ਸ਼ਹੀਦ ਜਸਵੰਤ ਸਿੰਘ ਖਾਲੜਾ | Jaswant Singh Khalra

ਪਰਿਵਾਰਕ ਪਿਛੋਕੜ

Contents hide
6 ਜਸਵੰਤ ਸਿੰਘ ਖਾਲੜਾ ਦੀ ਬੌਧਿਕ ਪ੍ਰਤਿਭਾ ਦੀਆਂ ਝਲਕਾਂ
7 ਮੁੜ ਜੰਗ ਦੇ ਖੇਤਰ ਵਿਚ

ਜੁਝਾਰੂ ਵਿਰਾਸਤ

ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਭਾਈ ਤਾਰਾ ਸਿੰਘ ਵਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਹੈ। 1947 ਦੇ ਬਟਵਾਰੇ ਤੋਂ ਪਹਿਲਾਂ ਪਿੰਡ ਵਾਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ ਖਾਲੜਾ ਥਾਣੇ ਵਿਚ ਪੈਂਦਾ ਸੀ। ਵੰਡ ਤੋਂ ਪਿੱਛੋਂ ਥਾਣਾ ਖਾਲੜਾ ਦੇ ਜਿਹੜੇ ਪਿੰਡ ਪੂਰਬੀ ਪੰਜਾਬ ਵਿਚ ਰਹਿ ਗਏ, ਉਹ ਨਵੀਂ ਬਣੀ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਸ਼ਾਮਲ ਕਰ ਲਏ ਗਏ।

ਭਾਈ ਤਾਰਾ ਸਿੰਘ ਪਿੰਡ ਵਾਂ ਦਾ ਬੜਾ ਸਿਦਕੀ ਤੇ ਦਲੇਰ ਸਿੰਘ ਸੀ। ਉਸ ਨੇ ਆਪਣੇ ਖੇਤਾਂ ਵਿਚ ਜੁਝਾਰੂ ਸਿੰਘਾਂ ਦੇ ਛੁਪਣ ਲਈ ਇਕ ‘ਵਾੜਾ’ ਬਣਾਇਆ ਹੋਇਆ ਸੀ ਜਿਥੇ ਹਰ ਵੇਲੇ ਲੰਗਰ ਚੱਲਦਾ ਰਹਿੰਦਾ ਸੀ। ਉਸ ਕੋਲ ਹਰ ਵੇਲੇ ਜੁਝਾਰੂ ਸਿੰਘ ਅਟਕੇ ਰਹਿੰਦੇ ਸਨ।

1726 ਈ. ਵਿਚ ਜਦੋਂ ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਬਣਿਆ ਤਾਂ ਉਸ ਨੇ ਸਿੰਘਾਂ ਉੱਤੇ ਬੇਤਹਾਸ਼ਾ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਉਤਸ਼ਾਹਤ ਹੋ ਕੇ ਨੌਸ਼ਹਿਰੇ (ਜ਼ਿਲ੍ਹਾ ਲਾਹੌਰ) ਦੇ ਚੌਧਰੀ ਸਾਹਿਬ ਰਾਇ ਨੇ ਇਲਾਕੇ ਦੇ ਸਿੱਖਾਂ ਨੂੰ ਆਨੀ- ਬਹਾਨੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ । ਉਹ ਸਿੱਖਾਂ ਦੇ ਖੇਤਾਂ ਵਿਚ ਆਪਣੀਆਂ ਘੋੜੀਆਂ ਖੁੱਲ੍ਹੀਆਂ ਛੱਡ ਦਿੰਦਾ ਸੀ । ਥੋੜ੍ਹਾ ਚਿਰ ਤਾਂ ਸਿੱਖ ਇਹ ਵਧੀਕੀ ਸਹਿਣ ਕਰਦੇ ਰਹੇ ਪਰ ਅੰਤ ਨੂੰ ਅੱਕ ਕੇ ਉਨ੍ਹਾਂ ਇਕ ਦਿਨ ਚੌਧਰੀ ਦੀਆਂ ਘੋੜੀਆਂ ਫੜ ਲਈਆਂ ਅਤੇ ਰਾਤੋ- – ਰਾਤ ਦਰਿਆਓਂ ਪਾਰ ਲੰਘਾ ਕੇ ਮਾਲਵੇ ਵਿਚ ਪੁਚਾ ਦਿੱਤੀਆਂ। ਉਹ ਘੋੜੀਆਂ ਸਿੰਘਾਂ ਨੇ ਬਰਨਾਲਾ ਰਿਆਸਤ ਦੇ ਹਾਕਮ ਬਾਬਾ ਆਲਾ ਸਿੰਘ ਨੂੰ ਵੇਚ ਦਿੱਤੀਆਂ ਅਤੇ ਉਨ੍ਹਾਂ ਦੇ ਜਿਹੜੇ ਪੈਸੇ ਵੱਟੇ, ਉਹ ਭਾਈ ਤਾਰਾ ਸਿੰਘ ਵਾਂ ਦੇ ਲੰਗਰ ਵਿਚ ਪਾ ਦਿੱਤੇ।

ਚੌਧਰੀ ਸਾਹਿਬ ਰਾਇ ਨੂੰ ਜਦੋਂ ਘੋੜੀਆਂ ਚੁਰਾਈਆਂ ਜਾਣ ਦਾ ਪਤਾ ਚੱਲਿਆ ਤਾਂ ਉਸ ਨੂੰ ਕਰੋਧ ਚੜ੍ਹ ਗਿਆ। ਉਸ ਨੇ ‘ਦੋਸ਼ੀਆਂ’ ਨੂੰ ਫੜਨ ਲਈ ਗਾਰਦ ਭੇਜ ਦਿੱਤੀ। ਸਿੰਘ ਫੜੇ ਜਾਣ ਤੋਂ ਬਚਣ ਲਈ ਨੱਸ ਕੇ ਭਾਈ ਤਾਰਾ ਸਿੰਘ ਦੇ ਡੇਰੇ ਜਾ ਪੁੱਜੇ । ਚੌਧਰੀ ਨੂੰ ਹੋਰ ਅੱਗ ਲੱਗ ਗਈ। ਉਸ ਨੇ ਪੱਟੀ ਦੇ ਫ਼ੌਜਦਾਰ ਜਾਫ਼ਰ ਬੇਗ ਕੋਲੋਂ ਮੱਦਦ ਮੰਗੀ। ਜਾਫ਼ਰ ਬੇਗ ਦੌ ਸੌ ਪੈਦਲ ਤੇ ਸੌ ਅਸਵਾਰ ਲੈ ਕੇ ਡੇਰੇ ‘ਤੇ ਚੜ੍ਹ ਆਇਆ। ਡੇਰੇ ਵਿਚ ਉਸ ਵੇਲੇ 22 ਸਿੰਘ ਸਨ । ਉਨ੍ਹਾਂ ਨੇ ਬੇਗ ਦੀ ਫ਼ੌਜ ਦਾ ਦਲੇਰੀ ਨਾਲ ਟਾਕਰਾ ਕੀਤਾ। ਟੱਕਰ ਵਿਚ ਜਾਫ਼ਰ ਬੇਗ ਦੀ ਫ਼ੌਜ ਦਾ ਭਾਰੀ ਜਾਨੀ ਨੁਕਸਾਨ ਹੋਇਆ। ਉਸ ਦਾ ਇਕ ਭਰਾ ਤੇ ਭਤੀਜਾ ਮਾਰੇ ਗਏ । ਬੇਗ ਗੱਡਿਆਂ ਉੱਤੇ ਲੋਥਾਂ ਚੁੱਕ ਕੇ ਲਾਹੌਰ ਜ਼ਕਰੀਆ ਖ਼ਾਨ ਕੋਲ ਜਾ ਪਿੱਟਿਆ । ਜ਼ਕਰੀਆ ਖ਼ਾਨ ਨੇ ਮੋਮਨ ਖ਼ਾਂ ਦੀ ਅਗਵਾਈ ਹੇਠ 2200 ਸਵਾਰ, 5 ਹਾਥੀ, 40 ਜੰਬੂਰੇ ਤਾਰਾ ਸਿੰਘ ਨੂੰ ਫੜਨ ਲਈ ਭੇਜੇ । ਜਦੋਂ ਸਿੰਘਾਂ ਨੂੰ ਹਮਲਾ ਕਰਨ ਲਈ ਆ ਰਹੀ ਸ਼ਾਹੀ ਫ਼ੌਜ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਟਾਕਰੇ ਲਈ ਕਮਰਕੱਸੇ .. ਕੱਸਣੇ ਸ਼ੁਰੂ ਕਰ ਦਿੱਤੇ । ਚਾਰੇ ਪਾਸੇ ਖ਼ਬਰ ਫੈਲ ਗਈ ਅਤੇ ਨੇੜੇ ਤੇੜੇ ਦੇ 30 ਕੁ ਹੋਰ ਸਿੰਘ ਭਾਈ ਤਾਰਾ ਸਿੰਘ ਦੀ ਮੱਦਦ ਕਰਨ ਲਈ ਪਹੁੰਚ ਗਏ। ਦੋਵਾਂ ਧਿਰਾਂ ਵਿਚਕਾਰ ਗਹਿ-ਗੱਚ ਲੜਾਈ ਹੋਈ ਜਿਸ ਵਿਚ ਸ਼ਾਹੀ ਫ਼ੌਜ ਦੇ ਤਿੰਨ ਸੌ ਤੋਂ ਵੱਧ ਬੰਦੇ ਮਾਰੇ ਗਏ। ਇਸ ਖ਼ੂਨੀ ਟੱਕਰ ਵਿਚ 22 ਸਿੰਘ ਸੂਰਮਗਤੀ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਸ਼ਹੀਦ ਸੂਰਮਿਆਂ ਵਿੱਚੋਂ ਇਕ ਖਾਲੜਾ ਪਿੰਡ ਦਾ ਭਾਈ ਸੂਰਾ ਸਿੰਘ ਸੀ।

ਖਾਲੜਾ ਪਿੰਡ ਵਿਚ ਭਾਈ ਸੂਰਾ ਸਿੰਘ ਦੀ ਅੰਸ਼ ਵੱਧਦੀ ਫੁੱਲਦੀ ਰਹੀ। ਸਮਾਂ ਪਾ ਕੇ ਪਿੰਡ ਵਿਚ ‘ਸੂਰਾ ਪੱਤੀ’ ਹੋਂਦ ਵਿਚ ਆ ਗਈ। ਇਸੇ ਪੱਤੀ ਵਿਚ 2 ਨਵੰਬਰ 1952 ਨੂੰ ਸ. ਕਰਤਾਰ ਸਿੰਘ ਦੇ ਘਰ ਮਾਤਾ ਮੁਖਤਿਆਰ ਕੌਰ ਦੀ ਕੁੱਖ ਤੋਂ ਇਕ ਬਾਲਕ ਨੇ ਜਨਮ ਲਿਆ। ਮਾਪਿਆਂ ਨੇ ਉਸ ਬਾਲਕ ਦਾ ਨਾਂ ਜਸਵੰਤ ਸਿੰਘ ਰੱਖਿਆ। 43 ਸਾਲਾਂ ਬਾਅਦ ਇਹੀ ਜਸਵੰਤ ‘ਸ਼ਹੀਦ ਜਸਵੰਤ ਸਿੰਘ ਖਾਲੜਾ’ ਦੇ ਨਾਂ ਹੇਠ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ।

ਦਾਦਾ ਹਰਨਾਮ ਸਿੰਘ : ਸੂਰਬੀਰ ਘੁਲਾਟੀਆ

ਵੀਹਵੀਂ ਸਦੀ ਦੇ ਮੁੱਢਲੇ ਵਰ੍ਹਿਆਂ ਵਿਚ ਜਦੋਂ ਪੰਜਾਬ ‘ਚੋਂ ਟਾਵੇਂ ਵਿਰਲੇ ਵਿਅਕਤੀ ਰੋਜ਼ੀ ਰੋਟੀ ਲਈ ਕੈਨੇਡਾ, ਅਮਰੀਕਾ, ਚੀਨ ਤੇ ਪੂਰਬੀ ਟਾਪੂਆਂ ਵੱਲ ਜਾਣ ਲੱਗੇ ਤਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਭਾਈ ਹਰਨਾਮ ਸਿੰਘ ਭਾਰਤੀ ਫ਼ੌਜ ਵਿੱਚੋਂ ਭਗੌੜੇ ਹੋ ਕੇ ਰੋਜ਼ੀ ਰੋਟੀ ਕਮਾਉਣ ਲਈ ਦੇਸ਼ ਤੋਂ ਬਾਹਰ ਚਲੇ ਗਏ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਮਲੇਸ਼ੀਆ ਵਿਚ ਭਾਈ ਗੁਰਦਿੱਤ ਸਿੰਘ ਸਰਹਾਲੀ ਵਾਲਿਆਂ ਨਾਲ ਮੇਲ ਹੋ ਗਿਆ ਸੀ। ਜਦੋਂ 1914 ਈ. ਵਿਚ ਭਾਈ ਗੁਰਦਿੱਤ ਸਿੰਘ ਨੇ ਕੈਨੇਡਾ ਦੀ ਨਸਲਵਾਦੀ ਹਕੂਮਤ ਵੱਲੋਂ ਭਾਰਤ ਵਾਸੀਆਂ ਦੇ ਕੈਨੇਡਾ ਵਿਚ ਦਾਖ਼ਲੇ ਦੇ ਰਾਹ ਵਿਚ ਖੜੀ ਕੀਤੀ ਕਾਨੂੰਨੀ ਢੁੱਚਰ ਨੂੰ ਦੂਰ ਕਰਨ ਲਈ ਜਾਪਾਨ ਦਾ ‘ਕਾਮਾਗਾਟਾ ਮਾਰੂ’ ਨਾਂ ਦਾ ਜਹਾਜ਼ ਕਿਰਾਏ ‘ਤੇ ਲੈ ਕੇ ਅਤੇ ਉਸ ਜਹਾਜ਼ ਨੂੰ ‘ਗੁਰੂ ਨਾਨਕ ਜਹਾਜ਼’ ਦਾ ਸਤਿਕਾਰਤ ਨਾਂ ਦੇ ਕੇ ਕਲਕੱਤੇ ਦੀ ਬੰਦਰਗਾਹ ਤੋਂ ਪੰਜਾਬੀ ਮੁਸਾਫ਼ਰਾਂ ਨੂੰ ਕੈਨੇਡਾ ਪਹੁੰਚਾਉਣ ਦਾ ਪਰਉਪਕਾਰੀ ਪ੍ਰੋਜੈਕਟ ਆਰੰਭਿਆ ਸੀ, ਤਾਂ ਉਸ ਵੇਲੇ ਭਾਈ ਹਰਨਾਮ ਸਿੰਘ ਖਾਲੜਾ ਨੇ ਭਾਈ ਗੁਰਦਿੱਤ ਸਿੰਘ ਦੀ ਨਾ ਕੇਵਲ ਹੌਂਸਲਾ ਅਫ਼ਜ਼ਾਈ ਕੀਤੀ ਸੀ, ਸਗੋਂ ਉਹ ਭਾਈ ਸਾਹਿਬ ਹੁਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਗਏ ਸਨ। ਜਹਾਜ਼ ਲਈ ਲੁੜੀਂਦੇ ਮੁਸਾਫ਼ਰ ਜੁਟਾਉਣ ਲਈ ਭਾਈ ਹਰਨਾਮ ਸਿੰਘ ਨੇ ਮਨੀਲਾ ਤੋਂ ਇਕ ਸਟੀਮਰ ਲੈ ਕੇ ਅੱਡ-ਅੱਡ ਟਾਪੂਆਂ ਤੋਂ ਮੁਸਾਫ਼ਰ ਇਕੱਠੇ ਕੀਤੇ ਅਤੇ ਜਾਪਾਨ ਪਹੁੰਚ ਕੇ ਇਨ੍ਹਾਂ ਮੁਸਾਫ਼ਰਾਂ ਨੂੰ ‘ਗੁਰੂ ਨਾਨਕ ਜਹਾਜ਼’ ਵਿਚ ਚੜ੍ਹਾਇਆ ਸੀ । ਜਹਾਜ਼ ਦੇ ਮੁਸਾਫ਼ਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਿੱਖ ਰਵਾਇਤ ਅਨੁਸਾਰ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ। ਭਾਈ ਹਰਨਾਮ ਸਿੰਘ ਇਸ ਕਮੇਟੀ ਦੇ ਸਰਕਰਦਾ ਮੈਂਬਰ ਸਨ। ਜਦੋਂ ਕੈਨੇਡਾ ਦੀ ਨਸਲਪ੍ਰਸਤ ਸਰਕਾਰ ਨੇ ਗੁਰੂ ਨਾਨਕ ਜਹਾਜ਼ ਨੂੰ ਵੈਨਕੂਵਰ ਦੀ ਬੰਦਰਗਾਹ ਉੱਤੇ ਡੱਕ ਲਿਆ ਸੀ ਅਤੇ ਇਸ ਨੂੰ ਜ਼ੋਰੋ-ਜਬਰੀ ਵਾਪਸ ਮੋੜਨ ਦੇ ਯਤਨ ਆਰੰਭ ਦਿੱਤੇ ਸਨ, ਤਾਂ ਭਾਈ ਹਰਨਾਮ ਸਿੰਘ ਵਰਗੇ ਸ਼ੇਰ-ਦਿਲ ਆਗੂਆਂ ਨੇ ਮੁਸਾਫ਼ਰਾਂ ਨੂੰ ਲਗਾਤਾਰ ਚੜ੍ਹਦੀ ਕਲਾ ਵਿਚ ਰੱਖਿਆ ਸੀ । ਇਕ ਰਿਪੋਰਟ ਅਨੁਸਾਰ ਜਦੋਂ ਕੈਨੇਡਾ ਦੀ ਸਮੁੰਦਰੀ ਫ਼ੌਜ ਨੇ ਗੁਰੂ ਨਾਨਕ ਜਹਾਜ਼ ਨੂੰ ਘੇਰੇ ਵਿਚ ਲੈ ਕੇ ਇਸ ਉੱਤੇ ਹਮਲਾ ਕਰਨ ਦੀ ਵਿਉਂਤ ਬਣਾਈ ਸੀ ਤਾਂ ਭਾਈ ਹਰਨਾਮ ਸਿੰਘ ਨੇ ਆਪਣੇ ਰਿਵਾਲਵਰ ਨਾਲ ਤਿੰਨ ਚਾਰ ਗੋਲੀਆਂ ਹਵਾ ਵਿਚ ਦਾਗ਼ ਕੇ ਨਸਲਪ੍ਰਸਤ ਹਾਕਮਾਂ ਨੂੰ ਅਜਿਹੀ ਵਹਿਸ਼ੀ ਹਿਮਾਕਤ ਕਰਨ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ मी।

ਲੰਮੀ ਕਸ਼ਮਕਸ਼ ਤੋਂ ਬਾਅਦ ਨਸਲਪ੍ਰਸਤ ਹਾਕਮਾਂ ਨੇ ਗੁਰੂ ਨਾਨਕ ਜਹਾਜ਼ ਨੂੰ ਵੈਨਕੂਵਰ ਦੀ ਬੰਦਰਗਾਹ ਤੋਂ ਵਾਪਸ ਮੁੜ ਜਾਣ ਲਈ ਮਜਬੂਰ ਕਰ ਦਿੱਤਾ ਸੀ । ਜਦੋਂ ਉਹ ਜਹਾਜ਼ ਕਲਕੱਤੇ ਬਜਬਜਘਾਟ ‘ਤੇ ਅੱਪੜਿਆ ਤਾਂ ਵੈਨਕੂਵਰ ਤੋਂ ਖੱਜਲ ਖ਼ੁਆਰ ਹੋ ਕੇ ਮੁੜੇ ਮੁਸਾਫ਼ਰਾਂ ਨੂੰ ਭਾਰਤ ਦੇ ਗੋਰੇ ਹਾਕਮਾਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈ ਗਿਆ ਸੀ । ਪੁਲਸ ਦੀ ਗੋਲੀਬਾਰੀ ਦੌਰਾਨ ਭਾਈ ਗੁਰਦਿੱਤ ਸਿੰਘ ਤੇ ਭਾਈ ਹਰਨਾਮ ਸਿੰਘ ਕੁੱਝ ਹੋਰਨਾਂ ਸਾਥੀਆਂ ਸਮੇਤ ਇਕ ਵਾਰ ਤਾਂ ਪੁਲਸ ਦੇ ਘੇਰੇ ਵਿੱਚੋਂ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ ਸਨ ਪਰ ਥੋੜ੍ਹੀ ਦੂਰ ਜਾ ਕੇ ਉਹ ਮੁੜ ਪੁਲਸ ਦੀ ਗ੍ਰਿਫ਼ਤ ਵਿਚ ਆ ਗਏ ਸਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਲਿਆਂਦਾ ਗਿਆ ਤੇ ਮੁਕੱਦਮੇ ਚਲਾ ਕੇ ਸਜ਼ਾਵਾਂ ਸੁਣਾਈਆਂ ਗਈਆਂ। ਭਾਈ ਹਰਨਾਮ ਸਿੰਘ ਥੋੜ੍ਹਾ ਸਮਾਂ ਜੇਲ੍ਹ ਵਿਚ ਬੰਦ ਰਹੇ ਅਤੇ ਅਖ਼ੀਰ ਵਿਚ ਉਨ੍ਹਾਂ ਦੀ ਸਜ਼ਾ ਘਟਾ ਕੇ ਉਨ੍ਹਾਂ ਨੂੰ ਘਰ ਵਿਚ (ਖਾਲੜੇ) ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਹ ਕਈ ਸਾਲ ਘਰ ਵਿਚ ਨਜ਼ਰਬੰਦ ਰਹੇ। ਉਨ੍ਹਾਂ ਦੀ ਗ਼ੈਰਤ ਨੇ ਗੋਰੇ ਹਾਕਮਾਂ ਦੀ ਗ਼ੁਲਾਮੀ ਦੀ ਜ਼ਲਾਲਤ ਸਹਿਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਰਕੇ ਉਹ 1923 ਈ. ਵਿਚ ਪੁਲਸ ਨੂੰ ਝਕਾਨੀ ਦੇ ਕੇ ਘਰੋਂ ਫ਼ਰਾਰ ਹੋ ਗਏ ਸਨ ਅਤੇ ਜਾਣ ਵੇਲੇ ਆਪਣੇ ਵੱਡੇ ਲੜਕੇ ਪ੍ਰੀਤਮ ਸਿੰਘ, ਜਿਹੜਾ ਉਦੋਂ ਤਕ ਜਵਾਨ ਹੋ ਚੁੱਕਾ ਸੀ, ਨੂੰ ਵੀ ਆਪਣੇ ਨਾਲ ਲੈ ਲਿਆ ਸੀ। ਉਹ ਦੋਨੋਂ ਪਿਓ ਪੁੱਤਰ ਲੁਕਦੇ ਲੁਕਾਉਂਦੇ ਇਕ ਵਾਰ ਫਿਰ ਦੇਸ਼ ਤੋਂ ਬਾਹਰ ਚਲੇ ਗਏ ਸਨ। ਵੱਖ-ਵੱਖ ਟਾਪੂਆਂ ਉੱਤੇ ਘੁੰਮਦੇ-ਘੁੰਮਾਉਂਦੇ ਉਹ ਅੰਤ ਵਿਚ ਸ਼ੰਘਈ ਜਾ ਪਹੁੰਚੇ । ਉਥੋਂ ਉਨ੍ਹਾਂ ਨੇ ਪਿੱਛੇ ਖਾਲੜੇ ਰਹਿੰਦੇ ਆਪਣੇ ਭਰਾਵਾਂ, ਆਪਣੀ ਧਰਮ ਪਤਨੀ ਗੁਲਾਬ ਕੌਰ ਤੇ ਛੋਟੇ ਪੁੱਤਰ ਕਰਤਾਰ ਸਿੰਘ ਨਾਲ ਚਿੱਠੀ-ਪੱਤਰ ਦੇ ਜ਼ਰੀਏ ਸੰਪਰਕ ਬਣਾਈ ਰੱਖਿਆ ਸੀ।

1923 ਈ. ਵਿਚ ਜਦੋਂ ਸ. ਹਰਨਾਮ ਸਿੰਘ ਘਰੋਂ ਫ਼ਰਾਰ ਹੋ ਕੇ ਦੇਸ਼ ਤੋਂ ਬਾਹਰ ਚਲੇ ਗਏ ਸਨ, ਉਸ ਵੇਲੇ ਸ. ਕਰਤਾਰ ਸਿੰਘ ਅਜੇ ਮਸੀਂ 7 ਕੁ ਸਾਲਾਂ ਦੇ ਸਨ । ਉਨ੍ਹਾਂ ਨੂੰ ਉਸ ਤੋਂ ਬਾਅਦ ਪਿਤਾ ਦਾ ਮੂੰਹ ਦੇਖਣਾ ਨਸੀਬ ਨਹੀਂ ਸੀ ਹੋਇਆ। ਉਨ੍ਹਾਂ ਵਿਚਕਾਰ ਚਿੱਠੀ-ਪੱਤਰ ਤੋਂ ਬਿਨਾਂ ਆਪਸੀ ਸੰਪਰਕ ਦਾ ਹੋਰ ਕੋਈ ਸਾਧਨ ਨਹੀਂ ਸੀ। ਜਿਸ ਕਰਕੇ ਸ. ਕਰਤਾਰ ਸਿੰਘ ਦੀ ਪਰਵਰਿਸ਼ ਮਾਤਾ ਗੁਲਾਬ ਕੌਰ ਨੇ ਹੀ ਕੀਤੀ ਸੀ। ਉਨ੍ਹਾਂ ਨੂੰ ਪੜ੍ਹਾਉਣ ਤੇ ਵਿਆਹੁਣ ਦੀ ਸਾਰੀ ਜ਼ੁੰਮੇਵਾਰੀ ਮਾਤਾ ਨੇ ਹੀ ਨਿਭਾਈ ਸੀ। ਸ. ਕਰਤਾਰ ਸਿੰਘ ਨੇ ਪੰਜ ਜਮਾਤਾਂ ਤਕ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਅਤੇ ਫਿਰ ਦਸਵੀਂ ਤਕ ਸਰਹਾਲੀ ਦੇ ਸਕੂਲ ਵਿਚ ਪੜ੍ਹੇ। ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਦਸਵੀਂ ਜਮਾਤ ਪਾਸ ਕਰਨ ਵਾਲੇ ਨੂੰ ਚੰਗਾ ਪੜ੍ਹਿਆ-ਲਿਖਿਆ ਸਮਝਿਆ ਜਾਂਦਾ ਸੀ ਅਤੇ ਇਲਾਕੇ ਵਿਚ ਉਸ ਦਾ ਚੰਗਾ ਨਾਂ ਹੁੰਦਾ ਸੀ।

ਉਸ ਸਮੇਂ ਚੀਨ ਵਿਚ ਸ. ਹਰਨਾਮ ਸਿੰਘ ਦੇ ਨਾਲ ਸੁਰਸਿੰਘ ਪਿੰਡ (ਪੱਤੀ ਮਹਿਲਾਂਵਾਲੀ) ਦੇ ਇਕ ਗੁਰਸਿੱਖ ਸ. ਬਸੰਤ ਸਿੰਘ ਸਨ । ਗੁਆਂਢੀ ਪਿੰਡਾਂ ਦੇ ਹੋਣ ਕਾਰਨ ਉਹ ਦੋਵੇਂ ਇਕ ਦੂਜੇ ਦੇ ਗੂੜ੍ਹੇ ਦੋਸਤ ਬਣ ਗਏ ਸਨ । ਦੋਵਾਂ ਨੇ ਉਥੇ ਰਹਿੰਦਿਆਂ ਹੀ ਆਪਸ ਵਿਚ ਕੁੜਮ ਬਣਨ ਦਾ ਫ਼ੈਸਲਾ ਕਰ ਲਿਆ ਸੀ। ਸ. ਹਰਨਾਮ ਸਿੰਘ ਦਾ ਛੋਟਾ ਪੁੱਤਰ ਕਰਤਾਰ ਸਿੰਘ ਉਸ ਵੇਲੇ ਤਕ ਜਵਾਨ ਹੋ ਚੁੱਕਾ ਸੀ ਅਤੇ ਦਸਵੀਂ ਪਾਸ ਕਰਨ ਤੋਂ ਬਾਅਦ ਘਰ ਦੀ ਖੇਤੀਬਾੜੀ ਕਰਨ ਲੱਗ ਪਿਆ ਸੀ। ਉਧਰ ਸ. ਬਸੰਤ ਸਿੰਘ ਦੀ ਇਕ ਲੜਕੀ ਬੀਬੀ ਮੁਖਤਿਆਰ ਕੌਰ ਵੀ ਮੁਟਿਆਰ ਹੋ ਗਈ ਸੀ ਅਤੇ ਪੰਜ ਜਮਾਤਾਂ ਪਾਸ ਕਰ ਕੇ ਘਰ ਦੇ ਕੰਮ-ਕਾਰ ਕਰਨ ਲੱਗ ਗਈ ਸੀ। ਸ. ਬਸੰਤ ਸਿੰਘ ਨੇ ਚੀਨ ਤੋਂ ਆ ਕੇ ਆਪਣੀ ਲੜਕੀ ਮੁਖਤਿਆਰ ਕੌਰ ਦੀ ਸ਼ਾਦੀ ਸ. ਕਰਤਾਰ ਸਿੰਘ ਨਾਲ ਕਰ ਦਿੱਤੀ मी।

ਉਸ ਵੇਲੇ ਭਾਰਤ ਦੀ ਆਜ਼ਾਦੀ ਦੀ ਲੜਾਈ ਨਿਰਣਾਇਕ ਦੌਰ ਵਿਚ ਪਹੁੰਚ ਚੁੱਕੀ ਸੀ ਅਤੇ ਸਿੱਖ ਕੌਮ ਵੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੂਰੇ ਜ਼ੋਰ ਨਾਲ ਜੱਦੋ- ਜਹਿਦ ਕਰ ਰਹੀ ਸੀ। ਇਸ ਰਾਜਸੀ ਮਾਹੌਲ ਵਿਚ ਸ. ਬਸੰਤ ਸਿੰਘ ਨੇ ਚੀਨ ਨੂੰ ਮੁੜਨ ਦਾ ਵਿਚਾਰ ਛੱਡ ਦਿੱਤਾ ਸੀ ਅਤੈ ਪੂਰੇ ਜੀਅ ਜਾਨ ਨਾਲ ਸਿੱਖ ਸੰਘਰਸ਼ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਸਮਿਆਂ ਵਿਚ ਚੰਗੀ ਸੋਚ ਵਾਲੇ ਜਿਨ੍ਹਾਂ ਲੋਕਾਂ ਨੂੰ ਦੇਸ਼ ਤੋਂ ਬਾਹਰ ਜਾ ਕੇ ਜਦੋਂ ਸੰਸਾਰ ਨੂੰ ਦੇਖਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਅੰਦਰ ਨਵੀਂ ਜਾਗਰਤੀ ਆ ਗਈ ਸੀ। ਉਹ ਵਿੱਦਿਆ ਦੀ ਅਹਿਮੀਅਤ ਬਾਰੇ ਜਾਗਰੂਕ ਹੋ ਗਏ ਸਨ ਅਤੇ ਅਨਪੜ੍ਹਤਾ ਨੂੰ ਸਰਾਪ ਸਮਝਣ ਲੱਗ ਪਏ ਸਨ । ਉਹ ਇਸ ਨੂੰ ਆਪਣੇ ਲੋਕਾਂ ਦੀ ਦੁਰਦਸ਼ਾ ਦਾ ਵੱਡਾ ਕਾਰਨ ਸਮਝਦੇ ਸਨ, ਜਿਸ ਕਰਕੇ ਉਹ ਆਪੋ-ਆਪਣੇ ਪਿੰਡਾਂ ਤੇ ਇਲਾਕਿਆਂ ਵਿਚ ਵਿੱਦਿਆ ਦਾ ਚਾਨਣ ਫੈਲਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੁੰਦੇ ਸਨ। ਸ. ਹਰਨਾਮ ਸਿੰਘ ਖਾਲੜਾ ਨੇ ਇਸੇ ਸੋਚ ਵਿੱਚੋਂ ਆਪਣੇ ਸਪੁੱਤਰ ਸ. ਕਰਤਾਰ ਸਿੰਘ ਨੂੰ ਚੀਨ ਤੋਂ ਕੁੱਝ ਮਾਇਆ ਭੇਜੀ ਸੀ ਜਿਸ ਨੂੰ ਪਿੰਡ ਵਿਚ ਸਕੂਲ ਖੋਲ੍ਹਣ ਲਈ ਵਰਤਣ ਦੀ ਹਦਾਇਤ ਕੀਤੀ ਸੀ ਅਤੇ ਇਸ ਦੇ ਇਲਾਵਾ ਆਪਣੇ ਖ਼ਾਨਦਾਨ ਦੀ ਜ਼ੱਦੀ-ਪੁਸ਼ਤੀ ਜ਼ਮੀਨ ਦਾ ਕੁੱਝ ਹਿੱਸਾ ਸਕੂਲ ਲਈ ਦਾਨ ਕਰਨ ਦਾ ਮਸ਼ਵਰਾ ਦਿੱਤਾ ਸੀ । ਸ. ਕਰਤਾਰ ਸਿੰਘ ਨੇ ਪਿਤਾ ਜੀ ਦੀ ਇੱਛਾ ਤੇ ਆਦੇਸ਼ਾਂ ਅਨੁਸਾਰ ਆਪਣੇ ਚਾਚਿਆਂ ਤਾਇਆਂ ਦੀ ਸਹਿਮਤੀ ਤੇ ਸਹਿਯੋਗ ਨਾਲ ਲਗਭਗ ਦਸ ਬਾਰ੍ਹਾਂ ਕਿੱਲੇ ਜ਼ੱਦੀ ਜ਼ਮੀਨ ਸਕੂਲ ਲਈ ਦਾਨ ਕਰ ਦਿੱਤੀ ਸੀ। ਸ. ਕਰਤਾਰ ਸਿੰਘ ਦੀ ਪਹਿਲ-ਕਦਮੀ ਤੇ ਹਿੰਮਤ ਨਾਲ, ਸਕੂਲ ਦੀ ਉਸਾਰੀ ਕਰਨ ਤੇ ਫਿਰ ਉਸ ਦਾ ਪ੍ਰਬੰਧ ਚਲਾਉਣ ਲਈ ਇਲਾਕੇ ਦੇ ਪਤਵੰਤੇ ਵਿਅਕਤੀਆਂ ਦੀ ਇਕ ਕਮੇਟੀ ਬਣਾਈ ਗਈ। ਇਸ ਤਰ੍ਹਾਂ 1937-38 ਵਿਚ ਖਾਲੜੇ ਵਿਖੇ ‘ਮਾਝਾ ਖ਼ਾਲਸਾ ਹਾਈ ਸਕੂਲ’ ਦੀ ਨੀਂਹ ਰੱਖੀ ਗਈ। ਉਸ ਵੇਲੇ ਇਹ ਸਾਰੇ ਇਲਾਕੇ ਵਿਚ ਪਹਿਲਾ ਹਾਈ ਸਕੂਲ ਸੀ। ਸ. ਕਰਤਾਰ ਸਿੰਘ ਇਸ ਸਕੂਲ ਦੇ ਸੰਸਥਾਪਕ ਤਾਂ ਸਨ ਹੀ, ਉਹ ਇਸ ਦੀਆਂ ਪ੍ਰਬੰਧਕੀ ਜ਼ੁੰਮੇਵਾਰੀਆਂ ਵੀ ਨਿਭਾਉਂਦੇ ਸਨ ਅਤੇ ਨਾਲ ਹੀ ਡਿਵਨਿਟੀ (ਧਰਮ ਵਿੱਦਿਆ) ਦੇ ਵਿਸ਼ੇ ਦੇ ਟੀਚਰ ਵੀ ਸਨ। ਗੱਲ ਕੀ, ਉਹ ਸਕੂਲ ਨਾਲ ਸੰਬੰਧਿਤ ਸਾਰੀਆਂ ਸਰਗਰਮੀਆਂ ਦਾ ਧੁਰਾ ਸਨ । ਉਨ੍ਹਾਂ ਕੋਲੋਂ ਪੜ੍ਹੇ ਵਿਦਿਆਰਥੀਆਂ ‘ਚੋਂ ਇਸ ਵੇਲੇ ਉਂਗਲਾਂ ਤੇ ਗਿਣਨ ਜੋਗੇ ਵਿਅਕਤੀ ਹੀ ਜ਼ਿੰਦਾ ਹਨ ਅਤੇ ਉਹ ਵੀ ਸਾਰੇ ਆਪਣੀ ਉਮਰ ਦੇ ਆਖ਼ਰੀ ਪੜਾਅ ਵਿਚ ਹਨ, ਪਰ ਜੇਕਰ ਉਨ੍ਹਾਂ ‘ਚੋਂ ਕਿਸੇ ਨਾਲ ਅੱਜ ਵੀ ਸ. ਕਰਤਾਰ ਸਿੰਘ ਦੀ ਗੱਲ ਛੇੜੀ ਜਾਵੇ ਤਾਂ ਉਹ ਆਪਣੇ ਅਜ਼ੀਜ਼ ਉਸਤਾਦ ‘ਗਿਆਨੀ ਕਰਤਾਰ ਸਿੰਘ’ ਦਾ ਜ਼ਿਕਰ ਬਹੁਤ ਸਤਿਕਾਰ ਤੇ ਜਜ਼ਬਾਤ ਭਿੱਜੇ ਲਫ਼ਜ਼ਾਂ ਵਿਚ ਕਰਦੇ ਹਨ। 1960 ਵਿਚ ‘ਮਾਝਾ ਖ਼ਾਲਸਾ ਹਾਈ ਸਕੂਲ’ ਸਰਕਾਰੀ ਕੰਟਰੋਲ ਹੇਠ ਜਾਣ ਕਰਕੇ ‘ਸਰਕਾਰੀ ਹਾਈ ਸਕੂਲ’ ਬਣ ਗਿਆ ਸੀ।

ਇਸੇ ਦੌਰਾਨ ਸ. ਕਰਤਾਰ ਸਿੰਘ ਦੇ ਯਤਨਾਂ ਨਾਲ ਪੰਜਾਹਵਿਆਂ ਦੇ ਮੁੱਢਲੇ ਸਾਲਾਂ ਵਿਚ ਖਾਲੜਾ ਪਿੰਡ ਵਿਚ ਕੋਆਪਰੇਟਿਵ ਸੋਸਾਇਟੀ ਚਾਲੂ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਇਹ ਸੋਸਾਇਟੀ ਉਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਸਭ ਤੋਂ ਪਹਿਲੀ ਡੈ ਸਭ ਤੋਂ ਵੱਡੀ ਸੀ। ਬਾਅਦ ਵਿਚ ਸ. ਕਰਤਾਰ ਸਿੰਘ ਹੀ ਉਸ ਦੇ ਪ੍ਰਧਾਨ ਬਣੇ ਸਨ। ਇਸ ਦੇ ਨਾਲ ਹੀ ਉਹ ਪਿੰਡ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਯਾਦ ਵਿਚ ਉਸਾਰੇ ਗਏ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਕਰਨ ਵਾਲੀ ਪ੍ਰਬੰਧਕੀ ਕਮੇਟੀ ਦੇ ਵੀ ਸਰਕਰਦਾ ਮੈਂਬਰ ਸਨ। ਇੰਨਾ ਕੁੱਝ ਕਰਨ ਦੇ ਨਾਲੋ-ਨਾਲ ਸ. ਕਰਤਾਰ ਸਿੰਘ ਨੇ ਆਪਣੇ 9 ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਜੀਵਨ ਜਿਉਣ ਦੇ ਯੋਗ ਬਣਾਇਆ। ਜਸਵੰਤ ਸਿੰਘ ਚਾਰ ਭੈਣਾਂ ਤੇ ਇਕ ਭਰਾ ਤੋਂ ਬਾਅਦ ਛੇਵੇਂ ਨੰਬਰ ‘ਤੇ ਪੈਦਾ ਹੋਇਆ ਸੀ। ਉਸ ਤੋਂ ਬਾਅਦ ਇਕ ਭੈਣ ਤੇ ਦੋ ਭਰਾ ਹੋਰ ਪੈਦਾ ਹੋਏ।

1972 ਵਿਚ ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਤਾਂ ਉਸ ਨੇ ਲੋਕਾਂ ਵਿਚ ਆਪਣੀ ਸਿਆਸੀ ਭੱਲ ਬਣਾਉਣ ਦੀ ਮਨਸ਼ਾ ਨਾਲ ਭਾਰਤ ਦੀ ਆਜ਼ਾਦੀ ਦੇ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਮਹੀਨੇਵਾਰ ਪੈਨਸ਼ਨਾਂ ਦੇਣ ਦਾ ਐਲਾਨ ਕੀਤਾ ਸੀ। ਇਸੇ ਹੀ ਪ੍ਰੋਗਰਾਮ ਤਹਿਤ ਉਸ ਨੇ ਸ਼ਹੀਦ ਭਗਤ ਸਿੰਘ ਦੀ ਜਣਨੀ ਮਾਤਾ ਮਾਇਆਵਤੀ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਨਿਵਾਜਿਆ ਸੀ। ਗਿਆਨੀ ਜ਼ੈਲ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਆਜ਼ਾਦੀ ਸੰਗਰਾਮੀਆਂ ਵਜੋਂ ਮਾਨਤਾ ਦਿੰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਪੈਨਸ਼ਨਾਂ ਦੇਣ ਦਾ ਐਲਾਨ ਕੀਤਾ ਸੀ। ਇਸ ਸਿਲਸਿਲੇ ਵਿਚ ਜਦੋਂ ਸਰਕਾਰੀ ਕਰਮਚਾਰੀ ਫ਼ਾਰਮ ਭਰਨ ਲਈ ਸ. ਕਰਤਾਰ ਸਿੰਘ ਦੇ ਘਰ ਪਹੁੰਚੇ ਤਾਂ ਭਾਈ ਜਸਵੰਤ ਸਿੰਘ ਨੇ ਆਪਣੇ ਪਿਤਾ ਜੀ ਨੂੰ ਇਹ ਕਹਿ ਕੇ ਨਾਂਹ ਕਰਵਾ ਦਿੱਤੀ ਸੀ ਕਿ ਅਸੀਂ ਆਪਣੇ ਦਾਦੇ ਦੀ ਕੁਰਬਾਨੀ ਦਾ ਮੁੱਲ ਨਹੀਂ ਵੱਟਣਾ।

ਜਦੋਂ 6 ਸਤੰਬਰ 1995 ਨੂੰ ਪੁਲਸ ਨੇ ਜਸਵੰਤ ਸਿੰਘ ਨੂੰ ਘਰੋਂ ਚੁੱਕ ਲਿਆ ਸੀ ਤਾਂ ਸਭ ਤੋਂ ਪਹਿਲਾਂ ਤਾਂ ਉਸ ਦਾ ਥਹੁ-ਟਿਕਾਣਾ ਜਾਨਣ ਲਈ ਕਾਨੂੰਨੀ ਜੱਦੋ-ਜਹਿਦ ਤੇ ਰਾਜਸੀ ਭੱਜ-ਨੱਠ ਸ਼ੁਰੂ ਹੋ ਗਈ ਸੀ, ਅਤੇ ਬਾਅਦ ਵਿਚ ਉਸ ਦੇ ਕਾਤਲਾਂ ਨੂੰ ਸਜ਼ਾਵਾਂ ਦੁਆਉਣ ਲਈ ਲੰਮੀ ਤੇ ਜੋਖਮ-ਭਰੀ ਅਦਾਲਤੀ ‘ਜੰਗ’ ਲੜਨੀ ਪਈ ਸੀ। ਇਸ ਵਾਸਤੇ ਜੋ ਵੀ ਖ਼ਰਚਾ ਕਰਨਾ ਪਿਆ, ਉਹ ਸ. ਕਰਤਾਰ ਸਿੰਘ ਨੇ ਆਪਣੇ ਪੱਲਿਓਂ ਕੀਤਾ ਸੀ। ਉਸ ਨੇ ਆਪਣੀ ਸਾਰੇ ਜੀਵਨ ਦੀ ਪੂੰਜੀ ਇਸ ਕਾਰਜ ਦੇ ਲੇਖੇ ਲਾ ਦਿੱਤੀ ਸੀ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਲੈ ਕੇ ਜਸਵੰਤ ਸਿੰਘ ਦੇ ਸਾਰੇ ਸਾਥੀਆਂ ਨੂੰ ਇਹ ਸਖ਼ਤ ਤਾੜਨਾ ਕਰ ਦਿੱਤੀ ਸੀ ਕਿ ਕੁਛ ਵੀ ਹੋ ਜਾਵੇ ਜਸਵੰਤ ਸਿੰਘ ਲਈ ਇਨਸਾਫ਼ ਲੈਣ ਵਾਸਤੇ ਕਿਸੇ ਅੱਗੇ ਵੀ ਉਗਰਾਹੀ ਲਈ ਝੋਲੀ ਨਹੀਂ ਅੱਡਣੀ। ਸ਼ਹੀਦ ਜਸਵੰਤ ਸਿੰਘ ਦੀ ਸ਼ਖ਼ਸੀਅਤ ਉੱਤੇ ਇਸ ਗੌਰਵਮਈ ਖ਼ਾਨਦਾਨੀ ਵਿਰਾਸਤ ਦਾ ਗੂੜ੍ਹਾ ਰੰਗ ਚੜ੍ਹਿਆ ਹੋਇਆ ਸੀ।

ਸ. ਕਰਤਾਰ ਸਿੰਘ ਲਗਭਗ 94 ਸਾਲ ਲੰਮੀ ਤੇ ਗ਼ੈਰਤ-ਭਰਪੂਰ ਜ਼ਿੰਦਗੀ ਬਿਤਾਉਣ ਉਪਰੰਤ 13 ਦਸੰਬਰ 2010 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਮਾਤਾ ਮੁਖਤਿਆਰ ਕੌਰ ਜੀ ਉਸ ਤੋਂ 13 ਕੁ ਮਹੀਨੇ ਪਹਿਲਾਂ ਹੀ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰ ਕੇ 25 ਨਵੰਬਰ 2009 ਨੂੰ ਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਸਨ।

ਨੋਟ : ਭਾਰਤ ਵਿੱਚੋਂ ਬਰਤਾਨਵੀ ਰਾਜ ਖ਼ਤਮ ਹੋਣ ਤੋਂ ਪਹਿਲਾਂ ਹੀ ਸ. ਹਰਨਾਮ ਸਿੰਘ ਨੇ ਚੀਨ ਵਿਚ ਆਪਣੇ ਪ੍ਰਾਣ ਤਿਆਗ ਦਿੱਤੇ ਸਨ ਅਤੇ ਉਨ੍ਹਾਂ ਦੇ ਵੱਡੇ ਸਪੁੱਤਰ ਪ੍ਰੀਤਮ ਸਿੰਘ ਦੀ ਵੀ ਜਪਾਨ ਵਿਚ ਬੀਮਾਰੀ ਨਾਲ ਬੇਵਕਤੀ ਮੌਤ ਹੋ ਗਈ ਸੀ।

ਮੁੱਢਲੀ ਰਾਜਨੀਤਕ ਜਾਗ ਤੇ ਸਰਗਰਮੀਆਂ

ਜਸਵੰਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ। ਉਸ ਨੇ ਮਾਰਚ 1968 ਵਿਚ ਸਰਕਾਰੀ ਹਾਈ ਸਕੂਲ ਖਾਲੜਾ ਤੋਂ ਦਸਵੀਂ ਦਾ ਇਮਤਿਹਾਨ ਚੰਗੇ ਨੰਬਰ ਲੈ ਕੇ ਪਾਸ ਕੀਤਾ। ਪੰਜਵੀਂ ਜਮਾਤ ਵਿਚ ਪੜ੍ਹਦਿਆਂ ਹੀ ਉਸ ਨੇ 1963 ਵਿਚ ਨੈਸ਼ਨਲ ਫਿਜ਼ੀਕਲ ਐਫ਼ੀਸ਼ੀਐਂਸੀ ਟੈਸਟ ਪਾਸ ਕਰ ਕੇ ਅਵਾਰਡ ਹਾਸਲ ਕੀਤਾ ਸੀ। ਅਪ੍ਰੈਲ 1968 ਵਿਚ ਉਸ ਨੇ ਉਚੇਰੀ ਵਿੱਦਿਆ ਹਾਸਲ ਕਰਨ ਦੇ ਇਰਾਦੇ ਨਾਲ ਗੁਰੂ ਅਰਜਨ ਦੇਵ ਕਾਲਜ ਤਰਨ ਤਾਰਨ ਵਿਚ ਪ੍ਰੀ-ਯੂਨੀਵਰਸਿਟੀ (ਨਾਨ-ਮੈਡੀਕਲ) ਵਿਚ ਦਾਖ਼ਲਾ ਲੈ ਲਿਆ ਸੀ। ਉਸ ਵੇਲੇ ਭਾਰਤ ਅੰਦਰ ਨਕਸਲਬਾੜੀ ਲਹਿਰ ਦਾ ਬੋਲ-ਬਾਲਾ ਹੋ ਚੁੱਕਾ ਸੀ। ਉਨ੍ਹਾਂ ਦਿਨਾਂ ਅੰਦਰ ਪੰਜਾਬ ਦੀ ਪ੍ਰਮੁੱਖ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਵਿਦਿਆਰਥੀਆਂ ਵਿਚ ਤਕੜਾ ਪ੍ਰਭਾਵ ਬਣ ਗਿਆ ਸੀ। ਮੌਕੇ ਦੇ ਰਾਜਸੀ ਮਾਹੌਲ ਦੇ ਅਸਰ ਹੇਠ ਜਸਵੰਤ ਸਿੰਘ ਵੀ ਆਪਣੇ ਕਾਲਜ ਅੰਦਰ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਮੋਹਰੀ ਸਫ਼ਾਂ ਵਿਚ ਸ਼ਾਮਲ ਹੋ ਗਿਆ ਸੀ । ਉਸ ਵੇਲੇ ਕਾਲਜਾਂ ਅੰਦਰ ਹੜਤਾਲਾਂ ਤੇ ਰੋਸ ਮੁਜ਼ਾਹਰੇ ਆਮ ਗੱਲ ਸੀ। ਕਾਲਜ ਦੇ ਅਧਿਕਾਰੀਆਂ ਨੇ ਜਸਵੰਤ ਸਿੰਘ ਨੂੰ ਵਿਦਿਆਰਥੀ ਘੋਲਾਂ ਵਿਚ ਸ਼ਾਮਲ ਹੋਣ ਦੇ ਦੋਸ਼ ਬਦਲੇ 1969 ਵਿਚ ਫ਼ਾਈਨਲ ਇਮਤਿਹਾਨ ਵਿਚ ਬੈਠਣ ਦੀ ਆਗਿਆ ਨਾ ਦਿੱਤੀ। ਜਿਸ ਕਰਕੇ ਉਸ ਨੂੰ ਪ੍ਰੀ- ਯੂਨੀਵਰਸਿਟੀ ਦੀ ਪ੍ਰੀਖਿਆ ਪ੍ਰਾਈਵੇਟ ਦੇਣੀ ਪਈ ਸੀ।

ਉਸ ਤੋਂ ਬਾਅਦ ਸਮਾਜ ਨੂੰ ਚੰਗਾ ਬਣਾਉਣ ਲਈ ਚੱਲ ਰਹੇ ਸੰਘਰਸ਼ਾਂ ਵੱਲ ਝੁਕਾਅ ਹੋ ਜਾਣ ਕਰਕੇ ਜਸਵੰਤ ਸਿੰਘ ਨੇ ਸਾਇੰਸ ਦਾ ਵਿਸ਼ਾ ਛੱਡ ਕੇ ਬੀ.ਏ. ਕਰਨ ਦਾ ਮਨ ਬਣਾ ਲਿਆ ਸੀ। ਰੋਜ਼ਾਨਾ ਘਰੋਂ ਪੜ੍ਹਨ ਜਾਣ ਦੇ ਇਰਾਦੇ ਨਾਲ ਉਸ ਨੇ ਗੁਰੂ ਅਰਜਨ ਦੇਵ ਕਾਲਜ ਤਰਨ ਤਾਰਨ ਛੱਡ ਕੇ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਵਿਚ ਦਾਖ਼ਲਾ ਲੈ ਲਿਆ ਸੀ।

ਪਲੇਠੀ ਗ੍ਰਿਫ਼ਤਾਰੀ

ਅਕਤੂਬਰ 1972 ਵਿਚ ਮੋਗੇ ਕਾਲਜ ਦੇ ਵਿਦਿਆਰਥੀਆਂ ਦਾ ਇਕ ਸਥਾਨਕ ਸਿਨਮੇ (ਰੀਗਲ ਸਿਨਮਾ) ਦੇ ਮਾਲਕਾਂ ਨਾਲ ਟਿਕਟਾਂ ਦੀ ਬਲੈਕ ਵਿਚ ਹੋ ਰਹੀ ਵਿਕਰੀ ਨੂੰ ਰੋਕਣ ਲਈ ਝਗੜਾ ਹੋ ਗਿਆ ਸੀ । ਪ੍ਰਚੱਲਤ ਦਸਤੂਰ ਮੁਤਾਬਿਕ ਪੁਲਸ ਸਿਨਮੇ ਦੇ ਮਾਲਕਾਂ ਦੀ ਪਿੱਠ ‘ਤੇ ਆਣ ਖੜੋਤੀ। 5 ਤੇ 7 ਅਕਤੂਬਰ ਨੂੰ ਪੁਲਸ ਨੇ ਰੋਸ ਮੁਜ਼ਾਹਰਾ ਕਰਦੇ ਵਿਦਿਆਰਥੀਆਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋ ਵਿਦਿਆਰਥੀਆਂ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਮਾਰੇ ਗਏ ਸਨ। ਪੁਲਸ ਦੀ ਇਸ ਹਨੇਰਗਰਦੀ ਦੇ ਵਿਰੁੱਧ ਸਾਰੇ ਪੰਜਾਬ ਅੰਦਰ ਵਿਦਿਆਰਥੀ ਅੰਦੋਲਨ ਭੜਕ ਪਏ ਸਨ । ਪਿੰਡਾਂ ਤੇ ਸ਼ਹਿਰਾਂ ਦੀ ਆਮ ਜਨਤਾ ਵੀ ਵਿਦਿਆਰਥੀਆਂ ਦੀ ਹਮਾਇਤ ਵਿਚ ਨਿੱਤਰ ਆਈ ਸੀ। ਇਸ ਤਰ੍ਹਾਂ ਦਿਨਾਂ ਅੰਦਰ ਹੀ ਪੰਜਾਬ ਅੰਦਰ ਸਰਕਾਰ ਦੇ ਵਿਰੁੱਧ ਤਾਕਤਵਰ ਜਨਤਕ ਵਿਦਰੋਹ ਪੈਦਾ ਹੋ ਗਿਆ ਸੀ। ਹਰ ਸ਼ਹਿਰ ਤੇ ਕਸਬੇ ਅੰਦਰ ਰੋਹ ਭਰਪੂਰ ਮੁਜ਼ਾਹਰੇ ਹੋ ਰਹੇ ਸਨ । ਜਗ੍ਹਾ ਜਗ੍ਹਾ ਮੁਜ਼ਾਹਰਾਕਾਰੀਆਂ ਦੀਆਂ ਪੁਲਸ ਨਾਲ ਝੜਪਾਂ ਹੋਈਆਂ। ਪੁਲਸ ਨੰਗੇ ਜਬਰ ‘ਤੇ ਉਤਰ ਆਈ ਸੀ । ਇਸ ਭਖੇ ਮਾਹੌਲ ਵਿਚ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਦੇ ਵਿਦਿਆਰਥੀਆਂ ਨੇ ਵੀ ਝਬਾਲ ਕਸਬੇ ਵਿਚ ਰੋਸ-ਭਰਪੂਰ ਮੁਜ਼ਾਹਰਾ ਕੀਤਾ। ਜਸਵੰਤ ਸਿੰਘ ਖਾਲੜਾ ਇਸ ਮੁਜ਼ਾਹਰੇ ਦੀ ਅਗਵਾਈ ਕਰਨ ਵਾਲਿਆਂ ਵਿਚ ਸ਼ਾਮਲ ਸੀ। ਪੁਲਸ ਨੇ ਮੁਜ਼ਾਹਰਾਕਾਰੀਆਂ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਜਸਵੰਤ ਸਿੰਘ ਦੀ ਇਹ ਜੀਵਨ ਦੀ ਪਹਿਲੀ ਗ੍ਰਿਫ਼ਤਾਰੀ ਸੀ। ਪੁਲਸ ਨੇ ਹਿਰਾਸਤ ਵਿਚ ਲਏ ਵਿਅਕਤੀਆਂ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਭੇਜ ਦਿੱਤਾ। ਪੁਲਸ ਵੱਲੋਂ ਵੱਖ- ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ (ਪਿੰਡ ਸੁਰਸਿੰਘ) ਵੀ ਸੀ, ਜਿਹੜਾ ਉਸ ਵੇਲੇ ਨਕਸਲਬਾੜੀ ਲਹਿਰ ਤੇ ਵਿਚਾਰਧਾਰਾ ਦਾ ਡੱਟਵਾਂ ਹਮਾਇਤੀ ਸੀ। ਜੇਲ੍ਹਾਂ ਆਮ ਤੌਰ ‘ਤੇ ਹੀ ਰਾਜਸੀ ਵਿੱਦਿਆ ਤੇ ਸਿਖਲਾਈ ਦਾ ਕੇਂਦਰ ਹੋ ਨਿਬੜਦੀਆਂ ਹਨ ਜਿਥੇ ਰਾਤ ਦਿਨ ਰਾਜਸੀ ਵਿਚਾਰ-ਚਰਚਾ ਚੱਲਦੀ ਰਹਿੰਦੀ ਹੈ। ਇਸ ਤਰੀਕੇ ਨਾਲ ਜਸਵੰਤ ਸਿੰਘ ਲਈ ਜੀਵਨ ਦੀ ਪਲੇਠੀ ਜੇਲ੍ਹ ਯਾਤਰਾ ਉਸ ਦੇ ਰਾਜਸੀ ਸਫ਼ਰ ਦਾ ਪਹਿਲਾ ਮੁਕਾਮ ਬਣ ਗਈ। ਵਰਿਆਮ ਸਿੰਘ ਸੰਧੂ ਦੀ ਰਣਾ ਨਾਲ ਉਸ ਦੀ ਸੋਚ ਉੱਤੇ ਨਕਸਲੀ ਵਿਚਾਰਧਾਰਾ ਦਾ ਰੰਗ ਚੜ੍ਹ ਗਿਆ ਸੀ।

ਜਥੇਬੰਦੀ ਦਾ ਮੁੱਢਲਾ ਅਨੁਭਵ

ਮੋਗਾ ਐਜੀਟੇਸ਼ਨ ਤੋਂ ਬਾਅਦ ਪੰਜਾਬ ਭਰ ਅੰਦਰ ਪੜ੍ਹੇ-ਲਿਖੇ ਪੇਂਡੂ ਨੌਜਵਾਨ ‘ਨੌਜਵਾਨ ਭਾਰਤ ਸਭਾ’ ਦੇ ਝੰਡੇ ਹੇਠ ਜਥੇਬੰਦ ਹੋਣ ਲੱਗੇ। ਮਾਲਵਾ ਖੇਤਰ ਅੰਦਰ ਪਿੰਡਾਂ ਵਿਚ ਵਿਆਪਕ ਪੈਮਾਨੇ ‘ਤੇ ਨੌਜਵਾਨ ਭਾਰਤ ਸਭਾਵਾਂ ਬਣਨ ਲੱਗੀਆਂ। 1973 ਦੇ ਦੂਜੇ ਅੱਧ ਵਿਚ ਜਾ ਕੇ ਇਹ ਨੌਜਵਾਨ ਲਹਿਰ ਮਾਝੇ ਤਕ ਫੈਲ ਗਈ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ, ਖ਼ਾਸ ਕਰਕੇ ਤਰਨ ਤਾਰਨ, ਭਿਖੀਵਿੰਡ ਅਤੇ ਅਜਨਾਲਾ ਦੇ ਖੇਤਰਾਂ ਅੰਦਰ ਪਿੰਡਾਂ ਵਿਚ ਨੌਜਵਾਨ ਭਾਰਤ ਸਭਾਵਾਂ ਬਣਾਉਣ ਦੀ ਪੁਰਜੋਸ਼ ਮੁਹਿੰਮ ਚੱਲ ਪਈ ਸੀ। ਇਸ ਮੁਹਿੰਮ ਦੇ ਚੱਲਦਿਆਂ ਜਸਵੰਤ ਸਿੰਘ ਨੇ ਨਾ ਸਿਰਫ਼ ਖਾਲੜਾ ਪਿੰਡ ਵਿਚ ਨੌਜਵਾਨ ਭਾਰਤ ਸਭਾ ਬਣਾਈ ਸਗੋਂ ਉਹ ਆਲੇ-ਦੁਆਲੇ ਦੇ ਪਿੰਡਾਂ ਵਿਚ ਵੀ ਸਭਾਵਾਂ ਬਣਾਉਣ ਦੇ ਕਾਰਜ ਵਿਚ ਲੱਕ ਬੰਨ੍ਹ ਕੇ ਜੁੱਟ ਗਿਆ ਸੀ । ਛੇਤੀ ਹੀ ਉਹ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਨੌਜਵਾਨ ਭਾਰਤ ਸਭਾ ਦਾ ਸਿਰ-ਕੱਢ ਆਗੂ ਬਣ ਕੇ ਉਭਰ ਆਇਆ ਸੀ।

ਜਸਵੰਤ ਸਿੰਘ ਨੇ ਨਵੀਂ ਪਹਿਲ-ਕਦਮੀ ਕਰਦਿਆਂ ਖਾਲੜਾ ਪਿੰਡ ਵਿਚ ਕਮਰਾ ਕਿਰਾਏ ‘ਤੇ ਲੈ ਕੇ, ਨੌਜਵਾਨਾਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਇਕ ਛੋਟੀ ਜਿਹੀ ਲਾਇਬਰੇਰੀ ਬਣਾਈ ਅਤੇ ਹੋਰਨਾਂ ਪਿੰਡਾਂ ਅੰਦਰ ਵੀ ਨੌਜਵਾਨਾਂ ਨੂੰ ਇਸੇ ਤਰਜ਼ ‘ਤੇ ਲਾਇਬਰੇਰੀਆਂ ਬਣਾਉਣ ਲਈ ਪ੍ਰੇਰਿਆ । ਪਿੰਡ ਖਾਲੜਾ ਵਿਚ ਸਥਾਨਕ ਕਾਂਗਰਸੀਆਂ ਨੇ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਆਪਣੀਆਂ ਸਭਾਵਾਂ ਕਰਨ ਲਈ ਪਿੰਡ ਵਿਚ ਇਕ ‘ਕਾਂਗਰਸ ਭਵਨ’ ਬਣਾਇਆ ਹੋਇਆ ਸੀ। ਜਸਵੰਤ ਸਿੰਘ ਨੇ ਨੌਜਵਾਨ ਭਾਰਤ ਸਭਾ ਵਿਚ ਸਰਗਰਮ ਹੋਣ ਉਪਰੰਤ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ, ਚਿਰਾਂ ਤੋਂ ਬੰਦ ਪਏ ਉਸ ‘ਕਾਂਗਰਸ ਭਵਨ’ ਨੂੰ ਖੋਲ੍ਹ ਕੇ ਉਸ ਦੀ ਸਫ਼ਾਈ ਕੀਤੀ ਅਤੇ ਉਸ ਉੱਤੇ ਨੌਜਵਾਨ ਭਾਰਤ ਸਭਾ ਦਾ ਝੰਡਾ ਲਹਿਰਾ ਕੇ ਉਸ ਵਿਚ ਸਭਾ ਦਾ ਦਫ਼ਤਰ ਚਾਲੂ ਕਰ ਦਿੱਤਾ ਸੀ।

ਉਸ ਵੇਲੇ ਕਿਸਾਨਾਂ ਨੂੰ ਖੇਤੀ ਲਈ ਲੁੜੀਂਦੀਆਂ ਵਸਤਾਂ – ਰੇਹ, ਡੀਜ਼ਲ, ਤੇਲ ਤੇ ਕੀੜੇਮਾਰ ਦਵਾਈਆਂ ਆਦਿ – ਦੀ ਥੁੜ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਸੀ। ਵਪਾਰੀਆਂ ਨੇ ਵੱਧ ਮੁਨਾਫ਼ੇ ਕਮਾਉਣ ਦੀ ਲਾਲਸਾ ਅਧੀਨ ਇਨ੍ਹਾਂ ਵਸਤਾਂ ਦੇ ਜ਼ਖ਼ੀਰੇ ਕਰ ਲਏ ਸਨ ਅਤੇ ਕਿਸਾਨਾਂ ਦੀ ਲੋੜ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਬਲੈਕ ਵਿਚ ਮਹਿੰਗੀਆਂ ਕੀਮਤਾਂ ਉੱਤੇ ਵਸਤਾਂ ਦੀ ਵਿਕਰੀ ਕਰਨ ਦਾ ਕਾਲਾ ਧੰਦਾ ਸ਼ੁਰੂ ਕਰ ਰੱਖਿਆ ਸੀ । ਕਿਸਾਨਾਂ ਅੰਦਰ ਇਸ ਨਹੱਕੀ ਲੁੱਟ-ਖਸੁੱਟ ਦੇ ਖ਼ਿਲਾਫ਼ ਭਾਰੀ ਰੋਸ ਜਮ੍ਹਾਂ ਹੋ ਗਿਆ ਸੀ। ਕਈ ਥਾਵਾਂ ‘ਤੇ ਕਿਸਾਨਾਂ ਤੇ ਪੇਂਡੂ ਨੌਜਵਾਨਾਂ ਨੇ ਇਕੱਠੇ ਹੋ ਕੇ ਜ਼ਖ਼ੀਰੇਬਾਜ਼ਾਂ ਦੇ ਗੁਦਾਮਾਂ ਨੂੰ ਘੇਰ ਕੇ ਜਮ੍ਹਾਂ ਕੀਤੀ ਖਾਦ ਤੇ ਡੀਜ਼ਲ ਤੇਲ ਆਮ ਕੀਮਤਾਂ ਉੱਤੇ ਵੇਚਣ ਲਈ ਮਜਬੂਰ ਕਰ ਦਿੱਤਾ ਸੀ। ਉਸ ਸਮੇਂ ਦੌਰਾਨ ਜਸਵੰਤ ਸਿੰਘ ਖਾਲੜਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਕਈ ਥਾਵਾਂ ‘ਤੇ ਗੁਦਾਮਾਂ ਉੱਤੇ ਛਾਪੇ ਮਾਰੇ ਅਤੇ ਜਮ੍ਹਾਂ ਕੀਤੇ ਖਾਦ ਤੇ ਡੀਜ਼ਲ ਤੇਲ ਕਿਸਾਨਾਂ ਨੂੰ ਵਾਜਬ ਕੀਮਤਾਂ ‘ਤੇ ਮੁਹੱਈਆ ਕਰਵਾਏ मठ।

ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿਚ 1973-74 ਵਿਚ ਨੌਜਵਾਨ ਭਾਰਤ ਸਭਾ ਨੇ ਪੇਂਡੂ ਸਮਾਜ ਵਿਚ ਵੱਡੇ ਪੱਧਰ ‘ਤੇ ਫੈਲ ਚੁੱਕੀਆਂ ਕੁੱਝ ਸਮਾਜਿਕ ਬੁਰਾਈਆਂ ਦੇ ਵਿਰੁੱਧ ਇਕ ਵਿਆਪਕ ਮੁਹਿੰਮ ਛੇੜੀ ਸੀ, ਜਿਸ ਵਿਚ ਵਿਆਹਾਂ, ਮਰਨਿਆਂ ਤੇ ਹੋਰਨਾਂ ਸਮਾਜਿਕ ਰਹੁ-ਰੀਤਾਂ ਉੱਤੇ ਹੋ ਰਹੇ ਬੇਲੋੜੇ ਖ਼ਰਚਿਆਂ ਵਿਚ ਕਟੌਤੀ ਕਰਨ ਅਤੇ ਸਮਾਜਿਕ ਰਸਮਾਂ ਤੇ ਸਮਾਗਮਾਂ ਨੂੰ ਦਿਖਾਵੇ ਦੇ ਰੋਗ ਤੋਂ ਸੁਰਖ਼ਰੂ ਕਰਨ ਲਈ ਕਰੜੇ ਨਿਯਮ ਬਣਾਏ ਗਏ ਸਨ। ਵਿਆਹ ਵਿਚ ਗਿਆਰਾਂ ਬੰਦਿਆਂ ਤੋਂ ਜ਼ਿਆਦਾ ਬਰਾਤ ਨਹੀਂ ਜਾ ਸਕਦੀ ਸੀ, ਦਾਜ-ਦਹੇਜ ਮਨ੍ਹਾਂ ਕਰ ਦਿੱਤਾ ਸੀ, ਮੋੜਵੀਂ ਮਕਾਨ ਜਾਣ ਦੀ ਫ਼ਜ਼ੂਲ ਰਸਮ ਬੰਦ ਕਰ ਦਿੱਤੀ ਸੀ, ਆਦਿ ਆਦਿ। ਇਨ੍ਹਾਂ ਨਿਯਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਭਾਰੀ ਜੁਰਮਾਨੇ ਤਜਵੀਜ਼ ਕੀਤੇ ਗਏ ਸਨ । ਪਿੰਡਾਂ ਦੇ ਲੋਕਾਂ, ਖ਼ਾਸ ਕਰਕੇ ਗ਼ਰੀਬ ਵਰਗਾਂ ਨੇ ਇਸ ਮੁਹਿੰਮ ਦਾ ਪੁਰਜੋਸ਼ ਸੁਆਗਤ ਕੀਤਾ ਸੀ, ਜਿਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਣਮੰਨੇ ਚਿੱਤ ਨਾਲ ਇਸ ਮੁਹਿੰਮ ਦੀ ਹਮਾਇਤ ਕਰਨੀ ਪਈ ਸੀ। ਜਸਵੰਤ ਸਿੰਘ ਖਾਲੜੇ ਨੇ ਇਸ ਮੁਹਿੰਮ ਵਿਚ ਮੋਹਰੀ ਭੂਮਿਕਾ ਨਿਭਾਈ ਸੀ। ਇਸ ਦਾ ਹੀ ਅਸਰ ਸੀ ਕਿ 1981 ਵਿਚ ਜਦੋਂ ਜਸਵੰਤ ਸਿੰਘ ਦਾ ਆਪਣਾ ਵਿਆਹ ਹੋਇਆ ਤਾਂ ਉਸ ਨੇ ਕੋਈ ਦਾਜ-ਦਹੇਜ ਨਹੀਂ ਲਿਆ ਸੀ ਅਤੇ ਉਹ ਆਪਣੇ ਨਾਲ ਕੇਵਲ ਦਸ ਬਰਾਤੀ ਹੀ ਲੈ ਕੇ ਗਿਆ ਸੀ, ਭਾਵੇਂ ਇਸ ਦੇ ਲਈ ਉਸ ਨੂੰ ਆਪਣੇ ਕੁੱਝ ਰਿਸ਼ਤੇਦਾਰਾਂ ਦੀ ਸਖ਼ਤ ਨਾਰਾਜ਼ਗੀ ਝੱਲਣੀ ਪਈ ਸੀ (ਕਿਉਂਕਿ ਚਾਰਾਂ ਭਰਾਵਾਂ ਵਿੱਚੋਂ ਇਕੱਲਾ ਉਸ ਦਾ ਹੀ ਵਿਆਹ ਇਥੇ ਹੋਇਆ ਸੀ। ਦੂਸਰੇ ਤਿੰਨੇ ਭਰਾਵਾਂ ਦੇ ਵਿਆਹ ਬਾਹਰਲੇ ਮੁਲਕਾਂ ਵਿਚ ਹੀ ਹੋਏ ਸਨ। ਜਿਸ ਕਰਕੇ ਰਿਸ਼ਤੇਦਾਰ ਆਪਣੀਆਂ ਸਾਰੀਆਂ ਰੀਝਾਂ ਜਸਵੰਤ ਸਿੰਘ ਦੀ ਬਰਾਤ ਵਿਚ ਸ਼ਾਮਲ ਹੋ ਕੇ ਪੂਰੀਆਂ ਕਰਨੀਆਂ ਚਾਹੁੰਦੇ ਸਨ!)

ਨਕਸਲੀ ਲਹਿਰ ਦੇ ਅੰਗ-ਸੰਗ

ਇਸੇ ਹੀ ਸਮੇਂ ਦੌਰਾਨ ਜਸਵੰਤ ਸਿੰਘ ਦਾ, ਵਰਿਆਮ ਸਿੰਘ ਸੰਧੂ ਦੇ ਜ਼ਰੀਏ ਨਕਸਲੀ ਲਹਿਰ ਨਾਲ ਨਾਤਾ ਜੁੜ ਗਿਆ ਸੀ। ਛੇਤੀ ਹੀ ਉਹ ਪੰਜਾਬ ਦੇ ਇਕ ਨਕਸਲੀ ਧੜੇ (ਜਿਸਨੂੰ ‘ਨਾਗੀ ਰੈਡੀ ਗਰੁੱਪ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਦਾ ਰਸਮੀ ਤੌਰ ‘ਤੇ ਮੈਂਬਰ ਬਣ ਗਿਆ ਸੀ। ਰੁਪੋਸ਼ ਜਥੇਬੰਦੀ ਦੀ ਮਰਿਆਦਾ ਅਨੁਸਾਰ ਜਸਵੰਤ ਸਿੰਘ ਨੂੰ ਉਸ ਨਕਸਲੀ ਜਥੇਬੰਦੀ ਦਾ ਮੈਂਬਰ ਬਣਾਉਣ ਮੌਕੇ, ਉਸ ਦਾ ਫ਼ਰਜ਼ੀ ਨਾਂ ‘ਜਗਦੀਪ’ ਰੱਖਿਆ ਗਿਆ ਸੀ। ਉਦੋਂ ਕਿਸੇ ਨੂੰ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀਂ ਸੀ ਕਿ ਜਸਵੰਤ ਸਿੰਘ

ਨੇ ਦੋ ਦਹਾਕਿਆਂ ਬਾਅਦ ਜਾ ਕੇ ਸੱਚਮੁੱਚ ਹੀ ਜੱਗ ਦਾ ‘ਦੀਪ’ ਬਣ ਜਾਣਾ ਸੀ! ਬੀ.ਏ. ਪਾਸ ਕਰਨ ਤੋਂ ਬਾਅਦ ਉਸ ਨੇ ਨੌਕਰੀ ਕਰਨ ਦਾ ਮਨ ਬਣਾਇਆ। 1973 ਵਿਚ ਉਸ ਨੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਹੋਮਗਾਰਡ ਮਹਿਕਮੇ ਵਿਚ ਨੌਕਰੀ ਲਈ ਦਰਖ਼ਾਸਤ ਦੇ ਦਿੱਤੀ ਸੀ, ਜਿਹੜੀ ਕਿ ਝੱਟ ਪ੍ਰਵਾਨ ਹੋ ਗਈ ਸੀ। ਪਰ ਉਸ ਦੇ ਮਨ ਨੇ ਇਹ ਨੌਕਰੀ ਕਰਨ ਦੀ ਹਾਮੀ ਨਾ ਭਰੀ। ਥੋੜ੍ਹੇ ਹੀ ਵਕਫ਼ੇ ਬਾਅਦ ਉਸ ਨੂੰ ਪੰਚਾਇਤ ਸਕੱਤਰ ਦੀ ਨੌਕਰੀ ਮਿਲ ਗਈ ਸੀ । ਉਸ ਨੂੰ ਆਪਣੇ ਹੀ ਇਲਾਕੇ ਵਿਚ ਵਲਟੋਹਾ ਬਲਾਕ ਦਾ ਚਾਰਜ ਮਿਲ ਗਿਆ ਸੀ।

ਇਸੇ ਦੌਰਾਨ 1974 ਦੇ ਸਾਲ ਵਿਚ ਜਸਵੰਤ ਸਿੰਘ ਨੇ ਆਪਣੇ ਕੁੱਝ ਦੋਸਤਾਂ ਨਾਲ ਰਲ ਕੇ ਕੈਨੇਡਾ ਨੂੰ ਪਰਵਾਸ ਕਰ ਜਾਣ ਦਾ ਮਨ ਬਣਾ ਲਿਆ ਸੀ। ਇਸ ਵਾਸਤੇ ਉਸ ਨੇ ਪਾਸਪੋਰਟ ਸਮੇਤ ਹੋਰ ਲੁੜੀਂਦੇ ਕਾਗ਼ਜ਼ ਪੱਤਰ ਵੀ ਤਿਆਰ ਕਰ ਲਏ ਸਨ ਪਰ ਬਾਪੂ ਜੀ ਦੇ ਮਨ੍ਹਾਂ ਕਰਨ ‘ਤੇ ਉਸ ਨੇ ਆਪਣਾ ਬਾਹਰ ਜਾਣ ਦਾ ਇਰਾਦਾ ਥਾਏਂ ਤਿਆਗ ਦਿੱਤਾ ਸੀ। ਇਸ ਗੱਲ ਤੋਂ ਉਸ ਦਾ, ਮਾਪਿਆਂ ਦੀਆਂ ਇਛਾਵਾਂ ਉੱਤੇ ਫੁੱਲ ਚੜਾਉਣ ਅਤੇ ਆਪਣੀਆਂ ਨਿੱਜੀ ਖ਼ਾਹਸ਼ਾਂ ਨੂੰ ਕੁਰਬਾਨ ਕਰ ਦੇਣ ਦਾ ਸਦਾਚਾਰਕ ਗੁਣ ਜ਼ਾਹਰ ਹੁੰਦਾ ਹੈ।

ਦਸੰਬਰ 1974 ਵਿਚ ਜਸਵੰਤ ਸਿੰਘ ਨੇ ਆਪਣੇ ਪਿੰਡ ਵਿਚ ਨੌਜਵਾਨ ਭਾਰਤ ਸਭਾ ਦਾ ਸੂਬਾ ਪੱਧਰ ਦਾ ਇਜਲਾਸ ਕਰਵਾਇਆ। ਇਹ ਇਜਲਾਸ ਉਸੇ ‘ਕਾਂਗਰਸ ਭਵਨ’ ਵਿਚ ਕਰਵਾਇਆ ਗਿਆ ਸੀ ਜਿਸ ਵਿਚ ਥੋੜ੍ਹਾ ਹੀ ਚਿਰ ਪਹਿਲਾਂ ਨੌਜਵਾਨ ਭਾਰਤ ਸਭਾ ਦਾ ਦਫ਼ਤਰ ਚਾਲੂ ਕੀਤਾ ਗਿਆ ਸੀ। ਦੋ ਦਿਨ ਲਗਾਤਾਰ ਚੱਲੇ ਇਸ ਇਜਲਾਸ ਵਿਚ ਸਾਰੇ ਪੰਜਾਬ ਤੋਂ ਦਰਜਨਾਂ ਦੀ ਗਿਣਤੀ ਵਿਚ ਡੈਲੀਗੇਟ ਪਹੁੰਚੇ ਸਨ। ਇਸ ਨਾਲ ਜਸਵੰਤ ਸਿੰਘ ਖਾਲੜਾ ਦੀ ਸੂਬਾਈ ਆਗੂ ਵਜੋਂ ਪਛਾਣ ਸਥਾਪਤ ਹੋ ਗਈ ਸੀ।

ਜਸਵੰਤ ਸਿੰਘ ਦੀ ਪ੍ਰੇਰਨਾ ਤੇ ਰਾਹਨੁਮਾਈ ਹੇਠ ਨੌਜਵਾਨ ਭਾਰਤ ਸਭਾ ਦੇ ਮੈਂਬਰਾਂ ਨੇ ਇਲਾਕੇ ਅੰਦਰ ਪੁਲਸ ਅਫ਼ਸਰਾਂ ਵੱਲੋਂ ਪੇਂਡੂ ਲੋਕਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਖ਼ਿਲਾਫ਼ ਤਿੱਖੀ ਆਵਾਜ਼ ਬੁਲੰਦ ਕੀਤੀ। ਨੌਜਵਾਨਾਂ ਦੇ ਜਥੇਬੰਦਕ ਦਬਾਅ ਹੇਠ ਭਿੱਖੀਵਿੰਡ ਤੇ ਖਾਲੜਾ ਦੇ ਹੈਂਕੜਬਾਜ਼ ਥਾਣੇਦਾਰਾਂ ਨੂੰ ਲਾਈਨ ਹਾਜ਼ਰ ਹੋਣਾ ਪਿਆ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਪੁਲਸ ਦੀਆਂ ਵਧੀਕੀਆਂ ਦੇ ਖ਼ਿਲਾਫ਼ ਲੜਨ ਦਾ ਜਜ਼ਬਾ ਜਸਵੰਤ ਸਿੰਘ ਦੇ ਮਨ ਅੰਦਰ ਜਮਾਂਦਰੂ ਤੌਰ ‘ਤੇ ਹੀ ਮੌਜੂਦ ਸੀ ਅਤੇ ਲੋਕਾਂ ਦੇ ਮਨਾਂ ਵਿੱਚੋਂ ਪੁਲਸ ਦਾ ਖ਼ੌਫ਼ ਦੂਰ ਕਰਨ ਦੀ ਲੋੜ ਦਾ ਉਸ ਨੂੰ ਬਹੁਤ ਚਿਰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ।

23 ਮਾਰਚ 1975 ਨੂੰ ਨੌਜਵਾਨ ਭਾਰਤ ਸਭਾ ਵੱਲੋਂ ਅੰਮ੍ਰਿਤਸਰ ਵਿਖੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਯਾਦ ਵਿਚ ਜ਼ਿਲ੍ਹਾ ਪੱਧਰ ਦਾ ਸ਼ਹੀਦੀ ਸਮਾਗਮ ਕੀਤਾ ਗਿਆ ਸੀ। ਜਸਵੰਤ ਸਿੰਘ ਨੇ ਉਸ ਸਮਾਗਮ ਨੂੰ ਸਫਲ ਬਣਾਉਣ ਲਈ ਭਾਰੀ ਮਿਹਨਤ ਕੀਤੀ ਸੀ । ਉਸ ਨੇ ਦਰਜਨਾਂ ਪਿੰਡਾਂ ਅੰਦਰ ਰੈਲੀਆਂ ਕਰ ਕੇ ਨੌਜਵਾਨਾਂ ਨੂੰ ਸ਼ਹੀਦੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ।

ਜਸਵੰਤ ਸਿੰਘ ਦੀਆਂ ਜਨਤਕ ਸਰਗਰਮੀਆਂ ਏਨੀਆਂ ਵੱਧ ਗਈਆਂ ਸਨ ਕਿ ਉਸ ਕੋਲ ਨੌਕਰੀ ‘ਤੇ ਜਾਣ ਦੀ ਵਿਹਲ ਨਹੀਂ ਸੀ। ਪਰ ਇਲਾਕੇ ਅੰਦਰ ਉਸ ਦਾ ਏਨਾ ਮਾਣ-ਸਤਿਕਾਰ ਬਣ ਗਿਆ ਸੀ ਕਿ ਇਲਾਕੇ ਦੇ ਸਰਪੰਚ ਉਸ ਕੋਲ ਆਪ ਘਰ ਆ ਕੇ ਰਜਿਸਟਰਾਂ ਉੱਤੇ ਦਸਖ਼ਤ ਕਰਵਾ ਲੈਂਦੇ ਸਨ। ਉਸ ਦੇ ਨੌਕਰੀ ‘ਤੇ ਹਾਜ਼ਰ ਨਾ ਹੋਣ ਦਾ ਕਿਸੇ ਨੇ ਇਤਰਾਜ਼ ਨਹੀਂ ਕੀਤਾ ਸੀ।

26 ਜੂਨ 1975 ਨੂੰ ਇੰਦਰਾ ਗਾਂਧੀ ਨੇ ਦੇਸ਼ ਅੰਦਰ ਐਮਰਜੈਂਸੀ ਲਾਗੂ ਕਰ ਕੇ ਲੋਕਾਂ ਦੇ ਸਾਰੇ ਬੁਨਿਆਦੀ ਤੇ ਜਮਹੂਰੀ ਹੱਕ ਖੋਹ ਲਏ ਸਨ ਅਤੇ ਸਰਕਾਰ ਵਿਰੋਧੀ ਆਗੂਆਂ ਤੇ ਜਨਤਕ ਘੁਲਾਟੀਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਅੰਦਰ ਡੱਕ ਦਿੱਤਾ ਸੀ। ਜਸਵੰਤ ਸਿੰਘ ਖਾਲੜਾ ਦੇ ਬਹੁਤ ਸਾਰੇ ਸਾਥੀ ਵੀ ਗ੍ਰਿਫ਼ਤਾਰ ਕਰ ਲਏ ਗਏ ਸਨ । ਪਰ ਉਹ ਆਪ ਗ੍ਰਿਫ਼ਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਿਆ ਸੀ । ਰੂਪੋਸ਼ ਹੋ ਕੇ ਉਸ ਨੇ ਗੁਪਤਵਾਸ ਨਕਸਲੀ ਜਥੇਬੰਦੀ ਦੇ ਅੰਗ ਵਜੋਂ ਸਰਕਾਰੀ ਜਬਰ ਦੇ ਵਿਰੁੱਧ ਪ੍ਰਚਾਰ ਦੀ ਵਿਆਪਕ ਮੁਹਿੰਮ ਚਲਾਈ। ਹੱਥ ਪਰਚੇ ਤੇ ਦੁਵਰਕੇ ਆਦਿ ਛਾਪ ਕੇ ਚੋਰੀ ਛੁਪੇ ਲੋਕਾਂ ਵਿਚ ਵੰਡੇ ਗਏ। ਇਸ ਦੌਰਾਨ ਜਸਵੰਤ ਸਿੰਘ ਦੇ ਕੁੱਝ ਸਾਥੀ ਪ੍ਰਚਾਰ ਸਰਗਰਮੀਆਂ ਕਰਦੇ ਪੁਲਸ ਦੇ ਹੱਥ ਆ ਗਏ ਸਨ ਅਤੇ ਉਨ੍ਹਾਂ ਉੱਤੇ ਪੁਲਸ ਨੇ ਅੰਨ੍ਹਾ ਜਬਰ ਢਾਹਿਆ ਸੀ।

ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ

ਦੇਸ਼ ਅੰਦਰ ਚੱਲ ਰਹੇ ਹਕੂਮਤੀ ਜਬਰ ਤੇ ਦਹਿਸ਼ਤ ਦੇ ਉਸ ਮਾਹੌਲ ਵਿਚ ਸਿੱਖ ਜਗਤ ਨੇ 1975 ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਪੂਰੀ ਸ਼ਰਧਾ ਤੇ ਉਮਾਹ ਨਾਲ ਮਨਾਈ ਸੀ। ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਦਹਿਸ਼ਤ ਦੇ ਮਾਹੌਲ ਦੀ ਰਤੀ ਵੀ ਪ੍ਰਵਾਹ ਕੀਤੇ ਬਿਨਾਂ ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਰਕਾਬ ਗੰਜ ਸਾਹਿਬ ਤਕ ਪ੍ਰਭਾਵਸ਼ਾਲੀ ਨਗਰ ਕੀਰਤਨ ਕੱਢਿਆ ਸੀ। ਉਸ ਨਗਰ ਕੀਰਤਨ ਦਾ ਵੈਸੇ ਤਾਂ ਰਸਤੇ ‘ਚ ਹਰ ਜਗ੍ਹਾ ਹੀ ਭਰਵਾਂ ਸੁਆਗਤ ਹੋਇਆ ਸੀ ਪਰ ਤਰਨ ਤਾਰਨ ਦੇ ਇਲਾਕੇ ਵਿਚ ਨਗਰ ਕੀਰਤਨ ਨੂੰ ਲਾ-ਮਿਸਾਲ ਹੁੰਗਾਰਾ ਮਿਲਿਆ ਸੀ। ਸੰਗਤਾਂ ਨੇ ਹਜ਼ਾਰਾਂ ਦੀ ਸੰਖਿਆ ਵਿਚ ਸੜਕਾਂ ਉੱਤੇ ਖੜੇ ਹੋ ਕੇ ਨੌਵੇਂ ਪਾਤਸ਼ਾਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਸਨ।

ਉਸ ਵੇਲੇ ਜਸਵੰਤ ਸਿੰਘ ਨੇ ਸ਼ਹੀਦੀ ਸ਼ਤਾਬਦੀ ਦੇ ਚੱਲਦਿਆਂ ਆਪਣੇ ਪਿੰਡ ਵਿਚ, ਨੌਜਵਾਨ ਭਾਰਤ ਸਭਾ ਦੇ ਵਰਕਰਾਂ ਦੇ ਸਹਿਯੋਗ ਨਾਲ, ਪਹਿਲੀ ਪਾਤਸ਼ਾਹੀ ਦੀ ਮੁਕੱਦਸ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਕਰਵਾਇਆ ਸੀ । ਜਸਵੰਤ ਸਿੰਘ ਨੇ ਪਿੰਡ ਦੇ ਨੌਜਵਾਨਾਂ ਨਾਲ ਰਲ ਕੇ ਪਾਠ ਵੀ ਆਪ ਕੀਤਾ ਸੀ ਅਤੇ ਸਾਰੀ ਸੇਵਾ ਸਭਾ ਦੇ ਵਰਕਰਾਂ ਨੇ ਰਲ-ਮਿਲ ਕੇ ਨਿਭਾਈ ਸੀ । ਭੋਗ ਉਪਰੰਤ ਪਿੰਡ ਵਿਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਸੀ। ਨਗਰ ਕੀਰਤਨ ਦੀ ਅਗਵਾਈ ਕਰਨ ਵਾਲੇ ਪੰਜਾਂ ਪਿਆਰਿਆਂ ਦੇ ਪਿੱਛੇ ਪੰਜ ਚੋਣਵੇਂ ਸਿੰਘ ਬੰਦੂਕਾਂ ਲੈ ਕੇ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਪਿੱਛੇ 40 ਦੇ ਕਰੀਬ ਸਿੰਘ ਰਵਾਇਤੀ ਹਥਿਆਰਾਂ (ਤੇਗ਼ਾਂ, ਬਰਛੇ ਤੇ ਸਫ਼ਾਜੰਗ ਆਦਿ) ਨਾਲ ਚੱਲ ਰਹੇ ਸਨ। ਜਦੋਂ ਨਗਰ ਕੀਰਤਨ ਥਾਣੇ ਦੇ ਮੂਹਰਿਓਂ ਲੰਘਿਆ ਤਾਂ ਬੰਦੂਕਾਂ ਵਾਲੇ ਪੰਜਾਂ ਸਿੰਘਾਂ ਨੇ ਇਕ ਇਕ ਫ਼ਾਇਰ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ ਸੀ। ਜਸਵੰਤ ਸਿੰਘ ਮੁਤਾਬਿਕ ਇਹ ਸਮੇਂ ਦੇ ਹਾਕਮਾਂ ਨੂੰ ਸੰਕੇਤਕ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਜ਼ੁਲਮ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਇਹ ਹੱਥ ਹਥਿਆਰਾਂ ਤਕ ਵੀ ਜਾ ਸਕਦੇ ਹਨ। ਉਸ ਵੇਲੇ ਪੁਲਸ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ ਥਾਂ ਛਾਪੇ ਮਾਰ ਰਹੀ ਸੀ। ਪਰ ਉਹ ਤਿੰਨ ਦਿਨਾਂ ਤਕ ਜਿੰਨਾ ਚਿਰ ਪਿੰਡ ਰਿਹਾ, ਨਾ ਪਿੰਡ ਦੇ ਕਿਸੇ ਬੰਦੇ ਨੇ ਪੁਲਸ ਨੂੰ ਇਤਲਾਹ ਦਿੱਤੀ ਅਤੇ ਨਾ ਹੀ ਪਿੰਡ ਦੇ ਥਾਣੇ ਦੇ ਕਿਸੇ ਮੁਲਾਜ਼ਮ ਨੇ ਉਸ ਨੂੰ ਗਿ੍ਫ਼ਤਾਰ ਕਰਨ ਦਾ ਯਤਨ ਕੀਤਾ। ਸਗੋਂ ਸਾਰਾ ਕਾਰਜ ਨਿਪਟ ਜਾਣ ਤੋਂ ਬਾਅਦ ਰਾਤ ਨੂੰ ਪਿੰਡ ਦੇ ਥਾਣੇ ਦੇ ਮੁਖੀ, ਜਿਹੜਾ ਕਿ ਗੁਰਸਿੱਖ ਸੀ, ਨੇ ਜਸਵੰਤ ਸਿੰਘ ਨੂੰ ਘਰ ਸੁਨੇਹਾ ਭੇਜਿਆ ਸੀ ਕਿ ਪ੍ਰੋਗਰਾਮ ਸੁੱਖੀ-ਸਾਂਦੀ ਨੇਪਰੇ ਚੜ੍ਹ ਗਿਆ ਹੈ ਅਤੇ ਹੁਣ ਉਸ ਨੂੰ ਰਾਤ ਨੂੰ ਪਿੰਡ ਵਿੱਚੋਂ ਖਿਸਕ ਜਾਣਾ ਚਾਹੀਦਾ ਹੈ ਕਿਉਂਕਿ ਮੇਰੇ ਉੱਤੇ ਉਪਰੋਂ ਗਿ੍ਫ਼ਤਾਰੀ ਲਈ ਦਬਾਅ ਪੈ ਰਿਹਾ ਹੈ । ਉਸ ਰਾਤ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਯਾਦ ਵਿਚ ਖਾਲੜਾ ਪਿੰਡ ਵਿਚ, ਉੱਘੇ ਨਾਟਕਕਾਰ ਸ. ਗੁਰਸ਼ਰਨ ਸਿੰਘ (ਉਰਫ਼ ਮੰਨਾ ਸਿੰਘ) ਦੇ ਸਿੱਖੀ ਸਪਿਰਿਟ ਵਿਚ ਰੰਗੇ ਦੋ ਨਾਟਕ – ‘ਗੁਰੂ ਲਾਧੋ ਰੇ’ ਤੇ ‘ਇਹ ਲਹੂ ਕਿਸਦਾ ਹੈ’ ਕਰਵਾਏ ਗਏ ਸਨ। ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਜਸਵੰਤ ਸਿੰਘ ਥਾਣੇਦਾਰ ਦੇ ਸੁਨੇਹੇ ਉੱਤੇ ਅਮਲ ਕਰਦਿਆਂ ਚੁੱਪ-ਚੁਪੀਤਾ ਪਿੰਡ ਤੋਂ ਖਿਸਕ ਗਿਆ ਸੀ।

ਜਸਵੰਤ ਸਿੰਘ ਦੀਆਂ ਸਰਕਾਰ ਵਿਰੋਧੀ ਕਾਰਵਾਈਆਂ ਕਰਕੇ ਉਸ ਨੂੰ 1974 ਵਿਚ ਪੰਚਾਇਤ ਸਕੱਤਰ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ। ਪਰ ਜਦੋਂ 1977 ਵਿਚ ਐਮਰਜੈਂਸੀ ਖ਼ਤਮ ਹੋਈ ਅਤੇ ਚੋਣਾਂ ਅੰਦਰ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਅਤੇ ਕੇਂਦਰ ਵਿਚ ਵਿਰੋਧੀ ਪਾਰਟੀਆਂ ਦੇ ਗੱਠਜੋੜ (ਜਨਤਾ ਪਾਰਟੀ) ਦੀ ਸਰਕਾਰ ਬਣ ਗਈ, ਤਾਂ ਪੰਜਾਬ ਵਿਚ ਵੀ ਚੋਣਾਂ ਅੰਦਰ ਕਾਂਗਰਸ ਪਾਰਟੀ ਨੂੰ ਹੂੰਝਾ ਫਿਰ ਗਿਆ ਸੀ ਅਤੇ ਅਕਾਲੀ ਦਲ ਦੀ ਅਗਵਾਈ ਹੇਠ ਨਵੀਂ ਸਰਕਾਰ ਕਾਇਮ ਹੋ ਗਈ ਸੀ। ਅਕਾਲੀ ਸਰਕਾਰ ਨੇ ਕਾਂਗਰਸ ਸਰਕਾਰ ਵੱਲੋਂ ਚੁੱਕੇ ਜਾਬਰ ਕਦਮਾਂ ਨੂੰ ਦੂਰ ਕਰਨ ਦੀ ਕੜੀ ਵਜੋਂ ਜਸਵੰਤ ਸਿੰਘ ਦੀ ਨੌਕਰੀ ਮੁੜ ਬਹਾਲ ਕਰ ਦਿੱਤੀ ਸੀ।

ਮਾਰਚ 1977 ਦੀ ਪਾਰਲੀਮੈਂਟਰੀ ਚੋਣ

ਫ਼ਰਵਰੀ 1977 ਵਿਚ ਇੰਦਰਾ ਗਾਂਧੀ ਨੂੰ ਮਜਬੂਰਨ ਐਮਰਜੈਂਸੀ ਖ਼ਤਮ ਕਰਨੀ ਪੈ ਗਈ ਸੀ ਅਤੇ ਮਾਰਚ ਵਿਚ ਲੋਕ ਸਭਾ ਦੀਆਂ ਚੋਣਾਂ ਕਰਾਉਣ ਦਾ ਐਲਾਨ ਹੋ ਗਿਆ ਸੀ । ਅਕਾਲੀ ਪਾਰਟੀ ਨੇ ਚੋਣਾਂ ਹਰ ਹੀਲੇ ਜਿੱਤਣ ਲਈ ਆਪਣੇ ਪਹਿਲੀ ਕਤਾਰ ਦੇ ਆਗੂ ਖੜੇ ਕਰਨ ਦੀ ਚੋਣ ਰਣਨੀਤੀ ਬਣਾਈ ਸੀ, ਜਿਸ ਦੇ ਤਹਿਤ ਤਰਨ ਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਤੁੜ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉਸ ਵੇਲੇ ਜਥੇਦਾਰ ਤੁੜ ਜਸਵੰਤ ਸਿੰਘ ਨੂੰ ਮਿਲਣ ਲਈ ਆਪ ਚੱਲ ਕੇ ਘਰ ਆਇਆ। ਉਸ ਨੇ ਜਸਵੰਤ ਸਿੰਘ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ, ਜਿਹੜੀ ਜਸਵੰਤ ਸਿੰਘ ਨੇ ਅਦਬ ਤੇ ਨਿਮਰਤਾ ਸਹਿਤ ਠੁਕਰਾ ਦਿੱਤੀ ਸੀ। ਪਰ ਉਸ ਨੇ ਤੁੜ ਦੀ ਪ੍ਰਚਾਰ ਮੁਹਿੰਮ ਵਿਚ ਸ਼ਾਮਲ ਹੋਣ ਲਈ ਸਹਿਮਤੀ ਦੇ ਦਿੱਤੀ ਸੀ। ਜਸਵੰਤ ਸਿੰਘ ਜਥੇਦਾਰ ਤੁੜ ਨਾਲ ਜਾ ਕੇ ਜਗ੍ਹਾ ਜਗ੍ਹਾ ਕਾਨਫ਼ਰੰਸਾਂ ਵਿਚ ਬੋਲਿਆ ਸੀ । ਇਕ ਜਗ੍ਹਾ ਪੰਜਾਬ ਐਂਡ ਸਿੰਧ ਬੈਂਕ ਦੇ ਮਾਲਕ ਸ. ਇੰਦਰਜੀਤ ਸਿੰਘ ਨੇ ਜਸਵੰਤ ਸਿੰਘ ਨੂੰ ਜਦੋਂ ਬੋਲਦੇ ਸੁਣਿਆ ਤਾਂ ਉਹ ਏਨਾ ਪ੍ਰਭਾਵਿਤ ਹੋਇਆ ਕਿ ਜਦੋਂ ਉਹ ਬੋਲ ਕੇ ਸਟੇਜ ਤੋਂ ਹੇਠਾਂ ਉਤਰਿਆ ਤਾਂ ਸ. ਇੰਦਰਜੀਤ ਸਿੰਘ ਉਸ ਨੂੰ ਉਚੇਚਾ ਆ ਕੇ ਮਿਲਿਆ ਅਤੇ ਕਹਿਣ ਲੱਗਾ, “ਬੋਲਣ ਤੋਂ ਚੰਗਾ ਪੜ੍ਹਿਆ-ਲਿਖਿਆ ਹੋਣ ਦਾ ਪ੍ਰਭਾਵ ਬਣਦਾ ਹੈ।” ਜਦੋਂ ਜਸਵੰਤ ਸਿੰਘ ਨੇ ਆਪਣੀ ਵਿਦਿਅਕ ਯੋਗਤਾ ਦੱਸੀ ਤਾਂ ਸ. ਇੰਦਰਜੀਤ ਸਿੰਘ ਨੇ ਉਸ ਨੂੰ ਖੜੇ ਪੈਰ ਆਪਣੇ ਬੈਂਕ ਵਿਚ ਮੈਨੇਜਰ ਦੀ ਨੌਕਰੀ ਦੀ ਪੇਸ਼ਕਸ਼ ਕਰ ਦਿੱਤੀ ਸੀ। ਜਸਵੰਤ ਸਿੰਘ ਨੇ ਨੌਕਰੀ ਦੀ ਪੇਸ਼ਕਸ਼ ਲਈ ਸਰਦਾਰ ਸਾਹਿਬ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਜੁਆਬ ਦਿੱਤਾ ਸੀ ਕਿ “ਮੈਂ ਆਪਣਾ ਜੀਵਨ ਲੋਕਾਂ ਦੀ ਸੇਵਾ ਦੇ ਲੇਖੇ ਲਾਉਣ ਦਾ ਫ਼ੈਸਲਾ ਕਰ ਚੁੱਕਾ ਹਾਂ ਅਤੇ ਇਸ ਤੋਂ ਬਿਨਾਂ ਮੇਰੀ ਹੋਰ ਕੋਈ ਇੱਛਾ ਨਹੀਂ ਰਹੀ।” ਸ. ਇੰਦਰਜੀਤ ਸਿੰਘ ਨੇ ਉਸ ਵੱਲ ਹੈਰਾਨੀ ਤੇ ਪ੍ਰਸੰਸਾ ਭਰੀਆਂ ਨਜ਼ਰਾਂ ਨਾਲ ਤੱਕਿਆ ਅਤੇ ਬੜੇ ਤਪਾਕ ਨਾਲ ਉਸ ਦੇ ਮੋਢੇ ‘ਤੇ ਹੱਥ ਰੱਖ ਕੇ ਉਸ ਦੇ ਸੁੱਚੇ ਜਜ਼ਬੇ ਦੀ ਦਾਦ ਦਿੱਤੀ ਸੀ।

ਐਮਰਜੈਂਸੀ ਦੇ ਜਾਬਰ ਰਾਜ ਦਾ ਖ਼ਾਤਮਾ ਹੋ ਜਾਣ ਉਪਰੰਤ ਲੋਕਾਂ ਦੇ ਸਾਰੇ ਵਰਗਾਂ ਅੰਦਰ ਸੱਚ ਤੇ ਇਨਸਾਫ਼ ਲਈ ਲੜਨ ਦਾ ਜਜ਼ਬਾ ਪ੍ਰਫੁੱਲਤ ਹੋ ਗਿਆ ਸੀ । ਸਾਰੇ ਵਰਗਾਂ ਅੰਦਰ ਜਥੇਬੰਦ ਹੋਣ ਤੇ ਬੇਇਨਸਾਫ਼ੀ ਵਿਰੁੱਧ ਜੂਝਣ ਦਾ ਰੁਝਾਣ ਜ਼ੋਰ ਫੜ ਗਿਆ ਸੀ। ਅਜਿਹੇ ਮਾਹੌਲ ਵਿਚ ਭਾਈ ਜਸਵੰਤ ਸਿੰਘ ਨੇ ਪੰਚਾਇਤ ਸਕੱਤਰਾਂ ਦੀ ਪੰਜਾਬ ਪੱਧਰ ਦੀ ਯੂਨੀਅਨ ਬਣਾਈ ਅਤੇ ਅਫ਼ਸਰਸ਼ਾਹੀ ਵਿਰੁੱਧ ਡਟਣ ਦਾ ਹੋਕਾ ਦਿੱਤਾ। ਜਸਵੰਤ ਸਿੰਘ ਨੂੰ ਸਰਬ-ਸੰਮਤੀ ਨਾਲ ਯੂਨੀਅਨ ਦਾ ਸੂਬਾ ਸਕੱਤਰ ਚੁਣਿਆ ਗਿਆ ਸੀ । ਯੂਨੀਅਨ ਨੇ ਸਰਕਾਰ ਦੀਆਂ ਵਧੀਕੀਆਂ ਅੱਗੇ ਈਨ ਮੰਨਣ ਦੀ ਥਾਂ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਅਕਾਲੀ ਸਰਕਾਰ ਵਿਚ ਸ. ਆਤਮਾ ਸਿੰਘ ਕੋਲ ਪੰਚਾਇਤਾਂ ਦਾ ਮਹਿਕਮਾ ਸੀ। ਜਸਵੰਤ ਸਿੰਘ ਦੀ ਕਿਸੇ ਗੱਲੋਂ ਸ. ਆਤਮਾ ਸਿੰਘ ਨਾਲ ਤਿੱਖੀ ਝੜਪ ਹੋ ਗਈ ਸੀ ਜਿਸ ਕਰਕੇ ਮਨਿਸਟਰ ਨੇ ਹਕੂਮਤੀ ਹੈਂਕੜ ਦਿਖਾਉਂਦਿਆਂ ਉਸ ਦੀ ਪਟਿਆਲੇ ਦੀ ਬਦਲੀ ਦੇ ਆਰਡਰ ਕਰ ਦਿੱਤੇ ਸਨ । ਪਰ ਜਸਵੰਤ ਸਿੰਘ ਨੇ ਹੁਕਮਰਾਨੀ ਹੈਂਕੜ ਮੂਹਰੇ ਗੋਡੇ ਟੇਕਣ ਤੋਂ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿੱਤਾ ਸੀ । ਨਾ ਉਸ ਨੇ ਪਟਿਆਲੇ ਦਾ ਚਾਰਜ ਲਿਆ ਤੇ ਨਾ ਹੀ ਵਲਟੋਹੇ ਦਾ ਚਾਰਜ ਕਿਸੇ ਹੋਰ ਨੂੰ ਦਿੱਤਾ। ਜਿੰਨਾ ਚਿਰ ਆਤਮਾ ਸਿੰਘ ਮਨਿਸਟਰ ਰਿਹਾ, ਉਨਾ ਚਿਰ ਇਹੋ ਸਥਿਤੀ ਬਣੀ ਰਹੀ। 1980 ਵਿਚ ਅਕਾਲੀ ਸਰਕਾਰ ਟੁੱਟ ਗਈ ਅਤੇ ਜਸਵੰਤ ਸਿੰਘ ਨੇ ਮੁੜ ਵਲਟੋਹੇ ਡਿਊਟੀ ਦੇਣੀ ਸ਼ੁਰੂ ਕਰ ਦਿੱਤੀ ਸੀ। ਪਰ ਮਹਿਕਮੇ ਵਿਚ ਫੈਲੇ ਭ੍ਰਿਸ਼ਟਾਚਾਰ ਤੋਂ ਜਸਵੰਤ ਸਿੰਘ ਦਾ ਮਨ ਬੁਰੀ ਤਰ੍ਹਾਂ ਉਕਤਾ ਗਿਆ ਸੀ। ਉਹ ਨਾ ਸਿਰਫ਼ ਭ੍ਰਿਸ਼ਟਾਚਾਰ ਵਿਚ ਭਾਈਵਾਲ ਬਣਨ ਤੋਂ ਇਨਕਾਰੀ ਸੀ ਬਲਕਿ ਭ੍ਰਿਸ਼ਟਾਚਾਰ ਨਾਲ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ। ਜਿਸ ਕਰਕੇ ਅਫ਼ਸਰਾਂ (ਬੀ.ਡੀ.ਓ. ਵਗ਼ੈਰਾ) ਵੱਲੋਂ ਉਸ ਨੂੰ ਘੱਟ ਤੋਂ ਘੱਟ ਪੰਚਾਇਤਾਂ ਦਿੱਤੀਆਂ ਜਾਂਦੀਆਂ ਸਨ ਅਤੇ ਪੈਰ ਪੈਰ ‘ਤੇ ਉਸ ਦੇ ਕੰਮਾਂ ਵਿਚ ਅੜਿੱਕੇ ਡਾਹੇ ਜਾਂਦੇ ਸਨ। ਇਸ ਗੱਲ ਤੋਂ ਦੁਖੀ ਹੋ ਕੇ ਉਸ ਨੇ 1985 ਵਿਚ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ੇ ਦੇ ਪੱਤਰ ਵਿਚ ਜਸਵੰਤ ਸਿੰਘ ਨੇ ਮਹਿਕਮੇ ਦੀ ਅਹੀ-ਤਹੀ ਫੇਰ ਦਿੱਤੀ ਸੀ। ਉਸ ਨੇ ਲਿਖਿਆ ਸੀ ਕਿ ਮੈਂ ਪੇਂਡੂ ਸਮਾਜ ਦੀ ਸੇਵਾ ਕਰਨ ਦੀ ਭਾਵਨਾ ਨਾਲ ਪੰਚਾਇਤੀ ਮਹਿਕਮੇ ਵਿਚ ਨੌਕਰੀ ਨੂੰ ਤਰਜੀਹ ਦਿੱਤੀ ਸੀ । ਪਰ ਪੈਰਾਂ ਤੋਂ ਲੈ ਕੇ ਸਿਰ ਤਕ ਭ੍ਰਿਸ਼ਟਾਚਾਰ ਵਿਚ ਡੁੱਬੀ ਹੋਈ ਅਫ਼ਸਰਸ਼ਾਹੀ ਨੇ ਆਪਣੀ ਲੁੱਟ-ਖਸੁੱਟ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਮੇਰੇ ਰਾਹ ਵਿਚ ਰੋਕਾਂ ਖੜੀਆਂ ਕੀਤੀਆਂ। ਮੈਂ ਮਹਿਕਮੇ ‘ਚੋਂ ਭ੍ਰਿਸ਼ਟਾਚਾਰ ਦੇ ਰੋਗ ਦੇ ਖ਼ਾਤਮੇ ਲਈ ਪੂਰਾ ਜ਼ੋਰ ਲਾਇਆ ਪਰ ਇਥੇ ਤਾਂ ਸਾਰਾ ਆਵਾ ਹੀ ਊਤਿਆ ਹੋਇਆ ਹੈ। ਆਪਣੇ ਤਲਖ਼ ਅਨੁਭਵ ਵਿੱਚੋਂ ਮੈਂ ਇਸ ਸਿੱਟੇ ‘ਤੇ ਪੁੱਜਿਆ ਹਾਂ ਕਿ ਮੇਰੇ ਵਰਗਾ ‘ਕੱਲਾ ਦੁਕੱਲਾ ਵਿਅਕਤੀ ਇਸ ਰੋਗ ਦਾ ਇਲਾਜ ਨਹੀਂ ਕਰ ਸਕਦਾ। ਸੋ ਹੁਣ ਮੈਂ ਆਪਣਾ ਇਥੇ ਹੋਰ ਵੱਧ ਸਮਾਂ ਤੇ ਸ਼ਕਤੀ ਬਰਬਾਦ ਨਹੀਂ ਕਰਨਾ ਚਾਹੁੰਦਾ। ਸਮਾਜ ਤੇ ਲੋਕਾਂ ਦੀ ਜਿਹੜੀ ਸੇਵਾ ਕਰਨ ਲਈ ਮੈਂ ਇਸ ਮਹਿਕਮੇ ਵਿਚ ਆਇਆ ਸੀ, ਉਹ ਸੇਵਾ ਕਰਨ ਲਈ ਆਜ਼ਾਦ ਹੋਣ ਵਾਸਤੇ ਹੁਣ ਮੈਂ ਇਸ ਮਹਿਕਮੇ ਨੂੰ ਅਲਵਿਦਾ ਕਹਿਣ ਦਾ ਅੰਤਮ ਤੇ ਅਡੋਲ ਫ਼ੈਸਲਾ ਕਰ ਲਿਆ ਹੈ।

ਜਸਵੰਤ ਸਿੰਘ ਦਾ ਇਹ ਅਸਤੀਫ਼ਾ ਮਹਿਕਮੇ ਦੇ ਅਫ਼ਸਰਾਂ ਲਈ ਗਲੇ ਦੀ ਹੱਡੀ ਬਣ ਗਿਆ ਸੀ। ਉਹ ਇਸ ਨੂੰ ਪ੍ਰਵਾਨ ਕਰਦੇ ਭਾਵੇਂ ਰੱਦ ਕਰਦੇ, ਦੋਵਾਂ ਹੀ ਹਾਲਤਾਂ ਵਿਚ ਇਸ ਨੂੰ ਰਿਕਾਰਡ ਵਿਚ ਦਰਜ ਤਾਂ ਕਰਨਾ ਹੀ ਪੈਣਾ ਸੀ। ਜਿਸ ਕਰਕੇ ਜਸਵੰਤ ਸਿੰਘ ਦੇ ਅਸਤੀਫ਼ੇ ਨੇ ਅਫ਼ਸਰਾਂ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ ਸਨ। ਉਨ੍ਹਾਂ ਨੇ ਜਸਵੰਤ ਸਿੰਘ ਅੱਗੇ ਬਹੁਤ ਵਾਸਤੇ ਪਾਏ ਕਿ ਉਹ ਇਸ ‘ਕਸੂਤੇ’ ਅਸਤੀਫ਼ੇ ਨੂੰ ਵਾਪਸ ਲੈ ਕੇ ‘ਮਰਿਆਦਾ ਪੂਰਬਕ’ ਢੰਗ ਨਾਲ ਨਵਾਂ ਅਸਤੀਫ਼ਾ-ਪੱਤਰ ਲਿਖੇ। ਪਰ ਜਸਵੰਤ ਸਿੰਘ ਨੇ ਅਸਤੀਫ਼ਾ-ਪੱਤਰ ਵਾਪਸ ਲੈਣ ਤੋਂ ਕੋਰਾ ਜੁਆਬ ਦੇ ਦਿੱਤਾ ਸੀ। ਜਿਸ ਕਰਕੇ ਅਜੇ ਤਕ ਵੀ ਇਹ ਸਪੱਸ਼ਟ ਨਹੀਂ ਹੋਇਆ ਕਿ ਉਹ ਅਸਤੀਫ਼ਾ-ਪੱਤਰ ਮਨਜ਼ੂਰ ਹੋ ਗਿਆ ਹੈ, ਰੱਦ ਹੋ ਗਿਆ ਹੈ ਜਾਂ ਉਵੇਂ ਦਾ ਉਵੇਂ ਹੀ ਪਿਆ ਹੈ।

ਏਸੇ ਸਮੇਂ ਦੌਰਾਨ ਜਸਵੰਤ ਸਿੰਘ ਨੇ ਜ਼ੋਰਾਵਰਾਂ ਦੇ ਹੱਥੋਂ ਲੁੱਟ-ਖਸੁੱਟ ਤੇ ਜ਼ੁਲਮਾਂ ਦੇ ਸ਼ਿਕਾਰ ਮਿਹਨਤਕਸ਼ ਤੇ ਮਜ਼ਲੂਮ ਵਰਗਾਂ ਦਾ ਪੱਖ ਲੈਣ ਦੀ ਕਮਿਊਨਿਸਟ ਰਵਾਇਤ ਦਾ ਪੂਰਨ ਇਮਾਨਦਾਰੀ ਨਾਲ ਪਾਲਣ ਕੀਤਾ। ਜੇਕਰ ਕਿਸਾਨੀ ਜਿਨਸਾਂ ਦੀ ਵਿਕਰੀ ਦੌਰਾਨ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਲੁੱਟ ਹੁੰਦੀ ਦੇਖੀ ਤਾਂ ਇਸ ਦੇ ਖ਼ਿਲਾਫ਼ ਕਿਸਾਨਾਂ ਨੂੰ ਲਾਮਬੰਦ ਕਰਨ ਦਾ ਬੀੜਾ ਚੁੱਕ ਲਿਆ। ਜੇਕਰ ਮੰਡੀਆਂ ਵਿਚ ਪੱਲੇਦਾਰਾਂ ਦੀ ਦੁਰਦਸ਼ਾ ਹੁੰਦੀ ਨਜ਼ਰ ਪਈ ਤਾਂ ਉਨ੍ਹਾਂ ਨੂੰ ਆਪਣੇ ਹੱਕਾਂ ਤੇ ਹਿਤਾਂ ਲਈ ਜਥੇਬੰਦ ਹੋਣ ਦੀ ਨਾ ਸਿਰਫ਼ ਖ਼ਾਲੀ ਪ੍ਰੇਰਣਾ ਦਿੱਤੀ ਸਗੋਂ ਬਹੁਤ ਸਾਰੀਆਂ ਮੰਡੀਆਂ ਵਿਚ ਪੱਲੇਦਾਰਾਂ ਦੀ ਯੂਨੀਅਨ ਬਣਾਉਣ ਦਾ ਅਮਲੀ ਕਾਰਨਾਮਾ ਵੀ ਕਰ ਦਿਖਾਇਆ। ਇਸੇ ਤਰ੍ਹਾਂ ਕੁੱਝ ਥਾਈਂ ਇੱਟਾਂ ਦੇ ਭੱਠਿਆਂ ‘ਤੇ ਕੰਮ ਕਰਦੇ ਭੱਠਾ ਮਜ਼ਦੂਰਾਂ ਨੂੰ ਵੀ ਆਪਣੇ ਹੱਕਾਂ ਤੇ ਹਿੱਤਾਂ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਜਥੇਬੰਦੀ ਬਣਾਉਣ ਲਈ ਉਭਾਰਿਆ।

ਜਮਹੂਰੀ ਹੱਕਾਂ ਦੀ ਰਾਖੀ ਲਈ ਸੰਘਰਸ਼

ਐਮਰਜੈਂਸੀ ਦੇ ਖ਼ਤਮ ਹੋਣ ਉਪਰੰਤ ਦੇਸ਼ ਭਰ ਵਿਚ ਸਰਕਾਰੀ ਜਬਰ ਦੇ ਵਿਰੁੱਧ ਵਿਆਪਕ ਰੋਹ ਪੈਦਾ ਹੋ ਗਿਆ ਸੀ। ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਮਨੁੱਖੀ ਹੱਕਾਂ ਦਾ ਜਿਸ ਕਦਰ ਘਾਣ ਕੀਤਾ ਗਿਆ ਸੀ, ਉਸ ਨਾਲ ਦੇਸ਼ ਦੇ ਲੋਕਾਂ ਅੰਦਰ ਮਨੁੱਖੀ ਹੱਕਾਂ ਦੀ ਲੋੜ ਤੇ ਅਹਿਮੀਅਤ ਬਾਰੇ ਤਿੱਖੀ ਚੇਤਨਾ ਪੈਦਾ ਹੋ ਗਈ ਸੀ। ਜਬਰ ਦੇ ਵੱਧ ਸ਼ਿਕਾਰ ਹੋਏ ਖੇਤਰਾਂ ਅੰਦਰ ਜਮਹੂਰੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਇਸ ਸੰਦਰਭ ਅੰਦਰ, ਭਾਈ ਜਸਵੰਤ ਸਿੰਘ ਖਾਲੜਾ ਨੇ ਨਰੋਈ ਪਹਿਲ-ਕਦਮੀ ਕਰਦੇ ਹੋਏ ਪੰਜਾਬ ਅੰਦਰ ਜਮਹੂਰੀ ਹੱਕਾਂ ਦੀ ਰਾਖੀ ਲਈ ਯੋਗ ਮਾਹੌਲ ਸਿਰਜਣ ਦੀ ਦਿਸ਼ਾ ਵਿਚ ਪਹਿਲਾ ਤੇ ਮਹੱਤਵਪੂਰਨ ਕਦਮ ਪੁੱਟਦਿਆਂ 7 ਫ਼ਰਵਰੀ 1977 ਨੂੰ ਅੰਮ੍ਰਿਤਸਰ ਵਿਚ ‘ਸਿਵਲ ਲਿਬਰਟੀ ਕਾਨਫ਼ਰੰਸ’ ਬੁਲਾਈ, ਜਿਸ ਵਿਚ ਵੱਖ-ਵੱਖ ਰਾਜਸੀ ਝੁਕਾਵਾਂ ਤੇ ਵਿਚਾਰਾਂ ਵਾਲੇ ਬੁਲਾਰਿਆਂ ਨੇ ਸੱਭਿਅਕ ਸਮਾਜ ਅੰਦਰ ਜਮਹੂਰੀ ਹੱਕਾਂ ਦੀ ਲੋੜ ਤੇ ਮਹੱਤਤਾ ਬਾਰੇ ਆਪੋ- ਆਪਣੇ ਵਿਚਾਰ ਰੱਖੇ। ਇਸ ਤੋਂ ਪਹਿਲਾਂ ਪੰਜਾਬ ਅੰਦਰ ਸ਼ਹਿਰੀ ਆਜ਼ਾਦੀਆਂ ਦੇ ਮੁੱਦੇ ਨੂੰ ਕਿਸੇ ਵੀ ਰਾਜਸੀ ਧਿਰ ਨੇ ਇਸ ਕਦਰ ਕੇਂਦਰੀ ਅਹਿਮੀਅਤ ਨਹੀਂ ਦਿੱਤੀ ਸੀ। ਸੋ ਇਸ ਦ੍ਰਿਸ਼ਟੀ ਤੋਂ, ਭਾਈ ਜਸਵੰਤ ਸਿੰਘ ਵੱਲੋਂ ਬੁਲਾਈ ਇਹ ਕਾਨਫ਼ਰੰਸ ਇਕ ਮੀਲ- ਪੱਥਰ ਹੋ ਗੁਜ਼ਰੀ।

1977 ਵਿਚ ਇੰਦਰਾ ਗਾਂਧੀ ਦੇ ਜਾਬਰ ਰਾਜ ਦਾ ਖ਼ਾਤਮਾ ਹੋ ਜਾਣ ਉਪਰੰਤ, ਪੰਜਾਬ ਵਿਚ ਪੁਲਸ ਦੁਆਰਾ 1970 ਤੋਂ ਲੈ ਕੇ 1973-74 ਦੇ ਸਾਲਾਂ ਦੌਰਾਨ ਇਕ ਸੌ ਦੇ ਕਰੀਬ ਨਕਸਲੀ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰ ਦੇਣ ਦੇ ਜ਼ੁਲਮੀ ਵਰਤਾਰੇ ਵਿਰੁੱਧ ਤਿੱਖਾ ਜਨਤਕ ਰੋਸ ਉਭਰ ਆਇਆ ਸੀ, ਅਤੇ ਇਨ੍ਹਾਂ ਵਹਿਸ਼ੀ ਜ਼ੁਲਮਾਂ ਦੀ ਨਿਰਪੱਖ ਤੇ ਨਿਆਂਪੂਰਨ ਪੜਤਾਲ ਕਰਨ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਜ਼ੋਰ ਫੜ ਗਈ ਸੀ । ਪੰਜਾਬ ਦੇ ਲੋਕਾਂ ਦੀ ਇਸ ਜਮਹੂਰੀ ਉਮੰਗ ਨੂੰ ਪੂਰਾ ਕਰਨ ਲਈ ਅਕਤੂਬਰ 1977 ਵਿਚ ਪ੍ਰਸਿੱਧ ਕਾਨੂੰਨਦਾਨ ਅਤੇ ਮਨੁੱਖੀ ਹੱਕਾਂ ਦੇ ਨਿਧੜਕ ਰਖਵਾਲੇ ਜਸਟਿਸ ਵੀ.ਐਮ. ਤਾਰਕੁੰਦੇ ਦੀ ਅਗਵਾਈ ਹੇਠਾਂ ‘ਸਿਵਲ ਰਾਈਟਸ ਕਮੇਟੀ, ਪੰਜਾਬ’ ਬਣੀ ਸੀ। ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਤੇ ਅਰੁਣ ਸ਼ੌਰੀ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਕੀਲ ਅਸ਼ੋਕ ਪਾਂਡਾ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦੋ ਸੀਨੀਅਰ ਐਡਵੋਕੇਟ ਦਾਰਾ ਸਿੰਘ ਤੇ ਰੋਸ਼ਨ ਲਾਲ ਬੱਤਾ ਇਸ ਕਮੇਟੀ ਦੇ ਮੈਂਬਰ ਸਨ। ਇਸ ਕਮੇਟੀ ਦੀ ਪਹਿਲ-ਕਦਮੀ ਨਾਲ, ਪੰਜਾਬ ਅੰਦਰ ਪੁਲਸ ਵੱਲੋਂ ਨਕਸਲੀ ਲਹਿਰ ਦੇ ਕਾਰਕੁੰਨਾਂ ਉੱਤੇ ਢਾਹੇ ਗਏ ਅਣਮਨੁੱਖੀ ਜ਼ੁਲਮਾਂ ਦੀ ਨਿਆਂਪੂਰਨ ਜਾਂਚ ਕਰਨ ਲਈ ਜਸਟਿਸ ਵੀ.ਐਮ. ਤਾਰਕੁੰਦੇ ਦੀ ਅਗਵਾਈ ਹੇਠ ਇਕ ਗ਼ੈਰ-ਸਰਕਾਰੀ ਪੜਤਾਲੀਆ ਕਮਿਸ਼ਨ ਕਾਇਮ ਕੀਤਾ ਗਿਆ ਸੀ। ਇਸ ਕਮਿਸ਼ਨ ਨੇ ਸੰਗਰੂਰ ਜ਼ਿਲ੍ਹੇ ਦੇ ਬਰਨਾਲਾ ਕਸਬੇ ਵਿਚ ਖੁੱਲ੍ਹੀ ਬੈਠਕ ਕੀਤੀ, ਜਿਥੇ ਨਕਸਲੀ ਲਹਿਰ ਦੌਰਾਨ ਸਰਕਾਰ ਵੱਲੋਂ ਢਾਹੇ ਗਏ ਵਹਿਸ਼ੀ ਜ਼ੁਲਮਾਂ ਦੇ ਸ਼ਿਕਾਰ ਹੋਏ ਪਰਿਵਾਰਾਂ ਦੇ ਦੁੱਖੜੇ ਸੁਣੇ ਤੇ ਕਲਮਬੰਦ ਕੀਤੇ ਗਏ ਸਨ। ਜਸਵੰਤ ਸਿੰਘ ਖਾਲੜਾ ਨੇ ਇਸ ਬੈਠਕ ਨੂੰ ਜਥੇਬੰਦ ਕਰਨ ਵਿਚ ਸਰਗਰਮ ਭੂਮਿਕਾ ਨਿਭਾਈ ਸੀ। ਉਪਰੋਕਤ ਕਮੇਟੀ ਨੇ ਕਮਿਸ਼ਨ ਵੱਲੋਂ ਕੀਤੀ ਪੜਤਾਲ ਬਾਰੇ 20 ਸਫ਼ਿਆਂ ਦੀ ਰਿਪੋਰਟ ਤਿਆਰ ਕੀਤੀ ਸੀ ਜਿਸ ਨੂੰ ਰੋਸ਼ਨ ਲਾਲ ਬੱਤਾ ਨੇ ਛਪਵਾ ਕੇ ਚੰਡੀਗੜ੍ਹ ਤੋਂ ਜਾਰੀ ਕੀਤਾ मी।

1980 ਵਿਚ ਪੰਜਾਬ ਅੰਦਰ ਦਰਬਾਰਾ ਸਿੰਘ ਦੀ (ਕਾਂਗਰਸ) ਸਰਕਾਰ ਨੇ ਬੱਸ ਕਿਰਾਏ ਇੱਕੋਦਮ ਡਿਉਢੇ ਕਰ ਦਿੱਤੇ ਸਨ। ਇਸ ਦੇ ਖ਼ਿਲਾਫ਼ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਸਰਕਾਰ ਦੇ ਵਿਰੁੱਧ ਤਿੱਖਾ ਸੰਘਰਸ਼ ਵਿੱਢ ਦਿੱਤਾ ਸੀ । ਪੰਜਾਬ ਭਰ ਅੰਦਰ ਜਗ੍ਹਾ ਜਗ੍ਹਾ ਰੋਹ ਭਰਪੂਰ ਮੁਜ਼ਾਹਰੇ ਹੋਏ। ਸਰਕਾਰ ਨੇ ਆਪਣੇ ਜੱਦੀ ਖ਼ਾਸੇ ਅਨੁਸਾਰ ਲੋਕਾਂ ਦੇ ਹੱਕੀ ਰੋਹ ਨੂੰ ਪੁਲਸ ਜਬਰ ਨਾਲ ਦਬਾਉਣ ਦਾ ਯਤਨ ਕੀਤਾ ਤਾਂ ਬਹੁਤ ਸਾਰੀਆਂ ਥਾਵਾਂ ‘ਤੇ ਮੁਜ਼ਾਹਰਾ ਕਰਦੇ ਲੋਕਾਂ ਦੀਆਂ ਪੁਲਸ ਨਾਲ ਝੜਪਾਂ ਹੋਈਆਂ। ਇਸ ਦੇ ਚੱਲਦਿਆਂ ਝਬਾਲ ਵਿਖੇ ਵੀ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਪੁਲਸ ਨਾਲ ਟੱਕਰ ਹੋ ਗਈ। ਪੁਲਸ ਨੇ ਲੋਕਾਂ ਦੀ ਭੀੜ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇਕ ਨੌਜਵਾਨ ਦੁਕਾਨਦਾਰ ਦੀ ਮੌਤ ਹੋ ਗਈ ਸੀ। ਨੌਜਵਾਨਾਂ ਨੇ ਗ਼ੁੱਸੇ ਵਿਚ ਆ ਕੇ ਥਾਣੇ ਨੂੰ ਅੱਗ ਲਾ ਦਿੱਤੀ ਸੀ। ਅੰਤ ਵਿਚ ਅੰਮਿ੍ਤਸਰ ਤੋਂ ਸੀ.ਆਰ.ਪੀ. ਨੇ ਆ ਕੇ ਹਾਲਾਤ ਉੱਤੇ ਕਾਬੂ ਪਾਇਆ ਸੀ।

ਪੁਲਸ ਥਾਣੇ ਨੂੰ ਅੱਗ ਲਾਉਣ ਉੱਤੇ ਏਨਾ ਚਿੜ ਗਈ ਸੀ ਕਿ ਉਸ ਨੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਵਾਲੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੂਰਾ ਤਾਣ ਲਾ ਦਿੱਤਾ ਸੀ। ਜਸਵੰਤ ਸਿੰਘ ਦੀ ਭਾਲ ਵਿਚ ਉਸ ਦੇ ਘਰ ਛਾਪਾ ਮਾਰਿਆ, ਪਰ ਜਦੋਂ ਉਹ ਹੱਥ ਨਾ ਆਇਆ ਤਾਂ ਪੁਲਸ ਨੇ ਉਸ ਦੇ ਛੋਟੇ ਭਰਾ ਅਮਰਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ । ਸਿਰਫ਼ ਏਨਾ ਹੀ ਨਹੀਂ, ਪੁਲਸ ਨੇ ਭਿੱਖੀਵਿੰਡ ਬਾਜ਼ਾਰ ਵਿਚ ਜਸਵੰਤ ਸਿੰਘ ਵੱਲੋਂ ਆਪਣੇ ਇਕ ਹਿੱਸੇਦਾਰ ਨਾਲ ਰਲ ਕੇ ਖੋਲ੍ਹੀ ਟਰੈਕਟਰ ਦੇ ਪੁਰਜ਼ਿਆਂ ਦੀ ਦੁਕਾਨ ਉੱਤੇ ਜਾ ਛਾਪਾ ਮਾਰਿਆ ਅਤੇ ਜਸਵੰਤ ਸਿੰਘ ਦੇ ਹਿੱਸੇਦਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਜਸਵੰਤ ਸਿੰਘ ਝਬਾਲ ਤੋਂ ਬਚ ਕੇ ਨਿਕਲ ਜਾਣ ਉਪਰੰਤ ਅੰਮ੍ਰਿਤਸਰ ਖ਼ਾਲਸਾ ਕਾਲਜ ਵਿਚ ਵਿਦਿਆਰਥੀਆਂ ਦੀ ਰੈਲੀ ਕਰਾਉਣ ਚਲਾ ਗਿਆ ਸੀ ਜਿਥੇ ਉਸ ਨੂੰ ਪੁਲਸ ਨੇ ਹੋਰਨਾਂ ਵਿਦਿਆਰਥੀਆਂ ਦੇ ਨਾਲ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪਰ ਉਸ ਪੁਲਸ ਟੋਲੀ ਨੂੰ ਉਸ ਦੀ ਪਛਾਣ ਨਾ ਹੋਣ ਕਾਰਨ ਉਸ ਨੂੰ ਹੋਰਨਾਂ ਵਿਦਿਆਰਥੀਆਂ ਦੇ ਨਾਲ ਹੀ ਪਹਿਲਾਂ ਘਰਿੰਡੇ ਥਾਣੇ ਵਿਚ ਲਿਜਾਇਆ ਗਿਆ ਅਤੇ ਉਥੋਂ ਸਿੱਧਾ ਅੰਮ੍ਰਿਤਸਰ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ । ਉਧਰ ਅਮਰਜੀਤ ਸਿੰਘ ਤੇ ਹੋਰਨਾਂ ਨੂੰ ਵੀ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ । ਜਸਵੰਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਗਭਗ ਤਿੰਨ ਮਹੀਨੇ ਜੇਲ੍ਹ ਵਿਚ ਹੀ ਗੁਜ਼ਾਰੇ ਸਨ। 1981 ਦਾ ਨਵਾਂ ਸਾਲ ਜੇਲ੍ਹ ਵਿਚ ਹੀ ਚੜ੍ਹਿਆ ਸੀ।

ਕਾਮਰੇਡੀ ਤੋਂ ਸਿੱਖੀ ਵੱਲ ਮੋੜਾ

ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਨਕਸਲੀ ਲਹਿਰ ਦੇ ਅੰਦਰ ਵਿਚਾਰਧਾਰਕ ਉਥਲ- ਪੁਥਲ ਤੇ ਜਥੇਬੰਦਕ ਟੁੱਟ-ਭੱਜ ਦਾ ਅਮਲ ਛਿੜ ਪਿਆ ਸੀ। ਇੰਦਰਾ ਗਾਂਧੀ ਦੀ ਕਰੂਰ ਤਾਨਾਸ਼ਾਹੀ ਦਾ ਦੁਖਦਾਈ ਅਮਲ ਹੰਢਾਉਣ ਤੋਂ ਬਾਅਦ ਦੇਸ਼ ਅੰਦਰ ਜਮਹੂਰੀਅਤ ਦੀ ਬਹਾਲੀ ਬਾਰੇ ਪੁਰਜ਼ੋਰ ਉਮੀਦਾਂ ਤੇ ਰੀਝਾਂ ਪੈਦਾ ਹੋ ਗਈਆਂ ਸਨ। ਇਸ ਦੇ ਪ੍ਰਭਾਵ ਹੇਠ ਨਕਸਲੀ ਲਹਿਰ ਦੇ ਕਾਫ਼ੀ ਹਿੱਸਿਆਂ ਨੇ ਹਥਿਆਰਬੰਦ ਜੱਦੋ-ਜਹਿਦ ਦੇ ਰਾਹ ਤੋਂ ਤੌਬਾ ਕਰਦਿਆਂ ਹੋਇਆਂ ਪੁਰਅਮਨ ਸੰਘਰਸ਼ ਦਾ ਰਾਹ ਚੁਣ ਲਿਆ ਸੀ। ਕਮਿਊਨਿਸਟ ਲਹਿਰ ਅੰਦਰ ਪੈਦਾ ਹੋਈ ਇਸ ਵਿਚਾਰਧਾਰਕ ਅਨਿਸਚਤਤਾ ਤੇ ਗੰਧਲ-ਚੌਂਧ ਦਾ, ਜਸਵੰਤ ਸਿੰਘ ਖਾਲੜਾ ਦੇ ਮਨ ਉੱਤੇ ਵੀ ਗਹਿਰਾ ਅਸਰ ਹੋਇਆ। ਉਸ ਨੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਸਮੁੱਚੇ ਅਮਲ ਦਾ ਪੜਚੋਲਵਾਂ ਮੁਲੰਕਣ ਕਰਦਿਆਂ ਹੋਇਆਂ ਮਾਰਕਸਵਾਦੀ ਵਿਚਾਰਧਾਰਾ ਦੀ ਬੁਨਿਆਦੀ ਮਰਜ਼ ਦੀ ਪਛਾਣ ਕਰ ਲਈ ਸੀ। ਉਹ ਇਸ ਨਿਸਚਿਤ ਨਿਰਣੇ ‘ਤੇ ਅੱਪੜ ਗਿਆ ਸੀ ਕਿ ਰਾਜ ਤੇ ਸਮਾਜ ਦਾ ਕਮਿਊਨਿਸਟ ਮਾਡਲ ਵਿਅਕਤੀ ਦੀ ਆਜ਼ਾਦੀ ਤੇ ਆਨ-ਸ਼ਾਨ (dignity) ਦਾ ਜ਼ਾਮਨ ਨਹੀਂ ਬਣ ਸਕਦਾ। ਜਸਵੰਤ ਸਿੰਘ ਖਾਲੜਾ ਦੀਆਂ ਨਜ਼ਰਾਂ ਵਿਚ ਇਨ੍ਹਾਂ ਦੋਵਾਂ ਤੱਤਾਂ ਦਾ ਵੱਡਾ ਮੁੱਲ ਸੀ। ਜਿਸ ਕਰਕੇ ਉਸ ਦਾ ਕਮਿਊਨਿਸਟ ਵਿਚਾਰਧਾਰਾ ਤੋਂ ਭਰੋਸਾ ਉੱਠ ਗਿਆ ਸੀ । ਉਸ ਨੇ ਐਲਾਨੀਆ ਤੌਰ ‘ਤੇ ਟਕਸਾਲੀ ਮਾਰਕਸਵਾਦ ਨੂੰ ਤਿਲਾਂਜਲੀ ਦੇ ਦਿੱਤੀ ਸੀ ਅਤੇ ਉਸ ਅੰਦਰ, ਮਨੁੱਖੀ ਸਮਾਜ ਨੂੰ ਇਨਸਾਫ਼ ਤੇ ਬਰਾਬਰੀ ਦੇ ਆਧਾਰ ਉੱਤੇ ਨਵੇਂ ਸਿਰਿਓਂ ਜਥੇਬੰਦ ਕਰਨ ਲਈ ਕਿਸੇ ਵੱਧ ਢੁੱਕਵੀਂ ਵਿਚਾਰਧਾਰਾ ਦੀ ਤਲਬ ਪੈਦਾ ਹੋ ਗਈ ਸੀ।

ਇਸੇ ਹੀ ਸਮੇਂ ਦੌਰਾਨ ਜੰਮੂ-ਕਸ਼ਮੀਰ ਦੇ ਇਕ ਨਕਸਲੀ ਧੜੇ ਨੇ ਜੰਮੂ ਦੇ ਸਾਂਬਾ ਕਸਬੇ ਦੇ ਉੱਘੇ ਨਕਸਲੀ ਆਗੂ ਰਾਮ ਪਿਆਰਾ ਸਰਾਫ਼ ਦੀ ਸਿਧਾਂਤਕ ਰਾਹਨੁਮਾਈ ਹੇਠ, ਮਾਰਕਸਵਾਦ ਪ੍ਰਤਿ ਪੜਚੋਲਵੀਂ ਦ੍ਰਿਸ਼ਟੀ ਅਪਣਾਉਂਦੇ ਹੋਏ ਕਿਸੇ ਬਦਲਵੇਂ ਉਦਾਰਵਾਦੀ ਵਿਚਾਰ-ਪ੍ਰਬੰਧ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਵੱਖ-ਵੱਖ ਤਜਰਬੇ ਕਰਨ ਤੋਂ ਬਾਅਦ ਰਾਮ ਪਿਆਰਾ ਸਰਾਫ਼ ਨੇ ‘ਇੰਟਰਨੈਸ਼ਨਲ ਡੈਮੋਕਰੇਟਿਕ ਪਾਰਟੀ (ਆਈ.ਡੀ.ਪੀ.)’ ਨਾਂ ਦੀ ਜਥੇਬੰਦੀ ਬਣਾ ਕੇ ਜਨਤਕ ਸਰਗਰਮੀ ਆਰੰਭ ਕਰ ਦਿੱਤੀ ਸੀ। ਇਹ ਪਾਰਟੀ ਸੰਪੂਰਨ ਤੌਰ ‘ਤੇ ਜਮਹੂਰੀਅਤ ਨੂੰ ਪ੍ਰਣਾਈ ਹੋਣ ਦਾ ਦਾਅਵਾ ਕਰਦੀ ਸੀ ਅਤੇ ਹਿੰਸਾ ਨੂੰ ਅਸੂਲੀ ਤੌਰ ‘ਤੇ ਰੱਦ ਕਰਦੀ ਸੀ । ਜੰਮੂ-ਕਸ਼ਮੀਰ ਅੰਦਰ ਤਾਂ ਇਸ ਪਾਰਟੀ ਨੂੰ ਬਹੁਤਾ ਉਤਸ਼ਾਹਪੂਰਨ ਹੁੰਗਾਰਾ ਨਾ ਮਿਲਿਆ, ਪਰ ਪੰਜਾਬ ਦੇ ਕੁੱਝ ਕੁ ਸਾਬਕਾ ਨਕਸਲੀਆਂ ਦੇ ਇਸ ਪਾਰਟੀ ਨਾਲ ਜੁੜ ਜਾਣ ਕਰਕੇ ਇਸ ਨੇ ਪੰਜਾਬ ਅੰਦਰ ਜਨਤਕ ਸਰਗਰਮੀਆਂ ਵਿੱਢ ਦਿੱਤੀਆਂ ਸਨ। ਜਸਵੰਤ ਸਿੰਘ ਖਾਲੜਾ ਨੂੰ ਦੂਸਰੇ ਸਾਰੇ ਨਕਸਲੀ ਗੁੱਟਾਂ ਦੀ ਤੁਲਨਾ ਵਿਚ ‘ਇੰਟਰਨੈਸ਼ਨਲ ਡੈਮੋਕਰੇਟਿਕ ਪਾਰਟੀ’ ਦੀ ਸੋਚ ਵੱਧ ਸਹੀ ਜਾਪੀ। ਅੱਸੀਵਿਆਂ ਦੇ ਸ਼ੁਰੂ ਵਿਚ ਉਸ ਨੇ ਇਸ ਪਾਰਟੀ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਸੀ ਅਤੇ ਥੋੜ੍ਹੇ ਹੀ ਚਿਰ ਵਿਚ ਉਹ ਇਸ ਪਾਰਟੀ ਦੀ ਸੂਬਾ ਕਮੇਟੀ ਦਾ ਮੈਂਬਰ ਬਣ ਗਿਆ ਸੀ ।

ਸਿੱਖ ਸੰਘਰਸ਼ ਦੀ ਉਠਾਣ

ਇਸੇ ਦੌਰਾਨ 1978 ਦੀ ਵੈਸਾਖੀ ਮੌਕੇ ਪੰਜਾਬ ਦੇ ਰਾਜਸੀ ਮੰਚ ਉੱਤੇ ਇਕ ਅਣਕਿਆਸਿਆ ਵਿਸਫੋਟ ਹੋਇਆ। ਨਕਲੀ ਨਿਰੰਕਾਰੀਆਂ ਨੇ ਕੇਂਦਰੀ ਹਕੂਮਤ ਦੀ ਸ਼ਹਿ ਉੱਤੇ ਅੰਮਿ੍ਤਸਰ ਵਿਖੇ 13 ਸਿੱਖ ਸ਼ਰਧਾਲੂਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ । ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੰਘਾਂ ਦੇ ਇਸ ਨਹੱਕੇ ਕਤਲੇਆਮ ਦੇ ਵਿਰੁੱਧ ਰੋਹ ਭਰਪੂਰ ਸੰਘਰਸ਼ ਆਰੰਭ ਕਰ ਦਿੱਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਾਜਸੀ ਦ੍ਰਿਸ਼ ਉੱਤੇ ਆਮਦ ਨਾਲ ਰਾਜਸੀ ਵਾਤਾਵਰਣ ਵਿਚ ਤਰਥੱਲੀ ਮੱਚ ਗਈ ਸੀ। ਸੰਤ ਜੀ ਵੱਲੋਂ ਇਨਸਾਫ਼ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਦਾ ਹੋਕਾ ਦਿੱਤੇ ਜਾਣ ਸਦਕਾ ਧਰਮ ਲਈ ਸਿਰ ਦੇਣ ਦੀ ਗੌਰਵਸ਼ਾਲੀ ਸਿੱਖ ਰਵਾਇਤ ਮੁੜ ਜੀਵਤ ਹੋ ਉੱਠੀ ਸੀ। ਜਿਹੜੇ ਸਿੱਖ ਨੌਜਵਾਨ ਕੁੱਝ ਸਾਲ ਪਹਿਲਾਂ ਇਨਕਲਾਬੀ ਤਬਦੀਲੀ ਦੀ ਤਾਂਘ ਵਿੱਚੋਂ ਕਮਿਊਨਿਸਟ ਵਿਚਾਰਧਾਰਾ ਵੱਲ ਕੀਲੇ ਗਏ ਸਨ, ਉਨ੍ਹਾਂ ਅੰਦਰ ਸੰਤ ਜਰਨੈਲ ਸਿੰਘ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਦੀ ਖਿੱਚ ਪੈਦਾ ਹੋ ਗਈ ਸੀ। ਨਤੀਜੇ ਵਜੋਂ ਇਨਕਲਾਬੀ ਝੁਕਾਅ ਰੱਖਣ ਵਾਲੇ ਕੁੱਝ ਸਾਬਕਾ ਨਕਸਲੀ ਹੌਲੀ ਹੌਲੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਜੁੜਨ ਲੱਗ ਗਏ ਸਨ। ਇਸ ਮਾਹੌਲ ਦੇ ਅਸਰ ਹੇਠ ਜਸਵੰਤ ਸਿੰਘ ਖਾਲੜਾ ਦੇ ਮਨ ਅੰਦਰ ਵੀ ਦੱਬੇ ਹੋਏ ਸਿੱਖ ਸੰਸਕਾਰਾਂ ਨੇ ਜ਼ੋਰਦਾਰ ਅੰਗੜਾਈ ਲਈ ਅਤੇ ਉਸ ਅੰਦਰ ਆਪਣੀ ਖ਼ਾਨਦਾਨੀ ਸਿੱਖ ਜੁਝਾਰੂ ਵਿਰਾਸਤ ਦਾ ਜਜ਼ਬਾ ਸੁਰਜੀਤ ਹੋ ਗਿਆ ਸੀ। ਜਿਉਂ ਜਿਉਂ ਸੰਤ ਜੀ ਵੱਲੋਂ ਆਰੰਭ ਕੀਤੇ ਗਏ ਧਰਮ ਯੁੱਧ ਮੋਰਚੇ ਦਾ ਮੈਦਾਨ ਮਘਦਾ ਚਲਾ ਗਿਆ, ਤਿਉਂ ਤਿਉਂ ਜਸਵੰਤ ਸਿੰਘ ਦਾ ਝੁਕਾਅ ਤੇ ਲਗਾਅ ਸਿੱਖ ਸੰਘਰਸ਼ ਵੱਲ ਹੁੰਦਾ ਗਿਆ ।

ਭਾਈ ਕੁਲਵੰਤ ਸਿੰਘ ਨਾਗੋਕੇ ਦੇ ਕਤਲ ਦੀ ਜਾਂਚ

1978-79 ਵਿਚ ਪੰਜਾਬ ਅੰਦਰ ਇਕ ਨਕਸਲੀ ਧਿਰ ਨੇ ਜਮਹੂਰੀ ਹੱਕਾਂ ਦੀ ਰਾਖੀ ਲਈ ‘ਜਮਹੂਰੀ ਅਧਿਕਾਰ ਸਭਾ’ (ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਾਈਟਸ) ਨਾਂ ਦੀ ਜਥੇਬੰਦੀ ਬਣਾਈ ਸੀ । ਜਸਵੰਤ ਸਿੰਘ ਖਾਲੜਾ ਲਗਭਗ ਦਸਾਂ ਸਾਲਾਂ ਤਕ ਇਸ ਜਥੇਬੰਦੀ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਇਕਾਈ ਨਾਲ ਰਲ ਕੇ ਮਨੁੱਖੀ ਹੱਕਾਂ ਦੀ ਰਾਖੀ ਲਈ ਕਾਰਜ ਕਰਦਾ ਰਿਹਾ ਸੀ। ਉਹ ਇਸ ਜਥੇਬੰਦੀ ਦਾ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਯਸ਼ਪਾਲ ਝਬਾਲ ਤੇ ਇੰਜੀਨੀਅਰ ਪਰਤਾਪ ਸਿੰਘ ਦਾ ਪ੍ਰਮੁੱਖ ਸਹਿਯੋਗੀ ਸੀ। ਜੂਨ 1982 ਵਿਚ ਅੰਮ੍ਰਿਤਸਰ ਦੀ ਪੁਲਸ ਨੇ ਭਾਈ ਕੁਲਵੰਤ ਸਿੰਘ ਨਾਗੋਕੇ ਨਾਂ ਦੇ ਇਕ ਬਾਣੇ ਵਾਲੇ ਸਿੰਘ ਨੂੰ ਕਿਸੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਫਿਰ ਉਸ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਸੀ, ਜਿਸ ਨਾਲ ਭਾਈ ਨਾਗੋਕੇ ਦੀ 11 ਜੂਨ 1982 ਨੂੰ ਅੰਮ੍ਰਿਤਸਰ ਵਿਖੇ ਪੁਲਸ ਦੀ ਹਿਰਾਸਤ ਵਿਚ ਹੀ ਮੌਤ ਹੋ ਗਈ ਸੀ । ਪੁਲਸ ਨੇ ਉਸ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਦੇ ਬਾਹਰ ਵੱਲਾ ਪਿੰਡ ਦੇ ਨੇੜੇ ਖੇਤਾਂ ਵਿਚ ਸੁੱਟ ਕੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਇਸ ਤਰ੍ਹਾਂ ਉਸ ਨੂੰ ਪੁਲਸ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਦਿਖਾਇਆ ਗਿਆ ਸੀ। ਪੰਜਾਬ ਵਿਚ ਸੱਤਰਵਿਆਂ ਦੇ ਮੁੱਢ ਵਿਚ ਨਕਸਲੀਆਂ ਨੂੰ ਝੂਠੇ ਪੁਲਸ ਮੁਕਾਬਲੇ ਦਿਖਾ ਕੇ ਕਤਲ ਕਰਨ ਤੋਂ ਬਾਅਦ ਇਹ ਇਸ ਕਿਸਮ ਦੀ ਪਹਿਲੀ ਵਾਰਦਾਤ ਹੋਈ ਸੀ ਜਿਸ ਨਾਲ ਸਿੱਖ ਪੰਥ ਅੰਦਰ ਪੁਲਸ ਦੇ ਇਸ ਵਹਿਸ਼ੀ ਕਾਰੇ ਦੇ ਵਿਰੁੱਧ ਤਿੱਖਾ ਰੋਹ ਫੈਲ ਗਿਆ ਸੀ। ਉਸ ਵੇਲੇ ਤਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰਾਜਸੀ ਦ੍ਰਿਸ਼ ਉੱਤੇ ਉਭਰ ਆਏ ਸਨ। ਉਨ੍ਹਾਂ ਨੇ ਇਸ ਘਟਨਾ ਨੂੰ ਆਮ ਆਦਮੀ ਜਾਂ ਆਮ ਸਿੱਖ ਦੇ ਨਜ਼ਰੀਏ ਤੋਂ ਦੇਖਣ ਦੀ ਥਾਂ, ਇਸ ਦੇ ਡੂੰਘੇ ਅਰਥਾਂ ਦੀ ਪਛਾਣ ਕਰ ਲਈ ਸੀ। ਉਨ੍ਹਾਂ ਨੇ ਇਸ ਨੂੰ ਭਾਰਤ ਅੰਦਰ ਸਿੱਖ ਕੌਮ ਦੀ ਗ਼ੁਲਾਮੀ ਦੀ ਨਿਸ਼ਾਨੀ ਵਜੋਂ ਦੇਖਿਆ ਸੀ ਅਤੇ ਫਿਰ ਇਸ ਗ਼ੁਲਾਮੀ ਦੇ ਵਿਰੁੱਧ ਸਿੱਖ ਕੌਮ ਅੰਦਰ ਪ੍ਰਚੰਡ ਜਜ਼ਬਾ ਭਰਨ ਲਈ ਪੂਰਾ ਤਾਣ ਲਾ ਦਿੱਤਾ ਸੀ। ਇਸ ਤਰੀਕੇ ਨਾਲ ਭਾਈ ਨਾਗੋਕੇ ਦਾ ਕਤਲ ਸਿੱਖ ਰਾਜਨੀਤੀ ਵਿਚ ਆਏ ਅਹਿਮ ਮੋੜ ਦਾ ਪ੍ਰਤੀਕ ਤੇ ਸਬੱਬ ਬਣ ਗਿਆ ਸੀ।

ਉਸ ਵੇਲੇ ਭਾਈ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਮਹੂਰੀ ਅਧਿਕਾਰ ਸਭਾ ਦੇ ਮੋਹਰੀ ਆਗੂਆਂ ਨਾਲ ਰਲ ਕੇ ਭਾਈ ਕੁਲਵੰਤ ਸਿੰਘ ਨਾਗੋਕੇ ਦੇ ਕਤਲ ਦੀ ਜਾਂਚ ਕਰ ਕੇ ਨਿੱਗਰ ਤੱਥਾਂ ਤੇ ਸਬੂਤਾਂ ‘ਤੇ ਆਧਾਰਿਤ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਪੁਲਸ ਦੇ ਝੂਠ ਦਾ ਪਰਦਾਫ਼ਾਸ਼ ਕੀਤਾ ਗਿਆ ਸੀ । ਕਿਸੇ ਮਨੁੱਖੀ ਅਧਿਕਾਰ ਜਥੇਬੰਦੀ ਜਾਂ ਕਾਰਕੁੰਨ ਵੱਲੋਂ ਸਿੱਖਾਂ ਉੱਤੇ ਪੁਲਸ ਜਬਰ ਦੀ ਵਾਰਦਾਤ ਦੀ ਨਿਰਪੱਖ ਤਰੀਕੇ ਨਾਲ ਜਾਂਚ ਕਰਨ ਦੀ ਇਹ ਪਹਿਲੀ ਘਟਨਾ ਸੀ। ਇਹ ਕੰਮ ਸਿਰਫ਼ ਭਾਈ ਖਾਲੜਾ ਦੀ ਹਿੰਮਤ ਤੇ ਪਹਿਲ-ਕਦਮੀ ਸਦਕਾ ਹੀ ਹੋ ਸਕਿਆ ਸੀ ਕਿਉਂਕਿ ਪੰਜਾਬ ਦੇ ਖੱਬੇ-ਪੱਖੀ ਹਲਕੇ ਸਿੱਖਾਂ ਦੇ ਸੰਘਰਸ਼ ਦੇ ਹੱਕ ਵਿਚ ਕਿਸੇ ਵੀ ਕਿਸਮ ਦੀ ਆਵਾਜ਼ ਉਠਾਉਣ ਤੋਂ ਕਰੜਾ ਪਰਹੇਜ਼ ਕਰ ਕੇ ਚੱਲਦੇ ਸਨ।

ਏਸੇ ਹੀ ਤਰ੍ਹਾਂ 1984 ਵਿਚ ਸੀ.ਆਰ.ਪੀ. ਨੇ ਅੰਮ੍ਰਿਤਸਰ ਵਿਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਇਕ ਕੰਡਕਟਰ ਨੂੰ, ਸਿੱਖ ਵਿਰੋਧੀ ਤਅੱਸਬਾਂ ਵਿੱਚੋਂ, ਕਿਸੇ ਮਾਮੂਲੀ ਜਿਹੀ ਗੱਲ ਤੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਭਾਈ ਜਸਵੰਤ ਸਿੰਘ ਖਾਲੜਾ ਦੀ ਪਹਿਲ-ਕਦਮੀ ਨਾਲ ਜਮਹੂਰੀ ਅਧਿਕਾਰ ਸਭਾ ਦੀ ਅੰਮ੍ਰਿਤਸਰ ਇਕਾਈ ਨੇ ਇਸ ਘਟਨਾ ਦੀ ਜਾਂਚ ਕਰ ਕੇ ਸੀ.ਆਰ.ਪੀ. ਨੂੰ ਦੋਸ਼ੀ ਗਰਦਾਨਿਆ ਸੀ । ਬਾਅਦ ਵਿਚ ਜਾ ਕੇ ਜਦੋਂ ਖੱਬੇ-ਪੱਖੀਆਂ ਨੇ ਸਿੱਖ ਸੰਘਰਸ਼ ਦੇ ਅੰਨ੍ਹੇ ਵਿਰੋਧ ‘ਚੋਂ ਜਾਬਰ ਹਕੂਮਤ ਦਾ ਨੰਗੇ ਰੂਪ ਵਿਚ ਪੱਖ ਪੂਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਭਾਈ ਜਸਵੰਤ ਸਿੰਘ ਨੇ ‘ਜਮਹੂਰੀ ਅਧਿਕਾਰ ਸਭਾ’ ਤੋਂ ਕਿਨਾਰਾ ਕਰ ਲਿਆ ਸੀ।

ਰਵਾਇਤੀ ਕਮਿਊਨਿਸਟ ਪਾਰਟੀਆਂ ਸੀ.ਪੀ.ਆਈ. ਤੇ ਸੀ.ਪੀ.ਐਮ. ਦਾ ਸਿੱਖ ਸੰਘਰਸ਼ ਪ੍ਰਤਿ ਦੁਸ਼ਮਣਾਨਾ ਰਵੱਈਆ ਤਾਂ ਨੰਗੀ ਹਕੀਕਤ ਸੀ । ਪਰ ਰਵਾਇਤੀ ਨਕਸਲੀ ਗੁੱਟਾਂ ਦਾ ਸਿੱਖ ਸੰਘਰਸ਼ ਪ੍ਰਤਿ ਰਵੱਈਆ ਵੀ ਇਸ ਨਾਲੋਂ ਬਹੁਤਾ ਵੱਖਰਾ ਨਹੀਂ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਉਨ੍ਹਾਂ ਦੀ ਆਮ ਰੂਪ ਵਿਚ ਹੀ ਧਰਮ ਬਾਰੇ ਨਾਕਾਰਾਤਮਿਕ ਸਮਝ ਸੀ। ਪਰ ਨਾਲ ਹੀ ਭਾਰਤੀ ਰਾਸ਼ਟਰਵਾਦ ਬਾਰੇ ਵੀ ਉਨ੍ਹਾਂ ਦੀ ਸਿਧਾਂਤਕ ਸਮਝ ਵਿਚ ਵੱਡਾ ਕੱਜ ਸੀ। ਉਹ ਭਾਰਤੀ ਰਾਸ਼ਟਰਵਾਦ ਦੇ ਹਿੰਦੂਵਾਦੀ ਤੱਤ ਦੀ ਪਛਾਣ ਕਰਨ ਤੋਂ ਇਨਕਾਰੀ ਜਾਂ ਅਸਮਰੱਥ ਸਨ। ਇਸ ਤੋਂ ਇਲਾਵਾ ਉਹ ਭਾਰਤ ਅੰਦਰ ਕੌਮੀਅਤਾਂ ਦੇ ਮਸਲੇ ਬਾਰੇ ਵੀ ਜਾਂ ਤਾਂ ਅਗਿਆਨੀ ਸਨ ਅਤੇ ਜਾਂ ਇਸ ਨੂੰ ਭਾਰਤੀ ਰਾਸ਼ਟਰਵਾਦ ਦੇ ਚਸ਼ਮਿਆਂ ਰਾਹੀਂ ਦੇਖਣ ਦੀ ਕੁਤਾਹੀ ਕਰਦੇ ਸਨ। 1983 ਵਿਚ ਇਕ ਨਕਸਲੀ ਧੜੇ (ਆਰ.ਸੀ.ਪੀ.ਆਈ.) ਨੇ ਜਲੰਧਰ ਦੇਸ਼ਭਗਤ ਹਾਲ ਵਿਚ ਪੰਜਾਬ ਤੇ ਸਿੱਖ ਸਮੱਸਿਆ ਬਾਰੇ ਸੈਮੀਨਾਰ ਕਰਾਇਆ ਸੀ ਜਿਸ ਵਿਚ ਦਿੱਲੀ ਤੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸ ਮਹਿਕਮੇ ਦੇ ਮੁਖੀ ਤੇ ਭਾਰਤ ਦੀ ਏਕਤਾ-ਤੇ-ਅਖੰਡਤਾ ਦੇ ਕੱਟੜ ਮੁੱਦਈ ਪ੍ਰੋ. ਬਿਪਨ ਚੰਦਰ ਮੁੱਖ ਬੁਲਾਰੇ ਸਨ । ਉਸ ਸੈਮੀਨਾਰ ਅੰਦਰ ਆਈ.ਡੀ.ਪੀ. ਦੀ ਪੰਜਾਬ ਇਕਾਈ ਦੇ ਪ੍ਰਧਾਨ ਮਾਸਟਰ ਖੇਤਾ ਸਿੰਘ ਨੇ ਰਾਮ ਪਿਆਰਾ ਸਰਾਫ਼ ਦਾ ਲਿਖਿਆ ਪਰਚਾ ਪੜ੍ਹਿਆ ਸੀ ਜਿਸ ਵਿਚ ਪੰਜਾਬ ਮਸਲੇ ਨੂੰ ਨਿਰੋਲ ਆਰਥਿਕ ਦ੍ਰਿਸ਼ਟੀ ਤੋਂ ਦੇਖਣ ਦੀ ਬਜਾਇ ਸਭਿਆਚਾਰਕ ਪੱਖ ਨੂੰ ਪ੍ਰਮੁੱਖਤਾ ਦੇਣ ਦੀ ਵਜ਼ਾਹਤ ਕੀਤੀ ਗਈ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਸਾਰਾ ਸੈਮੀਨਾਰ ਡੂੰਘੇ ਧਿਆਨ ਨਾਲ ਸੁਣਿਆ ਸੀ ਜਿਸ ਵਿੱਚੋਂ ਉਸ ਨੂੰ ਆਈ.ਡੀ.ਪੀ. ਦੀ ਸਮਝ ਜ਼ਿਆਦਾ ਠੀਕ ਲੱਗੀ ਸੀ। ਇਸ ਨਾਲ ਉਸ ਨੂੰ ਸਿੱਖ ਸੰਘਰਸ਼ ਦੇ ਪੱਖ ਵਿਚ ਯੋਗ ਸਿਧਾਂਤਕ ਦਲੀਲ ਮਿਲ ਗਈ ਸੀ। ਜੂਨ 1984 ਵਿਚ ਭਾਰਤੀ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤੇ ਕਹਿਰਵਾਨ ਹਮਲੇ ਤੋਂ ਬਾਅਦ ਜਸਵੰਤ ਸਿੰਘ ਨੇ ਪੂਰੀ ਤਨਦੇਹੀ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਸਰਕਾਰੀ ਜਬਰ ਦਾ ਵਿਰੋਧ

ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਤੋਂ ਤੁਰੰਤ ਬਾਅਦ ਭਾਰਤੀ ਫ਼ੌਜ ਨੇ ਖਾੜਕੂ ਸੰਘਰਸ਼ ਦਾ ਹਮਾਇਤੀ ਆਧਾਰ ਨਸ਼ਟ ਕਰਨ ਦੇ ਭੈੜੇ ਇਰਾਦੇ ਨਾਲ ‘ਓਪਰੇਸ਼ਨ ਵੁੱਡ ਰੋਜ਼’ ਦੇ ਅਲੰਕਾਰਕ ਨਾਂ ਹੇਠ ਸਾਰੇ ਪੰਜਾਬ, ਵਿਸ਼ੇਸ਼ ਕਰਕੇ ਮਾਝੇ ਦੇ ਖੇਤਰ (ਅੰਮ੍ਰਿਤਸਰ, ਗੁਰਦਾਸਪੁਰ) ਤੇ ਫ਼ਿਰੋਜ਼ਪੁਰ ਅੰਦਰ ਜਬਰ ਤੇ ਗ੍ਰਿਫ਼ਤਾਰੀਆਂ ਦੀ ਵਿਆਪਕ ਮੁਹਿੰਮ ਚਲਾਈ ਸੀ। ਜਦੋਂ ਪੰਜਾਬ ਤੋਂ ਬਾਹਰ ਅਖ਼ਬਾਰਾਂ ਵਿਚ ਇਸ ਬਾਰੇ ਖ਼ਬਰਾਂ ਛਪੀਆਂ ਤਾਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਜੂਝਣ ਵਾਲੇ ਕੁੱਝ ਨੇਕ ਪੁਰਸ਼ ਤੱਥ ਇਕੱਠੇ ਕਰਨ ਲਈ ਪੰਜਾਬ ਆਏ। ਉਨ੍ਹਾਂ ਵਿੱਚੋਂ ਕੁੱਝ ਵਿਅਕਤੀਆਂ (ਗੌਤਮ ਨਵਲੱਖਾ, ਮਾਨੁਸ਼ੀ ਪਰਚੇ ਦੀ ਸੰਪਾਦਿਕਾ ਮਧੂ ਕਿਸ਼ਵਰ ਤੇ ਕੁੱਝ ਹੋਰ) ਦਾ ਭਾਈ ਜਸਵੰਤ ਸਿੰਘ ਨਾਲ ਮੇਲ ਹੋ ਗਿਆ ਸੀ। ਜਸਵੰਤ ਸਿੰਘ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਉਨ੍ਹਾਂ ਨਾਲ ਬਹੁਤ ਸਾਰੇ ਥਾਵਾਂ ‘ਤੇ ਜਾ ਕੇ ਫ਼ੌਜ ਵੱਲੋਂ ਸਿੱਖਾਂ ਉੱਤੇ ਢਾਹੇ ਜਾ ਰਹੇ ਵਹਿਸ਼ੀ ਜ਼ੁਲਮਾਂ ਦੇ ਠੋਸ ਤੱਥ ਹਾਸਲ ਕਰਨ ਵਿਚ ਮੱਦਦ ਕੀਤੀ ਸੀ।

ਜਨਵਰੀ 1986 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਰਬੱਤ ਖ਼ਾਲਸਾ ਦੇ ਭਰਵੇਂ ਇਕੱਠ ਨੇ ਨਾ ਸਿਰਫ਼ ਦਿੱਲੀ ਦੇ ਹਾਕਮਾਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਸੀ, ਇਸ ਨਾਲ ਭਾਰਤੀ ਰਾਜ ਦੇ ਖ਼ੈਰ-ਖੁਆਹ ਬੁੱਧੀਜੀਵੀਆਂ, ਖ਼ਾਸ ਕਰਕੇ ਦਿੱਲੀ ਤੇ ਪੰਜਾਬ ਦੇ ਹਿੰਦੂ ਬੁੱਧੀਮਾਨਾਂ, ਪੱਤਰਕਾਰਾਂ ਤੇ ਸੰਪਾਦਕਾਂ ਨੂੰ ਵੀ ਹਉਲ ਪੈਣ ਲੱਗ ਪਏ ਸਨ । ਸਰਬੱਤ ਖ਼ਾਲਸਾ ਦੇ ਤੁਰੰਤ ਪਿੱਛੋਂ ਦਿੱਲੀ ਤੋਂ ਪੱਤਰਕਾਰਾਂ ਦੀਆਂ ਟੋਲੀਆਂ ਨੇ ਪੰਜਾਬ ਆ ਕੇ ਹਾਲਾਤ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਤਕ ਦਿੱਲੀ-ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿਚ ਜਸਵੰਤ ਸਿੰਘ ਦੀ, ਮਾਝਾ ਖੇਤਰ ਅੰਦਰ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਅਤੇ ਤੱਥਾਂ ਦੇ ਜਾਣਕਾਰ ਵਿਅਕਤੀ ਵਜੋਂ ਪਛਾਣ ਬਣ ਗਈ ਸੀ। ਜਿਸ ਕਰਕੇ ਜ਼ਿਆਦਾਤਰ ਪੱਤਰਕਾਰ ਹਕੀਕੀ ਜਾਣਕਾਰੀ ਹਾਸਲ ਕਰਨ ਲਈ ਉਸ ਤਕ ਪਹੁੰਚ ਕਰਦੇ ਸਨ। ਇਸੇ ਸਿਲਸਿਲੇ ਦੇ ਚੱਲਦਿਆਂ ਜਨਵਰੀ ਦੇ ਅਖ਼ੀਰ ਵਿਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨੇ ਸਿੱਖ ਜਗਤ ਦੇ ਸਿਆਸੀ ਰੌਂ ਦੀ ਟੋਹ ਲੈਣ ਲਈ ਜਸਵੰਤ ਸਿੰਘ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਨਾਲ ਲੈ ਕੇ ਦਿਨ ਭਰ ਸਰਹੱਦੀ ਖੇਤਰ ਦਾ ਦੌਰਾ ਕੀਤਾ । ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਖ਼ਾਲਿਸਤਾਨ ਬਾਰੇ ਸਿੱਖਾਂ ਦੇ ਵਿਚਾਰ ਜਾਨਣ ਵਿਚ ਵਿਸ਼ੇਸ਼ ਉਤਸੁਕਤਾ ਦਿਖਾਈ ਸੀ।

ਬ੍ਰਹਮਪੁਰਾ ਕਾਂਡ-1986

1986 ਵਿਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਨੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ ਦੇ ਬਾਨੀ ਮੁਖੀ ਭਾਈ ਅਵਤਾਰ ਸਿੰਘ ਬ੍ਰਹਮਾ ਨੂੰ ਫੜਨ ਲਈ ਸਰਹਾਲੀ ਖੇਤਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਰੱਖਿਆ ਸੀ । ਸੀ.ਆਰ.ਪੀ. ਦੀ ਇਕ ਪੂਰੀ ਪਲਟਨ ਪਿੰਡ ਬ੍ਰਹਮਪੁਰਾ ਵਿਚ ਪੱਕੇ ਤੌਰ ‘ਤੇ ਤੈਨਾਤ ਕੀਤੀ ਗਈ ਸੀ। ਭਾਈ ਬ੍ਰਹਮਾ ਨੂੰ ਸ਼ਰਨ ਦੇਣ ਦੇ ਦੋਸ਼ ਹੇਠ ਜਿਸ ਨੂੰ ਮਰਜ਼ੀ ਠਾਣੇ ਲਿਜਾ ਕੇ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ ਤੇ ਜ਼ਲੀਲ ਕੀਤਾ ਜਾਂਦਾ ਸੀ । ਭਾਈ ਬ੍ਰਹਮਾ ਦੇ ਪਰਿਵਾਰ, ਖ਼ਾਸ ਕਰਕੇ ਉਸ ਦੇ ਭਰਾਵਾਂ ਦਾ ਤਾਂ ਜਿਉਣਾ ਹੀ ਦੁੱਭਰ ਕਰ ਦਿੱਤਾ ਸੀ। ਉਨ੍ਹਾਂ ਨੂੰ ਵਾਰ ਵਾਰ ਪੁੱਛਿਆ ਜਾਂਦਾ ਸੀ ਕਿ ਅਵਤਾਰ ਸਿੰਘ ਕਿਥੇ ਹੈ ? ਇਸ ਸਥਿਤੀ ਤੋਂ ਅੱਕ ਕੇ ਭਾਈ ਬ੍ਰਹਮਾ ਨੇ ਇਕ ਦਿਨ ਆਪਣੇ ਕੁੱਝ ਖਾੜਕੂ ਸਾਥੀਆਂ ਨਾਲ ਰਲ ਕੇ ਰਾਤ ਨੂੰ ਪਿੰਡ ਦੇ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, “ਨਗਰ ਨਿਵਾਸੀਓ ਮੈਂ ਤੁਹਾਡਾ ਅਵਤਾਰ ਸਿੰਘ ਬੋਲ ਰਿਹਾ ਹਾਂ । ਮੈਨੂੰ ਪਤਾ ਹੈ ਕਿ ਮੇਰੀ ਵਜ੍ਹਾ ਕਰਕੇ ਸੀ.ਆਰ.ਪੀ. ਤੁਹਾਨੂੰ ਤੰਗ ਕਰਦੀ ਹੈ ਅਤੇ ਤੁਹਾਡੇ ਕੋਲੋਂ ਮੇਰੇ ਠਿਕਾਣਿਆਂ ਬਾਰੇ ਪੁੱਛਦੀ ਹੈ। ਮੈਂ ਸੀ.ਆਰ.ਪੀ. ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਤੁਹਾਡੇ ਵਿਚ ਹਿੰਮਤ ਹੈ ਤਾਂ ਆਓ ਅਵਤਾਰ ਸਿੰਘ ਬ੍ਰਹਮਾ ਨੂੰ ਫੜ ਲਓ। ਨਿਰਦੋਸ਼ੇ ਪਿੰਡ ਵਾਸੀਆਂ ਨੂੰ ਤੰਗ ਕਰਨ ਵਿਚ ਕੋਈ ਬਹਾਦਰੀ ਨਹੀਂ। ਆਓ ਅੱਜ ਬਹਾਦਰੀ ਦਾ ਨਿਤਾਰਾ ਕਰ ਲਈਏ। ਤੁਹਾਡੇ ਕੋਲ ਵੀ ਹਥਿਆਰ ਹਨ ਤੇ ਸਾਡੇ ਕੋਲ ਵੀ ਸ਼ਸਤਰ ਹਨ। ਆ ਜਾਓ ਅੱਜ ਅਸਲੀ ਮੁਕਾਬਲਾ ਹੋ ਜਾਵੇ ਅਤੇ ਸਵੇਰੇ ਤੁਸੀਂ ਸਾਡੇ ਸਿੰਘਾਂ ਵੱਲੋਂ ਲੰਮੇ ਪਾਏ ਆਪਣੇ ਬੰਦਿਆਂ ਦੀਆਂ ਲਾਸ਼ਾਂ ਗਿਣ ਲਿਓ। ਆਓ ਉਏ ਸੀ.ਆਰ.ਪੀ. ਵਾਲਿਓ ! ਤੁਹਾਨੂੰ ਦਿੱਲੀ ਦੀ ਤਾਕਤ ਤੇ ਉਸ ਦੀਆਂ ਫ਼ੌਜਾਂ ਦਾ ਗੁਮਾਨ ਹੈ ਅਤੇ ਸਾਨੂੰ ਸਾਡੇ ਗੁਰੂ ਉੱਤੇ ਮਾਣ ਹੈ। ਅਸੀਂ ਦਸਮ ਪਾਤਸ਼ਾਹ ਦੇ ਪੁੱਤਰ ਹਾਂ ਅਤੇ ‘ਕੱਲੇ ’ਕੱਲੇ ਸਵਾ ਲੱਖ ਨਾਲ ਟੱਕਰ ਸਕਦੇ ਹਾਂ।”

ਭਾਈ ਅਵਤਾਰ ਸਿੰਘ ਦੀ ਆਵਾਜ਼ ਸਾਰੇ ਪਿੰਡ ਨੇ ਸੁਣੀ । ਸੀ.ਆਰ.ਪੀ. ਦਾ ਕੈਂਪ ਵੀ ਪਿੰਡ ਵਿਚ ਹੀ ਸੀ । ਉਸ ਨੇ ਕਾਫ਼ੀ ਸਮੇਂ ਤਕ ਸੀ.ਆਰ.ਪੀ. ਦੇ ਜੁਆਬ ਦੀ ਉਡੀਕ ਕੀਤੀ। ਪਰ ਜਦੋਂ ਸੀ.ਆਰ.ਪੀ. ਵੱਲੋਂ ਕੋਈ ਜੁਆਬ ਨਾ ਆਇਆ ਤਾਂ ਉਹ ਇਕ ਵਾਰ ਫਿਰ ਲਾਊਡ ਸਪੀਕਰ ਤੋਂ ਉਸੇ ਗੜ੍ਹਕਦੀ ਆਵਾਜ਼ ਨਾਲ ਬੋਲਿਆ: “ਸੀ.ਆਰ.ਪੀ. ਵਾਲਿਓ ਆਪਣੇ ਕੁਆਟਰਾਂ ‘ਚੌਂ ਜ਼ਰਾ ਬਾਹਰ ਨਿਕਲੋ, ਗੁਰੂ ਦਾ ਇਕ ਸਿੰਘ ਤੁਹਾਨੂੰ ਉਡੀਕ ਰਿਹਾ ਹੈ। ਜਿਹੜਾ ਬ੍ਰਹਮਾ ਤੁਹਾਨੂੰ ਮੰਡ ਦੀ ਛਾਣਬੀਣ ਕਰਦਿਆਂ ਨਹੀਂ ਲੱਭਿਆ ਸੀ, ਉਹ ਬ੍ਰਹਮਾ ਹੁਣ ਤੁਹਾਡੀ ਉਡੀਕ ਕਰ ਰਿਹਾ ਹੈ। ਮੈਂ ਨਿਰਦੌਸ਼ਾਂ ਦਾ ਲਹੂ ਵਹਾਉਣ ਦੇ ਹੱਕ ਵਿਚ ਨਹੀਂ ਹਾਂ ਅਤੇ ਨਾ ਹੀ ਮੈਂ ਨਿਹੱਥਿਆਂ ਉੱਤੇ ਵਾਰ ਕਰਦਾ ਹਾਂ। ਮੈਂ ਹੁਣ ਇਥੇ ਤੁਹਾਨੂੰ ਮਿਲਣ ਲਈ ਖੜਾ ਹਾਂ । ਸੀ.ਆਰ.ਪੀ. ਵਾਲਿਓ ਤੁਸੀਂ ਮੈਨੂੰ ਜਦੋਂ ਚਾਹੋ ਤੇ ਜਿਵੇਂ ਮਰਜ਼ੀ ਮਿਲ ਸਕਦੇ ਹੋ। ਤੁਸੀਂ ਨਿਰਦੋਸ਼ਾਂ ਨੂੰ ਤੰਗ ਕਰਨਾ ਬੰਦ ਕਰੋ ਅਤੇ ਬ੍ਰਹਮੇ ਦੇ ਸਾਹਮਣੇ ਆ ਕੇ ਆਪਣੀ ਸੂਰਮਗਤੀ ਦਿਖਾਉਣ ਦੀ ਰੀਝ ਪੂਰੀ ਕਰ ਲਵੋ।” ਇਹ ਆਖਦਿਆਂ ਭਾਈ ਬ੍ਰਹਮਾ ਨੇ ਉੱਚੀ ਆਵਾਜ਼ ਨਾਲ ਫ਼ਤਹਿ ਗਜਾਈ। ਉਹ 25 ਮਿੰਟਾਂ ਤਕ ਲਾਊਡ ਸਪੀਕਰ ਤੋਂ ਬੋਲਦਾ ਰਿਹਾ ਅਤੇ ਫਿਰ ਇਕ ਘੰਟੇ ਤਕ ਸੀ.ਆਰ.ਪੀ. ਦਾ ਜੁਆਬ ਉਡੀਕਦਾ ਰਿਹਾ। ਪਰ ਜਦੋਂ ਕੋਈ ਜੁਆਬ ਨਾ ਮਿਲਿਆ ਤਾਂ ਉਸ ਨੇ ਤੇ ਉਸ ਦੇ ਸਾਥੀ ਸਿੰਘਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪਿੰਡ ਤੋਂ ਚਾਲੇ ਪਾ ਦਿੱਤੇ ਸਨ।

ਸੀ.ਆਰ.ਪੀ. ਵਾਲੇ ਏਨੇ ਦਹਿਲ ਗਏ ਸਨ ਕਿ ਉਹ ਕਈ ਘੰਟਿਆਂ ਤਕ ਅੰਦਰੇ ਹੀ ਦੜੇ ਰਹੇ। ਅਤੇ ਜਦੋਂ ਇਹ ਪੱਕਾ ਯਕੀਨ ਹੋ ਗਿਆ ਕਿ ਸਿੰਘ ਚਲੇ ਗਏ ਹਨ ਤਾਂ ਉਨ੍ਹਾਂ ਨੇ ਬੁਖ਼ਲਾਹਟ ਵਿਚ ਆ ਕੇ ਪਿੰਡ ਉੱਤੇ ਧਾਵਾ ਬੋਲ ਦਿੱਤਾ। ਭਾਈ ਅਵਤਾਰ ਸਿੰਘ ਬ੍ਰਹਮਾ ਦੀ ਦੀਦਾ-ਦਲੇਰੀ ਤੋਂ ਚਿੜ੍ਹੀ ਤੇ ਛਿੱਥੀ ਪਈ ਪੁਲਸ ਨੇ ਆਪਣਾ ਗੁੱਸਾ ਪਿੰਡ ਦੇ ਨਿਰਦੋਸ਼ ਤੇ ਨਿਹੱਥੇ ਲੋਕਾਂ ਉੱਤੇ ਕੱਢਿਆ। ਰਾਤ ਦੇ ਹਨੇਰੇ ਵਿਚ ਘਰਾਂ ਦੇ ਅੰਦਰ ਵੜ ਕੇ ਪਰਿਵਾਰਾਂ ਦੇ ਸਾਹਮਣੇ ਬਜ਼ੁਰਗਾਂ ਦੀ ਕੁੱਟ ਮਾਰ ਤੇ ਬੇਇਜ਼ਤੀ ਕੀਤੀ ਗਈ। ਸਿੱਖ ਬੀਬੀਆਂ ਦੀ ਪੱਤ ਰੋਲੀ ਗਈ। ਮਾਸੂਮ ਬੱਚਿਆਂ ਨੂੰ ਵੀ ਨਾ ਬਖ਼ਸ਼ਿਆ ਗਿਆ। ਬੂਟਾਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਘੋਰ ਬੇਅਦਬੀ ਕੀਤੀ। ਗ਼ੁੱਸੇ ਵਿਚ ਪਾਗਲ ਹੋਏ ਪੁਲਸੀਆਂ ਨੇ ਸਾਰੀ ਰਾਤ ਪਿੰਡ ਵਿਚ ਵਹਿਸ਼ਤ ਦਾ ਨੰਗਾ ਨਾਚ ਕੀਤਾ।

ਜਦੋਂ ਸਿੱਖ ਜਗਤ ਕੋਲ ਸੀ.ਆਰ.ਪੀ.ਐੱਫ਼. ਦੀ ਇਸ ਵਹਿਸ਼ੀਆਨਾ ਕਰਤੂਤ ਦੀ ਖ਼ਬਰ ਪਹੁੰਚੀ ਤਾਂ ਚਾਰੇ ਪਾਸੇ ਗ਼ੁੱਸੇ ਦੀ ਵਿਆਪਕ ਲਹਿਰ ਪੈਦਾ ਹੋ ਗਈ ਸੀ। ਅਗਲੇ ਦਿਨ ਲੋਕ ਆਪ-ਮੁਹਾਰੇ ਬ੍ਰਹਮਪੁਰਾ ਮਪੁਰਾ ਪਿੰਡ ਵਿਚ ਪੁੱਜਣੇ ਸ਼ੁਰੂ ਹੋ ਗਏ ਸਨ। ਰਵਾਇਤੀ ਅਕਾਲੀ ਆਗੂਆਂ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਤਕ, ਸਾਰਿਆਂ ਨੇ ਬ੍ਰਹਮਪੁਰਾ ਪਿੰਡ ਪਹੁੰਚ ਕੇ ਪੁਲਸ ਦੀ ਬੁਰਛਾਗਰਦੀ ਦੀ ਸਖ਼ਤ ਭਾਸ਼ਾ ਵਿਚ ਨਿੰਦਿਆ ਕੀਤੀ ਅਤੇ ਦੋਸ਼ੀ ਪੁਲਸੀਆਂ ਦੀ ਫ਼ੌਰੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਪਿੰਡ ਵਿਚ ਰੋਸ ਧਰਨਾ ਸ਼ੁਰੂ ਕਰ ਦਿੱਤਾ। ਭਾਈ ਜਸਵੰਤ ਸਿੰਘ ਖਾਲੜਾ ਵੀ ਆਪਣੇ ਦਰਜਨਾਂ ਸਾਥੀਆਂ ਸਮੇਤ ਰੋਸ ਧਰਨੇ ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਇਕ ਕਦਮ ਅੱਗੇ ਵੱਧਦੇ ਹੋਏ ਦੋਸ਼ੀ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠਣ ਦਾ ਐਲਾਨ ਕਰ ਦਿੱਤਾ ਸੀ । ਪਰ ਦੋਸ਼ੀ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਇ ਪੁਲਸ ਨੇ ਭੁੱਖ ਹੜਤਾਲ ‘ਤੇ ਬੈਠੇ ਭਾਈ ਜਸਵੰਤ ਸਿੰਘ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਤਰਨ ਤਾਰਨ ਦੇ ਥਾਣੇ ਵਿਚ ਲਿਜਾ ਕੇ ਚਾਰ ਦਿਨਾਂ ਤਕ ਜਿਸਮਾਨੀ ਤੇ ਮਾਨਸਿਕ ਤਸੀਹੇ ਦੇਣ ਤੋਂ ਬਾਅਦ ਝੂਠੇ ਦੋਸ਼ ਮੜ੍ਹ ਕੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ ਸੀ।

ਉਸ ਵਕਤ ਕੇ.ਪੀ.ਐੱਸ. ਗਿੱਲ ਪੰਜਾਬ ਵਿਚ ਸੀ.ਆਰ.ਪੀ. ਦਾ ਮੁਖੀ (ਆਈ.ਜੀ.) ਅਤੇ ਜੇ.ਐੱਫ਼. ਰਿਬੇਰੋ ਪੰਜਾਬ ਪੁਲਸ ਦਾ ਮੁਖੀ (ਡੀ.ਜੀ.ਪੀ.) ਸੀ । ਰਿਬੇਰੋ ਨੇ ਕੇਂਦਰ ਸਰਕਾਰ ਕੋਲ ਸੀ.ਆਰ.ਪੀ. ਦੇ ਬ੍ਰਹਮਪੁਰਾ ਕਾਂਡ ਲਈ ਦੋਸ਼ੀ ਕਰਮਚਾਰੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਸੀ ਪਰ ਕੇ.ਪੀ.ਐੱਸ. ਗਿੱਲ ਨੇ ਜ਼ਿੱਦ ਕਰ ਕੇ ‘ਆਪਣੇ ਜਵਾਨਾਂ’ ਨੂੰ ਕਾਨੂੰਨੀ ਕਾਰਵਾਈ ਤੋਂ ਸਾਫ਼ ਬਚਾਅ ਲਿਆ ਸੀ।

ਖਾਲੜੇ ਤੋਂ ਚੰਡੀਗੜ੍ਹ ਤਕ ਸਾਈਕਲ ਮਾਰਚ

1988 ਵਿਚ ਪੰਜਾਬ ਮਸਲੇ ਦੇ ਅਮਨ ਪੂਰਬਕ ਹੱਲ ਦੇ ਪੱਖ ਵਿਚ ਜਨਤਕ ਰਾਇ ਬਣਾਉਣ ਲਈ ਜਸਵੰਤ ਸਿੰਘ ਖਾਲੜਾ ਨੇ ਆਈ.ਡੀ.ਪੀ. ਦੇ ਵਰਕਰਾਂ ਦਾ ਇਕ ਵੱਡਾ ਕਾਫ਼ਲਾ ਬਣਾ ਕੇ ਖਾਲੜੇ ਤੋਂ ਲੈ ਕੇ ਚੰਡੀਗੜ੍ਹ ਤਕ ਸਾਈਕਲ ਮਾਰਚ ਕੀਤਾ ਸੀ । ਬੈਨਰਾਂ ਤੇ ਝੰਡਿਆਂ ਨਾਲ ਸਜਾਇਆ ਗਿਆ ਇਹ ਮਾਰਚ ਖਾਲੜਾ ਤੋਂ ਚੱਲ ਕੇ ਭਿੱਖੀਵਿੰਡ, ਪੱਟੀ ਤਰਨ ਤਾਰਨ, ਗੋਇੰਦਵਾਲ ਸਾਹਿਬ, ਕਪੂਰਥਲਾ, ਜਲੰਧਰ, ਨਵਾਂਸ਼ਹਿਰ ਤੇ ਰੋਪੜ ਹੁੰਦਾ ਹੋਇਆ ਚੰਡੀਗੜ੍ਹ ਜਾ ਕੇ ਸਮਾਪਤ ਹੋਇਆ ਸੀ । ਮਾਰਚ ਦਾ ਮੁੱਖ ਨਾਅਰਾ ਇਹ ਸੀ: “ਪੰਜਾਬ ਮਸਲੇ ਦਾ ਹੱਲ ਕਰੋ, ਖਾੜਕੂਆਂ ਨਾਲ ਗੱਲ ਕਰੋ।” ਇਸੇ ਤਹਿਤ ਭਾਈ ਜਸਵੰਤ ਸਿੰਘ ਦੀ ਅਗਵਾਈ ਹੇਠ ਪੰਜਾਂ ਵਰਕਰਾਂ ਦੇ ਜਥੇ ਨੇ ਪੱਟੀ ਵਿਖੇ 70 ਘੰਟੇ ਦੀ ਭੁੱਖ ਹੜਤਾਲ ਰੱਖੀ ਸੀ ਜਿਸ ਵਿਚ ਇਹ ਮੁੱਖ ਮੰਗ ਕੀਤੀ ਗਈ ਸੀ ਕਿ “ਝੂਠੇ ਮੁਕਾਬਲੇ ਬੰਦ ਕਰੋ, ਖਾੜਕੂਆਂ ਨਾਲ ਗੱਲ ਕਰੋ।”

ਉਸ ਵੇਲੇ ਆਈ.ਡੀ.ਪੀ. ਨੇ ਇਹ ਸਿਧਾਂਤਕ ਪੁਜ਼ੀਸ਼ਨ ਲਈ ਸੀ ਕਿ ਪੰਜਾਬ ਨੂੰ ਪੂਰਨ ਖ਼ੁਦਮੁਖ਼ਤਾਰੀ (autonomy) ਦਿੱਤੀ ਜਾਵੇ ਅਤੇ ‘ਯੂਰੋਪੀਅਨ ਯੂਨੀਅਨ’ ਦੀ ਤਰਜ਼ ‘ਤੇ ਭਾਰਤ, ਕਸ਼ਮੀਰ ਤੇ ਪਾਕਿਸਤਾਨ ਦੀ ਕਨਫ਼ੈਡਰੇਸ਼ਨ ਬਣਾਈ ਜਾਵੇ । ਜਨਵਰੀ 1989 ਵਿਚ ਆਈ.ਡੀ.ਪੀ. ਵੱਲੋਂ ਅੰਮ੍ਰਿਤਸਰ ਬੱਸ ਅੱਡੇ ਦੇ ਸਾਹਮਣੇ ਨਗਰ ਨਿਗਮ ਦੇ ਗੁਰੂ ਨਾਨਕ ਭਵਨ ਵਿਚ “ਭਾਰਤ, ਪਾਕਿ, ਕਸ਼ਮੀਰ ਕਨਫ਼ੈਡਰੇਸ਼ਨ” ਦੇ ਹੱਕ ਵਿਚ ਕਨਵੈਨਸ਼ਨ ਰੱਖੀ ਗਈ ਸੀ ਜਿਸ ਵਿਚ ਲਾਹੌਰ ਤੋਂ ਮਨੁੱਖੀ ਹੱਕਾਂ ਲਈ ਲੜਨ ਵਾਲੀ ਪ੍ਰਸਿੱਧ ਵਕੀਲ ਆਸਮਾਂ ਜਹਾਂਗੀਰ ਅਤੇ ਪਾਕਿਸਤਾਨ ਟਾਈਮਜ਼ ਦੇ ਸੰਪਾਦਕ ਏ.ਆਰ. ਰਹਿਮਾਨ ਨੂੰ ਉਚੇਚਾ ਬੁਲਾਇਆ ਗਿਆ ਸੀ । ਪਰ ਅਚਾਨਕ ਅੰਮ੍ਰਿਤਸਰ ਵਿਚ ਕਰਫ਼ਿਊ ਲੱਗ ਜਾਣ ਕਰਕੇ ਇਹ ਕਨਵੈਨਸ਼ਨ ਮੁਲਤਵੀ ਕਰਨੀ ਪੈ ਗਈ ਸੀ । ਜਸਵੰਤ ਸਿੰਘ ਵੱਲੋਂ ਕਨਵੈਨਸ਼ਨ ਲਈ ਜਮ੍ਹਾਂ ਕਰਾਈ ਗਈ ਫ਼ੀਸ ਦਾ ਵੇਰਵਾ ਅਜੇ ਵੀ ਨਗਰ ਨਿਗਮ ਦੇ ਰਜਿਸਟਰ ਵਿਚ ਦਰਜ ਹੈ।

ਸੀ.ਆਰ.ਪੀ. ਖ਼ਿਲਾਫ਼ ਮੋਰਚਾ

ਪੰਜਾਬ ਅੰਦਰ ਖਾੜਕੂ ਲਹਿਰ ਨੂੰ ਵਹਿਸ਼ੀ ਜਬਰ ਨਾਲ ਕੁਚਲਣ ਲਈ ਭਾਰਤੀ ਹਾਕਮਾਂ ਨੇ ਵੱਡੀ ਸੰਖਿਆ ਵਿਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ਼.) ਤੈਨਾਤ ਕਰ ਦਿੱਤੀ ਸੀ। ਜਿਥੇ ਵੀ ਕੋਈ ਥਾਂ ਖ਼ਾਲੀ ਦਿਸਦਾ ਸੀ – ਸਕੂਲਾਂ, ਕਾਲਜਾਂ, ਬੱਸ ਅੱਡਿਆਂ, ਕਚਹਿਰੀਆਂ, ਸਰਕਾਰੀ ਦਫ਼ਤਰਾਂ ਦੇ ਅਹਾਤਿਆਂ ਵਿਚ-ਉਥੇ ਸੀ.ਆਰ.ਪੀ. ਦੇ ਠਿਕਾਣੇ ਬਣਾਏ ਗਏ ਸਨ। ਪੱਟੀ ਨੇੜੇ ਘਰਿਆਲਾ ਪਿੰਡ ਦੇ ਸਰਕਾਰੀ ਗਰਲਜ਼ ਹਾਈ ਸਕੂਲ ਦੀਆਂ ਗਰਾਊਂਡਾਂ ਵਿਚ ਵੀ ਸੀ.ਆਰ.ਪੀ. ਦਾ ਕੈਂਪ ਬਣਾਇਆ ਗਿਆ ਸੀ। ਸੀ.ਆਰ.ਪੀ. ਦੇ ‘ਜਵਾਨ’ ਬਾਹਰ ਨਲਕੇ ‘ਤੇ ਨਹਾਉਂਦੇ ਸਨ ਅਤੇ ਨਹਾਉਣ ਤੋਂ ਬਾਅਦ ਅੱਧ-ਨੰਗੇ ਹੋ ਕੇ ਗਰਾਊਂਡ ਵਿਚ ਗੇੜੇ ਕੱਢਦੇ ਰਹਿੰਦੇ ਸਨ ਤੇ ਆਪਣੀ ਫ਼ਿਤਰਤ ਅਨੁਸਾਰ ਸਕੂਲ ਦੀਆਂ ਬੱਚੀਆਂ ਵੱਲ ਭੈੜੀਆਂ ਨਜ਼ਰਾਂ ਨਾਲ ਤੱਕਦੇ ਰਹਿੰਦੇ ਸਨ। ਕੁੜੀਆਂ ਇਸ ਅਸ਼ਲੀਲਤਾ ਤੋਂ ਤੰਗ ਆ ਗਈਆਂ ਸਨ ਅਤੇ ਉਨ੍ਹਾਂ ਹਉਕੇ ਲੈਂਦਿਆਂ ਆਪਣਾ ਦੁੱਖ ਮਾਪਿਆਂ ਅੱਗੇ ਰੋਇਆ। ਮਾਪਿਆਂ ਨੇ ਪੰਚਾਇਤ ਕੋਲ ਸ਼ਿਕਾਇਤ ਕੀਤੀ ਪਰ ਉਸ ਵੇਲੇ ਪੰਚਾਇਤਾਂ ਹਕੂਮਤੀ ਦਹਿਸ਼ਤ ਦੇ ਦਾਬੇ ਹੇਠ ਸਨ ਅਤੇ ਪੁਲਸ ਦੀ ਬੁਰਛਾਗਰਦੀ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਕਰਨ ਵਾਲੇ ਵਿਰਲੇ ਹੀ ਵਿਅਕਤੀ ਸਨ। ਚੱਲਦੀ ਚੱਲਦੀ ਇਹ ਗੱਲ ਭਾਈ ਜਸਵੰਤ ਸਿੰਘ ਕੋਲ ਵੀ ਪਹੁੰਚ ਗਈ ਸੀ। ਪਿੰਡ ਅੰਦਰ ਉਸ ਦੇ ਕੁੱਝ ਨਿਡਰ ਸਾਥੀ ਸਨ ਜਿਹੜੇ ਹਰ ਸਰਗਰਮੀ ਵਿਚ ਉਸ ਦਾ ਦ੍ਰਿੜ੍ਹਤਾ ਤੇ ਅਡੋਲਤਾ ਨਾਲ ਸਾਥ ਦਿੰਦੇ ਸਨ । ਆਪਣੇ ਸਾਥੀਆਂ ਨਾਲ ਰਾਇ ਮਸ਼ਵਰਾ ਕਰ ਕੇ ਜਸਵੰਤ ਸਿੰਘ ਨੇ ਸੀ.ਆਰ.ਪੀ. ਨੂੰ ਸਕੂਲ ਵਿੱਚੋਂ ਬਾਹਰ ਕੱਢਣ ਲਈ ਮੋਰਚਾ ਲਾਉਣ ਦਾ ਫ਼ੈਸਲਾ ਕਰ ਲਿਆ ਸੀ। ਇਹ 1989 ਦੀ ਗੱਲ ਹੈ ਜਦੋਂ ਮਾਝੇ ਅੰਦਰ ਖਾੜਕੂ ਲਹਿਰ ਦਾ ਪੂਰਾ ਦੱਬ-ਦਬਾ ਸੀ ਅਤੇ ਸਰਕਾਰੀ ਹਥਿਆਰਬੰਦ ਤਾਕਤਾਂ ਖਾੜਕੂਆਂ ਦਾ ਭੈਅ ਮੰਨਣ ਲੱਗ ਪਈਆਂ ਸਨ।

ਜਸਵੰਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਲੜਕੀਆਂ ਦੇ ਮਾਪਿਆਂ ਤੇ ਪਿੰਡ ਦੇ ਹੋਰਨਾਂ ਲੋਕਾਂ ਤਕ ਪਹੁੰਚ ਕੀਤੀ ਅਤੇ ਸਕੂਲ ‘ਚੋਂ ਸੀ.ਆਰ.ਪੀ. ਦਾ ਕੈਂਪ ਉਠਾਉਣ ਲਈ ਲੋਕ ਰਾਇ ਲਾਮਬੰਦ ਕੀਤੀ। ਮਸਲਾ ਭਖਾਉਣ ਲਈ ਲੜਾਈ ਦਾ ਦਾਅ-ਪੇਚ ਅਪਣਾਉਂਦਿਆਂ ਸਕੂਲ ਵਿਚ ਅਖੰਠ ਪਾਠ ਆਰੰਭ ਕਰ ਦਿੱਤਾ ਸੀ । ਮਸਲਾ ਵੱਧਦਾ ਦੇਖ ਕੇ ਸੀ.ਆਰ.ਪੀ. ਦੇ ਕਮਾਂਡਰ ਕੈਂਪ ਨੂੰ ਨਾਲ ਲੱਗਦੇ ‘ਮਾਤਾ ਦੇ ਮੰਦਰ’ ਵਿਚ ਲਿਜਾਣ ਲਈ ਰਜ਼ਾਮੰਦ ਹੋ ਗਏ । ਜਿਸ ਸਦਕਾ ਜਿੱਤ ਦੇ ਮਾਹੌਲ ਵਿਚ ਅਖੰਠ ਪਾਠ ਦੇ ਭੋਗ ‘ਤੇ ਲੋਕਾਂ ਦਾ ਪ੍ਰਭਾਵਸ਼ਾਲੀ ਇਕੱਠ ਹੋ ਗਿਆ ਸੀ। ਸੀ.ਆਰ.ਪੀ. ਦੇ ਸਿਪਾਹੀ ਭਾਈ ਜਸਵੰਤ ਸਿੰਘ ਉੱਤੇ ਦੰਦੀਆਂ ਕਰੀਚ ਰਹੇ ਸਨ। ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਜਸਵੰਤ ਸਿੰਘ ਦੇ ਵਿਰੁੱਧ ਕਰਨ ਲਈ ਇਹ ਗੱਲ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ‘ਕੁੜੀਆਂ ਘਰਿਆਲੇ ਪਿੰਡ ਦੀਆਂ ਹਨ ਤੇ ਬਿਗਾਨੇ ਪਿੰਡ ਦੇ ਇਸ ਬੰਦੇ ਦੀਆਂ ਇਹ ਕੀ ਲੱਗਦੀਆਂ ਹਨ।’ ਭੋਗ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਜਸਵੰਤ ਸਿੰਘ ਨੇ ਥੋੜ੍ਹਾ ਹਟਵਾਂ ਹੋ ਕੇ ਖੜੇ ਤੇ ਉਸ ਦੇ ਬੋਲਾਂ ਨੂੰ ਕੰਨ ਲਾ ਕੇ ਸੁਣ ਰਹੇ ਸੀ.ਆਰ.ਪੀ. ਦੇ ਕਾਰਿੰਦਿਆਂ ਨੂੰ ਮੁਖ਼ਾਤਬ ਹੁੰਦਿਆਂ ਗਰਜਵੀਂ ਆਵਾਜ਼ ਵਿਚ ਕਿਹਾ ਸੀ ਕਿ ‘ਤੁਸੀਂ ਪੁੱਛ ਰਹੇ ਹੋ ਕਿ ਇਹ ਕੁੜੀਆਂ ਮੇਰੀਆਂ ਕੀ ਲੱਗਦੀਆਂ ਹਨ। ਮੈਂ ਤੁਹਾਨੂੰ ਮੋੜਵਾਂ ਸੁਆਲ ਕਰਦਾ ਹਾਂ ਕਿ ਭਲਾ ਦਰੋਪਦੀ ਕ੍ਰਿਸ਼ਨ ਦੀ ਕੀ ਲੱਗਦੀ ਸੀ ? ਕ੍ਰਿਸ਼ਨ ਸਾਹਮਣੇ ਮਸਲਾ ਔਰਤ ਦੀ ਰੁਲ ਰਹੀ ਪਤ ਦੀ ਰੱਖਿਆ ਕਰਨ ਦਾ ਸੀ । ਇਥੇ ਇਨ੍ਹਾਂ ਕੁੜੀਆਂ ਨਾਲ ਵੀ ਮੇਰਾ ਇਹੀ ਰਿਸ਼ਤਾ ਹੈ।’ ਇਹ ਸੁਣ ਕੇ ਸੀ.ਆਰ.ਪੀ. ਦੇ ‘ਜਵਾਨਾਂ’ ਨੇ ਸ਼ਰਮਿੰਦੇ ਹੋ ਕੇ ਨੀਵੀਆਂ ਪਾ ਲਈਆਂ ਸਨ।

ਭਾਈ ਜਸਵੰਤ ਸਿੰਘ ਦੇ ਹੌਂਸਲੇ ਤੇ ਜੋਸ਼ੀਲੇ ਬੋਲਾਂ ਤੋਂ ਉਤਸ਼ਾਹਤ ਹੋ ਕੇ, ਭੋਗ ਪੈਣ ਤੋਂ ਬਾਅਦ ਜੈਕਾਰੇ ਗੁੰਜਾਉਂਦੀਆਂ ਬੱਚੀਆਂ ਨੇ ਸਕੂਲ ਵਿਚ ਬਣਾਏ ਸੀ.ਆਰ.ਪੀ. ਦੇ ਮੋਰਚਿਆਂ ਉੱਤੇ ਧਾਵਾ ਬੋਲ ਦਿੱਤਾ ਸੀ ਅਤੇ ਪਲਾਂ ਵਿਚ ਹੀ ਸਾਰੇ ਮੋਰਚੇ ਢਾਹ ਕੇ ਧਰਤੀ ਵਿਚ ਮਿਲਾ ਦਿੱਤੇ ਸਨ।

ਹਕੂਮਤੀ ਜਬਰ ਤੇ ਦਹਿਸ਼ਤ ਦੇ ਉਸ ਕਾਲੇ ਦੌਰ ਵਿਚ ਸਮੁੱਚੇ ਪੰਜਾਬ ਅੰਦਰ ਇਹ ਆਪਣੀ ਕਿਸਮ ਦੀ ਇੱਕੋ-ਇਕ ਘਟਨਾ ਸੀ ਜਦੋਂ ਸੀ.ਆਰ.ਪੀ. ਨੂੰ ਸ਼ਰ੍ਹੇਆਮ ਲੋਕਾਂ ਸਾਹਮਣੇ ਜ਼ਲੀਲ ਹੋ ਕੇ ਪਿੱਛੇ ਹਟਣਾ ਪਿਆ ਸੀ।

ਇਸੇ ਤਰ੍ਹਾਂ ਪੱਟੀ ਕਾਲਜ ਦਾ ਹੌਸਟਲ ਵੀ ਸੀ.ਆਰ.ਪੀ. ਨੇ ਮੱਲਿਆ ਹੋਇਆ ਸੀ। ਜਸਵੰਤ ਸਿੰਘ ਨੇ ਕਾਲਜ ਦੇ ਆਪਣੀ ਜਾਣ-ਪਛਾਣ ਵਾਲੇ ਵਿਦਿਆਰਥੀਆਂ ਨੂੰ ਇਹ ਮਸਲਾ ਪ੍ਰਿੰਸੀਪਲ ਕੋਲ ਉਠਾਉਣ ਦੀ ਸਲਾਹ ਦਿੱਤੀ ਸੀ । ਜਦੋਂ ਵਿਦਿਆਰਥੀਆਂ ਨੇ ਇਸ ਬਾਰੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਸ ਨੇ ਇਹ ਬਹਾਨਾ ਲਾਇਆ ਕਿ ਕਿਉਂਕਿ ਹੋਸਟਲ ਵਿਚ ਕੋਈ ਵਿਦਿਆਰਥੀ ਨਹੀਂ ਰਹਿੰਦਾ, ਜਿਸ ਕਰਕੇ ਸਾਡੇ ਕੋਲ ਸੀ.ਆਰ.ਪੀ. ਨੂੰ ਮਨ੍ਹਾਂ ਕਰਨ ਦੀ ਕੋਈ ਵਾਜਿਬ ਵਜ੍ਹਾ ਨਹੀਂ ਹੈ। ਜਸਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਪ੍ਰਿੰਸੀਪਲ ਨੂੰ ਹੋਸਟਲ ਵਿਚ ਰਹਿਣ ਲਈ ਦਰਖ਼ਾਸਤਾਂ ਦੇ ਦੇਣ। ਵਿਦਿਆਰਥੀਆਂ ਨੇ ਇਸ ਤਰ੍ਹਾਂ ਹੀ ਕੀਤਾ ਜਿਸ ਨਾਲ ਪ੍ਰਿੰਸੀਪਲ ਨੂੰ ਸੀ.ਆਰ.ਪੀ. ਕੋਲੋਂ ਹੋਸਟਲ ਖ਼ਾਲੀ ਕਰਾਉਣਾ ਪੈ ਗਿਆ ਸੀ।

ਉਪਰੋਕਤ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਜਸਵੰਤ ਸਿੰਘ ਭਾਰਤੀ ਰਾਜ ਨਾਲ ਸਿੱਖਾਂ ਦੀ ਦੁਸ਼ਮਣਾਨਾ ਵਿਰੋਧਤਾਈ ਬਾਰੇ ਕਿਸ ਹੱਦ ਤਕ ਚੇਤੰਨ ਤੇ ਸਪੱਸ਼ਟ ਸੀ, ਅਤੇ ਜ਼ਾਲਮ ਭਾਰਤੀ ਸਟੇਟ ਦੀਆਂ ਜ਼ਾਲਮ ਸੰਸਥਾਵਾਂ ਪ੍ਰਤਿ ਉਸ ਦੇ ਮਨ ਅੰਦਰ ਕਿੰਨੀ ਤਿੱਖੀ ਨਫ਼ਰਤ ਸੀ। ਕੌਮੀ ਸੰਘਰਸ਼ ਲੜਨ ਲਈ ਇਹ ਨਫ਼ਰਤ ਅਤਿ ਜ਼ਰੂਰੀ ਹੁੰਦੀ ਹੈ। ਭਾਈ ਜਸਵੰਤ ਸਿੰਘ ਨੇ ਆਪਣੇ ਸਿਧਾਂਤਕ ਲੇਖਾਂ ਵਿਚ ਸਿੱਖ ਕੌਮ ਦੀ ਭਾਰਤੀ ਕੌਮ ਨਾਲ ਵਿਰੋਧਤਾਈ ਦੇ ਖ਼ਾਸੇ ਨੂੰ ਸਮਝਣ ਅਤੇ ਇਸ ਬਾਰੇ ਰਤੀ ਭਰ ਵੀ ਅਵੇਸਲੇ ਨਾ ਹੋਣ ਉੱਤੇ ਵਾਰ ਵਾਰ ਜ਼ੋਰ ਦਿੱਤਾ ਹੈ।

ਦਰਬਾਰ ਸਾਹਿਬ ਦੀ ਘੇਰਾਬੰਦੀ ਦਾ ਵਿਰੋਧ

ਮਈ 1988 ਵਿਚ ਜਦੋਂ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਉੱਤੇ ਦੂਜੀ ਵਾਰ ਹਮਲਾ ਕੀਤਾ, ਜੀਹਨੂੰ ‘ਓਪਰੇਸ਼ਨ ਬਲੈਕ ਥੰਡਰ’ ਦਾ ਨਾਂ ਦਿੱਤਾ ਗਿਆ ਸੀ, ਤਾਂ ਭਾਈ ਜਸਵੰਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਇਸ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਸੀ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਸਾਡੇ ਪਵਿੱਤਰ ਧਰਮ ਸਥਾਨ ਉੱਤੇ ਗੋਲੀਬਾਰੀ ਕਰਨ ਦੀ ਦੁਬਾਰਾ ਹਿਮਾਕਤ ਨਾ ਕੀਤੀ ਜਾਵੇ। ਉਸ ਵੇਲੇ ਫਿਰ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੁਧਿਆਣੇ ਦੀ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ ।

ਉਸ ਵੇਲੇ ਪੰਜਾਬ ਅੰਦਰ ਪੁਲਸ ਨੇ ਚੱਪੇ ਚੱਪੇ ਉੱਤੇ ਤਸੀਹਾ ਕੇਂਦਰ, ਜਿਹਨਾਂ ਨੂੰ ‘ਬੁੱਚੜਖ਼ਾਨੇ’ ਕਹਿਣਾ ਵੱਧ ਯੋਗ ਹੋਵੇਗਾ, ਖੋਲ੍ਹ ਰੱਖੇ ਸਨ ਜਿਥੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤੌਰ ‘ਤੇ ਰੱਖ ਕੇ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਸਨ । ਭਾਈ ਜਸਵੰਤ ਸਿੰਘ ਨੇ ਜਸਟਿਸ ਅਜੀਤ ਸਿੰਘ ਬੈਂਸ ਨਾਲ ਰਲ ਕੇ 1989 ਵਿਚ, ਭਾਰਤ ਸਰਕਾਰ ਦੇ ਇਸ ਗ਼ੈਰ-ਕਾਨੂੰਨੀ, ਗ਼ੈਰ-ਜਮਹੂਰੀ ਤੇ ਅਣਮਨੁੱਖੀ ਕਰਮ ਵਿਰੁੱਧ ਅੰਮ੍ਰਿਤਸਰ ਸ਼ਹਿਰ ਵਿਚ ਪੁਰਅਮਨ ਰੋਸ ਮਾਰਚ ਕਰਨ ਦਾ ਯਤਨ ਕੀਤਾ, ਪਰ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਸੀ।

ਜੂਨ 1984 ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ, ਪਹਿਲਾਂ ਭਾਰਤੀ ਫ਼ੌਜ ਤੇ ਫਿਰ ਸੀ.ਆਰ.ਪੀ.ਐੱਫ਼. ਨੇ ਪੱਕੀ ਘੇਰਾਬੰਦੀ ਕਰ ਰੱਖੀ ਹੋਈ ਸੀ। ਦਰਬਾਰ ਸਾਹਿਬ ਦੇ ਦਰਸ਼ਨ- ਇਸ਼ਨਾਨ ਕਰਨ ਦੇ ਅਭਿਲਾਸ਼ੀ ਸ਼ਰਧਾਲੂਆਂ ਨੂੰ ਲਗਾਤਾਰ ਤੰਗ ਤੇ ਜ਼ਲੀਲ ਕੀਤਾ ਜਾਂਦਾ ਸੀ । ਖ਼ਾਸ ਕਰਕੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਸਿੱਖ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਸਖ਼ਤੀ ਨਾਲ ਮਨ੍ਹਾਂ ਕੀਤਾ ਜਾਂਦਾ ਸੀ, ਤਾਂ ਜੌ ਸਿੱਖ ਭਾਰਤੀ ਫ਼ੌਜ ਦੇ ਹਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਸ੍ਰੀ ਅਕਾਲ ਸਾਹਿਬ ਵਿਖੇ ਇਕੱਤਰ ਨਾ ਹੋ ਸਕਣ । ਭਾਈ ਜਸਵੰਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਸਿੱਖਾਂ ਨੂੰ ਪੁਰਅਮਨ ਤਰੀਕੇ ਨਾਲ ਰੋਸ ਗਟ ਕਰਨ ਤੋਂ ਰੋਕਣ ਦੇ ਇਸ ਗ਼ੈਰ-ਜਮਹੂਰੀ ਕਰਮ ਦਾ ਵਿਰੋਧ ਕੀਤਾ, ਜਿਸ ਬਦਲੇ ਉਸ ਨੂੰ ਦੋ ਵਾਰ – ਪਹਿਲਾਂ ਜੂਨ 1989 ਤੇ ਫਿਰ ਜੂਨ 1990 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 6 ਜੂਨ 1990 ਨੂੰ ਜਦ ਭਾਈ ਜਸਵੰਤ ਸਿੰਘ ਆਪਣੇ ਸਾਥੀਆਂ ਸਮੇਤ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਫ਼ੰਕਸ਼ਨ ਕਰਨ ਲਈ ਦਰਸ਼ਨੀ ਡਿਉਢੀ ਲਾਗੇ ਪਹੁੰਚੇ ਤਾਂ ਉਥੇ ਭਾਰੀ ਗਿਣਤੀ ਵਿਚ ਤਾਇਨਾਤ ਕੀਤੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ।

ਇਸ ਤਰੀਕੇ ਨਾਲ 1990 ਤਕ ਪੁਲਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਰਾਜਸੀ ਆਧਾਰ ‘ਤੇ ਤਕਰੀਬਨ ਦਸ ਵਾਰ ਗਿ੍ਫ਼ਤਾਰ ਕੀਤਾ। ਪੰਜ ਵਾਰੀ ਤਾਂ ਪੁਲਸ ਨੇ ਅਦਾਲਤੀ ਕਾਰਵਾਈ ਦੀ ਰਸਮ ਪੂਰੀ ਕਰਨ ਦੀ ਲੋੜ ਵੀ ਨਹੀਂ ਸਮਝੀ। ਪੰਜ ਮੌਕਿਆਂ ’ਤੇ ਉਸ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਪਰ ਪੁਲਸ ਕਿਸੇ ਵੀ ਵਾਰ ਉਸ ਉੱਤੇ ਲਾਏ ਦੋਸ਼ ਸਾਬਤ ਨਾ ਕਰ ਸਕੀ।

11 ਅਗਸਤ 1990 ਨੂੰ ਅਮਰੀਕਾ ਦਾ ਰਾਜਦੂਤ ਸਿੱਖ ਸਮੱਸਿਆ ਨੂੰ ਸਮਝਣ ਦੇ ਇਰਾਦੇ ਨਾਲ ਅੰਮ੍ਰਿਤਸਰ ਆਇਆ ਸੀ। ਪਰ ਉਸ ਦਿਨ ਭਾਈ ਜਸਵੰਤ ਸਿੰਘ ਨੂੰ ਉਸ ਦੇ 20 ਕੁ ਸਾਥੀਆਂ ਸਮੇਤ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਰਕਾਰ ਨੂੰ ਡਰ ਸੀ ਕਿ ਉਹ ਅਮਰੀਕੀ ਰਾਜਦੂਤ ਨੂੰ ਮਿਲ ਕੇ ਸਰਕਾਰੀ ਸੁਰੱਖਿਆ ਫ਼ੋਰਸਾਂ ਵੱਲੋਂ ਸਿੱਖਾਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਦਾਸਤਾਂ ਬਿਆਨ ਕਰਨਗੇ।

ਇਸੇ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਬੈਂਕ -ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ – ਦੀ 1988 ਵਿਚ ਹੋਈ ਪਹਿਲੀ ਚੋਣ ਵਿਚ ਡਾਇਰੈਕਟਰ ਚੁਣਿਆ ਗਿਆ ਸੀ । ਇਸ ਬੈਂਕ ਦੇ ਬਹੁਤ ਸਾਰੇ ਡਾਇਰੈਕਟਰਾਂ ਨੂੰ ਪੁਲਸ ਨੇ ਖਾੜਕੂ ਲਹਿਰ ਨਾਲ ਸੰਬੰਧਾਂ ਦੇ ਸ਼ੱਕ ਵਿਚ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਅਤੇ ਕਈਆਂ ਨੂੰ ਤਾਂ ਵਹਿਸ਼ੀ ਤਸੀਹੇ ਦੇਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ । ਮਾਝਾ ਖੇਤਰ ਦਾ ਇਕ ਪ੍ਰਸਿੱਧ ਖਾੜਕੂ ਭਾਈ ਸੀਤਲ ਸਿੰਘ ਇਸ ਬੈਂਕ ਦਾ ਵਾਈਸ ਚੇਅਰਮੈਨ ਸੀ ਜਿਸ ਨੂੰ ਬਾਅਦ ਵਿਚ ਪੁਲਸ ਨੇ ਕਈ ਘੰਟਿਆਂ ਤਕ ਚੱਲੇ ਇਕ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਸੀ।

ਇਸ ਸਮੇਂ ਦੌਰਾਨ ਭਾਈ ਜਸਵੰਤ ਸਿੰਘ ਨੇ ਸਰਕਾਰੀ ਜਬਰ ਦਾ ਵਿਰੋਧ ਕਰਨ ਲਈ ‘ਦਮਨ ਵਿਰੋਧੀ ਫ਼ਰੰਟ ਪੰਜਾਬ’ ਨਾਂ ਦਾ ਇਕ ਜਮਹੂਰੀ ਮੰਚ ਬਣਾਇਆ ਅਤੇ ਇਸ ਵੱਲੋਂ ਜਬਰ ਦੇ ਹਰ ਮਾਮਲੇ ਖ਼ਿਲਾਫ਼ ਬੇਖ਼ੌਫ਼ ਆਵਾਜ਼ ਬੁਲੰਦ ਕਰਨ ਤੇ ਅਮਲੀ ਰੂਪ ਵਿਚ ਜਥੇਬੰਦਕ ਸੰਘਰਸ਼ ਕਰਨ ਦਾ ਉੱਦਮ ਕੀਤਾ ਜਾਂਦਾ ਸੀ।

ਸਰਹੱਦੀ ਖੇਤਰ ਦੇ ਲੋਕਾਂ ਦੀ ਬਾਂਹ ਫੜੀ

ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਵੱਸਦੇ ਲੋਕਾਂ, ਖ਼ਾਸ ਕਰਕੇ ਕਿਸਾਨ ਭਾਈਚਾਰੇ ਨੂੰ ਲਗਾਤਾਰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨ ਸਰਹੱਦ ਨਾਲ ਲੱਗਦੇ ਖੇਤਾਂ ਵਿਚ ਨਾ ਡੰਗਰਾਂ ਲਈ ਚਾਰਾ ਬੀਜ ਸਕਦੇ ਹਨ, ਨਾ ਆਪਣੇ ਖੇਤਾਂ ਦੀ ਸਾਂਭ-ਸੰਭਾਲ ਕਰ ਸਕਦੇ ਹਨ। ਸਰਹੱਦ ਉੱਤੇ ਤੈਨਾਤ ਬੀ.ਐੱਸ.ਐੱਫ਼. ਵੱਲੋਂ ਕਿਸਾਨਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਦੀ ਵਾਰ ਵਾਰ ਚੈਕਿੰਗ ਕੀਤੀ ਜਾਂਦੀ ਹੈ, ਜਦੋਂ ਜੀ ਚਾਹੇ ਬੇਵਜ੍ਹਾ ਤਲਾਸ਼ੀਆਂ ਲਈਆਂ ਜਾਂਦੀਆਂ ਹਨ, ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ ਜਾਂਦਾ। ਜਦੋਂ ਸਰਹੱਦ ਉੱਤੇ ਸਿਆਸੀ ਵਜ੍ਹਾ ਕਰਕੇ ਤਨਾਅ ਪੈਦਾ ਹੋ ਜਾਂਦਾ ਹੈ ਤਾਂ ਸਰਹੱਦੀ ਖੇਤਰ ਦੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਜਾਂਦਾ ਹੈ।

1990 ਦੇ ਆਰੰਭ ਵਿਚ ਸਿੱਖ ਖਾੜਕੂ ਸੰਘਰਸ਼ ਦੇ ਮੱਦੇ ਨਜ਼ਰ ਭਾਰਤ ਸਰਕਾਰ ਨੇ ਮਾਝਾ ਖੇਤਰ ਅੰਦਰ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਕੰਡਿਆਲੀ ਤਾਰ ਲਾਉਣ ਦਾ ਪ੍ਰੋਜੈਕਟ ਆਰੰਭ ਕੀਤਾ ਸੀ, ਜੀਹਦੇ ਬਹਾਨੇ ਸਰਹੱਦ ਨੇੜੇ ਰਹਿੰਦੇ ਕਿਸਾਨਾਂ ਦਾ ਆਪਣੇ ਖੇਤਾਂ ਵਿਚ ਆਉਣ ਜਾਣ ਡੱਕ ਦਿੱਤਾ ਜਾਂ ਬੇਹੱਦ ਘਟਾ ਦਿੱਤਾ ਗਿਆ ਸੀ। ਭਾਰਤੀ ਹਾਕਮਾਂ ਨੇ ਸਿੱਖ ਸੰਘਰਸ਼ ਦੀ ਆੜ ਵਿਚ ਪਾਕਿਸਤਾਨ ਨਾਲ ਸਿਆਸੀ ਤੇ ਸੈਨਿਕ ਤਨਾਅ ਪੈਦਾ ਕਰ ਕੇ ਸਰਹੱਦੀ ਖੇਤਰ ਵਿਚ ਮਾਰਸ਼ਲ ਲਾਅ ਵਰਗੇ ਹਾਲਾਤ ਪੈਦਾ ਕਰ ਦਿੱਤੇ ਸਨ। ਉਸ ਹਾਲਤ ਵਿਚ ਭਾਈ ਜਸਵੰਤ ਸਿੰਘ ਖਾਲੜਾ ਸਰਹੱਦੀ ਖੇਤਰ ਦੇ ਲੋਕਾਂ ਦੇ ਦਿਲਾਂ ਦੀ ਆਵਾਜ਼ ਬਣ ਕੇ ਮੈਦਾਨ ਵਿਚ ਨਿਤਰਿਆ ਸੀ । ਉਸ ਦੀ ਪਹਿਲ-ਕਦਮੀ ਨਾਲ ਆਈ.ਡੀ.ਪੀ. ਨੇ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕਿਆਂ ਵਿਰੁੱਧ ਸੰਘਰਸ਼ ਕਰਨ ਦਾ ਬੀੜਾ ਚੁੱਕਿਆ ਸੀ । ਇਸ ਮੰਤਵ ਲਈ ਉਚੇਚੇ ਤੌਰ ‘ਤੇ ‘ਹਿੰਦ-ਪਾਕਿ ਬਾਰਡਰ ਕਮੇਟੀ’ ਬਣਾਈ ਗਈ ਸੀ ਜਿਸ ਵੱਲੋਂ ਜਸਵੰਤ ਸਿੰਘ ਦਾ ਲਿਖਿਆ ਇਕ ਹੱਥ-ਪਰਚਾ (leaflet) ਵੱਡੀ ਗਿਣਤੀ ਵਿਚ ਛਾਪਿਆ ਤੇ ਸਰਹੱਦੀ ਖੇਤਰ ਦੇ ਲੋਕਾਂ ਵਿਚ ਵਿਆਪਕ ਪੱਧਰ ‘ਤੇ ਵੰਡਿਆ ਗਿਆ ਸੀ। ਇਸ ਪਰਚੇ ਵਿਚ ਜਿਥੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਅੰਸ਼ਕ ਹੱਲ ਲਈ ਕੁੱਝ ਫ਼ੌਰੀ ਮੰਗਾਂ ਉਭਾਰੀਆਂ ਗਈਆਂ ਸਨ ਅਤੇ ਉਨ੍ਹਾਂ ਦੀ ਪੂਰਤੀ ਲਈ ਲੋਕਾਂ ਨੂੰ ਸੰਘਰਸ਼ ਕਰਨ ਲਈ ਪ੍ਰੇਰਿਆ ਗਿਆ ਸੀ, ਉਥੇ ਨਾਲ ਹੀ ਵਾਰ ਵਾਰ ਪੇਸ਼ ਆਉਂਦੀ ਇਸ ਸਮੱਸਿਆ ਦਾ ਇਤਿਹਾਸਕ ਪਿਛੋਕੜ ਤੇ ਮੂਲ ਕਾਰਨ ਦੱਸੇ ਗਏ ਸਨ। ਹੱਥ-ਪਰਚੇ ਵਿਚ ਲਿਖਿਆ ਸੀ :

“1947 ਵਿਚ ਅੰਗਰੇਜ਼ ਹੁਕਮਰਾਨਾਂ ਤੇ ਕਾਂਗਰਸ ਪਾਰਟੀ ਵੱਲੋਂ ਹਿੰਦੁਸਤਾਨ ਦੀ ਧਰਤੀ ਉਪਰ ਖਿੱਚੀ ਫ਼ਿਰਕੂ ਲਕੀਰ ਨੇ ਜਿਥੇ ਲੱਖਾਂ ਘਰ ਬਰਬਾਦ ਕੀਤੇ, ਪੀੜ੍ਹੀਆਂ ਤੋਂ ਇਕੱਠੇ ਰਹਿ ਰਹੇ ਲੋਕਾਂ ਨੂੰ ਇਕ ਦੂਜੇ ਦੇ ਗਲ ਲਾਹੁਣ ਲਈ ਉਕਸਾਇਆ, ਉਥੇ ਹਜ਼ਾਰਾਂ ਪਿੰਡਾਂ ਦੇ ਸਿਰਹਾਣੇ ਇਕ ਡਾਇਣ ਰੂਪੀ ਸਰਹੱਦ ਖੜੀ ਕਰ ਦਿੱਤੀ ਜਿਸ ਦਾ ਮਨੁੱਖਤਾ ਨੇ ਕਦੇ ਸੁਪਨਾ ਵੀ ਨਹੀਂ ਲਿਆ ਸੀ। ਇਸ ਹੱਦ ਨੇ ਦੋਹਾਂ ਪਾਸਿਆਂ ਦੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਕੇ ਰੱਖ ਦਿੱਤੀ। 1965 ਤੇ 1971 ਦੀਆਂ ਜੰਗਾਂ ਨੇ ਦੋਹਾਂ ਪਾਸਿਆਂ ਦੇ ਲੋਕਾਂ ਦੀ ਜੋ ਬਰਬਾਦੀ ਕੀਤੀ, ਉਹ ਅਜੇ ਤਕ ਭੁੱਲੀ ਨਹੀਂ ਸੀ ਕਿ 1984 ਤੋਂ ਇਹ ਸਰਹੱਦ ਫਿਰ ਸਾਡੀ ਕਿਸਮਤ ‘ਤੇ ਨਾਗਵਲ ਮਾਰੀ ਬੈਠੀ ਹੈ। ਸਰਹੱਦ ਉਪਰ ਸਰਕਾਰ ਪੰਜਾਂ ਸਾਲਾਂ ਤੋਂ ਕਰਫ਼ਿਊ ਲਾਈ ਬੈਠੀ ਹੈ। ਰਾਤ ਦਾ ਕਰਫ਼ਿਊ ਸਰਕਾਰ ਲਾ ਰਹੀ ਹੈ ਜਦੋਂ ਕਿ ਦਿਨ ਦਾ ਕਰਫ਼ਿਊ ਬੀ.ਐੱਸ.ਐੱਫ਼. ਨੇ ਲਾਇਆ ਹੋਇਆ ਹੈ। ਸਰਕਾਰ ਨੇ 500 ਮੀਟਰ ‘ਤੇ ਸਾਡਾ ਦਾਖ਼ਲਾ ਰੋਕਿਆ ਹੋਇਆ ਹੈ ਪਰ ਬੀ.ਐੱਸ.ਐੱਫ਼. ਨੇ 2 ਕਿਲੋਮੀਟਰ ‘ਤੇ ਸਾਨੂੰ ਰੋਕ ਰੱਖਿਆ ਹੈ। ਸਾਨੂੰ ਮਾਲ ਡੰਗਰ ਲਈ ਚਾਰਾ ਬੀਜਣ ਤੋਂ ਮਨਾਹੀ ਹੈ, ਸਵੇਰੇ ਤੇ ਸ਼ਾਮ ਨੂੰ ਕੰਮ ਕਰਨ ਤੋਂ ਮਨਾਹੀ ਹੈ। ਸਾਡੀਆਂ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕਰ ਕੇ ਤਾਰਾਂ ਲਾਈਆਂ ਗਈਆਂ ਹਨ। ਘੁਸਪੈਠੀਆਂ ਦੇ ਨਾਂ ‘ਤੇ ਅਨੇਕਾਂ ਬੰਦੇ ਕਤਲ ਕਰ ਕੇ ਐਸੀ ਦਹਿਸ਼ਤ ਸਾਡੇ ਖੇਤਾਂ ਵਿਚ ਪਾ ਦਿੱਤੀ ਹੈ ਕਿ ਸਾਨੂੰ ਇਨ੍ਹਾਂ ਲਾਸ਼ਾਂ ਦੀ ਕੜੀ ਵਿਚ ਆਪਣਾ ਵੀ ਨੰਬਰ ਆਉਣ ਤੋਂ ਡਰ ਆਉਂਦਾ ਹੈ। ਇਹ ਸਭ ਕੁੱਝ ਪੰਜਾਬ ਸਮੱਸਿਆ ਦੇ ਨਾਂ ‘ਤੇ ਕੀਤਾ ਜਾ ਰਿਹਾ ਹੈ। ਜਿਸ ਦਾ ਨੇੜ ਭਵਿੱਖ ਵਿਚ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਹ ਸਮੱਸਿਆ ਭਾਰਤੀ ਰਾਜ ਦੇ ਬੁਨਿਆਦੀ ਨੁਕਸਾਂ ‘ਚੋਂ ਪੈਦਾ ਹੋਈ ਹੈ ਅਤੇ ਭਾਰਤੀ ਰਾਜ ਅੰਦਰ ਘੱਟ-ਗਿਣਤੀ ਭਾਈਚਾਰਿਆਂ (ਸਿੱਖ-ਮੁਸਲਿਮ) ਨਾਲ ਵਧੀਕੀਆਂ ਦਾ ਸਿੱਟਾ ਹੈ। ਅੱਜ ਵੀ ਹਕੂਮਤ ਇਨ੍ਹਾਂ ਨੁਕਸਾਂ ਨੂੰ ਦੂਰ ਕਰਨ ਦੀ ਥਾਂ ਇਸ ਸਮੱਸਿਆ ਨੂੰ ‘ਅਮਨ ਕਾਨੂੰਨ ਦੀ ਸਮੱਸਿਆ’ ਜਾਂ ‘ਪਾਕਿਸਤਾਨੀ ਦਖ਼ਲ’ ਦੀ ਸਮੱਸਿਆ ਕਹਿ ਰਹੀ ਹੈ। ਜਿਸ ਕਾਰਨ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਡੇ ’ਤੇ ਧੱਕੇ ਹੋਰ ਹੋਣਗੇ। ਸੋ ਸਾਨੂੰ ਆਉਣ ਵਾਲੇ ਖ਼ਤਰੇ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਹੁਣ ਤਕ ਜੋ ਧੱਕਾ ਹੋਇਆ ਹੈ, ਉਸ ਬਾਰੇ ਆਪਣਾ ਹੱਕ ਲੈਣ ਲਈ ਮੈਦਾਨ ਵਿਚ ਨਿਤਰਨਾ ਚਾਹੀਦਾ ਹੈ।”

ਇਸ ਰੋਸ਼ਨੀ ਵਿਚ ਹੱਥ-ਪਰਚੇ ਵਿਚ ਜਿਥੇ ਕੁੱਝ ਠੋਸ ਮੰਗਾਂ ਪੇਸ਼ ਕੀਤੀਆਂ ਗਈਆਂ ਸਨ, ਉਥੇ ਨਾਲ ਹੀ ਲੋਕਾਂ ਨੂੰ ਇਸ ਗੱਲੋਂ ਵੀ ਸੁਚੇਤ ਕੀਤਾ ਗਿਆ ਸੀ ਕਿ :

(ਪਰ) ਇਨ੍ਹਾਂ ਮੰਗਾਂ ਵਿੱਚੋਂ ਇਹ ਵਿਚਾਰ ਨਹੀਂ ਬਣਾਉਣਾ ਚਾਹੀਦਾ ਕਿ ਅਸੀਂ (ਸਰਹੱਦ ‘ਤੇ ਲੱਗੀ) ਇਸ ਚੰਦਰੀ ਤਾਰ ਨੂੰ ਆਪਣੀ ਧਰਤੀ ਦੀ ਹਿੱਕ ‘ਤੇ ਸਦਾ ਲੱਗੀ ਰਹਿਣ ਦੇਣਾ ਚਾਹੁੰਦੇ ਹਾਂ ਅਤੇ ਆਪਣੀ ਮਾਂ ਧਰਤੀ ਉਪਰ ਕੋਈ ਸੁਰੱਖਿਆ ਪੱਟੀ ਜਾਂ ਮੋਰਚਾਬੰਦੀ ਨੂੰ ਸਦਾ ਲਈ ਮਾਨਤਾ ਦਿੰਦੇ ਹਾਂ । ਆਈ.ਡੀ.ਪੀ. ਸਮਝਦੀ ਹੈ ਕਿ ਪੰਜਾਬ ਤੇ ਕਸ਼ਮੀਰ ਸਮੱਸਿਆ ਸਰਹੱਦੋਂ ਪਾਰ ਦੀ ਸਮੱਸਿਆ ਨਹੀਂ, ਸਗੋਂ ਸਰਹੱਦੋਂ ਉਰਾਰ ਦੀ ਸਮੱਸਿਆ ਹੈ। ਸਿੱਖ ਤੇ ਮੁਸਲਿਮ ਘੱਟ-ਗਿਣਤੀ ਦੇ ਖਾੜਕੂਆਂ ਨਾਲ ਬੈਠ ਕੇ ਸੁਲਹ-ਸਫ਼ਾਈ ਨਾਲ ਇਸ ਦਾ ਹੱਲ ਕੀਤਾ ਜਾ ਸਕਦਾ ਹੈ। ਯੂਰਪ ਵਿਚ ਲੱਗੀ 40 ਸਾਲ ਪੁਰਾਣੀ ਕੰਡਿਆਲੀ ਤਾਰ ਕਰੋੜਾਂ ਰੁਪਏ ਖ਼ਰਚ ਕੇ ਸਰਕਾਰਾਂ ਅੱਜ ਪੁੱਟ ਰਹੀਆਂ ਹਨ ਪਰ ਭਾਰਤ ਸਰਕਾਰ ਕਰੋੜਾਂ ਰੁਪਏ ਖ਼ਰਚ ਕਰ ਕੇ ਉਹੋ ਜਿਹੀ ਤਾਰ ਲਗਾ ਰਹੀ ਹੈ। (ਭਾਰਤ ਸਰਕਾਰ ਨੂੰ ਚਾਹੀਦੈ ਕਿ) ਪਾਕਿਸਤਾਨ ਨਾਲ ਜੰਗ ਦੀ ਤਿਆਰੀ ਕਰਨ ਦੀ ਥਾਂ ਉਸ ਵੱਲ ਦੋਸਤੀ ਦਾ ਹੱਥ ਵਧਾਏ ਅਤੇ ਭਾਰਤ-ਪਾਕਿ ਮਹਾਂ- ਸੰਘ ਕਾਇਮ ਕਰ ਕੇ ਸਾਡਾ ਇਸ ਸਰਹੱਦ ਤੋਂ ਪੱਕਾ ਖਹਿੜਾ ਛੁਡਾਵੇ ।” ਸਰਹੱਦੀ ਖੇਤਰ ਦੇ ਲੋਕਾਂ ਦੀਆਂ ਫ਼ੌਰੀ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਉੱਤੇ ਦਬਾਅ ਪਾਉਣ ਲਈ ‘ਹਿੰਦ-ਪਾਕਿ ਬਾਰਡਰ ਕਮੇਟੀ’ ਵੱਲੋਂ ਠੋਸ ਕਦਮ ਪੁੱਟਦਿਆਂ, ਸੰਘਰਸ਼ ਦੇ ਪਹਿਲੇ ਪੜਾਅ ਵਜੋਂ 2 ਫ਼ਰਵਰੀ 1990 ਨੂੰ ਖਾਲੜਾ ਵਿਖੇ 50 ਘੰਟੇ ਦੀ ਸਮੂਹਿਕ ਭੁੱਖ ਹੜਤਾਲ ਰੱਖੀ ਗਈ ਸੀ।

1991 ਦੀਆਂ ਚੋਣਾਂ

1990 ਵਿਚ ਸ੍ਰੀ ਚੰਦਰ ਸ਼ੇਖ਼ਰ ਪ੍ਰਧਾਨ ਮੰਤਰੀ ਬਣੇ ਤਾਂ ਉਸ ਨੇ ਸਿੱਖ ਖਾੜਕੂਆਂ ਨਾਲ ਸੁਲਹ-ਸਫ਼ਾਈ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। ਉਹ ਖਾੜਕੂਆਂ ਨੂੰ ਚੋਣਾਂ ਦਾ ਚੋਗਾ ਸੁੱਟ ਕੇ, ਉਨ੍ਹਾਂ ਨੂੰ ਹਥਿਆਰਬੰਦ ਸੰਘਰਸ਼ ਦੇ ਰਾਹ ਤੋਂ ਮੋੜ ਕੇ ਭਾਰਤ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਦੀ ਯੁੱਧਨੀਤਕ ਸਮਝ ਰੱਖਦਾ ਸੀ। ਇਸੇ ਰਣਨੀਤੀ ‘ਤੇ ਚੱਲਦਿਆਂ ਉਸ ਨੇ, ਕੁੱਝ ਗਰਮ-ਖ਼ਿਆਲੀ ਸਮਝੇ ਜਾਂਦੇ ਸਿੱਖ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 22 ਜੂਨ 1991 ਨੂੰ ਕਰਾਉਣ ਦਾ ਐਲਾਨ ਕਰ ਦਿੱਤਾ ਸੀ, ਜਿਸ ਨਾਲ ਖਾੜਕੂ ਸਫ਼ਾਂ ਦੇ ਅੰਦਰ ਘੜਮੱਸ ਜਿਹਾ ਪੈਦਾ ਹੋ ਗਿਆ ਸੀ । ਖਾੜਕੂ ਲਹਿਰ ਦਾ ਇਕ ਵਰਗ ਚੋਣਾਂ ਜਿੱਤਣ ਦੀ ਪੱਕੀ ਉਮੀਦ ਲਾਈ ਬੈਠਾ ਸੀ ਅਤੇ ਉਨ੍ਹਾਂ ਅੰਦਰ ਰਾਜਸੀ ਸੱਤਾ ਹਾਸਲ ਕਰਨ ਦੀ ਲਾਲਸਾ ਖੁੱਲ੍ਹ ਕੇ ਸਾਹਮਣੇ ਆ ਗਈ ਸੀ । ਕੁੱਝ ਖਾੜਕੂ ਆਗੂ ਵੀ ਇਸ ਮਸਲੇ ‘ਤੇ ਅਸਪੱਸ਼ਟਤਾ ਤੇ ਡਾਵਾਂਡੋਲਤਾ ਦਿਖਾ ਰਹੇ ਸਨ। ਸੱਤਾ ਦੇ ਲੋਭੀ ਰਾਜਸੀ ਤੱਤਾਂ ਅੰਦਰ ਖਾੜਕੂਆਂ ਦੀ ਹਮਾਇਤ ਹਾਸਲ ਕਰਨ ਲਈ ਮੁਕਾਬਲਾ-ਦੌੜ ਸ਼ੁਰੂ ਹੋ ਗਈ ਸੀ । ਕਾਂਗਰਸ ਪਾਰਟੀ ਨੇ ਸਪੱਸ਼ਟ ਹਾਰ ਨੂੰ ਦੇਖਦੇ ਹੋਏ ਚੋਣਾਂ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕਰ ਲਿਆ ਸੀ । ਚੋਣਾਂ ਦਾ ਬਾਈਕਾਟ ਕਰਨ ਦਾ ਅਡੋਲ ਸਿਧਾਂਤਕ ਪੈਂਤੜਾ ਅਪਨਾਉਣ ਵਾਲੀ ਖਾੜਕੂ ਧਿਰ ਨੇ ਬਾਈਕਾਟ ਨੂੰ ਸਫਲ ਬਣਾਉਣ ਲਈ ਕੁੱਝ ਚੁਣਵੇਂ ਉਮੀਦਵਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਖਾੜਕੂ ਲਹਿਰ ਅੰਦਰ ਆਪਸੀ ਖ਼ਾਨਾਜੰਗੀ ਛਿੜ ਪੈਣ ਦਾ ਖ਼ਤਰਾ ਸਾਫ਼ ਦਿਖਣ ਲੱਗਾ ਸੀ।

ਪਰ ਹੋਇਆ ਇਹ ਕਿ ਚੋਣਾਂ ਦੀ ਤਰੀਕ ਤੋਂ ਦੋ ਕੁ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੇ ਚੰਦਰ ਸ਼ੇਖ਼ਰ ਦੀ ਸਰਕਾਰ ਨੂੰ ਨਾਟਕੀ ਢੰਗ ਨਾਲ ਡੇਗ ਦਿੱਤਾ ਸੀ ਅਤੇ ਕਾਂਗਰਸ ਪਾਰਟੀ ਦੇ ਪੀ.ਵੀ. ਨਰਸਿਮ੍ਹਾ ਰਾਓ ਨੇ ਪ੍ਰਧਾਨ ਮੰਤਰੀ ਦਾ ਆਸਣ ਗ੍ਰਹਿਣ ਕਰ ਲਿਆ ਸੀ। ਉਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ਼ ਲੈਂਦਿਆਂ ਹੀ ਪਹਿਲਾ ਫ਼ੈਸਲਾ ਇਹ ਕੀਤਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਸਨ। ਇਹ ਐਲਾਨ ਵੋਟਾਂ ਪੈਣ ਤੋਂ ਕੇਵਲ 30 ਘੰਟੇ ਪਹਿਲਾਂ ਕੀਤਾ ਗਿਆ ਸੀ। ਇੰਡੀਆ ਟੂਡੇ ਨਾਂ ਦੇ ਸਿੱਖ ਵਿਰੋਧੀ (ਪੰਦਰਵਾੜਾ) ਰਸਾਲੇ ਨੇ ਚੋਣਾਂ ਮੁਲਤਵੀ ਕਰਨ ਦੇ ਫ਼ੈਸਲੇ ਉੱਤੇ ਦੁੱਖ ਜ਼ਾਹਰ ਕਰਦਿਆਂ ਲਿਖਿਆ ਸੀ :

“ਚੰਦਰ ਸ਼ੇਖ਼ਰ ਦੇ ਚੋਣਾਂ ਕਰਾਉਣ ਦੇ ਫ਼ੈਸਲੇ ਨੇ ਸਿੱਖ ਖਾੜਕੂਆਂ ਅੰਦਰ ਖਿਲਾਰਾ ਪਾ ਦਿੱਤਾ ਸੀ। ਚੋਣਾਂ ਮੁਲਤਵੀ ਕਰਨ (ਦਾ ਇਹ ਨੁਕਸਾਨ ਹੋਇਆ ਹੈ ਕਿ ਇਸ) ਨਾਲ ਖਾੜਕੂਆਂ ਨੂੰ ਆਪਸੀ ਮੱਤਭੇਦ ਦੂਰ ਕਰਨ ਦਾ ਸਮਾਂ ਮਿਲ ਗਿਆ ਹੈ।”

ਉਸ ਵੇਲੇ ਜਸਵੰਤ ਸਿੰਘ ਖਾਲੜਾ ਆਈ.ਡੀ.ਪੀ. ਨਾਲ ਰਲ ਕੇ ਹੀ ਕੰਮ ਕਰਦਾ ਸੀ। ਆਈ.ਡੀ.ਪੀ. ਦਾ ਉਨ੍ਹਾਂ ਚੋਣਾਂ ਬਾਰੇ ਪੈਂਤੜਾ ਇਹ ਸੀ ਕਿ ਇਹ ਚੋਣਾਂ ਪੰਜਾਬ ਮਸਲੇ ’ਤੇ ਰਾਇ ਸ਼ੁਮਾਰੀ ਦੇ ਤੁਲ ਹੀ ਹੋਣਗੀਆਂ ਜਿਸ ਵਿਚ ਇਕ ਪਾਸੇ ਭਾਰਤੀ ਰਾਜ ਦੀ ਪਿੱਠ ਪੂਰ ਰਹੀਆਂ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਦੋਨੋਂ ਕਮਿਊਨਿਸਟ ਪਾਰਟੀਆਂ ਅਤੇ ਦੂਜੇ ਬੰਨੇ ਸਿੱਖ ਜਥੇਬੰਦੀਆਂ ਹੋਣਗੀਆਂ। ਆਈ.ਡੀ.ਪੀ. ਨੇ ਇਨ੍ਹਾਂ ਦੋ ਵਿਰੋਧੀ ਤਾਕਤਾਂ ਦੀ ਆਹਮੋ-ਸਾਹਮਣੇ ਦੀ ਲੜਾਈ ਦੌਰਾਨ ਸਿੱਖ ਜਥੇਬੰਦੀਆਂ ਦੀ ਹਮਾਇਤ ਕਰਨ ਦਾ ਫ਼ੈਸਲਾ ਲਿਆ ਸੀ। ਪਰ ਜਦੋਂ ਇਸ ਨੇ ਅਮਲ ਦੇ ਮੈਦਾਨ ਅੰਦਰ ਸਿੱਖ ਜਥੇਬੰਦੀਆਂ ਵਿਚਕਾਰ ਆਪਸੀ ਖਿੱਚੋਤਾਣ ਹੁੰਦੀ ਦੇਖੀ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂਆਂ ਅੰਦਰ ਮੁੱਖ ਮੰਤਰੀ ਬਣਨ ਦੀ ਦੌੜ ਲੱਗੀ ਦੇਖੀ, ਤਾਂ ਆਈ.ਡੀ.ਪੀ. ਨੂੰ ਭਾਰੀ ਮਾਯੂਸੀ ਹੋਈ। ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਇਕ ਧੜੇ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਮੁੱਖ ਮੰਤਰੀ ਪਦ ਦਾ ਦਾਅਵਾ ਜਤਾਉਂਦਿਆਂ ਆਪਣੇ 65 ਤੋਂ ਵੱਧ ਉਮੀਦਵਾਰ ਖੜੇ ਕਰਨ ਦਾ ਇਕ-ਤਰਫ਼ਾ ਐਲਾਨ ਕਰ ਦਿੱਤਾ ਸੀ। (ਉਸ ਵਕਤ ਇਹ ਗੱਲ ਗੁੱਝੀ ਨਹੀਂ ਰਹੀ ਸੀ ਕਿ ਭਾਈ ਮਨਜੀਤ ਸਿੰਘ ਨੂੰ ਪੰਥਕ ਕਮੇਟੀ ਮੈਂਬਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਹਮਾਇਤ ਹਾਸਲ ਸੀ) ਅਪਰੈਲ ਦੇ ਆਖ਼ਰੀ ਹਫ਼ਤੇ ਭਾਈ ਜਸਵੰਤ ਸਿੰਘ ਖਾਲੜਾ ਨੇ ਅੰਮਿ੍ਤਸਰ ਜ਼ਿਲ੍ਹੇ ਅੰਦਰ ਇਕ ਜਗ੍ਹਾ ‘ਤੇ ਆਈ.ਡੀ.ਪੀ. ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਪੱਸ਼ਟ ਕਹਿ ਦਿੱਤਾ ਸੀ ਕਿ ਜਿਹੜੇ ਸਿੱਖ ਆਗੂਆਂ ਦੀ ਕਹਿਣੀ ਤੇ ਕਰਨੀ ਵਿਚਕਾਰ ਜ਼ਮੀਨ ਅਸਮਾਨ ਦਾ ਫ਼ਰਕ ਹੈ, ਆਈ.ਡੀ.ਪੀ. ਉਨ੍ਹਾਂ ਲੋਕਾਂ ਦੀ ਕਦਾਚਿੱਤ ਮੱਦਦ ਨਹੀਂ ਕਰ ਸਕਦੀ।

ਭਾਈ ਜਸਵੰਤ ਸਿੰਘ ਖਾਲੜਾ ਨੇ ਸ. ਸਿਮਰਨਜੀਤ ਸਿੰਘ ਮਾਨ ਨੂੰ ਇਹ ਸਪੱਸ਼ਟ ਕਰਨ ਦੀ ਉਚੇਚੀ ਅਪੀਲ ਕੀਤੀ ਸੀ ਕਿ ਕੀ ਉਹ ਭਾਰਤੀ ਸੰਵਿਧਾਨ ਪ੍ਰਤਿ ਵਫ਼ਾਦਾਰੀ ਦੀ ਸਹੁੰ ਖਾ ਕੇ ਚੋਣ ਲੜਨ ਤੋਂ ਬਾਅਦ ਅਸੈਂਬਲੀ ਵਿਚ ਵੀ ਭਾਰਤੀ ਸੰਵਿਧਾਨ ਦੇ ਅਨੁਸਾਰੀ ਹੋ ਕੇ ਹੀ ਚੱਲਣਗੇ ? ਜੇਕਰ ਉਨ੍ਹਾਂ ਦੇ ਭਾਰਤੀ ਸੰਵਿਧਾਨ ਨਾਲ ਵਖਰੇਵੇਂ ਹਨ ਤਾਂ ਉਹ ਆਪਣੇ ਚੋਣ ਮੈਨੀਫ਼ੈਸਟੋ ਵਿਚ ਇਹ ਸਪੱਸ਼ਟ ਕਰਨ ਕਿ ਉਹ ਕਿਹੋ ਜਿਹਾ ਸੰਵਿਧਾਨ ਪਸੰਦ ਕਰਨਗੇ ?

ਇਸ ਦੇ ਨਾਲ ਹੀ ਭਾਈ ਜਸਵੰਤ ਸਿੰਘ ਨੇ ਖਾੜਕੂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਸੀ ਕਿ ਚੋਣ ਪ੍ਰਕਿਰਿਆ ਵਿਚ ਉਹ ਖ਼ੁਦ ਦਖ਼ਲ ਦੇਣ ਅਤੇ ਜੋ ਵੀ ਸਿਆਸੀ ਨਿਸ਼ਾਨਾ ਮਿਥਣ, ਉਸ ਨੂੰ ਸਪੱਸ਼ਟ ਰੂਪ ‘ਚ ਲੋਕਾਂ ਵਿਚ ਲੈ ਕੇ ਆਉਣ । ਭਾਈ ਖਾਲੜਾ ਨੇ ਖਾੜਕੂ ਜਥੇਬੰਦੀਆਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਸੀ ਕਿ ਜਿਹੜੇ ਲੋਕ ਉਨ੍ਹਾਂ ਦੇ ਨਾਂ ‘ਤੇ ਚੋਣਾਂ ਲੜਨ ਦੇ ਦਾਅਵੇ ਕਰ ਰਹੇ ਹਨ, ਉਨ੍ਹਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀ ਜਾਵੇ ਤਾਂ ਜੋ ਖਾੜਕੂ ਜਥੇਬੰਦੀਆਂ ਦਾ ਲੋਕਾਂ ਅੰਦਰ ਅਕਸ ਖ਼ਰਾਬ ਨਾ ਹੋਵੇ। ਭਾਈ ਖਾਲੜਾ ਦੀ ਇਸ ਬੇਬਾਕ ਪੁਜ਼ੀਸ਼ਨ ਨਾਲ, ਸੱਤਾ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੇ ਅਤੇ ਖਾੜਕੂ ਧਿਰਾਂ ਦੇ ਨੁਮਾਇੰਦੇ ਬਣ ਕੇ ਪੇਸ਼ ਹੋ ਰਹੇ ਕੁੱਝ ਉਮੀਦਵਾਰਾਂ ਨੂੰ ਡਾਢੀ ਤਕਲੀਫ਼ ਹੋਈ ਸੀ!

ਉਸ ਮੌਕੇ ਜੇਲ੍ਹਾਂ ਵਿੱਚੋਂ ਬਾਹਰ ਆਏ ਕੁੱਝ ਵਿਅਕਤੀ ਲੋਕਾਂ ਮੂਹਰੇ ਆਪਣੀ ਕੁਰਬਾਨੀ ਦਾ ਵਾਸਤਾ ਪਾ ਕੇ ਵੋਟਾਂ ਮੰਗ ਰਹੇ ਸਨ । ਭਾਈ ਜਸਵੰਤ ਸਿੰਘ ਖਾਲੜਾ ਨੂੰ ਇਹ ਗੱਲ ਬਹੁਤ ਚੁੱਭੀ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਸਿੱਧਾ ਸਵਾਲ ਕੀਤਾ ਸੀ, ਕਿ ਕੀ ਉਹ ਵੋਟਰਾਂ ਤੋਂ ਆਪਣੀ ਉਸ ਕੁਰਬਾਨੀ ਦੀ ਕੀਮਤ ਵਸੂਲਣ ਆ ਰਹੇ ਹਨ ? ਗ਼ੈਰ ਸੰਜੀਦਾ ਸਿਆਸਤਦਾਨਾਂ ਨੂੰ ਤਾੜਨਾ ਕਰਦਿਆਂ ਭਾਈ ਖਾਲੜਾ ਨੇ ਕਿਹਾ ਸੀ ਕਿ ਉਹ ਕੰਧ ਉੱਤੇ ਲਿਖਿਆ ਪੜ੍ਹ ਲੈਣ, ਜਿਸ ਮੁਤਾਬਿਕ ਪੰਜਾਬ ਅਤੇ ਸਿੱਖ ਭਾਈਚਾਰੇ ਉਪਰ ਜੂਨ ਮਹੀਨੇ ਵਿਚ ਭਾਰਤੀ ਹਾਕਮਾਂ ਵੱਲੋਂ ਹੋਰ ਵੱਡਾ ਕਹਿਰ ਢਾਹੁਣ ਦੀਆਂ ਤਿਆਰੀਆਂ ਸਪੱਸ਼ਟ ਨਜ਼ਰ ਆ ਰਹੀਆਂ ਸਨ । ਭਾਈ ਖਾਲੜਾ ਨੇ ਦੁਖੀ ਮਨ ਨਾਲ ਕਿਹਾ ਸੀ ਕਿ ਲੋਕਾਂ ਦਾ ਵੱਡਾ ਘਾਣ ਹੋਣ ਵਾਲਾ ਹੈ ਤੇ ਲੋਭੀ ਲੀਡਰਾਂ ਨੂੰ ਆਪਣੀਆਂ ਗੱਦੀਆਂ ਦੀ ਪਈ ਹੋਈ ਹੈ। ਉਸ ਨੇ ਬੇਬਾਕ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ (ਆਈ.ਡੀ.ਪੀ.) ਚੋਣਾਂ ਜਿੱਤਣ ਦੀ ਝਾਕ ਛੱਡ ਕੇ ਪੰਜਾਬ ਦੀ ਰਾਜਨੀਤੀ ਅੰਦਰ ਆ ਰਹੇ ਨਵੇਂ ਮੋੜਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ, ਚੋਣਾਂ ਦੌਰਾਨ ਲੋਕਾਂ ਨੂੰ ਭਵਿੱਖ ਵਿਚ ਆਉਣ ਵਾਲੀਆਂ ਮੁਸੀਬਤਾਂ ਬਾਰੇ ਖ਼ਬਰਦਾਰ ਕਰਨ ਲਈ ਵਿਆਪਕ ਪ੍ਰਚਾਰ ਮੁਹਿੰਮ ਚਲਾਏਗੀ ।

ਜ਼ਿੰਦਗੀ ਨੇ ਤਿੱਖਾ ਮੋੜ ਕੱਟਿਆ

ਉਪਰੋਕਤ ਬਿਆਨ ਅੰਦਰ ਭਾਈ ਖਾਲੜਾ ਨੇ ‘ਪੰਜਾਬ ਦੀ ਰਾਜਨੀਤੀ ਅੰਦਰ ਆ ਰਹੇ ਨਵੇਂ ਮੋੜ” ਦਾ ਜ਼ਿਕਰ ਬੇਵਜ੍ਹਾ ਨਹੀਂ ਕੀਤਾ ਸੀ । ਉਹ ਕੌਮਾਂਤਰੀ ਖੇਤਰ ਤੋਂ ਲੈ ਕੇ ਇੰਡੀਆ ਤੇ ਪੰਜਾਬ ਅੰਦਰ ਵਾਪਰ ਰਹੀਆਂ ਰਾਜਸੀ ਘਟਨਾਵਾਂ ਦੇ ਰੁਖ਼ ਤੇ ਵਹਿਣ ਉੱਤੇ ਤਿੱਖੀ ਨਜ਼ਰ ਰੱਖ ਕੇ ਚੱਲ ਰਿਹਾ ਸੀ। ਉਹ ਜਾਣਦਾ ਸੀ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਦਿੱਲੀ ਦੇ ਤਖ਼ਤ ਦੀ ਮਾਲਕੀ ਨੂੰ ਲੈ ਕੇ ਭਾਰਤ ਦੇ ਹੁਕਮਰਾਨ ਰਾਜਸੀ ਵਰਗ ਅੰਦਰ ਜੋ ਕਾਟੋ- ਕਲੇਸ਼ ਚੱਲ ਰਿਹਾ ਸੀ ਅਤੇ ਉਸ ਨਾਲ ਜਿਸ ਕਿਸਮ ਦੀ ਰਾਜਨੀਤਕ ਗ਼ੈਰ-ਯਕੀਨੀ ਤੇ ਅਸਥਿਰਤਾ ਪੈਦਾ ਹੋ ਗਈ ਸੀ, ਭਾਰਤੀ ਹਕੂਮਤ ਦੀਆਂ ਨੀਤੀਆਂ ਘੜਨ ਵਾਲਾ ਰਾਜਸੀ- ਤੰਤਰ (ruling establishment) ਉਸ ਨੂੰ ਗਹਿਰੀ ਚਿੰਤਾ ਨਾਲ ਦੇਖ ਰਿਹਾ ਸੀ। ਇਸ ਰਾਜਸੀ ਅਨਿਸਚਿਤਤਾ ਤੇ ਅਸਥਿਰਤਾ ਨੂੰ ਖ਼ਤਮ ਕਰਨਾ ਹਾਕਮ ਵਰਗ ਦੀ ਫ਼ੌਰੀ ਲੋੜ ਬਣ ਗਈ ਸੀ। ਜਿਸ ਕਰਕੇ ਭਾਈ ਜਸਵੰਤ ਸਿੰਘ ਨੇ ਇਹ ਗੱਲ ਭਾਂਪ ਲਈ ਸੀ ਕਿ ਨੇੜ-ਭਵਿੱਖ ਵਿਚ ਭਾਰਤੀ ਰਾਜ ਆਪਣੀ ਮਜ਼ਬੂਤੀ ਲਈ ਅਸਰਦਾਰ ਕਾਰਵਾਈ ਕਰੇਗਾ ਅਤੇ ਇਸ ਨੂੰ ਦਰਪੇਸ਼ ਰਾਜਸੀ ਚੁਣੌਤੀਆਂ ਤੋਂ ਸੁਰਖ਼ਰੂ ਹੋਣ ਲਈ ਤਾਕਤ ਦੀ ਹੋਰ ਵੱਧ ਬੇਦਰੇਗ਼ ਵਰਤੋਂ ਕਰੇਗਾ। ਜਿਸ ਨਾਲ ਸਿੱਖ ਕੌਮ ਨੂੰ ਪਹਿਲਾਂ ਨਾਲੋਂ ਵੱਧ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਖਾੜਕੂ ਸੰਘਰਸ਼ ਉੱਤੇ ਹੋਰ ਵੀ ਵੱਧ ਵਹਿਸ਼ੀਆਨਾ ਜਬਰ ਢਾਹਿਆ ਜਾਵੇਗਾ। ਭਾਈ ਜਸਵੰਤ ਸਿੰਘ ਆਪਣੇ ਆਪ ਨੂੰ ਇਸ ਪੈਦਾ ਹੋਣ ਜਾ ਰਹੀ ਹਾਲਤ ਲਈ ਤਿਆਰ ਕਰ ਰਿਹਾ ਸੀ। ਉਸ ਦੇ ਜ਼ਿਹਨ ਅੰਦਰ, ਆਪਣੀ ਸੋਚ ਤੇ ਸਰਗਰਮੀਆਂ ਨੂੰ ਨਵੀਂ ਹਾਲਤ ਦੇ ਅਨੁਕੂਲ ਢਾਲਣ ਲਈ ਜ਼ਿੰਦਗੀ ਦੀ ਚੱਲ ਰਹੀ ਤੋਰ ਵਿਚ ਵੱਡੀਆਂ ਤਬਦੀਲੀਆਂ ਕਰਨ ਦੇ ਠੋਸ ਵਿਚਾਰ ਤੇ ਖ਼ਾਕੇ ਪਨਪਣੇ ਸ਼ੁਰੂ ਹੋ ਗਏ ਸਨ।

ਇਕ ਗੱਲ ਤਾਂ ਇਹ ਕਿ ਜਸਵੰਤ ਸਿੰਘ ਨੂੰ ਆਪਣੇ ਠੋਸ ਅਨੁਭਵ ਵਿੱਚੋਂ, ਭਾਰਤੀ ਰਾਜ ਅੰਦਰ ਸਿੱਖ ਕੌਮ ਦੀ ਪੁਜ਼ੀਸ਼ਨ, ਸਮੱਸਿਆਵਾਂ ਤੇ ਇਨ੍ਹਾਂ ਦੇ ਹੱਲ ਬਾਰੇ ਆਈ.ਡੀ.ਪੀ. ਦੇ ਸਿਧਾਂਤਕ ਦ੍ਰਿਸ਼ਟੀਕੋਣ ਦੀਆਂ ਸੀਮਤਾਈਆਂ ਤੇ ਕਮਜ਼ੋਰੀਆਂ ਸਪੱਸ਼ਟ ਨਜ਼ਰ ਆ ਗਈਆਂ ਸਨ। ਜਿਸ ਕਰਕੇ 1991 ਦੀਆਂ ਚੋਣ ਸਰਗਰਮੀਆਂ ਤੋਂ ਬਾਅਦ ਉਸ ਨੇ ਆਈ.ਡੀ.ਪੀ. ਨੂੰ ਅਲਵਿਦਾ ਕਹਿਣ ਦਾ ਅੰਤਮ ਨਿਰਣਾ ਕਰ ਲਿਆ ਸੀ। ਉਹ ਇਸ ਦ੍ਰਿੜ੍ਹ ਸਿੱਟੇ ‘ਤੇ ਪਹੁੰਚ ਗਿਆ ਸੀ ਕਿ ਸਿੱਖ ਕੌਮ ਸਾਹਮਣੇ ਹੁਣ ਆਪਣਾ ਵੱਖਰਾ ਤੇ ਸੁਤੰਤਰ ਮੁਲਕ ਬਣਾਉਣ ਤੋਂ ਸਿਵਾ ਕੋਈ ਹੋਰ ਚਾਰਾ ਨਹੀਂ ਰਿਹਾ। ਇਸ ਕਰਕੇ ਉਸ ਨੇ ਹੁਣ ਆਪਣੀ ਸਾਰੀ ਪ੍ਰਤਿਭਾ ਇਸ ਕਾਰਜ ਦੇ ਲੇਖੇ ਲਾਉਣ ਦਾ ਦ੍ਰਿੜ੍ਹ ਸੰਕਲਪ ਕਰ ਲਿਆ ਸੀ। ਉਸ ਦੀ ਸੋਚ ਵਿਚ ਆਈ ਇਸ ਸਿਧਾਂਤਕ ਤਬਦੀਲੀ ਨਾਲ ਉਸ ਦੇ ਅਮਲੀ ਜੀਵਨ ਵਿਚ ਵੀ ਵੱਡੇ ਬਦਲਾਉ ਆਉਣੇ ਅਟੱਲ ਹੋ ਗਏ ਸਨ।

ਉਸ ਨੂੰ ਇਹ ਗੱਲ ਭਲੀਭਾਂਤ ਸਪੱਸ਼ਟ ਹੋ ਗਈ ਸੀ ਕਿ ਸਿੱਖ ਖਾੜਕੂ ਸੰਘਰਸ਼ ਦੇ ਵਹਿਣ ਤੋਂ ਪਾਸੇ ਰਹਿ ਕੇ ਸਿਧਾਂਤਕ ਨਸੀਹਤਾਂ ਤੇ ਰਾਜਸੀ ਮਸ਼ਵਰੇ ਦੇਣੇ ਹੁਣ ਮਾਅਨੇ ਨਹੀਂ ਰੱਖਦੇ ਸਨ। ਭਾਈ ਜਸਵੰਤ ਸਿੰਘ ਦਾ ਇਹ ਦ੍ਰਿੜ੍ਹ ਮੱਤ ਸੀ ਕਿ ਬੰਦੇ ਦੀ, ਖ਼ਾਸ ਕਰਕੇ ਜਨਤਕ ਜੀਵਨ ਅੰਦਰ ਵਿਚਰਨ ਵਾਲੇ ਵਿਅਕਤੀ ਦੀ ਕਹਿਣੀ ਤੇ ਕਰਨੀ ਵਿਚ ਅੰਤਰ ਨਹੀਂ ਹੋਣਾ ਚਾਹੀਦਾ। ਵਿਅਕਤੀ ਨੂੰ ਆਪਣੇ ਜੀਵਨ ਦਾ ਰਾਹ ਤੇ ਕਾਰਜ ਖੇਤਰ ਪੂਰੀ ਸਪੱਸ਼ਟਤਾ ਤੇ ਇਮਾਨਦਾਰੀ ਨਾਲ ਚੁਣਨਾ ਚਾਹੀਦਾ ਹੈ। ਜਿਹੜਾ ਰਾਹ ਸਿਰ ਦੇਣ ਦੀ ਮੰਗ ਕਰਦਾ ਹੋਵੇ, ਉਥੇ ਕੇਵਲ ਦੂਸਰਿਆਂ ਨੂੰ ਰਾਵਾਂ ਦੇਣੀਆਂ ਪਰ ਆਪ ਜੀਵਨ ਦੀ ਸੁਰੱਖਿਅਤਾ ਤੇ ਸੁਖ ਆਰਾਮ ਨੂੰ ਦਾਅ ‘ਤੇ ਲਾਉਣ ਤੋਂ ਟਾਲਾ ਵੱਟਣਾ, ਤੇ ਫਿਰ ਇਸ ਨੂੰ ਵਾਜਿਬ ਠਹਿਰਾਉਣ ਲਈ ਸਿਧਾਂਤਕ ਦਲੀਲਾਂ ਦੀ ਓਟ ਲੈਣੀ ਸਦਾਚਾਰਕ ਕੁਰਹਿਤ ਹੈ। ਜਸਵੰਤ ਸਿੰਘ ਇਸ ਬਾਰੇ ਪੂਰਾ ਸਪੱਸ਼ਟ ਸੀ ਕਿ ਉਸ ਦਾ ਕਾਰਜ ਖੇਤਰ ਬੌਧਿਕ ਸੀ ਅਤੇ ਉਹ ਇਸ ਖੇਤਰ ਵਿਚ ਹੀ ਸਿੱਖ ਸੰਘਰਸ਼ ਦੀ ਸੇਵਾ ਕਰ ਸਕਦਾ ਸੀ। ਉਹ ਬੰਦੂਕ ਚੁੱਕ ਕੇ ਨਹੀਂ ਲੜ ਸਕਦਾ ਸੀ। ਪਰ ਉਸ ਦੇ ਮਨ ਅੰਦਰ ਬੰਦੂਕਾਂ ਚੁੱਕ ਕੇ ਲੜਨ ਵਾਲੇ ਯੋਧਿਆਂ ਪ੍ਰਤਿ ਪੂਰਾ ਸਤਿਕਾਰ ਸੀ ਅਤੇ ਉਹ ਉਨ੍ਹਾਂ ਦੀ ਪੂਰੀ ਕਦਰ ਕਰਦਾ ਸੀ । ਜੇਕਰ ਉਸ ਨੇ ਬੰਦੂਕ ਚੁੱਕ ਕੇ ਲੜਨਾ ਹੁੰਦਾ ਤਾਂ 1991 ਵਿਚ ਉਸ ਦੇ ਰੂਪੋਸ਼ ਹੋਣ ਦਾ ਵੇਲਾ ਆ ਗਿਆ ਸੀ। ਪੁਲਸ ਨੇ ਉਸ ਨੂੰ ਖੁੱਲ੍ਹੇ ਰੂਪ ਵਿਚ ਹੋਰ ਬਹੁਤਾ ਚਿਰ ਕੰਮ ਨਹੀਂ ਕਰਨ ਦੇਣਾ ਸੀ। ਇਹ ਸੰਕੇਤ ਸਾਫ਼ ਮਿਲਣ ਲੱਗ ਪਏ ਸਨ । ਪਰ ਉਸ ਨੇ ਬੌਧਿਕ ਖੇਤਰ ਵਿਚ ਕਾਰਜਸ਼ੀਲ ਹੋਣ ਦਾ ਜਿਹੜਾ ਫ਼ੈਸਲਾ ਕਰ ਲਿਆ ਸੀ, ਉਹ ਪੰਜਾਬ ਜਾਂ ਭਾਰਤ ਦੀ ਧਰਤੀ ਉੱਤੇ ਖੁੱਲ੍ਹੇ ਵਿਚਰ ਕੇ ਨਹੀਂ ਹੋ ਸਕਣਾ ਸੀ। ਉਸ ਦੇ ਵਾਸਤੇ ਵੀ ਰੂਪੋਸ਼ ਹੋਣਾ ਪੈਣਾ ਸੀ। ਪਰ ਇਥੇ ਜੰਗ ਦੇ ਖੇਤਰ ਵਿਚ ਰੂਪੋਸ਼ ਹੋ ਕੇ ਸਿੱਖ ਸੰਘਰਸ਼ ਨੂੰ ਸਿਧਾਂਤਕ ਸੇਧ ਦੇਣ ਲਈ ਅਨੁਕੂਲ ਵਾਤਾਵਰਣ ਨਹੀਂ ਰਿਹਾ ਸੀ। ਇਸ ਦੇ ਲਈ ਦੇਸ਼ ਤੋਂ ਬਾਹਰ ਨਿਕਲਣਾ ਜ਼ਰੂਰੀ ਹੋ ਗਿਆ ਸੀ। ਉਸ ਵੇਲੇ ਬਾਹਰ ਬੈਠ ਕੇ ਸਿੱਖ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਅਮਲੀ ਰੂਪ ਵਿਚ ਦੋ ਹੀ ਥਾਵਾਂ ਸਨ – ਪਾਕਿਸਤਾਨ ਜਾਂ ਪੱਛਮੀ ਦੇਸ਼। ਜਸਵੰਤ ਸਿੰਘ ਕੋਲੋਂ ਇਹ ਗੱਲ ਭੁੱਲੀ ਹੋਈ ਨਹੀਂ ਸੀ ਕਿ ਪਾਕਿਸਤਾਨ ਵਿਚ ਰਹਿ ਕੇ ਆਪਣੀ ਮਰਜ਼ੀ ਮੁਤਾਬਕ ਕੰਮ ਕਰ ਸਕਣਾ ਨਾਮੁਮਕਿਨ ਸੀ। ਇਸ ਕਰਕੇ ਉਸ ਦੇ ਸਾਹਮਣੇ ਪੱਛਮੀ ਦੇਸ਼ਾਂ ਵਿਚ ਜਾਣ ਦਾ ਰਾਹ ਹੀ ਬਚਿਆ ਸੀ।

ਉਸ ਵੇਲੇ ਤਕ ਭਾਈ ਜਸਵੰਤ ਸਿੰਘ ਦੇ ਤਿੰਨੋਂ ਹੀ ਭਰਾ ਇਕ ਇਕ ਕਰ ਕੇ ਬਾਹਰ ਜਾ ਚੁੱਕੇ ਸਨ । ਵੱਡਾ ਭਰਾ ਰਜਿੰਦਰ ਸਿੰਘ ਇੰਗਲੈਂਡ (ਸਲੋਅ) ਰਹਿੰਦਾ ਸੀ; ਇਕ ਛੋਟਾ ਭਰਾ ਗੁਰਦੇਵ ਸਿੰਘ ਆਸਟਰੀਆ ਜਾ ਵੱਸਿਆ ਸੀ; ਅਤੇ ਸਭ ਨਾਲੋਂ ਛੋਟਾ ਭਰਾ ਅਮਰਜੀਤ ਸਿੰਘ ਅਮਰੀਕਾ ਵਿਚ ਪੱਕਾ ਵਸਨੀਕ ਬਣਨ ਲਈ ਯਤਨਸ਼ੀਲ ਸੀ। ਜਿਸ ਕਰਕੇ ਮਾਪਿਆਂ ਨਾਲ ਕਬੀਲਦਾਰੀ ਦਾ ਬੋਝ ਵੰਡਾਉਣ ਦਾ ਸਾਰਾ ਜ਼ਿੰਮਾ ਜਸਵੰਤ ਸਿੰਘ ਨੂੰ ਹੀ ਓਟਣਾ ਪੈ ਗਿਆ ਸੀ। ਇਸੇ ਸਮੇਂ ਦੌਰਾਨ ਉਹ ਆਪ ਵੀ ਟੱਬਰਦਾਰ ਬਣ ਚੁੱਕਾ ਸੀ। ਦਸ ਕੁ ਸਾਲ ਪਹਿਲਾਂ (1981) ਉਸ ਦਾ ਬੀਬੀ ਪਰਮਜੀਤ ਕੌਰ ਨਾਲ ਜੀਵਨ ਭਰ ਦਾ ਨਾਤਾ ਜੁੜ ਗਿਆ ਸੀ ਅਤੇ ਉਨ੍ਹਾਂ ਦੇ ਘਰ ਪਹਿਲਾਂ 1985 ਵਿਚ ਬੇਟੀ (ਨਵਕਿਰਨ ਕੌਰ) ਤੇ ਫਿਰ 1987 ਵਿਚ ਬੇਟਾ (ਜਨਮੀਤ ਸਿੰਘ) ਜਨਮ ਲੈ ਚੁੱਕੇ ਸਨ । ਇਸ ਤਰ੍ਹਾਂ ਭਾਈ ਜਸਵੰਤ ਸਿੰਘ ਆਪਣੀਆਂ ਪਰਿਵਾਰਕ ਤੇ ਕੌਮੀ ਜ਼ੁੰਮੇਵਾਰੀਆਂ ਵਿਚਕਾਰ ਸੂਖਮ ਤਵਾਜ਼ਨ ਬਣਾ ਕੇ ਚੱਲ ਰਿਹਾ ਸੀ। ਉਸ ਲਈ ਥੋੜ੍ਹੀ ਜਿਹੀ ਰਾਹਤ ਵਾਲੀ ਗੱਲ ਇਹ ਸੀ ਕਿ ਬੀਬੀ ਪਰਮਜੀਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬਰੇਰੀ ਵਿਚ ਨੌਕਰੀ ਮਿਲੀ ਹੋਈ ਸੀ ਜਿਸ ਸਦਕਾ ਜਸਵੰਤ ਸਿੰਘ ਘਰੇਲੂ ਜ਼ਿੰਮੇਵਾਰੀਆਂ ਦੇ ਮਾਇਕ ਪਹਿਲੂ ਬਾਰੇ ਚਿੰਤਾ ਤੋਂ ਮੁਕਾਬਲਤਨ ਸੁਰਖ਼ਰੂ ਸੀ।

ਇੰਗਲੈਂਡ ਜਾਣ ਦਾ ਸਬੱਬ

ਭਾਈ ਜਸਵੰਤ ਸਿੰਘ ਨੇ 1990 ਵਿਚ ਆਪਣੇ ਛੋਟੇ ਵੀਰ ਗੁਰਦੇਵ ਸਿੰਘ ਦੇ ਵਿਆਹ ਦੇ ਸਿਲਸਿਲੇ ਵਿਚ ਇੰਗਲੈਂਡ ਪਹੁੰਚਣ ਦਾ ਯਤਨ ਕੀਤਾ ਸੀ। ਇਸ ਮੰਤਵ ਲਈ ਉਸ ਨੇ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਲਈ 3 ਜੁਲਾਈ 1989 ਨੂੰ ਪਾਸਪੋਰਟ ਦਫ਼ਤਰ (ਜਲੰਧਰ) ਨੂੰ ਦਰਖ਼ਾਸਤ ਦਿੱਤੀ ਸੀ। ਪਰ ਉਸ ਦੇ ਵਾਰ ਵਾਰ ਪੁੱਛਣ ‘ਤੇ ਦਫ਼ਤਰ ਵੱਲੋਂ 5 ਮਹੀਨਿਆਂ ਤਕ ਕੋਈ ਜੁਆਬ ਨਾ ਮਿਲਿਆ। ਅਖ਼ੀਰ ਵਿਚ ਉਸ ਨੇ 5 ਦਸੰਬਰ 1990 ਨੂੰ ਪਾਸਪੋਰਟ ਦਫ਼ਤਰ ਨੂੰ ਕਾਨੂੰਨੀ ਨੋਟਿਸ ਭੇਜਿਆ। ਦਫ਼ਤਰ ਨੇ ਇਸ ਨੋਟਿਸ ਦਾ ਹਾਈਕੋਰਟ ਨੂੰ ਇਹ ਲਿਖਤੀ ਜੁਆਬ ਦਿੱਤਾ ਸੀ ਕਿ ਪੰਜਾਬ ਸਰਕਾਰ ਦੇ ਸੀ.ਆਈ.ਡੀ. ਮਹਿਕਮੇ ਨੇ ਪਾਸਪੋਰਟ ਰੀਨਿਊ ਕਰਨ ਦੀ ਸਿਫ਼ਾਰਸ਼ ਨਹੀਂ ਭੇਜੀ। ਜਸਵੰਤ ਸਿੰਘ ਨੂੰ ਇਸ ਦੇਰੀ ਦੇ ਖ਼ਿਲਾਫ਼ 14 ਫ਼ਰਵਰੀ 1991 ਨੂੰ ਹਾਈਕੋਰਟ ਵਿਚ ਰਿੱਟ ਦਾਖ਼ਲ ਕਰਨੀ ਪਈ ਸੀ। ਇਸ ਤਰ੍ਹਾਂ 7-8 ਮਹੀਨਿਆਂ ਦੀ ਕਾਨੂੰਨੀ ਜੱਦੋ-ਜਹਿਦ ਤੋਂ ਬਾਅਦ ਹਾਈਕੋਰਟ ਦੇ ਆਦੇਸ਼ ਉੱਤੇ ਜਸਵੰਤ ਸਿੰਘ ਦਾ ਪਾਸਪੋਰਟ ਰੀਨਿਊ ਹੋ ਸਕਿਆ मी।

ਭਾਈ ਜਸਵੰਤ ਸਿੰਘ ਦੇ ਮਨ ਅੰਦਰ ਭਾਰਤ ਤੋਂ ਬਾਹਰ ਜਾਣ ਬਾਰੇ ਵਿਚਾਰਾਂ ਦੀ ਉਧੇੜ-ਬੁਣ ਚੱਲ ਹੀ ਰਹੀ ਸੀ, ਜਦੋਂ ਚੰਡੀਗੜ੍ਹ ਤੋਂ ਹਾਈਕੋਰਟ ਦੇ ਦਖ਼ਲ ਨਾਲ ਉਸ ਨੂੰ ਪਾਸਪੋਰਟ ਮਿਲ ਜਾਣ ਦਾ ਜਸਟਿਸ ਅਜੀਤ ਸਿੰਘ ਬੈਂਸ ਦਾ ਸੰਦੇਸ਼ ਮਿਲਿਆ। ਉਹ ਫ਼ੌਰੀ ਚੰਡੀਗੜ੍ਹ ਜਾ ਕੇ ਜਸਟਿਸ ਬੈਂਸ ਹੁਰਾਂ ਨੂੰ ਮਿਲਿਆ, ਜਿਨ੍ਹਾਂ ਨੇ ਉਸ ਨੂੰ ਇਹ ਸਲਾਹ ਦਿੱਤੀ ਸੀ ਕਿ ਜਿੰਨੀ ਛੇਤੀ ਹੋ ਸਕੇ ਚੁੱਪ-ਚੁਪੀਤੇ ਇੰਗਲੈਂਡ ਦਾ ਵੀਜ਼ਾ ਲੈ ਕੇ ਇਕ ਵਾਰ ਇਥੋਂ ਨਿਕਲ ਜਾਣਾ ਚਾਹੀਦਾ ਹੈ। ਭਾਈ ਜਸਵੰਤ ਸਿੰਘ ਨੇ ਇਹ ਸਲਾਹ ਮੰਨ ਕੇ ਫੁਰਤੀ ਨਾਲ ਵੀਜ਼ਾ ਲੈ ਲਿਆ ਅਤੇ ਚੰਡੀਗੜ੍ਹ ਤੋਂ ਸਿੱਧਾ ਦਿੱਲੀ ਪਹੁੰਚ ਕੇ ਇੰਗਲੈਂਡ ਲਈ ਰਵਾਨਾ ਹੋ ਗਿਆ ਸੀ। ਉਹ 11 ਮਈ 1991 ਨੂੰ ਇੰਗਲੈਂਡ ਪੁੱਜਾ ਸੀ।

ਪੰਜਾਬ ਪੁਲਸ ਦਾ ਹਤਾਸ਼ਪੁਣਾ

ਪੰਜਾਬ ਪੁਲਸ ਜਸਵੰਤ ਸਿੰਘ ਦੀ ਹਰ ਹਰਕਤ ਦੀ ਸੂਹ ਰੱਖ ਰਹੀ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਪਰ ਭਾਈ ਜਸਵੰਤ ਸਿੰਘ ਨੇ ਵੀਜ਼ਾ ਲੈਣ ਤੇ ਇੰਗਲੈਂਡ ਨੂੰ ਖਿਸਕ ਜਾਣ ਵਿਚ ਜਿੰਨੀ ਚੁਸਤੀ ਤੇ ਫੁਰਤੀ ਵਰਤੀ ਸੀ, ਪੁਲਸ ਨੂੰ ਇਸ ਦੀ ਉਮੀਦ ਨਹੀਂ ਸੀ। ਜਿਸ ਦਿਨ ਜਸਵੰਤ ਸਿੰਘ ਇੰਗਲੈਂਡ ਲਈ ਰਵਾਨਾ ਹੋ ਚੁੱਕਾ ਸੀ, ਉਸੇ ਦਿਨ ਪੁਲਸ ਦੇ ਸਿਪਾਹੀ ਜਸਵੰਤ ਸਿੰਘ ਦੇ ਨਾਂ ਦੇ ਸੰਮਨ ਲੈ ਕੇ ਖਾਲੜੇ ਉਸ ਦੇ ਘਰ ਜਾ ਪੁੱਜੇ ਸਨ । ਪੁਲਸ ਨੇ ਜਸਵੰਤ ਸਿੰਘ ਦੇ ਪਿਤਾ ਜੀ ਨੂੰ ਦੱਸਿਆ ਸੀ ਕਿ ਉਸ ਨੇ ‘ਚੰਡੀਗੜ੍ਹ ਗਵਰਨਰ ਦਾ ਘਿਰਾਓ ਕਰਨ ਦਾ ਯਤਨ ਕੀਤਾ ਸੀ ਤੇ ਰੌਲਾ ਪਾਇਆ ਸੀ ਕਿ ਝੂਠੇ ਪੁਲਸ ਮੁਕਾਬਲੇ ਖ਼ਤਮ ਹੋਣੇ ਚਾਹੀਦੇ ਹਨ ਤੇ ਸਿਆਸੀ ਕੈਦੀ ਰਿਹਾਅ ਹੋਣੇ ਚਾਹੀਦੇ ਹਨ।’ ਜਸਵੰਤ ਸਿੰਘ ਦੇ ਪਿਤਾ ਜੀ ਨੇ ਪੁਲਸ ਨੂੰ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਜਸਵੰਤ ਸਿੰਘ ਹੁਣ ਖਾਲੜੇ ਨਹੀਂ ਰਹਿੰਦਾ, ਅੰਮ੍ਰਿਤਸਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਉਸ ਤੋਂ ਬਾਅਦ ਪੁਲਸ ਨੇ ਸਿਵਲ ਕੱਪੜਿਆਂ ਵਿਚ ਜਸਵੰਤ ਸਿੰਘ ਦੇ ਛੇਹਰਟਾ ਰੋਡ ਵਾਲੇ ਘਰ (ਗਲੀ ਨੰ: 6 ਸ਼ਕਤੀ ਨਗਰ, ਛੇਹਰਟਾ) ਵਿਚ ਵਾਰ ਵਾਰ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਸਨ। ਕਈ ਵਾਰੀ ਪੁਲਸ ਚਿੱਟੇ ਕੱਪੜਿਆਂ ਵਿਚ ਯੂਨੀਵਰਸਿਟੀ ਬੀਬੀ ਪਰਮਜੀਤ ਕੌਰ ਦੀ ਕੰਮ ਵਾਲੀ ਜਗ੍ਹਾ ਵੀ ਜਾ ਧਮਕਦੀ ਸੀ । ਪੁਲਸ ਵਾਰ ਵਾਰ ਇਹੋ ਪੁੱਛਦੀ ਸੀ ਕਿ ‘ਜਸਵੰਤ ਸਿੰਘ ਬਾਹਰ ਕੀ ਕਰਨ ਗਿਆ ਹੈ, ਅਤੇ ਉਸ ਨੇ ਕਦੋਂ ਮੁੜਨਾ ਹੈ ?’ ਇਕ ਵਾਰ ਤਾਂ ਉਨ੍ਹਾਂ ਬੀਬੀ ਪਰਮਜੀਤ ਕੌਰ ਨੂੰ ਇਹ ਰੋਹਬ ਵੀ ਮਾਰਿਆ ਸੀ ਕਿ “ਜੇਕਰ ਦਸ ਮਈ ਤੋਂ ਪਹਿਲਾਂ ਸਾਨੂੰ ਉਸ ਦੇ ਵੀਜ਼ੇ ਦੀ ਖ਼ਬਰ ਮਿਲ ਜਾਂਦੀ ਤਾਂ ਦੇਖਦੇ ਉਹ ਕਿਵੇਂ ਬਾਹਰ ਜਾਂਦਾ । ਸਾਨੂੰ ਤਾਂ ਉਸ ਦੀ ਪਟੀਸ਼ਨ ਬਾਰੇ ਪਾਸਪੋਰਟ ਮਹਿਕਮੇ ਨੇ ਸੂਚਨਾ ਹੀ ਬਹੁਤ ਲੇਟ ਦਿੱਤੀ ਸੀ।”

ਇਕ ਵਾਰ ਬੀਬੀ ਪਰਮਜੀਤ ਕੌਰ ਨੇ ਪੁਲਸ ਨੂੰ ਇਹ ਕਹਿ ਕੇ ਗਲੋਂ ਲਾਹੁਣ ਦਾ ਯਤਨ ਕੀਤਾ ਸੀ ਕਿ ਜਸਵੰਤ ਸਿੰਘ ਕਿਸੇ ਘਰੇਲੂ ਕੰਮ ਦੇ ਵਾਸਤੇ ਆਪਣੇ ਵੱਡੇ ਭਰਾ ਕੋਲ ਇੰਗਲੈਂਡ ਗਿਆ ਹੈ। ਪਰ ਪੁਲਸ ਨੇ ਇਕ ਦਮ ਤਾੜ ਕਰਦਾ ਜੁਆਬ ਦਿੱਤਾ ਸੀ ਕਿ “ਜਿਸ ਆਦਮੀ ਦਾ ਏਥੇ ਰਿਕਾਰਡ ਲਗਾਤਾਰ ਸਮਾਜ ਵਿਰੋਧੀ ਹੈ ਉਹ ਘਰੇਲੂ ਕੰਮ ਤਕ ਕਿਵੇਂ ਸੀਮਤ ਰਹਿ ਸਕਦਾ ਹੈ।” 30 ਜੂਨ ਦੀ ਰਾਤ ਨੂੰ ਕੁੱਝ ਪੁਲਸੀਏ ਰੂੰ-ਕੂੰ ਕਰਦੇ ਜਸਵੰਤ ਸਿੰਘ ਦੇ ਅੰਮ੍ਰਿਤਸਰ ਵਾਲੇ ਘਰ ਵਿਚ ਆ ਘੁਸੇ ਸਨ। ਉਨ੍ਹਾਂ ਦੇ ਹੱਥਾਂ ਵਿਚ ਕੁੱਝ ਅਖ਼ਬਾਰਾਂ ਸਨ ਜਿਨ੍ਹਾਂ ਵਿਚ ਇਹ ਖ਼ਬਰ ਛਪੀ ਸੀ ਕਿ ਜਸਵੰਤ ਸਿੰਘ ਯੂਰਪ ਵਿਚ ਪੰਥਕ ਕਮੇਟੀ (ਮਾਨੋਚਾਹਲ) ਦੇ ਨੁਮਾਇੰਦੇ ਵਜੋਂ ਕੰਮ ਕਰਦਾ ਹੈ। (ਇਹ ਅਖ਼ਬਾਰਾਂ ਸ਼ਾਇਦ ਇੰਗਲੈਂਡ ਤੋਂ ਛਪਣ ਵਾਲੀਆਂ ਸਨ) ਇਹ ਖ਼ਬਰ ਉਨ੍ਹਾਂ ਬੀਬੀ ਪਰਮਜੀਤ ਕੌਰ ਨੂੰ ਪੜ੍ਹਾਈ ਤਾਂ ਉਸ ਕੋਲ ਬਚਾਉ ਦੀ ਕੋਈ ਦਲੀਲ ਨਹੀਂ ਰਹੀ ਸੀ । ਪੁਲਸ ਨੇ ਧਮਕੀ ਭਰੇ ਲਹਿਜੇ ਵਿਚ ਬੀਬੀ ਪਰਮਜੀਤ ਕੌਰ ਨੂੰ ਇਹ ਮਸ਼ਵਰਾ ਦਿੱਤਾ ਸੀ ਕਿ “ਜੇਕਰ ਜਸਵੰਤ ਸਿੰਘ ਆਪਣੀ ਜ਼ੁਬਾਨ ਬੰਦ ਕਰ ਲਵੇ ਅਤੇ ਬੰਦਾ ਬਣ ਕੇ ਜਲਦੀ ਵਾਪਸ ਮੁੜ ਆਵੇ ਤਾਂ ਉਸ ਨਾਲ ਕੁਛ ਰਿਆਇਤ ਹੋ ਸਕਦੀ ਹੈ ਨਹੀਂ ਤਾਂ.. ।’”

ਇਹ ਸਾਰੀਆਂ ਗੱਲਾਂ ਬੀਬੀ ਪਰਮਜੀਤ ਕੌਰ ਨੇ ਪਹਿਲੀ ਜੁਲਾਈ ਨੂੰ ਭਾਈ ਜਸਵੰਤ ਸਿੰਘ ਨੂੰ ਲਿਖੀ ਚਿੱਠੀ ਵਿਚ ਲਿਖੀਆਂ ਸਨ। ਇਸ ਤੋਂ ਪੁਲਸ ਦੀ ਨੀਤ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ, ਕਿ ਜੇਕਰ ਜਸਵੰਤ ਸਿੰਘ ਚੋਰੀ ਛੁਪੇ ਬਾਹਰ ਜਾਣ ਵਿਚ ਸਫਲ ਨਾ ਹੋਇਆ ਹੁੰਦਾ ਤਾਂ ਪੁਲਸ ਨੇ ਉਸ ਨਾਲ ਖ਼ੈਰ ਨਹੀਂ ਗੁਜ਼ਾਰਨੀ ਸੀ।

ਮਾਨਸਿਕ ਵੇਦਨਾ

ਜਸਵੰਤ ਸਿੰਘ ਨੂੰ ਇੰਗਲੈਂਡ ਬੈਠਿਆਂ ਇਨ੍ਹਾਂ ਬੇਚੈਨ ਕਰਨ ਵਾਲੀਆਂ ਖ਼ਬਰਾਂ ਨਾਲ ਜ਼ਰੂਰ ਮਾਨਸਿਕ ਪੀੜ ‘ਚੋਂ ਲੰਘਣਾ ਪਿਆ ਹੋਵੇਗਾ। ਕਿਉਂਕਿ ਪਿੱਛੇ ਘਰ ਵਿਚ ਦੋ ਛੋਟੇ ਛੋਟੇ ਬੱਚਿਆਂ ਨਾਲ (ਉਸ ਵੇਲੇ ਬੇਟੀ ਨਵਕਿਰਨ 6 ਸਾਲਾਂ ਦੀ ਤੇ ਬੇਟਾ ਜਨਮੀਤ ਸਿੰਘ ਸਿਰਫ਼ ਚਾਰ ਵਰ੍ਹਿਆਂ ਦਾ ਸੀ) ਮਰਦ ਦੇ ਸਾਥ ਤੋਂ ਬਿਨਾਂ ਇਕੱਲੀ ਰਹਿ ਰਹੀ ਪਤਨੀ (ਬੀਬੀ ਪਰਮਜੀਤ ਕੌਰ) ਨੂੰ ਪੁਲਸ ਦੀ ਬਦਸਲੂਕੀ ਦੀ ਜ਼ਹਿਮਤ ਝੱਲਣੀ ਪੈ ਰਹੀ ਸੀ। ਬੀਬੀ ਪਰਮਜੀਤ ਕੌਰ ਨੇ ਚਿੱਠੀ ਵਿਚ ਡੂੰਘੀ ਵੇਦਨਾ ‘ਚੋਂ ਇਹ ਲਫ਼ਜ਼ ਲਿਖੇ ਸਨ : “ਸੋਚਿਆ ਸੀ ਚੋਣਾਂ ਦਾ ਰੌਲਾ ਗੌਲਾ ਠੰਡਾ ਪੈ ਜਾਉ ਤੇ ਤੁਸੀਂ ਮੁੜ ਆਵੋਗੇ । ਪਰ ਹੁਣ ਤਾਂ (ਲੱਗਦਾ ਹੈ) ਤੁਹਾਡੀ ਜਾਨ ਨੂੰ ਖ਼ਤਰਾ ਹੈ…ਦਿਨ ਦਿਹਾੜੇ ਘਰਾਂ ‘ਚੋਂ ਬੰਦੇ ਚੁੱਕਦੇ ਨੇ ਤੇ ਅਗਲੇ ਦਿਨ ਖ਼ਬਰ ਲੱਗ ਜਾਂਦੀ ਹੈ ਕਿ ਫ਼ਲਾਣਾ ਬੰਦਾ ਪੁਲਸ ਮੁਕਾਬਲੇ ‘ਚ ਮਾਰਿਆ ਗਿਆ…ਅਸੀਂ ਤਾਂ ਏਥੇ ਔਖੇ ਸੌਖੇ ਦਿਨ ਕੱਟ ਲਵਾਂਗੇ, ਤੁਸੀਂ ਹੋਣੀ ਨੂੰ ਟਾਲਣ ਦੀ ਕੋਸ਼ਿਸ਼ ਕਰਿਓ। ਬੜੇ ਘਰ ਸੁੰਨੇ ਹੋ ਚੁੱਕੇ ਹਨ। ਜਾਨ ਹੈ ਤਾਂ ਜਹਾਨ ਹੈ। ਘੱਟੋ-ਘੱਟ ਠੰਢ ਠੰਢਾਉਲਾ ਹੋਣ ਤਕ ਉਡੀਕ ਲਓ…ਸ਼ਾਇਦ ਵਾਹਿਗੁਰੂ ਚੰਗੇ ਦਿਨ ਵਾਪਸ ਲੈ ਹੀ ਆਵੇਗਾ।” ਦੂਰ ਬੈਠਿਆਂ ਪਰਿਵਾਰ ਦੀ ਇਹ ਦਸ਼ਾ ਝੱਲਣ ਲਈ ਤਕੜਾ ਜੇਰਾ ਲੋੜੀਂਦਾ ਹੈ। ਭਾਈ ਜਸਵੰਤ ਸਿੰਘ ਉੱਤੇ ਇਸ ਪੱਖੋਂ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਸੀ। ਵਾਹਿਗੁਰੂ ਨੇ ਉਸ ਨੂੰ ਤੀਖਣ ਬੁੱਧੀ ਦੇ ਨਾਲੋ-ਨਾਲ ਫ਼ੌਲਾਦੀ ਇਰਾਦੇ ਦੀ ਦਾਤ ਨਾਲ ਵੀ ਨਿਵਾਜਿਆ ਸੀ।

ਇਸ ਤੋਂ ਇਲਾਵਾ ਉਸੇ ਵੇਲੇ ਜਸਵੰਤ ਸਿੰਘ ਨੂੰ ਆਪਣੇ ਪੰਜਾਬ ਅੰਦਰਲੇ ਸਾਥੀ ਵਰਕਰਾਂ ਦੇ ਸ਼ਿਕਵੇ ਵੀ ਸੁਣਨੇ/ਝੱਲਣੇ ਪਏ ਸਨ । ਸਾਰਾ ਕੁੱਛ ਏਨਾ ਅਚਾਨਕ ਤੇ ਤੇਜ਼ੀ ਨਾਲ ਵਾਪਰਿਆ ਸੀ ਕਿ, ਉਸ ਨੂੰ, ਇੰਗਲੈਂਡ ਜਾਣ ਤੋਂ ਪਹਿਲਾਂ ਆਪਣੇ ਸਾਥੀ ਵਰਕਰਾਂ ਨੂੰ ਭਰੋਸੇ ਵਿਚ ਲੈਣ ਦਾ ਵਕਤ ਨਹੀਂ ਮਿਲਿਆ ਸੀ । ਉਪਰ ਬਿਆਨੀਆਂ ਹਾਲਤਾਂ ਕਰਕੇ ਉਸ ਨੂੰ ਚੋਣਾਂ ਦੀ ਚੱਲ ਰਹੀ ਪ੍ਰਚਾਰ ਮੁਹਿੰਮ ਵਿੱਚੇ ਛੱਡ ਕੇ ਜਾਣਾ ਪੈ ਗਿਆ ਸੀ। ਜਿਵੇਂ ਕਿ ਅਜਿਹੇ ਸਮਿਆਂ ਵਿਚ ਆਮ ਵਾਪਰਦਾ ਹੈ, ਉਸ ਵੇਲੇ ਇਤਿਹਾਸ ਦੀ ਗਤੀ ਬੇਹੱਦ ਤੇਜ਼ ਹੋ ਗਈ ਸੀ। ਰਾਜਨੀਤਕ ਦ੍ਰਿਸ਼ ਅਸਾਧਾਰਨ ਤੇਜ਼ੀ ਨਾਲ ਬਦਲ ਰਹੇ ਸਨ ਅਤੇ ਇਸੇ ਹੀ ਰਫ਼ਤਾਰ ਨਾਲ ਭਾਈ ਜਸਵੰਤ ਸਿੰਘ ਦੀ ਸੋਚ ਅੱਗੇ ਵੱਲ ਵੱਧ ਰਹੀ ਸੀ। ਅਜਿਹੇ ਸੰਕਟ ਭਰਪੂਰ ਸਮਿਆਂ ਵਿਚ ਆਮ ਵਰਕਰਾਂ ਨੂੰ, ਅਮੂਮਨ ਹੀ, ਤੇਜ਼ ਦੌੜ ਰਹੇ ਵਕਤ ਦੇ ਨਾਲ ਰਲਣਾ ਔਖਾ ਹੋ ਜਾਂਦਾ ਹੈ, ਜਿਸ ਕਰਕੇ ਆਗੂ ਤੇ ਵਰਕਰਾਂ ਦਰਮਿਆਨ ਵਿੱਥ ਪੈ ਜਾਂਦੀ ਹੈ। ਜੇਕਰ ਕਿਸੇ ਔਕੜ ਦੀ ਵਜ੍ਹਾ ਕਰਕੇ ਆਗੂ ਵੱਲੋਂ ਵਰਕਰਾਂ ਨੂੰ ਆਪਣੇ ਨਾਲ ਰਲਾਉਣ ਦੇ ਬਾਮੌਕਾ ਯਤਨ ਨਹੀਂ ਹੁੰਦੇ ਤਾਂ ਇਹ ਵਿੱਥ ਵੱਧ ਕੇ ਤਨਾਅ ਦਾ ਰੂਪ ਧਾਰਨ ਕਰ ਜਾਂਦੀ ਹੈ।

ਉਸ ਸਮੇਂ ਦੇ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਦੇ ਆਪਣੇ ਕੁੱਝ ਸਾਥੀ ਵਰਕਰਾਂ ਨਾਲ ਹੋਏ ਚਿੱਠੀ-ਪੱਤਰ ਤੋਂ ਪਤਾ ਚੱਲਦਾ ਹੈ ਕਿ ਪਰਿਵਾਰ ਤੋਂ ਇਲਾਵਾ ਉਸ ਨੂੰ ਇਸ ਪੱਖੋਂ ਵੀ ਡਾਢੀ ਮਾਨਸਿਕ ਪਰੇਸ਼ਾਨੀ ‘ਚੋਂ ਗੁਜ਼ਰਨਾ ਪਿਆ ਸੀ । ਪਰ ਵਾਹਿਗੁਰੂ ਨੇ ਜਸਵੰਤ ਸਿੰਘ ਨੂੰ ਇਕ ਹੋਰ ਵਿਰਲਾ ਗੁਣ ਵੀ ਦਿੱਤਾ ਹੋਇਆ ਸੀ, ਉਹ ਆਪਣੀ ਸੁਹਿਰਦਤਾ ਤੇ ਨਿਰਛਲਤਾ ਨਾਲ ਸਾਥੀ ਵਰਕਰਾਂ ਦੇ ਦਿੱਲ ਮੋਹ ਲੈਂਦਾ ਸੀ। ਜਿਸ ਕਰਕੇ ਉਸ ਨਾਲ ਰਲ ਕੇ ਕੰਮ ਕਰਦੇ ਵਰਕਰਾਂ ਨੂੰ, ਵਿਚਾਰਾਂ ਦੀ ਸਾਂਝ ਤੋਂ ਇਲਾਵਾ ਉਸ ਨਾਲ ਨਿੱਜੀ ਲਗਾਅ ਵੀ ਹੋ ਜਾਂਦਾ ਸੀ। ਉਹ ਉਸ ਨੂੰ ਆਪਣਾ ਦਾਨਾ ਆਗੂ ਤੇ ਭਰੋਸੇਮੰਦ ਦੋਸਤ ਜਾਂ ਵੱਡਾ ਭਰਾ ਸਮਝਣ ਲੱਗ ਜਾਂਦੇ ਸਨ । ਇਸ ਕਰਕੇ ਭਾਈ ਜਸਵੰਤ ਸਿੰਘ ਨੇ ਸੰਕਟ ਵਿਚ ਫਸੇ ਆਪਣੇ ਪਰਿਵਾਰ ਦੇ ਨਾਲੋ-ਨਾਲ, ਉਸ ਦੇ ਇੰਗਲੈਂਡ ਜਾਣ ਤੋਂ ਬਾਅਦ ਆਪਣੇ ਆਪ ਨੂੰ ਨਿਆਸਰੇ ਤੇ ਦਿਸ਼ਾਹੀਣ ਮਹਿਸੂਸ ਕਰ ਰਹੇ ਸਾਥੀਆਂ ਦੇ ਸਾਰੇ ਸ਼ੰਕੇ, ਸੁਆਲ ਤੇ ਸ਼ਿਕਵੇ ਵੀ ਤਹੱਮਲ ਤੇ ਸੁਘੜਤਾ ਨਾਲ ਨਵਿਰਤ ਕਰ ਦਿੱਤੇ ਸਨ। ਇਸ ਸਾਰੇ ਅਮਲ ‘ਚੋਂ ਭਾਈ ਜਸਵੰਤ ਸਿੰਘ ਦੀ ਆਗੂ ਪ੍ਰਤਿਭਾ ਪ੍ਰਤੱਖ ਹੋ ਜਾਂਦੀ ਹੈ।

ਇੰਗਲੈਂਡ ਦੀ ਧਰਤੀ ’ਤੇ

ਇੰਗਲੈਂਡ ਜਾਣ ਪਿੱਛੇ ਜਸਵੰਤ ਸਿੰਘ ਦੇ ਮਨ ਵਿਚ ਦੋ ਵਿਚਾਰ ਕੰਮ ਕਰਦੇ ਜਾਪਦੇ ਸਨ। ਇਕ ਤਾਂ ਉਹ ਉਥੇ ਬਹਿ ਕੇ, ਭਾਰਤ ਸਰਕਾਰ ਵੱਲੋਂ ਪੰਜਾਬ ਅੰਦਰ ਸਿੱਖ ਕੌਮ ਉੱਤੇ ਢਾਹੇ ਜਾ ਰਹੇ ਅਣਮਨੁੱਖੀ ਅਤਿਆਚਾਰਾਂ ਦੇ ਮਸਲੇ ਨੂੰ ਕੌਮਾਂਤਰੀ ਪੱਧਰ ‘ਤੇ ਉਭਾਰਨਾ ਚਾਹੁੰਦਾ ਸੀ । ਦੂਜਾ, ਭਾਈ ਜਸਵੰਤ ਸਿੰਘ ਦੀ ਰੁਚੀ ਕੇਵਲ ਤੇ ਕੇਵਲ ਮਨੁੱਖੀ ਹੱਕਾਂ ਦੀ ਰੱਖਿਆ ਕਰਨ ਤਕ ਸੀਮਤ ਨਹੀਂ ਸੀ। ਉਸ ਦੀ ਇਹ ਨਿਸਚਿਤ ਧਾਰਨਾ ਸੀ ਕਿ ਮਨੁੱਖੀ ਹੱਕਾਂ ਨੂੰ ਰਾਜਨੀਤੀ ਨਾਲੋਂ ਅਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ। ਮਨੁੱਖੀ ਹੱਕਾਂ ਦਾ ਮਸਲਾ ਕਿਸੇ ਖ਼ਲਾਅ ਵਿੱਚੋਂ ਪੈਦਾ ਨਹੀਂ ਹੁੰਦਾ। ਇਹ ਹਮੇਸ਼ਾਂ ਰਾਜਸੀ ਸੰਘਰਸ਼ ‘ਚੋਂ ਪੈਦਾ ਹੁੰਦਾ ਹੈ। ਸੱਚ ਤਾਂ ਇਹ ਹੈ, ਕਿ ਇਹ ਅਮਲੀ ਪੱਧਰ ‘ਤੇ ਲੜੇ ਜਾ ਰਹੇ ਰਾਜਸੀ ਸੰਘਰਸ਼ ਦਾ ਹੀ ਅੰਗ ਹੁੰਦਾ ਹੈ। ਇੰਗਲੈਂਡ ਤੋਂ ਛਪਦੇ ਦੋ ਪਰਚਿਆਂ ਵਿਚ ਉਸ ਨੇ ਇਸ ਮਸਲੇ ‘ਤੇ ਇਕ ਉਚੇਚਾ ਲੇਖਾ ਲਿਖਿਆ ਸੀ। ਇਸ ਕਰਕੇ ਜਦੋਂ ਉਹ ਜ਼ਮੀਨੀ ਪੱਧਰ ‘ਤੇ ਸਰਕਾਰੀ ਜ਼ੁਲਮਾਂ ਵਿਰੁੱਧ ਬੀਰਤਾ-ਭਰਿਆ ਸੰਘਰਸ਼ ਕਰ ਰਿਹਾ ਸੀ, ਉਸ ਵੇਲੇ ਉਹ ਰਾਜਨੀਤੀ ਤੋਂ ਬੇਖ਼ਬਰ ਜਾਂ ਬੇਵਾਸਤਾ ਨਹੀਂ ਸੀ। ਉਹ ਨਾ ਸਿਰਫ਼ ਭਾਰਤੀ ਹੁਕਮਰਾਨਾਂ ਦੀ ਰਾਜਨੀਤੀ ਨੂੰ ਗਹਿਰੀ ਦਿਲਚਸਪੀ ਨਾਲ ਦੇਖ ਤੇ ਸਮਝ ਰਿਹਾ ਸੀ, ਨਾਲ ਹੀ ਉਹ ਸਿੱਖ ਰਾਜਨੀਤੀ ਦੇ ਸਾਰੇ ਰੂਪਾਂ, ਪੱਖਾਂ ਤੇ ਪਰਤਾਂ ਨੂੰ ਵੀ ਬਾਰੀਕੀ ਨਾਲ ਘੋਖ ਰਿਹਾ ਸੀ। ਉਸ ਵੇਲੇ ਤਕ ਉਸ ਦਾ ਇਹ ਦ੍ਰਿੜ੍ਹ ਮੱਤ ਬਣ ਚੁੱਕਾ ਸੀ ਕਿ (1) ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਭਾਰਤੀ ਫ਼ੌਜ ਦੇ ਹਮਲੇ ਦੇ ਨਾਲ ਹੀ ਸਿੱਖ ਕੌਮ ਦੇ ਪ੍ਰਭੁਤਾ-ਸੰਪੰਨ ਰਾਜ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ ਸੀ; (2) ਹਮਲੇ ਤੋਂ ਬਾਅਦ ਸਿੱਖ ਕੌਮ ਦੇ ਜੂਝਾਰੂਆਂ ਵੱਲੋਂ ਸ਼ੁਰੂ ਕੀਤੇ ਗਏ ਹਥਿਆਰਬੰਦ ਸੰਘਰਸ਼ ਦਾ ਨਿਸ਼ਾਨਾ ਸਪੱਸ਼ਟ ਰੂਪ ਵਿਚ ਖ਼ਾਲਿਸਤਾਨ ਮਿਥਿਆ ਜਾ ਚੁੱਕਾ ਹੈ ਅਤੇ ਇਹ ਸੰਘਰਸ਼ ਖ਼ਾਲਿਸਤਾਨ ਦੀ ਸਥਾਪਨਾ ਨਾਲ ਹੀ ਸੰਪੂਰਨ ਹੋਵੇਗਾ; (3) ਭਾਰਤੀ ਬਿਪਰਵਾਦੀ ਰਾਜਸੀ ਢਾਂਚੇ ਦੇ ਅੰਦਰ (ਤੇ ਇਸ ਦੇ ਅਧੀਨ ਰਹਿ ਕੇ) ਸਿੱਖ ਮਸਲੇ ਦਾ ਕੋਈ ਵੀ ਤਸੱਲੀਬਖ਼ਸ਼ ਰਾਜਸੀ ਹੱਲ ਸੰਭਵ ਨਹੀਂ ਹੈ; (4) ਹਾਸਲ ਹਾਲਤਾਂ ਅੰਦਰ ਖ਼ਾਲਿਸਤਾਨ ਦੀ ਪ੍ਰਾਪਤੀ ਹਥਿਆਰਬੰਦ ਸੰਘਰਸ਼ ਦੇ ਜ਼ਰੀਏ ਹੀ ਸੰਭਵ ਹੈ; ਅਤੇ (5) ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਸਿੱਖ ਕੌਮ ਨੂੰ ਵੋਟਾਂ ਦੀ ਭਰਮਾਊ ਰਾਜਨੀਤੀ ਤੋਂ ਲਗਾਤਾਰ ਸੁਚੇਤ ਤੇ ਸਾਵਧਾਨ ਰਹਿਣ ਦੀ ਲੋੜ ਹੈ।

ਭਾਈ ਜਸਵੰਤ ਸਿੰਘ ਕੋਲ ਕਮਿਊਨਿਸਟ ਲਹਿਰ ਵਿਚ ਕੰਮ ਕਰਦਿਆਂ ਗਹਿਰ- ਗੰਭੀਰ ਸਿਧਾਂਤਕ ਅਧਿਐਨ ਦੇ ਨਾਲੋ-ਨਾਲ ਰਾਜਸੀ ਤੇ ਜਥੇਬੰਦਕ ਕੰਮ ਕਰਨ ਦਾ ਵਡਮੁੱਲਾ ਤਜਰਬਾ ਸੀ । ਵਾਹਿਗੁਰੂ ਨੇ ਉਸ ਨੂੰ ਤੀਖਣ ਬੁੱਧੀ ਦੀ ਦਾਤ ਬਖ਼ਸ਼ੀ ਸੀ, ਜਿਸ ਸਦਕਾ ਉਹ ਰਾਜਸੀ ਲਹਿਰਾਂ ਤੇ ਧਾਰਾਵਾਂ ਦੇ ਆਰ-ਪਾਰ ਦੇਖ ਸਕਣ ਦੀ ਅੰਤਰ-ਦ੍ਰਿਸ਼ਟੀ ਰੱਖਦਾ ਸੀ। ਉਹ ਸਿੱਖ ਖਾੜਕੂ ਸੰਘਰਸ਼ ਨਾਲ ਨੇੜਿਓਂ ਜੁੜਿਆ ਹੋਇਆ ਸੀ। ਮਾਝੇ ਅੰਦਰ ਸਰਗਰਮ ਲਗਭਗ ਸਾਰੀਆਂ ਹੀ ਖਾੜਕੂ ਜਥੇਬੰਦੀਆਂ ਦੇ ਆਗੂਆਂ ਨਾਲ ਉਸ ਦਾ ਸਿੱਧਾ ਜਾਂ ਅਸਿੱਧਾ ਰਾਬਤਾ ਸੀ, ਜਿਸ ਕਰਕੇ ਉਹ ਖਾੜਕੂ ਜਥੇਬੰਦੀਆਂ ਦੀਆਂ ਮੋਹਰੀ ਪਰਤਾਂ ਦੀ ਸਿਧਾਂਤਕ ਤੇ ਰਾਜਸੀ ਸੋਚਣੀ ਅਤੇ ਅਮਲੀ ਕਾਰਜ-ਸ਼ੈਲੀ ਤੋਂ ਚੋਖਾ ਵਾਕਿਫ਼ ਸੀ। ਉਹ ਖਾੜਕੂ ਸਫ਼ਾਂ ਦੀ ਆਪਸੀ ਫੁੱਟ ਤੋਂ ਡਾਢਾ ਪਰੇਸ਼ਾਨ ਸੀ ਅਤੇ ਇੱਕੋ ਕਾਜ ਨੂੰ ਪ੍ਰਣਾਈਆਂ ਜਥੇਬੰਦੀਆਂ ਵਿਚਕਾਰ ਏਕਤਾ ਤੇ ਸਦਭਾਵਨਾ ਪੈਦਾ ਕਰਨ ਦੀ ਜ਼ੋਰਦਾਰ ਤਾਂਘ ਰੱਖਦਾ मी।

ਇਸ ਦੇ ਨਾਲ ਹੀ, ਖਾੜਕੂ ਸਫ਼ਾਂ ਅੰਦਰ ਵੋਟਾਂ (ਚੋਣਾਂ) ਦੀ ਰਾਜਨੀਤੀ ਤੋਂ ਲੈ ਕੇ ਹੋਰ ਬਹੁਤ ਸਾਰੇ ਅਹਿਮ ਮਸਲਿਆਂ ਬਾਰੇ ਪ੍ਰਗਟ ਹੋ ਰਹੀ ਸਿਧਾਂਤਕ ਅਸਪੱਸ਼ਟਤਾ ਜਾਂ ਥਿੜਕਣ ਨੂੰ ਵੀ ਉਹ ਬਹੁਤ ਗੰਭੀਰਤਾ ਨਾਲ ਲੈਂਦਾ ਸੀ। ਉਹ ਇਨ੍ਹਾਂ ਸਾਰੇ ਮਸਲਿਆਂ ਬਾਰੇ ਖਾੜਕੂ ਸਫ਼ਾਂ ਅੰਦਰ ਉਸਾਰੂ ਬਹਿਸ ਦਾ ਅਮਲ ਚਲਾਉਣਾ ਅਤੇ ਸਹੀ ਵਿਚਾਰਾਂ ਦਾ ਸੰਚਾਰ ਕਰਨਾ ਚਾਹੁੰਦਾ ਸੀ, ਤਾਂ ਜੋ ਲਹਿਰ ਦੀਆਂ ਪ੍ਰਗਟ ਹੋ ਰਹੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕੇ। ਘੋਰ ਤਸ਼ੱਦਦ ਦੇ ਉਸ ਦੌਰ ਅੰਦਰ ਪੰਜਾਬ ਵਿਚ ਰਹਿ ਕੇ ਇਹ ਕਾਰਜ ਕਰ ਸਕਣਾ ਉੱਕਾ ਹੀ ਸੰਭਵ ਨਹੀਂ ਸੀ। ਉਸ ਦਾ ਇਹ (ਠੀਕ ਜਾਂ ਗ਼ਲਤ) ਪ੍ਰਭਾਵ ਬਣ ਗਿਆ ਸੀ ਕਿ ਬਹੁਤ ਸਾਰੀਆਂ ਖਾੜਕੂ ਜਥੇਬੰਦੀਆਂ ਨੂੰ, ਉਹਨਾਂ ਦੇ ਪੱਛਮੀ ਦੇਸ਼ਾਂ ਵਿਚ ਬੈਠੇ ਹਮਾਇਤੀਆਂ ਵੱਲੋਂ ਸਿਧਾਂਤਕ ਸੇਧਾਂ ਮੁਹੱਈਆ ਕੀਤੀਆਂ ਜਾ ਰਹੀਆਂ ਸਨ। ਉਹ ਇੰਗਲੈਂਡ ਜਾ ਕੇ ਇਸ ਵਰਤਾਰੇ ਦਾ ਨੇੜਿਓਂ ਅਨੁਭਵ ਕਰਨਾ ਚਾਹੁੰਦਾ ਸੀ। ਉਸ ਦਾ ਵਿਚਾਰ ਦੀ ਤਾਕਤ (force of idea) ਵਿਚ ਗੂੜਾ ਵਿਸ਼ਵਾਸ ਸੀ, ਅਤੇ ਉਹ ਖਾੜਕੂ ਲਹਿਰ ਅੰਦਰ ਵਿਚਾਰਾਂ ਦਾ ਪ੍ਰਵਾਹ ਚਲਾਉਣਾ ਚਾਹੁੰਦਾ ਸੀ । ਮੈਂ ਉਸ ਦੇ ਇੰਗਲੈਂਡ ਜਾਣ ਦੇ ਫ਼ੈਸਲੇ ਪਿੱਛੇ ਇਕ ਅਹਿਮ ਫੈਕਟਰ ਇਹ ਵੀ ਜਾਪਦਾ ਹੈ। ਉਸ ਵੱਲੋਂ ਇੰਗਲੈਂਡ ਰਹਿੰਦਿਆਂ ਕੀਤੀਆਂ ਸਰਗਰਮੀਆਂ ਤੋਂ ਇਸ ਵਿਚਾਰ ਦੀ ਪੁਸ਼ਟੀ ਹੁੰਦੀ ਹੈ।

ਸਮਕਾਲੀ ਹਾਲਤ

ਉਸ ਵੇਲੇ ਜੁਝਾਰੂ ਲਹਿਰ ਦੀ ਜਥੇਬੰਦਕ ਸਥਿਤੀ ਇਹ ਸੀ ਕਿ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਵੱਲੋਂ ਚੁਣੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਦੇ ਦੋ ਮੈਂਬਰ (ਭਾਈ ਅਰੂੜ ਸਿੰਘ ਤੇ ਭਾਈ ਗੁਰਦੇਵ ਸਿੰਘ ਉਸਮਾਨਵਾਲਾ) ਸ਼ਹੀਦ ਹੋ ਚੁੱਕੇ ਸਨ । ਇਕ ਮੈਂਬਰ (ਧੰਨਾ ਸਿੰਘ) ਲਹਿਰ ਤੋਂ ਕਿਨਾਰਾ ਕਰ ਕੇ ਅਮਰੀਕਾ ਜਾ ਵੱਸਿਆ ਸੀ । ਸੋ ਅਮਲੀ ਤੌਰ ‘ਤੇ ਪੰਜ ਮੈਂਬਰੀ ਕਮੇਟੀ ਦੇ ਕੇਵਲ ਦੋ ਮੈਂਬਰ (ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਭਾਈ ਵੱਸਣ ਸਿੰਘ ਜਫ਼ਰਵਾਲ) ਹੀ ਸਰਗਰਮ ਸਨ, ਅਤੇ ਉਨ੍ਹਾਂ ਵਿਚਕਾਰ ਵੀ ਆਪਸੀ ਵਿਸ਼ਵਾਸ ਤੇ ਤਾਲਮੇਲ ਨਹੀਂ ਰਿਹਾ ਸੀ । 4 ਨਵੰਬਰ 1988 ਨੂੰ ਡਾਕਟਰ ਸੋਹਣ ਸਿੰਘ ਦੀ ਅਗਵਾਈ ਹੇਠ ਇਕ ਨਵੀਂ ਪੰਥਕ ਕਮੇਟੀ ਬਣ ਗਈ ਸੀ। ਇੰਗਲੈਂਡ ਵਿਚ ਉਸ ਵਕਤ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਧੜਾ ਭਾਈ ਵੱਸਣ ਸਿੰਘ ਜਫਰਵਾਲ ਦੀ ਖੁੱਲ੍ਹਮ-ਖੁੱਲ੍ਹੀ ਹਮਾਇਤ ਕਰਦਾ ਅਤੇ ਇੰਗਲੈਂਡ ਤੋਂ ਉਸ ਦੇ ਨਾਂ ਉੱਤੇ ਵੱਖ-ਵੱਖ ਮਸਲਿਆਂ ਬਾਰੇ ਨੀਤੀ ਬਿਆਨ ਜਾਰੀ ਕਰਦਾ ਰਹਿੰਦਾ ਸੀ। ਇਸੇ ਤਰ੍ਹਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਨਵੀਂ ਬਣੀ ਪੰਥਕ ਕਮੇਟੀ ਦੇ ਹਮਾਇਤੀਆਂ ਦੇ ਵੱਖੋ-ਵੱਖਰੇ ਧੜੇ ਵੀ ਆਪੋ- ਆਪਣੇ ਤਰੀਕੇ ਨਾਲ ਸਰਗਰਮ ਸਨ। ਭਾਈ ਜਸਵੰਤ ਸਿੰਘ ਦਾ ਉਸ ਵਕਤ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਧੜੇ ਵੱਲ ਵੱਧ ਝੁਕਾਅ ਸੀ। ਪਰ ਉਸ ਦੇ ਮਨ ਅੰਦਰ ਦੂਸਰਿਆਂ ਪ੍ਰਤਿ ਤਅੱਸਬ ਤੇ ਤੰਗਦਿਲੀ ਕੋਈ ਨਹੀਂ ਸੀ। ਜੇਕਰ ਉਸ ਨੂੰ ਦੂਸਰੀ ਪੰਥਕ ਕਮੇਟੀ ਦੀ ਕੋਈ ਨੀਤੀ ਚੰਗੀ ਲੱਗੀ ਤਾਂ ਉਸ ਨੇ ਉਸ ਦੀ ਪ੍ਰਸੰਸਾ ਕਰਨ ਵਿਚ ਝਿਜਕ ਨਹੀਂ ਦਿਖਾਈ, ਅਤੇ ਜੇਕਰ ਉਸ ਨੂੰ ਬਾਬਾ ਮਾਨੋਚਾਹਲ ਦੀ ਚੋਣਾਂ ਬਾਰੇ ਸਮਝ ਤੇ ਨੀਤੀ ਠੀਕ ਨਾ ਲੱਗੀ ਤਾਂ ਉਸ ਨੇ ਉਸ ਦੀ ਨੁਕਤਾਚੀਨੀ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ मी।

ਉਸ ਨੇ ਇੰਗਲੈਂਡ ਪਹੁੰਚਦਿਆਂ ਹੀ ਸਲੋਅ ਵਿਖੇ ਆਪਣੀ ਜਾਣ-ਪਛਾਣ ਵਾਲੇ ਕੁੱਝ ਸਿੰਘਾਂ ਨੂੰ ਇਕੱਠੇ ਕਰ ਕੇ ਆਪਣੇ ਇੰਗਲੈਂਡ ਆਉਣ ਦੇ ਤਿੰਨ ਮਕਸਦ ਦੱਸੇ ਸਨ। ਇਕ, ਦੁਨੀਆਂ ਨੂੰ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਤੋਂ ਜਾਣੂੰ ਕਰਾਉਣਾ। ਦੂਜਾ, ਜਿਹੜੇ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭ ਕੀਤੇ ਜੁਝਾਰੂ ਸੰਘਰਸ਼ ਤੋਂ ਕਿਸੇ ਕਾਰਨ ਪਾਸੇ ਹਨ, ਜਿਨ੍ਹਾਂ ਦੇ ਮਨਾਂ ਅੰਦਰ ਸਿੱਖ ਸੰਘਰਸ਼ ਬਾਰੇ ਕੋਈ ਸ਼ੰਕੇ ਜਾਂ ਸੁਆਲ ਹਨ, ਉਨ੍ਹਾਂ ਨੂੰ ਦਲੀਲ ਪੂਰਬਕ ਢੰਗ ਨਾਲ ਸਮਝਾ ਕੇ ਸਿੱਖ ਸੰਘਰਸ਼ ਨਾਲ ਜੋੜਨਾ। ਤੀਜਾ, ਸੰਘਰਸ਼ ਨਾਲ ਜੁੜੇ ਸਿੱਖਾਂ ਨੂੰ ਸਿਧਾਂਤਕ ਤੇ ਰਾਜਸੀ ਸੁਝ-ਬੂਝ ਨਾਲ ਲੈਸ ਕਰਨਾ। ਕਮਿਊਨਿਸਟ ਲਹਿਰ ਦੌਰਾਨ ਕਮਾਏ ਅਭਿਆਸ ‘ਚੋਂ ਉਸ ਨੇ ਹਰ ਕਾਰਜ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ ਦੀ ਜਾਚ ਸਿੱਖੀ ਹੋਈ ਸੀ, ਜਿਸ ਕਰਕੇ ਉਸ ਨੇ ਸਭ ਤੋਂ ਪਹਿਲਾਂ ਸਲੋਅ ਵਿਖੇ ਕਿਰਿਆਸ਼ੀਲ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਕੀਤਾ। ਇਕ ਸਿੰਘ ਦੇ ਘਰ ਦੇ ਗਾਰਡਨ ਦੇ ਪਿਛਲੇ ਹਿੱਸੇ ਵਿਚ ਦਫ਼ਤਰ ਲਈ ਉਚੇਚਾ ਕਮਰਾ ਉਸਾਰਿਆ ਗਿਆ, ਜਿਸ ਦੀਆਂ ਨੀਹਾਂ ਪੁੱਟਣ ਤੋਂ ਲੈ ਕੇ ਸਾਰਾ ਕੰਮ ਜਸਵੰਤ ਸਿੰਘ ਨੇ ਦੂਸਰੇ ਸਿੰਘਾਂ ਨਾਲ ਰਲ ਕੇ ਕੀਤਾ। ਦਿਨਾਂ ਵਿਚ ਹੀ ਦਫ਼ਤਰ ਵਿਚ ਟੈਲੀਫੋਨ, ਫ਼ੈਕਸ ਮਸ਼ੀਨ, ਪ੍ਰਿੰਟਰ ਤੇ ਟਾਈਪ ਰਾਈਟਰ ਆਦਿ ਸਭ ਕੁੱਝ ਆ ਗਏ। ਦਫ਼ਤਰ ਚਾਲੂ ਹੁੰਦਿਆਂ ਹੀ ਪੱਛਮੀ ਮੁਲਕਾਂ ਦੀਆਂ ਸਰਕਾਰਾਂ, ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਤੇ ਐਮਨਿਸਟੀ ਇੰਟਰਨੈਸ਼ਨਲ ਨਾਲ ਚਿੱਠੀ-ਪੱਤਰ ਸ਼ੁਰੂ ਕੀਤਾ। ਜਸਵੰਤ ਸਿੰਘ ਨੇ ਇੰਗਲੈਂਡ ਤੋਂ ਛਪਣ ਵਾਲੇ ਹਫ਼ਤਾਵਾਰੀ ਪਰਚਿਆਂ ਅੰਦਰ ਰਾਜਸੀ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਖਾੜਕੂ ਸੰਘਰਸ਼ ਨਾਲ ਜੁੜੇ ਹੋਏ ਸਿਧਾਂਤਕ ਤੇ ਰਾਜਸੀ ਮੁੱਦਿਆਂ ਬਾਰੇ ਸਹੀ ਦ੍ਰਿਸ਼ਟੀਕੋਣ ਦੀ ਪੇਸ਼ਕਾਰੀ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਜਸਵੰਤ ਸਿੰਘ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨਾਲ ਜੁੜੇ ਹੋਏ ਸਿੰਘਾਂ ਦੇ ਸਹਿਯੋਗ ਨਾਲ ਇਕ ਉਚੇਚਾ ਅਰਸਾਵਾਰ ਪਰਚਾ ਲਿਬਰੇਸ਼ਨ ਖ਼ਾਲਿਸਤਾਨ ਦੇ ਨਾਂ ਹੇਠ ਛਾਪਣਾ ਆਰੰਭ ਕੀਤਾ। ਭਾਈ ਜਸਵੰਤ ਸਿੰਘ ਨੇ ਇਸ ਪਰਚੇ ਵਿਚ, ਉਸ ਵੇਲੇ ਸਿੱਖ ਸੰਘਰਸ਼ ਨਾਲ ਜੁੜਵੇਂ ਕੁੱਝ ਮਹੱਤਵਪੂਰਨ ਮਸਲਿਆਂ ਬਾਰੇ ਅਨੇਕਾਂ ਲੇਖ ਲਿਖੇ ਜਿਨ੍ਹਾਂ ਤੋਂ ਉਸ ਦੀ ਸਿਧਾਂਤਕ ਪ੍ਰਤਿਭਾ ਦੀ ਗੂੜ੍ਹੀ ਪੁਸ਼ਟੀ ਹੁੰਦੀ ਹੈ। (ਪ੍ਰਮਾਣ ਲਈ ਅਗਲੇ ਪੰਨਿਆਂ ‘ਤੇ ਇਨ੍ਹਾਂ ਲੇਖਾਂ ‘ਚੋਂ ਚੁਣਵੇਂ ਭਾਗ ਦਿੱਤੇ ਗਏ ਹਨ ।

ਭਾਈ ਜਸਵੰਤ ਸਿੰਘ ਦੀਆਂ ਸਰਗਰਮੀਆਂ ਨੇ ਇੰਗਲੈਂਡ ਦੀ ਸਿੱਖ ਸਿਆਸਤ ਅੰਦਰ ਹਿਲਜੁਲ ਪੈਦਾ ਕਰ ਦਿੱਤੀ ਸੀ । ਉਸ ਕੋਲ ਵੱਖ-ਵੱਖ ਧੜਿਆਂ ਦੇ ਲੀਡਰ ਆਉਣ ਲੱਗ ਪਏ ਸਨ ਅਤੇ ਲਗਭਗ ਹਰ ਧੜੇ ਨੇ ਉਸ ਨੂੰ ਆਪਣੇ ਨਾਲ ਜੋੜਨ ਲਈ ਕੋਸ਼ਿਸ਼ ਕੀਤੀ ਸੀ। ਪਰ ਉਸ ਦਾ ਹਰ ਇਕ ਨੂੰ ਇਹੀ ਜੁਆਬ ਸੀ ਕਿ ਮੈਂ ਧੜਿਆਂ ਨੂੰ ਮਜ਼ਬੂਤ ਨਹੀਂ ਕਰਨਾ ਚਾਹੁੰਦਾ, ਕੌਮੀ ਹਿੱਤਾਂ ਲਈ ਇਹਨਾਂ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ। ਜਿਸ ਕਰਕੇ ਜਿੰਨਾ ਚਿਰ ਧੜੇ ਖ਼ਤਮ ਨਹੀਂ ਹੋ ਜਾਂਦੇ, ਉਨਾ ਚਿਰ ਮੈਂ ਇਕੱਲਾ ਰਹਿ ਕੇ ਹੀ ਪੰਥ ਦੀ ਸੇਵਾ ਕਰਨੀ ਪਸੰਦ ਕਰਾਂਗਾ। ਚਿਰਾਂ ਤੋਂ ਚੌਧਰੀ ਬਣੇ ਬੈਠੇ ਕੁੱਝ ਵਿਅਕਤੀਆਂ ਨੂੰ ਜਦ ਆਪਣੀ ਚੌਧਰ ਖੁੱਸਣ ਦਾ ਖ਼ਤਰਾ ਦਿਖਾਈ ਦੇਣ ਲੱਗਾ ਤਾਂ ਉਹਨਾਂ ਨੇ ਇਹ ਪ੍ਰਚਾਰ ਵੀ ਕੀਤਾ ਕਿ ਇਹ ਬੰਦਾ ਭਾਰਤ ਦੀ ਸਰਕਾਰ ਨੇ ਭੇਜਿਆ ਹੈ। ਪਰ ਭਾਈ ਜਸਵੰਤ ਸਿੰਘ ਅਡੋਲਤਾ ਨਾਲ ਆਪਣੇ ਕੰਮ ਵਿਚ ਜੁਟਿਆ ਰਿਹਾ ਅਤੇ ਅਜਿਹੀ ਨਾਕਸ ਸੋਚ ਦਾ ਸਿਧਾਂਤਕ ਦਲੀਲਾਂ ਤੇ ਆਪਣੇ ਅਮਲਾਂ ਨਾਲ ਪਰਦਾਫ਼ਾਸ਼ ਕਰਦਾ ਰਿਹਾ।

ਉਸ ਵੇਲੇ ਇੰਗਲੈਂਡ ਵਿਚ ਸਿਆਸੀ ਪਨਾਹ ਲੈ ਕੇ ਰਹਿ ਰਹੇ ਇਕ ਖਾੜਕੂ ਸਿੰਘ ਭਾਈ ਕਰਮਜੀਤ ਸਿੰਘ ਚਾਹਲ ਨੂੰ ਬਰਤਾਨਵੀ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਕਟ ਅਧੀਨ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਸਿੱਖ ਭਾਈਚਾਰੇ ਨੇ ਉਸ ਦੀ ਰਿਹਾਈ ਲਈ ਸਰਕਾਰ ਉੱਤੇ ਦਬਾਅ ਪਾਉਣ ਵਾਸਤੇ ਦਸਖ਼ਤੀ ਮੁਹਿੰਮ ਚਲਾਈ, ਜਿਸ ਵਿਚ ਜਸਵੰਤ ਸਿੰਘ ਨੇ ਬਹੁਤ ਸਰਗਰਮ ਰੋਲ ਅਦਾ ਕੀਤਾ ਸੀ । ਸਿੱਖ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਇਕ ਪੋਸਟ ਕਾਰਡ ਉਸ ਦੀ ਫੋਟੋ ਸਮੇਤ ਛਾਪ ਕੇ ਵਸੀਹ ਪੈਮਾਨੇ ‘ਤੇ ਵੰਡਿਆ ਗਿਆ ਸੀ।

1992 ਦੇ ਸ਼ੁਰੂ ਵਿਚ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਦੀ ਹਰ ਦੋ ਸਾਲਾਂ ਬਾਅਦ ਹੋਣ ਵਾਲੀ 5 ਰੋਜ਼ਾ ਕਾਨਫ਼ਰੰਸ (Harare Summit) ਹੋਈ ਜਿਸ ਦੌਰਾਨ, ਭਾਈ ਜਸਵੰਤ ਸਿੰਘ ਦੀ ਪਹਿਲ-ਕਦਮੀ ਸਦਕਾ, ਸਾਰੇ ਦੇਸ਼ਾਂ ਦੇ ਮੁਖੀਆਂ ਨੂੰ ਭਾਰਤ ਅੰਦਰ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਬੰਦ ਕਰਾਉਣ ਲਈ ਮੰਗ-ਪੱਤਰ ਭੇਜੇ ਗਏ ਸਨ। ਯੂ.ਕੇ. ਦੇ ਮੀਡੀਏ ਦਾ ਧਿਆਨ ਸਿੱਖ ਮੰਗਾਂ ਵੱਲ ਖਿੱਚਣ ਦੇ ਮੰਤਵ ਨਾਲ ਜਸਵੰਤ ਸਿੰਘ ਨੇ ਚਾਰ ਹੋਰ ਸਿੰਘਾਂ ਨਾਲ ਰਲ ਕੇ ਸਲੋਅ ਵਿਖੇ ਪੰਜਾਂ ਦਿਨਾਂ (ਜਿੰਨੇ ਦਿਨ ਕਾਨਫ਼ਰੰਸ ਚੱਲੀ) ਲਈ ਭੁੱਖ ਹੜਤਾਲ ਰੱਖੀ ਸੀ।

1992 ਵਿਚ ਬਰਤਾਨਵੀ ਪਾਰਲੀਮੈਂਟ ਦੀਆਂ ਚੋਣਾਂ ਦੌਰਾਨ ਭਾਈ ਜਸਵੰਤ ਸਿੰਘ ਨੇ, ਭਾਰਤੀ ਰਾਜ ਵੱਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਭਾਰਿਆ ਸੀ।

ਸਿਆਸੀ ਪਨਾਹ ਲਈ ਦਰਖ਼ਾਸਤ

ਭਾਈ ਜਸਵੰਤ ਸਿੰਘ ਇੰਗਲੈਂਡ ਵਿਜ਼ਿਟਰ ਵੀਜ਼ੇ ‘ਤੇ ਪਹੁੰਚਿਆ ਸੀ । ਇਮੀਗਰੇਸ਼ਨ ਕਾਨੂੰਨ ਮੁਤਾਬਿਕ ਉਹ ਇੰਗਲੈਂਡ ਵਿਚ ਛੇ ਮਹੀਨਿਆਂ ਤੋਂ ਵੱਧ ਸਮਾਂ ਨਹੀਂ ਠਹਿਰ ਸਕਦਾ ਸੀ। ਪਰ ਉਹ ਜਿਹੜੇ ਕਾਰਜਾਂ ਲਈ ਇੰਗਲੈਂਡ ਪਹੁੰਚਿਆ ਸੀ ਉਨ੍ਹਾਂ ਵਾਸਤੇ ਉਸ ਨੂੰ ਵੱਧ ਸਮਾਂ ਚਾਹੀਦਾ ਸੀ, ਜਿਸ ਕਰਕੇ ਇੰਗਲੈਂਡ ਵਿਚ ਲੰਮਾ ਸਮਾਂ ਰਹਿਣ ਵਾਸਤੇ ਉਸ ਲਈ ਸਿਆਸੀ ਪਨਾਹ ਲੈਣੀ ਜ਼ਰੂਰੀ ਬਣ ਗਈ ਸੀ । ਇਸ ਵਾਸਤੇ ਉਸ ਨੇ ਦਸੰਬਰ 1991 ਵਿਚ ਸੰਬੰਧਿਤ ਮਹਿਕਮੇ ਨੂੰ ਦਰਖ਼ਾਸਤ ਭੇਜ ਦਿੱਤੀ ਸੀ। ਬਰਤਾਨੀਆ ਸਰਕਾਰ ਦੇ ਇਮੀਗਰੇਸ਼ਨ ਐਂਡ ਨੈਸ਼ਨੈਲਟੀ ਡੀਪਾਰਟਮੈਂਟ ਨੇ 6 ਜਨਵਰੀ 1992 ਨੂੰ ਜਸਵੰਤ ਸਿੰਘ ਨੂੰ ਮੋੜਵੀਂ ਚਿੱਠੀ ਰਾਹੀਂ ਉਸ ਦੀ ਦਰਖ਼ਾਸਤ ਮਿਲ ਜਾਣ ਦੀ ਤਸਦੀਕ ਕਰ ਦਿੱਤੀ ਸੀ। ਸਿਆਸੀ ਪਨਾਹ ਲਈ ਲਿਖੀ ਚਿੱਠੀ ਵਿਚ ਜਸਵੰਤ ਸਿੰਘ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਉਹ ਆਰਜ਼ੀ ਸਮੇਂ ਲਈ (ਅਸਥਾਈ ਤੌਰ ‘ਤੇ) ਹੀ ਪਨਾਹ ਦੀ ਮੰਗ ਕਰਦਾ ਹੈ ਅਤੇ ਉਸ ਦਾ ਇੰਗਲੈਂਡ ਵਿਚ ਪੱਕਾ (ਸਥਾਈ) ਵਸੇਬਾ ਕਰਨ ਦਾ ਕੋਈ ਇਰਾਦਾ ਨਹੀਂ ਹੈ, ਕਿਉਂਕਿ ‘ਮੇਰਾ ਆਪਣੀ ਜਨਮ ਭੂਮੀ ਤੇ ਆਪਣੇ ਲੋਕਾਂ ਨਾਲ ਅੰਤਾਂ ਦਾ ਸਨੇਹ ਹੈ। ਮੈਂ ਆਪਣੀ ਧਰਤੀ ਤੇ ਆਪਣੇ ਲੋਕਾਂ ਕੋਲੋਂ ਜ਼ਿਆਦਾ ਚਿਰ ਦੂਰ ਨਹੀਂ ਰਹਿਣਾ ਚਾਹੁੰਦਾ। ਇਸ ਵੇਲੇ ਸਿਆਸੀ ਪਨਾਹ ਲੈਣੀ ਮੇਰੀ ਮਜਬੂਰੀ ਬਣੀ ਹੋਈ ਹੈ ਕਿਉਂਕਿ ਭਾਰਤੀ ਰਾਜ ਦੀਆਂ ਹਥਿਆਰਬੰਦ ਫ਼ੋਰਸਾਂ ਨੇ ਮੇਰਾ ਪੰਜਾਬ ਵਿਚ ਰਹਿਣਾ ਦੁੱਭਰ ਕਰ ਦਿੱਤਾ ਹੈ। ਇਸ ਕਰਕੇ ਜਿਉਂ ਹੀ ਉਥੇ ਹਾਲਾਤ ਥੋੜ੍ਹੇ ਸੁਖਾਵੇਂ ਹੋ ਜਾਣਗੇ, ਮੈਂ ਉਸੇ ਘੜੀ ਆਪਣੇ ਵਤਨ (ਪੰਜਾਬ) ਪਰਤ ਜਾਵਾਂਗਾ।’

ਉਸ ਤੋਂ ਪਹਿਲਾਂ ਭਾਈ ਜਸਵੰਤ ਸਿੰਘ ਨੇ 15 ਜੁਲਾਈ 1991 ਨੂੰ ਭਾਰਤੀ ਰਾਸ਼ਟਰਪਤੀ ਨੂੰ ਚਿੱਠੀ ਭੇਜ ਕੇ ਆਪਣੀ ਭਾਰਤੀ ਨਾਗਰਿਕਤਾ ਤਿਆਗ ਦੇਣ ਦਾ ਐਲਾਨ ਕਰ ਦਿੱਤਾ ਸੀ। ਉਸ ਨੇ ਭਾਰਤੀ ਰਾਸ਼ਟਰਪਤੀ ਨੂੰ ਲਿਖਿਆ ਸੀ :

ਮੈਂ ਜਸਵੰਤ ਸਿੰਘ ਸੰਧੂ ਸਪੁੱਤਰ ਸ. ਕਰਤਾਰ ਸਿੰਘ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਲੜਾ ਪਿੰਡ ਦਾ ਸਾਬਕਾ ਵਸਨੀਕ ਆਪਣੇ ਆਪ ਨੂੰ ਬੇਵਤਨਾ (Stateless) ਐਲਾਨ ਕਰਦਾ ਹਾਂ ਅਤੇ ਅੱਜ ਤੋਂ ਬਾਅਦ ਮੈਨੂੰ ਭਾਰਤੀ ਨਾਗਰਿਕ ਨਾ ਸਮਝਿਆ

ਜਾਵੇ ਕਿਉਂਕਿ :

ਭਾਰਤੀ ਰਾਜ ਨੇ ਮੇਰੀ ਜਾਨ ਦੀ ਰੱਖਿਆ ਕਰਨ ਦੀ ਬਜਾਇ ਮੇਰੀ ਜਾਨ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ ਅਤੇ ਮੇਰੇ ਸਰਬ-ਵਿਆਪੀ ਮਨੁੱਖੀ ਅਧਿਕਾਰਾਂ ਜਿਵੇਂ ਕਿ : ਜਿਉਣ, ਜਾਇਦਾਦ ਰੱਖਣ, ਤੇ ਮਨ-ਮਰਜ਼ੀ ਦੀ ਰਾਏ ਰੱਖਣ ਦਾ ਅਧਿਕਾਰ; ਵਿਚਾਰਾਂ ਦੀ ਆਜ਼ਾਦੀ, ਜ਼ਮੀਰ ਦੀ ਖੁੱਲ੍ਹ ਤੇ ਧਰਮ ਦੀ ਸੁਤੰਤਰਤਾ, ਅਤੇ ਦੇਸ਼ ਨੂੰ ਛੱਡ ਕੇ ਜਾਣ ਦੀ ਖੁੱਲ੍ਹ ਆਦਿ ਹੱਕਾਂ ਦੇ ਲਈ ਖ਼ਤਰਾ ਖੜਾ ਕਰ ਦਿੱਤਾ ਹੈ।

ਮੈਂ ਜਦੋਂ ਇਨ੍ਹਾਂ ਵਧੀਕੀਆਂ ਦਾ ਵਿਰੋਧ ਕੀਤਾ ਤਾਂ ਤੁਹਾਡੀ ਪੁਲਸ ਨੇ ਮੈਨੂੰ ਫ਼ਤਾਰ ਕਰ ਕੇ ਤਸੀਹੇ ਦਿੱਤੇ, ਪਰ ਪੁਲਸ ਅਦਾਲਤ ਵਿਚ ਮੈਨੂੰ ਦੋਸ਼ੀ ਸਾਬਤ ਨਾ ਕਰ ਸਕੀ। ਤੁਸੀਂ ਮੈਨੂੰ ਪਾਸਪੋਰਟ, ਜਿਹੜਾ ਨਾਗਰਿਕਤਾ ਦਾ ਸਬੂਤ ਸਮਝਿਆ ਜਾਂਦਾ ਹੈ, ਦੇਣ ਤੋਂ ਇਨਕਾਰ ਕੀਤਾ, ਭਾਵੇਂ ਕਿ ਬਾਅਦ ਵਿਚ ਪੰਜਾਬ ਤੇ ਹਰਿਆਣੇ ਦੀ ਹਾਈਕੋਰਟ ਨੇ ਕੇਵਲ ਤਕਨੀਕੀ ਆਧਾਰ ‘ਤੇ ਪਾਸਪੋਰਟ ਲੈਣ ਵਿਚ ਮੇਰੀ ਸਹਾਇਤਾ ਕੀਤੀ ਸੀ । ਹੁਣ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੀ ਪੁਲਸ ਨੇ ਮੈਨੂੰ ਵਾਪਸ ਮੁੜਨ ‘ਤੇ ਜਿਸਮਾਨੀ ਤੌਰ ‘ਤੇ ਖ਼ਤਮ ਕਰਨ ਦੀ ਸਾਜ਼ਸ਼ ਰਚੀ ਹੈ ਅਤੇ ਉਨ੍ਹਾਂ ਨੇ ਭਾਰਤੀ ਪ੍ਰੈਸ ਵਿਚ ਇਹ ਝੂਠੀ ਰਿਪੋਰਟ ਛਾਪੀ ਹੈ ਕਿ ਮੈਂ ਇਥੇ ਆਜ਼ਾਦ ਖ਼ਾਲਿਸਤਾਨ ਲਈ ਲੜ ਰਹੀ ਪੰਥਕ ਕਮੇਟੀ ਦੇ ਕਿਸੇ ਗੁਪਤ ਮਿਸ਼ਨ ਤਹਿਤ ਆਇਆ ਹਾਂ। ਮੇਰਾ ਰਿਕਾਰਡ ਦੱਸਦਾ ਹੈ ਕਿ ਮੈਂ ਤੁਹਾਡੇ ਗ਼ੈਰ-ਜਮਹੂਰੀ ਰਾਜ ਵਿਰੁੱਧ ਲੜ ਰਿਹਾ ਇਕ ਜਮਹੂਰੀ ਸਿੱਖ ਕਾਰਕੁੰਨ (ਐਕਟਿਵਿਸਟ) ਹਾਂ ਪਰ ਤੁਹਾਡੀ ਸਟੇਟ ਦਾ ਰਿਕਾਰਡ ਦਰਸਾਉਂਦਾ ਹੈ ਕਿ ਤੁਹਾਡੀ ਪੁਲਸ ਨੇ ਹਰ ਵਿਰੋਧੀ ਰਾਜਸੀ ਵਰਕਰ ਨੂੰ ਅਤਿਵਾਦੀ ਐਲਾਨ ਕੇ ਮਾਰ ਮੁਕਾਇਆ ਹੈ।

ਮੈਂ ਸ਼ਾਂਤੀਪੂਰਨ ਮਨੁੱਖੀ ਜੀਵਨ ਜਿਉਣਾ ਚਾਹੁੰਦਾ ਹਾਂ ਜਿਹੜਾ ਕਿ ਇਸ ਵੇਲੇ ਮੇਰੇ ਵਰਗੇ ਵਿਅਕਤੀ ਲਈ ਭਾਰਤ ਅੰਦਰ ਅਸੰਭਵ ਬਣ ਗਿਆ ਹੈ। ਮੈਂ ਉਸ ਦੇਸ਼ ਦਾ ਨਾਗਰਿਕ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਜਿਸ ਨੇ ਮੇਰੇ ਹਜ਼ਾਰਾਂ ਹੀ ਸਿੱਖ ਭਾਈਆਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ ਹੁਣ ਉਹ ਦੇਸ਼ ਹੱਥ ਧੋ ਕੇ ਮੇਰੀ ਜਾਨ ਦੇ ਪਿੱਛੇ ਪਿਆ ਹੋਇਆ ਹੈ।

ਮੈਂ ਭਾਰਤ ਦੇ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਆਪਣੇ ਆਪ ਨੂੰ ਇਕ ਬੇਵਤਨਾ ਵਿਅਕਤੀ ਐਲਾਨਦਾ ਹਾਂ। ਕਿਰਪਾ ਕਰ ਕੇ ਮੈਨੂੰ ਭਾਰਤੀ ਨਾ ਸਮਝਿਆ ਜਾਵੇ।

ਦਸਖ਼ਤ ਜਸਵੰਤ ਸਿੰਘ ਸੰਧੂ

ਇਸ ਤੋਂ ਪਹਿਲਾਂ ਭਾਈ ਜਸਵੰਤ ਸਿੰਘ ਨੇ 26 ਜੂਨ 1991 ਨੂੰ ਸੰਯੁਕਤ ਰਾਸ਼ਟਰ ਦੇ ਰਿਫ਼ਿਊਜੀਆਂ ਬਾਰੇ ਜਨੇਵਾ ਅੰਦਰਲੇ ਹਾਈ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਹੇਠ ਲਿਖੇ ਤੱਥ ਦਰਜ ਕੀਤੇ ਸਨ :

  1. ਮੈਨੂੰ ਰਾਜਸੀ ਆਧਾਰ ‘ਤੇ ਪੁਲਸ ਵੱਲੋਂ ਤਕਰੀਬਨ ਦਸ ਵਾਰ ਗਿ੍ਫ਼ਤਾਰ ਕੀਤਾ ਗਿਆ । ਪੰਜ ਵਾਰੀ ਤਾਂ ਪੁਲਸ ਨੇ ਅਦਾਲਤੀ ਕਾਰਵਾਈ ਦੀ ਰਸਮ ਪੂਰੀ ਕਰਨ ਦੀ ਵੀ ਲੋੜ ਨਾ ਸਮਝੀ । ਪੰਜ ਵਾਰੀ ਮੈਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਪਰ ਪੁਲਸ ਕਿਸੇ ਵਾਰੀ ਵੀ ਮੇਰੇ ਉੱਤੇ ਲਾਏ ਦੋਸ਼ ਸਾਬਤ ਨਾ ਕਰ ਸਕੀ।
  2. ਮੈਂ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਬਾਕਾਇਦਗੀ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਜਾਂਦਾ ਹਾਂ । ਪਰ ਇੰਡੀਆ ਦੀ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਨੇ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਉਥੇ ਜਾਣ ਵਾਲੇ ਹਰ ਸਿੱਖ ਸ਼ਰਧਾਲੂ ਨੂੰ ਜ਼ਲੀਲ ਕੀਤਾ ਜਾਂਦਾ ਹੈ । ਜਦੋਂ ਮੈਂ ਹੋਰਨਾਂ ਨਾਲ ਰਲ ਕੇ ਇਸ ਦਾ ਵਿਰੋਧ ਕੀਤਾ ਤਾਂ ਮੈਨੂੰ ਦੋ ਮੌਕਿਆਂ ’ਤੇ-ਪਹਿਲਾਂ 1989 ਵਿਚ ਤੇ ਫਿਰ ਜੂਨ 1990 ਵਿਚ – ਦਰਬਾਰ ਸਾਹਿਬ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਮੈਂ ਮਨੁੱਖੀ ਅਧਿਕਾਰਾਂ ਦਾ ਕਾਰਕੁੰਨ ਹੋਣ ਦੇ ਨਾਤੇ ਜਦੋਂ ਵੀ ਹੋਰਨਾਂ ਨਾਲ ਰਲ ਕੇ ਪੁਲਸ ਦੀਆਂ ਜ਼ਿਆਦਤੀਆਂ ਦਾ ਵਿਰੋਧ ਕੀਤਾ ਤਾਂ ਪੁਲਸ ਨੇ ਮੈਨੂੰ ਗ੍ਰਿਫ਼ਤਾਰ ਕਰ ਕੇ ਤਸੀਹੇ ਦਿੱਤੇ।

  1. 1988 ਵਿਚ ਜਦੋਂ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਨੇ ਬ੍ਰਹਮਪੁਰਾ ਨਾਂ ਦੇ ਪਿੰਡ, ਜਿਹੜਾ ਸਰਹਾਲੀ ਥਾਣੇ ਵਿਚ ਪੈਂਦਾ ਹੈ, ਉਤੇ ਧਾਵਾ ਬੋਲਿਆ ਤੇ ਪਿੰਡ ਵਿਚ ਹਨੇਰਗਰਦੀ ਮਚਾਈ, ਖ਼ਾਸ ਤੌਰ ‘ਤੇ ਸਿੱਖ ਔਰਤਾਂ ਨਾਲ ਬਦਸਲੂਕੀ ਕੀਤੀ, ਤਾਂ ਅਸੀਂ ਇਕੱਠੇ ਹੋ ਕੇ ਇਸ ਖ਼ਿਲਾਫ਼ ਰੋਸ ਪ੍ਰਗਟਾਇਆ ਅਤੇ ਸੁਰੱਖਿਆ ਫ਼ੋਰਸਾਂ ਦੇ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਆਪਣੀ ਜਾਇਜ਼ ਮੰਗ ਮਨਵਾਉਣ ਲਈ ਅਸੀਂ ਸ਼ਾਂਤਮਈ ਢੰਗ ਨਾਲ ਭੁੱਖ ਹੜਤਾਲ ‘ਤੇ ਬੈਠ ਗਏ। ਪਰ ਦੋਸ਼ੀ ਪੁਲਸ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਦੀ ਬਜਾਇ ਪੁਲਸ ਨੇ ਉਲਟਾ ਸਾਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ । ਮੈਨੂੰ ਗਿ੍ਫ਼ਤਾਰ ਕਰ ਕੇ ਤਰਨ ਤਾਰਨ ਦੇ ਥਾਣੇ ਵਿਚ ਲਿਜਾ ਕੇ ਚਾਰ ਦਿਨ ਮੇਰੇ ਉੱਤੇ ਭਾਰੀ ਤਸ਼ੱਦਦ ਕੀਤਾ ਜਾਂਦਾ ਰਿਹਾ। ਅੰਤ ਵਿਚ ਮੇਰੇ ਉੱਤੇ ਝੂਠੇ ਦੋਸ਼ ਮੜ੍ਹ ਕੇ ਮੈਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਡੱਕ ਦਿੱਤਾ ਗਿਆ।
  2. (ਮਈ) 1988 ਵਿਚ ਜਦੋਂ ਇੰਡੀਅਨ ਸਟੇਟ ਨੇ ਦਰਬਾਰ ਸਾਹਿਬ ਉੱਤੇ ਦੂਜੀ ਵਾਰ ਹਮਲਾ ਕੀਤਾ, ਜੀਹਨੂੰ ‘ਓਪਰੇਸ਼ਨ ਬਲੈਕ ਥੰਡਰ’ ਦਾ ਨਾਂ ਦਿੱਤਾ ਗਿਆ ਸੀ, ਤਾਂ ਅਸੀਂ ਇਸ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਸੀ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਸਾਡੇ ਪਵਿੱਤਰ ਧਰਮ ਸਥਾਨ ਉੱਤੇ ਗੋਲੀਬਾਰੀ ਨਾ ਕੀਤੀ ਜਾਵੇ। ਉਸ ਵੇਲੇ ਫਿਰ ਮੈਨੂੰ ਗਿ੍ਫ਼ਤਾਰ ਕਰ ਲਿਆ ਸੀ ਅਤੇ ਲੁਧਿਆਣੇ ਦੀ ਕੇਂਦਰੀ ਜੇਲ੍ਹ ਵਿਚ ਕੈਦ ਕਰ ਦਿੱਤਾ ਗਿਆ ਸੀ। 5.

ਪੰਜਾਬ ਅੰਦਰ ਇਸ ਵੇਲੇ ਅਨੇਕਾਂ ਤਸੀਹਾ ਕੇਂਦਰ ਚੱਲ ਰਹੇ ਹਨ ਜਿਥੇ ਸੈਂਕੜੇ ਸਿੱਖ ਨੌਜਵਾਨ ਗ਼ੈਰ-ਕਾਨੂੰਨੀ ਤੌਰ ‘ਤੇ ਰੱਖੇ ਹੋਏ ਹਨ। ਅਸੀਂ ਭਾਰਤ ਸਰਕਾਰ ਦੇ ਇਸ ਗ਼ੈਰ-ਜਮਹੂਰੀ ਤੇ ਅਣਮਨੁੱਖੀ ਕਰਮ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇਸ ਪ੍ਰਥਾਏ 1989 ਵਿਚ ਅੰਮਿ੍ਤਸਰ ਸ਼ਹਿਰ ਵਿਚ ਰੋਸ ਮੁਜ਼ਾਹਰਾ ਕਰਨ ਦਾ ਯਤਨ ਕੀਤਾ। ਪਰ ਮੈਨੂੰ ਜਸਟਿਸ ਅਜੀਤ ਸਿੰਘ ਬੈਂਸ ਸਮੇਤ ਗ੍ਰਿਫ਼ਤਾਰ ਕਰ ਕੇ ਪੁਲਸ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਸੀ।

  1. 6 ਜੂਨ 1990 ਨੂੰ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਫ਼ੰਕਸ਼ਨ ਕਰਨ ਲਈ ਅੰਦਰ ਜਾਣ ਲੱਗੇ ਤਾਂ ਦਰਵਾਜ਼ੇ ਉੱਤੇ ਤਾਇਨਾਤ ਕੀਤੀ ਪੁਲਸ ਨੇ ਸਾਨੂੰ ਗਿ੍ਫ਼ਤਾਰ ਕਰ ਕੇ ਅੰਮਿ੍ਤਸਰ ਦੀ ਜੇਲ੍ਹ ਵਿਚ ਭੇਜ ਦਿੱਤਾ ਸੀ।
  2. 11 ਅਗਸਤ 1990 ਨੂੰ ਅਮਰੀਕਾ ਦਾ ਰਾਜਦੂਤ ਸਿੱਖ ਸਮੱਸਿਆ ਨੂੰ ਸਮਝਣ ਦੇ ਇਰਾਦੇ ਨਾਲ ਅੰਮ੍ਰਿਤਸਰ ਆਇਆ ਸੀ। ਪਰ ਉਸ ਦਿਨ ਮੈਨੂੰ ਤੇ ਮੇਰੇ 20 ਕੁ ਸਾਥੀਆਂ ਸਮੇਤ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਰਕਾਰ ਨੂੰ ਡਰ ਸੀ ਕਿ ਅਸੀਂ ਅਮਰੀਕੀ ਰਾਜਦੂਤ ਨੂੰ ਮਿਲ ਕੇ ਸਰਕਾਰੀ ਸੁਰੱਖਿਆ ਫ਼ੋਰਸਾਂ ਵੱਲੋਂ ਸਿੱਖਾਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਦਾਸਤਾਂ ਬਿਆਨ ਕਰਾਂਗੇ।

ਮੈਨੂੰ ਪੁਲਸ ਅਫ਼ਸਰ ਕਈ ਵਾਰ ਧਮਕੀਆਂ ਦੇ ਚੁੱਕੇ ਹਨ ਕਿ ਜੇਕਰ ਮੈਂ ਸਿੱਖਾਂ ਦੀਆਂ ਮੰਗਾਂ ਤੇ ਝੂਠੇ ਪੁਲਸ ਮੁਕਾਬਲਿਆਂ ਬਾਰੇ ਆਪਣਾ ਮੂੰਹ ਬੰਦ ਨਾ ਕੀਤਾ ਤਾਂ ਉਹ ਮੈਨੂੰ ਵੀ ਝੂਠੇ ਮੁਕਾਬਲੇ ਵਿਚ ਖ਼ਤਮ ਕਰ ਦੇਣਗੇ।

ਯੂ.ਐਨ.ਓ. ਦੇ ਰਿਫ਼ਿਊਜੀ ਹਾਈ ਕਮਿਸ਼ਨਰ ਨੇ 19 ਅਗਸਤ 1991 ਨੂੰ ਜਸਵੰਤ ਸਿੰਘ ਨੂੰ ਮੋੜਵੇਂ ਪੱਤਰ ਰਾਹੀਂ ਉਪਰੋਕਤ ਪੱਤਰ ਮਿਲ ਜਾਣ ਦੀ ਤਸਦੀਕ ਕਰ ਦਿੱਤੀ ਸੀ। ਅੰਤ ਵਿਚ ਬਰਤਾਨਵੀ ਸਰਕਾਰ ਨੇ ਭਾਈ ਜਸਵੰਤ ਸਿੰਘ ਦੀ ਸਿਆਸੀ ਪਨਾਹ ਲਈ ਦਰਖ਼ਾਸਤ ਮਨਜ਼ੂਰ ਕਰ ਲਈ ਸੀ।

ਇੰਗਲੈਂਡ ਤੋਂ ਵਾਪਸ ਮੁੜਨ ਦਾ ਅਚਾਨਕ ਫ਼ੈਸਲਾ

ਭਾਈ ਜਸਵੰਤ ਸਿੰਘ ਦੇ ਇੰਗਲੈਂਡ ਹੁੰਦਿਆਂ ਹੀ ਫ਼ਰਵਰੀ 1992 ਵਿਚ ਪੰਜਾਬ ਵਿਚ ਹਕੂਮਤੀ ਦਹਿਸ਼ਤ ਦੇ ਪਰਛਾਵੇਂ ਹੇਠ ਵਿਧਾਨ ਸਭਾ ਲਈ ਚੋਣਾਂ ਦਾ ਡਰਾਮਾ ਕੀਤਾ ਗਿਆ ਸੀ। ਇਨ੍ਹਾਂ ਚੋਣਾਂ ਦਾ ਅਕਾਲੀ ਦਲ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਧੜਿਆਂ ਨੇ ਤੇ ਸਾਰੀਆਂ ਖਾੜਕੂ ਜਥੇਬੰਦੀਆਂ ਨੇ ਮੁਕੰਮਲ ਬਾਈਕਾਟ ਕੀਤਾ ਸੀ। ਸਿਰਫ਼ ਕਾਂਗਰਸ ਤੇ ਕਮਿਊਨਿਸਟ ਪਾਰਟੀਆਂ ਨੇ ਹੀ ਚੋਣਾਂ ਵਿਚ ਹਿੱਸਾ ਲੈਣ ਦੀ ਬੇਹਯਾਈ ਕੀਤੀ ਸੀ। ਕੇਂਦਰ ਸਰਕਾਰ ਨੇ ਲੋਕਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਤ ਕਰਨ ਵਾਸਤੇ ਆਪਣੇ ਹਥਿਆਰਬੰਦ ਬਲਾਂ ਸਮੇਤ ਸਾਰੀ ਹਕੂਮਤੀ ਮਸ਼ੀਨਰੀ ਝੋਕ ਦਿੱਤੀ ਸੀ। ਮੁੱਖ-ਧਾਰਾ ਮੀਡੀਏ ਦਾ ਵੀ ਵੋਟਾਂ ਦੇ ਪੱਖ ਵਿਚ ਪੂਰਾ ਜ਼ੋਰ ਲੱਗਾ ਹੋਇਆ ਸੀ। ਪਰ ਸਭ ਕੁੱਝ ਦੇ ਬਾਵਜੂਦ ਪੰਜਾਬ ਦੇ ਲੋਕਾਂ, ਖ਼ਾਸ ਕਰਕੇ ਪੇਂਡੂ ਵਰਗਾਂ ਨੇ ਖਾੜਕੂਆਂ ਵੱਲੋਂ ਵੋਟਾਂ ਦਾ ਬਾਈਕਾਟ ਕਰਨ ਲਈ ਦਿੱਤੇ ਸੱਦੇ ਨੂੰ ਪੁਰਜੋਸ਼ ਹੁੰਗਾਰਾ ਭਰਿਆ ਸੀ । ਸਾਰੇ ਯਤਨਾਂ ਦੇ ਬਾਵਜੂਦ ਸਿਰਫ਼ 23 ਫ਼ੀਸਦੀ ਦੇ ਕਰੀਬ ਵੋਟਾਂ ਪਈਆਂ ਸਨ । ਪੰਜਾਬ ਦੇ ਕੁੱਲ 1 ਕਰੋੜ ਤੇ 32 ਲੱਖ ਵੋਟਰਾਂ ‘ਚੋਂ ਸਿਰਫ਼ 31 ਲੱਖ ਦੇ ਕਰੀਬ ਵੋਟਰਾਂ ਨੇ ਹੀ ਵੋਟਾਂ ਪਾਈਆਂ ਸਨ, ਜਿਨ੍ਹਾਂ ਵਿੱਚੋਂ ਕਾਗਰਸ ਪਾਰਟੀ ਨੂੰ ਸਾਰੇ ਪੰਜਾਬ ਵਿੱਚੋਂ ਮਹਿਜ਼ 13 ਲੱਖ ਵੋਟਾਂ ਹੀ ਮਿਲੀਆਂ ਸਨ। ਪਿੰਡਾਂ ਵਿਚ ਤਾਂ ਨਾਂ-ਮਾਤਰ ਵੋਟਾਂ ਪਈਆਂ ਸਨ । ਭਾਰਤ ਦੇ ਇਤਿਹਾਸ ਅੰਦਰ ਪਹਿਲਾਂ ਕਦੇ ਵੀ ਏਨੀਆਂ ਘੱਟ ਵੋਟਾਂ ਨਾਲ ਸਰਕਾਰ ਨਹੀਂ ਬਣੀ ਸੀ । ਇਹ ਬੇਸ਼ਰਮੀ ਦੀ ਇੰਤਹਾ ਸੀ !

ਇਸ ਤਰ੍ਹਾਂ ਬੇਅੰਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਨਾਜਾਇਜ਼ ਸਰਕਾਰ ਬਣ ਗਈ ਸੀ । ਬੇਅੰਤ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਅੰਦਰ ਪੁਲਸ ਤੇ ਸੀ.ਆਰ.ਪੀ. ਨੂੰ ਸਿੱਖਾਂ ਉੱਤੇ ਜਬਰ ਢਾਹੁਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਸੀ। ਬੇਲਗ਼ਾਮ ਹੋਏ ਸਰਕਾਰੀ ਹਥਿਆਰਬੰਦ ਦਸਤਿਆਂ ਨੇ ਅਠਾਰ੍ਹਵੀਂ ਸਦੀ ਦੇ ਜ਼ੁਲਮਾਂ ਨੂੰ ਮਾਤ ਪਾ ਦਿੱਤਾ ਸੀ। ਥੋੜ੍ਹੇ ਚਿਰ ਵਿਚ ਹੀ ਇਕ ਇਕ ਕਰਕੇ ਸਿੱਖ ਖਾੜਕੂ ਸੰਘਰਸ਼ ਦੇ ਚੋਟੀ ਦੇ ਆਗੂ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਖਾੜਕੂ ਯੋਧਿਆਂ ਤੇ ਉਨ੍ਹਾਂ ਨੂੰ ਠਾਹਰਾਂ ਦੇਣ ਵਾਲੇ ਮਾਸੂਮ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਭਾਈ ਜਸਵੰਤ ਸਿੰਘ ਇੰਗਲੈਂਡ (ਸਲੋਅ) ਵਿਖੇ ਆਪਣੇ ਛੋਟੇ ਭਾਈ ਅਮਰਜੀਤ ਸਿੰਘ ਦੇ ਘਰ ਵਿਚ ਬੈਠਾ ਇਸ ਸਾਰੇ ਜ਼ੁਲਮੀ ਵਰਤਾਰੇ ਨੂੰ ਡੂੰਘੀ ਨੀਝ ਤੇ ਚਿੰਤਾ ਨਾਲ ਦੇਖ ਰਿਹਾ ਸੀ। ਅਮਰਜੀਤ ਸਿੰਘ ਨੇ ਜਸਵੰਤ ਸਿੰਘ ਦੀ ਉਸ ਸਮੇਂ ਦੀ ਮਨੋਅਵਸਥਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ : “ਚੋਣਾਂ ਤੋਂ ਬਾਅਦ ਜਸਵੰਤ ਸਿੰਘ ਪੰਜਾਬ ਤੋਂ ਮਿਲ ਰਹੀਆਂ ਖ਼ਬਰਾਂ ਸੁਣ ਕੇ ਬਹੁਤ ਗੰਭੀਰ ਰਹਿਣ ਲੱਗ ਪਿਆ ਸੀ । ਉਹ ਘੰਟਿਆਂ ਬੱਧੀ ਇਕੱਲਾ ਕਮਰੇ ਵਿਚ ਬੈਠਾ ਖ਼ਾਮੋਸ਼ ਰਹਿੰਦਾ ਸੀ । ਜ਼ਿਆਦਾ ਸਮਾਂ ਪਾਠ ਕਰਦਾ ਤੇ ਡੂੰਘੀਆਂ ਸੋਚਾਂ ਵਿਚ ਡੁੱਬਿਆ ਰਹਿੰਦਾ ਸੀ। ਕੁੱਝ ਦਿਨ ਇਸੇ ਅਵਸਥਾ ਵਿਚ ਰਿਹਾ ਤੇ ਫਿਰ ਇਕ ਦਿਨ ਅਚਾਨਕ ਮੈਨੂੰ ਕਹਿਣ ਲੱਗਾ, ‘ਅਮਰਜੀਤ ਮੈਂ ਵਾਪਸ ਪੰਜਾਬ ਜਾਣਾ ਚਾਹੁੰਦਾ ਹਾਂ । ਹੋਮ ਆਫ਼ਿਸ ਕੋਲੋਂ ਮੇਰਾ ਪਾਸਪੋਰਟ ਵਾਪਸ ਮੰਗਾ ਲੈ ।’ ਮੈਂ ਕਿਹਾ, ‘ਹੁਣ ਤਾਂ ਸਿਆਸੀ ਪਨਾਹ ਵੀ ਮਿਲ ਗਈ ਹੈ, ਅਸੀਂ ਤਾਂ ਭਾਬੀ ਜੀ ਤੇ ਬੱਚਿਆਂ ਨੂੰ ਵੀ ਇਥੇ ਸੱਦਣ ਦੀ ਤਿਆਰੀ ਕਰ ਰਹੇ ਹਾਂ। ਫਿਰ ਅਚਾਨਕ ਇਹ ਫ਼ੈਸਲਾ ਕਿਉਂ ਕਰ ਲਿਆ ?’ ਉਸ ਦਾ ਜੁਆਬ ਸੀ, ‘ਅਮਰਜੀਤ ਮੈਂ ਜੋ ਕਰਨਾ ਚਾਹੁੰਦਾ ਹਾਂ ਇਥੇ ਰਹਿ ਕੇ ਨਹੀਂ ਕਰ ਸਕਦਾ। ਉਸ ਲਈ ਮੇਰਾ ਪੰਜਾਬ ਜਾਣਾ ਜ਼ਰੂਰੀ ਹੈ। ਇਥੋਂ ਦਾ ਕੰਮ ਤੁਸੀਂ ਸਾਂਭੀ ਜਾਣਾ ।’ ਇਹ ਸ਼ਬਦ ਉਸ ਨੇ ਪੂਰੇ ਸਹਿਜ ਤੇ ਦ੍ਰਿੜ੍ਹ ਅੰਦਾਜ਼ ਵਿਚ ਕਹੇ ਸਨ। ਸਾਰਿਆਂ ਨੇ ਉਸ ਨੂੰ ਰਹਿਣ ਲਈ ਮਨਾਉਣ ਦੇ ਪੁਰਜ਼ੋਰ ਯਤਨ ਕੀਤੇ, ਸਲੋਅ ਦੇ ਐਮ.ਪੀ. ਜੌਹਨ ਵਾਟਸ ਨੇ ਵੀ ਘਰ ਆ ਕੇ ਉਸ ਨੂੰ ਵਾਪਸ ਜਾਣ ਤੋਂ ਵਰਜਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਫ਼ੈਸਲੇ ’ਤੇ ਅਡੋਲ ਰਿਹਾ ਅਤੇ ਕਿਸੇ ਦੇ ਵੀ ਕਹਿਣ ‘ਤੇ ਆਪਣਾ ਫ਼ੈਸਲਾ ਬਦਲਣ ਲਈ ਰਾਜ਼ੀ ਨਾ ਹੋਇਆ। ਅੰਤ ਵਿਚ ਸਾਰਿਆਂ ਨੇ ਉਸ ਦੀ ਮਰਜ਼ੀ ਅੱਗੇ ਹਾਰ ਮੰਨ ਲਈ ਅਤੇ ਹੋਮ ਆਫ਼ਿਸ ਨੂੰ ਸੂਚਿਤ ਕਰ ਕੇ ਉਸ ਦਾ ਪਾਸਪੋਰਟ ਵਾਪਸ ਮੰਗਵਾ ਲਿਆ ਸੀ।

ਭਾਈ ਜਸਵੰਤ ਸਿੰਘ ਦੇ ਇਸ ਫ਼ੈਸਲੇ ਦੀ ਕੀ ਵਿਆਖਿਆ ਹੋ ਸਕਦੀ ਹੈ ? ਇਸ ਦਾ ਸਹੀ ਉੱਤਰ, ਇਸ ਫ਼ੈਸਲੇ ਤੋਂ ਬਾਅਦ ਉਸ ਦੇ ਤਿੰਨਾਂ ਸਾਲਾਂ ਦੇ ਅਮਲ, ਤੇ ਸਭ ਤੋਂ ਵੱਧ ਉਸ ਦੀ ਸ਼ਹਾਦਤ ਤੋਂ ਮਿਲ ਸਕਦਾ ਹੈ। ਠੀਕ ਹੈ ਉਸ ਨੂੰ ਇੰਗਲੈਂਡ ਵਿਚ ਸਿਆਸੀ ਪਨਾਹ ਮਿਲ ਗਈ ਸੀ, ਉਹ ਉਥੇ ਜਿੰਨੀ ਦੇਰ ਚਾਹੁੰਦਾ ਰਹਿ ਸਕਦਾ ਸੀ ਤੇ ਹੋਰਨਾਂ ਵਾਂਗ ਸਮਾਂ ਪੈਣ ਨਾਲ ਆਪਣੇ ਬੱਚਿਆਂ ਨੂੰ ਵੀ ਉਥੇ ਬੁਲਾ ਸਕਦਾ ਸੀ । ਉਨ੍ਹਾਂ ਵੇਲਿਆਂ ਵਿਚ ਖਾੜਕੂ ਲਹਿਰ ਦੇ ਬਹੁਤ ਸਾਰੇ ਸਮਰਥਕਾਂ ਨੇ ਇੰਜ ਹੀ ਕੀਤਾ ਸੀ। ਇਹ ਵੀ ਦਲੀਲ ਦਿੱਤੀ ਜਾ ਸਕਦੀ ਹੈ ਕਿ ਉਹ ਉਥੇ ਰਹਿੰਦਾ ਹੋਇਆ ਵੀ ਕੌਮ ਦੀ ਸੇਵਾ ਕਰ ਸਕਦਾ ਸੀ, ਜਿਵੇਂ ਲਗਭਗ ਇਕ ਸਾਲ ਤੋਂ ਕਰ ਹੀ ਰਿਹਾ ਸੀ। ਜਿਹੜੇ ਬੰਦੇ ਉਸ ਨੂੰ ਵਾਪਸ ਜਾਣ ਤੋਂ ਵਰਜ ਰਹੇ ਸਨ, ਇਕ ਪੱਖੋਂ ਉਹ ਵੀ ਸੱਚੇ ਸਨ। ਕਿਉਂਕਿ ਇਹ ਸਚਾਈ ਸਾਰੇ ਹੀ ਜਾਣਦੇ ਸਨ ਕਿ ਉਸ ਵੇਲੇ ਉਸ ਦਾ ਇੰਗਲੈਂਡ ਤੋਂ ਵਾਪਸ ਪੰਜਾਬ ਜਾਣਾ ਸਰਕਾਰੀ ਜ਼ੁਲਮਾਂ ਦੇ ਬਲਦੇ ਭਾਂਬੜਾਂ ਵਿਚ ਛਾਲ ਮਾਰਨ ਵਾਲੀ ਗੱਲ ਸੀ। ਤਰਕਸ਼ੀਲ ਦ੍ਰਿਸ਼ਟੀ ਦੇ ਹਿਸਾਬ ਨਾਲ ਉਸ ਦਾ ਇਹ ਫ਼ੈਸਲਾ ‘ਆਤਮਘਾਤੀ’ ਸੀ, ਜਿਹੜਾ ਕਿਸੇ ਹਿਸਾਬ ਨਾਲ ਵੀ ਠੀਕ ਨਹੀਂ ਕਿਹਾ ਜਾ ਸਕਦਾ ਸੀ।

ਇਹ ਤਾਂ ਹੋ ਨਹੀਂ ਸਕਦਾ ਕਿ ਜਿਹੜਾ ਖ਼ਤਰਾ ਆਮ ਬੁੱਧੀ ਵਾਲੇ ਵਿਅਕਤੀਆਂ ਨੂੰ ਵੀ ਦਿਖ ਰਿਹਾ ਸੀ ਉਹ ਜਸਵੰਤ ਸਿੰਘ, ਜਿਸਦੀ ਬੁੱਧੀ ਆਮ ਨਾਲੋਂ ਕਿਤੇ ਵੱਧ ਤੀਖਣ ਸੀ, ਨੂੰ ਦਿਖਾਈ ਨਾ ਦਿੱਤਾ ਹੋਵੇ। ਇਹ ਗੱਲ ਮੰਨਣ ਵਿਚ ਨਹੀਂ ਆਉਂਦੀ, ਕਿਉਂਕਿ ਥੋੜ੍ਹੇ ਹੀ ਮਹੀਨੇ ਪਹਿਲਾਂ ਉਸ ਨੇ ਸਿਆਸੀ ਪਨਾਹ ਦੀ ਮੰਗ ਕਰਦਿਆਂ ਜਿਹੜਾ ਪੱਤਰ ਲਿਖਿਆ ਸੀ, ਉਸ ਵਿਚ ਉਸ ਨੇ ਪੰਜਾਬ ਵਿਚ ਉਸ ਦੀ ਜਾਨ ਨੂੰ ਦਰਪੇਸ਼ ਖ਼ਤਰੇ ਦੀ ਬਹੁਤ ਹੀ ਹਕੀਕੀ ਤਸਵੀਰ ਪੇਸ਼ ਕੀਤੀ ਸੀ । ਤਾਂ ਫਿਰ ਕੀ ਇਸ ਨੂੰ ਉਸ ਦੀ ਮਹਿਜ਼ ਜ਼ਿੱਦ ਹੀ ਕਿਹਾ ਜਾਵੇ ? ਤਰਕਵਾਦੀ ਨਜ਼ਰੀਏ ਤੋਂ ਕਈਆਂ ਨੂੰ ਇਹ ਵਿਆਖਿਆ ਵੀ ਠੀਕ ਲੱਗ ਸਕਦੀ ਹੈ, ਕਿਉਂਕਿ ਉਹ ਇਹ ਮੰਨ ਕੇ ਚੱਲਦੇ ਹਨ ਕਿ ਬੰਦਾ ਆਪਣੀ ਜ਼ਿੰਦਗੀ ਦੇ ਸਾਰੇ ਫ਼ੈਸਲੇ ਆਪਣੀ ਅਕਲ (ਬੁੱਧੀ) ਦੇ ਬਲਬੂਤੇ ਹੀ ਕਰਦਾ ਹੈ। ਇਸ ਤਰਕਸ਼ੀਲ ਨਜ਼ਰੀਏ ਦੇ ਹਿਸਾਬ ਨਾਲ, ਕਿਸੇ ਪ੍ਰਤੱਖ ਦਿਖਦੇ ਖ਼ਤਰੇ ਨੂੰ ਪਛਾਣਨ ਤੇ ਇਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰਨੀ ‘ਬੇਅਕਲੀ’ ਬਣ ਜਾਂਦੀ ਹੈ। ਪਰ ਇਹ ਸੱਚ ਨਹੀਂ ਹੈ, ਬਲਕਿ ਪੂਰੀ ਤਰ੍ਹਾਂ ਗ਼ਲਤ ਹੈ। ਇਸੇ ਸਾਲ (2020) 6 ਜੂਨ ਦੇ ਇਤਿਹਾਸਕ ਦਿਵਸ ‘ਤੇ, ਪੰਜਾਬ ਵਿਚ ‘ਸੰਵਾਦ’ ਦੇ ਨਾਂ ਹੇਠ ਕੰਮ ਕਰਦੇ ਕੁੱਝ ਪੰਥ ਦਰਦੀਆਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸਿੱਖ ਪੰਥ ਸਾਹਮਣੇ ਇਕ ਮਹੱਤਵਪੂਰਨ ਦਸਤਾਵੇਜ਼ (ਅਗਾਂਹ ਵੱਲ ਨੂੰ ਤੁਰਦਿਆਂ…) ਜਾਰੀ ਕੀਤਾ ਹੈ ਜਿਸ ਦੇ ਆਰੰਭ ਵਿਚ, ਉਪਰੋਕਤ ਤਰਕਸ਼ੀਲ ਸੋਚਣੀ ਨੂੰ ਮੌਜੂਦਾ ਦੌਰ ਵਿਚ ਸਿੱਖ ਪੰਥ ਦੇ ‘ਰੋਗ ਦਾ ਕੇਂਦਰੀ ਸੂਤਰ’ ਮੰਨਿਆ ਗਿਆ ਹੈ। ਇਹ ਕਿਹਾ ਗਿਆ ਹੈ: “ਮੌਜੂਦਾ ਦੌਰ ਵਿਚ ਬਹੁਗਿਣਤੀ ਸਿੱਖਾਂ ਦੀ ਰਹਿਤ ਦਾ ਕੇਂਦਰ ਗੁਰੂ- ਲਿਵ (ਨਾਮ-ਬਾਣੀ) ਨਹੀਂ ਰਿਹਾ ਜਿਸ ਕਾਰਨ ਸਿੱਖ-ਸੁਰਤਿ ਵਿੱਚੋਂ ਇਲਾਹੀ ਹੁਕਮ ਅਤੇ ਰਜ਼ਾ ਦਾ ਅਹਿਸਾਸ ਪੇਤਲਾ ਹੋ ਗਿਆ ਹੈ। ਸਿੱਖ ਇਲਾਹੀ ਬਖ਼ਸ਼ਿਸ਼ ਦੀ ਬਜਾਏ ਸਿਰਫ਼ ਇਨਸਾਨੀ ਉਪਾਅ/ਵਿਧੀਆਂ ਉਪਰ ਟੇਕ ਰੱਖਣ ਲੱਗਾ ਹੈ।”

ਉਪਰੋਕਤ ਨਜ਼ਰੀਏ ਅਨੁਸਾਰ ਭਾਈ ਜਸਵੰਤ ਸਿੰਘ ਦਾ ਇੰਗਲੈਂਡ ਤੋਂ ਪੰਜਾਬ ਵਾਪਸ ਆਉਣ ਦਾ ਫ਼ੈਸਲਾ ਕਿਸੇ ਜਜ਼ਬਾਤੀ ਉਛਾਲ ਜਾਂ ਜ਼ਿੱਦ ‘ਚੋਂ ਨਹੀਂ ਨਿਕਲਿਆ ਸੀ । ਭਾਈ ਜਸਵੰਤ ਸਿੰਘ ਨੂੰ ਇਹ ਆਪਣੀ ਆਤਮਾ ਦੀ ਆਵਾਜ਼ ਮਹਿਸੂਸ ਹੋਈ ਸੀ, ਉਸ ਨੇ ਇਸ ਨੂੰ (ਹੋਰਨਾਂ ਵਾਂਗੂੰ) ਨਫ਼ੇ-ਨੁਕਸਾਨ ਦੇ ਪਦਾਰਥਵਾਦੀ ਤਰਕ ਦੇ ਤਰਾਜੂ ‘ਚ ਰੱਖ ਕੇ ਨਹੀਂ ਤੋਲਿਆ ਸੀ। ਉਸ ਲਈ ਇਹ ਸਤਿਗੁਰੂ ਦਾ ਭਾਣਾ ਸੀ, ਤੇ ਫਿਰ ਇਸ ਨੂੰ ਨਾ ਮੰਨਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ। ਭਾਈ ਜਸਵੰਤ ਸਿੰਘ ਨੂੰ ਬੋਧ ਹੋ ਗਿਆ ਸੀ ਕਿ ਇਹ ਗੱਲ ਵਾਹਿਗੁਰੂ ਹੀ ਜਾਣਦਾ ਹੈ ਕਿ ਉਸ ਨੇ ਆਪਣੇ ਕਿਸੇ ਸੇਵਕ ਤੋਂ ਕਿਹੜੀ ਸੇਵਾ ਲੈਣੀ ਹੈ, ਤੇ ਕਿਸ ਰੂਪ ਵਿਚ ਲੈਣੀ ਹੈ। ਇਸ ਇਲਾਹੀ ਫ਼ੈਸਲੇ ‘ਤੇ ਵਿਅਕਤੀ ਦਾ ਕੋਈ ਅਧਿਕਾਰ ਨਹੀਂ ਹੈ। ਸਿੱਖ ਨੇ ਤਾਂ ਪੂਰਨ ਸ਼ਰਧਾ ਤੇ ਸਮਰਪਣ ਦੀ ਭਾਵਨਾ ਨਾਲ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਚੱਲਣਾ ਹੈ ਅਤੇ ਉਸ ਦੇ ਹਰ ਕਰਮ ਨੂੰ ਭਾਣਾ ਕਹਿ ਕੇ ਮੰਨਣਾ ਹੈ। ਜਦੋਂ ਕਿਸੇ ਸਿੱਖ ਉੱਤੇ ਵਾਹਿਗੁਰੂ ਦੀ ਇਹ ਰਹਿਮਤ ਹੋ ਜਾਂਦੀ ਹੈ ਤਾਂ ਉਸ ਦੇ ਲਈ ਦੁੱਖ ਤੇ ਸੁੱਖ ਅਤੇ ਜੀਵਨ ਤੇ ਮੌਤ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ । ਉਸ ਵੇਲੇ ਉਹ ਜਿਉਂਦਾ ਹੋਇਆ ਵੀ ਸ਼ਹੀਦੀ ਦੇ ਆਲਮ ਵਿਚ ਹੀ ਵਿਚਰ ਰਿਹਾ ਹੁੰਦਾ ਹੈ। ਇਸ ਅਵਸਥਾ ਵਿੱਚੋਂ ਲਏ ਫ਼ੈਸਲੇ ਅਡੋਲ ਹੁੰਦੇ ਹਨ। ਇਨ੍ਹਾਂ ਵਿਚ ਦੁਬਿਧਾ ਤੇ ਡਾਵਾਂ-ਡੋਲਤਾ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਭਾਈ ਜਸਵੰਤ ਸਿੰਘ ਨੂੰ ਪੰਜਾਬ ਪਰਤਣ ਤੋਂ ਰੋਕਣ ਦੇ ਯਤਨ ਕਰਨ ਵਾਲੇ ਉਸ ਦੇ ਸ਼ੁਭਚਿੰਤਕਾਂ ਨੂੰ ਉਸ ਦੀ ਇਸ ਆਤਮਿਕ ਅਵਸਥਾ ਦਾ ਗਿਆਨ ਜਾਂ ਅਹਿਸਾਸ ਨਹੀਂ ਸੀ। ਅਤੇ ਜਿਵੇਂ ਕਿ ਅੱਗੇ ਜਾ ਕੇ ਦੇਖਿਆ ਜਾਵੇਗਾ ਭਾਈ ਜਸਵੰਤ ਸਿੰਘ ਨੂੰ ਇਸ ਸਥਿਤੀ ਦਾ, ਸ਼ਹੀਦ ਹੋ ਜਾਣ ਤਕ ਵਾਰ ਵਾਰ ਤੇ ਲਗਾਤਾਰ ਸਾਹਮਣਾ ਕਰਨਾ ਪੈਂਦਾ ਰਿਹਾ।

ਜਸਵੰਤ ਸਿੰਘ ਨੇ ਜਦੋਂ ਵਾਪਸ ਮੁੜਨ ਦਾ ਫ਼ੈਸਲਾ ਕਰ ਲਿਆ ਸੀ ਤਾਂ ਉਸ ਨੇ ਕਾਮਨਵੈਲਥ ਦੇਸ਼ਾਂ ਦੇ ਸਕੱਤਰ ਜਨਰਲ ਨੂੰ ਇਕ ਪੱਤਰ ਲਿਖ ਕੇ ਕਿਹਾ ਸੀ ਕਿ ਮੈਂ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਉਥੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਬਿਨਾਂ ਬਹੁਤਾ ਸਮਾਂ ਨਹੀਂ ਰਹਿ ਸਕਦਾ। ਇਸ ਕਰਕੇ ਮੈਂ ਤੁਹਾਥੋਂ ਇਹ ਮੰਗ ਕਰਦਾ ਹੈ ਕਿ ਮੇਰੇ ਭਾਰਤ ਪਰਤਣ ‘ਤੇ ਮੇਰੇ ਮਨੁੱਖੀ ਹੱਕਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ । ਉਸ ਨੇ ਪੱਤਰ ਵਿਚ ਆਪਣੀ ਵਿਚਾਰਧਾਰਕ ਪੁਜ਼ੀਸ਼ਨ ਸਪੱਸ਼ਟ ਕਰਦਿਆਂ ਲਿਖਿਆ ਸੀ: “ਮੇਰਾ ਇਹ ਵਿਸ਼ਵਾਸ ਹੈ ਕਿ ਇਕ ਸਿੱਖ ਹੋਣ ਦੇ ਨਾਤੇ ਸਾਡੇ (ਸਿੱਖ ਪੰਥ) ਲਈ ਆਤਮ ਨਿਰਣੇ ਦੇ ਹੱਕ (Right of Self-determination) ਦੀ ਹਮਾਇਤ ਕਰਨਾ ਮੇਰਾ ਨੈਤਿਕ ਅਧਿਕਾਰ ਹੈ। ਜਿਸ ਕਰਕੇ ਮੈਂ ਖ਼ਾਲਿਸਤਾਨ ਦੇ ਨਾਅਰੇ ਦੀ ਹਮਾਇਤ ਕਰਦਾ ਹਾਂ ਅਤੇ ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਸ ਸਮੱਸਿਆ ਦੇ ਜੀਮੇਤ ਸਾਰੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਜਮਹੂਰੀ ਤੇ ਮਾਨਵੀ ਪਹੁੰਚ ਅਪਣਾਏ ਜਾਣ ਦੀ ਲੋੜ ਹੈ। ਇਸ ਲਈ ਕਿਰਪਾ ਕਰ ਕੇ ਭਾਰਤ ਸਰਕਾਰ ਨੂੰ ਕਹੋ ਕਿ ਉਹ ਜਮਹੂਰੀ ਤੌਰ ਤਰੀਕੇ ਅਪਣਾਏ ਅਤੇ ਮੈਨੂੰ ਅੰਮ੍ਰਿਤਸਰ ਵਿਚ ਦਾਖ਼ਲ ਹੋਣ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ।” ਪਰ ਸਪੱਸ਼ਟ ਹੈ ਕਿ ਉਸ ਦੇ ਇਸ ਪੱਤਰ ਉੱਤੇ ਕੋਈ ਅਮਲੇ ਨਹੀਂ ਹੋਇਆ ਸੀ।

ਲਗਭਗ ਇਕ ਸਾਲ ਇੰਗਲੈਂਡ ਵਿਚ ਗੁਜ਼ਾਰਨ ਤੋਂ ਪਿੱਛੋਂ ਭਾਈ ਜਸਵੰਤ ਸਿੰਘ ਮਈ ਦੇ ਅਖ਼ੀਰ ਵਿਚ ਪੰਜਾਬ ਮੁੜ ਆਇਆ ਸੀ।

ਜਸਵੰਤ ਸਿੰਘ ਖਾਲੜਾ ਦੀ ਬੌਧਿਕ ਪ੍ਰਤਿਭਾ ਦੀਆਂ ਝਲਕਾਂ

(1) ਪੰਜਾਬ ਸਮੱਸਿਆ : ਸਿੱਖ ਭਾਈਚਾਰੇ ਦੇ ਭਾਰਤੀ ਸੰਘ ਨਾਲ ਸੰਬੰਧਾਂ ਦੀ ਸਮੱਸਿਆ

[ਇਹ ਲੇਖ ਜਸਵੰਤ ਸਿੰਘ ਖਾਲੜਾ ਨੇ ਦਸੰਬਰ 1990 ਵਿਚ ਲਿਖਿਆ ਸੀ । ਉਸ ਵਕਤ ਉਹ ਆਈ.ਡੀ.ਪੀ. (ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਾਰਟੀ) ਦਾ ਸੂਬਾ ਕਮੇਟੀ ਮੈਂਬਰ ਸੀ। ਇਸ ਲਿਖਤ ਵਿਚ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਸਮੱਸਿਆ ਬਾਰੇ ਆਈ.ਡੀ.ਪੀ. ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਕੀਤੀ ਸੀ। ਇਸ ਤੋਂ ਥੋੜ੍ਹਾ ਚਿਰ ਬਾਅਦ ਹੀ ਉਸ ਨੇ ਆਪਣੇ ਆਪ ਨੂੰ ਆਈ.ਡੀ.ਪੀ. ਨਾਲੋਂ ਅਲੱਗ ਕਰ ਲਿਆ ਸੀ । ਇਸ ਕਰਕੇ ਇਸ ਲਿਖਤ ਨੂੰ ਇਸ ਰੋਸ਼ਨੀ ਵਿਚ ਹੀ ਦੇਖਿਆ ਜਾਣਾ ਚਾਹੀਦਾ ਹੈ।]

1947 ਵਿਚ ਭਾਰਤੀ ਉਪ-ਮਹਾਂਦੀਪ ਦਾ ਧਰਮ ਆਧਾਰਿਤ ਪੁਨਰ ਗਠਨ ਇਕ ਮਹੱਤਵਪੂਰਨ ਅੰਤਰਰਾਸ਼ਟਰੀ ਘਟਨਾ ਸੀ ਜਿਸ ਨੇ ਦੁਨੀਆਂ ਦੇ ਉਸ ਅਜੀਬੋ-ਗ਼ਰੀਬ ਖਿੱਤੇ ਨੂੰ, ਜਿਥੇ ਅਨੇਕਾਂ ਸਭਿਆਚਾਰਕ, ਕੌਮੀ, ਭਾਸ਼ਾਈ, ਨਸਲੀ ਤੇ ਧਾਰਮਿਕ ਖਿੱਚੋਤਾਣਾਂ ਮੌਜੂਦ ਸਨ, ਮੁੜ ਜਥੇਬੰਦ ਕਰਨ ਦੀ ਇਕ ਕੋਸ਼ਿਸ਼ ਕੀਤੀ ਸੀ। ਚਾਹੇ ਕੋਈ ਹੁਣ ਕੁਝ ਵੀ ਕਹੇ ਉਸ ਸਮੇਂ ਸਾਰੀਆਂ ਧਿਰਾਂ ਦੇ ਵੱਡੀ ਬਹੁਗਿਣਤੀ ਰਾਜਨੀਤੀਵਾਨ ਇਸ ਘਟਨਾ- ਚੱਕਰ ਨੂੰ ਮੁਕਾਬਲਤਨ ਦਰੁਸਤ ਮੰਨਦੇ ਸਨ। ਬਟਵਾਰੇ ਦੇ ਵਿਚਾਰ-ਵਟਾਂਦਰੇ ਦੇ ਦੌਰ ਅੰਦਰ ਇਕ ਛੋਟਾ ਧਾਰਮਿਕ ਗੁੱਟ ਭਾਵ ਸਿੱਖ ਭਾਈਚਾਰਾ ਦੁਬਿਧਾ ਦਾ ਸ਼ਿਕਾਰ ਰਿਹਾ। ਉਸ ਦੇ ਕਈ ਇਕ ਕਾਰਨ ਸਨ ਜਿਨ੍ਹਾਂ ਵਿਚ ਭੂਗੋਲਿਕ ਖਿੱਤੇ ਦੀ ਅਸਪੱਸ਼ਟਤਾ ਅਤੇ ਇਛਾਵਾਂ ਤੇ ਹਕੀਕਤਾਂ ਦੇ ਜ਼ਿਆਦਾ ਅੰਤਰ ਵੀ ਸਨ। ਇਸ ਭਾਈਚਾਰੇ ਵੱਲੋਂ ਦੋਹਾਂ ਹੀ ਧਿਰਾਂ ਨਾਲ ਜੋੜ ਤੋੜ ਤੇ ਕਈ ਵਾਰਤਾਲਾਪ ਵੀ ਹੋਏ। ਪੰਜਾਬ ਅੰਦਰ ਸਿੱਖਾਂ ਦੇ ਮੁਸਲਮ ਭਾਈਚਾਰੇ ਨਾਲ ਇਤਿਹਾਸਕ ਤੇ ਰਾਜਨੀਤਕ ਤਣਾਵਾਂ ਦੀਆਂ ਯਾਦਾਂ ਤਾਜ਼ਾ ਹੋਣ ਕਰਕੇ ਉਨ੍ਹਾਂ ਆਪਣੇ ਆਪ ਨੂੰ ਹਿੰਦੂ ਭਾਈਚਾਰੇ ਦੇ ਨੇੜੇ ਲਾਉਣਾ ਚੰਗਾ ਸਮਝਿਆ। ਕਾਂਗਰਸੀ ਆਗੂਆਂ ਵਲੋਂ ਅਕਾਲੀ ਲਹਿਰ ਨੂੰ ਆਪਣੇ ਨੇੜੇ ਲਿਆਉਣ ਲਈ ਜਵਾਹਰ ਲਾਲ ਨਹਿਰੂ ਵੱਲੋਂ ਜੈਤੋ ਦੇ ਗੁਰਦੁਆਰਾ ਮੋਰਚੇ ਵਿਚ ਗਿ੍ਫ਼ਤਾਰੀ ਦੇਣਾ ਤੇ ਚਾਬੀਆਂ ਦੇ ਮੋਰਚੇ ਨੂੰ ਮਹਾਤਮਾ ਗਾਂਧੀ ਵਲੋਂ ਭਾਰਤੀ ਅਜ਼ਾਦੀ ਦੀ ਪਹਿਲੀ ਜਿੱਤ ਕਰਾਰ ਦੇਣਾ ਕੁੱਝ ਉਦਾਹਰਣਾਂ ਹਨ। ਇਸ ਦੌਰਾਨ ਸਮੁੱਚੇ ਪੰਜਾਬ ਨੂੰ ਹੱਥੋਂ ਜਾਣੋਂ ਰੋਕਣ ਲਈ ਸਿੱਖਾਂ ਨੂੰ ਹਿੰਦੂ ਬਹੁਗਿਣਤੀ ਵਾਲੇ ਭਾਰਤ ਵਿਚ ਵਿਸ਼ੇਸ਼ ਖਿੱਤੇ ਦਾ ਪ੍ਰਬੰਧ ਕਰਨ ਦਾ ਭਰੋਸਾ ਦੇਣਾ ਭਾਰਤੀ ਰਾਜਨੀਤੀਵਾਨਾਂ ਵੱਲੋਂ ਉਸ ਸੌਦੇਬਾਜ਼ੀ ਦਾ ਹੀ ਇਕ ਹਿੱਸਾ ਸੀ ਜੋ ਸਿੱਖਾਂ ਨਾਲ ਦੋਹਾਂ ਧਿਰਾਂ ਵਲੋਂ ਹੋ ਰਹੀ ਸੀ।

ਚਾਹੇ ਉਸ ਵੇਲੇ ਸਿੱਖਾਂ ਅੰਦਰ ਵੱਖਰਾ ਰਾਜ ਲੈਣ ਦੀਆਂ ਇਛਾਵਾਂ ਮੌਜੂਦ ਸਨ ਪਰ ਰਾਜਨੀਤਕ ਮਜਬੂਰੀਆਂ ਵੱਸ ਉਨ੍ਹਾਂ ਵੱਲੋਂ ਅੱਧੇ-ਮਨ ਨਾਲ ਭਾਰਤੀ ਸੰਘ ਵਿਚ ਵਿਸ਼ੇਸ਼ ਖਿੱਤੇ ਦੇ ਵਾਅਦੇ ਮੁਤਾਬਿਕ ਭਾਰਤ ਨਾਲ ਮਿਲਣ ਦਾ ਫ਼ੈਸਲਾ ਕੀਤਾ ਗਿਆ। ਜਦ ਭਾਰਤੀ ਸੰਘ ਦੇ ਪ੍ਰਸਤਾਵਿਤ ਸੰਵਿਧਾਨ ‘ਚ ਇਸ ਖਿੱਤੇ ਦਾ ਜ਼ਿਕਰ ਨਾ ਆਇਆ ਤਾਂ ਸੰਵਿਧਾਨ (ਘੜਨੀ) ਸਭਾ ਦੇ ਅਕਾਲੀ ਮੈਂਬਰਾਂ ਨੇ ਇਸ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਨਹਿਰੂ ਦੀ ਛਲ ਕਪਟ ਦੀ ਰਾਜਨੀਤੀ ਨੇ ਸੱਤਾ ਦੇ ਵਕਤੀ ਲਾਲਚ ਵਿਚ ਹੁਕਮ ਸਿੰਘ, ਸਵਰਨ ਸਿੰਘ ਤੇ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਲਹਿਰ ‘ਚੋਂ ਕਾਂਗਰਸ ਵਿਚ ਧੂਹ ਕੇ ਅਤੇ ਅਹੁਦੇ ਬਖ਼ਸ਼ ਕੇ ਸਿੱਖਾਂ ਦੇ ਭਾਰਤ ਨਾਲ ਜੋੜ (integration) ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਅਕਾਲੀ ਆਗੂਆਂ ਵੱਲੋਂ 1947 ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਾਉਣ ‘ਤੇ ਪੰਡਿਤ ਨਹਿਰੂ ਨੇ ਉਨ੍ਹਾਂ ਵਾਅਦਿਆਂ ਨੂੰ ਉਸ ਸਮੇਂ ਦੀ ਮਜਬੂਰੀ ਕਿਹਾ ਤੇ ਭੁੱਲ ਜਾਣ ਦੀ ਨਸੀਹਤ ਦਿੱਤੀ। ਇਸ ਤੋਂ ਬਾਅਦ ਸ਼ੁਰੂ ਹੋਇਆ ਅਕਾਲੀ ਮੋਰਚਿਆਂ ਦਾ ਮੌਜੂਦਾ ਦੌਰ। ਪੰਡਿਤ ਨਹਿਰੂ ਸਮਝਦਾ ਸੀ ਕਿ ਇਹ ਮੋਰਚਾ ਅਸਲ ਵਿਚ ਪੰਜਾਬੀ ਸੂਬੇ ਦਾ ਮੋਰਚਾ ਨਹੀਂ ਸਗੋਂ ਸਿੱਖਾਂ ਦੀ ਅਲਹਿਦਾ ਰਾਜਨੀਤਿਕ ਹੋਂਦ ਦਾ ਪ੍ਰਗਟਾਵਾ ਕਰਨ ਦਾ ਮੋਰਚਾ ਹੈ। ਏਸੇ ਆਧਾਰ ‘ਤੇ ਉਸ ਨੇ ਕਿਹਾ ਕਿ ਉਹ ਪੰਜਾਬੀ ਸੂਬੇ ਦੀ ਮੰਗ ਪ੍ਰਵਾਨ ਕਰ ਕੇ ਇਕ ਹੋਰ ਪਾਕਿਸਤਾਨ ਦੀ ਨੀਂਹ ਨਹੀਂ ਰੱਖਣਾ ਚਾਹੁੰਦਾ। ਸਿਰਫ਼ ਏਸੇ ਆਧਾਰ ਉਪਰ ਕਾਂਗਰਸੀ ਆਗੂਆਂ ਵੱਲੋਂ ਹਿੰਦੂ ਭਾਈਚਾਰੇ ਨੂੰ ਸੁਚੇਤ ਕੀਤਾ ਕਿ ਉਹ ਦੇਸ਼ ਨੂੰ ਬਚਾਉਣ ਲਈ ਆਪਣੀ ਭਾਸ਼ਾ ਹਿੰਦੀ ਲਿਖਵਾਉਣ ਤਾਂ ਕਿ ਇਥੇ ਪੰਜਾਬੀ ਸੂਬਾ, ਜੋ ਉਨ੍ਹਾਂ ਮੁਤਾਬਿਕ ਸਿੱਖ ਸਟੇਟ ਦੀ ਬੁਨਿਆਦ ਹੋਵੇਗਾ, ਨਾ ਬਣ ਸਕੇ। ਉਧਰ ਅਕਾਲੀ ਆਗੂ ਸਿੱਖ ਭਾਈਚਾਰੇ ਨੂੰ ਪੰਥ ਦੀ ਆਜ਼ਾਦੀ ਲਈ ਪੰਜਾਬੀ ਸੂਬਾ ਪਹਿਲਾ ਪੜਾਅ ਕਹਿ ਕੇ ਅਪੀਲ ਕਰਦੇ ਰਹੇ ਅਤੇ ਅਸਿੱਧੇ ਤੌਰ ‘ਤੇ ਸਿੱਖ ਭਾਈਚਾਰੇ ਵਿਚ ਪ੍ਰਚਾਰਦੇ ਵੀ ਰਹੇ ਕਿ ਉਨ੍ਹਾਂ ਦੀ ਲੜਾਈ ਅਸਲ ਵਿਚ ਖ਼ਾਲਸੇ ਦੀ ਆਜ਼ਾਦੀ ਦੀ ਹੀ ਲੜਾਈ ਹੈ।

ਇਸ ਤਰ੍ਹਾਂ ਸਿੱਖ ਭਾਈਚਾਰੇ ਦੇ ਭਾਰਤੀ ਸੰਘ ਨਾਲ ਸੰਬੰਧ ਜੋ ਕਦੇ ਵੀ ਸਪੱਸ਼ਟ ਤੌਰ ‘ਤੇ ਪ੍ਰਭਾਸ਼ਿਤ ਨਹੀਂ ਸਨ ਹੋ ਸਕੇ, ਫਿਰ ਤੋਂ ਖੁੱਲ੍ਹੀ ਬਹਿਸ ਅਧੀਨ ਆ ਪਹੁੰਚੇ । 1965 ਦੀ ਪਾਕਿਸਤਾਨ ਨਾਲ ਖਹਿ ਦੌਰਾਨ ਭਾਰਤ ਸਰਕਾਰ ਵੱਲੋਂ ਸਿੱਖ ਭਾਈਚਾਰੇ ਦਾ ਵਿਸ਼ਵਾਸ ਕਾਇਮ ਕਰਨ ਲਈ ਅਕਾਲੀ ਆਗੂ (ਸੰਤ) ਫ਼ਤਿਹ ਸਿੰਘ ਨਾਲ ਪੰਜਾਬੀ ਸੂਬਾ ਜੰਗ ਤੋਂ ਫ਼ੌਰਨ ਬਾਅਦ ਬਣਾਉਣ ਦਾ ਵਾਅਦਾ ਕੀਤਾ ਗਿਆ।

ਇਸ ਤਰ੍ਹਾਂ ਪਾਕਿਸਤਾਨ ਨਾਲ ਤਣਾਅ ਦੇ ਫ਼ੈਕਟਰ ਨੇ ਸਿੱਖ ਭਾਈਚਾਰੇ ਦੀ ਬਹੁਗਿਣਤੀ ਵਾਲਾ ਇਕ ਰਾਜ ਸਥਾਪਤ ਕਰਨ ਵਿਚ ਹਿੱਸਾ ਪਾਇਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦੀ ਹੱਦਬੰਦੀ ਧਰਮ ਆਧਾਰਿਤ ਹੋਈ ਕਿਉਂਕਿ ਮਰਦਮ-ਸ਼ੁਮਾਰੀ ਦੌਰਾਨ ਪਹਿਲਾਂ ਹੀ ਹਿੰਦੂਆਂ ਨੂੰ ਹਿੰਦੀ ਭਾਸ਼ੀ ਤੇ ਸਿੱਖਾਂ ਨੂੰ ਪੰਜਾਬੀ ਭਾਸ਼ੀ ਲਿਖਿਆ ਜਾ ਚੁੱਕਾ ਸੀ। ਅਕਾਲੀ ਲਹਿਰ ਆਪਣੇ ਰਾਜਨੀਤਿਕ ਮਿਸ਼ਨ ਦੇ ਪਹਿਲੇ ਪੜਾਅ ਤੋਂ ਬਾਅਦ ਦੂਜੇ ਪੜਾਅ ਨੂੰ ਸ਼ੁਰੂ ਕਰਨ ਲਈ 1973 ਵਿਚ ਅਨੰਦਪੁਰ ਸਾਹਿਬ ਦੇ ਮਤੇ ਨੂੰ ਸਾਹਮਣੇ ਲਿਆਈ, ਚਾਹੇ ਕਮਿਊਨਿਸਟ ਪ੍ਰਭਾਵ ਅਤੇ ਆਪਣੇ ਆਪ ਨੂੰ ਧਰਮ ਨਿਰਪੱਖ ਬਣਾਉਣ ਦੇ ਨਹਿਰੂ ਮਾਡਲ ਤਹਿਤ ਉਨ੍ਹਾਂ ਜਨਤਕ ਪੱਧਰ ‘ਤੇ ਇਸ ਨੂੰ ਚੰਡੀਗੜ੍ਹ, ਦਰਿਆਈ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਕਿਹਾ । ਪੰਜਾਬੀ ਬੋਲਦੇ ਇਲਾਕਿਆਂ ਬਾਰੇ ਉਹ ਹਿਮਾਚਲ ਦੇ ਉਹ ਹਿੱਸੇ ਨਹੀਂ ਮੰਗਦੇ ਸਨ ਜਿਥੇ ਗ਼ੈਰ-ਸਿੱਖ ਪੰਜਾਬੀ ਹੀ ਰਹਿੰਦੇ ਸਨ, ਸਗੋਂ ਅੰਬਾਲਾ ਤੇ ਗੰਗਾਨਗਰ ਦੇ ਜ਼ਿਲ੍ਹਿਆਂ ਅੰਦਰ ਵੱਸੇ ਸਿੱਖ ਜੱਟ ਕਿਸਾਨੀ ਦੇ ਇਲਾਕੇ ਹੀ ਮੰਗਦੇ ਸਨ।

ਏਸੇ ਦੌਰਾਨ ਭਾਰਤੀ ਸੰਘ ਦਾ ਕੇਂਦਰੀਕਰਨ ਤੇ ਬ੍ਰਾਹਮਣੀਕਰਨ ਵੀ ਕਾਫ਼ੀ ਤੇਜ਼ ਹੋ ਚੁੱਕਾ ਸੀ। ਵਿਸ਼ੇਸ਼ ਖਿੱਤੇ ਵਾਲੀ ਧਾਰਾ 370 ਨੂੰ ਵੀ ਰੋਲ ਦਿੱਤਾ ਗਿਆ ਸੀ ਅਤੇ (ਇਹ) ਸੱਤਾ ਵਿਚ ਵਧੇਰੇ ਹਿੱਸਾ ਮੰਗਣ ਵਾਲੀ ਹਰੇਕ ਲਹਿਰ ਨੂੰ ਕੁਚਲਣ ਦਾ ਦੌਰ ਸੀ। ਸਾਰੀਆਂ ਭਾਰਤੀ ਕੌਮੀ ਪਾਰਟੀਆਂ ਅਕਾਲੀ ਲਹਿਰ ਨੂੰ ਸ਼ੱਕ ਦੇ ਤਹਿਤ ਦੇਖਦੀਆਂ ਸਨ ਤੇ ਕਾਂਗਰਸ ਪਾਰਟੀ ਨੂੰ ਇਸ (ਅਕਾਲੀ) ਲਹਿਰ ਵਿੱਚੋਂ ਇਹ ਅਕਸ ਦਿਖਾਈ ਦਿੰਦਾ ਸੀ ਕਿ ਇਹ ਆਪਣੇ ਭੁੱਲੇ ਵਿਸਰੇ ਸੁਪਨੇ ਫਿਰ ਸਾਕਾਰ ਕਰ ਸਕਦੀ ਹੈ। ਇਸ ਲਈ ਸ਼ੁਰੂ ਤੋਂ ਹੀ ਅਕਾਲੀ ਲਹਿਰ ਨੂੰ ਖਿੰਡਾਉਣ ਦੀਆਂ ਤੇ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਜ਼ੋਰਾਂ ਨਾਲ ਚੱਲਦੀਆਂ ਰਹੀਆਂ। ਪਰ ਸਭ ਕੁੱਝ ਖਿੰਡ ਜਾਣ ਦੇ ਬਾਅਦ ਵੀ ‘ਪੰਥ ਖ਼ਤਰੇ ਵਿਚ ਹੈ’ ਦਾ ਹੋਕਾ ਇਕ ਰਾਜਨੀਤਕ ਲਹਿਰ ਸਥਾਪਤ ਕਰ ਦੇਂਦਾ ਰਿਹਾ। ਸਮੁੱਚੇ ਅਕਾਲੀ ਅੰਦੋਲਨ ਦਾ ਜੇਕਰ ਸਾਰ ਤੱਤ ਕੱਢਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਜੇਕਰ ਆਗੂਆਂ ਨੇ ‘ਪੰਥ ਦੀ ਚੜ੍ਹਦੀ ਕਲਾ’ ਲਈ ਮੋਰਚਾ ਲਾਉਣ ਦੀ ਸੋਚੀ ਤਾਂ ਉਹ ਲੋਕਾਂ ਦੇ ਹੀਰੋ ਬਣ ਗਏ ਪਰ ਜੇਕਰ ਉਨ੍ਹਾਂ ਨੇ ਭਾਰਤੀ ਰਾਜਨੀਤੀ ਦੇ ਸੰਦ ਬਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਠੁਕਰਾ ਦਿੱਤੇ ਗਏ। ਅਕਾਲੀਆਂ ਵਜੋਂ ਰਾਜ ਕਰਦੇ ਸਮੇਂ ਲੜਖੜਾਉਣਾ ਉਨ੍ਹਾਂ ਦੀ ਅਯੋਗਤਾ ਕਾਰਨ ਨਹੀਂ ਹੈ ਸਗੋਂ ਸਿੱਖ ਭਾਈਚਾਰੇ ਅੰਦਰ ਪਈ ਇਕ ਭਾਵਨਾ ਕਾਰਨ ਹੈ ਜਿਸ ਅਧੀਨ ਉਹ ਚਾਹੁੰਦੇ ਹਨ ਕਿ ਆਗੂ ਪਹਿਲਾਂ ਆਜ਼ਾਦੀ ਤੇ ਜਮਹੂਰੀਅਤ ਦਾ ਨਿੱਘ ਮਾਣ ਸਕਣ-ਯੋਗ ਨਿਸ਼ਾਨਾ ਪੂਰਾ ਕਰ ਲੈਣ।

ਇਹ ਵੀ ਕਹਿ ਲੈਣਾ ਠੀਕ ਨਹੀਂ ਹੈ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਵਿਚ ਰਾਜ ਕਰਨ ਦਾ ਖੁੱਲ੍ਹਾ ਮੌਕਾ ਦਿੱਤਾ ਜਾਵੇ ਤਾਂ ਉਹ ਕਰ ਸਕਦੇ ਹਨ। ਇਸ ਦੀ ਮਿਸਾਲ 1978 ਵਿਚ ਲੁਧਿਆਣਾ ਅਕਾਲੀ ਕਾਨਫ਼ਰੰਸ ਹੈ ਜਦ ਦਿੱਲੀ ਵਿਚ ਜਨਤਾ ਰਾਜ ਅਤੇ ਪੰਜਾਬ ਅੰਦਰ ਅਕਾਲੀ ਰਾਜ ਦੇ ਹੁੰਦਿਆਂ ਵੀ ਉਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕਰਨ ਖ਼ਾਤਰ ਅਨੰਦਪੁਰ ਸਾਹਿਬ ਦੇ ਮਤੇ ‘ਤੇ ਜ਼ੋਰ ਦਿੱਤਾ ਸੀ। 1978 ਤਕ ਅਕਾਲੀ ਦਲ ਨਹਿਰੂ ਮਾਡਲ ਰਾਜਨੀਤੀ ਮੁਤਾਬਿਕ ਚੱਲਦਾ ਰਿਹਾ ਅਤੇ ਆਪਣੇ ਆਪ ਨੂੰ ਪੰਜਾਬੀਅਤ ਤੇ ਕਿਸਾਨੀ ਦਾ ਅਲੰਬਰਦਾਰ ਦੱਸਦਾ ਰਿਹਾ। ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਅਸਲ ਮਸਲੇ ਤੋਂ ਪੂਰਾ ਪਰਦਾ ਉਠਾ ਦੇਣ ਬਾਅਦ ਅਕਾਲੀ ਆਗੂਆਂ ਤੇ ਸਿੱਖ ਭਾਈਚਾਰੇ ਵਿਚ ਸਫ਼ਬੰਦੀ ਸ਼ੁਰੂ ਹੋਈ। ਆਪਣੀਆਂ ਸਥਾਪਤ ਸ਼ਖ਼ਸੀਅਤਾਂ ਤੇ ਜਥੇਬੰਦਕ ਤਾਣੇ ਬਾਣਿਆਂ ਸਦਕਾ ਪੁਰਾਣੀ ਲੀਡਰਸ਼ਿਪ ਸਿੱਖ ਭਾਈਚਾਰੇ ਦੇ ਰਵਾਇਤੀ ਅਕਾਲੀ ਹਿੱਸੇ ‘ਤੇ ਆਪਣਾ ਕਾਫ਼ੀ ਪ੍ਰਭਾਵ ਬਣਾਈ ਰੱਖਣ ਵਿਚ ਸਫਲ ਰਹੀ, ਪਰ ਸਪੱਸ਼ਟ ਲਫ਼ਾਜ਼ੀ ਤਹਿਤ ਆਈਆਂ ਖਾੜਕੂ ਧਿਰਾਂ ਨੇ ਵੀ ਉਹਨਾਂ ਦਾ ਖਿੰਡਾ ਜਾਰੀ ਰੱਖਿਆ ਅਤੇ ਅਖ਼ੀਰ 1990 ਵਿਚ ਸਮਤੋਲ ਅਕਾਲੀ ਪੱਖ ਤੋਂ ਜਾਂਦਾ ਰਿਹਾ ਤੇ ਹੁਣ ਸਿੱਖ ਭਾਈਚਾਰੇ ਦੇ ਰਵਾਇਤੀ ਅਕਾਲੀ ਹਿੱਸੇ ਉਪਰ ਖਾੜਕੂ ਪਹਿਲੇ ਨੰਬਰ ‘ਤੇ ਅਤੇ ਰਵਾਇਤੀ ਅਕਾਲੀ ਦੂਜੇ ਨੰਬਰ ‘ਤੇ ਪ੍ਰਭਾਵੀ ਹਨ ।

ਮਸਲਾ 1947 ਤੋਂ 1990 ਤਕ ਇੱਕੋ ਹੀ ਚੱਲ ਰਿਹਾ ਹੈ – ਭਾਰਤੀ ਸੰਘ ਨਾਲ ਸਿੱਖ ਭਾਈਚਾਰੇ ਦਾ ਰਿਸ਼ਤਾ ਕੀ ਹੋਵੇ। 1947 ਵਿਚ ਇਹ ਆਪਸੀ ਵਿਸ਼ਵਾਸ ਉੱਤੇ ਨਿਰਭਰ ਏਕਤਾ ਸੀ ਤੇ ਉਸ ਤੋਂ ਬਾਅਦ ਬੇਵਿਸ਼ਵਾਸੀ ਆਧਾਰਿਤ ਅਨੇਕਤਾ। ਇਸ ਦਾ ਹੱਲ ਸੋਚਦਿਆਂ ਸਾਨੂੰ ਸਿੱਖ ਭਾਈਚਾਰੇ ਅੰਦਰ ਘਰ ਕਰ ਚੁੱਕੀ ‘ਆਪਣਾ ਰਾਜ’ ਦੀ ਭਾਵਨਾ ਨੂੰ ਸਾਹਮਣੇ ਰੱਖਣਾ ਪਵੇਗਾ। ਜੇਕਰ ਪਿਛਲੇ 43 ਸਾਲਾ ਅੰਦਰ ਭਾਰਤੀ ਰਾਜ ‘ਸਭ ਲੋਕਾਂ ਦਾ ਰਾਜ’ ਬਣ ਕੇ ਦਿਖਾ ਦੇਂਦਾ ਤਾਂ ਇਸ ਭਾਵਨਾ ਦੀ ਸੰਤੁਸ਼ਟੀ ਹੋ ਸਕਦੀ ਸੀ। ਜੇਕਰ ਨਿਕਟ ਭਵਿੱਖ ਵਿਚ ਇਹ ਸਭ ਦਾ ਸਾਂਝਾ ਰਾਜ ਬਣ ਸਕਣ ਦੀਆਂ ਸੰਭਾਵਨਾ ਰੱਖਦਾ ਹੋਵੇ ਤਾਂ ਵੀ ਕੁੱਝ ਚਿਰ ਰੁਕਿਆ ਜਾ ਸਕਦਾ ਹੈ ਪਰ ਜੇਕਰ 43 ਸਾਲਾਂ ਦੇ ਵਹਿਣ ਨੂੰ ਤੇ ਅੱਜ ਦੇ ਭਾਰਤੀ ਰਾਜਨੀਤੀ ਦੇ ਫ਼ਿਰਕੂ ਦੌਰ ਨੂੰ ਹਕੀਕਤ ਮੰਨ ਕੇ ਚੱਲੀਏ ਤਾਂ ਸਾਨੂੰ ਬਿਨਾਂ ਦੇਰ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈ ਤੇ ਹੋਰ ਖ਼ੂਨ-ਖ਼ਰਾਬੇ ਤੋਂ ਬਚਾਅ ਕਰਨਾ ਚਾਹੀਦਾ ਹੈ।

ਅੱਜ ਇਸ ਦੇ ਅਮਨ ਪੂਰਬਕ ਹੱਲ ਲਈ ਜ਼ਰੂਰੀ ਹੈ ਕਿ ਇਹ ਮੰਨ ਲਿਆ ਜਾਵੇ ਕਿ ਭਾਰਤੀ ਸੰਘ ਨਾਲ ਸਿੱਖ ਭਾਈਚਾਰੇ ਦੇ ਸੰਬੰਧਾਂ ਨੂੰ ਮੁੜ ਵਿਚਾਰਨ ਤੇ ਮੁੜ ਨਿਰਧਾਰਤ ਕਰਨ ਦਾ ਮੁੱਦਾ ਸਾਡੇ ਸਾਹਮਣੇ ਹੈ। ਸਿੱਖ ਭਾਈਚਾਰਾ ਕਿਸ ਤਰ੍ਹਾਂ ਦੇ ਸੰਬੰਧ ਚਾਹੁੰਦਾ ਹੈ, ਇਹ ਜਾਨਣ ਦੇ ਦੋ ਤਰੀਕੇ ਹੋ ਸਕਦੇ ਹਨ : ਜਾਂ ਤਾਂ ਸਭ ਸਿੱਖ ਜਥੇਬੰਦੀਆਂ ਨੂੰ ਮੇਜ਼ ’ਤੇ ਸੱਦਿਆ ਜਾਵੇ ਤੇ ਉਨ੍ਹਾਂ ਨਾਲ ਇਹ ਮਸਲਾ ਤੈਅ ਕੀਤਾ ਜਾਵੇ; ਜਾਂ ਸੁਮੱਚੇ ਸਿੱਖ ਭਾਈਚਾਰੇ ਦੀ ਰਾਏ ਲਈ ਜਾਵੇ। ਸਮੁੱਚੇ ਸਿੱਖ ਭਾਈਚਾਰੇ ਦੀ ਰਾਏ ਇਸ ਤਰ੍ਹਾਂ ਕਰਨ ਨਾਲੋਂ ਸਿੱਖ ਜਥੇਬੰਦੀਆਂ ਦੀ ਰਾਏ ਲੈਣਾ ਸੌਖਾ ਹੈ, (ਪਰ ਤਾਂ) ਜੇਕਰ ਸਿੱਖ ਜਥੇਬੰਦੀਆਂ ਦੀ ਪੈਰੋਕਾਰਤਾ (following) ਸਪੱਸ਼ਟ ਦਿਖਾਈ ਦੇਂਦੀ ਹੋਵੇ। ਪ੍ਰੰਤੂ ਅੱਜ ਦਸੰਬਰ 1990 ਵਿਚ ਸਥਿਤੀ ਐਨੀ ਗੁੰਝਲਦਾਰ ਹੈ ਕਿ ਸਿੱਖ ਜਥੇਬੰਦੀਆਂ ਦੀ ਹੋਂਦ ਅਤੇ ਸਮਰੱਥਾ ਅਸਪੱਸ਼ਟ ਹੈ ਅਤੇ ਬਹੁਤੇ ਆਗੂ ਜਿਸ ਪੁਜ਼ੀਸ਼ਨ ਵਿਚ 10 ਸਾਲ ਪਹਿਲਾਂ ਸਨ, ਹੁਣ ਉਸ ਦੇ ਉਲਟ ਸਥਿਤੀ ਵਿਚ ਹਨ। ਇਸ ਲਈ ਉਨ੍ਹਾਂ ਉੱਤੇ ਨਿਰਭਰਤਾ ਨਾ ਤਾਂ ਸਿੱਖ ਭਾਈਚਾਰੇ ਅਤੇ ਨਾ ਹੀ ਭਾਰਤੀ ਸੰਘ ਲਈ ਸਾਰਥਿਕ ਹੈ। ਇਸ ਲਈ ਹੁਣ ਦੀਆਂ ਹਾਲਤਾਂ ਮੁਤਾਬਕ ਇਸ ਗੁੱਥੀ ਨੂੰ ਸੁਲਝਾਉਣ ਲਈ ਆਮ ਸਿੱਖ ਰਾਏ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਤੇ ਉਸਦਾ ਢੰਗ ਹੈ ਸਿੱਖ ਭਾਈਚਾਰੇ ਅੰਦਰ ਰਾਏਸ਼ੁਮਾਰੀ (ਰਿਫ਼ਰੈਂਡਮ) ਕਰਾਉਣਾ। ਕੁਦਰਤੀ ਭਾਰਤੀ ਕਾਨੂੰਨ ਤਹਿਤ ਸਿੱਖਾਂ ਦੀਆਂ ਅਲਹਿਦਾ ਵੋਟਰ ਸੂਚੀਆਂ ਵੀ ਬਣੀਆਂ ਹਨ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਕੰਮ ਆਉਂਦੀਆਂ ਹਨ। ਉਨ੍ਹਾਂ ਨੂੰ ਅੱਜ ਤਕ ਸੋਧ ਕੇ ਉਸ ਆਧਾਰ ‘ਤੇ ਇਸ ਮੁੱਦੇ ‘ਤੇ ਵੋਟਿੰਗ ਕਰਾਉਣੀ ਚਾਹੀਦੀ ਹੈ। ਸੰਭਾਵਤ ਤਿੰਨੇ ਵਿਕਲਪਾਂ ਨੂੰ (ਸੂਬਿਆਂ ਨੂੰ ਵੱਧ ਅਧਿਕਾਰ, ਅਨੰਦਪੁਰ ਸਾਹਿਬ ਦਾ ਮਤਾ ਜਾਂ ਅੰਦਰੂਨੀ ਖ਼ੁਦਮੁਖ਼ਤਾਰੀ, ਅਤੇ ਜਾਂ ਵੱਖਰਾ ਰਾਜ) ਸੰਬੰਧਿਤ ਜਥੇਬੰਦੀਆਂ ਵੱਲੋਂ ਲੋਕਾਂ ਵਿਚ ਬਹਿਸ ਅਧੀਨ ਲਿਆਂਦਾ ਜਾਵੇ। ਰੇਡੀਓ ਤੇ ਟੈਲੀਵੀਜ਼ਨ ‘ਤੇ ਤਿੰਨਾਂ ਧਿਰਾਂ ਨੂੰ ਪ੍ਰਚਾਰ ਦਾ ਸਮਾਂ ਦਿੱਤੇ ਜਾਣ ਤੋਂ ਬਾਅਦ ਆਖ਼ਰ ਵੋਟਿੰਗ ਕਰਵਾ ਕੇ ਫ਼ੈਸਲਾ ਲੈ ਲਿਆ ਜਾਵੇ ਤੇ ਫ਼ੈਸਲਾ ਤੁਰੰਤ ਲਾਗੂ ਕਰ ਦਿੱਤਾ ਜਾਵੇ।

ਖ਼ੂਨ-ਖ਼ਰਾਬੇ ਤੋਂ ਬਿਨਾਂ ਸਿਰਫ਼ ਏਹੋ ਹੀ ਹੱਲ ਅੱਜ ਦੀਆਂ ਹਾਲਤਾਂ ਵਿਚ ਵੱਧ ਕਾਰਗਰ ਹੋ ਸਕਦਾ ਹੈ। ਇਸ ਹਕੀਕਤ ਨੂੰ ਸਵੀਕਾਰ ਕਰ ਕੇ ਇਸ ਦੇ ਅਨੁਕੂਲ ਬਣੋ, ਨਹੀਂ ਤਾਂ ਫਿਰ ਅਸਫਲਤਾ ਦਾ ਮੂੰਹ ਵੇਖੋ, ਇਹ ਭਾਰਤੀ ਲੋਕਾਂ ਸਾਹਮਣੇ ਇੱਕੋ-ਇਕ ਬਦਲ ਹੈ। ਉਹ ਜੋ ਹਾਲਤਾਂ ਦੇ ਅਨੁਕੂਲ ਨਹੀਂ ਢਲਦੇ, ਆਮ ਤੌਰ ‘ਤੇ ਅਸਫਲ ਹੁੰਦੇ ਹਨ, ਕਿਉਂਕਿ ਅਨੁਕੂਲ ਹੋਣਾ ਹੀ ਮਨੁੱਖੀ ਹੋਂਦ ਦਾ ਕੁਦਰਤੀ ਨੇਮ ਹੈ।

(2) ਚੋਣਾਂ ਬਾਰੇ ਨਜ਼ਰੀਆ

[ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਤੋਂ ਬਾਅਦ ਸਿੱਖ ਜੁਝਾਰੂ ਲਹਿਰ ਦੇ ਆਗੂਆਂ ਸਾਹਮਣੇ ਚੋਣਾਂ ਬਾਰੇ ਸਹੀ ਨਜ਼ਰੀਆ ਅਪਨਾਉਣ ਦਾ ਮਸਲਾ ਮੁੜ ਮੁੜ ਕੇ ਪੇਸ਼ ਹੁੰਦਾ ਰਿਹਾ। ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ 25 ਜੁਲਾਈ 1985 ਨੂੰ ਨੇਪਰੇ ਚੜ੍ਹੇ ਸਮਝੌਤੇ ਅਨੁਸਾਰ ਅਗਸਤ 1985 ਵਿਚ ਪੰਜਾਬ ਅਸੈਂਬਲੀ ਲਈ ਚੋਣਾਂ ਹੋਈਆਂ ਸਨ । ਉਦੋਂ ਤਕ ਖਾੜਕੂ ਸੰਘਰਸ਼ ਦਾ ਜਥੇਬੰਦਕ ਸਰੂਪ ਉਭਰ ਕੇ ਸਾਹਮਣੇ ਨਹੀਂ ਆਇਆ ਸੀ। ਜਿਹੜੇ ਖਾੜਕੂ ਉਸ ਵਕਤ ਖਿੰਡਰੇ ਬਿਖਰੇ ਰੂਪ ਵਿਚ ਕੰਮ ਕਰ ਰਹੇ ਸਨ, ਉਨ੍ਹਾਂ ਨੇ ਭਾਰਤੀ ਸੰਵਿਧਾਨ ਹੇਠ ਹੋਣ ਵਾਲੀਆਂ ਚੋਣਾਂ ਵਿਚ ਕਿਸੇ ਵੀ ਰੂਪ ਵਿਚ ਹਿੱਸਾ ਨਾ ਲੈਣ ਦੀ ਸਿਧਾਂਤਕ ਪੁਜ਼ੀਸ਼ਨ ਲੈ ਲਈ ਸੀ। ਉਸ ਤੋਂ ਬਾਅਦ ਦਸੰਬਰ 1989 ਵਿਚ ਜਦੋਂ ਭਾਰਤੀ ਪਾਰਲੀਮੈਂਟ ਲਈ ਚੋਣਾਂ ਹੋਈਆਂ ਤਾਂ ਉਸ ਵੇਲੇ ਖਾੜਕੂ ਸੰਘਰਸ਼ ਪੂਰੇ ਜੋਬਨ ‘ਤੇ ਪਹੁੰਚਿਆ ਹੋਇਆ ਸੀ। ਉਸ ਵੇਲੇ ਭਾਰਤੀ ਰਾਜ ਵਿਰੁੱਧ ਹਥਿਆਰਬੰਦ ਜੰਗ ਲੜ ਰਹੀ ਕਿਸੇ ਵੀ ਖਾੜਕੂ ਜਥੇਬੰਦੀ ਜਾਂ ਧਿਰ ਨੇ ਆਪਣੇ ਵੱਲੋਂ ਚੋਣਾਂ ਵਿਚ ਹਿੱਸਾ ਲੈਣ ਦਾ ਰਸਮੀ ਫ਼ੈਸਲਾ ਕੋਈ ਨਹੀਂ ਸੀ ਕੀਤਾ। ਪਰ ਖਾੜਕੂ ਸੰਘਰਸ਼ ਦੇ ਹਮਾਇਤੀ ਸਮਝੇ ਜਾਂਦੇ ਕੁੱਝ ਵਿਅਕਤੀਆਂ ਜਾਂ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਏ ਕੁੱਝ ਸਿੰਘਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਆਪਣੇ ਹੀ ਪੱਧਰ ‘ਤੇ ਚੋਣਾਂ ਦੇ ਮੈਦਾਨ ਵਿਚ ਕੁੱਦਣ ਦਾ ਐਲਾਨ ਕਰ ਦਿੱਤਾ ਸੀ । ਉਸ ਵੇਲੇ ਸਾਰੀਆਂ ਹੀ ਰਵਾਇਤੀ ਰਾਜਸੀ ਪਾਰਟੀਆਂ ਸਿੱਖ ਜਨਤਾ ਦੇ ਮਨਾਂ ਤੋਂ ਲੱਥ ਚੁੱਕੀਆਂ ਸਨ। ਖਾੜਕੂ ਸੰਘਰਸ਼ ਨੂੰ ਸਿੱਖ ਕੌਮ ਦੀ ਭਰਵੀਂ ਹਮਾਇਤ ਮਿਲ ਰਹੀ ਸੀ। ਅਜਿਹੀ ਹਾਲਤ ਵਿਚ ਖਾੜਕੂ ਲੀਡਰਸ਼ਿੱਪ ਵੱਲੋਂ ਕੋਈ ਸਪੱਸ਼ਟ ਪੁਜ਼ੀਸ਼ਨ ਨਾ ਲੈਣ ਕਰਕੇ ਆਮ ਸਿੱਖ ਜਨਤਾ ਚੋਣਾਂ ਅੰਦਰ ਇਕਦਮ ‘ਖਾੜਕੂਆਂ ਦੇ ਹਮਾਇਤੀ ਜਾਣੇ ਜਾਂਦੇ’ ਉਮੀਦਵਾਰਾਂ ਦੇ ਪੱਖ ਵਿਚ ਉਲਰ ਪਈ ਸੀ । ਨਤੀਜੇ ਵਜੋਂ ਇਨ੍ਹਾਂ ਉਮੀਦਵਾਰਾਂ ਨੂੰ ਅਣਕਿਆਸੀ ਤੇ ਲਾਮਿਸਾਲ ਜਿੱਤ ਨਸੀਬ ਹੋ ਗਈ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਉਦੋਂ ਤਰਨ ਤਾਰਨ ਦੇ ਹਲਕੇ ਤੋਂ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ। 1992 ਵਿਚ ਚੰਦਰ ਸ਼ੇਖਰ ਨੂੰ ਲਾਂਭੇ ਕਰ ਕੇ ਗੱਦੀ ‘ਤੇ ਬਿਰਾਜਮਾਨ ਹੋਏ ਕਾਂਗਰਸ ਪਾਰਟੀ ਦੇ ਪੀ.ਵੀ. ਨਰਸਿਮ੍ਹਾ ਰਾਓ ਨੇ ਆਪਣੀ ਸਥਿਤੀ ਮਜ਼ਬੂਤ ਕਰ ਲੈਣ ਉਪਰੰਤ ਫ਼ਰਵਰੀ 1992 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਸੀ। ਕੇਂਦਰ ਸਰਕਾਰ ਨੇ ਖਾੜਕੂ ਲਹਿਰ ਨੂੰ ਵਹਿਸ਼ੀ ਜਬਰ ਨਾਲ ਕੁਚਲ ਦੇਣ, ਅਤੇ ਇਸ ਆਸ਼ੇ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਕਾਇਮ ਕਰਨ ਦਾ ਤਹੱਈਆ ਕਰ ਲਿਆ ਜਾਪਦਾ ਸੀ। ਭਾਰਤੀ ਹਾਕਮ ਕਿਸੇ ਵੀ ਹਾਲਤ ਵਿਚ ਪੰਜਾਬ ਅੰਦਰ ਸਿੱਖ ਖਾੜਕੂਆਂ ਜਾਂ ਉਨ੍ਹਾਂ ਦੇ ਪੱਖੀਆਂ ਦੀ ਸਰਕਾਰ ਬਣਨ ਦੀ ਆਗਿਆ ਦੇਣ ਨੂੰ ਤਿਆਰ ਨਹੀਂ ਸਨ। ਇਸ ‘ਮੰਦਹੋਣੀ’ ਨੂੰ ਰੋਕਣ ਲਈ ਹੀ ਉਨ੍ਹਾਂ ਨੇ 1991 ਦੀਆਂ ਚੋਣਾਂ ਐਨ ਕੰਢੇ ‘ਤੇ ਆ ਕੇ ਮੁਲਤਵੀ ਕਰ ਦਿੱਤੀਆਂ ਸਨ । ਇਸ ਦ੍ਰਿਸ਼ਟੀ ਤੋਂ, ਭਾਰਤੀ ਹਾਕਮ ਫ਼ਰਵਰੀ 1992 ਦੀਆਂ ਚੋਣਾਂ ਦਾ ਬਾਈਕਾਟ ਕਰਨ ਦੇ ਖਾੜਕੂਆਂ ਦੇ ਫ਼ੈਸਲੇ ‘ਤੇ ਢਿੱਡੋਂ ਖ਼ੁਸ਼ ਹੋਏ ਸਨ। ਭਾਈ ਜਸਵੰਤ ਸਿੰਘ ਨੇ ਚੋਣਾਂ ਬਾਰੇ ਆਪਣੇ ਵਿਚਾਰ ਕਈ ਲਿਖਤਾਂ ਵਿਚ ਪ੍ਰਗਟਾਏ ਸਨ। ਉਸ ਦੀ ਚੋਣਾਂ ਬਾਰੇ ਸਿਧਾਂਤਕ ਸਮਝ ਨੂੰ ਉਪਰ ਬਿਆਨੇ ਪ੍ਰਸੰਗ ਵਿਚ ਰੱਖ ਕੇ ਹੀ ਸਹੀ ਰੂਪ ਵਿਚ ਸਮਝਿਆ ਜਾ ਸਕਦਾ ਹੈ। ਹੇਠਾਂ ਇਸ ਵਿਸ਼ੇ ਬਾਰੇ ਉਸ ਦੀਆਂ ਅੱਡ- ਅੱਡ ਲਿਖਤਾਂ ਵਿੱਚੋਂ ਢੁੱਕਵੇਂ (relevant) ਹਵਾਲੇ ਪੇਸ਼ ਹਨ।

1989 ਦੀਆਂ ਚੋਣਾਂ

(ਲਿਬਰੇਸ਼ਨ ਖ਼ਾਲਿਸਤਾਨ, ਸਾਲ 2 ਨੰਬਰ 2, ਜੂਨ 1993 ਦੇ ਅੰਕ ਵਿੱਚੋਂ)

1989 ਵਿਚ ਜਦ ਭਾਰਤੀ ਹਾਕਮਾਂ ਵੱਲੋਂ ਪੰਜਾਬ ਵਿਚ ਪਾਰਲੀਮਾਨੀ ਚੋਣਾਂ ਕਰਾਈਆਂ ਗਈਆਂ ਤਾਂ ਇਸ ਵਾਰ ਦੁਵੱਲੀ ਖੇਡ ਚਲਾਈ ਗਈ। (ਪੰਜਾਬ ਦੇ ਗਵਰਨਰ) ਸਿਧਾਰਥ ਸ਼ੰਕਰ ਰੇਅ ਦੀ ਸਕੀਮ ਮੁਤਾਬਿਕ ਇਕ ਪਾਸੇ ਅਕਾਲੀ ਲੀਡਰਸ਼ਿਪ ਨੂੰ ਪਰੇਸ਼ਾਨ ਕਰਨ ਲਈ ਤੇ ਦੂਜੇ ਪਾਸੇ ਖਾੜਕੂ ਨੌਜਵਾਨਾਂ ਵਿਚ ਪਾਰਲੀਮਾਨੀ ਖਿੱਚ ਪੈਦਾ ਕਰਨ ਦੇ ਮਨਸ਼ੇ ਨਾਲ ਐਸਾ ਮਾਹੌਲ ਪੈਦਾ ਹੋਣ ਦਿੱਤਾ ਗਿਆ ਜਿਸ ਨਾਲ ਰਾਜਨੀਤਕ ਅਰਾਜਕਤਾ ਨੇ ਸਿੱਖ ਕੌਮ ਨੂੰ ਫਿਰ ਆ ਘੇਰਿਆ। ਹਾਂ-ਪੱਖੀ ਨਤੀਜਾ ਇਹ ਨਿਕਲਿਆ ਕਿ ਅਕਾਲੀ ਗੁੱਠੇ ਲੱਗ ਗਏ ਪਰ ਨਾਂਹ-ਪੱਖੀ ਨਤੀਜਾ ਇਹ ਨਿਕਲਿਆ ਕਿ ਲੀਡਰਸ਼ਿੱਪ ਦਾ ਖ਼ਲਾਅ ਪੈਦਾ ਹੋ ਗਿਆ। ਖਾੜਕੂ ਧਿਰਾਂ ਨੇ ਚੋਣਾਂ ਵਿਚ ਹਿੱਸਾ ਨਹੀਂ ਸੀ ਲਿਆ ਪਰ ਉਨ੍ਹਾਂ ਨੇ ਆਪਣੇ ਸਮਰਥਕ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ। ਸਿੱਖ ਕੌਮ ਰਵਾਇਤੀ ਲੀਡਰਸ਼ਿੱਪ ਤੋਂ ਉਕਤਾ ਗਈ ਸੀ। ਸਿੱਖਾਂ ਨੇ ਰਵਾਇਤੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਾਰ ਦਿੱਤੀ। ਪਰ ਬਦਲਵੀਂ ਰਾਜਸੀ ਲੀਡਰਸ਼ਿੱਪ ਉਸ ਵਕਤ ਸਟੇਜ ’ਤੇ ਹਾਜ਼ਰ ਨਹੀ ਸੀ। ਖਾੜਕੂ ਸਮਝਦੇ ਸਨ ਅਸੀਂ ਬਦਲਵੇਂ ਲੀਡਰ ਹਾਂ। ਪਰ ਉਮੀਦਵਾਰ ਸਮਝਦੇ ਸਨ ਉਹ ਪੰਥ ਦੇ ਬੁਲਾਰੇ ਹਨ। ਨਵਾਂ ਉਭਰਿਆ ਸਾਂਝਾ ਅਕਾਲੀ ਦਲ ਅਸਲ ਵਿਚ ਕੋਈ ਸਾਂਝਾ ਦਲ ਹੈ ਹੀ ਨਹੀਂ ਸੀ। ਉਧਰ ਇਕ ਫ਼ੈਡਰੇਸ਼ਨ ਦੀ ਲੀਡਰਸ਼ਿੱਪ ਇਹ ਸਿਹਰਾ ਆਪਣੇ ਸਿਰ ਬੰਨ੍ਹ ਬੈਠੀ ਸੀ। ਪਰ ਬਿਨਾਂ ਸ਼ੱਕ ਖਾੜਕੂ ਧਿਰਾਂ ਦਾ ਸਿੱਕਾ ਸਿੱਖ ਸਿਆਸਤ ‘ਤੇ ਚੱਲਦਾ ਸੀ ਤੇ ਰਵਾਇਤੀ ਅਕਾਲੀ ਆਗੂਆਂ ਦੇ ਮੁਕਾਬਲੇ ਉਹੀ ਬਦਲਵੀਂ ਧਿਰ ਸਨ। ਪ੍ਰੈਸ-ਮੀਡੀਏ ਤੇ ਵੋਟ ਚੋਣ-ਮੇਲਿਆਂ ਨੇ ਖਾੜਕੂਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਜ਼ਿਆਦਾ ਪ੍ਰਭਾਵਿਤ ਹੋਏ ਉਨ੍ਹਾਂ ਦੇ ਗ਼ੈਰ-ਖਾੜਕੂ ਸਮਰਥਕ। ਕਈ ਹੱਥ ਮਲਦੇ ਰਹਿ ਗਏ ਕਿ ਕਿਤੇ ਟਿਕਟ ਉਹ ਲੈ ਲੈਂਦੇ ਤਾਂ ਅਖ਼ਬਾਰ ਵਿਚ ਫੋਟੋ ਉਨ੍ਹਾਂ ਦੀ ਆਉਂਦੀ।

1989 ਦੀ ਇਸ ਚੋਣ ਨੇ ਖਾੜਕੂਆਂ ਦੁਆਲੇ ਅਜਿਹੇ ਰਾਜਨੀਤਕਾਂ ਦੇ ਝੁਰਮਟ ਪੈਦਾ ਕਰ ਦਿੱਤੇ ਜੋ ਸੰਭਾਵਤ ਅਸੈਂਬਲੀ ਚੋਣਾਂ ਵਿਚ ਇਸ ਲਹਿਰ ਦਾ ਲਾਹਾ ਲੈ ਕੇ ਵਜ਼ਾਰਤਾਂ ਬਣਾਉਣ ਦੇ ਚਾਹਵਾਨ ਸਨ। ਦਿੱਲੀ ਤੋਂ ਇਸ਼ਾਰੇ ਮਿਲਣ ਲੱਗ ਪਏ ਕਿ ਖਾੜਕੂ ਪਾਰਲੀਮਾਨੀ ਰਾਹ ਦੇ ਪ੍ਰਭਾਵ ਨੂੰ ਕਬੂਲ ਚੁੱਕੇ ਹਨ, ਇਸ ਲਈ ਭਾਰਤ ਚਾਹੁੰਦਾ ਹੈ ਕਿ ਉਨ੍ਹਾਂ ਦੇ ਕਿਸੇ ਹਿੱਸੇ ਨੂੰ ਗੱਲਬਾਤ ਵਿਚ ਲਿਆਂਦਾ ਜਾਵੇ ਤੇ ਚੋਣਾਂ ਕਰਾ ਕੇ ਪੰਜਾਬ ਵਿਚ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਤੇ ਉਨ੍ਹਾਂ ਦੇ ਹੱਥੀਂ ਇਥੇ ਸ਼ਾਂਤੀ ਸਥਾਪਤ ਕਰਾਈ ਜਾਵੇ। ਇਸ ਤੋਂ ਪੰਜਾਬ ਦੇ ਸਿੱਖ ਕਾਂਗਰਸੀ ਵੀ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਇਸ ਖੇਡ ਵਿਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ ਤੇ ਨਾਮੀਂ ਖਾੜਕੂ ਲੀਡਰਾਂ ਨੂੰ ਪਨਾਹ ਤੇ ਸੁਰੱਖਿਆ ਮੁਹੱਈਆ ਕਰਨ ਲੱਗ ਪਏ । ਇਕ ਅਜੀਬ ਰਾਜਨੀਤਕ ਸਥਿਤੀ ਪੈਦਾ ਹੋ ਚੁੱਕੀ ਸੀ। ਇਕ ਪਾਸੇ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਕੁਰਬਾਨੀ ਕਰਨ ਵਾਲੇ ਖਾੜਕੂ ਸਨ ਤੇ ਦੂਜੇ ਪਾਸੇ ਪੰਜਾਬ ਵਜ਼ਾਰਤ ਬਣਾਉਣ ਦੇ ਚਾਹਵਾਨ ਰਾਜਨੀਤਕ ਅਨਸਰ ਸਨ ਜੋ ਪੂਰੀ ਸਰਗਰਮੀ ਨਾਲ ਖਾੜਕੂਆਂ ਦੇ ਅੱਗੇ ਪਿੱਛੇ ਘੁੰਮ ਰਹੇ ਸਨ । ਖ਼ਾਸ ਗੱਲ ਇਹ ਸੀ ਕਿ ਹਿੰਦੂ ਸਿਆਸੀ ਵਰਕਰ ਵੀ ਲਾਹਾ ਲੈਣ ਲਈ ਖਾੜਕੂਆਂ ਦੇ ਉੱਘੇ ਸਮਰਥਕਾਂ ਵਜੋਂ ਉਭਰ ਰਹੇ ਸਨ।

ਉਧਰ ਅਕਾਲੀ ਦਲ (ਮਾਨ), ਬਾਬਾ (ਜੋਗਿੰਦਰ ਸਿੰਘ) ਤੇ ਮਨਜੀਤ ਸਿੰਘ ਦੀ ਫ਼ੈਡਰੇਸ਼ਨ ਆਗਾਮੀ ਚੋਣਾਂ ਜਿੱਤਣ ਲਈ ਪੂਰੀ ਤਿਆਰੀ ਵਿਚ ਸਨ ਤੇ ਉਨ੍ਹਾਂ ਦਾ ਆਪਣਾ ਭੇੜ ਇਕ ਦੂਜੇ ਤੋਂ ਵਜ਼ਾਰਤ ਖੋਹਣ ਦਾ ਬਣਿਆ ਹੋਇਆ ਸੀ । ਪੰਜਾਬ ਦੇ ਕਾਂਗਰਸੀ ਕੁੱਝ ਖਾੜਕੂ ਧਿਰਾਂ ਦਾ ਸਮਰਥਨ ਲੈ ਕੇ ਅੱਗੇ ਆਉਣ ਲਈ ਪੂਰੀ ਤਿਆਰੀ ਵਿਚ ਸਨ। ਰਵਾਇਤੀ ਅਕਾਲੀ ਆਗੂ ਸਮਝ ਚੁੱਕੇ ਸਨ ਕਿ ਸਮਤੋਲ ਖਾੜਕੂਆਂ ਦੇ ਹੱਥ ਵਿਚ ਹੈ, ਇਸ ਲਈ ਉਹ ਵੀ ਆਪਣੀ ਬੋਲੀ ਬਦਲ ਕੇ ਖਾੜਕੂ ਪੱਖੀਆਂ ਵਜੋਂ ਪੇਸ਼ ਹੋਣ ਲੱਗ ਪਏ । ਦਿੱਲੀ ਸਰਕਾਰ ਵੱਲੋਂ ਅਸੈਂਬਲੀ ਚੋਣਾਂ ਦੀ ਕੁੱਤੇ-ਝਾਕ ਦਾ ਮਾਹੌਲ ਜਿਉਂ ਜਿਉਂ ਲੰਮਾ ਹੁੰਦਾ ਗਿਆ, ਵੱਖ-ਵੱਖ ਰਾਜਨੀਤਕ ਹਿਤਾਂ ਵਾਲੇ ਅਨਸਰਾਂ ਨੇ ਖਾੜਕੂ ਜਥੇਬੰਦੀਆਂ ਨਾਲ ਸੰਪਰਕ ਵਧਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਅਮਲ ਨੇ ਖਾੜਕੂਆਂ ਨੂੰ ਇਕ ਨਵੇਂ ਰੋਲ ਵਿਚ ਪਾ ਦਿੱਤਾ। ਉਹ ‘ਕਿੰਗ’ ਬਣਨ ਦੀ ਥਾਂ ਕਿੰਗ-ਮੇਕਰ ਬਣਨ ਵਿਚ ਅਨੰਦ ਲੈਣ ਲੱਗ ਪਏ। ਉਹ ਕਦੇ ਕਿਸੇ ਜਥੇਬੰਦੀ ਨੂੰ ਮਾਨਤਾ ਦੇਂਦੇ ਤੇ ਕਦੇ ਕਿਸੇ ਤੋਂ ਵਾਪਸ ਲੈ ਲੈਂਦੇ। ਵੱਖੋ-ਵੱਖਰੀਆਂ ਧਿਰਾਂ ਇਕ ਦੂਜੇ ਨੂੰ ਗੁੱਠੇ ਲਾਉਣ ਲਈ ਇਨ੍ਹਾਂ ਨੂੰ ਲਗਾਤਾਰ ਵਰਤਣ ਲੱਗ ਪਈਆਂ। ਆਉਣ ਵਾਲੀ ਸਿਆਸਤ ਵਿਚ ਥਾਂ ਬਣਾਉਣ ਲਈ ਕਈ ਸਲਾਹਕਾਰ ਵੀ ਆਪਣੀਆਂ ਕਲਮਾਂ ਤੇ ਮਸ਼ਵਰਿਆਂ ਸਮੇਤ ਹਾਜ਼ਰ ਹੋ ਗਏ। ਦਿੱਲੀ ਨੂੰ ਇਹ ਕੰਮ ਕਾਫ਼ੀ ਰਾਸ ਆਇਆ। ਉਨ੍ਹਾਂ ਚੋਣਾਂ ਤੋਂ ਪਹਿਲਾਂ ਗੱਲਬਾਤ ਦਾ ਚੋਗਾ ਸੁੱਟਿਆ ਤੇ ਦਿੱਲੀ ਵੱਲ ਨੂੰ ਦੌੜਾਂ ਲੱਗ ਪਈਆਂ।

ਹਰ ਕੋਈ ਖਾੜਕੂਆਂ ਦੀ ਸਹਿਮਤੀ ਦਿਖਾ ਕੇ ਗੱਲਬਾਤ ਲਈ ਜਾਂਦਾ ਪਰ ਕੋਈ ਦੂਜੀ ਖਾੜਕੂ ਧਿਰ ਠਿੱਬੀ ਮਾਰ ਦਿੰਦੀ। ਮਾਨ ਦਲ ਇਕ ਮੁੱਖ ਪਾਰਲੀਮਾਨੀ ਧਿਰ ਬਣ ਕੇ ਉਭਰੀ। ਰਵਾਇਤੀ ਅਕਾਲੀ ਆਗੂਆਂ ਨੇ ਮਾਨ ਨੂੰ ਅਜ਼ਮਾਇਸ਼ ਵਿਚ ਪਾ ਕੇ ਦਿੱਲੀ ਨੂੰ ਤੋਰ ਦਿੱਤਾ। ਕੁਦਰਤੀ ਸਿੱਟੇ ਜੋ ਨਿਕਲਣੇ ਸੀ ਉਹ ਨਿਕਲੇ ਤੇ ਬਾਕੀਆਂ ਨੇ ਤਾੜੀ ਮਾਰ ਦਿੱਤੀ।

ਅਖ਼ੀਰ 1991 ਦੀਆਂ ਚੋਣਾਂ ਦਾ ਐਲਾਨ ਹੋਇਆ | ਸਿੱਖ ਰਾਜਨੀਤੀ ਵਿਚ 1989 ਵਿਚ ਬੀਜੀ ਅਰਾਜਕਤਾ ਦੀ ਫ਼ਸਲ ਨੇ ਆਪਣਾ ਰੰਗ ਦਿਖਾਇਆ । ਖਾੜਕੂ ਆਪਣੀ ਆਗੂ ਹਸਤੀ ਨੂੰ ਇਕ ਸਹਾਇਕ ਰੋਲ ਤਕ ਸੀਮਤ ਕਰ ਚੁੱਕੇ ਸਨ । ਹੁਣ ਉਹ ਕਿਸੇ ਨਾ ਕਿਸੇ ਦੀ ਮੱਦਦ ਕਰਨ ਦੀ ਖੇਡ ਵਿਚ ਫਸ ਗਏ। ਕਾਂਗਰਸ ਪਾਰਟੀ ਵੱਲੋਂ ਬਾਈਕਾਟ ਦੇ ਐਲਾਨ ਬਾਅਦ ਉੱਘੇ ਕਾਂਗਰਸੀ ਕੁੱਝ ਖਾੜਕੂਆਂ ਦੇ ਸਮਰਥਨ ਨਾਲ ਚੋਣ ਵਿਚ ਉਤਰੇ। ਮਾਨ ਦਲ ਵੱਲੋਂ ਵੱਖ-ਵੱਖ ਖਾੜਕੂ ਧਿਰਾਂ ਦੇ ਉਮੀਦਵਾਰਾਂ ਦੀ ਗਿਣਤੀ ਨੂੰ ਅਡਜਸਟ ਕਰਨ ਦੀ ਅਸਮਰੱਥਾ ਨੇ ਕੁੱਝ ਖਾੜਕੂ ਧਿਰਾਂ ਵੱਲੋਂ ਬਾਈਕਾਟ ਦੀ ਲਾਈਨ ਲੈਣ ਦਾ ਰਾਹ ਪੱਧਰਾ ਕੀਤਾ। ਭਾਈ ਮਨਜੀਤ ਸਿੰਘ ਵੱਲੋਂ ਦੂਸਰੇ ਗਰੁੱਪਾਂ ਨੂੰ ਹੂੰਝ ਦੇਣ ਦੀ ਲਾਲਸਾ ਤਹਿਤ ਬਾਬਾ ਮਾਨੋਚਾਹਲ ਦਾ ਸਮਰਥਨ ਹਾਸਲ ਕੀਤਾ ਗਿਆ। ਸਿੱਖ ਉਮੀਦਵਾਰਾਂ ਵੱਲੋਂ ਇਕ ਦੂਜੇ ਨੂੰ ਮਨਾਉਣ ਲਈ ਖਾੜਕੂਆਂ ਦਾ ਸਾਥ ਲੈਣ ਲਈ ਹੱਥ ਪੈਰ ਮਾਰੇ ਗਏ। ਬਾਈਕਾਟ ਦੀ ਲਾਈਨ ਵਾਲੀਆਂ ਧਿਰਾਂ ਨੇ ਜਿਵੇਂ 1992 ਦੀਆਂ ਚੋਣਾਂ ਵਿਚ ਬਾਈਕਾਟ ਕਰਵਾਇਆ, ਪਤਾ ਨਹੀਂ 1991 ਵਿਚ ਇਹ ਕੋਸ਼ਿਸ਼ ਇਸ ਪੱਧਰ ‘ਤੇ ਕਿਉਂ ਨਹੀਂ ਕੀਤੀ ਗਈ। ਇਨ੍ਹਾਂ ਚੋਣਾਂ (91 ਤੇ 92) ਵਿਚਕਾਰਲੇ ਵਕਫ਼ੇ ਦੌਰਾਨ ਖਾੜਕੂ ਧਿਰਾਂ ਦੇ ਅਮਲ ਨੇ ਉਨ੍ਹਾਂ ਦੀ ਭਰੋਸੇਯੋਗਤਾ ‘ਤੇ ਕਾਫ਼ੀ ਸੱਟ ਮਾਰੀ।

1991 ਤਕ ਸਿੱਖ ਰਾਜਨੀਤੀ ਅੰਦਰ ਦਾਬੇ ਵਾਲੀ ਪ੍ਰਮੁੱਖਤਾ ਹਾਸਲ ਕਰ ਚੁੱਕੀ ਖਾੜਕੂ ਲਹਿਰ ਆਪਣਾ ਰਾਜਨੀਤਕ ਮਹੱਤਵ ਆਪ ਹੀ ਘਟਾ ਚੁੱਕੀ ਸੀ ਤੇ ਜੇਕਰ ਇਹ ਚੋਣਾਂ ਹੋ ਜਾਂਦੀਆਂ ਤਾਂ ਉਨ੍ਹਾਂ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਜੋ ਨਕਸ਼ਾ ਪੇਸ਼ ਕਰਨਾ ਸੀ ਉਹ ਸ਼ਾਇਦ ਤਸਵੀਰ ਨੂੰ ਹੋਰ ਵੀ ਵਿਗਾੜ ਦਿੰਦਾ। ਚੋਣਾਂ ਰੱਦ ਹੋਈਆਂ ਤਾਂ ਨਵੇਂ ਸਿਰਿਓਂ ਨਵੀਆਂ ਚੋਣਾਂ ਲਈ ਕਤਾਰਬੰਦੀਆਂ ਸ਼ੁਰੂ ਹੋਈਆਂ। ਉਧਰ ਦਿੱਲੀ ਦਰਬਾਰ ਨੇ ਲਾਈਨ ਬਦਲ ਲਈ ਸੀ। ਇਸ ਦੇ ਸੰਕੇਤ ਰਵਾਇਤੀ ਆਗੂਆਂ ਨੂੰ ਮਿਲ ਚੁੱਕੇ ਸਨ। ਉਹ ਵੀ ਬਦਲਾ ਲੈਣਾ ਚਾਹੁੰਦੇ ਸਨ। ਖਾੜਕੂ ਆਪਣੇ ਮਿੱਤਰਾਂ ਦਾ ਘੇਰਾ ਤੋੜ ਕੇ ਹਰ ਪਾਸੇ ਵਿਰੋਧ ਖੜੇ ਕਰ ਚੁੱਕੇ ਸਨ ਤੇ ਸਮਾਜ ਵਿਰੋਧੀ ਅਨਸਰਾਂ ਦੀ ਉਨ੍ਹਾਂ ਦੀਆਂ ਸਫ਼ਾਂ ਅੰਦਰ ਭਰਮਾਰ ਹੋ ਗਈ ਸੀ। ਨਵੀਆਂ ਚੋਣਾਂ (1992) ਦਾ ਐਲਾਨ ਹੋਇਆ । ਰਵਾਇਤੀ ਅਕਾਲੀ ਆਗੂਆਂ ਨੇ ਬਾਈਕਾਟ ਦਾ ਨਾਅਰਾ ਦੇ ਕੇ ਖਾੜਕੂਆਂ ਨੂੰ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਜੋ ਕਿ ਇਹ ਚੋਣਾਂ ਲੜਨ ਦੀ ਪੁਰੀ ਤਿਆਰੀ ਵਿਚ ਸਨ।

ਅਖ਼ੀਰ ਵੇਖੋ-ਵੇਖੀ ਬਾਈਕਾਟ ਦਾ ਨਾਅਰਾ ਜ਼ੋਰ ਫੜਦਾ ਗਿਆ ਅਤੇ ਇਕ ਦੋ ਆਗੂਆਂ ਨੇ ਰਵਾਇਤੀ ਆਗੂਆਂ ਦੇ ਇਸ਼ਾਰੇ ਤੇ ਧਮਕੀ ਨਾਲ ਵੀ ਬਾਈਕਾਟ ਲਈ ਮਨਾ ਲਿਆ ਗਿਆ। ਕੌਮੀ ਇਕਜੁੱਟਤਾ ਦਿਖਾਉਂਦੇ ਹੋਏ ਇਸ ਪਹਿਲੇ ਪੈਂਤੜੇ ’ਤੇ ਸਿੱਖ ਵੋਟਰਾਂ ਨੇ ਇਕਮੁੱਠ ਹੋ ਕੇ ਫੁੱਲ ਚੜ੍ਹਾਏ।

1992 ਦੀਆਂ ਚੋਣਾਂ

[ਇਹ ਲੇਖ 1992 ਦੀਆਂ ਚੋਣਾਂ ਮੌਕੇ ਭਾਈ ਜਸਵੰਤ ਸਿੰਘ ਖਾਲੜਾ ਨੇ ਲਿਬਰੇਸ਼ਨ ਖ਼ਾਲਿਸਤਾਨ ਦੇ ਫ਼ਰਵਰੀ ਦੇ ਅੰਕ ਵਿਚ ‘ਚੋਣਾਂ ਦੀ ਖੇਡ : ਖੇਡੀ ਜਾਵੇ ਜਾਂ ਨਾਂ ?’ ਦੇ ਦਿਲ-ਕਸ਼ ਸਿਰਲੇਖ ਹੇਠ ਲਿਖਿਆ ਸੀ।]

ਪੂਰਬੀ ਪੰਜਾਬ ਵਿਚ ਚੋਣਾਂ ਦੇ ਮੁੜ ਐਲਾਨ ਨੇ ਸਿੱਖ ਹਲਕਿਆਂ ਵਿਚ ਇਹ ਬਹਿਸ ਮੁੜ ਛੇੜ ਦਿੱਤੀ ਹੈ। ਲਗਭਗ ਹਰ ਜਥੇਬੰਦੀ ਇਸ ਦੇ ਹੱਕ ਜਾਂ ਵਿਰੋਧ ਵਿਚ ਆਪੋ- ਆਪਣੇ ਵਿਚਾਰ ਪੇਸ਼ ਕਰਦਿਆਂ ਆਪੋ-ਆਪਣਾ ਰੋਲ ਨਿਰਧਾਰਤ ਕਰ ਰਹੀ ਹੈ। ਕੋਈ ਵੀ ਸਿੱਖ ਜਥੇਬੰਦੀ ਅਜੇ ਤਕ ਚੋਣਾਂ ਦੇ ਰਾਹ ਨੂੰ ਖ਼ਾਲਿਸਤਾਨ ਦੀ ਮੁਕਤੀ ਦਾ ਰਾਹ ਤਾਂ ਨਹੀਂ ਕਰਾਰ ਦੇ ਸਕੀ, ਪਰ ਅਨੇਕਾਂ ਹੀ ਇਸ ਨੂੰ ਮੁਕਤੀ ਲਈ ਸਹਾਈ ਕਰਾਰ ਦੇ ਕੇ ਇਸ ਦੀ ਵਕਾਲਤ ਵਿਚ ਰੁਝੀਆਂ ਨਜ਼ਰ ਆ ਰਹੀਆਂ ਹਨ।

ਚੋਣ ਦਾ ਸ਼ਬਦੀ ਅਰਥ ਤਾਂ ਇਹੋ ਹੁੰਦਾ ਹੈ ਕਿ ਤੁਸੀਂ ਦਿੱਤੀਆਂ ਹਾਲਤਾਂ ਤੇ ਲਾਈਆਂ ਗਈਆਂ ਸ਼ਰਤਾਂ ਦੇ ਵਿਚ ਰਹਿੰਦਿਆਂ ਇਕ ਸੀਮਤ ਕਾਰਜ ਵਾਸਤੇ ਆਪਣੇ ਨੁਮਾਇੰਦਿਆਂ ਦੀ ਚੋਣ ਕਰੋ ਅਤੇ ਇਸੇ ਹੀ ਤਰ੍ਹਾਂ ਅੱਜ ਜੋ ਚੋਣ ਸਾਡੇ ਵਿਚਾਰ ਗੋਚਰੇ ਹੈ, ਉਹ ਇਕ ਵਿਸ਼ੇਸ਼ ਹਾਲਤ ਵਿਚ ਅਤੇ ਇਕ ਵਿਸ਼ੇਸ਼ ਮਕਸਦ ਵਾਸਤੇ ਵਿਸ਼ੇਸ਼ ਸ਼ਰਤਾਂ ਤਹਿਤ ਹੋ ਰਹੀ ਹੈ । ਇਸ ਲਈ ਸਾਨੂੰ ਇਸ ਸਾਰੇ ਮਸਲੇ ਬਾਰੇ ਸਪੱਸ਼ਟ ਹੋ ਕੇ ਹੀ ਸਿੱਟੇ ‘ਤੇ ਪਹੁੰਚਣਾ ਚਾਹੀਦਾ ਹੈ। ਹਾਲਤ ਇਹ ਹੈ ਕਿ ਸਿੱਖ ਕੌਮ ਨੇ ਆਪਣੀ ਆਜ਼ਾਦੀ ਦਾ ਸੰਘਰਸ਼ ਬਾਕਾਇਦਾ ਤੌਰ ‘ਤੇ ਛੇੜਿਆ ਹੋਇਆ ਹੈ। ਉਧਰ ਹਿੰਦੂ ਭਾਰਤੀ ਰਾਜ ਵਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਂ ‘ਤੇ ਸਿੱਖਾਂ ਵਿਰੁੱਧ ਹਥਿਆਰਬੰਦ ਲੜਾਈ ਚਲਾਈ ਹੋਈ ਹੈ। ਪੰਜਾਹ ਹਜ਼ਾਰ ਤੋਂ ਵੱਧ ਆਜ਼ਾਦੀ ਦੇ ਪ੍ਰਵਾਨੇ ਖ਼ਾਲਿਸਤਾਨ ਦੇ ਮੁੱਦੇ ‘ਤੇ ਕੁਰਬਾਨੀਆਂ ਕਰ ਚੁੱਕੇ ਹਨ। ਪੰਜਾਹ ਹਜ਼ਾਰ ਦੇ ਕਰੀਬ ਖ਼ਾਲਿਸਤਾਨੀ ਹੀਰੇ ਸਾਲਾਂ ਤੋਂ ਜੇਲ੍ਹਾਂ ਵਿਚ ਰੁਲ ਰਹੇ ਹਨ। ਅਨੇਕਾਂ ਫਾਂਸੀ ਦੇ ਰੱਸਿਆਂ ਨੂੰ ਚੁੰਮਣ ਦੀ ਇੰਤਜ਼ਾਰ ਵਿਚ ਹਨ ਅਤੇ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ, ਸਰਾਭੇ ਤੇ ਭਗਤ ਸਿੰਘ ਤੋਂ ਵੀ ਅਗਾਂਹ ਲੰਘ ਚੁੱਕੇ ਹਨ। ਪੰਜ ਲੱਖ ਤੋਂ ਵੱਧ ਭਾਰਤੀ ਫ਼ੌਜ ਅਤੇ ਇਸ ਤੋਂ ਵੀ ਵੱਧ ਸੁਰੱਖਿਆ ਕਰਮੀ ਰਾਤ ਦਿਨ ਸਿੱਖ ਨੌਜੁਆਨਾਂ ਦਾ ਸ਼ਿਕਾਰ ਖੇਡਣ ਵਿਚ ਲੱਗੇ ਹੋਏ ਹਨ। ਦੁਨੀਆਂ ਭਰ ਦੇ ਕਾਲੇ ਕਾਨੂੰਨਾਂ ਤੋਂ ਵੀ ਕਾਲੇ ਕਾਨੂੰਨਾਂ ਦਾ ਸਾਡੀ ਕੌਮ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ । ਇਨ੍ਹਾਂ ਹਾਲਤਾਂ ਵਿਚ ਬਾਹਰਲੀ ਦੁਨੀਆਂ ਦੇ ਅੱਖੀਂ ਘੱਟਾ ਪਾਉਣ ਦੀ ਖ਼ਾਤਰ ਭਾਰਤੀ ਚਾਣਕੀਆ ਨੇ ਚੋਣਾਂ ਦਾ ਇਕ ਫ਼ਰੇਬੀ ਫੌਂਗ ਰਚਿਆ ਹੈ ਤੇ ਹੁਣ ਸਾਡਾ ਇਹ ਕੰਮ ਹੈ ਕਿ ਇਸ ਰਾਜਨੀਤਕ ਮੋਹਰੇ ਦਾ ਕਿਵੇਂ ਮੁਕਾਬਲਾ ਕੀਤਾ ਜਾਵੇ।

ਅੱਜ ਕੋਈ ਵੀ ਸਿੱਖ ਜਥੇਬੰਦੀ ਚਾਹੇ ਉਹ ਕਿਤਨੀ ਵੀ ਡਰਪੋਕ ਤੇ ਕਮਜ਼ੋਰ ਕਿਉਂ ਨਾ ਹੋਵੇ, ਇਹ ਕਹਿਣ ਦੀ ਜੁਰਅਤ ਨਹੀਂ ਰੱਖਦੀ ਕਿ ਇਹ ਚੋਣਾਂ ਸਿੱਖਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਇਕ ਸਾਧਨ ਬਣ ਸਕਦੀਆਂ ਹਨ। ਪਰ ਇਹ ਜਥੇਬੰਦੀਆਂ ਸ਼ਬਦਾਂ ਦੇ ਹੇਰ-ਫੇਰ ਰਾਹੀਂ ਚੋਣਾਂ ਵਿਚ ਹਿੱਸਾ ਲੈਣ ਨੂੰ ਹੱਕ ਬਜਾਨਬ ਕਰਾਰ ਜ਼ਰੂਰ ਦੇ ਰਹੀਆਂ ਹਨ। ਖ਼ੁਸ਼ੀ ਦੀ ਗੱਲ ਹੈ ਕਿ ਪਾਰਲੀਮਾਨੀ ਚਸਕੇ ਵਾਲੇ ਅਕਾਲੀ ਧੜੇ ਇਸ ਵਾਰ ਇਸ ਖੇਡ ਵਿੱਚੋਂ ਪਾਸੇ ਹੀ ਰਹਿਣ ਜਾ ਰਹੇ ਹਨ। ਇਸ ਦਾ ਕਾਰਨ ਉਨ੍ਹਾਂ ਦਾ ਪਿਛਲਾ ਬੇਸੁਆਦਾ ਤਜਰਬਾ, ਪੰਥ ਦੀ ਕਰੋਪੀ ਦੀ ਸੰਭਾਵਨਾ ਜਾਂ ਖ਼ਤਰੇ ਨਾਲੋਂ ਫ਼ਾਇਦਾ ਘੱਟ ਹੋਣ ਦੀ ਗਿਣਤੀ-ਮਿਣਤੀ ਕੁੱਝ ਵੀ ਹੋ ਸਕਦਾ ਹੈ ਪਰ ਹੈ ਇਹ ਇਕ ਸਿਹਤਮੰਦ ਫ਼ੈਸਲਾ। ਪਰ ਕੁੱਝ ਇਕ ਸਿਆਸੀ ਨੀਮ ਹਕੀਮ ਇਸ ਖੇਡ ਵਿਚ ਕੁੱਦਣ ਲਈ ਫ਼ੈਸਲਾ ਕਰ ਕੇ ਅੱਜ ਕੱਲ੍ਹ ਉਸ ਨੂੰ ਦਰੁਸਤ ਸਾਬਤ ਕਰਨ ਲਈ ਦਲੀਲਬਾਜ਼ੀ ਦਾ ਚੱਕਰ ਚਲਾ ਰਹੇ ਹਨ । ਸਾਨੂੰ ਉਨ੍ਹਾਂ ਦੀਆਂ ਦਲੀਲਾਂ ਬਹਿਸ ਅਧੀਨ ਲਿਆਉਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਕੌਮ ਅੰਦਰ ਭੁਲੇਖੇ ਖੜੇ ਨਾ ਕਰ ਸਕਣ ।

ਜਮਹੂਰੀਅਤ ਦੀ ਦਲੀਲ

ਕਈ ਕਹਿ ਰਹੇ ਹਨ ਕਿ ਅਸੀਂ ਦੁਨੀਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਜਮਹੂਰੀਅਤ ਵਿਚ ਵੀ ਯਕੀਨ ਰੱਖਦੇ ਹਨ। ਜੇਕਰ ਸਿੱਖ ਚੋਣਾਂ ਦਾ ਬਾਈਕਾਟ ਕਰਦੇ ਹਨ ਤਾਂ ਦੁਨੀਆਂ ਸਮਝੇਗੀ ਕਿ ਇਹ ਲੋਕ ਜਮਹੂਰੀਅਤ ਤੋਂ ਦੂਰ ਹਨ । ਹਾਸੋਹੀਣੀ ਇਸ ਦਲੀਲ ਨੂੰ ਦੇਣ ਵਾਲੇ ਜਮਹੂਰੀਅਤ (ਦੇ ਅਰਥਾਂ) ਦਾ ਅਨਰਥ ਕਰ ਰਹੇ ਹਨ । ਜਮਹੂਰੀਅਤ ਦਾ ਅਰਥ ਵੋਟ ਸੰਦੂਕੜੀਆਂ ਹੀ ਨਹੀਂ ਹੁੰਦਾ। ਕਿਸੇ ਵੀ ਕੌਮ ਵੱਲੋਂ ਆਪਣੀ ਹੋਣੀ ਦੇ ਆਪ ਮਾਲਕ ਬਣਨ ਦਾ ਅਧਿਕਾਰ ਸਭ ਤੋਂ ਵੱਡਾ ਜਮਹੂਰੀ ਅਧਿਕਾਰ ਹੁੰਦਾ ਹੈ। ਕਿਸੇ ਦੇਸ਼ ਦੇ ਨਾਲ ਰਹਿਣਾ ਹੈ ਜਾਂ ਉਸ ਨਾਲੋਂ ਨਾਤਾ ਤੋੜਨਾ ਹੈ, ਇਸ ਬਾਰੇ ਫ਼ੈਸਲਾ ਕਰਨਾ ਇਕ ਮੁੱਖ ਜਮਹੂਰੀ ਅਧਿਕਾਰ ਹੁੰਦਾ ਹੈ। ਕਿਸੇ ਦੇਸ਼ ਦੇ ਸੰਵਿਧਾਨ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਨਾਗਰਿਕ ਦਾ ਫ਼ੈਸਲਾਕੁੰਨ ਜਮਹੂਰੀ ਅਧਿਕਾਰ ਹੁੰਦਾ ਹੈ। ਕਿਸੇ ਚੋਣ ਵਿਚ ਹਿੱਸਾ ਲੈਣਾ ਜਾਂ ਨਾ ਲੈਣਾ ਹਰ ਬੰਦੇ ਦਾ ਜਮਹੂਰੀ ਅਧਿਕਾਰ ਹੁੰਦਾ ਹੈ। ਚੋਣਾਂ ਆਪਣੇ ਆਪ ਵਿਚ ਕੋਈ ਵੀ ਜਮਹੂਰੀ ਪ੍ਰਕਿਰਿਆ ਨਹੀਂ, ਜੇਕਰ ਉਪਰੋਕਤ ਨਾਲੋਂ ਤੋੜ ਕੇ ਕੀਤੀਆਂ ਜਾਣ।

ਖ਼ਾਲਿਸਤਾਨ ਲਈ ਸਹਾਈ ਹੋਣ ਦੀ ਗੱਲ

ਕਈ ਕਹਿੰਦੇ ਹਨ ਕਿ ਉਨ੍ਹਾਂ ਵੱਲੋਂ ਚੋਣਾਂ ਜਿੱਤ ਕੇ ਜੇਕਰ ਖ਼ਾਲਿਸਤਾਨ ਦਾ ਮਤਾ ਪਾਸ ਕਰ ਦਿੱਤਾ ਗਿਆ ਤਾਂ ਸਮਝੋ ਖ਼ਾਲਿਸਤਾਨ ਬਣਿਆ ਹੀ ਬਣਿਆ। ਉਹ ਕਹਿੰਦੇ ਹਨ ਕਿ ਫੇਰ ਪਤਾ ਲੱਗੇਗਾ ਦੁਨੀਆਂ ਨੂੰ ਸਾਰੀ ਸਿੱਖ ਕੌਮ ਆਜ਼ਾਦੀ ਚਾਹੁੰਦੀ ਹੈ। ਇਹ ਦਲੀਲ ਦਿੰਦਿਆਂ ਪਹਿਲਾਂ ਉਹ ਇਹ ਮੰਨ ਕੇ ਚੱਲਦੇ ਹਨ ਕਿ ਹਾਲੇ ਦੁਨੀਆਂ ਨੂੰ ਅਸਲ ਵਿਚ ਯਕੀਨ ਹੀ ਨਹੀਂ ਹੋਇਆ ਕਿ ਸਾਰੇ ਸਿੱਖ ਆਜ਼ਾਦੀ ਚਾਹੁੰਦੇ ਹਨ। ਸ਼ਾਇਦ ਇਹ ਨਹੀਂ ਜਾਣਦੇ ਕਿ ਸ਼ਤ ਪ੍ਰਤੀਸ਼ਤ ਫ਼ਲਸਤੀਨੀ ਇਨ੍ਹਾਂ ਦੇ ਸਾਹਮਣੇ ਹੀ ਕੈਂਪਾਂ ਵਿਚ ਰੁਲ ਰਹੇ ਹਨ। ਭਾਰਤ ਅੰਦਰ ਹੀ ਉੱਤਰ ਪੂਰਬੀ ਖਿੱਤੇ ਵਿਚ ਈਸਾਈ ਨਾਗੇ ਤੇ ਮੀਜ਼ੋ ਸ਼ਤ ਪ੍ਰਤੀਸ਼ਤ ਦੁਨੀਆਂ ਨੂੰ 1947 ਤੋਂ ਹੀ ਦੱਸ ਚੁੱਕੇ ਹਨ ਕਿ ਉਹ ਆਜ਼ਾਦੀ ਚਾਹੁੰਦੇ ਹਨ। ਚੱਲੋ ਚੋਣਾਂ ਨੂੰ ਹੀ ਲੈ ਲਈਏ। ਬਰਮਾ ਵਿਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਪਾਰਟੀ ਚੋਣਾਂ ਜਿੱਤ ਚੁੱਕੀ ਹੈ ਉਸ ਨੂੰ ਰਾਜ ਭਾਗ ਤਾਂ ਕੀ ਦੇਣਾ, ਉਸ ਦੀ ਨੇਤਾ ਨੂੰ ਬਾਹਰ ਵਾਲੇ ਅਜੇ ਤਕ ਜੇਲ੍ਹ ਵਿੱਚੋਂ ਬਾਹਰ ਨਹੀਂ ਕਢਵਾ ਸਕੇ । ਨੋਬਲ ਇਨਾਮ ਪ੍ਰਾਪਤ ਇਸ ਨੇਤਾ ਨੂੰ ਸਨਮਾਨਤ ਕਰਨ ਲਈ ਇਕ ਘੰਟੇ ਦੀ ਖੁੱਲ੍ਹੀ ਹਵਾ ਇਲੈਕਸ਼ਨਾਂ ਦੀ ਪ੍ਰਕਿਰਿਆ ਮੁਹੱਈਆ ਨਾ ਕਰਾ ਸਕੀ। ਦਲੀਲ ਦਿੱਤੀ ਜਾਂਦੀ ਹੈ ਕਿ ਸੋਵੀਅਤ ਯੂਨੀਅਨ ਤੇ ਯੁਗੋਸਲਾਵੀਆ ਵਿਚ ਚੁਣੀਆਂ ਹੋਈਆਂ ਅਸੈਂਬਲੀਆਂ ਨੇ ਮਤੇ ਪਾਸ ਕਰ ਕੇ ਹੀ ਆਜ਼ਾਦੀ ਪ੍ਰਾਪਤ ਕਰ ਲਈ ਹੈ। ਪ੍ਰੰਤੂ ਪਿਆਰਿਓ ਉਹ ਇੰਜ ਨਹੀਂ ਹੋਇਆ ਜਿਵੇਂ ਤੁਹਾਨੂੰ ਜਾਪਿਆ ਹੈ। ਉਹ ਤਾਂ ਮੱਝ ਦੇ ਮਰ ਜਾਣ ਤੋਂ ਬਾਅਦ ਚਿੱਚੜਾਂ ਤੋਂ ਖਹਿੜਾ ਛੁੱਟਿਆ ਹੈ। ਜੇ ਸੋਵੀਅਤ ਯੂਨੀਅਨ ਤੇ ਇਸ ਦਾ ਬੁਨਿਆਦੀ ਸਿਧਾਂਤ ਮਾਰਕਸਵਾਦ ਗ਼ਰਕ ਨਾ ਹੁੰਦਾ ਤਾਂ ਇਹ ਅਸੈਂਬਲੀਆਂ ਹੋਰ 70 ਸਾਲ ਕੋਈ ਮਤਾ ਪਾਸ ਕਰਨ ਬਾਰੇ ਸੋਚਦੀਆਂ ਵੀ ਨਾ।

ਮੈਦਾਨ ਖੁੱਲ੍ਹਾ ਨਹੀਂ ਛੱਡਣਾ

ਕਈ ਕਹਿੰਦੇ ਹਨ ਕਿ ਉਹ ਨਹੀਂ ਚਾਹੁੰਦੇ ਕਿ ਲੜਾਈ ਦਾ ਕੋਈ ਵੀ ਮੈਦਾਨ ਖੁੱਲ੍ਹਾ ਛੱਡਿਆ ਜਾਵੇ। ਇਸ ਲਈ ਜਿਥੇ ਉਹ ਖ਼ਾਲਿਸਤਾਨ ਲਈ ਸੰਘਰਸ਼ ਨੂੰ ਜਾਰੀ ਰੱਖਣਗੇ, ਉਥੇ ਉਹ ਚੋਣਾਂ ਦੇ ਮੈਦਾਨ ਵਿਚ ਵੀ ਸਿੱਖ ਵਿਰੋਧੀਆਂ ਨੂੰ ਹਾਰ ਦੇਣਗੇ। ਇਸ ਤਰ੍ਹਾਂ ਉਹ ਦੋਹਾਂ ਮੈਦਾਨਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਚੋਣਾਂ ਵੀ ਲੜਨਗੇ। ਯੁੱਧਨੀਤਕ ਪੈਂਤੜੇ ਤੋਂ ਦੇਖਿਆਂ ਇਹ ਇਕ ਹਾਨੀਕਾਰਕ ਦਲੀਲ ਹੈ ਜਦੋਂ ਅਸੀਂ ਉਸ ਮੈਦਾਨ ਨੂੰ ਵੀ ਫ਼ੈਸਲਾਕੁੰਨ ਮੈਦਾਨ ਮੰਨ ਬੈਠਦੇ ਹਾਂ ਜੋ ਦੁਸ਼ਮਣ ਨੇ ਸਿਰਫ਼ ਸਾਨੂੰ ਕੈਦ ਕਰਨ ਲਈ ਬਣਾਇਆ ਹੈ। ਇਸ ਨਾਲ ਅਸੀਂ ਕੌਮ ਦੀ ਸ਼ਕਤੀ ਨੂੰ ਵਿਕੇਂਦਰਤ ਕਰਦੇ ਹਾਂ ਅਤੇ ਚੋਣਾਂ ਹਾਰ ਜਾਣ ਦੀ ਸੂਰਤ ਵਿਚ ਨਿਰਾਸ਼ਤਾ ਦੀਆਂ ਸੰਭਾਵਨਾਵਾਂ ਨੂੰ ਸੱਦਾ ਦਿੰਦੇ ਹਾਂ। ਜਿਵੇਂ ਕਿ ਪਿਛਲੀਆਂ (1989) ਪਾਰਲੀਮਾਨੀ ਚੋਣਾਂ ਵਿਚ ਜਿੱਤੇ ਉਮੀਦਵਾਰਾਂ ਦੀਆਂ ਖੇਹ- ਖ਼ਰਾਬੀਆਂ ਤੋਂ ਹੋਇਆ।

ਅਖੇ ਕੁੱਝ ਰਾਹਤ ਜ਼ਰੂਰ ਮਿਲੇਗੀ

ਕਈ ਇਹ ਦਲੀਲ ਦਿੰਦੇ ਹਨ ਕਿ ਜੇਕਰ ਉਹ ਜਿੱਤ ਕੇ ਪੰਜਾਬ ਵਿਚ ਸਰਕਾਰ ਬਣਾ ਲੈਂਦੇ ਹਨ ਤਾਂ ਉਹ ਕਾਲੇ ਕਾਨੂੰਨ ਵਾਪਸ ਲੈ ਲੈਣਗੇ, ਜੇਲ੍ਹਾਂ ਵਿੱਚੋਂ ਸਿੰਘਾਂ ਨੂੰ ਰਿਹਾਅ ਕਰ ਦੇਣਗੇ ਅਤੇ ਕਈ ਹੋਰ ਖੁੱਲ੍ਹਾਂ ਤੇ ਰਾਹਤਾਂ ਦੇਣਗੇ ਜਿਸ ਨਾਲ ਖ਼ਾਲਿਸਤਾਨ ਲਹਿਰ ਹੋਰ ਮਜ਼ਬੂਤ ਹੋਵੇਗੀ । ਜੇਕਰ ਅਜਿਹੀਆਂ ਸੁਖ ਸਹੂਲਤਾਂ ਤੇ ਖੁੱਲ੍ਹਾਂ ਖ਼ਾਲਿਸਤਾਨ ਲਹਿਰ ਦੀ ਮਜ਼ਬੂਤੀ ਲਈ ਸਹਾਈ ਹੋ ਸਕਦੀਆਂ ਹਨ, ਤਾਂ ਇਹੋ ਜਿਹੀਆਂ ਸੀਮਤ ਸਹੂਲਤਾਂ ਤਾਂ 1947 ਤੋਂ 1977 ਤਕ ਤੀਹ ਸਾਲ ਵੀ ਰਹੀਆਂ ਹਨ । ਉਦੋਂ ਖ਼ਾਲਿਸਤਾਨ ਕਿਉਂ ਨਾ ਬਣ ਗਿਆ? ਜੇਕਰ ਖੁੱਲ੍ਹਾਂ ਹੀ ਲਹਿਰ ਨੂੰ ਮਜ਼ਬੂਤ ਕਰਦੀਆਂ ਹਨ ਤਾਂ ਸਾਊਥਹਾਲ ਵਿਚ ਤਾਂ ਇਹ ਬਹੁਤ ਹਨ, ਇਥੇ ਲਹਿਰ ਦੀ ਮਜ਼ਬੂਤੀ ਬਾਰੇ ਉਹ ਕੀ ਸੋਚਦੇ ਹਨ ? ਅਨੇਕਾਂ ਹੋਰ ਦਲੀਲਾਂ ਵੀ ਹਨ ਤੇ ਇਹਨਾਂ ਸਾਰੀਆਂ ਨੂੰ ਘੜਨ ਵਾਲੇ ਬੜੇ ਜ਼ੋਰ ਨਾਲ ਸਲਾਹ ਦਿੰਦੇ ਹਨ ਕਿ ਸਿੱਖਾਂ ਨੂੰ ਡਿਪਲੋਮੈਟਿਕ ਤਰੀਕੇ ਅਪਨਾਉਣੇ ਚਾਹੀਦੇ ਹਨ। ਡਿਪਲੋਮੈਟਿਕ ਦਾ ਅਰਥ ਉਹ ਇਹ ਲੈਂਦੇ ਹਨ ਕਿ ਸੋਚੋ ਕੁੱਝ ਤੇ ਕਹੋ ਕੁੱਝ ਹੋਰ। ਕਹੋ ਕੁੱਝ ਤੇ ਕਰੋ ਕੁੱਝ ਹੋਰ। ਇਸ ਆਧਾਰ ‘ਤੇ ਉਹ ਇਹ ਕਹਿੰਦੇ ਹਨ ਕਿ ਭਾਰਤੀ ਸੰਵਿਧਾਨ ਦੀ ਸਹੁੰ ਖਾਣੀ ਕੋਈ ਮਾੜੀ ਗੱਲ ਨਹੀਂ, ਚਾਹੇ ਸੰਵਿਧਾਨ ਮਾੜਾ ਹੀ ਹੈ। ਚੋਣਾਂ ਜਿੱਤ ਕੇ ਇਸ ਦੇ ਵਿਰੁੱਧ ਮਤਾ ਪਾ ਦੇਵਾਂਗੇ । ਫਿਰ ਆਪੇ ਭੁੱਲਾਂ ਬਖ਼ਸ਼ ਹੋ ਜਾਣਗੀਆਂ। ਭਾਰਤੀ ਰਾਜਨੀਤੀ ਦਾ ਸਭ ਤੋਂ ਮੰਨਿਆ ਪ੍ਰਮੰਨਿਆ ਦਾਰਸ਼ਨਿਕ ਹੋਇਆ ਹੈ ਸ੍ਰੀ ਮਾਨ ਚਾਣਕੀਆ। ਉਸ ਦੀ ਰਾਜਨੀਤਕ ਫ਼ਿਲਾਸਫ਼ੀ ਸੀ ਇਹ ਤੇ ਇਸ ਨੂੰ ਬ੍ਰਾਹਮਣਵਾਦ ਕਹਿੰਦੇ ਹਨ। ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਜੇਕਰ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਇਸ ਰਾਜਨੀਤਕ ਸਿਧਾਂਤ ‘ਤੇ ਅਮਲ ਕਰੋ ਅਤੇ ਜੇਕਰ ਜਟਕੀ ਨੈਤਿਕਤਾ ਹੀ ਚੁੱਕੀ ਫਿਰਨੀ ਹੈ ਤਾਂ ਜੁੱਤੀਆਂ ਖਾਂਦੇ ਰਹੋ। ਕਈ ਈਮਾਨਦਾਰ ਤੇ ਕੁਰਬਾਨੀ ਵਾਲੇ ਵੀਰ ਵੀ ਇਸ ਦਲੀਲ ਵਿਚ ਵਜ਼ਨ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਅਕਸਰ ਸਿਆਸਤ ਤੇ ਜੰਗ ਵਿਚ ਇੰਜ ਕਰਨਾ ਹੀ ਪੈਂਦਾ ਹੈ। ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਜੇਕਰ ਇਸ ਤਰ੍ਹਾਂ ਅਸੀਂ ਜਿੱਤ ਵੀ ਜਾਈਏ ਤਾਂ ਹਾਰ ਕਿਸ ਦੀ ਹੋਵੇਗੀ ? ਖ਼ਾਲਸਾ ਪੰਥ ਗੁਰਮਤਿ ਦੇ ਪਸਾਰੇ ਲਈ ਰਾਜਨੀਤਕ ਸੱਤਾ ਦੀ ਪ੍ਰਾਪਤੀ ਚਾਹੁੰਦਾ ਹੈ। ਉਹ ਭਾਰਤੀ ਹਕੂਮਤ ਨਾਲ ਕਣਕ ਝੋਨੇ ਦੀ ਕੀਮਤ ਲਈ ਨਹੀਂ ਲੜ ਰਿਹਾ, ਉਹ ਧਰਮੀ ਕਦਰਾਂ-ਕੀਮਤਾਂ ਲਈ ਲੜ ਰਿਹਾ ਹੈ। ਤੇ ਜੇਕਰ ਉਹ ਧਰਮੀ ਕਦਰਾਂ-ਕੀਮਤਾਂ ਹੀ ਤਿਆਗ ਦਿੰਦਾ ਹੈ ਤੇ ਠੀਕ ਉਸੇ ਤਰ੍ਹਾਂ ਹੀ ਬ੍ਰਾਹਮਣੀ ਕਦਰਾਂ-ਕੀਮਤਾਂ ਅਪਣਾ ਕੇ ਜੰਗ ਵਿਚ ਉਤਰਦਾ ਹੈ ਤਾਂ ਜਿੱਤ ਹਾਰ ਦਾ ਫ਼ੈਸਲਾ ਕਿਹੜੀਆਂ ਕੀਮਤਾਂ ਉਪਰ ਹੋਵੇਗਾ ? ਹਾਥੀ ਤੇ ਸ਼ੇਰ ਦੀ ਲੜਾਈ ਵਾਲੀ ਗੱਲ ਹੋਵੇਗੀ। ਜਦ ਸ਼ੇਰ ਨੇ ਸੋਚਿਆ ਸੀ ਕਿ ਹਾਥੀ ਨੂੰ ਹਰਾਉਣ ਲਈ ਉਸ ਨੂੰ ਉੱਚੇ ਕੱਦ ਦੀ ਲੋੜ ਹੈ ਤਾਂ ਉਸ ਨੇ ਘੋੜੇ ਦਾ ਤਰਲਾ ਮਾਰਿਆ ਕਿ ਮੈਂ ਤੇਰੇ ਉਪਰ ਚੜ੍ਹ ਕੇ ਹਾਥੀ ਨਾਲ ਲੜਨਾ ਚਾਹੁੰਦਾ ਹਾਂ। ਜਦ ਉਹ ਘੋੜੇ ਉਪਰ ਚੜ੍ਹ ਕੇ ਹਾਥੀ ਦੇ ਸਾਹਮਣੇ ਗਿਆ ਤਾਂ ਹਾਥੀ ਉਸ ਉਪਰ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਕਿ ਹੁਣ ਤੇਰਾ ਲੜਨ ਦਾ ਕੋਈ ਫ਼ਾਇਦਾ ਨਹੀਂ । ਤੂੰ ਆਪਣੇ ਆਪ ‘ਤੇ ਲੜ ਚੁੱਕਣ ਦਾ ਵਿਸ਼ਵਾਸ ਗੁਆ ਚੁੱਕਾ ਹੈਂ । ਤਾਹੀਓਂ ਕਿਸੇ ਹੋਰ ਦੀ ਸਵਾਰੀ ਕਰ ਆਇਆ ਹੈਂ। ਹੁਣ ਤੂੰ ਜਿੱਤਿਆ ਹਾਰਿਆ ਇਕ ਬਰਾਬਰ ਹੀ ਹੈਂ। ਸੋ ਜੇਕਰ ਅਸੀਂ ਚੋਣਾਂ ਨੂੰ ਬ੍ਰਾਹਮਣਵਾਦੀ ਅਨੈਤਿਕ ਮਿਆਰਾਂ ਅਨੁਸਾਰ ਵਰਤਣ ਦੀ ਦਲੀਲ ਦਾ ਸਹਾਰਾ ਲੈਂਦੇ ਹਾਂ ਤਾਂ ਸਮਝੋ ਕਿ ਸਿੱਖੀ ਸਿਧਾਂਤਾਂ ਤੇ ਉੱਚੇ ਮਿਆਰਾਂ ਦੀ ਕਦਰ ਨਹੀਂ ਪਾ ਰਹੇ ਤੇ ਇੰਜ ਕਰਦਿਆਂ ਧਰਮੀ ਜੰਗ ਵਿਚ ਹਾਰ ਕਬੂਲ ਕਰ ਲੈਂਦੇ ਹਾਂ। ਫਿਰ ਸਾਡੀ ਚੋਣ ਜਿੱਤਣ ਜਾਂ ਹਾਰਨ ਦੀ ਕੋਈ ਮਹੱਤਤਾ ਹੀ ਨਹੀਂ ਰਹਿ ਜਾਂਦੀ। ਜਿਹਨਾਂ ਨੂੰ ਨਹੀਂ ਪਤਾ ਉਨ੍ਹਾਂ ਦੀ ਜਾਣਕਾਰੀ ਲਈ ਇਹ ਜ਼ਰੂਰੀ ਹੈ ਕਿ ਚੋਣ ਲੜਨ ਲਈ ਆਪਣੀ ਅੰਤਰ- ਆਤਮਾ ਦੁਆਰਾ ਇਹ ਸਹੁੰ ਖਾਣੀ ਜ਼ਰੂਰੀ ਹੁੰਦੀ ਹੈ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਪੂਰਨ ਰੂਪ ਵਿਚ ਮੰਨਦੇ ਹਾਂ ਤੇ ਇਸ ਦੇ ਪਾਬੰਦ ਰਹਾਂਗੇ। ਇਸ ਤੋਂ ਬਾਅਦ ਚੋਣਾਂ ਜਿੱਤ ਕੇ ਅਸੈਂਬਲੀ ਵਿਚ ਬੈਠਦਿਆਂ ਫਿਰ ਸਹੁੰ ਖਾਣੀ ਹੁੰਦੀ ਹੈ ਕਿ ਅਸੀਂ ਭਾਰਤੀ ਸੰਵਿਧਾਨ ਦੀ ਰਾਖੀ ਕਰਾਂਗੇ। ਇਸ ਲਈ ਜੇਕਰ ਝੂਠੀ ਸਹੁੰ ਖਾਣ ਜਾਂ ਸਹੁੰ ਖਾ ਕੇ ਮੁੱਕਰ ਜਾਣ ਦੀ ਪਿਰਤ ਨੂੰ ਖ਼ਾਲਸਾ ਪੰਥ ਮਨਜ਼ੂਰੀ ਦਿੰਦਾ ਹੈ ਤਾਂ ਉਹ ਬ੍ਰਾਹਮਣਵਾਦ ਵਿਰੁੱਧ ਕਿਸੇ ਟਿੱਪਣੀ ਦਾ ਹੱਕਦਾਰ ਹੀ ਨਹੀਂ ਰਹਿ ਜਾਂਦਾ। ਉਸ ਤੋਂ ਬਾਅਦ ਤੁਸੀਂ ਜਿੱਤੋ ਵੀ, ਵੱਖਰਾ ਰਾਜ ਬਣਾ ਵੀ ਲਓ, ਫਿਰ ਵੀ ਉਹ ਬ੍ਰਾਹਮਣੀ ਸਮਾਜ ਤੋਂ ਵੱਖਰੀ ਕੋਈ ਚੀਜ਼ ਲੋਕਾਂ ਨੂੰ ਨਹੀਂ ਦੇ ਸਕਦਾ। ਖ਼ਾਲਿਸਤਾਨ ਬਣਨ ਤੋਂ ਪਹਿਲਾਂ ਹੀ ਨੈਤਿਕਤਾ ਦੇ ਆਧਾਰ ‘ਤੇ ਅਜਿਹੀ ਕਾਰਵਾਈ ਕਰ ਕੇ ਅਸੀਂ ਆਪਣੀ ਹਾਰ ਤਸਲੀਮ ਕਰ ਚੁੱਕੇ ਹੋਵਾਂਗੇ। ਇਸ ਲਈ ਆਓ ਆਪਣੀ ਲੜਾਈ ਨੂੰ ਆਪਣੇ ਧਰਮ ਦੇ ਉੱਚੇ ਸੁੱਚੇ ਮਿਆਰਾਂ ਤਹਿਤ ਹੀ ਸਫਲਤਾ ਤਕ ਖੜੀਏ। ਰਹੀ ਗੱਲ ਉਨ੍ਹਾਂ ਦੀ ਜੋ ਕਹਿੰਦੇ ਹਨ ਕਿ ਅਸੀਂ ਆਪ ਚੋਣਾਂ ਨਹੀਂ ਲੜਾਂਗੇ ਪਰ ਹੋਰਨਾਂ ਨੂੰ ਜ਼ਰੂਰ ਲੜਾਵਾਂਗੇ। ਇਹ ਇਕ ਹਾਸੋਹੀਣੀ ਧਾਰਨਾ ਹੈ। ਜੇ ਚੋਣਾਂ ਲੜਨੀਆਂ ਠੀਕ ਹਨ ਤਾਂ ਉਹ ਆਪ ਕਿਉਂ ਨਹੀਂ ਲੜਦੇ ਤੇ ਜੇਕਰ ਗ਼ਲਤ ਹਨ ਤਾਂ ਹੋਰਨਾਂ ਨੂੰ ਗ਼ਲਤ ਕੰਮ ਕਰਨ ਲਈ ਕਿਉਂ ਪ੍ਰੇਰਦੇ ਹਨ ?

ਗ਼ੁੱਸੇ ਹੋਵੋ ਜਾਂ ਰਾਜ਼ੀ, ਅਟਕਲ ਪੱਚੂ ਮਾੜੇ ਹੁੰਦੇ ਹਨ। ਜੋ ਵੀ ਸੋਚਦੇ ਹੋ ਸਪੱਸ਼ਟ ਤੌਰ ‘ਤੇ ਬਿਆਨ ਕਰੋ, ਜੋ ਵੀ ਬੋਲਦੇ ਹੋ ਸਿਰਫ਼ ਉਸ ਮੁਤਾਬਿਕ ਹੀ ਆਪ ਕੰਮ ਕਰੋ। ਇਸੇ ਵਿਚ ਸਾਡਾ ਸਭ ਦਾ ਭਲਾ ਹੈ, ਸਰਬੱਤ ਦਾ ਭਲਾ ਹੈ।

(3) ਖ਼ਾਲਿਸਤਾਨ ਲਹਿਰ ਵਿਚ ਏਕਤਾ ਦਾ ਮੁੱਦਾ (ਲਿਬਰੇਸ਼ਨ ਖ਼ਾਲਿਸਤਾਨ, ਫ਼ਰਵਰੀ 1992)

ਖ਼ਾਲਿਸਤਾਨ ਲਹਿਰ ਵਿਚ ਸ਼ਾਮਲ ਲੋਕ ਤਿੰਨ ਤਰ੍ਹਾਂ ਦੇ ਵਿਚਾਰਾਂ ਦੇ ਧਾਰਨੀ ਹਨ। ਇਸੇ ਕਾਰਨ ਮੋਟੇ ਰੂਪ ਵਿਚ ਲਹਿਰ ਤਿੰਨ ਵੱਖ-ਵੱਖ ਪ੍ਰਭਾਵ ਪੈਦਾ ਕਰਦੀ ਹੈ। ਪਹਿਲੀ ਤਰ੍ਹਾਂ ਦੇ ਲੋਕ ਉਹ ਹਨ ਜੋ ਧਾਰਮਿਕ ਫ਼ਲਸਫ਼ੇ ਦੇ ਤਹਿਤ ਪੰਥ ਦੀ ਚੜ੍ਹਦੀ ਕਲਾ ਲਈ ਖ਼ਾਲਿਸਤਾਨ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਲਹਿਰ ਵਿਚ ਹਿੱਸਾ ਪਾਉਣ ਦਾ ਹਿੱਤ ਸਿਰਫ਼ ਉਨ੍ਹਾਂ ਦੇ ਧਾਰਮਿਕ ਅਕੀਦੇ ਨਾਲ ਜੁੜਿਆ ਹੋਇਆ ਹੈ। ਦੂਜੀ ਤਰ੍ਹਾਂ ਦੇ ਲੋਕ ਭਾਵਨਾਤਮਿਕ ਖ਼ਾਲਿਸਤਾਨੀ ਹਨ। ਸਮੇਂ ਦੀਆਂ ਘਟਨਾਵਾਂ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਤੇ ਉਹ ਲੋਕ ਇਸ ਪ੍ਰਭਾਵ ਤੋਂ ਲਹਿਰ ਵੱਲ ਖਿੱਚੇ ਗਏ। ਸਿਆਸੀ ਘਟਨਾਵਾਂ ਨੇ ਉਨ੍ਹਾਂ ਅੰਦਰ ਸੁੱਤੀ ਪਈ ਧਾਰਮਿਕ ਪਹਿਚਾਣ ਨੂੰ ਉਜਾਗਰ ਕੀਤਾ ਅਤੇ ਉਹ ਲੋਕ ਆਪਣੀ ਅਣਖ ਨੂੰ ਕੌਮ ਤੇ ਧਰਮ ਦੀ ਅਣਖ ਨਾਲ ਮੇਲ ਕੇ ਇਸ ਲਹਿਰ ਦਾ ਹਿੱਸਾ ਬਣੇ । ਇਹ ਲੋਕ ਖ਼ਾਲਿਸਤਾਨੀ ਲਹਿਰ ਦਾ ਇਕ ਵਿਸ਼ਾਲ ਭਾਗ ਹਨ। ਤੀਜੀ ਤਰ੍ਹਾਂ ਦੇ ਲੋਕ ਕੈਰੀਅਰਿਸਟ ਕਿਸਮ ਦੇ ਲੋਕ ਹਨ। ਸਿਆਸਤ ਜਿਨ੍ਹਾਂ ਦਾ ਕਿੱਤਾ ਹੈ। ਇਹ ਲੋਕ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਅਤੇ ਘਟਨਾਵਾਂ ਦੇ ਵਹਿਣ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਦਿਆਂ ਖ਼ਾਲਿਸਤਾਨੀ ਲਹਿਰ ਵਿਚ ਪ੍ਰਵੇਸ਼ ਕਰ ਗਏ ਹਨ। ਜਥੇਬੰਦੀਆਂ ਵਿਚਲੇ ਵਰਕਰਾਂ ਵਿਚ ਇਹ ਕਾਫ਼ੀ ਗਿਣਤੀ ਵਿਚ ਤੁਹਾਨੂੰ ਦਿਖਾਈ ਦੇ ਸਕਦੇ ਹਨ। ਇਹ ਤਿੰਨ ਤਰ੍ਹਾਂ ਦੇ ਲੋਕ ਰਲ ਕੇ ਹੀ ਖ਼ਾਲਿਸਤਾਨੀ ਲਹਿਰ ਬਣਦੀ ਹੈ। ਇਨ੍ਹਾਂ ਵਿੱਚੋਂ ਕਿਸੇ ਨੂੰ ਨਿੰਦ ਕੇ ਜਾਂ ਕਿਸੇ ਨੂੰ ਸਲਾਹ ਕੇ ਲਹਿਰ ਦਾ ਕੋਈ ਫ਼ਾਇਦਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਅਕਸਰ ਇਹ ਤਿੰਨੇ ਤਰ੍ਹਾਂ ਦੇ ਲੋਕ ਇਕ ਦੂਜੇ ਦੀ ਥਾਂ ਬਦਲੀ ਵੀ ਕਰ ਸਕਦੇ ਹੁੰਦੇ ਹਨ। ਧਾਰਮਿਕ ਰੁਚੀਆਂ ਨੂੰ ਮੁੱਖ ਰੱਖਣ ਵਾਲਾ ਸਿਆਸੀ ਵਰਕਰ ਕਿਸੇ ਵੀ ਸਮੇਂ ਕੈਰੀਅਰਿਸਟ (ਰੁਜ਼ਗਾਰਵਾਦੀ) ਸਿਆਸਤਦਾਨ ਬਣਨ ਦੀਆਂ ਸੰਭਾਵਨਾਵਾਂ ਰੱਖਦਾ ਹੈ। ਅਤੇ ਰੁਜ਼ਗਾਰਵਾਦੀ ਸਿਆਸੀ ਵਰਕਰ ਕਿਸੇ ਵੀ ਸਮੇਂ ਬਾਹਰੀ ਪ੍ਰਭਾਵ ਤਹਿਤ ਧਾਰਮਿਕ ਸਿਆਸੀ ਵਰਕਰ ਵਿਚ ਤਬਦੀਲ ਹੋ ਸਕਦਾ ਹੈ। ਇਸੇ ਤਰ੍ਹਾਂ ਭਾਵਨਾਤਮਿਕ ਵਰਕਰ ਇਨ੍ਹਾਂ ਵਿੱਚੋਂ ਕੋਈ ਵੀ ਪ੍ਰਭਾਵ ਗ੍ਰਹਿਣ ਕਰ ਸਕਦਾ ਹੈ।

ਜੂਨ 1984 ਤੋਂ ਜਦ ਖ਼ਾਲਿਸਤਾਨ ਦੀ ਲਹਿਰ ਨੇ ਇਕ ਲੋਕ ਲਹਿਰ ਦਾ ਰੂਪ ਧਾਰਨ ਕੀਤਾ ਤਾਂ ਸਾਨੂੰ ਦੁਸ਼ਮਣ ਨੇ ਐਸੀ ਜੰਗ ਵਿਚ ਉਲਝਾਈ ਰੱਖਿਆ ਹੈ ਕਿ ਲਹਿਰ ਨੂੰ ਇਕਰੂਪਤਾ ਪ੍ਰਦਾਨ ਕਰਨ ਦੇ ਮੌਕੇ ਹੀ ਘੱਟ ਪੈਦਾ ਹੋਏ ਹਨ। ਇਸ ਕਾਰਨ ਜਿਥੇ ਘਟਨਾ- ਵੱਸ ਭਾਵਨਾਤਮਿਕ ਪੱਧਰ ‘ਤੇ ਲਹਿਰ ਵਿਚ ਅਥਾਹ ਵਾਧਾ ਹੋਇਆ ਹੈ ਅਤੇ ਰੁਜ਼ਗਾਰੀ (ਕੈਰੀਅਰਿਸਟ) ਸਿਆਸੀ ਵਰਕਰਾਂ ਦੀ ਆਮਦ ਵਧੀ ਹੈ, ਉਥੇ ਇਸ ਨੂੰ ਬਣਦਾ ਗੁਰਸਿੱਖ ਰੂਪ ਨਹੀਂ ਦਿੱਤਾ ਜਾ ਸਕਿਆ। ਤੇਜ਼ ਜੰਗ ਦੇ ਦੌਰਾਨ ਇਹ ਕੰਮ ਸੰਭਵ ਵੀ ਨਹੀਂ ਹੁੰਦਾ। ਇਸੇ ਕਰਕੇ ਲਹਿਰ ਵਿਚ ਵਰਕਰਾਂ ਦੇ ਵਾਧੇ ਦੇ ਨਾਲ ਜਥੇਬੰਦੀਆਂ ਦਾ ਵਾਧਾ ਵੀ ਵੱਡੀ ਪੱਧਰ ‘ਤੇ ਹੋਇਆ ਹੈ। ਇਹ ਇਕ ਕੁਦਰਤੀ ਵਰਤਾਰਾ ਸੀ ਤੇ ਇਹ ਇੰਜ ਹੀ ਵਾਪਰਨਾ ਸੀ । ਹੁਣ ਸਾਨੂੰ ਇਹ ਸਭ ਕੁੱਝ ਮੰਨ ਕੇ, ਕਿ ਇਸ ਵਕਤ ਸਾਡੀ ਲਹਿਰ ਵਿਚ ਅਨੇਕਾਂ ਧੜੇ ਹੋਂਦ ਵਿਚ ਆਏ ਹੋਏ ਹਨ ਅਤੇ ਹਰੇਕ ਧੜੇ ਦੀ ਹੋਂਦ ਦੇ ਕੁੱਝ ਖ਼ਾਸ ਕਾਰਨ ਹਨ, ਲਹਿਰ ਦੀ ਲੋੜੀਂਦੀ ਏਕਤਾ ਲਈ ਯਤਨ ਆਰੰਭ ਕਰਨੇ ਚਾਹੀਦੇ ਹਨ।

ਇਸ ਹਾਲਤ ਦਾ ਹੱਲ ਪ੍ਰਚੱਲਤ ਰਾਜਨੀਤੀ ਵਿਗਿਆਨ ਅੰਦਰੋਂ ਸੰਭਵ ਨਹੀਂ ਹੈ। ਸਾਡੀ ਲਹਿਰ ਸਿਰਫ਼ ਤੇ ਸਿਰਫ਼ ਧਰਮ ਦੀ ਚੜ੍ਹਦੀ ਕਲਾ ਲਈ ਇਕ ਧਾਰਮਿਕ ਲਹਿਰ ਹੈ। ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਦੁਨੀਆਂ ਵਿਚਲੇ ਤਮਾਮ ਦੁੱਖਾਂ ਦੇ ਕਾਰਨਾਂ ਦੀ ਜੜ੍ਹ ਮਨੁੱਖਤਾ ਵੱਲੋਂ ਧਰਮੀ ਰਸਤੇ ਤੋਂ ਬੇਮੁੱਖਤਾ ਹੈ ਅਤੇ ਸਰਬੱਤ ਦੇ ਭਲੇ ਲਈ ਮਾਨਵਤਾ ਨੂੰ ਧਰਮੀ ਰਸਤੇ ਪਾਉਣ ਖ਼ਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਉੱਤੇ ਅਮਲ ਜ਼ਰੂਰੀ ਹੈ ਅਤੇ ਸਿਰਫ਼ ਤੇ ਸਿਰਫ਼ ਗੁਰਬਾਣੀ ਦਾ ਚਾਨਣ ਦੁਨੀਆਂ ਉੱਤੇ ਫੈਲਾਉਣ ਦੀ ਖ਼ਾਤਰ ਸੰਤ ਸਿਪਾਹੀਆਂ ਦਾ ਖ਼ਾਲਸਾ ਇਕ ਧਰਮੀ ਰਾਜ ਸਥਾਪਤ ਕਰਨ ਲਈ ਤੁਰਿਆ ਹੈ। ਰਾਜ ਸਾਡਾ ਸਾਧਨ ਹੈ, ਧਰਮ ਸਾਡੀ ਮੰਜ਼ਿਲ ਹੈ। ਜੋ ਸਾਧਨ ਸਾਨੂੰ ਮੰਜ਼ਿਲ ’ਤੇ ਪਹੁੰਚਣ ਵਿਚ ਸਹਾਈ ਹੋ ਸਕਦਾ ਹੈ, ਅਸੀਂ ਉਸ ਦੀ ਸਥਾਪਤੀ ਲਈ ਹਰ ਯਤਨ ਕਰਨ ਲਈ ਤਿਆਰ ਹਾਂ …ਸਾਨੂੰ ਇਹ ਚੀਜ਼ ਦਿਮਾਗ਼ ਵਿਚ ਰੱਖ ਕੇ ਚੱਲਣਾ ਪਵੇਗਾ ਕਿ ਖ਼ਾਲਿਸਤਾਨ ਆਪਣੇ ਆਪ ਵਿਚ ਹੀ ਸਿੱਖਾਂ ਦੀ ਇਕ ਮੰਜ਼ਿਲ ਨਹੀਂ ਹੈ। ਧਰਮ ਸਾਡੀ ਮੰਜ਼ਿਲ ਹੈ ਅਤੇ ਜੇਕਰ ਇਹ ਲਹਿਰ ਅਤੇ ਉਹ ਰਾਜ ਜਿਸਦੀ ਅਸੀਂ ਤਮੰਨਾ ਕਰਦੇ ਹਾਂ, ਸਾਡੇ ਧਾਰਮਿਕ ਆਸ਼ਿਆਂ ‘ਤੇ ਪੂਰਾ ਨਾ ਉਤਰੇ ਤਾਂ ਸਾਨੂੰ ਇਸ ਤੋਂ ਵੀ ਅੱਗੇ ਵਧਣਾ ਪੈਣਾ ਹੈ।

(4) ਧਰਮ ਤੇ ਰਾਜਨੀਤੀ ਦਾ ਰਿਸ਼ਤਾ( ਦੇਸ,ਪ੍ਰਦੇਸ਼ , 26-6-92 ਸਫ਼ੇ 31-33)

ਸਾਡੀ ਲਹਿਰ ਅੰਦਰ ਬਹੁਤੀਆਂ ਬੀਮਾਰੀਆਂ ਦੀ ਜੜ੍ਹ ਇਹ ਅਧਾਰਮਿਕ ਪ੍ਰਵਿਰਤੀ ਹੈ ਕਿ (ਰਾਜਨੀਤੀ ਅੰਦਰ ਸੱਚ ਜਾਂ ਅਸੂਲਾਂ ਦੀ ਥਾਂ) ਪਦਾਰਥਕ ਫ਼ਾਇਦੇ ਨੂੰ ਪਹਿਲ ਦਿੱਤੀ ਜਾਵੇ। ਇਹ ਪ੍ਰਵਿਰਤੀ ਸਾਨੂੰ ਫ਼ੌਰੀ ਫ਼ਾਇਦੇ ਵੱਲ ਖਿੱਚਦੀ ਹੈ ਪਰ ਲੰਮੀ ਹਾਰ ਤੋਂ ਸੁਚੇਤ ਨਹੀਂ ਕਰਦੀ। ਸਾਡੀ ਲਹਿਰ ਦੇ ਕਈ ਆਗੂ ਸਟੇਜ ਤੋਂ ਝੂਠ ਬੋਲਦੇ ਹਨ । ਜੇ ਪੁੱਛੀਏ ਤਾਂ ਕਹਿੰਦੇ ਹਨ ਕਿ ਝੂਠ ਬੋਲਿਆਂ ਜੇ ਲੋਕਾਂ ਦੇ ਹੌਂਸਲੇ ਬੁਲੰਦ ਹੋਣ ਤਾਂ ਹੋਰ ਕੀ ਚਾਹੀਦਾ ਹੈ। ਉਨ੍ਹਾਂ ਦੀ ਇਕ ਪੱਕੀ ਸਮਝ ਹੈ ਕਿ ‘ਰਾਜਨੀਤੀ ਤੇ ਜੰਗ ਵਿਚ ਕੋਈ ਅਸੂਲ ਨਹੀਂ ਹੁੰਦਾ, ਜਿਹਨਾਂ ਵਾਸਤੇ ਹਰ ਹਰਬਾ ਵਰਤਣਾ ਚਾਹੀਦਾ ਹੈ।’

ਪਰ ਮਿੱਤਰ ਪਿਆਰਿਓ ਅਸੀਂ ਜੰਗ ਸ਼ੁਰੂ ਕੀਤੀ ਹੈ ਧਰਮ ਦੀ ਚੜ੍ਹਦੀ ਕਲਾ ਲਈ। ਸਾਨੂੰ ਲੜਨਾ ਸਿਖਾਇਆ ਹੈ ਸਾਡੇ ਧਾਰਮਿਕ ਅਸੂਲਾਂ ਨੇ। ਜੇ ਇਸ (ਲੜਾਈ) ਵਿਚ ਜਿੱਤਣਾ ਚਾਹੀਦਾ ਹੈ ਤਾਂ ਉਹ ਸਾਡਾ ਧਰਮ ਹੀ ਜਿੱਤਣਾ ਚਾਹੀਦਾ ਹੈ, ਸਾਡਾ ਧੜਾ ਨਹੀਂ। ਅਤੇ ਜੇਕਰ ਲੜਾਈ ਦੇ ਮੈਦਾਨ ਵਿਚ ਅਸੀਂ ਧਰਮ ਦਾ ਪੱਲਾ ਹੀ ਛੱਡ ਬੈਠੇ ਤਾਂ ਸਾਡੀ ਲੜਾਈ ਦਾ ਤਾਂ ਮੁੱਦਾ ਹੀ ਖ਼ਤਮ ਹੈ, ਜਿੱਤਣਾ ਜਾਂ ਲੜਨਾ ਕਾਹਦੇ ਲਈ…ਧਰਮ ਸੱਚ ਦਾ ਨਾਂ ਹੈ ਅਤੇ ਸੱਚ ਦੀ ਲੜਾਈ ਧਰਮ ਦੀ ਲੜਾਈ ਹੈ। ਧਰਮ ਦੇ ਨਾਂ ‘ਤੇ ਪਦਾਰਥ ਦੀ ਲੜਾਈ ਗਾਂਧੀਵਾਦੀ ਲੜਾਈ ਹੈ। ਉਹੋ ਜਿਹੇ (ਸਿੱਖ) ਰਾਜ ਵਿਚ ਤੇ ਭਾਰਤੀ ਰਾਜ ਵਿਚ ਕੋਈ ਫ਼ਰਕ ਨਹੀਂ ਹੋਵੇਗਾ। ਜਿਹੜੇ ਲੋਕ ਇਹ ਦਲੀਲ ਦਿੰਦੇ ਹਨ ਕਿ ਝੂਠ ਮਾਰਨ ਤੋਂ ਬਿਨਾਂ, ਕਹਿਣੀ ਤੇ ਕਰਨੀ ਵਿਚ ਫ਼ਰਕ ਰੱਖਣ ਤੋਂ ਬਿਨਾਂ ਅਸੀਂ ਜਿੱਤ ਹੀ ਨਹੀਂ ਸਕਦੇ, ਉਹਨਾਂ ਦਾ ਧਰਮ ਤੇ ਸੱਚ ਵਿਚ ਵਿਸ਼ਵਾਸ ਅਜੇ ਪੱਕਾ ਨਹੀਂ ਹੋਇਆ ਜਾਪਦਾ। ਜਿਹੜੇ ਲੋਕ ਹੋਰਨਾਂ ਪਦਾਰਥਵਾਦੀ ਲਹਿਰਾਂ ਦੀ ਜਿੱਤ ਤੋਂ ਸਿੱਖਣ ਦੀਆਂ ਗੱਲਾਂ ਕਰਦੇ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਲਹਿਰਾਂ ਜਿੱਤ ਕੇ ਵੀ ਅੰਤ ਹਾਰ ਹੀ ਗਈਆਂ ਹਨ। ਰਾਜਨੀਤੀ ਕੂੜ ਦਾ ਨਾਂ ਨਹੀਂ ਹੈ। ਰਾਜਨੀਤੀ ਸਮਾਜਿਕ ਰਿਸ਼ਤਿਆਂ ਨੂੰ ਤੈਅ ਕਰਨ ਵਾਲੇ ਅਸੂਲਾਂ ਦਾ ਨਾਂ ਹੈ। ਜੇਕਰ ਇਹ ਸੱਚ ਦੇ ਆਧਾਰ ‘ਤੇ ਤੈਅ ਹੋਣਗੇ ਤਾਂ ਧਰਮੀ ਰਾਜਨੀਤੀ ਹੋਵੇਗੀ ਤੇ ਜੇਕਰ ਝੂਠ ਦੇ ਆਧਾਰ ‘ਤੇ ਹੋਣਗੇ ਤਾਂ ਅਧਰਮੀ ਰਾਜਨੀਤੀ ਹੋਵੇਗੀ। ਖ਼ਾਲਿਸਤਾਨ ਲਹਿਰ ਅੰਦਰਲੀਆਂ ਊਣਤਾਈਆਂ ਦੂਰ ਕਰਨ ਦੇ ਚਾਹਵਾਨੋਂ, ਲਹਿਰ ਦੇ ਅੰਦਰ ਝਾਤੀ ਮਾਰੋ। ਸਭ ਤੋਂ ਵੱਡੀ ਕਮਜ਼ੋਰੀ ਇਸ ਗੱਲ ਵਿਚ ਪਈ ਹੈ ਕਿ ਅਸੀਂ ਸੱਚ ਦੇ ਧੁਰੇ ਸਿੱਖ ਧਰਮ ਨੂੰ ਪ੍ਰਚੱਲਤ ਕੂੜ ਸਿਆਸਤ ਨਾਲ ਨੱਥੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ…ਆਓ ਧਰਮ ਆਧਾਰਿਤ ਰਾਜਨੀਤੀ ਦਾ ਪੱਲਾ ਫੜੀਏ। ਲੁੱਤ ਘੁੱਤ ਰਾਜਨੀਤੀ ਦਾ ਖਹਿੜਾ ਛੱਡੀਏ…ਆਓ ਸੱਚ ਦਾ ਪੱਲਾ ਫੜ ਕੇ ਸੱਚ ਦੀ ਆਜ਼ਾਦੀ (ਖ਼ਾਲਿਸਤਾਨ) ਦੀ ਲੜਾਈ ਵਿਚ ਕੁੱਦੀਏ!

(5) ਸਿੱਖ ਸਿਆਸਤ ਅੰਦਰਲਾ ਮੌਜੂਦਾ ਸੰਕਟ ਤੇ ਇਸ ਵਿੱਚੋਂ ਨਿਕਲਣ ਦਾ ਰਾਹ

(ਲਿਬਰੇਸ਼ਨ ਖ਼ਾਲਿਸਤਾਨ, ਸਾਲ 4, ਨੰਬਰ 1)

[ਮਈ 1994 ਵਿਚ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖ ਰਾਜਨੀਤੀ ਦੀ ਤਤਕਾਲੀ ਦਸ਼ਾ ਦਾ ਭਰਵਾਂ ਵਿਸ਼ਲੇਸ਼ਣ ਕਰਦਿਆਂ ਇਕ ਲੰਮਾ ਲੇਖ ਲਿਖਿਆ ਸੀ, ਜਿਸ ਵਿਚ ਉਸ ਨੇ ਰਾਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਵਿਚਕਾਰ ਹੋਏ ਸਮਝੌਤੇ, 1985 ਦੀਆਂ ਚੋਣਾਂ, ਬਰਨਾਲਾ ਸਰਕਾਰ, 26 ਜਨਵਰੀ ਦਾ ਸਰਬੱਤ ਖ਼ਾਲਸਾ, ਖਾੜਕੂ ਲਹਿਰ ਦੀ ਇਤਿਹਾਸਕ ਚੜ੍ਹਤ, 1991 ਤੇ 1992 ਦੀਆਂ ਚੋਣਾਂ, ਅਤੇ ਅਖ਼ੀਰ ਵਿਚ ਖਾੜਕੂ ਲਹਿਰ ਦੇ ਦੁਖਦਾਈ ਪਤਨ ਤਕ ਸਾਰੇ ਵਰਤਾਰੇ ਦੀ ਸੰਖੇਪ ਵਿਚ ਗਹਿਰੀ ਛਾਣਬੀਣੋ ਕੀਤੀ ਸੀ। ਹੇਠਾਂ ਉਸ ਲੇਖ ‘ਚੋਂ ਚੋਣਵੇਂ ਅੰਸ਼ ਦਿੱਤੇ ਜਾ ਰਹੇ ਹਨ।]

“ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਦਿੱਲੀ ਦੇ ਤਖ਼ਤ ਵੱਲੋਂ ਕੀਤੇ ਹਮਲੇ ਨੂੰ ਪੂਰਾ ਦਹਾਕਾ ਪੂਰਾ ਹੋਣ ਜਾ ਰਿਹਾ ਹੈ। ਇਤਿਹਾਸ ਦੇ ਇਹ ਦਸ ਸਾਲ ਦੱਖਣੀ ਏਸ਼ੀਆ ਦੀ ਸਿਆਸਤ ਵਿਚ ਸਿੱਖ ਕੌਮ ਦੇ ਸੰਘਰਸ਼ ਦੀ ਪੂਰੀ ਛਾਪ ਵਾਲੇ ਸਾਲ ਰਹੇ ਹਨ। ਇਸ ਸਮੇਂ ਨੇ ਵੱਖ-ਵੱਖ ਸਮੇਂ ਦੇ ਉਤਰਾਅ-ਚੜ੍ਹਾਅ ਪੇਸ਼ ਕੀਤੇ ਹਨ। ਜੂਨ 1984 ਵਿਚ ਸਿੱਖ ਜਨਤਕ ਲਹਿਰ ਪੂਰੇ ਸਿਖਰ ‘ਤੇ ਸੀ ਪਰ ਜੁਲਾਈ 1984 ਵਿਚ ਭਾਰਤੀ ਜਬਰ ਪੂਰੇ ਸਿਖਰਾਂ ਨੂੰ ਛੋਹ ਰਿਹਾ ਸੀ। ਸਿੱਖ ਰਾਜਸੀ ਤੇ ਜਥੇਬੰਦਕ ਤਾਣੇ-ਬਾਣੇ (ਇਕ ਵਾਰ ਤਾਂ) ਤਹਿਸ ਨਹਿਸ ਹੋ ਚੁੱਕੇ ਸਨ ਤੇ ਭਾਰਤੀ ਰਾਜ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਪ੍ਰਵਾਹ ਨਾ ਕਰਦਿਆਂ ਪੰਜਾਬ ਦੇ ਚੱਪੇ ਚੱਪੇ ਨੂੰ ਕੋਹ ਮਾਰਿਆ ਸੀ । ਮੌਕਾਪ੍ਰਸਤ ਅਕਾਲੀ ਆਗੂਆਂ ਵੱਲੋਂ ਬੇਵਸੀ ਜ਼ਾਹਰ ਕਰਦਾ ਇਕ ਰਾਜੀਵ-ਲੌਂਗੋਵਾਲ ਸਮਝੌਤਾ ਆਇਆ ਤੇ ਜਜ਼ਬਾਤੀ ਨੌਜਵਾਨਾਂ ਵੱਲੋਂ ਲੌਂਗੋਵਾਲ ਦਾ ਖ਼ੂਨ ਕਰ ਕੇ ਇਸ (ਸਮਝੌਤੇ ਨੂੰ) ਰੱਦ ਕਰਨ ਦਾ ਇਰਾਦਾ ਵੀ ਜ਼ਾਹਰ ਕੀਤਾ ਗਿਆ । ਭਾਰਤੀ ਪ੍ਰਚਾਰ ਮੀਡੀਏ ਵੱਲੋਂ ਹਕੂਮਤੀ ਦਲਾਲ ਲੌਂਗੋਵਾਲ ਨੂੰ ‘ਭਾਰਤੀ ਸ਼ਹੀਦ’ ਦਾ ਦਰਜਾ ਦੇਣ ਦੇ ਧੂੰਆਂਧਾਰ ਪ੍ਰਚਾਰ ਅਤੇ ਰਵਾਇਤੀ ਅਕਾਲੀ ਆਗੂਆਂ ਨੂੰ ਅਸਿੱਧੇ ਤਰੀਕੇ ਨਾਲ ਜਿਤਾਉਣ ਵਾਲੀਆਂ ਚੋਣਾਂ ਨੇ ਬਰਨਾਲਾ ਮੰਤਰੀ ਮੰਡਲ ਸਾਹਮਣੇ ਲਿਆਂਦਾ…ਰਵਾਇਤੀ ਅਕਾਲੀ ਤੇ ਭਾਰਤੀ ਹਾਕਮਾਂ ਦੀਆਂ ਇਛਾਵਾਂ ਦੇ ਉਲਟ 26 ਜਨਵਰੀ (1986) ਨੂੰ ਹੋਏ ਸਰਬੱਤ ਖ਼ਾਲਸਾ ਨੇ ਕੌਮੀ ਮੁਕਤੀ ਦੀ ਲਹਿਰ ਸ਼ੁਰੂ ਕਰਨ ਦਾ ਅਹਿਦ ਕੀਤਾ ਤੇ ਸਿੱਖ ਸਿਆਸਤ ਵਿਚ ਇਕ ਨਵੀਂ ਕਤਾਰਬੰਦੀ ਸ਼ੁਰੂ ਹੋਈ। ਕੁੱਝ ਤੱਤ-ਭੜੱਥੇ ਪਰ ਇਮਾਨਦਾਰ ਸਿਆਸਤਦਾਨਾਂ ਨੇ ਨਵੀਂ ਲਹਿਰ ਤੇਜ਼ ਕਰਨ ਲਈ ਅਤਿ- ਖਾੜਕੂ ਪੈਂਤੜੇ ਲਏ। ਅਣਕਿਆਸੇ ਹਕੂਮਤੀ ਜਬਰ ਅਤੇ ਸਮੇਂ ਦੇ ਹਾਣ ਦੀ ਜਥੇਬੰਦਕ ਲੀਡਰਸ਼ਿੱਪ ਦੀ ਅਣਹੋਂਦ ਕਾਰਨ ਖਾੜਕੂ ਲਹਿਰ ਹੌਲੀ ਹੌਲੀ ਅੱਤਵਾਦ ਦੇ ਬਚਪੁਣੇ ਦੇ ਰੋਗ ਦਾ ਸ਼ਿਕਾਰ ਹੋ ਗਈ। ਭਾਰਤੀ ਹਕੂਮਤ ਵੀ ਇਸ ਲਹਿਰ ਨੂੰ ਹੰਭਾ ਕੇ ਮਾਰਨ ਦੀ ਰਣਨੀਤੀ ‘ਤੇ ਚੱਲੀ …ਨਤੀਜਾ ਹਜ਼ਾਰਾਂ ਨੌਜਵਾਨਾਂ ਦੀਆਂ ਸ਼ਹਾਦਤਾਂ ਦੇ ਬਾਵਜੂਦ ਲਹਿਰ ਦਾ ਇਹ ਪੜਾਅ ਅਸਫਲ ਹੋਇਆ। ਅਸਫਲਤਾ ਤੋਂ ਵੀ ਭੈੜੀ ਗੱਲ ਇਹ ਹੋਈ ਕਿ ਇਸ ਲਹਿਰ ਵਿਚ ਜਾਨਾਂ ਵਾਰਨ ਵਾਲਿਆਂ ਦਾ ਕੌਮੀ ਸਤਿਕਾਰ ਜੋ ਪੈਦਾ ਹੋਣਾ ਚਾਹੀਦਾ ਸੀ, ਉਹ ਹੋ ਨਾ ਸਕਿਆ ਸਗੋਂ ਕੁੱਝ ਸਿੱਖ ਹਲਕਿਆਂ ਵਿਚ ਇਨ੍ਹਾਂ ਪ੍ਰਤਿ ਨਿਰਾਸ਼ਤਾ ਵੀ ਪੈਦਾ ਹੋਈ।

ਜੂਨ 91 ਦੀਆਂ ਰੱਦ ਹੋਈਆਂ ਚੋਣਾਂ ਤੇ ਫਿਰ (1992 ਵਿਚ) ਬਾਈਕਾਟ ਕੀਤੀਆਂ ਚੋਣਾਂ ਵਿਚਲੇ ਪੈਂਤੜਿਆਂ ਨੇ ਸਿੱਖ ਲਹਿਰ ਵਿਚ ਐਸੀਆਂ ਉਲਝਣਾਂ ਵਧਾਈਆਂ ਕਿ ਫਿਰ ਇਸ ਦੇ ਪੈਰ ਹੀ ਨਾ ਲੱਗ ਸਕੇ ਅਤੇ ਇਸ ਦਾ ਅੰਤ ਸਾਨੂੰ ਸਭ ਨੂੰ ਦੇਖਣਾ ਪਿਆ । ਬਾਬਾ ਮਾਨੋਚਾਹਲ ਦੀ ਸ਼ਹਾਦਤ ਬਾਅਦ ਖਾੜਕੂ ਲਹਿਰ ਧੜੰਮ ਕਰਦੀ ਜਾ ਪਈ ਤੇ ਹੁਣ ਇਸ ਦੀ ਰਹਿੰਦ-ਖੂੰਹਦ ਮੁੜ ਸੁਰਜੀਤ ਹੋਣ ਲਈ ਹੱਥ ਪੈਰ ਮਾਰ ਰਹੀ ਹੈ।

ਰਵਾਇਤੀ ਅਕਾਲੀ ਦਲ, 1989 ਦੀਆਂ ਚੋਣਾਂ ਸਮੇਂ ਕੌਮੀ ਸਿੱਖ ਲਹਿਰ ਦਾ ਸਾਹਮਣਾ ਨਾ ਕਰ ਸਕੇ ਅਤੇ ਜਮਹੂਰੀ ਮੁਹਾਜ਼ ਤੋਂ ਬੁਰੀ ਤਰ੍ਹਾਂ ਸਾਫ਼ ਕਰ ਦਿੱਤੇ ਗਏ। ਇਨ੍ਹਾਂ ਦਾ ਬਦਲ ਉਭਾਰਨ ਵਿਚ ਨਵੀਂ ਲੀਡਰਸ਼ਿੱਪ – ਮਾਨ ਦਲ, ਬਾਬਾ ਦਲ, ਫ਼ੈਡਰੇਸ਼ਨਾਂ – ਨੇ ਨਾਅਰੇ ਤਾਂ ਗਰਮ ਲਾਏ ਪਰ ਕਾਰਗੁਜ਼ਾਰੀਆਂ ਰਵਾਇਤੀ ਦਿਖਾਈਆਂ।

ਅਖ਼ੀਰ ਫ਼ੇਲ੍ਹ ਹੋਈ ਰਵਾਇਤੀ ਲੀਡਰਸ਼ਿੱਪ ਦੇ ਢਾਹੇ ਚੜ੍ਹ ਕੇ, ਨਵੀਂ ਕੌਮੀ ਲਹਿਰ ਦੇ ਜਮਹੂਰੀ ਪਲੇਟਫ਼ਾਰਮ ਦੀਆਂ ਸੰਭਾਵਨਾਵਾਂ ਦਾ ਭੱਠਾ ਬਿਠਾ ਦਿੱਤਾ। ਖਾੜਕੂ ਲਹਿਰ ਦੇ ਨਿੱਘਰ ਚੁੱਕੇ ਹਿੱਸਿਆਂ ਨਾਲ ਭਾਈਵਾਲੀ ਦਿਖਾ ਕੇ ਅਤੇ ਉਸਾਰੂ ਹਿੱਸੇ ਨਾਲ ਸ਼ਰੀਕੇਬਾਜ਼ੀ ਵਾਲਾ ਰੁਖ਼ ਅਖ਼ਤਿਆਰ ਕਰ ਕੇ ਇਸ ਨਵੀਂ ਅਕਾਲੀ ਧਿਰ ਨੇ, ਹੌਲੀ ਹੌਲੀ ਆਪਣੇ ਆਪ ਨੂੰ ਕੱਖੋਂ ਹੌਲਾ ਕਰ ਲਿਆ ਅਤੇ ਅੰਤ ਜਲੰਧਰ ਪਾਰਲੀਮਾਨੀ ਜ਼ਿਮਨੀ ਚੋਣ (1993) ਸਮੇਂ ਆਪਣੀ ਸਹੀ ਤਸਵੀਰ ਦੇਖ ਕੇ ਹੈਰਾਨ-ਪਰੇਸ਼ਾਨ ਹੋ ਗਏ। ਆਜ਼ਾਦੀ ਪਸੰਦ ਸਿੱਖ ਵੋਟਰ ਬਾਦਲ ਦਲ ਲਈ ਉਤਸ਼ਾਹਤ ਨਾ ਹੋ ਸਕਿਆ ਤੇ ਨਵੇਂ ਅਕਾਲੀ ਦਲ ਦੇ ਦੋਗਲੇਪਨ ਨੂੰ ਮੂੰਹ ਵਿਚ ਉਂਗਲ ਪਾਈ ਦੇਖਦਾ ਰਿਹਾ। ਅੱਜ ਹਾਲਤ ਇਹ ਹੈ ਕਿ ਮੇਲਿਆਂ ਵਿਚਲੇ ਇਕੱਠਾਂ ਤੋਂ ਸਿਵਾ ਇਸ ਨਵੀਂ ਅਕਾਲੀ ਲੀਡਰਸ਼ਿੱਪ ਕੋਲ ਕੋਈ ਸਰਗਰਮੀ ਨਹੀਂ । ਆਪਣੀ ਇਸ ਪਤਲੀ ਹਾਲਤ ਬਾਰੇ ਆਪਣੇ ਅੰਦਰ ਝਾਤ ਮਾਰਨ ਦੀ ਥਾਂ ਇਹ ਧਿਰ ਖਾੜਕੂ ਲਹਿਰ ਨੂੰ ਕੋਸਣ ਤਕ ਪਹੁੰਚ ਗਈ ਹੈ। ਜਿਹਨਾਂ ਦੀ ਕਮਾਈ ਦੇ ਸਿਰ ‘ਤੇ ਇਹ ਧਿਰ ਪੈਦਾ ਹੋਈ ਸੀ, ਉਹਨਾਂ ਦੀ ਨੁਕਤਾਚੀਨੀ ਕਰ ਕੇ, ਪਰ ਬਿਨਾਂ ਆਪਣੀ ਕਿਸੇ ਕਮਾਈ ਦੇ ਇਹ ਕਿੰਨਾ ਕੁ ਚਿਰ ਕਾਇਮ ਰਹਿ ਸਕਦੀ ਹੈ, ਕਹਿਣਾ ਮੁਸ਼ਕਲ ਹੋ ਗਿਆ ਹੈ।

ਬਦੇਸ਼ਾਂ ਵਿਚ ਸਿੱਖਾਂ ਦੀ ਸਿਆਸਤ ਵਿਚ ਵੀ ਕਈ ਮੋੜ ਆਏ ਹਨ। ਜੂਨ 1984 ਤੋਂ ਭਾਰਤ-ਵਿਰੋਧੀ ਉਭਾਰ ਨੇ ਨਵੀਆਂ ਧਿਰਾਂ ਪੈਦਾ ਕੀਤੀਆਂ। ਕਈ ਲੋਕ ਜੋ ਪਹਿਲੀ ਰਵਾਇਤੀ ਅਕਾਲੀ ਲੀਡਰਸ਼ਿੱਪ ਦੀ ਮੁਕਾਬਲੇ ਬਾਜ਼ੀ ਵਿਚ ਹਾਰ ਚੁੱਕੇ ਸਨ, ਉਨ੍ਹਾਂ ਵੀ ਇਸ ਮੌਕੇ ਦਾ ਲਾਹਾ ਲਿਆ ਤੇ ਨਵੇਂ ਰਾਜਨੀਤਕ ਵਰਗ ਦੇ ਜਜ਼ਬਾਤ ਨੂੰ ਵਰਤ ਕੇ ਪਹਿਲਾਂ ਦੇ ਅਜਾਰੇਦਾਰ ਅਕਾਲੀ ਲੀਡਰਾਂ ਤੋਂ ਬਦਲੇ ਲਏ। ਗੁਰਦੁਆਰਿਆਂ ਉੱਤੇ ਕਬਜ਼ੇ ਕਰਨ ਦੇ ਕਈ ਚਾਹਵਾਨਾਂ ਨੇ ਨੌਜਵਾਨਾਂ ਦੇ ਜਜ਼ਬਾਤ ਵਰਤੇ। ਪਰ ਹੇਠਲੀ ਪੱਧਰ ‘ਤੇ ਬਹੁਤ ਸਾਰੇ ਸਿੱਖ ਨੌਜਵਾਨ ਕੌਮੀ ਮੁਕਤੀ ਦੀ ਲਹਿਰ ਵਿਚ ਹਿੱਸਾ ਪਾਉਣ ਲਈ ਅੱਗੇ ਆਏ। ਇਨ੍ਹਾਂ ਵਿੱਚੋਂ ਕੁੱਝ ਧਿਰਾਂ ਮਤਲਬੀ ਲੀਡਰਸ਼ਿੱਪ ਤੋਂ ਅੱਕ ਕੇ ਉਸ ਦੇ ਵਿਰੋਧ ਨੂੰ ਹੀ ਮੁੱਖ ਸਰਗਰਮੀ ਬਣਾ ਬੈਠੀਆਂ ਤੇ ਅਖ਼ੀਰ ਵਿਚ ਥੱਕ ਟੁੱਟ ਕੇ, ਬਦਲ ਪੈਦਾ ਕਰਨ ਵਿਚ ਅਸਮਰੱਥ ਰਹਿੰਦਿਆਂ ਫਿਰ ਉਨ੍ਹਾਂ ਦੀ ਹੀ ਈਨ ਮੰਨ ਬੈਠੀਆਂ। ਪਰ ਕੁੱਝ ਧਿਰਾਂ ਨੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਭੜਕਾਉਣ ਦੀਆਂ ਕਾਰਵਾਈਆਂ ਨੂੰ ਸਬਰ ਨਾਲ ਦੇਖਦਿਆਂ ਆਪਣੀ ਧੁੰਨ ਤੇ ਸਿੱਖ ਲਹਿਰ ਵਿਚ ਹਿੱਸਾ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।

ਅਜੋਕੇ ਸੰਕਟ ਦੀਆਂ ਜੜ੍ਹਾਂ

ਜੋ ਲੋਕ ਸਿੱਖ ਸਿਆਸਤ ਦੇ ਅਜੋਕੇ ਸੰਕਟ ਨੂੰ ਤਸਲੀਮ ਹੀ ਨਹੀਂ ਕਰਦੇ, ਉਨ੍ਹਾਂ ਦੀ ਸੋਚ ਉਨ੍ਹਾਂ ਨੂੰ ਹੀ ਮੁਬਾਰਕ ਰਹੇ। ਪਰ ਜੋ ਇਸ ਸੰਕਟ ਤੋਂ ਫ਼ਿਕਰਮੰਦ ਹਨ, ਉਨ੍ਹਾਂ ਨਾਲ ਅਸੀਂ ਬਹਿਸ ਵਿਚਾਰ ਦੀ ਇੱਛਾ ਰੱਖਦੇ ਹਾਂ ਤਾਂ ਕਿ ਇਸ ਸੰਕਟ ਵਿੱਚੋਂ ਲਹਿਰ ਨੂੰ ਕੱਢਿਆ ਜਾ ਸਕੇ । ਜ਼ਰੂਰੀ ਨਹੀਂ ਕਿ ਜੋ ਅਸੀਂ ਕਿਆਸ ਕਰ ਰਹੇ ਹਾਂ ਉਹੋ ਹੀ ਠੀਕ ਹੋਵੇ, ਪਰ ਫਿਰ ਵੀ ਅਸੀਂ ਕੁੱਝ ਮੁੱਦੇ ਪੂਰੇ ਵਿਸ਼ਵਾਸ ਨਾਲ ਉਠਾ ਰਹੇ ਹਾਂ ਤੇ ਤੁਹਾਨੂੰ ਬਹਿਸ ਦਾ ਸੱਦਾ ਦਿੰਦੇ ਹਾਂ।

ਸੰਕਟ ਕੁਦਰਤੀ ਸੀ : ਸਿੱਖਾਂ ਦੀ ਆਜ਼ਾਦੀ ਦੀ ਲਹਿਰ ਦੇ ਇਸ ਦੌਰ ਵਿੱਚੋਂ ਹੀ ਅੰਤਮ ਜਿੱਤ ਪ੍ਰਾਪਤ ਨਹੀਂ ਸੀ ਕੀਤੀ ਜਾ ਸਕਦੀ। ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੋਲਾਬਾਰੀ ਕਰ ਕੇ ਭਾਰਤੀ ਰਾਜ ਨੇ ਸਿੱਖਾਂ ਨੂੰ ਅਸਲ ਸੰਬੰਧਾਂ ਦਾ ਅਹਿਸਾਸ ਕਰਾਇਆ ਸੀ ਤੇ 1984 ਦੇ ਸਿੱਖ ਕਤਲੇਆਮ ਨੇ ਭਾਰਤੀ ਕੌਮ ਦੇ ਸਿੱਖਾਂ ਨਾਲ ਜਨਤਕ ਸੰਬੰਧਾਂ ਦੀ ਅਸਲ ਤਸਵੀਰ ਪੇਸ਼ ਕੀਤੀ ਸੀ। ਸਿੱਖਾਂ ਦੀ ਲਹਿਰ ਇਨ੍ਹਾਂ ਹਮਲਿਆਂ ਦਾ ਪ੍ਰਤਿਕਰਮ ਸੀ। ਇਕ ਐਸਾ ਪ੍ਰਤਿਕਰਮ ਜਿਸ ਦੇ ਲਈ ਸਿੱਖ ਕੌਮ ਪਹਿਲਾਂ ਤੋਂ ਪੂਰੀ ਤਰ੍ਹਾਂ ਤਿਆਰ ਨਹੀਂ ਸੀ । ਕੋਈ ਵੀ ਸਮਾਜਿਕ ਸਰਗਰਮੀ ਜੋ ਮਹਿਜ਼ ਇਕ ਪ੍ਰਤਿਕਰਮ ਹੀ ਹੋਵੇ, ਕਦੇ ਵੀ ਮਨੋ-ਕਲਪਿਤ ਸਿੱਟੇ ਨਹੀਂ ਕੱਢ ਸਕਦੀ, ਹਾਂ ਇਹ ਵਿਰੋਧੀ ਧਿਰ ਦੇ ਕਲਪਿਤ ਨਿਸ਼ਾਨਿਆਂ ਨੂੰ ਚਕਨਾਚੂਰ ਜ਼ਰੂਰ ਕਰ ਸਕਦੀ ਹੈ। ਭਾਰਤੀ ਰਾਜ ਵੱਲੋਂ ਸਿੱਖਾਂ ਨੂੰ ਪਹਿਲਾਂ (1947) ਤੋਂ ਹੀ ਗ਼ੁਲਾਮ ਰੱਖਿਆ ਜਾ ਰਿਹਾ ਸੀ। ਸਿੱਖ ਅੱਧ-ਪਚੱਧੇ ਮਨ ਨਾਲ ਆਪਣੀ ਹੱਕ-ਰਸਾਈ ਲਈ ਹੱਥ ਪੈਰ ਮਾਰ ਰਹੇ ਸਨ । ਭਾਰਤੀ ਕੌਮ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਉਨ੍ਹਾਂ ਸਿੱਖਾਂ ਨੂੰ ਸਬਕ ਸਿਖਾਉਣ ਦੀ ਸੋਚੀ। ਸਦਾ ਵਾਸਤੇ ਚਿੱਤ ਕਰਨ ਤੇ ਗ਼ੁਲਾਮੀ ਨੂੰ ਮਨੋਂ ਕਬੂਲ ਕਰਾਉਣ ਲਈ ਕੀਤੇ ਹਮਲਿਆਂ ਦਾ ਸਿੱਖ ਕੌਮ ਨੇ ਪੂਰੀ ਦਲੇਰੀ ਤੇ ਦ੍ਰਿੜ੍ਹਤਾ ਨਾਲ ਜੁਆਬ ਦਿੱਤਾ। ਕਮਾਲ ਦੀ ਸੂਰਮਗਤੀ ਦਿਖਾਉਂਦਿਆਂ ਹਜ਼ਾਰਾਂ ਨੌਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ। ਭਾਰਤੀ ਹਾਕਮਾਂ ਦੇ ਉਹ ਮਨਸੂਬੇ ਫ਼ੇਲ੍ਹ ਹੋਏ ਕਿ ਸਿੱਖਾਂ ਨੂੰ ਬੇਗ਼ੈਰਤ ਕਰ ਦਿੱਤਾ ਜਾਵੇ। ਅਣਖ ਤੇ ਗ਼ੈਰਤ ਉਪਰ ਹੋਏ ਮਾਰੂ ਵਾਰ ਦਾ ਸਿੱਖ ਕੌਮ ਵੱਲੋਂ ਡੱਟ ਕੇ ਮੁਕਾਬਲਾ ਕੀਤਾ ਗਿਆ ਤੇ ਇਸ ਵਿਚ ਉਨ੍ਹਾਂ ਭਾਰਤੀ ਹਮਲਾ ਪਛਾੜ ਕੇ ਜਿੱਤ ਹਾਸਲ ਕੀਤੀ। ਜੇਕਰ ਲੜਾਈ ਇਤਨੀ ਹੀ ਹੁੰਦੀ ਕਿ (ਨਵੇਂ) ਹਮਲੇ ਨੂੰ ਪਛਾੜਨਾ ਹੈ, ਤਾਂ ਸਿੱਖ ਕੌਮ 1989 ਵਿਚ ਜਿੱਤ ਪ੍ਰਾਪਤ ਕਰ ਚੁੱਕੀ ਸੀ, ਜਦ ਭਾਰਤੀ ਕੌਮ ਦੀ ‘ਹੀਰੋਇਨ’ ਇੰਦਰਾ ਦਾ ਨਾਸ਼ ਕਰਨ ਵਾਲੇ (ਸ਼ਹੀਦ) ਭਾਈ ਬੇਅੰਤ ਸਿੰਘ ਦੇ ਪਰਿਵਾਰ ਦੇ ਦੋ ਜੀਅ ਭਾਰਤੀ ਪਾਰਲੀਮੈਂਟ ਵਿਚ ਪੂਰੀ ਸ਼ਾਨ ਨਾਲ ਪਹੁੰਚ ਕੇ ਇਸ ਨੂੰ ਸ਼ਰਮਸਾਰ ਕਰ ਰਹੇ ਸਨ। ਦੁਸ਼ਮਣ ਵੱਲੋਂ ਛੇੜੀ ਇਸ ਲੜਾਈ ਦੇ ਦੌਰਾਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਿਸਤਾਨ ਦਾ ਐਲਾਨ ਕਰ ਕੇ ਸਿੱਖ ਕੌਮ ਵੱਲੋਂ ਭਾਰਤੀ ਰਾਜ ਵਿਰੁੱਧ ਬੁਨਿਆਦੀ ਲੜਾਈ ਵੀ ਲੜੀ ਜਾ ਰਹੀ ਸੀ। ਇਸ ਐਲਾਨ ਤੋਂ ਬਾਅਦ ਦੋਹਾਂ ਲੜਾਈਆਂ ਦਾ ਮਿਲਗੋਭਾ ਜਿਹਾ ਬਣ ਗਿਆ। ਸਿੱਖਾਂ ਦਾ ਇਕ ਵੱਡਾ ਹਿੱਸਾ ਸਮੇਤ ਅਕਾਲੀ ਵਰਕਰਾਂ ਦੇ ਭਾਰਤੀ ਹਾਕਮਾਂ ਵੱਲੋਂ ਜਿੱਚ ਕਰਨ ਦੇ ਤਾਜ਼ਾ ਹਮਲੇ ਵਿਰੁੱਧ ਲੜਾਈ ਲਈ ਤਾਂ ਸਹਿਮਤ ਸਨ, ਪਰ ਨਵੀਂ ਵਿੱਢੀ ਲੜਾਈ (ਖ਼ਾਲਿਸਤਾਨ) ਲਈ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਸਨ। ਉਨ੍ਹਾਂ ਵਿੱਚੋਂ ਕੁੱਝ ਇਸ ਨਵੇਂ ਫ਼ਰੰਟ (ਖ਼ਾਲਿਸਤਾਨ ਦੇ ਐਲਾਨ) ਨੂੰ ਭਾਰਤੀ ਯੁੱਧਨੀਤੀ ਦਾ ਇਕ ਹਿੱਸਾ ਮੰਨ ਕੇ ਇਹ ਸ਼ੰਕੇ ਖੜੇ ਕਰਨ ਲੱਗੇ ਕਿ ਇਸ ਨਾਲ ਸਿੱਖ ਕੌਮ ਦੀ ਹਾਨੀ ਹੋਵੇਗੀ। ਇਸ ਤਰ੍ਹਾਂ ਲੜਾਈ ਦੇ ਦੋ ਫ਼ਰੰਟ ਖੁੱਲ੍ਹ ਚੁੱਕੇ ਸਨ । ਆਜ਼ਾਦੀ ਦੇ ਫ਼ਰੰਟ ਦੀ ਲੀਡਰਸ਼ਿੱਪ ਦੂਜੇ ਫ਼ਰੰਟ ਤਕ ਸੀਮਤ ਲੋਕਾਂ ਨੂੰ ਡਰਪੋਕ ਜਾਂ ਦਿੱਲੀ ਦੇ ਏਜੰਟ ਸਮਝ ਰਹੀ ਸੀ।

ਇਸ ਮੌਕੇ ‘ਤੇ ਆਜ਼ਾਦੀ ਦੀ ਵਕਾਲਤ ਕਰਨ ਵਾਲਿਆਂ ਨੇ ਸਮੁੱਚੀ ਸਿੱਖ ਕੌਮ ਅੰਦਰਲੀ ਲਹਿਰ ਨੂੰ ਆਪਣੇ ਨਿਸ਼ਾਨੇ ਦੀ ਪੈਰੋਕਾਰ ਸਮਝ ਲਿਆ, ਜਦ ਕਿ ਦੂਜੀ ਧਿਰ ਜੋ ਕਿ ਕਾਫ਼ੀ ਚਤੁਰ ਸੀ ਸਮੁੱਚੀ ਲਹਿਰ ਨੂੰ ਜ਼ਖ਼ਮਾਂ ‘ਤੇ ਮਲ੍ਹਮ ਲਾਉਣ ਤਕ ਦੀ ਸੀਮਾ ਵਿਚ ਹੀ ਵਗਲਦੀ ਰਹੀ। ਦੋਹਾਂ ਧਿਰਾਂ ਵੱਲੋਂ ਅਸਲੀਅਤ ਦੇ ਗ਼ਲਤ ਅੰਦਾਜ਼ੇ ਲਾਏ ਗਏ। ਇਹ ਤਾਂ ਸੱਚ ਸੀ ਕਿ ਸਿੱਖ ਜਗਤ ਭਾਰਤੀ ਹਕੂਮਤ ਵੱਲੋਂ ਕੀਤੇ ਤਾਜ਼ਾ ਹਮਲੇ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਤਿਆਰ ਸੀ ਪਰ ਇਹ ਪੂਰਾ ਸੱਚ ਨਹੀਂ ਸੀ ਕਿ ਉਹ ਇਕਦਮ ਇਸ ਲੜਾਈ ਨੂੰ ਅੰਤਮ ਨਿਸ਼ਾਨੇ ਤਕ ਲੜਨ ਲਈ ਤਿਆਰ ਹੋ ਚੁੱਕਿਆ ਹੈ। ਆਜ਼ਾਦੀ ਵਾਲੀ ਧਿਰ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਸੀ ਕਿ ਉਨ੍ਹਾਂ ਦਾ ਸੰਕਲਪ ਦਰੁਸਤ ਹੋਣ ਦੇ ਬਾਵਜੂਦ, ਲੋਕਾਂ ਨੇ ਅਜੇ ਤਕ ਇਸ ਨੂੰ ਆਤਮ-ਸਾਤ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਉਸ ਹੱਦ ਤਕ ਨਿਰੰਤਰ ਲੜਾਈ ਲੜਨ ਲਈ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਤਿਆਰ ਕਰਨ ਲਈ ਕਾਫ਼ੀ ਮਿਹਨਤ ਤੇ ਸਮੇਂ ਦੀ ਲੋੜ ਹੈ। ਪ੍ਰੰਤੂ ਜਜ਼ਬਾਤ ਦੇ ਜ਼ੋਰ ਅਤੇ ਕੁੱਝ ਸੱਜਣਾਂ-ਮਿੱਤਰਾਂ ਦੀਆਂ ਸਲਾਹਾਂ ਸਦਕਾ, ਇਹ ਧਿਰ ਕਾਹਲੇਪਨ ਦਾ ਸ਼ਿਕਾਰ ਹੋਈ ਤੇ ਇਸ ਨਵੀਂ ਵਿੱਢੀ ਲੜਾਈ ਨੂੰ ਚਰਮ-ਸੀਮਾ ਤਕ ਉਸ ਵੇਲੇ ਲੈ ਗਈ, ਜਦ ਕਿ ਇਹ ਮੁੱਢਲੀ (ਪ੍ਰਾਇਮਰੀ) ਸਟੇਜ ਵਿਚ ਹੀ ਸੀ। ਇਸ ਹਾਲਤ ਵਿਚ ਲੜੀ ਗਈ ਲੜਾਈ ਦੇ ਸਿੱਟੇ ਇਹੋ ਹੀ ਨਿਕਲਣੇ ਸਨ ਜੋ ਅੱਜ ਸਾਡੇ ਸਾਹਮਣੇ ਹਨ। ਜੋ ਕੁੱਝ ਵਾਪਰਿਆ ਹੈ ਇਸ ‘ਤੇ ਜ਼ਿਆਦਾ ਅਚੰਭਿਤ ਜਾਂ ਪਰੇਸ਼ਾਨ ਹੋਣ ਦੀ ਉਤਨੀ ਲੋੜ ਨਹੀਂ, ਜਿਤਨਾ ਠੰਢੇ ਮਨ ਨਾਲ ਇਹ ਸੋਚਣ ਦੀ ਹੈ ਕਿ ਹੁਣ ਕਿਥੋਂ ਸ਼ੁਰੂ ਕੀਤਾ ਜਾਵੇ?

ਹੁਣ ਕਿਥੋਂ ਸ਼ੁਰੂ ਕੀਤਾ ਜਾਵੇ ?

ਕੌਮੀ ਆਜ਼ਾਦੀ ਦੀ ਲੜਾਈ ਵਿਚ ਸਾਰਥਿਕ ਹਿੱਸਾ ਪਾਉਣ ਖ਼ਾਤਰ ਸਾਨੂੰ ਹਕੀਕਤ ਦੇ ਨੇੜੇ ਪਹੁੰਚ ਕੇ ਨਵੇਂ ਪੈਂਤੜੇ ਅਪਨਾਉਣੇ ਪੈਣਗੇ। ਪਹਿਲਾਂ ਇਹ ਮੰਨ ਕੇ ਤੁਰਨਾ ਪਵੇਗਾ ਕਿ ਇਨ੍ਹਾਂ ਦਿਨਾਂ ਵਿਚ, ਜੂਨ 1984 ਤੇ ਉਸ ਤੋਂ ਬਾਅਦ ਦੇ ਭਾਰਤੀ ਜ਼ੁਲਮਾਂ ਤੋਂ ਪੈਦਾ ਹੋਏ ਸਿੱਖਾਂ ਦੇ ਕੌਮੀ ਵਿਦਰੋਹ ਵਿਚ ਖੜੋਤ ਆਈ ਹੈ। ਇਸ ਦਾ ਇਕ ਕਾਰਨ ਭਾਰਤੀ ਰਾਜ ਮਸ਼ੀਨਰੀ ਦਾ ਅਥਾਹ ਜਬਰ ਹੈ ਤੇ ਦੂਜਾ ਕਾਰਨ ਇਸ ਵਿਦਰੋਹ ਦੀ ਅਗਵਾਈ ਕਰਦੀਆਂ ਖਾੜਕੂ ਧਿਰਾਂ ਅੰਦਰਲੀਆਂ ਕਮਜ਼ੋਰੀਆਂ ਹਨ। ਜਬਰ ਤੋਂ ਸਤਾਏ ਤੇ ਖਾੜਕੂ ਧਿਰਾਂ ਦੀਆਂ ਕਮਜ਼ੋਰੀਆਂ ਤੋਂ ਉਕਤਾਏ ਸਿੱਖ ਲੋਕ ਇਸ ਲਹਿਰ ਤੋਂ ਦੂਰੀ ‘ਤੇ ਰਹਿਣ ਵਿਚ ਹੀ ਭਲਾ ਮਹਿਸੂਸ ਕਰਨ ਲੱਗੇ ਤੇ ਅਖ਼ੀਰ ਸਾਨੂੰ ਇਹ ਦਿਨ ਦੇਖਣੇ ਪਏ ਹਨ।

ਅੱਜ ਜੇਕਰ ਕੋਈ ਜਥੇਬੰਦੀ ਆਪਾ ਪੜਚੋਲ ਕਰਨ ਤੋਂ ਬਿਨਾਂ ਹੀ ਦੁਬਾਰਾ ਸਰਗਰਮੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਲੋਕਾਂ ਵੱਲੋਂ ਕਿਸੇ ਵਿਸ਼ੇਸ਼ ਸਮਰਥਨ ਦੀ ਆਸ ਨਹੀਂ ਹੈ। ਕਿਉਂਕਿ ਇਕ ਤਾਂ ਕੁੱਝ ਲੋਕ ਭਾਰਤੀ ਰਾਜ ਮਸ਼ੀਨਰੀ ਦੀ ਅਥਾਹ ਸ਼ਕਤੀ ਤੋਂ ਵਕਤੀ ਤੌਰ ‘ਤੇ ਭੈ-ਭੀਤ ਹੋਏ ਹਨ। ਦੂਜਾ ਕੁੱਝ ਲੋਕਾਂ ਵਿਚ ਖਾੜਕੂ ਜਥੇਬੰਦੀਆਂ ਦੀ ਲੀਡਰਸ਼ਿੱਪ ਦੀ ਕਾਬਲੀਅਤ ਉਪਰੋਂ ਭਰੋਸਾ ਉੱਠ ਚੁੱਕਾ ਹੈ ਤੇ ਉਹਨਾਂ ਨੂੰ ਡਰ ਹੈ ਕਿ ਉਹ ਪਹਿਲਾਂ ਵਾਲੀਆਂ ਹੀ ਗ਼ਲਤੀਆਂ ਦੁਹਰਾਉਣਗੇ। ਇਸ ਕਰਕੇ ਉਹ ਸਾਰੀਆਂ ਜਥੇਬੰਦੀਆਂ ਜੋ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਰਹੀਆਂ ਹਨ ਤੇ ਫਿਰ ਤੋਂ ਸਰਗਰਮ ਹੋਣਾ ਚਾਹੁੰਦੀਆਂ ਹਨ, ਪਹਿਲਾਂ ਆਪਣੀ ਬੁੱਕਲ ਵਿਚ ਝਾਤ ਮਾਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੇ ਆਪਣੀਆਂ ਗ਼ਲਤੀਆਂ ਦਾ ਜਨਤਕ ਤੌਰ ‘ਤੇ ਅਹਿਸਾਸ ਕਰਨ । ਇਸ ਤਰ੍ਹਾਂ ਇਹ ਪ੍ਰਭਾਵ ਪੈਦਾ ਕੀਤਾ ਜਾਵੇ ਕਿ ਅੱਗੇ ਤੋਂ ਪਹਿਲਾਂ ਹੋਈਆਂ ਗ਼ਲਤੀਆਂ ਨਹੀਂ ਦੁਹਰਾਈਆਂ ਜਾਣਗੀਆਂ। ਇਸ ਦੇ ਨਾਲ ਹੀ ਇਹ ਧਾਰਨਾ ਵੀ ਛੱਡੀ ਜਾਵੇ ਕਿ ਜਿਵੇਂ ਅਸੀਂ ਪਹਿਲਾਂ ਲੜ ਰਹੇ ਸੀ, ਉਵੇਂ ਹੀ ਲੜਾਈ ਸ਼ੁਰੂ ਕਰਨੀ ਜ਼ਰੂਰੀ ਹੈ । ਸਾਨੂੰ ਇਹ ਮੰਨ ਕੇ ਚੱਲਣਾ ਪਵੇਗਾ ਕਿ ਪਹਿਲਾਂ ਜੋ ਹਾਲਾਤ ਸਾਡੇ ਸਾਹਮਣੇ ਸਨ ਅਤੇ ਜਿਹੜੇ ਮੋੜ-ਘੋੜ ਸਾਡੇ ਦੁਸ਼ਮਣ ਵੱਲੋਂ ਪੈਦਾ ਕੀਤੇ ਗਏ ਸਨ, ਉਹਨਾਂ ਮੁਤਾਬਕ ਹੀ ਅੰਦੋਲਨ ਵਿਚ ਉਤਰਾਅ-ਚੜਾਅ ਆਏ ਸਨ। ਕੁੱਝ ਰਾਹ ਅਸੀਂ ਆਪ ਅਖ਼ਤਿਆਰ ਕੀਤੇ ਸਨ ਤੇ ਕੁੱਝ ’ਤੇ ਸਾਨੂੰ ਚੱਲਣ ਲਈ ਉਤੇਜਿਤ ਕੀਤਾ ਗਿਆ ਸੀ…ਸਾਡੀ ਇਹ ਸਪੱਸ਼ਟ ਧਾਰਨਾ ਹੈ ਕਿ ਕੌਮੀ ਆਜ਼ਾਦੀ ਦੀ ਲਹਿਰ ਵਿਚ ਸਭ ਤੋਂ ਪਹਿਲਾਂ ਤੇ ਸਭ ਤੋਂ ਵਧੇਰੇ ਜੋਸ਼ ਨਾਲ ਉਹੋ ਵਰਕਰ ਲੜਨਗੇ ਜਿਹਨਾਂ ਨੂੰ ਭਾਰਤੀ ਰਾਜਨੀਤੀ ਨੇ ਅਕਾਲੀ ਸਿਆਸਤ ਰਾਹੀਂ ਖੱਸੀ ਨਹੀਂ ਕਰ ਦਿੱਤਾ। ਜਿਹੜਾ ਵੀ ਵਰਕਰ 5-10 ਸਾਲ ਅਕਾਲੀ ਸਿਆਸਤ ਦੇ ਭਾਰਤੀ ਖੱਸੀਪੁਣੇ ਵਿਚ ਕੰਮ ਕਰਨ ਦਾ ਆਦੀ ਹੋ ਚੁੱਕਾ ਹੈ, ਉਹ ਖ਼ਾਲਿਸਤਾਨੀ ਲਹਿਰ ਵਿਚ ਉਹਨਾਂ ਵਰਕਰਾਂ ਦਾ ਮੁਕਾਬਲਾ ਨਹੀਂ ਕਰ ਸਕੇਗਾ ਜੋ ਹਾਲੇ ਇਸ ਤੋਂ ਅਣਲੱਗ ਰਹੇ ਹਨ।

ਸਾਨੂੰ ਅਕਾਲੀ ਵਰਕਰਾਂ ਦੇ ਅਜ਼ਾਦੀ ਲਹਿਰ ਵਿਚ ਆਉਣ ਵਾਲੇ ਸਮੇਂ ਵਿਚਲੇ ਰੋਲ ਨੂੰ ਘਟਾ ਕੇ ਵੀ ਨਹੀਂ ਦੇਖਣਾ ਚਾਹੀਦਾ। ਪਰ ਜਦ ਅਸੀਂ ਅਕਾਲੀ ਪਿਛੋਕੜ ਜਾਂ ਕਿਸੇ ਗ਼ੈਰ-ਅਕਾਲੀ ਪਿਛੋਕੜ ਦੀ ਤੁਲਨਾ ਕਰਾਂਗੇ ਤਾਂ ਫ਼ਰਕ ਉੱਨੀ ਇੱਕੀ ਦਾ ਹੀ ਰਹੇਗਾ। ਅਸੀਂ ਸਮਝਦੇ ਹਾਂ ਕਿ ਉਹ ਸਾਰੇ ਸਿੱਖ ਜੋ ਆਪਣੀ ਜ਼ਿੰਦਗੀ ਵਿਚ ਭਾਰਤੀ ਰਾਜ ਦੀਆਂ ਬੁਰਾਈਆਂ ਵਿਰੁੱਧ ਕਿਸੇ ਨਾ ਕਿਸੇ ਤਰ੍ਹਾਂ ਲੜਾਈਆਂ ਲੜਦੇ ਰਹੇ ਹਨ (ਚਾਹੇ ਉਹ ਕਾਮਰੇਡ ਹੀ ਹੋਣ), ਉਹ ਅੱਜ ਵੀ ਜੇਕਰ ਬਾਣੀ ਤੇ ਬਾਣੇ ਦਾ ਓਟ ਆਸਰਾ ਕਬੂਲ ਕਰ ਲੈਣ ਤਾਂ ਉਹ ਸਤਿਕਾਰਯੋਗ ਆਜ਼ਾਦੀ ਘੁਲਾਟੀਏ ਬਣ ਸਕਦੇ ਹਨ। ਇਸੇ ਤਰ੍ਹਾਂ ਕੁੱਝ ਇਕ ਅਕਾਲੀ ਪਿਛੋਕੜ ਵਾਲੇ (ਉਮਰਾਨੰਗਲ, ਬਰਨਾਲਾ, ਅਮਰਿੰਦਰ ਆਦਿ) ਭਾਵੇਂ ਦੇਖਣ ਨੂੰ ਕਿਤੇ ਚੰਗੇ ਅਕਾਲੀ ਲੱਗਣ ਜਾਂ ਰਹੇ ਹੋਣ, ਉਹ ਆਜ਼ਾਦੀ ਦੀ ਲਹਿਰ ਦੇ ਗ਼ਦਾਰ ਸਾਬਤ ਹੋਣਗੇ। ਇਸ ਲਈ ਸਾਨੂੰ ਆਪਣੀ ਲਹਿਰ ਦੇ ਘੇਰੇ ਵਿਚ ਆਉਣ ਵਾਲੇ ਹਰੇਕ ਸਿੱਖ ਦੇ ਪਿਛੋਕੜ ‘ਤੇ ਝਾਤ ਮਾਰਦਿਆਂ ਇਹ ਦੇਖਣਾ ਵੀ ਜ਼ਰੂਰੀ ਹੋਵੇਗਾ ਕਿ ਕੀ ਉਹ ਭਾਰਤੀ ਰਾਜਨੀਤਕ ਮਾਪ-ਦੰਡਾਂ ਦਾ ਧਾਰਨੀ ਰਿਹਾ ਹੈ ਜਾਂ ਉਨ੍ਹਾਂ ਵਿਰੁੱਧ ਸੰਘਰਸ਼ਸ਼ੀਲ ਰਿਹਾ ਹੈ। ਉਂਜ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਕਾਲੀ ਜਾਂ ਗ਼ੈਰ-ਅਕਾਲੀ ਪਿਛੋਕੜ ਵਿੱਚੋਂ ਕਿਸੇ ਨੂੰ ਵਡਿਆਉਣ ਜਾਂ ਨਿੰਦਣ ਤੋਂ ਗੁਰੇਜ਼ ਕਰਦਿਆਂ ਖ਼ਾਲਸਈ ਲਹਿਰ ਵਿਚ ਲੋਕਾਂ ਦੀ ਸ਼ਮੂਲੀਅਤ ਵਧਾਈ ਜਾਵੇ ਤੇ ਹਰੇਕ ਸਾਬਕਾ ਅਕਾਲੀ, ਕਾਂਗਰਸੀ, ਕਾਮਰੇਡ, ਸੋਸ਼ਲਿਸਟ, ਨਕਸਲਾਈਟ ਆਦਿ ਨੂੰ, ਸਿੱਖੀ ਅਸੂਲਾਂ ਦੇ ਤਹਿਤ ਇਕ ਨਵਾਂ ਸਮਾਜ ਸਿਰਜਣ ਲਈ ਬਣਾਏ ਜਾ ਰਹੇ ਇਕ ਆਜ਼ਾਦ ਦੇਸ਼ ਵਾਸਤੇ ਚੱਲ ਰਹੇ ਘੋਲ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇ।

ਅਕਾਲੀ ਪਾਰਟੀ ਬਾਰੇ ਦਰੁਸਤ ਨਜ਼ਰੀਆ ਕੀ ਹੋਣਾ ਚਾਹੀਦਾ ਹੈ ?

ਅਕਾਲੀ ਪਾਰਟੀ ਇਕ ਹਕੀਕਤ ਹੈ। ਇਸ ਨੂੰ ਤਸਲੀਮ ਕਰਨਾ ਚਾਹੀਦਾ ਹੈ। ਇਹ ਭਾਰਤੀ ਰਾਜਨੀਤੀ ਦੇ ਪੂਰਨ ਪ੍ਰਭਾਵ ਅਧੀਨ ਪਰਪੱਕ ਹੋਈ ਸਿੱਖਾਂ ਦੀ ਇਕ ਐਸੀ ਪਾਰਲੀਮਾਨੀ ਪਾਰਟੀ ਹੈ ਜੋ ਭਾਰਤ ਅੰਦਰਲੇ ਸਿੱਖਾਂ ਦੀ ਇਕ ਡੰਗ-ਟਪਾਊ ਜ਼ਰੂਰਤ ਬਣ ਚੁੱਕੀ ਹੈ। ਸਿੱਖ ਕੌਮ ਲਈ ਇਸ ਦਾ ਰਾਜਨੀਤਕ ਮਹੱਤਵ ਰਿਹਾ ਹੈ ਤੇ ਇਸ ਨੇ ਆਜ਼ਾਦੀ ਦੀ ਸਟੇਜ ਤਕ ਪਹੁੰਚਣ ਲਈ ਸਿੱਖ ਕੌਮ ਦੀ ਕਾਫ਼ੀ ਮੱਦਦ ਵੀ ਕੀਤੀ ਹੈ। ਪਰ ਦੂਜੇ ਪਾਸੇ ਭਾਰਤੀ ਰਾਜ ਨਾਲ ਲਗਾਤਾਰ ਵਾਹ-ਵਾਸਤਾ ਹੋਣ ਕਾਰਨ ਇਸ ਨੇ ਭਾਰਤੀ, ਤੇ ਖ਼ਾਸ ਕਰਕੇ ਵੈਦਿਕ ਰਾਜਨੀਤੀ ਨੂੰ ਵੀ ਆਪਣੇ ਅੰਦਰ ਸਮੋਇਆ ਹੋਇਆ ਹੈ। ਜਦ ਤਕ ਸਿੱਖ ਜਨਤਾ ਅੰਦਰ ਕੌਮੀ ਚੇਤੰਨਤਾ ਪੂਰੀ ਤਰ੍ਹਾਂ ਪ੍ਰਚੰਡ ਨਹੀਂ ਹੁੰਦੀ ਤੇ ਉਹਨਾਂ ਦੇ ਦਿਲਾਂ ਵਿਚ ਵੈਦਿਕ ਸਭਿਆਚਾਰ ਪ੍ਰਤਿ ਘਿਰਨਾ ਪੈਦਾ ਨਹੀਂ ਹੁੰਦੀ, ਅਕਾਲੀ ਪਾਰਟੀ ਦੇ ਜਨਤਕ ਆਧਾਰ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਭਾਰਤੀ ਰਾਜ ਅਕਾਲੀ ਪਾਰਟੀ ਉੱਤੇ ਜਦ ਹਮਲਾ ਕਰਦਾ ਹੈ ਤਾਂ ਉਹ ਇਸ ਨੂੰ ਖ਼ਤਮ ਕਰਨ ਲਈ ਨਹੀਂ ਕਰਦਾ, ਸਗੋਂ ਇਸ ਦਾ ਭਾਰਤੀਕਰਨ ਕਰਨ ਵਾਸਤੇ ਕਰਦਾ ਹੈ। ਉਹ ਜਾਣਦਾ ਹੈ ਕਿ ਸਿੱਖਾਂ ਨੂੰ ਗ਼ੁਲਾਮ ਬਣਾਈ ਰੱਖਣ ਲਈ ਅਕਾਲੀ ਪਾਰਟੀ ਦਾ ਸਾਥ ਜ਼ਰੂਰੀ ਹੈ। ਇਸ ਲਈ ਜਦ ਸਿੱਖਾਂ ਦੀ ਆਜ਼ਾਦੀ ਪਸੰਦ ਧਿਰ ਅਕਾਲੀ ਪਾਰਟੀ ‘ਤੇ ਹਮਲਾ ਕਰਦੀ ਹੈ ਤਾਂ ਭਾਰਤੀ ਰਾਜ ਅਕਾਲੀ ਪਾਰਟੀ ਦੀ ਰਾਖੀ ਲਈ ਵੀ ਅੱਗੇ ਆਉਂਦਾ ਹੈ। ਉਸ ਦੀ ਸ਼ਾਨ ਵਧਾਉਣ (ਲੌਂਗੋਵਾਲ ਦਲ) ਦੀ ਵੀ ਕੋਸ਼ਿਸ ਕਰਦਾ ਹੈ। ਨਵੇਂ ਚਿਹਰੇ (ਅਮਰਿੰਦਰ ਸਿੰਘ) ਵੀ ਦਾਖ਼ਲ ਕਰਦਾ ਹੈ ਅਤੇ ਮਾਇਕ ਮੱਦਦ ਵੀ ਦਿੰਦਾ ਹੈ। ਕੁੱਟਦਾ ਵੀ ਹੈ ਤੇ ਪਾਲਦਾ ਵੀ ਹੈ। ਇਹ ਭਾਰਤੀ ਰਾਜਨੀਤੀ ਦੀ ਚਾਲ ਹੈ। ਦੂਜੇ ਪਾਸੇ ਸਿੱਖ, ਅਕਾਲੀ ਲੀਡਰਸ਼ਿੱਪ ਦੀ ਆਲੋਚਨਾ ਵੀ ਕਰਦੇ ਹਨ ਅਤੇ ਉਸ ਤੋਂ ਖਹਿੜਾ ਵੀ ਨਹੀਂ ਛੁਡਾਉਣਾ ਚਾਹੁੰਦੇ। ਡੰਗ ਟਪਾਉਣ ਲਈ ਅਕਾਲੀ ਧਿਰ ਅਜੇ ਸਿੱਖ ਕੌਮ ਦੀ ਇਕ ਮਜਬੂਰੀ ਹੈ…ਅਕਾਲੀ ਪਾਰਟੀ ਭਾਰਤੀ ਢਾਂਚੇ ਅੰਦਰਲੀ ਇਕ ਸਿੱਖ ਪਾਰਲੀਮਾਨੀ ਪਾਰਟੀ ਹੈ ਜਿਸ ਨੂੰ ਭਾਰਤੀ ਰਾਜ ਅੰਦਰ ਰਹਿੰਦਿਆਂ ਸਿੱਖਾਂ ਵੱਲੋਂ ਵਰਤਦੇ ਰਹਿਣਾ ਇਕ ਮਜਬੂਰੀ ਹੈ, ਤੇ ਭਾਰਤੀ ਰਾਜ ਵੱਲੋਂ ਇਸ ਪਾਰਟੀ ਨਾਲ ਸੌਦੇਬਾਜ਼ੀ ਕਰਦੇ ਰਹਿਣਾ ਵੀ ਇਕ ਭਾਰਤੀ ਮਜਬੂਰੀ ਹੈ. ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਭਾਰਤ ਅੰਦਰ ਵੱਸਦੇ ਸਿੱਖਾਂ ਦਾ ਇਹ ਇਕ ਡੰਗ-ਟਪਾਊ ਪਲੇਟਫ਼ਾਰਮ ਹੈ ਜਿਸ ਨੇ ਮੌਕਾਪ੍ਰਸਤ ਢੰਗ ਨਾਲ ਸਿੱਖ ਕੌਮ ਤੇ ਭਾਰਤੀ ਰਾਜ ਦਰਮਿਆਨ ਇਕ ਪਾਰਲੀਮਾਨੀ ਖੇਡ ਖੇਡਣੀ ਹੁੰਦੀ ਹੈ। ਜਿੰਨਾ ਚਿਰ ਸਿੱਖਾਂ ਦਾ ਭਾਰਤ ਨਾਲੋਂ ਤੋੜ-ਵਿਛੋੜਾ ਅੰਤਮ ਸਟੇਜ ‘ਤੇ ਨਹੀਂ ਪਹੁੰਚ ਜਾਂਦਾ, ਅਕਾਲੀ ਦਲ ਤੋਂ ਸਾਡੀ ਕੌਮ ਦਾ ਖਹਿੜਾ ਛੁੱਟ ਨਹੀਂ ਸਕਦਾ… |

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ। ਉਹਨਾਂ ਅਕਾਲੀਆਂ ਨੂੰ ਮੌਕਾਪ੍ਰਸਤ ਸਮਝਦਿਆਂ ਵੀ ਉਹਨਾਂ ਨੂੰ ਇਕਮੁੱਠ ਕਰਨ ਲਈ ਰੋਲ ਅਦਾ ਕੀਤਾ ਤੇ ਫਿਰ ਉਹਨਾਂ ਦੇ ਧਰਮ ਯੁੱਧ ਵਿਚ ਵੀ ਸਹਿਯੋਗ ਦਿੱਤਾ। ਇੰਜ ਕਰਦਿਆਂ ਵੀ ਉਹਨਾਂ ਆਪਣੀ ਵੱਖਰੀ ਹੋਂਦ ਕਾਇਮ ਰੱਖੀ ਤੇ ਅਕਾਲੀਆਂ ਨੂੰ ਭਾਰਤੀ ਖੇਡ ਖੇਡਣ ਤੋਂ ਲਗਾਤਾਰ ਰੋਕਿਆ। ਆਖ਼ਰ ਇਕ ਐਸੇ ਮੋੜ ‘ਤੇ ਅਕਾਲੀ ਸਿਆਸਤ ਖੜੀ ਕਰ ਦਿੱਤੀ ਕਿ ਉਸ ਦਾ ਪੋਲ ਨੰਗਾ ਹੋ ਗਿਆ। ਅੱਜ ਭਾਵੇਂ ਇੰਨ-ਬਿੰਨ ਉਵੇਂ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਕੁੱਝ ਹੱਦ ਤਕ ਇਹ ਢੰਗ ਵਰਤਣ-ਯੋਗ ਹੈ। ਖ਼ਾਲਿਸਤਾਨੀ ਲਹਿਰ ਨਾਲ ਸੰਬੰਧਿਤ ਲੋਕ ਹੁਣ ਇਹ ਨਹੀਂ ਕਹਿ ਸਕਦੇ ਕਿ ਉਹ ਆਜ਼ਾਦੀ ਨਹੀਂ ਚਾਹੁੰਦੇ, ਕਿਉਂਕਿ ਇਹ ਨਾਅਰਾ ਇਕ ਹਕੀਕਤ ਬਣ ਚੁੱਕਿਆ ਹੈ। ਇਸ ਲਈ ਇਕ ਐਸਾ ਪਲੇਟਫ਼ਾਰਮ ਕਾਇਮ ਰੱਖਣਾ ਜ਼ਰੂਰੀ ਹੋ ਗਿਆ ਹੈ ਜੋ ਆਜ਼ਾਦੀ ਦੇ ਨਿਸ਼ਾਨੇ ’ਤੇ ਦ੍ਰਿੜ੍ਹ ਰਹੇ। ਇਸ ਨਿਸ਼ਾਨੇ ਵਾਲਾ ਪਲੇਟਫ਼ਾਰਮ ਜੇਕਰ ਆਪਣੇ ਆਪ ਨੂੰ ਇਕ ਅਕਾਲੀ ਦਲ ਦੇ ਰੂਪ ਵਿਚ ਰੱਖੇਗਾ ਤਾਂ ਪਾਰਲੀਮਾਨੀ ਲੋਕਾਂ ਦੇ ਸਿੱਖ ਧੜੇ ਵੱਖੋ-ਵੱਖਰੇ ਰਹਿਣਗੇ… ਇਹ ਗੱਲ ਭਾਰਤੀ ਰਾਜ ਨੂੰ ਬਹੁਤ ਰਾਸ ਆਵੇਗੀ। ਅਜਿਹਾ ਮੌਕਾ ਨਾ ਪੈਦਾ ਹੋਵੇ ਇਸ ਲਈ ਜ਼ਰੂਰੀ ਹੈ ਕਿ ਸਿੱਖਾਂ ਦਾ ਇੱਕੋ ਇਕ ਪਾਰਲੀਮਾਨੀ ਦਲ ਰਹੇ, ਜੋ ਭਾਰਤੀ ਢਾਂਚੇ ਅੰਦਰ ਸੁਆਦ ਲੈਣ ਵਾਲਿਆਂ ਦਾ ਝੱਸ ਵੀ ਪੂਰਾ ਕਰਦਾ ਰਹੇ ਤੇ ਮੱਠਾ ਮੱਠਾ ਸੰਘਰਸ਼ ਕਰਨ ਵਾਲਿਆਂ ਦਾ ਵੀ ਸਵਾਦ ਪੂਰਾ ਕਰਦਾ ਰਹੇ।

ਭਾਰਤੀ ਰਾਜ ਹੁਣ ਸਿੱਖ ਕੌਮ ਨੂੰ ਪਹਿਲਾਂ ਨਾਲੋਂ ਜ਼ਿਆਦਾ ਜ਼ਲੀਲ ਕਰਨ ਲਈ ਕਚੀਚੀਆਂ ਵੱਟ ਰਿਹਾ ਹੈ। ਇਸ ਕਰਕੇ ਹਰੇਕ ਅਕਾਲੀ ਦਲ ਦਾ ਭਾਰਤੀ ਰਾਜ ਵਿਚ ਭਾਈਵਾਲ ਬਣ ਕੇ ਸੁਆਦ ਲੈਣ ਦਾ ਕੋਈ ਖ਼ਾਸ ਮੌਕਾ ਆਉਣ ਵਾਲੇ ਸਮੇਂ ਸੰਭਵ ਨਹੀਂ ਹੈ। ਹਾਂ, ਜੇਕਰ ਅਕਾਲੀ ਲੀਡਰਸ਼ਿੱਪ ਜ਼ਲੀਲ ਹੋਣ ਦੇ ਬਾਵਜੂਦ ਵੀ (ਬਰਨਾਲੇ ਵਾਂਗ) ਭਾਰਤ ਨਾਲ ਚੰਬੜੇ ਰਹਿਣ ਨੂੰ ਤਰਜੀਹ ਦੇਵੇਗੀ ਤਾਂ ਇਸ ਦਾ ਕੌਮੀ ਆਧਾਰ,ਆਪਣੇ ਆਪ ਖੁਰ ਜਾਵੇਗਾ ਤੇ ਸਾਡੇ ਵਲੋਂ ਇਸ ‘ਤੇ ਸੱਟ ਮਾਰਨੀ (ਸਿੱਖਾਂ ਨੂੰ) ਓਪਰੀ ਨਹੀਂ ਲੱਗੇਗੀ। ਅਕਾਲੀ ਦਲਾਂ ਨੂੰ ਇਕੱਠੇ ਹੋ ਕੇ ਚੱਲਣ ਅਤੇ ਇਕ ਪਲੇਟਫ਼ਾਰਮ ‘ਤੇ ਰਹਿ ਕੇ ਪਾਰਲੀਮਾਨੀ ਖੇਡ ਖੇਡਣ ਲਈ ਸਾਨੂੰ ਕਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੀਆਂ ਹੇਠਲੀਆਂ ਸਫ਼ਾਂ ਅੰਦਰ ਭਾਰਤ ਦੀਆਂ ਕੌਮੀ ਜੜ੍ਹਾਂ (ਹਿੰਦੂ ਵੋਟਾਂ) ਪ੍ਰਤਿ ਚੌਕਸ ਰਹਿਣ ਦੀ ਲੋੜ ਦਾ ਅਹਿਸਾਸ ਕਰਾਉਣਾ ਚਾਹੀਦਾ ਹੈ…ਸਾਨੂੰ ਹੁਣ ਤੋਂ ਹੀ ਅਕਾਲੀ ਦਲ ਦਾ ਥਾਂ ਲੈਣ ਵਾਲੇ ਜਨਤਕ ਪਲੇਟਫ਼ਾਰਮ ਦੀ ਉਸਾਰੀ ਵਿਚ ਜੁੱਟ ਜਾਣਾ ਚਾਹੀਦਾ ਹੈ। ਇਹ ਪਲੇਟਫ਼ਾਰਮ ਸਪੱਸ਼ਟ ਤੌਰ ‘ਤੇ ਆਜ਼ਾਦ ਸਿੱਖ ਰਾਜ ਦਾ ਨਿਸ਼ਾਨਾ ਮਿਥ ਕੇ ਚੱਲੇ, ਸਿੱਖ ਕੌਮ ਤੇ ਭਾਰਤੀ ਕੌਮ ਵਿਚਲੀ ਵਿਰੋਧਤਾਈ ਨੂੰ ਮੁੱਖ ਵਿਰੋਧਤਾਈ ਐਲਾਨ ਕਰੇ ਤੇ ਇਸ ਵਿਰੋਧਤਾਈ ਨੂੰ ਦਿਨੋ-ਦਿਨ ਤਿੱਖਾ ਕਰਨ ਦੇ ਯਤਨ ਕਰਦਾ ਰਹੇ। ਭਾਰਤੀ ਕੌਮ (ਹਿੰਦੂ) ਦੀ ਇਹ ਚਤੁਰਾਈ ਖ਼ਤਮ ਕੀਤੀ ਜਾਵੇ ਕਿ ਉਹਨਾਂ ਦਾ ਸਿੱਖਾਂ ਨਾਲ ਲਹੂ-ਮਾਸ ਦਾ ਰਿਸ਼ਤਾ ਹੈ…ਜੇਕਰ ਅਕਾਲੀ ਭਾਰਤੀ ਗੰਢ-ਤਰੁੱਪ ਨਾਲ ਪੰਜਾਬ ਵਿਚ ਸੱਤਾ ਵਿਚ ਆ ਵੀ ਜਾਂਦੇ ਹਨ ਤਾਂ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ।

ਖਾੜਕੂ ਤੇ ਅਤਿਵਾਦੀ ਵਿਚ ਵਖਰੇਵਾਂ

ਖਾੜਕੂ ਆਪਣੇ ਆਪ ਪੈਦਾ ਨਹੀਂ ਹੁੰਦੇ, ਨਾ ਕਿਸੇ ਦੇ ਖ਼ਤਮ ਕੀਤਿਆਂ ਇਹ ਖ਼ਤਮ ਹੁੰਦੇ ਹਨ। ਕੋਈ ਬੇਈਮਾਨ ਲਹਿਰ ਖਾੜਕੂ ਪੈਦਾ ਨਹੀਂ ਕਰ ਸਕਦੀ ਤੇ ਕੋਈ ਖਾੜਕੂ ਬੇਈਮਾਨ ਹੋ ਕੇ ਖਾੜਕੂ ਨਹੀਂ ਰਹਿ ਸਕਦਾ। ਹਾਂ, ਖਾੜਕੂ ਤੇ ਅੱਤਵਾਦੀ ਵਿਚ ਫ਼ਰਕ ਹੁੰਦਾ ਹੈ। ਬਾਹਰੋਂ ਦੇਖਣ ਨੂੰ ਇਹ ਮਹਿਸੂਸ ਨਹੀਂ ਹੁੰਦਾ ਪਰ ਜਿਹੜਾ ਬੰਦਾ ਖਾੜਕੂਆਂ ਦੇ ਭੇਸ ਵਿਚ ਵਿਚਰਦਾ ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਸਿਰਫ਼ ਦਹਿਸ਼ਤ ਹੀ ਫੈਲਾਉਂਦਾ ਹੈ, ਧੌਂਸ ਦੀ ਰਾਜਨੀਤੀ ਦਾ ਹੀ ਆਸਰਾ ਲੈਂਦਾ ਹੈ, ਨਿੱਜੀ ਮੁਫ਼ਾਦ ਨੂੰ ਕੌਮੀ ਮੁਫ਼ਾਦ ਤੋਂ ਉਪਰ ਲੈ ਜਾਂਦਾ ਹੈ, ਉਹ ਅੱਤਵਾਦੀ ਹੁੰਦਾ ਹੈ ਤੇ ਅੱਤਵਾਦ ਹੀ ਉਸ ਦਾ ਸਿਧਾਂਤ ਹੁੰਦਾ ਹੈ।

ਸਿੱਖ ਧਰਮ ਆਪਣੇ ਆਪ ਵਿਚ ਇਕ ਖਾੜਕੂ ਧਰਮ ਹੈ। ਖ਼ਾਲਸੇ ਦੀ ਸਿਰਜਣਾ ਸਮਾਜਿਕ ਕੁਰਹਿਤਾਂ ਤੇ ਜਬਰ ਜ਼ੁਲਮ ਦਾ ਨਾਸ਼ ਕਰਨ ਲਈ ਇਕ ਖਾੜਕੂ ਲਹਿਰ ਦੇ ਰੂਪ ਵਿਚ ਹੋਈ ਹੈ । ਜੋ ਖ਼ਾਲਸਈ ਸਿਧਾਂਤ ਤੋਂ ਦੂਰ ਜਾਂਦਾ ਹੈ ਉਹ ਖਾੜਕੂ ਸਮਾਜਿਕ ਰਹੁ-ਰੀਤਾਂ ਤੋਂ ਦੂਰ ਜਾਂਦਾ ਹੈ । ਇਸ ਲਈ ਸਾਡੇ ਅੰਦਰ ਖ਼ਾਲਸਈ ਸਿਧਾਂਤ ਦੀ ਪਹਿਰੇਦਾਰੀ ਦਾ ਦ੍ਰਿੜ ਨਿਸਚਾ ਕਾਇਮ ਰਹੇ, ਇਹ ਵੀ ਖਾੜਕੂ ਲਹਿਰ ਦੇ ਕਾਇਮ ਰਹਿਣ ਲਈ ਜ਼ਰੂਰੀ ਹੈ। ਹਾਂ, ਸਾਰਾ ਖ਼ਾਲਸਾ ਖਾੜਕੂ ਬਣੇ ਇਸ ਦੇ ਲਈ ਸਾਨੂੰ ਸਾਡੀ ਲਹਿਰ ਵਿੱਚੋਂ ਅਤਿਵਾਦੀਆਂ ਨੂੰ ਵੱਖਰੇ ਕਰਨਾ ਪਵੇਗਾ। ਜਿਨ੍ਹਾਂ ਨੇ ਅਸਲ ਲਹਿਰ ਨੂੰ ਬਦਨਾਮ ਕੀਤਾ, ਉਨ੍ਹਾਂ ਉੱਤੇ ਉਂਗਲ ਧਰਨੀ ਪਵੇਗੀ ਤੇ ਸਾਰੀ ਕੌਮ ਨੂੰ ਮੁੜ ਖਾੜਕੂ ਸਰੂਪ ਦੇਣ ਦੀ ਕੋਸ਼ਿਸ਼ ਕਰਨੀ ਪਵੇਗੀ। ਸਿੱਖ ਅਤਿਵਾਦੀ ਨਹੀਂ ਬਣਨਗੇ ਪਰ ਸਮਾਜ ਅੰਦਰੋਂ ਗੰਦ ਸਾਫ਼ ਕਰਨ ਲਈ ਸਿੱਖ ਆਪਣੀਆਂ ਖਾੜਕੂ ਰਵਾਇਤਾਂ ਸਦਾ ਕਾਇਮ ਰੱਖਣਗੇ। ਏਸੇ ਨਾਲ ਹੀ ਪਹਿਲਾਂ ਸਮਾਜ ਦਾ ਭਲਾ ਹੋਇਆ ਸੀ ਤੇ ਏਸੇ ਨਾਲ ਸਮਾਜ ਫਿਰ ਉਚੇਰੀ ਪੱਧਰ ਵੱਲ ਵਧੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤੀ ਕੌਮ ਦੇ ਹਮਲੇ ਦੇ ਦਸਵੇਂ ਸਾਲ ਸਾਨੂੰ ਇਹ ਪ੍ਰਣ ਦੁਹਰਾਉਣਾ ਪਵੇਗਾ।

(6) ਕੌਮੀ ਸੰਘਰਸ਼ ਦਾ ਅਗਲਾ ਪੜਾਅ

[ਜੂਨ 1993 ਵਿਚ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖ ਸੰਘਰਸ਼ ਦੀ ਤਤਕਾਲੀ ਦਸ਼ਾ ਦਾ ਵਿਸ਼ਲੇਸ਼ਣ ਕਰਦਿਆਂ ਅਗਲੇਰੇ ਕਾਰਜਾਂ ਦੀ ਨਿਸ਼ਾਨਦੇਹੀ ਕਰਨ ਲਈ ਇਕ ਮਹੱਤਵਪੂਰਨ ਸਿਧਾਂਤਕ ਲਿਖਤ ਲਿਖੀ ਸੀ ਜੋ ਕਿ ਲਿਬਰੇਸ਼ਨ ਖ਼ਾਲਿਸਤਾਨ ਦੇ ਦੂਜੇ ਸਾਲ ਦੇ ਤੀਜੇ ਅੰਕ ਵਿਚ ਛਾਪੀ ਗਈ ਸੀ। ਉਸ ਲਿਖਤ ਦੇ ਅੰਤ ਵਿਚ ਇਹ ਨੋਟ ਦਿੱਤਾ ਗਿਆ ਸੀ: “ਇਹ ਲਿਖਤ ਸਿਰਫ਼ ਵਿਚਾਰ-ਵਟਾਂਦਰੇ ਲਈ ਹੈ। ਹੋ ਸਕਦਾ ਹੈ ਕਿ ਸਾਡੇ ਕਈ ਬੁੱਧੀਮਾਨ ਭਰਾ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਾ ਹੋਣ। ਅਸੀਂ ਉਨ੍ਹਾਂ ਦੀਆਂ ਟਿੱਪਣੀਆਂ ਦਾ ਸੁਆਗਤ ਕਰਾਂਗੇ ਅਤੇ ਇਸ ਲਿਖਤ ਵਿਚ ਸੁਝਾਈਆਂ ਸੋਧਾਂ ਕਰ ਕੇ ਕੌਮ ਲਈ ਕੋਈ ਹੋਰ ਚੰਗੀ ਦਸਤਾਵੇਜ਼ ਵਿਚਾਰ ਲਈ ਪੇਸ਼ ਕਰਾਂਗੇ।” ਹੇਠਾਂ ਉਸ ਲਿਖਤ ਵਿੱਚੋਂ ਕੁੱਝ ਅਹਿਮ ਅੰਸ਼ ਦਿੱਤੇ ਜਾ ਹਨ।]

ਖਾੜਕੂ ਲਹਿਰ ਦਾ ਪਤਨ/ਪ੍ਰਾਪਤੀਆਂ

ਇਕ ਦਹਾਕੇ ਤੋਂ ਵੱਧ ਪੰਜਾਬ ਦੀ ਰਾਜਨੀਤੀ ‘ਤੇ ਛਾਈ ਰਹੀ ਖਾੜਕੂ ਧਿਰ ਦਾ ਪਤਨ ਇਕ ਕੌੜੀ ਸਚਾਈ ਹੈ। ਆਲੋਚਕ ਇਸ ਦੇ ਕਈ ਕਾਰਨ ਗਿਣਾਉਂਦੇ ਹਨ ਅਤੇ ਸਮਰਥਕ ਇਸ ਨੂੰ ਅਜੇ ਵੀ ਪਤਨ ਕਹਿਣ ‘ਤੇ ਇਤਰਾਜ਼ ਕਰਦੇ ਹਨ। ਮੇਰੇ ਖ਼ਿਆਲ ਵਿਚ ਇਹ ਕੁਦਰਤੀ ਭਾਣਾ ਹੈ। ਰਾਜਨੀਤਕ ਵਿਗਿਆਨ ਦਾ ਕੋਈ ਵੀ ਫ਼ਾਰਮੂਲਾ ਇਸ ਲਹਿਰ ਦੇ ਇਸ ਪੜਾਅ ਨੂੰ ਹੋਰ ਲੰਮੇਰਾ ਨਹੀਂ ਸੀ ਕਰ ਸਕਦਾ। ਦੁਨੀਆਂ ਅੰਦਰ ਕੋਈ ਵੀ ਲਹਿਰ ਆਪਣੇ ਆਪ ਨੂੰ ਇੱਕੋ ਤਰੀਕੇ ਨਾਲ 10 ਸਾਲਾਂ ਤੋਂ ਵੱਧ ਲਗਾਤਾਰ ਕਾਇਮ ਨਹੀਂ ਰੱਖ ਸਕੀ। ਇਹ ਸਮਾਂ ਜੋ ਇਸ ਲਹਿਰ ਨੇ ਕੱਢਿਆ ਹੈ ਆਮ ਲਹਿਰਾਂ ਤੋਂ ਵੱਧ ਹੀ मी।

ਲਹਿਰ ਅੰਦਰ ਆਏ ਨਿਘਾਰ ਦੇ ਵੱਖੋ-ਵੱਖਰੇ ਕਾਰਨ ਗਿਣਵਾਏ ਜਾਂਦੇ ਰਹੇ ਹਨ। ਪ੍ਰੰਤੂ ਲਹਿਰ ਤੋਂ ਬਾਹਰ ਬੈਠ ਕੇ ਭਾਵਨਾਤਮਿਕ ਸੁਝਾਵਾਂ ਨਾਲ ਲਹਿਰਾਂ ਨੂੰ ਮੋੜੇ ਨਹੀਂ ਆਉਂਦੇ ਹੁੰਦੇ। ਲਹਿਰ ਦੀਆਂ ਅੰਤਰਮੁਖੀ ਹਾਲਤਾਂ ਤੇ ਬਾਹਰਮੁਖੀ ਹਾਲਾਤ ਉਸ ਨੂੰ ਮੋੜੇ ਦੇਂਦੇ ਹਨ… ਅੱਜ ਇਸ ਲਹਿਰ ਦੀ ਨਿੰਦਿਆ ਕਰਨੀ ਸਿਰਫ਼ ਬੇਈਮਾਨੀ ਹੀ ਕਹੀ ਜਾ ਸਕਦੀ ਹੈ। ਇਸ ਲਹਿਰ ਵਿਚ ਭਾਰੀ ਨੁਕਸ ਰਹੇ ਹਨ ਪਰ ਜੋ ਪ੍ਰਾਪਤੀਆਂ ਇਸ ਲਹਿਰ ਨੇ ਕੀਤੀਆਂ ਹਨ, ਨੁਕਤਾਚੀਨੀ ਕਰਨ ਵਾਲੇ ਪੂਰੀ ਉਮਰ ਵਿਚ ਉਹ ਨਹੀਂ ਕਰ ਸਕਦੇ। ਇਸ ਲਹਿਰ ਨੇ ਕੌਮ ਅੰਦਰ ਜਾਗਰਤੀ ਪੈਦਾ ਕੀਤੀ । ਇਸ ਨੇ ਭਾਰਤੀ ਕੌਮ ਦਾ ਫ਼ਿਰਕੂ ਕਿਰਦਾਰ ਨੰਗਾ ਕੀਤਾ। ਇਸ ਨੇ ਆਜ਼ਾਦੀ ਦਾ ਮੁੱਦਾ ਸਿਆਸੀ ਏਜੰਡੇ ‘ਤੇ ਲਿਆਂਦਾ। ਇਸ ਨੇ ਦੁਨੀਆਂ ਵਿਚ ਸਿੱਖ ਕੌਮ ਦੀ ਇਕ ਦੱਬੀ ਕੁਚਲੀ ਕੌਮ ਵਜੋਂ ਪਹਿਚਾਣ ਕਰਾਈ। ਇਸ ਨੇ ਵੱਡੇ ਵੱਡੇ ਮਗਰਮੱਛ ਸਿੱਖ ਸਿਆਸਤਦਾਨਾਂ ਦੀ ਅਜਾਰੇਦਾਰੀ ਖ਼ਤਮ ਕੀਤੀ। ਇਸ ਨੇ ਅਜਿਹਾ ਮਾਹੌਲ ਪੈਦਾ ਕੀਤਾ ਜਿਸ ਵਿਚ ਸਿੱਖ ਕੌਮ ਤੇ ਭਾਰਤੀ ਕੌਮ ਵਿਚਕਾਰ ਉਪਰ ਤੋਂ ਹੇਠਾਂ ਤਕ ਇਕ ਸਪੱਸ਼ਟ ਨਿਖੇੜਾ ਦਿਖਾਈ ਦੇਣ ਲੱਗਾ। ਇਸ ਨੇ ਆਪਣੇ ਖੂਨ ਨਾਲ ਇਕ ਐਸਾ ਰਾਹ ਰੋਸ਼ਨ ਕੀਤਾ ਜਿਸ ਉੱਤੇ ਸੂਝ-ਬੂਝ ਨਾਲ ਚੱਲ ਕੇ ਕੌਮ ਆਜ਼ਾਦੀ ਦੀ ਪ੍ਰਾਪਤੀ ਹਾਸਲ ਕਰ ਸਕਦੀ ਹੈ। ਭਾਰਤੀ ਕੌਮ ਤੋਂ ਆਜ਼ਾਦੀ ਦੀ ਪ੍ਰਾਪਤੀ ਲਈ ਇਸ ਪਹਿਲੀ ਲੜਾਈ ਵਿਚ ਜੋ ਕੋਈ ਲਹਿਰ ਕਰ ਸਕਦੀ ਹੈ, ਇਸ ਲਹਿਰ ਨੇ ਉਸ ਤੋਂ ਵੱਧ ਕਰ ਦਿਖਾਇਆ। ਇਸ ਨੇ ਕੌਮੀ ਕਮਜ਼ੋਰੀਆਂ ਨੂੰ ਵੀ ਸਾਹਮਣੇ ਲਿਆਂਦਾ ਤੇ ਅਨੇਕਾਂ ਸਬਕ ਸਾਨੂੰ ਐਸੇ ਸਿਖਾਏ ਕਿ ਅਸੀਂ ਅਗਾਂਹ ਤੋਂ ਸੋਚ ਵਿਚਾਰ ਕੇ ਚੱਲੀਏ। ਕੁੱਲ ਮਿਲਾ ਕੇ ਇਹ ਲਹਿਰ ਆਪਣੇ ਜ਼ਿੰਮੇ ਲੱਗੇ ਕਾਰਜ ਨੂੰ ਨੇਪਰੇ ਚਾੜ੍ਹ ਕੇ ਅਗਲੇ ਪੜਾਅ ਲਈ ਰਾਹ ਪੱਧਰਾ ਕਰ ਗਈ ਹੈ।

ਆਜ਼ਾਦੀ ਦੀ ਲੜਾਈ ਦਾ ਅਗਲੇਰਾ ਪੜਾਅ ਕੀ ਹੋਵੇ ?

ਦੋ ਤਰ੍ਹਾਂ ਦੀ ਲਹਿਰ ਦੀ ਆਉਣ ਵਾਲੇ ਸਮੇਂ ਵਿਚ ਪੂਰੀ ਸੰਭਾਵਨਾ ਹੈ। ਇਕ ਚੋਣਵੇਂ ਖਾੜਕੂਵਾਦ (selective militancy) ਦਾ ਪੜਾਅ ਹੈ । ਪੰਜਾਬ ਤੋਂ ਬਾਹਰ ਜਾਂ ਹੋਰ ਕਿਸੇ ਦੇਸ਼ ਤੋਂ ਕਦੇ ਕਦਾਈਂ ਧਿਆਨ-ਖਿੱਚੂ ਕਾਰਵਾਈਆਂ ਕਰ ਕੇ ਖਾੜਕੂ ਲੰਮਾ ਚਿਰ ਆਪਣੀ ਹੋਂਦ ਦਿਖਾਉਂਦੇ ਰਹਿ ਸਕਦੇ ਹਨ। ਦੂਜਾ ਪੜਾਅ ਜਨਤਕ ਜੱਦੋ-ਜਹਿਦ ਹੈ। ਜੂਨ 1984 ਤੋਂ ਹੁਣ ਤਕ ਹੋਈਆਂ ਘਟਨਾਵਾਂ ਅਤੇ ਭਾਰਤੀ ਰਾਜ-ਮਸ਼ੀਨਰੀ ਤੇ ਭਾਰਤੀ ਕੌਮ ਦੇ ਦਬਾਉ ਤੇ ਬਦਲਾ-ਖ਼ੋਰ ਰਵੱਈਏ ਤੋਂ ਪ੍ਰਭਾਵਿਤ ਸਿਆਸੀ ਸਿੱਖ ਜਨਤਾ ਆਪਣੇ ਵਿਤ ਮੁਤਾਬਿਕ ਸਰਗਰਮ ਹੋਵੇਗੀ। ਇਨ੍ਹਾਂ ਵਿਚ ਉਹ ਤੱਤ ਮੁੱਖ ਭੂਮਿਕਾ ਅਦਾ ਕਰ ਸਕਦੇ ਹਨ ਜੋ ਪਿਛਲੇ ਸਮੇਂ ਵਿਚ ਆਜ਼ਾਦੀ ਲਈ ਆਪਣੇ ਢੰਗ ਨਾਲ ਲੜਨਾ ਚਾਹੁੰਦੇ ਸਨ ਪਰ ਖਾੜਕੂ ਪ੍ਰਭਾਵਿਤ ਮਾਹੌਲ ਵਿਚ ਦੋਮ ਦਰਜੇ ‘ਤੇ ਚੱਲਦੇ ਰਹੇ ਸਨ। ਉਹ ਤੱਤ ਵੀ ਆਉਣਗੇ ਜੋ ਖਾੜਕੂ ਲਹਿਰ ਦੇ ਸਮਰਥਕ ਸਨ ਪਰ ਬਾਅਦ ਵਿਚ ਇਸ ਦੇ ਨੁਕਸਾਂ ਤੋਂ ਤੰਗ ਆ ਕੇ ਘਰ ਬੈਠ ਗਏ ਸਨ । ਖਾੜਕੂ ਲਹਿਰ ਦੇ ਮੱਠਾ ਪੈ ਜਾਣ ਕਾਰਨ ਸ਼ੁਰੂ ਵਿਚ ਇਨ੍ਹਾਂ ਲੋਕਾਂ ਦੀ ਪੁੱਛ-ਪੜਤਾਲ ਵੀ ਘੱਟ ਹੀ ਹੋਵੇਗੀ ਕਿਉਂਕਿ ਪਿਛਲੇ ਸਮੇਂ ਅੰਦਰ ਇਨ੍ਹਾਂ ਦੀ ਪਛਾਣ ਵੀ ਖਾੜਕੂਆਂ ਨਾਲ ਹੀ ਕੀਤੀ ਜਾਂਦੀ ਸੀ। ਇਕ ਮੁਸ਼ਕਲ ਇਸ ਧੜੇ ਨੂੰ ਇਹ ਵੀ ਆਵੇਗੀ ਕਿ ਬਹੁਤ ਸਾਰੇ ਖਾੜਕੂ ਸਮਰਥਕ ਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਲੀਡਰ ਪਿਛਲੇ ਸਮੇਂ ਵਿਚ ਲੁੱਟਾਂ-ਖੋਹਾਂ ਤੇ ਧਨ ਇਕੱਠਾ ਕਰਨ ਦੇ ਕੰਮ ਵਿਚ ਨੀਵੇਂ ਪੱਧਰ ‘ਤੇ ਜੁਟੇ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਕੁੱਝ ਅਜਿਹੇ ਹਨ ਜਿਹਨਾਂ ਦੀ ਮਿਹਰਬਾਨੀ ਸਦਕਾ ਖਾੜਕੂ ਲਹਿਰ ਵਿਚ ਨਿਘਾਰ ਆਇਆ ਸੀ। ਇਨ੍ਹਾਂ ਲੋਕਾਂ ਤੋਂ ਸਪੱਸ਼ਟ ਨਿਖੇੜਾ ਕਰਨਾ ਵੀ ਇਕ ਮੁਸ਼ਕਲ ਕੰਮ ਬਣੇਗਾ।

ਆਜ਼ਾਦੀ ਦੀ ਲੜਾਈ ਦਾ ਅਗਲੇਰਾ ਪੜਾਅ ਜਨਤਕ ਜਮਹੂਰੀ ਮੋਰਚੇ ਦਾ ਹੋਣਾ ਚਾਹੀਦਾ ਹੈ। ਪਰ ਜੇਕਰ ਇਹ ਉਸਰ ਨਾ ਸਕਿਆ ਤਾਂ ਕੁਦਰਤੀ ਤੌਰ ‘ਤੇ ਚੋਣਵਾਂ ਖਾੜਕੂਵਾਦ ਇਸ ਦੀ ਜਗ੍ਹਾ ਲੈ ਲਵੇਗਾ ਅਤੇ ਇਹ ਦੌਰ ਮਾਨਵਤਾ ਲਈ ਇਕ ਲੰਮਾ ਕਸ਼ਟ ਵੀ ਪੈਦਾ ਕਰ ਸਕਦਾ ਹੈ ਤੇ ਅਸਲ ਮੁੱਦੇ ਨੂੰ ਲਮਕਾਵੇਗਾ ਵੀ। ਇਕ ਗੱਲ ਸਪੱਸ਼ਟ ਰਹਿਣੀ ਚਾਹੀਦੀ ਹੈ ਕਿ ਖ਼ਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਮੁਕਾਬਲੇ ‘ਤੇ ਭਾਰਤੀ ਹਕੂਮਤ ਰਵਾਇਤੀ ਅਕਾਲੀ ਲੀਡਰਾਂ ਨੂੰ ਜ਼ਰੂਰ ਵਰਤੋਂ ਵਿਚ ਲਿਆਉਂਦੀ ਰਹੇਗੀ। ਇਸ ਲਈ ਜਦ ਵੀ ਆਜ਼ਾਦੀ ਪਸੰਦ ਕਮਜ਼ੋਰ ਹੋਇਆ ਕਰਨਗੇ, ਰਵਾਇਤੀ ਅਕਾਲੀ ਆਗੂਆਂ ਦੀ ਚੜ੍ਹਤ ਹੋਇਆ ਹੀ ਕਰੇਗੀ। ਪਰ ਸਾਨੂੰ ਇਨ੍ਹਾਂ ਆਗੂਆਂ ਦੀ ਜ਼ਾਤੀ ਨਿੰਦਾ ਕਰ ਕੇ ਇਨ੍ਹਾਂ ਨੂੰ ਖਦੇੜਨ ਦੇ ਪੈਂਤੜੇ ‘ਤੇ ਹੀ ਚੱਲਦਿਆਂ ਨਹੀਂ ਰਹਿਣਾ ਚਾਹੀਦਾ, ਬਲਕਿ ਉਨ੍ਹਾਂ ਨੂੰ ਕੌਮ ਦੇ ਸਾਹਮਣੇ ਇਮਤਿਹਾਨ ਵਿਚ ਪੈਂਦੇ ਰਹਿਣ ਦਾ ਮਾਹੌਲ ਬਣਾਈ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਕੌਮੀ ਵਿਰੋਧਤਾਈ ਨੂੰ ਤਿੱਖਿਆਂ ਕਰਦੇ ਰਹੇ ਤਾਂ ਰਵਾਇਤੀ ਅਕਾਲੀ ਲੀਡਰਸ਼ਿੱਪ ਜਾਂ ਤਾਂ ਆਪਣੀ ਸੁਰ ਬਦਲੇਗੀ ਜਾਂ ਘਰ ਬੈਠ ਸਕਦੀ ਹੈ।

ਅੱਜ ਰਵਾਇਤੀ ਲੀਡਰਾਂ ਦੀ ਚੜ੍ਹਤ ਦੇ ਦਿਨ ਹਨ। ਬਿਨਾਂ ਸ਼ੱਕ ਲੋਕ ਖਾੜਕੂ ਲਹਿਰ ਤੋਂ ਕੁੱਝ ਚਿਰ ਲਈ ਖਹਿੜਾ ਛੁਡਾਉਣਾ ਚਾਹੁੰਦੇ ਹਨ। ਉਹ ਖਾੜਕੂ ਤੇ ਆਜ਼ਾਦੀ ਇੱਕੋ ਸਿੱਕੇ ਦੇ ਦੋ ਪਾਸੇ ਸਮਝਦੇ ਹਨ। ਜੇਕਰ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਖਾੜਕੂ ਸਮਝ ਕੇ ਬਕਦੇ ਹਨ। ਇਹ ਇਕ ਕੁਦਰਤੀ ਵਰਤਾਰਾ ਹੈ ਕਿਉਂਕਿ ਸਿਰਫ਼ ਤੇ ਸਿਰਫ਼ ਖਾੜਕੂਆਂ ਨੇ ਹੀ ਆਜ਼ਾਦੀ ਦੀ ਲੜਾਈ ਲੜੀ ਹੈ । ਜਮਹੂਰੀ ਸੁਭਾਅ ਵਾਲੇ ਲੋਕਾਂ ਨੇ ਆਜ਼ਾਦੀ ਦੀਆਂ ਗੱਲਾਂ ਭਾਵੇਂ ਕੀਤੀਆਂ ਹੋਣ ਪਰ ਆਜ਼ਾਦੀ ਲਈ ਕੀਤਾ ਕੁੱਝ ਨਹੀਂ ਹੈ। ਸਾਨੂੰ ਆਜ਼ਾਦੀ ਦੀ ਲੜਾਈ ਦਾ ਇਕ ਜਮਹੂਰੀ ਮਾਡਲ ਪੇਸ਼ ਕਰਨਾ ਹੋਵੇਗਾ, ਜਿਸ ਤੋਂ ਲੋਕਾਂ ਨੂੰ ਇਹ ਵਖਰੇਵਾਂ ਸਪੱਸ਼ਟ ਹੋ ਸਕੇ ਕਿ ਪਿਛਲੀਆਂ ਗ਼ਲਤੀਆਂ ਦੁਹਰਾਈਆਂ ਨਹੀਂ ਜਾਣਗੀਆਂ। ਇਸ ਵਾਸਤੇ ਧੀਰਜ ਨਾਲ ਇਸ ਜੱਦੋ-ਜਹਿਦ ਨੂੰ ਮੁੱਢੋਂ-ਸੁੱਢੋਂ ਸ਼ੁਰੂ ਕਰਨਾ ਹੋਵੇਗਾ। ਇਸ ਪੜਾਅ ਵਿਚ ਆਪੂੰ ਬਣੇ ਕੌਮੀ ਲੀਡਰ ਜ਼ਰੂਰ ਨਿਰਾਸ਼ਤਾ ਦਾ ਸ਼ਿਕਾਰ ਹੋਣਗੇ। ਉਹ ਇਮਾਨਦਾਰ ਹੁੰਦਿਆਂ ਹੋਇਆਂ ਵੀ ਕੌਮੀ ਰਾਜਨੀਤੀ ਵਿਚ ਆਪਣਾ ਦਰਜਾ ਘਟਦਾ ਬਰਦਾਸ਼ਤ ਨਹੀਂ ਕਰਨਗੇ। ਇਸ ਕਾਰਨ ਇਸ (ਖਾੜਕੂ) ਧਿਰ ਨੂੰ ਹੋਰ ਨੁਕਸਾਨ ਹੋਏਗਾ। ਖਾੜਕੂ ਲਹਿਰ ਦੀ ਨੁਕਤਾਚੀਨੀ ਦਾ ਲੋਕ-ਗੁੱਸਾ ਸਾਨੂੰ ਸਬਰ ਨਾਲ ਬਰਦਾਸ਼ਤ ਕਰਨਾ ਪਵੇਗਾ, ਚਾਹੇ ਅਸੀਂ ਇਸ ਵਿਚ ਕਸੂਰਵਾਰ ਨਾ ਵੀ ਰਹੇ ਹੋਈਏ। ਇਹ ਹਰੇਕ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ। ਇਸ ਕਾਰਨ ਕਈ ਲੋਕ ਕੌਮੀ ਕਿਰਦਾਰ ਨੂੰ ਗਾਹਲ- ਮੰਦਾ ਕਰ ਕੇ ਸੰਨਿਆਸ ਵੀ ਲੈ ਲੈਣਗੇ। ਇਕ ਸਭ ਤੋਂ ਜ਼ਿਆਦਾ ਖ਼ਿਆਲ ਰੱਖਣ ਵਾਲੀ ਗੱਲ ਹੋਵੇਗੀ ਕਿ ਭਾਰਤੀ ਹਕੂਮਤ ਸਾਨੂੰ ਫਿਰ ਕੱਚਘਰੜ ਹਾਲਤ ਵਿਚ ਹੀ ਉਤੇਜਿਤ ਕਰ ਕੇ ਮਾਅਰਕੇਬਾਜ਼ੀ ਵੱਲ ਖਿੱਚੇਗੀ। ਸਾਡੇ ਵਿਚ ਪੈਦਾ ਕੀਤੀ ਭੜਕਾਹਟ ਉਸ ਦੇ ਹੱਕ ਵਿਚ ਹੈ ਪਰ ਧੀਰਜ ਤੇ ਸਬਰ ਸਾਡੀ ਲੋੜ ਹੈ। ਕਈ ਬਾਹਰੀ ਸ਼ਕਤੀਆਂ ਵੀ ਆਪਣੇ ਫ਼ਾਰਮੂਲੇ ਲਾਗੂ ਕਰਨ ਦੀ ਕੋਸ਼ਿਸ਼ ਕਰਨਗੀਆਂ। ਇਸ ਕਰਕੇ ਇਸ ਪਲੇਟਫ਼ਾਰਮ ਦੀ ਲੀਡਰਸ਼ਿੱਪ ਹਲੀਮੀ, ਦੂਰਦ੍ਰਿਸ਼ਟੀ ਤੇ ਪੱਕੇ ਇਰਾਦੇ ਦੀ ਧਾਰਨੀ ਹੋਣ ਦੀ ਲੋੜ ਹੈ।

ਕਿਥੋਂ ਸ਼ੁਰੂ ਕਰੀਏ ?

ਸਭ ਤੋਂ ਪਹਿਲਾਂ ਸਾਨੂੰ ਸਿੱਖਾਂ ਅੰਦਰ ਕੌਮੀ ਭਾਵਨਾ ਮਜ਼ਬੂਤ ਕਰਨ ਲਈ ਸਰਗਰਮ ਹੋਣਾ ਪਵੇਗਾ। ਸਿਰਫ਼ ਧਾਰਮਿਕ ਭਾਵਨਾ ਮੁਲਕ ਪੈਦਾ ਨਹੀਂ ਕਰਦੀ। ਕੌਮ ਉਸ ਜਨ- ਸਮੂੰਹ ਦਾ ਨਾਂ ਹੁੰਦਾ ਹੈ ਜੋ ਰਾਜਨੀਤਕ ਤੌਰ ‘ਤੇ ਇਕਜੁੱਟ ਇਕਾਈ ਦਾ ਰੂਪ ਰੱਖਦੇ ਹਨ ਤੇ ਇਕ ਖ਼ਾਸ ਖਿੱਤੇ ਅੰਦਰ ਆਪਣਾ ਰਾਜ-ਪ੍ਰਬੰਧ ਸਥਾਪਤ ਕਰ ਕੇ ਸਮਾਜਿਕ ਵਿਕਾਸ ਚਾਹੁੰਦੇ ਹਨ। ਆਮ ਧਰਮਾਂ ਵਾਂਗ ਸਿੱਖ ਵੀ ਇਕ ਧਰਮ ਹੁੰਦਿਆਂ ਲੋਕਾਂ ਨੂੰ ਇਕ ਵਿਸ਼ੇਸ਼ ਜੀਵਨ ਜਾਚ ਦੱਸਦਾ ਹੈ। ਪਰ ਜਦ ਇਹ ਇਕ ਕੌਮ ਦਾ ਰੂਪ ਧਾਰਨ ਕਰਦਾ ਹੈ ਤਾਂ ਇਹ ਇਕ ਵਿਸ਼ੇਸ਼ ਰਾਜਨੀਤਕ ਲਖਸ਼ ਵੀ ਸਾਹਮਣੇ ਰੱਖਦਾ ਹੈ…ਦੁਨੀਆਂ ਵਿਚ ਕੁੱਝ ਕੌਮਾਂ ਆਪਣੇ ਕੌਮੀ ਰਾਜ ਸਥਾਪਤ ਕਰ ਚੁੱਕੀਆਂ ਹਨ ਤੇ ਕੁੱਝ ਕੌਮਾਂ ਰਾਜ ਲਈ ਲੜ ਰਹੀਆਂ ਹਨ। ਲੜ ਰਹੀ ਕੌਮ ਆਪਣੇ ਉੱਤੇ ਕਾਬਜ਼ ਕੌਮ ਤੋਂ ਆਜ਼ਾਦੀ ਮੰਗਦੀ ਹੈ ਤੇ ਕਾਬਜ਼ ਕੌਮ ਆਪਣੀ ਸਰਕਾਰ ਰਾਹੀਂ ਉਸ ਕੌਮ ਨੂੰ ਦਬਾਉਂਦੀ ਹੈ। ਲੜ ਰਹੀ ਕੌਮ ਦਾ ਇਕਦਮ ਵਾਹ-ਵਾਸਤਾ ਸਾਹਮਣੇ ਦਿੱਖਦੀ ਸਰਕਾਰ ਨਾਲ ਪੈਂਦਾ ਹੈ। ਪਰ ਜਦ ਲੜਾਈ ਸ਼ੁਰੂ ਹੁੰਦੀ ਹੈ ਤਾਂ ਕਾਬਜ਼ ਕੌਮ ਆਪਣੀ ਸਰਕਾਰ ਦੀ ਪਿੱਠ ‘ਤੇ ਪੂਰੀ ਤਰ੍ਹਾਂ ਖੜ ਜਾਂਦੀ ਹੈ। ਇਸ ਮੌਕੇ ‘ਤੇ ਲੜ ਰਹੀ ਕੌਮ ਦੀ ਵਿਰੋਧਤਾਈ ਸਰਕਾਰ ਰਾਹੀਂ ਦਬਾਅ ਰਹੀ ਕੌਮ ਨਾਲ ਬਣਦੀ ਹੈ। ਜਿਹੜੀਆਂ ਕੌਮਾਂ ਆਪਣੀ ਲੜਾਈ ਨੂੰ ਸਰਕਾਰੀ ਮਸ਼ੀਨਰੀ ਨਾਲ ਝਗੜੇ ਤਕ ਸੀਮਤ ਰੱਖਦੀਆਂ ਹਨ, ਦੁਨੀਆਂ ਦੀਆਂ ਨਜ਼ਰਾਂ ਵਿਚ ਉਹ ਅਮਨ-ਕਾਨੂੰਨ ਦੇ ਮਸਲੇ ਦੀ ਤਰ੍ਹਾਂ ਵਿਚਾਰੀਆਂ ਜਾਂਦੀਆਂ ਹਨ।

ਪਿਛਲੇ ਸਮੇਂ ਵਿਚ ਖਾੜਕੂ ਧਿਰਾਂ ਭਾਰਤ ਸਰਕਾਰ ਵਿਰੁੱਧ ਲੜੀਆਂ ਤਾਂ ਪਹਿਲੇ ਦੌਰ ਵਿਚ ਸਰਕਾਰ ਨੇ ਫ਼ੌਜ ਰਾਹੀਂ ਅਪਰੇਸ਼ਨ ਬਲਿਊ ਸਟਾਰ ਤੇ ਵੁੱਡ ਰੋਜ਼ ਰਾਹੀਂ ਸਿੱਖਾਂ ‘ਤੇ ਵਾਰ ਕੀਤਾ। ਇਸ ਦੇ ਬਦਲੇ ਵਿਚ ਇੰਦਰਾ ਗਾਂਧੀ ਦਾ ਕਤਲ ਹੋਇਆ। ਇਹ ਇਕ ਸਿਆਸੀ ਕਤਲ ਸੀ । ਭਾਰਤੀ ਕੌਮ ਦੇ ਸਿਆਸੀ ਕੇਂਦਰ ਉੱਤੇ ਹੋਏ ਹਮਲੇ ਦਾ ਕੌਮੀ ਪੱਧਰ ‘ਤੇ ਜੁਆਬ ਦਿੰਦਿਆਂ ਭਾਰਤੀਆਂ ਨੇ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ। ਇਹ ਇਕ ਮੋੜ ਸੀ ਜਦ ਭਾਰਤੀ ਕੌਮ ਰਾਜ ਮਸ਼ੀਨਰੀ ਦੀ ਪਿੱਠ ‘ਤੇ ਪੂਰੇ ਕੌਮੀ ਜਨੂੰਨ ਨਾਲ ਖੜੀ ਹੋ ਕੇ ਸਿੱਖਾਂ ਵਿਰੁੱਧ ਲੜਨ ਲਈ ਮੈਦਾਨ ਵਿਚ ਨਿੱਤਰੀ । ਉਸ ਦਿਨ ਤੋਂ ਅੱਜ ਤਕ ਹਰੇਕ ਭਾਰਤੀ ਚੇਤੰਨ ਤੌਰ ‘ਤੇ ਸਿੱਖ ਸੰਘਰਸ਼ ਦੇ ਵਿਰੁੱਧ ਡਟਿਆ ਪਿਆ ਹੈ । ਏਸੇ ਕਾਰਨ ਤਮਾਮ ਕੌਮੀ ਰਾਜਨੀਤਕ ਪਾਰਟੀਆਂ ਉਨ੍ਹਾਂ (ਬਹੁਗਿਣਤੀ ਭਾਰਤੀ ਵਰਗ) ਦੀਆਂ ਭਾਵਨਾਵਾਂ ਸਾਹਮਣੇ ਗੋਡੇ ਟੇਕ ਕੇ ਸਿੱਖਾਂ ਉੱਤੇ ਹੋਏ ਜ਼ੁਲਮ ਦੀ ਸਿੱਧੀ ਜਾਂ ਅਸਿੱਧੀ ਹਾਮੀ ਭਰ ਰਹੀਆਂ ਹਨ।

ਸਿੱਖਾਂ ਵਿਰੁੱਧ ਭਾਰਤੀ ਕੌਮ ਦੀ ਇਕਜੁਟਤਾ ਦੇ ਜੁਆਬ ਵਿਚ ਸਿੱਖਾਂ ਅੰਦਰ ਕੌਮੀ- ਰਾਜਨੀਤਕ ਜਾਗਰੂਕਤਾ ਨਹੀਂ ਆ ਸਕੀ। ਇਸ ਦੇ ਦੋ ਕਾਰਨ ਹਨ। ਇਕ ਤਾਂ ਖਾੜਕੂਆਂ ਵੱਲੋਂ ਕੌਮੀ ਵਿਰੋਧਤਾਈ ਨੂੰ ਗ਼ਲਤ ਤਰੀਕੇ ਨਾਲ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਵੱਲੋਂ ਭਾਰਤੀ ਗ਼ਰੀਬਾਂ ਨੂੰ ਗੱਡੀਆਂ-ਬੱਸਾਂ ਵਿਚ ਮਾਰ ਕੇ ਬਦਲੇ ਦੀ ਕਾਰਵਾਈ ਕੀਤੀ ਗਈ। ਸਿੱਖ ਧਰਮੀ ਲੋਕ ਹੁੰਦੇ ਹਨ ਇਸ ਕਰਕੇ ਉਨ੍ਹਾਂ ਇਸ ਰਸਤੇ ਨੂੰ ਅਪ੍ਰਵਾਨ ਕਰ ਕੇ ਨਿਰਦੋਸ਼ ਭਾਰਤੀਆਂ ਨਾਲ ਹਮਦਰਦੀ ਜਤਾਈ ਜੋ ਕਿ ਕੁਦਰਤੀ ਵਰਤਾਰਾ ਸੀ। ਦੂਜਾ ਕੰਮ ਸਿੱਖ ਸਿਆਸੀ ਲੀਡਰਸ਼ਿੱਪ ਦਾ ਸੀ । ਉਹ ਆਪਣਾ ਬਣਦਾ ਫ਼ਰਜ਼ ਨਾ ਨਿਭਾਅ ਸਕੇ। ਦਿੱਲੀ ਵਿਚ ਸਿੱਖਾਂ ਦੇ ਕੀਤੇ ਕਤਲੇਆਮ ਦੀ ਭਾਵੇਂ ਕਈ ਭਾਰਤੀ ਰਾਜਨੀਤੀਵਾਨਾਂ ਨੇ ਦੱਬਵੀਂ ਆਲੋਚਨਾ ਕੀਤੀ ਸੀ ਪਰ ਉਨ੍ਹਾਂ ਸਿੱਖਾਂ ਨੂੰ ਗੁਲਾਮ ਰੱਖਣ ਦੀ ਕੌਮੀ ਭਾਰਤੀ ਭਾਵਨਾ ਨੂੰ ਕਦੇ ਵੀ ਕਮਜ਼ੋਰ ਨਹੀਂ ਸੀ ਹੋਣ ਦਿੱਤਾ। ਪਰ ਸਿੱਖ ਸਿਆਸਤਦਾਨਾਂ ਨੇ ਖਾੜਕੂਆਂ ਵੱਲੋਂ ਕੀਤੇ ਗ਼ਲਤ ਢੰਗ ਦੇ ਵਾਰ ਦੀ ਆਲੋਚਨਾ ਕਰਦਿਆਂ ਸਿੱਖਾਂ ਦੇ ਗ਼ੁਲਾਮ ਰੁਤਬੇ ਦੀ ਲਗਾਤਾਰ ਪ੍ਰੋੜ੍ਹਤਾ ਕੀਤੀ ਤੇ ਸਿੱਖ ਮਾਨਸਿਕਤਾ ਅੰਦਰ ਇਹ ਗੱਲ ਜ਼ੋਰ ਨਾਲ ਭਰਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਭਾਰਤੀ ਲੋਕਾਂ ਨਾਲ ਕੋਈ ਝਗੜਾ ਹੀ ਨਹੀਂ ਹੈ, ਐਵੇਂ ਪ੍ਰਬੰਧਕਾਂ ਨਾਲ ਮਾੜੀ ਮੋਟੀ ਨਾਰਾਜ਼ਗੀ ਹੈ। ਇਸ ਤਰ੍ਹਾਂ ਦੋਵੇਂ ਧਿਰਾਂ ਕੌਮੀ ਚੇਤਨਤਾ ਪੈਦਾ ਕਰਨ ਵਿਚ ਨੁਕਸਦਾਰ ਪਹੁੰਚ ਅਖ਼ਤਿਆਰ ਕਰ ਗਈਆਂ। ਚਾਹੀਦਾ ਤਾਂ ਇਹ ਸੀ ਕਿ ਜਮਹੂਰੀ ਢੰਗ ਨਾਲ ਹਰੇਕ ਭਾਰਤੀ ‘ਤੇ ਸੁਆਲ ਕੀਤਾ ਜਾਂਦਾ ਕਿ ਉਹ ਸਾਨੂੰ ਗ਼ੁਲਾਮ ਬਣਾਈ ਰੱਖਣ ਲਈ ਇਸ ਅਸੱਭਿਅ ਤਰੀਕੇ ਨਾਲ ਕੀ ਦਿਲੋਂ ਸਹਿਮਤ ਹਨ ? ਅਤੇ ਜੇ ਜੇਕਰ ਸਹਿਮਤ ਹਨ ਤਾਂ ਸਾਡੀ ਕੌਮ ਤੋਂ ਤੁਸੀਂ ਕਿਹੋ ਜਿਹੇ ਸੰਬੰਧਾਂ ਦੀ ਆਸ ਰੱਖਦੇ ਹੋ ? ਅੱਜ ਉਸ ਘਾਟ ਨੂੰ ਪੂਰਿਆਂ ਕਰਨ ਲਈ ਸਾਨੂੰ ਜ਼ਿਆਦਾ ਜ਼ੋਰ ਨਾਲ ਕੰਮ ਕਰਨਾ ਪਵੇਗਾ।

ਅੱਜ ਭਾਰਤੀ ਲੋਕ ਦੂਜੀਆਂ (ਘੱਟ-ਗਿਣਤੀ) ਕੌਮਾਂ ਨੂੰ ਦਿੱਤੀਆਂ ਕੁੱਝ ਰਿਆਇਤਾਂ ਵੀ ਵਾਪਸ ਲੈਣ ਲਈ ਉਤਾਰੂ ਹਨ। ਇਸ ਲਈ ਉਹ ਬੀ.ਜੇ.ਪੀ. ਨੂੰ ਭਾਰਤ ਦੀ ਵਾਗਡੋਰ ਦੇਣ ਲਈ ਵੀ ਸੋਚ ਰਹੇ ਹਨ। ਬਾਬਰੀ ਮਸਜਿਦ ਢਹਿਣ ਨਾਲ ਇਸ ਖਿੱਤੇ ਅੰਦਰਲੇ ਮੁਸਲਮਾਨ ਇਕ ਧਾਰਮਿਕ ਇਕਾਈ ਦੀ ਥਾਂ ਕੌਮੀ ਇਕਾਈ ਦਾ ਰੂਪ ਧਾਰਨ ਕਰਨ ਜਾ ਰਹੇ ਹਨ। ਜੇਕਰ ਲਾਲ ਕਿਲ੍ਹੇ ਉੱਤੇ ਭਗਵਾਂ ਝੰਡਾ ਲਹਿਰਾਉਣ ਵਿਚ ਬੀ.ਜੇ.ਪੀ. ਕਾਮਯਾਬ ਹੋ ਜਾਂਦੀ ਹੈ ਤਾਂ ਈਸਾਈ ਲੋਕ ਵੀ ਕੌਮੀ-ਰਾਜਨੀਤਕ ਇਕਾਈ ਦਾ ਰੂਪ ਧਾਰਨ ਕਰ ਜਾਣਗੇ। ਇਸ ਤਰ੍ਹਾਂ ਅਸਲ ਵਿਰੋਧਤਾਈ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗੀ। ਸੋ ਸਾਨੂੰ ਸਿਰਫ਼ ਅਮਨ ਕਾਨੂੰਨ ਦੀ ਸਮੱਸਿਆ ਖੜੀ ਕਰਦੇ ਰਹਿਣ ਦੀ ਥਾਂ ਅਸਲ ਸਮਾਜਿਕ ਸਮੱਸਿਆ ਨੂੰ ਹੱਥ ਪਾਉਣਾ ਪਵੇਗਾ ਅਤੇ ਸਿੱਖ ਕੌਮ ਤੇ ਭਾਰਤੀ ਕੌਮ ਦੀ ਵਿਰੋਧਤਾਈ ਦੀ ਹੇਠਾਂ ਤਕ ਵਿਆਖਿਆ ਕਰਨੀ ਪਵੇਗੀ। ਸਾਡੀ ਲੜਾਈ ਕਿਸੇ ਫ਼ੌਜ ਜਾਂ ਪੁਲਸ ਨਾਲ ਨਹੀਂ ਹੈ। ਅਸੀਂ ਤਾਂ ਭਾਰਤੀ ਕੌਮ ਤੋਂ ਵੱਖਰਾ ਇਕ ਕੌਮੀ ਰਾਜ ਚਾਹੁੰਦੇ ਹਾਂ ਅਤੇ ਭਾਰਤੀ ਕੌਮ ਫ਼ੌਜ ਪੁਲਸ ਰਾਹੀਂ ਸਾਨੂੰ ਦੱਬ ਕੇ ਰੱਖਣਾ ਚਾਹੁੰਦੀ ਹੈ। ਸਾਨੂੰ ਇਹ ਮੁੱਦਾ ਪ੍ਰਚੰਡ ਕਰਨਾ ਪਵੇਗਾ ਤੇ ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਇਸ ਵਿਰੋਧਤਾਈ ਨੂੰ ਲੋਕ ਵਿਰੋਧਤਾਈ ਵਿਚ ਬਦਲਣੋਂ ਨਾ ਝਿਜਕੀਏ।

ਭਾਰਤੀ ਲੋਕ ਕਿਸੇ ਤਰ੍ਹਾਂ ਦਾ ਓਹਲਾ ਨਹੀਂ ਰੱਖ ਰਹੇ ਕਿ ਉਹ ਸਾਡੀ ਆਜ਼ਾਦੀ ਲਈ ਲੜੀ ਜਾ ਰਹੀ ਜੰਗ ਦੀ ਹਰ ਤਰੀਕੇ ਨਾਲ ਵਿਰੋਧਤਾ ਕਰਨ ਲਈ ਤਿਆਰ ਹਨ ਪਰ ਅਸੀਂ ਉਨ੍ਹਾਂ ਤੋਂ ਸੰਗਦੇ ਜਾਂ ਡਰਦੇ ਇਹ ਆਖਣ ਲਈ ਤਿਆਰ ਨਹੀਂ ਕਿ ਭਲੇਮਾਣਸੋ ਸਾਡਾ ਖਹਿੜਾ ਛੱਡੋ ਅਸੀਂ ਆਜ਼ਾਦੀ ਚਾਹੁੰਦੇ ਹਾਂ । ਇਸ ਪੜਾਅ ਵਿਚ ਸਾਨੂੰ ਪੂਰੀ ਤਰ੍ਹਾਂ ਜਮਹੂਰੀ ਤੇ ਮਾਨਵਵਾਦੀ ਪਹੁੰਚ ਅਖ਼ਤਿਆਰ ਕਰਨੀ ਪਵੇਗੀ ਅਤੇ ਭਾਰਤੀ ਕੌਮ ਵੱਲੋਂ ਭੜਕਾਉਣ ਦੇ ਬਾਵਜੂਦ ਦੁਨੀਆਂ ਨੂੰ ਆਪਣੀ ਗੱਲ ਸ਼ਾਂਤੀ ਨਾਲ ਸਮਝਾਉਣੀ ਪਵੇਗੀ। ਇਸ ਸਟੇਜ ‘ਤੇ ਭਾਰਤੀ ਕੌਮ ਹਮਲਾਵਰ ਰਸਤਾ ਅਖ਼ਤਿਆਰ ਕਰੇਗੀ ਤੇ ਦੁਨੀਆਂ ਦੀਆਂ ਨਜ਼ਰਾਂ ਵਿਚ ਨੰਗੀ ਹੋਵੇਗੀ। ਫਿਰ ਉਸ ਦੀਆਂ ਫ਼ੌਜਾਂ ਵੀਅਤਨਾਮ ਤੇ ਅਫ਼ਗ਼ਾਨਿਸਤਾਨ ਵਿਚਲੀਆਂ ਬਦੇਸ਼ੀ ਫ਼ੌਜਾਂ ਦੀ ਤਰ੍ਹਾਂ ਦੁਨੀਆਂ ਵਿਚ ਸਮਝੀਆਂ ਜਾਣਗੀਆਂ। ਦੁਨੀਆਂ ਦੀ ਰਾਇ-ਆਮਾ ਸਾਡੇ ਹੱਕ ਵਿਚ ਹੋਵੇਗੀ। ਉਸ ਸਮੇਂ ਤਕ ਭਾਰਤੀ ਕੌਮ ਮੁਸਲਿਮ ਤੇ ਈਸਾਈ ਲੋਕਾਂ ਨਾਲ ਉਲਝ ਚੁੱਕੀ ਹੋਵੇਗੀ।

ਧਰਮ ਤੇ ਰਾਜਸੀ ਵਿਹਾਰ ਦਾ ਆਪਸੀ ਰਿਸ਼ਤਾ

ਧਰਮ ਵਿਅਕਤੀ ਦੀ ਸਮੁੱਚੀ ਸੋਚ ਤੇ ਜੀਵਨ-ਜਾਚ ਨੂੰ ਪ੍ਰਭਾਵਿਤ ਕਰਦਾ ਹੈ। ਰਾਜਸੀ ਵਿਹਾਰ ਇਸ ਜੀਵਨ-ਜਾਚ ਦਾ ਇਕ ਅੰਗ ਹੈ। ਕਿਉਂਕਿ ਸਾਡੇ ਅੰਦਰ ਚਲੇ ਆ ਰਹੇ ਧਾਰਮਿਕ ਸੰਸਕਾਰਾਂ ਦੇ ਮੱਤਭੇਦ ਸਾਡੇ ਰਾਜਨੀਤਕ ਕਾਰ-ਵਿਹਾਰ ਨੂੰ ਸੂਤਰਬੱਧ ਕਰ ਰਹੇ ਹਨ। ਇਸ ਕਰਕੇ ਇਸ ਗੱਲ ਤੋਂ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ, ਹਰੇਕ ਵੈਦਿਕ ਬੰਦਾ ਵੱਖਰੀ ਰਾਜਨੀਤਕ ਤੇ ਕੌਮੀ ਇਕਾਈ ਦਾ ਅੰਗ ਹੈ ਤੇ ਗੁਰਬਾਣੀ ਦਾ ਓਟ ਆਸਰਾ ਲੈਣ ਵਾਲਾ ਹਰੇਕ ਸਿੱਖ ਇਕ ਵੱਖਰੀ ਕੌਮ ਦਾ ਹਿੱਸਾ ਹੈ। ਇਸ ਆਧਾਰ ‘ਤੇ ਉਹ ਘਸੀਆਂ ਪਿਟੀਆਂ ਦਲੀਲਾਂ ਜੋ ਮੁਸਲਿਮ ਵਿਰੋਧ ਵਿੱਚੋਂ ਮਿਲੀਆਂ ਸਨ, ਛੱਡ ਦੇਣੀਆਂ ਚਾਹੀਦੀਆਂ ਹਨ ਕਿ ਹਿੰਦੂ-ਸਿੱਖਾਂ ਦਾ ਲਹੂ-ਮਾਸ ਦਾ ਰਿਸ਼ਤਾ ਹੈ। ਸਾਡਾ ਸਮੁੱਚੀ ਮਾਨਵਤਾ ਨਾਲ ਚੰਗਾ ਸਮਾਜਿਕ ਰਿਸ਼ਤਾ ਹੈ ਤੇ ਭਾਰਤੀਆਂ ਨਾਲ ਵੀ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਬਾਕੀ ਕੌਮਾਂ ਦੇ ਚੰਗੇ ਗਵਾਂਢੀ ਬਣ ਸਕਦੇ ਹਾਂ ਤਾਂ ਭਾਰਤੀ ਕੌਮ ਦੇ ਵੀ ਚੰਗੇ ਗਵਾਂਢੀ ਦੇ ਤੌਰ ‘ਤੇ ਸਤਿਕਾਰ ਕਰਾਂਗੇ।

ਜਥੇਬੰਦਕ ਸਰੂਪ ਕੀ ਹੋਵੇ ?

ਹਰੇਕ ਜੱਦੋ-ਜਹਿਦ ਲਈ ਤਿੰਨ ਪੱਖਾਂ ਦਾ ਸਮਤੋਲ ਜ਼ਰੂਰੀ ਹੈ। ਵਿਚਾਰ, ਲਹਿਰ ਤੇ ਪਾਰਟੀ। ਚਾਹੇ ਦੇਖਣ ਨੂੰ ਇਹ ਤਿੰਨੇ ਚੀਜ਼ਾਂ ਇਕ ਦੂਜੇ ਦੇ ਵਿੱਚੋਂ ਹੀ ਮਿਲ ਜਾਂਦੀਆਂ ਹਨ ਪਰ ਇਨ੍ਹਾਂ ਦੀ ਸਪੱਸ਼ਟਤਾ ਸੰਘਰਸ਼ ਨੂੰ ਮਜ਼ਬੂਤ ਕਰਦੀ ਹੈ। ਸਾਨੂੰ ਇਨ੍ਹਾਂ ਤਿੰਨਾਂ ਪੱਖਾਂ ‘ਤੇ ਬਾਕਾਇਦਾ ਧਿਆਨ ਕੇਂਦਰਿਤ ਕਰਨਾ ਪਵੇਗਾ। ਇਸ ਸੌੜੇਪਨ ਤੋਂ ਉਪਰ ਉੱਠਣਾ ਪਵੇਗਾ ਕਿ ਤਕਨੀਕੀ ਤੌਰ ‘ਤੇ ਇਹ ਤਿੰਨੇ ਚੀਜ਼ਾਂ ਜ਼ਰੂਰੀ ਹੀ ਇਕੱਠੀਆਂ ਚੱਲਣ । ਸਾਨੂੰ ਇਹ ਲਚਕ ਰੱਖਣੀ ਪਵੇਗੀ ਕਿ ਸਾਰੇ ਸਿੱਖਾਂ ਦੇ ਆਜ਼ਾਦੀ ਪ੍ਰਤਿ ਇਕ ਵਿਚਾਰ ਹੋਣ ‘ਤੇ ਵੀ ਜ਼ਰੂਰੀ ਨਹੀਂ ਕਿ ਉਹ ਇਕਜੁੱਟ ਲਹਿਰ ਵਿਚ ਸ਼ਰੀਕ ਹੋਣ ਤੇ ਲਹਿਰ ਵਿਚ ਸ਼ਾਮਲ ਸਾਰੇ ਸਿੱਖ ਜ਼ਰੂਰੀ ਨਹੀਂ ਕਿ ਇਕ ਪਾਰਟੀ ਵਿਚ ਸ਼ਾਮਲ ਹੋਣ। ਆਜ਼ਾਦੀ ਦਾ ਵਿਚਾਰ ਕੌਮੀ ਵਿਚਾਰ ਬਣ ਜਾਵੇ, ਇਸ ਲਈ ਸਾਨੂੰ ਸਰਗਰਮੀਆਂ ਕਰਦਿਆਂ ਲਹਿਰ ਦੇ (ਜਥੇਬੰਦਕ) ਸਰੂਪ ਬਾਰੇ ਕੱਟੜਤਾ ਤੋਂ ਬਚਣਾ ਪਵੇਗਾ। ਕਿਉਂਕਿ ਅੱਜ ਵੀ ਆਜ਼ਾਦੀ ਦੀ ਪ੍ਰਾਪਤੀ ਲਈ ਖਾੜਕੂ ਤੇ ਜਮਹੂਰੀ ਦੋ ਤਰੀਕੇ ਸੁਝਾਏ ਜਾ ਸਕਦੇ ਹਨ। ਸਾਨੂੰ ਇਕ ਦੂਜੇ ਨੂੰ ਇਹ ਰਿਆਇਤ ਦੇ ਕੇ ਵੀ ਆਜ਼ਾਦੀ ਦੇ ਵਿਚਾਰ ਨੂੰ ਫੈਲਣ ਦੇਣਾ ਚਾਹੀਦਾ ਹੈ । ਰਵਾਇਤੀ ਅਕਾਲੀ ਆਗੂਆਂ ਦਾ ਇਕ ਹਿੱਸਾ ਆਪਣੇ ਢੰਗ ਨਾਲ ਆਜ਼ਾਦੀ ਦਾ ਵਿਚਾਰ ਪੇਸ਼ ਕਰ ਸਕਦਾ ਹੈ ਤੇ ਉਨ੍ਹਾਂ ਨੂੰ ਆਪਣੇ ਢੰਗ ਨਾਲ ਆਜ਼ਾਦੀ ਦੇ ਵਿਚਾਰ ਪੇਸ਼ ਕਰਨ ਦੇਣੇ ਚਾਹੀਦੇ ਹਨ। ਲਹਿਰ ਅੰਦਰ ਵੱਖ-ਵੱਖ ਪਾਰਟੀਆਂ ਦੇ ਚੱਲਣ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ ਤੇ ਇਕ ਦੂਜੀ ਪਾਰਟੀ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਆਮ ਮਾਨਵੀ ਸੁਭਾਅ ਦੇ ਕੁਦਰਤੀ ਪ੍ਰਤਿਨਿਧਤਵ (ਨੁਮਾਇੰਦਗੀ) ਕਰਦੇ ਰਾਜਨੀਤਕ ਰੁਝਾਣ ਸਾਡੇ ਵਿੱਚੋਂ ਵੀ ਪ੍ਰਗਟ ਹੋਣਗੇ। ਸਾਡੇ ਵਿੱਚੋਂ ਮਾਅਰਕੇਬਾਜ਼ ਰੁਝਾਣ ਵਾਲੇ ਵਿਚਾਰ ਵੀ ਪੈਦਾ ਹੋਣਗੇ। ਦਾਨੇ ਰੁਝਾਣ ਵੀ ਪੈਦਾ ਹੋਣਗੇ ਤੇ ਡਰਪੋਕ ਰੁਝਾਣ ਵੀ ਪੈਦਾ ਹੋਣਗੇ। ਅਸੀਂ ਉਨ੍ਹਾਂ ਦਾ ਤਾਲਮੇਲ ਬਿਠਾ ਕੇ ਕੌਮੀ ਮੋਰਚਾ ਉਸਾਰਨਾ ਹੈ ਤੇ ਕੌਮੀ ਆਜ਼ਾਦੀ ਪ੍ਰਾਪਤ ਕਰਨੀ ਹੈ । ਆਪੋ-ਆਪਣੀ ਪਾਰਟੀ ਤੇ ਵਿਚਾਰ ਨੂੰ ਦਰੁਸਤ ਸਮਝਦਿਆਂ ਦੂਜੇ ਨੂੰ ਆਪਣਾ ਵਿਚਾਰ ਤੇ ਪਾਰਟੀ ਕਾਇਮ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਪਰ ਇਕ ਦੂਜੇ ਨਾਲ ਬਹਿਸ ਮੁਬਾਹਸਾ ਤੇ ਏਕਤਾ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ।

ਇਸ ਵਾਸਤੇ ਜਿਹੜੇ ਲੋਕ ਜਮਹੂਰੀ ਸਿੱਖ ਕੌਮੀ ਮੋਰਚਾ ਉਸਾਰਨਾ ਚਾਹੁਣ, ਉਨ੍ਹਾਂ ਨੂੰ ਇਕ ਜਮਹੂਰੀ ਸਿੱਖ ਪਾਰਟੀ ਦੀ ਉਸਾਰੀ ਕਰਨੀ ਪਵੇਗੀ ਜੋ ਸਪੱਸ਼ਟ ਤੌਰ ‘ਤੇ ਕੌਮੀ ਆਜ਼ਾਦੀ ਦਾ ਟੀਚਾ ਮਿੱਥੇ ਤੇ ਕੌਮੀ ਵਿਰੋਧਤਾਈਆਂ ਸਪੱਸ਼ਟ ਕਰੇ। ਇਸ ਤੋਂ ਬਾਅਦ ਗਰਮ ਤੇ ਸਰਦ ਦੋਹਾਂ ਧੜਿਆਂ ਨਾਲ ਸੰਭਵ ਤਾਲਮੇਲ ਰੱਖਣ ਦਾ ਮਾਹੌਲ ਪੈਦਾ ਕਰਨਾ ਪਵੇਗਾ।

ਅਖ਼ੀਰ ਵਿਚ ਭਾਰਤੀ ਕੌਮ ਨਾਲ ਮੁੱਖ ਵਿਰੋਧਤਾਈ ਰੱਖਦੀਆਂ (ਭਾਰਤ ਅੰਦਰਲੀਆਂ) ਹੋਰਨਾਂ ਕੌਮਾਂ ਨਾਲ ਸਾਂਝਾ ਮੋਰਚਾ ਉਸਾਰਨ ਦੀ ਲਾਈਨ ਲੈਣੀ ਪਵੇਗੀ। ਜਨਤਕ ਲਾਮਬੰਦੀ, ਵਿਰੋਧਤਾਈ ਦੀ ਸਪੱਸ਼ਟਤਾ ਤੇ ਸਾਂਝਾ ਮੋਰਚਾ ਜਿੱਤ ਦੀ ਗਰੰਟੀ ਹੋਵੇਗਾ।

(7) ਖ਼ਾਲਿਸਤਾਨ ਦੀ ਬੁਨਿਆਦ ਮਜ਼ਬੂਤ ਕਰੋ (ਲਿਬਰੇਸ਼ਨ ਖ਼ਾਲਿਸਤਾਨ, ਸਾਲ 1, ਨੰਬਰ 1; ਜਨਵਰੀ 1992)

ਦੁਨੀਆਂ ਵਿਚ ਕਾਰਨ ਤੇ ਪ੍ਰਭਾਵ ਦਾ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ । ਹਰ ਘਟਨਾ ਦੇ ਪੈਦਾ ਹੋਣ ਦਾ ਜੋ ਕਾਰਨ ਹੁੰਦਾ ਹੈ ਉਸ ਦੇ ਪ੍ਰਭਾਵ ਉੱਤੇ ਉਸ ਦੀ ਛਾਪ ਜ਼ਰੂਰ ਹੁੰਦੀ ਹੈ। ਅਸੀਂ ਚਾਹੁੰਦਿਆਂ ਹੋਇਆਂ ਵੀ ਉਸ ਤੋਂ ਬਚ ਨਹੀਂ ਸਕਦੇ। ਜੇਕਰ ਇਕ ਸਿੱਖ ਅੰਦਰ ਖ਼ਾਲਿਸਤਾਨ ਪ੍ਰਤਿ ਤਾਂਘ ਉਸ ਅੰਦਰ ਗੁਰਬਾਣੀ ਜਾਂ ਸਿੱਖ ਫ਼ਿਲਾਸਫ਼ੀ ਰਾਹੀਂ ਉਭਰਦੀ ਹੈ ਤਾਂ ਉਸ ਦੀਆਂ ਸਰਗਰਮੀਆਂ ਉਪਰ ਸਿੱਖੀ ਦੀ ਸਿਧਾਂਤਕ ਛਾਪ ਤੁਹਾਨੂੰ ਦਿਖਾਈ ਦੇਵੇਗੀ। ਪਰ ਜੇਕਰ ਇਕ ਸਿੱਖ ਅੰਦਰ ਖ਼ਾਲਿਸਤਾਨ ਪ੍ਰਤਿ ਝੁਕਾਅ ਵਿਰੋਧੀ ਦੇ ਦਮਨ ਜਾਂ ਰਾਜਨੀਤਕ ਘਟਨਾ ਚੱਕਰ ਵਿੱਚੋਂ ਜਾਂ ਆਰਥਿਕ ਵਿਤਕਰੇਬਾਜ਼ੀ ਦੇ ਫਲਸਰੂਪ ਪੈਦਾ ਹੋਵੇ ਤਾਂ ਉਸ ਦੀਆਂ ਸਰਗਰਮੀਆਂ ਉਪਰ ਉਸੇ ਤਰ੍ਹਾਂ ਰਾਜਨੀਤਕ ਜਾਂ ਆਰਥਿਕ ਛਾਪ ਤੁਹਾਨੂੰ ਦੇਖਣ ਨੂੰ ਮਿਲੇਗੀ ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅੰਦਰ ਖ਼ਾਲਿਸਤਾਨ ਦੀ ਧਾਰਨਾ ਉਨ੍ਹਾਂ ਵੱਲੋਂ ਕੀਤੇ ਗੁਰਬਾਣੀ ਦੇ ਅਧਿਐਨ ਵਿੱਚੋਂ ਪੈਦਾ ਹੋਈ ਸੀ। ਇਸੇ ਲਈ ਉਨ੍ਹਾਂ ਦੀਆਂ ਖ਼ਾਲਿਸਤਾਨ ਪ੍ਰਤਿ ਸਰਗਰਮੀਆਂ ਉਪਰ ਗੁਰਬਾਣੀ ਦੀ ਮੋਹਰ ਸੀ ਤੇ ਉਹ ਹਰੇਕ ਸਿੱਖ ਨੂੰ ਖ਼ਾਲਿਸਤਾਨੀ ਬਣਨ ਦੇ ਲਈ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਦੇ ਸਨ। ਅੱਜ ਅਨੇਕਾਂ ਲੋਕਾਂ ਦੇ ਖ਼ਾਲਿਸਤਾਨ ਦੇ ਨਾਅਰੇ ‘ਤੇ ਤੁਹਾਨੂੰ ਗੁਰਬਾਣੀ ਦੇ ਅਕਸ ਦਿਖਾਈ ਦੇਣਗੇ। ਪਰ ਦਿੱਲੀ ਦਰਬਾਰ ਵੱਲੋਂ ਸੰਤਾਂ ਦੀ ਇਸ ਜ਼ੋਰ ਫੜ ਰਹੀ ਲਹਿਰ ਨੂੰ ਕੁਚਲਣ ਲਈ ਜਦ ਹਥਿਆਰਬੰਦ ਧਾਵਾ ਬੋਲਿਆ ਗਿਆ ਤਾਂ ਬੜੀ ਵੱਡੀ ਪੱਧਰ ‘ਤੇ ਸਿੱਖਾਂ ਦੀ ਸੋਚ ‘ਤੇ ਇਸ ਦਾ ਅਸਰ ਹੋਇਆ। ਖ਼ਾਲਿਸਤਾਨੀ ਲਹਿਰ ਵਿਚ ਸ਼ਾਮਲ ਹੋਏ ਇਹ ਇਮਾਨਦਾਰ ਕੁਰਬਾਨੀ ਵਾਲੇ ਕਾਫ਼ਲੇ ਮੁੱਢਲੇ ਰੂਪ ਵਿਚ ਦੁਸ਼ਮਣ ਦੇ ਹਥਿਆਰਬੰਦ ਹਮਲੇ ਤੋਂ ਪ੍ਰਭਾਵਿਤ ਸਨ । ਇਸ ਕਾਰਨ ਇਨ੍ਹਾਂ ਮਹਾਨ ਯੋਧਿਆਂ ’ਤੇ ਉਸ ਕਾਰਨ ਦਾ ਪ੍ਰਭਾਵ ਸਪੱਸ਼ਟ ਸੀ, ਤੇ ਇਹ ਲਹਿਰ ਸਿੱਖੀ ਤੇ ਗੁਰਬਾਣੀ ਨੂੰ ਮੰਨਦੀ ਹੋਈ ਵੀ ਹਥਿਆਰਾਂ ਦੀ ਪ੍ਰਮੁੱਖਤਾ ਉੱਤੇ ਜ਼ੋਰ ਦਿੰਦੀ ਸੀ । ਇਹ ਸਭ ਕੁੱਝ ਕੁਦਰਤੀ ਵਰਤਾਰਾ ਸੀ ਕਿਉਂਕਿ ਦੁਸ਼ਮਣ ਨੇ ਸਾਨੂੰ ਚੈਲਿੰਜ ਕੀਤਾ ਸੀ ਤੇ ਉਸ ਨੇ ਸਾਨੂੰ ਹਥਿਆਰਾਂ ਦੇ ਜ਼ੋਰ ਖ਼ਤਮ ਕਰਨ ਦਾ ਬੀੜਾ ਚੁੱਕਿਆ ਸੀ ਤੇ ਅਸੀਂ ਉਸ ਦਾ ਚੈਲਿੰਜ ਕਬੂਲ ਕਰਦਿਆਂ ਉਸ ਦਾ ਹਥਿਆਰਬੰਦ ਮੁਕਾਬਲਾ ਕਰਨ ਦਾ ਅਹਿਦ ਕੀਤਾ ਸੀ । ਹਥਿਆਰ ਸੰਤਾਂ ਨੇ ਵੀ ਉਠਾਏ ਸਨ ਅਤੇ ਸਿੱਖ ਕੌਮ ਨੂੰ ਉਠਾਉਣ ਦੀ ਪ੍ਰੇਰਨਾ ਦਿੱਤੀ ਸੀ, ਪਰ ਉਹ ਗੁਰਬਾਣੀ ਦੇ ਪਹਿਰੇ ਦੇ ਹੇਠ ਰਹਿਣ ਦੀ ਤਾਕੀਦ ਕਰਦੇ ਸਨ । ਦੁਸ਼ਮਣ ਨੇ ਸਾਨੂੰ ਜਿਸ ਕਮੀਨਗੀ ਨਾਲ ਖ਼ਤਮ ਕਰਨ ਦਾ ਯਤਨ ਕੀਤਾ, ਉਸ ਤੋਂ ਗੁੱਸਾ ਖਾ ਕੇ ਅਨੇਕਾਂ ਸਿੱਖੀ ਤੋਂ ਤੇ ਗੁਰਬਾਣੀ ਤੋਂ ਬੇਮੁਖ ਹੋਏ ਲੋਕ ਬੇਦਾਵਾ ਪੜਵਾਉਣ ਲਈ ਇਸ ਲਹਿਰ ਵਿਚ ਸ਼ਾਮਲ ਹੋਏ ਹਨ। ਉਹਨਾਂ ਵਿੱਚੋਂ ਅਣਗਿਣਤ ਆਪਣੀ ਕੁਰਬਾਨੀ ਨਾਲ ਗੁਰੂ ਦੇ ਚਰਨਾਂ ਤਕ ਪਹੁੰਚਣ ਵਿਚ ਕਾਮਯਾਬ ਹੋਏ ਹਨ, ਅਨੇਕਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ (ਜਨਵਰੀ 1992) ਖ਼ਾਲਿਸਤਾਨ ਲਹਿਰ ਅੰਦਰ ਵਿਚਰ ਰਹੇ ਵਰਕਰਾਂ ਅੰਦਰ ਉਨ੍ਹਾਂ ਦੇ ਪਿਛੋਕੜ ਵਾਲੇ ਵਿਚਾਰ ਵੀ ਵਿਚਰ ਰਹੇ ਹਨ ਅਤੇ ਵੱਖ- ਵੱਖ ਵਿਚਾਰਾਂ ਦੇ ਟਕਰਾਅ ਜਾਰੀ ਹਨ ਲਹਿਰ ਨੂੰ ਇਕਜੁੱਟ ਕਰਨ ਲਈ ਜ਼ਰੂਰੀ ਹੈ ਕਿ ਆਪਸੀ ਵਖਰੇਵੇਂ ਦੂਰ ਕੀਤੇ ਜਾਣ । ਆਪਸੀ ਵਖਰੇਵੇਂ ਦੋ ਤਰ੍ਹਾਂ ਨਾਲ ਦੂਰ ਹੋ ਸਕਦੇ ਹਨ। ਇਕ ਤਾਂ ਵਿਚਾਰਧਾਰਕ ਬਹਿਸ ਰਾਹੀਂ ਤੇ ਦੂਜਾ ਤਰੀਕਾ ਹੈ ਸੰਘਰਸ਼ ਦੀ ਪ੍ਰਗਤੀ ਰਾਹੀਂ। ਇਹਨਾਂ ਦੋਹਾਂ ਵਿੱਚੋਂ ਮੁੱਖ ਹੁੰਦਾ ਹੈ ਵਿਚਾਰਧਾਰਾ ਦਾ ਮਸਲਾ। ਜੇਕਰ ਹਰੇਕ ਗਰੁੱਪ ਤੇ ਉਸ ਦਾ ਲੀਡਰ ਆਪਣੀ ਲਾਈਨ (ਵਿਚਾਰਧਾਰਾ) ਤੇ ਐਕਸ਼ਨ ਨੂੰ ਗੁਰਬਾਣੀ ਦੇ ਤਰਾਜੂ ‘ਤੇ ਧਰ ਕੇ ਤੋਲਣ ਦੀ ਪਿਰਤ ਪਾਵੇ ਅਤੇ ਸੰਗਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇ ਕਿ ਗੁਰਮਤ ਦੇ ਮੁਤਾਬਿਕ ਉਸ ਦੀ ਲਾਈਨ ਤੇ ਐਕਸ਼ਨ ਕਿੰਨੇ ਕੁ ਦਰੁਸਤ ਸਾਬਤ ਹੋ ਰਹੇ ਹਨ ਤਾਂ ਸੰਗਤਾਂ ਉਸ ਬਾਰੇ ਸਹੀ ਸਿੱਟੇ ਕੱਢ ਸਕਦੀਆਂ ਹਨ।

ਬਿਗਾਨੇ ਫ਼ਲਸਫ਼ੇ ਸਿੱਖਾਂ ਲਈ ਮੁਆਫ਼ਕ ਨਹੀਂ

ਸਾਨੂੰ ਇਹ ਸਪੱਸ਼ਟ ਹੋ ਕੇ ਚੱਲਣਾ ਪਵੇਗਾ ਕਿ ਖ਼ਾਲਿਸਤਾਨ ਦਾ ਲਕਸ਼ ਸਿੱਖ ਕੌਮ ਤੇ ਗੁਰਬਾਣੀ ਦਾ ‘ਇਸੁ ਜਗ ਮਹਿ ਚਾਨਣੁ’ ਪਸਾਰਨ ਲਈ ਮਿਥਿਆ ਹੈ। ਅਤੇ ਜੇਕਰ ਸਾਡੀ ਲਹਿਰ ਇਸ ਤੋਂ ਆਸੇ ਪਾਸੇ ਜਾ ਰਹੀ ਹੈ ਤਾਂ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਕਿਸੇ ਹੋਰ ਦੇ ਢਾਹੇ ਚੜ੍ਹ ਰਹੇ ਹੋਵਾਂਗੇ। ਦੁਨੀਆਂ ਵਿਚ ਰਾਜ ਸਥਾਪਤ ਕਰਨ ਦੇ, ਕੌਮਾਂ ਦੀ ਵਿਆਖਿਆ ਦੇ, ਰਾਜਾਂ ਦੀ ਖ਼ੁਸ਼ਹਾਲੀ ਦੇ ਅਤੇ ਰਾਜਨੀਤਕ ਬਣਤਰਾਂ ਦੇ ਅਨੇਕਾਂ ਸਿਧਾਂਤ ਮੌਜੂਦ ਹਨ। ਜਿਹਨਾਂ ਮੁਤਾਬਿਕ ਇਤਿਹਾਸ ਵਿਚ ਅਨੇਕਾਂ ਰਾਜ ਕਾਇਮ ਹੋਏ, ਤਬਾਹ ਹੋਏ, ਵਿਚਰ ਰਹੇ ਹਨ ਅਤੇ ਸੰਕਟ ਗ੍ਰਸਤ ਵੀ ਹਨ । ਇਹਨਾਂ ਵਿਚ ਇਸਲਾਮੀ ਰਾਜ, ਬੋਧੀ ਰਾਜ, ਈਸਾਈ ਰਾਜ, ਮਿਲਗੋਭਾ ਰਾਜ (ਅਖੌਤੀ ਸੈਕੂਲਰ), ਨਾਸਤਕ ਰਾਜ (ਕਮਿਊਨਿਸਟ) ਅਤੇ ਮਨਮੱਤੇ ਰਾਜ (ਨਿੱਜੀ ਤਾਨਾਸ਼ਾਹੀ) ਦੇ ਮਾਡਲ ਪ੍ਰਚੱਲਤ ਹਨ। ਇਹਨਾਂ ਦੇ ਆਪੋ-ਆਪਣੇ ਵਿਚਾਰ ਹਨ ਅਤੇ ਆਪੋ-ਆਪਣੀਆਂ ਬਣਤਰਾਂ । ਇਹਨਾਂ ਵਿੱਚੋਂ ਕੋਈ ਵੀ ਰਾਜ ਅੱਜ ਸਹੀ ਮਾਅਨਿਆਂ ਵਿਚ ਮਨੁੱਖਤਾ ਦੇ ਭਲੇ ਲਈ ਵਧੀਆ ਨਮੂਨਾ ਨਹੀਂ ਪੇਸ਼ ਕਰ ਰਿਹਾ । ਕਿਉਂਕਿ ਉਹਨਾਂ ਦੀ ਵਿਚਾਰਧਾਰਾ ਮਨੁੱਖਤਾ ਦੇ ਪਰਉਪਕਾਰ ਲਈ ਸਹੀ ਲਾਈਨ ਪੇਸ਼ ਨਹੀਂ ਕਰ ਸਕੀ। ਤਾਹੀਓਂ ਤਾਂ ਅੱਜ ਦੁਨੀਆਂ ਦਾ ਹਰੇਕ ਰਾਜ ਸੰਕਟ- ਗ੍ਰਸਤ ਦਿਖਾਈ ਦੇ ਰਿਹਾ ਹੈ। ਕੋਈ ਆਰਥਿਕ ਤੌਰ ‘ਤੇ ਅਮੀਰ ਹੋਣ ਦੇ ਬਾਵਜੂਦ ਵੀ ਸਭਿਆਚਾਰਕ ਕੰਗਾਲੀ ਵਿਚ ਫਸਦਾ ਜਾ ਰਿਹਾ ਹੈ ਅਤੇ ਕੋਈ ਸਭਿਆਚਾਰਕ ਵਿਕਾਸ ਲਈ ਕੋਸ਼ਿਸ਼ਾਂ ਕਰਦਾ ਆਰਥਿਕ ਕੰਗਾਲੀ ਵੱਲ ਵੱਧ ਰਿਹਾ ਹੈ। ਮਨੁੱਖੀ ਭਾਈਚਾਰੇ ਲਈ ਇਕ ਵਧੀਆ ਧਾਰਮਿਕ (ਨੈਤਿਕ), ਸਭਿਆਚਾਰਕ ਤੇ ਆਰਥਿਕ ਮਾਡਲ ਪੇਸ਼ ਕਰਨ ਵਿਚ ਉਹਨਾਂ ਦੀ ਅਸਫਲਤਾ ਉਹਨਾਂ ਦੇ ਰਾਜਾਂ ਦੇ ਸੰਕਟਾਂ ਦਾ ਕਾਰਨ ਬਣੀ ਪਈ ਹੈ। ਇਸੇ ਸਮੇਂ ਅੱਜ ਜਦੋਂ ਅਸੀਂ ਖ਼ਾਲਿਸਤਾਨ ਦੀ ਉਸਾਰੀ ਕਰ ਰਹੇ ਹਾਂ, ਤਾਂ ਸਾਨੂੰ ਉਹਨਾਂ ਦੇ ਭੱਠਿਆਂ ਦੀਆਂ ਕੱਚੀਆਂ ਪਿੱਲੀਆਂ ਤੇ ਖਿੰਗਰੀਆਂ ਇੱਟਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਸੁਚੇਤ ਹੋ ਕੇ ਚੱਲਣਾ ਪਵੇਗਾ ਕਿ ਗੁਰੂ ਦੀ ਸਿੱਖਿਆ ਮੁਤਾਬਿਕ ਜੋ ਹਲੇਮੀ ਰਾਜ ਅਸੀਂ ਸਥਾਪਤ ਕਰਨ ਜਾ ਰਹੇ ਹਾਂ, ਇਸ ਦੀ ਹਰ ਇੱਟ ਗੁਰਬਾਣੀ ਦੇ ਨਿੱਘ ਨਾਲ ਪੱਕ ਕੇ ਪ੍ਰਵਾਨ ਚੜ੍ਹੇ। ਆਲੇ-ਦੁਆਲੇ ਤੋਂ ਸਿੱਖਣਾ ਸਿਖਾਉਣਾ ਸਾਡਾ ਫ਼ਰਜ਼ ਹੈ ਪਰ ਬਾਹਰੋਂ ਉਹ ਕੁੱਝ ਨਹੀਂ ਸਿੱਖਿਆ ਜਾ ਸਕਦਾ, ਜੋ ਗੁਰਮਤਿ ਦੇ ਹਾਣ ਦਾ ਨਾ ਹੋਵੇ। ਆਲੇ-ਦੁਆਲੇ ਤੋਂ ਮੱਦਦ ਲੈਣੀ ਤੇ ਮੱਦਦ ਦੇਣੀ ਠੀਕ ਹੈ, ਪਰ ਸਿੱਖੀ ਸਿਧਾਂਤ ਦੀ ਕੀਮਤ ‘ਤੇ ਨਹੀਂ। ਇਸ ਲਈ ਅਸੀਂ ਦੁਨੀਆਂ ਦੀ ਕਿਸੇ ਚੰਗੀ ਗੱਲ ਨੂੰ ਅਪਨਾਉਂਦਿਆਂ ਤੇ ਕਿਸੇ ਦੀ ਹਮਾਇਤ ਨੂੰ ਪ੍ਰਵਾਨ ਕਰਦਿਆਂ ਇਹ ਮੰਨ ਕੇ ਚੱਲਣਾ ਹੋਵੇਗਾ ਕਿ ਦੁਨੀਆਂ ਅੰਦਰ ਕੋਈ ਵੀ ਚੰਗਿਆਈ ਗੁਰਬਾਣੀ ਵਿਚ ਦਰਜ ਚੰਗਿਆਈਆਂ ਤੋਂ ਉੱਤਮ ਨਹੀਂ ਹੈ ਤੇ ਕਿਸੇ ਹਮਾਇਤੀ ਦੀ ਤਾਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਕਤ ਤੋਂ ਵੱਧ ਕੇ ਨਹੀਂ ਹੈ।

ਲੀਡਰ ਤੇ ਸੰਗਤ

ਸਿੱਖੀ ਸਿਧਾਂਤਾਂ ਮੁਤਾਬਿਕ ਸਾਡੇ ਧਰਮ ਵਿਚ ਗੁਰੂ ਤੋਂ ਬਾਅਦ ਸੰਗਤ ਦੀ ਹੈਸੀਅਤ ਪ੍ਰਮੁੱਖ ਹੈ। ਸੰਗਤ ਨੂੰ ਵਿਸ਼ਵਾਸ ਵਿਚ ਲੈਂਦਿਆਂ ਹੀ ਕੋਈ ਆਗੂ ਖ਼ਾਲਸਈ ਸਿਧਾਂਤਾਂ ‘ਤੇ ਅੱਗੇ ਵੱਧ ਸਕਦਾ ਹੈ। ਬੇਗਾਨੇ ਸਿਧਾਂਤ ਕਹਿੰਦੇ ਹਨ ਕਿ ਲੋਕ ਤਾਂ ਭੇਡਾਂ ਬੱਕਰੀਆਂ ਹੁੰਦੇ ਹਨ, ਉਹਨਾਂ ਨੂੰ ਜਿਧਰ ਮਰਜ਼ੀ ਮੋੜ ਲਓ। ਇਨ੍ਹਾਂ ਸਿਧਾਂਤਾਂ ਤੋਂ ਪ੍ਰਭਾਵਿਤ ਕਈ ਆਗੂ ਸੰਗਤਾਂ ਨੂੰ ਵਿਸ਼ਵਾਸ ਵਿਚ ਲੈਣ ਦੀ ਥਾਂ ਉਹਨਾਂ ਨੂੰ ਝੂਠੇ ਸਬਜ਼-ਬਾਗ਼ ਦਿਖਾਉਂਦੇ ਹਨ। ਸੰਗਤਾਂ ਨੂੰ ਝੂਠ ਦੇ ਆਸਰੇ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰ ਕੁੱਝ ਲੋਕ ਉਹਨਾਂ ਦੀਆਂ ਗੱਲਾਂ ਵਿਚ ਆ ਕੇ ਉਹਨਾਂ ਦੇ ਮਗਰ ਵੀ ਚੱਲ ਪੈਂਦੇ ਹਨ। ਪਰ ਸਮੇਂ ਦੇ ਨਾਲ ਜਦ ਢੋਲ ਦਾ ਪੋਲ ਖੁੱਲ੍ਹਦਾ ਹੈ ਤਾਂ ਲੋਕ ਮੂੰਹ ਮੋੜ ਲੈਂਦੇ ਹਨ। ਫਿਰ ਲੀਡਰ ਲੋਕਾਂ ਨੂੰ ਗਾਹਲਾਂ ਕੱਢਦੇ ਹਨ। ਪਰ ਉਹ ਲੀਡਰ ਸਿੱਖੀ ਸਿਧਾਂਤਾਂ ਮੁਤਾਬਿਕ ਠੀਕ ਨਹੀਂ ਚੱਲ ਰਹੇ ਹੁੰਦੇ। ਸਿੱਖੀ ਸਿਧਾਂਤ ਸੰਗਤ ਨਾਲ ਝੂਠ ਮਾਰਨ ਦੀ ਮਨਾਹੀ ਕਰਦਾ ਹੈ। ਸਿੱਖੀ ਸਿਧਾਂਤ ਸੰਗਤਾਂ ਤੋਂ ਓਹਲੇ ਰੱਖਣ ਦੀ ਮਨਾਹੀ ਕਰਦਾ ਹੈ। ਸਿੱਖੀ ਸਿਧਾਂਤ ਹਰ ਲੀਡਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਅਨੁਸਾਰ ਲਹਿਰ ਜਥੇਬੰਦ ਕਰਨ ਦੇ ਆਪਣੇ ਤਰੀਕਾਕਾਰ ਨੂੰ ਸੰਗਤਾਂ ਦੀ ਪ੍ਰਵਾਨਗੀ ਲਈ ਪੇਸ਼ ਕਰਨ ਦਾ ਪਾਬੰਦ ਬਣਾਉਂਦਾ ਹੈ ਤੇ ਫਿਰ ਸੰਗਤਾਂ ਨੂੰ ਸਹਿਮਤ ਕਰਾ ਕੇ ਖ਼ਾਲਸਈ ਨਿਸ਼ਾਨੇ ਵੱਲ ਵਧਣ ਦਾ ਰਾਹ ਦਿਖਾਉਂਦਾ ਹੈ। ਇਥੇ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਿੱਖੀ ਸਿਧਾਂਤ, ਕਿਸੇ ਲੀਡਰ ਵੱਲੋਂ ਆਮ ਸੰਗਤ ਕੋਲੋਂ ਗੁਰਮਤ ਦੀ ਸੇਧ ਦੇ ਉਲਟ ਲਏ ਫ਼ਤਵੇ ਨੂੰ ਪ੍ਰਵਾਨ ਨਹੀਂ ਕਰਦਾ, ਜਿਵੇਂ ਲੀਡਰ ਆਮ ਤੌਰ ‘ਤੇ ਗ਼ਲਤ ਕੰਮਾਂ ਲਈ ਸੰਗਤਾਂ ਦੇ ਹੱਥ ਖੜੇ ਕਰਾਉਂਦੇ ਹਨ।

ਇਸ ਤਰ੍ਹਾਂ ਖ਼ਾਲਸਈ ਸਿਧਾਂਤਾਂ ਮੁਤਾਬਿਕ ਲੋਕ ਲਹਿਰ ਦੀ ਉਸਾਰੀ ਕਰਨ ਅਤੇ ਖ਼ਾਲਿਸਤਾਨ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਸਾਨੂੰ ਇਹਨਾਂ ਨੁਕਤਿਆਂ ਉੱਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ । ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਾਡਾ ਮਾਰਗ-ਦਰਸ਼ਕ ਤੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਅਸੀਂ ਕੁੱਝ ਵੀ ਅਜਿਹਾ ਕਰਨ ਦੇ ਹੱਕਦਾਰ ਨਹੀਂ, ਜੋ ਉਸ ਮੁਤਾਬਿਕ ਦਰੁਸਤ ਨਾ ਹੋਵੇ। ਸਾਡੇ ਲੀਡਰ ਜੇਕਰ ਉਸਦੀ ਸੇਧ ਮੁਤਾਬਿਕ ਸੰਗਤ ਨੂੰ ਚੱਲਣ ਦੀ ਪ੍ਰੇਰਣਾ ਕਰਦੇ ਹਨ ਤਾਂ ਸਾਨੂੰ ਉਹਨਾਂ ਦੀ ਅਗਵਾਈ ਕਬੂਲ ਕਰਨੀ ਚਾਹੀਦੀ ਹੈ। ਜੇਕਰ ਉਹਨਾਂ ਵਿਚ ਕੋਈ ਨੁਕਸ ਹੈ ਤਾਂ ਸੰਗਤ ਨੂੰ ਹੱਕ ਹੈ ਕਿ ਉਸ ‘ਤੇ ਕਿੰਤੂ ਕਰੇ ਅਤੇ ਲੀਡਰ ਦਾ ਫ਼ਰਜ਼ ਹੈ ਕਿ ਉਹ ਸੰਗਤ ਦੀ ਰਾਇ ਲਵੇ। ਇਸ ਤਰ੍ਹਾਂ ਸਾਨੂੰ ਇਕ ਲੋਕ ਲਹਿਰ ਦੀ ਉਸਾਰੀ ਵੱਲ ਵਧਣਾ ਚਾਹੀਦਾ ਹੈ।

(8) ਪਰਵਾਸੀ ਖ਼ਾਲਿਸਤਾਨੀ ਲਹਿਰ ਅੰਦਰ ਖੜੋਤ ਦੇ ਲੱਛਣ (ਲਿਬਰੇਸ਼ਨ ਖ਼ਾਲਿਸਤਾਨ, ਸਾਲ 1, ਨੰਬਰ 5; ਜੂਨ 1992)

[ਹੇਠ ਦਿੱਤੀਆਂ ਤਿੰਨ ਸੰਖੇਪ ਪੜਚੋਲਵੀਆਂ ਟਿੱਪਣੀਆਂ ਜਸਵੰਤ ਸਿੰਘ ਨੇ ਇੰਗਲੈਂਡ ਵਿਚ ਰਹਿੰਦਿਆਂ ਪਰਵਾਸੀ ਖ਼ਾਲਿਸਤਾਨੀਆਂ ਦੀਆਂ ਸਰਗਰਮੀਆਂ ਨੂੰ ਦੇਖ ਕੇ ਲਿਖੀਆਂ ਸਨ।]

ਅਸੀਂ ਮਨਮੱਤ ਦੇ ਵੱਸ ਪੈ ਕੇ ਇਹੀ ਕਹੀ ਜਾ ਰਹੇ ਹਾਂ ਕਿ ਜੇਕਰ ਸਿੱਖ ਬਚੇ ਰਹੇ ਤਾਂ ਸਿੱਖੀ ਬਚੀ ਰਹੇਗੀ, ਪਰ ਗੁਰਮਤ ਸਾਨੂੰ ਕਹਿ ਰਹੀ ਹੈ ਕਿ ਜੇਕਰ ਸਿੱਖੀ ਬਚੀ ਰਹੀ ਤਾਂ ਹੀ ਸਿੱਖ ਬਚੇ ਰਹਿ ਸਕਣਗੇ ਤੇ ਸਿੱਖੀ ਸ਼ੁਰੂ ਹੁੰਦੀ ਹੈ ਅਕਾਲਪੁਰਖ ਦੇ ਸਾਹਮਣੇ ਆਪਣਾ ਸੀਸ ਅਰਪਨ ਕਰਨ ਤੋਂ । ਸਿੱਖ ਬੀਕਾਨੇਰ ਵੱਲ ਭੱਜਿਆ ਨਹੀਂ ਸੀ ਬਚ ਸਕਦੇ । ਸਿੱਖ ਬਚੇ ਸ੍ਰੀ ਦਰਬਾਰ ਸਾਹਿਬ ਵੱਲ ਸੀਸ ਭੇਟ ਕਰਨ ਲਈ ਅੱਗੇ ਵੱਧਦਿਆਂ । ਸੋ ਆਓ ਮਨਮੱਤ ਤੋਂ ਖਹਿੜਾ ਛੁਡਾਈਏ। ਸਿੱਖੀ ਨੂੰ ਬਚਾਈਏ। ਆਪਣੇ ਆਪ ਨੂੰ ਗੁਰੂ ਦੇ ਭੇਟ ਕਰੀਏ। ਗੁਰੂ ਤੋਂ ਦਾਤਾਂ ਮੰਗਣਾ ਸਿੱਖ ਦਾ ਫ਼ਰਜ਼ ਹੀ ਹੈ। ਅਸੀਂ ਦੁੱਧ ਮੰਗਿਆ, ਪੁੱਤ ਮੰਗਿਆ, ਹੋਰ ਸੁਖ ਆਰਾਮ ਮੰਗੇ, ਪਰ ਸਾਡੇ ਗੁਰੂ ਕੋਲ ਜੋ ਸਭ ਤੋਂ ਵੱਡੀ ਦਾਤ ਆਪਣੇ ਪੁੱਤਰਾਂ ਨੂੰ ਦੇਣ ਲਈ ਸੀ ਉਹ ਬਹੁਤ ਘੱਟ ਮੰਗੀ ਹੈ – ਉਹ ਦਾਤ ਹੈ ਕੁਰਬਾਨੀ ਦੀ। ਅਸੀਂ ਗੁਰੂ ਦੀਆਂ ਦਾਤਾਂ ਵਿੱਚੋਂ ਮਾਇਆ ਨੂੰ ਫਿਰ ਦਾਨ ਕਰਨ ਦੀ ਮਨਮੱਤ ਤਹਿਤ ਦਾਨੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ । ਪਰ ਦਾਤਾਂ ਬਖ਼ਸ਼ਣ ਵਾਲੇ ਤੋਂ ਅਸਲੀ ਦਾਤ ਮੰਗਣ ਤੋਂ ਸ਼ਰਮਾ ਰਹੇ ਹਾਂ।

ਸਭ ਤੋਂ ਵੱਡੀ ਦਾਤ ਸਾਡੇ ਦਾਤੇ ਕੋਲ ਸ਼ਹਾਦਤ ਦੀ ਹੈ, ਪਰ ਉਹ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ । ਧੰਨ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਪੰਥ ਦੀ ਆਨ ਤੇ ਸ਼ਾਨ ਦੀ ਖ਼ਾਤਰ ਸਿਰ ਤਲੀ ‘ਤੇ ਧਰ ਕੇ ਸ਼ਹਾਦਤ ਦੇ ਜਾਮ ਪੀ ਰਹੇ ਹਨ। ਪਰ ਸਾਡੇ ਵਿੱਚੋਂ ਕੁੱਝ ਵੀਰ ਮਨਮੱਤ ਦਾ ਸ਼ਿਕਾਰ ਹੋ ਕੇ ਕਹਿ ਰਹੇ ਹਨ ਕਿ ਪੰਜਾਬ ਵਿਚ ਅਜੇ ਕਾਫ਼ੀ ਨੌਜਵਾਨ ਹਨ ਜਿਹਨਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਹੈ। ਅਸੀਂ ਤਾਂ ਉਸ ਵੇਲੇ ਉਥੇ ਪਧਾਰਾਂਗੇ ਜਦ ਸਾਨੂੰ ਗੱਦੀ ਮਿਲੇਗੀ । ਵਾਹਿਗੁਰੂ ਉਨ੍ਹਾਂ ਨੂੰ ਲੰਮੀ ਉਮਰ ਦੇਵੇ ਤਾਂ ਕਿ ਉਹ ਲੰਮਾ ਚਿਰ ਇਹ ਸਭ ਕੁੱਝ ਦੇਖ ਸਕਣ ਕਿ ਗੁਰੂ ਜੋ ਰੁਤਬਾ ਸ਼ਹੀਦ ਨੂੰ ਦਿੰਦਾ ਹੈ ਉਹ ਨਵਾਬ ਨੂੰ ਨਹੀਂ ਦਿੰਦਾ…ਮੈਂ ਇਕ ਅਨਜਾਣ ਜਿਹਾ ਸਿੱਖ ਹਾਂ ਤੇ ਸੱਚ ਤਾਂ ਸੱਚੇ ਪਾਤਸ਼ਾਹ ਹੀ ਜਾਣਦੇ ਹਨ। ਪਰ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਕੌਮ ਦੀ ਆਜ਼ਾਦੀ ਦੀ ਚੱਲ ਰਹੀ ਲੜਾਈ ਵਿਚ ਵਜ਼ੀਰੀਆਂ ਦੇ ਸੁਪਨੇ ਮਾੜੇ ਤਾਂ ਨਹੀਂ ਹੁੰਦੇ, ਪਰ ਇਹ ਸ਼ਹਾਦਤ ਦੇ ਸੁਪਨੇ ਤੋਂ ਬਹੁਤ ਹੇਠਾਂ ਹੁੰਦੇ ਹਨ। ਠੀਕ ਹੈ ਸਿਆਸੀ ਲੋਕ ਵਜ਼ੀਰੀਆਂ ਦੀ ਲਾਲਸਾ ਲਈ ਲੜਦੇ ਹਨ ਪਰ ਧਰਮੀ ਲੋਕ ਮੁਕਤੀ (ਲਿਬਰੇਸ਼ਨ) ਲਈ ਲੜਦੇ ਹਨ। ਅੱਜ ਸਾਡੇ ਵਿਚ ਦੋਹਾਂ ਹੀ ਤਰ੍ਹਾਂ ਦੇ ਲੋਕ ਹਨ. ਖ਼ਾਲਿਸਤਾਨ ਦੀ ਲੜਾਈ ਨੂੰ ਮੈਂ ਇਕ ਧਰਮੀ ਲੜਾਈ ਸਮਝਦਾ ਹਾਂ। ਕਈ ਲੋਕ ਇਸ ਨੂੰ ਸਿਆਸੀ ਲੜਾਈ ਹੀ ਸਮਝੀ ਜਾ ਰਹੇ ਹਨ। ਇਹ ਦੋ ਧਾਰਾਵਾਂ ਹਨ ਅੱਜ ਸਾਡੀ ਕੌਮੀ ਤਹਿਰੀਕ ਵਿਚ…ਮੇਰੀ ਸਨਿਮਰ ਬੇਨਤੀ ਹੈ ਖ਼ਾਲਿਸਤਾਨ ਦੀ ਧਰਤੀ ਤੋਂ ਦੂਰ ਵਿਚਰ ਰਹੇ ਬਹਾਦਰ ਖ਼ਾਲਿਸਤਾਨੀ ਵੀਰਾਂ ਨੂੰ ਕਿ ਅਸੀਂ ਸਾਰਿਆਂ ਰਲ ਕੇ ਖ਼ਾਲਿਸਤਾਨ ਲਹਿਰ ਦਾ ਪ੍ਰਚਾਰ ਦੁਨੀਆਂ ਦੇ ਹਰੇਕ ਕੋਨੇ ਕੋਨੇ ਵਿਚ ਕੀਤਾ ਹੈ। ਹੁਣ ਸਾਡੇ ਨਾਲ ਹੋਰ ਵੀ ਹਜ਼ਾਰਾਂ ਸਿੰਘ ਵੀਰ ਇਸ ਕਾਰਜ ਵਿਚ ਜੁੱਟ ਪਏ ਹਨ। ਇੱਕੋ ਕੰਮ ਸਾਲਾਂ ਬੱਧੀ ਇੱਕੋ ਬੰਦਾ ਕਰੀ ਜਾਵੇ ਤਾਂ ਜਮਾਤ ਵਿਚ ਖੜੋਤ ਪੈਦਾ ਹੋ ਜਾਂਦੀ ਹੈ ਤੇ ਇਹ ਖੜੋਤ ਸਮੁੱਚੀ ਪਰਵਾਸੀ ਖ਼ਾਲਿਸਤਾਨੀ ਲਹਿਰ ਵਿਚ ਆਈ ਪਈ ਹੈ। ਉਹੋ ਚਿਹਰੇ, ਉਹੋ ਪੁਰਾਣੀਆਂ ਰਟੀਆਂ ਰਟਾਈਆਂ ਗੱਲਾਂ, ਉਹਨਾਂ ਹੀ ਸਟੇਜਾਂ ‘ਤੇ ਦੁਹਰਾਈਆਂ ਜਾ ਰਹੀਆਂ ਹਨ। ਲੋਕ ਸੁਣ ਸੁਣ ਕੇ ਅੱਕ ਚੁੱਕੇ ਹਨ। ਨਵੀਂ ਪੀੜ੍ਹੀ ਦੇ ਨੌਜਵਾਨ ਜੋ ਸਾਡੇ ਪੁਰਾਣੇ ਲੀਡਰਾਂ ਤੋਂ ਵੱਧ ਪੜ੍ਹੇ-ਲਿਖੇ ਤੇ ਸੂਝਵਾਨ ਹਨ, ਉਹ ਇਹ ਕੰਮ ਪੁਰਾਣੇ ਲੀਡਰਾਂ ਤੋਂ ਸੁਚੱਜਾ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਮੌਕੇ ਨਹੀਂ ਮਿਲ ਰਹੇ। ਇਸ ਖੜੋਤ ਕਾਰਨ ਜਥੇਬੰਦੀਆਂ ਟੁੱਟ ਫੁੱਟ ਰਹੀਆਂ ਹਨ। ਸੰਗਤਾਂ ਚੁੱਪ ਵੱਟ ਰਹੀਆਂ ਹਨ । ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।

(9) ਗੁਰੂ ਘਰਾਂ ਵਿੱਚੋਂ ਦੰਗਲ ਖ਼ਤਮ ਹੋਣੇ ਚਾਹੀਦੇ ਹਨ (ਲਿਬਰੇਸ਼ਨ ਖ਼ਾਲਿਸਤਾਨ, ਸਾਲ 1, ਨੰਬਰ 3; ਮਾਰਚ 1992)

ਬੀਤੇ ਦਿਨੀਂ ਇੰਗਲੈਂਡ ਦੇ ਇਕ ਮਹੱਤਵਪੂਰਨ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਨਵੇਂ ਵਿਧਾਨ ਦੇ ਇਸ਼ਤਿਹਾਰ ਪੇਪਰਾਂ ਵਿਚ ਦਿੱਤੇ ਗਏ ਸਨ, ਜਿਨ੍ਹਾਂ ਵਿਚ ਲਿਖਿਆ ਗਿਆ ਸੀ ਕਿ ਉਨ੍ਹਾਂ ਲੋਕਾਂ ਨੂੰ ਮੈਂਬਰਸ਼ਿੱਪ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਪਿਛਲੇ ਕਿਸੇ ਸਮੇਂ ਗੁਰੂ ਘਰ ‘ਤੇ ਜ਼ਬਰਦਸਤੀ ਕਬਜ਼ਾ ਰੱਖਿਆ ਸੀ। ਇਸੇ ਤਰ੍ਹਾਂ ਇਕ ਹੋਰ ਗੁਰਦੁਆਰੇ ਦੀ ਇਸ ਹਫ਼ਤੇ ਖ਼ਬਰ ਲੱਗੀ ਹੈ ਕਿ ਡੇਢ ਦਰਜਨ ਸਿੱਖ ਗੁਰੂ ਘਰ ਵਿਚ ਹੋਏ ਝਗੜੇ ਕਾਰਨ ਅਦਾਲਤ ਪਹੁੰਚੇ। ਇਕ ਹੋਰ ਸਿੱਖ ਨੂੰ ਗੋਲਕ ਨੂੰ ਜੰਦਰਾ ਮਾਰਨ ਵਿਚ ਸਜ਼ਾ ਹੋਈ ਹੈ। ਇਕ ਗੁਰਦੁਆਰੇ ਵਿੱਚੋਂ ਮੈਂਬਰਸ਼ਿੱਪ ਦਾ ਰਿਕਾਰਡ ਹੀ ਕਿਸੇ ਧੜੇ ਨੇ ਚੋਰੀ ਕਰ ਲਿਆ। ਕਿਸੇ ਹੋਰ ਵਿੱਚੋਂ ਸਟਾਲ ਦਾ ਸਾਮਾਨ ਚੁੱਕਿਆ ਗਿਆ।

ਇਹ ਸਾਰੀਆਂ ਖ਼ਬਰਾਂ ਪੜ੍ਹ ਸੁਣ ਕੇ ਦੁੱਖ ਹੁੰਦਾ ਹੈ। ਇਸ ਨਾਲ ਸਿੱਖ ਧਰਮ ਦਾ ਨਕਸ਼ਾ ਸਹੀ ਪੇਸ਼ ਨਹੀਂ ਹੁੰਦਾ । ਹੋਰਨਾਂ (ਭਾਈਚਾਰਿਆਂ) ਵਿਚ ਸਾਡੀ ਪੁਜ਼ੀਸ਼ਨ ਹਾਸੋਹੀਣੀ ਹੁੰਦੀ ਹੈ।

ਇਸ ਮਸਲੇ ‘ਤੇ ਜਿਸ ਕਿਸੇ ਨਾਲ ਵੀ ਗੱਲ ਕਰੋ, ਉਹ ਇਨ੍ਹਾਂ ਘਟਨਾਵਾਂ ‘ਤੇ ਅਫ਼ਸੋਸ ਪ੍ਰਗਟ ਕਰਦਾ ਹੈ। ਪਰ ਹਰ ਕੋਈ ਬੇਵੱਸ ਹੈ । (ਹਰ ਕੋਈ) ਜ਼ਿੰਮੇਵਾਰੀ ਦੂਜੇ ‘ਤੇ ਤਿਲਕਾ ਕੇ ਪਾਸੇ ਹੋ ਜਾਂਦਾ ਹੈ।

ਗੜਬੜ ਦਾ ਕਾਰਨ ਕੀ ਹੈ ?

ਘਰ ਪਰਿਵਾਰ ਹੋਵੇ ਜਾਂ ਕੋਈ ਅਦਾਰਾ ਹੋਵੇ ਜਾਂ ਕੋਈ ਦੇਸ਼ ਹੋਵੇ, ਉਸ ਦੇ ਪ੍ਰਬੰਧ ਵਿਚ ਵਿਰੋਧਤਾਈਆਂ ਦਾ ਪੈਦਾ ਹੋਣਾ ਕੁਦਰਤੀ ਹੁੰਦਾ ਹੈ। ਪਰ ਜਿਥੇ ਪ੍ਰਬੰਧਕੀ ਸਿਸਟਮ ਇਨ੍ਹਾਂ ਵਿਰੋਧਤਾਈਆਂ ਦਾ ਪਿਆਰ-ਪੂਰਬਕ ਹੱਲ ਲੱਭਣ ਦੇ ਯੋਗ ਹੁੰਦੇ ਹਨ ਉਥੇ ਮਾਹੌਲ ਸੁਖਾਵਾਂ ਰਹਿੰਦਾ ਹੈ ਤੇ ਜਿਥੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਮਨਮੱਤੇ ਢੰਗ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਗੜਬੜ ਜਨਮ ਲੈਂਦੀ ਹੈ। ਉਸ ਗੜਬੜ ਦੌਰਾਨ ਜੇਕਰ ਵਿਰੋਧੀ ਧਿਰ ਦਾ ਹੱਥ ਉਪਰ ਹੋ ਜਾਵੇ ਤਾਂ ਉਹ ਬਦਲਾ-ਲਊ ਭਾਵਨਾ ਤੋਂ ਕੰਮ ਲੈਂਦੀ ‘ ਹੈ। ਜਿਸ ਦੇ ਨਤੀਜੇ ਵਜੋਂ ਮਾਹੌਲ ਪਹਿਲਾਂ ਤੋਂ ਵੀ ਬਦਤਰ ਹੋ ਜਾਂਦਾ ਹੈ। ਜੇਕਰ ਵਿਰੋਧੀ ਧਿਰ ਹਾਰ ਜਾਵੇ ਤੇ ਉਸ ਨੂੰ (ਜੇਤੂ ਧਿਰ ਵੱਲੋਂ) ਜ਼ਲੀਲ ਕਰਨਾ ਜਾਰੀ ਰੱਖਿਆ ਜਾਵੇ ਤਾਂ ਉਹ ਮੁਤਬਾਦਲ ਅਦਾਰੇ ਸਥਾਪਤ ਕਰ ਕੇ ਉਸ ਘੇਰੇ ਵਿੱਚੋਂ ਸਦਾ ਲਈ ਬਾਹਰ ਚਲੇ ਜਾਂਦੇ ਹਨ। ਲਗਭਗ ਇਹੋ ਵਰਤਾਰਾ ਗੁਰੂ ਘਰਾਂ ਅੰਦਰ ਚੱਲ ਰਿਹਾ ਹੈ ਅਤੇ ਨਤੀਜੇ ਸਾਡੇ ਸਾਹਮਣੇ ਹਨ ਕਿ ਜਾਂ ਤਾਂ ਜਿਸ ਦਾ ਕਬਜ਼ਾ ਹੋ ਜਾਂਦਾ ਹੈ ਉਹ ਦੂਜੇ ਦੀ ਅਹੀ- ਤਹੀ ਫੇਰਨ ਤੋਂ ਗੁਰੇਜ਼ ਨਹੀਂ ਕਰਦਾ ਅਤੇ ਜਾਂ ਫਿਰ ਇਹ ਹੋ ਜਾਂਦਾ ਹੈ ਕਿ ਜਿਸ ਤੋਂ ਕਬਜ਼ਾ ਛੁੱਟ ਜਾਂਦਾ ਹੈ ਉਹ ਇਕ-ਅੱਧੀ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਆਪਣਾ ਵੱਖਰਾ ਗੁਰਦੁਆਰਾ ਸਥਾਪਤ ਕਰ ਲੈਂਦਾ ਹੈ।

ਉਂਜ ਇਹ ਕਹਿਣਾ ਵੀ ਠੀਕ ਨਹੀਂ ਕਿ ਇੰਗਲੈਂਡ ਵਿਚ ਹਰ ਗੁਰਦੁਆਰੇ ਵਿਚ ਹੀ ਗੜਬੜ ਹੈ। ਸਗੋਂ ਸਚਾਈ ਇਹ ਹੈ ਕਿ ਜ਼ਿਆਦਾਤਰ ਗੁਰੂ ਘਰਾਂ ਵਿਚ ਸ਼ਾਂਤੀ ਤੇ ਪਿਆਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੀ ਬਦੌਲਤ ਹੀ ਸਿੱਖੀ ਸ਼ਾਨ ਏਥੇ ਕਾਇਮ ਹੈ। ਇਨ੍ਹਾਂ ਸੁਚੱਜੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰਦੁਆਰਿਆਂ ਕਾਰਨ ਹੀ ਗੜਬੜ ਵਾਲੇ ਗੁਰੂ ਘਰ ਸਾਡਾ ਧਿਆਨ ਖਿੱਚਦੇ ਹਨ। ਸੁਚੱਜੇ ਪ੍ਰਬੰਧਾਂ ਵਾਲੇ ਗੁਰੂ ਘਰਾਂ ਦੇ ਗੁਣਾਂ ਦੀ ਜਦ ਘੋਖ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੇ ਪੈਦਾ ਹੋ ਸਕਣ ਵਾਲੀਆਂ ਵਿਰੋਧਤਾਈਆਂ ਦੇ ਵੱਖੋ-ਵੱਖਰੇ ਢੰਗ ਤਰੀਕਿਆਂ ਨਾਲ ਹੱਲ ਲੱਭੇ ਹੋਏ ਹਨ। ਜ਼ਰੂਰੀ ਨਹੀਂ ਕਿ ਉਹ ਸਾਰੇ ਤਰੀਕੇ ਹਰ ਥਾਂ ਲਾਗੂ ਕਰ ਕੇ ਦਰੁਸਤ ਸਿੱਟੇ ਹੀ ਕੱਢਣ, ਪਰ ਫਿਰ ਵੀ ਸਾਨੂੰ ਵਿਚਾਰ ਅਧੀਨ ਜ਼ਰੂਰ ਲਿਆਉਣੇ ਚਾਹੀਦੇ ਹਨ। ਕਿਸੇ ਵੀ ਅਦਾਰੇ ਦਾ ਪ੍ਰਬੰਧ ਉਸ ਵਕਤ ਸਭ ਤੋਂ ਵਧੀਆ ਚੱਲ ਸਕਦਾ ਹੁੰਦਾ ਹੈ ਜਦ ਪ੍ਰਬੰਧਕ ਦੋ ਸ਼ਰਤਾਂ ਪੂਰੀਆਂ ਕਰ ਸਕਦਾ ਹੋਵੇ। ਪਹਿਲੀ ਇਹ ਕਿ ਉਹ ਉਸ ਸੰਬੰਧਿਤ ਵਿਸ਼ੇ ਦਾ ਮਾਹਰ ਹੋਵੇ, ਤੇ ਦੂਜਾ ਉਹ ਮਾਨਤਾ ਪ੍ਰਾਪਤ ਕਰ ਚੁੱਕਾ ਹੋਵੇ । ਇਹ ਫ਼ਾਰਮੂਲਾ ਤੁਸੀਂ ਪਰਿਵਾਰ ਤੋਂ ਲੈ ਕੇ ਯੂ.ਐਨ.ਓ. ਤਕ ਕਿਸੇ ਵੀ ਅਦਾਰੇ ‘ਤੇ ਲਾਗੂ ਕਰ ਸਕਦੇ ਹੋ।

ਹੁਣ ਆਈਏ ਗੁਰੂ ਘਰਾਂ ਵੱਲ । ਜਿਥੇ ਕਿਤੇ ਵੀ ਗੁਰੂ ਘਰ ਦਾ ਪ੍ਰਬੰਧ ਐਸੇ ਮਹਾਂਪੁਰਖਾਂ ਦੇ ਹੱਥ ਵਿਚ ਹੈ ਜੋ ਗੁਰ-ਮਰਯਾਦਾ ਅਨੁਸਾਰ ਪ੍ਰਬੰਧ ਚਲਾਉਣ ਦੀ ਮੁਹਾਰਤ ਰੱਖਦੇ ਹਨ ਤੇ ਸੰਗਤਾਂ ਵੱਲੋਂ ਉਨ੍ਹਾਂ ਨੂੰ ਮਾਣ-ਸਤਿਕਾਰ ਪ੍ਰਾਪਤ ਹੈ, ਉਥੇ ਕੋਈ ਗੜਬੜ ਨਹੀਂ ਹੋ ਸਕਦੀ । ਪਰ ਜਿਥੇ ਕਿਤੇ ਪ੍ਰਬੰਧਕ ਕਿਸੇ ਹੋਰ ਕਿੱਤੇ (ਖੇਤਰ) ਦਾ ਮਾਹਰ ਹੋਵੇ ਤੇ ਜ਼ਿੰਮੇਵਾਰੀ ਕੋਈ ਹੋਰ ਸਾਂਭ ਬੈਠੇ ਤੇ ਉਸ ਜ਼ਿੰਮੇਵਾਰੀ ਦੇ ਯੋਗ ਹੋਰ ਲੋਕ ਵੱਧ ਮਾਨਤਾ ਰੱਖਦੇ ਹੋਣ, ਉਥੇ ਵਿਰੋਧਤਾਈਆਂ ਜ਼ਰੂਰ ਪੈਦਾ ਹੋਣਗੀਆਂ।

ਜਮਹੂਰੀਅਤ ਦੇ ਅੱਜ-ਕੱਲ੍ਹ ਭਾਂਤ ਭਾਂਤ ਦੇ ਅਰਥ ਕੱਢੇ ਜਾਣ ਕਰਕੇ ਗੁਰਦੁਆਰਾ ਪ੍ਰਬੰਧਾਂ ਉੱਤੇ ਵੀ ਇਸ ਦਾ ਅਸਰ ਹੋ ਰਿਹਾ ਹੈ। ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪਿੰਡ ਦੀ ਸਰਪੰਚੀ ਵਾਂਗ ਲੜੀਆਂ ਜਾ ਰਹੀਆਂ ਹਨ ਅਤੇ (ਚੋਣਾਂ ਦਾ ਇਹ) ਇਹ ਤਰੀਕਾ ਵਿਰੋਧਤਾਈਆਂ ਦਾ ਇਕ ਹੱਲ ਦਿਖਾਈ ਦੇਂਦਾ ਹੋਇਆ, ਹੋਰ ਅਨੇਕਾਂ ਉਲਝਣਾਂ ਪੈਦਾ ਕਰ ਰਿਹਾ ਹੈ। ਸਾਨੂੰ ਇਸ ਦੀ ਸਾਰਥਿਕਤਾ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ। ਜਮਹੂਰੀਅਤ ਦਾ ਅਸਲ ਅਰਥ ਤਾਂ ਇਹ ਹੁੰਦਾ ਹੈ ਕਿ ਸੰਬੰਧਿਤ ਲੋਕਾਂ ਦੇ ਭਲੇ ਵਾਸਤੇ ਉਨ੍ਹਾਂ ਦਾ, ਉਨ੍ਹਾਂ ਵੱਲੋਂ ਹੀ ਪ੍ਰਬੰਧ। ਪਰ ਇਸ ਦਾ ਇਹ ਅਰਥ ਤਾਂ ਨਹੀਂ ਹੁੰਦਾ ਕਿ ਸੰਬੰਧਿਤ ਅਦਾਰੇ ਦੇ ਨੁਕਸਾਨ ਵਾਸਤੇ ਹੀ ਖੁੱਲ੍ਹੀ ਛੁੱਟੀ।

ਅੱਜ ਅਸੀਂ ਸਪੈਸ਼ਲਿਸਟ (ਮੁਹਾਰਤ ਦੇ) ਯੁਗ ਵਿਚ ਜੀ ਰਹੇ ਹਾਂ ਜਾਂ ਗਿਆਨ ਤੇ ਤਕਨੀਕ ਸਾਨੂੰ ਸਿੱਖਿਆ ਦੇਂਦੀ ਹੈ ਕਿ ਹਰ ਇਕ ਨੂੰ ਉਹੋ ਕੰਮ ਦਿਓ ਜਿਸ ਦਾ ਉਹ ਮਾਹਰ ਹੈ। ਇਹ ਸਿੱਖਿਆ ਨਹੀਂ ਮਿਲਦੀ ਕਿ ਜਿਸ ਕੰਮ ਦੀ ਵੀ ਪਰਚੀ ਨਿਕਲ ਆਵੇ, ਉਹੋ ਕੰਮ ਕਰ ਲੈਣਾ ਚਾਹੀਦਾ ਹੈ। ਸਾਨੂੰ ਚੋਣ ਕਰਨ ਦਾ ਅਧਿਕਾਰ ਹੈ ਪਰ ਹਰ ਇਕ ਵਿੱਚੋਂ ਨਹੀਂ, ਕੁੱਝ ਮਾਹਰਾਂ (ਯੋਗ ਵਿਅਕਤੀਆਂ) ਵਿੱਚੋਂ।

ਇਸ ਆਧਾਰ ਉਪਰ ਜਦ ਅਸੀਂ ਗੁਰੂ ਘਰ ਦੇ ਪ੍ਰਬੰਧਕਾਂ ਦੀ ਚੋਣ ਕਰਨੀ ਹੁੰਦੀ ਹੈ ਤਾਂ ਸਾਡੇ ਸਾਹਮਣੇ ਅਜੇਹੇ ਗੁਰਮੁਖਾਂ ਦਾ ਪੈਨਲ ਹੋਣਾ ਚਾਹੀਦਾ ਹੈ ਜੋ ਸਿਰਫ਼ ਤੇ ਸਿਰਫ਼ ਗੁਰੂ ਘਰਾਂ ਦੇ ਪ੍ਰਬੰਧ ਬਾਰੇ ਰੁਚੀ ਤੇ ਮੁਹਾਰਤ ਰੱਖਦੇ ਹੋਣ। ਅਸੀਂ ਜਦ ਟਰੇਡ ਯੂਨੀਅਨ ਦੀ ਚੋਣ ਕਰਦੇ ਹਾਂ ਤਾਂ ਗੁਰੂ ਘਰ ਦੇ ਮਾਹਰ ਸੇਵਕਾਂ ਨੂੰ ਉਥੇ ਨਹੀਂ ਚੁਣਦੇ, ਨਾ ਹੀ ਕੌਂਸਲ ਦੇ ਅਜਿਹੇ ਉਮੀਦਵਾਰ ਖੜੇ ਕਰਦੇ ਹਾਂ। ਇਹ ਦਰੁਸਤ ਹੈ ਕਿ ‘ਜਿਸ ਕਾ ਕਾਮ ਉਸੀ ਕੋ ਸਾਜੇ’…ਕਈ ਲੋਕ ਦਲੀਲ ਦੇਂਦੇ ਹਨ ਕਿ ਇਸ ਤਰ੍ਹਾਂ ਧਾਰਮਿਕ ਰੁਚੀਆਂ ਵਾਲੇ ਗੁਰਮੁਖ ਸੱਜਣ ਅੰਗਰੇਜ਼ੀ ਘੱਟ ਬੋਲਣ ਵਾਲੇ ਮਿਲ ਜਾਂਦੇ ਹਨ, ਉਹ ਸਾਡੀ ਵਿਆਖਿਆ ਚੰਗੀ ਤਰ੍ਹਾਂ ਨਹੀਂ ਕਰ ਸਕਦੇ । ਇਹ ਦਲੀਲ ਉਨ੍ਹਾਂ ਗੁਰੂ ਘਰਾਂ ਦੇ ਵਿਧਾਨਾਂ ਉਪਰ ਟਿੱਪਣੀ ਕਰਨ ਵਾਲਿਆਂ ਦੀ ਹੈ, ਜਿਥੇ ਅਹੁਦੇਦਾਰ ਲਈ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਪੂਰੀ ਕਰਨਾ ਲਾਜ਼ਮੀ ਹੈ। ਜੋ ਲੋਕ ਅਜਿਹੀ ਦਲੀਲ ਦੇਂਦੇ ਹਨ ਉਨ੍ਹਾਂ ਮਗਰ ਇਕ ਕਾਰਨ ਇਹ ਹੁੰਦਾ ਹੈ ਕਿ ਉਹ ਗੁਰਦੁਆਰੇ ਨੂੰ ਇਕ ਧਾਰਮਿਕ ਅਦਾਰਾ ਨਾ ਮੰਨ ਕੇ ਇਕ ਸਮਾਜਿਕ ਕਲੱਬ ਸਮਝਦੇ ਹਨ ਅਤੇ ਆਪਣੇ ਸਮਾਜਿਕ ਰੁਤਬੇ ਨੂੰ ਦਿਖਾਉਣ ਲਈ ਇਸ ਦੇ ਅਹੁਦਿਆਂ ਦੀ ਵਰਤੋਂ ਕਰਦੇ ਹਨ।

ਅਸਲ ਵਿਚ ਬਦੇਸ਼ਾਂ ਵਿਚ ਸਿੱਖ ਭਾਈਚਾਰਾ ਅਜੇ ਤਕ ਆਪਣੇ ਰਾਜਨੀਤਕ ਅਤੇ ਸਮਾਜਿਕ ਅਦਾਰੇ ਨਾ ਸਥਾਪਤ ਕਰ ਸਕਣ ਕਾਰਨ ਆਪਸੀ ਚੌਧਰ-ਭੇੜ ਲਈ ਲੋੜੀਂਦੇ ਦੰਗਲ ਅਜੇ ਗੁਰਦੁਆਰਿਆਂ ਵਿਚ ਹੀ ਚਲਾ ਰਿਹਾ ਹੈ। ਅੰਗਰੇਜ਼ੀ ਪੜ੍ਹੇ ਸਿਆਣੇ ਸਿੱਖਾਂ ਨੂੰ ਹੋਰ ਸਿੱਖ ਸਮਾਜਿਕ ਅਦਾਰੇ ਸਥਾਪਤ ਕਰਦਿਆਂ ਇਹ ਕਾਰਜ ਕਰਨਾ ਚਾਹੀਦਾ ਹੈ।

ਹੁਣ ਆਈਏ ਰਾਜਨੀਤਕ ਧਿਰਾਂ ਦੇ ਭੇੜ ਬਾਰੇ । ਕਈ ਲੋਕ ਆਪਣੇ ਵਿਸ਼ੇਸ਼ ਮਕਸਦ ਲਈ ਇਹ ਰੱਟ ਬਹੁਤ ਲਗਾਉਂਦੇ ਹਨ ਕਿ ਸਾਡਾ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਹਨ, ਤੇ ਇਸਦਾ ਇਹ ਮਤਲਬ ਕੱਢਦੇ ਹਨ ਕਿ ਗੁਰਦੁਆਰੇ ਦੀ ਸਟੇਜ ਉਪਰ ਰਾਜਨੀਤਕ ਕਬਜ਼ਾ ਜ਼ਰੂਰੀ ਹੁੰਦਾ ਹੈ। ਇਹ ਵਿਚਾਰੇ ਹਕੀਕਤਾਂ ਤੋਂ ਕਾਫ਼ੀ ਦੂਰ ਹੁੰਦੇ ਹਨ। ਪਹਿਲੀ ਗੱਲ ਤਾਂ ਇਹ ਕਿ ਕੋਈ ਧਰਮ ਰਾਜਨੀਤੀ ਤੋਂ ਵੱਖਰਾ ਦੁਨੀਆਂ ਵਿਚ ਨਹੀਂ ਹੁੰਦਾ। ਹਰੇਕ ਧਰਮ ਦੀ ਕੋਈ ਨਾ ਕੋਈ ਰਾਜਨੀਤੀ ਹੁੰਦੀ ਹੈ। ਕੋਈ (ਇਹ ਗੱਲ) ਐਲਾਨੀਆ ਕਹਿੰਦਾ ਹੈ ਤੇ ਕੋਈ ਅਸਿੱਧੇ ਢੰਗ ਨਾਲ । ਇਸੇ ਹੀ ਤਰ੍ਹਾਂ ਸਿੱਖ ਧਰਮ ਦੀ ਆਪਣੀ ਇਕ ਰਾਜਨੀਤੀ ਹੈ, ਭਾਵ ਕਿ ਸਿੱਖ ਧਰਮ ਜਦ ਸਾਨੂੰ ਸਮੁੱਚੀ ਜੀਵਨ-ਜਾਚ ਸਿਖਾਉਂਦਾ ਹੈ ਤਾਂ ਉਸ ਵਿਚ ਰਾਜ ਪ੍ਰਬੰਧ ਵੀ ਸਿਖਾਉਂਦਾ ਹੈ। ਸਾਡਾ ਧਰਮ ਰਾਜਨੀਤੀ ਨੂੰ ਆਪਣੇ ਅਧੀਨ ਰੱਖਦਾ ਹੈ, ਉਸ ਨੂੰ ਸ਼ਰੀਕ ਨਹੀਂ ਬਣਾਉਂਦਾ। ਪਰ ਕਈ ਭੁੱਲੜ ਵੀਰ ਇਨ੍ਹਾਂ (ਦੋਵਾਂ) ਨੂੰ ਬਰਾਬਰੀ ‘ਤੇ ਰੱਖਦੇ ਹਨ ਤੇ ਕਈ ਤਾਂ ਧਰਮ ਉਪਰ ਰਾਜਨੀਤੀ ਦੀ ਸਰਦਾਰੀ ਦਾ ਝੰਡਾ ਗੱਡਣ ਲਈ ਕਾਹਲੇ ਰਹਿੰਦੇ ਹਨ। ਇਹ ਉਸੇ ਤਰ੍ਹਾਂ ਦੀ ਗ਼ਲਤੀ ਕਰ ਰਹੇ ਹੁੰਦੇ ਹਨ ਜਿਸ ਤਰ੍ਹਾਂ ਧਰਮ-ਰਹਿਤ ਰਾਜਨੀਤੀ ਦੀ ਵਕਾਲਤ ਕਰਨ ਵਾਲੇ।

ਸਿੱਖ ਰਾਜਨੀਤੀ ਵਿਚ ਵਿਚਰਦੀਆਂ ਕੁੱਝ ਧਿਰਾਂ ਨੇ ਪਾਰਲੀਮਾਨੀ ਸਿਆਸਤ ਦੇ ਦੌਰ ਵਿਚ ਇਕ ਸੌਖਾ ਤਰੀਕਾ ਅਪਣਾਇਆ ਹੋਇਆ ਹੈ। ਇਹ ਤਰੀਕਾ ਹੈ ਧਾਰਮਿਕ ਇਕੱਠਾਂ ਉਪਰ ਰਾਜਨੀਤਕ ਵਿਖਿਆਨ ਕਰਨ ਦਾ।

ਆਮ ਤੌਰ ‘ਤੇ ਹਰੇਕ ਰਾਜਨੀਤਕ ਜਥੇਬੰਦੀ ਨੂੰ ਆਪਣੀਆਂ ਰਾਜਨੀਤਕ ਧਾਰਨਾਵਾਂ ਲੋਕਾਂ ਵਿਚ ਖੜਨੀਆਂ ਪੈਂਦੀਆਂ ਹਨ ਤੇ ਉਨ੍ਹਾਂ ਨਾਲ ਲੋਕਾਂ ਨੂੰ ਸਹਿਮਤ ਕਰਾ ਕੇ ਜਥੇਬੰਦੀ ਦਾ ਵਿਕਾਸ ਕਰਨਾ ਪੈਂਦਾ ਹੈ । ਇਹ ਕਾਫ਼ੀ ਮਿਹਨਤ (ਖੇਚਲ) ਦਾ ਕੰਮ ਹੁੰਦਾ ਹੈ। ਪਹਿਲਾਂ ਕੁੱਝ ਲੋਕਾਂ ਨੂੰ ਇਕੱਠਿਆਂ ਕਰਨਾ, ਫਿਰ ਉਨ੍ਹਾਂ ਨੂੰ ਆਪਣੇ ਵਿਚਾਰ ਦੱਸਣੇ, ਬਹਿਸ ਕਰਨੀ ਤੇ ਸਹਿਮਤ ਕਰਾਉਣਾ। ਇਸ ਭੱਜਨੱਠ ਤੇ ਮਿਹਨਤ ਤੋਂ ਬਚਣ ਲਈ ਇਕ ਸੌਖਾ ਤਰੀਕਾ ਹੁੰਦਾ ਹੈ ਕਿ ਕਿਸੇ ਹੋਰ ਬਹਾਨੇ ਹੋਏ ਇਕੱਠ ਨੂੰ ਆਪਣੇ ਮਕਸਦ ਲਈ ਵਰਤ ਲੈਣਾ ਅਤੇ ਉਨ੍ਹਾਂ ਵਿੱਚੋਂ ਕੁੱਝ ਕੁ ਨੂੰ ਪ੍ਰਭਾਵਿਤ ਕਰ ਕੇ ਜਥੇਬੰਦੀ ਸਥਾਪਤ ਕਰ ਲੈਣਾ । ਇਹ ਤਰੀਕਾ ਪੰਜਾਬ ਦੇ ਮੇਲਿਆਂ ‘ਤੇ ਵੀ ਵਰਤਿਆ ਜਾਂਦਾ ਹੈ ਪਰ ਤਰੀਕਾ ਇਹ ਹੁੰਦਾ ਹੈ ਕਿ ਉਥੇ ਆਪੋ-ਆਪਣਾ ਪੰਡਾਲ ਲਾਇਆ ਜਾ ਸਕਦਾ ਹੁੰਦਾ ਹੈ। ਏਸੇ ਤਰੀਕੇ ਨੂੰ ਗੁਰਦੁਆਰਿਆਂ ਵਿਚ ਵਰਤਣ ਲਈ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਕਰਨ ਵਾਸਤੇ ਸਾਰੀਆਂ ਧਿਰਾਂ ਵਿਚ ਰੱਸਾ-ਕਸ਼ੀ ਹੁੰਦੀ ਹੈ ਤੇ ਜਿਸ ਦਾ ਉਥੇ ਕਬਜ਼ਾ ਹੋ ਜਾਵੇ, ਉਸ ਦਾ ਸਮਝੋ ਸਿੱਖ ਸਿਆਸਤ ‘ਤੇ ਕਬਜ਼ਾ ਹੋ ਜਾਂਦਾ ਹੈ। ਕਾਰਨ ਇਹ ਨਹੀਂ ਹੁੰਦਾ ਕਿ ਉਹ ਵਧੇਰੇ ਧਾਰਮਿਕ ਹੋ ਜਾਂਦੇ ਹਨ,

ਬਲਕਿ ਇਹ ਹੁੰਦਾ ਹੈ ਕਿ ਗੁਰਦੁਆਰੇ ਦੀ ਸਟੇਜ ਉੱਤੇ ਉਨ੍ਹਾਂ ਦਾ ਕਬਜ਼ਾ ਹੋ ਜਾਂਦਾ ਹੈ। ਇਸ ਸਾਰੇ ਵਰਤਾਰੇ ਤੋਂ ਸਿਖਿਅਤ ਹੋ ਕੇ ਕੁੱਝ ਲੋਕ ਬਦੇਸ਼ਾਂ ਅੰਦਰਲੀ ਸਿੱਖ ਸਿਆਸਤ ਵਿਚ ਆਪਣੀ ਸਰਦਾਰੀ ਸਥਾਪਤ ਕਰਨ ਦੀ ਖ਼ਾਤਰ ਗੁਰਦੁਆਰਿਆਂ ਉੱਤੇ ਕਬਜ਼ੇ ਦੀ ਮੁਹਿੰਮ ਚਲਾਉਂਦੇ ਹਨ। ਉਨ੍ਹਾਂ ਦਾ ਮਕਸਦ ਸਪੱਸ਼ਟ ਹੁੰਦਾ ਹੈ ਤੇ ਉਹ ਹੁੰਦਾ ਹੈ ਆਪਣੀ ਸਿਆਸਤ ਲਈ ਵਰਤਣ ਵਾਸਤੇ ਗੁਰਦੁਆਰੇ ਦੀ ਸਟੇਜ ਉੱਤੇ ਕਬਜ਼ਾ ਕਰਨਾ। ਕੁੱਝ ਇਸ ਤੋਂ ਵੀ ਅੱਗੇ ਚਲੇ ਜਾਂਦੇ ਹਨ। ਉਹ ਸੋਚਦੇ ਹਨ ਕਿ ਪੌਂਡ ਪੌਂਡ ਘਰਾਂ ਵਿੱਚੋਂ ਉਗਰਾਹੁਣ ਨਾਲੋਂ ਗੁਰਦੁਆਰੇ ਵਿੱਚੋਂ ਹੀ ਮਾਇਕ ਸਹਾਇਤਾ ਹਾਸਲ ਕਰ ਲਈ ਜਾਵੇ। ਇਸ ਤਰ੍ਹਾਂ ਧਰਮ ਨੂੰ ਸਿਆਸਤ ਦੇ ਅਧੀਨ ਕਰਨ ਲਈ ਰਾਜਨੀਤਕ ਧਿਰਾਂ ਗੁਰਦੁਆਰਿਆਂ ਉਪਰ ਰਾਜਨੀਤਕ ਕਬਜ਼ੇ ਕਰਨ ਦੀ ਮੁਹਿੰਮ ਸ਼ੁਰੂ ਕਰਦੀਆਂ ਹਨ।

ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਪੂਰੀ ਜਥੇਬੰਦੀ ਨੂੰ ਸਰਗਰਮ ਕੀਤਾ ਜਾਂਦਾ ਹੈ ਤੇ ਜਿਹੜੇ ਸੱਜਣ ਮਿੱਤਰ ਗੁਰੂ ਘਰ ਦੇ ਪ੍ਰਬੰਧ ਨਾਲ ਕੋਈ ਦੂਰ ਦਾ ਵੀ ਸਰੋਕਾਰ ਨਹੀਂ ਰੱਖਦੇ, ਉਨ੍ਹਾਂ ਨੂੰ ਮੈਂਬਰਸ਼ਿੱਪ ਕਟਾਉਣ ਲਈ ਪ੍ਰੇਰਿਆ ਜਾਂਦਾ ਹੈ। ਜੇ ਕਿਤੇ ਅਹੁਦੇਦਾਰਾਂ ਲਈ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਹੈ ਤਾਂ ਆਪਣੇ ਬੰਦਿਆਂ ਨੂੰ ਅੰਮ੍ਰਿਤ ਛਕਣ ਲਈ ਕਿਹਾ ਜਾਂਦਾ ਹੈ। ਜੇ ਕਿਤੇ ਪਰਚੀ ਸਿਸਟਮ ਹੋਵੇ ਤਾਂ ਆਪਣੇ ਸਾਰੇ ਬੰਦਿਆਂ ਦੀ, ਏਥੋਂ ਤਕ ਕਿ ਬੀਬੀਆਂ ਤੋਂ ਬਿਨਾਂ ਪੁੱਛਿਆਂ ਹੀ ਉਨ੍ਹਾਂ ਦੀ ਵੀ ਪਰਚੀ ਪਾ ਦਿੱਤੀ ਜਾਂਦੀ ਹੈ। ਜਿਥੇ ਚੋਣਾਂ ਹੁੰਦੀਆਂ ਹਨ ਉਥੇ ਫਿਰ ‘ਪੂਰੇ ਚੋਣ-ਤਰੀਕੇ’ ਇਸਤੇਮਾਲ ਕੀਤੇ ਜਾਂਦੇ ਹਨ। ਅਤੇ ਇਸ ਤਰ੍ਹਾਂ ਕੋਈ ਨਾ ਕੋਈ ‘ਪੰਥਕ’ ਜਥੇਬੰਦੀ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲੈਂਦੀ ਹੈ। ਫੇਰ ਜੇ ਪਹਿਲਾਂ ਕਿਸੇ ਹੋਰ ਦਾ ਕਬਜ਼ਾ ਰਿਹਾ ਹੋਵੇ ਤਾਂ ਉਨ੍ਹਾਂ ਵੱਲੋਂ ਖੋਲ੍ਹੇ ਦਫ਼ਤਰ ਬੰਦ ਕੀਤੇ ਜਾਂਦੇ ਹਨ, ਬੋਰਡ ਬਦਲੇ ਜਾਂਦੇ ਹਨ, ਮਾਟੋ ਬਦਲੇ ਜਾਂਦੇ ਹਨ ਤੇ ਕਈ ਥਾਵਾਂ ‘ਤੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਬਦਲੀਆਂ ਜਾਂਦੀਆਂ ਹਨ।

ਅਖੰਡ ਪਾਠ ਦੀ ਬੁਕਿੰਗ ਹੋਵੇ, ਕੀਰਤਨ ਜਾਂ ਢਾਡੀ ਦਰਬਾਰ ਹੋਵੇ ਜਾਂ ਕੋਈ ਕਾਨਫ਼ਰੰਸ ਇਜਲਾਸ ਹੋਵੇ, ਪਾਰਟੀ ਦੇ ਅੰਦਰ ਸਲਾਹ ਮਸ਼ਵਰੇ ਕਰ ਕੇ ਬੁੱਕ ਕੀਤੇ ਜਾਂਦੇ ਹਨ ਤੇ ਉਸ ਕਮੇਟੀ ਦੇ ਕਾਰਜ-ਕਾਲ ਵਿਚ ਗੁਰੂ ਘਰ ਦੀ ਸਟੇਜ ਨੂੰ ਵਿਰੋਧੀ ਧਿਰ ਦੇ ਸਫ਼ਾਏ ਲਈ ਖੁੱਲ੍ਹ ਕੇ ਵਰਤਿਆ ਜਾਂਦਾ ਹੈ, ਅਤੇ ਇਸ ਤਰੀਕੇ ਨਾਲ ਅਗਲੀਆਂ ਚੋਣਾਂ ਲਈ ਤਨਾਅ ਦਾ ਮਾਹੌਲ ਤਿਆਰ ਕੀਤਾ ਜਾਂਦਾ ਹੈ। ਜੇਕਰ ਦਾਅ ਲੱਗ ਜਾਵੇ ਤਾਂ ਵਿਧਾਨ ਨੂੰ ਐਸਾ ਸੋਧਾ ਲਾਇਆ ਜਾਂਦਾ ਹੈ ਕਿ ਵਿਰੋਧੀ ਖੰਘ ਹੀ ਨਾ ਸਕੇ ਤੇ ਜੇਕਰ ਵਿਰੋਧੀ ਨੂੰ ਮੌਕਾ ਮਿਲ ਜਾਵੇ ਤਾਂ ਫਿਰ ਉਹ ਕਮੇਟੀ ਭੰਗ ਕਰਾ ਕੇ ਰਸੀਵਰ ਬਿਠਾਉਣ ਵਿਚ ਕਸਰ ਨਹੀਂ ਛੱਡਦਾ।

ਹੁਣ ਆਈਏ (ਇਸ ਮਸਲੇ ਦੇ) ਸੰਭਵ ਹੱਲ ਵੱਲ। ਕਿਸੇ ਚੀਜ਼ ਦਾ ਪੂਰਾ ਸੂਰਾ ਹੱਲ ਵਿਗਿਆਨਕ ਦਲੀਲ ਨਾਲ ਨਹੀਂ ਹੁੰਦਾ, ਹਾਂ ਦਿੱਤੀਆਂ ਹਾਲਤਾਂ ਵਿਚ ਕੋਈ ਵੀ ਸੰਭਵ ਹੱਲ ਲੱਭਿਆ ਜਾ ਸਕਦਾ ਹੈ । ਸਾਡਾ ਸੁਝਾਅ ਹੈ ਕਿ ਗੁਰੂ ਘਰਾਂ ਨੂੰ ਧਾਰਮਿਕ ਸਥਾਨਾਂ ਦੇ ਰੂਪ ਵਿਚ ਬਾਕਾਇਦਾ ਮਾਨਤਾ ਦਿੱਤੀ ਜਾਵੇ। ਇਨ੍ਹਾਂ ਨੂੰ ਸਮਾਜਿਕ ਕਲੱਬ ਜਾਂ ਰਾਜਨੀਤਕ ਸਟੇਜ ਦਾ ਰੂਪ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ । ਸਮਾਜਿਕ ਸਰਗਰਮੀਆਂ ਦੀ ਸਾਨੂੰ ਅਤੀ ਜ਼ਰੂਰਤ ਹੈ ਤੇ ਰਾਜਨੀਤਕ ਸਟੇਜ ਦੀ ਵੀ । ਇਸ ਲੋੜ ਦੀ ਬਾਕਾਇਦਾ ਪੂਰਤੀ ਕਰਨ ਬਾਰੇ ਸੋਚਿਆ ਜਾਵੇ। ਇਨ੍ਹਾਂ ਨੂੰ ਰਲਗੱਡ ਭਵਨ ਬਣਾ ਕੇ ਗੜਬੜ ਨਾ ਕੀਤੀ ਜਾਵੇ। ਸਿੱਖਾਂ ਦੀਆਂ ਸਭਾ ਸੁਸਾਇਟੀਆਂ ਨੂੰ ਐਸੇ ਭਵਨ ਉਸਾਰਨੇ ਚਾਹੀਦੇ ਹਨ ਜਿਥੇ ਸਭਿਆਚਾਰਕ ਤੇ ਰਾਜਨੀਤਕ ਸਰਗਰਮੀਆਂ ਲਈ ਸਹੂਲਤਾਂ ਮਿਲ ਸਕਣ। ਅਜਿਹੀਆਂ ਸਮਾਜਿਕ ਤੇ ਰਾਜਨੀਤਕ ਸੰਸਥਾਵਾਂ ਖੜੀਆਂ ਕਰਨੀਆਂ ਚਾਹੀਦੀਆਂ ਹਨ ਜਿਥੇ ਲੀਡਰਸ਼ਿੱਪ ਤੇ ਪ੍ਰਸਿੱਧੀ ਪ੍ਰਾਪਤੀ ਦੇ ਮੌਕੇ ਮਿਲ ਸਕਣ, ਅਤੇ ਜਦ ਆਪਾਂ ਬਦਲਵੇਂ ਪ੍ਰਬੰਧ ਕਰ ਦੇਵਾਂਗੇ ਤਾਂ ਫਿਰ ਉਹ ਸਾਰੇ ਲੋਕ ਜੋ ਗੁਰਦੁਆਰਿਆਂ ਵਿਚ ਦੰਗਲ ਰਚਾਉਂਦੇ ਹਨ, ਉਨ੍ਹਾਂ ਲਈ ਠੀਕ ਅਖਾੜੇ ਮੁਹੱਈਆ ਹੋ ਸਕਣਗੇ ਤੇ ਸਾਨੂੰ ਗੁਰੂ ਘਰਾਂ ਵਿਚ ਗੁਰਬਾਣੀ ਦੀ ਮਿਠਾਸ ਹੋਰ ਵੱਧ ਮਹਿਸੂਸ ਹੋਵੇਗੀ।

ਰਾਜਨੀਤਕ ਵਰਕਰਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਦਾ ਸਮਾਂ ਬਹੁਤ ਕੀਮਤੀ ਹੈ, ਉਹ ਇਸ ਨੂੰ ਆਪਣੇ ਖੇਤਰ ਵਿਚ ਖ਼ਰਚ ਕਰਨ । ਗੁਰੂ ਚਰਨਾਂ ਵਿੱਚੋਂ ਅਸ਼ੀਰਵਾਦ ਲੈਣ ਆਇਆ ਕਰਨ, ਗੁਰਬਾਣੀ ਤੋਂ ਸੇਧ ਲੈਣ ਆਇਆ ਕਰਨ, ਸੰਗਤਾਂ ਦੀ ਧੂੜ ਮੱਥੇ ਨੂੰ ਲਾਉਣ ਆਇਆ ਕਰਨ ਤੇ ਗੁਰੂ ਤੇ ਸੰਗਤਾਂ ਤੋਂ ਤਾਕਤ ਲੈ ਕੇ ਆਪਣੇ ਰਾਜਨੀਤਕ ਖੇਤਰ ਵਿਚ ਮਿਹਨਤ ਕਰਿਆ ਕਰਨ। ਅੱਜ ਕੌਮ ਨੂੰ ਉਨ੍ਹਾਂ ਦੀ ਬਹੁਤ ਲੋੜ ਹੈ ਤੇ ਕੌਮ ਉਨ੍ਹਾਂ ਦੀ ਪਿੱਠ ਵੀ ਪੂਰ ਰਹੀ ਹੈ, ਪਰ ਉਹ ਗੁਰੂ ਘਰਾਂ ਦੇ ਪ੍ਰਬੰਧ ਨੂੰ ਧਾਰਮਿਕ ਸੇਵਕਾਂ ਲਈ ਛੱਡ ਦੇਣ । ਹੋਰ ਸਮਾਜਿਕ ਆਗੂਆਂ ਤੇ ਅਮੀਰ ਸਿੱਖਾਂ ਨੂੰ ਵੀ ਪ੍ਰਬੰਧ ਸੰਭਾਲਣ ਲਈ ਉਤਸ਼ਾਹਤ ਕਰਨ ਤੇ ਸਿੱਖਾਂ ਦੇ ਹੋਰ ਵੀ ਸਮਾਜਿਕ ਅਦਾਰੇ ਸਥਾਪਤ ਕਰ ਕੇ ਉਥੇ ਆਪਣੀ ਯੋਗਤਾ ਤੇ ਮੁਹਾਰਤ ਦਾ ਪ੍ਰਦਰਸ਼ਨ ਕਰਨ। ਇਸ ਤਰ੍ਹਾਂ ਕਰਦਿਆਂ ਅਸੀਂ ਹੋਰ ਅੱਗੇ ਵੱਧ ਸਕਾਂਗੇ।

(10) ਪਰਵਾਸੀ ਖ਼ਾਲਿਸਤਾਨੀਆਂ ਬਾਰੇ ਆਮ ਪ੍ਰਭਾਵ ਕੀ ਹੈ ? (ਲਿਬਰੇਸ਼ਨ ਖ਼ਾਲਿਸਤਾਨ, ਸਾਲ 1, ਨੰਬਰ 4; ਮਈ 1992)

ਖ਼ਾਲਿਸਤਾਨ ਡੇ (29 ਅਪਰੈਲ) ’ਤੇ ਸੰਦੇਸ਼

ਪਰਵਾਸੀ ਖ਼ਾਲਿਸਤਾਨੀ ਵੀਰੋ ! ਤੁਹਾਡਾ ਖ਼ਾਲਿਸਤਾਨੀ ਹੋਣਾ ਸਿਧਾਂਤ ‘ਤੇ ਉਨਾ ਚਿਰ ਪੂਰਾ ਨਹੀਂ ਉਤਰਦਾ, ਜਿੰਨਾ ਚਿਰ ਤੁਸੀਂ ਕਹਿਣੀ ਤੇ ਕਰਨੀ ਵਿਚ ਉਸ ਲਹਿਰ ਮੁਤਾਬਿਕ ਆਪਣੇ ਆਪ ਨੂੰ ਨਹੀਂ ਢਾਲਦੇ। ਤੁਹਾਡੇ ਮਾਡਲ ਨੂੰ ਦੇਖ ਕੇ ਆਮ ਸਿੱਖ ਪ੍ਰਭਾਵਿਤ ਨਹੀਂ ਹੋ ਰਿਹਾ, ਸਗੋਂ ਨਿਰ-ਉਤਸ਼ਾਹਤ ਹੋ ਰਿਹਾ ਹੈ। ਤੁਸੀਂ ਪੂਰੇ ਇਮਾਨਦਾਰ ਹੋ ਇਸ ਵਿਚ ਮੈਨੂੰ ਕੋਈ ਸ਼ੱਕ ਨਹੀਂ ਹੈ, ਪਰ ਤੁਸੀਂ ਮਿਸਾਲ ਨਹੀਂ ਬਣ ਸਕੇ ਇਹ ਹਕੀਕਤ ਹੈ। ਤੁਹਾਡੇ ਨਕਸ਼ੇ ਕਦਮਾਂ ‘ਤੇ ਹੋਰਨਾਂ ਲੋਕਾਂ ਨੇ ਤੁਰਨਾ ਹੈ ਅਤੇ ਤੁਰ ਵੀ ਰਹੇ ਹਨ, ਤਾਹੀਓਂ ਜੋ ਹਰਕਤ ਬਦੇਸ਼ਾਂ ਵਿਚ ਹੋਣੀ ਚਾਹੀਦੀ ਸੀ, ਹੋਈ ਨਹੀਂ। ਨਿਰਾਸ਼ਤਾ ਵਾਲੀ ਕੌਈ ਗੱਲ ਨਹੀਂ ਹੈ; ਲਹਿਰ ਦੇ ਮੁੱਢਲੇ ਦੌਰ ਵਿਚ ਏਦਾਂ ਦੇ ਹੀ ਵਿਚਾਰ ਹੁੰਦੇ ਹਨ ਅਤੇ ਏਦਾਂ ਦੀ ਹੀ ਪ੍ਰੈਕਟਿਸ। ਹੌਲੀ ਹੌਲੀ ਲਹਿਰ ਸਿਆਣੀ ਹੁੰਦੀ ਹੈ, ਵਿਚਾਰ ਪਰਪੱਕ ਹੁੰਦੇ ਹਨ ਤੇ ਕਮਜ਼ੋਰੀਆਂ ਦੂਰ ਹੁੰਦੀਆਂ ਹਨ। ਮੌ ਆਓ ਆਪਣੀਆਂ ਕਮਜ਼ੋਰੀਆਂ ’ਤੇ ਕਾਬੂ ਪਾਈਏ ਅਤੇ ਖ਼ੁਦ ਨੂੰ ਖ਼ਾਲਿਸਤਾਨੀ ਮਾਡਲ ਬਣਾ ਕੇ ਹੋਰਨਾਂ ਲਈ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ। ਏਹੋ ਹੀ ਖ਼ਾਲਿਸਤਾਨ ਡੇ ਦਾ ਸੰਦੇਸ਼ ਹੈ।

(11) ਬ੍ਰਾਹਮਣਵਾਦ ਤੇ ਸਿੱਖ ਧਰਮ

[ਸਾਬਕਾ ਮਾਰਕਸੀ ਵਿਦਵਾਨ ਸ.ਸ. ਦੁਸਾਂਝ ਨੇ 24 ਜੁਲਾਈ 1994 ਨੂੰ ਪੰਜਾਬੀ ਟ੍ਰਿਬਿਊਨ ਵਿਚ ਇਕ ਲੇਖ ਲਿਖਿਆ ਸੀ। ਉਸ ਵੇਲੇ ਰਾਜਸੀ ਖੇਤਰ ਵਿਚ ਵੱਖ-ਵੱਖ ਅਕਾਲੀ ਧੜਿਆਂ ਦੀ ਏਕਤਾ ਦਾ ਮੁੱਦਾ ਛਾਇਆ ਹੋਇਆ ਸੀ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਸ. ਸਿਮਰਨਜੀਤ ਸਿੰਘ ਮਾਨ ਦੇ ਜ਼ੋਰ ਦੇਣ ‘ਤੇ ਸਾਰੇ ਅਕਾਲੀ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਪਰਕਾਸ਼ ਸਿੰਘ ਬਾਦਲ ਤੋਂ ਬਿਨਾਂ ਬਾਕੀ ਸਾਰਿਆਂ ਨੇ ਕਬੂਲ ਕਰ ਲਿਆ ਸੀ । ਉਸ ਵੇਲੇ ਸ.ਸ. ਦੁਸਾਂਝ ਨੇ ਪਰਕਾਸ਼ ਸਿੰਘ ਬਾਦਲ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਪ੍ਰੋ. ਮਨਜੀਤ ਸਿੰਘ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਭਾਈ ਜਸਵੰਤ ਸਿੰਘ ਨੇ ਸ.ਸ. ਦੁਸਾਂਝ ਦੇ ਲੇਖ ਦੇ ਜੁਆਬ ਵਿਚ 27 ਜੁਲਾਈ 1994 ਨੂੰ ਸੰਪਾਦਕ ਦੇ ਨਾਂ ਚਿੱਠੀਆਂ ਵਾਲੇ ਕਾਲਮ ਵਿਚ ਹੇਠ ਲਿਖੀ ਸੰਖੇਪ ਟਿੱਪਣੀ ਕੀਤੀ ਸੀ । ਇਸ ਕਰਕੇ ਇਸ ਨੂੰ ਉਪਰੋਕਤ ਪ੍ਰਸੰਗ ਵਿਚ ਰੱਖ ਕੇ ਦੇਖਿਆ ਜਾਣਾ ਚਾਹੀਦਾ ਹੈ।]

24 ਜੁਲਾਈ ਦੇ ਅੰਕ ਵਿਚ ਡਾ. ਸ.ਸ. ਦੁਸਾਂਝ ਦਾ ਲੇਖ ‘ਬ੍ਰਾਹਮਣਵਾਦ ਵਿਰੁੱਧ ਸ਼ਬਦ ਗੁਰੂ ਚੇਤਨਾ ਲਹਿਰ ਦੀ ਲੋੜ’ ਪੜ੍ਹਿਆ। ਪੰਜਾਬ ਅੰਦਰ ਮਾਰਕਸੀ ਫ਼ਲਸਫ਼ੇ ਦੇ ਪ੍ਰਭਾਵ ਹੇਠ ਪੈਦਾ ਹੋਏ ਕੁੱਝ ਅਖਾਉਤੀ ਪ੍ਰਗਤੀਵਾਦੀ ਲੇਖਕਾਂ ਨੇ ਬੀਤੇ ਵਿਚ ਸਿੱਖ ਧਰਮ ਦੀਆਂ ਵਿਆਖਿਆਵਾਂ ਇਕ ਪਦਾਰਥਵਾਦੀ ਫ਼ਲਸਫ਼ੇ ਦੇ ਰੂਪ ਵਿਚ ਦੇ ਦੇ ਕੇ ਪਾਠਕਾਂ ਅੰਦਰ ਇਹ ਧਾਰਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਧਰਮ ਵੈਦਿਕ ਧਰਮ ਦਾ ਇਕ ਨਿਖੇਧ ਮਾਤਰ ਹੀ ਹੈ। ਸਿੱਖ ਧਰਮ ਕਿਸੇ ਧਰਮ ਦਾ ਨਿਖੇਧ ਨਹੀਂ ਸਗੋਂ ਦੁਨੀਆਂ ‘ਤੇ ਪ੍ਰਚੱਲਤ ਵੱਖ-ਵੱਖ ਧਾਰਮਿਕ ਪਰੰਪਰਾਵਾਂ ਦਾ ਇਕ ਸੰਵਾਦ ਹੈ। ਇਸ ਲਈ ਇਸ ਨੂੰ ਜਟਕੇ ਤੌਰ ‘ਤੇ ਕਿਸੇ ਧਰਮ ਦਾ ਵਿਰੋਧੀ ਕਹਿ ਕੇ ਅੱਗੋਂ ਆਪਣਾ ਥੀਸਿਸ ਪੇਸ਼ ਕਰਨ ਦੀ ਗੱਲ ਚੰਗੀ ਨਹੀਂ ਹੈ।

ਗਿਲਾ ਕੀਤਾ ਗਿਆ ਹੈ ਕਿ ਸਿੱਖ ਪ੍ਰਚਾਰਕਾਂ ਵੱਲੋਂ ਬਾਣੇ ਅਤੇ ਸਰੂਪ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਸ਼ਬਦ ਗੁਰੂ ਚੇਤਨਾ ਦੇ ਹੁੰਦਿਆਂ ਇਸ ‘ਤੇ ਜ਼ੋਰ ਦੇਣ ਦੀ ਲੋੜ ਨਹੀਂ ਹੈ। ਇਤਰਾਜ਼ ਕੀਤਾ ਗਿਆ ਹੈ ਕਿ ਗੁਰਦੁਆਰੇ ਭਾਈਆਂ ਤੇ ਪੁਜਾਰੀਆਂ ਨਾਲ ਭਰ ਗਏ ਹਨ। ਇਹ ਗੱਲਾਂ ਕਰਨ ਵਾਲੇ ਲੇਖਕ ਸੱਜਣ ਧਰਮ ਬਾਰੇ ਤੇ ਉਹ ਵੀ ਸਿੱਖ ਧਰਮ ਬਾਰੇ ਗੂੜ੍ਹ ਗਿਆਨੀ ਹੋਣ ਦਾ ਦਾਅਵਾ ਵੀ ਕਰਦੇ ਹਨ। ਬਾਣੀ ਤੇ ਬਾਣੇ ਦਾ ਆਪਸੀ ਸੰਬੰਧ ਕਿਸੇ ਦੇ ਜ਼ੋਰ ਦੇਣ ਦੀ ਮੰਗ ਨਹੀਂ ਕਰਦਾ। ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਦੇ ਅੰਦਰ ਜੋ ਵਿਚਾਰ ਬਣ ਜਾਂਦੇ ਹਨ ਉਸ ਦਾ ਵਿਹਾਰ ਉਨ੍ਹਾਂ ਮੁਤਾਬਕ ਹੋ ਜਾਂਦਾ ਹੈ ਤੇ ਉਸ ਦਾ ਚਿਹਰਾ ਮੋਹਰਾ ਤੇ ਸਰੀਰ ਦੀ ਬਾਹਰੀ ਦਿੱਖ ਵੀ ਵਿਚਾਰ ਤੇ ਵਿਹਾਰ ਦੇ ਮੁਤਾਬਕ ਢਲ ਜਾਂਦੀ ਹੈ। ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਵਿਚਾਰਾਂ ਦੀ ਜੇ ਅਸੀਂ ਆਤਮ-ਘੋਖ ਕਰ ਲੈਂਦੇ ਹਾਂ ਤਾਂ ਸਾਡੇ ਵਿਹਾਰ ਵਿਚ ਆਪਣੇ ਆਪ ਇਕ ਵਿਸ਼ੇਸ਼ ਮੋੜ ਆ ਜਾਂਦਾ ਹੈ ਤੇ ਫਿਰ ਅਸੀਂ ਉਸ ਸਰੂਪ ਤੇ ਬਾਣੇ ਨੂੰ ਖ਼ੁਦ-ਬ-ਖ਼ੁਦ ਅਪਣਾ ਲੈਂਦੇ ਹਾਂ ਜੋ ਬਾਣੀ ਦੇ ਵਿੱਚੋਂ ਪੈਦਾ ਹੋਇਆ ਹੈ । ਉਹ ਜੀਵ ਜੋ ਵਿਚਾਰਧਾਰਕ ਜੀਵ ਹੁੰਦੇ ਹਨ ਪਹਿਲਾਂ ਬਾਣੀ ਵੱਲ ਖਿੱਚੇ ਜਾਂਦੇ ਹਨ, ਫਿਰ ਆਪਣੇ ਬਾਣੇ ਨੂੰ ਅਪਣਾ ਲੈਂਦੇ ਹਨ, ਪਰ ਬਹੁਗਿਣਤੀ ਜੀਵ ਪਦਾਰਥਵਾਦੀ ਪ੍ਰਭਾਵਾਂ ਹੇਠ ਕਰਮਾਂ ਨਾਲ ਬੱਝਦੇ ਹਨ।

ਦੁਸਾਂਝ ਸਾਹਿਬ ਜੋ ਕਹਿਣਾ ਚਾਹੁੰਦੇ ਹਨ, ਉਸ ਨੂੰ ਸਿੱਖੀ ਸਿਧਾਂਤ ਬਣਾ ਕੇ ਪੇਸ਼ ਕਰਨਾ ਪਤਾ ਨਹੀਂ ਉਨ੍ਹਾਂ ਦੀ ਕੀ ਮਜਬੂਰੀ ਹੈ। ਉਨ੍ਹਾਂ ਦਾ ਵਿਸ਼ਾ ਤਾਂ ਅਕਾਲੀ ਦਲ ਦੀ ਇਕ ਧਿਰ ਦੀ ਵਕਾਲਤ ਕਰਦਿਆਂ ਦੂਜੇ ਨੂੰ ਠਿੱਠ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਮਜਬੂਰੀ, ਠਿੱਠ ਕਰਨ ਅਤੇ ਡਰ ਦੀ ਭਾਵਨਾ ਬਾਣੀ ਦੇ ਥੋੜ੍ਹੇ ਬਹੁਤੇ ਜਾਣਕਾਰ ਦੇ ਨੇੜੇ ਨਹੀਂ ਆਉਣੀ ਚਾਹੀਦੀ। ਉਸ ਨੇ ਵਿਰੋਧੀ ਦੇ ਕਈ ਪੱਖਾਂ ‘ਤੇ ਉਂਗਲ ਧਰੀ ਹੈ ਪਰ ਦੁੱਖ ਹੈ ਕਿ ਇਕਪਾਸੜ ਧਾਰਨਾਵਾਂ ਪੇਸ਼ ਕਰਦਿਆਂ ਗੁਰਬਾਣੀ ਦਾ ਸਹਾਰਾ ਲਿਆ ਗਿਆ ਹੈ। ਖ਼ਾਲਿਸਤਾਨ ਦੇ ਟੀਚੇ ਨੂੰ ਵੀ ਛੋਹਿਆ ਗਿਆ ਹੈ ਤੇ ਹਲੇਮੀ ਰਾਜ ਦਾ ਸੰਕਲਪ ਵੀ ਪੇਸ਼ ਕੀਤਾ ਗਿਆ ਹੈ। ਦੁਨੀਆਵੀ ਪੱਖਾਂ ਤੋਂ ਸ਼ੁਰੂ ਕੀਤਾ ਲੇਖ ਦੁਨੀਆਵੀ ਤਖ਼ਤਾਂ ਦੀ ਪ੍ਰਾਪਤੀ ਦੀ ਲਾਲਸਾ ਤੋਂ ਮੁਕਤ ਕਰ ਕੇ ਅਧਿਆਤਮਵਾਦੀ ਨਿਸ਼ਾਨੇ ਤਕ ਸੀਮਤ ਕਰ ਦਿੱਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਵੱਲੋਂ ਸੰਗਤ ਨੂੰ ਉੱਚਤਮ ਰੁਤਬਾ ਦੇਣ ਦਾ ਹਵਾਲਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਦੀ ਆਲੋਚਨਾ ਕੀਤੀ ਗਈ ਹੈ ਜਿਸ ਨੇ (ਪਰਕਾਸ਼ ਸਿੰਘ) ਬਾਦਲ ਦਾ ਮਾਮਲਾ ਸੰਗਤ ਉਪਰ ਛੱਡ ਦਿੱਤਾ ਹੈ। ਗੁਰਦੁਆਰਿਆਂ ਵਿਚ ਬਲਾਤਕਾਰਾਂ ਦਾ ਵਰਣਨ ਕਰਦਿਆਂ ਇਹ ਇਤਰਾਜ਼ ਕੀ ਅਰਥ ਰੱਖਦਾ ਹੈ ਕਿ ਬਾਣੇ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਸਮਝ ਨਹੀਂ ਆਈ, ਦੁਸਾਂਝ ਸਾਹਿਬ ਜੋ ਇਕ ਮਾਰਕਸੀ ਪਿਛੋਕੜ ਵਾਲੇ ਸਿਆਸੀ ਟਿੱਪਣੀਕਾਰ ਦੇ ਤੌਰ ‘ਤੇ ਜਾਣੇ ਜਾਂਦੇ ਹਨ,

ਕਹਿਣਾ ਕੀ ਚਾਹੁੰਦੇ ਹਨ। ਬਾਣੀ ਬਾਰੇ ਲਗਨ ਦਾ ਦਾਅਵਾ ਕਰਨ ਵਾਲੇ ਲੇਖਕ ਤੋਂ  ਅਜਿਹੀ ਲਿਖਤ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿਸੇ ਉੱਤੇ ਤੋਹਮਤ ਲਾਉਣ ਲਈ ਕਲਮ ਦੀ ਵਰਤੋਂ ਕਰਨੀ ਵੀ ਸਿੱਖ ਧਰਮ ਦੀ ਸ਼ਾਨ ਦੇ ਖ਼ਿਲਾਫ਼ ਹੈ। ਬਾਕੀ ਜੇ ਜਥੇਦਾਰ ਬੇਈਮਾਨ ਹੈ, ਗੁਰਦੁਆਰੇ ਕੁਕਰਮਾਂ ਦੇ ਅੱਡੇ ਹਨ, ਅਕਾਲ ਤਖ਼ਤ ਸਰਵਉੱਚ ਨਹੀਂ ਹੈ, ਸਰੂਪ ਤੇ ਬਾਣੀ ਦੀ ਕੋਈ ਮਹੱਤਤਾ ਨਹੀਂ ਹੈ ਤਾਂ ਵਿਸ਼ਵ ਸਿੱਖ ਸੰਮੇਲਨ ਵਿਚਲੇ ਸਨਮਾਨ ਬਾਰੇ ਕਿੰਤੂ-ਪ੍ਰੰਤੂ ਦੀ ਕੀ ਲੋੜ। ਫਿਰ ਸਨਮਾਨ ਵੀ ਤਾਂ ਉਨ੍ਹਾਂ ਲੋਕਾਂ ਦਾ ਹੀ ਹੋਵੇਗਾ ਜਿਨ੍ਹਾਂ ਨੂੰ ਉਹ ਗ਼ਲਤ ਮੰਨਦੇ ਹਨ।

ਸਿੱਖ ਭਾਈ ਲਾਲੋ ਜੀ ਦਾ, ਭਾਈ ਗੁਰਦਾਸ ਜੀ ਦਾ, ਭਾਈ ਨੰਦ ਲਾਲ ਜੀ ਦਾ, ਭਾਈ ਕਨ੍ਹਈਏ ਜੀ ਦਾ, ਅਕਾਲੀ ਫੂਲਾ ਸਿੰਘ ਜੀ ਦਾ ਸਨਮਾਨ ਕਰ ਚੁੱਕੇ ਹਨ। ਏਸੇ ਕਰਕੇ ਕਿਉਂਕਿ ਉਨ੍ਹਾਂ ਦੇ ਵਿਚਾਰ, ਵਿਹਾਰ ਤੇ ਸਰੂਪ ਵਿਚ ਮਹਾਨਤਾ ਸੀ, ਉਹ ਕਰਦੇ ਰਹਿਣਗੇ ਜੇ ਹੋਰ ਲੋਕ ਵੀ ਅਜਿਹੀਆਂ ਮਿਸਾਲਾਂ ਬਣਨਗੇ।

(12) ਸਿੱਖ ਮਸਲੇ ਬਾਰੇ ਅੱਡ-ਅੱਡ ਦ੍ਰਿਸ਼ਟੀਕੋਣ

ਜਸਵੰਤ ਸਿੰਘ ਖਾਲੜਾ ਨੇ ਹੇਠ ਲਿਖੀ ਸੰਖੇਪ ਟਿੱਪਣੀ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਪੰਜਾਬ ਮਸਲੇ ਉਪਰ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਗਏ ਲੇਖਾਂ ਦੇ ਜੁਆਬ ਵਿਚ ਕੀਤੀ ਸੀ ਜਿਹੜੀ 2 ਜੁਲਾਈ 1990 ਦੇ ਅੰਕ ਵਿਚ ਛਪੀ ਸੀ।ਪੰਜਾਬੀ ਟ੍ਰਿਬਿਊਨ ਵਿਚ ਛਪ ਰਹੇ ਲੇਖਾਂ ਵਿਚ ਇੱਕੋ ਮਸਲੇ ਨੂੰ ਦੋ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅਕਾਲੀ ਝੁਕਾਅ ਵਾਲੇ ਲੇਖਕ ਇਸ ਨੂੰ ਨਿਰੋਲ ਸਿੱਖ ਮਸਲਾ ਬਣਾਈ ਬੈਠੇ ਹਨ ਅਤੇ ਖੱਬੇ ਪੱਖੀ ਲੇਖਕ ਇਸ ਨੂੰ ਪੰਜਾਬੀ ਸੂਬੇ ਦਾ ਮਸਲਾ ਦੱਸ ਰਹੇ ਹਨ। ਪਰ ਇਸ ਮਸਲੇ ਦੇ ਤੀਜੇ ਪਹਿਲੂ, ਪੰਜਾਬ ਅਤੇ ਸਿੱਖ ਭਾਈਚਾਰੇ ਉਪਰ ਬਹੁਤ ਘੱਟ ਲੇਖਕਾਂ ਨੇ ਦਲੀਲਾਂ ਪੇਸ਼ ਕੀਤੀਆਂ ਹਨ। ਭਾਰਤ ਅੰਦਰ ਪਾਰਲੀਮਾਨੀ ਜਮਹੂਰੀਅਤ ਦੀ ਸ਼ੁਰੂਆਤ ਕਰਨ ਵਿਚ ਕਾਂਗਰਸ ਪਾਰਟੀ ਦਾ ਪ੍ਰਮੁੱਖ ਰੋਲ ਰਿਹਾ ਹੈ। ਸਮੁੱਚੇ ਭਾਰਤ ਦੇ ਲੋਕਾਂ ਨੂੰ ਇਕ ਵਿਸ਼ਾਲ ਰਾਜਸੀ ਪਾਰਟੀ ਵਿਚ ਪ੍ਰੋਣ ਲਈ ਕਾਂਗਰਸੀ ਆਗੂਆਂ ਨੇ ਧਰਮ ਤੇ ਰਾਜਨੀਤੀ ਨੂੰ ਮਿਲਾਇਆ। ਮਹਾਤਮਾ ਗਾਂਧੀ ਵੱਲੋਂ ਜਨਤਕ ਤੌਰ ‘ਤੇ ‘ਰਘੂਪਤੀ ਰਾਘਵ ਰਾਜਾ ਰਾਮ’ ਦੇ ਉਚਾਰਨ ਕਰਵਾਏ ਗਏ । ਬੰਦੇ ਮਾਤਰਮ ਨੂੰ ਕੌਮੀ ਤਰਾਨੇ ਦਾ ਦਰਜਾ ਦਿੱਤਾ ਗਿਆ। ਨਤੀਜਾ ਮੁਸਲਿਮ ਲੀਗ ਦੀ ਉਤਪਤੀ ਤੇ ਖ਼ਾਲਸਾ ਰਾਜ ਦੇ ਵਿਚਾਰ ਵਿਚ ਨਿਕਲਿਆ। ਭਾਰਤੀ ਸੰਵਿਧਾਨ ਘਾੜਿਆਂ ਉਪਰ ਇਸ ਰਾਜਨੀਤੀ ਦਾ ਪੂਰਾ ਅਸਰ ਰਿਹਾ। ਬਿਨਾਂ ਸ਼ੱਕ ਅਕਾਲੀ ਸਿਆਸਤ ਧਰਮ ‘ਤੇ ਆਧਾਰਿਤ ਸਿਆਸਤ ਹੈ ਪਰ ਇਸ ਨੂੰ ਬਲ ਬਖ਼ਸ਼ਿਆ ਪੰਜਾਬੀ ਬੋਲੀ ਦੇ ਆਧਾਰ ‘ਤੇ ਪੰਜਾਬੀ ਸੂਬਾ ਬਣਾਉਣ ਤੋਂ ਇਨਕਾਰ ਕਰ ਕੇ ਕਾਂਗਰਸੀ ਆਗੂਆਂ ਨੇ । ਤੇ ਇੰਜ ਸ਼ੁਰੂ ਹੋਇਆ ਇਹ ਮਸਲਾ ਜਿਸ ਨੂੰ ਦਿੱਲੀ ਦਰਬਾਰ ਨੇ ਸ਼ੁਰੂ ਤੋਂ ਹੀ ਸਿੱਖ ਮਸਲੇ ਦੇ ਰੂਪ ਵਿਚ ਲਿਆ ਅਤੇ ਕਾਂਗਰਸ ਸਮੇਤ ਸਾਰੀਆਂ ਕੌਮੀ ਪਾਰਟੀਆਂ (ਸਮੇਤ ਕਮਿਊਨਿਸਟ ਪਾਰਟੀਆਂ) ਏਸੇ ਧਾਰਨਾ ਤਹਿਤ ਪੰਜਾਬੀ ਸੂਬੇ ਦੀ ਮੰਗ ਤੋਂ ਦੂਰ ਰਹੀਆਂ। ਇਸ ਤਰ੍ਹਾਂ ਪੰਜਾਬ ਨਾਲ ਵਿਤਕਰਿਆਂ ਦੀ ਬੁਨਿਆਦ ਇਸ ਨੂੰ ਅਪਨਾਉਣ ਵਾਲੇ ਇੱਕੋ-ਇਕ ਭਾਈਚਾਰੇ ਸਿੱਖਾਂ ਨਾਲ ਜੁੜਨੀ ਕੁਦਰਤੀ ਸੀ। ਅਕਾਲੀ ਰਾਜਨੀਤੀ ਵਿੱਚੋਂ ਗਰਮ ਧੜਿਆਂ ਨੇ ਲਗਾਤਾਰ ਇਸ ਨੂੰ ਨਿਰੋਲ ਸਿੱਖ ਮਸਲਾ ਕਰਾਰ ਦਿੱਤਾ ਪਰ (1978-84 ਤੋਂ ਪਹਿਲਾਂ) ਸਿੱਖਾਂ ਨੇ ਇਸ ਨੂੰ ਪ੍ਰਵਾਨ ਨਾ ਕੀਤਾ।

ਮੁੜ ਜੰਗ ਦੇ ਖੇਤਰ ਵਿਚ

ਪੰਜਾਬ ਅੰਦਰ ਚੋਣਾਂ (1992) ਤੋਂ ਬਾਅਦ ਪੈਦਾ ਹੋਈ ਹਾਲਤ ਦਾ ਗਹਿਰਾ ਵਿਸ਼ਲੇਸ਼ਣ ਕਰਨ ਉਪਰੰਤ ਭਾਈ ਜਸਵੰਤ ਸਿੰਘ ਇਸ ਮਹੱਤਵਪੂਰਨ ਨਿਰਣੇ ‘ਤੇ ਅੱਪੜਿਆ ਸੀ ਕਿ ਬੇਅੰਤ ਸਿੰਘ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਨੁਮਾਇੰਦਾ (ਪ੍ਰਤਿਨਿਧ) ਸਰਕਾਰ ਕਹਾਉਣ ਦਾ ਉੱਕਾ ਹੀ ਕੋਈ ਨੈਤਿਕ ਹੱਕ ਨਹੀਂ ਹੈ। ਕਿਉਂਕਿ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਪੰਜਾਬ ਦੇ ਲੋਕਾਂ ਦੀ ਭਾਰੀ ਬਹੁਗਿਣਤੀ ਨੇ ਚੋਣਾਂ ਦਾ ਠੋਕ ਵਜਾ ਕੇ ਬਾਈਕਾਟ ਕੀਤਾ। ਜਿਹੜੀ ਮਾਮੂਲੀ ਵੋਟਿੰਗ ਹੋਈ ਉਹ ਵੀ ਹਕੂਮਤੀ ਦਹਿਸ਼ਤ ਦੇ ਸਾਏ ਹੇਠ ਹੋਈ, ਮੁੱਖ ਤੌਰ ‘ਤੇ ਸ਼ਹਿਰੀ ਖੇਤਰਾਂ ਵਿਚ ਹੀ ਹੋਈ, ਅਤੇ ਜ਼ਿਆਦਾਤਰ ਗ਼ੈਰ-ਸਿੱਖ ਵਰਗਾਂ – ਮੁੱਖ ਤੌਰ ‘ਤੇ ਸ਼ਹਿਰੀ ਹਿੰਦੂ ਤਬਕੇ ਨੇ ਹੀ ਵੋਟਾਂ ਪਾਈਆਂ। ਇਸ ਲਿਹਾਜ਼ ਨਾਲ ਬੇਅੰਤ ਸਿੰਘ ਦੀ ਸਰਕਾਰ ਕਾਨੂੰਨੀ ਤੇ ਸਦਾਚਾਰਕ, ਦੋਨੋਂ ਹੀ ਪੱਖਾਂ ਤੋਂ ਨਾਜਾਇਜ਼ (illicit) ਸਰਕਾਰ ਹੈ ਜਿਸ ਨੂੰ ਕੋਈ ਵੀ ਫ਼ੈਸਲਾ ਕਰਨ, ਖ਼ਾਸ ਕਰਕੇ ਸਿੱਖ ਕੌਮ ਨਾਲ ਸੰਬੰਧਿਤ ਕੋਈ ਨਿਰਣਾ ਲੈਣ ਦਾ ਕੋਈ ਅਧਿਕਾਰ ਨਹੀਂ। ਭਾਈ ਜਸਵੰਤ ਸਿੰਘ ਦਾ ਵਿਚਾਰ (ਤੇ ਇੱਛਾ) ਇਹ ਸੀ ਕਿ ਇਸ ਨਾਜਾਇਜ਼ ਹਕੂਮਤ ਦੇ ਲੋਕਾਂ ਅੰਦਰ ਪੈਰ ਨਾ ਲੱਗਣ ਦਿੱਤੇ ਜਾਣ ਅਤੇ ਇਸ ਮੰਤਵ ਲਈ ਇਸ ਦੇ ਖ਼ਿਲਾਫ਼ ਫ਼ੌਰੀ ਜਨਤਕ ਤੇ ਜਮਹੂਰੀ ਅੰਦੋਲਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਸਵੰਤ ਸਿੰਘ ਦਾ ਵਿਸ਼ਵਾਸ ਸੀ ਕਿ ਜੇਕਰ ਖਾੜਕੂ ਤੇ ਪੰਥਕ ਜਥੇਬੰਦੀਆਂ ਪੰਜਾਬ ਦੇ ਲੋਕਾਂ ਸਾਹਮਣੇ ਕੋਈ ਠੋਸ ਤੇ ਉਸਾਰੂ ਪ੍ਰੋਗਰਾਮ ਪੇਸ਼ ਕਰਨ ਦੀ ਪਹਿਲ-ਕਦਮੀ ਕਰਨ ਤਾਂ ਬੇਅੰਤ ਸਿੰਘ ਦੀ ਸਰਕਾਰ ਨੂੰ ਤਾਕਤ ਫੜਨ ਤੋਂ ਪਹਿਲਾਂ ਹੀ ਨਕਾਰਾ ਕਰ ਕੇ ਖਦੇੜ ਦੇਣਾ ਐਨ ਮੁਮਕਿਨ ਹੈ। ਇਸੇ ਹੀ ਆਸ਼ੇ ਨੂੰ ਮੁੱਖ ਰੱਖਦਿਆਂ ਉਸ ਨੇ ਚੋਣਾਂ ਤੋਂ ਥੋੜ੍ਹੇ ਹੀ ਦਿਨਾਂ ਬਾਅਦ, ਪੰਜਾਬ ਅੰਦਰ ਸਰਗਰਮ ਆਪਣੇ ਸਹਿਯੋਗੀਆਂ ਨੂੰ ‘ਦਮਨ ਵਿਰੋਧੀ ਫ਼ਰੰਟ ਵੱਲੋਂ ਹੇਠ ਲਿਖਿਆ ਬਿਆਨ ਜਾਰੀ ਕਰਨ ਲਈ ਕਿਹਾ ਸੀ :

“ਦਮਨ ਵਿਰੋਧੀ ਫ਼ਰੰਟ ਦੇ ਆਗੂਆਂ ਨੇ ਸਿੱਖ ਭਾਈਚਾਰੇ ਵੱਲੋਂ ਬਾਈਕਾਟ ਦੇ ਸੰਬੰਧ ਵਿਚ ਵਿਖਾਈ ਗਈ ਏਕਤਾ ਉਪਰ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਚੋਣ ਬਾਈਕਾਟ ਮੁਕੰਮਲ ਹੋਣ ਨਾਲ ਕੇਂਦਰ ਸਰਕਾਰ ਦੇ ਮਨਸੂਬੇ ਮਿੱਟੀ ਵਿਚ ਮਿਲ ਗਏ ਹਨ। ਫ਼ਰੰਟ ਆਗੂਆਂ ਨੇ ਕਿਹਾ ਕਿ ਚੋਣਾਂ ਕਰਾਉਣ ਦਾ ਫ਼ੈਸਲਾ ਕੇਂਦਰ ਸਰਕਾਰ ਦੀ ਇਤਿਹਾਸਕ ਭੁੱਲ ਸਾਬਤ ਹੋਵੇਗਾ ਅਤੇ ਇਨ੍ਹਾਂ ਚੋਣਾਂ ਕਰਕੇ ਪੰਜਾਬ ਦੇ ਦੋਵਾਂ ਮੁੱਖ ਭਾਈਚਾਰਿਆਂ ਵਿਚਕਾਰ ਗੰਭੀਰ ਤਰੇੜਾਂ ਪੈਦਾ ਹੋਣ ਦਾ ਖ਼ਦਸ਼ਾ ਹੈ ਕਿਉਂਕਿ ਜਿੰਨੀ ਪੋਲਿੰਗ ਹੋਈ ਹੈ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਹਿੰਦੂ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਹੀ ਜ਼ਿਆਦਾ ਹੋਈ ਹੈ। ਦਮਨ ਵਿਰੋਧੀ ਫ਼ਰੰਟ ਦੇ ਆਗੂਆਂ ਸਤਨਾਮ ਸਿੰਘ (ਅਮੀਸ਼ਾਹ), ਜਸਵੀਰ ਸਿੰਘ ਅਤੇ ਸੁਰਿੰਦਰ ਸਿੰਘ ਘਰਿਆਲਾ ਨੇ ਦਾਅਵਾ ਕੀਤਾ ਹੈ ਕਿ ਪੋਲਿੰਗ ਸਿਰਫ਼ 18 ਪ੍ਰਤੀਸ਼ਤ ਦੇ ਲਗਭਗ ਹੋਈ ਹੈ, ਬਾਕੀ ਪੋਲਿੰਗ ਹੇਰਾ-ਫੇਰੀ ਕਰ ਕੇ ਹੋਈ ਹੈ। ਫਰੰਟ ਆਗੂਆਂ ਨੇ ਸਾਰੀਆਂ ਖਾੜਕੂ ਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਵਿਸਾਖੀ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸਰਬੱਤ ਖ਼ਾਲਸਾ ਸੱਦਣ ਵਾਸਤੇ ਆਮ ਸਹਿਮਤੀ ਕਰਨ ਅਤੇ ਸਰਕਾਰ ਖ਼ਿਲਾਫ਼ ਸਿਵਲ ਨਾ-ਫ਼ੁਰਮਾਨੀ ਅੰਦੋਲਨ ਛੇੜਨ ਲਈ ਗੁਰਮਤਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਅਸੈਂਬਲੀ ਮੈਂਬਰ ਨੈਤਿਕ ਰੂਪ ਵਿਚ ਲੋਕਾਂ ਦੀ ਕੋਈ ਪ੍ਰਤਿਨਿਧਤਾ ਨਹੀਂ ਕਰਦੇ ਤੇ ਨਾ ਹੀ ਇਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਭਵਿੱਖ ਬਾਰੇ ਕੋਈ ਫ਼ੈਸਲਾ ਲੈਣ ਦਾ ਅਧਿਕਾਰ ਹੈ। ਅਖ਼ਬਾਰਾਂ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਜੇਕਰ 27 ਹਜ਼ਾਰ ਪ੍ਰਮਾਣੂ ਹਥਿਆਰਾਂ ਵਾਲੀ ਮਹਾਂਸ਼ਕਤੀ ਸੋਵੀਅਤ ਯੂਨੀਅਨ ਅਤੇ ਵੀਅਤਨਾਮ ਵਿਚ ਅਮਰੀਕਾ 25 ਸਾਲਾਂ ਤੋਂ ਲੈ ਕੇ ਵੀ ਲੋਕ ਲਹਿਰਾਂ ਨੂੰ ਦਬਾ ਨਹੀਂ ਸਕਿਆ ਤਾਂ ਭਾਰਤ ਸਰਕਾਰ ਵੀ ਸਿੱਖ ਭਾਈਚਾਰੇ ਨੂੰ ਨਹੀਂ ਦਬਾ ਸਕਦੀ।” (ਆਵਾਜ਼ਿ ਕੌਮ, 27 ਫ਼ਰਵਰੀ- 4 ਮਾਰਚ 1992)

ਪਰ ਇਸ ਨੂੰ ਸਿੱਖ ਪੰਥ ਦਾ ਦੁਰਭਾਗ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਖਾੜਕੂ ਜਥੇਬੰਦੀਆਂ ਨੇ, ਆਪਣੇ ਅੰਦਰੂਨੀ ਸੰਕਟਾਂ ਦੀ ਬਦੌਲਤ, ਚੋਣਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਤੇ ਸਿੱਖ ਭਾਈਚਾਰੇ ਨੂੰ ਯੋਗ ਅਗਵਾਈ ਦੇਣ ਲਈ ਕੋਈ ਠੋਸ ਉਪਰਾਲਾ ਨਾ ਕੀਤਾ। ਨਤੀਜਾ ਇਹ ਨਿਕਲਿਆ ਕਿ ਕਿਸੇ ਜਨਤਕ ਵਿਰੋਧ ਦੀ ਗ਼ੈਰ-ਹਾਜ਼ਰੀ ਵਿਚ ਬੇਅੰਤ ਸਿੰਘ ਦੀ ਸਰਕਾਰ ਨੇ ਹੌਲੀ ਹੌਲੀ ਲੋਕਾਂ ਅੰਦਰ ਆਪਣੇ ਪੈਰ ਲਾਉਣੇ ਸ਼ੁਰੂ ਕਰ ਦਿੱਤੇ। ਪਿੰਡਾਂ ਵਿੱਚੋਂ ਸਵਾਰਥੀ ਤੇ ਗ਼ੈਰ-ਸਮਾਜੀ ਤੱਤਾਂ ਨੇ ਧੜਾਧੜ ਸਰਕਾਰ ਨਾਲ ਜੁੜਨਾ ਤੇ ਜ਼ਾਲਮਾਂ ਨਾਲ ਤੁਰਨਾ ਸ਼ੁਰੂ ਕਰ ਦਿੱਤਾ। ਥੋੜ੍ਹੇ ਹੀ ਚਿਰ ਵਿਚ ਕੇਂਦਰ ਸਰਕਾਰ ਨੇ ਇਸ ਸਾਜ਼ਗਾਰ ਹਾਲਤ ਦਾ ਫ਼ਾਇਦਾ ਲੈਂਦਿਆਂ ਸਿੱਖਾਂ ਦੇ ਖ਼ਿਲਾਫ਼ ਅਠਾਰ੍ਹਵੀਂ ਸਦੀ ਦੇ ਮੁਗ਼ਲ ਹਾਕਮਾਂ ਦੀ ਤਰਜ਼ ਉੱਤੇ ਜਬਰ ਦੀ ਵਹਿਸ਼ੀ ਮੁਹਿੰਮ ਚਲਾ ਦਿੱਤੀ। ਇਸ ਹਾਲਤ ਨੂੰ ਦੇਖਦਿਆਂ ਹੀ ਭਾਈ ਜਸਵੰਤ ਸਿੰਘ ਨੇ ਜ਼ੁਲਮਾਂ ਦਾ ਸਿੱਧੇ ਮੱਥੇ ਟਾਕਰਾ ਕਰਨ ਲਈ ਕਾਹਲੀ ਨਾਲ ਪੰਜਾਬ ਮੁੜ ਆਉਣ ਦਾ ਫ਼ੈਸਲਾ ਕੀਤਾ ਸੀ। ਉਹ ਮਈ ਮਹੀਨੇ ਦੇ ਅਖ਼ੀਰ ਵਿਚ ਪੰਜਾਬ ਪੁੱਜਾ ਜਦੋਂ ਜੇਠ ਵੀ ਤਪਿਆ ਹੋਇਆ ਸੀ ਅਤੇ ਭਾਰਤ ਦੇ ਸਿੱਖ-ਦੁਸ਼ਮਣ ਹਾਕਮਾਂ ਦੇ ਜ਼ੁਲਮਾਂ ਦੀ ਭੱਠੀ ਵੀ ਪੂਰੀ ਤਪੀ ਹੋਈ ਸੀ।

ਹਿਊਮਨ ਰਾਈਟਸ ਵਿੰਗ ਦੀ ਸਥਾਪਨਾ

ਜਸਵੰਤ ਸਿੰਘ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਆਈ.ਡੀ.ਪੀ. ਨਾਲੋਂ ਆਪਣਾ ਸਿਆਸੀ ਤੇ ਜਥੇਬੰਦਕ ਨਾਤਾ ਤੋੜ ਲਿਆ ਸੀ। ਪੰਜਾਬ ਵਿਚ ਵਾਪਸ ਆ ਕੇ ਉਸ ਨੇ ਜ਼ੁਲਮਾਂ ਦਾ ਅਸਰਦਾਰ ਤਰੀਕੇ ਨਾਲ ਟਾਕਰਾ ਕਰਨ ਲਈ ਕਿਸੇ ਪ੍ਰਤਿਬੱਧ ਰਾਜਸੀ ਧਿਰ ਅਥਵਾ ਜਥੇਬੰਦੀ ਨਾਲ ਜੁੜਨ ਦੀ ਲੋੜ ਮਹਿਸੂਸ ਕੀਤੀ। ਡੂੰਘੀ ਸੋਚ ਵਿਚਾਰ ਤੋਂ ਬਾਅਦ ਉਸ ਨੇ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅਕਾਲੀ ਦਲ (ਮਾਨ) ਨਾਲ ਰਲ ਕੇ ਚੱਲਣ ਦਾ ਫ਼ੈਸਲਾ ਕੀਤਾ। ਭਾਵੇਂ ਉਹ ਸ. ਮਾਨ ਦੀ ਚੋਣਾਂ ਬਾਰੇ ਸਮਝ ਨਾਲ ਸਹਿਮਤ ਨਹੀਂ ਸੀ ਪਰ ਉਸ ਹਾਲਤ ਵਿਚ ਉਸ ਨੂੰ, ਸਰਕਾਰੀ ਜ਼ੁਲਮਾਂ ਨਾਲ ਲੜਨ ਦਾ ਤੰਤ ਰੱਖਣ ਪੱਖੋਂ ਇਸ ਨਾਲੋਂ ਬਿਹਤਰ ਕੋਈ ਹੋਰ ਰਾਜਸੀ ਧਿਰ ਨਹੀਂ ਦਿਖਦੀ ਸੀ। ਉਸ ਵੇਲੇ ਉਸ ਦਾ ਵੱਡਾ ਸਰੋਕਾਰ ਪੰਜਾਬ ਅੰਦਰ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਰਾਖੀ ਕਰਨਾ ਸੀ। ਜਿਸ ਕਰਕੇ ਉਸ ਨੇ ਅਕਾਲੀ ਦਲ (ਮਾਨ) ਨਾਲ ਜੁੜ ਕੇ ‘ਹਿਊਮਨ ਰਾਈਟਸ ਵਿੰਗ’ ਦੀ ਸਥਾਪਨਾ ਕੀਤੀ ਅਤੇ ਆਪਣੀ ਸਰਗਰਮੀ ਇਸੇ ਮੰਚ ਦੇ ਨਾਂ ਹੇਠ ਕਰਨ ਦਾ ਇਰਾਦਾ ਧਾਰ ਲਿਆ।

ਇੰਗਲੈਂਡ ਅੰਦਰ ਬਿਤਾਏ ਇਕ ਸਾਲ ਦੇ ਦੌਰਾਨ ਭਾਈ ਜਸਵੰਤ ਸਿੰਘ ਨੇ ਪੱਛਮੀ ਮੁਲਕਾਂ ਦੇ ਅਧਿਕਾਰੀਆਂ ਨਾਲ ਹੋਈਆਂ ਮੁਲਾਕਾਤਾਂ ਤੋਂ ਇਹ ਜਾਣ ਲਿਆ ਸੀ ਕਿ ਜੇਕਰ ਪੰਜਾਬ ਅੰਦਰ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਬਾਹਰਲੇ ਸੰਸਾਰ ਤੋਂ ਹਮਾਇਤ ਜਾਂ ਹਮਦਰਦੀ ਹਾਸਲ ਕਰਨੀ ਹੈ ਤਾਂ ਜ਼ੁਲਮਾਂ ਬਾਰੇ ਅਮੂਰਤ (abstract) ਪ੍ਰਾਪੇਗੰਡੇ ਨੂੰ ਛੱਡ ਕੇ ਇਸ ਬਾਰੇ ਠੋਸ ਤੱਥ ਤੇ ਵੇਰਵੇ ਇਕੱਠੇ ਕਰਨੇ ਪੈਣਗੇ ਅਤੇ ਉਨ੍ਹਾਂ ਉੱਤੇ ਆਧਾਰਿਤ ਪ੍ਰਮਾਣਿਕ ਰਿਪੋਰਟਾਂ ਤਿਆਰ ਕਰਨੀਆਂ ਪੈਣਗੀਆਂ। ਭਾਵ ਉਸ ਨੇ ਇਸ ਮਸਲੇ ਪ੍ਰਤਿ ਸਹੀ ਪੇਸ਼ਾਵਾਰਾਨਾ ਪਹੁੰਚ ਅਪਨਾਉਣ ਦੀ ਲੋੜ ਤੇ ਅਹਿਮੀਅਤ ਪਛਾਣ ਲਈ ਸੀ । ਇਸੇ ਪਹੁੰਚ ਵਿੱਚੋਂ ਪੰਝੀ ਹਜ਼ਾਰ ਅਣਪਛਾਤੀਆਂ ਲਾਸ਼ਾਂ ਦਾ ਸੱਚ ਸਾਹਮਣੇ ਆ ਸਕਿਆ ਸੀ ਜਿਸ ਨਾਲ ਸੰਸਾਰ ਸਾਹਮਣੇ ਭਾਰਤੀ ਰਾਜ ਦੇ ਫ਼ਾਸ਼ੀ ਚਿਹਰੇ ਉੱਤੇ ਚੜ੍ਹਿਆ ਜਮਹੂਰੀਅਤ ਦਾ ਨਕਾਬ ਲੀਰੋ-ਲੀਰ ਹੋ ਗਿਆ ਸੀ।

ਬੀਹਲਾ ਕਾਂਡ

8 ਜੂਨ 1992 ਦੀ ਰਾਤ ਨੂੰ ਪੁਲਸ ਤੇ ਸੀ.ਆਰ.ਪੀ.ਐੱਫ਼. ਦੇ ਵੱਡੇ ਲਸ਼ਕਰ ਨੇ ਤਰਨ ਤਾਰਨ ਨੇੜਲੇ ਪਿੰਡ ਬੀਹਲਾ ਦੇ ਇਕ ਘਰ ਨੂੰ ਚੁਫੇਰਿਓਂ ਘੇਰਾ ਘੱਤ ਲਿਆ ਸੀ। ਪੁਲਸ ਨੂੰ ਕਿਸੇ ਮੁਖ਼ਬਰ ਨੇ ਸੂਹ ਦਿੱਤੀ ਸੀ ਕਿ ਸਾਬਕਾ ਐਮ.ਐਲ.ਏ. ਸ. ਮਨਜਿੰਦਰ ਸਿੰਘ ਬੀਹਲਾ ਦੇ ਬੇ-ਆਬਾਦ ਪਏ ਦੋ-ਮੰਜ਼ਲਾ ਮਕਾਨ ਵਿਚ ਕੁੱਝ ਖਾੜਕੂ ਲੁਕੇ ਹੋਏ ਹਨ। ਪੁਲਸ ਫ਼ੋਰਸ ਦੀ ਅਗਵਾਈ ਤਰਨ ਤਾਰਨ ਪੁਲਸ ਜ਼ਿਲ੍ਹੇ ਦਾ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਤੇ ਐੱਸ.ਪੀ. (ਓਪਰੇਸ਼ਨਜ਼) ਖੂਬੀ ਰਾਮ ਕਰ ਰਹੇ ਸਨ। ਪੁਲਸ ਨੇ ਜਦੋਂ ਘਰ ਦੇ ਅੰਦਰ ਵੜਨ ਦਾ ਯਤਨ ਕੀਤਾ ਤਾਂ ਖਾੜਕੂ ਸਿੰਘਾਂ ਨੇ ਇਕਦਮ ਗੋਲੀਆਂ ਦੀ ਵਾਛੜ ਕਰ ਦਿੱਤੀ ਜਿਸ ਨਾਲ ਪੁਲਸ ਤੇ ਸੀ.ਆਰ.ਪੀ. ਦੇ ਦੋ ਸਿਪਾਹੀ ਥਾਏਂ ਮਰ ਗਏ ਸਨ ਅਤੇ ਕੁੱਝ ਹੋਰ ਸਖ਼ਤ ਫੱਟੜ ਹੋ ਗਏ ਸਨ। ਇਸ ਤੋਂ ਘਬਰਾ ਕੇ ਹਮਲੇ ਦੀ ਅਗਵਾਈ ਕਰ ਰਹੇ ਪੁਲਸ ਅਫ਼ਸਰਾਂ ਨੇ ਕਾਹਲੀ ਨਾਲ ਆਪਣੀ ਮੱਦਦ ਲਈ ਫ਼ੌਜ ਸੱਦ ਲਈ ਸੀ। ਮੌਕੇ ‘ਤੇ ਮੌਜੂਦ ਪੁਲਸ ਅਫ਼ਸਰਾਂ ਦੇ ਦੱਸਣ ਅਨੁਸਾਰ ਸਰਕਾਰੀ ਹਥਿਆਰਬੰਦ ਬਲਾਂ ਦੇ ਕੁੱਲ ਮਿਲਾ ਕੇ 900 ਜਵਾਨ (400 ਫ਼ੌਜੀ, 300 ਸੀ.ਆਰ.ਪੀ.ਐੱਫ਼. ਦੇ ਜਵਾਨ ਤੇ 200 ਪੁਲਸ ਦੇ ਸਿਪਾਹੀ) ਇਸ ਉਪਰੇਸ਼ਨ ਵਿਚ ਸ਼ਾਮਲ ਸਨ । ਪਰ ਅਖ਼ਬਾਰਾਂ ਦੇ ਸੂਤਰਾਂ ਅਨੁਸਾਰ ਇਸ ਲੜਾਈ ਵਿਚ ਤਿੰਨਾਂ ਫ਼ੋਰਸਾਂ ਨੂੰ ਮਿਲਾ ਕੇ ਕੁੱਲ 1600 ਜਵਾਨ ਸ਼ਾਮਲ ਸਨ। ਦੂਜੇ ਪਾਸੇ ਘਰ ਦੇ ਅੰਦਰ ਖਾੜਕੂ ਕਿੰਨੇ ਸਨ ? ਸਿਰਫ਼ ਤਿੰਨ ! ਭਾਵ ਤਿੰਨ ਸਿੰਘਾਂ ਨਾਲ ਲੜਨ ਲਈ ਸਰਕਾਰੀ ਹਥਿਆਰਬੰਦ ਬਲਾਂ ਦੇ ਡੇਢ ਹਜ਼ਾਰ ਤੋਂ ਵੱਧ ‘ਸੂਰਮੇ’ ਤੈਨਾਤ ਕੀਤੇ ਗਏ ਸਨ !!! 30 ਘੰਟਿਆਂ ਤਕ ਚੱਲੇ ਮੁਕਾਬਲੇ ਵਿਚ ਤਿੰਨ ਖਾੜਕੂਆਂ ਤੋਂ ਇਲਾਵਾ 6 ਪਿੰਡ ਵਾਸੀ ਨਹੱਕੇ ਮਾਰੇ ਗਏ ਸਨ।

ਮੁਕਾਬਲਾ ਖ਼ਤਮ ਹੋਣ ਤੋਂ ਬਾਅਦ ਇਹ ਸੱਚ ਸਾਹਮਣੇ ਆਇਆ ਕਿ ਘਰ ਵਿਚ ਕੇਵਲ ਤਿੰਨ ਹੀ ਖਾੜਕੂ (ਸੁਰਜੀਤ ਸਿੰਘ ਬੀਹਲਾ, ਸੁਖਦੇਵ ਸਿੰਘ ਮੱਦੀ ਪਿੰਡ ਬੀਹਲਾ ਤੇ ਹਰਬੰਸ ਸਿੰਘ ਪਿੰਡ ਸਰਹਾਲੀ) ਛੁਪੇ ਹੋਏ ਸਨ। ਉਨ੍ਹਾਂ ਨੇ ਘਰ ਵਿਚ ਛੁਪਣ ਲਈ ਪੱਕਾ ਭੋਰਾ ਬਣਾਇਆ ਹੋਇਆ ਸੀ । ਸੋ ਜਦੋਂ ਪੁਲਸ ਨੇ ਘਰ ਅੰਦਰ ਵੜਨ ਦਾ ਯਤਨ ਕੀਤਾ ਤਾਂ ਖਾੜਕੂ ਸਿੰਘਾਂ ਨੇ ਉਨ੍ਹਾਂ ਦਾ ਸੁਆਗਤ ਗੋਲੀਆਂ ਦੀ ਬੁਛਾੜ ਨਾਲ ਕੀਤਾ ਸੀ। ਇਸ ਉਪਰੰਤ ਕਾਹਲੀ ਨਾਲ ਫ਼ੌਜ ਸੱਦੀ ਗਈ ਸੀ ਜਿਸਨੇ ਆਉਂਦਿਆਂ ਹੀ ਭਾਰੀ ਗੋਲਾਬਾਰੀ ਕਰ ਕੇ ਘਰ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਪਰ ਖਾੜਕੂ ਫਿਰ ਵੀ ਆਪਣੇ ਠਿਕਾਣੇ ਤੋਂ ਲਗਾਤਾਰ ਗੋਲੀਆਂ ਚਲਾਉਂਦੇ ਰਹੇ ਸਨ, ਜਿਸ ਦੇ ਡਰ ਨਾਲ ਫ਼ੌਜ ਤੇ ਪੁਲਸ ਦਾ ਘਰ ਦੇ ਅੰਦਰ ਵੜਨ ਦਾ ਹੌਂਸਲਾ ਨਹੀਂ ਪੈ ਰਿਹਾ ਸੀ। ਅਖ਼ੀਰ ਵਿਚ ਪੁਲਸ ਨੇ ਪਿੰਡ ਦੇ ਲੋਕਾਂ ਨੂੰ ‘ਢਾਲ’ ਬਣਾ ਕੇ, ਅਰਥਾਤ ਆਮ ਲੋਕਾਂ ਨੂੰ ਆਪਣੇ ਅੱਗੇ ਲਾ ਕੇ ਘਰ ਵਿਚ ਦਾਖ਼ਲ ਹੋਣ ਦੀ ਰਣਨੀਤੀ ਅਪਣਾਈ। ਜੰਗ ਦੇ ਕੌਮਾਂਤਰੀ ਪੱਧਰ ‘ਤੇ ਸਰਬ-ਵਾਨਤ ਨਿਯਮਾਂ ਅਨੁਸਾਰ ਆਹਮੋ-ਸਾਹਮਣੀ ਲੜਾਈ ਦੌਰਾਨ ਆਮ (ਸਿਵਲੀਅਨ) ਲੋਕਾਂ ਨੂੰ ‘ਮਨੁੱਖੀ ਢਾਲ’ (ਹਿਊਮਨ ਸ਼ੀਲਡ) ਬਣਾਉਣਾ ਜੰਗੀ ਜੁਰਮ ਮੰਨਿਆ ਜਾਂਦਾ ਹੈ। ਪਰ ਇਸ ਮਾਮਲੇ ਵਿਚ ਇਹ ਜੁਰਮ ਦਿਨ ਦਿਹਾੜੇ ਸਭ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਸਿੱਟੇ ਵਜੋਂ ਪਿੰਡ ਦੇ ਛੇ ਆਮ ਆਦਮੀ ਬੇਦੋਸ਼ੇ ਮਾਰੇ ਗਏ, ਜਿਨ੍ਹਾਂ ਵਿੱਚੋਂ ਇਕ ਗ਼ਰੀਬ ਮਜ਼ਦੂਰ ਸੀ ਜਿਹੜਾ ਆਪਣੇ ਖੱਚਰ ਰੇਹੜੇ ਨਾਲ ਭੱਠੇ ’ਤੇ ਇੱਟਾਂ ਢੋ ਕੇ ਗੁਜ਼ਾਰਾ ਕਰਦਾ ਸੀ। ਪਰ ਅਜੀਤ ਸਿੰਘ ਸੰਧੂ ਨੇ 10 ਜੂਨ ਦੀ ਸਵੇਰ ਨੂੰ ਅਖ਼ਬਾਰਾਂ ਦੇ ਨੁਮਾਇੰਦਿਆਂ ਕੋਲ ਪੂਰੀ ਬੇਸ਼ਰਮੀ ਨਾਲ ਇਹ ਝੂਠ ਬੋਲਿਆ ਸੀ ਕਿ ਮੁਕਾਬਲੇ ਵਿਚ ਮਾਰੇ ਗਏ ਸਾਰੇ 9 ਵਿਅਕਤੀ ‘ਖ਼ਤਰਨਾਕ ਦਹਿਸ਼ਤਗਰਦ’ ਸਨ। ਉਸ ਵੇਲੇ ਚੰਡੀਗੜ੍ਹ ਤੋਂ ਛਪਦੇ ਅੰਗਰੇਜ਼ੀ ਦੇ ਇੱਕੋ-ਇਕ ਅਖ਼ਬਾਰ ਦ ਟ੍ਰਿਬਿਊਨ ਨੇ ਅਗਲੇ ਦਿਨ ਪੁਲਸ ਦਾ ਇਹ ਝੂਠ ਪੂਰੀ ਵਫ਼ਾਦਾਰੀ ਨਾਲ ਇੰਨ-ਬਿੰਨ ਛਾਪਿਆ ਸੀ।

ਉਸ ਵੇਲੇ ਭਾਈ ਜਸਵੰਤ ਸਿੰਘ ਨੂੰ ਇੰਗਲੈਂਡ ਤੋਂ ਮੁੜੇ ਨੂੰ ਅਜੇ ਕੁੱਝ ਦਿਨ ਹੀ ਹੋਏ ਸਨ। ਪਰ ਉਸ ਨੇ ਖ਼ਬਰ ਪੜ੍ਹਦਿਆਂ ਹੀ ਉਸੇ ਵੇਲੇ ਬੀਹਲੇ ਪਹੁੰਚ ਕੇ ਲੋਕਾਂ ਕੋਲੋਂ ਸਾਰੀ ਸਚਾਈ ਦਾ ਪਤਾ ਕੀਤਾ। ਪੁਲਸ ਨੇ ਮੁਕਾਬਲੇ ਵਿਚ ਮਾਰੇ ਗਏ ਸਾਰੇ 9 ਵਿਅਕਤੀਆਂ ਨੂੰ ‘ਦਹਿਸ਼ਤਗ਼ਰਦ’ ਕਹਿ ਕੇ ਉਨ੍ਹਾਂ ਦਾ 10 ਜੂਨ ਨੂੰ ਤਰਨ ਤਾਰਨ ਦੇ ਮਿਊਂਸਿਪਲ ਸ਼ਮਸ਼ਾਨਘਾਟ ਅੰਦਰ ਇਕੱਠਿਆਂ ਸਸਕਾਰ ਕਰ ਦਿੱਤਾ ਸੀ । ਇਕ ਮ੍ਰਿਤਕ ਅਜੀਤ ਸਿੰਘ ਦਾ ਪਰਿਵਾਰ ਸਸਕਾਰ ਮੌਕੇ ਹਾਜ਼ਰ ਸੀ ਪਰ ਪੁਲਸ ਨੇ ਸਾਰੇ 9 ਜਣਿਆਂ ਨੂੰ ‘ਅਣਪਛਾਤੇ’ ਜਾਂ ‘ਲਾਵਾਰਸ’ ਕਹਿ ਕੇ ਸਾੜ ਦਿੱਤਾ ਸੀ। ਮਾਰੇ ਗਏ ਦੂਸਰੇ ਪਿੰਡ ਵਾਸੀਆਂ ਦੇ ਪਰਿਵਾਰਾਂ ਨੂੰ ਸ਼ਮਸ਼ਾਨਘਾਟ ਦੇ ਅੰਦਰ ਵੜਨ ਤੋਂ ਜ਼ਬਰਦਸਤੀ ਰੋਕ ਲਿਆ ਗਿਆ ਸੀ। ਭਾਈ ਜਸਵੰਤ ਸਿੰਘ ਨੇ ਇਹ ਸਾਰੇ ਤੱਥ ਇੰਡੀਅਨ ਐਕਸਪ੍ਰੈਸ ਅਖ਼ਬਾਰ ਲਈ ਤਰਨ ਤਾਰਨ ਤੋਂ ਖ਼ਬਰਾਂ ਭੇਜਣ ਵਾਲੇ ਰਿਪੋਰਟਰ ਨੂੰ ਦੱਸੇ, ਜਿਨ੍ਹਾਂ ਦੇ ਆਧਾਰ ‘ਤੇ ਅਗਲੇ ਦਿਨ ਅਖ਼ਬਾਰ ਨੇ ਆਪਣੇ ਮੁੱਖ ਸਫ਼ੇ ‘ਤੇ ਖ਼ਬਰ ਪੂਰੀ ਉਭਾਰ ਕੇ ਛਾਪੀ ਸੀ । ਇਸ ਖ਼ਬਰ ਨੇ ਅਜੀਤ ਸਿੰਘ ਸੰਧੂ ਦੇ ਝੂਠ ਦਾ ਪੋਲ ਖੋਲ੍ਹ ਦਿੱਤਾ ਸੀ । ਇਸ ਖ਼ਬਰ ਦੇ ਦਬਾਅ ਹੇਠ ਹੀ ਪੰਜਾਬ ਸਰਕਾਰ ਨੂੰ ਸ਼ਰਮੋ- ਸ਼ਰਮੀ ਸਾਰੇ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਜਾਰੀ ਕਰਨੇ ਪੈ ਗਏ ਸਨ । ਪਰ ਜਦੋਂ ਸਰਕਾਰਾਂ ਦੀ ਨੀਤ ਸਾਫ਼ ਨਾ ਹੋਵੇ ਤਾਂ ਅਜਿਹੀਆਂ ਪੜਤਾਲਾਂ ਦਾ ਮਕਸਦ ਸੱਚ ਨੂੰ ਸਾਹਮਣੇ ਲਿਆਉਣ ਦੀ ਥਾਂ ਸੱਚ ਉੱਤੇ ਪੜਦਾ ਪਾਉਣਾ ਜਾਂ ਪੜਤਾਲ ਨੂੰ ਬੇਵਜ੍ਹਾ ਲਮਕਾ ਕੇ ਸੱਚਾਈ ਨੂੰ ਘੱਟੇ ਰੋਲਣਾ ਹੁੰਦਾ ਹੈ। ਇਸ ਮਾਮਲੇ ਵਿਚ ਵੀ ਇਹੀ ਸਰਕਾਰੀ ਖੇਡ ਖੇਡੀ ਗਈ ਸੀ । ਉਹ ਪੜਤਾਲੀਆ ਰਿਪੋਰਟ ਅਜੇ ਤਕ ਵੀ ਸਰਕਾਰੀ ਕਾਗ਼ਜ਼ਾਂ ਵਿਚ ਹੀ ਸਹਿਕ ਰਹੀ ਹੈ।

ਖਾੜਕੂ ਸਿੰਘਾਂ ਦੇ ਪਰਿਵਾਰਾਂ ਉੱਤੇ ਪੁਲਸੀ ਜਬਰ ਦੀ ਮੁਹਿੰਮ

1992 ਵਿਚ ਬੇਅੰਤ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਪੁਲਸ ਨੇ ਖਾੜਕੂਆਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਘਰਾਂ ਤੋਂ ਚੁੱਕ ਕੇ ਅੰਨ੍ਹਾ ਤਸ਼ੱਦਦ ਢਾਹੁਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਵਿਆਪਕ ਮੁਹਿੰਮ ਚਲਾ ਦਿੱਤੀ ਸੀ। ਸਿਤਮ ਦੀ ਗੱਲ ਇਹ ਕਿ ਪੁਲਸ ਮ੍ਰਿਤਕਾਂ ਦੀਆਂ ਦੇਹਾਂ ਨੂੰ ਵਾਰਸਾਂ ਦੇ ਹਵਾਲੇ ਨਹੀਂ ਕਰਦੀ ਸੀ। ਉਨ੍ਹਾਂ ਨੂੰ ਕਿਥੇ ਖੁਰਦ ਬੁਰਦ ਕੀਤਾ ਜਾਂਦਾ ਸੀ, ਇਸ ਬਾਰੇ ਕੋਈ ਪਤਾ ਨਹੀਂ ਚੱਲਦਾ ਸੀ। ਇਸੇ ਕੜੀ ਤਹਿਤ ਪੁਲਸ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਦੋ ਦੋਸਤਾਂ ਨੂੰ ਅਲੱਗ ਅਲੱਗ ਥਾਵਾਂ ਤੋਂ ਘਰੋਂ ਚੁੱਕ ਕੇ ਲਾ-ਪਤਾ ਕਰ ਦਿੱਤਾ ਸੀ।

ਇਨ੍ਹਾਂ ਵਿੱਚੋਂ ਇਕ ਪੰਥਕ ਕਮੇਟੀ (ਡਾ: ਸੋਹਣ ਸਿੰਘ) ਦੇ ਮੈਂਬਰ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਦਾ ਚਾਚਾ ਬਾਬਾ ਪਿਆਰਾ ਸਿੰਘ ਸੀ, ਜੋ ਕਿ ਅੰਮਿ੍ਤਸਰ ਕੇਂਦਰੀ ਸਹਿਕਾਰੀ ਬੈਂਕ ਦਾ ਡਾਇਰੈਕਟਰ ਸੀ । ਉਸ ਵੇਲੇ ਜਸਵੰਤ ਸਿੰਘ ਖਾਲੜਾ ਵੀ ਉਸੇ ਬੈਂਕ ਦਾ ਡਾਇਰੈਕਟਰ ਸੀ । ਉਸ ਦੀ ਪਿਆਰਾ ਸਿੰਘ ਨਾਲ ਜਿਗਰੀ ਸਾਂਝ ਸੀ । ਬਾਬਾ ਪਿਆਰਾ ਸਿੰਘ ਪੁਲਸ ਦੀਆਂ ਵਧੀਕੀਆਂ ਤੋਂ ਬਚਣ ਲਈ ਯੂ.ਪੀ. ਵਿਚ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਆਪਣੇ ਫ਼ਾਰਮ ‘ਤੇ ਚਲਾ ਗਿਆ ਸੀ । ਪਰ ਪੰਜਾਬ ਪੁਲਸ ਨੇ ਉਸਦਾ ਪਿੱਛਾ ਕਰ ਹੋ ਕੇ ਉਸ ਨੂੰ ਫ਼ਾਰਮ ਤੋਂ ਫ਼ਰੇਬੀ ਢੰਗ ਨਾਲ ਗ੍ਰਿਫ਼ਤਾਰ ਕਰ ਲਿਆ ਸੀ। ਹੋਇਆ ਇਹ ਕਿ 11 ਦਸੰਬਰ 1992 ਨੂੰ ਸਵੇਰੇ ਹੀ ਫ਼ਾਰਮ ਉੱਤੇ ਇਕ ਜੀਪ ਆ ਕੇ ਰੁਕੀ। ਉਸ ਵਿੱਚੋਂ ਚਾਰ ਵਿਅਕਤੀ ਉਤਰੇ ਜਿਨ੍ਹਾਂ ਦੇ ਚਿੱਟੇ ਕੋਟ ਪਾਏ ਹੋਏ ਸਨ ਤੇ ਗਲਾਂ ਵਿਚ ਸਟੈਥੋਸਕੋਪ ਲਟਕ ਰਹੇ ਸਨ। ਉਨ੍ਹਾਂ ਆਪਣੀ ਜਾਣ-ਪਛਾਣ ਡਾਕਟਰਾਂ ਵਜੋਂ ਕਰਵਾਈ ਅਤੇ ਦੱਸਿਆ ਕਿ ਕੁੱਝ ਮਿੰਟਾਂ ਵਿਚ ਹੀ ਪਿੰਡ ਵਿਚ ਕੋਈ ਵੱਡਾ ਸਰਕਾਰੀ ਅਫ਼ਸਰ ਡਿਸਪੈਂਸਰੀ ਦਾ ਉਦਘਾਟਨ ਕਰਨ ਲਈ ਪਹੁੰਚ ਰਿਹਾ ਹੈ, ਜਿਸ ਕਰਕੇ ਉਥੇ ਪਿੰਡ ਦੇ ਕੁੱਝ ਪਤਵੰਤੇ ਲੋਕਾਂ ਦੀ ਹਾਜ਼ਰੀ ਜ਼ਰੂਰੀ ਹੈ । ਉਨ੍ਹਾਂ ਬਾਬਾ ਪਿਆਰਾ ਸਿੰਘ ਨੂੰ ਉਨ੍ਹਾਂ ਦੇ ਨਾਲ ਜਾਣ ਲਈ ਕਿਹਾ। ਉਨ੍ਹਾਂ ਨਾਲ ਹੀ, ਕੋਲ ਖਲੋਤੇ ਉਸ ਦੇ ਨੌਜਵਾਨ ਪੁੱਤਰ ਬਲਰਾਜ ਸਿੰਘ ਨੂੰ ਵੀ ਨਾਲ ਬਿਠਾ ਲਿਆ। ਥੋੜ੍ਹੀ ਹੀ ਦੂਰ ਜਾ ਕੇ ‘ਡਾਕਟਰ’ ਆਪਣੇ ਅਸਲੀ ਰੰਗ ਵਿਚ ਆ ਗਏ। ਉਹ ਪੰਜਾਬ ਪੁਲਸ ਦੇ ਬੁੱਚੜ ਮੁਲਾਜ਼ਮ ਸਨ ਜਿਹੜੇ ਬਾਬਾ ਪਿਆਰਾ ਸਿੰਘ ਤੇ ਉਸ ਦੇ ਪੁੱਤਰ ਨੂੰ ਲੈ ਕੇ ਉਥੋਂ ਸਿੱਧੇ ਅੰਮ੍ਰਿਤਸਰ ਪਹੁੰਚ ਗਏ ਸਨ । ਅੰਮ੍ਰਿਤਸਰ ਵਿਚ ਪੁਲਸ ਨੇ ਦੋਵਾਂ ਪਿਉ ਪੁੱਤਾਂ ਨੂੰ ਇਕੱਠਿਆਂ 5 ਦਿਨ ਸਥਾਨਕ ਬੀ.ਆਰ. ਮਾਡਰਨ ਸਕੂਲ ਵਿਚ ਰੱਖਿਆ, ਜਿਥੇ ਉਨ੍ਹਾਂ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ। 16 ਦਸੰਬਰ ਨੂੰ ਬਾਬਾ ਪਿਆਰਾ ਸਿੰਘ ਦੇ ‘ਪੁਲਸ ਮੁਕਾਬਲੇ’ ਵਿਚ ਮਾਰੇ ਜਾਣ ਦੀ ਖ਼ਬਰ ਛਪ ਗਈ। ਉਸ ਦੇ ਪਰਿਵਾਰ ਨੇ ਉਸ ਦੀ ਲਾਸ਼ ਲੈਣ ਦੇ ਪੁਰਜ਼ੋਰ ਯਤਨ ਕੀਤੇ, ਪਰ ਪੁਲਸ ਨੇ ਦੁਖੀ ਪਰਿਵਾਰ ਦੀ ਇਕ ਨਾ ਸੁਣੀ।

ਇਸੇ ਹੀ ਸਮੇਂ ਦੌਰਾਨ ਉਸੇ ਬੈਂਕ ਦੇ ਇਕ ਹੋਰ ਡਾਇਰੈਕਟਰ ਅਮਰੀਕ ਸਿੰਘ ਮੱਤੇਵਾਲ, ਜਿਹੜਾ ਪ੍ਰਸਿੱਧ ਖਾੜਕੂ ਭਾਈ ਸੀਤਲ ਸਿੰਘ ਮੱਤੇਵਾਲ ਦਾ ਭਰਾ ਸੀ, ਨੂੰ ਵੀ ਘਰੋਂ ਚੁੱਕ ਕੇ ਗੁੰਮ ਕਰ ਦਿੱਤਾ ਸੀ । ਇਹਨਾਂ ਦੇ ਨਾਲ ਸੀਤਲ ਸਿੰਘ ਦੀ ਸਿੰਘਣੀ ਤੇ ਭਰਾ ਦਰਸ਼ਨ ਸਿੰਘ ਵੀ ਸੀ । ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੇ ਇਨ੍ਹਾਂ ਦੋਸਤਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਲਈ ਪੂਰੀ ਵਾਹ ਲਾ ਦਿੱਤੀ ਸੀ ਪ੍ਰੰਤੂ ਪੁਲਸ ਨੇ ਕੋਈ ਪੱਲਾ ਨਹੀਂ ਫੜਾਇਆ ਸੀ।

ਪਰ ਇਸ ਦੇ ਬਾਵਜੂਦ ਭਾਈ ਜਸਵੰਤ ਸਿੰਘ ਖਾਲੜਾ ਨੇ ਹਾਰ ਨਾ ਮੰਨੀ। ਉਸ ਨੇ ਪੂਰੇ ਸਿਰੜ ਨਾਲ ਆਪਣੀ ਖੋਜ ਜਾਰੀ ਰੱਖੀ। ਇਸ ਤੋਂ ਦੋ ਕੁ ਮਹੀਨਿਆਂ ਬਾਅਦ 28 ਫ਼ਰਵਰੀ 1993 ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੀ ਖ਼ਬਰ ਨਸ਼ਰ ਹੋਈ। ਖ਼ਬਰ ਸੁਣਦਿਆਂ ਹੀ ਭਾਈ ਜਸਵੰਤ ਸਿੰਘ ਨੇ ਬਾਬਾ ਮਾਨੋਚਾਹਲ ਦੀ ਮ੍ਰਿਤਕ ਦੇਹ ਲੈਣ ਲਈ ਯਤਨ ਕਰਨ ਦਾ ਮਨ ਬਣਾਇਆ। ਪੁਲਸ ਨੇ ਜਿਹੜੀ ਲਾਸ਼ ਅਣਪਛਾਤੀ ਜਾਂ ਲਾਵਾਰਸ ਕਹਿ ਕੇ ਸਾੜਨੀ ਹੁੰਦੀ ਸੀ, ਉਸ ਬਾਰੇ ਇਹ ਮਨਘੜਤ ਝੂਠ ਸਿਰਜਿਆ ਜਾਂਦਾ ਸੀ ਕਿ ਮਾਰੇ ਗਏ ਖਾੜਕੂ ਦੀ ਲਾਸ਼ ਲੈਣ ਲਈ ਕੋਈ ਵਾਰਸ ਅੱਗੇ ਨਹੀਂ ਸੀ ਆਇਆ। ਇਸ ਝੂਠ ਰਾਹੀਂ ਪੁਲਸ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੀ ਸੀ ਕਿ ਲੋਕ ਖਾੜਕੂਆਂ ਦੇ ਏਨੇ ਖ਼ਿਲਾਫ਼ ਹੋ ਗਏ ਹਨ ਕਿ ਕੋਈ ਉਨ੍ਹਾਂ ਦੀਆਂ ਲਾਸ਼ਾਂ ਦਾ ਵਾਰਸ ਬਣਨ ਲਈ ਵੀ ਤਿਆਰ ਨਹੀਂ। ਭਾਈ ਖਾਲੜਾ ਦਾ ਵਿਚਾਰ ਇਹ ਸੀ ਕਿ ਦਮਦਮੀ ਟਕਸਾਲ ਦੇ ਇਕ ਦੋ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਬਾਬਾ ਮਾਨੋਚਾਹਲ ਦੇ ਵਾਰਸ ਹੋਣ ਦਾ ਦਾਅਵਾ ਕੀਤਾ ਜਾਵੇ ਅਤੇ ਇਸ ਆਧਾਰ ‘ਤੇ ਪੁਲਸ ਕੋਲੋਂ ਉਸ ਦਾ ਮ੍ਰਿਤਕ ਸਰੀਰ ਲੈਣ ਦਾ ਯਤਨ ਕੀਤਾ ਜਾਵੇ। ਜੇਕਰ ਪੁਲਸ ਲਾਸ਼ ਨੂੰ ‘ਲਾਵਾਰਸ’ ਕਹਿ ਕੇ ਸਾੜਨ ਦਾ ਯਤਨ ਕਰਦੀ ਹੈ ਤਾਂ ਉਸ ਦੇ ਝੂਠ ਦਾ ਭਾਂਡਾ ਚੌਰਾਹੇ ਵਿਚ ਭੰਨਿਆ ਜਾ ਸਕਦਾ ਸੀ । ਭਾਈ ਖਾਲੜਾ ‘ਦਮਨ ਵਿਰੋਧੀ ਫ਼ਰੰਟ’ ਦੇ ਵਰਕਰਾਂ ਨਾਲ ਰਾਇ ਮਸ਼ਵਰਾ ਕਰ ਕੇ ਇਕੱਲਾ ਹੀ ਆਪਣੇ ਸਕੂਟਰ ‘ਤੇ ਸਵਾਰ ਹੋ ਕੇ ਤਰਨ ਤਾਰਨ ਲਈ ਚੱਲ ਪਿਆ ਸੀ । ਤੁਰਨ ਤੋਂ ਪਹਿਲਾਂ ਉਸ ਨੇ ਆਪਣੇ ਸਾਥੀਆਂ ਨੂੰ ਤਾਕੀਦ ਕਰ ਦਿੱਤੀ ਸੀ ਕਿ ਪੁਲਸ ਦੇ ਜਾਬਰ ਵਤੀਰੇ ਨੂੰ ਦੇਖਦੇ ਹੋਏ ਉਸ ਨਾਲ ਉਥੇ ਕੋਈ ਵੀ ਮੰਦਹੋਣੀ ਵਾਪਰ ਸਕਦੀ ਹੈ ਅਤੇ ਜੇਕਰ ਉਹ ਵਾਪਸ ਨਾ ਆ ਸਕਿਆ ਤਾਂ ਮੇਰੇ ਤੋਂ ਬਾਅਦ ਤੁਸੀਂ ਆਪਣੇ ਮਿਸ਼ਨ ਨੂੰ ਏਸੇ ਜਜ਼ਬੇ ਨਾਲ ਜਾਰੀ ਰੱਖਣਾ। ਉਧਰ ਦਮਦਮੀ ਟਕਸਾਲ ਦੇ ਆਗੂ ਭਾਈ ਮੋਹਕਮ ਸਿੰਘ ਨੂੰ ਵੀ ਅੰਮ੍ਰਿਤਸਰ ਵਿਖੇ ਪੱਤਰਕਾਰ ਮਹਿੰਦਰ ਸਿੰਘ ਕੋਲੋਂ ਬਾਬਾ ਮਾਨੋਚਾਹਲ ਦੀ ਸ਼ਹਾਦਤ ਦੀ ਖ਼ਬਰ ਮਿਲ ਗਈ ਸੀ ਅਤੇ ਉਹ ਉਸੇ ਵੇਲੇ ਆਪਣੇ ਇਕ ਸਾਥੀ ਨਾਲ ਬਾਬਾ ਮਾਨੋਚਾਹਲ ਦਾ ਸਰੀਰ ਲੈਣ ਲਈ ਜੀਪ ‘ਤੇ ਸਵਾਰ ਹੋ ਕੇ ਤਰਨ ਤਾਰਨ ਲਈ ਰਵਾਨਾ ਹੋ ਗਏ ਸਨ । ਸਬੱਬ ਨਾਲ ਉਨ੍ਹਾਂ ਨੂੰ ਰਸਤੇ ਵਿਚ ਭਾਈ ਜਸਵੰਤ ਸਿੰਘ ਖਾਲੜਾ ਸਕੂਟਰ ਉੱਤੇ ਇਕੱਲਾ ਹੀ ਤਰਨ ਤਾਰਨ ਵੱਲ ਜਾਂਦਾ ਦਿਸ ਗਿਆ। ਉਨ੍ਹਾਂ ਨੇ ਮਿਲ ਕੇ ਸੰਖੇਪ ਵਿਚ ਆਪਸੀ ਰਾਇ ਮਸ਼ਵਰਾ ਕੀਤਾ। ਭਾਈ ਖਾਲੜਾ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਚੱਲੋ ਮੈਂ ਸਕੂਟਰ ਉੱਤੇ ਤੁਹਾਡੇ ਪਿੱਛੇ ਹੀ ਆਉਂਦਾ ਹਾਂ। ਭਾਈ ਮੋਹਕਮ ਸਿੰਘ ਹੁਰਾਂ ਨੇ ਤਰਨ ਤਾਰਨ ਜਾ ਕੇ ਦੇਖਿਆ ਕਿ ਬਾਬਾ ਮਾਨੋਚਾਹਲ ਦਾ ਮ੍ਰਿਤਕ ਸਰੀਰ ਮੁੱਖ ਸੜਕ ਉੱਤੇ ਬੋਹੜੀਵਾਲਾ ਚੌਂਕ ਵਿਚ ਇਕ ਬੋਹੜ ਹੇਠਾਂ ਰੱਖਿਆ ਹੋਇਆ ਸੀ। ਚਾਰੇ ਪਾਸੇ ਪੁਲਸ ਭਾਰੀ ਨਫ਼ਰੀ ਵਿਚ ਤੈਨਾਤ ਕੀਤੀ ਹੋਈ ਸੀ। ਨੇੜੇ ਹੀ ਇਕ ਗੱਤੇ ਜਿਹੇ ‘ਤੇ ਹੱਥ ਨਾਲ ਲਿਖ ਕੇ ਲਾਇਆ ਹੋਇਆ ਸੀ ਕਿ ‘ਖ਼ਤਰਨਾਕ ਅੱਤਵਾਦੀ ਗੁਰਬਚਨ ਸਿੰਘ ਮਾਨੋਚਾਹਲ ਪੁਲਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਹੈ ਪਰ ਉਸ ਦੀ ਲਾਸ਼ ਲੈਣ ਲਈ ਕੋਈ ਵਾਰਸ ਨਹੀਂ ਆਇਆ ਜਿਸ ਕਰਕੇ ਇਸ ਲਾਸ਼ ਨੂੰ ਲਾਵਾਰਸ ਕਹਿ ਕੇ ਸਾੜਿਆ ਜਾ ਰਿਹਾ ਹੈ ।’ ਇਹੋ ਗੱਲ ਲਾਊਡ ਸਪੀਕਰ ਤੋਂ ਵੀ ਦੁਹਰਾਈ ਜਾ ਰਹੀ ਸੀ। ਭਾਈ ਮੋਹਕਮ ਸਿੰਘ ਹੁਰਾਂ ਨੇ ਇਸ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ਬਾਬਾ ਮਾਨੋਚਾਹਲ ਦੇ ਵਾਰਸ ਹਨ ਤੇ ਉਸ ਦਾ ਮ੍ਰਿਤਕ ਸਰੀਰ ਉਨ੍ਹਾਂ ਨੂੰ ਦਿੱਤਾ ਜਾਵੇ । ਪੁਲਸ ਨੇ ਉਨ੍ਹਾਂ ਦਾ ਇਹ ਦਾਅਵਾ ਬੇਰੁਖ਼ੀ ਨਾਲ ਠੁਕਰਾ ਦਿੱਤਾ ਅਤੇ ਉਨ੍ਹਾਂ ਦੇ ਇਤਰਾਜ਼ਾਂ ਦੇ ਬਾਵਜੂਦ ਜ਼ਬਰਦਸਤੀ ਲਾਸ਼ ਨੂੰ ਚੁੱਕ ਕੇ ਮਿਊਂਸਿਪਲ ਸ਼ਮਸ਼ਾਨਘਾਟ ਲੈ ਗਏ। ਉਸ ਵੇਲੇ ਤਕ ਭਾਈ ਖਾਲੜਾ ਵੀ ਸ਼ਮਸ਼ਾਨਘਾਟ ਪਹੁੰਚ ਗਿਆ ਸੀ । ਪਰ ਉਨ੍ਹਾਂ ਦੇ ਪੂਰਾ ਯਤਨ ਕਰਨ ਦੇ ਬਾਵਜੂਦ ਪੁਲਸ ਨੇ ਉਨ੍ਹਾਂ ਨੂੰ ਬਾਬਾ ਮਾਨੋਚਾਹਲ ਦਾ ਸਰੀਰ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਤਰੀਕੇ ਨਾਲ ਪੁਲਸ ਨੇ ਬਾਬਾ ਮਾਨੋਚਾਹਲ ਦੇ ਮ੍ਰਿਤਕ ਸਰੀਰ ਦਾ ‘ਲਾਵਾਰਸ’ ਕਹਿ ਕੇ ਕਾਹਲੀ ਨਾਲ ਸਸਕਾਰ ਕਰ ਦਿੱਤਾ ਸੀ। ਪੁਲਸ ਦੀ ਇਸ ਹਰਕਤ ਨੂੰ ਦੇਖ ਕੇ ਭਾਈ ਜਸਵੰਤ ਸਿੰਘ ਨੂੰ ਇਕਦਮ ਸ਼ੱਕ ਹੋ ਗਿਆ ਕਿ ਉਸ ਦੇ ਜਿਨ੍ਹਾਂ ਦੋ ਦੋਸਤਾਂ ਦੀਆਂ ਲਾਸ਼ਾਂ ਦੀ ਕੋਈ ਉੱਘ ਸੁੱਘ ਨਹੀ ਮਿਲ ਰਹੀ ਸੀ, ਹੋ ਸਕਦਾ ਹੈ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਲਾਵਾਰਸ ਕਹਿ ਕੇ ਮਿਊਂਸਿਪਲ ਸ਼ਮਸ਼ਾਨਘਾਟ ਅੰਦਰ ਸਾੜ ਦਿੱਤਾ ਗਿਆ ਹੋਵੇ। ਬੱਸ ਇਥੋਂ ਹੀ, ਉਸ ਦੀ, ਅਣਪਛਾਤੀਆਂ ਲਾਸ਼ਾਂ ਦੀ ਸੱਚਾਈ ਦਾ ਪਤਾ ਲਾਉਣ ਦੀ ਜਾਨ-ਹੂਲਵੀਂ ਜੱਦੋ-ਜਹਿਦ ਆਰੰਭ ਹੋ ਗਈ ਸੀ।

ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਉੱਤੇ ਜ਼ੁਲਮਾਂ ਦੀ ਹੌਲਨਾਕ ਵਿਥਿਆ

ਇਸੇ ਹੀ ਸਮੇਂ ਦੌਰਾਨ ਪੁਲਸ ਨੇ ਮਾਝੇ ਵਿਚ, ਖ਼ਾਸ ਕਰਕੇ ਤਰਨ ਤਾਰਨ ਦੇ ਖੇਤਰ ਵਿਚ ਕੁੱਝ ਚੋਣਵੇਂ ਖਾੜਕੂ ਆਗੂਆਂ ਦੇ ਪਰਿਵਾਰਾਂ ਦੇ ਮੈਂਬਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਉੱਤੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਸੀ। ਭਾਈ ਜਸਵੰਤ ਸਿੰਘ ਨੇ ਲੋਕਾਂ ਨੂੰ ਇਨ੍ਹਾਂ ਜ਼ੁਲਮਾਂ ਤੋਂ ਜਾਣੂੰ ਕਰਾਉਣ ਲਈ ਆਪਣੇ ਪੱਕੇ ਸਾਥੀਆਂ ਨਾਲ ਰਲ ਕੇ ਠੋਸ ਵੇਰਵੇ ਇਕੱਠੇ ਕਰਨ ਦੀ ਵਿਉਂਤ ਬਣਾਈ। ਉਸ ਨੇ ਨਮੂਨੇ ਦੇ ਤੌਰ ‘ਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਪਰਿਵਾਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਉੱਤੇ ਢਾਹੇ ਗਏ ਜ਼ੁਲਮਾਂ ਬਾਰੇ ਠੋਸ ਤੱਥਾਂ ‘ਤੇ ਆਧਾਰਿਤ ਰਿਪੋਰਟ ਤਿਆਰ ਕਰਨ ਦਾ ਕਾਰਜ ਆਰੰਭ ਕਰ ਦਿੱਤਾ। ਇਸ ਵਾਸਤੇ ਉਸ ਨੂੰ ਅਨੇਕਾਂ ਹੀ ਪਿੰਡਾਂ ਤੇ ਘਰਾਂ ਵਿਚ ਜਾਣਾ ਪਿਆ ਸੀ । ਜਿਸਮਾਨੀ ਭੱਜ ਨੱਠ ਤੋਂ ਇਲਾਵਾ ਇਸ ਵਿਚ ਉਸ ਨੂੰ ਪੈਰ ਪੈਰ ‘ਤੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਅਣਮਨੁੱਖੀ ਜ਼ੁਲਮਾਂ ਲਈ ਬਦਨਾਮ ਪੁਲਸ ਅਫ਼ਸਰਾਂ ਦਾ ਵਤੀਰਾ ਇਹ ਸੀ ਕਿ ਉਹ ਆਪਣੀਆਂ ਵਹਿਸ਼ੀ ਕਰਤੂਤਾਂ ਦੇ ਵਿਰੁੱਧ ਕੋਈ ਵੀ ਸ਼ਬਦ ਸੁਣਨ ਲਈ ਤਿਆਰ ਨਹੀਂ ਸਨ । ਇਸ ਬਾਰੇ ਖ਼ਬਰਾਂ ਦੇਣ ਤੇ ਛਾਪਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਂਦਾ ਸੀ। ਪੁਲਸ ਵਿਰੁੱਧ ਖ਼ਬਰਾਂ ਛਾਪਣ ਦੀ ‘ਗੁਸਤਾਖ਼ੀ’ ਕਰਨ ਵਾਲੇ ਕੁੱਝ ਪੱਤਰਕਾਰ (Reporter) ਖ਼ੁਦ ਪੁਲਸ ਦੀ ਕਰੋਪੀ ਦੇ ਸ਼ਿਕਾਰ ਹੋ ਚੁੱਕੇ ਸਨ । ਉਨ੍ਹਾਂ ਨੂੰ ਘਰਾਂ ਜਾਂ ਦਫ਼ਤਰਾਂ ‘ਚੋਂ ਚੁੱਕ ਕੇ ਲਾ-ਪਤਾ ਕਰ ਦਿੱਤਾ ਗਿਆ ਸੀ । ਖ਼ੁਦ ਜਸਵੰਤ ਸਿੰਘ ਨੂੰ ਉਸ ਵੇਲੇ ਤਕ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ । ਪਰ ਉਸ ਨਿਰਭੈ ਯੋਧੇ ਨੇ ਆਪਣੀ ਜਾਨ ਦੀ ਕੋਈ ਪ੍ਰਵਾਹ ਨਾ ਕੀਤੀ । ਜਦੋਂ ਉਸ ਦੇ ਕਿਸੇ ਸਾਥੀ ਨੇ ਪੁਲਸ ਦੇ ਡਰ ਕਾਰਨ ਉਸ ਦੇ ਨਾਲ ਜਾਣ ਤੋਂ ਥੋੜ੍ਹੀ ਜਿਹੀ ਵੀ ਝਿਜਕ ਦਿਖਾਈ, ਤਾਂ ਉਹ ਇਕੱਲਾ ਹੀ ਆਪਣਾ ਸਲੇਟੀ ਰੰਗਾ ਸਕੂਟਰ (ਰਜਿ: ਨੰ: ਪੀ ਬੀ 02, ਡੀ 5291) ਲੈ ਕੇ, ਪੁਲਸੀ ਜ਼ੁਲਮਾਂ ਦਾ ਗੜ੍ਹ ਬਣੇ ਤਰਨ ਤਾਰਨ ਖੇਤਰ ਦੇ ਪਿੰਡਾਂ ਵਿਚ ਬੇਖ਼ੌਫ਼ ਘੁੰਮਦਾ ਰਿਹਾ। ਉਸ ਦਹਿਸ਼ਤਜ਼ਦਾ ਮਾਹੌਲ ਵਿਚ ‘ਕੱਲੀ ਜਾਨ ਵੱਲੋਂ ਪੁਲਸ ਦੇ ਜ਼ੁਲਮਾਂ ਬਾਰੇ ਪਿੰਡ ਪਿੰਡ ਫਿਰ ਕੇ ਲਿਖਤੀ ਵੇਰਵੇ ਇਕੱਠੇ ਕਰਨੇ, ਖ਼ਾਲੀ ਹੱਥੀਂ ਖੂੰਖ਼ਾਰ ਬਘਿਆੜਾਂ ਦੇ ਘੁਰਨਿਆਂ ਵਿਚ ਜਾ ਵੜਨ ਵਰਗੀ ਹੀ ਗੱਲ ਸੀ। ਪਰ ਉਦੋਂ ਤਕ ਵਾਹਿਗੁਰੂ ਦੀ ਕਿਰਪਾ ਨਾਲ ਭਾਈ ਜਸਵੰਤ ਸਿੰਘ ਮੌਤ ਦੇ ਭੈਅ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਸੀ । ਉਹ ਪੁਲਸ ਦੀ ਦਰਿੰਦਗੀ ਦੇ ਸ਼ਿਕਾਰ ਹੋਏ ਪਰਿਵਾਰਾਂ ਕੋਲ ਖ਼ੁਦ ਚੱਲ ਕੇ ਗਿਆ, ਉਨ੍ਹਾਂ ਦੇ ਮੂੰਹੋਂ ਉਨ੍ਹਾਂ ਦੇ ਦੁੱਖਾਂ ਦੀ ਦਰਦਨਾਕ ਵਿਥਿਆ ਸੁਣੀ ਜਿਸ ਨੂੰ ਸੁਣ ਕੇ ਉਸ ਦਾ ਮਨ ਲਗਾਤਾਰ ਵਿਆਕੁਲ ਹੁੰਦਾ ਰਿਹਾ। ਉਹ ਸਾਰੇ ਵੇਰਵੇ ਨਾਲੋ-ਨਾਲ ਆਪਣੀ ਡਾਇਰੀ ਵਿਚ ਲਿਖਦਾ ਰਿਹਾ। ਅਖ਼ੀਰ ਵਿਚ ਇਨ੍ਹਾਂ ਦੇ ਆਧਾਰ ‘ਤੇ ਉਸ ਨੇ ਭਰਵੀਂ ਰਿਪੋਰਟ ਤਿਆਰ ਕੀਤੀ ਜਿਸ ਵਿੱਚੋਂ ਪੁਲਸ ਦੇ ਜ਼ੁਲਮਾਂ ਦੀ ਹੇਠਾਂ ਦਿੱਤੀ ਹੌਲਨਾਕ ਤਸਵੀਰ ਉਘੜਦੀ ਹੈ :

2 ਅਗਸਤ 1992 ਨੂੰ ਨੌਸ਼ਹਿਰਾ ਪੰਨੂਆਂ ਪਿੰਡ ਵਿਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਪਿਤਾ ਸ. ਆਤਮਾ ਸਿੰਘ ਦੇ ਘਰੋਂ ਉਸ ਦੇ ਪੁੱਤਰ ਨਰਵੈਲ ਸਿੰਘ (ਮਾਨੋਚਾਹਲ ਦਾ ਭਰਾ) ਨੂੰ ਪੁਲਸ ਫੜ ਕੇ ਲੈ ਗਈ। ਚੌਂਕੀ ਇਨਚਾਰਜ ਇੰਦਰਜੀਤ ਸਿੰਘ ਖ਼ੁਦ ਉਸ ਨੂੰ ਲੈ ਕੇ ਚੌਂਕੀ ਗਿਆ ਸੀ । ਉਥੋਂ ਉਸ ਨੂੰ ਸੀ.ਆਈ.ਏ. ਸਟਾਫ਼ ਤਰਨ ਤਾਰਨ ਖੜਿਆ ਗਿਆ। ਇਕ ਹਫ਼ਤੇ ਦੀ ਕੁੱਟ-ਮਾਰ ਤੋਂ ਬਾਅਦ ਉਸ ਨੂੰ ਫਿਰ ਚੌਂਕੀ (ਨੌਸ਼ਹਿਰਾ ਪੰਨੂਆਂ) ਲਿਆਂਦਾ ਗਿਆ। ਉਹ ਤੁਰਨ ਫਿਰਨ ਖੁਣੋਂ ਆਤਰ (ਅਸਮਰੱਥ) ਸੀ। ਅੱਠਾਂ ਦਿਨਾਂ ਬਾਅਦ 10 ਅਗਸਤ ਨੂੰ ਆਤਮਾ ਸਿੰਘ ਨੂੰ ਵੀ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਨਾਲ ਹੀ ਬਾਬਾ ਮਾਨੋਚਾਹਲ ਦੀ ਮਾਤਾ ਗੁਰਮੇਜ ਕੌਰ ਅਤੇ ਮਾਨੋਚਾਹਲ ਦੇ ਇਕ ਹੋਰ ਭਰਾ ਤਰਲੋਚਨ ਸਿੰਘ ਦੀ ਪਤਨੀ ਕਸ਼ਮੀਰ ਕੌਰ ਨੂੰ ਵੀ ਪੁਲਸ ਨੇ ਫੜ ਲਿਆ। ਕਸ਼ਮੀਰ ਕੌਰ ਨੂੰ ਬੀਮਾਰ ਹੋਣ ਕਰਕੇ ਅਗਲੇ ਦਿਨ ਛੱਡ ਦਿੱਤਾ ਗਿਆ। ਫਿਰ 11 ਅਗਸਤ ਨੂੰ ਨਰਵੈਲ ਸਿੰਘ, ਆਤਮਾ ਸਿੰਘ ਤੇ ਗੁਰਮੇਜ ਕੌਰ ਨੂੰ ਸਰਹਾਲੀ ਥਾਣੇ ਲਿਆਂਦਾ ਗਿਆ। ਏਥੇ ਮਾਨੋਚਾਹਲ ਦੀ ਭੈਣ ਬਲਜੀਤ ਕੌਰ ਨੂੰ ਬ੍ਰਹਮਪੁਰੇ ਪਿੰਡ ਤੋਂ ਫੜ ਕੇ ਲੈ ਆਂਦਾ ਗਿਆ ਅਤੇ ਪਿੰਡ ਮਾਨੋਚਾਹਲ ਤੋਂ ਬਾਬਾ ਮਾਨੋਚਾਹਲ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੂੰ ਵੀ ਲੈ ਆਂਦਾ ਗਿਆ। ਪੰਜਾਂ ਨੂੰ ਇਕੱਠਿਆਂ ਵੈਰੋਵਾਲ ਥਾਣੇ ਖੜਿਆ ਗਿਆ। 17 ਅਗਸਤ ਨੂੰ ਚੰਡੀਗੜ੍ਹ ਦੇ ਇਕ ਪ੍ਰੋਫੈਸਰ ਦੀ ਸਿਫ਼ਾਰਸ਼ ‘ਤੇ ਜ਼ਨਾਨੀਆਂ ਨੂੰ ਛੱਡ ਦਿੱਤਾ ਗਿਆ । 20 ਅਗਸਤ ਨੂੰ ਡੀ.ਐੱਸ.ਪੀ. ਗੁਰਮੀਤ ਸਿੰਘ ਨਰਵੈਲ ਸਿੰਘ ਨੂੰ ਤਰਨ ਤਾਰਨ ਸੀ.ਆਈ.ਏ. ਸਟਾਫ਼ ਵਿਚ ਲੈ ਆਇਆ । ਆਤਮਾ ਸਿੰਘ ਨੂੰ ਉਸੇ ਦਿਨ ਪੁਲਸ ਚੌਂਕੀ ਚੋਹਲਾ ਸਾਹਿਬ ਭੇਜ ਦਿੱਤਾ ਗਿਆ। 9 ਸਤੰਬਰ (1992) ਨੂੰ ਪੁਲਸ ਨੇ ਇਕ ਬਿਆਨ ਜਾਰੀ ਕੀਤਾ ਕਿ ਨਰਵੈਲ ਸਿੰਘ ਤਰਨ ਤਾਰਨ ਹਰੀਕੇ ਰੋਡ ਉਪਰ ਸਰਹਾਲੀ ਲਾਗੇ ਖਾਰੇ ਦੇ ਪੁਲ ‘ਤੇ ਇਕ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਇਹ ਇਸ ਕਾਂਡ ਦੀ ਪਹਿਲੀ ਮੌਤ ਸੀ। ਏਸੇ ਦਿਨ ਆਤਮਾ ਸਿੰਘ ਨੂੰ ਚੋਹਲਾ ਸਾਹਿਬ ਤੋਂ ਪੱਟੀ ਥਾਣੇ ਵਿਚ ਭੇਜ ਦਿੱਤਾ ਗਿਆ ਜਿਥੇ ਦੇਖਣ ਵਾਲਿਆਂ ਦੱਸਿਆ ਕਿ ਉਸ ਦੇ ਸਰੀਰ ਉੱਤੇ ਹੋਏ ਜ਼ਖ਼ਮਾਂ ਵਿਚ ਕੀੜੇ ਚੱਲ ਚੁੱਕੇ ਸਨ। ਇਸ ਤੋਂ ਬਾਅਦ ਪੁਲਸ ਵਾਲੇ ਇਹ ਗੱਲਾਂ ਕਰਦੇ ਸੁਣੇ ਗਏ ਸਨ ਕਿ ਉਸ ਨੂੰ ਗਲ਼ੀ ਸੜੀ ਹਾਲਤ ਵਿਚ ਦਰਿਆ ਵਿਚ ਰੋੜ੍ਹ ਦਿੱਤਾ ਗਿਆ ਸੀ। ਪਰ ਇਕ ਅਖ਼ਬਾਰ ਨੇ ਇਹ ਕਿਹਾ ਕਿ ਪੁਲਸ ਨੇ ਉਸ ਨੂੰ ਸਰਹਾਲੀ ਥਾਣੇ ਵਿਚ ਪਿੰਡ ਰੂੜੀਵਾਲ ਲਾਗੇ ਇਕ ਪੁਲਸ ਮੁਕਾਬਲੇ ਵਿਚ ਮਾਰਿਆ ਦੱਸਿਆ ਹੈ। ਪੁਲਸ ਦੇ ਰਿਕਾਰਡ ਵਿਚ ਕੀ ਦਰਜ ਹੈ, ਇਹ ਭੇਤ ਅਜੇ ਤਕ ਬਾਹਰ ਨਹੀਂ ਆਇਆ। ਇਹ ਇਸ ਕਾਂਡ ਦੀ ਦੂਜੀ ਮੌਤ ਸੀ।

9 ਸਤੰਬਰ ਨੂੰ ਇਸ ਕਾਂਡ ਦਾ ਦੂਜਾ ਪੜਾਅ ਸ਼ੁਰੂ ਹੋਇਆ। ਪਿੰਡ ਮਾਨੋਚਾਹਲ ਤੋਂ ਚਾਚੇ ਕਾਰਜ ਸਿੰਘ ਦੀ ਪਤਨੀ ਚਰਨ ਕੌਰ (ਬਾਬਾ ਮਾਨੋਚਾਹਲ ਦੀ ਚਾਚੀ) ਨੂੰ ਫੜ ਲਿਆ। ਦੀਨਪੁਰ ਪਿੰਡ ਤੋਂ ਮਾਸੀ ਸਵਰਨ ਕੌਰ ਪਤਨੀ ਪਿਆਰਾ ਸਿੰਘ ਨੂੰ ਚੁੱਕ ਲਿਆ ਗਿਆ। ਚਾਚਾ ਲੱਖਾ ਸਿੰਘ ਤੇ ਉਸ ਦੇ ਸਾਂਢੂ ਦੇ ਮੁੰਡੇ ਕਾਬਲ ਸਿੰਘ ਨੂੰ ਪਿੰਡ ਚੋਹਲਾ ਸਾਹਿਬ ਤੋਂ ਚੁੱਕਿਆ ਗਿਆ। ਤਾਏ ਦਿਆ ਸਿੰਘ ਦੇ ਸਹੁਰਿਆਂ (ਪਿੰਡ ਸਰਹਾਲੀ) ਤੋਂ ਸਾਲੇ ਦੇ ਦੋ ਮੁੰਡੇ ਪ੍ਰਗਟ ਸਿੰਘ ਤੇ ਅਵਤਾਰ ਸਿੰਘ ਚੁੱਕ ਲਏ ਗਏ। ਪਿੰਡ ਬ੍ਰਹਮਪੁਰਾ ਤੋਂ ਭੈਣ ਦੀ ਸੱਸ ਪ੍ਰੀਤਮ ਕੌਰ, ਭਣਵਈਏ ਦੇ ਭਰਾ ਸੁਲੱਖਣ ਸਿੰਘ ਤੇ ਬਲਦੇਵ ਸਿੰਘ ਪੁੱਤਰ ਅਰਜਨ ਸਿੰਘ, ਜੋ ਸੀ.ਆਰ.ਪੀ. ਦੇ ਰਿਟਾਇਰਡ ਮੁਲਾਜ਼ਮ ਸਨ, ਚੁੱਕ ਲਏ ਗਏ। ਸੰਗਤਪੁਰੇ ਪਿੰਡ ਤੋਂ ਮਾਸੀ ਦੀ ਧੀ ਅਮਰ ਕੌਰ ਤੇ ਉਸ ਦੀ ਸੱਸ ਗੁਰਮੇਜ ਕੌਰ ਨੂੰ ਚੁੱਕਿਆ ਗਿਆ । ਕੁੜਮ ਦੇ ਭਰਾ ਕੇਵਲ ਸਿੰਘ ਸਾਬਕਾ ਫ਼ੌਜੀ ਨੂੰ ਵੀ ਚੁੱਕ ਲਿਆ। ਮਾਨੋਚਾਹਲ ਦੇ ਸਹੁਰਿਆਂ (ਮੱਲਮੋਹਰੀ) ਤੋਂ ਉਸ ਦਾ ਸਾਲਾ ਪਿਆਰਾ ਸਿੰਘ ਸਾਬਕਾ ਫ਼ੌਜੀ ਨੂੰ ਵੀ ਫੜ ਲਿਆ ਗਿਆ। ਦਰਬਾਰ ਸਾਹਿਬ ਤਰਨ ਤਾਰਨ ਤੋਂ ਕੀਰਤਨੀਆ ਮੁਖਤਿਆਰ ਸਿੰਘ (ਬਾਬਾ ਮਾਨੋਚਾਹਲ ਦਾ ਸਾਲਾ) ਜੋ ਲੱਤਾਂ ਤੋਂ ਆਰੀ ਸੀ ਤੇ ਉਸ ਦਾ ਭਣੇਵਾਂ ਸੁਰਮੁਖ ਸਿੰਘ ਵੀ ਚੁੱਕ ਲਏ ਗਏ। ਮੱਲਮੋਹਰੀ ਤੋਂ ਹੀ ਸਾਲੇਹਾਰ ਸਰਬਜੀਤ ਕੌਰ ਪਤਨੀ ਅਵਤਾਰ ਸਿੰਘ ਤੇ ਸੱਸ ਚਰਨ ਕੌਰ ਨੂੰ ਵੀ ਚੁੱਕ ਲਿਆਂਦਾ। ਪਿੰਡ ਮੋਹਨਪੁਰੇ ਤੋਂ ਸਾਲੀ ਪਿਆਰ ਕੌਰ ਤੇ ਸਾਂਢੂ ਅਮਰਜੀਤ ਸਿੰਘ ਨੂੰ ਚੁੱਕ ਲਿਆ। ਨੌਸ਼ਹਿਰੇ ਤੋਂ ਅਮਰਜੀਤ ਸਿੰਘ ਦੀ ਭੈਣ ਤੇ ਭਣਵਈਏ ਨੂੰ ਵੀ ਚੁੱਕ ਲਿਆ। ਪਿੰਡ ਭੁੱਲਰਾਂ ਤੋਂ ਤਰਲੋਚਨ ਸਿੰਘ (ਭਰਾ) ਦੇ ਸਹੁਰੇ ਕੁੰਨਣ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਸਾਲੇ ਦਾਰਾ ਸਿੰਘ ਨੂੰ ਚੁੱਕ ਲਿਆਂਦਾ । ਪਿੰਡ ਖਵਾਸਪੁਰ ਤੋਂ ਭਰਾ ਤਰਲੋਚਨ ਸਿੰਘ ਦੇ ਸਾਂਢੂ ਨਿਰਮਲ ਸਿੰਘ ਸਪੁੱਤਰ ਸੁਬੇਗ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਤਾਰਾ ਸਿੰਘ ਨੂੰ ਚੁੱਕਿਆ ਗਿਆ। ਪਿੰਡ ਕਿਰਤੋਵਾਲ ਤੋਂ ਭੂਆ ਕਰਤਾਰ ਕੌਰ ਪਤਨੀ ਗੁਰਮੁਖ ਸਿੰਘ ਤੇ ਉਨ੍ਹਾਂ ਦੇ ਦੋ ਪੁੱਤਰ ਗੁਰਨਾਮ ਸਿੰਘ ਤੇ ਸਤਨਾਮ ਸਿੰਘ ਚੁੱਕ ਲਿਆਂਦੇ । ਪਿੰਡ ਮਰਿਹਾਣੇ ਤੋਂ ਤਾਏ ਸੁਰਜਨ ਸਿੰਘ ਦੇ ਸਾਲੇ ਜਸਵੰਤ ਸਿੰਘ ਨੂੰ ਫੜ ਲਿਆ। ਨੌਸ਼ਹਿਰਾ ਪੰਨੂਆਂ ਤੋਂ ਨਰਵੈਲ ਸਿੰਘ ਦਾ ਸਾਂਢੂ ਜੋਗਾ ਸਿੰਘ ਫੜ ਲਿਆ । ਤਾਏ ਸੁਰਜਨ ਸਿੰਘ ਦੇ ਮੁੰਡੇ ਸੁਰਜੀਤ ਸਿੰਘ ਦਾ ਪਤਿਆਉਰਾ ਨਿਰਮਲ ਸਿੰਘ ਤੇ ਉਸ ਦਾ ਪੁੱਤਰ ਗੁਲਜ਼ਾਰ ਸਿੰਘ ਪਿੰਡ ਪੰਡੋਰੀ ਗੋਲਾ ਤੋਂ ਚੁੱਕ ਲਏ ਗਏ। ਪਿੰਡ ਵੇਈਂ ਪੂੰਈਂ ਤੋਂ ਭਰਾ ਬਲਵਿੰਦਰ ਸਿੰਘ ਦਾ ਸਹੁਰਾ ਅਰਜਨ ਸਿੰਘ ਤੇ ਉਸ ਦਾ ਭਰਾ ਲੱਖਾ ਸਿੰਘ ਫੜ ਲਿਆਂਦੇ । ਲੱਖਾ ਸਿੰਘ ਦੀ ਪਤਨੀ ਜਿੰਦਰ ਕੌਰ, ਅਰਜਨ ਸਿੰਘ ਦੀ ਪਤਨੀ ਕਰਮ ਕੌਰ ਤੇ ਬਲਵਿੰਦਰ ਸਿੰਘ ਦੀ ਪਤਨੀ ਗਿਆਨ ਕੌਰ ਵੀ ਫੜ ਲਿਆਂਦੀਆਂ। ਪਿੰਡ ਬ੍ਰਹਮਪੁਰਾ ਤੋਂ ਭੂਆ ਕੇਸਰ ਕੌਰ ਨੂੰ ਫੜ ਲਿਆਂਦਾ। ਮਾਨੋਚਾਹਲ ਪਿੰਡ ਤੌਂ ਸ਼ਰੀਕੇ ‘ਚੋਂ ਭਰਾ ਅਰੂੜ ਸਿੰਘ ਸਪੁੱਤਰ ਪੂਰਨ ਸਿੰਘ ਫੜ ਲਿਆ। ਪਹਿਲਾਂ ਪੈਸੇ ਲੈ ਕੇ ਇਕ ਵਾਰ ਛੱਡ ਦਿੱਤਾ ਪਰ ਫਿਰ ਦੁਬਾਰਾ ਪੇਸ਼ ਹੋਣ ਲਈ ਕਿਹਾ ਅਤੇ ਉਹ ਲੋਹੜੀ ਵਾਲੇ ਦਿਨ ਪੇਸ਼ ਹੋ ਗਿਆ ਪਰ ਉਸ ਤੋਂ ਬਾਅਦ ਕੋਈ ਪਤਾ ਨਹੀਂ ਚੱਲਿਆ।

ਪਿੰਡ ਮਾਨੋਚਾਹਲ ਤੋਂ ਤਾਇਆ ਕਾਮਰੇਡ ਸੁਰਜਨ ਸਿੰਘ ਫੜ ਲਿਆ ਗਿਆ ਪਰ ਅੱਖਾਂ ਤੋਂ ਅੰਨ੍ਹਾ ਹੋਣ ਕਰਕੇ ਛੱਡ ਦਿੱਤਾ। ਮੱਲਮੋਹਰੀ ਤੋਂ ਸਾਲੇ ਅਵਤਾਰ ਸਿੰਘ ਦਾ ਲੜਕਾ ਸੁਰਜੀਤ ਸਿੰਘ ਫੜਿਆ। 19 ਸਤੰਬਰ (1992) ਨੂੰ ਮਾਤਾ ਗੁਰਮੇਜ ਕੌਰ ਨੂੰ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਮੁਹੱਲੇ ਤੋਂ ਕਿਸੇ ਰਿਸ਼ਤੇਦਾਰ ਦੇ ਘਰੋਂ ਚੁੱਕ ਲਿਆ ਗਿਆ। ਇਹ ਇਸ ਕਾਂਡ ਦਾ ਦੂਜਾ ਪੜਾਅ ਸੀ ਜਿਸ ਦੌਰਾਨ 15 ਪਿੰਡਾਂ ਵਿੱਚੋਂ ਕੁੱਲ 43 ਰਿਸ਼ਤੇਦਾਰ ਤਰਨ ਤਾਰਨ ਪੁਲਸ ਵੱਲੋਂ ਫੜ ਲਏ ਗਏ ਸਨ। ਇਨ੍ਹਾਂ ਵਿੱਚੋਂ 16 ਔਰਤਾਂ ਤੇ 27 ਮਰਦ ਸਨ । ਸਾਰੀਆਂ ਔਰਤਾਂ ਨੂੰ ਇਕੱਠੀਆਂ ਵੈਰੋਵਾਲ, ਖਡੂਰ ਸਾਹਿਬ ਤੇ ਸਰਹਾਲੀ ਦੇ ਪੁਲਸ ਥਾਣਿਆਂ ਵਿਚ ਬਦਲ ਬਦਲ ਕੇ ਰੱਖਦੇ ਰਹੇ ਅਤੇ ਉਨ੍ਹਾਂ ਉੱਤੇ ਲਗਾਤਾਰ ਤਸ਼ੱਦਦ ਕਰ ਕੇ ਬਾਬਾ ਮਾਨੋਚਾਹਲ ਬਾਰੇ ਜਾਣਕਾਰੀ ਮੰਗਦੇ ਰਹੇ। ਉਨ੍ਹਾਂ ਕੋਲੋਂ ਜਬਰੀ ਇਹ ਅਰਦਾਸ ਕਰਾਉਂਦੇ ਰਹੇ ਕਿ ਮਾਨੋਚਾਹਲ ਫੜਿਆ ਜਾਵੇ ਜਾਂ ਮਰ ਜਾਵੇ।

ਮਰਦਾਂ ਨੂੰ ਮਾਨੋਚਾਹਲ, ਨੌਸ਼ਹਿਰਾ ਪੰਨੂਆਂ, ਚੋਹਲਾ ਸਾਹਿਬ ਦੀਆਂ ਪੁਲਸ ਚੌਂਕੀਆਂ ਤੋਂ ਇਲਾਵਾ ਸਰਹਾਲੀ, ਵੈਰੋਵਾਲ, ਖਡੂਰ ਸਾਹਿਬ, ਗੋਇੰਦਵਾਲ ਦੇ ਥਾਣਿਆਂ ਅਤੇ ਤਰਨ ਤਾਰਨ ਦੇ ਸੀ.ਆਈ.ਏ. ਸਟਾਫ਼ ਵਿਚ ਰੱਖਿਆ ਜਾਂਦਾ ਰਿਹਾ। ਇਨ੍ਹਾਂ ‘ਚੋਂ ਕਿਸੇ ਨੂੰ ਵੀ ਕਾਗ਼ਜ਼ਾਂ ਵਿਚ ਗਿ੍ਫ਼ਤਾਰ ਨਹੀਂ ਦਿਖਾਇਆ ਗਿਆ ਸੀ ਤੇ ਬਹੁਤਿਆਂ ਨੂੰ 9 ਮਹੀਨੇ (ਅਪਰੈਲ 1993 ਦੇ ਪਹਿਲੇ ਹਫ਼ਤੇ) ਤਕ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਸੀ। ਇਨ੍ਹਾਂ 43 ਜਣਿਆਂ ਵਿੱਚੋਂ ਦੂਜੇ ਦੌਰ ਵਿਚ ਕੇਵਲ ਸਿੰਘ ਸਾਬਕਾ ਫ਼ੌਜੀ ਪਿੰਡ ਸੰਗਤਪੁਰਾ ਨੂੰ ਕੁੱਟ-ਮਾਰ ਨਾ ਸਹਾਰਦਾ ਮਰ ਗਿਆ ਦੱਸਿਆ ਗਿਆ, ਸੁਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਮੱਲਮੋਹਰੀ ਨੂੰ ਪੁਲਸ ਨੇ ਜਗਰਾਵਾਂ ਨੇੜੇ ਪੁਲਸ ਮੁਕਾਬਲੇ ਵਿਚ ਮਾਰਿਆ ਦਰਸਾਇਆ, ਨਿਰਮਲ ਸਿੰਘ ਤੇ ਗੁਲਜ਼ਾਰ ਸਿੰਘ ਪਿੰਡ ਪੰਡੋਰੀ ਗੋਲਾ ਲਾ-ਪਤਾ ਕਰਾਰ ਦਿੱਤੇ ਗਏ। ਅਰੂੜ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਮਾਨੋਚਾਹਲ ਨੂੰ ਵੀ ਜਾਨ ਤੋਂ ਖ਼ਤਮ ਕਰ ਦਿੱਤਾ ਗਿਆ। ਇਸ ਤਰ੍ਹਾਂ, ਦੂਜੇ ਪੜਾਅ ਵਿਚ ਚੁੱਕੇ ਗਏ 43 ਵਿਅਕਤੀਆਂ ਵਿੱਚੋਂ 5 ਮਾਰ ਦਿੱਤੇ ਗਏ।

ਆਖ਼ਰੀ ਤੇ ਤੀਜਾ ਪੜਾਅ : 25 ਫ਼ਰਵਰੀ (1993) ਨੂੰ ਬਾਬਾ ਮਾਨੋਚਾਹਲ ਦਾ ਛੋਟਾ ਭਰਾ ਨਰਿੰਦਰ ਸਿੰਘ ਚੰਡੀਗੜ੍ਹ ਦੇ ਪ੍ਰੋਫ਼ੈਸਰ ਰਾਹੀਂ ਪੁਲਸ ਅੱਗੇ ਪੇਸ਼ ਹੋਇਆ ਤੇ ਉਸ ਨੂੰ ਤਰਨ ਤਾਰਨ ਦੇ ਸੀ.ਆਈ.ਏ. ਸਟਾਫ਼ ਵਿਚ ਲਿਆਂਦਾ ਗਿਆ। ਇਸ ਤੋਂ ਦੋ ਦਿਨਾਂ ਬਾਅਦ 27 ਫ਼ਰਵਰੀ ਨੂੰ ਬਾਬਾ ਗੁਰਬਚਨ ਸਿੰਘ ਨੂੰ ਪਿੰਡ ਬਾਗੜੀਆਂ ਦੀ ਇਕ ਠਾਹਰ ‘ਤੇ ਲੰਮਾ ਚਿਰ ਚੱਲੇ ਪੁਲਸ ਮੁਕਾਬਲੇ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ। ਬਾਠ ਪਿੰਡ ਦਾ ਇਕ ਮੁੰਡਾ, ਜਿਸ ਨੂੰ ‘ਕਾਲਾ’ ਕਹਿੰਦੇ ਸਨ, ਪੁਲਸ ਨੇ ਕੁੱਝ ਦਿਨ ਤਰਨ ਤਾਰਨ ਸੀ.ਆਈ.ਏ. ਸਟਾਫ਼ ਵਿਚ ਰੱਖਿਆ ਸੀ ਪਰ ਬਾਅਦ ਵਿਚ ਉਸ ਨੂੰ ਖ਼ਤਮ ਕਰ ਦਿੱਤਾ ਗਿਆ। ਨਿੱਕੇ ਚੋਹਲੇ ਤੋਂ ਖਾੜਕੂ ਦਿਆਲ ਸਿੰਘ, ਜਿਸ ਨੂੰ ਕੁੱਝ ਚਿਰ ਪਹਿਲਾਂ ਪੁਲਸ ਨੇ ਸ਼ਹੀਦ ਕਰ ਦਿੱਤਾ ਸੀ, ਦਾ ਬਾਪ ਤੇ ਇਕ ਭਰਾ ਉਸ ਸਮੇਂ ਸੀ.ਆਈ.ਏ. ਸਟਾਫ਼ ਵਿਚ ਪੁਲਸ ਦੀ ਹਿਰਾਸਤ ਵਿਚ ਸਨ । ਇਸ ਦੇ ਨਾਲ ਹੀ ਬਾਗੜੀਆਂ ਪਿੰਡ ਦਾ ਪਿਆਰਾ ਸਿੰਘ, ਜਿਸ ਦੇ ਘਰ ਬਾਬਾ ਮਾਨੋਚਾਹਲ ਦੀ ਠਾਹਰ ਸੀ, ਤੇ ਉਸ ਦਾ ਪੁੱਤਰ 27 ਫ਼ਰਵਰੀ ਨੂੰ ਸ਼ੁਰੂ ਹੋਏ ਮੁਕਾਬਲੇ ਤੋਂ ਬਾਅਦ ਆਪ ਪੁਲਸ ਮੂਹਰੇ ਪੇਸ਼ ਹੋ ਗਏ ਸਨ। ਉਨ੍ਹਾਂ ਨੂੰ 8-10 ਦਿਨ ਪੁਲਸ ਨੇ ਸੀ.ਆਈ.ਏ. ਸਟਾਫ਼ ਵਿਚ ਰੱਖਿਆ ਸੀ, ਪਰ ਉਸ ਤੋਂ ਬਾਅਦ ਪੁਲਸ ਨੇ ਉਪਰੋਕਤ ਪੰਜਾਂ ਹੀ ਵਿਅਕਤੀਆਂ ਨੂੰ ਕਿਤੇ ਲਿਜਾ ਕੇ ਖ਼ਤਮ ਕਰ ਦਿੱਤਾ ਸੀ।

16 ਮਾਰਚ ਨੂੰ ਬਾਬਾ ਮਾਨੋਚਾਹਲ ਦੇ ਭਰਾ ਬਲਵਿੰਦਰ ਸਿੰਘ, ਸਾਲੀ ਰਾਜਵੰਤ ਕੌਰ ਪੁੱਤਰੀ ਸੁਰਿੰਦਰ ਕੌਰ, ਗੁਰਮੀਤ ਕੌਰ ਤੇ ਉਸ ਦੇ ਪੁੱਤਰ ਦਵਿੰਦਰ ਸਿੰਘ ਤੇ ਸੁਖਵੰਤ ਸਿੰਘ ਨੂੰ ਪੁਲਸ ਨੇ ਨਕੋਦਰ ਤੋਂ ਹਿਰਾਸਤ ਵਿਚ ਲਿਆ ਸੀ । ਰਾਜਵੰਤ ਕੌਰ ਤੇ ਬੱਚਿਆਂ ਨੂੰ ਗੋਇੰਦਵਾਲ ਥਾਣੇ ਵਿਚ ਪਹਿਲਾਂ ਰੱਖੀਆਂ 16 ਔਰਤਾਂ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਉਥੋਂ ਇਕੱਲੀ ਮਾਤਾ ਗੁਰਮੇਜ ਕੌਰ ਨੂੰ ਕੱਢ ਲਿਆ ਗਿਆ ਅਤੇ ਬਲਵਿੰਦਰ ਸਿੰਘ ਦੇ ਨਾਲ ਹੀ ਤਰਨ ਤਾਰਨ ਦੇ ਬਦਨਾਮ ਸੀ.ਆਈ.ਏ. ਸਟਾਫ਼ ਵਿਚ ਲਿਆਂਦਾ ਗਿਆ। ਗੁਰਮੇਜ ਕੌਰ ਨੂੰ ਡੀ.ਐੱਸ.ਪੀ. ਗੁਰਮੀਤ ਸਿੰਘ ਆਪ ਲੈ ਕੇ ਆਇਆ ਸੀ । ਬਾਅਦ ਵਿਚ ਪੁਲਸ ਨੇ ਕਹਾਣੀ ਘੜੀ ਕਿ ਬਲਵਿੰਦਰ ਸਿੰਘ 29-30 ਮਾਰਚ ਦੀ ਰਾਤ ਨੂੰ ਪਿੰਡ ਕੌੜਾ ਵਧਾਨਾ (ਥਾਣਾ ਸਰਹਾਲੀ) ਵਿਚ ‘ਮੁਕਾਬਲੇ’ ਵਿਚ ਮਾਰਿਆ ਗਿਆ ਤੇ ਗੁਰਮੇਜ ਕੌਰ ਡੀ.ਐੱਸ.ਪੀ. ਗੁਰਮੀਤ ਸਿੰਘ ਦੇ ਘਰ ਉਸ ਦੀ ਨਿੱਜੀ ਨਿਗਰਾਨੀ ਹੇਠ ਹੈ।

ਪਹਿਲੀ ਅਪਰੈਲ ਨੂੰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਇਕ ਆਗੂ ਨਰਿੰਦਰ ਸਿੰਘ ਪੁਲਸ ਨਾਲ ਇਹ ਵਾਅਦਾ ਕਰ ਕੇ ਹਿਰਾਸਤ ਵਿੱਚੋਂ ਛੁੱਟ ਗਿਆ ਸੀ ਕਿ ਉਹ ਮਾਨੋਚਾਹਲ ਦੇ ਭਰਾ ਤਰਲੋਚਨ ਸਿੰਘ ਨੂੰ ਇਕ ਹਫ਼ਤੇ ਵਿਚ ਪੇਸ਼ ਕਰ ਦੇਵੇਗਾ। 11 ਅਪਰੈਲ ਨੂੰ ਤਰਲੋਚਨ ਸਿੰਘ ਨੂੰ ਚੰਡੀਗੜ੍ਹ ਦੇ ਪ੍ਰੋਫ਼ੈਸਰ ਰਾਹੀਂ ਪੇਸ਼ ਕਰ ਦਿੱਤਾ ਗਿਆ ਸੀ। ਉਸ ਨੂੰ ਸੀ.ਆਈ.ਏ. ਸਟਾਫ਼ ਵਾਲਾ ਇੰਸਪੈਕਟਰ ਰਾਮ ਨਾਥ ਆਪਣੇ ਨਾਲ ਲੈ ਗਿਆ ਸੀ। 12-13 ਦਿਨ ਤਰਲੋਚਨ ਸਿੰਘ ਉੱਤੇ ਸੀ.ਆਈ.ਏ. ਸਟਾਫ਼ ਵਿਚ ਰੱਖ ਕੇ ਘੋਰ ਤਸ਼ੱਦਦ ਕੀਤਾ ਗਿਆ। ਫਿਰ ਪੁਲਸ ਨੇ ਮਈ ਦੇ ਪਹਿਲੇ ਹਫ਼ਤੇ ਇਹ ਕਹਾਣੀ ਘੜੀ ਕਿ ਤਰਲੋਚਨ ਸਿੰਘ ਨੂੰ ਮਹਿਤਾ ਚੌਕ ਲਾਗੇ ਇਕ ਟਰੱਕ ‘ਚੋਂ ਹਥਿਆਰ ਸੁੱਟਦਾ ਦੇਖਿਆ ਗਿਆ। ਤਰਲੋਚਨ ਸਿੰਘ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਇਕ ਐਲ.ਪੀ. ਟਰੱਕ ਨੰਬਰ ਪੀ.ਆਈ.ਜੇ.- 1530 ਬਰਾਮਦ ਕੀਤਾ ਸੀ ਜਿਹੜਾ ਖਾੜਕੂਆਂ ਨੇ ਹਰਦਿਆਲ ਸਿੰਘ ਤਰਸਿੱਕਾ ਦੇ ਨਾਂ ‘ਤੇ ਖ਼ਰੀਦਿਆ ਸੀ। ਉਸ ਟਰੱਕ ਦਾ ਕੀ ਬਣਿਆ, ਕਿਸੇ ਨੂੰ ਪਤਾ ਨਹੀਂ ਹੈ। ਇਸ ਤੀਜੇ ਪੜਾਅ ਵਿਚ ਬਾਬਾ ਮਾਨੋਚਾਹਲ ਦੀ ਬਿਰਧ ਮਾਤਾ ਗੁਰਮੇਜ ਕੌਰ ਤੇ ਭਰਾ ਬਲਵਿੰਦਰ ਸਿੰਘ ਸਮੇਤ ਕੁੱਲ 7 ਮੌਤਾਂ ਹੋਈਆਂ।

ਸਰਕਾਰੀ ਜਬਰ ਦੇ ਸਨਮੁੱਖ ਔਰਤਾਂ ਦੇ ਅਧਿਕਾਰਾਂ ਦੀ ਗੱਲ

ਮਾਰਚ 1993 ਵਿਚ ਜਸਵੰਤ ਸਿੰਘ ਖਾਲੜਾ ਨੇ ਕੌਮਾਂਤਰੀ ਇਸਤਰੀ ਦਿਹਾੜੇ ’ਤੇ ‘ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ’ (IHRO) ਵੱਲੋਂ ਲੁਧਿਆਣਾ ਵਿਚ ਕਰਵਾਏ ਇਕ ਸੈਮੀਨਾਰ ਵਿਚ ‘ਦਮਨ ਵਿਰੋਧੀ ਫ਼ਰੰਟ’ ਦੀ ਤਰਫ਼ੋਂ ਬੋਲਦੇ ਹੋਏ, ਔਰਤਾਂ ਦੇ ਹੱਕਾਂ ਬਾਰੇ ਪ੍ਰਚੱਲਤ ਰਵਾਇਤ ਤੋਂ ਪਾਸੇ ਹੱਟ ਕੇ, ਇਸ ਮਸਲੇ ਨੂੰ ਪੰਜਾਬ ਦੀਆਂ ਸਮਕਾਲੀ ਸਮਾਜਿਕ ਤੇ ਰਾਜਸੀ ਹਕੀਕਤਾਂ ਦੀ ਰੋਸ਼ਨੀ ਵਿਚ ਰੱਖ ਕੇ ਪੇਸ਼ ਕਰਨ ਦੀ ਨਿਵੇਲੀ (novel) ਪਹੁੰਚ ਅਪਣਾਈ ਸੀ। ਉਸ ਨੇ ਉਸ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਦੀ ਅਸਿੱਧੇ ਤਰੀਕੇ ਨਾਲ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਔਰਤਾਂ ਦੇ ਅਧਿਕਾਰਾਂ ਬਾਰੇ ਚਰਚਾ ਕਰਦਿਆਂ ਆਮ ਤੌਰ ‘ਤੇ ਨਿੱਕੀਆਂ ਨਿੱਕੀਆਂ ਗੱਲਾਂ ਵਿਚ ਵੱਡੀ ਗੱਲ ਭੁਲਾ ਦਿੱਤੀ ਜਾਂਦੀ ਹੈ, ਜੀਹਦੀ ਅੱਜ ਵੱਡੀ ਲੋੜ ਹੈ ਅਤੇ ਜਿਹੜਾ ਅਜੋਕੇ ਸਮੇਂ ਦਾ ਸੱਚ ਹੈ।

ਭਾਈ ਖਾਲੜਾ ਨੇ ‘ਵੱਡੀ ਗੱਲ’ ਦੀ ਵਿਆਖਿਆ ਕਰਦੇ ਹੋਏ ਕਿਹਾ ਸੀ ਕਿ ਦੁਨੀਆਂ ਵਿਚ ਮਨੁੱਖਤਾ ਉੱਤੇ ਜਿੰਨਾ ਵੀ ਜਬਰ ਹੁੰਦਾ ਹੈ, ਉਸ ਨੂੰ ਆਪਣੇ ਦਿਲ ਵਿਚ ਸਭ ਤੋਂ ਵੱਧ ਮਾਂ ਮਹਿਸੂਸ ਕਰਦੀ ਹੈ। ਜਬਰ ਮਾਨਵਤਾ ’ਤੇ ਹੁੰਦਾ ਹੈ ਤੇ ਉਸ ਦੀ ਚੀਸ ਔਰਤ ਦੇ ਦਿਲ ਵਿਚ ਪੈਂਦੀ ਹੈ। ਉਸ ਨੇ ਕਿਹਾ ਕਿ ਅੱਜ ਪੰਜਾਬ ਵਿਚ ਸਾਡੀਆਂ ਮਾਵਾਂ ਕਿਹੋ ਜਿਹੇ ਜ਼ੁਲਮ ਤੇ ਦੁੱਖ ਝੱਲ ਰਹੀਆਂ ਹਨ, ਇਸ ਦੀਆਂ ਅਨੇਕਾਂ ਮਿਸਾਲਾਂ ਵਿੱਚੋਂ ਇਕ ਮਿਸਾਲ ਖਾੜਕੂ ਸੰਘਰਸ਼ ਦੇ ਪ੍ਰਮੁੱਖ ਆਗੂ ਬਾਬਾ ਮਾਨੋਚਾਹਲ, ਜਿਹੜੇ ਉਦੋਂ ਤਕ ਸ਼ਹੀਦ ਹੋ ਚੁੱਕੇ ਸਨ, ਦੀ ਮਾਤਾ ਗੁਰਮੇਜ ਕੌਰ ਦੀ ਹੈ, ਜਿਸ ਦੇ ਇਕ ਪੁੱਤਰ ਨਰਵੈਲ ਸਿੰਘ ਨੂੰ ਪੁਲਸ ਨੇ ਹਿਰਾਸਤ ਵਿਚ ਹੀ ਕੁੱਟ ਕੁੱਟ ਕੇ ਮਾਰ ਦਿੱਤਾ ਸੀ, ਅਤੇ ਜਦੋਂ ਉਸ ਦੀ ਮਾਂ ਨੂੰ ਆਪਣੇ ਪਿੰਡ ਨੌਸ਼ਹਿਰਾ ਪੰਨੂਆਂ ਵਿਚ ਪੁੱਤ ਦੀ ਮੌਤ ਦੀ ਖ਼ਬਰ ਮਿਲੀ ਸੀ ਤਾਂ ਪੁਲਸ ਦੀ ਦਹਿਸ਼ਤ ਦੇ ਡਰ ਕਰਕੇ ਉਸ ਨੂੰ ਆਪਣੇ ਪੁੱਤ ਦੀ ਮੌਤ ਉੱਤੇ ਰੋਣ ਲਈ ਪਿੰਡ ਵਿਚ ਕੋਈ ਜਗ੍ਹਾ ਨਹੀਂ ਮਿਲੀ ਸੀ। ਉਹ ਹਾਲੋਂ ਬੇਹਾਲ ਹੋਈ ਰਾਤ ਨੂੰ ਗਲੀਆਂ ਵਿਚ ਤੁਰੀ ਫਿਰਦੀ ਸੀ। ਸਬੱਬ ਨਾਲ ਉਸ ਰਾਤ ਭਾਈ ਜਸਵੰਤ ਸਿੰਘ ਉਸੇ ਪਿੰਡ ਵਿਚ ਆਪਣੀ ਭੈਣ ਕੋਲ ਗਿਆ ਹੋਇਆ ਸੀ। ਉਸ ਨੇ ਉਸ ਮਾਂ ਦੀ ਦਰਦਨਾਕ ਮਾਨਸਿਕ ਅਵਸਥਾ ਬਿਆਨ ਕਰਦਿਆਂ ਦੱਸਿਆ ਸੀ ਕਿ ਮਾਤਾ ਗੁਰਮੇਜ ਕੌਰ ਨੇ ਰਾਤ ਨੂੰ ਮੇਰੀ ਭੈਣ ਦੇ ਘਰ ਦਾ ਬੂਹਾ ਖੜਕਾਉਂਦਿਆਂ ਤਰਲੇ ਭਰੀ ਆਵਾਜ਼ ਵਿਚ ਕਿਹਾ ਸੀ: “ਭੈਣ ਭਿੰਦੋ ਮੈਨੂੰ ਅੰਦਰ ਵੜ ਕੇ ਰੋ ਲੈਣ ਦੇ, ਮੇਰਾ ਪੁੱਤ ਮਰਿਆ ਹੈ।” ਭਾਈ ਜਸਵੰਤ ਸਿੰਘ ਦਾ ਇਹ ਗੱਲ ਸੁਣਾਉਂਦਿਆਂ ਆਪਣਾ ਵੀ ਗੱਚ ਭਰ ਆਇਆ ਸੀ। ਉਸ ਨੇ ਇਸ ਮਿਸਾਲ ਦੇ ਜ਼ਰੀਏ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੇ ਦਰਦ ਦੀ ਕਹਾਣੀ ਕਹਿ ਦਿੱਤੀ ਸੀ । ਉਸ ਨੇ ਭਾਵੁਕ ਹੁੰਦਿਆਂ ਕਿਹਾ ਸੀ ਕਿ ਅੱਜ ਜੇਕਰ ਔਰਤਾਂ ਦੇ ਹੱਕਾਂ ਬਾਰੇ ਗੱਲ ਕਰਨੀ ਹੈ ਤਾਂ ਸਾਨੂੰ ਸਾਡੀਆਂ ਮਾਵਾਂ ਤੇ ਭੈਣਾਂ ਉੱਤੇ ਹੋ ਰਹੇ ਇਸ ਵਹਿਸ਼ੀ ਜਬਰ ਬਾਰੇ ਚਰਚਾ ਕਰਨੀ ਚਾਹੀਦੀ ਹੈ।

ਭਾਈ ਖਾਲੜਾ ਨੇ ਸਰੋਤਿਆਂ ਨੂੰ ਇਹ ਗੱਲ ਚਿਤਾਰੀ ਸੀ ਕਿ ਔਰਤ ਉੱਤੇ ਸਭ ਤੋਂ ਵੱਡਾ ਧੱਕਾ ਉਦੋਂ ਹੁੰਦਾ ਹੈ ਜਦੋਂ ਉਸ ਦੀ ਸਭ ਤੋਂ ਵੱਡੀ ਦਾਤ ਖੁੱਸਦੀ ਹੈ, ਉਸ ਦਾ ਪੁੱਤ ਖੁੱਸਦਾ ਹੈ ਅਤੇ ਅੱਜ ਪੰਜਾਬ ਦੇ ਵਿਚ ਸਾਡੀਆਂ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਵੀਰ ਖੁੱਸ ਰਹੇ ਹਨ। ਸੋ ਏਸ ਦੁੱਖ ਦਾ ਦਾਰੂ ਅੱਜ ਸਾਨੂੰ ਲੱਭਣਾ ਪੈਣਾ ਹੈ, ਮਨੁੱਖੀ ਅਧਿਕਾਰਾਂ ਤੇ ਔਰਤ ਦੇ ਅਧਿਕਾਰਾਂ ਦੀ ਰਾਖੀ ਦੇ ਵਾਸਤੇ ਸਾਨੂੰ ਇਹ ਸੋਚਣਾ ਪੈਣਾ ਹੈ ਕਿ ਅੱਜ ਪੰਜਾਬ ਦੇ ਵਿਚ ਸਿੱਖ ਕੌਮ ਨਾਲ ਜੋ ਕੁਛ ਹੋ ਰਿਹਾ ਹੈ, ਉਸ ਦਾ ਨਿਆਂਪੂਰਨ ਹੱਲ ਕੀਤਾ ਜਾਵੇ।

ਅਖ਼ੀਰ ਵਿਚ ਭਾਈ ਖਾਲੜਾ ਨੇ ਔਰਤਾਂ ਦੇ ਅਧਿਕਾਰਾਂ ਦੇ ਪ੍ਰਸੰਗ ਵਿਚ ਅਕਾਲੀ ਪਾਰਟੀ ਦੇ ਕੁੱਝ ਆਗੂਆਂ ਦੇ ਦੋਗਲੇਪਣ ਦੀ ਤਿੱਖੀ ਪੜਚੋਲ ਕਰਦੇ ਹੋਏ ਇਹ ਅਹਿਮ ਗੱਲ ਕਹੀ ਸੀ ਕਿ ਔਰਤਾਂ ਦੀ ਤਕਦੀਰ ਸੁਧਾਰਨ ਵਾਸਤੇ ਜਿਥੇ ਸਾਨੂੰ ਵੈਦਿਕ ਸੰਸਕ੍ਰਿਤੀ ਤੋਂ ਖਹਿੜਾ ਛੁਡਾਉਣਾ ਪੈਣਾ ਹੈ, ਉਥੇ ਨਾਲ ਹੀ ਜੇਕਰ ਅਸੀਂ ਆਪਣਾ ਰਾਜ ਸਥਾਪਤ ਕਰਨ ਦੀ ਗੱਲ ਕਰਨੀ ਹੈ ਤਾਂ ਸਾਡੀਆਂ ਰਾਜਨੀਤਕ ਪਾਰਟੀਆਂ ਨੂੰ ਆਪਣੇ ਆਪ ਨੂੰ ਗੁਰਮਤਿ ਦੇ ਅਨੁਸਾਰ ਢਾਲਣਾ ਪੈਣਾ ਹੈ।

ਪੱਟੀ ਦਾ ਚਰਚਿਤ ਕਾਂਡ : ਜਦੋਂ ਮੁਰਦਾ ਲਾਸ਼ ਬੋਲ ਉੱਠੀ

30 ਅਕਤੂਬਰ 1993 ਨੂੰ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਪੁਲਸ ਨੇ ਪੋਸਟ ਮਾਰਟਮ ਲਈ ਚਾਰ ਲਾਸ਼ਾਂ ਲਿਆਂਦੀਆਂ ਸਨ, ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਉਹ ਲਾਸ਼ਾਂ ਪੁਲਸ ਮੁਕਾਬਲੇ ਵਿਚ ਮਾਰੇ ਗਏ ਖਾੜਕੂਆਂ ਦੀਆਂ ਸਨ। ਉਹ ਲਾਸ਼ਾਂ ਪੋਸਟ ਮਾਰਟਮ ਲਈ ਮੁਰਦਾ ਘਰ ਵਿਚ ਰੱਖੀਆਂ ਹੋਈਆਂ ਸਨ । ਜਦੋਂ ਹਸਪਤਾਲ ਦਾ ਅਮਲਾ ਫੈਲਾ ਪੋਸਟ ਮਾਰਟਮ ਲਈ ਮੁਰਦਾ ਘਰ ਵਿਚ ਪਹੁੰਚਿਆ ਤਾਂ ਉਹ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ ਕਿ ਇਕ ‘ਲਾਸ਼’ ਦੇ ਪਹਿਲਾਂ ਬੁਲ੍ਹ ਫ਼ਰਕੇ ਤੇ ਫਿਰ ਮੂੰਹ ‘ਚੋਂ ਆਵਾਜ਼ ਨਿਕਲੀ । ਉਹ ਜਿਉਂਦੀ ਲਾਸ਼ ਵਲਟੋਹਾ ਪਿੰਡ ਦੇ ਸਰਬਜੀਤ ਸਿੰਘ ਉਰਫ਼ ਕਾਲਾ ਦੀ ਸੀ। ਉਸੇ ਹੀ ਪਿੰਡ ਦੀ ਇਕ ਨਰਸ ਉਸ ਵੇਲੇ ਹਸਪਤਾਲ ਵਿਚ ਡਿਊਟੀ ਦੇ ਰਹੀ ਸੀ। ਉਸ ਦਾ ਪਤੀ ਕਾਮਰੇਡ ਮਹਾਂਬੀਰ ਸਿੰਘ (ਪਿੰਡ ਤੂਤ) ਭਾਰਤੀ ਕਮਿਊਨਿਸਟ ਪਾਰਟੀ (CPI) ਦਾ ਅਹਿਮ ਵਰਕਰ ਸੀ। ਨਰਸ ਨੇ ਉਸੇ ਵੇਲੇ ਆਪਣੇ ਪਤੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਸਾਰੀ ਗੱਲ ਦੱਸੀ । ਕਾਮਰੇਡ ਮਹਾਂਬੀਰ ਸਿੰਘ ਨੇ ਉਸੇ ਵੇਲੇ ਅੰਮ੍ਰਿਤਸਰ ਕਾਮਰੇਡ ਸਤਪਾਲ ਡਾਂਗ ਨੂੰ ਮਸਲੇ ਦੀ ਸੂਚਨਾ ਦੇ ਦਿੱਤੀ ਅਤੇ ਉਹ ਆਪ ਫ਼ੌਰੀ ਹਸਪਤਾਲ ਪਹੁੰਚ ਗਿਆ। ਇਸੇ ਦੌਰਾਨ ਜਦੋਂ ਪੁਲਸ ਨੂੰ ਆਪਣੀ ਹਿਮਾਕਤ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਸਰਬਜੀਤ ਸਿੰਘ ਦੇ ਸਰੀਰ ਨੂੰ ਹਸਪਤਾਲ ‘ਚੋਂ ਜਬਰਦਸਤੀ ਚੁੱਕ ਲਿਆ ਅਤੇ ਸ਼ਹਿਰ ਦੇ ਬਾਹਰ ਲਿਜਾ ਕੇ ਉਸ ਵਿੱਚੋਂ ਏ ਕੇ ਸੰਤਾਲੀ ਗੰਨ ਦੀਆਂ ਕਈ ਗੋਲੀਆਂ ਆਰ-ਪਾਰ ਲੰਘਾ ਦਿੱਤੀਆਂ, ਜਿਸ ਨਾਲ ਉਸ ਦੇ ਉਸੇ ਵੇਲੇ ਪ੍ਰਾਣ ਨਿਕਲ ਗਏ ਸਨ। ਉਸ ਵੇਲੇ ਤਕ ਇਹ ਖ਼ਬਰ ਆਲੇ-ਦੁਆਲੇ ਫੈਲ ਗਈ ਸੀ । ਪਰ ਪੁਲਸ ਨੇ ਇਸ ਗੱਲ ਦੀ ਪ੍ਰਵਾਹ ਨਾ ਕਰਦਿਆਂ ਅਨੇਕਾਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਸਰਬਜੀਤ ਸਿੰਘ ਦੀ ਮੁਰਦਾ ਲਾਸ਼ ਲਿਆ ਕੇ ਫਿਰ ਉਸੇ ਤਰ੍ਹਾਂ ਮੁਰਦਾ ਘਰ ਵਿਚ ਟਿਕਾ ਦਿੱਤੀ ਸੀ।

ਹਸਪਤਾਲ ਦੇ ਸਾਹਮਣੇ ਜਸਵੰਤ ਸਿੰਘ ਖਾਲੜਾ ਦੇ ਇਕ ਨੇੜਲੇ ਸਾਥੀ ਸੁਰਿੰਦਰ ਸਿੰਘ ਘਰਿਆਲਾ ਦੀ ਆਪਣੇ ਭਰਾਵਾਂ ਨਾਲ ਸਾਂਝੀ ਦਵਾਈਆਂ ਦੀ ਦੁਕਾਨ ਸੀ। ਉਸ ਦਿਨ ਉਹ ਆਪ ਉਸ ਵੇਲੇ ਦੁਕਾਨ ਵਿਚ ਸੀ ਜਿਸ ਕਰਕੇ ਉਸ ਨੇ ਸਾਰਾ ਕਾਂਡ ਵਾਪਰਦਾ ਦੇਖਿਆ ਸੀ। ਜਦੋਂ ਭਾਈ ਖਾਲੜਾ ਨੂੰ ਪੁਲਸ ਦੀ ਇਸ ਵਹਿਸ਼ਤ ਦਾ ਪਤਾ ਲੱਗਾ ਤਾਂ ਉਹ ਤੁਰੰਤ ਸਿੱਧਾ ਪੱਟੀ ਹਸਪਤਾਲ ਪਹੁੰਚ ਗਿਆ। ਉਸ ਨੇ ਉਥੋਂ ਸਾਰੀ ਜਾਣਕਾਰੀ ਹਾਸਲ ਕੀਤੀ। ਉਸ ਨੇ ਆਪਣੇ ਸਾਥੀ ਸੁਰਿੰਦਰ ਸਿੰਘ ਘਰਿਆਲਾ, ਜਿਹੜਾ ਕਿੱਤੇ ਵਜੋਂ ਵਕੀਲ ਸੀ, ਨੂੰ ਇਸ ਕੇਸ ਵਿਚ ਚਸ਼ਮਦੀਦ ਗਵਾਹ ਬਣਨ ਲਈ ਪ੍ਰੇਰਿਆ। ਉਸ ਵੇਲੇ ਪੁਲਸ ਦੀ ਲੋਕਾਂ ਦੇ ਮਨਾਂ ਉੱਤੇ ਏਨੀ ਜ਼ਿਆਦਾ ਦਹਿਸ਼ਤ ਸੀ ਕਿ ਆਮ ਤਾਂ ਕੀ, ਖ਼ਾਸ ਆਦਮੀ ਵੀ ਪੁਲਸ ਵਿਰੁੱਧ ਗਵਾਹੀ ਦੇਣ ਦੀ ਹਿੰਮਤ ਨਹੀਂ ਰੱਖਦਾ ਸੀ। ਸੁਰਿੰਦਰ ਸਿੰਘ ਘਰਿਆਲਾ ਨੇ ਇਕ ਗੱਲਬਾਤ ਦੌਰਾਨ ਦੱਸਿਆ ਕਿ “ਮੈਂ ਆਪ ਸ਼ਾਇਦ ਏਨੀ ਜੁਰਅਤ ਨਾ ਕਰ ਸਕਦਾ ਪਰ ਜਸਵੰਤ ਸਿੰਘ ਖਾਲੜਾ ਨੇ ਮੇਰੇ ਨਾਲ ਗੱਲਾਂ ਬਾਤਾਂ ਕਰ ਕੇ ਮੇਰੇ ਅੰਦਰ ਹੌਂਸਲਾ ਭਰ ਦਿੱਤਾ ਸੀ। ਪੁਲਸ ਨੇ ਮੇਰੇ ‘ਤੇ ਗਵਾਹੀ ਨਾ ਦੇਣ ਲਈ ਬਹੁਤ ਦਬਾਅ ਪਾਇਆ, ਪਰ ਇਹ ਜਸਵੰਤ ਸਿੰਘ ਖਾਲੜਾ ਦੀ ਸ਼ਖ਼ਸੀਅਤ ਦਾ ਹੀ ਕ੍ਰਿਸ਼ਮਾ ਸੀ ਕਿ ਮੇਰੇ ਵਰਗਾ ਬੰਦਾ ਵੀ ਪੁਲਸ ਦਾ ਏਨਾ ਦਬਾਅ ਝੱਲ ਗਿਆ। ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਉਸ ਦੀ ਸ਼ਖ਼ਸੀਅਤ ਦਾ ਬੰਦੇ ਉੱਤੇ ਕਿੰਨਾ ਮਨੋਵਿਗਿਆਨਕ ਪ੍ਰਭਾਵ ਪੈਂਦਾ ਸੀ।”

ਸੋ ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਆਪਣੇ ਸ਼ਖ਼ਸੀ ਪ੍ਰਭਾਵ ਨਾਲ ਡੋਲਦੇ ਵਿਅਕਤੀਆਂ ਵਿਚ ਅਡੋਲਤਾ, ਬੇਹਿੰਮਤਿਆਂ ਅੰਦਰ ਹਿੰਮਤ ਤੇ ਕਮਜ਼ੋਰ-ਦਿਲਿਆਂ ਵਿਚ ਦਲੇਰੀ ਭਰ ਦਿੰਦਾ ਸੀ।

ਜਲੰਧਰ ਦੀ ਜ਼ਿਮਨੀ ਚੋਣ (1993)

1993 ਵਿਚ ਜਲੰਧਰ ਲੋਕ ਸਭਾ ਹਲਕੇ ਦੇ ਕਾਂਗਰਸੀ ਐਮ.ਪੀ. ਯਸ਼ਪਾਲ ਦੀ ਮੌਤ ਹੋ ਜਾਣ ਕਰਕੇ 23 ਮਈ ਨੂੰ ਜ਼ਿਮਨੀ ਚੋਣ ਕਰਾਉਣ ਦਾ ਸਰਕਾਰੀ ਐਲਾਨ ਹੋ ਗਿਆ ਸੀ। ਇਹ ਚੋਣ ਕਈ ਸਾਰੇ ਪੱਖਾਂ ਤੋਂ ਅਹਿਮੀਅਤ ਅਖ਼ਤਿਆਰ ਕਰ ਗਈ ਸੀ। 1992 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਚੋਣ ਹੋਣ ਜਾ ਰਹੀ ਸੀ ਜਿਸ ਵਿਚ ਅੱਡ-ਅੱਡ ਰਾਜਸੀ ਧਿਰਾਂ ਦਾ ਜ਼ੋਰ ਪਰਖਿਆ ਜਾਣਾ ਸੀ। ਉਸ ਵੇਲੇ ਤਕ ਖਾੜਕੂ ਲਹਿਰ ਲਗਭਗ ਖ਼ਤਮ ਹੋ ਗਈ ਸੀ ਅਤੇ ਹਕੂਮਤੀ ਦਹਿਸ਼ਤ ਪੂਰੀ ਸਿਖਰ ‘ਤੇ ਸੀ । ਕੇਂਦਰ ਸਰਕਾਰ ਇਸ ਚੋਣ ਰਾਹੀਂ ਖਾੜਕੂ ਲਹਿਰ ਦੇ ਖ਼ਿਲਾਫ਼ ਪੰਜਾਬ ਦੇ ਲੋਕਾਂ ਦਾ ਫ਼ਤਵਾ ਲੈਣਾ ਤੇ ਇਸ ਦੇ ਜ਼ਰੀਏ ਸਾਰੀ ਦੁਨੀਆਂ ਅੰਦਰ ਆਪਣਾ ‘ਜਮਹੂਰੀ’ ਅਕਸ ਚਮਕਾਉਣਾ ਚਾਹੁੰਦੀ ਸੀ। ਉਧਰ ਬੇਅੰਤ ਸਿੰਘ ਇਹ ਚੋਣ ਜਿੱਤ ਕੇ ਕੇਂਦਰੀ ਹਾਕਮਾਂ ਦੀ ਸ਼ਾਬਾਸ਼ ਲੈਣਾ ਅਤੇ ਇਸ ਤਰੀਕੇ ਨਾਲ ਆਪਣਾ ਸਿਆਸੀ ਰੁਤਬਾ (ਕੈਰੀਅਰ) ਤੇ ਵੱਕਾਰ ਵਧਾਉਣਾ ਚਾਹੁੰਦਾ ਸੀ। ਦੂਜੇ ਪਾਸੇ ਪੰਥ ਦਰਦੀਆਂ ਦੀਆਂ ਨਜ਼ਰਾਂ ਵਿਚ ਇਹ ਚੋਣ ਕਾਂਗਰਸੀ ਹਾਕਮਾਂ ਕੋਲੋਂ ਜ਼ੁਲਮਾਂ ਦਾ ਬਦਲਾ ਲੈਣ ਦਾ ਸੁਨਹਿਰੀ ਮੌਕਾ ਸੀ। ਜਿਸ ਕਰਕੇ ਉਨ੍ਹਾਂ ਦੀ ਇੱਛਾ ਸੀ ਕਿ ਇਹ ਚੋਣ ਵੱਖ-ਵੱਖ ਅਕਾਲੀ ਧਿਰਾਂ ਇਕ-ਮੁੱਠ ਹੋ ਕੇ ਲੜਨ । ਇਸ ਮੰਤਵ ਦੀ ਪੂਰਤੀ ਲਈ ਸਾਰੀਆਂ ਅਕਾਲੀ ਧਿਰਾਂ ਵੱਲੋਂ ਇੱਕੋ ਸਾਂਝਾ ਉਮੀਦਵਾਰ ਖੜਾ ਕਰਨ ਉੱਤੇ ਆਮ ਸਹਿਮਤੀ ਬਣਾਉਣ ਦੇ ਪੁਰਜ਼ੋਰ ਯਤਨ ਕੀਤੇ ਗਏ। ਪਰ ਹਾਲਤ ਦਾ ਅਫ਼ਸੋਸਨਾਕ ਪਹਿਲੂ ਇਹ ਸੀ ਕਿ ਕੋਈ ਵੀ ਅਕਾਲੀ ਧਿਰ ਆਪਣਾ ਰਾਜਸੀ ਮੁਫ਼ਾਦ ਛੱਡਣ ਲਈ ਤਿਆਰ ਨਹੀਂ ਸੀ। ਖ਼ਾਸ ਕਰਕੇ ਸ. ਪਰਕਾਸ਼ ਸਿੰਘ ਬਾਦਲ, ਆਪਣੇ ਜੱਦੀ ਖ਼ਾਸੇ ਅਨੁਸਾਰ, ਸਾਂਝੇ ਪੰਥਕ ਹਿੱਤਾਂ ਲਈ ਆਪਣੇ ਸੌੜੇ ਰਾਜਸੀ ਹਿੱਤਾਂ ਨੂੰ ਕੁਰਬਾਨ ਕਰਨ ਵੱਲ ਇਕ ਵੀ ਕਦਮ ਪੁੱਟਣ ਲਈ ਤਿਆਰ ਨਹੀਂ ਸੀ । ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅਕਾਲੀ ਦਲ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਲਿਆਕਤ ਤੇ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ, ਉਸ ਨੂੰ ਸਾਂਝੇ ਪੰਥਕ ਉਮੀਦਵਾਰ ਵਜੋਂ ਅਪਣਾਏ ਜਾਣ ਲਈ ਪੂਰੀ ਵਾਹ ਲਾ ਦਿੱਤੀ ਸੀ, ਪਰ ਸ. ਪਰਕਾਸ਼ ਸਿੰਘ ਬਾਦਲ ਨੇ ਆਪਣੇ ਉਮੀਦਵਾਰ (ਸ. ਕੁਲਦੀਪ ਸਿੰਘ ਵਡਾਲਾ) ਨੂੰ ਛੱਡ ਕੇ ਹੋਰ ਕਿਸੇ ਵੀ ਉਮੀਦਵਾਰ ਨੂੰ ਅਪਨਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ। ਸੀ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਇੱਕੋ-ਸਾਂਝਾ ਪੰਥਕ ਉਮੀਦਵਾਰ ਖੜਾ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਸ. ਸਿਮਰਨਜੀਤ ਸਿੰਘ ਮਾਨ ਦੇ ਸਾਹਮਣੇ ਵੀ ਆਪਣਾ ਉਮੀਦਵਾਰ (ਜਸਟਿਸ ਅਜੀਤ ਸਿੰਘ ਬੈਂਸ) ਖੜਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਾ ਰਿਹਾ। ਬਾਦਲ ਦਲ ਨੂੰ ਛੱਡ ਕੇ ਬਾਕੀ ਸਾਰੇ ਛੋਟੇ ਛੋਟੇ ਅਕਾਲੀ ਧੜੇ ਤੇ ਜ਼ੁਲਮ-ਵਿਰੋਧੀ ਜਜ਼ਬਾ ਰੱਖਣ ਵਾਲੇ ਰਾਜਸੀ ਵਰਕਰ ਜਸਟਿਸ ਬੈਂਸ ਦੀ ਹਮਾਇਤ ਵਿਚ ਨਿਤਰ ਆਏ ਸਨ । ਇਕ ਤਰੀਕੇ ਨਾਲ ਇਹ ਚੋਣ ਵੱਖ-ਵੱਖ ਅਕਾਲੀ ਧੜਿਆਂ ਵਿਚਕਾਰ ਵੀ ਜ਼ੋਰ ਅਜ਼ਮਾਈ ਦਾ ਅਖਾੜਾ ਬਣ ਗਿਆ ਸੀ । ਭਾਈ ਜਸਵੰਤ ਸਿੰਘ ਉਸ ਵੇਲੇ ਅਕਾਲੀ ਦਲ (ਮਾਨ) ਵਿਚ ਸਰਗਰਮ ਸੀ ਅਤੇ ਉਸ ਨੇ ਸਾਂਝੇ ਪੰਥਕ ਉਮੀਦਵਾਰ ਉੱਤੇ ਆਮ ਸਹਿਮਤੀ ਬਣਾਉਣ ਲਈ ਆਪਣੀ ਵੱਲੋਂ ਵੀ ਪੂਰਾ ਯਤਨ ਕੀਤਾ ਸੀ।

ਪੰਥ ਦਰਦੀਆਂ ਨੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਾ ਦਿੱਤਾ ਸੀ । ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਸਾਹਮਣੇ, ਪੰਜਾਬ ਵਿਚ ਕਾਂਗਰਸੀ ਹਾਕਮਾਂ ਵੱਲੋਂ ਢਾਹੇ ਗਏ ਅਣਮਨੁੱਖੀ ਜ਼ੁਲਮਾਂ ਦੇ, ਦਿਲਾਂ ਨੂੰ ਝੰਜੋੜਨ ਵਾਲੇ ਤੱਥ ਪੇਸ਼ ਕੀਤੇ ਗਏ। ਜਸਟਿਸ ਬੈਂਸ ਦੀ ਕੁਰਬਾਨੀ ਦੇ ਵੀ ਵਾਸਤੇ ਪਾਏ ਗਏ । ਪਰ ਜਦੋਂ 23 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਹੋਈ ਤਾਂ ਪੰਥ ਦਰਦੀਆਂ ਨੂੰ ਬੇਹੱਦ ਨਿਰਾਸ਼ਾ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ ਸੀ । ਸਾਰੇ ਹਲਕੇ ਵਿਚ ਕੁੱਲ 5,87,137 (ਪੰਜ ਲੱਖ ਸਤਾਸੀ ਹਜ਼ਾਰ) ਵੋਟਾਂ ਪਈਆਂ ਸਨ ਜਿਨ੍ਹਾਂ ਵਿੱਚੋਂ ਜਸਟਿਸ ਅਜੀਤ ਸਿੰਘ ਬੈਂਸ ਨੂੰ ਮਹਿਜ਼ 18,319 ਵੋਟਾਂ ਮਿਲੀਆਂ ਸਨ ਜਦ ਕਿ ਕਾਂਗਰਸੀ ਉਮੀਦਵਾਰ ਉਮਰਾਓ ਸਿੰਘ ਨੂੰ ਦੋ ਲੱਖ ਸਤਾਸੀ ਹਜ਼ਾਰ ਦੇ ਕਰੀਬ (2,86,927) ਅਤੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸ. ਕੁਲਦੀਪ ਸਿੰਘ ਵਡਾਲਾ ਨੂੰ ਇਕ ਲੱਖ ਇਕੱਤਰ ਹਜ਼ਾਰ ਦੇ ਕਰੀਬ (170939) ਵੋਟਾਂ ਪਈਆਂ ਸਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਵੀ ਜਸਟਿਸ ਬੈਂਸ ਨਾਲੋਂ ਲਗਭਗ ਡੇਢ ਗੁਣਾ ਵੋਟਾਂ (27,677) ਪੈ ਗਈਆਂ ਸਨ।

ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਚਾਹੁਣ ਵਾਲੇ ਆਮ ਸਿੱਖਾਂ, ਖ਼ਾਸ ਕਰਕੇ ਖਾੜਕੂ ਲਹਿਰ ਦੇ ਹਿਮਾਇਤੀਆਂ ਤੇ ਹਮਦਰਦਾਂ ਨੂੰ ਇਸ ਚੋਣ ਨਤੀਜੇ ਕਾਰਨ ਵੱਡਾ ਸਦਮਾ ਹੋਇਆ। ਇਸ ਨਾਲ ਪੰਥ ਦਰਦੀਆਂ ਦੇ ਵਿਚਾਰਸ਼ੀਲ ਵਰਗ ਦੇ ਸਾਹਮਣੇ ਮੌਚਣ ਲਈ ਕਈ ਮਹੱਤਵਪੂਰਨ ਸਵਾਲ ਖੜੇ ਹੋ ਗਏ ਸਨ। ਇਸ ਚੋਣ ਨਤੀਜੇ ਦੀ ਸਹੀ ਵਿਆਖਿਆ ਕਰਨੀ ਸਮੇਂ ਦੀ ਵੱਡੀ ਲੋੜ ਬਣ ਗਈ ਸੀ। ਭਾਈ ਜਸਵੰਤ ਸਿੰਘ ਨੂੰ ਇਸ ਹਾਰ ਕਾਰਨ ਨਿੱਜੀ ਪੱਧਰ ‘ਤੇ ਗਹਿਰਾ ਸਦਮਾ ਪਹੁੰਚਿਆ ਸੀ । ਪਰ ਉਸ ਨੇ ਮਾਯੂਸ ਹੋਣ ਦੀ ਬਜਾਇ ਇਸ ਦਿਲ-ਤੋੜਵੀਂ ਹਾਰ ਦੇ ਕਾਰਨਾਂ ਨੂੰ ਘੋਖਣ ਲਈ ਆਪਣਾ ਬੌਧਿਕ ਤਾਣ ਲਾ ਦਿੱਤਾ ਸੀ। ਚੋਣ ਨਤੀਜਾ ਐਲਾਨੇ ਜਾਣ ਦੇ ਦੋ ਦਿਨਾਂ ਬਾਅਦ ਹੀ ਉਸ ਨੇ ਇਕ ਲੰਮਾ ਲੇਖ ਲਿਖਿਆ ਸੀ ਜਿਹੜਾ ਅੱਜ ਦੀ ਆਵਾਜ਼ ਅਖ਼ਬਾਰ ਦੇ 27 ਮਈ 1993 ਦੇ ਅੰਕ ਵਿਚ ਛਪਿਆ ਸੀ। ਹੇਠਾਂ ਉਹ ਲੇਖ ਹੂ-ਬ-ਹੂ ਦਿੱਤਾ ਜਾ ਰਿਹਾ ਹੈ :

ਹਾਲਤਾਂ ਮੁਤਾਬਕ ਬਦਲਣ ਵਾਲਿਆਂ ਤੋਂ ਬਚੋ, ਹਾਲਤਾਂ ਨੂੰ ਆਪਣੇ ਮੁਤਾਬਕ ਬਦਲਣ ਦਾ ਪ੍ਰਣ ਕਰੋ !

ਸਿੱਖ ਸਿਆਸਤ ਤੇ ਮੌਜੂਦਾ ਪੜਾਅ ਵਿਚ ਇਹ ਘਟਨਾ ਬਹੁਤ ਮਹੱਤਵਪੂਰਨ ਹੈ ਤੇ ਇਸ ਦੀ ਪੂਰੀ ਘੋਖ ਕਰਨਾ ਲਹਿਰ ਦੇ ਉਤਰਾਅ-ਚੜ੍ਹਾਅ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ। ਹਰ ਬੰਦਾ ਤੇ ਜਥੇਬੰਦੀ ਆਪੋ-ਆਪਣੀਆਂ ਧਾਰਨਾਵਾਂ ਦੇ ਤਹਿਤ ਇਸ ਦੇ ਸਿੱਟੇ ਕੱਢੇਗਾ ਤੇ ਉਸ ਦੇ ਆਧਾਰ ‘ਤੇ ਹੋਰਨਾਂ ਦੀ ਰਾਏ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਘੋਖ-ਪੜਤਾਲ ਸਮੇਂ ਦੋ ਮਹੱਤਵਪੂਰਨ ਤਰੀਕੇ ਅਪਣਾਏ ਜਾਣਗੇ। ਇਕ ਰਵਾਇਤੀ ਧਾਰਨਾ ‘ਤੇ ਟਿਕਿਆ ਹੋਵੇਗਾ, ਜਿਵੇਂ ਸਾਨੂੰ ਬਜ਼ੁਰਗ ਸਿੱਖਿਆ ਦੇਂਦੇ ਆਏ ਹਨ ਕਿ ‘ਬੱਚਾ ਹਰ ਉਸ ਚੀਜ਼ ‘ਤੇ ਯਕੀਨ ਕਰ ਜਿਸਨੂੰ ਤੂੰ ਅੱਖੀਂ ਦੇਖਿਆ ਹੈ ਤੇ ਕੰਨੀਂ ਸੁਣਿਆ ਹੈ।’ ਦੂਜੀ ਧਾਰਨਾ ਹੈ ਕਿ ਅੱਖਾਂ ‘ਤੇ ਵੀ ਪੂਰਾ ਯਕੀਨ ਕਰਨਾ ਠੀਕ ਨਹੀਂ, ਮਿਰਗ-ਤ੍ਰਿਸ਼ਨਾ ਤੋਂ ਸਬਕ ਸਿੱਖ, ਕੰਨਾਂ ਵਿਚ ਵੀ ਖੂਹ ਦੀ ਆਵਾਜ਼ ਕਈ ਵਾਰ ਛਾਲ ਮਾਰਨ ਲਈ ਉਕਸਾ ਦੇਂਦੀ ਹੈ।

ਸਮਾਜਿਕ ਘਟਨਾ ਚੱਕਰ ਏਨਾ ਸਿੱਧੜ (ਸਰਲ) ਨਹੀਂ ਹੁੰਦਾ ਕਿ ਉਸਨੂੰ ਇਕ ਨਜ਼ਰ ਦੇਖ ਕੇ ਹੀ ਸਮਝਿਆ ਜਾ ਸਕੇ ਜਾਂ ਕੁਝ ਦਲੀਲਾਂ ਸੁਣ ਕੇ ਜਾਣਿਆ ਜਾ ਸਕੇ। ਇਸ ਵਿਚ ਰੋਲ ਅਦਾ ਕਰ ਰਹੇ ਅਨੇਕਾਂ ਪੱਖ ਬਹੁਤ ਬਾਰੀਕੀ ਨਾਲ ਖੋਜ ਦੀ ਮੰਗ ਕਰਦੇ ਹਨ ਤੇ ਅਕਸਰ ਫ਼ਿਲਾਸਫ਼ਰ ਇਸ ਸਿੱਟੇ ‘ਤੇ ਵੀ ਪੁੱਜਦੇ ਹਨ ਕਿ ‘ਕੁਦਰਤ ਦੀਆਂ ਬੁਝਾਰਤਾਂ ਕਰਨ-ਕਰਾਵਨਹਾਰ ਹੀ ਬੁੱਝ ਸਕਦਾ ਹੈ।’ ਫਿਰ ਵੀ ਹਾਸਲ ਬੁੱਧੀ ਤੇ ਤਜਰਬੇ ਦੀ ਮੱਦਦ ਨਾਲ ਸਾਨੂੰ ਸੱਚ ਦੀ ਖੋਜ ਵਿਚ ਆਪਣੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਚੋਣਾਂ ਦੇ ਐਲਾਨ ਦੇ ਸਮੇਂ ਪੰਜਾਬ ਦਾ ਮਾਹੌਲ ਤੇ ਸਿੱਖ ਮਾਨਸਿਕਤਾ ਕੀ ਸੀ? ਇਹ ਸਭ ਤੋਂ ਪਹਿਲਾ ਘੋਖ ਦਾ ਮੁੱਦਾ ਬਣਦਾ ਹੈ।

ਜਦ ਇਨ੍ਹਾਂ ਚੋਣਾਂ ਦਾ ਐਲਾਨ ਹੋਇਆ ਤਾਂ ਪੰਜਾਬ ਅੰਦਰ ਹਕੂਮਤੀ ਜਬਰ ਆਪਣੇ ਸਿਖਰ ‘ਤੇ ਸੀ। ਖਾੜਕੂ ਲਹਿਰ ਨੂੰ ਖ਼ਤਮ ਕਰਨ ਦੇ ਟੀਚੇ ਦੀਆਂ ਆਖ਼ਰੀ ਤਰੀਖ਼ਾਂ-ਮਿੱਥੀਆਂ ਜਾ ਚੁੱਕੀਆਂ ਸਨ। ਬੇਲਗ਼ਾਮ ਪੁਲੀਸ-ਮਸ਼ੀਨਰੀ ਨੇ ਸਿੱਖ ਜਨਤਾ ਦੇ ਮਨਾਂ ‘ਤੇ ਪੂਰੀ ਤਰ੍ਹਾਂ ਦਹਿਸ਼ਤ ਛਾਪ ਦਿੱਤੀ ਸੀ। ਇਕ ਪਾਸੜ ਪ੍ਰਚਾਰ-ਮੀਡੀਏ ਦੇ ਜ਼ੋਰ ਨਾਲ ਦਬਾਅ ਹੇਠ ਆਈ ਖਾੜਕੂ ਲਹਿਰ ਦਾ ਨਕਸ਼ਾ ਇਕ ਗ਼ੈਰ-ਰਾਜਨੀਤਕ ਤੇ ਗ਼ੈਰ-ਸਮਾਜਿਕ ਲਹਿਰ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਸੀ। ਖਾੜਕੂ ਲਹਿਰ ਦੀ ਚੜ੍ਹਤ ਦੇ ਸਮੇਂ ਉਸਨੂੰ ਮੁੱਖ- ਧਿਰ ਮੰਨਣ ਵਾਲੇ ਅਕਾਲੀ ਧੜੇ ਹੁਣ ਰਾਹਤ ਮਹਿਸੂਸ ਕਰਦੇ ਹੋਏ ਚੁੱਪ ਸਨ ਤੇ ਖ਼ੁਦ ਨੂੰ ਮੁੱਖ-ਧਿਰ ਬਣਾਉਣ ਲਈ ਸਮੇਂ ਦੀ ਉਡੀਕ ਵਿਚ ਸਨ। ਸਿੱਖਾਂ ਵਿਚ ਆਮ ਵਿਚਰ ਰਹੇ ਚਾਰ ਅਕਾਲੀ ਧੜਿਆਂ (ਬਰਨਾਲਾ ਦਲ, ਬਾਦਲ ਦਲ, ਮਾਨ ਦਲ ਤੇ ਬਾਬਾ ਦਲ) ਵਿੱਚੋਂ ਕੋਈ ਵੀ ਇਸ ਦਬਾਅ ਵਾਲੀ ਹਾਲਤ ਵਿਚ ਖਾੜਕੂ ਧਿਰਾਂ ਦੇ ਕਿਸੇ ਸਿਆਸੀ ਪੱਖ ਦੀ ਹਾਮੀ ਭਰਨ ਲਈ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਇਆ। ਬਰਨਾਲਾ ਦਲ ਪਹਿਲਾਂ ਤੋਂ ਹੀ ਖਾੜਕੂ ਲਹਿਰ ਨੂੰ ਅਕਾਲੀ-ਵਿਰੋਧੀ ਲਹਿਰ ਕਰਾਰ ਦੇਂਦਾ ਆਇਆ ਸੀ । ਉਸਦੇ ਸਟੈਂਡ ਵਿਚ ਕੋਈ ਜ਼ਿਆਦਾ ਤਬਦੀਲੀ ਨਹੀਂ ਸੀ ਆਈ। ਪਰ ਬਾਦਲ ਦਲ ਦੀਆਂ ਅੱਖਾਂ ਬੁਰੀ ਤਰ੍ਹਾਂ ਬਦਲੀਆਂ ਹੋਈਆਂ ਸਨ। ਉਹ ਇਸ ਗੱਲ ਦੇ ਸਪੱਸ਼ਟ ਸੰਕੇਤ ਦੇ ਰਿਹਾ ਸੀ ਕਿ ਉਸਨੇ ਖਾੜਕੂ ਲਹਿਰ ਤੋਂ ਡਰਦਿਆਂ ਹੀ ਕੁੱਝ ਚਿਰ ਉਸਨੂੰ ਮੁੱਖ ਧਿਰ ਮੰਨਿਆ ਸੀ। ਇਹ ਦਲ ਆਪਣੇ ਵਸੀਲਿਆਂ ਰਾਹੀਂ ਖਾੜਕੂ ਲਹਿਰ ਦਾ ਉਹੀ ਨਕਸ਼ਾ ਪੇਸ਼ ਕਰਨ ਲੱਗ ਪਿਆ ਸੀ ਜੋ ਬੇਅੰਤ ਸਿੰਘ ਸਰਕਾਰ ਪੇਸ਼ ਕਰ ਰਹੀ ਸੀ। ਮਾਨ ਦਲ ਜੋ ਪਿਛਲੇ ਸਮੇਂ ਖਾੜਕੂ ਧਿਰਾਂ ਦੇ ਕਾਫ਼ੀ ਨਜ਼ਦੀਕ ਦਿਖਾਈ ਦੇ ਰਿਹਾ ਸੀ, ਆਪਣੇ ਆਪ ਨੂੰ ਨਿਰਪੱਖ ਸਾਬਤ ਕਰਨ ਵਿਚ ਰੁੱਝ ਗਿਆ ਸੀ। ਇਹ ਦਲ ਹਕੂਮਤੀ ਜਬਰ ਦੇ ਵਿਰੁੱਧ ਬੋਲ ਰਿਹਾ ਸੀ ਤੇ ਰਾਜਨੀਤਕ ਨਿਸ਼ਾਨੇ ਪ੍ਰਤਿ ਪਹਿਲੀ ਦ੍ਰਿੜ੍ਹਤਾ ‘ਤੇ ਹੀ ਕਾਇਮ ਸੀ ਪਰ ਖਾੜਕੂ ਧਿਰਾਂ ਦੇ ਗੁਣ-ਔਗੁਣਾਂ ਜਾਂ ਉਨ੍ਹਾਂ ਵਿਰੁੱਧ ਹੋਏ ਭੰਡੀ-ਪ੍ਰਚਾਰ ਪ੍ਰਤਿ ਆਪਣਾ ਪੱਖ ਸਪੱਸ਼ਟ ਕਰਨ ਤੋਂ ਗੁਰੇਜ਼ ਕਰ ਰਿਹਾ ਸੀ । ਬਾਬਾ ਦਲ ਪਹਿਲਾਂ ਤੋਂ ਹੀ ਖਾੜਕੂ ਲਹਿਰ ਤੋਂ ਦਬਾਅ ਦਾ ਇਜ਼ਹਾਰ ਕਰਦਾ ਆਇਆ ਸੀ । ਸਿੰਘ ਸਾਹਿਬ ਭਾਈ ਜਸਬੀਰ ਸਿੰਘ ਵਾਰਾਂ ਦੀ ਨਜ਼ਰਬੰਦੀ ਤੋਂ ਬਾਅਦ ਇਸ ਦਲ ਨੇ ਨਵੀਆਂ ਹਾਲਤਾਂ ਬਾਰੇ ਕੋਈ ਸਪੱਸ਼ਟ ਸੋਚ ਜਾਂ ਅਮਲ ਦਾ ਪ੍ਰਗਟਾਵਾ ਨਹੀਂ ਸੀ ਕੀਤਾ। ਪੰਜਾਬ ਦੀ ਸਿਆਸਤ ਵਿਚ ਹਕੂਮਤੀ ਜਬਰ ਦੇ ਪੂਰੇ ਜ਼ੋਰ ਅਤੇ ਅਕਾਲੀ ਧਿਰਾਂ ਵੱਲੋਂ ਜਬਰ ਦਾ ਸ਼ਿਕਾਰ ਧਿਰ ਬਾਰੇ ਬੇਗਾਨਗੀ ਦੇ ਧਾਰਨ ਕੀਤੇ ਰਵੱਈਏ ਨੇ ਆਮ ਸਿੱਖ ਜਨਤਾ ਨੂੰ ਭੰਬਲ ਭੂਸੇ ਵਿਚ ਪਾ ਦਿੱਤਾ ਸੀ । ਉਹ ਹੈਰਾਨ ਸਨ ਕਿ ਜੇਕਰ ਖਾੜਕੂ ਲਹਿਰ ਲੁਟੇਰਿਆਂ ਤੇ ਗ਼ੈਰ-ਸਮਾਜੀ ਤੱਤਾਂ ਦੀ ਇਕ ਗ਼ੈਰ-ਰਾਜਨੀਤਕ ਲਹਿਰ ਕਰਾਰ ਦੇ ਦਿੱਤੀ ਗਈ ਹੈ ਅਤੇ ਇਸ ਕਾਰਨਾਮੇ ਨੂੰ ਅਕਾਲੀ ਧਿਰਾਂ ਦੀ ਚੁੱਪ- ਸਹਿਮਤੀ ਹਾਸਲ ਹੈ ਤਾਂ ਪਿਛਲੇ ਦਸ ਸਾਲਾਂ ਵਿਚ ਪ੍ਰਤੱਖ ਤੌਰ ‘ਤੇ ਛਾਈ ਰਹੀ ਮੁੱਖ ਸਿਆਸੀ ਧਿਰ ਕਿਹੜੀ ਸੀ ? ਇਕ ਸੁਆਲ ਇਹ ਵੀ ਆਮ ਸੀ ਕਿ ਜੇਕਰ ਅਕਾਲੀ ਧਿਰਾਂ, ਜਿਵੇਂ ਦਾਅਵਾ ਕਰਦੀਆਂ ਜਾਪਦੀਆਂ ਹਨ ਕਿ ਉਹ ਖਾੜਕੂ ਦਾਬੇ ਹੇਠ ਹੀ ਉਨ੍ਹਾਂ ਨੂੰ ਮੁੱਖ ਧਿਰ ਮੰਨਦੀਆਂ ਆਈਆਂ ਹਨ, ਕੀ ਅੱਜ ਕਿਤੇ ਹਕੂਮਤੀ ਦਾਬੇ ਤਹਿਤ ਹੀ ਉਸ ਧਿਰ ਬਾਰੇ ਮੌਜੂਦਾ ਦ੍ਰਿਸ਼ਟੀਕੋਣ ਤਾਂ ਨਹੀਂ ਅਪਨਾ ਰਹੀਆਂ ? ਇਸ ਤਰ੍ਹਾਂ ਬਰਨਾਲਾ ਅਕਾਲੀ ਦਲ ਤੋਂ ਬਿਨਾਂ ਬਾਕੀ ਦਲਾਂ ਦੀ ਪੁਜ਼ੀਸ਼ਨ ਲੋਕਾਂ ਵਿਚ ਸਪੱਸ਼ਟ ਨਹੀਂ ਸੀ ਹੋ ਰਹੀ। ਆਮ ਸਿੱਖ ਮਾਨਸਿਕਤਾ ਦਿਸ਼ਾ-ਹੀਣ ਨਕਸ਼ਾ ਪੇਸ਼ ਕਰ ਰਹੀ ਸੀ। ਖਾੜਕੂ ਲਹਿਰ ਦੀਆਂ ਗ਼ਲਤੀਆਂ ਤੇ ਉਨ੍ਹਾਂ ਵਿਚਲੇ ਗ਼ੈਰ-ਸਮਾਜੀ ਤੱਤਾਂ ਤੋਂ ਸਤਾਏ ਸਿੱਖ ਲੋਕਾਂ ਨੂੰ ਜਦੋਂ ਹਕੂਮਤੀ ਜਬਰ ਅਤੇ ਇਕ-ਪਾਸੜ ਹਕੂਮਤੀ ਪ੍ਰਚਾਰ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਗਿਆ ਸੀ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਸਵੀਕਾਰ ਕਰਦਿਆਂ ਹਾਰੀ ਹੋਈ ਮਨੋਬਿਰਤੀ ਦਾ ਸ਼ਿਕਾਰ ਹੋ ਗਏ । ਬੇਅੰਤ ਸਿੰਘ ਜਦ ਉਨ੍ਹਾਂ ਨੂੰ ਜ਼ਲੀਲ ਕਰਦਾ ਸੀ ਤਾਂ ਬਰਨਾਲਾ ਤੇ ਬਾਦਲ ਦਲ ਵੀ ਜ਼ਖ਼ਮਾਂ ‘ਤੇ ਲੂਣ ਛਿੜਕਦੇ ਸਨ, ਦੂਜੇ ਦੋਵੇਂ ਦਲ (ਮਾਨ ਦਲ ਤੇ ਬਾਬਾ ਦਲ) ਪਾਸਾ ਵੱਟ ਕੇ ਚੱਲਦਿਆਂ ਇਨ੍ਹਾਂ ਲੋਕਾਂ ਨੂੰ ਹੋਰ ਪਸ਼ਚਾਤਾਪ ਵਿਚ ਸੁੱਟਦੇ ਸਨ ਤੇ ਅਖ਼ੀਰ ਉਹ ਸਿੱਖ ਜਨਤਾ, ਜਿਨ੍ਹਾਂ ਨੂੰ ਖਾੜਕੂ ਲਹਿਰ ਦਾ ਪ੍ਰਭਾਵ ਖੇਤਰ ਮੰਨਿਆ ਜਾਂਦਾ ਸੀ, ਲਾਚਾਰੀ ਵੱਸ ਬਾਹਵਾਂ ਖੜੀਆਂ ਕਰ ਗਈ ਤੇ ਇਕ ਹਾਰੀ ਹੋਈ ਧਿਰ ਦੀ ਮਾਨਸਿਕਤਾ ਪ੍ਰਵਾਨ ਕਰ ਲਈ। ਖਾੜਕੂ ਜਥੇਬੰਦੀਆਂ ਨੇ ਆਪਣੇ ਵੱਡੇ ਹਿੱਸਿਆਂ ਨੂੰ ਗ਼ਰਕਣ ਤੋਂ ਰੋਕਣ ਤੋਂ ਅਸਮਰੱਥਾ ਦਿਖਾਈ ਤੇ ਫਿਰ ਆਪਣੀਆਂ ਗ਼ਲਤੀਆਂ ਕਬੂਲਣ ਤੋਂ ਡਰਪੋਕ-ਪੁਣਾ ਦਿਖਾਇਆ। ਜਿਹੜੀਆਂ ਗ਼ਲਤੀਆਂ ਸ਼ਰ੍ਹੇਆਮ ਉਨ੍ਹਾਂ ਨੂੰ ਮੰਨਣੀਆਂ ਚਾਹੀਦੀਆਂ ਸਨ ਉਹ ਬੇਅੰਤ ਸਿੰਘ ਨੇ ਇਸ ਲਹਿਰ ਦੀਆਂ ਮੁੱਖ ਵਿਸ਼ੇਸ਼ਤਾਈਆਂ ਦੇ ਰੂਪ ਵਿਚ ਪੇਸ਼ ਕੀਤੀਆਂ ਤੇ ਲੋਕ ਜੋ ਉਨ੍ਹਾਂ ਦੀਆਂ ਇਨ੍ਹਾਂ ਗ਼ਲਤੀਆਂ ਤੋਂ ਸਤਾਏ ਹੋਏ ਸਨ, ਉਨ੍ਹਾਂ ਨੇ ਬੇਅੰਤ ਸਿੰਘ ਦੇ ਪ੍ਰਚਾਰ ਨੂੰ ਕੰਨ ਦਿੱਤੇ। ਅਕਾਲੀ ਧਿਰਾਂ ਜਿਨ੍ਹਾਂ ਨੂੰ, ਖਾੜਕੂ ਆਪਣੀ ਹਉਮੈ ਨੂੰ ਪੱਠੇ ਪਾਉਂਦਿਆਂ ਵਕਤਨ-ਫ਼-ਵਕਤਨ ਜ਼ਲੀਲ ਕਰਦੇ ਰਹਿੰਦੇ ਸਨ, ਬਦਲਾ-ਲਉ ਭਾਵਨਾ ਨਾਲ ਤਮਾਸ਼ਬੀਨ ਬਣੇ ਤੇ ਅਖ਼ੀਰ ਇਹ ਦਿਨ ਆਏ ਕਿ ਖਾੜਕੂ ਬਦਨਾਮ ਹੋ ਗਏ ਤੇ ਅਕਾਲੀ ਡਰਪੋਕ ਮੋਨੋ-ਐਕਟਰ ਸਾਬਤ ਹੋਏ।

ਸਿੱਖ ਸਿਆਸਤ ਦੇ ਇਸ ਅਤਿਅੰਤ ਸੰਕਟ-ਮਈ ਦੌਰ ਵਿਚ ਜਲੰਧਰ ਸੀਟ ‘ਤੇ ਚੋਣ ਦਾ ਐਲਾਨ ਹੋਇਆ । ਸਭ ਤੋਂ ਪਹਿਲਾਂ ਬਾਦਲ ਅਕਾਲੀ ਦਲ ਹਰਕਤ ਵਿਚ ਆਇਆ। ਇਸ ਨੇ ਆਪਣੀਆਂ ਹੇਠਲੀਆਂ ਸਫ਼ਾਂ ਨੂੰ ਇਹ ਅਹਿਸਾਸ ਕਰਵਾ ਕੇ ਹਰਕਤ ਵਿਚ ਲਿਆਂਦਾ ਕਿ ਹੁਣ ਖਾੜਕੂ ਦਾਬਾ ਖ਼ਤਮ ਹੋਣ ਨਾਲ ਦਲਿੱਦਰ ਦਾ ਖ਼ਾਤਮਾ ਹੋ ਗਿਆ ਹੈ ਤੇ ਆਪਾਂ ਖੁੱਲ੍ਹ ਕੇ ਸਿੱਖ ਸਿਆਸਤ ਨੂੰ ਮੋੜਾ ਦੇ ਸਕਦੇ ਹਾਂ। 1982-83 ਵਿਚਲੇ ਇਸ ਅਕਾਲੀ ਦਲ ਦੇ ਉਹ ਵਿੰਗ ਜੋ ਧਰਮ-ਯੁੱਧ ਮੋਰਚੇ ਨੂੰ ਦਿੱਲੀ ਅਤੇ ਭਿੰਡਰਾਂਵਾਲੇ ਦੋਹਾਂ ਵਿਰੁੱਧ ਲੜਾਈ ਦਾ ਰੂਪ ਦੇਂਦੇ ਸਨ, ਪੂਰੀ ਤਰ੍ਹਾਂ ਸਰਗਰਮ ਹੋਏ ਤੇ ਉਨ੍ਹਾਂ ਦੀ ਮੱਦਦ ‘ਤੇ ਪ੍ਰੈੱਸ ਦਾ ਉਹ ਸਾਰਾ ਹਿੱਸਾ ਆਇਆ, ਜਿਨ੍ਹਾਂ ਦੇ ਸਹਾਰੇ ਰਾਜੀਵ-ਲੌਂਗੋਵਾਲ ਸਮਝੌਤਾ ਇਤਿਹਾਸਕ ਪੇਸ਼ ਕਰ ਕੇ, 1985 ਦੀਆਂ ਚੋਣਾਂ ਜਿੱਤੀਆਂ ਗਈਆਂ ਸਨ।

ਬਾਦਲ ਅਕਾਲੀ ਦਲ 1985 ਦੀਆਂ ਚੋਣਾਂ ਦੇ ਪੈਂਤੜੇ ‘ਤੇ ਸੀ ਪਰ ਉਸ ਕੋਲ ਲੌਂਗੋਵਾਲ ਸਮਝੌਤਾ ਨਹੀਂ ਸੀ । ਉਧਰ ਮਾਨ ਦਲ 1989 ਦੀਆਂ ਚੋਣਾਂ ਦੇ ਪੈਂਤੜੇ ‘ਤੇ ਸੀ ਪਰ ਉਸ ਦੀ ਮੱਦਦ ‘ਤੇ ਖਾੜਕੂ ਧਿਰ ਨਹੀਂ ਸੀ। ਦੋਵੇਂ ਅਪੰਗ ਧਿਰਾਂ ਆਪਣੀ ਕਿਸਮਤ ਅਜ਼ਮਾਈ ਲਈ ਮੈਦਾਨ ਵਿਚ ਨਿੱਤਰੀਆਂ ਤੇ ਨਤੀਜਾ ਸਾਹਮਣੇ ਹੈ। ਬਾਦਲ 1985 ਨਹੀਂ ਦੁਹਰਾ ਸਕਿਆ ਤੇ ਮਾਨ ਦਲ 1989 ਤੋਂ ਕੋਹਾਂ ਦੂਰ ਰਿਹਾ। ਸਿੱਖ ਸੰਗਤਾਂ ਨੇ ਮਾਯੂਸੀ ਦਾ ਇਜ਼ਹਾਰ ਕੀਤਾ। ਅੱਧੀ ਨਹੀਂ ਤਾਂ ਤੀਜਾ ਹਿੱਸਾ ਸਿੱਖ ਵੋਟ ਬੇਅੰਤ ਸਿੰਘ ਨੂੰ ਪਈ ਜੋ ਇਕ ਵਿਚਾਰ-ਯੋਗ ਘਟਨਾ ਹੈ। ਕਈ ਤਰ੍ਹਾਂ ਦੇ ਵਿਸ਼ਲੇਸ਼ਣ ਅੱਜ ਕੱਲ ਪ੍ਰੈਸ ਵਿਚ ਆ ਰਹੇ ਹਨ ਜੋ ਸਿੱਖ ਮਾਨਸਿਕਤਾ ਦੀਆਂ ਉਲਝਣਾਂ ਵਿਚ ਹੋਰ ਵਾਧਾ ਕਰੀ ਜਾ ਰਹੇ ਹਨ ਤੇ ਨਿਰਾਸ਼ਤਾ ਨੂੰ ਵਧਾ ਰਹੇ ਹਨ। ਇਸ ਚੋਣ ਵਿੱਚੋਂ ਜੋ ਹਾਂ-ਪੱਖੀ ਸਬਕ ਸਾਨੂੰ ਮਿਲੇ ਹਨ, ਉਨ੍ਹਾਂ ਨੂੰ ਬਿਲਕੁਲ ਨਜ਼ਰ-ਅੰਦਾਜ਼ ਕਰ ਕੇ ਠੀਕ ਉਹੋ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਜੋ ਖਾੜਕੂ ਲਹਿਰ ਬਾਰੇ ਕੀਤਾ ਗਿਆ ਸੀ।

ਜਲੰਧਰ ਚੋਣ ਦੇ ਸਬਕ

ਮੈਂ ਸਮਝਦਾ ਹਾਂ ਕਿ ਜਲੰਧਰ ਚੋਣ ਕਾਫ਼ੀ ਚੰਗੇ ਸਬਕ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਪਹਿਲਾ ਸਬਕ ਇਹ ਹੈ ਕਿ ਅਕਾਲੀ ਸਿਆਸਤ ਵਿਚ ਸਿਧਾਂਤਕ ਕਤਾਰਬੰਦੀ ਮੌਜੂਦ ਹੈ, ਚਾਹੇ ਇਹ ਅਜੇ ਮਜ਼ਬੂਤ ਨਹੀਂ ਹੋਈ । ਇਕ ਧਿਰ ਜੋ ਭਾਰਤੀ ਰਾਜ ਪ੍ਰਬੰਧ ਵਿਚ ਆਦਰ- ਸਹਿਤ ਸੱਤਾ ਦਾ ਹਿੱਸਾ ਚਾਹੁੰਦੀ ਹੈ ਤੇ ਘੱਟ ਲੜਾਈ ਨਾਲ ਵੱਧ ਸਹੂਲਤਾਂ ਦੀ ਚਾਹਨਾਂ ਤਹਿਤ ਕੱਟੜ ਰਾਜਨੀਤਿਕ ਨਿਸ਼ਾਨੇ ਮਿਥਣ ਤੋਂ ਪ੍ਰੇਜ਼ ਕਰਦੀ ਹੈ, ਆਰਥਿਕ ਲਾਹੇਵੰਦੀ ਨੂੰ ਅੱਜ ਦੀ ਮੁੱਖ ਸਿੱਖ-ਖ਼ਾਹਸ਼ ਦੇ ਰੂਪ ਵਿਚ ਲੈਂਦੀ ਹੈ ਤੇ ਕੌਮੀ ਵਿਰੋਧੀ ਪਾਰਟੀਆਂ ਨਾਲ ਰਲ ਕੇ ਕਾਂਗਰਸ ਦਾ ਬਦਲ ਪੇਸ਼ ਕਰਨ ਦੀ ਲਾਈਨ ‘ਤੇ ਚੱਲਦੀ ਹੈ। ਇਹ ਨਾ ਭਾਰਤ ਨੂੰ ਫ਼ਿਰਕੂ ਮੰਨਦੀ ਹੈ ਤੇ ਨਾ ਆਪਣੇ ਆਪ ਨੂੰ ਸਿੱਖ ਫ਼ਿਰਕੇ ਦੇ ਘੇਰੇ ਦੇ ਵਿਚ ਰੱਖਣਾ ਚਾਹੁੰਦੀ ਹੈ। ਇਸ ਧਿਰ ਵਿਚ ਪ੍ਰਮੁੱਖਤਾ ਹਾਸਿਲ ਕੀਤੀ ਹੈ ਬਾਦਲ ਦਲ ਨੇ ਅਤੇ ਇਸ ਵਿਚ ਛੋਟੀਆਂ ਧਿਰਾਂ ਹਨ ਬਰਨਾਲਾ ਦਲ ਤੇ ਮਨਜੀਤ ਗਰੁੱਪ। ਦੂਜੀ ਧਿਰ ਸਿੱਖ ਫ਼ਿਰਕੇ ਤਕ ਅਕਾਲੀ ਸਿਆਸਤ ਨੂੰ ਸੀਮਿਤ ਕਰਦੀ ਹੈ ਤੇ ਭਾਰਤੀ ਰਾਜ ਨੂੰ ਫ਼ਿਰਕੂ ਰਾਜ ਮੰਨਦੀ ਹੈ। ਪੰਜਾਬ ਨੂੰ ਸਿੱਖ ਖਿੱਤਾ ਮੰਨ ਕੇ ਲੜਦੀ ਹੈ ਤੇ ਇਸ ਤਰ੍ਹਾਂ ਕਿਸੇ ‘ਕੌਮੀ ਬਦਲ’ ਵਿਚ ਆਪਣੇ ਆਪ ਨੂੰ ਫਿੱਟ ਨਹੀਂ ਕਰਦੀ। ਕੋਈ ਵੀ ਕੌਮੀ ਪਾਰਟੀ ਇਸ ਧਿਰ ਨਾਲ ਜੁੜ ਕੇ ਹਿੰਦੂ ਵੋਟ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ। ਸਾਰੀਆਂ ਭਾਰਤੀ ਕੌਮੀ ਪਾਰਟੀਆਂ ਇਸ ਧਿਰ ਨੂੰ ਕੌਮੀ ਨਾ ਮੰਨ ਕੇ ਸਿੱਖ ਫ਼ਿਰਕੂ ਧਿਰ ਤਸੱਵਰ ਕਰਦੀਆਂ ਹਨ। ਇਸ ਧਿਰ ਦੀ ਅਗਵਾਈ ਸਾਬਤ ਕੀਤੀ ਹੈ ਮਾਨ ਅਕਾਲੀ ਦਲ ਨੇ ਅਤੇ ਨਾਲ ਖੜਾ ਹੈ ਬਾਬਾ ਅਕਾਲੀ ਦਲ ਤੇ ਕੁਝ ਹੋਰ ਛੋਟੇ ਗਰੁੱਪ। ਵੋਟਾਂ ਦੀ ਗਿਣਤੀ ਵਿਚਾਰਨ ਤੋਂ ਪਹਿਲਾਂ ਇਨ੍ਹਾਂ ਦੋਹਾਂ ਧਿਰਾਂ ਨੇ ਜੋ ਆਪੋ-ਆਪਣੀ ਹੋਂਦ ਦਾ ਚੋਣਾਂ ਦੌਰਾਨ ਪ੍ਰਗਟਾਵਾ ਕੀਤਾ ਹੈ, ਉਹ ਕਾਫ਼ੀ ਮਹੱਤਵਪੂਰਨ ਹੈ।

ਬਾਦਲ ਦਲ ਵੱਲੋਂ ਜਦ ਕੌਮੀ ਪੰਜਾਬੀ ਪ੍ਰੈਸ ਦੇ ਸਹਾਰੇ ਇਹ ਮੁੱਦਾ ਉਭਾਰਿਆ ਗਿਆ ਕਿ ਕਾਂਗਰਸ ਨੂੰ ਹਰਾਉਣਾ ਅੱਜ ਦਾ ਅਸਲ ਅਕਾਲੀ ਕਾਜ਼ ਬਣਦਾ ਹੈ, ਤਾਂ ਜਵਾਬ ਵਿਚ ਮਾਨ ਦਲ ਵੱਲੋਂ ਸਿੱਖਾਂ ‘ਤੇ ਹਕੂਮਤੀ ਜਬਰ ਦਾ ਮੁੱਦਾ ਮੁੱਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਹਕੂਮਤੀ ਜਬਰ ਦਾ ਮੁੱਦਾ ਅਸਲ ਵਿਚ ਇਕ ਵਿਸ਼ੇਸ਼ ਸਿਆਸੀ ਦ੍ਰਿਸ਼ਟੀਕੋਣ ਦਾ ਮੁੱਦਾ ਬਣਦਾ ਸੀ। ਜਬਰ ਕਿਉਂਕਿ ਸਿੱਖਾਂ ਉਪਰ ਹੀ ਹੋ ਰਿਹਾ ਸੀ ਤੇ ਭਾਰਤੀ ਰਾਜ ਅਤੇ ਸਮੁੱਚੀਆਂ ਕੌਮੀ ਪਾਰਟੀਆਂ ਇਸ ਦੀ ਪਿੱਠ ‘ਤੇ ਖੜੀਆਂ ਸਨ, ਇਸ ਲਈ ਇਹ ਮੁੱਦਾ ਭਾਰਤੀ ਕੌਮੀ ਧਾਰਾ ਦੇ ਖ਼ਿਲਾਫ਼ ਸਿੱਖ ਧਾਰਾ ਨੂੰ ਖੜਾ ਕਰਦਾ ਸੀ । ਰਾਜ ਕਰ ਰਹੀ ਕਾਂਗਰਸ ਪਾਰਟੀ ਇਸ ਨੂੰ (ਜਬਰ ਨੂੰ) ਸ਼ਾਂਤੀ ਦਾ ਸੰਦ ਬਣਾ ਕੇ ਪੇਸ਼ ਕਰ ਰਹੀ ਸੀ ਤੇ ਗ਼ੈਰ-ਸਿੱਖ ਲੋਕ ਤੇ ਸਮੁੱਚੀਆਂ ਕੌਮੀ ਪਾਰਟੀਆਂ ਇਸ ਜਬਰ ਨੂੰ ਕੌਮੀ ਹਿੱਤਾਂ ਵਿਚ ਪ੍ਰਵਾਨ ਕਰ ਚੁੱਕੇ ਸਨ । ਪੰਜਾਬ ਮਸਲੇ ਨਾਲ ਸੰਬੰਧਿਤ ਦੋਹੇਂ ਧਿਰਾਂ, ਭਾਰਤੀ ਰਾਜ ਅਤੇ ਸਿੱਖ ਜਨਤਾ ਜਾਣਦੇ ਸਨ ਕਿ ਇਹ ਮੁੱਦਾ ਹੀ ਮੁੱਖ ਮੁੱਦਾ ਬਣਦਾ ਹੈ। ਬੇਅੰਤ ਸਿੰਘ ਜਬਰ ਦੇ ਹੱਕ ਵਿਚ ਫ਼ਤਵਾ ਮੰਗ ਰਿਹਾ ਸੀ ਤੇ ਸਿੱਖਾਂ ਵੱਲੋਂ ਇਹ ਬਣਦਾ ਸੀ ਕਿ ਉਹ ਜਬਰ ਦੇ ਵਿਰੋਧ ਵਿਚ ਫ਼ਤਵਾ ਦੇਣ। ਗ਼ੈਰ-ਕਾਂਗਰਸੀ ਕੌਮੀ ਪਾਰਟੀਆਂ ਅਤੇ ਖਾੜਕੂ-ਵਿਰੋਧੀ ਅਕਾਲੀ ਧਿਰ (ਬਾਦਲ-ਬਰਨਾਲਾ) ਇਸ ਮੁੱਦੇ ਤੋਂ ਚਿੰਤਤ ਸਨ । ਕਿਉਂਕਿ ਇਸ ਮੁੱਦੇ ਦੇ ਉਭਰਨ ਨਾਲ ਦੋਵੇਂ ਮੁੱਖ ਧਿਰਾਂ (ਕਾਂਗਰਸ ਤੇ ਖਾੜਕੂ) ਫਿਰ ਉਭਰ ਜਾਂਦੀਆਂ ਸਨ। ਇਸ ਲਈ ਇਨ੍ਹਾਂ ਪਾਰਟੀਆਂ ਵਲੋਂ ਕਾਂਗਰਸ ਹਰਾਉਣ ਤੇ ਖਾੜਕੂ ਦਬਾਉਣ ਦਾ ਮੁੱਖ ਮੁੱਦਾ ਉਲੀਕਿਆ ਗਿਆ । ਬਾਦਲ ਅਕਾਲੀ ਦਲ ਭਾਰਤੀ ਵਿਰੋਧੀ ਧਿਰ ਦੀ ਸਹਿਮਤੀ ਹਾਸਲ ਕਰਨ ਲਈ ਕਾਂਗਰਸ ਹਰਾਉਣ ਨੂੰ ਮੁੱਖ ਮੁੱਦਾ ਲੈ ਕੇ ਸਾਹਮਣੇ ਆਇਆ। ਕਾਂਗਰਸ ਬਿਨਾਂ- ਸ਼ੱਕ ਹਕੂਮਤੀ ਪਾਰਟੀ ਹੈ, ਪਰ ਜੋ ਮਸ਼ੀਨਰੀ ਇਥੇ ਜਬਰ ਕਰਦੀ ਹੈ, ਉਹ ਕਾਂਗਰਸੀ ਨਹੀਂ, ਭਾਰਤੀ ਰਾਜ ਮਸ਼ੀਨਰੀ ਹੈ । ਕੇ.ਪੀ.ਐੱਸ. ਗਿੱਲ ਕਾਂਗਰਸ ਪਾਰਟੀ ਦਾ ਉਸੇ ਤਰ੍ਹਾਂ ਕਾਰਡ ਹੋਲਡਰ ਨਹੀਂ ਹੈ, ਜਿਵੇਂ ਜੇ.ਐੱਫ਼. ਰਿਬੇਰੋ ਨੇ ਬਰਨਾਲਾ ਅਕਾਲੀ ਦਲ ਦੀ ਮੈਂਬਰਸ਼ਿੱਪ ਨਹੀਂ ਸੀ ਲਈ। ਜਬਰ ਦਾ ਮੁੱਦਾ ਕਿਤੇ ਭਾਰਤੀ ਰਾਜ ਤੇ ਸਿੱਖ-ਭਾਈਚਾਰੇ ਦੇ ਸੰਬੰਧਾਂ ਦਾ ਮੁੱਦਾ ਨਾ ਬਣ ਜਾਵੇ, ਇਹੀ ਫ਼ਿਕਰ ਬਾਦਲ-ਬਰਨਾਲਾ ਦਲਾਂ ਨੂੰ ਵੀ ਸੀ।

ਕੌਮੀ ਪੰਜਾਬੀ ਪ੍ਰੈਸ ਨੇ ਇਸ ਮਸਲੇ ਦੀ ਬਾਰੀਕੀ ਨੂੰ ਪਹਿਲੋਂ ਹੀ ਭਾਂਪ ਲਿਆ ਸੀ । ਇਸ ਲਈ ਇਸਦੇ ਮੁੱਖ ਪਰਚੇ’ ਵੱਲੋਂ ਸਿੱਖਾਂ ਅੰਦਰ ਇਹ ਵਿਚਾਰ ਜ਼ੋਰ ਨਾਲ ਫੈਲਾਇਆ ਗਿਆ ਸੀ ਕਿ ਜਬਰ ਨਹੀਂ, ਕਾਂਗਰਸ ਨੂੰ ਹਰਾਉਣਾ ਮੁੱਖ ਮੁੱਦਾ ਹੈ। ਮਾਨ ਦਲ – ਬਾਬਾ ਦਲ ਸਮਝਦੇ ਸਨ ਕਿ ਜਬਰ ਹੀ ਮੁੱਖ ਮੁੱਦਾ ਹੈ ਤੇ ਇਸਦਾ ਸਿੱਧਾ ਸੰਬੰਧ ਸਿੱਖਾਂ ਦੇ ਭਾਰਤੀ ਰਾਜ ਨਾਲ ਸੰਬੰਧਾਂ ਨਾਲ ਜੁੜਿਆ ਹੋਇਆ ਹੈ । ਸੋ ਅਕਾਲੀ ਸਿਆਸਤ ਵਿਚ ਦੋ ਧਿਰਾਂ ਸਪੱਸ਼ਟ ਤੌਰ ‘ਤੇ ਆਪਣਾ ਆਪ ਲੈ ਕੇ ਆਈਆਂ। ਇਨ੍ਹਾਂ ਚੋਣਾਂ ਦੀ ਇਹ ਇਕ ਵੱਡੀ ਪ੍ਰਾਪਤੀ ਹੈ। ਇਕ ਧਿਰ ਕਾਂਗਰਸ ਵਿਰੋਧੀ ਪੰਜਾਬੀ ਪਾਰਟੀ ਦੇ ਰੂਪ ਵਿਚ ਆਈ ਹੈ, ਜਿਸਦੀ ਅਗਵਾਈ ਬਾਦਲ ਕਰ ਰਿਹਾ ਹੈ; ਤੇ ਦੂਜੀ ਧਿਰ ਭਾਰਤੀ ਰਾਜ ਦੇ ਜਬਰ ਵਿਰੁੱਧ ਸਿੱਖ ਰਾਜਨੀਤਕ ਧਿਰ ਦੇ ਰੂਪ ਵਿਚ ਆਈ ਹੈ। ਚੋਣ ਪ੍ਰਕਿਰਿਆ ਦੀ ਇਕ ਪ੍ਰਾਪਤੀ ਫਿਰ ਵੀ ਹੈ ਕਿ ਦੋਹਾਂ ਧਿਰਾਂ ਅੰਦਰ ਸੁਤੇ-ਸਿੱਧ ਬੈਠੇ ਸਿਆਸੀ ਵਰਕਰਾਂ ਨੇ ਆਪਣੀ ਸੂਝ ਤੋਂ ਕੰਮ ਲਿਆ ਤੇ ਆਪੋ-ਆਪਣੀ ਅਸਲੀ ਧਿਰ ਦੀ ਪਛਾਣ ਕਰ ਕੇ ਦਲ-ਬਦਲੀ ਕੀਤੀ। ਇਹ ਪ੍ਰਕਿਰਿਆ ਚੋਣਾਂ ਤੋਂ ਬਾਅਦ ਵੀ ਚੱਲੇਗੀ ਤੇ ਅਸਲ ਕਤਾਰਬੰਦੀ ਨੂੰ ਮੁਕੰਮਲ ਕਰੇਗੀ।

ਇਹਨਾਂ ਚੋਣਾਂ ਦਾ ਤੀਜਾ ਫ਼ਾਇਦਾ ਸਿਧਾਂਤਕ ਡਾਵਾਂ-ਡੋਲਤਾ ਦਾ ਖ਼ਾਤਮਾ ਹੋਇਆ ਹੈ। ਦੋਹਾਂ ਧਿਰਾਂ ਵਿਚ ਇਕ ਹਿੱਸਾ ਤਾਂ ਸਿਧਾਂਤਕ ਬਾਰੀਕੀ ਨੂੰ ਸਮਝਣ ਦੀ ਥਾਂ ਭਾਵਕ ਏਕਤਾ ਦੀ ਰਟ ਲਾਉਂਦਾ ਸੀ। ਇਹ ਹਿੱਸਾ ਕਾਂਗਰਸ ਹਰਾਉਣ ਨੂੰ ਹੀ ਜਬਰ ਹਰਾਉਣਾ ਸਮਝ ਲੈਂਦਾ ਸੀ ਤੇ ਬਿਨਾਂ ਮੁੱਦੇ ਤੋਂ ਇੱਕੇ ਉਮੀਦਵਾਰ ਦੀ ਇੱਛਾ ਕਰਦਾ ਸੀ। ਪੂਰੀ ਇਮਾਨਦਾਰੀ ਨਾਲ ਇਹ ਹਿੱਸਾ ਵੱਡੇ ਤੇ ਤਕੜੇ ਉਮੀਦਵਾਰ ਨੂੰ ਅਪਣਾ ਲੈਣ ਦਾ ਤਰਲਾ ਕਰਦਾ ਸੀ ਜਾਂ ਪਰਚੀ ਪਾ ਕੇ ਇੱਕੋ ਉਮੀਦਵਾਰ ਖੜਾ ਕਰਨ ਦੀ ਸਲਾਹ ਦੇਂਦਾ ਸੀ। ਚੋਣਾਂ ਦੇ ਪ੍ਰਚਾਰ ਦੇ ਥੋੜ੍ਹੇ ਜਿਹੇ ਸਮੇਂ ਵਿਚ ਭਾਵੇਂ ਇਹ ਮੁੱਦਿਆਂ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਨਾ ਜਾਣ ਸਕਿਆ ਹੋਵੇ ਪਰ ਕੁਝ ਸਮੇਂ ਤਕ ਇਹ ਵੀ ਕਿਸੇ ਇਕ ਧਿਰ ਵੱਲ ਸਪੱਸ਼ਟ ਖੜਾ ਹੋ ਜਾਵੇਗਾ। ਕੁੱਝ ਗਰੁੱਪ ਜਿਨ੍ਹਾਂ ਨੂੰ ਸਿਧਾਂਤਕ ਪੁਜ਼ੀਸ਼ਨਾਂ ਲੈਣ ਦਾ ਪਹਿਲਾਂ ਕਦੇ ਮੌਕਾ ਨਹੀਂ ਮਿਲਿਆ, ਉਹ ਵੀ ਰਾਜਨੀਤਕ ਖੇਤਰ ਵਿਚ ਆਪਣਾ ਹੌਲਾਪਣ ਪਛਾਣ ਗਏ ਹਨ। ਇਨ੍ਹਾਂ ਵਿੱਚੋਂ ਕੁੱਝ ਦੀ ਹੋਂਦ ਦਾ ਭੋਗ ਵੀ ਪੈ ਜਾਵੇਗਾ। ਸੋ ਇਹਨਾਂ ਚੋਣਾਂ ਦਾ ਚੌਥਾ ਫ਼ਾਇਦਾ ਰਾਜਨੀਤਕ ਆਪਾ-ਹੁਦਰੀ ਦਾ ਖ਼ਾਤਮਾ ਵੀ ਹੋਵੇਗਾ। ਅਰਾਜਕਤਾਵਾਦੀ ਬਿਰਤੀਆਂ ਦੇ ਸ਼ਿਕਾਰ ਲੋਕਾਂ ਵੱਲੋਂ ਖੜੇ ਕੀਤੇ ਜ਼ਾਤੀ ਧੜੇ ਵੀ ਲੜ-ਖੜਾ ਗਏ ਹਨ। ਇਕ ਹੋਰ ਸਿੱਟਾ ਜੋ ਕਾਫ਼ੀ ਅਹਿਮ ਹੈ, ਖਾੜਕੂ ਲਹਿਰ ਦੀ ਪੜਚੋਲ ਦਾ ਨਿਕਲਿਆ ਹੈ। ਪਹਿਲੀ ਵਾਰ ਇਹ ਅਹਿਸਾਸ ਕੀਤਾ ਗਿਆ ਹੈ ਕਿ ਪਿਛਲੇ ਦਸ ਸਾਲਾਂ ਵਿਚ ਖਾੜਕੂ ਲਹਿਰ ਦੇ ਨਾਂ ਹੇਠ ਜੋ ਸਰਗਰਮੀਆਂ ਹੋਈਆਂ ਹਨ, ਉਨ੍ਹਾਂ ਨੂੰ ਖੁੱਲ੍ਹੇ-ਆਮ ਬਹਿਸ ਅਧੀਨ ਲਿਆਂਦਾ ਜਾਵੇ ਅਤੇ ਗ਼ਲਤ ਨੂੰ ਗ਼ਲਤ ਤੇ ਠੀਕ ਨੂੰ ਠੀਕ ਕਹਿਣ ਦੀ ਜੁਰਅਤ ਦਿਖਾਈ ਜਾਵੇ | ਇਕ ਸਿੱਟਾ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਸਿੱਖਾਂ ਦੇ ਗਲੋਂ ਗ਼ੁਲਾਮੀ ਲਾਹੁਣ ਦੀ ਲਹਿਰ ਤੇ ਖਾੜਕੂ ਲਹਿਰ ਵਿਚ ਪੂਰੀ ਸੂਰੀ ਇਕ-ਮਿਕਤਾ ਨਹੀਂ ਹੈ। ਆਜ਼ਾਦੀ ਲਈ ਲੜਨ ਵਾਲਾ ਜ਼ਰੂਰੀ ਨਹੀਂ ਕਿ ਖਾੜਕੂ ਹੀ ਹੋਵੇ ਤੇ ਹਰੇਕ ਖਾੜਕੂ ਜ਼ਰੂਰੀ ਨਹੀਂ ਗ਼ੁਲਾਮੀ ਵਿਰੁੱਧ ਲੜ ਰਿਹਾ ਹੋਵੇ। ਇਹ ਇਕ ਅਹਿਮ ਸੰਦੇਸ਼ ਹੈ ਚੋਣਾਂ ਦੌਰਾਨ (ਪ੍ਰਗਟ ਹੋਈ) ਸਿੱਖ ਮਾਨਸਿਕਤਾ ਦਾ । ਸਿੱਖ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੀ ਹੈ, ਇਸ ‘ਤੇ ਵੀ ਪ੍ਰਸ਼ਨ- ਚਿੰਨ੍ਹ ਲੱਗਾ ਹੈ। ਕੁਦਰਤੀ-ਮਨੁੱਖੀ ਫ਼ਿਤਰਤ ਅਨੁਸਾਰ ਇਹ ਨਿਰਾਸ਼ ਵੀ ਹੁੰਦੀ ਤੇ ਗ਼ੁੱਸੇ ਵਿਚ ਗ਼ਲਤ ਫ਼ੈਸਲੇ ਵੀ ਲੈਂਦੀ ਹੈ।

ਸਿੱਖ ਲੀਡਰਸ਼ਿਪ ਵੱਲੋਂ ਸਮੇਂ ਦੇ ਹਾਣ-ਪਰਵਾਣ ਹੋਣ ਦੀ ਘਾਟ ਇਨ੍ਹਾਂ ਚੋਣਾਂ ਅੰਦਰਲਾ ਇਕ ਹੋਰ ਸਿੱਟਾ ਕਿਹਾ ਜਾ ਸਕਦਾ ਹੈ। ਸ. ਪਰਕਾਸ਼ ਸਿੰਘ ਬਾਦਲ ਆਪਣੇ ਨਿਸ਼ਾਨੇ ਪ੍ਰਤਿ ਸਪੱਸ਼ਟ ਸੀ ਤੇ ਉਸਦੀ ਇਸ ਨੂੰ ਸਿਰੇ ਤਕ ਖੜਨ ਦੀ ਪੂਰੀ ਤਿਆਰੀ ਸੀ। ਜਲੰਧਰ ਦੀ ਰੈਲੀ ਉਸ ਦੀ ਚੋਣ ਰੈਲੀ ਹੀ ਸੀ ਤੇ ਵਡਾਲਾ ਉਸਦਾ ਸ਼ੁਰੂ ਤੋਂ ਹੀ ਉਮੀਦਵਾਰ ਸੀ । ਸ. ਸਿਮਰਨਜੀਤ ਸਿੰਘ ਮਾਨ ਵੀ ਸਿਧਾਂਤਕ ਤੌਰ ‘ਤੇ ਸਪੱਸ਼ਟ ਸੀ ਤੇ ਮੁੱਦੇ-ਆਧਾਰਿਤ ਚੋਣ ‘ਤੇ ਖੜਾ ਸੀ। 9 ਅਪ੍ਰੈਲ ਨੂੰ ਜਦ ਬਾਦਲ ਉਸਨੂੰ ਵਡਾਲੇ ਪ੍ਰਤਿ ਹਮਾਇਤ ਲੈਣ ਲਈ ਮਿਲਿਆ ਤਾਂ ਉਸਦਾ ਪੱਖ ਸਿਧਾਂਤਕ ਸੀ ਕਿ ਮੁੱਦੇ ਨੂੰ ਅਪਣਾ ਲਓ, ਉਮੀਦਵਾਰ ਕੋਈ ਵੀ ਹੋ ਸਕਦਾ ਹੈ। ਪਰ ਉਸ (ਸ. ਮਾਨ) ਦੀ ਲੜਾਈ ਵਿਚ ਵੀ ਇਕ ਕਮਜ਼ੋਰੀ ਦਿਖਾਈ ਦਿੱਤੀ ਕਿ ਉਹ ਪਹਿਲ-ਕਦਮੀ ਆਪਣੇ ਹੱਥ ਨਹੀਂ ਲੈ ਸਕਿਆ ਤੇ ਸੁਰੱਖਿਆਤਮਕ ਲੜਾਈ ਹੀ ਲੜਦਾ ਰਿਹਾ। ਕੁਝ ਛੋਟੇ ਸਿੱਖ ਗਰੁੱਪਾਂ ਦੇ ਲੀਡਰਾਂ ਨੇ ਅਜੀਬੋ-ਗ਼ਰੀਬ ਸਟੈਂਡ ਲਏ। ਉਹ ਮੁੱਦੇ ਨਾਲੋਂ ਉਮੀਦਵਾਰ ਨੂੰ ਹੀ ਬਹਿਸ ਅਧੀਨ ਰੱਖਦਿਆਂ ਫ਼ੈਸਲੇ ਲੈਂਦੇ ਰਹੇ ਤੇ ਬਦਲਦੇ ਰਹੇ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀਆਂ ਜੱਥੇਬੰਦੀਆਂ ਬੁਰੀ ਤਰ੍ਹਾਂ ਖਿੰਡੀਆਂ ਤੇ ਅਜੇ ਹੋਰ ਖਿੰਡਣਗੀਆਂ। ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਜਿਸ ਦਲੇਰੀ ਦਾ ਸਬੂਤ ਦਿੱਤਾ ਗਿਆ, ਉਹ ਵੀ ਇਕ ਚੰਗਾ ਸਬਕ ਹੈ। ਵੋਟਾਂ ਦੀ ਗਿਣਤੀ-ਮਿਣਤੀ ਦੇ ਹਿਸਾਬ ਨਾਲ ਪਹਿਲਾਂ ਤੋਂ ਹੀ ਘਾਟੇ-ਵੰਦੀ ਧਿਰ ਨੂੰ ਇਸ ਕਰਕੇ ਅਪਨਾਉਣਾ ਕਿ ਉਹ ਮੁੱਦੇ ‘ਤੇ ਆਧਾਰਿਤ ਲੜਾਈ ਦੀ ਹਾਮੀ ਹੈ, ਸਿਆਣਪ ਦਾ ਸਬੂਤ ਸੀ ਤੇ ਬੁਰੀ ਤਰ੍ਹਾਂ ਹੋਈ ਹਾਰ, ਜਿਸ ਦੇ ਉਹ ਖ਼ੁਦ ਕਾਰਨ ਵੀ ਨਹੀਂ ਸਨ, ਤੋਂ ਨਾ ਘਬਰਾ ਕੇ ਲੜਦੇ ਰਹਿਣ ਦਾ ਫਿਰ ਅਹਿਦ ਕਰਨਾ ਇਕ ਉਤਸ਼ਾਹਪੂਰਨ ਸਬਕ ਹੈ। ਦਮਦਮੀ ਟਕਸਾਲ ਦਾ ਸਿੱਖ ਸਿਆਸਤ ਵਿਚ ਕੀ ਰੋਲ ਹੋਵੇ, ਇਹ ਇਨ੍ਹਾਂ ਚੋਣਾਂ ਦਾ ਹੀ ਇਕ ਸਵਾਲ ਬਣ ਕੇ ਉਭਰਿਆ ਹੈ। ਬ੍ਰਹਮ-ਗਿਆਨੀ ਬਾਬਾ ਠਾਕੁਰ ਸਿੰਘ ਜੀ ਦੇ ਨਾਂਅ ‘ਤੇ ਵੱਖੋ- ਵੱਖਰੇ ਇਸ਼ਾਰੇ ਦੇਣ ਵਾਲੇ ਬਿਆਨ ਛਪਣ ਦਾ ਜੋ ਰਿਵਾਜ ਪਿਛਲੇ ਕਾਫ਼ੀ ਸਮੇਂ ਤੋਂ ਚੱਲਿਆ ਆ ਰਿਹਾ ਹੈ, ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਪੈ ਰਿਹਾ। ਕੋਈ ਸਪੱਸ਼ਟ ਸੇਧ ਆਉਣ ਤੋਂ ਪਹਿਲਾਂ ਚਾਹੇ ਅਸੀਂ ਟਿੱਪਣੀ ਨਹੀਂ ਕਰ ਸਕਦੇ, ਪਰ ਇਸ ਸੇਧ ਦਾ ਇੰਤਜ਼ਾਰ ਹੁਣ ਜ਼ਰੂਰ ਤੀਬਰਤਾ ਗ੍ਰਹਿਣ ਕਰ ਗਿਆ ਹੈ।

ਚੋਣ ਪ੍ਰਕਿਰਿਆ ਬਾਰੇ ਸਿੱਖ ਮਾਨਸਿਕਤਾ ਵਿਚ ਅਜੇ ਤਕ ਸੰਤੁਲਨ ਕਾਇਮ ਨਹੀਂ ਹੋ ਸਕਿਆ। ਇਸ ਬਾਰੇ ਸਾਨੂੰ ਸਬਕ ਮਿਲਦਾ ਹੈ । ਸਿੱਖ ਕੌਮ ਦੇ ਅੰਦਰ ਇਕ-ਪਾਸੜ ਉਲਾਰ ਦੇਖਣ ਨੂੰ ਮਿਲਿਆ ਹੈ। ਜੇਕਰ ਇਹ (ਚੌਣਾਂ ਤੋਂ) ਪਾਸਾ ਵੱਟਦੇ ਹਨ ਤਾਂ ਬਾਈਕਾਟ ਤੋਂ ਉਰੇ ਨਹੀਂ ਖਲੋਂਦੇ ਤੇ ਜੇ ਹਿੱਸਾ ਲੈਂਦੇ ਹਨ ਤਾਂ ਜਿੱਤਣ ਤੋਂ ਸਿਵਾ ਕੋਈ ਟੀਚਾ ਨਹੀਂ ਮਿਥਦੇ। ਆਪਣੇ ਸੰਘਰਸ਼ ਲਈ ਇਕ ਸਾਧਨ ਦੇ ਤੌਰ ‘ਤੇ ਚੋਣਾਂ ਨੂੰ ਕਿਵੇਂ ਲੜਿਆ ਜਾਵੇ, ਇਸ ਬਾਰੇ ਸਿੱਖ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ। ਚੋਣਾਂ ਨੂੰ ਜਿੱਤਣ-ਹਾਰਨ ਦੀ ਦੋ-ਟੁਕ ਖੇਡ ਸਮਝ ਕੇ ਗ਼ਲਤ ਸਿੱਟੇ ਕੱਢਦੇ ਹਨ। ਜਾਂ ਤਾਂ ਬਿਲਕੁਲ ਨਿਰਾਸ਼ ਹੋ ਜਾਂਦੇ ਹਨ ਜਾਂ ਫਿਰ ਹੱਦੋਂ ਵੱਧ ਘਮੰਡ ਦਾ ਸ਼ਿਕਾਰ ਹੋ ਜਾਂਦੇ ਹਨ। 1985 ਦੀਆਂ ਚੋਣਾਂ ਨਾ ਤਾਂ ਲੌਂਗੋਵਾਲ ਦੀ ਪੂਰਨ ਜਿੱਤ ਸੀ ਤੇ ਨਾ ਬਾਈਕਾਟ ਕਰਨ ਵਾਲਿਆਂ ਦੇ ਮੁਕੰਮਲ ਸਫ਼ਾਏ ਦਾ ਸੰਕੇਤ ਸੀ। ਇਸੇ ਤਰ੍ਹਾਂ 1989 ਦੇ ਨਤੀਜੇ ਕਿਸੇ ਤਰ੍ਹਾਂ ਖਾੜਕੂ ਲਹਿਰ ‘ਤੇ ਪੱਕੀ ਮੋਹਰ ਜਾਂ ਰਵਾਇਤੀ ਅਕਾਲੀ ਦਲ ਦੇ ਸਫ਼ਾਏ ਦੀ ਨਿਸ਼ਾਨੀ ਨਹੀਂ ਸੀ । ਸਮੇਂ ਨੇ ਦੱਸਿਆ ਹੈ ਕਿ ਚੋਣ ਨਤੀਜਿਆਂ ਤੋਂ ਉਲਟ ਚੋਣਾਂ ਬਾਅਦ ਵਾਪਰਦਾ ਰਿਹਾ ਹੈ ਤੇ ਵਾਪਰ ਸਕਦਾ ਹੈ। ਚੋਣਾਂ ਇਕ-ਵਕਤੀ ਉਭਾਰ ਨੂੰ ਮਾਪਣ ਦਾ ਸੰਦ ਹੁੰਦੀਆਂ ਹਨ। ਤੁਸੀਂ ਉਸ ਵਿਚ ਆਪਣਾ ਪੱਖ ਉਭਾਰ ਸਕਦੇ ਹੋ, ਪਰ ਜ਼ਰੂਰੀ ਨਹੀਂ ਦਿੱਤੀਆਂ ਵਿਸ਼ੇਸ਼ ਹਾਲਤਾਂ ਵਿਚ ਵੋਟਰ ਹਰੇਕ ਪੱਖ ‘ਤੇ ਪੂਰਾ ਗ਼ੌਰ ਕਰ ਕੇ ਠੀਕ ਫ਼ੈਸਲਾ ਲੈ ਸਕੇ। ਆਮ ਤੌਰ ‘ਤੇ ਪ੍ਰਚਾਰ ਸਾਧਨ ਤੇ ਸਮਾਜਿਕ ਮਾਹੌਲ ਜਿਹੋ ਜਿਹਾ ਮੋੜ ਪੈਦਾ ਕਰ ਦੇਵੇ, ਨਤੀਜਾ ਉਹੋ ਨਿਕਲ ਆਉਂਦਾ ਹੈ। ਜਿਹੜੇ ਲੋਕ ਕਿਸੇ ਪ੍ਰਬੰਧ ਨੂੰ ਬਦਲਣ ਤੇ ਨਵਾਂ ਮਾਹੌਲ ਸਿਰਜਣ ਵਿਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਦਿੱਤੇ ਹੋਏ ਪ੍ਰਬੰਧ ਤੇ ਮਾਹੌਲ ਦੇ ਫ਼ੈਸਲੇ ਆਪਣੇ ਹੱਕ ਜਾਂ ਵਿਰੋਧ ਵਿਚ ਵਰਤ ਕੇ ਤਸੱਲੀ ਨਹੀਂ ਕਰ ਲੈਣੀ ਚਾਹੀਦੀ । ਤੱਤ-ਭੜੱਤੇ ਸਿੱਟੇ ਕੱਢ ਕੇ ਸਮਾਜਿਕ ਘਬਰਾਹਟ ਪੈਦਾ ਕਰਨਾ ਗ਼ੈਰ-ਸਮਾਜੀ ਰੁਝਾਨ ਹੁੰਦਾ ਹੈ, ਇਸ ਤੋਂ ਬਚਣਾ ਚਾਹੀਦਾ ਹੈ। ਅਖ਼ੀਰ ਵਿਚ ਮੇਰੀ ਬੇਨਤੀ ਹੈ ਕਿ ਇਨ੍ਹਾਂ ਚੋਣਾਂ ਦੇ ਸਿੱਟਿਆਂ ਨੂੰ ਮੌਜੂਦਾ ਪ੍ਰਬੰਧ ਅਤੇ ਮਾਹੌਲ ਦੇ ਸੰਦਰਭ ਵਿਚ ਹੀ ਦੇਖਣਾ ਚਾਹੀਦਾ ਹੈ ਅਤੇ ਪ੍ਰਬੰਧ ਤੇ ਮਾਹੌਲ ਵਿਚ

ਤਬਦੀਲੀ ਲਈ ਲੜਾਈ ਲੜਦਿਆਂ ਪਹਿਲੇ ਸਿੱਟਿਆਂ ਤੋਂ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ। ਮੈਂ ਕਿਉਂਕਿ ਵਿਚਾਰਧਾਰਕ ਤੌਰ ‘ਤੇ ਉਸ ਧਿਰ ਨਾਲ ਬੱਝਾ ਹੋਇਆ ਹਾਂ ਜਿਸ ਵੱਲੋਂ ਜਸਟਿਸ ਬੈਂਸ ਚੋਣ ਲੜੇ ਸਨ, ਇਸ ਲਈ ਉਸ ਧਿਰ ਨੂੰ ਬੇਨਤੀ ਕਰਦਾ ਹਾਂ ਕਿ ਚੋਣ ਨਤੀਜੇ ਵੱਲੋਂ ਜੋ ਸੰਦੇਸ਼ ਮਿਲੇ ਹਨ, ਉਨ੍ਹਾਂ ਨੂੰ ਪ੍ਰਵਾਨ ਕਰਦਿਆਂ ਆਪਣੇ ਆਪ ਵਿਚ ਹੋਰ ਸੁਧਾਰ ਲਿਆਉ। ਸਿੱਖ ਸਿਆਸਤ ਅੰਦਰਲੇ ਦੋਹਾਂ ਧੜਿਆਂ ਦੇ ਸਿਧਾਂਤਕ ਵੱਖਰੇਵੇਂ ਨੂੰ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਉਣ ਦਿਓ। ਆਸ ਹੈ ਕਿ ਬਾਦਲ-ਬਰਨਾਲਾ-ਟੌਹੜਾ- ਮਨਜੀਤ ਇਕ ਧਿਰ ਦਾ ਇਕ ਪਲੇਟਫ਼ਾਰਮ ਉਸਾਰਨਗੇ। ਆਓ ਆਪਾਂ ਵੀ ਇਕ ਪਲੇਟਫ਼ਾਰਮ ਉਸਾਰ ਕੇ ਸਾਹਮਣੇ ਆਈਏ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਸਪੱਸ਼ਟ ਸਿਧਾਂਤਕ ਪੁਜ਼ੀਸ਼ਨਾਂ ਤੇ ਬੇਦਾਗ਼ ਸ਼ਖ਼ਸੀਅਤ ਸਲਾਹੁਣਯੋਗ ਹੈ ਤੇ ਬਾਬਾ ਦਲ ਦੀ ਸਿਧਾਂਤਕ ਪ੍ਰਪੱਕਤਾ ‘ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਖ਼ਾਸ ਤੌਰ ‘ਤੇ ਭਾਈ ਜਸਬੀਰ ਸਿੰਘ ਜੀ ਦੀ ਅਜੋਕੀ ਸੰਤੁਲਤ ਪਹੁੰਚ ਦੀ ਕਦਰ ਕਰਨੀ ਚਾਹੀਦੀ ਹੈ। ਮਹਿਤਾ-ਚਾਵਲਾ ਦੀ ਵਿਦਿਆਰਥੀ ਲੀਡਰਸ਼ਿਪ ਦਾ ਰੋਲ ਵੀ ਸ਼ਲਾਘਾ ਯੋਗ ਰਿਹਾ ਹੈ। ਇਨ੍ਹਾਂ ਸਭ ਨੂੰ ਧਿਆਨ ਵਿਚ ਰੱਖਦਿਆਂ ਇਕ ਐਸਾ ਪਲੇਟਫ਼ਾਰਮ ਉਸਾਰਿਆ ਜਾਵੇ ਜੋ ਖਾੜਕੂ ਲਹਿਰ ਦੇ ਸੁਚੱਜੇ ਤੇ ਸ਼ਾਨਦਾਰ ਰੋਲ ਨੂੰ ਨਜ਼ਰ-ਅੰਦਾਜ਼ ਨਾ ਕਰੇ ਤੇ ਵਿਗਾੜਾਂ ਉੱਤੇ ਉਂਗਲ ਧਰਨ ਤੋਂ ਗੁਰੇਜ਼ ਨਾ ਕਰੇ। ਇਹ ਪਲੇਟਫ਼ਾਰਮ ਉਸਾਰਨਾ ਇਨ੍ਹਾਂ ਚੋਣਾਂ ਦੀ ਇਕ ਪ੍ਰਾਪਤੀ ਕਰਾਰ ਦਿੱਤਾ ਜਾ ਸਕਦਾ ਹੈ ਤੇ ਜੇਕਰ ਇਹ ਪਲੇਟਫ਼ਾਰਮ ਨਾ ਉਸਰ ਸਕਿਆ ਤਾਂ ਇਸ ਧਿਰ ਵਿਚ ਭਾਰੀ ਖਿੰਡਾਅ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ । ਇਸ ਦਾ ਨੁਕਸਾਨ ਇਨ੍ਹਾਂ ਜਥੇਬੰਦੀਆਂ ਨੂੰ ਤਾਂ ਹੋਵੇਗਾ ਹੀ, ਸਿੱਖ ਲਹਿਰ ਵੀ ਇਸ ਤੋਂ ਘਾਟਾ ਖਾਏਗੀ। ਇਸ ਸਮੇਂ ਦੋਵਾਂ ਮੁੱਖ ਸਿਆਸੀ ਧਿਰਾਂ ਵਿਚ ਗ਼ੈਰ-ਸਿਧਾਂਤਕ ਏਕਤਾ ਦੀ ਕਿਸੇ ਵੀ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹਾ ਰਲੇਵਾਂ ਮੁੱਦਿਆਂ ਨੂੰ ਘੱਟੇ-ਕੌਡੀਆਂ ਮਿਲਾ ਦਵੇਗਾ। ਇਹੋ ਭਾਰਤੀ ਰਾਜ ਦੀ ਇੱਛਾ ਹੈ ਤੇ ਇਹੋ ਸਿੱਖ ਵਿਰੋਧੀਆਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਜੇ ਪਹਿਲੇ ਦਿਨ ਨਹੀਂ ਰਹੇ ਤਾਂ ਅਜੋਕੇ ਦਿਨ ਵੀ ਨਹੀਂ ਰਹਿਣੇ। ਹੌਂਸਲੇ ਨਾਲ ਆਪਣੇ ਆਪ ਨੂੰ ਮੁੜ ਸੰਗਠਿਤ ਕਰਦਿਆਂ ਮਾਹੌਲ ਨੂੰ ਆਪਣੇ ਮੁਤਾਬਕ ਬਦਲਣ ਦਾ ਪ੍ਰਣ ਕਰੋ, ਉਨ੍ਹਾਂ ਨਾਲ ਨਾ ਚੱਲੋ ਜੋ ਹਾਲਾਤ ਮੁਤਾਬਕ ਬਦਲਣ ਦੀ ਹੀ ਗੱਲ ਕਰਦੇ ਹਨ।

ਅਣਪਛਾਤੀਆਂ ਲਾਸ਼ਾਂ ਦਾ ਸੱਚ ਸਾਹਮਣੇ ਲਿਆਉਣ ਦੀ ਸੂਰਮਤਾਈ

ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦੇ ਕਤਲ ਦੀ ਪੜਤਾਲ ਕਰਦਿਆਂ ਭਾਈ ਜਸਵੰਤ ਸਿੰਘ ਨੂੰ ਇੰਨੀ ਕੁ ਸੂਹ ਮਿਲ ਗਈ ਸੀ ਕਿ ਉਸ ਨੂੰ ਕਤਲ ਕਰਨ ਤੋਂ ਬਾਅਦ ਪੁਲਸ ਨੇ ਉਸ ਦਾ ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਵਿਚ ‘ਅਣਪਛਾਤੀ ਲਾਸ਼’ ਕਹਿ ਕੇ ਦਾਹ ਸਸਕਾਰ ਕਰ ਦਿੱਤਾ ਸੀ। ਏਸੇ ਤਰ੍ਹਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਲਾਸ਼ ਦਾ ਵੀ ‘ਲਾਵਾਰਸ’ ਕਹਿ ਕੇ ਤਰਨ ਤਾਰਨ ਦੇ ਮਿਊਂਸਿਪਲ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ ਸੀ । ਬੀਹਲਾ ਕਾਂਡ ਵਿਚ ਮਾਰੇ ਗਏ 9 ਵਿਅਕਤੀਆਂ ਦੀਆਂ ਲਾਸ਼ਾਂ ਵੀ ਇਵੇਂ ਹੀ ‘ਲਾਵਾਰਸ’ ਕਹਿ ਕੇ ਤਰਨ ਤਾਰਨ ਦੇ ਸ਼ਮਸ਼ਾਨਘਾਟ ਵਿਚ ਸਾੜ ਦਿੱਤੀਆਂ ਸਨ । ਸੋ ਇਨ੍ਹਾਂ ਘਟਨਾਵਾਂ ਤੋਂ ਇਹ ਸਚਾਈ ਤਾਂ ਭਲੀ-ਭਾਂਤ ਪ੍ਰਗਟ ਹੋ ਗਈ ਸੀ ਕਿ ਜ਼ਿਆਦਾਤਰ ਲਾਸ਼ਾਂ ਨੂੰ ‘ਅਣਪਛਾਤੀਆਂ’ ਜਾਂ ‘ਲਾਵਾਰਸ’ ਕਹਿ ਕੇ ਸ਼ਹਿਰਾਂ ਦੇ ਸ਼ਮਸ਼ਾਨਘਾਟਾਂ ਵਿਚ ਹੀ ਸਾੜਿਆ ਗਿਆ ਸੀ। ਇਸ ਤੋਂ ਬਾਅਦ ਭਾਈ ਜਸਵੰਤ ਸਿੰਘ ਦੇ ਸਾਹਮਣੇ ਪ੍ਰਮੁੱਖ ਮਸਲਾ ਇਸ ਸੱਚ ਦੇ ਪੁਖ਼ਤਾ (ਲਿਖਤੀ) ਸਬੂਤ ਹਾਸਲ ਕਰਨਾ ਸੀ, ਕਿਉਂਕਿ ਉਸ ਨੇ ਆਪਣੇ ਨਿੱਜੀ ਅਨੁਭਵ ‘ਚੋਂ ਇਹ ਜਾਣ ਲਿਆ ਸੀ ਕਿ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਖ਼ਾਲੀ ਦੋਸ਼ਾਂ ਨਾਲ ਕਾਇਲ ਕਰਨਾ ਸੰਭਵ ਨਹੀਂ ਸੀ। ਉਨ੍ਹਾਂ ਦੀ ਸੰਤੁਸ਼ਟੀ ਕਰਾਉਣ ਲਈ ਸਿੱਕੇਬੰਦ ਸਬੂਤ (clinching evidence) ਜੁਟਾਉਣੇ ਜ਼ਰੂਰੀ ਸਨ । ਦੂਜੀ ਗੱਲ, ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਦੇ ਮਸਲੇ ਨੂੰ ਪੱਛਮੀ ਸਰਕਾਰਾਂ ਤੇ ਕੌਮਾਂਤਰੀ ਅਦਾਰਿਆਂ ਤਕ ਲਿਜਾਣ ਲਈ ਸਿਆਸੀ ਪ੍ਰਾਪੇਗੰਡੇ ਦੀ ਸੁਰ ਤੇ ਸ਼ੈਲੀ ਨੂੰ ਛੱਡ ਕੇ, ਮਸਲੇ ਨੂੰ ਮਨੁੱਖੀ ਹੱਕਾਂ ਦੇ ਕੋਣ ਤੋਂ ਪੇਸ਼ ਕਰਨ ਦੀ ਜਾਚ ਤੇ ਮੁਹਾਰਤ ਜ਼ਰੂਰੀ ਜਾਪਣ ਲੱਗ ਪਈ ਸੀ। ਇਸ ਮੋੜ ‘ਤੇ ਆ ਕੇ ਭਾਈ ਜਸਵੰਤ ਸਿੰਘ ਦੇ ਮਨ ਅੰਦਰ ਸ. ਜਸਪਾਲ ਸਿੰਘ ਢਿੱਲੋਂ ਨੂੰ ਚੰਡੀਗੜ੍ਹ ਜਾ ਕੇ ਮਿਲਣ ਦਾ ਫੁਰਨਾ ਫੁਰਿਆ ਸੀ।

ਜਸਪਾਲ ਸਿੰਘ ਢਿੱਲੋਂ ਸਿੱਖ ਖਾੜਕੂ ਸੰਘਰਸ਼ ਦੀ ਸ਼ੁਰੂਆਤੀ ਉਠਾਣ ਵੇਲੇ (1985 86) ਹੀ ਦਾਰਜੀਲਿੰਗ ਦੇ ਚਾਹ ਦੇ ਬਾਗ਼ਾਂ ਦੀ ਅਫ਼ਸਰੀ ਨੂੰ ਛੱਡ ਕੇ ਪੰਜਾਬ ਆ ਗਿਆ ਸੀ ਜਿਥੇ ਉਸ ਕੋਲ ਚੋਖੀ ਪੁਸ਼ਤੈਨੀ ਜਾਇਦਾਦ ਸੀ । ਉਸ ਕੋਲ ਉਨ੍ਹਾਂ ਵੇਲਿਆਂ ‘ਚ ਟਾਟਾ ਮੋਬਾਈਲ ਗੱਡੀ ਹੁੰਦੀ ਸੀ ਜਿਸ ਦੀ, ਉਸ ਨੇ, ਉਸ ਸਮੇਂ ਜ਼ੋਰਾਂ ’ਤੇ ਚੱਲ ਰਹੇ ਸਿੱਖ ਸੰਘਰਸ਼ ਦੌਰਾਨ ਦੱਬ ਕੇ ਵਰਤੋਂ ਕੀਤੀ ਸੀ । ਉਸ ਦਾ ਡਾ: ਸੋਹਣ ਸਿੰਘ ਵਾਲੀ ਪੰਥਕ ਕਮੇਟੀ ਦੇ ਮੈਂਬਰਾਂ ਤੇ ਇਸ ਕਮੇਟੀ ਨਾਲ ਜੁੜੀਆਂ ਖਾੜਕੂ ਜਥੇਬੰਦੀਆਂ ਦੇ ਚੋਟੀ ਦੇ ਜਰਨੈਲਾਂ ਨਾਲ ਗੂੜ੍ਹਾ ਮੇਲ-ਜੋਲ ਸੀ। ਇਸ ਦੇ ਨਾਲੋ-ਨਾਲ ਉਸ ਨੇ ਕਈ ਸਾਲ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਹੇਠ ‘ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (PHRO) ਨਾਲ ਰਲ ਕੇ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਨਿੱਠ ਕੇ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਲੰਮਾ ਸਮਾਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਪੰਜਾਬ ਅੰਦਰ ਰਾਮ ਨਰਾਇਣ ਕੁਮਾਰ ਨਾਲ ਮਿਲ ਕੇ ਵੀ ਕੰਮ ਕੀਤਾ ਹੋਇਆ ਸੀ । ਜਿਸ ਕਰਕੇ ਉਸ ਕੋਲ ਇਸ ਖੇਤਰ ਵਿਚ ਕੰਮ ਕਰਨ ਦਾ ਚੋਖਾ ਤਜਰਬਾ ਤੇ ਮੁਹਾਰਤ ਸੀ।

ਅਗਸਤ 1993 ਵਿਚ ਜਸਪਾਲ ਸਿੰਘ ਢਿੱਲੋਂ ਨੂੰ ਪੁਲਸ ਨੇ ਚੰਡੀਗੜ੍ਹ ਦੇ ਬੁੜੈਲ ਪਿੰਡ ਵਿੱਚੋਂ ਸੜਕ ’ਤੇ ਤੁਰੇ ਜਾਂਦਿਆਂ ਨਾਟਕੀ ਢੰਗ ਨਾਲ ਅਗ਼ਵਾ ਕਰ ਲਿਆ ਸੀ ਅਤੇ ਮਹੀਨਾ ਭਰ ਕਿਸੇ ਅਨਜਾਣੀ ਥਾਂ ‘ਤੇ ਰੱਖ ਕੇ ਉਸ ਨੂੰ ਭਾਰੀ ਤਸੀਹੇ ਦਿੱਤੇ ਗਏ ਸਨ। ਅਖ਼ੀਰ ਵਿਚ ਰਾਜਕੀ ਢਾਂਚੇ ਵਿਚ ਅਹਿਮ ਰੁਤਬੇ ’ਤੇ ਬੈਠੇ ਉਸ ਦੇ ਕਿਸੇ ਸ਼ੁਭਚਿੰਤਕ ਦੇ ਦਖ਼ਲ ਦੇਣ ‘ਤੇ ਉਸ ਦੀ ਜਾਨ ਦੀ ਖ਼ਲਾਸੀ ਹੋ ਗਈ ਸੀ।

ਉਸ ਵੇਲੇ ਅਮਰੀਕਾ ਦੀ ਡੈਮੋਕਰੇਟਿਕ ਸਰਕਾਰ ਭਾਰਤ ਵਿਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਵਿਚ ਕਾਫ਼ੀ ਦਿਲਚਸਪੀ ਲੈ ਰਹੀ ਸੀ। ਜਦੋਂ ਜਸਪਾਲ ਸਿੰਘ ਢਿੱਲੋਂ ਪੁਲਸ ਦੇ ਚੁੰਗਲ ਵਿੱਚੋਂ ਨਿਕਲ ਆਇਆ ਤਾਂ ਦਿੱਲੀ ਵਿਚਲੇ ਅਮਰੀਕੀ ਦੂਤਾਵਾਸ ਨੇ ਉਸ ਨਾਲ ਫ਼ੌਰੀ ਰਾਬਤਾ ਬਣਾਇਆ ਅਤੇ ਉਸ ਨੂੰ ਦਿੱਲੀ ਤੋਂ ਸਿੱਧਾ ਅਮਰੀਕਾ ਲੈ ਜਾਣ ਵਿਚ ਸਹਾਇਤਾ ਕੀਤੀ ਸੀ । ਉਸ ਦੀ ਹਵਾਈ ਜਹਾਜ਼ ਦੀ ਟਿਕਟ ਤੋਂ ਲੈ ਕੇ ਅਮਰੀਕਾ ਵਿਚ ਉਸ ਦੀ ਤਿੰਨ ਮਹੀਨਿਆਂ ਦੀ ਠਹਿਰ ਤਕ ਦਾ ਸਾਰਾ ਖ਼ਰਚਾ ਅਮਰੀਕੀ ਪ੍ਰਸ਼ਾਸਨ ਨੇ ਓਟਿਆ ਸੀ। ਅਮਰੀਕਾ ਵਿਚ ਉਸ ਦੀਆਂ, ਸ੍ਰੇਸ਼ਟ ਵਰਗ ਦੀਆਂ ਔਰਤਾਂ ਤੇ ਮਰਦਾਂ (ਇਲੀਟ ਸੋਸਾਇਟੀ) ਨਾਲ ਬਹੁਤ ਸਾਰੀਆਂ ਮੀਟਿੰਗਾਂ ਤੇ ਮੁਲਾਕਾਤਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਸ. ਜਸਪਾਲ ਸਿੰਘ ਢਿੱਲੋਂ ਨੇ, ਉਨ੍ਹਾਂ ਨੂੰ, ਆਪਣੇ ਨਿੱਜੀ ਅਨੁਭਵ ਦੇ ਆਧਾਰ ‘ਤੇ ਭਾਰਤ, ਅਤੇ ਖ਼ਾਸ ਕਰਕੇ ਭਾਰਤੀ-ਕਬਜ਼ੇ-ਹੇਠਲੇ ਪੰਜਾਬ ਵਿਚ ਸਿੱਖਾਂ ਨਾਲ ਹੋ ਰਹੇ ਅਣਮਨੁੱਖੀ ਜ਼ੁਲਮਾਂ ਦੇ ਰੌਂਗਟੇ ਖੜੇ ਕਰਨ ਵਾਲੇ ਕਿੱਸੇ ਸੁਣਾਏ ਸਨ । ਅਮਰੀਕਾ ਦੇ ਉੱਚ ਵਰਗ ਨਾਲ ਤਿੰਨਾਂ ਮਹੀਨਿਆਂ ਦੇ ਕਰਮਸ਼ੀਲ ਵਾਹ-ਵਾਸਤੇ ‘ਚੋਂ ਜਸਪਾਲ ਸਿੰਘ ਢਿੱਲੋਂ ਨੂੰ ਪੱਛਮੀ ਦੇਸ਼ਾਂ ਦੀ ਰਾਜਨੀਤੀ ਤੇ ਕਾਰਜ-ਪ੍ਰਣਾਲੀ ਦੀ ਚੋਖੀ ਸਮਝ ਪੈ ਗਈ ਸੀ । ਉਸ ਨੂੰ ਇਸ ਗੱਲ ਦਾ ਅਭਿਆਸ ਹੋ ਗਿਆ ਸੀ ਕਿ ਪੱਛਮੀ ਮੁਲਕਾਂ ਦੇ ਹੁਕਮਰਾਨਾਂ ਕੋਲ ਸਿੱਖਾਂ ਦੇ ਕੇਸ ਨੂੰ ਕਿਹੋ ਜਿਹੀ ਭਾਸ਼ਾ, ਲਹਿਜੇ ਤੇ ਮੁਹਾਵਰੇ ਵਿਚ ਪੇਸ਼ ਕੀਤਾ ਜਾ ਸਕਦਾ ਸੀ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਭਾਈ ਜਸਵੰਤ ਸਿੰਘ ਦੇ ਮਨ ਵਿਚ ਸ. ਜਸਪਾਲ ਸਿੰਘ ਢਿੱਲੋਂ ਨੂੰ ਮਿਲਣ ਦੀ ਚਾਹ ਪੈਦਾ ਹੋਈ ਸੀ। ਵਿੰਗ’ ਦੇ ਨਾਂ ਹੇਠ ਸਰਗਰਮੀਆਂ ਕਰਨਾ ਹੀ ਉੱਚਿਤ ਹੋਵੇਗਾ। ਆਪਸੀ ਸਹਿਮਤੀ ਨਾਲ ਸ. ਜਸਪਾਲ ਸਿੰਘ ਢਿੱਲੋਂ ਨੂੰ ਹਿਊਮਨ ਰਾਈਟਸ ਵਿੰਗ ਦਾ ਚੇਅਰਮੈਨ, ਭਾਈ ਜਸਵੰਤ ਸਿੰਘ ਖਾਲੜਾ ਨੂੰ ਜਨਰਲ ਸਕੱਤਰ ਅਤੇ ਮਨੁੱਖੀ ਹੱਕਾਂ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਆ ਰਹੇ ਸ. ਅਮਰੀਕ ਸਿੰਘ ਮੁਕਤਸਰ ਨੂੰ ਵਾਈਸ ਚੇਅਰਮੈਨ ਦੀ ਸੇਵਾ ਸੌਂਪੀ ਗਈ ਸੀ।

ਭਾਈ ਜਸਪਾਲ ਸਿੰਘ ਢਿੱਲੋਂ ਤੇ ਜਸਵੰਤ ਸਿੰਘ ਖਾਲੜਾ ਇਸ ਸਚਾਈ ਤੋਂ ਅਨਜਾਣ ਜਾਂ ਅਵੇਸਲੇ ਨਹੀਂ ਸਨ ਕਿ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਦੀ ਜਾਂਚ ਪੜਤਾਲ ਕਰਨੀ ਅਤੇ ਫਿਰ ਇਸ ਨੂੰ ਕੌਮਾਂਤਰੀ ਪੱਧਰ ‘ਤੇ ਲਿਜਾਣਾ ਦੋਸ਼ੀ ਪੁਲਸ ਅਫ਼ਸਰਾਂ ਤੇ ਉਨ੍ਹਾਂ ਦੇ ਰਾਜਸੀ ਆਕਾਵਾਂ ਨੂੰ ਗਵਾਰਾ ਨਹੀਂ ਹੋਵੇਗਾ। ਉਹ ਇਸ ਅਮਲ ਨੂੰ ਰੋਕਣ ਲਈ ਸਾਰੇ ਗ਼ੈਰ-ਜਮਹੂਰੀ ਤੇ ਗ਼ੈਰ-ਕਾਨੂੰਨੀ ਹੱਥਕੰਡੇ ਅਪਨਾਉਣਗੇ । ਜਿਸ ਕਰਕੇ ਇਸ ਕਾਰਜ ਨੂੰ ਸਫਲਤਾਪੂਰਬਕ ਨੇਪਰੇ ਚਾੜ੍ਹਨ ਲਈ ਬਹੁਤ ਸਾਵਧਾਨੀ ਨਾਲ ਚੱਲਣਾ ਪਵੇਗਾ। ਇਸ ਦੇ ਵਾਸਤੇ, ਇਸ ਕਾਜ਼ ਨਾਲ ਹਮਦਰਦੀ ਰੱਖਣ ਵਾਲੇ ਕਿਸੇ ਰਸੂਖ਼ਵਾਨ ਸਿਆਸੀ ਆਗੂ ਦੀ ਮੱਦਦ ਤੇ ਓਟ ਲੈਣ ਦੀ ਜ਼ਰੂਰਤ ਮਹਿਸੂਸ ਹੋਈ।

ਉਪਰੋਕਤ ਸਮਝ ਦੀ ਰੋਸ਼ਨੀ ਵਿਚ ਭਾਈ ਜਸਵੰਤ ਸਿੰਘ ਖਾਲੜਾ ਤੇ ਜਸਪਾਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਵਿਚਾਰ-ਵਟਾਂਦਰਾ ਕੀਤਾ। ਜਥੇਦਾਰ ਟੌਹੜਾ ਦੀ ਇਹ ਖ਼ਾਸੀਅਤ ਸੀ ਕਿ ਉਹ ਸੰਘਰਸ਼ਾਂ ਵਿੱਚੋਂ ਆਏ ਸੂਝਵਾਨ ਵਿਅਕਤੀਆਂ ਦੇ ਅਕਾਲੀ ਦਲ ਵਿਚ ਦਾਖ਼ਲੇ ਦਾ ਗਰਮਜੋਸ਼ੀ ਨਾਲ ਸੁਆਗਤ ਕਰਦੇ ਸਨ । ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਉਹ ਸੰਘਰਸ਼ਾਂ ਵਿਚ ਰੜ੍ਹੇ ਵਿਅਕਤੀਆਂ ਦੇ ਤਜਰਬੇ ਤੇ ਯੋਗਤਾ ਨੂੰ ਸਿੱਖ ਕੌਮ ਦੀ ਭਲਾਈ ਦੇ ਲੇਖੇ ਲਾਉਣ ਦੀ ਪੰਥਕ ਭਾਵਨਾ ਰੱਖਦੇ ਸਨ। ਪਰ ਨਾਲ ਹੀ ਇਸ ਦਾ ਇਕ ਕਾਰਨ ਨਿੱਜੀਗਤ ਵੀ ਸੀ। ਅਜਿਹੇ ਸੁਲਝੇ ਹੋਏ ਤੇ ਗਿਆਨਵਾਨ ਬੰਦਿਆਂ ਦੇ ਸਹਿਯੋਗ ਨਾਲ ਖ਼ੁਦ ਜਥੇਦਾਰ ਟੌਹੜਾ ਦੀ, ਅਕਾਲੀ ਦਲ ਤੇ ਰਾਜਨੀਤੀ ਦੇ ਅੰਦਰ ਰਾਜਸੀ ਪੁਜ਼ੀਸ਼ਨ ਵੀ ਤਕੜੀ ਹੁੰਦੀ ਸੀ। ਇਨ੍ਹਾਂ ਕਾਰਨਾਂ ਕਰਕੇ ਹੀ ਜਸਪਾਲ ਸਿੰਘ ਢਿੱਲੋਂ ਦਾ ਜਥੇਦਾਰ ਟੌਹੜਾ ਨਾਲ ਚੰਗਾ ਸਹਿਚਾਰ ਬਣ ਗਿਆ ਸੀ।

ਅਣਪਛਾਤੀਆਂ ਲਾਸ਼ਾਂ ਦੇ ਸੱਚ ਦਾ ਪਤਾ ਲਾਉਣ ਲਈ ਤੱਥਾਂ ਨੂੰ ਲੱਭਣ, ਇਕੱਠੇ ਕਰਨ, ਸਾਂਭਣ ਤੇ ਇਨ੍ਹਾਂ ਦੇ ਆਧਾਰ ‘ਤੇ ਰਿਪੋਰਟਾਂ ਤਿਆਰ ਕਰਨ ਲਈ ਹਿਊਮਨ ਰਾਈਟਸ ਵਿੰਗ ਦਾ ਆਪਣਾ ਦਫ਼ਤਰ ਜ਼ਰੂਰੀ ਸੀ। ਇਸ ਲੋੜ ਦੀ ਪੂਰਤੀ ਲਈ ਜਥੇਦਾਰ ਟੌਹੜਾ ਦੀਆਂ ਸੇਵਾਵਾਂ ਲਈਆਂ ਗਈਆਂ। ਉਸ ਨੇ ਚੰਡੀਗੜ੍ਹ ਦੇ ਪੰਜ ਨੰਬਰ ਸੈਕਟਰ ਦੀ ਕੋਠੀ ਨੰਬਰ 30 ਵਿਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਇਕ ਕਮਰੇ ਵਿਚ ਹਿਊਮਨ ਰਾਈਟਸ ਵਿੰਗ ਦਾ ਦਫ਼ਤਰ ਖੋਲ੍ਹਣ ਦੀ ਹਾਮੀ ਭਰ ਦਿੱਤੀ ਸੀ ਅਤੇ ਉਥੇ ਕੰਮ ਕਰਦੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਹਿਊਮਨ ਰਾਈਟਸ ਵਿੰਗ ਦੇ ਆਗੂਆਂ ਦੀ ਹਰ ਲੋੜ ਪੂਰੀ ਕਰਨ ਦੀ ਹਦਾਇਤ ਕਰ ਦਿੱਤੀ ਸੀ । ਇਸ ਨਾਲ ਜਾਂਚ ਪੜਤਾਲ ਦਾ ਕੰਮ ਰੇੜ੍ਹੇ ਪੈ ਗਿਆ ਸੀ । ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਦੋਂ ਤਕ ਕੀਤੀ ਜਾ ਚੁੱਕੀ ਜਾਂਚ ਤੋਂ ਇਹ ਤੱਥ ਤਾਂ ਭਲੀਭਾਂਤ ਉਜਾਗਰ ਹੋ ਗਏ ਸਨ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਪੁਲਸ ਦੁਆਰਾ ਮਾਰੇ ਗਏ ਖਾੜਕੂਆਂ ਤੇ ਉਨ੍ਹਾਂ ਦੇ ਸੰਬੰਧੀਆਂ ਦੀਆਂ ਲਾਸ਼ਾਂ ਦਾ ਸਸਕਾਰ ‘ਅਣਪਛਾਤੀਆਂ’ ਜਾਂ ‘ਲਾਵਾਰਸ’ ਕਹਿ ਕੇ ਸ਼ਹਿਰਾਂ ਦੇ ਸ਼ਮਸ਼ਾਨਘਾਟਾਂ ਵਿਚ ਕੀਤਾ ਜਾਂਦਾ ਸੀ। ਇਸ ਤੋਂ ਅਗਲਾ ਕਦਮ ਇਸ ਬਾਰੇ ਲਿਖਤੀ ਸਬੂਤ ਹਾਸਲ ਕਰਨੇ ਸਨ। ਇਸ ਵਿਸ਼ੇਸ਼ ਕਾਰਜ ਵਾਸਤੇ ਨਵੰਬਰ 1994 ਵਿਚ ਹਿਊਮਨ ਰਾਈਟਸ ਵਿੰਗ ਦੀ ਦੋ ਮੈਂਬਰੀ ਪੜਤਾਲੀਆ ਕਮੇਟੀ ਬਣਾਈ ਗਈ ਸੀ, ਜਿਸ ਵਿਚ ਭਾਈ ਜਸਵੰਤ ਸਿੰਘ ਖਾਲੜਾ ਤੇ ਜਸਪਾਲ ਸਿੰਘ ਢਿੱਲੋਂ ਸ਼ਾਮਲ ਸਨ। ਇਕ ਦਿਨ ਅੰਮ੍ਰਿਤਸਰ ਵਿਖੇ ਜਸਵੰਤ ਸਿੰਘ ਦੇ ਘਰ ਬੈਠਿਆਂ ਇਸ ਮਸਲੇ ‘ਤੇ ਵਿਚਾਰ ਕਰਦਿਆਂ ਉਨ੍ਹਾਂ ਦੇ ਮਨ ਵਿਚ ਇਹ ਖ਼ਿਆਲ ਆਇਆ ਕਿ ਸ਼ਮਸ਼ਾਨਘਾਟਾਂ ਅੰਦਰ ਸਾੜੀਆਂ ਜਾਂਦੀਆਂ ਲਾਸ਼ਾਂ ਦਾ ਕਿਸੇ ਜਗ੍ਹਾ ਕੋਈ ਨਾ ਕੋਈ ਰਿਕਾਰਡ ਜ਼ਰੂਰ ਰੱਖਿਆ ਜਾਂਦਾ ਹੋਵੇਗਾ। ਪਰ ਸੁਆਲ ਇਹ ਸੀ ਕਿ ਉਹ ਰਿਕਾਰਡ ਕਿਥੋਂ ਲੱਭ ਸਕਦਾ ਸੀ ਅਤੇ ਉਸ ਤਕ ਕਿਵੇਂ ਪਹੁੰਚਿਆ ਜਾ ਸਕਦਾ ਸੀ ? ਬੈਠੇ ਬੈਠੇ ਉਨ੍ਹਾਂ ਨੂੰ ਇਹ ਤਰਕੀਬ ਸੁੱਝੀ ਕਿ ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਜਾ ਕੇ, ਕਿਸੇ ਬਹਾਨੇ ਉਥੋਂ ਦੇ ਕਰਮਚਾਰੀਆਂ ਕੋਲੋਂ ਪੁੱਛ-ਗਿੱਛ ਕੀਤੀ ਜਾਵੇ । ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਇਹ ਸਕੀਮ ਬਣਾਈ ਕਿ ‘ਅਫ਼ਸਰ ਬਣ ਕੇ’ ਸ਼ਮਸ਼ਾਨਘਾਟ ਦੀ ਸਰਕਾਰੀ ਚੈਕਿੰਗ ਕਰਨ ਦੇ ਬਹਾਨੇ ਮੁਲਾਜ਼ਮਾਂ ਕੋਲੋਂ ਜਾਣਕਾਰੀ ਲੈਣ ਦਾ ਯਤਨ ਕੀਤਾ ਜਾਵੇ। ਉਨ੍ਹਾਂ ਨੇ ਮਿੱਥੀ ਵਿਉਂਤ ਮੁਤਾਬਕ ਪਹਿਲਾਂ ਦੋ ਬੰਦੇ ਸ਼ਮਸ਼ਾਨਘਾਟ ਭੇਜ ਦਿੱਤੇ ਜਿਨ੍ਹਾਂ ਨੇ ਉਥੇ ਮੌਜੂਦ ਇਕਲੌਤੇ ਕਰਮਚਾਰੀ, ਜਿਹੜਾ ਚੌਥੇ ਦਰਜੇ ਦਾ ਮੁਲਾਜ਼ਮ ਸੀ, ਨੂੰ ਸੁਨੇਹਾ ਦੇ ਦਿੱਤਾ ਕਿ ਸ਼ਮਸ਼ਾਨਘਾਟ ਦੇ ਕੰਮਕਾਰ ਦੀ ਚੈਕਿੰਗ ਲਈ ਉਪਰੋਂ ਅਫ਼ਸਰ ਆ ਰਹੇ ਹਨ। ਇਹ ਸੁਣ ਕੇ ਮੁਲਾਜ਼ਮ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਉਸ ਨੇ ਉਸੇ ਵੇਲੇ ਅੰਦਰੋਂ ਦੋ ਅੱਧੋਰਾਣੀਆਂ ਜਿਹੀਆਂ ਕੁਰਸੀਆਂ ਕੱਢ ਲਿਆਂਦੀਆਂ ਅਤੇ ਨਾਲ ਪੁਰਾਣਾ ਜਿਹਾ ਮੇਜ਼ ਲਿਆ ਧਰਿਆ।

ਜਿਵੇਂ ਮਿਥਿਆ ਸੀ ਥੋੜ੍ਹੇ ਚਿਰ ਪਿੱਛੋਂ ‘ਦੋ ਅਫ਼ਸਰ’ (ਜਸਪਾਲ ਸਿੰਘ ਢਿੱਲੋਂ ਤੇ ਜਸਵੰਤ ਸਿੰਘ ਖਾਲੜਾ) ਪਹੁੰਚ ਗਏ। ਉਨ੍ਹਾਂ ਨੇ ਆਉਂਦਿਆਂ ਹੀ ਮੁਲਾਜ਼ਮ ਨੂੰ ਅਧਿਕਾਰਪੂਰਨ ਲਹਿਜੇ ਵਿਚ ਪੁੱਛਿਆ ਕਿ ਸ਼ਮਸ਼ਾਨਘਾਟ ਦਾ ਕੰਮਕਾਰ ਠੀਕ ਚੱਲ ਰਿਹਾ ਹੈ, ਕੋਈ ਸਮੱਸਿਆ ਤਾਂ ਨਹੀਂ ਆ ਰਹੀ ? ਇਸ ਤਰੀਕੇ ਉਨ੍ਹਾਂ ਨੇ ਗੱਲਾਂ ਗੱਲਾਂ ਵਿਚ ਮੁਲਾਜ਼ਮ, ਜਿਸ ਦਾ ਨਾਂ ਬਾਬਾ ਭੂਤਨਾਥ ਸੀ, ਕੋਲੋਂ ਲਾਸ਼ਾਂ ਨੂੰ ਸਾੜਨ ਦੇ ਤਰੀਕਾਕਾਰ ਬਾਰੇ ਪੁੱਛਿਆ, ਤੇ ਅਖ਼ੀਰ ਅਸਲੀ ਸੁਆਲ ਵੀ ਪੁੱਛ ਲਿਆ ਕਿ ਲਾਸ਼ਾਂ ਦਾ ਕੋਈ ਲਿਖਤੀ ਰਿਕਾਰਡ ਵੀ ਰੱਖਿਆ ਜਾਂਦਾ ਹੈ ਜਾਂ ਨਹੀਂ ? ਬਾਬਾ ਭੂਤਨਾਥ ਨੇ ਝੱਟ ਜੁਆਬ ਦਿੱਤਾ, “ਹਾਂ ਜੀ ਰਜਿਸਟਰ ਵਿਚ ਸਾਰੀ ਸੂਚਨਾ ਬਾਕਾਇਦਾ ਦਰਜ ਕੀਤੀ ਜਾਂਦੀ ਹੈ।” ਬੱਸ ਉਸ ਦੇ ਇਸ ਜੁਆਬ ਨਾਲ ਭੇਦ ਦਾ ਤਾਲਾ ਖੁੱਲ੍ਹ ਗਿਆ ਸੀ। ‘ਅਫ਼ਸਰਾਂ’ ਦੇ ਮੰਗਣ ‘ਤੇ ਬਾਬਾ ਭੂਤਨਾਥ ਨੇ ਅੰਦਰੋਂ ਰਜਿਸਟਰ ਕੱਢ ਲਿਆਂਦਾ ਤੇ ਇਸ ਨੂੰ ਝੱਟ ਉਨ੍ਹਾਂ ਦੇ ਸਪੁਰਦ ਕਰ ਦਿੱਤਾ । ਰਜਿਸਟਰ ਨੂੰ ਸਰਸਰੀ ਫਰੋਲ ਕੇ ਦੇਖਿਆ ਤਾਂ ਉਸ ਵਿਚ ਸਾੜਨ ਲਈ ਲਿਆਂਦੀ ਜਾਂਦੀ ਹਰ ਲਾਸ਼ ਬਾਰੇ ਲੁੜੀਂਦੀ ਜਾਣਕਾਰੀ ਦਰਜ ਕੀਤੀ ਨਜ਼ਰ ਪੈ ਗਈ । ਇਹ ‘ਖ਼ਜ਼ਾਨਾ’ ਹੱਥ ਲੱਗ ਜਾਣ ਤੋਂ ਬਾਅਦ ਉਨ੍ਹਾਂ ਨੇ ਚਲਾਕੀ ਨਾਲ ਭੂਤਨਾਥ ਨੂੰ ਸਾਫ਼-ਸੁਥਰੇ ਬਜ਼ਾਰੂ ਪਾਣੀ ਦੀਆਂ ਦੋ ਬੋਤਲਾਂ ਖ਼ਰੀਦਣ ਲਈ ਪੈਸੇ ਦੇ ਕੇ ਦੁਕਾਨ ਵੱਲ ਭੇਜ ਦਿੱਤਾ ਅਤੇ ਫਿਰ ਫੁਰਤੀ ਨਾਲ ਆਪਣੇ ਇਕ ਸਾਥੀ ਨੂੰ ਬਜ਼ਾਰ ਭੇਜ ਕੇ ਉਸ ਰਜਿਸਟਰ ਦੀ ਫੋਟੋ ਸਟੇਟ ਕਾਪੀ ਕਰਵਾ ਲਈ। ਬੱਸ ਇਸ ਦੇ ਨਾਲ ਹੀ ਅਗਲੇਰੀ ਪੜਤਾਲ ਦੇ ਰਾਹ ਖੁੱਲ੍ਹ ਗਏ ਸਨ ।

ਭੇਦ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ

ਬਾਬਾ ਭੂਤਨਾਥ ਨਾਲ ਹੋਏ ਵਾਰਤਾਲਾਪ ‘ਚੋਂ ਇਹ ਤੱਥ ਉਜਾਗਰ ਹੋਇਆ ਕਿ ਮਿਊਂਸਿਪਲ ਕਮੇਟੀਆਂ ਦੇ ਕਾਨੂੰਨ ਮੁਤਾਬਿਕ ਸ਼ਹਿਰ ਵਿਚ ਮਿਲਣ ਵਾਲੀ ਹਰੇਕ ਲਾਵਾਰਸ ਲਾਸ਼ ਦਾ ਦਾਹ ਸਸਕਾਰ ਕਮੇਟੀ ਨੇ ਆਪਣੇ ਫ਼ੰਡ ਵਿੱਚੋਂ ਕਰਨਾ ਹੁੰਦਾ ਹੈ। ਪਰ ਨਾਲ ਹੀ ਇਸ ਲਾਸ਼ ਬਾਰੇ ਪੁਲਸ ਕਾਰਵਾਈ ਵੀ ਮੁਕੰਮਲ ਕਰਨੀ ਜ਼ਰੂਰੀ ਹੁੰਦੀ ਹੈ ਤੇ ਉਸ ਦਾ ਪੋਸਟ ਮਾਰਟਮ ਕਰਾਉਣਾ ਵੀ ਕਾਨੂੰਨੀ ਤੌਰ ‘ਤੇ ਜ਼ਰੂਰੀ ਹੁੰਦਾ ਹੈ। ਮੈਡੀਕਲ ਮਹਿਕਮੇ ਦੇ ਪੋਸਟ ਮਾਰਟਮ ਨਿਯਮਾਂ ਮੁਤਾਬਿਕ ਜੇਕਰ ਕਿਸੇ ਲਾਸ਼ ਦਾ ਕੋਈ ਵਾਰਸ ਨਹੀਂ ਮਿਲਦਾ ਤਾਂ ਉਸ ਲਾਵਾਰਸ ਕਰਾਰ ਦਿੱਤੀ ਲਾਸ਼ ਦੀ ਫੋਟੋ ਤੇ ਉਸ ਦੀਆਂ ਸ਼ਨਾਖ਼ਤੀ ਨਿਸ਼ਾਨੀਆਂ ਰਿਕਾਰਡ ਵਿਚ ਰੱਖਣੀਆਂ ਜ਼ਰੂਰੀ ਹੁੰਦੀਆਂ ਹਨ। ਪੁਲਸ ਮਹਿਕਮੇ ਦੇ ਨਿਯਮ ਨੰਬਰ 3 ਚੈਪਟਰ 25 ਵਿਚ ‘ਅਣਪਛਾਤੀਆਂ ਤੇ ਲਾਵਾਰਸ’ ਲਾਸ਼ਾਂ ਦੇ ਸਸਕਾਰ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਸਪੱਸ਼ਟ ਹਦਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਮੁਤਾਬਕ ਲਾਸ਼ਾਂ ਦੀਆਂ ਫੋਟੋਆਂ ਦੇ ਇਸ਼ਤਿਹਾਰ ਜਨਤਾ ਵਾਸਤੇ ਜਾਰੀ ਕਰਨੇ ਲਾਜ਼ਮੀ ਹੁੰਦੇ ਹਨ। ਪਰ ਹਿਊਮਨ ਰਾਈਟਸ ਵਿੰਗ ਦੀ ਦੋ ਮੈਂਬਰੀ ਕਮੇਟੀ ਦੁਆਰਾ ਕੀਤੀ ਗਈ ਛਾਣਬੀਣ ਦੇ ਦੌਰਾਨ ਇਹ ਤੱਥ ਧਿਆਨ ਵਿਚ ਆਇਆ ਕਿ ਸਰਕਾਰੀ ਹਨੇਰ ਗਰਦੀ ਦੇ ਉਸ ਕਾਲੇ ਦੌਰ ਅੰਦਰ ਪੰਜਾਬ ਪੁਲਸ ਵੱਲੋਂ ਨਾਜਾਇਜ਼ ਹਿਰਾਸਤ ਵਿਚ ਰੱਖੇ ਹਜ਼ਾਰਾਂ ਸਿੱਖਾਂ ਨੂੰ ਵੱਖ-ਵੱਖ ਤਰ੍ਹਾਂ ਕਤਲ ਕਰ ਕੇ, ਉਨ੍ਹਾਂ ਦੀਆਂ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਮਿਊਂਸਿਪਲ ਸ਼ਮਸ਼ਾਨਘਾਟਾਂ ਵਿਚ ਸੁੱਟ ਦਿੱਤੀਆਂ ਜਾਂਦੀਆਂ ਸਨ ਅਤੇ ਕਾਨੂੰਨੀ ਕਾਰਵਾਈ ਦੀ ਰਸਮ ਪੂਰੀ ਕਰਨ ਲਈ ਗ਼ਲਤ-ਮਲਤ ਐੱਫ਼.ਆਈ.ਆਰ. ਤੇ ਸਰਕਾਰ ਦੇ ਪਿੱਠੂ ਡਾਕਟਰਾਂ ਕੋਲੋਂ ਝੂਠਾ-ਮੂਠਾ ਪੋਸਟ ਮਾਰਟਮ ਕਰਾ ਕੇ ਮਾਮਲਾ ਗਲੋਂ ਲਾਹ ਦਿੱਤਾ ਜਾਂਦਾ ਸੀ। ਜਿਹੜੇ ਖਾੜਕੂਆਂ ਦੇ ਸਿਰਾਂ ਦੇ ਇਨਾਮ ਰੱਖੇ ਹੁੰਦੇ ਸਨ, ਇਨਾਮ ਹਾਸਲ ਕਰਨ ਦੇ ਲਾਲਚ ਵਿਚ ਉਨ੍ਹਾਂ ਦੇ ਅਸਲੀ ਨਾਂ ਤਾਂ ਨਸ਼ਰ ਕਰ ਦਿੱਤੇ ਜਾਂਦੇ ਸਨ, ਪਰ ਨਾਲ ਇਹ ਝੂਠ ਬੋਲਿਆ ਜਾਂਦਾ ਸੀ ਕਿ ਉਨ੍ਹਾਂ ਦੇ ਵਾਰਸ ਲਾਸ਼ ਲੈਣ ਲਈ ਤਿਆਰ ਨਹੀਂ ਸਨ। ਇਸ ਤਰ੍ਹਾਂ ਅਜਿਹੀਆਂ ਲਾਸ਼ਾਂ ‘ਲਾਵਾਰਸ’ ਕਹਿ ਕੇ ਸਾੜ ਦਿੱਤੀਆਂ ਜਾਂਦੀਆਂ ਸਨ। ਦੁਰਗਿਆਣਾ ਸ਼ਮਸ਼ਾਨਘਾਟ ਦੇ ਰਜਿਸਟਰ ਵਿਚ ਪੁਲਸ ਵੱਲੋਂ ਮਾਰੇ ਗਏ ਕੁੱਝ ਵਿਅਕਤੀਆਂ ਦਾ ਨਾਂ ਤੇ ਪਿੰਡ ਵੀ ਲਿਖਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਰਿਕਾਰਡ ਵਿਚ ਲਾਸ਼ ‘ਅਣਪਛਾਤੀ’ ਦੱਸੀ ਗਈ ਸੀ । ਉਦਾਹਰਣ ਵਜੋਂ ਰਾਜਾ ਸਾਂਸੀ ਦੀ ਪੁਲਸ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਇਲਾਜ ਕਰਵਾ ਰਹੇ ਪ੍ਰਗਟ ਸਿੰਘ ‘ਬੁਲਟ’ ਨਾਂ ਦੇ ਖਾੜਕੂ ਨੂੰ ਦਿਨ ਦਿਹਾੜੇ ਚੁੱਕ ਕੇ ਲੈ ਗਈ ਸੀ। 5 ਨਵੰਬਰ 1992 ਨੂੰ ਉਸ ਨੂੰ ‘ਪੁਲਸ ਮੁਕਾਬਲੇ’ ਵਿਚ ਮਰਿਆ ਦਿਖਾ ਕੇ ਉਸ ਦੀ ਲਾਸ਼ ਦਾ ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਵਿਚ ‘ਅਣਪਛਾਤੀ’ ਕਹਿ ਕੇ ਦਾਹ ਸਸਕਾਰ ਕਰ ਦਿੱਤਾ ਗਿਆ ਸੀ।

ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਤੋਂ ਮਿਲੀ ਜਾਣਕਾਰੀ ਨਾਲ ਪੜਤਾਲ ਦਾ ਅਮਲ ਅੱਗੇ ਵਧਾਉਣਾ ਆਸਾਨ ਹੋ ਗਿਆ ਸੀ। ਇਸੇ ਤਰੀਕੇ ਨਾਲ ਅੰਮ੍ਰਿਤਸਰ, ਤਰਨ ਤਾਰਨ ਤੇ ਪੱਟੀ ਦੇ ਮਿਊਂਸਿਪਲ ਸ਼ਮਸ਼ਾਨਘਾਟਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਜਨਮ ਤੇ ਮੌਤ ਦੇ ਰਜਿਸਟਰ ਤੋਂ ਵੀ ਲੁੜੀਂਦੀ ਸੂਚਨਾ ਪ੍ਰਾਪਤ ਕੀਤੀ ਗਈ। ਸਸਕਾਰ ਕਰਨ ਲਈ ਖ਼ਰੀਦੀਆਂ ਲੱਕੜਾਂ ਦੀਆਂ ਰਸੀਦਾਂ ਤੋਂ ਵੀ ਛੁਪਿਆ ਸੱਚ ਪ੍ਰਗਟ ਹੋਇਆ । ਇਸ ਪੜਤਾਲ ਦੇ ਆਧਾਰ ‘ਤੇ ਹਿਊਮਨ ਰਾਈਟਸ ਵਿੰਗ ਨੇ 16 ਜਨਵਰੀ 1995 ਨੂੰ ਆਪਣੀ ਪਹਿਲੀ ਰਿਪੋਰਟ ਪ੍ਰੈਸ ਲਈ ਜਾਰੀ ਕੀਤੀ। ਤੱਥ ਖੋਜ ਕਮੇਟੀ ਨੇ ਇਸ ਰਿਪੋਰਟ ਵਿਚ ਆਪਣੇ ਪ੍ਰਮੁੱਖ ਸ੍ਰੋਤ ਬਾਬਾ ਭੂਤ ਨਾਥ ਦਾ ਬਚਾਅ ਕਰਨ ਲਈ ਨਾ ਸਿਰਫ਼ ਉਸ ਦਾ ਹਵਾਲਾ ਦੇਣ ਤੋਂ ਪੂਰੀ ਤਰ੍ਹਾਂ ਸੰਕੋਚ ਕੀਤਾ ਸਗੋਂ ਰਿਪੋਰਟ ਵਿਚ ਜਾਣ ਬੁੱਝ ਕੇ ਇਹ ਕਿਹਾ ਗਿਆ ਕਿ ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਦੇ ਕਰਮਚਾਰੀਆਂ ਨੇ ਕਮੇਟੀ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਥੋਂ ਮਿਲੀ ਸਾਰੀ ਜਾਣਕਾਰੀ ਉਨ੍ਹਾਂ ਅੰਮ੍ਰਿਤਸਰ ਦੇ ਜਨਮ ਤੇ ਮੌਤ ਦੇ ਰਜਿਸਟਰ ਦੇ ਖਾਤੇ ਵਿਚ ਪਾ ਦਿੱਤੀ ਸੀ । ਇਸ ਤੋਂ ਪਤਾ ਚੱਲਦਾ ਹੈ ਕਿ ਤੱਥ ਖੋਜ ਕਮੇਟੀ ਆਪਣੀ ਪੜਤਾਲ ਨੂੰ ਨੇਪਰੇ ਚਾੜ੍ਹਨ ਲਈ ਕਿਵੇਂ ਬੋਚ ਬੋਚ ਕੇ ਕਦਮ ਪੁੱਟ ਰਹੀ ਸੀ। ਉਸ ਪਲੇਠੀ ਰਿਪੋਰਟ ਵਿੱਚੋਂ ਹੇਠ ਲਿਖੇ ਅਹਿਮ ਤੱਥ ਉਘੜ ਕੇ ਸਾਹਮਣੇ ਆਏ ਸਨ।

ਦੁਰਗਿਆਣਾ ਮੰਦਰ

ਦੁਰਗਿਆਣਾ ਮੰਦਰ ਦੇ ਇੱਕੋ ਸ਼ਮਸ਼ਾਨਘਾਟ ਵਿਚ ਜੂਨ 1984 ਤੋਂ ਲੈ ਕੇ 1994 ਤਕ, ਦਸਾਂ ਸਾਲਾਂ ਵਿਚ ਦੋ ਹਜ਼ਾਰ ਲਾਸ਼ਾਂ ‘ਅਣਪਛਾਤੀਆਂ’ ਕਹਿ ਕੇ ਸਾੜੀਆਂ ਗਈਆਂ ਸਨ । ਰਿਕਾਰਡ ਅਨੁਸਾਰ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ-ਕਾਲ ਦੇ ਪਹਿਲੇ ਇੱਕੋ ਸਾਲ ਅੰਦਰ ਪੁਲਸ ਨੇ ਇਸ ਸ਼ਮਸ਼ਾਨਘਾਟ ਵਿਚ 300 ਲਾਸ਼ਾਂ ‘ਲਾਵਾਰਸ’ ਕਹਿ ਕੇ ਲਿਆਂਦੀਆਂ ਸਨ। ਜਿਨ੍ਹਾਂ ‘ਚੋਂ 112 ਦੇ ਨਾਂ ਦਿੱਤੇ ਹੋਏ ਸਨ ਬਾਕੀ 188 ਲਾਸ਼ਾਂ ‘ਅਣਪਛਾਤੀਆਂ’ ਦੱਸੀਆਂ ਗਈਆਂ ਸਨ । ਇਨ੍ਹਾਂ 300 ਲਾਸ਼ਾਂ ‘ਚੋਂ 41 ਜਣੇ ਗੋਲੀਆਂ ਲੱਗਣ ਨਾਲ ਮਰੇ ਦਿਖਾਏ ਗਏ ਸਨ । ਬਾਕੀ 259 ਵਿਅਕਤੀਆਂ ਦੇ ਮਰਨ ਦਾ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਸੀ। 300 ਲਾਸ਼ਾਂ ‘ਚੋਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਸਿਰਫ਼ 24 ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਦਿਖਾਇਆ ਗਿਆ ਸੀ। 276 ਲਾਸ਼ਾਂ ਦਾ ਪੋਸਟ ਮਾਰਟਮ ਕਰਨ ਦੀ ਰਸਮੀ ਕਾਰਵਾਈ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਗਈ ਸੀ। 300 ਲਾਸ਼ਾਂ ‘ਚੋਂ 5 ਲਾਸ਼ਾਂ ਔਰਤਾਂ ਦੀਆਂ ਸਨ, ਜਿਨ੍ਹਾਂ ‘ਚੋਂ ਕੇਵਲ ਤਿੰਨਾਂ ਦੇ ਹੀ ਨਾਂ ਦਿੱਤੇ ਗਏ ਸਨ, ਬਾਕੀ ਦੋ ‘ਅਣਪਛਾਤੀਆਂ’ ਕਹਿ ਕੇ ਸਾੜ ਦਿੱਤੀਆਂ ਗਈਆਂ ਸਨ।

ਪੱਟੀ 

ਪੱਟੀ ਦੀ ਮਿਊਂਸਿਪਲ ਕਮੇਟੀ ਦਾ ਇਕ ਕੌਂਸਲਰ ਸ. ਰੇਸ਼ਮ ਸਿੰਘ ਅੰਮ੍ਰਿਤਸਰ ਦੇ ਕੇਂਦਰੀ ਸਹਿਕਾਰੀ ਬੈਂਕ ਦਾ ਡਾਇਰੈਕਟਰ ਹੋਣ ਕਰਕੇ ਜਸਵੰਤ ਸਿੰਘ ਦਾ ਚੰਗਾ ਦੋਸਤ ਸੀ। ਉਸ ਨੇ ਜੈਨ ਸਭਾ ਦੇ ਸ਼ਮਸ਼ਾਨਘਾਟ ਤੋਂ ਰਿਕਾਰਡ ਹਾਸਲ ਕਰਨ ਵਿਚ ਤੱਥ ਖੋਜ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਸੀ। ਉਸ ਦੀ ਸਹਾਇਤਾ ਨਾਲ ਸ਼ਮਸ਼ਾਨਘਾਟ ਦੇ ਰਜਿਸਟਰ ਦੀ ਛਾਣ-ਬੀਣ ਕਰਨ ਤੋਂ ਪਤਾ ਚੱਲਿਆ ਕਿ 1986 ਤੋਂ 1994 ਤਕ ਉਸ ਇੱਕੋ ਸ਼ਮਸ਼ਾਨਘਾਟ ਵਿਚ 1135 ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ । ਜਸਵੰਤ ਸਿੰਘ ਨੇ ਹਿੰਮਤ ਕਰ ਕੇ ਪੱਟੀ ਦੀ ਲਾਹੌਰ ਰੋਡ ਉੱਤੇ ਲੱਕੜਾਂ ਦੇ ਉਸ ਟਾਲ ਨੂੰ ਜਾ ਲੱਭਿਆ ਜਿਥੋਂ ਲਾਸ਼ਾਂ ਦਾ ਸਸਕਾਰ ਕਰਨ ਲਈ ਲੱਕੜਾਂ ਖ਼ਰੀਦੀਆਂ ਜਾਂਦੀਆਂ ਸਨ । ਉਸ ਨੂੰ ਟਾਲ ਦੇ ਮਾਲਕ ਸੁਖਦੇਵ ਸਿੰਘ ਕੋਲੋਂ ਸ਼ਮਸ਼ਾਨਘਾਟ ਨੂੰ ਵੇਚੀਆਂ ਗਈਆਂ ਲੱਕੜਾਂ ਤੇ ਉਸ ਬਦਲੇ ਹਾਸਲ ਕੀਤੇ ਪੈਸਿਆਂ ਦਾ ਮੁਕੰਮਲ ਵੇਰਵਾ ਮਿਲ ਗਿਆ ਸੀ। ਜਸਵੰਤ ਸਿੰਘ ਨੇ ਆਪਣੇ ਸ਼ਖ਼ਸੀ ਪ੍ਰਭਾਵ ਦੇ ਆਸਰੇ ਸੁਖਦੇਵ ਸਿੰਘ ਨੂੰ ਇਸ ਬਾਰੇ ਲਿਖਤੀ ਹਲਫ਼ਨਾਮਾ (affidavit) ਦੇਣ ਲਈ ਰਜ਼ਾਮੰਦ ਕਰ ਲਿਆ । ਸੁਖਦੇਵ ਸਿੰਘ ਨੇ 9 ਮਾਰਚ 1993 ਨੂੰ ਜਸਵੰਤ ਸਿੰਘ ਨੂੰ ਇਹ ਲਿਖਤੀ ਐਫੀਡੈਵਿਟ ਦੇ ਦਿੱਤਾ ਸੀ ਕਿ ਉਸ ਨੇ 31 ਜੁਲਾਈ 1989 ਤੋਂ ਲੈ ਕੇ 13 ਮਈ 1990 ਤਕ ਪੁਲਸ ਕੋਲੋਂ ਲੱਕੜਾਂ ਬਦਲੇ 6663 ਰੁਪੈ ਵਸੂਲ ਕੀਤੇ ਸਨ ਅਤੇ 1 ਜੂਨ 1990 ਤੋਂ ਲੈ ਕੇ 1 ਅਗਸਤ 1990 ਤਕ ਉਸ ਦੀ 2216 ਰੁਪੈ ਦੀ ਰਕਮ ਪੁਲਸ ਵੱਲ ਬਕਾਇਆ ਸੀ, ਜਿਹੜੀ ਅਜੇ ਉਦੋਂ ਤਕ ਅਦਾ ਨਹੀਂ ਕੀਤੀ ਗਈ ਸੀ। ਬਾਅਦ ਵਿਚ ਜਾ ਕੇ ਤੱਥ ਖੋਜ ਕਮੇਟੀ ਨੂੰ ਇਹ ਪਤਾ ਚੱਲ ਗਿਆ ਕਿ 1991 ਤੋਂ ਅਕਤੂਬਰ 1994 ਤਕ ਪੱਟੀ ਦੇ ਸ਼ਮਸ਼ਾਨਘਾਟ ਵਿਚ 538 ਲਾਸ਼ਾਂ ਸਾੜੀਆਂ ਗਈਆਂ मठ ।

ਪੱਟੀ ਦੇ ਸ਼ਮਸ਼ਾਨਘਾਟ ਦੇ ਮੁਲਾਜ਼ਮਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਕਿਸੇ ਦਿਨ ਦੋ ਤੇ ਕਿਸੇ ਕਿਸੇ ਦਿਨ ‘ਕੱਠੀਆਂ ਹੀ ਦਸ ਲਾਸ਼ਾਂ ਆ ਜਾਂਦੀਆਂ ਸਨ। ਲਾਸ਼ਾਂ ਦੇ ਅਦਬ ਸਨਮਾਨ ਦਾ ਰਤੀ ਭਰ ਵੀ ਖ਼ਿਆਲ ਨਹੀਂ ਰੱਖਿਆ ਜਾਂਦਾ ਸੀ । ਸ਼ਮਸ਼ਾਨਘਾਟ ਵਿਚ ਸਸਕਾਰ ਕਰਨ ਲਈ ਉਚੇਚੇ ਤੌਰ ‘ਤੇ ਪੱਕੇ ਥੜ੍ਹੇ ਬਣਾਏ ਗਏ ਸਨ ਪਰ ਅਕਸਰ ਹੀ ਪੱਕੇ ਥੜ੍ਹਿਆਂ ’ਤੇ ਸਸਕਾਰ ਕਰਨ ਦੀ ਜਗ੍ਹਾ ਆਲੇ-ਦੁਆਲੇ ਟੋਇਆਂ/ਖ਼ਾਲੀਆਂ ਵਿਚ, ਅਤੇ ਜਾਂ ਉਜਾੜ ਪਈ ਥਾਂ ‘ਤੇ ਲਾਸ਼ਾਂ ਸਾੜ ਕੇ ਗਲੋਂ-ਗਲਾਵਾਂ ਲਾਹ ਦਿੱਤਾ ਜਾਂਦਾ ਸੀ। ਇਕ ਮੁਲਾਜ਼ਮ ਜੋ ਸੱਤ ਕੁ ਮਹੀਨੇ ਪਹਿਲਾਂ ਹੀ ਆਇਆ ਸੀ, ਨੇ ਦੱਸਿਆ ਕਿ ਉਸ ਨੇ ਆ ਕੇ ਜਦੋਂ ਆਲੇ-ਦੁਆਲੇ ਦੇ ਖੇਤਾਂ ‘ਚ ਲਾਸ਼ਾਂ ਦੇ ਅੱਧ-ਸੜੇ ਅੰਗ ਖਿਲਰੇ ਦੇਖੇ ਤਾਂ ਉਸ ਨੇ ਉਹ ਇਕੱਠੇ ਕਰ ਕੇ ਬੋਰੇ ਵਿਚ ਪਾ ਕੇ ਨੇੜੇ ਪੈਂਦੀ ਰਾਜਸਥਾਨ ਨਹਿਰ ਵਿਚ ਰੋੜ੍ਹ ਦਿੱਤੇ ਸਨ। ਇਸੇ ਤਰ੍ਹਾਂ ਇਕ ਰਸੂਖ਼ਵਾਨ ਕਾਂਗਰਸੀ ਨੇ ਦੱਸਿਆ ਕਿ ਉਸ ਦੇ ਖੇਤ ਸ਼ਮਸ਼ਾਨਘਾਟ ਦੇ ਨਾਲ ਲੱਗਦੇ ਹਨ। ਅਕਸਰ ਹੀ ਕੁੱਤੇ ਖੇਤਾਂ ਵਿਚ ਅੱਧ-ਸੜੀਆਂ ਲਾਸ਼ਾਂ ਧੂਹੀ ਫਿਰਦੇ ਨਜ਼ਰ ਪੈ ਜਾਂਦੇ ਸਨ । ਉਸ ਨੇ ਕਈ ਵੇਰਾਂ ਅੱਧ-ਸੜੇ ਮਨੁੱਖੀ ਅੰਗ ਇਕੱਠੇ ਕਰ ਕੇ ਆਪ ਦੁਬਾਰਾ ਸਾੜੇ ਸਨ।

ਇਸੇ ਤਰੀਕੇ ਨਾਲ ਭਾਈ ਜਸਵੰਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਤਰਨ ਤਾਰਨ ਦੇ ਸ਼ਮਸ਼ਾਨਘਾਟ ਤੋਂ 1915 ਲਾਸ਼ਾਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਸ਼ਮਸ਼ਾਨਘਾਟ ਤੋਂ 2967 ਲਾਸ਼ਾਂ ਦੀ ਸੂਚੀ ਮਿਲ ਗਈ ਸੀ। ਸਮੁੱਚੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ 6017 ਲਾਸ਼ਾਂ, ਜਿਹੜੀਆਂ ਅਣਪਛਾਤੀਆਂ ਕਹਿ ਕੇ ਸਾੜ ਦਿੱਤੀਆਂ ਗਈਆਂ ਸਨ, ਦਾ ਲਿਖਤੀ ਰਿਕਾਰਡ ਮਿਲ ਗਿਆ ਸੀ।

ਇਸ ਤੋਂ ਥੋੜ੍ਹੇ ਦਿਨਾਂ ਬਾਅਦ ਸ. ਜਸਪਾਲ ਸਿੰਘ ਢਿੱਲੋਂ, ਭਾਈ ਜਸਵੰਤ ਸਿੰਘ ਖਾਲੜਾ ਤੇ ਭਾਈ ਅਮਰੀਕ ਸਿੰਘ ਮੁਕਤਸਰ ਨੇ ਚੰਡੀਗੜ੍ਹ ਪ੍ਰੈਸ ਕਾਨਫ਼ਰੰਸ ਬੁਲਾ ਕੇ ਹੇਠ ਦਿੱਤਾ ਲਿਖਤੀ ਬਿਆਨ ਪੰਜਾਬੀ ਤੇ ਅੰਗਰੇਜ਼ੀ-ਦੋਵਾਂ ਜ਼ੁਬਾਨਾਂ ਵਿਚ ਜਾਰੀ ਕੀਤਾ ਸੀ :

1991 ਤੋਂ ਲੈ ਕੇ ਅੱਜ ਤਕ ਲਗਭਗ 25 ਹਜ਼ਾਰ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਪੰਜਾਬ ਦੇ ਵੱਖ-ਵੱਖ ਮਿਊਂਸਿਪਲ ਸ਼ਮਸ਼ਾਨਘਾਟਾਂ ਵਿਚ ਸਾੜ/ ਦਿੱਤੀਆਂ ਗਈਆਂ ਹਨ ਅਤੇ ਲਗਭਗ ਇਤਨੀਆਂ ਹੀ ਲਾਸ਼ਾਂ ਦਰਿਆਵਾਂ ਤੇ ਨਹਿਰਾਂ ਵਿਚ ਰੋੜ੍ਹ ਦਿੱਤੀਆਂ ਗਈਆਂ ਹੋਣ ਦੇ ਸ਼ੰਕੇ ਹਨ। ਮਨੁੱਖੀ ਅਧਿਕਾਰ ਵਿੰਗ (ਸ਼੍ਰੋਮਣੀ ਅਕਾਲੀ ਦਲ) ਵੱਲੋਂ ਲਾਵਾਰਸ ਲਾਸ਼ਾਂ ਦੇ ਭਿਆਨਕ ਕਾਂਡ ਦੀ ਤਹਿ ਤਕ ਜਾਣ ਲਈ ਸ਼ੁਰੂ ਕੀਤੀ ਜਾਂਚ ਨੇ ਜਥੇਬੰਦੀ ਦੀ ਮੁੱਢਲੀ ਜਾਂਚ ਦੇ ਅੰਦਾਜ਼ਿਆਂ ਨੂੰ ਮਾਤ ਪਾ ਦਿੱਤਾ ਹੈ।

ਪੰਜਾਬ ਦੀ ਇਕ ਤਹਿਸੀਲ ਪੱਟੀ ਜਿਸ ਦੀ ਕੁੱਲ ਆਬਾਦੀ ਲਗਭਗ ਇਕ ਲੱਖ 50 ਹਜ਼ਾਰ ਦੇ ਕਰੀਬ ਹੈ ਅਤੇ ਜਿਸ ਵਿਚ ਸਿਰਫ਼ ਦੋ ਅਸੈਂਬਲੀ ਹਲਕੇ ਪੈਂਦੇ ਹਨ, ਅੰਦਰਲੀ ਜਾਂਚ ਨੂੰ ਮੁਕੰਮਲ ਕਰਨ ‘ਤੇ ਮਨੁੱਖੀ ਅਧਿਕਾਰ ਵਿੰਗ ਦੀ ਜਾਂਚ ਕਮੇਟੀ ਨੇ ਦਿਲ-ਕੰਬਾਊ ਸਿੱਟੇ ਕੱਢੇ ਹਨ। ਜਾਂਚ ਕਮੇਟੀ ਵੱਲੋਂ ਮਿਊਂਸਿਪਲ ਸ਼ਮਸ਼ਾਨਘਾਟ ਪੱਟੀ ਅੰਦਰ ਸਾੜੀਆਂ ਗਈਆਂ 538 ਲਾਸ਼ਾਂ ਦਾ ਦਸਤਾਵੇਜ਼ੀ ਸਬੂਤ ਦੁਨੀਆਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਵੱਖ-ਵੱਖ ਥਾਣਿਆਂ ਤੋਂ ਲਿਆ ਕੇ ਪੱਟੀ ਸ਼ਮਸ਼ਾਨਘਾਟ ਵਿਚ ਸਾੜੀਆਂ ਗਈਆਂ ਹਨ। ਇਨ੍ਹਾਂ 538 ਲਾਸ਼ਾਂ ਵਿੱਚੋਂ ਸਭ ਤੋਂ ਵੱਧ 115 ਲਾਸ਼ਾਂ ਪੱਟੀ ਥਾਣੇ ਤੋਂ, 103 ਭਿੱਖੀਵਿੰਡ ਤੋਂ, 101 ਵਲਟੋਹਾ ਥਾਣੇ ਤੋਂ, 61 ਖਾਲੜਾ ਥਾਣੇ ਤੋਂ, 50 ਹਰੀਕੇ ਥਾਣੇ ਤੋਂ, 35 ਖੇਮਕਰਨ ਥਾਣੇ ਤੋਂ, 9 ਕੱਚਾ ਪੱਕਾ ਥਾਣੇ ਤੋਂ, 5-5 ਲਾਸ਼ਾਂ ਸਭਰਾ ਤੇ ਕੈਰੋਂ ਪੁਲਸ ਚੌਂਕੀ ਤੋਂ ਅਤੇ 2 ਲਾਸ਼ਾਂ ਘਰਿਆਲਾ ਪੁਲਸ ਚੌਂਕੀ ਤੋਂ ਲਿਆ ਕੇ ਇਸ ਸ਼ਮਸ਼ਾਨਘਾਟ ਵਿਚ ਸਾੜੀਆਂ ਗਈਆਂ। 52 ਲਾਸ਼ਾਂ ਦੇ ਸਾੜੇ ਜਾਣ ਦਾ ਪਤਾ ਸਿਰਫ਼ ਲੱਕੜਾਂ ਦੇ ਬਿੱਲਾਂ ਤੋਂ ਲੱਗਾ ਹੈ। ਇਹ ਲਾਸ਼ਾਂ 1991 ਤੋਂ 1994 ਦੇ ਸਮੇਂ ਦੀਆਂ ਹਨ ਅਤੇ ਇਸ ਤੋਂ ਪਹਿਲਾਂ ਸਾੜੀਆਂ ਗਈਆਂ ਲਾਸ਼ਾਂ ਦਾ ਵਰਣਨ ਉਥੇ ਮੌਜੂਦ ਰਿਕਾਰਡ ਵਿਚ ਨਹੀਂ ਕੀਤਾ ਗਿਆ। ਜਾਂਚ ਕਮੇਟੀ ਨੂੰ ਮਿਊਂਸਿਪਲ ਸ਼ਮਸ਼ਾਨਘਾਟ ਦੇ ਆਸ ਪਾਸ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਮੁਸ਼ਕਲ ਆਉਂਦੀ ਸੀ ਕਿ ਲਾਸ਼ਾਂ ਦੇ ਟੁਕੜੇ ਕੁੱਤੇ ਚੁੱਕੀ ਫਿਰਦੇ ਸਨ ਅਤੇ ਕਈ ਵਾਰ ਉਨ੍ਹਾਂ ਦੇ ਘਰਾਂ ਤਕ ਮਨੁੱਖੀ ਲੱਤਾਂ ਬਾਹਾਂ ਖਿਲਰ ਜਾਂਦੀਆਂ ਸਨ। ਸ਼ਹਿਰ ਦੇ ਇਕ ਪਤਵੰਤੇ ਜੋ ਕਿ ਇਕ ਕਾਂਗਰਸੀ ਮੈਂਬਰ ਪਾਰਲੀਮੈਂਟ ਦਾ ਨਜ਼ਦੀਕੀ ਸਾਥੀ ਹੈ ਅਤੇ ਜਿਸ ਦੀ ਜ਼ਮੀਨ ਇਸ ਸ਼ਮਸ਼ਾਨਘਾਟ ਦੇ ਨਾਲ ਲੱਗਦੀ ਹੈ, ਨੇ ਦੱਸਿਆ ਕਿ ਕਈ ਵਾਰ ਇਹ ਅੱਧ-ਸੜੀਆਂ ਲੱਤਾਂ ਬਾਹਾਂ ਇਕੱਠੀਆਂ ਕਰ ਕੇ ਲੋਕ ਆਪ ਦੁਬਾਰਾ ਸਸਕਾਰ ਕਰਦੇ ਸਨ।

ਜਾਂਚ ਕਮੇਟੀ ਨੂੰ ਲੋਕਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਲਾਸ਼ਾਂ ਪੁਲਸ ਵੱਲੋਂ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਰਾਜਸਥਾਨ ਨਹਿਰ ਵਿਚ ਰੋੜ੍ਹੀਆਂ ਜਾਂਦੀਆਂ ਰਹੀਆਂ ਹਨ। ਜਿਸ ਤੋਂ ਕਮੇਟੀ ਇਸ ਸਿੱਟੇ ‘ਤੇ ਪੁੱਜੀ ਹੈ ਕਿ ਇਕੱਲੀ ਬੇਅੰਤ ਸਰਕਾਰ ਦੇ ਸਮੇਂ ਦੌਰਾਨ ਹੀ ਪੱਟੀ ਤਹਿਸੀਲ ਵਿੱਚੋਂ ਲਗਭਗ ਇਕ ਹਜ਼ਾਰ ਤੋਂ ਵੱਧ ਲਾਸ਼ਾਂ ਖੁਰਦ-ਬੁਰਦ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1985 ਤੋਂ ਲੈ ਕੇ 1995 ਤਕ ਇਹ ਗਿਣਤੀ ਦੁੱਗਣੀ ਹੋ ਸਕਦੀ ਹੈ। ਜ਼ਿਲ੍ਹੇ ਦੀਆਂ ਪੰਜ ਤਹਿਸੀਲਾਂ ਵਿਚ ਕਿਉਂਕਿ ਇੱਕੋ ਜਿਹਾ ਕਤਲੇਆਮ ਕੀਤਾ ਗਿਆ, ਜਿਸ ਕਰਕੇ ਸਮੁੱਚੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਲਾ-ਪਤਾ ਕੀਤੇ ਲੋਕਾਂ ਤੇ ਲਾਵਾਰਸ ਲਾਸ਼ਾਂ ਦੀ ਗਿਣਤੀ ਦਸ ਹਜ਼ਾਰ ਤਕ ਪਹੁੰਚ ਸਕਦੀ ਹੈ। ਇਹ ਅੰਕੜੇ ਪੰਜਾਬ ਵਿਚ ਵੱਖ-ਵੱਖ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਪ੍ਰਗਟਾਏ ਸ਼ੰਕਿਆਂ ਨੂੰ ਸਹੀ ਕਰਾਰ ਦਿੰਦੇ ਹਨ ਕਿ 50 ਹਜ਼ਾਰ ਤੋਂ ਵੱਧ ਨੌਜਵਾਨ ਪੁਲਸ ਵੱਲੋਂ ਲਾ-ਪਤਾ ਕਰ ਦਿੱਤੇ ਗਏ ਹਨ। ਮਨੁੱਖੀ ਅਧਿਕਾਰ ਵਿੰਗ ਇਸ ਮਨੁੱਖੀ ਕਤਲੇਆਮ (ਨਸਲਕੁਸ਼ੀ) ਦੀ ਗਹਿਰਾਈ ਵਿਚ ਖੋਜ ਕਰਨ ਤੋਂ ਬਾਅਦ ਇਸ ਸਿੱਟੇ ‘ਤੇ ਪੁੱਜਿਆ ਹੈ ਕਿ ਇਸ ਕਾਂਡ ਨੇ ਸੱਤਰਵਿਆਂ ਵਿਚ ਕੰਪੂਚੀਆ ਅੰਦਰ ਖੁਮੇਰ ਰੁਜ ਦੀ ਪੋਲ ਪੋਟ ਸਰਕਾਰ ਸਮੇਂ ਕੀਤੇ ਕਤਲੇਆਮ ਨੂੰ ਵੀ ਮਾਤ ਪਾ ਦਿੱਤਾ ਹੈ। ਪੋਲ ਪੋਟ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਦੁਨੀਆਂ ਦੇ ਸਾਹਮਣੇ ਉਦੋਂ ਨੰਗੀ ਹੋ ਗਈ ਸੀ ਜਦੋਂ ਉਥੋਂ ਦੇ ਸ਼ਮਸ਼ਾਨਘਾਟਾਂ ਵਿਚ ਸਮੂਹਕ ਤੌਰ ‘ਤੇ ਦਫ਼ਨਾਏ ਗਏ ਸੈਂਕੜੇ ਮਨੁੱਖੀ ਪਿੰਜਰ ਕੱਢੇ ਗਏ ਸਨ । ਮਨੁੱਖੀ ਅਧਿਕਾਰ ਵਿੰਗ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਨ੍ਹਾਂ ਹਜ਼ਾਰਾਂ ਲਾਵਾਰਸ ਲਾਸ਼ਾਂ ਦੀ ਅਸਲੀਅਤ ਦੁਨੀਆਂ ਸਾਹਮਣੇ ਲਿਆਉਣ ਲਈ ਇਸ ਕੇਸ ਵਿਚ ਸਾਡੀ ਮੱਦਦ ਕਰਨ । ਵਿੰਗ ਭਾਰਤ ਦੀਆਂ ਕੌਮੀ ਰਾਜਨੀਤਕ ਪਾਰਟੀਆਂ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਇਸ ਦੁਖਦਾਈ ਕਾਂਡ ਦਾ ਮੁੱਦਾ ਭਾਰਤ ਦੀ ਪਾਰਲੀਮੈਂਟ ਵਿਚ ਉਠਾਉਣ ਅਤੇ ਇਸ ਦੀ ਜਾਂਚ ਲਈ ਪਾਰਲੀਮੈਂਟ ਮੈਂਬਰਾਂ ਦੇ ਵਫ਼ਦ ਨੂੰ ਪੰਜਾਬ ਭੇਜਣ ਦੀ ਮੰਗ ਕਰਦਾ ਹੈ। ਮਨੁੱਖੀ ਅਧਿਕਾਰ ਵਿੰਗ ਭਾਰਤੀ ਸਰਕਾਰ ਕੋਲੋਂ ਇਹ ਵੀ ਮੰਗ ਕਰਦਾ ਹੈ ਕਿ ਪੰਜਾਬ ਭਰ ਦੇ ਮਿਊਂਸਿਪਲ ਸ਼ਮਸ਼ਾਨਘਾਟਾਂ ਵਿਚ ਸਾੜੀਆਂ ਗਈਆ ਲਾਸ਼ਾਂ ਦੀਆਂ ਫੋਟੋਆਂ ਪ੍ਰਕਾਸ਼ਤ ਕੀਤੀਆਂ ਜਾਣ ਤਾਂ ਕਿ ਲਾ-ਪਤਾ ਕੀਤੇ ਗਏ ਨੌਜਵਾਨਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਜਿਉਂਦੇ ਜਾਂ ਮਰੇ ਹੋਣ ਦੀ ਸਹੀ ਜਾਣਕਾਰੀ ਮਿਲ ਸਕੇ ਤਾਂ ਜੋ ਉਹ ਉਨ੍ਹਾਂ ਦੀਆਂ ਅੰਤਮ ਰਸਮਾਂ ਪੂਰੀਆਂ ਕਰ ਸਕਣ।

ਅੰਗਰੇਜ਼ੀ ਦੇ ਪ੍ਰਮੁੱਖ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਜਸਵੰਤ ਸਿੰਘ ਖਾਲੜਾ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ 3 ਫ਼ਰਵਰੀ 1995 ਨੂੰ ਪੱਟੀ ਬਾਰੇ ਵੱਡੀ ਖ਼ਬਰ ਛਾਪ ਕੇ ਸੰਸਾਰ ਦੇ ਲੋਕਾਂ ਨੂੰ ਸਿੱਖਾਂ ਦੀ ਸਿਲਸਿਲੇਬੱਧ ਢੰਗ ਨਾਲ ਹੋ ਰਹੀ ਨਸਲਕੁਸ਼ੀ ਤੋਂ ਜਾਣੂੰ ਕਰਵਾਇਆ ਸੀ । ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਵਿਖੇ ਲਾਸ਼ਾਂ ਦਾ ਦਾਹ ਸਸਕਾਰ ਕਰਨ ਵਾਲੇ ਮੁਲਾਜ਼ਮ ਬਾਬਾ ਭੂਤਨਾਥ ਨੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਐੱਸ.ਪੀ. ਸਿੰਘ ਪੰਨੂੰ ਨੂੰ ਦੱਸਿਆ ਸੀ ਕਿ 1992-93 ਦੌਰਾਨ ਰੋਜ਼ਾਨਾ 5-6 ਲਾਸ਼ਾਂ ਅਣਪਛਾਤੀਆਂ ਕਹਿ ਕੇ ਸਾੜੀਆਂ ਜਾਂਦੀਆਂ ਰਹੀਆਂ। ਤਰਨ ਤਾਰਨ ਵਿਖੇ ਕਦੇ ਕਦੇ 7-8 ਲਾਸ਼ਾਂ ਇਕੱਠੀਆਂ ਸਾੜੀਆਂ ਗਈਆਂ। ਕਈ ਨੌਜਵਾਨਾਂ ਨੂੰ ਤਾਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਰ੍ਹੇਆਮ ਘਰਾਂ ਤੋਂ ਚੁੱਕ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਤੋਂ ਬਾਅਦ ‘ਅਣਪਛਾਤੇ’ ਕਹਿ ਕੇ ਸਾੜ ਦਿੱਤਾ ਗਿਆ।

ਮੜ੍ਹੀਆਂ ਵਿਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ

ਭਾਈ ਜਸਵੰਤ ਸਿੰਘ ਨੇ ਪ੍ਰੈਸ ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ “ਜਦ ਅਸੀਂ ਪੜਤਾਲ ਕਰਨ ਲਈ ਮੜ੍ਹੀਆਂ ਵਿਚ ਗਏ ਤਾਂ ਪਤਾ ਲੱਗਾ ਕਿ ਪੁਲਸ ਵੱਲੋਂ ਗਾਲ਼ੀਆਂ ਤੇ ਸਾੜੀਆਂ ਇਨ੍ਹਾਂ ਲਾਸ਼ਾਂ ਨਾਲ ਮਿਊਂਸਿਪਲ ਕਮੇਟੀਆਂ ਨੇ ਵੀ ਘੱਟ ਨਹੀਂ ਗੁਜ਼ਾਰੀ । ਕਾਨੂੰਨ ਮੁਤਾਬਿਕ ਸ਼ਮਸ਼ਾਨਘਾਟ ਵਿਚ ਲਾਸ਼ਾਂ ਦਾ ਸਸਕਾਰ ਕਰਨ ਲਈ ਜੋ ਲੱਕੜਾਂ ਖ਼ਰੀਦੀਆਂ ਜਾਂਦੀਆਂ ਹਨ ਅਤੇ ਇਸ ਬਦਲੇ ਜਿਹੜੀ ਰਾਸ਼ੀ ਅਦਾ ਕੀਤੀ ਜਾਂਦੀ ਹੈ ਉਸ ਦਾ ਰਜਿਸਟਰ ਅੰਦਰ ਬਾਕਾਇਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਪਰ ਅਸੀਂ ਦੇਖਿਆ ਕਿ ਮਿਊਂਸਿਪਲ ਕਰਮਚਾਰੀ ਕਾਗ਼ਜ਼ਾਂ ਵਿਚ ਬਾਲਣ ਤਿੰਨ ਕੁਇੰਟਲ ਪ੍ਰਤਿ ਲਾਸ਼ ਲਿਖਦੇ ਪਰ ਕਈ ਵਾਰ ਲਾਸ਼ਾਂ ਦੇ ਇਕੱਠੇ ਢੇਰ ਨੂੰ ਦੋ ਕੁਇੰਟਲ ਪ੍ਰਤਿ ਲਾਸ਼ ਨਾਲ ਹੀ ਸਸਕਾਰ ਕਰ ਕੇ ਬਾਲਣ ਦੇ ਪੈਸੇ ਹਜ਼ਮ ਕਰ ਜਾਂਦੇ ਸਨ । ਸਸਕਾਰ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਅਕਸਰ ਹੀ ਅੱਧ ਸੜੀਆਂ ਲਾਸ਼ਾਂ ਨਹਿਰਾਂ ਤੇ ਡਰੇਨਾਂ ਵਿਚ ਸੁੱਟ ਕੇ ਮੜ੍ਹੀਆਂ ਦੀ ਸਫ਼ਾਈ ਕਰ ਦਿੰਦੇ ਸਨ ਅਤੇ ਜਦ ਕਿਤੇ ਵਾਰਸ ਇਨ੍ਹਾਂ ਮੜ੍ਹੀਆਂ ਤੋਂ ਜਾ ਕੇ ਫੁੱਲਾਂ (ਅਸਥੀਆਂ) ਦੀ ਮੰਗ ਕਰਦੇ ਤਾਂ ਦੱਸਿਆ ਜਾਂਦਾ ਕਿ ਇਹ ਫੁੱਲ ਆਮ ਤੌਰ ‘ਤੇ ਗੰਦੇ ਨਾਲੇ ਵਿਚ ਸੁੱਟ ਦਿੱਤੇ ਜਾਂਦੇ ਸਨ । ਸਭ ਤੋਂ ਦਰਦਨਾਕ ਗੱਲ ਇਹ ਸੀ ਕਿ ਸ਼ਹਿਰਾਂ ਦੇ ਬਾਹਰਲੇ ਹਿੱਸਿਆਂ ਵਿਚ ਪੈਂਦੇ ਸ਼ਮਸ਼ਾਨਘਾਟਾਂ ਅੰਦਰ ਇਨ੍ਹਾਂ ਅੱਧ-ਸੜੀਆਂ ਲਾਸ਼ਾਂ ਦੀਆਂ ਲੱਤਾਂ ਬਾਹਾਂ ਕੁੱਤਿਆਂ ਵੱਲੋਂ ਧੂਹੀ ਫਿਰਦੇ ਦੇਖ ਕੇ ਆਸ-ਪਾਸ ਰਹਿੰਦੇ ਲੋਕ ਇਨ੍ਹਾਂ ਅੱਧ-ਸੜੇ ਅੰਗਾਂ ਨੂੰ ਦੁਬਾਰਾ ਇਕੱਠੇ ਕਰ ਕੇ ਆਪ ਮੁੜ ਸਸਕਾਰ ਦੇ ਇੰਤਜ਼ਾਮ ਕਰਦੇ ਸਨ।” ਭਾਈ ਜਸਵੰਤ ਸਿੰਘ ਖਾਲੜਾ ਨੇ ਇੰਗਲੈਂਡ ਵਿਖੇ ਦੋ ਅਖ਼ਬਾਰਾਂ ਦੇ ਸੰਪਾਦਕਾਂ ਨਾਲ ਅਲੱਗ ਅਲੱਗ ਗੱਲ ਕਰਦਿਆਂ ਅਤਿਅੰਤ ਦੁਖੀ ਲਹਿਜੇ ਵਿਚ ਕਿਹਾ ਸੀ, “ਸਾਡੇ ਸਭਿਆਚਾਰ ਵਿਚ ਲਾਸ਼ਾਂ ਨੂੰ ਸਤਿਕਾਰ ਨਾਲ ਮੱਥਾ ਟੇਕਿਆ ਜਾਂਦਾ ਹੈ ਪਰ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਜੋ ਵਿਹਾਰ ਇਸ ਸਮੇਂ ਕੀਤਾ ਗਿਆ, ਇਸ ਦੀ ਪੂਰੀ ਕਹਾਣੀ ਜਦ ਅਸੀਂ ਤਿਆਰ ਕਰਾਂਗੇ ਤਾਂ ਇਤਿਹਾਸ ਵੀ ਸ਼ਰਮਸਾਰ ਹੋਵੇਗਾ।” ਭਾਈ ਖਾਲੜਾ ਨੇ ਉਮੀਦ ਜਤਾਈ ਸੀ ਕਿ “ਇਸ ਘਿਨਾਉਣੀ ਨਸਲਕੁਸ਼ੀ ਦੀ ਅਸਲੀਅਤ ਸਾਹਮਣੇ ਆਉਣ ‘ਤੇ ਭਾਰਤੀ ਰਾਜਨੀਤੀ ਦਾ ਅਸਲੀ ਚਿਹਰਾ ਨੰਗਾ ਹੋਵੇਗਾ, ਸਰਕਾਰੀ ਅੱਤਵਾਦ ਦੀ ਭਿਆਨਕ ਤਸਵੀਰ ਸਾਹਮਣੇ ਆਵੇਗੀ ਤੇ ਕਤਲੇਆਮ ਦੇ ਜ਼ਿੰਮੇਵਾਰ ਪੁਲਸ ਅਫ਼ਸਰ ਕਟਹਿਰੇ ਵਿਚ ਖੜੇ ਹੋਣਗੇ।” (ਪੰਜਾਬ ਟਾਈਮਜ਼ ਤੇ ਦੇਸ ਪ੍ਰਦੇਸ, ਲੰਡਨ)

ਉਪਰੋਕਤ ਲਿਖਤੀ ਸਬੂਤ ਲੈ ਕੇ ਮਨੁੱਖੀ ਅਧਿਕਾਰ ਵਿੰਗ ਦੇ ਆਗੂਆਂ ਭਾਈ ਜਸਵੰਤ ਸਿੰਘ ਖਾਲੜਾ, ਸ. ਜਸਪਾਲ ਸਿੰਘ ਢਿੱਲੋਂ ਤੇ ਅਮਰੀਕ ਸਿੰਘ ਮੁਕਤਸਰ ਤੇ ਹੋਰਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਤਤਕਾਲੀ ਗਵਰਨਰ ਦਾ ਦਰਵਾਜ਼ਾ ਖੜਕਾਇਆ। ਜਦੋਂ ਉਥੇ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੇ 15 ਜਨਵਰੀ ਨੂੰ ਹਾਈਕੋਰਟ ਵਿਚ ਪਟੀਸ਼ਨ ਪਾ ਦਿੱਤੀ। ਇਸ ਦੇ ਨਾਲ ਹੀ ਉਹ ਪੰਜਾਬ ਤੋਂ ਲੋਕ ਸਭਾ ਲਈ ਚੁਣੇ ਗਏ ਪਾਰਲੀਮੈਂਟ ਦੇ ਮੈਂਬਰਾਂ ਨੂੰ ਜਾ ਕੇ ਮਿਲੇ ਅਤੇ ਉਨ੍ਹਾਂ ਅੱਗੇ ਇਨਸਾਫ਼ ਦੀ ਲੜਾਈ ਵਿਚ ਮੱਦਦ ਕਰਨ ਲਈ ਵਾਸਤਾ ਪਾਇਆ। ਪਰ ਉਨ੍ਹਾਂ ਨੂੰ ਨਾ ਗਵਰਨਰ ਕੋਲੋਂ, ਨਾ ਹਾਈਕੋਰਟ ਕੋਲੋਂ ਤੇ ਨਾ ਹੀ ‘ਲੋਕਾਂ ਦੇ ਚੁਣੇ ਨੁਮਾਇੰਦਿਆਂ’ ਕੋਲੋਂ ਕੋਈ ਹਾਂ-ਪੱਖੀ ਹੁੰਗਾਰਾ ਮਿਲਿਆ। ਰਾਜ ਦੇ ਸਭਨਾਂ ਅਦਾਰਿਆਂ, ਅੰਗਾਂ ਤੇ ਉੱਚ-ਅਧਿਕਾਰੀਆਂ ਅੰਦਰ ਇਨਸਾਨੀਅਤ ਮਰ ਚੁੱਕੀ मी।

ਮੌਤਾਂ ਦੀ ਬੋਲੀ

ਉਸ ਸਮੇਂ ਦੌਰਾਨ ਹੀ ਲਾਲਾ ਜਗਤ ਨਾਰਾਇਣ ਦੇ ਅਖ਼ਬਾਰ ਸਮੂਹ (‘ਪੰਜਾਬ ਕੇਸਰੀ ਗਰੁੱਪ’) ਦੀ ਪਹਿਲ-ਕਦਮੀ ਨਾਲ, ਸਿੱਖ ਖਾੜਕੂਆਂ ਹੱਥੋਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ‘ਅੱਤਵਾਦ ਪੀੜਤ ਪਰਿਵਾਰਾਂ’ ਦਾ ਨਾਂ ਦੇ ਕੇ, ਉਨ੍ਹਾਂ ਦੀ ਇਕ ਜਥੇਬੰਦੀ ਬਣਾਉਣ ਦਾ ਅਡੰਬਰ ਰਚਿਆ ਗਿਆ ਸੀ । ਇਸ ਜਥੇਬੰਦੀ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਸੀ । ਇਸ ਜਥੇਬੰਦੀ ਦੇ ਨਾਂ ਹੇਠਾਂ ‘ਪੰਜਾਬ ਕੇਸਰੀ ਗਰੁੱਪ’ ਦੇ ਦਫ਼ਤਰ ਵਿਚ ਹਰ ਥੋੜ੍ਹੇ ਵਕਫ਼ੇ ਬਾਅਦ ਵੱਡਾ ਸਮਾਗਮ ਕੀਤਾ ਜਾਂਦਾ ਸੀ, ਜਿਸ ਵਿਚ ਦੇਸ਼ ਭਰ ਦੇ ਪ੍ਰਮੁੱਖ ਰਾਜਸੀ ਆਗੂਆਂ, ਉੱਚ ਪੁਲਸ ਅਫ਼ਸਰਾਂ, ਚੋਟੀ ਦੇ ਸਰਕਾਰੀ ਅਧਿਕਾਰੀਆਂ ਅਤੇ ਸਮਾਜ ਦੇ ਹਰ ਖੇਤਰ ਦੀਆਂ ਨਾਮਵਰ ਹਸਤੀਆਂ ਨੂੰ ਬੁਲਾਇਆ ਜਾਂਦਾ ਸੀ । ਸਮਾਗਮ ਅੰਦਰ ਖਾੜਕੂ ਸੰਘਰਸ਼ ਤੇ ਸਿੱਖ ਕੌਮ ਵਿਰੁੱਧ ਜ਼ਹਿਰੀਲਾ ਭੰਡੀ ਪ੍ਰਚਾਰ ਕੀਤਾ ਜਾਂਦਾ ਸੀ ਅਤੇ ‘ਅੱਤਵਾਦ ਤੋਂ ਪੀੜਤ ਪਰਿਵਾਰਾਂ’ ਨੂੰ ਮਾਇਕ ਤੇ ਪਦਾਰਥਕ ਸਹਾਇਤਾ ਦੇ ਖੁੱਲ੍ਹੇ ਗੱਫ਼ ਵੰਡੇ ਜਾਂਦੇ ਸਨ, ਜਿਸ ਦੇ ਵਾਸਤੇ ਸਰਕਾਰੀ ਖ਼ਜ਼ਾਨੇ ਦੀ ਬੇਦਰੇਗ਼ ਵਰਤੋਂ ਕੀਤੀ ਜਾਂਦੀ ਸੀ।

ਭਾਈ ਜਸਵੰਤ ਸਿੰਘ ਖਾਲੜਾ ਨੇ ਮੌਤਾਂ ਦੇ ਮਾਮਲੇ ਵਿਚ ਇਸ ਸਰੀਂਹਨ ਵਿਤਕਰੇਬਾਜ਼ੀ ਤੇ ਰਾਜਸੀ ਅਨਾਚਾਰ ਦੇ ਵਿਰੁੱਧ ਗੁੱਸੇ ਭਰਿਆ ਬਿਆਨ ਜਾਰੀ ਕੀਤਾ ਸੀ। ਉਸ ਨੇ ਕਿਹਾ ਸੀ ਕਿ ਮੌਤਾਂ ਦੇ ਮਾਮਲੇ ਵਿਚ ਕੀਤੀ ਜਾ ਰਹੀ ਸਰਕਾਰੀ ਵਿਤਕਰੇਬਾਜ਼ੀ ਦਾ ਪਰਦਾਫ਼ਾਸ਼ ਕਰਨ ਲਈ ਮਨੁੱਖੀ ਅਧਿਕਾਰ ਵਿੰਗ ਵੱਲੋਂ ਵੀ ‘ਲਾਵਾਰਸ ਲਾਸ਼ਾਂ ਦੇ ਪਰਿਵਾਰਾਂ’ ਦੀ ਜਥੇਬੰਦੀ ਬਣਾਈ ਜਾਵੇਗੀ। ਉਸ ਨੇ ਕਿਹਾ ਸੀ: “ਸਰਕਾਰ ਲੋਕਾਂ ਦੇ ਇਕ ਵਰਗ ਨੂੰ ‘ਅੱਤਵਾਦ ਪੀੜਤ ਪਰਿਵਾਰਾਂ’ ਦਾ ਨਾਂ ਦੇ ਕੇ, ਉਨ੍ਹਾਂ ਉੱਤੇ ਸਰਕਾਰੀ ਖ਼ਜ਼ਾਨੇ ‘ਚੋਂ ਹਰ ਸਾਲ ਕਰੋੜਾਂ ਰੁਪੈ ਖ਼ਰਚ ਕਰ ਰਹੀ ਹੈ। ਇਨ੍ਹਾਂ ਵਿੱਚੋਂ ਕੋਈ ਵੀ ਸਰਕਾਰੀ ਜਬਰ ਤੋਂ ਪੀੜਤ ਨਹੀਂ ਹੈ । ਪਰ ਦੂਜੇ ਪਾਸੇ ਸਰਕਾਰੀ ਜਬਰ ਦੇ ਸ਼ਿਕਾਰ ਹਜ਼ਾਰਾਂ ਪਰਿਵਾਰਾਂ ਉੱਤੇ ਉਲਟਾ ਜਬਰ ਢਾਹਿਆ ਜਾ ਰਿਹਾ ਹੈ, ਸਰਕਾਰੀ ਖ਼ਜ਼ਾਨੇ ਨੂੰ ਘਰੇਲੂ ਫ਼ੰਡ ਵਾਂਗ ਵਰਤਿਆ ਜਾ ਰਿਹਾ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਹਿਊਮਨ ਰਾਈਟਸ ਵਿੰਗ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਦੁਆਉਣ ਲਈ ਯੂ.ਐਨ.ਓ., ਰੈੱਡ ਕਰਾਸ, ਐਮਨੈਸਟੀ ਇੰਟਰਨੈਸ਼ਨਲ ਤੇ ਹੋਰਨਾਂ ਕੌਮਾਂਤਰੀ ਸੰਸਥਾਵਾਂ ਅੱਗੇ ਅਰਜ਼ੋਈ ਕਰੇਗਾ।” ਇਸ ਦਿਸ਼ਾ ਵਿਚ ਅਮਲੀ ਕਦਮ ਪੁੱਟਦਿਆਂ ਉਪਰੋਕਤ ਸੰਸਥਾਵਾਂ ਨੂੰ ਪੰਜਾਬ ਅੰਦਰ ਮਨੁੱਖੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਬਾਰੇ ਠੋਸ ਤੱਥਾਂ ਉੱਤੇ ਆਧਾਰਿਤ ਰਿਪੋਰਟਾਂ ਭੇਜੀਆਂ ਗਈਆਂ ਸਨ।

ਬੁੱਚੜ ਪੁਲਸ ਅਫ਼ਸਰਾਂ ਵੱਲੋਂ ਧਮਕੀਆਂ

ਪੰਜਾਬ ਦੇ ਤਤਕਾਲੀ ਪੁਲਸ ਮੁਖੀ ਕੇ.ਪੀ.ਐੱਸ. ਗਿੱਲ ਨੇ 18 ਜਨਵਰੀ 1995 ਨੂੰ ਅੰਮਿ੍ਤਸਰ ਵਿਚ ਪ੍ਰੈਸ ਕਾਨਫ਼ਰੰਸ ਕਰ ਕੇ ਮਨੁੱਖੀ ਅਧਿਕਾਰ ਵਿੰਗ ਦੇ ‘ਲਾਵਾਰਸ ਲਾਸ਼ਾਂ’ ਨੂੰ ਸਾੜਨ ਦੇ ਦਾਅਵੇ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਸੀ। ਉਸ ਨੇ ਪੂਰੀ ਬੇਹਯਾਈ ਨਾਲ ਇਹ ਝੂਠ ਬੋਲਿਆ ਸੀ ਕਿ ਗੁੰਮ ਹੋਏ ਨੌਜਵਾਨ ਅਸਲ ਵਿਚ ਬਾਹਰਲੇ ਮੁਲਕਾਂ ਵਿਚ ਸ਼ਰਨ ਲਈ ਬੈਠੇ ਹਨ। ਉਹ ਇਹ ਦਾਅਵਾ ਕਰਨ ਤਕ ਚਲਾ ਗਿਆ ਸੀ ਕਿ “ਅਸੀਂ ਲਾ-ਪਤਾ ਵਿਅਕਤੀਆਂ ਦੀਆਂ ਸੂਚੀਆਂ ਬਣਾਈਆਂ ਹਨ। ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਬਾਹਰ ਚਲੇ ਗਏ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਪੂਰੀ ਜਾਣਕਾਰੀ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਪੰਜਾਬ ਵਿਚ ਖਾੜਕੂਵਾਦ ਨੂੰ ਸੁਰਜੀਤ ਕਰਨ ਦੇ ਯਤਨ ਕਰ ਰਹੀ ਹੈ । ਪੁਲਸ ਬਾਰੇ ਲੋਕਾਂ ਦੇ ਦਿਲਾਂ ‘ਚੋਂ ਗ਼ਲਤ-ਫ਼ਹਿਮੀਆਂ ਦੂਰ ਕਰਨ ਲਈ ਅਸੀਂ ਪੰਚਾਇਤਾਂ ਨਾਲ ਤੇ ਵਿਦਿਆਰਥੀਆਂ ਨਾਲ ਮੇਲ-ਜੋਲ ਵਧਾ ਰਹੇ ਹਾਂ । ਮਨੁੱਖੀ ਅਧਿਕਾਰ ਜਥੇਬੰਦੀਆਂ ਦੀਆਂ ਰਿਪੋਰਟਾਂ ਪੂਰੀ ਤਰ੍ਹਾਂ ਗੁੰਮਰਾਹਕੁੰਨ ਹਨ। ਪੰਜਾਬ ਵਿਚ ਪੁਲਸ ਵੱਲੋਂ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਈ । ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੂੰ ਗ਼ਲਤ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ।”

ਭਾਈ ਜਸਵੰਤ ਸਿੰਘ ਖਾਲੜਾ ਨੇ ਅਗਲੇ ਹੀ ਦਿਨ ਪ੍ਰੈਸ ਬਿਆਨ ਜਾਰੀ ਕਰ ਕੇ ਕੇ.ਪੀ.ਐੱਸ. ਗਿੱਲ ਦੇ ਝੂਠ ਦਾ ਪਰਦਾਫ਼ਾਸ਼ ਕੀਤਾ ਅਤੇ ਉਸ ਨੂੰ ਇਸ ਮਸਲੇ ‘ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ । ਭਾਈ ਜਸਵੰਤ ਸਿੰਘ ਨੇ ਕਿਹਾ ਕਿ ਗਿੱਲ ਦਾ ਝੂਠ ਨੰਗਾ ਕਰਨ ਲਈ ਉਹ ਅਗਲੇ ਮਹੀਨੇ (ਫ਼ਰਵਰੀ) ਤੋਂ ਰੋਜ਼ਾਨਾ ਦੋ ਹਜ਼ਾਰ ਲਾਸ਼ਾਂ ਦੀ ਸੂਚੀ ਜਾਰੀ ਕਰ ਕੇ ਉਸ ਨੂੰ ਲੋਕਾਂ ਦੇ ਕਟਹਿਰੇ ਵਿਚ ਖੜਾ ਕਰਨਗੇ ।

ਜਸਵੰਤ ਸਿੰਘ ਖਾਲੜਾ ਦੇ ਇਸ ਬਿਆਨ ਨਾਲ ਜ਼ਾਲਮਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ। ਉਹ ਉਸ ਨੂੰ ਸਿੱਧੀਆਂ ਧਮਕੀਆਂ ਦੇਣ ‘ਤੇ ਉਤਰ ਆਏ ਸਨ । ਫ਼ਰਵਰੀ ਦੇ ਅੱਧ ਜਿਹੇ ਵਿਚ ਇਕ ਦਿਨ ਜਸਵੰਤ ਸਿੰਘ ਖਾਲੜਾ ਆਪਣੇ ਸਾਥੀ ਰਾਜੀਵ ਸਿੰਘ ਰੰਧਾਵਾ ਨਾਲ ਪੱਟੀ ਸ਼ਹਿਰ ਦੇ ਬਾਹਰ ਕਚਹਿਰੀ ਵੱਲ ਤੁਰਿਆ ਜਾ ਰਿਹਾ ਸੀ । ਕਾਂਗਰਸੀ ਐਮ.ਐਲ.ਏ. ਸੁਖਵਿੰਦਰ ਸਿੰਘ ਬੁੱਟਰ ਨੇ ਅਚਾਨਕ ਜਸਵੰਤ ਸਿੰਘ ਨੂੰ ਦੂਰੋਂ ਆਵਾਜ਼ ਮਾਰ ਕੇ ਬੁਲਾਇਆ। ਜਦੋਂ ਉਹ ਉਸ ਕੋਲ ਪਹੁੰਚੇ ਤਾਂ ਉਸ ਨੇ ਦੱਸਿਆ ਕਿ “ਪਰਸੋਂ ਮੈਂ ਅਜੀਤ ਸਿੰਘ ਸੰਧੂ ਕੋਲ ਬੈਠਾ ਸਾਂ, ਉਹ ਇਹ ਕਹਿ ਰਿਹਾ ਸੀ ਕਿ ਇਹਨੇ (ਭਾਵ ਖਾਲੜਾ ਨੇ) ਮੇਰੀ ਨੀਂਦ ਹਰਾਮ ਕੀਤੀ ਹੋਈ ਹੈ। ਜਿਥੇ 25 ਹਜ਼ਾਰ ਲਾਸ਼ਾਂ ਦਾ ਹਿਸਾਬ ਦੇਣਾ ਪਊ ਉਥੇ ਇਕ ਹੋਰ ਸਹੀ।” ਜਸਵੰਤ ਸਿੰਘ ਨੇ ਕਾਂਗਰਸੀ ਐਮ.ਐਲ.ਏ. ਨੂੰ ਅਜੀਤ ਸਿੰਘ ਸੰਧੂ ਦੀ ਇਸ ਕਾਇਰਤਾ ਭਰੀ ਧਮਕੀ ਦਾ ਜੁਆਬ ਇਨ੍ਹਾਂ ਦਲੇਰ ਸ਼ਬਦਾਂ ਵਿਚ ਦਿੱਤਾ ਸੀ : “ਬੁੱਟਰ ਸਾਹਿਬ ਉਸ ਨੂੰ ਕਹਿ ਦਿਓ ਉਮਰ ਤਾਂ ਹੱਥਾਂ ਦੀਆਂ ਲਕੀਰਾਂ ‘ਤੇ ਲਿਖੀ ਹੋਈ ਹੈ, ਉਸ ਨੂੰ ਕੋਈ ਨਹੀਂ ਬਦਲ ਸਕਦਾ।”

ਜਸਵੰਤ ਸਿੰਘ ਨੇ ਉਥੋਂ ਸਿੱਧਾ ਅੰਮ੍ਰਿਤਸਰ ਪਹੁੰਚ ਕੇ ਤੁਰੰਤ ਆਪਣੇ ਹੱਥ ਨਾਲ ਲਿਖ ਕੇ ਬਿਆਨ ਜਾਰੀ ਕੀਤਾ ਸੀ ਕਿ “ਸਾਨੂੰ ਮਾਰ ਕੇ ਸੱਚ ‘ਤੇ ਪਰਦਾ ਪਾ ਨਹੀਂ ਹੋਣਾ।” ਇਹ ਬਿਆਨ ਪੰਜਾਬੀ ਟ੍ਰਿਬਿਊਨ ਵਿਚ ਮੁੱਖ ਸਫ਼ੇ ‘ਤੇ ਡੱਬੀ ਲਾ ਕੇ ਛਪਿਆ ਸੀ। ਇਸੇ ਬਿਆਨ ਦੇ ਆਧਾਰ ‘ਤੇ ਸੁਪਰੀਮ ਕੋਰਟ ਨੇ ਪਟੀਸ਼ਨ ਦਾਖ਼ਲ ਕੀਤੀ ਸੀ। ਰਾਜੀਵ ਸਿੰਘ ਰੰਧਾਵਾ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦੇ ਇਸ ਹੱਥ-ਲਿਖਤ ਬਿਆਨ ਤੇ ਅਖ਼ਬਾਰ ਵਿਚ ਛਪੀ ਖ਼ਬਰ ਦੀਆਂ ਫੋਟੋ ਕਾਪੀਆਂ ਸੁਪਰੀਮ ਕੋਰਟ ਦੀ ਪਟੀਸ਼ਨ ਵਿਚ ਨੱਥੀ ਹਨ।

ਇਸ ਤੋਂ ਹਫ਼ਤਾ ਕੁ ਭਰ ਬਾਅਦ 23 ਫ਼ਰਵਰੀ ਨੂੰ ਭਾਈ ਜਸਵੰਤ ਸਿੰਘ ਨੇ ਅੰਗਰੇਜ਼ੀ ਵਿਚ ਹਿਊਮਨ ਰਾਈਟਸ ਵਿੰਗ ਦੇ ਲੈਟਰ ਪੈਡ ਉੱਤੇ ਟਾਈਪ ਕੀਤਾ ਇਕ ਬਿਆਨ ਜਾਰੀ ਕੀਤਾ ਸੀ। ਉਸ ਵਿਚ ਉਸ ਨੇ ਫਿਰ ਪੂਰੇ ਧੜੱਲੇ ਨਾਲ ਆਪਣੀ ਗੱਲ ਦੁਹਰਾਈ ਸੀ ਕਿ “ਜੇਕਰ ਪੰਜਾਬ ਦੀ ਸਰਕਾਰ ਤੇ ਪੁਲਸ ਇਹ ਸੋਚਦੀ ਹੈ ਕਿ ਮੈਨੂੰ ਮਾਰ ਦੇਣ ਨਾਲ 25 ਹਜ਼ਾਰ ਲਾਵਾਰਸ ਲਾਸ਼ਾਂ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦੇਵੇਗੀ ਤਾਂ ਮੈਂ ਉਨ੍ਹਾਂ ‘ਤੇ ਤਰਸ ਕਰਨੋਂ ਨਹੀਂ ਰਹਿ ਸਕਦਾ, ਕਿਉਂਕਿ ਇਸ ਮਸਲੇ ਨਾਲ ਸੰਬੰਧਿਤ ਸਾਰੇ ਤੱਥ ਪਹਿਲਾਂ ਹੀ ਦੁਨੀਆਂ ਭਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਭੇਜੇ ਜਾ ਚੁੱਕੇ ਹਨ।” ਭਾਈ ਖਾਲੜਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਹਿਊਮਨ ਰਾਈਟਸ ਵਿੰਗ ਨੇ ਲਾਵਾਰਸ ਲਾਸ਼ਾਂ ਦੇ ਮਾਮਲੇ ਵਿਚ ਕੌਮਾਂਤਰੀ ਹਮਾਇਤ ਜੁਟਾਉਣ ਲਈ ਇਸ ਦੇ ਚੇਅਰਮੈਨ ਜਸਪਾਲ ਸਿੰਘ ਢਿੱਲੋਂ ਨੂੰ ਫਿਲਪੀਨ ਦੀ ਰਾਜਧਾਨੀ ਮਨੀਲਾ ਭੇਜਿਆ ਹੋਇਆ ਹੈ।

ਭਾਈ ਖਾਲੜਾ ਨੇ ਪੱਤਰਕਾਰਾਂ ਕੋਲ ਇਹ ਭੇਦ ਜ਼ਾਹਰ ਕੀਤਾ ਕਿ ਪਿਛਲੇ ਹਫ਼ਤੇ ਕਾਂਗਰਸ ਵਿਧਾਇਕ ਦਲ ਦੇ ਇਕ ਜ਼ਿੰਮੇਵਾਰ ਆਗੂ ਨੇ ਮੈਨੂੰ ਜ਼ਾਤੀ ਤੌਰ ‘ਤੇ ਚੌਕਸ ਕੀਤਾ ਸੀ ਕਿ ਲਾਵਾਰਸ ਲਾਸ਼ਾਂ ਦਾ ਮਾਮਲਾ ਖੁੱਲ੍ਹਣ ਨਾਲ ਪੁਲਸ ਦੇ ਅਫ਼ਸਰ ਬਹੁਤ ਖ਼ਫ਼ਾ ਹੋਏ ਫਿਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁਰਦੇ ਉਖੇੜਨ ਵਾਲੀ ਗੱਲ ਹੈ ਅਤੇ ਇਸ ਮਾਮਲੇ ਦੀ ਪੜਤਾਲ ਅੱਗੇ ਵਧਣ ਦੀ ਸੂਰਤ ਵਿਚ ਉਨ੍ਹਾਂ ਨੇ ਸ੍ਰੀ ਖਾਲੜਾ ਨੂੰ ਖ਼ਤਮ ਕਰਨ ਦਾ ਮਨ ਬਣਾ ਲਿਆ ਹੋਇਆ ਹੈ। ਉਸ ਐਮ.ਐਲ.ਏ. ਨੇ ਭਾਈ ਖਾਲੜਾ ਕੋਲ ਇਹ ਭੇਦ ਵੀ ਜ਼ਾਹਰ ਕਰ ਦਿੱਤਾ ਸੀ ਕਿ ਪੁਲਸ ਦੇ ਅਫ਼ਸਰਾਂ ਨੇ ਖਾਲੜੇ ਨੂੰ ਖ਼ਤਮ ਕਰਨ

ਲਈ ਕਾਂਗਰਸ ਦੇ ਵੱਡੇ ਲੀਡਰਾਂ ਕੋਲੋਂ ਮਨਜ਼ੂਰੀ ਲੈ ਲਈ ਹੋਈ ਹੈ। ਹੋਰ ਅੱਗੇ ਗੱਲ ਕਰਦਿਆਂ ਸ੍ਰੀ ਜਸਵੰਤ ਸਿੰਘ ਖਾਲੜਾ ਨੇ ਕਿਹਾ ਸੀ ਕਿ “ਮੈਨੂੰ ਇਸ ਗੱਲ ਬਾਰੇ ਪਹਿਲਾਂ ਹੀ ਸ਼ੱਕ ਸੀ ਅਤੇ ਹੁਣ ਪੁਲਸ ਨੇ ਉਸ (ਸ਼ੱਕ) ਦੀ ਪੁਸ਼ਟੀ ਕਰ ਦਿੱਤੀ ਹੈ। ਪਰ ਮੈਂ ਆਪਣੀ ਜਾਨ ਬਚਾਉਣ ਨਾਲੋਂ ਅਕਾਲ ਪੁਰਖ ਦੀ ਸ਼ਰਨ ਵਿਚ ਜਾਣਾ ਪਸੰਦ ਕਰਾਂਗਾ । ਮੇਰੀ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਜੇਕਰ ਮੈਨੂੰ ਖ਼ਤਮ ਕਰ ਦਿੱਤਾ ਗਿਆ ਤਾਂ ਇਸ ਦੇ ਲਈ ਕਿਸੇ ਪੁਲਸ ਦੇ ‘ਕੈਟ’ ਜਾਂ ਹੇਠਲੇ ਦਰਜੇ ਦੇ ਕਰਮਚਾਰੀ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਜਗ੍ਹਾ, ਮਨੁੱਖਤਾ ਵਿਰੁੱਧ ਇਸ ਘਿਣਾਉਣੇ ਜੁਰਮ ਲਈ ਸਿੱਧੇ ਰੂਪ ਵਿਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਡੀ.ਜੀ.ਪੀ. ਕੇ.ਪੀ.ਐੱਸ. ਗਿੱਲ ਨੂੰ ਦੋਸ਼ੀ ਮੰਨਿਆ ਜਾਵੇ।”

ਉਸ ਨੇ ਇਸ ਗੱਲ ’ਤੇ ਹੈਰਾਨੀ ਜਤਾਈ ਕਿ ਬੇਅੰਤ ਸਿੰਘ ਤੇ ਕੇ.ਪੀ.ਐੱਸ. ਗਿੱਲ ਨੇ ਸਾਰੇ ਕਾਨੂੰਨੀ ਕਾਇਦੇ-ਕਾਨੂੰਨਾਂ ਤੇ ਅਦਾਲਤੀ ਮਰਯਾਦਾ ਨੂੰ ਛਿੱਕੇ ‘ਤੇ ਟੰਗ ਕੇ ਅਜੀਤ ਸਿੰਘ ਸੰਧੂ ਨੂੰ ਮੁੜ ਤਰਨ ਤਾਰਨ ਵਿਖੇ ਤੈਨਾਤ ਕਰ ਦਿੱਤਾ ਹੈ ਹਾਲਾਂਕਿ ਉਸ ਦੇ ਖ਼ਿਲਾਫ਼ ਹਜ਼ਾਰ ਦੇ ਕਰੀਬ ਨਿਰਦੋਸ਼ ਵਿਅਕਤੀਆਂ ਨੂੰ ਕਤਲ ਕਰਨ ਦੇ ਦੋਸ਼ ਸਾਬਤ ਹੋਣ ਜਾ ਰਹੇ ਹਨ। ਉਸ ਦੇ ਵਿਰੁੱਧ ਬਾਬਾ ਚਰਨ ਸਿੰਘ ਠੱਠੀ ਖਾਰਾ ਦੇ ਕਤਲ ਦੀ ਅਦਾਲਤੀ ਜਾਂਚ ਚੱਲ ਰਹੀ ਹੈ ਅਤੇ ਕਿੰਨੇ ਹੀ ਮਾਮਲਿਆਂ ਵਿਚ ਸੀ.ਬੀ.ਆਈ. ਦੀ ਜਾਂਚ ਚੱਲ ਰਹੀ ਹੈ। ਅਜੀਤ ਸਿੰਘ ਸੰਧੂ ਨੇ ਆਪਣੇ ਖ਼ਿਲਾਫ਼ ਗਵਾਹਾਂ ਨੂੰ ਧਮਕਾਉਣ ਲਈ 21 ਫ਼ਰਵਰੀ ਨੂੰ ਬੀਬੀ ਮਹਿੰਦਰ ਕੌਰ ਦੇ ਪੁੱਤਰ ਰਾਜਵਿੰਦਰ ਸਿੰਘ ਨੂੰ ਘਰੋਂ ਚੁੱਕ ਲਿਆ ਹੈ ਅਤੇ ਫੜ੍ਹ ਮਾਰੀ ਹੈ ਕਿ ਮੈਂ ਪੁਲਸ ਦੇ ਵਿਰੁੱਧ ਸਾਰੀਆਂ ਸ਼ਿਕਾਇਤਾਂ ਦੇ ਮੁੱਦੇ ਹੀ ਗ਼ਾਇਬ ਕਰ ਦੇਵਾਂਗਾ। ਭਾਈ ਖਾਲੜਾ ਨੇ ਮੰਗ ਕੀਤੀ ਕਿ ਤਰਨ ਤਾਰਨ ਦੇ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਦੇ ਵਿਰੁੱਧ ਸਾਰੀਆਂ ਪਟੀਸ਼ਨਾਂ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਦੇ ਹਵਾਲੇ ਕੀਤੀਆਂ ਜਾਣ ਅਤੇ ਤਰਨ ਤਾਰਨ ਦੇ ਦੋਸ਼ੀ ਪੁਲਸ ਅਫ਼ਸਰਾਂ ਦੇ ਵਿਰੁੱਧ ਕੇਸਾਂ ਦੇ ਜਲਦੀ ਨਿਪਟਾਰੇ ਲਈ ਵਿਸ਼ੇਸ਼ ਅਦਾਲਤ ਬਣਾਈ ਜਾਵੇ । ਉਸ ਨੇ ਪੰਜਾਬ ਸਰਕਾਰ ਤੇ ਪੁਲਸ ਨੂੰ ਚੇਤਾਵਨੀ ਦਿੱਤੀ ਕਿ ਉਸ ਕੋਲ ਦੋਸ਼ੀ ਪੁਲਸ ਅਫ਼ਸਰਾਂ ਦੇ ਵਿਰੁੱਧ ਦਸਤਾਵੇਜ਼ੀ ਸਬੂਤ ਹਨ ਜਿਨ੍ਹਾਂ ਨੂੰ ਉਹ ਹਾਈਕੋਰਟ ਦੇ ਬੈਂਚ ਅੱਗੇ ਪੇਸ਼ ਕਰਨ ਲਈ ਤਿਆਰ ਹੈ। ਉਸ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਉਹ ਕਿਸੇ ਪੁਲਸ ਅਫ਼ਸਰ ਨੂੰ ਜ਼ਾਤੀ ਪੱਧਰ ‘ਤੇ ਨਫ਼ਰਤ ਨਹੀਂ ਕਰਦਾ, ਹਾਂ ਇਹ ਗੱਲ ਜ਼ਰੂਰ ਹੈ ਕਿ ਉਹ ਮਾਨਵਤਾ ਤੇ ਗੁਰਮਤਿ ਦੀ ਸੇਵਾ ਕਰ ਰਿਹਾ ਹੈ ਅਤੇ ਇਸ ਪਵਿੱਤਰ ਕਾਜ਼ ਵਿਚ ਪੁਲਸ ਦੇ ਬਹੁਤ ਸਾਰੇ ਅਫ਼ਸਰਾਂ ਨੇ ਉਸ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।

ਕਾਤਲਾਂ ਨੂੰ ਪਟੀਸ਼ਨਾਂ ਦਾ ਭੂਤ ਡਰਾਉਣ ਲੱਗਾ

ਭਾਈ ਜਸਵੰਤ ਸਿੰਘ ਖਾਲੜਾ ਦੇ ਯਤਨਾਂ ਨਾਲ ਪੁਲਸੀ ਦਹਿਸ਼ਤਗਰਦੀ ਦਾ ਗੜ੍ਹ ਬਣੇ ਤਰਨ ਤਾਰਨ ਦੇ ਜ਼ਿਲ੍ਹੇ ਵਿਚ 1994 ਦੇ ਸਾਲ ਦੌਰਾਨ ਪੀੜਤ ਪਰਿਵਾਰਾਂ ਤੇ ਵਿਅਕਤੀਆਂ ਵੱਲੋਂ ਹਤਿਆਰੇ ਪੁਲਸ ਅਫ਼ਸਰਾਂ ਦੇ ਵਿਰੁੱਧ ਹਾਈਕੋਰਟ ਵਿਚ 45 ਦੇ ਕਰੀਬ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਸਨ । ਉਸ ਵੇਲੇ ਅਜੀਤ ਸਿੰਘ ਸੰਧੂ ਨੂੰ ਤਰਨ ਤਾਰਨ ਤੋਂ ਬਦਲ ਕੇ ਰੋਪੜ ਭੇਜਿਆ ਜਾ ਚੁੱਕਾ ਸੀ । ਪਰ ਪੀੜਤ ਪਰਿਵਾਰਾਂ ਵੱਲੋਂ ਹਾਈਕੋਰਟ ਵਿਚ ਵੱਡੀ ਸੰਖਿਆ ‘ਚ ਪਟੀਸ਼ਨਾਂ ਦਾਖ਼ਲ ਕਰਨ ਦੇ ਰੁਝਾਣ ਨੇ ਕਾਤਲਯਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ । ਜਿਸ ਕਰਕੇ ਕੇ.ਪੀ.ਐੱਸ. ਗਿੱਲ ਨੇ ਪਟੀਸ਼ਨ ਕਰਤਾਵਾਂ ਉੱਤੇ ਦਬਾਅ ਪਾ ਕੇ ਪਟੀਸ਼ਨਾਂ ਵਾਪਸ ਕਰਾਉਣ ਲਈ ਫ਼ਰਵਰੀ 1995 ਵਿਚ ਕਾਤਲ ਅਫ਼ਸਰਾਂ ਦੇ ਸਰਗਣੇ ਅਜੀਤ ਸਿੰਘ ਸੰਧੂ ਦੀ ਰੋਪੜ ਤੋਂ ਵਾਪਸ ਤਰਨ ਤਾਰਨ ਦੀ ਬਦਲੀ ਕਰ ਦਿੱਤੀ ਸੀ, ਅਤੇ ਗ਼ੈਰ-ਕਾਨੂੰਨੀ ਹੱਤਿਆਵਾਂ ਕਰਨ ਵਾਲੇ ਗਰੋਹ ਦੇ ਸਾਰੇ ਮੈਂਬਰ ਅਜੀਤ ਸਿੰਘ ਸੰਧੂ ਦੇ ਨਾਲ ਹੀ ਮੁੜ ਤਰਨ ਤਾਰਨ ਵਿਚ ਤੈਨਾਤ ਕਰ ਦਿੱਤੇ ਗਏ ਸਨ।

ਅਜੀਤ ਸਿੰਘ ਸੰਧੂ ਨੇ ਤਰਨ ਤਾਰਨ ਵਿਚ ਚਾਰਜ ਸੰਭਾਲਦਿਆਂ ਹੀ ਪਟੀਸ਼ਨਾਂ ਪਾਉਣ ਵਾਲੇ ਪਰਿਵਾਰਾਂ ਉੱਤੇ ਕਹਿਰਾਂ ਦਾ ਜਬਰ ਢਾਹੁਣਾ ਆਰੰਭ ਕਰ ਦਿੱਤਾ ਸੀ । ਦੁਖੀ ਪਰਿਵਾਰ ‘ਹਿਊਮਨ ਰਾਈਟਸ ਵਿੰਗ’ ਦੇ ਵਰਕਰਾਂ, ਖ਼ਾਸ ਕਰਕੇ ਜਸਵੰਤ ਸਿੰਘ ਖਾਲੜਾ ਕੋਲ ਆ ਕੇ ਆਪਣੇ ਦੁੱਖ ਰੋਣ ਲੱਗੇ । ਭਾਈ ਜਸਵੰਤ ਸਿੰਘ ਖਾਲੜਾ ਨੇ ਪੀੜਤ ਵਿਅਕਤੀਆਂ ਦੀ ਹਰ ਢੰਗ ਨਾਲ ਮੱਦਦ ਕਰਨ ਦਾ ਬੀੜਾ ਚੁੱਕ ਲਿਆ। ਪੁਲਸ ਦੀ ਧੱਕੇਸ਼ਾਹੀ ਬਾਰੇ ਠੋਸ ਤੱਥ ਇਕੱਠੇ ਕਰ ਕੇ ਭਾਰਤ ਦੀਆਂ ਅਦਾਲਤਾਂ, ਸਰਕਾਰ ਵੱਲੋਂ ਮਨੁੱਖੀ ਹੱਕਾਂ ਦੀ ਰਾਖੀ ਲਈ ਬਣਾਏ ਗਏ ‘ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC), ਗਵਰਨਰ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਪਾਰਲੀਮੈਂਟ ਦੇ ਮੈਂਬਰਾਂ ਤੋਂ ਲੈ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀਆਂ ਕੌਮਾਂਤਰੀ ਸੰਸਥਾਵਾਂ ਤੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਤਕ ਹਰ ਜਗ੍ਹਾ ਦਾਦ-ਫ਼ਰਿਆਦ ਕੀਤੀ।

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ‘ਤੇ ਪੰਜਾਬ ਦੇ ਮੁੱਖ ਗ੍ਰਹਿ ਸਕੱਤਰ ਡੀ.ਐੱਸ. ਬੈਂਸ ਦੀ ਅਗਵਾਈ ਹੇਠ ਦੋਸ਼ਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਸੀ ਜਿਸ ਨੇ 25 ਫ਼ਰਵਰੀ 1995 ਨੂੰ ਤਰਨ ਤਾਰਨ ਡੀ.ਸੀ. ਦਫ਼ਤਰ ਦੇ ਸਾਹਮਣੇ ਵੱਡੇ ਇਕੱਠ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਸਨ। ਤਰਨ ਤਾਰਨ ਤੋਂ ਦੋ ਵਾਰ ਲੋਕ ਸਭਾ ਮੈਂਬਰ ਬਣੇ ਤੇ ਇਕ ਵਾਰ ਪੰਜਾਬ ਵਿਚ ਅਕਾਲੀ ਸਰਕਾਰ ਵਿਚ ਵਜ਼ੀਰ ਰਹਿ ਚੁੱਕੇ ਮੇਜਰ ਸਿੰਘ ਉਬੋਕੇ ਬਿਰਧ ਅਵਸਥਾ ਵਿਚ ਕਮੇਟੀ ਅੱਗੇ ਆਪਣਾ ਦੁੱਖ ਰੋਣ ਲਈ ਪਹੁੰਚੇ ਸਨ। ਉਸ ਨੇ ਦੱਸਿਆ ਕਿ 29 ਨਵੰਬਰ 1991 ਨੂੰ ਉਸ ਦੇ ਦੋ ਭਤੀਜਿਆਂ – ਸੁਖਰਾਜ ਸਿੰਘ ਉਬੋਕੇ ਤੇ ਰਸਾਲ ਸਿੰਘ ਪਿੰਡ ਬੁਰਜ ਨੱਥੂ ਕੇ- ਨੂੰ ਡੀ.ਐੱਸ.ਪੀ. ਨੇ ਘਰੋਂ ਚੁੱਕਿਆ ਸੀ। ਉਸ ਤੋਂ ਬਾਅਦ ਅਸੀਂ ਉਨ੍ਹਾਂ ਮੁੰਡਿਆਂ ਨੂੰ ਲੱਭ ਲੱਭ ਕੇ ਥੱਕ ਗਏ ਹਾਂ ਪਰ ਅਜੇ ਤਕ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਮਿਲਿਆ। ਗੰਡੀਵਿੰਡ ਪਿੰਡ ਦੇ 85 ਸਾਲਾਂ ਦੇ ਬਜ਼ੁਰਗ ਦਰਬਾਰਾ ਸਿੰਘ ਨੇ ਜਦੋਂ ਆਪਣੇ ਦੋ ਲੜਕਿਆਂ ਕਰਨੈਲ ਸਿੰਘ ਤੇ ਗੁਰਦਿਆਲ ਸਿੰਘ ਨੂੰ ਘਰੋਂ ਅਗ਼ਵਾ ਕਰ ਕੇ ਲਾ-ਪਤਾ ਕਰ ਦੇਣ ਦੀ ਵਿਥਿਆ ਸੁਣਾਈ ਤਾਂ ਉਹ ਜ਼ੋਰ ਲਾਉਣ ਦੇ ਬਾਵਜੂਦ ਆਪਣਾ ਰੋਣਾ ਨਾ ਡੱਕ ਸਕਿਆ। ਉਸ ਨੇ ਕਮੇਟੀ ਮੈਂਬਰਾਂ ਨੂੰ ਮੁਖ਼ਾਤਿਬ ਹੁੰਦਿਆਂ ਪੁੱਛਿਆ ਕਿ ਮੇਰੇ ਦੋਵਾਂ ਲੜਕਿਆਂ ਨੂੰ ਕਿਉਂ ਕਤਲ ਕੀਤਾ ਗਿਆ, ਮੈਨੂੰ ਏਸ ਸੁਆਲ ਦਾ ਜਵਾਬ ਚਾਹੀਦਾ ਹੈ। ਕਮੇਟੀ ਅੱਗੇ ਤਰਨ ਤਾਰਨ ਜ਼ਿਲ੍ਹੇ ਦੇ 80 ਪੀੜਤ ਪਰਿਵਾਰ ਪੇਸ਼ ਹੋਏ ਸਨ ਤੇ ਹਰ ਪਰਿਵਾਰ ਨੇ ਇਕ ਦੂਜੇ ਨਾਲੋਂ ਵੱਧ ਦਰਦਨਾਕ ਕਹਾਣੀ ਸੁਣਾਈ ਸੀ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਉਤਲੇ ਪੱਧਰ ਦੇ ਅਫ਼ਸਰ ਸ਼ਮਸ਼ਾਨਘਾਟਾਂ ਦੇ ਰਿਕਾਰਡ ਦੀ ਛਾਣਬੀਣ ਕਰਨ ਉਪਰੰਤ ਉਦੋਂ ਤਕ ਇਕੱਲੇ ਤਰਨ ਤਾਰਨ ਜ਼ਿਲ੍ਹੇ ਵਿਚ ‘ਅਣਪਛਾਤੀਆਂ’ ਕਹਿ ਕੇ ਸਾੜੀਆਂ ਗਈਆਂ 715 ਲਾਸ਼ਾਂ ਦੀ ਪਛਾਣ ਕਰਨ ਵਿਚ ਸਫਲ ਹੋ ਗਏ ਸਨ । ਜਿਸ ਨਾਲ ਕੇ.ਪੀ.ਐੱਸ. ਗਿੱਲ ਵੱਲੋਂ ਇਕ ਮਹੀਨਾ ਪਹਿਲਾਂ ਪ੍ਰੈਸ ਸਾਹਮਣੇ ਬੋਲੇ ਝੂਠਾਂ ਦੀ ਪੋਲ ਨੰਗੀ ਹੋ ਗਈ ਸੀ।

28 ਜੁਲਾਈ 1995 ਨੂੰ ‘ਹਿਊਮਨ ਰਾਈਟਸ ਵਿੰਗ’ ਦੇ ਸੱਦੇ ‘ਤੇ ਭਾਈ ਖਾਲੜਾ ਦੇ ਘਰ (8, ਕਬੀਰ ਪਾਰਕ) ਇਕ ਵੱਡੀ ਪ੍ਰੈਸ ਕਾਨਫ਼ਰੰਸ ਬੁਲਾਈ ਗਈ ਜਿਸ ਵਿਚ ਤਰਨ ਤਾਰਨ ਜ਼ਿਲ੍ਹੇ ਦੇ ਦਰਜਨ ਤੋਂ ਵੱਧ ਪੀੜਤ ਪਰਿਵਾਰਾਂ ਨੂੰ ਪ੍ਰੈਸ ਰਿਪੋਰਟਰਾਂ ਦੇ ਸਨਮੁੱਖ ਕੀਤਾ ਗਿਆ। ਪੀੜਤ ਪਰਿਵਾਰਾਂ ਨੇ ਪੱਤਰਕਾਰਾਂ ਦੇ ਸਾਹਮਣੇ ਉਨ੍ਹਾਂ ਉੱਤੇ ਕੀਤੇ ਜਾ ਰਹੇ ਵਹਿਸ਼ੀ ਜ਼ੁਲਮਾਂ ਦੀਆਂ ਦਿਲ-ਕੰਬਾਊ ਕਹਾਣੀਆਂ ਬਿਆਨ ਕੀਤੀਆਂ। ਅਗਲੇ ਦਿਨ 29 ਜੁਲਾਈ ਨੂੰ ਅਖ਼ਬਾਰੀ ਨੁਮਾਇੰਦਿਆਂ ਨੇ ਆਪਣੇ ਕੰਨਾਂ ਨਾਲ ਸੁਣੀਆਂ ਜਬਰ ਦੀਆਂ ਵਾਰਦਾਤਾਂ ਬਾਰੇ ਅਖ਼ਬਾਰਾਂ ਵਿਚ ਭਰਵੀਆਂ ਰਿਪੋਰਟਾਂ ਛਾਪੀਆਂ। ਹੇਠਾਂ 29 ਜੁਲਾਈ ਦੇ ਅਖ਼ਬਾਰਾਂ ਵਿਚ ਛਪੀਆਂ ਰਿਪੋਰਟਾਂ ‘ਚੋਂ ਕੁੱਝ ਨਮੂਨੇ ਦਿੱਤੇ ਜਾ ਰਹੇ ਹਨ :

(ੳ) ਬਲਵਿੰਦਰ ਸਿੰਘ ਝਬਾਲ ਦੀ ਹੱਡ-ਬੀਤੀ

ਬਲਵਿੰਦਰ ਸਿੰਘ ਝਬਾਲ ਲਗਭਗ 9 ਸਾਲਾਂ ਤੋਂ ਪੰਜਾਬ ਪੁਲਸ ਵਿਚ ਹੌਲਦਾਰ ਦੇ ਅਹੁਦੇ ‘ਤੇ ਤਰਨ ਤਾਰਨ ਜ਼ਿਲ੍ਹੇ ਵਿਚ ਹੀ ਨੌਕਰੀ ਕਰਦਾ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਸਕੇ ਸਾਲੇ, ਜਿਸ ਦਾ ਨਾਂ ਵੀ ਬਲਵਿੰਦਰ ਸਿੰਘ ਹੀ ਸੀ ਅਤੇ ਜਿਹੜਾ ਝਬਾਲ ਖੁਰਦ ਦਾ ਰਹਿਣ ਵਾਲਾ ਸੀ, ਨੂੰ ਝਬਾਲ ਥਾਣੇ ਦੇ ਐੱਸ.ਐੱਚ.ਓ. ਬਲਵੀਰ ਸਿੰਘ ਤੇ ਏ.ਐੱਸ.ਆਈ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਟੋਲੀ ਨੇ 8 ਮਾਰਚ 1993 ਨੂੰ ਘਰੋਂ ਚੁੱਕ ਲਿਆ ਸੀ। ਉਸ ਨੂੰ ਸਿੱਧਾ ਸੀ.ਆਈ.ਏ. ਸਟਾਫ਼ ਤਰਨ ਤਾਰਨ ਵਿਚ ਲਿਜਾ ਕੇ ਭਾਰੀ ਤਸੀਹੇ ਦਿੱਤੇ ਗਏ। ਅਗਲੇ ਦਿਨ ਉਸ ਨੂੰ ਇਕ ਕੈਂਟਰ ਵਿਚ ਪਿੰਡ ਲਿਆ ਕੇ ਲੋਕਾਂ ਦੇ ਸਾਹਮਣੇ ਏਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ ਸੀ। ਉਸ ਦੇ ਸਿਰ ‘ਚੋਂ ਲਹੂ ਦੀਆਂ ਘਰਾਲਾਂ ਵਗਣ ਲੱਗ ਪਈਆਂ ਸਨ । ਇਨਸਪੈਕਟਰ ਕਸ਼ਮੀਰਾ ਸਿੰਘ ਤੇ ਉਸ ਦੇ ਸਾਥੀ ਪੁਲਸ ਵਾਲੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਹੀ ਕੈਂਟਰ ਵਿਚ ਸੁੱਟ ਕੇ ਟੈਂਕਰ ਭਜਾ ਕੇ ਲੈ ਗਏ। ਉਸ ਦੀ ਉਸੇ ਦਿਨ ਹੀ ਮੌਤ ਹੋ ਗਈ ਸੀ ਅਤੇ ਰਾਤ ਨੂੰ ਪੁਲਸ ਨੇ ਉਸ ਦੀ ਲਾਸ਼ ਬਿਆਸ ਦਰਿਆ ਵਿਚ ਰੋੜ੍ਹ ਦਿੱਤੀ ਸੀ। ਪਰ ਇਸ ਬਾਰੇ ਉਸ ਦੇ ਘਰਦਿਆਂ ਨੂੰ ਹਨੇਰੇ ਵਿਚ ਰੱਖਿਆ ਗਿਆ ਸੀ । ਉਸ ਦਾ ਤਾਇਆ ਭਗਵੰਤ ਸਿੰਘ ਆਪਣੇ ਪਿੰਡ ਦਾ ਸਰਪੰਚ, ਤਕੜਾ ਜ਼ਿਮੀਂਦਾਰ ਤੇ ਇਲਾਕੇ ਵਿਚ ਕਾਂਗਰਸ ਦਾ ਮੰਨਿਆ-ਪ੍ਰਮੰਨਿਆ ਆਗੂ ਸੀ । ਉਸ ਨੇ ਆਪਣੇ ਰਾਜਨੀਤਕ ਅਸਰ ਰਸੂਖ਼ ਦੇ ਆਸਰੇ ਆਪਣੇ ਭਤੀਜੇ ਦਾ ਥਹੁ-ਪਤਾ ਲਾਉਣ ਲਈ ਪੂਰੀ ਭੱਜ-ਨੱਠ ਕੀਤੀ, ਪਰ ਕਿਤੋਂ ਕੋਈ ਸੂਹ ਨਾ ਨਿਕਲੀ । ਥੱਕ ਹਾਰ ਕੇ ਬਲਵਿੰਦਰ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਪਾ ਦਿੱਤੀ । ਪਟੀਸ਼ਨ ਪਾਉਣ ਤੋਂ ਬਾਅਦ ਅਜੀਤ ਸਿੰਘ ਸੰਧੂ ਨੇ 27 ਮਾਰਚ ਨੂੰ ਹੌਲਦਾਰ ਬਲਵਿੰਦਰ ਸਿੰਘ, ਜਿਹੜਾ ਉਸ ਵੇਲੇ ਐੱਸ.ਐੱਸ.ਪੀ. ਦੇ ਦਫ਼ਤਰ ਵਿਚ ਹੀ ਤੈਨਾਤ ਸੀ, ਨੂੰ ਆਪਣੀ ਕੋਠੀ ਵਿਚ ਬੁਲਾਇਆ ਅਤੇ ਉਸ ਨੂੰ ਰੋਹਬ ਮਾਰ ਕੇ ਕਿਹਾ ਕਿ ਉਹ ਆਪਣੇ ਸਹੁਰੇ ਅਵਤਾਰ ਸਿੰਘ ਉੱਤੇ ਪਟੀਸ਼ਨ ਵਾਪਸ ਕਰਵਾਉਣ ਲਈ ਜ਼ੋਰ ਪਾਵੇ। ਉਸ ਨੂੰ ਡਰਾਵੇ ਤੇ ਧਮਕੀਆਂ ਦਿੱਤੀਆਂ ਗਈਆਂ। ਉਸ ਨੂੰ ਉਸ ਤੋਂ ਪਹਿਲਾਂ ਹੀ ਐੱਸ.ਐੱਸ.ਪੀ. ਦੇ ਦਫ਼ਤਰ ਤੋਂ ਬਦਲ ਕੇ ਪੁਲਸ ਲਾਈਨ ਭੇਜਣ ਦੇ ਹੁਕਮ ਜਾਰੀ ਹੋ ਚੁੱਕੇ ਸਨ । ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਸ ਨੇ ਜਦੋਂ 29 ਮਾਰਚ ਨੂੰ ਪੁਲਸ ਲਾਈਨ ਹਾਜ਼ਰੀ ਭਰੀ ਤਾਂ ਉਥੇ ਉਸ ਨੂੰ ਹੋਰ ਬਹੁਤ ਸਾਰੇ ਪੁਲਸ ਵਾਲੇ ਮਿਲੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੁਲਸ ਨੇ ਏਸੇ ਤਰ੍ਹਾਂ ਮਾਰ ਦਿੱਤਾ ਸੀ।

ਅਗਲੇ ਦਿਨ ਬਲਵਿੰਦਰ ਸਿੰਘ ਨੂੰ ਪੁਲਸ ਲਾਈਨ ਤੋਂ ਬਦਲ ਕੇ ਵਲਟੋਹੇ ਥਾਣੇ ਦੇ ਤੂਤ ਪਿੰਡ ਦੀ ਚੌਂਕੀ ਵਿਚ ਭੇਜ ਦਿੱਤਾ। ਬਲਵਿੰਦਰ ਸਿੰਘ ਨੇ ਤੰਗ ਆ ਕੇ ਛੁੱਟੀ ਲਈ ਅਰਜ਼ੀ ਦੇ ਦਿੱਤੀ, ਪਰ ਉਸ ਵੱਲੋਂ ਤਰਲੇ ਪਾਉਣ ਦੇ ਬਾਵਜੂਦ ਉਸ ਦੀ ਛੁੱਟੀ ਦੀ ਅਰਜ਼ੀ ਮਨਜ਼ੂਰ ਨਾ ਕੀਤੀ ਗਈ। ਅਜੀਤ ਸਿੰਘ ਸੰਧੂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਪਟੀਸ਼ਨ ਵਾਪਸ ਨਾ ਕਰਵਾਈ ਤਾਂ ਉਸ ਨੂੰ ਧਾਰਾ 311 ਲਾ ਕੇ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਜਾਵੇਗਾ। ਅਖ਼ੀਰ ਵਿਚ ਬਲਵਿੰਦਰ ਸਿੰਘ ਨੇ ਦੁਖੀ ਹੋ ਕੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਜਦੋਂ ਕਿ ਉਸ ਦੀ ਨੌਕਰੀ ਦੇ ਉਦੋਂ 21 ਸਾਲ ਬਾਕੀ ਸਨ। ਬਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ: “ਮੈਂ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਦਰਖ਼ਾਸਤਾਂ ਭੇਜੀਆਂ ਕਿ ਮੈਨੂੰ ਅਜੀਤ ਸਿੰਘ ਸੰਧੂ ਤੋਂ ਬਚਾਇਆ ਜਾਵੇ। ਜਦੋਂ ਕਿਤੇ ਵੀ ਸੁਣਵਾਈ ਨਾ ਹੋਈ ਤਾਂ ਅਪਰੈਲ 1995 ਵਿਚ ਮੈਂ ਜਸਵੰਤ ਸਿੰਘ ਖਾਲੜਾ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਛੇਤੀ ਆ ਕੇ ਮਿਲੋ। ਕੁਛ ਹੀ ਦਿਨਾਂ ਬਾਅਦ ਖਾਲੜਾ ਤੇ ਰਾਮ ਨਰਾਇਣ ਕੁਮਾਰ ਮੈਨੂੰ ਮੇਰੇ ਘਰ ਮਿਲਣ ਆ ਗਏ। ਮੈਨੂੰ ਉਨ੍ਹਾਂ ਨੇ ਹਰ ਕਾਨੂੰਨੀ ਮੱਦਦ ਦੇਣ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਮੇਰਾ ਜਸਵੰਤ ਸਿੰਘ ਖਾਲੜਾ ਨਾਲ ਰੈਗੂਲਰ ਰਾਬਤਾ ਬਣ ਗਿਆ। ਅਜੀਤ ਸਿੰਘ ਸੰਧੂ ਨੇ ਮੇਰਾ ਅਸਤੀਫ਼ਾ ਰੋਕੀ ਰੱਖਿਆ ਅਤੇ ਮੈਨੂੰ ਤੂਤ ਚੌਂਕੀ ਵਿਚ ਨਜ਼ਰਬੰਦ ਕਰ ਦਿੱਤਾ। ਅਖ਼ੀਰ ਮੈਂ ਵਕੀਲਾਂ ਰਾਹੀਂ ਸੰਧੂ ਨੂੰ ਨੋਟਿਸ ਭੇਜ ਕੇ 10 ਜੁਲਾਈ 1995 ਨੂੰ ਰਿਟਾਇਰਮੈਂਟ ਲੈ ਲਈ। ਫਿਰ ਮੈਂ ਵੀ ਭਾਈ ਖਾਲੜਾ ਨਾਲ ਕੰਮ ਕਰਨ ਲੱਗ ਪਿਆ। ਅਜੀਤ ਸਿੰਘ ਸੰਧੂ ਨੂੰ ਆਪਣੇ ਮੁਖ਼ਬਰਾਂ ਰਾਹੀਂ ਸਾਰੀ ਖ਼ਬਰ ਮਿਲ ਰਹੀ ਸੀ । ਉਹ ਮੁਕੱਦਮੇ ਦਾਇਰ ਹੋਣ ਤੋਂ ਬਹੁਤ ਘਬਰਾ ਗਿਆ ਸੀ।”

(ਅ) ਬੀਬੀ ਹਰਭਜਨ ਕੌਰ (ਝਾਮਕੇ) ਦੇ ਦੁੱਖਾਂ ਦੀ ਵਿੱਥਿਆ

ਝਾਮਕੇ ਪਿੰਡ ਦੀ ਬੀਬੀ ਹਰਭਜਨ ਕੌਰ ਨੇ ਜਦੋਂ ਪ੍ਰੈਸ ਕਾਨਫ਼ਰੰਸ ਅੰਦਰ, ਉਸ ਦੇ ਪਰਿਵਾਰ ਲਈ ਆਫ਼ਤ ਬਣ ਕੇ ਪਹੁੰਚੇ ਪੁਲਸੀ ਦਰਿੰਦਿਆਂ ਦੇ ਵਹਿਸ਼ੀਪੁਣੇ ਦੀ ਵਿੱਥਿਆ ਸੁਣਾਈ ਤਾਂ ਪੱਤਰਕਾਰਾਂ ਦੇ ਚਿਹਰੇ ਗ਼ਮਗੀਨ ਹੋ ਗਏ ਸਨ । ਬੀਬੀ ਹਰਭਜਨ ਕੌਰ ਦਾ ਪਰਿਵਾਰ ਕੁੱਝ ਸਾਲ ਪਹਿਲਾਂ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦੇ ਮੰਤਵ ਨਾਲ ਪਿੰਡ ਛੱਡ ਕੇ ਤਰਨ ਤਾਰਨ ਰਹਿਣ ਲੱਗ ਪਿਆ ਸੀ । ਉਸ ਨੇ ਦੱਸਿਆ ਕਿ 20 ਜੁਲਾਈ 1992 ਨੂੰ ਜਦੋਂ ਘਰ ਵਿਚ ਉਸ ਦੀਆਂ ਦੋ ਨੌਜਵਾਨ ਧੀਆਂ ਮਨਜੀਤ ਕੌਰ (ਉਮਰ 21 ਸਾਲ) ਤੇ ਜਸਬੀਰ ਕੌਰ (ਉਮਰ 19 ਸਾਲ) ਬਿਲਕੁਲ ਇਕੱਲੀਆਂ ਸਨ, ਤਾਂ ਤਰਨ ਤਾਰਨ ਦਾ ਡੀ.ਐੱਸ.ਪੀ. ਦਿਲਬਾਗ ਸਿੰਘ ਤੇ ਐੱਸ.ਐੱਚ.ਓ. ਗੁਰਬਚਨ ਸਿੰਘ ਉਨ੍ਹਾਂ ਦੋਵਾਂ ਨੂੰ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਏ। ਜਦੋਂ ਉਸ ਦਾ ਪੁੱਤਰ ਕੰਵਲਜੀਤ ਸਿੰਘ ਆਪਣੀਆਂ ਭੈਣਾਂ ਦਾ ਪਤਾ ਕਰਨ ਗਿਆ ਤਾਂ ਪੁਲਸ ਨੇ ਉਸ ਨੂੰ ਝੂਠ ਬੋਲ ਕੇ ਕਿਸੇ ਪੇਂਡੂ ਚੌਂਕੀ ਭੇਜ ਦਿੱਤਾ। ਅਗਲੇ ਦਿਨ ਡੀ.ਐੱਸ.ਪੀ. ਅਸ਼ੋਕ ਕੁਮਾਰ ਕੰਵਲਜੀਤ ਤੋਂ ਛੋਟੇ ਜਤਿੰਦਰ ਸਿੰਘ ਨੂੰ, ਜਿਹੜਾ ਉਸ ਵੇਲੇ ਤਰਨ ਤਾਰਨ ਦੇ ਖ਼ਾਲਸਾ ਸਕੂਲ ਵਿਚ ਪੜ੍ਹਦਾ ਸੀ, ਘਰਦਿਆਂ ਦੇ ਸਾਹਮਣੇ ਹੀ ਘਰੋਂ ਚੁੱਕ ਕੇ ਲੈ ਗਿਆ। ਬੀਬੀ ਹਰਭਜਨ ਕੌਰ ਨੇ ਆਪਣੀ ਚੁੰਨੀ ਨਾਲ ਅੱਥਰੂ ਪੂੰਝਦੇ ਹੋਏ ਦੱਸਿਆ ਕਿ ਜਤਿੰਦਰ ਸਿੰਘ ਨੂੰ ਉਸੇ ਰਾਤ ਹੀ ਡਾਲੇ ਕੇ ਪਿੰਡ ਦੇ ਨੇੜੇ ਲਿਜਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਅਤੇ ਅਗਲੇ ਦਿਨ ਅਖ਼ਬਾਰਾਂ ਵਿਚ ਉਸ ਦੇ ਪੁਲਸ ਮੁਕਾਬਲੇ ‘ਚ ਮਾਰੇ ਜਾਣ ਦੀ ਮੋਟੀ ਖ਼ਬਰ ਛਪ ਗਈ ਸੀ। ਕੁੱਝ ਦਿਨਾਂ ਬਾਅਦ ਕੁੜੀਆਂ ਤਾਂ ਛੱਡ ਦਿੱਤੀਆਂ ਪਰ ਕੰਵਲਜੀਤ ਸਿੰਘ ਦਾ ਕੋਈ ਥਹੁ-ਪਤਾ ਨਾ ਚੱਲਿਆ । ਉਸ ਦੇ ਬਾਪ ਜਗੀਰ ਸਿਘ ਨੇ ਆਪਣੇ ਪੁੱਤਰ ਨੂੰ ਛੁਡਾਉਣ ਲਈ ਦਿਨ ਰਾਤ ਇਕ ਕਰ ਦਿੱਤਾ। ਅਖ਼ੀਰ ਵਿਚ ਕਿਸੇ ਨੇ ਜਗੀਰ ਸਿੰਘ ਨੂੰ ਨਿਹੰਗ ਅਜੀਤ ਸਿੰਘ ਪੂਹਲੇ ਤਕ ਪਹੁੰਚ ਕਰਨ ਦੀ ਨਸੀਹਤ ਦਿੱਤੀ। ਨਿਹੰਗ ਪੂਹਲਾ ਉਨ੍ਹੀਂ ਦਿਨੀਂ ਪੰਜਾਬ ਪੁਲਸ ਦੇ ਉਪਰਲੇ ਅਫ਼ਸਰਾਂ ਦਾ ਖ਼ਾਸ ਚਹੇਤਾ ਸੀ ਅਤੇ ਉਹ ਪੁਲਸ ਦੇ ਹਰੇਕ ਗੰਦੇ ਕਰਮ ਵਿਚ ਭਾਈਵਾਲ ਹੁੰਦਾ ਸੀ। ਜਗੀਰ ਸਿੰਘ ਅਕਤੂਬਰ ਵਿਚ ਪੂਹਲੇ ਦੇ ਕਿਸੇ ਜਾਣੂੰ ਨੂੰ ਨਾਲ ਲੈ ਕੇ ਉਸ ਕੋਲ ਚਲਾ ਗਿਆ। ਪੂਹਲੇ ਨੇ ਮੁੰਡਾ ਛੁਡਾਉਣ ਦਾ ਵਾਅਦਾ ਤਾਂ ਕਰ ਲਿਆ ਪਰ ਇਸ ਦੇ ਬਦਲੇ ਕੋਈ ਸ਼ਰਤ ਰੱਖ ਦਿੱਤੀ ਸੀ। ਦੁਖੀ ਪਰਿਵਾਰ ਨੇ ਮੁੰਡੇ ਦੀ ਜਾਨ ਬਚਾਉਣ ਲਈ ਗੁੰਡੇ ਨਿਹੰਗ ਦੀ ਸ਼ਰਤ ਵੀ ਪੂਰੀ ਕਰ ਦਿੱਤੀ। ਨਿਹੰਗ ਕਹਿੰਦਾ ਖੇਮਕਰਨ ਦੇ ਐੱਸ.ਐੱਚ.ਓ. ਸੁਖਚੈਨ ਸਿੰਘ ਕੋਲ ਜਾ ਕੇ ਮੁੰਡਾ ਲੈ ਆਓ। ਸ. ਜਗੀਰ ਸਿੰਘ ਤੇ ਉਸ ਦਾ ਸਾਥੀ ਜਦੋਂ ਵੈਨ (ਪੀ ਬੀ 02- 3202) ਰਾਹੀਂ ਪੂਹਲੇ ਪਿੰਡ ਤੋਂ ਖੇਮਕਰਨ ਦੇ ਰਾਹ ਪਏ ਤਾਂ ਭਿਖੀਵਿੰਡ ਨੇੜੇ ਐੱਸ.ਐੱਚ.ਓ. ਤੇਗ਼ ਬਹਾਦਰ ਨੇ ਵੈਨ ਰੋਕ ਲਈ ਤੇ ਜਗੀਰ ਸਿੰਘ ਨੂੰ ਧੂਹ ਕੇ ਬਾਹਰ ਕੱਢ ਲਿਆ। ਉਸ ਤੋਂ ਬਾਅਦ ਜਗੀਰ ਸਿੰਘ ਤੇ ਉਸ ਦੇ ਪੁੱਤਰ ਕੰਵਲਜੀਤ ਸਿੰਘ ਦੀ ਅੱਜ ਤਕ ਕੋਈ ਸੂਹ ਨਹੀਂ ਮਿਲੀ । ਸਪੱਸ਼ਟ ਹੈ ਕਿ ਦੋਵਾਂ ਨੂੰ ਪੁਲਸ ਨੇ ਮਾਰ ਕੇ ਲਾਸ਼ਾਂ ਨੂੰ ਕਿਧਰੇ ਖਪਾ ਦਿੱਤਾ।

ਪਤੀ ਤੇ ਦੋ ਜੁਆਨ ਪੁੱਤਰ ਗੁਆ ਲੈਣ ਤੋਂ ਬਾਅਦ ਬੀਬੀ ਹਰਭਜਨ ਕੌਰ ਆਪਣੀਆਂ ਧੀਆਂ ਦੀ ਇਜ਼ਤ ਬਚਾਉਣ ਲਈ ਤਰਨ ਤਾਰਨ ਵਾਲਾ ਘਰ ਛੱਡ ਕੇ ਮੁੜ ਆਪਣੇ ਪਿੰਡ ਆ ਵੱਸੀ। ਤਰਨ ਤਾਰਨ ਵਾਲੇ ਘਰ ‘ਤੇ ਸੀ.ਆਈ.ਏ. ਦੇ ਇਨਸਪੈਕਟਰ ਰਾਮ ਨਾਥ ਨੇ ਕਬਜ਼ਾ ਕਰ ਲਿਆ। ਬੀਬੀ ਹਰਭਜਨ ਕੌਰ ਨੇ ਹਿਊਮਨ ਰਾਈਟਸ ਵਿੰਗ ਦੇ ਆਗੂਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੇ ਦੁੱਖਾਂ ਦੀ ਵਿਥਿਆ ਸੁਣਾਈ। ਹਿਊਮਨ ਰਾਈਟਸ ਵਿੰਗ ਨੇ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਪੀੜਤ ਪਰਿਵਾਰ ਲਈ ਰਾਹਤ ਦੀ ਮੰਗ ਕੀਤੀ। ਪਟੀਸ਼ਨ ਤੋਂ ਬਾਅਦ ਇਨਸਪੈਕਟਰ ਰਾਮ ਨਾਥ ਨੇ ਝਾਮਕੇ ਪਿੰਡ ਪਹੁੰਚ ਕੇ ਬੀਬੀ ਹਰਭਜਨ ਕੌਰ ਨੂੰ ਘਰ ਦੀਆਂ ਚਾਬੀਆਂ ਸੌਂਪ ਦਿੱਤੀਆਂ। ਉਸ ਨੂੰ ਘਰ ਤਾਂ ਵਾਪਸ ਮਿਲ ਗਿਆ ਪਰ ਪਤੀ ਤੇ ਦੋ ਪੁੱਤਰਾਂ ਦੇ ਕਤਲਾਂ ਦਾ ਇਨਸਾਫ਼ ਅਜੇ ਤਕ ਨਹੀਂ ਮਿਲਿਆ।

(ੲ) ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਉੱਤੇ ਪੁਲਸੀ ਕਹਿਰ

‘ਖ਼ਾਲਿਸਤਾਨ ਕਮਾਂਡੋ ਫ਼ੋਰਸ’ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਦਾਦੇ ਸ. ਅਰਜਨ ਸਿੰਘ ਨੇ ਅਖ਼ਬਾਰੀ ਨੁਮਾਇੰਦਿਆਂ ਦੇ ਸਾਹਮਣੇ, ਉਸ ਦੇ ਪਰਿਵਾਰ ਉੱਤੇ ਪੁਲਸ ਵੱਲੋਂ ਢਾਹੇ ਗਏ ਕਹਿਰ ਦਾ ਸਾਰਾ ਕਿੱਸਾ ਬਿਆਨ ਕੀਤਾ ਸੀ। ਜਿਸ ਮੁਤਾਬਿਕ ‘ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਝਬਾਲ ਥਾਣੇ ਦੀ ਪੁਲਸ ਨੇ 20 ਨਵੰਬਰ 1992 ਨੂੰ ਘਰੋਂ ਚੁੱਕ ਲਿਆ ਸੀ । ਉਸ ਨੂੰ ਚਾਰ ਪੰਜ ਦਿਨ ਤਾਂ ਝਬਾਲ ਥਾਣੇ ਵਿਚ ਰੱਖਿਆ ਤੇ ਫਿਰ ਮਾਨੋਚਾਹਲ ਪਿੰਡ ਦੀ ਪੁਲਸ ਚੌਂਕੀ ਵਿਚ ਭੇਜ ਦਿੱਤਾ। ਉਸ ਵੇਲੇ ਚੌਂਕੀ ਦਾ ਇਨਚਾਰਜ ਰਾਜ ਕੁਮਾਰ ਸੀ ਜਿਹੜਾ ਖਾੜਕੂ ਸਿੰਘਾਂ ਦੇ ਪਰਿਵਾਰਾਂ ਉੱਤੇ ਅੰਨ੍ਹਾ ਤਸ਼ੱਦਦ ਕਰਨ ਵਿਚ ਮੋਹਰੀ ਸੀ। ਹਫ਼ਤੇ ਕੁ ਬਾਅਦ ਪੁਲਸ ਨੇ ਪਰਮਜੀਤ ਸਿੰਘ ਪੰਜਵੜ ਦੀ ਭਰਜਾਈ ਸੁਖਜਿੰਦਰ ਕੌਰ ਤੇ ਉਸ ਦੇ ਮਾਤਾ ਪਿਤਾ (ਪਿੰਡ ਰਾਣੀਆ ਥਾਣਾ ਧਾਰੀਵਾਲ) ਨੂੰ ਫੜ ਕੇ ਝਬਾਲ ਥਾਣੇ ਵਿਚ ਬੰਦ ਕਰ ਦਿੱਤਾ ਜਿਥੋਂ ਸੁਖਜਿੰਦਰ ਕੌਰ ਦੇ ਮਾਤਾ ਪਿਤਾ ਨੂੰ ਤਾਂ 15 ਦਿਨਾਂ ਪਿੱਛੋਂ ਰਿਹਾਅ ਕਰ ਦਿੱਤਾ ਪਰ ਉਸ ਨੂੰ 22 ਦਿਨ ਹਿਰਾਸਤ ਵਿਚ ਰੱਖਿਆ। ਉਸ ਤੋਂ ਵੀਹ ਕੁ ਦਿਨ ਬਾਅਦ ਪਰਮਜੀਤ ਸਿੰਘ ਪੰਜਵੜ ਦੇ ਦਾਦੇ ਸ. ਅਰਜਨ ਸਿੰਘ ਨੂੰ ਫੜ ਕੇ ਉਸ ਉੱਤੇ ਏਨਾ ਤਸ਼ੱਦਦ ਕੀਤਾ ਕਿ ਉਸ ਦਾ ਮੋਢਾ ਉਤਰ ਗਿਆ, ਜਿਸ ਦਾ ਕੋਈ ਇਲਾਜ ਨਾ ਕਰਾਇਆ ਗਿਆ। 26 ਨਵੰਬਰ ਨੂੰ ਪਰਮਜੀਤ ਸਿੰਘ ਦੇ ਭਰਾ ਅਮਰਜੀਤ ਸਿੰਘ, ਜਿਹੜਾ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ ਵਿਚ ਨੌਕਰੀ ਕਰਦਾ ਸੀ, ਨੂੰ ਵੀ ਚੁੱਕ ਕੇ ਥਾਣੇ ਵਿਚ ਬੰਦ ਕਰ ਦਿੱਤਾ ਸੀ। ਉਸ ਨੂੰ ਦਸਾਂ ਮਹੀਨਿਆਂ ਪਿੱਛੋਂ ਜਾ ਕੇ 30 ਸਤੰਬਰ 1993 ਨੂੰ ਛੱਡਿਆ ਗਿਆ ਸੀ। ਨਵੰਬਰ ਵਿਚ ਹੀ ਪਰਮਜੀਤ ਸਿੰਘ ਦੀ ਭੂਆ ਕੈਲਾਸ਼ ਕੌਰ ਜੋ ਪਿੰਡ ਠਰੂ ਵਿਆਹੀ ਹੋਈ ਸੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਉਸ ਨੂੰ ਚਾਰ ਮਹੀਨੇ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਤੋਂ ਪਿੱਛੋਂ ਛੱਡਿਆ। ਪਰਮਜੀਤ ਸਿੰਘ ਦੇ ਇਕ ਹੋਰ ਭਰਾ ਫ਼ੌਜੀ ਬਲਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਕੇ ਚਾਰ ਮਹੀਨੇ ਹਿਰਾਸਤ ਵਿਚ ਰੱਖਿਆ ਗਿਆ ਸੀ। ਪਰਮਜੀਤ ਸਿੰਘ ਦੇ ਇਕ ਹੋਰ ਭਰਾ ਸਰਬਜੀਤ ਸਿੰਘ ਦੇ ਸਹੁਰੇ ਨੂੰ ਵੀ ਫੜ ਕੇ ਝਬਾਲ ਥਾਣੇ ਵਿਚ ਰੱਖਿਆ। ਨੌਸ਼ਹਿਰੇ ਢਾਲੇ ਤੋਂ ਪਰਮਜੀਤ ਸਿੰਘ ਦੇ ਮਾਮੇ ਤੇ ਉਸ ਦੇ ਦੋ ਨੌਜਵਾਨ ਮੁੰਡਿਆਂ – ਭੋਲਾ ਤੇ ਬਿੱਟੂ – ਨੂੰ ਵੀ ਫੜ ਕੇ ਥਾਣੇ ਵਿਚ ਰੱਖਿਆ ਗਿਆ।

ਭਾਈ ਜਸਵੰਤ ਸਿੰਘ ਖਾਲੜਾ ਤੇ ਉਸ ਦੇ ਸਾਥੀ ਗੁਰਭੇਜ ਸਿੰਘ ਪਲਾਸੌਰ ਨੇ ਜਸਟਿਸ ਅਜੀਤ ਸਿੰਘ ਬੈਂਸ ਤਕ ਪਹੁੰਚ ਕੀਤੀ ਅਤੇ ਜਸਟਿਸ ਬੈਂਸ ਨੇ ਅਪਰੈਲ 1993 ਵਿਚ ਹਾਈਕੋਰਟ ਵਿਚ ਪਟੀਸ਼ਨ ਪਾ ਦਿੱਤੀ । ਜਿਸ ‘ਤੇ ਅਮਲ ਕਰਦਿਆਂ ਹਾਈਕੋਰਟ ਦੇ ਜੱਜ ਐੱਚ.ਐੱਸ. ਬੇਦੀ ਨੇ ਸੀ.ਬੀ.ਆਈ. ਨੂੰ ਮਾਮਲੇ ਦੀ ਜਾਂਚ ਕਰਨ ਦਾ ਜ਼ਿੰਮਾ ਸੌਂਪ ਦਿੱਤਾ ਸੀ। ਇਸ ਤੋਂ ਚਿੜ੍ਹ ਕੇ ਤਰਨ ਤਾਰਨ ਦੇ ਡੀ.ਐੱਸ.ਪੀ. ਅਸ਼ੋਕ ਕੁਮਾਰ, ਝਬਾਲ ਥਾਣੇ ਦੇ ਐੱਸ.ਐੱਚ.ਓ. ਜਗਦੀਪ ਸਿੰਘ ਤੇ ਮਾਨੋਚਾਹਲ ਥਾਣੇ ਦੇ ਐੱਸ.ਐੱਚ.ਓ. ਨੇ ਪਰਮਜੀਤ ਸਿੰਘ ਦੇ ਛੋਟੇ ਭਰਾ ਰਾਜਵਿੰਦਰ ਸਿੰਘ ਰਾਜੂ ਨੂੰ ਘਰੋਂ ਅਗ਼ਵਾ ਕਰ ਲਿਆ, ਜਿਸ ਦੀ ਅਜੇ ਤਕ ਵੀ ਕੋਈ ਉੱਘ-ਸੁੱਘ ਨਹੀਂ ਮਿਲੀ । ਸੀ.ਬੀ.ਆਈ. ਦੇ ਜਾਂਚ ਅਧਿਕਾਰੀ ਨੇ ਪਰਮਜੀਤ ਸਿੰਘ ਦੇ ਦਾਦੇ ਸ. ਅਰਜਨ ਸਿੰਘ ਨੂੰ ਸ਼ਰ੍ਹੇਆਮ ਕਹਿ ਦਿੱਤਾ ਸੀ ਕਿ “ਪਟੀਸ਼ਨੋਂ ਕਾ ਰਾਸਤਾ ਛੋੜ ਕਰ ਅਪਨੇ ਬੱਚੇ ਸੰਭਾਲੋ।” ਪੁਲੀਸ ਨੇ ਵੀ ਸ. ਅਰਜਨ ਸਿੰਘ ਨੂੰ ਸੁਨੇਹੇ ਭੇਜੇ ਕਿ ਪਟੀਸ਼ਨ ਵਾਪਸ ਕਰਾਓ, ਨਹੀਂ ਤਾਂ ਰਾਜੂ ਵੀ ਲਾ-ਪਤਾ ਕਰ ਦੇਵਾਂਗੇ। ਬਾਅਦ ਵਿਚ ਜਾ ਕੇ ਇਹ ਸਾਬਤ ਹੋ ਗਿਆ ਕਿ ਪੁਲਸ ਦੀ ਇਹ ਧਮਕੀ ਫੋਕੀ ਨਹੀਂ ਸੀ। ਮਾਤਾ ਮਹਿੰਦਰ ਕੌਰ ਪੁਲਸ ਦੇ ਤਸੀਹਿਆਂ ਕਰਕੇ ਅਕਤੂਬਰ 1993 ਵਿਚ ਮਾਨੋਚਾਹਲ ਦੀ ਚੌਂਕੀ ਵਿਚ ਚਲਾਣਾ ਕਰ ਗਈ ਸੀ। ਪੁਲਸੀ ਦਰਿੰਦੇ ਉਸ ਦੀ ਲਾਸ਼ ਨੂੰ ਕਿਸੇ ਅਣਦੱਸੀ ਜਗ੍ਹਾ ‘ਤੇ ਸੁੱਟ ਆਏ ਸਨ, ਸ਼ਾਇਦ ਹਰੀਕੇ ਪੱਤਣ ਵਿਖੇ ਦਰਿਆ ਵਿਚ ਰੋੜ੍ਹ ਆਏ ਸਨ ਜਿਸ ਕਰਕੇ ਉਸ ਦਾ ਕੋਈ ਸੁਰਾਗ਼ ਨਹੀਂ ਮਿਲਿਆ।

ਨਵੰਬਰ 1992 ਵਿਚ ਪੁਲਸ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰ ਉੱਤੇ ਕਬਜ਼ਾ ਕਰ ਲਿਆ ਸੀ। ਉਸ ਦਾ ਘਰ ਢਾਹ ਦਿੱਤਾ ਤੇ ਉਥੇ ਪੁਲਸ ਨੇ ਆਪਣੀ ਚੌਂਕੀ ਬਣਾ ਲਈ। ਖੇਤਾਂ ਵਿਚ ਖੜੀ ਕਮਾਦ ਤੇ ਝੋਨੇ ਦੀ ਸਾਰੀ ਫ਼ਸਲ ਵੱਢ ਲਈ, ਖੇਤਾਂ ਵਿਚ ਖੜੇ ਸਫ਼ੈਦੇ ਵੀ ਵੱਢ ਕੇ ਵੇਚ ਛੱਡੇ। ਪੁਲਸ ਵਾਲੇ ਕਿੱਲਿਆਂ ’ਤੇ ਬੱਝੀਆਂ ਮੱਝਾਂ ਖੋਲ੍ਹ ਕੇ ਲੈ ਗਏ। ਡੇਢ ਸਾਲ ਤਕ ਜ਼ਮੀਨ ਉਵੇਂ ਬੰਜਰ ਪਈ ਰਹੀ।

1994 ਦੇ ਸ਼ੁਰੂ ਵਿਚ ਹਿਊਮਨ ਰਾਈਟਸ ਵਿੰਗ ਦੇ ਕਹਿਣ ‘ਤੇ ਘਰਦਿਆਂ ਨੇ ਮਾਤਾ ਮਹਿੰਦਰ ਕੌਰ ਤੇ ਰਾਜਵਿੰਦਰ ਰਾਜੂ ਦੇ ਲਾ-ਪਤਾ ਹੋਣ ਬਾਰੇ ਹਾਈਕੋਰਟ ਵਿਚ ਪਟੀਸ਼ਨ ਪਾ ਦਿੱਤੀ ਸੀ, ਜਿਸ ਵਿਚ ਜਸਵੰਤ ਸਿੰਘ ਖਾਲੜਾ ਦਾ ਨੇੜਲਾ ਸਾਥੀ ਗੁਰਭੇਜ ਸਿੰਘ ਪਲਾਸੌਰ ਗਵਾਹ ਬਣਿਆ। ਸੀ.ਬੀ.ਆਈ. ਨੇ ਪਰਿਵਾਰ ਨਾਲ ਸੰਬੰਧਿਤ ਸਾਰੇ ਕੇਸ ਇਕੱਠੇ ਕਰ ਦਿੱਤੇ। ਇਹ ਕੇਸ ਮੋਹਾਲੀ ਦੀ ਸੀ.ਬੀ.ਆਈ. ਕੋਰਟ ਵਿਚ ਅਜੇ ਤਕ ਚੱਲ ਰਿਹਾ ਹੈ ਜਿਸ ਵਿਚ ਸ. ਰਾਜਵਿੰਦਰ ਸਿੰਘ ਬੈਂਸ ਮੁੱਖ ਵਕੀਲ ਹਨ। ਰਾਮ ਨਰਾਇਣ ਕੁਮਾਰ ਅਤੇ ਜਸਵੰਤ ਸਿੰਘ ਖਾਲੜੇ ਦੇ ਸਾਥੀਆਂ ਨੇ 25 ਸਤੰਬਰ 1995 ਨੂੰ ਸੁਪਰੀਮ ਕੋਰਟ ਵਿਚ ਵੀ ਕੇਸ ਪਾ ਦਿੱਤਾ ਸੀ ਜਿਸ ਦਾ ਫ਼ੈਸਲਾ ਅਜੇ ਤਕ ਨਹੀਂ ਹੋਇਆ।

(ਸ) ਵਿੰਗ ਦੇ ਆਗੂਆਂ ਉੱਤੇ ਹਮਲੇ

ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸੰਪੂਰਨ ਸਿੰਘ ਬਾਕੀਪੁਰ ਤੇ ਪਲਾਸੌਰ ਦੇ ਸਰਪੰਚ ਗੁਰਭੇਜ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਸ਼ਹਿਰ ਵਿਚ ਆਪਣੇ ਕਿਸੇ ਕੰਮ ਦੇ ਸੰਬੰਧ ਵਿਚ ਤੁਰੇ ਜਾ ਰਹੇ ਸਨ ਤਾਂ ਡੀ.ਐੱਸ.ਪੀ. (ਸਿਟੀ) ਤਰਨ ਤਾਰਨ ਜਸਪਾਲ ਸਿੰਘ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਦੇ ਸਾਹਮਣੇ ਬੇਵਜ੍ਹਾ ਫੜ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਉਨ੍ਹਾਂ ਵੱਲੋਂ ਵਿਰੋਧ ਜਤਾਉਣ ਉਪਰੰਤ ਪੁਲਸ ਨੇ ਉਨ੍ਹਾਂ ਦੀਆਂ ਜਬਰਦਸਤੀ ਪੱਗਾਂ ਉਤਾਰ ਦਿੱਤੀਆਂ ਤੇ ਫਿਰ ਉਨ੍ਹਾਂ ਪੱਗਾਂ ਨੂੰ ਇਕ ਢਾਂਗੀ ਉੱਤੇ ਟੰਗ ਕੇ ਸ਼ਹਿਰ ਵਿਚ ਘੁਮਾਇਆ ਗਿਆ। ਅਜਿਹਾ ਉਨ੍ਹਾਂ ਨੂੰ ਪੁਲਸ ਦੇ ਵਿਰੁੱਧ ਆਵਾਜ਼ ਉਠਾਉਣ ਤੋਂ ਮਨ੍ਹਾਂ ਕਰਨ ਲਈ ਕੀਤਾ ਗਿਆ ਸੀ। ਸਿਵਲ ਤੇ ਨਿਆਂਇਕ ਅਧਿਕਾਰੀਆਂ ਦੀ ਪੁਲਸ ਨਾਲ ਮਿਲੀ-ਭੁਗਤ ਦਾ ਸਬੂਤ ਉਸ ਵੇਲੇ ਮਿਲਿਆ ਜਦੋਂ ਐੱਸ.ਡੀ.ਐਮ. ਤਰਨ ਤਾਰਨ ਨੇ ਗੁਰਭੇਜ ਸਿੰਘ ਸਮੇਤ ਹਿਊਮਨ ਰਾਈਟਸ ਵਿੰਗ ਦੇ 6 ਵਰਕਰਾਂ ਨੂੰ, ਉਨ੍ਹਾਂ ਉੱਤੇ ਪੁਲਸ ਵੱਲੋਂ 107-51 ਅਧੀਨ ਪਾਏ ਝੂਠੇ ਕੇਸਾਂ ਵਿਚ 3 ਅਗਸਤ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦੇ ਦਿੱਤਾ।

ਭਾਈ ਜਸਵੰਤ ਸਿੰਘ ਖਾਲੜਾ ਨੇ ਉਪਰੋਕਤ ਪ੍ਰੈਸ ਕਾਨਫ਼ਰੰਸ ਵਿਚ ਅਜੀਤ ਸਿੰਘ ਸੰਧੂ ਨੂੰ ਤਰਨ ਤਾਰਨ ਤੋਂ ਬਦਲਣ ਦੀ ਮੰਗ ਮੁੜ ਪੂਰੇ ਜ਼ੋਰ ਨਾਲ ਉਠਾਈ ਸੀ। ਉਸ ਨੇ ਕਿਹਾ ਕਿ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਗਏ ਇਨ੍ਹਾਂ ਤੱਥਾਂ ਦੀ ਰੋਸ਼ਨੀ ਵਿਚ, ਨਿਰਪੱਖ ਜਾਂਚ ਕਰਾਉਣ ਲਈ, ਅਜੀਤ ਸਿੰਘ ਸੰਧੂ ਨੂੰ ਤਰਨ ਤਾਰਨ ਜ਼ਿਲ੍ਹੇ ਤੋਂ ਬਦਲਣਾ ਨਿਹਾਇਤ ਜ਼ਰੂਰੀ ਹੋ ਗਿਆ ਹੈ।

ਪੁਲਸ ਵੱਲੋਂ ਮਚਾਈ ਇਸ ਹਨੇਰਗਰਦੀ ਤੋਂ ਪੁਲਸ ਮੁਲਾਜ਼ਮਾਂ ਦੇ ਪਰਿਵਾਰ ਵੀ ਨਹੀਂ ਬਚੇ ਸਨ। 22 ਅਗਸਤ 1995 ਨੂੰ 137 ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਹਿਊਮਨ ਰਾਈਟਸ ਵਿੰਗ ਕੋਲੋਂ ਕਾਨੂੰਨੀ ਇਮਦਾਦ ਦੀ ਮੰਗ ਕੀਤੀ ਸੀ।

ਯੂ.ਐਨ.ਓ. ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਫ਼ਦ ਨਾਲ ਦੋ ਅਹਿਮ ਮੁਲਾਕਾਤਾਂ

1995 ਦੀਆਂ ਗਰਮੀਆਂ ਵਿਚ ਯੂ.ਐਨ.ਓ. ਦੇ ਹਿਊਮਨ ਰਾਈਟਸ ਕਮਿਸ਼ਨ (UNHRC) ਦੀ ਇਕ ਟੀਮ ਇਸ ਦੇ ਚੇਅਰਮੈਨ ਹੋਜ਼ੇ ਅਯਾਲਾ ਲਾਸੋ (Jose Ayala Lasso) ਦੀ ਅਗਵਾਈ ਹੇਠ ਪੰਜਾਬ, ਕਸ਼ਮੀਰ ਤੇ ਉੱਤਰ-ਪੂਰਬੀ ਰਾਜਾਂ ਅੰਦਰ ਭਾਰਤੀ ਰਾਜ ਦੀ ਗ਼ੁਲਾਮੀ ਤੋਂ ਮੁਕਤ ਹੋਣ ਲਈ ਹਥਿਆਰਬੰਦ ਸੰਘਰਸ਼ ਲੜ ਰਹੇ ਲੋਕਾਂ ਉੱਤੇ ਸਰਕਾਰੀ ਹਥਿਆਰਬੰਦ ਬਲਾਂ ਵੱਲੋਂ ਢਾਹੇ ਜਾ ਰਹੇ ਗ਼ੈਰ-ਕਾਨੂੰਨੀ ਤੇ ਅਣਮਨੁੱਖੀ ਜ਼ੁਲਮਾਂ ਬਾਰੇ ਸਚਾਈ ਦਾ ਪਤਾ ਲਾਉਣ ਲਈ ਭਾਰਤ ਪੁੱਜੀ ਸੀ। ਭਾਰਤ ਸਰਕਾਰ ਵੱਲੋਂ ਉਸ ਟੀਮ ਨੂੰ ਪੰਜਾਬ ਆਉਣ ਤੋਂ ਰੋਕਣ ਲਈ ਪੁਰਜ਼ੋਰ ਯਤਨ ਕੀਤੇ ਗਏ ਸਨ। ਪਰ ਉਹ ਟੀਮ ਜ਼ਿੱਦ ਕਰ ਕੇ ਪੰਜਾਬ ਆਉਣ ਵਿਚ ਸਫਲ ਹੋ ਗਈ ਸੀ । 24 ਮਈ ਨੂੰ ਇਸ ਕਮਿਸ਼ਨ ਦੀ ਪਹਿਲੀ ਬੈਠਕ ਚੰਡੀਗੜ੍ਹ ਦੇ ਮਾਊਂਟਵਿਊ ਹੋਟਲ ਵਿਚ ਹੋਈ ਸੀ, ਜਿਥੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਸਰਗਰਮ ਵੱਖ-ਵੱਖ ਜਥੇਬੰਦੀਆਂ ਦੇ ਅੱਧੀ ਦਰਜਨ ਦੇ ਕਰੀਬ ਵਫ਼ਦਾਂ ਨੇ ਕਮਿਸ਼ਨ ਨੂੰ ਪੰਜਾਬ ਅੰਦਰ ਪੁਲਸ ਤੇ ਕੇਂਦਰੀ ਬਲਾਂ ਵੱਲੋਂ ਸਿੱਖਾਂ ਉੱਤੇ ਕੀਤੇ ਜਾ ਰਹੇ ਵਹਿਸ਼ੀ ਜ਼ੁਲਮਾਂ ਦੀ ਦਾਸਤਾਂ ਬਿਆਨ ਕੀਤੀ। ਵੱਖੋ-ਵੱਖਰੇ ਵਫ਼ਦ ਲੈ ਕੇ ਪਹੁੰਚੀਆਂ ਪ੍ਰਮੁੱਖ ਹਸਤੀਆਂ ਵਿਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ, ਸਰਕਾਰੀ ਜਬਰ ਵਿਰੋਧੀ ਲਹਿਰ ਦੇ ਕਨਵੀਨਰ ਇੰਦਰਜੀਤ ਸਿੰਘ ਜੇਜੀ, ਉਨ੍ਹਾਂ ਦੀ ਭੈਣ ਬੀਬੀ ਬਲਜੀਤ ਕੌਰ, ਕਰਨਲ ਪਰਤਾਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਮਾਨ) ਵੱਲੋਂ ਪ੍ਰੋ. ਜਗਮੋਹਣ ਸਿੰਘ ਤੇ ਹੋਰ, ਹਾਈਕੋਰਟ ਦੇ ਵਕੀਲ ਰੰਜਨ ਲਖਨਪਾਲ, ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਚੇਅਰਮੈਨ ਜਸਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ, ਵਾਈਸ ਚੇਅਰਮੈਨ ਅਮਰੀਕ ਸਿੰਘ ਮੁਕਤਸਰ ਅਤੇ ਕਾਨੂੰਨੀ ਸੈੱਲ ਦੇ ਕਨਵੀਨਰ ਐਡਵੋਕੇਟ ਨਵਕਿਰਨ ਸਿੰਘ ਆਦਿ ਸ਼ਾਮਲ ਸਨ । ਇਸ ਮੁਲਾਕਾਤ ਦੌਰਾਨ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਵੱਲੋਂ ਕਮਿਸ਼ਨ ਨੂੰ ਅੰਗਰੇਜ਼ੀ ਵਿਚ ਲਿਖਿਆ 12 ਸਫ਼ਿਆਂ ਦਾ ਦਸਤਾਵੇਜ਼ ਸੌਂਪਿਆ ਗਿਆ ਸੀ ਜਿਸ ਵਿਚ ਸਿੱਖ ਮਸਲੇ ਦੇ ਇਤਿਹਾਸਕ ਤੇ ਰਾਜਨੀਤਕ ਪਹਿਲੂਆਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ਗਿਆ ਸੀ। ਇਸ ਵਿਚ ਭਾਰਤ ਦਾ ਸੰਵਿਧਾਨ ਤਿਆਰ ਕਰਨ ਵੇਲੇ ਵਿਧਾਨਸਾਜ਼ ਅਸੈਂਬਲੀ ਵਿਚ ਹੋਈਆਂ ਬਹਿਸਾਂ ਦੇ ਹਵਾਲੇ ਨਾਲ ਭਾਰਤੀ ਸੰਵਿਧਾਨ ਦਾ ਫ਼ਿਰਕੂ ਤੇ ਪੱਖਪਾਤੀ ਖ਼ਾਸਾ ਉਜਾਗਰ ਕੀਤਾ ਗਿਆ ਸੀ । ਇਸ ਦੇ ਨਾਲ ਹੀ 1947 ਤੋਂ ਲੈ ਕੇ ਸਿੱਖਾਂ ਨਾਲ ਪੈਰ ਪੈਰ ‘ਤੇ ਕੀਤੇ ਗਏ ਵਿਤਕਰਿਆਂ ਤੇ ਬੇਇਨਸਾਫ਼ੀਆਂ ਦਾ ਠੋਸ ਤੱਥਾਂ ਦੇ ਹਵਾਲੇ ਨਾਲ ਕੱਚਾ ਚਿੱਠਾ ਬਿਆਨ ਕੀਤਾ ਗਿਆ ਸੀ। ਭਾਰਤੀ ਰਾਜ ਵੱਲੋਂ ਸਿੱਖ ਕੌਮ ਨਾਲ ਕੀਤੀ ਗਈ (ਤੇ ਕੀਤੀ ਜਾ ਰਹੀ) ਇਸ ਵਿਤਕਰੇਬਾਜ਼ੀ ਤੇ ਧੱਕੇਸ਼ਾਹੀ ਦੇ ਖ਼ਿਲਾਫ਼ ਸਿੱਖਾਂ ਵੱਲੋਂ ਜਮਹੂਰੀ ਮਰਿਆਦਾ ਵਿਚ ਰਹਿੰਦਿਆਂ ਕੀਤੇ ਗਏ ਸੰਘਰਸ਼ ਅਤੇ ਇਸ ਦੇ ਜੁਆਬ ਵਿਚ ਉਨ੍ਹਾਂ ਉੱਤੇ ਢਾਹੇ ਗਏ ਵਹਿਸ਼ੀ ਜਬਰ ਦਾ ਭਰਵਾਂ ਖ਼ੁਲਾਸਾ ਕੀਤਾ ਗਿਆ ਸੀ। ਲਿਖਤ ਵਿਚ ਠੋਸ ਵੇਰਵੇ ਦੇ ਕੇ ਭਾਰਤੀ ਜਮਹੂਰੀਅਤ ਦਾ ਢਕੌਂਜ ਬੇਪੜਦ ਕੀਤਾ ਗਿਆ ਸੀ, ਅਤੇ ਇਸ ਤਰੀਕੇ ਨਾਲ ਭਾਰਤੀ ਰਾਜ ਦੇ ਹਿੰਦੂ ਫਿਰਕਾਪ੍ਰਸਤ ਤੇ ਫ਼ਾਸ਼ੀਵਾਦੀ ਚਰਿੱਤਰ ਨੂੰ ਪਰਮਾਣਾਂ ਸਹਿਤ ਸਾਬਤ ਕੀਤਾ ਗਿਆ ਸੀ । ਇਸ ਸਾਰੇ ਕੁਛ ਦੇ ਨਤੀਜੇ ਵਜੋਂ ਭਾਰਤ ਅੰਦਰ ਘੱਟ-ਗਿਣਤੀ ਧਰਮਾਂ ਤੇ ਕੌਮੀਅਤਾਂ ਨੂੰ ਲਗਾਤਾਰ ਭੁਗਤਣੀ ਪੈ ਰਹੀ ਜ਼ਲਾਲਤ ਤੇ ਗ਼ੁਲਾਮੀ ਦੀ ਘਿਣਾਉਣੀ ਤਸਵੀਰ ਪੇਸ਼ ਕੀਤੀ ਗਈ ਸੀ ਅਤੇ ਇਸ ਮਸਲੇ ਨੂੰ ਹੱਲ ਕਰਨ ਲਈ ਭਾਰਤੀ ਉਪ-ਮਹਾਂਦੀਪ ਦੇ ਮੌਜੂਦਾ ਰਾਜਸੀ ਸਰੂਪ ਨੂੰ ਨਵੇਂ ਸਿਰਿਓਂ ਜਮਹੂਰੀ ਲੀਹਾਂ ‘ਤੇ ਜਥੇਬੰਦ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ।

ਦੂਜੀ ਬੈਠਕ

ਉਪਰੋਕਤ ਕਮਿਸ਼ਨ ਨੇ ਕੁੱਝ ਵਕਫ਼ੇ ਬਾਅਦ ਆਪਣੀ ਇਕ ਟੀਮ ਉਚੇਚੇ ਤੌਰ ‘ਤੇ ਅੰਮਿ੍ਤਸਰ ਘੱਲੀ ਸੀ ਜਿਸ ਦਾ ਮੁੱਖ ਮਕਸਦ ਪੁਲਸ ਵੱਲੋਂ ਲਾ-ਪਤਾ ਕੀਤੇ ਦੱਸੇ ਜਾਂਦੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲ ਕੇ ਸਚਾਈ ਦਾ ਪਤਾ ਲਾਉਣਾ ਸੀ। ਇਸ ਮੰਤਵ ਲਈ ਕਮਿਸ਼ਨ ਨੇ ਭਾਈ ਜਸਵੰਤ ਸਿੰਘ ਨੂੰ ਉਸ ਦੇ ਘਰ ਦੇ ਫ਼ੋਨ ’ਤੇ ਸੰਪਰਕ ਕਰਨ ਦੇ ਕਾਫ਼ੀ ਯਤਨ ਕੀਤੇ ਸਨ ਪਰ ਉਨ੍ਹਾਂ ਦਿਨਾਂ ਵਿਚ ਜਸਵੰਤ ਸਿੰਘ ਆਪਣੇ ਰੁਝੇਵਿਆਂ ਕਰਕੇ ਘਰ ਤੋਂ ਜ਼ਿਆਦਾਤਰ ਬਾਹਰ ਹੀ ਹੁੰਦਾ ਸੀ (ਉਸ ਵੇਲੇ ਅਜੇ ਮੋਬਾਈਲ ਫੋਨ ਪ੍ਰਚੱਲਤ ਨਹੀਂ ਹੋਏ ਸਨ) ਜਿਸ ਕਰਕੇ ਉਸ ਦਾ ਕਮਿਸ਼ਨ ਨਾਲ ਲਗਭਗ ਆਖ਼ਰੀ ਮੌਕੇ ਹੀ ਸੰਪਰਕ ਹੋ ਸਕਿਆ ਸੀ। ਕਮਿਸ਼ਨ ਦੀ ਟੀਮ-ਆਗੂ ਮੈਡਮ ਨੇ ਜਸਵੰਤ ਸਿੰਘ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਇਕ ਹੀ ਦਿਨ ਬਚਿਆ ਸੀ ਅਤੇ ਉਨ੍ਹਾਂ ਦੀ ਟੀਮ ਪੁਲਸ ਦੇ ਸ਼ਿਕਾਰ ਹੋਏ ਪਰਿਵਾਰਾਂ ਨੂੰ ਹਰ ਹਾਲਤ ਵਿਚ ਮਿਲਣਾ ਚਾਹੁੰਦੀ ਹੈ। ਭਾਈ ਜਸਵੰਤ ਸਿੰਘ ਨੇ ਖੜੇ ਪੈਰ ਅੰਮਿ੍ਤਸਰ ਸ਼ਹਿਰ ‘ਚੋਂ ਹੀ ਦੋ ਪਰਿਵਾਰਾਂ ਦੇ ਮੈਂਬਰਾਂ ਨਾਲ ਸੰਪਰਕ ਕੀਤਾ। ਇਕ ਬੀਬੀ ਸੁਖਜੀਤ ਕੌਰ ਬਰਾੜ ਸੁਪਤਨੀ ਸ. ਹਰਭਜਨ ਸਿੰਘ ਬਰਾੜ ਜੋ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਵਿਚ ਅਧਿਆਪਕਾ ਸੀ। ਉਸ ਦੇ ਭਤੀਜੇ ਨਿਰਮਲ ਸਿੰਘ ਨਿੰਮਾ (ਪਿੰਡ ਕਾਵਾਂ) ਨੂੰ ਪੁਲਸ ਨੇ ਚਾਰ ਹੋਰਨਾਂ ਖਾੜਕੂਆਂ ਸਮੇਤ ਤਸੀਹੇ ਦੇ ਕੇ ਜਾਨੋਂ ਖ਼ਤਮ ਕਰ ਕੇ ਪੰਜਾਂ ਹੀ ਲਾਸ਼ਾਂ ਦਾ ਵੇਰਕੇ ਦੇ ਸ਼ਮਸ਼ਾਨਘਾਟ ਵਿਚ ‘ਅਣਪਛਾਤੇ’ ਕਹਿ ਕੇ ਇਕੱਠਿਆਂ ਹੀ ਸਸਕਾਰ ਕਰ ਦਿੱਤਾ ਸੀ। ਦੂਜੀ ਬੀਬੀ ਝਬਾਲ ਨੇੜਲੇ ਪਿੰਡ ਮੰਨਣ ਦੀ ਸੀ ਜੋ ਪੁਤਲੀਘਰ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਂਦੀ ਸੀ। ਪੁਲਸ ਨੇ ਉਸ ਦੇ ਤਿੰਨ ਮੁੰਡਿਆਂ ਨੂੰ ਘੋਰ ਤਸ਼ੱਦਦ ਕਰ ਕੇ ਮਾਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਵਿਚ ‘ਅਣਪਛਾਤੀਆਂ’ ਕਹਿ ਕੇ ਸਾੜ ਦਿੱਤੀਆਂ ਸਨ। ਬੀਬੀ ਸੁਖਜੀਤ ਕੌਰ ਬਰਾੜ ਨੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਦੱਸਿਆ ਕਿ “ਜਦੋਂ ਅਸੀਂ ਜਸਵੰਤ ਸਿੰਘ ਨਾਲ ਮੋਹਨ ਇੰਟਰਨੈਸ਼ਨਲ ਹੋਟਲ ਪੁੱਜੇ ਤਾਂ ਹੋਟਲ ਦੇ ਗੇਟ ਦੇ ਬਾਹਰ ਪੁਲਸ ਦੀਆਂ ਧਾੜਾਂ ਤੈਨਾਤ ਕੀਤੀਆਂ ਦਿਸੀਆਂ। ਜਸਵੰਤ ਸਿੰਘ ਨੂੰ ਦੇਖਦਿਆਂ ਹੀ ਪੁਲਸੀਏ ਇਕਦਮ ਚੌਕੰਨੇ ਹੋ ਗਏ ਸਨ ਅਤੇ ਸਾਰਿਆਂ ਨੇ ਉਸ ਵੱਲ ਘੂਰ ਕੇ ਵੇਖਣਾ ਸ਼ੁਰੂ ਕਰ ਦਿੱਤਾ ਸੀ…ਬੜਾ ਡਰਾਉਣਾ ਦ੍ਰਿਸ਼ ਸੀ । ਅਸੀਂ ਹੋਟਲ ਦੀ ਰਿਸੈਪਸ਼ਨ ਵਿਚ ਜਾ ਬੈਠੇ। ਪੁਲਸੀਏ ਲਗਾਤਾਰ ਜਸਵੰਤ ਵੱਲ ਘੂਰੀਆਂ ਵੱਟ ਕੇ ਦੇਖ ਰਹੇ ਸਨ। ਮੈਂ ਜਸਵੰਤ ਨੂੰ ਕਿਹਾ ਕਿ ਪੁੱਤਰਾ ਤੇਰੀ ਖ਼ੈਰ ਨਹੀਂ ਜਾਪਦੀ। ਦੇਖ ਪੁਲਸ ਕਿਵੇਂ ਤੇਰੇ ਵੱਲ ਵੱਢ-ਖਾਣਿਆਂ ਵਾਂਗੂੰ ਝਾਕ ਰਹੀ ਹੈ। ਜਸਵੰਤ ਸਿੰਘ ਕਹਿਣ ਲੱਗਾ ਕਿ ਭੈਣ ਜੀ ਮੈਂ ਜਦੋਂ ਇਸ ਰਾਹ ‘ਤੇ ਤੁਰਿਆ ਸੀ ਤਾਂ ਸਿਰ ਉੱਤੇ ਕੱਫ਼ਣ ਬੰਨ੍ਹ ਕੇ ਤੁਰਿਆ ਸੀ। ਇਸ ਕਰਕੇ ਕੋਈ ਗੱਲ ਨਹੀਂ, ਜੋ ਹੋਵੇਗਾ ਦੇਖ ਲਵਾਂਗੇ।” ਦੋਵਾਂ ਬੀਬੀਆਂ ਨੇ ਕਮਿਸ਼ਨ ਦੀ ਟੀਮ ਅੱਗੇ ਆਪਣਾ ਸਾਰਾ ਦੁੱਖ ਬਿਆਨ ਕੀਤਾ। ਟੀਮ ਨੇ ਉਨ੍ਹਾਂ ਦੀ ਹਰ ਗੱਲ ਡੂੰਘੇ ਗ਼ੌਰ ਨਾਲ ਸੁਣੀ ਸੀ ਜਿਸ ਦੌਰਾਨ ਜਸਵੰਤ ਸਿੰਘ ਖਾਲੜੇ ਨੇ ਦੁਭਾਸ਼ੀਏ ਦਾ ਰੋਲ ਨਿਭਾਇਆ मी।

ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗ਼ਵਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਅਣਪਛਾਤੀਆਂ ਲਾਸ਼ਾਂ ਬਾਰੇ ਪਾਈਆਂ ਪਟੀਸ਼ਨਾਂ ਨੂੰ ਵਿਚਾਰਨ ਤੋਂ ਬਾਅਦ ਸੁਣਾਏ ਫ਼ੈਸਲਿਆਂ ਵਿਚ ਭਾਈ ਖਾਲੜਾ (ਹਿਊਮਨ ਰਾਈਟਸ ਵਿੰਗ) ਵੱਲੋਂ ਕੀਤੀ ਗਈ ਜਾਂਚ ਦੇ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ । ਏਸੇ ਤਰ੍ਹਾਂ ਰਾਸ਼ਟਰੀ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਤਰਨ ਤਾਰਨ ਜ਼ਿਲ੍ਹੇ ਵਿਚ ਪੀੜਤ ਪਰਿਵਾਰਾਂ ਦਾ ਪੱਖ ਸੁਣਨ ਤੋਂ ਬਾਅਦ ਚੁੱਕੇ ਕਦਮਾਂ ਰਾਹੀਂ ਹਿਊਮਨ ਰਾਈਟਸ ਵਿੰਗ ਵੱਲੋਂ ਪੁਲਸ ‘ਤੇ ਲਾਏ ਦੋਸ਼ਾਂ ਦੀ ਸਚਾਈ ਉੱਤੇ ਆਪਣੀ ਮੋਹਰ ਲਾ ਦਿੱਤੀ ਸੀ।

ਕੈਨੇਡਾ ਦੀਆਂ ਦੋ ਸਾਰਥਿਕ ਫੇਰੀਆਂ

ਪਹਿਲੀ ਫੇਰੀ

1995 ਦੇ ਆਰੰਭ ਵਿਚ ਜਦੋਂ ਤੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਪ੍ਰੈਸ ਅੰਦਰ ਲਾਵਾਰਸ ਲਾਸ਼ਾਂ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਸੀ, ਉਦੋਂ ਤੋਂ ਉਸ ਦੀ ਜਾਨ ਨੂੰ ਦਰਪੇਸ਼ ਖ਼ਤਰਾ ਸਾਰਿਆਂ ਨੂੰ ਦਿਖਣ ਲੱਗ ਪਿਆ ਸੀ, ਜਿਸ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਉਸ ਦੇ ਸ਼ੁਭਚਿੰਤਕ ਫ਼ਿਕਰਮੰਦ ਹੋ ਗਏ ਸਨ। ਉਹ ਉਸ ਨੂੰ ਕਿਸੇ ਵੀ ਸੂਰਤ ਗੁਆਉਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਹੁਣ ਉਸ ਦਾ ਪੰਜਾਬ ਵਿਚ ਰਹਿਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਜਿਸ ਕਰਕੇ, ਉਸ ਨੂੰ, ਜਿੰਨਾ ਜਲਦੀ ਹੋ ਸਕੇ ਭਾਰਤ ‘ਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ। 20 ਕੁ ਮਾਰਚ ਦੀ ਗੱਲ ਹੈ ਜਦੋਂ ਭਾਈ ਖਾਲੜਾ ਨੂੰ ਅਚਾਨਕ ਟਰਾਂਟੋ (ਕੈਨੇਡਾ) ਤੋਂ ਰਣਜੀਤ ਸਿੰਘ (ਉਰਫ਼ ਕੁਲਦੀਪ ਸਿੰਘ) ਦਾ ਫੋਨ ਆਇਆ। ਰਣਜੀਤ ਸਿੰਘ ਅੱਸੀਵਿਆਂ ਵਿਚ ਅੰਮ੍ਰਿਤਸਰ ਖ਼ਾਲਸਾ ਕਾਲਜ ਵਿਚ ਪੜ੍ਹਦਾ ਰਿਹਾ ਸੀ ਜਿਥੇ ਉਹ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਿਚ ਸਰਗਰਮ ਹੋ ਗਿਆ ਸੀ। ਸ਼ਾਇਦ ਉਸ ਵੇਲੇ ਤੋਂ ਹੀ ਉਹ ਜਸਵੰਤ ਸਿੰਘ ਦਾ ਵਾਕਫ਼ ਸੀ। ਉਸ ਨੇ ਫੋਨ ਕਰ ਕੇ ਭਾਈ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਬਾਰੇ ਸੈਮੀਨਾਰ ਵਿਚ ਹਾਜ਼ਰੀ ਭਰਨ ਲਈ ਕੈਨੇਡਾ ਆਉਣ ਦੀ ਦਾਅਵਤ ਦਿੱਤੀ ਸੀ। ਭਾਈ ਖਾਲੜਾ ਵੱਲੋਂ ਹਾਮੀ ਭਰਨ ‘ਤੇ ਰਣਜੀਤ ਸਿੰਘ ਨੇ ਉਸ ਨੂੰ ਦੋ ਕੁ ਦਿਨਾਂ ਵਿਚ ਆਪਣਾ ਕੱਪੜਿਆਂ ਵਾਲਾ ਬੈਗ ਲੈ ਕੇ ਚੁੱਪ-ਚੁਪੀਤੇ ਸਿੱਧਾ ਦਿੱਲੀ ਕੈਨੇਡਾ ਦੇ ਦੂਤਾਵਾਸ (embassy) ਪਹੁੰਚ ਜਾਣ ਲਈ ਕਿਹਾ।

ਬਰੈਂਪਟਨ ਤੋਂ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਸ੍ਰੀਮਤੀ ਕੁਲੀਨ ਬੌਮੀਏ (Coleen Beaumier) ਨੇ 24 ਮਾਰਚ ਨੂੰ ਦਿੱਲੀ ਅੰਦਰਲੇ ਕੈਨੇਡੀਅਨ ਦੂਤਾਵਾਸ ਨੂੰ ਚਿੱਠੀ ਲਿਖ ਕੇ ਜਸਵੰਤ ਸਿੰਘ ਖਾਲੜਾ ਨੂੰ ਵਿਜ਼ਟਰ ਵੀਜ਼ਾ ਦੇਣ ਦੀ ਪੁਰਜ਼ੋਰ ਸਿਫ਼ਾਰਸ਼ ਕੀਤੀ ਸੀ। ਸ੍ਰੀਮਤੀ ਕੁਲੀਨ ਉਸ ਵੇਲੇ ਪਹਿਲੀ ਵਾਰ ਬਰੈਂਪਟਨ ਤੋਂ ਲਿਬਰਲ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤ ਕੇ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਬਣੀ ਸੀ । ਉਸ ਦੇ ਮਨ ਅੰਦਰ ਸਿੱਖਾਂ ਪ੍ਰਤਿ ਪਿਆਰ ਤੇ ਹਮਦਰਦੀ ਦੀ ਸੱਚੀ-ਸੁੱਚੀ ਭਾਵਨਾ ਸੀ ਅਤੇ ਉਸ ਨੂੰ ਸਿੱਖਾਂ ਦੀਆਂ ਰਾਜਨੀਤਕ ਉਮੰਗਾਂ ਨਾਲ ਦਿਲੀ ਹਮਦਰਦੀ ਸੀ, ਜਿਸ ਕਰਕੇ ਸਿੱਖਾਂ ਨੇ ਉਸ ਨੂੰ ਜਿਤਾਉਣ ਵਿਚ ਭਾਰੀ ਯੋਗਦਾਨ ਪਾਇਆ ਸੀ । ਉਹ ਜਸਵੰਤ ਸਿੰਘ ਖਾਲੜਾ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰਾਂ ਦੇ ਰੂ-ਬ-ਰੂ ਕਰਨਾ ਚਾਹੁੰਦੀ ਸੀ ਤਾਂ ਜੋ ਉਹ ਭਾਰਤ ਅੰਦਰ ਸਿੱਖਾਂ ਉੱਤੇ ਢਾਹੇ ਜਾ ਰਹੇ ਅਣਮਨੁੱਖੀ ਜ਼ੁਲਮਾਂ ਬਾਰੇ ਭਾਈ ਖਾਲੜਾ ਦੇ ਮੂੰਹੋਂ ਪ੍ਰਮਾਣਿਕ ਸਚਾਈ ਸੁਣ ਸਕਣ। ਉਧਰ ਜਸਵੰਤ ਸਿੰਘ ਵੀ ਉਸ ਵੇਲੇ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ‘ਲਾਵਾਰਸ’ ਕਹਿ ਕੇ ਸਾੜੀਆਂ ਲਾਸ਼ਾਂ ਦੇ ਮਸਲੇ ਨੂੰ ਕੌਮਾਂਤਰੀ ਪੱਧਰ ‘ਤੇ ਉਭਾਰਨ ਲਈ ਕਿਸੇ ਢੁੱਕਵੇਂ ਮੌਕੇ ਦੀ ਤਲਾਸ਼ ਵਿਚ ਸੀ। ਜਿਸ ਕਰਕੇ ਉਹ ਰਣਜੀਤ ਸਿੰਘ ਦੇ ਕਹੇ ਅਨੁਸਾਰ ਬਿਨਾਂ ਢਿੱਲ ਕੀਤੇ ਬੈਗ ਚੁੱਕ ਕੇ ਚੁੱਪ-ਚਪੀਤਾ ਦਿੱਲੀ ਕੈਨੇਡੀਅਨ ਦੂਤਾਵਾਸ ਪਹੁੰਚ ਗਿਆ ਸੀ।

ਸ੍ਰੀਮਤੀ ਕੁਲੀਨ ਦੀ ਧੜੱਲੇਦਾਰ ਸਿਫ਼ਾਰਸ਼ ਸਦਕਾ ਉਸ ਨੂੰ ਆਸਾਨੀ ਨਾਲ ਵੀਜ਼ਾ ਮਿਲ ਗਿਆ ਸੀ ਅਤੇ ਉਹ ਉਥੋਂ ਹੀ ਸਿੱਧਾ ਔਟਵਾ (ਕੈਨੇਡਾ ਦੀ ਰਾਜਧਾਨੀ) ਚਲਾ ਗਿਆ ਸੀ। ਉਥੇ ‘ਸਿੱਖ ਹਿਊਮਨ ਰਾਈਟਸ ਗਰੁੱਪ, ਕੈਨੇਡਾ’ ਨੇ 30 ਮਾਰਚ ਦੀ ਸ਼ਾਮ ਨੂੰ ਪਾਰਲੀਮੈਂਟ ਹਿੱਲ ਉਪਰ ਸੈਮੀਨਾਰ ਰੱਖਿਆ ਹੋਇਆ ਸੀ, ਜਿਸ ਵਿਚ ਜਸਵੰਤ ਸਿੰਘ ਖਾਲੜਾ ਤੋਂ ਇਲਾਵਾ ਦੋ ਹੋਰ ਬੁਲਾਰੇ – ਜਸਟਿਸ ਅਜੀਤ ਸਿੰਘ ਬੈਂਸ ਤੇ ਇੰਗਲੈਂਡ ਤੋਂ ਡਾ: ਜਸਦੇਵ ਸਿੰਘ ਰਾਏ – ਸੱਦੇ ਗਏ ਸਨ । ਸੈਮੀਨਾਰ ਦਾ ਇੰਤਜ਼ਾਮ ਸ੍ਰੀਮਤੀ ਕੁਲੀਨ ਨੇ ਬਤੌਰ ਮੈਂਬਰ ਪਾਰਲੀਮੈਂਟ ਕੀਤਾ ਸੀ।

ਜਸਵੰਤ ਸਿੰਘ ਖਾਲੜਾ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ, ਜਦੋਂ ਤਕ ਉਹ 30 ਮਾਰਚ ਨੂੰ ਔਟਵਾ ਨਹੀਂ ਪਹੁੰਚ ਗਿਆ ਸੀ, ਉਦੋਂ ਤਕ ਸੈਮੀਨਾਰ ਬਾਰੇ ਜਾਰੀ ਕੀਤੇ ਗਏ ਕਿਸੇ ਵੀ ਪ੍ਰੈਸ ਬਿਆਨ ਜਾਂ ਸੱਦਾ-ਪੱਤਰ ਵਿਚ ਉਸ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਸੀ। 30 ਮਾਰਚ ਨੂੰ ਭਾਈ ਖਾਲੜਾ ਦੇ ਔਟਵਾ ਪਹੁੰਚਣ ਤੋਂ ਬਾਅਦ ਹੀ ਸ੍ਰੀਮਤੀ ਕੁਲੀਨ ਬੌਮੀਏ ਨੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਭੇਜੇ ਸੱਦਾ-ਪੱਤਰ ਵਿਚ ਪਹਿਲੀ ਵਾਰ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕੀਤਾ ਸੀ। ਉਸੇ ਦਿਨ ਪਾਰਲੀਮੈਂਟ (House of Commons) ਦੀ ਸਵੇਰ ਦੀ ਬੈਠਕ ਵਿਚ ਸ੍ਰੀਮਤੀ ਕੁਲੀਨ ਨੇ ਹੇਠਾਂ ਦਿੱਤੀ ਸੰਖੇਪ, ਪਰ ਤਲਵਾਰ ਦੀ ਧਾਰ ਵਰਗੀ ਤਿੱਖੀ ਰਾਜਨੀਤਕ ਸਟੇਟਮੈਂਟ ਦਿੱਤੀ ਸੀ :

“ਸ੍ਰੀਮਾਨ ਸਪੀਕਰ ਜੀਓ, ਮੈਂ ਸਾਰੇ ਮੈਂਬਰਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਉਹ ਤਿੰਨ ਉੱਘੇ ਮਨੁੱਖੀ ਅਧਿਕਾਰ ਕਾਰਕੁੰਨਾਂ ਦਾ ਪਾਰਲੀਮੈਂਟ ਹਿੱਲ ਆਉਣ ‘ਤੇ ਸੁਆਗਤ ਕਰਨ ਲਈ ਮੇਰੇ ਨਾਲ ਚੱਲਣ। ਅਜੀਤ ਸਿੰਘ ਬੈਂਸ, ਜਸਦੇਵ ਸਿੰਘ ਰਾਏ ਤੇ ਜਸਵੰਤ ਸਿੰਘ ਖਾਲੜਾ ਅੱਜ ਬਾਅਦ ਦੁਪਹਿਰ ਪੱਛਮੀ ਬਲਾਕ ਦੇ 209 ਕਮਰੇ ਵਿਚ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਬਾਰੇ ਚਰਚਾ ਕਰਨਗੇ। ਭਾਰਤ ਅੰਦਰ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਦਾ ਮਸਲਾ ਕੈਨੇਡਾ ਦੇ ਪਾਰਲੀਮੈਂਟ ਮੈਂਬਰਾਂ ਲਈ ਬਹੁਤ ਅਹਿਮ ਹੈ। ਵਪਾਰ ਦੇ ਮੌਕਿਆਂ ਵਿਚ ਇਜ਼ਾਫ਼ੇ ਰਾਹੀਂ ਭਾਰਤ ਨਾਲ ਕੈਨੇਡਾ ਦੇ ਸ਼ਾਨਦਾਰ ਸੰਬੰਧਾਂ ਵਿਚ ਵੱਧ ਰਹੀ ਰੁਚੀ ਨੂੰ ਦੇਖਦੇ ਹੋਏ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਅਸੀਂ ਮਨੁੱਖੀ ਹੱਕਾਂ ਦੇ ਮਸਲੇ ਨੂੰ ਕਿਤੇ ਭੁਲਾ ਹੀ ਨਾ ਦੇਈਏ। ਵੱਖ-ਵੱਖ ਕੌਮਾਂਤਰੀ ਜਥੇਬੰਦੀਆਂ, ਇਮਨੈਸਟੀ ਇੰਟਰਨੈਸ਼ਨਲ ਤੇ ਏਸ਼ੀਆ ਵਾਚ ਤੋਂ ਲੈ ਕੇ ਯੂਨਾਈਟਡ ਸਟੇਟਸ ਦੇ ਸਟੇਟ ਡੀਪਾਰਟਮੈਂਟ ਤਕ, ਸਾਰਿਆਂ ਨੇ ਭਾਰਤ ਅੰਦਰ ਮਨੁੱਖੀ ਹੱਕਾਂ ਦੀਆਂ ਹਾਲਤਾਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਇਹ ਬੇਹੱਦ ਜ਼ਰੂਰੀ ਹੈ ਕਿ ਕੈਨੇਡਾ ਭਾਰਤ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਵਿਚ ਸੁਧਾਰ ਲਿਆਉਣ ਲਈ ਭਾਰਤ ਨਾਲ ਆਪਣੇ ਮਜ਼ਬੂਤ ਸੰਬੰਧਾਂ ਦਾ ਇਸਤੇਮਾਲ ਕਰੇ।

ਸਤਿ ਸ੍ਰੀ ਅਕਾਲ ਸੱਜਣੋਂ !”

ਭਾਈ ਜਸਵੰਤ ਸਿੰਘ ਖਾਲੜਾ ਨੇ ਸੈਮੀਨਾਰ ਵਿਚ ਆਪਣੀ ਅੰਗਰੇਜ਼ੀ ਵਿਚ ਦਿੱਤੀ ਭਾਵਪੂਰਤ ਸਪੀਚ ਵਿਚ ਮੁੱਖ ਤੌਰ ‘ਤੇ ਭਾਰਤ ਅੰਦਰ ਸਿੱਖਾਂ ਉੱਤੇ ਢਾਹੇ ਜਾ ਰਹੇ ਅਣਮਨੁੱਖੀ ਤੇ ਗ਼ੈਰ-ਕਾਨੂੰਨੀ ਜ਼ੁਲਮਾਂ ਬਾਰੇ ਠੋਸ ਵੇਰਵੇ ਦਿੱਤੇ ਸਨ। ਉਸ ਨੇ ਦੱਸਿਆ ਸੀ ਕਿ ਕਿਵੇਂ ਪੰਜਾਬ ਵਿਚ ਪਿਛਲੇ ਤਿੰਨਾਂ ਚੌਹਾਂ ਸਾਲਾਂ ਦੇ ਦੌਰਾਨ ਪੁਲਸ ਨੇ 25 ਹਜ਼ਾਰ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਵਹਿਸ਼ੀ ਤਸੀਹੇ ਦੇਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪਰ ਉੱਤੋਂ ਹੋਰ ਜ਼ੁਲਮ ਇਹ ਕੀਤਾ ਕਿ ਪੁਲਸ ਨੇ ਕਤਲ ਕੀਤੇ ਵਿਅਕਤੀਆਂ ਦੇ ਤਕ ਸਰੀਰ ਪਰਿਵਾਰਾਂ ਨੂੰ ਨਹੀਂ ਦਿੱਤੇ। ਉਨ੍ਹਾਂ ਨੂੰ ਅਣਪਛਾਤੇ ਤੇ ਲਾਵਾਰਸ ਕਹਿ ਕੇ ਪਰਿਵਾਰਾਂ ਤੋਂ ਚੋਰੀ-ਛੁਪੇ ਸ਼ਹਿਰਾਂ ਦੇ ਸ਼ਮਸ਼ਾਨਘਾਟਾਂ ਵਿਚ ਸਾੜ ਦਿੱਤਾ ਗਿਆ। ਜਿਸ ਕਰਕੇ ਹਜ਼ਾਰਾਂ ਪਰਿਵਾਰ ਇਹ ਜਾਨਣ ਲਈ ਦਰ ਦਰ ਦੀ ਖ਼ਾਕ ਛਾਣ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਜਿਉਂਦੇ ਹਨ ਜਾਂ ਮਾਰ ਦਿੱਤੇ ਗਏ ਹਨ। ਭਾਈ ਜਸਵੰਤ ਸਿੰਘ ਨੇ ਦਰਦ-ਭਿੱਜੇ ਲਫ਼ਜ਼ਾਂ ਵਿਚ ਦੱਸਿਆ ਕਿ ਉਨ੍ਹਾਂ ਪਰਿਵਾਰਾਂ ਦਾ ਦੁੱਖ ਦੇਖ ਕੇ ਤੇ ਉਨ੍ਹਾਂ ਦੇ ਮੂੰਹੋਂ ਸੁਣ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਉਸ ਨੇ ਸਰੋਤਿਆਂ ਸਾਹਮਣੇ ਠੋਸ ਦਸਤਾਵੇਜ਼ੀ ਸਬੂਤ ਪੇਸ਼ ਕਰਦਿਆਂ ਮਨੁੱਖੀ ਅਧਿਕਾਰ ਵਿੰਗ ਦੇ ਕਾਰਕੁੰਨਾਂ ਵੱਲੋਂ ਭਾਰੀ ਮੁਸ਼ਕਲਾਂ ਤੇ ਖ਼ਤਰਿਆਂ ਦਾ ਸਾਹਮਣੇ ਕਰਦੇ ਹੋਏ, ਅਣਪਛਾਤੀਆਂ ਤੇ ਲਾਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਦੀ ਸਚਾਈ ਉੱਤੇ ਪਾਏ ਭੇਦ ਦੇ ਪੜਦੇ ਦੂਰ ਕਰਨ ਦੀ ਰੌਂਗਟੇ ਖੜੇ ਕਰਨ ਵਾਲੀ ਗਾਥਾ ਬਿਆਨ ਕੀਤੀ। ਉਸ ਨੇ ਦੱਸਿਆ ਕਿ ਜਦੋਂ ਅਸੀਂ ਸ਼ਮਸ਼ਾਨਘਾਟਾਂ ਦੇ ਰਜਿਸਟਰਾਂ ਦੀ ਛਾਣ-ਬੀਣ ਕੀਤੀ ਤਾਂ ਸਾਨੂੰ ਇਹ ਦੇਖ ਕੇ ਗਹਿਰਾ ਸਦਮਾ ਪਹੁੰਚਿਆ ਸੀ ਕਿ ਲਾਸ਼ਾਂ ਨੂੰ ਇੱਟਾਂ ਪੱਥਰਾਂ ਵਾਂਗੂੰ ਸਟਾਕ ਰਜਿਸਟਰਾਂ ਵਿਚ ਦਰਜ ਕੀਤਾ ਹੋਇਆ ਹੈ ਤੇ ਉੱਤੋਂ ਹੋਰ ਅਨਰਥ ਇਹ ਕੀਤਾ ਗਿਆ ਕਿ ਉਨ੍ਹਾਂ ਲਾਸ਼ਾਂ ਦੀਆਂ ਅੰਤਮ ਰਸਮਾਂ ਵੀ ਮਰਿਆਦਾ ਪੂਰਬਕ ਨਹੀਂ ਕੀਤੀਆਂ ਗਈਆਂ। ਜਿਵੇਂ ਜਿਉਂਦਿਆਂ ਨਾਲ ਗ਼ੈਰ-ਇਨਸਾਨੀ ਵਰਤਾਉ ਕੀਤਾ ਗਿਆ, ਉਵੇਂ ਮਰਿਆਂ ਨਾਲ ਵੀ ਬਦਸਲੂਕੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਗਿਆ। ਇਸ ਮਾਮਲੇ ਵਿਚ ਇਨਸਾਨੀ ਤਹਿਜ਼ੀਬ ਦਾ ਰਤੀ ਖ਼ਿਆਲ ਨਹੀਂ ਰੱਖਿਆ ਗਿਆ।

ਭਾਈ ਜਸਵੰਤ ਸਿੰਘ ਖਾਲੜਾ ਨੇ ਅੰਤ ਵਿਚ ਸਰੋਤਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਨ੍ਹਾਂ ਅਭਾਗੀਆਂ ਲਾਸ਼ਾਂ ਬਾਰੇ ਸਚਾਈ ਸਾਹਮਣੇ ਲਿਆਉਣ ਲਈ ਕੈਨੇਡੀਅਨ ਸਰਕਾਰ, ਕੈਨੇਡੀਅਨ ਪਾਰਲੀਮੈਂਟ ਤੇ ਕੈਨੇਡੀਅਨ ਲੋਕ ਸਿੱਖਾਂ ਦੀ ਮੱਦਦ ਕਰਨ ਦਾ ਉਪਰਾਲਾ ਕਰਨ।

ਜਸਵੰਤ ਸਿੰਘ ਖਾਲੜਾ ਤੋਂ ਬਾਅਦ ਜਸਟਿਸ ਅਜੀਤ ਸਿੰਘ ਬੈਂਸ ਨੇ ਸੈਮੀਨਾਰ ਵਿਚ ਬੋਲਦਿਆਂ ਭਾਰਤ ਵਿਚ ਸਿੱਖਾਂ ਨੂੰ ਦਰਪੇਸ਼ ਅਜੋਕੀਆਂ ਮੁਸ਼ਕਲਾਂ ਦਾ ਇਤਿਹਾਸਕ ਪਿਛੋਕੜ ਬਿਆਨ ਕੀਤਾ। ਉਨ੍ਹਾਂ ਠੋਸ ਹਵਾਲਿਆਂ ਨਾਲ ਦੱਸਿਆ ਕਿ ਕਿਵੇਂ ਅਮਨ ਪਸੰਦ ਤੇ ਜਮਹੂਰੀ ਸੋਚ ਵਾਲੇ ਸਿੱਖਾਂ ਨੂੰ ਭਾਰਤੀ ਹਕੂਮਤ ਨੇ ਦਹਿਸ਼ਤਗਰਦ ਕਰਾਰ ਦੇ ਕੇ ਸਾਰੀ ਦੁਨੀਆਂ ਵਿਚ ਭੰਡਿਆ ਅਤੇ ਇਸ ਦੀ ਓਟ ਲੈ ਕੇ ਪੰਜਾਬ ਦੀ ਧਰਤੀ ਨੂੰ ਸਿੱਖਾਂ ਦੇ ਖੂਨ ਨਾਲ ਲਹੂ-ਲੁਹਾਣ ਕੀਤਾ ਗਿਆ। ਜਸਟਿਸ ਬੈਂਸ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਵਿਚ ਅਮਨ ਬਹਾਲ ਕਰਨ ਦੀ ਜਿਹੜੀ ਦੁਹਾਈ ਪੁੱਟੀ ਜਾ ਰਹੀ ਹੈ, ਉਹ ਅਸਲ ਵਿਚ ਕਬਰਾਂ ਦੀ ਸ਼ਾਂਤੀ ਹੈ। ਉਨ੍ਹਾਂ ਪੂਰੇ ਦਾਅਵੇ ਨਾਲ ਕਿਹਾ ਕਿ ਪੰਜਾਬ ਵਿਚ ਇਕ ਲੱਖ ਤੋਂ ਵੱਧ ਸਿੱਖ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਹਨ। ਇਸ ਪੱਧਰ ਦਾ ਜ਼ੁਲਮ ਸਿੱਖਾਂ ਉੱਤੇ ਮੱਧਯੁਗ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਜਿਸ ਤੋਂ ਭਾਰਤੀ ਰਾਜ ਦਾ ਜਮਹੂਰੀਅਤ ਦੇ ਨਕਾਬ ਹੇਠ ਲੁਕਿਆ ਖ਼ੂਨੀ ਚਿਹਰਾ ਸਾਫ਼ ਨਜ਼ਰ ਪੈ ਜਾਂਦਾ ਹੈ।

ਭਾਈ ਜਸਵੰਤ ਸਿੰਘ ਖਾਲੜਾ ਤੇ ਜਸਟਿਸ ਅਜੀਤ ਸਿੰਘ ਵੱਲੋਂ ਦਰਸਾਈ ਭਾਰਤ ਅੰਦਰ ਸਿੱਖਾਂ ਦੀ ਦਰਦਵੰਦ ਹਾਲਤ ਬਾਰੇ ਜਾਨਣ ਤੋਂ ਬਾਅਦ ਸਰੋਤੇ ਬੇਹੱਦ ਗੰਭੀਰ ਤੇ ਗ਼ਮਗੀਨ ਹੋ ਗਏ ਸਨ । ਪ੍ਰੋਗਰਾਮ ਤੋਂ ਬਾਅਦ ਚਾਹ ਪਾਣੀ ਪੀਂਦਿਆਂ ਸ੍ਰੀਮਤੀ ਕੁਲੀਨ ਤੇ ਕੈਨੇਡੀਅਨ ਪਾਰਲੀਮੈਂਟ ਦੇ ਕੁੱਝ ਹੋਰ ਗੋਰੇ ਮੈਂਬਰਾਂ ਨੇ ਭਾਈ ਖਾਲੜਾ ਨੂੰ ਅਜਿਹੀ ਡਰਾਉਣੀ ਤੇ ਖ਼ਤਰਨਾਕ ਹਾਲਤ ਦੇ ਹੁੰਦਿਆਂ ਭਾਰਤ ਵਾਪਸ ਨਾ ਜਾਣ ਦੀ ਨਸੀਹਤ ਦਿੱਤੀ ਅਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਵਿਚ ਰਾਜਸੀ ਪਨਾਹ ਦੇਣ ਦੀ ਪੇਸਕਸ਼ ਕਰਦਿਆਂ ਕੈਨੇਡਾ ਵਿਚ ਹੀ ਟਿਕੇ ਰਹਿਣ ਲਈ ਕਿਹਾ। ਭਾਈ ਖਾਲੜਾ ਨਾਲ ਇਹ ਭਾਵਨਾਵਾਂ ਕੈਨੇਡਾ ਦੇ ਪੱਕੇ ਵਸਨੀਕ ਬਣੇ ਬਹੁਤ ਸਾਰੇ ਸਿੱਖਾਂ ਨੇ ਵੀ ਸਾਂਝੀਆਂ ਕੀਤੀਆਂ। ਪਰ ਜਸਵੰਤ ਸਿੰਘ ਦਾ ਸਾਰਿਆਂ ਨੂੰ ਇਹੋ ਜੁਆਬ ਸੀ ਕਿ ਇਸ ਨਾਲ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਤਾਂ ਯਕੀਨਨ ਬਚ ਜਾਵੇਗੀ ਪਰੰਤੂ ਪੰਜਾਬ ਵਿਚ ਜ਼ਾਲਮ ਭਾਰਤੀ ਰਾਜ ਦੇ ਵੱਸ ਪਏ ਲੱਖਾਂ ਸਿੱਖ ਪਰਿਵਾਰਾਂ ਤੇ ਉਨ੍ਹਾਂ ਦੇ ਮਾਸੂਮ ਬੱਚਿਆਂ ਦਾ ਕੀ ਬਣੇਗਾ ? ਉਨ੍ਹਾਂ ਦਾ ਵਾਲੀ ਵਾਰਸ ਕੌਣ ਹੈ ? ਭਾਈ ਜਸਵੰਤ ਸਿੰਘ ਦੇ ਇਸ ਦਿਲ-ਵਿੰਨ੍ਹਵੇਂ ਸੁਆਲ ਦਾ ਕਿਸੇ ਕੋਲ ਵੀ ਕੋਈ ਉੱਤਰ ਨਹੀਂ ਸੀ।

ਖਾਲੜਾ ਦੀ ਇਤਿਹਾਸਕ ਤਕਰੀਰ

ਇਸ ਦੇ ਦਸ ਦਿਨਾਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ 10 ਅਪਰੈਲ ਨੂੰ ਟਰਾਂਟੋ ਵਿਖੇ ਗੁਰਦੁਆਰਾ ਓਨਟੇਰੀਓ ਖ਼ਾਲਸਾ ਦਰਬਾਰ, ਜਿਸ ਨੂੰ ‘ਡਿਕਸੀ’ ਦੇ ਗੁਰੂ ਘਰ ਵਜੋਂ ਜਾਣਿਆ ਜਾਂਦਾ ਹੈ, ਵਿਚ ‘ਰੇਡੀਓ ਅਣਖੀਲਾ ਪੰਜਾਬ’ ਦੀ ਵਰ੍ਹੇਗੰਢ ਦੇ ਸੰਬੰਧ ਵਿਚ ਰੱਖੇ ਗਏ ਵਿਸ਼ੇਸ਼ ਸਮਾਗਮ ਵਿਚ ਸ਼ਾਮਲ ਹੋਇਆ। ਉਥੇ ਦੁਪਹਿਰ ਵੇਲੇ ਸਜੇ ਦੀਵਾਨ ਵਿਚ ਭਾਈ ਖਾਲੜਾ ਨੇ ਸਿੱਖ ਸੰਗਤ ਮੂਹਰੇ ਆਪਣੇ ਦਿਲ ਦੇ ਵਲਵਲੇ ਖੁੱਲ੍ਹ ਕੇ ਪ੍ਰਗਟ ਕੀਤੇ ਸਨ। ਲਗਭਗ ਅੱਧੇ ਘੰਟੇ ਦੀ ਸਪੀਚ ਵਿਚ ਉਸ ਨੇ ਨਾ ਸਿਰਫ਼ ਭਾਰਤ ਅੰਦਰ ਸਿੱਖ ਪੰਥ ਦੀ ਬਾਹਰਮੁਖੀ ਹਾਲਤ (ਰਾਜਸੀ ਗ਼ਲਬਾ ਤੇ ਜ਼ੁਲਮੋ-ਤਸ਼ੱਦਦ) ਦਾ ਭਾਵਪੂਰਤ ਵਰਣਨ ਕੀਤਾ, ਸਗੋਂ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਸਿੱਖ ਕੌਮ ਦੀ ਅੰਤਰਮੁਖੀ ਹਾਲਤ (ਸਿਧਾਂਤਕ ਸੋਚ ਤੇ ਅਮਲੀ ਵਿਹਾਰ) ਬਾਰੇ ਵੀ ਸੰਕੇਤਕ ਰੂਪ ਵਿਚ ਆਪਣੀਆਂ ਕੁੱਝ ਪੜਚੋਲਵੀਆਂ ਤੇ ਵਡਮੁੱਲੀਆਂ ਰਾਵਾਂ ਪ੍ਰਗਟ ਕੀਤੀਆਂ ਸਨ।

ਉਸ ਨੇ ਸਿੱਖਾਂ ਦੇ ਮਸਲੇ ਨੂੰ, ਭਾਵੇਂ ਸੰਖੇਪ ਵਿਚ ਹੀ, ਸਮੁੱਚੇ ਸੰਸਾਰ ਅੰਦਰ ਵਾਪਰ ਰਹੇ ਦਾਰਸ਼ਨਿਕ, ਵਿਚਾਰਧਾਰਕ ਤੇ ਰਾਜਨੀਤਕ ਵਰਤਾਰਿਆਂ ਦੇ ਵਡੇਰੇ ਪ੍ਰਸੰਗ ਵਿਚ ਰੱਖ ਕੇ ਪੇਸ਼ ਕਰਨ ਦਾ ਯਤਨ ਕੀਤਾ ਸੀ। ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੇ ਉਸ ਤੋਂ ਬਾਅਦ ਵਾਪਰੇ ਸੰਸਾਰ-ਵਿਆਪੀ ਵਰਤਾਰਿਆਂ ਅਤੇ ਸਿੱਖ ਕੌਮ ਦੁਆਰਾ ਹੰਢਾਏ ਹਾਂ-ਪੱਖੀ ਤੇ ਨਾਂਹ-ਪੱਖੀ, ਦੋਨੋਂ ਕਿਸਮਾਂ ਦੇ ਅਨੁਭਵਾਂ ਦੀ ਰੋਸ਼ਨੀ ਵਿਚ ਉਸ ਦੀ ਇਹ ਸਪੀਚ ਇਤਿਹਾਸਕ ਹੋ ਨਿਬੜੀ ਹੈ। ਇਸ ਨਾਲ ਸਿੱਖ ਜਗਤ ਅੰਦਰ ਭਾਈ ਜਸਵੰਤ ਸਿੰਘ ਖਾਲੜਾ ਦੀ ਨਿਵੇਕਲੀ ਪਛਾਣ ਸਥਾਪਤ ਹੋਈ ਹੈ।

ਭਾਈ ਖਾਲੜਾ ਨੇ ਆਪਣੀ ਸਪੀਚ ਇਕ ਲਘੂ ਕਥਾ ਨਾਲ ਸ਼ੁਰੂ ਕੀਤੀ ਸੀ, ਜਿਸ ਵਿਚ ਸੂਰਜ ਦੇ ਪਹਿਲੀ ਵਾਰ ਅਸਤ ਹੋਣ ਕਾਰਨ ਚਾਰੇ ਪਾਸੇ ਪਸਰ ਰਹੇ ਹਨੇਰੇ ਨੂੰ ਦੇਖ ਕੇ ਲੋਕਾਂ ਵਿਚ ਡਰ ਤੇ ਘਬਰਾਹਟ ਦਾ ਚਿਤਰਨ ਕੀਤਾ ਗਿਆ ਸੀ; ਅਤੇ ਫਿਰ ਅਚਾਨਕ ਇਕ ਕੁੱਲੀ ਵਿਚ ਜਗਮਗਾ ਉੱਠੇ ਛੋਟੇ ਜਿਹੇ ‘ਦੀਪਕ’ ਵੱਲੋਂ ਚਾਰੇ ਪਾਸੇ ਪਸਰ ਰਹੇ ਹਨੇਰੇ ਦਾ ਟਾਕਰਾ ਕਰਨ ਦੀ ਜੁਰਅਤਮੰਦ ਕੋਸ਼ਿਸ਼ ਦਰਸਾਈ ਗਈ ਸੀ। ਵੇਂਹਦਿਆਂ ਹੀ ਵੇਂਹਦਿਆਂ ਹੋਰ ਹਜ਼ਾਰਾਂ ਦੀਪਕ ਜਗਮਗਾਉਣ ਲੱਗੇ ਸਨ ਅਤੇ ਉਨ੍ਹਾਂ ਨੇ ਚਾਰੇ ਪਾਸੇ ਚਾਨਣ ਫੈਲਾ ਕੇ ਲੋਕਾਂ ਦੇ ਦਿਲਾਂ ‘ਚੋਂ ਹਨੇਰੇ ਦਾ ਦਹਿਲ ਦੂਰ ਕਰ ਦਿੱਤਾ ਸੀ, ਜਿਸ ਦੇ ਮੂਹਰੇ ਹਨੇਰੇ ਨੇ ਹਾਰ ਮੰਨ ਲਈ ਸੀ ਤੇ ਸੂਰਜ ਦਾ ਹੰਕਾਰ ਚਕਨਾਚੂਰ ਹੋ ਗਿਆ ਸੀ। ਭਾਈ ਜਸਵੰਤ ਸਿੰਘ ਨੇ ‘ਸੂਰਜ’ ਤੇ ‘ਦੀਪਕ’ ਦੇ ਰੂਪਕਾਂ (metaphors) ਦੇ ਜ਼ਰੀਏ ਸਿੱਖ ਸੰਗਤ ਨੂੰ ਜ਼ੁਲਮਾਂ ਦੇ ਹਨੇਰੇ ਤੋਂ ਭੈਅ-ਭੀਤ ਨਾ ਹੋਣ ਅਤੇ ਇਸ ਦਾ ਟਾਕਰਾ ਕਰਨ ਲਈ ਹਮੇਸ਼ਾਂ ਚੜ੍ਹਦੀ ਕਲਾ ਦੀ ਅਵਸਥਾ ਵਿਚ ਰਹਿਣ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਸੀ, ਕਿਉਂਕਿ ਇਸ ਤੋਂ ਅੱਗੇ ਉਸ ਨੇ ਪੰਜਾਬ ਅੰਦਰ ਭਾਰਤੀ ਰਾਜ ਵੱਲੋਂ ਸਿੱਖ ਪੰਥ ਉੱਤੇ ਢਾਹੇ ਜਾ ਰਹੇ ਵਹਿਸ਼ੀ ਜ਼ੁਲਮਾਂ ਦੀ ਜਿਹੜੀ ਦਰਦਨਾਕ ਕਥਾ ਬਿਆਨ ਕਰਨੀ ਸੀ, ਉਸ ਦੇ ਵਾਸਤੇ ਸੰਗਤ ਨੂੰ ਪਹਿਲਾਂ ਮਾਨਸਿਕ ਤੌਰ ‘ਤੇ ਤਿਆਰ ਕਰਨਾ ਜ਼ਰੂਰੀ ਸੀ, ਭਾਵ ਸਿੱਖ ਹਿਰਦਿਆਂ ਅੰਦਰ ਜ਼ੁਲਮਾਂ ਦੇ ਹਨੇਰੇ ਨੂੰ ਚੈਲਿੰਜ ਕਰਨ ਦਾ ਜੁਝਾਰੂ ਜਜ਼ਬਾ ਭਰਨਾ ਜ਼ਰੂਰੀ ਸੀ।

ਭਾਈ ਜਸਵੰਤ ਸਿੰਘ ਨੇ ਸੰਗਤ ਨੂੰ ਵਿਸਥਾਰ ਵਿਚ ਦੱਸਿਆ ਕਿ ਪੰਜਾਬ ਅੰਦਰ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਪੁਲਸ ਵੱਲੋਂ ਤਸੀਹੇ ਦੇਣ ਬਾਅਦ ਕਤਲ ਕਰ ਕੇ, ਉਨ੍ਹਾਂ ਦੀਆਂ ਲਾਸ਼ਾਂ ਨੂੰ ‘ਅਣਪਛਾਤੀਆਂ’ ਤੇ ‘ਲਾਵਾਰਸ’ ਕਹਿ ਕੇ ਸ਼ਹਿਰਾਂ ਦੀਆਂ ਮੜ੍ਹੀਆਂ ਵਿਚ ਸਾੜ ਦੇਣ ਉਪਰੰਤ ਪੁਲਸ ਦੇ ਅਫ਼ਸਰਾਂ ਵੱਲੋਂ ਆਪਣੇ ਘਿਣਾਉਣੇ ਜ਼ੁਲਮਾਂ ਤੋਂ ਮੁਨਕਰ ਹੋ ਜਾਣ ਦੀ ਬੋਹਯਾਈ ਕੀਤੀ ਗਈ। ਪੁਲਸ ਨੌਜਵਾਨ ਮੁੰਡਿਆਂ ਨੂੰ ਦਿਨ ਦਿਹਾੜੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਘਰਾਂ ਤੋਂ ਚੁੱਕ ਕੇ ਲੈ ਜਾਂਦੀ ਸੀ। ਉਸ ਤੋਂ ਬਾਅਦ ਉਨ੍ਹਾਂ ਨਾਲ ਕੀ ਬੀਤੀ ਸੀ, ਇਸ ਬਾਰੇ ਪਰਿਵਾਰਾਂ ਨੂੰ ਪੂਰੇ ਹਨੇਰੇ ਵਿਚ ਰੱਖਿਆ ਜਾਂਦਾ ਸੀ। ਹਜ਼ਾਰਾਂ ਮਾਪੇ ਆਪਣੇ ਪੁੱਤਰਾਂ ਦੇ ਘਰ ਮੁੜਨ ਦੀ ਉਡੀਕ ਵਿਚ ਬੇਚੈਨ ਹੋਏ ਦਰ ਦਰ ਭਟਕਦੇ ਫਿਰਦੇ ਸਨ । ਇਨ੍ਹਾਂ ਬਦਨਸੀਬ ਮਾਪਿਆਂ ਦੀ ਲਾਚਾਰੀ ਜਸਵੰਤ ਸਿੰਘ ਨੇ ਇਨ੍ਹਾਂ ਦਰਦ-ਵਿੰਨ੍ਹਵੇਂ ਲਫ਼ਜ਼ਾਂ ਵਿਚ ਬਿਆਨ ਕੀਤੀ :

“ਅਸੀਂ ਦੇਖਿਆ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਭੈਣਾਂ ਦੇ ਹੱਥਾਂ ਵਿਚ ਫੜੀਆਂ ਰੱਖੜੀਆਂ ਵੀਰਾਂ ਨੂੰ ਉਡੀਕ ਰਹੀਆਂ ਨੇ। ਜਿਹਨਾਂ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਦੇਖੀਆਂ ਸਨ ਉਹ ਸਾਡੇ ‘ਤੇ ਸਵਾਲ ਕਰ ਰਹੀਆਂ ਸਨ ਕਿ ਏਨਾ ਤਾਂ ਪਤਾ ਕਰ ਦਿਓ ਕਿ ਸਾਡੇ ਜਾਏ ਜਿਉਂਦੇ ਹਨ ਜਾਂ ਮਾਰ ਦਿੱਤੇ ਗਏ ਹਨ, ਤਾਂ ਕਿ ਅਸੀਂ ਉਨ੍ਹਾਂ ਦੀਆਂ ਅੰਤਮ ਰਸਮਾਂ ਤਾਂ ਕਰ ਲਈਏ।”

ਦੂਜੇ ਪਾਸੇ ਪੰਜਾਬ ਪੁਲਸ ਦਾ ਮੁਖੀ ਕੇ.ਪੀ.ਐੱਸ. ਗਿੱਲ ਪੂਰੀ ਬੇਸ਼ਰਮੀ ਨਾਲ ਇਹ ਝੂਠ ਬੋਲ ਰਿਹਾ ਸੀ ਕਿ :

“ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਪੁਲਸ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਨੇ ਪਿੰਡਾਂ ‘ਚੋਂ ਮੁੰਡਿਆਂ ਨੂੰ ਚੁੱਕ ਕੇ ਲਾ-ਪਤਾ ਕਰ ਦਿੱਤਾ ਹੈ, ਉਸ ਵਿਚ ਕੋਈ ਸਚਾਈ ਨਹੀਂ ਹੈ। ਸਚਾਈ ਇਹ ਹੈ ਕਿ ਪੁਲਸ ਵੱਲੋਂ ਲਾ-ਪਤਾ ਕੀਤੇ ਗਏ ਦੱਸੇ ਜਾਂਦੇ ਮੁੰਡੇ ਅਸਲ ਵਿਚ ਆਪਣੇ ਮਾਪਿਆਂ ਦੀ ਰਾਇ ਨਾਲ ਹੀ ਬਾਹਰਲੇ ਮੁਲਕਾਂ ਵਿਚ ਚਲੇ ਗਏ ਹਨ ਅਤੇ ਉਥੇ ਦਿਹਾੜੀਆਂ ਕਰ ਕੇ ਮਣਾਂ-ਮੂੰਹੀਂ ਪੈਸੇ ਕਮਾ ਰਹੇ ਹਨ।”

ਭਾਈ ਖਾਲੜਾ ਨੇ ਕਿਹਾ ਕਿ ਕੇ.ਪੀ.ਐੱਸ. ਗਿੱਲ ਦਾ ਇਹ ਬਿਆਨ ਸਾਡੇ ਲਈ ਇਕ ਚੁਣੌਤੀ ਸੀ ਕਿ ਅਸੀਂ ਸੱਚ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈਏ। ਏਸੇ ਆਸ਼ੇ ਨੂੰ ਮੁੱਖ ਰੱਖ ਕੇ ਅਸੀਂ ਇਕ ਮੁਹਿੰਮ ਵਿੱਢੀ ਜਿਸ ਵਿਚ ਸਾਨੂੰ ਅਨੇਕਾਂ ਮੁਸ਼ਕਲਾਂ ਤੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ । ਭਾਈ ਜਸਵੰਤ ਸਿੰਘ ਖਾਲੜਾ ਨੇ ਜਜ਼ਬਾਤੀ ਹੁੰਦਿਆਂ ਕਿਹਾ ਕਿ “ਅਸੀਂ ਓਥੇ ਗਏ ਜਿਥੇ ਸਾਡੇ ਭਰਾ ਚਲੇ ਗਏ ਸਨ – ਅਸੀਂ ਮੜ੍ਹੀਆਂ ‘ਚ ਗਏ।” ਮੜ੍ਹੀਆਂ ਵਿਚ ਜਾ ਕੇ ਉਨ੍ਹਾਂ ਜਿਹੜੀ ਸਚਾਈ ਲੱਭੀ, ਉਹ ਦਰਦਨਾਕ ਸੀ । ਮੜ੍ਹੀਆਂ ਦੇ ਰਜਿਸਟਰਾਂ ਵਿਚ ‘ਅਣਪਛਾਤੇ’ ਕਹਿ ਕੇ ਸਾੜ ਦਿੱਤੇ ਗਏ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਵਿਚ ਜਸਵੰਤ ਸਿੰਘ ਦੇ ਕੁੱਝ ਬਹੁਤ ਹੀ ਪਿਆਰੇ ਦੋਸਤਾਂ ਦੇ ਨਾਂ ਵੀ ਸ਼ਾਮਲ ਸਨ । ਇਸ ਸਿਲਸਿਲੇ ਵਿਚ ਜਸਵੰਤ ਸਿੰਘ ਨੇ ਜਦੋਂ ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦਾ ਨਾਂ ਲਿਆ ਤਾਂ ਉਸ ਦਾ ਗੱਚ ਭਰ ਆਇਆ ਸੀ । ਉਸ ਨੂੰ ਅੱਗੇ ਬੋਲਣ ਤੋਂ ਪਹਿਲਾਂ ਕੁੱਝ ਪਲਾਂ ਲਈ ਰੁਕਣਾ ਪੈ ਗਿਆ ਸੀ। ਭਾਈ ਖਾਲੜਾ ਨੂੰ ਲੋਕਾਂ ਦੇ ਸਰੂ ਵਰਗੇ ਪੁੱਤਾਂ ਨੂੰ ਮਾਰੇ ਜਾਣ ਦਾ ਜੋ ਦੁੱਖ ਹੋਇਆ ਉਹ ਤਾਂ ਹੋਇਆ, ਉਸ ਨੂੰ ਇਸ ਤੋਂ ਵੀ ਵੱਧ ਦੁੱਖ ਇਸ ਗੱਲ ਦਾ ਹੋਇਆ ਸੀ ਕਿ ਲੋਕ ਆਪਣੇ ਪੁੱਤਾਂ ਦਾ ਆਪਣੇ ਹੱਥੀਂ ਸਸਕਾਰ ਨਹੀਂ ਕਰ ਸਕੇ ਸਨ। ਭਾਈ ਖਾਲੜਾ ਨੂੰ ਸਾਡੇ ਸਭਿਆਚਾਰ ਵਿਚ ਸਦੀਆਂ ਤੋਂ ਪ੍ਰਚੱਲਤ ਇਸ ਮਰਿਆਦਾ ਦੀ ਅਹਿਮੀਅਤ ਦਾ ਬਹੁਤ ਡੂੰਘਾ ਅਹਿਸਾਸ ਸੀ, ਜਿਸ ਦਾ ਪ੍ਰਗਟਾਵਾ ਉਸ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ ਸੀ : “ਅਸੀਂ ਪੁੱਤ ਮੰਗਦੇ ਹਾਂ ਸਤਿਗੁਰੂ ਅੱਗੇ ਅਰਦਾਸ ਕਰ ਕੇ । ਅਸੀਂ ਆਪਣੇ ਪੁੱਤਾਂ ਨੂੰ ਤੋਰਦੇ ਹਾਂ, ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪਣੇ ਚਰਨਾਂ ਨਾਲ ਲਾ ਹੈ ।” “ן

ਭਾਈ ਜਸਵੰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਉਹ ਮੜ੍ਹੀਆਂ ਵਿੱਚੋਂ ਪ੍ਰਾਪਤ ਹੋਏ ਠੋਸ ਤੱਥ (ਅਣਪਛਾਤੇ ਕਹਿ ਕੇ ਸਾੜੇ ਗਏ ਵਿਅਕਤੀਆਂ ਦੇ ਨਾਵਾਂ ਦੀਆਂ ਸੂਚੀਆਂ) ਲੈ ਕੇ ਹਾਈਕੋਰਟ ਵਿਚ ਗਏ ਅਤੇ ਇਸ ਬਾਰੇ ਲੋਕ ਹਿਤ ਪਟੀਸ਼ਨ (PIL) ਪਾਉਣੀ ਚਾਹੀ ਤਾਂ ਹਾਈਕੋਰਟ ਨੇ ਸਾਡੀ ਬੇਨਤੀ ਇਹ ਕਹਿ ਕੇ ਠੁਕਰਾ ਦਿੱਤੀ ਕਿ ਪਟੀਸ਼ਨ ਪਾਉਣ ਦਾ ਅਧਿਕਾਰ ਸਿਰਫ਼ ਪੀੜਤ ਪਰਿਵਾਰਾਂ ਕੋਲ ਹੀ ਹੈ, ਤੁਸੀਂ ਇਸ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ । ਉਸ ਤੋਂ ਬਾਅਦ ਅਸੀਂ ਫ਼ੈਸਲਾ ਕੀਤਾ ਕਿ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਹੁੰਦੀ ਹੈ, ਤੇ ਅਸੀਂ ਸਭ ਤੋਂ ਵੱਡੀ ਕਚਹਿਰੀ ‘ਚ ਦੁਨੀਆਂ ਪੱਧਰ ‘ਤੇ ਜਾਣਾ ਚਾਹੁੰਦੇ ਹਾਂ ਕਿਉਂਕਿ ਇਹ ਮਸਲਾ ਇਕ ਕੌਮ ਦਾ ਨਹੀਂ, ਨਿਰਾ ਪੀੜਤ ਵਿਅਕਤੀਆਂ ਦਾ ਵੀ ਨਹੀਂ ਹੈ, ਇਹ ਸਮੁੱਚੀ ਮਾਨਵਤਾ ਦਾ ਮਸਲਾ ਹੈ। ਇਸ ਕਰਕੇ ਅਸੀਂ ਦੁਨੀਆਂ ਪੱਧਰ ‘ਤੇ ਲੋਕਾਂ ਦੀ ਕਚਹਿਰੀ ਵਿਚ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਕਿ ਦੁਨੀਆਂ ਵਾਲਿਓ ਤੁਸੀਂ ਸਾਨੂੰ ਅੱਤਵਾਦੀ ਆਖਿਆ, ਤੁਸੀਂ ਸਾਨੂੰ ਫ਼ਿਰਕਾਪ੍ਰਸਤ ਆਖਿਆ, ਅਤੇ ਜਿਹਨਾਂ ਨੂੰ ਤੁਸੀਂ ਅਮਨਪਸੰਦ ਕਿਹਾ, ਜਮਹੂਰੀਅਤ ਦੇ ਪੈਗ਼ੰਬਰ ਕਿਹਾ, ਉਹਨਾਂ ਦੀ ਤੁਸੀਂ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਅੱਤਵਾਦੀ ਕੌਣ ਹੈ ਤੇ ਸੱਤਵਾਦੀ ਕੌਣ ਹੈ ?

ਸ਼ਹਾਦਤ ਦੀ ਦਾਤ

ਭਾਈ ਜਸਵੰਤ ਸਿੰਘ ਨੇ ਸੰਗਤ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਗੁਰੂ ਕੋਲ ਬੜੀਆਂ ਦਾਤਾਂ ਨੇ, ਪਰ ਸਭ ਤੋਂ ਵੱਡੀ ਦਾਤ ਪਤਾ ਏ ਕਿਹੜੀ ਹੈ? ਦੁੱਧ ਦੀ ਨਹੀਂ, ਪੁੱਤ ਦੀ ਨਹੀਂ, ਇਕ ਵਿਸ਼ੇਸ਼ ਦਾਤ ਜਿਹੜਾ ਮਰਜ਼ੀ ਸਿੱਖ ਲੈ ਸਕਦਾ ਹੈ, ਉਹ ਹੈ ਸ਼ਹਾਦਤ ਦੀ ਦਾਤ। ਜਿਹਨਾਂ ਨੂੰ ਇਹ ਦਾਤ ਮਿਲਦੀ ਹੈ ਉਹ ਗੁਰੂ ਤਾਂ ਨਹੀਂ ਬਣਦੇ, ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੌਕ ਬਣਦੇ ਨੇ । ਸਤਿਗੁਰੂ ਤੋਂ ਲੈਣਾ ਹੀ ਨਾ ਸਿੱਖੋ, ਸਤਿਗੁਰੂ ਤੋਂ ਜੋ ਤੁਹਾਨੂੰ ਹਦਾਇਤ ਹੋਈ ਹੈ ਉਸ ਨੂੰ ਪੂਰੀ ਕਰਨਾ ਸਿੱਖੋ। ਸਭ ਕੁਛ ਇਹਦੇ ਵਿਚ ਆ ਜਾਊਗਾ, ਸਾਰੀਆਂ ਖ਼ੁਸ਼ੀਆਂ ਪ੍ਰਾਪਤ ਹੋਣਗੀਆਂ।

ਭਾਈ ਖਾਲੜਾ ਨੇ ਸੰਗਤ ਨੂੰ ਯਾਦ ਕਰਾਇਆ ਕਿ ਖ਼ਾਲਸਾ ਦੁਨੀਆਂ ਦੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਾਜਿਆ ਗਿਆ ਸੀ ਪਰ ਅੱਜ ਜੇਕਰ ਅਸੀਂ ਆਪਣੇ ਹੀ ਹੱਕਾਂ ਦੀ ਰਾਖੀ ਨਾ ਕਰ ਸਕੇ ਤਾਂ ਕਿਸੇ ਹੋਰ ਦਾ ਕੀ ਸਵਾਰ ਦੇਵਾਂਗੇ? ਇਸ ਕਰਕੇ ਗੁਰੂ ਪਾਸ ਅਰਦਾਸ ਕਰੋ ਕਿ ਸਾਨੂੰ ਜਿਸ ਕੰਮ ਲਈ ਸਾਜਿਆ ਗਿਆ ਸੀ ਉਸ ਉੱਤੇ ਕਾਇਮ ਰਹੀਏ। ਭਾਈ ਖਾਲੜਾ ਨੇ ਇਕ ਢੰਗ ਨਾਲ, ਵਿਦੇਸ਼ਾਂ ‘ਚ ਰਹਿ ਰਹੇ ਸਿੱਖਾਂ ਨੂੰ ਨਿਹੋਰਾ ਦਿੰਦਿਆਂ ਕਿਹਾ ਕਿ ਤੁਸੀਂ ਆਪਣੇ ਧੀਆਂ ਪੁੱਤਾਂ ਦੀ ਸ਼ਾਦੀ ਕਰਨ ਲਈ ਪੰਜਾਬ ਜਾਂਦੇ ਹੋ, ਤੁਸੀਂ ਉਥੇ ਜਦੋਂ ਆਪਣੇ ਬੱਚਿਆਂ ਦੇ ਵਿਆਹ ਦਾ ਸਰਟੀਫ਼ਿਕੇਟ ਲੈਣ ਲਈ ਕਚਹਿਰੀ ਜਾਂਦੇ ਹੋ ਤਾਂ ਤੁਸੀਂ ‘ਹਿੰਦੂ ਮੈਰਿਜ ਐਕਟ’ ਮੁਤਾਬਿਕ ਸਰਟੀਫ਼ਿਕੇਟ ਹਾਸਲ ਕਰ ਕੇ ਉਸ ਨੂੰ ਕੱਛ ‘ਚ ਲੈ ਕੇ ਤੁਰ ਆਉਂਦੇ ਹੋ। ਤੁਸੀਂ ਉਥੇ ਜਾ ਕੇ ‘ਹਿੰਦੂ ਵਿਰਾਸਤ ਐਕਟ’ ਮੁਤਾਬਿਕ ਆਪਣੇ ਬਾਪ ਦੀ ਜ਼ਮੀਨ ਦੇ ਵਾਰਸ ਹੋਣ ਦਾ ਦਾਅਵਾ ਕਰਦੇ ਹੋ। ਇਸ ਤਰੀਕੇ ਨਾਲ ਤੁਹਾਨੂੰ ਅਨੇਕਾਂ ਢੰਗਾਂ ਨਾਲ ਆਪਣੇ ਆਪ ਨੂੰ ‘ਹਿੰਦੂ’ ਐਲਾਨਣਾ ਪੈਂਦਾ ਹੈ। ਇਹ ਕੁੱਝ ਗੱਲਾਂ ਤੁਹਾਡੇ ਨਾਲ ਸੰਬੰਧਿਤ ਹਨ, ਇਸੇ ਹੀ ਤਰ੍ਹਾਂ ਓਥੇ ਸਾਡੇ ਨਾਲ ਸੰਬੰਧਿਤ ਗੱਲਾਂ ਵੀ ਹਨ। ਪਰ ਆਪਾਂ ਕਿਤੇ ਵੀ ਰਹਿੰਦੇ ਹੋਈਏ, ਦੁਨੀਆਂ ਨੂੰ ਸਾਡਾ ਇਹ ਦੱਸਣਾ ਬਣਦੈ ਕਿ ਸਾਡੇ ਤਾਂ ਪਰਿਵਾਰ ਵੀ ਗਵਰਨ ਹੁੰਦੇ ਨੇ ਹਿੰਦੂ ਐਕਟ ਜ਼ਰੀਏ, ਸਾਡੇ ਧਾਰਮਿਕ ਅਦਾਰੇ ਵੀ ਗਵਰਨ ਹੁੰਦੇ ਨੇ ਹਿੰਦੂ ਐਕਟ ਰਾਹੀਂ। ਤੁਸੀਂ ਸਤਿਗੁਰੂ ਤੋਂ ਬਹੁਤ ਕੁਛ ਮੰਗਦੇ ਹੋ, ਦੁੱਧ ਮੰਗਦੇ ਹੋ, ਪੁੱਤ ਮੰਗਦੇ ਹੋ, ਖ਼ੁਸ਼ੀਆਂ ਮੰਗਦੇ ਹੋ। ਸਤਿਗੁਰੂ ਤੁਹਾਨੂੰ ਸਭ ਕੁਛ ਦਿੰਦੈ, ਪਰ ਗੁਰੂ ਵੀ ਤੁਹਾਡੇ ਕੋਲੋਂ ਇਕ ਗੱਲ ਮੰਗਦੈ ਕਿ ਅਖਵਾਓ ਤਾਂ ਗੁਰੂ ਦੇ ਸਿੱਖ ਪਰ ਇਹ ਅਖਵਾਉਣ ਦੇ ਅਧਿਕਾਰ ਲਈ ਤੁਸੀਂ ਕੀ ਕਰਦੇ ਹੋ ?

ਆਧੁਨਿਕ (ਮੌਡਰਨ) ਜ਼ਮਾਨੇ ਦੇ ਸਨਮੁੱਖ ਸਿੱਖ ਧਰਮ ਦੀ ਵਿਲੱਖਣਤਾ ਤੇ ਮਹੱਤਤਾ

ਅਖ਼ੀਰ ਵਿਚ ਜਾ ਕੇ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖ ਧਰਮ ਦੀ ਆਧੁਨਿਕ ਰਾਜਾਂ ਤੇ ਸਮਾਜਾਂ ਨਾਲ ਤੁਲਨਾ ਕਰਨ ਦਾ ਸਭ ਨਾਲੋਂ ਅਹਿਮ ਸਿਧਾਂਤਕ ਨੁਕਤਾ ਛੋਹਿਆ ਸੀ। ਉਸ ਨੇ ਇਤਿਹਾਸ ਉੱਤੇ ਲੰਮੀ ਨਜ਼ਰ ਮਾਰਦਿਆਂ ਦੱਸਿਆ ਸੀ ਕਿ ਇਤਿਹਾਸ ਅੰਦਰ ਰਾਜ ਬਣਦੇ ਰਹੇ, ਰਾਜ ਟੁੱਟਦੇ ਰਹੇ, ਲੇਕਿਨ ਦੁਨੀਆਂ ਦੇ ਉੱਤੇ ਜੋ (ਸਿੱਖ) ਧਰਮ ਆਇਆ ਹੈ, ਜੇ ਉਹ ਸਤਿਗੁਰਾਂ ਦੇ ਦਿਖਾਏ ਰਸਤੇ ‘ਤੇ ਚੱਲਿਆ ਤਾਂ ਨਾ ਉਹ ਟੁੱਟਿਆ ਤੇ ਨਾ ਉਸ ਦੀ ਕਿਸੇ ਨੇ ਥਾਂ ਲਈ ਹੈ। ਤਾਂ ਸਿੱਖ ਧਰਮ ਦੁਨੀਆਂ ਦੇ ਸਾਹਮਣੇ ਅੱਜ ਮਨੁੱਖੀ ਅਧਿਕਾਰਾਂ ਦਾ ਵੀ ਇਕ ਨਮੂਨਾ ਪੇਸ਼ ਕਰੇਗਾ।

ਕਈ ਕਹਿੰਦੇ ਹਨ ਕਿ ਧਰਮ ਦੇ ਆਧਾਰ ‘ਤੇ ਖੜ ਕੇ ਰਾਜਨੀਤਕ ਮੰਗਾਂ ਕਰਨੀਆਂ ਜਮਹੂਰੀਅਤ ਦੇ ਸਿਧਾਂਤ ਦੇ ਉਲਟ ਹੈ। ਭਾਈ ਖਾਲੜਾ ਨੇ ਇਸ ਧਾਰਨਾ ਦੀ ਪੈੜ ਕੱਢਦਿਆਂ ਦੱਸਿਆ ਕਿ ਜਦੋਂ ਪੱਛਮੀ ਮੁਲਕਾਂ ਅੰਦਰ ਸਨਅਤੀ ਤਕਨੀਕ ਦੇ ਵਿਕਾਸ ਨਾਲ ਰਾਜ ਦੇ ਨਵੇਂ ਮਾਡਲ ਖੜੇ ਕੀਤੇ ਗਏ, ਜਦੋਂ ਵੋਟਾਂ ਨਾਲ ਰਾਜ ਬਣਾਉਣ ਦੀ ਰੀਤ ਪ੍ਰਚੱਲਤ ਹੋਈ, ਜੀਹਨੂੰ ਤੁਸੀਂ ਜਮਹੂਰੀਅਤ ਕਹਿੰਦੇ ਹੋ, ਤਾਂ ਠੀਕ ਉਸੇ ਸਮੇਂ ਦਸਮ ਪਾਤਸ਼ਾਹ ਨੇ ਸਮਾਜ ਸਿਰਜਣ ਲਈ, ਇਕ ਨਵਾਂ ਰਾਜ ਸਿਰਜਣ ਲਈ ਇਕ ਸਿਧਾਂਤ ਦਿੱਤਾ, ਜਮਹੂਰੀਅਤ ਵੀ ਦਿੱਤੀ ਪਰ ਉੱਤੇ ਧਰਮ ਦਾ ਕੁੰਡਾ ਦਿੱਤਾ। ਦਸਮੇਸ਼ ਪਿਤਾ ਦੇ ਪੈਰੋਕਾਰ ਦੁਨੀਆਂ ਦੀ ਸਟੇਜ ‘ਤੇ ਆਪਣੇ ਫ਼ਲਸਫ਼ੇ ਨੂੰ ਚਾਹੇ ਐਨੇ ਜ਼ੋਰ ਨਾਲ ਨਹੀਂ ਰੱਖ ਸਕੇ, ਪਰ ਓਸੇ ਸਮੇਂ ਦੋ ਫ਼ਲਸਫ਼ੇ ਦੁਨੀਆਂ ਵਿਚ ਹੋਰ ਪੈਦਾ ਹੋਏ ਜਿਹੜੇ ਇਨ੍ਹਾਂ ਤਿੰਨ ਸਦੀਆਂ ਤਕ ਚੱਲੇ ਨੇ। ਇਕ ਮਾਰਕਸੀ ਫ਼ਲਸਫ਼ਾ ਜਿਹੜਾ ਪਦਾਰਥਵਾਦ ਉੱਤੇ ਖਲੋ ਕੇ ਜਮਾਤ-ਰਹਿਤ ਸਮਾਜ ਸਿਰਜਣ ਦੀ ਗੱਲ ਕਰਦਾ ਹੈ। ਦੂਜਾ, ਖੁੱਲ੍ਹੀ ਮੰਡੀ ਵਾਲਾ ਪੂੰਜੀਵਾਦੀ ਫ਼ਲਸਫ਼ਾ ਜਿਹੜਾ ਪਦਾਰਥਕ ਖ਼ੁਸ਼ਹਾਲੀ ਵਾਸਤੇ ਰਾਜ ਸਿਰਜਣ ਦੀ ਗੱਲ ਕਰਦਾ ਸੀ। ਦੋਨੋਂ ਫ਼ਲਸਫ਼ੇ ਕਹਿੰਦੇ ਸੀ ਧਰਮ ਤੇ ਰਾਜਨੀਤੀ ਅਲੱਗ ਹੋਣੇ ਚਾਹੀਦੇ ਹਨ। ਦੋਨੋਂ ਦੁਨੀਆਂ ਵਿਚ ਫ਼ੇਲ੍ਹ ਹੋਏ ਹਨ। ਮਾਰਕਸਵਾਦ ਬੁਰੀ ਤਰ੍ਹਾਂ ਫੇਲ੍ਹ ਹੋਇਐ, ਤੇ ਉਸ ਦੇ ਮੁਕਾਬਲੇ ‘ਤੇ ਖੁੱਲ੍ਹੀ ਮੰਡੀ ਵਾਲਾ ਧਰਮ-ਰਹਿਤ ਪੂੰਜੀਵਾਦ ਸਾਰੀਆਂ ਬਿਮਾਰੀਆਂ ਦੀ ਜੜ੍ਹ ਬਣ ਕੇ ਸਾਰੇ ਪੱਛਮੀ ਜਗਤ ਨੂੰ ਚੰਬੜ ਗਿਐ। ਏਸ ਧਰਮ-ਰਹਿਤ ਸਮਾਜ ਤੇ ਧਰਮ- ਰਹਿਤ ਰਾਜ ਦੇ ਫ਼ਲਸਫ਼ੇ ਨੇ ਅੱਜ ਮਨੁੱਖੀ ਸਮਾਜ ਦੀ ਬੁਨਿਆਦੀ ਇਕਾਈ ਪਰਿਵਾਰ ਨੂੰ ਵੀ ਤੋੜ ਦਿੱਤੈ, ਸਮਾਜਿਕ ਸੰਬੰਧਾਂ ਨੂੰ ਤੋੜ ਕੇ ਰੱਖ ਦਿੱਤੈ। ਪੱਛਮ ਦੇ ਵਿਦਵਾਨ ਤੇ ਰਾਜਨੀਤੀਵਾਨ ਹੁਣ ਇਹ ਗੱਲ ਮੰਨਣ ਲੱਗ ਪਏ ਨੇ ਕਿ ਇਹ ਪ੍ਰਣਾਲੀ ਵੀ ਠੀਕ ਨਹੀਂ ਚੱਲ ਰਹੀ। ਇਹ ਪ੍ਰਣਾਲੀ ਏਸ ਕਰਕੇ ਠੀਕ ਨਹੀਂ ਚੱਲ ਰਹੀ ਕਿ ਰਾਜਨੀਤੀ ਵਿਚ ਨੈਤਿਕਤਾ (ਸਦਾਚਾਰ) ਨਹੀਂ ਰਹੀ, ਖੁੱਲ੍ਹੇ ਮੁਕਾਬਲੇ ਵਿਚ ਸਮਾਜ ਦੇ ਪ੍ਰਤਿ ਕੋਈ ਜ਼ੁੰਮੇਵਾਰੀ ਨਹੀਂ ਰਹੀ, ਸਮਾਜਿਕ ਜ਼ਿੰਦਗੀ ਦੇ ਵਿਚ ਆਪਸੀ ਪ੍ਰੇਮ-ਭਾਵ ਨਹੀਂ ਰਿਹਾ। ਅੱਜ ਭਰਾਵੋ ਦੁਨੀਆਂ ਦੇ ਏਜੰਡੇ ‘ਤੇ ਇਹ (ਸੁਆਲ) ਹੈ ਕਿ ਇੱਕੀਵੀਂ ਸਦੀ ਦੀ ਰਾਜਨੀਤਕ ਪ੍ਰਣਾਲੀ ਕੀ ਹੋਵੇਗੀ ? ਪੱਛਮੀ ਫ਼ਿਲਾਸਫ਼ਰ ਅਜਿਹੇ ਸਿਧਾਂਤ ਲਿਆ ਰਹੇ ਹਨ ਜੀਹਨੂੰ ਅਜੇ ਉਹ ਨੈਤਿਕਤਾ ‘ਤੇ ਆਧਾਰਿਤ ਰਾਜਨੀਤੀ ਕਹਿੰਦੇ ਹਨ। ਲੇਕਿਨ ਹੈ ਉਹ ਸਾਡੇ ਸਤਿਗੁਰੂ ਦੀ ਬਖ਼ਸ਼ੀ ਧਰਮ ਆਧਾਰਿਤ ਰਾਜਨੀਤੀ। ਸਾਡੇ ਸਿਧਾਂਤ ਕਹਿੰਦੇ ਨੇ ਕਿ ਜਦ ਰਾਜਾ ਧਰਮ ਤੋਂ ਦੂਰ ਹੋ ਜਾਂਦੈ ਤਾਂ ਉਹ ‘ਸੀਂਹ’ ਬਣ ਜਾਂਦੈ, ਉਸ ਦੇ ਅਹਿਲਕਾਰ (ਸਿਸਟਮ) ‘ਕੁੱਤੇ’ ਬਣ ਜਾਂਦੇ ਨੇ। ਜੇ ਚੰਗਾ ਸਮਾਜ ਸਿਰਜਣਾ ਚਾਹੁੰਦੇ ਹੋ ਤਾਂ ਧਰਮ ਦਾ ਕੁੰਡਾ ਰਾਜ ਦੇ ਉੱਤੇ ਹੋਣਾ ਚਾਹੀਦੈ। ਇਹ ਸਿਧਾਂਤ ਸਾਡੇ ਸਤਿਗੁਰਾਂ ਨੇ ‘ਕੱਲੇ ਸਿੱਖਾਂ ਨੂੰ ਨਹੀਂ, ਸਮੁੱਚੀ ਮਾਨਵਤਾ ਨੂੰ ਦਿੱਤਾ ਸੀ । ਆਓ ਪੂਰੇ ਭਰੋਸੇ ਦੇ ਨਾਲ ਏਸ ਫ਼ਲਸਫ਼ੇ ਨੂੰ ਦੁਨੀਆਂ ਦੇ ਅੱਗੇ ਰੱਖੀਏ ਕਿ ਦੁਨੀਆਂ ਵਾਲਿਓ ਜੋ ਪਰਿਵਾਰਕ ਬਿਮਾਰੀਆਂ, ਸਮਾਜਿਕ ਬਿਮਾਰੀਆਂ, ਰਾਜਨੀਤਕ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਧਰਮ ਆਧਾਰਿਤ ਰਾਜਨੀਤੀ ਦੇ ਆਧਾਰ ‘ਤੇ ਰਾਜ ਸਿਰਜੋ। ਅੱਜ ਦੁਨੀਆਂ ਵਿਚ ਕਈ ਮੌਡਰਨ ਲਹਿਰਾਂ ਚੱਲ ਰਹੀਆਂ ਨੇ, ਕਿ ਕੁਦਰਤ ਨੂੰ ਬਚਾਓ, ਮਾਨਵਤਾ ਨੂੰ ਬਚਾਓ, ਵਾਤਾਵਰਨ ਨੂੰ ਬਚਾਓ – ਇਨ੍ਹਾਂ ਸਾਰਿਆਂ ਦਾ ਇੱਕੋ-ਇਕ ਹੱਲ ਹੈ ਕਿ ਆਪਣੇ ਸਮਾਜ ਨੂੰ, ਆਪਣੇ ਰਾਜ ਨੂੰ ਧਰਮ ਦੇ ਆਧਾਰ ‘ਤੇ ਜਥੇਬੰਦ ਕਰੋ। ਮਨੁੱਖਤਾ ਦਾ ਭਲਾ ਇਸੇ ਗੱਲ ਵਿਚ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਤਾਂ ਅਸੀਂ ਫ਼ਿਰਕਾਪ੍ਰਸਤ ਨਹੀਂ ਹੁੰਦੇ। ਭਾਈ ਜਸਵੰਤ ਸਿੰਘ ਖਾਲੜਾ ਨੇ ਭਾਰਤੀ ਰਾਜ ਦੀ ਬੁਨਿਆਦੀ ਕਾਣ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਸੀ ਕਿ ਸਦੀਆਂ ਦੀ ਗੁਲਾਮੀ ਭੋਗਣ ਤੋਂ ਬਾਅਦ ਉਨ੍ਹਾਂ ਜਿਹੜਾ ਰਾਜ ਸਿਰਜਿਆ ਹੈ ਉਹ ਧਰਮ, ਭਾਵ ਸਦਾਚਾਰ ‘ਤੇ ਆਧਾਰਿਤ ਨਾ ਹੋਣ ਕਰਕੇ, ਉਹ ਅੱਜ ਬੰਦੇ ਨੂੰ ਬੰਦਾ ਨਹੀਂ ਸਮਝਦੇ । ਉਨ੍ਹਾਂ ਦਾ ਵੀ ਹੱਲ ਸਦਾਚਾਰੀ ਧਰਮ ‘ਤੇ ਆਧਾਰਿਤ ਸਮਾਜ ਤੇ ਰਾਜ ਨੂੰ ਜਥੇਬੰਦ ਕਰ ਕੇ ਹੀ ਹੋ ਸਕਦਾ ਹੈ। ਭਾਈ ਖਾਲੜਾ ਨੇ ਤਨਜ਼ੀਆ ਲਹਿਜੇ ਵਿਚ ਕਿਹਾ ਸੀ ਕਿ ਦਿੱਲੀ ਵਾਲਿਓ, ਤੁਹਾਨੂੰ ਤੁਹਾਡਾ ਘਰ ਮੁਬਾਰਕ, ਤੁਹਾਨੂੰ ਤੁਹਾਡਾ ਤੇਤੀ ਕਰੋੜ ਦੇਵੀ ਦੇਵਤਿਆਂ ਵਾਲਾ ਰਾਜ ਮੁਬਾਰਕ ਹੈ, ਪਰ ਸਾਨੂੰ ਸਾਡੇ ਫ਼ਲਸਫ਼ੇ ਅਨੁਸਾਰ ਆਪਣਾ ਰਾਜ ਸਿਰਜ ਲੈਣ ਦਿਓ। ਦੁਨੀਆਂ ਦੋਵਾਂ ਰਾਜਾਂ ਦੀ ਤੁਲਨਾ ਕਰ ਕੇ ਦੇਖ ਲਵੇਗੀ ਕਿ ਕਿਹੜਾ ਰਾਜ ਚੰਗਾ ਤੇ ਕਿਹੜਾ ਮਾੜਾ ਹੈ।

ਇਸ ਸਮਾਗਮ ਉਪਰੰਤ ਭਾਈ ਖਾਲੜਾ ਆਪਣੀ ਕੈਨੇਡਾ ਦੀ ਪਹਿਲੀ ਸੰਖੇਪ ਪਰ ਬੇਹੱਦ ਮਹੱਤਵਪੂਰਨ ਫੇਰੀ ਪੂਰੀ ਕਰ ਕੇ ਪੰਜਾਬ ਮੁੜਨ ਲਈ ਇੰਗਲੈਂਡ ਨੂੰ ਰਵਾਨਾ ਹੋ ਗਿਆ ਸੀ। ਇੰਗਲੈਂਡ ਵਿਚ ਕੁਛ ਦਿਨ ਆਪਣੇ ਭਰਾਵਾਂ ਕੋਲ ਠਹਿਰਨ ਤੇ ਵਾਕਫ਼ਕਾਰਾਂ ਨੂੰ ਮਿਲਣ ਤੋਂ ਬਾਅਦ ਉਹ ਕਾਹਲੀ ਨਾਲ ਪੰਜਾਬ ਪਰਤ ਆਇਆ ਸੀ।

ਦੂਜੀ ਫੇਰੀ-ਜੂਨ 1995

ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਕੈਨੇਡਾ) ਨੇ ਜੂਨ 1984 ਤੋਂ ਬਾਅਦ ਕੈਨੇਡਾ ਦੀ ਸਰਕਾਰ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਭਾਰਤ ਅੰਦਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲੇ ਜਾਣ ਬਾਰੇ ਜਾਣਕਾਰੀ ਦੇਣ ਅਤੇ ਇਸ ਮਾਮਲੇ ਵਿਚ ਉਨ੍ਹਾਂ ਦੀ ਵਡਮੁੱਲੀ ਹਮਾਇਤ ਹਾਸਲ ਕਰਨ ਦੇ ਮੰਤਵ ਨਾਲ, ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੇ ਅੰਤ (weekend) ਵਿਚ ਪਾਰਲੀਮੈਂਟ ਦੇ ਅਹਾਤੇ ਵਿਚ ਪ੍ਰਭਾਵਸ਼ਾਲੀ ਸਮਾਗਮ ਕਰਨ ਦੀ ਰੀਤ ਪ੍ਰਚੱਲਤ ਕੀਤੀ ਸੀ ਜਿਹੜੀ ਅਜੇ ਤਕ ਨਿਰਵਿਘਨ ਚੱਲ ਰਹੀ ਹੈ । ਇਸ ਸਮਾਗਮ ਵਿਚ ਭਾਰਤ ਜਾਂ ਪੰਜਾਬ ਤੋਂ, ਮਨੁੱਖੀ ਅਧਿਕਾਰਾਂ ਜਾਂ ਇਸ ਨਾਲ ਜੁੜਵੇਂ ਹੋਰਨਾਂ ਖੇਤਰਾਂ ਵਿਚ ਕਰਮਸ਼ੀਲ ਪ੍ਰਮੁੱਖ ਹਸਤੀਆਂ ਨੂੰ ਉਚੇਚਾ ਸੱਦਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਮੰਤਰੀਆਂ ਤੇ ਪਾਰਲੀਮੈਂਟ ਦੇ ਮੈਂਬਰਾਂ ਦੇ ਰੂ-ਬ-ਰੂ ਕੀਤਾ ਜਾਂਦਾ ਹੈ। ਇਸ ਸਾਲਾਨਾ ਸਮਾਗਮ ਵਿਚ ਕੈਨੇਡਾ ਦੇ ਵਸਨੀਕ ਮੋਹਤਬਰ ਸਿੱਖ ਵੀ ਸੱਦੇ ਜਾਂਦੇ ਹਨ। ਮਾਰਚ 1995 ਵਿਚ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਸੈਮੀਨਾਰ ਵਿਚ ਬੋਲਣ ਲਈ ਔਟਵਾ ਪਹੁੰਚਿਆ ਸੀ, ਉਦੋਂ ਹੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਨੇ ਉਸ ਨੂੰ ਜੂਨ ਵਿਚ ਹੋਣ ਵਾਲੇ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦੇ ਦਿੱਤਾ ਸੀ, ਜਿਸ ਨੂੰ ਭਾਈ ਖਾਲੜਾ ਨੇ ਖ਼ੁਸ਼ੀ ਨਾਲ ਪ੍ਰਵਾਨ ਕਰ ਲਿਆ ਸੀ ਕਿਉਂਕਿ ਉਦੋਂ ਤਕ ‘ਹਿਊਮਨ ਰਾਈਟਸ ਵਿੰਗ’ ਨੇ ਅਣਪਛਾਤੀਆਂ ਲਾਸ਼ਾਂ ਦੀ ਹਕੀਕਤ ਬਾਰੇ ਬਹੁਤ ਸਾਰੇ ਤੱਥ ਇਕੱਠੇ ਕਰ ਲਏ ਹੋਏ ਸਨ ਅਤੇ ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਅੰਦਰ ਮਨੁੱਖੀ ਹੱਕਾਂ ਦੀਆਂ ਘੋਰ ਉਲੰਘਣਾਵਾਂ ਤੋਂ ਸਾਰੀ ਦੁਨੀਆਂ ਨੂੰ, ਖ਼ਾਸ ਕਰਕੇ ਪੱਛਮੀ ਦੇਸ਼ਾਂ ਦੀਆਂ ਜਮਹੂਰੀ ਹਕੂਮਤਾਂ ਨੂੰ ਜਾਣੂੰ ਕਰਾਉਣਾ ਚਾਹੁੰਦਾ ਸੀ । ਸੋ ਕੀਤੇ ਹੋਏ ਵਾਅਦੇ ਦੇ ਮੁਤਾਬਿਕ ਜਸਵੰਤ ਸਿੰਘ 5 ਜੂਨ ਨੂੰ ਔਟਵਾ ਪਹੁੰਚ ਗਿਆ ਸੀ । ਇਸ ਵਾਰੀ ਵੀ ਉਸ ਦੇ ਆਉਣ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।

5 ਜੂਨ ਦੀ ਸ਼ਾਮ ਨੂੰ ਰੀਤ ਮੁਤਾਬਿਕ ਕੈਨੇਡੀਅਨ ਪਾਰਲੀਮੈਂਟ ਦੇ ਕਨਵੈਨਸ਼ਨ ਹਾਲ ਨੰ: 200, ਵੈਸਟ ਬਲਾਕ ਵਿਚ ਸਮਾਗਮ ਦਾ ਰਸਮੀ ਆਰੰਭ ਹੋਇਆ। ਸਮਾਗਮ ਵਿਚ ਕੈਨੇਡਾ ਸਰਕਾਰ ਦੇ ਤਤਕਾਲੀ ਵਿਤ ਮੰਤਰੀ (finance minister) ਪੌਲ ਮਾਰਟਿਨ, ਕੈਨੇਡਾ ਦਾ ਸੋਲਿਸਟਰ ਜਨਰਲ ਤੇ ਹਾਊਸ ਲੀਡਰ ਹਰਬ ਗਰੇਅ, ਸ੍ਰੀਮਤੀ ਕੁਲੀਨ ਬੌਮੀਏ, ਕੈਲੀਫੋਰਨੀਆ ਤੋਂ ਅਮਰੀਕੀ ਸੈਨੇਟ ਦਾ ਮੈਂਬਰ ਮਿਸਟਰ ਡੋਲਿਟਲ, ਅਮਰੀਕਾ ਦੇ ਪ੍ਰਸਿੱਧ ਸਿੱਖ ਕਾਰੋਬਾਰੀ (businessman) ਤੇ ਰਾਜਸੀ ਆਗੂ ਸ. ਦੀਦਾਰ ਸਿੰਘ ਬੈਂਸ ਅਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਕੈਨੇਡਾ) ਦੇ ਸਾਰੇ ਆਗੂ ਪਹੁੰਚੇ ਹੋਏ ਸਨ।

ਸਮਾਗਮ ਦਾ ਆਰੰਭ ਪੋਲ ਮਾਰਟਿਨ ਦੀ ਸਪੀਚ ਨਾਲ ਹੋਇਆ ਸੀ ਅਤੇ ਉਸ ਤੋਂ ਬਾਅਦ ਵਾਰੋ-ਵਾਰੀ ਹਰਬ ਗਰੇਅ ਤੇ ਮਿਸਟਰ ਡੋਲਿਟਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਭਾਰਤ ਅੰਦਰ ਸਿੱਖਾਂ ਨੂੰ ਦਰਪੇਸ਼ ਔਕੜਾਂ ਪ੍ਰਤਿ ਆਪਣੇ ਗਹਿਰੇ ਸਰੋਕਾਰ ਪ੍ਰਗਟ ਕੀਤੇ ਸਨ । ਉਪਰੋਕਤ ਸਾਰੇ ਬੁਲਾਰਿਆਂ ਨੇ ਪੰਜਾਬ ਵਿਚ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਦੇ ਸੰਦਰਭ ਵਿਚ ਮਨੁੱਖੀ ਹੱਕਾਂ ਦੀ ਰੱਖਿਆ ਕਰਨ ਦੀ ਭਾਰੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਸੀ।

ਉਸ ਤੋਂ ਬਾਅਦ ਭਾਈ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਬੁਲਾਰੇ ਵਜੋਂ ਕੈਨੇਡਾ ਦੇ ਪਤਵੰਤੇ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ। ਉਸ ਨੇ ਹਾਜ਼ਰੀਨ ਨਾਲ ਆਪਣੇ ਨਿੱਜੀ ਅਨੁਭਵ ਸਾਂਝੇ ਕਰਦੇ ਹੋਏ ਭਾਰਤੀ ਜਮਹੂਰੀਅਤ ਦਾ ਦੰਭ ਤੇ ਖੋਖਲਾਪਨ ਉਜਾਗਰ ਕੀਤਾ। ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਸਮਾਗਮ ਵਿਚ ਭਾਈ ਖਾਲੜਾ ਵੱਲੋਂ ਅੰਗਰੇਜ਼ੀ ਵਿਚ ਦਿੱਤੀ ਗਈ ਪੂਰੀ ਤਕਰੀਰ ਦਾ ਪੰਜਾਬੀ ਅਨੁਵਾਦ ਦੇ ਰਹੇ ਹਾਂ। ਇਹ ਅਨੁਵਾਦ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਭਾਈ ਖਾਲੜਾ ਦੀ ਸਪੀਚ ਦੀ ਅੰਗਰੇਜ਼ੀ ਵਿਚ ਛਾਪੀ ਗਈ ਸਕਰਿਪਟ ‘ਤੇ ਆਧਾਰਿਤ ਹੈ :

ਵਾਹਿਗੁਰੂ ਜੀ ਕਾ ਖ਼ਾਲਸਾ॥

ਵਾਹਿਗੁਰੂ ਜੀ ਕੀ ਫ਼ਤਿਹ॥

ਸਭ ਤੋਂ ਪਹਿਲਾਂ ਪੰਜਾਬ (ਭਾਰਤ) ਵਿਚ ਰਹਿੰਦੇ ਸਿੱਖਾਂ ਵਲੋਂ ਮੈਂ ਕੈਨੇਡਾ ਦੀ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਸਖ਼ਤ ਚਿੱਠੀ ਲਿਖ ਕੇ ‘ਟਾਡਾ’ (ਭਾਰਤ ਸਰਕਾਰ ਵੱਲੋਂ ਵਿਰੋਧੀਆਂ ਨੂੰ ਬਿਨਾਂ ਮੁਕੱਦਮਾ ਚਲਾਏ ਨਜ਼ਰਬੰਦ ਕਰਨ ਦੀ ਤਾਕਤ ਨਾਲ ਲੈਸ ਕਰਨ ਵਾਲਾ ਕਾਲਾ ਕਾਨੂੰਨ) ਨੂੰ ਵਾਪਸ ਲੈਣ ਲਈ ਕਿਹਾ ਹੈ। ਮੈਂ ਉਮੀਦ ਕਰਦਾ ਹਾਂ ਕਿ ਕੈਨੇਡਾ ਦੇ ਲੋਕ, ਸਰਕਾਰ ਦੇ ਮੈਂਬਰ ਅਤੇ ਕੈਨੇਡੀਅਨ ਪਾਰਲੀਮੈਂਟ, ਭਾਰਤ ਵਿਚ ਉਥੋਂ ਦੀ ਸਰਕਾਰ ਵੱਲੋਂ ਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਤੋਂ ਰੱਖਿਆ ਕਰਨ ਵਿਚ ਮੱਦਦ ਕਰਨਗੇ।

ਇਕ ਨਵੀਂ ਗੱਲ ਜੋ ਮੈਂ ਇਥੇ ਆ ਕੇ ਮਹਿਸੂਸ ਕੀਤੀ ਹੈ ਤੇ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਜਦੋਂ ਮੈਂ ਇਸ ਪਾਰਲੀਮੈਂਟ ਸਮੂਹ ਅੰਦਰ ਦਾਖ਼ਲ ਹੋਇਆ ਤਾਂ ਮੈਨੂੰ ਭੋਰਾ ਵੀ ਉਮੀਦ ਨਹੀਂ ਸੀ ਕਿ ਮੈਂ ਆਪਣੀ ਕ੍ਰਿਪਾਨ ਅੰਦਰ ਲਿਜਾ ਸਕਾਂਗਾ। ਪਰ ਮੈਨੂੰ ਬੇਹੱਦ ਖ਼ੁਸ਼ੀ ਹੋਈ ਜਦੋਂ ਮੇਰੇ ਮੇਜ਼ਬਾਨ ਨੇ ਮੈਨੂੰ ਇਹ ਦੱਸਿਆ ਕਿ ਮੈਂ ਕੈਨੇਡਾ ਦੇ ਪਾਰਲੀਮੈਂਟ ਹਾਊਸ ਅੰਦਰ ਕ੍ਰਿਪਾਨ ਲਿਜਾ ਸਕਦਾ ਹਾਂ। ਭਾਰਤ ਵਿਚ ਜਦੋਂ ਸਾਡਾ ਆਗੂ ਸਿਮਰਨਜੀਤ ਸਿੰਘ ਮਾਨ ਮਿਸਾਲੀ ਵੋਟਾਂ ਨਾਲ ਜਿੱਤ ਹਾਸਲ ਕਰਨ ਬਾਅਦ ਕ੍ਰਿਪਾਨ ਸਮੇਤ ਪਾਰਲੀਮੈਂਟ ਵਿਚ ਮੈਂਬਰ ਵਜੋਂ ਸਹੁੰ ਚੁੱਕਣ ਲਈ ਗਿਆ ਤਾਂ ਉਸਨੂੰ ਅੰਦਰ ਜਾਣ ਤੋਂ ਰੋਕ ਲਿਆ ਗਿਆ ਸੀ। ਭਾਰਤ ਲਈ ਇਹ ਬੜੀ ਸ਼ਰਮਨਾਕ ਗੱਲ ਹੈ।

ਸਾਨੂੰ ਅਫ਼ਸੋਸ ਹੈ ਕਿ ਭਾਰਤ, ਜਿਸਨੂੰ ਅਸੀਂ ਆਪਣਾ ਮੁਲਕ ਮੰਨਦੇ ਹਾਂ, ਦੀ ਪਾਰਲੀਮੈਂਟ ਵਿਚ ਸਾਨੂੰ ਆਪਣੇ ਧਾਰਮਿਕ ਚਿੰਨ੍ਹ ਲਿਜਾਣ ਦੀ ਆਜ਼ਾਦੀ ਨਹੀਂ ਹੈ। ਵੇਖਣ ਵਾਲਾ ਖ਼ਾਸ ਨੁਕਤਾ ਇਹ ਹੈ ਕਿ ਭਾਰਤੀ ਸੰਵਿਧਾਨ ਦੇ 400 ਪੰਨਿਆਂ ਵਾਲੇ ਦਸਤਾਵੇਜ਼ ਵਿਚ ਸਿਰਫ਼ ਇਕ ਸਤਰ ਹੈ ਜੋ ਸਿੱਖਾਂ ਨਾਲ ਸੰਬੰਧਿਤ ਹੈ ਅਤੇ ਉਹ ਇਹ ਹੈ ਕਿ ਸਿੱਖ ਕ੍ਰਿਪਾਨ ਪਹਿਨ ਸਕਦੇ ਹਨ ਤੇ ਆਪਣੇ ਨਾਲ ਲਿਜਾ ਸਕਦੇ ਹਨ। ਭਾਰਤੀ ਸੰਵਿਧਾਨ ਵਿਚ ਸਿਰਫ਼ ਏਨਾ ਹੀ ਹੈ। ਫਿਰ ਜਦੋਂ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਚੋਣਾਂ ਵਿਚ ਜਿੱਤਣ ਉਪਰੰਤ ਪਾਰਲੀਮੈਂਟ ਵਿਚ ਜਾਣ ਲੱਗਿਆ ਤਾਂ ਉਸਨੂੰ ਡੱਕ ਲਿਆ ਗਿਆ ਸੀ, ਕਿਉਂਕਿ ਉਸਨੇ ਕ੍ਰਿਪਾਨ ਪਹਿਨੀ ਹੋਈ ਸੀ । ਸੋ ਇਸ ਤਰ੍ਹਾਂ ਦੇ ਹਾਲਾਤ ਹਨ।

ਹੁਣ ਮੈਂ ਅੱਜ ਦੇ ਅਸਲ ਮੁੱਦੇ ਵੱਲ ਆਉਂਦਾ ਹਾਂ। ਮੈਂ ਆਪਣੇ ਨਾਲ ਵਾਪਰੀ ਕਹਾਣੀ ਦੱਸਦਾ ਹਾਂ। ਜੂਨ 1984 ਦੇ ਸ਼ਹੀਦੀ ਦਿਹਾੜੇ, ਜਿਹੜਾ ਭਾਰਤੀ ਫ਼ੌਜਾਂ ਵਲੋਂ ਦਰਬਾਰ ਸਾਹਿਬ ਉੱਤੇ ਹਮਲੇ ਅਤੇ ਅਕਾਲ ਤਖ਼ਤ ਸਾਹਿਬ ਨੂੰ ਤਬਾਹ ਕਰਨ ਵਿਰੁੱਧ ਰੋਸ ਵਜੋਂ ਮਨਾਇਆ ਜਾਂਦਾ ਹੈ, ਮੌਕੇ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਪੰਜ ਵਾਰੀ ਗਿ੍ਫ਼ਤਾਰ ਕੀਤਾ ਗਿਆ ਹੈ। ਸਿੱਖਾਂ ਨੂੰ ਦਰਬਾਰ ਸਾਹਿਬ ਵਿਚ ਇਹ ਦਿਨ ਮਨਾਉਣ ਤੋਂ ਰੋਕਿਆ ਜਾਂਦਾ ਹੈ । ਜੂਨ ’84 ਦੇ ਹਮਲੇ ਬਾਅਦ ਦਰਬਾਰ ਸਾਹਿਬ ਦੇ ਇਹ ਹਾਲਾਤ ਹਨ। ਸਾਨੂੰ ਪੂਰੀ ਜਾਮਾ ਤਲਾਸ਼ੀ ਲੈਣ ਬਾਅਦ ਹੀ ਸਾਡੇ ਉੱਚ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਸਾਡਾ ਦਰਬਾਰ ਸਾਹਿਬ ਸੁਰੱਖਿਆ ਦਲਾਂ ਦੇ ਕਬਜ਼ੇ ਵਿਚ ਹੈ। ਸਾਡੇ ਧਾਰਮਿਕ ਹੱਕ ਅਤੇ ਸਾਡੇ ਆਪਣੇ ਹੀ ਧਰਮ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਵਿਚ ਦਾਖ਼ਲ ਹੋਣ ਦੀ ਮਨਾਹੀ ਕੀਤੀ ਹੋਈ ਹੈ।

ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਸਾਡੇ ਰਾਜਨੀਤਕ ਨਿਸ਼ਾਨੇ ਦੀ ਪੂਰਤੀ ਵਿਚ ਮੱਦਦ ਨਹੀਂ ਵੀ ਕਰ ਸਕਦੇ ਤਾਂ ਘੱਟੋ-ਘੱਟ ਸਾਡੇ ਮੁੱਢਲੇ ਅਧਿਕਾਰਾਂ ਦੀ ਬਹਾਲੀ ਵਿਚ ਸਾਡੇ ਮੱਦਦਗਾਰ ਹੋਵੋ ਜਿਨ੍ਹਾਂ ਤੋਂ ਅਸੀਂ ਵਿਰਵੇ ਕੀਤੇ ਹੋਏ ਹਾਂ । ਹਾਲਾਤ ਇਹ ਹਨ ਕਿ ਅਸੀਂ ਦਰਬਾਰ ਸਾਹਿਬ ਵਿਚ ਸ਼ਹੀਦੀ ਦਿਹਾੜਾ ਨਹੀਂ ਮਨਾ ਸਕਦੇ ਅਤੇ ਜੂਨ ’84 ਦੇ ਫ਼ੌਜੀ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮੈਂ ਇਸ ਦਿਹਾੜੇ ਦੀ ਯਾਦ ਮਨਾ ਰਿਹਾ ਹਾਂ ਤੇ ਉਹ ਵੀ ਉਸ ਥਾਂ (ਕੈਨੇਡਾ) ’ਤੇ ਜਿਹੜੀ ਪੰਜਾਬ (ਭਾਰਤ) ਵਿਚ ਨਹੀਂ।

ਇਸੇ ਤਰ੍ਹਾਂ ਮੈਂ ਮਨੁੱਖੀ ਅਧਿਕਾਰਾਂ ਸੰਬੰਧੀ ਕੁੱਝ ਹੋਰ ਗੱਲਾਂ ਵੀ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿਉਂਕਿ ਯੂ.ਐਨ. ਦੇ ਮਨੁੱਖੀ ਅਧਿਕਾਰਾਂ ਸੰਬੰਧੀ ਚਾਰਟਰ ਅਨੁਸਾਰ ਦੁਨੀਆਂ ਵਿਚ ਕੁੱਝ ਕੌਮਾਂਤਰੀ ਮਨੁੱਖੀ ਅਧਿਕਾਰ ਹਰੇਕ ਵਿਅਕਤੀ ਨੂੰ ਮਿਲੇ ਹੋਏ ਹਨ ਪਰ ਭਾਰਤ ਵਿਚ ਸਾਡੇ ਮੁੱਢਲੇ ਮਨੁੱਖੀ ਅਧਿਕਾਰ ਖੋਹੇ ਹੋਏ ਹਨ। ਜਿਵੇਂ ਮੈਂ ਦੱਸਿਆ ਹੈ, ਧਰਮ ਨੂੰ ਮੰਨਣ ਦਾ ਅਧਿਕਾਰ ਸਾਨੂੰ ਨਹੀਂ ਹੈ । ਦੂਸਰਾ ਮਨੁੱਖੀ ਅਧਿਕਾਰ, ਜੋ ਸਾਥੋਂ ਖੋਹਿਆ ਹੋਇਆ ਹੈ, ਉਹ ਇਹ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਖੁੱਲ੍ਹੇਆਮ ਨਹੀਂ ਕਰ ਸਕਦੇ ਜਿਸਦੀ ਉਦਾਹਰਣ ਸਾਡਾ ਆਗੂ ਸਿਮਰਨਜੀਤ ਸਿੰਘ ਮਾਨ ਹੈ ਜਿਸਨੂੰ ਇਸ ਕਰਕੇ ਟਾਡਾ ਅਧੀਨ ਨਜ਼ਰਬੰਦ ਕੀਤਾ ਗਿਆ ਕਿ ਉਸਨੇ ਆਜ਼ਾਦੀ ਮੰਗ ਰਹੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ। ਵਿਚਾਰ ਪ੍ਰਗਟਾਉਣ ਦੀ ਮਨਾਹੀ ਦੇ ਨਾਲੋ-ਨਾਲ ਕੁੱਝ ਹੋਰ ਅਧਿਕਾਰਾਂ ਤੋਂ ਵੀ ਸਾਨੂੰ ਵਾਂਝਿਆਂ ਕੀਤਾ ਗਿਆ ਹੈ।

ਭਾਰਤ ਦੀ ਪਾਰਲੀਮੈਂਟ ਨੇ ਸਾਡੇ ਸੰਗਤ ਰੂਪ (ਧਾਰਮਿਕ ਇਕੱਠ) ਵਿਚ ਜੁੜਨ ਤੋਂ ਰੋਕਣ ਲਈ ਇਕ ਨਵਾਂ ਲੋਕ ਪ੍ਰਤਿਨਿਧਤਾ ਕਾਨੂੰਨ ਬਣਾਇਆ ਹੈ। ਇਹ ਵਿਤਕਰਾ ਧਰਮ ਦੇ ਆਧਾਰ ਉੱਤੇ ਹੈ ਤੇ ਸਾਡੇ ਨਾਲ ਇਹ ਸਲੂਕ ਸਿੱਖ ਹੋਣ ਕਰਕੇ

ਕੀਤਾ ਜਾ ਰਿਹਾ ਹੈ । ਇਸ ਤਰ੍ਹਾਂ ਸਾਨੂੰ ਰਾਜਨੀਤਕ ਪਾਰਟੀ ਬਣਾਉਣ ਤੋਂ ਵਰਜਿਆ ਗਿਆ ਤਾਂ ਕਿ ਅਸੀਂ ਕੋਈ ਦਾਦ ਫ਼ਰਿਆਦ ਨਾ ਕਰ ਸਕੀਏ। ਸਾਡੇ ਨਾਲ ਧਾਰਮਿਕ ਵਿਤਕਰਾ ਹੋ ਰਿਹਾ ਹੈ। ਚੋਣਾਂ ਵਿਚ ਉਹ ਸਾਡੇ ਅਤੇ ਅਕਾਲੀ ਪਾਰਟੀ ਜਾਂ ਕਿਸੇ ਵੀ ਧਰਮ ਆਧਾਰਿਤ ਪਾਰਟੀ ਉੱਤੇ ਪਾਬੰਦੀ ਲਾ ਸਕਦੇ ਹਨ। ਇਹ ਸਾਡੇ ਇਕੱਠਿਆਂ ਮਿਲ ਬੈਠ ਸਕਣ ਦੇ ਮਨੁੱਖੀ ਅਧਿਕਾਰ ਉੱਤੇ ਡਾਕਾ ਹੈ।

ਮੈਂ ਤੁਹਾਨੂੰ ਇਸਦੇ ਵਿਚਲਾ ਕਾਰਨ ਦੱਸਣਾ ਚਾਹਾਂਗਾ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਭਾਰਤ ਵਿਚ ਕਈ ਕੌਮੀਅਤਾਂ ਹਨ ਜੋ ਆਪਣੇ ਲਈ ਆਤਮ-ਨਿਰਣੇ ਦਾ ਅਧਿਕਾਰ ਚਾਹੁੰਦੀਆਂ ਹਨ। ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਹੇਠ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਹ ਇਹੋ ਜਿਹੇ ਕਾਨੂੰਨ ਲੋਕਾਂ ਉੱਤੇ ਮੜ੍ਹਦੇ ਹਨ। ਜਿਵੇਂ ਤੁਸੀਂ ਜਾਣਦੇ ਹੀ ਹੋ ਸੰਨ 1947 ਤੋਂ ਬਾਅਦ ਈਸਾਈ ਬਹੁਗਿਣਤੀ ਵਾਲੇ ਦੋ ਉੱਤਰ ਪੂਰਬੀ ਰਾਜਾਂ ਨਾਗਾਲੈਂਡ ਅਤੇ ਮਿਜ਼ੋਰਮ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਉੱਤੇ ਭਾਰਤੀ ਫ਼ੌਜ ਨੇ ਕੁਚਲ ਕੇ ਰੱਖ ਦਿੱਤਾ ਹੈ। ਹੁਣ ਉਨ੍ਹਾਂ ਨੇ ਕਸ਼ਮੀਰ ਅਤੇ ਪੰਜਾਬ ਨੂੰ ਮਸਲ ਦੇਣ ਦੀ ਧਾਰ ਲਈ ਹੈ। ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਉਪਰ ਦਬਾਅ ਪਾਵੇ ਤਾਂ ਜੋ ਸੰਵਿਧਾਨ ਵਿਚ ਆਤਮ-ਨਿਰਣੇ ਦਾ ਅਧਿਕਾਰ ਸ਼ਾਮਲ ਕੀਤਾ ਜਾਵੇ ਅਤੇ ਆਤਮ- ਨਿਰਣੇ ਦਾ ਹੱਕ ਮੰਗ ਰਹੇ ਲੋਕਾਂ ਨੂੰ ਵੱਖਵਾਦੀ ਕਹਿ ਕੇ ਟਾਡਾ ਵਰਗੇ ਕਾਨੂੰਨਾਂ ਤਹਿਤ ਨਜ਼ਰਬੰਦ ਨਾ ਕੀਤਾ ਜਾਵੇ।

ਤੁਸੀਂ ਭਾਰਤ ਸਰਕਾਰ ਨੂੰ ਕਹਿ ਸਕਦੇ ਹੋ ਕਿ ਉਹ ਭਾਰਤੀ ਸੰਵਿਧਾਨ ਵਿਚ ਆਤਮ-ਨਿਰਣੇ ਦਾ ਹੱਕ ਸ਼ਾਮਲ ਕਰੇ।

ਆਪਣਾ ਮੁਲਕ ਛੱਡਣ ਦਾ ਜਿਹੜਾ ਅਨੁੱਖੀ ਅਧਿਕਾਰ ਹੈ, ਉਹ ਵੀ ਸਾਨੂੰ ਨਹੀਂ ਦਿੱਤਾ ਗਿਆ। ਜਿਹੜੇ ਸਿੱਖ ਵਿਦੇਸ਼ਾਂ ਤੋਂ ਭਾਰਤ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਜਾਂ ਅਸੀਂ ਭਾਰਤ ਵਿਚੋਂ ਜਾ ਕੇ ਪਾਕਿਸਤਾਨ ਸਥਿੱਤ ਆਪਣੇ ਪਹਿਲੇ ਗੁਰੂ ਸਾਹਿਬ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਜਾਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਭਾਰਤ ਤੋਂ ਪਾਕਿਸਤਾਨ ਵਿਚ ਦਾਖ਼ਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਸੋ ਇਨ੍ਹਾਂ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਸਾਡੀ ਮੰਗ ਹੈ ਅਤੇ ਅਸੀਂ ਚਾਹੁੰਦੇ ਹਾਂ ਤੁਸੀਂ ਭਾਰਤ ਸਰਕਾਰ ਉਪਰ ਅਜਿਹਾ ਦਬਾਅ ਬਣਾਓ।

ਅਖ਼ੀਰੀ ਮੁੱਦਾ ਇਹ ਹੈ : ਕਿਉਂਕਿ ਮੈਂ ਪੰਜਾਬ ਵਿਚ ਮਨੁੱਖੀ ਅਧਿਕਾਰ ਸੰਗਠਨ ਵਿਚ ਕੰਮ ਕਰਦਾ ਹਾਂ, ਪਿਛਲੇ ਕੁੱਝ ਸਾਲਾਂ ਵਿਚ ਪੁਲਸ ਅਤੇ ਸੁਰੱਖਿਆ ਦਲਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਚੁੱਕਿਆ ਹੈ ਅਤੇ ਲਾ-ਪਤਾ ਕਰ ਦਿੱਤਾ ਹੈ। ਜਦੋਂ ਅਸੀਂ ਪੁਲੀਸ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਇਹ ਕਹਿ ਦਿੱਤਾ ਕਿ (ਜਿਹਨਾਂ ਨੂੰ ਤੁਸੀਂ ਲਾ-ਪਤਾ ਕੀਤੇ ਗਏ ਕਹਿੰਦੇ ਹੋ) ਉਹ ਤਾਂ ਪੱਛਮੀ ਮੁਲਕਾਂ ਨੂੰ ਚਲੇ ਗਏ ਹਨ। ਪਰ ਸਾਨੂੰ ਪਤਾ ਹੈ ਕਿ ਪੁਲੀਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਦਿੱਤਾ ਹੈ। ਪੜਤਾਲ ਕਰਨ ਉੱਤੇ ਪਤਾ ਲੱਗਿਆ ਕਿ ਵੱਖ-ਵੱਖ ਸ਼ਹਿਰਾਂ ਦੀਆਂ ਮਿਊਂਸਿਪਲ ਕਮੇਟੀਆਂ ਦੇ ਸ਼ਮਸ਼ਾਨਘਾਟਾਂ ਵਿਚ ਕੋਈ ਪੰਝੀ ਹਜ਼ਾਰ ਲਾਸ਼ਾਂ ਨੂੰ ਅਣਪਛਾਤੀਆਂ ਅਤੇ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਹੈ। ਇਹ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਸਨ ਜਿਨ੍ਹਾਂ ਨੂੰ ਸੁਰੱਖਿਆ ਦਲਾਂ ਵਲੋਂ ਖ਼ੁਰਦ-ਬੁਰਦ ਕੀਤੇ ਦੱਸਿਆ ਜਾਂਦਾ ਹੈ। ਅਸੀਂ ਇਸ ਮਾਮਲੇ ਵਿਚ ਆਪਣੀ ਜਾਂਚ ਸੰਬੰਧੀ ਜਾਣਕਾਰੀ ਪ੍ਰੈਸ (ਅਖ਼ਬਾਰਾਂ) ਤੇ ਅਦਾਲਤ ਨੂੰ ਦੇ ਦਿੱਤੀ ਹੈ ਕਿ ਇਨ੍ਹਾਂ ਲਾਸ਼ਾਂ, ਜਿਨ੍ਹਾਂ ਲੋਕਾਂ ਨੂੰ ਪੁਲਸ ਨੇ ਪਹਿਲਾਂ ਚੁੱਕਿਆ ਅਤੇ ਫਿਰ ਘੋਰ ਤਸ਼ੱਦਦ ਢਾਹ ਕੇ ਮਾਰ ਦੇਣ ਬਾਅਦ ਸਾੜ ਦਿੱਤਾ, ਨੂੰ ਅਣਪਛਾਤੀਆਂ ਕਹਿ ਕੇ ਸਾੜਨਾ ਮ੍ਰਿਤਕਾਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਭਾਰੀ ਬੇਇਨਸਾਫ਼ੀ ਹੈ। ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ।

ਅਸੀਂ ਹਾਈਕੋਰਟ ਵਿਚ ਗਏ, ਉਨ੍ਹਾਂ ਇਹ ਕਹਿ ਕੇ ਸਾਡੀ ਗੱਲ ਸੁਣਨੋਂ ਨਾਂਹ ਕਰ ਦਿੱਤੀ ਕਿ ਇਹ ਪਬਲਿਕ ਲਿਟੀਗੇਸ਼ਨ (ਲੋਕ ਹਿੱਤਾਂ ਨਾਲ ਜੁੜਿਆ ਮਾਮਲਾ) ਨਹੀਂ। ਅਸੀਂ ਸੁਪਰੀਮ ਕੋਰਟ ਵਿਚ ਗਏ ਉਨ੍ਹਾਂ ਇਹ ਕਹਿ ਛੱਡਿਆ ਕਿ ਇਹ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮਾਮਲਾ ਹੈ।

ਫਿਰ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਾਨ ਮਿਸ਼ਰਾ ਕੋਲ ਗਏ, ਉਸਨੇ ਕਿਹਾ ਕਿ ਉਹ ਬੇਵੱਸ ਹੈ ਕਿਉਂਕਿ ਇਹ ਪੰਜਾਬ ਦੇ ਮਨੁੱਖੀ ਅਧਿਕਾਰ ਸੰਗਠਨ ਦਾ ਕੇਸ ਹੈ ਤੇ ਉਹ ਇਸ ਵਿਚ ਦਖ਼ਲ ਨਹੀਂ ਦੇ ਸਕਦਾ। ਅਸਲ ਹਾਲਾਤ ਇਹ ਹਨ । ਭਾਰਤੀ ਸਰਕਾਰ ਦਾਅਵਾ ਕਰਦੀ ਹੈ ਕਿ ਉਥੇ ਮਨੁੱਖੀ ਅਧਿਕਾਰ ਕਮਿਸ਼ਨ ਹਨ ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ, ਕੋਈ ਕਮਿਸ਼ਨ, ਕੋਈ ਅਦਾਲਤ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਆੜ ਵਿਚ ਉਨ੍ਹਾਂ ਦੀ ਬਾਂਹ ਫੜਨ ਤੋਂ ਟਲ ਜਾਂਦੀ ਹੈ। ਇਸ ਤਰ੍ਹਾਂ ਅਸੀਂ ਹਰੇਕ ਮੁੱਢਲੇ ਮਨੁੱਖੀ ਅਧਿਕਾਰ ਤੋਂ ਵਾਂਝੇ ਹਾਂ।

ਇਸ ਮਾਮਲੇ ਵਿਚ ਅਸੀਂ ਭਾਰਤ ਸਰਕਾਰ ਤੇ ਅਦਾਲਤ ਕੋਲੋਂ ਇਹ ਚਾਹੁੰਦੇ ਹਾਂ ਕਿ ਉਹ ਸਾਨੂੰ ਅਣਪਛਾਤੀਆਂ ਕਹੀਆਂ ਜਾਂਦੀਆਂ ਲਾਸ਼ਾਂ ਦੀਆਂ ਫੋਟੋਆਂ ਹੀ ਵਿਖਾ ਦੇਵੇ ਤਾਂ ਜੋ ਉਨ੍ਹਾਂ ਦੇ ਵਾਰਸ ਇਹ ਪੱਕਾ ਕਰ ਲੈਣ ਕਿ ਉਨ੍ਹਾਂ ਦੇ ਲਾਡਲੇ ਪੂਰੇ ਹੋ ਗਏ ਹਨ। ਜੇ ਅਸੀਂ ਮੌਤ ਦੇ ਸਰਟੀਫ਼ਿਕੇਟ ਮੰਗਦੇ ਹਾਂ ਤਾਂ ਉਹ ਵੀ ਮਨ੍ਹਾਂ ਕਰ ਦਿੱਤਾ ਜਾਂਦਾ ਹੈ, ਸੋ ਸਾਨੂੰ ਤੁਹਾਡੀ ਸਹਾਇਤਾ ਚਾਹੀਦੀ ਹੈ। ਭਾਰਤ ਦੀ ਸਰਕਾਰ ਆਪਣੇ ਆਪ ਨੂੰ ਧਰਮ ਨਿਰਪੱਖ ਅਤੇ ਅਮਨ ਕਾਨੂੰਨ ਨੂੰ ਪਿਆਰ ਕਰਨ ਵਾਲੀ ਕਹਿੰਦੀ ਹੈ। ਪਰ ਜਦੋਂ ਅਸੀਂ ਆਪਣੇ ਮਨੁੱਖੀ ਅਧਿਕਾਰ ਮੰਗਦੇ ਹਾਂ ਸਾਨੂੰ ਫ਼ਿਰਕਾਪ੍ਰਸਤ, ਹਿੰਸਕ ਅਤੇ ਅੱਤਵਾਦੀ ਕਹਿੰਦੀ ਹੈ। ਉਹ ਦੇਸ਼ ਜਿਹੜਾ ਆਪਣੇ ਹਰੇਕ ਗੁਆਂਢੀ ਮੁਲਕ ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਨਾਲ ਲੜ ਚੁੱਕਾ ਹੈ, ਆਪਣੇ ਆਪ ਨੂੰ ਅਹਿੰਸਕ ਤੇ ਅਮਨਪਸੰਦ ਕਹਾਉਂਦਾ ਹੈ। ਉਲਟਾ ਤਰਾਸਦੀ ਇਹ ਹੈ ਕਿ ਦੇਸ਼ ਲਈ ਅਥਾਹ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਅੱਤਵਾਦੀ ਗਰਦਾਨ ਦਿੱਤਾ ਜਾਂਦਾ ਹੈ। ਸਾਨੂੰ ਉਮੀਦ ਹੈ ਕਿ ਕੈਨੇਡਾ ਦੇ ਲੋਕ, ਕੈਨੇਡਾ ਦੀ ਪਾਰਲੀਮੈਂਟ ਅਤੇ ਕੈਨੇਡਾ ਦੀ ਸਰਕਾਰ ਇਨ੍ਹਾਂ ਮਸਲਿਆਂ ਵੱਲ ਗ਼ੌਰ ਕਰੇਗੀ। ਸਾਡੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਕਰਵਾਉਣ ਤੋਂ ਇਲਾਵਾ ਸਾਡੇ ਸਵੈਮਾਣ ਨਾਲ ਜਿਉਣ ਦੇ ਅਧਿਕਾਰ ਦੀ ਪ੍ਰਾਪਤੀ ਵਿਚ ਮੱਦਦਗਾਰ ਹੋਵੇਗੀ।

ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਤੁਹਾਡੇ ਕੋਲੋਂ ਮੱਦਦ ਦੀ ਉਮੀਦ ਕਰਦਾ ਹਾਂ। ਤੁਹਾਡੇ ਨਾਲ ਮੈਂ ਇਕ ਨਿੱਜੀ ਗੱਲ ਵੀ ਕਰਨੀ ਚਾਹੁੰਦਾ ਹਾਂ ਕਿ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਵਿਚ ਆਏ ਸਾਡੇ ਪਰਿਵਾਰ ਨੂੰ ਕੈਨੇਡਾ ਵਿਚੋਂ ਵਾਪਸ ਮੋੜ ਦਿੱਤਾ ਗਿਆ ਸੀ ਪਰ ਮੈਨੂੰ ਖ਼ੁਸ਼ੀ ਹੈ ਕਿ ਜਦੋਂ ਮੇਰੀ ਪਿਛਲੀ ਕੈਨੇਡਾ ਫੇਰੀ ਉੱਤੇ ਮੈਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਕੈਨੇਡਾ ਦੇ ਲੋਕ ਉਨ੍ਹਾਂ ਦੇ ਨਾਲ ਹਨ। ਸਿੱਖ ਭਾਈਚਾਰਾ ਅਤੇ ਮੈਂ ਮੰਨਦਾ ਹਾਂ ਕਿ ਉਸ ਭਰੋਸੇ ਤੋਂ ਜੋ ਪ੍ਰਭਾਵ ਲਿਆ, ਉਹ ਸਹੀ ਹੀ ਸੀ। ਹੁਣ ਮੈਂ ਇਥੇ ਆ ਕੇ ਤੁਹਾਡੇ ਲੋਕਾਂ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਇਆ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਡੀ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਵਿਚ ਸਹਾਇਤਾ ਕਰੋਗੇ ।

ਬਹੁਤ ਬਹੁਤ ਸ਼ੁਕਰੀਆ !

ਪ੍ਰੋਗਰਾਮ ਦੇ ਸਮਾਪਤ ਹੋਣ ਉਪਰੰਤ ਰਾਤ ਦੇ ਖਾਣੇ ਦੌਰਾਨ ਨਾਮਵਰ ਹਸਤੀਆਂ ਨੇ ਭਾਈ ਜਸਵੰਤ ਸਿੰਘ ਨਾਲ ਗ਼ੈਰ-ਰਸਮੀ ਗੱਲਾਂ-ਬਾਤਾਂ ਕਰਦਿਆਂ ਉਸ ਨੂੰ ਇਕ ਵਾਰ ਫਿਰ ਪੰਜਾਬ ਜਾਣ ਤੋਂ ਵਰਜਣ ਦਾ ਯਤਨ ਕੀਤਾ ਸੀ। ਪਰ ਭਾਈ ਖਾਲੜਾ ਆਪਣੇ ਫ਼ੈਸਲੇ ‘ਤੇ ਅਡੋਲ ਡਟਿਆ ਰਿਹਾ। ਉਸ ਦੀ ਜਾਨ ਨੂੰ ਦਰਪੇਸ਼ ਗੰਭੀਰ ਖ਼ਤਰੇ ਦਾ ਸਾਰਿਆਂ ਨੂੰ ਬਹੁਤ ਫ਼ਿਕਰ ਸੀ । ਖਾਣੇ ਤੋਂ ਬਾਅਦ ਜਦੋਂ ਵਿਦਾਇਗੀ ਦਾ ਵੇਲਾ ਹੋਇਆ ਤਾਂ ਹਰ ਕਿਸੇ ਨੇ ਭਾਈ ਖਾਲੜਾ ਨਾਲ ਘੁੱਟ ਕੇ ਹੱਥ ਮਿਲਾਏ। ਉਸ ਦੇ ਕੁੱਝ ਹਿਤੈਸ਼ੀ ਤਾਂ ਉਸ ਨੂੰ ਗਲਵਕੜੀ ਪਾ ਕੇ ਮਿਲੇ। ਉਹਨਾਂ ‘ਚੋਂ ਕੁੱਝ ਦੀਆਂ ਅੱਖਾਂ ਤਾਂ ਇਹ ਸੋਚ ਕੇ ਨਮ ਹੋ ਗਈਆਂ ਸਨ ਕਿ ਸ਼ਾਇਦ ਇਸ ਤੋਂ ਬਾਅਦ, ਉਹ, ਇਸ ਮਹਾਨ ਯੋਧੇ ਨੂੰ ਜ਼ਿੰਦਗੀ ਵਿਚ ਕਦੇ ਵੀ ਨਹੀਂ ਮਿਲ ਸਕਣਗੇ।

ਸਾਰਾ ਕਾਰਜ ਨਿਪਟ ਜਾਣ ‘ਤੇ ਭਾਈ ਜਸਵੰਤ ਸਿੰਘ ਖਾਲੜਾ ਆਰਾਮ ਕਰਨ ਲਈ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਨਿਸ਼ਕਾਮ ਤੇ ਊਰਜਾਸ਼ਾਲੀ ਵਰਕਰ ਸ. ਅਜੀਤ ਸਿੰਘ ਸਹੋਤਾ ਨਾਲ ਉਸ ਦੇ ਘਰ (61, Amberwood Drive) ਚਲਾ ਗਿਆ ਸੀ ਅਤੇ ਅਗਲੇ ਦੋ ਦਿਨ ਉਸ ਨੇ ਉਥੇ ਹੀ ਬਿਤਾਏ ਸਨ। ਸ. ਅਜੀਤ ਸਿੰਘ ਸਹੋਤਾ ਨੇ ਭਾਈ ਜਸਵੰਤ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਦੱਸਿਆ:

“ਸ਼ਹੀਦ ਜਸਵੰਤ ਸਿੰਘ ਖਾਲੜਾ ਬੇਹੱਦ ਭਲਾਮਾਣਸ ਤੇ ਇਮਾਨਦਾਰ ਇਨਸਾਨ ਸੀ ਜਿਹੜਾ ਪੰਜਾਬ ਤੇ ਇੰਡੀਆ ਦੇ ਜਰਵਾਣਿਆਂ ਤੇ ਟਾਊਟਾਂ ਵੱਲੋਂ ਕੋਹੇ, ਮਾਰੇ ਤੇ ਲਾ- ਪਤਾ ਕੀਤੇ ਗਏ ਲੋਕਾਂ ਦੀ ਆਵਾਜ਼ ਬਣਿਆ। ਮੈਂ ਤੇ ਐਨੀ ਲਉਥੀਅਨ ਸਰਦਾਰ ਜਸਵੰਤ ਸਿੰਘ ਜੀ ਨੂੰ ਪਹਿਲੀ ਵਾਰ 30 ਮਾਰਚ 1995 ਨੂੰ ਮਿਲੇ ਸਾਂ ਜਦੋਂ ਉਸ ਨੇ ਤੇ ਜਸਟਿਸ ਅਜੀਤ ਸਿੰਘ ਬੈਂਸ ਨੇ ਕੈਨੇਡੀਅਨ ਪਾਰਲੀਮੈਂਟ ਦੇ ਪੱਛਮੀ ਬਲਾਕ ਵਿਚ ਹਾਲ ਨੰ: 209 ਅੰਦਰ ਕੈਨੇਡਾ ਸਰਕਾਰ ਦੀ ਵਿਦੇਸ਼ੀ ਮਾਮਲਿਆਂ ਬਾਰੇ ਸਬ-ਕਮੇਟੀ ਅੱਗੇ ਅਤਿਆਚਾਰਾਂ ਦੇ ਵੇਰਵੇ ਪੇਸ਼ ਕੀਤੇ ਸਨ। ਉਸੇ ਸ਼ਾਮ ਨੂੰ ਖਾਲੜਾ ਹੁਰੀਂ ਬਰੈਂਪਟਨ ਵਾਪਸ ਚਲੇ ਗਏ ਸਨ। ਉਸੇ ਹਫ਼ਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਨੇ ਭਾਈ ਖਾਲੜਾ ਨੂੰ ਜੂਨ ਦੇ ਪਹਿਲੇ ਹਫ਼ਤੇ ਇਸ ਦੇ ਯਾਦਗਾਰੀ ਸਮਾਗਮ ਵਿਚ ਮਹਿਮਾਨ ਬੁਲਾਰੇ ਵਜੋਂ ਸ਼ਾਮਲ ਹੋਣ ਲਈ ਮੁੜ ਕੈਨੇਡਾ ਆਉਣ ਦੀ ਬੇਨਤੀ ਕੀਤੀ ਸੀ।

5 ਜੂਨ ਨੂੰ ਸਮਾਗਮ ਤੋਂ ਬਾਅਦ ਉਹ ਸਾਡੇ ਘਰ ਠਹਿਰਨ ਲਈ ਸਾਡੇ ਨਾਲ ਹੀ ਚਲਾ ਆਇਆ ਸੀ। ਉਸ ਨੇ ਸਾਡੇ ਨਾਲ ਦੋ ਰਾਤਾਂ ਗੁਜ਼ਾਰੀਆਂ ਅਤੇ ਪੰਜਾਬ ਅੰਦਰ ਸਿੱਖਾਂ ਦੀ ਭਿਆਨਕ ਹਾਲਤ ਬਾਰੇ ਵਿਚਾਰਾਂ ਕੀਤੀਆਂ। ਮੈਂ ਸਾਰੀ ਜ਼ਿੰਦਗੀ ਸਰਦਾਰ ਜਸਵੰਤ ਸਿੰਘ ਜੀ ਵਰਗਾ ਬੰਦਾ ਹੋਰ ਕੋਈ ਨਹੀਂ ਦੇਖਿਆ ਜਿਹੜਾ ਪੁੱਜ ਕੇ ਨਿਰਮਾਣ ਤੇ ਦਿਆਨਤਦਾਰ ਸੀ। ਜਦੋਂ ਅਸੀਂ ਪੰਜਾਬ ਅੰਦਰਲੇ ਹਾਲਾਤ ਬਾਰੇ ਗੱਲਾਂ ਕਰ ਰਹੇ ਸੀ ਤਾਂ ਮੇਰੀ ਪਤਨੀ ਸੁਰਿੰਦਰ ਕੌਰ ਨੇ ਭਾਈ ਖਾਲੜਾ ਨੂੰ ਇਕ ਸੁਆਲ ਪੁੱਛਿਆ ਕਿ ‘ਭਾਅ ਜੀ, ਤੁਹਾਨੂੰ ਵਾਪਸ ਪੰਜਾਬ ਜਾਣ ਤੋਂ ਡਰ ਨਹੀਂ ਲੱਗਦਾ, ਜਿਥੇ ਕਿੰਨੇ ਹੀ ਸਿੱਖ ਆਪਣੀਆਂ ਜਾਨਾਂ ਗੁਆ ਚੁੱਕੇ ਹਨ ?

ਜਸਵੰਤ ਸਿੰਘ ਦਾ ਜੁਆਬ ਸੀ : “ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ਼ ਲਈ ਆਵਾਜ਼ ਬੁਲੰਦ ਕਰਨ ਦਾ ਫ਼ਰਜ਼ ਬਣਦਾ ਹੈ। ਏਸ ਦੁਨੀਆਂ ਵਿਚ ਸਦੀਵੀ ਤੌਰ ‘ਤੇ ਕਿਸੇ ਨਹੀਂ ਬੈਠੇ ਰਹਿਣਾ, ਅਤੇ ਸਾਨੂੰ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਅਸੀਂ ਪੰਜਾਬ ਅੰਦਰ ਹਰ ਰੋਜ਼ ਕੋਹੇ, ਮਾਰੇ ਤੇ ਲਾ-ਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ । ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤਿ ਆਪਣਾ ਫ਼ਰਜ਼ ਪੂਰਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ ਹੈ। ਵਾਹਿਗੁਰੂ ਨਿਰਭਉ ਹੈ ਅਤੇ ਸਾਨੂੰ ਡਰੂ ਨਹੀਂ ਹੋਣਾ ਚਾਹੀਦਾ।” ਅਸੀਂ ਖਾਲੜਾ ਸਾਹਿਬ ਦੇ ਇਹਨਾਂ ਸ਼ਬਦਾਂ ਨੂੰ ਹਮੇਸ਼ਾਂ ਯਾਦ ਕਰਦੇ ਰਹਿੰਦੇ ਹਾਂ।

ਜੇਕਰ ਸਰਦਾਰ ਜਸਵੰਤ ਸਿੰਘ ਜੀ ਦੀ ਸਾਦਗੀ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਘੱਟ ਕੱਪੜਿਆਂ ਨਾਲ ਸਫ਼ਰ ਕਰਦਾ ਸੀ, ਅਤੇ ਜੂਨ ਦੇ ਮਹੀਨੇ ਔਟਵਾ ਵਿਚ ਮੌਸਮ ਪੂਰਾ ਗਰਮ ਸੀ। ਤਪੇ ਹੋਏ ਦਿਨ ਵਿਚ ਮੁੜ੍ਹਕਾ ਆਉਣਾ ਕੁਦਰਤੀ ਸੀ ਅਤੇ ਨਹਾ ਕੇ ਕਮੀਜ਼ ਬਦਲਣਾ ਜ਼ਰੂਰੀ ਲੱਗਦਾ ਸੀ । ਖਾਲੜਾ ਸਹਿਬ ਕੋਲ ਇੱਕੋ ਪਹਿਨੀ ਹੋਈ ਕਮੀਜ਼ ਹੀ ਸੀ। ਸੁਰਿੰਦਰ ਕੌਰ ਨੇ ਉਸ ਨੂੰ ਧੋਣ ਵਾਲੇ ਕੱਪੜੇ ਲਾਹ ਕੇ ਨਵੀਂ ਕਮੀਜ਼ ਪਹਿਨਣ ਲਈ ਦੇ ਦਿੱਤੀ ਸੀ। ਸਰਦਾਰ ਜਸਵੰਤ ਸਿੰਘ ਜੀ ਨਵੀਂ ਕਮੀਜ਼ ਲੈਣ ਤੋਂ ਹਿਚਕਚਾਉਂਦੇ ਸਨ ਅਤੇ ਉਨ੍ਹਾਂ ਕਿਹਾ ਕਿ ਧੋਣ ਤੋਂ ਬਾਅਦ ਉਹ ਆਪਣੀ ਪੁਰਾਣੀ ਕਮੀਜ਼ ਹੀ ਪਹਿਨ ਲਵੇਗਾ। ਉਸ ਨੇ ਮਨੁੱਖੀ ਅਧਿਕਾਰਾਂ ਦੇ ਕੰਮ-ਕਾਜ ਵਾਸਤੇ ਸਾਥੋਂ ਕੋਈ ਪੈਸਾ ਕਬੂਲ ਨਾ ਕੀਤਾ। ਉਸ ਨੇ ਕਿਸੇ ਕੋਲੋਂ ਵੀ ਧੇਲਾ ਨਹੀਂ ਲਿਆ ਸੀ । ਉਸ ਦਾ ਕਹਿਣਾ ਸੀ ਕਿ ਇਨਸਾਫ਼

ਦੀ ਮੁਹਿੰਮ ਜਾਰੀ ਰੱਖਣ ਵਾਸਤੇ ਪੰਜਾਬ ਅੰਦਰ ਉਸ ਕੋਲ ਲੁੜੀਂਦੇ ਵਸੀਲੇ ਹਨ। ਜਸਵੰਤ ਸਿੰਘ ਪੰਜਾਬੀ ਸਾਹਿਤ ਦਾ ਜੁਸ਼ੀਲਾ ਪਾਠਕ ਸੀ । ਮੈਂ ਉਸ ਨੂੰ ਦੱਸਿਆ ਕਿ ਅਸੀਂ ਆਉਣ ਵਾਲੀਆਂ ਪੁਸ਼ਤਾਂ ਲਈ ਸਿੱਖ ਇਤਿਹਾਸ ਸੰਭਾਲਣ ਵਾਸਤੇ ਸਾਹਿਤ ਇਕੱਠਾ ਕਰ ਰਹੇ ਹਾਂ । ਖਾਲੜਾ ਸਾਹਿਬ ਪੰਜਾਬੀ ਕਵਿਤਾ ਦਾ ਬਹੁਤ ਆਸ਼ਕ ਸੀ ਅਤੇ ਉਸ ਨੇ ਸਾਨੂੰ ਇਕ ਅਗਿਆਤ ਕਵੀ ਦੀ ਕਵਿਤਾ ਸੁਣਾਈ ਸੀ ਜਿਹੜੀ ਮੈਂ ਲਿਖ ਕੇ ਰੱਖ ਲਈ ਸੀ। ਉਹ ਕਵਿਤਾ ਇਹ ਸੀ:

ਸੁਫ਼ਨੇ

ਨਾ ਮੈਂ ਵੇਚਾਂ ਕੁੜੀਆਂ ਦੇ ਸੁਫ਼ਨੇ,

ਜਿਨ੍ਹਾਂ ਦੇ ਗਜ਼ ਗਜ਼ ਲੰਮੇ ਵਾਲ;

ਨਾ ਮੈਂ ਵੇਚਾਂ ਸਵਰਗਾਂ ਦੇ ਸੁਫ਼ਨੇ,

ਜਿਨ੍ਹਾਂ ਦੀ ਦੁਨੀਆਂ ਨੂੰ ਭਾਲ;

ਨਾ ਮੈਂ ਵੇਚਾਂ ਸੋਨੇ ਦੇ ਸੁਫ਼ਨੇ,

ਨਾ ਮੋਤੀਆਂ ਦੇ ਥਾਲ;

ਵੇਚਾਂ ਮੈਂ ਸੋਹਣਿਓਂ ਆਜ਼ਾਦੀ ਦੇ ਸੁਫ਼ਨੇ,

ਹੋਵੇ ਜੇ ਲੈਣ ਦਾ ਖ਼ਿਆਲ ।

ਹੋਰ ਤਾਂ ਸੁਫ਼ਨੇ ਸੁੱਤਿਆਂ ਆਉਂਦੇ,

ਆਉਂਦੇ ਇਹ ਜਾਗਣ ਨਾਲ;

ਪਹਿਲੋਂ ਤਾਂ ਆਉਂਦੇ ਸੰਝਦੇ ਸੰਝਦੇ,

ਪਿੱਛੋਂ ਮਚਾਂਦੇ ਭੁਚਾਲ;

ਇਕ ਵੇਰੀ ਆਉਂਦੇ ਫਿਰ ਮੁੜ ਕੇ ਨਾ ਜਾਂਦੇ,

ਐਸੀ ਇਨ੍ਹਾਂ ਦੀ ਚਾਲ; ਤੁਰਨਾ ਹੀ ਤੁਰਨਾ,

ਤੁਰਨਾ ਹੀ ਤੁਰਨਾ, ਰਾਤ, ਸਵੇਰ, ਤ੍ਰਿਕਾਲ;

ਅੱਕਣਾ ਨਾ ਥੱਕਣਾ, ਅਕਾਸ਼ਾਂ ਵੱਲ ਤੱਕਣਾ,

ਅੱਖ ਨਾ ਲਾਣੀ ਰਵਾਲ;

ਵੇਚਾਂ ਮੈਂ ਸੋਹਣਿਓਂ ਆਜ਼ਾਦੀ ਦੇ ਸੁਫ਼ਨੇ,

ਹੋਵੇ ਜੇ ਲੈਣ ਦਾ ਖ਼ਿਆਲ ।

7 ਜੂਨ ਨੂੰ ਭਾਈ ਖਾਲੜਾ ਤੇ ਸ. ਅਜੀਤ ਸਿੰਘ ਸਹੋਤਾ ਇਕੱਠੇ ਸੜਕ ਦੇ ਰਸਤੇ ਟਰਾਂਟੋ ਪਹੁੰਚੇ ਅਤੇ ਉਥੋਂ ਜਸਵੰਤ ਸਿੰਘ ਸਿੱਧਾ ਇੰਗਲੈਂਡ ਚਲਾ ਗਿਆ ਸੀ।

ਇੰਗਲੈਂਡ ਪੜਾਉ

ਇੰਗਲੈਂਡ ਵਿਚ ਭਾਈ ਖਾਲੜਾ ਲਗਭਗ ਦੋ ਹਫ਼ਤੇ ਠਹਿਰਿਆ ਸੀ। ਉਥੇ ਉਸ ਨੇ ਪਾਰਲੀਮੈਂਟ ਦੇ ਬਹੁਤ ਸਾਰੇ ਮੈਂਬਰਾਂ ਨੂੰ ਨਿੱਜੀ ਰੂਪ ਵਿਚ ਮਿਲ ਕੇ ਉਨ੍ਹਾਂ ਸਾਹਮਣੇ ਲਾਵਾਰਸ ਲਾਸ਼ਾਂ ਦਾ ਮਸਲਾ ਰੱਖਿਆ ਸੀ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਜ਼ੁਲਮਾਂ ਦੇ ਸ਼ਿਕਾਰ ਹੋ ਰਹੇ ਸਿੱਖਾਂ ਦੀ ਹਰ ਸੰਭਵ ਤਰੀਕੇ ਨਾਲ ਹਮਾਇਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਇਸ ਮਸਲੇ ਬਾਰੇ ਯੂ.ਐਨ.ਓ. ਦੇ ਲੰਡਨ ਵਿਚਲੇ ਦਫ਼ਤਰ ਵਿਚ ਨਿੱਜੀ ਰੂਪ ‘ਚ ਜਾ ਕੇ ਉਨ੍ਹਾਂ ਨਾਲ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੂੰ ਜਿੰਨਾ ਵੀ ਸਮਾਂ ਮਿਲਿਆ, ਉਸ ਵਿਚ ਉਹ ਇੰਗਲੈਂਡ ਦੇ ਬਹੁਤ ਸਾਰੇ ਗੁਰਦੁਆਰਿਆਂ ਵਿਚ ਜਾ ਕੇ ਬੋਲਿਆ ਅਤੇ ਸਿੱਖ ਸੰਗਤਾਂ ਨੂੰ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਖ਼ੌਫ਼ਨਾਕ ਹਾਲਤ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸੇ ਦੌਰਾਨ ਉਸ ਨੇ ਬੀ.ਬੀ.ਸੀ. ਨਾਲ ਇੰਟਰਵਿਊ ਦੌਰਾਨ ਪੰਜਾਬ ਅੰਦਰ ਹਕੂਮਤੀ ਜ਼ੁਲਮਾਂ ਦੀ ਦਰਦਭਰੀ ਦਾਸਤਾਂ ਬਿਆਨ ਕੀਤੀ ਸੀ।

ਇਸ ਵਾਰ ਫਿਰ ਉਸ ਨੂੰ ਉਸ ਦੇ ਭਰਾਵਾਂ ਤੇ ਹੋਰਨਾਂ ਵਾਕਫ਼ਕਾਰਾਂ ਨੇ ਪੰਜਾਬ ਵਿਚ ਉਸ ਦੀ ਜਾਨ ਨੂੰ ਦਰਪੇਸ਼ ਗੰਭੀਰ ਖ਼ਤਰੇ ਦਾ ਵਾਸਤਾ ਪਾ ਕੇ ਵਾਪਸ ਜਾਣ ਤੋਂ ਰੋਕਣ ਦਾ ਪੂਰਾ ਯਤਨ ਕੀਤਾ। ਪਰ ਉਸ ਨੇ ਸਾਰਿਆਂ ਨੂੰ ਇਹੋ ਕਿਹਾ ਕਿ “ਜਾਨ ਜਾਂਦੀ ਹੈ ਤਾਂ ਚਲੀ ਜਾਵੇ ਪਰ ਮੈਂ ਹੋਰਨਾਂ ਵਾਂਗੂੰ ਆਪਣੇ ਲੋਕਾਂ ਨੂੰ ਧੋਖਾ ਨਹੀਂ ਦੇ ਸਕਦਾ।”

ਉਸ ਦੌਰੇ ਦੌਰਾਨ ਉਸ ਨੇ ਆਸਟਰੀਆ ਵਿਚ ਵਿਆਨਾ ਵਿਖੇ ਰਹਿ ਰਹੇ ਆਪਣੇ ਛੋਟੇ ਭਰਾ ਗੁਰਦੇਵ ਸਿੰਘ ਨੂੰ ਮਿਲਣ ਦੀ ਪ੍ਰਬਲ ਇੱਛਾ ਪ੍ਰਗਟਾਈ ਸੀ। ਉਸ ਨੂੰ ਸ਼ਾਇਦ ਸੂਖਮ ਪੱਧਰ ‘ਤੇ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਉਸ ਦੀ, ਆਪਣੇ ਇੱਕੋ-ਮਾਂ- ਦੇ-ਪੇਟੋਂ-ਜਨਮੇ ਭਰਾਵਾਂ ਨਾਲ ਜੀਵਨ ਦੀ ਆਖ਼ਰੀ ਵਾਰ ਦੀ ਮਿਲਣੀ ਸੀ, ਜਿਸ ਕਰਕੇ ਉਹ ਉਚੇਚ ਕਰ ਕੇ ਵਿਆਨਾ ਪਹੁੰਚਿਆ ਸੀ।

ਵਿਆਨਾ ਵਿਚ ਉਹ ਰਾਮ ਨਰਾਇਣ ਕੁਮਾਰ ਨੂੰ ਮਿਲਿਆ, ਜਿਸ ਨੇ ਉਥੇ ‘ਘਰ ਜਵਾਈ’ ਬਣ ਕੇ ਪੱਕਾ ਵਸੇਬਾ ਕਰ ਲਿਆ ਸੀ। ਜਸਵੰਤ ਸਿੰਘ ਨੇ ਉਸ ਨਾਲ ਮਨੁੱਖੀ ਅਧਿਕਾਰਾਂ ਦੇ ਮਾਮਲੇ ਨੂੰ ਕੌਮਾਂਤਰੀ ਸੰਸਥਾਵਾਂ ਤਕ ਪੁਚਾਉਣ ਬਾਰੇ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ। ਇਸ ਦੇ ਨਾਲ ਹੀ ਉਸ ਨੇ ਯੂ.ਐਨ.ਓ. ਦੇ ਦਫ਼ਤਰ ਵਿਚ ਜਾ ਕੇ ਆਪਣੀ ਜਾਂਚ ‘ਤੇ ਆਧਾਰਿਤ ਕੁੱਝ ਜ਼ਰੂਰੀ ਦਸਤਾਵੇਜ਼ ਸੌਂਪੇ। ਸਥਾਨਕ ਸੰਗਤ ਦੀ ਇੱਛਾ ਮੁਤਾਬਿਕ ਉਸ ਨੇ ਆਪਣੇ ਰੁਝੇਵਿਆਂ ‘ਚੋਂ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਵਿਚ ਇਕ ਪ੍ਰੇਰਨਾਮਈ ਤੇ ਸਿੱਖਿਆ-ਭਰਪੂਰ ਤਕਰੀਰ ਕੀਤੀ, ਜਿਹੜੀ ਉਸ ਦੇ ਜੀਵਨ ਦੀ, ਭਾਰਤ ਦੀ ਧਰਤੀ ਤੋਂ ਬਾਹਰ ਆਖ਼ਰੀ ਤਕਰੀਰ ਹੋ ਨਿਬੜੀ।

ਅਜੋਕੀ ਸਿੱਖ ਜੰਗ ਦਾ ਮੂਲ ਆਧਾਰ

ਇਸ ਤਕਰੀਰ ਵਿਚ ਭਾਈ ਖਾਲੜਾ ਨੇ ਸਿੱਖ ਕੌਮ ਵੱਲੋਂ ਪਿਛਲੇ ਦਸਾਂ ਸਾਲਾਂ ਦੇ ਦੌਰਾਨ ਭਾਰਤੀ ਰਾਜ ਦੇ ਵਿਰੁੱਧ ਲੜੀ ਗਈ ਲਹੂ-ਵੀਟਵੀਂ ਹਥਿਆਰਬੰਦ ਜੰਗ, ਜਿਹੜੀ ਬਦਲਵੇਂ ਰੂਪ ਵਿਚ ਅਜੇ ਵੀ ਜਾਰੀ ਹੈ, ਦੇ ਮੂਲ ਆਧਾਰ ਦੀ ਵਿਆਖਿਆ ਬੇਹੱਦ ਸਰਲ ਤਰੀਕੇ ਨਾਲ ਕੀਤੀ ਸੀ ਅਤੇ ਇਸ ਨੂੰ ਅਜੋਕੀ ਸਥਿਤੀ ਨਾਲ ਜੋੜ ਕੇ ਗੁਰਦੁਆਰਾ ਸਾਹਿਬ ਵਿਚ ਹਾਜ਼ਰ ਸਿੱਖ ਨੌਜਵਾਨਾਂ ਤੇ ਬੀਬੀਆਂ ਨੂੰ ਆਪਣੇ ਫ਼ਰਜ਼ਾਂ ਦੀ ਪਛਾਣ ਕਰਨ ਲਈ ਜ਼ੋਰਦਾਰ ਹਲੂਣਾ ਦਿੱਤਾ ਸੀ । ਉਸ ਨੇ ਯੂਰਪ ਦੀ, ਜਾਂ ਪੱਛਮ ਦੀ ਤਰੱਕੀ ਦੀ ਅਸਲੀਅਤ ਦਰਸਾਉਂਦਿਆਂ ਕਿਹਾ ਸੀ ਕਿ ਜਿਥੇ ਤੁਸੀਂ ਇਸ ਵੇਲੇ ਰਹਿ ਰਹੇ ਹੋ ਉਸ ਨੂੰ ਦੁਨੀਆਂ ਦਾ ਤਰੱਕੀ ਯਾਫ਼ਤਾ (advanced) ਖਿੱਤਾ ਮੰਨਿਆ ਜਾਂਦਾ ਹੈ। ਏਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਾਇੰਸ ਨੇ ਤਰੱਕੀ ਵਿਚ ਕਾਫ਼ੀ ਰੋਲ ਨਿਭਾਇਆ ਹੈ। ਪਰ ਜਦੋਂ ਯੂਰਪ ਵਾਲੇ ਮਨਮੱਤ ਦਾ ਸ਼ਿਕਾਰ ਹੋ ਕੇ ਇਹ ਸਮਝਣ ਲੱਗ ਪਏ ਕਿ ਉਹ ਕੁਦਰਤ ਉੱਤੇ ਫ਼ਤਿਹ ਪਾ ਲੈਣ ਚੱਲੇ ਹਨ ਤਾਂ ਇਸ ਦਾ ਨਤੀਜਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਿਆ। ਕਿਵੇਂ ? ਜਿਵੇਂ ਉਨ੍ਹਾਂ ਨੇ ਆਰਥਿਕ ਤਰੱਕੀ ਵਾਸਤੇ ਧਰਤੀ ਦੀ ਹਿੱਕ ਉੱਤੋਂ ਜੰਗਲ ਕੱਟੇ, ਹਰਿਆਵਲ ਖ਼ਤਮ ਕੀਤੀ, ਮਨਮੱਤੇ ਢੰਗ ਨਾਲ ਧਰਤੀ ਨੂੰ ਆਪਣੇ ਮੁਤਾਬਿਕ ਢਾਲਣ ਦੇ ਯਤਨ ਕੀਤੇ, ਤਾਂ ਇਕ ਖ਼ਤਰਾ ਪੈਦਾ ਹੋ ਗਿਆ । ਸਾਇੰਸਦਾਨਾਂ ਨੇ ਕਿਹਾ ਕਿ ਜੇਕਰ ਇਹ ਸਿਲਸਿਲਾ ਏਸੇ ਹੀ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸ੍ਰਿਸ਼ਟੀ ਖ਼ਤਮ ਹੋ ਸਕਦੀ ਹੈ। ਤਾਂ ਜਾ ਕੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਅਸੀਂ ਆਰਥਿਕ ਤਰੱਕੀ ਦੀ ਖ਼ਾਤਰ ਕੁਦਰਤ ਨਾਲ ਮੱਥਾ ਲਾ ਲਿਆ ਸੀ, ਤੇ ਉਸ ਦਾ ਨਤੀਜਾ ਤਬਾਹੀ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਤਾਂ ਇਸ ਵਿੱਚੋਂ ਇਕ ਨਵੀਂ ਸੋਚ ਪੈਦਾ ਹੋਈ ਕਿ ਜੇਕਰ ਅਸੀਂ ਕੁਦਰਤ ਦੇ ਵਿਰੁੱਧ ਗਏ ਤਾਂ ਧਰਤੀ ਦਾ ਤਵਾਜ਼ਨ ਇਸ ਤਰ੍ਹਾਂ ਵਿਗੜ ਜਾਵੇਗਾ ਕਿ ਅਸੀਂ ਤਬਾਹ ਹੋ ਜਾਵਾਂਗੇ।

ਭਾਈ ਖਾਲੜਾ ਨੇ ਇਸ ਵਰਤਾਰੇ ਦੀ ਗੁਰਮਤ ਦੇ ਨਜ਼ਰੀਏ ਤੌਂ ਵਿਆਖਿਆ ਕਰਦੇ ਹੋਏ ਦੱਸਿਆ ਕਿ ਜਦ ਅਸੀਂ ਆਪਣੀਆਂ ਆਰਥਿਕ ਲਾਲਸਾਵਾਂ ਵਿੱਚੋਂ ਕਾਦਰ ਦੀ ਸਾਜੀ ਕੁਦਰਤ ਦੇ ਸਰੂਪ ਨਾਲ ਛੇੜ-ਛਾੜ ਕਰਦੇ ਹਾਂ, ਇਸ ਦੀ ਸ਼ਕਲ-ਸੂਰਤ ਨੂੰ ਵਿਗਾੜਦੇ ਹਾਂ, ਤਾਂ ਦੇਖਣ ਨੂੰ ਤਾਂ ਤਰੱਕੀ ਕਰਦੇ ਜਾਪਦੇ ਹਾਂ ਪਰ ਕੁਦਰਤ ਵਿਰੁੱਧ ਲੜਾਈ ਲੜਦਿਆਂ ਅਸੀਂ ਬਹੁਤ ਕੁਛ ਕੀਮਤੀ ਗੁਆ ਲਿਆ ਹੈ। ਕੁਦਰਤ ਵਿਰੁੱਧ ਲੜਦਿਆਂ ਹੋਇਆਂ ਪੱਛਮੀ ਸਮਾਜ ਅੰਦਰ ਪਰਿਵਾਰ ਖ਼ਤਮ ਹੋ ਗਏ ਹਨ। ਮਾਪਿਆਂ ਨੂੰ ਆਪਣੀ ਔਲਾਦ ਦਾ ਨਹੀਂ ਪਤਾ, ਔਲਾਦ ਨੂੰ ਆਪਣੇ ਮਾਂ-ਬਾਪ ਦਾ ਪਤਾ ਨਹੀਂ ਕਿ ਕੌਣ ਹਨ। ਭਾਈ ਖਾਲੜਾ ਨੇ ਪੱਛਮ ਦੀ ਤਰਜ਼-ਏ-ਜ਼ਿੰਦਗੀ ਤੋਂ ਪ੍ਰਭਾਵਿਤ ਸਿੱਖਾਂ ਨੂੰ ਜ਼ੋਰਦਾਰ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਵੀ ਪੱਛਮ ਦੀ ਨਕਲ ਕਰ ਕੇ ਓਸੇ ਹੀ ਖੂਹ ਵਿਚ ਡਿੱਗਣਾ ਚਾਹੁੰਦੇ ਹਾਂ। ਉਸ ਨੇ ਮੂਹਰੇ ਬੈਠੇ ਸਿੱਖ ਨੌਜਵਾਨਾਂ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ ਹੁਣ ਜਦੋਂ ਪੱਛਮ ਦੇ ਕਾਫ਼ੀ ਸਾਰੇ ਸਾਇੰਸਦਾਨਾਂ ਤੇ ਵਿਦਵਾਨਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਾ ਹੈ ਤਾਂ ਕਿਤੇ ਇਹ ਨਾ ਹੋਵੇ ਕਿ ਉਹ ਤਾਂ ਸਾਡੇ ਸਤਿਗੁਰੂ ਵੱਲੋਂ ਦਰਸਾਏ ਰਾਹ ਦੀ ਪਛਾਣ ਕਰ ਕੇ ਆਪਣੀਆਂ ਸ਼ਕਲਾਂ ਸਤਿਗੁਰੂ ਵਰਗੀਆਂ ਬਣਾ ਲੈਣ ਤੇ ਅਸੀਂ ਉਨ੍ਹਾਂ ਦੀ ਨਕਲ ਕਰਦੇ ਹੋਏ ਮੋਨ ਘੋਨ ਹੋਏ ਫਿਰੀਏ। ਉਸ ਨੇ ਕਿਹਾ ਕਿ ਮੈਂ ਇਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਉਸ ਦਾ ਗੁੱਸਾ ਨਾ ਮਨਾਉਣਾ ਕਿ ਸਤਿਗੁਰੂ ਨੇ ਤੁਹਾਨੂੰ ਜੋ ਸਰੂਪ ਦਿੱਤਾ ਹੈ ਉਸ ਦੀ ਰਾਖੀ ਕਰਨਾ ਉਵੇਂ ਹੀ ਜ਼ਰੂਰੀ ਹੈ ਜਿਵੇਂ ਕੁਦਰਤ ਦੇ ਮੌਲਿਕ ਸਰੂਪ ਦੀ ਰਾਖੀ ਕਰਨਾ। ਪਰ ਜਦੋਂ ਅਸੀਂ ਇਸੇ ਸ਼ਕਲ ਨਾਲ ਦੁਨੀਆਂ ਦੇ ਲੋਕਾਂ ਕੋਲ ਜਾਂਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਸਿੱਖ ਹਾਂ, ਉਹਨਾਂ ਨੂੰ ਸਿੱਖ ਦੀ ਪਰਿਭਾਸ਼ਾ ਦਿੰਦੇ ਹਾਂ, ਜਦੋਂ ਅਸੀਂ ਦੱਸਦੇ ਹਾਂ ਕਿ ਸਤਿਗੁਰੂ ਨੇ ਸਾਨੂੰ ਦੁਨੀਆਂ ਤੋਂ ਜ਼ੁਲਮਾਂ ਦਾ ਨਾਸ਼ ਕਰਨ ਵਾਸਤੇ ਪੈਦਾ ਕੀਤਾ ਸੀ, ਤਾਂ ਜਿਹੜੇ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਹੈ, ਉਹ ਕਹਿੰਦੇ ਹਨ ਕਿ ਖ਼ਾਲਸਾ ਜੀ ਚਾਹੀਦਾ ਤਾਂ ਇਹ ਸੀ ਕਿ ਦੁਨੀਆਂ ਦੇ ਲੋਕ ਚੱਲ ਕੇ ਤੁਹਾਡੇ ਕੋਲ ਜਾਂਦੇ ਕਿ ਸਾਡੀ ਰਾਖੀ ਕਰੋ, ਤੇ ਉਲਟਾ ਤੁਸੀਂ ਲੋਕਾਂ ਕੋਲ ਜਾ ਕੇ ਕਹਿੰਦੇ ਹੋ ਕਿ ਸਾਡੀ ਰਾਖੀ ਕਰੋ । ਇਹ ਭਾਣਾ ਕਿਉਂ ਵਾਪਰ ਗਿਆ ? ਕਾਰਨ ਇਹ ਹੈ ਕਿ ਅਸੀਂ ਸਤਿਗੁਰੂ ਦੇ ਰਾਹ ਤੋਂ ਭਟਕ ਗਏ ਹਾਂ। ਸਤਿਗੁਰੂ ਨੇ ਸਾਨੂੰ ਜਿਵੇਂ ਬਣਾਇਆ ਸੀ, ਜਿਸ ਕਾਰਜ ਲਈ ਖ਼ਾਲਸਾ ਸਾਜਿਆ ਸੀ, ਅਸੀਂ ਉਸ ਕਾਰਜ ਨੂੰ ਭੁੱਲ ਗਏ ਹਾਂ।

ਸਾਨੂੰ ਸਾਡਾ ਕੌਮੀ ਘਰ ਚਾਹੀਦੈ

ਭਾਈ ਖਾਲੜਾ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਪੱਛਮੀ ਦੇਸ਼ਾਂ ਵਿਚ ਬੈਠੇ ਸਾਡੇ ਲੋਕ ਭਵਿੱਖ ਦੇ ਖ਼ਤਰਿਆਂ ਤੋਂ ਅਵੇਸਲੇ ਹੋ ਰਹੇ ਹਨ। ਉਸ ਨੇ ਦੁਨੀਆਂ ਦੇ ਇਤਿਹਾਸ ਦਾ ਚੇਤਾ ਕਰਾਉਂਦਿਆਂ ਕਿਹਾ ਸੀ ਕਿ ਕਈ ਵਾਰ ਕੌਮਾਂ (ਆਪਣੀ ਲੋੜ ਵਿੱਚੋਂ) ਆਪਣੇ ਦਰ ਦੂਸਰੀਆਂ ਕੌਮਾਂ ਦੇ ਲੋਕਾਂ ਲਈ ਖੋਲ੍ਹ ਦਿੰਦੀਆਂ ਹਨ। ਪਰ ਜਦੋਂ ਉਹਨਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਤਾਂ ਉਹੀ ਕੌਮਾਂ ਆਪਣੇ ਦਰ ਬੰਦ ਵੀ ਕਰ ਲੈਂਦੀਆਂ ਹਨ। ਉਸ ਨੇ ਇਤਿਹਾਸ ਵਿੱਚੋਂ ਠੋਸ ਹਵਾਲੇ ਦੇ ਕੇ ਦੱਸਿਆ ਕਿ ਜਦੋਂ ਇਹਨਾਂ ਕੌਮਾਂ ਨੂੰ ਆਪਣੇ ਅੰਦਰੂਨੀ ਸੰਕਟਾਂ ਨਾਲ ਜੂਝਣਾ ਪੈ ਜਾਂਦਾ ਹੈ ਤਾਂ ਇਹਨਾਂ ਕੌਮਾਂ ਦੇ ਕੁੱਝ ਵਰਗਾਂ ਵਿਚ ‘ਧਰਤੀ ਦੇ ਜਾਏ’ (sons of the soil) ਹੋਣ ਦੀ ਤੰਗਨਜ਼ਰ ਸੋਚ ਪਨਪਨ ਲੱਗ ਪੈਂਦੀ ਹੈ। ਉਹ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਨ ਕਿ ਇਹ ਧਰਤੀ ਸਾਡੀ ਹੈ। ਫਿਰ ਬਾਹਰਲੇ ਲੋਕਾਂ ਨੂੰ ਉਥੋਂ ਧੱਕੇ ਮਾਰ ਕੇ ਕੱਢਿਆ ਜਾਂਦਾ ਹੈ। ਜਦੋਂ ਭਵਿੱਖ ਵਿਚ ਤੁਹਾਡੇ ਸਾਹਮਣੇ ਅਜਿਹੀ ਨੌਬਤ ਆਵੇਗੀ ਤਾਂ ਤੁਹਾਡੇ ਬੱਚਿਆਂ ਨੂੰ ‘ਵਿਦੇਸ਼ੀ’ ਜਾਂ ‘ਇਮੀਗਰੈਂਟ’ ਕਹਿ ਕੇ ਫਿਟਕਾਰਿਆ ਜਾਵੇਗਾ। ਉਦੋਂ ਇਹਨਾਂ ਬੱਚਿਆਂ ਨੇ ਤੁਹਾਨੂੰ ਕਹਿਣੈ ਕਿ ਇਹ ਜ਼ਲਾਲਤ ਭੋਗਣ ਨਾਲੋਂ ਚੰਗਾ ਹੈ ਕਿ ਆਪਾਂ ਆਪਣੇ ਵਤਨ ਨੂੰ ਮੁੜ ਜਾਈਏ। ਤੇ ਉਨ੍ਹਾਂ ਨੇ ਤੁਹਾਨੂੰ ਪੁੱਛਣਾ ਹੈ ਕਿ ਸਾਡਾ ਵਤਨ ਕਿਹੜਾ ਹੈ ? ਇਸ ਸੁਆਲ ਦੇ ਪ੍ਰਸੰਗ ਵਿਚ ਭਾਈ ਖਾਲੜਾ ਨੇ ਸਿੱਖਾਂ ਦੇ ਆਪਣੇ ਸੁਤੰਤਰ ‘ਕੌਮੀ ਘਰ’ ਦੀ ਲੋੜ ਤੇ ਮਹੱਤਤਾ ਦਰਸਾਈ ਸੀ। ਉਸ ਨੇ ਦ੍ਰਿੜ੍ਹ ਨਿਸਚੇ ਨਾਲ ਇਹ ਗੱਲ ਕਹੀ ਸੀ ਕਿ “ਆਪਣਾ ਘਰ ਮੰਗਣਾ ਕਿਸੇ ਦਾ ਘਰ ਢਾਹੁਣਾ ਨਹੀਂ, ਆਪਣੀ ਸੁੱਖ ਮੰਗਣੀ ਕਿਸੇ ਦੀ ਬਰਬਾਦੀ ਮੰਗਣਾ ਨਹੀਂ।” ਭਾਈ ਖਾਲੜਾ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਸੀ ਕਿ ਤੁਸੀਂ ਜਦੋਂ ਸਤਿਗੁਰੂ ਦੇ ਚਰਨਾਂ ਵਿਚ ਮੱਥਾ ਟੇਕਦੇ ਹੋ, ਉਸ ਤੋਂ ਕੁਛ ਮੰਗਦੇ ਹੋ, ਤਾਂ ਇਹ ਜ਼ਰੂਰ ਮੰਗਿਆ ਕਰੋ ਕਿ ਸਤਿਗੁਰੂ ਸਾਨੂੰ ਸਾਡਾ ਘਰ ਬਖ਼ਸ਼ ਦਿਓ ਤਾਂ ਕਿ ਅਸੀਂ ਦੁਨੀਆਂ ਵਿਚ ਜਗ੍ਹਾ ਜਗ੍ਹਾ ਨਾ ਭਟਕਦੇ ਫਿਰੀਏ ਅਤੇ ਸਾਡੇ ਬੱਚੇ ਆਪਣੇ ਕੌਮੀ ਘਰ ਵਿਚ ਆਜ਼ਾਦ ਫ਼ਿਜ਼ਾ ਵਿਚ ਪਲਣ ਪਸਰਨ।

ਭਾਈ ਖਾਲੜਾ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਸਾਨੂੰ ਭਾਰਤ ਦੇ ਬਹੁਗਿਣਤੀ ਭਾਈਚਾਰੇ ਦੇ ਨਾਲ ਰਹਿਣਾ ਨਹੀਂ ਪੁੱਗਦਾ, ਕਾਰਨ ਇਹ ਕਿ ਉਹਨਾਂ ਦਾ ਕਲਚਰ ਸਾਡੀ ਤਬੀਅਤ ਦੇ ਅਨੁਕੂਲ ਨਹੀਂ ਹੈ। ਕਿਉਂਕਿ ਉਸ ਕਲਚਰ ਨੇ ਹਜ਼ਾਰਾਂ ਸਾਲਾਂ ਦੀ ਗ਼ੁਲਾਮੀ ਨੂੰ ਜਨਮ ਦਿੱਤਾ ਸੀ। ਗੱਲ ਇੰਨੀ ਕੁ ਹੈ ਕਿ ਸਾਨੂੰ ਸਾਡੇ ਕਲਚਰ ਦੇ ਮੁਤਾਬਿਕ ਰਹਿਣ ਦੀ ਆਜ਼ਾਦੀ ਦੇ ਦਿਓ । ਬੱਸ ਏਨੀ ਗੱਲ ਬਦਲੇ ਉਹ ਸਾਡਾ ਖੁਰਾ ਖੋਜ ਮਿਟਾਉਣ ਤਕ ਚਲੇ ਗਏ। ਜਿਵੇਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਢਾਹਿਆ ਸੀ ਉਵੇਂ ਹਿੰਦੂ ਹਾਕਮਾਂ ਨੇ ਤੋਪਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ। ਦੋਵਾਂ ਸਭਿਆਚਾਰਾਂ ਵਿਚ ਫ਼ਰਕ ਦੇਖੋ । ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ‘ਤੇ ਅਸੀਂ ਛਬੀਲਾਂ ਲਾਉਂਦੇ ਹਾਂ। ਗ਼ੁੱਸੇ ਦੀ ਜਗ੍ਹਾ ਠੰਢ ਵਰਤਾਉਂਦੇ ਹਾਂ। (ਜੂਨ 1984 ਵਿਚ) ਜਦੋਂ ਅਸੀਂ ਛਬੀਲਾਂ ਲਾ ਰਹੇ ਸੀ ਉਸੇ ਵੇਲੇ ਦਰਬਾਰ ਸਾਹਿਬ ਸਮੂਹ ਦੇ ਅੰਦਰ ਭਾਰਤੀ ਫ਼ੌਜ ਵੱਲੋਂ ਤੋਪਾਂ ਦੇ ਗੋਲਿਆਂ ਨਾਲ ਪਾਣੀ ਵਾਲੀ ਟੈਂਕੀ ਭੰਨੀ ਗਈ। ਇਹ ਉਹਨਾਂ ਵੱਲੋਂ ਸਪੱਸ਼ਟ ਐਲਾਨ ਸੀ ਕਿ ਸਾਨੂੰ ਤੁਹਾਡਾ ਠੰਢ ਵਰਤਾਉਣ ਵਾਲਾ ਕਲਚਰ ਪਸੰਦ ਨਹੀਂ। ਇਸ ਤਰੀਕੇ ਨਾਲ ਇਹ ਦੋ ਸਭਿਆਚਾਰਾਂ ਦੀ, ਦੋ ਸੋਚਾਂ ਦੀ ਲੜਾਈ ਸੀ । ਅਸੀਂ ਨਹੀਂ ਚਾਹੁੰਦੇ ਕਿ ਇਸ ਲੜਾਈ ਵਿਚ ਅਸੀਂ ਜਾਂ ਸਾਡੇ ਵਿਰੋਧੀ ਪੀੜ੍ਹੀਆਂ ਤਕ ਮਰਦੇ ਰਹਿਣ; ਜਾਂ ਅੱਗੇ ਜਾ ਕੇ ਸਾਡੇ ਬੱਚੇ ਵੀ ਉਡੀਕਦੇ ਰਹਿਣ ਕਿ ਸਾਡਾ ਕੋਈ ਘਰ ਬਣੇ। ਜਾਂ ਅਸੀਂ ਇਸੇ ਤਰ੍ਹਾਂ ਹੀ ਵਿਦੇਸ਼ਾਂ ਵਿਚ ਰੁਲਦੇ ਰਹੀਏ, ਇਮੀਗਰੈਂਟ ਅਖਵਾਈਏ – ਸਿਰਫ਼ ਇਸ ਕਰਕੇ ਕਿ ਸਾਡਾ ਕੋਈ ਘਰ ਨਹੀਂ।

ਭਾਈ ਖਾਲੜਾ ਨੇ ਸੰਗਤ ਦੀ ਗ਼ੈਰਤ ਨੂੰ ਝੰਜੋੜਦਿਆਂ ਕਿਹਾ ਕਿ ਮੈਂ ਤੁਹਾਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਗੁਰੂ ਨੇ ਸਾਨੂੰ ਕਿਸੇ ਦੇ ਏਨਾ ਥੱਲੇ ਲੱਗਣ ਲਈ ਤਾਂ ਬਿਲਕੁਲ ਨਹੀਂ ਸੀ ਕਿਹਾ। ਅਸੀਂ ਤਾਂ ਦੁਨੀਆਂ ਦੀ ਆਜ਼ਾਦੀ ਲਈ ਲੜੇ ਹਾਂ । ਹੁਣ ਆਪਣੀ ਆਜ਼ਾਦੀ ਲਈ ਲੜਨ ਦੀ ਹਿੰਮਤ ਵੀ ਗੁਆ ਬੈਠੇ ਹਾਂ।

ਭਾਈ ਜਸਵੰਤ ਸਿੰਘ ਨੇ ਕੁੱਝ ਪਰਵਾਸੀ ਸਿੱਖਾਂ ਦੇ ਮਨਾਂ ਅੰਦਰ ਬਣੀ ਗ਼ਲਤ ਧਾਰਨਾ ਦੇ ਜੁਆਬ ਵਿਚ ਸਪੱਸ਼ਟ ਕੀਤਾ ਸੀ ਕਿ ਜੇਕਰ ਕਿਸੇ ਦੇ ਮਨ ਵਿਚ ਇਹ ਵਿਚਾਰ ਆਉਂਦਾ ਹੈ ਕਿ ਓਥੇ (ਪੰਜਾਬ ਵਿਚ) ਪਹਿਲਾਂ ਕੋਈ ਗੜਬੜ ਸੀ, ਉਹ ਹੁਣ ਖ਼ਤਮ ਹੋ ਗਈ ਹੈ, ਤਾਂ ਭਰਾਵੋ ਇਹ ਗੱਲ ਗ਼ਲਤ ਹੈ। ਓਥੇ ਜ਼ੁਲਮ ਹੋਇਆ, ਜ਼ੁਲਮ ਦੇ ਵਿਰੁੱਧ ਕੁੱਝ ਲੋਕਾਂ ਨੇ ਅਣਖ ਨਾਲ ਲੜਨ ਦੀ ਕੋਸ਼ਿਸ਼ ਕੀਤੀ, ਓਹਨਾਂ ਨੂੰ (ਹਕੂਮਤੀ ਜ਼ੋਰ) ਨਾਲ ਖ਼ਤਮ ਕੀਤਾ ਗਿਆ ਹੈ – ਲੇਕਿਨ ਕੌਮਾਂ ਦੇ ਇਤਿਹਾਸ ਦੀ ਇਕ ਰਵਾਇਤ ਹੈ ਕਿ ਸ਼ਹੀਦ ਜਿਥੇ ਆਪਣਾ ਲਹੂ ਡੋਲ੍ਹ ਜਾਂਦੇ ਹਨ, ਓਥੇ ਇਨਕਲਾਬ ਜਨਮ ਲੈਂਦੇ ਹਨ। ਜੇਕਰ ਤੁਸੀਂ ਓਸ (ਖਾੜਕੂ) ਲਹਿਰ ਦੇ ਵਿਰੋਧੀ ਵੀ ਹੋ, ਓਸ ਲਹਿਰ ਦੇ ਹੱਕ ਵਿਚ ਵੀ ਨਹੀਂ, ਤਾਂ ਵੀ ਆਪਣੇ ਦਿਮਾਗ਼ ਵਿਚ ਇਹ ਗੱਲ ਨਾ ਬਿਠਾ ਲਿਓ ਕਿ ਗੱਲ ਮੁੱਕ ਗਈ ਹੈ। ਗੱਲਾਂ ਮੁੱਕਦੀਆਂ ਨਹੀਂ ਹੁੰਦੀਆਂ। ਜਿੰਨਾ ਚਿਰ ਓਸ ਗੱਲ ਦਾ ਸਹੀ ਰਾਹ ਨਾ ਨਿਕਲੇ। ਨੇਕੀ ਤੇ ਬਦੀ ਦੀ ਲੜਾਈ ਜਦੋਂ ਦੀ ਦੁਨੀਆਂ ਬਣੀ ਹੈ ਉਦੋਂ ਦੀ ਚੱਲਦੀ ਆਈ ਹੈ। ਸਾਡੇ ਸਤਿਗੁਰਾਂ ਦੀ ਸਿੱਖਿਆ ਹੈ ਕਿ ਜੇਕਰ ਅਸੀਂ ਸਤਿਗੁਰੂ ਦੇ ਰਾਹ ‘ਤੇ ਚੱਲਣਾ ਹੈ ਤਾਂ ਬਦੀ ਨੇ ਸਾਡੇ ਗਲ ਤੁਰੇ ਜਾਂਦਿਆਂ ਵੀ ਪੈ ਜਾਣੈ। ਸਮੱਸਿਆ ਖੜੀ ਰਹਿਣੀ ਹੈ ਜਿੰਨਾ ਚਿਰ ਬਦੀ ਖੜੀ ਹੈ। ਤੇ ਬਦੀ ਦੇ

ਵਿਰੁੱਧ ਲੜਨਾ ਸਿੱਖੀ ਦਾ ਬੁਨਿਆਦੀ ਅਸੂਲ ਹੈ। ਭਾਰਤੀ ਹਾਕਮਾਂ ਵੱਲੋਂ ਦੁਨੀਆਂ ਦੇ ਸਾਹਮਣੇ ਸਿੱਖਾਂ ਦੇ ਪੱਖ ਨੂੰ ਵਿਗਾੜ ਕੇ ਪੇਸ਼ ਕਰਨ ਉੱਤੇ ਭਾਈ ਖਾਲੜਾ ਨੇ ਰੋਹ ਭਰੀ ਆਵਾਜ਼ ਵਿਚ ਕਿਹਾ ਕਿ ਮੈਂ ਚੈਲਿੰਜ ਕਰਦਾ ਹਾਂ ਕਿ ਪਿਛਲੇ ਦਸਾਂ ਸਾਲਾਂ ਵਿਚ ਇਕ ਵੀ ਮਿਸਾਲ ਦੱਸੋ ਜਦੋਂ ਸਿੱਖਾਂ ਦੇ ਹਜੂਮ ਨੂੰ ਕਿਸੇ ਨੂੰ ਗਲੋਂ ਫੜ ਕੇ ਧੂਹਿਆ ਹੋਵੇ। ਲੇਕਿਨ ਸਿੱਖਾਂ ਦੇ ਗਲਾਂ ਵਿਚ ਬਲਦੇ ਟਾਇਰ ਪਾਏ ਦੁਨੀਆਂ ਨੇ ਦੇਖੇ ਨੇ। ਦਿੱਲੀ ਦੀਆਂ ਗਲੀਆਂ ਵਿਚ ਸਿੱਖ ਭਾਈਚਾਰੇ ਨੂੰ ਅੱਗਾਂ ਵਿਚ ਸਾੜਦੇ ਦੁਨੀਆਂ ਨੇ ਦੇਖਿਆ ਹੈ। ਫਿਰ ਵੀ ਅਸੀਂ ਅੱਤਵਾਦੀ ਬਣਾ ਦਿੱਤੇ ਗਏ ਤੇ ਉਹ ਆਪ ਸੱਤਵਾਦੀ ਬਣ ਗਏ।

ਅਖ਼ੀਰ ਦੇ ਵਿਚ ਭਾਈ ਖਾਲੜਾ ਨੇ ਪਰਵਾਸੀ ਸਿੱਖਾਂ ਨੂੰ ਖ਼ਬਰਦਾਰ ਕੀਤਾ ਕਿ ਦੇਖਿਓ ਕਿਤੇ ਆਰਥਿਕ ਤਰੱਕੀ ਕਰਦੇ ਕਰਦੇ ਆਪਣੀ ਹੋਂਦ ਖ਼ਤਰੇ ਵਿਚ ਨਾ ਪਾ ਬੈਠਿਓ। ਉਸ ਨੂੰ ਆਪਣੀ ਗੱਲ ਇਸ ਆਸ਼ਾਵਾਦੀ ਸੁਰ ਨਾਲ ਖ਼ਤਮ ਕੀਤੀ ਕਿ ‘ਆਦਿ ਸਚੁ ਜੁਗਾਦਿ ਸਚੁ’ ਦਾ ਸੰਦੇਸ਼ ਸਾਨੂੰ ਇਹ ਦ੍ਰਿੜ੍ਹ ਕਰਾਉਂਦਾ ਹੈ ਕਿ ਸਾਡਾ ਗੁਰੂ ਵੀ ਸਦਾ ਕਾਇਮ ਰਹਿਣੈ, ਸਾਡਾ ਧਰਮ ਵੀ ਸਦਾ ਕਾਇਮ ਰਹਿਣੈ, ਇਹ ਫ਼ੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ ?

ਭਾਈ ਜਸਵੰਤ ਸਿੰਘ ਖਾਲੜਾ ਵਿਆਨਾ ਵਿਚ ਦੋ ਹਫ਼ਤਿਆਂ ਵਿਚ ਆਪਣੇ ਕਲਪੇ ਹੋਏ ਕਾਰਜ ਨਿਪਟਾ ਲੈਣ ਉਪਰੰਤ ਜੁਲਾਈ ਦੇ ਅੱਧ ਵਿਚ ਪੰਜਾਬ ਮੁੜ ਆਇਆ ਸੀ।

“ਮੈਂ ਸ਼ਹੀਦ ਹੋਵਾਂਗਾ, ਤੂੰ ਖ਼ੁਦਕੁਸ਼ੀ ਕਰੇਂਗਾ”

31 ਅਗਸਤ (1995) ਨੂੰ ਸਿੱਖ ਜੁਝਾਰੂਆਂ ਨੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਸਕੱਤਰੇਤ ‘ਚੋਂ ਬਾਹਰ ਆਉਂਦੇ ਨੂੰ ਮਨੁੱਖੀ ਬੰਬ ਦੀ ਤਕਨੀਕ ਦੇ ਜ਼ਰੀਏ ਬਾਰੂਦ ਨਾਲ ਉਡਾ ਦਿੱਤਾ ਸੀ। ਸਿੱਖ ਜੂਝਾਰੂਆਂ ਵੱਲੋਂ ਮਨੁੱਖੀ ਬੰਬ ਦੀ ਤਕਨੀਕ ਪਹਿਲੀ ਵਾਰ ਅਮਲ ‘ਚ ਲਿਆਂਦੀ ਗਈ ਸੀ । ਅਜੋਕੇ ਸਿੱਖ ਇਤਿਹਾਸ ਅੰਦਰ ਪਹਿਲਾ ਮਨੁੱਖੀ ਬੰਬ ਬਣਨ ਦਾ ਜਸ ਖੱਟਣ ਵਾਲੇ ਸ਼ੇਰ-ਦਿਲ ਨੌਜਵਾਨ ਭਾਈ ਦਿਲਾਵਰ ਸਿੰਘ (ਪਿੰਡ ਜੈ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ) ਨੇ ਆਪਣਾ ਕਾਰਜ ਪੂਰੀ ਸੂਰਮਤਾਈ ਤੇ ਨਿਪੁੰਨਤਾ ਨਾਲ ਨੇਪਰੇ ਚਾੜ੍ਹ ਕੇ ਸਿੱਖ ਕੌਮ ਦਾ ਸਿਰ ਗੌਰਵ ਨਾਲ ਉੱਚਾ ਕਰ ਦਿੱਤਾ ਸੀ। ਇਸ ਬੀਰਤਾ ਪੂਰਬਕ ਕਾਰਨਾਮੇ ਨਾਲ ਜਿਥੇ ਦੇਸ਼ ਵਿਦੇਸ਼ ਅੰਦਰ ਸਿੱਖ ਜਗਤ ਵਿਚ ਖ਼ੁਸ਼ੀ ਦਾ ਮਾਹੌਲ ਪਸਰ ਗਿਆ ਸੀ, ਉਥੇ ਭਾਰਤੀ ਹਾਕਮਾਂ ਤੇ ਜ਼ਾਲਮ ਪੁਲਸ ਅਫ਼ਸਰਾਂ ਦੇ ਘਰੀਂ ਮਾਤਮ ਛਾਅ ਗਿਆ ਸੀ। ਸੁਘੜ ਸਿਆਸੀ ਵਿਸ਼ਲੇਸ਼ਕਾਂ ਨੇ ਇਹ ਅਨੁਮਾਨ ਲਾ ਲਿਆ ਸੀ ਕਿ ਭਾਰਤੀ ਹਾਕਮ ਤੇ ਪੰਜਾਬ ਦੇ ਲਹੂ-ਤਿਹਾਏ ਪੁਲਸ ਅਫ਼ਸਰ ਇਸ ਕਤਲ ਦਾ ਬਦਲਾ ਲੈਣ ਲਈ ਕੋਈ ਘਿਣਾਉਣਾ ਮੋੜਵਾਂ ਵਾਰ ਕਰਨ ਤੋਂ ਬਾਜ਼ ਨਹੀਂ ਆਉਣਗੇ। ਉਸ ਵੇਲੇ ਤਕ ਲਗਭਗ ਸਾਰੇ ਜੁਝਾਰੂ ਸਿੰਘ ਖ਼ਤਮ ਕਰ ਦਿੱਤੇ ਜਾਂ ਫੜ ਕੇ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ ਸਨ। ਪੁਲਸ ਨੇ ਉਨ੍ਹਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਉੱਤੇ ਵੀ ਜ਼ੁਲਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਜਿਸ ਕਰਕੇ ਜਾਬਰ ਪੁਲਸ ਅਫ਼ਸਰਾਂ ਵੱਲੋਂ ਸਿੱਧੇ ਰੂਪ ਵਿਚ ਸਿੱਖ ਖਾੜਕੂਆਂ ਉੱਤੇ ਮੋੜਵਾਂ ਵਾਰ ਕਰਨ ਦੀ ਅਮਲੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਸੀ। 1992-93 ਤੋਂ ਬਾਅਦ ਪੰਜਾਬ ਪੁਲਸ ਲਈ ਜੇਕਰ ਕੋਈ ਸਿਰਦਰਦੀ ਬਣੀ ਹੋਈ ਸੀ ਤਾਂ ਉਹ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂ ਸਨ, ਜਿਹੜੇ ਪਿਛਲੇ 6-7 ਸਾਲਾਂ ਤੋਂ, ਪੁਲਸ ਵੱਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤੇ ਗ਼ੈਰ-ਮਨੁੱਖੀ ਢੰਗਾਂ ਨਾਲ ਕਤਲ ਕਰਨ ਦੀਆਂ ਵਾਰਦਾਤਾਂ ਬਾਰੇ ਠੋਸ ਤੱਥ ਤੇ ਸਬੂਤ ਇਕੱਠੇ ਕਰਨ ਦੇ ਕਾਰਜ ਵਿਚ ਦਲੇਰੀ ਤੇ ਸਿਦਕਦਿਲੀ ਨਾਲ ਜੁਟੇ ਹੋਏ ਸਨ, ਅਤੇ ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਇਕ ਪਾਸੇ ਭਾਰਤੀ ਅਦਾਲਤਾਂ ਕੋਲੋਂ ਨਿਆਂ ਹਾਸਲ ਕਰਨ ਲਈ ਸਾਰੇ ਕਾਨੂੰਨੀ ਹੀਲੇ ਅਜ਼ਮਾ ਰਹੇ ਸਨ, ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਖੇਤਰ ਵਿਚ ਕਾਰਜਸ਼ੀਲ ਕੌਮਾਂਤਰੀ ਸੰਸਥਾਵਾਂ ਤੇ ਜਥੇਬੰਦੀਆਂ ਅਤੇ ਪੱਛਮੀ ਦੇਸ਼ਾਂ ਦੀਆਂ ਜਮਹੂਰੀ ਸਰਕਾਰਾਂ ਮੂਹਰੇ ਭਾਰਤੀ ਰਾਜ ਤੇ ਇਸ ਦੇ ਖੂਨੀ ਪੁਲਸ ਅਫ਼ਸਰਾਂ ਦੇ ਰਾਖਸ਼ੀ ਚਿਹਰੇ ਬੇਪੜਦ ਕਰ ਰਹੇ ਸਨ । ਪੰਜਾਬ ਪੁਲਸ ਦਾ ਮੁਖੀ ਕੇ.ਪੀ.ਐੱਸ. ਗਿੱਲ ਤੇ ਉਸ ਦੇ ਕੁੱਝ ਚਹੇਤੇ ਪੁਲਸ ਅਫ਼ਸਰ, ਜਿਨ੍ਹਾਂ ਉੱਤੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਕਤਲ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਤੇ ਲਾਵਾਰਸ ਕਹਿ ਕੇ ਸਾੜ ਦੇਣ ਅਥਵਾ ਦਰਿਆਵਾਂ ਤੇ ਨਹਿਰਾਂ ਵਿਚ ਰੋੜ੍ਹ ਦੇਣ ਦੇ ਦੋਸ਼ ਲੱਗ ਰਹੇ ਸਨ, ਉਹ ਇਨ੍ਹਾਂ ਮਨੁੱਖੀ ਅਧਿਕਾਰ ਕਾਰਕੁੰਨਾਂ ਉੱਤੇ ਪੁੱਜ ਕੇ ਖ਼ਫ਼ਾ ਸਨ। ਉਹ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਨੰਗੇ ਧੜ ਲੜ ਰਹੇ ਇਨ੍ਹਾਂ ਯੋਧਿਆਂ ਉੱਤੇ ਝਪਟ ਮਾਰਨ ਲਈ ਢੁੱਕਵੇਂ ਮੌਕੇ ਦੀ ਤਾਕ ਵਿਚ ਸਨ। ਬੇਅੰਤ ਸਿੰਘ ਦੇ ਕਤਲ ਨੇ ਉਨ੍ਹਾਂ ਲਈ ਇਹ ਸਾਜ਼ਗਾਰ ਮੌਕਾ ਪੈਦਾ ਕਰ ਦਿੱਤਾ ਸੀ।

ਭਾਈ ਜਸਵੰਤ ਸਿੰਘ ਖਾਲੜਾ ਦੇ ਸਾਥੀ ਬਲਵਿੰਦਰ ਸਿੰਘ ਝਬਾਲ, ਜੋ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਨੂੰ ਪ੍ਰੈਸ ਅੰਦਰ ਵੱਡੇ ਪੱਧਰ ‘ਤੇ ਨਸ਼ਰ ਕਰਨ ਵਿਚ ਭਾਈ ਖਾਲੜਾ ਦਾ ਡੱਟਵਾਂ ਸਾਥ ਦੇਣ ਵਾਲੇ ਦਰਜਨ ਦੇ ਕਰੀਬ ਸਿਰੜੀ ਵਰਕਰਾਂ ਵਿਚ ਸ਼ਾਮਲ ਸੀ, ਨੇ ਦੱਸਿਆ ਕਿ 28 ਜੁਲਾਈ ਨੂੰ ਭਾਈ ਜਸਵੰਤ ਸਿੰਘ ਦੇ ਘਰ ਹੋਈ ਪ੍ਰੈਸ ਕਾਨਫ਼ਰੰਸ ਨੇ, ਖ਼ਾਸ ਕਰਕੇ ਅਗਲੇ ਦਿਨ (29 ਜੁਲਾਈ) ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਨੇ ਦਾਗ਼ੀ ਪੁਲਸ ਅਫ਼ਸਰਾਂ ਅੰਦਰ ਡਰ ਤੇ ਘਬਰਾਹਟ ਪੈਦਾ ਕਰ ਦਿੱਤੀ ਸੀ। ਬਲਵਿੰਦਰ ਸਿੰਘ ਨੂੰ ਆਪਣੇ ਪੁਲਸ ਅੰਦਰਲੇ ਸੋਮਿਆਂ ਤੋਂ ਸੂਹ ਮਿਲ ਗਈ ਸੀ ਕਿ 29 ਜੁਲਾਈ ਦੇ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਪੜ੍ਹਦਿਆਂ ਹੀ ਅਜੀਤ ਸਿੰਘ ਸੰਧੂ ਦਾ ਗ਼ੁੱਸੇ ਵਿਚ ਲਹੂ ਖੌਲਣ ਲੱਗ ਪਿਆ ਸੀ। ਉਸ ਨੇ ਉਸੇ ਵੇਲੇ ਸੁਨੇਹੇ ਦੇ ਕੇ ਅਗਲੇ ਦਿਨ 30 ਜੁਲਾਈ ਨੂੰ ਸਾਰੇ ਜ਼ਿਲ੍ਹੇ ਦੇ ਉਪ-ਪੁਲਸ ਕਪਤਾਨਾਂ (DSPs) ਤੇ ਥਾਣਿਆਂ ਦੇ ਮੁਖੀਆਂ (SHOs) ਦੀ ਹੰਗਾਮੀ ਮੀਟਿੰਗ ਸੱਦ ਲਈ ਸੀ। ਉਸ ਵੇਲੇ ਪੁਲਸ ਮਹਿਕਮੇ ਵਿਚ ਇਹ ਅਣਲਿਖਤੀ ਦਸਤੂਰ ਪ੍ਰਚੱਲਤ ਹੋ ਗਿਆ ਸੀ ਕਿ ਸਿੱਖ ਖਾੜਕੂ ਲਹਿਰ ਨੂੰ ਕੁਚਲਣ ਲਈ ਵੱਧ ਕਰੂਰਤਾ ਦਿਖਾਉਣ ਵਾਲੇ ਜ਼ਿਲ੍ਹਾ ਪੁਲਸ ਮੁਖੀਆਂ, ਅਰਥਾਤ ਸੀਨੀਅਰ ਪੁਲਸ ਕਪਤਾਨਾਂ (SSPs) ਨੂੰ ਇਹ ਉਚੇਚੇ ਅਧਿਕਾਰ ਮਿਲ ਗਏ ਸਨ ਕਿ ਉਹ ਆਪਣੇ ਜ਼ਿਲ੍ਹੇ ਵਿਚ ਆਪਣੇ ਮਨਪਸੰਦ ਤੇ ਵਿਸ਼ਵਾਸਪਾਤਰ ਪੁਲਸ ਕਪਤਾਨਾਂ (SPs), ਉਪ-ਕਪਤਾਨਾਂ, ਥਾਣੇਦਾਰਾਂ ਤੇ ਹੋਰਨਾਂ ਹੇਠਲੇ ਪੱਧਰ ਦੇ ਪੁਲਸ ਕਰਮਚਾਰੀਆਂ ਨੂੰ ਬਿਨਾਂ ਰੋਕ ਟੋਕ ਤੋਂ ਤੈਨਾਤ ਕਰ ਸਕਦੇ ਸਨ। ਜਦੋਂ ਇਨ੍ਹਾਂ ਸੀਨੀਅਰ ਪੁਲਸ ਕਪਤਾਨਾਂ ਦੀ ਬਦਲੀ ਕਿਸੇ ਹੋਰ ਜ਼ਿਲ੍ਹੇ ਵਿਚ ਹੋ ਜਾਂਦੀ ਸੀ ਤਾਂ ਉਹ ਆਪਣੇ ਇਨ੍ਹਾਂ ਚਹੇਤੇ ਕਾਰਿੰਦਿਆਂ/ਦਰਿੰਦਿਆਂ ਦੀਆਂ ਬਦਲੀਆਂ ਕਰਵਾ ਕੇ ਉਨ੍ਹਾਂ ਨੂੰ ਆਪਣੇ ਨਾਲ ਹੀ ਲੈ ਜਾਇਆ ਕਰਦੇ ਸਨ। ਇਸ ਕਰਕੇ ਅਜੀਤ ਸਿੰਘ ਸੰਧੂ ਵੱਲੋਂ ਬੁਲਾਈ ਮੀਟਿੰਗ ਵਿਚ ਕੋਈ ਲੰਮੀ ਚੌੜੀ ਬਹਿਸ ਜਾਂ ਵਿਚਾਰ- ਚਰਚਾ ਨਹੀਂ ਹੋਈ ਸੀ, ਸਾਰੇ ਉਸ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਤਤਪਰ ਸਨ। ਮੀਟਿੰਗ ਵਿਚ ਅਜੀਤ ਸਿੰਘ ਸੰਧੂ ਨੇ ਦੋ-ਹਰਫ਼ੀ ਗੱਲ ਹੀ ਕੀਤੀ ਸੀ, ਕਿ ਹੁਣ ‘ਪਾਣੀ ਗਲਾਂ ਤਕ ਪਹੁੰਚ ਗਿਆ ਹੈ, ਜਿਸ ਕਰਕੇ ਜਸਵੰਤ ਸਿੰਘ ਖਾਲੜਾ ਤੇ ਉਸ ਦੇ ਪ੍ਰਮੁੱਖ ਸਹਿਯੋਗੀਆਂ ਨੂੰ ਚੁੱਪ ਕਰਾਉਣਾ ਫ਼ੌਰੀ ਲੋੜ ਬਣ ਗਈ ਹੈ ।’ ਸਾਰਿਆਂ ਨੂੰ ਆਪਣੇ ਅਫ਼ਸਰ ਦੀ ਗੱਲ ਸਮਝ ਪੈ ਗਈ ਸੀ। ਉਸੇ ਦਿਨ ਤੋਂ ਭਾਈ ਖਾਲੜਾ ਤੇ ਉਸ ਦੇ ਪ੍ਰਮੁੱਖ ਸਹਿਯੋਗੀਆਂ ਦੀ ਕਰੜੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ । ਭਾਈ ਖਾਲੜਾ ਦਾ ਖ਼ਾਸ ਤੌਰ ‘ਤੇ ਲਗਾਤਾਰ ਪਿੱਛਾ ਕੀਤਾ ਜਾਣ ਲੱਗ ਪਿਆ ਸੀ। ਪੁਲਸ ਨੇ ਗੁਪਤ ਢੰਗ ਨਾਲ ਉਸ ਦੇ ਘਰ (8, ਕਬੀਰ ਪਾਰਕ) ਦੀ ‘ਰੈਕੀ’ ਕਰਨੀ ਸ਼ੁਰੂ ਕਰ ਦਿੱਤੀ ਸੀ। ਭਾਈ ਜਸਵੰਤ ਸਿੰਘ ਦੀ ਜਾਨ ਦੇ ਪਿਆਸੇ ਪੁਲਸ ਅਫ਼ਸਰ ਉਸ ਨੂੰ ਖ਼ਤਮ ਕਰਨ ਲਈ ਕਈ ਸਕੀਮਾਂ ਉੱਤੇ ਕੰਮ ਕਰ ਰਹੇ ਸਨ। ਉਨ੍ਹਾਂ ਦਾ ਯਤਨ ਸੀ ਕਿ ਉਸ ਨੂੰ ਜਿਥੇ ਵੀ ਅੜਿੱਕੇ ਆਉਂਦਾ ਹੈ, ਦਬੋਚ ਲਿਆ ਜਾਵੇ। ਬਲਵਿੰਦਰ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਮੈਂ ਜਸਵੰਤ ਸਿੰਘ ਨੂੰ ਕਿਹਾ ਸੀ ਕਿ ਹੁਣ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ, ਪੁਲਸ ਨੇ ਬੇਅੰਤ ਸਿੰਘ ਦੇ ਕਤਲ ਦੀ ਆੜ ਵਿਚ ਮੁੰਡੇ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਭਾਈ ਜਸਵੰਤ ਸਿੰਘ ਆਪਣੀ ਜ਼ਿੰਦਗੀ ਨੂੰ ਦਰਪੇਸ਼ ਇਸ ਖ਼ਤਰੇ ਤੋਂ ਬੇਖ਼ਬਰ ਨਹੀਂ ਸੀ। ਉਸ ਦੀ ਸੁਰੱਖਿਆ ਬਾਰੇ ਫ਼ਿਕਰਮੰਦ ਉਸ ਦੇ ਬਹੁਤ ਸਾਰੇ ਮਿੱਤਰਾਂ ਤੇ ਸ਼ੁਭਚਿੰਤਕਾਂ, ਜਿਨ੍ਹਾਂ ਵਿਚ ਜਸਟਿਸ ਅਜੀਤ ਸਿੰਘ ਬੈਂਸ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਲੈ ਕੇ ਸ. ਜਸਪਾਲ ਸਿੰਘ ਢਿੱਲੋਂ ਤਕ ਕਿੰਨੀਆਂ ਹੀ ਨਾਮਵਰ ਹਸਤੀਆਂ ਸ਼ਾਮਲ ਸਨ, ਨੇ ਉਸ ਨੂੰ ਇਸ ਬਾਰੇ ਬਾਕਾਇਦਾ ਚੌਕਸ ਕਰ ਦਿੱਤਾ ਸੀ ਅਤੇ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਉਸ ਨੂੰ ਕੁੱਝ ਸਮੇਂ ਲਈ ਕਿਧਰੇ ਟਲ ਜਾਣ ਦਾ ਮਸ਼ਵਰਾ ਦਿੱਤਾ ਸੀ । ਪਰ ਜਸਵੰਤ ਸਿੰਘ ਦਾ ਹਰ ਕਿਸੇ ਨੂੰ ਇਹੋ ਜੁਆਬ ਹੁੰਦਾ ਸੀ ਕਿ ਜੇਕਰ ਇਹ ਜਾਨ ਕਿਸੇ ਮਾਨਵਵਾਦੀ ਕਾਰਜ ਦੇ ਲੇਖੇ ਲੱਗਦੀ ਹੈ ਤਾਂ ਇਸ ਤੋਂ ਵੱਧ ਸੁਭਾਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਉਸ ਨੇ ਆਪਣੇ ਮਨ ਵਿੱਚੋਂ ਮੌਤ ਦਾ ਭੈਅ ਪੂਰੀ ਤਰ੍ਹਾਂ ਕੱਢ ਦਿੱਤਾ ਸੀ ਅਤੇ ਉਹ ਮਾਨਸਿਕ ਪੱਧਰ ‘ਤੇ ਸ਼ਹਾਦਤ ਲਈ ਪੂਰਨ ਰੂਪ ‘ਚ ਤਿਆਰ ਹੋ ਚੁੱਕਾ ਸੀ। ਉਸ ਦੇ ਮਨ ਨੂੰ ਇਹ ਗੱਲ ਜੱਚ ਗਈ ਲੱਗਦੀ ਸੀ ਕਿ ਪਿਛਲੇ ਇਕ ਦਹਾਕੇ ਦੇ ਦੌਰਾਨ ਹਥਿਆਰਬੰਦ ਜੰਗ ਦੇ ਮੈਦਾਨ ਅੰਦਰ ਸੂਰਮਗਤੀ ਨਾਲ ਲੜਦੇ ਹੋਏ ਹਜ਼ਾਰਾਂ ਹੀ ਸਿੱਖ ਜੁਝਾਰੂਆਂ ਨੇ ਸ਼ਹਾਦਤ ਦੀਆਂ ਪ੍ਰੇਰਣਾਮਈ ਮਿਸਾਲਾਂ ਕਾਇਮ ਕਰ ਕੇ ਅਠਾਰ੍ਹਵੀਂ ਸਦੀ ਦੀਆਂ ਗੌਰਵਸ਼ਾਲੀ ਰਵਾਇਤਾਂ ਮੁੜ ਤਾਜ਼ਾ ਕਰ ਦਿੱਤੀਆਂ ਹਨ, ਪਰ ਸ਼ਹਾਦਤਾਂ ਦੀ ਇਹ ਕਹਾਣੀ ਉਨਾ ਚਿਰ ਮੁਕੰਮਲ ਨਹੀਂ ਹੁੰਦੀ ਜਿੰਨਾ ਚਿਰ ਜਬਰ ਦਾ ਸਬਰ ਨਾਲ ਅਤੇ ਕਰੂਰ ਹਿੰਸਾ ਦਾ ਕੋਮਲ ਅਹਿੰਸਾ ਨਾਲ ਟਾਕਰਾ ਕਰ ਕੇ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਦੀਆਂ ਦ੍ਰਿਸ਼ਟਾਂਤ ਯੋਗ ਸ਼ਹਾਦਤਾਂ ਦੀ ਯਾਦ ਇਕ ਵਾਰ ਫਿਰ ਤਾਜ਼ਾ ਨਹੀਂ ਕੀਤੀ ਜਾਂਦੀ। ਉਹ ਅਨੇਕਾਂ ਸਿੱਖ ਜੁਝਾਰੂਆਂ ਵੱਲੋਂ ਆਪਣੇ ਲਹੂ ਨਾਲ ਚਿੱਤਰੀ ਸ਼ਹਾਦਤ ਦੀ ਤਸਵੀਰ ਅੰਦਰ ਇਕ ਹੋਰ ਰੰਗ ਸ਼ਾਮਲ ਕਰ ਕੇ ਇਸ ਨੂੰ ਮੁਕੰਮਲ ਕਰਨਾ ਚਾਹੁੰਦਾ ਸੀ। ਉਹ ਆਪਣੇ ਆਪ ਨੂੰ ਇਸ ਭੂਮਿਕਾ ਵਿਚ ਚਿਤਵ ਰਿਹਾ ਸੀ। ਇਹ ਸੋਚ ਕੇ (ਜਾਂ ਧਾਰ ਕੇ) ਹੀ ਉਸ ਨੇ ਮਈ 1992 ਵਿਚ ਇੰਗਲੈਂਡ ਤੋਂ ਪੰਜਾਬ ਮੁੜਨ ਦਾ ਅਚਾਨਕ ਫ਼ੈਸਲਾ ਕੀਤਾ ਸੀ, ਅਤੇ ਇਸੇ ਜਜ਼ਬੇ ਅਧੀਨ ਹੀ ਉਸ ਨੇ ਜੂਨ 1995 ਵਿਚ ਕੈਨੇਡਾ ਸਰਕਾਰ ਦੇ ਉੱਚ-ਅਧਿਕਾਰੀਆਂ ਤੇ ਸੀਨੀਅਰ ਮੰਤਰੀਆਂ ਦੀ, ਉਸ ਨੂੰ ਸਿਆਸੀ ਪਨਾਹ ਦੇਣ ਦੀ ਪੇਸ਼ਕਸ਼ ਨਿਮਰਤਾ ਨਾਲ ਠੁਕਰਾ ਦਿੱਤੀ ਸੀ। ਮਈ 1992 ਤੋਂ ਬਾਅਦ ਉਸਦਾ ਹਰ ਕਦਮ ਸੁਚੇਤ ਤੇ ਦ੍ਰਿੜ੍ਹ ਰੂਪ ਵਿਚ ਪੂਰੇ ਚਾਅ ਤੇ ਉਮਾਹ ਨਾਲ ਸ਼ਹਾਦਤ ਦੀ ਮੰਜ਼ਿਲ ਵੱਲ ਵੱਧਦਾ ਜਾ ਰਿਹਾ ਸੀ। 4 ਸਤੰਬਰ (1995) ਨੂੰ ਜਸਵੰਤ ਸਿੰਘ ਖਾਲੜਾ ਦੇ ਸਾਰਿਆਂ ਨਾਲੋਂ ਛੋਟੇ ਭਰਾ ਅਮਰਜੀਤ ਸਿੰਘ ਨੇ ਇੰਗਲੈਂਡ (ਸਲੋਅ) ਤੋਂ ਫੋਨ ਕਰ ਕੇ ਭਾਈ ਖਾਲੜਾ ਨਾਲ, ਸਿੱਖਾਂ ਉੱਤੇ ਜ਼ਕਰੀਆ ਖ਼ਾਨ ਦੇ ਬਰਾਬਰ ਜ਼ੁਲਮ ਢਾਹੁਣ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਖ਼ੁਸ਼ੀ ਸਾਂਝੀ ਕੀਤੀ ਸੀ। ਪਰ ਅੱਗਿਓਂ ਜਸਵੰਤ ਸਿੰਘ ਨੇ ਇਹ ਭਾਵਪੂਰਤ ਲਫ਼ਜ਼ ਕਹੇ ਸਨ ਕਿ “ਦੁਸ਼ਮਣ ਮਰੇ ਤਾਂ ਖ਼ੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ।”

ਮਾਪਿਆਂ ਨਾਲ ਆਖ਼ਰੀ ਵਾਰ ਦੀ ਮਿਲਣੀ

5 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਨੇ ਆਪਣੇ ਪਿੰਡ ਗੇੜਾ ਮਾਰਨ ਦਾ ਪ੍ਰੋਗਰਾਮ ਬਣਾਇਆ। ਉਸ ਦੇ ਮਨ ਅੰਦਰ ਆਪਣੇ ਮਾਪਿਆਂ ਨੂੰ ਮਿਲਣ ਦੀ ਤੀਬਰ ਇੱਛਾ ਜਾਗ ਉੱਠੀ ਸੀ। ਉਸ ਦੇ ਇਕ ਸਾਥੀ ਸਤਨਾਮ ਸਿੰਘ (ਅਮੀਸ਼ਾਹ) ਨੂੰ ਪਤਾ ਲੱਗਾ ਤਾਂ ਉਹ ਵੀ ਕਾਰ ਵਿਚ ਨਾਲ ਬੈਠ ਗਿਆ ਸੀ। ਖਾਲੜੇ ਜਾ ਕੇ ਉਹ ਸਿੱਧੇ ਜਸਵੰਤ ਸਿੰਘ ਦੇ ਘਰ ਚਲੇ ਗਏ। ਘਰ ਜਾ ਕੇ ਮਾਤਾ ਪਿਤਾ ਨੂੰ ਮਿਲੇ, ਚਾਹ-ਪਾਣੀ ਪੀਤਾ ਤੇ ਕੁੱਝ ਚਿਰ ਗੱਲਾਂ-ਬਾਤਾਂ ਕਰਨ ਤੋਂ ਬਾਅਦ ਜਸਵੰਤ ਸਿੰਘ ਨੇ ਆਪਣੇ ਖੇਤਾਂ ਵਿਚ ਗੇੜਾ ਮਾਰਨ ਦੀ ਇੱਛਾ ਜਤਾਈ। ਬਾਪੂ ਜੀ ਨੇ ਜਸਵੰਤ ਸਿੰਘ ਨੂੰ ਰਸਤੇ ਵਿਚ ਪੈਂਦੇ ਗੁਰਦੁਆਰਾ ਸਾਹਿਬ ਵਿਚ, ਪਿੰਡ ਦੇ ਇਕ ਜਾਣੂੰ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਸੁਖਮਨੀ ਸਾਹਿਬ ਦੇ ਪਾਠ ਵਿਚ ਉਸ ਦੀ ਜਗ੍ਹਾ ਹਾਜ਼ਰੀ ਭਰਨ ਲਈ ਕਿਹਾ। ਉਸ ਵੇਲੇ ਜਸਵੰਤ ਸਿੰਘ ਦੇ ਮਾਪਿਆਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਆਪਣੇ ਸੂਰਮੇ ਪੁੱਤਰ ਨਾਲ ਇਹ ਜੀਵਨ ਦੀ ਆਖ਼ਰੀ ਮੁਲਾਕਾਤ ਸੀ!

ਜਸਵੰਤ ਸਿੰਘ ਤੇ ਸਤਨਾਮ ਸਿੰਘ ਦੋਵੇਂ ਘਰੋਂ ਸਿੱਧੇ ਗੁਰਦੁਆਰਾ ਸਾਹਿਬ ਗਏ ਅਤੇ ਮੱਥਾ ਟੇਕ ਕੇ ਸੰਗਤ ਵਿਚ ਜਾ ਬੈਠੇ। ਏਨੇ ਨੂੰ ਗੁਰਦੁਆਰਾ ਸਾਹਿਬ ਦੇ ਗੇਟ ‘ਤੇ ਪੁਲਸ ਦੀ ਵਰਦੀ ਵਿਚ ਤਿੰਨ ਏ.ਐੱਸ.ਆਈ. ਪ੍ਰਗਟ ਹੋਏ। ਉਨ੍ਹਾਂ ਨੇ ਜਸਵੰਤ ਸਿੰਘ ਨੂੰ ਸੁਨੇਹਾ ਭੇਜ ਕੇ ਬਾਹਰ ਆਉਣ ਲਈ ਕਿਹਾ। ਜਸਵੰਤ ਸਿੰਘ ਨੇ ਜੁਆਬ ਦਿੱਤਾ ਕਿ ਉਹ ਚੱਲਦੇ ਪਾਠ ਵਿੱਚੋਂ ਨਹੀਂ ਉੱਠੇਗਾ ਅਤੇ ਪਾਠ ਦੀ ਸਮਾਪਤੀ ਉਪਰੰਤ ਹੀ ਆਵੇਗਾ। ਪੁਲਸ ਵਾਲੇ ਬਾਹਰ ਖੜੇ ਉਡੀਕਦੇ ਰਹੇ। ਜਦੋਂ ਪਾਠ ਦੀ ਸਮਾਪਤੀ ਹੋਈ ਤਾਂ ਜਸਵੰਤ ਸਿੰਘ ਤੇ ਸਤਨਾਮ ਸਿੰਘ ਬਾਹਰ ਨਿਕਲ ਕੇ ਸਿੱਧੇ ਉਨ੍ਹਾਂ ਕੋਲ ਪਹੁੰਚੇ। ਉਨ੍ਹਾਂ ਕਿਹਾ ਕਿ ਥਾਣੇਦਾਰ ਸਾਹਿਬ ਨੇ ਜਸਵੰਤ ਸਿੰਘ ਨੂੰ ਕੋਈ ਜ਼ਰੂਰੀ ਗੱਲ ਕਰਨ ਲਈ ਥਾਣੇ ਬੁਲਾਇਆ ਹੈ। ਜਸਵੰਤ ਸਿੰਘ ਆਪਣੇ ਸਾਥੀ ਨਾਲ ਉਥੋਂ ਸਿੱਧਾ ਥਾਣੇ ਪਹੁੰਚ ਗਿਆ। ਸਤਨਾਮ ਸਿੰਘ ਦੇ ਦੱਸਣ ਅਨੁਸਾਰ ਜਦੋਂ ਥਾਣੇਦਾਰ ਗੁਰਦੀਪ ਸਿੰਘ, ਜੀਹਨੂੰ ‘ਬੱਕਰਾ’ ਕਹਿੰਦੇ ਸਨ, ਨੇ ਜਸਵੰਤ ਸਿੰਘ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਏਨੀਆਂ ਲਾਲ ਹੋ ਗਈਆਂ ਸਨ ਜਿਵੇਂ ਉਨ੍ਹਾਂ ਵਿਚ ਲਹੂ ਉਤਰ ਆਇਆ ਹੋਵੇ। ਜਸਵੰਤ ਸਿੰਘ ਨੇ ਥਾਣੇਦਾਰ ਨੂੰ ਪੁੱਛਿਆ ਕਿ ਮੈਨੂੰ ਕਿਸ ਕੰਮ ਲਈ ਸੱਦਿਆ ਹੈ। ਥਾਣੇਦਾਰ ਨੇ ਘਬਰਾਹਟ ਵਿਚ ਥਿੜਕਵੀਂ ਆਵਾਜ਼ ਵਿਚ ਏਨੀ ਗੱਲ ਹੀ ਕਹੀ ਕਿ ‘ਕੋਈ ਖ਼ਾਸ ਗੱਲ ਨਹੀਂ, ਮੈਂ ਤਾਂ ਇਹੋ ਕਹਿਣਾ ਸੀ ਕਿ ਗੁਰਦੁਆਰੇ ਵਿਚ ਕੋਈ ਤਕਰੀਰ ਨਾ ਕਰਨੀ। ਇਸ ਨਾਲ ਸਾਡੀ ਉਪਰੋਂ ਪੁੱਛਗਿੱਛ ਹੋ ਜਾਂਦੀ ਹੈ।’ ਜਸਵੰਤ ਸਿੰਘ ਨੇ ਹੱਸ ਕੇ ਜੁਆਬ ਦਿੱਤਾ ਕਿ ਉਸ ਨੇ ਜੇਕਰ ਤਕਰੀਰ ਕਰਨੀ ਹੋਈ ਤਾਂ ਪੰਜਾਬ ਦੇ ਹੋਰ ਬਹੁਤ ਸਾਰੇ ਪ੍ਰਸਿੱਧ ਗੁਰਦੁਆਰੇ ਹਨ, ਏਥੇ ਤਾਂ ਉਹ ਸਿਰਫ਼ ਮੱਥਾ ਟੇਕਣ ਲਈ ਆਇਆ ਹੈ। ਬੱਸ ਇਸ ਤੋਂ ਵੱਧ ਹੋਰ ਗੱਲ ਨਹੀਂ ਸੀ ਹੋਈ। ਜਸਵੰਤ ਸਿੰਘ ਉਥੋਂ ਆਪਣੇ ਸਾਥੀ ਸਤਨਾਮ ਸਿੰਘ ਨਾਲ ਖੇਤਾਂ ਵਿਚ ਗੇੜਾ ਮਾਰਨ ਚਲਾ ਗਿਆ ਅਤੇ ਫਿਰ ਵਾਪਸ ਪਿੰਡ ਪਹੁੰਚ ਕੇ ਉਹ ਸਿੱਧੇ ਅੰਮ੍ਰਿਤਸਰ ਲਈ ਚੱਲ ਪਏ।

ਬਾਅਦ ਵਿਚ ਜਾ ਕੇ ਪਤਾ ਲੱਗਾ ਕਿ ਅਸਲ ਵਿਚ ਅਜੀਤ ਸਿੰਘ ਸੰਧੂ ਨੇ ਡੀ.ਐੱਸ.ਪੀ. ਅਸ਼ੋਕ ਕੁਮਾਰ, ਜਿਹੜਾ ਉਸ ਵੇਲੇ ਭਿੱਖੀਵਿੰਡ ਤੈਨਾਤ ਸੀ, ਅਤੇ ਝਬਾਲ ਥਾਣੇ ਦੇ ਐੱਸ.ਐੱਚ.ਓ. ਸਤਨਾਮ ਸਿੰਘ ਨੂੰ ਕਿਹਾ ਹੋਇਆ ਸੀ ਕਿ ਜੇਕਰ ਜਸਵੰਤ ਸਿੰਘ ਖਾਲੜਾ ਕਦੇ ਆਪਣੇ ਪਿੰਡ ਵੱਲ ਆਇਆ ਤਾਂ ਉਸ ਨੂੰ ਰਸਤੇ ਵਿੱਚੋਂ ਦਾਅ ਲਾ ਕੇ ਅਗ਼ਵਾ ਕਰ ਲਿਆ ਜਾਵੇ। ਸ਼ਾਇਦ ਪੁਲਸ ਉਸ ਨੂੰ ਅੰਮ੍ਰਿਤਸਰ ਸ਼ਹਿਰ ‘ਚੋਂ ਅਗ਼ਵਾ ਕਰਨ ਤੋਂ

ਝਿਜਕਦੀ ਸੀ, ਕਿਉਂਕਿ ਸ਼ਹਿਰ ਵਿਚ ਵੱਧ ਰੌਲਾ ਪੈਣ ਦੀ ਸੰਭਾਵਨਾ ਸੀ । ਡੀ.ਐੱਸ.ਪੀ. ਅਸ਼ੋਕ ਕੁਮਾਰ ਨੇ ਖਾਲੜਾ ਥਾਣੇ ਦੇ ਥਾਣੇਦਾਰ ਗੁਰਦੀਪ ਸਿੰਘ ‘ਬੱਕਰਾ’ ਨੂੰ ਉਚੇਚੀ ਹਦਾਇਤ ਕੀਤੀ ਹੋਈ ਸੀ ਕਿ ਜਸਵੰਤ ਸਿੰਘ ਖਾਲੜਾ ਜਦੋਂ ਵੀ ਪਿੰਡ ਆਇਆ ਤਾਂ ਮੈਨੂੰ ਉਸੇ ਵੇਲੇ ਫੋਨ ਕਰ ਕੇ ਸੂਚਨਾ ਦੇਣੀ। ਜਾਪਦਾ ਹੈ ਕਿ ਥਾਣੇਦਾਰ ਗੁਰਦੀਪ ਸਿੰਘ ਦੀ ਮੌਕੇ ‘ਤੇ ਜਾ ਕੇ, ਇਸ ਪਾਪ ਵਿਚ ਭਾਗੀਦਾਰ ਬਣਨ ਤੋਂ ਆਤਮਾ ਕੰਬ ਗਈ ਹੋਵੇਗੀ। ਜਿਸ ਕਰਕੇ ਉਸ ਨੇ ਆਪਣੇ ਅਫ਼ਸਰ (ਡੀ.ਐੱਸ.ਪੀ. ਅਸ਼ੋਕ ਕੁਮਾਰ) ਨੂੰ ਜਸਵੰਤ ਸਿੰਘ ਦੇ ਪਿੰਡ ਆਉਣ ਦੀ ਸੂਚਨਾ ਦੇਣ ਤੋਂ ਸੁਚੇਤ ਰੂਪ ਵਿਚ ਟਾਲਾ ਵੱਟ ਲਿਆ ਸੀ । ਸ਼ਾਇਦ ਆਪਣੇ ਇਸ ਇਖ਼ਲਾਕੀ ਸੰਕਟ ਦੀ ਵਜ੍ਹਾ ਕਰਕੇ ਹੀ ਉਸ ਕੋਲੋਂ ਜਸਵੰਤ ਸਿੰਘ ਖਾਲੜਾ ਨਾਲ ਸਹੀ ਢੰਗ ਨਾਲ ਗੱਲ ਨਹੀਂ ਹੋ ਸਕੀ ਸੀ। ਬਾਅਦ ਵਿਚ ਪਤਾ ਚੱਲਿਆ ਕਿ ਇਸ ‘ਕੁਤਾਹੀ’ ਕਰਕੇ ਉਸ ਦੀ ਉਪਰਲੇ ਅਫ਼ਸਰਾਂ ਨੇ ਬਹੁਤ ਝਾੜ-ਝੰਬ ਕੀਤੀ ਸੀ ਅਤੇ ਸਜ਼ਾ ਵਜੋਂ ਉਸ ਦੀ ਖਾਲੜੇ ਤੋਂ ਤੁਰੰਤ ਬਦਲੀ ਕਰ ਦਿੱਤੀ ਸੀ।

ਇਸ ਤਰ੍ਹਾਂ ਉਸ ਦਿਨ ਭਾਈ ਜਸਵੰਤ ਸਿੰਘ ਖਾਲੜਾ ਥਾਣੇਦਾਰ ਦੀ ਮਿਹਰਬਾਨੀ ਕਰਕੇ, ਸਿਰ ‘ਤੇ ਮੰਡਰਾ ਰਹੀ ਮੌਤ ਦੇ ਪੰਜੇ ਤੋਂ ਬਚ ਕੇ ਨਿਕਲ ਗਿਆ ਸੀ। ਪਰ ਮੌਤ ਉਸ ਦਾ ਡਾਇਣ ਵਾਂਗ ਪਿੱਛਾ ਕਰ ਰਹੀ ਸੀ, ਅਤੇ ਉਸ ਤੋਂ ਥੋੜ੍ਹੇ ਹੀ ਘੰਟਿਆਂ ਬਾਅਦ ਕੁਲਹਿਣੀ ਡਾਇਣ ਨੇ ਸਿੱਖ ਕੌਮ ਦੇ ਅਮੋਲਕ ਹੀਰੇ ਨੂੰ ਕੌਮ ਕੋਲੋਂ ਖੋਹ ਕੇ ਹੀ ਦਮ ਲਿਆ मी !

6 ਸਤੰਬਰ ਦਾ ਮਨਹੂਸ ਦਿਨ

6 ਸਤੰਬਰ 1995 ਦਾ ਦਿਨ ਆਮ ਵਾਂਗੂੰ ਹੀ ਚੜ੍ਹਿਆ ਸੀ। ਭਾਈ ਜਸਵੰਤ ਸਿੰਘ ਨੇ ਰੋਜ਼ ਵਾਂਗ ਆਪਣੇ ਦੋਨੋਂ ਬੱਚਿਆਂ ਨੂੰ ਸਕੂਲ ਭੋਜਣ ਲਈ ਤਿਆਰ ਕਰਨ ਵਿਚ ਆਪਣੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਦਾ ਹੱਥ ਵਟਾਇਆ ਸੀ। ਉਸ ਵੇਲੇ ਬੇਟੀ ਨਵਕਿਰਨ ਦਸਾਂ ਸਾਲਾਂ ਦੀ ਤੇ ਬੇਟਾ ਜਨਮੀਤ ਸਿੰਘ (ਜਾਪੀ) ਅੱਠਾਂ ਸਾਲਾਂ ਦੇ ਹੋ ਗਏ ਸਨ । ਬੱਚਿਆਂ ਨੂੰ ਸਕੂਲ ਭੇਜ ਕੇ ਬੀਬੀ ਪਰਮਜੀਤ ਕੌਰ ਆਪ ਵੀ ਕਾਹਲੀ ਵਿਚ ਤਿਆਰ ਹੋ ਕੇ ਰੋਜ਼ ਵਾਂਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਡਿਊਟੀ ’ਤੇ ਹਾਜ਼ਰ ਹੋਣ ਲਈ ਨੌਂ ਵਜੇ ਘਰੋਂ ਪੈਦਲ ਚੱਲ ਪਈ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਉਸੇ ਵੇਲੇ ਪਾਣੀ ਵਾਲੀ ਟੂਟੀ ਨਾਲ ਪਾਈਪ ਜੋੜ ਕੇ ਘਰ ਦੇ ਗੇਟ ਦੇ ਬਾਹਰ ਖੜੀ ਕੀਤੀ ਆਪਣੀ ਕਾਰ (ਟਾਟਾ ਮੋਬਾਈਲ ਪਿਕ ਅੱਪ) ਧੋਣੀ ਸ਼ੁਰੂ ਕਰ ਦਿੱਤੀ ਸੀ। 9 ਵੱਜ ਕੇ ਮਸਾਂ ਦਸ ਕੁ ਮਿੰਟ ਹੀ ਹੋਏ ਸਨ ਜਦੋਂ ਚਿੱਟੇ ਰੰਗ ਦੀ ਇਕ ਸੁਜ਼ੂਕੀ ਮਾਰੂਤੀ ਵੈਨ ਅਚਾਨਕ ਘਰ (8, ਕਬੀਰ ਪਾਰਕ) ਦੇ ਸਾਹਮਣੇ ਆਣ ਖੜੀ ਹੋਈ। ਕੁੱਝ ਸਕਿੰਟਾਂ ਦੇ ਵਕਫ਼ੇ ਬਾਅਦ ਹੀ ਇਕ ਚਿੱਟੇ ਰੰਗ ਦੀ ਮਾਰੂਤੀ ਜਿਪਸੀ ਹੋਰ ਆ ਕੇ ਇਕਦਮ ਖੜੀ ਹੋ ਗਈ। ਇਸ ਤੋਂ ਪਹਿਲਾਂ ਕਿ ਭਾਈ ਜਸਵੰਤ ਸਿੰਘ ਨੂੰ ਕੋਈ ਸ਼ੱਕ ਹੁੰਦਾ, ਦੋਵਾਂ ਗੱਡੀਆਂ ਵਿੱਚੋਂ 5-6 ਬੰਦੇ ਫੁਰਤੀ ਨਾਲ ਛਾਲਾਂ ਮਾਰ ਕੇ ਬਾਹਰ ਨਿਕਲੇ ਅਤੇ ਇਕਦਮ ਜਸਵੰਤ ਸਿੰਘ ਉੱਤੇ ਝਪਟ ਪਏ। ਉਸ ਨੂੰ ਝਟਪਟ ਧੂਹ ਕੇ ਵੈਨ ਵਿਚ ਸੁੱਟ ਲਿਆ ਤੇ ਅੱਖ ਦੇ ਫੋਰੇ ਵਿਚ ਗੱਡੀਆਂ ਭਜਾ ਕੇ ਲੈ ਗਏ।

ਬਾਅਦ ਵਿਚ ਸਾਹਮਣੇ ਆਏ ਤੱਥਾਂ ਤੋਂ ਪਤਾ ਲੱਗਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗ਼ਵਾ ਕਰ ਕੇ ਲਿਜਾਣ ਵਾਲੇ ਕਾਤਲੀ ਗਰੋਹ ਵਿਚ ਹੇਠ ਲਿਖੇ ਅੱਠ ਪੁਲਸੀਏ ਸ਼ਾਮਲ ਸਨ : 1. ਅਸ਼ੋਕ ਕੁਮਾਰ (ਉਸ ਸਮੇਂ ਭਿੰਖੀਵਿੰਡ ਵਿਖੇ ਡੀ.ਐੱਸ.ਪੀ.)

  1. ਸੁਰਿੰਦਰਪਾਲ ਸਿੰਘ (ਸਰਹਾਲੀ ਥਾਣੇ ਦਾ ਐੱਸ.ਐੱਚ.ਓ.)
  2. ਸਤਨਾਮ ਸਿੰਘ (ਝਬਾਲ ਥਾਣੇ ਦਾ ਐੱਸ.ਐੱਚ.ਓ.) 4. ਜਸਬੀਰ ਸਿੰਘ (ਮਾਨੋਚਾਹਲ ਥਾਣੇ ਦਾ ਐੱਸ.ਐੱਚ.ਓ.)
  3. ਪ੍ਰਿਥੀਪਾਲ ਸਿੰਘ (ਮਾਨੋਚਾਹਲ ਥਾਣੇ ਦਾ ਹੌਲਦਾਰ)
  4. ਰਛਪਾਲ ਸਿੰਘ (ਕੰਗ ਥਾਣੇ ਦਾ ਐੱਸ.ਐੱਚ.ਓ.)
  5. ਸੁਰਿੰਦਰਪਾਲ ਸਿੰਘ (ਐੱਸ.ਪੀ. ਤਰਨ ਤਾਰਨ)
  6. ਅਮਰਜੀਤ ਸਿੰਘ (ਏ.ਐੱਸ.ਆਈ.)

ਬਾਅਦ ਵਿਚ ਸੀ.ਬੀ.ਆਈ. ਨੇ ਸਾਰੇ ਮਾਮਲੇ ਦੀ ਪੜਤਾਲ ਕਰਨ ਉਪਰੰਤ ਜਸਵੰਤ ਸਿੰਘ ਖਾਲੜਾ ਦੇ ਇਕ ਕਰੀਬੀ ਸਹਿਯੋਗੀ ਰਾਜੀਵ ਸਿੰਘ ਰੰਧਾਵਾ ਦੇ ਇਸ ਬਿਆਨ ਨੂੰ ਸਹੀ ਮੰਨ ਲਿਆ ਸੀ ਕਿ ਜਿਸ ਵੇਲੇ ਜਸਵੰਤ ਸਿੰਘ ਬਾਹਰ ਆਪਣੀ ਕਾਰ ਧੋ ਰਿਹਾ ਸੀ, ਉਸ ਵੇਲੇ ਉਹ ਅੰਦਰ ਡਰਾਇੰਗ ਰੂਮ ਵਿਚ ਬੈਠਾ ਰੋਟੀਨ ਮੁਤਾਬਕ ਅਖ਼ਬਾਰ ਪੜ੍ਹ ਰਿਹਾ ਸੀ। ਉਹ ਗੇਟ ਉੱਤੇ ਹੋ ਰਹੀ ਖਿੱਚ ਧੂਹ ਦੀ ਆਵਾਜ਼ ਸੁਣ ਕੇ ਇਕਦਮ ਬਾਹਰ ਨਿਕਲ ਆਇਆ। ਉਦੋਂ ਤਕ ਭਾਈ ਖਾਲੜਾ ਨੂੰ ਵੈਨ ਵਿਚ ਸੁੱਟ ਲਿਆ ਗਿਆ ਸੀ। ਰਾਜੀਵ ਸਿੰਘ ਅੰਮ੍ਰਿਤਸਰ ਸ਼ਹਿਰ ਦਾ ਵਸਨੀਕ ਤੇ ਲੰਮੇ ਚਿਰ ਤੋਂ ਜਸਵੰਤ ਸਿੰਘ ਦਾ ਕਰੀਬੀ ਸਾਥੀ ਤੇ ਜਨਤਕ ਕਾਰਜਾਂ ਵਿਚ ਸਰਗਰਮ (activist) ਹੋਣ ਕਰਕੇ ਜ਼ਿਲ੍ਹੇ ਦੇ ਬਹੁਤ ਸਾਰੇ ਪੁਲਸ ਅਫ਼ਸਰਾਂ ਦਾ ਚਿਹਰਿਆਂ ਤੋਂ ਜਾਣੂੰ ਸੀ । ਜਿਸ ਕਰਕੇ ਉਸ ਨੇ ਕੁੱਝ ਪੁਲਸ ਅਫ਼ਸਰਾਂ ਨੂੰ ਝੱਟ ਪਛਾਣ ਲਿਆ ਸੀ । ਸਬੱਬ ਨਾਲ ਉਸੇ ਮੁਹੱਲੇ ਵਿਚ ਰਹਿੰਦਾ ਇਕ ਵਿਅਕਤੀ – ਕਿਰਪਾਲ ਸਿੰਘ ਰੰਧਾਵਾ – ਉਸ ਵੇਲੇ ਆਪਣੇ ਘਰ ਦੇ ਬਾਹਰ ਖੜਾ ਸੀ। ਉਸ ਨੇ ਸ਼ੱਕੀ ਜਾਪਦੇ ਬੰਦਿਆਂ ਨੂੰ, ਭਾਈ ਜਸਵੰਤ ਸਿੰਘ ਨੂੰ ਜੱਫਾ ਮਾਰ ਕੇ ਵੈਨ ਵਿਚ ਸੁੱਟਦੇ ਹੋਏ ਦੇਖ ਲਿਆ ਸੀ, ਜਿਸ ਤੋਂ ਉਸ ਨੂੰ ਸ਼ੱਕ ਹੋ ਗਿਆ ਤੇ ਉਸ ਨੇ ਸਾਰੀ ਸਰਗਰਮੀ ਨੂੰ ਗਹਿਰੇ ਧਿਆਨ ਨਾਲ ਮਨ ਵਿਚ ਅੰਕਤ ਕਰ ਲਿਆ ਸੀ। ਇਸ ਤਰ੍ਹਾਂ ਭਾਈ ਜਸਵੰਤ ਸਿੰਘ ਨੂੰ ਘਰੋਂ ਅਗ਼ਵਾ ਕਰ ਕੇ ਲਿਜਾਣ ਦੀ ਵਾਰਦਾਤ ਨੂੰ ਅੱਖੀਂ ਵੇਖਣ ਵਾਲੇ ਦੋ ਮੌਕੇ ਦੇ ਗਵਾਹ ਮਿਲ ਗਏ ਸਨ।

ਇਸ ਵਾਰਦਾਤ ਦੀ ਖ਼ਬਰ ਪਲਾਂ ਵਿਚ ਹੀ ਆਲੇ-ਦੁਆਲੇ ਫੈਲ ਗਈ ਸੀ। ਬੀਬੀ ਪਰਮਜੀਤ ਕੌਰ ਤੇ ਜਸਵੰਤ ਸਿੰਘ ਦੇ ਸਾਥੀਆਂ ਨੂੰ ਉਸੇ ਵੇਲੇ ਸੁਨੇਹੇ ਲੱਗ ਗਏ ਸਨ। ਬਲਵਿੰਦਰ ਸਿੰਘ ਝਬਾਲ ਉਸ ਦਿਨ ਸਵੇਰੇ ਚੰਡੀਗੜ੍ਹ ਹਾਈਕੋਰਟ ਵਿਚ ਤਰੀਕ ‘ਤੇ ਪਹੁੰਚਣ ਲਈ ਅੰਮ੍ਰਿਤਸਰ ਤੋਂ ਚੱਲਿਆ ਸੀ। ਉਸ ਨੇ ਤੁਰਨ ਤੌਂ ਪਹਿਲਾਂ ਭਾਈ ਖਾਲੜਾ ਨੂੰ ਫੋਨ ਕਰ ਕੇ ਪੁੱਛਿਆ ਸੀ ਕਿ ਚੰਡੀਗੜ੍ਹ ਕੋਈ ਖ਼ਾਸ ਸੁਨੇਹਾ ਦੇਣਾ ਹੈ ਤਾਂ ਦੱਸੋ । ਭਾਈ ਖਾਲੜਾ ਨੇ ਕਿਹਾ ਸੀ ਕਿ ਐਡਵੋਕੇਟ ਨਵਕਿਰਨ ਸਿੰਘ ਕੋਲ ਪੁਲਸ ਤੋਂ ਮੇਰੀ ਜਾਨ ਨੂੰ ਖ਼ਤਰੇ ਬਾਰੇ ਹਾਈਕੋਰਟ ਵਿਚ ਪਾਉਣ ਲਈ ਰਿਟ ਪਟੀਸ਼ਨ ਤਿਆਰ ਕੀਤੀ ਪਈ ਹੈ, ਉਸ ਨੂੰ ਕਹਿਣਾ ਇਸ ਨੂੰ ਜਲਦੀ ਦਾਇਰ ਕਰ ਦੇਵੇ । ਬਲਵਿੰਦਰ ਸਿੰਘ ਨੇ ਦੱਸਿਆ: “ਮੈਂ ਸਿੱਧਾ ਹਾਈਕੋਰਟ ਨਵਕਿਰਨ ਸਿੰਘ ਕੋਲ ਪਹੁੰਚਿਆ। ਉਸ ਕੋਲ ਪਹਿਲਾਂ ਹੀ ਜਸਪਾਲ ਸਿੰਘ ਢਿੱਲੋਂ ਤੇ ਅਮਰੀਕ ਸਿੰਘ ਮੁਕਤਸਰ ਬੈਠੇ ਸਨ । ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਜਸਵੰਤ ਸਿੰਘ ਖਾਲੜਾ ਨੂੰ ਪੁਲਸ ਵਾਲੇ ਘਰੋਂ ਚੁੱਕ ਕੇ ਲੈ ਗਏ ਹਨ। ਉਨ੍ਹਾਂ ਨੇ ਉਥੇ ਬੈਠਿਆਂ ਹੀ ਰਿਟ ਪਟੀਸ਼ਨਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।”

ਇਸ ਤਰ੍ਹਾਂ ਜਸਵੰਤ ਸਿੰਘ ਖਾਲੜਾ ਨੂੰ ਅਗ਼ਵਾ ਕੀਤੇ ਜਾਣ ਤੋਂ ਬਾਅਦ ਉਸ ਦੀ ਜਾਨ ਨੂੰ ਬਚਾਉਣ ਲਈ ਉਸ ਦੇ ਸਹਿਯੋਗੀਆਂ ਤੇ ਸ਼ੁਭਚਿੰਤਕਾਂ ਨੇ ਫੁਰਤੀ ਨਾਲ ਸਰਗਰਮੀਆਂ ਵਿੱਢ ਦਿੱਤੀਆਂ ਸਨ । ਉਨ੍ਹਾਂ ਨੇ ਕਾਨੂੰਨੀ ਚਾਰਾਜੋਈ ਦੇ ਨਾਲੋ-ਨਾਲ ਉਸੇ ਵੇਲੇ ਸਿਆਸੀ ਉਪਰਾਲੇ ਜੁਟਾਉਣੇ ਵੀ ਸ਼ੁਰੂ ਕਰ ਦਿੱਤੇ ਸਨ । ਸ. ਜਸਪਾਲ ਸਿੰਘ ਢਿੱਲੋਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਨਾਲ ਲੈ ਕੇ ਸ. ਹਰਚਰਨ ਸਿੰਘ ਬਰਾੜ, ਜਿਹੜਾ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਹੋਇਆ ਸੀ, ਦਾ ਦਰਵਾਜ਼ਾ ਜਾ ਖੜਕਾਇਆ ਸੀ। ਪਰ ਉਸ ਵੇਲੇ ਕੇਂਦਰ ਸਰਕਾਰ ਦੀ ਸ਼ਹਿ ਉੱਤੇ ਪੰਜਾਬ ਪੁਲਸ ਦੇ ਉੱਚ ਅਫ਼ਸਰਾਂ ਨੂੰ ਏਨੇ ਵਸੀਹ ਅਧਿਕਾਰ ਮਿਲੇ ਹੋਏ ਸਨ ਕਿ ਉਹ ਕੇਂਦਰੀ ਹਾਕਮਾਂ ਦੇ ਇਸ਼ਾਰੇ ਤੋਂ ਬਿਨਾਂ ਪੰਜਾਬ ਦੇ ਸਿਆਸੀ ਲੀਡਰਾਂ ਦੀ ਘੱਟ ਹੀ ਪ੍ਰਵਾਹ ਕਰਦੇ ਸਨ। ਜਿਸ ਕਰਕੇ ਹਰਚਰਨ ਸਿੰਘ ਬਰਾੜ ਨੇ ਇਹ ਕਹਿੰਦਿਆਂ ਇਕ ਤਰ੍ਹਾਂ ਨਾਲ ਆਪਣੀ ਬੇਵੱਸੀ ਪ੍ਰਗਟਾ ਦਿੱਤੀ ਸੀ ਕਿ ‘ਤੁਸੀਂ ਲੇਟ ਹੋ ਗਏ ਹੋ।’

ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਗੁੱਸੇ ਤੇ ਬੇਵੱਸੀ ਵਿਚ ਅਮਰੀਕ ਸਿੰਘ ਮੁਕਤਸਰ ਨੂੰ ਕਾਰ ਵਿਚ ਆਪਣੇ ਨਾਲ ਲੈ ਕੇ ਸਿੱਧਾ ਅਜੀਤ ਸਿੰਘ ਸੰਧੂ ਦੇ ਚੰਡੀਗੜ੍ਹ 18 ਸੈਕਟਰ ਵਾਲੇ ਘਰ ਚਲਾ ਗਿਆ ਸੀ । ਉਸ ਨੇ ਕਾਰ ਸੰਧੂ ਦੇ ਘਰ ਤੋਂ ਦੂਰ ਸੜਕ ਦੇ ਕਿਨਾਰੇ ਖੜੀ ਕੀਤੀ ਅਤੇ ਅਮਰੀਕ ਸਿੰਘ ਮੁਕਤਸਰ ਨੂੰ ਕਾਰ ਵਿਚ ਹੀ ਬੈਠੇ ਰਹਿਣ ਦੀ ਹਦਾਇਤ ਦੇ ਕੇ ਉਹ ਆਪ ਸੰਧੂ ਦੇ ਘਰ ਮੂਹਰੇ ਜਾ ਖੜਾ ਹੋਇਆ। ਉਸ ਨੂੰ ਇਹ ਦੇਖ ਕੇ ਭਾਰੀ ਹੈਰਾਨੀ ਹੋਈ ਕਿ ਉਸ ਵੇਲੇ ਅਜੀਤ ਸਿੰਘ ਸੰਧੂ ਦੇ ਘਰ ਵਿਚ ਅਖੰਡ ਪਾਠ ਦਾ ਪ੍ਰਵਾਹ ਚੱਲ ਰਿਹਾ ਸੀ । ਸ਼ਾਇਦ ਉਸ ਨੇ ਆਪਣੇ ਵਹਿਸ਼ੀ ਕਾਰੇ ਉੱਤੇ ਪੜਦਾ ਪਾਉਣ ਲਈ ਹੀ ਅਖੰਡ ਪਾਠ ਵਿਚ ਰੁੱਝੇ ਹੋਣ ਦਾ ਦਿਖਾਵਾ ਕਰਨ ਲਈ ਇਹ ਢੋਂਗ ਰਚਿਆ ਸੀ।

ਜਸਪਾਲ ਸਿੰਘ ਢਿੱਲੋਂ ਨੂੰ ਜਦੋਂ ਗੇਟ ’ਤੇ ਖੜੇ ਪੁਲਸ ਵਾਲਿਆਂ ਨੇ ਅੰਦਰ ਜਾਣ ਤੋਂ ਰੋਕਣ ਦਾ ਯਤਨ ਕੀਤਾ ਤਾਂ ਉਸ ਦੀ ਉਨ੍ਹਾਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਬਾਹਰ ਹੋ ਰਿਹਾ ਇਹ ਹੱਲਾ-ਗੁੱਲਾ ਸੁਣ ਕੇ ਅਜੀਤ ਸਿੰਘ ਸੰਧੂ ਬਾਹਰ ਵਰਾਂਡੇ ਵਿਚ ਨਿਕਲ ਆਇਆ ਸੀ । ਜਸਪਾਲ ਸਿੰਘ ਢਿੱਲੋਂ ਨੇ ਉਸ ਨੂੰ ਦੂਰੋਂ ਹੀ ਆਪਣਾ ਨਾਉਂ ਦੱਸਿਆ ਅਤੇ ਨਾਲ ਹੀ ਠਾਹ ਕਰਦਾ ਇਹ ਸਵਾਲ ਕਰ ਦਿੱਤਾ ਕਿ ‘ਖਾਲੜਾ ਦੱਸ ਕਿਥੇ ਰੱਖਿਆ ਹੋਇਐ ?” ਅਜੀਤ ਸਿੰਘ ਸੰਧੂ ਅਚਾਨਕ ਹੋਏ ਇਸ ਸੁਆਲ ਨੂੰ ਸੁਣ ਕੇ ਇਕ ਵਾਰ ਤਾਂ ਠਠੰਬਰ ਗਿਆ ਸੀ ਪਰ ਛੇਤੀ ਹੀ ਸੰਭਲ ਕੇ ਉਸ ਨੇ ਕਾਹਲੀ ਨਾਲ ਇੱਕੋ ਹੀ ਵਾਕ ਬੋਲਿਆ ਕਿ ‘ਸਾਨੂੰ ਖਾਲੜੇ ਦਾ ਕੋਈ ਪਤਾ ਨਹੀਂ। ਉਸ ਦੀ ਇਸ ਢੀਠਤਾਈ ਨੇ ਜਸਪਾਲ ਸਿੰਘ ਢਿੱਲੋਂ ਨੂੰ ਹੋਰ ਗੁੱਸਾ ਚਾੜ੍ਹ ਦਿੱਤਾ ਅਤੇ ਉਸ ਨੇ ਕੜਕਵੀਂ ਆਵਾਜ਼ ਵਿਚ ਕਿਹਾ ‘ਸੰਧੂ ! ਮੈਂ ਖਾਲੜਾ ਤੇਰੇ ਹੱਡਾਂ ਵਿੱਚੋਂ ਕੱਢਣਾ ਹੈ।’ ਇਹ ਸ਼ਬਦੀ ਗੋਲਾ ਦਾਗ਼ ਕੇ ਜਸਪਾਲ ਸਿੰਘ ਤੇਜ਼ ਕਦਮੀਂ ਨਾਲ ਵਾਪਸ ਆਪਣੀ ਕਾਰ ਵਿਚ ਜਾ ਬੈਠਾ ਸੀ ਅਤੇ ਫਿਰ ਪਲਾਂ ਵਿਚ ਹੀ ਉਸ ਦੀ ਕਾਰ, ਉਸ ਨੂੰ ਘੂਰ ਰਹੀਆਂ ਪੁਲਸ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਈ मी।

ਲੰਮੀ ਤੇ ਮੁਸ਼ਕਲਾਂ-ਭਰੀ ਕਾਨੂੰਨੀ ਲੜਾਈ

9 ਸਤੰਬਰ ਨੂੰ ਬੀਬੀ ਖਾਲੜਾ ਨੇ ਪੁਲਸ ਵੱਲੋਂ ਜਸਵੰਤ ਸਿੰਘ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਗ਼ਵਾ ਕਰਨ ਤੇ ਉਸ ਦੀ ਗ਼ੈਰ-ਕਾਨੂੰਨੀ ਹਿਰਾਸਤ ਤੋਂ ਰਿਹਾਈ ਵਾਸਤੇ ਸੁਪਰੀਮ ਕੋਰਟ ਵਿਚ ਰਿਟ ਪਟੀਸ਼ਨ (Writ Petion No. 497 of 1995) ਪਾ ਦਿੱਤੀ ਸੀ ਜਿਸ ਵਿਚ ਅਜੀਤ ਸਿੰਘ ਸੰਧੂ ਨੂੰ ਸਿੱਧੇ ਰੂਪ ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ मी।

ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਹਿੰਮਤ ਕਰ ਕੇ ਹਾਈਕੋਰਟ ਕੋਲੋਂ ‘ਵਾਰੰਟ ਅਫ਼ਸਰ’ ਭੇਜ ਕੇ ਜਸਵੰਤ ਸਿੰਘ ਖਾਲੜਾ ਦੀ ਪੁਲਸ ਹਿਰਾਸਤ ਵਿਚ ਨਿਸ਼ਾਨਦੇਹੀ ਕਰਨ ਦਾ ਆਰਡਰ ਕਰਵਾ ਲਿਆ ਸੀ। ਵਾਰੰਟ ਅਫ਼ਸਰ ਨੇ ਝਬਾਲ ਤੇ ਸਰਹਾਲੀ ਦੇ ਥਾਣਿਆਂ ਵਿਚ ਛਾਪੇ ਮਾਰੇ ਪਰ ਪੁਲਸ ਨੂੰ ਆਪਣੇ ਹਾਈਕੋਰਟ ਅੰਦਰਲੇ ਸੂਤਰਾਂ ਰਾਹੀਂ ਵਾਰੰਟ ਅਫ਼ਸਰ ਦੇ ਆਉਣ ਦੀ ਸੂਹ ਮਿਲ ਗਈ ਸੀ, ਜਿਸ ਕਰਕੇ ‘ਵਾਰੰਟ ਅਫ਼ਸਰ ਨੂੰ ਖ਼ਾਲੀ ਹੱਥੀਂ ਵਾਪਸ ਮੁੜਨਾ ਪਿਆ ਸੀ।

15 ਨਵੰਬਰ 1995 ਨੂੰ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਜਸਵੰਤ ਸਿੰਘ ਨੂੰ ਅਗ਼ਵਾ ਕਰਨ ਦੇ ਮਾਮਲੇ ਦੀ, ਅਤੇ ਨਾਲ ਹੀ ਖਾਲੜੇ ਵੱਲੋਂ ਅਣਪਛਾਤੀਆਂ ਤੇ ਲਾਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਬਾਰੇ ਜਾਰੀ ਕੀਤੀ ਰਿਪੋਰਟ ਵਿਚ ਲਾਏ ਦੋਸ਼ਾਂ ਬਾਰੇ ਵੀ ਜਾਂਚ- ਪੜਤਾਲ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਦੇ ਡੀ.ਜੀ.ਪੀ. ਸਮੇਤ ਸਭਨਾਂ ਸੰਬੰਧਿਤ ਪੁਲਸ ਅਫ਼ਸਰਾਂ, ਹੋਮ ਸਕੱਤਰ ਤੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਸੀ.ਬੀ.ਆਈ. ਨੂੰ ਹਰ ਲੋੜੀਂਦੀ ਮੱਦਦ ਮੁਹੱਈਆ ਕੀਤੀ ਜਾਵੇ।

30 ਅਕਤੂਬਰ 1996 ਨੂੰ ਸੀ.ਬੀ.ਆਈ. ਨੇ ਪਟਿਆਲਾ ਵਿਖੇ ਮੈਜਿਸਟਰੇਟ ਅੱਗੇ ਤਰਨ ਤਾਰਨ ਜ਼ਿਲ੍ਹੇ ਦੀ ਪੁਲਸ ਦੇ 9 ਅਫ਼ਸਰਾਂ ਦੇ ਵਿਰੁੱਧ ਦੋਸ਼-ਪੱਤਰ ਦਾਖ਼ਲ ਕੀਤਾ, ਜਿਨ੍ਹਾਂ ਵਿਚ ਤਰਨ ਤਾਰਨ ਦੇ ਐੱਸ.ਐੱਸ.ਪੀ. ਸਮੇਤ 2 ਡੀ.ਐੱਸ.ਪੀ., 4 ਐੱਸ.ਐੱਚ.ਓ., ਇਕ ਏ.ਐੱਸ.ਆਈ. ਤੇ ਇਕ ਹੌਲਦਾਰ ਸ਼ਾਮਲ ਸਨ। ਹੈਰਾਨੀ ਦੀ ਗੱਲ ਇਹ ਕਿ ਸੀ.ਬੀ.ਆਈ. ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਿਨਾਂ ਹੀ ਆਪਣੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਸੀ !

12 ਦਸੰਬਰ 1996 ਨੂੰ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਕੇਸਾਂ ਦੀ ਨਿਸ਼ਾਨਦੇਹੀ ਕਰੇ ਜਿਨ੍ਹਾਂ ਬਾਰੇ ਉਹ, ਜਸਵੰਤ ਸਿੰਘ ਖਾਲੜਾ ਦੁਆਰਾ ਲਾਏ ਗਏ ਦੋਸ਼ਾਂ ਬਾਰੇ ਕੀਤੀ ਗਈ ਜਾਂਚ ਦੇ ਆਧਾਰ ‘ਤੇ ਕੇਸ ਦਾਇਰ ਕਰਨ ਦੀ ਲੋੜ ਮਹਿਸੂਸ ਕਰਦੀ ਹੈ।

28 ਅਪਰੈਲ 1998 ਨੂੰ ਸੀ.ਬੀ.ਆਈ. ਦੇ ਮੈਜਿਸਟਰੇਟ (ਪਟਿਆਲਾ) ਨੇ ਮੁਕੱਦਮਾ ਸੈਸ਼ਨ ਜੱਜ ਦੀ ਕਚਹਿਰੀ ਦੇ ਸਪੁਰਦ ਕਰ ਦਿੱਤਾ ਸੀ।

22 ਜੁਲਾਈ 1998 ਨੂੰ ਦੋਸ਼ੀਆਂ ਉੱਤੇ ਹੇਠ ਲਿਖੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਏ : 302, 364, 120-ਬੀ ਅਤੇ 201 ਆਈ.ਪੀ.ਸੀ. ।

ਸੀ.ਬੀ.ਆਈ. ਨੇ ਭਾਈ ਖਾਲੜਾ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਅਖ਼ੀਰ ਵਿਚ ਜਾਨੋਂ ਖ਼ਤਮ ਕਰ ਦੇਣ ਦੇ ਚਸ਼ਮਦੀਦ ਗਵਾਹ ਕੁਲਦੀਪ ਸਿੰਘ (ਬੱਚੜੇ) ਨੂੰ ਗਵਾਹ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। 9 ਅਕਤੂਬਰ 2004 ਨੂੰ ਸੈਸ਼ਨ ਜੱਜ ਨੇ ਸੀ.ਬੀ.ਆਈ. ਨੂੰ ਕੁਲਦੀਪ ਸਿੰਘ ਨੂੰ ਗਵਾਹ ਬਣਾਉਣ ਲਈ ਹਦਾਇਤ ਜਾਰੀ रोडो।

20 ਅਗਸਤ 2004 ਨੂੰ ਹਾਈਕੋਰਟ ਨੇ, ਮੁਕੱਦਮੇ ਦੀ ਕਾਰਵਾਈ ਨੂੰ ਬੇਵਜ੍ਹਾ ਲਮਕਾਏ ਜਾਣ ਦਾ ਤਿੱਖਾ ਨੋਟਿਸ ਲੈਂਦਿਆਂ ਸੈਸ਼ਨ ਕੋਰਟ ਨੂੰ ਛੇ ਮਹੀਨਿਆਂ ਦੇ ਅੰਦਰ ਮੁਕੱਦਮਾ ਨਿਬੇੜਨ ਦੀ ਹਦਾਇਤ ਕੀਤੀ। ਪਰ ਉਸ ਤੋਂ ਬਾਅਦ ਵੀ ਸੈਸ਼ਨ ਕੋਰਟ ਨੇ ਮੁਕੱਦਮਾ ਨਿਬੇੜਨ ਵਿਚ ਸਵਾ ਸਾਲ ਲਾ ਦਿੱਤਾ ਸੀ।

18 ਨਵੰਬਰ 2005 ਨੂੰ ਪਟਿਆਲਾ ਦੇ ਵਧੀਕ ਜੱਜ ਭੁਪਿੰਦਰ ਸਿੰਘ ਨੇ 9 ਵਿੱਚੋਂ 6 ਦੋਸ਼ੀਆਂ ਨੂੰ ਸਜ਼ਾਵਾਂ ਸੁਣਾ ਦਿੱਤੀਆਂ। ਸਿਰਫ਼ ਦੋ ਨੂੰ ਹੀ ਉਮਰ ਕੈਦ ਹੋਈ ਕਿਉਂਕਿ ਬਾਕੀ ਛੇਆਂ ਉੱਤੇ ਆਈ.ਪੀ.ਸੀ. ਦੀ ਧਾਰਾ 364 ਅਧੀਨ ਹੀ ਮੁਕੱਦਮਾ ਦਰਜ ਹੋਇਆ ਸੀ । ਉਹ ਇਸ ਕਾਨੂੰਨੀ ਉਕਾਈ ਦਾ ਲਾਭ ਲੈਣ ਵਿਚ ਸਫਲ ਹੋ ਗਏ । ਉਨ੍ਹਾਂ ਨੂੰ ਭਾਈ ਖਾਲੜਾ ਨੂੰ ਮਾਰਨ ਦੇ ਇਰਾਦੇ ਨਾਲ ਅਗ਼ਵਾ ਕਰਨ ਦੇ ਦੋਸ਼ ਵਿਚ ਸਿਰਫ਼ 7-7 ਸਾਲਾਂ ਦੀ ਸਜ਼ਾ ਦਿੱਤੀ ਗਈ। (ਇਕ ਦੋਸ਼ੀ ਡੀ.ਐੱਸ.ਪੀ. ਅਸ਼ੋਕ ਕੁਮਾਰ ਦੀ ਮੁਕੱਦਮੇ ਦਾ ਨਿਬੇੜਾ ਹੋਣ ਤੋਂ ਪਹਿਲਾਂ ਹੀ ਦਿਲ ਫ਼ੇਲ੍ਹ ਹੋ ਜਾਣ ਕਾਰਨ ਮੌਤ ਹੋ ਗਈ ਸੀ ।)

8 ਅਕਤੂਬਰ 2007 ਨੂੰ ਹਾਈਕੋਰਟ ਨੇ ਦੋਸ਼ੀਆਂ ਵੱਲੋਂ ਸਜ਼ਾਵਾਂ ਵਿਰੁੱਧ ਕੀਤੀ ਅਪੀਲ ਨਾ ਸਿਰਫ਼ ਰੱਦ ਕਰ ਦਿੱਤੀ, ਸਗੋਂ 5 ਦੋਸ਼ੀਆਂ ਦੀ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੱਤੀ ਸੀ। ਪਰ ਛੇਵੇਂ ਦੋਸ਼ੀ ਨੂੰ ਬਰੀ ਕਰ ਦਿੱਤਾ ਸੀ।

4 ਨਵੰਬਰ 2011 ਨੂੰ ਸੁਪਰੀਮ ਕੋਰਟ ਨੇ 5 ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਘਟਾਉਣ ਦੀ ਅਪੀਲ ਖ਼ਾਰਜ ਕਰ ਦਿੱਤੀ। ਅਤੇ ਇਸ ਦੇ ਨਾਲ ਹੀ 16 ਸਾਲਾਂ ਤਕ ਚੱਲੀ ਅਦਾਲਤੀ ਕਾਰਵਾਈ ਦਾ ਅੰਤ ਹੋ ਗਿਆ ਸੀ। ਪਰ ਇਸ ਅਦਾਲਤੀ ਕਾਰਵਾਈ ਦੌਰਾਨ, ਸਮਾਜ ਅੰਦਰ ‘ਅਮਨ ਕਾਨੂੰਨ ਦੀ ਰਾਖੀ ਕਰਨ’ ਲਈ ਬਣੀਆਂ ਦੱਸੀਆਂ ਜਾਂਦੀਆਂ ਸੰਸਥਾਵਾਂ (ਪੁਲਸ-ਤੰਤਰ); ਦੋਸ਼ਾਂ ਦੀ ‘ਨਿਰਪੱਖ ਜਾਂਚ’ ਕਰਨ ਵਾਲੀਆਂ ਸਰਕਾਰੀ ਏਜੰਸੀਆਂ (ਸੀ.ਬੀ.ਆਈ.) ਅਤੇ ਨਿਆਂ ਦੇਣ ਵਾਲੀਆਂ ‘ਰੱਬ ਦਾ ਰੂਪ’ ਸਮਝੀਆਂ-ਤੇ- ਕਹੀਆਂ ਜਾਂਦੀਆਂ ਅਦਾਲਤਾਂ ਦੇ ਅਸਲੀ ਚਿਹਰੇ ਪੂਰੀ ਤਰ੍ਹਾਂ ਬੇਨਕਾਬ ਹੋ ਗਏ।

ਮੁਕੱਦਮੇ ਦੇ ਸਾਰੇ ਅਮਲ ਦੌਰਾਨ ਪੁਲਸ ਨੇ ਗਵਾਹਾਂ ਉੱਤੇ ਭਾਰੀ ਦਬਾਅ ਪਾਇਆ। ਉਨ੍ਹਾਂ ਨੂੰ ਧਮਕੀਆਂ ਦਿੱਤੀਆਂ, ਲਾਲਚ ਦਿੱਤੇ, ਉਨ੍ਹਾਂ ਉੱਤੇ ਝੂਠੇ ਦੋਸ਼ ਲਾ ਕੇ ਕੇਸ ਦਰਜ ਕੀਤੇ । ਭਾਈ ਖਾਲੜਾ ਨੂੰ ਪੁਲਸ ਵੱਲੋਂ ਘਰੋਂ ਅਗ਼ਵਾ ਕਰਨ ਦੇ ਦੋਨੋਂ ਚਸ਼ਮਦੀਦ ਗਵਾਹਾਂ ਨੂੰ ਪੁਲਸ ਨੇ ਗਵਾਹੀਆਂ ਦੇਣ ਤੋਂ ਰੋਕਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ। ਕਿਰਪਾਲ ਸਿੰਘ ਰੰਧਾਵਾ ਉੱਤੇ ਬਲਾਤਕਾਰ ਦਾ ਝੂਠਾ ਕੇਸ ਪਾ ਦਿੱਤਾ ਸੀ ਅਤੇ ਰਾਜੀਵ ਸਿੰਘ ਰੰਧਾਵਾ ਨੂੰ ਦਿਨ ਦਿਹਾੜੇ ਬਜ਼ਾਰ ‘ਚੋਂ ਅਗ਼ਵਾ ਕਰ ਕੇ ਉਸ ਉੱਤੇ ਤਸ਼ੱਦਦ ਕੀਤਾ ਗਿਆ। ਪੁਲਸ ਦੇ ਇਨ੍ਹਾਂ ਹੱਥਕੰਡਿਆਂ ਕਰਕੇ ਕੁੱਝ ਗਵਾਹ ਡਾਵਾਂ-ਡੋਲ ਹੁੰਦੇ ਤੇ ਥਿੜਕਦੇ ਰਹੇ, ਇਕ ਅਹਿਮ ਗਵਾਹ (ਕਿੱਕਰ ਸਿੰਘ) ਐਨ ਮੌਕੇ ‘ਤੇ ਜਾ ਕੇ ਧੋਖਾ ਦੇ ਗਿਆ। ਪਰ ਕਿਰਪਾਲ ਸਿੰਘ ਰੰਧਾਵਾ ਤੇ ਰਾਜੀਵ ਸਿੰਘ ਰੰਧਾਵਾ ਨੇ ਅਖ਼ੀਰ ਵਿਚ ਜਾ ਕੇ, ਪੁਲਸ ਦੇ ਸਾਰੇ ਹੱਥਕੰਡਿਆਂ ਦੇ ਬਾਵਜੂਦ ਗਵਾਹੀਆਂ ਦੇ ਦਿੱਤੀਆਂ ਸਨ । ਇਨ੍ਹਾਂ ਗਵਾਹੀਆਂ ਕਰਕੇ ਹੀ ਭਾਈ ਖਾਲੜਾ ਨੂੰ ਅਗ਼ਵਾ ਕਰਨ ਦੇ ਦੋਸ਼ ਵਿਚ 6 ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਸਨ (ਪਰ ਗਵਾਹਾਂ ਦੀ ਕਮਜ਼ੋਰੀ ਕਰਕੇ ਕੁਛ ਹਤਿਆਰੇ ਸੁੱਕੇ ਬਚ ਨਿਕਲੇ)। ਸੀ.ਬੀ.ਆਈ. ਦੇ (ਸਰਕਾਰੀ) ਵਕੀਲਾਂ ਨੇ ਵੀ ਮੁਕੱਦਮੇ ਨੂੰ ਢਾਹ ਲਾਉਣ ਵਿਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ। ਗਵਾਹਾਂ ਉੱਤੇ ਦਬਾਅ ਪਾਉਣ ਤੋਂ ਇਲਾਵਾ ਪੁਲਸ ਨੇ ਸਾਰੇ ਸਮੇਂ ਦੌਰਾਨ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਵਰਕਰਾਂ ਨੂੰ, ਬੇਦਿਲ ਕਰਨ ਦੇ ਮੰਤਵ ਨਾਲ, ਲਗਾਤਾਰ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ। ਕਦੇ ਅਦਾਲਤਾਂ ਦੇ ਬਾਹਰ ਖੜੀਆਂ ਉਨ੍ਹਾਂ ਦੀਆਂ ਗੱਡੀਆਂ ਦੇ ਟਾਇਰ ਪੈਂਚਰ ਕੀਤੇ ਗਏ, ਕਦੇ ਨਾਕਿਆਂ ਉੱਤੇ ਬੇਵਜ੍ਹਾ ਘੰਟਿਆਂ ਬੱਧੀ ਰੋਕੀ ਰੱਖਿਆ, ਤੇ ਕਦੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰ ਏਨੀਆਂ ਵਿਪਰੀਤ (adverse) ਹਾਲਤਾਂ ਦੇ ਬਾਵਜੂਦ ਜੇਕਰ ਫਿਰ ਵੀ ਅੰਤ ਵਿਚ ਦੋਸ਼ੀਆਂ ਨੂੰ ਜੇਲ੍ਹਾਂ ਦੀ ਹਵਾ ਖਾਣੀ ਪੈ ਗਈ, ਤਾਂ ਇਸ ਦਾ ਸਿਹਰਾ ਪੀੜਤ ਧਿਰ ਦੇ ਵਕੀਲਾਂ ਸ. ਰਾਜਵਿੰਦਰ ਸਿੰਘ ਬੈਂਸ ਤੇ ਬਰਜਿੰਦਰ ਸਿੰਘ ਸੋਢੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਵਫ਼ਾਦਾਰ ਸਾਥੀਆਂ ਦੇ ਸਿਰ ਬੱਝਦਾ ਹੈ । ਸ. ਰਾਜਵਿੰਦਰ ਸਿੰਘ ਬੈਂਸ ਵੱਲੋਂ ਦਿਖਾਈ ਗਈ ਪੇਸ਼ਾਵਾਰਾਨਾ ਲਿਆਕਤ, ਅਡੋਲਤਾ ਤੇ ਅਣਥੱਕ ਘਾਲਣਾ ਦਾ ਇਸ ਜਿੱਤ ਵਿਚ ਖ਼ਾਸ ਤੌਰ ‘ਤੇ ਵੱਡਾ ਯੋਗਦਾਨ ਹੈ। ਇਸੇ ਹੀ ਤਰ੍ਹਾਂ ਭਾਈ ਜਸਵੰਤ ਸਿੰਘ ਦੇ ਸਾਥੀ ਵਰਕਰਾਂ ਨੇ ਆਪਣੇ ਮਹਿਬੂਬ ਆਗੂ ਦੇ ਪ੍ਰਤਿ ਪਿਆਰ ਤੇ ਵਫ਼ਾਦਾਰੀ ਦੇ ਜਜ਼ਬੇ ਤਹਿਤ ਜਿੰਨੀ ਬਹਾਦਰੀ ਤੇ ਸਿਦਕਦਿਲੀ ਦਿਖਾਈ, ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਉਨ੍ਹਾਂ ਨੇ ਫ਼ਰਵਰੀ 1996 ਵਿਚ ਉਚੇਚੇ ਤੌਰ ‘ਤੇ ‘ਖਾਲੜਾ ਐਕਸ਼ਨ ਕਮੇਟੀ’ ਬਣਾ ਕੇ ਹਤਿਆਰਿਆਂ ਨੂੰ ਸਜ਼ਾਵਾਂ ਦੁਆਉਣ ਦਾ ਤਹੱਈਆ ਕਰ ਲਿਆ ਸੀ, ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਇਕ ਵਾਰ ਵੀ ਪਿੱਛੇ ਭਉਂ ਕੇ ਨਹੀਂ ਦੇਖਿਆ। ਉਨ੍ਹਾਂ ਲਗਾਤਾਰ 15 ਸਾਲਾਂ ਤਕ ਦਿਨ ਰਾਤ ਇਕ ਕਰੀ ਰੱਖਿਆ। ਜਿਸ ਸਦਕਾ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦੀ ਚਰਚਾ ਪੰਜਾਬ ਦੇ ਦੂਰ- ਦੁਰਾਡੇ ਪਿੰਡਾਂ ਦੇ ਗ਼ਰੀਬ ਲੋਕਾਂ ਤੋਂ ਲੈ ਕੇ ਦੇਸ਼ ਦੇ ਧਨਾਢ ਤੇ ਰਸੂਖ਼ਵਾਨ ਸਿੱਖਾਂ ਤਕ, ਅਤੇ ਦੇਸ਼ਾਂ ਦੀਆਂ ਹੱਦਾਂ ਨੂੰ ਉਲੰਘ ਕੇ ਸਾਰੇ ਸੰਸਾਰ ਦੇ ਜਮਹੂਰੀਅਤ ਪਸੰਦ ਤੇ ਮਾਨਵਵਾਦੀ ਹਲਕਿਆਂ ਤਕ ਪਹੁੰਚ ਗਈ ਹੈ।

ਇਸ ਸਾਰੇ ਅਰਸੇ ਦੌਰਾਨ ਭਾਈ ਜਸਵੰਤ ਸਿੰਘ ਦੇ ਬਜ਼ੁਰਗ ਮਾਪਿਆਂ ਵੱਲੋਂ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਵਰਕਰਾਂ ਨੂੰ ਲਗਾਤਾਰ ਦਿੱਤੇ ਜਾਂਦੇ ਰਹੇ ਆਸ਼ੀਰਵਾਦ ਤੇ ਹੌਂਸਲੇ ਨੇ ਉਨ੍ਹਾਂ ਦੇ ਜੋਸ਼ ਨੂੰ ਲਗਾਤਾਰ ਮਘਦਾ ਰੱਖਣ ਵਿਚ ਬੇਹੱਦ ਅਹਿਮ ਰੋਲ ਨਿਭਾਇਆ। ਭਾਈ ਖਾਲੜਾ ਦੇ ਕਾਤਲਾਂ ਨੂੰ ਸੁਣਾਈਆਂ ਗਈਆਂ ਸਜ਼ਾਵਾਂ ਦੀ, ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਵੱਲੋਂ ਪੁਸ਼ਟੀ ਕਰ ਦੇਣ ਨਾਲ ਸਰਕਾਰ ਵੱਲੋਂ 15 ਸਾਲ ਤਕ ਲਗਾਤਾਰ ਬੋਲੇ ਜਾਂਦੇ ਰਹੇ ਝੂਠ ਨੰਗੇ ਹੋ ਗਏ । ਯੂ.ਐਨ.ਓ. ਦਾ, ਦੁਨੀਆਂ ਵਿਚ ਸਰਕਾਰਾਂ ਵੱਲੋਂ ਲਾ- ਪਤਾ ਕੀਤੇ ਗਏ ਬੰਦਿਆਂ ਬਾਰੇ ਜਾਂਚ ਕਰਨ ਲਈ ਇਕ ਵਰਕਿੰਗ ਗਰੁੱਪ (WGEID-

Working Group on Enforced and Involunteer Disappearances) ਕੰਮ ਕਰਦਾ ਹੈ, ਜਿਸ ਨੇ ਭਾਰਤ ਸਰਕਾਰ ਕੋਲੋਂ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾ ਕਰ ਕੇ ਲਾ-ਪਤਾ ਕੀਤੇ ਜਾਣ ਬਾਰੇ ਲਿਖਤੀ ਜੁਆਬ ਮੰਗਿਆ ਸੀ। ਭਾਰਤ ਸਰਕਾਰ ਨੇ ਇਸ ਦਾ ਹੇਠ ਲਿਖਿਆ ਜੁਆਬ ਦਿੱਤਾ ਸੀ :

“ਰਾਜ ਸਰਕਾਰ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਸ ਨੇ ਗ੍ਰਿਫ਼ਤਾਰ ਨਹੀਂ ਕੀਤਾ, ਨਾ ਉਸ ਨੂੰ ਰਾਜ ਦੇ ਕਿਸੇ ਹੋਰ ਜ਼ਿਲ੍ਹੇ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।”

ਇਸ ਤੋਂ ਭਾਰਤੀ ਹਾਕਮਾਂ ਦੀ ਨੈਤਿਕਤਾ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਹੈ।

ਭਾਈ ਖਾਲੜਾ ਦੀ ਸ਼ਹਾਦਤ ਦਾ ਰਹੱਸ

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜਾਮਾ ਰਾਇ ਦੇ ਵਸਨੀਕ ਕੁਲਵੰਤ ਸਿੰਘ ਵੱਲੋਂ ਅਦਾਲਤ ਵਿਚ ਦਿੱਤੀ ਗਈ ਗਵਾਹੀ ਅਨੁਸਾਰ ਭਾਈ ਜਸਵੰਤ ਸਿੰਘ ਨੂੰ 6 ਸਤੰਬਰ ਨੂੰ ਅਗ਼ਵਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਅਗਲੇ ਦਿਨ 7 ਸਤੰਬਰ ਨੂੰ ਝਬਾਲ ਥਾਣੇ ਦੀ ਹਵਾਲਾਤ ਵਿਚ ਬੰਦ ਕਰ ਦਿੱਤਾ ਸੀ। ਕੁਲਵੰਤ ਸਿੰਘ ਨੂੰ ਪੁਲਸ ਨੇ ਨਸ਼ਾ ਰੱਖਣ ਦੇ ਦੋਸ਼ ਹੇਠ 6 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸੇ ਹੀ ਦਿਨ ਝਬਾਲ ਥਾਣੇ ‘ਚ ਬੰਦ ਕਰ ਦਿੱਤਾ ਸੀ। ਅਗਲੇ ਦਿਨ 7 ਸਤੰਬਰ ਨੂੰ ਉਥੇ ਉਸ ਦਾ ਭਾਈ ਜਸਵੰਤ ਸਿੰਘ ਖਾਲੜਾ ਨਾਲ ਸਬੱਬੀਂ ਮੇਲ ਹੋ ਗਿਆ ਸੀ। ਕੁਲਵੰਤ ਸਿੰਘ ਦੀ ਇਹ ਗਵਾਹੀ ਪ੍ਰਮਾਣਿਕ ਮਾਲੂਮ ਹੁੰਦੀ ਹੈ, ਕਿਉਂਕਿ ਉਹ ਆਪਣੇ ਇਸ ਬ੍ਰਿਤਾਂਤ ਉੱਤੇ ਸ਼ੁਰੂ ਤੋਂ ਲੈ ਕੇ ਅੰਤ ਤਕ ਲਗਾਤਾਰ ਅਡੋਲ ਡਟਿਆ ਰਿਹਾ ਸੀ।

ਭਾਈ ਖਾਲੜਾ ਨੂੰ ਅਗ਼ਵਾ ਕਰਨ ਤੋਂ ਬਾਅਦ ਗ਼ੈਰ-ਕਾਨੂੰਨੀ ਤੌਰ ‘ਤੇ ਪੁਲਸ ਹਿਰਾਸਤ ਵਿਚ ਰੱਖੇ ਜਾਣ ਦੇ ਤੱਥ ਦੀ ਪੁਸ਼ਟੀ ਕਰਨ ਵਾਲਾ ਦੂਜਾ ਗਵਾਹ ਕੁਲਦੀਪ ਸਿੰਘ (ਪਿੰਡ ਬੱਚੜੇ) ਸੀ । ਉਸ ਦਾ ਸਮਾਜਿਕ ਪਿਛੋਕੜ ਕੋਈ ਬਹੁਤਾ ਚੰਗਾ ਨਹੀਂ ਸੀ । ਖਾੜਕੂ ਲਹਿਰ ਦੇ ਦੌਰਾਨ ਉਸ ਦਾ ਕਿਸੇ ਤਰੀਕੇ ਨਾਲ ਝਬਾਲ ਥਾਣੇ ਦੇ ਮੁਖੀ ਸਤਨਾਮ ਸਿੰਘ ਨਾਲ ਮੇਲ ਹੋ ਗਿਆ ਸੀ । ਸਤਨਾਮ ਸਿੰਘ ਅਜੀਤ ਸਿੰਘ ਸੰਧੂ ਦਾ ਖ਼ਾਸੋ-ਖ਼ਾਸ ਬੰਦਾ ਸੀ। ਉਹ ਉਸ ਦੇ ਹਰ ਕੁਕਰਮ ਵਿਚ ਭਾਈਵਾਲ ਸੀ ਅਤੇ ਸਿੱਖ ਨੌਜਵਾਨਾਂ ਨੂੰ ਗ਼ੈਰ- ਕਾਨੂੰਨੀ ਢੰਗਾਂ ਨਾਲ ਕਤਲ ਕਰਨ ਵਿਚ ਪੂਰਾ ਬਦਨਾਮ ਸੀ । ਹਕੂਮਤੀ ਦਹਿਸ਼ਤਗਰਦੀ ਦੇ ਉਸ ਕਾਲੇ ਦੌਰ ਵਿਚ ਪੁਲਸ ਵੱਲੋਂ ਖਾੜਕੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਉੱਤੇ ਜ਼ੁਲਮ ਢਾਹੁਣ ਦੇ ਵਹਿਸ਼ੀ ਕਾਰਿਆਂ ਵਿਚ ਪਿੰਡਾਂ ਦੇ ਬਦਚਲਨ ਕਿਸਮ ਦੇ ਵਿਅਕਤੀਆਂ ਦੀ ਮੱਦਦ ਲੈਣ ਦਾ ਵਰਤਾਰਾ ਆਮ ਪ੍ਰਚੱਲਤ ਹੋ ਗਿਆ ਸੀ । ਇਸ ਬਦਲੇ ਅਜਿਹੇ ਵਿਅਕਤੀਆਂ ਨੂੰ ਗ਼ੈਰ-ਰਸਮੀ ਤੌਰ ‘ਤੇ ਪੁਲਸ ਵਿਚ ਭਰਤੀ ਕਰ ਲਿਆ ਜਾਂਦਾ ਸੀ । ਉਨ੍ਹਾਂ ਨੂੰ ‘ਸਪੈਸ਼ਲ ਪੁਲਸ ਅਫ਼ਸਰ’ (ਐੱਸ.ਪੀ.ਓ.) ਦੇ ਅਹੁਦੇ ਨਾਲ ਨਿਵਾਜਿਆ ਜਾਂਦਾ ਸੀ । ਸੋ ਇਸ ਤਰੀਕੇ ਨਾਲ ਕੁਲਦੀਪ ਸਿੰਘ ਨੂੰ ਐੱਸ.ਪੀ.ਓ. ਭਰਤੀ ਕਰ ਕੇ ਸਤਨਾਮ ਸਿੰਘ ਨੇ ਆਪਣਾ ਗੰਨਮੈਨ ਬਣਾ ਲਿਆ ਸੀ । ਜਦੋਂ ਅਜੀਤ ਸਿੰਘ ਸੰਧੂ ਦੀ ਬਦਲੀ ਰੋਪੜ ਦੀ ਹੋ ਗਈ ਸੀ ਤਾਂ ਕੁਲਦੀਪ ਸਿੰਘ ਵੀ ਸਤਨਾਮ ਸਿੰਘ ਦੇ ਨਾਲ ਹੀ ਰੋਪੜ ਚਲਾ ਗਿਆ ਸੀ ਅਤੇ ਫਿਰ ਬਾਅਦ ਵਿਚ ਇਹ ਸਾਰੀ ਟੋਲੀ ਤਰਨ ਤਾਰਨ ਜ਼ਿਲ੍ਹੇ ਵਿਚ ਹੀ ਵਾਪਸ ਆ ਗਈ ਸੀ। ਇਸੇ ਦੌਰਾਨ ਕੁਲਦੀਪ ਸਿੰਘ ਦੀ ਕਿਸੇ ਗੱਲੋਂ ਸਤਨਾਮ ਸਿੰਘ ਨਾਲ ਤਿੱਖੀ ਅਨਬਣ ਹੋ ਗਈ ਅਤੇ ਉਸ ਨੇ ਸਤਨਾਮ ਸਿੰਘ ਨਾਲ ਆਪਣੀ ਨਿੱਜੀ ਰੰਜਸ਼ ਵਿੱਚੋਂ ਹੀ ਖਾਲੜਾ ਕੇਸ ਵਿਚ ਉਸ ਦੇ ਵਿਰੁੱਧ ਗਵਾਹੀ ਦਿੱਤੀ ਸੀ।

ਕੁਲਦੀਪ ਸਿੰਘ ਵੱਲੋਂ ਅਦਾਲਤ ਵਿਚ ਦਿੱਤੀ ਗਈ ਗਵਾਹੀ ਅਨੁਸਾਰ ਭਾਈ ਖਾਲੜੇ ਨੂੰ ਝਬਾਲ ਤੋਂ ਇਲਾਵਾ ਤਰਨ ਤਾਰਨ ਦੇ ਕਈ ਹੋਰ ਥਾਣਿਆਂ, ਜਿਵੇਂ ਸਰਹਾਲੀ, ਮਾਨੋਚਾਹਲ ਤੇ ਕੰਗ ਪੁਲਸ ਚੌਂਕੀ ਆਦਿ ਵਿਚ ਰੱਖਿਆ ਗਿਆ ਸੀ। ਕੁਲਦੀਪ ਸਿੰਘ ਮੁਤਾਬਿਕ ਉਸ ਨੂੰ ਚੁੱਕਣ ਤੋਂ ਬਾਅਦ ਲਗਭਗ 48 ਦਿਨਾਂ ਤਕ ਅਲੱਗ ਅਲੱਗ ਥਾਵਾਂ ‘ਤੇ ਰੱਖ ਕੇ ਉਸ ਉੱਤੇ ਲਗਾਤਾਰ ਭਾਰੀ ਤਸ਼ੱਦਦ ਕੀਤਾ ਜਾਂਦਾ ਰਿਹਾ। ਇਸੇ ਦੌਰਾਨ ਇਕ ਦਿਨ ਭਾਈ ਖਾਲੜਾ ਨੂੰ ਪਿੰਡ ਮਾਨਾਂਵਾਲਾ ਵਿਖੇ ਅਜੀਤ ਸਿੰਘ ਸੰਧੂ ਦੀ ਕੋਠੀ ਵਿਚ ਕੇ.ਪੀ.ਐੱਸ. ਗਿੱਲ ਦੇ ਅੱਗੇ ਵੀ ਪੇਸ਼ ਕੀਤਾ ਗਿਆ ਸੀ । ਜਾਪਦਾ ਹੈ ਕਿ ਪੁਲਸ ਅਫ਼ਸਰਾਂ ਨੇ ਭਾਈ ਖਾਲੜਾ ਦਾ ਹੱਠ ਦੇਖ ਕੇ ਉਸੇ ਦਿਨ ਹੀ ਉਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ ਸੀ। ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਭਾਈ ਖਾਲੜਾ ਨੂੰ 25 ਅਕਤੂਬਰ ਦੇ ਕਰੀਬ ਝਬਾਲ ਥਾਣੇ ਵਿਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਮਾਰੂਤੀ ਕਾਰ ਦੀ ਡਿੱਕੀ ਵਿਚ ਰੱਖ ਕੇ ਹਰੀ ਕੇ ਪੱਤਣ ਲਿਜਾ ਕੇ ਦਰਿਆ ਵਿਚ ਰੋੜ੍ਹ ਦਿੱਤਾ ਗਿਆ ਸੀ। ਇਕ ਹੋਰ ਗਵਾਹ ਕਿੱਕਰ ਸਿੰਘ ਨੇ ਸੀ.ਬੀ.ਆਈ. ਨੂੰ ਦੱਸਿਆ ਸੀ ਕਿ ਉਸ ਨੇ ਜਸਵੰਤ ਸਿੰਘ ਖਾਲੜਾ ਨੂੰ ਕੰਗ ਚੌਂਕੀ ਵਿਚ ਦੇਖਿਆ ਸੀ। ਕਿੱਕਰ ਸਿੰਘ ਨੂੰ ਖਾੜਕੂਆਂ ਨਾਲ ਸੰਬੰਧਾਂ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਕੇ ਪਹਿਲਾਂ ਹੀ ਕੰਗ ਚੌਂਕੀ ਵਿਚ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਹੋਇਆ ਸੀ। ਬਾਅਦ ਵਿਚ ਜਾ ਕੇ ਕਿੱਕਰ ਸਿੰਘ ਸੈਸ਼ਨ ਜੱਜ ਮੂਹਰੇ ਗਵਾਹੀ ਦੇਣ ਤੋਂ ਭੱਜ ਨਿਕਲਿਆ ਸੀ।

ਭਾਵੇਂ ਜਸਵੰਤ ਸਿੰਘ ਖਾਲੜਾ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖ ਕੇ ਕਤਲ ਕਰਨ ਦੇ ਦੋਸ਼ਾਂ ਤਹਿਤ ਪੰਜ ਦੋਸ਼ੀ ਪੁਲਸੀਆਂ ਨੂੰ ਜਿਹੜੀ ਸਜ਼ਾ ਹੋਈ ਹੈ, ਉਹ ਮੁੱਖ ਤੌਰ ‘ਤੇ ਕੁਲਦੀਪ ਸਿੰਘ ਦੀ ਗਵਾਹੀ ਦੇ ਆਧਾਰ ‘ਤੇ ਹੀ ਹੋਈ ਹੈ, ਪਰ ਇਸ ਦੇ ਬਾਵਜੂਦ ਉਸ ਦੇ ਸ਼ੱਕੀ ਕਿਰਦਾਰ ਨੂੰ ਸਾਹਮਣੇ ਰੱਖਦੇ ਹੋਏ ਅਤੇ ਮੁਕੱਦਮੇ ਦੀ ਕਾਰਵਾਈ ਦੇ ਦੌਰਾਨ ਉਸ ਵੱਲੋਂ ਦੋਵਾਂ ਹੀ ਧਿਰਾਂ ਨੂੰ ਲਗਾਤਾਰ ਬਲੈਕ ਮੇਲ ਕਰਨ ਦੇ ਕੀਤੇ ਯਤਨਾਂ ਨੂੰ ਦੇਖਦਿਆਂ ਉਸ ਦੀ ਹਰ ਗੱਲ ‘ਤੇ ਯਕੀਨ ਕਰਨਾ ਔਖਾ ਹੈ। ਇਹੋ ਗੱਲ ਕਿੱਕਰ ਸਿੰਘ ਬਾਰੇ ਵੀ ਕਹੀ ਜਾ ਸਕਦੀ ਹੈ। ਪਰ ਕੁੱਝ ਵੀ ਹੋਵੇ, ਸਾਰੇ ਮਾਮਲੇ ‘ਚੋਂ ਹੇਠ ਲਿਖੀਆਂ ਦੋ ਸਚਾਈਆਂ ਬਾਰੇ ਕੋਈ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ :

ਇਕ ਗੱਲ ਇਹ, ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗ਼ਵਾ ਕਰਨ ਤੋਂ ਬਾਅਦ ਕਾਫ਼ੀ ਦਿਨ ਅਲੱਗ ਅਲੱਗ ਥਾਣਿਆਂ ਵਿਚ ਰੱਖ ਕੇ ਉਸ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਜਾਂਦਾ ਰਿਹਾ। ਅਜਿਹਾ ਕਰਨ ਪਿੱਛੇ ਵੱਡਾ ਮੰਤਵ ਇਹ ਨਜ਼ਰ ਆਉਂਦਾ ਹੈ ਕਿ ਕਾਤਲ ਉਸ ਨੂੰ ਜਿਸਮਾਨੀ ਤੇ ਮਾਨਸਿਕ ਤਸੀਹੇ ਦੇ ਕੇ ਅਤੇ ਅਖ਼ੀਰ ਵਿਚ ਮੌਤ ਦਾ ਡਰਾਵਾ ਦੇ ਕੇ, ਉਸ ਵੱਲੋਂ ਪੁਲਸ ਉੱਤੇ ਲਾਏ ਸੰਗੀਨ ਦੋਸ਼ਾਂ ਨੂੰ ਕਿਸੇ ਤਰੀਕੇ ਵਾਪਸ ਲੈਣ ਲਈ ਜ਼ੋਰ ਲਾਉਂਦੇ ਰਹੇ ਸਨ । ਪਰ ਜਦ ਉਨ੍ਹਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਦੋਸ਼ ਵਾਪਸ ਲੈਣ ਲਈ ਰਜ਼ਾਮੰਦ ਨਾ ਹੋਇਆ ਤਾਂ ਉਨ੍ਹਾਂ ਨੇ ਗੁੱਸੇ ਤੇ ਹਤਾਸ਼ਪੁਣੇ ‘ਚੋਂ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

ਦੂਜੀ ਗੱਲ, ਸਾਰੀਆਂ ਹੀ ਗਵਾਹੀਆਂ ‘ਚੋਂ ਇਹ ਤੱਥ ਸਾਫ਼ ਉਭਰ ਕੇ ਸਾਹਮਣੇ ਆਇਆ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਵਹਿਸ਼ੀ ਜਬਰ ਦੇ ਸਨਮੁੱਖ ਪੂਰੀ ਤਰ੍ਹਾਂ ਅਡੋਲ ਤੇ ਸ਼ਾਂਤ-ਚਿੱਤ ਰਿਹਾ ਸੀ। ਉਸ ਨੇ ਸਿੱਖ ਰਵਾਇਤਾਂ ਦੀ ਪਾਲਣਾ ਕਰਦਿਆਂ ਸਾਰੇ ਜਿਸਮਾਨੀ ਤੇ ਮਾਨਸਿਕ ਕਸ਼ਟਾਂ ਨੂੰ ਸਤਿਗੁਰੂ ਦਾ ਭਾਣਾ ਮੰਨ ਕੇ ਕਬੂਲ ਕੀਤਾ; ਅਤੇ ਜਦੋਂ ਕਿਸੇ ਨੇ ਉਸ ਨਾਲ ਹਮਦਰਦੀ ਜਤਾਉਣੀ ਚਾਹੀ ਤਾਂ ਉਹ ਇੱਕੋ ਗੱਲ ਕਹਿੰਦਾ ਰਿਹਾ : ‘ਸਭ ਕੁਛ ਸਤਿਗੁਰੂ ਦੇ ਭਾਣੇ ਵਿਚ ਹੀ ਹੋ ਰਿਹਾ ਹੈ।’ ਉਸ ਦੇ ਇਸ ਸਿਦਕ ਦੀ ਪੁਸ਼ਟੀ ਉਸ ਦੇ ਸਮੁੱਚੇ ਸਮਾਜਿਕ ਜੀਵਨ ‘ਚੋਂ, ਤੇ ਖ਼ਾਸ ਕਰਕੇ ਮਈ 1992 ਤੋਂ ਬਾਅਦ ਉਸ ਵੱਲੋਂ ਹਰ ਕਦਮ ‘ਤੇ ਦਿਖਾਈ ਨਿਡਰਤਾ ਤੇ ਬੁਲੰਦ ਹੌਂਸਲੇ ਤੋਂ ਵੀ ਹੁੰਦੀ ਹੈ। ਜਿਵੇਂ ਕਿ ਪਿੱਛੇ ਦੱਸਿਆ ਜਾ ਚੁੱਕਾ ਹੈ, ਉਹ ਮੌਤ ਦੇ ਭੈਅ ਤੋਂ ਚਿਰੋਕਣਾ ਮੁਕਤ ਹੋ ਚੁੱਕਾ ਸੀ ਅਤੇ ਲਗਭਗ ਤਿੰਨਾਂ ਸਾਲਾਂ ਤੋਂ ਤਾਂ ਉਹ ਆਪਣੀ ਸ਼ਹਾਦਤ ਦਾ ਤੀਬਰਤਾ ਨਾਲ ਇੰਤਜ਼ਾਰ ਕਰਦਾ ਆ ਰਿਹਾ ਸੀ । ਇਸ ਕਰਕੇ ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਸ ਨੇ ਮੌਤ ਦਾ ਸਾਹਮਣਾ ਪੂਰੇ ਸਿਦਕ ਤੇ ਸੂਰਮਗਤੀ ਨਾਲ ਕੀਤਾ। ਇਹ ਸਚਾਈ ਜਾਂ ਤਾਂ ਵਾਹਿਗੁਰੂ ਜਾਣਦਾ ਹੈ ਅਤੇ ਜਾਂ ਭਾਈ ਖਾਲੜਾ ਦੇ ਕਾਤਲ ਜਾਣਦੇ ਹਨ। ਅਜੇ ਤਕ ਕਾਤਲਾਂ ‘ਚੋਂ ਕਿਸੇ ਨੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਉਨ੍ਹਾਂ ਵਿੱਚੋਂ ਪੰਜ ਅਜੇ ਜਿਉਂਦੇ ਹਨ। ਸ਼ਾਇਦ ਕਿਸੇ ਵੇਲੇ ਉਨ੍ਹਾਂ ‘ਚੋਂ ਕਿਸੇ ਉੱਤੇ ਵਾਹਿਗੁਰੂ ਦੀ ਮਿਹਰ ਹੋ ਜਾਵੇ ਅਤੇ ਉਨ੍ਹਾਂ ਅੰਦਰ ਭਾਈ ਜਸਵੰਤ ਸਿੰਘ ਦੇ ਆਖ਼ਰੀ ਪਲਾਂ ਬਾਰੇ ਆਪਣੇ ਮੂੰਹੋਂ ਸੱਚ ਬੋਲਣ ਦਾ ਹੌਂਸਲਾ ਪੈਦਾ ਹੋ ਜਾਵੇ। ਖ਼ਾਲਸਾ ਪੰਥ ਉਸ ਸੁਭਾਗੇ ਦਿਨ ਦਾ ਸ਼ਿੱਦਤ ਨਾਲ ਇੰਤਜ਼ਾਰ ਕਰਦਾ ਰਹੇਗਾ !

“ਮੈਂ ਸ਼ਹੀਦ ਹੋਵਾਂਗਾ, ਤੂੰ ਖ਼ੁਦਕੁਸ਼ੀ ਕਰੇਂਗਾ”

ਭਾਈ ਜਸਵੰਤ ਸਿੰਘ ਖਾਲੜਾ ਦੇ ਉਪਰੋਕਤ ਖ਼ਾਮੋਸ਼ ਬੋਲ ਉਸ ਵੇਲੇ ਪੂਰੇ ਹੋ ਨਿਬੜੇ, ਜਦੋਂ 23 ਮਈ 1997 ਨੂੰ ਅਜੀਤ ਸਿੰਘ ਸੰਧੂ ਨੇ ਵੱਡੇ ਤੜਕੇ ਅੰਬਾਲਾ-ਚੰਡੀਗੜ੍ਹ ਰੇਲਵੇ ਪਟੜੀ ‘ਤੇ ਡੇਰਾ ਬੱਸੀ ਦੇ ਨੇੜੇ ਚੱਲਦੀ ਟਰੇਨ (ਹਿਮਾਲੀਅਨ ਕੁਈਨ) ਅੱਗੇ ਛਾਲ ਮਾਰ ਕੇ ਆਪਣੇ ਪਾਪਾਂ-ਭਰੇ ਜੀਵਨ ਦੀ ਲੀਲ੍ਹਾ ਸਮਾਪਤ ਕਰ ਦਿੱਤੀ ਸੀ।

ਜਸਵੰਤ ਸਿੰਘ ਖਾਲੜਾ ਦਾ ਅਗਵਾ

ਰੋਸ ਦੀ ਆਵਾਜ਼ ਹੋਰ ਤਿੱਖੀ ਕੀਤੀ ਜਾਏ

-ਅਜਮੇਰ ਸਿੰਘ

ਸੁਪਰੀਮ ਕੋਰਟ ਵੱਲੋਂ ਸ. ਜਸਵੰਤ ਸਿੰਘ ਖਾਲੜਾ ਦੇ ਲਾ-ਪਤਾ ਹੋਣ ਦੇ ਮਾਮਲੇ ਦੀ ਪੜਤਾਲ ਸੀ.ਬੀ.ਆਈ. ਦੇ ਹਵਾਲੇ ਕਰ ਦੇਣ ਨਾਲ ਇਹ ਮਾਮਲਾ ਅਹਿਮ ਮੋੜ ਕੱਟ ਗਿਆ ਹੈ। ਸ. ਖਾਲੜਾ ਨੂੰ 6 ਸਤੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਦੇ ਅੰਮਿ੍ਤਸਰ ਸਥਿਤ ਮਕਾਨ ‘ਚੋਂ ਬਿਨਾਂ ਨੰਬਰ ਵਾਲੀ ਜਿਪਸੀ ‘ਚ ਸਵਾਰ ਅੱਧ ਦਰਜਨ ਦੇ ਕਰੀਬ ਵਿਅਕਤੀਆਂ ਨੇ ਅਗ਼ਵਾ ਕਰ ਲਿਆ ਸੀ। ਇਹ ਵਿਅਕਤੀ ਕੌਣ ਸਨ ? ਉਨ੍ਹਾਂ ਦੀ ਸ. ਖਾਲੜਾ ਨਾਲ ਕੀ ਦੁਸ਼ਮਣੀ ਸੀ ? ਅਤੇ ਉਨ੍ਹਾਂ ਦਾ ਸ. ਖਾਲੜਾ ਨੂੰ ਅਜਿਹੇ ਸਾਜ਼ਿਸ਼ੀ ਢੰਗ ਨਾਲ ਅਗ਼ਵਾ ਕਰਨ ਦਾ ਮੰਤਵ ਕੀ ਸੀ ? ਪੰਜਾਬ ਦੇ ਰਾਜਸੀ ਘਟਨਾ-ਕ੍ਰਮ ਨਾਲ ਬਾਵਾਸਤਾ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਸਵਾਲਾਂ ਦੇ ਜਵਾਬਾਂ ਬਾਰੇ ਕੋਈ ਸ਼ੱਕ-ਸੁਝਾ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਨੇ ਸ. ਜਸਵੰਤ ਸਿੰਘ ਖਾਲੜਾ ਦੇ ਵਿਅਕਤੀਗਤ ਉੱਦਮ ਤੇ ਪਹਿਲ-ਕਦਮੀ ਨਾਲ, ਪੰਜਾਬ ਪੁਲਸ ਵੱਲੋਂ ਪਿਛਲੇ ਅਰਸੇ ਦੌਰਾਨ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਇਲਾਕੇ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕਤਲ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਖ਼ੁਰਦ-ਬੁਰਦ ਕਰਨ ਦੇ ਅਤਿ ਘਿਨਾਉਣੇ ਵਹਿਸ਼ੀ ਕਾਰਿਆਂ ਦਾ ਕਾਲਾ ਚਿੱਠਾ ਲੋਕਾਂ ਸਾਹਮਣੇ ਨਸ਼ਰ ਕੀਤਾ ਸੀ । ਸਬੂਤ ਐਨੇ ਠੋਸ ਅਤੇ ਵੇਰਵੇ ਏਨੇ ਦਿਲ-ਝੰਜੋੜੂ ਸਨ ਕਿ ਇਨ੍ਹਾਂ ਨੂੰ ਪੜ੍ਹ-ਸੁਣ ਕੇ ਕੋਈ ਮਨੁੱਖੀ ਹਿਰਦਾ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਰਹਿ ਸਕਦਾ। ਪਰੰਤੂ ਅਜਿਹੇ ਵਹਿਸ਼ੀ ਕਾਰੇ ਕਰਨ ਵਾਲੇ ਪੁਲਿਸ ਅਫ਼ਸਰਾਂ ਦੇ ਹਿਰਦਿਆਂ ‘ਚੋਂ ਮਨੁੱਖੀ ਮਾਦਾ ਇਸ ਹੱਦ ਤਕ ਗਾਇਬ ਹੋ ਚੁੱਕਾ ਹੈ ਕਿ ਉਨ੍ਹਾਂ ਨੂੰ ਆਪਣੇ ਇਸ ਕੀਤੇ ਉੱਤੇ ਨਾ ਕੋਈ ਸ਼ਰਮ ਹੈ, ਨਾ ਪਛਤਾਵਾ । ਪੰਜਾਬ ਪੁਲਿਸ ਦੇ ਮੁਖੀ (ਕੇ.ਪੀ.ਐੱਸ. ਗਿੱਲ) ਨੇ ਨੈਤਿਕਤਾ ਤੇ ਵਿਵੇਕਸ਼ੀਲਤਾ ਦਾ ਮੁਕੰਮਲ ਰੂਪ ‘ਚ ਤਿਆਗ ਕਰ ਕੇ ਮਨੁੱਖੀ ਅਧਿਕਾਰ ਵਿੰਗ ‘ਤੇ ਸਫ਼ੈਦ ਝੂਠ ਬੋਲਣ ਦਾ ਇਲਜ਼ਾਮ ਥੱਪ ਦਿੱਤਾ । ਸ. ਜਸਵੰਤ ਸਿੰਘ ਖਾਲੜਾ ਨੇ ਅਗਲੇ ਦਿਨ ਹੀ ਪੁਲਿਸ ਮੁਖੀ ਦੇ ਇਸ ਵਤੀਰੇ ਨੂੰ ‘ਉਜੱਡ’ ਤੇ ‘ਸ਼ਰਮਨਾਕ’ ਕਰਾਰ ਦਿੰਦਿਆਂ ਉਸ ਨੂੰ ਇਸ ਮਸਲੇ ‘ਤੇ ਖੁੱਲ੍ਹੀ ਬਹਿਸ ਕਰਨ ਲਈ ਵੰਗਾਰਿਆ । ਖੁੱਲ੍ਹੀ ਬਹਿਸ ਕਰਨ ਲਈ ਹਿਰਦਾ ਸਾਫ਼ ਤੇ ਜਿਗਰਾ ਵੱਡਾ ਚਾਹੀਦਾ ਹੈ। ਕਾਲੇ ਹਿਰਦਿਆਂ ਵਾਲਿਆਂ ਨੂੰ ਖੁੱਲ੍ਹੀਆਂ ਬਹਿਸਾਂ ਗਵਾਰਾ ਨਹੀਂ। ਉਹ ਗੁਪਤ ਸਾਜ਼ਿਸ਼ਾਂ ਰਚਦੇ ਹਨ ਤੇ ਉਨ੍ਹਾਂ ਨੂੰ ਕਪਟੀ ਢੰਗਾਂ ਨਾਲ ਨੇਪਰੇ ਚਾੜ੍ਹਦੇ ਹਨ। ਕੇ.ਪੀ.ਐੱਸ. ਗਿੱਲ ਨੇ ਸ. ਜਸਵੰਤ ਸਿੰਘ ਖਾਲੜਾ ਦੀ ਚੁਣੌਤੀ ਨੂੰ ਆਪਣੇ ਹੀ ਢੰਗ ਨਾਲ ਕਬੂਲ ਕਰ ਲਿਆ ਅਤੇ ਆਪਣੇ ਮਨ ਅੰਦਰ ਇਸ ਦਾ ਢੁੱਕਵਾਂ ਜਵਾਬ ਦੇਣ ਦਾ ਫ਼ੈਸਲਾ ਕਰ ਲਿਆ ਸੀ।

ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਦੇ ਜੋ ਉਭਰਵੇਂ ਤੱਥ ਤੇ ਮਾਮਲੇ ਸਾਹਮਣੇ ਲਿਆਂਦੇ ਗਏ, ਉਨ੍ਹਾਂ ‘ਚੋਂ ਬਹੁਤਿਆਂ ਦਾ ਸੰਬੰਧ ਤਰਨ ਤਾਰਨ ਪੁਲਸ ਜ਼ਿਲ੍ਹੇ ਅੰਦਰ ਲੰਮਾ ਚਿਰ ਸੀਨੀਅਰ ਪੁਲਸ ਕਪਤਾਨ ਵਜੋਂ ਤਾਇਨਾਤ ਰਹੇ ਅਜੀਤ ਸਿੰਘ ਸੰਧੂ ਨਾਲ ਹੈ। ਉਸ ਖ਼ਿਲਾਫ਼ ਪਹਿਲਾਂ ਹੀ ਅਦਾਲਤਾਂ ਅੰਦਰ ਕਈ ਕੇਸ ਚੱਲ ਰਹੇ ਸਨ। ਵਹਿਸ਼ੀ ਕਾਰਨਾਮਿਆਂ ਲਈ ਬਦਨਾਮ ਇਸ ਪੁਲਸ ਅਫ਼ਸਰ ਨੂੰ ਆਪਣੇ ਪਾਪਾਂ ਦਾ ਸਭ ਤੋਂ ਵੱਧ ਪਾਲਾ ਮਾਰ ਰਿਹਾ ਸੀ। ਆਪਣੇ ਖ਼ਿਲਾਫ਼ ਹੋਣ ਵਾਲੇ ਅਦਾਲਤੀ ਕਾਰਵਾਈ ਦੇ ਅਮਲ ਨੂੰ ਠੱਪ ਕਰਾਉਣ ਲਈ ਉਹ ਮੁੜ ਤਰਨ ਤਾਰਨ ਜ਼ਿਲ੍ਹੇ ਅੰਦਰ ‘ਸੇਵਾ ਨਿਭਾਉਣ’ ਲਈ ਖੱਭੀਆਂ ਖਾ ਰਿਹਾ ਸੀ। ਕੇ.ਪੀ.ਐੱਸ. ਗਿੱਲ ਨੇ ਸ. ਜਸਵੰਤ ਸਿੰਘ ਖਾਲੜਾ ਦੀ ਚੁਣੌਤੀ ਦੇ ਸਨਮੁੱਖ ਅਜੀਤ ਸਿੰਘ ਸੰਧੂ ਨੂੰ ਥਾਪੜਾ ਦੇ ਕੇ ਮੁੜ ਤਰਨ ਤਾਰਨ ਜ਼ਿਲ੍ਹੇ ਅੰਦਰ ਤਾਇਨਾਤ ਕਰ ਦਿੱਤਾ । ਸ. ਖਾਲੜਾ ਦੀ ਜਾਨ ਨੂੰ ਉਦੋਂ ਤੋਂ ਹੀ ਖ਼ਤਰਾ ਪੈਦਾ ਹੋ ਗਿਆ ਸੀ। ਅਜੀਤ ਸਿੰਘ ਸੰਧੂ ਨੇ ਸ. ਖਾਲੜਾ ਨੂੰ ਡਰਾਵੇ ਤੇ ਧਮਕੀਆਂ ਦੇ ਕੇ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਸਨ ਪਰੰਤੂ ਕਿਸੇ ਡਰਾਵੇ ਜਾਂ ਧਮਕੀ ਅਧੀਨ ਸੱਚ ਦੇ ਰਾਹ ਤੋਂ ਥਿੜਕ ਜਾਣਾ ਸ. ਖਾਲੜਾ ਦੀ ਤਾਸੀਰ ਨਹੀਂ ਸੀ। ਉਹ ਬਹਾਦਰਾਂ ਵਾਂਗ ਜਿਉਣ ਤੇ ਸੂਰਮਿਆਂ ਵਾਂਗ ਮਰਨ ਦੇ ਰਾਹ ਦੀ ਚੇਤੰਨ ਰੂਪ ‘ਚ ਚੋਣ ਕਰ ਕੇ ਤੁਰਿਆ ਸੀ । ਸੋ ਜਦ ਅਜੀਤ ਸਿੰਘ ਸੰਧੂ ਦੀਆਂ ਧਮਕੀਆਂ ਤੇ ਡਰਾਵੇ ਕਾਰਗਰ ਸਾਬਤ ਨਾ ਹੋਏ ਤਾਂ ਉਸ ਨੇ ਸੱਚ ਦੀ ਆਵਾਜ਼ ਨੂੰ ਹਮੇਸ਼ਾਂ ਲਈ ਖ਼ਾਮੋਸ਼ ਕਰਨ ਦਾ ਆਪਣਾ ‘ਜੱਦੀ ਹਥਿਆਰ’ ਸੂਤ ਲਿਆ। ਇਹ ਹੈ ਉਹ ਪ੍ਰਸੰਗ ਜਿਸ ਵਿੱਚੋਂ ਸ. ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ ਨੂੰ ਦਿਨ-ਦਿਹਾੜੇ ਅਗ਼ਵਾ ਕਰ ਕੇ ਲਾ-ਪਤਾ ਕਰ ਦੇਣ ਦੀ ਸਾਜ਼ਿਸ਼ ਦਾ ਭੇਦ ਉਜਾਗਰ ਹੋ ਜਾਂਦਾ ਹੈ।

ਪ੍ਰਤਿਕਰਮ

ਸ. ਖਾਲੜਾ ਦੇ ਮਾਮਲੇ ‘ਚ ਜੋ ਵਿਆਪਕ ਪ੍ਰਤਿਕਰਮ ਸਾਹਮਣੇ ਆਇਆ ਹੈ, ਉਹ ਕਾਫ਼ੀ ਉਤਸ਼ਾਹ-ਵਧਾਊ ਹੈ। ਕੌਮਾਂਤਰੀ ਪੱਧਰ ਦੀਆਂ ਬਾਵਕਾਰ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਇਸ ਮਸਲੇ ‘ਤੇ ਫ਼ੌਰੀ ਅਤੇ ਤਿੱਖਾ ਸਰੋਕਾਰ ਪ੍ਰਗਟ ਕਰਨਾ, ਅਮਰੀਕੀ ਕਾਂਗਰਸ ਦੇ 60 ਤੋਂ ਵੱਧ ਮੈਂਬਰਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਠੋਕਵਾਂ ਪੱਤਰ ਲਿਖਣਾ, ਪੰਜਾਬ ਅੰਦਰ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਸੰਸਥਾਵਾਂ ਤੇ ਸ਼ਖ਼ਸੀਅਤਾਂ ਵੱਲੋਂ ਇਸ ਮਾਮਲੇ ਪ੍ਰਤਿ ਦਿਲੀ ਫ਼ਿਕਰਮੰਦੀ ਪ੍ਰਗਟਾਉਂਦਿਆਂ ਹੋਇਆਂ ਇਸ ਨੂੰ ਪ੍ਰੈਸ ਤੇ ਲੋਕਾਂ ਅੰਦਰ ਇਕ ਅਹਿਮ ਮੁੱਦੇ ਵਜੋਂ ਉਭਾਰਨ ‘ਚ ਸਫਲ ਹੋਣਾ, ਪੰਜਾਬ ਅਤੇ ਦਿੱਲੀ ਦੀਆਂ ਕੁਝ ਅਖ਼ਬਾਰਾਂ ਵੱਲੋਂ ਪੰਜਾਬ ਪੁਲਸ ਦੀ ਇਸ ਹਨੇਰ ਗਰਦੀ ਦਾ ਤਿੱਖਾ ਨੋਟਿਸ ਲੈਣਾ ਅਤੇ ਇਸ ਵਿਰੁੱਧ ਧੜੱਲੇ ਨਾਲ ਬੋਲਣਾ, ਕੁੱਝ ਪ੍ਰਤਿਬੱਧ ਕਾਨੂੰਨਦਾਨਾਂ ਤੇ ਵਕੀਲਾਂ ਵੱਲੋਂ ਸਿੱਧੀ ਦਿਲਚਸਪੀ ਲੈ ਕੇ ਕਾਨੂੰਨੀ ਤੇ ਅਦਾਲਤੀ ਹਥਿਆਰ ਦੀ ਕਾਰਗਰ ਵਰਤੋਂ ਕਰਨ ਵਿਚ ਕਾਮਯਾਬ ਹੋਣ ਅਤੇ ਅੰਤ ਵਿਚ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਜ਼ੋਰਦਾਰ ਖਿਚਾਈ ਕਰਨੀ, ਅਜਿਹੇ ਪੱਖ ਹਨ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਨੂੰ ਬਲ ਤੇ ਉਤਸ਼ਾਹ ਮੁਹੱਈਆ ਕਰਦੇ ਹਨ। ਇਨ੍ਹਾਂ ਪੱਖਾਂ ਦੀ ਹੋਰ ਸੁਜੱਗ ਵਰਤੋਂ ਪੰਜਾਬ ਪੁਲਸ ਦੀਆਂ ਨਾਦਰਸ਼ਾਹੀ ਬਿਰਤੀਆਂ ਨੂੰ ਲਗਾਮ ਦੇਣ ‘ਚ ਚੋਖੀ ਸਹਾਈ ਸਿੱਧ ਹੋ ਸਕਦੀ ਹੈ। ਪ੍ਰੰਤੂ ਇਸ ਦੇ ਨਾਲ ਹੀ ਇਸ ਕਾਂਡ ਦਾ ਇਕ ਗ਼ੈਰ-ਉਤਸ਼ਾਹਪੂਰਨ ਪੱਖ ਵੀ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ। ਉਹ ਹੈ ਰਵਾਇਤੀ ਅਕਾਲੀ ਆਗੂਆਂ ਦੀ ਇਸ ਮਸਲੇ ਬਾਰੇ ਘੱਟ ਗੰਭੀਰ ਪਹੁੰਚ । ਭਾਵੇਂ ਅਕਾਲੀ ਆਗੂ ਸ. ਖਾਲੜਾ ਨੂੰ ਪੁਲਸ ਵੱਲੋਂ ਅਗ਼ਵਾ ਕੀਤੇ ਜਾਣ ਦੀ ਰਸਮੀ ਬਿਆਨਾਂ ਤੇ ਮਤਿਆਂ ਦੇ ਰੂਪ ‘ਚ ਤਾਂ ਨਿੰਦਿਆ ਜ਼ਰੂਰ ਕਰਦੇ ਆ ਰਹੇ ਹਨ, ਪਰੰਤੂ ਉਨ੍ਹਾਂ ਇਸ ਮਸਲੇ ‘ਤੇ ਵਿਸ਼ਾਲ ਜਨਤਕ ਲਾਮਬੰਦੀ ਕਰਨ ਦੇ ਕਾਰਜ ਨੂੰ ਲਗਭਗ ਅਣਗੌਲਿਆਂ ਹੀ ਕੀਤਾ ਹੈ। ਸਰਕਾਰੀ ਜ਼ੁਲਮ ਖ਼ਿਲਾਫ਼ ਅਕਾਲੀ ਆਗੂਆਂ ਦੀ ਗੰਭੀਰਤਾ ਤੇ ਸੁਹਿਰਦਤਾ ਬਾਰੇ ਸਿੱਖ ਸੰਗਤਾਂ ਦੇ ਮਨਾਂ ‘ਚ ਪਹਿਲਾਂ ਹੀ ਕਾਫ਼ੀ ਸ਼ੱਕ-ਸੁਝਾ ਤੇ ਬੇਵਿਸ਼ਵਾਸੀ ਪਾਈ ਜਾਂਦੀ ਹੈ। ਖਾਲੜਾ ਕੇਸ ਦੇ ਮਾਮਲੇ ‘ਚ ਉਨ੍ਹਾਂ ਵੱਲੋਂ ਅਪਣਾਇਆ ਰਸਮੀ ਵਤੀਰਾ ਮੌਜੂਦਾ ਸ਼ੰਕਿਆਂ ‘ਚ ਹੋਰ ਇਜ਼ਾਫ਼ਾ ਕਰੇਗਾ। ਅਕਾਲੀ ਆਗੂਆਂ ਨੂੰ ਇਸ ਪੱਖ ਤੋਂ ਸੁਚੇਤ ਹੋਣ ਅਤੇ ਆਪਣੀ ਪਹੁੰਚ ਤੇ ਸਰਗਰਮੀ ਅੰਦਰ ਤਿੱਖਾ ਸੁਧਾਰ ਲਿਆਉਣ ਦੀ ਲੋੜ ਹੈ।

ਅਗਲੇ ਕਾਰਜ

ਪੰਜਾਬ ਅੰਦਰ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਤਾਕਤਾਂ ਨੂੰ ਸੁਪਰੀਮ ਕੋਰਟ ਵੱਲੋਂ ਸ. ਖਾਲੜਾ ਦੇ ਮਾਮਲੇ ਦੀ ਸੀ.ਬੀ.ਆਈ. ਕੋਲੋਂ ਪੜਤਾਲ ਕਰਾਉਣ ਦੇ ਆਦੇਸ਼ ਦੇ ਦੇਣ ਉਪਰੰਤ ਕਿਸੇ ਵੀ ਤਰ੍ਹਾਂ ਅਵੇਸਲੇ ਨਹੀਂ ਹੋਣਾ ਚਾਹੀਦਾ। ਇਸ ਫ਼ੈਸਲੇ ਨੂੰ ਇਕ ਨਿਗੂਣੀ ਜਿੱਤ ਵਜੋਂ ਲੈ ਕੇ ਹੋਰ ਨਿੱਗਰ ਪ੍ਰਾਪਤੀਆਂ ਲਈ ਯਤਨ ਦੂਣੇ-ਚੌਣੇ ਕਰ ਦੇਣੇ ਚਾਹੀਦੇ ਹਨ। ਸਰਗਰਮੀ ਨੂੰ ਸਹੀ ਦਿਸ਼ਾ ‘ਚ ਅੱਗੇ ਵਧਾਉਣ ਲਈ ਕੁੱਝ ਨੁਕਤਿਆਂ ਬਾਰੇ ਸਪੱਸ਼ਟ ਹੋਣਾ ਜ਼ਰੂਰੀ ਹੈ।

ਹੁਣ ਤਕ ਦੀ ਸਮੁੱਚੀ ਸਰਗਰਮੀ ਸ. ਜਸਵੰਤ ਸਿੰਘ ਖਾਲੜਾ ਦੀ ਵਡਮੁੱਲੀ ਜ਼ਿੰਦਗੀ ਨੂੰ ਬਚਾਉਣ ਦੇ ਧੁਰੇ ਦੁਆਲੇ ਘੁੰਮਦੀ ਰਹੀ ਹੈ। ਅੱਡ-ਅੱਡ ਹਲਕਿਆਂ ਵੱਲੋਂ ਸ. ਖਾਲੜਾ ਦੀ ਜ਼ਿੰਦਗੀ ਪ੍ਰਤਿ ਪ੍ਰਗਟਾਇਆ ਇਹ ਸਰੋਕਾਰ, ਇਸ ਸਰਗਰਮੀ ਦਾ ਬੇਹੱਦ ਸ਼ਲਾਘਾਯੋਗ ਪੱਖ ਹੈ ਪ੍ਰੰਤੂ ਹੁਣ ਜਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਅੱਗੇ ਇਹ ਗੱਲ ਸ਼ਰ੍ਹੇਆਮ ਕਬੂਲ ਕਰ ਲਈ ਹੈ ਕਿ ਉਹ ਸ. ਖਾਲੜਾ ਦਾ ਥਹੁ-ਪਤਾ ਲਾਉਣ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ ਤਾਂ ਸ. ਖਾਲੜਾ ਦੀ ਹੋਣੀ ਬਾਰੇ ਕਿਸੇ ਸ਼ੱਕ-ਸੁਲ੍ਹੇ ਦੀ ਗੁੰਜ਼ਾਇਸ਼ ਬਾਕੀ ਨਹੀਂ ਰਹਿ ਗਈ। ਪੁਲਸ ਵੱਲੋਂ ਸ. ਖਾਲੜਾ ਨੂੰ ਅਗ਼ਵਾ ਕਰਨ ਪਿੱਛੇ ਛੁਪੇ ਮੰਤਵ ਕਿਸੇ ਵੇਲੇ ਵੀ ਛੁਪੇ ਨਹੀਂ ਸਨ। ਇਸ ਕਰਕੇ ਜਸਵੰਤ ਸਿੰਘ ਖਾਲੜਾ ਦੀ ਜਾਨ ਨੂੰ ਗੰਭੀਰ ਖ਼ਤਰੇ ਬਾਰੇ 6 ਸਤੰਬਰ ਤੋਂ ਹੀ ਡਰ ਤੇ ਤੌਖ਼ਲੇ ਪ੍ਰਗਟ ਕੀਤੇ ਜਾਂਦੇ ਰਹੇ ਹਨ।

ਪੰਜਾਬ ਦੀ ਸਰਕਾਰ ਤੇ ਪੁਲਸ (ਜਿਨ੍ਹਾਂ ਵਿਚ ਨਿਖੇੜਾ ਕਰਨਾ ਕੋਈ ਬਹੁਤਾ ਅਰਥ ਨਹੀਂ ਰੱਖਦਾ) ਦੇ ਸਮੁੱਚੇ ਰਵੱਈਏ ਦੀ ਘੋਖ ਕਰਨ ਤੋਂ ਬਾਅਦ ਇਨ੍ਹਾਂ ਤੌਖ਼ਲਿਆਂ ਨੂੰ ਸੱਚ ਤਸਲੀਮ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਸੋ ਸ. ਜਸਵੰਤ ਸਿੰਘ ਖਾਲੜਾ ਦੀ ਹੋਣੀ ਪ੍ਰਤਿ ਫ਼ਿਕਰਮੰਦ ਹਲਕਿਆਂ ਨੂੰ ਹੁਣ ਇਹ ਮੰਦਭਾਗਾ ਸੱਚ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਕਿ ਪੁਲਸੀ ਦਰਿੰਦਿਆਂ ਨੇ ਜਿਸ ਬੁਰੇ ਇਰਾਦੇ ਨਾਲ ਸ. ਖਾਲੜਾ ਨੂੰ ਅਗ਼ਵਾ ਕੀਤਾ ਸੀ, ਉਸ ’ਚ ਉਸ ਦੇ ਜ਼ਿੰਦਾ ਹੋਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ । ਕਾਲੇ ਕਾਰਨਾਮੇ ਕਰਨ ਵਾਲਿਆਂ ਦੇ ਦਿਲ ਵੀ ਕਾਲੇ ਹੁੰਦੇ ਹਨ। ਉਨ੍ਹਾਂ ਕੋਲ ਸੱਚ ਬੋਲਣ ਦੀ ਜੁਰਅਤ ਨਹੀਂ ਹੁੰਦੀ। ਇਹ ਜੁਰਅਤ ਹੁੰਦੀ ਤਾਂ ਉਹ ਜਸਵੰਤ ਸਿੰਘ ਖਾਲੜਾ ਦੀ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਕਬੂਲ ਕਰ ਲੈਂਦੇ।

ਸੋ ਦੁਖੀ ਹਿਰਦਿਆਂ ਨਾਲ ਇਹ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਪੁਲਸੀ ਹਤਿਆਰਿਆਂ ਨੇ ਸ. ਖਾਲੜਾ ਨੂੰ ਜ਼ਿੰਦਾ ਰੱਖਣ ਦੀ ਥਾਂ ਉਸ ਨੂੰ ਬੁਜ਼ਦਿਲੀ ਨਾਲ ਖ਼ਤਮ ਕਰ ਦਿੱਤਾ ਹੈ। ਇਸ ਕਰਕੇ ਹੁਣ ਜਸਵੰਤ ਸਿੰਘ ਖਾਲੜਾ ਦੀ ਰਿਹਾਈ ਦੀ ਮੰਗ ਅਪ੍ਰਸੰਗਿਕ ਹੋ ਗਈ ਹੈ। ਇਸ ਦੀ ਬਜਾਏ ਹੁਣ ਸਮੁੱਚੀ ਸਰਗਰਮੀ ਦਾ ਮੁਹਾਣ ਸ. ਖਾਲੜਾ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਵੱਲ ਮੋੜ ਦੇਣਾ ਚਾਹੀਦਾ ਹੈ। ਇਸ ਮੰਗ ਨੂੰ ਠੋਸ ਰੂਪ ਦਿੰਦੇ ਹੋਏ ਕੇ.ਪੀ.ਐੱਸ. ਗਿੱਲ ਦੀ ਫ਼ੌਰਨ ਬਰਖ਼ਾਸਤਗੀ ਅਤੇ ਅਜੀਤ ਸਿੰਘ ਸੰਧੂ ਦੀ ਫ਼ੌਰਨ ਗ੍ਰਿਫ਼ਤਾਰੀ ਦੀ ਮੰਗ ਉਭਾਰੀ ਜਾਣੀ ਚਾਹੀਦੀ ਹੈ। 10 ਦਸੰਬਰ ਦਾ ਦਿਨ ਯੂ.ਐਨ.ਓ. ਵੱਲੋਂ ਕੌਮਾਂਤਰੀ ਪੱਧਰ ‘ਤੇ ‘ਮਨੁੱਖੀ ਅਧਿਕਾਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਇਹ ਦਿਨ ਸ. ਖਾਲੜਾ ਦੀ ਯਾਦ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਉਸ ਦਿਨ ਦੇਸ਼-ਵਿਦੇਸ਼ ਅੰਦਰ, ਜਗ੍ਹਾ-ਜਗ੍ਹਾ ਵਿਸ਼ਾਲ ਜਨਤਕ ਇਕੱਠ ਕਰ ਕੇ ਪੂਰੇ ਦਮ-ਖ਼ਮ ਨਾਲ ਉਪਰੋਕਤ ਮੰਗਾਂ ਉਭਾਰੀਆਂ ਜਾਣੀਆਂ ਚਾਹੀਦੀਆਂ ਹਨ। ਸਭਨਾਂ ਅਕਾਲੀ ਧੜਿਆਂ ਵੱਲੋਂ ਇਸ ਮਾਮਲੇ ਨੂੰ ਤਨੋਂ-ਮਨੋਂ ਅਤੇ ਪੂਰੀ ਗਹਿਰ-ਗੰਭੀਰਤਾ ਨਾਲ ਹੱਥ ‘ਚ ਲੈ ਕੇ ਹੁਣੇ ਤੋਂ ਵਿਸ਼ਾਲ ਜਨਤਕ ਲਾਮਬੰਦੀ ਦੇ ਅਮਲ ‘ਚ ਜੁੱਟ ਜਾਣਾ ਚਾਹੀਦਾ ਹੈ। ਸ. ਜਸਵੰਤ ਸਿੰਘ ਖਾਲੜਾ ਨੂੰ ਅਸਲ ਸ਼ਰਧਾਂਜਲੀ ਇਹੋ ਹੋਵੇਗੀ!

 

ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ਼ ਲਈ ਆਵਾਜ਼ ਬੁਲੰਦ ਕਰਨ ਦਾ ਫ਼ਰਜ਼ ਬਣਦਾ ਹੈ। ਏਸ ਦੁਨੀਆਂ ਵਿਚ ਸਦੀਵੀ ਤੌਰ ‘ਤੇ ਕਿਸੇ ਨਹੀਂ ਬੈਠੇ ਰਹਿਣਾ, ਅਤੇ ਸਾਨੂੰ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਅਸੀਂ ਪੰਜਾਬ ਅੰਦਰ ਹਰ ਰੋਜ਼ ਕੋਹੇ, ਮਾਰੇ ਤੇ ਲਾ-ਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤਿ ਆਪਣਾ ਫ਼ਰਜ਼ ਪੂਰਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ ਹੈ। ਵਾਹਿਗੁਰੂ ਨਿਰਭਉ ਹੈ ਅਤੇ ਸਾਨੂੰ ਡਰੂ ਨਹੀਂ ਹੋਣਾ ਚਾਹੀਦਾ।

ਜਸਵੰਤ ਸਿੰਘ ਖਾਲੜਾ

 

ਤਸਵੀਰਾਂ 

 

ਸ਼ਹੀਦ ਜਸਵੰਤ ਸਿੰਘ ਖਾਲੜਾ | Jaswant Singh Khalra

 

 

 

Credit – ਅਜਮੇਰ ਸਿੰਘ

 

Leave a comment

error: Content is protected !!