ਭਗਤ ਸਿੰਘ ਭਾਰਤ ਦੇ ਉਨ੍ਹਾਂ ਸੁਤੰਤਰਤਾ ਸੰਗਰਾਮੀਆਂ ਵਿੱਚ ਅਹਿਮ ਥਾਂ ਰੱਖਦੇ ਹਨ ਜਿਹੜੇ ਭਾਰਤ ਮਾਤਾ ਦੀ ਵਿਦੇਸ਼ੀ ਜੂਲੇ ਵਿੱਚੋਂ ਬੰਦਖਲਾਸੀ ਲਈ ਕਿਸੇ ਵੀ ਕੁਰਬਾਨੀ ਨੂੰ ਵੱਡੀ ਨਹੀਂ ਸਮਝਦੇ ਸਨ। ਆਪਣੇ ਸਿਧਾਂਤਾਂ ਪ੍ਰਤਿ ਅਮਿੱਟ ਵਿਸ਼ਵਾਸ ਰੱਖਦੇ ਹੋਏ ਉਹ ਕਿਸੇ ਵੀ ਮੁਸੀਬਤ ਵਿੱਚ ਕਦੀ ਨਹੀਂ ਡੋਲੇ। ਅਗਾਧ ਦੇਸ਼ਭਗਤੀ ਆਪਣੀ ਜਨਤਾ ਪ੍ਰਤਿ ਅਸੀਮ ਸਨੇਹ ਅਤੇ ਅਖੁੱਟ ਦਲੇਰੀ ਨਾਲ ਉਨ੍ਹਾਂ ਨੇ ਆਪਣੇ ਉਦੇਸ਼ ਲਈ ਭਰ ਜਵਾਨੀ ਵਿੱਚ ਹੀ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਸ਼ਹੀਦ ਦੇ ਦਾਦਾ ਜੀ ਸ. ਅਰਜੁਨ ਸਿੰਘ 1900 ਵਿੱਚ ਆਪਣੇ ਜੱਦੀ ਪਿੰਡ ਖਟਕੜ ਕਲਾਂ, ਜਲੰਧਰ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਤੋਂ ਲਾਇਲਪੁਰ ਜ਼ਿਲ੍ਹੇ (ਹੁਣ ਪਾਕਿਸਤਾਨ ਵਿੱਚ ਜ਼ਿਲ੍ਹਾ ਫੈਜ਼ਲਾਬਾਦ) ਵਿੱਚ ਜਾ ਵੱਸੇ ਸਨ। ਇਹ ਸਿੱਖ ਜੱਟ ਪਰਿਵਾਰ ਪੱਛਮੀ ਪੰਜਾਬ ਦੀਆਂ ਨਹਿਰੀ ਪਾਣੀ ਵਾਲੀਆਂ ਜ਼ਰਖੇਜ਼ ਜ਼ਮੀਨਾਂ ਨੂੰ ਆਬਾਦ ਕਰਨ ਲਈ ਪੂਰਵੀ ਪੰਜਾਬ ਤੋਂ ਜਾਣ ਵਾਲੇ ਅਣਗਿਣਤ ਕਿਸਾਨੀ ਪਰਿਵਾਰਾਂ ਵਿੱਚੋਂ ਇੱਕ ਸੀ। ਸ. ਅਰਜੁਨ ਸਿੰਘ ਸਮਾਜ ਸੁਧਾਰਾਂ ਦੇ ਪੱਕੇ ਹਾਮੀ ਸਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਮੁਰਦਾ ਰਸਮਾਂ ਤੇ ਰਹੁ-ਰੀਤਾਂ ਤੋਂ ਮੁਕਤ ਕਰਵਾਉਣ ਲਈ ਦਿਲੀ ਕੋਸ਼ਿਸ਼ ਕੀਤੀ।
ਉਨ੍ਹਾਂ ਦੇ ਪੁਰਖਿਆਂ ਨੇ 1857 ਵਿੱਚ ਇਹ ਪੈਂਤੜਾ ਮੱਲਿਆ ਸੀ ਕਿ ਉਹ ਕਦੀ ਵੀ ਆਪਣੇ ਸਿਧਾਂਤਾਂ ‘ਤੇ ਕੋਈ ਸਮਝੋਤਾ ਨਹੀਂ ਕਰਨਗੇ ਅਤੇ ਉਨ੍ਹਾਂ ਨੇ ਆਜ਼ਾਦੀ ਦੀ ਪਹਿਲੀ ਜੰਗ ਦੇ ਭਾਰਤੀ ਵਤਨਪ੍ਰਸਤਾਂ ਦੀ ਖਿਲਾਫਤ ਲਈ ਈਸਟ ਇੰਡੀਆ ਕੰਪਨੀ ਵੱਲੋਂ ਖੁੱਲ੍ਹੀ ਜ਼ਮੀਨ ਦੇਣ ਦੀ ਪੇਸ਼ਕਸ਼ ਨੂੰ ਮੂਲੋਂ ਠੁਕਰਾ ਦਿੱਤਾ ਸੀ । ਸ. ਅਰਜੁਨ ਸਿੰਘ ਨੇ ਵੀ ਉਹੀ ਪ੍ਰਣ ਨਿਭਾਇਆ ਸੀ। ਉਹ ਵੀ ਹੱਕਾਂ ਦੀ ਲੜਾਈ ਵਿੱਚ ਜਨਤਾ ਦਾ ਸਾਥ ਦੇਣ ਦੇ ਪੈਂਤੜੇ ‘ਤੇ ਹੀ ਚੱਲੇ। ਪੰਜਾਬ ਦੇ ਉੱਚ ਜਗੀਰੂ ਪਰਿਵਾਰਾਂ ਦੇ ਸਿਧਾਂਤ ਤੋਂ ਟੁੱਟ ਕੇ ਉਹ ਸਿੰਘ ਸਭਾ ਦੇ ਵੀ ਵਿਰੋਧ ਵਿੱਚ ਖੜ੍ਹੇ ਰਹੇ ਜਿਹੜੀ 1872 ਵਿੱਚ ਬਰਤਾਨਵੀ ਅਧਿਕਾਰੀਆਂ ਵਲੋਂ ਖੜ੍ਹੀ ਕੀਤੀ ਗਈ ਸੀ । ਪੰਜਾਬ ਦੇ ਦੌਰੇ ‘ਤੇ ਆਏ ਸਵਾਮੀ ਦਯਾਨੰਦ ਨੂੰ ਸੁਣਨ ਤੋਂ ਬਾਦ ਉਹ ਆਰੀਆ ਸਮਾਜੀਆਂ ਨਾਲ ਜੁੜ ਗਏ ਸਨ । ਕਿਉਂਕਿ ਆਰੀਆ ਸਮਾਜ ਖੁਦਗਰਜ਼ੀ ਨੂੰ ਛੱਡ ਕੇ ਸਮਾਜਕ ਉਦੇਸ਼ਾਂ ਵਿੱਚ ਸ਼ਾਮਲ ਹੋਣ ਅਤੇ ਛੁਆ-ਛੂਤ ਦੇ ਖਾਤਮੇ ਦਾ ਪ੍ਰਚਾਰ ਕਰਦਾ ਹੋਇਆ ਇਨ੍ਹਾਂ ਸਿਧਾਂਤਾਂ ‘ਤੇ ਅਮਲ ਕਰਦਾ ਸੀ ਅਤੇ ਸਮਾਜ ਦੀ ਮਜ਼ਬੂਤੀ ਲਈ ਸਮਾਜ ਸੁਧਾਰਾਂ ਦੀ ਪੈਰਵੀ ਕਰਦਾ ਸੀ ਇਸ ਕਰਕੇ ਇਹੀ ਦੇਸ਼ਭਗਤੀ ਦੀ ਚੁਲ ਸੀ।
ਸ. ਅਰਜੁਨ ਸਿੰਘ ਦੇ ਤਿੰਨ ਪੁੱਤਰ ਸਨ; ਸ. ਕਿਸ਼ਨ ਸਿੰਘ, ਸ ਅਜੀਤ ਸਿੰਘ ਅਤੇ ਸ. ਸਵਰਨ ਸਿੰਘ ਤੇ ਇਹ ਸਾਰੇ ਹੀ ਖਟਕੜ ਕਲਾਂ ਵਿੱਚ ਜਨਮੇ ਸਨ। ਸਾਲ 1907 ਬੜੀ ਸਿਆਸੀ ਹਿੱਲਜੁੱਲ ਵਾਲਾ ਸਾਲ ਸੀ ਜਦੋਂ 28 ਸਤੰਬਰ ਸ਼ਨੀਵਾਰ ਨੂੰ ਸਵੇਰੇ ਪੌਣੇ ਨੌਂ ਵਜੇ ਇਸ ਮਹਾਨ ਸ਼ਹੀਦ ਦਾ ਜਨਮ ਹੋਇਆ ਸੀ । 1905 ਦੀ ਬੰਗਾਲ ਦੀ ਵੰਡ ਅਤੇ 1907 ਦੇ ਕਾਲੋਨੀ ਐਕਟ ਨਾਲ ਵਿਦੇਸ਼ੀ ਹਕੂਮਤ ਨੇ ਆਮ ਆਦਮੀ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਪੰਜਾਬੀ ਕਿਸਾਨ ਨੇ ਤੰਗ ਆਕੇ ਕਿਸਾਨ ਦੇ ਸਨਮਾਨ ਤੇ ਵੱਜੀ ਸੱਟ ਦੇ ਖਿਲਾਫ਼ ‘ਪਗੜੀ ਸੰਭਾਲ ਓ ਜੱਟਾ’ ਦੀ ਸੁਰ ਬੁਲੰਦ ਕੀਤੀ ਹੋਈ ਸੀ । ਜਿਵੇਂ ਹੋਣਾ ਹੀ ਸੀ ਇਹ ਪਰਿਵਾਰ ਸਭ ਤੋਂ ਮੂਹਰੇ ਸੀ ਇਸ ਕਰਕੇ ਸਿੱਟੇ ਵਜੋਂ ਸ. ਕਿਸ਼ਨ ਸਿੰਘ ਦੀ ਨਜ਼ਰਬੰਦੀ, ਸ. ਅਜੀਤ ਸਿੰਘ ਨੂੰ ਜਲਾਵਤਨੀ ਅਤੇ ਸ. ਸਵਰਨ ਸਿੰਘ ਨੂੰ ਕੈਦ ਦੀ ਸੁਗਾਤ ਮਿਲੀ। ਬੱਚੇ ਦੇ ਜਨਮ ਨਾਲ ਇਨ੍ਹਾਂ ਤਿੰਨਾਂ ਜੀਆਂ ਦੇ ਨਜ਼ਰਬੰਦੀ, ਜਲਾਵਤਨੀ ਅਤੇ ਕੈਦ ਵਿੱਚੋਂ ਪਰਤ ਆਉਣ ਦੀ ਖ਼ਬਰ ਮਿਲਣ ਕਰਕੇ ਪਰਿਵਾਰ ਨੇ ਇਸ ਬੱਚੇ ਨੂੰ ਭਾਗਾਂ ਵਾਲਾ ਮੰਨਿਆ ਅਤੇ ਮਗਰੋਂ ਇਸ ਦਾ ਨਾਂ ਭਗਤ ਸਿੰਘ ਰੱਖਿਆ ਗਿਆ ਜੋ ਜਾਲਮਾਂ ਲਈ ਦਹਿਸ਼ਤ ਅਤੇ ਮਜ਼ਲੂਮਾਂ ਲਈ ਆਸ ਦਾ ਪ੍ਰਤੀਕ ਸੀ।
ਸ. ਭਗਤ ਸਿੰਘ ਦੇ ਜੀਵਨ ਵਿਕਾਸ ਤੇ ਜਿਨ੍ਹਾਂ ਘਟਨਾਵਾਂ ਨੇ ਸਭ ਤੋਂ ਡੂੰਘਾ ਅਸਰ ਪਾਇਆ, ਉਨ੍ਹਾਂ ਵਿੱਚੋਂ ਇੱਕ ਸਾਕਾ ਜਲ੍ਹਿਆਂਵਾਲਾ ਬਾਗ ਸੀ ਜੋ 13 ਅਪ੍ਰੈਲ, 1919 ਨੂੰ ਵਾਪਰਿਆ, ਜਿਸ ਵਿੱਚ ਜਨਰਲ ਡਾਇਰ ਅਤੇ ਉਸ ਦੇ ਸਿਪਾਹੀਆਂ ਨੇ ਅਣਗਿਣਤ ਨਿਹੱਥੇ ਮਰਦਾਂ, ਔਰਤਾਂ ਅਤੇ ਨਿੱਕੇ ਬੱਚਿਆਂ ਦਾ ਕਤਲਾਮ ਕਰ ਦਿੱਤਾ ਸੀ। ਇਸ ਦੁਖਾਂਤ ਨੇ ਭਗਤ ਸਿੰਘ ਨੂੰ ਜੜ੍ਹਾਂ ਤੱਕ ਹਲੂਣ ਦਿੱਤਾ ਸੀ । ਉਹ ਉਸ ਵੇਲੇ 12 ਕੁ ਸਾਲ ਦੇ ਸਨ। ਅਗਲੇ ਦਿਨ ਸਕੂਲ ਜਾਣ ਦੀ ਬਜਾਏ ਭਗਤ ਸਿੰਘ ਨੇ ਜਲ੍ਹਿਆਂਵਾਲਾ ਜਾਣ ਲਈ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਦੀ ਗੱਡੀ ਫੜ ਲਈ । ਉੱਥੇ ਜਾਕੇ ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਇੱਕ ਕੱਚ ਦੀ ਸ਼ੀਸ਼ੀ ਕੱਢੀ ਅਤੇ ਨਿਹੱਥੇ ਤੇ ਮਾਸੂਮ ਭਾਰਤੀਆਂ ਉੱਤੇ ਬਰਤਾਨੀਆ ਦੇ ਜ਼ੁਲਮ ਦੀ ਨਿਸ਼ਾਨੀ ਵਜੋਂ ਮਾਸੂਮ ਲੋਕਾਂ ਦੇ ਰੱਤ ਨਾਲ ਲਿੱਬੜੀ ਮਿੱਟੀ ਉਸ ਵਿਚ ਭਰ ਲਈ।ਬਰਤਾਨਵੀ ਟੋਡੀਆਂ ਵੱਲੋਂ ਗੁਰਦੁਆਰਿਆਂ ਦੀ ਦੁਰਵਰਤੋਂ ਸਬੰਧੀ ਅਵਾਮੀ ਜਾਗਰੂਕਤਾ ਲਈ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਸੀ। ਇਸ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਮਾਸੂਮਾਂ ਦੇ ਕਾਤਲ ਜਨਰਲ ਡਾਇਰ ਨੂੰ ਸਿਰੋਪਾ ਦੇਣ ਕਰਕੇ ਦੇਸ਼ਭਗਤਾਂ ਵਿੱਚ ਰੋਸ ਫੈਲ ਗਿਆ।
ਦਰਬਾਰ ਸਾਹਿਬ ਅਤੇ ਇਸ ਦੀ ਪਰਿਕਰਮਾ ਵਿੱਚ ਪ੍ਰਭਾਵੀ ਨਿਯੰਤਰਣ ਰੱਖਣ ਲਈ ਅੰਗਰੇਜ਼ਾਂ ਨੇ ਮਹੰਤ, ਪੁਜਾਰੀ ਅਤੇ ਭਾਈ ਨਿਯੁਕਤ ਕੀਤੇ ਹੋਏ ਸਨ। ਗੋਲਡਨ ਟੈਂਪਲ ਦਾ ਸਰਬਰਾਹ ਜਗੀਰੂ ਰਵੱਈਆ ਵਰਤਦਾ ਹੋਇਆ ਮਜ਼ਹਬੀ ਸਿੱਖਾਂ ਨੂੰ ਮੱਥਾ ਟੇਕਣ ਲਈ ਨਹੀਂ ਵੜਨ ਦਿੰਦਾ ਸੀ। ਦੇਸ਼ਭਗਤਾਂ ਨੇ ਇਸ ਨੂੰ ਸਰਬਰਾਹ ਨੂੰ ਮਜ਼ਾ ਚਖਾਉਣ ਦਾ ਮੁੱਦਾ ਬਣਾ ਲਿਆ। 500 ਮਜ਼ਹਬੀ ਸਿੱਖਾਂ ਦਾ ਜਥਾ ਦਰਬਾਰ ਸਾਹਿਬ ਗਿਆ। ਇਹ ਇੱਕ ਵੱਡਾ ਮੁੱਦਾ ਬਣ ਗਿਆ ਅਤੇ ਦਰਬਾਰ ਸਾਹਿਬ ਦੇ ਨਿਯੰਤਰਣ ਦਾ ਹੱਕ ਜਮਹੂਰੀ ਲੋਕਾਂ ਦੇ ਸਪੁਰਦ ਕਰਨਾ ਪਿਆ। ਇਸ ਤੋਂ ਮਗਰੋਂ ਬਾਕੀ ਗੁਰਦੁਆਰਿਆਂ ਉੱਤੇ ਵੀ ਭਾਈਚਾਰੇ ਦਾ ਕਬਜ਼ਾ ਹੋ ਗਿਆ।
ਜਲ੍ਹਿਆਂਵਾਲੇ ਬਾਗ ਦੇ ਸਾਕੇ ਵਰਗਾ ਹੀ ਇੱਕ ਦੁਖਾਂਤ ਫਰਵਰੀ 1921 ਵਿੱਚ ਸਾਕਾ ਗੁਰਦੁਆਰਾ ਨਨਕਾਣਾ ਸਾਹਿਬ (ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ) ਵਾਪਰਿਆ। ਗੁਰਦੁਆਰੇ ਦੇ ਮਹੰਤ ਨੇ ਅੰਗ੍ਰੇਜ਼ ਅਧਿਕਾਰੀਆਂ ਦੀ ਸ਼ਹਿ ‘ਤੇ ਗੁਰਦੁਆਰੇ ਦੇ ਅੰਦਰ ਹੀ 139 ਸਿੱਖਾਂ ਨੂੰ ਕਤਲ ਕਰ ਦਿੱਤਾ। ਸਾਰੇ ਪੰਜਾਬ ‘ਤੇ ਮਾਤਮ ਛਾ ਗਿਆ ਅਤੇ ਇਸ ਦੇ ਰੋਸ ਵਜੋਂ ਪੰਜਾਬ ਦੇ ਲੋਕਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਲੀਆਂ ਪੱਗਾਂ ਅਤੇ ਪਟਕੇ ਬੰਨ੍ਹ ਲਏ। ਇਸ ਘਟਨਾ ਨੇ ਸ਼ਹੀਦ ਭਗਤ ਸਿੰਘ ਤੇ ਐਨਾ ਅਸਰ ਕੀਤਾ ਕਿ ਉਹ ਗੁਰਮੁਖੀ ਸਿੱਖਣ ਲੱਗ ਪਏ ਅਤੇ ਲਾਹੌਰ ਤੋਂ ਛਪਦੇ ‘ਅਕਾਲੀ’ ਜਿਹੇ ਹੋਰ ਪੰਜਾਬੀ ਅਖ਼ਬਾਰਾਂ ਵਿੱਚ ਲੇਖ ਭੇਜਣ ਲੱਗੇ।
ਇਸੇ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੇ ਪੱਕੇ ਹਾਮੀ ਰਾਜਾ ਰਿਪੁਦਮਨ ਸਿੰਘ ਤੋਂ ਨਾਭਾ ਰਿਆਸਤ ਦੀ ਗੱਦੀ ਖੋਹ ਲਈ ਗਈ। ਇਸ ਨਾਲ ਸਮੁੱਚੇ ਸਿੱਖ ਭੜਕ ਪਏ ਅਤੇ ਜੈਤੋਂ ਦੇ ਮੋਰਚੇ ਦਾ ਮੁੱਢ ਬੱਝਾ। ਮੁੱਦਾ ਬਣਿਆ ਜੈਤੋਂ ਦੇ ਗੁਰਦੁਆਰੇ ਵਿੱਚ ਮੱਥਾ ਟੇਕਣ ਦੀ ਸਭ ਨੂੰ ਖੁੱਲ੍ਹ ਹੋਵੇਗੁਰਦੁਆਰੇ ਵਿੱਚ ਮੱਥਾ ਟੇਕਣ ਦੇ ਹੱਕ ਦੀ ਬਹਾਲੀ ਲਈ ਜੈਤੋਂ ਨੂੰ ਸ਼ਹੀਦੀ ਜਥੇ ਰਵਾਨਾ ਕੀਤੇ ਜਾ ਰਹੇ ਸਨ । ਬਰਤਾਨਵੀ ਹਕੂਮਤ ਪੂਰੇ ਵਹਿਸ਼ੀ ਦਮਨ ‘ਤੇ ਉਤਾਰੂ ਹੋ ਗਈ ਅਤੇ ਉਸ ਨੇ ਹੁਕਮ ਦੇ ਦਿੱਤਾ ਕਿ ਜੈਤੋਂ ਨੂੰ ਜਾਂਦੇ ਜਥਿਆਂ ਦੀ ਕੋਈ ਟਹਿਲ-ਸੇਵਾ ਨਾ ਕਰੇ।ਇੱਕ ਜਥਾ ਜ਼ਿਲ੍ਹਾ ਲਾਇਲਪੁਰ ਤੋਂ ਜਾਣਾ ਸੀ ਅਤੇ ਸਰਕਾਰ ਨੇ ਹੁਕਮ ਜਾਰੀ ਕਰ ਦਿੱਤਾ ਸੀ ਕਿ ਇਸ ਜਥੇ ਨੂੰ ਜੇ ਕਿਸੇ ਨੇ ਪਾਣੀ ਵੀ ਪਿਲਾਇਆ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ।
ਭਗਤ ਸਿੰਘ ਨੇ ਇਹ ਚੁਣੌਤੀ ਸਵੀਕਾਰ ਕੀਤੀ ਅਤੇ ਕਿਸਾਨਾਂ ਦੀ ਮੱਦਦ ਨਾਲ ਲੰਗਰ ਦਾ ਪ੍ਰਬੰਧ ਕੀਤਾ ਅਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜਥੇ ਨੂੰ ਲੰਗਰ ਛਕਾਇਆ। ਗੁਰਦੁਆਰਿਆਂ ਦੇ ਨਿਯੰਤਰਣ ਦਾ ਜਮਹੂਰੀ ਹੱਕ ਅਹਿੰਸਕ ਤਰੀਕਿਆਂ ਨਾਲ ਹਾਸਲ ਕਰਨਾ ਭਾਰਤੀ ਰਾਸ਼ਟਰੀ ਅੰਦੋਲਨ ਲਈ ਇੱਕ ਵੱਡੀ ਮਿਸਾਲ ਬਣਿਆਂ। ਮਹਾਤਮਾ ਗਾਂਧੀ ਅਤੇ ਹੋਰ ਰਾਸ਼ਟਰੀ ਆਗੂਆਂ ਨੇ ਇਸ ਦੀ ਬੜੀ ਸ਼ਲਾਘਾ ਕੀਤੀ।
ਆਪਣੇ ਪਿੰਡ ਵਿਖੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਦ ਉਹ ਡੀ. ਏ. ਵੀ. ਹਾਈ ਸਕੂਲ ਵਿੱਚ ਪੜ੍ਹੇ। ਇਹ 1921 ਦਾ ਸਮਾਂ ਸੀ ਜਦੋਂ ਮਹਾਤਮਾ ਗਾਂਧੀ ਨੇ ਅਸਹਿਯੋਗ ਅੰਦੋਲਨ ਦਾ ਸੱਦਾ ਦਿੱਤਾ ਸੀ। ਇਸ ਸੱਦੇ ਨੂੰ ਹੁੰਗਾਰਾ ਦਿੰਦਿਆਂ ਭਗਤ ਸਿੰਘ ਨੇ ਡੀ. ਏ. ਵੀ. ਸਕੂਲ ਛੱਡ ਦਿੱਤਾ ਅਤੇ ਅੰਦੋਲਨ ਵਿੱਚ ਕੁੱਦ ਪਏ। ਅਜੇ ਉਨ੍ਹਾਂ ਨੇ ਦੱਸਵੀਂ ਪਾਸ ਨਹੀਂ ਕੀਤੀ ਸੀ। ਪਰ ਅਸਹਿਯੋਗ ਅੰਦੋਲਨ ਵਾਪਸ ਲੈਣ ਤੋਂ ਬਾਦ ਨੌਜਵਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਸਕੂਲਾਂ/ਕਾਲਜਾਂ ਵਿੱਚ ਚਲੇ ਜਾਣ, ਪਰ ਬਹੁਤ ਸਾਰਿਆਂ ਨੇ ਇੰਝ ਕਰਨਾ ਨਾ ਮੰਨਿਆਂ, ਭਗਤ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਸਨ। ਫੇਰ ਇਨ੍ਹਾਂ ਨੌਜਵਾਨਾਂ ਦੀ ਸਿੱਖਿਆ ਦੀ ਲੋੜ ਪੂਰੀ ਕਰਨ ਲਈ ਬਰਾਡਲਾ ਹਾਲ ਵਿੱਚ ਨੇਸ਼ਨਲ ਕਾਲਜ ਸਥਾਪਤ ਕੀਤਾ ਗਿਆ। ਨੇਸ਼ਨਲ ਕਾਲਜ ਲਾਹੌਰ ਦੇ ਕਰਤਾ-ਧਰਤਾ ਲਾਲਾ ਲਾਜਪਤ ਰਾਏ ਅਤੇ ਭਾਈ ਪਰਮਾਨੰਦ ਸਨ । ਭਗਤ ਸਿੰਘ ਨੇ ਖਾਸ ਟੈਸਟ ਪਾਸ ਕਰਕੇ ਆਪਣੇ ਦੋਸਤ ਜੋ ਗੁਪਤ ਨਾਲ ਇਸ ਕਾਲਜ ਵਿੱਚ ਦਾਖਲਾ ਲਿਆ। ਆਪਣੇ ਉਦੇਸ਼ ਦੀ ਪੂਰਤੀ ਲਈ ਸਖ਼ਤ ਮਿਹਨਤ ਕਰਨ ਦਾ ਸਬਕ ਭਗਤ ਸਿੰਘ ਨੇ ਸਿੱਖ ਲਿਆ ਸੀ। ਨੈਸ਼ਨਲ ਕਾਲਜ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਇਨ੍ਹਾਂ ਉੱਤੇ ਨਿੱਠ ਦੇ ਬਹਿਸ ਕਰਨ ਦਾ ਮਾਹੌਲ ਸਿਰਜਿਆ ਗਿਆ। ਇੱਥੇ ਹੀ ਭਗਤ ਸਿੰਘ ਆਪਣੇ ਭਵਿੱਖੀ ਸਾਥੀਆਂ ਜਿਵੇਂ ਭਗਵਤੀ ਚਰਨ ਵੋਹਰਾ, ਸੁਖਦੇਵ, ਯਸ਼ ਪਾਲ, ਜੈਦੇਵ ਆਦਿ ਦੇ ਸੰਪਰਕ ਵਿੱਚ ਆਏ। ਇੱਥੇ ਉਨ੍ਹਾਂ ਨੇ ਇਤਿਹਾਸ, ਸਿਆਸਤ ਅਤੇ ਅਰਥਸ਼ਾਸਤਰ ਆਦਿ ਵਿਸ਼ਿਆਂ ‘ਤੇ ਡੂੰਘਾ ਅਧਿਐਨ ਕੀਤਾ। ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਦੁਨੀਆ ਦੇ ਵਿਭਿੰਨ ਮੁਲਕਾਂ ਦੇ ਇਨਕਲਾਬੀ ਇਤਿਹਾਸ ਵਿੱਚ ਵਧੇਰੇ ਰਹੀ। ਕਾਲਜ ਵਿੱਚ ਉਹ ਵਿਦਿਆਰਥੀ ਵਰਗ ਦੇ ਆਗੂ ਦੇ ਤੌਰ ‘ਨਿੱਤਰੇ ਅਤੇ ਕਾਲਜ ਦੀ ਸਟੂਡੈਂਟ ਯੂਨੀਅਨ ਦੀ ਸਥਾਪਨਾ ਕੀਤੀ। ਕਾਲਜ ਦੇ ਦਿਨਾਂ ਵਿੱਚ ਭਗਤ ਸਿੰਘ ਨੇ ਅਸਹਿਯੋਗ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ ਕਿਉਂਕਿ ਮਹਾਤਮਾ ਗਾਂਧੀ ਨੇ ਇੱਕ ਸਾਲ ਦੇ ਅੰਦਰ ਹੀ ਸਵਰਾਜ ਪ੍ਰਾਪਤੀ ਦਾ ਭਰੋਸਾ ਦਿੱਤਾ ਸੀ।
1922 ਵਿੱਚ ਕਾਂਗਰਸ ਨੇ ਜ਼ਿਲ੍ਹਾ ਗੋਰਖਪੁਰ ਦੇ ਨਗਰ ਚੋਰਾ-ਚੌਰੀ ਵਿੱਚ ਇੱਕ ਮੁਜ਼ਾਹਰਾ ਕੀਤਾ ਜਿਸ ਵਿੱਚ ਪੁਲੀਸ ਨੇ ਕੁਝ ਅਸਹਿਯੋਗ ਅੰਦੋਲਨ ਕਾਰਕੁਨਾਂ ਨੂੰ ਕਤਲ ਕਰ ਦਿੱਤਾ। ਰੋਸ ਵਿੱਚ ਭੀੜ ਨੇ 22 ਪੁਲੀਸ ਕਰਮਚਾਰੀਆਂ ਨੂੰ ਇੱਕ ਮਕਾਨ ਵਿੱਚ ਬੰਦ ਕਰਕੇ ਅੱਗ ਲਾ ਕੇ ਮਾਰ ਦਿੱਤਾ। ਇਸ ਵਾਕੇ ‘ਤੇ ਮਹਾਤਮਾ ਗਾਂਧੀ ਨੇ ਬੜਾ ਦੁੱਖ ਮਨਾਇਆ। ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਚੱਲ ਰਹੇ ਅਸਹਿਯੋਗ ਅੰਦੋਲਨ ਨੂੰ ਵਾਪਸ ਲੈ ਲਿਆ।
ਅਸਹਿਯੋਗ ਅੰਦੋਲਨ ਦੀ ਅਚਾਨਕ ਵਾਪਸੀ ਦੇ ਫੈਸਲੇ ਨਾਲ ਭਗਤ ਸਿੰਘ ਅਤੇ ਨੌਜਵਾਨਾਂ ਨੂੰ ਵੱਡੀ ਸੱਟ ਵੱਜੀ ਤੇ ਉਨ੍ਹਾਂ ਵਿੱਚ ਨਿਰਾਸ਼ਾ ਵਿਆਪਤ ਹੋ ਗਈ। ਕੀ ਸਿਰਫ਼ ਇਸੇ ਕਰਕੇ ਐਨੇ ਅਹਿਮ ਅੰਦੋਲਨ ਨੂੰ ਤਿਆਗ ਦਿੱਤਾ ਜਾਣਾ ਚਾਹੀਦਾ ਸੀ ਕਿ ਆਜ਼ਾਦੀ ਦੀ ਪ੍ਰਾਪਤੀ ਦੇ ਸੰਘਰਸ਼ ਵਿੱਚ 22 ਪੁਲੀਸ ਕਰਮਚਾਰੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ ? ਇਸ ਤੋਂ ਪਹਿਲਾਂ ਹੀ ਬਰਤਾਨਵੀ ਹਕੂਮਤ ਸਿਰਫ਼ 19 ਵਰ੍ਹਿਆਂ ਦੇ ਇਨਕਲਾਬੀ ਸ. ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਕੇ ਹਟੀ ਸੀ ਜੋ ਭਗਤ ਸਿੰਘ ਦਾ ਆਦਰਸ਼ ਨਾਇਕ ਸੀ। ਉਸ ਵੇਲੇ ਤਾਂ ਅਹਿੰਸਾ ਦੇ ਮੁਦਈਆਂ ਨੇ ਇਸ ਦੇ ਵਿਰੋਧ ਵਿੱਚ ਇੱਕ ਸ਼ਬਦ ਵੀ ਨਹੀਂ ਉਚਾਰਿਆ ਸੀ। ਤੇ ਇਹ ਅਹਿੰਸਾ ਹੁਣ ਐਨੀ ਅਹਿਮੀਅਤ ਕਿਵੇਂ ਅਖ਼ਤਿਆਰ ਕਰ ਗਈ ਸੀ ? ਅਜਿਹੀ ਸੋਚ ਨੇ ਭਗਤ ਸਿੰਘ ਨੂੰ ਅਹਿੰਸਾ ਅਤੇ ਅਸਹਿਯੋਗ ਅੰਦੋਲਨ ਬਾਰੇ ਕਿੰਤੂ ਕਰਨ ਦੇ ਰਾਹ ਤੋਰਿਆ।
ਪਰਿਵਾਰ ਵਿੱਚ ਵਿਆਹ ਦੇ ਦਬਾਉ ਨੂੰ ਟਾਲਣ ਵਾਸਤੇ ਭਗਤ ਸਿੰਘ 16 ਸਾਲ ਦੀ ਉਮਰ ਵਿੱਚ ਹੀ ਘਰੋਂ ਕਾਨਪੁਰ ਚਲੇ ਗਏ। ਕਾਨਪੁਰ ਵਿੱਚ ਹੀ ਉਹ ਯੂ. ਪੀ ਅਤੇ ਬਿਹਾਰ ਦੇ ਇਨਕਲਾਬੀਆਂ ਨੂੰ ਮਿਲੇ ਸਨ ਅਤੇ ਐੱਚ. ਆਰ. ਏ (ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ) ਵਿੱਚ ਸ਼ਾਮਲ ਹੋਏ ਸਨ । ਕਾਨਪੁਰ ਵਿੱਚ ਉਨ੍ਹਾਂ ਨੂੰ ਪੱਤਰਕਾਰਤਾ ਸਿੱਖਣ, ਵਿਸ਼ਵ ਰਾਜਨੀਤੀ ਬਾਰੇ ਜਾਣਨ ਅਤੇ ਰਾਸ਼ਟਰੀ ਮੁੱਦਿਆਂ ਬਾਰੇ ਸੋਚਣ ਦਾ ਮੌਕਾ ਸ੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਦੀ ਅਗਵਾਈ ਵਿੱਚ ਮਿਲਿਆ ਜੋ ਵਿਰਲੀ ਦਲੇਰੀ ਅਤੇ ਰਾਸ਼ਟਰੀ ਦੂਰ-ਦ੍ਰਿਸ਼ਟੀ ਵਾਲੀ ਇੱਕ ਮਹਾਨ ਰਾਸ਼ਟਰੀ ਸ਼ਖ਼ਸੀਅਤ ਸਨ। ਇੱਥੇ ਹੀ ਉਨ੍ਹਾਂ ਨੇ ਆਇਰਲੈਂਡ ਦੇ ਮਹਾਨ ਸੰਗਰਾਮੀ ਯੋਧੇ ਡਾਨ ਬ੍ਰੀਨ ਦੀ ਜੀਵਨੀ ਦਾ ਉਲਥਾ ਕੀਤਾ। ਇਸ ਮਹਾਨ ਨਾਇਕ ਨੇ ਅਕੱਥ ਦਲੇਰੀ ਨਾਲ ਆਪਣੇ ਹੋਰ ਦੇਸ਼ਭਗਤ ਸਾਥੀਆਂ ਨਾਲ ਮਿਲਕੇ 1922 ਵਿੱਚ ਹੀ ਆਇਰਲੈਂਡ ਲਈ ਡੁਮਿਨਿਅਨ ਸਟੇਟਸ ਹਾਸਲ ਕਰ ਲਿਆ ਸੀ ਜਦੋਂ ਕਿ ਭਾਰਤੀ ਅੰਦੋਲਨ ਇਸ ਮੁੱਦੇ ‘ਤੇ ਅਸਫ਼ਲ ਰਹਿ ਗਿਆ ਸੀ।
ਨੌਜਵਾਨਾਂ ਵਿੱਚ ਇਨਕਲਾਬੀ ਰੌਂਅ ਪੈਦਾ ਕਰਨ ਅਤੇ ਐੱਚ.ਆਰ. ਏ. ਨੂੰ ਮਜ਼ਬੂਤ ਕਰਨ ਲਈ ਭਗਤ ਸਿੰਘ ਨੇ 1925 ਵਿੱਚ ਨੌਜਵਾਨ ਭਾਰਤ ਸਭਾ (ਐੱਨ. ਬੀ. ਐੱਸ.) ਦੀ ਸਥਾਪਨਾ ਕੀਤੀ, ਜੋ ਕਿ ਮੁੱਖ ਤੌਰ ‘ਤੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਜਥੇਬੰਦੀ ਸੀ, ਤੇ ਇਸ ਦੇ ਜਨਰਲ ਸਕੱਤਰ ਰਹੇ। ਨੌਜਵਾਨਾਂ ਉੱਤੇ ਭਗਤ ਸਿੰਘ ਦੇ ਅਸਰ ਤੋਂ ਡਰ ਕੇ ਲਾਹੌਰ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦਾ ਨਾਂ ਝੂਠੇ ਤੌਰ ‘ਤੇ 1926 ਦੇ ਦੁਸਹਿਰਾ ਬੰਬ ਕੇਸ ਵਿੱਚ ਪਾ ਦਿੱਤਾ ਤੇ 6 ਮਹੀਨੇ ਤੱਕ ਜੇਲ੍ਹ ਵਿੱਚ ਰੱਖਿਆ ਤੇ ਅਖ਼ੀਰ ਸੱਠ ਹਜ਼ਾਰ ਦੀ ਜਮਾਨਤ ‘ਤੇ ਉਨ੍ਹਾਂ ਨੂੰ ਛੱਡਿਆ।
1928 ਦਾ ਸਾਲ ਰਾਸ਼ਟਰੀ ਇਨਕਲਾਬੀ ਅੰਦੋਲਨ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਜਦੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਹੰਭਲਿਆਂ ਕਰਕੇ ਐੱਚ. ਆਰ. ਏ. ਨੇ ਸਮਾਜਵਾਦੀ ਅਤੇ ਅੰਤਰਰਾਸ਼ਟਰੀ ਨਜ਼ਰੀਏ ਨੂੰ ਅਪਣਾਇਆ। ਇਸ ਦਾ ਨਾਂ ਵੀ ਬਦਲਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਐੱਚ. ਐੱਸ. ਆਰ. ਏ.) ਰੱਖ ਦਿੱਤਾ ਗਿਆ। ਭਗਤ ਸਿੰਘ ਇਸ ਦੀ ਸੈਂਟਰਲ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਜਿਸ ਵਿੱਚ ਯੂ. ਪੀ., ਪੰਜਾਬ ਅਤੇ ਬਿਹਾਰ ਤੋਂ ਦੋ-ਦੋ ਅਤੇ ਰਾਜਪੁਤਾਨਾ ਤੋਂ ਇੱਕ ਮੈਂਬਰ ਸ਼ਾਮਲ ਸਨ। ਜਦੋਂ 1928 ਵਿੱਚ ਦੇਸ਼ ਵਿੱਚ ਸੰਵਿਧਾਨਕ ਸੁਧਾਰਾਂ ਦੇ ਮੁੱਦੇ ਦੇ ਹੱਲ ਲਈ ਸਾਈਮਨ ਕਮਿਸ਼ਨ ਹਿੰਦੁਸਤਾਨ ਆਇਆ ਤਾਂ ਸਮੁੱਚਾ ਦੇਸ਼ ਇਸ ਦੇ ਬਾਈਕਾਟ ਲਈ ਖੜ੍ਹਾ ਹੋ ਗਿਆ । ਅਜਿਹੇ ਹੀ ਇੱਕ ਰੋਸ ਮੁਜ਼ਾਹਰੇ ਦੌਰਾਨ ਲਾਲਾ ਲਾਜਪਤ ਰਾਏ ਦੇ ਲਾਠੀਆਂ ਵੱਜੀਆਂ ਜਿਸ ਕਾਰਨ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ। ਐੱਚ. ਐੱਸ. ਆਰ. ਏ. ਨੇ ਲਾਲਾ ਜੀ ਦੀ ਮੌਤ ਅਤੇ ਰਾਸ਼ਟਰੀ ਨਿਰਾਦਰੀ ਦਾ ਬਦਲਾ ਲੈਣ ਲਈ ਲਾਠੀ ਚਾਰਜ ਕਰਨ ਦਾ ਹੁਕਮ ਦੇਣ ਵਾਲੇ ਪੁਲੀਸ ਸੁਪਰਡੰਟ, ਲਾਹੌਰ ਜੇ. ਏ. ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ । ਇੱਕ ਮਹੀਨੇ ਬਾਅਦ ਭਗਤ ਸਿੰਘ ਨੇ ਚੰਦਰ ਸ਼ੇਖਰ ਆਜ਼ਾਦ ਅਤੇ ਰਾਜਗੁਰੂ ਨੂੰ ਨਾਲ ਲੈ ਕੇ ਸਕਾਟ ਦੇ ਭੁਲੇਖੇ ਵਿੱਚ ਜੇ. ਪੀ. ਸਾਂਡਰਸ ਨੂੰ ਗੋਲੀ ਮਾਰ ਦਿੱਤੀ, ਜੋ ਕਿ ਖ਼ੁਦ ਵੀ ਲਾਠੀ ਚਾਰਜ ਦੀ ਇਸ ਘਟਨਾ ਨਾਲ ਸਬੰਧਤ ਸੀ । ਬਾਅਦ ਵਿੱਚ ਕਾਰਵਾਈ ਦਾ ਜਿੰਮਾਂ ਕਬੂਲ ਕਰਦਿਆਂ ਐੱਚ. ਐੱਸ. ਆਰ. ਏ. ਨੇ ਲਾਹੌਰ ਵਿੱਚ ਪੋਸਟਰ ਵੀ ਚਿਪਕਾਏ। ਇਹੀ ਉਹ ਸਮਾਂ ਸੀ ਜਦੋਂ ਭਗਤ ਸਿੰਘ ਨੂੰ ਵਾਲ ਕਟਵਾਕੇ ਤੇ ਭੇਸ ਬਦਲਕੇ ਬਚਦੇ ਹੋਏ ਲਾਹੌਰ ਤੋਂ ਕਲਕੱਤੇ ਜਾਣਾ ਪਿਆ।
ਇਸੇ ਦੌਰਾਨ ਬਰਤਾਨਵੀ ਹਕੂਮਤ ਨੇ ਮਜ਼ਦੂਰ ਜਮਾਤ ਦੇ ਅੰਦੋਲਨ ਨੂੰ ਠੱਲ੍ਹ ਪਾਉਣ ਲਈ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟਸ ਬਿੱਲ ਰਾਸ਼ਟਰੀ ਅਸੰਬਲੀ ਵਿੱਚ ਪੇਸ਼ ਕੀਤੇ ਅਤੇ ਤਾਨਾਸ਼ਾਹੀ ਬਰਤਾਨਵੀ ਹਕੂਮਤ ਦੇ ਵਿਭਿੰਨ ਭਾਗਾਂ ਵਿੱਚ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸੇ ਕਰਕੇ ਐੱਚ. ਐੱਸ. ਆਰ. ਏ. ਦੀ ਸੈਂਟਰਲ ਕਮੇਟੀ ਨੇ ਇਸ ਵਿਰੁੱਧ ਰੋਸ ਪ੍ਰਗਟਾਉਣ ਲਈ ਦੋ ਥੋਥੇ ਬੰਬ ਕੇਂਦਰੀ ਲੈਜਿਸਲੇਟਿਵ ਅਸੰਬਲੀ ਵਿੱਚ ਸੁੱਟਣ ਦਾ ਫੈਸਲਾ ਕੀਤਾ। ਮਿੱਥੇ ਸਮੇਂ ‘ਤੇ ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਦੋ ਬੰਬ ਅਸੰਬਲੀ ਦੇ ਹਾਲ ਵਿੱਚ ਸੁੱਟੇ ਜਿੱਥੇ 8 ਅਪ੍ਰੈਲ 1929 ਨੂੰ ਅਸੰਬਲੀ ਦਾ ਇਜਲਾਸ ਚੱਲ ਰਿਹਾ ਸੀ।”ਇਨਕਲਾਬ ਜ਼ਿੰਦਾਬਾਦ” ਅਤੇ “ਸਾਮਰਾਜਵਾਦ ਮੁਰਦਾਬਾਦ” ਦੇ ਨਾਹਰੇ ਲਾਉਂਦੇ ਹੋਏ ਉਨ੍ਹਾਂ ਨੇ ਆਪਣੀ ਪਾਰਟੀ ਦੇ ਲਾਲ ਪਰਚੇ ਸੁੱਟੇ ਜਿਨ੍ਹਾਂ ਉੱਤੇ ਇੱਕ ਅਪੀਲ ਛਪੀ ਹੋਈ ਸੀ ਜਿਸ ਦੇ ਮੁੱਢਲੇ ਸ਼ਬਦ ਸਨ, “ਬੋਲੇ ਕੰਨਾਂ ਨੂੰ ਸੁਣਨ ਲਾਉਣ ਲਈ ਤੇਜ਼ ਧਮਾਕੇ ਦੀ ਲੋੜ ” ਆਪਣੀ ਇਸ ਕਾਰਵਾਈ ਨੂੰ ਵਾਜਬੀਅਤ ਦਿੰਦੇ ਹੋਏ ਅੱਗੋਂ ਕਿਹਾ ਗਿਆ ਸੀ “ਲੋਕਾਂ ਦੇ ਨੁਮਾਇੰਦੇ ਆਪਣੇ-ਆਪਣੇ ਚੋਣ-ਹਲਕਿਆਂ ਵਿੱਚ ਪਰਤ ਜਾਣ ਅਤੇ ਆਉਂਦੇ ਇਨਕਲਾਬ ਲਈ ਜਨਤਾ ਨੂੰ ਤਿਆਰ ਕਰਨ ” ਫੇਰ ਉਨ੍ਹਾਂ ਨੇ ਖੁਦ ਨੂੰ ਗਿ੍ਫ਼ਤਾਰੀ ਲਈ ਪੇਸ਼ ਕਰ ਦਿੱਤਾ। ਉਨ੍ਹਾਂ ਨੇ ਪੂਰੀ ਨਿਡਰਤਾ ਨਾਲ ਅਦਾਲਤ ਵਿੱਚ ਲੰਬਾ ਸਾਂਝਾ ਬਿਆਨ ਦਿੱਤਾ ਤੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਨੁਕਸਾਨ ਪੁਚਾਉਣਾ ਨਹੀਂ ਸੀ ਇਸੇ ਕਰਕੇ ਮਾਰੂ ਬੰਬ ਨਹੀਂ ਸੁੱਟੇ ਗਏ ਸਨ। ਉਨ੍ਹਾਂ ਦਾ ਮਕਸਦ ਤਾਂ ਬਰਤਾਨਵੀ ਹਕੂਮਤ ਨੂੰ ਆਪਣੇ ਰੋਸ ਬਾਰੇ ਆਗਾਹ ਕਰਨਾ ਸੀ। ਜਿਵੇਂ ਕਿ ਸੋਚਿਆ ਗਿਆ ਸੀ ਬੰਬਾਂ ਨੇ ਕਿਸੇ ਨੂੰ ਨੁਕਸਾਨ ਨਹੀਂ ਪੁਚਾਇਆ। ਕਾਰਵਾਈ ਤੋਂ ਪਹਿਲਾਂ ਆਪਣੇ ਇਤਿਹਾਸਕ ਬਿਆਨ ਵਿੱਚ ਉਨ੍ਹਾਂ ਨੇ ਬੜੇ ਸਾਫ ਅਤੇ ਪ੍ਰੇਰਕ ਢੰਗ ਨਾਲ ਦੱਸਿਆ ਸੀ ਕਿ ਇਨਕਲਾਬ ਤੋਂ ਉਨ੍ਹਾਂ ਦਾ ਕੀ ਭਾਵ ਸੀ। ਉਨ੍ਹਾਂ ਕਿਹਾ ਸੀ, “ਇਹ ਕੋਈ ਬੰਬ ਅਤੇ ਪਿਸਤੋਲ ਦਾ ਫਲਸਫਾ ਨਹੀਂ। ਇਨਕਲਾਬ ਤੋਂ ਸਾਡਾ ਭਾਵ ਸਮਾਜ ਵਿੱਚ ਇੱਕ ਅਜਿਹੀ ਪ੍ਰਣਾਲੀ ਸਥਾਪਤ ਕਰਨਾ ਹੈ ਜਿਸ ਵਿੱਚ ਪ੍ਰਭੁਤਾ ਸਰਬਹਾਰੇ ਦੀ ਹੋਵੇ ਤੇ ਉਸ ਦੇ ਟੁੱਟਣ ਦਾ ਕੋਈ ਖਤਰਾ ਸਾਮ੍ਹਣੇ ਨਾ ਹੋਵੇ, ਜਿਸ ਦੇ ਸਿੱਟੇ ਵਜੋਂ ਇੱਕ ਵਿਸ਼ਵ ਸੰਘ ਸਰਮਾਏਦਾਰੀ ਦੀ ਦਾਸਤਾ ਅਤੇ ਸਾਮਰਾਜੀ ਜੰਗਾਂ ਤੋਂ ਮਨੁੱਖਤਾ ਦੀ ਬੰਦਖਲਾਸੀ ਕਰ ਸਕੇ ।” 12 ਜੂਨ 1929 ਨੂੰ ਅਦਾਲਤ ਨੇ ਭਗਤ ਸਿੰਘ ਅਤੇ ਬੀ. ਕੇ. ਦੱਤ ਨੂੰ ਅਸੰਬਲੀ ਬੰਬ ਕੇਸ ਵਿੱਚ ਕਾਲੇ ਪਾਣੀ ਦੀ ਸਜ਼ਾ ਦਿੱਤੀ। ਪਰ ਇਸੇ ਦੌਰਾਨ ਪੁਲੀਸ ਨੇ ਸਾਂਡਰਸ ਕਤਲ ਕਾਂਡ ਦਾ ਖੁਰਾ-ਖੋਜ ਵੀ ਕੱਢ ਲਿਆ ਸੀ; ਇਸ ਕਰਕੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕਈ ਹੋਰਨਾਂ ਤੇ ਦੂਜੇ ਲਾਹੌਰ ਸਾਜਿਸ਼ ਕੇਸ ਦਾ ਮੁਕੱਦਮਾ ਚਲਾਇਆ ਗਿਆ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਰਤਾਨਵੀ ਹਕੂਮਤ ਦੇ ਵਹਿਸ਼ੀ ਅਤੇ ਅਣਮਨੁੱਖੀ ਜ਼ੁਲਮਾਂ ਨੂੰ ਨੰਗੇ ਕਰਨ ਲਈ ਇਸ ਮੁਕੱਦਮੇ ਨੂੰ ਇੱਕ ਮੰਚ ਵਜੋਂ ਵਰਤਣ ਦਾ ਵਿਲੱਖਣ ਸਿਆਸੀ ਫੈਸਲਾ ਕੀਤਾ। ਉਨ੍ਹਾਂ ਲਈ ਇਹ ਮੁਕੱਦਮਾ ਇਨਕਲਾਬੀ ਸੰਘਰਸ਼ ਦਾ ਹੀ ਇੱਕ ਹਿੱਸਾ ਸੀ ਜਿੱਥੇ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਅਤੇ ਜਨਤਾ ਦੇ ਸਾਮ੍ਹਣੇ ਆਪਣੇ ਇਨਕਲਾਬੀ ਪ੍ਰੋਗਰਾਮ ਪੇਸ਼ ਕੀਤਾ। ਭਾਰਤੀ ਜਨਤਾ ਸਾਮ੍ਹਣੇ ਉਨ੍ਹਾਂ ਨੇ ਆਪਣੇ ਮੁਕੱਦਮੇ ਨੂੰ ਬਰਤਾਨਵੀ ਹਕੂਮਤ ਉੱਤੇ ਮੁਕੱਦਮੇ ਦਾ ਰੂਪ ਦੇਣ ਖਾਤਰ ਹੀ ਆਪਣੇ ਬਚਾਉ ਵਿੱਚ ਕੁਝ ਕਹਿਣ ਦੀ ਬਜਾਏ ਉਲਟਾ ਹਕੂਮਤ ਨੂੰ ਹੀ ਆਪਣਾ ਬਚਾਉ ਕਰਨ ਦੇ ਰਾਹ ਪਾ ਦਿੱਤਾ ਜਦੋਂ ਭਗਤ ਸਿੰਘ ਜੇਲ੍ਹ ਵਿੱਚ ਸਨ ਤਾਂ ਉਨ੍ਹਾਂ ਨੂੰ ਭਾਰਤੀ ਸਿਆਸੀ ਕੈਦੀਆਂ ਨ ਹੋ ਰਹੇ, ਦੁਰਵਿਹਾਰ ਨੂੰ ਦੇਖ ਕੇ ਬੜਾ ਦੁੱਖ ਹੋਇਆ। ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਬਰਤਾਨਵੀ ਕੈਆਂ ਲਈ ਬਰਾਬਰੀ ਦੇ ਹੱਕਾਂ ਅਤੇ ਜੇਲ੍ਹ ਦੇ ਕੈਦੀਆਂ ਅਤੇ ਜ਼ੇਰੇ-ਮੁਕੱਦਮਾ ਹਵਾਲਾਤੀਆਂ ਦੀ ਸਮੁੱਚੀ ਹਾਲ ਦੇ ਸੁਧਾਰ ਦੀ ਮੰਗ ਨਾਲ ਭੁੱਖ ਹੜਤਾਲ ਰੱਖ ਦਿੱਤੀ। ਛੇਤੀ ਹੀ ਦੇਸ਼ ਦੇ ਹੋਰ ਕੈਦੀ ਵੀ ਇਸ ਵਿੱਚ ਸ਼ਾਮਲ ਹੋ ਗਏ ਜਿਸ ਨਾਲ ਮਨੁੱਖੀ ਬਰਦਾਸ਼ਤ ਅਤੇ ਦਲੇਰੀ ਦੀ ਇੱਕ ਪ੍ਰੇਰਕ ਦਾਸਤਾਨ ਦਾ ਮੁੱਢ ਬੱਝਾ ਜਿਸ ਨੇ ਸਮੁੱਚੇ ਦੇਸ਼ਵਾਸੀਆਂ ਦੀ ਜ਼ਮੀਰ ਨੂੰ ਝੰਜੋੜ ਦਿੱਤਾ। ਇਹ ਭੁੱਖ ਹੜਤਾਲ 100 ਦਿਨਾਂ ਤੋਂ ਵੀ ਵੱਧ ਜਾਰੀ ਰਹੀ। ਇਹ ਦੇਖਦੇ ਹੋਏ ਕਿ ਮੁਕੱਦਮੇ ਦਾ ਦੇਸ਼ ਦੇ ਨੌਜਵਾਨਾਂ ‘ਤੇ ਡੂੰਘਾ ਅਸਰ ਪੈ ਰਿਹਾ ਸੀ । ਬਰਤਾਨਵੀ ਹਕੂਮਤ ਨੇ ਇੱਕ ਆਰਡੀਨੈਂਸ ਜਾਰੀ ਕਰ ਕੇ ਦੂਜੇ ਲਾਹੌਰ ਸਾਜ਼ਿਸ਼ ਕੇਸ ਦਾ ਮੁਕੱਦਮਾ ਇੱਕ ਵਿਸ਼ੇਸ਼ ਟ੍ਰਿਬਿਊਨਲ ਨੂੰ ਸੌਂਪ ਦਿੱਤਾ ਜਿਸ ਕੋਲ ਅਜਿਹੀਆਂ ਸ਼ਕਤੀਆਂ ਸਨ ਕਿ ਉਸ ਸਾਮ੍ਹਣੇ ਕਿਸੇ ਵਕੀਲ, ਦਲੀਲ ਜਾਂ ਅਪੀਲ ਦਾ ਕੋਈ ਉਪਬੰਧ ਨਹੀਂ ਸੀ। ਪੰਜ ਮਹੀਨੇ ਤਕ ਮੁਕੱਦਮੇ ਦਾ ਥੋਥਾ ਦਮਦਮਾ ਰਚਣ ਤੋਂ ਬਾਅਦ ਅਕਤੂਬਰ 1930 ਵਿੱਚ ਫੈਸਲਾ ਸੁਣਾ ਦਿੱਤਾ ਗਿਆ ਜਿਸ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਮੌਤ ਦੀ ਸਜ਼ਾ, ਸੱਤਾਂ ਨੂੰ ਕਾਲੇ ਪਾਣੀ ਦੀ ਸਜ਼ਾ ਅਤੇ ਬਾਕੀ ਹੋਰਨਾਂ ਨੂੰ ਲੰਬੀਆਂ ਕੈਦਾਂ ਦੀ ਸਜ਼ਾ ਦਿੱਤੀ ਗਈ। ਸਜ਼ਾ ਦੇ ਐਲਾਨ ਤੋਂ ਫੌਰਨ ਬਾਅਦ ਦੇਸ਼ ਵਿਆਪੀ ਹੜਤਾਲਾਂ ਦਾ ਤਾਂਤਾ ਲੱਗ ਗਿਆ, ਨੌਜਵਾਨਾਂ ਨੇ ਸਕੂਲਾਂ/ਕਾਲਜਾਂ ਦਾ ਬਾਈਕਾਟ ਕਰ ਦਿੱਤਾ ਅਤੇ ਬਹੁਤ ਸਾਰੇ ਮਰਦ ਅਤੇ ਔਰਤਾਂ ਗ੍ਰਿਫ਼ਤਾਰ ਕਰ ਲਏ ਗਏ। 3- 3-1931 ਨੂੰ ਸ਼ਹੀਦ ਨੇ ਪੰਜਾਬ ਦੇ ਗਵਰਨਰ ਨੂੰ ਲਲਕਾਰਿਆ ਕਿ ਉਹ ਬਾਦਸ਼ਾਹ ਦੇ ਖ਼ਿਲਾਫ਼ ਜੰਗ ਵਿੱਢਣ ਦਾ ਦੋਸ਼ੀ ਹੈ ਇਸ ਕਰਕੇ ਉਸ ਨੂੰ ਗੋਲੀ ਮਾਰੀ ਜਾਵੇ।
ਹਾਲਾਂਕਿ ਅਦਾਲਤ ਨੇ ਸ਼ਹੀਦ ਨੂੰ ਫਾਂਸੀ ਦੇਣ ਲਈ 24 ਮਾਰਚ 1931 ਦਾ ਦਿਨ ਮਿੱਥਿਆ ਸੀ ਪਰ ਲਾਹੌਰ ਦੀ ਜਨਤਾ ਨੂੰ 24 ਮਾਰਚ 1931 ਨੂੰ ਫਾਂਸੀ ਹੋਣ ਦੀ ਖਬਰ ਮਿਲਣ ਕਰਕੇ ਜਨਤਾ ਐਨੇ ਰੋਸ ਵਿੱਚ ਸੀ ਕਿ ਉਸਨੇ 23 ਮਾਰਚ ਸ਼ਾਮ ਨੂੰ ਹੀ ਲਾਹੌਰ ਸੈਂਟਰਲ ਜੇਲ੍ਹ ਨੂੰ ਘੇਰਾ ਪਾ ਲਿਆ। ਸਰਕਾਰ ਨੂੰ ਖਤਰਾ ਹੋ ਗਿਆ ਸੀ ਕਿ 24 ਮਾਰਚ ਨੂੰ ਜਨਤਕ ਵਿਦਰੋਹ ਹੋ ਸਕਦਾ ਸੀ ਇਸ ਕਰਕੇ ਉਸ ਨੇ 24 ਮਾਰਚ ਦੀ ਸਵੇਰ ਦਾ ਸਮਾਂ ਬਦਲਕੇ 23 ਮਾਰਚ ਦੀ ਸ਼ਾਮ ਨੂੰ ਹੀ ਹਨੇਰੇ ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਅਤੇ ਉਨ੍ਹਾਂ ਦੀਆਂ ਲੋਥਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਚੋਰੀ-ਛਿਪੇ ਲਿਜਾ ਕੇ ਉਨ੍ਹਾਂ ਦਾ ਸਸਕਾਰ ਸਤਲੁਜ ਦੇ ਕੰਢੇ ਕਰ ਦਿੱਤਾ। ਪਰ ਪਰ ਦੂਜੇ ਦਿਨ ਲੋਕਾਂ ਨੇ ਉਨ੍ਹਾਂ ਦੀਆਂ ਅਧਜਲੀਆਂ ਲੋਥਾਂ ਲੱਭ ਲਈਆਂ ਅਤੇ ਉਨ੍ਹਾਂ ਦਾ ਸਸਕਾਰ ਪੂਰਨ ਰਹੁ-ਰੀਤਾਂ ਨਾਲ ਹੁਸੈਨੀਵਾਲਾ ਵਿਖੇ ਕਰ ਦਿੱਤਾ।
ਭਗਤ ਸਿੰਘ ਮਹਾਨ ਸਮਾਜਵਾਦੀ ਅਤੇ ਗਣਤੰਤਰਵਾਦੀ ਸਨ। ਉਹ ਸਾਰਾ ਜੀਵਨ ਧਰਮਨਿਰਪੱਖਤਾ ਦੇ ਹਾਮੀ ਰਹੇ। ਉਨ੍ਹਾਂ ਨੇ ਪੈਦਾਵਾਰ ਦੇ ਸਾਧਨਾਂ-ਜ਼ਮੀਨ, ਕਿਰਤ ਅਤੇ ਸਰਮਾਏ-ਦੀ ਸਾਂਝੀ ਮਾਲਕੀ ਦੀ ਪੈਰਵੀ ਕੀਤੀ, ਜਿਵੇਂ ਕਿ ਆਪਣੇ ਨਿੱਕੇ ਜਿਹੇ ਸੰਘਰਸ਼ੀ ਜੀਵਨ ਵਿੱਚ ਲਿਖੇ ਉਨ੍ਹਾਂ ਦੇ ਅਣਗਿਣਤ ਖਤਾਂ, ਪਰਚਿਆਂ ਅਤੇ ਲੇਖਾਂ ਤੋਂ ਸਪਸ਼ਟ ਹੁੰਦਾ ਹੈ। ਉਨ੍ਹਾਂ ਦਾ ਨਜ਼ਰੀਆ ਵਿਸ਼ਾਲ ਸੀ ਅਤੇ ਉਹ ਭੂਗੋਲਕ ਅਤੇ ਭਾਸ਼ਾਈ ਬੰਧਨਾਂ ਤੋਂ ਪਰ੍ਹੇ ਸਨ। ਸਾਥੀਆਂ ਪ੍ਰਤਿ ਡੂੰਘੀ ਸੂਝ-ਸੰਵੇਦਨਾ ਦੇ ਗੁਣ ਕਾਰਨ ਉਹ ਹਮੇਸ਼ਾ ਜਨਤਾ ਦੇ ਕਲਿਆਣ ਅਤੇ ਹਿਤਾਂ ਪ੍ਰਤੀ ਸੁਚੇਤ ਰਹਿੰਦੇ ਸਨ। ਭਗਤ ਸਿੰਘ ਨੇ ਲਿਖਿਆ ਸੀ: ਐਜੀਟੇਸ਼ਨ ਤੋਂ ਇਨਕਲਾਬ ਸ਼ੁਰੂ ਕਰੋ ਅਤੇ ਸਿਆਸੀ ਤੇ ਆਰਥਕ ਇਨਕਲਾਬ ਲਈ ਲੱਕ ਬੰਨ੍ਹ ਲਉ। ਸਿਰਫ਼ ਤੁਸੀਂ ਤੇ ਤੁਸੀਂ ਹੀ ਦੇਸ਼ ਦੇ ਥੰਮ੍ਹ ਅਤੇ ਇਸ ਦੀ ਅੰਦਰੂਨੀ ਤਾਕਤ ਹੋ। ਜਾਗੋ, ਓ ਸੁੱਤੇ ਸ਼ੇਰੋ! ਬਾਗ਼ੀਓ, ਵਿਦਰੋਹ ਦਾ ਪਰਚਮ ਫਹਿਰਾ ਦਿਉ ਭਗਤ ਸਿੰਘ ਦੀ ਦਲੇਰੀ, ਸੁਹਿਰਦਤਾ, ਸਮਰਪਣ ਅਤੇ ਇਰਾਦੇ ਦੀ ਪਕਿਆਈ ਕਾਰਨ ਉਨ੍ਹਾਂ ਨੇ ਭਾਰਤੀ ਮਨਾਂ ਵਿੱਚ ਮਾਣਮੱਤੀ ਥਾਂ ਪ੍ਰਾਪਤ ਕੀਤੀ। ਭਗਤ ਸਿੰਘ ਨੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਇਸੇ ਕਾਰਨ ਹੀ ਉਹ ਸਦਾ ਲਈ ਅਮਰ ਹੋ ਗਏ।