ਵਿਚ ਹੈ। ਗੁਰੂ ਦਾ ਸਿੱਖ ਇਸੇ ਤਰ੍ਹਾਂ ਇਕ ਵਾਹਿਗੁਰੂ ਨੂੰ ਸਾਰਿਆਂ ਅੰਦਰ ਤੱਕਦਾ ਹੈ। ਉਹ ਕਹਿੰਦਾ ਹੈ, ਹਰ ਇਕ ਅੰਦਰ ਮਾਲਕ ਹੈ।
ਗੁਰੂ ਦੇ ਸਿੱਖ ਦਾ ਅਗਲਾ ਲੱਛਣ ਇਹ ਹੈ ਕਿ ਹਰ ਇਕ ਦੇ ਅੰਦਰ ਉਹ ਮਾਲਕ ਦੀ ਜੋਤ ਤੱਕਦਾ ਹੈ। ਜੇ ਉਸ ਨੂੰ ਪੁੱਛੀਏ ਕਿ ਤੈਨੂੰ ਮਾਲਕ ਦੀ ਜੋਤ ਕਿਵੇਂ ਦਿੱਸੀ ? ਸਿੱਖ ਕਹਿੰਦਾ, ਪਹਿਲਾਂ ਦਿਲ ਨੂੰ ਸ਼ੀਤਲ ਬਣਾ। ਜੇ ਤੇਰਾ ਦਿਲ ਸ਼ੀਤਲ, ਨਿਰਮਲ ਤੇ ਸ਼ੁੱਧ ਨਹੀਂ ਤਾਂ ਤੈਨੂੰ ਆਪਣੇ ਅੰਦਰ ਕੁਝ ਨਹੀਂ ਦਿੱਸਣਾ। ਜਿਸ ਨੂੰ ਆਪਣੇ ਵਿਚ ਨਹੀਂ ਦਿਸਦਾ, ਉਸ ਨੇ ਦੂਸਰਿਆਂ ਵਿਚ ਕੀ ਦੇਖਣਾ ਹੈ। ਇਹ ਗੁਣ ਹੈ। ਪਹਿਲਾਂ ਨਿਰਮਲ ਬਣ, ਸ਼ੀਤਲ ਬਣ, ਸ਼ੁੱਧ ਬਣ। ਜੇ ਤੂੰ ਸ਼ੁੱਧ ਹੋ ਗਿਆ ਤਾਂ ਜਿੱਧਰ ਵੀ ਦੇਖੇਂਗਾ, ਤੇਰਾ ਪਿਆਰਾ ਨਜ਼ਰ ਆਵੇਗਾ। ਪੁੱਛੀਏ, ਸਿੱਖਾ ! ਜੇ ਵਾਹਿਗੁਰੂ ਇੱਕ ਹੈ, ਤੂੰ ਸਾਰਿਆਂ ਅੰਦਰ ‘ਇੱਕ’ ਨੂੰ ਕਿਵੇਂ ਤੱਕਦਾ ਪਿਆ ਹੈਂ ? ਸਿੱਖ ਕਹਿੰਦਾ ਹੈ, ਮੇਰਾ ਗੁਰੂ ਕਹਿੰਦਾ ਹੈ, ਚੰਦਰਮਾ ਇੱਕ ਹੈ, ਭਾਵੇਂ ਕਰੋੜਾਂ ਘੜੇ ਪਾਣੀ ਨਾਲ ਭਰ ਲਵੋ। ਜਦੋਂ ਰਾਤ ਨੂੰ ਉਨ੍ਹਾਂ ਘੜਿਆਂ ਉਤੇ ਢੱਕਣ ਚੁੱਕੇਂਗਾ, ਇਕ ਚੰਦਰਮਾ ਦਾ ਪ੍ਰੀਤਬਿੰਬ ਕਰੋੜਾਂ ਘੜਿਆਂ ਵਿਚ ਨਜ਼ਰ ਆਉਂਦਾ ਹੈ। ਜੇ ਇਕ ਚੰਦਰਮਾ ਕਰੋੜਾਂ ਘੜਿਆਂ ਵਿਚ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਮੇਰਾ ਪਿਆਰਾ ਸਾਰਿਆਂ ਵਿਚ ਇੱਕ ਹੈ। ਹਰ ਇੱਕ ਦੇ ਅੰਦਰ ਉਸ ਦੀ ਜੋਤ ਹੈ।
ਅਨੰਦਪੁਰ ਸਾਹਿਬ ਦੀ ਧਰਤੀ ਹੈ। ਕਲਗੀਆਂ ਵਾਲਾ ਦਰਬਾਰ ਸਜਾ ਕੇ ਬੈਠਾ ਹੈ। ਜਦੋਂ ਸਮਾਪਤੀ ਹੋਈ, ਇੰਨੀ ਦੇਰ ਨੂੰ ਸਿੱਖ ਪਹੁੰਚ ਗਏ ਹਨ। ਸਿੱਖਾਂ ਨੇ ਅਰਦਾਸ ਕੀਤੀ। ਪ੍ਰਸ਼ਾਦੀ ਹਾਥੀ ਚੌਰ ਕਰਦਾ ਪਿਆ ਹੈ। ਇਸ ਹਾਥੀ ਦੇ ਸਾਰੇ ਤਨ ਉਤੇ ਸੁੰਡ ਤੋਂ ਲੈ ਕੇ ਪੂਛ ਤੱਕ ਚਿੱਟੀ ਲਕੀਰ ਜਾਂਦੀ ਸੀ। ਇਸ ਦੇ ਚਾਰੇ ਪੈਰਾਂ ਵਿਚ ਧਾਰੀਆਂ ਸਨ। ਜਦੋਂ ਹਜ਼ੂਰ ਨੇ ਬਾਹਰ ਜਾਣਾ, ਜੇ ਚਰਨਾਂ ‘ਚੋਂ ਜੋੜਾ ਲਾਹੁਣਾ, ਤਾਂ ਇਸ ਪ੍ਰਸ਼ਾਦੀ ਹਾਥੀ ਨੇ ਸੁੰਡ ਵਿਚ ਪਾਣੀ ਭਰ ਕੇ ਕਲਗੀਧਰ ਦੇ ਚਰਨ ਧੋਣੇ। ਪਰਤ ਕੇ ਸੁੰਡ ਨਾਲ ਕੱਪੜਾ ਫੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਨਾ। ਜਦੋਂ ਦਰਬਾਰ ਵਿਚ ਆਉਣਾ ਤਾਂ ਹਾਥੀ ਨੇ ਚੌਰ ਕਰਨਾ। ਜੇ ਸਾਹਿਬ ਨੇ ਤੀਰ ਚਲਾਉਣੇ, ਭਾਵੇਂ ਤੀਰ ਦੂਰ ਚਲਾ ਜਾਵੇ, ਹਜ਼ਾਰਾਂ ਤੀਰ ਸਿੱਖ ਚਲਾਉਣ, ਹਜ਼ਾਰਾਂ ਤੀਰਾਂ ਵਿੱਚੋਂ ਕਲਗੀਧਰ ਦੇ ਤੀਰਾਂ ਨੂੰ ਪਹਿਚਾਣ ਕੇ ਲੈ ਆਉਂਦਾ ਸੀ। ਇਹ ਪ੍ਰਸ਼ਾਦੀ ਹਾਥੀ ਦੇ ਗੁਣ ਸਨ।
ਪ੍ਰਸ਼ਾਦੀ ਹਾਥੀ ਗੁਰੂ ਸਾਹਿਬ ਦੇ ਚੌਰ ਕਰਦਾ ਪਿਆ ਸੀ। ਸਿੱਖ ਆਏ, ਕਹਿਣ ਲੱਗੇ, ਮਹਾਰਾਜ ! ਅਸੀਂ ਕਦੀ ਨਿੰਦਿਆ ਨਹੀਂ ਕੀਤੀ। ਤੇਰੇ ਚਰਨਾਂ ਵਿਚ ਇਕ ਬੇਨਤੀ ਕਰਨ ਆਏ ਹਾਂ। ਅਸੀਂ ਸਾਰਾ ਦਿਨ ਦੁਸ਼ਮਣ ਨੂੰ ਜੰਗ ਵਿਚ ਜ਼ਮੀਨ ‘ਤੇ ਸੁੱਟਦੇ ਹਾਂ। ਅਸੀਂ ਉਨ੍ਹਾਂ ‘ਤੇ ਤੀਰਾਂ, ਬੰਦੂਕਾਂ ਨਾਲ ਵਾਰ ਕਰਦੇ ਪਏ ਹਾਂ, ਪਰ ਭਾਈ ਘਨੱਈਆ ਜੀ ਇਹ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ, ਜਿਹੜੇ ਤੇਰੇ ਘਰ ਦੇ ਵੈਰੀ ਹਨ। ਇਹ ਉਨ੍ਹਾਂ ਨੂੰ ਪਾਣੀ ਪਿਲਾਉਂਦਾ ਹੈ। ਭਾਈ ਘਨੱਈਏ ਨੂੰ ਆਵਾਜ਼ ਦਿੱਤੀ। ਭਾਈ ਘਨਈਆ ਜੀ ਉਠ ਕੇ ਆ ਗਏ। ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਗੁਰੂ ਸਾਹਿਬ ਪੁੱਛਦੇ ਹਨ ਕਿ ਭਾਈ ਘਨੱਈਆ ਜੀ ! ਇਹ ਲੋਕ ਕਹਿੰਦੇ ਹਨ ਕਿ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ। ਅੱਗੋਂ ਭਾਈ ਘਨਈਆ ਜੀ ਕਹਿਣ ਲੱਗੇ, ਮਹਾਰਾਜ ! ਦੁਸ਼ਮਣਾਂ ਨੂੰ ਨਹੀਂ, ਡਿੱਗਿਆਂ ਹੋਇਆਂ ਨੂੰ ਪਾਣੀ ਪਿਲਾਉਂਦਾ ਹਾਂ। ਹਰ ਇਕ ਵਿਚ ਮੈਨੂੰ ਕਲਗੀ ਵਾਲਿਆ, ਤੂੰ ਹੀ ਨਜ਼ਰ ਆਉਂਦਾ ਹੈਂ। ਜਦੋਂ ਉਹ ਪਾਣੀ ਮੰਗਦੇ ਹਨ, ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮੇਰਾ ਗੁਰੂ ਗੋਬਿੰਦ ਸਿੰਘ ਪਾਣੀ ਮੰਗਦਾ ਪਿਆ ਹੈ। ਮੈਂ ਕਿਸੇ ਨੂੰ ਪਾਣੀ ਨਹੀਂ ਪਿਲਾਉਂਦਾ ਪਿਆ। ਕਲਗੀ ਵਾਲਿਆ, ਤੂੰ ਤਾਂ ਪਾਣੀ ਮੰਗਦਾ ਪਿਆ ਹੈਂ। ਮੈਂ ਤੈਨੂੰ ਪਾਣੀ ਪਿਲਾਉਂਦਾ ਪਿਆ ਹਾਂ। ਜਦੋਂ ਸਿੱਖ ਨਿਰਮਲ ਹੋ ਜਾਵੇ, ਸ਼ੀਤਲ ਹੋ ਜਾਵੇ, ਸ਼ੁੱਧ ਹੋ ਜਾਵੇ, ਫਿਰ ਹਰ ਇਕ ਦੇ ਅੰਦਰ ਉਹ ਇਕ ਨੂੰ ਦੇਖਦਾ ਹੈ।
ਸਿੱਖ ਕਹਿੰਦੇ, ਮਹਾਰਾਜ ! ਅਸੀਂ ਦੁਸ਼ਮਣ ਮਾਰਦੇ ਪਏ ਹਾਂ। ਭਾਈ ਘਨੱਈਆ ਜੀ ਕਹਿੰਦੇ, ਮੈਂ ਵੀ ਤਾਂ ਮਾਰਦਾ ਪਿਆ ਹਾਂ। ਸਿੱਖ ਕਹਿਣ ਲੱਗੇ, ਤੂੰ ਕੀ ਮਾਰਦਾ ਪਿਆ ਹੈਂ ? ਭਾਈ ਸਾਹਿਬ ਕਹਿੰਦੇ, ਦਾਤਾ ! ਇਹ ਦੁਸ਼ਮਣ ਮਾਰਦੇ ਹਨ, ਮੈਂ ਪਾਣੀ ਪਿਲਾਅ ਕੇ ਦੁਸ਼ਮਣੀ ਦਾ ਬੀਜ ਮਾਰਦਾ ਪਿਆ ਹਾਂ। ਉਨ੍ਹਾਂ ਨੂੰ ਸਮਝ ਪੈ ਜਾਵੇ ਕਿ ਗੁਰੂ ਨਾਨਕ ਦਾ ਸਿੱਖ ਕਿਸੇ ਨਾਲ ਦਵੈਤ ਨਹੀਂ ਰੱਖਦਾ। ਇਹ ਦੁਸ਼ਮਣ ਮਾਰਦੇ ਹਨ, ਮੈਂ ਦੁਸ਼ਮਣੀ ਮਾਰਾਗਾਂ। ਹਜ਼ੂਰ ਨੇ ਛਾਤੀ ਨਾਲ ਲਗਾ ਕੇ ਕਿਹਾ ਕਿ ਮੈਨੂੰ ਆਸ ਸੀ ਕਿ ਗੁਰੂ ਨਾਨਕ ਦਾ ਸਿੱਖ ਇਹੋ ਜਿਹਾ ਹੋਵੇਗਾ। ਆਪਣੇ ਕੋਲੋਂ ਮੱਲ੍ਹਮ ਦਿੱਤੀ ਤੇ ਨਿੱਜੀ ਰੁਮਾਲ ਦਿੱਤਾ ਤੇ ਕਹਿੰਦੇ, ਜਦੋਂ ਕੋਈ ਸਹਿਕਦਾ ਹੋਵੇ ਤਾਂ ਮੇਰੇ ਰੁਮਾਲ ਨਾਲ ਚਿਹਰੇ ਨੂੰ ਸਾਫ਼ ਕਰੀਂ। ਉਸ ਨੂੰ ਜੀਵਨ ਦਾਨ ਮਿਲੇਗਾ। ਤੇਰੇ ਹੱਥ ਨਾਲ ਜਿਹੜਾ ਪਾਣੀ ਪੀਵੇਗਾ, ਖ਼ੁਦਾ ਦੇ ਦਰ ‘ਤੇ ਉਸ ਦੇ ਲੇਖੇ ਨਹੀਂ ਹੋਣਗੇ। ਗੁਰੂ ਸਾਹਿਬ ਕਹਿੰਦੇ, ਭਾਈ ਘਨੱਈਆ ! ਤੂੰ ਨਿਰਮਲ ਹਿਰਦੇ ਵਾਲਾ ਹੈਂ। ਸ਼ੁੱਧ ਮਨ ਵਾਲਾ ਹੈਂ। ਜਦੋਂ ਤੂੰ ਕਿਸੇ ਦੇ ਜ਼ਖ਼ਮ ‘ਤੇ ਮੱਲ੍ਹਮ ਲਗਾ ਕੇ ਜ਼ਖ਼ਮ ਨੂੰ ਭਰੇਂਗਾ, ਅਸਲ ਵਿਚ ਜ਼ਖ਼ਮ ਨਹੀਂ, ਰੱਬ ਤੇ ਜੀਅ ਵਿਚਕਾਰ ਜਿਹੜਾ ਫ਼ਾਸਲਾ ਹੈ, ਇਹ ਤੇਰੀ ਮੱਲ੍ਹਮ ਉਸ ਫ਼ਾਸਲੇ ਨੂੰ ਵੀ ਭਰ ਦੇਵੇਗੀ। ਤੇਰੇ ਹੱਥਾਂ ਵਿਚ ਇੰਨੀ ਤਾਕਤ ਹੈ।
ਭਾਈ ਸਾਹਿਬ ਕਹਿੰਦੇ, ਪਾਣੀ ਬਹੁ-ਰੰਗੀ ਇਕ ਰੰਗ ਹੈ। ਸਿੱਖ ਅਨੇਕਾਂ ਦੁਸ਼ਮਣਾਂ ਵਿਚ ਵਿਚਰਦਾ ਹੈ, ਪਰ ਹੈ ਗੁਰੂ ਦਾ ਸਿੱਖ। ਪਾਣੀ ਤਪਦਾ ਵੀ ਹੈ। ਸਿੱਖ ਕਦੋਂ ਤਪਦਾ ਹੈ?
ਇਹ ਘਟਨਾ 1763 ਈ. ਦੀ ਹੈ। ਸਰਦਾਰੀ ਹਰੀ ਸਿੰਘ ਭੰਗੀ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੰਗਤ ਵਿਚ ਬੈਠੇ ਸਨ। ਹਰਿਮੰਦਰ ਸਾਹਿਬ ਵਿਚ ਦਰਬਾਰ ਸਜਿਆ ਹੋਇਆ ਹੈ। ਇੱਕੋ-ਦਮ ਉੱਚੀ ਅਵਾਜ਼ ਆਈ- ਖ਼ਾਲਸਾ ! ਤੇਰੇ ਤੋਂ ਬਿਨਾਂ ਮੇਰਾ ਦੁਨੀਆਂ ਵਿਚ ਕੋਈ ਨਹੀਂ ਹੈ। ਆਵਾਜ਼ ਦਰਦ ਵਾਲੀ ਹੈ। ਇਕ ਕਸੂਰ ਦਾ ਬ੍ਰਾਹਮਣ ਹੈ। ਉਸ ਦੀਆਂ ਅੱਖਾਂ ਰੋ-ਰੋ ਕੇ ਸੁੱਜੀਆਂ ਹੋਈਆਂ ਹਨ। ਪੁੱਛਿਆ, ਰੋਂਦਾ ਕਿਉਂ ਪਿਆ ਹੈਂ ? ਕਹਿੰਦਾ, ਕਸੂਰ ਦਾ ਹਾਕਮ ਕਿਸੇ ਬਹੂ-ਬੇਟੀ ਨੂੰ ਨਹੀਂ ਬਖ਼ਸ਼ਦਾ। ਲੋਕਾਂ ਦੀ ਇੱਜ਼ਤ ਉਸ ਨੇ ਮਿੱਟੀ ਵਿਚ ਰੋਲ ਦਿੱਤੀ ਹੈ। ਖ਼ਾਲਸਾ ਜੇ ਤੂੰ ਬਚਾਅ ਸਕਦਾ ਤਾਂ ਬਚਾਅ ਲਵੋ। ਹੁਣ ਤਾਂ ਸਾਡੀ ਪੱਤ ਬਚਾਉਣ ਵਾਲਾ ਕੋਈ ਨਹੀਂ। ਉਧਰ ਬਾਣੀ ਪੜ੍ਹਦਾ ਸ਼ੀਤਲ ਹੈ। ਜ਼ੁਲਮ ਦੀ ਜਦੋਂ ਧੁੱਪ ਲੱਗੀ, ਉਬਾਲਾ ਆਇਆ। ਲੰਗਰ ਤਿਆਰ ਹੈ। ਦੋ ਦਿਨਾਂ ਤੋਂ ਸਿੱਖ ਭੁੱਖੇ ਹਨ। ਅੱਗੋਂ ਆਵਾਜ਼ ਆਈ- ਸਿੰਘੋ ! ਲੰਗਰ ਤਾਂ ਛਕਣਾ ਹੈ, ਜਿੰਨੀ ਦੇਰ ਤੱਕ ਜ਼ਾਲਮ ਦਾ ਖ਼ਾਤਮਾ ਨਹੀਂ ਕਰ ਦਿੰਦੇ। ਕਹਿੰਦੇ, ਭਾਈ ਸਾਹਿਬ ਜੀ, ਕਸੂਰ ਦੇ ਹਾਕਮ ਦੇ ਬਾਰ੍ਹਾਂ ਕਿਲ੍ਹੇ ਹਨ। ਕੀ ਤੁਸੀਂ ਉਸ ਦਾ ਮੁਕਾਬਲਾ ਕਰ ਲਵੋਗੇ ? ਅਸੀਂ ਮੁੱਠੀ- ਭਰ ਸਿੱਖ ਹਾਂ। ਸਰਦਾਰ ਜੱਸਾ ਸਿੰਘ ਕਹਿੰਦਾ ਕਿ ਅਸੀਂ ਮੁਕਾਬਲਾ ਕਰਾਂਗੇ, ਪਰ ਸ਼ਰਤ ਇਹ ਹੈ ਕਿ ਪਹਿਲਾਂ ਗੁਰੂ ਦੇ ਚਰਨਾਂ ਵਿਚ ਅਰਦਾਸ ਕਰਕੇ ਹੁਕਮਨਾਮਾ ਲੈ ਲਵੋ। ਜੇ
ਸਿੱਖ ਤਪਦਾ ਤਾਂ ਵੀ ਉਹ ਭਲਾ ਕਰਦਾ ਹੈ।
ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਦੋਂ ਸਿੱਖ ਤਪਦਾ ਹੈ, ਤਪਸ਼ ਵਿਚ ਵੀ ਜੇ ਵਿਕਾਰ ਦੀ ਅੱਗ ਭਟਕੇ, ਸਿੱਖ ਇੰਨਾ ਗੁਰੂ ਦੀ ਕ੍ਰਿਪਾ ਵਾਲਾ ਹੈ ਇਹ ਵਿਕਾਰ ਦੀ ਅੱਗ ਨੂੰ ਖ਼ਤਮ ਕਰ ਕੇ ਰੱਖ ਦਿੰਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਚ ਬੈਠੇ ਹਨ। ਇੰਨੀ ਦੇਰ ਨੂੰ ਸਿੱਖ ਹੱਸਦੇ ਆਏ ਹਨ। ਸਿੱਖਾਂ ਨੇ ਸ਼ਸਤਰ ਫੜੇ ਹੋਏ ਸਨ ਤੇ ਕਲਗੀਧਰ ਜੀ ਨੂੰ ਕਹਿੰਦੇ ਹਨ, ਦਾਤਾ ! ਤੇਰੀ ਕ੍ਰਿਪਾ ਨਾਲ ਜਿੱਤ ਕੇ ਆਏ ਹਾਂ। ਪਿੱਛੇ ਥੋੜੀ ਕੁ ਦੂਰ ਕੁਝ ਲੋਕਾਂ ਨੇ ਮੋਢੇ ‘ਤੇ ਡੋਲਾ ਚੁੱਕਿਆ ਹੋਇਆ ਹੈ। ਹਜ਼ੂਰ ਪਹਿਲਾਂ ਖ਼ੁਸ਼ ਹੋਏ। ਜਦੋਂ ਡੋਲਾ ਕੋਲ ਆਇਆ, ਤਾਂ ਪੁੱਛਿਆ ਇਹ ਕੀ ? ਕਹਿੰਦੇ, ਦਾਤਿਆ ! ਅਸੀਂ ਤੇਰੇ ਲਈ ਵਸਤੂ ਲੈ ਕੇ ਆਏ ਹਾਂ। ਪੁੱਛਿਆ, ਇਹ ਕਿਹੜੀ ਵਸਤੂ ਹੈ ? ਜਦੋਂ ਡੋਲੇ ਦਾ ਪਰਤਾ ਚੁੱਕਿਆ ਤੇ ਮੁਸਲਮਾਨ ਦੀ ਇਕ ਬੱਚੀ ਸੀ। ਹਜ਼ੂਰ ਨੇ ਕਿਹਾ ਇਹ ਕੀ ? ਕਹਿੰਦੇ, ਜੇ ਉਹ ਲੋਕ ਪਤ ਲੁੱਟਦੇ ਹਨ ਤੇ ਕੀ ਸਿੱਖ ਬਦਲਾ ਨਹੀਂ ਲੈ ਸਕਦਾ ? ਗੁਰੂ ਕਲਗੀਆਂ ਵਾਲੇ ਦੇ ਨੇਤਰ ਲਾਲ ਹੋ ਗਏ। ਉਸੇ ਵਕਤ ਉਸ ਬੱਚੀ ਨੂੰ ਡੋਲੀ ਵਿੱਚੋਂ ਬਾਹਰ ਕੱਢ ਕੇ, ਪਿਆਰ ਦੇ ਕੇ ਕਿਹਾ, ਧੀਏ ! ਘਬਰਾਈਂ ਨਾ। ਤੂੰ ਸਮਝੀਂ ਆਪਣੇ ਬਾਬਲ ਦੇ ਘਰ ਆ ਗਈ।
ਜਦੋਂ ਤੇਰੇ ਅੰਦਰ ਜ਼ਾਲਮ ਨੂੰ ਖ਼ਤਮ ਕਰਨ ਦੀ ਅੱਗ ਬਲਦੀ ਹੋਵੇ, ਪਰ ਯਾਦ ਰੱਖੀਂ, ਕਾਮ ਦੀ ਅੱਗ ਨੂੰ ਗੁਰੂ ਉਦੋਂ ਵੀ ਮਿਟਾ ਦਿੰਦਾ ਹੈ। ਜਦੋਂ ਬੱਚੀ ਡੋਲੇ ਵਿੱਚੋਂ ਬਾਹਰ ਨਿਕਲੀ। ਸਿੱਖਾਂ ਨੂੰ ਪੁੱਛਿਆ ਕਿ ਤੁਸਾਂ ਇਹ ਕਿਉਂ ਕੀਤਾ ? ਸਿੱਖ ਕਹਿਣ ਲੱਗੇ, ਤੁਰਕਾਂ ਤੋਂ ਬਦਲਾ ਲੈਣਾ ਹੈ। ਸਾਹਿਬ ਕਹਿੰਦੇ, ਦੁਨੀਆਂ ਦੇ ਲੋਕ ਤਾਂ ਗੰਦਗੀ ਦੇ ਢੇਰ ਵਿਚ ਡਿੱਗ ਪਏ ਹਨ। ਮੈਂ ਨਹੀਂ ਚਾਹੁੰਦਾ ਕਿ ਗੁਰੂ ਨਾਨਕ ਦਾ ਸਿੱਖ ਢੇਰ ਵਿਚ ਡਿੱਗੇ। ਮੈਂ ਸਭ ਤੋਂ ਉੱਚਾ ਤੁਹਾਨੂੰ ਚੁੱਕਣਾ ਹੈ। ਦੁਨੀਆਂ ਵਿਚ ਇਹ ਪਤਾ ਲੱਗ ਜਾਵੇ ਕਿ ਗੁਰੂ ਨਾਨਕ ਦੇ ਸਿੱਖ ਵਰਗਾ ਕਿਸੇ ਦਾ ਆਚਰਨ ਨਹੀਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਰਹਿਤ ਮਰਿਆਦਾ
ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋਂ !
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਗੁਰੂ ਸਾਹਿਬ ਕਹਿੰਦੇ ਹਨ :
ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥
ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥
ਸਤਿਗੁਰੂ ਸੁਖਾਂ ਦਾ ਦਾਤਾ ਮਿਹਰ ਕਰੇ। ਸਾਨੂੰ ਆਪਣੇ ਪੱਲੇ ਨਾਲ ਜੋੜ ਲਵੇ। ਇਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲਵੇ। ਅੱਗੇ ਕਿਹਾ ਕਿ ਗੁਰੂ ਪੱਲਾ ਫੜਾਉਂਦੇ ਕਿਸ ਨੂੰ ਹੈ ? ਕਹਿਣ ਲੱਗੇ :
ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਚਾਲੀ ਦਾ ਅਰਥ ਹੈ, ਗੁਰੂ ਦੀ ਚਾਲ। ਚਾਲੀ ਦਾ ਅਰਥ ਹੈ, ਗੁਰੂ ਦੀ ਮਰਿਆਦਾ। ਕਹਿਣ ਲੱਗੇ, ਹੇ ਗੁਰਸਿੱਖ ਮਿੱਤਰ ! ਜੇ ਤੂੰ ਗੁਰੂ ਦਾ ਪੱਲਾ ਫੜਣਾ ਚਾਹੁੰਦਾ ਹੈਂ ਤਾਂ ਸਭ ਤੋਂ ਪਹਿਲਾਂ ਮਰਿਆਦਾ ‘ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿਚ ਧਾਰਨ ਕਰ। ਜਿਹੜੀ ਚਾਲ, ਜਿਹੜੀ ਮਰਿਆਦਾ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਸਾਹਿਬ ਕਹਿੰਦੇ ਹਨ, ਜਦੋਂ ਕੋਈ ਮੈਨੂੰ ਗੁਰਸਿੱਖ ਮਿਲੇ, ਮੈਂ ਪੈਰਾਂ ਨੂੰ ਹੱਥ ਲਗਾਉਂਦਾ ਹਾਂ। ਉਸ ਦੇ ਚਰਨਾਂ ਦੀ ਧੂੜ ਮਸਤਕ ‘ਤੇ ਲਗਾਉਂਦਾ ਹਾਂ। ਸਤਿਗੁਰੂ ਦਾ ਇਕ ਸ਼ਬਦ ਅਸੀਂ ਪੜ੍ਹਦੇ ਹਾਂ। ਹਜ਼ੂਰ ਨੇ ਉਸ ਸ਼ਬਦ ਦਾ ਸਿਰਲੇਖ ਗੁਣਵੰਤੀ ਦਿੱਤਾ ਹੈ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਹਨ। ਇਕ ਸੁਚੱਜੀ, ਇਕ ਕੁਚੱਜੀ ਤੇ ਤੀਸਰਾ ਸ਼ਬਦ ਗੁਣਵੰਤੀ। ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹੀ ਕਿਹਾ ਹੈ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ ਹੈ। ਕਹਿੰਦੇ, ਮੈਂ ਆਪਣੇ ਅੰਦਰ ਦੀ ਬਿਰਥਾ ਦੱਸਦਾ ਪਿਆ ਹਾਂ। ਹੇ ਗੁਰੂ ਦੇ ਸਿੱਖਾ ! ਤੈਨੂੰ ਗੁਰੂ ਮਿਲਿਆ ਹੈ। ਮੈਂ ਤੇਰੇ ਚਰਨਾਂ ਵਿਚ ਆਪਣੇ ਅੰਦਰ ਦੀ ਬਿਰਥਾ ਦੱਸਦਾ ਪਿਆ ਹਾਂ। ਮੈਨੂੰ ਕ੍ਰਿਪਾ ਕਰਕੇ ਗੁਰੂ ਸੱਜਣ ਮਿਲਾ ਦਿਉ। ਮੈਨੂੰ ਉਹ ਉਪਦੇਸ਼ ਦੱਸ, ਜਿਹੜਾ ਮੇਰਾ ਮਨ ਰੋਜ਼ ਤੜਫਦਾ, ਭੱਜਦਾ ਪਿਆ ਹੈ। ਇਹੋ ਜਿਹਾ ਉਪਦੇਸ਼ ਸੁਣਾ, ਜਿਸ ਨਾਲ ਮੇਰਾ ਮਨ ਦੂਸਰੇ ਪਾਸੇ ਨਾ ਜਾਵੇ। ਮੈਨੂੰ ਦੱਸੋ ਕਿ ਮੇਰੇ ਗੁਰੂ ਦੇ ਘਰ ਦਾ ਰਸਤਾ ਕਿਧਰ ਨੂੰ ਜਾਂਦਾ ਹੈ ? ਮੈਂ ਗੁਰੂ ਦੇ ਮਾਰਗ ‘ਤੇ ਕਿਵੇਂ ਤੁਰਨਾ ਹੈ? ਇਹ ਧੁਰ ਆਤਮਾ ਦੀ ਆਵਾਜ਼ ਹੈ। ਉਥੇ ਤਰਲੇ ਕਰਕੇ ਪੁੱਛਦੇ ਪਏ ਕਿ ਮਾਰਗ ਦੱਸੋ? ਇੱਥੇ ਗੁਰੂ ਦੇ ਸਿੱਖ ਰੋਜ਼ ਪੁਕਾਰ ਕੇ ਕਹਿੰਦੇ ਹਨ, ਲੋਕਾਈ ਇਹ ਮਾਰਗ ਗੁਰੂ ਦੇ ਦਰ ਨੂੰ ਜਾਂਦਾ ਹੈ। ਇਸ ‘ਤੇ ਚਲਣਾ ਸ਼ੁਰੂ ਕਰ ਦੇ। ਕਹਿੰਦੇ, ਅਸਲ ਵਿਚ ਮੈਂ ਬੜੀਆਂ ਥਾਂਵਾਂ ‘ਤੇ ਭਟਕਿਆ ਹਾਂ। ਤੁਸੀਂ ਕ੍ਰਿਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ ਹਾਂ। ਗੁਰਸਿੱਖ ਦਾ ਉੱਤਰ ਸੀ- ਭਰਾਵਾ ! ਜੇ ਇਸ ਮਾਰਗ ‘ਤੇ ਚੱਲਣਾ ਹੈ ਤਾਂ ਸਭ ਤੋਂ ਪਹਿਲਾਂ ਮਨ ਦੇ ਵਿਕਾਰਾਂ ਨੂੰ ਤਿਆਗ। ਮਨ ਦੀ ਹਉਮੈ ਨੂੰ ਛੱਡ ਦੇ। ਜੋ ਗੁਰੂ ਤੈਨੂੰ ਕਹਿੰਦੇ ਹਨ ਉਸ ਨੂੰ ਸਤਿ ਬਚਨ ਕਹਿ ਕੇ ਮੰਨ, ਤਾਂ ਮਾਰਗ ਲੱਭਣਾ ਹੈ। ਇਸ ਮਾਰਗ ‘ਤੇ ਤੈਨੂੰ ਤੱਤੀ ਹਵਾ ਵੀ ਨਹੀਂ ਲੱਗੇਗੀ। ਹੁਕਮ ਮੰਨ ਕੇ ਮਾਰਗ ‘ਤੇ ਚਲਿਆ ਜਾ। ਸਾਹਿਬ ਕਹਿੰਦੇ ਹਨ, ਅਸਲ ਵਿਚ ਗੁਰੂ ਦਾ ਸਿੱਖ ਉਹ ਹੈ, ਗੁਰੂ ਦਾ ਰਿਸ਼ਤੇਦਾਰ ਉਹ ਹੈ, ਗੁਰੂ ਦਾ ਮਿੱਤਰ ਉਹ ਹੈ। ਸਾਹਿਬ ਜੀ ਕੌਣ ? ਕਹਿੰਦੇ, ਜਿਹੜੇ ਗੁਰੂ ਦੇ ਭਾਣੇ ਨੂੰ ਸਤਿ ਬਚਨ ਕਰਕੇ ਮੰਨਦੇ ਹਨ, ਜਿਹੜੇ ਗੁਰੂ ਦੇ ਹੁਕਮ ਨੂੰ ਇਕ ਪਾਸੇ ਛੱਡ ਕੇ ਆਪਣੀ ਮਨਮਤ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਵਿਛੜ ਕੇ ਉਹ ਹਮੇਸ਼ਾ ਚੋਟਾਂ ਖਾਂਦੇ ਹਨ। ਸਿੱਖ ਨੂੰ ਹੁਕਮ ਸ਼ਬਦ ਕਦੀ ਨਹੀਂ ਭੁੱਲਣਾ ਚਾਹੀਦਾ। ਜੋ ਗੁਰੂ ਹੁਕਮ ਕਰਦਾ ਹੈ, ਉਸ ਨੂੰ ਮੰਨਣ ਵਿਚ ਹੀ ਜ਼ਿੰਦਗੀ ਦਾ ਭਲਾ ਹੁੰਦਾ ਹੈ।
ਸਾਹਿਬ ਕਹਿੰਦੇ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ। ਅਸੀਂ ਬਾਣੀ ਪੜ੍ਹਦੇ ਹਾਂ। ਅਖ਼ੀਰ ‘ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ। ਅਰਦਾਸ ਵਿਚ ਕਹਿੰਦੇ ਹਾਂ, ਦਾਤਾ ਜੀ ! ਕ੍ਰਿਪਾ ਕਰਿਉ, ਪੜ੍ਹੀ, ਸੁਣੀ, ਵਿਚਾਰੀ, ਸੇਵਾ ਕੀਤੀ ਹੋਈ ਆਪਣੇ ਦਰਗਾਹ ਪ੍ਰਵਾਨ ਕਰ ਲਵੋ। ਕਈ ਕਹਿੰਦੇ ਹਨ, ਸੱਚਖੰਡ ਪ੍ਰਵਾਨ ਕਰਿਉ। ਅਸੀਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਉ, ਪਰ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੀ ਕੀਤੀ ਹੋਈ ਅਰਦਾਸ ਪ੍ਰਵਾਨ ਹੋ ਗਈ। ਸਾਨੂੰ ਕਿਵੇਂ ਪਤਾ ਲੱਗੇਗਾ ਕਿ ਗੁਰੂ ਜੀ ਨੇ ਪ੍ਰਵਾਨ ਕੀਤਾ ਕਿ ਨਹੀਂ ?
ਗੁਰੂ ਹਰਿਰਾਇ ਸਾਹਿਬ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਦਾਤਾ ਜੀ ! ਬਾਣੀ ਵਿਚ ਵਾਰ-ਵਾਰ ਆਉਂਦਾ ਹੈ ਕਿ ਮਨ ਨੂੰ ਜਗਾਉ। ਸਾਹਿਬ ਜੀ, ਇਕ ਗੱਲ ਸਾਨੂੰ ਦੱਸੋ, ਸਾਨੂੰ ਸਰੀਰਕ ਪੱਧਰ ‘ਤੇ ਜਾਗਣ ਦਾ ਪਤਾ ਹੈ। ਸਵੇਰੇ ਸੂਰਜ ਦੀ ਟਿੱਕੀ ਨਿਕਲੀ, ਅੱਖਾਂ ਖੋਲ੍ਹੀਆਂ। ਸਾਨੂੰ ਪਤਾ ਲੱਗ ਗਿਆ ਅਸੀਂ ਜਾਗ ਗਏ ਹਾਂ। ਸਾਨੂੰ ਇਕ ਗੱਲ ਦੀ ਸਮਝ ਨਹੀਂ ਪੈਂਦੀ ਕਿ ਜਿਸ ਮਨ ਨੂੰ ਜਗਾਉਣ ਦੀ ਗੱਲ ਕਰਦੇ ਪਏ ਹੋ, ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡਾ ਸੁੱਤਾ ਹੋਇਆ ਮਨ ਜਾਗ ਗਿਆ ਹੈ ? ਗੁਰੂ ਹਰਿਰਾਇ ਸਾਹਿਬ ਜੀ ਕਹਿੰਦੇ, ਸਿੱਖਾ ! ਤੂੰ ਰੋਜ਼ ‘ਜਪੁ ਜੀ ਸਾਹਿਬ’ ਦਾ ਪਾਠ ਕਰਦਾ ਹੈਂ। ਕਈ ਵਾਰੀ ਅਸੀਂ ਟਾਈਮ ਪਾਸ ਕਰਦੇ ਹਾਂ ਕਿ ਛੇਤੀ ਖ਼ਤਮ ਹੋਵੇ। ‘ਸੁਖਮਨੀ ਸਾਹਿਬ’ ਦਾ ਪਾਠ ਕਰਦੇ ਹਾਂ। ਯਤਨ ਕਰਦੇ ਹਾਂ ਕਿ ਛੇਤੀ ਸਮਾਪਤੀ ਹੋ ਜਾਵੇ। ਪੜ੍ਹਦੇ ਜ਼ਰੂਰ ਹਾਂ, ਪਰ ਮਨ ਦਾ ਟਿਕਾਅ ਨਹੀਂ ਬਣਦਾ। ਧੰਨ ਗੁਰੂ ਹਰਿਰਾਇ ਸਾਹਿਬ ਜੀ ਕਹਿੰਦੇ ਹਨ, ਜਿਸ ਦਿਨ ਜਪੁ ਜੀ ਸਾਹਿਬ ਪੜ੍ਹਦਿਆਂ, ਜਿਸ ਦਿਨ ਸੁਖਮਨੀ ਸਾਹਿਬ ਪੜ੍ਹਦਿਆਂ, ਜਿਸ ਦਿਨ ਅਨੰਦ ਸਾਹਿਬ ਪੜ੍ਹਦਿਆਂ ਤੇਰਾ ਮਨ ਗੁਰੂ ਦੇ ਬਚਨਾਂ ਵਿਚ ਜੁੜੇ ਤੇ ਗੁਰੂ ਦੀ ਇਕ-ਇਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਪਵੇ। ਤੂੰ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ ਹੈ।
ਸਿੱਖ ਕਹਿੰਦੇ, ਸਾਡੀ ਅਰਦਾਸ ਪ੍ਰਵਾਨ ਕਰਿਉ। ਸਾਹਿਬ ਕਹਿੰਦੇ, ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇਕ ਸ਼ਰਤ ਹੈ। ਕਹਿੰਦੇ, ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ। ਇਸ ਆਪਣੀ ਜ਼ਿੰਦਗੀ ਵਿਚ ਮੰਨਣ ਲੱਗ ਪਏ, ਜਿਸ ਦਿਨ ਗੁਰੂ ਦਾ ਹੁਕਮ ਮੰਨੇਗਾ, ਉਸ ਦਿਨ ਕੀਤੀ ਹੋਈ ਅਰਦਾਸ ਪ੍ਰਵਾਨ ਹੋ ਜਾਵੇਗੀ। ਗੁਰੂ ਜੀ ਨੇ ਪਹਿਲਾਂ ਬਚਨ ਕੀਤਾ ਕਿ ਹੁਕਮ ਮੰਨ ਲਉ, ਗੁਰੂ ਦੇ ਬਚਨ ਨੂੰ ਮੰਨ ਲਉ!
ਜਦੋਂ ਅਸੀਂ ਅਰਦਾਸ ਕਰਦੇ ਮੰਗਦੇ ਹਾਂ। ਸਿੱਖੀ ਦੇ ਦਾਨ ਵਿਚ ਸਭ ਤੋਂ ਪਹਿਲਾ ਜਿਹੜਾ ਦਾਨ ਮੰਗਿਆ ਗਿਆ, ਉਹ ਕੇਸਾਂ ਦਾ ਦਾਨ ਮੰਗਿਆ ਗਿਆ ਹੈ। ਸਿੱਖਾਂ ਨੂੰ ਸਿੱਖੀ ਦਾਨ, ਸਿੱਖੀ ਦਾ ਬੜਾ ਵੱਡਾ ਬਚਨ ਹੈ। ਇਸ ਵਿਚ ਬੇਅੰਤ ਸ਼ਬਦ ਆਉਂਦੇ ਹਨ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਫਿਰ ਕਹਿੰਦੇ ਹਾਂ, ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਹੈ ਕਿ ਅਸੀਂ ਅਰਦਾਸ ਵਿਚ ਸਭ ਤੋਂ ਮੰਗਦੇ ਹਾਂ ਕਿ ਸਾਨੂੰ ਕੇਸ ਦਾਨ ਦਿਉ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਉ, ਭਗਤ ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ‘ਤੇ ਰਹਿੰਦੇ ਹਨ। ਉਨ੍ਹਾਂ ਨੇ ਸ਼ਬਦ ਕਿਹਾ, ਸੱਜਣਾ ! ਤੂੰ ਰੋਜ਼ ਸਿਰ ਦੇ ਕੇਸ ਕਟਾਉਣ ਚਲਾ ਜਾਂਦਾ ਹੈਂ। ਕਹਿੰਦੇ, ਜਿੰਨਾ ਸਮਾਂ ਇਹ ਵਾਲ ਕਟਾਉਣ ਤੇ ਲਗਾਇਆ, ਉਨਾ ਸਮਾਂ ਕਿਤੇ ਮਨ ਦੇ ਵਿਕਾਰਾਂ ਨੂੰ ਕੱਟਣ ‘ਤੇ ਦਿੰਦਾ ਤਾਂ ਤੂੰ ਰੱਬ ਦੇ ਚਰਨਾਂ ਵਿਚ ਜੁੜ ਜਾਂਦਾ।
ਖ਼ਾਲਸੇ ਨੂੰ ਰੱਬ ਵਰਗਾ ਬਣਾਇਆ ਹੈ। ਬਾਣੀ ਵਿਚ ਫ਼ੁਰਮਾਣ ਕਰਦੇ ਹਨ ਕਿ ਗੁਰੂ ਸਾਹਿਬ ਜੀ ਨੇ ਜਦੋਂ ਰੱਬ ਦੇ ਦਰਸ਼ਨ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਕਹੇ, ਤੇਰੇ ਸਿਰ ‘ਤੇ ਕਾਲੇ ਤੇ ਸੋਹਣੇ ਕੇਸ ਰੱਖੇ ਹੋਏ ਹਨ। ਹਜ਼ੂਰ ਨੂੰ ਪੁੱਛਿਆ, ਸਾਹਿਬ, ਰੱਬ ਕਿਹੋ ਜਿਹਾ ਹੈ ? ਬਾਣੀ ਵਿਚ ਸ਼ਬਦ ਵਰਤੇ, ਪਹਿਲਾ ਸ਼ਬਦ ਕਿਹਾ ਕਿ ਮੇਰਾ ਰੱਬ ਬੜਾ ਮਿੱਠਾ ਹੈ। ਉਸ ਦੇ ਬੋਲਾਂ ਦਾ ਜ਼ਿਕਰ ਕੀਤਾ। ਪੁੱਛਿਆ, ਸਾਹਿਬ ! ਕਿਹੋ ਜਿਹਾ ਮਿੱਠਾ ਬੋਲਦਾ ਹੈ ? ਉਹ ਕੋਇਲ ਦੀ ਤਰ੍ਹਾਂ ਮਿੱਠਾ ਬੋਲਦਾ ਹੈ। ਕਹਿਣ ਲੱਗੇ, ਉਸ ਦੀ ਚਾਲ ਵੀ ਬੜੀ ਚੰਗੀ ਹੈ। ਪੁੱਛਿਆ, ਸਾਹਿਬ ! ਉਸ ਦਾ ਰੂਪ ਕਿਹੋ ਜਿਹਾ ਹੈ ? ਸਾਹਿਬ ਕਹਿੰਦੇ, ਦਾਤਾ ਜੀ ! ਤੁਸੀਂ ਬੜੇ ਕ੍ਰਿਪਾਲੂ ਹੋ। ਕਹਿੰਦੇ, ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ, ਉਸ ਦੇ ਕੇਸ ਵੀ ਬੜੇ ਲੰਬੇ ਹਨ। ਸਾਹਿਬ ਸਾਬਤ ਸੂਰਤ ਹੈ। ਗੁਰੂ ਕਲਗੀਧਰ ਜੀ ਨੇ ਪਹਿਲੀ ਰਹਿਤ ਦਿੱਤੀ। ਕਹਿਣ ਲੱਗੇ, ਸਿੱਖਾ ! ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ।
ਅਸੀਂ ਕਹਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕਿਸ ਨੇ ਕੇਸ ਰੱਖੇ? ਭਾਈ ਮਨੀ ਸਿੰਘ ਜੀ ਸ਼ਹੀਦ, ਉਨ੍ਹਾਂ ਨੇ ਗਿਆਨ ਰਤਨਾਵਲੀ ਵਿਚ ਲਿਖਿਆ ਹੈ ਕਿ ਭਾਈ ਮਰਦਾਨੇ ਨੂੰ ਜਦੋਂ ਉਪਦੇਸ਼ ਦਿੱਤਾ ਤਾਂ ਤਿੰਨ ਬਚਨ ਬਾਬਾ ਨਾਨਕ ਜੀ ਨੇ ਕਹੇ ਹਨ। ਜਦੋਂ ਮਰਦਾਨੇ ਨੇ ਕਿਹਾ, ਸਤਿਗੁਰੂ ! ਮੇਰਾ ਪਾਰ-ਉਤਾਰਾ ਕਿਵੇਂ ਹੋਵੇਗਾ ? ਸਾਹਿਬ ਕਹਿਣ ਲੱਗੇ, ਤਿੰਨ ਗੱਲਾਂ ਜ਼ਿੰਦਗੀ ਵਿਚ ਧਾਰ ਲਈਂ, ਪਹਿਲਾ ਕੇਸ ਕਦੀ ਨਹੀਂ ਕੱਟਣੇ। ਦੂਸਰਾ ਸਿੱਖੀ ਕਮਾਉਣੀ, ਅੰਮ੍ਰਿਤ ਵੇਲੇ ਉਠ ਕੇ ਗੁਰੂ ਗੁਰੂ ਜਪਣਾ ਤੇ ਤੀਸਰਾ ਤੇਰੇ ਘਰ ਆਇਆ ਸਾਧੂ-ਸੰਤ ਕਦੀ ਭੁੱਖਾ ਨਾ ਜਾਵੇ। ਆਪਣੀ ਲੋੜ ਅਨੁਸਾਰ ਉਸ ਦੀ ਸੇਵਾ ਜ਼ਰੂਰ ਕਰੀਂ। ਤਿੰਨ ਗੱਲਾਂ ਪੱਲੇ ਬੰਨ੍ਹ ਲਈਂ।
ਗੁਰੂ ਹਰਿਰਾਇ ਸਾਹਿਬ ਜੀ, ਹਕੀਕਤ ਰਾਏ ਦੇ ਦਾਦੇ ਨੰਦ ਲਾਲ ਪੁਰੀ ਨੂੰ ਉਪਦੇਸ਼ ਦਿੰਦੇ ਹਨ ਕਿ ਟੋਪੀ ਨਹੀਂ ਪਹਿਨਣੀ, ਕੇਸ ਨਹੀਂ ਕੱਟਣੇ ਤੇ ਤਮਾਕੂ ਦੀ ਵਰਤੋਂ ਨਹੀਂ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨਹੀਂ ਹੈ। ਸਾਹਿਬ ਕ੍ਰਿਪਾਲੂ ਮਿਹਰਾਂ ਦੇ ਦਾਤੇ ਹਨ। ਸਭ ਤੋਂ ਪਹਿਲਾਂ ਸਿੱਖੀ ਦੀ ਦਾਤ ਦਿੱਤੀ।
ਕਈ ਵਾਰ ਅਸੀਂ ਕਹਿੰਦੇ ਹਾਂ ਕਿ ਕੇਸ ਕਿਉਂ ਰੱਖਣੇ ਚਾਹੀਦੇ ਹਨ ? ਇਕ ਸੱਜਣ ਕਹਿੰਦਾ ਸੀ, ਇਹ ਨਾ ਪੁੱਛੋ, ਜੇ ਇਸ ਦਾ ਉੱਤਰ ਪੁੱਛਣਾ ਕਿ ਕਿਉਂ ਰੱਖਣੇ ਚਾਹੀਦੇ ਹਨ ਤਾਂ ਰੱਬ ਨੂੰ ਪੁੱਛੋ ਕਿ ਕਿਉਂ ਪੈਦਾ ਕੀਤੇ। ਸਵਾਲ ਇਹ ਕਰੋ ਕਿ ਕੱਟਦੇ ਕਿਉਂ ਪਏ ਹਨ ? ਕੇਸ ਰੱਖੇ ਨਹੀਂ ਜਾਂਦੇ, ਇਹ ਤਾਂ ਰੱਬ ਦੀ ਦਿੱਤੀ ਹੋਈ ਦਾਤ ਹੈ। ਸਿਰਫ਼ ਇਕ ਬੰਦਾ ਇਸ ਤਰ੍ਹਾਂ ਦਾ ਹੈ, ਜਿਹੜਾ ਉਸ ਦੀ ਦਿੱਤੀ ਦਾਤ ਨੂੰ ਕੱਟਣ ਤੁਰ ਪੈਂਦਾ ਹੈ। ਜਿੰਨਾ ਮਰਜ਼ੀ ਕੱਟੇ, ਉਹ ਕ੍ਰਿਪਾਲੂ ਇਸ ਤਰ੍ਹਾਂ ਦਾ ਹੈ ਕਿ ਉਹ ਦਾਤ ਦਿੰਦਾ ਰਹਿੰਦਾ ਹੈ।
ਜੇ ਸਤਿਗੁਰੂ ਦੇ ਕੇਸਾਂ ਦੀ ਕਦਰ ਪੁੱਛਣੀ ਹੈ ਤਾਂ ਪੀਰ ਬੁੱਧੂ ਸ਼ਾਹ ਨੂੰ ਪੁੱਛੋ। ਅੱਜ ਤੱਕ ਉਹ ਕੰਘਾ ਤੇ ਕੇਸ ਮੌਜੂਦ ਹਨ, ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚੋਂ ਉਸ ਨੇ ਆਪਣੇ ਦੋ ਪੁੱਤਰ ਸ਼ਹੀਦ ਕਰਕੇ ਲਏ ਸਨ। ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ, ਪੀਰ ਜੀ ! ਤੁਹਾਡੇ ਪੁੱਤਰ ਰਣ-ਤੱਤੇ ਵਿਚ ਰਹਿ ਗਏ। ਪੀਰ ਬੁੱਧੂ ਸ਼ਾਹ ਹੱਥ ਜੋੜ ਕੇ ਕਹਿੰਦਾ, ਦਾਤਾ ! ਇਹ ਨਾ ਕਹੋ ਕਿ ਤੇਰੇ ਪੁੱਤਰਾਂ ਦੀ ਖੇਡ ਹੈ। ਇਹ ਨਾ ਕਹੋ ਕਿ ਤੇਰੇ ਪੁੱਤਰਾਂ ਦੀ ਮੌਤ ਦਾ ਅਫ਼ਸੋਸ ਹੈ। ਮੈਨੂੰ ਖ਼ੁਸ਼ੀ ਹੈ ਕਿ ਮੇਰੇ ਪੁੱਤਰ ਚੰਗੀ ਥਾਂ ‘ਤੇ ਸ਼ਹੀਦ ਹੋਏ ਹਨ। ਉਹ ਤੇਰੇ ਚਰਨਾਂ ਤੋਂ ਕੁਰਬਾਨ ਹੋਏ ਹਨ। ਮੈਂ ਚਿੰਤਾ ਨਹੀਂ ਕਰਦਾ ਪਿਆ। ਮੈਂ ਕੁਝ ਮੰਗਣਾ ਹੈ। ਪੀਰ ਬੁੱਧੂ ਸ਼ਾਹ ਝੋਲੀ ਅੱਡ ਕੇ ਕਹਿੰਦਾ ਕਿ ਆਪਣੇ ਸੋਹਣੇ ਕੇਸ ਮੇਰੀ ਝੋਲੀ ਵਿਚ ਪਾ ਦਿਉ। ਮੈਂ ਪੁੱਤਰ ਤੇਰੀ ਝੋਲੀ ਵਿਚ ਪਾਏ, ਤੂੰ ਕੇਸ ਮੇਰੀ ਝੋਲੀ ਵਿਚ ਪਾ ਦੇ। ਸਾਹਿਬ ਕਲਗੀਧਰ ਕ੍ਰਿਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ। ਜਦੋਂ ਪੀਰ ਬੁੱਧੂ ਸ਼ਾਹ ਘਰ ਗਿਆ ਤਾਂ ਨਸੀਰਾ ਨੂੰ ਕਿਹਾ, ਪੁੱਤਰ ! ਹੱਸ ਕੇ ਕਹਿਣ ਲੱਗੇ, ਨਸੀਰਾ ! ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਆਇਆ ਹਾਂ। ਅੱਗੇ ਵੀ ਜਾਂਦੇ ਸਾਂ, ਪਰ ਅੱਜ ਡੂੰਘੀ ਮਿੱਤਰਤਾ ਪੈ ਗਈ। ਨਸੀਰਾ ਨੇ ਪੁੱਛਿਆ, ਕਾਹਦੀ ? ਬੁੱਧੂ ਸ਼ਾਹ ਕਹਿੰਦਾ, ਪਹਿਲਾਂ ਜਾਣਾ ਤਾਂ ਮੱਥਾ ਟੇਕਣਾ, ਦੀਵਾਨ ‘ਤੇ ਆ ਜਾਣਾ। ਅੱਜ ਦੇਣ ਲੈਣ ਹੋ ਗਿਆ ਹੈ। ਅੰਦਰ ਲਿਜਾ ਕੇ ਪੋਟਲੀ ਖੋਲ੍ਹੀ। ਕੇਸ ਤੇ ਕੰਘਾ ਦਿਖਾ ਕੇ ਕਹਿੰਦਾ, ਨਸੀਰਾ ! ਦੇਖ ਕਲਗੀਧਰ ਦੇ ਮੁਬਾਰਕ ਕੇਸ ਮਿਲ ਗਏ ਹਨ। ਨਸੀਰਾ ਕਹਿੰਦੀ, ਇਹ ਕਿਸ ਤਰ੍ਹਾਂ ਦੀ ਮਿੱਤਰਤਾ ਹੈ ? ਕਹਿੰਦਾ, ਨਸੀਰਾ ! ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਹਨ। ਜਦੋਂ ਕਿਸੇ ਨਾਲ ਮਿੱਤਰਤਾ ਪਏ ਤਾਂ ਨਿਸ਼ਾਨੀ ਦੇ ਕੇ ਅਦਾਨ-ਪ੍ਰਦਾਨ ਹੁੰਦਾ ਹੈ। ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਨ੍ਹਾਂ ਦੀ ਝੋਲੀ ਵਿਚ ਪਾ ਆਇਆ ਹਾਂ ਤੇ ਗੁਰੂ ਦੀ ਕੀਮਤੀ ਨਿਸ਼ਾਨੀ ਕੇਸ ਲੈ ਕੇ ਆਇਆ ਹਾਂ।
ਸਿੱਖੋ ! ਕਦੀ ਭਾਈ ਤਾਰੂ ਸਿੰਘ ਦੀ ਲੱਥਦੀ ਖੋਪੜੀ ਨੂੰ ਦੇਖ ਲਿਆ ਕਰੋ। ਭਾਈ ਤਾਰੂ ਸਿੰਘ ਜੀ ਦਾ ਬਾਪੂ ਸ਼ਹੀਦ ਹੋ ਚੁੱਕਾ ਹੈ। ਮਾਂ ਦਾ ਇੱਕੋ ਇਕ ਪੁੱਤਰ ਹੈ। ਭੈਣ ਤੇ ਭਰਾ ਇਕੱਠੇ ਮਾਂ ਦੀ ਗੋਦ ਵਿਚ ਪਲੇ ਹਨ। ਭਾਈ ਤਾਰੂ ਸਿੰਘ ਦਾ ਕਸੂਰ ਸਿਰਫ਼ ਇੰਨਾਂ ਸੀ ਕਿ ਉਹ ਜੰਗਲ ਵਿਚ ਸਿੱਖਾਂ ਨੂੰ ਪ੍ਰਸ਼ਾਦਾ ਖਵਾਉਂਦਾ ਸੀ। ਸਿਰ ‘ਤੇ ਰੋਟੀਆਂ ਦਾ ਟੋਕਰਾ, ਹੱਥ ਵਿਚ ਦਾਲ ਦਾ ਭਾਂਡਾ ਤੇ ਭੈਣ-ਭਰਾ ਦੋਨਾਂ ਨੇ ਜਾ ਕੇ ਪ੍ਰਸ਼ਾਦਾ ਛਕਾਉਣਾ। ਜਿਸ ਦਿਨ ਫੜੇ ਗਏ। ਪਿੰਡ ਦੇ ਲੋਕ ਛੁਡਾਉਣ ਆਏ। ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ ਕਿ ਮੈਨੂੰ ਨਾ ਛੁਡਾਉ। ਇਕ ਘਰ ਵਿਚ ਤਵਾ ਬਲਦਾ ਹੈ, ਮੈਨੂੰ ਫੜਨ ਆਏ ਹਨ। ਘਰ ਘਰ ਵਿਚ ਤਵੇ ਬਾਲ ਲਵੋ। ਅੱਜ ਤੋਂ ਬਾਅਦ ਜੰਗਲ ਵਿਚ ਕੋਈ ਗੁਰੂ ਦਾ ਸਿੱਖ ਭੁੱਖਾ ਨਾ ਸ਼ੋਏ। ਤੁਰਨ ਲੱਗੇ ਭਾਈ ਤਾਰੂ ਸਿੰਘ ਨੇ ਮਾਂ ਦੇ ਚਰਨਾਂ ਨੂੰ ਹੱਥ ਲਗਾਇਆ। ਮਾਂ ਨੇ ਸਿਰ ‘ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ, ਦੁਸ਼ਮਣ ਅਣਹੋਣੀ ਕਰੇਗਾ। ਸਿਰ ਦਾ ਖੋਪੜ ਉਤਰ ਜਾਵੇ, ਸਿਰ ਦੀ ਗਰਦਨ ਧੜ ਤੋਂ ਅਲੱਗ ਹੋ ਜਾਵੇ, ਪਰ ਮੇਰੇ ਲਾਲ ਮੈਂ ਬੜੀ ਸ਼ਰਧਾ ਨਾਲ ਤੇਰੇ ਕੇਸ ਪਾਲੇ ਹਨ। ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਨੇਹਾ ਸੁਣਾਂ, ਪਰ ਇਹ ਨਾ ਸੁਣਾਂ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਿਆ ਹੈ।
ਗੁਰੂ ਦੇ ਸਿੱਖਾ ! ਤੇਰੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਸਾਹਿਬ ਕਹਿੰਦੇ, ਕੇਸ ਸਾਡੀ ਮੋਹਰ ਹੈ। ਅਗਲੀ ਕ੍ਰਿਪਾ ਨਾਲ ਕੀਤੀ। ਕੇਸਾਂ ਵਿਚ ਰੱਖਣ ਲਈ ਕੰਘਾ ਦਿੱਤਾ ਹੈ। ਕੰਘਾ ਸਾਨੂੰ ਲੱਕੜ ਦਾ ਦਿੱਤਾ ਹੈ। ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ ਹੈ। ਉਹੀ ਲੱਕੜ ਦਾ ਟੁੱਕੜਾ ਜਿਹੜਾ ਪੈਰਾਂ ਵਿਚ ਰੁਲਦਾ, ਜਦੋਂ ਉਸ ਨੂੰ ਆਰੇ ਨਾਲ ਚੀਰ ਕੇ ਉਸ ਦੇ ਦੰਦੇ ਬਣਾਉਂਦੇ ਹਨ, ਜਿਸ ਨੇ ਆਪਣੇ ਆਪ ਨੂੰ ਆਰੇ ‘ਚ ਸਮਰਪਿਤ ਕੀਤਾ ਉਹ ਇਕ ਦਿਨ ਸਿਰ ਦਾ ਤਾਜ ਬਣ ਜਾਂਦਾ ਹੈ। ਉਹ ਲੱਕੜ ਜਿਹੜੀ ਪੈਰਾਂ ਵਿਚ ਰੁਲਦੀ ਹੈ, ਉਹ ਕੇਸਾਂ ਵਿਚ ਆ ਗਈ। ਇਸ ਦੇ ਨਾਲ ਹੀ ਕਿਹਾ ਕਿ ਸਿੱਖਾ ! ਦੋਨੋਂ ਸਮੇਂ ਕੰਘਾ ਕਰਨਾ ਹੈ। ਕੰਘਾ ਸਮਝਾਉਂਦਾ ਹੈ ਕਿ ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਬਣਦੇ ਹਨ। ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ ਹੈ। ਸਿੱਖ ਦੀ ਬਾਹਰ ਦੀ ਰਹਿਤ ਤੈਨੂੰ ਅੰਦਰ ਨੂੰ ਪ੍ਰੇਰਦੀ ਹੈ। ਕੇਸਾਂ ਵਿਚ ਕੰਘਾ ਕਰੇ। ਮੁਰਦਾ ਕੇਸ ਕੰਘੇ ਨਾਲ ਬਾਹਰ ਆਉਂਦੇ ਹਨ। ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਹਨ। ਰਾਤ ਸੌਂਵੇ ਤੇ ਸਵੇਰੇ ਕੰਘਾ ਕਰੇ, ਮੁਰਦਾ ਕੇਸ ਬਾਹਰ ਨਿਕਲਦੇ ਹਨ। ਦੋਨੋਂ ਵੇਲੇ ਦਾ ਨਿਤਨੇਮ ਦਾ ਮਤਲਬ ਇਹ ਹੈ ਕਿ ਅੰਦਰ ਨੂੰ ਕੰਘਾ ਕਰੀਂ। ਜਿਹੜੇ ਮਾੜੇ ਫੁਰਨੇ ਪੈਦਾ ਹੋਣ, ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕੱਢ ਦੇਵੀਂ।
ਅਗਲਾ ਪੱਗ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਵਿਚ ਪੱਗ ਸ਼ਬਦ ਵੀ ਆਇਆ ਹੈ। ਪੱਗੜੀ ਸ਼ਬਦ ਵੀ ਆਇਆ ਹੈ। ਪਾਗ ਸ਼ਬਦ ਵੀ ਆਇਆ ਹੈ ਤੇ ਸਿੱਖੀ ਦਾ ਗੁਰਮੁਖ ਸ਼ਬਦ ਦਿੱਤਾ, ਉਹ ਦਸਤਾਰ ਹੈ। ਹੋਰ ਲੋਕ ਵੀ ਦਸਤਾਰ ਬੰਨ੍ਹਦੇ ਹਨ। ਸਾਡੀ ਦਸਤਾਰ ਵਿਚ ਤੇ ਉਨ੍ਹਾਂ ਦੀ ਬੱਝੀ ਕੱਪੜੇ ਦੀ ਪੱਗ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ।
ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ ? ਅਸੀਂ ਬਾਣੀ ਵਿਚ ਪੜ੍ਹੀਏ ਤਾਂ ਸਭ ਤੋਂ ਪੁਰਾਤਨ ਭਗਤ ਫ਼ਰੀਦ ਜੀ ਸਨ। ਉਨ੍ਹਾਂ ਦੀ ਰਚਨਾ ਵਿਚ ਇਸ ਦਾ ਖ਼ਾਸ ਕਰਕੇ ਜ਼ਿਕਰ ਆਇਆ ਹੈ। ਅਸੀਂ ਦਸਤਾਰ ਸ਼ਬਦ ਵਰਤਦੇ ਹਾਂ। ਅਰਬੀ ਵਿਚ ਈਮਾਮਾ ਸ਼ਬਦ ਵਰਤਿਆ ਜਾਂਦਾ ਹੈ। ਸਿੱਖ ਦੀ ਦਸਤਾਰ ਕੇਵਲ ਸਿਰ ਢੱਕਣ ਤੱਕ ਸੀਮਿਤ ਨਹੀਂ। ਅਸਲ ਵਿਚ ਇਸ ਦੇ ਕੇਸ ਗੁਰੂ ਦੇ ਹੁਕਮ ਮੰਨਣ ਦੇ ਸੂਚਕ ਹਨ ਤੇ ਦਸਤਾਰ ਸਿੱਖ ਦੀ ਅਣਖ ਦੀ ਸੂਚਕ ਹੈ। ਆਮ ਲੋਕ ਪੱਗੜੀ ਬੰਨ੍ਹਦੇ ਹਨ। ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਹਾਂ। ਜੇ ਉਸ ਦੀ ਦਸਤਾਰ ਜਾਂ ਧਰਮ ਲਈ ਮਾੜਾ ਬੋਲੇ, ਉਹ ਕਹਿੰਦਾ, ਮੇਰੀ ਦਸਤਾਰ ਨੂੰ ਹੱਥ ਪਾਇਆ ਹੈ। ਜਦੋਂ ਕੁਰਬਾਨੀ ਕਰਕੇ ਦੁਸ਼ਟ ਨੂੰ ਸੋਧੇ ਫਿਰ ਕਹਿੰਦਾ ਹੈ, ਰੁੱਲਦੀ ਹੋਈ ਦਸਤਾਰ ਸਿਰ ‘ਤੇ ਰੱਖ ਦਿੱਤੀ ਹੈ। ਇਸ ਦੇ ਲਈ ਦਸਤਾਰ ਸ਼ਬਦ ਅਣਖ ਨਾਲ ਜੁੜਿਆ ਹੈ। ਸਤਿਗੁਰੂ ਜੀ ਕਹਿੰਦੇ, ਕੇਸ ਸਾਡੀ ਮੋਹਰ ਹੈ। ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ, ਉਹ ਬੜਾ ਵੱਡਾ ਜ਼ੁਲਮ ਹੈ। ਕੇਸਾਂ ਵਿਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਦਸਤਾਰ ਸਜਾਉਣੀ। ਇਹ ਦਸਤਾਰ ਗੁਰੂ ਸਾਹਮਣੇ ਝੁਕੇ। ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ।
ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤਾਂ ਕਦੀ ਬਾਬਾ ਫਤਹਿ ਸਿੰਘ ਕੋਲੋਂ ਪੁੱਛੋ। ਵੱਡਾ ਦਰਵਾਜ਼ਾ ਬੰਦਾ ਹੈ। ਛੋਟੇ ਦਰਵਾਜ਼ੇ ਵਿਚ ਪ੍ਰਵੇਸ਼ ਕਰਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਤਾਂ ਅਸੀਂ ਹੱਸ ਕੇ ਕਹਾਂਗੇ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁੱਕ ਗਏ। ਬਿਲਕੁਲ ਨਹੀਂ, ਉਨ੍ਹਾਂ ਨੂੰ ਪਤਾ ਸੀ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਆਪ ਨਹੀਂ ਝੁਕੇ। ਪਹਿਲਾਂ ਪੈਰ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਦਿਖਾ ਕੇ ਕਿਹਾ ਸੀ, ਸੂਬਿਆ ! ਚੇਤੇ ਰੱਖੀਂ ਤੇਰੇ ਲਈ ਸਿਰ ਨਹੀਂ ਝੁਕੇਗਾ। ਤੇਰੇ ਲਈ ਜੁੱਤੀ ਤਿਆਰ ਰੱਖਾਂਗਾ। ਜੁੱਤੀ ਦਿਖਾਈ ਅੰਦਰ ਪ੍ਰਵੇਸ਼ ਕੀਤਾ ਤੇ ਫ਼ਤਹਿ ਬੁਲਾਈ।
ਸਾਹਿਬ ਕਹਿੰਦੇ ਹਨ, ਕ੍ਰਿਪਾਨ ਰੱਖਣੀ ਹੈ ਨਾਲ ਹੀ ਅਗਲਾ ਬਚਨ ਕਿਹਾ ਕਿ ਭਾਵੇਂ ਤੂੰ ਕੱਪੜੇ ਦਾ ਕਛਹਿਰਾ ਪਾਵੇਂ। ਚੇਤੇ ਰੱਖੀਂ ਜਪ ਦਾ ਕਛਹਿਰਾ ਪਾਈਂ। ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਨ ਬੜਾ ਉੱਚਾ ਹੈ। ਹਜ਼ੂਰ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ। ਕੇਸਾਂ ਦੀ ਬੇ-ਅਬਦੀ ਕਰਨਾ, ਇਹ ਬੱਜਰ ਕੁਰਹਿਤ ਹੈ। ਉਸ ਨੂੰ ਅੰਮ੍ਰਿਤਪਾਨ ਕਰਨਾ ਪੈਂਦਾ ਹੈ। ਦੂਸਰੀ ਬੱਜਰ ਕੁਰਹਿਤ, ਪਰ-ਤਨ ਗਾਮੀ ਨਹੀਂ ਹੋਣਾ। ਜਿੰਨੀ ਦੇਰ ਤੱਕ ਸਿੱਖ ਆਚਰਨ ਨੂੰ ਉੱਚਾ ਨਹੀਂ ਬਣਾਉਂਦਾ, ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ ਗੱਲ ਨਹੀਂ ਬਣਦੀ।
ਤੀਸਰੀ ਗੱਲ ਕਹੀ ਕਿ ਤਮਾਕੂ ਦਾ ਸੇਵਨ ਨਹੀਂ ਕਰਨਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਵਿਚ ਆਈਏ। ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖ਼ਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸਾਨੂੰ ਅੰਦਰ ਦੀ ਰਹਿਤ ਤੇ ਪੰਜ ਕਕਾਰ ਬਾਹਰ ਦੀ ਰਹਿਤ ਬਖ਼ਸ਼ਿਸ਼ ਕੀਤੇ। ਸਾਡੇ ‘ਤੇ ਮਿਹਰ ਕੀਤੀ, ਸਾਨੂੰ ਬੱਜਰ ਕੁਰਹਿਤਾਂ ਤੋਂ ਬਚਾਇਆ। ਗੁਰੂ ਜੀ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਜਵਾਬ ਮਿਲਦਾ ਹੈ। ਅਸੀਂ ਪੁੱਛਦੇ ਹਾਂ ਕਿ ਗੁਰਸਿੱਖ ਕੌਣ ਹੈ ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੌਸ਼ਨੀ ਵਿਚ ਧੰਨ ਗੁਰੂ ਰਾਮਦਾਸ ਜੀ ਦਾ ਇਕ ਸਲੋਕ ਹੈ। ਉਨ੍ਹਾਂ ਨੇ ਸ਼ੁਰੂਆਤ ਸਿੱਖ ਤੋਂ ਕੀਤੀ ਤੇ ਸਲੋਕ ਦੀ ਸੰਪੂਰਨਤਾ ਗੁਰਸਿੱਖ ਤੋਂ ਕੀਤੀ ਹੈ। ਕਹਿੰਦੇ, ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਅਖਵਾਉਂਦਾ ਹੈ, ਜਿਹੜਾ ਕਹਿੰਦਾ ਹੈ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਸਾਹਿਬ ਕਹਿੰਦੇ, ਸਭ ਤੋਂ ਪਹਿਲੀ ਗੱਲ ਕਿ ਉਹ ਸਵੇਰੇ ਉਠਦਿਆਂ ਸਾਰ ਗੁਰੂ ਦੇ ਦਿੱਤੇ ਮੰਤਰ ਦਾ ਜਾਪ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜਾ ਸਿੱਖ ਕਹਾਉਂਦਾ ਹੈ, ਸਭ ਤੋਂ ਪਹਿਲਾਂ ਭਲਕੇ ਉਠ ਕੇ ਨਾਮ ਨੂੰ ਧਿਆਏਗਾ। ਫਿਰ ਉੱਦਮ ਕਰਦਾ ਹੈ, ਆਲਸ ਨਹੀਂ। ਇਸ਼ਨਾਨ ਕਰੇਗਾ, ਸਤਿਸੰਗਤ ਵਿਚ ਜਾਵੇਗਾ। ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਜਪੇਗਾ। ਉਸ ਦੇ ਪਾਪ ਢੱਕੇ ਜਾਂਦੇ ਹਨ। ਬੈਠਦਿਆਂ-ਉਠਦਿਆਂ ਉਸ ਨੂੰ ਨਾਮ ਨਹੀਂ ਭੁੱਲਦਾ ਹੈ। ਇਹ ਦਾਤ ਉਨ੍ਹਾਂ ਨੂੰ ਮਿਲੀ, ਜਿਨ੍ਹਾਂ ਉਤੇ ਗੁਰੂ ਦਿਆਲੂ ਹੋ ਗਿਆ। ਜਿਨ੍ਹਾਂ ਸਿੱਖਾਂ ਦਾ ਜੀਵਨ ਇਨ੍ਹਾਂ ਉੱਚਾ ਹੋ ਜਾਵੇ, ਧੰਨ ਗੁਰੂ ਰਾਮਦਾਸ ਜੀ ਕਹਿੰਦੇ ਹਨ, ਉਨ੍ਹਾਂ ਸਿੱਖਾਂ ਦੀ ਧੂੜ ਮੈਨੂੰ ਮਿਲ ਜਾਵੇ। ਗੁਰੂ ਨਾਮ ਦ੍ਰਿੜ ਕਰਾਉਂਦੇ ਹਨ। ਗੁਰੂ ਰਾਮਦਾਸ ਜੀ ਕਹਿੰਦੇ ਹਨ, ਜਿਹੜਾ ਆਪ ਨਾਮ ਜਪਦਾ ਹੈ। ਆਪ ਜਪਣਾ ਸਿੱਖ ਦਾ ਕਰਮ ਹੈ ਤੇ ਜਪਾਉਣਾ ਗੁਰੂ ਦਾ ਕੰਮ ਹੈ। ਗੁਰਸਿੱਖ ਸ਼ਬਦ ਹੀ ਤਾਂ ਬਣਿਆ ਹੈ ਕਿ ਜਿਸ ਸਿੱਖ ਵਿਚ ਗੁਰੂ ਦੀ ਝਲਕ ਮਿਲਦੀ ਹੋਵੇ। ਗੁਰੂ ਗ੍ਰੰਥ ਸਾਹਿਬ ਵਿਚ ਸੰਤ ਸ਼ਬਦ ਬੜੀ ਵਾਰ ਆਇਆ ਹੈ। ਗੁਰੂ ਜੀ ਨੇ ਇਸ ਦੀ ਰਹਿਤ ਮਰਿਆਦਾ ਦੱਸੀ ਹੈ। ਕਹਿੰਦੇ, ਰੱਬ ਦੇ ਪਿਆਰਿਉ, ਸੰਤ ਦਾ ਪਹਿਲਾ ਲੱਛਣ ਇਹ ਹੈ ਕਿ ਉਹ ਰੱਬ ਦੇ ਭਾਣੇ ਅੱਗੇ ਕਦੀ ਵੀ ਤਰਕ ਨਹੀਂ ਕਰਦਾ। ਕੋਈ ਸਮਾਂ ਇਸ ਤਰ੍ਹਾਂ ਦਾ ਨਹੀਂ, ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾ ਰਿਹਾ ਹੈ। ਉਸ ਦੇ ਸਾਹਮਣੇ ਮਿੱਤਰ ਆ ਜਾਵੇ, ਦੁਸ਼ਮਣ ਆ ਜਾਵੇ, ਉਸ ਦੀ ਦ੍ਰਿਸ਼ਟੀ ਵਿਚ ਕਦੀ ਵੀ ਫ਼ਰਕ ਨਹੀਂ ਪੈਂਦਾ ਹੈ। ਉਹ ਮਿੱਤਰ ਤੇ ਦੁਸ਼ਮਣ ਲਈ ਸਮ-ਦ੍ਰਿਸ਼ਟੀ ਰੱਖਦਾ ਹੈ। ਉਸ ਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ। ਇੰਨੀ ਉਸ ਕੋਲ ਤਾਕਤ ਹੈ ਕਿ ਇਕ ਬਚਨ ਕਰੇ ਤਾਂ ਕਈ ਜਨਮਾਂ ਦੇ ਪਾਪੀਆਂ ਦੇ ਪਾਪ ਕੱਟ ਸਕਦਾ ਹੈ। ਇਹ ਸੰਤ ਦੀ ਰਹਿਤ ਹੈ।
ਕਹਿੰਦੇ, ਬ੍ਰਹਮ ਗਿਆਨੀ ਕੌਣ ਹੈ ? ਗੁਰੂ ਸਾਹਿਬ ਕਹਿੰਦੇ ਹਨ, ਜਿਸ ਨੂੰ ਬ੍ਰਹਮ ਗਿਆਨ ਹੋ ਗਿਆ ਹੈ ਉਹ ਦੁੱਖ ਵਿਚ ਦੁਖੀ ਨਹੀਂ ਹੈ। ਕਹਿੰਦੇ, ਭਗਤ ਦੀ ਕੀ ਪ੍ਰੀਭਾਸ਼ਾ ਹੈ ? ਕਹਿੰਦੇ, ਭਗਤ ਉਹ ਹੈ, ਜਿਸ ਕੋਲ ਮੱਤ ਬੜੀ ਹੈ, ਪਰ ਦੁਨੀਆਂ ਵਿਚ ਇਆਣਾ ਬਣ ਕੇ ਰਹਿੰਦਾ ਹੈ। ਦੂਸਰਾ ਬਚਨ ਕੀਤਾ, ਭਗਤ ਉਹ ਹੈ ਜਿਸ ਕੋਲ ਤਾਕਤ ਬੜੀ ਹੈ, ਪਰ ਨਿਤਾਣਾ ਬਣ ਕੇ ਰਹਿੰਦਾ ਹੈ। ਤੀਸਰਾ ਬਚਨ ਕੀਤਾ, ਭਗਤ ਉਹ ਹੈ, ਭਾਵੇਂ ਆਪਣੇ ਕੋਲ ਇਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿਚ ਵੰਡ ਦਿੰਦਾ ਹੈ। ਇਹੋ ਜਿਹੇ ਨੂੰ ਭਗਤ ਕਿਹਾ ਜਾਂਦਾ ਹੈ। ਬਾਹਰ ਦੀ ਰਹਿਤ ਰੱਖਣਾ ਸੌਖੀ ਹੈ, ਪਰ ਅੰਦਰ ਦੀ ਰਹਿਤ ਨੂੰ ਕਮਾਉਣਾ ਸਤਿਗੁਰੂ ਤੋਂ ਬਿਨਾਂ ਨਹੀਂ, ਸੌਖਾ ਨਹੀਂ ਹੈ।
ਹਜ਼ੂਰ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਪੰਜ ਚੂਲੇ ਉਨ੍ਹਾਂ ਨੂੰ ਛਕਾਏ ਹਨ। ਪੰਜ ਨੇਤਰਾਂ ਵਿਚ ਪਾਏ ਹਨ। ਪੰਜ ਸੀਸ ਵਿਚ ਪਾਏ ਹਨ। ਨਾਲ ਬਚਨ ਕਹੇ ਕਿ ਇਹ ਰਹਿਤਾਂ ਹਨ ਤੇ ਇਹ ਕੁਰਹਿਤਾਂ ਹਨ। ਸਾਨੂੰ ਰਹਿਤ ਨੂੰ ਅਪਣਾਉਣਾ ਚਾਹੀਦਾ ਹੈ ਤੇ ਉਨ੍ਹਾਂ ਉੱਪਰ ਚੱਲਣਾ ਚਾਹੀਦਾ ਹੈ। ਕੁਰਹਿਤਾਂ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਹੋਰਨਾਂ ਨੂੰ ਵੀ ਗੁਰੂ ਨਾਲ ਜੋੜਨਾ ਚਾਹੀਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਾਕਾ 1984
ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋਂ !
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਗੁਰਸਿੱਖੀ ਦੇ ਅੰਦਰ ਬਾਣੀ ਸਿੱਖੀ ਦੀ ਬੁਨਿਆਦ ਹੈ। ਸ਼ਹਾਦਤ ਸਿੱਖੀ ਦਾ ਕਰਜ਼ ਹੈ। ਸਾਨੂੰ ਗੁਰਬਾਣੀ ਦੱਸਦੀ ਹੈ ਕਿ ਕਿਵੇਂ ਜ਼ਿੰਦਗੀ ਜਿਊਣੀ ਹੈ ਤੇ ਕੁਰਬਾਨੀ ਦੱਸਦੀ ਹੈ ਕਿ ਨਿਰਭਉ ਤੇ ਨਿਰਵੈਰ ਰਹਿ ਕੇ ਮਰਨਾ ਕਿਵੇਂ ਹੈ। ਦੋਨਾਂ ਦਾ ਸੁਮੇਲ ਹੈ। ਇਨ੍ਹਾਂ ਨੂੰ ਵੱਖ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ। ਗ੍ਰੰਥ ਨੂੰ ਪਿੱਛੇ ਛੱਡ ਕੇ ਕੋਈ ਵੀ ਗੁਰਮਤਿ ਦੀ ਗੱਲ ਨਹੀਂ ਹੋ ਸਕਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਮਰਨ ਦੀ ਜਾਚ ਵੀ ਦੱਸੀ। ਕੇਵਲ ਇਹ ਨਹੀਂ ਦੱਸਿਆ ਕਿ ਜੀਉਣਾ ਕਿਵੇਂ ਹੈ। ਕਹਿੰਦੇ, ਤੈਨੂੰ ਮੈਂ ਦੱਸਾਂ ਕਿ ਮਰਨਾ ਕਿਵੇਂ ਹੈ। ਲੋਕ ਮਰਦੇ ਰਹੇ, ਪਰ ਮਰਨਾ ਨਹੀਂ ਆਇਆ। ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਪਏ, ਜਿਨ੍ਹਾਂ ਨੇ ਸਾਹਿਬ ਨੂੰ ਵੀ ਯਾਦ ਕੀਤਾ ਤੇ ਸ਼ਹਾਦਤ ਦਾ ਜਾਮ ਪੀ ਕੇ ਮਰਨਾ ਵੀ ਸਫਲ ਕਰ ਦਿੱਤਾ।
ਹਰ ਗੁਰੂ ਸਾਹਿਬਾਨ ਨੇ ਮੌਤ ਦੀ ਗੱਲ ਕੀਤੀ ਹੈ। ਅਸਲ ਵਿਚ ਆਤਮਿਕ ਪੱਧਰ ‘ਤੇ ਜ਼ਿੰਦਗੀ ਜਿਊਣ ਵਾਲਾ ਉਹ ਮੌਤ ਨੂੰ ਕੇਵਲ ਚੋਲਾ ਬਦਲਣਾ ਸਮਝਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਬਚਨ ਪੜ੍ਹਦੇ ਹਾਂ। ਉਨ੍ਹਾਂ ਨੇ ਮੌਤ ਦੀ ਅਵਾਜ਼ ਦਿੰਦਿਆਂ ਕਿਹਾ :
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਉਨ੍ਹਾਂ ਸੂਰਮਿਆਂ ਨੂੰ ਚੇਤਾ ਕਰਦੇ ਪਏ ਹਾਂ, ਜਿਹੜੇ ਪੁਰਾ-ਪੁਰਜਾ ਕੱਟ ਮਰੇ, ਪਰ ਖੇਤ ਨਹੀਂ ਛੱਡਿਆ। ਜਿਹੜੇ ਮਾਰਗ ‘ਤੇ ਚੱਲ ਪਏ। ਤਨ ਦੇ ਠੀਕਰੇ ਤਾਂ ਭੰਨ ਲਏ, ਪਰ ਇਸ ਮਾਰਗ ਤੋਂ ਪਿੱਛੇ ਨਹੀਂ ਹੋਏ ਹਨ।
ਗੁਰੂ ਅੰਗਦ ਸਾਹਿਬ ਜੀ ਦਾ ਸਮਾਂ ਆਇਆ। ਉਨ੍ਹਾਂ ਨੇ 63 ਸਲੋਕਾਂ ਵਿੱਚੋਂ ਸਭ ਤੋਂ ਪਹਿਲਾਂ ਇਹ ਸਲੋਕ ਕਿਹਾ ਕਿ ਜਿਸ ਪਿਆਰੇ ਨੂੰ ਤੂੰ ਪਿਆਰ ਕਰਦਾ ਹੈਂ। ਆਪਣੇ ਪਿਆਰੇ ‘ਤੇ ਕੋਈ ਵੀ ਹੱਥ ਚੁੱਕੇ, ਉਸ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਕੁਰਬਾਨ ਕਰ . ਲਉ। ਅਸਲ ਵਿਚ ਤੂੰ ਸੱਚਾ ਸਿੱਖ ਤਾਂ ਬਣੇਗਾ।
ਧੰਨ ਗੁਰੂ ਅਮਰਦਾਸ ਜੀ ਦਾ ਵੇਲਾ ਆਇਆ। ਉਨ੍ਹਾਂ ਨੇ ਬਾਣੀ ‘ਚ ਅਵਾਜ਼ ਦੇ ਕੇ ਕਿਹਾ, ਸਿੱਖਾ ! ਸਿੱਖੀ ਕੇਵਲ ਮੱਥਾ ਟੇਕਣ ਦਾ ਨਾਮ ਨਹੀਂ ਹੈ। ਤਨ, ਮਨ, ਧਨ ਸਭ ਕੁਝ ਸੌਂਪ ਦਿਉ।
ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਕੁਰਬਾਨੀ ਦੀ ਗੱਲ ਕੀਤੀ ਗਈ ਹੈ। ਕੁਰਬਾਨੀ ਤੋਂ ਬਿਨਾਂ ਸੰਸਾਰ ਵਿਚ ਕੋਈ ਵੀ ਚੀਜ਼ ਸੁਖ ਨਹੀਂ ਪਾ ਸਕਦੀ ਹੈ। ਮਾਂ ਆਪਣੀ ਹੁਸਨ ਦੀ ਕੁਰਬਾਨੀ ਦੇ ਕੇ ਬੱਚੇ ਨੂੰ ਜਨਮ ਦਿੰਦੀ ਹੈ। ਕਲਮ ਲਿਖਦੀ ਸੀ। ਅੱਜ ਵੀ ਕਾਨੇ ਦੀ ਕਲਮ ਬਣਾਉਂਦੇ ਹਾਂ, ਪਰ ਕਲਮ ਨੇ ਅੱਖਰ ਤਾਂ ਲਿਖਣੇ ਹਨ, ਜੇ ਪਹਿਲਾਂ ਉਸ ਨੇ ਆਪਣੇ ਆਪ ਨੂੰ ਚਾਕੂ ਸਾਹਮਣੇ ਪੇਸ਼ ਕੀਤਾ ਹੈ। ਮੋਤੀ ਕਿਸੇ ਦੇ ਗਲੇ ਦਾ ਹਾਰ ਬਣਦਾ ਹੈ, ਪਰ ਮੋਤੀ ਗਲੇ ਦਾ ਸ਼ਿੰਗਾਰ ਤਾਂ ਬਣਾ ਹੈ, ਪਹਿਲਾਂ ਆਪਣੇ ਆਪ ਨੂੰ ਆਪਣੇ ਵਿਚ ਛੇਕ ਕਰਾਉਂਦਾ ਹੈ। ਮਹਿੰਦੀ ਰੰਗ ਲਿਆਉਂਦੀ ਹੈ, ਪਰ ਜਿੰਨੀ ਦੇਰ ਤੱਕ ਪਿਸੇ ਨਾ ਉਨੀ ਦੇਰ ਤੱਕ ਉਹ ਰੰਗ ਨਹੀਂ ਲਿਆਉਂਦੀ। ਮਹਿੰਦੀ ਦੀ ਕੁਰਬਾਨੀ ਰੰਗ ਦਿੰਦੀ ਹੈ। ਮੋਤੀ ਦੀ ਕੁਰਬਾਨੀ ਕਿਸੇ ਦੇ ਗਲੇ ਦਾ ਹਾਰ ਬਣਦੀ ਹੈ। ਕਾਨੇ ਦੀ ਕੁਰਬਾਨੀ ਸੋਹਣੇ ਅੱਖਰਾਂ ਨੂੰ ਜਨਮ ਦਿੰਦੀ ਹੈ। ਇਕ ਬੀਜ ਦੀ ਕੁਰਬਾਨੀ ਫਲ ਤੇ ਛਾਂ ਨੂੰ ਜਨਮ ਦਿੰਦੀ ਹੈ ਤੇ ਇਕ ਕਰਨੀ ਵਾਲੇ ਦੀ ਕੁਰਬਾਨੀ ਆਉਣ ਵਾਲੇ ਕੌਮ ਦੇ ਭਵਿੱਖ ਨੂੰ ਜਨਮ ਦਿੰਦੀ ਹੈ।
ਦਰਬਾਰ ਸਾਹਿਬ ‘ਤੇ ਕਈ ਹਮਲੇ ਹੋਏ ਹਨ। ਸਭ ਤੋਂ ਪਹਿਲਾ ਹਮਲਾ ਸੂਲੀ ਖ਼ਾਂ ਨੇ ਕੀਤਾ ਸੀ। ਸੂਲੀ ਖ਼ਾਂ ਤੋਂ ਬਾਅਦ ਸੂਰਬੀਰ ਖ਼ਾਂ ਤੁਰਿਆ ਆਉਂਦਾ ਸੀ। ਉਸ ਤੋਂ ਬਾਅਦ ਮੁਗਲਸ ਖ਼ਾਂ ਆਇਆ ਸੀ। ਮੁਗਲਸ ਖ਼ਾਂ ਭਾਈ ਮਨੀ ਸਿੰਘ ਦੇ ਵੇਲੇ ਚੱਲ ਕੇ ਆਏ ਸਨ। ਭਾਈ ਮਨੀ ਸਿੰਘ ਤੋਂ ਬਾਅਦ ਮੱਸਾ ਰੰਘੜ ਦਰਬਾਰ ਸਾਹਿਬ ਵਿਚ ਬੈਠਾ ਸੀ। ਮੱਸੇ ਰੰਘੜ ਤੋਂ ਬਾਅਦ ਲੱਖਪਤ ਰਾਏ ਨੇ ਅੰਮ੍ਰਿਤ ਸਰੋਵਰ ਨੂੰ ਪੂਰਿਆ ਸੀ। ਲੱਖਪਤ ਤੋਂ ਬਾਅਦ ਮੀਰ ਮੰਨੂੰ ਨੇ ਪੂਰਿਆ ਸੀ। ਮੀਰ ਮੰਨੂੰ ਤੋਂ ਬਾਅਦ ਤੈਮੂਰ ਸ਼ਾਹ ਤੇ ਜਹਾਨ ਖ਼ਾਂ ਆਏ ਸਨ। ਇਨ੍ਹਾਂ ਤੋਂ ਬਾਅਦ ਅਬਦਾਲੀ ਨੇ ਤੋਪਾਂ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਸੀ। ਦਰਬਾਰ ਸਾਹਿਬ ਦੀਆਂ ਇੱਟਾਂ ਉਡਾਈਆਂ ਸਨ। ਉਹੀ ਇੱਟ ਅਬਦਾਲੀ ਨੂੰ ਵੱਜੀ। ਉਸ ਤੋਂ ਬਾਅਦ 1984 ਵਿਚ ਸ਼ਹੀਦੀ ਸਾਕਾ ਹੋਇਆ ਸੀ।
ਸਭ ਤੋਂ ਪਹਿਲਾਂ ਐਮਨਾਬਾਦ ਦੀ ਧਰਤੀ ‘ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕੈਦ ਕੀਤਾ ਸੀ। ਕੈਦ, ਜੇਲ੍ਹ ਦਾ ਸੰਬੰਧ ਸਿੱਖ ਦਾ, ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਹੈ। ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਕਰਤਾਰਪੁਰ ਦੀ ਧਰਤੀ ‘ਤੇ ਧਰਮਸ਼ਾਲਾ ਤੇ ਰਹਿਮਤਾਂ ਵਰਸਾਈਆਂ। ਖਡੂਰ ਸਾਹਿਬ ਕ੍ਰਿਪਾ ਹੋਈ। ਗੋਇੰਦਵਾਲ ਸਾਹਿਬ ਦੀ ਧਰਤੀ ‘ਤੇ ਰਹਿੰਦਿਆਂ, ਗੁਰੂ ਅਮਰਦਾਸ ਜੀ ਦੇ ਕਹਿਣ ‘ਤੇ ਗੁਰੂ ਕਾ ਚੱਕ ਬਣਾਇਆ ਗਿਆ। ਇਥੇ ਗੁਰੂ ਰਾਮਦਾਸ ਜੀ ਨੇ ਤਲਾਬ ਖੁਦਵਾਇਆ। ਭਾਈ ਗੁਰਦਾਸ ਜੀ ਦੀ ਅਗਵਾਈ ਹੇਠ ਪੂਰਨ ਤਲਾਬ ਖੁਦਵਾਇਆ। ਇਥੇ ਗੁਰੂ ਅਰਜਨ ਦੇਵ ਜੀ ਦੀਨ ਦੁਨੀ ਦੇ ਮਾਲਕ ਬੈਠੇ। ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ। ਸਭ ਤੋਂ ਪਹਿਲਾਂ ਵਿਰੋਧ ਹਰਿਮੰਦਰ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬੇ ਪ੍ਰਿਥੀਏ ਵੱਲੋਂ ਕੀਤਾ ਗਿਆ ਸੀ। ਉਸ ਨੇ ਸੂਲੀ ਖ਼ਾਂ ਨੂੰ ਜਾ ਕੇ ਕਿਹਾ ਕਿ ਤਖ਼ਤ ਦਾ ਮਾਲਕ ਤਾਂ ਮੈਂ ਬਣਨਾ ਸੀ। ਉਮਰ ‘ਚ ਮੈਂ ਵੱਡਾ ਹਾਂ। ਮੇਰੇ ਤੋਂ ਛੋਟੇ ਨੂੰ ਗੱਦੀ ਕਿਉਂ ਮਿਲੀ ? ਸੂਲੀ ਖ਼ਾਂ ਨੂੰ ਰੁਪਈਏ ਵੀ ਦਿੱਤੇ ਗਏ। ਸੂਲੀ ਖ਼ਾਂ ਚੜ੍ਹ ਕੇ ਆਇਆ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਦੇ ਲਈ ਸ਼ਹਾਦਤ ਦਿੱਤੀ ਹੈ। ਸ਼ਹਾਦਤ ਤੋਂ ਭਾਵ ਗਵਾਹੀ ਦਿੱਤੀ ਹੈ। ਕਹਿਣ ਲੱਗੇ, ਜਿਸ ਦਿਨ ਸੂਲੀ ਖ਼ਾਂ ਚੜ੍ਹ ਕੇ ਆਇਆ ਹੈ ਇਹ ਅੰਮ੍ਰਿਤਸਰ ਦੀ ਧਰਤੀ ‘ਤੇ ਸਿੱਖਾਂ ਦੇ ਕੇਂਦਰ ‘ਤੇ ਪਹਿਲਾ ਹਮਲਾ ਸੀ। ਇਹ ਗੱਲ ਵੱਖਰੀ ਹੈ ਕਿ ਕੋਈ ਨਹੀਂ ਪਹੁੰਚਿਆ ਸੀ। ਜਦੋਂ ਸੂਲੀ ਖ਼ਾਂ ਚੜ੍ਹ ਕੇ ਆਇਆ ਤਾਂ ਇੱਟਾਂ ਦੇ ਆਵੇ ਵਿਚ ਘੋੜੇ ਸਮੇਤ ਡਿੱਗਿਆ। ਡਿੱਗਦਿਆਂ ਹੀ ਜਿਊਂਦਾ ਸੜ ਕੇ ਰਾਖ ਹੋ ਗਿਆ। ਧੰਨ ਗੁਰੂ ਅਰਜਨ ਦੇਵ ਜੀ ਵੇਲੇ ਸੂਲੀ ਖ਼ਾਂ ਚੜ੍ਹ ਕੇ ਆਇਆ ਤੇ ਮੌਤ ਹੋ ਗਈ।
ਉਸ ਤੋਂ ਬਾਅਦ ਸੂਰਬੀਰ ਚੜ੍ਹ ਕੇ ਆਇਆ। ਜਦੋਂ ਸੂਰਬੀਰ ਚੜ੍ਹ ਕੇ ਆਇਆ, ਤਾਂ ਇਸ ਦਾ ਕਿਸੇ ਨੌਕਰ ਨਾਲ ਝਗੜਾ ਹੋਇਆ ਤੇ ਸੂਰਬੀਰ ਦਾ ਰਾਹ ਵਿਚ ਕਤਲ ਕਰ ਦਿੱਤਾ ਗਿਆ। ਸੂਰਬੀਰ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਤੱਤੀ ਤੱਵੀ ‘ਤੇ ਬੈਠੇ ਸਨ। ਇਸ ਦਾ ਕਾਰਨ ਕਿ ਹਰਿਮੰਦਰ ਸਾਹਿਬ ਸਾਡਾ ਕੇਂਦਰ ਸੀ। ਗੁਰੂ ਗ੍ਰੰਥ ਸਾਹਿਬ ਸਾਡਾ ਸਿਧਾਂਤ ਸੀ। ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਤੇ ਸੱਚ ਦੀ ਅਵਾਜ਼ ਵਾਲੀਆਂ ਗੱਲਾਂ ਉਨ੍ਹਾਂ ਨੂੰ ਭਾਈਆਂ ਨਾ। ਧੰਨ ਗੁਰੂ ਅਰਜਨ ਦੇਵ ਜੀ ਤੱਤੀ ਤਵੀ ‘ਤੇ ਬੈਠੇ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਬਾਬੇ ਬੁੱਢੇ ਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ। ਉਸ ਦਿਨ ਇਕ ਗੱਲ ਕਹੀ, ਕਹਿੰਦੇ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਜ਼ਾਲਮਾਂ ਦੇ ਪੱਥਰ ਹਿਰਦੇ ਤਾਂ ਨਰਮ ਨਹੀਂ ਹੋਏ, ਪਰ ਗੁਰਬਾਣੀ ਪੜ੍ਹਨ ਵਾਲੇ ਸਿੱਖਾਂ ਦੇ ਹਿਰਦੇ ਖ਼ੂਨ ਜ਼ਰੂਰ ਗਰਮ ਹੋ ਗਏ।
ਫਿਰ ਲਾਹੌਰ ਦੀ ਧਰਤੀ ਤੋਂ ਮੁਗਲਸ ਚੜ੍ਹ ਕੇ ਆਇਆ। ਧੰਨ ਗੁਰੂ ਹਰਿਗੋਬਿੰਦ ਸਾਹਿਬ ਦੀ ਬੱਚੀ ਵੀਰੋ ਦਾ ਵਿਆਹ ਸੀ, ਜਦੋਂ ਅੰਮ੍ਰਿਤਸਰ ਦੀ ਧਰਤੀ ‘ਤੇ ਉਨ੍ਹਾਂ ਨੇ ਧਾਵਾ ਬੋਲਿਆ। ਬੀਬੀ ਵੀਰੋ ਤੇ ਸਾਰੇ ਪਰਿਵਾਰ ਨੂੰ ਝਬਾਲ ਭੇਜ ਦਿੱਤਾ। ਇਥੇ ਅੰਮ੍ਰਿਤਸਰ ਦੀ ਪਹਿਲੀ ਜੰਗ ਸਿੱਖਾਂ ਨੇ ਹਥਿਆਰਬੰਦ ਹੋ ਕੇ ਲੜੀ। ਗੁਰਬਾਣੀ ਵਿੱਚੋਂ ਕੁਰਬਾਨੀ ਦਾ ਯੁੱਗ ਸ਼ੁਰੂ ਹੋਇਆ ਹੈ ਤੇ ਕੁਰਬਾਨੀ ਦੇ ਵਿੱਚੋਂ ਸਿੱਖ ਨੂੰ ਸ਼ਸ਼ਤਰ ਫੜਨ ਦੀ ਜਾਚ ਆਈ ਹੈ। ਮੁਗਲਸ ਖ਼ਾਂ ਦਾ ਸਾਹਮਣਾ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਹੋਇਆ। ਜ਼ਾਲਮ ਦਰਬਾਰ ਤੱਕ ਜ਼ਰੂਰ ਪਹੁੰਚਦਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਟਾਕਰਾ ਹੋਇਆ ਤੇ ਸਿੱਖਾਂ ਨੂੰ ਇਕ ਗੱਲ ਕਹੀ ਸੀ ਕਿ ਅੱਜ ਚੜ ਕੇ ਆਇਆ, ਬਚ ਕੇ ਜਾਵੇ ਨਾ। ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਵਾਰ ਨਾਲ ਮੁਗਲਸ ਖ਼ਾਂ ਨੂੰ ਝਟਕਾ ਕੇ ਧਰਤੀ ‘ਤੇ ਰੱਖ ਦਿੱਤਾ।
ਫਿਰ ਮੀਰਿਆਂ ਨੇ ਦਰਬਾਰ ਸਾਹਿਬ ‘ਤੇ ਕਬਜ਼ਾ ਕੀਤਾ, ਪਰ ਸਿੱਖ ਦੀ ਭਾਵਨਾ ਦਰਬਾਰ ਸਾਹਿਬ ਤੋਂ ਕਦੀ ਨਹੀਂ ਟੁੱਟੀ ਸੀ। ਮਸੰਦਾਂ ਨੇ ਕਬਜ਼ਾ ਕੀਤਾ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਸੀ। ਇਹ ਦਰਬਾਰ ਸਾਹਿਬ ਨਾਲ ਪੰਜਵੀਂ ਘਟਨਾ ਹੈ। ਹੁਣ ਭਾਈ ਮਨੀ ਸਿੰਘ ਕੋਲ ਅੰਮ੍ਰਿਤਸਰ ਦਾ ਪ੍ਰਬੰਧ ਹੈ। ਦਰਬਾਰ ਸਾਹਿਬ ਦੀ ਸੇਵਾ ਵੀ ਉਹ ਕਰਦੇ ਸਨ। ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕ ਵੀ ਉਹ ਸਨ। ਅਸਲ ਵਿਚ ਜਿੰਨੇ ਵੀ ਕੌਮ ਵਿਚ ਆਗੂ ਪ੍ਰਚਾਰਕ ਕਰਨੀ ਵਾਲੇ ਨਿਕਲੇ, ਉਹ ਆਪਣੇ ਸਿਰ ਦੇ ਕੇ ਸਿੱਖੀ ਦੀ ਅਣਖ ਨੂੰ ਕਾਇਮ ਰੱਖਦੇ ਆਏ ਹਨ। ਭਾਈ ਮਨੀ ਸਿੰਘ ਕਥਾ ਕਰਦੇ ਸਨ। ਭਾਈ ਮਨੀ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ। ਉਹ ਗੁਰਬਾਣੀ ਦੀ ਵਿਆਖਿਆ ਕਰਦੇ ਸਨ। ਉਨ੍ਹਾਂ ਨੇ ਸਿੱਖਾਂ ਦਾ ਇਕੱਠ ਕਰਨਾ ਚਾਹਿਆ। ਹਕੂਮਤ ਬੇਈਮਾਨ ਹੋਈ ਹੈ। ਹਕੂਮਤ ਨੇ ਸੋਚਿਆ ਕਿ ਜੇ ਅਸੀਂ ਇਕ ਪਾਸੇ ਪੈਸੇ ਵੀ ਲਵਾਂਗੇ, ਜਦੋਂ ਸਿੱਖਾਂ ਦਾ ਇਕੱਠ ਹੋਵੇਗਾ, ਇੱਕੋ ਦਮ ਹਮਲਾ ਕਰਕੇ ਸਿੱਖਾਂ ਦੇ ਇਕੱਠ ਨੂੰ ਕਤਲ ਕਰ ਦਿੱਤਾ ਜਾਵੇਗਾ। ਭਾਈ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਹਕੂਮਤ ਦੀ ਨੀਅਤ ਬਦਲ ਗਈ ਹੈ। ਭਾਈ ਸਾਹਿਬ ਨੇ ਸਿੱਖਾਂ ਨੂੰ ਰੋਕਣ ਦਾ ਯਤਨ ਕੀਤਾ। ਜਿਨ੍ਹਾਂ ਨੂੰ ਪਤਾ ਨਾ ਲੱਗਾ, ਉਹ ਦਰਬਾਰ ਸਾਹਿਬ ਆ ਗਏ। ਕਈ ਇਸ਼ਨਾਨ ਕਰਦੇ, ਕਈ ਰਾਹ ਵਿਚ ਆਉਂਦੇ ਸਿੱਖ ਸ਼ਹੀਦ ਕੀਤੇ ਗਏ।
ਕੁਝ ਸਮਾਂ ਹਕੂਮਤ ਨੇ ਦਰਬਾਰ ਸਾਹਿਬ ਦੀ ਘੇਰਾਬੰਦੀ ਕਰਕੇ ਰੱਖੀ। ਅਖ਼ੀਰ ‘ਤੇ ਭਾਈ ਮਨੀ ਸਿੰਘ ਜੀ ਦੀ ਗ੍ਰਿਫ਼ਤਾਰੀ ਹੋਈ। ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟਣ ਦਾ ਹੁਕਮ ਸੁਣਾਇਆ ਗਿਆ। ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਕਟਵਾ ਦਿੱਤਾ, ਪਰ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੈਨੂੰ ਛੱਡ ਦਿਉ, ਮੈਂ ਮਾਇਆ ਦੇ ਦਿੰਦਾ ਹਾਂ। ਕਹਿਣ ਲੱਗੇ, ਪੁਰਜਾ-ਪੁਰਜਾ ਕਰਕੇ ਕੱਟ ਤਾਂ ਜਾਵਾਂਗਾ, ਪਰ ਝੁਕਣ ਦਾ ਸਵਾਲ ਪੈਦਾ ਨਹੀਂ ਹੁੰਦਾ। ਇਹ ਹੈ ਗੁਰਬਾਣੀ ਵਿੱਚੋਂ ਨਿਕਲਿਆ ਹੋਇਆ ਕੁਰਬਾਨੀ ਦਾ ਜਜ਼ਬਾ। ਜਦੋਂ ਚੌਥਾ ਹਮਲਾ ਹੋਇਆ, ਗੁਰੂ ਦੇ ਲਾਲ ਨੇ ਬੰਦ-ਬੰਦ ਕਟਵਾਇਆ ਹੈ।
ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਮਨ ਵਿਚ ਗੱਲ ਰੜਕੀ। ਸਿੱਖਾਂ ਦਾ ਖ਼ੂਨ ਗਰਮ ਹੋ ਗਿਆ। ਉਸ ਵੇਲੇ ਉਥੋਂ ਦੇ ਹਾਕਮ ਦੇ ਸੂਬੇ ਨੇ ਇਕ ਗੱਲ ਕਹੀ। ਕਹਿੰਦੇ, ਨਵਾਬ ਕਪੂਰ ਸਿੰਘ ਦਾ ਸਿਰ ਵੱਢ ਕੇ ਲੈ ਕੇ ਆਉ। ਅਬਦੁਲ ਰਜਾਮ ਕਾਜ਼ੀ ਵੀ ਆਇਆ। ਜਦੋਂ ਨਵਾਬ ਕਪੂਰ ਸਿੰਘ ਨਾਲ ਜਦੋਂ ਸਾਹਮਣਾ ਹੋਇਆ ਹੈ, ਉਨ੍ਹਾਂ ਨੇ ਕਿਹਾ ਕਿ ਇਹ ਜਾਵੇ ਨਾ। ਇਹ ਉਹੀ ਹਨ, ਜਿਹੜੇ ਦਰਬਾਰ ਸਾਹਿਬ ਵਿਚ ਆਏ ਸਨ। ਭਾਈ ਮਨੀ ਸਿੰਘ ਜੀ ਦੇ ਸਕੇ ਭਤੀਜੇ ਨੇ, ਉਸ ਕਾਜ਼ੀ ਦਾ ਸਿਰ ਲਾਹਿਆ ਸੀ, ਜਿਸ ਨੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ। ਜਿਸ ਨੇ ਆ ਕੇ ਹਮਲਾ ਕੀਤਾ ਸੀ। ਉਸ ਨੂੰ ਸਿੱਖਾਂ ਨੇ ਘੋੜਿਆਂ ਪਿੱਛੇ ਬੰਨ੍ਹ ਕੇ ਘਸੀਟ ਕੇ ਉਸ ਨੂੰ ਸਜ਼ਾ ਦਿੱਤੀ ਸੀ।
ਇਸ ਚੌਥੇ ਹਮਲੇ ਤੋਂ ਬਾਅਦ ਜ਼ਕਰੀਆ ਖ਼ਾਂ ਦਾ ਸਮਾਂ ਆਇਆ। ਜ਼ਕਰੀਏ ਨੇ ਮੰਡਿਆਲੀ ਦੇ ਚੌਧਰੀ ਮੱਸਾ ਰੰਘੜ ਨੂੰ ਬੁਲਾਇਆ। ਇਹ ਪੰਜਵਾਂ ਬੰਦਾ ਚੜ੍ਹ ਕੇ ਆਉਂਦਾ ਪਿਆ ਹੈ। ਉਸ ਨੂੰ ਇਕ ਗੱਲ ਕਹੀ ਸੀ ਕਿ ਸਿੱਖਾਂ ਦਾ ਸੋਮਾ ਹਰਿਮੰਦਰ ਸਾਹਿਬ ਹੈ। ਸਿੱਖਾਂ ਨੂੰ ਕੀਰਤਨ ਸੁਣ ਕੇ ਇਥੋਂ ਜ਼ਿੰਦਗੀ ਮਿਲਦੀ ਹੈ। ਮੱਸਾ ਰੰਘੜ ਪਲੰਘ ਲਗਾ ਕੇ ਬੈਠਾ ਹੈ, ਜਿਥੇ ਕੀਰਤਨ ਦੀਆਂ ਧੁੰਨਾਂ ਦੀ ਆਵਾਜ਼ ਆਉਂਦੀ ਸੀ। ਉਥੇ ਵਾਜੇ ਵੱਜਦੇ ਪਏ ਹਨ। ਉਥੇ ਘੁੰਗਰੂਆਂ ਦੀ ਅਵਾਜ਼ ਹੈ। ਉਥੇ ਸ਼ਰਾਬਾਂ ਚੱਲਦੀਆਂ ਪਈਆਂ ਹਨ। ਜਿਥੇ ਆਸਾ ਦੀ ਵਾਰ, ਸੋਦਰਿ ਦੀਆਂ ਚੌਂਕੀਆਂ ਲੱਗਦੀਆਂ ਸਨ, ਉਥੇ ਜਦੋਂ ਨੱਚਦੇ ਹਨ, ਪੈਰਾਂ ਦੇ ਘੁੰਗਰੂਆਂ ਦੀ ਅਵਾਜ਼ ਪੈਂਦੀ ਹੈ। ਜਿਸ ਬਰਤਨ ਵਿਚ ਦਾਰੂ ਮੁੱਕ ਜਾਂਦਾ ਸੀ, ਉਸ ਨੂੰ ਸਰੋਵਰ ਵਿਚ ਸੁੱਟ ਦਿੰਦੇ ਸਨ। ਇਹ ਪੰਜਵਾਂ ਹਮਲਾਵਰ ਅੰਦਰ ਬੈਠਾ ਹੈ।
ਭਾਈ ਗੁਲਾਬਾ ਸਿੰਘ ਜੀ ਇਥੋਂ ਤੁਰੇ ਹਨ। ਬੀਕਾਨੇਰ ਦੇ ਥਲਾਂ ਵਿਚ ਪਹੁੰਚੇ ਹਨ। ਉਥੇ ਸਿੱਖਾਂ ਨੇ ਗੁਲਾਬਾ ਸਿੰਘ ਨੂੰ ਪੁੱਛਿਆ ਕਿ ਤੂੰ ਪੰਜਾਬ ਦੀ ਧਰਤੀ ਤੋਂ ਆਇਆ ਹੈਂ। ਗੁਰੂ ਦੇ ਘਰ ਦੀਆਂ ਗੱਲਾਂ ਸੁਣਾ। ਕਹਿੰਦੇ, ਉਹ ਸੁਣਾ ਨਾ ਸਕਿਆ, ਕੇਵਲ ਉੱਚੀ ਸਾਰੀ ਰੋਣ ਲੱਗ ਪਿਆ। ਸਿੱਖਾਂ ਨੇ ਪੁੱਛਿਆ, ਕਾਰਨ ਕੀ ਹੈ ? ਗੁਲਾਬਾ ਕਹਿੰਦਾ, ਤੁਸੀਂ ਇਥੇ ਬੈਠੇ ਹੋ, ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੀ ਥਾਂ ਵੇਸ਼ਵਾ ਨੱਚਦੀ ਪਈ ਹੈ। ਘੁੰਗਰੂਆਂ ਦੀ ਆਵਾਜ਼ ਹੈ। ਉਥੇ ਹੁੱਕੇ ਪੀਤੇ ਜਾ ਰਹੇ ਹਨ। ਉਥੇ ਸ਼ਰਾਬਾਂ ਚੱਲਦੀਆਂ ਹਨ। ਸਿੱਖਾਂ ਦਾ ਖੂਨ ਗਰਮ ਹੋ ਗਿਆ। ਉਥੇ ਸਰਦਾਰ ਮਹਿਤਾਬ ਸਿੰਘ ਮੀਰਾਂਕੋਟੀਆ ਨੇ ਉੱਠ ਕੇ ਕਿਹਾ ਕਿ ਸੰਗਤ ਅਸੀਸ ਦੇਵੇ ਤੇ ਅਰਦਾਸ ਕਰੇ। ਮੈਂ ਮੱਸੇ ਰੰਘੜ ਦਾ ਸਿਰ ਵੱਢ ਕੇ ਲੈ ਕੇ ਆਵਾਂਗਾ। ਉਨ੍ਹਾਂ ਨਾਲ ਦੂਸਰਾ ਸਿੱਖ ਭਾਈ ਸੁੱਖਾ ਸਿੰਘ ਉਠਿਆ। ਇਹ ਉਹ ਸਿੱਖ ਹੈ ਜਿਹੜਾ ਸਾਰੇ ਪਰਿਵਾਰ ਵਿੱਚੋਂ ਸਿੱਖ ਬਣਿਆ ਸੀ। ਰਾਤ ਨੂੰ ਸੁੱਤਿਆਂ ਇਸ ਦੇ ਕੇਸਾਂ ਦੀ ਬੇਅਦਬੀ, ਇਸ ਦੇ ਮਾਪਿਆਂ ਨੇ ਕਰ ਦਿੱਤੀ ਸੀ। ਸਵੇਰੇ ਉਠਿਆ, ਇਸ ਨੇ ਦੇਖਿਆ ਤੇ ਭੜਕ ਉਠਿਆ। ਇੱਕੋ ਦਮ ਖੂਹ ਵਿਚ ਛਾਲ ਮਾਰੀ ਕਿ ਮਰ ਜਾਵਾਂ। ਬਾਹਰ ਕੱਢਿਆ, ਕਿਸੇ ਦਾਨੇ ਨੇ ਕਿਹਾ ਕਿ ਜੇ ਮਰਨਾ ਹੈ ਤਾਂ ਖੂਹ ਵਿਚ ਛਾਲ ਮਾਰ ਕੇ ਕਿਉਂ ਮਰਦਾ ਹੈਂ। ਹਾਕਮ ਦੰਦ ਗਿਣਾਉਂਦੇ ਪਏ ਹਨ। ਜੇ ਮਰਨਾ ਹੈ ਤਾਂ ਚਾਰ ਨੂੰ ਮਾਰ ਕੇ ਮਰ। ਫਿਰ ਇਹ ਘਰੋਂ ਤੁਰਿਆ।
ਅੱਜ ਸਰਦਾਰ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਬੀਕਾਨੇਰ ਤੋਂ ਚੱਲੇ ਹਨ। ਗੁਰੂ ਦੀ ਸੰਗਤ ਨੇ ਅਸੀਸ ਦਿੱਤੀ ਹੈ। ਦਰਬਾਰ ਸਾਹਿਬ ਆਏ ਤੇ ਅੰਦਰ ਪਹੁੰਚੇ ਹਨ। ਕਹਿਣ ਲੱਗੇ, ਅਸੀਂ ਮਾਮਲਾ ਦੇਣ ਆਏ ਹਾਂ। ਮੱਸਾ ਰੰਘੜ ਮੰਜੇ ਉਤੇ ਹੁੱਕਾ ਪੀਂਦਾ ਪਿਆ ਹੈ। ਭਾਈ ਮਹਿਤਾਬ ਸਿੰਘ ਨੇ ਠੀਕੜੀਆਂ ਦਾ ਝੋਲਾ ਸੁੱਟਿਆ ਤੇ ਮੱਸੇ ਰੰਘੜ ਨੇ ਆਪਣੀ ਗਰਦਨ ਝੁਕਾਈ। ਭਾਈ ਮਹਿਤਾਬ ਸਿੰਘ ਨੇ ਇੱਕੋ ਹੀ ਵਾਰ ਦੇ ਨਾਲ ਉਸ ਰੰਘੜ ਦੀ ਗਰਦਨ ਨੂੰ ਝਟਕਾ ਦਿੱਤਾ । ਨੱਚਣ ਵਾਲੀ ਦੀ ਘੁੰਗਰੂਆਂ ਦੀ ਅਵਾਜ਼ ਮਰ ਗਈ। ਵਾਜਾ ਵਜਾਉਣ ਵਾਲੇ ਕੰਬਣ ਲੱਗ ਪਏ। ਤਰਲੇ ਲੈ ਕੇ ਕਹਿੰਦੇ ਕਿ ਸਾਡਾ ਦੋਸ਼ ਕੋਈ ਨਹੀਂ ਹੈ। ਜਿਹੜਾ ਵੀ ਅੜਿਆ, ਸਭ ਨੂੰ ਝਟਕਾ ਕੇ ਗੁਰੂ ਦੇ ਲਾਲ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ ਖ਼ਾਲਸੇ ਪੰਥ ਕੋਲ ਪਹੁੰਚੇ। ਇਸ ਤੋਂ ਬਾਅਦ ਦੋਨਾਂ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ।
ਮੱਸੇ ਰੰਘੜ ਤੋਂ ਬਾਅਦ ਯਹੀਆ ਖ਼ਾਂ ਦਾ ਸਮਾਂ ਆਇਆ। ਜੱਸਪਤ ਰਾਏ ਦੀ ਮੌਤ ਹੋ ਗਈ ਹੈ। ਲੱਖਪਤ ਰਾਏ ਨੂੰ ਭਰਾ ਦੀ ਮੌਤ ਦਾ ਪਤਾ ਲੱਗਾ ਹੈ। ਇਸ ਨੇ ਯਹੀਆ ਖ਼ਾਂ ਦੇ ਸਾਹਮਣੇ ਪੱਗ ਲਾਹ ਕੇ ਸੁੱਟੀ ਸੀ। ਕਹਿੰਦਾ, ਜਿਨ੍ਹਾਂ ਸਿੱਖਾਂ ਨੇ ਮੇਰੇ ਭਰਾ ਨੂੰ ਮਾਰਿਆ ਹੈ, ਚੇਤੇ ਰੱਖੀਂ, ਪੱਗ ਤਾਂ ਬੰਨ੍ਹਾਂਗਾ, ਜਿੰਨੀ ਦੇਰ ਤੱਕ ਸਿੱਖਾਂ ਨੂੰ ਮਿਟਾ ਨਹੀਂ ਦਿੰਦਾ। ਲੱਖਪਤ ਰਾਏ ਨੇ ਜ਼ੁਲਮ ਦਾ ਝੱਖੜ ਝੁਲਾ ਦਿੱਤਾ। ਦਰਬਾਰ ਸਾਹਿਬ ਦੀ ਧਰਤੀ ‘ਤੇ ਆਇਆ। ਸਿੱਖ ਜੰਗਲਾਂ ਵਿਚ ਸਨ। ਇਸ ਨੇ ਦਰਬਾਰ ਸਾਹਿਬ ਨੂੰ ਪੂਰਾ ਮਿੱਟੀ ਨਾਲ ਭਰ ਦਿੱਤਾ ਸੀ। ਉਸ ਸਾਲ ਹਕੂਮਤ ਨੇ ਕਰਵਟ ਲਈ। ਲਾਹੌਰ ਦਾ ਸੂਬਾ ਬਦਲਿਆ। ਉਸ ਨੇ ਸੂਬੇਦਾਰ ਤੇ ਲੱਖਪਤ ਰਾਏ ਦੋਨਾਂ ਨੂੰ ਕੈਦ ਵਿਚ ਸੁੱਟਿਆ। ਦੀਵਾਨ ਕੌੜਾ ਮੱਲ ਨੂੰ ਆਪਣਾ ਦੀਵਾਨ ਬਣਾਇਆ, ਜਿਸ ਨੂੰ ਸਿੱਖਾਂ ਨੇ ਮਿੱਠਾ ਮੱਲ ਦੀ ਪਦਵੀ ਦਿੱਤੀ ਹੈ। ਦੀਵਾਨ ਕੌੜਾ ਮੱਲ ਨੇ 8 ਲੱਖ ਰੁਪਿਆ ਹਕੂਮਤ ਨੂੰ ਦੇ ਕੇ ਲੱਖਪਤ ਰਾਏ ਨੂੰ ਲੈ ਕੇ ਸਿੱਖਾਂ ਅੱਗੇ ਪੇਸ਼ ਕੀਤਾ ਸੀ। ਗੁਰੂ ਦੇ ਸਿੱਖਾਂ ਨੇ ਉਸੇ ਸਮੇਂ, ਜਿਸ ਮਿੱਟੀ ਨਾਲ ਪੂਰਿਆ ਸੀ। ਪਹਿਲਾਂ ਸਰੋਵਰ ‘ਚੋਂ ਮਿੱਟੀ ਕਢਵਾਈ। ਥੱਲੇ ਗਾਰ ਦੀ ਸੇਵਾ ਉਨ੍ਹਾਂ ਨੇ ਆਪ ਕੀਤੀ ਸੀ। ਲੱਖਪਤ ਰਾਏ ਦੀ ਮੌਤ ਹੋਈ।
ਇਸ ਤੋਂ ਬਾਅਦ ਮੀਰ ਮੰਨੂੰ ਦਾ ਸਮਾਂ ਆਉਂਦਾ ਹੈ। ਮੀਰ ਮੰਨੂੰ ਨੇ ਵੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਿਆ ਸੀ। ਸਿੱਖਾਂ ਨੇ ਉਸੇ ਵੇਲੇ ਹਮਲਾ ਕਰਕੇ ਉਨ੍ਹਾਂ ਕੋਲੋਂ ਪਰਤ ਕੇ ਮਿੱਟੀ ਨੂੰ ਬਾਹਰ ਕਢਵਾਇਆ।
ਮੀਰ ਮੰਨੂੰ ਤੋਂ ਬਾਅਦ ਅਹਿਮਦਸ਼ਾਹ ਅਬਦਾਲੀ ਦਾ ਸਮਾਂ ਆਇਆ। ਉਸ ਨੇ ਧਰਤੀ ਨੂੰ ਲੁੱਟਿਆ। ਵਾਪਸ ਮੁੜਿਆ ਤੇ ਸਿੱਖਾਂ ਨੇ ਉਸ ਨੂੰ ਹੌਲਿਆਂ ਕਰ ਕੇ ਰੱਖ ਦਿੱਤਾ। ਰਸਤੇ ਵਿਚ ਸਾਰਾ ਮਾਲ ਲੁੱਟ ਲਿਆ। ਜਿਹੜੀਆਂ ਬਹੂ-ਬੇਟੀਆਂ ਲੈ ਕੇ ਜਾਂਦਾ ਪਿਆ ਸੀ, ਸਭ ਨੂੰ ਛੁਡਵਾ ਲਿਆ। ਇਸ ਨੇ ਲਾਹੌਰ ਤੋਂ ਤੈਮੂਰ ਸ਼ਾਹ ਤੇ ਜਹਾਨ ਖ਼ਾਂ ਨੂੰ ਭੇਜਿਆ। ਇਸੇ ਜੱਥੇ ਦੇ ਆਗੂ ਬਾਬਾ ਦੀਪ ਸਿੰਘ ਕੋਲ ਖ਼ਬਰ ਗਈ ਕਿ ਜਹਾਨ ਖ਼ਾਂ ਚੜ੍ਹ ਕੇ ਆਇਆ ਹੈ। ਤੈਮੂਰ ਸ਼ਾਹ ਦਰਬਾਰ ਸਾਹਿਬ ਵੱਲ ਜਾਂਦਾ ਪਿਆ ਹੈ। ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਪਈ ਹੈ। ਗੁਰੂ ਦਾ ਸਿੱਖ ਦਮਦਮਾ ਸਾਹਿਬ ਦੀ ਧਰਤੀ ਤੋਂ 80 ਸਾਲ ਦੀ ਉਮਰ ਦੇ ਕਰੀਬ ਖੰਡਾ ਲੈ ਕੇ ਤੁਰੇ। ਇਨ੍ਹਾਂ ਦਾ ਪ੍ਰਣ ਦੁਨੀਆਂ ਤੋਂ ਵੱਖਰਾ ਸੀ। ਕਹਿੰਦੇ, ਮੈਂ ਓਨੀ ਦੇਰ ਤੱਕ ਮਰਨਾ ਨਹੀਂ, ਜਿੰਨੀ ਦੇਰ ਤੱਕ ਗੁਰੂ ਰਾਮਦਾਸ ਜੀ ਮੈਂ ਤੇਰੇ ਚਰਨਾਂ ਵਿਚ ਨਾ ਪਹੁੰਚ ਜਾਵਾਂ। ਮੁੱਠੀ ਭਰ ਸਿੱਖ ਤੁਰੇ ਹਨ। ਹਰਿਮੰਦਰ ਸਾਹਿਬ ਆਉਂਦਿਆਂ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਗਏ। ਬਾਬਾ ਦੀਪ ਸਿੰਘ ਜੀ ਨੇ ਉਥੇ ਲੜ ਕੇ ਸ਼ਹਾਦਤ ਦਾ ਜਾਮ ਪੀਤਾ ਹੈ। ਉਨ੍ਹਾਂ ਨੇ ਤਲੀ ‘ਤੇ ਸਿਰ ਰੱਖ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਜਾ ਕੇ ਭੇਟ ਕੀਤਾ ਹੈ। ਇਸ ਤੋਂ ਬਾਅਦ ਦੋ ਸਿੱਖਾਂ ਨੇ ਜਹਾਨ ਖ਼ਾਂ ਨੂੰ ਮਾਰਿਆ। ਮੀਰ ਮੰਨੂੰ ਦਾ ਪੈਰ ਘੋੜੇ ਦੀ ਰਕਾਬ ਵਿਚ ਫੱਸਿਆ। ਘੋੜੇ ਦੇ ਪੈਰਾਂ ਨੇ ਉਸ ਦੇ ਮੂੰਹ ਨੂੰ ਖ਼ਤਮ ਕਰ ਦਿੱਤਾ। ਜ਼ਕਰੀਆ ਖ਼ਾਂ ਦੇ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਸੁਆਸ ਨਿਕਲੇ ਸਨ।
ਇਸ ਤੋਂ ਬਾਅਦ ਨੌਵਾਂ ਹਮਲਾ ਹੋਇਆ। ਕੁੱਪ-ਰੁਹੀੜੇ ਦੇ ਮੈਦਾਨ ਵਿਚ ਵੱਡਾ ਘੱਲੂਘਾਰਾ ਹੋਇਆ ਹੈ। ਇਸ ਵਿਚ ਹਜ਼ਾਰਾਂ ਸਿੱਖ ਸ਼ਹੀਦ ਕੀਤੇ ਗਏ ਸਨ। ਕੁੱਪ-ਰੁਹੀੜੇ ਦੇ ਮੈਦਾਨ ਵਿਚ ਅਬਦਾਲੀ ਦਾ ਭਾਈ ਚੜਤ ਸਿੰਘ ਨਾਲ ਮੁਕਾਬਲਾ ਹੋਇਆ। ਅਬਦਾਲੀ ਨੇ ਤੋਪ ਵਿਚ ਕੂਪੇ ਰੱਖ ਕੇ ਅੱਗ ਲਗਾ ਕੇ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਨੂੰ ਉਡਾਉਣ ਲੱਗਾ। ਇਕ ਇੱਟ ਨਿਕਲੀ ਤੇ ਅਬਦਾਲੀ ਦੇ ਨੱਕ ‘ਤੇ ਵੱਜੀ। ਨਸੂਰ ਬਣ ਕੇ ਇੱਟ ਦਾ ਜ਼ਖ਼ਮ ਹੀ ਅਬਦਾਲੀ ਦੀ ਮੌਤ ਦਾ ਕਾਰਨ ਬਣਿਆ। 1762 ਤੋਂ ਬਾਅਦ ਜਿਹੜੀ ਵਿਸਾਖੀ ਆਈ ਸੀ। ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ‘ਤੇ ਵਿਸਾਖੀ ਮਨਾਈ ਸੀ। ਸਿੱਖ ਇਕੱਠੇ ਹੋਏ। ਜੱਸਾ ਸਿੰਘ ਆਹਲੂਵਾਲੀਆ ਨੇ ਦਰਬਾਰ ਸਾਹਿਬ ਪਰਤ ਕੇ ਨੀਂਹ ਰੱਖੀ ਸੀ। ਦਸਵਾਂ ਹਮਲਾ ਹਰਿਮੰਦਰ ਸਾਹਿਬ ਉਤੇ ਹੋਇਆ। ਸੰਤਾਂ ਦੀ ਸ਼ਹਾਦਤ ਸਬੰਧੀ, ਜਰਨਲ ਸੁਬੇਗ ਸਿੰਘ ਦੀ ਸ਼ਹਾਦਤ ਸਬੰਧੀ, ਭਾਈ ਅਮਰੀਕ ਸਿੰਘ ਸ਼ਹੀਦ ਹੋਏ ਹਨ। ਜਰਨਲ ਸੁਬੇਗ ਸਿੰਘ ਜੀ ਸ਼ਹੀਦ ਹੋਣ ਤੋਂ ਪਹਿਲਾਂ ਇਕ ਗੱਲ ਕਹਿੰਦੇ ਸਨ ਕਿ ਮੁੱਦਤਾਂ ਤੋਂ ਮੇਰੇ ਅੰਦਰ ਦੀ ਖੁਆਇਸ਼ ਹੈ ਕਿ ਮੈਂ ਉਥੇ ਸ਼ਹਾਦਤ ਦਾ ਜਾਮ ਪੀਵਾਂ, ਜਿਥੇ ਪੁਰਖਿਆਂ ਦਾ ਬਹੁਤ ਵੱਡਾ ਥਾਂ ਹੋਵੇ। ਕਹਿੰਦੇ, ਇੱਕੋ ਅਰਦਾਸ ਸੀ ਕਿ ਪਰਤ ਕੇ ਸਿੱਖਾਂ ਦੇ ਘਰ ਪੈਦਾ ਹੋਵਾਂ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਇਕ ਨਵਾਂ ਮਰਜੀਵੜਿਆਂ ਦਾ ਕਾਫ਼ਲਾ ਚੱਲਿਆ। ਸੁਲਹੀ, ਸੂਰਬੀਰ, ਜ਼ਕਰੀਆ, ਮੀਰ ਮੰਨੂੰ, ਲੱਖਪਤ ਰਾਏ, ਜਹਾਨ ਖ਼ਾਂ ਕੋਈ ਵੀ ਬਖ਼ਸ਼ਿਆ ਨਾ ਗਿਆ। ਜੋੜੀਆਂ-ਜੋੜੀਆਂ ਗੁਰੂ ਨੇ ਤੋਰੀਆਂ। ਚਮਕੌਰ ਦੀ ਗੜ੍ਹੀ ਵਿੱਚੋਂ ਤੋਰੀ ਤੇ ਜੋੜੀ ਤੋਰੀ। ਸਰਹਿੰਦ ਦੀ ਧਰਤੀ ‘ਤੇ ਤੋਰਿਆ ਤੇ ਜੋੜੀ ਤੋਰੀ। ਜਿਸ ਦਿਨ ਬੀਕਾਨੇਰ ਦੇ ਥਲਾਂ ਵਿੱਚੋਂ ਤੁਰੇ ਤਾਂ ਜੋੜੀ ਤੁਰੀ। ਜਿਸ ਦਿਨ ਦਿੱਲੀ ਦੀ ਧਰਤੀ ਨੂੰ ਗਈ ਤਾਂ ਜੋੜੀ ਤੁਰੀ। ਅਸੀਂ ਜੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹੈ ਤਾਂ ਅੰਦਰ ਦੀ ਹਉਮੈ ਨੂੰ ਛੱਡ ਕੇ ਸੱਚਮੁਚ ਸਿੱਖੀ ਕਮਾ ਲਈਏ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ। ਛਲ ਨਾਲ, ਪਾਖੰਡ ਨਾਲ ਕਿੰਨੀ ਕੁ ਦੇਰ ਤੱਕ ਚੱਲਾਂਗੇ। ਇਥੇ ਇਨਸਾਫ਼ ਦੀ ਆਸ ਨਹੀਂ, ਕਿਉਂਕਿ ਸੂਰਮਿਆਂ ਦੇ ਬਾਹੁ-ਬਲ ਇਨਸਾਫ਼ ਦਿੰਦੇ ਹਨ। ਉਹ ਅਦਾਲਤਾਂ ਦੇ ਦਰਵਾਜ਼ੇ ਨਹੀਂ ਖੜਕਾਉਂਦੇ। ਇਸ ਅਦਾਲਤ ਵਿਚ ਬੰਦੇ ਬਿਰਖ ਹੋ ਗਏ। ਫ਼ੈਸਲੇ ਸੁਣਦੇ-ਸੁਣਦੇ ਸੁੱਕ ਗਏ। ਇਹ ਕਦੋਂ ਤੱਕ ਇਥੇ ਖੜ੍ਹੇ ਰਹਿਣਗੇ। ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ‘ਤੇ ਦੀਵਾ ਬਲੇਗਾ। ਜੇ ਹਵਾ ਇਹ ਰਹੀ ਤਾਂ ਕਬਰਾਂ ਵਿਚ ਕੀ ਘਰਾਂ ਵਿਚ ਵੀ ਦੀਵੇ ਬੁਝੇ ਰਹਿਣਗੇ। ਸਤਿਗੁਰੂ ਮਿਹਰ ਕਰਨ। ਸਾਨੂੰ ਸਿੱਖੀ ਦੀ ਦਾਤ ਦੇਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਵਿਸਾਖੀ ਦਾ ਮਹੀਨਾ
ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋਂ !
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਅੰਮ੍ਰਿਤ ਸ਼ਬਦ ਦੀ ਵਰਤੋਂ ਬਹੁਤ ਵਾਰੀ ਕੀਤੀ ਗਈ ਹੈ। ਸਤਿਗੁਰੂ ਨੇ ਮਨੁੱਖ ਦੇ ਹਿਰਦੇ ਵਿਚ ਵੀ ਅੰਮ੍ਰਿਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਤੈਨੂੰ ਸਤਿਗੁਰੂ ਜੀ ਕੋਲੋਂ ਖੰਡੇ ਬਾਟੇ ਦੀ ਦਾਤ ਲੈਣੀ ਪਵੇਗੀ। ਉਸ ਅਰੂਪ ਨੂੰ ਰੂਪ ਰਾਹੀਂ ਪ੍ਰਗਟ ਕੀਤਾ ਜਾ ਸਕਦਾ ਹੈ, ਕਿਉਂਕਿ ਹਰ ਚੀਜ਼ ਜੋ ਅਰੂਪ ਹੈ, ਜਿਹੜੀ ਅੱਖਾਂ ਨਾਲ ਦਿਸਦੀ ਨਹੀਂ। ਉਹ ਨਾ ਦਿਸਦੀ ਹੋਈ ਨੂੰ ਰੂਪਮਾਨ ਚੀਜ਼ ਅੱਖਾਂ ਨਾਲ ਦ੍ਰਿਸ਼ਟਮਾਨ ਪ੍ਰਗਟ ਕਰਦੀ ਹੈ। ਜਿਵੇਂ ਜਦੋਂ ਅਸਮਾਨ ਵਿਚ ਬੱਦਲ ਤੁਰਦੇ ਹੋਏ ਨਜ਼ਰ ਆਉਂਦੇ ਹਨ। ਉਹ ਬੱਦਲ ਇਸ ਚੀਜ਼ ਦਾ ਪ੍ਰਤੀਕ ਹਨ ਕਿ ਕਿਤੇ ਧਰਤੀ ਤੋਂ ਪਾਣੀ ਅਰੂਪ ਭਾਫ਼ ਬਣ ਕੇ ਉਡਿਆ ਤੇ ਉਸ ਅਰੂਪ ਪਾਣੀ ਦੇ ਉਡਣ ਦਾ ਪ੍ਰਤੀਕ, ਅਸਮਾਨ ਵਿਚ ਛਾਏ ਬੱਦਲ ਬਣ ਜਾਂਦੇ ਹਨ। ਕਈ ਵਾਰ ਮੋਰ ਪੈਲਾਂ ਪਾਉਂਦੇ ਹਨ। ਮੋਰ ਆਪਣੇ ਅੰਦਰ ਦੀ ਅਰੂਪ ਖ਼ੁਸ਼ੀ ਨੂੰ ਪੈਲਾਂ ਪਾ ਕੇ ਪ੍ਰਗਟ ਕਰਦੇ ਹਨ। ਅੰਬਾਂ ਨੂੰ ਬੂਰ ਪੈਂਦਾ ਹੈ। ਕੋਇਲ ਉਨ੍ਹਾਂ ਅੰਬਾਂ ਦੇ ਰੁੱਖ ‘ਤੇ ਬੈਠਦੀ ਹੈ। ਇਹ ਆਪਣੇ ਅੰਦਰ ਦੀ ਖ਼ੁਸ਼ੀ ਨੂੰ ਮਿੱਠੇ ਗੀਤ ਗਾ ਕੇ ਪ੍ਰਗਟ ਕਰਦੀ ਹੈ। ਇਸੇ ਤਰ੍ਹਾਂ ਇਨਸਾਨ ਦੇ ਅੰਦਰ ਜਿਹੜੇ ਅਰੂਪ ਜਜ਼ਬੇ ਹਨ। ਉਹ ਰੂਪਮਾਨ ਹੋ ਕੇ ਪ੍ਰਗਟ ਹੁੰਦੇ ਹਨ। ਜਦੋਂ ਕਿਤੇ ਅੱਤ ਦੀ ਖ਼ੁਸ਼ੀ ਹੋਵੇ ਤੇ ਅੱਖਾਂ ਵਿੱਚੋਂ ਨੀਰ ਆ ਜਾਂਦਾ ਹੈ। ਮਨੁੱਖ ਦਾ ਗਲਾ ਰੁੱਕ ਜਾਂਦਾ ਹੈ। ਭਾਵੇਂ ਉਹ ਗਲੇ ਤੋਂ ਬੋਲ ਕੇ ਸ਼ਬਦ ਨਹੀਂ ਕਹਿ ਸਕਦਾ, ਪਰ ਅੱਖਾਂ ਵਿੱਚੋਂ ਆਇਆ ਹੋਇਆ ਪਾਣੀ, ਜੋ ਰੂਪਮਾਨ ਹੈ। ਉਸ ਦੇ ਅੰਦਰ ਦੀ ਅਰੂਪ ਖ਼ੁਸ਼ੀ ਨੂੰ ਪ੍ਰਗਟ ਕਰਦਾ ਹੈ। ਕਈ ਵਾਰ ਮਨੁੱਖ ਦੇ ਮੱਥੇ ‘ਤੇ ਤਿਊੜੀ ਪਈ ਹੋਵੇ। ਅੱਖਾਂ ਲਾਲ ਹੋਣ, ਭਾਵੇਂ ਉਹ ਅੰਦਰ ਦੇ ਗ਼ੁੱਸੇ ਨੂੰ ਬੋਲ ਕੇ ਪ੍ਰਗਟ ਨਾ ਕਰੇ, ਪਰ ਉਸ ਦੀਆਂ ਅੱਖਾਂ ਦੀ ਲਾਲੀ, ਮੱਥੇ ਦੀ ਤਿਊੜੀ, ਉਸ ਦੇ ਚਿਹਰੇ ਦੀ ਬਨਾਵਟ, ਬੰਦੇ ਦੇ ਅਰੂਪ ਗ਼ੁੱਸੇ ਨੂੰ ਪ੍ਰਗਟ ਕਰ ਦਿੰਦੀ ਹੈ। ਹਰ ਅਰੂਪ ਜੋ ਜਜ਼ਬਾ ਹੈ ਉਸ ਨੂੰ ਰੂਪਮਾਨ ਕਰਨ ਲਈ ਕੋਈ ਨਾ ਕੋਈ ਬਾਹਰੋਂ ਹਰਕਤ ਕਰਨੀ ਅੱਤ ਜ਼ਰੂਰੀ ਹੈ।
ਸਾਹਿਬ ਕਹਿੰਦੇ ਹਨ, ਉਹ ਅੰਮ੍ਰਿਤ ਜਿਹੜਾ ਤੈਨੂੰ ਅਦ੍ਰਿਸ਼ਟ ਦਿਸਦਾ ਨਹੀਂ ਪਿਆ। ਉਹ ਆਤਮਿਕ ਜਲ ਜੋ ਤੇਰੇ ਅੰਦਰ ਪਿਆ ਹੈ, ਪਰ ਤੈਨੂੰ ਨਜ਼ਰ ਨਹੀਂ ਆਉਂਦਾ। ਉਸ ਅਰੂਪ ਅੰਮ੍ਰਿਤ ਨਾਲ, ਅਦ੍ਰਿਸ਼ਟ ਅੰਮ੍ਰਿਤ ਜਲ ਨਾਲ ਜੇ ਜੁੜਨਾ ਚਾਹੁੰਦਾ ਹੈਂ, ਤਾਂ ਅਰੂਪ ਨੂੰ ਪ੍ਰਗਟ ਕਰਨ ਲਈ ਬਾਹਰੋਂ ਹਰਕਤ ਵਿਚ ਆਉਣਾ ਅੱਤ ਜ਼ਰੂਰੀ ਹੈ। ਇਹੀ ਕਾਰਨ ਕਿ ਜਦੋਂ ਅਸੀਂ ‘ਜਪੁ ਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਕ ਕ੍ਰਿਪਾ ਕੀਤੀ। ੩੮ਵੀਂ ਪਉੜੀ ਵਿਚ ਦਾਤਾਰ ਜੀ ਨੇ ਅੰਮ੍ਰਿਤ ਦਾ ਜ਼ਿਕਰ ਕੀਤਾ ਹੈ, ਪਰ ਉਸ ਅੰਮ੍ਰਿਤ ਦੇ ਨਾਲ ਕੁਝ ਗੁਣ ਹੋਣੇ ਅੱਤ ਜ਼ਰੂਰੀ ਹਨ।
ਸਾਹਿਬ ਕਹਿੰਦੇ ਹਨ, ਜੇ ਅੰਦਰ ਅੰਮ੍ਰਿਤ ਨੂੰ ਢਾਲਣਾ ਚਾਹੁੰਦਾ ਹੈਂ ਤਾਂ ਪਹਿਲੀ ਗੱਲ ਤੇਰੇ ਕੋਲ ਭਾਂਡਾ ਹੋਣਾ ਚਾਹੀਦਾ ਹੈ। ਭਾਂਡੇ ਤੋਂ ਬਿਨਾਂ ਅੰਦਰ ਅੰਮ੍ਰਿਤ ਢਾਲਿਆ ਨਹੀਂ ਜਾ ਸਕਦਾ। ਸਾਹਿਬ ਕਹਿੰਦੇ ਹਨ, ਪ੍ਰੇਮ ਦਾ ਤੇਰੇ ਕੋਲ ਭਾਂਡਾ ਹੋਵੇ। ਸੋਨਾ ਘੜਨ ਵਾਲੇ ਵੀਰ ਦੀ ਉਦਾਹਰਣ ਲਈ ਹੈ। ਕਹਿੰਦੇ, ਉੱਚਾ ਆਚਰਣ ਦੁਕਾਨ ਬਣਾ ਲਵੇ। ਧੀਰਜ ਨੂੰ ਤੂੰ ਕਾਰੀਗਰ ਬਣਾ ਲਵੇ। ਜਿਹੜਾ ਗਿਆਨ ਗੁਰੂ ਨੇ ਦਿੱਤਾ ਹੈ ਉਸ ਨੂੰ ਹਥੌੜਾ ਬਣਾ ਲਵੇ। ਆਪਣੀ ਮੱਤ ਨੂੰ ਤੂੰ ਅਹਿਰਣ ਬਣਾ ਲਵੇ। ਜੇ ਤੇਰੇ ਕੋਲ ਕਮਾਈ ਦੀ ਅੱਗ ਹੋਵੇ, ਭਾਵ ਤੇਰੇ ਕੋਲ ਘਾਲਣਾ ਹੋਵੇ, ਜਪ-ਤਪ ਹੋਵੇ, ਉਸ ਦੀ ਅੱਗ ਲਈ। ਪ੍ਰੇਮ ਦਾ ਭਾਂਡਾ ਹੋਵੇ। ਜੇ ਇਹ ਸ਼ੁਭ ਗੁਣ ਬਾਹਰ ਦੇ ਹੋਣ ਤਾਂ ਤੇਰੇ ਅੰਦਰੋਂ ਅੰਮ੍ਰਿਤ ਪ੍ਰਗਟ ਹੋਣਾ ਹੈ। ਸਾਹਿਬ ਨੇ ਬਾਹਰ ਦੇ ਗੁਣਾਂ ਦੀ ਗੱਲ ਕਰਕੇ ਅੰਦਰ ਦੇ ਅੰਮ੍ਰਿਤ ਪ੍ਰਗਟ ਕਰਨ ਦਾ ਜ਼ਿਕਰ ਕੀਤਾ। ਅੱਜ ਜਿਹੜੀ ਖ਼ਾਲਸੇ ਉਤੇ, ਸਿੱਖ ਉਤੇ ਰਹਿਮਤ ਗੁਰੂ ਕਲਗੀਧਰ ਨੇ ਕੀਤੀ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ‘ਜਪੁ’ ਦੀ ੩੮ਵੀਂ ਪਉੜੀ ਸਦਕਾ ਹੈ। ਜੇ ਤੇਰੇ ਕੋਲ ਪ੍ਰੇਮ ਦਾ ਭਾਂਡਾ ਹੈ। ਉਸ ਦੇ ਪ੍ਰੇਮ ਦੇ ਭਾਂਡੇ ਵਿਚ ਕੇਵਲ ਅੰਮ੍ਰਿਤ ਢਲਦਾ ਹੈ। ਇਸ ਦਾ ਮਤਲਬ ਉਸ ਅਰੂਪ ਨੂੰ ਪ੍ਰਗਟ ਕਰਨ ਲਈ ਤੇਰੇ ਕੋਲ ਅਰੂਪਮਾਨ ਗੁਣ ਹੋਣੇ ਅੱਤ ਜ਼ਰੂਰੀ ਹੈ। ਆਚਰਣ ਹੋਣਾ ਚਾਹੀਦਾ ਹੈ। ਧੀਰਜ ਹੋਣਾ ਚਾਹੀਦਾ ਹੈ। ਤੇਰੇ ਕੋਲ ਮੱਤ ਚੰਗੀ ਹੋਣੀ ਚਾਹੀਦੀ ਹੈ। ਤੇਰੇ ਕੋਲ ਗਿਆਨ ਹੋਣਾ ਚਾਹੀਦਾ ਹੈ। ਪ੍ਰੇਮ ਦਾ ਭਾਂਡਾ ਹੋਵੇ ਤਾਂ ਉਸ ਅੰਮ੍ਰਿਤ ਨੂੰ ਪ੍ਰਗਟ ਕਰ ਸਕੇਗਾ। ਹਜ਼ੂਰ ਨੇ ਵਿਸਾਖ ਦੇ ਮਹੀਨੇ ਦਾ ਜ਼ਿਕਰ ਕੀਤਾ ਹੈ।
ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਵਿਸਾਖ ਦਾ ਮਹੀਨਾ ਆਇਆ ਹੈ। ਅੰਬਾਂ ਨੂੰ ਬੂਰ ਪੈ ਗਿਆ ਹੈ। ਦੂਸਰੇ ਪਾਸੇ ਜ਼ਿਮੀਂਦਾਰ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ। ਕਣਕ ਦੇ ਛਿੱਟੇ ਬਾਹਰ ਨਿਕਲੇ ਹਨ। ਚਾਰ-ਚੁਫੇਰੇ ਜਿਥੇ ਹਰਿਆਵਲ ਸੀ, ਵਿਸਾਖ ਦੇ ਮਹੀਨੇ ਵਿਚ ਉਥੇ ਚਾਰ-ਚੁਫੇਰੇ ਸੁਨਿਹਰੀ ਰੰਗ ਭਾ ਮਾਰਨ ਲੱਗਾ ਹੈ। ਦਾਤਾਰ ਕਹਿੰਦੇ ਹਨ ਕਿ ਵਿਸਾਖ ਦਾ ਮਹੀਨਾ ਚੜਿਆ। ਇਕ ਮਜ਼ਦੂਰ ਕੱਖਾਂ ਦੀ ਕੁੱਲੀ ਵਿਚ ਰਹਿਣ ਵਾਲਾ, ਜਿਸ ਨੇ ਪੰਜ-ਛੇ ਮਹੀਨੇ ਸਰਦੀ ਦੇ ਜਰੇ ਹਨ। ਵਿਸਾਖੀ ਆਈ ਤੇ ਉਸ ਦੇ ਚਿਹਰੇ ‘ਤੇ ਵੀ ਖੇੜਾ ਆ ਗਿਆ। ਕਹਿਣ ਲੱਗੇ, ਸ਼ਾਹੂਕਾਰ ਜਿਸ ਨੇ ਅੱਜ ਵਹੀਆਂ ਨਵੀਆਂ ਲਗਾਉਣੀਆਂ ਹਨ, ਉਸ ਦੇ ਚਿਹਰੇ ‘ਤੇ ਵੀ ਪ੍ਰਸੰਨਤਾ ਆ ਗਈ। ਜ਼ਿਮੀਂਦਾਰ ਤਾਂ ਫੁੱਲਿਆ ਨਹੀਂ ਸਮਾਉਂਦਾ ਪਿਆ। ਪੁੱਛੀਏ ਕਿ ਇਨ੍ਹਾਂ ਸਾਰਿਆਂ ਦਾ ਜ਼ਿਕਰ ਕਿਉਂ ਕੀਤਾ ?
ਧੰਨ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਕਿ ਦਿਹਾੜੀ ਕਰਨ ਵਾਲਾ ਇਸ ਕਰਕੇ ਖ਼ੁਸ਼ ਹੋ ਗਿਆ ਹੈ ਕਿ ਸਿਆਲ ਦੇ ਦਿਨ ਬੜੀ ਤੰਗੀ ਨਾਲ ਕੱਢੇ ਸੀ। ਅੱਜ ਜ਼ਿਮੀਂਦਾਰ ਦੀ ਫ਼ਸਲ ਪੱਕੀ ਹੈ। ਦਿਹਾੜੀ ਕਰਾਂਗਾ, ਫ਼ਸਲ ਨੂੰ ਕੱਟਾਂਗਾ। ਉਸ ਦੇ ਨਾਲ ਸਾਲ ਭਰ ਦੇ ਦਾਣੇ ਬੱਚਿਆਂ ਤੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਮੈਨੂੰ ਮਿਲ ਜਾਣਗੇ। ਜ਼ਿਮੀਂਦਾਰ ਦੀ ਫ਼ਸਲ ਪੱਕੇ ਤੇ ਵਾਢੀ ਕਰਨ ਵਾਲਾ ਅੱਤ ਦਾ ਪ੍ਰਸੰਨ ਹੈ, ਕਿਉਂਕਿ ਉਸ ਦੀ ਪੱਕੀ ਹੋਈ ਫ਼ਸਲ ਨਾਲ ਉਸ ਦੇ ਬੱਚਿਆਂ ਤੇ ਪਰਿਵਾਰ ਦਾ ਪੇਟ ਭਰਨਾ ਹੈ। ਜੇ ਪੁੱਛੀਏ ਸ਼ਾਹੂਕਾਰ ਕਿਉਂ ਪ੍ਰਸੰਨ ਹੈ ? ਸ਼ਾਹੂਕਾਰ ਦੀ ਪ੍ਰਸੰਨਤਾ ਇਸ ਕਰਕੇ ਹੈ ਕਿ ਜਿਸ ਜ਼ਿਮੀਂਦਾਰ ਨੇ ਛੇਰ ਮਹੀਨੇ ਤੱਕ ਮੇਰੀ ਦੁਕਾਨ ਤੋਂ ਰੁਪਇਆ ਲੈ ਕੇ ਆਪਣੇ ਘਰ ਦੇ ਕੰਮ ਚਲਾਏ ਹਨ। ਅੱਜ ਵਿਸਾਖ ਦਾ ਮਹੀਨਾ ਉਸ ਨੂੰ ਖ਼ੁਸ਼ੀ ਦੇਣ ਲਈ ਆਇਆ ਹੈ। ਚੁੱਕਿਆ ਹੋਇਆ ਕਰਜ਼, ਵਿਸਾਖੀ ਦੇ ਮਹੀਨੇ ਵਿਚ ਫ਼ਸਲ ਕੱਟੇਗਾ। ਉਸ ਦੇ ਦਾਣੇ ਮੇਰੀ ਦੁਕਾਨ ‘ਤੇ ਆਉਣਗੇ ਤੇ ਮੇਰਾ ਕਰਜ਼ ਜ਼ਰੂਰ ਵਾਪਸ ਮਿਲੇਗਾ। ਜੇ ਕਿਤੇ ਜ਼ਿਮੀਂਦਾਰ ਨੂੰ ਪੁੱਛੋ, ਉਹ ਇਸ ਕਰਕੇ ਪ੍ਰਸੰਨ ਹੈ ਕਿ ਵਿਸਾਖੀ ਦਾ ਮਹੀਨਾ ਆਇਆ ਹੈ। ਅੱਜ ਫ਼ਸਲ ਪੱਕੇਗੀ। ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਾਂਗਾ। ਆਪਣੇ ਪੁੱਤਰ, ਧੀਆਂ ਦੇ ਕਾਰਜ ਪੂਰੇ ਕਰਾਂਗਾ। ਸਾਹਿਬ ਕਹਿੰਦੇ, ਵਿਸਾਖੀ ਖ਼ੁਸ਼ੀ ਲੈ ਕੇ ਆਉਂਦੀ ਹੈ। ਸਾਹਿਬ ਕਹਿੰਦੇ, ਬਾਹਰਮੁੱਖੀ ਬਿਰਤੀ ਨਾਲ ਭਾਵੇਂ ਹਰ ਕੋਈ ਪ੍ਰਸੰਨ ਹੈ, ਪਰ ਕਦੀ ਉਸ ਜੀਵ-ਇਸਤਰੀ ਨੂੰ ਪੁੱਛ ਕੇ ਦੇਖੋ, ਜਿਸ ਦਾ ਵਿਸਾਖ ਵਿਚ ਵੀ ਪਿਆਰੇ ਸਤਿਗੁਰੂ ਦੇ ਚਰਨਾਂ ਵਿੱਚੋਂ ਵਿਛੋੜਾ ਪੈ ਗਿਆ ਹੈ। ਕਹਿੰਦੇ, ਵਿਸਾਖ ਨੇ ਹਰ ਇਕ ਨੂੰ ਧੀਰਜ ਦਿੱਤਾ ਹੈ। ਉਸ ਦੇ ਲਈ ਵਿਸਾਖ ਦਾ ਮਹੀਨਾ ਪ੍ਰਸੰਨਤਾ ਵਾਲਾ ਨਹੀਂ ਹੈ। ਸਾਹਿਬ ਕਹਿੰਦੇ ਹਨ, ਵਿਸਾਖ ਦੇ ਮਹੀਨੇ ਵਿਚ ਉਨ੍ਹਾਂ ਨੂੰ ਖ਼ੁਸ਼ੀ ਹੈ, ਜਿਹੜੇ ਜੁੜੇ ਹਨ। ਜਿਹੜੀਆਂ ਜੀਵ-ਇਸਤਰੀਆਂ ਵਿਸਾਖ ਦੇ ਮਹੀਨੇ ਵਿਚ ਪ੍ਰਭੂ ਦੇ ਪ੍ਰੇਮ ਤੋਂ ਵਾਂਝੀਆਂ ਰਹਿ ਗਈਆਂ, ਉਨ੍ਹਾਂ ਦੇ ਅੰਦਰ ਨੂੰ ਵਿਸਾਖ ਦੇ ਮਹੀਨੇ ਵਿਚ ਵੀ ਧੀਰਜ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ। ਗੁਰੂ ਜੀ ਨੇ ਚਾਰ ਦੁੱਖ ਮੰਨੇ ਹਨ। ਸਭ ਤੋਂ ਵੱਡਾ ਦੁੱਖ ਮਨੁੱਖ ਨੂੰ ਲੱਗਾ ਹੈ ਕਿ ਉਹ ਆਪਣੇ ਵਾਹਿਗੁਰੂ ਦੇ ਚਰਨਾਂ ਵਿੱਚੋਂ ਟੁੱਟਿਆ ਹੋਇਆ ਹੈ। ਵਿਛੋੜੇ ਤੋਂ ਵੱਡਾ ਹੋਰ ਕੋਈ ਦੁੱਖ ਨਹੀਂ ਹੈ। ਦੂਸਰਾ ਦੁੱਖ ਬੰਦੇ ਨੂੰ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਹੈ। ਤੀਸਰਾ ਦੁੱਖ ਤਨ ਦਾ ਦੁੱਖ ਲੱਗ ਜਾਵੇ ਤੇ ਚੌਥਾ ਦੁੱਖ ਜਿਹੜਾ ਤੈਨੂੰ ਮੌਤ ਦਾ ਡਰ ਲੱਗਦਾ ਹੈ। ਵਿਛੜਿਆਂ ਹੋਇਆਂ ਨੂੰ ਦੁਨੀਆਂ ਦਾ ਕੋਈ ਵੀ ਪਦਾਰਥ ਟਿਕਾਅ ਨਹੀਂ ਦੇ ਸਕਦਾ ਹੈ।
ਭਾਈ ਵੀਰ ਕਹਿੰਦੇ ਹਨ ਕਿ ਕਦੀ ਤੁਸੀਂ ਬਲਦੀ ਹੋਈ ਅੱਗ ਨੂੰ ਦੇਖੋ। ਘਰਾਂ ਵਿਚ ਦੇਖਦੇ ਹਾਂ ਕਿ ਲੱਕੜਾਂ ਦੀ ਅੱਗ ਬਾਲਦਾ ਹੈ। ਭਾਵੇਂ ਕੋਲਿਆਂ ਨਾਲ ਅੱਗ ਬਾਲਦਾ ਹੈ। ਜਿੰਨੀ ਦੇਰ ਤੱਕ ਕੋਲੇ ਅੱਗ ਵਿਚ ਪਏ ਹਨ, ਉਹ ਕਾਲੇ ਰੰਗ ਦੇ ਕੋਲੇ ਅੱਤ ਦੇ ਲਾਲ ਸਾਨੂੰ ਨਜ਼ਰ ਆਉਂਦੇ ਹਨ। ਪਤਾ ਨਹੀਂ ਲੱਗਦਾ ਕਿ ਇਨ੍ਹਾਂ ਕੋਲਿਆਂ ਦੇ ਅੰਦਰ ਕਾਲਖ਼ ਹੋਵੇਗੀ। ਇਹ ਕੋਲੇ ਅੰਦਰੋਂ ਕਾਲਖ਼ ਲੈ ਕੇ ਬੈਠੇ ਹਨ। ਕਹਿੰਦੇ, ਅੱਗ ਵਿਚ ਪਏ ਹੋਏ ਕੋਲੇ ਲਾਲ ਸੁਰਖ ਹਨ, ਪਰ ਬਦਕਿਸਮਤੀ ਜਿਹੜਾ ਕੋਲਾ ਅੱਗ ਦੀ ਲਾਟ, ਭੱਠੀ ਵਿੱਚੋਂ ਨਿਕਲ ਕੇ ਬਾਹਰ ਡਿੱਗ ਜਾਵੇ, ਉਸ ਦੇ ਡਿੱਗਣ ਦੀ ਦੇਰ ਹੈ ਲਾਲੀ ਖ਼ਤਮ ਹੋ ਜਾਂਦੀ ਹੈ। ਅੰਦਰੋਂ ਕਾਲਖ਼ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਵਿਛੋੜੇ ਦਾ ਦੁੱਖ ਕਿਹੜਾ ਹੈ ? ਅੰਦਰੋਂ ਲਾਲੀ ਖ਼ਤਮ ਹੋਈ। ਕਹਿੰਦੇ, ਉਸ ਕੋਲੇ ਨੂੰ ਜਿੰਨਾ ਮਰਜ਼ੀ ਪਾਣੀ ਵਿਚ ਡੋਬ ਲਵੋ, ਉਸ ਦੀ ਕਾਲਖ਼ ਕਦੀ ਨਹੀਂ ਜਾਂਦੀ। ਉਸ ਕੋਲੇ ਨੂੰ ਦੁੱਧ ਵਿਚ, ਦਹੀਂ ਵਿਚ ਧੋਣ ਦਾ ਯਤਨ ਕਰੀਏ ਤਾਂ ਉਸ ਦੀ ਕਾਲਖ਼ ਨਹੀਂ ਜਾਂਦੀ। ਕਹਿੰਦੇ, ਕੋਲਾ ਤਰਲੇ ਲੈ ਕੇ ਕਹਿੰਦਾ ਹੈ, ਮੈਨੂੰ ਪਾਣੀ ਵਿਚ ਨਾ ਡੋਬ, ਮੈਨੂੰ ਸਾਬਣ ਨਾਲ ਨਾ ਧੋ, ਮੈਨੂੰ ਦਹੀਂ ਤੇ ਦੁੱਧ ਵਿਚ ਨਾ ਰੱਖ। ਮੇਰੇ ਉੱਪਰ ਰੰਗ ਚਾੜ੍ਹਣ ਦਾ ਯਤਨ ਨਾ ਕਰ। ਜੇ ਮੇਰੇ ਅੰਦਰ ਦੀ ਲਾਲੀ ਵੇਖਣਾ ਚਾਹੁੰਦਾ ਹੈ, ਜਿਸ ਅੱਗ ਨਾਲੋਂ ਵਿਛੜ ਕੇ ਆਇਆ ਹਾਂ, ਪਰਤ ਕੇ ਮੈਨੂੰ ਉਸ ਵਿਚ ਸੁੱਟ ਦੇ। ਅੱਗੇ ਨਾਲੋਂ ਵੱਧ ਲਾਲੀ ਮੈਂ ਤੈਨੂੰ ਪ੍ਰਗਟ ਕਰ ਦੇਵਾਂਗਾ। ਕਹਿਣ ਲੱਗੇ, ਬਸ, ਇਕ ਵਿਛੋੜਾ ਹੀ ਹੈ, ਜਿਹੜਾ ਅੰਦਰ ਦੇ ਵਿਕਾਰਾਂ ਨੂੰ ਜਨਮ ਦਿੰਦਾ ਹੈ। ਵਿਛੋੜਾ ਹੀ ਹੈ, ਜਿਹੜਾ ਅੰਦਰ ਦੇ ਦੁੱਖ ਨੂੰ ਜਨਮ ਦਿੰਦਾ ਹੈ। ਜੇ ਤੂੰ ਅੰਦਰ ਦੇ ਵਿਛੋੜੇ ਨੂੰ ਦੂਰ ਕਰਕੇ ਨਾਮ ਦੀ ਲਾਲੀ ਲਿਆਉਣੀ ਚਾਹੁੰਦਾ ਹੈਂ, ਹੋਰ ਕੋਈ ਕੰਮ ਨਹੀਂ ਕਰਨਾ, ਆਪਣੇ ਆਪ ਨੂੰ ਕਲਗੀ ਵਾਲੇ ਦੇ ਚਰਨਾਂ ਵਿਚ ਰੱਖ ਕੇ ਅੰਮ੍ਰਿਤ ਦੀ ਦਾਤ ਮੰਗ ਲੈ। ਅੰਮ੍ਰਿਤ ਦੀ ਦਾਤ ਤੈਨੂੰ ਅੰਦਰ ਦੀ ਲਾਲੀ ਜ਼ਰੂਰ ਬਖ਼ਸ਼ੇਗੀ। ਸਾਹਿਬ ਕਹਿੰਦੇ, ਵਿਸਾਖ ਦਾ ਮਹੀਨਾ ਤਾਂ ਚੰਗਾ ਹੈ, ਜੇ ਤੈਨੂੰ ਰੱਬ ਦੀ ਬੰਦਗੀ ਕਰਨ ਵਾਲਾ ਪੂਰਾ ਗੁਰੂ, ਸੰਤ ਮਿਲ ਜਾਵੇ। ਮਾਝ ਦੇ ਮਹੀਨੇ ਵਿਚ ਕਿਹਾ ਕਿ ਇਕ ਵਿਛੋੜਾ ਤੇਰੇ ਅੰਦਰ ਨੂੰ ਦੁੱਖ ਦੇਵੇਗਾ। ਸਾਹਿਬ ਕਹਿੰਦੇ ਹਨ, ਪੁਰਾਤਨਤਾ ਚਲੀ ਗਈ। ਅੱਜ ਇਕ ਨਵਾਂ ਇਨਕਲਾਬ ਆਇਆ ਹੈ। ਨਵੀਂ ਨਵੀਨਤਾ ਆਈ ਹੈ। ਸਾਹਿਬ ਜੀ ! ਨਵੀਨਤਾ ਕਿਹੜੀ ? ਕਹਿਣ ਲੱਗੇ, ਪੁਰਾਣੇ ਪੱਤੇ ਝੜ ਗਏ ਹਨ। ਹੁਣ ਨੀਵਆਂ ਸ਼ਾਖਾਵਾਂ ਵੇਸ ਕਰੇ। ਨਵੀਆਂ ਕਰੂੰਬਲਾਂ ਟਾਹਣੀਆਂ ਵਿੱਚੋਂ ਬਾਹਰ ਨਿਕਲੀਆਂ ਤੇ ਨਵੀਆਂ ਕਰੂੰਬਲਾਂ ਦਾ ਸੁਭਾਅ ਹੀ ਆਪਣਾ ਹੈ। ਕਹਿਣ ਲੱਗੇ, ਪੁਰਾਤਨਤਾ ਦੇ ਕਰਮ-ਕਾਂਡ ਚਲੇ ਗਏ। ਅੱਜ ਵਿਸਾਖੀ ਵਾਲੇ ਦਿਨ ਇਕ ਨਵਾਂ ਵੇਸ ਮਿਲਿਆ ਹੈ। ਬਨਾਸਪਤੀ ਨੇ ਨਵੀਆਂ ਕਰੂੰਬਲਾਂ ਨੂੰ ਜਨਮ ਦਿੱਤਾ ਹੈ ਤੇ ਮੇਰੀ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਸਿੱਖ ਦੇ ਬਾਣੇ ਨੂੰ ਜਨਮ ਦਿੱਤਾ ਹੈ। ਹਰ ਵਾਰੀ ਵਿਸਾਖੀ ਦਾ ਮਹੀਨਾ ਕੋਈ ਨਾ ਕੋਈ ਸੰਦੇਸ਼ ਲੈ ਕੇ ਆਉਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸਾਖ ਤੇ ਵਿਸਾਖੀ ਸ਼ਬਦ ਆਇਆ ਹੈ। ਗੁਰੂ ਨਾਨਕ ਦੇਵ ਜੀ ਨੇ ਵਿਸਾਖ ਵੀ ਵਰਤਿਆ ਹੈ ਤੇ ਅਖੀਰ ‘ਤੇ ਵਿਸਾਖੀ ਵਰਤਿਆ ਹੈ। ਉਹ ਕਹਿੰਦੇ ਹਨ, ਵਿਸਾਖੀ ਵਾਲਾ ਦਿਨ ਸੀ, ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਧਰਤੀ ਨੂੰ ਸੋਧਣ ਦਾ ਪ੍ਰਣ ਕੀਤਾ ਸੀ। ਬਾਬੇ ਨੇ ਦੁਨੀਆਂ ਦੇ ਮੋਹ ਤੋਂ ਉੱਪਰ ਉੱਠ ਕੇ ਧਰਤੀ ਨੂੰ ਸੋਧਣ ਦਾ ਯਤਨ ਕੀਤਾ ਸ਼ਬਦ ਦੇ ਨਾਲ। ਵਿਸਾਖੀ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਦੁਸ਼ਮਣ ਨੂੰ ਸੋਧਣ ਦਾ ਯਤਨ ਕੀਤਾ ਸੀ ਸ਼ਸ਼ਤਰ ਦੇ ਨਾਲ। ਕਹਿੰਦੇ, ਜਦੋਂ ਬੰਦਾ ਸ਼ਾਸਤਰ ਨੂੰ ਸਮਝੇ ਨਾ, ਫਿਰ ਉਸ ਨੂੰ ਸੋਧਣ ਲਈ ਸ਼ਸ਼ਤਰ ਚੁੱਕਣਾ ਬਹੁਤ ਜ਼ਰੂਰੀ ਹੈ। ਜਿਸ ਦਿਨ ਸੁਲਤਾਨਪੁਰ ਦੀ ਧਰਤੀ ਤੋਂ ਸ਼ਬਦ ਉਠਿਆ ਸੀ-“ਨਾ ਕੋ ਹਿੰਦੂ, ਨਾ ਮੁਸਲਮਾਨ”। ਉਹ ਵਿਸਾਖੀ ਵਾਲਾ ਦਿਨ ਸੀ। ਦੂਸਰੀ ਵਿਸਾਖੀ ਆਈ, ਗੁਰੂ ਜੀ ਨੇ ਸਾਨੂੰ ਭਰਮ ਜਾਲ ਵਿੱਚੋਂ ਕੱਢਿਆ।
ਹਰਿਦੁਆਰ ਦੀ ਧਰਤੀ ਹੈ। ਉਸ ਦਿਨ ਵੀ ਵਿਸਾਖੀ ਸੀ। ਸਾਰੇ ਲੋਕ ਚੜ੍ਹਦੇ ਨੂੰ ਪਾਣੀ ਦਿੰਦੇ ਪਏ ਹਨ ਤੇ ਬਾਬਾ ਨਾਨਕ ਜੀ ਗੰਗਾ ਵਿਚ ਖਲੋਤੇ, ਉਨ੍ਹਾਂ ਦੇ ਚਰਨ ਵੀ ਪਾਣੀ ਨਾਲ ਭਿੱਜੇ। ਉਹ ਪਾਣੀ ਚੜ੍ਹਦੇ ਨੂੰ ਨਹੀਂ, ਲਹਿੰਦੇ ਨੂੰ ਦਿੰਦੇ ਪਏ ਸਨ। ਵਿਸਾਖੀ ਵਾਲੇ ਦਿਨ ਉਨ੍ਹਾਂ ਨੇ ਭਰਮ ਜਾਲ ਨੂੰ ਤੋੜਿਆ ਸੀ ਕਿ ਸੱਜਣਾ, ਪਿੱਤਰਾਂ ਨੂੰ ਪਾਣੀ ਨਹੀਂ। ਜੇ ਪਿੱਤਰਾਂ ਨੂੰ ਪਾਣੀ ਦਿੰਦਾ ਹੋਵੇ ਤਾਂ ਪੰਜਾਬ ਦੀ ਧਰਤੀ ‘ਤੇ ਪਾਣੀ ਨਾ ਜਾਵੇ। ਹਜ਼ੂਰ ਕ੍ਰਿਪਾਲੂ ਨੇ ਪਿੱਤਰਾਂ ਨੂੰ ਪਾਣੀ ਦੇਣ ਦਾ ਭਰਮ ਤੋੜਿਆ ਸੀ।
ਵਿਸਾਖ ਦਾ ਮਹੀਨਾ ਸੀ ਜਦੋਂ ਧੰਨ ਗੁਰੂ ਅਮਰਦਾਸ ਜੀ ਸੰਸਾਰ ਉਤੇ ਆਏ ਸਨ। ਵਿਸਾਖੀ ਵਾਲੇ ਦਿਨ ਬਾਉਲੀ ਦਾ ਕੜ ਟੁੱਟਾ ਸੀ। ਉਸ ਬਾਉਲੀ ਦੇ ਕੜ ਟੁੱਟਣ ਨਾਲ ਇਸ ਸਿੱਖ ਨੇ ਆਪਣਾ ਤਨ, ਮਨ, ਧਨ, ਗੁਰੂ ਨੂੰ ਦੇ ਦਿੱਤਾ ਸੀ। ਉਸ ਦਿਨ ਸਿੱਖ ਨੇ ਪੂਰਨਾ ਪਾਇਆ ਸੀ ਕਿ ਜੇ ਗੁਰੂ ਹੁਕਮ ਕਰੇ, ਕੜ ਤੋੜਦਿਆਂ ਹੋਇਆਂ ਡੁੱਬ ਵੀ ਜਾਈਏ, ਤਾਂ ਗੁਰੂ ਦੀ ਖ਼ੁਸ਼ੀ ਮਿਲ ਜਾਂਦੀ ਹੈ। ਕੜ ਟੁੱਟਦਾ ਨਹੀਂ ਪਿਆ ਸੀ। ਭਾਈ ਮਾਣਕ ਚੰਦ ਆਪ ਬਾਉਲੀ ਦੇ ਥੱਲੇ ਉਤਰੇ ਹਨ। ਉਨ੍ਹਾਂ ਨੇ ਹਥੌੜੇ ਲੈ ਕੇ ਕੜ ਤੋੜਣਾ ਸ਼ੁਰੂ ਕੀਤਾ। ਕਾਰੀਗਰਾਂ ਨੇ ਸ਼ਬਦ ਕਿਹਾ ਸੀ—ਕੜ ਤਾਂ ਟੁੱਟ ਜਾਵੇਗਾ, ਪਰ ਹੋ ਸਕਦਾ ਹੈ ਕਿ ਕੜ ਤੋੜਣ ਵਾਲਾ ਪਾਣੀ ਵਿਚ ਹੀ ਰਹਿ ਕੇ ਖ਼ਤਮ ਹੋ ਜਾਵੇ। ਮਾਣਕ ਚੰਦ ਨੇ ਕਿਹਾ ਨਹੀਂ, ਮੇਰੇ ਗੁਰੂ ਅਮਰਦਾਸ ਜੀ ਮੇਰੇ ‘ਤੇ ਨਜ਼ਰ ਰੱਖਣ, ਮੈਂ ਬਾਉਲੀ ਦਾ ਕੜ ਤੋੜਾਂਗਾ। ਮੈਂ
ਦੁਨੀਆਂ ਦੀ ਨਜ਼ਰ ਵਿਚ ਬਾਉਲੀ ਵਿਚ ਡੁੱਬਾਂਗਾ। ਜੇ ਗੁਰੂ ਅਮਰਦਾਸ ਜੀ ਦੀ ਨਜ਼ਰ
ਹੋਈ ਤਾਂ ਮੈਂ ਭਵਜਲ ਤੋਂ ਤਰ ਜਾਵਾਂਗਾ। ਭਾਈ ਮਾਣਕ ਚੰਦ ਅੰਦਰ ਗਏ। ਉਨ੍ਹਾਂ ਨੇ
ਬਾਉਲੀ ਦਾ ਕੜ ਤੋੜਿਆ। ਇੰਨੇ ਜ਼ੋਰ ਨਾਲ ਪਾਣੀ ਬਾਹਰ ਨਿਕਲਿਆ ਕਿ ਮਾਣਕ ਚੰਦ
ਵਿਚ ਹੀ ਰਹਿ ਗਿਆ। ਮਾਂ ਆਈ, ਲੋਕਾਂ ਨੇ ਦੱਸਿਆ, ਮਾਈ ਤੇਰਾ ਪੁੱਤਰ ਬਾਉਲੀ ਦੇ
ਪਾਣੀ ਵਿਚ ਡੁੱਬ ਗਿਆ ਹੈ। ਮਾਈ ਨੇ ਕਿਹਾ, ਸਤਿਗੁਰੂ ! ਮੇਰਾ ਪੁੱਤਰ ਪਾਣੀ ਵਿਚ ਡੁੱਬ ਗਿਆ ਹੈ। ਸਾਹਿਬ ਕਹਿੰਦੇ, ਮਾਈ ! ਤੂੰ ਨਾਮ ਰੱਖਿਆ ਮਾਣਕ ਚੰਦ। ਪੱਥਰ ਪਾਣੀ ਵਿਚ ਡੁੱਬਦੇ ਹਨ, ਪਰ ਮਾਣਕ ਕਦੀ ਨਹੀਂ ਡੁੱਬਦਾ। ਤੇਰਾ ਪੁੱਤਰ ਬਾਉਲੀ ਵਿਚ ਡੁੱਬ ਕੇ ਇੰਨਾ ਗੁਣਵਾਨ ਬਣ ਗਿਆ ਹੈ ਕਿ ਲੋਕਾਂ ਨੂੰ ਭਵਜਲ ਵਿਚ ਡੁੱਬਦਿਆਂ ਨੂੰ ਪਾਰ ਕਰ ਦੇਵੇਗਾ। ਵਿਸਾਖ ਭਾਗਾਂ ਵਾਲਾ ਮਹੀਨਾ ਹੈ। ਇਸ ਦਿਨ ਗੋਇੰਦਵਾਲ ਦੀ ਧਰਤੀ ‘ਤੇ ਗੁਰੂ ਅਰਜਨ ਦੇਵ ਜੀ ਦੀ ਆਮਦ ਹੋਈ ਸੀ। ਜਿਸ ਦੁੱਖਭੰਜਨੀ ਬੇਰੀ ਦੇ ਥੱਲੇ ਅੱਜ ਵੀ ਸਿੱਖ ਇਸ਼ਨਾਨ ਕਰਦਾ ਹੈ। ਭਰੋਸੇ ਵਾਲਿਆਂ ਨੂੰ ਅੱਜ ਵੀ ਦਾਤ ਮਿਲਦੀ ਹੈ। ਜਿਸ ਦਿਨ ਉਸ ਕੋੜ੍ਹੀ ਨੇ ਇਸ਼ਨਾਨ ਕੀਤਾ ਸੀ, ਉਸ ਨੂੰ ਅੰਦਰ ਬਾਹਰ ਦੀ ਅਰੋਗਤਾ ਮਿਲੀ। ਉਸ ਦਿਨ ਵੀ ਵਿਸਾਖ ਦਾ ਮਹੀਨਾ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਿਸ ਦਿਨ ਬਾਬਾ ਬਕਾਲਾ ਕਿਹਾ ਸੀ, ਉਸ ਦਿਨ ਵੀ ਵਿਸਾਖ ਸੀ। ਜਿਸ ਦਿਨ ਭਾਈ ਨੰਦ ਲਾਲ ਨੇ ਕਲਗੀ ਵਾਲੇ ਦੇ ਚਰਨਾਂ ਦੀ ਟੇਕ ਲਈ, ਉਸ ਦਿਨ ਵੀ ਵਿਸਾਖੀ ਦਾ ਦਿਨ ਸੀ। ਵਿਸਾਖੀ ਵਾਲੇ ਦਿਨ ਕਲਗੀਧਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। 1763 ਦੀ ਵਿਸਾਖੀ ਦੇਖੋ। ਖ਼ਾਲਸੇ ਨੂੰ ਦਿੱਤੀ ਹੋਈ ਅੰਮ੍ਰਿਤ ਦੀ ਦਾਤ ਰੰਗ ਲਿਆਈ। ਅੱਜ ਖ਼ਾਲਸਾ ਵਿਸਾਖੀ ਵਾਲੇ ਦਿਨ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਹੈ। ਕਸੂਰ ਤੋਂ ਇਕ ਬ੍ਰਾਹਮਣ ਆਇਆ ਹੈ। ਉਸ ਨੇ ਆਉਂਦਿਆਂ ਸਾਰ ਫ਼ਰਿਆਦ ਕੀਤੀ, ਖ਼ਾਲਸਾ ! ਕਸੂਰ ਦਾ ਹਾਕਮ ਅਸਮਾਰ ਖ਼ਾਂ ਕਿਸੇ ਦੀ ਵੀ ਬਹੂ-ਬੇਟੀ ਦੀ ਪੱਤ ਰੋਲਦਿਆਂ ਦੇਰ ਨਹੀਂ ਲਗਾਉਂਦਾ। ਅੱਜ ਉਸ ਨੇ ਮੇਰੀ ਘਰਵਾਲੀ ਨੂੰ ਚੁੱਕ ਕੇ ਆਪਣੇ ਘਰ ਪਾਇਆ ਹੈ। ਮੇਰੀ ਤੇਰੇ ਤੋਂ ਬਿਨਾਂ ਕੋਈ ਫ਼ਰਿਆਦ ਸੁਣਨ ਵਾਲਾ ਨਹੀਂ ਹੈ। ਇਕ ਕ੍ਰਿਪਾ ਮੇਰੇ ‘ਤੇ ਕਰੋ। ਮੇਰੀ ਪਤਨੀ ਨੂੰ ਵਾਪਸ ਲੈ ਆਉ। ਉਸ ਵੇਲੇ ਖ਼ਾਲਸੇ ਨੂੰ ਉਹ ਸਮਾਂ ਚੇਤੇ ਆ ਗਿਆ ਕਿ ਗੁਰੂ ਕਲਗੀਧਰ ਜੀ ਨੇ ਸ਼ਸ਼ਤਰ ਤਾਂ ਹੀ ਫੜਾਏ ਸਨ। ਉਥੇ ਉਸ ਵੇਲੇ ਦੁਬਿਧਾ ਪੈਦਾ ਹੋ ਗਈ ਕਿ ਉਸ ਦੇ ਕੋਲ ਕਿਲ੍ਹੇ ਹਨ। ਅਸੀਂ ਮੁੱਠੀ ਭਰ ਹਾਂ, ਪਰ ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰ ਲਈਏ। ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ, ਅਸੀਂ ਉਸ ਨੂੰ ਸਵੀਕਾਰ ਕਰ ਲਵਾਂਗੇ। ਫ਼ਰਿਆਦੀ ਬ੍ਰਾਹਮਣ ਅਕਾਲ ਤਖ਼ਤ ਦੀ ਤਾਬਿਆ ਖਲੋਤਾ ਹੈ ਤੇ ਖ਼ਾਲਸੇ ਨੇ ਦੇਗ ਲਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਪਹੁੰਚੇ ਤੇ ਪ੍ਰਾਰਥਨਾ ਕੀਤੀ, ਦਾਤਾ ! ਜਿਸ ਲਈ ਤੂੰ ਖ਼ਾਲਸਾ ਸਿਰਜਿਆ ਸੀ ਅੱਜ ਲੋੜਵੰਦ ਆਇਆ ਹੈ, ਅਸੀਂ ਗਿਣਤੀ ਵਿਚ ਥੋੜ੍ਹੇ ਹਾਂ। ਕੀ ਅਸੀਂ ਹਮਲਾ ਕਰੀਏ, ਫ਼ਤਹਿ ਮਿਲੇਗੀ ? ਸ਼ਬਦ ਸਨ:
ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹਿ।
ਸਿੱਖ ਸੰਗਤ ਕੋ ਸੱਚ ਵਾਕ ਦੇ।
ਚੱਕ ਵਰਕੇ ਤਬ ਗ੍ਰੰਥ ਕੋ ਦੇਖਾ।
ਵਸੰਤ ਵਾਰ ਕੋ ਆਉ ਲੇਖਾ।
ਉਸ ਸਮੇਂ ਹੁਕਮਨਾਮਾ ਆਇਆ :
“ਪਉੜੀ॥ ਪੰਜੇ ਬਧੇ ਮਹਾਬਲੀ ਘਰੁ ਸਚਾ ਢੋਆ॥”
ਖਾਲਸਾ ਜਿੱਤ ਕੇ ਆਇਆ।
ਧੰਨ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਵਰਤੇ। ਕਹਿਣ ਲੱਗੇ, ਵਿਸਾਖ ਦਾ ਮਹੀਨਾ ਚੰਗਾ ਆ ਗਿਆ ਹੈ। ਦੁਨੀਆਂ ਦੇ ਲੋਕੋ ! ਅੱਜ ਤਾਂ ਬਨਾਸਪਤੀ ਦੀਆਂ ਕਰੂੰਬਲਾਂ ਵੀ ਬਾਹਰ ਨਿਕਲ ਆਈਆਂ ਹਨ। ਉਸ ਨੇ ਵੀ ਪੁਰਾਤਨਾਂ ਨੂੰ ਛੱਡ ਦਿੱਤਾ ਹੈ। ਗੁਰੂ ਦੇ ਸਿੱਖਾ ! ਵਹਿਮਾਂ-ਭਰਮਾਂ ਨੂੰ ਛੱਡ ਦੇ। ਵਿਸਾਖ ਵਾਲੇ ਦਿਨ ਤੇਰੇ ਉਤੇ ਵੀ ਨਵੀਆਂ ਕਰੂੰਬਲਾਂ ਆਉਣ ਤੇ ਨਵਾਂ ਜੀਵਨ ਜਿਊਣ ਦੀ ਤੈਨੂੰ ਜਾਚ ਆ ਜਾਵੇ। ਤੈਨੂੰ ਨਵੀਨਤਾ ਚਾਹੀਦੀ ਹੈ। ਖ਼ਾਲਸਾ ਬਣਨ ਦਾ ਮਤਲਬ ਇਹ ਹੈ ਕਿ ਅੱਜ ਗੁਰੂ ਦੇ ਦਰ ‘ਤੇ ਖਲੋ ਜਾ। ਮਹਾਂਪੁਰਸ਼ ਕਹਿੰਦੇ ਹਨ ਕਿ ਬੂਹੇ ਖੋਲ੍ਹ ਤੇ ਬੇਨਤੀ ਕਰ, ਕਲਗੀ ਵਾਲਿਆ ! ਮੇਰੇ ਘਰ ਵਿਚ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਬੂਹੇ ਵਿਚ ਖਲੋ। ਬੇਨਤੀ ਕਰ ਕਿ ਮੇਰੇ ‘ਤੇ ਦਇਆ ਕਰ ਕੇ ਘਰ ਆਉ। ਮੇਰੇ ਕੋਲ ਕੋਈ ਗੁਣ ਨਹੀਂ। ਤੁਸੀਂ ਦਇਆ ਕਰ ਕੇ ਆਉ। ਪੁੱਛਿਆ, ਗੁਰੂ ਨਾਨਕ ਸਾਹਿਬ ਜੀ ! ਗੁਰੂ ਤੋਂ ਬਿਨਾਂ ਸਰਦਾ ਨਹੀਂ? ਕਹਿਣ ਲੱਗੇ, ਮੇਰੇ ਦਾਤਾ ਜੀ ! ਹਕੀਕਤ ਇਹ ਹੈ ਕਿ ਤੇਰੇ ਤੋਂ ਬਿਨਾਂ ਮੇਰਾ ਅੱਧੀ ਕੌਡੀ ਮੁੱਲ ਨਹੀਂ ਪੈਣਾ। ਗੁਰੂ ਦੇ ਸਿੱਖਾ ! ਰੱਬ ਤੋਂ ਬਿਨਾਂ ਤੇਰਾ ਕੋਈ ਮੁੱਲ ਨਹੀਂ ਹੈ। ਕਹਿੰਦੇ, ਗੁਰੂ ਕਲਗੀਧਰ ਜੀ ਨੇ ਜਿਹੜਾ ਖ਼ਾਲਸਾ ਸਾਜਿਆ, ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਫ਼ਰਿਆਦ ਹੋਈ ਸੀ। ਹਿੰਦੁਸਤਾਨ ਦੀ ਪੱਤ ਰੁਲਦੀ ਹੋਈ ਅਨੰਦਪੁਰ ਸਾਹਿਬ ਜਾ ਕੇ ਪੁਕਾਰੀ ਸੀ। ਗੁਰੂ ਤੇਗ਼ ਬਹਾਦਰ ਕ੍ਰਿਪਾਲੂ ਜੀ ਦੇ ਚਰਨਾਂ ਵਿਚ ਸੀਸ ਝੁਕਾ ਕੇ ਰੋਣ ਗਏ।
ਕਵੀ ਨਰੈਣ ਸਿੰਘ ਕਹਿੰਦੇ ਹਨ ਕਿ ਖ਼ਾਲਸੇ ਦੀ ਜਨਮ-ਭੂਮੀ ਅਨੰਦਪੁਰ ਸਾਹਿਬ ਹੈ। ਅਨੰਦਪੁਰ ਸਾਹਿਬ ਹੀ ਫ਼ੈਸਲੇ ਹੁੰਦੇ ਹਨ। ਉਥੇ ਹੀ ਫ਼ਰਿਆਦ ਸੁਣੀ ਜਾਂਦੀ ਹੈ। ਜਦੋਂ ਵੀ ਹਿੰਦੁਸਤਾਨ ਨੂੰ ਖ਼ਤਰਾ ਪਵੇਗਾ, ਅਨੰਦਪੁਰ ਦੀ ਫ਼ਰਿਆਦ ਤੋਂ ਬਿਨਾਂ ਇਸ ਨੂੰ ਕੋਈ ਨਹੀਂ ਬਚਾਅ ਸਕਦਾ। ਉਸ ਦਿਨ ਅਨੰਦਪੁਰ ਗਏ, ਫ਼ਰਿਆਦ ਕੀਤੀ। ਪੰਜ ਸਿੱਖ ਅਨੰਦਪੁਰ ਤੋਂ ਗਏ ਸਨ, ਪਰ ਕੋਈ ਵੀ ਕਸ਼ਮੀਰੀ ਪੰਡਿਤ ਅਨੰਦਪੁਰ ਤੋਂ ਨਾਲ ਨਹੀਂ ਗਿਆ। ਉਨ੍ਹਾਂ ਨੂੰ ਘਰਾਂ ਨੂੰ ਤੋਰ ਦਿੱਤਾ ਤੇ ਆਪ ਮੌਤ ਨੂੰ ਵਰਨ ਤੁਰੇ ਸਨ। ਸਾਹਿਬ ਗੁਰੂ ਤੇਗ਼ ਬਹਾਦਰ ਜੀ ਨੇ ਖ਼ੂਨ ਦੇ ਕੇ ਉਨ੍ਹਾਂ ਨੂੰ ਬਚਾਇਆ। ਦੁਨੀਆਂ ਦੇ ਲੋਕੋ ! ਜਿੰਨੇ ਬੁਝਦੇ ਹੋਏ ਦੀਵੇ ਆਪਣੇ ਖ਼ੂਨ ਨਾਲ ਬਾਲੇ ਹਨ। ਉਸ ਦੇ ਘਰ ਦੇ ਦੀਵੇ ਨੂੰ ਬੁਝਾਉਣ ਤੋਂ ਪਹਿਲਾਂ ਸੋਚਣਾ, ਉਸ ਦੇ ਘਰ-ਘਰ ਦਾ ਦੀਵਾ ਕਦੀ ਬੁਝਣਾ ਨਹੀਂ। ਉਸ ਨੇ ਸਾਰੇ ਪਰਿਵਾਰ ਦਾ ਖ਼ੂਨ ਪਾਇਆ ਹੋਇਆ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਹਨ। ਦਿੱਲੀ ਗਏ ਚਾਂਦਨੀ ਚੌਂਕ ਵਿਚ। ਸ਼ਹਾਦਤ ਦਾ ਜਾਮ ਪੀਤਾ ਹੈ। ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਲੱਗੇ ਹਨ। ਜੱਲਾਦ ਨੇ ਪੂਰੀ ਤੇਜ਼ ਤਲਵਾਰ ਕੀਤੀ ਹੈ। ਤਿੰਨ ਸਿੱਖ ਸਭ ਤੋਂ ਪਹਿਲਾਂ ਸ਼ਹੀਦ ਕੀਤੇ ਹਨ। ਗੁਰੂ ਤੇਗ਼ ਬਹਾਦਰ ਜੀ ਦੇ ਸਾਹਮਣੇ ਆਏ। ਤਲਵਾਰ ਤਿੱਖੀ ਕਰਦੇ ਨੂੰ, ਹਜ਼ੂਰ ਨੇ ਹੱਸ ਕੇ ਕਿਹਾ, ਇਕ ਗੱਲ ਚੇਤੇ ਰੱਖੀਂ, ਮੇਰਾ ਨਾਮ ਤੇਗ਼ ਬਹਾਦਰ ਹੈ। ਚੇਤੇ ਰੱਖੀਂ ਤੇਗ਼ ਬਹਾਦਰ ਦਾ ਮਤਲਬ ਕੇਵਲ ਇਹ ਨਹੀਂ, ਮੈਂ ਤੇਗ਼ ਕੇਵਲ ਚਲਾ ਨਹੀਂ ਸਕਦਾ। ਸਮਾਂ ਆਉਣ ‘ਤੇ ਮੈਂ ਤੇਗ਼ ਖਾ ਵੀ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਤੁਹਾਡਾ ਸਿਰ ਧੜ ਤੋਂ ਕਲਮ ਕਰ ਦਿੱਤਾ ਜਾਵੇਗਾ। ਕਾਨੇ ਦੀ ਬਣੀ ਹੋਈ ਕਲਮ ਤਵਾਰੀਖ਼ ਨੂੰ ਸਿਰਜਦੀ ਹੈ। ਜਿਹੜੀ ਬੂਟੇ ਦੀ ਟਾਹਣੀ ਨੂੰ ਤੋੜ ਕੇ ਕਲਮ ਬਣਾਈ ਜਾਵੇ, ਉਹ ਟਾਹਣੀ ਨੂੰ ਕੱਟਣ ਵਾਲਿਆ ! ਜਿਸ ਬੂਟੇ ਨਾਲੋਂ ਟਾਹਣੀ ਤੋੜ ਕੇ ਕਲਮ ਬਣਾਈ ਹੈ, ਧਰਤੀ ਵਿਚ ਹੈ, ਆਪਣੇ ਵਰਗਾ ਉਸ ਨੇ ਇਕ ਹੋਰ ਬੂਟਾ ਕਰ ਲੈਣਾ ਹੈ। ਵਿਚ ਗੱਡਣ ਦੀ ਦੇਰ ਹੈ, ਆਪਣ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਹਰਿ ਬਿਸਰਤ ਸਦਾ ਖੁਆਰੀ
ਟੋਡੀ ਮਹਲਾ ੫ ॥
ਹਰਿ ਬਿਸਰਤ ਸਦਾ ਖੁਆਰੀ ॥
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ਰਹਾਉ ॥
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥ ੧ ॥
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥ ੨ ॥ ੨ ॥
ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋਂ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਇਸ ਅੰਮ੍ਰਿਤ ਬਚਨ ਦੇ ਅੰਦਰ ਦੋ ਗੱਲਾਂ ਗੁਰੂ ਪੰਚਮ ਪਾਤਿਸ਼ਾਹ ਜੀ ਨੇ ਦ੍ਰਿੜ੍ਹ ਕਰਾਈਆਂ ਹਨ। ਇਕ ਪਾਸੇ ਧੰਨ ਗੁਰੂ ਅਰਜਨ ਦੇਵ ਜੀ ਨੇ ਇਹ ਗੱਲ ਸਮਝਾਈ ਹੈ ਕਿ ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਵੇ, ਉਸ ਦੇ ਪੱਲੇ ਖੁਆਰੀ ਪੈਂਦੀ ਹੈ। ਦੂਸਰੇ ਪਾਸੇ ਜਿਨ੍ਹਾਂ ਨੂੰ ਕਰਤਾ ਪੁਰਖ ਯਾਦ ਆ ਜਾਵੇ, ਉਨ੍ਹਾਂ ਨੂੰ ਫਿਰ ਕੋਈ ਵੀ ਧੋਖਾ, ਕੋਈ ਵੀ ਚਿੰਤਾ ਵਿਆਪ ਨਹੀਂ ਸਕਦਾ। ਜਿਨ੍ਹਾਂ ਨੂੰ ਪ੍ਰਭੂ ਦੇ ਨਾਮ ਦਾ ਵਿਛੋੜਾ ਹੈ ਜਾਂ ਪਰਮਾਤਮਾ ਨੂੰ ਵਿਸਰ ਗਏ ਹਨ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਭਾਵੇਂ ਉਨ੍ਹਾਂ ਦੀ ਉਮਰ ਕਈ ਯੁੱਗ ਹੋ ਜਾਵੇ, ਉਨ੍ਹਾਂ ਦੀ ਉਮਰ ਇਸ ਤਰ੍ਹਾਂ ਬਤੀਤ ਹੁੰਦੀ ਹੈ, ਤਿਉਂ ਸੱਪ ਦੀ ਤਰ੍ਹਾਂ ਆਪਣੇ ਅੰਦਰ ਜ਼ਹਿਰ ਘੋਲਦੇ ਰਹਿੰਦੇ ਹਨ। ਉਨ੍ਹਾਂ ਦੇ ਅੰਦਰ ਕਦੀ ਵੀ ਟਿਕਾਅ ਤੇ ਨਿਮਰਤਾ ਨਹੀਂ ਆਉਂਦੀ ਹੈ। ਭਾਵੇਂ ਉਹ ਸਾਰੀ ਧਰਤੀ ਦਾ ਰਾਜ ਵੀ ਕਿਉਂ ਨਾ ਪ੍ਰਾਪਤ ਕਰ ਲੈਣ। ਉਹ ਰਾਜ-ਭਾਗ ਪ੍ਰਾਪਤ ਕਰਕੇ ਵੀ ਖਿੰਡਾਅ ਵਿਚ ਰਹਿੰਦੇ ਹਨ।
ਸਾਹਿਬ ਕਹਿੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਸਫਲ ਹੈ, ਉਨ੍ਹਾਂ ਦਾ ਜਨਮ ਸਫਲ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਹੈ। ਸਾਹਿਬ ਕਹਿੰਦੇ ਹਨ, ਫ਼ਸਲ ਭਾਵੇਂ ਜਿੰਨੀ ਮਰਜ਼ੀ ਕੀਮਤੀ ਬੀਜ ਲਿਆ ਕੇ ਬੀਜੀ ਹੋਵੇ, ਜ਼ਮੀਨ ਵੀ ਵਾਹੀ ਹੋਵੇ, ਪਰ ਇਹ ਗੱਲ ਕਦੀ ਭੁੱਲੀਏ ਨਾ ਕਿ ਜੇ ਉਸ ਜ਼ਮੀਨ ਨੂੰ ਪਾਣੀ ਨਾ ਮਿਲੇ, ਉਹ ਕੀਮਤੀ ਫ਼ਸਲ ਵੀ ਸਵਾਹ ਹੋ ਜਾਂਦੀ ਹੈ। ਉਹ ਕਦੀ ਪ੍ਰਫੁੱਲਤ ਨਹੀਂ ਹੁੰਦੀ ਹੈ। ਜਿਵੇਂ ਪਾਣੀ ਤੋਂ ਬਿਨਾਂ ਫ਼ਸਲ ਪੈਦਾ ਨਹੀਂ ਹੋ ਸਕਦੀ, ਇਸੇ ਤਰ੍ਹਾਂ ਪਰਮਾਤਮਾ ਦੀ ਬਾਣੀ ਤੋਂ ਬਿਨਾਂ ਅੰਦਰ ਕਿਸੇ ਨੂੰ ਅਨੰਦ ਨਹੀਂ ਆ ਸਕਦਾ ਹੈ। ਜਿਵੇਂ ਗਾਂ ਦੁੱਧ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ, ਇਸੇ ਤਰ੍ਹਾਂ ਜਿਸ ਕੋਲ ਪਰਮਾਤਮਾ ਦਾ ਨਾਮ ਨਹੀਂ, ਉਸ ਕੋਲ ਖੁਆਰੀ ਹੈ। ਜਿਸ ਫ਼ਸਲ ਨੂੰ ਪਾਣੀ ਨਹੀਂ ਮਿਲਿਆ, ਉਹ ਫ਼ਸਲ ਵੀ ਤਬਾਹ ਹੋ ਜਾਂਦੀ ਹੈ। ਉਸ ਵਿਚ ਕਦੀ ਦਾਣੇ ਪੈਂਦੇ ਨਹੀਂ ਹਨ। ਪਰਮਾਤਮਾ ਨੂੰ ਵਿਸਰ ਜਾਣਾ ਸਭ ਤੋਂ ਵੱਡੀ ਖੁਆਰੀ ਹੈ। ਕਦੀ ਵੀ ਬੰਦਾ ਟਿਕਦਾ ਨਹੀਂ ਹੈ।
ਹਜ਼ੂਰ ਕਹਿੰਦੇ ਹਨ, ਜੇਕਰ ਮਨੁੱਖ ਨੂੰ ਨ੍ਰਿਤ-ਕਲਾ ਆਉਂਦੀ ਹੋਵੇ, ਉਸ ਨੂੰ ਨੱਚਣ ਦੀ ਕਲਾ ਆਉਂਦੀ ਹੋਵੇ, ਭਾਵੇਂ ਉਸ ਨੂੰ ਨੱਚਣ ਦੀਆਂ ਕਈ ਕਲਾਵਾਂ ਆਉਂਦੀਆਂ ਹੋਣ, ਪਰ ਜੇਕਰ ਉਸ ਦੇ ਕੋਲ ਸਾਜ ਨਾ ਵੱਜਦੇ ਹੋਣ, ਉਸ ਕੋਲ ਢੋਲ ਨਾ ਵੱਜਦੇ ਹੋਣ, ਉਸ ਦੇ ਕੋਲ ਵਾਜਾ ਨਾ ਵਜਾਏ, ਉਸ ਦੇ ਪੈਰਾਂ ਵਿਚ ਘੁੰਗਰੂ ਨਾ ਵੱਜਦੇ ਹੋਣ, ਭਾਵੇਂ ਆਦਮੀ ਨੱਚਣ ਦੀ ਕਲਾ ਨੂੰ ਜਾਣਦਾ ਹੈ, ਪਰ ਸਾਜ ਤੋਂ ਬਿਨਾਂ ਨੱਚਣਾ, ਬਿਲਕੁਲ ਫਿਕਾ ਲੱਗੇਗਾ। ਢੋਲ ਤੋਂ ਬਿਨਾਂ ਨੱਚਣਾ ਬਿਲਕੁਲ ਬੇਕਾਰ ਲੱਗੇਗਾ। ਜਿਵੇਂ ਸਾਜ ਤੋਂ ਬਿਨਾਂ ਨੱਚਣ ਵਾਲੇ ਦਾ ਨੱਚਣਾ ਕਿਸੇ ਨੂੰ ਭਾਉਂਦਾ ਨਹੀਂ, ਇਸੇ ਤਰ੍ਹਾਂ ਭਾਵੇਂ ਤੂੰ ਜਿੰਨਾ ਮਰਜ਼ੀ ਗੁਣਵਾਨ ਹੋਵੇਂ, ਰੱਬ ਦੀ ਬੰਦਗੀ ਤੋਂ ਬਿਨਾਂ ਤੇਰਾ ਹਰ ਕਰਮ ਫਿੱਕਾ ਲੱਗੇਗਾ। ਕਹਿਣ ਲੱਗੇ, ਪਰਮਾਤਮਾ ਨੇ ਇਕ ਬੰਦੇ ਨੂੰ ਰਾਜ ਦੀ ਸੂਝ ਦਿੱਤੀ, ਉਸ ਨੂੰ ਗਾਉਣ ਦੀ ਕਲਾ ਦਾ ਪਤਾ ਹੈ। ਸਾਹਿਬ ਕਹਿੰਦੇ, ਤਿੰਨ ਉਦਾਹਰਣਾਂ ਦਿੱਤੀਆਂ, ਤਿੰਨੇ ਸੂਖਮ ਕਲਾ ਨਾਲ ਸਬੰਧਿਤ ਹਨ। ਪਰਮਾਤਮਾ ਨੇ ਉਸ ਨੂੰ ਇੰਨੀ ਸਮਝ ਦਿੱਤੀ ਹੈ। ਉਸ ਨੂੰ ਪਤਾ ਹੈ ਕਿ ਕਿਸ ਰਾਗ ਵਿਚ ਕਿੰਨੇ ਸੁਰ ਲੱਗਦੇ ਹਨ। ਇਸ ਵਿਚ ਕਿਹੜੇ ਕੋਮਲ ਸਵਰ ਹਨ। ਸਾਰੀਆਂ ਗੱਲਾਂ ਦਾ ਉਸ ਨੂੰ ਪਤਾ ਹੈ। ਕਹਿੰਦੇ, ਜੇਕਰ ਰਾਗ ਦੀ ਥਿਊਰੀ ਜਾਣਨ ਤੋਂ ਬਾਅਦ ਉਸ ਦੇ ਗਲੇ ਵਿਚ ਰਸ ਨਾ ਹੋਵੇ, ਗਲਾ ਨਾ ਚੱਲ ਸਕੇ ਤਾਂ ਉਨਾ ਸਵਾਦ ਨਹੀਂ ਆਉਂਦਾ, ਜਿੰਨਾ ਗਾਉਣ ਵਿਚ ਅਨੰਦ ਹੈ। ਉਹ ਲਿਖਣ ਵਿਚ ਨਹੀਂ ਹੈ। ਕਹਿੰਦੇ, ਜਿਵੇਂ ਰਬਾਬ ਹੈ, ਉਸ ਦੀ ਤੰਤੀ ਹੈ ਤੇ ਰਬਾਬ ਵਿਚੋਂ ਰਾਗ ਨੇ ਜਨਮ ਲੈਣਾ ਹੈ। ਜੇ ਰਬਾਬ ਦਾ ਕੇਵਲ ਢਾਂਚਾ ਹੀ ਹੋਵੇ, ਉਸ ਦੀ ਤਾਰ ਨਾ ਹੋਵੇ, ਤਾਰ ਤੋਂ ਬਿਨਾਂ ਰਾਗ ਦਾ ਜਨਮ ਕਿਵੇਂ ਹੋਵੇਗਾ। ਸਾਹਿਬ ਕਹਿੰਦੇ ਹਨ, ਜਿਵੇਂ ਵਾਜਿਆਂ ਤੋਂ ਬਿਨਾਂ ਨੱਚਣ ਵਾਲੇ ਦੇ ਨ੍ਰਿਤ ਦਾ ਸੁਆਦ ਨਹੀਂ ਆਉਂਦਾ। ਜਿਵੇਂ ਗਲੇ ਤੋਂ ਬਿਨਾਂ ਕੋਈ ਗਾ ਨਹੀਂ ਸਕਦਾ। ਜਿਵੇਂ ਤੰਤੀ ਤੋਂ ਬਿਨਾਂ ਰਬਾਬ ਨਹੀਂ ਵੱਜਦੀ। ਨਾਮ ਤੋਂ ਬਿਨਾਂ ਕੋਈ ਕਾਰਜ ਰਾਸ ਨਹੀਂ ਆਉਂਦਾ। ਨਾਮ ਤੋਂ ਬਿਨਾਂ ਖੁਆਰੀ ਹੈ।
ਸਾਹਿਬ ਕਹਿੰਦੇ ਹਨ, ਕਿਸੇ ਬੰਦੇ ਦੇ ਅੰਦਰ ਬੜੇ ਚੰਗੇ ਖ਼ਿਆਲ ਆਉਂਦੇ ਹਨ, ਪਰ ਜੇ ਉਸ ਦੀ ਜ਼ੁਬਾਨ ਵਿਚ ਤਾਕਤ ਨਹੀਂ, ਤਾਂ ਜ਼ੁਬਾਨ ਤੋਂ ਬਿਨਾਂ ਆਪਣੇ ਖ਼ਿਆਲ ਲੋਕਾਂ ਨਾਲ ਸਾਂਝੇ ਕਿਵੇਂ ਕਰੇਗਾ। ਜ਼ੁਬਾਨ ਤੋਂ ਬਿਨਾਂ ਕੋਈ ਬੰਦਾ ਸ਼ਬਦਾਂ ਨੂੰ ਜਨਮ ਨਹੀਂ ਦੇ ਸਕਦਾ। ਸਾਹਿਬ ਕਹਿੰਦੇ ਹਨ, ਜ਼ੁਬਾਨ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ ਹੈ। ਜੇ ਆਦਮੀ ਦਿਆਂ ਨੇਤਰਾਂ ਦੀ ਜੋਤ ਨਹੀਂ ਹੈ। ਵੇਖਣ ਨੂੰ ਉਸ ਦੀਆਂ ਅੱਖਾਂ ਬਹੁਤ ਸੋਹਣੀਆਂ ਹਨ, ਪਰ ਅੱਖਾਂ ਵਿਚ ਜੋਤ ਨਹੀਂ। ਜੋਤ ਤੋਂ ਬਿਨਾਂ ਕੋਈ ਆਦਮੀ ਦੇਖ ਨਹੀਂ ਸਕਦਾ। ਜ਼ੁਬਾਨ ਤੋਂ ਬਿਨਾਂ ਬੋਲ ਨਹੀਂ ਸਕਦਾ। ਜੇ ਕਿਸੇ ਕੋਲ ਕੰਨਾਂ ਦੀ ਸੁਣਨ ਦੀ ਤਾਕਤ ਨਹੀਂ। ਉਸ ਦੇ ਕੋਲ ਜਿੰਨਾ ਮਰਜ਼ੀ ਬੋਲ ਲਵੋ, ਉਹ ਕਦੀ ਸੁਣ ਨਹੀਂ ਸਕਦਾ। ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਦੇ ਕਾਰਜ ਰਾਸ ਨਹੀਂ ਹੁੰਦੇ ਹਨ। ਸਤਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਪਾਰ ਨਹੀਂ ਹੋ ਸਕਿਆ। ਨਾਮ ਤੋਂ ਬਿਨਾਂ ਮਨੁੱਖ ਕਿਸੇ ਅਰਥ ਵੀ ਨਹੀਂ ਹੈ।
ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਆਰੰਭ ਕਰਦੇ ਹਾਂ। ਬਾਣੀ ਨਿਤਨੇਮ ਤੋਂ ਸੰਪੂਰਨ ਹੁੰਦੀ ਹੈ। ਸਭ ਤੋਂ ਪਹਿਲਾਂ ਜਪੁ ਜੀ ਸਾਹਿਬ ਦੀ ਬਾਣੀ ਆਉਂਦੀ ਹੈ। ਫਿਰ ਸਲੋਕ ਦੀ ਸੰਪੂਰਨਤਾ ਹੁੰਦੀ ਹੈ। ਇਸ ਤੋਂ ਬਾਅਦ ਰਹਰਾਸਿ ਸਾਹਿਬ ਜੀ ਦੇ ਸ਼ਬਦ ਆਉਂਦੇ ਹਨ। ਇਸ ਦੇ ਨਾਲ ‘ਸੋ ਪੁਰਖ’ ਦੇ ਸ਼ਬਦ ਆਉਂਦੇ ਹਨ। ਉਸ ਤੋਂ ਬਾਅਦ ‘ਕੀਰਤਨ ਸੋਹਿਲਾ’ ਦੀ ਪਵਿੱਤਰ ਬਾਣੀ ਆਉਂਦੀ ਹੈ। ਸੋਹਿਲਾ ਸਾਹਿਬ ਤੋਂ ਬਾਅਦ ਪਹਿਲਾ ਰਾਗ ਆਰੰਭ ਹੁੰਦਾ ਹੈ ਉਹ ਰਾਗ ‘ਸ੍ਰੀ ਰਾਗ’ ਹੈ। ਸਾਹਿਬ ਜੀ ਨੇ ਉਸ ਦੀ ਆਰੰਭਤਾ ‘ਸ੍ਰੀ ਰਾਗ ਮਹਲਾ ੧’ ਤੋਂ ਕੀਤੀ ਹੈ। ਪਹਿਲੇ ਸ਼ਬਦ ਨੂੰ ਪੜ੍ਹੋ। ਪ੍ਰਭੂ ਨੇ ਕਿਹਾ ਕਿ ਜੇ ਪਰਮਾਤਮਾ ਦਾ ਨਾਮ ਵਿਸਰ ਜਾਈਏ ਤਾਂ ਖੁਆਰੀ ਹੈ।
ਸਤਿਗੁਰੂ ਜੀ ਨੇ ਪਹਿਲੇ ਸ਼ਬਦ ਵਿਚ ਚਾਰ ਉਦਾਹਰਣਾਂ ਦਿੱਤੀਆਂ ਹਨ ਕਿ ਕਿਹੜੀ ਥਾਂ ‘ਤੇ ਆ ਕੇ ਬੰਦੇ ਨੂੰ ਰੱਬ ਭੁੱਲਦਾ ਹੈ। ਕਈ ਵਾਰ ਦਾਤਾਂ ਦੀ ਪ੍ਰਾਪਤੀ ਲਈ ਪ੍ਰਭੂ ਚੇਤੇ ਵਿਚ ਹੈ। ਜਿਸ ਦਿਨ ਮਿਲ ਜਾਵੇ, ਉਸ ਦਿਨ ਸਾਈਂ ਵਿਸਰ ਜਾਂਦਾ ਹੈ। ਜੇ ਦਾਤ ਲੈ ਕੇ ਸਾਈਂ ਵਿਸਰ ਜਾਵੇ ਤਾਂ ਕਈ ਵਾਰੀ ਦਾਤ ਵੀ ਖੁਆਰੀ ਕਰ ਜਾਂਦੀ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਕੇਵਲ ਅੰਦਰ ਦਾ ਦੁੱਖ, ਅੰਦਰ ਦੀ ਅੱਗ ਬਣ ਕੇ ਰਹਿ ਗਈ ਹੈ।
ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਨੁੱਖ ਕੋਲ ਘਰ ਨਾ ਹੋਵੇ। ਹਰ ਬੰਦੇ ਨੂੰ ਰਹਿਣ ਲਈ ਕੋਈ ਨਾ ਕੋਈ ਘਰ ਚਾਹੀਦਾ ਹੈ। ਕਹਿੰਦੇ, ਜਦੋਂ ਪਰਮਾਤਮਾ ਮਿਹਰ ਕਰੇ, ਉਸ ਨੂੰ ਘਰ ਦੇ ਦੇਵੇ ਤਾਂ ਘਰ ਵੀ ਇੰਨਾ ਆਲੀਸ਼ਾਨ ਦੇਵੇ ਕਿ ਉਸ ਦੇ ਘਰ ਦੀਆਂ ਦੀਵਾਰਾਂ ਸੁੱਚੇ ਮੋਤੀ ਦੀਆਂ ਬਣੀਆਂ ਹੋਣ। ਥਾਂ-ਥਾਂ ‘ਤੇ ਕੀਮਤੀ ਰਤਨ ਲੱਗੇ ਹੋਣ। ਇਹੀ ਥਾਂ ਜਿਥੇ ਹਰੀ ਸਾਨੂੰ ਵਿਸਰਦਾ ਹੈ। ਉਹ ਮਿਲੀ ਹੋਈ ਦਾਤ, ਉਹ ਵਿਛੋੜਾ ਸਾਡੇ ਅੰਦਰ ਖੁਆਰੀ ਪੈਦਾ ਕਰਦਾ ਹੈ। ਇਹੋ ਜਿਹਾ ਘਰ ਦੇਖ ਕੇ ਅੰਦਰ ਹਉਮੈ ਨੇ ਆਵਾਜ਼ ਦਿੱਤੀ, ਮਨਾ ! ਤੇਰੀ ਮਿਹਨਤ ਰੰਗ ਲਿਆਈ ਹੈ, ਤਾਂ ਇੰਨਾ ਵੱਡਾ ਘਰ ਮਿਲਿਆ ਹੈ। ਥੋੜ੍ਹੀ ਜਿਹੀ ਹਉਮੈ ਪੈਦਾ ਹੋਈ, ਕੱਲ੍ਹ ਹੋਰ ਪਰਸੋਂ ਹੋਰ। ਉਸ ਬੰਦੇ ਦੇ ਅੰਦਰ ਨੂੰ ਇੰਨਾ ਮਲੀਨ ਕਰ ਦਿੱਤਾ। ਕੇਵਲ ਆਪਣੇ ਘਰ ਦੇ ਸੋਲ੍ਹੇ ਗਾਉਣ ਲੱਗ ਪਿਆ। ਦੇਣ ਵਾਲੇ ਦਾਤੇ ਨੂੰ ਭੁੱਲ ਗਿਆ। ਜਿਸ ਦਿਨ ਭੁੱਲ ਗਿਆ, ਉਸ ਦਿਨ ਮਹਿਲ ਵੀ ਉਸ ਲਈ ਉਜਾੜ ਬਣ ਗਿਆ ਹੈ। ਸਾਹਿਬ ਕਹਿੰਦੇ ਹਨ, ਜੇਕਰ ਘਰ ਦੀ ਜ਼ਮੀਨ ਉੱਪਰ ਕੀਮਤੀ ਰਤਨ ਜੜੇ ਹੋਣ, ਕੀਮਤੀ ਹੀਰੇ ਮੋਤੀ ਹੋਣ। ਜਦੋਂ ਆਦਮੀ ਪੈਰ ਰੱਖੇ, ਇਸ ਨੂੰ ਦਮਕ ਹੀ ਨਜ਼ਰ ਆਵੇ। ਘਰ ਸੇਜ ਵੀ ਚੰਗੀ ਹੋਵੇ, ਘਰਵਾਲੀ ਵੀ ਆਗਿਆਕਾਰ ਹੋਵੇ। ਸਾਹਿਬ ਕਹਿੰਦੇ ਹਨ, ਜੇ ਉਸ ਸੇਜ ਨੂੰ, ਉਸ ਘਰ ਨੂੰ ਵੇਖ ਕੇ ਸਾਂਈਂ ਭੁੱਲ ਗਿਆ ਤਾਂ ਖੁਆਰੀ ਫਿਰ ਵੀ ਪੱਲੇ ਪੈ ਜਾਣੀ ਹੈ। ਸਾਹਿਬ ਕਹਿੰਦੇ ਹਨ, ਕਈ ਵਾਰੀ ਧਨ, ਪਦਾਰਥ ਵੇਖ ਕੇ ਹੀ ਪਰਮਾਤਮਾ ਨਹੀਂ ਭੁੱਲਦਾ ਹੈ। ਕਈ ਪ੍ਰਮਾਰਥ ਦੇ ਮਾਰਗ ‘ਤੇ ਚੱਲਦਿਆਂ ਹੋਇਆਂ ਥੋੜ੍ਹੀ ਜਿਹੀ ਤਾਕਤ ਮਿਲ ਜਾਵੇ, ਲੋਕ ਅਦਬ ਸਤਿਕਾਰ ਕਰਨ ਲੱਗ ਪੈਣ, ਤਾਂ ਅੰਦਰ ਵਾਲੀ ਹਉਮੈ ਸਾਂਈਂ ਨੂੰ ਭੁਲਾ ਦਿੰਦੀ ਹੈ।
ਦਾਤਾਰ ਜੀ ਕਹਿੰਦੇ ਹਨ, ਕਈ ਲੋਕ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੇ ਸਮਾਧੀਆਂ ਲਗਾਈਆਂ ਹਨ। ਕਈ ਪਹਿਰ ਚੌਂਕੜਾ ਮਾਰ ਕੇ, ਨੇਤਰ ਬੰਦ ਕਰਕੇ ਸਾਂਈਂ ਦੀ ਯਾਦ ਵਿਚ ਜੁੜੇ ਰਹੇ। ਉਨ੍ਹਾਂ ਦੀ ਇਸ ਇਕਾਗਰਤਾ ਨੇ ਸ਼ਕਤੀ ਨੂੰ ਜਨਮ ਦਿੱਤਾ। ਜਦੋਂ ਪੂਰਨ ਤੌਰ ‘ਤੇ ਇਕਾਗਰਤਾ ਹੋਵੇ, ਆਪਣਾ ਖਿੰਡਾਉ ਤਾਂ ਹੀ ਹੈ। ਇੰਦਰੇ ਜਿਹੜੇ ਬਾਹਰ ਨੂੰ ਭੱਜਦੇ ਪਏ ਹਨ, ਆਪਣੀ ਤਾਕਤ ਨੂੰ ਬਰਬਾਦ ਕਰਦੇ ਹਨ। ਇਹੀ ਤਾਂ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੇ ਹਨ। ਜੇ ਇਨ੍ਹਾਂ ਇੰਦਰਿਆਂ ਨੂੰ ਅਸੀਂ ਅੰਦਰ ਨੂੰ ਖੋਜਣ ਦੀ ਜੁਗਤੀ ਦੱਸ ਦੇਈਏ ਤਾਂ ਅੰਦਰ ਇੰਨੀ ਵੱਡੀ ਤਾਕਤ ਆ ਜਾਵੇਗੀ ਕਿ ਕਰੋੜਾਂ ਜਨਮਾਂ ਦੇ ਪਾਪ ਖ਼ਤਮ ਹੋਣ ਵਿਚ ਦੇਰੀ ਨਹੀਂ ਲੱਗੇਗੀ। ਇਕਾਗਰਤਾ ਵਿਚ ਇੰਨੀ ਸ਼ਕਤੀ ਹੈ।
ਸੂਰਜ ਦੀਆਂ ਕਿਰਨਾਂ ਧਰਤੀ ‘ਤੇ ਪੈ ਰਹੀਆਂ ਹਨ। ਉਸ ਦੀਆਂ ਕਿਰਨਾਂ ਅੱਗ ਨਹੀਂ ਲਗਾਉਂਦੀਆਂ। ਜਦੋਂ ਕੋਈ ਲੈਂਜ਼ ਵਿੱਚੋਂ ਸੂਰਜ ਦੀਆਂ ਕਿਰਨਾਂ ਨੂੰ ਕੱਢ ਕੇ, ਕਿਸੇ ਕੱਪੜੇ ‘ਤੇ ਥੋੜ੍ਹਾ ਟਿਕਾਅ ਕੇ ਵੇਖੋ। ਉਸ ਲੈਂਜ਼ ਵਿੱਚੋਂ ਕਿਰਨਾਂ ਨਿਕਲ ਕੇ, ਜਿਸ ਕੱਪੜੇ ਵਿੱਚ ਪੈਣਗੀਆਂ, ਉਸ ਕੱਪੜੇ ਨੂੰ ਅੱਗ ਲੱਗ ਜਾਵੇਗੀ। ਕਾਗ਼ਜ਼ ‘ਤੇ ਰੱਖਾਂਗੇ ਤਾਂ ਇਕਾਗਰਤਾ ਨਾਲ ਅੱਗ ਲੱਗ ਜਾਵੇਗੀ। ਜੇ ਆਦਮੀ ਦੀ ਚਮੜੀ ਉੱਤੇ ਲੈਂਜ਼ ਵਿੱਚੋਂ ਕਿਰਨਾਂ ਕੱਢ ਕੇ ਇਕਾਗਰਤਾ ਨਾਲ ਲਗਾ ਦੇਈਏ ਤਾਂ ਚਮੜੀ ਨੂੰ ਅੱਗ ਲੱਗ ਜਾਵੇਗੀ। ਕਿਰਨਾਂ ਤਾਂ ਉਹੀ ਹਨ, ਜਿਹੜੀਆਂ ਚਾਰ-ਚੁਫੇਰੇ ਖਿੰਡੀਆਂ ਹਨ। ਸਿਰਫ਼ ਇਕ ਲੈਂਜ਼ ਵਿਚ ਇਕਾਗਰਤਾ ਬਣੀ, ਜਿਥੇ ਪਈਆਂ ਉਥੇ ਅੱਗ ਲਗਾ ਦਿੱਤੀ। ਇੰਦਰਿਆਂ ਦਾ ਵੀ ਖਿੰਡਾਅ ਹੈ, ਪਰ ਜੇ ਪੂਰਨ ਤੌਰ ‘ਤੇ ਇਕਾਗਰ ਹੋ ਜਾਣ, ਕਰੋੜਾਂ ਜਨਮਾਂ ਦੇ ਪਾਪ ਨੂੰ ਇਕ ਖਿਨ ਵਿਚ ਖ਼ਤਮ ਕਰ ਸਕਦੇ ਹਨ।
ਸਾਹਿਬ ਕਹਿੰਦੇ ਹਨ, ਕਈ ਵਾਰੀ ਮਨੁੱਖ ਸਮਾਧੀਆਂ ਲਗਾਉਂਦਾ ਹੈ। ਉਸ ਨੂੰ ਰਿਧੀਆਂ-ਸਿਧੀਆਂ ਆ ਗਈਆਂ ਹਨ। ਲੋਕ ਪੂਜਾ ਕਰਨ ਲੱਗ ਪਏ। ਮਨ ਵਿਚ ਭਰਮ ਪੈਦਾ ਹੋ ਗਿਆ ਕਿ ਤੂੰ ਹੀ ਰੱਬ ਹੈਂ। ਤੂੰ ਹੀ ਸਭ ਕੁਝ ਹੈਂ। ਕਈ ਵਾਰ ਬਣਾਏ ਹੋਏ ਨੇਮ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਬੰਦੇ ਦਾ ਨੇਮ ਟੁੱਟਣਾ ਸ਼ੁਰੂ ਹੋ ਜਾਵੇ, ਉਦੋਂ ਪ੍ਰੇਮ ਵਾਲੇ ਧਾਗੇ ਵੀ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਨੇਮ ਹੀ ਪ੍ਰੇਮ ਹੈ।
ਸਾਹਿਬ ਕਹਿੰਦੇ ਹਨ :
ਹਰਿ ਬਿਸਰਤ ਸਦਾ ਖੁਆਰੀ ॥
ਹਰੀ ਨੂੰ ਬਿਸਾਰਨ ਨਾਲ, ਪ੍ਰਭੂ ਦੇ ਨਾਮ ਵਿੱਚੋਂ ਟੁੱਟਣ ਨਾਲ ਇਕ ਦਿਨ ਦੀ ਖੁਆਰੀ ਨਹੀਂ ਹੈ, ਸਦਾ ਖੁਆਰੀ ਦਾ ਮਤਲਬ ਇਹ ਵੀ ਨਹੀਂ ਕਿ ਕੇਵਲ ਦੋ ਸਾਲ ਖੁਆਰੀ, ਚਾਰ ਸਾਲ ਖੁਆਰੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਜੇ ਰੱਬ ਭੁੱਲ ਜਾਵੇ ਤਾਂ ਕਈ ਜਨਮਾਂ ਦੀ ਖੁਆਰੀ ਪੈ ਜਾਂਦੀ ਹੈ। ਸਾਹਿਬ ਕਹਿੰਦੇ ਹਨ, ਜਦੋਂ ਨਾਮ ਭੁੱਲ ਜਾਵੇ ਤਾਂ ਜਿੰਨੀਆਂ ਰਾਤਾਂ ਨਾਮ ਨੂੰ ਭੁੱਲਣ ਵਿਚ ਲੰਘਣਗੀਆਂ, ਪਰਮਾਤਮਾ ਨੂੰ ਭੁੱਲਣ ਵਿਚ ਲੰਘਣਗੀਆਂ, ਉਹ ਜਾਲੀਆਂ ਬਣ ਕੇ ਪਿਸਾਣਗੀਆਂ। ਉਹ ਦਿਨ ਤੇਰੇ ਲਈ ਜਾਲ ਬਣ ਕੇ ਆਉਣਗੇ। ਜਿੰਨੀਆਂ ਘੜੀਆਂ ਸਾਈਂ ਦੇ ਨਾਮ ਤੋਂ ਬਿਨਾ ਲੰਘਣਗੀਆਂ, ਉਨੇ ਤੇਰੇ ਗਲ ਵਿਚ ਫਾਂਸੀ ਦੇ ਫੰਦੇ ਪੈ ਜਾਣਗੇ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ, ਉਨ੍ਹਾਂ ਨੂੰ ਕਦੀ ਚਿੰਤਾ, ਕਦੀ ਵੀ ਦੁੱਖ ਨਹੀਂ ਲੱਗਦੇ। ਉਹ ਹਮੇਸ਼ਾ ਪੂਰਨ ਤੌਰ ‘ਤੇ ਠਹਿਰਾਉ ਵਿਚ ਰਹੇ ਹਨ। ਜਦੋਂ ਪਰਮਾਤਮਾ ਤੋਂ ਬੰਦਾ ਵਿਛੜਦਾ ਹੈ, ਉਦੋਂ ਹੀ ਉਸ ਲਈ ਦੁੱਖ ਬਣ ਜਾਂਦੇ ਹਨ। ਨਾਮ ਤੋਂ ਬਿਨਾਂ ਪਿਆਰ ਕਰਨ ਵਾਲੇ ਦੁਸ਼ਮਣ ਬਣ ਜਾਂਦੇ ਹਨ। ਪਰਮਾਤਮਾ ਦੇ ਨਾਮ ਨੂੰ ਭੁੱਲ ਜਾਣਾ, ਪੱਲੇ ਕੇਵਲ ਖੁਆਰੀ ਪੈਂਦੀ ਹੈ। ਜਦੋਂ ਉਸ ਦਾ ਚਿੰਤਨ ਅੰਦਰੋਂ ਚਲਾ ਜਾਵੇ ਤਾਂ ਉਸ ਦੇ ਪੱਲੇ ਕੁਝ ਵੀ ਨਹੀਂ ਰਹਿੰਦਾ ਹੈ।
ਗੁਰੂ ਕਲਗੀਧਰ ਜੀ ਦੇ ਜੀਵਨ ਵਿਚ ਇਕ ਸਿੱਖ ਦਾ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬ ਦਾ ਬੜਾ ਨਜ਼ਦੀਕੀ ਸੀ। ਸਤਿਗੁਰੂ ਜੀ ਦਾ ਦੀਵਾਨ ਸੀ। ਇੰਨਾ ਵਿਸ਼ਵਾਸਪਾਤਰ ਹੈ ਕਿ ਕਈ ਅਹਿਮ ਕਾਰਜ ਲਈ ਗੁਰੂ ਕਲਗੀਧਰ ਜੀ ਉਸ ਨੂੰ ਭੇਜਦੇ ਸਨ। ਉਹ ਜਾ ਕੇ ਕਾਰਜ ਰਾਸ ਵੀ ਕਰਦਾ ਸੀ। ਜਦੋਂ ਭੰਗਾਣੀ ਦਾ ਯੁੱਧ ਹੋਇਆ। ਹਜ਼ੂਰ ਪਾਉਂਟਾ ਸਾਹਿਬ ਦੀ ਧਰਤੀ ‘ਤੇ ਗਏ। ਉਦੋਂ ਪਾਉਂਟਾ ਸਾਹਿਬ ਦੀ ਧਰਤੀ ਤੋਂ ਅੱਗੇ ਫ਼ਤਹਿ ਸ਼ਾਹ ਦਾ ਰਾਜ ਸੀ। ਉਸ ਦੀ ਬੱਚੀ ਦਾ ਵਿਆਹ ਭੀਮ ਚੰਦ ਦੇ ਲੜਕੇ ਨਾਲ ਸੀ। ਫ਼ਤਹਿ ਸ਼ਾਹ ਗੁਰੂ-ਘਰ ਦਾ ਸ਼ਰਧਾਲੂ ਸੀ। ਭੀਮ ਚੰਦ ਗੁਰੂ-ਘਰ ਦਾ ਵਿਰੋਧੀ ਸੀ। ਜਦੋਂ ਲੋੜ ਪੈਂਦੀ ਨੇੜੇ ਲੱਗ ਜਾਂਦਾ ਤੇ ਜਦੋਂ ਸਮਾਂ ਲੰਘ ਜਾਂਦਾ ਤਾਂ ਫਿਰ ਪਰਤ ਕੇ ਵਾਰ ਕਰਦਾ ਸੀ। ਫ਼ਤਹਿ ਸ਼ਾਹ ਨੇ ਕਲਗੀਧਰ ਜੀ ਨੂੰ ਵੀ ਸੱਦਾ ਭੇਜਿਆ। ਗੁਰੂ ਕਲਗੀਧਰ ਜੀ ਆਪ ਨਹੀਂ ਗਏ। ਹਜ਼ੂਰ ਨੇ ਆਪਣੇ ਵੱਲੋਂ ਤਬੋਲ ਭੇਜਿਆ ਤੇ ਦੀਵਾਨ ਨੰਦ ਲਾਲ, ਦਇਆ ਰਾਮ ਨੂੰ ਭੇਜਿਆ ਅਤੇ ਕੁਝ ਹੋਰ ਸਿੱਖ ਨਾਲ ਭੇਜੇ। ਸਾਹਿਬ ਕਹਿੰਦੇ ਕਿ ਸੁਚੇਤ ਰਹਿਣਾ, ਸਾਡੇ ਵੱਲੋਂ ਬੱਚੀ ਨੂੰ ਇਹ ਸ਼ਗਨ, ਪਿਆਰ ਦੇਣਾ ਹੈ।
ਉਹ ਸਿੱਖ ਗਏ। ਜਦੋਂ ਵਿਆਹ ਹੋਣ ਲੱਗਾ। ਭੀਮ ਚੰਦ ਨੇ ਫ਼ਤਹਿ ਸ਼ਾਹ ਨੂੰ ਕਿਹਾ ਕਿ ਜਿਹੜੇ ਸਿੱਖ ਗੁਰੂ ਕਲਗੀਧਰ ਜੀ ਨੇ ਭੇਜੇ ਹਨ, ਅਸੀਂ ਇਨ੍ਹਾਂ ਕੋਲੋਂ ਤਬੋਲ ਲੈਣਾ ਨਹੀਂ, ਤਬੋਲ ਖੋਹਣਾ ਹੈ। ਉਥੇ ਜਿੰਨੇ ਰਾਜੇ ਆਏ, ਉਨ੍ਹਾਂ ਨੇ ਸ਼ਗਨ ਦਿੱਤੇ। ਕਹਿੰਦੇ, ਗੁਰੂ ਕਲਗੀਧਰ ਜੀ ਵਿਚ ਇੰਨੀ ਬਖ਼ਸ਼ਿਸ਼ ਆਈ ਕਿ ਸਾਰੇ ਰਾਜੇ ਉਸ ਦੇ ਸਾਹਮਣੇ ਛੋਟੇ ਪੈ ਗਏ ਸਨ। ਕਹਿੰਦੇ, ਅਸੀਂ ਤਬੋਲ ਲੈਣਾ ਨਹੀਂ ਖੋਹਣਾ ਹੈ। ਦੀਵਾਨ ਨੰਦ ਲਾਲ ਇੰਨੇ ਵਿਸ਼ਵਾਸ-ਪਾਤਰ ਸਨ ਕਿ ਸਤਿਗੁਰੂ ਨੇ ਫ਼ਤਹਿ ਸ਼ਾਹ ਦੀ ਬੱਚੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੀ ਥਾਂ ਨੰਦ ਲਾਲ ਨੂੰ ਭੇਜਿਆ ਸੀ। ਸਿੱਖ ਵਾਪਸ ਆ ਗਏ।
ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਆਏ, ਇਕ ਉਦਾਸੀ ਸਾਧੂ ਬੜੀ ਭਾਵਨਾ ਦੇ ਨਾਲ ਆਪਣੇ ਹੱਥ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਕੇ ਲਿਆਇਆ। ਲਿਖਾਈ ਬੜੀ ਸੋਹਣੀ ਸੀ। ਉਸ ਨੇ ਨੰਦ ਚੰਦ ਨੂੰ ਕਿਹਾ, ਭਾਈ ਗੁਰਸਿੱਖਾ ! ਤੂੰ ਕਲਗੀਧਰ ਜੀ ਦਾ ਵਿਸ਼ਵਾਸ-ਪਾਤਰ ਬੜਾ ਨਜ਼ਦੀਕੀ ਰਹਿਣ ਵਾਲਾ ਹੈਂ। ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ‘ਤੇ ਸਹੀ ਪਵਾ ਦੇ। ਮੈਂ ਤੇਰਾ ਬਹੁਤ ਸ਼ੁਕਰ ਕਰਾਂਗਾ। ਨੰਦ ਚੰਦ ਨੇ ਸਾਹਿਬ ਜੀ ਦਾ ਸਰੂਪ ਦੇਖਿਆ ਤੇ ਆਪਣੇ ਕੋਲ ਰੱਖ ਲਿਆ। ਉਸ ਦਾ ਮਨ ਬੇਈਮਾਨ ਹੋ ਗਿਆ। ਇਹ ਸਰੂਪ ਮੈਂ ਆਪਣੇ ਕੋਲ ਰੱਖਾਂਗਾ ਤੇ ਕੁਝ ਦਿਨ ਬਾਅਦ ਮੈਂ ਗੁਰੂ ਜੀ ਨੂੰ ਦੇਵਾਂਗਾ। ਜੇਕਰ ਬੇਈਮਾਨੀ ਧਰਮ ਦੀ ਚੀਜ਼ ‘ਤੇ ਵੀ ਆ ਜਾਵੇ, ਉਹ ਵੀ ਖੁਆਰੀ ਕਰ ਜਾਂਦੀ ਹੈ।
ਪ੍ਰੋ: ਸਾਹਿਬ ਸਿੰਘ ਜੀ ਨੇ ਲਿਖਿਆ ਹੈ ਕਿ ਚੋਰੀ ਦਾ ਗੁਟਕਾ, ਚੋਰੀ ਦੀ ਪੋਥੀ, ਚੋਰੀ ਦੀ ਕਿਤਾਬ, ਚੋਰੀ ਦੀ ਕੋਈ ਵੀ ਗਿਆਨ ਦੀ ਪੁਸਤਕ ਪੜ੍ਹੋਗੇ, ਜ਼ਿੰਦਗੀ ਭਰ ਅਹਿਸਾਸ ਦਵਾਉਂਦੀ ਹੈ ਕਿ ਮੈਨੂੰ ਤੂੰ ਚੋਰੀ ਕਰਕੇ ਲਿਆਉਂਦਾ ਹੈ। ਜਿੰਨਾ ਮਰਜ਼ੀ ਉਸ ਵਿੱਚੋਂ ਗਿਆਨ ਪੜ੍ਹ ਲਵੀਂ, ਪਰ ਪੋਥੀ ਖੋਲ੍ਹਦਿਆਂ ਤੇ ਬੰਦ ਕਰਦਿਆਂ ਜ਼ਰੂਰ ਚੇਤਾ ਆਵੇਗਾ ਕਿ ਤੂੰ ਚੋਰੀ ਕੀਤੀ ਹੈ।
ਉਸ ਨੇ ਸਾਹਿਬ ਜੀ ਦਾ ਸਰੂਪ ਰੱਖ ਲਿਆ। ਵਾਪਸ ਨਹੀਂ ਕੀਤਾ। ਉਸ ਨੇ ਕਿਹਾ ਕਿ ਤੂੰ ਕਲਗੀਧਰ ਜੀ ਕੋਲੋਂ ਸਹੀ ਪਵਾ ਦੇ। ਮੈਂ ਜਾਣਾ ਹੈ। ਨੰਦ ਚੰਦ ਉਸ ਨੂੰ ਪੈ ਗਿਆ। ਕਹਿੰਦਾ, ਤੂੰ ਚਲਾ ਜਾਹ, ਮੇਰੀ ਮਰਜ਼ੀ ਮੈਂ ਸਹੀ ਪਵਾਵਾਂ ਜਾਂ ਨਾ ਪਵਾਵਾਂ। ਮੈਂ ਤੈਨੂੰ ਮਹਾਰਾਜ ਦਾ ਸਰੂਪ ਦੇਣਾ ਨਹੀਂ ਹੈ। ਜਦੋਂ ਇੰਨੇ ਸ਼ਬਦ ਕਹੇ। ਉਹ ਪ੍ਰੇਸ਼ਾਨ ਹੋ ਗਿਆ। ਅੰਦਰ ਦੀਆਂ ਜਾਣਨ ਵਾਲੇ ਸਾਹਿਬ ਉਸ ਦੇ ਕੋਲ ਆਏ। ਸਾਹਿਬ ਕਹਿੰਦੇ, ਤੂੰ ਉਦਾਸ ਕਿਉਂ ਹੈਂ ? ਕਹਿਣ ਲੱਗਾ, ਸਾਹਿਬ ਜੀ ! ਮੇਰਾ ਇੰਨਾਂ ਜੀਵਨ ਨਹੀਂ, ਮੈਂ ਤੁਹਾਡੇ ਸਾਹਮਣੇ ਆ ਕੇ ਫ਼ਰਿਆਦ ਕਰ ਸਕਾਂ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਸੀ। ਸਹੀ ਪਵਾਉਣ ਆਇਆ ਹਾਂ। ਮੈਨੂੰ ਇਥੇ ਬੈਠਿਆਂ ਮਹੀਨਾ ਹੋ ਗਿਆ ਹੈ। ਗੁਰੂ ਸਾਹਿਬ ਕਹਿੰਦੇ, ਉਹ ਸਰੂਪ ਕਿੱਥੇ ਹੈ ? ਕਹਿੰਦਾ, ਮੈਂ ਦੀਵਾਨ ਨੰਦ ਚੰਦ ਨੂੰ ਦਿੱਤਾ ਹੈ, ਉਹ ਵਾਪਸ ਨਹੀਂ ਕਰਦਾ ਪਿਆ। ਗੁਰੂ ਸਾਹਿਬ ਨੇ ਨੰਦ ਚੰਦ ਨੂੰ ਦਰਬਾਰ ਵਿਚ ਸ਼ਾਮਿਲ ਹੋਣ ਲਈ ਕਿਹਾ। ਨੰਦ ਚੰਦ ਨੂੰ ਪਤਾ ਲੱਗਾ ਕਿ ਸਵੇਰੇ ਦਰਬਾਰ ਵਿਚ ਪੇਸ਼ੀ ਹੋਣੀ ਹੈ। ਮਨ ਨੇ ਕਿਹਾ, ਤੈਨੂੰ ਕੀ ਪ੍ਰਵਾਹ ਹੈ, ਤੂੰ ਤਾਂ ਗੁਰੂ ਦਾ ਪਿਆਰਾ ਹੈਂ। ਛੱਡ ਕੇ ਧੀਰਮੱਲੀਆਂ ਨਾਲ ਜਾ ਕੇ ਮਿਲ ਜਾ।
ਗ੍ਰੰਥ ਸਾਹਿਬ ਜੀ ਦਾ ਸਰੂਪ ਰਾਤ ਨੂੰ ਚੁੱਕ ਕੇ ਅਨੰਦਪੁਰ ਛੱਡ ਕੇ ਕਰਤਾਰਪੁਰ ਚੱਲ ਪਿਆ। ਜਦੋਂ ਕਰਤਾਰਪੁਰ ਗਿਆ ਤੇ ਆਪਣੀ ਸਿਆਣਪ ਨਾਲ ਕਹਿੰਦਾ ਹੈ ਕਿ ਮੈਂ ਗੁਰੂ ਕੋਲੋਂ ਕੀ ਲੈਣਾ ਹੈ। ਗੁਰੂ ਜੀ ਦਾ ਸਰੂਪ ਮੇਰੇ ਕੋਲ ਹੈ। ਸਿਆਣਪ ਮੇਰੇ ਕੋਲ ਹੈ, ਅਕਲ ਮੇਰੇ ਕੋਲ ਹੈ। ਉਸ ਨੇ ਜਾ ਕੇ ਧੀਰਮੱਲ ਦੇ ਪਰਿਵਾਰ ਨਾਲ ਗੱਲ ਕੀਤੀ। ਕਹਿੰਦਾ, ਮੈਂ ਕਲਗੀਧਰ ਜੀ ਕੋਲੋਂ ਆਇਆ ਹਾਂ। ਮੇਰੇ ਕੋਲ ਵੀ ਸਾਹਿਬ ਜੀ ਦਾ ਸਰੂਪ ਹੈ। ਜਿਹੜੇ ਪਹਿਲਾਂ ਉਥੇ ਮਸੰਦ ਬੈਠੇ ਸਨ। ਉਨ੍ਹਾਂ ਨੇ ਕਿਹਾ ਕਿ ਨੰਦ ਚੰਦ ਦੇ ਆਉਣ ਨਾਲ ਸਾਡੀ ਕੁਰਸੀ ਨਾ ਉਠ ਜਾਵੇ। ਇਕ ਕੰਮ ਕਰੀਏ, ਰਾਤ ਨੂੰ ਇਸ ਨੂੰ ਝਟਕਾਉ। ਉਹ ਤਾਂ ਗਿਆ ਇਸ ਕਰਕੇ ਕਿ ਮੇਰੀ ਬੜੀ ਇੱਜ਼ਤ, ਮਾਣ ਹੋਵੇਗਾ। ਉਨ੍ਹਾਂ ਤਲਵਾਰ ਨਾਲ ਵੱਢ ਕੇ ਦੋ ਟੁੱਕੜੇ ਕਰ ਦਿੱਤੇ। ਪੱਲੇ ਕੀ ਰਿਹਾ ? ਗੁਰੂ ਤੋਂ ਵੀ ਬੇਮੁਖ ਹੋ ਗਿਆ। ਅੰਦਰ ਵੀ ਮੈਲਾ ਹੋਇਆ। ਲੋਕ ਵੀ ਗਿਆ ਤੇ ਪ੍ਰਲੋਕ ਵੀ ਗਵਾ ਲਿਆ।
ਗੁਰੂ ਸਾਹਿਬ ਕਹਿੰਦੇ ਹਨ ਕਿ ਕਿਸੀ ਦੀ ਜ਼ਿੰਦਗੀ ਦੇ ਪੱਖ ਵਿਚ ਦੌਲਤ ਹੋਵੇ, ਧਨ ਹੋਵੇ, ਸਿਆਣਪ ਹੋਵੇ, ਭਗਤੀ ਹੋਵੇ, ਸਿਮਰਨ ਹੋਵੇ, ਜੀਵਨ ਹੋਵੇ, ਆਚਰਨ ਹੋਵੇ, ਕਰਨੀ ਹੋਵੇ, ਕਮਾਈ ਹੋਵੇ, ਘਾਲਣਾ ਹੋਵੇ, ਕਦੀ ਵੀ ਜ਼ਿੰਦਗੀ ਵਿਚ ਦਾਅਵਾ ਨਾ ਕਰੀਂ ਕਿ ਸਭ ਕੁਝ ਮੈਂ ਕਰਨ ਵਾਲਾ ਹਾਂ। ਜਿੱਥੇ “ਮੈਂ” ਆ ਗਈ, ਉਥੇ ਲਿਵ ਵਿਚ ਰੁਕਾਵਟ ਪੈਣੀ ਹੈ। ਜੇ ਲਿਵ ਟੁੱਟ ਜਾਵੇ ਤਾਂ ਖੁਆਰੀ ਆ ਜਾਂਦੀ ਹੈ।
ਹਰਿ ਬਿਸਰਤ ਸਦਾ ਖੁਆਰੀ॥
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
ਜੇ ਓਟ ਲਵਾਂਗੇ ਤਾਂ ਕਦੀ ਵੀ ਖੁਆਰੀ ਨਹੀਂ ਹੋਵੇਗੀ। ਜਿਸ ਦਿਨ ਓਟ ਛੱਡ ਦਿੱਤੀ ਤਾਂ ਖੁਆਰੀ ਤੋਂ ਇਲਾਵਾ ਹੋਰ ਕੁੱਝ ਪੱਲੇ ਨਹੀਂ ਪੈਣਾ ਹੈ।
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
ਸਿਮਰਨ ਤੋਂ ਬਿਨਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਇਸ ਤਰ੍ਹਾਂ ਹੈ ਜਿਵੇਂ ਸੱਪ ਆਰਬਲਾ ਹੋਵੇ। ਸੱਪ ਦੀ ਉਮਰ ਬੜੀ ਲੰਮੀ ਹੁੰਦੀ ਹੈ। ਜੇ ਉਮਰ ਲੰਮੀ ਹੋਵੇਗੀ ਤਾਂ ਕੀ ਕਰਾਂਗੇ। ਸਾਰੀ ਜ਼ਿੰਦਗੀ ਤਾਂ ਜ਼ਹਿਰ ਹੀ ਘੋਲਦਾ ਹੈ। ਜਿਉਂ-ਜਿਉਂ ਸੱਪ ਦੀ ਉਮਰ ਵੱਧਦੀ ਹੈ, ਤਿਉਂ-ਤਿਉਂ ਇੰਨਾ ਜ਼ਹਿਰੀਲਾ ਹੋ ਜਾਂਦਾ ਹੈ ਕਿ ਕਈ ਵਾਰ ਉਹ ਫੂਕ ਵੀ ਮਾਰੇ ਤਾਂ ਵੀ ਬੰਦਾ ਮਰ ਜਾਂਦਾ ਹੈ। ਸਾਹਿਬ ਕਹਿੰਦੇ ਹਨ, ਸਿਮਰਨ ਤੋਂ ਬਿਨਾਂ ਜ਼ਿੰਦਗੀ ਦੇ ਭਾਵੇਂ ਕਿੰਨੇ ਸਾਲ ਜਿਉਂਦੇ ਰਹੋ। ਸੱਪ ਦੀ ਤਰ੍ਹਾਂ ਜ਼ਹਿਰ ਘੋਲਦਾ ਰਹਿੰਦਾ ਹੈ।
ਨਵ ਖੰਡਨ ਕੋ ਰਾਜੁ ਕਮਾਵੈ
ਜੇ ਸਾਰੀ ਧਰਤੀ ਦਾ ਰਾਜ ਵੀ ਕਮਾਉਂਦਾ ਹੋਵੇ, ਪਰ ਜੇ ਸਿਮਰਨ ਨਹੀਂ ਕੀਤਾ ਤਾਂ :
ਅੰਤਿ ਚਲੈਗੋ ਹਾਰੀ ॥੧ ॥
ਅਖ਼ੀਰ ‘ਤੇ ਹਾਰ ਕੇ ਗਿਆ। ਅਖ਼ੀਰ ‘ਤੇ ਜਿੱਤ ਕੇ ਨਹੀਂ ਗਿਆ। ਜ਼ਿੰਦਗੀ ਵਿਚ ਬੰਦੇ ਨੂੰ ਸਭ ਕੁਝ ਚੇਤੇ ਰਹਿੰਦਾ ਹੈ। ਇਕ ਨਾਮ ਚਾਰ ਅੱਖਰਾ ਹੈ, ਜਿਹੜਾ ਉਹ ਭੁੱਲ ਜਾਂਦਾ ਹੈ। ਇਹ ਢਾਈ ਅੱਖਰਾ ਨਹੀਂ ਹੈ। ਹਜ਼ੂਰ ਨੇ ਜਿਹੜਾ ਸਾਨੂੰ ਨਾਮ ਦਿੱਤਾ ਹੈ, ਉਹ ਚਾਰ ਅੱਖਰਾ ਹੈ। ਜਦੋਂ ਅਸੀਂ ‘ਵਾਹਿਗੁਰੂ’ ਕਹਿੰਦੇ ਹਾਂ। ਚਾਰ ਅੱਖਰ ਹਨ। ਸਾਨੂੰ ਇਹ ਚਾਰ ਅੱਖਰ ਭੁੱਲ ਜਾਂਦੇ ਹਨ। ਸਿਮਰਨ ਤੋਂ ਬਿਨਾਂ ਜੀਵਨ ਬਤੀਤ ਕਰਨਾ, ਸੱਪ ਦੀ ਜ਼ਿੰਦਗੀ ਹੈ।
ਸਾਹਿਬ ਕਹਿੰਦੇ ਹਨ, ਜਿਵੇਂ ਸ਼ਹਿਦ ਦੀ ਮੱਖੀ ਇਕ-ਇਕ ਫੁੱਲ ‘ਤੇ ਬੈਠਦੀ ਹੈ। ਇਕ ਤੋਂ ਰਸ ਚੱਖ ਕੇ, ਦੂਸਰੇ ਤੋਂ ਰਸ ਚੱਖ ਕੇ, ਅਖ਼ੀਰ ‘ਤੇ ਮੱਖੀ ਆਪਣੇ ਟਿਕਾਣੇ ‘ਤੇ ਪਹੁੰਚਦੀ ਹੈ। ਸ਼ਹਿਦ ਦੀ ਮੱਖੀ ਦਾ ਡੰਗ ਬੜਾ ਤੇਜ਼ ਹੁੰਦਾ ਹੈ। ਦੂਸਰੇ ਨੂੰ ਡੰਗ ਮਾਰਨ ਤਾਂ ਬੁਖਾਰ ਚੜਾ ਦਿੰਦੀਆਂ ਹਨ, ਪਰ ਆਪਣੇ ਆਪ ਨੂੰ ਇਕ ਦੂਸਰੇ ਨੂੰ ਡੰਗ ਨਹੀਂ ਮਾਰਦੀਆਂ। ਸ਼ਹਿਦ ਦੀਆਂ ਮੱਖੀਆਂ ਵਿਚ ਬੜਾ ਏਕਾ ਹੁੰਦਾ ਹੈ। ਸ਼ਹਿਦ ਦੀ ਮੱਖੀ ਹਰ ਮੱਖੀ ਕੋਲ ਜਾਂਦੀ ਹੈ। ਉਹ ਆਪਣੀ ਮਰਜ਼ੀ ਨਹੀਂ ਕਰਦੀਆਂ। ਜਿਧਰ ਰਾਣੀ ਮੱਖੀ ਨੇ ਕਹਿਣਾ, ਸਾਰੀਆਂ ਮੱਖੀਆਂ ਨੇ ਉਸ ਦੇ ਪਿੱਛੇ ਚੱਲਣਾ ਹੈ। ਕਿਸੇ ਮੱਖੀ ਨੇ ਆਪਣੀ ਮਰਜ਼ੀ ਨਹੀਂ ਕਰਨੀ। ਸਾਹਿਬ ਕਹਿੰਦੇ, ਜਦੋਂ ਸੰਗਤ ਵਿਚ ਰਹਿਣਾ ਹੈ ਤਾਂ ਸ਼ਹਿਦ ਦੀਆਂ ਮੱਖੀਆਂ ਵਾਂਗ ਰਹੀਂ। ਉਨ੍ਹਾਂ ਕੋਲ ਡੰਗ ਤਾਂ ਹੈ, ਪਰ ਇਕ ਦੂਸਰੇ ਨੂੰ ਡੰਗ ਨਹੀਂ ਮਾਰਦੀਆਂ। ਸਿਮਰਨ ਤੋਂ ਬਿਨਾਂ ਜਿਹੜੀ ਕਮਾਈ ਕੀਤੀ ਹੈ। ਇਹ ਕਿਹੜੀ ਨਾਲ ਜਾਣੀ ਹੈ। ਸਾਰੀ ਜ਼ਿੰਦਗੀ ਕਮਾਉਂਦਿਆਂ ਮਰ ਜਾਈਦਾ ਹੈ। ਸ਼ਹਿਰਦ ਦੀ ਮੱਖੀ ਕੇਵਲ ਸ਼ਹਿਦ ਇਕੱਠਾ ਕਰਦੀ ਹੈ ਅਖ਼ੀਰ ਵਿਚ ਉਸ ਦੇ ਪੱਲੇ ਧੂੰਆਂ ਰਹਿ ਜਾਂਦਾ ਹੈ। ਸਵਾਹ ਥੱਲੇ ਅੱਗ ਬਾਲਦੇ ਹਨ ਤੇ ਉਸ ਦੀਆਂ ਅੱਖਾਂ ਵਿਚ ਧੂੰਆਂ ਪਾਉਂਦੇ ਹਨ। ਨਿਚੋੜ ਕੇ ਰਸ ਕੋਈ ਹੋਰ ਲੈ ਜਾਂਦਾ ਹੈ।
ਗੁਣ ਨਿਧਾਨ
ਵਾਹਿਗੁਰੂ ਗੁਣਾਂ ਦਾ ਖ਼ਜ਼ਾਨਾ ਹੈ :
ਗੁਣ ਤਿਨ ਹੀ ਗਾਏ
ਪਰ ਦਾਤਾ ਜੀ ! ਜਣਾ ਖਣਾ ਸਿਮਰਨ ਕਿਵੇਂ ਕਰੇ ? ਸਿਮਰਨ ਵੀ ਉਹੀ ਕਰੇਗਾ :
ਜਾ ਕਉ ਕਿਰਪਾ ਧਾਰੀ ॥
ਜਿਸ ‘ਤੇ ਤੁਸੀਂ ਮਿਹਰ ਕੀਤੀ। ਜਿਸ ਨੇ ਸਿਮਰਨ ਕੀਤਾ :
ਸੋ ਸੁਖੀਆ
ਉਸ ਦੇ ਵਰਗਾ ਸੁਖੀ ਕੋਈ ਨਹੀਂ ਹੈ। ਉਸ ਦੇ ਵਰਗਾ ਅਨੰਦਤ ਕੋਈ ਨਹੀਂ ਹੈ।
ਧੰਨੁ ਉਸੁ ਜਨਮਾ
ਉਸ ਦੀ ਜ਼ਿੰਦਗੀ, ਉਸ ਦਾ ਜਨਮ ਵੀ ਸਫਲ ਹੈ।
ਨਾਨਕ ਤਿਸੁ ਬਲਿਹਾਰੀ ॥
ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੂੰ ‘ਸਤਿਨਾਮੁ ਵਾਹਿਗੁਰੂ’ ਚੇਤੇ ਰਹਿੰਦਾ ਹੈ। ਹਜ਼ੂਰ ਮਿਹਰ ਕਰਨ, ਸਿਮਰਨ ਕਰਨਾ ਜ਼ਰੂਰ ਸ਼ੁਰੂ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਤਸਵੀਰਾਂ
Credit – ਭਾਈ ਪਿੰਦਰਪਾਲ ਸਿੰਘ ਜੀ