ਲੋਕ ਨਾਚ

‘ਲੋਕ-ਨਾਚ’ ਉਹ ਨਾਚ ਹੈ ਜਿਸ ਨੂੰ ਆਮ ਲੋਕੀ ਨੱਚਦੇ ਹੋਣ, ਜਿਸ ਵਿਚ ਇਲਾਕੇ ਦੇ ਆਮ ਲੋਕੀ ਆਪਣੀਆਂ ਖੁਸ਼ੀਆਂ, ਸੱਧਰਾਂ, ਮਨ ਦੀਆਂ ਭਾਵਨਾਵਾਂ ਅਤੇ ਵਲਵਲੇ ਦਰਸਾਉਂਦੇ ਹੋਣ। ਲੋਕ-ਨਾਚ, ਆਪਣੇ ਇਲਾਕੇ ਦੀ ਸੱਭਿਅਤਾ ਦਾ ਸਹੀ ਦਰਪਣ ਹੁੰਦਾ ਹੈ ਕਿਉਂਕਿ ਜਦੋਂ ਲੋਕ ਖੁਸ਼ੀ ਦੀ ਤਰੰਗ ਵਿਚ ਹੁੰਦੇ ਹਨ ਤਾਂ ਉਹ ਆਪਣੇ ਅਸਲੇ ਨੂੰ ਪ੍ਰਗਟ ਕਰਦੇ ਹਨ ।

ਖੁਸ਼ੀ ਦਾ ਕੁਦਰਤੀ ਉਛਾਲ ਲੋਕਾਂ ਨੂੰ ਨਚਾ ਦਿੰਦਾ ਹੈ। ਖੁਸ਼ੀ ਦੀ ਤਰੰਗ ਦਾ ਅਸਰ ਅਜੇ ਵੀ ਮਨੁੱਖਾਂ ਉੱਤੇ ਉਵੇਂ ਹੀ ਹੈ ਜਿਵੇਂ ਕਿ ਆਦਿ ਕਾਲ ਵਿਚ ਕਿਸੇ ਮੁੱਢਲੇ ਮਨੁੱਖ ਉੱਤੇ ਹੁੰਦਾ ਹੋਵੇਗਾ। ਪਰ ਇਸ ਦਾ ਅਸਰ ਵੱਖੋ ਵੱਖ ਲੋਕਾਂ ਉੱਤੇ ਵੱਖਰਾ ਵੱਖਰਾ ਪੈਂਦਾ ਹੈ; ਜਿਵੇਂ ਆਮ ਤੌਰ ਤੇ ਪੜ੍ਹੇ ਲਿਖੇ ਦੀ ਵਿਦਿਆ ਤੇ ਗੰਭੀਰਤਾ ਦਾ ਬੋਝ ਉਸ ਦੇ ਮਨ ਉਤੇ ਇੰਨਾ ਹੁੰਦਾ ਹੈ ਕਿ ਖੁਸ਼ੀ ਦਾ ਉਛਾਲਾ ਉਸ ਦੇ ਸਰੀਰ ਨੂੰ ਉਛਾਲਾ ਨਹੀਂ ਦੇ ਸਕਦਾ। ਆਮ ਲੋਕਾਂ ਲਈ ਜੀਵਨ ਵਿਚ ਖੁਸ਼ੀ ਦਾ ਵਾਧਾ ਕਰਨਾ ਹੀ ਜੇ ਆਦਰਸ਼ ਸਮਝ ਲਿਆ ਜਾਵੇ ਤਾਂ ਇਹ ਕੋਈ ਗ਼ਲਤ ਗੱਲ ਨਹੀਂ ਹੋਵੇਗੀ। ਮਨੁੱਖ ਖੁਸ਼ੀ ਵਿਚ ਆ ਕੇ ਨੱਚ ਪੈਂਦੇ ਹਨ ਅਤੇ ਜੇਕਰ ਖੁਸ਼ੀ ਨੂੰ ਲਿਆਉਣ ਲਈ ਮਨੁੱਖ ਨੱਚਣ ਲੱਗ ਜਾਣ ਤਾਂ ਇਹ ਕੋਈ ਅਨੋਖੀ ਗੱਲ ਨਹੀਂ ਹੋਵੇਗੀ। ਅਸਲ ਵਿਚ ਇਹੋ ਲੋਕ-ਨਾਚ ਦੀ ਅਸਲੀਅਤ ਹੈ।

ਲੋਕ ਨਾਚ

ਮੁੱਢਲਾ ਮਨੁੱਖ ਖੁਸ਼ੀ ਵਿਚ ਆ ਕੇ ਨੱਚਣ ਲੱਗਾ ਤਾਂ ਉਸ ਦੇ ਸਾਥੀ ਉਸ ਨੂੰ ਖੁਸ਼ ਵੇਖ ਕੇ ਨਾਲ ਹੀ ਨੱਚਣ ਲੱਗ ਪਏ । ਇਕ ਦੀ ਖੁਸ਼ੀ ਵੱਧ ਕੇ ਕਈ ਗੁਣਾਂ ਹੋ ਗਈ ਜਦ ਉਸ ਦੂਜਿਆਂ ਨੂੰ ਵੀ ਖੁਸ਼ੀ ਵਿਚ ਮਸਤ ਹੋ ਕੇ ਆਪਣੇ ਨਾਲ ਨੱਚਦੇ ਵੇਖਿਆ। ਖੁਸ਼ੀਆਂ ਦੀਆਂ ਘੜੀਆਂ ਲਈ ਲੋਕ-ਨਾਚ ਲੋਕਾਂ ਦਾ ਇਕ ਸਹਿਜ ਵਸੀਲਾ ਬਣ ਗਿਆ । ਹਰ ਖੁਸ਼ੀ ਦੇ ਸਮੇਂ ਨੱਚਣਾ ਇਕ ਰਵਾਇਤ ਬਣ ਗਿਆ । ਪੁੱਤਰ ਜੰਮਣ ਤੋਂ, ਵਿਆਹ ਸ਼ਾਦੀ ਉਤੇ, ਤਿਥਾਂ ਤਿਉਹਾਰਾਂ ਉਤੇ, ਮੇਲਿਆਂ ਮੁਸਾਹਬਿਆਂ ਅਤੇ ਹੋਰ ਖੁਸ਼ੀ-ਭਰੇ ਇਕੱਠਾਂ ਤੇ ਨੱਚਣਾ ਇਕ ਜ਼ਰੂਰੀ ਅੰਗ ਸਮਝਿਆ ਜਾਣ ਲੱਗਾ । ਇਸ ਦੇ ਬਿਨਾਂ ਖੁਸ਼ੀ ਪੂਰੀ ਖੁਸ਼ੀ ਨਹੀਂ ਸੀ ਸਮਝੀ ਜਾਂਦੀ ਜਾਂ ਖੁਸ਼ੀ ਦਾ ਪੂਰੀ ਭਾਂਤ ਪ੍ਰਗਟਾਵਾ ਨਹੀਂ ਸੀ ਹੁੰਦਾ। ਲੋਕ-ਨਾਚ ਦੇ ਲੱਛਣ

ਲੋਕ-ਨਾਚ ਮਨ ਦੀ ਖੁਸ਼ੀ ਦਾ ਇਕ ਸਰੀਰਕ ਦ੍ਰਿਸ਼ ਹੈ। ਜਿਵੇਂ ਸੋਮੇ ਦਾ ਪਾਣੀ ਫੁੱਟ ਕੇ ਆਪ-ਮੁਹਾਰਾ ਆਪਣੇ ਰਸਤੇ ਤੇ ਚਲ ਪੈਂਦਾ ਹੈ, ਇਵੇਂ ਹੀ ਖੁਸ਼ੀ ਦੀ ਤਰੰਗ ਆਪ-ਮੁਹਾਰੇ ਲੋਕਾਂ ਨੂੰ ਨਚਾ ਦਿੰਦੀ ਹੈ। ਜਿਵੇਂ ਕਿਸੇ ਦੀ ਖੁਸ਼ੀ ਨੇ ਕਿਸੇ ਨੂੰ ਹਲੂਣਾ ਦਿੱਤਾ ਉਸ ਨੇ ਓਵੇਂ ਹੀ ਆਪਣੇ ਸਰੀਰ ਨੂੰ ਨਚਾਇਆ। ਲੋਕ-ਨਾਚ ਵਿਚ ਕੋਈ ਵੀ ਹਰਕਤ ਗਲਤ ਨਹੀਂ ਹੁੰਦੀ। ਇਹ ਕਿਸੇ ਇਕ ਉਸਤਾਦ ਦੀਆਂ ਘੜੀਆਂ ਹੋਈਆਂ ਬੰਦਸ਼ਾਂ ਜਾਂ ਨਿਯਮਾਂ ਤੋਂ ਰਹਿਤ ਹੈ। ਲੋਕ-ਨਾਚ ਸਿਖਾਇਆ ਨਹੀਂ ਜਾਦਾ, ਇਹ ਆਪ-ਮੁਹਾਰਾ ਨੱਚਿਆ ਜਾਂਦਾ ਹੈ। ਪਰ ਫਿਰ ਵੀ ਅਸੀਂ ਵੇਖਦੇ ਹਾਂ ਕਿ ਲੋਕ-ਨਾਚ ਵਿਚ ਇਕਸਾਰਤਾ ਹੈ। ਇਹ ਇਸ ਲਈ ਹੈ ਕਿ ਹਰ ਇਕ ਨੇ ਉਸ ਨੱਚਣ ਵਾਲੇ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਦੂਜਿਆਂ ਨੂੰ ਚੰਗਾ ਲੱਗਾ । ਨਾਚ ਕਰਦਿਆਂ ਕਰਦਿਆਂ ਹੀ ਲੋਕਾਂ ਨੇ ਲੋਕ-ਨਾਚ ਸਿਖਿਆ; ਕਿਸੇ ਨੂੰ ਉਸਤਾਦ ਧਾਰ ਕੇ ਨਹੀਂ ਤੇ ਨਾ ਹੀ ਕਿਸੇ ਸਕੂਲ ਵਿਚ ਜਾਕੇ । ਇਹੀ ਕਾਰਨ ਹੈ ਕਿ ਲੋਕ-ਨਾਚ ਦੀਆਂ ਸਭ ਹਰਕਤਾਂ ਲੋਕਾਂ ਦੀ ਜ਼ਿੰਦਗੀ ਵਾਂਙ ਹੀ ਸਿੱਧੀਆਂ ਸਾਦੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਰੋਜ਼ ਦੇ ਕਿੱਤੇ ਵਿਚੋਂ ਉਪਜਦੀਆਂ ਹਨ। ਸ਼ਿਕਾਰੀ ਨਾਚ’ ਜਿਸ ਵਿਚ ਜਾਂਗਲੀ ਲੋਕ ਸਾਹਮਣੇ ਆਏ ਕਿਸੇ ਸ਼ਿਕਾਰ ਨੂੰ ਮਾਰਨ ਦੀਆਂ ਸਭ ਹਰਕਤਾਂ ਕਰਦੇ ਹਨ, ਇਸੇ ਗੱਲ ਦਾ ਪ੍ਰਮਾਣ ਹੈ।

ਲੋਕ-ਨਾਚ ਨੱਚਿਆ ਜਾਂਦਾ ਹੈ-ਮਨ ਦੀ ਮੌਜ ਮਾਣਨ ਲਈ, ਲੋਕਾਂ ਨੂੰ ਵਿਖਾਉਣ ਲਈ ਨਹੀਂ। ਇਸ ਲਈ ਕਿਸੇ ਸਟੇਜ ਜਾਂ ਸਜਾਵਟ ਦੀ ਜ਼ਰੂਰਤ ਨਹੀਂ। ਪਿੰਡ ਦੀ ਕੋਈ ਥਾਂ, ਭਾਵੇਂ ਉਹ ਪਿੰਡ ਦੇ ਅੰਦਰ ਹੈ ਜਾਂ ਪਿੰਡ ਦੇ ਬਾਹਰ ਜਿੱਥੇ ਨੱਚਣ ਵਾਲੇ ਇਕੱਠੇ ਹੋ ਸਕਣ, ਠੀਕ ਹੈ। ਪੈਲੀ ਦਾ ਗੱਭਾ ਹੈ ਜਾਂ ਟੋਭੇ ਦਾ ਕੰਢਾ, ਬਰੋਟੇ ਦੀ ਛਾਂ ਹੈ ਜਾਂ ਨਹੀਂ, ਹਰ ਥਾਂ ਲੋਕਾਂ ਦੇ ਨੱਚਣ ਲਈ ਸੋਹਣੀ ਸਟੇਜ ਹੈ। ਸੂਰਜ ਦੀ ਰੌਸ਼ਨੀ ਨਾ ਹੋਵੇ ਤਾਂ ਚੰਨ ਦੀ ਚਾਨਣੀ ਅਤੇ ਜੇ ਦੋਵੇਂ ਨਾ ਹੋਣ ਤਾਂ ਦੀਵੇ ਦੀ ਲੋ ਵਿਚ ਹੀ ਲੋਕ ਆਪਣਾ ਕੰਮ ਸਾਰ ਲੈਂਦੇ ਹਨ।

ਲੋਕ-ਨਾਚ ਲਈ ਹਰ ਪੁਸ਼ਾਕ ਢੁੱਕਵੀਂ ਹੈ। ਉਹ ਗੋਟਿਆਂ-ਜੜੇ ਰੰਗ-ਬਰੰਗੇ ਰੇਸ਼ਮੀ ਕਪੜਿਆਂ ਦਾ ਮੁਥਾਜ ਨਹੀਂ। ਲੋਕ-ਨਾਚ ਨੂੰ ਰੰਗੀਲਾ ਬਣਾਉਣ ਵਾਲੀ ਇੱਕੋ ਚੀਜ਼ ਲੋਕਾਂ ਦੀ ਡੁਲ੍ਹ ਡੁਲ੍ਹ ਪੈਂਦੀ ਖੁਸ਼ੀ ਹੁੰਦੀ ਹੈ। ਜਿੰਨੀ ਖੁਸ਼ੀ ਅਤੇ ਜਿੰਨੇ ਸਰੂਰ ਵਿਚ ਕੋਈ ਨੱਚੇਗਾ, ਉੱਨਾ ਹੀ ਸੁਹਜ ਅਤੇ ਰੰਗ ਉਸ ਦੇ ਨਾਚ ਵਿੱਚੋਂ ਝਲਕੇਗਾ। ਇਹ ਵਿਸ਼ੇਸ਼ਤਾ ਕੇਵਲ ਲੋਕ-ਨਾਚ ਵਿਚ ਹੀ ਹੈ।

ਲੋਕ ਨਾਚ

ਆਰੰਭ ਵਿਚ ਨਾਚ, ਗੀਤ ਤੇ ਸੰਗੀਤ ਤਿੰਨੇ ਰਲੇ ਮਿਲੇ ਹੁਨਰ ਸਨ, ਤਿੰਨੇ ਖੁਸ਼ੀ ਦਾ ਸਾਧਨ ਸਨ। ਪਰ ਜਿਉਂ ਜਿਉਂ ਸੱਭਿਅਤਾ ਵਧਦੀ ਗਈ, ਇਹ ਤਿੰਨੇ ਹੁਨਰ ਨਿਯਮਾਂ ਦੇ ਬੰਧੇਜ ਵਿਚ ਆ ਕੇ ਇਕ ਦੂਜੇ ਕੋਲੋਂ ਦੂਰ ਹੁੰਦੇ ਗਏ। ਹੌਲੀ ਹੌਲੀ ਹਰ ਕਲਾ ਇੰਨੀ ਵਧੀ ਅਤੇ ਇੰਨੀ ਗੁੰਝਲਦਾਰ ਹੋ ਗਈ ਕਿ ਕਿਸੇ ਲਈ ਆਪਣੇ ਸਾਰੇ ਜੀਵਨ ਵਿਚ ਕੇਵਲ ਇਕ ਕਲਾ ਵਿਚ ਨਿਪੁੰਨ ਹੋਣਾ ਔਖਾ ਹੋ ਗਿਆ। ਨਾਚ ਵੱਧ ਕੇ ਨਾਟ-ਸ਼ਾਸਤਰ ਦੇ ਨਿਯਮਾਂ ਵਿਚ ਬੱਝ ਗਿਆ, ਗੀਤ ਪਿੰਗਲ ਦੇ ਬੰਧਨਾਂ ਵਿਚ ਜਕੜਿਆ ਗਿਆ ਤੇ ਰਾਗ ਦਸ ਠਾਠਾਂ ਤੋਂ ਵੱਧ ਕੇ ਅਣਗਿਣਤ ਰਾਗਾਂ ਤੇ ਰਾਗਣੀਆਂ ਦੇ ਰੂਪ ਵਿਚ ਪ੍ਰਗਟ ਹੋਇਆ। ਸਾਜ-ਸੰਗੀਤ ਇਕ ਢੋਲਕ ਦੀ ਤਾਲ ਤੋਂ ਵਧਦਾ ਵਧਦਾ ਇੰਨੇ ਸਾਜ਼ਾਂ ਵਿਚ ਫੈਲ ਗਿਆ ਕਿ ਆਮ ਮਨੁੱਖ ਲਈ ਉਨ੍ਹਾਂ ਦੇ ਨਾਂ ਯਾਦ ਰੱਖਣੇ ਵੀ ਔਖੇ ਹੋ ਗਏ । ਜਿਉਂ ਜਿਉਂ ਨਾਚ, ਗੀਤ ਅਤੇ ਸੰਗੀਤ ਵਧਦੇ ਗਏ, ਉਵੇਂ ਹੀ ਉਹ ਲੋਕਾਂ ਤੋਂ ਦੂਰ ਹੁੰਦੇ ਗਏ ਅਤੇ ਹਰ ਕਲਾਕਾਰ ਦੀ ਨਿੱਜੀ ਮਲਕੀਅਤ ਬਣਦੇ ਗਏ । ਇੱਥੇ ਹੀ ਬੱਸ ਨਹੀਂ ਸਗੋਂ ਆਮ ਲੋਕਾਂ ਲਈ ਇਨ੍ਹਾਂ ਕਲਾਕਾਰਾਂ ਦੀ ਕਲਾ ਤੋਂ ਖੁਸ਼ੀ ਲੈਣੀ ਤਾਂ ਇਕ ਪਾਸੇ ਇਨ੍ਹਾਂ ਨੂੰ ਸਮਝਣਾ ਵੀ ਇਕ ਸਿਰਦਰਦੀ ਬਣ ਗਈ। ਭਾਰਤ ਨਾਟਿਅਮ ਨੂੰ ਸਮਝਣਾ, ਆਮ ਜਨਤਾ ਤੇ ਕੀ, ਕਿਸੇ ਚੰਗੇ ਵਿਦਵਾਨ, ਲਈ ਵੀ ਸੌਖਾ ਨਹੀਂ। ਹੱਥਾਂ ਦੀਆਂ ਮੁਦਰਾਵਾਂ (ਇਸ਼ਾਰੇ) ਕਿਸੇ ਦੇ ਪੱਲੇ ਕੁਝ ਨਹੀਂ ਪਾਉਂਦੀਆ ਜਿੰਨਾ ਚਿਰ ਕਿਸੇ ਨੇ ਇਸ ਨਾਚ ਦੇ ਨਿਯਮਾਂ ਨੂੰ ਪਹਿਲਾਂ ਸਮਝਾਇਆ ਨਾ ਹੋਵੇ । ਕਲਾਕਾਰ ਦੀਆਂ ਅੱਖਾਂ ਅਤੇ ਮੁੱਖ ਰਾਹੀਂ ਪ੍ਰਗਟਾਏ ਜਾ ਰਹੇ ਸੂਖਮ ਪ੍ਰਭਾਵ, ਪਿੰਡਾਂ ਦੇ ਟਿਮਟਿਮਾਉਂਦੇ ਦੀਵੇ ਜਾਂ ਮਸ਼ਾਲ ਦੀ ਲੋਅ ਵਿਚ ਤੇ ਕੀ ਵਿਖਾਈ ਦੇਣਗੇ ਜਦੋਂ ਸ਼ਹਿਰਾਂ ਵਿਚ ਸਾਧਾਰਣ ਬਿਜਲੀ ਦੀ ਰੌਸ਼ਨੀ ਨੂੰ ਨਾਕਾਫ਼ੀ ਸਮਝ ਕੇ ਸੈਂਕੜੇ ਬੱਤੀਆਂ ਦੀ ਤਾਕਤ ਵਾਲੇ ਬਲਬਾਂ ਦੀ ਇਕੱਠੀ ਰੌਸ਼ਨੀ ਨੂੰ ਕਲਾਕਾਰ ਉੱਤੇ ਕੇਂਦਰਿਤ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜੇ ਕਲਾਸੀਕਲ ਨਾਚ ਨੱਚਣ ਵਾਲੇ ਨੇ ਢੁੱਕਵੀਂ ਪੁਸ਼ਾਕ ਨਾ ਪਾਈ ਹੋਵੇ ਤਾਂ ਨਾ ਉਹ ਚੰਗੀ ਤਰ੍ਹਾਂ ਨੱਚ ਸਕਦਾ ਹੈ ਅਤੇ ਨਾ ਹੀ ਦਰਸ਼ਕਾਂ ਨੂੰ ਉਸ ਦਾ ਨਾਚ ਪਸੰਦ ਆ ਸਕਦਾ ਹੈ। ਇਸ ਨੂੰ ਸੰਪੂਰਨ ਤੇ ਲੁਭਾਇਮਾਨ ਬਣਾਉਣ ਲਈ ਇਕ ਸੋਹਣੀ ਸਟੇਜ ਦਾ ਹੋਣਾ ਵੀ ਜ਼ਰੂਰੀ ਹੈ । ਕਲਾਸੀਕਲ ਨਾਚ ਨੱਚਣ ਵਾਲਾ ਆਪਣੇ ਲਈ ਨਹੀਂ ਸਗੋਂ ਪ੍ਰਦਰਸ਼ਨੀ ਲਈ ਨੱਚਦਾ ਹੈ । ਉਹ ਖੁਸ਼ ਤਦੋਂ ਹੀ ਹੁੰਦਾ ਹੈ ਜਦੋਂ ਦਰਸ਼ਕ ਤਾੜੀ ਮਾਰ ਕੇ ਪ੍ਰਸੰਸਾ ਕਰਦੇ ਹਨ। ਜਿੰਨੇ ਬਹੁਤੇ ਦਰਸ਼ਕ ਹੋਣਗੇ ਅਤੇ ਜਿੰਨੀ ਬਹੁਤੀ ਪ੍ਰਸੰਸਾ ਹੋਵੇਗੀ, ਉੱਨਾ ਹੀ ਉਸ ਦਾ ਉਤਸ਼ਾਹ ਵਧੇਗਾ।

ਲੋਕ-ਨਾਚ ਦੀ ਵਿਸ਼ੇਸ਼ਤਾ

ਇਹ ਗੱਲ ਠੀਕ ਹੈ ਕਿ ਸਾਰੇ ਕਲਾਸੀਕਲ ਨਾਚ, ਭਾਵੇਂ ਉਹ ਭਾਰਤ ਨਾਟਿਅਮ ਹੈ ਜਾਂ ਪੂਰਬੀ ਭਾਰਤ ਦਾ ਮਨੀਪੁਰੀ, ਉੱਤਰੀ, ਭਾਰਤ ਦਾ ਕਥਕ ਹੈ ਜਾਂ ਦੱਖਣੀ ਭਾਰਤ ਦਾ ਕਥਾਕਲੀ, ਲੋਕ-ਨਾਚਾਂ ਤੋਂ ਹੀ ਨਿਕਲੇ ਹਨ। ਪਰ ਬਣਾਉਟੀ ਬੰਧੇਜਾਂ ਤੇ ਔਖੇ ਨਿਯਮਾਂ ਨੇ ਇਨ੍ਹਾਂ ਨੂੰ ਆਪਣੇ ਅਸਲੇ ਤੋਂ ਇੰਨਾ ਨਿਖੇੜਿਆ ਹੈ ਕਿ ਦੋਹਾਂ ਵਿਚ ਕੋਈ ਸਾਂਝ ਲੱਭਣੀ ਮੁਸ਼ਕਲ ਹੋ ਗਈ ਹੈ । ਲੋਕਾਂ ਦਾ ਰਲਵਾਂ ਨਾਚ ਇਕੱਲੇ ਕਲਾਕਾਰ ਦਾ ਨਿੱਜੀ ਨਾਚ ਤਾਂ ਬਣ ਹੀ ਗਿਆ ਸੀ, ਪਰ ਉਹ ਆਮ ਲੋਕਾਂ ਦੇ ਵੇਖਣ ਵਾਲਾ ਨਾਚ ਵੀ ਨਾ ਰਿਹਾ ਤੇ ਗਿਣਤੀ ਦੇ ਬੰਦਿਆਂ ਦੇ ਮਨ-ਪਰਚਾਵੇ ਦਾ ਸਾਮਾਨ ਬਣ ਕੇ ਰਹਿ ਗਿਆ।

ਅਸੀਂ ਵੇਖਦੇ ਹਾਂ ਕਿ ਸ਼ਹਿਰੀ ਜੀਵਨ ਤੋਂ ਲੋਕ-ਨਾਚ ਬਿਲਕੁਲ ਨਿੱਖੜ ਗਿਆ ਹੈ ਕਿਉਂਕਿ ਸ਼ਹਿਰੀ ਜੀਵਨ ਬਿਲਕੁਲ ਬਦਲ ਚੁੱਕਿਆ ਹੈ। ਪਹਿਲਾਂ ਇਕ ਵੱਖਰਾ ਮਹੱਲਾ ਇਕ ਕਿੱਤਾ ਕਰਨ ਵਾਲਿਆਂ ਦਾ ਜਾਂ ਇਕ ਜਾਤ ਦੇ ਲੋਕਾਂ ਦਾ ਹੁੰਦਾ ਸੀ ਪਰ ਹੁਣ ਇਹ ਗੱਲ ਨਹੀਂ ਰਹੀ। ਵੱਡੇ ਸ਼ਹਿਰਾਂ ਵਿਚ ਸਾਲਾਂ-ਪ੍ਰਤੀ ਇੱਕੋ ਆਬਾਦੀ ਵਿਚ ਰਹਿੰਦੇ ਹੋਏ ਲੋਕ ਇਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ। ਰਲਵੀਂ ਖੁਸ਼ੀ ਤੇ ਰਲਵਾਂ ਦਿਲ-ਪਰਚਾਵਾ ਤਦੇ ਹੀ ਹੋ ਸਕਦਾ ਹੈ ਜੇ ਸਭ ਲੋਕਾਂ ਦਾ ਮੇਲ-ਮਿਲਾਪ ਗੂੜ੍ਹਾ ਤੇ ਪਿਆਰ ਵਾਲਾ ਹੋਵੇ । ਦੂਜੀ ਗੱਲ ਇਹ ਹੈ ਕਿ ਸ਼ਹਿਰੀ ਲੋਕਾਂ ਦਾ ਕਿੱਤਾ ਬੜਾ ਆਸਾਨ ਅਤੇ ਹੌਲਾ ਹੁੰਦਾ ਹੈ; ਉਹ ਸਾਰਾ ਦਿਨ ਜਾਂ ਦਫਤਰ ਵਿਚ ਕੁਰਸੀ ਤੇ ਬਹਿ ਕੇ ਕੰਮ ਕਰਦੇ ਹਨ ਜਾਂ ਹੱਟੀ ਤੇ ਬਹਿ ਕੇ ਸੌਦਾ ਵੇਚਦੇ ਹਨ । ਇਸ ਕਾਰਨ ਉਨ੍ਹਾਂ ਦਾ ਸਰੀਰ ਸੁਹਲ ਹੋ ਜਾਂਦਾ ਹੈ ਤੇ ਉਹ ਦਿਲ-ਪਰਚਾਵਾ ਵੀ ਉਹੋ ਜਿਹਾ ਸੁਹਲ ਹੀ ਚਾਹੁੰਦੇ ਹਨ। ਇਹੋ ਜਿਹਾ ਦਿਲ-ਪਰਚਾਵਾ ਉਨ੍ਹਾਂ ਨੂੰ ਸਿਨਮੇਂ ਦੀਆਂ ਫਿਲਮਾਂ ਵੇਖ ਕੇ ਮਿਲ ਜਾਂਦਾ ਹੈ। ਰੇਡੀਓ ਦੇ ਗਾਣੇ ਉਨ੍ਹਾਂ ਦਾ ਦਿਲ ਪਰਚਾ ਸਕਦੇ ਹਨ, ਚੰਗੇ ਤੋਂ ਚੰਗੇ ਕਲਾਕਾਰ ਆ ਕੇ ਸ਼ਹਿਰ ਵਿਚ ਆਪਣੀ ਕਲਾ ਵਿਖਾਉਂਦੇ ਹਨ ਜਾਂ ਇਹ ਲੋਕ ਕਿਤਾਬਾਂ ਪੜ੍ਹ ਕੇ ਖੁਸ਼ੀ ਲੈ ਲੈਂਦੇ ਹਨ। ਗੱਲ ਕੀ, ਸ਼ਹਿਰੀ ਲੋਕਾਂ ਲਈ ਖੁਸ਼ੀ ਦੇ ਸਾਧਨ ਅਣਗਿਣਤ ਹਨ ਅਤੇ ਉਨ੍ਹਾਂ ਦੇ ਸ਼ਹਿਰੀ ਮਨ ਲਈ ਲੋਕ-ਨਾਚ ਦੀ ਸਿਧੀ ਸਾਦੀ ਕਲਾ ਸ਼ਾਇਦ ਕੋਈ ਚੰਗਾ ਮਨ-ਪਰਚਾਵਾ ਨਹੀਂ ਹੁੰਦੀ । ਉਨ੍ਹਾਂ ਦੀ ਸਿਹਤ ਵੀ ਅਜੇਹੀ ਨਹੀਂ ਹੁੰਦੀ ਕਿ ਲੋਕ-ਨਾਚ ਜਹੀ ਕੁਰੜੀ ਕਸਰਤ ਕਰ ਸਕਣ। ਉਨ੍ਹਾਂ ਨੂੰ ਤਾਂ ਹਰ ਕਰੜਾ ਕੰਮ ਇਕ ਗਵਾਰ ਕੰਮ ਹੀ ਲਗਦਾ ਹੈ।

ਪਿੰਡ ਦੇ ਲੋਕਾਂ ਦਾ ਰਹਿਣ ਸਹਿਣ ਸ਼ਹਿਰੀ ਜੀਵਨ ਤੋਂ ਬਿਲਕੁਲ ਵਖਰਾ ਹੈ । ਉਨ੍ਹਾਂ ਲਈ ਖੁਸ਼ੀ ਦੇ ਸਾਧਨ ਉੱਨੇ ਨਹੀਂ ਜਿੰਨੇ ਸ਼ਹਿਰ ਵਿਚ ਹਨ। ਉਨ੍ਹਾਂ ਦਾ ਜੀਵਨ ਸਿੱਧਾ-ਸਾਦਾ ਹੈ । ਉਨ੍ਹਾਂ ਦੀ ਕਿਰਤ ਇਕ ਕਰੜੀ ਕਿਰਤ ਹੈ। ਇਨ੍ਹਾਂ ਗੱਲਾਂ ਕਾਰਨ ਉਨ੍ਹਾਂ ਦਾ ਦਿਲ-ਪਰਚਾਵਾ ਵੀ ਸਿੱਧਾ ਸਾਦਾ ਤੇ ਕਰੜਾ ਹੈ, ਉਨ੍ਹਾਂ ਨੂੰ ਫਿਲਮੀ ਗਾਣੇ ਉਨਾ ਸੁਆਦ ਨਹੀਂ ਦਿੰਦੇ ਜਿੰਨਾਂ ਹੀਰ-ਰਾਂਝਾ, ਸੋਹਣੀ-ਮਹੀਂਵਾਲ, ਸੱਸੀ-ਪੁੰਨੂੰ, ਮਿਰਜ਼ਾ-ਸਾਹਿਬਾਂ ਅਤੇ ਰੂਪ-ਬਸੰਤ ਆਦਿ ਲੋਕ-ਕਿੱਸੇ । ਇਨ੍ਹਾਂ ਕਿੱਸਿਆਂ ਵਿਚ ਉਹ ਆਪਣੇ ਜੀਵਨ ਦੀ ਝਲਕ ਵੇਖਦੇ ਹਨ। ਹਰਮੋਨੀਅਮ, ਸਿਤਾਰ, ਵਾਇਲਿਨ ਜਿਹੇ ਸਾਜ਼ਾਂ ਨਾਲੋਂ ਉਹ ਅਜੇ ਵੀ ਢੱਡ ਸਾਰੰਗੀ ਦੀ ਆਵਾਜ਼ ਨੂੰ ਪਸੰਦ ਕਰਦੇ ਹਨ; ਇਵੇਂ ਹੀ ਸਿੱਧੇ ਸਾਦੇ ਅਤੇ ਰਲ ਕੇ ਨੱਚੇ ਹੋਏ ਨਾਚਾਂ ਨੂੰ ਸੋਹਣਾ ਅਤੇ ਚੰਗਾ ਸਮਝਦੇ ਹਨ। ਲੋਕ-ਨਾਚ ਆਮ ਲੋਕਾਂ ਦਾ ਨਾਚ ਹੈ ਤੇ ਇਸ ਨੂੰ ਅਪਣਾਉਣ ਵਾਲੇ ਵੀ ਉਹੀ ਲੋਕ ਹਨ ਜਿਨ੍ਹਾਂ ਦੇ ਜੀਵਨ ਅਜੇ ਤੱਕ ਬਣਾਉਟੀ ਢੰਗਾਂ ਤੋਂ ਅਛੋਹ ਹਨ। ਇਹ ਉਨ੍ਹਾਂ ਦੇ ਜੀਵਨ ਦਾ ਇਕ ਜ਼ਰੂਰੀ ਅੰਗ ਹੀ ਨਹੀਂ ਸਗੋਂ ਉਨ੍ਹਾਂ ਦੀ ਜ਼ਿੰਦ-ਜਾਨ ਹੈ। ਇਹ ਉਨ੍ਹਾਂ ਦਾ ਮਨ-ਪਰਚਾਵਾ ਵੀ ਹੈ ਤੇ ਕਸਰਤ ਵੀ। ਇਹ ਲੋਕ-ਨਾਚ ਗੂੜ੍ਹੇ ਪ੍ਰੇਮ-ਪਿਆਰ ਦੀ ਨਿਸ਼ਾਨੀ ਵੀ ਹਨ ਅਤੇ ਇਹੀ ਉਨ੍ਹਾਂ ਨੂੰ ਦੁਨੀਆ ਦੇ ਫਿਕਰਾਂ ਤੋਂ ਉੱਚਾ ਚੁੱਕ ਕੇ ਸਰੂਰ ਵਿਚ ਲੈ ਜਾਣ ਦਾ ਸਾਧਨ ਵੀ ਹਨ।

Leave a comment

error: Content is protected !!