ਸ਼ਹੀਦ ਕਰਤਾਰ ਸਿੰਘ ਸਰਾਭਾ – ਸ਼ਹੀਦ ਭਗਤ ਸਿੰਘ
ਰਣਚੰਡੀ ਦੇ ਇਸ ਪਰਮ ਭਗਤ ਬਾਗੀ ਕਰਤਾਰ ਸਿੰਘ ਦੀ ਉਮਰ ਉਸ ਵੇਲੇ ਬੀਹਾਂ ਸਾਲਾਂ ਦੀ ਵੀ ਨਹੀਂ ਹੋਈ ਸੀ ਜਦ ਉਸ ਨੇ ਸਵਤੰਤਰਤਾ ਦੇਵੀ ਦੀ ਬਲੀ ਵੇਦੀ ਉਤੇ ਆਪਣੀ ਕੁਰਬਾਨੀ ਦੇ ਦਿੱਤੀ। ਹਨੇਰੀ ਵਾਂਗ ਉਹ ਇੱਕ ਦਮ ਕਿਤਿਉਂ ਆਏ, ਅੱਗ ਭੜਕਾਈ ਤੇ ਸੁਪਨਿਆਂ ‘ਚ ਪਈ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬਗਾਵਤ ਦਾ ਯੱਗ ਰਚਿਆ ਅਤੇ ਆਖਰਕਾਰ ਉਹ ਖੁਦ ਆਪ ਵਿੱਚ ਭਸਮ ਹੋ ਗਏ। ਉਹ ਕੀ ਸਨ, ਕਿਸ ਦੁਨੀਆਂ ਤੋਂ ਅਚਾਨਕ ਆਏ ਅਤੇ ਝੱਟ ਕਿੱਧਰ ਨਿਕਲ ਚਲੇ ਗਏ, ਅਸੀਂ ਕੁੱਝ ਵੀ ਨਾ ਜਾਣ ਸਕੇ । ਉੱਨੀ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਇੰਨ੍ਹੇ ਕੰਮ ਕਰ ਵਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਐਨੀ ਜੁਰਅਤ, ਐਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ। ਭਾਰਤਵਰਸ਼ ਵਿੱਚ ਐਸੇ ਇਨਸਾਨ ਘੱਟ ਹੀ ਪੈਦਾ ਹੋਏ ਹੋਣਗੇ ਜਿੰਨ੍ਹਾਂ ਨੂੰ ਕਿ ਸਹੀ ਅਰਥਾਂ ਵਿੱਚ ਬਾਗੀ ਆਖਿਆ ਜਾ ਸਕਦਾ ਹੈ । ਪ੍ਰੰਤੂ ਇਹਨਾਂ ਗਿਣਿਆਂ-ਮਿਥਿਆਂ ਆਗੂਆਂ ਵਿੱਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਹਨਾਂ ਦੀ ਰਗ ਰਗ ਵਿੱਚ ਇਨਕਲਾਬ ਦਾ ਜ਼ਜ਼ਬਾ ਸਮਾਇਆ ਹੋਇਆ ਸੀ । ਉਹਨਾਂ ਦੀ ਜਿੰਦਗੀ ਦਾ ਇੱਕੋ ਮਕਸਦ, ਇੱਕੋ ਖਾਹਸ਼ ਤੇ ਇੱਕੋ ਉਮੀਦ ਜੋ ਕੁੱਝ ਵੀ ਸੀ ਇਨਕਲਾਬ ਸੀ । ਇਸ ਦੇ ਲਈ ਉਹਨਾਂ ਜ਼ਿੰਦਗੀ ਵਿੱਚ ਪੈਰ ਪਾਇਆ ਤੇ ਅਖੀਰ ਇਸੇ ਲਈ ਹੀ ਦੁਨੀਆਂ ਤੋਂ ਚਲਾਣਾ ਕਰ ਗਏ।
ਆਪ ਦਾ ਜਨਮ 1896 ਵਿੱਚ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਆਪ ਮਾਤਾ ਪਿਤਾ ਦੇ ਇੱਕਲੌਤੇ ਪੁੱਤਰ ਸਨ । ਹਾਲੇ ਉਨ੍ਹਾਂ ਦੀ ਉਮਰ ਛੋਟੀ ਹੀ ਸੀ ਕਿ ਪਿਤਾ ਜੀ ਚਲਾਣਾ ਕਰ ਗਏ । ਪਰੰਤੂ ਆਪ ਦੇ ਦਾਦਾ ਜੀ ਨੇ ਬਹੁਤ ਯਤਨ ਕਰਕੇ ਆਪ ਨੂੰ ਪਾਲਿਆ । ਨੌਵੀਂ ਜਮਾਤ ਪੜ੍ਹਨ ਤੋਂ ਬਾਅਦ ਆਪਣੇ ਚਾਚੇ ਕੋਲ ਚਲੇ ਗਏ। ਉਥੇ ਉਹਨਾਂ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ ਅਤੇ ਕਾਲਜ ਪੜ੍ਹਨ ਲੱਗ ਪਏ। ਇਹ 1910-11 ਦੇ ਦਿਨ ਸਨ।
ਇੱਧਰ ਆਪ ਨੂੰ ਸਕੂਲ ਅਤੇ ਕਾਲਜ ਦੇ ਪਾਠ ਕਰਮ ਦੇ ਤੰਗ ਘੇਰੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ । ਇਹ ਅੰਦੋਲਨ ਦਾ ਜ਼ਮਾਨਾ ਸੀ। ਇਸ ਵਾਤਾਵਰਨ ਵਿੱਚ ਰਹਿ ਕੇ ਆਪ ਦਾ ਦੇਸ਼ ਪ੍ਰੇਮ ਦਾ ਜ਼ਜ਼ਬਾ ਭੜਕਿਆ ।
ਇਸ ਤੋਂ ਬਾਅਦ ਆਪ ਦੀ ਅਮਰੀਕਾ ਜਾਣ ਦੀ ਖਾਹਿਸ਼ ਹੋਈ। ਘਰਦਿਆਂ ਨੇ ਉਸ ਦਾ ਕੋਈ ਵਿਰੋਧ ਨਾ ਕੀਤਾ । ਆਪ ਨੂੰ ਅਮਰੀਕਾ ਭੇਜ ਦਿੱਤਾ ਗਿਆ। ਸੰਨ 1912 ਵਿੱਚ ਆਪ ਸਾਨਫ੍ਰਾਂਸਿਸਕੋ ਦੀ ਬੰਦਰਗਾਹ ਉਤੇ ਪਹੁੰਚੇ। ਆਜ਼ਾਦ ਦੇਸ਼ ਵਿੱਚ ਜਾ ਕੇ ਕਦਮ ਕਦਮ ਤੇ ਆਪ ਦੇ ਕੋਮਲ ਦਿਲ ਉਤੇ ਚੋਟ ਲੱਗੀ। ਇਹਨਾਂ ਗੋਰਿਆਂ ਦੀ ਜ਼ੁਬਾਨ ਤੋਂ ਨਖਿੱਧ ਹਿੰਦੂ ਅਤੇ ਕਾਲੇ ਆਦਮੀ ਆਦਿ ਸੁਣਦੇ ਹੀ ਪਾਗਲ ਹੋ ਉਠਦੇ ਸਨ । ਉਹਨਾਂ ਨੂੰ ਪੈਰ ਪੈਰ ਤੇ ਦੇਸ਼ ਦੀ ਇੱਜਤ ਤੇ ਮਾਣ ਖਤਰੇ ਵਿੱਚ ਨਜ਼ਰ ਆਉਣ ਲੱਗੇ। ਘਰ ਯਾਦ ਆਉਣ ਤੇ ਜ਼ੰਜ਼ੀਰਾਂ ਵਿੱਚ ਜੱਕੜਿਆ ਹੋਇਆ ਭਾਰਤ ਸਾਹਮਣੇ ਆ ਜਾਂਦਾ । ਉਹਨਾਂ ਦਾ ਕੋਮਲ ਦਿਲ ਹੌਲੀ ਹੌਲੀ ਸਖ਼ਤ ਹੋਣ ਲੱਗਾ
ਅਤੇ ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰਨ ਦਾ ਇਰਾਦਾ ਮਜ਼ਬੂਤ ਹੁੰਦਾ ਗਿਆ। ਉਹਨਾਂ ਦੇ ਦਿਲਾਂ ਉਤੇ ਇਸ ਵੇਲੇ ਕੀ ਗੁਜ਼ਰਦਾ ਸੀ। ਇਹ ਕਿਵੇਂ ਸਮਝ ਸਕਦੇ ਹਾਂ।
ਇਹ ਅਸੰਭਵ ਸੀ ਕਿ ਉਹ ਚੈਨ ਨਾਲ ਰਹਿ ਸਕਦੇ । ਹਰ ਵੇਲੇ ਉਹਨਾਂ ਦੇ ਸਾਹਮਣੇ ਇਹੀ ਸਵਾਲ ਆਉਣ ਲੱਗਾ ਕਿ ਜੇ ਸ਼ਾਂਤੀ ਨਾਲ ਕੰਮ ਨਾ ਚੱਲਿਆ ਤਾਂ ਦੇਸ਼ ਕਿਸ ਤਰ੍ਹਾਂ ਆਜ਼ਾਦ ਹੋਏਗਾ? ਫਿਰ ਜ਼ਿਆਦਾ ਸੋਚੇ ਬਗੈਰ ਉਹਨਾਂ ਭਾਰਤੀ ਮਜ਼ਦੂਰਾਂ ਦੀ ਜੱਥੇਬੰਦੀ ਸ਼ੁਰੂ ਕਰ ਦਿੱਤੀ । ਉਹਨਾਂ ਵਿੱਚ ਆਜ਼ਾਦੀ ਦਾ ਜ਼ਜ਼ਬਾ ਉਭਰਨ ਲੱਗਾ। ਹਰ ਇੱਕ ਕੋਲ ਘੰਟਿਆਂ ਬੱਧੀ ਬੈਠ ਕੇ ਸਮਝਾਉਣ ਲੱਗੇ ਕਿ ਬੇਇੱਜ਼ਤੀ ਨਾਲ ਭਰੀ ਹੋਈ ਗੁਲਾਮੀ ਦੀ ਜ਼ਿੰਦਗੀ ਨਾਲੋਂ ਤਾਂ ਮੌਤ ਹਜ਼ਾਰ ਦਰਜੇ ਚੰਗੀ ਹੈ। ਕੰਮ ਸ਼ੁਰੂ ਹੋਣ ਤੇ ਹੋਰ ਲੋਕ ਵੀ ਉਹਨਾਂ ਨਾਲ ਆ ਮਿਲੇ । ਮਈ 1912 ਵਿੱਚ ਇਹਨਾਂ ਲੋਕਾਂ ਦੀ ਇੱਕ ਖਾਸ ਮੀਟਿੰਗ ਹੋਈ। ਇਸ ਵਿੱਚ ਕੁੱਝ ਚੁਣੇ ਹੋਏ ਹਿੰਦੁਸਤਾਨੀ ਸ਼ਾਮਿਲ ਹੋਏ। ਸਾਰਿਆਂ ਨੇ ਦੇਸ਼ ਦੀ ਆਜ਼ਾਦੀ ਉਤੋਂ ਤਨ, ਮਨ, ਧਨ ਨਿਛਾਵਰ ਕਰਨ ਦਾ ਪ੍ਰਣ ਕੀਤਾ। ਇਨੀਂ ਦਿਨ੍ਹੀ ਪੰਜਾਬ ਦੇ ਜਲਾਵਤਨ ਦੇਸ਼ ਭਗਤ ਭਗਵਾਨ ਸਿੰਘ ਉਥੇ ਪਹੁੰਚੇ । ਧੜਾ ਧੜ ਜਲਸੇ ਹੋਣ ਲੱਗੇ। ਉਪਦੇਸ਼ ਹੋਣ ਲੱਗੇ। ਕੰਮ ਤੋਂ ਕੰਮ ਹੁੰਦਾ ਗਿਆ। ਮੈਦਾਨ ਤਿਆਰ ਹੋ ਗਿਆ। ਫਿਰ ਅਖਬਾਰ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਗ਼ਦਰ ਨਾਮੀ ਅਖਬਾਰ ਕੱਢਿਆ ਗਿਆ। ਇਸ ਦੇ ਐਡੀਟੋਰੀਅਲ ਸਟਾਫ਼ ਵਿੱਚ ਕਰਤਾਰ ਸਿੰਘ ਵੀ ਸਨ। ਆਪ ਦੀ ਕਲਮ ਵਿੱਚ ਅਥਾਹ ਜੋਸ਼ ਸੀ। ਅਖਬਾਰ ਨੂੰ ਐਡੀਟੋਰੀਅਲ ਦੇ ਮੈਂਬਰ ਹੈਂਡ ਪ੍ਰੈਸ ਤੇ ਛਾਪਦੇ ਸਨ । ਕਰਤਾਰ ਸਿੰਘ ਮਤਵਾਲੇ ਇਨਕਲਾਬ ਪਸੰਦ ਨੌਜਵਾਨ ਸਨ । ਪ੍ਰੈਸ ਚਲਾਉਦਿਆਂ ਥੱਕ ਜਾਣ ਤੇ ਉਹ ਗੀਤ ਗਾਇਆ ਕਰਦੇ ਸਨ-
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ।
ਕਰਤਾਰ ਸਿੰਘ ਜਿਸ ਲਗਨ ਨਾਲ ਮਿਹਨਤ ਕਰਦੇ ਸਨ, ਇਸ ਨਾਲ ਸਭਾ ਦਾ ਹੌਸਲਾ ਵੱਧ ਜਾਂਦਾ ਸੀ । ਭਾਰਤ ਨੂੰ ਕਿਸ ਤਰ੍ਹਾਂ ਆਜ਼ਾਦ ਕਰਵਾਇਆ ਜਾਵੇ? ਇਹ ਕਿਸੇ ਹੋਰ ਨੂੰ ਪਤਾ ਹੋਵੇ ਜਾਂ ਨਾ ਹੋਵੇ। ਕਿਸੇ ਨੇ ਇਸ ਸਵਾਲ ਤੇ ਸੋਚ ਵਿਚਾਰ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ ਪਰ ਕਰਤਾਰ ਸਿੰਘ ਨੇ ਇਸ ਬਾਰੇ ਬਹੁਤ ਕੁੱਝ ਸੋਚ ਰੱਖਿਆ ਸੀ । ਇਸ ਦੌਰਾਨ ਆਪ ਨਿਊਯਾਰਕ ਵਿੱਚ ਹਵਾਈ ਜ਼ਹਾਜ਼ਾਂ ਦੀ ਕੰਪਨੀ ਵਿੱਚ ਭਰਤੀ ਹੋ ਗਏ ਅਤੇ ਇੱਥੇ ਦਿਲ ਲਗਾ ਕੇ ਕੰਮ ਸਿੱਖਣ ਲੱਗੇ।
ਸਤੰਬਰ 1914 ਵਿੱਚ ਕਾਮਾਗਾਟਾਮਾਰੂ ਜ਼ਹਾਜ਼ ਨੂੰ ਜ਼ਾਲਮ ਗੋਰਾ ਸ਼ਾਹੀ ਦੇ ਹੱਥੋਂ ਨਾ ਵਰਨਣ ਯੋਗ ਤਸੀਹੇ ਝੱਲਣੇ ਪਏ ਤੇ ਉਸੇ ਤਰ੍ਹਾਂ ਹੀ ਵਾਪਿਸ ਮੁੜਨਾ ਪਿਆ। ਤਦ ਸਾਡੇ ਕਰਤਾਰ ਸਿੰਘ, ਇਨਕਲਾਬ ਪਸੰਦ ਗੁਪਤਾ ਤੇ ਇੱਕ ਅਮਰੀਕਨ ਅਨਾਰਕਿਸਟ ਜੈਕ ਨੂੰ ਨਾਲ ਲੈ ਕੇ ਹਵਾਈ ਜ਼ਹਾਜ਼ ਤੇ ਜਪਾਨ ਆਏ ਅਤੇ ਕਬੇ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਨਾਲ ਮਿਲ ਕੇ ਸਭ ਗੱਲਬਾਤ ਕੀਤੀ। ਯੁਗਾਂਤਰ ਆਸ਼ਰਮ ਸਾਂਨਫ੍ਰਾਸਿਸਕੋ ਗਦਰ ਪ੍ਰੈਸ ਵਿੱਚ “ਗਦਰ ਅਤੇ ਗਦਰ ਦੀ ਗੂੰਜ” ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਛਾਪ ਕੇ ਵੱਡੀਆਂ ਜਾਂਦੀਆਂ ਰਹੀਆਂ। ਦਿਨੋਂ-ਦਿਨ ਪ੍ਰਚਾਰ ਜੋਰਾਂ ਤੇ ਹੁੰਦਾ ਗਿਆ । ਜੋਸ਼ ਵੱਧਦਾ ਗਿਆ। ਫਰਵਰੀ 1914 ਵਿੱਚ ਸਟਾਕਨ ਦੇ ਆਮ ਜਲਸੇ ਵਿੱਚ ਆਜ਼ਾਦੀ ਝੰਡਾ ਲਹਿਰਾਇਆ ਗਿਆ। ਅਤੇ ਆਜ਼ਾਦੀ ਤੇ ਬਰਾਬਰੀ ਦੇ ਨਾਂ ਤੇ ਕਸਮ ਖਾਧੀ ਗਈ। ਇਸ ਜਲਸੇ ਦੇ ਬੁਲਾਰਿਆਂ ਵਿੱਚ ਕਰਤਾਰ ਸਿੰਘ ਵੀ ਸਨ । ਸਾਰਿਆਂ ਨੇ ਐਲਾਨ ਕੀਤਾ ਕਿ ਉਹ ਆਪਣੇ ਖੂਨ ਪਸੀਨੇ ਦੀ ਕਮਾਈ ਇੱਕ ਕਰਕੇ ਮੁਲਕ ਦੀ ਆਜ਼ਾਦੀ ਦੀ ਜੱਦੋ-ਜਹਿਦ ਲਈ ਲੱਗਾ ਦੇਣਗੇ। ਇਸ ਤਰ੍ਹਾਂ ਦਿਨ ਗੁਜਰਦੇ ਰਹੇ। ਅਚਾਨਕ ਯੂਰਪ ਵਿੱਚ ਪਹਿਲੀ ਜੰਗ ਲੱਗਣ ਦੀ ਖਬਰ ਮਿਲੀ । ਉਹ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਸਨ। ਇੱਕ ਦਮ ਸਾਰੇ ਗਾਉਣ ਲੱਗ ਪਏ—
“ਚਲੋ ਚਲੀਏ ਦੇਸ਼ ਨੂੰ ਯੁੱਧ ਕਰਨ,
ਇਹੋ ਆਖਰੀ ਵਚਨ ਤੇ ਫੁਰਮਾਨ ਹੋ ਗਏ।”
ਕਰਤਾਰ ਸਿੰਘ ਨੇ ਦੇਸ਼ ਵਾਪਸ ਮੁੜਨ ਦਾ ਪ੍ਰਚਾਰ ਜ਼ੋਰ ਨਾਲ ਕੀਤਾ। ਫਿਰ ਆਪ ਜਹਾਜ਼ ਤੇ ਸਵਾਰ ਹੋ ਕੋਲੰਬੋ (ਲੰਕਾ) ਪਹੁੰਚ ਗਏ । ਇਨ੍ਹੀਂ ਦਿਨੀਂ ਅਮਰੀਕਾ ਤੋਂ ਪੰਜਾਬ ਆਉਣ ਵਾਲੇ ਆਮ ਤੌਰ ਤੇ ਡਿਫੈਂਸ ਆਫ ਇੰਡੀਆ ਕਾਨੂੰਨ ਦੀ ਪਕੜ੍ਹ ਵਿੱਚ ਆ ਜਾਂਦੇ ਸਨ । ਬਹੁਤ ਘੱਟ ਸਹੀ ਸਲਾਮਤ ਆ ਪਹੁੰਚ ਸਕਦੇ ਸਨ। ਕਰਤਾਰ ਸਿੰਘ ਸਹੀ ਸਲਾਮਤ ਆ ਪਹੁੰਚਿਆ। ਬੜੇ ਜੋਰਾਂ ਨਾਲ ਕੰਮ ਸ਼ੁਰੂ ਹੋਇਆ । ਸੰਗਠਨ ਦੀ ਕਮੀ ਸੀ । ਪਰੰਤੂ ਕਿਸੇ ਤਰ੍ਹਾਂ ਉਹ ਵੀ ਪੂਰੀ ਕੀਤੀ ਗਈ। ਦਸੰਬਰ 1914 ਵਿੱਚ ਮਰਹੱਟੇ ਨੌਜਵਾਨ ਵਿਸ਼ਨੂੰ ਗਣੇਸ ਪਿੰਗਲੇ ਵੀ ਆ ਗਏ। ਇਹਨਾਂ ਦੀ ਕੋਸ਼ਿਸ਼ ਨਾਲ ਸ਼੍ਰੀ ਸਾਚਿੰਦਰ ਨਾਥ ਸਨਿਆਲ ਤੇ ਰਾਸ ਬਿਹਾਰੀ ਬੋਸ ਪੰਜਾਬ ਆਏ । ਕਰਤਾਰ ਸਿੰਘ ਹਰ ਸਮੇਂ ਹਰ ਥਾਂ ਹੁੰਦੇ । ਅੱਜ ਮੋਗੇ ਵਿੱਚ ਖੁਫੀਆ ਮੀਟਿੰਗ ਹੈ, ਆਪ ਫਿਰ ਅਗਲੀ ਕਤਾਰ ਵਿੱਚ ਹਨ। ਅਗਲੇ ਦਿਨ ਫਿਰੋਜ਼ਪੁਰ ਦੀ ਛਾਉਂਣੀ ਦੇ ਸਿਪਾਹੀਆਂ ਨਾਲ ਗਠਜੋੜ ਹੋ ਰਿਹਾ ਹੈ। ਫਿਰ ਹਥਿਆਰਾਂ ਲਈ ਕਲਕੱਤੇ ਜਾ ਰਹੇ ਹਨ। ਰੁਪਏ ਦੀ ਕਮੀ ਦਾ ਸਵਾਲ ਉਠਣ ਤੇ ਆਪ ਨੇ ਡਾਕਾ ਮਾਰਨ ਦੀ ਸਲਾਹ ਦਿੱਤੀ। ਡਾਕੇ ਦਾ ਨਾਂ ਸੁਣਦੇ ਹੀ ਬਹੁਤ ਸਾਰੇ ਲੋਕ ਹੱਕੇ ਬੱਕੇ ਰਹਿ ਗਏ । ਪਰੰਤੂ ਆਪ ਨੇ ਕਹਿ ਦਿੱਤਾ ਕੋਈ ਡਰ ਨਹੀਂ ਹੈ। ਭਾਈ ਪਰਮਾਨੰਦ ਵੀ ਡਾਕੇ ਨਾਲ ਅਸਹਿਮਤ ਸਨ। ਇਹਨਾਂ ਤੋਂ ਤਸਦੀਕ ਕਰਵਾਉਣ ਦੀ ਜਿੰਮੇਵਾਰੀ ਆਪ ਤੇ ਸੁੱਟੀ ਗਈ। ਅਗਲੇ ਦਿਨ ਇਹਨਾਂ ਨੂੰ ਮਿਲੇ ਬਗੈਰ ਹੀ ਕਹਿ ਦਿੱਤਾ ਕਿ,“ਪੁੱਛ ਆਇਆ ਹਾਂ ਉਹ ਸਹਿਮਤ ਹਨ।” ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸਨ ਕਿ ਬਗਾਵਤ ਦੀ ਤਿਆਰੀ ਵਿੱਚ ਸਿਰਫ ਰੁਪਏ ਦੀ ਘਾਟ ਕਰਕੇ ਦੇਰ ਹੋਵੇ। ਇੱਕ ਦਿਨ ਉਹ ਡਾਕਾ ਮਾਰਨ ਇੱਕ ਪਿੰਡ ਗਏ । ਕਰਤਾਰ ਸਿੰਘ ਲੀਡਰ ਸਨ । ਡਾਕਾ ਪੈ ਰਿਹਾ ਸੀ। ਘਰ ਵਿੱਚ ਇੱਕ ਖੂਬਸੂਰਤ ਕੁੜੀ ਵੀ ਸੀ । ਉਸਨੂੰ ਦੇਖ ਕੇ ਇੱਕ ਪਾਪੀ ਆਤਮਾ ਦਾ ਦਿਲ ਡੋਲ ਗਿਆ। ਉਸਨੇ ਲੜਕੀ ਦਾ ਹੱਥ ਜਬਰਦਸਤੀ ਫੜ ਲਿਆ। ਲੜਕੀ ਘਬਰਾ ਕੇ ਰੌਲਾ ਪਾਉਣ ਲੱਗੀ। ਇੱਕ ਦਮ ਕਰਤਾਰ ਸਿੰਘ ਰਿਵਾਲਵਰ ਤਾਣ ਕੇ ਉਸਦੇ ਨੇੜੇ ਗਏ ਤੇ ਉਸ ਆਦਮੀ ਦੇ ਮੱਥੇ ਤੇ ਪਿਸਤੌਲ ਰੱਖ ਕੇ ਉਸਨੂੰ ਨਿਹੱਥਾ ਕਰ ਦਿੱਤਾ। ਅਤੇ ਕੜਕ ਕੇ ਬੋਲੇ “ਪਾਪੀ। ਤੇਰਾ ਜ਼ੁਰਮ ਬਹੁਤ ਸੰਗੀਨ ਹੈ । ਤੈਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ, ਹਾਲਤਾਂ ਤੋਂ ਮਜਬੂਰ ਹੋ ਕੇ ਤੈਨੂੰ ਮਾਫ਼ ਕੀਤਾ ਜਾਂਦਾ ਹੈ। ਛੇਤੀ ਇਸ ਲੜਕੀ ਦੇ ਪੈਰੀਂ ਪੈ ਕੇ ਮੁਆਫ਼ੀ ਮੰਗ ਕਿ “ਭੈਣੇ! ਮੈਨੂੰ ਮਾਫ ਕਰ ਦੇ।” ਅਤੇ ਫਿਰ ਇਸ ਦੀ ਮਾਤਾ ਦੇ ਪੈਰ ਫੜ ਕੇ ਆਖ, ਮਾਤਾ ਜੀ, ਮੈਂ ਇਸ ਗਿਰਾਵਟ ਦੇ ਲਈ ਮੁਆਫੀ ਮੰਗਦਾਂ ਹਾਂ ।” ਜੇ ਤੈਨੂੰ ਉਹ ਮੁਆਫ਼ ਕਰ ਦੇਣ ਤਾਂ ਜਿੰਦਾ ਛੱਡਿਆ ਜਾਏਂਗਾ ਵਰਨਾ ਗੋਲੀ ਨਾਲ ਉਡਾ ਦਿੱਤਾ ਜਾਏਂਗਾ।” ਉਸ ਨੇ ਇਸ ਤਰ੍ਹਾਂ ਕੀਤਾ। ਗੱਲ ਅਜੇ ਜਿਆਦਾ ਨਹੀਂ ਵਧੀ ਸੀ। ਇਹ ਵੇਖ ਕੇ ਮਾਂ ਧੀ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਕਰਤਾਰ ਸਿੰਘ ਨੂੰ ਪਿਆਰ ਭਰੇ ਲਹਿਜੇ ਵਿੱਚ ਕਿਹਾ,”ਬੇਟਾ! ਇਹੋ ਜਿਹੇ ਧਰਮਾਤਮਾ ਤੇ ਸ਼ੁਸ਼ੀਲ ਨੌਜਵਾਨ ਹੋ ਕੇ ਤੁਸੀਂ ਇਸ ਕੰਮ ਵਿੱਚ ਕਿਵੇਂ ਸ਼ਾਮਿਲ ਹੋਏ? ” ਕਰਤਾਰ ਸਿੰਘ ਦਾ ਵੀ ਦਿਲ ਭਰ ਆਇਆ ਤੇ ਕਿਹਾ,”ਮਾਂ ਜੀ! ਰੁਪਏ ਦੇ ਲੋਭ ਨਾਲ ਇਹ ਕੰਮ ਕਰਨਾ ਸ਼ੁਰੂ ਨਹੀਂ ਕੀਤਾ। ਆਪਣਾ ਸਭ ਕੁੱਝ ਦਾਅ ਤੇ ਲਗਾ ਕੇ ਡਾਕਾ ਮਾਰਨ ਆਏ ਹਾਂ । ਹਥਿਆਰ ਖਰੀਦਣ ਲਈ ਰੁਪਏ ਦੀ ਜ਼ਰੂਰਤ ਹੈ। ਉਹ ਕਿੱਥੋਂ ਲਿਆਈਏ? ਮਾਂ ਜੀ ਇਸੇ ਮਹਾਨ ਕੰਮ ਦੇ ਲਈ ਅੱਜ ਇਹ ਕੰਮ ਕਰਨ ਲਈ ਮਜ਼ਬੂਰ ਹੋ ਗਏ ਹਾਂ।” ਇਸ ਵਕਤ ਤੇ ਇਹ ਬੜਾ ਦਰਦਨਾਕ ਦ੍ਰਿਸ਼ ਸੀ। ਮਾਂ ਨੇ ਫਿਰ ਕਿਹਾ,”ਇਸ ਲੜਕੀ ਦੀ ਸ਼ਾਦੀ ਕਰਨੀ ਹੈ। ਇਸ ਲਈ ਕੁਝ ਦੇ ਜਾਓ ਤਾਂ ਚੰਗਾ ਹੈ।” ਇਸ ਤੋਂ ਬਾਅਦ ਉਹਨਾਂ ਨੇ ਸਾਰਾ ਧਨ ਮਾਂ ਦੇ ਸਾਹਮਣੇ ਰੱਖ ਦਿੱਤਾ, ਤੇ ਕਿਹਾ, “ਜਿੰਨਾ ਚਾਹੋ ਲੈ ਲਓ” ਕੁਝ ਪੈਸੇ ਲੈ ਕੇ ਬਾਕੀ ਸਾਰਾ ਮਾਈ ਨੇ ਬੜੇ ਚਾਅ ਨਾਲ ਕਰਤਾਰ ਸਿੰਘ ਦੀ ਝੋਲੀ ਪਾ ਦਿੱਤਾ ਤੇ ਆਸ਼ੀਰਵਾਦ ਦਿੱਤਾ, “ਜਾਓ, ਬੇਟਾ ਤੁਹਾਨੂੰ ਕਾਮਯਾਬੀ ਨਸੀਬ ਹੋਵੇ ।” ਡਕੈਤੀ ਜਿਹੇ ਭਿਆਨਕ ਕੰਮ ਵਿੱਚ ਵੀ ਸ਼ਾਮਿਲ ਹੋ ਕੇ ਕਰਤਾਰ ਸਿੰਘ ਦਾ ਦਿਲ ਕਿੰਨ੍ਹਾਂ ਜ਼ਜ਼ਬਾਤੀ, ਕਿੰਨ੍ਹਾਂ ਪਵਿੱਤਰ ਤੇ ਕਿੰਨ੍ਹਾਂ ਵੱਡਾ ਸੀ। ਇਹ ਇਸ ਘਟਨਾ ਤੋਂ ਪਤਾ ਲੱਗਦਾ ਹੈ।
ਫਰਵਰੀ 1915 ਵਿੱਚ ਬਗਾਵਤ ਦੀ ਤਿਆਰੀ ਸੀ। ਪਹਿਲੇ ਹਫਤੇ ਆਪ, ਪਿੰਗਲੇ ਅਤੇ ਦੂਜੇ ਦੋ ਤਿੰਨ ਹੋਰ ਸਾਥੀਆਂ ਨਾਲ ਆਗਰਾ, ਕਾਨਪੁਰ, ਅਲਾਹਾਬਾਦ, ਲਖਨਊ, ਮੇਰਠ ਅਤੇ ਕਈ ਹੋਰ ਥਾਂ ਗਏ । ਅਤੇ ਬਗਾਵਤ ਲਈ ਉਹਨਾਂ ਨਾਲ ਮੇਲ-ਮਿਲਾਪ ਕਰ ਆਏ। ਅਖੀਰ ਉਹ ਦਿਨ ਨੇੜੇ ਆਉਣ ਲੱਗਾ, ਜਿਸ ਦਾ ਬੜੇ ਚਿਰ ਤੋਂ ਇੰਤਜ਼ਾਰ ਹੋਇਆ ਸੀ। 21 ਫਰਵਰੀ 1915 ਨੂੰ ਭਾਰਤ ਵਿੱਚ ਬਗਾਵਤ ਦਾ ਦਿਨ ਮੁਕੱਰਰ ਹੋਇਆ ਸੀ । ਇਸ ਦੇ ਮੁਤਾਬਕ ਤਿਆਰੀ ਹੋ ਰਹੀ ਸੀ । ਪਰੰਤੂ ਬਿਲਕੁੱਲ ਇਸ ਵੇਲੇ ਹੀ ਉਨ੍ਹਾਂ ਦੀਆਂ ਉਮੀਦਾਂ ਦੇ ਰੁੱਖ ਦੀ ਜੜ੍ਹ ਤੇ ਬੈਠਾ ਇੱਕ ਚੂਹਾ ਇਸ ਨੂੰ ਕੱਟ ਰਿਹਾ ਸੀ । ਚਾਰ ਪੰਜ ਦਿਨ ਪਹਿਲਾਂ ਸ਼ੱਕ ਪੈ ਗਿਆ ਕਿ ਕਿਰਪਾਲ ਸਿੰਘ ਦੀ ਗੱਦਾਰੀ ਨਾਲ ਸਾਰਾ ਕੁੱਝ ਢਹਿ-ਢੇਰੀ ਹੋ ਜਾਏਗਾ । ਇਸ ਡਰ ਨਾਲ ਹੀ ਕਰਤਾਰ ਸਿੰਘ ਨੇ ਰਾਸ ਬਿਹਾਰੀ ਬੋਸ ਨੂੰ ਬਗਾਵਤ ਦੀ ਤਾਰੀਕ 21 ਫਰਵਰੀ ਦੀ ਬਜਾਏ 19 ਫਰਵਰੀ ਕਰਨ ਲਈ ਕਿਹਾ। ਇਸ ਇਨਕਲਾਬੀ ਗਰੋਹ ਵਿੱਚ ਗੱਦਾਰ ਦੀ ਹੋਂਦ ਕਿੰਨੇ ਖਤਰਨਾਕ ਨਤੀਜੇ ਦਾ ਕਾਰਨ ਬਣੀ। ਰਾਸ ਬਿਹਾਰੀ ਤੇ ਕਰਤਾਰ ਸਿੰਘ ਵੀ ਕੋਈ ਮੁਨਾਸਬ ਇੰਤਜ਼ਾਮ ਨਾ ਹੋਣ ਕਰਕੇ ਆਪਣਾ ਭੇਦ ਨਾ ਛੁਪਾ ਸਕੇ । ਇਸ ਦਾ ਕਾਰਨ ਭਾਰਤ ਦੀ ਬਦਕਿਸਮਤੀ ਤੋਂ ਸਿਵਾਏ ਹੋਰ ਕੀ ਹੋ ਸਕਦਾ ਸੀ ?
ਕਰਤਾਰ ਸਿੰਘ ਪੰਜਾਹ, ਸੱਠ ਆਦਮੀਆਂ ਨਾਲ ਪਿੱਛਲੇ ਫੈਸਲੇ ਅਨੁਸਾਰ 19 ਫਰਵਰੀ ਨੂੰ ਫਿਰੋਜ਼ਪੁਰ ਜਾ ਪਹੁੰਚੇ । ਆਪਣੇ ਸਾਥੀ ਫੌਜੀ ਹੌਲਦਾਰ ਨੂੰ ਮਿਲੇ ਤੇ ਬਗਾਵਤ ਦੀ ਗੱਲ ਕੀਤੀ। ਪਰੰਤੂ ਕਿਰਪਾਲ ਸਿੰਘ ਨੇ ਤਾਂ ਸਾਰਾ ਮਾਮਲਾ ਪਹਿਲਾਂ ਹੀ ਤਿੱਤਰ ਬਿੱਤਰ ਕਰ ਦਿੱਤਾ ਸੀ। ਹਿੰਦੁਸਤਾਨੀ ਸਿਪਾਹੀ ਨਿਹੱਥੇ ਕਰ ਦਿੱਤੇ ਗਏ ਸਨ । ਧੜਾ-ਧੜ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਹੌਲਦਾਰ ਨੇ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ। ਕਰਤਾਰ ਸਿੰਘ ਦੀ ਕੋਸ਼ਿਸ਼ ਅਸਫਲ ਰਹੀ। ਨਿਰਾਸ਼ ਹੋ ਕੇ ਵਾਪਸ ਲਾਹੌਰ ਆ ਗਏ । ਪੰਜਾਬ ਭਰ ਵਿੱਚ ਗ੍ਰਿਫਤਾਰੀਆਂ ਦਾ ਚੱਕਰ ਤੇਜ਼ੀ ਨਾਲ ਚੱਲਣ ਲੱਗਾ । ਹੁਣ ਸਾਥੀ ਵੀ ਟੁੱਟਣ ਲੱਗੇ। ਇਸ ਹਾਲਤ ਵਿੱਚ ਰਾਸ ਬਿਹਾਰੀ ਬੋਸ ਮਾਯੂਸੀ ਦੀ ਹਾਲਤ ਵਿੱਚ ਲਾਹੌਰ ਦੇ ਇੱਕ ਮਕਾਨ ਵਿੱਚ ਲੇਟੇ ਹੋਏ ਸਨ। ਕਰਤਾਰ ਸਿੰਘ ਵੀ ਚਾਰਪਾਈ ਉਤੇ ਦੂਸਰੇ ਪਾਸੇ ਮੂੰਹ ਕਰਕੇ ਲੇਟ ਗਿਆ। ਆਪਸ ਵਿੱਚ ਕੋਈ ਗੱਲ ਨਾ ਕੀਤੀ । ਪਰੰਤੂ ਚੁੱਪ-ਚਾਪ ਹੀ ਇੱਕ ਦੂਸਰੇ ਦੇ ਦਿਲ ਦੀ ਹਾਲਤ ਤਾੜ ਗਏ। ਇਨ੍ਹਾਂ ਦੀ ਹਾਲਤ ਦਾ ਅੰਦਾਜ਼ਾ ਅਸੀਂ ਕੀ ਲਗਾ ਸਕਦੇ ਹਾਂ।
ਦਰ ਤਬਦੀਰ ਪਰ ਸਿਰ ਫੋੜਨਾ ਸ਼ੇਵਾਹ ਰਿਹਾ ਅਪਨਾ ।
ਵਸੀਲੇ ਹਾਥ ਹੀ ਨਾ ਆਏ ਕਿਸਮਤ ਅਜਮਾਈ ਕੇ ।
ਸਾਡਾ ਕੰਮ ਕਿਸਮਤ ਦੇ ਦਰਵਾਜਿਆਂ ਤੇ ਮੱਥਾ ਮਾਰਨਾ ਹੀ ਰਿਹਾ। ਪਰ ਕਿਸਮਤ ਅਜਮਾਈ ਲਈ ਵਸੀਲੇ ਹੱਥ ਹੀ ਨਾ ਲੱਗੇ । ਉਹਨਾਂ ਦੀ ਤਾਂ ਖਾਹਸ਼ ਇਹ ਸੀ ਕਿ ਕਿਤੇ ਲੜਾਈ ਹੋਵੇ ਤੇ ਉਹ ਆਪਣੇ ਦੇਸ਼ ਲਈ ਲੜਦੇ-ਲੜਦੇ ਜਾਨ ਦੇਣ । ਫਿਰ ਸਰਗੋਧਾ ਦੇ ਨੇੜੇ ਚੱਕ ਨੰਬਰ ਪੰਜ ਵਿੱਚ ਆ ਗਏ। ਫਿਰ ਬਗਾਵਤ ਦੀ ਚਰਚਾ ਛੇੜ ਦਿੱਤੀ। ਉਥੇ ਹੀ ਫੜੇ ਗਏ । ਜ਼ੰਜ਼ੀਰਾਂ ਵਿੱਚ ਜਕੜੇ ਗਏ। ਨਿੱਡਰ ਬਾਗੀ ਕਰਤਾਰ ਸਿੰਘ ਨੂੰ ਲਾਹੌਰ ਸਟੇਸ਼ਨ ਤੇ ਲਿਆਂਦਾ ਗਿਆ। ਪੁਲਸ ਕਪਤਾਨ ਨੂੰ ਕਿਹਾ,”ਮਿਸਟਰ ਟਾਮਕਿਨ ਕੁਝ ਖਾਣ ਨੂੰ ਲਿਆਦੇ ।” “ਉਹ ਕਿਤਨਾ ਮਸਤਾਨਾ ਮਨ ਸੀ। ਇਸ ਦਿਲ ਖਿੱਚਵੀਂ ਸ਼ਖਸ਼ੀਅਤ ਨੂੰ ਦੇਖ ਕੇ ਦੋਸਤ ਤੇ ਦੁਸ਼ਮਣ ਵੀ ਖੁਸ਼ ਹੋ ਜਾਂਦੇ ਸਨ। ਗ੍ਰਿਫਤਾਰੀ ਦੇ ਸਮੇਂ ਉਹ ਬਹੁਤ ਖੁਸ਼ ਸਨ । ਆਮ ਤੌਰ ਤੇ ਕਿਹਾ ਕਰਦੇ ਸਨ, ਬਹਾਦਰੀ ਤੇ ਹਿੰਮਤ ਨਾਲ ਮਰ ਜਾਣ ਤੇ ਮੈਨੂੰ ਬਾਗੀ ਦਾ ਖਿਤਾਬ ਦੇਣਾ। ਕੋਈ ਯਾਦ ਕਰੇ ਤਾਂ ਬਾਗੀ ਕਰਤਾਰ ਸਿੰਘ ਕਹਿ ਕੇ ਯਾਦ ਕਰੇ ।” ਮੁਕੱਦਮਾ ਚੱਲਿਆ। ਇਸ ਵੇਲੇ ਕਰਤਾਰ ਸਿੰਘ ਦੀ ਉਮਰ ਸਿਰਫ ਸਾਢੇ ਅਠਾਰਾਂ ਸਾਲ ਦੀ ਸੀ। ਸਾਰਿਆਂ ਤੋਂ ਘੱਟ ਉਮਰ ਦੇ ਅਪਰਾਧੀ ਆਪ ਹੀ ਸਨ । ਪਰੰਤੂ ਜੱਜ ਨੇ ਆਪ ਦੇ ਬਾਰੇ ਇਹ ਲਿਖਿਆ :-
“ਉਹ ਇਨ੍ਹਾਂ ਅਪਰਾਧੀਆਂ ਵਿੱਚੋਂ ਸਭ ਤੋਂ ਖਤਰਨਾਕ ਅਪਰਾਧੀਆਂ ਵਿੱਚੋਂ ਇੱਕ ਹੈ। ਅਮਰੀਕਾ ਦੇ ਸਫਰ ਦੇ ਦੌਰਾਨ, ਫਿਰ ਭਾਰਤ ਵਿੱਚ ਸਾਜ਼ਿਸ਼ ਦਾ ਕੋਈ ਹਿੱਸਾ ਨਹੀਂ ਜਿਸ ਵਿੱਚ ਇਸ ਨੇ ਉੱਘਾ ਹਿੱਸਾ ਨਾ ਪਾਇਆ ਹੋਵੇ ।”
ਇਕ ਦਿਨ ਆਪ ਦੇ ਬਿਆਨ ਦੇਣ ਦੀ ਵਾਰੀ ਆਈ । ਆਪਨੇ ਸਭ ਕੁੱਝ ਮੰਨ ਲਿਆ। ਆਪ ਇਨਕਲਾਬੀ ਬਿਆਨ ਦਿੰਦੇ ਰਹੇ। ਜੱਜ ਦੰਦਾਂ ਹੇਠ ਕਲਮ ਦਬਾਈ ਦੇਖਦਾ ਰਿਹਾ, ਇੱਕ ਲਫਜ਼ ਤੱਕ ਨਾ ਲਿਖਿਆ । ਬਾਅਦ ਵਿੱਚ ਏਨਾ ਕਿਹਾ, “ਕਰਤਾਰ ਸਿੰਘ ਅਜੇ ਤੁਹਾਡਾ ਬਿਆਨ ਨਹੀਂ ਲਿਖਿਆ ਗਿਆ। ਤੁਸੀਂ ਸੋਚ ਸਮਝ ਕੇ ਬਿਆਨ ਦਿਉ। ਤੁਸੀਂ ਜਾਣਦੇ ਹੋ ਕਿ ਤੁਹਾਡੇ ਬਿਆਨ ਦਾ ਨਤੀਜਾ ਕੀ ਨਿਕਲ ਸਕਦਾ ਹੈ।” ਵੇਖਣ ਵਾਲੇ ਦੱਸਦੇ ਹਨ ਕਿ ਜੱਜ ਦੇ ਇਹਨਾਂ ਲਫ਼ਜਾਂ ਤੇ ਕਰਤਾਰ ਸਿੰਘ ਨੇ ਬਹੁਤ ਸਾਰੀ ਮਸਤਾਨੀ ਅਦਾ ਨਾਲ ਕੇਵਲ ਏਨਾ ਹੀ ਕਿਹਾ,”ਫਾਂਸੀ ਹੀ ਲਾ ਦਿਉਗੇ ਹੋਰ ਕੀ? ਅਸੀਂ ਇਸ ਤੋਂ ਨਹੀਂ ਡਰਦੇ।” ਇਸ ਦਿਨ ਅਦਾਲਤ ਦਾ ਜਲਸਾ ਖਤਮ ਹੋ ਗਿਆ। ਦੂਸਰੇ ਦਿਨ ਫਿਰ ਅਦਾਲਤ ਵਿੱਚ ਕਰਤਾਰ ਸਿੰਘ ਦਾ ਬਿਆਨ ਸ਼ੁਰੂ ਹੋ ਗਿਆ। ਪਹਿਲੇ ਦਿਨ ਜੱਜ ਦਾ ਕੁਝ ਐਹੋ ਜਿਹਾ ਖਿਆਲ ਸੀ ਕਿ ਕਰਤਾਰ ਸਿੰਘ ਭਾਈ ਪਰਮਾਨੰਦ ਦੇ ਇਸ਼ਾਰੇ ਤੇ ਉਹ ਬਿਆਨ ਦੇ ਰਹੇ ਹਨ । ਪ੍ਰੰਤੂ ਉਹ ਬਾਗੀ ਕਰਤਾਰ ਸਿੰਘ ਦੇ ਦਿਲ ਦੀਆਂ ਗਹਿਰਾਈਆਂ ਵਿੱਚ ਨਹੀਂ ਉੱਤਰ ਸਕਦੇ ਸਨ। ਕਰਤਾਰ ਸਿੰਘ ਦਾ ਬਿਆਨ ਜ਼ਿਆਦਾ ਜ਼ੋਰਦਾਰ ਜ਼ਿਆਦਾ ਜੋਸ਼ੀਲਾ ਤੇ ਪਹਿਲੇ ਦਿਨ ਦੀ ਤਰ੍ਹਾਂ ਇਨਕਲਾਬੀ ਸੀ। ਅਖੀਰ ਵਿੱਚ ਆਪ ਨੇ ਕਿਹਾ, “ਜੁਰਮ ਦੇ ਲਈ ਮੈਨੂੰ ਉਮਰ ਕੈਦ ਮਿਲ ਜਾਏਗੀ ਜਾਂ ਫਾਂਸੀ । ਪਰੰਤੂ ਮੈਂ ਫਾਂਸੀ ਨੂੰ ਪਹਿਲ ਦੇਵਾਂਗਾ ਤਾਂ ਕਿ ਫਿਰ ਜਨਮ ਲੈ ਕੇ ਜਦ ਤੱਕ ਹਿੰਦੁਸਤਾਨ ਅਜ਼ਾਦ ਨਹੀਂ ਹੋਵੇਗਾ, ਤਦ ਤੱਕ ਮੈਂ ਵਾਰ ਵਾਰ ਜਨਮ ਲੈ ਕੇ ਫਾਂਸੀ ਤੇ ਲਟਕਦਾ ਰਹਾਂਗਾ। ਇਹ ਮੇਰੀ ਆਖਰੀ ਖਾਹਿਸ਼ ਹੈ।”
ਆਪ ਦੀ ਬਹਾਦਰੀ ਨੇ ਜੱਜਾਂ ਨੂੰ ਪ੍ਰਭਾਵਿਤ ਕੀਤਾ। ਪਰੰਤੂ ਉਹਨਾਂ ਨੇ ਖੁੱਲੇ ਦਿਲ ਦੁਸ਼ਮਣ ਦੀ ਤਰ੍ਹਾਂ ਆਪ ਦੀ ਬਹਾਦਰੀ ਨੂੰ ਬਹਾਦਰੀ ਨਾ ਕਹਿ ਕੇ ਢੀਠ-ਪੁਣੇ ਦੇ ਸ਼ਬਦਾਂ ਨਾਲ ਯਾਦ ਕੀਤਾ । ਕਰਤਾਰ ਸਿੰਘ ਨੂੰ ਮੌਤ ਦੀ ਸਜ਼ਾ ਵੀ ਮਿਲੀ । ਆਪਨੇ ਮੁਸਕਰਾਉਂਦੇ ਹੋਏ ਜੱਜ ਦਾ ਸ਼ੁਕਰੀਆ ਅਦਾ ਕੀਤਾ। ਕਰਤਾਰ ਸਿੰਘ ਫਾਂਸੀ ਦੀ ਕੋਠੜੀ ਵਿੱਚ ਬੰਦ ਸਨ । ਆਪਦੇ ਦਾਦਾ ਨੇ ਆ ਕੇ ਕਿਹਾ, “ਕਰਤਾਰ ਸਿੰਘ, ਕਿੰਨ੍ਹਾਂ ਲਈ ਮਰ ਰਿਹਾ ਹੈ ? ਜਿਹੜੇ ਤੈਨੂੰ ਗਾਲੀਆਂ ਦਿੰਦੇ ਹਨ ।
ਤੇਰੇ ਮਰਨ ਨਾਲ ਦੇਸ਼ ਦਾ ਕੁੱਝ ਫਾਇਦਾ ਹੋਵੇਗਾ, ਇਹ ਵੀ ਨਜ਼ਰ ਨਹੀਂ ਆਉਂਦਾ।” ਕਰਤਾਰ ਸਿੰਘ ਨੇ ਬਹੁਤ ਹੌਲੀ ਜਿਹੀ ਪੁੱਛਿਆ :-
“ਦਾਦਾ ਜੀ ਫਲਾਣ ਰਿਸ਼ਤੇਦਾਰ ਕਿੱਥੇ ਹੈ ? ”
“ਪਲੇਗ ਨਾਲ ਮਰ ਗਿਆ।”
“ਫਲਾਣਾ ਕਿੱਥੇ ਹੈ ? ”
“ਹੈਜੇ ਨਾਲ ਮਰ ਗਿਆ ਹੈ।”
“ਤਾਂ ਕੀ ਤੁਸੀਂ ਚਾਹੁੰਦੇ ਹੋ ਕਰਤਾਰ ਸਿੰਘ ਬਿਸਤਰੇ ਉੱਤੇ ਮਹੀਨਿਆਂ ਬੱਧੀ ਪਿਆ ਰਹੇ ਤੇ ਦਰਦ ਨਾਲ ਦੁਖੀ ਕਿਸੇ ਰੋਗ ਨਾਲ ਮਰੇ ? ਕੀ ਉਸ ਮੌਤ ਨਾਲੋਂ ਇਹ ਮੌਤ ਹਜ਼ਾਰਾਂ ਦਰਜੇ ਚੰਗੀ ਨਹੀਂ ? ” ਦਾਦਾ ਚੁੱਪ ਹੋ ਗਏ।
ਅੱਜ ਫਿਰ ਸਵਾਲ ਉਠਦਾ ਹੈ ਕਿ ਉਨ੍ਹਾਂ ਦੇ ਮਰਨ ਨਾਲ ਕੀ ਫਾਇਦਾ ਹੋਇਆ? ਉਹ ਕਿਸ ਲਈ ਮਰੇ ? ਇਸ ਦਾ ਜਵਾਬ ਬਿਲਕੁਲ ਸਾਫ਼ ਹੈ । ਦੇਸ਼ ਦੇ ਲਈ ਮਰੇ । ਉਹਨ੍ਹਾਂ ਦਾ ਆਦਰਸ਼ ਹੀ ਦੇਸ਼ ਸੇਵਾ ਵਿੱਚ ਲੜਦੇ ਮਰਨਾ ਸੀ । ਉਹ ਇਸ ਤੋਂ ਜ਼ਿਆਦਾ ਕੁੱਝ ਨਹੀਂ ਚਾਹੁੰਦੇ ਸਨ । ਮਰਨਾ ਵੀ ਗੁੰਮਨਾਮ ਰਹਿ ਕੇ ਚਾਹੁੰਦੇ ਸਨ ।
ਚਮਨ ਜਾਰੇ ਮੁਹੱਬਤ ਮੇ, ਉਸੀ ਨੇ ਕੀ ਬਾਗਬਾਨੀ।
ਜਿਸਨੇ ਮਿਹਨਤ ਕੋ ਹੀ ਮਿਹਨਤ ਕਾ ਸਮਰ ਜਾਨਾ ।
ਨਹੀਂ ਹੋਤਾ ਹੈ ਮੁਹਤਾਜੇ ਨੁਮਾਇਸ਼ ਫੈਜ ਸ਼ਬਨਮ ਕਾ,
ਅੰਧੇਰੀ ਰਾਤ ਮੈਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।
(ਮੁਹੱਬਤ ਦੀ ਫੁੱਲਵਾੜੀ ਵਿੱਚ ਉਸ ਮਾਲੀ ਦੀ ਥਾਂ ਹੈ, ਜਿਹੜਾ ਕਿ ਆਪਣੀ ਮਿਹਨਤ ਨੂੰ ਹੀ ਆਪਣਾ ਫਲ ਸਮਝਦਾ ਹੈ। ਤ੍ਰੇਲ ਦੀ ਦਰਿਆ ਦਿਲੀ ਵਿਖਾਵੇ ਲਈ ਨਹੀਂ ਹੈ, ਉਹ ਤਾਂ ਹਨੇਰੀ ਰਾਤ ਵਿੱਚ ਚੁੱਪ-ਚਾਪ ਬਾਗ ਵਿੱਚ ਮੋਤੀ ਕੇਰ ਜਾਂਦੀ ਹੈ ।)
ਡੇਢ ਸਾਲ ਤੱਕ ਮੁਕਦੱਮਾ ਚੱਲਿਆ । 16 ਨਵੰਬਰ, 1915 ਦਾ ਦਿਨ ਸੀ, ਜਦ ਉਨ੍ਹਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਉਹ ਦਿਨ ਵੀ ਹਮੇਸ਼ਾ ਦੀ ਤਰ੍ਹਾਂ ਸਨ । ਇੰਨ੍ਹਾਂ ਦਾ ਭਾਰ ਦਸ ਪੌਡ ਵੱਧ ਗਿਆ ਸੀ। ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਉਹ ਫਾਂਸੀ ਦੇ ਤਖ਼ਤੇ ਤੇ ਝੁੱਲ ਗਏ।
ਸ਼ਹੀਦ-ਏ-ਆਜ਼ਮ ਕਰਤਾਰ ਸਿੰਘ ਸਰਾਭਾ – ਬਾਬਾ ਸੋਹਣ ਸਿੰਘ ਭਕਨਾ
ਕਰਤਾਰ ਸਿੰਘ ਸਰਾਭਾ ਅਜੇ ਮਸਾਂ ਉੱਨੀ ਸਾਲ ਦਾ ਹੀ ਸੀ ਜਦ ਕਿ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਵਿੱਚ ਅੰਗਰੇਜ਼ੀ ਦੀ ਗੁਲਾਮੀ ਵਿਰੁੱਧ ਸ਼ਕਤੀਸ਼ਾਲੀ ਚੇਤਨਾ ਵਿਕਸਿਤ ਹੋਈ। ਆਜ਼ਾਦੀ ਦੀ ਭਾਵਨਾ ਨੂੰ ਜੱਥੇਬੰਦ ਕਰਕੇ ਗਦਰ ਪਾਰਟੀ ਨੇ ਅੰਗਰੇਜ਼ਾਂ ਵਿਰੁੱਧ ਨਾ ਮੁੱਕਣ ਵਾਲੀ ਲੜਾਈ ਦਾ ਮੁੱਢ ਬੰਨ੍ਹਿਆ।
ਦੇਸ਼ ਛੱਡਣ ਤੋਂ ਪਹਿਲਾਂ ਕਰਤਾਰ ਸਿੰਘ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕਰ ਚੁੱਕਾ ਸੀ । ਬਚਪਨ ਤੋਂ ਉਸ ਦਾ ਸੁਭਾਅ ਕ੍ਰਾਂਤੀਕਾਰੀਆਂ ਵਰਗਾ ਸੀ । ਉਸਦੇ ਸਕੂਲ ਸਮੇਂ ਦਾ ਅਧਿਐਨ ਦਰਸਾਉਂਦਾ ਹੈ ਕਿ ਉਹ ਆਪਣੇ ਸਕੂਲ-ਸਾਥੀਆਂ ਨਾਲੋਂ ਵੱਖਰੀ ਕਿਸਮ ਦੀ ਸੋਚ ਵਾਲਾ ਵਿਦਿਆਰਥੀ ਸੀ। ਖੇਡਾਂ ਵਿੱਚ ਉਹ ਬਾਕੀ ਵਿਦਿਆਰਥੀਆਂ ਦੀ ਅਗਵਾਈ ਕਰਦਾ ਸੀ। ਅਧਿਆਪਕਾਂ ਦੇ ਗਲਤ ਕੰਮਾਂ ਵਿਰੁੱਧ ਉਹ ਵਿਦਿਆਰਥੀਆਂ ਨੂੰ ਜੱਥੇਬੰਦ ਕਰਦਾ ਸੀ। 1912 ਵਿੱਚ ਉਹ ਕੈਲੇਫੋਰਨੀਆ ਦੀ ਸਾਨਫਰਾਂਸਿਸਕੋ ਬੰਦਰਗਾਹ ਤੇ ਉਤਰਿਆ ਅਤੇ ਬਹੁਤ ਸਾਰੇ ਭਾਰਤੀਆਂ ਵਾਂਗ ਕੈਲੇਫੋਰਨੀਆਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲੱਗ ਪਿਆ । ਉੱਥੇ ਉਸਨੂੰ ਅਮਰੀਕਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੋਸ਼ਣ ਅਤੇ ਭਾਰਤੀ ਕਾਮਿਆਂ ਲਈ ਨਫਰਤ ਭਰੇ ਵਤੀਰੇ ਦਾ ਸਾਹਮਣਾ ਕਰਨਾ ਪਿਆ। ਉਸਨੂੰ ਬੜੀ ਛੇਤੀ ਅਹਿਸਾਸ ਹੋ ਗਿਆ ਕਿ ਭਾਰਤੀ ਕੌਮ ਵਾਸਤੇ ਗੁਲਾਮੀ ਸਭ ਤੋਂ ਵੱਡੀ ਲਾਹਨਤ ਹੈ । ਉਸਨੇ ਆਪਣੇ ਦੇਸ਼ ਦੇ ਲੋਕਾਂ ਨਾਲ ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਅਮਰੀਕਨਾਂ ਦੇ ਨਫਰਤ ਭਰੇ ਵਤੀਰੇ ਤੋਂ ਸਾਰੇ ਭਾਰਤੀ ਕਾਮੇ ਦੁਖੀ ਸਨ ਅਤੇ ਹੁਣ ਉਹ ਉਨ੍ਹਾਂ ਦੇ ਤ੍ਰਿਸਕਾਰ ਭਰੇ ਵਿਅੰਗਮਈ ਵਿਸ਼ੇਸ਼ਣ ਬਹੁਤਾ ਚਿਰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ। ਕਰਤਾਰ ਸਿੰਘ ਹੋਰ ਬਹੁਤ ਸਾਰੇ ਭਾਰਤੀਆਂ ਨੂੰ ਮਿਲਿਆ ਜਿੰਨ੍ਹਾਂ ਦੇ ਵਿਚਾਰ ਉਸ ਨਾਲ ਮਿਲਦੇ ਸਨ । ਉਸਨੇ ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਲਾਲਾ ਹਰਦਿਆਲ, ਪੰਡਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਅਤੇ ਬਹੁਤ ਸਾਰੇ ਭਾਰਤੀ ਕਾਮਿਆਂ ਨੇ ਹਿੱਸਾ ਲਿਆ । ਉਨ੍ਹਾਂ ਨੇ ਭਾਰਤ ਦੀ ਲੰਬੀ ਗੁਲਾਮੀ ਦੇ ਕਾਰਨਾਂ ਉੱਪਰ ਸੋਚ ਵਿਚਾਰ ਕੀਤੀ ਅਤੇ ਮਹਿਸੂਸ ਕੀਤਾ ਕਿ ਆਜ਼ਾਦੀ ਦੀ ਲੜਾਈ ਨੂੰ ਜਾਰੀ ਰੱਖਣ ਵਾਸਤੇ ਇਸ ਦੀ ਅਗਵਾਈ ਲਈ ਇੱਕ ਸ਼ਕਤੀਸ਼ਾਲੀ ਜੱਥੇਬੰਦੀ ਦੀ ਲੋੜ ਹੈ। ਇਸ ਮੀਟਿੰਗ ਵਿੱਚ ਇੱਕ ਜੱਥੇਬੰਦੀ (ਪਾਰਟੀ) ਬਣਾਉਣ ਦਾ ਮੁੱਢ ਬੰਨ੍ਹਿਆ ਗਿਆ ਪਰ ਆਪਣੇ ਆਪ ਇਹ ਕਿਸੇ ਏਜੰਡੇ ਉੱਪਰ ਵਿਚਾਰ ਨਾ ਕਰ ਸਕੀ।
ਇਸੇ ਸਮੇਂ ਦੌਰਾਨ ਉਰੀਗੋਨ ਅਤੇ ਵਸ਼ਿੰਗਟਨ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਵਿੱਚ ਏਨੀ ਚੇਤਨਾ ਪੈਦਾ ਹੋ ਗਈ ਜਿਸਨੇ ਇੱਕ ਜੱਥੇਬੰਦੀ ਦੀਆਂ ਨੀਹਾਂ ਰੱਖ ਦਿੱਤੀਆਂ, ਜਿਸਦੇ ਫਲਸਰੂਪ ਵਸ਼ਿੰਗਟਨ ਸਟੇਟ ਦੇ ਸ਼ਹਿਰ ਅਸਟਰੀਆ ਵਿਖੇ ਮਾਰਚ 1913 ਵਿੱਚ ਗਦਰ ਪਾਰਟੀ ਹੋਂਦ ਵਿੱਚ ਆਈ। ਪਾਰਟੀ ਬਣਨ ਦੀ ਖਬਰ ਸੁਣਕੇ ਕਰਤਾਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹ ਫੌਰਨ ਪਾਰਟੀ ਦਾ ਮੈਂਬਰ ਬਣ ਗਿਆ।
ਇੱਕ ਨਵੰਬਰ, 1913 ਨੂੰ ‘ਗਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਕਰਤਾਰ ਸਿੰਘ ਦੀਆਂ ਬਹੁਤ ਸਾਰਿਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ । ਇਹ ਅਖ਼ਬਾਰ ਹੱਥ ਨਾਲ ਚੱਲਣ ਵਾਲੀ ਮਸ਼ੀਨ ਉੱਪਰ ਛਾਪਿਆ ਜਾਂਦਾ ਸੀ ਅਤੇ ਮਸ਼ੀਨ ਨੂੰ ਚਲਾਉਣ ਦੇ ਨਾਲ-ਨਾਲ ਕਰਤਾਰ ਸਿੰਘ ਇਸ ਅਖ਼ਬਾਰ ਦੇ ਪੰਜਾਬੀ ਭਾਗ ਲਈ ਲੇਖ ਅਤੇ ਕਵਿਤਾਵਾਂ ਵੀ ਲਿਖਿਆ ਕਰਦਾ ਸੀ। ਅਖ਼ਬਾਰ ਦਾ ਕੰਮ ਵਧਣ ਨਾਲ ਹੋਰ ਕਈ ਸਾਥੀ ਉਸ ਕੋਲ ਆ ਗਏ ਅਤੇ ਕਰਤਾਰ ਸਿੰਘ ਕੰਮ ਵਿੱਚ ਉਨ੍ਹਾਂ ਸਾਰਿਆਂ ਦੀ ਸਹਾਇਤਾ ਕਰਦਾ ਸੀ । ਉਹ ਸਾਰਿਆਂ ਨੂੰ ਖੁਸ਼ ਰੱਖਦਾ ਸੀ । ਇੱਕ ਸੱਚੇ ਕ੍ਰਾਂਤੀਕਾਰੀ ਵਾਂਗ ਉਸਨੇ ਆਪਣੀ ਹਉਂਮੈਂ ਉੱਪਰ ਕਾਬੂ ਪਾਕੇ ਆਪਣੀ ਜ਼ਿੰਦਗੀ ਦੇਸ਼ ਦੀ ਸੇਵਾ ਲਈ ਅਰਪਣ ਕਰ ਦਿੱਤੀ ਸੀ।
ਸ਼ੁਰੂ-ਸ਼ੁਰੂ ਵਿੱਚ ਗਦਰ ਪਾਰਟੀ ਦੀ ਸਥਾਪਨਾ ਓਰੀਗੋਨ ਅਤੇ ਵਸ਼ਿੰਗਟਨ ਦੇ ਕਾਮਿਆਂ ਨੇ ਹੀ ਕੀਤੀ ਸੀ। ਕੈਲੇਫੋਰਨੀਆ ਵਾਲੇ ਸਾਥੀ ਪਿੱਛੋਂ ਇਸ ਦੇ ਮੈਂਬਰ ਬਣੇ ਸਨ। ਕੈਲੇਫੋਰਨੀਆ ਵਾਲੇ ਸਾਥੀਆਂ ਨੂੰ ਪਾਰਟੀ ਵਿੱਚ ਲਿਆਉਣ ਲਈ ਕਰਤਾਰ ਸਿੰਘ ਸਰਾਭਾ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ। ਫਰਵਰੀ, 1914 ਵਿੱਚ ਕੈਲੇਫੋਰਨੀਆ ਦੇ ਸ਼ਹਿਰ ਸਟਾਕਨਟਨ ਵਿਖੇ ਓਰੀਗੋਨ, ਵਸ਼ਿੰਗਟਨ ਅਤੇ ਕੈਲੇਫੋਰਨੀਆ ਦੇ ਪ੍ਰਤੀਨਿਧਾਂ ਦੀ ਇੱਕ ਕਾਨਫਰੰਸ ਰੱਖੀ ਗਈ ਜਿਸ ਵਿੱਚ ਕੈਲੇਫੋਰਨੀਆ ਦੇ ਪ੍ਰਤੀਨਿਧਾਂ ਨੂੰ ਰਸਮੀਂ ਤੌਰ ‘ਤੇ ਗਦਰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਨਾਲ ਗਦਰ ਲਹਿਰ ਨਵੀਂ ਸ਼ਕਤੀਸ਼ਾਲੀ ਪਾਰਟੀ, ਇੱਕ ਸ਼ਕਤੀਸ਼ਾਲੀ ਜੱਥੇਬੰਦੀ ਬਣ ਗਈ।
ਜਿਉਂ ਹੀ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਭਾਰਤੀਆਂ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਲਈ ਸੈਕਰੋਮੈਂਟਾ (ਕੈਲੇਫੋਰਨੀਆ) ਵਿਖੇ ਜੰਗੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ। ਇਸ ਵਿੱਚ ਕਰਤਾਰ ਸਿੰਘ ਨੇ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਜਦੋਂ ਪਾਰਟੀ ਨੇ ਹਵਾਈ ਜਹਾਜ਼ ਉਡਾਉਣ ਲਈ ਸਿਖਲਾਈ ਪ੍ਰਾਪਤ ਕਰਨ ਵਾਲੇ ਵਲੰਟੀਅਰਾਂ ਦੇ ਨਾਂ ਮੰਗੇ ਤਾਂ ਕਰਤਾਰ ਸਿੰਘ ਇਸ ਕੰਮ ਲਈ ਆਪਣਾ ਨਾਂ ਲਿਖਵਾਉਣ ਵਾਲਾ ਸਭ ਤੋਂ ਪਹਿਲਾਂ ਵਲੰਟੀਅਰ ਸੀ ਅਤੇ ਉਸਨੂੰ ਇਸ ਕੰਮ ਲਈ ਚੁਣ ਵੀ ਲਿਆ ਗਿਆ ਸੀ।
ਜਦ ਪਾਰਟੀ ਨੇ ਕ੍ਰਾਂਤੀ ਲਈ ਕੰਮ ਕਰਨ ਵਾਸਤੇ ਮੈਂਬਰਾਂ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ ਤਾਂ ਕਰਤਾਰ ਸਿੰਘ ਪਹਿਲੇ ਬੈਚ ਵਿੱਚ ਹੀ ਭਾਰਤ ਜਾਣ ਵਾਲੇ ਲੋਕਾਂ ਵਿੱਚ ਸਭ ਤੋਂ ਪਹਿਲਾ ਵਿਅਕਤੀ ਸੀ। ਉਹ ਭਾਰਤ ਇਕੱਲਾ ਨਹੀਂ ਆਇਆ ਸਗੋਂ ਆਪਣੇ ਨਾਲ ਤਿੰਨ ਅਮਰੀਕਨ ਕ੍ਰਾਂਤੀਕਾਰੀਆਂ ਨੂੰ ਵੀ ਲੈ ਕੇ ਆਇਆ ਜਿੰਨ੍ਹਾਂ ਵਿੱਚ ਦੋ ਪੁਰਸ਼ ਅਤੇ ਇੱਕ ਇਸਤਰੀ ਸੀ।
ਉਹ ਭੇਸ ਬਦਲਣ ਵਿੱਚ ਮਾਹਰ ਸੀ ਤੇ ਉਹ ਭੇਸ ਬਦਲ ਕੇ ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭਾਰਤ ਵਿੱਚ ਦਾਖਲ ਹੋਇਆ ਅਤੇ ਇੱਥੇ ਆਉਣ ਸਾਰ ਕ੍ਰਾਂਤੀਕਾਰੀ ਕੰਮਾਂ ਵਿੱਚ ਵਿਆਸਥ (ਰੁੱਝ ਗਿਆ) ਹੋ ਗਿਆ।
ਉਹ ਪਿੰਗਲੇ ਰਾਹੀਂ ਸਚਿੰਦਰ ਨਾਥ ਸਾਨਿਆਲ ਅਤੇ ਰਾਸ ਬਿਹਾਰੀ ਬੋਸ ਨੂੰ ਮਿਲਿਆ । ਉਹ ਪਿੰਗਲੇ ਅਤੇ ਸਾਨਿਆਲ ਨਾਲ ਪੰਜਾਬ ਤੋਂ ਬਾਹਰ ਬੜੀ ਆਜ਼ਾਦੀ ਨਾਲ ਆਉਂਦਾ ਜਾਂਦਾ ਸੀ । ਉਹ ਕਦੇ ਬਗਾਵਤ ਦਾ ਪ੍ਰਚਾਰ ਕਰਨ ਲਈ ਫੌਜੀ ਛਾਉਣੀਆਂ ਅਤੇ ਹੋਰ ਫੌਜੀ ਸੰਸਥਾਵਾਂ ਵਿੱਚ ਵੀ ਜਾਂਦਾ ਸੀ। ਉਹ ਕਿਲ੍ਹਾ ਫੀਰੋਜ਼ਪੁਰ ਦੇ ਸਿਪਾਹੀਆਂ ਨੂੰ ਅਸਲਾਖਾਨਾ ਲੁੱਟਣ ਲਈ ਤਿਆਰ ਕਰਨ ਵਿੱਚ ਸਫ਼ਲ ਹੋ ਗਿਆ।
ਉਹ ਰਾਸ ਬਿਹਾਰੀ ਬੋਸ ਦੀ ਸਲਾਹ ਮੰਨ ਕੇ ਅਤੇ ਨਵਾਬ ਖਾਨ ਦੀ ਹੱਲਾਸ਼ੇਰੀ ਕਾਰਨ ਡਕੈਤੀਆਂ ਕਰਨ ਲਈ ਤਿਆਰ ਹੋ ਗਿਆ। ਇਸ ਪਿੱਛੋਂ ਅਜਿਹੀ ਕੋਈ ਡਕੈਤੀ ਨਹੀਂ ਸੀ ਜਿਸ ਵਿੱਚ ਉਸਨੇ ਭਾਗ ਨਾ ਲਿਆ ਹੋਵੇ । ਡਕੈਤੀਆਂ ਮਾਰਨ ਸਮੇਂ ਵੀ ਆਪਣੇ ਮਿਸ਼ਨ ਬਾਰੇ ਲੋਕਾਂ ਨੂੰ ਦੱਸਣਾ ਨਹੀਂ ਭੁੱਲਦਾ ਸੀ । ਡਾਕਾ ਪੈਣ ਵਾਲੇ ਘਰ ਦੇ ਬੰਦਿਆਂ ਨੂੰ ਦੱਸਦਾ ਸੀ ਕਿ ਕਿਉਂਕਿ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਪੈਸੇ ਦੀ ਸਖ਼ਤ ਲੋੜ ਸੀ । ਇਸ ਲਈ ਡਾਕੇ ਮਾਰਨ ਤੋਂ ਬਿਨਾਂ ਉਨ੍ਹਾਂ ਕੋਲ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀ ਅਤੇ ਲੋਕਾਂ ਨਾਲ ਵਾਅਦਾ ਕਰਦਾ ਸੀ ਕਿ ਆਜ਼ਾਦੀ ਪ੍ਰਾਪਤ ਕਰਨ ਪਿੱਛੋਂ ਉਨ੍ਹਾਂ ਸਾਰਿਆਂ ਦਾ ਪੈਸਾ ਸਣੇ ਵਿਆਜ ਵਾਪਸ ਮੋੜ ਦੇਵੇਗਾ। ਉਹ ਬੜੇ ਉੱਚੇ ਸਦਾਚਾਰਕ ਚਾਲ-ਚਲਣ ਦਾ ਮਾਲਕ ਸੀ । ਸਾਹਨੇਵਾਲ ਦੀ ਡਕੈਤੀ ਸਮੇਂ ਉਸ ਘਰ ਦੀ ਸੁੰਦਰ ਕੁੜੀ ਉੱਪਰ ਉਸਦੇ ਇੱਕ ਸਾਥੀ ਦੀ ਨੀਤ ਖਰਾਬ ਹੋ ਗਈ ਅਤੇ ਉਸਨੇ ਕੁੜੀ ਦੀ ਬਾਂਹ ਫੜ ਲਈ। ਸਰਾਭੇ ਨੇ ਫੌਰਨ ਸਾਥੀ ਦੀ ਛਾਤੀ ਉੱਪਰ ਪਿਸਤੌਲ ਰੱਖਿਆ ਅਤੇ ਉਸਨੂੰ ਆਪਣੇ ਗੰਦੇ ਵਿਵਹਾਰ ਲਈ ਕੁੜੀ ਤੋਂ ਮੁਆਫੀ ਮੰਗਣ ਲਈ ਮਜ਼ਬੂਰ ਕਰ ਦਿੱਤਾ। ਕਈ ਵਾਰ ਉਹ ਪੁਲੀਸ ਦੇ ਘੇਰੇ ਵਿੱਚੋਂ ਬਚਕੇ ਨਿਕਲਿਆ ਸੀ । ਇੱਕ ਵਾਰ ਸਾਈਕਲ ਉੱਤੇ ਚੜ੍ਹਕੇ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ। ਉਸਨੇ ਦੇਖਿਆ ਕਿ ਪੁਲੀਸ ਦੋਸਤ ਦੇ ਘਰ ਦੀ ਤਲਾਸ਼ੀ ਲੈ ਰਹੀ ਸੀ। ਕਰਤਾਰ ਸਿੰਘ ਨੇ ਜੈਂਟਲਮੈਂਨਾਂ ਵਾਂਗ ਕੋਟ ਪੈਂਟ ਪਾਈ ਸੀ । ਉਸਨੇ ਪੁਲੀਸ ਨੂੰ ਆਖਿਆ ਕਿ ਉਨ੍ਹਾਂ ਨੂੰ ਬੜੀ ਈਮਾਨਦਾਰੀ ਨਾਲ ਆਪਣਾ ਫ਼ਰਜ ਨਿਭਾਉਣਾ ਚਾਹੀਦੈ ਅਤੇ ਸਰਕਾਰ-ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਣਾ ਚਾਹੀਦੈ। ਪੁਲੀਸ ਵਾਲਿਆਂ ਨੇ ਉਸਨੂੰ ਕੋਈ ਸਰਕਾਰੀ ਮੁਲਾਜ਼ਮ ਸਮਝਿਆ। ਉਸਨੇ ਉਨ੍ਹਾਂ ਨਾਲ ਦਸ ਪੰਦਰਾਂ ਮਿੰਟ ਗੱਲਾਂ ਕੀਤੀਆਂ ਅਤੇ ਉੱਥੋਂ ਚਲਾ ਗਿਆ । ਜਦ ਪੁਲੀਸ ਵਾਲਿਆਂ ਨੇ ਉਸ ਨੂੰ ਕਚਹਿਰੀ ਵਿੱਚ ਦੇਖਿਆ ਤਾਂ ਉਨ੍ਹਾਂ ਨੂੰ ਬੜੀ ਸ਼ਰਮ ਆਈ। ਜਦ ਉੱਥੇ ਮੌਜੂਦ ਲੋਕਾਂ ਅਤੇ ਜੱਜ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਸੁਣ ਕੇ ਉਹ ਖੂਬ ਹੱਸੇ। ਕ੍ਰਾਂਤੀਕਾਰੀ ਲਹਿਰ ਦੇ ਅਸਫਲ ਹੋ ਜਾਣ ਪਿੱਛੋਂ, ਪਾਰਟੀ ਦੇ ਕੁੱਝ ਮੈਂਬਰਾਂ ਨੇ ਭਾਰਤ ਵਿੱਚੋਂ ਬਚ ਕੇ ਨਿਕਲ ਜਾਣ ਦਾ ਫੈਸਲਾ ਕੀਤਾ। ਕਰਤਾਰ ਸਿੰਘ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਆਦਿ ਨੂੰ ਅਫ਼ਗਾਨਿਸਤਾਨ ਜਾਣ ਲਈ ਆਖਿਆ ਗਿਆ ਅਤੇ ਉਹ ਉੱਥੇ ਪਹੁੰਚ ਵੀ ਗਏ। ਜਿਸ ਸਮੇਂ ਕਰਤਾਰ ਸਿੰਘ ਦੇ ਸਾਥੀ ਭਾਰਤ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ ਤਾਂ ਉਸਦੀ ਜ਼ਮੀਰ ਨੇ ਉਸ ਨੂੰ ਇਸ ਤਰ੍ਹਾਂ ਭੱਜ ਜਾਣ ਦੀ ਆਗਿਆ ਨਹੀਂ ਦਿੱਤੀ । ਉਹ ਆਪਣੇ ਦੋ ਮਿੱਤਰਾਂ ਨਾਲ ਵਾਪਸ ਆ ਕੇ ਸਰਗੋਧਾ ਦੇ ਚੱਕ ਨੰ:5 ਵਿੱਚ ਪਹੁੰਚ ਗਿਆ, ਜਿੱਥੇ ਫੌਜੀਆਂ ਦਾ ਘੋੜਿਆਂ ਦਾ ਫਾਰਮ ਸੀ ਅਤੇ ਉਸ ਨੇ ਫੌਜੀਆਂ ਵਿੱਚ ਬਗਾਵਤ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ । ਇੱਕ ਰਸਾਲਦਾਰ ਨੇ ਉਸ ਨੂੰ ਪਛਾਣ ਲਿਆ ਅਤੇ ਉਸਦੇ ਮਿੱਤਰਾਂ ਸਮੇਤ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ।
ਮਿਸਟਰ ਟੋਮਕਿਨ ਵਰਗੇ ਸੀ.ਆਈ.ਡੀ. ਅਫਸਰ ਉਸਦੀ ਪੁੱਛ ਗਿੱਛ ਕਰਨ ਤੋਂ ਡਰਦੇ ਸਨ ਕਿਉਂਕਿ ਉਹ ਹਾਰ ਨਾ ਮੰਨਣ ਵਾਲਾ, ਆਜ਼ਾਦੀ ਦੇ ਕਾਜ਼ ਨੂੰ ਅਰਪਣ, ਗੁਲਾਮੀ ਦਾ ਕੱਟੜ ਦੁਸ਼ਮਣ, ਨਿਧੜਕ ਨੋਜਵਾਨ ਸੀ।
ਜਦ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਉਹ ਨਜ਼ਰਬੰਦ ਸੀ ਤਾਂ ਉਸ ਨੇ ਜੇਲ੍ਹ ਤੋੜ ਕੇ ਭੱਜਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਉਹ ਆਰੀ ਅਤੇ ਕੱਟਣ ਵਾਲੇ ਹੋਰ ਸੰਦਾਂ ਅਤੇ ਬੰਬ ਬਣਾਉਣ ਵਾਲੀ ਸਮੱਗਰੀ ਸਮੇਤ ਫੜਿਆ ਗਿਆ । ਪਰ ਉਸ ਦੇ ਅੰਦਰ ਪਹਿਲਾਂ ਵਰਗਾ ਹੀ ਆਤਮ- ਵਿਸ਼ਵਾਸ ਕਾਇਮ ਸੀ । ਉਹ ਪਹਿਲਾਂ ਦੀ ਤਰ੍ਹਾਂ ਹੀ ਹਸਦਾ ਰਿਹਾ ਅਤੇ ਆਪਣੇ ਸਾਥੀਆਂ ਨੂੰ ਹਸਾਉਂਦਾ ਰਿਹਾ। ਉਹ ਆਪਣੀਆਂ ਹੱਥਕੜੀਆਂ ਨੂੰ ਸਾਜ਼ਾਂ ਵਜੋਂ ਵਰਤਕੇ ਦੇਸ਼ ਭਗਤੀ ਦੇ ਗੀਤ ਗਾਇਆ ਕਰਦਾ ਸੀ । ਜਦ ਉਸਦੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਆਪਣੇ ਜਾਣੇ ਇੱਕੋ ਸਮੇਂ ਦੋ ਕਚਹਿਰੀਆਂ ਵਿੱਚ ਪੇਸ਼ ਹੋਇਆ ਮਹਿਸੂਸ ਕਰਦਾ ਸੀ । ਜੱਜ ਆਪਣੀ ਕਚਹਿਰੀ ਲਗਾਉਂਦੇ ਸਨ ਅਤੇ ਸਰਾਭਾ ਆਪਣੇ ਮਿੱਤਰਾਂ ਨਾਲ ਲਤੀਫ਼ਿਆਂ ਅਤੇ ਹਾਸੇ ਮਖੌਲ ਦੀ ਕਚਹਿਰੀ ਲਗਾਉਂਦਾ ਸੀ । ਜੇਲ੍ਹ ਕੋਠੜੀਆਂ ਦੀਆਂ ਛਛੂੰਦਰਾਂ ਅਤੇ ਕ੍ਰਾਂਤੀਕਾਰੀਆਂ ਦੇ ਵਿਰੁੱਧ ਭੁਗਤਣ ਵਾਲੇ ਗਵਾਹ ਉਸਦੇ ਵਿਅੰਗ ਦਾ ਨਿਸ਼ਾਨਾ ਹੁੰਦੇ ਸਨ । ਜੱਜ ਵਾਰ-ਵਾਰ ਘੰਟੀਆਂ ਵਜਾਉਂਦੇ ਸਨ ਪਰ ਉਹ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਸੀ ਕਰਦਾ। ਗਵਾਹਾਂ ਦੀਆਂ ਗਵਾਹੀਆਂ ਸੁਣਨ ਤੋਂ ਪਿੱਛੋਂ ਜੱਜ ਨੇ ਕਰਤਾਰ ਸਿੰਘ ਨੂੰ ਆਪਣੀ
ਸਫ਼ਾਈ ਪੇਸ਼ ਕਰਨ ਲਈ ਆਖਿਆ। ਉਸਨੇ ਕ੍ਰਾਂਤੀਕਾਰੀ ਲਹਿਰ ਵਿੱਚ ਆਪਣੇ ਵੱਲੋਂ ਪਾਇਆ ਗਿਆ ਯੋਗਦਾਨ ਸਵਿਕਾਰ ਕੀਤਾ ਅਤੇ ਬੜੇ ਫਖ਼ਰ ਨਾਲ ਐਲਾਨ ਕੀਤਾ ਕਿ ਜੋ ਕੁੱਝ ਉਸਨੇ ਕੀਤਾ ਸੀ ਆਪਣੀ ਜਿੰਮੇਵਾਰੀ ਦੇ ਅਹਿਸਾਸ ਨਾਲ ਕੀਤਾ ਸੀ। ਅੰਗਰੇਜਾਂ ਦੀ ਗੁਲਾਮੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨਾ ਉਹ ਆਪਣਾ ਫਰਜ਼ ਸਮਝਦਾ ਸੀ । ਉਸਦਾ ਫੌਜ ਨੂੰ ਬਗਾਵਤ ਕਰਨ ਲਈ ਤਿਆਰ ਕਰਨਾ, ਕੌਮੀ ਝੰਡੇ ਤਿਆਰ ਕਰਨਾ ਅਤੇ ਹੋਰ ਕ੍ਰਾਂਤੀਕਾਰੀ ਕਾਰਜ ਕਰਨਾ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਉਸਦੇ ਅਬਦਲ ਪੈਦਾਇਸ਼ੀ ਅਧਿਕਾਰ ਦੀ ਪੂਰਤੀ ਸੀ । ਉਸਦਾ ਬਿਆਨ ਲਿਖਣ ਪਿੱਛੋਂ ਜੱਜਾਂ ਨੇ ਉਸਨੂੰ ਪੁੱਛਿਆ, “ਕਰਤਾਰ ਸਿੰਘ, ਤੈਨੂੰ ਪਤਾ ਹੈ ਤੇਰਾ ਇਹ ਬਿਆਨ ਤੈਨੂੰ ਕਿੱਥੇ ਪਹੁੰਚਾ ਦੇਵੇਗਾ? ” ਕਰਤਾਰ ਸਿੰਘ ਨੇ ਜਵਾਬ ਦਿੱਤਾ ਕਿ “ਮੈਨੂੰ ਆਪਣੀ ਹੋਣੀ ਦਾ ਪਤਾ ਹੈ। ਮੈਨੂੰ ਜਾਂ ਤਾਂ ਦੇਸ਼ ਨਿਕਾਲਾ ਮਿਲੇਗਾ ਜਾਂ ਫਾਂਸੀ ਉੱਤੇ ਲਟਕਾ ਦਿੱਤਾ ਜਾਵੇਗਾ।” ਜੱਜ ਨੇ ਆਖਿਆ, “ਮੈਂ ਤੈਨੂੰ ਇੱਕ ਰਾਤ ਹੋਰ ਸੋਚਣ ਲਈ ਦਿੰਦਾ ਹਾਂ।” ਪਰ ਅਗਲੇ ਦਿਨ ਵੀ ਕਰਤਾਰ ਸਿੰਘ ਆਪਣੇ ਪਹਿਲੇ ਬਿਆਨਾਂ ਤੇ ਕਾਇਮ ਰਿਹਾ ਅਤੇ ਜੱਜ ਨੂੰ ਕਿਹਾ ਕਿ ਜਿਹੜਾ ਬਿਆਨ ਉਸਨੇ ਪਹਿਲਾਂ ਦਿੱਤਾ ਸੀ, ਉਸਦਾ ਇੱਕ ਇੱਕ ਸ਼ਬਦ ਉਸਨੇ ਪੂਰੀ ਜ਼ਿੰਮੇਵਾਰੀ ਨਾਲ ਆਖਿਆ ਸੀ ਅਤੇ ਉਹ ਕਿਸੇ ਵੀ ਸ਼ਬਦ ਤੋਂ ਮੁਕਰਨ ਲਈ ਤਿਆਰ ਨਹੀਂ। ਜਦ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉਹ ਬੜੇ ਜ਼ੋਰ ਨਾਲ ਉੱਚੀ-ਉੱਚੀ ਹੱਸਿਆ ਅਤੇ ਜੱਜ ਦਾ ਧੰਨਵਾਦ ਕੀਤਾ। ਮੌਤ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਕਰਤਾਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਵਾਲੇ ਮੁਜ਼ਰਮਾਂ ਵਾਲੇ ਕੱਪੜੇ ਪੁਆਕੇ ਅਜਿਹੇ ਮੁਜ਼ਰਮਾਂ ਲਈ ਬਣੀਆਂ ਖਾਸ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ । ਜੇਲ੍ਹ ਸੁਪਰਡੰਟ ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਕਰਤਾਰ ਸਿੰਘ ਕੋਲ ਗਿਆ ਅਤੇ ਉਸਨੂੰ ਪੁੱਛਿਆ ਕਿ ਕੀ ਉਹ ਰਹਿਮ ਦੀ ਅਪੀਲ ਕਰਨਾ ਚਾਹੁੰਦਾ ਸੀ ? ਕਰਤਾਰ ਸਿੰਘ ਨੇ ਜਵਾਬ ਦਿੱਤਾ, “ਮੈਨੂੰ ਰਹਿਮ ਦੀ ਅਪੀਲ ਵਿੱਚ ਕੋਈ ਦਿਲਚਸਪੀ ਨਹੀਂ। ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂਕਿ ਮੈਂ ਦੁਬਾਰਾ ਜਨਮ ਲੈ ਕੇ ਮੁੜ ਗੁਲਾਮੀ ਵਿਰੁੱਧ ਲੜ ਸਕਾਂ।”
16 ਨਵੰਬਰ, 1915 ਨੂੰ ਸਰਕਾਰ ਨੇ ਇੱਕ ਫੈਸਲੇ ਰਾਹੀਂ 17 ਗਦਰੀ ਕ੍ਰਾਂਤੀਕਾਰੀਆਂ ਦੀ ਮੌਤ ਸਜ਼ਾ ਘਟਾ ਕੇ ਉਸਨੂੰ ਦੇਸ਼ ਨਿਕਾਲੇ ਵਿੱਚ ਬਦਲ ਦਿੱਤਾ, ਪਰ ਕਰਤਾਰ ਸਿੰਘ ਅਤੇ ਉਸਦੇ ਛੇ ਸਾਥੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ। ਉਸ ਨੂੰ ਇੱਕ ਵਾਰ ਫੇਰ ਰਹਿਮ ਦੀ ਅਪੀਲ ਕਰਨ ਬਾਰੇ ਪੁੱਛਿਆ ਗਿਆ ਤਾਂ ਉਸਦਾ ਉਹੀ ਜਵਾਬ ਸੀ,“ ਮੈਨੂੰ ਛੇਤੀ ਤੋਂ ਛੇਤੀ ਫਾਂਸੀ ਦਿਓ।”
ਕਰਤਾਰ ਸਿੰਘ ਦੇ ਮਾਤਾ-ਪਿਤਾ ਉਸਦੇ ਬਚਪਨ ਸਮੇਂ ਹੀ ਸੁਰਗਵਾਸ ਹੋ ਗਏ ਸਨ। ਉਸਦੇ ਬਿਰਧ ਦਾਦੇ ਨੇ ਉਸ ਨੂੰ ਪਾਲਿਆ ਸੀ। ਜਦ ਉਹ ਪਹਿਲੀ ਵਾਰ ਕਰਤਾਰ ਸਿੰਘ ਨਾਲ ਮੁਲਾਕਾਤ ਕਰਨ ਲਈ ਜੇਲ੍ਹ ਵਿੱਚ ਆਇਆ ਤਾਂ ਉਹ ਰੋਣ ਲੱਗ ਪਿਆ। ਕਰਤਾਰ ਸਿੰਘ ਨੇ ਉਸਨੂੰ ਆਖਿਆ “ਦਾਦਾ ਜੀ, ਤੁਸੀਂ ਕਿਉਂ ਰੋਂਦੇ ਹੋ, ਮੈਂ ਪਰਿਵਾਰ ਲਈ ਕੋਈ ਬਦਨਾਮੀ ਖੱਟ ਕੇ ਨਹੀਂ ਜਾ ਰਿਹਾ। ਮੈਨੂੰ ਤੀਹ ਕ੍ਰੋੜ ਗੁਲਾਮ ਦੱਬੇ ਕੁਚਲੇ ਲੋਕਾਂ ਵਾਸਤੇ ਆਜ਼ਾਦੀ ਖਾਤਰ ਕੰਮ ਕਰਨ ਦੇ ਜ਼ੁਰਮ ਵਿੱਚ ਫਾਂਸੀ ਦਿੱਤੀ ਜਾ ਰਹੀ ਹੈ। ਤੁਹਾਨੂੰ ਅਜਿਹੀ ਸ਼ਾਨਦਾਰ ਮੌਤ ਉੱਪਰ ਰੋਣ ਦੀ ਬਜਾਇ ਖੁਸ਼ ਹੋਣਾ ਚਾਹੀਦੈ।” ਕਰਤਾਰ ਸਿੰਘ ਦੇ ਮੂੰਹੋਂ ਅਜਿਹੇ ਦਲੇਰੀ ਭਰੇ ਸ਼ਬਦ ਸੁਣਕੇ ਦਾਦਾ ਖੁਸ਼ ਹੋ ਗਿਆ ਅਤੇ ਉਸਨੇ ਕਰਤਾਰ ਸਿੰਘ ਨੂੰ ਅੰਤਿਮ ਅਸ਼ੀਰਵਾਦ ਦਿੱਤੀ। 17 ਨਵੰਬਰ, 1915 ਵਾਲੇ ਦਿਨ ਕਰਤਾਰ ਸਿੰਘ ਅਤੇ ਉਸਦੇ ਛੇ ਸਾਥੀਆਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਸਦੀ ਸ਼ਹਾਦਤ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਕਰਤਾਰ ਸਿੰਘ ਨੇ ਖੁਦ ਆਪਣੇ ਗਲ ਵਿੱਚ ਫਾਂਸੀ ਵਾਲਾ ਫੰਧਾ ਪਾਇਆ। ਮੌਤ ਦਾ ਮਖੌਲ ਉਡਾਉਂਦਾ ਹੋਇਆ ਅਮਰ ਹੋ ਗਿਆ। ਆਪਣੀ ਜ਼ਿੰਦਗੀ ਦੇ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਜਵਾਨੀ ਅਤੇ ਨਾ ਤਜ਼ਰਬਾਕਾਰੀ ਦੇ ਬਾਵਜੂਦ ਉਹ ਸਮੁੱਚੀ ਮਨੁੱਖਤਾ ਅਤੇ ਖਾਸ ਕਰ ਆਪਣੇ ਦੇਸ਼ ਵਾਸੀਆਂ ਦੀ ਸੁਤੰਤਰਤਾ ਦੇ ਕਾਰਜ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਗਿਆ। ਦੁਨੀਆਂ ਦੇ ਇਤਿਹਾਸ ਵਿੱਚ ਬਹੁਤ ਘੱਟ ਲੋਕ ਉਸਦੇ ਸਾਨੀ ਹਨ । (ਅੰਗਰੇਜ਼ੀ ਵਿੱਚੋਂ ਪੰਜਾਬੀ ਅਨੁਵਾਦ, ਇੰਦਰ ਸਿੰਘ ਖਾਮੋਸ਼)
ਗ਼ਦਰੀ ਕਰਤਾਰ ਸਿੰਘ ਸਰਾਭਾ – ਬਾਬਾ ਹਰਨਾਮ ਸਿੰਘ ਕਾਲਾ ਸੰਘਾ
ਦਸੰਬਰ ਜਾਂ ਜਨਵਰੀ ਦਾ ਮਹੀਨਾ ਸੀ। ਕਿਰਪਾ ਸਿੰਘ ਲੈਸ ਨਾਇਕ ਨੇ ਮੈਨੂੰ ਇੱਕ ਓਪਰੇ ਜਿਹੇ ਨੌਜਵਾਨ ਨੂੰ ਮਿਲਾਇਆ। ਇਹ ਰਾਤ ਮੇਰੇ ਪਾਸ ਰਿਹਾ। ਮੇਰੀ ਬਾਬਤ ਪੁਛ ਗਿਛ ਕਰਕੇ ਉਸਨੇ ਆਪਣਾ ਦਿਲ ਖੋਲ੍ਹਿਆ ਤੇ ਦਸਿਆ ਕਿ ਉਹ ਕਰਤਾਰ ਸਿੰਘ ਸਰਾਭਾ ਹੈ। ਉਸਨੇ ਗਦਰ ਪਾਰਟੀ ਦੇ ਇਨਕਲਾਬੀ ਪ੍ਰੋਗਰਾਮ ਬਾਰੇ ਸਭ ਕੁਝ ਮੈਨੂੰ ਸਮਝਾਇਆ ਤੇ ਦਸਿਆ ਕਿ ਪ੍ਰਦੇਸਾਂ ਵਿੱਚੋਂ ਗ਼ਦਰ ਪਾਰਟੀ ਦੇ ਸੈਂਕੜੇ ਦੇਸ਼ ਭਗਤ ਦੇਸ਼ ਵਿੱਚ ਪਹੁੰਚ ਗਏ ਹਨ ਤੇ ਵੱਖ ਵੱਖ ਛਾਉਣੀਆਂ ਵਿੱਚ ਫੌਜਾਂ ਨੂੰ ਇਨਕਲਾਬ ਕਰਨ ਲਈ ਤਿਆਰ ਕਰ ਰਹੇ ਹਨ ਅਤੇ ਇਹ ਵੀ ਦੱਸਿਆ ਕਿ ਜੰਗ ਦੇ ਕਾਰਨ ਅੰਗਰੇਜ਼ੀ ਫ਼ੌਜ ਭਾਰਤ ਵਿੱਚ ਬਹੁਤ ਥੋੜੀ ਰਹਿ ਗਈ ਹੈ। ਉਸ ਨੇ ਆਖਿਆ ਕਿ ਖੁਫ਼ੀਆਂ ਤੌਰ ‘ਤੇ ਫੌਜੀਆਂ ਵਿੱਚ ਦੇਸ਼ ਪਿਆਰ ਤੇ ਇਨਕਲਾਬ ਦਾ ਪ੍ਰਚਾਰ ਕਰੋ ਅਸੀਂ ਛੇਤੀ ਹੀ ਗ਼ਦਰ ਦੀ ਤਾਰੀਖ ਮਿਥਕੇ ਤੁਹਾਨੂੰ ਇਤਲਾਹ ਦਿਆਂਗੇ । ਕਰਤਾਰ ਸਿੰਘ ਨੂੰ ਮਿਲਕੇ ਅਤੇ ਗ਼ਦਰ ਪਾਰਟੀ ਦਾ ਸਾਰਾ ਪ੍ਰੋਗਰਾਮ ਸਮਝਕੇ ਮੈਨੂੰ ਬੜੀ ਹੀ ਖੁਸ਼ੀ ਹੋਈ। ਮੈਂ ਅੱਗੇ ਹੀ ਇਸ ਗੱਲ ਦਾ ਉਡੀਕਵਾਨ ਸਾਂ । ਗ਼ਦਰ ਅਖ਼ਬਾਰ ਰਾਹੀਂ ਅੰਗਰੇਜ਼ਾਂ ਦੇ ਜ਼ੁਲਮਾਂ ਤੇ ਗੁਲਾਮੀ ਦੇ ਦੁੱਖਾਂ ਦਾ ਮੈਨੂੰ ਕਾਫੀ ਗਿਆਨ ਹੋ ਚੁੱਕਾ ਸੀ ।
ਹੁਣ ਕਰਤਾਰ ਸਿੰਘ ਸਰਾਭਾ, ਪਿੰਗਲੇ ਤੇ ਬੰਤਾ ਸਿੰਘ ਸੰਘਵਾਲ ਤਿੰਨੇ ਕਿਰਪਾ ਸਿੰਘ ਨੂੰ ਤੇ ਮੈਨੂੰ ਮਿਲਣ ਆਉਂਦੇ ਰਹਿੰਦੇ ਅਤੇ ਉਨ੍ਹਾਂ ਦੀ ਹਦਾਇਤ ਮੁਤਾਬਕ ਮੈਂ ਫੌਜ ਵਿੱਚ ਕੰਮ ਕਰਦਾ ਰਹਿੰਦਾ। ਕੁੱਝ ਚਿਰ ਮਗਰੋਂ ਅਖ਼ਬਾਰ ਵਿੱਚ ਪੜ੍ਹਿਆ ਕਿ ਕਰਤਾਰ ਸਿੰਘ ਸਰਾਭਾ ਦੀ ਗ੍ਰਿਫ਼ਤਾਰੀ ਲਈ ਸਰਕਾਰ ਨੇ ਇੱਕ ਮਰੱਬਾ ਜ਼ਮੀਨ ਤੇ ਕਈ ਹਜ਼ਾਰ ਰੁਪਿਆ ਇਨਾਮ ਵੀ ਰੱਖਿਆ ਹੈ। ਇਸੇ ਤਰ੍ਹਾਂ ਪਿੰਗਲੇ ਦੀ ਗ੍ਰਿਫਤਾਰੀ ਦਾ ਇਨਾਮ ਵੀ ਰੱਖਿਆ ਗਿਆ। ਹਾਲਤ ਬੜੀ ਬਿਖੜੀ ਬਣਦੀ ਗਈ। ਛਾਉਣੀ ਵਿੱਚ ਕਰਤਾਰ ਸਿੰਘ ਸਰਾਭਾ ਦੀ ਹਦਾਇਤ ਮੁਤਾਬਿਕ ਰਫਲਾਂ ਲੈ ਕੇ ਕਿਲ੍ਹੇ ਉੱਤੇ ਕਬਜ਼ਾ ਕਰਨ ਦਾ ਪ੍ਰੋਗਰਾਮ ਬਣਾ ਲਿਆ ਗਿਆ ਸੀ । ਮੈਂ ਇਨ੍ਹਾਂ ਦੀ ਮੁਲਾਕਾਤ ਦੇ ਭੇਦ ਨੂੰ ਬੜਾ ਹੀ ਲੁਕੋ ਕੇ ਰੱਖਦਾ ਸਾਂ ਪਰ ਮਲੂਮ ਹੁੰਦਾ ਹੈ ਕਿ ਕੁੱਝ ਆਦਮੀਆਂ ਨੂੰ ਮੇਰੇ ਉੱਤੇ ਸ਼ੱਕ ਹੋ ਗਿਆ ਸੀ।
ਇੱਕ ਦਿਨ ਬੂਟਾ ਸਿੰਘ ਜਮਾਦਾਰ ਨੇ ਬੜੇ ਪ੍ਰੇਮ ਨਾਲ ਮੈਨੂੰ ਰੋਟੀ ਖਵਾਈ । ਇਹ ਮੇਰੇ ਪਿੰਡ ਦਾ ਹੀ ਵਸਨੀਕ ਸੀ । ਰੋਟੀ ਛਕਣ ਛਕਾਣ ਮਗਰੋਂ ਉਹ ਮੈਨੂੰ ਕਹਿਣ ਲੱਗਾ :-
“ਹਰਨਾਮ ਸਿੰਘ, ਇਨ੍ਹਾਂ ਨੌਕਰੀਆਂ ਨਾਲ ਕੀ ਬਣਨੈ, ਕੋਈ ਅਜਿਹਾ ਕੰਮ ਕਰੀਏ ਕਿ ਜ਼ਿੰਦਗੀ ਸੰਵਰ ਜਾਵੇ ।” ਬੂਟਾ ਸਿੰਘ ਸਰਦਾਰਾਂ ਵਿੱਚ ਪੈਰ ਧਰਦਾ ਸੀ । ਉਸ ਨਾਲ ਮੈਂ ਕਦੀ ਰਾਜਸੀ ਗੱਲ ਨਹੀਂ ਸੀ ਕੀਤੀ। ਉਸ ਦੀ ਇਹ ਗਲ ਸੁਣਕੇ ਮੈਂ ਸੋਚਣ ਲਗ ਪਿਆ ਪਈ ਏਹ ਭੇਦ ਲੈਣਾ ਚਾਹੁੰਦਾ ਹੈ ਜਾਂ ਇਸ ਦੇ ਦਿਲ ਵਿੱਚ ਵੀ ਕੋਈ ਦੇਸ਼ ਪਿਆਰ ਦੀ ਜਾਗ ਲੱਗੀ ਹੈ। ਮੈਂ ਪੁੱਛਿਆ—“ਫਿਰ ਕੋਈ ਦੱਸ ਅਜਿਹਾ ਕੰਮ, ਮੈਂ ਤਿਆਰ ਹਾਂ ।” ਉਸ ਨੇ ਮੈਨੂੰ ਅਖ਼ਬਾਰਾਂ ਵਿੱਚ ਛੱਪੇ ਇਨਾਮਾਂ ਦੀ ਖ਼ਬਰ ਸੁਣਾਈ ਤੇ ਆਖਿਆ-“ਮੈਨੂੰ ਪਤਾ ਲੱਗਾ ਹੈ ਕਿ ਤੇਰੇ ਕੋਲ ਕਰਤਾਰ ਸਿੰਘ ਸਰਾਭਾ ਤੇ ਪਿੰਗਲੇ ਮਿਲਣ ਆਉਂਦੇ ਹਨ, ਇਨ੍ਹਾਂ ਦੋਹਾਂ ਦਾ 12 ਹਜ਼ਾਰ ਰੁਪਿਆ ਤੇ ਸਤ ਮੁਰੱਬੇ ਇਨਾਮ ਹੈ, ਇਨ੍ਹਾਂ ਨੂੰ ਗ੍ਰਿਫਤਾਰ ਕਰਾ ਕੇ ਇਨਾਮ ਅਤੇ ਫੌਜ ਵਿੱਚ ਅਹੁਦੇ ਪ੍ਰਾਪਤ ਕਰੀਏ ।’ ਮੇਰੇ ਦਿਲ ਵਿੱਚ ਗੁੱਸਾ ਤਾਂ ਬੜਾ ਆਇਆ ਪਰ ਭੇਦ ਖੁੱਲ੍ਹਣ ਦੇ ਡਰ ਤੋਂ ਗੁੱਸੇ ਨੂੰ ਦਬਾ ਲਿਆ ਅਤੇ ਆਖਿਆ-“ਭਰਾਵਾ, ਤੈਨੂੰ ਕਿਸੇ ਬਿਲਕੁਲ ਗਲਤ ਖਬਰ ਦਿੱਤੀ ਹੈ, ਨਾ ਮੈਂ ਇਨ੍ਹਾਂ ਨੂੰ ਜਾਣਦਾ ਹਾਂ ਨਾ ਮੇਰਾ ਇਸ ਨਾਲ ਕੋਈ ਵਾਸਤਾ ਹੈ।” ਉਸ ਤੋਂ ਖਹਿੜਾ ਛੁਡਾ ਕੇ ਮੈਂ ਆਪਣੇ ਡੇਰੇ ਆ ਗਿਆ। ਮੈਂ ਖਿਆਲ ਕਰਦਾ ਸੀ ਕਿ ਦੇਸ਼ ਵਿੱਚ ਅਜਿਹਾ ਕੋਈ ਦੇਸ਼ ਧਰੋਹੀ ਨਹੀਂ ਹੋਵੇਗਾ ਜੋ ਅਜਿਹੇ ਕੌਮੀ ਪਰਵਾਨਿਆਂ ਨੂੰ ਗ੍ਰਿਫਤਾਰ ਕਰਾਉਣ ਦਾ ਪਾਪ ਕਰੇ । ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਮੈਂ ਚੇਤੰਨ ਹੋ ਗਿਆ ਤੇ ਕਰਤਾਰ ਸਿੰਘ ਸਰਾਭਾ ਨੂੰ ਵੀ ਖ਼ਬਰਦਾਰ ਕਰ ਦਿੱਤਾ ਤੇ ਅੱਗੇ ਨੂੰ ਕਿਸੇ ਖ਼ੁਫੀਆ ਜਗ੍ਹਾ ਮਿਲਣ ਦਾ ਪ੍ਰਬੰਧ ਕਰ ਲਿਆ। ਕੁਝ ਦਿਨਾਂ ਮਗਰੋਂ ਮੈਨੂੰ ਇੱਕ ਅੰਗਰੇਜ਼ ਅਫਸਰ ਦੇ ਪੇਸ਼ ਕੀਤਾ ਗਿਆ। ਉਸ ਵੀ ਪਹਿਲਾਂ ਮੈਨੂੰ ਮਿੱਠੀ ਤਰ੍ਹਾਂ ਪੁਛਿਆ, ਲਾਲਚ ਦਿੱਤਾ, ਜਦ ਮੈਂ ਇੱਕੋ ਨਨਾ ਪਕੜ ਲਿਆ ਤਾਂ ਉਸ ਮੈਨੂੰ ਗੋਲੀ ਨਾਲ ਉਡਾਣ ਦੀ ਧਮਕੀ ਦਿੱਤੀ। ਮੈਂ ਕਿਹਾ,”ਸਾਹਿਬ ਬੇਦੋਸ਼ੇ ਨੂੰ ਬੇਸ਼ਕ ਗੋਲੀ ਨਾਲ ਉਡਾ ਦਿਓ, ਮੈਨੂੰ ਤਾਂ ਇਨ੍ਹਾਂ ਗੱਲਾਂ ਦਾ ਕੋਈ ਪਤਾ ਹੀ ਨਹੀਂ।” ਮੈਨੂੰ ਜਾਣ ਦਿੱਤਾ ਗਿਆ ਪਰ ਮਲੂਮ ਹੁੰਦਾ ਹੈ ਮੇਰੇ ਉੱਤੇ ਉਨ੍ਹਾਂ ਦਾ ਸ਼ੱਕ ਗਿਆ ਨਹੀਂ ਸੀ। ਇਸ ਦੇ ਮਗਰੋਂ ਮੈਨੂੰ ਤੇ ਤੇਜਾ ਸਿੰਘ ਲਹੁਕੇ ਨੂੰ 15-15 ਦਿਨ ਦੀ ਛੁੱਟੀ ਦੇ ਕੇ ਘਰ ਭੇਜ ਦਿੱਤਾ। ਕੁਝ ਦਿਨਾਂ ਮਗਰੋਂ ਅਸੀਂ ਵਾਪਸ ਆ ਗਏ ਤੇ ਫਿਰੋਜ਼ਪੁਰ ਹੀ ਰਹਿਣ ਦਾ ਟਿਕਾਣਾ ਬਣਾ ਕੇ ਕਰਤਾਰ ਸਿੰਘ ਸਰਾਭਾ ਨੂੰ ਨਾਲ ਲੈ ਕੇ ਫੌਜੀ ਸਿਪਾਹੀਆਂ ਨੂੰ ਮਿਲਦੇ ਰਹੇ ਤੇ ਉਨ੍ਹਾਂ ਨੂੰ ਦੱਸਦੇ ਰਹੇ ਕਿ ਅੰਗਰੇਜ਼ ਹੁਣ ਫਸੇ ਪਏ ਹਨ। ਵੱਖ-ਵੱਖ ਸਭ ਛਾਉਣੀਆਂ ਵਿੱਚ ਦੇਸੀ ਫੌਜਾਂ ਇਨਕਲਾਬ ਲਈ ਤਿਆਰ ਬੈਠੀਆਂ ਹਨ । ਤੁਸੀਂ ਵੀ ਤਿਆਰ ਰਹੋ ਤੁਹਾਨੂੰ ਠੀਕ ਮਿਥੀ ਹੋਈ ਤਾਰੀਖ ਦਾ ਪਤਾ ਦਿਆਂਗੇ । ਇਥੇ ਵੀ ਲਗਭਗ ਸਭ ਫੌਜਾਂ ਤਿਆਰ ਬੈਠੀਆਂ ਹਨ । ਇਥੇ ਪਲਟਨ ਨੰ: 26, 57 ਤੇ 58 ਸਨ । ਸਿਪਾਹੀ ਤਾਰੀਖ ਦੀ ਉਡੀਕ ਕਰਦੇ ਕਾਹਲੇ ਪੈ ਗਏ ਸਨ । ਉਹ ਕਹਿੰਦੇ ਸਨ, ਕਿਤੇ ਸਾਨੂੰ ਵੀ ਜਰਮਨ ਜੰਗ ਵਿੱਚ ਨਾ ਭੇਜ ਦੇਣ । ਫੌਜ ਵਿੱਚ ਤਿਆਰੀ ਦੀ ਤਸੱਲੀ ਕਰਕੇ ਮੈਂ ਆਪਣੇ ਪਿੰਡ ਆ ਗਿਆ। ਕਰਤਾਰ ਸਿੰਘ ਨੇ ਮੈਨੂੰ ਦਸ ਦਿੱਤਾ ਸੀ ਕਿ 21 ਫਰਵਰੀ ਗ਼ਦਰ ਦੀ ਤਾਰੀਖ ਮਿਥੀ ਗਈ ਹੈ । ਇੱਕ ਦਿਨ ਅਰਜਨ ਸਿੰਘ (ਫਿਰੋਜ਼ਪੁਰ) ਨੇ ਮੈਨੂੰ ਪਿੰਡ ਆ ਕੇ ਦਸਿਆ ਕਿ 21 ਦੀ ਬਜਾਏ 19 ਤਾਰੀਖ ਮੁਕਰੱਰ ਹੋ ਗਈ ਹੈ, ਚਲੋ ਛੇਤੀ ਫਿਰੋਜ਼ਪੁਰ ਨੂੰ । ਮੈਂ ਬੜੇ ਚਾਓ ਨਾਲ 19 ਤਾਰੀਖ ਫਿਰੋਜ਼ਪੁਰ ਚਲਾ ਗਿਆ।
ਕਰਤਾਰ ਸਿੰਘ ਸਰਾਭਾ ਨੇ ਕਿਰਪਾ ਸਿੰਘ ਲੈਸ ਨਾਇਕ ਰਾਹੀਂ ਛਾਉਣੀ ਵਿੱਚ ਵੀ ਜਿੰਮੇਵਾਰਾਂ ਨੂੰ ਖ਼ਬਰ ਪਹੁੰਚਾ ਦਿੱਤੀ ਸੀ । ਮੈਨੂੰ ਫਿਰੋਜ਼ਪੁਰ 19 ਤਾਰੀਖ ਨੂੰ ਛਾਉਣੀ ਸਟੇਸ਼ਨ ਉੱਤੇ ਮੰਗਲ ਸਿੰਘ ਡੋਗਰਾ ਮਿਲਿਆ ਤੇ ਪਛਾਣ ਕੇ ਹਮਦਰਦੀ ਨਾਲ ਕਹਿਣ ਲੱਗਾ “ਬਚ ਕੇ ਤੁਰੰਤ ਨੱਸ ਜਾਓ, ਤੈਨੂੰ ਤੇਰੇ ਸਾਥੀਆਂ ਨੂੰ ਗੋਲੀ ਨਾਲ ਉਡਾਉਣ ਦਾ ਹੁਕਮ ਹੋ ਗਿਆ ਹੈ, ਗੋਰਿਆਂ ਦਾ ਪਹਿਰਾ ਲੱਗ ਚੁੱਕਾ ਹੈ।” ਛਾਉਣੀ ਦੇ ਸਟੇਸ਼ਨ ਤੋਂ ਪਤਾ ਲੱਗਾ ਕਿ 9 ਆਦਮੀ ਹੋਰ ਫੌਜ ਵਿੱਚੋਂ ਕੱਢੇ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਮੁੜ ਛਾਉਣੀ ਵਿੱਚ ਆ ਗਏ ਸਨ। ਉੱਥੇ ਹੀ ਕਰਤਾਰ ਸਿੰਘ ਸਰਾਭਾ ਵੀ ਮਿਲਿਆ। ਕੁਝ ਗੱਲਾਂ ਹੋਈਆਂ । ਪਤਾ ਲੱਗਾ ਕਿ 19 ਤਾਰੀਖ ਨੂੰ ਛਾਉਣੀ ਵਿੱਚ ਗੋਰਿਆਂ ਦੇ ਪਹਿਰੇ ਲਗ ਗਏ ਸਨ । ਸਿਪਾਹੀਆਂ ਤੋਂ ਚਾਰ ਦਿਨ ਵਾਸਤੇ ਹਥਿਆਰ ਲੈ ਲਏ ਸਨ। ਦੂਜੇ ਦਿਨ ਕਰਤਾਰ ਸਿੰਘ ਨੇ ਦਸਿਆ ਕਿ ਕੁਝ ਗੜਬੜ ਹੋ ਗਈ ਜਾਪਦੀ ਹੈ। ਅਗੋਂ ਨਵੀਂ ਤਾਰੀਖ ਮਿਥਕੇ ਫਿਰ ਪਤਾ ਦੇਵਾਂਗੇ । ਤੁਸੀਂ ਹਾਲਾਂ ਘਰਾਂ ਨੂੰ ਜਾਓ । ਮੈਂ ਬੜਾ ਫਿਕਰ ਵਿੱਚ ਪੈ ਗਿਆ ਤੇ ਕਾਲਾ ਸੰਘਾ ਆਪਣੇ ਘਰ ਵਾਪਸ ਆ ਗਿਆ। ਇੱਥੇ 23 ਫਰਵਰੀ ਨੂੰ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਾਹੌਰ ਭੇਜਿਆ ਗਿਆ।
ਉਥੇ ਬਹੁਤ ਸਾਰੇ ਗ਼ਦਰੀ ਦੇਸ਼ ਭਗਤ ਗ੍ਰਿਫਤਾਰ ਹੋ ਕੇ ਆਏ ਹੋਏ ਸਨ। ਕਰਤਾਰ ਸਿੰਘ ਸਰਾਭਾ ਵੀ ਮਿਲਿਆ । ਪਤਾ ਲਗਾ ਕਿ ਕੁਝ ਦੇਸ਼ ਧ੍ਰੋਹੀਆਂ ਨੇ ਗੱਦਾਰੀ ਕੀਤੀ, ਭੇਦ ਦੱਸ ਦਿੱਤਾ, ਜਿਸ ਕਰਕੇ ਏਨੀਆਂ ਗ੍ਰਿਫਤਾਰੀਆਂ ਹੋ ਗਈਆਂ। ਸ਼ਨਾਖਤ ਪ੍ਰੇਡ ਵਿੱਚ ਅਨੋਖਾ ਸਿੰਘ ਵਾਹਦਾ ਮਾਫ਼ ਗਵਾਹ ਨੇ ਮੈਨੂੰ ਨਾ ਪਛਾਣਿਆ। ਇਸ ਕਰਕੇ ਮੈਨੂੰ ਕੇਸ ਨੰ: ਦੋ ਵਿੱਚ ਰਖਿਆ ਤੇ ਮੇਰੇ ਉੱਤੇ ਬਗਾਵਤ ਦੇ ਕਈ ਜੁਰਮ ਲਾ ਦਿੱਤੇ ਗਏ। ਮੇਰੇ ਉੱਤੇ ਦਫ਼ਾ 121 ਏ, 121 ਬੀ ਤੇ 131 ਏ ਲਾਈਆਂ ਗਈਆਂ। ਸਪੈਸ਼ਲ ਅਦਾਲਤ ਵਿੱਚ ਗਵਾਹੀਆਂ ਮਗਰੋਂ 30 ਮਾਰਚ 1916 ਨੂੰ ਮੈਨੂੰ ਉਮਰ ਕੈਦ ਕਾਲਾ ਪਾਣੀ ਤੇ ਜਾਇਦਾਦ ਜ਼ਬਤੀ ਦਾ ਹੁਕਮ ਸੁਣਾਇਆ ਗਿਆ ।
ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ – ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ
(ਲਾਰਡ ਹਾਰਡਿੰਗ, ਵਾਇਸਰਾਏ ਦੀ ਕੌਸਲ ਵੱਲੋਂ ਕੀਤੀ ਘੋਖ ਦੀ ਖੁਫੀਆ ਕਾਰਵਾਈ ਦੀ ਰੌਸ਼ਨੀ ਵਿੱਚ) ਇਹ ਸਵਾਲ ਏਨਾ ਬੇਮਤਲਬ ਨਹੀਂ ਜਿੰਨਾ ਕਿ ਪਹਿਲੀ ਨਜ਼ਰੇ ਲਗਦਾ ਹੈ। ਵਾਕਈ ਸ਼ਹੀਦ ਸਰਾਭਾ ਗ਼ਦਰ ਲਹਿਰ ਦੀ ਧੜਕਣ ਸੀ ਤੇ ਨਾਲੇ ਉਸ ਨੇ ਜੱਜਾਂ ਸਾਹਮਣੇ ਬੜੇ ਫਖਰ ਨਾਲ ਸਭ ਕੁਝ ਕਬੂਲ ਕੀਤਾ ਸੀ । ਅਸੀਂ ਸਹਿਜੇ ਕਿਤੇ ਇਹ ਕਦੇ ਕਿਆਸ ਵੀ ਨਹੀਂ ਕਰ ਸਕਦੇ ਕਿ ਉਸ ਵੇਲੇ ਦੀ ਜਾਬਰ ਸਰਕਾਰ ਜਿਸ ਨੇ ਇਨ੍ਹਾਂ ਸੂਰਬੀਰਾਂ ਨੂੰ ਫਾਹੇ ਲਾਉਣ ਲਈ ਸਪੈਸ਼ਲ ਅਦਾਲਤ ਬਣਾਈ ਸੀ, ਜਿਸ ਅੱਗੇ ਨਾ ਵਕੀਲ, ਨਾ ਦਲੀਲ, ਨਾ ਅਪੀਲ ਅਤੇ ਸਾਧਾਰਨ ਫੌਜਦਾਰੀ ਕਾਨੂੰਨ ਪ੍ਰਣਾਲੀ ਦੀਆਂ ਕੁਝ ਬੰਦਸ਼ਾਂ ਤੋਂ ਵੀ ਛੋਟ ਦਿੱਤੀ ਗਈ ਸੀ, ਕਿਸੇ ਤਰ੍ਹਾਂ ਦੀ ਨਰਮੀ ਦਿਖਾਏਗੀ। ਦੂਜੇ ਸ਼ਬਦਾਂ ਵਿੱਚ ਜੇ ਸਰਾਭੇ ਨੂੰ ਫਾਂਸੀ ਨਹੀਂ ਲਾਉਣੀ ਤਾਂ ਫਿਰ ਲਾਉਣੀ ਕਿਸ ਨੂੰ ਹੈ ।
ਜਿਵੇਂ ਕਿ ਗਿਆਨਵਾਨ ਪਾਠਕ ਜਾਣੂ ਹਨ,ਪਹਿਲੇ ਲਾਹੌਰ ਸਾਜ਼ਿਸ਼ ਕੇਸ ਦਾ ਫੈਸਲਾ 13.9.1915 ਨੂੰ ਸੁਣਾਇਆ ਗਿਆ ਸੀ ਜਿਸ ਵਿੱਚ ਕੁੱਲ 61 ਮੁਲਜ਼ਮ ਸਨ ਜਿਨ੍ਹਾਂ ਵਿੱਚੋਂ 24 ਨੂੰ ਫਾਂਸੀ ਤੇ 26 ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ।
ਜਦੋਂ ਇਹ ਫੈਸਲਾ ਪੰਜਾਬ ਦੇ ਬਦਨਾਮ ਗਵਰਨਰ ਸਰ ਮਾਈਕਲ ਉਡਵਾਇਰ (ਜਿਸ ਨੂੰ 1940 ਵਿੱਚ ਸ਼ਹੀਦ ਊਧਮ ਸਿੰਘ ਨੇ ਮਾਰਿਆ ਸੀ) ਨੇ 24 ਦੇ 24 ਫਾਂਸੀ ਵਾਲਿਆਂ ਦੇ ਮਾਮਲੇ ‘ਤੇ ਨਜ਼ਰਸਾਨੀ ਕੀਤੀ ਤੇ ਉਸ ਨੇ ਸਿਰਫ਼ ਇਕ ਵਿਅਕਤੀ ਸ੍ਰੀ ਕਾਲਾ ਸਿੰਘ (ਤਰਖਾਣ) ਵਾਸੀ ਸ਼ਹਿਰ ਅੰਮ੍ਰਿਤਸਰ ‘ਤੇ ਨਜ਼ਰੇ ਇਨਾਇਤ ਕਰ ਕੇ ਮਾਮਲਾ ਸੰਤੋਖ ਦਿੱਤਾ।
ਫੇਰ ਇਹ ਮਿਸਲ ਲਾਰਡ ਹਾਰਡਿੰਗ ਗਵਰਨਰ ਜਨਰਲ (ਵਾਇਸਰਾਏ, ਜਿਸ ਉਪਰ ਇਨਕਲਾਬੀਆਂ ਨੇ 1913 ਦਿੱਲੀ ਚਾਂਦਨੀ ਚੌਕ ਵਿੱਖੇ ਹਮਲਾ ਕੀਤਾ ਜਦੋਂ ਉਹ ਹਾਥੀ ‘ਤੇ ਸਵਾਰ ਹੋ ਕੇ ਕਲਕੱਤੇ ਤੋਂ ਦਿੱਲੀ ਰਾਜਧਾਨੀ ਬਦਲਣ ਦੇ ਜਸ਼ਨ ਦਾ ਲਾੜਾ ਸਜਿਆ ਹੋਇਆ ਸੀ)
ਦੀ ਘੋਖ ਵਾਸਤੇ ਦਿੱਲੀ ਭੇਜੀ ਗਈ। ਇਹ ਮਿਸਲ 20.9.1915 ਉਪਰੰਤ ਗਈ ਹੋਵੇਗੀ ਕਿਉਂਕਿ ਉਸ ਤਰੀਕ ਦੇ ਪੰਜਾਬ ਗਵਰਨਰ ਦੇ ਉਸ ‘ਤੇ ਦਸਤਖਤ ਕੀਤੇ ਹੋਏ ਹਨ।
ਪਰ ਇੰਝ ਕਰਨ ਦੀ ਲੋੜ ਹੀ ਕੀ ਸੀ ? ਕਾਨੂੰਨ ਅਨੁਸਾਰ ਗਵਰਨਰ ਦੀ ਘੋਖ ਪੜਤਾਲ ਤੋਂ ਪਿੱਛੋਂ ਇਹ ਮਾਮਲਾ ਇੱਥੇ ਹੀ ਨਿਬੜ ਜਾਂਦਾ ਪਰ ਜਿਵੇਂ ਕਿ ਬਾਬਾ ਸੋਹਣ ਸਿੰਘ ਭਕਨਾ ਨੇ ‘ਜੀਵਨ ਸੰਗਰਾਮ’ (ਸਫਾ 51) ‘ਤੇ ਲਿਖਿਆ ਹੈ ਕਿ ਸ਼੍ਰੀ ਰਘੁਨਾਥ ਸਹਾਏ ਤੇ ਕੁਝ ਹੋਰ ਦੇਸ਼ ਭਗਤ ਵਕੀਲਾਂ ਨੇ ਇਸ ਮੁੱਕਦਮੇ ਦਾ ਡਰਾਮਾ ਅੱਖੀਂ ਵੇਖਿਆ ਸੀ, ਉਨ੍ਹਾਂ ਨੇ ਇੱਕ ਕਮੇਟੀ ਬਣਾਈ ਜਿਸ ਨੇ ਇਸ ਮੁਕੱਦਮੇ ਦੇ ਕਾਗਜ਼ ਅਲਾਹਾਬਾਦ ਪੰਡਤ ਮੋਤੀ ਲਾਲ ਨਹਿਰੂ ਅੱਗੇ ਪੇਸ਼ ਕੀਤੇ ਜਿਨ੍ਹਾਂ ਕਾਗਜ਼ਾਂ ਦੀ ਪੜਤਾਲ ਕਰ ਕੇ ਲੱਭਿਆ ਕਿ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਵਿਰੁੱਧ ਲਾਏ ਦੋਸ਼ ਕਾਨੂੰਨੀ ਨੁਕਤਾ ਨਿਗਾਹ ਨਾਲ ਸਾਬਤ ਹੋਏ ਨਹੀਂ ਮੰਨੇ ਜਾ ਸਕਦੇ। ਵਕੀਲਾਂ ਦਾ ਡੈਪੂਟੇਸ਼ਨ ਵਾਇਸਰਾਏ ਦੀ ਕੌਂਸਲ ਦੇ ਨਾਮਜ਼ਦ ਮੈਂਬਰਾਂ ਸਰ ਅਲੀ ਇਮਾਮ ਵਗੈਰਾ ਨੂੰ ਮਿਲਿਆ ਅਤੇ ਕਾਨੂੰਨੀ ਨੁਕਤੇ ਸਮਝਾਏ ਤੇ ਫੇਰ ਇਹ ਡੈਪੂਟੇਸ਼ਨ ਲਾਰਡ ਹਾਰਡਿੰਗ ਨੂੰ ਵੀ ਮਿਲਿਆ।
ਟਿੱਪਣੀ ਹੋਮ ਡਿਪਾਰਟਮੈਂਟ ਮੈਂਬਰ ਸਰ ਕਰੈਡਰਾਕ ਦੀ 5.10.1915: ਵਾਰੀ ਆਈ ਸਭ ਤੋਂ ਪਹਿਲਾਂ ਸਰ ਕਰੈਡਰਾਕ ਦੀ । ਉਸ ਨੇ ਪਹਿਲਾ ਕੰਮ ਇਹ ਕੀਤਾ ਕਿ ‘ਅਗਲੇ ਹੁਕਮਾਂ ਤੱਕ’ ਫਾਂਸੀ ‘ਤੇ ਰੋਕ ਲਾ ਦਿੱਤੀ।
ਇਸ ਨੇ ਪੰਜ ਗਦਰੀਆਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦੀ ਸਿਫਾਰਸ਼ ਕੀਤੀ। ਉਹ ਸਨ: 1. ਸ਼੍ਰੀ ਬਲਵੰਤ ਸਿੰਘ ਸਪੁੱਤਰ ਸ਼੍ਰੀ ਮੀਰ ਸਿੰਘ (ਜੱਟ) ਪਿੰਡ ਸਠਿਆਲਾ, ਜ਼ਿਲਾ ਅੰਮ੍ਰਿਤਸਰ, 2. ਸ਼੍ਰੀ ਰੁਲੀਆ ਸਿੰਘ, ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ (ਜਿਹੜੇ ਪਿੱਛੋਂ ਜਾ ਕੇ ਕਾਲੇ ਪਾਣੀ ਦੇ ਤਸੀਹੇ ਝੱਲਦਿਆਂ ਸ਼ਹੀਦ ਹੋਏ), 3. ਸ਼੍ਰੀ ਖੁਸ਼ਹਾਲ ਸਿੰਘ ਸਪੁੱਤਰ ਸ਼੍ਰੀ ਸੁਚੇਤ ਸਿੰਘ, ਪਿੰਡ ਪੱਧਰੀ, ਜ਼ਿਲ੍ਹਾ ਅੰਮ੍ਰਿਤਸਰ, 4. ਸ਼੍ਰੀ ਸਾਵਨ ਸਿੰਘ ਸਪੁੱਤਰ ਸ਼੍ਰੀ ਖੁਸ਼ਹਾਲ ਸਿੰਘ, ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ, 5. ਸ਼੍ਰੀ ਨੰਦ ਸਿੰਘ ਸਪੁੱਤਰ ਸ਼੍ਰੀ ਰਾਮ ਸਿੰਘ (ਜੱਟ) ਪਿੰਡ ਕੈਲੇ ਜ਼ਿਲ੍ਹਾ ਲੁਧਿਆਣਾ।
ਸ਼ਹੀਦ ਸਰਾਭੇ ਬਾਰੇ ਲਿਖਿਆ ਹੈ: (ਉਮਰ 20 ਸਾਲ) ਭਾਵੇਂ ਨੌਜਵਾਨ ਹੈ ਪਰ ਇਹ ਸਾਰੇ ਸਾਜਿਸ਼ੀਆਂ ਚੋਂ ਅਤੀ ਮਹੱਤਵਪੂਰਨ ਵਿਅਕਤੀਆਂ ਵਿੱਚੋਂ ਇੱਕ ਹੈ ਅਤੇ ਅਦਾਲਤ ਨੇ ਇਸ ਨੂੰ ਸਰਾਸਰ ਬੇਕਿਰਕ ਸ਼ੈਤਾਨ, ਜੋ ਆਪਣੀਆਂ ਕਰਤੂਤਾਂ ‘ਤੇ ਫਖਰ ਕਰਦਾ ਹੈ, ਕਹਿ ਕੇ ਆਪਣੀ ਰਾਇ ਦਿੱਤੀ ਹੈ ਭਾਵ ਇਹ ਕਿ ਇਸ ਦੀ ਸਜ਼ਾ ਘਟਾਉਣ ਦੀ ਤਾਂ ਗੱਲ ਕਰਨੀ ਵੀ ਬਣਦੀ ਨਹੀਂ।
ਫੇਰ ਵਾਰੀ ਆਈ ਸਰ ਅਲੀ ਇਮਾਮ (ਕਾਨੂੰਨੀ ਸਲਾਹਕਾਰ) ਦੀ (13.10.1915) : ਜਿਸ ਨੇ ਸਰ ਕਰੈਡਰਾਕ ਦੀ ਉਪਰ ਦੱਸੇ ਪੰਜਾਂ ਗ਼ਦਰੀਆਂ ਦੀ ਸਜ਼ਾ ਬਾਰੇ ਰਿਆਇਤ ਨਾਲ ਸਹਿਮਤ ਹੋਣ ਤੋਂ ਇਲਾਵਾ ਹੇਠ ਲਿਖੇ 12 ਗ਼ਦਰੀਆਂ ਦੀ ਸਜ਼ਾ ਘਟਾਏ ਜਾਣ ਦੀ ਸਿਫਾਰਸ਼ ਕੀਤੀ ਹੈ : 1. ਸ਼੍ਰੀ ਹਰਨਾਮ ਸਿੰਘ (ਟੁੰਡੀ ਲਾਟ) ਪਿੰਡ ਕੋਟਲਾ ਨੌਧ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ, 2. ਸ਼੍ਰੀ ਹਿਰਦੇ ਰਾਮ (ਰਾਜਪੂਤ) ਮੰਡੀ ਰਿਆਸਤ ਹਿਮਾਚਲ, 3. ਸ਼੍ਰੀ (ਪੰਡਤ) ਜਗਤ ਰਾਮ ਪਿੰਡ ਹਰਿਆਣਾ, ਜ਼ਿਲਾ ਹੁਸ਼ਿਆਰਪੁਰ, 4. ਭਾਈ ਪਰਮਾਨੰਦ ਵਾਸੀ ਕੜਿਆਲਾ ਜ਼ਿਲ੍ਹਾ ਜਿਹਲਮ (ਪੱਛਮੀ ਪੰਜਾਬ), 5. ਪੰਡਤ ਪਰਮਾਨੰਦ (ਝਾਂਸੀ, ਯੂ.ਪੀ.), 6. ਸ਼੍ਰੀ ਪਿਰਥੀ ਸਿੰਘ ਲਾਲੜੂ ਜ਼ਿਲ੍ਹਾ (ਰਿਆਸਤ) ਪਟਿਆਲਾ, 7. ਸ਼੍ਰੀ ਕੇਸਰ ਸਿੰਘ ਪਿੰਡ ਠੱਠਗੜ੍ਹ ਜ਼ਿਲ੍ਹਾ ਅੰਮ੍ਰਿਤਸਰ, 8. ਸ਼੍ਰੀ ਨਿਧਾਨ ਸਿੰਘ ਪਿੰਡ ਚੁੱਘਾ ਜ਼ਿਲ੍ਹਾ ਫਿਰੋਜ਼ਪੁਰ, 9. ਸ਼੍ਰੀ ਰਾਮ ਸ਼ਰਨ ਦਾਸ ਕਪੂਰਥਲਾ, 10. ਸ਼੍ਰੀ ਸੋਹਣ ਸਿੰਘ ਭਕਨਾ (ਅੰਮ੍ਰਿਤਸਰ), 11. ਸ਼੍ਰੀ ਵਸਵਾ ਸਿੰਘ ਸਪੁੱਤਰ ਸ਼੍ਰੀ ਮੀਹਾਂ ਸਿੰਘ ਪਿੰਡ ਗਿੱਲਵਾਲੀ ਜ਼ਿਲ੍ਹਾ ਅੰਮ੍ਰਿਤਸਰ, 12. (ਸ਼ਹੀਦ) ਕਰਤਾਰ ਸਿੰਘ ਸਰਾਭਾ (ਉਮਰ ਸਾਢੇ ਅਠਾਰਾਂ ਤੋਂ 20 ਦੇ ਦਰਮਿਆਨ) ।
ਇਹ ਮੁਲਜ਼ਮ (ਭਾਵੇਂ) ਇਸ ਸਾਜ਼ਿਸ਼ ਦੇ (ਸਿਵਾਏ ਕਤਲ ਦੇ) ਹਰੇਕ ਦੌਰ ਵਿੱਚ ਨੱਕੋ ਨੱਕ ਸਰਸ਼ਾਰ ਹੈ ਪਰ ਇਸ ਦੇ ਵਿਰੁੱਧ ਧਾਰਾ 396 ਆਈ. ਪੀ. ਸੀ. (ਡਕੈਤੀ ਦੌਰਾਨ ਕਤਲ) ਦੇ ਦੋਸ਼ ਬਾਰੇ ਮੈਂ ਇਸ ਦੀ ਅੱਲ੍ਹੜ ਅਵਸਥਾ ਬਾਰੇ ਸੁਚੇਤ ਹਾਂ। ਜੇ ਕਿਤੇ ਉਸ ਦੀ ਇਹ ਅੱਲ੍ਹੜ ਅਵਸਥਾ ਨਾ ਹੁੰਦੀ ਤਾਂ ਮੈਂ ਉਸ ਨੂੰ ਫਾਂਸੀ ਦਾ ਪੂਰਾ ਹੱਕਦਾਰ ਮਿਥਣ ਵਿੱਚ ਕੋਈ ਵੀ ਹਿਚਕਚਾਹਟ ਮਹਿਸੂਸ ਨਾ ਕਰਦਾ।
ਸਰ ਕਰੈਡਰਾਕ ਦੀ ਕਿੰਤੂ ਪ੍ਰੰਤੂ :15.10.1915: ਸਰ ਕਰੈਡਰਾਕ ਨੇ ਲਾਰਡ ਹਾਰਡਿੰਗ ਨੂੰ ਲਿਖਿਆ ਕਿ ਭਾਵੇਂ ਅਦਾਲਤ ਦੇ ਜੱਜ ਹਰੇਕ ਮੁਲਜ਼ਮ ਸੰਬੰਧੀ ਚੋਣਵੇਂ ਤੱਥਾਂ ਦਾ ਹਵਾਲਾ ਦੇਣੋਂ ਉਕ ਗਏ ਹਨ ਪਰ ਕੋਈ ਵੀ ਸਾਧਾਰਨ ਇਨਸਾਨ ਕੇਸ ਦਾ ਮਸੌਦਾ ਪੜ੍ਹ ਕੇ ਕਹੇ ਬਿਨਾਂ ਰਹਿ ਨਹੀਂ ਸਕਦਾ ਕਿ ਇਹ ਸਾਰੇ ਦੇ ਸਾਰੇ ਹੀ ਇਸ ਸਾਜ਼ਿਸ਼ ਵਿੱਚ ਬਰਾਬਰ ਸ਼ਾਮਲ ਸਨ । ਮੈਂ ਫਿਰ ਆਪਣੀ ਪਹਿਲਾਂ ਦਿੱਤੀ ਟਿੱਪਣੀ ‘ਤੇ ਕਾਇਮ ਹਾਂ। ਹੋ ਸਕਦੈ ਕਿ ਕਾਨੂੰਨੀ ਪੱਖੋਂ ਕੁਝ ਉਕਾਈਆਂ ਹੋਣ ਪਰ ਨਿਰੋਲ ਤੱਥਾਂ ਦੇ ਆਧਾਰ ‘ਤੇ ਜੋ ਮੈਂ ਕਿਹਾ ਹੈ, ਉਹੋ ਠੀਕ ਲਗਦਾ ਹੈ, ਖਾਸ ਤੌਰ ‘ਤੇ ਜਗਤ ਸਿੰਘ (ਸੁਰ ਸਿੰਘ), ਹਰਨਾਮ ਸਿੰਘ (ਸਿਆਲਕੋਟ) ਤੇ ਕਰਤਾਰ ਸਿੰਘ ਸਰਾਭਾ ਨੇ ਗ੍ਰਿਫਤਾਰੀ ਤੋਂ ਐਨ ਪਹਿਲਾਂ ਤੇ ਗ੍ਰਿਫਤਾਰੀ ਦੌਰਾਨ ਚੱਕ ਨੰਬਰ 5 (ਸਰਗੋਧਾ) ਵਿੱਚ 22 ਨੰਬਰ ਰਸਾਲੇ ਦੇ ਜਵਾਨਾਂ ਨੂੰ ਉਕਸਾ ਕੇ ਗ਼ਦਰ ਵਿੱਚ ਸ਼ਾਮਲ ਕਰਨ ਦਾ ਉਪਰਾਲਾ ਕੀਤਾ ਸੀ, ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਜਿਵੇਂ ਕਿ (ਸਰ ਅਲੀ ਇਮਾਮ ਵੱਲੋਂ) ਕੀਤਾ ਗਿਆ ਹੈ।
ਸਰ ਅਲੀ ਇਮਾਮ ਦਾ ਪ੍ਰਤੀਕਰਮ : 11.10.1915 : ਸਰ ਅਲੀ ਇਮਾਮ ਨੇ ਸੰਬੰਧਿਤ ਗਵਾਹਾਂ ਦੇ ਬਿਆਨਾਂ ਦਾ ਹਵਾਲਾ ਦੇ ਕੇ ਇਹ ਸਿੱਟਾ ਕੱਢ ਕੇ ਪੇਸ਼ ਕੀਤਾ ਕਿ ਭਾਵੇਂ ਕਿ ਇਨ੍ਹਾਂ (ਤਿੰਨਾਂ) ਦਾ ਇਰਾਦਾ ਇਨ੍ਹਾਂ ਫੌਜੀਆਂ ਨੂੰ ਗ਼ਦਰ ਲਈ ਨਾਲ ਮਿਲਾਉਣਾ ਹੀ ਹੋਵੇ ਪਰ ਅਸਲ ਵਿੱਚ ਇਹ ਅਮਲ ਕੇਵਲ ਇਕ ਧਾਰਨਾ ਤੋਂ ਅਗੇਰੇ ਗਏ ਸਾਬਤ ਨਹੀਂ ਹੁੰਦੇ। ਇਸ ਲਈ ਕੇਵਲ ਇਸ ਧਾਰਨਾ ਦੇ ਵਿਸ਼ਵਾਸ਼ ਅਧੀਨ ਇਨ੍ਹਾਂ ‘ਤੇ ਲਾਏ ਗਏ ਜੁਰਮ ਦੀ ਸਜ਼ਾ ਦੇਣਾ ਵਾਜਬ ਨਹੀਂ ਹੋਵੇਗਾ।
ਹੁਣ ਆ ਗਈ ਵਾਰੀ ਲਾਰਡ ਹਾਰਡਿੰਗ ਦੀ (ਮਿਤੀ: 23.10. 1915): ਭਾਵੇਂ ਸਰ ਮਾਈਕਲ ਉਡਵਾਇਰ ਤੇ ਸਰ ਕਰੈਡਰਾਕ ਦੀਆਂ ਟਿੱਪਣੀਆਂ ਬੜੀਆਂ ਸਪੱਸ਼ਟ ਤੇ ਸਾਰਥਕ ਨੇ ਪਰ ਇਹ ਪ੍ਰਤੱਖ ਤੌਰ ‘ਤੇ ਕਾਰਜਕਾਰੀ ਅਫ਼ਸਰਾਂ ਦੀ ਸੋਚਣੀ ਦੀ ਪੈਦਾਵਾਰ ਹਨ. ਇਨ੍ਹਾਂ ਕੈਦੀਆਂ ਦਾ ਮਾਮਲਾ ਇਸ ਲਈ ਜ਼ਿਆਦਾ ਗੰਭੀਰ ਹੈ ਕਿਉਂਕਿ ਇਨ੍ਹਾਂ ਲਈ ਅਪੀਲ ਕਰਨ ਵਾਸਤੇ ਕੋਈ ਹੋਰ ਉਚੇਰੀ ਅਦਾਲਤ ਨਹੀਂ ਹੈ ਅਤੇ ਆਖਰੀ ਫੈਸਲਾ ਸਾਡੀ ਕੌਂਸਲ ਦੇ ਹੱਥ ਵਿੱਚ ਹੈ।
ਸਾਧਾਰਨ ਹਾਲਤਾਂ ਵਿੱਚ ਤਾਂ ਹਰੇਕ ਮੁਲਜ਼ਮ ਨੂੰ ਇਕ ਦੋ ਅਪੀਲਾਂ ਕਰਨ ਦਾ ਮੌਕਾ ਮਿਲਦਾ ਹੈ ਜਿਸ ਰਾਹੀਂ ਉਨ੍ਹਾਂ ਨੂੰ ਇਨਸਾਫ ਮਿਲ ਸਕਦਾ ਹੈ ਪਰ ਚੂੰਕਿ ਇਨ੍ਹਾਂ ਨੂੰ ਅਪੀਲ ਦਾ ਮੌਕਾ ਨਹੀਂ ਮਿਲਿਆ, ਇਸ ਲਈ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਬੇਇਨਸਾਫੀ ਨਾ ਹੋਵੇ। ਮੇਰੀ ਰਾਇ ਵਿੱਚ ਇਸ (ਸਪੈਸ਼ਲ) ਕਾਨੂੰਨ ਅੰਦਰ ਇਹ ਇੱਕ ਵੱਡਾ ਨੁਕਸ ਹੈ।
ਜਿਵੇਂ ਕਿ ਉਪਰ ਦੱਸਿਆ ਗਿਆ ਹੈ ਕਿ ਸਰ ਮਾਈਕਲ ਉਡਵਾਇਰ ਤੇ ਸਰ ਕਰੈਡਰਾਕ ਦੀਆਂ ਟਿੱਪਣੀਆਂ ਭਾਵੇਂ ਕਾਰਜਕਾਰੀ ਪੱਖ ਤੋਂ ਸ਼ਲਾਘਾਯੋਗ ਹਨ ਪਰ ਇਹ ਕਾਨੂੰਨੀ ਤੇ ਨਿਆਂਇਕ ਪੱਖੋਂ ਹੌਲੀਆਂ ਹਨ। ਇਸੇ ਲਈ ਮੈਂ ਕਾਨੂੰਨੀ (ਮਾਹਿਰ) ਮੈਂਬਰ ਸਰ ਅਲੀ ਇਮਾਮ ਦੀ ਰਾਇ ਤੇ ਸਲਾਹ ਲੈਣੀ ਠੀਕ ਸਮਝੀ ਸੀ ਜਿਸ ਲਈ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਏਨੀ ਗਹੁ ਨਾਲ ਸਾਰੇ ਕੇਸ ਨੂੰ ਵਾਚਿਆ ਹੈ ਤੇ ਏਨੇ ਸਪੱਸ਼ਟ ਰੂਪ ਵਿੱਚ ਕਾਨੂੰਨੀ ਪੱਖ ਨੂੰ ਉਜਾਗਰ ਕੀਤਾ ਹੈ। ਸਰ ਅਲੀ ਇਮਾਮ ਦੀ ਟਿੱਪਣੀ ਦੇ ਅਖੀਰਲੇ ਪੈਰੇ ਵਿੱਚ ‘ਸਿਆਸੀ ਮਸਲਤਾ’ ਵੱਲ ਇਸ਼ਾਰਾ ਕੀਤਾ ਗਿਆ ਹੈ ਜਿਸ ਬਾਰੇ ਮੈਂ ਸਪੱਸ਼ਟ ਤੌਰ ‘ਤੇ ਕਹਿਣਾ ਚਾਹਾਂਗਾ ਕਿ ਐਸੀ ਕੋਈ ਗੱਲ ਨਹੀਂ ਤੇ ਇਹ ਮਸਲਾ ਨਿਰੋਲ ਕਾਨੂੰਨ ਤੇ ਨਿਆਂ ਦਾ ਹੈ।
ਜਿਵੇਂ ਕਿ ਸਰ ਅਲੀ ਇਮਾਮ ਨੇ ਲਿਖਿਆ ਹੈ ਕਿ ਜੱਜ ਸਾਹਿਬਾਨ ਨੇ ਵਿਅਕਤੀਗਤ ਰੂਪ ਵਿੱਚ ਇਕ ਇਕ ਮੁਲਜ਼ਮ ਦੇ ਰੋਲ ਬਾਰੇ ਨਿਰਣਾ ਕਰਦਿਆਂ ਦਫਾ 121 (ਬਾਦਸ਼ਾਹ ਵਿਰੁੱਧ ਜਹਾਦ) ਅਤੇ 121-ਏ (ਸਰਕਾਰ ਵਿਰੁੱਧ ਅਪਰਾਧਾਂ ਸੰਬੰਧੀ ਸਾਜ਼ਿਸ਼) ਵਿਚਾਲੇ ਸਪੱਸ਼ਟ ਲਕੀਰ ਨਹੀਂ ਖਿੱਚੀ। (ਇਹ ਇਸ ਲਈ ਜ਼ਰੂਰੀ ਸੀ ਕਿਉਂਕਿ ਜਿਥੇ 121 ਦਫਾ ਤਹਿਤ ਮੌਤ ਦੀ ਸਜ਼ਾ ਵੀ ਮਿਲ ਸਕਦੀ ਹੈ, 121-ਏ ਤਹਿਤ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਉਮਰ ਕੈਦ ਹੈ) ਇਸ ਪਰਥਾਏ ਸਰ ਅਲੀ ਇਮਾਮ ਨੇ ਸਰ ਐਸ. ਸੀ. ਕਾਰਨਡਫ ਦੀ ‘ਮਾਨਕਤਲਾ ਬੰਬ ਕੇਸ’ ਦੌਰਾਨ ਦਿੱਤੀ ਰਾਇ ਦਾ ਹਵਾਲਾ ਵੀ ਦਿੱਤਾ ਹੈ ਅਤੇ ਮੇਰੇ ਲਈ ਅਜਿਹੇ ਜੱਜ ਦੀ ਰਾਇ ਨੂੰ ਅਣਗੌਲਿਆਂ ਕਰਨਾ ਬਹੁਤ ਔਖਾ ਹੈ ਜਿਸ ਦੀ ਮੈਂ ਨਿੱਜੀ ਤੌਰ ‘ਤੇ ਬਹੁਤ ਇੱਜ਼ਤ ਕਰਦਾ ਹਾਂ।
ਮੈਂ ਸਿਧਾਂਤਕ ਤੌਰ ‘ਤੇ ਆਪਣੇ ਕਾਨੂੰਨੀ ਮੈਂਬਰ ਦੀ ਰਾਇ ਦਾ ਸਨਮਾਨ ਕਰਨ ਦਾ ਪਾਬੰਦ ਹੁੰਦਿਆਂ ਉਸ ਦੀ ਰਾਇ ਸਿਵਾਏ ਕਰਤਾਰ ਸਿੰਘ (ਸਰਾਭਾ) ਦੇ ਬਾਕੀਆਂ ਪਰਥਾਏ ਸਵੀਕਾਰ ਕਰਦਾ ਹਾਂ ਜਿਸ ਬਾਰੇ ਮੈਂ ਇਸ ਮੁੱਦੇ ‘ਤੇ ਸਹਿਮਤ ਨਹੀਂ ਹਾਂ ਕਿ ਇਸ ਨੇ ਦਫਾ 121 ਤਹਿਤ ਜ਼ੁਲਮ ਨਹੀਂ ਕੀਤਾ । ਸੋ ਇਸ ਨੂੰ ਛੱਡ ਕੇ ਬਾਕੀ ਗਿਆਰਾਂ ਦੀ 121 ਦਫਾ ਤਹਿਤ ਸਜ਼ਾ ਨੂੰ ਅਯੋਗ ਕਰਾਰ ਦਿੰਦਾ ਹਾਂ।
ਹੋ ਸਕਦੈ ਮੇਰੀ ਇਸ ਧਾਰਨਾ ਸੰਬੰਧੀ ਕਿਸੇ ਹੋਰ ਕਾਨੂੰਨੀ ਮਾਹਿਰ, ਭਾਵ ਐਡਵੋਕੇਟ ਜਨਰਲ ਦੀ ਰਾਇ ਲੈਣਾ ਕੁਥਾਏਂ ਨਾ ਹੋਵੇ । ਪਰ ਅਜਿਹਾ ਕਰਨ ਨਾਲ ਮਾਮਲਾ ਹੋਰ ਵੀ ਉਲਝ ਸਕਦਾ ਹੈ, ਖਾਸ ਕਰ ਕੇ ਇਸ ਲਈ ਕਿ (ਮੌਜੂਦਾ) ਐਡਵੋਕੇਟ ਜਨਰਲ ਦੀ ਰਾਇ ਭਰੋਸੇਯੋਗ ਨਹੀਂ ਕਹੀ ਜਾ ਸਕਦੀ।
ਇਸ ਤੋਂ ਇਲਾਵਾ ਮੈਨੂੰ ਪ੍ਰਾਈਵੇਟ ਤੌਰ ‘ਤੇ ਖੋਜ ਪੜਤਾਲ ਰਾਹੀਂ ਸਹੀ ਤੱਥਾਂ ਨੂੰ ਲੱਭਣ ਦਾ ਸੁਝਾਅ ਵੀ ਦਿੱਤਾ ਗਿਆ ਹੈ ਜਿਹੜਾ ਮਾਣਯੋਗ ਜੱਜ ਸਾਹਿਬਾਨ ਦੇ ਫੈਸਲੇ ਦੀ ਸ਼ਾਨ ਦੇ ਅਨੁਸਾਰ ਨਹੀਂ ਹੋ ਸਕੇਗਾ।
ਮੁੱਕਦੀ ਗੱਲ : ਮੌਜੂਦਾ ਹਾਲਾਤ ਤਹਿਤ ਸਰਕਾਰੀ-ਹਿੰਦ, ਜਿਹੜਾ ਨਿਆਇਕ ਸੰਸਥਾ ਨਹੀਂ ਹੈ ਅਤੇ ਨਿਆਇਕ ਯੋਗਤਾ ਨਹੀਂ ਰੱਖਦੀ, ਲਈ ਸਿਵਾਏ ਅਲੀ ਇਮਾਮ ਦੀ ਰਾਇ (ਇਕ ਕਰਤਾਰ ਸਿੰਘ ਨੂੰ ਛੱਡ ਕੇ) ਨੂੰ ਮੰਨ ਲੈਣੋਂ ਸਿਵਾਏ ਕੋਈ ਰਾਹ ਨਹੀਂ।
ਕਰਤਾਰ ਸਿੰਘ ਸਰਾਭਾ ਦਾ ਜਿਥੋਂ ਤੱਕ ਸੰਬੰਧ ਹੈ ਇਹ ਸਾਰੇ ਲਾਣੇ ਵਿੱਚੋਂ ਅਤੀ ਮਾੜਿਆਂ ਵਿੱਚੋਂ ਇੱਕ ਹੈ। ਸਰ ਅਲੀ ਇਮਾਮ ਨੇ ਸਿਰਫ ਇਸ ਦੀ ਅੱਲ੍ਹੜ ਅਵਸਥਾ ਦੇ ਆਧਾਰ ‘ਤੇ ਰਹਿਮ ਦੀ ਸਿਫਾਰਸ਼ ਕੀਤੀ ਹੈ। ਮੈਂ ਵੀ ਉਨ੍ਹਾਂ (ਸਰ ਅਲੀ ਇਮਾਮ) ਵਾਂਗ ਹੀ ਅੱਲ੍ਹੜ ਵਿਅਕਤੀ ਦੀ ਜਾਨ ਲੈਣੋਂ ਘ੍ਰਿਣਾ ਕਰਦਾ ਹਾਂ । ਜਿਵੇਂ ਮੇਰੀ ਯਾਦਦਾਸ਼ਤ ਆਪਣੇ ਬਾਰੇ (ਕੰਮ ਕਰਦੀ ਹੈ) ਮੈਂ ਇਹ ਕਹਿ ਸਕਦਾ ਹਾਂ ਕਿ 19 ਤੇ 20 ਸਾਲ ਦੀ ਉਮਰੇ ਮੈਂ ਕਈ ਮੂਰਖਾਨਾ ਤੇ ਅੱਧਘੜੇ ਵਿਚਾਰ ਰੱਖਦਾ ਸਾਂ ਜਿਨ੍ਹਾਂ ਨੂੰ ਮੈਂ ਹੁਣ ਕਿਸੇ ਤਰ੍ਹਾਂ ਵੀ ਨਾਲ ਰੱਖਣ ਨੂੰ ਤਿਆਰ ਨਹੀਂ ਹੋ ਸਕਦਾ । ਪਰ ਮੈਂ ਇਸ ਮਾਮਲੇ ਵਿੱਚ ਆਪਣੇ ਵਿਚਾਰ ਠੋਸਣਾ ਨਹੀਂ ਚਾਹੁੰਦਾ ਅਤੇ ਇਸ ਲਈ ਮੈਂ ਇਸ ਮੁੱਦੇ ਨੂੰ ਆਪਣੇ ਸਹਿਯੋਗੀਆਂ ਦੀ ਬਹੁਸੰਮਤੀ ਤੇ ਛੱਡਦਾ ਹਾਂ। ਜੇ ਮੇਰੇ ਸਹਿਯੋਗੀਆਂ ਦੀ ਰਾਇ ਫੈਸਲਾਕੁਨ ਨਾ ਹੋਵੇ (ਭਾਵ ਬਰਾਬਰ ਬਰਾਬਰ ਹੋਵੇ) ਤਾਂ ਮੇਰੀ ਰਾਇ ਨੂੰ ਆਖਰੀ ਮੰਨਿਆ ਜਾਵੇ।
ਨਿੱਜੀ ਤੌਰ ‘ਤੇ ਲਾਰਡ ਹਾਰਡਿੰਗ ਭਾਵੇਂ ਸਰ ਅਲੀ ਇਮਾਮ ਨਾਲ 121 ਦਫਾ ਤੇ ਕਾਨੂੰਨੀ ਰਾਇ ਨਾਲ (ਕਰਤਾਰ ਸਿੰਘ ਬਾਰੇ) ਸਹਿਮਤ ਨਹੀਂ ਸੀ ਪਰ ਮਨੁੱਖੀ ਆਧਾਰ ‘ਤੇ ਭਾਵ ਕਰਤਾਰ ਸਿੰਘ ਦੀ ਅੱਲ੍ਹੜ ਜਵਾਨੀ ਨੂੰ ਮੁੱਖ ਰੱਖਦਿਆਂ ਫਾਂਸੀ ਤੋੜਨ ਦੇ ਹੱਕ ਵਿੱਚ ਸੀ, ਬਸ਼ਰਤੇ ਕੌਸਲ ਦੀ ਬਹੁਗਿਣਤੀ ਇਸ ਦਾ ਵਿਰੋਧ ਨਾ ਕਰੇ ।
ਬੀ. ਡੱਫ. ਕੌਂਸਲ ਮੈਂਬਰ (12.11.1915) : ਮੇਰੀ ਰਾਇ (ਕਰਤਾਰ ਸਿੰਘ) ਮੌਤ ਦੀ ਸਜ਼ਾ ਦੇਣ ਦੇ ਹੱਕ ਵਿੱਚ ਹੈ।
ਡਬਲਿਊ. ਐਚ. ਕਲਾਰਕ (ਮਿਤੀ : 3.11.1915) : ਮੇਰਾ ਕਾਨੂੰਨੀ ਮੈਂਬਰ (ਸਰ ਅਲੀ ਇਮਾਮ) ਦੀਆਂ ਟਿੱਪਣੀਆਂ ਬਾਰੇ ਅਸੂਲੀ ਇਖਤਲਾਫ ਹੈ ਕਿਉਂਕਿ ਅਜਿਹਾ ਕਰਦਿਆਂ ਉਸ ਨੇ ਇੱਕ ਉਚੇਰੀ ਅਦਾਲਤ ਦੇ ਜੱਜ ਵੱਲੋਂ ਹੇਠਲੀ ਅਦਾਲਤ ਦਾ ਕਾਨੂੰਨੀ ਪੱਖੋਂ ਮੁਲਾਂਕਣ ਕੀਤਾ ਹੈ ਜਿਹੜਾ ਗਵਰਨਰ ਜਨਰਲ ਦੇ ਕਾਰਜ ਖੇਤਰ ਤੋਂ ਬਾਹਰ ਪੈਦਾ ਹੈ ।
ਜਿੱਥੋਂ ਤੱਕ ਲਾਰਡ ਹਾਰਡਿੰਗ ਦੇ ਸੰਕੇਤ ਕਿ ‘ਮੈਂ ਆਪਣੇ ਕਾਨੂੰਨੀ ਮੈਂਬਰਾਂ ਦੀ ਰਾਇ ਮੰਨਣ ਦਾ ਵਿਧਾਨਕ ਤੌਰ ‘ਤੇ ਪਾਬੰਦ ਹਾਂ’ ਦਾ ਸੰਬੰਧ ਹੈ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀ ਬਾਕੀ ਮੈਂਬਰਾਂ ਦੀ ਰਾਇ ਬੇਮਤਲਬ ਰਹਿ ਜਾਂਦੀ ਹੈ ਤੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕੋਈ ਅਜਿਹੀ ਵਿਵਸਥਾ ਵਿਧਾਨ ਵਿੱਚ ਹੈ ਨਹੀਂ।
ਪਰ ਫਰਜ਼ ਕਰੋ ਕਿ ਗਵਰਨਰ ਜਨਰਲ ਕਾਨੂੰਨੀ ਮੈਂਬਰਾਂ ਦੀ ਰਾਇ ਮੰਨਣ ਲਈ ਪਾਬੰਦ ਹੈ ਤਾਂ ਫੇਰ ਅਮਲੀ ਤੌਰ ‘ਤੇ ਸਰ ਅਲੀ ਇਮਾਮ ਹੀ ਅਪੀਲ ਖਾਤਰ ਸਭ ਤੋਂ ਉਤਮ ਅਧਿਕਾਰੀ ਮੰਨ ਲਿਆ ਗਿਆ ਹੋਵੇਗਾ। (ਉਚੇਚੇ ਤੌਰ ‘ਤੇ ਬਣਾਏ ਗਏ ਕਾਨੂੰਨ) ਵਿੱਚ ਅਪੀਲ ਦੀ ਗੁੰਜਾਇਸ਼ ਨਹੀਂ ਹੈ, ਸਿਰਫ ਇਸ ਲਈ ਹੀ ਇਹ ਨਿਵੇਕਲਾ ਰਸਤਾ ਅਪਣਾਇਆ ਜਾ ਰਿਹਾ ਹੈ। ਅਸਲ ਵਿੱਚ ਅਜਿਹਾ ਜਾਣਬੁੱਝ ਕੇ ਹੀ ਤਾਂ ਕੀਤਾ ਗਿਆ ਸੀ ਕਿਉਂਕਿ ਜੰਗ ਤੇ ਜੰਗ ਤੋਂ ਉਪਜੇ ਖਾਸ ਹਾਲਾਤ ਦੀ ਮਜ਼ਬੂਰੀ ਸੀ । ਜੇ ਇਹ ਦਰੁਸਤ ਹੈ ਤਾਂ ਕੀ ਅਸੀਂ ਜਿਥੇ ਸਾਧਾਰਨ ਅਪੀਲ ਦੀ ਵਿਵਸਥਾ ਨਹੀਂ ਕੀਤੀ ਉਥੇ ਉਸ ਦੀ ਬਜਾਏ ਇਕ ਹੋਰ ਖੁਫੀਆ ਅਦਾਲਤ ਸਥਾਪਤ ਕਰ ਰਹੇ ਹੋਵਾਂਗੇ । ਇਹ ਇੱਕ ਖਤਰਨਾਕ ਪ੍ਰਥਾ ਸਾਬਤ ਹੋ ਸਕਦੀ ਹੈ ਕਿਉਂਕਿ ਕੱਲ੍ਹ ਭਲਕੇ ਇਸੇ ਪ੍ਰਥਾ ਨੂੰ ਕਿਸੇ ਸਾਧਾਰਨ ਫੌਜਦਾਰੀ ਦੇ ਮਾਮਲੇ ਵਿੱਚ, ਜਿਥੇ ਅਪੀਲ ਦੀ ਵਿਵਸਥਾ ਹੈ, ਵੀ ਲਾਗੂ ਕੀਤਾ ਜਾ ਸਕਦਾ ਹੈ। ਸਿੱਟਾ ਇਹ ਨਿਕਲੇਗਾ ਕਿ ਕਾਰਜਪਾਲਿਕਾ ਦਾ ਨਿਆਂਪਾਲਿਕਾ ਨਾਲ ਸੰਬੰਧ ਗਲਤ ਕਿਸਮ ਦਾ ਹੋ ਨਿਬੜੇਗਾ । ਸਾਨੂੰ ਕਿਸੇ ਸੂਰਤ ਵਿੱਚ ਵੀ ਇਕ ਹੋਰ ਅਪੀਲੀ ਅਦਾਲਤ ਦਾ ਰੂਪ ਨਹੀਂ ਧਾਰਨਾ ਚਾਹੀਦਾ।
ਖਾਲਸ ਕਾਨੂੰਨੀ ਮੁੱਦੇ ਬਾਰੇ ਸਾਡੇ ਸਾਹਮਣੇ ਦੋ ਦ੍ਰਿਸ਼ਟੀਕੋਣ ਮੌਜੂਦ ਨੇ। ਜਿੱਥੋਂ ਤੱਕ ਅਦਾਲਤ ਦਾ ਸੰਬੰਧ ਹੈ (ਲਗਭਗ) ਸਾਰੇ ਦੇ ਸਾਰੇ ਮੁਲਜ਼ਮ ਜੰਗ (ਭਾਵ ਜੁਲਾਈ-ਅਗਸਤ 1914) ਸ਼ੁਰੂ ਹੋਣ ਤੋਂ ਲੈ ਕੇ ਪਿੱਛੋਂ ਕੀਤੇ ਸਾਰੇ ਗੈਰ-ਕਾਨੂੰਨੀ ਕੰਮਾਂ ਨੂੰ ਮੁੱਖ ਰੱਖਦਿਆਂ, ਸਪੱਸ਼ਟ ਰੂਪ ਵਿੱਚ ਦਫਾ 121 ਦੇ ਭਾਗੀ ਹਨ। ਪਰ ਜਿੱਥੋਂ ਤੱਕ ਸਰ ਅਲੀ ਇਮਾਮ ਦੀ ਇਸ ਬਾਰੇ ਵਿਆਖਿਆ ਹੈ, ਉਹ ਇਸ ਸਭ ਕਾਸੇ ਨੂੰ ਜੰਗ ਛੇੜਨ ਲਈ ਮੁੱਢਲੀਆਂ ਕਾਰਵਾਈਆਂ ਕਰਾਰ ਦਿੰਦੇ ਹੋਏ ਇਨ੍ਹਾਂ ਨੂੰ ਦਫਾ 121 ਦੀ ਮਾਰ ਹੇਠੋਂ ਬਚਾਉਂਦੇ ਹਨ । ਮੇਰਾ ਮੁੱਖ ਮੁੱਦਾ ਹੈ ਕਿ ਕਾਨੂੰਨੀ ਤੌਰ ‘ਤੇ ਸਰਕਾਰੇ ਹਿੰਦ ਇੰਝ ਕਰ ਸਕਣ ਦੀ ਸਮਰੱਥਾ ਨਹੀਂ ਰੱਖਦੀ। ਸੋ ਸਾਨੂੰ ਇਸ ਹਾਲਤ ਵਿੱਚ, ਜਿਥੇ ਜਾਣਬੁੱਝ ਕੇ ਅਪੀਲ ਦੀ ਵਿਵਸਥਾ ਨਹੀਂ ਕੀਤੀ ਗਈ, ਕੇਵਲ ਮੁਲਜ਼ਮਾਂ ਦੇ ਖਾਸ ਨਿੱਜੀ ਹਾਲਾਤ ਦੀ ਬਿਨਾ ‘ਤੇ ਹੀ ਸਜਾਵਾਂ ‘ਤੇ ਗੌਰ ਕਰਨਾ ਚਾਹੀਦਾ ਹੈ ਜਿਵੇਂ ਕਿ ਪ੍ਰਚੱਲਤ ਪ੍ਰਥਾ ਚਲਦੀ ਆ ਰਹੀ ਤੇ ਨਵੀਂ ਪਿਰਤ ਨਹੀਂ ਪਾਉਣੀ ਚਾਹੀਦੀ ।
ਕਰਤਾਰ ਸਿੰਘ ਬਾਰੇ ਮੇਰੀ ਰਾਇ ਉਸ ਦੀ ਪਹਿਲੀ ਸਜ਼ਾ (ਫਾਂਸੀ) ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਹੈ। ਡਬਲਿਊ ਐਸ. ਮਾਇਰ (ਮਿਤੀ: 4.11.1915) : ਮੈਂ ਡਬਲਿਊ. ਐਚ. ਕਲਾਰਕ ਦੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਗਵਰਨਰ ਜਨਰਲ ਕੌਂਸਲ ਨੂੰ ਅਜਿਹੇ ਮਾਮਲਿਆਂ ਵਿੱਚ ਉਚੇਰੀ ਅਦਾਲਤ ਦੇ ਤੌਰ ‘ਤੇ ਅਦਾਲਤੀ ਨਿਰਣਿਆਂ ਦੀ ਘੋਖ ਪੜਤਾਲ ਨਹੀਂ ਕਰਨੀ ਚਾਹੀਦੀ। ਪਰ ਨਾਲ ਹੀ ਮੈਂ ਗਵਰਨਰ ਜਨਰਲ ਦੇ ਕਾਨੂੰਨੀ ਮੈਂਬਰ ਦੀ ਰਾਇ ਨੂੰ ਉਚੇਰਾ ਤੇ ਨਿਵੇਕਲਾ ਸਥਾਨ ਦੇਣ ਨੂੰ ਗਲਤ ਨਹੀਂ ਸਮਝਦਾ।
ਬਾਕੀ ਜਿਥੇ ਸਰ ਅਲੀ ਇਮਾਮ ਇਨ੍ਹਾਂ ਦੋਸ਼ੀਆਂ ਨੂੰ ਦਫਾ 121-ਏ (ਸਜ਼ਾ ਵੱਧ ਤੋਂ ਵੱਧ ਉਮਰ ਕੈਦ) ਤੋਂ ਅੱਗੇ ਜਾ ਕੇ 121 (ਸਜ਼ਾ ਵੱਧ ਤੋਂ ਵੱਧ ਫਾਂਸੀ) ਤੱਕ ਲਿਜਾਣ ਲਈ ਸਹਿਮਤ ਨਹੀਂ। ਭਾਵੇਂ ਸਰ ਅਲੀ ਇਮਾਮ ਦੀ ਦਲੀਲ ਕਿ ਜੱਜ ਸਾਹਿਬਾਨ ਨੇ ਇੱਕ ਇੱਕ ਮੁਲਜ਼ਮ ਬਾਰੇ ਉਹ ਖਾਸ ਤੱਥ ਨਹੀਂ ਜੁਟਾਏ ਜਿਨ੍ਹਾਂ ਅਧੀਨ ਦੋਸ਼ੀ ਨੂੰ 121 ਦਫਾ ਤਹਿਤ ਸਜ਼ਾ ਦਿੱਤੀ ਜਾ ਸਕੇ । ਪਰ ਕਲਾਰਕ ਦਾ ਕਹਿਣਾ ਕਿ ਹਰੇਕ ਦੋਸ਼ੀ ਦੇ ਜੰਗ ਲੱਗਣ ਮਤਲਬ ਜੁਲਾਈ-ਅਗਸਤ 1914 ਤੋਂ ਲੈ ਕੇ ਸਾਰੀਆਂ ਗੈਰ-ਕਾਨੂੰਨੀ ਕਾਰਵਾਈਆਂ ਪ੍ਰਤੱਖ ਰੂਪ ਵਿੱਚ ਦਫਾ 121 ਦੀਆਂ ਮਜ਼ਾਜ ਹੀ ਤਾਂ ਹਨ।
ਮੈਂ ਨਿੱਜੀ ਤੌਰ ‘ਤੇ ਸਰ ਅਲੀ ਇਮਾਮ ਦੀ ਰਾਇ, ਜੋ ਕਿ ਤਿੰਨ-ਜੱਜੀ ਅਦਾਲਤ ਦੇ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ਬਾਰੇ ਨਰਮੀ ਦਿਖਾਉਣ ਨੂੰ ਰਾਜਸੀ ਪੱਖੋਂ ਵੀ ਘਾਟੇਵੰਦਾ ਸਮਝਦਾ ਹਾਂ ਕਿਉਂਕਿ ਇਸ ਤਰ੍ਹਾਂ ਸਰਕਾਰ ਆਪਣੀ ਕਮਜ਼ੋਰੀ ਦਾ ਪ੍ਰਗਟਾਵਾ ਕਰ ਰਹੀ ਹੋਵੇਗੀ। ਭਾਵੇਂ ਲਾਰਡ ਵਾਇਸਰਾਏ ਨੇ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਮਸਲੱਤ ਦੀ ਦਖਲਅੰਦਾਜ਼ੀ ਨੂੰ ਨਾਵਾਜਬ ਦੱਸਿਆ ਹੈ । ਪਰ ਸਾਨੂੰ ਨਿਆਂ ਦੀ ਲਕੀਰ ਖਿੱਚਦਿਆਂ ਇਹ ਵੀ ਚੰਗੀ ਤਰ੍ਹਾਂ ਘੋਖ ਲੈਣਾ ਚਾਹੀਦਾ ਹੈ ਕਿ ਕਿਤੇ ਅਜਿਹਾ ਕਰਦਿਆਂ ਅਸੀਂ ਉਸੇ ਬਲਾ ਨੂੰ ਮੁੜ ਆਉਣ ਦਾ ਸੱਦਾ ਤਾਂ ਨਹੀਂ ਦੇ ਰਹੇ ਜਿਸ ਤੋਂ ਅਸੀਂ ਮੁਸ਼ਕਲ ਨਾਲ ਬਚੇ ਹਾਂ । ਸੋ ਮੇਰੇ ਖਿਆਲ ਵਿੱਚ ਦੂਸਰੀ ਕਾਨੂੰਨੀ ਰਾਇ ਜ਼ਰੂਰੀ ਲੈਣੀ ਚਾਹੀਦੀ ਹੈ ।
ਹੁਣ ਚੂੰਕਿ ਲਾਰਡ ਵਾਇਸਰਾਏ ਐਡਵੋਕੇਟ ਜਨਰਲ ਦੀ ਰਾਏ ਲੈਣ ਦੇ ਹੱਕ ਵਿੱਚ ਨਹੀਂ ਪਰ ਖੁਸ਼ਕਿਸਮਤੀ ਨਾਲ ਸਾਡੇ ਪਾਸ ਸਾਡੇ ਸਹਿਯੋਗੀ ਸਰ. ਸੀ. ਸ਼ੰਕਰਨ ਨਾਇਰ (ਹਿੰਦੁਸਤਾਨੀ ਮੈਂਬਰ) ਮੌਜੂਦ ਹਨ, ਜਿਹੜੇ ਸਿਰਕੱਢ ਕਾਨੂੰਨਦਾਨ ਤੇ ਮਾਹਿਰ ਤਜਰਬੇਕਾਰ ਵਕੀਲ ਹੁੰਦੇ ਹੋਏ ਸਾਨੂੰ ਢੁਕਵੀਂ ਰਾਇ ਦੇ ਸਕਣਗੇ। ਜੇ ਤਾਂ ਉਨ੍ਹਾਂ ਨੇ ਸਰ ਅਲੀ ਇਮਾਮ ਦੀ ਰਾਇ ਦੀ ਪੁਸ਼ਟੀ ਕਰ ਦਿੱਤੀ ਤਾਂ ਫਿਰ ਉਹ ਰਾਇ ਆਖਰੀ ਹੋਵੇਗੀ। ਪਰ ਜੇ ਅਸਹਿਮਤ ਹੋਏ ਤਾਂ ਫਿਰ ਜੱਜ ਸਾਹਿਬਾਨ ਦੇ ਫੈਸਲੇ ਨੂੰ ਅੰਤਿਮ ਮੰਨਿਆ ਜਾਵੇ।
ਕਰਤਾਰ ਸਿੰਘ (ਸਰਾਭਾ) ਬਾਰੇ ਮੇਰੀ ਰਾਇ ਵੀ ਸਰ ਕਲਾਰਕ ਵਾਲੀ ਭਾਵ ਸਜ਼ਾ ਬਹਾਲ ਰੱਖਣ ਦੇ ਹੱਕ ਵਿੱਚ ਜਾਂਦੀ ਹੈ। ਸੀ. ਐਚ. ਏ. ਹਿਲ (ਮਿਤੀ: 6.11.1915) : ਮੈਂ ਸਮੁੱਚੇ ਤੌਰ ‘ਤੇ ਸਰ ਕਲਾਰਕ ਤੇ ਮਾਇਰ ਦੇ ਵਿਚਾਰਾਂ ਨਾਲ ਸਹਿਮਤ ਹਾਂ । ਮੇਰੇ ਵਿਚਾਰ ਵਿੱਚ ਇਹ ਸਾਰੇ ਦੇ ਸਾਰੇ ਦੋਸ਼ੀ ਦਫਾ 121 ਤਹਿਤ ਸਜ਼ਾ ਦੇ ਹੱਕਦਾਰ ਹਨ।
ਮੇਰੀ ਰਾਇ ਮੁਤਾਬਿਕ ਸਜ਼ਾ ਨੂੰ ਘਟਾਉਣਾ ਕੇਵਲ ਰਹਿਮ ਦੀ ਬਿਨਾ ‘ਤੇ ਹੀ ਹੋ ਸਕਦਾ ਹੈ ਅਤੇ ਸਜ਼ਾ ਨੂੰ ਘਟਾਉਣਾ ਕੇਵਲ ਰਹਿਮ ਦੀ ਬਿਨਾ ਕਿਉਂ ਕੀਤਾ ਜਾ ਰਿਹਾ ਹੈ, ਵਜ੍ਹਾ ਦੱਸਣਾ ਬੇਲੋੜਾ ਹੋਵੇਗਾ। ਕਰਤਾਰ ਸਿੰਘ (ਸਰਾਭਾ) ਬਾਰੇ ਮੇਰੀ ਰਾਇ ਵੀ ਉਸ ਦੀ ਸਜ਼ਾ ਕਾਇਮ ਰੱਖਣ ਦੇ ਹੱਕ ਵਿੱਚ ਹੈ।
ਸਰ ਸ਼ੰਕਰਨ ਨਾਇਰ (ਮਿਤੀ : 9.11.1915) : ਹਾਲਾਂਕਿ ਸਰ ਮਾਇਰ ਤੇ ਦੂਸਰੇ ਸਹਿਯੋਗੀਆਂ ਦੀਆਂ ਦਲੀਲਾਂ ਪੂਰੀ ਤਰ੍ਹਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ ਪਰ ਕੁੱਲ ਮਿਲਾ ਕੇ ਮੇਰੀ ਰਾਇ ਸਰ ਅਲੀ ਇਮਾਮ ਨਾਲ ਮੇਲ ਖਾਂਦੀ ਹੈ।
ਕਰਤਾਰ ਸਿੰਘ (ਸਰਾਭਾ) : ਬੇਸ਼ੱਕ ਇਸ ਨੂੰ ਠੀਕ ਤੇ ਵਾਜਬ ਹੀ ਦਫਾ 121 ਤਹਿਤ ਦੋਸ਼ੀ ਮੰਨਿਆ ਗਿਆ ਹੈ। ਮੇਰੇ ਖਿਆਲ ਵਿੱਚ ਇਥੇ ਸਵਾਲ ਕਾਨੂੰਨੀ ਪਹਿਲੂ ਦਾ ਨਹੀਂ ਕਿਉਂਕਿ ਕਾਨੂੰਨ ਅਨੁਸਾਰ ਇਸ ਦਫਾ (121) ਲਈ ਮੌਤ ਦੀ ਬਜਾਏ ਉਮਰ ਕੈਦ ਕਾਨੂੰਨੀ ਤੌਰ ‘ਤੇ ਦਿੱਤੀ ਜਾ ਸਕਦੀ ਹੈ। ਵਿਚਾਰ ਅਧੀਨ ਮੁੱਦਾ ਸਿਰਫ ਇਹ ਹੈ ਕਿ ਸਾਡਾ ਜੱਜ ਸਾਹਿਬਾਨ ਵੱਲੋਂ ਵਰਤੀ ਵਿਵੇਕ ਦੇ ਮਾਮਲੇ ਵਿੱਚ ਦਖਲ ਦੇਣਾ ਬਣਦਾ ਹੈ ਜਾਂ ਨਹੀਂ। ਔਰਤਾਂ ਤੇ ਨੌਜਵਾਨ ਵਿਅਕਤੀਆਂ (ਇਸ ਦੀ ਉਮਰ 20 ਸਾਲ ਦੱਸੀ ਜਾਂਦੀ ਹੈ) ਬਾਰੇ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹਾਂ ਕਿ ਇਹ ਆਪਣੇ ਨਾਲੋਂ ਜ਼ਿਆਦਾ ਦ੍ਰਿੜ੍ਹ ਇਰਾਦੇ ਵਾਲੇ ਵਿਅਕਤੀਆਂ ਦੇ ਪ੍ਰਭਾਵ ਹੇਠਾਂ ਚੱਲੇ ਹੋਣਗੇ ਤੇ ਸਾਧਾਰਨ ਹਾਲਤਾਂ ਵਿੱਚ ਇਨ੍ਹਾਂ (ਇਸਤਰੀਆਂ ਤੇ ਨੌਜਵਾਨਾਂ) ਲਈ ਸਿਵਾਏ ਸਹਿਮਤੀ ਦੇ ਕੋਈ ਹੋਰ ਰਸਤਾ ਨਹੀਂ ਹੁੰਦਾ। ਜਿੱਥੇ ਸਾਨੂੰ ਨਜ਼ਰ ਆਵੇ ਕਿ ਇਹ ਆਪਣੀ ਮਰਜ਼ੀ ਅਨੁਸਾਰ ਚੱਲਦੇ ਰਹੇ ਹਨ ਤੇ ਕਿਸੇ ਨੇ ਇਨ੍ਹਾਂ ਨੂੰ ਆਪਣੇ ਆਪ ‘ਤੇ ਹੀ ਛੱਡ ਦਿੱਤਾ ਗਿਆ ਹੁੰਦਾ ਤਾਂ ਵੀ ਇਹ ਅਜਿਹਾ ਹੀ ਕਰਦੇ ਤਾਂ ਫਿਰ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਿਆਇਤ ਹਾਸਲ ਨਹੀਂ ਹੁੰਦੀ।
ਇਸ ਦੇ ਕੁੱਝ ਹੋਰ ਪਹਿਲੂ ਵੀ ਹਨ। ਔਰਤਾਂ ਤੇ ਨੌਜਵਾਨ ਜ਼ਿਆਦਾ ਜਜ਼ਬਾਤੀ ਤੇ ਉਲੇਲਵੱਸ ਹੁੰਦੇ ਹਨ। ਇਸ ਲਈ ਉਹ ਪੈਮਨਾ ਜੋ ਅਸੀਂ ਉਨ੍ਹਾਂ ਵਿਅਕਤੀਆਂ ਨੂੰ ਸਜ਼ਾਂ ਦੇਣ ਵੇਲੇ ਅਪਣਾਉਂਦੇ ਹਾਂ ਜਿਹੜੇ ਕਿ ਜਾਣਬੁੱਝ ਕੇ ਤੇ ਗਿਣ ਮਿਥ ਕੇ ਚੱਲਦੇ ਹਨ, ਇਨ੍ਹਾਂ (ਭਾਵ ਇਸਤਰੀਆਂ ਤੇ ਨੌਜਵਾਨਾਂ) ‘ਤੇ ਹਮੇਸ਼ਾ ਲਾਗੂ ਨਹੀਂ ਕਰਦਾ। ਜੱਜ ਸਾਹਿਬਾਨ ਦੇ ਫੈਸਲੇ ਨੂੰ ਘੋਖਿਆਂ ਇਸ ਸਿੱਟੇ ‘ਤੇ ਪਹੁੰਚਣਾ ਮੁਸ਼ਕਲ ਹੈ ਕਿ ਇਹ (ਕਰਤਾਰ ਸਿੰਘ) ਆਪਣੀ ਮਰਜ਼ੀ ਅਨੁਸਾਰ ਚੱਲਿਆ ਸੀ ਜਾਂ ਕਿ ਕਿਸੇ ਹੋਰ ਦੇ ਪ੍ਰਭਾਵ ਹੇਠਾਂ । ਸੋ ਮੈਂ ਇਸ ਮਾਮਲੇ ਵਿੱਚ ਇਸ ਦੇ ਨੌਜਵਾਨ ਹੋਣ ਦੇ ਇਮਾਨ ਦਾ ਲਾਭ ਇਸ ਦੀ ਅੱਲੜ੍ਹ ਅਵਸਥਾ ਦੇ ਹੱਕ ਵਿੱਚ ਦਿੰਦਾ ਹਾਂ।
ਸਰ ਕਰੈਡਰਾਕ (ਮਿਤੀ: 10.11.1915) : ਸਾਰੇ ਮਾਮਲੇ ਨੂੰ ਘੋਖਣ ਉਪਰੰਤ ਮੈਂ ਇਸ ਰਾਇ ਦਾ ਧਾਰਨੀ ਹਾਂ ਕਿ ਜਿਨ੍ਹਾਂ ਦੋਸ਼ੀਆਂ ਦੀ ਮੌਤ ਦੀ ਸਜ਼ਾਂ ਤੋੜੀ ਗਈ ਹੈ, ਕਿਸੇ ਤਰ੍ਹਾਂ ਵੀ ਲਾਰਡ ਵਾਇਸਰਾਏ ਦੀ ਕੌਂਸਲ ਵਲੋਂ ਰਹਿਮ ਦੇ ਹੱਕਦਾਰ ਬਣਦੇ ਨਹੀਂ ਅਤੇ ਜੇ ਇਨ੍ਹਾਂ ਦੀ ਜਾਨ ਬਖਸ਼ੀ ਹੋ ਰਹੀ ਹੈ ਤਾਂ ਕੇਵਲ ਇਸ ਲਈ ਕਿ ਅਦਾਲਤ ਵਲੋਂ ਇਨ੍ਹਾਂ ‘ਤੇ ਆਇਦ ਕੀਤੀ ਫਰਦ ਜ਼ੁਰਮ ਵਿੱਚ ਤਕਨੀਕੀ ਕਮਜ਼ੋਰੀਆਂ ਪਾਈਆਂ ਗਈਆਂ ਹਨ।
ਕਰਤਾਰ ਸਿੰਘ (ਸਰਾਭਾ) : ਮੈਂ ਪਹਿਲਾਂ ਵੀ ਉਸ ਨੂੰ ਰਹਿਮ ਦੀ ਬਿਨਾ ’ਤੇ ਰਿਆਇਤ ਦੀ ਸਿਫਾਰਸ਼ ਨਹੀਂ ਕੀਤੀ ਜਿਸ (ਰਹਿਮ) ਦੀ ਉਸ ਨੇ ਕੋਈ ਮੰਗ ਵੀ ਨਹੀਂ ਕੀਤੀ। ਪਰ ਮੈਂ ਉਸ ਦੇ ਕੇਸ ਨੂੰ ਕਈ ਵਾਰ ਪੜ੍ਹਨ ਬਾਅਦ ਵੀ ਇਸ ਸਪੱਸ਼ਟ ਨਤੀਜੇ ‘ਤੇ ਪਹੁੰਚਿਆ ਹਾਂ ਕਿ ਇਸ ਦਾ ਕਿਸੇ ਹੋਰ ਦਾ ਅਸਰ ਕਬੂਲਣਾ ਤਾਂ ਦੂਰ ਦੀ ਗੱਲ ਸੀ, ਇਹ ਤਾਂ ਆਪ ਖ਼ੁਦ ਗ਼ਦਰ ਪਾਰਟੀ ਦੀ ਰੂਹੇ- ਰਵਾਂ ਸੀ (ਉਸ ਦੇ ਇਕ ਸਹਿਯੋਗੀ ਇੰਦਰ ਸਿੰਘ ਗ੍ਰੰਥੀ ਨੇ ਉਸ ਦੀ ਉਮਰ 27 ਸਾਲ ਦੱਸੀ ਹੈ।) ਇਹ ਕਰਤਾਰ ਸਿੰਘ ਹੀ ਸੀ ਜਿਸ ਨੇ ਵਿਦਿਆਰਥੀਆਂ ਨੂੰ ਵਿਗਾੜਿਆ, ਪਿੰਗਲੇ ਨਾਲ ਛਾਉਣੀਆਂ ਵਿੱਚ ਘੁੰਮਿਆਂ ਅਤੇ ਸਾਜ਼ਿਸ਼ ਦੇ ਹਰ ਦੌਰ ਤੇ ਹਰ ਪਹਿਲੂ ਵਿਚ ਇਸ ਦਾ ਹੱਥ ਸੀ। ਮੈਂ ਇਥੋਂ ਤੱਕ ਕਹਿ ਸਕਦਾ ਹਾਂ ਕਿ ਇਸ ਮੁਕੱਦਮੇ ਦੇ ਅਦਾਲਤ ਵਿੱਚ ਆਉਣੋਂ ਪਹਿਲਾਂ ਹੀ ਉਹ ਇਸ ਅਡੰਬਰ ਦੇ ਅਤੀ ਖਤਰਨਾਕ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਦੀ ਸਰਗੋਧੇ ਫੌਜੀ ਰਸਾਲੇ ਤੋਂ ਹੋਈ ਗ੍ਰਿਫਤਾਰੀ ਨਾਲ ਉਨ੍ਹਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਜਿਹੜੇ ਇਸ ਸਾਜ਼ਿਸ਼ ‘ਚੋਂ ਨਿਕਲਣ ਵਾਲੇ ਸਿੱਟਿਆਂ ਤੋਂ ਵਾਕਫ਼ ਸਨ ਜਿਨ੍ਹਾਂ ਵਿੱਚ ਸਰਕਾਰੀ ਫੌਜਾਂ ਵਿੱਚ ਬਗਾਵਤ ਦੀ ਪੂਰੀ ਸੰਭਾਵਨਾ ਤੇ ਸਿੰਘਾਪੁਰ ਵਿਖੇ ਵਾਪਰੇ (ਫ਼ੌਜੀ ਬਗਾਵਤ) ਜਿਹੇ ਕਾਂਡ ਵਾਪਰ ਸਕਦੇ ਸਨ।
ਲਾਰਡ ਹਾਰਡਿੰਗ (ਮਿਤੀ:11.11.1915) : ਮੈਂ ਹੋਰ ਗੱਲਾਂ ਤੋਂ ਇਲਾਵਾ ਮਾਣਯੋਗ ਮੈਂਬਰਾਂ ਦਾ ਧਿਆਨ ਇਕ ਹੋਰ ਪਹਿਲੂ ਵੱਲ ਵੀ ਦਿਵਾਉਣਾ ਚਾਹਾਂਗਾ, ਉਹ ਇਹ ਕਿ ਕੋਈ ਵੀ ਦੋਸ਼ੀ ਅਦਾਲਤੀ ਫੈਸਲੇ ਦੀ ਨਕਲ ਮੰਗ ਸਕਦਾ ਹੈ ਤੇ ਪ੍ਰਕਾਸ਼ਤ ਕਰ ਸਕਦਾ ਹੈ ਅਤੇ ਕੋਈ ਵੀ ਸੂਝਵਾਨ ਵਕੀਲ ਉਹ ਨੁਕਸ ਲੱਭ ਲਵੇਗਾ ਜਿਹੜੇ ਸਰ ਅਲੀ ਇਮਾਮ ਤੋਂ ਸਰ ਸ਼ੰਕਰਨ ਨਾਇਰ ਦੇ ਕੱਢੇ ਹਨ। ਇਸ ਤੋਂ ਨਿਕਲਣ ਵਾਲੇ ਸਿਟਿਆਂ ਦਾ ਅੰਦਾਜ਼ਾ ਲਾ ਲੈਣਾ ਬਿਹਤਰ ਹੋਵੇਗਾ।
ਅਖੀਰ ਇਹੀ ਸਿੱਟਾ ਨਿਕਲਦਾ ਹੈ ਕਿ ਜਿੱਥੋਂ ਤੱਕ ਦੋਸ਼ੀਆਂ ਦੇ ਦਫ਼ਾ 121 ਤਹਿਤ ਸਜ਼ਾਯਾਬੀ ਦਾ ਸਵਾਲ ਹੈ, ਨਾਜਾਇਜ਼ ਕਰਾਰ ਦੇਣਾ ਹੱਕ ਬਜਾਨਬ ਹੈ ਜਿਸ ਲਈ ਮੈਂ ਸਰ ਅਲੀ ਇਮਾਮ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ।
ਵਾਇਸਰਾਏ ਕੌਂਸਲ ਵੱਲੋਂ ਆਖਰੀ ਹੁਕਮ (ਮਿਤੀ :11.11.1915) : ਸਰ ਅਲੀ ਇਮਾਮ ਦੀ ਸਿਫਾਰਸ਼ ਅਨੁਸਾਰ ਸਿਵਾਏ ਕਰਤਾਰ ਸਿੰਘ ਦੇ ਬਾਕੀ ਸਾਰਿਆਂ ਦੀ ਮੌਤ ਦੀ ਸਜ਼ਾ ਤੋੜ ਦਿੱਤੀ ਜਾਂਦੀ ਹੈ।
ਪ੍ਰੈਸ ਲਈ ਨੋਟ ਜਾਰੀ ਕੀਤਾ ਗਿਆ 14.11.1915 ਤੇ 16 ਨਵੰਬਰ 1915 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ (ਸੁਰ ਸਿੰਘ), ਹਰਨਾਮ ਸਿੰਘ (ਸਿਆਲਕੋਟੀ), ਬਖ਼ਸ਼ੀਸ਼ ਸਿੰਘ (ਗਿੱਲਵਾਲੀ, ਅੰਮ੍ਰਿਤਸਰ), ਸੁਰੈਣ ਸਿੰਘ ਸਪੁੱਤਰ ਬੂੜ ਸਿੰਘ ਤੇ ਸਰੈਣ ਸਿੰਘ ਸਪੁੱਤਰ ਇਸ਼ਰ ਸਿੰਘ (ਦੋਵੇਂ ਪਿੰਡ ਗਿੱਲਵਾਲੀ ਦੇ) ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ।
ਸ਼ਹੀਦ ਭਗਤ ਸਿੰਘ ਦੀ ਮਾਤਾ ਜੀ ਵੱਲੋਂ ਨੌਜਵਾਨਾਂ ਦੇ ਨਾਂ ਸੁਨੇਹਾ
ਭਗਤ ਸਿੰਘ ਦੇ ਫੜੇ ਜਾਣ ਤੇ ਉਸ ਕੋਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫੋਟੋ ਨਿਕਲੀ ਜੋ ਉਹ ਹਮੇਸ਼ਾ ਆਪਣੇ ਪਾਸ ਰੱਖਦਾ ਸੀ । ਕਈ ਵਾਰ ਮੇਰੇ ਨਾਲ ਗੱਲਾਂ ਕਰਦਾ ਮੈਨੂੰ ਆਪਣੀ ਜੇਬ ਵਿੱਚੋਂ ਇਹ ਫੋਟੋ ਕੱਢ ਕੇ ਵਿਖਾਉਂਦਾ ਤੇ ਕਹਿੰਦਾ,”ਬੇਬੇ ਜੀ ਇਹ ਹਨ ਮੇਰੇ ਗੁਰੂ, ਸਾਥੀ ਤੇ ਭਰਾ।” ਸ਼ਹੀਦ ਕਰਤਾਰ ਸਿੰਘ ਸਰਾਭਾ 1914-15 ਦੇ ਗ਼ਦਰ ਪਾਰਟੀ ਦੇ ਸ਼ਹੀਦਾਂ ਵਿੱਚੋਂ ਉਮਰ ਵਿੱਚ ਸਭ ਤੋਂ ਛੋਟਾ ਸੀ ‘ਤੇ ਕੰਮ ਵਿੱਚ ਅੱਗੇ ਰਹਿਣ ਵਾਲਿਆਂ ਵਿੱਚੋਂ ਸੀ। ਘਰ ਵਿੱਚ ਕੰਮ ਕਰਦੇ ਤੇ ਏਧਰ ਓਧਰ ਫਿਰਦਿਆਂ ਭਗਤ ਸਿੰਘ ਗਾਉਂਦਾ ਹੁੰਦਾ ਸੀ:
“ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਨ੍ਹਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ।”
ਉਸ ਨੇ ਬੜੇ ਪਿਆਰ ਨਾਲ ਦੱਸਣਾ ਕਿ ਬੇਬੇ ਜੀ ਇਹ ਸ਼ੇਅਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਹੈ।
ਭਗਤ ਸਿੰਘ ਜਦੋਂ ਵੀ ਘਰ ਆਉਂਦਾ ਤਾਂ ਉਸ ਦੀਆਂ ਜੇਬਾਂ ਵਿੱਚ ਦੋ-ਚਾਰ ਕਿਤਾਬਾਂ ਜ਼ਰੂਰ ਹੁੰਦੀਆਂ। ਮੈਂ ਕਈ ਵਾਰ ਪੁੱਛਣਾ, “ਬੇਟਾ ਤੂੰ ਐਵੇਂ ਆਪਣੀਆਂ ਜੇਬਾਂ ਇਨ੍ਹਾਂ ਕਿਤਾਬਾਂ ਜਿਹੀਆਂ ਨਾਲ ਹੀ ਪਾੜ ਲਿਆਉਂਦਾ ਹੈਂ। ਇਹ ਸਭ ਕੁੱਝ ਕੀ ਹੈ? ” ਉਸ ਨੇ ਹੱਸਦੇ-ਹੱਸਦੇ ਦੱਸਣਾ ਕਿ ਇਹ ਕਿਤਾਬਾਂ ਬਹੁਤ ਕੀਮਤੀ ਹਨ। ਇਹ ਉਨ੍ਹਾਂ ਸ਼ਹੀਦਾਂ ਤੇ ਦੇਸ਼-ਭਗਤਾਂ ਬਾਰੇ ਹਨ। ਬੱਚਿਓ ! ਤੁਹਾਨੂੰ ਵੀ ਅੱਜ ਦੇਸ਼ ਭਗਤਾਂ ਦੇ ਤਜਰਬੇ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ, ਤਾਂ ਜੋ ਤੁਸੀਂ ਵੀ ਅੱਜ ਦੇ ਹਾਲਾਤ ਮੁਤਾਬਿਕ ਆਪਣਾ ਰਸਤਾ ਲੱਭ ਸਕੋ। ਅਸ਼ੀਰਵਾਦ ਹੈ-ਦੇਸ਼ ਭਗਤ ਬਣੋ।
ਵਿਦਿਆਵਤੀ
ਪਿੰਡ ਤੇ ਡਾਕ : ਖਟਕੜ ਕਲਾਂ, ਜਿਲ੍ਹਾ: ਜਲੰਧਰ (ਪੰਜਾਬ) 1-11-1966 (ਤ :ਯੁਵਕ ਕੇਂਦਰ)
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇਲਾਂ ‘ਚੋਂ ਨਾ ਭੁਲਾ ਜਾਣਾ ।
ਖਾਤਰ ਵਤਨ ਦੀ ਦਿਲੱਗੇ ਹਾਂ ਚੜ੍ਹਨ ਫਾਂਸੀ,
ਸਾਨੂੰ ਵੇਖਕੇ ਨਾ ਘਬਰਾ ਜਾਣਾ ।
Credit – ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ