ਬੀਤੇ ਕੱਲ੍ਹ ਦੇ ਦਿਨ ਸੰਨ 1931 ਦੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੇ ਫ਼ਾਂਸੀ। ਦਾ ਫੰਦਾ ਚੁੰਮ ਕੇ ਆਪਣੇ ਦੇਸ਼ ਵਾਸੀਆਂ ਦੀ ਅਣਖ, ਦਲੇਰੀ ਤੇ ਕੁਰਬਾਨੀ ਦਾ ਪਰਚਮ ਲਹਿਰਾਇਆ ਸੀ। ਇਸ ਦੀ ਮਹਿਮਾ ਤੇ ਮਹਾਨਤਾ ਏਨੀ ਵੱਡੀ ਸੀ ਕਿ ਅਸੀਂ ਹਰ ਵਰ੍ਹੇ 23 ਮਾਰਚ ਨੂੰ ਇਹ ਵਾਲੇ ਕਰਮ ਨੂੰ ਤਾਂ ਚੇਤੇ ਕਰਦੇ ਹਾਂ ਪਰ ਉਸ ਦੀਆਂ ਲਿਖਤਾਂ, ਲਿਖਣ ਸ਼ੈਲੀ ਤੇ ਸ਼ਬਦਾਂ ਦੀ ਸ਼ਕਤੀ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ। ਪਟਿਆਲਾ ਨਿਵਾਸੀ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਇਸ ਸਭ ਕਾਸੇ ਨੂੰ ‘ਸਮੁੱਚੀਆਂ ਲਿਖਤਾਂ ਸ਼ਹੀਦ ਭਗਤ ਸਿੰਘ (ਵਾਲਨਟ ਪਬਲੀਕੇਸ਼ਨ, ਕਨਾਟ ਪਲੇਸ, ਨਵੀਂ ਦਿੱਲੀ) ਦੇ ਸਿਰਲੇਖ ਹੇਠ ਪੁਸਤਕ ਦਾ ਰੂਪ ਦੇ ਕੇ ਪੰਜਾਬੀ ਜਗਤ ਦੀ ਝੋਲੀ ਪਾਇਆ ਹੈ। ਇਸ ‘ਚ ਭਗਤ ਸਿੰਘ ਵਲੋਂ ਆਪਣੇ ਵਡੇਰਿਆਂ ਨੂੰ ਲਿਖੀਆਂ ਚਿੱਠੀਆਂ ਵੀ ਸ਼ਾਮਿਲ ਹਨ ਅਤੇ ਉਹ ਵੀ ਜਿਹੜੀਆਂ ਉਸ: ਨੇ ਚੱਕ ਨੰਬਰ 105 ਹੁਣ (ਪਾਕਿਸਤਾਨ) ਦਾ ਪ੍ਰਾਇਮਰੀ ਸਕੂਲ ਛੱਡਣ ਪਿੱਛੋਂ ਦਯਾਨੰਦ ਐਂਗਲੇ ਵੈਦਿਕ ਸਕੂਲ, ਲਾਹੌਰ ਵਿਚ ਪੜ੍ਹਦੇ ਸਮੇਂ ਲਿਖੀਆਂ ਸਨ । ਇਨ੍ਹਾਂ ਤੋਂ ਲਗਦਾ ਹੈ ਕਿ ਬਾਲ ਭਗਤ ਸਿੰਘ ਉੱਤੇ ਆਰੀਆ ਸਮਾਜ ਲਹਿਰ ਦਾ ਪੂਰਾ ਪ੍ਰਭਾਵ ਸੀ। ਆਪਣੇ ਵਡੇਰਿਆਂ ਵਾਂਗ, ਪਰ ਜਦੋਂ ਅਕਤੂਬਰ 1921 ਵਿਚ ਨਨਕਾਣਾ ਸਾਹਿਬ ਵਿਖੇ ਮਹੰਤਾਂ ਦੀ ਸ਼ਹਿ ਉੱਤੇ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਹ ਇਸ ਨੂੰ ਵੇਖਣ ਵੀ ਗਿਆ। ਇਸ ਫੇਰੀ ਦਾ ਅਸਰ ਉਸ ਦੀਆਂ ਚਿੱਠੀਆਂ ‘ਚ ਵੀ ਪ੍ਰਤੱਖ ਹੈ। ਉਸ ਦੀ ਆਪਣੀ ਚਾਚੀ ਨੂੰ ਲਿਖੀ ਚਿੱਠੀ ਦੇ ਆਰੰਭ ਵਿਚ ਤਾਂ ‘ਨਮਸਤੇ’ ਲਿਖਿਆ ਮਿਲਦਾ ਹੈ ਪਰ ਇਸ ਦੇ ਅੰਤਲੇ ਵਾਕ ਵਿਚ ‘ਕੁਲਤਾਰ ਤੇ ਕੁਲਬੀਰ ਨੂੰ ਸਤਿ ਸ੍ਰੀ ਅਕਾਲ ਜਾਂ ਨਮਸਤੇ’ ਲਿਖਿਆ ਹੋਇਆ ਹੈ। ਕੁਲਤਾਰ ਤੇ ਕੁਲਬੀਰ ਉਸ ਦੇ ਭਰਾ ਸਨ। ਉਸ ਤੋਂ ਛੋਟੇ ਪੜੋ
ਮੇਰੀ ਪਿਆਰੀ ਚਾਚੀ ਜੀ ਨਮਸਤੇ
ਮੈਨੂੰ ਖ਼ਤ ਲਿਖਨ ‘ਚ ਦੇਰੀ ਹੋ ਗਈ ਹੈ। ਸੋ ਉਮੀਦ ਹੈ ਤੁਸਾਂ ਮੁਆਫ਼ ਕਰੋਗੇ। ਭਾੲਯਾ ਜੀ ਦਿੱਲੀ ਨੂੰ ਗਏ ਹੋਏ ਹਨ। ਬੇਬੇ ਮੋਰਾਂਵਾਲੀ ਨੂੰ ਗਈ ਹੋਇ ਹੈ। ਬਾਕੀ ਸਭ ਰਾਜ਼ੀ ਖ਼ੁਸ਼ੀ ਹੈ। ਵੱਡੀ ਚਾਚੀ ਜੀ ਨੂੰ ਮੱਥਾ ਟੇਕਨਾ। ਮਾਤਾ ਜੀ ਨੂੰ ਵੀ ਮੱਥਾ ਟੇਕਨਾ। ਕੁਲਤਾਰ, ਕੁਲਬੀਰ ਸਿੰਘ ਨੂੰ ਸਤਿ ਸਿਰਿ ਅਕਾਲ ਯਾਂ ਨਮਸਤੇ। ਆਪ ਕਾ ਆਗਯਾਕਾਰੀ ਭਗਤ ਸਿੰਘ। ਇਸ ਚਿੱਠੀ ਦੀ ਸੰਖੇਪਤਾ ਜਨਵਰੀ 1928 ਵਿਚ ਬਚਪਨ ਦੇ ਦੋਸਤ ਅਮਰਚੰਦ ਨੂੰ ਲਿਖੀ ਚਿੱਠੀ ਦੀ ਸੰਖੇਪਤਾ ਤੇ ਸਪੱਸ਼ਟਤਾ ਦੀ ਪੁਸ਼ਟੀ ਕਰਦੀ ਹੈ। ਚਿੱਠੀ ਲਿਖਣ ਸਮੇਂ ਅਮਰਚੰਦ ਅਮਰੀਕਾ ਦੀ ਕਿਸੇ ਯੁਨੀਵਰਸਟੀ ਵਿਚ ਪੜ੍ਹਨ ਜਾ ਚੁੱਕਿਆ ਹੈ ਤੇ ਚਿੱਠੀ ਉੱਥੋਂ ਦੇ ਪਤੇ ਉੱਤੇ ਲਿਖੀ ਗਈ ਸੀ।
ਭਾਈ ਸਾਹਿਬ, ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦੀ ਮੇਰੀ ਖਾਹਿਸ਼ ਬਰਬਾਦ ਹੋ ਚੁੱਕੀ ਹੈ। ਖੈਰ! ਤੁਹਾਡੇ ਲਈ ਮੇਰੀਆਂ ਸ਼ੁਭ ਇੱਛਾਵਾਂ ਹਾਜ਼ਰ ਹਨ। ਜੇ ਤੁਹਾਨੂੰ ਮੌਕਾ ਮਿਲਿਆ ਤਾਂ ਕੁਝ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ ਉਠਾਉਣਾ।
ਭਗਤ ਸਿੰਘ ਦੀ ਲਿਖਣ ਸ਼ੈਲੀ ਤੇ ਸਮੇਂ ਦੇ ਸੱਚ ਨੂੰ ਪੇਸ਼ ਕਰਨ ਦਾ ਪਤਾ ਉਸ ਲੇਖ ਤੋਂ ਵੀ ਲਗਦਾ ਹੈ। ਜਿਹੜਾ ਉਸ ਨੇ ਅੰਮ੍ਰਿਤਸਰ ਤੋਂ ਛਪਦੇ ‘ਕਿਰਤੀ’ ਅਖ਼ਬਾਰ ਵਿਚ ਮਈ 1927 ਦੇ ਕਿਸੇ ਅੰਕ ਲਈ ਲਿਖਿਆ ਸੀ। ਸਿਰਲੇਖ ਸੀ ‘ਕਾਕੋਰੀ ਦੇ ਵੀਰਾਂ ਨਾਲ ਜਾਣ-ਪਛਾਣ’। ਪੇਸ਼ ਹੈ ਉਸ ਦਾ ਇਕ ਪੈਰ੍ਹਾ ‘ਉਹ ਘੜੀ ਆਈ ਜਦ ਤਿੰਨਾਂ ਨੂੰ ਫ਼ਾਂਸੀ, ਇਕ ਨੂੰ ਉਮਰ ਕੈਦ, ਇਕ ਨੂੰ 14 ਬਰਸ ਦੀ ਕੈਦ, 5 ਨੂੰ 10 ਬਰਸ ਦੀ ਕੈਦ ਅਤੇ ਬਾਕੀਆਂ ਨੂੰ 5 ਤੋਂ ਦਸ ਸਾਲ ਦੀ ਸਖ਼ਤ ਕੈਦ ਸੁਣਾ ਕੇ ਜੱਜ ਬੋਲਿਆ, ‘ਤੁਸੀਂ ਸੱਚੇ ਸੇਵਕ ਅਤੇ ਤਿਆਗੀ ਹੈ, ਪਰ ਗਲਤ ਰਾਹ ‘ਤੇ ਪਏ ਹੋ।ਜੱਜ ਦੇ ਸ਼ਬਦਾਂ ਵਿਚ ਮਜਬੂਰੀ ਤਾਂ ਸੀ ਪਰ ਇਸ ਤੋਂ ਇਹ ਵੀ ਪ੍ਰਤੱਖ ਸੀ ਕਿ ਗੁਲਾਮ ਭਾਰਤ ਵਿਚ ਹੀ ਸੱਚੇ ਦੇਸ਼ ਭਗਤਾਂ ਦਾ ਏਹ ਹਾਲ ਹੁੰਦਾ ਹੈ।
– ਭਗਤ ਸਿੰਘ ਨੇ ਗੁਰਮੁਖੀ ਸਕੂਲ ਵਿਚ ਨਹੀਂ, ਇਸ ਤੋਂ ਬਾਹਰਲੇ ਸਮੇਂ ਵਿਚ ਪੜ੍ਹੀ ਸੀ, ਜਿਸ ਕਰਕੇ ਉਸ ਦੀ ਲਿਖਤ ਵਿਚ ਸ਼ਬਦ ਜੋੜ ਤੇ ਵਿਆਕਰਨ ਦੀ ਇਕਸਾਰਤਾ ਤਾਂ ਖਟਕਦੀ ਹੈ ਪਰ ਤੱਤ ਪ੍ਰਭਾਵ ਤੇ ਸੰਦੇਸ਼ ਸਪੱਸ਼ਟ ਹੈ। ਉਪਰੋਕਤ ਪੈਰੇ ਵਿਚ ਅੱਜ ਦੀ ਮਜ਼ਬੂਰੀ ਵਾਲੀ ਭਾਵਨਾ ਵੀ ਬਹੁਤ ਕੁਝ ਕਹਿ ਦਿੰਦੀ ਹੈ। ਉਸ ਦੀਆਂ ਚਿੱਠੀਆਂ ਤੇ ਅਖ਼ਬਾਰਾਂ ਲਈ ਲਿਖੇ ਲੇਖ ਤੇ ‘ਮਹਾਂਰਥੀ’ ਦੇ ਐਡੀਟਰ ਨੂੰ ਲਿਖੇ ਖ਼ਤ ਕਾਕੋਰੀ ਦੇ ਸ਼ਹੀਦਾਂ ਵਾਂਗ ਮਦਨ ਲਾਲ ਢੀਂਗਰਾ ਅਤੇ ਮਾਰਸ਼ਲ ਲਾਅ ਵਿਚ ਕੁਰਬਾਨੀ ਦੇਣ ਵਾਲੇ ਖ਼ੁਸ਼ੀ ਰਾਮ ਦੇ ਜੀਵਨ ਉੱਤੇ ਹੀ ਨਹੀਂ, ਸਗੋਂ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਉੱਤੇ ਵੀ ਚਾਨਣਾ ਪਾਉਂਦੇ ਹਨ:
‘ਕੀ ਸਾਨੂੰ ਵਾਰ-ਵਾਰ ਇਹ ਸੁਣ ਕੇ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਪਣਾ ਸ਼ਾਸਨ ਚਲਾਉਣ ਦੇ ਯੋਗ ਨਹੀਂ? ਕੀ ਇਹ ਸਾਡੇ ਲਈ ਬੜੀ ਬੇਇੱਜ਼ਤੀ ਵਾਲੀ ਗੱਲ ਨਹੀਂ ਕਿ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ ਅਤੇ ਹਰੀ ਸਿੰਘ ਨਲੂਏ ਜਿਹੇ ਸੂਰਮਿਆਂ ਦੇ ਵਾਰਸ ਹੁੰਦਿਆਂ ਸਾਨੂੰ ਇਹ ਆਖਿਆ ਜਾਏ ਕਿ ਤੁਸੀਂ ਅਪਣੀ ਹਿਫਾਜ਼ਤ ਕਰਨ ਦੇ ਲਾਇਕ ਨਹੀਂ?? ਨੌਜਵਾਨ ਸਭਾ ਦੇ ਟੀਚੇ ਵਿਚ ਕਿਸਾਨਾਂ ਤੇ ਕਿਰਤੀਆਂ ਦੀ ਸੰਪੂਰਨ ਸੁਤੰਤਰਤਾ ਵਲਾਇਤ ਦੀਆਂ ਚੀਜ਼ਾਂ ਦਾ ਬਾਈਕਾਟ ਅਤੇ ਦੁਬਾਰਾ ਸੰਸਾਰ ਜੰਗ ਲੱਗਣ ਸਮੇਂ ਜਨਤਾ ਨੂੰ ਅੰਗਰੇਜ਼ੀ ਹਕੂਮਤ ਨਾਲ ਸਹਿਯੋਗ ਤੋਂ ਰੋਕਣਾ ਸੀ।
ਆਪਣੀਆਂ ਅਨੇਕਾਂ ਸਰਗਰਮੀਆਂ ਵਿਚ ਮਸ਼ਗੂਲ ਹੋਣ ਦੇ ਬਾਵਜੂਦ ਉਹ ਅਛੂਤਾਂ ਜਾਂ ਅਰਾਜਕਤਾਵਾਦੀਆਂ ਨੂੰ ਸਮਝਣ ਤੇ ਉਨ੍ਹਾਂ ਬਾਰੇ ਲਿਖਣ ਦਾ ਸਮਾਂ ਕਿਵੇਂ ਕੱਢ ਲੈਂਦਾ ਸੀ ਹੈਰਾਨ ਕਰਦਾ ਹੈਪੇਸ਼ ਹੈ ਉਸ ਦੀ ਅਰਾਜਕਤਾ ਅਤੇ ਟਿੱਪਣੀ: ਅਰਾਜਕਤਾ ਅਨੁਸਾਰ ਜਿਸ ਆਦਰਸ਼ ਨਾਲ ਆਜ਼ਾਦੀ ਦੀ ਕਲਪਨਾ ਕੀਤੀ ਜਾਂਦੀ ਹੈ ਉਹ ਅਜਿਹੀ ਆਜ਼ਾਦੀ ਹੈ, ਜਿਸ ਵਿਚ ਤਨ-ਮਨ ਉੱਤੇ ‘ ਰੱਬ ਤੇ ਮਜ਼੍ਹਬ ਦੇ ਭੂਤ ਸਵਾਰ ਨਹੀਂ ਹੁੰਦੇ ਅਤੇ ਨਾ ਹੀ ਸਿਰ ਵਿਚ ਮਾਇਆ ਦਾ ਲਾਲਚ ਤੇ ਖਬਤ -ਸਮਾਉਂਦਾ ਹੈ। ਏਥੇ ਕਿਸੇ ਪ੍ਰਕਾਰ ਦੀ ਸਰਕਾਰ ਤੇ ਸ਼ਾਸਨ ਸਰੀਰ ਉੱਤੇ ਜੰਜ਼ੀਰਾਂ ਨਹੀਂ ਕੱਸ ਸਕਦੀ।
ਅਰਾਜਕਤਾ ਦੀ ਮੂਲ ਭਾਵਨਾ ਇਹ ਹੈ ਕਿ ਕੰਮ ਦੀ ਮੰਗ ਪਾਓ ਜੇ ਨਾ ਮਿਲੇ ਤਾਂ ਰੋਟੀ ਮੰਗੋ ਅਤੇ ਜੇ ਕੰਮ ਤੇ ਰੋਟੀ ਨਹੀਂ ਦਿੰਦੇ ਤਾਂ ਰੋਟੀ ਖੋਹ ਲਵੋ|
ਹਥਲੀ ਪੁਸਤਕ ਵਿਚ ਉਨ੍ਹਾਂ ਦਰਖ਼ਾਸਤਾਂ ਦਾ ਵੀ ਕੋਈ ਅੰਤ ਨਹੀਂ, ਜਿਹੜੀਆਂ ਸੁਆਗਤ ਤੋਂ ਪਹਿਲਾਂ ਦਿੱਲੀ ਅਤੇ ਪਾਕਿਸਤਾਨ ਦੇ ਹਿੱਸੇ ਆਈਆਂ ਮੀਆਂ ਵਾਲੀ ਤੇ ਲਾਹੌਰ ਦੀਆਂ ਜੇਲ੍ਹਾਂ ਵਿਚ ਕੈਦ ਕੱਟਦਿਆਂ ਸਾਥੀ ਕੈਦੀਆਂ ਤੇ ਆਪਣੇ-ਆਪ ਲਈ ਜ਼ਰੂਰੀ ਵਸਤਾਂ, ਪੁਸਤਕਾਂ ਤੇ ਲੋੜੀਂਦੇ ਸਲੂਕ ਤੇ ਸਹੂਲਤਾਂ ਦੀ ਮੰਗ ਕਰਦੀਆਂ ਹਨ। ਇਨ੍ਹਾਂ ਦਰਖ਼ਾਸਤਾਂ ਵਿਚ ਦਿੱਤੀਆਂ ਦਲੀਲਾਂ ਵਿਚ ਹੋਰਨਾਂ ਮੁਲਕਾਂ ਵਿਚ ਪ੍ਰਾਪਤ ਸਹੂਲਤਾਂ ਤੇ ਅੰਤਰਰਾਸ਼ਟਰੀ ਚਿੰਤਕਾਂ ਦੇ ਬੋਲ ਵੀ ਦਰਜ ਹਨ।