ਲੋਕ-ਗਾਥਾਵਾਂ ਦਾ ਬਾਦਸ਼ਾਹਕੁਲਦੀਪ ਮਾਣਕ ਅਲੀ ਰਾਜਪੁਰਾ
ਖੰਡ ਪਹਿਲਾ
ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ, ਕੁਲਦੀਪ ਮਾਣਕ…
ਡਾ. ਭਗਵੰਤ ਸਿੰਘ ਮੰਗਵਾਲ
ਭਾਸ਼ਾ ਵਿਭਾਗ, ਪੰਜਾਬ, ਪਟਿਆਲਾ
ਹਿੱਕ ਦੇ ਜ਼ੋਰ ਨਾਲ ਬੁਲੰਦ ਅਵਾਜ਼ ਵਿਚ ‘ਕਲੀਆਂ’ ‘ਗਾਥਾਵਾਂ’ ਗਾ ਕੇ ਅਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲਾ ਕੁਲਦੀਪ ‘ਮਾਣਕ’ ਸੱਚਮੁਚ ਹੀ ਮਾਣਕ ਹੈ। ਜਿਸ ਸਮੇਂ ਪੰਜਾਬੀ ਗਾਇਕੀ ਵਿਚ ਕੁਲਦੀਪ ਮਾਣਕ ਦਾ ਆਗਮਨ ਹੋਇਆ ਉਦੋਂ ਦੋਗਾਣਾ ਗਾਇਕੀ ਆਪਣੇ ਸਿਖ਼ਰਾਂ ਤੇ ਸੀ । ਪੰਜਾਬ ਦੇ ਪਿੰਡਾਂ ਵਿਚ ਦੋਗਾਣਾ ਗਾਉਣ ਵਾਲੀਆਂ ਜੋੜੀਆਂ ਦੇ ਅਖਾੜੇ ਲੱਗਦੇ ਸਨ। ਦੀਦਾਰ ਸਿੰਘ ਰਟੈਂਡਾ, ਅਮਰ ਸਿੰਘ ਸ਼ੌਕੀ ਆਦਿ ਦੀਆਂ ਕਲੀਆਂ ਸੁਣਨ ਵਾਲਿਆਂ ਦੀ ਗਿਣਤੀ ਘੱਟ ਰਹੀ ਸੀ । ਉਦੋਂ ਕੁਲਦੀਪ ਮਾਣਕ ਨੇ ਆਪਣੀ ਮਿੱਠੀ ਅਤੇ ਉੱਚੀ ਅਵਾਜ਼ ਵਿਚ ਤੂੰਬੀ ਨਾਲ ਕਲੀਆਂ ਤੇ ਲੋਕ ਗਾਥਾਵਾਂ ਗਾ ਕੇ ਇਕ ਨਵਾਂ ਟਰੈਂਡ ਸੈੱਟ ਕੀਤਾ। ਉਸ ਤੋਂ ਪਹਿਲਾਂ ਢੱਡ/ਸਾਰੰਗੀ ਨਾਲ ਕਲੀਆਂ/ ਗਾਥਾਵਾਂ ਗਾਈਆਂ ਜਾਂਦੀਆਂ ਸਨ । ਕਲੀ ਛੰਦ ਪੰਜਾਬੀਆਂ ਦਾ ਮਨਭਾਉਂਦਾ ਰਿਹਾ ਹੈ। ਪੰਜਾਬੀ ਸੁਭਾਅ ਅਤੇ ਵਿਰਸੇ ਅਨੁਸਾਰ ਕਲੀਆਂ ਨੂੰ ਪਸੰਦ ਕੀਤਾ ਜਾਂਦਾ ਸੀ। ਕਿਸੇ ਸਮੇਂ ਹਜੂਰਾ ਸਿੰਘ ਦੀ ‘ਹੀਰ’ ਜੋ ਕਲੀਆਂ ਵਿਚ ਲਿਖੀ ਹੋਈ ਪੰਜਾਬੀਆਂ ਵਿਚ ਬੇਹੱਦ ਮਕਬੂਲ ਸੀ ।
ਕੁਲਦੀਪ ਮਾਣਕ ਨੇ ਦੋਗਾਣਾ ਗਾਇਕੀ ਦੀ ਹਨੇਰੀ ਵਿਚ ਆਪਣੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ‘ਕਲੀਆਂ’ ਗਾ ਕੇ ਪੰਜਾਬੀਆਂ ਨੂੰ ਫਿਰ ਕਲੀਆਂ ਸੁਣਨ ਅਤੇ ਗਾਉਣ ਵੱਲ ਰੁਚਿਤ ਕਰ ਦਿੱਤਾ ਸੀ । ਇਹੋ ਕਾਰਨ ਸੀ ਕਿ ਮਾਣਕ ਦੀ ਦੇਖਾ-ਦੇਖੀ ਹੋਰ ਵੀ ਕਈ ਗਾਇਕਾਂ ਨੇ ਕਲੀਆਂ ਗਾ ਕੇ ਨਾਮਣਾ ਖੱਟਿਆ । ਕਿਹਾ ਜਾਂਦਾ ਹੈ ਕਿ ਕੁਲਦੀਪ ਨੂੰ ਮਾਣਕ ਦਾ ਖਿਤਾਬ ਤਤਕਾਲੀਨ ਮੁੱਖ ਮੰਤਰੀ ਪੰਜਾਬ ਸ: ਪ੍ਰਤਾਪ ਸਿੰਘ ਕੈਰੋਂ ਨੇ ਉਸਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਦਿੱਤਾ ਸੀ । ਇਸ ਨਾਲ ਉਹ ਕੁਲਦੀਪ ਤੋਂ ‘ਕੁਲਦੀਪ ਮਾਣਕ’ ਬਣ ਗਿਆ।
ਕੁਲਦੀਪ ਮਾਣਕ ਨੇ ਦੇਵ ਥਰੀਕੇ ਵਾਲੇ ਦੀਆਂ ਲਿਖੀਆਂ ਕਲੀਆਂ ਅਤੇ ਗਾਥਾਵਾਂ ਨੂੰ ਗਾਇਆ। ਮਾਣਕ ਦੀ ਅਵਾਜ਼ ਜਿੰਨੀ ਸੁਰੀਲੀ ਹੈ ਉੱਨੀ ਹੀ ਸਾਫ਼ ਵੀ ਹੈ। ਉਸਨੂੰ ਸ਼ਬਦਾਂ ਦੀਆਂ ਧੁਨੀਆਂ ਦੀ ਪੂਰੀ ਸੋਝੀ ਹੈ ਇਸ ਲਈ ਉਹ ਆਪਣੀ ਅਵਾਜ਼ ਨੂੰ ਧੁਨੀਆਂ ਦੇ ਅਨੁਸਾਰ ਉੱਚਾ ਚੁਕਦਾ ਹੈ । ਉਸਦਾ ਉਚਾਰਣ ਪੂਰੀ ਤਰ੍ਹਾਂ ਸ਼ੁੱਧ ਤੇ ਸਪਸ਼ਟ ਹੈ।
ਕੁਲਦੀਪ ਮਾਣਕ ਦੀ ਗਾਇਕੀ ਦਾ ਹਾਸਲ ਇਹ ਵੀ ਹੈ ਕਿ ਉਸ ਵਿਚ ਸੰਗੀਤ, ਗੀਤ ਤੇ ਭਾਰੂ ਨਹੀਂ ਹੁੰਦਾ। ਸਾਜ਼ ਤੇ ਆਵਾਜ਼ ਦਾ ਅਨੂਠਾ ਸੰਗਮ ਵੀ ਕੁਲਦੀਪ ਮਾਣਕ ਦੀ ਗਾਇਕੀ ਨੂੰ ਅਮਰਤਾ ਵੱਲ ਲਿਜਾਂਦਾ ਹੈ। ਉਸਨੇ ਲੋਕ ਗਾਥਾਵਾਂ ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਦੁੱਲ੍ਹਾ ਭੱਟੀ, ਕੌਲਾਂ ਆਦਿ ਦੇ ਪ੍ਰਸੰਗ ਆਪਣੇ ਮੌਲਿਕ ਅੰਦਾਜ਼ ਵਿਚ ਗਾ ਕੇ ਸਰੋਤਿਆਂ ਨੂੰ ਆਕਰਸ਼ਿਤ ਕੀਤਾ ਸੀ ।
ਪੰਜਾਬ ਦੇ ਪਿੰਡਾਂ ਵਿਚ ਅਜਿਹਾ ਸਮਾਂ ਵੀ ਆਇਆ ਸੀ ਕਿ ਮਾਣਕ ਦੇ ਅਖਾੜੇ ਬਾਰੇ ਮਹੀਨਾ-ਮਹੀਨਾ ਭਰ ਅਗਾਉਂ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਤੇ 20-30 ਮੀਲਾਂ ਤੋਂ ਲੋਕ ਚਲ ਕੇ ਉਸਦਾ ਅਖਾੜਾ ਸੁਣਨ ਲਈ ਆਉਂਦੇ ਸਨ । ਪਿੰਡਾਂ ਵਿਚ ਖੁੱਲ੍ਹੀ ਥਾਂ ਲੱਗੇ ਅਖਾੜੇ ਵਿਚ ਜਦੋਂ ਮਾਣਕ ਪੂਰੇ ਜਲੌਅ ਵਿਚ ਗਾਉਂਦਾ ਤਾਂ ਸਰੋਤੇ ਨੋਟਾਂ ਦੀ ਵਰਖਾ ਕਰਨ ਲਗਦੇ। ਇਹ ਵੀ ਤੱਥ ਹੈ ਕਿ ਟਿਕੀ ਰਾਤ ਵਿਚ ਗ੍ਰਾਮੋਫੋਨ ਰਾਹੀਂ ਲਾਊਡ ਸਪੀਕਰ ਤੇ ਵੱਜਦੇ ਤਵੇ ਤੇ ਮਾਣਕ ਦੀ ਕਲੀ ਸੁਣਨ ਲਈ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਇਕਾਂਤ ਵਿਚ ਚੁੱਪ ਕਰਕੇ ਖੜ੍ਹ ਜਾਂਦੇ ਸਨ । ਸੱਥਾਂ ਵਿਚ ਜੁੜੀਆਂ ਲੋਕਾਂ ਦੀਆਂ ਢਾਣੀਆਂ ਆਪਣੀ ਚੁੰਝ-ਚਰਚਾ ਬੰਦ ਕਰਕੇ ਮਾਣਕ ਦੀਆਂ ਕਲੀਆਂ, ਗਾਥਾਵਾਂ ਨੂੰ ਸੁਣਦੀਆਂ ਸਨ । ਅਜਿਹੀਆਂ ਢਾਣੀਆਂ ਦੇ ਕਲਾ ਪਾਰਖੂ ਫਿਰ ਆਪ ਹੀ ਉਸਦੀ ਗਾਇਕੀ ਦੀ ਦਾਦ ਵੀ ਦਿੰਦੇ ਸਨ।
ਦੋਗਾਣਾ ਗਾਇਕੀ ਵਿਚ ਗਾਇਕ ਜੋੜੀਆਂ ਦੇ ਅਖਾੜੇ ਨੂੰ ਉਦੋਂ ਬਜ਼ੁਰਗ ਲੋਕ ਅਸ਼ਲੀਲ ਹੀ ਕਹਿੰਦੇ ਸਨ ਪਰ ਮਾਣਕ ਦੀ ਅਵਾਜ਼ ਉਨ੍ਹਾਂ ਲਈ ਅਸ਼ਲੀਲਤਾ ਰਹਿਤ ਸਤਿਕਾਰਤ ਅਵਾਜ਼ ਸੀ । ਮਾਣਕ ਨੇ ਲੰਮਾ ਸਮਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ। ਸੰਨ 1978 ਵਿਚ ਕੁਲਦੀਪ ਮਾਣਕ ਨੇ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿਚ ਆਪਣੀ ਗਾਇਕੀ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾ ਕੇ ਪ੍ਰਭਾਵਤ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਦੇ ਅਖਾੜਾ ਗਾਇਕਾਂ ਨੂੰ ਯੂਨੀਵਰਸਿਟੀਆਂ, ਕਾਲਜਾਂ ਵਿਚ ਮਾਨਤਾ ਨਹੀਂ ਸੀ ਮਿਲਦੀ।
ਅਲੀ ਰਾਜਪੁਰਾ ਹੋਣਹਾਰ ਨੌਜਵਾਨ ਲੇਖਕ ਹੈ। ਆਪਣੇ ਪਲੇਠੇ ਕਾਵਿ ਸੰਗ੍ਰਹਿ ‘ਹਿਜਰ ਤੈਂਡੜਾ’ ਨਾਲ ਪੰਜਾਬੀ ਕਾਵਿ ਜਗਤ ਵਿਚ ਪ੍ਰਵੇਸ਼ ਕੀਤਾ ਹੈ ਜਿਸ ਦੇ ਬਾਅਦ ਵਿਚ ਇਸਦਾ ਕਾਵਿ ਸੰਗ੍ਰਹਿ ਉਰਦੂ ਅਤੇ ਅੰਗਰੇਜ਼ੀ ਵਿਚ ਵੀ ਅਨੁਵਾਦ ਹੋਇਆ। ਇਹ ਸੰਭਾਵਨਾਵਾਂ ਭਰਪੂਰ ਜੋਸ਼ ਨਾਲ ਭਰਿਆ ਸਵੈ-ਸਿਰਜਤ ਵਿਅਕਤਿਤਵ ਦਾ ਮਾਲਕ ਹੈ। ਕੁਲਦੀਪ ਮਾਣਕ ਦੇ ਜੀਵਨ ਅਤੇ ਕਲਾ ਬਾਰੇ ਪੁਸਤਕਾਂ ਲਿਖਕੇ ਇਸ ਨੇ ਪੰਜਾਬੀ ਦੇ ਅਮੁੱਲੇ ਗਾਇਕ ਦੀਆਂ ਅਦ੍ਰਿਸ਼ ਖੂਬੀਆਂ ਨੂੰ ਪਾਠਕਾਂ ਸਾਹਮਣੇ ਲਿਆਉਣ ਲਈ ਬਹੁਤ ਵੱਡਾ ਕਾਰਜ ਕੀਤਾ ਹੈ। ਮੈਂ ਇਸ ਦੀ ਮਿਹਨਤ ਅਤੇ ਲਗਨ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ । ਇਹ ਜਨੂਨ ਦੀ ਹੱਦ ਤਕ ਆਪਣੇ ਕਾਰਜ ਵਿਚ ਲੀਨ ਹੋ ਜਾਂਦਾ ਹੈ। ਇਸ ਨੇ ਥੋੜ੍ਹੇ ਸਮੇਂ ਵਿਚ ਕਾਫ਼ੀ ਕਠਿਨ ਪੈਂਡਾ ਬਹੁਤ ਜਲਦੀ ਤੈਅ ਕੀਤਾ ਹੈ। ਇਸ ਪੁਸਤਕ ਤੋਂ ਬਾਅਦ ਅਲੀ ਨੇ ਕਈ ਪੰਜਾਬ ਦੇ ਢਾਡੀ-ਕਵੀਸਰਾਂ, ਸਿਆਸਤਦਾਨਾਂ ਤੇ ਗਦਰੀ ਯੋਧਿਆਂ ਬਾਰੇ ਕਿਤਾਬੀ ਰੂਪ ਲਿਖ ਕੇ ਪੰਜਾਬੀ ਦੇ ਭੁੱਲੇ ਵਿਸਰੇ ਸੱਭਿਆਚਾਰਕ ਸਾਹਿਤ ਨੂੰ ਸਾਂਭ ਕੇ ਮਾਣ ਮਹਿਸੂਸ ਕਰਨ ਯੋਗ ਕੰਮ ਕੀਤਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਪਾਠਕ ਪਹਿਲੇ ਅਡੀਸ਼ਨ ਵਾਂਗ ਹੀ ਦੂਜੇ ਅਡੀਸ਼ਨ ਨੂੰ ਭਰਵਾਂ ਹੁੰਗਾਰਾ ਦੇਣਗੇ।
ਲੋਕ ਗਾਥਾਵਾਂ ਦਾ ਬਾਦਸ਼ਾਹ….
ਨਿਰਮਲ ਜੌੜਾ (ਡਾ.)
ਕੁਲਦੀਪ ਮਾਣਕ ਬਾਰੇ ਗੱਲ ਕਰਦਿਆਂ ਇੱਕ ਦਮ ਸਾਡੀ ਨਿਗਾਹ ਜਾਂ ਸਾਡੀ ਸੋਚ ਉਹਨਾਂ ਲੋਕ ਗਾਥਾਵਾਂ ਵੱਲ ਚਲੀ ਜਾਂਦੀ ਹੈ ਜਿਸ ਦਾ ਪੰਜਾਬ ਦੇ ਵਿਚ ਪੰਜਾਬੀ ਗਾਇਕੀ ਦੇ ਖੇਤਰ ਵਿਚ ਬਹੁਤ ਵੱਡਾ ਸਥਾਨ ਹੈ। ਕੁਲਦੀਪ ਮਾਣਕ ਦੇ ਨਾਲ ਪੰਜਾਬੀ ਗਾਇਕੀ ਦੇ ਵਿਚ ਨਵਾਂ ਦੌਰ ਸ਼ੁਰੂ ਹੋਇਆ ਕਿਉਂਕਿ ਕੁਲਦੀਪ ਮਾਣਕ ਦੀ ਅਵਾਜ਼ ਅਤੇ ਦੇਵ ਥਰੀਕੇ ਵਾਲੇ ਦੀ ਕਲਮ ਦਾ ਮਿਲਾਪ ਹਮੇਸ਼ਾ ਹੀ ਸ਼ੁਭ ਸ਼ਗਨ ਮੰਨਿਆ ਜਾਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਲਦੀਪ ਮਾਣਕ ਦੀ ਅਵਾਜ਼ ਬੁਲੰਦ ਅਤੇ ਸੁਰੀਲੀ ਹੈ। ਖੂਬਸੂਰਤ ਗੱਲ ਇਹ ਹੈ ਕਿ ਕੁਲਦੀਪ ਮਾਣਕ ਨੇ ਜਿੰਨਾ ਵੀ ਗਾਇਆ ਉਹ ਇੰਨਾ ਮਿਆਰੀ ਸੀ ਕਿ ਉਸ ਨੇ ਪੰਜਾਬੀ ਗਾਇਕੀ ਨੂੰ ਇਕ ਵਜ਼ਨਦਾਰ ਯੋਗਦਾਨ ਦੇ ਦਿੱਤਾ। ਕੁਲਦੀਪ ਮਾਣਕ ਨੂੰ ਆਮ ਭਾਸ਼ਾ ‘ਚ ਸੱਥਾਂ, ਮਹਿਫਲਾਂ ‘ਚ ‘ਕਲੀਆਂ ਦਾ ਬਾਦਸ਼ਾਹ’ ਵੀ ਕਿਹਾ ਜਾਂਦਾ ਹੈ ।
ਪਰ ਅਸਲ ‘ਚ ਕੁਲਦੀਪ ਮਾਣਕ ਦਾ ਯੋਗਦਾਨ ਇਹ ਹੈ ਕਿ ਕੁਲਦੀਪ ਮਾਣਕ ਨੇ ਕਲੀਆਂ ਘੱਟ ਅਤੇ ਲੋਕ ਗਾਥਾਵਾਂ ਅਣਗਿਣਤ ਗਾਈਆਂ ਹਨ। ਇਸ ਕਰਕੇ ਕੁਲਦੀਪ ਮਾਣਕ ‘ਲੋਕ ਗਾਥਾਵਾਂ ਦਾ ਬਾਦਸ਼ਾਹ’ ਕਹਾਉਣ ਦਾ ਵੱਧ ਹੱਕ ਰੱਖਦਾ ਹੈ। ਸਾਡੀਆਂ ਲੋਕ ਗਾਥਾਵਾਂ ਵਿਚੋਂ ਉਹਨਾਂ ਸੂਰਮਿਆਂ ਦਾ ਇਤਿਹਾਸ ਝਲਕਦਾ ਹੈ, ਉਹਨਾਂ ਸੂਰਮਿਆਂ, ਦਾਤਿਆਂ ਦੀਆਂ ਗਤੀਵਿਧੀਆਂ ਝਲਕਦੀਆਂ ਹਨ ਜਿਨ੍ਹਾਂ ‘ਚੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਆਦਰਸ਼, ਰਾਹ ਦਿਸਦਾ ਹੈ। ਇਨ੍ਹਾਂ ਆਦਰਸ਼ਾਂ ਨੂੰ ਸੰਭਾਲ ਕੇ ਰੱਖਣ ਦਾ ਇਕੋ-ਇੱਕ ਤਰੀਕਾ ਗਾਇਕੀ ਰਾਹੀਂ ਕੁਲਦੀਪ ਮਾਣਕ ਨੇ ਅਪਣਾਇਆ। ਲੋਕ ਗਾਥਾਵਾਂ ਤੋਂ ਇਲਾਵਾ ਕੁਲਦੀਪ ਮਾਣਕ ਨੇ ਰਿਸ਼ਤਿਆਂ ਦੀ ਗੱਲ ਕੀਤੀ ਹੈ । ਬਹੁਤ ਖੂਬਸੂਰਤ ਰਿਸ਼ਤਿਆਂ, ਰਸਮਾਂ ਰਿਵਾਜ ਅਤੇ ਸਮਾਜਿਕ ਵਰਤਾਰੇ ਦੀ ਗੱਲ ਕੁਲਦੀਪ ਮਾਣਕ ਦੀ ਅਵਾਜ ‘ਚ ਰਿਕਾਰਡ ਹੋ ਕੇ ਸਾਡੇ ਸਾਹਮਣੇ ਆਈ ਹੈ। ਇਸੇ ਤਰ੍ਹਾਂ ਸਮਾਜ ਦੀਆਂ ਕੁਰੀਤੀਆਂ ਨੂੰ ਵੀ ਕੁਲਦੀਪ ਮਾਣਕ ਨੇ ਗਾਇਆ ਅਤੇ ਉਹਨਾਂ ਕੁਰੀਤੀਆਂ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਹੈ। ਸੋ ਮੈਂ ਵਿਅਕਤੀਗਤ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਕੁਲਦੀਪ ਮਾਣਕ ਇਕ ਵਿਅਕਤੀ ਨਹੀਂ ਇਕ ਸੰਸਥਾ ਹੈ ਜਿਸਦਾ ਇਕ ਆਪਣਾ ਇਤਿਹਾਸ ਹੈ, ਜਿਸਦਾ ਆਪਣਾ ਇਕ ਸਥਾਨ ਹੈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਇਤਿਹਾਸ ਵਿਚ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਲੇਖਕ ਅਲੀ ਰਾਜਪੁਰਾ ਨੇ ਮਾਣਕ ਦੇ ਸਿਰਜੇ ਇਤਿਹਾਸ ਨੂੰ ਸਾਂਭਣ ਦਾ ਉੱਦਮ ਕੀਤਾ ਸੀ ਤਿੰਨ ਕੁ ਸਾਲ ਪਹਿਲਾਂ ਉਸਦੀ ਦੀ ਜ਼ਿੰਦਗੀ ਬਾਰੇ, ਉਸ ਵੱਲੋਂ ਕੀਤੇ ਸੰਘਰਸ਼ ਬਾਰੇ ਇੱਕ ਡਾਕੂਮੈਂਟਰੀ ਦੇ ਰੂਪ ਵਿਚ ਇੱਕ ਕਿਤਾਬ ਤਿਆਰ ਕਰਕੇ ਆਉਂਦੀ ਪੀੜ੍ਹੀ ਨੂੰ ਤੋਹਫੇ ਵਜੋਂ ਪੇਸ਼ ਕੀਤੀ ਸੀ। ਇਹ ਉਸੇ ਕਿਤਾਬ ਦਾ ਦੂਜਾ ਰੂਪ ਹੈ। ਜਿਵੇਂ ਜਿੰਨਾ ਇਤਿਹਾਸ ਸਿਰਜਨਾ ਮਹੱਤਵਪੂਰਨ ਹੈ, ਓਨਾ ਹੀ ਇਤਿਹਾਸ ਨੂੰ ਸਾਂਭਣਾ ਵੀ ਮਹੱਤਵਪੂਰਨ ਹੁੰਦਾ ਹੈ।
ਸੋ ਜਿੱਥੇ ਕੁਲਦੀਪ ਮਾਣਕ ਨੇ ਆਪਣੀ ਬੁਲੰਦ ਅਵਾਜ਼ ਦੇ ਨਾਲ ਸਾਡੇ ਇਤਿਹਾਸ ਨੂੰ ਸਾਡੀ ਨੌਜਵਾਨ ਪੀੜੀ ਦੇ ਰੂ-ਬ-ਰੂ ਕੀਤਾ ਤੇ ਗਾਇਕੀ ਵਿਚ ਨਵਾਂ ਇਤਿਹਾਸ ਸਿਰਜਿਆ ਹੈ, ਉਥੇ ਅਲੀ ਰਾਜਪੁਰਾ ਤੇ ਆਪਣੀ ਕਲਮ ਰਾਹੀਂ ਇਸ ਇਤਿਹਾਸ ਨੂੰ ਸਾਂਭਣ ਦਾ ਖੂਬਸੂਰਤ ਯਤਨ ਕੀਤਾ ਹੈ। ਮੈਂ ਇਸ ਲਈ ਵੀ ਮੁਬਾਰਕਬਾਦ ਦਿੰਦਾ ਹਾਂ ਕਿ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਸਾਡੀ ਨੌਜਵਾਨ ਪੀੜੀ ਨੂੰ ਜਿੱਥੇ ਸਾਡੀਆਂ ਲੋਕ ਗਾਥਾਵਾਂ ਬਾਰੇ ਹੋਰ ਚਾਨਣਾ ਹੋਵੇਗਾ, ਜਿੱਥੇ ਸਾਡੀਆਂ ਹੋਰ ਪ੍ਰੰਪਰਾਵਾਂ ਬਾਰੇ ਜਾਣਕਾਰੀ ਮਿਲੇਗੀ ਉਥੇ ਕੁਲਦੀਪ ਮਾਣਕ ਦੇ ਉਸ ਸੰਘਰਸ਼ ਬਾਰੇ ਵੀ ਜਾਨਣਗੇ ਜਿਸ ‘ਚੋਂ ਨਿਕਲਕੇ ਉਹ ਹੀਰੋ ਦੇ ਰੂਪ ‘ਚ ਪੰਜਾਬੀ ਸਰੋਤਿਆਂ ਦੇ ਸਾਹਮਣੇ ਆਇਆ। ਭਾਵੇਂ ਅੱਜ ਸਾਡੇ ਕੋਲ ਤਰ੍ਹਾਂ-ਤਰ੍ਹਾਂ ਦੇ ਚੈਨਲ ਨੇ, ਹੋਰ ਕਈ ਤਰ੍ਹਾਂ ਦੇ ਮਾਧਿਅਮ ਨੇ ਜਿਨ੍ਹਾਂ ਰਾਹੀਂ ਬੰਦਾ ਮਸ਼ਹੂਰੀ ਖੱਟ ਸਕਦਾ ਹੈ। ਪਰ ਜਿਨ੍ਹਾਂ ਦਿਨਾਂ ‘ਚ ਕੁਲਦੀਪ ਮਾਣਕ ਨੇ ਗਾਉਣਾ ਸ਼ੁਰੂ ਕੀਤਾ ਉਦੋਂ ਇਹੋ ਜਿਹੀ ਕੋਈ ਸਹੂਲਤ ਮੁਹੱਈਆ ਨਹੀਂ ਸੀ। ਫੇਰ ਵੀ ਮਾਣਕ ਘਰ-ਘਰ ਦਾ ਸ਼ਿੰਗਾਰ ਬਣਿਆ, ਸਾਡੇ ਦਿਲਾਂ ਤੇ ਰਾਜ ਕਰਨ ਵਾਲਾ ਸਾਡਾ ਲੋਕ ਨਾਇਕ ਬਣਿਆ। ਇਸ ਪਿੱਛੇ ਕੁਲਦੀਪ ਮਾਣਕ ਦੀ ਕਰੜੀ ਘਾਲਣਾ ਹੈ, ਤਕੜਾ ਸੰਘਰਸ਼ ਹੈ।
ਪੰਜਾਬੀ ਲੋਕ ਗਾਇਕੀ ਦਾ ਪਵਿੱਤਰ ਕਲਾਕਾਰ
ਪ੍ਰੋ: ਹਰਜੀਤ ਸਿੰਘ ਸੱਧਰ (ਡਾ.)
ਸਾਬਕਾ ਮੁਖੀ, ਪੰਜਾਬੀ ਵਿਭਾਗ,
ਮਾਰਕੰਡਾ ਨੈਸ਼ਨਲ ਕਾਲਜ, ਸ਼ਾਹਾਬਾਦ ਮਾਰਕੰਡਾ (ਹਰਿਆਣਾ)
ਵਿਸ਼ਵੀਕਰਣ ਨੇ ਸਾਡੇ ਜੀਵਨ ਦੇ ਲਗਭਗ ਹਰ ਪੱਖ ‘ਤੇ ਪੈ ਰਹੇ ਪੱਛਮੀ ਪ੍ਰਭਾਵ ਨੂੰ ਹੋਰ ਵੀ ਤੀਖਣ ਕਰ ਦਿੱਤਾ ਹੈ । ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਸੱਭਿਆਚਾਰਕ ਪਹਿਲੂ । ਵਿਸ਼ੇਸ਼ ਕਰਕੇ ਪੰਜਾਬੀ ਲੋਕ-ਸੰਗੀਤ ਦਾ ਤਾਂ ਚਿਹਰਾ-ਮੁਹਰਾ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਸੰਗੀਤ ਦਾ ਮੁੱਖ ਸਰੋਕਾਰ ਆਤਮਿਕ/ਰੂਹਾਨੀ ਨਾ ਰਹਿ ਕੇ ਸਰੀਰਕ ਜ਼ਿਆਦਾ ਹੋ ਗਿਆ ਹੈ । ਰੂਹ ਨੂੰ ਖਿੜਾਉਣ ਦੀ ਥਾਂ ਬਦਨ ਨੂੰ ਥਿਰਕਾਉਂਦਾ ਹੈ। ਨਤੀਜੇ ਵਜੋਂ ਪੰਜਾਬੀ ਲੋਕ-ਸੰਗੀਤ ਦੀ ਪਰੰਪਰਾ ਨੂੰ ਚੰਗੀ ਤਰ੍ਹਾਂ ਜੀਵਤ ਰੱਖ ਰਹੇ ਗਾਇਕ ਸਾਜ਼ਾਂ ਦੇ ਸ਼ੋਰ ਵਿਚ ਗੁਆਚੇ ਜਿਹੇ ਪਏ ਹਨ। ਇਨ੍ਹਾਂ ਕਲਾਕਾਰਾਂ ਵਿਚੋਂ ਹੀ ਇਕ ਕਲਾਕਾਰ ਹੈ ਕੁਲਦੀਪ ਮਾਣਕ ਜਿਸ ਦੀ ਕਲਾ ਵਿਚੋਂ ਪੰਜਾਬੀ ਲੋਕ ਸੰਗੀਤ ਦੀ ਪਰੰਪਰਾ ਦੇ ਭਰਪੂਰ ਦਰਸ਼ਨ ਹੁੰਦੇ ਹਨ। ਇਕ ਸਮਾਂ ਸੀ ਜਦੋਂ ਇਸ ਕਲਾਕਾਰ ਦੀ ਹਾਜ਼ਰੀ ਤੋਂ ਬਗੈਰ ਸੱਭਿਆਚਾਰਕ ਪ੍ਰੋਗਰਾਮ ਅਣਹੋਇਆ ਸਮਝਿਆ ਜਾਂਦਾ ਸੀ ।
ਪੰਜਾਬੀ ਲੋਕ-ਸੰਗੀਤ ਦੀ ਪਵਿੱਤਰਤਾ ਤੇ ਗਹਿਰਾਈ ਨੂੰ ਚਮਤਕਾਰੀ ਢੰਗ ਨਾਲ ਉਜਾਗਰ ਕਰਨ ਵਾਲੇ ਮਾਣਕ ਨੂੰ ਕਿਤੇ ਲੋਕ ਭੁੱਲ ਹੀ ਨਾ ਜਾਣ! ਇਸ ਫ਼ਿਕਰ ਨੂੰ ਆਪਣੀ ਸੋਚ ਦਾ ਆਧਾਰ ਬਣਾ ਕੇ ਰਾਜਪੁਰੇ ਦੇ ਅਲੀ ਨੇ ਮੌਕੇ ਸਿਰ ਉਪਰਾਲਾ ਕੀਤਾ ਸੀ। ਇਕ ਪੁਸਤਕ ਦੀ ਸ਼ਕਲ ਵਿਚ ਮਾਣਕ ਦੀ ਪਹਿਚਾਣ ਦੀ ਸਥਾਪਤੀ ਨੂੰ ਉਜਾਗਰ ਕਰ ਕੇ ਨਵੀਂ ਪੀੜ੍ਹੀ ਦੇ ਸਾਹਮਣੇ ਸਾਫ਼ ਸੁਥਰੀ ਪੰਜਾਬੀ ਗਾਇਕੀ ਦਾ ਆਦਰਸ਼ ਮਾਡਲ ਲਿਆ ਰੱਖਿਆ ਸੀ ਅਲੀ ਨੇ। ਇਹ ਉਪਰਾਲਾ ਮਾਣਕ ਨੂੰ ਪੰਜਾਬੀ ਸੱਭਿਆਚਾਰ ਦੇ ਅਜਾਇਬ ਘਰ ਇਸ ਪ੍ਰਕਾਰ ਬਿਰਾਜਮਾਨ ਕਰ ਗਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਮਾਣਕ ਦੀ ਕਲਾਕਾਰੀ ਦੇ ਦਰਸ਼ਨ ਕਰ ਕੇ ਅਖੌਤੀ ਹਰਮਨ ਪਿਆਰੀ ਗਾਇਕੀ ਦੇ ਬੀਆਬਾਨ ਵਿਚ ਭਟਕਣ ਤੋਂ ਬਚ ਜਾਣਗੀਆਂ । ਪਰਮਾਤਮਾ ਅਲੀ ਨੂੰ ਇਸ ਪ੍ਰਕਾਰ ਦੇ ਕਾਰਜ ਕਰਨ ਲਈ ਹੋਰ ਜ਼ਿਆਦਾ ਤੌਫ਼ੀਕ ਦੇਵੇ। ਮੈਂ ਇਸ ਦੂਜੇ ਅਡੀਸ਼ਨ ਨੂੰ ਜੀ- ਆਇਆਂ ਆਖਦਾ ਹਾਂ ।
ਧੰਨਵਾਦੀ ਹਾਂ ਮੈਂ ਉਸਤਾਦ ਸ੍ਰੀ ਇਕਬਾਲ ਰਾਮੂਵਾਲੀਆ ਜੀ ਦਾ ਜਿਨ੍ਹਾਂ ਨੇ ਮੈਨੂੰ ਇੰਨੇ-ਮਾਣ ਸਤਿਕਾਰ ਦੇ ਕਾਬਿਲ ਤੇ ਉਚੀਆਂ ਲੰਮੀਆਂ ਸ਼ਖ਼ਸੀਅਤਾਂ ‘ਚ ਖੜ੍ਹਨ ਯੋਗ ਬਣਾਇਆ।
ਧੰਨਵਾਦੀ ਹਾਂ ਮੈਂ ਮੋਤਾ ਸਿੰਘ ਸਰਾਏ, ਰਵੀ ਰਵਿੰਦਰ, ਮਨਜੀਤ ਰੰਧਾਵਾ, ਪਵਿੱਤਰ ਸਿੰਘ ਯੂ.ਕੇ. ਸਾਹਿਬ ਥਿੰਦ, ਸੁਖਦੇਵ ਦਾਰਾਪੁਰੀਆ, ਕਿਰਨਪਾਲ ਗਰੇਵਾਲ, ਸ: ਬਲਦੇਵ ਬਾਜਵਾ, ਗੁਰਦੀਸ਼ ਬਾਜਵਾ (ਮੀਡੀਆ ਪੰਜਾਬ ਜਰਮਨ), ਕੇਹਰ ਸਰੀਫ, ਗੁਰਬਚਨ ਭੁੱਲਰ, ਡਾ: ਬ੍ਰਹਮਜਗਦੀਸ਼ ਸਿੰਘ ਕੁਲਵੰਤ ਕੌਰ ਚੰਨ ਦਾ ਜਿਨ੍ਹਾਂ ਨੇ ਮੇਰੀਆਂ ਲਿਖਤਾਂ ਦੇ ਨਾਲ ਨਾਲ ਮੇਰੀ ਅਵਾਜ਼ ਨੂੰ ਪੂਰੀ ਦੁਨੀਆ ਤੀਕ ਪੁੱਜਦੀ ਕੀਤਾ ਹੈ।
ਵਿਸ਼ੇਸ਼ ਧੰਨਵਾਦ: ਸ. ਸੁਰਜੀਤ ਸਿੰਘ (ਯੂ.ਐਸ.ਏ), ਪਵਿੱਤਰ ਸਿੰਘ (ਯੂ.ਕੇ), ਗੀਤਕਾਰ ਗੁਰਮੀਤ ਸਿੰਘ ਨਾਢਾ, ਫਿਲਮ ਪ੍ਰੋਡਿਊਸਰ ਸ਼ਮਸ਼ਾਦ ਅਲੀ (ਖ਼ਾਨ ਫ਼ਿਲਮ ਪ੍ਰੋਡਕਸ਼ਨ), ਸ. ਅੰਮ੍ਰਿਤਪਾਲ ਚੌਹਾਨ, ਸ. ਹਰਭਜਨ ਸਿੰਘ ਨਾਢਾ, ਸ. ਸੁਰਮੁਖ ਸਿੰਘ ਕਸਾਣਾ, ਗੀਤਕਾਰ ਅਮਰਜੀਤ ਸਿੰਘ ਚੀਮਾ ਯੂ. ਐਸ. ਏ, ਰਾਜਵਿੰਦਰ ਸਿੰਘ ਖੋਸਾ ਯੂ. ਐਸ. ਏ, ਭੁਪਿੰਦਰ ਸਿੰਘ ਖੋਸਾ ਯੂ. ਐਸ. ਏ।
ਧੰਨਵਾਦੀ ਹਾਂ ਮੈਂ ਵਕੀਲ ਖ਼ਾਨ, ਦਿਲਵਰ ਖ਼ਾਨ, ਸਤਵਿੰਦਰ ਸੋਹੀ ਯੂ.ਕੇ., ਗਾਇਕ ਜਗਦੀਪ ਗਿੱਲ, ਰਣਧੀਰ ਸਿੰਘ ਸੋਹੀ, ਸਵ. ਜਤਿੰਦਰ ਸੋਹੀ, ਗੁਰਜੰਟ ਮਸਕਟ, ਰਵਿੰਦਰ ਪੱਡਾ ਕੈਨੇਡਾ, ਗੀਤਕਾਰ ਲੱਕੀ ਬੈਦਵਾਨ, ਬੰਟੀ ਬੈਦਵਾਨ, ਰਣਵਿੰਦਰ ਸਿੰਘ ਗਿੱਲ ਕੈਨੇਡਾ, ਜਸਵੀਰ ਸਿੰਘ ਜਰਮਨੀ ਜਿਨ੍ਹਾਂ ਨੇ ਮੇਰੀ ਮੁਢਲੇ ਦਿਨਾਂ ‘ਚ ਕਿਸੇ ਨਾ ਕਿਸੇ ਤਰੀਕੇ ਮਦਦ ਕੀਤੀ।
ਧੰਨਵਾਦੀ ਹਾਂ ਮੈਂ ਗੁਰਨੇਕ ਸੰਧੂ, ਭਗਤ ਸਿੰਘ ਤੂਰ, ਕੁਵਿੰਦਰ ਸੋਹੀ, ਸਵ: ਜਤਿੰਦਰ ਸੋਹੀ, ਸਤਵਿੰਦਰ ਸੋਹੀ, ਗੀਤਕਾਰ ਰੋਮੀ ਘੜਾਮੇ ਵਾਲਾ, ਅਮਰਿੰਦਰ ਸੋਹੀ, ਯੁਧਿਸ਼ਟਰ ਮਾਡਲ, ਬਲਜੀਤ ਬਾਜਵਾ, ਮਨਜੀਤ ਅਲੀ, ਅਮਰਿੰਦਰ ਸਿੰਘ ਰਾਜਪੁਰਾ, ਦਿਲਸ਼ਾਦ, ਸੋਹੀਲ ਖ਼ਾਨ, ਮਲਕੀਤ ਖ਼ਾਨ, ਅਨਵਰ ਖ਼ਾਨ, ਮਨਜੋਤ ਸਿੰਘ, ਮਨਦੀਪ ਢੀਂਡਸਾ, ਬੌਬੀ ਸੰਧੂ www.punjabiportal.com ਦਾ ਜਿਹੜੇ ਮੈਨੂੰ ਹਮੇਸ਼ਾ ਹੱਲਾਸ਼ੇਰੀ ਤੇ ਹੌਸਲਾ ਦਿੰਦੇ ਹਨ।
ਧੰਨਵਾਦੀ ਹਾਂ ਮੈਂ ਗਮਦੂਰ ਸਿੰਘ ‘ਕਾਹਨੇ-ਕੇ’, ਹਰਭਜਨ ਸਿੰਘ ਸਾਉਨਾਂ, ਭੁਪਿੰਦਰ ਸਿੰਘ ਬਾਰਨਹਾੜਾ, ਗੁਰਮੀਤ ਸਿੰਘ ਨਾਢਾ, ਸੁਖਦੇਵ ਸਿੰਘ ਬੂਟਾ ਸਿੰਘ ਵਾਲਾ, ਹਰਦੀਪ ਕੌਂਸਲ ਮੱਲ੍ਹਾ, ਧਰਮ ਸਿੰਘ ਮੰਗਲੂਰ, ਦਿਆ ਸਿੰਘ ਮਾਣਕ, ਦੇਵ ਛੋਟੇ ਨੰਗਲਵਾਲਾ ਯੂ.ਕੇ., ਗਾਇਕ ਹਰਦੀਪ ਲੁਧਿਆਣਾ, ਗੀਤਕਾਰ ਪਵਨ ਗਿੱਲਾਂਵਾਲਾ ਕੈਨੇਡਾ, ਗੋਲੂ ਕਾਲੇਕੇ, ਬਹਾਦਰ ਡਾਲਵੀ, ਸਨੀ ਸੁਨਾਮ, ਗੁਰਚਰਨ ਸਿੰਘ (ਸੰਚਾਲਕ ਸੰਤ ਬਾਬਾ ਸ਼ਿਆਮ ਦਾਸ ਕੁਸ਼ਤੀ ਅਖਾੜਾ ਅਕਬਰਪੁਰ-ਮੰਗਰੋੜ) ਜਿਹੜੇ ਮੇਰੇ ਔਖੇ ਵੇਲੇ ਕੰਮ ਆਏ।
ਧੰਨਵਾਦੀ ਹਾਂ ਮੈਂ ਪਿਆਰੇ ਮਿੱਤਰਾਂ ਦਾ ਜਿਨ੍ਹਾਂ ਨੇ ਆਪਣੇ ਦਿਲਾਂ ‘ਚ ਥਾਂ ਦਿੱਤੀ ਹੋਈ ਹੈ। ਪ੍ਰਸਿੱਧ ਗੀਤਕਾਰ ਰਾਜ ਕਾਕੜਾ, ਸ਼ਾਇਰ ਅਮਰਦੀਪ ਗਿੱਲ, ਗੀਤਕਾਰ ਮਨਪ੍ਰੀਤ ਟਿਵਾਣਾ, ਸਾਹਿਤਕਾਰ ਘੁਮਾਣ ਗੌਰਵਜੀਤ, ਸ਼ਾਇਰ ਪਲਵਿੰਦਰ ਸੰਧੂ, ਰਾਜਿੰਦਰ ਸਿੰਘ ‘ਕੋਟਕਪੂਰਾ’, ਗੁਰਜੀਤ ਗਗਨ, ਦੀਪਕ ਖੰਡੂਰ, ਅਮਰੀਕ ਸਾਹਨੇਵਾਲੀ, ਹੈਡਮਾਸਟਰ ਲਾਭ ਸਿੰਘ (ਗਹਿਰੀ ਭਾਗੀ), ਗੋਰਾ ਕਟਾਰ ਸਿੰਘ ਵਾਲਾ, ਜਗਦੇਵ ਸਿੰਘ ਮਹਿਤਾ, ਅੰਗਰੇਜ਼ ਵਿੱਕੀ, ਮਲਕੀਅਤ ਸਿੰਘ ਔਜਲਾ, ਸ਼ਾਇਰ ਦਰਸ਼ਨ ਸਿੰਘ ਬਨੂੜ, ਚੰਦਰ ਅਦੀਬ, ਬਾਲ ਲੇਖਕ ਕਰਮਜੀਤ ਗਰੇਵਾਲ, ਬਲਜਿੰਦਰ ਫੌਜੀ, ਬਲਜੀਤ ਰਾਏਕੋਟ, ਦਵਿੰਦਰ ਸਿੰਘ ਤਰਖਾਣ ਮਾਜਰਾ, ਲਖਵੀਰ ਲੱਖੀ, ਚਰਨ ਬੰਬੀਹਾ, ਗੁਲਜ਼ਾਰ ਸ਼ੌਕੀ, ਅਮਨਦੀਪ ਬਬਲੂ, ਸੋਨੀ ਨੱਥੂ ਵਾਲ, ਮਨਜੀਤ ਬਿਲਾਸਪੁਰੀ, ਹਰਪ੍ਰੀਤ ਸਿੰਘ ਕਲਕੱਤਾ, ਸੰਨੀ ਸੁਨਾਮ, ਸਿੱਧੂ ਸੁਖਦੇਵ, ਨਾਜ਼ਰ ਸਿੰਘ ਸੰਧੂ, ਅਕਬਰ ਨੰਡਿਆਲਵੀ, ਕੁਲਮੀਤ, ਕੁਲਵੰਤ ਜੱਸਲ, ਡਾ. ਜਸਵੰਤ ਦਿਹੋਤ, ਆਦਰਸ਼ ਕੁਮਾਰ, ਪੱਪੂ ਧਨੌਲਾ, ਹਰਪ੍ਰੀਤ ਪੂਰੀ, ਗੁਰਜਿੰਦਰ ਯੂ.ਕੇ., ਗੀਤਕਾਰ ਮਨਦੀਪ ਘਣੀਵਾਲ, ਜਸਪਿੰਦਰ ਬਦੇਸਾ, ਜਸਕਰਨ ਸਮਰਾਲਾ, ਜਸਵੀਰ ਬਾਬੂ, ਜਰਮਨਪ੍ਰੀਤ ਸਿੰਘ ਸੰਗਰੂਰ, ਮਨਜੀਤ ਰਾਜਪੁਰਾ, ਧੰਨਾ ਦੁਬਾਲੀ, ਰਣਧੀਰ ਬੱਬੀ, ਭੋਲਾ ਦਲਜੀਤ ਸੈਦਖੇੜੀ, ਸੁੱਚਾ ਧਮੌਲੀ, ਕਾਮਰੇਡ ਰਮੇਸ਼ ਰਾਮਪੁਰਾ, ਰੋਸ਼ਨ ਅਲੀ, ਯੁਧਵੀਰ ਕਵੀਸ਼ਰ, ਗੁਰਨੈਬ ਸਾਜਨ ਦਿਓਣ, ਜੁਆਲਾ ਸਿੰਘ ਥਿੰਦ, ਬਾਵਾ ਘੁਢਾਣੀ, ਗੀਤਕਾਰ ਅੋਸ਼ਕ ਸੌਂਸਪੁਰੀ, ਕਵੀਸ਼ਰ ਨਵਦੀਪ ਮੰਡੀ ਕਲਾਂ, ਗੱਗੂ ਬਰਾੜ, ਵਿਨੇ ਰਾਜਪੂਤ, ਮਨਦੀਪ ਮਟੌਰੀਆ । .
ਧੰਨਵਾਦੀ ਹਾਂ ਮੈਂ ਵਿਦਵਾਨ ਲੇਖਕ ਬਾਪੂ ਦੇਵ ਥਰੀਕਿਆਂ ਵਾਲਾ, ਡਾ. ਹਰਜੀਤ ਸਿੰਘ ਸੱਧਰ, ਬਲਦੇਵ ਸਿੰਘ ਸੜਕਨਾਮਾ, ਕੇ.ਐਲ. ਗਰਗ, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਸਿੰਮੀਪ੍ਰੀਤ, ਓਮ ਪ੍ਰਕਾਸ਼ ਗਾਸੋ, ਮਨਜੀਤ ਇੰਦਰਾ, ਸ਼ਾਮ ਸਿੰਘ, ਡਾ. ਚਰਨਜੀਤ ਕੌਰ, ਡਾ. ਨਿਰਮਲ ਜੌੜਾ, ਡਾ. ਸਤੀਸ਼ ਵਰਮਾ, ਗੁਰਦਿਆਲ ਰੌਸ਼ਨ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਬਿਕਰਮਜੀਤ ਨੂਰ, ਤੇਜਾ ਸਿੰਘ ਤਿਲਕ, ਨਿਰੰਜਣ ਬੋਹਾ, ਜਿਨ੍ਹਾਂ ਨੇ ਮੇਰੀ ਹੌਸਲਾ ਅਫਜ਼ਾਈ ਕੀਤੀ।
ਧੰਨਵਾਦੀ ਹਾਂ ਮੈਂ ਆਪਣੇ ਦਾਦਾ ਗੁਰੂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਦਾ ਜਿਨ੍ਹਾਂ ਨੇ ਮੈਨੂੰ ਚੰਗੇ ਅਤੇ ਮਾੜੇ ਦੀ ਪਰਖ ਕਰਨ ਦਾ ਵਲ ਸਿਖਾਇਆ। ਧੰਨਵਾਦੀ ਹਾਂ ਮੈਂ ਉਸਤਾਦ ਇਕਬਾਲ ਰਾਮੂਵਾਲੀਆ, ਹਰਚਰਨ ਸਿੰਘ ਰਾਮੂਵਾਲੀਆ, ਬਲਵੰਤ ਰਾਮੂਵਾਲੀਆ, ਡਾ. ਰਛਪਾਲ ਸਿੰਘ ਰਾਮੂਵਾਲੀਆ, ਜੀ ਦਾ ਜਿਨ੍ਹਾਂ ਦੀ ਬਦੌਲਤ ਮੇਰੀ ਕਿਤੇ ਨਾ ਕਿਤੇ ਗਿਣਤੀ ਕੀਤੀ ਜਾਂਦੀ ਹੈ ।
ਧੰਨਵਾਦੀ ਹਾਂ ਮੈਂ ਆਪਣੇ ਅਧਿਆਪਕਾਂ ਸ੍ਰੀਮਤੀ ਸਤਵੰਤ ਬੱਲ, ਬਬੀਤਾ ਕੁਮਾਰੀ, ਕਮਲੇਸ਼ ਕੁਮਾਰ ਅਤੇ ਰਘਬੀਰ ਸਿੰਘ ਜੀ ਦਾ ਜਿਹੜੇ ਮੈਨੂੰ ਮੁਢਲੇ ਸਮੇਂ ਤੋਂ ਸਾਹਿਤ ਦੇ ਖੇਤਰ ‘ਚ ਨਵੀਆਂ ਪੈੜਾਂ ਪਾਉਣ ਲਈ ਪ੍ਰੇਰਦੇ ਰਹੇ।
ਦਿਲ ਦੀ ਤਹਿ ਚੋਂ
ਅਲੀ ਰਾਜਪੁਰਾ
ਮੈਨੂੰ ਮਾਣ ਹੈ ਕਿ ਮੈਂ ਕੁਲਦੀਪ ਮਾਣਕ ਦੇ ਨੇੜੇ ਰਹਿ ਕੇ ਉਸਦੀਆਂ ਵਾਧਾ-ਘਾਟਾਂ ਨੂੰ ਦੇਖਿਆ ਤੇ ਪਰਖਿਆ। ਕੁਲਦੀਪ ਮਾਣਕ ਆਪਣੇ ਆਪ ਵਿਚ ਇਕ ਸੰਸਥਾ ਹੈ, ਜਿਸਦਾ ਆਪਣਾ ਮੌਲਿਕ ਸੰਸਾਰ ਤੇ ਇਤਿਹਾਸ ਹੈ ਜਿਸ ਨੂੰ ਸਿਰਜਣਾ-ਖਾਲਾ ਜੀ ਦਾ ਵਾੜਾ ਨਹੀਂ। ਭਾਵੇਂ ਕੁਲਦੀਪ ਮਾਣਕ ਮੀਰ ਆਲਮ ਘਰਾਣੇ ਨਾਲ ਸੰਬੰਧਿਤ ਹੈ ਪਰ ਉਸ ਨੇ ਮੀਰ ਆਲਮ ਹੋ ਕੇ ਮੀਰ ਆਲਮਾਂ ਵਰਗੀ ਗਾਇਕੀ ਜਾਂ ਮੀਰ ਆਲਮਾਂ ਵਰਗੀਆਂ ਆਦਤਾਂ ਨਹੀਂ ਅਪਣਾਈਆਂ। ਅੱਜ ਚਾਹੇ ਕੋਈ ਆਪਣੀਆਂ ਸਿਫ਼ਤਾਂ ਦੇ ਲੱਖ ਪੁਲ ਬੰਨ੍ਹੀ ਜਾਵੇ ਪਰ ਮਾਣਕ ਵਰਗਾ ਗਾਇਕ ਬਣਨਾ ਤੇ ਇੰਨਾ ਮਾਣ-ਸਤਿਕਾਰ ਲੈਣਾ ਸੌਖਾ ਨਹੀਂ। ਇਸ ਗੱਲ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿੰਨਾ ਮਾਣ-ਸਤਿਕਾਰ ਕੁਲਦੀਪ ਮਾਣ ਦੇ ਹਿੱਸੇ ਆਇਆ ਹੈ, ਸ਼ਾਇਦ ਹੀ ਕਿਸੇ ਗਵੱਈਏ ਹਿੱਸੇ ਆਇਆ ਹੋਵੇ ਤੇ ਆਵੇਗਾ। ਅੱਜ ਭਾਵੇਂ ਇਲੈਕਟ੍ਰੌਨਿਕ ਮੀਡੀਆ ਤੇ ਪ੍ਰੈਸ ਮੀਡੀਆ ਦੀ ਭਰਮਾਰ ਹੈ, ਪਰ ਮਾਣਕ ਨੇ ਆਪਣੇ ਨਾਂ ਨੂੰ ਉਸ ਵੇਲੇ ਅੰਬਰ ‘ਤੇ ਲਿਖਿਆ, ਜਦੋਂ ਆਹ ਸਭ ਕੁਝ ਨਹੀਂ ਸੀ। ਮਾਣਕ ਦੀ ਗਾਇਕੀ ਕੰਨ ਰਸ ਦੀ ਗਾਇਕੀ ਹੈ, ਨਾ ਕਿ ਦੇਖਣ ਤੇ ਟੱਪਣ, ਹੱਥਾਂ, ਪੈਰਾਂ ਨੂੰ ਵਗਾਹ-ਵਗਾਹ ਮਾਰਨ ਵਾਲੀ। ਮਾਣਕ ਨੂੰ ਗਾਉਂਦਿਆਂ ਦੇਖ, ਸੁਣ, ਸਰੂਰ ਚੜ੍ਹਦਾ ਤੇ ਜੋਸ਼ ਆਉਂਦਾ ਹੈ…।
ਕੁਲਦੀਪ ਮਾਣਕ ਦੀ ਗਾਇਕੀ ਵਗਦਾ ਦਰਿਆ ਹੈ ਜੋ ਤੇਜ਼ ਵਹਾਅ ਨਾਲ ਵਗਿਆ ਤੇ ਵਗ ਰਿਹਾ ਹੈ ਤੇ ਇਸੇ ਤਰ੍ਹਾਂ ਵਗਦਾ ਰਹੇਗਾ। ਉਸਦੇ ਗੀਤਾਂ ਨੂੰ ਸੁਣ ਪਤਾ ਲੱਗਦਾ ਹੈ ਕਿ ਸੱਭਿਆਚਾਰ ਹੈ ਕੀ? ਮਾਣਕ ਨੇ ਮੁੱਕ ਚੱਲੇ ਕਿੱਸਿਆਂ ਗਾਥਾਵਾਂ ਨੂੰ ਗਾ ਕੇ ਮੁੜ ਜਿਉਂਦੇ ਕਰ ਵਿਖਾਇਆ ਹੈ। ਮਾਣਕ ਨੇ ਸੁਰੀਲੇ ਕੰਠ ਤੇ ਪੁਖਤਗੀ ਅਦਾਇਗੀ ਨਾਲ ਆਪਣੇ ਨਾਂ ਨੂੰ ਅਮਰ ਕਰ ਲਿਆ। ਪਰ ਮਾਣਕ ਆਪਣੀ ਕਾਮਯਾਬੀ ਦਾ ਸਿਹਰਾ ਦੋ ਅਟੁੱਟ ਸ਼ਖ਼ਸੀਅਤਾਂ ਬੀਬੀ ਸਰਬਜੀਤ ਮਾਣਕ ਤੇ ਦੇਵ ਥਰੀਕਿਆਂ ਵਾਲੇ ਸਿਰ ਬੰਨਦਾ ਹੈ। ਮਾਣਕ ਦੇ ਨਾਂ ਨਾਲ ਅੱਜ ਮਾਣਕ ਦਾ ਗਾਇਆ ਹਰ ਗੀਤ ਅਮਰ ਹੋ ਨਿਬੜਿਆ ਹੈ ਜਿਵੇਂ, ‘ਵਾਰ ਬੰਦਾ ਸਿੰਘ ਬਹਾਦਰ’, ‘ਮਾਂ ਹੁੰਦੀ ਏ ਮਾਂ’ (ਸ਼ਾਹਕਾਰ ਰਚਨਾ), ‘ਵੇ ਮੈਂ ਅੱਡ ਕੇ ਖੁਦਾ ਅੱਗੇ ਪੱਲਾ, ਚੰਨਾ ਮੈਂ ਤੇਰੀ ਖੈਰ ਮੰਗਦੀ, ‘ਮੇਰਾ ਧੀਦੋ ਰਾਂਝਾ ਬੇ ਪਰਵਾਹ ਕੁੜੀਓ, ਉਹਦੀ ਅੱਖੀਆਂ ‘ਚ ਵਸਦਾ ਖੁਦਾ ਕੁੜੀਓ’ ਆਦਿ ਅਨੇਕਾਂ ਗੀਤ।
ਅੱਜ ਗਾਇਕੀ ਦੇ ਹੜ੍ਹ ਰੁੜੇ ਗਾਇਕੀ ਦੀ ਗਿਣਤੀ ਕਰਨੀ ਔਖੀ ਹੀ ਨਹੀਂ ਸਗੋਂ ਨਾ- ਮੁਮਕਿਨ ਵੀ ਹੈ। ਅੱਜ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿਚ ਅਣਗਿਣਤ ਗਵੱਈਏ ਬਣੇ ਬੈਠੇ ਹਨ। ਪਰ ਮੰਜੇ ਜੋੜ ਟੰਗੇ ਸਪੀਕਰਾਂ ਤੋਂ ਲੈ ਕੇ ਇੰਟਰਨੈਟ ਤੱਕ ਕੁਲਦੀਪ ਮਾਣਕ, ਅਮਰ ਸਿੰਘ ਚਮਕੀਲਾ, ਮੁਹੰਮਦ ਸਦੀਕ, ਯਮਲ੍ਹਾ ਜੱਟ ਨੂੰ ਅੱਜ ਵੀ ਸੁਣਿਆ ਜਾਂਦਾ ਹੈ ਤੇ ਇਹਨਾਂ ਦੀ ਗਾਇਕੀ ਦੇ ਪੱਕੇ ਮੁਰੀਦ ਹਨ ਸੁਣਨ ਵਾਲੇ। ਤੂੰਬੀ, ਢੋਲਕੀ, ਵਾਜਾ, ਘੜਾ, ਅਲਗੋਜ਼ੇ ਵਰਗੇ ਲੋਕ-ਸਾਜ਼ਾਂ ਨਾਲ ਗਾ ਕੇ ਆਪਣੀ ਪੈੜ ਨੂੰ ਅਮਿੱਟ ਕਰ ਛੱਡਿਆ ਹੈ ਮਾਣਕ ਨੇ । ਜਿਸ ਨਾਲ ਮਾਣਕ ਨੂੰ ਸਦੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਨਵੇਂ ਗਾਇਕਾਂ ਨੂੰ ਵੀ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਮਾਣਕ ਇਕ ਸੱਚਾ-ਸੁੱਚਾ ਗਵੱਈਆ ਤੇ ਕਲਾ ਦਾ ਧਨੀ ਹੈ ਤਾਂ ਹੀ ਅੱਜ ਮਾਣਕ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਬੈਠਿਆ ਹੈ। ਅੱਜ ਦੇ ਗਵੱਈਏ ਵਿਦੇਸ਼ਾਂ ਵਿਚ ਮਹਿੰਗੀਆਂ ਥਾਵਾਂ, ਨੰਗ-ਧੜੰਗੀਆਂ ਕੁੜੀਆਂ ਦੀ ਅੰਗ- ਪ੍ਰਦਰਸ਼ਨੀ ਕਰਕੇ ਆਪਣੀ ਕੈਸਟ ਨੂੰ ਹਿੱਟ ਕਰਨ ਦੇ ਚੱਕਰਾਂ ‘ਚ ਭਟਕੇ ਹੋਏ ਹਨ।
ਕੁਲਦੀਪ ਮਾਣਕ ਨੂੰ ਗੱਲਾਂ ਚੋਪੜ ਕੇ ਨਹੀਂ ਕਰਨੀਆਂ ਆਉਂਦੀਆਂ। ਉਸਨੂੰ ਮੂੰਹ ਤੇ ਹਾਂ ਜੀ, ਹਾਂ ਜੀ, ਤੇ ਪਿੱਠ ਪਿੱਛੇ ਗਾਲ੍ਹਾਂ ਦਾ ਮੀਂਹ ਨਹੀਂ ਵਰਾਉਣਾ ਆਉਂਦਾ। ਉਹ ਸਿੱਧਾ ਸਾਦਾ ਇਨਸਾਨ ਪਹਿਲਾਂ ਅਤੇ ਗਵੱਈਆ ਬਾਅਦ ਵਿਚ ਹੈ। ਉਹ ਗੱਲ ਕਹਿਣ ਲੱਗਿਆਂ ਇਹ ਨਹੀਂ ਦੇਖਦਾ ਕਿ ਕੌਣ ਹੈ ਤੇ ਕੀ ਕਰਦਾ ਹੈ ? ਕੀ ਨਾਂ ਹੈ? ਜੇਕਰ ਉਸਨੂੰ ਕੋਈ ਘਾਟ ਰੜਕ ਪਵੇ ਤਾਂ ਉਦੋਂ ਹੀ ਕਹਿ ਛੱਡਦਾ। ਕਈ ਗਵੱਈਆਂ ਨਾਲ ਉਸਦੇ ਇਸ ਤਰ੍ਹਾਂ ਦੇ ਕੀਤੇ ਸਲੂਕ ਦਾ ਖਮਿਆਜ਼ਾ ਮੈਨੂੰ ਵੀ ਭੁਗਤਣਾ ਪਿਆ ਜਿਨ੍ਹਾਂ ਨੇ ਕੁਲਦੀਪ ਮਾਣਕ ਦੀ ਕਿੜ ਮੇਰੇ ਵਿਚੋਂ ਹੀ ਕੱਢੀ। ਮੈਨੂੰ ਵਧ ਘੱਟ ਕਿਹਾ ਤੇ ਮਾਣਕ ਨੂੰ ਤਾਂ ਕਹਿਣਾ ਹੀ ਸੀ… “ਲੈ ਲੈ… ਬੜਾ ਬਣਦਾ ਏਂ ਆਪਣੇ ਆਪ ਵਿਚ ‘ਕਲੀਆਂ ਦਾ ਬਾਦਸ਼ਾਹ’ ਉਸਨੂੰ ਬੋਲਣ ਦਾ ਤਾਂ ਪਤਾ ਨਹੀਂ ।” ਮੈਂ ਵੀ ਥਾਏਂ ਹੀ ਟੋਕ ਦਿੰਦਾ ਤੇ ਦੱਸਦਾ, “ਜੀ ਉਹ ‘ਕਲੀਆਂ’ ਨਹੀਂ ‘ਲੋਕ ਗਾਥਾਵਾਂ ਦੇ ਬਾਦਸ਼ਾਹ’ ਨੇ ਕਿਉਂਕਿ ਕੁਲਦੀਪ ਮਾਣਕ ਜੀ ਨੇ ਆਪਣੇ ਹੁਣ ਤੱਕ ਦੇ ਗਾਇਕੀ ਸਫਰ ਵਿਚ ‘ਕਲੀਆਂ’ ਗਿਣਤੀ ਦੀਆਂ ‘ਤੇਰਾਂ’ ਹੀ ਗਾਈਆਂ ਹਨ ਜਿਨ੍ਹਾਂ ਵਿਚ ‘ਦਸ ਕਲੀਆਂ’ ਥਰੀਕਿਆਂ ਵਾਲੇ ਦੇਵ ਉਰਫ ਹਰਦੇਵ ਦਿਲਗੀਰ, ਇੱਕ ਕਲੀ ਸਿੱਧੂ ਕਣਕਵਾਲੀਆ ਤੇ ਦੋ ਗਿੱਲ ਜੱਬੋਮਾਜਰੇ ਵਾਲਿਆਂ ਦੀਆਂ ਹਨ।” ਜਿਨ੍ਹਾਂ ਦੀ ਅੱਗੇ ਸੂਚੀ ਵੀ ਸ਼ਾਮਿਲ ਕੀਤੀ ਗਈ ਹੈ। ਇਹ ਗੱਲ ਮੰਨਣ ਵਾਲੀ ਹੈ ਕਿ ਕੁਲਦੀਪ ਮਾਣਕ ਨੇ ਜੋ ਪੰਜਾਬੀ ਗਾਇਕੀ ਵਿਚ ਮੀਲ ਪੱਥਰ ਗੱਡਿਆ ਹੈ ਉਹ ਆਉਂਦੀਆਂ ਪੀੜ੍ਹੀਆਂ ਲਈ ਮੰਜ਼ਿਲ ਹੋਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਣਕ ਸਾਹਿਬ ਵਿਚ ਕੁਝ ਘਾਟਾਂ ਵੀ ਨੇ ਪਰ ਜਿਨ੍ਹਾਂ ਬਾਰੇ ਹਰ ਇਕ ਨੂੰ ਪਤਾ। ਪਰ ਸਾਨੂੰ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਅੱਜ ਇਸ ਦੁਨੀਆ ਵਿਚ ਕੋਈ ਵੀ ਪੂਰਨ ਨਹੀਂ । ਉਹ ਭਾਵੇਂ ਮੈਂ ਜਾਂ ਤੁਸੀਂ ਓਂ। ਪਰ ਹਰ ਇਕ ਇਨਸਾਨ ਨੂੰ ਆਪਣੇ ਵਿਚਲੀਆਂ ਘਾਟਾਂ ਨਹੀਂ ਰੜਕਦੀਆਂ। ਇਹ ਗੱਲ ਬਿਲਕੁਲ ਸੱਚ ਹੈ ਕਿ ਮਾਣਕ ਕਿਸੇ ਲਈ ਨਜਾਇਜ਼ ਖਰਚੀਲਾ ਨਹੀਂ ਉਹ ਦਾਰੂ ਪੀਂਦਾ ਹੈ ਪਰ ਮਾਣਕ ਦੀ ਦਾਰੂ ਰਤਾ ਵੀ ਗਲਤ ਨਹੀਂ ਬੇਸ਼ੱਕ ਰੱਜ ਕੇ ਪੀਂਦਾ ਹੈ। ਪਰ ਅੱਜ ਤੱਕ ਮੂੰਹ ਪਾੜ, ਮੰਗ ਕੇ ਨਹੀਂ ਪੀਤੀ। ਉਹ ਆਪ ਵੀ ਮੰਨਦਾ ਹੈ ਕਿ ਮੈਂ ਦਾਰੂ ਪੀਂਦਾ ਸੀ ਤੇ ਪੀਂਦਾ ਹਾਂ । ਇਥੋਂ ਇਹ ਗੱਲ ਬਿਲਕੁਲ ਸਾਫ ਹੋ ਜਾਂਦੀ ਹੈ ਕਿ ਉਹ ਹੋਰਾਂ ਲਈ ਹੀ ਕੋਰਾ ਨਹੀਂ ਉਹ ਆਪਣੇ ਆਪ ਲਈ ਵੀ ਸਾਫ ਤੇ ਬੇਬਾਕ ਹੈ।
ਜਿਵੇਂ ਪਿੱਛੇ ਪੜ੍ਹਨ ਨੂੰ ਮਿਲਿਆ ਕਿ ਕਈ ਲੋਕਾਂ ਨੇ ਮਾਣਕ ਦੀਆਂ ਕਹੀਆਂ ਗੱਲਾਂ ਦਾ ਰੋਸਾ ਪ੍ਰਗਟ ਕੀਤਾ। ਇਹੋ ਜਿਹਾ ਮੇਰੇ ਨਾਲ ਇਕ ਨਹੀਂ ਕਈ ਵਾਰ ਹੋਇਆ ਪਰ ਮੈਂ ਨਿੱਕੀਆਂ ਗੱਲਾਂ ਨੂੰ ਵੱਡੀਆਂ ਬਣਾਉਣਾ ਨਹੀਂ ਸਿੱਖਿਆ ਕਿਉਂਕਿ ਸ਼ੁਰੂ ਵਿਚ ਮੈਨੂੰ ਉਸਦੇ ਇਕ ਸਵ: ਸਟੇਜ ਸੈਕਟਰੀ ਨੇ ਕਿਹਾ ਸੀ, “ਮਾਣਕ ਇੱਕ ਰੱਬੀ ਰੂਹ ਹੈ, ਜਿਸ ਨੇ ਮਾਣਕ ਦੀ ਗਾਲ੍ਹ ਬਰਦਾਸ਼ਤ ਕਰ ਲਈ, ਉੱਚਾ ਨੀਵਾਂ ਸਿਰ ਮੱਥੇ ਕਬੂਲਿਆ ਸਮਝੋ ਉਹ ਪਾਰ ਏ।” ਜਿਵੇਂ ਮੈਂ ਨਹੀਂ ਮਾਣਕ ਦੀ ਕਿਸੇ ਗੱਲ ਦਾ ਬੁਰਾ ਮਨਾਇਆ, ਇਸੇ ਤਰ੍ਹਾਂ ਮਾਣਕ ਦੇ ਪ੍ਰਸ਼ੰਸਕਾਂ ਨੇ ਵੀ ਕਦੇ ਬੁਰਾ ਨਹੀਂ ਮਨਾਇਆ, ਸਗੋਂ ਯਾਦਾਂ ਜ਼ਿੰਦਗੀ ਦੇ ਪੱਲੇ ਨਾਲ ਬੰਨ੍ਹੀ ਫਿਰਦੇ ਹਨ। ਜੋ ਬੜੇ ਚਾਅ ਨਾਲ ਦੱਸਦੇ ਨੇ “ਮੈਨੂੰ ਫਲਾਣੇ ਸਾਲ ਫਲਾਣੇ ਪਿੰਡ ਅਖਾੜਾ ਸੀ ਮਾਣਕ ਨੇ ਮੈਨੂੰ ਇਉਂ ਕਿਹਾ।”
ਇਸੇ ਤਰ੍ਹਾਂ ਜਦੋਂ ਮੈਂ ਪਹਿਲੀ ਕਿਤਾਬ ਲਿਖਣੀ ਸ਼ੁਰੂ ਕਰਨੀ ਸੀ ਤਾਂ ਮੈਂ ਮਾਣਕ ਨੂੰ ਮਿਲਣ ਗਿਆ। ਪਰ ਦੋ ਤਿੰਨ ਵਾਰ ਉਸਦੇ ਚੇਲਿਆਂ ਨੇ ਟਾਲਾ-ਟੱਪਾ ਲਾ ਕੇ ਤੋਰ ਦਿੱਤਾ। ਇਕ ਦਿਨ ਉਸਦਾ ਇਕ ਚੇਲਾ ਮੈਨੂੰ ਪੈਰੋਂ ਲੈ ਕੇ ਉਪਰ ਤੱਕ ਤੱਕਦਾ ਬੋਲਿਆ, “ਤੂੰ ਲਿਖੇਂਗਾ ਕਿਤਾਬ ਉਸਤਾਦ ਜੀ ਤੇ ? ਪਹਿਲਾਂ ਵੀ ਲਿਖਣ ਲੱਗੇ ਸਨ ਦੋ ਲਿਖਾਰੀ ਪਰ ਉਹਨਾਂ ਤੋਂ ਤਾਂ ਹੁਣ ਤੱਕ ਲਿਖੀ ਨਾ ਗਈ। ਆਖਰ ਹੁਣ ਮੈਂ ਆਪਣੇ ਇਕ ਮਿੱਤਰ ਨੂੰ ਉਸਤਾਦ ਜੀ ਦੀ ਕਿਤਾਬ ਲਿਖਣ ਦਾ ਕੰਮ ਸੌਂਪਿਆ। “ਮੈਂ ਪੁੱਛਿਆ ਕਿੱਧਰ ਨੇ ਉਹ ਬਾਈ ਜੀ ਮਿਲਾਓ ਤਾਂ ਸਹੀ।” ਉਸ ਨੇ ਉੱਤਰ ਦਿੱਤਾ, “ਉਹ ਅੱਡ-ਅੱਡ ਲੇਖਕਾਂ ਤੋਂ ਲੇਖ ਇਕੱਠੇ ਕਰਕੇ ਛਾਪ ਰਿਹਾ ਏ।” ਮੈਂ ਉਸਨੂੰ ਆਪਣਾ ਖੱਬਾ ਕੰਨ ਖੁਰਕਦਿਆਂ ਕਿਹਾ, “ਬਾਈ ਜੀ, ਕਿਤਾਬ ਨਹੀਂ ਲਿਖੀ ਗਈ ਤਾਂ ਨਾ ਸਹੀ ਉਂਜ ਤੁਸੀਂ ਮੈਨੂੰ ਮਾਣਕ ਸਾਹਿਬ ਦੇ ਦਰਸ਼ਨ ਤਾਂ ਕਰਾ ਦਿਓ, ਦੇਖੋ ਮੈਂ ਕਿੰਨੀ ਵਾਰ ਖਾਲੀ ਮੁੜ ਗਿਆ ਹਾਂ। ਮੈਂ ਤਾਂ ਆਪ ਆਪਣੇ ਦੋਸਤਾਂ-ਮਿੱਤਰਾਂ ਤੋਂ ਪੈਸੇ ਫੜ ਕਿਰਾਇਆ ਭਾੜਾ ਲਾ ਕੇ ਆਉਂਦਾ ਹਾਂ। ਹੁਣ ਉਹ ਬਾਣੀਆ ਵੀ ਨਈਂ ਦੇਂਦਾ ਜਿਸ ਕੋਲ ਮੈਂ ਨੌਕਰੀ ਕਰਦਾ ਸਾਂ । ਮੈਂ ਕੋਈ ਘਰੋਂ ਐਡਾ ਸਰਦਾ ਪੁਜਦਾ ਨਹੀਂ।” ਉਸ ਵਿਚਾਰੇ ਨੇ ਮੇਰੀ ਗੱਲ ਮੰਨ ਲਈ। ਕੁਝ ਚਿਰਾਂ ‘ਚ ਮਾਣਕ ਸਾਹਿਬ ਤੇ ਬੀਬੀ ਸਰਬਜੀਤ ਮਾਣਕ ਆਣ ਪਹੁੰਚੇ । ਮੈਂ ਆਪਣਾ ਵੇਰਵਾ ਦਿੱਤਾ ਤੇ ਸਾਰੀ ਗੱਲ ਬਾਤ ਦੱਸੀ ਤਾਂ ਮਾਣਕ ਪੈਂਦਾ ਹੀ ਬੋਲਿਆ, “ਯਾਰ ਇਹ ਲੇਖਕ, ਪੱਤਰਕਾਰ ਕੋਈ ਚੰਗੇ ਨਹੀਂ ਹੁੰਦੇ ਕਿਉਂਕਿ ਇਹਨਾਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ। ਦੋ-ਤਿੰਨ ਵਰ੍ਹੇ ਪਹਿਲਾਂ ਵੀ ਲਿਖਣ ਲੱਗੇ ਸਨ ਮੇਰੇ ਤੇ ਤਿੰਨ ਕੁ ਲਿਖਾਰੀ ਕਿਤਾਬਾਂ, ਪਰ ਉਹਨਾਂ ਤੋਂ ਤਾਂ ਲਿਖੀ ਨਾ ਗਈ ਇਕ, ਐਵੇਂ ਦਸ ਕੁ ਪੰਨੇ ਜਿਹੇ ਲਿਖ ਕੇ ਆ ਜਿਆ ਕਰੇ, “ਮਾਣਕ ਸਾਹਿਬ ਮੈਂ ਤੁਹਾਡੇ ਤੇ ਕਿਤਾਬ ਲਿਖ ਰਿਹਾ ਹਾਂ ।” ਜੇ ਉਹਨੂੰ ਕੋਈ ਪੁੱਛੇ ਕਿ ਮੇਰੇ ਜਨਮ ਬਾਰੇ ਮੈਂ ਜਾਣਦਾ ਕਿ ਲੋਕ। ਚਲੋ ਇਹ ਤਾਂ ਮੈਂ ਮੰਨਦਾ ਹਾਂ ਕਿ ਮੇਰੀਆਂ ਆਦਤਾਂ ਬਾਰੇ, ਸੁਭਾਅ ਬਾਰੇ ਸਭ ਦੱਸ ਸਕਦੇ ਹਨ, ਉਹਨਾਂ ਦਾ ਹੱਕ ਵੀ ਬਣਦੈ ਪਰ ਐਵੇਂ ਭਕਾਈ ਮਾਰਨ ਦਾ ਕੀ ਫਾਇਦਾ। ਇੱਕ ਹੋਰ ਪਤਾ ਨਹੀਂ ਕਿੱਥੋਂ ਦਾ ਸੀ ਇਕ ਦੋ ਵਾਰ ਆਇਆ ਮੁੜ ਕੇ ਨਹੀਂ ਬਹੁੜਿਆ। ਮੈਨੂੰ ਲੱਗਦਾ ਤੂੰ ਵੀ ਐਵੇਂ ਹੀ ਕਰੇਂਗਾ। “ ਮੈਂ ਆਪਣੇ ਆਪ ਨੂੰ ਕੜਿੱਕੀ ‘ਚ ਫਸਿਆ ਮਹਿਸੂਸ ਕੀਤਾ। ਮੈਨੂੰ ਮੌਕੇ ਤੇ ਔੜੀ, “ਮਾਣਕ ਸਾਬ੍ਹ ਤੁਹਾਡੀ ਤਾਂ ਪੰਜਾਬੀ ਸੱਭਿਆਚਾਰ ਨੂੰ ਐਨੀ ਵੱਡੀ ਦੇਣ ਏਂ ‘ਲੋਕ ਗਾਧਾਵਾਂ’ ਤੇ ‘ਸਿੱਖ ਇਤਿਹਾਸ’ ਨੂੰ ਸਭ ਤੋਂ ਵੱਡੀ ਗਿਣਤੀ ਵਿੱਚ ਤੁਸੀਂ ਗਾਇਆ ਏ । ਤੁਹਾਨੂੰ ਤਾਂ ਪਦਮਸ਼ੀ ਅਵਾਰਡ ਨਾਲ ਨਵਾਜਿਆ ਜਾਣਾ ਚਾਹੀਦਾ ਏ.. ਸ਼੍ਰੋਮਣੀ ਅਵਾਰਡ ਤਾਂ ਆਪ ਜੀ ਦੇ ਕਲਾ ਕੱਦ ਅੱਗੇ ਬੌਣਾ-ਏਂ- ਬੌਣਾ।” ਮੇਰੇ ਮੁੱਖ ਵੰਨੀ ਦੇਖਦਿਆਂ ਮਾਣਕ ਨੇ ਹਾਂ ‘ਚ ਹਾਮੀ ਭਰ ਦਿੱਤੀ। ਮੈਂ ਦੋ ਸਾਲ ਮਾਣਕ ਦੇ ਨਾਲ-ਨਾਲ ਘੁੰਮ-ਘੁੰਮ ਕੇ ਪ੍ਰੋਗਰਾਮਾਂ, ਵਿਆਹਾਂ ਤੇ ਮਰਨਿਆਂ-ਪਰਨਿਆਂ ਤੇ ਨਾਲ-ਜਾ-ਜਾ ਉਸਨੂੰ ਅੰਦਰੋਂ ਫਰੋਲਣ ਦੀ ਕੋਸ਼ਿਸ਼ ਕਰਦਾ। ਮਾਣਕ ਦੇ ਔਗੁਣਾਂ ਨਾਲ ਗੁਣ ਵੱਧ ਉਭਰ ਕੇ ਸਾਹਮਣੇ ਆਏ। ਮੈਂ ਬੈਠ ਕੇ ਅੱਧੀ-ਅੱਧੀ ਰਾਤ ਤੱਕ ਲਿਖਦਾ ਰਹਿੰਦਾ। ਉਸਦੀ ਫ਼ਿਲਮ ਮੇਰੀਆਂ ਨਜ਼ਰਾਂ ਸਾਹਮਣੇ ਘੁੰਮਦੀ ਰਹਿੰਦੀ ਅਤੇ ਮੈਂ ਉਸ ਨੂੰ ਸ਼ਬਦਾਂ ਦਾ ਪਾਹ ਦੇ ਲੈਂਦਾ। ਕੋਰੇ ਕਾਗਜ਼ਾਂ ਤੇ ਕਲਮ ਭੱਜੀ ਫਿਰਦੀ। ਦਰ-ਦਰ ਘੁੰਮ ਕੈਨੇਡਾ, ਪਾਕਿਸਤਾਨ ਤੇ ਭਾਰਤ ਰਹਿੰਦੀਆਂ ਸ਼ਖ਼ਸੀਅਤਾਂ ਨਾਲ ਰਾਬਤਾ ਬਣਾਇਆ ਤੇ ਕਿਤਾਬ ਤਿਆਰ ਹੋ ਗਈ।
ਕਈਆਂ ਨੇ ਥੱਬੇ ਭਰ ਫੋਟੂਆਂ ਭੇਜ ਦਿੱਤੀਆਂ ਕਿ ਸਾਡੀਆਂ ਫੋਟੂਆਂ ਕਿਤਾਬ ਵਿਚ ਜ਼ਰੂਰ ਛਾਪਿਓ ਪਰ ਕਿਸੇ ਨੇ ਖਰਚੇ ਲਈ ਪੱਲਾ ਨਾ ਫੜਾਇਆ। ਉਹਨਾਂ ਲੋਕਾਂ ਤੋਂ ਕੀ ਆਸ ਕਰਨੀ ਜਿਨ੍ਹਾਂ ਘਰੇ ਬੁਲਾ ਕੇ ਮੰਦਾ-ਚੰਗਾ ਬੋਲਿਆ, ਚਾਹ ਤਾਂ ਕੀ ਪਾਣੀ ਤੱਕ ਨਹੀਂ ਪੁੱਛਿਆ।
ਇਕ ਦਿਨ ਅੱਧੀ ਰਾਤ ਨੂੰ ਉਦਾਸ ਚਿਤ ਕਿਤਾਬ ਦਾ ਤਿਆਰ ਕੀਤਾ ਖਰੜਾ ਹੱਥਾਂ ‘ਚ ਫੜ੍ਹ ਮੱਥੇ ਨਾਲ ਲਾਈ ਬੈਠਾ ਕਿ ਮੇਰੇ ਕੰਨਾਂ ‘ਚ ਕੈਨੇਡਾ ਰਹਿੰਦੇ ਸਾਹਿਬ ਥਿੰਦ ਦੇ ਬੋਲ ਗੂੰਜੇ, “ਜੇ ਲੋੜ ਪਈ ਤਾਂ ਯਾਦ ਕਰ ਲਈ, ਮੈਂ ਕੁਝ ਵੀ ਕਰ ਸਕਦਾ ਹਾਂ ਮਾਣਕ ਲਈ। ਉਹ ਮੇਰਾ ਭਰਾ ਐ ਭਰਾ, ਉਸ ਲਈ ਮੇਰੀ ਜਾਨ ਵੀ ਹਾਜ਼ਰ ਏ, ਮੈਂ ਤੇਰੀ ਨੱਠ-ਭੱਜ ਅਤੇ ਲਗਨ ਦੀ ਕਦਰ ਕਰਦਾ ਵਾਂ, ਕਿਤੇ ਤੇਰੀ ਮਿਹਨਤ ਵਿਅਰਥ ਹੀ ਨਾ ਚਲੀ ਜਾਵੇ ਮੈਨੂੰ ਦੁੱਖ ਲੱਗੂ ।” ਮੈਂ ਜਦੋਂ ਫੋਨ ਕੈਨੇਡਾ ਨੂੰ ਘੁੰਮਾਇਆ ਤੇ ਥਿੰਦ ਸਾਹਿਬ ਨੂੰ ਸਾਰੀ ਗੱਲ ਬਾਤ ਦੱਸੀ ਤਾਂ ਉਸਨੇ ਮੈਨੂੰ ਬੇਫਿਕਰ ਹੋ ਜਾਣ ਲਈ ਕਿਹਾ ਤੇ ਅਗਲੇ ਦਿਨ ਉਸਨੇ ਤੋ ਮਾਣਕ ਦੇ ਲਾਡਲੇ ਸ਼ਗਿਰਦ ਗਾਇਕ ਸੁਖਦੇਵ ਦਾਰਾਪੁਰੀਆ ਨੇ ਰਲ ਕੇ ਪੈਸੇ ਭੇਜ ਦਿੱਤੇ ਤੇ ਕਿਤਾਬ ਗਿਣਵੇਂ ਦਿਨਾਂ ‘ਚ ਛਪ ਵੀ ਗਈ। ਮੈਂ ਪਹਿਲੀ ਕਾਪੀ ਥਿੰਦ ਸਾਹਿਬ ਲਈ ਕੈਨੇਡਾ ਭੇਜੀ ਤਾਂ ਉਸਨੇ ਮੈਨੂੰ ਕਿਤਾਬ ਭੇਜਣ ਬਦਲੇ ਬਣਦਾ-ਸਰਦਾ ਸ਼ਗਨ ਭੇਜਿਆ ਅਤੇ ਉਨ੍ਹਾਂ ਨੇ ਆਪ ਹੀ ਕਿਤਾਬ ਕੈਨੇਡਾ ‘ਚ ਰਿਲੀਜ਼ ਵੀ ਕੀਤੀ। ਮੈਥੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਕਿਉਂਕਿ ਜਿਸ ਦੀ ਘਰ ਪੁੱਛ ਪ੍ਰਤੀਤ ਨਹੀਂ ਉਸਦੀ ਲਿਖੀ ਕਿਤਾਬ ਕੈਨੇਡਾ ‘ਚ ਰਿਲੀਜ਼ ਹੋ ਚੁੱਕੀ ਸੀ । ਲੋਕਾਂ ਨੇ ਫੋਨਾਂ, ਚਿੱਠੀ ਦੇ ‘ਨੇਰੀ ਲਿਆਣੀ ਪਈ ਸੀ ਹਰ ਕੋਈ ਇਓਂ ਹੀ ਕਹਿ ਰਿਹਾ ਸੀ, “ਤੁਸੀਂ ਬਹੁਤ ਵਧੀਆ ਕੰਮ ਕੀਤਾ ਏ ਇਹ ਕਿਸੇ ਆਮ ਬੰਦੇ ਦੇ ਕਰਨ ਦਾ ਨਹੀਂ ਸੀ । ਬਾਕੀ ਤੁਹਾਡੀ ਸ਼ੈਲੀ ਵੀ ਕਮਾਲ ਏ ਕਿਸੇ ਡਿਕਸ਼ਨਰੀ ਨੂੰ ਫਰੋਲਣੇ ਦੀ ਲੋੜ ਨਹੀਂ ਪੈਂਦੀ ਜਮ੍ਹਾਂ ਈ ਪਾਠਕਾਂ ਦੇ ਕੱਦ ਦੀ ਲਿਖੀ, ਪੰਡਤਾਊ ਭਾਸ਼ਾ ਵੀ ਨਹੀਂ ਵਰਤੀ, ਕਿਤਾਬ ਪੜ੍ਹ ਕੇ ਪਤਾ ਲੱਗਦਾ ਏ ਮਾਣਕ ਦੇ ਜੀਵਨ ਬਾਰੇ ਅੱਜ ਦੇ ਚਾਰ ਦਿਨ ਲਾ ਕਿਸੇ ਟੁੱਟੇ-ਭੱਜੇ ਗਵੱਈਏ ਕੋਲ ਤੇ ਬਣ ਜਾਂਦੇ ਨੇ ਗਵੱਈਏ।”
ਜਦੋਂ ਮੈਂ ਛਪੀ ਕਿਤਾਬ ਕੁਲਦੀਪ ਮਾਣਕ ਦੇ ਹੱਥਾਂ ‘ਚ ਲਿਆ ਥਮਾਈ ਤਾਂ ਮਾਣਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ। ਉਹ ਕਿਤਾਬ ਘੁਮਾ-ਘੁਮਾ ਕੇ ਦੇਖ ਰਿਹਾ ਸੀ। ਨਾਲ ਹੀ ਮੈਂ ਇਕ ਹੋਰ ਖੁਸ਼ਖਬਰੀ ਵੀ ਸੁਣਾ ਦਿੱਤੀ ਕਿ ਮੈਂ ਆਪ ਜੀ ਤੇ ਇਕ ਹੋਰ ਕਿਤਾਬ ਸੰਪਾਦਿਤ ਵੀ ਕਰ ਰਿਹਾ ਹਾਂ। ਤਾਂ ਮਾਣਕ ਹੱਸਦਾ ਹੋਇਆ ਕਹਿਣ ਲੱਗਿਆ, “ਉਹ ਬੱਸ ਕਰ ਬੱਸ ਹੁਣ, ਮੈਨੂੰ ਘਸਾ ਕੇ ਹੀ ਸਾਹ ਲਏਂਗਾ ਹੱਟ ਵੀ ਜਾ ਮੇਰੇ ਯਾਰ, ਥੋੜ੍ਹੇ ਦਿਨਾਂ ਪਿੱਛੋਂ ਲਿਖ ਦੇਂਦਾ ਏਂ ਕੋਈ ਨਾ ਕੋਈ ਕਿਤਾਬ ਤੇ ਲੇਖ ਤੂੰ ਤਾਂ ਮੈਨੂੰ ਨਿੱਤ ਅਖਬਾਰਾਂ ’ਚ ਛਪਣ ਲਾਤਾ ਕਿਤਾਬ ਲਿਖ ਕੇ, ਮੈਨੂੰ ਆਸ ਨਹੀਂ ਸੀ ਕਿ ਤੂੰ ਜਵਾਕੜਿਆ ਇੰਨਾ ਹਿੰਮਤੀ ਤੇ ਸਿਆਣਾ ਏਂ ਪਰ ਗੱਲੋਂ ਜ਼ਰੂਰ ਤਿੱਖਾ ਲੱਗਦਾ ਸੀ, ਜਿੱਦਣੇਂ ਪਹਿਲੇ ਦਿਨ ਤੂੰ ਮੈਨੂੰ ਮਿਲਿਆ ਸੀ । ਪਤਾ? ਲੋਕ ਫੋਨ ਨੂੰ ਸਾਹ ਨਹੀਂ ਆਉਣ ਦਿੰਦੇ ਹਰ ਕੋਈ ਕਿਤਾਬ ਦੀਆਂ ਵਧਾਈਆਂ ਦਈ ਜਾਂਦਾ ਏ ਪੜ੍ਹ-ਪੜ੍ਹ, ਖਰੀਦ-ਖਰੀਦ ।” ਮੈਂ ਗੱਲ ਕੱਟਦਿਆਂ ਕਿਹਾ, “ਬਾਪੂ ਜੀ ਮੈਂ ਤਾਂ ਬੱਸ ਆਹੀ ਸਾਬਤ ਕਰਨਾ ਕਿ ਪੰਜ ਉਂਗਲਾਂ ਕਦੇ ਇਕ-ਸਾਰ ਨਹੀਂ ਹੁੰਦੀਆਂ ਕਿਉਂਕਿ ਤੁਹਾਡੇ ਇਕ ਸ਼ਗਿਰਦ ਨੇ ਮੈਨੂੰ ਬੋਲ ਮਾਰਿਆ ਸੀ !, ‘ਲੈ ਲੈ ਤੂੰ ਲਿਖੇਂਗਾ ਉਸਤਾਦ ਜੀ ਦੇ ਜੀਵਨ ਤੇ ਕਿਤਾਬ। ਹਾਂ ਸੱਚ! ਬਾਪੂ ਜੀ, ਨਾਲੇ ਤੁਹਾਡੀ ਕਿਤਾਬ ਤੇ ਵਿਦਿਆਰਥੀ ਹੁਣ ਖੋਜ ਪੱਤਰ ਲਿਖ ਰਹੇ ਨੇ ਖੋਜ ਪੱਤਰ।”
ਜੇਕਰ ਮੈਂ ਆਹ ਸਭ ਕੁਝ ਨਾ ਲਿਖਿਆ ਤਾਂ ਮੈਨੂੰ ਆਪਣੀ ਲਿਖੀ ਕਿਤਾਬ ਆਪਣੇ ਆਪ ਨੂੰ ਊਣੀ (ਬੌਣੀ) ਲੱਗੇਗੀ ਜਿਸ ਬਾਰੇ ਦੱਸਣਾ ਜ਼ਰੂਰੀ ਹੈ। “ਲੋਕ ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਜੀਵਨ ਤੇ ਗਾਇਕੀ !” ਕਿਤਾਬ ਛਪਣ ਤੋਂ ਬਾਅਦ ਇੰਨੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਮੇਰੀ ਪਿੱਠ ਥਾਪੜੀ ਤੇ ਚਿੱਠੀਆਂ, ਫੋਨਾਂ ਨਾਲ ਮੇਰਾ ਹੌਸਲਾ ਦੂਣਾ ਕੀਤਾ। ਮਿਲੇ ਐਨੇ ਪਿਆਰ ਤੇ ਸਤਿਕਾਰ ਬਾਰੇ ਮੈਂ ਸੁਫਨਾ ਵੀ ਨਹੀਂ ਸੀ ਲੈ ਸਕਦਾ ਜਿਸ ਨਾਲ ਮੈਨੂੰ ਮਾਣਕ ਸਾਬ੍ਹ ਬਾਰੇ ਹੋਰ ਲਿਖਣ ਦਾ ਹੌਸਲਾ ਬਣਿਆ।
ਮੈਂ ਜੋ ਕੁਝ ਮਹਿਸੂਸ ਕੀਤਾ ਉਸੇ ਨੂੰ ਪਾਠਕਾਂ ਸਾਹਮਣੇ ਪੋਸਿਆ ਹੈ ! ਲੇਖਕਾਂ ਬਾਰੇ ਮੈਂ ਸੋਚਦਾ ਹਾਂ ਕਿ ਇਹ ਸਮਾਜ ਲਈ ਸ਼ੀਸ਼ਾ ਹੁੰਦੇ ਹਨ ਜਿਸ ਥਾਣੀ ਸਮਾਜ ਨੇ ਮੂੰਹ ਤੱਕਣਾ ਹੁੰਦਾ ਹੈ। ਪਰ ਜਦੋਂ ਸ਼ੀਸ਼ਾ ਧੁੰਦਲਾ ਜਾਂ ਉਸਤੇ ਝਰੀਟਾਂ ਪਈਆਂ ਹੋਣ ਤਾਂ ਸੋਹਣੇ ਤੋਂ ਸੋਹਣਾ ਮੁੱਖ ਵੀ ਸੋਹਣਾ ਨਜ਼ਰੀਂ ਨਹੀਂ ਪੈਂਦਾ। ਇਸੇ ਤਰ੍ਹਾਂ ਮੈਂ ਇਕ ਹੱਡ-ਹੰਢਾਈ ਸਾਂਝੀ ਕਰਨੀ ਜ਼ਰੂਰੀ ਸਮਝਦਾ ਹਾਂ ?
‘ਲੋਕ ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ’ ਛਪਣ ਤੋਂ ਬਾਅਦ ਇੱਕ ਦਿਨ ਇੱਕ ਲਿਖਾਰੀ ਘਰੇ ਮੈਂ ਤੇ ਸ. ਜਗਦੇਵ ਸਿੰਘ ਜੱਸੋਵਾਲ ਆਪ ਜਾ ਕੇ ਕਿਤਾਬ ਦੇ ਕੇ ਆਏ। ਉਹ ਘਰ ਨਹੀਂ ਸੀ । ਮੈਂ ਕੁਝ ਦਿਨ ਰੁਕਣ ਪਿੱਛੋਂ ਫੋਨ ਕੀਤਾ ਇਹ ਪੁੱਛਣ ਲਈ ਕਿ ਮੈਂ ਆਪ ਜੀ ਘਰੇ ਕਿਤਾਬ ਦੇ ਕੇ ਗਿਆ ਸੀ ਕੀ ਉਹ ਮਿਲ ਗਈ ? ਲਿਖਾਰੀ ਨੇ ਜਵਾਬ ਦਿੰਦਿਆਂ ਕਿਹਾ. “ਹਾਂ ਹਾਂ ਉਹ ਤਾਂ ਮੈਂ ਪੜ੍ਹ ਵੀ ਲਈ।” ਬੰਨਣ ਲੱਗ ਪਿਆ ਸਿਫਤਾਂ ਦੇ ਪੁਲ. “ਮੈਂ ਵੀ ਮਾਣਕ ਸਾਬ੍ਹ ਬਾਰੇ ਬਹੁਤ ਕੁਝ ਜਾਣਦਾ ਸੀ ਤੂੰ ਮੈਨੂੰ ਵੀ ਪੁੱਛ ਲੈਂਦਾ ਜੇ ਕੁਝ ਪੁੱਛਣਾ ਹੀ ਸੀ।” ਮੈਂ ਮੋੜਵਾਂ ਜਵਾਬ ਦੇਂਦਿਆਂ ਕਿਹਾ, “ਜੀ ਅੱਜ ਕੱਲ੍ਹ ਮੈਂ ਕੁਲਦੀਪ ਮਾਣਕ ਜੀ ਬਾਰੇ ਇਕ ਕਿਤਾਬ ਹੋਰ ਸੰਪਾਦਿਤ ਕਰ ਰਿਹਾ ਹਾਂ, ਤੁਸੀਂ ਵੀ ਇੱਕ ਲੇਖ ਲਿਖ ਭੇਜਣਾ।” ਉਸ ਨੇ ਖਿੜ੍ਹੇ ਮੱਥੇ ਹਾਮੀ ਭਰੀ। ਕੁਝ ਦਿਨਾਂ ਪਿੱਛੋਂ ਮੈਂ ਫੋਨ ਕੀਤਾ, ਚਿੱਠੀ ਪਾਈ ਉਸ ਨੇ ਕੋਈ ਹੁੰਗਾਰਾ ਨਾ ਦਿੱਤਾ । ਮੈਂ ਤਾਂ ਮੁੜ ਉਸ ਨਾਲ ਰਾਬਤਾ ਇਸ ਕਰਕੇ ਕਰ ਰਿਹਾ ਸਾਂ ਕਿ ਕਿਧਰੇ ਕੋਈ ਕੀਮਤੀ ਗੱਲ ਲਿਖਣੋਂ ਨਾ ਰਹਿ ਜਾਵੇ । ਮੇਰਾ ਕੁਝ ਨਹੀਂ ਜਾਂਦਾ ਦੁਬਾਰਾ ਰਾਬਤਾ ਕਰਨ ‘ਚ । ਆਖਰਕਾਰ ਇੱਕ ਦਿਨ ਉਸ ਨੇ ਕਿਹਾ ਕਿ ਤੂੰ ਆਣ ਕਿ ਲਿਖ ਲੈਜਾ ਮੈਂ ਬੋਲਦੂੰਗਾ ਤੂੰ ਲਿਖ ਲਈ, ਮੈਂ ਉਸਦੇ ਸੱਦੇ ਤੇ ਲੁਧਿਆਣੇ ਆਰਤੀ ਚੌਂਕ ਤੋਂ ਫੋਨ ਕੀਤਾ ਤਾਂ ਮੇਰੀ ਅਵਾਜ਼ ਸੁਣਦਿਆਂ ਹੀ ਉਸ ਨੇ ਫੋਨ ਕੱਟ ਦਿੱਤਾ। ਮੈਂ ਮੁੜ ਫੋਨ ਕੀਤਾ ਤਾਂ ਉਸ ਨੇ ਫੋਨ ਨਾ ਚੁੱਕਿਆ। ਮੈਂ ਕਾਫੀ ਚਿਰ ਟਰਾਈ ਕਰਦਾ ਰਿਹਾ । ਪੰਦਰਾਂ ਵੀਹ ਮਿੰਟਾਂ ਮਗਰੋਂ ਮੈਂ ਪੀ. ਸੀ. ਓ. ਤੋਂ ਫੋਨ ਕੀਤਾ ਤਾਂ ਉਸ ਨੇ ਚੁੱਕ ਲਿਆ। ਫੇਰ ਇਹ ਕਹਿ ਕੇ ਫੋਨ ਕੱਟ ਦਿੱਤਾ “ਕਾਕਾ ਮੈਂ ਅਜੇ ਬਿਜ਼ੀ ਆਂ, ਤੂੰ ਕਿਸੇ ਦਿਨ ਫੇਰ ਫੋਨ ਕਰੀਂ।” ਪਰ ਉਸ ਲਿਖਾਰੀ ਦਾ ਲਿਖਿਆ ‘ਲੇਖ’ ਅੱਜ ਤੱਕ ਵੀ ਨਹੀਂ ਪੁੱਜਾ। ਮੋਹਾਲੀ ਦੇ ਇਕ ਸ਼੍ਰੋਮਣੀ ਲਿਖਾਰੀ ਨੇ ਕਿਤਾਬ ਲਈ ਦੋ ਸ਼ਬਦ ਲਿਖਣ ਬਦਲੇ ਸੇਵਾਫਲ ਵੀ ਮੰਗਿਆ। ਮੈਂ ਉਸ ਤੋਂ ਇਹ ਕਹਿਕੇ ਪਿੱਛਾ ਛੁਡਾਇਆ, “ਸਰ, ਮੈਂ ਜਿਸ ਬਾਣੀਏ ਕੋਲ ਕੰਮ ਕਰਦਾ ਸੀ ਹੁਣ ਉਹ ਬਾਣੀਆ ਮੈਨੂੰ ਪੈਸੇ ਨਹੀਂ ਦੇਂਦਾ ਸਗੋਂ ਉਸਦੇ ਪੈਸੇ ਮੈਂ ਆਪ ਦੇਣੇ ਆਂ, ਨਹੀਂ ਤਾਂ ਆਪ ਜੀ ਨੂੰ ਜ਼ਰੂਰ ਸੇਵਾਫ਼ਲ ਦੇ ਦੇਂਦਾ । ਮੈਨੂੰ ਤੁਸੀਂ ਮਾਫ਼ੀ ਦਿਓ ਜੀ।” ਕਈਆਂ ਨੇ ਭੇਜੀ ਕਿਤਾਬ ਪੜ੍ਹ ਕੇ ਰਾਇ ਕੀ ਦੇਣੀ ਸਗੋਂ ਇੱਥੋਂ ਤੱਕ ਵੀ ਨਹੀਂ ਦੱਸਿਆ ਕਿ, “ਤੇਰੀ ਭੇਜੀ ਕਿਤਾਬ ਮਿਲ ਗਈ ਏ।”
ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕੁਲਦੀਪ ਮਾਣਕ ਦੇ ਅੰਗੁਣਾਂ ਨਾਲੋਂ ਗੁਣਾਂ ਨੂੰ ਪਹਿਲ ਦੇਣੀ ਬਣਦੀ ਏ । ਕਿਉਂਕਿ ਉਹ ਵੀ ਆਖਰ ਇਨਸਾਨ ਨੇ । ਕੋਈ ਨਾ ਕੋਈ ਤਾਂ ‘ਔਗੁਣ ਸਾਡੇ ਇਨ੍ਹਾਂ ਨਿੰਦਕਾਂ ‘ਚ ਵੀ ਹੋਵੇਗਾ ਜੋ ਮਾਣਕ ਦੇ ਗੁਣਾਂ ਨਾਲੋਂ ਔਗੁਣਾਂ ਨੂੰ ਜਗ ਜ਼ਾਹਰ ਕਰਦੇ ਫਿਰਦੇ ਹਨ।
ਮੈਂ ਕੁਲਦੀਪ ਮਾਣਕ ਦੀ ਸ਼ਖ਼ਸੀਅਤ, ਉਸਦੀਆਂ ਨੇਕ ਆਦਤਾਂ ਤੇ ਬੇਬਾਕੀ ਨੂੰ ਨਤਮਸਤਕ ਹਾਂ, ਮੈਨੂੰ ਮਿਲਿਆ ਇੰਨਾ ਪਿਆਰ ਸਤਿਕਾਰ ਸਭ ਕੁਲਦੀਪ ਮਾਣਕ ਦੀ ਬਦੋਲਤ ਹੈ !
“ਇਹ ਹੈ ਕੁਲਦੀਪ ਮਾਣਕ” ਪੁਸਤਕ ਵਿੱਚ ਸੱਤਰ ਦੇ ਕਰੀਬ ਵਿਦਵਾਨਾਂ ਦੇ ਵਿਚਾਰ ਸ਼ਾਮਿਲ ਕੀਤੇ ਸਨ । ਮੇਰਾ ਮਕਸਦ ਮਾਣਕ ਦੀ ਸ਼ਖ਼ਸੀਅਤ ਤੇ ਗਾਇਕੀ ਨੂੰ ਉਭਾਰਨਾ ਹੈ। ਇਸੇ ਕਰਕੇ ਵੱਖ-ਵੱਖਰ ਖੇਤਰਾਂ ‘ਚ ਨਾਮਣਾ ਖੱਟਣ ਵਾਲੇ ਵਿਦਵਾਨਾਂ ਤੇ ਮਾਣਕ ਬਾਰੇ ਵਿਚਾਰ ਲਏ ਗਏ। ਮੈਨੂੰ ਪੂਰੀ ਆਸ ਹੈ ਕਿ ਪਿਛਲੀ ਪੁਸਤਕ ਵਾਂਗ ਇਸ ਦੂਜੇ ਪੂਰ ਨੂੰ ਵੀ ਮਲਾਹਿਆ ਜਾਵੇਗਾ ਤੇ ਮੈਂ ਭਵਿੱਖ ਵਿੱਚ ਆਸ ਕਰਦਾ ਹਾਂ ਕਿ ਤੁਸੀਂ ਸਭ ਮੈਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਤੇ ਮੇਰਾ ਹੌਸਲਾ ਵਧਾਉਂਦੇ ਰਹੋਗੇ ਇਸੇ ਆਸ ਨਾਲ ਇਹ ਦੂਜਾ ਪੂਰ ਤੁਹਾਡੇ ਤੀਕ ਪੁੱਜਦਾ ਕੀਤਾ ਹੈ।
ਬਾਲ-ਵਰੇਸ ਤੋਂ ਮੈਂ ਅੱਜ ਜਵਾਨੀ ਦੀ ਦਹਿਲੀਜ਼ ਤੱਕ ਪਹੁੰਚਦਿਆਂ ਮਾਣਕ ਦੀ ਗਾਇਕੀ ਨੂੰ ਸੁਣਦਾ ਤੇ ਮਾਣਦਾ ਆਇਆ ਹਾਂ ਅਤੇ ਜਦੋਂ ਕਦੇ ਕਿਤੇ ਮਾਣਕ ਦਾ ਗੀਤ ਵੱਜਦਾ ਸੁਣਦਾ ਹਾਂ ਤਾਂ ਮੈਂ ਖੜ੍ਹ ਕੇ ਸੁਣਨ ਲੱਗਦਾ ਹਾਂ । ਅੱਜ ਉਸਦੇ ਪ੍ਰਸ਼ੰਸਕ ਪਿਆਰਿਆਂ ਵਾਂਗ ਮੇਰੇ ਦਿਲ ਦੀ ਧੜਕਣ ਵੀ ਉਸਦੇ ਗੀਤਾਂ ਨਾਲ ਬਿਲਕੁਲ ਇਕਸਾਰ ਚਲਦੀ ਹੈ। ਨਾ ਹੀ ਬਹੁਤੀ ਤੇਜ਼ ਨਾ ਹੀ ਬਹੁਤੀ ਹੌਲੇ ।
ਬਚਪਨ ਦੇ ਦਿਨਾਂ ਦੀ ਗੱਲ ਹੈ ਮੇਰੇ ਬਾਪੂ ਕੋਲ ਮਾਣਕ ਦੀ ਇਕ ਕੈਸਟ ਸੀ। ਮੈਨੂੰ ਉਸ ਕੈਸਟ ਦਾ ਨਾਂ ਪਤਾ ਨਹੀਂ, ਕਿਹੜੀ ਸੀ? ਪਰ ਇੰਨਾ ਜ਼ਰੂਰ ਪਤਾ ਏ ਕਿ ਉਹ ਕੈਸਟ ਸੀ ਮਾਣਕ ਦੀ ਹੀ। ਬੇਬੇ ਦੀ ਦਾਜ ਵਿਚ ਲਿਆਂਦੀ ਟੇਪ ਰਿਕਾਰਡਰ ਗਿਰ-ਗਿਰ ਕੇ ਖਿੱਲਰੇ ਪਏ ਸਪੀਕਰ ਨੂੰ ਬਾਪੂ ਨੇ ਘੜੇ ਦੇ ਮੂੰਹ ‘ਤੇ ਟਿਕਾਇਆ ਹੋਇਆ ਸੀ । ਜਿਸ ਨਾਲ ਉਸਦੀ ਆਵਾਜ਼ ਨਵੀਂ ਨਾਲੋਂ ਵੀ ਵੱਧ ਸੁਰੀਲੀ ਲੱਗਦੀ। ਉਸ ਵਿਚ ਸਾਰਾ ਦਿਨ ਮਾਣਕ ਦੀ ਕੈਸਟ ਵੱਜਦੀ ਰਹਿੰਦੀ। ਮੈਂ ਕਹਿਣਾ, “ਆਹ ਪਤਾ ਨ੍ਹੀਂ ਕੀ ਦਿੰਦਾ ਏ ਮਾਣਕ ਬਾਪੂ ਨੂੰ? ਸਾਰਾ ਦਿਨ ਇਸੇ ਦੀ ਰੀਲ (ਕੈਸਟ) ਲਾਈ ਰੱਖਦਾ ਏ ” ਜਦੋਂ ਕਿਤੇ ਬਾਪੂ ਨੇ ਇਧਰ ਓਧਰ ਹੋਣਾ ਮੈਂ ਕੈਸਟ ਬਦਲ ਦਿੰਦਾ ਤੇ ਬਾਪੂ ਤੋਂ ਕਈ ਵਾਰ ਮੈਨੂੰ ਇਉਂ ਕਰਨ ਤੇ ਕੁੱਟ ਵੀ ਪਈ।
ਇਕ ਦਿਨ ਬਾਪੂ ਕਿਧਰੇ ਬਾਹਰ ਗਿਆ ਹੋਇਆ ਸੀ । ਮੈਂ ਮੌਕਾ ਤਾੜਿਆ, ਟੇਪ ਰਿਕਾਰਡ ‘ਚੋਂ ਕੈਸਟ ਕੱਢੀ ਤੇ ਤੋੜ ਕੇ ਡੰਗਰਾਂ ਵਾਲੇ ਘਰ ‘ਚ ਸੁੱਟ ਦਿੱਤੀ ਅਤੇ ਮੈਂ ਆਪਣੇ ਆਪ ਨੂੰ ਕਹਿਣ ਲੱਗਾ, “ਅੱਜ ਵੱਢੀ ਗਈ ਜੜ੍ਹ ਬਲਾਅ ਦੀ ਸਾਰਾ ਦਿਨ ਸਿਰ ਖਾਈ ਜਾਂਦੀ ਸੀ । ਬਾਪੂ ਦਾ ਮਾਣਕ।” ਮੈਂ ਆਪਣੇ-ਆਪ ਵਿਚ ਖੁਸ਼ ਵੀ ਸਾਂ ਤੇ ਡਰ ਵੀ ਲੱਗ ਰਿਹਾ ਸੀ ਕਿਤੇ ਬਾਪੂ ਨੂੰ ਪਤਾ ਲੱਗ ਗਿਆ ਤਾਂ ਬੁਰੀ ਹੋਊ! ਆਥਣੇ ਜਦੋਂ ਬਾਪੂ ਮੁੜਿਆ ਤਾਂ ਕੈਸਟ ਲੱਭਦਾ ਫਿਰੇ । ਮੈਂ ਪਾਸਾ ਵੱਟਦਾ ਫਿਰਾਂ ਤੇ ਬਾਪੂ ਲੱਭਦਾ ਹੰਭ ਹਾਰ ਗਿਆ । ਜਦੋਂ ਡੰਗਰਾਂ ਵਾਲੇ ਘਰੋਂ ਬਾਪੂ ਨੂੰ ਟੁੱਟੀ ਕੈਸਟ ਦੀ ਡੱਬੀ ਤੇ ਫੀਤਾ ਮਿਲਿਆ ਤਾਂ ਗੁੱਸੇ ‘ਚ ਲਾਲ-ਪੀਲਾ ਹੋਏ ਬਾਪੂ ਨੇ ਸਾਨੂੰ ਚਾਰੇ ਭੈਣ ਭਰਾਵਾਂ ਨੂੰ ਇਕੱਠੇ ਕਰ ਵਾਰੋ- ਵਾਰੀ ਪੁੱਛਿਆ-ਮੈਂ ਤਾਂ ਡਰਦਾ ਪਹਿਲਾਂ ਹੀ ਰੋਣ ਲੱਗਾ, “ਬਾਪੂ ਮੈਨੂੰ ਤਾਂ ਪਤਾ ਨਹੀਂ ਮੈਂ ਨਹੀਂ ਤੋੜੀ ਰੀਲ!” ਕਦੇ ਬਾਪੂ ਦੂਜੇ ਭਰਾ ਨੂੰ ਪੁੱਛੇ ਕਦੇ ਤੀਜੇ ਨੂੰ । ਮੰਨਣ ਤੇ ਦੱਸਣ ਤਾਂ ਜੇ ਕਿਸੇ ਨੇ ਤੋੜੀ ਹੋਵੇ ਜਾਂ ਕੋਈ ਤੋੜਦਾ ਦੇਖਿਆ ਹੋਵੇ । ਬਾਪੂ ਕੋਈ ਚਾਰਾ ਨਾ ਚਲਦਾ ਦੇਖ ਚੁੱਲ੍ਹਾ-ਚੌਂਕਾ ਕਰਦੀ ਬੇਬੇ ਕੋਲੋਂ ਬਰੀਕ ਤੂਤ ਦੀ ਛਟੀ (ਛਮਕ) ਲਿਆਇਆ। ਭੈਣ ਨੇ ਜਦੋਂ ਬਾਪੂ ਨੂੰ ਆਉਂਦਿਆਂ ਦੇਖਿਆ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਈ। ਵੱਡੇ ਵੀਰ ਦੇ ਅਜੇ ਦੋ ਹੀ ਮਾਰੀਆਂ ਸਨ ਬਾਪੂ ਨੇ ਜਦੇ ਹੀ ਫੁੱਟ ਪਿਆ, “ਬਾਪੂ ਮੈਨੂੰ ਤਾਂ ਪਤਾ ਨ੍ਹੀਂ ” ਮੇਰੀ ਵੰਨੀ ਉਂਗਲ ਕਰ ਕਹਿਣ ਲੱਗਿਆ, “ਆਹ ਛੇੜ੍ਹਦਾ ਸੀ ਦੁਪਹਿਰੇ, ਜਦੋਂ ਮੈਂ ਸਕੂਲੋਂ ਆਇਆ।” ਢਾਹ ਲਿਆ ਬਾਪੂ ਨੇ ਮੈਨੂੰ, “ਸ਼ੱਕ ਤਾਂ ਕੁੱਤਿਆ ਮੈਨੂੰ ਪਹਿਲਾਂ ਹੀ ਸੀ ਤੇਰੇ ਤੇ, ਤੂੰ ਬਣਦਾ ਹੁੰਦੈ ਮੈਂ ਅੱਗੇ ਵੀ ‘ਫੋਰਮੈਨ’, ਪੰਜਾਹ ਵਾਰ ਕਿਹਾ ਤੂੰ ਨਾ ਛੇੜਿਆ ਕਰ ਟੇਪ ਨੂੰ, ਹੁਣ ਲੱਗੂ ਰੋਟੀ ਸੁਆਦ, ਅੱਜ ਆਉ ਕੰਜਰਾ ਨੀਂਦ ਚੰਗੀ, ਦੱਸ ਤੈਨੂੰ ਕੀ ਬੋਝ ਸੀ ਕੀ ਭੀੜ ਪਈ ਸੀ ?” ਬਾਪੂ ਨੇ ਸੱਚੀਓਂ ਮੇਰੇ ਨਾਲ ਅਭੁੱਲਣਯੋਗ ਵਰਤਾਰਾ ਕੀਤਾ। ਬੇਬੇ ਵਿਚਾਰੀ ਬੇਵੱਸ ਹੋਈ ਤੱਕਦੀ ਰਹੀ।
ਸਮਾਂ ਆਪਣੀ ਚਾਲੇ ਚਲਦਾ ਗਿਆ। ਮੇਰੀ ਕਲਾ ਨਾਲ ਡੂੰਘੀ ਸਾਂਝ ਪੈ ਗਈ! ਮੈਂ ਮਾਣਕ ਦੀ ਗਾਇਕੀ ਦਾ ਮੁਰੀਦ ਹੋ ਗਿਆ ਅਤੇ ਮੈਨੂੰ ਮਾਣਕ ਵੱਲੋਂ ਸਿਰਜੇ ਇਤਿਹਾਸ ਨੂੰ ਸਾਂਭਣ ਦਾ ਮੌਕਾ ਲੱਭ ਗਿਆ। ਮਾਣਕ ਦੇ ਨੇੜੇ ਰਹਿ ਕੇ ਮੇਰੇ ਦਿਲ ਵਿਚ ਉਸ ਪ੍ਰਤੀ ਹੋਰ ਸ਼ਰਦਾ ਜਾਗ ਪਈ। ਮੇਰੇ ਬਾਪੂ ਦੇ ਸ਼ੌਕ ਨੂੰ ਕਬੀਲਦਾਰੀ ਦੇ ਬੋਝ ਨੇ ਮਧੋਲ ਦਿਤਾ। ਹੁਣ ਬਾਪੂ ਨੂੰ ਇਕੱਲੇ ਮਾਣਕ ਦੀ ਕਲਾ ਹੀ ਨਹੀਂ ਸਗੋਂ ਕੋਈ ਵੀ ਕਲਾਕਾਰ ਚੰਗਾ ਨਹੀਂ ਲੱਗਦਾ। ਮੇਰੇ ਕਲਾ ਮੋਹ ਦਾ ਵਿਰੋਧ ਕਰਦਿਆਂ ਬਾਪੂ ਨੇ ‘ਲੋਕ-ਗਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ’ ਕਿਤਾਬ ਦਾ ਖਰੜਾ ਮੇਰੇ ਸਰਾਹਣਿਉਂ ਚੁੱਕ ਹਾਰੇ ਵਿਚ ਸੁੱਟ ਕੇ ਸਾੜਤਾ ਸੀ। ‘ਲੋਕ-ਗਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ’ ਕਿਤਾਬ ਦੇ ਛਪਣ ਪਿੱਛੋਂ ਇਕ ਦਿਨ ਬਾਪੂ ਕਿਤਾਬ ਨੂੰ ਨਿਹਾਰਦਾ ਹੋਇਆ ਕਹਿਣ ਲੱਗਾ, “ਕਿਓਂ ਕਮਲਾ ਹੋਇਆ, ਕੋਈ ਨ੍ਹੀਂ ਪੁੱਛਦਾ ਲਿਖਾਰੀਆਂ ਲਖੂਰੀਆਂ ਨੂੰ । ਨੂਰਪੁਰੀ ਤੇ ਲਾਲ ਸਿੰਘ ਦਿਲ ਵਰਗੇ ਭੰਗ ਦੇ ਭਾੜੇ ਗਏ । ਮੈਨੂੰ ਦੱਸ ਤਾਂ ਸਹੀ ਮਾਣਕ ਤੈਨੂੰ ਕੀ ਹਾਥੀ ਘੋੜੇ ਬਖ਼ਸ਼ ਦਊ-ਤੜਕੇ ਜਾ ਕੇ, ਅੱਧੀ ਅੱਧੀ ਰਾਤ ਨੂੰ ਮੁੜਦਾ ਰਿਹੈਂ ਦਰ ਦਰ ਘੁੰਮਿਆਂ ਐਨਕ ਲਵਾ ਬੈਠੇ ਨਿਤ ਤੁਰਿਆ ਰਹਿੰਦੈ ਸੈਂ । ਤੈਨੂੰ ਮੈਂ ਕਿਹਾ ਸੀ ਨਾ ਇਹ ਕਲਾਕਾਰ ਲੈਣਾ ਜਾਣਦੇ ਨੇ ਦੇਣਾ ਨਹੀਂ। ਤੂੰ ਮੇਰੀ ਇਕ ਨਾ ਮੰਨੀ । ਤੂੰ ਪੈਰ ਧੋ-ਧੋ ਪੀ ਥਿੰਦ ਦੇ ਜਿਨ੍ਹੇ ਤੈਨੂੰ ਚਾਰ ਪੈਸੇ ਭੇਜ ਤੇਰਾ ਮਾਣ ਕੀਤੈ । ਕੋਈ ਨੀ ਪੁੱਛਦੈ ਪੁੱਤ ਮੇਰਿਆ ਰੁਲ ਜੇਂਗਾ ਰੁਲ। ਕੋਈ ਹੋਰ ਕੰਮ ਕਾਜ ਦੇਖ ਲੈ ਇੱਥੇ ਗੁਣਾਂ ਦੀ ਨ੍ਹੀਂ ਜੁਗਾੜਾਂ ਦੀ ਕਦਰ ਏ ਇੰਨਾ ਸਿਆਣਾ ਤੂੰ ਵੀ ਨਹੀਂ ਕਿ ਕੋਈ ਜੁਗਾੜ ਕਰ ਲਵੇਂਗਾ। ਮੈਂ ਤਾਂਹੀ ਸਾੜੀ ਸੀ ਕਿਤਾਬ ਕਿ ਤੂੰ ਹੱਟਜੇਂਗਾ ਪਰ ਹਟਿਆ ਨਾ । ਹੁਣ ਦੁਬਾਰੇ ਫਿਰ ਲਿਖਣ ਲੱਗ ਪਿਆ ਫੇਰ ਮਾਣਕ ਤੇ ਹੀ ਕਿਤਾਬ।” ਕਈ ਵਾਰ ਮੈਨੂੰ ਆਪਣਾ ਬਾਪੂ ਸੱਚਾ ਲੱਗਦਾ ਹੈ। ਜਦੋਂ ਜ਼ਮਾਨੇ ਵੱਲ ਨਿਗਾਹ ਘੁਮਾਉਂਦਾ ਹਾਂ ਤਾਂ ਮੈਂ ਉਦਾਸ ਹੋ ਜਾਂਦਾ ਹਾਂ । ਮੈਨੂੰ ਕੋਈ ਰਾਹ ਨਹੀਂ ਦਿੱਸਦਾ । ਪਾਈ ਕਮੀਜ਼ ਦੇ ਕਫ ਨਾਲ ਅੱਖਾਂ ਪੂੰਝਦਾ ਦਿਲ ਨੂੰ ਢਾਰਸ ਦਿੰਦਾ ਹੋਇਆ ਕਹਿੰਦਾ ਹਾਂ, “ਦੜ ਵੱਟ ਜ਼ਮਾਨਾ ਖੱਟ, ਭਲੇ ਦਿਨ ਆਉਣਗੇ।”
***
ਕੁਲਦੀਪ ਮਾਣਕ ਦੀ ਲੀਹੋ-ਲੀਹ ਤੁਰੀ ਜਾਂਦੀ ਜ਼ਿੰਦਗੀ ਨੇ ਅਜਿਹਾ ਮੋੜ ਕੱਟਿਆ ਕਿ ਸਭ ਕੁਝ ਈ ਪਿੰਡ ਪੁੰਡ ਗਿਆ। ਮਿੱਧ ਹੋ ਗਈਆਂ ਸਭ ਰੀਝਾਂ ਸੱਧਰਾਂ । ਮਾਣਕ ਆਪਣੀ ਹੁਣ ਤੱਕ ਦੀ ਉਮਰ ਤੱਕ ਅਨੇਕਾਂ ਵਾਰ ਰੱਬ ਦੇ ਘਰੋਂ ਮੁੜਿਆ ਹੈ, ਪੂਰੀ ਦੁਨੀਆ ਦੀਆਂ ਦੁਆਵਾਂ ਨਾਲ ।
ਜਦੋਂ ਯੁੱਧਵੀਰ ਮਾਣਕ ਨੂੰ ਬਿਮਾਰੀ ਨੇ ਬਗਲਿਆ ਤਾਂ ਇਉਂ ਲੱਗ ਰਿਹਾ ਸੀ ਜਿਵੇਂ ਸਮੁੰਦਰ ਦੀਆਂ ਲਹਿਰਾਂ ਨੇ ਰੁੱਕ ਕੇ ਸੋਗ ਮਨਾਇਆ ਹੋਵੇ। ਘੜੀ ਪਲ ਲਈ ਪੌਣਾਂ ਵੀ ਥੰਮ ਚੁੱਕੀਆਂ ਸਨ। ਕੁਦਰਤ ਦਾ ਹਰ ਕਣ ਯੁੱਧਵੀਰ ਦੀ ਚੰਗੀ ਸਿਹਤ ਲਈ ਦੁਆਵਾਂ ਕਰਦਾ ਜਾਪ ਰਿਹਾ ਸੀ। ਓਸ ਮਾੜੇ ਵਕਤ ‘ਚ ਪੰਦਰਾਂ ਸੈਕਿੰਡ ਲਈ ਧੜਕਣ ਤੇ ਸਾਹਾਂ ਨੇ ਵੀ ਪੱਲਾ ਝਾੜ ਲਿਆ ਸੀ ਯੁੱਧਵੀਰ ਤੋਂ। ਖੈਰ ਸਭ ਕੁਝ ਇੱਕ ਸਾਰ ਹੁੰਦਾ ਗਿਆ। ਕੁਝ ਸ਼ਰਾਰਤੀ ਅਨਸਰਾਂ ਨੇ ਇਸ ਮਾੜੇ ਵਕਤ ਦਾ ਫਾਇਦਾ ਲਿਆ ਜਿਸ ਤਰ੍ਹਾਂ ਮਸਾਂ ਈ ਸੁਰਾਖ ਲੱਭਿਆ ਹੋਵੇ ਗੱਲਾਂ ਦਾ ਪਾਣੀ ਰੋੜਨ ਲਈ। ਜਿੰਨੇ ਮੂੰਹ ਓਨੀਆਂ ਈ ਗੱਲਾਂ। ਜੋ-ਜੋ ਕਿਸੇ ਦੇ ਮੂੰਹ ਆਇਆ ਬੋਲਦੇ ਗਏ । ਇੱਕ ਵਕਤ ਮਾੜਾ ਚੱਲ ਰਿਹਾ ਸੀ, ਉਤੋਂ ਅਫ਼ਵਾਹਾਂ ਅਧਮੋਇਆ ਕਰ ਜਾਂਦੀਆਂ ਸਨ ਇਸ ਪ੍ਰੀਵਾਰ ਨੂੰ । ਪੈਸਾ ਕਿੰਨਾ ਲੱਗਿਆ ਕੋਈ ਪਤਾ ਨਹੀਂ… ।
ਕਿਉਂਕਿ ਆਉਣਾ ਤਾਂ ਆਉਣਾ, ਜਾਣ ਬਾਰੇ ਵੀ ਕੁਝ ਪਤਾ ਨਹੀਂ। ਆਪਣੇ ਜਵਾਨ ਪੁੱਤ ਦਾ ਝੇਰਾ ਮਾਣਕ ਨੂੰ ਅੰਦਰੇ ਅੰਦਰੀ ਘੁਣ ਬਣ ਕੇ ਚਿੰਬੜ ਗਿਆ। ਭੁੱਲ ਗਿਆ ਮਾਣਕ ਖਾਣਾ ਪੀਣਾ, ਜਿਸ ਨਾਲ ਮਾਣਕ ਦੀ ਸਿਹਤ ਵੀ ਪੇਰੋਂ ਹਿੱਲ ਗਈ। ਅਜੇ ਯੁੱਧਵੀਰ ਕੁਝ ਰਾਜ਼ੀ ਹੋ ਕੇ ਘਰ ਦੀ ਦੇਹਲੀ ਹੀ ਚੜ੍ਹਿਆ ਸੀ ਕਿ ਮਾਣਕ ਨੂੰ ਹਸਪਤਾਲ ਲੈ ਜਾਣਾ ਪੈ ਗਿਆ। ਰਾਹ ‘ਚ ਜਾਂਦਿਆਂ ਜਾਂਦਿਆਂ ਮੇਰੀ ਗੱਲ ਹੋਈ ਭੈਣ ਸ਼ਕਤੀ ਮਾਣਕ ਨਾਲ ਉਸ ਤੋਂ ਬਸ ਇੰਨਾ ਕਿਹਾ ਗਿਆ ਸੀ, “ਵੀਰੇ ਛੱਡ ਠੀਕ ਨਹੀਂ ।” ਉਹ ਇੰਨਾ ਕਹਿ ਗਚ ਭਰ ਆਈ ਸੀ ! ੀਆਂ ਵੀ ਅੱਖਾਂ ਡੁੱਲ੍ਹ ਪਈਆਂ ਸਨ। ਹੇ ਰੱਬਾ! ਇਹ ਕੀ ਹੋਈ ਜਾ ਰਿਹਾ ਏ .. ?
ਲੋਕਾਂ ਨੇ ਇਟਰਨੈੱਟ ‘ਤੇ ਕਈ ਤਰ੍ਹਾਂ ਤਰ੍ਹਾਂ ਦੀਆਂ ਸ਼ੋਸ਼ ਰੂਪੀ ਖ਼ਬਰਾਂ ਫਲਾਅ ਦਿੱਤੀਆਂ। ਦੇਸ਼ਾਂ ਵਿਦੇਸ਼ਾ ‘ਚ ਗੱਲ ਅੱਗ ਵਾਂਗ ਫੈਲ ਗਈ ਸੀ। ਇੱਕ ਵੱਡ ਪੰਜਾਬੀ ਲੋਕ-ਗਾਇਕ ਨੇ ਮਾਣਕ ਨੂੰ ਗਰੀਸ ਹ ਗਿਆ ਦੱਸਿਆ। ਦੱਸਿਆ ਕਿ ਮਾਣਕ ਦਾ ਸਭ ਕੁਝ ਵਿੱਕ-ਵਿਕਾ ਰੁਕਾ ਹੈ। ਮੁਣ ਜਾਣ ਕੇ ਬਹੁਤ ਸਾਰੇ ਕੋਮਲ ਮਨ ਵਲੂੰਧਰੇ ਗਏ ਸਨ । ਜਿਸ ਮਾਣਕ ਨੇ ਕਦੇ ਕਿਸੇ ਦਾ ਬੁਰਾ ਨਹੀਂ ਮਨਾਇਆ, ਕਦੇ ਚੁਗਲੀ ਨਹੀਂ ਕੀਤੀ । ਕਦੇ ਫਾਇਦਾ ਨਹੀਂ ਉਠਾਇਆ ਕਿਸੇ ਦੀ ਬੇਵਸੀ ਦਾ। ਉਸ ਨਾਲ ਇਹ ਇੱਦਾਂ ਕਿਉਂ ਕਰ ਰਹੇ ਨੇ ਇਹ ਲੋਕ…?
ਦੇਸਾਂ ਵਿਦੇਸ਼ਾਂ ‘ਚ ਮਾਣਕ ਦੇ ਨਾਂ ‘ਤੇ ਪੈਸਾ ਇਕੱਠਾ ਕੀਤਾ ਗਿਆ। ਰੱਬ ਹੀ ਜਾਣਦੇ ਜਾਂ ਉਹ ਜਿਨ੍ਹਾਂ ਨੇ ਮਾਣਕ ਦੇ ਨਾਂ ‘ਤੇ ਪੈਸੇ ਇਕੱਠੇ ਕੀਤੇ ਉਹਨਾਂ ਨੇ ਮਾਣਕ ਤੀਕ ਪਾਈ-ਪਾਈ ਪਹੁੰਚਾਈ ਹੈ ਕਿ ਨਹੀਂ.. :
ਬੀ. ਜੀ. ਸਰਬਜੀਤ ਮਾਣਕ ਨੇ ਅਖਬਾਰ ਰਾਹੀਂ ਆਖਿਆ ਕਿ ਸਾਨੂੰ ਤਰਸ ਨਹੀਂ . ਸਹਾਰ ਦੀ ਲੋੜ ਹੈ, ਲੋੜ ਹੈ ਸਾਨੂੰ ਤੁਹਾਡੀਆਂ ਦੁਆਵਾਂ ਦੀ.. ”
ਸਮਾਜ ਦੇ ਜਿੰਮੇਵਾਰਾਂ ਨੇ ਸੁੱਤੀਆਂ ਸਰਕਾਰਾਂ ਨੂੰ ਮੀਡੀਆ ਰਾਹੀਂ ਹਲੂਣਾ ਦਿੱਤਾ, ਤਾਂ ਨਿਧਰ ਜਾ ਕੇ ਜਾਗੀਆਂ ਸਰਕਾਰਾਂ ਤੇ ਬਿਆਨ ਦਿੱਤਾ ਪੰਜਾਬ ਸਰਕਾਰ ਨੇ ਪੰਜਾਬੀ ਲੋਕ ਰਾਇਕ ਕੁਲਦੀਪ ਮਾਣਕ ਦੀ ਬਿਮਾਰੀ ਦਾ ਸਾਰਾ ਖਰਦ ਪੰਜਾਬ ਸਰਕਾਰ ਝੱਲੇਗੀ”
ਇਹ ਹੁਣ ਰੱਬ ਹੀ ਜਾਣਦੇ ਕਿ ਸਰਕਾਰ ਬਿਆਨਾਂ ਨਾਲ ਈ ਸਾਰੂ ਜਾਂ ਇਸ ਬਿਆਨ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਵੇਗਾ। ਰੱਬ ਕਰ “ਜਲਾਲ ਦਾ ਚੰਦ” ਇਸ ਤਰਾਂ ਗਾਇਕੀ ਦੇ ਅੰਬਰ ‘ਤ ਚੜਿਆ ਰਹੇ, ਬਖੇਰਦਾ ਰਹ ਆਪਣੀ ਸਰਮਈ ਚਾਨਣੀ। ਲੱਗ ਜਾਵੇ ਇਸ ਮਾਣਮੱਤੇ ਗਾਇਕ ਨੂੰ ਮੇਰੀ ਵੀ ਉਮਰ!
ਦੂਜਾ ਪੂਰ ਅਲੀ ਰਾਜਪੁਰਾ
ਮੇਰੇ ਵਰਗੇ ਨਿਗੂਣੇ ਦੇ ਹੱਥੋਂ ਕੁਲਦੀਪ ਮਾਣਕ ਦੀ ਜ਼ਿੰਦਗੀ ਦਾ ਸਫ਼ਰ ਲਿਖੇ ਜਾਣ ਨਾਲ ਮੈਂ ਕੁਝ ਕੀਤਾ ‘ਤੇ ਲਿਖਾਰੀ ਹੋਣ ‘ਚ ਮਾਣ ਮਹਿਸੂਸ ਕਰਦਾ ਹਾਂ। ਮਾਣਕ ਕੋਈ ਆਗ-ਸਾਗ ਗਾਇਕ ਨਹੀਂ ਹੈ। ਮੈਂ ਮਾਣਕ ਨੂੰ ਦੋ ਸਦੀਆਂ ਦਾ ਗਾਇਕ ਮੰਨਦਾ ਹਾਂ…
ਮਾਣਕ ਪੰਜਾਬੀ ਸੱਭਿਆਚਾਰ ਤੇ ਲੋਕ-ਮਨਾਂ ‘ਚ ਲੋਕ ਗੀਤ ਵਾਂਗ ਵਸ ਗਿਆ ਹੈ। ਬਹੁਤ ਲੋਕ ਮਾਣਕ ਦੀ ਰੱਬ ਜਾਣ ਕੇ ਪੂਜਾ ਕਰਦੇ ਹਨ। ਉਸ ਦੇ ਬੋਲੇ ਕੋੜੇ-ਕੁਸੈਲੇ ਬੋਲਾਂ ਦੀ ਮਿਠਾਸ ਮਿਸ਼ਰੀ ਜਾਣ ਕੇ ਮਾਣਦੇ ਹਨ। ਅੱਜ ਮਾਣਕ ਪੰਜਾਬੀ ਗਾਇਕੀ ਦਾ ਮਾਇਕਲ ਜੈਕਸਨ ਹੈ ਜਿਸ ਨੂੰ ਲੋਕ-ਕਈ ਸਦੀਆਂ ਤੀਕ ਯਾਦ ਰੱਖਣਗੇ। ਇਸ ਦੇ ਗਾਏ ਗੀਤ, ਲੋਕ-ਗਾਥਾਵਾਂ, ਅਤੇ ਕਲੀਆਂ ਸਦੀਆਂ ਤੱਕ ਸੁਣੀਆਂ ਜਾਣਗੀਆਂ। ਇਸ ਨੂੰ ਅੱਜ ਵੀ ਹਰ ਗਾਇਕ ਸੁਣ ਨਤਮਸਤਕ ਹੁੰਦਾ ਹੈ। ਅੱਜ ਭਾਵੇਂ ਮਾਣਕ ਦੀ ਸਿਹਤ ਪੂਰੀ ਤਰ੍ਹਾਂ ਸਾਜ਼ਗਾਰ ਨਹੀਂ ਰਹਿੰਦੀ ਪਰ । ਉਹ ਅੱਜ ਵੀ ਲੋਕਾਂ ਦੀਆਂ ਫਰਮਾਇਸ਼ਾਂ ਪੂਰਨ ਤੁਰਿਆ ਰਹਿੰਦਾ ਹੈ। ਕੋਈ ਵੇਲਾ ਸੀ ਜਦੋਂ ਮਾਣਕ ਮਾਇਕ ਤੋਂ ਚਾਰ-ਫੁੱਟ ਪਿੱਛੇ ਹੋ ਗਾਉਦਾ ਸੀ। ਲੋਕ ਇਸ ਨੂੰ ਅਲੋਕਿਕ ਨਜ਼ਾਰਾ ਮੰਨਦੇ ਸਨ । ਅੱਜ ਬਹੁਤੇ ਗਾਇਕ ਗਾਇਕੀ ਦੇ ਬੇੜੇ ਨੂੰ ਤਾਰਨ ਦੀ ਬਜਾਇ ਡੁੱਬਣ ‘ਚ ਪੂਰਾ ਯੋਗਦਾਨ ਪਾ ਰਹੇ ਹਨ। ਜਿਸ ਨੂੰ ਸੁਣ- ਦੇਖ ਮਾਣਕ ਅੱਖਾਂ ਭਰ ਆਉਂਦਾ ਤੇ ਹੌਕਾ ਲੈਂਦਾ ਹੋਇਆ ਕਹਿੰਦਾ ਹੈ, ਹੇ ਸੱਚੇ ਪਾਤਸ਼ਾਹ, ਤੂੰ ਹੀ ਤੂੰ, ਸੁਮੱਤ ਬਖ਼ਸ਼ ਇਹਨਾਂ ਸੱਭਿਆਚਾਰ ਦੇ ਮਾਣਮੌਤ ਗਾਇਕਾਂ ਨੂੰ । ਮਿਹਰ ਕਰ ਇਹਨਾਂ ‘ਤੇ ਕਿ ਇਹ ਸੋਜੀ ਸਿਰ ਹੋ ਜਾਣ ਤੇ ਆਪਣੇ ਫ਼ਰਜ਼ਾਂ ਨੂੰ ਪਛਾਨਣ …. !”
ਮਾਣਕ ਕਦੇ ਨਾ ਤਾਂ ਲੰਗੜ-ਦੁੱਗੀ ਲੈ ਕੇ ਸਟੇਜ ‘ਤੇ ਚੜ੍ਹਿਆ ਹੈ ਤੇ ਨਾ ਨੱਚਿਆ ਹੈ ਜੇ ਬਹੁਤਾ ਕਰੇਗਾ ਤਾਂ ਲੋਰ ‘ਚ ਆ ਕੇ ਤਾੜੀ ਮਾਰੇਗਾ ਜਾਂ ਫੇਰ ਬਾਂਹ ਕੱਢ ਕੇ ਲਲਕਾਰਾ। ਮਾਣਕ ਦੀਆਂ ਰਿਕਾਰਡ ਕੈਸਟਾਂ ਲਗਭਗ ਦੁਹਰਾ ਸੈਂਕੜਾ ਪਾਰ ਕਰ ਚੁੱਕੀਆਂ ਹਨ। ਪਰ ! ਅੰਦਰ ਹੁਣ ਤੱਕ ਵੀ ਹਉਮੈਂ ਵਰਗੀ ਬਿਮਾਰੀ ਨੇ ਘਰ ਨਹੀਂ ਕੀਤਾ!
ਮਾਣਕ ਗੁਰਬਤ ਦੇ ਦਿਨਾਂ ਤੋਂ ਮਿਹਨਤ ਕਰਦਾ ਆਇਆ। ਉਸ ਨੇ ਅੱਜ ਜ਼ਿੰਦਗੀ ਦੀ ਹਰ ਬਹਾਰ ਨੂੰ ਖਿੜੇ ਮੱਥੇ ਖੁਸ਼ੀ ਨਾਲ ਮਾਣਿਆ ਹੈ । ਮਾਣਕ ਹਾਲਤਾਂ ਦੀ ਕੁਠਾਲੀ `ਚ ਤਪ ਕੇ ਬਣਿਆ ਉਹ ਗਹਿਣਾ ਹੈ ਜਿਸ ਦਾ ਦੇਸ਼ਾਂ ਵਿਦੇਸ਼ਾਂ ਨੇ ਪੂਰਾ ਮੁੱਲ ਪਾਇਆ… ਅੱਜ ਮਾਣਕ ਦੀ ਹਰ ਪਾਸੇ ਆਪਣੀ ਪਛਾਣ ਹੈ। ਮਾਣਕ ਇਕੱਲਾ ਤੁਰ ਕੇ ਸੜਕ ‘ਤੇ ਵੀ ਨਹੀਂ ਜਾ ਸਕਦਾ, ਜੋ ਕਦੇ-ਕਦੇ ਉਹ ਸੈਰ ਲਈ ਵੀ ਨਿਕਲ ਪੈਂਦਾ ਹੈ ਤਾਂ ਉਸਦੇ ਪ੍ਰਸ਼ੰਸਕ ਉਸ ਦੁਆਲੇ ਘੇਰਾ ਘੱਤ ਲੈਂਦੇ ਹਨ। ਮਾਣਕ ਟੁਣਕਾ ਕੇ ਗੱਲ ਕਰਨ ਦਾ ਆਦੀ ਹੋ ਚੁੱਕਿਆ ਹੈ, ਜੋ ਉਸਦੇ ਅੰਦਰ ਹੈ. ਓਹੀ ਉਸਦੀ ਜੀਡ ‘ਤੇ ਉਹ ਸਪਸ਼ਟ ਹੈ। ਪੂਰੀ ਤਰ੍ਹਾਂ । ਜਦੋਂ ਉਹ ਗੱਲ ਕਹਿਣ ਤੇ ਆਉਂਦੈ ਹੈ ਤਾਂ ਆਪਣੇ ਲਾਡਲੇ ਸਪੁੱਤਰ ਯੁਧਵੀਰ ਨੂੰ ਵੀ ਨਹੀਂ ਬਖ਼ਸ਼ਦਾ।
ਕਦੇ ਮੈਂ ਮਾਣਕ ਨੂੰ ਜਦ-ਕਦ ਵੇਖਿਆ ਉਹ ਚੜ੍ਹਦੀ ਕਲਾ ‘ਚ ਹੁੰਦਾ ਹੈ। ਮੇਰੀ ਅਤੇ ਮਾਣਕ ਦੀ ਸਾਂਝ ਅੱਜ ਬਾਪ-ਪੁੱਤ ਵਾਲੀ ਹੈ । ਮੈਂ ਮਾਣਕ ਨੂੰ ਸਤਿਕਾਰ ‘ਚ ਬਾਪੂ ਆਖਦਾ ਹਾਂ ਤੇ ਉਹ ਲਾਡ ‘ਚ ਕਈ ਵਾਰ ਮੈਨੂੰ ‘ਕਤਰਾ’ ਵੀ ਆਖ ਦਿੰਦਾ ਹੈ। ਮੈਨੂੰ ਕਈ ਵਾਰ ਉਹ ਦਿਨ ਚੇਤੇ ਆ ਜਾਂਦੇ ਹਨ, ਜਦੋਂ ਮੈਂ ਮਾਣਕ ਕੋਲ ਰਹਿੰਦਾ ਹੁੰਦਾ ਸਾਂ । ਇੱਕ ਦਿਨ ਦੀ ਗੱਲ ਹੈ, ਮੈਂ ਦੁਪਹਿਰੇ ਘਰੇ ਬੈਠਾ ਪੜ੍ਹ ਰਿਹਾ ਸਾਂ, ਤਾਂ ਬਾਪੂ (ਮਾਣਕ) ਆ ਕੇ ਮੇਰੇ ‘ਤੇ ਤਵਾ ਲਾਉਣ ਲੱਗਿਆ, “ਇੱਕ ਇਹ ਨੂੰ ਦੇਖ ਲੋ ਮਰਾਸੀ ਨੂੰ । ਕੰਜਰ ਕੋਲ ਪਤਾ ਨਹੀਂ ਕਿਹੜੀ ਗਿੱਦੜਸਿੰਗੀ ਆ ਜਿਹੜੀ ਹਰੇਕ ਨੂੰ ਮਗਰ ਲਾਈ ਫਿਰਦੈ ਓ ਜੱਸੋਵਾਲ ਰੱਬ ਜਿੱਡਾ ਬੰਦਾ ਇਹਦੇ ਗੁਣ ਨ੍ਹੀ ਗਾਉਣੋਂ ਹੱਟਦਾ, ਦੇਵ ਕੋਲੇ ਬਹਿਜਾਂ ਉਹ ਇਹਦੀਆਂ ਸਿਫ਼ਤਾਂ ਕਰੀ ਜਾਂਦੈ ਮਾਣਕ ਆਹ ਮੁੰਡਾ ਬੜਾ ਸਾਊ ਐ…, ਤੇਰੇ ‘ਤੇ ਮਿਹਨਤ ਕਰਕੇ ਕਿਤਾਬ ਲਿਖ ਰਿਹਾ ਏ, ਇਹਨਾਂ ਸਭ ਨੂੰ ਕਿਵੇਂ ਦੱਸਾਂ ਕਿ ਇਹ ਮੇਰੇ ਪੋਤੜਿਆਂ ਦਾ ਭੇਤੀ ਹੁੰਦਾ ਜਾ ਰਿਹਾ ਏ .. ਜਿਹੜੀਆਂ ਗੱਲਾਂ ਮੈਂ ਕਦੇ ਸਰਬਜੀਤ ਨਾਲ ਵੀ ਨਹੀਂ ਸਾਂਝੀਆਂ ਕੀਤੀਆਂ ਆਹ ਕਤਰੇ ਨਾਲ ਮੱਲੋ-ਮੱਲੀ ਜੀਭ ਨੂੰ ਰੋਕਦਿਆਂ-ਰੋਕਦਿਆਂ ਵੀ ਹੋ ਜਾਂਦੀਆਂ ठे ਜਦੋਂ ਕੋਈ ਗੱਲ ਪੁੱਛਣੀ ਹੁੰਦੀ ਆ… ਲੈ ਕੇ ਟੇਪ ਹੋ ਜੂ ਬਾਪੂ ਜੀ ਬਾਪੂ ਜੀ ਕਰ ਦੁਆਲੇ ਜਦੋਂ ਕੋਈ ਗੱਲ ਪੁੱਛਣੀ ਹੁੰਦੀ ਐ ।” ਬਾਪੂ ਉਸ ਦਿਨ ਕਾਲਾ ਕੁੜਤਾ ਚਾਦਰਾ ਲਾਈ ਖੜ੍ਹਾ ਸੀ ਪੂਰੀ ਟੌਹਰ ‘ਚ, ਮੈਨੂੰ ਕਹਿੰਦਾ, “ਆਹ ਨਲਕੇ ਦੀ ਜੜ੍ਹ ‘ਚ ਪਾਣੀ ਪੈਂਦਾ ਐ, ਇਹਨੂੰ ਇੱਟ ਲੈ ਕੇ ਕੁੱਟ ਦੇ ਸਾਰਾ ਦਿਨ ਲਿਖੀ ਪੜ੍ਹੀ ਜਾਂਦੈ ਵਕੀਲਾਂ ਆਗੂ..।” ਮੈਂ ਜਦੋਂ ਕੁੱਟਣ ਲੱਗਿਆ ਤਾਂ ਓਥੇ ਮਿੱਟੀ ਕੁੱਝ ਸਿੱਲ੍ਹੀ ਸੀ … ਜਦੋਂ ਮੈਂ ਇੱਟ ਮਾਰੀ ਤਾਂ ਮੇਰਾ ਮੂੰਹ ਤੇ ਬਾਪੂ ਦਾ ਕਾਲਾ ਕੁੜਤਾ-ਚਾਦਰਾ ਉਸ ਦੇ ਛਿੱਟਿਆਂ ਨਾਲ ਭਰ ਗਿਆ …. ਬਾਪੂ ਲੱਗ ਗਿਆ ਕੱਢਣ ਗਾਲ੍ਹਾਂ। ਮੈਨੂੰ ਹਾਸਾ ਵੀ ਆਵੇ ਤੇ ਡਰ ਵੀ ਲੱਗੇ, ਜਦੋਂ ਬਾਪੂ ਮੇਰੇ ਮੂੰਹ ਵੰਨੀ ਝਾਕਿਆ ਤਾਂ ਆਪ ਵੀ ਹੱਸਣ ਲੱਗਿਆ, ਦੇਖਿਆ ਮਰਾਸੀਆ, ਮੇਰੇ ਕੁੜਤੇ ਚਾਦਰੇ ਬਾਰੇ ਤਾਂ ਪਹਿਲਾਂ ਹੀ ਬੋਲਦੈ ਸੀ, “ਬਾਪੂ! ਅੱਜ ਤਾਂ ਬੜਾ ਘੈਂਟ ਲੱਗਦੈ ਪਰ ਆਹ ਪਾਤੀਆਂ ਫੁੱਲ-ਬੂਟੀਆਂ ਨਾਲੇ ਆਪਣਾ ਮੂੰਹ ਮੱਥਾ ਭਰ ਲਿਆ ।” ਇਹੋ ਜਹੀਆਂ ਅਨੇਕਾਂ ਹੀ ਯਾਦਾਂ ਜੁੜੀਆਂ ਮੇਰੇ ਨਾਲ, ਮੈਂ ਹਰ ਇੱਕ ਯਾਦ ਨੂੰ ਦਿਲ ਦੇ ਇੱਕ ਕੋਨੇ ‘ਚ ਸਾਂਭ ਰੱਖਿਆ ਹੈ।
***
ਜੀਵਨ ਸਫ਼ਰ
ਕੱਦ ਮਧਰਾ, ਹੌਲਾ ਜੁੱਸਾ, ਫਰੈਂਚ ਕੱਟ ਦਾੜ੍ਹੀ, ਨਿੱਕੀਆਂ ਅੱਖਾਂ ਪਰੰਤੂ ਵੱਧ ਵੇਖਦੀਆਂ ਸਨ। ਨਿੱਕੇ-ਨਿੱਕੇ ਹੱਥਾਂ ਪੈਰਾਂ ਵਾਲਾਂ ਤੇ ਜੀਭ ਦਾ ਮਿੱਠਾ ਕੌੜਾ ਸੀ । ਦੋਵੇਂ ਹੱਥਾਂ ਦੀਆਂ ਉਂਗਲੀਆਂ ਵਿਚ ਮੁੰਦਰੀਆਂ, ਗਲੇ ‘ਚ ਚੇਨੀਆਂ, ਗੱਲ-ਗੱਲ ’ਤੇ ਹਾਂ ਜੀ, ਹਾਂ ਜੀ, ਬਾਈ ਜੀ ਹਰ ਇਕ ਨੂੰ ਕਹਿ ਦੇਣਾ । ਵੱਡਾ ਹੋ ਕੇ ਵੀ ਛੋਟਾ ਦੱਸਣਾ । ਹਰ ਇਕ ਨੂੰ ਸਤਿਕਾਰ ਤੇ ਪਿਆਰ ਦੇਣਾ। ਆਪਣੇ ਆਪ ਵਿਚ ਚਲਦੀ ਫਿਰਦੀ ਯੂਨੀਵਰਸਿਟੀ ਸੀ ਜਿਸ ਦਾ ਆਪਣਾ ਮੌਲਿਕ ਸੰਸਾਰ ਤੇ ਇਤਿਹਾਸ ਹੈ, ਜਿਸ ਨੂੰ ਸਿਰਜਣਾ ਖਾਲਾ ਜੀ ਦਾ ਵਾੜਾ ਨਹੀਂ। ਭਾਵੇਂ ਮਾਣਕ ਮੀਰ ਆਲਮ ਘਰਾਣੇ ਨਾਲ ਸਬੰਧਿਤ ਸੀ ਪਰੰਤੂ ਮੀਰ ਆਲਮਾਂ ਵਾਲੀਆਂ ਆਦਤਾਂ ਨਹੀਂ ਅਪਣਾਈਆਂ। ਅੱਜ ਚਾਹੇ ਕੋਈ ਆਪਣੀਆਂ ਸਿਫ਼ਤਾਂ ਦੇ ਲੱਖ ਪੁਲ ਉਸਾਰੇ ਮਾਣਕ ਬਣਨਾ ਸੌਖਾ ਹੀ ਨਹੀਂ ਨਾਮੁਮਕਿਨ ਵੀ ਹੈ। ਜਿੰਨਾ ਸਤਕਾਰ ਇਸ ਮਾਣ ਮੱਤੇ ਗਵੱਈਏ ਹਿੱਸੇ ਆਇਆ, ਇੰਨਾ ਪਿਆਰ-ਸਤਿਕਾਰ ਕਿਸੇ ਟਾਵੇਂ ਵਿਰਲੇ ਗਵੱਈਏ ਦੇ ਹਿੱਸੇ ਆਇਆ ਹੋਵੇਗਾ ਜਾਂ ਆਵੇ। ਅੱਜ ਭਾਵੇਂ ਇਲੈਕਟ੍ਰੌਨਿਕ ਮੀਡੀਆ, ਪ੍ਰੈੱਸ ਮੀਡੀਆ ਦੀ ਭਰਮਾਰ ਹੈ। ਪਰ ਇਸ ਮਾਂ ਦੇ ਪੁੱਤ ਨੇ ਆਪਣੇ ਨਾਂ ਨੂੰ ਉਸ ਵੇਲੇ ਅੰਬਰ ‘ਤੇ ਲਿਖਿਆ ਜਦੋਂ ਇਹ ਸਭ ਕੁਝ ਨਹੀਂ ਸੀ। ਇਸ ਮਹਾਨ ਗਾਇਕ ਦੀ ਗਾਇਕੀ ਕੰਨ ਰਸ ਦੀ ਗਾਇਕੀ ਹੈ, ਨਾ ਕਿ ਹੱਥਾਂ-ਪੈਰਾਂ ਨੂੰ ਵਗਾ-ਵਗਾ ਮਾਰਨ ਦੀ। ਮਾਣਕ ਗਾਇਕੀ ਦਾ ਅਜਿਹਾ ਦਰਿਆ ਸੀ ਜੋ ਇਕੋ ਵਹਾਅ ‘ਚ ਵਗਿਆ ਹੈ ਮੁੱਢੋਂ ਹੀ। ਇਸ ਅਵਾਜ਼ ਦੇ ਧਨੀ ਗਾਇਕ ਨੇ ਆਪਣੇ ਸੁਰੀਲੇ ਕੰਠ ਤੇ ਪੁਖਤਗੀ ਅਦਾਇਗੀ ਨਾਲ ਆਪਣੇ ਆਪ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਰਹਿਣ ਯੋਗ ਕਰ ਲਿਆ।
ਹਰ ਅਖਾੜਾ/ਪ੍ਰੋਗਰਾਮ ਵਾਰ ‘ਬੰਦਾ ਸਿੰਘ ਬਹਾਦਰ’ ਗਾ ਕੇ ਅਰੰਭ ਕਰਦਾ। ਉਂਜ ਮਾਣਕ ਵੀ ਮੰਨਦਾ ਸੀ ਕਿ “ਮੈਨੂੰ ਇਸ ਵਾਰ ਦਾ ਥਾਪੜਾ ਹੈ ਤੇ ਇਸ ਵਾਰ ਸਦਕਾ ਹੀ ਮੇਰਾ ਹਰ ਅਖਾੜਾ ਸਫਲ ਹੋ ਨਿਬੜਿਆ ਹੈ।” ਮਾਣਕ ਦੀ ਗਾਈ ਇਸ ਵਾਰ ਨੂੰ ਜੇਕਰ ਸ਼ਾਹਕਾਰ ਰਚਨਾ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਮਾਣਕ ਨੂੰ ਦੇਖ ਕੇ ਹੋਰ ਵੀ ਗਾਉਣ ਵਾਲੇ ਤੇ ਉਸ ਦੇ ਉਪਾਸ਼ਕ ਉਸ ਦੀ ਵਾਰ ਦਾ ਜ਼ਰੂਰ ਜ਼ਿਕਰ ਕਰਦੇ ਹਨ।
ਜਿਹੜਾ ਕੋਈ ਗਵੱਈਆ ਮਾਣਕ ਨੂੰ ਆਪਣਾ ਗੌਡ-ਫਾਦਰ ਮੰਨਦਾ ਹੈ, ਉਹ ਵੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਇਸੇ ਵਾਰ ਨਾਲ ਕਰਦਾ ਹੈ।
ਇਸ ਧੱਕੜ ਗਵੱਈਏ ਨੇ ਹੁਣ ਤੱਕ ਹਰ ਵਿਸ਼ੇ ਨੂੰ ਗਾਇਆ ਜਿਵੇਂ, ਮੇਰਾ ਧੀਦੋ ਰਾਂਝਾ ਬੇਪ੍ਰਵਾਹ ਕੁੜੀਓ, ਉਹਦੀ ਅੱਖੀਆਂ ‘ਚ ਵੱਸਦਾ ਖੁਦਾ ਕੁੜੀਓ, ਮੈਂ ਅੱਡ ਕੇ ਖ਼ੁਦਾ ਦੇ ਅੱਗੇ ਪੱਲਾ, ਚੰਨਾ ਮੈਂ ਤੇਰੀ ਖੈਰ ਮੰਗਦੀ, ਸਾਨੂੰ ਨੱਚ ਕੇ ਵਿਖਾਅ ਜਰਨੈਲ ਕਰੋ, ਪੁੱਤ ਮਰੇ ਨਾ ਭੁੱਲਦੇ ਮਾਵਾਂ ਨੂੰ ਲੋਕੋ, ਨੱਖਰੇ ਬਿਨ ਸੋਹਣੀ ਤੀਵੀਂ, ਭੋਰਾ ਵੀ ਜਚਦੀ ਨਾ ਇਕ ਕੁੜੀ ਕੂੰਜ ਵਰਗੀ, ਸਾਨੂੰ ਰੋਗੀ ਜਿਹੇ ਕਰਗੀ ਲੋੜ ਪਈ ਤਾਂ ਪਰਖਾਂਗੇ, ਯਾਰਾ ਓ ਤੇਰੀ ਯਾਰੀ ਨੂੰ, ਮਣਾਂ ਮੂੰਹੀ ਰੂਪ ਦਾ ਤੂੰ ਮਾਣ ਕਰਦੀ ਰੰਨਾਂ ਚੰਚਲ ਹਾਰੀਆਂ, ਜੱਟ ਹੇਠ ਜੰਡੋਰੇ ਦੋ ਸੌਂ ਗਿਆ, ਮਾਂ ਮਿਰਜ਼ੇ ਦੀ ਬੋਲਦੀ, ਸੁੱਚੇ ਯਾਰ ਬਿਨ੍ਹਾਂ, ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ, ਘਰ ਮੇਰੇ ਜੇਠ ਦੀ ਪੁੱਗੇ, ਘਰੇ ਚੱਲ ਕੱਢੂੰ ਰੜਕਾਂ, ਡਾਇਰ ਤੱਕਿਆ ਖੜ੍ਹਾ ਸ਼ਿਕਾਰੀ, ਜਵਾਨੀ ਜੜ੍ਹਾਂ ਪੁੱਟਣ ਨੂੰ, ਅੱਗ ਲਾ ਕੇ ਫੂਕ ਦੂੰ ਲੰਡਨ ਸ਼ਹਿਰ ਨੂੰ, ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਪਿੱਛੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ।” ਇਹੋ ਜਿਹੇ ਇਕ ਨਹੀਂ ਸੈਂਕੜੇ ਗੀਤ ਜ਼ਿਕਰਯੋਗ ਹਨ।
ਅੱਜ ਪੰਜਾਬ ਦੇ ਬਾਰਾਂ ਹਜ਼ਾਰ ਅੱਠ ਸੌ ਪਿੰਡਾਂ ਅਤੇ ਸ਼ਹਿਰਾਂ ‘ਚ ਅਣਗਿਣਤ ਗਵੱਈਏ ਡੇਰੇ ਲਾਈ ਬੈਠੇ ਹਨ। ਅੱਜ ਮਾਣਕ ਨੂੰ ਪੰਜਾਬ ਦੇ 2.77 ਕਰੋੜ ਪੰਜਾਬੀ ਨਹੀਂ ਪੂਰੀ ਦੁਨੀਆਂ ਸੁਣਦੀ ਹੈ। ਮਾਣਕ ਨੂੰ ਪੰਜਾਬ 54.09 ਲੱਖ ਘਰਾਂ ‘ਚ ਹੀ ਨਹੀਂ ਦੂਜੇ ਰਾਜਾਂ ਤੇ ਵਿਦੇਸ਼ੀ ਉਚ ਮਹਿਲਾਂ ਵਿਚ ਵੀ ਵੱਜਦਿਆਂ ਸੁਣਿਆ ਜਾ ਸਕਦਾ ਹੈ। ਉਸ ਨਿੱਕੇ ਕੱਦ ਦੇ ਵੱਡੇ ਕਲਾਕਾਰ ਨੂੰ ਲੋਕਾਂ ਨੇ ਮਣਾਂ-ਮੂੰਹੀ ਪਿਆਰ ਦਿੱਤਾ। ਆਪਣੀ ਵੱਖਰੀ ਪੈਂਠ ਕਾਇਮ ਕਰਨ ਵਾਲੇ ਇਸ ਗਾਇਕ ਦਾ ਪੂਰਾ ਨਾਂ ਹੈ ਲੋਕ ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ।
ਕੁਲਦੀਪ ਮਾਣਕ ਦਾ ਜਨਮ-ਬਠਿੰਡਾ ਜ਼ਿਲ੍ਹਾ ਦੇ ਰੇਤਲੇ ਟਿੱਬਿਆਂ, ਪਹਾੜੀ ਕਿੱਕਰਾਂ ਤੇ ਖੁੱਲ੍ਹੀਆਂ ਜ਼ਮੀਨਾਂ ‘ਚ ਘਿਰੇ ਪਿੰਡ ‘ਜਲਾਲ’ ਮੀਰ ਆਲਮ ਘਰਾਣੇ ‘ਚ ਸਵ: ਨਿੱਕਾ ਸਿੰਘ ਦੇ ਘਰ ਮਾਤਾ ਸਵ. ਬਚਨ ਕੌਰ ਦੀ ਕੁੱਖੋਂ 15 ਨਵੰਬਰ ਦਿਨ ਵੀਰਵਾਰ 1951 ਨੂੰ ਹੋਇਆ। ਉਦੋਂ ਦੇਸ਼ ਆਜ਼ਾਦ ਹੋਇਆਂ ਬਹੁਤਾ ਸਮਾਂ ਵੀ ਨਹੀਂ ਸੀ ਹੋਇਆ। ਜਨਤਾ ਦੇ ਚੇਤਿਆਂ ‘ਚੋਂ ਭੋਗਿਆ ਸੰਤਾਪ ਘਰ ਕਰੀ ਬੈਠਾ ਸੀ ਕਿਉਂਕਿ ਬਹੁਤ ਪਰਿਵਾਰ ਇਸ ਹਾਦਸੇ ਇਸ ਹਾਦਸੇ ਦੀ ਭੇਂਟ ਚੜ੍ਹੇ ਸਨ, ਜਿਨ੍ਹਾਂ ‘ਚ ਇਕ ਪਰਿਵਾਰ ਮਾਣਕ ਦਾ ਵੀ ਸੀ। ਇਸ ਵਿਛੋੜੇ ਦੀ ਅੱਗ ਤੋਂ ਇਹ ਪਰਿਵਾਰ ਵੀ ਨਹੀਂ ਸੀ ਬਚ ਸਕਿਆ। ਉਸ ਮੌਕੇ ਮਾਣਕ ਦੀਆਂ ਦੋ ਸਕੀਆਂ ਭੈਣਾਂ ਆਪਣੇ ਪਰਿਵਾਰਾਂ ਸਮੇਤ ਪਾਕਿਸਤਾਨ ਜਾ ਵਸੀਆਂ ਸਨ । ਇਹ ਪਰਿਵਾਰ ਉਨ੍ਹਾਂ ਨੂੰ ਚਾਹ ਕੇ ਵੀ ਇੱਧਰ ਨਹੀਂ ਸੀ ਰੱਖ ਸਕਿਆ। ਆਪਣੀਆਂ ਵੱਡੀਆਂ ਭੈਣਾਂ ਨੂੰ ਚੇਤੇ ਕਰਕੇ ਜਿਹੜੀਆਂ ਉਸ ਨੂੰ ਦੇਖਣੀਆਂ ਨਸੀਬ ਨਹੀਂ ਸਨ ਹੋਈਆਂ। ਜਲਾਲ ਅੱਜ ਬਹੁਤ ਬਦਲ ਗਿਆ ਹੈ। ਨਾ ਤਾਂ ਹੁਣ ਪਹਿਲਾਂ ਵਰਗੇ ਖੁੱਲ੍ਹੇ ਵੇਹੜਿਆਂ ਵਾਲੇ ਵੱਡੇ ਘਰ ਰਹਿ ਗਏ ਹਨ ਤੇ ਨਾ ਹੀ ਵੱਡੇ ਦਰਵਾਜ਼ੇ ਜਿਨ੍ਹਾਂ ਚੋਂ ਮਾਣਕ ਲੰਘਿਆ ਕਰਦਾ ਸੀ । ਬੱਸ ਟਾਵੇਂ ਟੱਲੇ ਹੀ ਨਜ਼ਰ ਆਉਂਦੇ ਹਨ। ਭਾਵੇਂ ਉਹ ਰਾਹ ਤੇ ਪਿੰਡ ਦੀਆਂ ਗਲੀਆਂ ਪੱਕੀਆਂ ਸੜਕਾਂ ‘ਚ ਬਦਲ ਗਈਆਂ ਹਨ। ਪਰ ਫੇਰ ਵੀ ਮਾਣਕ ਦੀਆਂ ਪੈੜਾਂ ਲੱਭਣੀਆਂ ਔਖੀਆਂ ਨਹੀਂ।
ਸੰਗੀਤਕ ਪੰਡਿਤਾਂ ਦਾ ਮੰਨਣਾ ਹੈ ਕਿ ਇਹ ਪੈੜਾਂ ਕਈ ਸਦੀਆਂ ਤਿੱਕਰ ਇਸੇ ਤਰ੍ਹਾਂ ਚਮਕਦੀਆਂ ਰਹਿਣਗੀਆਂ। ਮਾਣਕ ਪੰਜਾਬੀ ਗਾਇਕੀ ਦੀ ਮਾਲਾ ਦਾ ਸੁੱਚਾ ਮਣਕਾ ਹੈ।
ਇਸ ਨਿੱਕੇ ਕੱਦ ਵਾਲੇ ਮਣਕੇ ਨੇ ਆਪਣਾ ਪਿੰਡ ਜਲਾਲ ਦੁਨੀਆਂ ਦੇ ਨਕਸ਼ੇ ‘ਤੇ ਉਭਾਰ ਦਿੱਤਾ। ਆਪਣੀ ਕਲਾ ਨਾਲ ਲਈ ਜੇਕਰ ਮਾਣਕ ਜਲਾਲ ‘ਚ ਨਾ ਜੰਮਦਾ ਤਾਂ ਜਲਾਲ ਅਣਗੌਲਿਆਂ ਹੀ ਰਹਿੰਦਾ ਭਾਵੇਂ ਬਠਿੰਡਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ।
ਜਦੋਂ ਮਾਣਕ ਦੇ ਜਨਮ ਤੋਂ ਕੁਝ ਸਮਾਂ ਬਾਅਦ ਪਿਤਾ ਨਿੱਕਾ ਸਿੰਘ ਅੱਲ੍ਹਾ ਨੂੰ ਪਿਆਰਾ ਹੋ ਗਿਆ ਸੀ, ਤਾਂ ਇਸ ਕਰਕੇ ਕੁਝ ਰਿਸ਼ਤੇਦਾਰ-ਸਕੇ ਸਬੰਧੀ ਮਾਣਕ ਨੂੰ ਮਨਹੂਸ ਵੀ ਦੱਸਦੇ ਰਹੇ । ਬਾਕੀ ਭੈਣ ਭਰਾਵਾਂ ਜਿੰਨਾ ਪਿਆਰ ਹਿੱਸੇ ਨਾ ਆਇਆ ਮਾਣਕ ਦੇ । ਮਾਣਕ ਮੁੱਢੋਂ ਹੀ ਸੂਖਮ-ਭਾਵੀ ਹੋਣ ਕਰਕੇ ਉਦਾਸ ਵੀ ਹੋ ਜਾਂਦਾ ਸੀ ।
ਪਿੰਡ ‘ਚ ਮਾਣਕ ਦੇ ਦਾਦਕੇ ਪਰਿਵਾਰ ਨੂੰ ‘ਬਾਬੇ ਕਿਆ ਕੇ’ ਆਖ ਕੇ ਸੱਦਦੇ ਹਨ। ਜਾਂ ਕੁਝ ਉੱਚ-ਜਾਤੀ ਵਾਲੇ ਮੀਰ ਆਲਮ ਵੀ ਕਹਿ ਲੈਂਦੇ। ਕੁਲਦੀਪ ਮਾਣਕ ਆਪਣੇ ਭਰਾ ਸਵ. ਸਦੀਕ ਮੁਹੰਮਦ ਜਿਨ੍ਹਾਂ ਦੀ ਪਿਛਲੇ ਦਿਨੀਂ ਮੌਤ ਹੋ ਗਈ, ਰਫ਼ੀਕ ਮੁਹੰਮਦ ਤੋਂ ਛੋਟਾ ਹੈ। ਮਾਣਕ ਦੀਆਂ ਦੋ ਭੈਣਾਂ ਅੱਲ੍ਹਾ ਨੂੰ ਪਿਆਰੀਆਂ ਹੋ ਗਈਆਂ ਸਨ।
ਸੁਰਤ ਸੰਭਾਲੀ ਤੇ ਵਿੱਦਿਆ:- ਸੁਰਤ ਸੰਭਾਲੀ ਤੋਂ ਹੀ ਮਾਣਕ ਦਾ ਝੁਕਾਅ ਕੁਝ ਧਾਰਮਿਕ ਕਾਰਜਾਂ ਵੱਲ ਹੋ ਗਿਆ ਸੀ, ਜਿਹੜਾ ਮਰਨ ਤੱਕ ਵੀ ਬਰਕਾਰ ਸੀ । ਹੁਣ ਵੀ ਜੇਕਰ ਕੋਈ ਮਾਣਕ ਨੂੰ ਦੱਸ ਪਾ ਦਿੰਦਾ ਕਿ ਫਲਾਣੀ ਥਾਂ ਫਲਾਣੇ ਗੁਰ-ਪੀਰ ਦਾ ਵਾਸਾ ਹੈ ਤਾਂ ਉਹ ਨਿਰਸੰਕੋਚ ਜਾ ਪਹੁੰਚਦਾ। ਦੱਸਦੇ ਹਨ ਕਿ ਮਾਣਕ ਦੀ ਮਾਤਾ ਤੇ ਪਿਤਾ ਵੀ ਇਸ ਬਿਰਤੀ ਦੇ ਮਾਲਕ ਸਨ ਤੇ ਇਹ ਸੇਵਾ ਭਾਵਨਾ ਮਾਣਕ ਨੂੰ ਵਿਰਾਸਤ ‘ਚ ਮਿਲੀ।
ਬਚਪਨ ‘ਚ ਮਾਣਕ ਸੰਤ ਕਰਨੈਲ ਦਾਸ (ਜਲਾਲ ਵਾਲੇ) ਦੀ ਬਹੁਤ ਸਮਾਂ ਸੇਵਾ ਕਰਦਾ ਰਿਹਾ। ਉਹ ਮਾਣਕ ਨੂੰ ਆਪਣੇ ਨਾਲ ਨੇੜੇ-ਤੇੜੇ ਪਿੰਡਾਂ ‘ਚ ਲੈ ਜਾਂਦੇ । ਉਦੋਂ ਤਾਂ ਮਾਣਕ ਨੇ ਰੂਪ ਵੀ ਸਾਧਾਂ ਵਾਲਾ ਹੀ ਧਾਰ ਲਿਆ ਸੀ। ਮਾਣਕ ਜਿੱਥੇ ਕਿਤੇ ਜਾਂਦਾ ਸੰਤਾਂ ਨਾਲ ਉਥੇ ਕੀਰਤਨ ਜਾਂ ਪਾਠ ਕਰਦਾ ਤਾਂ ਲੋਕ ਪੈਸਿਆਂ ਦਾ ਢੇਰ ਲਾ ਦਿੰਦੇ । ਕਈ ਵਾਰ ਮਾਣਕ ਆਪ ਵੀ ਦੱਸਦਾ ਕਿ ਉਸ ਵਕਤ ਕੀਤੀ ਸੇਵਾ ਕਰਕੇ ਹੀ ਉਸ ਦਾ ਨਾਂ ਚਮਕਿਆ ਕਿਉਂਕਿ ਉਸ ਡੇਰੇ ਤੋਂ ਹੀ ਮਾਣਕ ਨੂੰ ਵਰ ਮਿਲਿਆ ਸੀ ਕਿ ਤੂੰ ਪੂਰੀ ਦੁਨੀਆਂ ‘ਤੇ ਮਸ਼ਹੂਰੀ ਖੱਟੇਂਗਾ। ਇਕ ਕੋਹੜ ਦਾ ਮਰੀਜ਼ ਸਾਧ ਸੀ ਜਿਸ ਦੀ ਮਾਣਕ ਨੇ ਅਤਿਅੰਤ ਸੇਵਾ ਕੀਤੀ। ਉਸਦੇ ਸਰੀਰ ਦੀਆਂ ਟਕੋਰਾਂ ਕਰਦਾ, ਕੱਪੜੇ ਲੀੜੇ, ਹੋਰ ਤਾਂ ਹੋਰ ਟੱਟੀ-ਪਿਸ਼ਾਬ ਵੀ ਮਾਣਕ ਹੱਥੀਂ ਸਾਂਭਦਾ ਰਿਹਾ। ਉਦੋਂ ਉਸੇ ਸਾਧ ਨੇ ਮਾਣਕ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਆਖਿਆ ਸੀ, ਜਾ ਲੱਧਿਆ ਤੈਨੂੰ ਤਾਂ ਦੁਨੀਆਂ ਉਡੀਕਦੀ ਐ ਤੈਨੂੰ ਐਨੀ ਪ੍ਰਸਿੱਧੀ ਮਿਲੂ ਕਿ ਲੋਕ ਅੱਖਾਂ ‘ਤੇ ਹੱਥ ਧਰ-ਧਰ, ਉਂਗਲਾਂ ਤੇ ਦਿਨ ਗਿਣ-ਗਿਣ ਉਡੀਕਿਆ ਕਰਨਗੇ, ਬਸ! ਆਪਣੀ ਸ਼ਰਧਾ ਨੂੰ ਹਮੇਸ਼ਾ ਸਭ ਲਈ ਇਸੇ ਤਰ੍ਹਾਂ ਬਣਾਈ ਰੱਖੀਂ । ਕੁਝ ਡੇਰੇਦਾਰ ਮਾਣਕ ਨੂੰ ਭਾਰਤਮੁਨੀ ਕਹਿ ਕੇ ਪੁਕਾਰਦੇ ਰਹੇ।
ਜਿੱਥੇ ਬਚਪਨ ਵਿਚ ਮਾਣਕ ਨੂੰ ਮਨਹੂਸ ਮੰਨਿਆ ਜਾਂਦਾ ਸੀ ਉਥੇ ਜਿਉਂ-ਜਿਉਂ ਮਾਣਕ ਜਵਾਨੀ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਸੀ ਤਿਉਂ-ਤਿਉਂ ਉਹ ਸਭ ਦੇ ਦਿਲਾਂ ਨੂੰ ਛੂਹ ਰਿਹਾ ਸੀ। ਜਿੰਨੇ ਮੂੰਹ ਓਨੇ ਨਾਂ। ਕੋਈ ਲੱਧਾ, ਕੋਈ ਮਣਕਾ, ਕੋਈ ਮੁਹੰਮਦ ਲਤੀਫ਼, ਕੋਈ ਭਾਰਤ ਮੁਨੀ । ਕੁਝ ਛੇੜਣ ਦੇ ਮਾਰੇ ਟਿੱਡਾ ਵੀ ਆਖ ਛੱਡਦੇ। ਉਂਜ ਪੱਕਾ ਨਾਂ ਤਾਂ ਮੁਹੰਮਦ ਲਤੀਫ਼ ਹੈ ਮਾਣਕ ਦਾ । ਜਦੋਂ ਸਕੂਲ ਦੇ ਦੇਹਲੀ ਚੜ੍ਹਿਆ ਤਾਂ ਹਾਣੀ-ਪ੍ਰਵਾਣੀ ਲੱਧਾ ਮਣਕਾ ਕਹਿਣ ਲੱਗੇ। ਇਸ ਤਰ੍ਹਾਂ ਸਮੇਂ ਦੇ ਰੰਗਾਂ ਨਾਲ ਨਾਵਾਂ ਦਾ ਵੀ ਤਬਾਦਲਾ ਹੁੰਦਾ ਰਿਹਾ।
ਸਕੂਲ ‘ਚ ਮਾਣਕ ਹਾਕੀ ਖੇਡਣ ਲੱਗਿਆ । ਜਦੋਂ ਗੇਂਦ ਮਗਰ ਛੁਰਲੀ ਵਾਂਗ ਭੱਜਿਆ ਫਿਰਦਾ ਭਾਵੇਂ ਮਾਣਕ, ਹਾਕੀ ਬਹੁਤੀ ਤਾਂ ਨਹੀਂ ਖੇਡੀ, ਮਾਸਟਰ ਤੇ ਜੁਆਕ ਸ਼ੁਗਲ ਲਈ ਇਸ ਨੂੰ ਵੀ ਨਾਲ ਈ ਲਾ ਲੈਂਦੇ ਤੇ ਆਮ ਕਰਕੇ ਸੁਰਤ ਹੁੰਦੀ ਸੀ ਸਾਰਿਆਂ ਦੀ, ਤਾਂ ਖਿਡਾਵਾਂਗੇ ਜੇ ਗੀਤ ਸੁਣਾਏਂਗਾ। ਇਸ ਤਰ੍ਹਾਂ ਇਹ ਭੋਲਾ ਭਾਲਾ ਮਾਣਕ ਸਭ ਦਾ ਲਾਡਲਾ ਹੁੰਦਾ ਗਿਆ ਸੀ । ਅੱਜ ਵੀ ਜਦੋਂ ਆਪਣੇ ਪਿੰਡ ਫੇਰੀ ਪਾਉਂਦਾ ਸੀ ਤਾਂ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦਾ। ਮਾਣਕ ਤੇ ਅੱਜ ਸਾਰਾ ਪਿੰਡ ਹੀ ਨਹੀਂ, ਜਿੱਥੇ ਕਿਤੇ ਵੀ ਪੰਜਾਬੀ, ਇਸ ਦੀ ਗਾਇਕੀ ਦੇ ਮੁਰੀਦ ਬੈਠੇ ਹਨ, ਉਹ ਇਸ ਮਾਣ-ਮੱਤੇ ਲੋਕ ਗਾਇਕ ਨੂੰ ਰੱਬ ਜਿੰਨੀ ਸ਼ਰਧਾ ਨਾਲ ਪੂਜਦੇ। ਉਨ੍ਹਾਂ ਵਕਤਾਂ ‘ਚ ਕਿਸੇ ਨੇ ਚਿਤਵਿਆ ਨਹੀਂ ਹੋਣਾ ਕਿ ਆਹ ‘ਨਿੱਕੇ’ ਦਾ ‘ਮਾਣਕ’ ਪੰਜਾਬ ਦਾ ਇੰਨਾ ਵੱਡਾ ਨਾਮਵਰ ਗਾਇਕ ਬਣੇਗਾ।
ਫਰੀਦਕੋਟ ਸਕੂਲਾਂ ਦੇ ਟੂਰਨਾਮੈਂਟ ਚਲ ਰਹੇ ਸਨ । ਆਖ਼ਰੀ ਦਿਨ ਇਨਾਮ ਵੰਡ ਸਮਾਰੋਹ ਸੀ । ਮੁੱਖ ਮਹਿਮਾਨ ਉਸ ਮੌਕੇ ਦੇ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਪਹੁੰਚੇ ਸਨ। ਹਰ ਸਕੂਲ ਵੱਲੋਂ ਕੋਈ ਨਾ ਕੋਈ ਆਈਟਮ ਪੇਸ਼ ਕੀਤੀ ਜਾ ਰਹੀ ਸੀ। ਮਾਣਕ ਦੇ ਸਕੂਲੀ ਹੈੱਡ ਮਾਸਟਰ ਕਸ਼ਮੀਰ ਸਿੰਘ ਵਲਟੋਹਾ ਨੇ ਮਾਣਕ ਨੂੰ ਧੱਕੇ ਨਾਲ ਸਟੇਜ ‘ਤੇ ਗਾਉਣ ਚਾੜ੍ਹ ਦਿੱਤਾ, ਜਦੋਂ ਮਾਣਕ ਨੇ ਤਿੱਖੀ ਤੇ ਟੁਣਕਵੀਂ ਅਵਾਜ਼ ‘ਚ
“ਜੱਟਾ ਗੱਲ ਸੁਣ ਓਏ ਭੋਲਿਆ ਜੱਟਾ ਤੇਰੇ ਸਿਰ ਵਿਚ ਪੈਂਦਾ ਘੱਟਾ ਵੇਹਲੜ ਬੰਦੇ ਮੌਜਾਂ ਮਾਣਦੇ ।”
ਸਭ ਕੀਲੇ ਗਏ। ਹਰ ਕੋਈ ਸੋਚ ਰਿਹਾ ਸੀ ਕਿ ‘ਆਹ ਮਣਕੇ ਜਿੰਨਾ ਜੁਆਕ ਇੰਨੀ ਅਵਾਜ਼ ਕਿੱਥੋਂ ਕੱਢ ਰਿਹਾ ਸੀ । ਮਾਣਕ ਦੀ ਇਸ ਸ਼ੁਰੂਆਤੀ ਦੌਰ ਦੀ ਗਾਇਕੀ ਨੇ ਹਰ ਕਿਸੇ ਨੂੰ ਆਪਣੇ ਵੱਲ ਖਿੱਚਿਆ। ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਮਾਣਕ ਨੇ । ਪ੍ਰਤਾਪ ਸਿੰਘ ਕੈਰੋਂ ਨੇ ਮਾਣਕ ਨੂੰ ਵੱਖਰੇ ਤੌਰ ‘ਤੇ ਇਨਾਮ ਦਿੱਤਾ ਤੇ ਕਿਹਾ ਵੀ, ‘ਪੁਰਾਣੀ ਕਹਾਵਤ ਵਾਂਗਰ ਇਹ ਤਾਂ ਲਿੱਧ ‘ਚੋਂ ਮਣਕਾ ਨਿਕਲਣ ਵਾਲੀ ਗੱਲ ਹੋਈ। ਤੂੰ ਅੱਜ ਤੋਂ ਬਾਅਦ ਕੁਲ ਦਾ ਦੀਪ ਏਂ ਤੂੰ ਆਪਣੀ ਕਲਾ ਨਾਲ ਕੁਲਰੁਸ਼ਨਾਉਣਾ ਏ ਤੇ ਤੇਰਾ ਨਾਂ ਏ ਕੁਲਦੀਪ ਮਾਣਕ, ਤੂੰ ਇਕ ਦਿਨ ਸੱਭਿਆਚਾਰ ਦੀ ਸੁੱਚੀ ਮਾਲਾ ਦਾ ਮਣਕਾ ਬਣੇਗਾ। ਇਉਂ ਮੁਹੰਮਦ ਲਤੀਫ਼ ਤੋਂ ਕੁਲਦੀਪ ਮਾਣਕ ਬਣਿਆ ਇਹ ਮਾਂ ਦਾ ‘ਲੱਧਾ’ ਪੁੱਤ । ਉਸ ਤੋਂ ਬਾਅਦ ਸਭ ਮਾਣਕ ਨੂੰ ਕੁਲਦੀਪ ਮਾਣਕ ਆਖਣ ਲੱਗੇ।
ਗਰੀਬੀ ਦੇ ਬੱਦਲ ਅਤਿਅੰਤ ਗੂੜ੍ਹੇ ਛਾਏ ਹੋਏ ਸਨ ਇਸ ਪਰਿਵਾਰ ‘ਤੇ। ਘਰ ਦਾ ਗੁਜ਼ਾਰਾ ਵੀ ਔਖਾ ਹੀ ਚਲਦਾ ਸੀ। ਨਿੱਕੀ ਉਮਰੇ ਪਿਓ ਦਾ ਸਾਇਆ ਸਿਰੋਂ ਉੱਠ ਗਿਆ ਸੀ। ਬੇਬੇ ਬਚਨ ਕੌਰ ਲੋਕਾਂ ਦੇ ਘਰਾਂ ‘ਚ ਕੰਮ-ਧੰਦਾ ਕਰਦੀ ਤੇ ਆਪਣੇ ਬੱਚੇ ਪਾਲ ਰਹੀ ਸੀ । ਵੱਡਾ ਭਰਾ ਸ. ਸਦੀਕ ਮੁਹੰਮਦ ਜ਼ਿਮੀਂਦਾਰਾਂ ਦੇ ਦਿਹਾੜੀਆਂ ਕਰਦਾ ਸੀ। ਭਾਵੇਂ ਮਾਣਕ ਦੀ ਪੜ੍ਹਾਈ ਦਾ ਖ਼ਰਚਾ ਹੈੱਡ ਮਾਸਟਰ ਕਸ਼ਮੀਰ ਸਿੰਘ ਵਲਟੋਹਾ ਤੇ ਮਾਸਟਰ ਲਾਲ ਸਿੰਘ ਬਰਾੜ ਚੁੱਕਦੇ ਪਰ ਜਦੋਂ ਵੀ ਆਪਣੀ ਮਾਂ ਤੇ ਭਰਾ ਨੂੰ ਦੇਖਦਾ ਤਾਂ ਗਹਿਰਾ ਉਦਾਸ ਹੋ ਜਾਂਦਾ ਸੀ। ਇਨ੍ਹਾਂ ਮਾਸਟਰਾਂ ਨੇ ਸਮਝਾਇਆ ਸੀ ਮਾਣਕ ਨੂੰ ਕਿ ਉਹ ਉਸ ‘ਤੇ ਕੋਈ ਅਹਿਸਾਨ ਨਹੀਂ ਕਰ ਰਹੇ। ਮਾਣਕ ਆਪਣੀ ਮਾਂ ਤੇ ਭਰਾ ਨਾਲ ਮੋਢਾ ਜੋੜਨ ਲਈ ਕਾਹਲਾ ਸੀ । ਇਨ੍ਹਾਂ ਆਰਥਿਕ ਕਾਰਨਾਂ ਕਰਕੇ ਮਾਣਕ ਦੀ ਪੜ੍ਹਾਈ ਸਿਰੇ ਨਾ ਚੜ੍ਹ ਸਕੀ ਤੇ ਅੱਧ-ਵਾਟਿਉਂ ਮਾਣਕ ਪੜ੍ਹਾਈ ਛੱਡ ਗਾਇਕੀ ਦੇ ਪਿੜ ਵਿੱਚ ਕੁੱਦ ਪਿਆ ਸੀ।
ਮਾਤਾ-ਪਿਤਾ ਦਾ ਵਿਛੋੜਾ:- ਜਿਸ ਤਰ੍ਹਾਂ ਪਿੱਛੇ ਵੀ ਪੜ੍ਹ ਆਏ ਹਾਂ ਕਿ ਮਾਣਕ
ਦੀ ਉਮਰ ਉਦੋਂ ਮਹੀਨਿਆਂ ‘ਚ ਸੀ ਜਦੋਂ ਪਿਤਾ ਨਿੱਕਾ ਸਿੰਘ ਸੰਖੇਪ ਬਿਮਾਰੀ ਤੋਂ ਬਾਅਦ ਅੱਲਾ ਦੀ ਦਰਗਾਹ ‘ਚ ਜਾ ਬਿਰਾਜਿਆ ਸੀ ਤੇ ਮਾਣਕ ਨੂੰ ਆਪਣੇ ਬਾਪੂ ਦੀ ਸ਼ਕਲ-ਸੂਰਤ ਦਾ ਵੀ ਪਹਿਚਾਣ ਨਹੀਂ ਕਿ ਉਹ ਕਿਸ ਤਰ੍ਹਾਂ ਦਾ ਸੀ। ਸੁਣਿਆ ਹੈ ਕਿ ਮਾਣਕ ਦਾ ਸੁਭਾਅ ਆਪਣੇ ਬਾਪੂ ਨਾਲ ਮੇਲ ਖਾਂਦਾ ਹੈ। ਉਹ ਵੀ ਇਸ ਵਾਂਗ ਹੀ ਨੇਕ ਨਿਯਤ, ਮਿਹਨਤੀ, ਕਹਿਣੀ ਕਰਨੀ ਦਾ ਪੱਕਾ ਇਨਸਾਨ ਸੀ ਜਿਸ ਦਾ ਸਾਰਾ ਪਿੰਡ ਮਾਣ ਕਰਦਾ ਸੀ । ਮਾਣਕ ਨੂੰ ਅਜੇ ਜਨਮ ਲਿਆਂ ਕੁਝ ਮਹੀਨੇ ਹੀ ਹੋਈ ਸਨ ਕਿ ਕਿਸੇ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ। ਆਪਣੇ ਵਿੱਤ ਅਨੁਸਾਰ ਬਥੇਰੇ ਧੱਕੇ ਖਾਦੇ ਡਾਕਟਰਾਂ ਦੇ ਪਰ ਕਿਤੋਂ ਕੁਝ ਪੱਲੇ ਨਾ ਪਿਆ। ਅੰਤ ਨੂੰ ਸਾਰੇ ਟੱਬਰ ਛੱਡ ਚਲ ਵਸਿਆ। ਸਮਾਂ ਪਾ ਕੇ ਮਾਣਕ ਇੰਨਾ ਭੋਲਾ ਸੀ ਜਦੋਂ ਕੁਸ਼ ਸੁਰਤੀ ਸੰਭਲੀ ਤਾਂ ਆਪਣੇ ਪਿਤਾ ਦੇ ਐਕਸਰਿਆਂ ਨੂੰ ਗੜਵੀ ‘ਤੇ ਮੜਕੇ ਢੋਲਕੀ ਬਣਾ ਗਾਉਂਦਾ ਫਿਰਦਾ ਰਹਿੰਦਾ।
ਜਦੋਂ ਮਾਣਕ ਦੀ ਮਾਂ ਨੇ ਜੱਗ ਛੱਡਿਆ ਤਾਂ ਮਾਣਕ ਪੂਰੇ ਜੋਬਨ ‘ਤੇ ਸੀ। ਚਾਰੇ ਪਾਸੇ ਮਾਣਕ-ਮਾਣਕ ਹੋਈ ਪਈ ਸੀ । ਭਾਵੇਂ ਮਾਣਕ ਕਿੰਨਾ ਰੁਝਿਆ ਹੁੰਦਾ ਪਰ ਆਪਣੀ ਮਾਂ ਕੋਲੇ ਜ਼ਰੂਰ ਦੁੱਖ-ਸੁਖ ਕਰਦਾ। ਕੋਈ ਦਿਨ ਅਜਿਹਾ ਨਹੀਂ ਸੀ ਚੜ੍ਹਿਆ ਜਦੋਂ ਮਾਣਕ ਘਰੋਂ ਤੁਰਨ ਲੱਗਿਆਂ ਆਪਣੀ ਮਾਂ ਦੇ ਗੋਡੀਂ ਹੱਥ ਨਾ ਲਾ ਕੇ ਤੁਰਿਆ ਹੋਵੇ। ਇਹ ਗੱਲ ਮਾਣਕ ਮੰਨਣੋਂ ਇਨਕਾਰੀ ਨਹੀਂ ਕਿ ਅੱਜ ਇਸ ਮੁਕਾਮ ‘ਤੇ ਉਸਦੀ ਮਾਂ ਨੇ ਪਹੁੰਚਾਇਆ ਹੈ ਤੇ ਇਸਦਾ ਆਪਣੇ ਬਾਕੀ ਭੈਣ-ਭਰਾਵਾਂ ਤੋਂ ਵੱਧ ਸੀ ਮੋਹ। ਉਹ ਘਰੋਂ ਤੁਰਨ ਲੱਗਿਆਂ ਆਪਣੇ ਕਮਰੇ ‘ਚ ਲਾਈ ਆਪਣੀ ਮਾਂ ਦੀ ਵੱਡੀ ਫੋਟੋ ਨੂੰ ਜ਼ਰੂਰ ਮੱਥਾ ਟੇਕ ਕੇ ਤੁਰਦਾ ਸੀ।
ਮਾਣਕ ਭਰੇ ਗਚ ਨਾਲ ਦੱਸਦਾ ਕਿ ‘ਬੇਬੇ ਨੇ 13 ਜੂਨ 1979 ਈ: ਨੂੰ ਜਦੋਂ ਜੱਗ ਛੱਡਿਆ ਤਾਂ ਉਦੋਂ ਉਹ ਬਿਲਕੁਲ ਤੰਦਰੁਸਤ ਸੀ, ਮੈਂ 9.30 ਵਜੇ ਪ੍ਰੋਗਰਾਮ ਕਰਕੇ ਘਰ ਆਇਆ । ਮੁੱਢੋਂ ਆਦਤ ਵਾਂਗ ਮੈਂ ਸਭ ਤੋਂ ਪਹਿਲਾਂ ਬੇਬੇ ਕੋਲ ਗਿਆ, ਬੇਬੇ ਨੇ ਪੀਣ ਲਈ ਪਾਣੀ ਮੰਗਿਆ। ਸਰਬਜੀਤ ਨੇ ਬੇਬੇ ਨੂੰ ਪਾਣੀ ਪਿਲਾਇਆ। ਬੇਬੇ ਨੇ ਫੇਰ ਕੁਝ ਖਾਣ ਨੂੰ ਮੰਗਿਆ ਤਾਂ, ਮੈਂ ਸੇਬ ਦਾ ਨਿੱਕਾ ਜਿੰਨਾ ਟੁਕੜਾ ਦਿਤਾ, ਮੂੰਹ ‘ਚ ਪਾ ਕੇ ਕਿ ਬੇਬੇ ਨੇ ਇਕ ਲੰਮਾ ਜਿਹਾ ਸਾਹ ਲਿਆ ਤੇ ਕੁਝ ਨਾ ਬੋਲੀ । ਇਸ ਤਰ੍ਹਾਂ ਬੇਬੇ ਬਚਨ ਕੌਰ ਨੇ ਮਾਣਕ ਤੇ ਉਸ ਦੀ ਪਤਨੀ ਸਰਬਜੀਤ ਕੌਰ ਮਾਣਕ ਦੇ ਹੱਥਾਂ ਵਿਚ ਆਖ਼ਰੀ ਦਮ ਲਿਆ। ਮਾਂ ਦੇ ਵਿਛੋੜੇ ਨੇ ਮਾਣਕ ਨੂੰ ਅੰਦਰ ਤੱਕ ਵਲੂੰਧਰ ਕੇ ਰੱਖ ਦਿੱਤਾ। ਕੁਝ ਲੋਕਾਂ ਦਾ ਮੰਨਣਾ ਹੈ ਕਿ ਮਾਣਕ ਦਾ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।’ ਮਾਣਕ ਦਾ ਲਿਖਿਆ ਹੈ। ਪਰ ! ਸਾਰਾ ਗੀਤ ਨਹੀਂ ਮਾਣਕ ਦੇ ਦੱਸਣ ਅਨੁਸਾਰ ਇਸ ਦਾ ਮੁਖੜਾ ਮਾਣਕ ਨੇ ਆਪਣੀ ਮਾਂ ਦੇ ਤੁਰ ਜਾਣ ਤੇ ਜੋੜਿਆ ਸੀ । ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲੇ ਨੇ ਪੂਰਾ ਕੀਤਾ, ਇਸ ਗੀਤ ਨੇ ਮਾਣਕ ਤੇ ਦੇਵ ਨੂੰ ਅਨੂਠੀ ਪਹਿਚਾਣ ਦਿੱਤੀ।
ਗਾਇਕੀ ਦਾ ਸ਼ੌਕ ਤੇ ਉਸ ਸਮੇਂ ਦੇ ਗਵੱਈਏ:- ਦਾਸ ਦੇ ਡੇਰੇ ਰਹਿੰਦਿਆਂ ਮਾਣਕ ਨੇ ਪਾਠ ਕੀਰਤਨ ਕਰਨਾ ਤਾਂ ਕੁਝ ਹੱਦ ਤੱਕ ਸਿੱਖ ਲਿਆ ਸੀ । ਇਥੋਂ ਹੀ ਲਗਰ ਫੁੱਟ ਪਈ ਸੀ ਬਾਲ ਮਨ ਦੇ ਵਿਹੜੇ ਗਾਇਕੀ ਦੀ । ਦੂਜਾ ਮਾਣਕ ਦਾ ਚਾਚਾ ਨਾਜ਼ਰ ਸਿੰਘ ਤੇ ਭਰਾ ਲੋਕਾਂ ਦੇ ਮਰਨਿਆਂ-ਪਰਨਿਆਂ ਤੇ ਹੋਰ ਸਮਾਗਮਾਂ ‘ਤੇ ਗੁਰਦੁਆਰਿਆਂ ਵਿਚ ਕੀਰਤਨ ਕਰਨ ਜਾਂਦੇ ਸਨ । ਕਈ ਵਾਰ ਤਾਂ ਮਾਣਕ ਇਨ੍ਹਾਂ ਨਾਲ ਜ਼ਿੱਦ ਕਰਕੇ ਤੁਰ ਜਾਂਦਾ । ਜੇਕਰ ਨਾਲ ਨਾ ਲੈ ਕੇ ਜਾਂਦਾ ਤਾਂ ਪੁੱਛਦਾ-ਪੁਛਾਉਂਦਾ ਪ੍ਰੋਗਰਾਮ ਵਾਲੀ ਥਾਂ ਜਾ ਪਹੁੰਚਦਾ । ਇਸ ਦੇ ਚਾਚਾ ਭਤੀਜਾ ਜਦੋਂ ਵੀ ਕਿਧਰੇ ਨਿਕਲਦੇ ਤਾਂ ਪੂਰੀ ਬਿੜਕ ਰੱਖਦਾ। ਇਸ ਦੀ ਸੰਗੀਤਕ ਲਗਨ ਨੂੰ ਦੇਖਦਿਆਂ ਪੱਕੇ ਨਾਲ ਲੈ ਕੇ ਜਾਣ ਲੱਗੇ । ਕਈ ਵਾਰ ਜਦੋਂ ਇਹ ਪ੍ਰੋਗਰਾਮ ਤੋਂ ਮੁੜਦੇ ਤਾਂ ਮਾਣਕ ਵਿਹੜੇ ‘ਚ ਬੈਠ ਆਪਣੇ ਚਾਚੇ ਨਾਜਰ ਸਿੰਘ ਦੀਆਂ ਨਕਲਾਂ ਲਾਹੁਣ ਲੱਗਦਾ।
ਸਕੂਲ ਅੱਪੜਿਆ ਤਾਂ ਬਾਲ-ਸਭਾਵਾਂ ‘ਚ ਗਾਉਣ ਲੱਗਿਆ। ਉਸ ਮੌਕੇ ਹੀ ਹੈੱਡ ਮਾਸਟਰ ਕਸ਼ਮੀਰ ਸਿੰਘ ਵਲਟੋਹਾ ਨੇ ਮਾਣਕ ਦੀ ਅੰਦਰਲੀ ਕਲਾ ਨੂੰ ਪਹਿਚਾਣਿਆ ਤੇ ਟੱਬਰ ‘ਚੋਂ ਭਤੀਜਾ ਲੱਗਦੇ ਕੇਵਲ ਜਲਾਲ ਨੂੰ ਰੋਜ਼ ਸਵੇਰੇ ਸਕੂਲ ‘ਚ ਪਰੇਅਰ ਕਰਾਉਣ ਦੀ ਜ਼ਿੰਮੇਵਾਰੀ ਲਾ ਦਿੱਤੀ। ਮਾਣਕ ਜਿਉਂ-ਜਿਉਂ ਜਵਾਨ ਹੁੰਦਾ ਜਾ ਰਿਹਾ ਸੀ ਉਸ ਦੀ ਅਵਾਜ਼ ਤੇ ਅੰਦਾਜ਼ ਵੀ ਨਿਖਾਰ ਆਉਂਦਾ ਗਿਆ । ਨੇੜੇ-ਤੇੜੇ ਜੇਕਰ ਕਿਸੇ ਢਾਡੀ ਕਵੀਸ਼ਰ ਦੇ ਆਉਣ ਬਾਰੇ ਪਤਾ ਲੱਗਦਾ ਤਾਂ ਉਥੇ ਹੀ ਜਾ ਥਾਂ ਮੱਲਦਾ। ਮਾਣਕ ਦੱਸਦਾ ਸੀ ਕਿ ‘ਉਸਨੂੰ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਰਣਜੀਤ ਸਿੰਘ ਸਿੱਧਵਾਂ ਦੇ ਜਥੇ ਨੇ ਬਹੁਤ ਪ੍ਰਭਾਵਿਤ ਕੀਤਾ। ਉਸ ਸਮੇਂ ਇਨ੍ਹਾਂ ਦੀ ਬਹੁਤ ਚੜ੍ਹਤ ਸੀ। ਲੋਕ ਟੋਲੀਆਂ ਬੰਨ-ਬੰਨ ਦੇਖਣ ਜਾਂਦੇ ਹੁੰਦੇ ਸਨ, ਇਨ੍ਹਾਂ ਦੇ ਅਖਾੜੇ। ਭਾਵੇਂ ਗਾਇਕਾਂ ‘ਚ ਯਮਲਾ ਜੱਟ, ਨਰਿੰਦਰ ਬੀਬਾ, ਸਤਿੰਦਰ ਬ ਾ, ਸੁਰਿੰਦਰ ਕੌਰ, ਹਰਚਰਨ ਗਰੇਵਾਲ, 7 ਸੀਮਾਂ ਤੇ ਚਾਂਦੀ ਰਾਮ ਚਾਂਦੀ ਦੀ ਤੂਤੀ ਬੋਲਦੀ ਸੀ । ਜਦੋਂ ਮਾਣਕ ਨੇ ਸਿਰ ਚੁੱਕਿਆ ਤਾਂ ਗਿਣਵੇਂ ਦਿਨਾਂ ‘ਚ ਇਨ੍ਹਾਂ ਦੇ ਹਾਣ ਦਾ ਹੋ ਨਿਕਲਿਆ । ਹਰ ਪਾਸੇ ਹੀ ਮਾਣਕ ਦੇ ਚਰਚੇ ਹੋਣ ਲੱਗੇ ਸਨ, “ਬਾਈ ਇਕ ਨਿੱਕੇ ਜਿੰਨੇ ਕੱਦ ਵਾਲਾ ਮੁੰਡਾ ਐ ਗੌਣ ਆਲਾ….. ਬੜੀ ਵੱਡੀ ਅਵਾਜ਼ ਕੱਢਦਾ ਦਮ ਈ ਨ੍ਹੀ ਲੈਂਦਾ….”
ਯਾਦ ਸ਼ਕਤੀ ਤਾਂ ਮਾਣਕ ਦੀ ਸ਼ੁਰੂ ਤੋਂ ਹੀ ਤੰਦਰੁਸਤ ਸੀ, ਜੋ ਕੁਝ ਬਾਹਰੋਂ ਸੁਣ ਕੇ ਆਉਂਦਾ ਸੀ ਉਸੇ ਨੂੰ ਗਾਉਂਦਾ ਫਿਰਦਾ ਰਹਿੰਦਾ ਜੇਕਰ ਮਾਸਟਰ ਨੂੰ ਪਤਾ ਲੱਗ ਜਾਂਦਾ ਸੀ ਕਿ ਕੱਲ੍ਹ ਇਹ ਤਾਂ ਸਕੂਲ ਨਹੀਂ ਆਇਆ ਕਿਸੇ ਢਾਡੀ ਕਵੀਸ਼ਰ ਜਾਂ ਗਾਉਣ ਵਾਲੇ ਨੂੰ ਸੁਣਨ ਗਿਆ ਸੀ ਤਾਂ ਇਸ ਤੋਂ ਗੀਤ ਸੁਣਨ ਲੱਗਦੇ ਸਨ।
ਸਕੂਲ ‘ਚ ਗਾਉਂਦਾ ਹੋਇਆ ਸਾਜ਼ਾਂ ਦੀਆਂ ਧੁਨੀਆਂ ਵੀ ਮੂੰਹ ਰਾਹੀਂ ਕੱਢ ਸੁਣਨ ਵਾਲਿਆਂ ਦਾ ਧਿਆਨ ਖਿੱਚ ਲੈਂਦਾ । ਜ਼ਿਆਦਾਤਰ ਸਕੂਲ ‘ਚ ਇਹ ਪਾਕਿਸਤਾਨੀ ਗੀਤ
“ਵਾਸਤਾ ਈ ਰੱਬ ਦਾ ਜਾਈਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ। ਰਾਹ ਦੇ ਵਿਚ ਤੂਫਾਨ ਹਨੇਰੀਆਂ ਵੀ ਆਉਣਗੇ, ਦੇਖੀਂ ਕਿਤੇ ਡੋਲ ਨਾ ਤੂੰ ਜਾਈਂ ਵੇ ਕਬੂਤਰਾ।”
ਗੀਤ ਗਾਉਂਦਾ ਜਾਂ ਫਿਰ ਰਾਮੂਵਾਲੀਏ ਪਾਰਸ ਦੇ ਜਥੇ ਦੀ ਗਾਈ ਕਵੀਸ਼ਰੀ
“ਕਿਉਂ ਫੜ੍ਹੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ… ।”
ਕੇਵਲ ਜਲਾਲ ਤੇ ਮਾਣਕ ਗਾਉਂਦੇ ਫਿਰਦੇ । ਸੱਥਾਂ ‘ਚ ਬੈਠੇ ਬਜ਼ੁਰਗ ਵੀ ਚਾਅ ਨਾਲ ਇਨ੍ਹਾਂ ਨਿੱਕੇ ਕਲਾਕਾਰ ਸੁਣ ਬਾਗੋ-ਬਾਗ ਹੁੰਦੇ ਤੇ ਭਵਿੱਖ ਬਾਣੀ ਵੀ ਕਰਦੇ “ਕਮਾਲ ਨੇ ਦੋਵੇਂ ਚਾਚਾ ਭਤੀਜਾ, ਇਕ ਦੂਜੇ ਤੋਂ ਉੱਪਰ ਨੇ ਕੋਈ ਦਿਨ ਆਉ ਜਦੋਂ ਇਨ੍ਹਾਂ ਦੀ ਬੱਲੇ-ਬੱਲੇ ਹੋਊ।”
ਉਸਤਾਦੀ-ਸ਼ਾਗਿਰਦੀ:- ਬਚਪਨ ਤੋਂ ਹੀ ਸੰਗੀਤਕ ਲਗਨ ਹੋਣ ਕਰਕੇ ਮਾਣਕ
ਨੇ ਬੈਂਜੋ ਤਾਂ ਇਕ ਕਸ਼ਮੀਰੀ ਪੰਡਿਤ ਤੋਂ ਸਿੱਖ ਲਈ ਸੀ, ਜਿਹੜੀ ਰਫੀਕ ਮੁਹੰਮਦ ਨੇ ਅੰਮ੍ਰਿਤਸਰ ਤੋਂ ਲਿਆ ਕੇ ਦਿੱਤੀ ਸੀ।
‘ਭੁੱਟੀਵਾਲ’ (ਮੁਕਤਸਰ ਸਾਹਿਬ) ਦੇ ਮਸ਼ਹੂਰ ਕਵਾਲ ਖੁਸ਼ੀ ਮੁਹੰਮਦ ਦੀ ਹੈੱਡ ਮਾਸਟਰ ਕਸ਼ਮੀਰ ਸਿੰਘ ਵਲਟੋਹਾ ਨਾਲ ਗੂੜ੍ਹੀ ਮਿੱਤਰਤਾ ਹੋਣ ਕਰਕੇ ਹੈੱਡਮਾਸਟਰ ਨੇ ਸੋਚਿਆ ਕਿ ਕਿਉਂ ਨਾ ਕੁਲਦੀਪ ਮਾਣਕ ਨੂੰ ਖੁਸ਼ੀ ਮੁਹੰਮਦ ਦੇ ਲੜ ਲਾਇਆ ਜਾਵੇ ਤਾਂ ਜੋ ਇਹ ਪ੍ਰੌੜ ਗਵੱਈਆ ਬਣ ਸਕੇ। ਇਕ ਦਿਨ ਹੈਡਮਾਸਟਰ ਵਲਟੋਹਾ ਨੇ ਕਵਾਲ ਖੁਸ਼ੀ ਮੁਹੰਮਦ ਨੂੰ ਸਕੂਲ ਸੱਦ ਕੇ ਮਾਣਕ ਤੋਂ ਰੁਪਈਏ ਨਾਲ ਲੂਣ ਦੀ ਡਲੀ ਦੁਆ ਕੇ ਮਾਣਕ ਨੂੰ ਖੁਸ਼ੀ ਮੁਹੰਮਦ ਦਾ ਪੱਕਾ ਚੇਲਾ ਪਾ ਦਿੱਤਾ। ਉਸ ਸਮੇਂ ਹੈੱਡ ਮਾਸਟਰ ਕਸ਼ਮੀਰ ਸਿੰਘ ਪਿੰਡ ਦੇ ਸਕੂਲ ਵਿਚ ਹੀ ਰਹਿੰਦੇ ਹੁੰਦੇ ਸੀ, ਉਹ ਹਰ ਸ਼ਨੀਵਾਰ ਖੁਸ਼ੀ ਮੁਹੰਮਦ ਨੂੰ ਆਪਣੇ ਕੋਲ ਸੱਦ ਲੈਂਦੇ ਤੇ ਸੋਮਵਾਰ ਤੱਕ ਆਪਣੇ ਕੋਲ ਹੀ ਰੱਖਦੇ ਨਾਲ ਹੀ ਮਾਣਕ ਨੂੰ ਵੀ ਘਰ ਨਾ ਜਾਣ ਦੀ ਸਖਤ ਹਦਾਇਤ ਹੁੰਦੀ । ਹੈੱਡਮਾਸਟਰ ਵਲਟੋਹਾ, ਕੁਲਦੀਪ ਮਾਣਕ ਦੇ ਕੱਪੜੇ ਵੀ ਹੱਥੀਂ ਆਪ ਧੋਂਦੇ ਤੇ ਨਹਾਉਂਦੇ ਵੀ।
ਸਮਾਂ ਪਾ ਕੇ ਉਸਤਾਦ ਖੁਸ਼ੀ ਮੁਹੰਮਦ ਮਾਣਕ ਦੇ ਘਰੇ ਜਾ ਕੇ ਸਿਖਾਉਣ ਲੱਗੇ। ਜਦੋਂ ਕਦੇ ਮਾਣਕ ਕੋਈ ਸ਼ਰਾਰਤ ਕਰਦਾ ਜਾਂ ਆਖੇ ਨਾ ਲੱਗਦਾ ਤਾਂ ਉਸਤਾਦ ਪਾਸੋਂ ਕੁੱਟ ਵੀ ਖਾ ਬੈਠਦਾ ਕਿਉਂਕਿ ਉਸਦੇ ਹੱਥ ਨਾ ਟਿੱਕਦੇ ਕੁਝ ਨਾ ਕਰ ਧਰਦੇ । ਪਰ ਮਾਣਕ ਨੇ ਕਦੇ ਆਪਣੇ ਉਸਤਾਦ ਦੀ ਕੁੱਟ ਦਾ ਗੁੱਸਾ ਨਹੀਂ ਸੀ ਮਨਾਇਆ ਸਗੋਂ ਹੱਸ ਕੇ ਸਾਰ ਜਾਂਦਾ! ਸ਼ਾਇਦ ਉਸ ਨੂੰ ਗਿਆਨ ਹੋ ਗਿਆ ਸੀ ਕਿ ਨਿਪੁੰਨ ਉਸਤਾਦ ਰੱਬੀ ਨਿਆਮਤ ਹੈ।
ਉਂਝ ਕਈ ਵਾਰ ਮਾਣਕ ਦੀ ਬੇਬੇ ਉਸਤਾਦ ਖੁਸ਼ੀ ਮੁਹੰਮਦ ਨਾਲ ਲੜ ਵੀ ਪੈਂਦੀ ਕਿ ਉਹ ਜੁਆਕ ਨੂੰ ਕਿਉਂ ਝਿੜਕਦਾ ਹੈ ? ਇਕ ਵਾਰ ਕੀ ਹੋਇਆ ਕਿ ‘ਕਵਾਲ’ ਖੁਸ਼ੀ ਮੁਹੰਮਦ ਮਾਣਕ ਨੂੰ ਕੁਝ ਸਮਝਾ ਰਹੇ ਸਨ, ਪਰ ਮਾਣਕ ਦਾ ਧਿਆਨ ਕਿਧਰੇ ਹੋਰ ਸੀ।
ਉਸਤਾਦ ਨੇ ਮਾਣਕ ਦੇ ਕੰਨ ਉੱਤੇ ਚਪੇੜ ਮਾਰੀ ਤਾਂ ਖੜਾਕ ਦੂਰ ਤੀਕ ਗਿਆ ਤੇ ਵਿਹੜੇ ‘ਚ ਚੁੱਲਾ-ਚੌਕਾ ਕਰਦੀ ਮਾਂ ਬਚਨ ਕੌਰ ਨੂੰ ਵੀ ਸੁਣਾਈ ਪਿਆ, ਬੱਸ! ਬੇਬੇ ਮਾਣਕ ਲੱਗ ਪਈ ਬੋਲਣ, “ਦੇਖ ਭਾਈ, ਆਹ ਕੰਮ ਤਾਂ ਗ਼ਲਤ ਆ ਆਹ ਨ੍ਹੀ ਮੈਂ ਹੋਣ ਦੇਣਾ, ਸਿਖਾਉਣਾ ਤਾਂ ਸਿਖਾਓ ਨਹੀਂ ਸਿਖਾਉਣਾ ਸੌ ਵਾਰੀ ਨਾ ਸਿਖਾਓ। ਮੈਂ! ਜੁਆਕ ਦੇ ਚਪੇੜਾਂ ਨਹੀਂ ਪੈਣ ਦੇਣੀਆਂ। ਭਲਾ ! ਜੇ ਇੰਨੇ ਜਿੰਨੇ ਜੁਆਕ ਦੇ ਕਸੂਤੀ ਵੱਜ ਜੇ, ਕੰਨ ਲੱਗ ਜੇ ਡੁੱਲਣ ਕਿਸਦੀ ਮਾਂ ਨੂੰ ਮਾਸੀ ਕਹੂੰ ਮੈਂ ਢੱਠੇ ਖੂਹ ‘ਚ ਪਵੇ ਤੇਰਾ ਆਹ ਮਰਾਸੀ-ਪੁਣਾ, ਐਨੇ ‘ਚ ਵਿਚਾਰੇ ਦੀ ਜਾਹ ਜਾਂਦੀ ਹੋਜੂ ” ਮਾਣਕ ਨੂੰ ਅੱਜ ਵੀ ਯਾਦ ਹੈ ਉਹ ਦਿਨ ਤੇ ਉਹ ਆਪਣੀ ਇਸ ਮੂਰਖਤਾਈ ਤੇ ਡਾਹਢਾ ਅਫ਼ਸੋਸ ਪ੍ਰਗਟ ਕਰਦਾ ਹੈ। ਉਂਝ ਅਜਿਹੀਆਂ ਅਣਗਿਣਤ ਘਟਨਾਵਾਂ ਮਾਣਕ ਨੂੰ ਜ਼ੁਬਾਨੀ ਚੇਤੇ ਨੇ ।
ਸੰਗੀਤ ਗਰੁੱਪ:- ਕੁਲਦੀਪ ਮਾਣਕ ਤੇ ਕੇਵਲ ਜਲਾਲ ਸਕੂਲੀ ਪੜ੍ਹਾਈ ਦੌਰਾਨ ਆਮ ਵਿਆਹਾਂ ‘ਚ ਵੀ ਗਾਉਣ ਤੁਰ ਜਾਂਦੇ ਕਿਉਂਕਿ ਹੈੱਡਮਾਸਟਰ ਕਸ਼ਮੀਰ ਸਿੰਘ ਵਲਟੋਹਾ ਵੱਲੋਂ ਦੋਹਾਂ ਨੂੰ ਪੂਰੀ ਖੁੱਲ੍ਹ ਸੀ, ਇਸ ਤਰ੍ਹਾਂ ਵਿਆਹਾਂ, ਮਰਨਿਆਂ, ਪਰਨਿਆਂ ਤੇ ਜਾਣ ਦੀ। ਦੂਜਾ ਉਦੋਂ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ ਹੁੰਦਾ ਜਲਾਲ ਵਿਚ ਆਉਣ ਵਾਲੀ ਜੰਝਾਂ ਦੇ ਉਤਾਰੇ ਲਈ, ਕਿਉਂਕਿ ਧਰਮਸ਼ਾਲਾ ਕੋਈ ਬਹੁਤੀ ਵੱਡੀ ਨਹੀਂ ਸੀ ਪਿੰਡ ਦੀ ਇਸ ਕਰਕੇ ਜ਼ਿਆਦਾ ਜੰਝਾਂ ਮਾਣਕ ਦੇ ਸਕੂਲ ਹੀ ਉਤਾਰਾ ਕਰਦੀਆਂ ਸਨ। ਇਸ ਤਰ੍ਹਾਂ ਜਦੋਂ ਵੀ ਜੰਝ ਠਹਿਰ ਦੋ-ਤਿੰਨ ਦਿਨ ਸਕੂਲ ਰਹਿੰਦੀ ਤਾਂ ਲੋਕ ਮਾਣਕ ਬਾਰੇ ਦੱਸ ਪਾ ਦਿੰਦੇ ਕਿ ਵਧੀਆ ਗਾਉਣ ਦੀ ਤੇ ਮਾਣਕ ਨੂੰ ਉਥੇ ਗਾਉਣ ਦਾ ਮੌਕਾ ਮਿਲ ਪੈਂਦਾ ਸੀ । ਇਸ ਤਰ੍ਹਾਂ ਮਾਣਕ ਦੀ ਗਾਇਕੀ ਵੀ ਨਿਖਰਦੀ ਗਈ ਤੇ ਮਹਿਮਾ ਵੀ ਵੱਧਦੀ ਗਈ। ਹੌਲੀ-ਹੌਲੀ ਮਾਣਕ ਤੇ ਕੇਵਲ ਦੀ ਮਹਿਮਾ ਕੁਲਵੰਤ ਕੋਮਲ ਤੱਕ ਜਾ ਪਹੁੰਚੀ ਕਿ ‘ਜਲਾਲ ਦੇ ਦੋ ਮੁੱਛ ਫੁੱਟ ਗੱਭਰੂ ਬਹੁਤ ਸੁਹਣਾ ਗਾਉਂਦੇ ਨੇ…. ।
ਤੇ ਉਹ ਮਾਣਕ ਤੇ ਕੇਵਲ ਜਲਾਲ ਨੂੰ ਪਿੰਡੋਂ ਲੈ ਆਈ । ਮਾਣਕ ਦੱਸਦਾ ਏ ਕਿ ਜਦੋਂ ਮਹੀਨੇ ਬੱਧੀ ਉਹ ਪਿੰਡ ਜਾਂਦੇ ਤਾਂ ਲੋਕ ਉਨ੍ਹਾਂ ਤੋਂ ਪੁੱਛਦੇ, ਕਿਹੋ ਜਿਹੇ ਹੁੰਦੇ ਆ ਮੁੰਡਿਓ ਉਥੇ ਘਰ ਦਰ ਸ਼ਹਿਰ ਦੀਆਂ ਗੱਲਾਂ ਟੋਅ-ਟੋਅ ਆਪਣੇ ਅਰਗੇ ਆ ਜਾਂ ਹੋਰ ਤਰ੍ਹਾਂ ਦੇ ।” ਕਈ ਵਾਰ ਮਾਣਕ ਆਪਣੇ ਸੁਭਾਅ ਅਨੁਸਾਰ ਟਾਂਚ ਵੀ ਕਰ ਜਾਂਦਾ …. “ਨਹੀਂ, ਉਥੇ ਤਾਂ ਆਪਣੇ ਪਿੰਡੋਂ ਵੀ ਬਾਹਲੇ ਟਿੱਬੇ, ਲੋਕ ਕਈ ਕਈ ਮਹੀਨੇ ਨਹਾਉਂਦੇ ਵੀ ਨਹੀਂ। ਕਦੇ-ਕਦੇ ਤਾਂ ਸੂਰਜ ਵੀ ਨ੍ਹੀ ਚੜ੍ਹਦਾ ।” ਮਾਣਕ ਤੇ ਕੇਵਲ ਨੂੰ ਕੁਲਵੰਤ ਕੋਮਲ ਨੇ ਆਪਣੇ ਗੀਤ ਕੰਠ ਕਰਵਾਏ ਤੇ ਨਾਲ ਲੈ ਜਾਣ ਲੱਗੀ ਪ੍ਰੋਗਰਾਮਾਂ ਉੱਤੇ। ਉਦੋਂ ਉਹ ਵੀ ਕਾਫੀ ਚਰਚਿਤ ਸੀ ਗਾਇਕੀ ਦੇ ਖੇਤਰ ‘ਚ।
ਕਿਸੇ ਸਮੇਂ ਦੌਰਾਨ ਮਾਣਕ ਨੇ ਦੋ ਗਾਣਾ ਗਾਇਕੀ ਦੇ ਬਾਦਸ਼ਾਹ ਮੁਹੰਮਦ ਸਦੀਕ ਨਾਲ ਸਾਇਡ ‘ਤੇ 10 ਰੁਪਏ ਵਿਚ ਪ੍ਰਤੀ ਪ੍ਰੋਗਰਾਮ ਕੰਮ ਕੀਤਾ। ਉਂਝ ਮਾਣਕ ਨੇ ਦੋ ਗਾਣਾ ਗਾਇਕੀ ‘ਚ ਵੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਪਰ ਸੋਲੋ ਜਿੰਨਾ ਸਫਲ ਨਾ ਹੋ ਸਕਿਆ, ਜਿਸ ਬਾਰੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸੁਣਨ ਵਾਲਿਆਂ ਨੇ ਮਾਣਕ ਦੁਆਰਾ ਗਠਿਤ ਕੀਤੀਆਂ ਜੋੜੀਆਂ ਨੂੰ ਨਕਾਰ ਹੀ ਦਿੱਤਾ ਸੀ ਭਾਵੇਂ ਉਹ ਸੀਮਾ, ਸਤਿੰਦਰ ਬੀਬਾ, ਗੁਲਸ਼ਨ ਕੋਮਲ, ਅਮਰਜੋਤ ਚਮਕੀਲਾ, ਕੁਲਦੀਪ ਕੌਰ, ਸੁਖਵੰਤ ਸੁੱਖੀ, ਪਰਮਿੰਦਰ ਸੰਧੂ, ਦਿਲਰਾਜ ਕੌਰ, ਪ੍ਰਕਾਸ਼ ਸੋਢੀ, ਅਮਰਨੂਰੀ, ਕੁਲਵੰਤ ਕੋਮਲ, ਸੁਚੇਤ ਬਾਲਾ, ਗੁਰਮੀਤ ਬਾਵਾ ਆਦਿਕ ਨਾਂ ਜ਼ਿਕਰਯੋਗ ਹਨ। ਨਾਲ-ਨਾਲ ਇਹ ਵੀ ਧਿਆਨਗੋਚਰ ਹੈ ਕਿ ਗੁਲਸ਼ਨ ਕੋਮਲ ਨਾਲ ਗਾਏ ਦੋ ਗਾਣੇ ਸੁਪਰ-ਡੁਬਰ ਹਿੱਟ ਵੀ ਰਹੇ। ਉਂਜ ਗਾਇਕੀ ਇਕੱਲਿਆਂ ਜ਼ਿਆਦਾ ਰਾਸ ਆਈ ਮਾਣਕ ਨੂੰ ।
ਜਦੋਂ ਮਾਣਕ ਗਾਇਕੀ ‘ਚ ਪੈਰ ਪਸਾਰਨ ਲਈ ਸੰਘਰਸ਼ ਕਰ ਰਿਹਾ ਸੀ ਤਾਂ ਕਾਫੀ ਸਮਾਂ ਇਹ ਸਤਿੰਦਰ ਬੀਬਾ, ਪ੍ਰਕਾਸ਼ ਸੋਢੀ ਦੇ ਘਰ ਪਰਿਵਾਰਿਕ ਮੈਂਬਰ ਵਾਂਗ ਰਿਹਾ। ਉਦੋਂ ਮਾਣਕ ਦੇ ਸਿਰ ‘ਤੇ ਛੱਤ ਨਹੀਂ ਸੀ ਅਤੇ ਢਿੱਡੋਂ ਬਿਲਕੁਲ ਖ਼ਾਲੀ ਸੀ।
ਪ੍ਰੋਗਰਾਮ ਫੀਸ:- ਗਾਇਕੀ ਦੀ ਸ਼ੁਰੂਆਤ ਖੁੱਲ੍ਹੇ ਅਖਾੜਿਆਂ ਤੋਂ ਹੋਈ, ਇਸੇ
ਕਰਕੇ ਇਕੱਠ ਵੀ ਭਰਵਾਂ ਹੁੰਦਾ ਸੀ । ਪਰੰਤੂ ਅੱਜ ਗਾਇਕਾਂ ਦੇ ਬਹੁਤੇ ਪ੍ਰੋਗਰਾਮ ਸੱਦੇ ਗਏ ਲੋਕਾਂ ਤੱਕ ਹੀ ਸੁੰਗੜ ਕੇ ਰਹਿ ਗਏ ਹਨ। ਕੋਈ ਵੇਲਾ ਸੀ ਜਦੋਂ ਸੰਗੀਤ ਲੋਕਾਂ ਦੀ ਰੂਹ ਦੀ ਖੁਰਾਕ ਹੁੰਦੀ ਸੀ, ਪਰ ਇਸ ਦੇ ਉਲਟ ਅੱਜ ਇਹ ਅੱਖਾਂ ਦੀ ਖੁਰਾਕ ਬਣ ਕੇ ਰਹਿ ਗਿਆ ਹੈ। ਕੁਝ ਸੂਝਵਾਨ ਸ੍ਰੋਤਿਆਂ ਦਾ ਇਹ ਵੀ ਮੰਨਣਾ ਕਿ ਗਾਇਕੀ ਤੋਂ ਲੋਕਾਂ ਦਾ ਮੂੰਹ ਫੇਰਨ ‘ਚ ਵੱਡਾ ਕਾਰਨ ਅਸ਼ਲੀਲਤਾ ਹੈ ਕਿ ਸ਼ੁਰੂਆਤ ਦੌਰਾਨ ਇਹ ਪਾਕ ਸਾਫ ਨਜ਼ਰ ਆਉਂਦੀ ਸੀ, ਨਾ ਤਾਂ ਉਦੋਂ ਅੱਜ ਵਾਂਗ ਗਾਇਕਾਵਾਂ ਅਤੇ ਗਾਇਕ ਸਟੇਜ ਉੱਤੇ ਖੜ੍ਹ ਭੈੜੀਆਂ ਹਰਕਤਾਂ ਕਰਦੇ ਸਨ ਤੇ ਨਾ ਹੀ ਅੱਜ ਵਰਗਾ ਪਹਿਰਾਵਾ ਹੁੰਦਾ ਸੀ ਜ਼ਿਆਦਾਤਰ ਗਾਇਕ ਕੁੜਤੇ ਚਾਦਰ, ਸ਼ਮਲੇ ਵਾਲੀ ਪੱਗ ਤੇ ਪੈਰੀਂ ਖੁੱਸਾ ਜੁੱਤੀ ਜਾਂ ਤਿੱਲੇਦਾਰ ਜੁੱਤੀ ਪਹਿਨਦੇ ਸੀ ਤੇ ਦੂਜੇ ਪਾਸੇ ਗਾਇਕਾਵਾਂ ਰੇਸ਼ਮੀ ਗੂੜ੍ਹੇ ਰੰਗ ਦੇ ਸੂਟ ਤੇ ਸਿਰ ‘ਤੇ ਚੁੰਨੀ ਲੈ ਕੇ ਆਪਣੀ ਕਲਾ ਦਾ ਮੁਜ਼ਾਹਰਾ ਕਰਦੀਆਂ । ਮਾੜੀਆਂ-ਮੋਟੀਆਂ ਸਟੇਜਾਂ ‘ਤੇ ਮਸਤੀ ਜ਼ਰੂਰ ਹੁੰਦੀ ਸੀ ਲੋਕਾਂ ਦੇ ਮਨ ਪ੍ਰਚਾਵੇ ਲਈ….ਵਿਆਹਾਂ ਮੌਕੇ ਨਾ-ਮਾਤਰ ਹੁੰਦਾ ਸੀ ਵੀਡਿਓ ਦਾ ਬਣਨਾ। ਅੱਜ ਵਾਂਗ ਮੁੱਖ ਨਹੀਂ ਸੀ ਗਾਇਕਾਂ ਲਈ ਪੈਸਾ, ਮੂੰਹ-ਮੁਲ੍ਹਾਜਾ ਵੀ ਪੁਗਾਇਆ ਜਾਂਦਾ ਸੀ। ਕੁਝ ਕਲਾਕਾਰ ਅਜਿਹੇ ਵੀ ਸਨ ਜਿਨ੍ਹਾਂ ਕੋਲ ਪ੍ਰੋਗਰਾਮਾਂ ਦੀ ਝੜੀ ਲੱਗੀ ਰਹਿੰਦੀ। ਕੁਝ ਆਪਣੇ ਆਕੜ ਤੇ ਹਾਉਮੈ ਦੇ ਮਾਰੇ ਮੱਖੀਆਂ ਮਾਰਦੇ ਵੀ ਦੇਖੇ ਗਏ ।
ਮਾਣਕ ਨੇ ਮੁੱਢੋਂ ਹੀ ਆਪਣੇ ਸੁਭਾਅ ਤੇ ਸਾਫ ਸੁਥਰੀ-ਛਵੀ ਕਾਰਨ ਸੁਣਨ ਵਾਲਿਆਂ ‘ਚ ਆਪਣੇ-ਆਪ ਨੂੰ ਸਥਾਪਿਤ ਕਰ ਲਿਆ ਤੇ ਆਮ ਨਿੱਤ ਦਿਨ ਦੇ ਕਈ ਵਾਰ ਦੋ ਤੋਂ ਵੱਧ ਪ੍ਰੋਗਰਾਮ ਕੀਤੇ। ਜਿਉਂ-ਜਿਉਂ ਪ੍ਰੋਗਰਾਮਾਂ ਦੀ ਗਿਣਤੀ ਵੱਧਦੀ ਗਈ ਤਾਂ ਮਾਣਕ ਦੀ ਸਾਂਝ ਲੋਕਾਂ ਨਾਲ ਵੱਧਣੀ ਸੁਭਾਵਿਕ ਹੀ ਸੀ। ਉਂਝ ਮਾਣਕ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਇਕ ਸੌ ਰੁਪਏ ਤੋਂ ਸ਼ੁਰੂ ਹੋ ਕੇ ਹਜ਼ਾਰਾਂ ਤੱਕ ਵੀ ਪੁੱਜ ਚੁੱਕੀ ਹੈ ਅਤੇ ਲੋਕ ਮਾਣਕ ਦੀ ਆਪਣੇ ਵੇਹੜੇ ਝਲਕ ਦੇ ਵੀ ਪੈਸੇ ਦੇਣ ਤੱਕ ਚਲੇ ਜਾਂਦੇ । ਇਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਬੇਸ਼ੁਮਾਰ ਹੈ। ਇਸ ਪਿੱਛੇ ਇਹ ਸੁਣਨ ਨੂੰ ਆਉਂਦਾ ਹੈ ਕਿ ਅੱਜ ਤੱਕ ਜੇਕਰ ਕਿਸੇ ਗਰੀਬ ਗੁਰਬੇ ਨੇ ਮਾਣਕ ਕੋਲ ਆਣ ਕੇ ਆਪਣੀ ਇੱਛਾ ਦੱਸੀ ਕਿ ਉਹ ਅਖਾੜਾ ਲਾਉਣਾ ਚਾਹੁੰਦਾ ਹੈ ਪਰੰਤੂ ਉਹ ਇੰਨੇ ਪੈਸਿਆਂ ਦਾ ਬੋਝ ਨਹੀਂ ਝੱਲ ਸਕਦਾ ਤਾਂ ਮਾਣਕ ਕਿਸੇ ਵੀ ਆਏ ਦਾ ਦਿਲ ਨਹੀਂ ਤੋੜਿਆ, ਕਦੇ ਜਾਂ ਉੱਚਾ ਸ਼ਬਦ ਨਹੀਂ ਬੋਲਿਆ । ਮਾਣਕ ਨੇ ਆਪਣੀ ਗਾਇਕੀ ਦੇ ਹੁਣ ਤੱਕ ਦੇ ਸਫ਼ਰ ਦੌਰਾਨ ਕਿਸੇ ਨਾਲ ਪ੍ਰੋਗਰਾਮ ਸਬੰਧੀ ਸੌਦੇਬਾਜ਼ੀ ਨਹੀਂ ਕੀਤੀ। ਜਦੋਂ ਕਿਤੇ ਵੀ ਪ੍ਰੋਗਰਾਮ ਕਰਨ ਗਿਆ ਤਾਂ ਮੂੰਹ ਪਾੜ ਕੇ ਸ਼ਰਾਬ ਨਹੀਂ ਮੰਗੀ। ਜੇਕਰ ਕੋਈ ਪ੍ਰੋਗਰਾਮ ਗਏ ਨਾਲ ਖਹਿੜੇ ਹੀ ਪੈ ਜਾਂਦਾ ਕਿ ਅਸੀਂ ਤਾਂ ਪਿਲਾ ਕੇ ਹੀ ਤੋਰਾਂਗੇ ਤਾਂ ਜ਼ਰੂਰ ਛਿੱਟ ਲਾ ਲੈਂਦਾ।
ਇਕ ਵਾਰ ਮਾਣਕ ਦਾ ਪ੍ਰੋਗਰਾਮ ਇਸ ਦੇ ਨਾਨਕੀਂ ਸੀ ਤੇ ਪ੍ਰੋਗਰਾਮ ਮੌਸਮ ਦੇ ਵਿਗੜਣ ਕਰਕੇ ਗੁਰਦੁਆਰੇ ਵਿਚ ਰੱਖ ਲਿਆ ਗਿਆ। ਮਾਣਕ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਉਸ ਸੱਭਿਆਚਾਰਕ ਪ੍ਰੋਗਰਾਮ ਨੂੰ ਧਾਰਮਿਕ ਪ੍ਰੋਗਰਾਮ ‘ਚ ਬਦਲ ਦਿੱਤਾ ਤੇ ਜਿੰਨੇ ਪੈਸੇ ਉੱਥੋਂ ਇਕੱਠੇ ਹੋਏ ਉਹ ਸਾਰਿਆਂ ਦੇ ਨਾਲ ਤੇ ਜਿੰਨੇ ਪੈਸਿਆਂ ‘ਚ ਪ੍ਰੋਗਰਾਮ ਬੁੱਕ ਹੋਇਆ ਸੀ ਉਹ ਗੁਰੂ ਘਰ ਨੂੰ ਭੇਂਟ ਕਰ ਦਿੱਤੇ। ਇਸ ਦਰਿਆ ਦਿਲੀ ਨੇ ਮਾਣਕ ਦੇ ਕੱਦ ਨੂੰ ਲੋਕਾਂ ‘ਚ ਹੋਰ ਵੀ ਵੱਡਾ ਕੀਤਾ ਸੀ । ਉਸ ਪਿੰਡ ਦੇ ਲੋਕਾਂ ਲਈ ਇਹ ਬੈਠਕ ਯਾਦਗਾਰੀ ਬਣ ਗਈ ਹੈ।
ਮਸ਼ਹੂਰੀ ਵੱਲ ਵੱਧਣਾ:- ਹੈੱਡਮਾਸਟਰ ਕਸ਼ਮੀਰ ਸਿੰਘ ਵਲਟੋਹਾ, ਮਾ: ਲਾਲ ਸਿੰਘ ਬਰਾੜ ਦੀ ਹੱਲਾ-ਸ਼ੇਰੀ ਤੇ ਆਪਣੀ ਲਗਨ ਨਾਲ ਮਾਣਕ ਦਿਨੋ-ਦਿਨੀ ਅੱਗੇ ਵੱਧਦਾ ਜਾ ਰਿਹਾ ਸੀ । ਪੂਰੀ ਖੁੱਲ੍ਹ ਸੀ ਮਾਣਕ ਨੂੰ ਅਧਿਆਪਕਾਂ ਵੱਲੋਂ ਛੋਟੇ-ਵੱਡੇ ਪ੍ਰੋਗਰਾਮਾਂ ‘ਤੇ ਜਾਣ ਦੀ । ਸਕੂਲ ਨਾ ਪਹੁੰਚਣ ‘ਤੇ ਵੀ ਮਾ: ਲਾਲ ਸਿੰਘ ਬਰਾੜ ਇਸ ਦੀ ਹਾਜ਼ਰੀ ਲਾ ਦਿੰਦੇ ਸਨ। ਉਂਝ ਮਾਣਕ ‘ਚ ਇਕ ਖੂਬੀ ਸੀ ਕਿ ਭਾਵੇਂ ਇਹ ਕਈ-ਕਈ ਦਿਨ ਸਕੂਲ ਨਾ ਜਾਂਦਾ ਪਰ ਪਾਸ ਹੋਣ ਜੋਗਾ ਤਾਂ ਪੜ੍ਹ ਹੀ ਲੈਂਦਾ ਸੀ । ਪੜ੍ਹਾਈ ਤੇ ਸੰਗੀਤਕ ਲਗਨ ਕਰਕੇ ਹੀ ਇਹ ਸਾਰੇ ਅਧਿਆਪਕਾਂ ਤੋਂ ਮੋਹ ਲੈਂਦਾ ਸੀ, ਕਦੇ-ਕਦਾਈਂ ਤਾਂ ਇਸ ਪੇਪਰਾਂ ਦੇ ਚਲਦਿਆਂ ਵੀ ਪ੍ਰੋਗਰਾਮ ਕਰਨ ਤੁਰ ਜਾਂਦਾ ਸੀ । ਸਤਵੀਂ ਜਮਾਤ ਮਾਣਕ ਨੇ ਬਿਨਾਂ ਪੇਪਰ ਦਿੱਤਿਆਂ ਪਾਸ ਕੀਤੀ। ਨਿੱਤ ਦਿਨ ਤੁਰੇ ਰਹਿਣ ਨਾਲ ਮਾਣਕ ਦੀ ਜਾਣ-ਪਛਾਣ ‘ਚ ਚੋਖਾ ਵਾਧਾ ਹੋਇਆ। ਪੜ੍ਹਾਈ ਦੌਰਾਨ ਹੀ ਮਾਣਕ ਨੇ ਕਸ਼ਮੀਰ ਸਿੰਘ ਵਲਟੋਹਾ ਦੇ ਕਹਿਣ ‘ਤੇ ਜਲੰਧਰ ਰੇਡੀਓ ਸਟੇਸ਼ਨ ‘ਤੇ ਆਪਣੀ ਅਵਾਜ਼ ਦਾ ਨਮੂਨਾ (ਅਡੀਸ਼ਨ) ਦਿੱਤਾ ਸੀ, ਜਿਸ ਵਿਚ ਇਸ ਨੂੰ (ਏ) ਗ੍ਰੇਡ ਹਾਸਿਲ ਹੋਇਆ। ਸੰਨ 1975 ਦੌਰਾਨ ਜਦੋਂ ਜਲੰਧਰ ਰੇਡੀਓ ਤੋਂ ‘ਐਚ.ਐਮ.ਵੀ’. ਸਿਤਾਰੇ ਪ੍ਰੋਗਰਾਮ ਰੀਲੇਅ ਹੋਣਾ ਸ਼ੁਰੂ ਹੋਇਆ ਤਾਂ ਇਸ ਵਿਚ ਸਭ ਤੋਂ ਵੱਧ ਫਰਮਾਇਸ਼ਾਂ ਮਾਣਕ ਦੇ ਗੀਤਾਂ ਦੀਆਂ ਆਉਂਦੀਆਂ ਸਨ । ਜ਼ਿਆਦਾਤਰ ਇਸ ਦੇ ਗੀਤ ‘ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ ਤੇਰਾ ਕਿਹੜੈ ਮੁੱਲ ਲਗਦੈ ।’ ‘ਅੱਲਾ ਬਿਸਮਿਲਾ ਤੇਰੀ ਜੁਗਨੀ ।’ ਆਦਿਕ ਗੀਤਾਂ ਨੇ ਮਾਣਕ ਦੀ ਪਛਾਣ ਨੂੰ ਹੋਰ ਸੰਘਣੀ ਕਰ ਦਿੱਤਾ। ਲੋਕਾਂ ‘ਚ ਮਾਣਕ ਪ੍ਰਤੀ ਖਿੱਚ ਬਣੀ ਤਾਂ ਆਪ ਇਸ ਨੂੰ ਪ੍ਰੋਗਰਾਮ ਕਰਨ ਲਈ ਸੱਦਣ ਲੱਗੇ। ਅਲਗੋਜ਼ੇ, ਘੜਾ ਅਤੇ ਹਰਮੋਨੀਅਮ ‘ਤੇ ਹੀ ਗਾਇਆ। ਜਿੱਥੇ ਮਾਣਕ ਬੁਲੰਦ ਅਵਾਜ਼ ਦਾ ਮਾਲਕ ਸੀ ਉਥੇ ਉਸ ਨੂੰ ਅਦਾਕਾਰੀ ਤੇ ਅੰਦਾਜ਼ ਨੇ ਵੀ ਹਰਮਨ ਪਿਆਰਤਾ ਬਖ਼ਸ਼ਾਈ। ਕਈ ਮੇਲੇ ਤੇ ਕੈਸਟਾਂ ‘ਚ ਇਹ ਖ਼ੁਦ ਕੁਮੈਂਟਰੀ ਕਰਦਾ ਤੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਾਉਂਦਾ ਹੈ। ਮਾਣਕ ਦੇ ਸ਼ੁਰੂਆਤੀ ਦੌਰ ‘ਚ ਭਾਵੇਂ ਕੋਈ ਆਧੁਨਿਕ ਮੀਡੀਆ ਸਾਧਨ ਨਹੀਂ ਸੀ, ਪਰੰਤੂ ਫੇਰ ਵੀ ਇਹ ਲੋਕਾਂ ਦੇ ਦਿਲਾਂ ‘ਚ ਗਿਣਵੇਂ ਦਿਨਾਂ ‘ਚ ਹੀ ਘਰ ਕਰ ਗਿਆ । ਲੋਕ ਪਿੰਡਾਂ ‘ਚ ਸਪੀਕਰਾਂ ਵਾਲੇ ਭਾਈ ਨੂੰ ਇਹ ਪੁੱਛ ਕੇ ਪ੍ਰੋਗਰਾਮ ਦੀ ਸਾਈ ਫੜਾਉਂਦੇ ਕਿ ਤੇਰੇ ਕੋਲ ਮਾਣਕ ਦੇ ਇਹ ਗੀਤ ਹੈਨ ਕਿ ਨਹੀਂ!
ਜਿਵੇਂ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ‘ਸਰਵਣ ਪੁੱਤਰਾ’, ‘ਮਾਂ ਹੁੰਦੀ ਆ ਮਾਂ’ ਆਦਿ ਹੈ ਨੇ ਤਾਂ ਸਾਈ ਫੜ ਲੈ ਨਹੀਂ ਅਸੀਂ ਕਿਸੇ ਹੋਰ ਕੋਲ ਜਾਂਦੇ ਆਂ ।”
ਪਹਿਲੀਆਂ ‘ਚ ਖੁਸ਼ੀ ਮੌਕੇ ‘ਸਪੀਕਰ ਵਾਲਾ’ ਰੇਡੀਓ ਜਿਸ ਨੂੰ ਵੱਡਾ ਧੂਤਨਾ ਲੱਗਿਆ ਹੁੰਦਾ ਸੀ ਲਾਇਆ ਜਾਂਦਾ । ਉਹ ਉਨ੍ਹਾਂ ਵੇਲਿਆਂ ਦਾ ਡੀ.ਜੇ. ਹੁੰਦਾ ਸੀ ਜਾਂ ਜਿਹੜਾ ਵਿਆਹ ਕਿਸੇ ਵੀ ਖੁਸ਼ੀ ‘ਤੇ ਕਈ ਦਿਨ ਪਹਿਲਾਂ ਹੀ ਵੱਜਣਾ ਸ਼ੁਰੂ ਹੋ ਜਾਂਦਾ, ਵਿਆਹ ‘ਤੇ ਬੀਨ ਵਾਜੇ ਨਾਲ ਨਚਾਰ ਲੋਕਾਂ ਦਾ ਮਨੋਰੰਜਨ ਕਰਦੇ ਸਨ ।
ਮਾਣਕ ਦੇ ਵੱਜਦੇ ਗੀਤਾਂ ਨਾਲ ਲੋਕ ਅਵਾਜ਼ ਮੇਚ ਕੇ ਗਾਉਂਦੇ ਤੇ ਇਸ ਤਰ੍ਹਾਂ ਮਾਣਕ ਦਿਨੋ ਦਿਨੀ ਪ੍ਰਸਿੱਧੀ ਵੱਲ ਵਧਿਆ। ਸਮਾਂ ਇਹੋ ਜਿਹਾ ਵੀ ਆਇਆ ਕਿ ਮਾਣਕ ਕੋਲ ਦਿਨ ਦੇ ਦੋ-ਦੋ, ਤਿੰਨ-ਤਿੰਨ ਪ੍ਰੋਗਰਾਮ ਬੁੱਕ ਹੋਣ ਲੱਗੇ । ਮਾਣਕ ‘ਚ ਖੂਬੀ ਸ਼ੁਰੂ ਤੋਂ ਹੀ ਸੀ ਇਹ ਜਿਸ ਘਰੇ ਪ੍ਰੋਗਰਾਮ ਕਰਨ ਜਾਂਦਾ ਉਨ੍ਹਾਂ ਦੇ ਸ਼ਗਨ ਦੇਣਾ ਕਦੇ ਨਹੀਂ ਭੁੱਲਿਆ, ਜਿੰਨੇ ਪੈਸਿਆਂ ‘ਚ ਪ੍ਰੋਗਰਾਮ ਕਰਨਾ ਮੁੱਕਿਆ ਉਸ ਤੋਂ ਪੈਸੇ ਵੱਧ ਨਹੀਂ ਮੰਗੇ ਰੋਊਂ-ਰੋਊਂ ਕਰਕੇ। ਇਹੋ ਜਿਹੀ ਜ਼ਿੰਦਾ ਦਿਲੀ ਕਰਕੇ ਮਾਣਕ ਦੇ ਆਪਣੇ ਸ੍ਰੋਤਿਆਂ ‘ਚ ਰਿਸ਼ਤੇ ਬੁਣ ਲਏ। ਜ਼ੁਬਾਨ ਦਾ ਵੀ ਰਸੀਲਾ ਏ। ਮਾਣਕ ਜਦੋਂ ਕੋਈ ਵੱਡੀ ਉਮਰ ਦਾ ਮਿਲੇਗਾ ਤਾਂ ‘ਬਾਈ’, ਜੇ ਕੋਈ ਛੋਟੀ ਉਮਰ ਦਾ ਹੋਵੇ ਤਾਂ, ‘ਛੋਟੇ ਭਾਈ’, ਜੇ ਕੋਈ ਵਡੇਰੀ ਉਮਰ ਦੀ ਔਰਤ ਹੋਵੇ ਤਾਂ ‘ਬੀਬੀ’ ਜੇ ਕੋਈ ਹਮ ਉਮਰ ਹੋਵੇ ਤਾਂ ਭੈਣ ਆਖ ਲੈਂਦਾ।
ਮਾਣਕ ਸੁਭਾਅ ਦਾ ਖੁੱਲ੍ਹਾ ਸੀ ਜੇਕਰ ਸਾਹਮਣੇ ਵਾਲੇ ਦਾ ਨਾਂ ਨਾ ਚੇਤੇ ਆਵੇ ਤਾਂ, ਪੁੱਠਾ ਨਾਂ ਲੈ ਕੇ ਵੀ ਸੱਦ ਲੈਂਦਾ । ਲੋਕਾਂ ਨੂੰ ਵੀ ਖੁਸ਼ੀ ਹੁੰਦੀ ਮਾਣਕ ਦੀਆਂ ਗੱਲਾਂ ਸੁਣਕੇ ਪਰ ਗੁੱਸਾ ਨਹੀਂ ਸੀ ਕਰਦੇ। ਜਾਣੂੰ ਹੋ ਗਏ ਸਨ ਮਾਣਕ ਦੇ ਸੁਭਾਅ ਤੋਂ ਲੋਕੀ । ਪਰ ! ਜਦੋਂ ਕੋਈ ਪਹਿਲੀ ਵਾਰ ਮਾਣਕ ਨੂੰ ਇਸ ਦਾ ਬੋਲਦਾ ਸੁਣਦਾ ਤਾਂ ਹੰਕਾਰੀ ਵੀ ਆਖ ਛੱਡਦਾ ਮਾਣਕ ਨੂੰ ਉਂਝ ਥੋੜਾ ਵਿਚਾਰ ਜ਼ਰੂਰ ਲੈਣਾ ਚਾਹੀਦਾ ਹੈ ਕਿ ਸਭ ਲੋਕ ਇਕੋ ਜਿਹੇ ਨਹੀਂ ਹੁੰਦੇ ਕਿਉਂਕਿ ਇਸ ਤੋਂ ਤਾਂ ਪਹਿਲਾਂ ਹੀ ਖਾਰ ਖਾਣ ਵਾਲੇ ਵਥੇਰੇ ਨੇ ।
ਜਲਾਲ ਤੋਂ ਉਠ ਕੇ ਮਾਣਕ ਪੂਰੀ ਦੁਨੀਆਂ ਘੁੰਮ ਚੁੱਕਿਆ ਸੀ। ਪੂਰੀ ਦੁਨੀਆਂ ਦੀਆਂ ਸੜਕਾਂ ਨੂੰ ਪੈਰੀਂ ਲਾਈ ਫਿਰਦਾ ਸੀ । ਪੰਜਾਬ ਦੇ ਹਰ ਪਿੰਡ ਨੂੰ ਜਾਣ ਵਾਲੇ ਰਾਹ ਦਾ ਭੇਦ ਸੀ ਮਾਣਕ ਨੂੰ । ਜਦੋਂ ਮਾਣਕ ਗੱਡੀ ਦੀ ਪਿਛਲੀ ਸੀਟ ‘ਤੇ ਬੈਠਿਆ ਰਾਹ ਦੱਸ ਰਿਹਾ ਹੁੰਦਾ ਤਾਂ ਖੁਸ਼ੀ ਭਰੀ ਹੈਰਾਨੀ ਹੁੰਦੀ। ਆਖੇਗਾ ਡਰਾਈਵਰ ਨੂੰ, “ਐਂ ਕਰ ਛੋਟੇ ਭਾਈ, ਸਿੱਧਾ ਚੱਲਿਆ ਚੱਲ ਅੱਗੇ ਕੂਹਣੀ ਮੋੜ ਤੋਂ ਖੱਬੇ ਮੁੜ ਦੋ ਕੁ ਮੀਲ ਤੇ ਦੇਸੀ ਸ਼ਰਾਬ ਦੇ ਠੇਕੇ ਨਾਲ ਦੀ ਮੁੜ ਕੇ ਵੱਡੇ ਦਰਸ਼ਨੀ ਗੇਟ ‘ਚੋਂ ਬਸ ਫੇਰ ਜਿਹੜਾ ਸਾਹਮਣੇ ਪਿੰਡ ਦੀਂਹਦੈ ਉਥੇ ਜਾਣੈ ਆਪਾਂ ਨੇ ।” ਡਰਾਈਵਰ ਹੈਰਾਨੀ ਨਾਲ ਝਾਕਦੈ ਮੁੜ-ਮੁੜ ਤੇ ਬੁੜ-ਬੁੜਾਉਂਦੇ ਕਿਹੋ ਜਿਹੀ ਖੋਪੜੀ ਐ, ਬੁੜੀ ਦੇ ਪੁੱਤ ਦੀ ‘ਕੱਲਾ-‘ਕੱਲਾ ਰਾਹ ਮੁਹਾਰਣੀ ਵਾਂਗ ਯਾਦ ਪਿਆ…..।
ਵਿਦੇਸ਼ੀ ਗੇੜਾ:-ਜਿਉਂ-ਜਿਉਂ ਨਵੀਂ ਤਕਨੀਕ ‘ਚ ਵਾਧਾ ਹੋ ਰਿਹਾ ਸੀ ਤਿਉਂ- ਤਿਉਂ ਮਾਣਕ ਦੀ ਅਵਾਜ਼ ਹੱਦਾਂ ਬੰਨ੍ਹੇ ਟੱਪਦੀ ਜਾ ਰਹੀ ਸੀ। ਮਾਣਕ ਦੇ ਗਾਏ ਰਿਕਾਰਡ, ਕੈਸਟਾਂ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਬਣਨ ਲੱਗੀਆਂ ਸਨ । ਮਾਣਕ ਦੀ ਗਾਇਕੀ ਨੇ ਕਿਸੇ ਇਕ ਦਾ ਸ੍ਰੋਤਾ ਵਰਗ ਪੈਦਾ ਨਹੀਂ ਸੀ ਕੀਤਾ । ਜੇਕਰ ਮਾਣਕ ਦੇ ਗਾਇਕੀ ਦੇ ਰੂਪਾਂ ਦੀ ਗੱਲ ਕਰੀਏ ਤਾਂ ਇਸ ਨੇ ਲੋਕ-ਗੀਤ, ਕਲੀਆਂ, ਗਾਥਾਵਾਂ, ਵਾਰਾਂ, ਸੋਲੋ, ਦੋ ਗਾਣਾ, ਕਵਾਲੀ- ਨੁਮਾ, ਧਾਰਮਿਕ ਆਦਿ ਗੀਤਾਂ ਦੀਆਂ ਵੰਨਗੀਆਂ ਨੂੰ ਅਵਾਜ਼ ਦਿੱਤੀ ਜਿਸਦੇ ਫਲਸਰੂਪ ਮਾਣਕ ਦੇ ਸਰੋਤਾ ਵਰਗ ‘ਚ ਚੋਖਾ ਵਾਧਾ ਹੋਣਾ ਸੁਭਾਵਿਕ ਹੀ ਸੀ ਕਿਉਂਕਿ ਬਹੁਤ ਗਾਇਕ ਅਜਿਹੇ ਵੀ ਨੇ ਜਿਹੜੇ ਸਿਰਫ਼ ਤੇ ਸਿਰਫ਼ ਗਾਇਕੀ ਦੇ ਇਕੋ ਰੂਪ ਨਾਲ ਜੁੜੇ ਹੋਏ ਸਨ। ਉਂਝ ਜਦੋਂ ਦੋ ਗਾਣਾ ਗੀਤਾਂ ਜ਼ਰੀਏ ਕੁਝ ਦੋ ਅਰਥੇ ਗੀਤਾਂ ਦੀ ਹਨੇਰੀ ਸਿਖਰ ‘ਤੇ ਸੀ ਤਾਂ ਮਾਣਕ ਨੇ ਉਂਝ ਵੀ ਕੋਈ ਜ਼ਿਆਦਾ ਓਟ ਲੈਣੀ ਚੰਗੀ ਨਹੀਂ ਸਮਝੀ ਸਿਰਫ਼ ਪੋਟਿਆਂ ‘ਤੇ ਗਿਣੇ ਜਾਣ ਜੋਗੇ ਗੀਤਾਂ ਨੂੰ ਗਾਇਆ। ਚਾਹੇ ਉਨ੍ਹਾਂ ਨੂੰ ਗਾਉਣਾ ਸਮਾਂ ਦੀ ਲੋੜ ਸਮਝ ਲਿਆ ਜਾਵੇ ਜਾਂ ਮਾਣਕ ਦੀ ਮਾਨਸਕਿ ਸੰਤੁਸ਼ਟੀ! ਇਹ ਗੱਲ ਤਾਂ ਮੰਨਣ ਯੋਗ ਹੇ ਕਿ ਜੇਕਰ ਸਵ. ਨਰਿੰਦਰ ਬੀਬਾ ਤੋਂ ਬਾਅਦ ਇੰਨੀ ਵੱਡੀ ਤਦਾਦ ‘ਚ ਕਿਸੇ ਨੇ ਧਾਰਮਿਕ ਗੀਤਾਂ ਨੂੰ ਅਵਾਜ਼ ਦਿੱਤੀ ਹੈ ਤਾਂ ਉਹ ਸਿਰਫ਼ ਮਾਣਕ ਹੀ ਹੈ। ਲਗਭਗ ਮਾਣਕ ਨੇ ਆਪਣੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਚਾਰ ਦਰਜਨ ਤੋਂ ਵੱਧ ਧਾਰਮਿਕ ਗੀਤਾਂ ਤੇ ਸ਼ਲੋਕਾਂ ਦੀਆਂ ਕੈਸਟਾਂ ਸੱਭਿਆਚਾਰ ਦੀ ਝੋਲੀ ਪਾਈਆਂ। ਸ਼ਾਇਦ ਇਸੇ ਸ਼ਰਧਾ ਭਾਵਨਾ ਕਰਕੇ ਮਾਣਕ ਇੰਨਾ ਵੱਡਾ ਮੁਕਾਮ ਹਾਸਿਲ ਕਰ ਸਕਿਆ।
ਮੁੱਢਲੇ ਦਿਨਾਂ ਦੌਰਾਨ ਪਹਿਲੀ ਵਾਰ ਕੈਨੇਡਾ ਜਾਣ ਦਾ ਸਬੱਬ ਇਉਂ ਬਣਿਆ ਕਿ ਮਾਣਕ ਆਮ ਹੀ ਦੂਜੇ ਰਾਜਾਂ ‘ਚ ਪ੍ਰੋਗਰਾਮ ਕਰਨ ਤੁਰਿਆ ਰਹਿੰਦਾ ਸੀ।
ਇਸ ਦੀ ਗਾਇਕੀ ਤੇ ਅੰਦਾਜ਼ ਦੀਆਂ ਗੱਲਾਂ ਹੁਣ ਕਿਸੇ ਤੋਂ ਗੁੱਝੀਆਂ ਨਹੀਂ ਸਨ ਰਹੀਆਂ। ਜਿਸ ਬਿਲਡਿੰਗ ‘ਚ ਮਾਣਕ ਦਾ ਲੁਧਿਆਣੇ ਦਫ਼ਤਰ ਸੀ, ਉਸ ਬਿਲਡਿੰਗ ਦੇ ਮਾਲਕ ਕੈਨੇਡਾ ਵਾਸੀ ਹੋਣ ਕਰਕੇ ਜਦੋਂ ਵੀ ਪੰਜਾਬ ਫੇਰੀ ਪਾਉਂਦੇ ਤਾਂ ਹਰ ਵਾਰ ਮਾਣਕ ਨੂੰ ਆਖਦੇ, ਮਾਣਕ ਬਈ ਤੂੰ ਸਾਡੇ ਕੋਲ ਵੀ ਆ, ਤੈਨੂੰ ਬਹੁਤ ਦੁਨੀਆਂ ਯਾਦ ਕਰਦੀ ਆ ਓਧਰ। ਅੱਗੇ ਮਾਣਕ ਹਾਜ਼ਰ ਜਵਾਬੀ ਨਾਲ ਗੱਲ ਨੂੰ ਬੋਚ ਲੈਂਦਾ ਤੇ ਆਖਦਾ, “ਮੇਰੇ ਵਸ ਹੋਵੇ ਸੰਝ ਜਹਾਜ਼ ਬੈਹ ਜਾਂ, ਆਪਣੇ ਢੋਲਕੀ, ਛੈਣਿਆਂ ਵਾਲੇ ਨੂੰ ਨਾਲ ਲੈ…” ਤੇ ਜਦੋਂ ਬਿਲਡਿੰਗ ਦੇ ਮਾਲਕ ਮਾਣਕ ਨਾਲ ਪੀਣ ਬੈਠ ਜਾਂਦੇ ਤਾਂ ਆਖਦੇ, “ਮਾਣਕਾ, ਤੈਨੂੰ ਤਾਂ ਕੈਨੇਡਾ ਦਿਖਾਉਣਾ ਈ ਪਊ… ਆਪ ਮਰੇ ਬਿਨਾਂ ਨ੍ਹੀ ਜਾ ਹੋਣਾ ਸੁਅਰਗਾਂ ਨੂੰ” ਮਾਣਕ ਜਵਾਬ ਫੇਰ ਪੂਰਾ ਤੋਲ ਕੇ ਦਿੰਦਾ, “ਆਹ ਜਿਹੜੇ ਫਾਰਨਰੀ ਹੁੰਦੇ ਆ ਨਾ….. ਇਹ ਗੱਲਾਂ ਬਹੁਤ ਕਰਦੇ ਆ ਪਰ! ਸਿਰ ਦੀ ਜੂੰ ਦੁਆਲ ਨ੍ਹੀ ਹੁੰਦੇ ਤੇ ਬਈ ਆਪਣੇ ਤਾਂ ਐਂ ਸੁਣਦਿਆਂ ਦੇ ਕੰਨ ਪੱਕ ਗਏ, ਐਤਕੀਂ- ਸੱਦਾਂਗੇ ਮਾਣਕਾ, ਐਤਕੀ ਸੱਦਾਂਗੇ ਸੱਦਣਾ ਸੁੱਦਣਾ ਕਿਸ ਭੜੂਏ ਨੇ ਆਂ ਤੁਸੀਂ ਛਿੱਟ ਲਾ ਕੇ ਐਵੇਂ ਤੜੀ ਜਮਾਈਂ ਜਾਂਦੇ ਓ…..”
ਸ਼ਾਇਦ ਉਨ੍ਹਾਂ ‘ਤੇ ਮਾਣਕ ਦੇ ਕਿਸੇ ਤਾਅਨੇ ਦਾ ਅਸਰ ਹੋ ਗਿਆ ਤੇ 1977-78 ਦੇ ਕਰੀਬ ਬਿਲਡਿੰਗ ਦੇ ਮਾਲਕਾਂ ਨੇ ਮਾਣਕ ਨੂੰ ਪਹਿਲੀ ਵਾਰ ਕੈਨੇਡਾ ਸੱਦਿਆ। ਇਸ ਤਰ੍ਹਾਂ ਜਾ ਪਹੁੰਚਿਆ ਮਾਣਕ ਕੈਨੇਡਾ। ਜਦੋਂ ਮਾਣਕ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਤਾਂ ਉਧਰਲੇ ਲੋਕਾਂ ਦੀ ਵੀ ਦਿਲ ਦੀ ਧੜਕਣ ਬਣ ਗਿਆ। ਅਨੇਕਾ ਨਵੇਂ ਰਿਸ਼ਤੇ ਬੁਣੇ ਗਏ । ਕੋਈ ਭਰਾ ਬਣ ਗਿਆ, ਕੋਈ ਭੈਣ ਬਣ ਗਈ, ਕਿਸੇ ਨੂੰ ‘ਮਾਂ’ ਬਣਾ ਲਿਆ ਮਾਣਕ ਨੇ ਆਪਣੇ ਸੁਭਾਅ ਅਨੁਸਾਰ । ਮਾਣਕ ਨੂੰ ਕੈਨੇਡਾ ਦੀ ਧਰਤੀ ਅਜਿਹੀ ਰਾਸ ਆਈ ਕਿ ਮਾਣਕ ਨੇ ਮਾਣ-ਸਤਿਕਾਰ ਨਾਲ ਇਕ ਹੁਨਰਮੰਦ ਭਰਾ ਵੀ ਦਿੱਤਾ ਕਹਿਣ ਦਾ ਭਾਵ ‘ਲਹਿੰਦੇ ਪੰਜਾਬ ਦੀ ਥੰਮ ਅਵਾਜ਼ ਸ਼ੌਕਤ ਅਲੀ । 2005 ਦੌਰਾਨ ਮਾਣਕ ਤੇ ਸ਼ੌਕਤ ਅਲੀ ਸਾਹਿਬ ਸਿੰਘ ਥਿੰਦ ਦੁਆਰਾ ਲਾਏ ਜਾਂਦੇ ਗਦਰੀ ਯੋਧਿਆਂ ਦੀ ਯਾਦ ‘ਚ ‘ਮੇਲਾ ਗ਼ਦਰੀ ਬਾਬਿਆਂ ਦਾ’ ਦੌਰਾਨ ਉਸ ਸਟੇਜ ‘ਤੇ ਗਿੱਲ ਹਰਦੀਪ ਦੇ ਗੀਤ “ਦੀਵਾ ਬਲੇ ਲਹੌਰ, ।” ‘ਤੇ ਭਾਵੁਕ ਹੋ ਕੇ ਪੱਗ ਵੱਟ ਭਰਾ ਬਣੇ, ਜੋ ਇਕ ਇਤਿਹਾਸ ਹੋ ਨਿਬੜਿਆ ਹੈ। ਇਸੇ ਮੇਲੇ ਦੀ ਕਮੇਟੀ ਵੱਲੋਂ ਮਾਣਕ ਨੂੰ ਪੰਜ ਵਾਰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾ ਚੁੱਕਿਆ ਸੀ। ਮਾਣਕ ਨੇ ਕੱਲੇ ਕੈਨੇਡਾ ‘ਚ ਇਤਿਹਾਸ ਨਹੀਂ ਸਿਰਜਿਆ, ਇਸ ਭਾਗਾਂ ਵਾਲੇ ਇਨਸਾਨ ਨੇ ਜਿੱਧਰ ਨੂੰ ਵੀ ਮੂੰਹ ਕੀਤਾ, ਜਿੱਥੇ ਪੈਰ ਧਰਿਆ ਉਥੇ ਹੀ ਸਤਿਕਾਰ ਹਾਸਲ ਕੀਤਾ। ਅੱਜ ਦੁਨੀਆਂ ਦਾ ਕੋਈ ਅਜਿਹਾ ਪਿੰਡ, ਰਾਜ ਜਾਂ ਦੇਸ਼ ਨਹੀਂ ਹੋਣਾ ਜਿੱਥੇ ਮਾਣਕ ਨੂੰ ਜਾਣਾ ਨਸੀਬ ਨਹੀਂ ਹੋਇਆ। ਮਾਣਕ ਜਦੋਂ ਕਿਧਰੇ ਵਿਦੇਸ਼ ਹੁੰਦਾ ਤਾਂ ਉਸ ਦੇ ਅੰਦਰੋਂ ਅਵਾਜ਼ ਆਉਂਦੀ, “ਲੈ ਚੱਲ ਵਤਨਾਂ ਨੂੰ, ਇਥੇ ਨ੍ਹੀ ਮੇਰਾ ਦਿਲ ਲੱਗਦਾ।” ਉਸ ਅੰਦਰ ਖੋਹ ਪੈਂਦੀ ਰਹਿੰਦੀ ਆਪਣੇ ਦੇਸ਼, ਆਪਣੇ ਘਰ ਆਉਣ ਦੀ।
ਸਾੜਾ ਕਰਨ ਵਾਲੇ:- ਜਦੋਂ ਕੋਈ ਵੀ ਬੰਦਾ ਰੂਹ ਨਾਲ ਮਿਹਨਤ ਕਰਦਾ ਹੈ ਤਾਂ ਉਸ ਨੇ ਇਕ ਨਾ ਇਕ ਦਿਨ ਸਫ਼ਲ ਜ਼ਰੂਰ ਹੋਣਾ ਹੁੰਦਾ ਹੈ। ਪਰ ਕਿਸੇ ਦੀ ਚੜ੍ਹਤ ਨੂੰ ਹਜ਼ਮ ਕਰਨਾ ਕਿਸੇ ਵੱਡੀ ਦੇਣ ਤੋਂ ਘੱਟ ਨਹੀਂ ਹੁੰਦਾ। ਦੂਜਿਆਂ ਦੀ ਚੜ੍ਹਤ ਨੂੰ ਕਦੋਂ ਲੋਕ ਹਜ਼ਮ ਕਰਨਾ ਸਿੱਖਣਗੇ ? ਕਦੋਂ ਕਰਨਗੇ ਤਰਸ, ਅਨੇਕਾਂ ਜਫ਼ਰ ਜਾਲ ਕੇ ਸਫ਼ਲਤਾ ਹਾਸਿਲ ਕਰਨ ਵਾਲੇ ਉੱਤੇ । ਉਨ੍ਹਾਂ ਦਾ ਮਤਾ ਹੁੰਦਾ ਹੈ ਕਿ ਸਭ ਕੁਝ ਇਕੋ ਰਾਤ ‘ਚ ਨਸੀਬ ਹੋ ਗਿਆ ਹੈ। ਬਿਲਕੁਲ ਇਸੇ ਤਰ੍ਹਾਂ ਹੋਇਆ ਸਾਡੇ ਇਸ ਮਾਣ ਮੱਤੇ ਗਾਇਕ ਕੁਲਦੀਪ ਮਾਣਕ ਨਾਲ 1 ਮਾਣਕ ਨੇ ਦਿਨ-ਰਾਤ ਇਕ ਕਰਕੇ ਮਿਹਨਤ ਨਾਲ ਨਵੀਂ ਲੀਹ ਪਾਈ ਪੰਜਾਬੀ ਗਾਇਕੀ ਵਿਚ। ਕੋਈ ਨਹੀਂ ਜਾਣਦਾ ਕਿਵੇਂ ਭੁੱਖਾ ਤੇਰ੍ਹਾਂ ਝੱਲ ਕੇ ਗੱਡਿਆ ਇਸ ਨੇ ਮੀਲ ਪੱਥਰ ਗਾਇਕੀ ਦਾ। ਇਸ ਦੀ ਸਫ਼ਲਤਾ ਨੂੰ ਦੇਖ ਅਣਗਿਣਤ ਲੋਕਾਂ ਦੇ ਮਨਾਂ ਸੁਆਲ ਉਭਰਿਆ ਹੋਵੇਗਾ ਕਿ ਮਾਣਕ ਨੂੰ ਇਹ ਸਭ ਕੁਝ ਸੁਖਾਲਿਆਂ ਹੀ ਹਾਸਿਲ ਹੋ ਗਿਆ ਏ । ਟੀਸੀ ‘ਤੇ ਪਹੁੰਚਿਆ ਦੇਖ ਉਸ ਦੇ ਨੇੜਲੇ ਸ਼ਰੀਕ ਕਲਾਕਾਰ ਵੀ ਈਰਖਾ ਕਰਨ ਲੱਗੇ। ਜਿਹੜੇ ਕਲਾਕਾਰਾਂ ਨਾਲ ਮਾਣਕ ਨੇ ਸਾਇਡ ਤੇ ਕੰਮ ਕੀਤਾ ਉਹ ਮੰਦਾ ਚੰਗਾ ਬੋਲ ਆਪਣਾ ਢਿੱਡ ਹੌਲਾ ਕਰ ਲੈਂਦੇ । ਮਾਣਕ ਪੰਜਾਬੀ ਗਾਇਕਾਂ ਵਿਚ ਪਹਿਲਾ ਕਲਾਕਾਰ ਸੀ, ਜਿਸ ਦਾ ਐਲ.ਪੀ. ਰਿਕਾਰਡ ਮਾਰਕੀਟ ਆਇਆ। ਜਦੋਂ ਸ਼ਰੀਕ ਗਾਇਕਾਂ ‘ਚ ਇਹ ਪਤਾ ਚੱਲਿਆ ਸੀ ਕਿ ਐਚ.ਐਮ.ਵੀ. ਕੰਪਨੀ ਮਾਣਕ ਦਾ ਐਲ.ਪੀ. ਵਾਲੇ ਰਿਕਾਰਡ ਰਿਲੀਜ਼ ਕਰਨ ਲੱਗੀ ਹੈ ਤਾਂ ਕਿਸੇ ਗਾਇਕ ਨੇ ਜ਼ਹੀਰ ਅਹਿਮਦ ਦੇ ਕੰਨ ਫੂਕ ਮਾਰ ਦਿੱਤੀ। ਐਚ.ਐਮ.ਵੀ. ਰਿਕਾਰਡ ਕਰਨ ਤੋਂ ਪੱਲਾ ਝਾੜ ਗਏ। ਦੇਵ ਤੇ ਮਾਣਕ ਇਸ ਘਟਨਾ ਨਾਲ ਅੰਦਰ ਤੱਕ ਹਿੱਲ ਗਏ। ਫਿਰ ਦੋਹਾਂ ਨੇ ਜਿਗਰਾ ਕਰਕੇ ਫੈਸਲਾ ਕੀਤਾ ਐਚ.ਐਮ.ਵੀ. ਨਾਲ ਕਿ ਜੇਕਰ ਇਹ ਰਿਕਾਰਡ ਮਾਰਕੀਟ ਵਿਚ ਨਾ ਵਿੱਕਿਆ ਤਾਂ ਅਸੀਂ ਕੋਈ ਰਾਇਲਟੀ ਨਹੀਂ ਲਵਾਂਗੇ ਦੁਚਿੱਤੀ ‘ਚ ਘਿਰੇ ਜ਼ਹੀਰ ਅਹਿਮਦ ਨੇ ਰਿਲੀਜ਼ ਕਰਨ ਲਈ ਹਾਮੀਂ ਭਰ ਦਿੱਤੀ ਤੇ ਮਾਰਕੀਟ ਵਿਤ ਐਲ. ਪੀ. ਉਤਾਰਿਆ ਤਾਂ ਬੇਹੱਦ ਪ੍ਰਸਿੱਧ ਹੋਇਆ. ਬੇਲੋੜੀਆਂ ਗੱਲਾਂ ਕਰਨ ਵਾਲਿਆਂ ਨੂੰ ਮਜਬੂਰਨ ਨੀਵੀਂ ਪਾ ਕੇ ਤੁਰਨਾ ਪਿਆ।
ਜਦੋਂ ਮਾਣਕ ਪਹਿਲੀ ਵਾਰ ਕੈਨੇਡਾ ਪ੍ਰੋਗਰਾਮ ਕਰਨ ਚੱਲਿਆ ਤਾਂ ਲੁਧਿਆਣੇ ਦੇ ਕਈ ਗਵੱਈਏ ਸ਼ਰਾਬ ਪੀ ਕੇ ਮਾਣਕ ਦੇ ਦਫ਼ਤਰ ਮੂਹਰੇ ਆਣ ਕੇ ਗਾਲ੍ਹਾਂ ਕੱਢਣ ਲੱਗੇ। ਪਰ ਮਾਣਕ ਨੇ ਚੁੱਪ ਧਾਰ ਕੇ ਸਿੱਧ ਕਰ ਦਿਖਾਇਆ ਕਿ “ਇਕ ਚੁੱਪ ਸੌ ਸੁੱਖ।” ਮਾਣਕ ਨੇ ਉਨ੍ਹਾਂ ਨੂੰ ਕੋਈ ਮੋੜਵਾਂ ਉੱਤਰ ਨਾ ਦਿੱਤਾ ਅਤੇ ਉਨ੍ਹਾਂ ਦੇ ਭੈੜੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਕਿਉਂਕਿ ਉਨ੍ਹਾਂ ਦਾ ਮੰਤਵ ਮਾਣਕ ਨੂੰ ਇਥੇ ਹੀ ਉਲਝਾ ਕੇ ਵਿਦੇਸ਼ ਜਾਣ ਤੋਂ ਰੋਕਣਾ ਸੀ। ਆਖਰਕਾਰ ਉਹ ਸ਼ਰਾਰਤੀ ਅਨਸਰ ਮਾਣਕ ਦੇ ਸਿਆਣਪ ਅੱਗੇ ਗੋਡੇ ਟੇਕ ਨਿਕਲੇ।
ਮਾਣਕ ਪ੍ਰਤੀ ਸ਼ਰੀਕ ਗਾਇਕਾਂ ‘ਚ ਇਥੋਂ ਤੱਕ ਈਰਖਾ ਹੁੰਦੀ ਸੀ । ਮੈਂ ਖੁਦ ਇਕ ਦੋ ਦੋ-ਗਾਣਾ ਗਾਇਕਾਂ ਨੂੰ ਕਿਹਾ ਕਿ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਏ ਜਦ ਕਿ ਇਨ੍ਹਾਂ ਨੇ ਕਲੀਆਂ ਲੋਕ ਗਾਥਾਵਾਂ ਦੇ ਮੁਕਾਬਲੇ ਬਹੁਤ ਘੱਟ ਹੀ ਗਾਈਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਅੱਗੋਂ ਇਕ ਦਾ ਜਵਾਬ ਸੀ, “ਕੁਝ ਵੀ ਕਹਿ ਲੋ ਹੈ ਤਾਂ ਮਾਣਕ ਇਕ ਗਾਇਕ ਹੀ।” ਮੈਂ ਫੇਰ ਦੂਜਾ ਸਵਾਲ ਕੀਤਾ ਉਸ ਗਾਉਣ ਵਾਲੇ ਨੂੰ ਕਿ ਜੇਕਰ ਮਾਣਕ ਕਲੀਆਂ-ਗਾਥਾਵਾਂ ਨਾ ਗਾਉਂਦਾ ਤਾਂ ਸਾਡੀ ਲੋਕ ਗਾਇਕੀ ਕਿਹੋ ਜਿਹੀ ਹੁੰਦੀ ? ਉਸ ਦਾ ਜਵਾਬ ਸੀ, “ਜੇ ਮਾਣਕ ਕਲੀਆਂ ਗਾਥਾਵਾਂ ਨਾ ਗਾਉਂਦਾ ਤਾਂ ਕੋਈ ਹੋਰ ਗਾ ਦਿੰਦਾ ਮਾਣਕ ਨੇ ਇਹ ਕੋਈ ਵਲੱਖਣ ਕਾਰਜ ਨਹੀਂ ਕੀਤਾ।”
ਮਾਣਕ ਫ਼ਿਲਮਾਂ ‘ਚ:- ਜਦੋਂ ਮਾਣਕ ਨੇ ਫ਼ਿਲਮਾਂ ਵੱਲ ਨੂੰ ਮੂੰਹ ਕੀਤਾ ਤਾਂ ਇਸ ਦੇ ਹੋਰ ਸਮਕਾਲੀ ਗਾਇਕ ਵੀ ਫ਼ਿਲਮੀ ਮੈਦਾਨ ‘ਚ ਕੁੱਦ ਚੁੱਕੇ ਸੀ। ਅਜੋਕੇ ਗਾਇਕਾਂ ਵਾਂਗ ਉਸ ਦੌਰ ‘ਚ ਵੀ ਗਾਇਕੀ ਦੀ ਫ਼ਿਲਮਾਂ ‘ਚ ਹੋੜ ਲੱਗੀ ਹੋਈ ਸੀ । ਪਾਲੀਵੁੱਡ ਨੇ ਮੁਹੰਮਦ ਸਦੀਕ, ਗੁਰਚਰਨ ਪੋਹਲੀ ਤੇ ਸੁਰਿੰਦਰ ਛਿੰਦਾ, ਕੁਲਦੀਪ ਮਾਣਕ ਦੀ ਆਮਦ ਨਾਲ ਇਕ ਨਵਾਂ ਰੂਪ ਧਾਰਿਆ ਸੀ ਕਿਉਂਕਿ ਸਾਰਿਆਂ ਮਰਦ ਗਾਇਕਾਂ ‘ਚ ਇਨ੍ਹਾਂ ਦੀ ਤੂਤੀ ਬੋਲਦੀ ਸੀ ਤੇ ਲੋਕ ਵੀ ਇੱਛੁਕ ਸਨ ਕਿ ਇਹ ਗੱਲਾਂ ਕਿਵੇਂ ਕਰਦੇ ਨੇ ਦੂਜਾ ਵੱਡਾ ਕਾਰਨ ਇਹ ਸੀ ਕਿ ਗੀਤਾਂ ਦਾ ਅੱਜ ਵਾਂਗ ਫ਼ਿਲਮਾਂਕਣ ਨਹੀਂ ਸੀ ਹੁੰਦਾ ਤੇ ਲੋਕ ਇਨ੍ਹਾਂ ਨੂੰ ਫ਼ਿਲਮਾਂ ਜ਼ਰੀਏ ਦੇਖਣਾ ਚਾਹੁੰਦੇ ਸਨ ਕਿ ਕਿੱਦਾਂ ਦੇ ਲੱਗਦੇ ਨੇ ਗਾਉਣ ਵਾਲੇ ਤੇ ਕਿਵੇਂ ਦੀਆਂ ਗੱਲਾਂ ਕਰਦੇ ਹਨ। ਜਦੋਂ ਮੁਹੰਮਦ ਸਦੀਕ ਫ਼ਿਲਮਾਂ ‘ਚ ਆਇਆ ਤੇ ਮਾਣਕ ਵੀ ਲੋਕਾਂ ਨੂੰ ਕਹਿੰਦਾ ਸੁਣਿਆ ਗਿਆ “ਫ਼ਿਲਮਾਂ ਤਾਂ ਅਸੀਂ ਵੀ ਬਣਾਵਾਂਗੇ ਪਰ! ਸਦੀਕ ਵਰਗੀਆਂ ਨਹੀਂ” ਮਾਣਕ ਨੂੰ ਫ਼ਿਲਮਾਂ ਗਾਇਕੀ ਜਿੰਨੀਆਂ ਰਾਸ ਨਹੀਂ ਆਈਆਂ। ਲਗਭਗ ਪੰਜਾਬੀ ਗਾਇਕਾਂ ਦੇ ਮੁਕਾਬਲੇ ਗੁਰਚਰਨ ਪੋਹਲੀ ਜ਼ਿਆਦਾ ਸਫ਼ਲ ਰਿਹਾ। ਜਿੱਥੇ ਉਸ ਨੂੰ ਫ਼ਿਲਮਾਂ ’ਚ ਮਕਬੂਲੀਅਤ ਹਾਸਿਲ ਹੋਈ ਸੀ ਉਥੇ ਹੀ ਉਸ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿਚ ਪਿਠਵਰਤੀ ਗਾਇਕ ਵਜੋਂ ਰੋਲ ਅਦਾ ਕੀਤਾ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਗੁਰਚਰਨ ਪੋਹਲੀ ਕਿਧਰੇ ਰੂਪ ਪੇਸ਼ ਹੋ ਗਿਆ ਜਿਹੜਾ ਮੁੜ ਕਿਸੇ ਨੂੰ ਨਜ਼ਰ ਸੀ ਆਇਆ। ਉਂਝ ਮੁਹੰਮਦ ਸਦੀਕ, ਸੁਰਿੰਦਰ ਛਿੰਦਾ ਆਦਿਕ ਗਾਇਕ ਲੰਮਾ ਸਮਾਂ ਪਾਲੀਵੁੱਡ ਨਾਲ ਜੁੜੇ ਰਹੇ । ਪਰ! ਇਨ੍ਹਾਂ ਦੀ ਚੜ੍ਹਤ ਪਹਿਲਾਂ ਵਰਗੀ ਨਹੀਂ ਰਹੀ।
ਮਾਣਕ ਨੇ ਕਈ ਫ਼ਿਲਮਾਂ ‘ਚ ਰੋਲ ਅਦਾ ਕੀਤਾ ਤੇ ਕਈਆਂ ਪਿੱਠ ਵਰਤੀ ਗਾਇਕ ਜਾਂ ਅਖਾੜਾ ਰੂਪੀ ਫ਼ਿਲਮਾਂਕਣ ਕੀਤਾ। ਫ਼ਿਲਮ ‘ਬਲਵੀਰੋ ਭਾਬੀ’ ਮਾਣਕ ਨੇ ਖੁਦ ਪ੍ਰੋਡੀਊਸ ਕੀਤੀ ਜਿਸ ਵਿਚ ਵਰਿੰਦਰ ਦੀ ਅਹਿਮ ਭੂਮਿਕਾ ਸੀ । ਇਸ ਤੋਂ ਇਲਾਵਾ ‘ਸੈਦਾਂ ਜੋਗਣ’ ‘ਚ ਸਤੀਸ਼ ਕੌਲ ਤੇ ਵਰਿੰਦਰ ਨੇ ਜਿੱਥੇ ਆਪਣੀ ਕਲਾ ਦਾ ਜਾਦੂ ਬਖੇਰਿਆ ਉਥੇ ਮਾਣਕ ਨੇ ਗੀਤ ਗਾਏ,
“ਆਹ ਲੈ ਸਾਂਭ ਲੈ ਸੈਦੇ ਦੀਏ ਨਾਰੇ, ਸਾਥੋਂ ਨੀ ਮੱਝੀ ਚਾਰ ਹੁੰਦੀਆਂ”
‘ਲੰਬਰਦਾਰਨੀ’ ‘ਚ ਮਾਣਕ ਦੀ ਗਾਈ ‘ਜੁਗਨੀ’ ਤੇ ‘ਯਾਰਾਂ ਦਾ ਟਰੱਕ ਬੱਲੀਏ’ ਨੇ ਜਿਹੜੀ ਬੁਲੰਦੀ ਤੇ ਫ਼ਿਲਮ ਨੂੰ ਪਹੁੰਚਾਇਆ ਉਸ ਬਾਰੇ ਸਾਰੇ ਪੰਜਾਬੀ ਭਲੀ-ਭਾਂਤ ਜਾਣੂੰ ਹਨ। “ਯਾਰਾਂ ਦਾ ਟਰੱਕ ਬਲੀਏ” ਗੀਤ ਬਾਰੇ ਸਭ ਦਾ ਮੰਨਣਾ ਹੈ ਕਿ ਫ਼ਿਲਮ ਦੀ ਪ੍ਰਸਿੱਧੀ ਵਿਚ ਅਹਿਮ ਰੋਲ ਹੈ।
‘ਦਾਜ’ ਫ਼ਿਲਮ ਵਿਚਲਾ ਗੀਤ, “ਦਾਨੀ ਤੇ ਭਗਤ ਸੂਰਮੇ, ਜਿਉਂਦੇ ਜਗ ਰਹਿੰਦੇ ਨੇ ।”
‘ਲਾਜੋ’ ਫ਼ਿਲਮ ਦੇ ਗੀਤ ਵੀ ਖੁਦ ਮਿਸਾਲ ਨੇ ਅਦਾਕਾਰੀ ਵਾਂਗ ।
- ‘ਸੱਸੀ-ਪੁਨੂੰ’ ਫ਼ਿਲਮ ਵਿਚਲੇ ਗੀਤਾਂ ਦੀ ਪ੍ਰਸਿੱਧੀ ਨੇ ਮਾਣਕ ਨੂੰ ਥੰਮ ਗਾਇਕ ਵਜੋਂ ਖੜ੍ਹਾ ਕੀਤਾ ਸੀ।
- ‘ਜੱਗਾ ਡਾਕੂ’
- ‘ਰੂਪ ਸ਼ੌਕੀਨਣ ਦਾ’ ਫ਼ਿਲਮ ਦਾ ਟਾਈਟਲ ਗੀਤ ਤੇ
‘ਲਾੜੀ ਲੀੜਿਆਂ ‘ਚ ਬੈਠੀ ਤੂੰ ਸੱਜਦੀ, ਸ਼ਗਨਾਂ ਦਾ ਚੂੜਾ ਪਾ ਲਿਆ ।
1988 ਦੇ ਦੌਰਾਨ ਈ ਅਮਰ ਸਿੰਘ ਚਮਕੀਲਾ ਨੇ ‘ਪਟੋਲਾ’ ਫ਼ਿਲਮ ‘ਚ ਅਖਾੜਾ ਲਾਕੇ ਪੁਖਤਾ ਗਾਇਕੀ ਦਾ ਸਬੂਤ ਦਿੱਤਾ ਸੀ ।
- ‘ਵਿਹੜਾ ਲੰਬੜਾਂ ਦਾ’ ਤੇ
- ‘ਗੱਭਰੂ ਪੰਜਾਬ ਦਾ’ ਫ਼ਿਲਮਾਂ ‘ਚ ਮਾਣਕ ਨੇ ਪਿੱਠ ਵਰਤੀ ਗਾਇਕ ਵਜੋਂ ਰੋਲ ਅਦਾ ਕੀਤਾ।
ਜਿੱਥੇ ਮਾਣਕ ਨੇ ਖੁਦ ਰੋਲ ਅਦਾ ਕੀਤਾ ਤੇ ਗੀਤ ਗਾ ਕੇ ਸਫ਼ਲਤਾ ਹਾਸਿਲ ਕੀਤੀ ਉਥੇ ਹੀ ਕੁਝ ਫ਼ਿਲਮਾਂ ਬਣੀਆਂ ਪਰ ਉਹ ਕੁਝ ਕਾਰਨਾਂ ਕਰਕੇ ਜਾਂ ਤਾਂ ਅੱਧਵਾਟੇ ਰਹਿ ਗਈਆਂ ਜਾਂ ਫਿਰ ਬਣਨ ਉਪਰੰਤ ਰਿਲੀਜ਼ ਨਾ ਹੋ ਸਕੀਆਂ ਜਿਵੇਂ :
- ਦੇਸੀ ਮੇਮ
- ਗੀਤਾਂ ਦਾ ਵਣਜਾਰਾ
- ਪੰਜਾਬੀ ਜੱਟ ਯੋਧੇ, ਆਦਿਕ
ਇਥੇ ਇਹ ਕਹਿਣਾ ਕੁਤਾਹੀ ਨਹੀਂ ਕੀਤੀ ਜਾ ਸਕਦੀ ਕਿ ਮਾਣਕ ਕੁਦਰਤ ਵੱਲੋਂ ਸਾਜਿਆ/ਬਣਾਇਆ ਫ਼ਨਕਾਰ ਸੀ । ਕੁਝ ਪਾ ਕੇ ਮਾਣਕ ਦਾ ਫ਼ਿਲਮਾਂ ਤੋਂ ਮੋਹ ਟੁੱਟ ਗਿਆ। ਇੰਨੀ ਪ੍ਰਸਿੱਧੀ ਫ਼ਿਲਮਾਂ ਨੂੰ ਦੇਣ ਵਾਲਾ ਕੁਲਦੀਪ ਮਾਣਕ ਇਹ ਵੀ ਆਖਣ ਲੱਗਿਆ ਸੀ ਕਿ ‘ਆਹ ਫ਼ਿਲਮਾਂ-ਫ਼ੁਲਮਾਂ ਵਾਲੇ ਤਾਂ ਨਕਲੀਏ ਹੁੰਦੇ ਆ। ਹਾਂ… ਮੈਂ ਨੀ ਬਣ ਸਕਦਾ ਨਕਲਚੀ ਹੁਣ ਮੈਨੂੰ ਨਫ਼ਰਤ ਐ ਇਹੋ ਜਿਹੀਆਂ ਨਕਲੀ ਗੱਲਾਂ ਤੋਂ ….?
ਮਾਣਕ ਸਿਆਸਤ ਵਿਚ-ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਕੋਮਲ ਕਲਾਵਾਂ ਤੇ ਸਿਆਸਤ ਦਾ ਕੋਈ ਮੇਲ ਨਹੀਂ ਕਿਉਂਕਿ ਕਲਾਵਾਂ ਵਾਲੇ ਨਾ ਕਿਸੇ ਦੂਜੇ ਨਾਲ ਛੱਲ- ਕਪਟ ਕਰ ਸਕਦੇ ਹਨ ਤੇ ਨਾ ਹੀ ਆਪਣੇ ਨਾਲ ਝੱਲ ਸਕਦੇ ਹਨ। ਇਨ੍ਹਾਂ ਦੀ ਕਮਜ਼ੋਰੀ ਹੁੰਦੀ ਹੈ ਮੱਲੋਮੱਲੀ ਹਰ ਦੂਜੇ ਤੀਜੇ ਨੂੰ ਆਪਣਾ ਸਮਝ ਬੈਠਣਾ । ਇਹੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਹਰ ਕੋਈ ਆਪਣੀ ਕਲਾ ਦਾ ਆਸ਼ਕ ਉਪਾਸ਼ਕ ਹੀ ਨਜ਼ਰ ਆਉਂਦਾ ਹੈ ਇਸੇ ਕਰਕੇ ਹੀ ਝੱਟ ਦੇਣੀ ਇਤਬਾਰ ਕਰ ਬੈਠਦੇ ਨੇ ।
ਪਹਿਲੇ ਵੇਲਿਆਂ ‘ਚ ਜਿਵੇਂ ਜਦੋਂ ਜਲਸੇ ਹੁੰਦੇ ਸਨ ਤਾਂ ਲੋਕਾਂ ਦਾ ਇਕੱਠ ਕਰਨ ਲਈ ਲੀਡਰ ਪਹਿਲਾਂ ਇਹ ਦੇਖਦੇ ਕਿ ਕਿਹੜਾ ਕਵੀਸ਼ਰ, ਢਾਡੀ, ਗੁਮੰਤਰੀ ਦਾ ਬੋਲ- ਬਾਲਾ ਵੱਧ ਹੈ। ਜਿਸ ਦੀ ਹਰਮਨ ਪਿਆਰਤਾ ਜ਼ਿਆਦਾ ਹੁੰਦੀ ਉਸੇ ਕਵੀਸ਼ਰ, ਢਾਡੀ, ਗੁਮੰਤਰੀ ਨੂੰ ਜਲਸੇ ਵਿਚ ਲਿਆ ਖੜ੍ਹਾ ਕਰ ਦਿੱਤਾ ਜਾਂਦਾ ਸੀ । ਬਿਲਕੁਲ ਇਸੇ ਤਰ੍ਹਾਂ ਮਾਣਕ ਨਾਲ ਵੀ ਹੋਇਆ। ਮਾਣਕ ਦੀ ਪੂਰੀ ਚੜ੍ਹਤ ਸੀ । ਲੋਕਾਂ ਦਾ ਰੁੱਖ ਦੇਖ ਕੇ ਕੁਝ ਸਿਆਸਤਦਾਨ ਮਾਣਕ ਨੂੰ ਆਪਣੀਆਂ ਕਾਨਫਰੰਸਾਂ, ਪ੍ਰੋਗਰਾਮਾਂ ਉੱਤੇ ਸੱਦ ਲੈਂਦੇ। ਮਾਣਕ ਦਾ ਝੁਕਾਅ ਕੁਝ ਕਾਂਗਰਸ ਵੱਲ ਵੱਧ ਹੋਣ ਲੱਗਿਆ ਤੇ ਮਾਣਕ ਦੀ ਯਾਰੀ ਸੀਨੀਅਰ ਕਾਂਗਰਸੀ ਆਗੂ ਜਗਮੀਤ ਬਰਾੜ ਨਾਲ ਪੈ ਗਈ । ਜਗਮੀਤ ਬਰਾੜ ਨੇ ਹੀ ਮਾਣਕ ਨੂੰ ਚੋਣ ਲੜਣ ਲਈ ਪ੍ਰੇਰਿਆ ਤੇ ਕਿਹਾ, “ਮਾਣਕ ਸਾਬ੍ਹ ਤੁਹਾਡੀ ਤਾਂ ਇਸ ਹਲਕੇ ‘ਚੋਂ ਜਿੱਤ ਪੱਕੀ ਐ….ਤੁਸੀਂ ਦੇਖਦੇ ਈ ਓ ਜਦੋਂ ਕਿਤੇ ਪ੍ਰੋਗਰਾਮ ‘ਤੇ ਜਾਂਦੇ ਓ ਕਿੰਨਾ ਭਰਵਾਂ ਇਕੱਠ ਹੁੰਦਾ ਹੈ।” ਪਹਿਲੋਂ-ਪਹਿਲ ਤਾਂ ਮਾਣਕ ਨੇ ਇਨਕਾਰ ਕਰ ਦਿੱਤਾ ਕੇ ਫਿਰ ਜਦੋਂ ਮਾਣਕ ਦੇ ਖਿਆਲਾਂ ‘ਚ ‘ਬੱਤੀ’ ਵਾਲੀ ਗੱਡੀ ਤੇ ਹੂਟਰ ਮਾਰ ਕੇ ਲੰਘਦੀ ਤਾਂ ਮਾਣਕ ਖੁਦ ਨੂੰ ਐਮ.ਐਲ.ਏ. ਬਣਿਆ ਮਹਿਸੂਸ ਕਰਦਾ। ਪਹਿਲਾਂ ਮਾਣਕ ਕਾਂਗਰਸ ਦੀ ਸੀਟ ਤੋਂ ਚੋਣ ਲੜਣ ਦਾ ਇੱਛੁਕ ਸੀ ਪਰ! ਟਿਕਟ ਨਾ ਮਿਲਣ ‘ਤੇ ਜਗਮੀਤ ਬਰਾੜ ਦੇ ਕਹਿਣ ‘ਤੇ ‘ਬਠਿੰਡਾ’ ਹਲਕਾ ਤੋਂ ਅਜ਼ਾਦ ਚੋਣ ਲੜਨ ਦਾ ਫ਼ੈਸਲਾ ਕੀਤਾ। ਕੁਝ ਸਿਆਣੇ ਬੰਦਿਆਂ ਨੇ ਮਾਣਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਚੋਣ ਨਾ ਲੜੇ ਪਰ ਮਾਣਕ ਨੇ ਕਿਸੇ ਦੀ ਇਕ ਨਾ ਸੁਣੀ।
ਮਾਣਕ ਜਿਸ ਪਿੰਡ ਜਾਂਦਾ ਲੋਕਾਂ ‘ਚ ਖੜ ਭਾਸ਼ਣ ਦੇਣ ਲੱਗਦਾ ਤਾਂ ਸਮੂਹ ਲੋਕਾਂ ਦੀ – ਇਕੋ ਅਵਾਜ਼ ਹੁੰਦੀ, “ਮਾਣਕਾ ਆਹ ਭਾਸ਼ਣ ਭੂਸ਼ਣ ਰਹਿਣ ਦੇ, ਆਹ ਤਾਂ ਚਿੱਟ ਕੱਪੜੀਏ ਬਥੇਰਾ ਦਿੰਦੇ ਫਿਰਦੇ ਆ, ਤੂੰ ਤਾਂ ਕੋਈ ਗੀਤ-ਗੂਤ ਸੁਣਾ ਤੂੰ ਬੇਫ਼ਿਕਰ ਰਹਿ ਤੇਰੀ ਟੈਂਕੀ ਫੁੱਲ ਕਰਕੇ ਤੋਰਾਂਗੇ” ਇਕ ਪਿੰਡ ਇਕ ਬੁੜੀ ਮਾਣਕ ਦੇ ਸਿਰ ‘ਤੇ ਹੱਥ ਧਰਦੀ ਬੋਲੀ, “ਪੁੱਤ! ਦੇਖੀਂ ਲਾਜ ਰੱਖੀਂ ਆਪਣੀ ਮਾਂ ਦੇ ਦੁੱਧ ਦੀ ਚਿੱਟ ਕੱਪੜੀਆਂ ਵਰਗਾ ਨਾ ਬਣ ਜੀ।” ਇਸ ਗੱਲ ਨੇ ਮਾਣਕ ‘ਤੇ ਗਹਿਰਾ ਅਸਰ ਕੀਤਾ। ਮਾਣਕ ਨੇ ਕਦੇ ਕਿਆਸਿਆ ਵੀ ਨਹੀਂ ਸੀ ਕਿ ਲੋਕ ਉਸ ਨੂੰ ਸਿਆਸਤਦਾਨ ਦੇ ਤੌਰ ਤੇ ਪੂਰੀ ਤਰ੍ਹਾਂ ਨਕਾਰ ਦੇਣਗੇ । ਸ਼ਾਇਦ ਮਾਣਕ ਦੇ ਪ੍ਰਸ਼ੰਸਕਾਂ ਨੇ ਇਸਦਾ ਲੀਡਰ ਬਣਨਾ ਪ੍ਰਵਾਨ ਨਹੀਂ ਸੀ ।
ਚੋਣ ਦੰਗਲ—ਇਸ ਲੋਕ-ਸਭਾ ਚੋਣ ਵਿਚ ਤੇਈ ਮਹਾਂ ਰਥੀਆਂ ਨੇ ਭਾਗ ਲਿਆ ਸੀ ਜਿਨ੍ਹਾਂ ‘ਚ
ਸਤਪਾਲ ਸਿੰਘ
ਸਰਵਜੋਤ ਸਿੰਘ
ਕੈਪਟਨ ਸੇਵਾ
ਸ਼ਿੰਗਾਰਾ ਸਿੰਘ
ਹਰਦਵਾਰੀ ਲਾਲ
ਹਰਿੰਦਰ ਸਿੰਘ ਖਾਲਸਾ (ਨਾਰਵੇ)
ਕਰਨੈਲ ਸਿੰਘ ਕੁਸਲਾ
ਕੋਰਾ ਸਿੰਘ
ਗੁਰਤੇਜ ਸਿੰਘ
ਜਗਤਾਰ ਸਿੰਘ
ਦਰਸ਼ਨ ਸਿੰਘ
ਨਾਹਰ ਸਿੰਘ
ਨੱਥਾ ਸਿੰਘ
ਪਰਮਿੰਦਰ ਸਿੰਘ ਕੌਮੀ
ਪੂਰਨ ਸਿੰਘ
ਭੁਪਿੰਦਰ ਸਿੰਘ
ਮੁਖਤਿਆਰ ਸਿੰਘ
ਸੇਵਾ ਰਾਮ
ਮੱਖਣ ਸਿੰਘ
ਰਜਿੰਦਰ ਕੁਮਾਰ
ਲਾਭ ਸਿੰਘ
ਲਾਲ ਚੰਦ
ਕੁਲਦੀਪ ਮਾਣਕ
ਇਨ੍ਹਾਂ ਤੇਈ ਮਹਾਂਰਥੀਆਂ ਚੋਂ ਹਰਵਿੰਦਰ ਸਿੰਘ ਖ਼ਾਲਸਾ (ਨਾਰਵੇ) ਦੀ ਜਿੱਤ ਹੋਈ ਤੇ ਮਾਣਕ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮਾਣਕ ਦਾ ਚੋਣ ਨਿਸ਼ਾਨ ‘ਟੈਲੀਵਿਜ਼ਨ’ ਸੀ। ਮਾਣਕ ਹਾਰ ਦੇ ਗਮ ‘ਚ ਇਲੈਕਸ਼ਨ ਮਗਰੋਂ ਲੰਮਾਂ ਸਮਾਂ ਬਿਮਾਰੀ ‘ਚ ਘਿਰਿਆ ਰਿਹਾ। ਇਲਾਕਾਈ ਲੋਕਾਂ ਦਾ ਦੱਸਣਾ ਹੈ ਕਿ ਉਦੋਂ ਇਸ ਦੇ ਚੋਣ ਜਲਸਿਆਂ ‘ਚ ਗੀਤ ਆਮ ਵੱਜਦਾ ਸੀ, “ਲੋੜ ਪਈ ਤੋਂ ਪਰਖਾਂਗੇ ਯਾਰਾ ਓ ਤੇਰੀ ਯਾਰੀ।”
ਸ਼ਾਗਿਰਦ ਪ੍ਰੰਪਰਾ ਤੇ ਸਿੱਖਿਆ-ਅਜੋਕੀ ਉਸਤਾਦੀ-ਸ਼ਾਗਿਰਦੀ ਤੋਂ ਮਾਣਕ ਬੇਸ਼ੁਮਾਰ ਚਿੰਤਿਤ ਸੀ। ਉਸ ਦਾ ਮੰਨਣਾ ਸੀ ਕਿ ਨਾ ਤਾਂ ਪਹਿਲਾਂ ਵਾਲੇ ਉਸਤਾਦ ਰਹਿ ਗਏ ਹਨ ਤੇ ਨਾ ਹੀ ਪਹਿਲਾਂ ਵਰਗੇ ਚੇਲੇ। ਕੋਈ ਵੇਲਾ ਹੁੰਦਾ ਸੀ ਕਿ ਚੇਲਾ ਆਪਣੇ ਉਸਤਾਦ ਨੂੰ ਰੱਬ ਮੰਨ ਕੇ ਪੂਜਦਾ ਸੀ ਤੇ ਗੁਰੂ ਦੀ ਆਗਿਆ ਤੋਂ ਬਿਨਾਂ ਉਸਤਾਦ ਦੀਆਂ ਅੱਖਾਂ ਤੋਂ ਓਹਲੇ ਨਹੀਂ ਸੀ ਹੁੰਦਾ। ਪਰ ਅੱਜ ਸਭ ਕੁਝ ਉਲਟ ਹੋਇਆ ਨਜ਼ਰ ਆ ਰਿਹਾ ਹੈ। ਇਧਰਲੇ ਪੰਜਾਬੀਆਂ ਗਾਇਕਾਂ ਪ੍ਰਤੀ ਪਾਕਿਸਤਾਨੀ ਗਾਇਕਾਂ ਦਾ ਕਥਨ ਹੈ ਕਿ ‘ਚੜ੍ਹਦੇ ਪੰਜਾਬ ਦੇ ਗਵੱਈਏ ਸਟੇਜ ‘ਤੇ ਚੜ੍ਹਕੇ ਸਿੱਖਦੇ ਨੇ ਗਾਉਣਾ, ਲਹਿੰਦੇ ਪੰਜਾਬ ਦੇ ਗਵੱਈਏ ਗਾਉਣਾ ਸਿੱਖ ਕੇ ਸਟੇਜ ‘ਤੇ ਚੜ੍ਹਦੇ ਨੇ’ ਲਹਿੰਦੇ ਪੰਜਾਬ ‘ਚ ਜਿੰਨਾ ਚਿਰ ਉਸਤਾਦ ਆਪਣੇ ਚੇਲੇ ਨੂੰ ਆਗਿਆ ਨਹੀਂ ਦਿੰਦਾ ਓਨਾ ਚਿਰ ਉਹ ਸਟੇਜ ਵੱਲ ਝਾਕ ਵੀ ਨਹੀਂ ਸਕਦਾ। ਇਹੋ ਹੀ ਕਾਰਨ ਹੈ ਕਿ ਇਧਰ ਸਾਡੇ ਬੇਸੁਰਿਆਂ ਦੀ ਭਰਮਾਰ ਹੈ ਤੇ ਓਧਰ ‘ਸੁਰਾਂ’ ਵਾਲਿਆਂ ਦੀ । ਉਨ੍ਹਾਂ ਦੀ ਸ਼ਾਇਰੀ ਸਾਡੇ ਤੋਂ ਜ਼ਰੂਰ ਕਮਜ਼ੋਰ ਹੈ ਜੇਕਰ ਕਿਤੇ ਉਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਸ਼ਾਇਰੀ ਵੀ ਬਖਸ਼ ਦਿੱਤੀ ਜਾਂਦੀ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਣੀ ਸੀ।
ਜੇਕਰ ਮਾਣਕ ਦੀ ਗੱਲ ਕਰੀਏ ਤਾਂ ਉਹ ਤਪੱਸਿਆ ਕਰਕੇ ਕਲਾਕਾਰ ਕਹਾਉਣ ਯੋਗ ਹੋਇਆ। ਉਸ ਦੇ ਅੱਜ ਕਿੰਨੇ ਸ਼ਾਗਿਰਦ ਹਨ ਇਹ ਇਸ ਨੂੰ ਖੁਦ ਵੀ ਨਹੀਂ ਪਤਾ।
ਮਾਣਕ ਦੱਸਦਾ ਸੀ ਕਿ ਉਸ ਦੇ ਸ਼ਾਗਿਰਦਾਂ ਦੀ ਗਿਣਤੀ ਬੇਸ਼ੁਮਾਰ ਹੈ। ਅਣਗਿਣਤ ਤਾਂ ਅਜਿਹੇ ਹਨ ਜਿਹੜੇ ਇਕ ਵਾਰ ਪੱਗ ਦੇ ਕੇ, ਮੁੜ ਕੇ ਬਹੁੜੇ ਨਹੀਂ। ਮਾਣਕ ਜਦੋਂ ਕਿਤੇ ਪ੍ਰੋਗਰਾਮ ਕਰਨ ਜਾਂਦਾ ਤਾਂ ਕੋਈ ਕਹਿੰਦਾ, “ਜੀ ਮੈਂ ਤੁਹਾਡਾ ਸ਼ਾਗਿਰਦ ਬਣਨੈ।” ਕੁਝ ਐਵੇਂ ਹੀ ਆਪਣੇ ਨਾਂ ਨਾਲ ‘ਮਾਣਕ’ ਜੋੜ ਕੇ ਆਪਣੇ ਆਪ ਨੂੰ ਮਾਣਕ ਦੇ ਸ਼ਾਗਿਰਦ ਦੱਸਦੇ ਫਿਰਦੇ ਨੇ। ਮਾਣਕ ਦਾ ਮੰਨਣਾ ਸੀ ਕਿ “ਹੁਣ ਤਾਂ ਗੁਰੂ-ਚੇਲੇ ਵਾਲੀ ਪ੍ਰੰਪਰਾ ਬਿਲਕੁਲ ਹੀ ਮੁੱਕ ਗਈ ਹੈ। ਅੱਜ ਹਰ ਕੋਈ ਗੁਰੂ ਤੇ ਸ਼ਾਗਿਰਦ ਦੇ ਅਰਥ ਤੋਂ ਅਣਜਾਣ ਹੈ। ਸਾਡੇ ਵੇਲਿਆਂ ‘ਚ ਗੁਰੂ ਆਪਣੇ ਸ਼ਾਗਿਰਦ ਨੂੰ ਡੰਡੇ ਨਾਲ ਕੁੱਟ ਵੀ ਲੈਂਦੇ ਸੀ। ਅਸੀਂ ਕਦੇ ਮੋੜਵਾਂ ਉੱਤਰ ਨਹੀਂ ਦਿੱਤਾ, ਮੈਨੂੰ ਉਹ ਘੜੀ ਅੱਜ ਵੀ ਚੇਤੇ ਹੈ ਜਦੋਂ ਮੇਰੇ ਉਸਤਾਦ ਨੇ ਕੰਨ ‘ਤੇ ਲੱਫੜ ਮਾਰਿਆ ਸੀ । ਉਹ ਲੱਫੜ ਨੂੰ ਮੈਂ ਅੱਜ ਵੀ ਮਹਿਸੂਸ ਕਰਦਾ ਹਾਂ।”
ਪਹਿਲਾਂ ਤਾਂ ਕੋਈ ਉਸਤਾਦ ਹੀ ਨਹੀਂ ਧਾਰਦਾ, ਜੇਕਰ ਕੋਈ ਰੱਬ ਸਬੱਬੀ ਧਾਰ ਵੀ ਲਵੇ ਤਾਂ ਪੂਰਾ ਨਹੀਂ ਪਾਉਂਦਾ। ਜਿਸ ਦਿਨ ਉਸਤਾਦ ਨੇ ਆਪਣੇ ਚੇਲੇ ਨੂੰ ਮਾੜਾ ਮੋਟਾ ਉੱਚਾ-ਨੀਵਾਂ ਬੋਲ ਦਿੱਤਾ ਬਸ ! ਉਸੇ ਦਿਨ ਨਵਾਂ ਉਸਤਾਦ ਧਾਰ ਲੈਂਦੇ ਹਨ। ਸ਼ਾਇਦ ਇਨ੍ਹਾਂ ਖਾਮੀਆਂ ਕਰਕੇ ਹੀ ਗਾਇਕੀ ਦੀ ਦਸ਼ਾ ਇਹੋ ਜਿਹੀ ਬਣ ਖੜ੍ਹੀ ਹੈ। ਜਿਵੇਂ ਪਿੰਡਾਂ ‘ਚ ਘਰ ਦਾ ਇਕ ਬੰਦਾ ਮੁੱਖ ਮੈਂਬਰ (ਲਾਣੇਦਾਰ) ਹੁੰਦਾ ਹੈ। ਜੇ ਸਾਰੇ ਜੀਅ ਹੀ ਲਾਣੇਦਾਰ ਅਖਵਾਉਣ ਲੱਗ ਪੈਣ ਤਾਂ ਘਰ ਦਾ ਪ੍ਰਬੰਧ ਕਿਵੇਂ ਚੱਲੇਗਾ ?
ਮਾਣਕ ਦਾ ਇਕ ਸ਼ਾਗਿਰਦ ਅਜਿਹਾ ਹੈ ਜਿਹੜਾ ਪੈਸੇ ਦੇ ਜ਼ੋਰ ਮਾਣਕ ਦੀ ਪ੍ਰਸਿੱਧੀ ਨੂੰ ਵਰਤ ਕੇ ਸਿਖਰ ਜਾ ਤੇ ਪਹੁੰਚਿਆ ਹੈ। ਉਸ ਨੇ ਸਿਰਫ਼ ਮਾਣਕ ਨੂੰ ਵਿਦੇਸ਼ੋਂ ਫੋਨ ‘ਤੇ ਹੀ ਕਿਹਾ ਸੀ ਕਿ ਜੀ ਮੈਂ ਆਪ ਜੀ ਦਾ ਸ਼ਾਗਿਰਦ ਹਾਂ ! ਮਾਣਕ ਨੇ ਵੀ ਛਿੱਟ ਲੱਗੀ ‘ਚ ਆਖ ਦਿੱਤਾ ਬਣਜਾ। ਜਦੋਂ ਮਾਣਕ ਨੇ ਮੇਰੇ ਕੋਲ ਉਸ ਨਾਂ ਦਾ ਖੁਲਾਸਾ ਕੀਤਾ ਤਾਂ ਬੇਹੱਦ ਹੈਰਾਨੀ ਹੋਈ ਕਿ ਉਹ ਤਾਂ ਆਪਣੇ ਆਪ ਨੂੰ ਦੱਸਦੈ, ਕਿਤੇ ਆਖਦੈ ਕਿ ਮੈਂ ਪੂਰੀਆਂ ਪ੍ਰੰਪਰਾਵਾਂ ਨਾਲ ਸ਼ਾਗਿਰਦ ਬਣਿਆ ਸੀ ਮਾਣਕ ਦਾ।
ਮਾਣਕ ਕੋਲ ਜਦੋਂ ਵੀ ਕੋਈ ਸ਼ਾਗਿਰਦ ਬਣਨ ਬਹੁੜਿਆ ਤਾਂ ਪਹਿਲਾਂ ਮਾਣਕ ਇਹ ਕਹੇਗਾ, “ਗਾਇਕ ਬਣਨ ਤੋਂ ਪਹਿਲਾਂ ਬੰਦਾ ਬਣਨਾ ਜ਼ਰੂਰੀ ਹੈ। ਜੇਕਰ ਪਹਿਲਾਂ ਬੰਦਾ ਬਣਨਾ ਪਸੰਦ ਹੈ ਤਾਂ ਰਸਮ ਅਦਾ ਕਰੀਂ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਕਾਕਾ! ਜਦੋਂ ਬੰਦਾ ਬਣ ਜੇ ਗਾ ਤਾਂ ਕਲਾਕਾਰ ਤਾਂ ਪ੍ਰਮਾਤਮਾ ਤੈਨੂੰ ਆਪਣੇ ਬਣਾ ਦੂੰ ।”
ਮਾਣਕ ਨੇ ਆਪਣੇ ਸ਼ਾਗਿਰਦਾਂ ਦੇ ਕਦੇ ਖੀਸੇ ਨਹੀਂ ਫਰੋਲੇ ਨਾ ਈ ਉਸਤਾਦੀ ਸ਼ਾਗਿਰਦੀ ਮੌਕੇ ‘ਛਾਪਾ’ ਛੱਲਿਆਂ ਦੀ ਮੰਗ ਰੱਖੀ। ਜੇ ਕੋਈ ਪੈਸਾ ਧੇਲਾ ਰਸਮ ਵੇਲੇ ਧਰ ਕੇ ਦੇ ਦਿੰਦਾ ਹੈ ਤਾਂ ਉਸ ਨੂੰ ਮੋੜਦਾ ਹੋਇਆ ਆਖੇਗਾ, “ਆਹ ਤੂੰ ਈ ਰੱਖ ਲੈ ਕੋਈ ਕੱਪੜਾ ਲੀੜਾ ਲੈ ਲੀਂ, ਬਥੇਰਾ ਕੁਝ ਦਿੱਤਾ ਹੈ ਮੈਨੂੰ ਅੱਲਾ-ਤਾਲਾ ਦਾ ।”
ਦੇਵ ਨਾਲ ਯਾਰੀ:- ਥਰੀਕਿਆਂ ਵਾਲੇ ਦੇਵ ਨਾਲ ਮਾਣਕ ਦੀ ਪੱਕੀ ਯਾਰੀ ਤਾਂ ਬਹੁਤ ਸਮਾਂ ਬਾਅਦ ‘ਚ ਪਈ। ਕਈ ਵਰ੍ਹੇ ਪਹਿਲਾਂ ਮਾਣਕ ਦੇਵ ਕੋਲ ਗੀਤ ਲੈਣ ਗਿਆ ਸੀ ਤਾਂ ਦੇਵ ਨੇ ਮਾਣਕ ਨੂੰ ਇਹ ਕਹਿ ਕੇ ਮੋੜਣਾ ਚਾਹਿਆ ਸੀ ਕਿ, ਤੇਰੇ ਵਰਗੇ ਕਿਤੇ ਗਵੱਈਏ ਹੁੰਦੇ ਆ, ਤੈਨੂੰ ਕੌਣ ਦਊ ਕੰਪਨੀ ‘ਚ ਵੜਣ। ਦੇਵ ਦੇ ਇਨ੍ਹਾਂ ਬੋਲਾਂ ਨੇ ਮਾਣਕ ‘ਤੇ ਕਾਫ਼ੀ ਅਸਰ ਕੀਤਾ ਸੀ । ਮਾਣਕ ਨੇ ਦੇਵ ਨੂੰ ਕਹਿ-ਕੁਹਾ ਕੇ ਗੀਤ ਲਿਆ। ਇਕ ਗੀਤ ਆਪਣੇ ਲੰਗੋਟੀਏ ਯਾਰ ਚਮਕੌਰ ਸਿੰਘ ਚਮਕ ਦਾ ਲੈ ਕੇ ਐਚ.ਐਮ.ਵੀ. ‘ਚ ਜਾ ਕੇ ਰਿਕਾਰਡ ਕਰਵਾ ਆਇਆ। ਆਣ ਕੇ ਮਾਣਕ ਨੇ ਜਦੋਂ ਦੇਵ ਨੂੰ ਦੱਸਿਆ ਤਾਂ ਦੇਵ ਨੂੰ ਮਾਣਕ ਦੀ ਇਸ ਪ੍ਰਾਪਤੀ ‘ਤੇ ਹੈਰਾਨੀ ਭਰੀ ਖੁਸ਼ੀ ਹੋਈ ਸੀ।
ਇਸ ਘਟਨਾ ਤੋਂ ਪਹਿਲਾਂ ਮਾਣਕ ਦਾ ਮੇਲ ਹੀ ਈਸੇਵਾਲ ਦੇ ਪੀ.ਟੀ. ਮਾਸਟਰ ਗੁਰਦਿਆਲ ਸਿੰਘ ਨੇ ਕਰਵਾਇਆ ਸੀ। ਪੀ.ਟੀ. ਮਾਸਟਰ ਗੁਰਦਿਆਲ ਸਿੰਘ ਮਾਣਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਪਰ ਦੇਵ ਮਾਣਕ ਨੂੰ ਪਹਿਲੀ ਵਾਰ ਮਿਲਿਆ ਸੀ। ਇਨ੍ਹਾਂ ਦੀ ਪਹਿਲੀ ਮਿਲਣੀ ਲੁਧਿਆਣੇ ਹੋਈ। ਜਿੱਥੇ ਅੱਜ-ਕੱਲ੍ਹ ਬੱਸਾਂ ਦਾ ਅੱਡਾ ਹੈ, ਇਥੇ ਭੱਠਾ ਹੁੰਦਾ ਸੀ, ਉਸ ਦੇ ਬਿਲਕੁਲ ਸਾਹਮਣੇ ‘ਮੋਰਾਂ’ ਵਾਲੇ ਵੈਦ ਗੁਰਬਚਨ ਸਿੰਘ ਦੀ ਬਿਲਡਿੰਗ ਹੁੰਦੀ ਸੀ। ਜਦੋਂ ਬੱਸਾਂ ਦੇ ਅੱਡਿਆਂ ਨੂੰ ਜੋ ਇਕ ਥਾਂ ਨਹੀਂ ਸੀ ਲੁਧਿਆਣੇ ਦੇ ਭੀੜ-ਭੜੱਕੇ ਵਿਚੋਂ ਬਾਹਰ ਕੱਢਿਆ ਤਾਂ ਇਥੇ ਲੈ ਆਂਦਾ ਸੀ । ਉਸ ਤੋਂ ਬਾਅਦ ਹੀ ਇਥੇ ਚਾਰ ਦੁਕਾਨਾਂ ਖੁੱਲ੍ਹ ਗਈਆਂ ਸਨ ਤੇ ਨਾਲ ਹੀ ਤਿੰਨ ਚਾਰ ਟੈਂਪਰੇਰੀ ਜਿਹੇ ਢਾਬੇ ਖੁੱਲ੍ਹ ਗਏ ਤੇ ਨਾਲ ਹੀ ਸੋਮੇ ਪਹਿਲਵਾਨ ਦਾ ਢਾਬਾ ਹੁੰਦਾ ਸੀ, ਜਿੱਥੇ ਅਕਸਰ ਡਰਾਈਵਰਾਂ, ਕੰਡਕਟਰਾਂ ਤੇ ਹੋਰ ਰਾਹੀਆਂ ਨਾਲ ਰੌਣਕ ਲੱਗੀ ਰਹਿੰਦੀ ਸਨ । ਸ਼ਾਮ ਨੂੰ ਦੇਵ ਵੀ ਗਲਾਸੀ ਸਾਂਝੀ ਕਰਦਾ ‘ਤੇ ਉਦੋਂ ਦੇਵ ਗਿਆਸਪੁਰ (ਲੁਧਿਆਣਾ) ਪਿੰਡ ਵਿਚ ਪੜ੍ਹਾਉਂਦਾ ਹੁੰਦਾ ਸੀ । ਤਿੰਨੋਂ ਜਣੇ ਬਹਿ ਗਏ ਪੀਣ । ਉਥੇ ਹੀ “ਮਿੱਤਰਾਂ ਦੇ ਤਿੱਤਰਾਂ ਨੂੰ” ਗੀਤ ਕੰਨੀਂ ਪਿਆ ਮਾਣਕ ਦੇ। ਦੇਵ ਨੇ ਕਿਹਾ ਮਾਣਕ ਤੇਰੇ ਕੋਲ ਅਵਾਜ਼ ਐ ਦੇਖੀਂ ਖਰਾਬ ਨਾ ਕਰੀਂ, ਆਪਾਂ ਇਸ ਗਾਉਣ ਵਾਲੇ ਦਾ ਮੁਕਾਬਲਾ ਕਰਨਾ ਏ । ਮਾਣਕ ਗਲਾਸ ਨੂੰ ਅੰਦਰ ਢੇਰੀ ਕਰਦਾ ਬੋਲਿਆ “ਬਾਈ ਘਬਰਾ ਨਾ ਚੱਕ ਦੇ ਫੱਟੇ, ਦੇਖੀਂ ਕਿਵੇਂ ਲਾਉਂਦਾ ਇਨ੍ਹਾਂ ਨੂੰ ਖੂੰਝੇ, ਕੇਰਾਂ ਲਿਖ ਕੇ ਦੇ।” ਸ਼ਾਇਦ ਦੇਵ ਨੂੰ ਮਾਣਕ ਦਾ ਸੁਭਾਅ ਚੰਗਾ ਨਹੀਂ ਸੀ ਲੱਗਿਆ। ਇਸੇ ਕਰਕੇ ਹੀ ਜਵਾਬ ਦੇ ਦਿੱਤਾ ਪਹਿਲਾਂ ਗੀਤ ਦੇਣੋਂ| ਫਿਰ! ਆਹ ਦਿਨ ਆ ਗਿਆ ਮਾਣਕ ਨੇ ਮੂੰਹੋਂ ਕੱਢੇ ਬੋਲ ਪੁਗਾ ਦਿੱਤੇ। ਕਹਿੰਦੇ ਕਹਾਉਂਦਿਆਂ ਨੂੰ ਖੂੰਝੇ ਲਾ ਛੱਡਿਆ। ਮਾਣਕ ਤੇ ਦੇਵ ਦੀ ਸਾਂਝ ਗੂੜ੍ਹੀ ਹੋਣ ਦਾ ਇਹ ਵੀ ਇਕ ਕਾਰਨ ਰਿਹਾ ਕਿਉਂਕਿ ਦੇਵ ਦੇ ਨਾਨਕੇ ਇਸਦੇ ਪਿੰਡ ਕੋਲ ਸਨ । ਮਾਣਕ ਦੇਵ ਦੀ ਮਾਂ ਨੂੰ ਭੂਆ ਆਖਦਾ ਤੇ ਪੈਰੀਂ ਹੱਥ ਲਾਉਂਦਾ ਸੀ । ਜਦੋਂ ਮਾਣਕ ਦਾ ਵਿਆਹ ਹੋ ਗਿਆ ਤਾਂ ਇਹ ਥਰੀਕੇ ਰਹਿਣ ਲੱਗਿਆ ਤੇ ਦਫ਼ਤਰ ਲੁਧਿਆਣੇ ਸੀ । ਯੁਧਵੀਰ ਤੇ ਸ਼ਕਤੀ ਦਾ ਜਨਮ ਵੀ ਥਰੀਕੇ ਦਾ ਈ ਹੈ । ਮਾਣਕ ਨੂੰ ਥਰੀਕੇ ਤੇ ਦੇਵ ਦੇ ਮੋਹ ਨੇ ਅਠਾਰਾਂ ਸਾਲ ਥਰੀਕੇ ਨਾਲ ਈ ਬੰਨੀ ਰੱਖਿਆ।
ਮਾਨ-ਸਨਮਾਨ:- ਮਾਣਕ ਨੂੰ ਲੋਕਾਂ ਵੱਲੋਂ ਮਿਲਿਆ ਮਾਨ-ਸਨਮਾਨ ਅਣਮੁੱਲਾ ਹੈ। ਇੰਨੀ ਮੁਹੱਬਤ ਹਾਸਿਲ ਕਰਨੀ ਐਨੀ ਸੌਖੀ ਨਹੀਂ ਜਿੰਨੀ ਮਾਣਕ ਨੂੰ ਨਸੀਬ ਹੋ ਗਈ।
18 ਸਤੰਬਰ 1993 ਨੂੰ ਕੇ.ਪੀ. ਐਸ. ਗਿੱਲ ਵੱਲੋਂ ਕੁਲਦੀਪ ਮਾਣਕ ਨੂੰ ਉਸ ਦੀ ਜਨਮ ਭੋਂਏ ਜਲਾਲ ‘ਚ ‘ਮਾਲਵੇ ਦਾ ਸਪੂਤ’ ਐਵਾਰਡ ‘ਚ ‘ਮਰੂਤੀ 800’ ਕਾਰ ਦੇ ਕੇ ਮਾਣ ਕੀਤਾ। ਇਸ ਐਵਾਰਡ ਸਮਾਰੋਹ ‘ਚ ਮਾਣਕ ਨੂੰ ਹੈਲੀਕਾਪਟਰ ਰਾਹੀਂ ਪਿੰਡ ਲਿਆਂਦਾ ਗਿਆ। ਲੋਕਾਂ ਦਾ ਇੰਨਾ ਭਰਵਾਂ ਇਕੱਠ ਸੀ ਕਿ ਤਿੱਲ ਨਹੀਂ ਸੀ ਸੁੱਟਿਆ ਜਾ ਸਕਦਾ।
ਲੋਕਾਂ ਦੀ ਭੀੜ ਦਸ ਕਿੱਲੋ ਮੀਟਰ ਤੱਕ ਜੁੜ ਪਈ ਸੀ । ਟਰੈਕਟਰ-ਟ੍ਰਾਲੀਆਂ, ਸਕੂਟਰ, ਸਾਈਕਲਾਂ, ਗੱਡੇ-ਰੇਹੜੇ ਤੇ ਟੋਲੀਆਂ ਬੰਨ੍ਹ ਕੇ ਮਾਣਕ ਦੇ ਗੀਤਾਂ ਦੀਆਂ ਹੇਕਾਂ ਲਾਉਂਦੇ ਸਮਾਗਮ ‘ਚ ਪਹੁੰਚੇ ਸਨ । ਇਕ ਗਰਮੀ ਸੀ, ਦੂਜਾ ਪਿਆਸਿਆਂ ਨੂੰ ਪਾਣੀ ਨਹੀਂ ਸੀ ਨਸੀਬ ਹੋਇਆ। ਦੇਖਣ ਵਾਲਿਆਂ ਦੇ ਦੱਸਣ ਅਨੁਸਾਰ ਇੰਨੀ ਭੀੜ ਆਪਣੀ ਉਮਰ ‘ਚ ਨਹੀਂ ਸੀ ਦੇਖੀ।
* ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਦੂਜੇ ਮੇਲੇ ‘ਤੇ ਮਾਣਕ ਦਾ ਸਨਮਾਨ ਕਰ ਕੇ ਮਾਣ ਮਹਿਸੂਸ ਕੀਤਾ।
* ਸਰਕਾਰੀ ਸੱਦੇ ‘ਤੇ ਪਾਕਿਸਤਾਨ ਦੇ ਸ਼ਹਿਰ ਫ਼ੈਸਲਾਬਾਦ ‘ਚ ਸਰਕਾਰੀ ਸਨਮਾਨ ਕੀਤਾ ਗਿਆ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਗਾਇਕ ਐਵਾਰਡ।
‘ਪੰਜਾਬ ਸੰਗੀਤ ਨਾਟਕ ਅਕਾਦਮੀ’ ਵੱਲੋਂ ਮਾਣਕ ਦੇ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਸਨਮਾਨਿਆ ਗਿਆ।
ਸ. ਪ੍ਰਦੁੱਮਣ ਸਿੰਘ ਬੱਲ ਸਪੋਰਟਸ ਕਲੱਬ (ਰਜਿ.) ਨੂਰਪੁਰ ਹਕੀਮ (ਮੋਗਾ) ਸੋਨੇ ਦਾ ਕੈਂਠਾ ਪਾ ਕੇ ਸਨਮਾਨਿਤ ਗਿਆ।
ਇੰਗਲੈਂਡ ਵਿਚ ਲਗਾਤਾਰ ਪੰਜਾਬ ਨਾਲ ‘ਯਮਲਾ ਜੱਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
‘ਮੇਲਾ ਗ਼ਦਰੀ ਬਾਬਿਆਂ ਦਾ ਹਰ ਵਰ੍ਹੇ ਅੱਠ ਸਾਲ ਤੋਂ ਕੈਨੇਡਾ ਵਿਚ। ਉਥੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। 2007 ਵਿਚ ‘ਲਾਈਫ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਆ ਗਿਆ।
ਈ.ਟੀ.ਸੀ. ਪੰਜਾਬੀ ਚੈਨਲ ਵੱਲੋਂ ‘ਲਾਈਫ ਅਚੀਵਮੈਂਟ’ ਐਵਾਰਡ ਦਿੱਤਾ ਗਿਆ।
16 ਫਰਵਰੀ 2007 ਨੂੰ ਸਵ. ਹਰਭਜਨ ਸਿੰਘ ਟਰੱਸਟ ਇਬਰਾਹਿਮ (ਗੜ੍ਹਸ਼ੰਕਰ) ‘ਚ ਗੋਲਡ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।
ਜਿੱਥੇ ਪੰਜਾਬੀਆਂ ਨੇ ਤੇ ਸਰਕਾਰ ਨੇ ਮਾਣਕ ਦੀ ਗਾਇਕੀ ਦਾ ਮੁੱਲ ਪਾਇਆ ਉਥੇ ਹੀ ਸਰਕਾਰੀ ਅਦਾਰੇ ਭਾਸ਼ਾ ਵਿਭਾਗ ਨੇ ਮਾਣਕ ਨੂੰ ਸ਼੍ਰੋਮਣੀ ਗਾਇਕ ਐਵਾਰਡ ਦਿੱਤਾ ਜਿਹੜਾ ਬਹੁਤ ਹੀ ਸਲਹੁਣਯੋਗ ਕਦਮ ਹੈ। ਮਾਣਕ ਨੇ ਜਿੰਨਾ ਸਿੱਖ ਇਤਿਹਾਸ ਤੇ ਪੰਜਾਬੀ ਗਾਇਕੀ ਦੀ ਹਰ ਵੰਨਗੀ ਨੂੰ ਗਾਇਆ ਇਸ ਕਰਕੇ ਕੁਲਦੀਪ ਮਾਣਕ ਦੇ ਕਲਾ-ਕੱਦ ਨੂੰ ਮੱਦੇਨਜ਼ਰ ਰੱਖਦਿਆਂ ‘ਰਾਜ ਗਾਇਕ’ ਐਵਾਰਡ ਨਾਲ ਵੀ ਨਿਵਾਜ਼ਨਾ ਚਾਹੀਦਾ ਸੀ।
ਕੁਲਦੀਪ ਮਾਣਕ ਦਾ ਦੇਹਾਂਤ:- ਜਿਸ ਸੱਚ ਨੂੰ ਸੁਣ ਮਨੁੱਖ ਦੀ ਰੂਹ ਕੰਬ ਉੱਠਦੀ ਹੈ ਉਸ ਸੱਚ ਦਾ ਸਾਹਮਣਾ ਆਖ਼ਰਕਾਰ ਕੁਲਦੀਪ ਮਾਣਕ ਦੇ ਪਰਿਵਾਰ ਨੂੰ ਵੀ ਕਰਨਾ ਪਿਆ। ਭਾਵੇਂ ਇਹ ਮਾਣ-ਮੱਤਾ ਗਾਇਕ ਹਰ ਵਾਰ ਮੌਤ ਦੇ ਦਰ ਨੂੰ ਦੂਰੋਂ ਹੀ ਮੱਥਾ ਟੇਕ ਮੁੜ ਆਉਂਦਾ ਰਿਹਾ। ਮਾਣਕ ਇਕ ਨਹੀਂ ਆਪਣੀ ਜ਼ਿੰਦਗੀ ‘ਚ ਕਈ ਵਾਰ ਮੌਤ ਦੇ ਮੂੰਹੋਂ ਮੁੜਿਆ, ਜਦੋਂ ਵੀ ਕੋਈ ਮਾਣਕ ਤੋਂ ਪੁੱਛਦਾ ਸੀ ਤਾਂ ਉਹ ਪੁੱਛਣ ਵਾਲੇ ਨੂੰ ਇਹੋ ਹੀ ਕਹਿੰਦਾ, ‘ਡਾਕਟਰਾ ਕੌਣ ਹੁੰਦੇ ਆ ਮੈਨੂੰ ਬਚਾਉਣ ਵਾਲੇ ਮੈਨੂੰ ਤਾਂ ਤੁਹਾਡੇ ਪਿਆਰ ਤੇ ਦੁਆਵਾਂ ਨੇ ਮੋੜ ਲਿਆਂਦਾ । ਸਾਰੀ ਉਮਰ ‘ਚ ਕਦੇ ਕਿਸੇ ਤੋਂ ਲਿਫਿਆ ਨਹੀਂ, ਸਿਰ ਨੀਵਾਂ ਕਰਕੇ ਨੀ ਤੁਰਿਆ, ਕਿਸੇ ਦੀ ਆਕੜ ਨਹੀਂ ਝੱਲੀ, ਕੋਈ ਕਿੱਡਾ ਹੀ ਨਾਢੂ ਖਾਂ ਕਿਉਂ ਨਾ ਹੋਵੇ ਯਾਦ ਐ ਇਕ ਵਾਰ ਮਾਂ ਦੇ ਪੁੱਤ ਨੇ ਇਕ ਸਟੇਜ ‘ਤੇ ਭਾਰਤ ਦੇ ਰਾਸ਼ਟਰਪਤੀ ਨੂੰ ਵੀ ਟਿੱਚਰ ਕਰਦਿਆਂ ਆਖ ਦਿੱਤੀ ਸੀ, “ਗਿਆਨੀ ਜੀ ਐਤਕੀਂ ਕਣਕਾਂ ‘ਚ ਗੁੱਲੀ-ਡੰਡਾ ਬੜਾ ਏ ਇਸ ਦਾ ਵੀ ਕੋਈ ਹੱਲ ਕੱਢੋ।” ਖ਼ੈਰ! ਇਸ ਰੰਗੀਲੇ ਦਰਿਆ ਦਿਲ ਮਨੁੱਖ ਦੇ ਕਿੱਸੇ ਰਹਿੰਦੀ ਦੁਨੀਆਂ ਤੱਕ ਰਹਿਣਗੇ। ਕਈ ਵਾਰ ਤਾਂ ਇਉਂ ਵੀ ਪ੍ਰਤੀਤ ਹੁੰਦਾ ਐ ਕਿ ਪੰਜਾਬ ਦੇ ਕੁਝ ਪਿੰਡਾਂ ਦਾ ਨਾਂ ਜਿਵੇਂ ‘ਮਾਣਕ ਮਾਜਰ’, ‘ਮਾਣਕਪੁਰ ਕੱਲਰਾਂ’, ਮਾਣਕ ਪੁਰ ਜਾਂ ਚੌਧਰੀ ਵਾਲਾ ‘ਮਾਣਕਪੁਰ’ ਆਦਿਕ ਪਿੰਡਾਂ ਬਾਰੇ ਬਾਅਦ ਮਿਥਿਆਸਕ ਗਾਥਾਵਾਂ ਬਣ ਜਾਣਗੀਆਂ ਕਿ ਇਕ ਕੁਲਦੀਪ ਮਾਣਕ ਗਾਉਣ ਵਾਲਾ ਹੁੰਦਾ ਸੀ ਉਸ ਦੇ ਨਾਂ ‘ਤੇ ਪਿਆ ਏ ਇਨ੍ਹਾਂ ਪਿੰਡਾਂ ਦਾ ਨਾਂ।
ਮਾਣਕ ਆਪਣੀ ਹਰ ਸਟੇਜ ‘ਵਾਰ ਬੰਦਾ ਸਿੰਘ ਬਹਾਦਰ’ ਤੋਂ ਸ਼ੁਰੂ ਕਰਦਾ। ਜਦੋਂ ਵੀ ਕਿਸੇ ਨੇ ਇਸ ਬਾਰੇ ਪੁੱਛਿਆਂ ਤਾਂ ਉਸ ਦਾ ਜਵਾਬ ਹੁੰਦਾ ਸੀ “ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਦਾ ਥਾਪੜਾ ਹੈ ਅਤੇ ਜਿੰਨਾ ਚਿਰ ਵੀ ਗਾਉਂਦਾ ਰਹਾਂਗਾ ਓਨਾ ਚਿਰ ਮੈਂ ਇਸ ਵਾਰ ਨਾਲ ਆਪਣੇ ਅਖਾੜੇ ਦੀ ਸ਼ੁਰੂਆਤ ਕਰਾਂਗਾ।” ਮਾਣਕ ਦੇ ਇਹ ਬੋਲ ਉਦੋਂ ਸੱਚ ਹੋ ਨਿੱਬੜੇ ਜਦੋਂ ਮਾਣਕ ਆਖ਼ਰੀ ਸਾਹ ਲੈ ਰਿਹਾ ਸੀ ਤਾਂ ਦੂਜੇ ਪਾਸੇ ਮੌਜੂਦਾ ਪੰਜਾਬ ਸਰਕਾਰ ਨੇ ਸਰਕਾਰੀ ਅਦਾਰਿਆਂ ਨੂੰ ਬੰਦਾ ਸਿੰਘ ਬਹਾਦਰ ਦਿਵਸ ਦੀ ਛੁੱਟੀ ਐਲਾਨ ਕੇ ਚੱਪੜ-ਚਿੜੀ ਦੇ ਮੈਦਾਨ ‘ਚ ਬੰਦਾ ਸਿੰਘ ਬਹਾਦਰ ਦੀ ਯਾਦਗਾਰ ‘ਵਿਰਾਸਤ ਏ ਖਾਲਸਾ’ ਸਮੂੰਹ ਕੌਮ ਨੂੰ ਸੌਂਪੀ ਜਾ ਰਹੀ ਸੀ। ਇਹ ਸਾਰੇ ਪ੍ਰੋਗਰਾਮ ਦੇ ਚਲਦਿਆਂ ਟੀ.ਵੀ. ਚੈਨਲਾਂ ਉਤੇ ਇਕ ਖ਼ਬਰ ਦੀ ਪੱਟੀ ਦੇ ਰੂਪ ਵਿਚ ਚੱਲਣ ਲੱਗੀ” ‘ਨਹੀਂ ਰਹੇ ਕੁਲਦੀਪ ਮਾਣਕ’, ਸੰਗੀਤ ਜਗਤ ਵਿਚ ਸ਼ੋਕ ਲਹਿਰ, ਕਲੀਆਂ-ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਦੇਹਾਂਤ ‘ਵਿਰਾਸਤ-ਏ-ਖਾਲਸਾ ਦਾ ਪ੍ਰੋਗਰਾਮ ਦੇਖ ਰਹੇ ਲੋਕਾਂ ਸੰਗੀਤਕ ਰਸੀਏ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ ਸੀ ਕਿ :
“ਲੈ ਕੇ ਕਲਗੀਧਰ ਤੋਂ ਥਾਪੜਾ, ਦਿੱਤਾ ਚਰਨੀ ਸੀਸ ਨਿਵਾ। ਬੰਦਾ ਸਿੰਘ ਬਹਾਦਰ ਬਣ ਗਿਆ, ਲਿਆ ਮਾਧੋ ਨਾਂ ਬਦਲਾਅ ।”
ਗਾਉਣ ਵਾਲਾ ਮਾਣਕ ਆਖ਼ਰ ਆਪਣੀ ਸੱਚੀ ਸ਼ਰਧਾਂਜਲੀ ਭੇਟ ਕਰ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ‘ਚ। ਪੰਜਾਬੀਆਂ ਦੇ ਦਿਲਾਂ ਨੂੰ ਧੁਰ ਅੰਦਰ ਤੱਕ ਵਲੂੰਦਰ ਕੇ ਰੱਖ ਦਿੱਤਾ ਸੀ ਇਸ ਖ਼ਬਰ ਨੇ। ਬਹੁਤੇ ਸੁਣਨ ਤੇ ਦੇਖਣ ਵਾਲਿਆਂ ਨੂੰ ਮਾਣਕ ਦੇ ਤੁਰ ਜਾਣ ਦਾ ਜਾਣ ਕੇ ਸੱਚ ਨਹੀਂ ਸੀ ਆ ਰਿਹਾ ਕਿਉਂਕਿ ਮਾਣਕ ਦੀਆਂ ਇਸੇ ਤਰ੍ਹਾਂ ਦੀਆਂ ਖ਼ਬਰਾਂ ਅਨੇਕਾਂ ਵਾਰ ਉਸ ਦੇ ਸ੍ਰੋਤਿਆਂ ਤੀਕ ਪੁੱਜ ਚੁੱਕੀਆਂ ਸਨ। ਹਰ ਵਾਰ ਵਾਂਗ ਇਸ ਵਾਰ ਵੀ ਇਉਂ ਹੀ ਲੱਗ ਰਿਹਾ ਸੀ ਕਿ ਅਫ਼ਵਾਹ ਹੀ ਹੋਵੇ। ਪਰ! ਇਹ ਖ਼ਬਰ ਅਫ਼ਵਾਹ ਨਾ ਹੋ ਕੇ ਕੌੜਾ ਸੱਚ ਸੀ।
ਜਿੱਥੇ ਪੂਰਾ ਆਲਮ ਪੂਰੇ ਸ਼ੋਕ ‘ਚ ਡੁੱਬਿਆ ਸੀ ਉਥੇ ਉਸ ਦੇ ਕੁਝ ਨੇੜਲੇ ਪਬਲੀਸਿਟੀ ਸਟੰਟ ਵਰਤ ਰਹੇ ਸਨ ਤਾਂ ਜੋ ਦੁਨੀਆਂ ਨੂੰ ਭੁਲੇਖੇ ‘ਚ ਪਾ ਕੇ ਆਪਣੇ ਮਾਣਕ ਦੇ ਸ੍ਰੋਤਿਆਂ ਦੀ ਹਮਦਰਦੀ ਹਾਸਿਲ ਕਰ ਸਕਣ। ਸੁਣਿਆ ਕਿ ਜਿਸ ਮਾਣਕ ਨੇ ਇਸ ਜੱਗ ਜਹਾਨ ਨੂੰ ਅਲਵਿਦਾ ਆਖਿਆ ਉਸੇ ਦਿਨ ਮਾਣਕ ਦੇ ਗਾਏ ਗੀਤ “ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ” ਗੀਤ ਨੂੰ ਦੱਸ ਰੰਗਾਂ ‘ਚ ਰੀਮਿਕਸ ਕੀਤਾ ਗਿਆ। ਇਕੱਲੇ ਮਾਣਕ ਲਈ ਹੀ ਨਹੀਂ ਇਹ ਸਭ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਇਕ ਗੀਤ ਦੇ ਦਸ ਤਰੀਕਿਆਂ ‘ਚ ਰੀਮਿਕਸ ਹੋਣਾ। ਕੁਲਦੀਪ ਮਾਣਕ ਦੇ ਤੁਰ ਜਾਣਾ ਜਿੱਥੇ ਪਰਿਵਾਰ ਖਿੰਡ-ਪੁੰਡ ਗਿਆ ਉਥੇ ਅਨੇਕਾਂ ਉਸਦੇ ਸ੍ਰੋਤਿਆਂ ਦੀਆਂ ਆਸਾਂ ਢਿੱਡ ‘ਚ ਦੱਬੀਆਂ ਰਹਿ ਗਈਆਂ ਜਿਹੜੇ ਉਸ ਨੂੰ ਸਾਰੀ ਉਮਰ ‘ਚ ਮਿਲ ਨਹੀਂ ਸਕੇ। ਦੇਖ ਨਹੀਂ ਸਕੇ, ਕੁਲਦੀਪ ਮਾਣਕ ਨੂੰ । ਪੰਜਾਬੀਆਂ ਦੇ ਇਸ ਮਾਈਕਲ ਜੈਕਸ਼ਨ ਦਾ ਨਾਂ ਗਾਇਕੀ ਦੇ ਅੰਬਰ ‘ਤੇ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾ ਚੁੱਕਿਆ ਹੈ ਜੋ ਸਦੀਆਂ ਤੀਕ ਚਮਕਦਾ ਰਹੇਗਾ।
ਮੇਰੇ ਹੱਥ ਕੰਬ ਰਹੇ ਨੇ, ਕਾਲਜਾ ਮੂੰਹ ਨੂੰ ਆ ਰਿਹਾ ਹੈ। ਅੱਖਾਂ ‘ਚੋਂ ਹੰਝੂ ਬੇਰੋਕ ਵਹਿ ਰਹੇ ਨੇ । ਅਨਾਥ ਹੋਇਆ ਮਹਿਸੂਸ ਕਰ ਰਿਹਾ ਹਾਂ । ਮਾਣਕ ਦੇ ਅਣਗਿਣਤ ਸਰੋਤਿਆਂ ਤੇ ਚੇਲਿਆਂ ਵਾਂਗ ਉਸ ਘੜੀ ਨੂੰ ਚੇਤੇ ਕਰ ਜਦੋਂ ਮਾਣਕ ਸਾਹਾਂ ਦੇ ਭੌਰ ਨੇ ਉਡਾਰੀ ਮਾਰੀ ਸੀ ਉਸ ਦੇ ਮਾੜਚੂ ਜਿਹੇ ਸਰੀਰ ‘ਚੋਂ ਇਸ ਜਬਰ ਨੂੰ ਸੁਣਨ ਵਾਲਾ ਹਰ ਇਨਸਾਨ ਇਕ ਵਾਰ ਤਾਂ ਸਰੋਤਿਆਂ, ਗਾਇਕਾਂ, ਰਿਸ਼ਤੇਦਾਰਾਂ-ਸਕੇ ਸਬੰਧੀਆਂ ਦਾ ਬੇਹਿਸਾਬ, ਕੱਠ, ਨੂੰ ਚੀਰ ਕੇ ਮਾਣਕ ਦੇ ਮ੍ਰਿਤਕ ਦੇਹ ਤੱਕ ਪੁੱਜ ਜਾਂਦਾ। ਜਦੋਂ ਅੱਖੀਂ ਤੱਕਦਾ ਤਾਂ ਰੋਂਦਾ ਕੁਰਲਾਉਂਦਾ ਪਿੱਛੇ ਮੁੜ ਆਉਂਦਾ ਰੋਣੋਂ ਨਾ ਹਟਦਾ। ਇਹ ਸਥਿਤੀ ਇਕ ਨਹੀਂ ਲਗਭਗ ਸੁਣਨ ਵਾਲੇ ਹਰ ਸਖ਼ਸ਼ ਦੀ ਸੀ। ਮੇਰੀਆਂ ਅੱਖਾਂ ਸਾਹਮਣੇ ਅਜੇ ਤੀਕਰ ਵੀ ਉਹ ਦ੍ਰਿਸ਼ ਘੁੰਮਦਾ ਹੈ। ਹਾਏ ਰੱਬਾ ! ਆਹ ਹੋ ਕੀ ਗਿਆ ਏ, ਯਕੀਨ ਹੀ ਨਹੀਂ ਆਉਂਦਾ ਕਿ ਸਾਡਾ ਸਭ ਦਾ ਮਾਣਕ ਸਾਡੇ ਵਿਚਾਲੇ ਨਹੀਂ ਰਿਹਾ। ਛੱਡ ਗਿਆ ਹੈ ਆਪਣੇ ਪਰਿਵਾਰ, ਬੇਹਿਸਾਬ ਸ੍ਰੋਤਿਆਂ ਤੇ ਚੇਲਿਆਂ ਨੂੰ ਰੋਂਦਿਆਂ-ਕੁਰਲਾਉਂਦਿਆਂ। ਯਕੀਨ ਆਵੇ ਵੀ ਕਿੱਦਾਂ ? ਕਿਉਂਕਿ ਬਿਮਾਰ ਤਾਂ ਮਾਣਕ ਆਪਣੀ ਸਾਰੀ ਉਮਰ ਹਜ਼ਾਰਾਂ ਵਾਰ ਹੋਇਆ ਸੀ। ਪਰ ਚੀਹੜੀ ਹੱਡੀ ਦਾ ਮਾਣਕ ਆਪਣੇ ਪਰਿਵਾਰ ਤੇ ਸ੍ਰੋਤਿਆਂ ਦੀਆਂ ਦੁਆਵਾਂ ਸਦਕਾ ਹਰ ਵਾਰ ਰੱਬ ਦੇ ਦਰ ‘ਤੇ ਸਲਾਮ ਕਰ ਮੁੜ ਆਉਂਦਾ ਰਿਹਾ। ਇਸ ਵਾਰ ਤਾਂ ਪਤਾ ਨਹੀਂ ਕਿਉਂਕਿ ਹਰ ਕਿਸੇ ਦੀ ਦੁਆ-ਅਰਦਾਸ ਰੱਬ ਨੂੰ ਨਾਮਨਜ਼ੂਰ ਹੋ ਕੇ ਰਹਿ ਗਈ। ਕੌਣ ਦੇਵੇ ਢਾਰਸ ਉਸ ਬੀਬੇ ਸੁਭਾਅ ਦੀ ਮਾਲਕ ਸਰਬਜੀਤ ਮਾਣਕ ਨੂੰ, ਕੌਣ ਕੀ ਕਹਿ ਕੇ ਚੁੱਪ ਕਰਾਏ ਸ਼ਕਤੀ ਮਾਣਕ ਨੂੰ ? ਕਿਹੜਾ ਦੱਸੇ ਉਸ ਬੇਸੁਰਤ ਯੁੱਧਵੀਰ ਨੂੰ, ‘ਯੁੱਧਵੀਰ, ਮਾਣਕ ਸਾਬ੍ਹ ਹੁਣ ਹੈ ਤੋਂ ਸੀ ਹੋ ਕਿ ਰਹਿ ਗਏ ਨੇ’
ਮਾਣਕ ਨੇ ਜਿੰਨੀ ਉਮਰ-ਗੁਜ਼ਾਰੀ ਪੂਰੀ ਠੋਕ-ਵਜਾ ਕੇ ਗੁਜ਼ਾਰੀ। ਕਦੇ ਕਿਸੇ ਤੋਂ ਲਿਫਿਆ ਨਹੀਂ, ਦਿਲੋਂ ਮੰਦਾ ਨਹੀਂ ਬੋਲਿਆ ਕਿਸੇ ਨੂੰ, ਕਿਸੇ ਦੀ ਪਿੱਠ ‘ਤੇ ਗੱਲ ਨਹੀਂ ਕੀਤੀ। ਭਾਵੇਂ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਯਾਰ-ਮਿੱਤਰ ਹੈ ਜਾਂ ਫਿਰ ਕੋਈ ਗਾਇਕ ਭਾਈਚਾਰੇ ‘ਚੋਂ ਹੈ। ਬਹੁਤ ਦੁੱਖ ਮਨਾਇਆ ਹਰ ਸੁਣਨ ਵਾਲੇ ਨੇ ਮਾਣਕ ਦੇ ਤੁਰ ਜਾਣ ਦਾ। ਬੇਸ਼ੱਕ ਕਿਸੇ ਨੇ ਕਿੰਨਾ ਹੀ ਕਿਉਂਕਿ ਨਾ ਰੋਕਿਆ ਹੋਵੇ ਆਪਣੀ ਜ਼ੁਬਾਨ ਨੂੰ ਪਰ ਮੂੰਹੋਂ ਫੁੱਟ ਹੀ ਪੈਂਦਾ ਸੀ… “ਬਹੁਤ ਮਾੜਾ ਹੋਇਆ” ਦੁੱਖ ਵੀ ਸੱਚਾ ਹੈ ਸਭ ਨੂੰ ਕਿਉਂਕਿ ਗਾਇਕੀ ਦੇ ਅੰਬਰੋਂ ਧਰੂ ਤਾਰਾ ਜੁ ਟੁੱਟ ਗਿਆ ਹੈ।
ਮਾਣਕ ਪਾਰਸ ਤੋਂ ਵੀ ਵੱਧਕੇ ਸੀ, ਜਿਸ ਦੀ ਛੋਹ ਨਾਲ ਅਨੇਕਾਂ ਲੋਹੇ ਤੋਂ ਸੋਨਾ ਤੇ ਸੋਨੇ ਤੋਂ ਹੀਰਾ ਵੀ ਬਣੇ। ਮਾਣਕ ਦੇ ਤੁਰ ਜਾਣ ਦੀ ਖ਼ਬਰ ਨੂੰ ਸਾਰੇ ਮੀਡੀਆਈ ਸਾਧਨਾਂ ਨੇ ਮੁਹਰਲੀ ਕਤਾਰ ‘ਚ ਥਾਂ ਦਿੱਤੀ ਭਾਵੇਂ ਉਹ ਅਖ਼ਬਾਰ ਸੀ, ਭਾਵੇਂ ਇਲੈਕਟ੍ਰੌਨਿਕ ਚੈਨਲ ਇੰਜ ਲੱਗ ਰਿਹਾ ਸੀ ਕੁਦਰਤ ਦਾ ਹਰ ਕਣ ਸੋਗ ‘ਚ ਡੁੱਬਿਆ ਹੈ।
“ਜਿੱਥੇ ਮਾਣਕ ਦੀ ਪਹਿਲੀ ਅੱਖ ਖੁੱਲ੍ਹੀ ਸੀ, ਜੰਮ-ਪਲ ਕੇ ਜਵਾਨ ਹੋਇਆ ਸੀ ਅੰਤ ਉਸੇ ਮਿੱਟੀ ਵਿਚ ਜਾ ਸਮਾਇਆ। ਉਸ ਦੇ ਬੋਲ ਲੋਕਾਂ ਦੇ ਹਿਰਦਿਆਂ ‘ਚ ਘਰ ਕਰ ਗਏ ਨੇ ਹਰ ਕੋਈ ਇਹੋ ਜਿਹੇ ਸ਼ਬਦ ਆਖ ਰਿਹਾ ਸੀ।”
ਆਖ਼ਰੀ ਸਲਾਮ:-30 ਨਵੰਬਰ 2011 ਨੂੰ ਸਿਖਰ ਦੁਪਹਿਰ 1.45 ਤੇ ਅੱਖ ਮੀਟੀ
ਮਾਣਕ ਨੇ ਤੇ 2 ਦਸੰਬਰ 2011 ਦੀ ਦੁਪਹਿਰ ਨੂੰ ਮਾਣਕ ਜੱਦੀ ਪਿੰਡ ਜਲਾਲ ‘ਚ ਬਾਜਾਖਾਨਾ ਰੋਡ ‘ਤੇ ਸਥਿਤ ਕਬਰਸਤਾਨ ‘ਚ ਦਫਨਾਇਆ ਗਿਆ। ਮਾਣਕ ਨੂੰ ਉਸ ਰਹਾਇਸ਼ ਲੁਧਿਆਣਾ ਤੋਂ ਇਕ ਤਬੂਤ ਰਾਹੀਂ ਵੱਡੇ ਕਾਫ਼ਲੇ ਦੇ ਰੂਪ ਵਿਚ ਉਸ ਦੇ ਜੱਦੀ ਪਿੰਡ ਜਲਾਲ ‘ਚ ਤੱਕ ਲਿਆਂਦਾ ਗਿਆ। ਇੰਨੀ ਭੀੜ, ਜਿਨ੍ਹਾਂ ਗੱਡੀਆਂ ਮੋਟਰਾਂ ਦੀ ਗਿਣਤੀ ਸੈਂਕੜਿਆਂ ਵਿਚ ਸੀ। ਲੁਧਿਆਣੇ ਤੋਂ ਲੈ ਕੇ ਜਲਾਲ ਤੱਕ ਕੋਈ ਵੀ ਪਿੰਡ, ਕਸਬਾ, ਸ਼ਹਿਰ, ਚੁਰਸਤਾ, ਇਹੋ ਜਿਹਾ ਨਹੀਂ ਸੀ, ਜਿੱਥੇ ਲੋਕਾਂ ਦੀ ਭੀੜ ਨਹੀਂ ਸੀ।
ਰਾਹ ‘ਚ ਆਉਂਦਿਆਂ ਹਰ ਮੋੜ, ਪਿੰਡ, ਕਸਬੇ ਸ਼ਹਿਰ ਖੜ੍ਹੇ ਮਾਣਕ ਦੇ ਤੁਰ ਜਾਣ ‘ਤੇ ਨੀਰ ਡੋਲ ਰਹੇ ਪ੍ਰਸੰਸਕਾਂ ਨੂੰ ਮਾਣਕ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰਵਾਏ ਗਏ।
ਅੰਤਿਮ ਦਰਸ਼ਨਾਂ ਲਈ ਮਾਣਕ ਦੀ ਦੇਹ ਨੂੰ ਦਾਣਾ ਮੰਡੀ ‘ਚ ਸਜਾਏ ਇਕ ਵੱਡੇ ਪੰਡਾਲ ‘ਚ ਰੱਖਿਆ ਗਿਆ। ਇਸ ਮੌਕੇ ਭਾਈ ਰਣਜੀਤ ਸਿੰਘ ਕੋਠਾ ਗੁਰੂ ਦੇ ਰਾਗੀ ਜੱਥੇ ਨੇ ਕੀਰਤਨ ਕੀਤਾ। ਇਸ ਦੌਰਾਨ ਗਾਇਕਾਂ, ਰਾਜਸੀ ਆਗੂਆਂ ਅਤੇ ਮਾਣਕ ਦੇ ਪ੍ਰਸੰਸਕਾਂ ਨੇ ਸ਼ਰਧਾਂਜਲੀ ਭੇਟ ਕੀਤੀ ਸੀ । ਅੰਤ ਪੁਲਿਸ ਪ੍ਰਸ਼ਾਸਨ ਵੱਲੋਂ ਮਾਣਕ ਨੂੰ ਸਲਾਮੀ ਦੇ ਕੇ ਮੁਸਲਿਮ ਰਵਾਇਤਾਂ ਅਨੁਸਾਰ ਦਫ਼ਨਾਇਆ ਗਿਆ। ਇਸ ਮੌਕੇ ਕੁਲਦੀਪ ਮਾਣਕ ਨੂੰ ਸ. ਜਗਦੇਵ ਸਿੰਘ ਜੱਸੋਵਾਲ, ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਪਰਮਜੀਤ ਸਿੰਘ ਸਿੱਧਵਾਂ, ਵਿਦਾਇਕ ਗੁਰਪ੍ਰੀਤ ਕਾਂਗੜ, ਵਿਧਾਇਕ ਅਜਾਇਬ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਗੀਤਕਾਰ ਦੇਵ ਥਰੀਕੇ, ਨਿੱਕੂ ਬਰਾੜ, ਪੰਮੀ ਬਾਈ, ਮੁਹੰਮਦ ਸਦੀਕ, ਸਰਬਜੀਤ ਚੀਮਾ, ਬਲਕਾਰ ਸਿੱਧੂ, ਹਰਭਜਨ ਮਾਨ, ਹਰਜੀਤ ਹਰਮਨ, ਸੁਰਜੀਤ ਖਾਨ, ਅਲਬੇਲ ਬਰਾੜ, ਗੁਲਜ਼ਾਰ ਸ਼ੌਂਕੀ, ਗੀਤਕਾਰ ਮੱਖਣ ਬਰਾੜ, ਕੇ. ਦੀਪ, ਜਸਵੰਤ ਸੰਦੀਲਾ, ਗਿੱਪੀ ਗਰੇਵਾਲ, ਰਾਜ ਜੁਝਾਰ, ਦੇਬੀ ਮਖਸੂਸਪੁਰੀ, ਪਲਵਿੰਦਰ ਧਾਮੀ, ਲਵਲੀ ਨਿਰਮਾਣ, ਜੈਜ਼ੀ ਬੈਂਸ, ਪ੍ਰੀਤ ਹਰਪਾਲ, ਸਰੂਪ ਸਿੰਘ ਨਾਭਾ, ਚਰਨ ਬੰਬੀਹਾ, ਮਨਮੋਹਨ ਵਾਰਿਸ, ਬੂਟਾ ਭਾਈ ਰੂਪ, ਗੁਰਮੀਤ ਨਾਢਾ, ਸ਼ਾਇਰ ਘੁਮਾਣ ਗੌਰਵਜੀਤ, ਡਾ: ਪ੍ਰਨੀਤ ਕੌਰ ਦਿਓਲ, ਦੀਪਾ ਘੋਲੀਆ, ਅਮਰਦੀਪ ਗਿੱਲ, ਇਲਾਕੇ ਦੀ ਪੰਚਾਇਤ ਅਤੇ ਹੋਰਨਾਂ ਅਨੇਕਾਂ ਸਰੋਤਿਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਅੰਤਿਮ ਅਰਦਾਸ:- 8 ਦਸੰਬਰ 2011 ਨੂੰ ਮਾਣਕ ਦੇ ਘਰ ਪਾਠ ਦੇ ਭੋਗ
ਪਾਉਣ ਤੋਂ ਬਾਅਦ 12 ਵਜੇ ਸ੍ਰੀ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਅੰਤਿਮ ਅਰਦਾਸ ਕੀਤੀ ਗਈ ਜਿਥੇ ਮਾਣਕ ਦਾ ਸਾਰਾ ਪਰਿਵਾਰ ਭੁੱਬਾਂ ਮਾਰ ਕੇ ਰੋ ਰਿਹਾ ਸੀ। ਉਥੇ ਇਸ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਵਾਲੇ ਦੇ ਮੂੰਹੋਂ ਨਿਕਲ ਰਿਹਾ ਸੀ, ਰੱਬ ਨੇ ਬਹੁਤ ਮਾੜੀ ਕੀਤੀ ਮਾਣਕ ਨੂੰ ਨਹੀਂ ਲੈਕੇ ਜਾਣਾ ਚਾਹੀਦਾ। मी. ਯੁੱਧਵੀਰ ਨੂੰ ਕੋਈ ਸਮਝ ਨਹੀਂ ਸੀ ਕਿ ਉਸ ਦਾ ਪਿਤਾ ਅੱਜ ਜੱਗ ਜਹਾਨ ਵਿਚ ਨਹੀਂ ਰਿਹਾ। ਜੇਕਰ ਉਸ ਤੋਂ ਕੋਈ ਪੁੱਛ ਲੈਂਦਾ- ‘ਯੁੱਧਵੀਰ ਮਾਣਕ ਸਾਬ੍ਹ ਕਿੱਥੇ ਨੇ…. ਤਾਂ ਉਸ ਦਾ ਮੁਹਰਿਓਂ ਜਵਾਬ ਇਹੋ ਹੀ ਹੁੰਦਾ’ “ਡੇਡ ਉਤੇ ਆਪਣੇ ਰੂਮ ‘ਚ ਨੇ… ” ਪੁੱਛਣ ਵਾਲੇ ਦੀਆਂ ਅੱਖਾਂ ਭਰ ਆਉਂਦੀਆਂ। ਮਾਣਕ ਦਾ ਜਿਗਰੀ ਯਾਰ ਦੇਵ ਥਰੀਕਿਆ ਵਾਲਾ ਰੋਂਦਾ ਨਹੀਂ ਸੀ ਝੱਲਿਆ ਜਾ ਰਿਹਾ. । ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਰੋਂਦਾ ਕੁਰਲਾਉਂਦਾ ਹੀ ਦਾਖ਼ਲ ਹੋਇਆ ਤੇ ਨਾਲ ਹੀ ਵਾਪਸ ਮੁੜ ਗਿਆ ਰੋਂਦਾ ਰੋਂਦਾ ਤੇ ਆਖ ਰਿਹਾ ਸੀ “ਅੱਜ ਮੇਰੀਆਂ ਤਾਂ ਬਾਹਵਾਂ ਟੁੱਟ ਗਈਆਂ । ਇਸ ਲੋਕ ਸਮਾਗਮ ਵਿਚ ਜਗਦੇਵ ਸਿੰਘ ਜੱਸੋਵਾਲ, ਚਰਨਜੀਤ ਅਹੂਜਾ, ਗੁਰਦਾਸ ਮਾਨ, ਜੈਜੀ ਬੈਂਸ, ਗੋਲਡ ਸਟਾਰ ਮਲਕੀਤ ਸਿੰਘ, ਮਨਮੋਹਨ ਵਾਰਿਸ, ਸੰਗਤਾਰ, ਅਦਾਕਾਰ ਸਤੀਸ਼ ਕੌਲ, ਜਸਵੰਤ ਸੰਦੀਲਾ, ਦੁਰਗਾ ਰੰਗੀਲਾ, ਮੁਹੰਮਦ ਸਦੀਕ, ਪਾਲੀ ਦੇਤਵਾਲੀਆ, ਹਨੀ ਸਿੰਘ, ਗਿੱਪੀ ਗਰੇਵਾਲ, ਪ੍ਰੋ. ਗੁਰਭਜਨ ਗਿੱਲ, ਗੁਰਚਰਨ ਗਾਲਿਬ, ਭਾਈ ਇਕਬਾਲ ਸਿੰਘ ਲੁਧਿਆਣੇ ਵਾਲੇ, ਸ਼ਮਸ਼ੇਰ ਸਿੰਘ ਸੰਧੂ, ਗੁਰਪਾਲ ਪਾਲ, ਬਰਕਤ ਸਿੱਧੂ, ਬਚਨ ਬੇਦਿਲ, ਅਲਬੇਲ ਬਰਾੜ। ਸਾਹਿਬ ਥਿੰਦ ਤੇ ਸੁਖਦੇਵ ਦਾਰਾਪੁਰੀਆ ਵਿਸ਼ੇਸ਼ ਤੌਰ ‘ਤੇ ਕੈਨੇਡਾ ਇਸ ਸਮਾਗਮ ਵਿਚ ਸ਼ਾਮਿਲ ਹੋਏ । ਇਸ ਸ਼ੋਕ ਸਮਾਗਮ ਵਿਚ ਗਾਇਕਾਂ, ਗੀਤਕਾਰਾਂ, ਲੇਖਕਾਂ ਤੇ ਸੰਗੀਤ ਪ੍ਰੇਮੀਆਂ ਤੋਂ ਇਲਾਵਾ ਸਿਆਸੀ ਲੀਡਰਾਂ ਨੇ ਵੀ ਸ਼ਮੂਲੀਅਤ ਕੀਤੀ। ਹੀਰਾ ਸਿੰਘ ਗਾਬੜੀਆ ਅਤੇ ਦੇਸ ਰਾਜ ਧੁੱਗਾ ਵੀ ਸਰਕਾਰੀ ਨਹੀਂ ਪਰਿਵਾਰਿਕ ਨੇੜਤਾ ਕਾਰਨ ਇਸ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਿਲ ਹੋਏ। ਇਸੇ ਕਰਕੇ ਹੀ ਹੀਰਾ ਸਿੰਘ ਗਾਬੜੀਆ ਕੋਈ ਵੀ ਮਾਣਕ ਨੂੰ ਸਮਰਪਿਤ ਯਾਦਗਾਰ ਬਣਾਉਣ ਲਈ ਸਰਕਾਰੀ ਤੌਰ ‘ਤੇ ਨਹੀਂ ਐਲਾਨ ਸਕੇ ਪਰ ਉਨ੍ਹਾਂ ਨੇ ਲੁਧਿਆਣਾ ਦੇ ਕਿਸੇ ਚੌਂਕ ਦਾ ਨਾਂ ਕੁਲਦੀਪ ਮਾਣਕ ਦੇ ਨਾਂ ‘ਤੇ ਰੱਖਣ ਦਾ ਐਲਾਨ ਜ਼ਰੂਰ ਕੀਤਾ ਤੇ ਕਿਹਾ ਕਿ ਕੁਲਦੀਪ ਮਾਣਕ ਦੀ ਤਸਵੀਰ ਆਰਟ ਕੌਂਸਲ ਚੰਡੀਗੜ੍ਹ ਵਿਚ ਲਗਾਈ ਜਾਵੇਗੀ। ਪਰ ਦਿੱਤੇ ਇਨ੍ਹਾਂ ਬਿਆਨਾਂ ਨੂੰ ਕਦੋਂ ਅਮਲੀ ਜਾਮਾਂ ਪਹਿਨਾਇਆ ਜਾਵੇਗਾ ਇਹ ਤਾਂ ਸਮਾਂ ਹੀ ਦੱਸੇਗਾ। ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਅਤੇ ਭਾਈ ਜੋਗਿੰਦਰ ਸਿੰਘ ਰਿਆੜ ਦੇ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸੇ ਮੌਕੇ ਇਸ ਹਥਲੀ ਪੁਸਤਕ ਦੇ ਦੂਸਰੇ ਅਡੀਸ਼ਨ ਨੂੰ ਢਾਡੀ ਤਰਸੇਮ ਸਿੰਘ ਗਿੱਲ ਮੋਰਾਂਵਾਲੀ, ਹਰਭਜਨ ਮਾਨ, ਸ. ਜਗਦੇਵ ਸਿੰਘ ਜੱਸੋਵਾਲ, ਸਰਦੂਲ ਸਿਕੰਦਰ, ਮਲਕੀਤ ਸਿੰਘ ਦਾਖਾ ਨੇ ਰਿਲੀਜ਼ ਕੀਤਾ ਤਾਂ ਸੁਰ-ਸਰਦੂਲ ਸਿਕੰਦਰ ਨੇ ਮੰਚ ਸੰਚਾਲਕੀ ਕਰਦਿਆਂ ਮਾਣਕ ਨਾਲ ਜੁੜੀਆਂ ਕਈ ਯਾਦਾਂ-ਬਾਤਾਂ ਦਾ ਵੀ ਜ਼ਿਕਰ ਕੀਤਾ।
ਕੁਲਦੀਪ ਮਾਣਕ ਦੇ ਪ੍ਰਸੰਸਕਾਂ ਦੀਆਂ ਅੱਖਾਂ ਚੋਂ ਵਰ੍ਹਦਾ ਨੀਰ ਇਸ ਗੱਲ ਦਾ ਗਵਾਹ ਸੀ ਕਿ ਉਹ ਉਸ ਨੂੰ ਰੂਹ ਤੋਂ ਮੁਹੱਬਤ ਕਰਦੇ ਹਨ ਤੇ ਕਰਦੇ ਰਹਿਣਗੇ। ਅੱਜ ਜਦੋਂ ਕੋਈ ਇਸ ਦੁਨੀਆਂ ਤੋਂ ਤੁਰ ਜਾਂਦਾ ਹੈ ਤਾਂ ਉਸ ਦੀ ਅੰਤਿਮ ਸ਼ਾਂਤੀ ਲਈ ਇੱਕੋ ਵਾਰ ਸਾਰੀਆਂ ਰਸਮਾਂ ਨਿਪਟਾ ਲਈਆਂ ਜਾਂਦੀਆਂ ਹਨ ਪਰ ਇਸ ਸਭ ਦੇ ਹਰਮਨ ਪਿਆਰੇ ਕੁਲਦੀਪ ਮਾਣਕ ਦੀ ਰੂਹ ਦੀ ਅੰਤਿਮ ਅਰਦਾਸ ਲਈ ਮਾਣਕ ਨੂੰ ਸਮਰਪਿਤ ਕਈ ਵੱਡੇ ਸ਼ਹਿਰਾਂ ਤੇ ਪਿੰਡਾਂ ‘ਚ ਅਰਦਾਸਾਂ ਕਰਵਾਈਆਂ ਗਈਆਂ ਤੇ ਕਈ ਥਾਈਂ ਵੱਡੇ ਸਮਾਗਮ ਕਰਵਾਏ। 11 ਦਸੰਬਰ 2011 ਨੂੰ ਉਸ ਦੇ ਜੱਦੀ ਪਿੰਡ, 14 ਦਸੰਬਰ 2011 ਨੂੰ ਥਰੀਕੇ, 19 ਦਸੰਬਰ 2011 ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਹਾਊਸਿੰਗ ਬੋਰਡ ਕਲੋਨੀ ਲੁਧਿਆਣਾ ਤੋਂ ਇਲਾਵਾ ਕੁਲਦੀਪ ਮਾਣਕ ਦੇ ਸਹੁਰੇ ਪਿੰਡ ਰਾਜਗੜ੍ਹ (ਦੁਰਾਹੇ) ਵਿਖੇ ਵੀ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।
***
ਅਜੇ ਕੁਲਦੀਪ ਮਾਣਕ ਨੂੰ ਜੱਗ ਛੱਡਿਆਂ ਕੋਈ ਬਹੁਤਾ ਚਿਰ ਵੀ ਨਹੀਂ ਸੀ ਹੋਇਆ ਕਿ ਪਰਿਵਾਰਕ ਦਰਾੜ ਉਭਰ ਪਈ ਜੋ ਕਿ ਅਖ਼ਬਾਰਾਂ ਦੀਆਂ ਸੁਰਖ਼ੀਆਂ ਤੱਕ ਜਾ ਪਹੁੰਚੀ ਤੇ ਦੂਜੇ ਪਾਸੇ ਕਈ ਅਖ਼ਬਾਰਾਂ ਤੇ ਵਿਦੇਸ਼ੀ ਰੇਡੀਓ, ਟੀ.ਵੀ. ਸਾਧਨਾਂ ਰਾਹੀਂ ਇਹ ਕਹਿੰਦੇ ਸੁਣਿਆ ਤੇ ਦਿਖਾਇਆ ਗਿਆ ਕਿ ਕੁਲਦੀਪ ਮਾਣਕ ਦੇ ਪਰਿਵਾਰ ਦਾ ਸਭ ਕੁਝ ਵਿਕ ਚੁੱਕਿਆ ਹੈ ਤੇ ਇਸ ਪਰਿਵਾਰ ਦੀ ਹਾਲਤ ਬਹੁਤ ਖਦਸ਼ਾ ਹੋ ਕਿ ਰਹਿ ਗਈ ਹੈ। ਇਨ੍ਹਾਂ ਦੋਵਾਂ ਖ਼ਬਰਾਂ ਨੇ ਮਾਣਕ ਦੇ ਸ਼ੋਕ ‘ਚੋਂ ਉਭਰ ਰਹੀਆਂ ਰੂਹਾਂ ਨੂੰ ਮੁੜ ਦੁੱਖਾਂ ਦੀ ਦਲਦਲ ਵਿਚ ਧੱਕ ਦਿੱਤਾ। ਕੁਲਦੀਪ ਮਾਣਕ ਨੂੰ ਮੁਹੱਬਤ ਕਰਨ ਵਾਲਿਆਂ ਨੇ ਦਿਲ ਖੋਲ੍ਹ ਨੇ ਇਸ ਪਰਿਵਾਰ ਦੀ ਮਦਦ ਕੀਤੀ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਮਾਣਕ ਨੂੰ ਅੰਦਰੋਂ ਮੁਹੱਬਤ ਕਰਦੇ ਨੇ, ਹਰ ਕਿਸੇ ਸੁਣਨ ਵਾਲੇ ਨੇ ਮਾਣਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
***
ਜਲਾਲ ‘ਚ ਬਣੀ ਕੁਲਦੀਪ ਮਾਣਕ ਦੀ ਕਬਰ ਨੂੰ ਪੱਕੀ ਕਰਨ ਸਬੰਧੀ ਕੁਝ ਸਿਆਸੀ ਬੰਦੇ ਵਿਰੋਧ ਵੀ ਕਰਨ ਲੱਗੇ ਕਿਉਂਕਿ ਉਸਦਾ ਪਰਿਵਾਰ ਹੀ ਨਹੀਂ ਕੁਲਦੀਪ ਮਾਣਕ ਨੂੰ ਚਾਹੁਣ ਵਾਲੇ ਚਾਹੁੰਦੇ ਹਨ ਕਿ ਉਹ ਉਸ ਕਬਰ ਰਾਹੀਂ ਉਸਦੀ ਰੂਹ ਦੇ ਦਰਸ਼ਨ ਕਰ ਲੈਣਗੇ। ਸਹੀ ਅਰਥਾਂ ‘ਚ ਕਲਾਕਾਰ ਕਿਸੇ ਜਾਤ-ਮਜ਼ਹਬ ਨਾਲ ਬੰਨ੍ਹਿਆ ਨਹੀਂ ਹੁੰਦਾ, ਉਹ ਸਾਂਝਾ ਹੁੰਦਾ ਹੈ। ਨਾਲੇ ਜੋ ਕੱਦ ਮਾਣਕ ਦਾ ਅੱਜ ਗਾਇਕੀ ਤੇ ਸਮਾਜ ‘ਚ ਹੈ ਉਹ ਵਾਕਿਆ ਈ ਪੂਜਣ ਯੋਗ ਹੈ। ਇਸ ਕਰਕੇ ਮਾਣਕ ਦੀ ਕਬਰ ਨੂੰ ਜੇਕਰ ਪੱਕੀ ਕੀਤਾ ਜਾਵੇ ਤਾਂ ਚੰਗਾ ਹੁੰਦਾ। (ਇਹ ਸਤਰ੍ਹਾਂ ਲਿਖਣ ਤੱਕ ਮਾਣਕ ਦੀ ਕਬਰ ਨੂੰ ਪੱਕਿਆਂ ਕਰਨ ਦਾ ਝਗੜਾ ਜਾਰੀ ਹੈ ।) ਬਾਅਦ ਵਿਚ ਪਰਿਵਾਰਕ ਮੈਂਬਰਾਂ ਨੇ ਆਪਣੀ ਜਲਾਲੀਵਾਲ ਵਾਲੀ ਜ਼ਮੀਨ ਵਿੱਚ ਮਾਣਕ ਦੀ ਯਾਦਗਾਰ ਬਣਾਉਣੀ ਅਰੰਭੀ।
***
ਮਾਣਕ ਸੁਭਾਅ ਦਾ ਜਮ੍ਹਾਂ ਖੁੱਲ੍ਹਾ ਸੀ ਮੇਰੇ ਇਹ ਯਾਦਾਂ ਹਮੇਸ਼ਾ ਜ਼ਹਿਨ ‘ਚ ਰਹਿਣਗੀਆਂ। ਜਿਵੇਂ ਇਕ ਕਬੱਡੀ ਮੇਲੇ ‘ਤੇ ਮਾਣਕ ਨੂੰ ਗਾਉਣ ਲਈ ਸੱਦਿਆ ਗਿਆ। ਉਥੇ ਪ੍ਰਸਿੱਧ ਕਬੱਡੀ ਕੁਮੈਂਟਰ ਦਰਸ਼ਨ ਬੜੀ (ਡਾ. ਦਰਸ਼ਨ ਸਿੰਘ ਔਲਖ) ਕੁਮੈਂਟਰੀ ਕਰ ਰਿਹਾ ਸੀ, ਮਾਣਕ ਨੂੰ ਗਾਉਂਦਿਆਂ ਸ਼ਰਾਰਤ ਸੁੱਝੀ ਆਪਣੇ ਗਾਏ ਗੀਤ…
ਉਤੇ ਵਾਢੀਆਂ ਦਾ ਜ਼ੋਰ ਬੇਬੇ ਬੜੀ ਸੀ ਬਿਮਾਰ ਤਾਹੀਓਂ ਘੱਲਿਆ ਸੀ ਜੇਠ ਤੇਰਾ ਕਰਕੇ ਤਿਆਰ ਘਰੇ ਫਿਰ ਬੌਂਦਲੀ ਭਰਜਾਈ ਨੀ ਘਰੇ ਚੱਲ ਕੱਢੂ ਰੜਕਾਂ ਵੱਡੇ ਵੀਰ ਨਾਲ ਕਿਉਂ ਨਾ ਦੱਸ ਆਈ…….
ਇਉਂ ਲੱਗ ਗਿਆ ਗਾਉਣ ਨਾਲੇ ਆਖੀ ਜਾਵੇ ‘ਬੜੀ ਸਾਬ੍ਹ’ ਡਾ. ਸਾਬ੍ਹ ਜ਼ਰਾ ਧਿਆਨ ਦਿਓ
ਉਤੇ ਵਾਡੀਆਂ ਦਾ ਜ਼ੋਰ ਬੇਬੇ ਬੜੀ ਸੀ ਬਿਮਾਰ ਤਾਹੀਓਂ ਘੱਲਿਆ ਸੀ ਜੇਠ ਤੇਰਾ ਕਰਕੇ ਤਿਆਰ ਘਰੇ ਫਿਰ ਬੌਂਦਲੀ ਭਰਜਾਈ ਨੀ ਘਰੇ ਚੱਲ ਕੱਢੂ ਰੜਕਾਂ
ਵੱਡੇ ਵੀਰ ਨਾਲ ਕਿਉਂ ਨਾ ਦੱਸ ਆਈ । ਦਰਸ਼ਨ ਬੜੀ ਨੂੰ ਮੁਹਰਿਓਂ ਕੋਈ ਗੱਲ ਨਾ ਔੜੀ ਉਹ ਚੁੱਪ ਕਰਕੇ ਸੁਣਦਾ ਰਿਹਾ, ਨਾਲੇ ਖ਼ਚਰਾ ਹਾਸਾ ਹੱਸੀ ਜਾਵੇ।
ਇਸੇ ਤਰ੍ਹਾਂ ਈ ਇਕ ਵਾਰ ਮਾਣਕ ਗੜ੍ਹਸ਼ੰਕਰ ਪ੍ਰੋਗਰਾਮ ਕਰਨ ਗਿਆ। ਪ੍ਰਸਿੱਧ ਅਲਗੋਜ਼ਾ ਵਾਦਕ ਤਾਰਾ ਚੰਦ ਨਾਲ ਗਿਆ ਸੀ । ਉਹ ਮਾੜਾ-ਮੋਟਾ ਸਟੇਜ ਤੋਂ ਪਾਸੇ ਹੋ ਗਿਆ। ਸਾਰੇ ਉਡੀਕਣ ਕਿ ਤਾਰਾ ਚੰਦ ਗਿਆ ਕਿੱਧਰ ? ਕੁਲਦੀਪ ਮਾਣਕ ਮਾਈਕ ਮੁਹਰੇ ਖੜ੍ਹ ਕੇ ਆਖਦਾ ਹੁਣ ਦੇਖਿਓ ਕਿਵੇਂ ਆਊ ਭੱਜਿਆ। ਭਾਈ ਤਾਰਾ ਚੰਦ ਚੋਰ ਜਿੱਥੇ ਕਿਤੇ ਕਿਸੇ ਨੂੰ ਮਿਲੇ ਉਸ ਨੂੰ ਫੜ ਕੇ ਲਿਆਵੋ। ਉਹ ਇਥੋਂ ਦਾਰੂ ਦੀ ਬੋਤਲ ਲੈ ਕੇ ਭੱਜ ਗਿਆ। ਬਿੰਦ ਮਗਰੋਂ ਤਾਰਾ ਚੰਦ ਸਰੂਰਿਆ ਜਿਹਾ ਸਟੇਜ ਦੀਆਂ ਪੌੜੀਆਂ ਚੜ੍ਹਦਾ ਨਜ਼ਰ ਆਇਆ।
“… ਆਹ ਦੇਖ ਤੁਰਲ੍ਹੇ ਵਾਲੀ ਪੱਗ, ਕਿੰਨੀ ਵਧੀਆ ਛਪੀ ਕਿਤਾਬ, ਕਿੰਨਾ ਫੱਬ ਰਿਹਾ ਏ ਮਾਣਕ ਇਸ ਲੁੱਕ ‘ਚ ਹਰੀਸ਼ ਜੈਨ (ਲੋਕ ਗੀਤ ਪ੍ਰਕਾਸ਼ਨ) ਮੈਨੂੰ ਵਾਰ-ਵਾਰ ਕਿਤਾਬ ਨੂੰ ਚੁੱਕ-ਚੁੱਕ ਦਿਖਾ ਰਹੇ ਸੀ, ਨਾਲ ਆਖ ਰਹੇ ਸੀ “ਬੜੀ ਰੀਝ ਨਾਲ ਛਾਪੀ ਐ ਕਿਤਾਬ ਟਾਈਟਲ ਨੂੰ ਡੀਜ਼ਟਿਲ ਕਰਨ ‘ਤੇ ਈ ਕਈ ਦਿਨ ਲੱਗਗੇ ਬੱਸ! ਮੇਰੀ ਰੀਝ ਐ ਕਿ ਮਾਣਕ ਖੁਸ਼ ਹੋ ਜਾਵੇ ਕਿਤਾਬ ਨੂੰ ਦੇਖਦਿਆਂ ਤੂੰ ਜਾਂਦਿਆਂ ਫਤਿਹੇ ਬੁਲਾ ਕੇ ਕਿਤਾਬ ਸੰਭਾਲ ਦਈਂ ਮਾਣਕ ਨੂੰ ਨਾਲੇ ਆਖੀਂ ਬਾਪੂ ਛੇਤੀ ਛੱਡ ਇਸ ਬੈਠਕ ਦਾ ਖਹਿੜਾ… ਅਜੇ ਤਾਂ ਤੂੰ ਬਹੁਤ ਖਾੜੇ ਲਾਉਣੇ ਆਂ, ਰੰਗ ਦਿਖਾਉਣੇ ਆਂ ਗਾਇਕੀ ਦੇ ਹੋਰ ਵੀ ਤੈਨੂੰ ਉਡੀਕਦੇ ਆ ਲੋਕ ਖੁੱਲ੍ਹੇ ਅਖਾੜਿਆਂ ‘ਚ” ਮੈਂ ਬੜੀ ਰੀਝ ਲਾ ਕੇ ਸੁਣ ਰਿਹਾ ਸੀ ਸਭ ਕਾਸੇ ਨੂੰ ! ਦੋ ਕਿਤਾਬਾਂ ਮੈਂ ਬੈਗ ‘ਚ ਪਾ ਮੈਂ ਚੰਡੀਗੜ੍ਹ ਸਿੱਧਾ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ (D. M.C.) ਪਹੁੰਚਿਆ ਨਾਲ ਗਾਇਕ ਹਰਦੀਪ ਸੀ । ਜਦੋਂ ਦੇਖਿਆ ਤਾਂ ਬਾਪੂ ਬੇਸੁਰਤ ਸੀ। ਉਸ ਨੂੰ ਕੁਝ ਨਹੀਂ ਸੀ ਪਤਾ ਕਿ ਮੈਂ ਸਰ੍ਹਾਣੇ ਖੜ੍ਹਾ ਬੜੀਆਂ ਰੀਝਾਂ ਲਈ….. । ਮੈਂ ਕੁਝ ਘੜੀਆਂ ਖੜ੍ਹਾ ਰਿਹਾ ਫਿਰ ਬਾਹਰ ਆਣ ਕੇ ਖੜ੍ਹ ਗਿਆ ਹਰੀਸ਼ ਜੈਨ ਨੂੰ ਸਾਰੀ ਗੱਲ ਦੱਸੀ ਫੋਨ ‘ਤੇ ਤਾਂ ਗਹਿਰਾ ਦੁੱਖ ਮਨਾਇਆ ਉਨ੍ਹਾਂ ਨੇ। ਮੈਥੋਂ ਬਾਹਲਾ ਚਿਰ ਗੱਲ ਨਾ ਹੋ ਸਕੀ ਤੇ ਫੋਨ ਕੱਟਿਆ ਗਿਆ। ਜਦੋਂ ਕੋਈ ਅੰਦਰੋਂ ਮਾਣਕ ਕੋਲੋਂ: ਆਉਂਦਾ ਮੈਂ ਹਰ ਕਿਸੇ ਨੂੰ ਪੁੱਛਦਾ ਕੀ ਕੰਡੀਸ਼ਨ ਆ ਬਾਪੂ ਦੀ, ਕੀ ਕਹਿੰਦੇ ਆ ਡਾਕਟਰ ? ਜਦੋਂ ਕੋਈ ਸਪੱਸ਼ਟ ਜਵਾਬ ਨਾ ਮਿਲਦਾ ਤਾਂ ਕੰਧ ਨਾਲ ਲੱਗ ਗੁਆਚ ਜਾਂਦਾ ਬਾਪੂ ਨਾਲ ਗੁਜ਼ਾਰੀਆਂ ਘੜੀਆਂ ਵਿਚ!
ਜਿਸ ਦਿਨ ਮਾਣਕ ਨੇ ਸਾਨੂੰ ਵਿਛੋੜਾ ਦਿੱਤਾ ਉਸ ਦਿਨ ਸਵੇਰੇ ਪ੍ਰਸਿੱਧ ਨਾਟਕਕਾਰ, ਆਲੋਚਕ ਡਾ: ਸਤੀਸ਼ ਕੁਮਾਰ ਵਰਮਾ (ਡਾਇਰੈਕਟਰ ਯੁਵਕ ਸੇਵਾਵਾਂ ਯੂਨੀਵਰਸਿਟੀ ਪਟਿਆਲਾ) ਮਾਣਕ ਦਾ ਹਾਲ ਪੁੱਛਣ ਲੱਗੇ, ਮੇਰਾ ਗੱਲ ਕਰਦਿਆਂ ਰੋਣਾ ਆ ਗਿਆ। ਦੱਸਿਆ ਕਿ ਕੱਲ੍ਹ ਹੀ ਮਾਣਕ ਸਾਬ੍ਹ ਦੀ ਕਿਤਾਬ ਦਾ ਦੂਜਾ ਅਡੀਸ਼ਨ ਵੀ ਆਇਆ ਹੈ। ਉਨ੍ਹਾਂ ਪਹਿਲੀ ਝੱਟੇ ਆਖਿਆ, ਅਲੀ ਇਸ ਵਾਰ ਇਹ ਕਿਤਾਬ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ 6 ਦਸੰਬਰ ਨੂੰ ਕਲਾ ਭਵਨ ਮੰਗਲਕਾਮਨਾ ਮੌਕੇ ਰਿਲੀਜ਼ ਕੀਤੀ ਜਾਵੇਗੀ, ਤੂੰ ਉਦਾਸ ਨਾ ਹੋ। ਪ੍ਰਮਾਤਮਾ ਸਭ ਠੀਕ ਕਰੇਗਾ। ਠੀਕ 6 ਦਸੰਬਰ ਨੂੰ ਇਸ ਕਿਤਾਬ ਦਾ ਦੂਜਾ ਪੂਰ ਮਾਣਕ ਦੇ ਸਰੋਤਿਆਂ/ਪਾਠਕਾਂ ਦੀ ਝੋਲੀ ਪਾਇਆ ਗਿਆ ਤੇ 8 ਦਸੰਬਰ ਨੂੰ ਬਾਪੂ ਜਗਦੇਵ ਸਿੰਘ ਜੱਸੋਵਾਲ ਤੇ ਸਾਹਿਬ ਸਿੰਘ ਥਿੰਦ ਕੈਨੇਡਾ, ਸੁਖਦੇਵ ਦਾਰਾ ਪੁਰੀਆ ਕੈਨੇਡਾ ਨੇ ਕਿਹਾ ਕਿ ਇਸ ਕਿਤਾਬ ਨੂੰ ਮਾਣਕ ਸਾਬ੍ਹ ਦੇ ਸ਼ਰਧਾਂਜਲੀ ਸਮਾਰੋਹ ‘ਤੇ ਰਿਲੀਜ਼ ਕਰਨਾ ਸਭ ਤੋਂ ਵੱਡੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ। ਲੋਕਾਂ ਦੇ ਭਰਵੇਂ ਇਕੱਠ ਵਿਚ ਸ: ਜਗਦੇਵ ਸਿੰਘ ਜੱਸੋਵਾਲ, ਅਦਾਕਾਰ ਗਾਇਕ ਹਰਭਜਨ ਮਾਨ, ਜੈਜੀ ਬੈਂਸ, ਸੁਰਾਂ ਦੇ ਸਿਕੰਦਰ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਹੀਰਾ ਸਿੰਘ ਗਾਬੜੀ ਨੇ ਰਿਲੀਜ਼ ਕੀਤਾ। ਸਭ ਨੇ ਮੇਰੇ ਸਿਰ ‘ਤੇ ਹੱਥ ਰੱਖਿਆ ਤੇ ਆਪਣੀ ਸ਼ੁੱਭ ਇੱਛਾਵਾਂ ਦਿੱਤੀਆਂ। ਮੈਨੂੰ ਮੁੜ-ਮੁੜ ਉਹ ਗੱਲਾਂ ਚੇਤੇ ਆ ਰਹੀਆਂ ਸਨ, ਜਿਸ ਦਿਨ ਬਾਪੂ (ਮਾਣਕ ਸਾਬ੍ਹ) ਨੂੰ ਜਲਾਲ ਵਿਖੇ ਸਪੁਰਦੇ ਖਾਕ ਕੀਤਾ ਗਿਆ ਸੀ । ਜਿਸ ਕਿਸੇ ਨੂੰ ਵੀ ਪਤਾ ਲੱਗਦਾ ਗਿਆ ਜਾਂ ਜਿਨ੍ਹਾਂ ਨੇ ਮੈਨੂੰ ਪਛਾਣਿਆ ਕਿ ਮੇਰੇ ਹੱਥੋਂ ਇਹ ਸ਼ੁੱਭ ਕੰਮ ਹੋਇਆ ਮਾਣਕ ਉਤੇ ਦੋ ਕਿਤਾਬਾਂ ਲਿਖਣ ਦਾ, ਅਨੇਕਾਂ ਦੇ ਹੱਥ ਮੇਰੀ ਪਿੱਠ ਅਤੇ ਸਿਰ ‘ਤੇ ਆਣ ਟਿੱਕੇ ਸਨ। ਸਤਿਕਾਰ ਦਿੱਤਾ ਗਿਆ ਸੀ। ਮੈਨੂੰ ਫ਼ਖਰ ਹੋ ਰਿਹਾ ਸੀ ਆਪਣੇ ਆਪ ‘ਤੇ ਜਿਹੜਾ ਮੇਰੇ ਲਈ ਕਿਸੇ ਵੱਡੇ ਇਨਾਮ ਤੋਂ ਘੱਟ ਨਹੀਂ ਸੀ।
ਜਦੋਂ ਇਸ ਕਿਤਾਬ “ਲੋਕ ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ” ਦੂਜਾ ਪੂਰ ‘ਪਾਠਕਾਂ/ਪ੍ਰਸੰਸਕਾਂ ਦੀਆਂ ਬਰੂਹਾਂ ਤੀਕ ਪੁੱਜਦਾ ਹੋਇਆ ਹਰ ਕਿਸੇ ਨੇ ਖਰੀਦ ਪੜ੍ਹ ਕੇ ਮੇਰੀ ਹੌਸਲਾ-ਅਫ਼ਜ਼ਾਈ ਕੀਤੀ !
17 ਦਸੰਬਰ 2011 ਦੀ ਸ਼ਾਮ ਨੂੰ ਰੋਹਿਤ ਜੈਨ ਨੇ ਫੋਨ ਕੀਤਾ. “ਅਲੀ, ਕਿਤਾਬ ਦਾ ਸਾਰਾ ਅਡੀਸ਼ਨ ਪੂਰਾ ਵਿਕ ਚੁੱਕਿਆ ਏ ਪਾਠਕਾਂ ਦੀ ਭਾਰੀ ਮੰਗ ਏ ਇਸ ਕਿਤਾਬ ਲਈ… ਵਿਦੇਸ਼ਾਂ ‘ਚੋਂ ਵੀ ਭਾਰੀ ਗਿਣਤੀ ‘ਚ ਮੰਗ ਆ ਰਹੀ ਹੈ ਤੇਰੀ ਮਿਹਨਤ ਰੰਗ ਲਿਆਈ ਏ, ਜਿਹੜੀ ਸ਼ਰਧਾ ਤੇ ਮਿਹਨਤ ਨਾਲ ਤੂੰ ਕਿਤਾਬ ਲਿਖੀ, ਤਿਆਰ ਕੀਤੀ ਏ ਉਸ ਦਾ ਮੁੱਲ ਪੈ ਗਿਆ ਏ ।” ਸੱਚੇ ਦਿਲੋਂ ਮੇਰੀਆਂ ਅੱਖਾਂ ‘ਚੋਂ ਹੰਝੂ ਡੁੱਲ ਪਏ ਸਨ. ਮੈਨੂੰ ਯਾਦ ਆ ਰਿਹਾ ਸੀ ਮਾਣਕ ਦੇ ਸੈਕਟਰੀ ਦਾ ਕਿਹਾ ਕਿ ਤੂੰ ਤਰਜਗਾਂ ਤਰ, ਪਾਰ ਲੰਘ ਜਗਾਂ, ਉਸਤਾਦ ਜੀ ਦਾ ਲੜ੍ਹ ਨਾ ਛੱਡੀ। ਦੂਜੇ ਹੀ ਪਲ ਉਨ੍ਹਾਂ ਸਭ ਪਾਠਕਾਂ ਪ੍ਰਸੰਸਕਾਂ ਲਈ ਦਿਲੋਂ ਦੁਆਵਾਂ ਨਿਕਲ ਰਹੀਆਂ ਸਨ, ਜਿਨ੍ਹਾਂ ਮਾਣਕ ਦੇ ਨਾਲ-ਨਾਲ ਮੇਰੀ ਮਿਹਨਤ ਦਾ ਵੀ ਮੁੱਲ ਪਾ ਦਿੱਤਾ ਏ । ਦਿਲੋਂ ਧੰਨਵਾਦ ਕਰਦਾ ਮਾਣਕ ਨੂੰ ਮੁਹੱਬਤ ਕਰਨ ਵਾਲਿਆਂ ਦਾ, ਹੱਬ ਕਰ ਇਨ੍ਹਾਂ ਸਭਨਾਂ ਦੀ ਉਮਰ ਲੋਕ ਗੀਤ ਜਿੰਨੀ ਹੋ ਜਾਵੇ ਤੇ ਮਾਣਕ ਇਨ੍ਹਾਂ ਦੇ ਹਿਰਦਿਆਂ ‘ਚ ਵਸਿਆ ਰਹੇ।!
ਮਾਣਕ ਅਤੇ ਪਰਿਵਾਰ ਦੇ ਰੂ-ਬ-ਰੂ
ਮਾਣਕ ਦੀ ਜ਼ੁਬਾਨੀ ਅਲੀ ਰਾਜਪੁਰਾ
ਕੁਲਦੀਪ ਮਾਣਕ ਦੀ ਸਿਹਤ ਭਾਵੇਂ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਰਹਿੰਦੀ ਪਰ ਫੇਰ ਵੀ ਮਾਣਕ ਹਰ ਕਿਸੇ ਨੂੰ ਹੱਸ ਕੇ ਮਿਲੇ ਬਿਨਾਂ ਰਹਿ ਨਹੀਂ ਸਕਦਾ। ਜੇਕਰ ਮਾਣਕ ਨੂੰ ਪਤਾ ਲੱਗ ਜਾਵੇ ਕਿ ਕੋਈ ਉਸਦਾ ਭਗਤ/ਸ਼ਰਧਾਲੂ ਜਾਂ ਦੋਸਤ ਉਸਨੂੰ ਮਿਲਣ ਆਇਆ ਹੋਇਆ ਹੈ ਤਾਂ ਝੱਟ ਦੇਣੀ ਦੁਬਾਰੇ ਦੀਆਂ ਪੌੜੀਆਂ ਉਤਰ ਆਉਂਦਾ ਹੈ । ਚਾਹ ਪਾਣੀ ਤਾਂ ਪੁੱਛਦਾ ਹੀ ਹੈ ਰੋਟੀ ਖੁਵਾਏ ਬਿਨਾਂ ਨਹੀਂ ਤੋਰਦਾ। ਹਰ ਕਿਸੇ ਦੇ ਦੁੱਖ-ਸੁੱਖ ਵਿਚ ਖੜ੍ਹਦਾ ਹੈ। ਮਾਣਕ ਆਮ ਹੀ ਲੋਕਾਂ ਨੂੰ ਮਿਲਣ ਅਤੇ ਖੁਸ਼ੀ ਮੌਕਿਆਂ ‘ਤੇ ਆਮ ਹੀ ਸ਼ਗਨ ਦੇਣ ਜਾਂਦਾ ਰਹਿੰਦਾ ਹੈ। ਵਿਆਹ ਤੇ ਜੰਮਣ ਮੌਕੇ ਦੋ ਘੁੱਟ ਪੀ ਕੇ ਖੁਸ਼ੀ ਮਨਾਉਂਦਾ ਹੈ ਅਤੇ ਮਰਨਿਆਂ ਪਰਨਿਆਂ ਤੇ ਦੁਖੀਆਂ ਦੇ ਸੋਗ ਮਨਾਉਣ ਜਾਣ ਤੋਂ ਵੀ ਪਿੱਛੇ ਨਹੀਂ ਹਟਦਾ।
ਲੋੜਵੰਦਾਂ ਦੀ ਲੋੜ ਪੂਰੀ ਕਰਕੇ ਖੁਸ਼ ਹੁੰਦਾ ਹੈ।
ਮਾਣਕ ਬਾਰੇ ਇਹ ਗੱਲ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਸ਼ਰਾਬ ਪੀਂਦਾ ਹੈ। ਪਰ ਮਾਣਕ ਸ਼ਰਾਬ ਨਹੀਂ ਦਾਰੂ ਪੀਂਦਾ ਹੈ ਕਿਉਂਕਿ ਸ਼ਰਾਬ ਤਾਂ ਗਲੀਆਂ, ਨਾਲੀਆਂ ‘ਚ ਡੇਗਦੀ ਹੈ। ਪਰ ਦਾਰੂ ਤਾਂ ਉਸਦੀ ਮਾਨਸਿਕ ਪ੍ਰੇਸ਼ਾਨੀ ਦੀ ਦਵਾ ਹੈ।
ਮਾਣਕ ਧਾਰਮਿਕ ਵਿਰਤੀ ਵਾਲਾ ਇਨਸਾਨ ਹੈ ਜਿਹੜਾ ਆਪਣੇ ਦਿਨਾਂ ਨੂੰ ਯਾਦ ਕਰਕੇ ਮਾਤਮਾ ਦਾ ਸ਼ੁਕਰ ਕਰਦਾ ਹੈ। ਜਦੋਂ ਮਾਣਕ ਨੂੰ ਆਪਣੀ ਬੇਬੇ ਅਤੇ ਆਪਣਾ ਬਾਪੂ ਚੇਤੇ ਆਉਂਦਾ ਹੈ ਤਾਂ ਉਹ ਰੋ ਪੈਂਦਾ ਹੈ ।
ਮਾਣਕ ਦੇ ਇਹਨਾਂ ਗੁਣਾਂ ਕਰਕੇ ਹੀ ਸਾਰੀ ਦੁਨੀਆ ਮਾਣਕ ਨੂੰ ਇੰਨਾ ਪਿਆਰ/ ਸਤਿਕਾਰ ਦੇਂਦੀ ਹੈ। ਫੋਕੀ ਫੂ-ਫਾਂ ਮਾਣਕ ਦੇ ਨੇੜੇ-ਤੇੜੇ ਵੀ ਨਹੀਂ ਫੜਕਦੀ। ਮਾਣਕ ਪੰਜਾਬ ਦਿਆਂ ਲੋਕਾਂ ਦਾ ਦਿਲੋਂ ਸਤਿਕਾਰ ਕਰਦਾ ਹੈ। ਦੁਖ-ਸੁਖ ਵਿਚ ਨਾਲ ਖੜ੍ਹਦਾ ਹੈ। ਉਹਨਾਂ ਨਾਲ ਮੇਲ-ਮਿਲਾਪ ਰੱਖਦਾ ਹੈ।
ਮੈਨੂੰ ਮਾਣਕ ਨਾਲ ਰਹਿਣ ਦਾ ਮੌਕਾ ਮਿਲਿਆ। ਸਫ਼ਰ ਕੀਤਾ, ਮਾਣਕ ਕਈ ਵਾਰ ਆਪਣੇ ਪੁਰਾਣੇ ਵੇਲੇ ਨੂੰ ਚੇਤੇ ਕਰਦਾ ਹੈ। ਭਾਵੇਂ ਮਾਣਕ ਦੀ ਯਾਦਦਾਸ਼ਤ ਕਮਜ਼ੋਰ ਹੈ ਪਰ ਮਾਣਕ ਅਪਣੇ ਪੁਰਾਣੇ ਮਿੱਤਰਾਂ ਨੂੰ ਨਹੀਂ ਭੁੱਲਿਆ। ਮਾਣਕ ਮੇਰੇ ਨਾਲ ਅਕਸਰ ਉਹਨਾਂ ਗੱਲਾਂ ਨੂੰ ਸਾਂਝੀਆਂ ਕਰਦਾ ਰਹਿੰਦਾ ਹੈ।
ਸੰਤਾਂ ਦੇ ਡੇਰੇ ‘ਚ ਬਾਬਾ ਕਰਨੈਲ ਦਾਸ ਕੋਲੇ ਬਚਪਨ ‘ਚ ਮਾਣਕ ਨੇ ਛੇ ਮਹੀਨੇ ਭੋਰੇ ‘ਚ ਰਹਿ ਕੇ ਤਪੱਸਿਆ ਕੀਤੀ ਅਤੇ ਮਾਣਕ ਨੂੰ ਅਸ਼ੀਰਵਾਦ ਦਿੱਤਾ ਸੀ ਤੂੰ ਡੇਰਾ ਛੱਡ ਜਾ ਤੈਨੂੰ ਤਾਂ ਦੁਨੀਆ ਉਡੀਕਿਆ ਕਰੂਗੀ । ਉਸ ਡੇਰੇ ਦੇ ਸੰਤ ਦੀ ਮਾਣਕ ਨੇ ਬਹੁਤ ਸੇਵਾ ਕੀਤੀ ਬਚਪਨ ‘ਚ !
ਮਾਣਕ ਓਦੋਂ ਜਵਾਹਰ ਕੈਂਪ ਲੁਧਿਆਣੇ ਕਿਰਾਏ ਦੇ ਚੁਬਾਰੇ ‘ਤੇ ਰਹਿੰਦਾ ਸੀ, ਆਰਥਿਕ ਹਾਲਾਤ ਇੰਨੇ ਕਮਜ਼ੋਰ ਹੋ ਗਏ ਕਿ ਰੋਟੀ ਪੱਕਣੀ ਔਖੀ ਹੋ ਗਈ। ਇਕ ਦਿਨ ਘਰ ਵਿਚ ਖਾਣ ਪਕਾਉਣ ਲਈ ਕੁਝ ਨਹੀਂ ਸੀ । ਮਾਣਕ ਆਪਣੇ ਇਹ ਹਾਲਾਤ ਦੇਖ ਕੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ। ਮਾਣਕ ਨੂੰ ਇੰਨਾਂ ਗੁੱਸਾ ਆਇਆ ਕਿ ਉਸਨੇ ਘਰ ਵਿਚ ਲਾਈਆਂ ਗੁਰੂਆਂ, ਪੀਰਾਂ ਦੀਆਂ ਕੁਝ ਫੋਟੋਆਂ ਚੁਬਾਰੇ ‘ਚੋਂ ਥੱਲੇ ਸੁੱਟ ਦਿੱਤੀਆਂ। ਫੇਰ ਨਾਲ ਹੀ ਪੌੜੀਆਂ ਉਤਰ ਕੇ ਥੱਲੇ ਆਇਆ ਤਾਂ ਟੁੱਟੀਆਂ ਫੋਟੋਆਂ ਨੇੜਿਓਂ ਸੌ ਰੁਪਏ ਲੱਭੇ । ਮਾਣਕ ਨੇ ਉਸ ਸੌ ਰੁਪਏ ਨਾਲ ਫੋਟੋਆਂ ਜੁੜਵਾਈਆਂ ਅਤੇ ਕੁਝ ਪੈਸਿਆਂ ਨਾਲ ਘਰ ਲਈ ਰਾਸ਼ਨ ਖ੍ਰੀਦ ਲਿਆ। ਉਹ ਫੋਟੋਆਂ ਅੱਜ ਵੀ ਮਾਣਕ ਦੇ ਦਫਤਰ ਵਿਚ ਸਤਿਕਾਰ ਨਾਲ ਸਾਂਭੀਆਂ ਪਈਆਂ ਹਨ।
ਮੁਢਲੇ ਸਮੇਂ ਜਦੋਂ ਮਾਣਕ ਲੁਧਿਆਣੇ ਆਇਆ ਤਾਂ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਕੁਲਵੰਤ ਕੋਮਲ, ਪ੍ਰਕਾਸ਼ ਸੋਢੀ, ਹੋਰ ਵੀ ਕਈਆਂ ਨਾਲ ਸਾਈਡ ‘ਤੇ ਕੰਮ ਕਰਦਾ ਰਿਹਾ। ਓਦੋਂ ਮਾਣਕ ਕੋਲ ਪਾਉਣ ਲਈ ਇੱਕੋ ਹੀ ਸੂਟ ਸੀ ਅਤੇ ਇਕੋ-ਇਕ ਜੋੜਾ ਚੱਪਲਾਂ ਦਾ ਸੀ । ਕਦੇ-ਕਦੇ ਮਾਣਕ ਅਪਣੇ ਇਕੋ-ਇਕ ਚਾਦਰੇ-ਕੁੜਤੇ ਨੂੰ ਰਾਤ ਨੂੰ ਧੋ ਦਿੰਦਾ ਅਤੇ ਉਸੇ ਨੂੰ ਸਵੇਰੇ ਪ੍ਰੋਗਰਾਮ ‘ਤੇ ਪਾ ਲੈਂਦਾ।
ਲੁਧਿਆਣੇ ਅੱਡੇ ‘ਚ ਇੱਕ ਰੇਹੜੀ ਵਾਲਾ ਮੁਢਲੇ ਦਿਨਾਂ ‘ਚ ਮਾਣਕ ਨੂੰ ਮੁੱਠੀ ਭਰ ਛੋਲੇ ਮੁਫ਼ਤ ਦੇ ਦੇਂਦਾ ਸੀ ਓਹਦੀ ਹਾਲਤ ਦੇਖ ਕੇ। ਕੁਝ ਸਮੇਂ ਪਿੱਛੋਂ ਰੇਹੜੀ ਵਾਲਾ ਦੁਨੀਆ ਤੋਂ ਟੁਰ ਵਸਿਆ। ਉਸ ਦੀ ਪਤਨੀ ਮਾਣਕ ਦੇ ਦਫਤਰ ਆਈ। ਉਸਨੇ ਹਾਲਾਤ ਦੱਸੇ ਤੇ ਕਿਹਾ ਕਿ ਮੇਰੀ ਲੜਕੀ ਦਾ ਵਿਆਹ ਹੈ। ਮਾਣਕ ਨੇ ਲੜਕੀ ਦਾ ਵਿਆਹ ਕਰਨ ਦੀ ਜਿੰਮੇਵਾਰੀ ਆਪ ਲਈ ਅਤੇ ਅਪਣੇ ਹੱਥੀਂ ਉਸਦੀ ਲੜਕੀ ਦਾ ਸਾਰਾ ਵਿਆਹ ਆਪ ਕੀਤਾ।
ਜਦੋਂ ਮਾਣਕ ਦਾ ਪਹਿਲਾ ਤਵਾ ਆਇਆ ਤਾਂ ਉਸਦੇ ਪਿੰਡ ਜਲਾਲ ਵਿਚ ਕਿਸੇ ਨੂੰ ਨਹੀਂ ਸੀ ਪਤਾ ਕਿ ਮਾਣਕ ਦੇ ਗੀਤਾਂ ਦੀ ਰਿਕਾਰਡਿੰਗ ਹੋ ਚੁੱਕੀ ਹੈ ਅਤੇ ਉਸਦਾ ਤਵਾ ਆਇਆ ਹੈ। ਮਾਣਕ ਦੇ ਪਿੰਡੋਂ ਕੋਈ (ਨਾਂ ਨਹੀਂ ਯਾਦ) ਤਾਂਗਾ ਚਲਾਉਂਦਾ ਸੀ। ਉਹ ਗੀਤ ਸੁਣਨ ਦਾ ਬਹੁਤ ਸ਼ੌਕੀਨ ਸੀ। ਉਸਨੇ ਤਾਂਗੇ ’ਤੇ ਤਵਾ ਮਸ਼ੀਨ ਰੱਖੀ ਹੋਈ ਸੀ। ਉਸਨੇ ਬਾਜਾਖਾਨਾ ਅੱਡੇ ਤੋਂ ਏਸ ਤਵੇ ‘ਤੇ ਸੂਈ ਸੈਟ ਕਰ ਦਿੱਤੀ, ਗੀਤ ਸਾਰੇ ਰਾਹ ਵਜਦਾ ਰਿਹਾ। ਸਾਰੇ ਇਲਾਕੇ ਪਿੰਡ-ਪਿੰਡ ਗੱਲ ਅੱਗ ਵਾਂਗ ਫੈਲ ਗਈ ਕਿ ਮਾਣਕ ਦਾ ਤਵਾ ਆਇਆ ਹੈ। ਕਈਆਂ ਨੇ ਯਕੀਨ ਨਾ ਕੀਤਾ। ਪਰ ਜਦੋਂ ਇਹ ਗੱਲ ਮਾਣਕ ਦੇ ਸਕੂਲ ਤੱਕ ਪਹੁੰਚੀ ਤਾਂ ਮਾਸਟਰਾਂ ਨੇ ਸਕੂਲ ਤਵਾ ਮੰਗਵਾ ਕੇ ਸੁਣਿਆ, ਲੱਡੂ ਵੰਡੇ ਅਤੇ ਬੱਚਿਆਂ ਨੇ ਖੂਬ ਭੰਗੜਾ ਪਾਇਆ ਸੀ ।
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ। ਜਦੋਂ ਮਾਣਕ ਹਰਚਰਨ ਗਰੇਵਾਲ ਨਾਲ ਪ੍ਰੋਗਰਾਮਾਂ ‘ਤੇ ਜਾਇਆ ਕਰਦਾ ਸੀ । ਹਰਚਰਨ ਗਰੇਵਾਲ ਦੀ ਰਿਕਾਡਿੰਗ ਚਲ ਰਹੀ ਸੀ। ਹਰਚਰਨ ਰੋਟੀ ਖਾਣ ਤੁਰ ਗਿਆ ਪਿੱਛੋਂ ਮਾਣਕ ਇਕੱਲਾ ਹੌਲੇ-ਹੌਲੇ ਗਾ ਰਿਹਾ ਸੀ। ਜਦੋਂ ਮਾਣਕ ਦੀ ਅਵਾਜ਼ ਕੰਪਨੀ ਦੇ ਮਾਲਕ ਦੇ ਕੰਨੀਂ ਪਈ ਤਾਂ ਉਹ ਰੋਟੀ ਖਾਂਦਾ-ਖਾਂਦਾ ਆਪਣੀ ਰੋਟੀ ਹੱਥ ਵਿਚ ਹੀ ਲੈ ਆਇਆ ਅਤੇ ਮਾਣਕ ਨੂੰ ਪੁੱਛਣ ਲੱਗਿਆ, “ਕਾਕਾ ਤੂੰ ਗਾ ਵੀ ਲੈਂਦਾ ਏਂ ?” ਮਾਣਕ ਨੇ ਹਾਮੀ ਭਰ ਦਿੱਤੀ। ਕੰਪਨੀ ਮਾਲਕ ਨੇ ਮਾਣਕ ਨੂੰ ਰਿਕਾਰਡ ਕਰ ਲਿਆ। ਉਸ ਗੀਤ ਦਾ ਮਿਹਨਤਾਨਾ ਹਰਚਰਨ ਗਰੇਵਾਲ ਦੇ ਨਾਂ ‘ਤੇ ਆਇਆ ਸੀ । ਹਰਚਰਨ ਗਰੇਵਾਲ ਨੇ ਮਾਣਕ ਨੂੰ ਗਾਲ੍ਹਾਂ ਕੱਢੀਆਂ ਧੱਕੇ ਮਾਰੇ ਤੇ ਕਿਹਾ, “ਨਾ ਅੰਡਾ ਕਿੱਡਾ ਕੁ ਤੂੰ ਮੁਹੰਮਦ ਰਫੀ ਬਣ ਗਿਆ ਹੈਂ ਓਏ ਮਰਾਸੀਆ ।” ਕੈਲਗਰੀ (ਕੈਨੇਡਾ) ਵਿਚ ਮਾਣਕ ਦਾ ਪ੍ਰੋਗਰਾਮ ਸੀ। ਮਾਣਕ ਨੇ, “ਮਾਂ ਹੁੰਦੀ ਹੈ
ਮਾਂ…. ।’ ਗੀਤ ਗਾਇਆ । ਇਕ ਬਜ਼ੁਰਗ ਔਰਤ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਭਰੀਆਂ ਅੱਖਾਂ ਨਾਲ ਸਟੇਜ ‘ਤੇ ਆਈ ਅਤੇ ਉਸਨੇ ਆਪਣੇ ਗਲੇ ਵਿਚੋਂ ਚੈਨੀ ਲਾਹ ਕੇ ਮਾਣਕ ਦੇ ਗਲ ਪਾ ਦਿੱਤੀ ਅਤੇ ਅਲਵੱਕੜੀ ਪਕੇ ਉੱਚੀ-ਉੱਚੀ ਰੋਣ ਲੱਗ ਪਈ….. ਜਿਹਰੀ ਅੱਜ ਵੀ ਮਾਣਕ ਨੂੰ ਆਪਣਾ ਪੁੱਤ ਦੱਸਦੀ ਹੈ ਅਤੇ ਬਣਕ ਵੀ ਉਸ ਦਾ ਦਿਲੋਂ ਸਤਿਕਾਰ ਕਰਦਾ ਹੈ ਆਤ ਉਰੂ ਜਰਰਾਰਾਂ ਵਾਲੀ ਬੀਬੀ” ਆਖ ਕੇ ਬੁਲਾਉਂਦਾ ਹੈ।
ਲਾਈ ਦੇ ਮਗਰੂਰ ਬਰ ਸਰੀ’ ਵਿਚ ਹਰ ਸਾਲ ਅਗਸਤ ਦੇ ਪਹਿਲੇ ਹਫ਼ਤੇ, ਲੰਗਰ ਭਾਰਤੀ ਤਾਬਿਆਂ ਦਾ ਮਨਾਇਆ ਜਾਂਦਾ ਹੈ। ਮਾਣਕ ਹਰ ਸਾਲ ਉਸ ਮੇਲੇ ‘ਤੇ ਨਾ ਜਾਂਦਾ ਸੀ । ਇਹ ਮੌ ਸਾਹਿਬ ਥਿੰਦ ਦੀ ਅਗਵਾਈ ਹੇਠ ਲਗਦਾ ਹੈ । ਜਿਸ ਨੂੰ ਹਰ ਮੈਂਬਰ ਆਪਣੇ ਘਰ ਮੇਲਾ ਸਮਝ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਉਹ ਲੋਕ ਮਾਣਕ ਨੂੰ ਹੱਸ ਦਿੱਤਾ ਪੁਜਾਦੇ ਹਨ। 2005 ਦੀ ਗੱਲ ਹੈ ਮਾਣਕ ਅਤੇ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਜੀ ਹਨ ਮੇਲੇ ਦਾ ਅਨੰਦ ਮਾਣ ਰਹੇ ਸਨ। ਗਮਗੀਨ ਅਵਾਜ਼ ਨਾਲ ਗਿੱਲ ਹਰਦੀਪ ਗਾ ਰਿਹਾ ਸੀ। ” ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ” ਦੋਨਾਂ ਨੂੰ ਅਜਹੀ ਲੋਰ ਚੜ੍ਹੇ ਕਿ ਸਟੇਜ ‘ਤੇ ਗਏ ਅਤੇ ਮਾਣਕ ਨੇ ਆਪਣੀ ਪੱਗ ਸ਼ੌਕਤ ਅਲੀ ਦੇ ਸਿਰ ‘ਤੇ ਸਜਾ ਦਿੱਤੀ। ਸ਼ੌਕਤ ਅਲੀ ਨੇ ਗਿੱਲ ਹਰਦੀਪ ਨੂੰ ਉਹਨਾਂ ਸਤਰਾਂ ਨੂੰ ਮੁੜ ਦੁਹਰਾਉਣ ਲਈ ਕਿਹਾ, “ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ ।” ਅਤੇ ਸ਼ੌਕਤ ਅਲੀ ਨੇ ਆਪਣੇ ਗਲ ‘ਚ ਪਾਇਆ ਦੁਪੱਟਾ ਮਾਣਕ ਦੇ ਸਿਰ ‘ਤੇ ਵਲੇਟ ਦਿੱਤਾ। ਦੋਵੇਂ ਕਲਾਕਾਰ ਗਲਵੱਕੜੀ ਪਾ ਕੇ ਧਰਮ ਭਰਾ ਬਣ ਗਏ। ਇਸ ਤਰ੍ਹਾਂ ਕੈਨੇਡਾ ਵਿਚ ਲੋਕਾਂ ਨੇ ਦਿੱਲੀ ਅਤੇ ਲਾਹੌਰ ਦਾ ਮਿਲਣ ਆਪਣੇ ਅੱਖੀਂ ਹੁੰਦਾ ਤੱਕਿਆ ਤੇ ਤਾੜੀਆਂ ਦੀ ਗੂੰਜ ਨਾਲ ਪੰਡਾਲ ਗੂੰਜ ਉਠਿਆ।
ਲਗਭਗ ਸੰਨ 1998 ਦੀ ਗੱਲ ਹੈ। ਮੋਗਾ ਜ਼ਿਲ੍ਹਾ ਦੇ ਪਿੰਡ ‘ਕੋਰੇਵਾਲਾ’ ਵਿਖੇ ਪ੍ਰੋਗਰਾਮ ‘ਤੇ ਭਰਵਾਂ ਇੱਕਠ ਠਾਠਾਂ ਮਾਰ ਰਿਹਾ ਸੀ । ਕਿਸੇ ਇੱਕ ਸ੍ਰੋਤੇ ਨੇ ਮੈਥੋਂ ਆਪਣੇ ਗਾਏ ਗੀਤ, “ਜਦੋਂ ਜੱਟ ਨੇ ਉਠ ਕੇ ਵੇਖਿਆ” ਸਣਾਉਣ ਨੂੰ ਕਿਹਾ ਕਈ ਵਰ੍ਹੇ ਪੁਰਾਣਾ ਹੋਣ ਕਰਕੇ ਪਰ ਮੈਨੂੰ ਖੁਦ ਨੂੰ ਯਾਦ ਨਹੀਂ ਸੀ ਕਿ ਆਹ ਗੀਤ ਮੇਰਾ ਗਾਇਆ ਹੋਇਆ ਹੈ । ਮੈਂ ਉਸ ਸਰੋਤੇ ਨੂੰ ਕਿਹਾ, ” ਯਾਰ ਮੇਰੇ ਤਾਂ ਇਹ ਯਾਦ ਨਹੀਂ ਕਿ ਇਹ ਗੀਤ ਮੇਰਾ ਹੈ।” ਉਹ ਮੰਨਣ ਨੂੰ ਤਿਆਰ ਨਾ ਹੋਵੇ । ਜਦੋਂ ਉਹ ਨਾ ਮੰਨਿਆਂ ਤਾਂ ਮੈਂ ਉਸ ਨੂੰ ਕਿਹਾ। “ਚੰਗਾ ਜੇ ਤੇਰੇ ਯਾਦ ਹੈ ਤਾਂ ਮੈਨੂੰ ਲਿਖ ਕੇ ਦੇਦੇ ਮੈਂ ਹੁਣੇ ਸੁਣਾਉਂ।” ਉਸ ਬਾਈ ਨੇ ਹੱਦ ਕਰਤੀ ਗਿਣਵੇਂ ਮਿੰਟਾਂ ‘ਚ ਮੈਨੂੰ ਗੀਤ ਲਿਖ ਕੇ ਦੇਤਾ ਅਤੇ ਮੈਂ ਉਸ ਗੀਤ ਨੂੰ ਉਥੇ ਜਦੇ ਹੀ ਸੁਣਾਇਆ ਸੀ।
***
ਸਰਬਜੀਤ ਮਾਣਕ …..
ਜਿਵੇਂ ਘੜੀ-ਘੜਾਈ ਗੱਲ ਹੈ ਕਿ ਹਰੇਕ ਸਫ਼ਲ ਹੋਣ ਵਾਲੇ ਮਰਦ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਕੁਲਦੀਪ ਮਾਣਕ ਦੇ ਸਫ਼ਲ ਹੋਣ ਪਿੱਛੇ ਉਸਦੀ ਜੀਵਨ ਸਾਥਣ ਦਾ ਹੱਥ ਹੈ। ਮਾਣਕ ਤੇ ਦਿਨ ਮਾੜੇ ਵੀ ਰਹੇ ਪਰ! ਇਸ ਸੁਹਿਰਦ ਔਰਤ ਨੇ ਕਦੇ ਵੀ ਮਾਣਕ ਨੂੰ ਪਿੱਠ ਨਹੀਂ ਦਿਖਾਈ ਸਗੋਂ ਮਾਣਕ ਤੋਂ ਕਦਮ ਮੂਹਰੇ ਹੋ ਕੇ ਖੜ੍ਹਦੀ ਹੈ। ਜਦੋਂ ਕਦੇ ਮਾਣਕ ਕੁਝ ਢਿੱਲਾ ਮੱਠਾ ਹੋ ਜਾਂਦਾ ਹੈ ਤਾਂ ਉਹ ਓਨੇ ਦਿਨ ਅੰਨ ਮੂੰਹ ਨੂੰ ਨਹੀਂ ਲਾਉਂਦੀ ਜਦੋਂ ਤੱਕ ਮਾਣਕ ਨਾ ਲਾਉਂਦਾ । ਅੱਜ ਉਹ ਘਰ ਦੇ ਨਾਲ-ਨਾਲ ਮਾਣਕ ਦੀਆਂ ਕਈ ਬਾਹਰਲੀਆਂ ਜਿੰਮੇਵਾਰੀਆਂ ਵੀ ਖ਼ੁਦ ਹੀ ਨਿਭਾਉਂਦੀ ਹੈ। ਦੇਸ਼ਾਂ ਵਿਦੇਸ਼ਾਂ ‘ਚ ਜਿੱਥੇ ਮਾਣਕ ਨੇ ਰਿਸ਼ਤੇ ਉਸਾਰੇ ਸਭ ਥਾਈਂ ਉਹ ਮਾਣਕ ਦੀ ਹਾਜ਼ਰੀ ਆਪ ਪੂਰੀ ਕਰਦੀ ਹੈ ਜਿੱਥੇ ਮਾਣਕ ਕਿੱਧਰੇ ਨਿਭਣ ਤੋਂ ਖੁੰਝ ਜਾਵੇ। ਕੋਰੇ ਘੜੇ ਦੇ ਪਾਣੀ ਵਰਗਾ ਮਿੱਠਾ ਤੇ ਠੰਡਾ ਸੁਭਾਅ ਹੈ ਸਰਬਜੀਤ ਮਾਣਕ ਦਾ ।
ਇਸ ਕਿਤਾਬ ਦੇ ਲਿਖਣ ਤੇ ਛਪ ਜਾਣ ‘ਚ ਬੀਬੀ ਸਰਬਜੀਤ ਮਾਣਕ ਦਾ ਸਭ ਤੋਂ ਵੱਧ ਸਹਿਯੋਗ ਹੈ। ਮੈਂ ਆਦਰ ਨਾਲ ਸਰਬਜੀਤ ਜੀ ਨੂੰ ਬੀ ਜੀ ਆਖਦਾ ਹਾਂ ਉਹ ਵੀ ਮੈਨੂੰ ਪੁੱਤਾਂ ਵਾਂਗ ਪਿਆਰ ਦਿੰਦੇ ਹਨ । ਮੈਂ ਇੰਨਾ ਲੰਮਾ ਸਮਾਂ ਮਾਣਕ ਪਰਿਵਾਰ ‘ਚ ਰਿਹਾ… ਮੈਨੂੰ ਕਦੇ ਵੀ ਓਪਰਾਪਣ ਮਹਿਸੂਸ ਨਹੀਂ ਹੋਣ ਦਿੱਤਾ। ਉਨ੍ਹਾਂ ਦਿਨਾਂ ਵਿੱਚ ਕੀਤੀਆਂ ਬੀ ਜੀ ਨਾਲ ਕੁਝ ਗੱਲਾਂ।
? ਤੁਹਾਡਾ ਪਰਿਵਾਰਕ ਪਿਛੋਕੜ ਕਿੱਥੋਂ ਦਾ ਹੈ।
ਮੇਰੇ ਪੇਕੇ ਦੁਰਾਹੇ ਨੇੜੇ ਰਾਜਗੜ੍ਹ ਹਨ। ਅਸੀ ਕੁੱਲ ਸੱਤ ਭੈਣ ਭਰਾ ਹਾਂ। ਮੇਰੀ ਸਭ ਤੋਂ ਵੱਡੀ ਭੈਣ ਪਾਕਿਸਤਾਨ ‘ਚ ਹੈ ਜਿਹੜੀ ਮੈਂ ਹੁਣ ਤੱਕ ਨਹੀਂ ਦੇਖੀ। ਮੇਰੇ ਬਾਪੂ ਜੀ ਸੋਝੀ ਸੰਭਾਲਣ ਤੋਂ ਪਹਿਲਾਂ ਹੀ ਦੁਨੀਆ ਤੋਂ ਤੁਰ ਗਏ ਸਨ ਅਤੇ ਬੇਬੇ ਕਈ ਵਰ੍ਹੇ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ। ਮੇਰੇ ਪੰਜ ਭਰਾ ਨੇ ਵੱਡਾ ‘ਵਲੈਤੀ’ ਇਸ ਦੁਨੀਆ ‘ਚ ਨਹੀਂ ਉਸ ਤੋਂ ਛੋਟਾ ‘ਮੰਗੂ’, ‘ਬਨਾਰਸੀ’, ‘ਬੁੱਧ ਰਾਮ’, ਸਭ ਤੋਂ ਛੋਟਾ ‘ਚਰਨਜੀਤ’ ਹੈ। ਭਤੀਜੇ ‘ਰਾਜੂ’, ‘ਬਾਵਾ’, ‘ਟੀਟੂ’, ‘ਕੀਮਤੀ’, ‘ਸ਼ਕਰੂ’, ‘ਸ਼ਿੰਗਾਰਾ’, ‘ਕਾਕਾ’, ‘ਸਵੀਟੀ’ ਅੱਜ-ਕੱਲ੍ਹ ਇਗਲੈਂਡ ਅਤੇ ‘ਖੈਰੂ’ ਇਟਲੀ ਰਹਿੰਦਾ ਹੈ। ਸਾਡਾ ਸਾਦਾ ਅਤੇ ਸੁਖੀ ਪਰਿਵਾਰ ਹੈ।
? ਤੁਹਾਡੀ ਵਿਦਿਅਕ ਯੋਗਤਾ ਕਿੰਨੀ ਹੈ?
ਕੋਈ ਬਹੁਤੀ ਨਹੀਂ ਸਿਰਫ਼ ਮੈਟ੍ਰਿਕ ਪਾਸ ਹਾਂ । ਸ਼ੌਕ ਤਾਂ ਬਥੇਰਾ ਸੀ ਅੱਗੇ ਪੜ੍ਹਨ ਦਾ ਪਰ ਮਜਬੂਰੀਆਂ ਨੇ ਹੋਰ ਅੱਗੇ ਨਾ ਪੜ੍ਹਨ ਦਿੱਤਾ।
? ਕੁਲਦੀਪ ਮਾਣਕ ਨਾਲ ਤੁਹਾਡਾ ਵਿਆਹ ਕਦੋਂ ਹੋਇਆ ਅਤੇ ਤੁਹਾਡੀ ਉਮਰ विठी मी ?
ਮੇਰਾ ਵਿਆਹ 18 ਸਤੰਬਰ 1975 ਨੂੰ ਹੋਇਆ। ਓਦੋਂ ਮੇਰੀ ਉਮਰ ਲਗਭਗ ਅਠਾਰਾਂ ਸਾਲ ਸੀ।
? ਤੁਸੀਂ ਮਾਣਕ ਦੇ ਗਾਉਣ ਤੋਂ ਖੁਸ਼ ਓ-?
ਹਾਂ-ਹਾਂ ਕਿਓਂ ਨਹੀਂ, ਸਾਡੇ ਪਰਿਵਾਰ ਦੀ ਪਹਿਚਾਣ ਤਾਂ ਇਹਨਾਂ ਕਰਕੇ ਹੀ ਬਣੀ ਏਂ। ਜੇਕਰ ਇਹ ਗਾਉਂਦੇ ਨਾ ਹੁੰਦੇ ਤਾਂ ਸਾਨੂੰ ਕਿਸਨੇ ਜਾਨਣਾ ਸੀ ? ਸਾਡੇ ਕਈ ਰਿਸ਼ਤੇਦਾਰ ਤਾਂ ਦੱਸਦੇ ਨੇ ਕਿ, “ਜੇਕਰ ਅਸੀਂ ਬੱਸ ’ਚ ਸਫਰ ਕਰ ਰਹੇ ਹੋਈਏ ਤੇ ਇਹ ਕਹਿ ਦਈਏ ਕਿ, ‘ਮੈਂ ਮਾਣਕ ਦੀ ਤਾਈ ਆਂ, ਚਾਚੀ ਜਾਂ ਭਾਬੀ ਆਂ ਤਾਂ ਕਈ ਬੱਸਾਂ ਦੇ ਕੰਡਕਟਰ ਕਿਰਾਇਆ ਨਹੀਂ ਲੈਂਦੇ ।”, ਇਹ ਤਾਂ ਆਪਣੇ ਸੱਭਿਆਚਾਰ ਦੀ ਸੇਵਾ ਨਿਭਾਅ ਰਹੇ ਨੇ ਅਤੇ ਲੋਕ ਇਹਨਾਂ ਨੂੰ ਪਿਆਰ, ਸਤਿਕਾਰ ਬਖ਼ਸ਼ ਰਹੇ ਨੇ।”
? ਜਦੋਂ ਕੁਲਦੀਪ ਮਾਣਕ ਨੇ ਗਾਉਣਾ ਸ਼ੁਰੂ ਕੀਤਾ ਤਾਂ ਕਿੰਨੇ ਪੈਸੇ ਮਿਲਦੇ ਸਨ?
ਪੈਸਿਆਂ ਦਾ ਤਾਂ ਮੈਨੂੰ ਪਤਾ ਨਹੀਂ ਕਿੰਨੇ ਕੁ ਮਿਲਦੇ ਸੀ ਕਿਉਂਕਿ ਜੋ ਕੁਝ ਵੀ ਲਿਆਉਂਦੇ ਉਹ ਬੀ ਜੀ ਹੱਥ ਦੇਂਦੇ ਸੀ । ਬੜਾ ਸਤਿਕਾਰ ਕਰਦੇ ਸੀ ਤੇ ਇਹ ਬੀ ਜੀ ਦਾ। ਤੇ ਸਾਰਾ ਪਰਿਵਾਰ ਉਹਨਾਂ ਨੂੰ ਮਾਂ ਕਹਿਕੇ ਬੁਲਾਉਂਦਾ।
? ਤੁਸੀਂ ਕਦੇ ਇਸ ਗੱਲ ਤੇ ਰੋਸਾ ਨਹੀਂ ਕੀਤਾ ਕਿ ਕੁਲਦੀਪ ਮਾਣਕ ਨੇ ਤੁਹਾਨੂੰ ਕਦੇ ਪੈਸਾ-ਧੇਲਾ ਨਹੀਂ ਸੰਭਾਲਿਆ?
ਮੈਂ ਕਿਓਂ ਕਰਨਾ ਸੀ ਰੋਸਾ ? ਮੇਰੇ ਤਾਂ ਪਿਛੋਕੜ ਪਰਿਵਾਰ ‘ਚ ਵੀ ਇਉਂ ਹੀ ਹੁੰਦਾ ਸੀ ਸਾਨੂੰ ਤਾਂ ਇਹੋ ਹੀ ਸਿੱਖਿਆ ਮਿਲੀ ਸੀ ਸਾਡੇ ਪਿਛੋਕੜ ‘ਚੋਂ ਸੱਸਾਂ ਦਾ ਅਧਿਕਾਰ ਤਾਂ ਮਾਂ ਨਾਲੋਂ ਵੱਧ ਹੁੰਦਾ ਹੈ । ਨੂੰਹਾਂ ’ਤੇ ਨਾਲੇ ਮੈਨੂੰ ਵੀ ਬੀ ਜੀ ਧੀਆਂ ਵਾਂਕਣ ਪਿਆਰ ਕਰਦੇ ਸੀ । (ਅੱਖਾਂ ਭਰ ਆਈਆਂ ਦੱਸਦੀਆਂ)
? ਤੁਹਾਨੂੰ ਕਦੇ ਕੁਲਦੀਪ ਮਾਣਕ ਨੇ ਸੁਣਾਇਆ ਵੀ ?
ਮੈਨੂੰ ਤਾਂ ਕਦੇ ਨਹੀਂ ਸੁਣਾਇਆ ਪਰ ਮੈਂ ਆਪ ਇਹਨਾਂ ਦੀਆਂ ਕੈਸਟਾਂ ਸੁਣਦੀ चिंटी गं…..।
? ਤੁਹਾਨੂੰ ਕੁਲਦੀਪ ਮਾਣਕ ਦਾ ਸਭ ਤੋਂ ਚੰਗਾ ਗੀਤ ਕਿਹੜਾ ਲਗਦੈ ?
ਵੈਸੇ ਤਾਂ ਇਹਨਾਂ ਦੇ ਸਾਰੇ ਹੀ ਗੀਤ ਵਧੀਆ ਨੇ ਪਰ ਜਦੋਂ ‘ਮਾਂ ਹੁੰਦੀ ਏ ਮਾਂ’ ਗੀਤ ਸੁਣਦੀ ਹਾਂ ਤਾਂ ਦੋਵੇਂ ਮਾਂਵਾਂ ਚੇਤੇ ਆ ਜਾਂਦੀਆਂ ਨੇ ਕਈ ਵਾਰ ਤਾਂ ਇਹ ਆਪ ਵੀ ਰੋਣ ਲੱਗ ਪੈਂਦੇ ਨੇ….।”
? ਤੁਸੀਂ ਹੁਣ ਤੱਕ ਕਦੇ ਵਿਦੇਸ਼ ਵੀ ਗਏ?
ਹਾਂ, ਮੈਂ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਘੁੰਮ ਆਈ ਹਾਂ।
? ਜਿਵੇਂ ਯੁਧਵੀਰ ਗਾਇਕੀ ਨਾਲ ਜੁੜਿਆ ਹੋਇਆ ਹੈ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਏ…. ?
ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਯੁਧਵੀਰ ਇਹਨਾਂ (ਮਾਣਕ) ਦੇ ਨਕਸ਼ੇ ਕਦਮਾਂ ‘ਤੇ ਚਲ ਰਿਹਾ ਹੈ। ਜਿਵੇਂ ਇਹ ਦੁਨੀਆ ਲਈ ਸੇਧ ਨੇ ਇਸੇ ਤਰ੍ਹਾਂ ਯੁਧਵੀਰ ਵੀ ਦੁਨੀਆ ਲਈ ਸੇਧ ਬਣੇਗਾ।
? ਤੁਹਾਨੂੰ ਉਮੀਦ ਹੈ ਕਿ ਯੁਧਵੀਰ ਵੀ ਕੁਲਦੀਪ ਮਾਣਕ ਵਾਂਗ ਲੋਕਾਂ ਤੋਂ ਇੰਨੀ ਹਰਮਨਪਿਆਰਤਾ ਹਾਸਿਲ ਕਰੇਗਾ?
ਉਸਦੀ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਜ਼ਰੂਰ ਲਗਦਾ ਹੈ ਕਿ ਉਹ ਇਹਨਾਂ (ਮਾਣਕ) ਵਾਂਗ ਲੋਕਾਂ ਤੋਂ ਪਿਆਰ ਲਵੇਗਾ। ਕਿਉਂਕਿ ਇਹ ਵੀ ਸੱਭਿਆਚਾਰ ਦੇ ਦਾਇਰੇ ‘ਚ ਰਹਿ ਕੇ ਕੰਮ ਕਰਨਾ ਚਾਹੁੰਦਾ ਹੈ । ਸਾਡੀ ਹਮੇਸ਼ਾ ਇਸਨੂੰ ਇਹੋ ਹੀ ਸਿੱਖਿਆ ਰਹੀ ਹੈ ਤੇ ਰਹੇਗੀ। ਇਹ ਦਿੱਤੀ ਸਿੱਖਿਆ ‘ਤੇ ਅਮਲ ਕਰਦਾ ਹੈ ਨਾ ਕਿ ਕੰਨੇ ਪਿੱਛੋਂ ਮਾਰਦਾ ਹੈ।
? ਤੁਸੀਂ ਰੱਬ ‘ਤੇ ਕਿੰਨਾ ਵਿਸ਼ਵਾਸ ਕਰਦੇ ਹੋ ?
ਮੈਂ ਨਿੱਤ ਨੇਮ ਸੁਖਮਨੀ ਸਾਹਿਬ ਦਾ ਪਾਠ ਕਰਦੀ ਹਾਂ। ਦੁਰਗਾ ਮਾਤਾ ਅਤੇ ਸਰਸਵਤੀ ਮਾਤਾ ਦੀ ਪੂਜਾ ਕਰਦੀ ਹਾਂ। ਮੈਂ ਸ੍ਰੀ ਸਢੌਰਾ ਸ਼ਰੀਫ਼, ਮਲੇਰਕੋਟਲੇ ਦੇ ਹੈਦਰ ਸ਼ੇਖ ਪੀਰ, ਬੱਦੋਵਾਲ ਬਾਬਾ ਜਾਹਰ ਬਲੀ, ਮੁਰਾਦ ਸ਼ਾਹ ਨਕੋਦਰ ਅਤੇ ਮੰਢਾਲੀ ਸ਼ਰੀਫ ਥਾਵਾਂ ‘ਤੇ ਜਾ ਕੇ ਪੀਰਾਂ ਦੇ ਚਿਰਾਗ ਜਗਾਉਂਦੀ ਹਾਂ ਜਦੋਂ ਵੀ ਚਿਤ ਕਰਦੈ ਹੈ। ਜਿੱਥੇ ਕਿਤੇ ਧਾਰਮਿਕ ਸਥਾਨ ਹੋਵੇ ਮੈਂ ਸਿਰ ਨੀਵਾਂ ਕਰ ਦਿੰਦੀ ਹਾਂ । ਮੈਂ ਮੰਨਦੀ ਹਾਂ ਕਿ ਅਸੀਂ ਜੋ ਕੁਝ ਵੀ ਹਾਂ ਪੀਰਾਂ, ਫ਼ਕੀਰਾਂ ਅਤੇ ਗੁਰੂਆਂ ਦੀ ਬਦੌਲਤ ਹੀ ਹਾਂ!
? ਤੁਹਾਡੀ ਕੋਈ ਰੀਝ ਜਿਹੜੀ ਪੂਰੀ ਨਾ ਹੋਈ ਹੋਵੇ ?
ਰੀਝਾਂ ਤਾਂ ਸਾਰੀਆਂ ਹੀ ਪੂਰੀਆਂ ਨੇ ਪਰ ਇਕ ਰੀਝ ਨੂੰ ਅਸੀਂ ਢਿੱਡ ਵਿਚ ਹੀ ਲੈ ਕੇ ਤੁਰ ਜਾਣਾ ਹੈ। ਸਾਡੀ ਸ਼ੁਰੂ ਤੋਂ ਹੀ ਰੀਝ ਸੀ ਕਿ ਬੀ ਜੀ ਨੂੰ ਜਹਾਜ਼ ‘ਚ ਬਿਠਾਈਏ! ਜਦ ਬੀ ਜੀ ਜਿਊਂਦੇ ਸੀ, ਓਦੋਂ ਸਾਡੇ ਆਰਥਿਕ ਹਾਲਾਤ ਕਮਜ਼ੋਰ ਸਨ । ਪਰ ਜਦੋਂ ਪੈਰਾਂ ਸਿਰ ਹੋਏ ਤਾਂ ਬੀਜੀ ਛੱਡ ਕੇ ਤੁਰ ਗਏ। ਰੱਬ ਨਾਲ ਇਹ ਸਦਾ ਹੀ ਰੋਸਾ ਅਤੇ ਅਫ਼ਸੋਸ ਰਹੇਗਾ।
? ਮੈਂ ਜਿਸ ਦਿਨ ਤੋਂ ਤੁਹਾਡੇ ਘਰ ਆ ਰਿਹਾ ਹਾਂ ਓਦੋਂ ਤੋਂ ਹੀ ਦੇਖ ਰਿਹਾ ਹਾਂ ਕਿ ਕੋਈ ਨਾ ਕੋਈ ਤੁਹਾਡੇ ਆਇਆ ਹੀ ਰਹਿੰਦਾ ਹੈ । ਤੁਸੀਂ ਲੋਕਾਂ ਦੀ ਐਨੀ ਆਵਾਜਾਈ ਤੋਂ ਕਦੇ ਦੁਖੀ ਵੀ ਹੋਏ ?
ਲੈ-ਲੈ ਦੁਖੀ ਕਾਸਤੋਂ ਹੋਣਾ ਸਗੋਂ ਖੁਸ਼ੀ ਹੁੰਦੀ ਏ ਕਿ ਸਾਡੇ ਵਿਹੜੇ ਇੰਨੀਆਂ ਨਾਮਵਰ ਸ਼ਖ਼ਸੀਅਤਾਂ ਆਉਂਦੀਆਂ ਹਨ ਅਤੇ ਸਾਡੇ ਪ੍ਰਸ਼ੰਸਕ ਸਾਨੂੰ ਇੰਨਾ ਪਿਆਰ ਕਰਦੇ ਨੇ । ਜੇਕਰ ਕਿਸੇ ਨਾਲ ਪਿਆਰ ਹੁੰਦਾ ਏ, ਤਾਹੀਓਂ ਹੀ ਜਾਂਦਾ ਏ ਬੰਦਾ ਓਸ ਵਿਹੜੇ। ਮੈਂ ਤਾਂ ਚਾਹੁੰਦੀ ਆਂ ਇਸੇ ਤਰ੍ਹਾਂ ਆਉਂਦੇ ਰਹਿਣ ਸਾਨੂੰ ਪਿਆਰ ਕਰਨ ਵਾਲੇ ਸਾਡੇ ਕੋਲ।
? ਬਾਪੂ ਜੀ (ਮਾਣਕ) ਸ਼ਰਾਬ ਪੀਂਦੇ ਨੇ ਤੁਹਾਨੂੰ ਇਹਨਾਂ ਦੀ ਸ਼ਰਾਬ ਪੀਣਾ ਚੰਗਾ ਲਗਦਾ ਹੈ ? :
ਬੜਾ ਦੁੱਖ ਹੁੰਦਾ ਏ ਇਹ ਸ਼ਰਾਬ ਪੀਂਦੇ ਨੇ ਪਰ ਕਿਸੇ ਦੀ ਮੰਨਦੇ ਨਹੀਂ । ਤੁਹਾਡੇ ਵਰਗੇ ਪਿਆਰਿਆਂ ਦੀਆਂ ਦੁਆਵਾਂ ਨਾਲ ਇਹ ਕਈ ਵਾਰ ਰੱਬ ਦੇ ਘਰੋਂ ਮੁੜੇ… ।
? ਜਿੰਦਗੀ ਦਾ ਕੋਈ ਯਾਦਗਾਰੀ ਪਲ ਜਿਹੜਾ ਸੋਚ ‘ਚੋਂ ਕਦੇ ਮਨਫ਼ੀ ਨਾ ਹੁੰਦਾ ग्रे…?
ਇਹੋ ਜਿਹੇ ਯਾਦਗਾਰੀ ਪਲ ਤਾਂ ਬਹੁਤ ਨੇ ਉਹਨਾਂ ‘ਚੋਂ ਇਕ ਪਲ ਇਹ ਹੈ ਜਦੋਂ ਮੇਰਾ ਵਿਆਹ ਹੋਇਆ ਓਦੋਂ ਬਹੁਤ ਗਰੀਬੀ ਸੀ। ਮੱਝਾਂ ਵੀ ਰੱਖੀਆਂ, ਕਿਰਾਏ ਦੇ ਮਕਾਨਾਂ ‘ਤੇ ਵੀ ਧੱਕੇ ਖਾਧੇ। ਜਦੋਂ ਅਸੀਂ ਲੁਧਿਆਣੇ ਰਹਿਣ ਲੱਗੇ ਤਾਂ ਆਪਣੇ ਬਹੁਤ ਪਿਆਰੇ ਸ਼ਗਿਰਦ ਬਲਵਿੰਦਰ ਭਗਤੇ ਤੋਂ ਭਾਂਡੇ ਲੈ ਕੇ ਗੁਜ਼ਾਰਾ ਕੀਤਾ।
? ਹੋਰ ਤੁਸੀਂ ਕੁਲਦੀਪ ਮਾਣਕ ਲਈ ਕੀ ਕਹਿਣਾ ਚਾਹੁੰਦੇ ਓਂ?
ਮੈਂ ਚਾਹੁੰਦੀ ਆਂ ਕਿ ਇਹ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ ਅਤੇ ਇਹਨਾਂ ਦਾ ਨਾਂ ਦੁਨੀਆ ‘ਤੇ ਅਮਰ ਰਹੇ। ਇਹਨਾਂ ਦੀ ਅਵਾਜ਼ ਇਸੇ ਤਰ੍ਹਾਂ ਪੰਜਾਬ ਦੀਆਂ ਫਿਜ਼ਾਵਾਂ ‘ਚ ਗੂੰਜਦੀ ਰਹੇ ਅਤੇ ਮੇਰੀਆਂ ਨਜ਼ਰਾਂ ਸਾਹਮਣੇ ਇਹਨਾਂ ਨੂੰ ਕੁਝ ਨਾ ਹੋਵੇ।
***
ਯੁਧਵੀਰ ਮਾਣਕ…..
ਕੁਲਦੀਪ ਮਾਣਕ ਦੇ ਜੀਵਨ ‘ਤੇ ਕਿਤਾਬ ਲਿਖ ਰਿਹਾ ਸੀ ਤਾਂ ਮਾਣਕ ਦੇ ਹੋਣਹਾਰ ਲਾਡਲੇ ਸਪੁੱਤਰ ਯੁਧਵੀਰ ਮਾਣਕ ਨਾਲ ਕਾਫੀ ਸਮਾਂ ਇਕੱਠੇ ਰਹਿਣ ਤੇ ਘੁੰਮਣ ਦਾ ਸਬੱਬ ਬਣਿਆ ਸੀ।
ਉਹ ਮੈਨੂੰ ਨਾਲ-ਨਾਲ ਰੱਖਦਾ ਜਿਵੇਂ ਛੋਟੇ ਭਰਾ ਦੀ ਉਂਗਲ ਫੜ੍ਹ ਕੇ ਤੁਰੀਦਾ ਏ….। ਤੁਰਦਾ-ਤੁਰਦਾ ਕਦੇ ਮੇਰੇ ਮੋਢੇ ‘ਤੇ ਹੱਥ ਰੱਖ ਲੈਂਦਾ ਅਤੇ ਕਦੇ ਮੇਰੀ ਪਿੱਠ ਥਾਪੜਦਾ ਹੋਇਆ ਕਹਿ ਛੱਡਦਾ, “ਅਲੀ ਯਾਰ ਤੂੰ ਗੱਲ ‘ਚੋਂ ਗੱਲ ਕੱਢਦਾ ਏਂ ਹਰ ਵੇਲੇ, ਕੁਝ ਨਾ ਕੁਝ ਪੁੱਛਦਾ ਰਹਿੰਦਾ ਏਂ ਇਨਕੁਆਰੀ ਵਾਲਿਆਂ ਵਾਂਗ। ਕੀ ਗੱਲ ਤੇਰੇ ਕੋਲ ਸੁਆਲ ਤਿਆਰ ਈ ਪਏ ਹੁੰਦੇ ਨੇ ?” ਇੰਨਾ ਕਹਿਕੇ ਹੱਸ ਪੈਂਦਾ ਹੈ ਤੇ ਫੇਰ ਛੱਡ ਦਿੰਦਾ ਏ ਟੋਟਕਾ, “ਨਾਲੇ ਬਈ ਲੇਖਕਾਂ ਦਾ ਤਾਂ ਕੰਮ ਵੀ ਆਹੀ ਹੁੰਦੈ ਤੁਸੀਂ ਤਾਂ ਹਰ ਸਮੇਂ ਦੁਨੀਆਦਾਰੀ ਨੂੰ ਉਧੇੜਦੇ ਬੁਣਦੇ ਰਹਿੰਦੇ ਓਂ।” ਮੈਂ ਵੀ ਗੱਲ ਕੱਟਦਾ ਹੋਇਆ ਕਹਿ ਦਿੰਦਾ, “ਕਾਸਤੋਂ ਵੀਰੇ ਐਵੇਂ ਮਾੜੀ ਟਿਊਬ ‘ਚ ਬਾਹਲੀ ਹਵਾ ਭਰੀ ਜਾਂਦੇ ਓਂ, ਮੈਂ ਕੋਈ ਐਨਾ ਵੱਡਾ ਲਿਖਾਰੀ ਨਹੀਂ। ਮੈਂ ਤਾਂ ਅਜੇ ਲਿਖਣਾ ਸਿੱਖ ਰਿਹਾ ਹਾਂ । ਤੁਸੀਂ ਐਵੇਂ ਹੀ ਬਾਹਲੀ ਹਵਾ ਭਰ ਰਹੇ ਓਂ। ਇਸ ਮਾੜੀ ਟਿਊਬ ‘ਚ ।”
ਮੈਨੂੰ ਯੁਧਵੀਰ ਦੀ ਇਸ ਖ਼ਾਸੀਅਤ ਨੇ ਕਾਫ਼ੀ ਪ੍ਰਭਾਵਿਤ ਕੀਤਾ। ਉਸਨੂੰ ਬੋਲਣ ਦਾ ਵਧੀਆ ਵੱਲ ਹੈ। ਸਲੀਕੇ ਨਾਲ ਮਿਲ ਕੇ ਉਹ ਦੂਜੇ ਨੂੰ ਪਹਿਲੀ ਮਿਲਣੀ ‘ਚ ਹੀ ਆਪਣਾ ਬਣਾ ਲੈਂਦਾ ਹੈ।
ਉਹ ਗੱਡੀ ਦੀ ਮੂਹਰਲੀ ਸੀਟ ‘ਤੇ ਬੈਠ ਕੇ ਪਿੱਛੇ ਵੱਲ ਗਰਦਨ ਘੁਮਾ-ਘੁਮਾ ਗੱਲਾਂ ਮਾਰੇਗਾ। ਮੈਂ ਯੁਧਵੀਰ ਨੂੰ ਮਿਲਕੇ ਬਾਗੋ-ਬਾਗ ਹੋ ਜਾਂਦਾ ਹਾਂ। ਜਦੋਂ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਹੋਈ ਸੀ ਤਾਂ ਜੱਫੀ ਪਾਕੇ ਬੜੇ ਤਪਾਕ ਨਾਲ ਮਿਲਿਆ ਸੀ। ਬੜੀਆਂ ਰੱਜ-ਰੱਜ ਕੇ ਗੱਲਾਂ ਕੀਤੀਆਂ ਸਨ। ਉਹ ਅੱਜ ਦੀ ਨੌਜਵਾਨ ਪੀੜੀ ਬਾਰੇ ਸੋਚਦਾ ਹੈ। ਸਾਹਿਤ ਨਾਲ ਡੂੰਘਾ ਸਨੇਹ ਹੈ। ਦੁਨੀਆ ਦੇ ਕੁਰਾਹੇ ਪੈ ਜਾਣ ਤੇ ਫਿਕਰਮੰਦ ਹੈ, ਉਹ ਸਾਹਿਤ ਨਾਲ ਡੂੰਘਾ ਜੁੜਿਆ ਹੋਇਆ ਹੈ। ਸੰਗੀਤ ਸੁਣਦਾ ਹੈ। ਡੂੰਘਾ ਸੋਚਦਾ ਹੈ।
ਗੱਲ ਪਹਿਲੀ ਮਿਲਣੀ ‘ਚ ਹੀ ਛਿੜ ਗਈ ਗਾਇਕਾਂ, ਸਾਹਿਤਕਾਰਾਂ ਬਾਰੇ । ਜਦੋਂ ਮੈਂ ਯੁਧਵੀਰ ਨੂੰ ਪੜ੍ਹੇ ਜਾ ਚੁੱਕੇ ‘ਲੇਖਕਾਂ’ ਬਾਰੇ ਪੁੱਛਿਆ ਸੀ ਤਾਂ ਉਸ ਨੇ ਇਕੋ ਵਾਰ ਸਾਰੀ ਗਿਣਤੀ ਕਰਾ ਦਿੱਤੀ ਸੀ । ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’, ਸੁਰਜੀਤ ਪਾਤਰ, ਇਕਬਾਲ ਰਾਮੂਵਾਲੀਆ, ਮੋਹਨ ਭੰਡਾਰੀ, ਗੁਲਜ਼ਾਰ ਸੰਧੂ, ਬਲਵੰਤ ਗਾਰਗੀ, ਨਾਨਕ ਸਿੰਘ, ਪ੍ਰੀਤਮ ਸਿੱਧੂ (ਯੂ.ਕੇ.), ਓਮ ਪ੍ਰਕਾਸ਼ ਗਾਸੋ, ਰਾਮ ਸਰੂਪ ਅਣਖੀ । ਸਾਰੇ ਹੀ ਸਿਰੇ ਦੇ ਲਿਖਾਰੀ ਪੜ੍ਹੀ ਫਿਰਦੈ, ਮੈਂ ਆਪਣੇ ਆਪ ਨੂੰ ਕਿਹਾ। ਆਪਣੇ ਘਰ ਯੁਧਵੀਰ ਨੇ ਇਕ ਨਿੱਜੀ ਲਾਇਬ੍ਰੇਰੀ ਵੀ ਸਥਾਪਤ ਕੀਤੀ ਹੋਈ ਹੈ ਜਿਸ ਵਿਚ ਹੋਰ ਵੀ ਸੈਂਕੜੇ ਲੇਖਕਾਂ ਦੀਆਂ ਕਿਤਾਬਾਂ ਆਦਰ ਨਾਲ ਸਾਂਭੀਆਂ ਹੋਈਆਂ ਨੇ… ।
ਦੇਖਕੇ ਮੈਨੂੰ ਅੰਤਾਂ ਦਾ ਚਾਅ ਚੜ੍ਹ ਗਿਆ ਸੀ । ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਸੀ, “ਅਸ਼ ਕੇ ਬਈ ਅਸ਼ ਕੇ ਯੁਧਵੀਰ ਤੇਰੇ ।” ਜਦੋਂ ਮੈਂ ਪੜ੍ਹਨ ਦੇ ਸਮੇਂ ਬਾਰੇ ਪੁੱਛਦਿਆਂ ਕਿਹਾ ਕਿ, “ਕਲਾਕਾਰਾਂ ਬਾਰੇ ਤਾਂ ਆਮ ਹੀ ਸੁਣਨ ਨੂੰ ਮਿਲਦੈ ਹੈ ਕਿ ਇਹਨਾਂ ਕੋਲੇ ਤਾਂ ਆਪਣੇ ਬੱਚਿਆਂ ਲਈ ਸਮਾਂ ਨਹੀਂ ਹੁੰਦਾ ਪਰ ਤੂੰ ਤਾਂ ਇੰਨਾ ਸਾਹਿਤ ਪੜ੍ਹ ਲਿਆ। ਤੇ ਪੜ੍ਹਦਾ ਏਂ, ਤੂੰ ਕਿਵੇਂ ਕੱਢ ਲੈਂਦਾ ਏਂ ਸਮਾਂ.?” ਯੁਧਵੀਰ ਨੇ ਬੜੀ ਨਿਮਰਤਾ ਨਾਲ ਉੱਤਰ ਦਿੰਦਿਆਂ ਦੱਸਿਆ, “ਅਲੀ ਯਾਰ ਸਮਾਂ ਕਦੇ ਵੀ ਆਪ ਨਹੀਂ ਮਿਲਦਾ ਤੁਹਾਨੂੰ ਸਮੇਂ ‘ਚੋਂ ਸਮਾਂ ਕੱਢਣਾ ਪਵੇਗਾ.. ਮੈਂ ਜਦੋਂ ਵੀ ਸਫ਼ਰ ‘ਚ ਹੁੰਦਾ ਹਾਂ ਤਾਂ ਪਹਿਲ ਪੜ੍ਹਨ ਨੂੰ ਦਿੰਦਾ ਹਾਂ ਜਾਂ ਫਿਰ ਸੰਗੀਤ ਸੁਣਦਾ ਹਾਂ ।” ਮੈਂ ਗੁੰਝਲਦਾਰ ਜਿਹੀਆਂ ਗੱਲਾਂ ‘ਚੋਂ ਗੱਲਾਂ ਰਿਕਾਰਡ ਕਰਨ ਲੱਗਿਆਂ ਕੁਝ ਕਾਗਜ਼ ‘ਤੇ ਵੀ ਝਰੀਟ ਲਈਆਂ।
? ਯੁਧਵੀਰ ਜੀ ਤੁਹਾਨੂੰ ਇਸ ਗੱਲ ਦੀ ਕਿੰਨੀ ਕੁ ਖੁਸ਼ੀ ਆ ਕਿ ਤੁਸੀਂ ਇੰਨੇ ਉੱਚੇ-ਸੁੱਚੇ ਫ਼ਨਕਾਰ ਦੇ ਘਰ ਜਨਮ ਲਿਆ ?
ਮੈਂ ਅਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ । ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਦੇ ਸੇਵਾਦਾਰ ਘਰ ਜਨਮਿਆ ਹਾਂ।
? ਤੁਹਾਡੀ ਵਿਦਿਅਕ ਯੋਗਤਾ ਕੀ ਹੈ ਅਤੇ ਇਹ ਕਿੱਥੇ ਪ੍ਰਾਪਤ ਕੀਤੀ ?
ਸ਼ੁਰੂ ‘ਚ ਮੈਂ ਲੁਧਿਆਣੇ ਹੀ ਪੜ੍ਹਦਾ ਰਿਹਾ ਕੁਝ ਚਿਰ ਡੀ.ਏ.ਵੀ. ਕਾਲਜ ਜਲੰਧਰ ਅਤੇ ਫਿਰ ਲੁਧਿਆਣੇ ਆਣ ਪੜ੍ਹਨ ਲੱਗਿਆ। ਫਿਰ ਆਸਟ੍ਰੇਲੀਆ ਤੋਂ ਸਾਊਂਡ ਪ੍ਰੋਡਕਸ਼ਨ ਦੀ ਇੰਜਨੀਰਿੰਗ ਕੀਤੀ ਹੈ।
? ਤੁਹਾਨੂੰ ਗਾਇਕੀ ਵੱਲ ਤੋਰਿਆ ਗਿਆ ਜਾਂ ਤੁਸੀਂ ਸ਼ੌਕ ਨਾਲ ਗਾਉਣਾ ਸ਼ੁਰੂ ਕੀਤਾ।
ਉਂਜ ਪਹਿਲਾਂ ਤਾਂ ਕੋਈ ਵਿਚਾਰ ਨਹੀਂ ਸੀ ਪਰ ਜਦੋਂ ਮੈਂ ਆਸਟ੍ਰੇਲੀਆ ਤੋਂ ਪੜ੍ਹ ਕੇ ਵਾਪਿਸ ਆਇਆ ਤਾਂ ਮੈਨੂੰ ਬਾਪੂ, ਦੋਸਤਾਂ, ਰਿਸ਼ਤੇਦਾਰਾਂ ਅਤੇ ਬਾਪੂ ਦੇ ਪ੍ਰਸ਼ੰਸਕਾਂ ਦੇ ਸੁਨੇਹੇ ਮਿਲਣ ਲੱਗੇ ਅਤੇ ਮੈਂ ਉਹਨਾਂ ਦੀ ਹੱਲਾਸ਼ੇਰੀ ਸਦਕਾ ਇਸ ਪਿੜ ਵਿਚ ਕੁੱਦ ਪਿਆ।
? ਯੁਧਵੀਰ ਜੀ, ਜੇਕਰ ਤੁਸੀਂ ਗਾਇਕ ਨਾ ਹੁੰਦੇ ਤਾਂ ਕੀ ਹੁੰਦੇ ?
ਜੇਕਰ ਮੈਂ ਗਾਇਕ ਨਾ ਹੁੰਦਾ ਤਾਂ ਸ਼ਾਇਦ ਪੁਲੀਸ ‘ਚ ਹੁੰਦਾ ਜਾਂ ਫੌਜ ‘ਚ ਭਰਤੀ ਹੋ ਜਾਂਦਾ ਕਿਉਂਕਿ ਮੇਰਾ ਸ਼ੁਰੂ ਤੋਂ ਹੀ, ਸ਼ੌਕ ਸੇਵਾ ਕਰਨ ਦਾ ਰਿਹਾ ਹੈ। ਸੋ ਅੱਜਕੱਲ੍ਹ ਮੈਂ ਸੱਭਿਆਚਾਰ ਦੀ ਸੇਵਾ ਕਰ ਰਿਹਾ ਹਾਂ।
? ਯੁਧਵੀਰ ਜੀ ਤੁਹਾਨੂੰ ਅਪਣੇ ਬਾਪੂ ਦੀਆਂ ਕਿਹੜੀਆਂ ਆਦਤਾਂ ਚੰਗੀਆਂ ਨਹੀਂ ਲੱਗਦੀਆਂ।
ਵੈਸੇ ਤਾਂ ਕੋਈ ਇਹੋ ਜਿਹੀ ਆਦਤ ਹੈ ਹੀ ਨਹੀਂ ਕਿਉਂਕਿ ਆਰਟਿਸਟ ਹਮੇਸ਼ਾਂ ਮੂੜੀ ਹੁੰਦੇ ਹਨ। ਹਾਂ ਇੱਕ ਆਦਤ ਜ਼ਰੂਰ ਠੀਕ ਨਹੀਂ ਲਗਦੀ ਜਦੋਂ ਇਹਨਾਂ ਨੂੰ ਮਿੱਠਾ ਹਾੜੇ (ਸ਼ਰਾਬ ਪੀਣ) ਤੋਂ ਰੋਕਦੇ ਹਾਂ ਤਾਂ ਰੁਕਦੇ ਨਹੀਂ ਅੜੀ ਕਰਦੇ ਨੇ।
? ਤੁਹਾਨੂੰ ਮਾਣਕ ਜੀ ਦਾ ਕਿਹੜਾ ਗੀਤ ਸਭ ਤੋਂ ਵਧੀਆ ਲਗਦਾ ਹੈ।
ਮੈਨੂੰ ਤਕਰੀਬਨ ਬਾਪੂ ਦਾ ਹਰ ਇਕ ਗੀਤ ਵਧੀਆ ਲਗਦਾ ਹੈ ਕਿਉਂਕਿ ਹਰ ਇਕ ਗਾਇਕ ਅਤੇ ਹਰ ਕੋਈ ਆਪਣੇ ਵੱਲੋਂ ਵਧੀਆ ਕਰਦਾ ਹੈ।
? ਅੱਜ ਦੀ ਗਾਇਕੀ ਅਤੇ ਮਾਣਕ ਸਮੇਂ ਦੀ ਗਾਇਕੀ ‘ਚ ਕੀ ਫਰਕ ਹੈ।
ਆਹ ਪ੍ਰਸ਼ਨ ਤੁਹਾਡਾ ਕੁਝ ਟੇਢਾ ਹੈ। (ਹੱਸਦਾ ਹੋਇਆ) ਫ਼ਰਕ ਤਾਂ ਕੋਹਾਂ ਦਾ ਹੈ। ਇਸ ਪਈ ਵਿੱਥ ਨੂੰ ਚਾਹੁੰਦਿਆਂ ਹੋਇਆਂ ਵੀ ਮੇਲਿਆ ਨਹੀਂ ਜਾ ਸਕਦਾ ਕਿਉਂਕਿ ਉਹ ਸਮਾਂ ਰਿਆਜ਼ ਦਾ ਹੀ ਸੀ ਨਿਰੀ ਪੂਰੀ ਕਲਾ ਦਾ ਹੀ ਸੀ । ਤਾਂ ਹੀ ਲੋਕ ਅੱਜ ਤੱਕ ਉਸ ਗਾਇਕੀ ਨੂੰ ਪਸੰਦ ਕਰਦੇ ਹਨ। ਉਸ ਗਾਇਕੀ ਤੋਂ ਸੇਧ ਲੈਂਦੇ ਹਨ ਅਤੇ ਲੈਂਦੇ ਰਹਿਣਗੇ। ਅੱਜ ਦੇ ਗਾਇਕ ਸਿੱਖਦੇ ਘੱਟ ਅਤੇ ਗਾਉਂਦੇ ਵਧ ਨੇ । ਉਸਤਾਦ, ਗੁਰੂ ਧਾਰਨਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ। ਆਪਾਂ ਇਹ ਨਹੀਂ ਕਹਿ ਸਕਦੇ ਕੀ ਅੱਜ ਵਧੀਆ ਗਵੱਈਏ ਨਹੀਂ! ਅਜੇ ਵੀ ਬਹੁਤ ਗਵੱਈਏ ਰਸੀਲੇ, ਸੁਰ ਦੇ ਪੱਕੇ ਮੇਰੇ ਸਮਕਾਲੀ, ਦਿਲੋਂ ਸੇਵਾ ਕਰ ਰਹੇ ਹਨ। ਪਰ ਜ਼ਿਆਦਾ ਭਰਮਾਰ ਬੇਸੂਰਿਆਂ ਦੀ ਹੈ।
? ਤੁਹਾਨੂੰ ਉਮੀਦ ਹੈ ਕਿ ਕੋਈ ਨਵਾਂ ਮਾਣਕ ਜਨਮ ਲਵੇਗਾ ਅਤੇ ਉਹਨਾਂ ਦੇ ਨਕਸ਼ੇ ਕਦਮਾਂ ‘ਤੇ ਚੱਲੇਗਾ। ਕਿਉਂਕਿ ਉਹਨਾਂ ਦੇ ਸ਼ਗਿਰਦ ਕਾਫੀ ਨੇ ਸੱਚੇ-ਝੂਠੇ….. 1
(ਥੋੜ੍ਹਾ ਸੋਚ ਕੇ) ਮੈਨੂੰ ਤਾਂ ਆਸ ਨਹੀਂ ਕਿ ਅੱਜ ਦੇ ਸਮੇਂ ‘ਚ ਨਵਾਂ ਮਾਣਕ ਜਨਮ ਲੈ ਸਕਦਾ ਹੈ ਕਿਉਂਕਿ ਅੱਜ ਗਾਇਕੀ ‘ਚ ਹਫੜਾ ਦਫੜੀ ਮੱਚੀ ਹੋਈ ਹੈ। ਸੰਗੀਤ ਪ੍ਰਦੂਸ਼ਣ ਵੱਧ ਗਿਆ ਹੈ। ਕਿਉਂਕਿ ਜੋ ਕੁਝ ਬਾਪੂ ਨੇ ਗਾਇਆ ਹੈ, ਨਾ ਹੀ ਕੋਈ ਗਾ ਸਕਦਾ ਹੈ ਨਾ ਹੀ ਗਾਉਣਾ ਚਾਹੁੰਦਾ ਹੈ। ਹਰ ਇਕ ਗਾਇਕ ਕਮਰਸ਼ੀਅਲ ਕੰਮ ਕਰਦਾ ਹੈ। ਕਿਸੇ ਨੂੰ ਵੀ ਕੋਈ ਸਹਿਮਤੀ ਨਹੀਂ ਕਿਸੇ ਨੂੰ ਵੀ ਆਪਣੇ ਮੋਢਿਆਂ ‘ਤੇ ਬੋਝ ਦਾ ਅਹਿਸਾਸ ਨਹੀਂ ਹਰ ਇਕ ਗਵੱਈਆ ਮਾਰਕੀਟ ‘ਚ ਚਲੰਤ ਚੀਜ਼ ਪੇਸ਼ ਕਰ ਰਿਹਾ ਹੈ। ਉਹ ਚੱਲਣੀ ਚਾਹੀਦੀ ਹੈ ਭਾਵੇਂ ਢੰਗ ਜਿਹੜਾ ਮਰਜ਼ੀ ਹੋਵੇ।
? ਅੱਜ ਸਾਰੀ ਦੁਨੀਆ ਕੁਲਦੀਪ ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਦੱਸਦੀ ਹੈ। ਜਦਕਿ ਕੁਲਦੀਪ ਮਾਣਕ ਨੇ ਕਲੀਆਂ ਘੱਟ ਤੇ ਲੋਕ ਗਾਥਾਵਾਂ ਵੱਧ ਗਾਈਆਂ। ਤੁਹਾਡੀ ਸੋਚ ਅਨੁਸਾਰ ਕੁਲਦੀਪ ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਕਹਿਣਾ ਠੀਕ ਰਹੇਗਾ ਜਾਂ ‘ਲੋਕ ਗਾਥਾਵਾਂ ਦਾ ਬਾਦਸ਼ਾਹ’
ਬਾਪੂ ਆਪਣੇ ਆਪ ਨੂੰ ਨਾ ‘ਕਲੀਆਂ ਦਾ ਬਾਦਸ਼ਾਹ’ ਕਹਾਉਣਾ ਚਾਹੁੰਦਾ ਹੈ ਨਾ ਹੀ ‘ਲੋਕ ਗਾਥਾਵਾਂ ਦਾ ਬਾਦਸ਼ਾਹ’ ਕਿਉਂਕਿ ਉਹ ਆਪਣੇ ਆਪ ਨੂੰ ਅੱਜ ਵੀ ਸਿਖੰਦੜ ਦੱਸਦਾ ਹੈ ਅਤੇ ਇਹੋ ਹੀ ਮੈਨੂੰ ਸਿੱਖਿਆ ਦਿੰਦਾ ਹੈ। ਫੇਰ ਵੀ ‘ਕਲੀਆਂ ਦਾ ਬਾਦਸ਼ਾਹ’ ਲੋਕਾਂ, ਪ੍ਰਸ਼ੰਸਕਾਂ ਦਾ ਦਿੱਤਾ ਹੋਇਆ ਨਾਂ ਹੈ, ਕਿਉਂਕਿ ਇਹ ਲੋਕ ਮਤ ਹੈ ਜਿਹੜੀ ਸਭ ਤੋਂ ਵਧੀਆ ਹੁੰਦੀ ਹੈ। ਜੇਕਰ ਕਿਸੇ ਵੀ ਵਿਸ਼ੇ ਨੂੰ ਜ਼ਿਆਦਾ ਘੋਖਣ ਲੱਗ ਜਾਈਏ ਤਾਂ ਉਹ ਖ਼ਿਲਰ ਜਾਂਦਾ ਹੈ। ਜਿਹੜੀ ਛਾਪ ਲੋਕਾਂ ਦੇ ਮਨਾਂ ‘ਤੇ ਹੈ ਉਹ ‘ਕਲੀਆਂ’ ਦੀ ਹੈ ਨਾ ਕਿ ‘ਲੋਕ ਗਾਥਾਵਾਂ ਦੀ’। ਇਸ ਦਾ ਕਾਰਨ ਇਹ ਹੈ ਕਿ ਬਹੁਤੇ ਲੋਕਾਂ ਨੂੰ ‘ਕਲੀਆਂ’ ਅਤੇ ‘ਲੋਕ ਗਾਥਾਵਾਂ’ ਦਾ ਫਰਕ ਨਹੀਂ ਪਤਾ। ਇਸ ਕਰਕੇ ਮੈਂ ਸੋਚਦਾ ਹਾਂ ਕਿ ‘ਕਲੀਆਂ’ ਅਤੇ ‘ਲੋਕ ਗਾਥਾਵਾਂ’ ਦੋਨਾਂ ਦਾ ਹੀ ‘ਬਾਦਸ਼ਾਹ’ ਕਹਿ ਲੈਣਾ ਚਾਹੀਦਾ ਹੈ।
? ਮਾਣਕ ਸਾਬ੍ਹ ਨੂੰ ਗੁੱਸਾ ਕਦੋਂ ਆਉਂਦਾ ਹੈ ?
ਬਾਪੂ ਨੂੰ ਝੂਠ ਤੋਂ ਬਹੁਤ ਗੁੱਸਾ ਆਉਂਦਾ ਹੈ। ਜਦੋਂ ਕੋਈ ਝੂਠ ਬੋਲਦਾ ਹੈ, ਚਲਾਕੀ ਕਰਦਾ ਹੈ ਤਾਂ ਉਹ ਇਕ ਦਮ ਗੁੱਸੇ ਨਾਲ ਲਾਲ ਹੋ ਜਾਂਦੇ ਹਨ।
? ਤੁਹਾਡੀ ਗਾਇਕੀ ‘ਚ ਕਿੱਥੋਂ ਤੱਕ ਜਾਣ ਦੀ ਇੱਛਾ ਹੈ।
ਜਿੱਥੋਂ ਤੱਕ ਗਾਇਕੀ ਦਾ ਸੁਆਲ ਤਾਂ ਮੈਂ ਗਾਇਕੀ ਨੂੰ ਤਾਂ ਅਜੇ ਸਪਰਸ਼ ਵੀ ਨਹੀਂ ਕੀਤਾ। ਗਾਇਕੀ ਦਾ ਦਾਇਰਾ ਕੋਈ ਸੀਮਤ ਨਹੀਂ ਹੁੰਦਾ। ਕਲਾ ਇਕ ਸਮੁੰਦਰ ਹੈ ਜਿਸ ਵਿਚ ਥਾਂ ਬਨਾਉਣੀ ਕੋਈ ਐਨੀ ਸੌਖੀ ਨਹੀਂ। ਫਿਰ ਵੀ ਇਨਸਾਨ ਦੀ ਸੋਚ ਉਡਾਰੀ ਲਾਉਂਦੀ ਹੈ। ਹਰ ਕੋਈ ਅੱਗੇ ਆਉਣਾ ਚਾਹੁੰਦਾ ਹੈ। ਪਰ ਮੈਂ ‘ਇੱਕ ਪੈਰ ਘੱਟ ਤੁਰਨਾ’ ਵਿਚ ਵਿਸ਼ਵਾਸ ਰੱਖਦਾ ਹਾਂ । ਕਲਾ ਦੇ ਸਮੁੰਦਰ ਦਾ ਅਜੇ ਮੇਰੇ ਪਾਸ ਇਕ ਤੁਪਕਾ ਵੀ ਨਹੀਂ। ਇਸ ਨੂੰ ਪਾਉਣ ਲਈ ਮੈਂ ਸੰਘਰਸ਼ ਕਰ ਰਿਹਾ ਹਾਂ, ਰਿਆਜ਼ ਕਰ ਰਿਹਾ ਹਾਂ ਹਰ ਕਿਸੇ ਕੋਲੋਂ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ।
***
ਮਾਣਕ ਬਗੀਚੀ
ਜੀਵਨ ਸਾਥਣ:-ਮਾਣਕ ਦੀ ਜੀਵਨ ਸਾਥਣ ਸ੍ਰੀਮਤੀ ਸਰਬਜੀਤ ਕੌਰ ਮਾਣਕ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਰਾਜਗੜ੍ਹ ਵਿਖੇ 4 ਅਪ੍ਰੈਲ 1954 ਨੂੰ ਪਿਤਾ ਸੁਵੀਆ ਖਾਨ ਦੇ ਘਰ ਤੇ ਮਾਤਾ ਰਤਨ ਕੌਰ ਦੀ ਕੁੱਖੋਂ ਹੋਇਆ। ਆਪ ਜੀ ਦਾ ਪੇਕਾ ਪਰਿਵਾਰ ਧਾਰਮਿਕ ਬਿਰਤੀ ਵਾਲਾ ਹੈ। ਆਪ ਜੀ ਨੇ ਮਾਣਕ ਦੀ ਜ਼ਿੰਦਗੀ ਵਿਚ ਹਰ ਇੱਕ ਅੱਛੇ ਅਤੇ ਮਾੜੇ ਵੇਲੇ ‘ਚ ਸਾਥ ਦਿੱਤਾ ਤੇ ਦੇ ਰਹੀ ਹੈ। ਸਰਬਜੀਤ ਮਾਣਕ ਮਿੱਠ-ਬੋਲੜੀ ਅਤੇ ਧਾਰਮਿਕ ਬਿਰਤੀ ਵਾਲੀ ਔਰਤ ਹੈ। ਉਹ ਹਰ ਸੰਗਰਾਂਦ ਨੂੰ ਗੁਰਦੁਆਰਾ ਸਾਹਿਬ ਜਾਂਦੀ ਹੈ। ਕਈ ਸਾਲ ਪਹਿਲਾਂ ਘਰ ਵਿਚ ਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਹੋਈ ਸੀ। ਅਤੇ ਪਾਠੀ ਹਰ ਰੋਜ਼ ਸ਼ਾਮ ਸਵੇਰੇ ਆ ਕੇ ਪਾਠ ਕਰਦਾ ਅਤੇ ਭੋਗ ਪਾਇਆ ਜਾਂਦਾ ਸੀ । ਪਰ ਜਦੋਂ ਮਾਣਕ ਬਿਮਾਰ ਰਹਿਣ ਲੱਗਾ ਤਾਂ ਬੀੜ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿਖੇ ਭੇਂਟਾ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਜਿੰਨੀ ਸੇਵਾ ਨਿਭਾਈ ਨਹੀਂ ਸੀ ਜਾਂਦੀ। ਸਰਬਜੀਤ ਮਾਣਕ ਅੱਜ ਵੀ ਸ਼ਾਮ-ਸਵੇਰੇ ਨਿੱਤ-ਨੇਮ ਪੂਜਾ ਕਰਦੀ ਹੈ । ਉਹ ਹਰ ਵੀਰਵਾਰ ਪੀਰਾਂ ਦੇ ਚਰਾਗ ਜਗਾਉਂਦੀ ਹੈ। ਨਿੱਤ ਨੇਮ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਦੀ ਹੈ। ਉਸਦੇ ਘਰ ਵਿਚ ਬਣਾਏ ਮੰਦਰ ਵਿਚ ਹਰ ਵੇਲੇ ਜੋਤ ਜਗਦੀ ਰਹਿੰਦੀ ਹੈ । ਉਹ ਦੋ ਅਤਿ ਪਿਆਰੇ ਸੰਵੇਦਨਸ਼ੀਲ ਅਤੇ ਗੁਣਵਾਨ ਬੱਚਿਆਂ ਦੀ ਮਾਂ ਅਤੇ ਪਿਆਰੀ ਦੋਹਤੀ ਮਹਿਕ ਮਾਨ ਤੇ, ਗੈਵਨ ਮਾਨ ਦੋਹਤੇ ਦੀ ਪਿਆਰੀ ਨਾਨੀ ਹੈ।
ਪੁੱਤਰ:- ਯੁਧਵੀਰ ਮਾਣਕ ਦਾ ਜਨਮ 2 ਅਕਤੂਬਰ 1977 ਨੂੰ ਹੋਇਆ । ਯੁਧਵੀਰ
ਨੇ ਮੁਢਲੀ ਪੜਾਈ ਟੈਗੋਰ ਪਬਲਿਕ ਸਕੂਲ ਲੁਧਿਆਣਾ ਤੋਂ ਕੀਤੀ । ਕੁਝ ਚਿਰ ਡੀ.ਏ.ਵੀ. ਕਾਲਜ ਵਿਚ ਪੜ੍ਹਾਈ ਕੀਤੀ । ਫੇਰ ਜਲੰਧਰ ਅਤੇ ਲੁਧਿਆਣਾ ਪੜ੍ਹਨ ਲੱਗਿਆ। ਆਸਟ੍ਰੇਲੀਆ ਤੋਂ ਸਾਊਂਡ ਪ੍ਰੋਡਕਸ਼ਨ ਦੀ ਇੰਜਨੀਅਰਿੰਗ ਕੀਤੀ। ਯੁਧਵੀਰ ਦਾ ਵਿਆਹ ਪ੍ਰਸਿੱਧ ਲੇਖਕ ਕਸ਼ਮੀਰ ਸਿੰਘ ਪੰਨੂੰ ਦੀ ਸਪੁੱਤਰੀ ਜੈਸਮੀਨ ਪੰਨੂੰ ਨਾਲ ਹੋਇਆ ਹੈ। ਜਿਸਦਾ ਅੱਜਕੱਲ੍ਹ ਨਾਂ ਜੈਸਮੀਨ ਮਾਣਕ ਹੈ। ਯੁਧਵੀਰ ਨੂੰ ਗਾਇਕੀ ਦੇ ਨਾਲ-ਨਾਲ ਸਾਹਿਤ ਪੜ੍ਹਨ ਦੀ ਚੇਟਕ ਹੈ। ਉਹ ਅੱਜ ਦੁਨੀਆ ਦੇ ਨੌਜਵਾਨਾਂ ਦੇ ਕੁਰਾਹੇ ਪੈ ਜਾਣ ਤੋਂ ਚਿੰਤਿਤ-ਫਿਕਰਮੰਦ ਹੈ । ਉਹ ਸਮੇਂ ਤਾਰਾ ਮਾਣਕ ‘ਚੋਂ ਸਮਾਂ ਕੱਢ ਕੇ ਸਾਹਿਤਕਾਰਾਂ ਦੀਆਂ ਮਹਿਫਲਾਂ ਦਾ ਅਨੰਦ ਮਾਣਦਾ ਹੈ।
ਲੜਕੀ:-ਸ਼ਕਤੀ ਮਾਣਕ ਦਾ ਜਨਮ 4 ਦਸੰਬਰ 1980 ਨੂੰ ਹੋਇਆ। ਜਦੋਂ ਆਪ ਜੀ ਦਾ ਜਨਮ ਹੋਇਆ ਤਾਂ ਰੱਜ ਕੇ ਖੁਸ਼ੀ ਮਨਾਈ ਗਈ। ਮੁੰਡਿਆਂ ਵਾਂਕਣ ਘਰ-ਘਰ ਲੱਡੂ ਵੰਡੇ ਗਏ। ਯਾਰਾਂ, ਬੇਲੀਆਂ ਨੂੰ ਰੱਜ ਕੇ ਦਾਰੂ ਵਰਤਾਈ ਗਈ ਸੀ । ਸ਼ਕਤੀ ਮਾਣਕ ਨੇ ਬੀ.ਕਾਮ ਇੰਜਨੀਅਰ ਡੀਜ਼ਾਇਨਰ, ਪਟਿਆਲਾ ਯੂਨੀਵਰਸਿਟੀ ਤੋਂ ਪੀ.ਸੀ.ਐਸ. ਦੀ ਕੋਚਿੰਗ ਕੀਤੀ ਹੈ। ਸ਼ਕਤੀ ਮਾਣਕ ਲੁਧਿਆਣਾ ਦੇ ਪਿੰਡ ਦੁਗਰੀ ਵਿਆਹੀ ਹੋਈ ਹੈ। ਆਪ ਦੇ ਸਹੁਰੇ ਪਰਿਵਾਰ ਦਾ ਗੋਤ ‘ਮਾਨ’ ਹੈ ਪਰ ਸ਼ਕਤੀ ਮਾਣਕ ਨੇ ਆਪਣੇ ਪਿਛੋਕੜ ਅਤੇ ਸਹੁਰੇ ਪਰਿਵਾਰ ਦੀ ਪਹਿਚਾਣ ਨੂੰ ਕਾਇਮ ਰੱਖਣ ਲਈ ਆਪਣਾ ਨਾਂ ਸ਼ਕਤੀ ਮਾਣਕ ਮਾਨ ਰੱਖ ਲਿਆ ਹੈ। ਆਪ ਦਾ ਜੀਵਨ ਸਾਥੀ ਇੰਦਰਜੀਤ ਮਾਨ ਇਕ ਸੂਝਵਾਨ ਅਤੇ ਮਿਲਾਪੜਾ ਇਨਸਾਨ ਹੈ। ਆਪ ਦੀ ਜ਼ੁਬਾਨ ਵਿਚ ਲੋਹੜੇ ਦਾ ਰਸ ਅਤੇ ਅਪਣਾਪਣ ਹੈ। ਆਪ ਜੀ ਦੇ ਘਰ ਲੜਕੀ ਮਹਿਕ ਮਾਨ ਤੇ ਲੜਕਾ ਗੈਵਨ ਮਾਨ ਨੇ ਜਨਮ ਲਿਆ ।
ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ…. ਡਾ. ਅਮਨਦੀਪ ਟੱਲੇਵਾਲੀਆ
ਕੁਲਦੀਪ ਮਾਣਕ ਨੂੰ, ਸਿੱਧੇ ਸਾਧੇ ਪੇਂਡੂ ਬੰਦੇ ਕੁਲਦੀਪ ਵੀ ਕਹਿ ਦਿੰਦੇ ਹਨ ਤੇ ਕਈ ਇਕੱਲਾ ਮਾਣਕ ਵੀ। ਕੁਲਦੀਪ ਕੁੱਲ ਦਾ ਦੀਪ ਤਾਂ ਹੈ ਹੀ ਉਹ ਕਲਾ ਦਾ ਦੀਪ ਵੀ ਹੈ ਜਾਂ ਇੰਝ ਕਹਿ ਲਓ ਕਿ ਸੰਗੀਤ ਦੇ ਕਲਯੁੱਗ ਵਿੱਚ ਇੱਕ ਦੀਪ ਹਾਲੇ ਵੀ ਜਗ ਰਿਹਾ चै।
ਕੁਲ+ਦੀਪ, ਕਲਾ+ਦੀਪ, ਕਲ-ਦੀਪ
ਮੈਂ ਬਚਪਨ ਤੋਂ ਹੀ ਕੁਲਦੀਪ ਮਾਣਕ ਦੇ ਗੀਤ ਸੁਣਨ ਦਾ ਸ਼ੌਕੀਨ ਹਾਂ । ਜਦੋਂ ਪਿੰਡਾਂ ਵਿਚ ਵਿਆਹ ਸ਼ਾਦੀਆਂ ਮੌਕੇ ਮੰਜੇ ਜੋੜ ਕੇ ਸਪੀਕਰ ਲੱਗਦੇ ਸਨ ਸਭ ਤੋਂ ਪਹਿਲਾਂ ਯਮਲੇ ਜੱਟ ਦਾ ‘ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ’ ਨਾਲ ਦੀ ਨਾਲ ਮਾਣਕ ਦੀ ‘ਬੰਦਾ ਬਹਾਦਰ’ ਦੀ ਵਾਰ ਅਤੇ ਦੋ ਚਾਰ ਹੋਰ ਧਾਰਮਿਕ ਗੀਤਾਂ ਤੋਂ ਪਿੱਛੋਂ, ਮਾਂ ਹੁੰਦੀ ਏ ਮਾਂ, ਛੇਤੀ ਕਰ ਸਰਬਣ ਪੁੱਤਰਾ, ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ, ਚਿੱਠੀਆਂ ਸਾਹਿਬਾਂ ਜੱਟੀ ਨੇ, ਜੁਗਨੀ, ਆਦਿ ਗੀਤ, ਲੋਕ ਤੱਥ ਮੇਰੇ ਅਤੇ ਮੇਰੇ ਵਰਗੇ ਹੋਰ ਬੱਚਿਆਂ ਦੇ ਜ਼ੁਬਾਨੀ ਯਾਦ ਸਨ । ਜਦੋਂ ਕਦੇ ਸਕੂਲ ‘ਚ ‘ਕੱਠੇ ਬਹਿੰਦੇ ਤਾਂ ਕੁਲਦੀਪ ਮਾਣਕ ਦੇ ਗੀਤਾਂ ਦਾ ਇਕ ਅੱਧਾ ਪਹਿਰਾ ਕਿਸੇ ਨਾ ਕਿਸੇ ਨੂੰ ਜ਼ਰੂਰ ਯਾਦ ਹੁੰਦਾ, ਕਈ ਸ਼ਬਦਾਂ ਦੀ ਭਾਵੇਂ ਉਦੋਂ ਸਮਝ ਨਹੀਂ ਸੀ ਪੈਂਦੀ ਪਰ ਆਪ ਦੇ ਕੋਲੋਂ ਜੋੜਕੇ ਹੀ ਪੂਰਾ ਕਰ ਦਿੰਦੇ। ਮੈਂ ਕੁਲਦੀਪ ਮਾਣਕ ਨੂੰ ਸਭ ਤੋਂ ਪਹਿਲਾਂ ਉਦੋਂ ਦੇਖਿਆ ਜਦੋਂ ਪਿੰਡ ਜਲਾਲ ਵਿਖੇ ਕੇ. ਪੀ. ਐਸ. ਗਿੱਲ ਨੇ ਮਰੂਤੀ ਕਾਰ ਨਾਲ ਮਾਣਕ ਦਾ ਸਨਮਾਨ ਕੀਤਾ ਸੀ । ਅਜਿਹਾ ਸਨਮਾਨ ਨਹੀਂ ਕਿਸੇ ਦਾ ਹੋਇਆ ਨਾ ਹੋਣਾ। ਐਨਾ ਇਕੱਠ ਮੈਂ ਤਾਂ ਪਹਿਲੀ ਵਾਰ ਦੇਖਿਆ ਸੀ। ਲੋਕ, ਸਾਇਕਲਾਂ, ਸਕੂਟਰਾਂ, ਟਰੈਕਟਰ-ਟਰਾਲੀਆਂ ‘ਤੇ ਕਾਫ਼ਲੇ ਬੰਨ ਕੇ ਜਾ ਰਹੇ ਸਨ। ਜਲਾਲ, ਸਾਡੇ ਪਿੰਡ ਟੱਲੇਵਾਲ ਤੋਂ ਕੋਈ ਬਹੁਤੀ ਦੂਰ ਨਹੀਂ, ਅਸੀਂ ਟੱਲੇਵਾਲ ਤੋਂ ਸੂਏ ਸੂਏ ਹੁੰਦੇ ਭਦੌੜ ਪਹੁੰਚੇ। ਭਦੌੜ ਤੋਂ ਟਰੈਕਟਰ ਰਾਹੀਂ ਜਲਾਲ ਪਹੁੰਚੇ ਪਰ ਭੀੜ ਐਨੀ ਸੀ ਕਿ ਮਾਣਕ ਨੂੰ ਦੇਖਣਾ ਤਾਂ ਦੂਰ ਸਟੇਜ ਵੀ ਨਹੀਂ ਸੀ ਦਿਸ ਰਹੀ। ਮੈਂ ਉਦੋਂ ਨਿਆਣਾ ਸੀ ਪਰ ਮੈਨੂੰ ਸਾਰੀ ਸੁਰਤ ਆ ਜਦੋਂ ਪੁਲੀਸ ਵਾਲਿਆਂ ਨੇ ਐਨੀ ਭੀੜ ਨੂੰ ਮਸਾਂ ਕਾਬੂ ਕੀਤਾ । ਕਿਵੇਂ ਨਾ ਕਿਵੇਂ ਮੈਨੂੰ ਮੇਰੇ ਚਾਚੇ ਨੇ ਗੋਦੀ ਚੁੱਕ ਕੇ ਮਾਣਕ ਦੇ ਦਰਸ਼ਨ ਕਰਵਾ ਦਿੱਤੇ । ਉਸ ਤੋਂ ਪਿੱਛੋਂ ਮੈਂ ਇੱਕ ਦੋ ਪ੍ਰੋਗਰਾਮਾਂ ਤੇ ਵੀ ਮਾਣਕ ਸਾਹਿਬ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦੀ ਗਾਇਕੀ ਦਾ ਅਨੰਦ ਮਾਣਿਆ ਪਰ ਮੈਂ ਉਨ੍ਹਾਂ ਨਾਲ ਕਦੇ ਵਿਚਰਿਆ ਨਹੀਂ। ਇਕ ਵਾਰ ਹੰਢਿਆਏ ਦਾਣਾ ਮੰਡੀ ‘ਚ ਪ੍ਰੋਗਰਾਮ ਸੀ, ਮੈਂ ਉਦੋਂ ਦਸਵੀਂ ਵਿਚ ਪੜ੍ਹਦਾ ਸੀ । ਮੈਂ ਘਰਦਿਆਂ ਨੂੰ ਦੱਸੇ ਬਿਨਾਂ ਮਾਣਕ ਨੂੰ ਦੇਖਣ ਚਲਿਆ ਗਿਆ। ਘਰੋਂ ਗਾਲ੍ਹਾਂ ਤੇ ਜ਼ਰੂਰ ਪਈਆਂ ਪਰ ਮਾਣਕ ਦੇ ਤਿੰਨ ਗੀਤ, “ਨਖਰੇ ਬਿਨ ਸੋਹਣੀ ਤੀਵੀਂ”, “ਹੋਇਆ ਕੀ ਜੇ ਧੀ ਜੰਮ ਪਈ”, “ਪੁੱਤਰ ਦੀ ਕਸਮ ਕਦੇ ਵੀ ਲੱਖਾਂ ‘ਤੇ ਖਾਈਏ ਨਾ”, ਇਨ੍ਹਾਂ ਗੀਤਾਂ ਨੇ ਮੈਨੂੰ ਗਾਉਣ ਲਾ ਦਿੱਤਾ। ਸਾਡੇ ਸਕੂਲ ਵਿਚ ਪ੍ਰੋਗਰਾਮ ਸੀ। ਮੈਂ ਤਾਜ਼ਾ ਤਾਜ਼ਾ ਇਹ ਗੀਤ ਸੁਣਕੇ ਆਇਆ ਸੀ। ਮੈਂ ਉਹ ਗੀਤ ਰਿਕਾਰਡ ਕਰਵਾ ਕੇ ਯਾਦ ਕਰ ਲਏ ਤੇ ਜਦੋਂ ਸਟੇਜ ਤੇ, “ਹੋਇਆ ਕੀ ਜੇ ਧੀ ਜੰਮ ਪਈ ।” ਗਾਇਆ ਤਾਂ ਪ੍ਰਿੰਸੀਪਲ ਨੇ ਮੈਨੂੰ ਬੁੱਕਲ ਵਿਚ ਲੈ ਲਿਆ, ਫਿਰ ਉਦੋਂ ਮੈਂ ਕੁਲਦੀਪ ਮਾਣਕ ਦਾ ਦਿਲ ਹੀ ਦਿਲ ਵਿਚ ਬਹੁਤ ਧੰਨਵਾਦ ਕੀਤਾ।
ਇਕ ਕਹਾਣੀ ਹੋਰ, ਜੋ ਮੇਰੇ ਅਤੇ ਕੁਲਦੀਪ ਮਾਣਕ ਦੇ ਗੀਤਾਂ ਵਿਚਾਲੇ ਇਕ ਯਾਦ ਬਣਕੇ ਜੁੜੀ ਹੋਈ ਏ। ਮੈਂ ਜਦੋਂ ਅਬੋਹਰ ਪੜ੍ਹਨ ਗਿਆ ਤਾਂ ਹਾਲੇ ਦੋ-ਚਾਰ ਦਿਨ ਹੀ ਹੋਏ ਸਨ ਜਦੋਂ ਸਾਡੇ ਕਮਰਿਆਂ ਵਿਚ ਸੀਨੀਅਰ ਡਾਕਟਰ ਆਪਣੇ ਹੋਰ ਦੋਸਤਾਂ ਨੂੰ ਲੈ ਕੇ ਆ ਜਾਇਆ ਕਰਦੇ ਸਨ । ਰੈਗਿੰਗ ਤਾਂ ਨਹੀਂ ਸੀ ਕਰਦੇ ਪਰ ਇਕ ਜਾਣ ਪਹਿਚਾਣ ਜ਼ਰੂਰ ਕਰਿਆ ਕਰਦੇ ਸਨ । ਜਦ ਮੈਂ ਉਨ੍ਹਾਂ ਨੂੰ ਆਪਣੇ ਨਾਂ ਪਿੱਛੇ ‘ਟੱਲੇਵਾਲੀਆ’ ਦੱਸਿਆ ਤਾਂ ਉਨ੍ਹਾਂ ਵਿੱਚੋਂ ਦੋ ਮਾਝੇ ਨਾਲ ਸਬੰਧਤ ਬੋਲੇ, “ਅੱਛਾ! ਉਹੀ ਮਾਣਕ ਆਲਾ ।” ਉਨ੍ਹਾਂ ਨੇ ਮੈਨੂੰ ਹੋਰ ਤਾਂ ਕੁੱਝ ਨਹੀਂ ਪੁੱਛਿਆ ਕਹਿੰਦੇ ਇਹੀ ਗੀਤ ਸੁਣਾਦੇ, “ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ ।” ਮੈਨੂੰ ਮਾਣਕ ਦੇ ਕਈ ਗੀਤ ਜ਼ੁਬਾਨੀ ਯਾਦ ਸਨ, ਹੁਣ ਵੀ ਯਾਦ ਹਨ। ਮੈਂ ਸੁਣਾ ਦਿੱਤਾ। ਉਹ ਬਹੁਤ ਖੁਸ਼ ਹੋਏ। ਉਨ੍ਹਾਂ ਨਾਲ ਇਕ ਹੋਰ ਮੁੰਡਾ ਅੰਮ੍ਰਿਤਸਰ ਦਾ ਭਾਊ ਪੜ੍ਹਦਾ ਸੀ, ਉਹ ਉਸ ਦਿਨ ਨਾਲ ਨਹੀਂ ਆਇਆ ਸੀ ਉਹਦੀ ਵਿਚਾਰੇ ਦੀ ਸਹੇਲੀ ਉਹਨੂੰ ਛੱਡ ਕੇ ਚਲੀ ਗਈ ਸੀ। ਉਹ ਦੋਵੇਂ ਮਾਝੇ ਵਾਲਿਆਂ ਨੇ ਉਸ ਕੋਲੇ ਜਾ ਕੇ ਹੱਸਦਿਆਂ ਹੱਸਦਿਆਂ ਨੇ ਕਹਿ ਦਿੱਤਾ ਕਿ ਟਿੱਲੇ ਵਾਲਾ ਜੋਗੀ ਇੱਥੇ ਆਇਆ ਹੋਇਆ। ਉਹ ਤਾਂ ਵਿਚਾਰਾ ਅੱਧੀ ਰਾਤ ਨੂੰ ਮੇਰੇ ਕਮਰੇ ‘ਚ ਆ ਖੜ੍ਹਿਆ। ਉਹਦੀ ਦਾਰੂ ਪੀਤੀ ਹੋਈ ਸੀ ਉਹਨੇ ਹੋਰ ਤਾਂ ਕੋਈ ਗੱਲ ਨਾ ਕਹੀ ਬੱਸ ਇਕੋ ਰਟ ਲਾ ਰਿਹਾ ਸੀ, “ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲ ਲੱਗਦਾ।” ਉਹ ਗੱਲ ਕਰਕੇ ਅਸੀਂ ਅੱਜ ਵੀ ਹੱਸ ਪੈਂਦੇ ਆ। ਮੈਂ ਉਹਦੀ ਹੀਰ ਨੂੰ ਤਾਂ ਨਹੀਂ ਮਿਲਾ ਸਕਿਆ ਪਰ ਮਾਣਕ ਦੇ ਇਸ ਗੀਤ ਨੇ ਮੇਰੀ ਪਹਿਚਾਣ ਬਣਾ ਦਿੱਤੀ, ਕਈ ਮੁੰਡੇ ਤਾਂ ਹੁਣ ਵੀ ਮੈਨੂੰ ਟਿੱਲੇ ਵਾਲਿਆ ਈ ਕਹਿੰਦੇ ਨੇ। ਇਸ ਤਰ੍ਹਾਂ ਮਾਣਕ ਹਮੇਸ਼ਾ ਮੇਰੇ ਅੰਗ ਸੰਗ ਰਹਿੰਦਾ ਤੇ ਉਹਦੀ ਕੈਸਿਟ ਗੱਡੀ ਵਿਚ ਹਮੇਸ਼ਾ ਲਾਈ ਹੁੰਦੀ ਆ। ਜਦੋਂ ਅੱਜ ਦੇ ਖੜਕੇ ਦੜਕੇ ਵਾਲੇ ਗੀਤਾਂ ਤੋਂ ਅੱਕ ਜਾਈਦੈ ਤਾਂ ਮਾਣਕ ਲਾ ਲਈਦਾ, ਬੱਸ ਫਿਰ ਇਉਂ ਲੱਗਦਾ ਜਿਵੇਂ ਜੋਗੀ ਨਾਥ ਦੇ ਟਿੱਲੇ ਮੂਹਰੇ ਖੜ੍ਹਾ ਰਾਂਝਾ, ਅੱਜ ਵੀ ਹੀਰ ਦੇ ਦਰਸ਼ਨਾਂ ਨੂੰ ਤਰਸਦਾ ਕਹਿੰਦਾ ਹੋਵੇ, “ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ।”
ਸਾਹਿਤਕਾਰ-ਅਲੋਚਕਾਂ ਦੀ ਨਜ਼ਰ ‘ਚ ਮਾਣਕ
ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ‘ਤੇ ਆਪਣੀ ਕਲਮ ਵਾਹ ਕੇ ਨਾਮਣਾਂ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੇ ਕੁਲਦੀਪ ਮਾਣਕ ਬਾਰੇ ਆਪੋ-ਆਪਣੇ ਵਿਚਾਰ ਦਿੱਤੇ ਹਨ।
ਇਨ੍ਹਾਂ ‘ਚ ਕੁਝ ਵਿਦਵਾਨ ਅਜਿਹੇ ਵੀ ਹਨ ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਮਾਣਕ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਤੈਅ ਕੀਤਾ ਹੈ, ਅਤੇ ਕੁਝ ਵਿਦਵਾਨਾਂ ਨੇ ਸਿਰਫ਼ ਮਾਣਕ ਦੀ ਗਾਇਕੀ ਨੂੰ ਮਾਣਿਆ ਤੇ ਮਾਣ ਰਹੇ ਹਨ ਪਰ ! ਉਹ ਮਾਣਕ ਨੂੰ ਕਦੇ ਮਿਲ ਨਹੀਂ ਸਕੇ । ਮਾਣਕ ਬਾਰੇ ਵਿਚਾਰ ਬਹੁਤੇ ਕਲਮ ਦੇ ਸ਼ਾਹਅਸਵਾਰਾਂ ਨੇ ਆਪ ਲਿਖਕੇ ਭੇਜੇ ਆਪਣੇ ਵਿਚਾਰ ਤੇ ਥੋੜ੍ਹਿਆਂ ਕੋਲ ਆਪ ਜਾ ਕੇ ਬੇਨਤੀ ਕਰਵਾ ਕੇ ਲਿਖਵਾਏ ਸਨ। ਇਹਨਾਂ ਨਿਬੰਧਾਂ ਦੇ ਰੂਪ ਵਿੱਚ ਆਏ ਤੇ ਲਏ ਗਏ ਵਿਚਾਰਾਂ ‘ਚ ਉਸਦੀ ਸ਼ਖ਼ਸੀਅਤ, ਗਾਇਕੀ ਅਤੇ ਯਾਦਾਂ ਦਾ ਵਰਨਣ ਕੀਤਾ ਗਿਆ। ਜਿਵੇਂ ਇਸ ਮਾਣਕ ਬਾਰੇ ਪ੍ਰਸਿੱਧ ਸ਼ਾਇਰ ਤੇ ਨਾਵਲਕਾਰ ਇਕਬਾਲ ਰਾਮੂਵਾਲੀਆ ਜੀ ‘ਪੰਜਾਬੀ ਲੋਕ ਗਾਇਕੀ ਦਾ ਮਾਣ’ ਸਿਰਲੇਖ ਹੇਠ ਲਿਖਦੇ ਹਨ, “ਜਦੋਂ ਕੁਲਦੀਪ ਮਾਣਕ ਉਦੇ ਹੋ ਰਿਹਾ ਸੀ ਤਾਂ ਪੰਜਾਬੀ ਗਾਇਕੀ ਵਿੱਚ ਅਸ਼ਲੀਲ ਗਾਣੇ ਗਾਉਣ ਵਾਲੀਆਂ ਜੋੜੀਆਂ ਦਾ ਰਿਵਾਜ ਸਿਖਰਾਂ ਵੱਲ ਨੂੰ ਵੱਧ ਰਿਹਾ ਸੀ। ਪਿੰਡਾਂ ‘ਚ ਅਨਪੜ੍ਹਤਾ ਸੀ ਤੇ ਗਾਉਂਦੀਆਂ ਔਰਤਾਂ ਨੂੰ ਦੇਖਣ ਦੀ ਡਾਢੀ ਭੁੱਖ ਵੀ। ਪੇਂਡੂ ਲੋਕ ਹਰ ਗਾਇਕਾ ਨੂੰ ‘ਸਲਿੰਦਰ ਕੁਰ’ ਹੀ ਆਖਦੇ ਸਨ । ਮਾਣਕ ਬੇਸ਼ਕ ਇੱਕਾ-ਦੁੱਕਾ ਦੁਗਾਣੇ ਵੀ ਗਾਉਂਦਾ, ਪਰ ਸ੍ਰੋਤੇ ਉਸ ਦੇ ਗਲੇ ‘ਚੋਂ ਸ਼ੁਰਲੀਆਂ ਵਾਂਗ ਉਦੇ ਹੁੰਦੀਆਂ ‘ਕਲੀਆਂ’ ਸੁਣ-ਸੁਣ ਕੇ ਝੂਮ ਉੱਠਦੇ। ਜਿੱਥੇ ਹਰਚਰਨ ਗਰੇਵਾਲ, ਸਦੀਕ, ਦੀਦਾਰ ਸੰਧੂ ਆਦਿਕ ਗਾਇਕ-ਗਾਇਕਾਵਾਂ ਨਾਲ ਦੁਗਾਣੇ ਗਾਉਣ ਕਰਕੇ ਬਹੁਤੇ ਮਸ਼ਹੂਰ ਹੋਏ । ਉਥੇ ਜਮਲਾ, ਜੱਗਾ ਤੇ ਮਸਤਾਨਾ ਵਾਂਗ, ਕੁਲਦੀਪ ਮਾਣਕ ਨੇ ਵੀ ਆਪਣੀ ਵੱਖਰੀ ਪਹਿਚਾਣ ਇੱਕ ਅਜ਼ਾਦ ਗਾਇਕ ਦੇ ਤੌਰ ‘ਤੇ ਬਣਾਈ ……… ।”
ਵਿਦੇਸ਼ੀ ਲੇਖਕ ਇਕਬਾਲ ਮਾਹਲ ਲਿਖਦੇ ਹਨ, “ਮਾਣਕ 45-50 ਸਾਲਾਂ ਬਾਅਦ ਵੀ ਗਾਇਕੀ ਦੀ ਅਦੁੱਤੀ ਸਫ਼ਲਤਾ ਦੀ ਮਸਾਲ ਹੈ। ਇੱਥੇ (ਕੈਨੇਡਾ) ਕਿਤੇ ਵੀ ਉਸ ਦਾ ਅਖਾੜਾ ਲਗਦਾ ਹੈ ਪੰਜਾਬੀ ਲੋਕ-ਗਾਇਕੀ ਦੇ ਪ੍ਰੇਮੀ ਉਸਨੂੰ ਸ਼ਰਧਾ ਤੇ ਸਤਿਕਾਰ ਨਾਲ ਸੁਣਨ ਜਾਂਦੇ ਹਨ। ਅੱਜ ਦੇ ਸੰਗੀਤਕ ਦੌਰ ਵਿੱਚ ਬਹੁਤੇ ਗਾਇਕ ਇੱਕ-ਅੱਧਾ ਗੀਤ ਹਿੱਟ ਹੋਣ ਮਗਰੋਂ ਲੱਭਿਆਂ ਨਹੀਂ ਲੱਭਦੇ ਪਰ ‘ਮੁਹੰਮਦ ਲਤੀਫ਼’ ਤੋਂ ‘ਕੁਲਦੀਪ ਮਾਣਕ’ ਬਣਕੇ ਮਾਣਕ ਲੋਕ ਗਾਇਕੀ ਦਾ ਇਹ ਧਰੂ ਤਾਰਾ ਬਣ ਚੁੱਕਾ ਹੈ।”
ਪ੍ਰਸਿੱਧ ਨਾਟਕਕਾਰ, ਲੇਖਕ ਅਲੋਚਕ ਸਤੀਸ਼ ਕੁਮਾਰ ਵਰਮਾ (ਡਾ.) ਸਿਰਲੇਖ ‘ਕੁਲਦੀਪ ਮਾਣਕ ਦੀ ਗਾਇਕੀ’ ਦਾ ਪਸਾਰੇ ਹੇਠ ਲਿਖਦੇ ਹਨ, “ਨਵੀਆਂ ‘ਕਲੀਆਂ’ ਤੋਂ ਭਾਵ ਕਿ ‘ਕਲੀ’ ਗਾਇਕੀ ਪਹਿਲਾਂ ਵੀ ਸੀ । ਪੰਜਾਬ ਦੀ ਕਵੀਸ਼ਰੀ ਵਿੱਚ ਕਲੀ ਗਾਇਕ ਦਾ ਬੜਾ ਵੱਡਾ ਯੋਗਦਾਨ ਹੈ। ਪੰਜਾਬੀ ਕਵੀਸ਼ਰੀ ਬੜੀ ਵੱਡੀ ਪ੍ਰੰਪਰਾ ਹੈ। ਲੇਕਿਨ ਕੁਲਦੀਪ ਮਾਣਕ ਨੇ ‘ਕਲੀਆਂ’ ਨੂੰ ਪੁਨਰ ਸੁਰਜੀਤ ਕੀਤਾ। ਦੇਵ ਥਰੀਕੇ ਵਾਲੇ ਨੇ ਲਿਖਿਆ ਅਤੇ ਕੁਲਦੀਪ ਮਾਣਕ ਨੇ ਗਾਇਆ । ਪਸਾਰ ਸੀ ਕਿ ਲੋਕ ਗਾਥਾਵਾਂ ਦਾ ਪੁਨਰ ਸਿਰਜਨ ਦੂਸਰਾ ਪਸਾਰ ਹੈ। ‘ਕਲੀ’ ਦੀ ਵਿਧਾ ਨੂੰ ਉਸ ਨੇ ਦੁਬਾਰਾ ਪ੍ਰਸਿੱਧ ਕੀਤਾ। ਤੀਸਰਾ ਪਸਾਰ ਉਸਦੀ ਅਵਾਜ਼ ਦਾ ਪਸਾਰ ਹੈ।”
ਵਿਸ਼ਵ ਪ੍ਰਸਿੱਧ ਗੀਤਕਾਰ ! ਵਾਰਤਕਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਨੇ ਕੁਲਦੀਪ ਮਾਣਕ ਨਾਲ ਰਲ ਕੇ ਹਾਲਤਾਂ-ਦੀਆਂ ਪੀਡੀਆਂ-ਗੰਢਾਂ ਨੂੰ ਖੁਲ੍ਹਵਾਇਆ। ਦੇਵ ਆਪਣੇ ‘ਕੁਲਦੀਪ ਮਾਣਕ’ ਸਿਰਲੇਖ ਰਾਹੀਂ ਮਾਣਕ ਦੀ ਗਾਇਕੀ, ਸ਼ਖ਼ਸੀਅਤ ਅਤੇ ਆਪਣੀ ਯਾਦਾਂ ਨੂੰ ਸਾਂਝਾ ਕਰਦੇ ਹੋਏ ਇਉਂ ਲਿਖਦਾ ਹੈ, “ਕੁਲਦੀਪ ਮਾਣਕ ਵਰਗਾ ਗਾਇਕ ਸਦੀਆਂ ਬਾਅਦ ਹੀ ਧਰਤੀ ਉੱਤੇ ਜਨਮ ਲੈਂਦਾ ਹੈ। ਨਾ ਮਾਣਕ ਵਰਗਾ ਕੋਈ ਜੰਮਿਆ ਹੈ ਤੇ ਨਾ ਹੀ ਜੰਮਣਾ ਹੈ। ਗਾਇਕੀ ਦੇ ਖੇਤਰ ਵਿੱਚ ਉਂਜ ਬੇਸੂਰੇ, ਬੇਤਾਲੇ-ਬੇਸ਼ੁਮਾਰ ਜੰਮਣਗੇ, ਪੰਜਾਬੀ ਗਾਇਕੀ ਨੂੰ ਗੰਧਲਾ ਕਰਨ ਲਈ, ਏਧਰਲੇ ਅਤੇ ਓਧਰਲੇ ਪੰਜਾਬ ਦੇ ਗਾਇਕੀ ਸ਼ਰੀਕੇ ਵਿੱਚ ਮਾਣਕ ਦੀ ਝੰਡੀ ਝੁਲਦੀ ਹੈ। ਮਾਣਕ ਨੇ ਪਹਿਲੀਆਂ ਵਿੱਚ ਤਾਂ ਕੁਝ ਕੁੜੀਆਂ ਨਾਲ ਗਾਇਆ ਸੀ- ਪਰ ਪਿੱਛੋਂ ਜਦੋਂ ‘ਜੈਮਲ ਫੱਤੇ ਵਾਲਾ’ ਲੋਕ-ਗਾਥਾਵਾਂ ਦਾ ਤਵਾ ਚੱਲ ਗਿਆ ਫੇਰ ਇਕੱਲੇ ਨੇ ਹੀ ਸਟੇਜ ਉੱਤੇ ਗਾਉਣਾ ਸ਼ੁਰੂ ਕਰ ਦਿੱਤਾ । ਮਾਣਕ ਆਪ ਕਹਿੰਦਾ ਸੁਣਿਆ ਜਾ ਸਕਦੈ ਕਿ, “ਬੰਦੇ ਵਿੱਚ ਜਾਨ ਹੋਣੀ ਚਾਹੀਦੀ ਹੈ । ਗਾਉਣ ਵਾਲੀਆਂ ਕੁੜੀਆਂ ਦਾ ਸਹਾਰਾ ਨ੍ਹੀ ਲੱਭਣਾ ਚਾਹੀਦਾ । ਬੰਦਾ ਲੋਕਾਂ ਤੋਂ ਆਪ ਗਾ ਕੇ ਸਿੱਕਾ ਮਨਵਾਏ-ਤਾਂ ਗੱਲ ਬਣਦੀ ਆ, ਆਹ ਕੀ ਹੋਇਆ ? ਦੱਸ ਪੰਦਰਾਂ ਮੁੰਡੇ-ਕੁੜੀਆਂ ਬੇ-ਮਤਲਬ ਹੀ ਸਟੇਜ ‘ਤੇ ਨਚਾਈ ਜਾਵੇ-ਤੇ ਗੌਣ ਵਾਲਾ ਆਪ ਨਚਾਰ ਬਣਕੇ ਲੋਕਾਂ ਸਾਹਮਣੇ ਨੱਚੇ, ਇਹਨੂੰ ਮੈਂ ਗਾਇਕੀ ਨ੍ਹੀ ਮੰਨਦਾ। ਏਹੇ ਤੇ ਕੰਜਰਾਂ ਵਾਲਾ ਕੰਮ ਆ ਗੌਣ ਵਾਲਾ ਨਾ ਨੱਚੇ-ਸਗੋਂ ਸਰੋਤਿਆਂ ਨੂੰ ਨਚਾਵੇ ਆਪਣੇ ਗੀਤ ਉੱਤੇ… ।”
ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਕੁਲਦੀਪ ਮਾਣਕ ਬਾਰੇ ਲਿਖਦੇ ਹਨ ਆਪਣੇ ਨਿਬੰਧ, “ਗਾਇਕੀ ਵਿੱਚ ਸੁਭਾਅ ਦਾ ਤਾਰਾ-ਮਾਣਕ”, “ਨਿੱਘਰੇ ਦੌਰ ਵਿੱਚ ਵੀ, ਕੁਲਦੀਪ ਮਾਣਕ ਆਪਣੀ ਤੋਰ ਤੁਰਦਾ ਰਿਹਾ ਹੈ। ਉਸਨੇ ਆਪਣੀ ਗਾਇਕੀ ਦੇ ਮਿਆਰ ਨੂੰ ਡਿੱਗਣ ਨਹੀਂ ਦਿੱਤਾ, ” ਦੋ ਪੈਰ ਘੱਟ ਤੁਰਨਾ, ਪਰ! ਤੁਰਨਾ ਮੜਕ ਦੇ ਨਾਲ” ਦਾ ਧਾਰਨੀ ਕੁਲਦੀਪ ਮਾਣਕ ਗਾਇਕੀ ਵਿੱਚ ਲੀਜ਼ੈਂਡ ਬਣ ਗਿਆ।”
ਇਸ ਖੰਡ ਵਿੱਚ ਵਿਦਵਾਨਾਂ ਨੂੰ ਵਰਨਮਾਲਾ ਕ੍ਰਮਵਾਰ ਅਨੁਸਾਰ ਥਾਂ ਦਿੱਤੀ ਗਈ ਹੈ ਕਿਉਂਕਿ ਹਰ ਵਿਦਵਾਨ ਆਪਣੀ ਥਾਂ ਲੋੜ ਤੇ ਪਰਪੱਕ ਨਜ਼ਰ ਆਉਂਦਾ ਹੈ। ਵਰਨਮਾਲਾ ਵਿਧੀ ਵੰਡ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਦਿਸਦਾ। ਜੇਕਰ ਕੋਈ ਕਿਸੇ ਤਰ੍ਹਾਂ ਦੀ ਘਾਟ ਰਹਿ ਗਈ ਹੋਵੇ ਤਾਂ ਇਹਨਾਂ ਵਿਦਵਾਨਾਂ ਤੋਂ ਮੈਂ ਖਿਮਾ ਦਾ ਜਾਚਕ ਹਾਂ।
ਪੰਜਾਬੀ ਲੋਕ-ਗਾਇਕੀ ਦਾ ਮਾਣ : ਕੁਲਦੀਪ ਮਾਣਕ
ਇਕਬਾਲ ਰਾਮੂਵਾਲੀਆ, ਕੈਨੇਡਾ
ਕੁਲਦੀਪ ਨੂੰ ਮੈਂ ਓਦੋਂ ਤੋਂ ਜਾਣਦਾ ਹਾਂ ਜਦੋਂ ਉਹ ‘ਮਾਣਕ’ ਬਣਨ ਵੱਲ ਵੱਧ ਰਿਹਾ ਸੀ। ਇਹ ਗੱਲ ਕੋਈ 1967-68 ਦੀ ਹੈ। ਮੈਂ ਲੁਧਿਆਣੇ ਗੌਰਮਿੰਟ ਕਾਲਜ ‘ਚ ਐਮ. ਏ. ਵਿਚ ਦਾਖਲ ਹੋਣ ਲਈ ਪਰ ਤੋਲ ਰਿਹਾ ਸਾਂ । ਕੁਲਦੀਪ ਓਦੋਂ ਲੁਧਿਆਣੇ ਦੇ ਜਵਾਹਰ ਨਗਰ ਦੀ, ‘ਕੁਲਵੰਤ ਕੋਮਲ’ ਦੇ ਨਾਮ ਨਾਲ ਜਾਣੀ ਜਾਂਦੀ, ਓਸ ਸਮੇਂ ਦੀ ਗਾਇਕਾ ਨਾਲ ਦੁਗਾਣੇ ਗਾਉਂਦਾ ਹੁੰਦਾ ਸੀ ਜਿਹੜੀ ਚਾਂਦੀ ਰਾਮ ਤੇ ਸ਼ਾਂਤੀ ਦੀ ਬਹੁਤ ਹੀ ਪ੍ਰਸਿੱਧ ਹੋ ਗਈ ਗਾਇਕੀ ਜੋੜੀ ਦੇ ਮੁਕਾਬਲੇ ਉਭਰਨ ਲਈ ਜ਼ੋਰ ਲਾਉਂਦੀ ਲਾਉਂਦੀ ਜਲਦੀ ਹੀ ਸਮੇਂ ਦੀ ਧੂੜ ਵਿਚ ਅਲੋਪ ਹੋ ਗਈ। ਛੀਂਟਕੇ ਸਰੀਰ ਦੇ ਦਰਮਿਆਨਿਓਂ ਹੇਠਲੇ ਟੰਬੇ ਵਾਲੇ ਕੱਦ ਦਾ ਮਾਲਕ ਕੁਲਦੀਪ, ਓਦੋਂ ਹਾਰਮੋਨੀਅਮ ਉਤੇ ਹਲਕੇ ਫੁਲਕੇ ਗੀਤ ਗਾਉਂਦਾ ਪਰ ਉਸ ਦੀ ਆਵਾਜ਼ ਵਿਚਲੀ ਲੋਹੜੇ ਦੀ ਬੁਲੰਦੀ ਪਾਰਖੂ ਕੰਨਾਂ ਨੂੰ ਉਸ ਵਕਤ ਦੀ ਸਾਫ ਸੁਣਾਈ ਦੇਂਦੀ ਸੀ।
ਅਸਲ ਵਿਚ ਉਹਦੇ ਪਿਛੋਕੜ ‘ਚ ਉਸ ਦੇ ਧੂਵੇਂ ਚਾਦਰੇ ਢੱਡ-ਸਰੰਗੀ ਵਾਲੇ ਗੁਮੰਤਰੀ-ਪੁਰਖੇ ਬੈਠੇ ਸਨ ਜਿਨ੍ਹਾਂ ਲਈ ਉੱਚੀ ਸੁਰ ‘ਚ ਗਾਉਣਾ ਸ਼ੌਕ ਵੀ ਸੀ ਤੇ ਮਜਬੂਰੀ ਵੀ। ਨਵੇਂ ਯੁਗ ਦੇ ਸੁਰੀਲੇ ਸਾਜ਼ਾਂ, ਚਤੁਰ-ਚਲਾਕੀਆਂ, ਚੋਜਾਂ ਤੇ ਜਲੌਅ ਹੇਠ ਗਵਾਚ ਗਏ ਇਹ ਭਲੇ ਲੋਕ ਬਿਨਾਂ ਸਪੀਕਰੋਂ, ਆਪਣੀ ਤਿੱਖੀਆਂ, ਭਰਵੀਆਂ ਅਵਾਜ਼ਾਂ ਦੇ ਸਹਾਰੇ, ਘੰਟਿਆਂ ਬੱਧੀ ਸ੍ਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਦੇ ਸਨ। ਕੁਲਦੀਪ ਦੀਆਂ ਰਗਾਂ ਵਿਚ ਉਨ੍ਹਾਂ ਗੁਮੰਤਰੀਆਂ ਦੀਆਂ ਉੱਚੀਆਂ ਸੁਰਾਂ ਦੀ ਪਿਓਂਦ ਤਾਂ ਸੀ, ਪਰ ਜਦੋਂ ਮੈਂ ਉਸ ਨੂੰ ਪਹਿਲੀਆਂ ‘ਚ ਮਿਲਿਆ ਤਾਂ ਉਹ ਹਾਲੇ ਅਣਦਾੜ੍ਹੀਆਂ ਮੁੰਡਾ ਹੀ ਸੀ ਤੇ ਉਸ ਨੇ ਹਾਲੇ ਆਪਣਾ ਅਸਲ ਰੂਪ ਨਹੀਂ ਸੀ ਪਛਾਣਿਆ।
ਮੇਰਾ ਇਹ ਪੱਕਾ ਵਿਸ਼ਵਾਸ ਹੈ ਕਿ ਕੁਦਰਤ ਬਹੁਤੇ ਵਿਅਕਤੀਆਂ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਭਰਦੀ ਹੈ ਪਰ ਵਿਅਕਤੀਆਂ ਨੂੰ ਆਪਣੇ ਅੰਦਰ ਪਏ ਉਸ ਹੁਨਰ ਦਾ ਗਿਆਨ ਨਹੀਂ ਹੁੰਦਾ। ਬਹੁਤੇ ਲੋਕ ਕੁਦਰਤ ਵੱਲੋਂ ਵਧੀਆ ਤਾਂਗਾ-ਡਰਾਈਵਰ ਹੋਣ ਦਾ ਹੁਨਰ ਲੈ ਕੇ ਆਉਂਦੇ ਨੇ ਪਰ ਉਹ ਦੇਖਾ ਦੇਖੀ ਹਾਰਮੋਨੀਅਮ ਵਰਗੀ ਸੂਖਮ ਕਲਾ ‘ਤੇ ਛਾਂਟੇ ਮਾਰਨ ਲੱਗ ਜਾਂਦੇ ਨੇ। ਫਿਰ ਨਾ ਉਨ੍ਹਾਂ ਤੋਂ ਤਾਂਗਾ ਹੀ ਚਲਦਾ ਹੈ ਤੇ ਨਾ ਹਾਰਮੋਨੀਅਮ ਹੀ। ਜਾਂ ਕਈਆਂ ਅੰਦਰ ਵਧੀਆ ਲੋਹਾਰ ਹੋਣ ਦਾ ਗੁਣ ਹੁੰਦਾ ਹੈ, ਪਰ ਉਹ ਸ਼ਾਇਰ ਹੋਣ ਦੇ ਭਰਮ ਵਿਚ ਕਲਮ ਨੂੰ ਹਥੌੜੇ ਵਾਂਗ ਵਾਹੁਣ ਲੱਗ ਜਾਂਦੇ ਨੇ । ਆਪਣੇ ਅੰਦਰ ਪਏ ਅਸਲ ਹੁਨਰ ਨੂੰ ਕੋਈ ਵਿਰਲਾ ਵਿਰਲਾ ਹੀ ਪਛਾਣਦਾ ਹੈ, ਤੇ ਕੁਲਦੀਪ ਮਾਣਕ ਉਨ੍ਹਾਂ ਵਿਰਲਿਆਂ ਵਿਚੋਂ ਇਕ ਹੈ ਜਿਸ ਨੇ ਜਲਦੀ ਹੀ ਇਹ ਪਹਿਚਾਣ ਲਿਆ ਕਿ ਉਸ ਨੂੰ ਕੁਦਰਤ ਨੇ ਉੱਚੀ ਸੁਰ ਵਿਚ ਪੰਜਾਬੀ ਲੋਕ-ਗਾਥਾਵਾਂ ਗਾਉਣ ਵਾਲਾ ਗੁਣ ਬਖਸ਼ਿਆ ਹੋਇਆ ਹੈ।
ਜਦੋਂ ਕੁਲਦੀਪ ਮਾਣਕ ਉਦੇ ਹੋ ਰਿਹਾ ਸੀ ਤਾਂ ਪੰਜਾਬੀ ਗਾਇਕੀ ਵਿਚ ਅਸ਼ਲੀਲ ਗਾਣੇ ਗਾਉਣ ਵਾਲੀਆਂ ਜੋੜੀਆਂ ਦਾ ਰਿਵਾਜ ਸਿਖਰਾਂ ਵੱਲ ਨੂੰ ਵੱਧ ਰਿਹਾ ਸੀ। ਪਿੰਡਾਂ ’ਚ ਅਨਪੜ੍ਹਤਾ ਸੀ ਤੇ ਗਾਉਂਦੀਆਂ ਔਰਤਾਂ ਨੂੰ ਦੇਖਣ ਦੀ ਡਾਢੀ ਭੁੱਖ ਵੀ । ਪੇਂਡੂ ਲੋਕ ਹਰ ਗਾਇਕਾ ਨੂੰ ‘ਸਲਿੰਦਰ ਕੁਰ’ ਹੀ ਆਖਦੇ ਸਨ । ਮਾਣਕ ਬੇਸ਼ੱਕ ਇਕਾ ਦੁੱਕਾ ਦੁਗਾਣੇ ਵੀ ਗਾਉਂਦਾ, ਪਰ ਸ੍ਰੋਤੇ ਉਸ ਦੇ ਗਲੇ ‘ਚੋਂ ਸ਼ੁਰਲੀਆਂ ਵਾਂਗ ਉਦੇ ਹੁੰਦੀਆਂ ਕਲੀਆਂ ਸੁਣ ਸੁਣ ਕੇ ਝੂਮ ਉਠਦੇ। ਜਿੱਥੇ ਹਰਚਰਨ ਗਰੇਵਾਲ, ਸਦੀਕ, ਦੀਦਾਰ ਸੰਧੂ ਆਦਿਕ ਗਾਇਕ, ਗਾਇਕਾਵਾਂ ਨਾਲ ਦੁਗਾਣੇ ਗਾਉਣ ਕਰਕੇ ਬਹੁਤੇ ਮਸ਼ਹੂਰ ਹੋਏ, ਉਥੇ ਯਮਲਾ, ਜੱਗਾ ਤੇ ਮਸਤਾਨਾ ਵਾਂਗ, ਕੁਲਦੀਪ ਮਾਣਕ ਨੇ ਆਪਣੀ ਵੱਖਰੀ ਪਹਿਚਾਣ ਇੱਕ ਖਰੇ ਅਜ਼ਾਦ ਗਾਇਕ ਦੇ ਤੌਰ ‘ਤੇ ਬਣਾਈ।
ਜਿੱਥੇ ਅੱਜ ਗਾਇਕੀ ਨੇ ਨਿਘਾਰੀ ਯੁੱਗ ਵਿਚ ਅਨੇਕਾਂ ਬੇਸੁਰੇ ਗਾਇਕ ਵੀ ‘ਸਟਾਰ ਕਲਾਕਾਰ’ ਤੇ ‘ਗਾਇਕੀ ਦ ਮਾਣ’ ਹੋਣ ਦਾ ਭਰਮ ਪਾਲੀ ਫਿਰਦੇ ਨੇ, ਉਥੇ ਕੁਲਦੀਪ ਮਾਣਕ ਆਪਣੀ ਸਿੱਕੋਬੰਦ, ਬੁਲੰਦ ਅਵਾਜ਼, ਸੰਗੀਤ ਦੀ ਸੂਝ ਤੇ ਰਿਦਮ ਦੀ ਪਕੜ ਵਰਗੇ ਗੁਣਾਂ ਕਾਰਨ ਸ੍ਰੋਤਿਆਂ ਵਿਚ ਪਰਵਾਨ ਚੜ੍ਹਿਆ। ਕੁਲਦੀਪ ਨੇ ਲੱਚਰ ਗਾਇਕੀ ਤੋਂ ਵੀ ਦੂਰੀ ਰੱਖੀ ਜਿਸ ਕਾਰਨ ਉਸ ਦੇ ਗੀਤ ਪਰਿਵਾਰਾਂ ‘ਚ ਮਕਬੂਲ ਹੋਏ।
ਕੁਲਦੀਪ ਮਾਣਕ ਬਠਿੰਡੇ ਜ਼ਿਲ੍ਹੇ ਦੇ ਇਕ ਸਧਾਰਨ ਪਿੰਡ ਦੇ ਇਕ ਸਧਾਰਨ ਪਰਿਵਾਰ ਰਾਹੀਂ ਇਸ ਸੰਸਾਰ ਵਿਚ ਪ੍ਰਵੇਸ਼ ਹੋਇਆ ਪੰਜਾਬੀ ਗਾਇਕੀ ਦਾ ਵਿਲੱਖਣ ਸਿਤਾਰਾ ਹੈ ਜਿਸ ਨੇ ਆਪਣੀ ਪੈਂਠ ਚਤੁਰ-ਚਲਾਕੀਆਂ ਤੇ ਮੀਡੀਆਂ ਦੇ ‘ਜੁਗਾੜ’ ਵਰਤ ਕੇ ਨਹੀਂ ਸਗੋਂ ਆਪਣੀ ਕਲਾ ਦੇ ਜ਼ੋਰ ‘ਤੇ ਬਣਾਈ ਹੈ । ਮਾਣਕ ਦਾ ਆਪਣਾ ਇੱਕ ਅਲਹਿਦਾ ਕਿਸਮ ਦਾ ਅੰਦਾਜ਼ ਹੈ ਜਿਸ ਕਾਰਨ ਉਹ ਦੂਸਰਿਆਂ ਨਾਲੋਂ ਵੱਖਰਾ ਹੈ।
ਗਾਇਕ ਕਲਾਕਾਰਾਂ ਨਾਲ ਬਹੁਤ ਹੀ ਕਰੀਬ ਹੋ ਕੇ ਵਿਚਰਦਿਆਂ ਮੈਂ ਇਹ ਲੱਭਿਆ ਹੈ ਕਿ ਸਟੇਜ ਅਤੇ ਮੀਡੀਆ ਵਿਚ ‘ਦਰਵੇਸ਼’, ‘ਫਕੀਰ’ ਤੇ ‘ਸੂਫੀ’ ਹੋਣ ਦਾ ਡਰਾਮਾ ਕਰਨ ਵਾਲੇ ਬਹੁਤੇ ਨਾਮਵਰ ਗਾਇਕ, ਅਮਲੀ ਤੌਰ ਤੇ ਹੰਕਾਰ, ਸਾੜੇ, ਲਾਲਚ ਅਤੇ ਈਰਖਾ ਵਿੱਚ ਧੁਰ ਤੀਕ ਭਿੱਜੇ ਹੁੰਦੇ ਨੇ। ਕੁਲਦੀਪ ਮਾਣਕ, ਗਾਇਕਾਂ ਦੀਆਂ ਇਨ੍ਹਾਂ ਬੁਰੀਆਂ ਆਦਤਾਂ ਤੋਂ ਬਚਿਆ ਹੋਇਆ ਹੈ । ਚੰਗਾ ਗਾਇਕ ਹੋਣ ਦੇ ਨਾਲ-ਨਾਲ ਕੁਲਦੀਪ ਮਾਣਕ ਇਕ ਚੰਗਾ ਇਨਸਾਨ ਵੀ ਹੈ । ਖਰਾ ਗਾਇਕ ਤੇ ਖਰਾ ਇਨਸਾਨ ਹੋਣ ਕਰਕੇ ਕੁਲਦੀਪ ਮਾਣਕ ਪੰਜਾਬੀ ਗਾਇਕੀ ਵਿਚ ਅਮਿੱਟ ਪੈੜਾਂ ਛੱਡਣ ਦੇ ਯੋਗ ਹੋਇਆ ਹੈ।
ਲੋਕ ਗਾਇਕੀ ਦਾ ਸੁੱਚਾ ਮੋਤੀ
ਇਕਬਾਲ ਮਾਹਲ-ਕੈਨੇਡਾ
ਕੁਲਦੀਪ ਮਾਣਕ ਪੰਜਾਬੀ ਲੋਕ ਗਾਇਕੀ ਦਾ ਥੰਮ ਹੈ । ਪਿਛਲੇ ਚਾਰ ਕੁ ਦਹਾਕਿਆਂ ਤੋਂ ਆਪਣੀ ਗਾਇਕੀ ਸਦਕਾ, ਉਹ ਸੁਰਿੰਦਰ ਕੌਰ-ਪ੍ਰਕਾਸ਼ ਕੌਰ, ਯਮਲਾ ਜੱਟ ਤੇ ਆਸਾ ਸਿੰਘ ਮਸਤਾਨਾ ਤੋਂ ਅਗਲੀ ਪੀੜ੍ਹੀ ਦਾ ਵਾਰਸ ਹੈ। ਲੋਕ-ਗਾਇਕੀ ਦੇ ਖੇਤਰ ਵਿਚ ਇਕ ਸਤਿਕਾਰਤ ਜਗ੍ਹਾ ਬਣਾ ਚੁੱਕਾ ਹੈ।
ਮੇਰੀ ਮਾਣਕ ਦੀ ਗਾਇਕੀ ਨਾਲ ਵਾਕਫ਼ੀ ਉਦੋਂ ਹੋਈ ਜਦੋਂ ਮੈਂ 1976 ਵਿਚ ਕੈਨੇਡਾ ਤੋਂ ਭਾਰਤ ਦੀ ਫੇਰੀ ਸਮੇਂ ਉਸ ਦਾ ਪਹਿਲੀ ਸੁਪਰ-7 ਈ. ਪੀ. ਖਰੀਦ ਲਿਆਇਆ ਸੀ। ਮੈਂ ਪੱਥਰ ਦੇ ਰਿਕਾਰਡਾਂ ਤੋਂ ਪਲਾਸਟਿਕ ਦੇ ਐਲ. ਪੀ. ਤੇ ਫਿਰ ਕੈਸਟ ਯੁਗ ਤੋਂ ਸੀ. ਡੀ. ਤੱਕ ਕੇ ਪਰੀਵਰਤਨ ਨੂੰ ਅੱਖੀਂ ਵੇਖਿਆ ਹੈ।
ਉਸ ਦਾ ਪਹਿਲਾ ਰਿਕਾਰਡ ਕਿਹੜਾ ਸੀ, ਇਸ ਬਾਰੇ ਮੈਨੂੰ ਬਾਅਦ ਵਿਚ ਪਤਾ ਲੱਗਾ। ਪਰ ਇਸ ਗੱਲ ਦਾ ਅਹਿਸਾਸ ਮੈਨੂੰ ਉਸ ਨੂੰ ਪਹਿਲੀ ਵਾਰ ਸੁਣਨ ਤੋਂ ਹੀ ਹੋ ਗਿਆ ਸੀ ਕਿ ਇਕ ਵਿਲੱਖਣ ਅਵਾਜ਼ ਅਤੇ ਅੰਦਾਜ਼ ਵਾਲਾ ਗਾਇਕ ਹੈ । ਪੰਜਾਬੀ ਗਾਇਕੀ ਦੇ ਖੇਤਰ ਵਿਚ ਇਹ ਆਪਣੀ ਵੱਖਰੀ ਪਹਿਚਾਣ ਜ਼ਰੂਰ ਬਣਾਵੇਗਾ।
ਪਰਦੇਸੀ ਹੋਇਆਂ ਮੈਨੂੰ 40-45 ਸਾਲ ਹੋ ਚੁੱਕੇ ਹਨ। ਪਰਾਈ ਧਰਤੀ ‘ਤੇ ਭਾਵੇਂ ਮੈਂ ਪੂਰੀ ਤਰ੍ਹਾਂ ਸੈਟਲ ਹੋ ਚੁੱਕਾ ਹਾਂ, ਫਿਰ ਵੀ ਪੰਜਾਬੀ ਸਾਹਿਤ ਤੇ ਸੰਗੀਤ ਆਕਸੀਜਨ ਵਾਂਗ ਮੇਰੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ।
ਬੀਤੇ ਸਾਲਾਂ ਵਿਚ ਮੈਂ ਕਈ ਕਲਾਕਾਰਾਂ ਦੇ ਪ੍ਰੋਗਰਾਮ ਸਫਲਤਾ ਨਾਲ ਅਯੋਜਿਤ ਕਰਨ ਵਿਚ ਵੀ ਯਤਨਸ਼ੀਲ ਰਿਹਾ ਹਾਂ। ਮੇਰੀ ਬਦਕਿਸਮਤੀ ਇਕ ਇਹ ਹੈ ਕਿ ਮੈਨੂੰ ਕੁਲਦੀਪ ਮਾਣਕ ਨੂੰ ਪੇਸ਼ ਕਰਨ ਦਾ ਸਬੱਬ ਨਹੀਂ ਬਣ ਸਕਿਆ। ਬਹੁਤ ਸਾਲ ਹੋਏ ਇਕ ਵਾਰ ਗੱਲ ਚੱਲੀ ਤਾਂ ਜ਼ਰੂਰ ਸੀ ਪਰ ਸਿਰੇ ਨਹੀਂ ਚੜ੍ਹੀ।
ਬੀਤੇ ਸਾਲਾਂ ਵਿਚ ਮਾਣਕ ਨੂੰ ਮਿਲਣ ਦਾ ਮੌਕਾ ਤਾਂ ਕਈ ਵਾਰ ਨਸੀਬ ਹੋਇਆ ਪਰ ਵਿਸਥਾਰ ਨਾਲ ਕੋਈ ਬਹੁਤੀ ਗੱਲ ਨਹੀਂ ਹੋਈ। ਕੋਈ ਦੋ ਕੁ ਸਾਲ ਹੋਏ ਤਾਂ ਮਾਣਕ ਦੇ ਟਰਾਂਟੋ ਵਿਚਲੇ ਇਕ ਸ਼ਗਿਰਦ ਸੁਖਦੇਵ ‘ਦਾਰਾਪੁਰੀਆ’ ਦਾ ਫੋਨ ਆਇਆ ਕਿ ਮਾਣਕ ਸਾਹਿਬ ਆਏ ਹੋਏ ਹਨ ਤੇ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੇਰੇ ਲਈ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਪੰਜਾਬੀ ਦੇ ਇਸ ਨਾਮਵਰ ਗਾਇਕ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਿਆ।
ਮਾਣਕ ਜਦੋਂ ਆਪਣੇ ਬੀਤੇ ਬਾਰੇ ਗੱਲ ਕਰਦਾ ਹੈ ਤਾਂ ਉਹ ਆਪਣੀ ਗਰੀਬੀ ਜਾਂ ਤੰਗੀ ਵਾਲੇ ਦਿਨਾਂ ਨੂੰ ਨਹੀਂ ਲੁਕਾਉਂਦਾ। ਮੈਨੂੰ ਉਸ ਦੀ ਭਾਸ਼ਾ ਸਰਲ ਤੇ ਸੋਚਣੀ ਗੰਭੀਰ ਜਾਪੀ । ਅਸੀਂ ਤਕਰੀਬਨ ਕੋਈ ਘੰਟਾ ਕੁ ਗੱਲਾਂ ਕੀਤੀਆਂ।
ਆਪਣੀ ਪਹਿਲੀ ਰਿਕਾਰਡਿੰਗ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਉਹ ਹਰਚਰਨ ਗਰੇਵਾਲ ਨਾਲ ਦਿੱਲੀ ਐਚ. ਐਮ. ਵੀ. ਦੇ ਸਟੂਡੀਉ ਵਿਚ ਗਰੇਵਾਲ ਸਾਹਿਬ ਦੀ ਰਿਕਾਰਡਿੰਗ ਦੇ ਸੰਬੰਧ ਵਿਚ ਗਏ ਹੋਏ ਸਨ। ਜਦੋਂ ਗਰੇਵਾਲ ਸਾਹਿਬ ਬਾਹਰ ਰੋਟੀ ਖਾਣ ਗਏ, ਉਸ ਸਮੇਂ ਮਾਣਕ ਕੁਝ ਗੁਣਗੁਣਾ ਰਿਹਾ ਸੀ । ਉਸ ਦੀ ਅਵਾਜ਼ ਨੂੰ ਸੁਣਕੇ ਐਚ. ਐਮ. ਵੀ. ਦੇ ਮੈਨੇਜਰ ਸੰਤ ਰਾਮ ਨੇ ਉਸ ਨੂੰ ਕੁਝ ਸੁਣਾਉਣ ਲਈ ਕਿਹਾ, ਮਾਣਕ ਦੀ ਬੁਲੰਦ ਅਵਾਜ਼ ਦੇ ਜਾਦੂ ਨੇ ਮੈਨੇਜਰ ਸਾਹਿਬ ਨੂੰ ਕੀਲ ਲਿਆ ਤੇ ਗਰੇਵਾਲ ਸਾਹਿਬ ਦੇ ਵਾਪਸ ਆਉਣ ਤੱਕ ਮਾਣਕ ਦਾ ਪਹਿਲਾ ਰਿਕਾਰਡ ਬਾਬੂ ਸਿੰਘ ਮਾਨ ਦਾ ਲਿਖਿਆ “ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕਲ੍ਹ ਦੀ ਕੁੜੀ” ਰਿਕਾਰਡ ਹੋ ਚੁੱਕਾ ਸੀ।
ਉਸ ਤੋਂ ਬਾਅਦ ਮਾਣਕ ਨੇ ਫਿਰ ਕਦੇ ਪਿੱਛੇ ਮੁੜਕੇ ਨਹੀਂ ਵੇਖਿਆ। ਮਾਣਕ ਨੇ ਕਲੀਆਂ ਵੀ ਗਾਈਆਂ, ਨੱਚਣ ਵਾਲੇ ਗੀਤ ਵੀ ਗਾਏ, ਫਿਲਮਾਂ ਲਈ ਵੀ ਗਾਇਆ ਤੇ ਦੋ-ਗਾਣਿਆਂ ਦੇ ਯੁੱਗ ਵਿਚ ਸੀਮਾ, ਸਤਿੰਦਰ ਬੀਬਾ, ਗੁਲਸ਼ਨ ਕੋਮਲ, ਅਮਰਜੋਤ, ਪ੍ਰਮਿੰਦਰ ਸੰਧੂ, ਸੁਖਵੰਤ ਕੌਰ, ਕੁਲਦੀਪ ਕੌਰ ਤੇ ਪ੍ਰੋਮਿਲਾ ਪੰਮੀ ਵਰਗੀਆਂ ਨਾਮਵਰ ਗਾਇਕਾਵਾਂ ਨਾਲ, ਸਫਲਤਾ ਨਾਲ ਸਾਥ ਦਿੱਤਾ। ਮਾਣਕ ਦੇ ਗਾਏ ਬਹੁਤੇ ਗੀਤ ਦੇਵ ‘ਥਰੀਕਿਆਂ’ ਦੀ ਕਲਮ ਦੀ ਦੇਣ ਹਨ।
ਯਮਲਾ ਜੀ ਵਾਂਗੂ ਮਾਣਕ ਵੀ ਇਕ ਅਜਿਹਾ ਕਲਾਕਾਰ ਹੈ ਜੋ ਇਕਲਿਆਂ ਗਾ ਕੇ ਹੀ ਲੋਕਾਂ ਵਿਚ ਹਰਮਨ ਪਿਆਰਾ ਹੋਇਆ। ਕਈ ਵਰ੍ਹੇ ਉਸ ਨੇ ਆਪਣੇ ਹੋਣਹਾਰ ਫਰਜ਼ੰਦ ਯੁਧਵੀਰ ਨੂੰ ਕਲਾਕਾਰਾਂ ਦੇ ਚੁਬਾਰਿਆਂ ਤੋਂ ਦੂਰ ਫੁਟਬਾਲ ਖੇਡਣ ਲਾ ਰਖਿਆ। ਪਰ ਉਹ ਵੀ ਪਿਤਾ- ਪੁਰਖੀ ਗਾਇਕੀ ਦੇ ਖੇਤਰ ਵਿਚ ਅੱਗੇ ਵੱਧ ਰਿਹਾ ਹੈ ਜਿਸ ਤੇ ਕੁਲਦੀਪ ਮਾਣਕ ਨੂੰ ਮਾਣ ਹੈ।
ਵਿਦਾਈ ਸਮੇਂ ਮਾਣਕ ਬੜੇ ਪਿਆਰ ਨਾਲ ਮਿਲਕੇ ਕਹਿਣ ਲੱਗਾ “ਅੱਜ ਇੰਟਰਵਿਊ ਕਰਨ ਦਾ ਸਵਾਦ ਆ ਗਿਆ, ਤੁਹਾਡੇ ਸਵਾਲ ਮੇਰੇ ਤੇ ਮੇਰੀ ਗਾਇਕੀ ਬਾਰੇ ਸਨ ਨਾ ਕੇ ਮੇਰੀ ਪਤਨੀ ਤੇ ਕਪੜਿਆਂ ਦੀ ਚੋਣ ਬਾਰੇ।”
ਮਾਣਕ 40-50 ਸਾਲਾਂ ਬਾਅਦ ਵੀ ਗਾਇਕੀ ਦੀ ਅਦੁੱਤੀ ਸਫਲਤਾ ਦੀ ਮਿਸਾਲ ਹੈ। ਇੱਥੇ ਕਿਤੇ ਵੀ ਉਸ ਦਾ ਅਖਾੜਾ ਲਗਦਾ ਹੈ ਪੰਜਾਬੀ ਲੋਕ-ਗਾਇਕੀ ਦੇ ਪ੍ਰੇਮੀ ਉਸ ਨੂੰ ਸ਼ਰਧਾ ਤੇ ਸਤਿਕਾਰ ਨਾਲ ਸੁਣਨ ਜਾਂਦੇ ਹਨ। ਅੱਜ ਦੇ ਸੰਗੀਤਕ ਦੌਰ ਵਿਚ ਬਹੁਤੇ ਇਕ ਅੱਧ ਗੀਤ ਹਿੱਟ ਹੋਣ ਮਗਰੋਂ ਲੱਭਿਆਂ ਵੀ ਨਹੀਂ ਲੱਭਦੇ ਪਰ ‘ਮੁਹੰਮਦ ਲਤੀਫ’ ਤੋਂ ‘ਕੁਲਦੀਪ ਮਾਣਕ’ ਬਣਕੇ ਮਾਣਕ ਲੋਕ-ਗਾਇਕੀ ਦਾ ਇਹ ਧਰੂ ਤਾਰਾ ਬਣ ਚੁੱਕਾ ਹੈ।
ਜਿਥੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣੇ ਜੀਵਨ ਵਿਚ, ਸੰਗੀਤਕ ਦੌਰ ਵਿਚ ਕਲਾਸੀਕਲ ਸੰਗੀਤ ਦੇ ਮਾਹਰ ਉਸਤਾਦ ਸਲਾਮਤ ਅਲੀ, ਗ਼ਜ਼ਲ ਦੇ ਸ਼ਹਿਨਸ਼ਾਹ, ਮਹਿੰਦੀ ਹਸਨ, ਤੇ ਪੰਜਾਬੀ ਲੋਕ-ਗੀਤਾਂ ਦੀ ਬੁਲਬੁਲ ਸੁਰਿੰਦਰ ਕੌਰ ਹੋਰਾਂ ਨੂੰ ਸ਼ਿੱਦਤ ਨਾਲ ਮਾਣਿਆ ਹੈ, ਉਥੇ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਕੁਲਦੀਪ ਮਾਣਕ ਵਰਗੇ ਪੰਜਾਬੀ ਲੋਕ-ਗਾਇਕੀ ਦੇ ‘ਸੁੱਚਾ ਮੋਤੀ’ ਨੂੰ ਸੁਣਨ ਦਾ ਮੌਕਾ ਵੀ ਨਸੀਬ ਹੋਇਆ ਹੈ।
ਕੁਲਦੀਪ ਮਾਣਕ ਦੀ ਗਾਇਕੀ ਦਾ ਪਸਾਰ
ਸਤੀਸ਼ ਵਰਮਾ (ਡਾ.)
ਪੰਜਾਬੀ ਸੱਭਿਆਚਾਰ ਵਿਚ ਗਾਇਕ ਦਾ ਆਪਣਾ ਇਕ ਸਥਾਨ ਰਿਹਾ। ਗਾਇਕੀ ਦੇ ਬੜੇ ਪੜਾਅ ਨੇ ਕਈ ਵੰਨਗੀਆਂ ਹਨ। ਲੇਕਿਨ ਇਨ੍ਹਾਂ ਸਾਰੀਆਂ ਵੰਨਗੀਆਂ ਦੇ ਵਿਚੋਂ ਲੋਕ ਗਾਇਕੀ ਇਕ ਸਭ ਤੋਂ ਪ੍ਰਸਿੱਧ ਵੰਨਗੀ ਹੈ। ਮੋਟੇ ਤੌਰ ਤੇ ਸ਼ਾਸਤਰੀ ਸੰਗੀਤ ਤੇ ਲੋਕ ਸੰਗੀਤ ਅਸੀਂ ਦੋ ਭਾਗਾਂ ਵਿਚ ਵੰਡ ਕੇ ਸੰਗੀਤ ਨੂੰ ਵੇਖਦੇ ਆਂ। ਜਿਸ ਦੇ ਵਿਚ ਇਕ ਕੈਟਾਗਰੀ ਸੂਖਮ ਸੰਗੀਤ ਦੀ ਵੀ ਬਣ ਜਾਂਦੀ ਹੈ। ਕੁਲਦੀਪ ਮਾਣਕ ਸਾਡੀ ਇਸੇ ਕੈਟਾਗਰੀ ਲੋਕ ਗਾਇਕੀ ਕੈਟਾਗਰੀ ਦਾ ਇਕ ਅਜਿਹਾ ਗਾਇਕ ਹੈ ਜਿਸ ਨੇ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਆਪਣੀ ਇਕ ਵਿਸ਼ੇਸ਼ ਥਾਂ ਬਣਾਈ ਹੈ। ਕੁਲਦੀਪ ਮਾਣਕ ਦੀ ਗਾਇਕੀ ਦੇ ਬਹੁਤ ਸਾਰੇ ਪਸਾਰ ਨੇ ਜਿਨ੍ਹਾਂ ਨੂੰ ਇਕ ਇਕ ਕਰਕੇ ਵੇਖਿਆ ਜਾ ਸਕਦਾ ਹੈ। ਸਭ ਤੋਂ ਵੱਡਾ ਪਸਾਰ ਕੁਲਦੀਪ ਮਾਣਕ ਦੀ ਗਾਇਕੀ ਦਾ ਉਸਨੇ ਪੰਜਾਬ ਦੀਆਂ ‘ਲੋਕ ਗਾਥਾਵਾਂ’ ਨੂੰ ਲੋਕ ਗਾਇਕੀ ਲਈ ਚੁਣਿਆ ਭਾਵੇਂ ਕਿ ਇਸ ਵਿੱਚ ਸਮਝ ਇਕ ਲੇਖਕ ਦੇਵ ਥਰੀਕਿਆਂ ਵਾਲੇ ਦੀ ਹੈ ਜਿਸ ਨੇ ਉਹ ਕਲੀਆਂ, ਲੋਕ ਗਾਥਾਵਾਂ ਲਿਖੀਆਂ ਲੇਕਿਨ ਉਨ੍ਹਾਂ ਦੀ ਚੋਣ ਵਿਚ ਕੁਲਦੀਪ ਮਾਣਕ ਦਾ ਵੀ ਵਿਸ਼ੇਸ਼ ਸਥਾਨ ਹੋਵੇਗਾ। ਕੁਲਦੀਪ ਮਾਣਕ ਨੇ ‘ਕਲੀਆਂ’ ਦੇ ਰੂਪ ਰਾਹੀਂ ਪੰਜਾਬ ਦੀਆਂ ‘ਲੋਕ ਗਾਥਾਵਾਂ’ ਨੂੰ ਗਾਇਆ। ਪਰ ‘ਲੋਕ ਗਾਥਾਵਾਂ’ ਨੂੰ ਗਾਉਣ ਨਾਲ ਉਨ੍ਹਾਂ ਨਾਇਕਾ, ਨਾਇਕਾਵਾਂ ਨੂੰ ਪੰਜਾਬ ਦੇ ਜੀਵਨ ਵਿਚ ਪ੍ਰਸਿੱਧੀ ਮਿਲੀ । ਦੂਸਰਾ ਪਸਾਰ ਉਸਦੀ ਗਾਇਕੀ ਦੀ ਵਿਧਾ ਦਾ ਹੈ । ‘ਕਲੀ’ ਦੀ ਵਿਧਾ ਕੁਲਦੀਪ ਮਾਣਕ ਨਾਲ ਦੁਬਾਰਾ ਪ੍ਰਸਿੱਧ ਹੋਈ। ਜਿਸ ਬਾਰੇ ਮੇਰੇ ਲੰਗੋਟੀਏ ਯਾਰ ਗੁਰਦਾਸ ਮਾਨ ਨੇ ਵੀ ਗੀਤ ਵਿਚ ਹਕੀਕਤ ਪੇਸ਼ ਕੀਤੀ। “ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ।”
ਨਵੀਆਂ ‘ਕਲੀਆਂ’ ਤੋਂ ਭਾਵ ਕਿ ਕਲੀ ਗਾਇਕੀ ਪਹਿਲਾਂ ਵੀ ਸੀ । ਪੰਜਾਬ ਦੀ ਕਵੀਸ਼ਰੀ ਵਿਚ ਕਲੀ ਗਾਇਕ ਦਾ ਬੜਾ ਵੱਡਾ ਯੋਗਦਾਨ ਹੈ । ਪੰਜਾਬੀ ਕਵੀਸ਼ਰੀ ਬੜੀ ਵੱਡੀ ਪ੍ਰੰਪਰਾ ਹੈ। ਲੇਕਿਨ ਕੁਲਦੀਪ ਮਾਣਕ ਨੇ ਕਲੀਆਂ ਨੂੰ ਪੁਨਰ ਸੁਰਜੀਤ ਕੀਤਾ। ਦੇਵ ਥਰੀਕੇ ਵਾਲੇ ਨੇ ਲਿਖਿਆ ਅਤੇ ਕੁਲਦੀਪ ਮਾਣਕ ਨੇ ਗਾਇਆ। ਪਸਾਰ ਸੀ ਕਿ ਲੋਕ ਗਾਥਾਵਾਂ ਦਾ ਪੁਨਰ ਸਿਰਜਨ ਦੁਸਰਾ ਪਸਾਰ ਹੈ। ‘ਕਲੀ’ ਦੀ ਵਿਧਾ ਨੂੰ ਉਸ ਨੇ ਦੁਬਾਰਾ ਪ੍ਰਸਿੱਧ ਕੀਤਾ । ਤੀਸਰਾ ਪਸਾਰ ਉਸਦੀ ਅਵਾਜ਼ ਦਾ ਪਸਾਰ ਹੈ।
ਕੁਲਦੀਪ ਮਾਣਕ ਦੀ ਅਵਾਜ਼ ਅਜਿਹੀ ਖੜਕਵੀਂ ਆਵਾਜ਼ ਹੈ ਜੋ ਪੰਜਾਬ ਦੀ ਮਿੱਟੀ ਵਿੱਚੋਂ ਪੈਦਾ ਹੋਈ ਅਵਾਜ਼ ਹੈ। ਉਸ ਦੀ ਅਵਾਜ਼ ਦੇ ਰਾਹੀਂ ‘ਕਲੀ’ ਗਾਇਨ ਹੁੰਦਾ ਤਾਂ ਲੱਗਦਾ ਜਿਵੇਂ ਪੰਜਾਬ ਦੀਆਂ ਜੂਹਾਂ ਵਿਚੋਂ ਖਾਸ ਕਿਸਮ ਦਾ ਸੰਗੀਤ ਪੈਦਾ ਹੋ ਰਿਹਾ ਹੋਵੇ ਇਸੇ ਲਈ ਕੁਲਦੀਪ ਮਾਣਕ ਦੀ ਗਾਇਕੀ ਦੇ ਤਿੰਨ ਪਸਾਰ ਅਸੀਂ ਇਕ ਸੰਗੀਤਕ ਪਸਾਰ ਦੇ ਤੌਰ ‘ਤੇ ਦੇਖ ਸਕਦੇ ਹਾਂ । ਸੋ ਕੁਲਦੀਪ ਮਾਣਕ ਦੀ ਗਾਇਕੀ ਦੇ ਤਿੰਨ ਪਸਾਰ ।
ਲੋਕ ਗਾਥਾਵਾਂ ਦੁਬਾਰਾ ਪ੍ਰਚਲਿਤ ਕਰਨਾ
ਕਲੀ ਦੀ ਵਿਧਾ ਨੂੰ ਅਪਣਾਉਣਾ, ਤੀਸਰਾ ਸੰਗੀਤ ਦੇ ਰਾਹੀਂ ਕਲੀ ਨੂੰ ਪ੍ਰਚਲਿਤ ਕਰਨਾ ਤੇ ਸੰਚਾਰਿਤ ਕਰਨਾ । ਮੇਰਾ ਖਿਆਲ ਹੈ ਕਿ ਕੁਲਦੀਪ ਮਾਣਕ ਦੀ ਗਾਇਕੀ ਨੂੰ ਵੀ ਇਹਨਾਂ ਤਿੰਨ ਪਸਾਰਾਂ ਲਈ ਵੇਖਿਆ ਜਾ ਸਕਦਾ ਹੈ। ਕੁਲਦੀਪ ਮਾਣਕ ਦੀ ਗਾਇਕੀ ਦੇ ਹੋਰ ਬਹੁਤ ਸਾਰੇ ਪਸਾਰ ਨੇ ਜਿਨ੍ਹਾਂ ਬਾਰੇ ਸੰਗੀਤ ਵਿਸ਼ੇ ਨਾਲ ਸਬੰਧਿਤ ਗੱਲ ਕਰ ਸਕਦੇ ਨੇ। ਉਸਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਪਸਾਰ ਨੇ। ਸ਼ਖ਼ਸੀਅਤ ਦੇ ਪਸਾਰਾਂ ਬਾਰੇ ਗੱਲ ਕਰਨਾ ਮੇਰਾ ਕੋਈ ਮੰਤਵ ਨਹੀਂ। ਕਿਉਂਕਿ ਸ਼ਖ਼ਸੀਅਤ ਬਿਨਸਨਹਾਰ ਹੁੰਦੀ ਹੈ। ਹਰ ਵਿਅਕਤੀ ਨੇ ਧਰਤੀ ਤੇ ਆਉਣਾ ਤੇ ਧਰਤੀ ਤੋਂ ਚਲੇ ਜਾਣਾ ਹੈ। ਕੁਲਦੀਪ ਮਾਣਕ ਦਾ ਸੁਭਾਅ ਕਿਹੋ ਜਿਹਾ ਹੈ ਉਹ ਸ਼ਰਾਬ ਵੱਧ ਪੀਂਦਾ, ਘੱਟ ਪੀਂਦਾ। ਉਹ ਕਿਸੇ ਨੂੰ ਕਿਵੇਂ ਮਿਲਦਾ ਏ। ਉਹ ਰਿਸ਼ਤੇਦਾਰਾਂ ਨਾਲ ਕਿਵੇਂ ਵਿਚਰਦਾ ਹੈ ਇਸਦਾ ਸਾਡਾ ਕੋਈ ਤਾਲੁਕ ਨਹੀਂ ਹੋਣਾ ਚਾਹੀਦਾ। ਕਿਉਂਕਿ ਕੁਲਦੀਪ ਮਾਣਕ ਨਾਂ ਦੇ ਵਿਅਕਤੀ ਦਾ ਇਕ ਸ਼ੁਮਾਰ ਹੈ। ਵੱਧ ਤੋਂ ਵੱਧ ਸੌ ਸਾਲ ਲੇਕਿਨ ਗਾਇਕ ਕੁਲਦੀਪ ਮਾਣਕ ਦੀ ਕੋਈ ਉਮਰ ਨਹੀਂ। ਉਹ ਕਾਲ ਅਤੀਤ ਹੈ । ਉਸਨੇ ਸਦਾ ਰਹਿਣਾ ਅਤੇ ਅਤੀਤ ਵਾਲੇ ਸਮੇਂ ਵਿਚ ਉਸਦੀ ਗਾਇਕੀ ਦੇ ਸਾਰੇ ਪਸਾਰ ਗੂੰਜਦੇ ਰਹਿਣਗੇ ਕਿ ਸਦੀਆਂ ਤੱਕ ਯਾਦ ਆਉਂਦਾ ਰਹੇਗਾ। ਪੰਜਾਬ ਦੀ ਧਰਤੀ ਤੇ ਕੁਲਦੀਪ ਮਾਣਕ ਪੈਦਾ ਹੋਇਆ ਹੈ।
ਮੇਰੀਆਂ ਯਾਦਾਂ ਵਿੱਚੋਂ
ਸੁਰਜੀਤ ਪਾਤਰ
ਸ਼ਾਇਦ 1975 ਦੀ ਗੱਲ ਹੈ। ਮੈਂ ਸੰਗੀਤ ਵਿਚੋਂ ਸਿਰਫ ਗੁਰਬਾਣੀ ਕੀਰਤਨ, ਗਜ਼ਲਾਂ ਤੇ ਕਲਾਸੀਕਲ ਸੰਗੀਤ ਹੀ ਸੁਣਦਾ ਸਾਂ । ਮੇਰੇ ਕਮਰੇ ਵਿਚ ਸਿਰਫ ਕੀਰਤਨ, ਗਜ਼ਲਾਂ ਅਤੇ ਕਲਾਸੀਕਲ ਸੰਗੀਤ ਦੇ ਐਲ. ਪੀ. ਅਤੇ ਈ. ਪੀ. ਹੁੰਦੇ ਸੀ । ਕਿਸੇ ਲੋਕ ਗਾਇਕ ਦਾ ਐਲ. ਪੀ. ਨਹੀਂ ਸੀ। ਮੇਰੇ ਕਮਰੇ ਵਿਚ ਕਦੇ-ਕਦੇ ਸ਼ਮਸ਼ੇਰ ਸੰਧੂ ਨੇ ਆਉਣਾ। ਉਹਨੇ ਤੂੰਬੀ ਦੀ ਗੱਲ ਕਰਨੀ। ਮੈਂ ਕਹਿਣਾ ਛੱਡ ਯਾਰ ਕਿੱਥੇ ਤੂੰਬੀ ਤੇ ਕਿਥੇ ਸਰੰਗੀ। 1980 ਤੋਂ ਬਾਅਦ ਜਦੋਂ ਪ੍ਰੋ. ਮੋਹਨ ਸਿੰਘ ਮੇਲੇ ‘ਤੇ ਪੰਜਾਬੀ ਭਵਨ ਦੇ ਖੁੱਲ੍ਹੇ ਰੰਗ ਮੰਚ ਤੇ ਚਾਰ ਪੰਜ ਹਜ਼ਾਰ ਸਰੋਤਿਆਂ ਸਾਹਮਣੇ ਮੈਂ ਯਮਲੇ ਜੱਟ ਨੂੰ ਗਾਉਂਦਿਆਂ ਸੁਣਿਆ ਉਹਨੇ ਆਪਣੀ ਤੂੰਬੀ ਦੀ ਤਾਰ ਨਾਲ ਸਾਰਾ ਮੇਲਾ ਬੰਨ੍ਹ ਲਿਆ ਸੀ। ਅਗਲੇ ਵਰ੍ਹੇ ਮੈਂ ਕੁਲਦੀਪ ਮਾਣਕ ਨੂੰ ਉਸੇ ਥਾਂ ਪਿਛਲੇ ਸਾਲ ਤੋਂ ਵੀ ਜ਼ਿਆਦਾ ਲੋਕਾਂ ਦੇ ਇਕੱਠ ਵਿਚ ਹੀਰ ਦੀ ਕਲੀ ਗਾਉਂਦਿਆਂ ਸੁਣਿਆ। ਜਦੋਂ ਉਸ ਨੇ ਕਲੀ ਦੀ ਅਵਾਜ਼ ਚੁੱਕੀ ਤਾਂ ਛੋਟੇ ਜਿਹੇ ਕੱਦ ਦੇ ਕੁਲਦੀਪ ਮਾਣਕ ਦੀ ਚਿੱਟੀ ਪਗੜੀ ਦਾ ਸ਼ਿਮਲਾ ਅਸਮਾਨ ਛੂਹਣ ਲੱਗਾ। ਮੈਨੂੰ ਇਉਂ ਜਾਪਿਆ ਜਿਵੇਂ ਉਸ ਦੀ ਅਵਾਜ਼ ਸਤਲੁਜ, ਬਿਆਸ ਤੇ ਰਾਵੀ ਨੂੰ ਲੰਘ ਕੇ ਝਨਾ ਦੇ ਬੇਲੇ ਵਿਚ ਥਰਥਾਹਟ ਪੈਦਾ ਕਰਕੇ ਜਿਹਲਮ ਦੇ ਪਰਲੇ ਪਾਰ ਪਹੁੰਚ ਗਈ ਹੋਵੇ । ਮੈਨੂੰ ਮਾਣਕ ਪੰਜਾਬ ਦੀ ਰੂਹ ਵਿਚਲੇ ਜਨੂਨ ਅਤੇ ਜੋਸ਼ ਦਾ ਪ੍ਰਤੀਕ ਲੱਗਿਆ ਤੇ ਮੇਰੇ ਕਮਰੇ ਦੇ ਸੰਗੀਤ ਵਿਚ ਦੋ ਨਵੇਂ ਐਲ. ਪੀ. ਆਏ ਇਕ ਯਮਲੇ ਜੱਟ ਹੁਰਾਂ ਦਾ ਦੂਜਾ ਕੁਲਦੀਪ ਮਾਣਕ ਦਾ
ਮਣਕਾ ਤੋਂ ਮਾਣਕ ਤੱਕ ਦਾ ਸ਼ਾਨਾਮੱਤਾ ਸਫ਼ਰ
ਸਵਰਨ ਸਿੰਘ ਟਹਿਣਾ
ਜਿਹੜਾ ਪੰਜਾਬੀ ‘ਕਲੀਆਂ’ ਤੇ ‘ਲੋਕ ਗਾਥਾਵਾਂ’ ਦੇ ਬਾਦਸ਼ਾਹ ਮਾਣਕ ਅਤੇ ਦੋਗਾਣਿਆਂ ਦੇ ਰਾਜੇ ਮੁਹੰਮਦ ਸਦੀਕ ਨੂੰ ਭੁੱਲਣ ਦੀ ਭੁੱਲ ਕਰ ਬੈਠੇਗਾ, ਉਸ ਨੂੰ ਪੰਜਾਬੀ ਮਾਂ-ਬੋਲੀ ਦਾ ਸੱਚਾ ਪੁੱਤਰ ਨਹੀਂ ਆਖਿਆ ਜਾ ਸਕੇਗਾ। ਕੁਲਦੀਪ ਮਾਣਕ ਪੰਜਾਬੀ ਗਾਇਕੀ ਦੀ ਉਹ ਅਦਬੀ ਸ਼ਖ਼ਸੀਅਤ ਹੈ, ਜਿਸ ਉਤੇ ਵਕਤ ਦੇ ਤੇਜ਼ ਝੱਖੜਾਂ ਨੇ ਕੋਈ ਅਸਰ ਨਹੀਂ ਕੀਤਾ, ਸਗੋਂ ਗੰਧਲੇ ਹੁੰਦੇ ਸਮੇਂ ਨਾਲ ਉਸ ਦੀ ਗਾਇਕੀ ਵਿਚ ਹੋਰ ਸਵੱਛਤਾ ਦਿੱਸਣ ਲੱਗੀ। ਮਾਣਕ ਕਲੀਆਂ, ਗਾਥਾਵਾਂ ਦਾ ਬਾਦਸ਼ਾਹ ਤਾਂ ਹੈ ਹੀ, ਪੰਜਾਬੀ ਗਾਇਕੀ ਦਾ ਉਹ ਚੌਮੁਖੀਆ ਦੀਵਾ ਹੈ, ਜਿਸ ਦੀ ਰੌਸ਼ਨੀ ਲੰਮੇ ਸਮੇਂ ਤੋਂ ਨਵੇਂ ਉਠ ਰਹੇ ਗਾਇਕਾਂ ਦਾ ਰਾਹ ਰੁਸ਼ਨਾਉਂਦੀ ਆ ਰਹੀ ਹੈ। ਉਸਨੂੰ ਚਾਹੁਣ ਵਾਲਿਆਂ ਦਾ ਵੱਡਾ ਹਿੱਸਾ ਸਿਰਫ ਇਹ ਜਾਣਦਾ ਹੈ ਕਿ ਉਹ ਸਭਨਾਂ ਦਾ ਮਹਿਬੂਬ ਗਾਇਕ ਹੈ ਪਰ ਨਵੀਂ ਪਨੀਰੀ ਵਿਚੋਂ ਇਹ ਗੱਲ ਕੋਈ ਵਿਰਲਾ-ਟਾਵਾਂ ਹੀ ਜਾਣਦਾ ਹੋਵੇਗਾ ਕਿ ‘ਮਣਕਾ’ ਤੋਂ ਮਾਣਕ ਦਾ ਸਫਰ ਤੈਅ ਕਰਨ ਵੇਲੇ ਉਸ ਨੇ ਅਨੇਕਾਂ ਮੁਸੀਬਤਾਂ ਝੱਲੀਆਂ, ਜਦੋਂ ਉਸ ਨੂੰ ਸ਼ੁਹਰਤ ਨਸੀਬ ਨਹੀਂ ਸੀ ਹੋਈ ਉਸ ਨੇ ਹੱਡ ਭੰਨਵੀਂ ਮਿਹਨਤ ਕੀਤੀ, ਅਣਗਿਣਤ ਵਾਰ ਉਸ ਦੀਆਂ ਸਧਰਾਂ ਨੂੰ ਸਫਲਤਾ ਦਾ ਬੂਰ ਨਹੀਂ ਪਿਆ ਤੇ ਉਦੋਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਉਸ ਦੇ ਤਖੱਲਸ ਵਾਲੀ ਮਾਣਕ ਦੀ ਅਜਿਹੀ ਕਲਮ ਲਾ ਦਿੱਤੀ, ਜਿਹੜੀ ਹੌਲੀ ਹੌਲੀ ਪੰਜਾਬੀ ਗਾਇਕੀ ਦੀ ਬਗੀਚੀ ਦਾ ਅਜਿਹਾ ਬੂਟਾ ਬਣ ਕੇ ਉਭਰੀ, ਜਿਸ ਦੇ ਫੁੱਲਾਂ ਦੀ ਖੁਸ਼ਬੋ ਪੰਜਾਬੀ ਨਾਲ ਮੋਹ ਪਾਲਦੇ ਹਰ ਸੱਜਣ ਨੇ ਮਾਣੀ ।
ਮਾਣਕ ਸਾਲਾਂ ਦਾ ਨਹੀਂ, ਦਹਾਕਿਆਂ ਦਾ ਗਾਇਕ ਹੈ। ਉਸ ਦੇ ਮਧਰੇ ਕੱਦ ਨੇ ਇਸ ਗੱਲ ਨੂੰ ਹੋਰ ਵੀ ਪੌੜ ਕਰ ਦਿੱਤਾ ਕਿ ਉਚੇ ਦਰਖਤਾਂ ਨੂੰ ਫ਼ਲ ਘੱਟ ਲੱਗਦੇ ਨੇ ਤੇ ਨਿੱਕੇ ਦਰਖਤ ਸੰਘਣੀਆਂ ਛਾਵਾਂ ਵਾਲੇ ਹੁੰਦੇ ਨੇ । ਸਮੇਂ-ਸਮੇਂ ‘ਤੇ ਬੇਸ਼ੱਕ ਉਸ ਬਾਰੇ ਇਹ ਅਫ਼ਵਾਹਾਂ ਉਡੀਆਂ ਕਿ ਦਾਰੂ ਉਸ ‘ਤੇ ਭਾਰੂ ਪੈ ਰਹੀ ਹੈ, ਪਰ ਇਸ ਨੇ ਉਸ ਦੀ ਆਵਾਜ਼ ਨੂੰ ਕਾਟ ਨਾ ਕੀਤਾ। ਦਾਰੂ ਭਾਵੇਂ ਉਸ ਦੇ ਹੱਡਾਂ ਦੀ ਪੱਕੀ ਸਾਥਣ ਬਣ ਗਈ ਪਰ ਉਸ ਨੇ ਇਸ ਦੀ ਲੋਰ ਵਿਚ ਆਪਣਾ ਅਕਸ ਨਾ ਵਿਗੜਨ ਦਿੱਤਾ। ਸਿਆਣਾ ਸ਼ਖ਼ਸ ਉਹ ਹੁੰਦਾ ਹੈ, ਜਿਹੜਾ ਆਪਣੀ ਕਮਜ਼ੋਰੀ ਨੂੰ ਵੀ ਫਾਇਦੇ ਲਈ ਵਰਤ ਜਾਵੇ ਤੇ ਮਾਣਕ ਨੇ ਦਾਰੂ ਨਾਲ ਯਾਰੀ ਪੁਗਾਉਂਦਿਆਂ ਪੰਜਾਬੀ ਗਾਇਕੀ ਦੀ ਪਿੱਚ ‘ਤੇ ਜਿਹੜੇ ਚੌਕੇ ਛੱਕੇ ਲਾਏ, ਉਨ੍ਹਾਂ ਤੋਂ ਕੋਈ ਵੀ ਸੰਗੀਤ ਪ੍ਰੇਮੀ ਅਣਜਾਣ ਨਹੀਂ ਹੈ । ਹੁਣ ਜਦੋਂ ਤੋਂ ਇਹ ਖਬਰਾਂ ਮਿਲਣੀਆਂ ਸ਼ੁਰੂ ਹੋਈਆਂ ਹਨ ਕਿ ਮਾਣਕ ਦੀ ਸਿਹਤ ਢਿੱਲੀ-ਮੱਠੀ ਰਹਿੰਦੀ ਹੈ ਤਾਂ ਉਸ ਦੇ ਟੱਬਰ ਨਾਲੋਂ ਵੱਧ ਚਿੱਤਾ ਉਸ ਨੂੰ ਚਾਹੁਣ ਵਾਲਿਆਂ ਨੂੰ ਰਹਿੰਦੀ ਹੈ ਕਿਉਂਕਿ ਉਸ ਨਾਲ ਮੋਹ ਕਰਨ ਵਾਲੇ ਕਈ ਲੋਕ ਤਾਂ ਉਸ ਨੂੰ ਆਪਣਾ ‘ਮੱਕਾ’ ਸਮਝਦੇ ਹਨ।
ਮਾਣਕ ਦੀ ਗਾਇਕੀ ‘ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ’ ਕਹਾਵਤ ਨੂੰ ਹਕੀਕਤ ਦਾ ਜਾਮਾ ਪੁਆਉਣ ਲਈ ਕਾਫੀ ਹੈ। ਜਿਹੜੇ ਲੋਕਾਂ ਨੇ ਪਹਿਲਾਂ ਆਪਣੇ ਵਿਆਹਾਂ ‘ਤੇ ਮਾਣਕ ਦਾ ਅਖਾੜਾ ਲਵਾਇਆ ਤੇ ਬਾਅਦ ਵਿਚ ਆਪਣੇ ਪੁੱਤਾਂ ਦੇ ਵਿਆਹਾਂ ‘ਤੇ, ਉਹ ਦੱਸਦੇ ਸਨ ਕਿ ‘ਮਾਣਕ’ ਕਿਸ ਚੀਜ਼ ਦਾ ਨਾਂ ਹੈ। ਜਦੋਂ ਉਹ ‘ਤੇਰੇ ਟਿੱਲੇ ਉਤੋਂ ਸੂਰਤ ਦੀਂਹਦੀ ਆ ਹੀਰ ਦੀ’ ਅਤੇ ‘ਪਾਪ ਸੱਤ ਜਨਮ ਨਈਂ ਲੱਥਣੇ ਨਰਕਾਂ ਨੂੰ ਜਾਵੇਂਗੀ’ ਗੀਤ ਬਾਂਹ ਉੱਚੀ ਕਰਕੇ ਗਾਉਂਦਾ ਸੀ ਤਾਂ ਪੰਡਾਲ ‘ਚ ਬੈਠਾ ਸਾਰਾ ਮੇਲ-ਗੇਲ ਤੇ ਨੱਚਣ- ਟੱਪਣ ਵਾਲੇ ਬਰਾਤੀ ਸੁੱਸਰੀ ਵਾਂਗ ਸੌ ਜਾਂਦੇ। ਮਾਣਕ ਨੇ ਜਿੰਨਾ ਨਾਂ ਕਲੀਆਂ ਕਰਕੇ ਕਮਾਇਆ, ਉਹਦੇ ਜਿੰਨਾ ਹੀ ਧਾਰਮਿਕ ਕਿੱਸਿਆਂ ਦਾ ਗਾਇਕ ਕਰਕੇ ਵੀ ਕਿਸੇ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਕਿਸੇ ਵੇਲੇ ਮਾਣਕ ਨੇ ਇੱਕੜ-ਦੁੱਕੜ ਦੋਗਾਣੇ ਵੀ ਗਾਏ, ਪਰ ਜਦੋਂ ਤੋਂ ਦੇਵ ਥਰੀਕਿਆਂ ਵਾਲੇ ਤੇ ਮਾਣਕ ਦੀਆਂ ਲਕੀਰਾਂ ਮਿਲੀਆਂ ਤਾਂ ਉਹ ‘ਕਲੀਆਂ ਦਾ ਬਾਦਸ਼ਾਹ’ ਬਣ ਗਿਆ। ਉਸ ਦੀ ਛਤਰ-ਛਾਇਆ ਹੇਠ ਅਨੇਕਾਂ ਗਾਇਕਾਂ ਨੇ ‘ਜ਼ੀਰੋ’ ਤੋਂ ‘ਹੀਰੋ’ ਤੱਕ ਦਾ ਸਫਰ ਤੈਅ ਕੀਤਾ, ਕਈਆਂ ਨੇ ਉਸ ਦੇ ਨਾਂ ਦਾ ਫਾਇਦਾ ਚੁੱਕਣ ਲਈ ਆਪਣੇ ਨਾਂ ਪਿੱਛੇ ਮਾਣਕ ਲਾਉਣਾ ਸ਼ੁਰੂ ਕਰ ਦਿੱਤਾ। ਪਰ ਥੁੱਕ ਨਾਲ ਕਦੇ ਵੜੇ ਨਹੀਂ ਪੱਕਦੇ । ਨਾਂ ਪਿੱਛੇ ਲਾਉਣ ਦਾ ਕੀ ਫਾਇਦਾ, ਜਦੋਂ ਗਲ ‘ਚ ਸੁਰ ਹੀ ਨਾ ਹੋਵੇ। ਮਾਣਕ ਨੇ ਜਿੰਨਾ ਵੀ ਗਾਇਆ, ਸਿੱਧ-ਪੱਧਰਾ ਗਾਇਆ ਪਰ ਉਸਦੀ ਸਰਲਤਾ ਵਾਲੀ ਗਾਇਕੀ ਨੇ ਲੰਮਾ ਸਮਾਂ ਉਨ੍ਹਾਂ ਲੋਕਾਂ ਦੇ ਪੈਰ ਨਾ ਲੱਗਣ ਦਿੱਤੇ, ਜਿਹੜੇ ਗਰਾਰੀਆਂ ਦੇ ਫਨਕਾਰ ਸਮਝੇ ਜਾਂਦੇ ਸਨ। ਅੱਜ ਵੀ ਜਦੋਂ ਕਦੇ ਉਸ ਦਾ ਗੀਤ ਕੰਨੀਂ ਪੈਂਦਾ ਹੈ ਤਾਂ ਫਰੈਂਚ ਕੱਟ ਦਾੜ੍ਹੀ ਰੱਖੀ, ਮਧਰੇ ਕੱਦ ਵਾਲਾ ਮਾਣਕ ਬਾਹਾਂ ਖਲਾਰ ਕੇ ਗਾਉਂਦਾ ਅੱਖਾਂ ਸਾਹਵੇਂ ਦਾ ਖੜੋਂਦਾ ਹੈ ।
ਇਸ ਨੂੰ ਪੰਜਾਬੀ ਗਾਇਕੀ ਦੀ ਤ੍ਰਾਸਦੀ ਹੀ ਆਖਿਆ ਜਾ ਸਕਦਾ ਹੈ ਕਿ ਜਿਹੜੇ ਗਾਇਕ ਤਵਿਆਂ ਵਾਲੇ ਯੁੱਗ ਦੇ ਸਟਾਰ ਹੋਇਆ ਕਰਦੇ ਸਨ, ਹੁਣ ਉਨ੍ਹਾਂ ਦੀ ਹਾਲਤ ਬਦ ਤੋਂ ਵੀ ਬਦਤਰ ਹੈ। ਬਹੁਤੇ ਕਲਾਕਾਰਾਂ ਨੇ ਕੈਸਿਟ ਯੁੱਗ ਆਉਣ ਸਾਰੇ ਹਥਿਆਰ ਸੁੱਟ ਦਿਤੇ, ‘ਅਖੇ ਹੁਣ ਸਾਨੂੰ ਕੀਹਨੇ ਪੁੱਛਣੈ, ਜਦੋਂ ਤਵਿਆਂ ਵਾਲਾ ਯੁੱਗ ਹੀ ਸੁਰਗਵਾਸ ਹੋ ਗਿਆ।’ ਹੋ ਸਕਦੇ ਉਨ੍ਹਾਂ ਦੇ ਇਸ ਤਰ੍ਹਾਂ ਢੇਰੀ ਢਾਹ ਕੇ ਬੈਠਣ ਨਾਲ ਹੀ ਪੰਜਾਬੀ ਗਾਇਕੀ ਵਿੱਚ ਏਨੀ ਗਿਰਾਵਟ ਆਈ ਹੋਵੇ, ਕਿਉਂਕਿ ਹੁਣ ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ ਬਣੇ ਹੋਏ ਨੇ। ਵਕਤ ਬਦਲਣ ਨਾਲ ਵੀ ਮਾਣਕ ਨੇ ਹੌਸਲਾ ਨਾ ਹਾਰਿਆ, ਉਹ ਕੈਸਿਟ ਕਲਚਰ ਵਿਚ ਕੁੱਦਿਆ ਅਤੇ ਇੱਥੇ ਵੀ ਬਾਜ਼ੀ ਮਾਰ ਗਿਆ। ਉਸ ਦੀਆਂ ਕੈਸਿਟਾਂ ਗਰਮ ਜਲੇਬੀਆਂ ਵਾਂਗ ਵਿਕੀਆਂ ਕਿਉਂਕਿ ਉਸ ਦੀ ਅਵਾਜ਼ ਜੋ ਚਾਸ਼ਨੀ ਵਰਗੀ ਮਿੱਠੀ ਸੀ। ਕਦੇ-ਕਦੇ ਮਨ ਅੰਦਰ ਵਿਚਾਰ ਆਉਣ ਲੱਗਦੇ ਹਨ ਕਿ ਜੇ ਮਾਣਕ ਵੀ ਕੈਸਿਟ ਯੁੱਗ ਸ਼ੁਰੂ ਹੁੰਦਿਆਂ ਚੁੱਪ ਵੱਟ ਕੇ ਬੈਠ ਜਾਂਦਾ ਤਾਂ ਸ਼ਾਇਦ ਉਸ ਦੇ ਸਤਿਕਾਰ ਵਿੱਚ ਹੁਣ ਨਾਲੋਂ ਕਈ ਗੁਣਾ ਕਟੌਤੀ ਆ ਜਾਂਦੀ, ਕਿਉਂਕਿ ਸਾਡੇ ਲੋਕਾਂ ਦੀ ਯਾਦ ਸ਼ਕਤੀ ਬਹੁਤ ਕਮਜ਼ੋਰ ਹੈ ਤੇ ਇਹ ਬਹੁਤ ਜਲਦੀ ‘ਹੈ’ ਨੂੰ ‘ਸੀ’ ਬਣਾ ਛੱਡਦੇ ਨੇ।
ਅੱਜ ਬੇਸੂਰਿਆਂ ਤੇ ਬੇਗੁਰਿਆਂ ਨੇ ਪੰਜਾਬੀ ਗਾਇਕੀ ਵਿਚ ਪਰਲੋ ਲਿਆਂਦੀ ਹੋਈ ਹੈ। ਕਿਸੇ ਨੂੰ ਗਾਉਣ ਦੀ ਸੋਝੀ ਨਹੀਂ, ਅਵਾਜ਼ ਦੀ ਥਾਂ ਸਾਜ਼ ਬੋਲਦੇ ਨੇ ਤੇ ਕਲਾ ਦੀ ਥਾਂ ਪੈਸਾ ਟੁਣਕਦਾ ਹੈ। ਟੀ. ਵੀ. ਉਤੇ ਖੋਤੇ ਵਾਂਗ ਹਿਣਕਣ ਵਾਲੇ ਗਵੱਈਏ ਦਿੱਸਣ ਲੱਗੇ ਨੇ, ਕੋਈ ਬਿਨਾਂ ਗੱਲੋਂ ਧਾਹਾਂ ਮਾਰੀ ਜਾਂਦੇ ਤੇ ਕੋਈ ਛਾਲਾਂ ਮਾਰੇ ਬਿਨਾਂ ਆਪਣੀ ਗੱਡੀ ਤੁਰਦੀ ਨਹੀਂ ਸਮਝਦਾ। ਗਾਇਕਾਂ ਵੱਲੋਂ ਪਾਏ ਇਸ ਗਾਹ ਕਾਰਨ ਹੀ ਇਨ੍ਹਾਂ ਦੇ ਮੁਕੱਦਰ ਸੀਜ਼ਨਾਂ ਵਿਚ ਵੰਡ ਗਏ ਹਨ। ਜ਼ਰੂਰੀ ਨਹੀਂ ਜਿਹੜਾ ਗਾਇਕ ਅੱਜ ਚਰਚਾ ਖੱਟ ਗਿਆ, ਅਗਲੇ ਸਾਲ ਵੀ ਉਹਦੀ ਤੂਤੀ ਬੋਲੇਗੀ। ਇਨ੍ਹਾਂ ਹਾਲਾਤ ਵਿਚ ਵੀ ਮਾਣਕ ਦੀ ਝੰਡੀ ਬਰਕਰਾਰ ਹੈ ਅਤੇ ਪਿੱਛੇ ਜਿਹੇ ਜਦੋਂ ਚੈਨਲਾਂ ‘ਤੇ ਉਸਦਾ ਗੀਤ ‘ਨੀ ਹੀਰੇ ਨੀ ਹਰੇ ਗੰਧਲੇ ਪਾਣੀ ਦੀਏ ਲਕੀਰੇ. ਤੇਰਿਆਂ ਦੁੱਖਾਂ ਦਾ ਮਾਰਾ ਨੀ ਰਾਂਝਾ ਜੋਗੀ ਹੋਇਆ’ ਦਿੱਸਣਾ ਸ਼ੁਰੂ ਹੋਇਆ ਹੈ, ਉਸਦੀ ਅਵਾਜ਼ ਨੇ ਮੁੜ ਚੰਗਾ ਸੁਣਨ ਵਾਲਿਆਂ ਨੂੰ ਕੀਲ ਲਿਆ। ਨਾਜ਼ੁਕ ਸਿਹਤ ਦੇ ਚੱਲਦਿਆਂ ਵੀ ਉਸ ਨੇ ‘ਜੋਗੀ’ ਜ਼ਰੀਏ ਜਿਹੜਾ ਜੱਸ ਖੱਟਿਆ, ਉਹ ਬਾਕਮਾਲ ਰਿਹਾ।
ਗੱਲਾਂ ਨੂੰ ਬਹੁਤ ਖਿਲਾਰਨ ਤੋਂ ਪਹਿਲਾ ਸਿਰਫ ‘ਜੋਗੀ’ ਦੀ ਪੁਣ ਛਾਣ ਕਰਦੇ ਹਾਂ ਤੇ ਅੱਖੀਂ ਦੇਖੀ ਇਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਬਣ ਜਾਂਦਾ ਹੈ । ‘ਜੋਗੀ’ ਦੇ ‘ਨੀ ਹੀਰੇ ਨੀ ਹੀਰੇ’ ਗੀਤ ਦੀ ਵੀਡੀਓ ਸ਼ੂਟਿੰਗ ਅਬੋਹਰ ਜ਼ਿਲ੍ਹੇ ਦੇ ਪਿੰਡ ‘ਕੁੰਡਲ’ ਵਿਚ ਹੋ ਰਹੀ ਸੀ।
ਸ਼ੂਟਿੰਗ ਸਥਾਨ ਤੇ ਪਿੰਡ ਦੇ ਲੋਕਾਂ ਦੀ ਭੀੜ ਜੁੜ ਗਈ। ਨਿਆਣੇ-ਸਿਆਣੇ ਮਾਣਕ ਨਾਲ ਗੱਲ ਕਰਨ, ਇਥੋਂ ਤੱਕ ਕੇ ਉਸ ਨਾਲ ਹੱਥ ਮਿਲਾਉਣ ਲਈ ਵੀ ਉਤਸੁਕ ਸਨ। ਮਾਣਕ ਏਨੀ ਭੀੜ ਵੇਖ ਕੇ ਮਸਤ ਸੀ। ਵੀਡੀਓ ਡਾਇਰੈਕਟਰ ਰਾਜਾ ਕਦੇ ਐਕਸ਼ਨ ਅਤੇ ਕਦੇ ਕੱਟ ਦੇ ਆਦੇਸ਼ ਚਾੜ੍ਹ ਰਿਹਾ ਸੀ। ਇਕ ਟੇਕ ਤੋਂ ਬਾਅਦ ਮਾਣਕ ਸਾਹ ਲੈਣ ਲਈ ਛਾਵੇਂ ਪਈ ਕੁਰਸੀ ‘ਤੇ ਬੈਠ ਜਾਂਦਾ । ਏਨੇ ਨੂੰ ਪਿੰਡ ਦਾ ਹੀ ਇਕ ਚਾਲੀ-ਪੰਤਾਲੀ ਸਾਲਾ ਸੱਜਣ ਮਾਣਕ ਦੇ ਪੈਰੀਂ ਹੱਥ ਲਾ ਕੇ ਬੋਲਿਆ, “ਮਾਣਕ ਸਾਹਿਬ, ਮੈਂ ਤਾਂ ਥੋਡੇ ਗੀਤ ਸੁਣਦਾ ਹੀ ਵੱਡਾ ਹੋਇਆਂ, ਸਾਰੀ ਦਿਹਾੜੀ ਮੈਂ ਥੋਡੇ ਹੀ ਗੀਤ ਗਾਉਨਾ, ਹੁਣ ਤਾਂ ਪਿੰਡ ਦੇ ਲੋਕ ਮੈਨੂੰ ਵੀ ‘ਮਾਣਕ’ ਆਖਣ ਲੱਗ ਗਏ ਨੇ।”
ਮਾਣਕ ਨੇ ਉਹਦੀਆਂ ਅੱਖਾਂ ‘ਚ ਅੱਖਾਂ ਪਾਈਆਂ ਤੇ ਸਰੂਰੇ ਅੰਦਾਜ਼ ਵਿਚ ਆਖਿਆ, “ਮੈਨੂੰ ਇਕ ਗੱਲ ਦੱਸ, ਤੂੰ ਜਮਾਂਦਰੂ ਮਾਣਕ ਏਂ ਜਾਂ ਮੇਰੀ ਨਕਲ ਮਾਰ ਕੇ ਮਾਣਕ ਬਣਿਆਂ ।” ਭੀੜ ਵਿਚ ਹਾਸਾ ਖਿੱਲਰ ਗਿਆ। ਕਈ ਸ਼ਰਾਰਤੀ ਉਸ ਸਿੱਧੇ ਜਿਹੇ ਬੰਦੇ ਨੂੰ ਆਖਣ ਲੱਗੇ, ‘ਓਏ ਜਾਹ-ਜਾਹ ਵੱਡਿਆ ਮਾਣਕਾ, ਕਰਵਾ ਲਈ ਐ ਨਾ ਲੱਸੀ।’
ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਉਹ ਆਪਣੇ ਔਗੁਣ ਵੀ ਕਿਸੇ ਸਾਹਮਣੇ ਨਸ਼ਰ ਨਹੀਂ ਹੋਣ ਦੇਣੇ ਚਾਹੁੰਦਾ। ਪਰ ਮਾਣਕ ਦੀ ‘ਜੋਗੀ’ ਸੁਣ ਕੇ ਪਤਾ ਲੱਗਿਆ ਕਿ ਉਹ ਖੁੱਲ੍ਹੀ ਕਿਤਾਬ ਵਰਗਾ ਇਨਸਾਨ ਹੈ, ਜਿਸ ਦਾ ਜਿਹੜਾ ਮਰਜ਼ੀ ਪੰਨਾ ਪੜ੍ਹਿਆ ਜਾ ਸਕਦਾ ਹੈ। ਜੇ ਸਭ ਨੂੰ ਪਤਾ ਹੈ ਮਾਣਕ ‘ਕੌੜੇ ਪਾਣੀ’ ਦਾ ਸ਼ੌਕੀਨ ਹੈ ਤਾਂ ‘ਜੋਗੀ’ ਵਿਚ ਉਸ ਨੇ ਆਪਣੀ ਇਸ ਗੱਲ ਨੂੰ ਗੀਤ ਜ਼ਰੀਏ ਸੁਣਨ ਵਾਲਿਆਂ ਸਾਹਵੇਂ ਰੱਖਿਆ ਹੈ।
ਸ਼ਰਾਬ ਬਾਰੇ ਉਸ ਵੱਲੋਂ ਗਾਇਆ ਗੀਤ ਸੁਣ ਕੇ ਪ੍ਰਤੀਤ ਹੁੰਦਾ ਹੈ ਕਿ ਕੋਈ ਵੀ ਬੰਦਾ ਸ਼ੌਕੀਆ ਤੌਰ ‘ਤੇ ਨਹੀਂ ਪੀਂਦਾ, ਕਿਸੇ ਨੂੰ ਮਹਿਬੂਬ ਦਾ ਗਮ ਪੀਣ ਲਈ ਮਜਬੂਰ ਕਰ ਦਿੰਦਾ ਹੈ, ਕਿਸੇ ਨੂੰ ਜ਼ਿੰਦਗੀ ਦੇ ਧੱਕੇ-ਧੋੜੇ ਪੀਣ ਦੀ ਆਦਤ ਪਾ ਦਿੰਦੇ ਹਨ ਅਤੇ ਕਿਸੇ ਨੂੰ ਹੋਰ ਪ੍ਰੇਸ਼ਾਨੀਆਂ। ‘ਜੋਗੀ’ ਵਿਚ ਦਰਜ ਸ਼ਰਾਬ ਵਾਲੇ ਗੀਤ ਦੇ ਬੋਲ ਹਨ –
“ਲੋਕੀਂ ਮੈਨੂੰ ਕਹਿੰਦੇ ਕਾਹਤੋਂ ਪੀਨਾਂ ਏਂ ਸ਼ਰਾਬ, ਸੋਨੇ ਜਿਹੀ ਜਿੰਦ ਇਹ ਤਾਂ ਕਰਦੀ ਖਰਾਬ । ਪਰ ਔਖੇ ਵੇਲੇ ਕੋਲ ਕੋਈ ਖੜਦਾ ਨਹੀਂ, ਤਾਹੀਓਂ ਪੀਤੀ ਬਿਨ ਸਾਡਾ ਹੁਣ ਸਰਦਾ ਨਹੀਂ।”
ਗੀਤ ਅੱਗੇ ਤੁਰਦਾ ਜਾਂਦਾ ਹੈ ਅਤੇ ਮਾਣਕ ਦੀ ਨਿੱਜੀ ਜ਼ਿੰਦਗੀ ਦੀਆਂ ਪਰਤਾਂ ਖੋਲ੍ਹਦਾ ਜਾਂਦਾ ਹੈ। ਸੁਣਨ ਵਾਲਿਆਂ ਦੇ ਕੰਨਾਂ ਵਿਚ ਸ਼ਹਿਦ ਘੁਲਦਾ ਜਾਂਦਾ ਹੈ ਅਤੇ ਨਾਲ-ਨਾਲ ਮਾਣਕ ਦੇ ਜ਼ਿੰਦਗੀਨਾਮੇ ਦੀਆਂ ਪਿਚਕੀਆਂ ਗੰਢਾਂ ਖੁਲ੍ਹਦੀਆਂ ਜਾਂਦੀਆਂ ਹਨ। ਗੀਤਾਂ ਦਾ ਅਗਲਾ ਅੰਤਰਾ ਹੈ
“ਲਾਲ ਪਰੀ ਜਦੋਂ ਸਾਡੇ ਅੱਖਾਂ ਮੂਹਰੇ ਆਉਂਦੀ ਆ, ਬਸ ਫੇਰ ਉਹੀਓ ਸਾਨੂੰ ਗਲ ਨਾਲ ਲਾਉਂਦੀ ਆ। ਸਾਡੇ ਦੋਹਾਂ ਵਿਚ ਰਿਹਾ ਹੁਣ ਪਰਦਾ ਨਹੀਂ, ਤਾਹੀਓਂ ਪੀਤੀ ਬਿਨ ਸਾਡਾ ਹੁਣ ਸਰਦਾ ਨਹੀਂ।”
‘ਜੋਗੀ’ ਵਿਚਲੀ ਵੱਖਰੀ ਗੱਲ ਇਹ ਰਹੀ ਕਿ ਇਸ ਵਿਚ ਤਿੰਨ ਗੀਤ ਸ਼ਰਾਬ ਨਾਲ ਸੰਬੰਧਿਤ ਸਨ, ਜਿਨ੍ਹਾਂ ਵਿਚੋਂ ਇਕ ਵਿਆਹਾਂ-ਸ਼ਾਦੀਆਂ ਦੇ ਮਾਹੌਲ ਵਾਲਾ ਰਿਹਾ ‘ਪੀ ਕੇ ਜੱਟ ਬੱਕਰੇ ਬੁਲਾਉਣ ਦੇ ਸ਼ੌਕੀਨ’। ਇਕ ਗੀਤ ਵਿਚ ਸ਼ਰਾਬ ਨੂੰ ‘ਖਰਾਬ’ ਆਖਿਆ ਗਿਆ । ਮਾਣਕ ਬੇਸ਼ੱਕ ਖੁਦ ਪੀਂਦਾ ਹੈ ਪਰ ਉਸ ਨੂੰ ਇਹ ਵੀ ਪਤਾ ਹੈ ਕਿ ਸ਼ਰਾਬ ਬੰਦੇ ਦਾ ਸੁੱਖ-ਚੈਨ ਅਤੇ ਪੈਸਾ-ਟਕਾ ਸਭ ਕੁਝ ਬਰਬਾਦ ਕਰ ਦਿੰਦੀ ਹੈ ਪਰ ਇਸ ਦੀ ਲਤ ਵਾਲਿਆਂ ‘ਤੇ ਉਸ ਨੂੰ ਤਰਸ ਵੀ ਆਉਂਦਾ ਹੈ। ਉਹ ਸ਼ਰਾਬ ਨੂੰ ਬੰਦੇ ਖਾਣੀ ਕਰਾਰ ਦਿੰਦਾ ਹੈ ਅਤੇ ਇਸੇ ਨੂੰ ਹਰ ਤਰ੍ਹਾਂ ਦੇ ਪੁਆੜਿਆਂ ਦੀ ਜੜ੍ਹ ਦੱਸਦਾ ਹੈ । ਸ਼ਰਾਬ ਨੂੰ ਤਾਅਨਾ ਮਾਰਦਿਆਂ ਉਹ ਆਖਦਾ ਹੈ
ਕੀਮਤੀ ਜਿੰਦਾਂ ਨੂੰ ਨਿੱਤ ਰੋਗ ਲਾਉਨੀ ਆਂ, ਵਸਦੇ ਘਰਾਂ ਦੇ ਵਿੱਚ ਸੋਗ ਪਾਉਨੀ ਆਂ। ਬੰਦੇ ਖਾਣੀਏ ਨੀਂ ਤੈਨੂੰ ਦੇਖ ਕੇ, ਸਾਹ ਮੇਰੇ ਸੁੱਕੀ ਜਾਂਦੇ ਆ, ਤੂੰ ਨਾ ਮੁੱਕੇ ਨੀਂ ਸ਼ਰਾਬ ਦੀਏ ਬੋਤਲੇ, ਨੀਂ ਪੀਣ ਵਾਲੇ ਮੁੱਕੀ ਜਾਂਦੇ ਆ।
ਰੂਹ ਦਾ ਰੱਜ-ਕੁਲਦੀਪ ਮਾਣਕ
ਹਰਮੀਤ ਸਿੰਘ ਅਟਵਾਲ
ਕਹਿੰਦੇ ਨੇ ਬੰਦੇ ਨੂੰ ਮਨ ਦੀ ਖੁਰਾਕ ਵੀ ਚਾਹੀਦੀ ਹੈ ਤੇ ਤਨ ਦੀ ਵੀ। ਜਿਉਣ ਲਈ ਦੋਵਾਂ ਚੀਜ਼ਾਂ ਦੀ ਬਰਾਬਰ ਲੋੜ ਹੈ। ਤਨ ਦੀ ਖੁਰਾਕ ਤਾਂ ਸਾਰਿਆਂ ਨੂੰ ਆਪੋ-ਆਪਣੇ ਵਿੱਤ ਮੁਤਾਬਕ ਮਿਲ ਹੀ ਜਾਂਦੀ ਹੈ ਪਰ ਰੂਹ ਦੀ ਖੁਰਾਕ ਕਈ ਵਾਰ ਸਮੇਂ, ਸਥਾਨ ਤੇ ਸਥਿਤੀਆਂ ਦੇ ਪ੍ਰਭਾਵ ਸਦਕਾ ਘਟ ਮਿਲਦੀ ਹੈ ਜਾਂ ਮਿਲਦੀ ਹੀ ਨਹੀਂ। ਉਂਝ ਉਹ ਵੱਡਭਾਗੇ ਹਨ। ਜਿਨ੍ਹਾਂ ਨੂੰ ਇਹ ਪੂਰੀ ਮਾਤਰਾ ‘ਚ ਮਿਲਦੀ ਹੈ। ਵੈਸੇ ਹਰ ਬੰਦੇ ਦੀ ਮਨ ਦੀ ਰੂਹ ਦੀ ਖੁਰਾਕ ਹੁੰਦੀ ਹੈ ਅੱਡ ਅੱਡ ਹੈ। ਜਿਨ੍ਹਾਂ ਲੋਕਾਂ, ਸੱਜਣਾਂ ਦੇ ਮਨ ਦੀ ਖੁਰਾਕ ਸੰਗੀਤ ਹੈ ਉਨ੍ਹਾਂ ਦੀ ਸੰਤੁਸ਼ਟੀ ਸੰਗੀਤ ਸੁਣਕੇ ਹੀ ਹੋ ਸਕਦੀ ਹੈ ਤੇ ਸੰਗੀਤ ਦੀ ਉੱਚ ਪਾਏ ਦੀ ਰਚਨਾ ਵੀ ਵਧੀਆ ਹੋਵੇ ਤੇ ਗਾਈ ਵੀ ਵਧੀਆ ਹੋਵੇ ਤਾਂ ਗੱਲ ਸੋਨੇ ‘ਤੇ ਸੁਹਾਗੇ ਵਾਲੀ ਹੋ ਜਾਂਦੀ ਹੈ ।
ਇਹ ਗੱਲਾਂ ਜਿਹੜੀਆਂ ਅਸਾਂ ਕੀਤੀਆਂ ਹਨ ਮਹਿਜ਼ ਸਿਧਾਂਤਕ ਨਹੀਂ ਹਨ ਵਿਹਾਰਕ ਜ਼ਿੰਦਗੀ ‘ਚ ਇਨ੍ਹਾਂ ਦਾ ਪੂਰਾ ਪੂਰਾ ਮੁੱਲ ਹੈ। ਗੱਲ ਮਾਣਕ ਨਾਲ ਜੋੜੀਏ। ਮਾਣਕ ਦੀ ਗਾਇਕੀ ਸ੍ਰੋਤਿਆਂ ਲਈ ਉਹਦੀ ਰੂਹ ਦੀ ਖੁਰਾਕ ਹੈ। ਮਨ ਦਾ ਮੌਲਣਾ ਹੈ। ਰੂਹ ਦਾ ਰੱਜ ਹੈ। ਜਿਨ੍ਹਾਂ ਨੇ ਮਾਣਕ ਨੂੰ ਸੁਣਿਆ ਹੈ, ਸਟੇਜ ਦੇ ਪ੍ਰੋਗਰਾਮ ਦੇਖੇ ਹਨ, ਉਹ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਨ।
ਅੱਜ ਕੁਲਦੀਪ ਮਾਣਕ 57-58 ਸਾਲ ਦੀ ਉਮਰ ਦਾ ਹੋਵੇਗਾ। ਇਹ ਕੋਈ ਬਹੁਤ ਜ਼ਿਆਦਾ ਉਮਰ ਨਹੀਂ ਹੈ । ਏਨੇ ਸਮੇਂ ‘ਚ ਹੀ ਮਾਣਕ ਨੇ ਪੰਜਾਬੀ ਗਾਇਕੀ ‘ਚ ਉਹ ਪੂਰਨੇ ਪਾ ਦਿੱਤੇ ਹਨ, ਉਹ ਇਤਿਹਾਸ ਸਿਰਜ ਦਿੱਤਾ ਹੈ ਜਿਸ ਦੀ ਸਿਰਜਣਾ ਕਰਨੀ ਵਿਰਲਿਆਂ ਦੇ ਹੀ ਹਿੱਸੇ ਆਉਂਦੀ ਹੈ।
ਮੇਰੀ ਆਪਣੀ ਉਮਰ ਵੀ ਅੱਜ 40ਵੇਂ ਸਾਲ ‘ਚ ਚਲ ਰਹੀ ਹੈ। ਗੱਲ 20-22 ਸਾਲ ਪਹਿਲਾਂ ਦੀ ਕਰਦੇ ਹਾਂ। ਪਿੰਡ ‘ਚ ਕਿਸੇ ਖਬਰ ਪੁਚਾਈ ਅੱਜ ਫਲਾਨੇ ਪਿੰਡ ਮਾਣਕ ਦਾ ਅਖਾੜਾ ਲੱਗਣਾ ਹੈ ਭਾਈ, ਚਲੋ ਚਲੀਏ ਤੇ ਅਸੀ ਪੰਜ ਦਸ ਮੁੰਡੇ ਆਪੋ ਆਪਣੇ ਸਾਈਕਲਾਂ ‘ਤੇ ਉਥੇ ਮਾਣਕ ਦੇ ਪੁੱਜਣ ਤੋਂ ਵੀ ਪਹਿਲਾਂ ਪਹੁੰਚ ਗਏ। ਆਲੇ ਦੁਆਲੇ ਨਜ਼ਰ ਮਾਰੀ। ਗੱਡਿਆਂ ‘ਤੇ, ਟਰਾਲੀਆਂ ਤੇ, ਕਾਰਾਂ ਤੇ, ਕਾਫੀ ਤੁਰਕੇ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਹੋਏ ਸਨ ਸਰੋਤੇ। ਕਈ ਮਧਰੇ ਕੱਦ ਵਾਲੇ ਤਾਂ ਟਾਹਲੀਆਂ ‘ਤੇ ਵੀ ਚੜ ਗਏ ਖਾਸ ਕਰ ਜਿਨ੍ਹਾਂ ਟਾਹਲੀਆਂ ਤੇ ਸਪੀਕਰ ਟੰਗੇ ਹੋਏ ਸਨ । ਕਾਫੀ ਭਰਵਾਂ ਇਕੱਠ ਸੀ । ਸਾਨੂੰ ਵੀ ਢੁਕਵੀਂ ਥਾਂ ਮਿਲ ਗਈ। ਜਦ ਮਾਣਕ ਸਟੇਜ ‘ਤੇ ਆਇਆ ਤਾਂ ਏਨੀਆਂ ਤਾੜੀਆਂ ਵੱਜੀਆਂ ਕਿ ਬਹੁਤ ਘੱਟ ਗਾਇਕਾਂ ਦੇ ਹਿੱਸੇ ਆਉਣ ਵਾਲਾ ਇਹ ਮਾਣ, ਮਾਣਕ ਨੂੰ ਅੰਦਰੋਂ ਅੰਦਰੀ ਕਿੱਡਾ ਹੀ ਉੱਚਾ ਕਰ ਗਿਆ। ਆਪਣੇ ਮਨ ਪਸੰਦ ਗਾਇਕ ਦੀ ਉਹ ਵਡਿਆਈ ਕਾਫੀ ਹਦ ਤੱਕ ਸਾਨੂੰ ਵੀ ਦੂਣ ਸਵਾਇਆ ਕਰ ਗਈ। ਕੁਝ ਪਲਾਂ ਲਈ ਤਾਂ ਜਿਵੇਂ ਕਿ ਆਮ ਹੁੰਦਾ ਹੀ ਹੈ, ਕੁਲਦੀਪ ਮਾਣਕ ਦੇ ਆਰੰਭ ਪਰਵਰਦਗਾਰ, ਪਰਮਾਤਮਾ ਦੀ ਅਰਾਧਨਾ ਕਰਦਿਆਂ ਇੱਕ ਧਾਰਮਿਕ ਗੀਤ ਗਾਇਆ। ਹੱਥ ਜੋੜ ਬੰਦਨਾ ਕੀਤੀ ਤੇ ਫਿਰ ਸਿਲਸਿਲਾ ਸ਼ੁਰੂ ਹੋਇਆ ਲੋਕ ਗਾਥਾਵਾਂ ਦਾ। ਇਕ ਇਕ ਕਰਕੇ ਜਦੋਂ ਗਾਇਕੀ ਚੜ੍ਹਾਅ ਵਲ ਜਾਣ ਲੱਗੀ ਤਾਂ ਨੋਟਾਂ ਦੀ ਵਰਖਾ ਵੀ ਹੋਣੀ ਸ਼ੁਰੂ ਹੋ ਗਈ। ਗਾਉਣਾ ਪਾਣੀ ਦਾ ਪਿੜ ਮਘ ਗਿਆ। ਕਿਸੇ ਬਜ਼ੁਰਗ ਨੇ ਚੁਆਇਸ਼ ਕੀਤੀ, “ਬਈ, ਪੁੱਤਰਾ ਘੁੱਕਰ ਦਾ ਕਿਵੇਂ ਕੀਤਾ ਘੋਗਾ ਚਿੱਤ ਸੁੱਚੇ ਨੇ, ਇਕ ਵਾਰ ਖੋਲ੍ਹਕੇ ਸੁਣਾ, ਅਸ਼ਕੇ ਮੱਲਾ ਅਸ਼ਕੇ ਜਿਉਂਦਾ ਰਹੁ।” ਕਹਿ ਕੇ ਬਾਪੂ ਬਹਿ ਗਿਆ ਖੂੰਡੀ ਫੜ੍ਹਕੇ । ਭਾਵੇਂ ਗੋਡਿਆਂ ਦਾ ਦਰਦ ਨਹੀਂ ਜਾਣ ਦਿੰਦਾ ਸੀ ਪਰ ਬਾਪੂ ਦਾ ਚਾਅ, ਉਹਦੀ ਰੂਹ ਦੀ ਖੁਸ਼ੀ, ਉਹਦੇ ਬੋਲਣ ਦੀ ਸ਼ੁਰੂ ਤੋਂ ਸਾਫ਼ ਸਮਝ ਆਉਂਦੀ ਸੀ। ਮਾਣਕ ਨੇ ਘੁੱਕਰ ਲਾਇਆ ਜਦੋਂ ਉਹਨੇ ਸਤਰਾਂ ਗਾਈਆਂ –
ਸੁੱਚਿਆ ਵੇ ਭਾਬੀ ਤੇਰੀ ਘੁੱਕਰ ਨੇ ‘ਕੱਲੀ ਘੇਰੀ ਕੀਤੀ ਮੈਂ ਮਿੰਨਤ ਬਥੇਰੀ ਚੁੰਨੀ ਲੀਰਾਂ ਕੀਤੀ ਮੇਰੀ ਦਾੜ੍ਹੀ ‘ਚ ਸੁਆਹ ਵੇ ਤੇਰੇ ਪਾਤੀ ਵੇ ਬਲਬੀਰੋ ਭਾਬੀ, ਕੱਖੋਂ ਹੌਲੀ ਵੈਰੀ ਨੇ ਬਣਾਤੀ ਵੇ ਬਲਬੀਰੋ ਭਾਬੀ
ਬਾਪੂ ਨੂੰ ਜਿਵੇਂ ਸਰੂਰ ਜਿਹਾ ਆ ਗਿਆ, ਲੋਰ ਦੀ ਲਹਿਰ ਜਿਹੀ ਛਾ ਗਈ। ਬਾਪੂ ਨੇ ਖੂੰਡੀ ਚੁੱਕ ਕੇ ਪਰੇ ਮਾਰੀ ਤੇ ਗੋਡਿਆਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਔਖਾ ਸੌਖਾ ਸਟੇਜ ਤੇ ਜਾ ਚੜਿਆ ਤੇ ਮਾਣਕ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਕੁੱਲ ਸਰੋਤਿਆਂ ਨੇ ਤਾੜੀਆਂ ਦਾ ਮੀਂਹ ਵਰ੍ਹਾ ਦਿੱਤਾ। ਬਾਪੂ ਦਾ ਜੋਸ਼ ਦੇਖਕੇ ਇਕ ਮਸ਼ਕਰੀਏ ਨੇ ਮਸ਼ਕਰੀ ਕੀਤੀ ਅਖੇ, ਬੁੜੇ ਨੂੰ ਮਹੀਨੇ ‘ਚ ਮਾਣਕ ਦੇ ਦੋ ਚਾਰ ਖਾੜੇ ਸੁਣਾ ਦਿਓ, ਈਹਦੇ ਗੋਡਿਆਂ ਦੀ ਗ੍ਰੀਸ ਬਣਜੂ।
ਇਸ ਬਾਬਤ ਕੋਈ ਦੋ ਰਾਵਾਂ ਨਹੀਂ ਹਨ ਕਿ ਮਾਣਕ ਦੀ ਗਾਇਕੀ ਦੇ ਸਰੂਰ ਨੇ ਕਈਆਂ ਦੇ ਕਈ ਕਸ਼ਟ ਕੱਟੇ ਹਨ। ਨਿਰਸੰਦੇਹ ਸੰਗੀਤ ਦਾ ਆਪਣਾ ਜਾਦੂ ਹੁੰਦਾ ਹੈ ਜਿਸ ਨੂੰ ਸਰੋਤਿਆਂ ਦੇ ਸਿਰਾਂ ‘ਤੇ ਲਾਗੂ ਕਰਨਾ ਗਾਇਕ ਦਾ ਕੰਮ ਹੁੰਦਾ ਹੈ। ਮਾਣਕ ਇਸ ਕੰਮ ਵਿਚ ਪੂਰੀ ਤਰ੍ਹਾਂ ਸਫਲ ਹੈ। ਕੁਲਦੀਪ ਮਾਣਕ ਦੇ ਕਈ ਅਖਾੜੇ ਮੈਂ ਦੇਖੇ, ਸੁਣੇ ਹਨ। ਮੁਹੰਮਦ ਸਦੀਕ ਤੇ ਰਣਜੀਤ ਕੌਰ, ਅਮਰਜੋਤ ਤੇ ਅਮਰ ਸਿੰਘ ਚਮਕੀਲਾ, ਮਾਈ ਮੋਹਣੋਂ ਤੇ ਪੋਸਤੀ (ਕੇ. ਦੀਪ ਤੇ ਜਗਮੋਹਨ ਕੌਰ), ਸੁਰਿੰਦਰ ਛਿੰਦਾ ਆਦਿ ਮਾਣਕ ਦੇ ਸਮਕਾਲੀ ਗਾਇਕਾਂ ਦੇ ਅਖਾੜੇ ਵੀ ਅਸਾਂ ਦੇਖੇ ਸੁਣੇ। ਇਹ ਗਾਇਕੀ ਦੇ ਅਖਾੜੇ ਪੰਜਾਬੀ ਲੋਕਧਾਰਾ ‘ਚ ਆਪਣੀ ਖਾਸ ਥਾਂ ਰੱਖਦੇ ਹਨ। ਇਨ੍ਹਾਂ ਅਖਾੜਿਆਂ ਦੀ ਖਾਸੀਅਤ ਬਾਰੇ, ਲੋਕ ਜੀਵਨ ਚ ਇਨ੍ਹਾਂ ਦੀ ਅਹਿਮੀਅਤ ਬਾਰੇ ਕਦੇ ਵਿਸਥਾਰ ‘ਚ ਫੇਰ ਗੱਲ ਕਰਾਂਗੇ। ਹੁਣ ਸਿਰਫ ਕੁਲਦੀਪ ਮਾਣਕ ਦੇ ਅਖਾੜਿਆਂ ਦੇ ਜਾਦੂ ਦਾ ਜ਼ਿਕਰ ਥੋੜ੍ਹਾ ਜਿਹਾ ਹੋਰ ਕਰੀਏ ਤਾਂ ਸਰੋਤਿਆਂ ਦੀ ਰੂਹ ਕਿਵੇਂ ਅਸ਼ ਅਸ਼ ਕਰ ਉਠਦੀ ਹੈ, ਰੂਹ ਦਾ ਰਜੇਵਾਂ ਕਿਵੇਂ ਬਦੋਬਦੀ ਹੋ ਜਾਂਦਾ ਹੈ ਤੇ ਕਿਵੇਂ ਮਾੜੀ ਤੋਂ ਮਾੜੀ ਅਵਾਜ਼ ਵਾਲਾ ਵੀ ਮਾਣਕ ਵਾਂਗ ਗਾਉਣਾ ਚਾਹੁੰਦਾ ਹੈ ਆਦਿ ਸਭ ਗੱਲਾਂ ਦੀ ਨੇੜਿਉਂ ਮੁਸ਼ਕ ਲਗ ਜਾਵੇਗੀ।
ਇਕ ਵਾਰੀ ਇਕ ਹੋਰ ‘ਖਾੜੇ ਦੌਰਾਨ ਮਾਣਕ ਨੇ ਆਪਣਾ ਬਹੁ ਚਰਚਿਤ ਗੀਤ, “ਜੀ. ਟੀ. ਰੋਡ ‘ਤੇ ਦੁਹਾਈਆਂ ਪਾਵੇ ਨੀ ਯਾਰਾਂ ਦਾ ਟਰੱਕ ਬੱਲੀਏ, ਨਿੱਤ ਬੰਬਿਓਂ ਪਠਾਨਕੋਟ ਜਾਵੇ ਨੀ ਯਾਰਾਂ ਦਾ ਟਰੱਕ ਬੱਲੀਏ।” ਅਜੇ ਪੌਣਾ ਕੁ ਹੀ ਗਾਇਆ ਸੀ ਕਿ ਇਕ ਟਰੱਕ ਡਰੈਵਰ ਬਾਈ ਸਟੇਜ ‘ਤੇ ਜਾ ਚੜਿਆ ਤੇ ਮੱਲੋ ਮੱਲੀ ਮਾਣਕ ਤੋਂ ਮਾਈਕ ਖੋਹ ਕੇ ਕਹਿਣ ਲੱਗਾ, “ਲਓ ਬਈ, ਰੱਬ ਵਰਗੇ ਸਰੋਤਿਓ ਮਾਣਕ ਸਾਹਿਬ ਨੇ ਤਾਂ ਅੱਜ ਧੰਨ ਧੰਨ ਕਰਾਤੀ ਆ, ਹੁਣ ਔਖੇ ਸੌਖੇ ਮੇਰੇ ਤੋਂ ਵੀ ਇੱਕ ਸ਼ੇਅਰ ਸੁਣ ਲਓ! ਤੇ ਉਹ ਕਵੀਆਂ ਦੇ ਅੰਦਾਜ਼ ‘ਚ ਬਾਂਹ ਕੱਢ ਕੇ ਆਪਣੀ ਗੱਡੀ ਦਾ ਨੰਬਰ ਬੋਲਦਿਆਂ ਆਪਣੀ ਗੱਡੀ ਵੱਲ ਇਸ਼ਾਰਾ ਕਰਦਿਆਂ ਕਹਿਣ ਲੱਗਾ, “ਕੰਨੀਂ ਕਾਂਟੇ ਪਾਏ ਹੋਏ ਨੇ
ਮੁਖਿਆ ਸੋਹਣਿਓਂ ਕੰਨੀਂ ਕਾਂਟੇ ਪਾਏ ਹੋਏ ਨੇ ਸਾਡੇ ਵੱਲ ਤੱਕ ਬੱਲੀਏ 3700 ਵਾਲੇ ਆਏ ਹੋਏ ਨੇ…।”
ਜਿਉਂ ਹੀ ਉਹਨੇ ਸ਼ੇਅਰ ਬੋਲਿਆ ਇਕਦਮ ਤਾੜੀਆਂ ਦੀ ਇਕ ਲਹਿਰ ਜਹੀ ਉਠੀ, ਖੁਦ ਮਾਣਕ ਨੇ ਵੀ ਤਾੜੀਆਂ ਮਾਰੀਆਂ। ਇਹ ਸਾਰਾ ਕੁਝ ਰੂਹ ਦੇ ਰਜੇਵੇਂ ਦੇ ਸੰਕੇਤ ਜਹੇ ਦਈ ਜਾਂਦਾ ਸੀ । ਫਿਰ ਉਹ ਸਟੇਜ ਤੋਂ ਜਾਂਦਾ ਜਾਂਦਾ ਇਕ ਸੌ ਦਾ ਨੋਟ ਮਾਣਕ ਤੋਂ ਦੀ ਵਾਰ ਗਿਆ ਤੇ ਨਾਲ ਲਿਆਂਦੇ ਫੋਟੋਗ੍ਰਾਫਰ ਤੋਂ ਮਾਣਕ ਨਾਲ ਆਪਣੀ ਇਕ ਫੋਟੋ ਵੀ ਲੁਹਾ ਗਿਆ। ਜਿਹੜੀ ਬਾਅਦ ਵਿਚ ਉਹਦੇ ਕਹਿਣ ਮੁਤਾਬਕ ਉਹਨੇ ਵੱਡੀ ਕਰਾ ਕੇ ਆਪਣੀ ਗੱਡੀ (ਟਰੱਕ) ਦੇ ਮੂਹਰਲੇ ਪਾਸੇ ਲਾਉਣੀ ਸੀ ਤੇ ਨਾਲੇ ਉਹੀ ਗਾਣਾ ਉੱਚੀ ਆਵਾਜ਼ ‘ਚ ਗਾਇਆ ਕਰਨਾ ਸੀ (ਜੀ. ਟੀ. ਰੋਡ ਵਾਲਾ) ਜਿਹੜਾ ਮਾਣਕ ਹੁਣੇ ਗਾ ਕੇ ਹਟਿਆ ਸੀ| ਫਿਰ ਮਾਣਕ ਨੇ, “ਅੰਬਾਂ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ, ਗੱਭਰੂ ਮਸਤ ਰਹੇ ਵਿਚ ਹਾਣ ਦੀਆਂ ਮੁਟਿਆਰਾਂ”, “ਅਮਲੀ, ਗਾਉਣ ਵਾਲਾ, ਮੱਲ, ਕੰਜਰੀ ਲੈਂਦੇ ਜੋਬਨ ਵਿਚ ਬਹਾਰ, ਬੁੱਢੇ ਤੋਂ ਵੇਲੇ ਨੂੰ ਝੂਰਦੇ ਜਦ ਹਿੰਮਤ ਜਾਂਦੇ ਹਾਰ, ਤੀਵੀਂ ਖਾਣ ਬਰਫੀਆਂ ਗਿੱਝ ਜੇ, ਯਾਰੋ ਪੱਟ ਦਿੰਦੀ ਏ ਘਰਬਾਰ” ਵਾਲਾ ਗੀਤ ਸਾਰਾ ਪੂਰਾ ਕੀਤਾ ਤਾਂ ਸਟੇਜ ਲਾਗਲੇ ਕੌਲਿਆਂ ‘ਤੇ ਬੈਠੀਆਂ ਮਾਈਆਂ ਨੇ ਵੀ ਦੱਬ ਕੇ ਤਾੜੀਆਂ ਮਾਰੀਆਂ । ਵਾਕਿਆ ਹੀ ਬਹਿਜਾ ਬਹਿਜਾ ਹੋ ਗਈ । ਰੂਹਾਂ ਰੱਜ ਗਈਆਂ। ਇਕ ਸਰੂਰਿਆ ਜਿਹਾ ਮਾਹੌਲ ਹਰੇਕ ਨੂੰ ਸਰੂਰੀ ਜਾ ਰਿਹਾ ਸੀ । ਅਜੇ ਮਾਣਕ ਇਹ ਗੱਲਾਂ ਹੀ ਕਰਦਾ ਸੀ ਕਿ “ਮੇਰੇ ਰੱਬ ਵਰਗੇ ਸਰੋਤਿਓ ਕੋਈ ਸਮਾਂ ਆਊਗਾ, ਅੱਜ ਤਾਂ ਅਸੀਂ ਸਾਜ਼ਾਂ ਨੂੰ ਸਾਹ ਦੁਆਉਂਦੇ ਹਾਂ ਪਰ ਕਦੇ ਸਾਜ਼ ਗਾਇਕਾਂ ਨੂੰ ਸਾਹ ਦੁਆਉਣਗੇ ।” ਮਾਣਕ ਦੀ ਕਿਸੇ ਸਮੇਂ ਕਹੀ ਇਹ ਗੱਲ ਅੱਜ ਬਿਲਕੁਲ ਸੱਚ ਬਰਾਬਰ ਹੋ ਰਹੀ ਹੈ। ਉਦੋਂ ਗਾਇਕ ਹਿੱਕ ਦੇ ਜ਼ੋਰ ਨਾਲ ਗਾਉਂਦੇ ਸਨ ਤੇ ਹੁਣ ਕੁਝ ਇਸਨੂੰ ਛੱਡਕੇ ਬਹੁਤ ਸਾਜ਼ਾਂ ਦੇ ਜ਼ੋਰ ਨਾਲ ਗਾਉਂਦੇ ਹਨ, ਹੁਣ ਉਂਝ ਗਾਣੇ ਸੁਣਨ ਨਾਲੋਂ ਵੱਧ ਦੇਖਣ ਲਈ ਤਿਆਰ ਕੀਤੇ ਜਾਂਦੇ ਹਨ ਤੇ ਕਿਤੇ ਕਿਤੇ ਤਾਂ ਅਸ਼ਲੀਲਤਾ ਦਾ ਧੂੰਆਂ ਸੰਗੀਤ ਦੇ ਪਲ ਪਵਿੱਤਰ ਅਸਮਾਨ ਨੂੰ ਗੰਧਲੇ ਜਹੇ ਪ੍ਰਭਾਵ ਨਾਲ ਭਰ ਦਿੰਦਾ ਹੈ।
ਮਾਣਕ ਦੇ ਇਹ ਗੱਲਾਂ ਕਰਦਿਆਂ ਕਰਦਿਆਂ ਹੀ ਇਕ ਬਜ਼ੁਰਗ ਬੀਬੀ ਨੇ ਕੋਠੇ ਤੋਂ ਬੈਠੀ ਨੇ ਮਾਣਕ ਕੋਲ ਸਿਫਾਰਸ਼ ਭੇਜ ਦਿੱਤੀ ਕਿ ‘ਮਾਂ ਹੁੰਦੀ ਏ ਮਾਂ’ ਗੀਤ ਸੁਣਾਓ ( ਮਾਣਕ ਨੇ ਮਮਤਾ ਨੂੰ ਨਮਸਕਾਰ ਕਰਦਿਆਂ ਗੀਤ ਸ਼ੁਰੂ ਕੀਤਾ ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ। ‘
“ਮਾਂ ਹੈ ਠੰਢੜੀ ਛਾਂ ਓ ਦੁਨੀਆ ਵਾਲਿਓ, ਮਾਂ ਬਾਝ ਨਾ ਕੋਈ ਲਾਡ ਲਡਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ। ਖੋਹ ਲੈਂਦੇ ਟੁੱਕ ਕਾਂ, ਓ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ”
ਇਸ ਗੀਤ ਤੋਂ ਖੁਸ਼ ਹੋ ਕੇ ਬੁੱਢੀ ਬੇਬੇ ਨੇ ਗਿਆਰਾਂ ਰੁਪਈਏ ਮਾਣਕ ਤੋਂ ਵਾਰਨ ਲਈ ਭੇਜੇ ਤੇ ਪਤਾ ਨਹੀਂ ਇਸ ਗੀਤ ਤੋਂ ਜਾਂ ਮਾਣਕ ਦੇ ਪਹਿਲੇ ਗੀਤਾਂ ਤੋਂ ਜਾਂ ਮਾਣਕ ਦੇ ਦਰਸ਼ਨਾਂ ਤੋਂ ਪ੍ਰਭਾਵਤ ਹੋ ਕੇ ਕਿਸੇ ਨੇ ਦੋ ਤਿੰਨ ਟੋਕਰੇ ਸਾਡੇ ਆਲੇ ਦੁਆਲੇ ਸਰੋਤਿਆਂ ਵਿਚ ਪਤਾਸਿਆਂ ਦੇ ਹੀ ਵੰਡ ਦਿੱਤੇ। ਵੰਡਣ ਵਾਲੇ ਨਾਲੇ ਪਤਾਸੇ ਵੰਡੀ ਜਾਣ ਨਾਲੇ ਆਖੀ ਜਾਣ, “ਖਾਓ ਬਈ ਖਾਓ ਨਾਲੇ ਰੂਹ ਮਿੱਠੀ ਕਰੋ, ਨਾਲੇ ਮੂੰਹ ਮਿੱਠਾ ਕਰੋ ।” ਸੱਚ ਮੁੱਚ ਰੂਹ ਮਿੱਠੀ ਮਾਣਕ ਦੀ ਗਾਇਕੀ ਕਰੀ ਜਾਂਦੀ ਸੀ ਤੇ ਮੂੰਹ ਮਿੱਠਾ ਪਤਾਸਿਆਂ ਨੇ ਕਰ ਦਿੱਤਾ ਸੀ।
ਬਿਨਾਂ ਸ਼ੱਕ ਮਾਣਕ ਦੇ ਬਹੁਤ ਸਾਰੇ ਗੀਤ ਲੋਕ ਮਨਾਂ ‘ਚ ਘਰ ਕਰ ਚੁੱਕੇ ਹਨ। ਗੱਲ ਬਹੁਤੀ ਪੁਰਾਣੀ ਨਹੀਂ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ‘ਚ ਮੈਂ ਪ੍ਰਸ਼ਾਸਨਕ ਬਲਾਕ ਤੋਂ ਪੀ.ਜੀ. ਆਈ. ਵਾਲੇ ਪਾਸੇ ਦੇ ਗੇਟ ਵੱਲ ਪੈਦਲ ਜਾ ਰਿਹਾ ਸੀ । ਸਮਾਂ ਗਰਮੀਆਂ ਦਾ ਸ਼ਾਮ ਛੇ ਕੁ ਵਜੇ ਦਾ ਹੋਏਗਾ। ਦੋ ਨੌਜਵਾਨ ਲੜਕੀਆਂ ਇੱਕ ਸਾਈਡ ਤੋਂ ਆ ਕੇ ਮੇਰੇ ਅੱਗੇ ਅੱਗੇ ਤੁਰਨ ਲੱਗੀਆਂ । ਏਨੇ ਨੂੰ ਮੇਰੇ ਮਗਰੋਂ ਦੋ ਨੌਜਵਾਨ ਕਾਕੇ ਪੈਦਲ ਹੀ ਮੇਰੇ ਨਾਲ ਆ ਰਲੇ ਤੇ ਮੇਰੇ ਤੋਂ ਦੋ ਕੁ ਕਦਮ ਅੱਗੇ ਚੱਲਣ ਲੱਗੇ ਤੇ ਕੁੜੀਆਂ ਤੋਂ ਦਸ ਪੰਦਰਾਂ ਕਦਮ ਪਿੱਛੇ। ਇਕ ਨੇ ਜਿਵੇਂ ਕੁੜੀ ਨੂੰ ਹੀ ਸੁਣਾਉਣਾ ਹੁੰਦਾ ਹੈ ਬੜੀ ਮਧੁਰ ਅਵਾਜ਼ ‘ਚ ਮਾਣਕ ਦਾ ਗਾਣਾ ਗਾਉਣਾ ਸ਼ੁਰੂ ਕੀਤਾ, “ਤੇਰੇ ਨੱਕ ਦਾ ਨੀ ਕੋਕਾ ਪਿਆ ਦੱਸਦਾ ਏ ਨੀ, ਤੂੰ ਤਾਂ ਕਰਨਾ ਸੀ ਧੋਖਾ, ਦੂਜੇ ਨੇ ਦੂਜੀ ਸਤਰ ਚੁੱਕੀ, “ਹਾਏ ਹੀਰੀਏ ਨੀ ਤੂੰ ਤਾਂ ਕਰਨਾ ਸੀ ਧੋਖਾ।” ਪਰ ਕੁੜੀਆਂ ਕੁਝ ਸ਼ਰੀਫ ਲਗਦੀਆਂ ਸਨ । ਉਨ੍ਹਾਂ ਨੇ ਪਿੱਛਾਂਹ ਮੁੜ ਕੇ ਵੀ ਨਾ ਦੇਖਿਆ ਤੇ ਕਿਸੇ ਹੋਰ ਪਾਸੇ ਨੂੰ ਹੋ ਗਈਆਂ ਤੇ ਮੁੰਡੇ ਮੇਰੇ ਨਾਲ ਹੀ ਆ ਰਲੇ। ਫਿਰ ਸਰੂਰ ਜਹੇ ‘ਚ ਆਏ ਪਹਿਲੇ ਮੁੰਡੇ ਨੇ ਨੱਕ ਦੇ ਕੋਕੇ ਵਾਲਾ ਗੀਤ ਉੱਚੀ ਸੁਰ ‘ਚ ਤੁਰੇ ਜਾਂਦੇ ਨੇ ਸਾਰਾ ਗਾਇਆ। ਬਹੁਤ ਵਧੀਆਂ ਆਵਾਜ਼ ਸੀ । ਮੈਥੋਂ ਦਾਦ ਦਿੱਤਿਆਂ ਨਾ ਰਿਹਾ ਗਿਆ। ਮੈਂ ਉਹਨਾਂ ਨੂੰ ਪੁੱਛ ਹੀ ਲਿਆ, “ਬਈ, ਕੀ ਕੰਮ ਕਰਦੇ ਓਂ ?” “ਕਰਨਾ ਕਰਨਾ ਕੀ ਆ ਜੀ ਬਸ ਪੜ੍ਹਦੇ ਈ ਆਂ ਏਥੇ ।” ਮੈਂ ਆਖਿਆ ਮੁੰਡਿਆ, ਜੇ ਤੂੰ ਗਾਉਣ ਲੱਗ ਜਾਵੇਂ ਤਾਂ ਫਿਰ ਪੜ੍ਹਨ ਦੀ ਬਹੁਤੀ ਲੋੜ ਨੀ ਰਹਿਣੀ ਤਾਂ ਦੂਜੇ ਨੇ ਹੁੰਗਾਰਾ ਭਰਿਆ, ਅੱਗੇ ਕਿਹੜਾ ਅਸੀਂ ਖੋਹਣ ਖੋਹਿਆ ਹੋਇਐ ਉਹ ਐਤਕੀਂ ਫੇਲ ਹੋ ਗਿਐ, ਮੈਂ ਅਗਲੇ ਸਾਲ ਹੋਜੂਗਾ ਕਹਿ ਕੇ ਉਹ ਔਹ ਗਏ ਔਹ ਗਏ। ਚਲੋ ਫੇਲ੍ਹ ਹੋਣ ਦੀ ਗੱਲ ਤਾਂ ਵੱਖਰੀ ਹੈ ਪਰ ਕੁਲਦੀਪ ਮਾਣਕ ਦੀ ਗਾਇਕੀ ਦਾ ਉਹਨਾਂ ਦੀਆਂ ਰੂਹਾਂ ‘ਤੇ ਰਾਜ ਪੂਰਾ ਸੀ।
ਸੋ ਗੱਲਾਂ ਤਾਂ ਪਾਠਕੋ ਹੋਰ ਵੀ ਬਹੁਤ ਨੇ ਮਾਣਕ ਦੀ ਗਾਇਕੀ ਦੇ ਪ੍ਰਭਾਵ ਦੀਆਂ ਅੱਜ ਏਨੀਆਂ ਕੁ ਹੀ ਸਵੀਕਾਰ ਕਰਿਓ। ਬਸ ਤੱਤ ਸਾਰ ਇਹੀ ਹੈ ਕਿ ਕੁਲਦੀਪ ਮਾਣਕ ਦੀ ਗਾਇਕੀ ਸੱਚੀ ਸੁੱਚੀ, ਸਾਫ ਸੁਥਰੀ, ਚਿਰ ਸਥਾਈ ਤੇ ਲੋਕ ਮਨ ‘ਚ ਘਰ ਕਰ ਜਾਣ ਵਾਲੀ ਹੈ, ਇਹ ਗਾਇਕੀ ਬੰਦੇ ਦੇ ਮਨ ਦੀ ਭੁੱਖ ਨੂੰ ਪੂਰਾ ਕਰਦੀ ਹੈ । ਰੂਹ ਦਾ ਰੱਜ ਹੈ । ਹੁਣ ਤਾਂ ਕੁਲਦੀਪ ਮਾਣਕ ਦਾ ਮੁੰਡਾ ਯੁਧਵੀਰ ਮਾਣਕ ਵੀ ਗਾਉਣ ਲੱਗਿਆ ਹੈ। ਦੇਖਦੇ ਹਾਂ ਗਾਇਕੀ ਦੇ ਖੇਤਰ ‘ਚ ਪਿਤਾ ਪਰ ਪੂਤ ਕਿੰਨਾ ਕੁ ਜਾਂਦਾ ਹੈ । ਪਰ ਇਹ ਬਿਲਕੁਲ ਸੋਲਾਂ ਆਨੇ ਸੱਚ ਹੈ ਕਿ ਕੁਲਦੀਪ ਮਾਣਕ ਦੀ ਗਾਇਕੀ ਪੰਜਾਬੀਆਂ ਦੀਆਂ ਰੂਹਾਂ ‘ਤੇ ਰਾਜ ਕਰਦੀ ਹੈ, ਉਨ੍ਹਾਂ ਦੀਆਂ ਰੂਹਾਂ ਦਾ ਰੱਜ ਹੈ।
***
ਪੰਜਾਬੀ ਲੋਕ-ਗਾਇਕੀ ਦਾ ਮਾਣ ਹੈ- ਕੁਲਦੀਪ ਮਾਣਕ
ਗੁਲਜ਼ਾਰ ਸਿੰਘ ਸ਼ੌਂਕੀ
ਕਿਸੇ ਚੰਗੇ ਉਸਤਾਦ ਸੰਗੀਤਕਾਰ ਦਾ ਤਰਾਸ਼ਿਆ ਹੋਇਆ ਹੀਰਾ ਅੱਜ ਸਾਰੀ ਦੁਨੀਆ ‘ਚ ਕੋਹਿਨੂਰ ਬਣਕੇ ਮਾਣ ਪ੍ਰਾਪਤ ਕਰ ਰਿਹਾ ਹੈ। ਜਿਸਦੇ ਰੋਮ ਰੋਮ ਵਿਚ ਗਾਇਕੀ ਵਸਦੀ ਹੈ। ਮਾਂ ਸਰਸਵਤੀ ਦੀ ਉਸ ਉਤੇ ਅਪਾਰ ਕ੍ਰਿਪਾ ਹੈ। ਇਸ ਤੋਂ ਇਲਾਵਾ ਉਹ ਮੀਰਜ਼ਾਦਾ ਮਰਦਾਨੇ ਕਿਆਂ ‘ਚੋਂ ਹੈ। ਇਸ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੀ ਮਿਹਰ ਹੈ। ਇਸ ਦੀ ਗਾਇਕੀ ਪਟਿਆਲਾ ਸੰਗੀਤ ਘਰਾਣੇ ਨਾਲ ਸੰਬੰਧਤ ਹੈ। ਜਿਸ ਦਿਨ ਤੋਂ ਉਸਨੇ ਗਾਇਕੀ ਖੇਤਰ ਵਿਚ ਪੈਰ ਪਾਇਆ ਹੈ ਫਿਰ ਪਿੱਛੇ ਮੁੜਕੇ ਨਹੀਂ ਵੇਖਿਆ। ਇਸਨੇ ਦੋਗਾਣੇ, ਲੋਕ-ਤੱਥ, ਲੋਕ-ਗੀਤ, ‘ਲੋਕ-ਗਾਥਾਵਾਂ’ ਗੱਲ ਕੀ ਜੋ ਵੀ ਗਾਇਆ ਉਹ ਸਰੋਤਿਆਂ ਨੇ ਪ੍ਰਵਾਨ ਕੀਤਾ ਹੈ । ‘ਲੋਕ ਗਾਥਾਵਾਂ’ ਵਿਚ ਤਾਂ ਸਿੱਖਰ ਹੀ ਹੈ। ਇਸਦੇ ਸਰੋਤੇ ਇਸਨੂੰ ‘ਲੋਕ-ਗਾਥਾਵਾਂ’ ਜਾਂ ‘ਕਲੀਆਂ ਦਾ ਬਾਦਸ਼ਾਹ’ ਕਹਿ ਕੇ ਸਤਿਕਾਰ ਦਿੰਦੇ ਹਨ। ‘ਲੋਕ-ਗਾਥਾਵਾਂ’ ਦੀ ਗਾਇਕੀ ਵਿਚ ਇਹ ਇੱਕ ਮੀਲ ਪੱਥਰ ਹੈ ਜਿਸਨੂੰ ਕੋਈ ਵੀ ਹੋਰ ਗਾਇਕ ਪਾਰ ਨਹੀਂ ਕਰ ਸਕਿਆ ਤੇ ਨਾ ਹੀ ਕਿਸੇ ਹੋਰ ਗਾਇਕ ਤੋਂ ਇਹ ਆਸ ਹੈ। ਹੁਣ ਸਭ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਕਿਸ ਗਾਇਕ ਦੀ ਗੱਲ ਕਰਨ ਜਾ ਰਿਹਾ ਹਾਂ । ਉਸਦਾ ਨਾਂ ਹੈ ਕੁਲਦੀਪ ਮਾਣਕ।
ਇਹਨਾਂ ਦੇ ਘਰ ਹਰਮੋਨੀਅਮ ਚੌਵੀ ਘੰਟੇ ਖੁੱਲ੍ਹੇ ਰਹਿੰਦੇ ਸਨ। ਅਗਰ ਕੋਈ ਇਸਨੂੰ ਪੁੱਛੇ ਕਿ ਤਾਹਨੂੰ ਗਾਇਕੀ ਦਾ ਸ਼ੌਕ ਕਦੋਂ ਤੋਂ ਪਿਆ ਉਹ ਇਕ ਬਹੁਤ ਗੁੰਝਲਦਾਰ ਸਵਾਲ ਹੈ। ਜੇ ਮੱਛੀ ਨੂੰ ਪੁੱਛੀਏ ਕਿ ਤੈਂ ਪਾਣੀ ਵਿੱਚ ਤੈਰਨਾ ਕਦੋਂ ਸਿੱਖਿਆ, ਇਹ ਸਵਾਲ ਵੀ ਇਹੋ ਜਿਹਾ ਹੈ। ਜਿਵੇਂ ਮੱਛੀ ਦਾ ਜਨਮ ਹੀ ਸਮੁੰਦਰ ਵਿਚ ਹੁੰਦਾ ਹੈ ਇਸੇ ਤਰ੍ਹਾਂ ਮਾਣਕ ਦਾ ਜਨਮ ਵੀ ਸੰਗੀਤ ਦੇ ਸਮੁੰਦਰ ਵਿਚ ਹੀ ਹੋਇਆ ਹੈ। ਜਿਵੇਂ ਮੱਛੀ ਸਮੁੰਦਰ ਦੀਆਂ ਲਹਿਰਾਂ ਤੋਂ ਜਾਣੂ ਹੁੰਦੀ ਹੈ ਇਸੇ ਤਰ੍ਹਾਂ ਉਹ ਵੀ ਬੇਅੰਤ ਰੂਪੀ ਸਮੁੰਦਰ ਦੀਆਂ ਸਮੂਹ ਲਹਿਰਾਂ ਤੋਂ ਜਾਣੂ ਹੈ। ਬੇ-ਸ਼ੱਕ ਇਸਨੇ ਕਈ ਸਟੇਜਾਂ ਪਹਿਲਾਂ ਵੀ ਲਾਈਆਂ ਹੋਣਗੀਆਂ ਪਰ ਇਸਦੀ ਲੋਕ-ਗਾਇਕੀ ਵਿਚ ਪ੍ਰਸਿੱਧ ਗਾਇਕ ਹਰਚਰਨ ਗਰੇਵਾਲ ਅਤੇ ਸੁਰਿੰਦਰ ਸੀਮਾ ਰਾਹੀਂ ਹੋਈ। ਪਹਿਲਾਂ ਪਹਿਲਾ ਇਹ ਉਹਨਾਂ ਨਾਲ ਬਤੌਰ ਢੋਲਕ ਮਾਸਟਰ ਰਹੇ ਅਤੇ ਹੌਲੀ ਹੌਲੀ ਗਾਇਕੀ ਵੱਲ ਧਿਆਨ ਕੇਂਦਰਤ ਹੁੰਦਾ ਗਿਆ। ਇਸਨੇ ਅਜਿਹੀ ਲਗਨ, ਹਿੰਮਤ ਅਤੇ ਹੌਸਲੇ ਨਾਲ ਇਸ ਖੇਤਰ ਦਾ ਕੰਮ ਕੀਤਾ। ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦਾ ਗਿਆ ਤੇ ਹੁਣ ਵੀ ਕਰ ਰਿਹਾ ਹੈ।
ਇਸ ਦੀ ਪਹਿਲੀ ਰਿਕਾਰਡਿੰਗ ਵਿਸ਼ਵ ਪ੍ਰਸਿੱਧ ਕੰਪਨੀ ਐਚ. ਐਮ. ਵੀ. ਵਿਚ ਪ੍ਰਸਿੱਧ ਗਾਇਕਾ ਸੁਰਿੰਦਰ ਸੀਮਾ ਨਾਲ ਪੱਥਰ ਦੇ ਤਵੇ ਵਿੱਚ ਆਈ। ਜਿਸ ਵਿਚ ਨਿਮਨ ਲਿਖਤ ਦੋ ਗੀਤ ਸਨ:
“ਲੌਂਗ ਕਰਾ ਮਿੱਤਰਾ, ਮੱਛਲੀ ਪੌਣਗੇ ਮਾਪੇ। ”
ਲੇਖਕ-ਸ੍ਰ. ਗੁਰਦੇਵ ਸਿੰਘ ਮਾਨ
“ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀ ਖੰਡ ਦੀ ਪੁੜੀ ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ੍ਹ ਦੀ ਕੁੜੀ।”
ਲੇਖਕ-ਬਾਬੂ ਸਿੰਘ ਮਾਨ
ਇਹ ਉਪਰੋਕਤ ਦੋਵੇਂ ਗੀਤ ਬਹੁਤ ਹੀ ਮਕਬੂਲ ਹੋਏ, ਇਥੋਂ ਤੱਕ ਕਿ ਸਪੀਕਰ ਵਾਲਿਆਂ ਨੇ ਬਲੈਕ ‘ਚ ਖਰੀ। ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹ ਗਏ। ਇਹਨਾਂ ਨਾਲ ਕੁਲਦੀਪ ਮਾਣਕ ਦੀ ਪ੍ਰਸਿੱਧੀ ਘਰ ਘਰ ਪਹੁੰਚ ਗਈ । ਫਿਰ ਕਾਫੀ ਸਮਾਂ ਉਸਦੀ ਰਿਕਾਰਡਿੰਗ ਨਾ ਹੋਈ।
ਸਤਿੰਦਰ ਬੀਬਾ ਨਾਲ ਦੋਗਾਣਿਆਂ ਦੀ ਰਿਕਾਰਡਿੰਗ ਹੋਈ ਜੋ ਉਸ ਸਮੇਂ ਕਾਫੀ ਪ੍ਰਸਿੱਧੀ ਹਾਸਲ ਕਰ ਗਏ। ਪਰ ਅਚਾਨਕ ਸਤਿੰਦਰ ਬੀਬਾ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਤੋਂ ਬਾਅਦ ਮਾਣਕ ਦੀ ਗਾਇਕੀ ਵਿਚ ਵੀ ਖੜੋਤ ਆ ਗਈ।
ਇਸ ਤੋਂ ਬਾਅਦ ਮਾਣਕ ਨੇ ਦੁੱਲਾ, ਕੌਲਾਂ, ਜੈਮਲ ਫੱਤਾ, ਹੀਰ, ਚਾਰ ਲੋਕ-ਗਾਥਾਵਾਂ ਗਾਈਆਂ ਜਿਨਾਂ ਨੇ ਮਾਣਕ ਅਤੇ ਦੇਵ ਨੂੰ ਰਾਤੋ ਰਾਤ ਪ੍ਰਸਿੱਧੀ ਦੀਆਂ ਸਿੱਖਰਾਂ ਤੇ ਪਹੁੰਚਾ ਦਿੱਤਾ । ਬੇਸ਼ੱਕ ਇਸ ਈ. ਪੀ. ਤੋਂ ਪਹਿਲਾਂ ਮਾਣਕ ਦੇ ਦੋ ਤਿੰਨ ਐਲ. ਪੀ. ਰਿਕਾਰਡ ਕੀਤੇ ਗਏ ਪਰ ਉਹਨਾਂ ਨਾਲ ਕੋਈ ਪ੍ਰਸਿੱਧੀ ਹਾਸਲ ਨਾ ਹੋਈ। ਉਪਰੰਤ ਈ.ਪੀ. ਤੋਂ ਬਾਅਦ ਤਾਂ ਮਾਣਕ ਨੇ ਜੋ ਵੀ ਗਾਇਆ ਰੇੜ੍ਹੀ ਦੇ ਗਰਮ ਪਕੌੜਿਆ ਵਾਂਗ ਵਿੱਕਿਆ। ਇਸਦੇ ਸਾਰੇ ਐਲ. ਪੀ. ਸਾਰੇ ਸੁਪਰ ਸੈਵਨ ਪੂਰੀਆਂ ਬੁਲੰਦੀਆਂ ਛੋਂਹਦੇ ਰਹੇ। ਹੁਣ ਵੀ ਛੋਹ ਰਹੇ ਹਨ ਅਤੇ ਛੋਂਹਦੇ ਹੀ ਰਹਿਣਗੇ । ਇਸਦੀ ਗਾਇਕੀ ਹਮੇਸ਼ਾ ਹੀ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੀ ਰਹੇਗੀ ਇਸਦੇ ਕਈ ਗੀਤ ਜਿਵੇਂ
“ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ,”
“ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਏ ਹੀਰ ਦੀ (ਹੀਰ)”
“ਕਹੇ ਰਸਾਲੂ (ਕੌਲਾਂ)”
“ਪਟਕਾ ਰਾਂਝੇ ਦਾ (ਹੀਰ)”
“ਕਿਤੇ ਚੱਲਕੇ ਤਾਂ ਤੇਲ ਚੁਆ ਅੜਿਆ (ਮਿਰਜ਼ਾ ਸਾਹਿਬਾਂ)”
“ਬੇਗੋ ਨਾਰ”
ਆਦਿ ਬਹੁਤ ਹੀ ਮਾਨਤਾ ਪ੍ਰਾਪਤ ਕਰ ਗਏ ਹਨ।
ਇਸਤੋਂ ਬਗੈਰ ਮਾਣਕ ਨੇ “ਸਿੰਘ ਸੂਰਮੇ”, “ਝੰਡੇ ਖਾਲਸਾ ਰਾਜ ਦੇ” ਤੋਂ ਬਿਨਾਂ “ਦੋ ਗੱਭਰੂ ਪੰਜਾਬ ਦੇ ਭਗਤ ਸਿੰਘ ਅਤੇ ਸ. ਊਧਮ ਸਿੰਘ ਸੁਨਾਮ” ਗਾਇਆ ਜਿਨ੍ਹਾਂ ਨੇ ਬੇਹੱਦ ਪ੍ਰਸਿੱਧੀ ਤੇ ਮਾਣ ਬਖਸ਼ਿਆ।
ਗੱਲ ਕੀ ਮਾਣਕ ਨੇ ਹਰ ਵਿਸ਼ੇ ‘ਤੇ ਗਾਇਕੀ ਕੀਤੀ ਹੈ। ਮੈਨੂੰ ਉਸਦੇ ਹੇਠ ਲਿਖੋ ਗੀਤ ਬਹੁਤ ਪਿਆਰੇ ਲੱਗਦੇ ਹਨ।
“ਫੜਕੇ ਪੱਗ ਲੈਜਾ ਤੂੰ, ਮੈਥੋਂ ਮੱਲ ਦਿਆ ਭਾਗ ਵਿਚੋਲਾ।”
“ਨੱਚਕੇ ਵਿਖਾ ਜਰਨੈਲ ਕੁਰੇ।”
“ਸੌਖਾ ਨਹੀਂ ਯਾਰ ਲੱਭਣਾ, ਪੈਂਦਾ ਪੱਟ ਦਾ ਕਬਾਬ ਖਵਾਉਣਾ”
“ਹੱਥ ਫੜਕੇ ਤੇਸੇ ਨੂੰ ਜਾਵੇ ਆਸ਼ਕ ਪਰਬਤ ਚੀਰੀ”
ਅੰਤ ਵਿਚ ਮੈਂ ਮਾਣਕ ਦੀ ਸਦਾ ਬਹਾਰ, ਦਮਦਾਰ ਸੁਰੀਲੀ ਅਤੇ ਬੁਲੰਦੀਆਂ ਛੋਂਹਦੀ ਗਾਇਕੀ ਨੂੰ ਸਿਜਦਾ ਕਰਦਾ ਹੋਇਆ ਉਸਦੀ ਹਮੇਸ਼ਾਂ ਹੀ ਚੜ੍ਹਦੀ ਕਲਾ ਲੋਚਦਾ ਹਾਂ ।
ਕੁਲਦੀਪ ਮਾਣਕ
ਗੁਰਨੈਬ ਸਾਜਨ ਦਿਓਣ
ਜਦੋਂ ਵੀ ਪੰਜਾਬੀ ਲੋਕ ਗੀਤਾਂ, ਲੋਕ ਕਥਾਵਾਂ, ਲੋਕ ਤੱਥ ਜਾਂ ਕਲੀਆਂ ਦੀ ਗੱਲ ਚੱਲਦੀ ਹੈ ਤਾਂ ਸਿਰਫ਼ ਇਕ ਹੀ ਨਾਂ ਪੰਜਾਬੀਆਂ ਦੀ ਜ਼ੁਬਾਨ ‘ਤੇ ਆ ਜਾਂਦਾ ਹੈ । ਉਹ ਨਾਂ ਹੈ ਕਲੀਆਂ ਤੇ ਲੋਕ ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ। ਭਾਵੇਂ ਕਿ ਮੈਂ ਅੱਜ ਤੱਕ ਕੁਲਦੀਪ ਮਾਣਕ ਨਾਲ ਕਦੇ ਗੱਲਬਾਤ ਨਹੀਂ ਕਰ ਸਕਿਆ ਪਰ ਗਾਹੇ-ਬਗਾਹੇ ਓਹਨਾਂ ਦਾ ਦੀਦਾਰ ਕਰਨ ਦਾ ਸਬੱਬ ਜ਼ਰੂਰ ਬਣਿਆ ਹੈ। ਮਾਣਕ ਦੀ ਗਾਇਕੀ ਸੁਣਨ ਅਤੇ ਮਾਣਕ ਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ ਹੈ। ਅਨੇਕਾਂ ਅਖਾੜਿਆਂ ਉਪਰ ਮਾਣਕ ਦੀ ਗਾਇਕੀ ਦਾ ਆਨੰਦ ਮਾਣਿਆ ਹੈ। ਮਾਣਕ ਦੀ ਗਾਇਕੀ ਦਾ ਸਿਖਰ ਮਮਤਾ ਦੀ ਮੂਰਤ, ਜੱਗ ਦੀ ਜਨਣੀ, ਸੱਚੀ ਸੁੱਚੀ ਪਾਕਿ ਰੂਹ ਬਾਰੇ ‘ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ’ ਗੀਤ ਹੈ ਜਿਸਦੇ ਅਸ਼ੀਰਵਾਦ ਨਾਲ ਮਾਣਕ ਅੱਜ ਬੁਲੰਦੀਆਂ ‘ਤੇ ਹੈ। ਕੁਲਦੀਪ ਮਾਣਕ ਨੇ ਜਿੱਥੇ ਮਾਂ ਪ੍ਰਤੀ ਭਾਵਨਾ ਪ੍ਰਗਟ ਕੀਤੀ ਹੈ ਉਥੇ ਮਾਂ ਦੀ ਕੁੱਖ ਵਿਚ ਅਣਜੰਮੀ ਧੀ ਦੇ ਹੋ ਰਹੇ ਕਤਲ ਪ੍ਰਤੀ ਹਾਅ ਦਾ ਨਾਹਰਾ ਮਾਰਦਾ ਗੀਤ, “ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ,” ਗਾ ਕੇ ਸਭ ਨੂੰ ਝੰਜੋੜਕੇ ਰੱਖ ਦਿੱਤਾ। ਸਮਾਜ ਵਿਚ ਵੱਧ ਰਹੀ ਦਾਜ ਦੀ ਲਾਹਨਤ ਬਾਰੇ ਮਾਣਕ ਨੇ “ਦਾਜ ਦਿਆਂ ਲੋਭੀਆਂ ਨੇ ਲਾਹਕੇ ਰੱਖੀ ਐ ਸ਼ਰਮ ਦੀ ਲੋਈ” ਗਾ ਕੇ ਦਾਜ ਦੇ ਲੋਭੀਆਂ ਨੂੰ ਲਾਹਨਤਾਂ ਪਾਈਆਂ । ਸਹੁਰੇ ਘਰ ਵਿਚ ਬਿਨ ਬੰਦੇ ਤੋਂ ਸੰਤਾਪ ਭੋਗਦੀ ਔਰਤ ਬਾਰੇ, “ਸਭ ਤੋਂ ਜ਼ਿਆਦਾ ਧੀ ਦੁਖੀ ਉਹ ਜੀਹਦੀ ਸੁਲੱਖਣੀ ਕੁਖ ਨਹੀਂ” ਕਰਕੇ ਉਸ ਔਰਤ ਦੇ ਹੱਕ ਵਿਚ ਖੜ੍ਹਕੇ ਸਮਾਜ ਨੂੰ ਔਰਤ ਦਾ ਸਤਿਕਾਰ ਕਰਨ ਦਾ ਹੋਕਾ ਦਿੱਤਾ। ਮਾਣਕ ਕਿਤੇ ਯਾਰੀ ਪਾਕੇ ਦਗਾ ਕਮਾਉਣ ਵਾਲੇ ਯਾਰਾਂ ਨੂੰ ਲਾਹਨਤਾਂ ਪਾਉਂਦਾ ਹੈ, ਕਿਤੇ ਯਾਰਾਂ ਦੀ ਲੋੜ ਪੈਣ ‘ਤੇ ਪਰਖ ਕਰਦਾ ਹੈ। ਮਾਣਕ ਜਦ ਵੀ ਸਟੇਜ ‘ਤੇ ਚੜ੍ਹਦਾ ਹੈ ਤਾਂ ਬਾਬਾ ਬੰਦਾ ਸਿੰਘ ਦੀ ਵਾਰ ਗਾਉਣਾ ਨਹੀਂ ਭੁੱਲਦਾ। ਲੋਕ ਗੀਤ, ਲੋਕ ਕਥਾਵਾਂ, ਲੋਕ ਤੱਥਾਂ ਤੋਂ ਇਲਾਵਾ ਮਾਣਕ ਵੱਲੋਂ ਗਾਈਆਂ ਧਾਰਮਿਕ ਕੈਸਿਟਾਂ ਦੇ ਗੀਤ ਅੱਜ ਵੀ ਬਨੇਰਿਆਂ ‘ਤੇ ਵੱਜਦੇ ਹਨ। ਭਾਵੇਂ ਕਿ ਅੱਜ ਦੀ ਗਾਇਕੀ ਸ਼ੋਰ-ਸ਼ਰਾਬੇ ਵਾਲੀ ਸੁਣਨ ਦੀ ਘੱਟ ਪਰ ਦੇਖਣ ਵਾਲੀ ਵਸਤੂ ਵਧ ਬਣਕੇ ਰਹਿ ਗਈ ਹੈ ਪਰ ਮਾਣਕ ਇਸ ਸ਼ੋਰ-ਸ਼ਰਾਬੇ ਵਾਲੀ ਗਾਇਕੀ ਤੋਂ ਦੂਰ ਵੀ ਆਪਣੀ ਮਸਤ ਚਾਲੇ ਚੱਲ ਰਿਹਾ ਹੈ।
ਮਾਣਕ ਨੇ ਅੱਜ ਤੱਕ ਜਿੰਨਾ ਵੀ ਗਾਇਆ ਸਾਫ਼ ਸੁਥਰਾ ਤੇ ਲੋਕਾਂ ਦੀ ਰੂਹ ਦਾ ਗਾਇਆ। ਮਾਣਕ ਨੇ ਆਪਣੀ ਗਾਇਕੀ ਦੋ ਚਾਰ ਸਾਜ਼ਾਂ ਦੇ ਸਹਾਰੇ ਹੀ ਸ਼ੁਰੂ ਕੀਤੀ। ਉਸ ਸਮੇਂ ਜੁਗਾੜਬੰਦੀ ਦੀ ਥਾਂ ਸ਼ਬਦਾਂ ਵਿਚਲੀ ਸੁੱਚਤਾ ਤੇ ਹਿੱਕ ‘ਤੇ ਜ਼ੋਰ ਨੂੰ ਪਹਿਲ ਦਿੱਤੀ ਜਾਂਦੀ ਸੀ । ਜਦ ਵੀ ਕਿਤੇ ਮਾਣਕ ਦਾ ਅਖਾੜਾ ਲੱਗਣਾ ਉਸਦੇ ਸਰੋਤੇ ਉਸਤੋਂ ਪਹਿਲਾਂ ਹੀ ਪਹੁੰਚ ਜਾਂਦੇ ਸਨ । ਜਦੋਂ ਕਿ ਅੱਜ ਕੱਲ੍ਹ ਅਖਾੜੇ ਲਈ ਲੋਕ ਇਕੱਠੇ ਕਰਨੇ ਪੈਂਦੇ ਹਨ। ਅੱਜ ਦੀ ਗਾਇਕੀ ਵਿਚ ਬੇਸੁਰੇ-ਬੇਤਾਲੇ ਪੈਸੇ ਦੇ ਜ਼ੋਰ ‘ਤੇ ਅੱਗੇ ਆ ਰਹੇ ਹਨ। ਪਰ ਮਾਣਕ ਅੱਜ ਵੀ ਗਾਇਕਾਂ ਦੀ ਭੀੜ ‘ਚੋਂ ਅਲੱਗ ਦਿਖਾਈ ਦਿੰਦਾ ਹੈ।
ਅੱਖੀਂ ਦੇਖਿਆ ਕੁਲਦੀਪ ਮਾਣਕ
ਚਰਨ ਸਿੰਘ ਬੰਬੀਹਾ ਭਾਈ
ਜਦੋਂ ਮਾਣਕ ਲੋਕ ਗਾਥਾ, ਗੀਤ ਜਾਂ ਕਲੀਆਂ ਅਖਾੜੇ ਵਿਚ ਲਾਉਂਦਾ ਹੈ ਤਾਂ ਮਾਣਕ ਅਕਸਰ ਹੀ ਕਹਿੰਦਾ, “ਮੇਰੀ ਥੋਡੇ ਅੱਗੇ ਇਕ ਬੇਨਤੀ ਹੈ ਕਿ ਇਸ ਗੀਤ ਦੀਆਂ ਗੱਲਾਂ ਜਿਨ੍ਹਾਂ ਬਾਈਆਂ ਦੇ ਉਪਰ ਢੁੱਕਦੀਆਂ ਹਨ ਉਹ ਅਖਾੜੇ ‘ਚੋਂ ਉਠ ਕੇ ਨਾ ਜਾਵੇ । ਨੀਵੀਂ ਬੇਸ਼ੱਕ ਪਾ ਲਵੇ। ਇਹ ਗੀਤ ਲਿਖਣ ਵਾਲੇ ਨੇ ਲਿਖਤਾ ਤੇ ਆਪਾਂ ਗਾ ਦਿੱਤਾ ਮੇਰਾ।
ਕੋਈ ਕਸੂਰ ਨੀ।”
“ਕਹੇ ਸ਼ਰਾਬੀ ਉਠ ਕੇ ਹਰ ਰੋਜ਼ ਸਵੇਰੇ, ਘੱਟਦੇ ਜਾਣ ਬਲੱਡ ਦੇ ਹੁਣ ਚੱਕਰ ਮੇਰੇ। ਫੇਰ ਵੀ ਚੋਰੀ ਆਥਣੇ ਪਊਆ ਮੰਗਵਾਵੇ, ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ।”
ਮਾਣਕ ਦੀਆਂ ਉਪਰੋਤ ਲੋਕ ਸਚਾਈਆਂ ਵਾਲੇ ਗੀਤ ਸੁਣਕੇ ਕਈ ਢੀਠ ਜੇ ਆਦਮੀ ਕੰਨ ਖੁਰਕਣ ਲੱਗ ਪੈਂਦੇ ਹਨ। ਕਈ ਮਾਣਕ ਵੱਲੋਂ ਪਾਈਆਂ ਲਾਹਨਤਾਂ ਨੂੰ ਕਬੂਲ ਕਰ ਲੈਂਦੇ ਹਨ। ਵਿੱਚ ਵਿੱਚ ਸਰੋਤੇ ਕਹਿ ਦਿੰਦੇ ਹਨ। ਗੱਲਾਂ ਤਾਂ ਭਰਾਵਾ ਤੇਰੀਆਂ ਸੋਲਾਂ ਆਨੇ ਸੱਚੀਆਂ ਨੇ ਪੱਲੇ ਬੰਨਦੇ ਆਂ ਤਾਂ…
ਮਾਣਕ ਵਿਚ ਇਕ ਇਹ ਵਡਿਆਈ ਵਾਲੀ ਗੱਲ ਹੈ। ਕਿ ਅਜੇ ਤੱਕ ਉਹ ਆਪਣੀ ਜਾਤ ਤੇ ਔਕਾਤ ਨਹੀਂ ਭੁੱਲਿਆ। ਮਾਣਕ ਨੇ ਆਪਣੀ ਗਰੀਬੀ ਤੇ ਸੰਘਰਸ਼ ਦੇ ਦਿਨ ਯਾਦ ਰੱਖਣ ਲਈ ਆਪਣੇ ਪਿੰਡ ਜਲਾਲ ਵਿਚ ਆਪਣੇ ਘਰ ਨੂੰ ਉਸੇ ਤਰ੍ਹਾਂ ਹੀ ਰੱਖਿਆ ਹੋਇਆ ਹੈ। ਕਈ ਮਿੱਤਰਾਂ ਬੇਲੀਆਂ ਨੇ ਉਸ ਨੂੰ ਢਾਹ ਕੇ ਕੋਠੀ ਬੰਗਲਾ ਪਾਉਣ ਦੀਆਂ ਸਲਾਹਾਂ ਵੀ ਦਿੱਤੀਆਂ। ਪਰ ਮਾਣਕ ਦਾ ਕਹਿਣਾ ਹੈ ਇਹ ਮੈਂ ਸਭ ਕੁਝ ਆਪਣਾ ਪਿਛੋਕੜ ਯਾਦ ਰੱਖਣ ਲਈ ਰੱਖਿਆ ਹੋਇਆ ਹੈ। ਮਾਣਕ ਨੇ ਕਈ ਗੀਤਾਂ ਵਿਚ ਆਪਣੀ ਜਨਮ ਭੂਮੀ ਪਿੰਡ ਜਲਾਲ ਦਾ ਨਾਂ ਰਿਕਾਰਡ ਕਰਕੇ ਸਾਰੀ ਦੁਨੀਆ ਵਿਚ ਨਾਂ ਰੋਸ਼ਨ ਕੀਤਾ ਹੈ। ਮੈਂ ਅੰਤਾਂ ਦਾ ਪਿੰਡ ਨੂੰ ਪਿਆਰ ਕਰਦਾ ਹਾਂ, ਮਾਣਕ ਇੱਥੋਂ ਤੱਕ ਵੀ ਕਹਿ ਦਿੰਦਾ ਹੈ।
“ਸੋਹਣਾ ਪਿੰਡ ਝੰਗ ਸਿਆਲਾਂ ਨਾਲੋਂ ਮੇਰਾ ਪਿੰਡ ਜਲਾਲ ਕੁੜੇ।”
ਮੈਂ ਮਾਣਕ ਦਾ ਪਹਿਲਾ ਅਖਾੜਾ 19 ਮਾਰਚ 1979 ਈ. ਨੂੰ ਪ੍ਰਸਿੱਧ ਕਵੀ ਬਾਬੂ ਰਜ਼ਬ ਅਲੀ ਦੀ ਜਨਮ ਭੂਮੀ ਸਾਹੋ ਕੇ ਜ਼ਿਲ੍ਹਾ ਮੋਗਾ ਵਿਚ ਦੇਖਿਆ ਸੀ। ਮਾਣਕ ਦਾ ਅਖਾੜਾ ਵੇਖਣ ਕਰਕੇ ਘਰੋਂ ਕਈ ਵਾਰ ਕੁੱਟ ਪੈਂਦੀ ਰਹੀ। ਕਈ ਵਾਰ ਮੇਰੇ ਬਾਪੂ ਤੋਂ ਬਾਬਾ ਮਾਮਦੀਨ ਨੇ ਛਡਾਉਣਾ ਜੋ 1947 ਦੀ ਵੱਢ ਟੁੱਕੀ ਕਰਕੇ ਪੰਜਾਬ ਵਿਚ ਸਿੱਖ ਧਰਮ ਕਬੂਲ ਕਰਕੇ ਸਾਡੇ ਘਰ ਰਹਿੰਦਾ ਸੀ । ਜਦੋਂ ਪੰਜਾਬ ਦੇ 12 ਜ਼ਿਲ੍ਹੇ ਹੁੰਦੇ ਸਨ ਉਦੋਂ ਮੈਂ ਮਾਣਕ ਦੇ 7 ਜ਼ਿਲ੍ਹਿਆਂ ਵਿਚ ਅਖਾੜੇ ਦੇਖ ਚੁੱਕਾ ਸੀ । ਅੱਜ ਵੀ ਮੈਂ ਮਾਣਕ ਨੂੰ ਉੱਨੇ ਚਾਅ ਨਾਲ ਦੇਖਦਾ ਹਾਂ।
ਜਦੋਂ ਮਾਣਕ ਪਿੰਡਾਂ ਵਿਚ ਅਖਾੜਾ ਲਾਉਣ ਆਉਂਦਾ ਹੈ ਉਹ ਅੱਜ ਕੱਲ੍ਹ ਦੇ ਗਾਇਕਾਂ ਵਾਂਗੂੰ ਨੀ ਦਿਖਾਉਂਦਾ । ਬਈ ਤਿਆਰ ਹੋ ਕੇ ਲੁੱਕ ਕੇ ਗੱਡੀ ਸਟੇਜ ਨਾਲ ਲਾ ਕੇ ਬੈਠਾ ਰਹੂ ਤੇ ਨਾਂ ਅਨਾਊਂਸ ਕਰਨ ‘ਤੇ ਇਕ ਦਮ ਛੜੱਪਾ ਜਾ ਮਾਰ ਕੇ ਸਟੇਜ ‘ਤੇ ਚੜ੍ਹ ਜਾਊ। ਇਸ ਦੇ ਉਲਟ ਮਾਣਕ ਕਈ ਵਾਰ ਪਿੰਡਾਂ ਵਿਚ ਸਟੇਜ ਤੱਕ ਤੁਰਕੇ ਹੀ ਚਲਾ ਜਾਂਦਾ ਹੈ ਤੇ ਰਸਤੇ ਵਿਚ ਕਈ ਬਿਰਧ ਔਰਤਾਂ ਅਤੇ ਬਜ਼ੁਰਗਾਂ ਨੂੰ ਹੱਥ ਜੋੜ ਕੇ ਫਤਿਹ ਬਲਾਉਂਦਾ ਜਾਊ। ਇਸ ਤਰ੍ਹਾਂ ਤੁਰੇ ਜਾਂਦੇ ਮਾਣਕ ਦਾ ਕਈ ਬਿਰਧ ਬੁੜੀਆਂ ਸਿਰ ਪਲੋਸਣ ‘ਚ ਮਾਣ ਸਮਝਦੀਆਂ ਹਨ । ਉਥੇ ਮਾਣਕ ਵੀ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਸਤਿਕਾਰ ਦਿੰਦਾ ਹੈ। ‘ਮਾਂ ਹੁੰਦੀ ਏ ਮਾਂ’ ਵਾਲਾ ਗੀਤ ਗਾਉਣ ਕਰਕੇ ਬਿਰਧ ਮਾਵਾਂ ਉਸ ਨੂੰ ਅਸੀਸਾਂ ਦਿੰਦੀਆਂ ਨ੍ਹੀ ਥੱਕਦੀਆਂ!
ਕੁਦਰਤ ਨੇ ਮਾਣਕ ਨੂੰ ਕੱਦ ਪੱਖੋਂ ਭਾਵੇਂ ਛੋਟਾ ਰੱਖਿਆ ਹੈ ਪਰ ਉਸ ਨੂੰ ਮਾਣ ਸਤਿਕਾਰ ਵੱਜੋਂ ਵਹਿਗੁਰੂ ਨੇ ਸਭ ਤੋਂ ਉਚਾ ਰੱਖਿਆ ਹੈ। ਸਟੇਜ ਤੇ ਚੜ੍ਹਨ ਸਾਰ ਮਾਣਕ ਹੱਥ ਜੋੜ ਕੇ ਸਭ ਸਰੋਤਿਆਂ ਨੂੰ, “ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ” ਬੁਲਾ ਕੇ ਸਰੋਤਿਆਂ ਦਾ ਸੁਆਗਤ ਕਰਦਾ ਹੈ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਹੇਗਾ, “ਮੈਂ ਫਲਾਨੇ ਜੈਲਦਾਰ ਸਾਹਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਵਿਆਹ ‘ਚ ਬੁਲਾ ਕੇ ਗੌਣ ਪਾਣੀ ਦਾ ਸੱਦਾ ਦਿੱਤਾ ਹੈ। ਹੋਰ ਆਪਾਂ ਕਿਹੜਾ ਇਨ੍ਹਾਂ ਦੀਆਂ ਲੱਤਾਂ ਨੱਪਣ ਆਏ ਆਂ।” ਆਖ ਕੇ ਥੋੜ੍ਹਾ ਜਿਹਾ ਖਚਰਾ ਜਿਹਾ ਹਾਸਾ ਹੱਸ ਪੈਂਦਾ। “ਫੇਰ ਜਿਹੜੇ ਛਿਟੀਆਂ ਦੇ ਕਿਨੂੰਆਂ ਤੇ ਕੋਠਿਆਂ, ਬਨੇਰਿਆਂ, ਟਰੈਕਟਰਾਂ, ਟਰਾਲੀਆਂ ‘ਤੇ ਬੈਠੇ ਸਰੋਤਿਆਂ ਦਾ ਧੰਨਵਾਦ।” ਜਦੋਂ ਟਾਹਲੀ ਜਾਂ ਪਿੱਪਲ, ਬੋਹੜ ਦੀ ਟੀਸੀ ‘ਤੇ ਅਖਾੜਾ ਵੇਖਣ ਵਾਲੇ ਪ੍ਰੇਮੀ ‘ਤੇ ਮਾਣਕ ਦੀ ਨਿਗ੍ਹਾ ਪੈਂਦੀ ਹੈ ਤਾਂ ਮਾਣਕ ਮਜ਼ਾਕ ਵਿਚ ਆਖੇਗਾ, “ਮੈਂ ਬੁੜੀਆਂ ਨੂੰ ਤਾਂ ਪੁੱਤ ਜੰਮਦੇ ਦੇਖੇ ਨੇ-ਪਰ ਟਾਹਲੀਆਂ ਪਿੱਪਲਾਂ ‘ਤੇ ਅੱਜ ਦੇਖ ਰਿਹਾਂ,” ਮਾਣਕ ਦੇ ਐਨੀ ਗੱਲ ਕਹਿਣ ਦੀ ਦੇਰ ਹੁੰਦੀ ਐ ਕੱਚੇ ਜੇ ਹੁੰਦੇ ਕਈ ਮਿੰਟਾਂ ਸਕਿੰਟਾਂ ਵਿਚ ਥੱਲੇ ਉਤਰ ਜਾਂਦੇ ਹਨ। ਜੇ ਕੋਈ ਸਟੇਜ ਮੋਹਰੇ ਅੜ ਕੇ ਖੜ੍ਹਾ ਰਹੇ ਬੈਠਣ ‘ਚ ਨਾ ਆਵੇ ਤਾਂ ਫੇਰ ਮਾਣਕ ਆਖ ਦਿੰਦਾ, “ਉਹ ਤਾਂ ਬਹਿ ਜਾਵੇ ਜਿਹੜਾ ਆਪਣੇ ਅਸਲੀ ਮਾਂ ਪਿਉ ਦਾ ਹੈ ਉਹ ਨਾ ਬੈਠੇ ਜਿਹੜਾ ਨਹੀਂ ।” ਮਾਣਕ ਦੇ ਐਨਾ ਕੁ ਕਹਿਣ ‘ਤੇ ਧੜਾ-ਧੜ ਸਮਝਦਾਰ ਸਰੋਤੇ ਥੱਲੇ ਡਿੱਗ ਪੈਂਦੇ ਹਨ।
ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਆਦਤ ਮੁਤਾਬਕ ਮਾਣਕ ਕਹੇਗਾ, “ਮੈਨੂੰ ਕੋਈ ਸਰੋਤਾ ਸੱਜਣ ਬਾਈ ਕਿਸੇ ਹੋਰ ਕਲਾਕਾਰ ਦੇ ਗਾਏ ਹੋਏ ਗੀਤ ਦੀ ਸਿਫਾਰਸ਼ ਨਾ ਕਰੇ, ਮੈਨੂੰ ਨਾ ਕਿਸੇ ਹੋਰ ਕਲਾਕਾਰ ਦਾ ਗਾਉਣਾ ਆਉਂਦਾ ਨਾ ਮੈਂ ਗਾਵਾਂਗਾ।” ਮਾਣਕ ਵਾਰ ਬੰਦਾ ਬਹਾਦਰ ਜੋਸ਼ ਨਾਲ ਗਾਉਂਦਾ ਹੋਇਆ ਮਾਇਕ ਤੋਂ ਦੋ-ਚਾਰ ਫੁੱਟ ਪਿੱਛੇ ਹੋ ਕੇ ਜੋਸ਼ ‘ਚ ਐਕਟਿੰਗ ਕਰਦਾ ਹੈ ਕਿ ਸਰੋਤਿਆਂ ਵਿਚ ਵੀ ਜੋਸ਼ ਭਰ ਦਿੰਦਾ ਹੈ। ਮਾਣਕ ਦਾ ਦੂਜਾ ਗੀਤ ਸ਼ਹੀਦ ਭਗਤ ਸਿੰਘ ਹੁੰਦਾ
“ਜੁਆਨੀ ਜੜ੍ਹਾਂ ਪੱਟਣ ਨੂੰ ਕਾਹਲੀ ਉਹ ਜਾਲਮ ਸਰਕਾਰ ਦੀਆਂ।”
ਇਹ ਗੀਤ ਪੂਰਾ ਹੋਣ ‘ਤੇ ਕੋਈ ਬਰਾਤੀ ਸੱਜਣ ਦਾਰੂ ਨਾਲ ਡੱਕਿਆ ਸਰੂਰ ਵਿਚ ਮਾਣਕ ਨੂੰ ਉੱਚੀ ਦੇਣੀ ਕਹਿ ਦਿੰਦਾ। ਲਾ ਦੇ ਹੁਣ ਮਾਣਕਾ, “ਘਰੇ ਚੱਲ ਕੱਢੂੰ ਰੜਕਾਂ- ਮੇਰੇ ਵੀਰ ਨਾਲ ਕਿਓਂ ਨਾ ਦੱਸ ਆਈ”, ਅੱਗੋਂ ਮਾਣਕ ਵੀ ਉਤਲਾ ਟੱਪਾ ਸੁਣਾ ਦਿੰਦਾ, “ਬਾਈ ਜੀ, ਮੈਨੂੰ ਚਾਰ ਕੁ ਗੀਤ ਹੋਰ ਚੱਜ ਦੇ ਲਾ ਲੈਣ ਦਿਓ, ਦਿਉਰ ਭਾਬੀ ਦੇ ਗੀਤ ਤਾਂ ਤੁਸੀਂ ਜਿਹੜੇ ਮਰਜ਼ੀ ਗਾਇਕ ਤੋਂ ਸੁਣ ਲਿਓ। ਘੰਟੇ ਕੁ ਨੂੰ ਤਾਂ ਮੈਨੂੰ ਪਤਾ ਨਹੀਂ ਸਾਰਿਆਂ ਨੇ ਭੂਸਰੀ ਟਿੱਡੀ ਵਰਗੇ ਬਣ ਜਾਣਾ । ਇਕ ਦੂਜੇ ਨੂੰ ਅੱਖਾਂ ਪਾੜ-ਪਾੜ ਝਾਕੋਂਗੇ ।” ਆਖ ਕੇ ਮਾਣਕ ਲੋਕ ਤੱਥ ਗਾਉਣਾ ਸ਼ੁਰੂ ਕਰ ਦਿੰਦਾ, “ਬਿਨਾ ਨਿਆਣਾ ਪਾਉਣ ਤੋਂ ਨਾ ਗਊ ਨੂੰ ਚੋਈਦੇ, ਘਰ ਵਿਚ ਹੁੰਦੇ ਸੁੰਦਿਆਂ ਨਾ ਚੀਜ਼ ਲਕੋਈਏ।”
ਇਸ ਗੀਤ ਨੂੰ ਗਾਉਂਦਾ ਹੋਇਆ ਮਾਣਕ ਵਿਆਖਿਆ ਇਸ ਤਰ੍ਹਾਂ ਕਰਦਾ, “ਮਿੱਤਰੋ ਜੇ ਕਿਸੇ ਜੱਟ ਜਿਮੀਂਦਾਰ ਦੇ ਘਰ ਗਰੀਬ ਗੁਰਬਾ ਮਾਹਤੜ-ਧਮਾਤੜ ਕੋਈ ਸੰਗਲ, ਤੰਗਲੀ ਮੰਗਣ ਚਲਾ ਜਾਵੇ, ਜੱਟ ਤਾਂ ਅਜੇ ਜਵਾਬ ਦੇਣ ਬਾਰੇ ਸੋਚਦਾ ਈ ਰਹੂ ਬਈ ਕੀ ਆਖੀਏ,ਪਰ ਉਸ ਦਾ ਸਾਂਝੀ ਸੀਰੀ ਪਹਿਲਾਂ ਈ ਟਕੇ ਵਰਗਾ ਠੋਕ ਕੇ ਜਵਾਬ ਦੇ ਦਿੰਦਾ। “ਬਾਈ ਜੀ, ਸਾਡਾ ਸੰਦ ਤਾਂ ਫਲਾਨਿਆਂ ਕੇ ਮੰਗ ਕੇ ਲੈ ਕੇ ਗਏ ਨੇ। ਕੰਜਰ ਦੇ ਅਜੇ ਤੱਕ ਮੋੜਕੇ ਨਹੀਂ ਗਏ ।”
“ਇਕ ਵੀਰ ਦੇਈਂ ਵੇ ਰੱਬਾ ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।”
ਇਸ ਗੀਤ ਤੇ ਜਦੋਂ ਕੋਈ ਬਰਾਤੀ ਸੱਜਣ ਉਠਕੇ ਨੱਚਣ ਲੱਗ ਪੈਂਦਾ ਤਾਂ ਮਾਣਕ ਨੂੰ ਬੜਾ ਗੁੱਸਾ ਚੜ੍ਹਦਾ ਤੇ ਨੱਚਣ ਵਾਲੇ ਨੂੰ ਕਹਿ ਦਿੰਦਾ, “ਬਹਿਜਾ ਬਾਈ ਜੀ ਬਹਿਜਾ ਲੱਗ ਗਿਆ ਤੇਰੀ ਪੜ੍ਹਾਈ ਲਿਖਾਈ ਦਾ ਪਤਾ । ਏਹ ਗੀਤ ਨੱਚਣ ਵਾਲਾ ਨੀ। ਤੇਰੇ ਫੁੱਫੜ ਦੀ ਫਰਮਾਇਸ਼ ‘ਤੇ ਗਾਉਣ ਲੱਗਾਂ ਜੀਹਦੇ ਘਰ ਛੇ ਕੁੜੀਆਂ ਜੰਮੀਆਂ ਨੇ। ਜੇ ਤੈਨੂੰ ਫੇਰ ਵੀ ਨੱਚਣਾ ਚੰਗਾ ਲੱਗਦਾ ਤਾਂ ਔਹ ਚੁਰਸਤੇ ਵਿਚ ਚਲਾ ਜਾ, ਉਥੇ ਪਾ ਲੈ ਜਿਹੜਾ ਖੌਰੂ ਪਾਉਣੈ ।”
“ਕੱਲੀ ਨਾ ਹੋਵੇ ਵਣਾਂ ਦੇ ਵਿਚ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ।”
ਇਹ ਗੀਤ ਮਾਣਕ ਦਾ ਫਿਲਮ ਜੱਗਾ ਡਾਕੂ ਵਿਚ ਗਾਇਆ ਗਿਆ ਹੈ। ਇਸ ਗੀਤ ਨੂੰ ਗਾਉਣ ਲੱਗਾ ਮਾਣਕ ਕਹੇਗਾ, “ਜਦੋਂ ਕਿਸੇ ਗਰੀਬ ਗੁਰਬੇ ਤੇ ਬਹੁਤਾ ਜੁਰਮ ਹੋਣ ਲੱਗ ਪਏ ਓਦੋਂ ਉਸ ਨੂੰ ਹਥਿਆਰ ਚੁੱਕ ਲੈਣਾ ਚਾਹੀਦਾ ਹੈ। ਉਦੋਂ ਓਸ ਦੇ ਮਗਰ ਪ੍ਰਮਾਤਮਾ ਦਾ ਹੱਥ ਹੁੰਦਾ। ਇਹ ਗੱਲ ਮੈਂ ਨੀ ਕਹਿੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਕੇ ਗਏ ਨੇ।”
“ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ। ਮਾਂ ਏ ਠੰਡੜੀ ਛਾਂ ਓਏ ਦੁਨੀਆ ਵਾਲਿਓ ।”
ਇਸ ਗੀਤ ਨੂੰ ਗਾਉਣ ਲੱਗਾ ਮਾਣਕ ਕਹੇਗਾ, “ਜਿਹੜੇ ਲੋਕ ਜਿਉਂਦੇ ਮਾਂ ਪਿਉ ਦੀ ਸੇਵਾ ਨੀ ਕਰਦੇ, ਮੰਗੇ ਤੋਂ ਪਾਣੀ ਦੀ ਘੁੱਟ ਨਹੀਂ ਦਿੰਦੇ। ਮਾਂ ਪਿਉ ਦਾ ਮੰਜਾ ਚੱਕ ਕੇ ਪਸ਼ੂਆਂ ਵਾਲੇ ਵਾੜੇ ਵਿਚ ਡਾਹ ਆਉਂਦੇ ਨੇ, ਜਿੱਥੇ ਉਨ੍ਹਾਂ ਵਿਚਾਰਿਆਂ ਨੂੰ ਰਾਤ ਨੂੰ ਮੱਛਰ ਵੱਢ-ਵੱਢ ਖਾਂਦਾ ਰਹਿੰਦਾ। ਜਦੋਂ ਉਹ ਮਾਂ ਪਿਉ ਮਰ ਜਾਂਦੇ ਹਨ। ਫੇਰ ਉਹਨਾਂ ਦੇ ਮਰੇ ਤੇ ਲੱਡੂ ਜਲੇਬੀਆਂ ਪਕਾਉਣਗੇ, ਅਖੰਡ ਪਾਠ ਖੁਲ੍ਹਵਾਉਣਗੇ। ਮਾਂ ਪਿਉ ਨੂੰ ਵੱਡਾ ਕਰਨ ਦਾ ਢਕਵੰਜ ਰਚਾਉਣਗੇ । ਸਮਾਜ ਵਿਚ ਆਪਣਾ ਨੱਕ ਰੱਖਣ ਲਈ। ਪਰ ਇਹ ਡਰਾਮਾ ਕਰਨ ਵਾਲਿਆਂ ਨੂੰ ਏਹ ਨੀ ਪਤਾ ਹੁੰਦਾ ਕਿ ਥੋਡੇ ਬੁੜਾ ਬੁੜੀ ਤਾਂ ਤੋਥੋਂ ਦੁਖੀ ਹੋ ਕੇ ਮਰੇ ਨੇ । ਜਿਉਂਦਿਆਂ ਦੀ ਤੁਸੀਂ ਚੱਜ ਨਾਲ ਸਾਂਭ ਸੰਭਾਲ ਨੀ ਕੀਤੀ ਹੁਣ ਥੋਡੇ ਏਹ ਪੁੰਨ ਦਾਨ ਦਾ ਕੀ ਫਾਇਦਾ। ਫੇਰ ਮਾਣਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁੱਕ ਦੀ ਵਿਆਖਿਆ ਕਰਦਾ ਹੋਇਆ ਮਾਤਾ ਪਿਤਾ ਨੂੰ ਸਭ ਤੋਂ ਉੱਚਾ ਦਰਜਾ ਮੰਨਦਾ ਹੈ।”
ਮਿਰਜ਼ਾ ਗਾਉਣ ਲੱਗਾ ਮਾਣਕ ਕਹੂਗਾ, “ਕੰਜਰ ਦਾ ਆਪ ਤਾਂ ਮਰ ਗਿਆ । ਸਾਨੂੰ ਗਾਉਣ ਵਾਲਿਆਂ ਨੂੰ ਵੀ ਦੁਖੀ ਕਰ ਗਿਆ।” ਕਿਉਂਕਿ ਮਿਰਜ਼ਾ ਗਾਉਣ ਤੇ ਜ਼ੋਰ ਬਹੁਤ ਲੱਗਦਾ। ਫੇਰ ਕਹੇਗਾ, “ਸਾਰਾ ਮੁਲਕ ਮਿਰਜ਼ੇ ਨੂੰ ਬੜਾ ਦਲੇਰ ਸੂਰਮਾ ਮੰਨਦਾ । ਪਰ ਮੈਂ ਨੀ ਮੰਨਦਾ। ਕੀ ਉਹ ਘੱਟ ਦਲੇਰ ਸਨ ਜਿਨ੍ਹਾਂ ਦੀ ਧੀ ਭੈਣ ਕੱਢ ਕੇ ਲੈ ਗਿਆ ਸੀ । ਉਹਨਾਂ ਨੇ ਫੜ ਲਿਆ ਤੇ ਫੜਕੇ ਰਗੜਤਾ। ਅਸਲੀ ਸੂਰਮੇ ਤਾਂ ਉਹ ਸੀ।”
“ਬੰਦਾ ਜਦ ਪੁੱਠੇ ਕੰਮਾਂ ਵਿਚ ਪੈਰ ਫਸਾਉਂਦਾ ਏ। ਘਰ ਦੀ ਔਰਤ ਛੱਡ ਬਗਾਨੀ ਨਾਰ ਤਕਾਉਂਦਾ ਏ । ਇਸ਼ਕ ਪੇਚੇ ਵਿਚ ਪੈ ਕੇ ਆਪਣਾ ਸਤਿਆ ਨਾਸ ਕਰੇ । ਔਰਤ ਆਪਣੇ ਧਰਮ ਪਤੀ ਤੇ ਕੀ ਵਿਸ਼ਵਾਸ ਕਰੇ।”
ਅੱਜ ਤੱਕ ਬਹੁਤ ਸਾਰੇ ਕਵੀਸ਼ਰਾਂ, ਢਾਡੀਆਂ, ਗੀਤਕਾਰਾਂ ‘ਤੇ ਜਿੰਨਾ ਕੁ ਲਿਖਿਆ ਗਿਆ ਹੈ ਉਹ ਔਰਤ ਜਾਤੀ ਨੂੰ ਨੀਵਾਂ ਸਮਝਕੇ ਹੀ ਲਿਖਿਆ। ਮਾਣਕ ਉਪਰੋਕਤ ਗੀਤ ਗਾਉਣ ਲੱਗਾ ਕਹੇਗਾ। ਵਿਆਹ ਤੋਂ ਪਹਿਲਾਂ ਜਿੰਨੀਆਂ ਮਰਜ਼ੀ ਗਲਤੀਆਂ ਕਰਲੋ ਸਭ ਮੁਆਫ ਹੋ ਜਾਂਦੀਆਂ ਵਿਆਹ ਤੋਂ ਬਾਅਦ ਨ੍ਹੀ ਗਲਤੀ ਮੁਆਫ ਹੁੰਦੀ ਮਿੱਤਰੋ।
ਮੁੰਡੇ ਕੁੜੀ ਦੇ ਵਿਆਹ ਦੀ ਵੇਖਾ ਵਿਖਾਈ ‘ਤੇ ਵੀ ਮਾਣਕ ਨੋਕ ਝੋਕ ਕਰਦਾ ਹੋਇਆ, ਵਿਅੰਗ ਕੱਸਦਾ ਹੋਇਆ ਆਖੇਗਾ, “ਪਹਿਲੇ ਸਮਿਆਂ ‘ਚ ਵਿਆਹ ਹੁੰਦੇ ਸੀ। ਹੁਣ ਤਾਂ ਸੌਦੇ ਹੁੰਦੇ ਨੇ ਸੌਦੇ। ਪਹਿਲਾਂ ਮੁੰਡੇ ਨੂੰ ਕੁੜੀ ਦੇ ਮੂੰਹ ਨੀ ਪਤਾ ਹੁੰਦਾ ਨਾ ਪੈਰ ਦੇ ਮੇਚ ਦਾ ਨੀ ਪਤਾ ਹੁੰਦਾ ਸੀ । ਸਭ ਕੁਝ ਵਿਚੋਲਾ ਈ ਨਾਪ ਕੇ ਲੈ ਜਾਂਦਾ ਸੀ ਤੇ ਅੱਗੇ ਜਾ ਕੇ ਦੱਸਦਾ ਸੀ । ਹੁਣ ਤਾਂ ਕੁੜੀ ਨੂੰ ਵੇਖਣ ਗਏ ਪੈਂਤੀ ਸੈਂਤੀ ਬੁੜੀਆਂ ਦਾ ਟਰੱਕ ਭਰਕੇ ਲੈ ਜਾਂਦੇ ਨੇ। ਇਕ ਆਪਣੇ ਪੰਜਾਬ ਦੇ ਹਰ ਪਿੰਡ ਵਿਚ ਇਕ ਭਾਨੀ ਮਾਰ ਜੀ ਬੁੜੀ ਜ਼ਰੂਰ ਹੁੰਦੀ ਐ। ਉਹਨੂੰ ਨਾਨਕੀ ਛੱਕ ਲੈ ਜਾਉ ਤਿਆਰ, ਮਰਨਿਆਂ ਪਰਨਿਆਂ ‘ਤੇ ਲੈ ਜਾਉ ਝੱਟ ਤਿਆਰ, ਅਖੰਡ ਪਾਠ ‘ਤੇ ਸੱਦ ਲਵੋ ਤਿਆਰ। ਮੈਂ ਕਹਿਣਾ ਜਿੱਥੇ ਮਰਜ਼ੀ ਲੈ ਜਾਵੋ ਉਹ ਕੁੱੜਤੀ ਸਲਵਾਰ ਧੋ ਕੇ ਹੀ ਰੱਖਦੀ ਐ।”
ਜਦੋਂ ਕੋਈ ਕੁੜੀ ਵੇਖਣ ਗਿਆ ਏਹੋ ਜਿਹੀ ਬੁੜੀ ਨਾਲ ਲੈ ਜਾਂਦਾ। ਵੇਖ ਵਿਖਾਈ ਤੋਂ ਬਾਅਦ ਏਹੋ ਜਿਹੀ ਬੇਬੇ ਨੂੰ ਜਦੋਂ ਪੁੱਛੀਦਾ, “ਕਿਵੇਂ ਕਰੀਏ ਤਾਂ ਬੇਬੇ ?” ਮੰਜੇ ਦੀਆਂ ਪੈਂਦਾਂ ‘ਤੇ ਬੈਠੀ ਸਾਕ ਸਿਰੇ ਨਾ ਚੜ੍ਹਨ ਵਾਲਾ ਢਿੱਲਾ ਜਿਹਾ ਜਵਾਬ ਦੇਵੇਗੀ, “ਦੇਖ ਲੋ ਪੁੱਤ, ਥੋਡੀ ਮਰਜੀ ਐ, ਕੁੜੀ ਦਾ ਕੱਦ ਤਾਂ ਥੋੜ੍ਹਾ ਜਿਹਾ ਮੱਧਰਾ । ” ਰਿਸ਼ਤਾ ਸਿਰੇ ਚੜ੍ਹਦੇ ਵਿਚ ਫਾਨਾ ਠੋਕ ਦੇਵੇਗੀ। ਜੇ ਰੱਬ ਸਬੱਬੀ ਰਿਸ਼ਤਾ ਸਿਰੇ ਚੜ੍ਹ ਜਾਵੇ ਤਾਂ ਫੇਰ ਮੁੰਡੇ ਦੀ ਦਾਦੀ ਨੂੰ ਪੜਤੀ ਪੜ੍ਹਾਉਣੀ ਸ਼ੁਰੂ ਕਰ ਦੇਵੇਗੀ, “ਭਲਾ ਹਰਨਾਮ ਕੁਰੇ, ਤੂੰ ਰੋਜ਼ ਰੋਜ਼ ਪੋਤੇ ਦਾ ਵਿਆਹ ਕਰਨਾ। ਅਕਸਰ ਤੈਨੂੰ ਵੀ ਕੋਈ ਨੱਕ ਕੰਨ ਨੂੰ ਵਾਲੀਆਂ ਵੂਲੀਆਂ ਚਾਹੀਦੀਆਂ।” ਮੁੰਡੇ ਦੀ ਦਾਦੀ ਨੂੰ ਚੱਕਣਾ ਦੇਈ ਜਾਊ ਤੇ ਦਾਦੀ ਦੀਆਂ ਭਾਵੇਂ ਸਿਵਿਆਂ ਵਿਚ ਲੱਤਾਂ ਹੋਣ।
“ਅਣਖ ਪੈਰਾਂ ਵਿਚ ਰੋਲਦੀ-ਬਦਚਲਣ ਤੀਵੀਂ ਵਿਚ ਸ਼ਰੀਕਾਂ ਪਾ ਦਿੰਦੀ ਬੰਦੇ ਦੀ ਨੀਵੀਂ”
ਇਹ ਗੀਤ ਗਾਉਣ ਸਮੇਂ ਮਾਣਕ ਕਹੇਗਾ, “ਜੇ ਔਰਤ ਮਾੜੀ ਹੋਵੇ ਤਾਂ ਸੱਥ ਵਿਚ ਵੀ ਘੁੰਡ ਕੱਢਕੇ ਘੁੰਮੀ ਜਾਵੇਗੀ ਤੇ ਬੰਦਾ ਮਾੜਾ ਹੋਵੇ ਤਾਂ ਉਹਨੂੰ ਸੱਥ ਵਿਚ ਵੀ ਸੂਰ ਵਾਂਗੂੰ ਨੀਵੀਂ ਪਾ ਕੇ ਲੰਘਣਾ ਪਉ ਵਿਚਾਰੇ ਨੂੰ ।”
“ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ ਧੀ ਵੀ ਤਾਂ ਦਾਤ ਰੱਬ ਦੀ ਭੈੜੀ ਦੁਨੀਆ ਜਾਂਦੀ ਏ ਐਵੇਂ ਰੋਈ।”
ਇਸ ਗੀਤ ਨੂੰ ਗਾਉਣ ਤੋਂ ਪਹਿਲਾਂ ਮਾਣਕ ਕਹੇਗਾ, “ਜਦੋਂ ਕਿਸੇ ਨੂੰਹ ਦੇ ਦੋ ਤਿੰਨ ਸਾਲ ਬੱਚਾ ਨਾ ਹੋਵੇ ਤਾਂ ਸੱਸ ਐਵੇਂ ਆਨੇ ਬਹਾਨੇ ਨਾਲ ਲੜਦੀ ਰਹਿੰਦੀ ਐ ਤੇ ਆਖੂਗੀ, “ਏਹ ਦੇ ਨੀ ਕੁਸ਼ ਹੁੰਦਾ ਲੱਗਦਾ, ਏਹ ਤਾਂ ਸਾਡੇ ਘਰ ਨਿਪੁੱਤਿਆਂ ਦੀ ਆ ਗਈ।” ਜੇ ਨੂੰਹ ਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਔਲਾਦ ਹੁੰਦੀ ਐ ਤਾਂ ਉਹ ਕੁੜੀ ਨੂੰ ਜਨਮ ਦੇ ਦਿੰਦੀ ਐ। ਸੱਸ ਫੇਰ ਦੁੱਖੀ ਤੇ ਨੂੰਹ ਨੂੰ ਮਣ-ਮਣ ਗਾਲਾਂ ਕੱਢਦੀ ਐ। ਮੈਂ ਕਹਿਨੈਂ ਏਹੋ ਜਿਹੀਆਂ ਵੱਢ ਖਾਣੀਆਂ ਸੱਸਾਂ ਨੂੰ ਕੋਈ ਹਰਦੁਆਰ ਤੋਂ ਖੂੰਡੀ ਨੀ ਲਿਆਕੇ ਦਿੰਦਾ । ਪਹਾੜੀ ਅੱਕ ਦਾ ਖੂੰਡਾਂ ਵੱਢ ਕੇ ਫੜਾ ਦਿੰਦੇ ਆ । ਲੈ, ਤੁਰੀ ਫਿਰ ਗਲੀਆਂ ਵਿਚ ਗਾਲ੍ਹਾਂ ਕੱਢਦੀ। ਲੋਕੋ ਜੇ ਮੇਰੇ ਏਹੇ ਜੇ ਗੀਤ ਸੁਣਕੇ ਤੁਸੀਂ ਰਾਜੀ ਓਂ ਤਾਂ ਤਾੜੀ ਮਾਰ ਦੇਓ ਜੋ ਨ੍ਹੀਂ ਤਾਂ ਰਹਿਣ ਦਿਓ। ਆਹ ਮੇਰੇ ਖੱਬੇ ਹੱਥ ਲੱਗਦਾ ਬੀਬੀਆਂ ਭੈਣਾਂ ਨੇ ਤਾੜੀ ਨੀ ਮਾਰੀ । ਮੈਨੂੰ ਲੱਗਦਾ ਏਹ ਵੀ ਏਸੇ ਬੁੜੀ ਵਾਂਗ ਵੱਢ ਖਾਣੀਆਂ ਸੱਸਾਂ ਹੀ ਬਣਨਗੀਆਂ। ਜੇ ਕਿਸੇ ਹੋਰ ਨਚਾਰ ਡਾਂਸਰ ਨੇ ਤਾੜੀ ਮਾਰਨ ਨੂੰ ਕਿਹਾ ਹੁੰਦਾ ਤਾਂ ਇਹਨਾਂ ਨੇ ਘਰਾਟ ਪਾ ਦੇਣੇ ਸੀ।”
ਮਾਣਕ ਨੇ ਕਈ ਦਾਜ ਦੇ ਵਿਰੁੱਧ ਵੀ ਗੀਤ ਰਿਕਾਰਡ ਕਰਵਾਏ ਹਨ। ਦਾਜ ਦੇ ਬਰਖਿਲਾਫ਼ ਮਾਣਕ ਏਹ ਰਾਇ ਮਸ਼ਵਰਾ ਦੇਣੋਂ ਨਹੀਂ ਰੁੱਕਦਾ। ਕਹੂਗਾ, “ਮੇਰੀ ਤਾਂ ਤੁਹਾਨੂੰ ਇਹ ਰਾਇ ਹੈ ਜੇ ਕੋਈ ਵਿਆਹ ਵਿਚ ਦਾਜ ਮੰਗਦਾ ਹੈ ਤਾਂ ਕਿਸੇ ਕਬਾੜੀਏ ਤੋਂ ਅੱਧੋਂ ਪੁਰਾਣਾ ਜਿਹਾ ਮੋਟਰ ਸਾਈਕਲ ਖਰੀਦਕੇ ਨਵਾਂ ਰੰਗ ਰੋਗਨ ਕਰਾ ਕੇ ਮੂਹਰੇ ਦੋ ਪ੍ਰਾਂਦੀਆਂ ਜੀਆਂ ਬੰਨ ਦਿਓ। ਦੋ ਸ਼ੀਸ਼ੇ ਲਵਾਕੇ ਮੰਗਣੇ ‘ਤੇ ਮੋਟਰ ਸਾਈਕਲ ਦੇ ਦਿਉ। ਜੇ ਮੋਟਰਸਾਈਕਲ ਛੇ ਮਹੀਨੇ ਬਚ ਗਿਆ ਤਾਂ ਰਿਸ਼ਤਾ ਪੱਕਾ ਕਰ ਦਿਓ। ਨਹੀਂ ਤਾਂ ਪੰਜ ਸੱਤ ਹਜ਼ਾਰ ਦਾ ਮੋਟਰ ਸਾਈਕਲ ਈ ਗਿਆ । ਥੋਡੀ ਕੁੜੀ ਤਾਂ ਬਚ ਗਈ।”
ਪਾਖੰਡੀ ਸਾਧੂ ਸੰਤਾਂ ‘ਤੇ ਵੀ ਮਾਣਕ ਤਵਾ ਲਾਉਣੋਂ ਨੀ ਹੱਟਦਾ। ਕਹੂਗਾ, “ਕਈ ਸਾਧੂ ਸੰਤ ਘਰ ਘਰ ਆਟਾ ਦਾਣਾ ਮੰਗਦੇ ਰਹਿੰਦੇ ਨੇ ਤੇ ਸ਼ਾਮ ਨੂੰ ਸਾਰਾ ਦਾਣਾ ਫੱਕਾ ਵੇਚ ਕੇ ਠੇਕੇ ਤੋਂ ਅਧੀਆ ਪੀ ਕੇ. ਟੀ. ਟੀ. ਬਣੇ ਹੁੰਦੇ ਆ। ਇਕ ਇਹਨਾਂ ਤੋਂ ਵੀ ਵੱਧ ਚੰਦ ਬਾਬੇ ਐ ਉਹ ਬੀਬੀਆਂ ਭੈਣਾਂ ਨੂੰ ਐਸੇ ਜਾਲ ਵਿਚ ਫਸਾ ਲੈਂਦੇ ਹਨ। ਕਿਤੇ ਘਰ ਬਾਰ ਲੁੱਟ ਲੈਂਦੇ ਹਨ। ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਜਿਹੜਾ ਆਪਣੇ ਸਿਰ ਵਿਚ ਸੁਆਹ ਪਾਈ ਬੈਠਾ ਕੋਈ ਨਹਾਉਣ ਧੌਣ ਦੀ ਸੁੱਧ ਬੁੱਧ ਨੀ ਥੋਨੂੰ ਕਿਧਰ ਦੀ ਮੁੰਡਾ ਦੇ ਦੇਦੂਗਾ। ਫੇਰ ਜਿਨ੍ਹਾਂ ਦੇ ਬਾਹਲੇ ਮੁੰਡੇ ਹੋਣ ਉਹ ਪੁੱਤ ਦੀ ਸਹੁੰ ਖਾਣੋਂ ਨੀ ਹੱਟਦੇ ਝੂਠੀਆਂ ਈ ਸਹੁੰ ਖਾਈ ਜਾਣਗੇ ।”
ਕਈ ਵਾਰ ਸਰੂਰਿਆ ਮਾਣਕ ਇਹ ਗੱਲ ਬੜੇ ਮਾਣ ਨਾਲ ਕਹਿੰ ਦਾ ਹੁੰਦਾ ਹੈ “ਇਕ ਗੱਲ ਕਹਿਨਾ ਮਿੱਤਰੋ, ਕਲੀ ਗਾਉਣੀ ਬੜੀ ਔਖੀ ਐ ਓਹੀ ਗਾ ਸਕਦਾ ਂ ਜੀਹਨੇ ਆਪਣੀ ਮਾਂ ਦਾ ਢੁੱਡਾਂ ਮਾਰ-ਮਾਰ ਕੇ ਦੁੱਧ ਚੁੰਘਿਆ ਹੋਊ। ਜਿਹੜਾ ਨਿੰਮ ਵ ਨੇ ਚੌਕ ਵਿਚ ਜੰਮ ਕੇ ਬੋਤਲ ‘ਤੇ ਪੋਪਲਾ (ਨਿੱਪਲ) ਜਾ ਚੜ੍ਹਾ ਕੇ ਹੋਟਲ ਤੋਂ ਪਾਉਡਰ ਵਾਲਾ ਦੁੱਧ ਪੀਂਦਾ ਉਹ ਕਲੀ ਨੀ ਗਾ ਸਕਦਾ।”
ਮਾਣਕ ਦਿਲ ਦਾ ਸਾਫ ਸੁਭਾਅ ਪੱਖੋਂ ਕੋਰਾ ਕਰਾਰਾ, ਗੱਲ ਕਰਨ ਲੱਗਾ ਕਿਸੇ ਦੀ ਝੇਪ ਨੀ ਮੰਨਦਾ। ਕਈ ਪਿੰਡਾਂ ਦੇ ਪੰਚ, ਸਰਪੰਚ, ਨੰਬਰਦਾਰ, ਜੈਲਦਾਰ ਉਸ ਦੇ ਮਿੱਤਰ ਹਨ। ਪਰ ਮਾਣਕ ਜਿੰਨੀ ਮੁਹੱਬਤ ਇਨ੍ਹਾਂ ਸਰਮਾਏਦਾਰਾਂ ਨਾਲ ਰੱਖਦਾ ਹੈ ਓਨੀ ਮੁਹੱਬਤ ਸੀਰੀ ਸਾਂਝੀ ਲੋਕਾਂ ਦੀ ਕਰਦਾ । ਮਾਣਕ ਨੇ ਕਈ ਗੀਤਾਂ ਵਿਚ ਗਰੀਬ ਲੋਕਾਂ ਦੀ ਅਣਖ ਦਾ ਪੱਖ ਪੂਰਿਆ ਹੈ। ਹਰਚਰਨ ਗਰੇਵਾਲ ਨਾਲ 15 ਰੁਪਏ ਮਹੀਨਾ ਢੋਲਕੀ ਵਜਾਉਣ ਵਾਲਾ ਚਾਂਦੀ ਰਾਮ ਚਾਂਦੀ ਨਾਲ ਪੇਟੀ ਵਜਾਉਣ ਵਾਲਾ, ਸਦੀਕ, ਨਰਿੰਦਰ ਬੀਬਾ ਤੇ ਹੋਰ ਕਈ ਕਲਾਕਾਰਾਂ ਨਾਲ ਸਾਈਡ ‘ਤੇ ਜਾਣ ਵਾਲਾ ਮਾਣਕ ਅੱਜ ਸਭ ਤੋਂ ਵੱਧ ਪਿਆਰਿਆ ਸਤਿਕਾਰਿਆ ਜਾ ਰਿਹਾ ਹੈ।
ਇਹ ਹੈ ਕੁਲਦੀਪ ਮਾਣਕ…
ਦੇਵ ਥਰੀਕਿਆਂ ਵਾਲਾ
ਜਦੋਂ ਚਾਦਰਾ ਬੰਨ ਕੇ ਤੁਰਦਾ-ਮੋਰ ਵਾਂਗੂ ਪੈਲਾਂ ਪਾਉਂਦਾ, ਮਾੜਕੂ ਜੇਹੇ ਸਰੀਰ ਵਿਚ ਬੁਲੰਦ ਅਵਾਜ਼, ਅਵਾਜ਼ ਵਿਚ ਥਰਿਲ, ਘੁਲਾੜੀ ਦੇ ਤੱਤੇ ਗੁੜ ਵਰਗੀ ਮਿਠਾਸ, ਸੋਜ਼ ਅਤੇ ਲਚਕ, ਅਜੀਬ ਜੇਹੀ ਖੁਣਕ, ਹਾੜ ਦੇ ਦੁਪਹਿਰੇ ਟਿੱਬੇ ਤੋਂ ਲੰਘਦੀ ਤੇਜ਼ ਹਵਾ ਨਾਲ ਪੈਦਾ ਹੋਈ ਸੁਰਸੁਰਾਹਟ ਵਰਗੇ ਜਦੋਂ ਸੱਜੀ ਬਾਂਹ ਉਪਰ ਚੁੱਕ-ਦੂਹਰਾ ਤੀਹਰਾ ਹੋ ਕੇ ਹੀਰ ਦੀ ਕਲੀ ਲਾਉਂਦਾ, ਤਾਂ ਲੋਕਾਂ ਨੂੰ ਤੁਰੀ ਜਾਂਦੀ ਹੀਰ ਦਿਖਾ ਦਿੰਦਾ ਤੇ ਪਿੰਡ ਦਿਆਂ ਰਾਹਾਂ ਵਿਚ ਤੇ ਖੇਤਾਂ ਦੇ ਬੰਨਿਆਂ-ਵੱਟਾਂ ਉਤੇ। ਇਹ ਹੈ ਪੰਜਾਬ ਦਾ ਸਿਰਮੌਰ ਗਾਇਕ ਕੁਲਦੀਪ ਮਾਣਕ।
ਮਾਣਕ ਇਸ ਸਦੀ ਦੀ ਅਜ਼ੀਮ ਸ਼ਖ਼ਸੀਅਤ ਹੈ, ਸਾਡੀ ਗਾਇਕੀ ਦੇ ਖੇਤਰ ਅੰਦਰ। ਇਸ ਨੇ ਆਪਣੀ ਗਾਇਕੀ ਦਾ ਸਿੱਕਾ ਮਨਵਾਇਆ ਹੈ-ਜੱਗ ਜਹਾਨ ਕੋਲੋਂ। ਦੁਨੀਆ ਦੇ ਕਿਸੇ ਕੋਨੇ ਵਿਚ ਵੀ ਚਲੇ ਜਾਈਏ-ਉਥੇ ਹੀ ਮਾਣਕ ਦਾ ਨਾਉਂ ਸੁਣਨ ਨੂੰ ਮਿਲਦਾ ਹੈ। ਪੰਜਾਬ ਦੀ ਲੋਕ-ਮਾਨਸਿਕਤਾ ਉਤੇ ਆਪਣਾ ਨਾਉਂ ਲਿਖ ਦਿੱਤਾ ਹੈ ਜੋ ਸਦੀਆਂ ਤੀਕ ਨਹੀਂ ਮਿਟਣਾ । ਪੰਜਾਬ ਦੇ ਬਾਰਾਂ ਹਜ਼ਾਰ ਅੱਠ ਸੌ ਤੋਂ ਉਪਰ ਪਿੰਡਾਂ ਵਿਚ ਕੁਲਦੀਪ ਮਾਣਕ ਦੀ ਘਰ ਘਰ ਗੱਲ ਹੁੰਦੀ ਹੈ। ਪੰਜਾਬ ਦੇ ਬਾਰਾਂ ਹਜ਼ਾਰ ਅੱਠ ਸੌ ਰਾਹਾਂ ਅਤੇ ਗਲੀਆਂ ਵਿਚ ਮਾਣਕ ਦੀਆਂ ਪੈੜਾਂ ਦੇ ਨਿਸ਼ਾਨ ਆਮ ਹੀ ਲੱਭਦੇ ਹਨ। ਮਾਣਕ ਦੇ ਚੇਤੇ ਵਿਚ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ-ਕੰਢੇ ਰਾਹ ਉਕਰੇ ਪਏ ਹਨ। ਹਨੇਰੇ-ਸਵੇਰੇ ਰਾਤ ਵੇਲੇ ਜਦੋਂ ਸਫਰ ਕਰਨਾ ਤਾਂ ਡਰਾਇਵਰ ਨੂੰ ਆਪ ਦੱਸਦਾ ਰਹਿੰਦਾ-ਕਾਰ ਦੀ ਅਗਲੀ ਸੀਟ ਉਤੇ ਬੈਠਕੇ- ਕਿਹੜੇ ਪਿੰਡ ਨੂੰ ਕਿੱਧਰ ਦੀ ਜਾਣਾ । ਸਾਰਾ ਪੰਜਾਬ ਮਾਣਕ ਦਾ ਹੈ ਤੇ ਮਾਣਕ ਸਾਰੇ ਪੰਜਾਬ ਦਾ।
ਕੁਲਦੀਪ ਮਾਣਕ ਵਰਗੇ ਗਾਇਕ ਸਦੀਆਂ ਬਾਅਦ ਹੀ ਧਰਤੀ ਉਤੇ ਜਨਮ ਲੈਂਦੇ ਹਨ। ਨਾ ਮਾਣਕ ਵਰਗਾ ਕੋਈ ਜੰਮਿਆ ਹੈ ਤੇ ਨਾ ਹੀ ਜੰਮਣਾ ਹੈ ਗਾਇਕੀ ਦੇ ਖੇਤਰ ਵਿਚ। ਉਂਜ ਬੇਸੁਰੇ ਬੇਤਾਲੇ-ਬੇਸ਼ੁਮਾਰ ਜੰਮਣਗੇ, ਪੰਜਾਬੀ ਗਾਇਕੀ ਨੂੰ ਗੰਧਲਾ ਕਰਨ ਲਈ। ਏਧਰਲੇ ਅਤੇ ਉਧਰਲੇ ਪੰਜਾਬ ਦੇ ਗਾਇਕੀ ਸ਼ਰੀਕੇ ਵਿਚ ਮਾਣਕ ਦੀ ਝੰਡੀ ਝੁਲਦੀ ਹੈ, ਮਾਣਕ ਨੇ ਪਹਿਲੀਆਂ ਵਿਚ ਤਾਂ ਕੁਝ ਕੁੜੀਆਂ ਨਾਲ ਗਾਇਆ ਸੀ-ਪਰ ਪਿੱਛੋਂ ਜਦੋਂ ‘ਜੈਮਲ ਫੱੜੇ ਵਾਲਾ’ ਲੋਕ ਗਾਥਾਵਾਂ ਦਾ ਤਵਾ ਚੱਲ ਗਿਆ ਫੇਰ ਇਕੱਲੇ ਨੇ ਹੀ ਸਟੇਜ ਉਤੇ ਗਾਉਣਾ ਸ਼ੁਰੂ ਕਰ ਦਿੱਤਾ। ਮਾਣਕ ਆਪ ਕਹਿੰਦਾ ਸੁਣਿਆ ਜਾ ਸਕਦੈ ਕਿ, “ਬੰਦੇ ਵਿਚ ਜਾਨ ਹੋਣੀ ਚਾਹੀਦੀ ਆ, ਗਾਉਣ ਵਾਲੀਆਂ ਕੁੜੀਆਂ ਦਾ ਸਹਾਰਾ ਨ੍ਹੀ ਲੱਭਣਾ ਚਾਹੀਦਾ । ਬੰਦਾ ਲੋਕਾਂ ਤੋਂ ਆਪ ਗਾ ਕੇ ਸਿੱਕਾ ਮੰਨਵਾਏ-ਤਾਂ ਗੱਲ ਬਣਦੀ ਆ। ਆਹ ਕੀ ਹੋਇਆ ਦੱਸ ਪੰਦਰਾਂ ਮੁੰਡੇ ਕੁੜੀਆਂ ਬੇ-ਮਤਲਬ ਹੀ ਸਟੇਜ ‘ਤੇ ਨਚਾਈ ਜਾਵੋ-ਤੇ ਗੌਣ ਵਾਲਾ ਆਪ ਨਚਾਰ ਬਣਕੇ ਲੋਕਾਂ ਸਾਹਮਣੇ ਨੱਚੇ ਇਹਨੂੰ ਮੈਂ ਗਾਇਕੀ ਨ੍ਹੀਂ ਮੰਨਦਾ। ਏਹੇ ਤੇ ਕੰਜਰਾਂ ਵਾਲਾ ਕੰਮ ਆ-ਗੌਣ ਵਾਲਾ ਆਪ ਨਾ ਨੱਚੇ-ਸਗੋਂ ਸਰੋਤਿਆਂ ਨੂੰ ਨਚਾਵੇ ਆਪਣੇ ਗੀਤ ਉਤੇ।”
ਕੁਲਦੀਪ ਮਾਣਕ ਨੇ ਅੱਜ ਤੱਕ ਸਟੇਜ ਉਤੇ ਆਪਣੇ ਨਾਲ ਕੁੜੀਆਂ ਮੁੰਡਿਆਂ ਨੂੰ ਕਦੇ ਨਹੀਂ ਨਚਾਇਆ, ਤੇ ਨਾ ਹੀ ਬਹੁਤ ਸਾਜ਼ਾਂ ਦਾ ਸਹਾਰਾ ਲਿਆ। ਮਾਣਕ ਕਹਿੰਦਾ ਹੁੰਦਾ, “ਬਹੁਤ ਸਾਜ਼ਾਂ ਦੀ ਲੋੜ ਉਨ੍ਹਾਂ ਨੂੰ ਪੈਂਦੀ ਆ-ਜਿਹੜੇ ਬੇਸੁਰੇ, ਬੇਤਾਲੇ ਨੇ । ਸੁਰਤਾਲ ਵਾਲੇ ਨੂੰ ਕੋਈ ਲੋੜ ਨ੍ਹੀਂ ।” ਮਾਣਕ ਨੇ ਤੂੰਬੀ ਢੋਲਕ-ਘੜਾ ਅਲਗੋਜੇ ਜਾਂ ਇਕ ਅੱਧ ਹੋਰ ਸਾਜ਼ ਨਾਲ ਹੀ ਗਾਇਆ ਹੁਣ ਤੱਕ। ਸਟੇਜ ਉਤੇ ਸਾਜ਼ੰਦਿਆਂ ਦੀ ਅੜਘੱਸ ਨਹੀਂ ਪਾਈ।
ਮਾਂ ਦਾ ਪੁੱਤ ਜਦੋਂ ਗਾਉਂਦਾ ਲੋਕਾਂ ਨੂੰ ਕੀਲ ਕੇ ਬਹਾ ਦਿੰਦਾ। ਰੰਗਪੁਰ ਖੇੜੀ ਹੀਰ ਦੀ ਉਡਦੀ ਫੁਲਕਾਰੀ ਦਿਖਾ ਦਿੰਦਾ-ਆਪਣੇ ਅਖਾੜੇ ਵਿਚ।
ਕਈ ਸਾਲਾਂ ਪਿੱਛੋਂ ਮਾਣਕ ਦੀ ਹੁਣੇ ਕੈਸਟ ਵਿਚ ਆਏ ਇਕ ਗੀਤ, “ਨੀ ਰਾਂਝਾ ਜੋਗੀ ਹੋਇਆ-ਤੇਰਿਆਂ ਦੁੱਖਾਂ ਦਾ ਮਾਰਾ,” ਨੇ ਮੁੜਕੇ ਮਾਣਕ ਦੀ ਜੁਆਨੀ ਦਾ ਵੇਲਾ ਲੋਕਾਂ ਨੂੰ ਚੇਤੇ ਕਰਾ ਦਿੱਤਾ। ਲੋਕ ਮੰਨ ਗਏ ਕਹਿੰਦੇ-“ਯਾਰ ਅੱਜ ਵੀ ਮਾਣਕ ਦੀ ਅਵਾਜ਼ ਵਿਚ ਉਹੀ ਸੁਰਤਾਲ ਆ-ਭਾਵੇਂ ਸਤਵੰਜਾ ਵਰ੍ਹਿਆਂ ਦਾ ਹੋ ਗਿਆ।” ਇਹ ਗੀਤ ਚੈਨਲਾਂ ਤੇ ਆਮ ਹੀ ਚੱਲਦਾ ਹੈ। ਪਰਦੇਸਾਂ ਵਿਚ ਵੀ ਏਸ ਗੀਤ ਨੇ ਬਹਿਜਾ ਬਹਿਜਾ ਕਰਵਾ ਦਿੱਤੀ ਹੈ। ਮੁੰਡੇ ਖੁੰਡੇ ਮੁਬਾਇਲਾਂ ਵਿਚ ਭਰਵਾਈ ਫਿਰਦੇ ਨੇ । ਮਾਣਕ ਦੀ ‘ਜੋਗੀ’ ਨਾਉਂ ਦੀ ਏਸ ਕੈਸਟ ਨੇ ਘੈਂਟ ਕਹਾਉਣ ਵਾਲੇ ਗਇਕਾਂ ਦੀ ਕੈਸਟਾਂ ਨੂੰ ਪਾਣੀ ਨਹੀਂ ਮੰਗਣ ਦਿੱਤਾ ਮਾਰਕਿਟ ਵਿਚ। ਗੇੜੇ ਖੁਆ ਦਿੱਤੇ ।
ਲੋਕੀ ਇਹ ਗੱਲ ਆਮ ਕਹਿੰਦੇ ਸੁਣੀਂਦੇ ਨੇ-“ਜਦੋਂ ਕੱਠੇ ਹੁੰਦੇ ਨੇ ਮਾਣਕ ਤੇ ਦੇਵ-ਕੋਈ ਨਾ ਕੋਈ ਧਮਾਕਾ ਕਰ ਦਿੰਦੇ ਨੇ। ਐਹ ਹੁਣ ਦਸਾਂ ਸਾਲਾਂ ਬਾਅਦ ਗੌਣ ਵਾਲਿਆਂ ਨੂੰ ਫੇਰ ਚੇਤੇ ਕਰਾਤਾ-ਅਸੀਂ ਜਿਊਂਦੇ ਆ ਅਜੇ । ਸਾਨੂੰ ਬੁੜ੍ਹੇ ਹੋਏ ਨਾ ਜਾਣਿਉਂ। ਵੱਡੇ ਵੱਡੇ ਗਵੱਈਏ ਉਂਗਲਾਂ ਚਿੱਥਣ ਲਾ ਦਿੱਤੇ ਨੇ-ਇਹਨੂੰ ਕਹਿੰਦੇ ਨੇ ਗਾਇਕੀ।”
ਅੱਜ ਕੱਲ੍ਹ ਪੱਲਿਉਂ ਖਰਚ ਕੇ ਤਿਆਰ ਕੀਤੀਆਂ-ਹਰ ਰੋਜ਼ ਦੱਸ ਪੰਦਰਾਂ ਕੈਸਟਾਂ- ਸੀ. ਡੀ. ਮਾਰਕੀਟ ਵਿਚ ਆਉਂਦੀਆਂ ਨੇ ਤੇ ਏਨੀਆਂ ਕੁ ਈ ਮਰਦੀਆਂ ਨੇ। ਬੁਰਾ ਹਾਲ ਹੈ। ਗਾਇਕੀ ਦਾ ਜਿੰਨਾ ਚਿਰ ਟੀ. ਵੀ. ਦੀ ਸਕਰੀਨ ਉਤੇ ਗੌਣ ਵਾਲਾ ਦਿੱਸਦਾ ਓਨਾ ਚਿਰ ਹੀ ਉਹ ਲੋਕਾਂ ਨੂੰ ਚੇਤੇ ਰਹਿੰਦਾ। ਜਦੋਂ ਦਿਸਣੋਂ ਹੱਟ ਜਾਂਦਾ, ਨਾਲ ਹੀ ਲੋਕ ਭੁਲ ਜਾਂਦੇ ਨੇ । ਕੁਝ ਕੁ ਗਾਇਕਾਂ ਨੂੰ ਛੱਡਕੇ-ਬਹੁਤੇ ਪੈਸੇ ਦੇ ਜ਼ੋਰ ਨਾਲ ਕਲਾਕਾਰ ਬਣਨ ਦੀ ਕੋਸ਼ਿਸ ਕਰ ਰਹੇ ਨੇ। ਉਹੋ ਪੈਸੇ ਵੀ ਬਰਬਾਦ ਕਰ ਰਹੇ ਨੇ-ਤੇ ਗਾਇਕੀ ਦੇ ਖੇਤਰ ਨੂੰ ਵੀ ਕਲੰਕਤ ਕਰ ਰਹੇ ਨੇ । ਕੰਪਨੀਆਂ ਅਤੇ ਚੈਨਲਾਂ ਵਾਲੇ ਮੋਟੀ ਕਮਾਈ ਕਰ ਰਹੇ ਨੇ-ਅੱਜ ਕੱਲ੍ਹ। ਗੰਦੇ ਮੰਦੇ ਫਿਲਮਾਂਕਣ ਪੰਜਾਬ ਦੀ ਜੁਆਨੀ ਦਾ ਬੇੜਾ ਗਰਕ ਕਰ ਰਹੇ ਨੇ। ਕਿਸੇ ਨੂੰ ਕੋਈ ਫਿਕਰ ਨਹੀਂ-ਕਿ ਸਾਡੇ ਬੰਦਿਆਂ ਨੂੰ ਸੱਭਿਆਚਾਰ ਦੇ ਨਾਉਂ ਤੇ ਮਿੱਠੀ ਜ਼ਹਿਰ ਦਿੱਤੀ ਜਾ ਰਹੀ ਹੈ ਜਿਹੜੀ ਇਕ ਨਾ ਇਕ ਦਿਨ ਸਾਨੂੰ ਲੈ ਡੁੱਬੂਗੀ ।
ਕੁਲਦੀਪ ਮਾਣਕ ਦਾ ਜਨਮ ਜਿਸ ਇਲਾਕੇ ਵਿਚ ਹੋਇਆ ਹੈ-ਜੀਹਨੂੰ ਲੋਕੀ ਕਿਸੇ ਸਮੇਂ ਜੰਗਲ ਦਾ ਇਲਾਕਾ ਕਹਿੰਦੇ ਹੁੰਦੇ ਸਨ । ਦੂਰ ਦੂਰ ਪਿੰਡ, ਖੁਲ੍ਹੀਆਂ ਜ਼ਮੀਨਾਂ ਟਿੱਬੇ, ਰੇਤ। ਦੂਰ ਦੂਰ ਤੱਕ ਫੈਲੇ ਬੀੜ। ਬੀੜਾਂ ਵਿਚ ਕਿਕਰਾਂ ਕਰੀਰ-ਜੰਡ-ਕੰਡਿਆਲੀਆਂ ਝਾੜੀਆਂ। ਰੋਹੀ ਬੀਆਬਾਨ ਵਿਚ ਫਿਰਦੇ ਰਾਮ ਗਾਊਆਂ ਦੇ ਵੱਗ,ਹਿਰਨਾਂ-ਖਰਗੋਸ਼ਾਂ ਦੀਆਂ ਹੇੜਾਂ ਕਾਲੇ ਤਿਤਰਾਂ ਬਟੇਰਿਆਂ ਦੀਆਂ ਡਾਰਾਂ, ਜ਼ਿਲ੍ਹਾ ਬਠਿੰਡਾ ਕਿਸੇ ਸਮੇਂ ਰੇਤਲੇ ਟਿੱਬਿਆਂ ਦਾ ਜ਼ਿਲ੍ਹਾ ਹੁੰਦਾ ਸੀ। ਹਾੜ ਦੇ ਮਹੀਨੇ ਹਨੇਰੀਆਂ ਵਗਣੀਆਂ ਤਾਂ ਸਾਰਾ ਅਸਮਾਨ ਲਾਲ ਧੂਏਂ ਰੇਤ ਨਾਲ ਭਰ ਜਾਂਦਾ ਸੀ । ਕਈਂ ਕਈਂ ਦਿਨ ਸੂਰਜ ਨਹੀਂ ਸੀ ਦਿੱਸਦਾ ਹੁੰਦਾ। ਇਸੇ ਜ਼ਿਲ੍ਹੇ ਵਿਚ ਮੇਰੇ ਨਾਨਕੇ ਨੇ ਭਾਈ ਕੇ ਦਿਆਲਪੁਰੇ । ਮਾਣਕ ਦੇ ਪਿੰਡ ਜਲਾਲ ਨਾਲ ਜੂਹ ਲੱਗਦੀ ਆ ਦਿਆਲਪੁਰੇ ਦੀ । ਜਿੱਥੇ ਮਾਣਕ ਨੇ ਪਹਿਲਾ ਸਾਹ ਲਿਆ ਤੇ ਅੱਖ ਖੋਲ੍ਹੀ ਸ. ਨਿੱਕਾ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰੇ। ਜਲਾਲ ਬਹੁਤ ਵੱਡਾ ਪਿੰਡ ਹੈ। ਜਿਸ ਦੀਆਂ ਗਲੀਆਂ ਵਿਚ ਮਾਣਕ ਨੇ ਪਹਿਲਾ ਕਦਮ ਪੁੱਟਿਆ ਸੀ। ਉਹਨਾਂ ਵੇਲਿਆਂ ਵਿਚ ਕੱਚੇ ਘਰ-ਖੁਲ੍ਹੇ ਡੁੱਲ੍ਹੇ ਵਿਹੜੇ। ਘਰਾਂ ਦੀਆਂ ਕੱਚੀਆਂ ਕੰਧਾਂ-ਟੋਭੇ ਵਿਚੋਂ ਕੱਢੇ ਡਲ੍ਹਿਆਂ ਨਾਲ ਬਣਾਈਆਂ ਹੁੰਦੀਆਂ ਸਨ। ਘਰਾਂ ਦੇ ਵੱਡੇ ਵੱਡੇ ਦਰਵਾਜ਼ੇ ਜਿਨਾਂ ਵਿਚੋਂ ਊਠ ਸੌਖਿਆਂ ਹੀ ਲੰਘ ਜਾਂਦਾ ਸੀ। ਪਿੰਡ ਦੇ ਦੁਆਲੇ ਟਿੱਬੇ ਹੀ ਟਿੱਬੇ, ਪਿੰਡ ਆਉਣ ਵਾਲੇ ਰਾਹ ਕੱਚੇ ਰੇਤਲੇ । ਹੁਣ ਤਾਂ ਨਕਸ਼ਾ ਹੀ ਬਦਲ ਗਿਆ ਹੈ-ਮਾਣਕ ਦੇ ਪਿੰਡ ਜਲਾਲ ਦਾ। ਏਸੇ ਪਿੰਡ ਮੇਰੀਆਂ ਦੋ ਧੀਆਂ ਵਿਆਹੀਆਂ ਹੋਈਆਂ ਨੇ । ਹੁਣ ਘਰਾਂ ਦੀਆਂ ਕੋਠੀਆਂ ਬਣ ਗਈਆਂ ਨੇ, ਕੱਚੇ ਘਰ ਪੱਕੇ ਹੋ ਗਏ ਨੇ। ਮਾਣਕ ਜਿਹਨਾਂ ਗਲੀਆਂ ਵਿਚ ਖੇਡਿਆ ਸੀ, ਜਿਹਨਾਂ ਰਾਹਾਂ ‘ਚ ਤੁਰਿਆ ਸੀ, ਸੱਭ ਪੱਕੇ ਹੋ ਗਏ ਨੇ। ਪਿੰਡ ਦੀ ਫਿਰਨੀ ਚਾਰ ਚੁਫੇਰੇ ਪੱਕੀ ਸੜਕ ਵਿਚ ਬਦਲ ਗਈ ਹੈ। ਪਿੰਡ ਦੇ ਕੋਲ ਦੀ ਭਾਈ ਕੇ ਭਗਤੇ ਵੱਲ ਨੂੰ ਜਾਂਦੀ ਸੜਕ ਉਤੇ ਦੁਕਾਨਾਂ ਬਣ ਗਈਆਂ ਨੇ। ਪਿੰਡ ਦੀ ਟੌਅਰ ਹੀ ਵੱਖਰੀ ਹੋ ਗਈ ਹੈ, ਪੰਜਾਬ ਦਾ ਨੰਬਰ ਵੰਨ ਪਿੰਡ ਬਣ ਗਿਆ ਹੈ-ਜਲਾਲ ਪਿੰਡ ਦੇ ਸਕੂਲ ਵਿਚੋਂ ਹੀ ਮਾਣਕ ਨੇ ਵਿਦਿਆ ਹਾਸਲ ਕੀਤੀ ਹੈ-ਗੁਜ਼ਾਰੇ ਜੋਗੀ। ਸਕੂਲ ਦੇ ਹੈਡਮਾਸਟਰ ਸ. ਕਸ਼ਮੀਰਾ ਸਿੰਘ ਵਲਟੋਹਾ ਨੇ-ਮਾਣਕ ਨੂੰ ਛੋਟੇ ਹੁੰਦਿਆਂ-ਸਕੂਲ ਵਿਚ ਗਾਉਂਦਾ ਸੁਣ-ਉਦੋਂ ਹੀ ਕਹਿ ਦਿੱਤਾ ਸੀ- ਮਾਣਕ ਦੇ ਵੱਡੇ ਭਾਈ ਸਦੀਕ ਨੂੰ “ਥੋਡਾ ਲਤੀਫ-ਕਿਸੇ ਦਿਨ ਵੱਡਾ ਗਵੱਈਆਂ ਬਣੂ। ਲੋਕੀਂ ਖੜ੍ਹ ਖੜ੍ਹ ਸੁਣਿਆ ਕਰਨਗੇ-ਗੱਲਾਂ ਹੋਣਗੀਆਂ ਏਹਦੀਆਂ ਘਰ ਘਰ।” ਉਹਦੀ ਆਖਰੀ ਗੱਲ ਅੱਜ ਸੱਚ ਹੋ ਨਿਬੜੀ ਹੈ।
ਮਾਣਕ ਹੋਰੀਂ ਤਿੰਨ ਭਰਾ ਨੇ । ਵੱਡਾ ਬਾਈ ਸਦੀਕ,ਗਭਲਾ-ਰਫੀਕ ਤੇ ਲਤੀਫ ਸੱਭ ਤੋਂ ਛੋਟਾ-ਪੇਟ ਘਰੋੜੀ ਦਾ। ਮਾਣਕ ਦੀਆਂ ਪੰਜ ਭੈਣਾਂ ਨੇ । ਸੰਨ ਸੰਤਾਲੀ ਮੌਕੇ ਜਲਾਲ ਦੇ ਲੋਕਾਂ ਨੇ ਮਾਣਕ ਦੇ ਪਰਿਵਾਰ ਨੂੰ ਪਾਕਿਸਤਾਨ ਨਾ ਜਾਣ ਦਿੱਤਾ। ਸ਼ਾਇਦ ਉਹਨਾਂ ਦੀ ਆਤਮਾ ਨੂੰ ਏਸ ਗੱਲ ਦਾ ਪਤਾ ਸੀ-ਸਾਡੇ ਪਿੰਡ ਦਾ ਏਸ ਪਰਿਵਾਰ ਵਿਚ ਜੰਮਣ ਵਾਲਾ ‘ਲੱਧਾ’ ਇਕ ਨਾ ਇਕ ਦਿਨ ਨਾਉਂ ਚਮਕਾਉ ਦੁਨੀਆ ਵਿਚ। ਕਿਸੇ ਦਿਨ ਏਸ ਧਰਤੀ ਉਤੇ ‘ਜਲਾਲ-ਜਲਾਲ’ ਹੋਊ।
ਕੁਲਦੀਪ ਪੜ੍ਹਾਈ ਅੱਧ ਵਿਚਾਲੇ ਹੀ ਛੱਡ-ਗੌਣ ਦਾ ਪੱਟਿਆ-ਲੁਧਿਆਣੇ ਆ ਗਿਆ-ਆਪਣੇ ਭਤੀਜੇ ਕੇਵਲ ਨਾਲ। ਚਾਚਾ ਭਤੀਜਾ ਇਕੱਠੇ ਸਟਰਗਲ ਕਰਨ ਲੱਗੇ। ਮਾਣਕ ਹੌਲੀ ਹੌਲੀ ਕਈ ਗਾਇਕਾਂ ਨਾਲ ਸਟੇਜਾਂ ਉਤੇ ਜਾਣ ਲੱਗ ਪਿਆ । ਦੱਸ ਪੰਦਰਾਂ ਰੁਪਈਆਂ ਵਿਚ। ਅਵਾਜ਼ ਚੰਗੀ ਸੀ, ਲੋਕੀ ਪਸੰਦ ਕਰਦੇ। ਮਾਣਕ ਪਹਿਲਾਂ ਹਰਚਰਨ ਗਰੇਵਾਲ ਕੋਲ ਰਿਹਾ, ਕਾਫੀ ਸਮਾਂ। ਫੇਰ ਨਰਿੰਦਰ ਬੀਬਾ ਕੋਲ, ਹਰਚਰਨ ਗਰੇਵਾਲ ਕੋਲ ਰਹਿੰਦੇ ਸੀਮਾ ਨਾਲ ਇਕ ਗੀਤ ਵੀ ਰਿਕਾਰਡ ਹੋ ਗਿਆ-“ਜੀਜਾ ਅੱਖੀਆਂ ਨਾ ਮਾਰ।” ਏਹੋ ਦੋਗਾਣਾ ਸੀ । ਸੇਵਾ ਦਾ ਫਲ ਮਿਲ ਗਿਆ। ਜੇ ਨਾ ਵੀ ਮਿਲਦਾ ਤਾਂ ਵੀ ਮਾਣਕ ਦੀ ਗਾਇਕੀ ਨੇ ਜੱਗ ਵਿਚ ਧੁੰਮ ਪਾਉਣੀ ਹੀ ਪਾਉਣੀ ਸੀ ਇਕ ਨਾ ਇਕ ਦਿਨ। ਕਿਉਂਕਿ ਮਾਣਕ ਬਾਬੇ ਮਰਦਾਨੇ ਕਿਆਂ ਵਿਚੋਂ ਹੈ। ਰੱਬੀ ਰੂਹ। ਜ਼ਿਹਨ-ਕੋਲ ਸੰਗੀਤ ਹੈ। ਕਲਾ ਹੈ । ਗਾਇਕੀ ਹੈ। ਕਿਉਂਕਿ ਇਨ੍ਹਾਂ ਦੇ ਵਡੇਰਿਆਂ ਨੇ ਗੁਰੂ ਬਾਬੇ ਕਿਆਂ ਦੀ ਬਹੁਤ ਸੇਵਾ ਕੀਤੀ ਸੀ।
“ਬਾਬੇ ਕਿਆਂ ਦਾ ਹੱਥ ਇਹਨਾਂ ਦੇ ਸਿਰ ਉਤੇ ਹੈ।”
ਲੁਧਿਆਣੇ ਰਹਿੰਦਿਆਂ ਮਾਣਕ ਦੇ ਦਿਨ ਫਿਰਨ ਲੱਗੇ। ਅੱਜ ਹੋਰ ਕੱਲ੍ਹ ਹੋਰ। ਮਾਣਕ ਦਾ ਨਾਉਂ ਬਣਨ ਲੱਗਾ। ਇਕੱਲਾ ਹੀ ਸਟੇਜਾਂ ਉਤੇ ਜਾਣ ਲੱਗ ਪਿਆ, ਆਪਣੇ ਭਤੀਜੇ ਕੇਵਲ ਨੂੰ ਨਾਲ ਲੈ ਕੇ । ਉਹਨਾਂ ਵੇਲਿਆਂ ਵਿਚ ਕਦੇ ਕੁਲਵੰਤ ਕੋਮਲ ਨੂੰ ਪ੍ਰੋਗਰਾਮ ਤੇ ਨਾਲ ਲੈ ਜਾਂਦਾ ਸੀ । ਕਦੇ ਪ੍ਰਕਾਸ਼ ਸੋਢੀ ਨੂੰ । ਜਦੋਂ ਥੋੜ੍ਹੀ ਜਿਹੀ ਚੜ੍ਹਾਈ ਹੋ ਗਈ ਤਾਂ ਸਤਿੰਦਰ ਬੀਬਾ ਨਾਲ ਪੱਕੇ ਤੌਰ ਤੇ ਸੈਟ ਬਣਾ ਲਿਆ। ਕਦੇ ਥੋੜ੍ਹੀ ਗੁਲਸ਼ਨ ਕੋਮਲ ਨਾਲ ਵੀ ਪ੍ਰੋਗਰਾਮ ਲਾ ਆਉਂਦਾ। ਇਹਨਾਂ ਦਿਨਾਂ ਵਿਚ ਮਾਣਕ ਕੋਛੜ ਮਾਰਕੀਟ ਦੇ ਇਕ ਚੁਬਾਰੇ ਵਿਚ ਕਿਰਾਏ ਉਤੇ ਰਹਿੰਦਾ ਹੁੰਦਾ ਸੀ, ਲੁਧਿਆਣੇ ।
ਦਿਨ ਫਿਰਦਿਆਂ ਨੂੰ ਦੇਰ ਨਾ ਲੱਗੀ। ਮਾਣਕ ਦੀ ਮਿਹਨਤ ਰੰਗ ਲਿਆਈ। ਲੋਕ ਗਾਥਾਵਾਂ ਦਾ ਈ. ਪੀ. ਰਿਕਾਰਡ ਹੋ ਗਿਆ। “ਤੇਰੀ ਖਾਤਰ ਹੀਰ ਛੱਡਕੇ ਤਖਤ ਹਜ਼ਾਰੇ ਨੂੰ।” ਐਚ. ਐਮ. ਵੀ. ਨੇ ਜਦੋਂ ਰਿਕਾਰਡ ਮਾਰਕੀਟ ਵਿਚ ਸੁੱਟਿਆ ਗਰਮ ਪਤੌੜਾਂ ਵਾਂਗੂੰ ਵਿਕਿਆ । ਡੀਲਰਾਂ ਕੋਲੋਂ ਭਾਲਿਆ ਨਾ ਲੱਭਿਆ। ਬਲੈਕ ਵਿਚ ਵਿਕਿਆ। ਮਾਣਕ ਦੀ ਬੱਲੇ ਬੱਲੇ ਹੋਗੀ। ਜਿਹੜੇ ਗੌਣ ਵਾਲੇ ਉਹਨੀਂ ਦਿਨੀਂ ਮਾਣਕ ਤੋਂ ਪਾਸਾ ਵੱਟਕੇ ਲੰਘਦੇ ਸੀ ਜੱਫੀਆਂ ਪਾ ਪਾ ਮਿਲਣ ਲੱਗੇ, ਮਾਣਕ ਦੀ ਗਾਇਕਾਂ ਦੇ ਘੇਰੇ ਵਿਚ ਧੁੰਮ ਪੈ ਗਈ। ਫੇਰ ਤਾਂ ਮਾਣਕ ਨੇ ਪਿੱਛੇ ਮੁੜਕੇ ਨ੍ਹੀਂ ਦੇਖਿਆ। ਐਚ. ਐਮ. ਵੀ. ਜੋ ਵੀ ਰਿਕਾਰਡ ਮਾਣਕ ਦਾ ਕਰਕੇ ਮਾਰਕੀਟ ਵਿਚ ਭੇਜਦੀ ਝੱਟ ਪੱਟ ਵਿਕ ਜਾਂਦਾ ਸੀ । ਕੰਪਨੀ ਨੂੰ ਡੀਲਰਾਂ ਦਾ ਆਰਡਰ ਭੁਗਤਾਉਣਾ ਔਖਾ ਹੋ ਜਾਂਦਾ। ਮਾਣਕ ਨੇ ਸਤਿੰਦਰ ਬੀਬਾ ਅਤੇ ਗੁਲਸ਼ਨ ਕੋਮਲ ਨਾਲ ਦੋਗਾਣੇ ਵੀ ਰਿਕਾਰਡ ਕਰਵਾਏ। ਉਹ ਵੀ ਬਹੁਤ ਚੱਲੇ। ਜਿਹੜੇ ਅੱਜ ਕੱਲ੍ਹ ਵੀ ਚੱਲ ਰਹੇ ਹਨ-ਉਸੇ ਤਰ੍ਹਾਂ।
ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਮਾਣਕ ਨੇ ਲੋਕ ਗਾਥਾਵਾਂ ਦਾ ਐਲ. ਪੀ. ਰਿਕਾਰਡ ਕਰਾਇਆ ਸੀ । ਕਿਸੇ ਗਾਇਕ ਨੇ ਐਚ. ਐਮ. ਵੀ. ਦੇ ਮੈਨੇਜਰ ਜ਼ਹੀਰ ਅਹਿਮਦ ਨੂੰ ਆਖ ਦਿੱਤਾ “ਜਨਾਬ! ਇਹਨ੍ਹਾਂ ਨ੍ਹੀ ਚੱਲਣਾ । ਇਹਨੂੰ ਕੀਹਨੇ ਖਰੀਦਣਾ । ਇਹਦੇ ਚਾਰ ਚਾਰ ਗੀਤਾਂ ਵਾਲੇ ਈ. ਪੀ. ਰਿਕਾਰਡ ਬਣਾਕੇ ਰਲੀਜ ਕਰ ਦਿਓ।” ਕਿਉਂਕਿ ਮਾਣਕ ਦਾ ਕੰਪਨੀ ਵਿਚ ਦੂਜੇ ਗਾਇਕਾ ਨਾਲੋਂ ਸੱਭ ਤੋਂ ਪਹਿਲਾਂ ਐਲ. ਪੀ. ਰਿਕਾਰਡ ਹੋਇਆ ਸੀ- ਕਈ ਗਾਇਕਾਂ ਨੂੰ ਏਸ ਗੱਲ ਦਾ ਬਹੁਤ ਸਾੜਾ ਸੀ ਕਲ੍ਹ ਦਾ ਛੋਕਰਾ ਸਾਥੋਂ ਮੂਹਰੇ ਨਿਕਲ ਗਿਆ। ਕੰਨਾਂ ਦੇ ਕੱਚੇ ਜ਼ਹੀਰ ਅਹਿਮਦ ਨੇ ਰਿਕਾਰਡ ਸਾਲ ਭਰ ਰਿਲੀਜ਼ ਨਾ ਕੀਤਾ। ਜਦੋਂ ਮਾਣਕ ਤੋਂ ਮੈਂ ਪੁੱਛਿਆ ਕਰੀਏ ਤਾਂ ਜ਼ਹੀਰ ਸਾਹਿਬ ਆਖ ਛੱਡਦੇ-“ਸੋਚ ਰਹੇ ਹੈਂ। ਦੇਖਤੇ ਹੈਂ-ਕੱਬ ਨਿਕਾਲੇਂ-ਕਲਕੱਤੇ ਹੈਡ ਆਫਸ ਕੋ ਖਤ ਲਿਖੂੰਗਾ।” ਅਖੀਰ ਅੱਕੇ ਹੋਏ ਮਾਣਕ ਤੇ ਮੈਂ ਦਿੱਲੀ ਜਾ ਪਹੁੰਚੇ । ਜ਼ਹੀਰ ਅਹਿਮਦ ਨੂੰ ਲਿਖ ਕੇ ਦਿੱਤਾ-‘ਜੇ ਰਿਕਾਰਡ ਨਾ ਵਿਕਿਆ ਤਾਂ ਸਾਡੀ ਰਾਇਲਟੀ ਸਾਨੂੰ ਨਾ ਦਿੱਤੀ ਜਾਵੇ ।’ ਮਹੀਨੇ ਪਿਛੋਂ ਰਿਕਾਰਡ ਰਿਲੀਜ਼ ਹੋ ਗਿਆ। ਕੰਪਨੀ ਨੇ ਉਖੜੇ ਜੇਹੇ ਮਨ ਨਾਲ ਥੋੜ੍ਹੀ ਗਿਣਤੀ ਵਿਚ ਕੱਢਿਆ। ਵਿਕਰੀ ਦੋ ਦਿਨ ਵਿੱਚ ਹੋ ਗਈ। ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ’, ‘ਸੁਣਲੈ ਗੱਲ ਸਰਵਣ ਬੱਚਾ’,’ਮੇਰੇ ਯਾਰ ਨੂੰ ਮੰਦਾ ਨਾ ਬੋਲੀ’, ‘ਕੌਲਾਂ’, ‘ਚਿਠੀਆਂ ਸਾਹਿਬਾਂ ਜੱਟੀ ਨੇ’ ਗੀਤ ਲੋਕਾਂ ਦੀ ਜ਼ੁਬਾਨ ਉਤੇ ਚੜ੍ਹ ਗਏ। ਰਿਕਾਰਡ ਦੀ ਪਰਦੇਸਾਂ ਵਿਚ ਵੀ ਧੁੰਮ ਪੈ ਗਈ। ਕੰਪਨੀ ਨੂੰ ਵਧਾਈਆਂ ਦੀਆਂ ਚਿੱਠੀਆਂ ਲਿਖਣ ਲੱਗੇ-ਡੀਲਰ ਅਤੇ ਸਰੋਤੇ। ਕੰਪਨੀ ਨੇ ਹੱਦੋਂ ਵੱਧ ਕਮਾਈ ਕੀਤੀ। ਦੂਜੀਆਂ ਕੰਪਨੀਆਂ ਵੀ ਰਿਕਾਰਡਿੰਗ ਕਰਨ ਲਈ ਮਾਣਕ ਦੇ ਦਰਾਂ ਉਤੇ ਗੇੜੇ ਮਾਰਨ ਲੱਗੀਆਂ। ਪੰਜਾਬੀ ਫਿਲਮਾਂ ਵਾਲੇ ਗੀਤ ਗੁਆਉਣ ਲਈ ਮਾਣਕ ਦੇ ਅੱਗੇ ਪਿਛੇ ਫਿਰਨ ਲੱਗੇ । ਕੁਲਦੀਪ ਮਾਣਕ ਪੰਜਾਬੀ ਦਾ ਸ਼ਾਹਸਵਾਰ ਗਾਇਕ ਬਣ गिभ-रितां दिच गी…..!
ਵਿਆਹ ਪਿੱਛੋਂ, ਕੁਲਦੀਪ ਮਾਣਕ ਮੇਰੇ ਪਿੰਡ ਥਰੀਕੇ ਘਰ ਖਰੀਦਕੇ-ਘਰ ਨੂੰ ਕੋਠੀ ਵਰਗਾ ਬਣਾ-ਆਪਣੀ ਸਪੁੱਤਨੀ ਸਰਬਜੀਤ ਨਾਲ ਰਹਿਣ ਲੱਗ ਪਿਆ । ਦਫਤਰ ਲੁਧਿਆਣੇ ਬਣਾ ਲਿਆ। ਮਾਣਕ ਦੇ ਦੋਨੋਂ ਬੱਚਿਆਂ ਯੁਧਵੀਰ ਅਤੇ ਧੀ ਸ਼ੰਟੂ ਦਾ ਜਨਮ ਥਰੀਕੇ ਹੀ ਹੋਇਆ ਹੈ। ਥਰੀਕੇ ਨੇ ਚੌਕੀਦਾਰਾ ਰਜਿਸਟਰ ਵਿਚ ਦੋਨਾਂ ਦੀ ਜਨਮ ਤਰੀਕ ਦਰਜ ਹੈ। ਅੱਜ ਤੱਕ ਮਾਣਕ ਦੀ ਘਰਵਾਲੀ ਆਪਣੇ ਬਾਪ ਸਮਾਨ ਮੇਰਾ ਸਤਿਕਾਰ ਕਰਦੀ ਹੈ, ਮੇਰੀ ਘਰ ਵਾਲੀ ਨਾਲ ਸਰਬਜੀਤ ਆਪਣਾ ਦੁੱਖ ਸਾਂਝਾ ਕਰਦੀ ਹੈ-ਮਾਂ ਧੀ ਵਾਂਗੂੰ। ਮਾਣਕ ਥਰੀਕੇ ਨੂੰ ਆਪਣਾ ਪਿੰਡ ਸਮਝਦਾ ਹੈ। ਹਰੇਕ ਦੇ ਦੁੱਖ ਸੁੱਖ ਵਿਚ ਵਿਆਹ ਸ਼ਾਦੀ ਮੌਕੇ ਭੋਗ ਸੋਗ ਵਿਚ ਸ਼ਾਮਿਲ ਹੁੰਦਾ ਹੈ। ਥਰੀਕੇ ਨਾਲ ਮਾਣਕ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਪੂਰੇ ਅਠਾਰਾਂ ਵਰ੍ਹੇ ਮਾਣਕ ਥਰੀਕੇ ਰਿਹਾ। ਹੁਣ ਵੀ ਕੋਈ ਦੂਰ ਨਹੀਂ ਰਹਿੰਦਾ-ਡੇਢ ਕੁ ਮੀਲ ਦੀ ਵਿੱਥ ਉਤੇ ਹਾਊਸਿੰਗ ਕਲੋਨੀ ਵਿਚ ਰਹਿ ਰਿਹਾ ਹੈ-ਇਹ ਕਲੋਨੀ ਵੀ ਥਰੀਕੇ ਪਿੰਡ ਦੀ ਜ਼ਮੀਨ ਵਿਚ ਉਸਾਰੀ ਹੋਈ ਹੈ। ਮਾਣਕ ਮੈਨੂੰ ਬਾਈ ਵੀ ਕਹਿੰਦਾ ਹੈ-ਮਾਸਟਰ ਵੀ-ਬੁੜ੍ਹਾ ਵੀ ਤੇ ਪਿਉ ਵੀ। ਅਸੀਂ ਦੋਸਤ ਵੀਰਾਂ ਜੁੰਡੀ ਦੇ ਯਾਰ ਵੀ, ਹਮ ਪਿਆਲਾ ਵੀ ਭਰਾ ਵੀ। ਹੁਣ ਤੱਕ ਮੈਂ ਤੇ ਮਾਣਕ ਕਈ ਵਾਰੀ ਨਰਾਜ਼ ਵੀ ਹੋਏ ਹਾਂ । ਪਰ ਕਦੇ ਮੋਹ ਨਹੀਂ ਤੋੜਿਆ। ਮੈਂ ਤਾਂ ਕਈ ਵਾਰੀ ਮੂੰਹ ਖੋਲਿਆ ਹੋਊ-ਤੱਤਾ ਠੰਢਾ ਵੀ ਹੋਇਆ। ਪਰ ਇਹ ਮਾਂ ਦਾ ਪੁੱਤ ਮੇਰੇ ਮੂਹਰੇ ਇਕ ਵਾਰੀ ਵੀ ਅੱਜ ਤੱਕ ਔਖਾ ਹੋ ਕੇ ਨ੍ਹੀਂ ਬੋਲਿਆ। ਨਾ ਹੀ ਮੇਰੀ ਪਿੱਠ ਪਿੱਛੇ ਕਿਸੇ ਕੋਲੋਂ ਮੇਰੀ ਬਦਖੋਈ ਸੁਣਦਾ। ਬਦਖੋਈ ਕਰਨ ਵਾਲੇ ਨੂੰ ਮੂੰਹ ‘ਤੇ ਕੱਢ ਦਿੰਦਾ ਬਠਿੰਡਾ ਮਾਰਕਾ ਗਾਲ੍ਹ।
ਇਕ ਵਾਰ ਇਕ ਗੀਤਕਾਰ ਮਾਣਕ ਦੇ ਘਰ ਜਾ ਕੇ ਕਹਿਣ ਲੱਗਾ, “ਮਾਣਕ ਸਾਹਬ ਥੋਡੇ ਬਾਰੇ ਦੇਵ ਬੜਾ ਮੰਦਾ ਚੰਗਾ ਬੋਲਦਾ ਰਹਿੰਦਾ ।” ਕਾਫੀ ਚਿਰ ਮਾਣਕ ਚੁੱਪ ਕਰਕੇ ਉਹਦੀ ਗੱਲ ਸੁਣਦਾ ਰਿਹਾ। ਨਾ ਹੂੰ ਕਿਹਾ ਨਾ ਹਾਂ। ਜਦੋਂ ਉਹ ਚੁੱਪ ਕਰ ਗਿਆ ਤਾਂ ਮਾਣਕ ਕਹਿੰਦਾ-“ਗੱਲ ਸੁਣ ਉਏ ਤੂੰ ਬੁੜ੍ਹੇ ਬਾਰੇ ਝੂਠੀਆਂ ਮੂਠੀਆਂ ਗੱਲਾਂ ਕਰਕੇ ਮੇਰੇ ਤੋਂ ਗੀਤ ਰਿਕਾਰਡ ਕਰਾਉਨੈਂ ਚਾਹੁਨੈਂ-ਵੱਡਿਆ ਚੁਗਲਖੋਰਾ। ਤੂੰ ਤਿੰਨਾਂ ‘ਚ ਨਾ-ਤੇਰ੍ਹਾਂ ‘ਚ । ਬੂਥਾ ਚੱਕ ਕੇ ਆ ਗਿਆ । ਅਸੀਂ ਲੜੀਏ ਭਿੜੀਏ-ਤੂੰ ਵੰਡ ਲੈਣਾ। ਔਹ ਦਰਵਾਜ਼ਾ ਦੀਂਹਦਾ। ਉਡ ਜਾਹ-ਕਿਤੇ ਧੱਕੇ ਮਾਰਕੇ ਨਾ ਕੱਢਣਾ ਪਵੇ।” ਏਸ ਤਰ੍ਹਾਂ-ਹੋਰ ਵੀ ਜੇ ਕੋਈ ਮੇਰੇ ਬਾਰੇ ਮਾਣਕ ਕੋਲ ਚੱਕਵੀਂ ਗੱਲ ਕਰਦਾ ਤਾਂ ਮਾਣਕ ਝੱਟ ਟੋਕ ਦਿੰਦਾ। “ਚੁੱਪ ਰਹਿ-ਭਰਾ ਭਰਾ ਤਾਂ ਵੀਹ ਵਾਰੀ ਨਰਾਜ਼ ਹੁੰਦੇ ਨੇ-ਸੌ ਵਾਰੀ ਬੋਲਦੇ ਨੇ-ਤੂੰ ਕੀ ਲੈਣਾ ?” ਏਸ ਗੱਲੋਂ ਘੈਂਟ ਹੈ-ਜਲਾਲ ਵਾਲਾ ਮੇਰਾ ਛੋਟਾ ਭਰਾ ।
ਅੱਜ ਤੱਕ ਜਿੱਥੇ ਲੁਧਿਆਣੇ ਬੱਸਾਂ ਦਾ ਅੱਡਾ-ਏਥੇ ਕਿਸੇ ਸਮੇਂ ਇੱਟਾਂ ਦਾ ਭੱਠਾ ਹੁੰਦਾ ਸੀ-ਉਹਦੇ ਸਾਹਮਣੇ ਇਕੋ ਬਿਲਡਿੰਗ ਹੁੰਦੀ ਸੀ-ਮੋਰਾਂ ਵਾਲੇ ਵੈਦ ਗੁਰਬਚਨ ਸਿੰਘ ਦੀ। ਜਦੋਂ ਬੱਸਾਂ ਦੇ ਅੱਡਿਆਂ ਨੂੰ ਜੋ ਇਕ ਥਾਂ ਨਹੀਂ ਸਨ-ਲੁਧਿਆਣੇ ਦੇ ਭੀੜ ਭੜੱਕੇ ਵਿਚੋਂ ਬਾਹਰ ਕੱਢਿਆ, ਤਾਂ ਏਥੇ ਲਿਆਂਦਾ ਸੀ। ਏਥੇ ਹੌਲੀ ਹੌਲੀ ਚਾਹ ਦੁੱਧ ਦੀਆਂ ਦੁਕਾਨਾਂ ਖੁਲ੍ਹ ਗਈਆਂ ਤੇ ਦੋ ਤਿੰਨ ਟੈਂਪਰੇਰੀ ਜਿਹੇ ਢਾਬੇ ਬਣ ਗਏ। ਅੱਡੇ ਦੀ ਉਸਾਰੀ ਹੋਣ ਲੱਗੀ ਤਾਂ ਸੋਮੇ ਪਹਿਲਵਾਨ ਨੇ ਵੀ ਆਪਣਾ ਢਾਬਾ ਖੋਲ੍ਹ ਲਿਆ । ਬਹੁਤੇ ਕੰਡਕਟਰ ਤੇ ਡਰਾਈਵਰ ਪਹਿਲਵਾਨ ਦੇ ਢਾਬੇ ਉਤੇ ਹੀ ਰੋਟੀ ਖਾਂਦੇ ਸਨ । ਤੇ ਪੈਗ ਸ਼ੈਗ ਵੀ ਲਾਉਂਦੇ ਹੁੰਦੇ ਸੀ।
ਏਸੇ ਢਾਬੇ ਤੇ ਮੈਂ ਤੇ ਮਾਣਕ ਪਹਿਲੀ ਵਾਰ ਮਿਲੇ। ਪਿੰਡ ਈਸੇਵਾਲ ਦਾ ਗੁਰਦਿਆਲ ਸਿੰਘ ਪੀ. ਟੀ. ਮਾਸਟਰ, ਜੀਹਨੇ ਮੇਰੇ ਨਾਲ ਪੜ੍ਹਾਇਆ ਸੀ । ਉਹੋ ਮਾਣਕ ਦਾ ਵੀ ਜਾਣੂ ਸੀ ਕਿਉਂਕਿ ਗੁਰਦਿਆਲ ਨੂੰ ਗੌਣ ਦਾ ਮਾੜਾ ਮੋਟਾ ਭੁਸ ਸੀ । ਉਹਨੇ ਮਾਣਕ ਨਾਲ ਮੇਰੀ ਜਾਣ-ਪਛਾਣ ਕਰਾਈ । ਉਹਨੀ ਦਿਨੀਂ ਮੈਂ ਲੁਧਿਆਣੇ ਨੇੜੇ ਗਿਆਸਪੁਰੇ ਪਿੰਡ ਪੜ੍ਹਾਉਂਦਾ ਸੀ ਜਦੋਂ ਮੈਂ ਮਾਣਕ ਤੋਂ ਪੀ. ਟੀ. ਮਾਸਟਰ ਢਾਬੇ ਤੇ ਬਹਿ ਕੇ ਪੈਗ ਲਾ ਰਹੇ ਸੀ ਤਾਂ ਇੱਥੇ ਇਕ ਵੱਡੇ ਗਵੱਈਏ ਦਾ ਦੋਗਾਣਾ ਵੱਜ ਰਿਹਾ ਸੀ -“ਮਿੱਤਰਾਂ ਦੇ ਤਿੱਤਰਾਂ ਨੂੰ” ਮੈਂ ਮਾਣਕ ਨੂੰ ਕਿਹਾ ਅਵਾਜ਼ ਤੇਰੀ ਕਮਾਲ ਦੀ ਆ ਇਹਦਾ ਮੁਕਾਬਲਾ ਕਰਨਾ ਆਪਾਂ” ਮਾਣਕ ਨੇ ਇਕ ਪੱਗ ਹੋਰ ਸੁੱਟ ਲਿਆ ਤੇ ਕਹਿੰਦਾ, “ਬਾਈ ਫੱਟੇ ਚੱਕ ਦਿਆਂਗੇ ਘਬਰਾ ਨਾ ਤੂੰ, ਦੇਖੀਂ ਕਿਮੇ ਦਬਲਦਾਂ ਮੈਂ-ਤੂੰ ਲਿਖਕੇ ਦੇਹ।” ਉਹੋ ਦਿਨ ਹੱਦ ਆਹ ਦਿਨ ਆ ਗਏ। ਮਾਣਕ ਨੇ ਬੋਲ ਪੁਗਾ ਦਿੱਤੇ। ਕਹਿੰਦੇ ਕਹਾਉਂਦਿਆਂ ਨੂੰ ਖੂੰਜੇ ਲਾ ਛਡਿਆ ਆਪਣੀ ਅਵਾਜ਼ ਨਾਲ। ਉਹ ਮੋਹ ਸਾਡਾ ਏਸ ਕਰਕੇ ਬਹੁਤ ਵਧਿਆ ਕਿ ਮੇਰੇ ਨਾਨਕੇ ਮਾਣਕ ਦੇ ਪਿੰਡ ਜਲਾਲ ਦੇ ਕੋਲ ਸਨ । ਮਾਣਕ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ । ਜਦੋਂ ਮਾਣਕ ਮੇਰੇ ਘਰ ਆਉਂਦਾ ਮੈਨੂੰ ਮਿਲਣ ਤਾਂ ਮੇਰੀ ਮਾਂ ਦੇ ਪੈਰੀਂ ਹੱਥ ਲਾਉਂਦਾ। ਉਸਨੂੰ ਭੂਆ ਜੀ ਕਹਿੰਦਾ। ਮਾਣਕ ਬਜ਼ੁਰਗਾਂ ਦੀ ਇੱਜ਼ਤ ਕਰਨੀ ਜਾਣਦਾ । ਹੁਣ ਵੀ ਮਾਣਕ ਮੇਰੇ ਘਰ ਨੂੰ ਆਪਣਾ ਘਰ ਹੀ ਸਮਝਦਾ ਅੱਜ ਤੱਕ।
ਮਾਣਕ ਉਤੇ ਬੜੀਆਂ ਹਨੇਰੀਆਂ ਝੁੱਲੀਆਂ-ਬੜੀਆਂ ਹਵਾਵਾਂ ਵੱਗੀਆਂ ਮੁਢਲੇ ਸਮੇਂ ਵਿਚ ਜਦੋਂ ਮਾਣਕ ਦਾ ਨਉਂ-ਥਾਉਂ ਨਹੀਂ ਸੀ । ਲੁਧਿਆਣੇ ਜਿਨ੍ਹੀਂ ਦਿਨੀ ਮਾਣਕ ਨਰਿੰਦਰ ਬੀਬਾ ਕੋਲ ਰਹਿੰਦਾ ਸੀ। ਇਕ ਕਤਲ ਦੇ ਸ਼ੱਕ ਵਿਚ ਨਜਾਇਜ਼ ਹੀ ਫੜਿਆ ਗਿਆ। ਕੋਤਵਾਲੀ ਵਿਚ ਪੁਲਸ ਨੇ ਬਹੁਤ ਕੁੱਟਿਆ ਕਈ ਦਿਨ ਰਾਤਾਂ । ਜ਼ਿਆਦਾ ਤਸ਼ੱਦਦ ਕਾਰਨ ਜਦੋਂ ਬੇਹੋਸ਼ ਹੋ ਗਿਆ ਤਾਂ ਮਰਿਆ ਸਮਝ ਵੱਡਾ ਥਾਣੇਦਾਰ ਆਪਣੇ ਘਰ ਨੂੰ ਜਾਣ ਸਮੇਂ ਦੋ ਸਿਪਾਹੀਆ ਨੂੰ ਮੁੱਦਾ ਖਤਮ ਕਰਨ ਵਾਸਤੇ ਸਤਲੁਜ ਦਰਿਆ ਵਿਚ ਸੁੱਟ ਆਣ ਲਈ ਆਖ ਚਲਿਆ ਗਿਆ । ਜਦੋਂ ਅੱਧੀ ਕੁ ਰਾਤ ਮਾਣਕ ਨੂੰ ਬੋਰੀ ਵਿਚ ਪਾ ਸਿਪਾਹੀ ਰਿਕਸ਼ੇ ਵਿਚ ਰੱਖਣ ਲੱਗੇ ਤਾਂ ਬੋਰੀ ਹਿੱਲ ਪਈ । ਉਹਨਾਂ ਝੱਟ ਬੋਰੀ ਖੋਲ੍ਹ ਦਿੱਤੀ । ਗਰਮ ਦੁੱਧ ਮੰਗਵਾ ਕੇ ਪਿਲਾਇਆ। ਥੋੜ੍ਹੇ ਚਿਰ ਪਿੱਛੋਂ ਮਾਣਕ ਨੂੰ ਹੋਸ਼ ਆ ਗਈ। ਸ਼ਰਾਬੀ ਹੋਏ ਸਿਪਾਹੀ ਇਕ ਦੂਜੇ ਨੂੰ ਕਹਿਣ ਲੱਗੇ “ਆਪਾਂ ਤੋਂ ਪਾਪ ਹੋ ਜਾਣਾ ਸੀ । ਇਹੋ ਬੰਦਾ ਨਜਾਇਜ਼ ਹੀ ਦਰਿਆ ‘ਚ ਸੁੱਟਿਆ ਜਾਣਾ ਸੀ । ਬਚਾ ਲਏ ਰੱਬ ਨੇ।” ਦੂਜੇ ਦਿਨ ਜਦੋਂ ਥਾਣੇਦਾਰ ਨੇ ਕੋਤਵਾਲੀ ਪਹੁੰਚ ਸਿਪਾਹੀਆਂ ਨੂੰ ਪੁੱਛਿਆ, “ਰਾਤ ਵਾਲਾ ਕੰਮ ਹੋ ਗਿਆ। ਸਿਪਾਹੀ ਕਹਿੰਦਾ, “ਜਨਾਬ ਉਹੋ ਤਾਂ ਜਿਉਂਦਾ ਔਹ ਬੈਠਾ।” ਦੇਖਕੇ ਠਾਣੇਦਾਰ ਹੈਰਾਨ ਹੋ ਗਿਆ।
ਉਦੋਂ ਕਿਹੜਾ ਥਾਣੇਦਾਰ ਨੂੰ ਪਤਾ ਸੀ ਕਿਸੇ ਦਿਨ ਏਹੋ ਸਿਰੇ ਦਾ ਗਵੱਈਆ ਬਣੂ। ਦੱਸ ਕੁ ਸਾਲਾਂ ਪਿੱਛੋਂ ਜਦੋਂ ਮਾਣਕ ਕਿਸੇ ਵਿਆਹ ਵਿੱਚ ਗਾਉਣ ਗਿਆ ਉਥੇ ਬਰਾਤ ਵਿਚ ਉਹੋ ਥਾਣੇਦਾਰ ਵੀ ਸੀ । ਮਾਣਕ ਨੇ ਪਛਾਣ ਲਿਆ। ਠਾਣੇਦਾਰ ਮਾਣਕ ਉਤੋਂ ਦੀ ਬਿੰਦੇ ਝੱਟੇ ਨੋਟ ਵਾਰੇ ਸ਼ਰਾਬੀ ਹੋਇਆ। ਜਦੋਂ ਮਾਣਕ ਨੇ ਉਹਨੂੰ ਕੋਤਵਾਲੀ ਵਾਲੀ ਗੱਲ ਯਾਦ ਕਰਾਈ ਸੁਣਕੇ ਠਾਣੇਦਾਰ ਮਾਣਕ ਨੂੰ ਜੱਫੀਆਂ ਪਾਉਣੋਂ ਨਾ ਹਟੇ। ਨਾਲੇ ਆਖੀ ਜਾਵੇ “ਮਾਫ ਕਰੀਂ ਯਾਰ-ਬੱਚ ਗਏ-ਕਿਤੇ ਕਾਰਾ ਨ੍ਹੀਂ ਕਰ ਬੈਠੇ ਸੀ ।” ਮਾਣਕ ਹੱਸਕੇ ਕਹਿਣ ਲੱਗਾ-“ਹੁਣ ਵੀ ਕੁੱਟਣਾ ਤਾਂ ਦੇਖ ਲੈ-ਹੁਣ ਤਾਂ ਮੈਂ ਕੁਲਦੀਪ ਮਾਣਕ ਬਣ ਗਿਆ।
ਮਾਣਕ ਦੀ ਕਿਸਮਤ ਬੜੀ ਹੀ ਤੇਜ਼ ਆ। ਹੁਣ ਤੱਕ ਕਈ ਵਾਰੀ ਬੀਮਾਰ ਹੋ ਕੇ ਹਸਪਤਾਲ ਜਾ ਆਇਆ। ਅੱਲਾ ਦੀ ਰਹਿਮਤ-ਹਰ ਵਾਰੀ ਨੌਂ ਬਰ ਨੌਂ ਹੋ ਕੇ ਮੁੜ ਆਉਂਦਾ। ਇਕ ਵਾਰੀ ਤਾਂ ਪੰਜ ਦਿਨ ਕੌਮਾ ‘ਚ ਰਿਹਾ-ਡੀ. ਐਮ. ਸੀ. ਹਸਪਤਾਲ ਵਿਚ । ਡਾਕਟਰ ਬੇਆਸ ਹੋ ਗਏ । ਪਰ ਉਹਦੀ ਹਮਸਫ਼ਰ ਸਰਬਜੀਤ ਨੇ ਆਸ ਨਾ ਛੱਡੀ। ਪਾਠ ਕਰਦੀ ਰਹੀ ਸੁਖਮਨੀ ਸਾਹਿਬ ਦਾ। ਪੰਜ ਦਿਨਾਂ ਪਿੱਛੋਂ ਸੁਰਤ ਵਿਚ ਆ ਗਿਆ। ਦੇਖਕੇ ਡਾਕਟਰ ਹੈਰਾਨ ਹੋ ਗਏ। ਐਨਾ ਬੀਮਾਰ ਹੋ ਕੇ ਵੀ ਹੌਸਲਾ ਨਹੀਂ ਛੱਡਿਆ। ਮਾਣਕ ਕਦੇ ਡੋਲਦਾ ਨਹੀਂ। ਜਦੋਂ ਗੱਲ ਕਰੋ-ਆਖੂ “ਚੱਕ ਦਿਆਂਗੇ ਫੱਟੇ” ਬੜੀ ਚੀੜੀ ਹੱਡੀ ਦਾ ਬਣਿਆ ਹੋਇਆ। ਬੀਮਾਰੀ ਸ਼ੀਮਾਰੀ ਦੀ ਪਰਵਾਹ ਨਹੀਂ ਕਰਦਾ, ਬੀਮਾਰ ਹੁੰਦਿਆਂ ਵੀ ਅਖਾੜਾ ਲਾਉਣ ਚਲਿਆ ਜਾਂਦਾ । ਦਰਿਆ ਦਿਲ ਐਡਾ ਜੇ ਕਿਸੇ ਦੀ ਕੁੜੀ ਦਾ ਵਿਆਹ ਹੋਵੇ ਤਾਂ ਸ਼ਗਨ ਜ਼ਰੂਰ ਦੇ ਕੇ ਆਉਂਦਾ। ਅਖਾੜੇ ਦੇ ਪੈਸੇ ਵੀ ਘੱਟ ਲੈਂਦਾ। ਧੰਨ ਹੈ ਮਾਣਕ ਨੂੰ ਜਨਮ ਦੇਣ ਵਾਲੀ ਤੇ ਧੰਨ ਹੈ ਉਹਦੀ ਹਮਸਫ਼ਰ ਸਰਬਜੀਤ
ਮਾਣਕ ਨੇ ਇਕ ਵਾਰੀ ਐਚ. ਐਮ. ਵੀ. ਕੰਪਨੀ ਨਾਲ ਨਰਾਜ਼ ਹੋਕੇ ਇਨਰੀਕੋ ਕੰਪਨੀ ਵਿਚ ਆਪਣੇ ਗੀਤ ਰਿਕਾਰਡ ਕਰਾ ਦਿੱਤੇ। ਇਹ ਗੱਲ ਸ਼ਾਇਦ 1978-79 ਦੀ ਹੈ। ਜਦੋਂ ਕੰਪਨੀ ਨੇ ਐਲ. ਪੀ. ਰਿਕਾਰਡ ਲੋਕ-ਗਾਥਾਵਾਂ ਮਾਰਕੀਟ ਵਿਚ ਘੱਲਿਆ- ਵੇਦ ਸੇਠੀ ਦੇ ਮਿਊਜ਼ਿਕ ਵਿਚ-ਬਹੁਤ ਚੱਲਿਆ-ਅਗਲੇ ਪਿਛਲੇ ਰਿਕਾਰਡ ਤੋੜ ਦਿੱਤੇ। ਬੱਸ ਫੇਰ ਕੀ ਸੀ, ਐਚ. ਐਮ. ਵੀ. ਕੰਪਨੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਾਣਕ ਨਾਲ ਸੁਲਾਹ ਕਰਨੀ ਪਈ। ਸਾਰੇ ਗਿਲੇ ਸ਼ਿਕਵੇ ਦੂਰ ਕਰ ਮਾਣਕ ਦਾ ਐਲ. ਪੀ. ਰਿਕਾਰਡ ਚਰਨਜੀਤ ਅਹੂਜਾ ਦੇ ਸੰਗੀਤ ਵਿਚ ਤਿਆਰ ਕੀਤਾ ਜਿਸ ਦਾ ਗੀਤ “ਮਾਂ ਹੁੰਦੀ ਹੈ ਮਾਂ ਓ ਦੁਨੀਆ ਵਾਲਿਓ ।” ਦੁਨੀਆ ਵਿਚ ਛਾ ਗਿਆ। ਇਹੋ ਹੈ ਮਾਣਕ ਦੀ ਚੜ੍ਹਤ। ਕਿਸੇ ਕੰਪਨੀ ਅੱਗੇ ਕਦੇ ਨਹੀਂ ਝੁਕਿਆ। ਮਾਣਕ ਆਪ ਹੀ ਕਹਿੰਦਾ ਹੈ-“ਫਿਲਮਾਂ ਵਿਚ ਗਾ ਕੇ ਮੈਨੂੰ ਸਤੁੰਸ਼ਟੀ ਨ੍ਹੀਂ ਮਿਲੀ-ਜਿੰਨੀ ਕੰਪਨੀਆਂ ਵਿਚ ਰਿਕਾਰਡ ਕਰਵਾਕੇ।” ਉਂਜ ‘ਲੰਬੜਦਾਰਨੀ’ ਫ਼ਿਲਮ ਦਾ ਗਾਣਾ-‘ਯਾਰਾਂ ਦਾ ਟਰੱਕ ਬਲੀਏ।’ ਬਹੁਤ ਹੀ ਚੱਲਿਆ। ਫਿਲਮ ਦੀ ਕਾਮਯਾਬੀ ਵਿਚ 50% ਹਿੱਸਾ ਏਸ ਗੀਤ ਦਾ ਸੀ । ਨਾਲੇ ਏਹੇ ਗੀਤ ਕਿਸੇ ਸਟੂਡੀਏ ਵਿਚ ਰਿਕਾਰਡ ਨਹੀਂ ਸੀ ਕੀਤਾ। ਉਂਜ ਹੀ ਫਗਵਾੜੇ ਜੇ. ਸੀ. ਟੀ. ਮਿਲ ਦੇ ਇਕ ਕਮਰੇ ਵਿਚ ਜਿੱਥੇ ਫਿਲਮ ਹੀਰੋ ਵਰਿੰਦਰ ਠਹਿਰਿਆ ਹੋਇਆ ਸੀ-ਇਕ ਵੱਡੇ ਟੇਪ ਰਿਕਾਰਡਰ ਤੋਂ ਹੀ ਰਿਕਾਰਡ ਕੀਤਾ ਸੀ-ਤੂੰਬੀ ਘੜੇ ਦੇ ਢੋਲਕ ਨਾਲ। ਚੌਥਾ ਸਾਜ਼ ਹੀ ਨਹੀਂ ਸੀ ਵਰਤਿਆ।
‘ਜਿਊਣਾ ਮੌੜ’ ਰਿਕਾਰਡ ਆਉਣ ਪਿਛੋਂ ਮਾਣਕ ਮੇਰੇ ਨਾਲ ਨਰਾਜ਼ ਹੋਇਆ ਉਸ ਨੇ ਪਾਸਾ ਵੱਟ ਲਿਆ-ਮੈਂ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ। ਕੱਚ ਘਰੜ ਲਿਖਣ ਵਾਲਿਆਂ ਨੇ ਏਸ ਮੌਕੇ ਦਾ ਬੜਾ ਫਾਇਦਾ ਉਠਾਇਆ। ਮਾਣਕ ਕੋਲੇ ਜਿਹੜਾ ਵੀ ਗੀਤਾਕਾਰ ਉਹਨਾਂ ਦਿਨਾਂ ਵਿਚ ਗੀਤ ਲੈ ਕੇ ਗਿਆ-ਉਹਨੇ ਉਹੀ ਰਿਕਾਰਡ ਕਰਾ ਦਿੱਤਾ। ਕੈਸਟਾਂ ਦੀਆਂ ਲਾਈਨਾਂ ਲੱਗ ਗਈਆਂ। ਗਿਣਤੀ ਵੱਧ ਗਈ। ਪਰ ਗੁਣਾਤਮਿਕ ਪੱਖੋਂ ਕਮਜ਼ੋਰ ਰਹੀਆਂ ਤੇ ਗਿਣਾਤਮਿਕ ਪੱਖੋਂ ਫੱਟੇ ਚੁੱਕੇ ਗਏ। ਇਸ ਦਾ ਨੁਕਸਾਨ ਹੋਇਆ ਮਾਣਕ ਨੂੰ । ਹੁਣ ਮਹਿਸੂਸ ਕਰਦਾ, ਪੈਸੇ ਜ਼ਰੂਰ ਚਾਰ ਵੱਧ ਇਕੱਠੇ ਹੋ ਗਏ। ਪੀਤੀ ‘ਚ ਮਾਣਕ ਹੁਣ ਕਈ ਵਾਰੀ ਮੈਨੂੰ ਕਹਿ ਦਿੰਦਾ-“ਬੁੜ੍ਹਿਆ, ਮੇਰਾ ਕੋਈ ਕਸੂਰ ਨ੍ਹੀਂ-ਸਭ ਤੂੰ ਕਰਾਇਆ-ਮੈਨੂੰ ਕੱਚ-ਘਰੜੇ ਗੀਤ ਰਿਕਾਰਡ ਕਰਾਉਣੇ ਪਏ।”
ਮਾਣਕ ਨੂੰ ਬਹੁਤੇ ਪੱਤਰਕਾਰ ਤੇ ਲਿਖਣ ਵਾਲੇ ‘ਕਲੀਆਂ ਦਾ ਬਾਦਸ਼ਾਹ’ ਲਿਖਦੇ ਹਨ। ਪਰ ਮੈਂ ਮਾਣਕ ਨੂੰ ‘ਲੋਕ-ਗਾਥਾਵਾਂ ਦਾ ਬਾਦਸ਼ਾਹ’ ਕਹਿੰਦਾ ਹਾਂ । ਕਲੀਆਂ ਦਾ ਨਹੀਂ। ਇਹਨੇ ਵੱਖੋ ਵੱਖ ਛੰਦਾਂ ਵਿਚ ‘ਲੋਕ ਗਾਥਾਵਾਂ’ ਗਾਈਆਂ ਹਨ ਨਾ ਕਿ ‘ਕਲੀਆਂ’ । ‘ਕਲੀ’ ਤਾਂ ਇਕ ਛੰਦ ਹੈ। ਮਾਣਕ ਨੇ ਜਿਥੇ ਕਲੀ ਛੰਦ ਗਾਇਆ ਹੈ, ਉਥੇ ਕੋਰੜਾ- ਡਿਊਢਾ-ਢਾਈ ਸਵੈਯਾ-ਸੱਦ-ਬੈਂਤ-ਕਥਿਤ ਆਦਿ ਛੰਦ ਵੀ ਗਾਏ ਹਨ। ‘ਕਲੀ’ ਛੰਦ ਵਿਚ ਤਾਂ ਮਾਣਕ ਨੇ ਤੇਰਾਂ ਕੁ ਰਚਨਾਵਾਂ ਹੀ ਗਾਈਆਂ ਹਨ ਜਿਨ੍ਹਾਂ ਵਿਚ ਦੱਸ ਕੁ ਮੇਰੀਆਂ-ਦੋ ਜੱਬੋ ਮਾਜਰੇ ਵਾਲੇ ਗਿੱਲ ਦੀਆਂ ਤੇ ਇਕ ਕਣਕ-ਵਾਲੀਏ ਸਿੱਧੂ ਦੀ।
ਮਾਣਕ ਨੇ ਦੋਗਾਣੇ ਤੇ ਗੀਤ 20% ਹੀ ਗਾਏ ਹਨ ਅਤੇ 80% ਲੋਕ ਗਾਥਾਵਾਂ। ਦੱਸੋ ਮਾਣਕ ‘ਕਲੀਆ ਦਾ ਬਾਦਸ਼ਾਹ’ ਹੋਇਆ ਕਿ ‘ਲੋਕ ਗਾਥਾਵਾਂ ਦਾ’। ਉਂਜ ਤੁਸੀਂ ਮਰਜ਼ੀ ਦੇ ਮਾਲਕ ਹੋ ਕੁਝ ਵੀ ਕਹੀ ਜਾਓ। ਮਾਣਕ ਦਾ ਲੋਕ ਗਾਥਾਵਾਂ ਗਾਉਣ ਵਿਚ ਬਾਹਰਾ ਪਹਿਰਾ ਹੈ। ਮਾਣਕ ਨੇ ਜੋ ਵੀ ਗਾਇਆ ਹੈ ਸੱਚਾ ਸੁੱਚਾ ਸੁਨਣ ਯੋਗ, ਸੰਭਾਲਣ ਯੋਗ, ਲਚਰਤਾ ਤੋਂ ਰਹਿਤ ਹੈ । ਤਾਹੀਉਂ ਤਾਂ, ਨਾਈਵਾਲੇ ਦਾ ਗੁਰਮੁਖ ਸਿੰਘ ਲਾਲੀ ਅਤੇ ਛਿੰਦਾ ਰਾਜੋਆਣੇਵਾਲਾ ਤੇ ਹੋਰ ਅਣਗਿਣਤ ਮਾਣਕ ਦੀਆਂ ਕੈਸਟਾਂ ਅਤੇ ਰਿਕਾਰਡਾਂ ਨੂੰ ਹਿੱਕ ਨਾਲ ਲਾਈ ਬੈਠੇ ਹਨ।
ਮਾਣਕ ਨੇ ਰੱਜਕੇ ਪੈਸਾ ਕਮਾਇਆ-ਰਜਕੇ ਖਰਚਿਆ-ਰੱਜਕੇ ਐਸ਼ ਕੀਤੀ-ਰੱਜਕੇ ਮੌਜਾਂ ਮਾਣੀਆਂ-ਰੱਜਕੇ ਸ਼ਰਾਬ ਪੀਤੀ-ਰੂਹ ਨਹੀਂ ਤਰਸਾਈ। ਪਰ ਹੈਰਾਨੀ ਵਾਲੀ ਗੱਲ ਹੈ ਰੋਟੀ ਅੱਠ ਪਹਿਰੀ ਹੀ ਖਾਂਦਾ । ਬੜੀ ਹੀ ਥੋੜ੍ਹੀ, ਬਹੁਤ ਹੀ ਘੱਟ । ਸ਼ਰਾਬ ਪੀਂਦਾ ਆਮ ਕਰਕੇ ਲੂਣ ਨੂੰ ਉਂਗਲ ਲਾਕੇ ਚੱਟ ਕੇ ਸਾਰ ਲੈਂਦਾ। ਮਾਣਕ ਦਾ ਢਿੱਡ ਛੋਟਾ-ਨਾਉਂ ਬਹੁਤ ਵੱਡਾ। ਦੁਨੀਆ ਦੇ ਕੋਨੇ ਕੋਨੇ ਵਿਚ ਫੈਲਿਆ ਹੋਇਆ ਕੁਲ ਜਹਾਨ ਜਾਣਦਾ ਮਾਂ ਦੇ ਪੁੱਤ ਨੂੰ ।
ਕੇਡੀ ਕਮਾਲ ਦੀ ਗੱਲ ਆ । ਲੁਧਿਆਣੇ ਸ਼ਹਿਰ ਵਿਚ ਹਾਥੀ ਉਤੇ ਬੈਠ ਕੇ ਸਮਾਗਮ ਵਾਲੀ ਥਾਂ ਪਹੁੰਚਣਾ ਕੁਝ ਕੁ ਸ਼ਖ਼ਸੀਅਤਾਂ ਦੇ ਹਿੱਸੇ ਹੀ ਆਇਆ ਹੈ। ਜਿਨ੍ਹਾਂ ਵਿਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸੁਰਜਨ ਸਿੰਘ ਠੇਕੇਦਾਰ ਅਕਾਲੀ ਕਾਨਫਰੰਸ ਮੌਕੇ- ਪ੍ਰਿੰਸੀਪਲ ਸੰਤ ਸਿੰਘ ਸੇਖੋਂ-ਪ੍ਰੋ. ਮੋਹਨ ਸਿੰਘ ਦੇ ਪਹਿਲੇ ਮੇਲੇ ਮੌਕੇ-ਪੰਜਾਬੀ ਭਵਨ ਪ੍ਰੋ. ਮੋਹਨ ਸਿੰਘ ਦੀ ਤਸਵੀਰ ਨਾਲ ਜਾਂ ਇਕ ਦੋ ਸੱਜਣ ਹੋਰ ਪਰ ਗੌਣ ਵਾਲਿਆਂ ਵਿਚੋਂ ਹੁਣ ਤੱਕ ਇਕੱਲਾ ਕੁਲਦੀਪ ਮਾਣਕ ਹੀ ਲਾਲ ਚੰਦ ਯਮਲਾ ਜੱਟ ਦੇ ਮੇਲੇ ਮੌਕੇ ਪੰਜਾਬੀ ਭਵਨ ਪਹੁੰਚਿਆ-ਹਾਥੀ ਉਤੇ ਬੈਠਕੇ-ਕੇਡੇ ਭਾਗਾਂ ਵਾਲਾ ਬੰਦਾ। ਇਹਨੇ-ਗੱਡੇ-ਸਾਈਕਲਾਂ ਤਾਂਗੇ ਕਾਰ ਹਵਾਈ ਜਹਾਜ਼ ਅਤੇ ਹਾਥੀ ਉਤੇ ਸਵਾਰੀ ਕਰਕੇ ਦੇਖ ਲਈ ਹੈ। ਆਪਣੀ ਜ਼ਿੰਦਗੀ ਵਿਚ ਰੇਲ-ਬੱਸ ਅਤੇ ਸਮੁੰਦਰੀ ਜਹਾਜ਼ ਵਿਚ ਵੀ ਸਫਰ ਕਰ ਚੁੱਕਿਆ।
ਮਾਣਕ ਬਾਰੇ ਕਈ ਲੋਕਾਂ ਨੂੰ ਸ਼ੱਕ ਹੈ ਕਿ ਮਾਣਕ ਗੌਣ ਮੌਕੇ ਅਫੀਮ ਖਾ ਕੇ ਗਾਉਂਦਾ। ਇਹ ਕੋਰਾ ਝੂਠ ਹੈ। ਮੈਂ ਮਾਣਕ ਨੂੰ ਅੱਜ ਤੱਕ ਅਫੀਮ ਖਾਂਦੇ ਕਦੇ ਨਹੀਂ ਦੇਖਿਆ। ਹਾਂ ਉਹੋ ਸ਼ਰਾਬ ਜ਼ਰੂਰ ਪੀਂਦਾ ਖੱਦਰ ਦੇ ਗਲਾਸ ਵਿਚ ਗੌਣ ਲੱਗਿਆਂ । ਉਹ ਵੀ ਛੋਟੇ ਛੋਟੇ ਦੋ ਤਿੰਨ ਪੈਗ। ਮਾਣਕ ਨਾ ਜਰਦਾ ਲਾਉਂਦਾ ਹੈ ਨਾ ਹੀ ਸਿਗਰਟ ਪੀਂਦਾ ਹੈ। ਇਹਨਾਂ ਨਾਲ ਇਹਨੂੰ ਪੂਰੀ ਨਫ਼ਰਤ ਹੈ। ਮੀਟ ਜ਼ਰੂਰ ਖਾਂਦਾ। ਪਿਛਲੇ ਕਈ ਸਾਲਾਂ ਤੋਂ ਆਂਡਾ ਖਾਣਾ ਵੀ ਛੱਡ ਗਿਆ ਹੈ। ਹਾਂ ਪਹਿਲੀਆਂ ਵਿਚ ਜਦੋਂ ਕੋਛੜ ਮਾਰਕੀਟ ਲੁਧਿਆਣੇ ਚੁਬਾਰੇ ਵਿਚ ਰਹਿੰਦਾ ਹੁੰਦਾ ਸੀ । ਰਿਕਾਰਡ ਕਰਾਉਣ ਲਈ ਗੀਤਾਂ ਦੀ ਰੀਹਰਸਲ ਸਮੇਂ ਸ਼ਿਵ ਬੂਟੀ ਜ਼ਰੂਰ ਘੋਟਕੇ ਲੈ ਲੈਂਦਾ ਸੀ ਤਾਂ ਜੋ ਲਿਵ ਲੱਗੀ ਰਹੇ। ਹੁਣ ਤਾਂ ਵੀਹ ਕੁ ਵਰ੍ਹਿਆਂ ਤੋਂ ਉਹਨੂੰ ਵੀ ਮੱਥਾ ਟੇਕ ਗਿਆ। ਸ਼ਰਾਬ ਤੋਂ ਬਿਨਾਂ ਮਾਣਕ ਹੋਰ ਕੋਈ ਨਸ਼ਾ ਨਹੀਂ ਕਰਦਾ। ਏਸ ਗੱਲ ਦਾ ਮੈਂ ਗਵਾਹ ਹਾਂ । ਬਾਕੀ ਰੱਬ ਜਾਣਦਾ ਜਾਂ ਤੁਸੀਂ ।
ਮਾਣਕ ਅਖਾੜਾ ਲਾਉਣ ਤੋਂ ਪਹਿਲਾਂ ਬਾਬਾ ਬੰਦਾ ਬਹਾਦਰ ਦੀ ਵਾਰ ਜ਼ਰੂਰ ਗਾਉਂਦਾ। ਏਸ ਬਾਰੇ ਮਾਣਕ ਕਹਿੰਦਾ ਹੁੰਦਾ-“ਜੇ ਮੈਂ ਏਹੇ ਵਾਰ ਨਾ ਗਾਵਾਂ ਤਾਂ ਮੈਨੂੰ ਇੰਜ ਮਹਿਸੂਸ ਹੋਣ ਲੱਗਦਾ-ਜਿਵੇਂ ਮੇਰਾ ਕੁਝ ਗੁਆਚ ਗਿਆ ਹੁੰਦਾ । ਮੇਰਾ ਅਖਾੜਾ ਏਸ ਵਾਰ ਬਿਨਾਂ ਘੱਟ ਹੀ ਕਾਮਯਾਬ ਹੁੰਦਾ ਏ-ਮੇਰੇ ਸਿਰ ਉਤੇ ਬਾਬਾ ਬੰਦਾ ਬਹਾਦਰ ਦਾ ਹੱਥ ਹੁੰਦਾ ਜਦੋਂ ਮੈਂ ਗਾਉਨੈਂ। ਮੇਰੇ ਸਰੀਰ ਵਿਚ ਸ਼ਕਤੀ ਜਿਹੀ ਆ ਜਾਂਦੀ ਆ ।” ਮਾਣਕ ਦਾ ਪੁੱਤਰ ਯੁਧਵੀਰ ਅਤੇ ਮਾਣਕ ਦੇ ਭਤੀਜੇ ਭਾਣਜੇ ਜਿਹੜੇ ਵੀ ਗਾਉਂਦੇ ਨੇ-ਇਸੇ ਵਾਰ ਨੂੰ ਗਾ ਕੇ ਆਪਣਾ- ਅਖਾੜਾ ਸ਼ੁਰੂ ਕਰਦੇ ਨੇ, ਤੇ ਸ਼ਗਿਰਦ ਵੀ।
ਉਂਜ ਮਾਣਕ ਮੂੰਹ ਜ਼ੋਰ ਵੀ ਬੜਾ । ਕਈ ਵਾਰੀ ਸਟੇਜ ਉਤੇ ਆਪਣੇ ਸਰੋਤਿਆਂ ਨੂੰ ਅਜਿਹੀ ਟਾਂਚ ਕਰ ਜਾਂਦਾ ਜਿਹੜੀ ਬਰਦਾਸ਼ਤ ਕਰਨ ਯੋਗ ਨਹੀਂ ਹੁੰਦੀ। ਕਈ ਵਾਰੀ ਤਾਂ ਦੇਸੀ ਜੇਹੀ ਗਾਲ੍ਹ ਵੀ ਕੱਢ ਦਿੰਦਾ-ਬਠਿੰਡਾ ਮਾਰਕਾ । ਪਰ ਸਰੋਤੇ ਮਾਣਕ ਦੀ ਆਖੀ ਗੱਲ ਨੂੰ ਹੱਸਕੇ ਪਾਣੀ ਵਾਂਗੂ ਪੀ ਜਾਂਦੇ ਨੇ । ਭੋਰਾ ਗੁੱਸਾ ਨਹੀਂ ਕਰਦਾ। ਕਿਉਂਕਿ ਉਹੋ ਮਾਣਕ ਨੂੰ ਆਪਣੇ ਦਿਲ ਵਿਚ ਵਸਾ ਚੁੱਕੇ ਹਨ। ਮਾਣਕ ਘਰਦਿਆਂ ਤੋਂ ਵੱਧ ਹੁਣ ਲੋਕਾਂ ਦਾ ਹੈ ਤਾਹੀਉਂ ਤਾਂ ਆਖੀ ਗੱਲ ਦਾ ਗੁੱਸਾ ਨ੍ਹੀਂ ਕਰਦੇ। ਪਰ ਇਹੋ ਗੱਲ ਹੋਰ ਕਲਾਕਾਰ ਕਹਿ ਬੈਠੇ ਤਾਂ ਲੋਕੀ ਉਹਦੀ ਵਾਹਵਾ ਗਿਦੜਕੁੱਟ ਕਰ ਦਿੰਦੇ ਨੇ । ਮਾਣਕ ਦੀ ਰੀਸ ਟਾਂਚ ਕਰਕੇ ਕਈ ਵਾਰ ਹੋਰ ਗਵੱਈਏ ਕਈ ਥਾਈਂ ਆਪਣੇ ਹੱਡ ਤੱਤੇ ਕਰਾ ਚੁੱਕੇ ਨੇ, ਲੋਕਾਂ ਕੋਲੋਂ।
ਗੱਲ ਉਹਨਾਂ ਦਿਨਾਂ ਦੀ ਆ, ਜਦੋਂ ਮਾਣਕ ਥਰੀਕੇ ਰਹਿੰਦਾ ਸੀ । ਸ਼ਮਸ਼ੇਰ ਸੰਧੂ ਗੀਤ ਨਹੀਂ ਸੀ ਲਿਖਦਾ ਸਗੋਂ ਗੌਣ ਵਾਲਿਆਂ ਬਾਰੇ ਆਰਟੀਕਲ ਲਿਖਦਾ ਹੁੰਦਾ ਸੀ, ਜਿਹੜੇ ਅਖਬਾਰਾਂ ਵਿਚ ਛੱਪਦੇ ਰਹਿੰਦੇ ਸਨ । ਉਹ ਗੌਣ ਵਾਲਿਆਂ ਬਾਰੇ ਇਕ ਕਿਤਾਬ ਵੀ ਲਿਖ ਰਿਹਾ ਸੀ-“ਲੋਕਸੁਰਾਂ।” ਮੈਂ, ਸ਼ਮਸ਼ੇਰ-ਮਾਣਕ ਫਿਰੋਜ਼ਪੁਰ ਰੋਡ ਤੇ ਅਯਾਲੀ ਚੌਕ ਵਾਲੇ ਠੇਕੇ ਉਤੇ ਜਾ ਬੈਠੇ ਦਿਨ ਢਲੇ। ਸ਼ਮਸ਼ੇਰ ਸੰਧੂ ਤੇ ਮੇਰੇ ਕੋਲ ਮੋਟਰ ਸਾਈਕਲ ਸੀ ਤੇ ਮਾਣਕ ਕੋਲੇ ਆਪਣੀ ਕਾਰ ਗੱਲਾਂ ਬਾਤਾਂ ਕਰਦੇ ਰਹੇ-ਗੌਣ ਵਾਲਿਆਂ ਬਾਰੇ-ਗੀਤਕਾਰਾਂ ਬਾਰੇ, ਗੀਤਾਂ ਬਾਰੇ-ਮਾਣਕ ਦੀ ਗਾਇਕੀ ਬਾਰੇ । ਮਾਣਕ ਬਾਰੇ ਸੰਧੂ ਨੇ ਆਰਟੀਕਲ ਲਿਖਣਾ ਸੀ । ਜਦੋਂ ਬੋਤਲ ਮੁੱਕ ਗਈ। ਮਾਣਕ ਇਕ ਹੋਰ ਬੋਤਲ ਲੈ ਕੇ ਕਹਿਣ ਲੱਗਿਐ-“ਯਾਰ ਘਰੇ ਚੱਲ ਕੇ ਪੀਨੇ ਆਂ-ਤੁਸੀਂ ਘਰ ਨੂੰ ਆ ਜਿਓ।” ਸ਼ਮਸ਼ੇਰ ਸੰਧੂ ਤੇ ਮੈਂ ਜਦੋਂ ਉਹਦੇ ਘਰੇ ਪਹੁੰਚੇ ਕਾਫੀ ਹਨੇਰਾ ਹੋ ਚੁੱਕਿਆ ਸੀ। ਮਾਣਕ ਕੋਠੇ ਚੜ੍ਹ ਪੈ ਗਿਆ ਸੀ-ਮੰਜੇ ਉਤੇ । ਜਦੋਂ ਅਸੀਂ ਹਾਕ ਮਾਰੀ-ਉਹਦਾ ਨੌਕਰ ਕਹਿੰਦਾ-“ਸਾਹਬ ਜੀ ਤੋਂ ਅਭੀ ਆਏ ਨਹੀਂ” ਪਰ ਮਾਣਕ ਨੇ ਸਾਡੀ ਅਵਾਜ਼ ਸੁਣ ਲਈ, ਕਹਿੰਦਾ” ਆਜੋ ਆਜੋ ਘਰੇ ਈ ਆਂ। ਮੈਂ ਤਾਂ ਹੋਰਨਾਂ ਨੂੰ ਜੁਆਬ ਦੇਣ ਲਈ ਆਖਿਆ ਸੀ, “ਕਹਿ ਦੇਈਂ ਘਰੇ ਨੀ-ਇਹਨੇ ਥੋਨੂੰ ਈ ਕਹਿਤਾ ਯਾਰ। ਮੈਂ ਪਹਿਲੀ ਚਲਾਕੀ ਕੀਤੀ-ਪਹਿਲੀ ਵਾਰ ਹੀ ਫੜਿਆ ਗਿਆ ।” ਮਾਣਕ ਚਲਾਕੀ ਕਰਦਾ-ਪਰ ਮੋਟੀ।
ਗੱਲਾਂ ਕਰਦੇ ਸਮੇਂ ਮਾਣਕ ਦੀ ਜਦੋਂ ਕਾਲ੍ਹੇ, ਤਿੱਲ ਵਾਲੀ ਸੱਜੀ ਨਾਸ ਫਰਕੇ ਤਾਂ ਸਮਝੋ ਉਹੋ ਉਪਰਲੇ ਮਨੋਂ ਗੱਲ ਕਰ ਰਿਹਾ। ਗੱਲ ਵਿਚ ਕੁਝ ਰਲੌਟ ਆ। ਗੱਲਾਂ ਕਰਦਾ ਜਦੋਂ ਮੱਥੇ ਉਤੇ ਸੱਜਾ ਹੱਥ ਫੇਰੇ ਤਾਂ ਉਹੋ ਗੱਲ ਨੂੰ ਢਿੱਡ ਵਿਚ ਲੁਕੋ ਰਿਹਾ ਹੁੰਦਾ। ਜਦੋਂ ਸ਼ਰਾਬ ਪੀਂਦਾ ਪੀਂਦਾ ਅੱਖਾਂ ਮੀਚਕੇ ਸੋਫੇ ਤੇ ਟੇਢਾ ਜੇਹਾ ਹੋਜੇ ਤਾਂ ਉਹੋ ਥੋਨੂੰ ਤੁਰ ਜਾਣ ਲਈ ਕਹਿ ਰਿਹਾ ਹੁੰਦਾ-ਉਦੋਂ ਨਸ਼ੇ ਵਿਚ ਨਹੀਂ ਹੁੰਦਾ। ਜਿਹੜੇ ਸਮਝਦਾਰ ਹੁੰਦੇ ਨੇ-ਉਹ ਤਾਂ ਉਠਕੇ ਤੁਰ ਜਾਂਦੇ ਨੇ-ਜਿਹੜੇ ਅਕਲ ਦੇ ਅੰਨ੍ਹੇ ਹੁੰਦੇ ਨੇ ਉਹ ਬੈਠੇ ਰਹਿੰਦੇ ਨੇ । ਮਾਣਕ ਦੀਆਂ ਰਮਜ਼ਾਂ ਮਾਣਕ ਹੀ ਜਾਣਦਾ ਹੈ।
ਲੁਧਿਆਣੇ ਕੋਛੜ ਮਾਰਕੀਟ ਦੇ ਚੁਬਾਰੇ ਵਿਚ ਰਹਿੰਦੇ ਸਮੇਂ-ਮਾਣਕ ਦੇ ਕੋਲ ਹਰ ਰੋਜ਼ ਸ਼ਾਮ ਨੂੰ ਗੁਰਚਰਨ ਪੋਹਲੀ, ਸੀਤਲ, ਖੀਵਾ ਤੇ ਦੋ ਚਾਰ ਹੋਰ ਪਹੁੰਚ ਜਾਂਦੇ । ਮਹਿਫਲ ‘ਚ ਇਕ ਦੋ ਬੋਤਲਾਂ ਮੰਗਵਾ ਲੈਣੀਆਂ-ਸੰਗਤਰਾ ਮਾਰਕਾ। ਨਹੀਂ ਫੇਰ ਸਾਰਿਆਂ ਨੇ ਪੈਸੇ ਪਾਕੇ ਮੰਗਵਾ ਲੈਣੀਆਂ। ਦਾਰੂ ਪੀਂਦਿਆਂ-ਜਦੋਂ ਮਾਣਕ ਨੂੰ ਸੀਤਲ ਜਾਂ ਖੀਵੇ ਨੇ ਕਹਿਣਾ-“ਮਾਣਕਾ ਯਾਰ ਬਹੁਤੀ ਨਾ ਪੀਆ ਕਰ ।” ਤਾਂ ਮਾਣਕ ਨੇ ਝੱਟ ਗੱਲ ਅਗਲੇ ਦੇ ਮੂੰਹ ਉਤੇ ਮਾਰਨੀ-“ਯਾਰ ਜੇ ਮੈਂ ਨਾ ਪੀਉਂ-ਫੇਰ ਥੋਨੂੰ ਮੁਫਤ ਖੋਰਿਆਂ ਨੂੰ ਕਿਥੋਂ ਮਿਲੂ ਪੀਣ ਨੂੰ। ਰੰਡੀਆਂ ਤਾਂ ਰੰਡੇਪਾ ਕਟ ਲੈਣ-ਮੁਸ਼ਟੰਡੇ ਨ੍ਹੀਂ ਕੱਟਣ ਦਿੰਦੇ। ਮੈਂ ਤਾਂ ਛੱਡਦੂੰ-ਥੋਡੇ ਅਰਗੇ ਨ੍ਹੀਂ ਛੱਡਣ ਦਿੰਦੇ।”
ਮਾਣਕ ਦੇ ਸਰੀਰ ਦਾ ਜਿਹੜਾ ਜੁਗਰਾਫੀਆ ਹੁਣ ਬਣਿਆਂ ਹੋਇਆ ਇਹੇ ਬਾਹਰਲੇ ਪ੍ਰਮੋਟਰਾਂ ਦੀ ਦੇਣ ਆ। ਵੀਜ਼ਾ ਲੁਵਾਕੇ ਗੌਣ ਲਈ ਕੈਨੇਡਾ, ਇੰਗਲੈਂਡ ਲੈ ਜਾਣਾ । ਰੱਜ ਕੇ ਸ਼ਰਾਬ ਪਿਲਾਉਣੀ-ਸਟੇਜ ਉਤੇ ਗੀਤ ਗਵਾਈ ਜਾਣੇ । ਸ਼ਰਾਬੀ ਹੋਏ ਮਾਣਕ ਦੀ ਜੇਬ ਵਿਚ ਥੋੜ੍ਹੇ ਜਿਹੇ ਪੌਡ ਜਾਂ ਡਾਲਰ ਪਾ ਦੇਣੇ ਪ੍ਰੋਗਰਾਮ ਮੁੱਕੇ ਤੋਂ। ਜਦੋਂ ਦੂਜੇ ਦਿਨ ਮਾਣਕ ਨੇ ਪੁੱਛਣਾ- “ਕੀ ਬਣਿਆ।” ਪ੍ਰਮੋਟਰਾਂ ਨੇ ਕਹਿ ਦੇਣਾ-“ਆਹੀ ਬਣੇ ਨੇ ਜਿਹੜੇ ਤੇਰੀ ਜੇਬ ਵਿਚ ਨੇ।” ਪਰ ਅਧਿਉਂ ਬਹੁਤੇ ਡਕਾਰ ਜਾਣੇ। ਉਨ੍ਹਾਂ ਨੇ ਵੱਧ ਕਮਾਈ ਕੀਤੀ ਤੇ ਮਾਣਕ ਦੇ ਪੱਲੇ ਥੋੜ੍ਹੀ ਪਈ-ਬਾਹਰਲੇ ਗੇੜਿਆਂ ਵਿਚੋਂ। ਯਾਰ ਬੇਲੀ ਖੱਟ ਗਏ। ਦਰਿਆ ਦਿਲ ਬੰਦੇ ਨੂੰ ਲੋਕਾਂ ਨੇ ਰੱਜਕੇ ਲੁੱਟਿਆ। ਮਾਣਕ ਨੇ ਕਮਾਏ ਬਹੁਤ-ਗੁਆਏ ਜ਼ਿਆਦਾ। ਪ੍ਰਮੋਟਰਾਂ ਦੀ ਸ਼ਰਾਬ ਨੇ ਮਾਣਕ ਦੇ ਸਰੀਰ ਨੂੰ ਗਾਲ ਦਿੱਤਾ। ਤਾਹੀਉਂ ਤਾਂ ਅੱਜ ਮਾਣਕ ਉਨ੍ਹਾਂ ਦਿਨਾਂ ਨੂੰ ਚੇਤੇ ਕਰਕੇ ਢਿੱਡ ਵਿਚ ਧੜੀ ਧੜੀ ਦੀਆਂ ਗਾਲਾਂ ਕੱਢਦਾ-ਕੰਡਿਆਲੀਆਂ ਕਿੱਕਰਾਂ ਵਰਗੀਆਂ।
ਇਕ ਵਾਰੀ ਮੈਂ ਤੇ ਮਾਣਕ-ਗੱਲ 1970 ਦੀ ਹੋਣੀ ਆ-ਦਿੱਲੀ ਰਿਕਾਡਿੰਗ ਦੀ ਤਰੀਕ ਲੈਣ ਗਏ। ਕੁਝ ਲੇਟ ਹੋ ਗਏ-ਨਿਰਮਲ ਸਿੰਘ ਨਿਰਮਲ ਨੂੰ ਮਿਲਣ ਪਹਾੜਗੰਜ ਜਾਣ ਕਰਕੇ 1 ਨਿਰਮਲ ਦਾ ਉਹਨੀਂ ਦਿਨੀਂ ਕਾਫੀ ਗੀਤ ਚਲਿਆ ਸੀ-“ਪੰਚਣੀ ਪਿੰਡ ਦੀ ਬਣੀ।” ਥਰੀਵੀਲਰ ਉਤੇ ਜਦੋਂ ਅਸੀਂ ਰੇਲਵੇ ਸਟੇਸ਼ਨ ਪਹੁੰਚੇ-ਗੱਡੀ ਤੁਰ ਪਈ ਸੀ। ਅਸੀਂ ਟਿਕਟ ਲਏ ਬਗੈਰ ਰੇਲ ਵਿਚ ਚੜ੍ਹ ਗਏ । ਸਾਰਾ ਸਫ਼ਰ ਜ਼ਿੰਦਗੀ ਵਿਚ ਪਹਿਲੀ ਵਾਰ ਬਿਨਾਂ ਟਿਕਟੋਂ ਕੀਤਾ-ਡਰਦਿਆਂ ਡਰਦਿਆਂ। ਜਦੋਂ ਸਵੇਰੇ ਮੂੰਹ ਹਨੇਰੇ ਸੁੱਖ ਸਾਂਦ ਨਾਲ ਲੁਧਿਆਣੇ ਪਹੁੰਚੇ ਤਾਂ ਗੱਡੀਉਂ ਉਤਰ ਰੱਖ ਬਾਗ ਵੱਲ ਦੀ ਚੋਰੀ ਚੋਰੀ ਲਾਈਨਾਂ ਟੱਪਦਿਆਂ ਸੁਖ ਦਾ ਸਾਹ ਲਿਆ। ਇਹੇ ਰੱਖ ਬਾਗ ਗੁਰੂ ਨਾਨਕ ਸਟੇਡੀਅਮ ਵਿਚ ਤਬਦੀਲ ਹੋ ਚੁੱਕਿਆ ਹੈ। ਹੁਣ ਸੋਚੀਦਾ ਜੇ ਫੜੇ ਜਾਂਦੇ-ਜੁਰਮਾਨਾ ਤਾਂ ਜਿਹੜਾ ਹੋਣਾ ਸੀ ਸੋ ਹੋਣਾ ਸੀ । ਨਾਲੇ ਹਫਤੇ ਲਈ ਜੇਲ ਦੀਆਂ ਸੀਖਾਂ ਪਿੱਛੇ ਜਾਣਾ ਪੈਣਾ ਸੀ।
ਇਕੇਰਾਂ ਦਿੱਲੀ ਰਿਕਾਰਡ ਲਈ ਗਏ। ਐਚ. ਐਮ. ਵੀ. ਸਟੂਡੀਉ ਵਿਚ ਗੱਲਾਂ ਬਾਤਾਂ ਮਾਰਕੇ ਸਾਨੂੰ ਸਵੇਰ ਹੋ ਗਈ। ਜਦੋਂ ਸਟੇਸ਼ਨ ਉਤੇ ਪਹੁੰਚੇ ਰੇਲ ਜਾ ਚੁੱਕੀ ਸੀ। ਫੇਰ ਰਿਕਸ਼ਾ ਲੈ ਬੱਸ-ਸਟੈਂਡ ਪਹੁੰਚੇ। ਲੁਧਿਆਣੇ ਵਾਲੀ ਬੱਸ ਵੀ ਤੁਰ ਗਈ ਸੀ । ਕੀ ਕਰਦੇ ? ਪੱਲੇ ਪੈਸੇ ਮਸਾਂ ਕਰਾਏ ਜੋਗੇ ਹੀ ਸਨ । ਰੋਟੀ ਖਾਧੇ ਬਿਨ ਇਕ ਬੱਸ ਦੀ ਛੱਤ ਉਤੇ ਚੜ੍ਹਕੇ ਪੈ ਗਏ। ਗਰਮੀ ਦੀ ਰੁੱਤ। ਮੱਛਰ ਤੋੜ ਤੋੜ ਖਾਵੇ। ਨੀਂਦ ਕਿੱਥੇ ਆਉਣੀ ਸੀ। ਸਵੇਰੇ ਸਾਝਰੇ ਉਠੇ-ਟੂਟੀ ਤੋਂ ਮੂੰਹ ਹੱਥ ਧੋਤਾ। ਟਿਕਟਾਂ ਖ੍ਰੀਦ-ਬਚੇ ਪੈਸਿਆਂ ਵਿਚੋਂ ਚਾਹ ਦਾ ਇਕ ਇਕ ਕੱਪ ਪੀ ਲੁਧਿਆਣੇ ਵਾਲੀ ਬੱਸ ਫੜ ਲਈ। ਦੋਨਾਂ ਦੀ ਜੇਬ ਵਿਚ ਸਿਰਫ ਪੰਜਾਹ ਪੈਸੇ ਬਚੇ ਸਨ । ਲੁਧਿਆਣੇ ਪਹੁੰਚ ਬੱਸ ਅੱਡੇ ਤੋਂ ਤੁਰਕੇ ਹੀ ਮਾਣਕ ਦੇ ਚੁਬਾਰੇ ਕੋਛੜ ਮਾਰਕੀਟ ਪਹੁੰਚੇ, ਭੁੱਖੇ ਢਿੱਡ। ਉਹਨਾਂ ਦਿਨਾਂ ਵਿਚ ਭੋਰਾ ਚਿੰਤਾ ਨਹੀਂ ਸੀ ਹੁੰਦੀ ਭੁੱਖ ਪਿਆਸ ਦੀ ।
ਗੱਲ ਸ਼ਾਇਦ 1975-76 ਦੀ ਆ। ਮਾਣਕ ਦਿੱਲੀ ਐਚ. ਐਮ. ਵੀ. ਸਟੂਡੀਉ ਕੇਸਰ ਸਿੰਘ ਨਰੂਲਾ ਦੇ ਮਿਊਜ਼ਿਕ ਵਿਚ ਰਿਹਰਸਲ ਕਰ ਰਿਹਾ ਸੀ ਇਕ ਗੀਤ ਦੀ- ਰਿਕਾਰਡਿੰਗ ਕਰਾਉਣ ਵਾਸਤੇ । ਅਚਾਨਕ ਸੁਰਿੰਦਰ ਕੌਰ ਵੀ ਪਹੁੰਚ ਗਈ। ਗੀਤ ਸੁਣਕੇ ਖੁਸ਼ ਵੀ ਹੋਈ ਤੇ ਹੈਰਾਨ ਵੀ । ਵਾਪਸ ਜਾਣ ਮੌਕੇ ਮਾਣਕ ‘ਤੇ ਮੈਨੂੰ ਰਾਤ ਦੀ ਰੋਟੀ ਦਾ ਬੁਲਾਵਾ ਦੇ ਗਈ। ਰਿਕਾਰਡਿੰਗ ਖਤਮ ਹੋਣ ਪਿਛੋਂ ਮੈਂ ਤੇ ਮਾਣਕ ਹੋਟਲ ਪਹੁੰਚ ਸੋਚਣ ਲੱਗੇ ਜਾਈਏ ਕਿ ਨਾ ਜਾਈਏ । ਪਰ ਸ਼ਾਮ ਨੂੰ ਪੈਗ ਪੈਗ ਮਾਰ ਹੌਸਲਾ ਜੇਹਾ ਕਰਕੇ ਥਰੀ- ਵੀਲਰ ਫੜ ਸੁਰਿੰਦਰ ਕੌਰ ਦੀ ਕੋਠੀ ਪਹੁੰਚ ਗਏ ਡਰਦੇ ਡਰਦੇ। ਚਾਹ ਪਾਣੀ ਪਿੱਛੋਂ ਮਾਣਕ ਕੋਲੋਂ ਉਹੀ ਗੀਤ ਉਸਨੇ ਦੱਸ ਕੁ ਵਾਰੀ ਸੁਣਿਆ। ਆਪਣੀ ਅਵਾਜ਼ ਵਿਚ ਰਿਕਾਰਡ ਕਰਵਾਉਣ ਲਈ ਮੰਗ ਲਿਆ। ਜਦੋਂ ਅਸੀਂ ਦੱਸਿਆ ਇਹ ਤਾਂ ਰਿਕਾਰਡ ਹੋ ਚੁਕਿਆ ਤਾਂ ਸੁਰਿੰਦਰ ਕੌਰ ਆਖਣ ਲੱਗੀ, ਇਹਨੂੰ ਹੀਰ ਵੱਲੋਂ ਲਿਖਕੇ ਮੈਨੂੰ ਦੇ ਦਿਓ। ਮੈਂ ਵੀ ਰਿਕਾਰਡ ਕਰਾਉਣੈ। ਜਦੋਂ ਅਸੀਂ ਹੋਟਲ ਨੂੰ ਮੁੜੇ ਰਿਕਸ਼ੇ ਵਿਚ ਬੈਠ ਦੋਨੋਂ ਹੱਸੀਂ ਜਾਈਏ। “ਯਾਰ ਏਸ ਗੀਤ ਨੇ ਕਿੰਨੀ ਕਰਾਮਾਤ ਕੀਤੀ ਆ, ਆਖਣ ਨੂੰ ਬਹੁਤ ਵੱਡੀ ਕਲਾਕਾਰ ਸੁਰਿੰਦਰ ਕੌਰ ਦੇ ਦਰਸ਼ਨ ਕਰਾ ਦਿੱਤੇ ਨੇ । ਗੀਤ ਸੀ ‘ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ।” ਪਿਛੋਂ ਸੁਰਿੰਦਰ ਕੌਰ ਨੇ ਵੀ ਮੇਰੇ ਕੋਲੋਂ ਲਿਖਵਾ ਕੇ ਰਿਕਾਰਡ ਕਰਵਾ ਦਿੱਤਾ ਸੀ । ਜੋ ਮਾਣਕ ਦੇ ਗੀਤ ਵਾਂਗੂੰ ਬਹੁਤ ਹੀ ਪਾਪੂਲਰ ਹੋਇਆ ਹੈ-ਏਸ ਗੀਤ ਨੂੰ ਧੂਰੀ ਵਾਲੇ ਕਰਮਜੀਤ ਨੇ ਰਿਕਾਰਡ ਕਰਾਇਆ ਸੀ। ਗੀਤ ਇਕ ਤੇ ਗੌਣ ਵਾਲੇ ਤਿੰਨ ।
1979 ਦੀ ਗੱਲ ਆ ਮਾਣਕ ਤੇ ਮੈਂ ਬੰਬਈ ਰਿਕਾਰਡ ਕਰਾਉਣ ਲਈ ਗਏ। ਸੁਪਰਟਰੈਕ ਸਟੂਡੀਉ ਵਾਲੇ ਜਸਬੀਰ ਸਿੰਘ ਨਾਲ । ਉਹਨੀਂ ਦਿਨੀਂ ਇਹਦੀ ਕੈਸਟਾਂ ਦੀ ਕੰਪਨੀ ਹੁੰਦੀ ਸੀ ਲੁਧਿਆਣੇ-ਐਮ. ਪੀ. ਆਈ. । ਜਾਂਦੇ ਹੋਏ ਰੇਲ ਉਤੇ ਗਏ। ਵਾਪਸੀ ਮੌਕੇ ਜਹਾਜ਼ ਦੀਆਂ ਟਿਕਟਾਂ ਖਰੀਦ ਲਈਆਂ। ਮਾਣਕ ਜਹਾਜ਼ ਉਤੇ ਪਹਿਲਾਂ ਵੀ ਸਫਰ ਕਰ ਚੁੱਕਿਆ ਸੀ। ਕੈਨੇਡਾ ਦੇ ਟੂਰ ਮੌਕੇ । ਮੈਂ ਹੀ ਜਹਾਜ਼ ਉਤੇ ਸਫਰ ਨਹੀਂ ਸੀ ਕੀਤਾ। ਜਦੋਂ ਸਾਂਤਾ-ਕਰੂਜ਼ ਹਵਾਈ ਅੱਡੇ ਤੋਂ ਜਹਾਜ਼ ਉਤੇ ਬੈਠੇ ਤਾਂ ਜਹਾਜ਼ ਉਡਾਨ ਭਰਦੇ ਸਾਰ ਸਮੁੰਦਰ ਉਪਰ ਦੀ ਲੰਘਣ ਲੱਗਾ । ਮੈਂ ਸ਼ੀਸ਼ੇ ਵਿਚ ਦੀ ਹੇਠਾਂ ਵੱਲ ਦੇਖ ਡਰ ਗਿਆ। ਚਾਰ ਚੁਫੇਰੇ ਪਾਣੀ ਹੀ ਪਾਣੀ। ਮੈਂ ਘੁੱਟ ਕੇ ਕੁਰਸੀ ਫੜ ਲਈ। ਮਾਣਕ ਨੂੰ ਆਖਿਆ-“ਉਏ ਮਾਣਕਾ-ਯਾਰ ਇਹ ਪੰਗਾ ਕਾਹਨੂੰ ਲੈਣਾ ਸੀ-ਜੇ ਸਾਲਾ ਪਾਣੀ ‘ਚ ਡਿੱਗ ਪਿਆ ਮੱਛੀਆਂ ਖਾ ਜਾਣਗੀਆਂ। ਘਰਦਿਆਂ ਨੂੰ ਕੁੱਛ ਪਤਾ ਨ੍ਹੀਂ ਲੱਗਣਾ ।” ਮਾਣਕ ਸੁਣਕੇ ਹੱਸ ਪਿਆ, ਕਹਿੰਦਾ,” ਚੁੱਪ ਕਰਕੇ ਬਹਿਜਾ, ਕਿਧਰੇ ਨ੍ਹੀਂ ਡਿੱਗਦਾ। ਮੈਂ ਵੀ ਤੇਰੇ ਨਾਲ ਈ ਆਂ। ਬਾਖਰੂ-ਬਾਖਰੂ ਕਰੀ ਚੱਲ।” ਮਾਣਕ ਬੜੇ ਤਕੜੇ ਦਿਲ ਗੁਰਦੇ ਵਾਲਾ ਆਦਮੀ ਆ।
ਜਹਾਜ਼ ਵਿਚ ਜਦੋਂ ਬਰੇਕ ਫਾਸਟ ਸਮੇਂ ਚਾਹ ਨਾਲ ਖਾਣ ਲਈ ਡਬਲ ਰੋਟੀ ਵਰਗਾ ਬੰਦ ਜੇਹਾ ਦਿੱਤਾ-ਏਅਰ ਹੋਸਟਸ ਨੇ ਮੈਂ ਵੀ ਛੁਰੀ ਨਾਲ ਮਾਣਕ ਦੀ ਦੇਖਾ ਦੇਖੀ ਬੰਦ ਨੂੰ ਕੱਟਣ ਲੱਗਾ। ਉਹੋ ਬੁੜ੍ਹਕ ਕੇ ਦੂਜੀ ਸੀਟ ਉਤੇ ਬੈਠੇ ਮੁਸਾਫਰ ‘ਤੇ ਜਾ ਡਿੱਗਾ। ਜਦੋਂ ਮੁਸਾਫਰ ਗੁੱਸੇ ਜਿਹੇ ਹੋਣ ਲੱਗਿਆ ਤਾਂ ਮਾਣਕ ਨੇ ਗੱਲ ਬੋਚ ਲਈ, । ਬਾਈ ਜੀ ਗੁੱਸੇ ਨਾ ਹੋਵੇ। ਇਹ ਜੀ ਅਨਪੜ੍ਹ ਬੰਦਾ। ਇਹਨੇ ਕਦੇ ਜਹਾਜ਼ ਚੜ੍ਹਕੇ ਨ੍ਹੀਂ ਦੇਖਿਆ। ਅੱਜ ਮਸਾਂ ਧੱਕੇ ਨਾਲ ਚਾੜਿਆ-ਔਖੇ ਸੌਖੇ ਦਿੱਲੀ ਤੱਕ ਕੱਟ ਲਵੋ, ਮੈਂ ਸੌਰੀ ਮੰਗਦਾਂ।” ਹੁਣ ਮੈਂ ਕਈ ਵਾਰੀ ਯਾਦ ਕਰਕੇ ਹੱਸ ਪੈਂਦਾ। ਮੈਨੂੰ ਪੜ੍ਹੇ ਲਿਖੇ ਮਾਸਟਰ ਨੂੰ ਮਾਣਕ ਨੇ ਅਨਪੜ੍ਹ ਬਣਾ ਦਿੱਤਾ ਸੀ ਉਦੋਂ, ਕੇਡਾ ਚੁਸਤ ਆਦਮੀ ਆ।
ਕਈ ਵਰ੍ਹੇ ਪਹਿਲਾਂ ਇਕ ਮੇਲੇ ਮੌਕੇ ਮਾਣਕ ਕੈਨੇਡਾ ਗਿਆ ਗੌਣ ਲਈ । ਮੇਲੇ ਵਿਚ ਬਹੁਤ ਹੀ ਇਕੱਠ। ਹੋਰ ਵੀ ਗਾਇਕ ਪਹੁੰਚੇ ਹੋਏ ਸਨ । ਪਾਕਿਸਤਾਨ ਦਾ ਧੱਕੜ ਗਾਇਕ ਆਲਮ ਲੁਹਾਰ ਵੀ ਹਾਜ਼ਰ ਸੀ। ਆਲਮ ਏਧਰਲੇ ਗੌਣ ਵਾਲਿਆਂ ਨੂੰ ਟਾਂਚਾਂ ਕਰਨ ਲੱਗ ਪਿਆ-“ਧਾਡੇ ਤਾਂ ਬੇਸੁਰੇ-ਬੇਤਾਲੇ ਨੇ। ਕਿਸੇ ਮੁਰਸ਼ਦ ਪੀਰ ਦੇ ਨ੍ਹੀਂ। ਬੁੱਢੀ ਦੇ ਢਿਡੋਂ ਸਿੱਖੇ ਸਿਖਾਏ ਆ ਕੇ ਗੌਣ ਲੱਗ ਪੈਂਦੇ ਨੇ ।” ਮਾਣਕ ਨੂੰ ਸੁਣਕੇ ਗੁੱਸਾ ਆ ਗਿਆ । ਆਲਮ ਨੂੰ ਕਹਿੰਦਾ-“ਮੈਨੂੰ ਹੋਰ ਤਾਂ ਕਿਸੇ ਦਾ ਪਤਾ ਨ੍ਹੀਂ । ਤੂੰ ਮੇਰੇ ਨਾਲ ਟੱਕਰ ਲੈ ਏਸੇ ਸਟੇਜ ‘ਤੇ। ਦੇਖ ਲੈਨੇ ਆਂ-ਕੌਣ ਕਿੰਨੇ ਕੁ ਪਾਣੀ ‘ਚ ਆ।” ਜਦੋਂ ਮਾਣਕ ‘ਕਲੀ’ ਗੌਣ ਲੱਗਿਆ ਉਹਨੇ ਬਾਹੋਂ ਫੜ ਆਲਮ ਨੂੰ ਵੀ ਉਠਾ ਲਿਆ। ਮਾਣਕ ਨਾਲ ਐਨੀ ਉੱਚੀ ਆਲਮ ਤੋਂ ਗਾਇਆ ਨਾ ਜਾਵੇ | ਫਿੱਕਾ ਪੈ ਗਿਆ, ਲੋਕਾਂ ਤਾੜੀ ਚੁੱਕ ਦਿੱਤੀ। ਹਾਰਕੇ ਆਲਮ ਕਹਿੰਦਾ, “ਛੋਟੇ ਭਰਾ ਤੇਰਾ ਜੁਆਬ ਨ੍ਹੀਂ । ਅਸੀਂ ਬੁੱਢੇ ਬੰਦੇ ਤੇਰੀ ਬਰੋਬਰੀ ਕਿੱਥੇ ਕਰ ਸਕਨੇ ਆਂ।”
ਗੱਦਰੀ ਬਾਬਿਆਂ ਦੇ ਮੇਲੇ ਉਤੇ ਮਾਣਕ ਅਤੇ ਸ਼ੌਕਤ ਅਲੀ ਇਕੱਠੇ ਹੋ ਗਏ- ਵੈਨਕੁਵਰ ਦੀ ਸਟੇਜ ਤੇ। ਸ਼ੌਕਤ ਨੇ ਵੀ ਗਾਇਆ ਤੇ ਮਾਣਕ ਨੇ ਵੀ। ਦੋਨਾਂ ਨੇ ਪੱਗਾਂ ਵਟਾ ਲਈਆਂ। ਘੁਟਕੇ ਜੱਫੀ ਪਾਈ ਇਕ ਦੂਜੇ ਨੂੰ ਸਰੋਤਿਆਂ ਨੇ ਤਾੜੀਆਂ ਮਾਰੀਆਂ। ਸਟੇਜ ਸੈਕਟਰੀ ਬੋਲ ਰਿਹਾ ਸੀ-“ਅੱਜ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਇੱਕ-ਮਿੱਕ ਹੋ ਗਏ ਨੇ ਭਰਾਵੋ। ਪਾਕਿਸਤਾਨ ਤੇ ਹਿੰਦੋਸਤਾਨ ਬਗਲਗੀਰ ਹੋ ਰਹੇ ਨੇ ਕੈਨੇਡਾ ਦੀ ਧਰਤੀ ਉਤੇ,” ਪੰਦਰਾਂ ਵੀਹ ਮਿੰਟ ਤਾੜੀਆਂ ਗੂੰਜਦੀਆਂ ਰਹੀਆਂ।
ਮਾਣਕ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਚ ਗਾ ਰਿਹਾ ਸੀ। ਜਦੋਂ ਮਾਣਕ ਨੇ “ਮਾਂ ਹੁੰਦੀ ਹੈ ਮਾਂ-ਓ ਦੁਨੀਆ ਵਾਲਿਓ ।” ਗੀਤ ਗਾਇਆ ਤਾਂ ਸਟੇਜ ਲਾਗੇ ਬੈਠੀ ਇਕ ਮਾਈ ਸੱਤਰਾਂ ਤੋਂ ਉਪਰ ਉਮਰ ਦੀ ਉੱਠੀ। ਸਟੇਜ ਉਤੇ ਜਾ-ਮਾਣਕ ਦੇ ਗਲ੍ਹ ਪੰਦਰਾਂ ਕੁ ਤੋਲੇ ਸੋਨੇ ਦੀ ਚੇਨੀ ਪਾ ਕਹਿਣ ਲੱਗੀ, “ਅੱਜ ਪੁੱਤ ਤੂੰ ਮਾਵਾਂ ਜਿਊਂਦੀਆਂ ਕਰਤੀਆਂ, ਤੇਰੀ ਲੰਮੀ ਉਮਰ ਹੋਵੇ।” ਮਾਣਕ ਨੇ ਚੇਨੀ ਮੋੜਨ ਦੀ ਬੜੀ ਕੋਸ਼ਿਸ਼ ਕੀਤੀ । ਮਾਈ ਨੇ ਵਾਪਸ ਨਾ ਲਈ। ਕਹਿਣ ਲੱਗੀ-“ਮੈਂ ਵੀ ਤੇਰੀ ਮਾਂ ਈ ਆਂ। ਮਾਵਾਂ ਤਾਂ ਪੁੱਤਾਂ ਤੋਂ ਜਾਨ ਵਾਰ ਦਿੰਦੀਆਂ ਨੇ ਏਹ ਤਾਂ ਚੇਨੀ ਈ ਆ।” ਇਹ ਹੈ ਮਾਣਕ ਦੀ ਗਾਇਕੀ ਦਾ ਜਾਦੂ।
ਇਕ ਗੁੱਝੀ ਗੱਲ-ਮਾਣਕ ਅਤੇ ਛਿੰਦੇ ਦੀ ਦੋਸਤੀ ਇੱਟ ਵਰਗੀ ਪੱਕੀ ਹੈ। ਇਕ ਦੂਜੇ ਦੇ ਵਿਆਹ-ਸ਼ਾਦੀ, ਗਮੀ-ਖੁਸ਼ੀ ਮੌਕੇ ਆਉਂਦੇ ਜਾਂਦੇ ਨੇ । ਜਦੋਂ ਮਿਲਦੇ ਨੇ ਇਕ ਦੂਜੇ ਨੂੰ ਉਡਕੇ ਮਿਲਦੇ ਨੇ । ਛਿੰਦਾ ਮਾਣਕ ਨੂੰ ਟਿੱਚਰ ਨਾਲ ਖਾਨ ਸਾਹਿਬ ਕਹਿੰਦਾ ਤੇ ਮਾਣਕ ਛਿੰਦੇ ਨੂੰ ਭਾਈਚਾਰਿਆ। ਇਹਨਾਂ ਦੀ ਨਰਾਜ਼ਗੀ ਉਪਰੋਂ ਉਪਰੋਂ ਹੀ ਹੈ-ਲੋਕ ਦਿਖਾਵਾ। ਜਿਥੋਂ ਤੱਕ ਮੈਨੂੰ ਪਤਾ ਢਿੱਡੋਂ ਦੋਨੋਂ ਇਕ ਨੇ । ਗੂੜੀ ਸਾਂਝ । ਲੋਕਾਂ ਨੂੰ ਸ਼ਾਇਦ ਮੇਰੇ ਨਾਲੋਂ ਵੱਧ ਪਤਾ ਹੋਵੇ । ਮਾਣਕ ਛਿੰਦੇ ਦਾ ਪੂਰਾ ਮਾਣ ਕਰਦਾ, ਤੇ ਛਿੰਦਾ ਮਾਣਕ ਦਾ ।
ਮਾਣਕ ਗਿਆਨੀ ਬੰਦਾ ਬਿਲਕੁਲ ਨਹੀਂ। ਸਿਆਸਤ ਦਾ ਊੜਾ ਆੜਾ ਨ੍ਹੀਂ ਜਾਣਦਾ। ਉਂਝ ਸਿਆਸਤ ਵਿਚ ਨੌਂਹ ਪੰਜੇ ਜ਼ਰੂਰ ਫਸਾਉਂਦਾ ਰਹਿੰਦਾ। ਏਸੇ ਕਰਕੇ ਤਾਂ ਸਿਆਸੀ ਬੰਦਿਆਂ ਦੇ ਧੱਕੇ ਚੜ੍ਹ ਬਠਿੰਡੇ ਤੋਂ ਲੋਕ ਸਭਾ ਦੀ ਇਲੈਕਸ਼ਨ ਵਿਚ ਖੜ੍ਹਾ ਹੋ ਗਿਆ ਸੀ। ਜੇ ਇਹਨੂੰ ਕਹਿਣਾ-“ਛੱਡ ਯਾਰ ਏਹ ਤੇਰੇ ਵੱਸ ਦਾ ਰੋਗ ਨ੍ਹੀਂ।” ਅਗੋਂ ਜੁਆਬ ਦਿੰਦਾ- “ਮਾਸਟਰ ਤੈਨੂੰ ਕੀ ਪਤਾ? ਮੈਨੂੰ ਕੇਰਾਂ ਦਿੱਲੀ ਉਪੜਦਾ ਕਰ ਦੇਣ ਲੋਕ-ਮੈਂ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਦੂੰ। ਜਿਹੜੇ ਕਹਿੰਦੇ ਨੇ ਮਾਣਕ ਨੂੰ ਲੈਕਚਰ ਨ੍ਹੀਂ ਕਰਨਾ ਆਉਂਦਾ ਉਹਨਾਂ ਨੂੰ ਦਿਖਾਦੂੰ-ਕਿਵੇਂ ਦਿੱਲੀ ਵਿਚ ਗੜ੍ਹਕਦਾ ਮਾਣਕ ।” ਪਰ ਮਾਣਕ ਨੂੰ ਇਲੈਕਸ਼ਨ ਰਾਸ ਨਾ ਆਈ । ਹਾਰ ਗਿਆ-ਪੈਸਾ ਵਾਧੂ ਬਰਬਾਦ ਕਰ ਬੈਠਾ । ਮਾਣਕ ਹੁਣ ਤੱਕ ਕਈ ਪਾਰਟੀਆਂ ਬਦਲ ਚੁੱਕਿਆ। ਕਦੇ ਕਾਂਗਰਸ-ਕਦੇ ਭਾਜਪਾ-ਕਦੇ ਅਕਾਲੀ ਦਲ-ਕਦੇ ਲੋਕ ਭਲਾਈ ਪਾਰਟੀ। ਅਸਲ ਵਿਚ ਮਾਣਕ ਕਾਮਰੇਡ ਸੋਚ ਵਾਲਾ ਬੰਦਾ। ਗਰੀਬਾਂ ਦਾ ਹਮਦਰਦ-ਝੁੱਗੀ ਝੌਂਪੜੀ ਵਾਲਿਆਂ ਦਾ ਯਾਰ । ਉਡਣੇ ਕਬੂਤਰ ਵਾਂਗੂੰ-ਕਿਸੇ ਇਕ ਛੱਤਰੀ ਉਤੇ ਟਿੱਕ ਕੇ ਨ੍ਹੀਂ ਬੈਠ ਸਕਦਾ।
ਮਾਣਕ ਦੀ ਸੋਚ ਸੈਕੂਲਰ ਹੈ। ਉਹੋ ਧਾਰਮਿਕ ਤੌਰ ਤੇ ਕੱਟੜ ਬਿਲਕੁਲ ਨਹੀਂ। ਸਭ ਧਰਮਾਂ ਨੂੰ ਮੰਨਦਾ ਮਾਣਕ। ਉਹੋ ਸ਼ਬਦ ਵੀ ਗਾਉਂਦਾ-ਭਜਨ ਵੀ ਅਤੇ ਨਾਹਅਤਾਂ ਵੀ ।
ਆਪਣੇ ਘਰੇ ਹਰ ਸਾਲ ਸਹਿਜ ਪਾਠ ਜਾਂ ਅਖੰਡਪਾਠ ਵੀ ਕਰਾਉਂਦਾ। ਮਾਤਾ ਦਾ ਜਗਰਾਤਾ ਵੀ-ਕੁਰਾਨ ਸ਼ਰੀਫ ਪੜ੍ਹਾਉਂਦਾ ਮੌਲਵੀ ਕੋਲੋਂ। ਉਹਦੇ ਕਹਿਣ ਮੁਤਾਬਕ ਬੰਦੇ ਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਸਾਰੇ ਧਰਮ ਸਾਨੂੰ ਨੇਕ ਕਮਾਈ ਕਰਨ- ਸੱਚ ਬੋਲਣ-ਵੰਡ ਕੇ ਛੱਕਣ ਦਾ ਉਪਦੇਸ਼ ਦਿੰਦੇ ਹਨ। ਕਈ ਵਾਰੀ ਮੈਂ ਸੋਚਦਾਂ, ਜੇ ਲੋਕਾਂ ਦੀ ਸੋਚ ਮਾਣਕ ਵਰਗੀ ਬਣ ਜਾਵੇ ਤਾਂ ਦੁਨੀਆ ਵਿਚੋਂ ਧਾਰਮਿਕ ਲੜਾਈ ਝਗੜੇ ਖਤਮ ਹੋ ਸਕਦੇ ਹਨ।
ਮਾਣਕ ਦੇ ਮਾਨ ਸਨਮਾਨ ਤਾਂ ਬਹੁਤ ਹੋਏ ਹਨ। ਜੋ ਉਂਗਲਾਂ ਤੇ ਗਿਣੇ ਨਹੀਂ ਜਾ ਸਕਦੇ। ਪਰ ਡਰਬੀ (ਇੰਗਲੈਂਡ) ਰਹਿੰਦੇ ਸ. ਸੁਖਦੇਵ ਸਿੰਘ ਅਟਵਾਲ ਚੈਅ ਸੈਨ ‘ਦੇਵ ਥਰੀਕੇ ਐਪਰੀਸੀਏਸ਼ਨ ਸੁਸਾਇਟੀ’ ਨੇ ਪਿਛਲੇ ਦਿਨੀਂ ਮਾਣਕ ਨੂੰ ਸਪੈਸ਼ਲ ਤੌਰ ‘ਤੇ ਇੰਗਲੈਂਡ ਸੱਦ ਕੇ ਲੱਖ ਰੁਪਈਏ ਨਾਲ ਸਨਮਾਨ ਕੀਤਾ ਸੀ । ਉਂਜ ਮਾਣਕ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਸੱਭ ਤੋਂ ਵੱਡਾ ਸਨਮਾਨ ਸਮਝਦਾ।
ਪੰਜਾਬ ਦੀ ਇਕ ਵੀ ਲੋਕ ਗਾਥਾ ਇਹੋ ਜਿਹੀ ਨਹੀਂ ਜਿਹੜੀ ਮਾਣਕ ਨੇ ਨਾ ਗਾਈ ਹੋਵੇ । ਇਹਨੇ ਵਖੋ ਵੱਖ ਛੰਦਾਂ ‘ਤੇ ਅਧਾਰਿਤ ਅਣਗਿਣਤ ਲੋਕ ਗਾਥਾਵਾਂ ਗਾਈਆਂ ਹਨ। ਉਹਨਾਂ ਵਿਚੋਂ ਕੁਝ ਕੁ ਇਹ ਹਨ-ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੱਸੀ ਪੁਨੂੰ, ਸੋਹਣੀ ਮਹੀਵਾਲ, ਕੀਮਾਂ ਮਲਕੀ, ਸੈਫਲ ਮਲੂਕ, ਦਹੂਦ ਬਾਦਸ਼ਾਹ, ਢੋਲ ਸੱਸੀ, ਬੇਗੋਨਾਰ, ਸ਼ੀਰੀਂ ਫਰਹਾਦ, ਲੈਲਾ ਮਜਨੂੰ, ਰੋਡਾ ਜਲਾਲੀ, ਯੂਸਫ ਜੁਲੈਖਾ, ਸਾਮੋਂ ਨਾਰ, ਕਾਕਾ ਪ੍ਰਤਾਪੀ ਕਿਹਰ ਸਿੰਘ, ਰਾਮ ਕੌਰ, ਰਾਣੀ ਸੁੰਦਰਾ, ਪੂਰਨ ਭਗਤ, ਲੂਣਾ, ਰਾਣੀ ਇੱਛਰਾਂ, ਜਿਊਣਾ ਮੌੜ, ਸੁਚਾ ਸੂਰਮਾ, ਜੱਗਾ ਡਾਕੂ, ਜੈਮਲ ਫੱਤਾ, ਦੁੱਲਾ ਭੱਟੀ, ਰੂਪ ਬਸੰਤ, ਸਰਵਣ ਭਗਤ, ਤਾਰਾ ਰਾਣੀ, ਸਹਿਤੀ ਮੁਰਾਦ ਅਤਿਆਦਿ।
ਮਾਣਕ ਗਾਇਕੀ ਦਾ ਸ਼ਾਹ ਸਵਾਰ ਰਿਹਾ ਤੇ ਹੁਣ ਵੀ ਹੈ। ਜੇ ਇਹੇ ਸ਼ਰਾਬ ਦੀ ਬਹੁਤ ਵਰਤੋਂ ਨਾ ਕਰਦਾ ਤਾਂ ਅਜੇ ਵੀ ਇਹਨੇ ਵੀਹ ਪੱਚੀ ਸਾਲ ਰਾਜ ਕਰਨਾ ਸੀ, ਗਾਇਕੀ ਦੇ ਖੇਤਰ ਵਿਚ। ਵੱਡੇ ਵੱਡੇ ਗਵੱਈਆਂ ਦੇ ਪੈਰ ਨਹੀਂ ਲੱਗਣ ਦੇਣੇ । ਮਾਣਕ ਦੀ ਆਵਾਜ਼ ਵਿਚ ਅੱਜ ਵੀ ਪਹਿਲਾਂ ਵਾਲਾ ਹੀ ਦਮਖ਼ਮ ਹੈ। ਜੇ ਕਿਤੇ ਆਪਣੇ ਆਪ ਨੂੰ ਸੰਭਾਲ ਲਏ ਹੁਣ ਵੀ । ਅਜੇ ਡੁੱਲ੍ਹਿਆਂ ਬੇਰਾਂ ਦਾ ਕੁਝ ਨਵੀਂ ਵਿਗੜਿਆ । ਮਾਣਕ ਨੇ ਆਪਣੀ ਅਵਾਜ਼ ਨਾਲ ਲੋਕਾਂ ਦੇ ਦਿਲਾਂ ਉਤੇ ਰਾਜ ਕੀਤਾ ਹੈ, ਅਜੇ ਕਰੂਗਾ ਵੀ। ਮਾਣਕ ਤਿੰਨ ਪੀੜ੍ਹੀਆਂ ਦਾ ਗਾਇਕ ਹੈ। ਸੱਚਾ ਪਾਤਸ਼ਾਹ ਉਹਦੀ ਸ਼ਰਾਬ ਛੁਡਾ ਦੇਵੇ। ਮਾਣਕ ਨੇ ਹੁਣ ਤੱਕ ਜੋ ਗਾਇਆ ਹੈ ਸਦੀਆਂ ਤੱਕ ਲੋਕਾਂ ਨੂੰ ਯਾਦ ਰਹੂ। ਕਲੀ ਛੰਦ ਗਾਉਣਾ ਹਾਰੀ ਸਾਰੀ ਦੇ ਵੱਸ ਦਾ ਕੰਮ ਨਹੀਂ। ਤਾਹੀਉਂ ਤਾਂ ਪੰਜਾਬੀ ਦੇ ਸੁਲਤਾਨ ਗਾਇਕ ਗੁਰਦਾਸ ਮਾਨ ਨੇ ਆਖਿਆ ਹੈ ;
“ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨੀ। ਜਿਹੜੇ ਵਾਜੇ ਵੱਜ ਗਏ ਮੁੜਕੇ ਵੱਜਣੇ ਨੀ। ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ। ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ।”
ਮੇਰਾ ਮਹਿਬੂਬ ਗਾਇਕ-ਮਾਣਕ
ਡਾ. ਦਰਸ਼ਨ ਸਿੰਘ ਆਸ਼ਟ
ਪੰਜਵੀਂ ਛੇਵੀਂ ‘ਚ ਸਾਂ ਜਦੋਂ ਮਾਣਕ ਨੇ ਪੰਜਾਬੀ ਗਾਇਕੀ ਦੇ ਪਿੜ ਵਿਚ ਪ੍ਰਵੇਸ਼ ਕੀਤਾ ਸੀ। ਆਪਣੇ ਪਿੰਡ ਬਰਾਸ (ਨੇੜੇ ਘੋਗਾ) ਜ਼ਿਲ੍ਹਾ ਪਟਿਆਲਾ ਵਿਚ ਜਦੋਂ ਕਿਸੇ ਦੇ ਕੋਠੇ ‘ਤੇ ਸਪੀਕਰ ਵੱਜਣਾ ਤਾਂ ਕੰਨ ਖੜ੍ਹੇ ਹੋ ਜਾਂਦੇ। ਆੜੀਆਂ ਨਾਲ ਸਪੀਕਰ ਵਾਲੇ ਭਾਈ ਕੋਲ ਬਹਿਕੇ ਜਿਹੜੇ ਗੀਤ ਮੈਂ ਵਾਰ ਵਾਰ ਸੁਣਦਾ ਉਹ ਮਾਣਕ ਦੀਆਂ ‘ਕਲੀਆਂ’ ‘ਗਾਥਾਵਾਂ’ ਹੀ ਸਨ । ਫਿਰ ਮੈਂ ਖੁਦ ਕਈ ਵਾਰ ਐਲ. ਪੀ. ਰਿਕਾਰਡ ਕੱਢ ਕੇ ਦਿੰਦਾ । ਉਹ ਵੀ ਮਾਣਕ ਦੇ ਹੀ ਹੋਣੇ।
ਮੇਰੇ ਪਿੰਡ ਤੋਂ ਦਸ-ਬਾਰਾਂ ਕਿਲੋਮੀਟਰ ਦੂਰ ਦਿੜਬਾ ਮੰਡੀ ਤੋਂ ਪਰਲੇ ਪਾਸੇ ਇਕ ਪਿੰਡ (ਸ਼ਾਇਦ ਰੋਗਲਾ) ਵਿੱਚ ਮੈਂ ਮਾਣਕ ਨੂੰ ਪਹਿਲੀ ਵਾਰ ਤੱਕਿਆ। ਉਦੋਂ ਅੱਠਵੀਂ ‘ਚ ਹੋਵਾਂਗਾ। ਪਿੰਡ ਕੱਚਾ ਰਸਤਾ। ਪੈਦਲ ਗਿਆ ਪੈਦਲ ਆਇਆ। ਅਸਲ ਵਿਚ ਮਾਣਕ ਦੀ ਗਾਇਕੀ ਨਾਲ ਮੇਰਾ ਜਜ਼ਬਾਤੀ ਕਿਸਮ ਦਾ ਸੰਬੰਧ ਜੁੜ ਗਿਆ ਸੀ। ਉਹਨੀਂ ਦਿਨੀਂ ਅੰਮਿ੍ਤਸਰੋਂ ਇਕ ਰਸਾਲਾ ਛਪਦਾ ਹੁੰਦਾ ਸੀ, ‘ਫਿਲਮੀ ਸੰਸਾਰ’। ਉਸ ਰਸਾਲੇ ਦੇ ਪਿਛਲੇ ਪਾਸੇ (ਟਾਈਟਲ ਪੰਨੇ) ਤੇ ਮਾਣਕ ਦੀਆਂ ਨਵੀਆਂ ਆਈਆਂ ਕੈਸਿਟਾਂ ਦੇ ਇਸ਼ਤਿਹਾਰਾਂ ਨੂੰ ਪੜ੍ਹਨ ਨਾਲ ਮੈਨੂੰ ਖਾਸ ਸਕੂਨ ਮਿਲਦਾ।
ਮੈਂ ਮਾਣਕ ਦੇ 90% ਗੀਤ ਸੁਣੇ ਹਨ। ਗੁਲਸ਼ਨ ਕੋਮਲ ਨਾਲ ਆਏ ਮਾਣਕ ਦੇ ਦੋਗਾਣਿਆਂ ਨਾਲ ਮੇਰੇ ਪਿੰਡ ਦੀ ਮੁੰਡੀਰ ਤੇ ਬੜਾ ਡੂੰਘਾ ਅਸਰ ਵੇਖਣ ਵਿਚ ਆਇਆ। ਟੇਪਰਿਕਾਰਡ ਪਹਿਲੀ ਵਾਰੀ ਮੈਂ ਪਿੰਡ ਦੇ ਹਾਕਮ ਦੇਵ ਲੰਬੜਦਾਰ ਦੇ ਮੁੰਡੇ ਬਾਲੀਏ (ਮਹਿੰਦਰ) ਕੋਲ ਵੇਖਿਆ ਤੇ ਸਬੱਬ ਨਾਲ ਉਸ ਕੋਲ ਇਕੋ ਹੀ ਕੈਸਿਟ ਸੀ ਜਿਸ ਨੂੰ ਉਹ ਵਾਰ ਵਾਰ ਲਗਾ ਕੇ ਸੁਣਦਾ। ਇਹ ਮਾਣਕ ਤੇ ਗੁਲਸ਼ਨ ਕੋਮਲ ਦੇ ਦੋਗਾਣਿਆਂ ਵਾਲੀ ਹੀ ਕੈਸਿਟ ਸੀ।
ਮੈਂ ਸਮਝਦਾ ਹਾਂ ਜੇ ਦੇਵ ਥਰੀਕੇ ਵਾਲਾ ਗੀਤਕਾਰ ਨਾ ਹੁੰਦਾ ਤਾਂ ਸ਼ਾਇਦ ਅੱਜ ਮਾਣਕ ਦਾ ਏਡਾ ਨਾਂ ਨਾ ਹੁੰਦਾ । ਹਰਚਰਨ ਗਰੇਵਾਲ ਨਾਲ ਕੰਮ ਕਰਦਿਆਂ ਉਸ ਅੰਦਰਲੀ ਗਾਇਨ-ਪ੍ਰਤਿਭਾ ਨੂੰ ਹੁਲਾਰਾ ਮਿਲਿਆ ਸੀ ।
ਜਲੰਧਰੋਂ ਰੇਡੀਓਂ ਦੁਪਹਿਰ ਬਾਅਦ 2.30 ਵਜੇ ਪੰਜਾਬੀ ਗਾਣਿਆਂ ਨੂੰ ਚਲਾਉਣ ਦੀ ਪਿਰਤ ਸੀ ਜੋ ਅੱਜਕਲ੍ਹ 2.10 ਵਜੇ ਬਾਅਦ ਦੁਪਹਿਰ ਹੋ ਗਈ ਹੈ। ਇਸ ਵਿਚ ਮਾਣਕ ਦੇ ਤਿੰਨ ਗੀਤ ਅਕਸਰ ਵਜਦੇ ਸਨ ‘ਜੋਗੀ ਖੜ੍ਹਾ ਦੁਆਰੇ ਤੇਰੇ ਤੇ’, ‘ਜਾਲਮ ਲੋਕੀਂ ਸ਼ੀਰੀਂ ਤੇਰੇ ਸ਼ਹਿਰ ਦੇ’ ਆਦਿ । ਪਰ ਇਹਨਾਂ ਨਾਲ ਗੀਤਕਾਰ ਦਾ ਨਾਂ ਨਹੀਂ। ਦੇਵ ਦੀ ਲਿਖੀ ਗੀਤ-ਪੁਸਤਕ ਹੱਥ ਲੱਗੀ। ਸਬੱਬੀ ਇਹ ਗੀਤ ਉਸ ਕਿਤਾਬ ਵਿਚ ਸ਼ਾਮਿਲ ਸਨ। ਦੇਵ ਦਾ ਨਾਂ ਇਹਨਾਂ ਗੀਤਾਂ ਵਿਚ ਸੀ ਪਰ ਅਫਸੋਸ ਜਿਹੜੇ ਗੀਤ ਰੇਡੀਓ ਤੇ ਵੱਜਦੇ ਸਨ। ਉਹਨਾਂ ਵਿਚੋਂ ਉਹ ਅੰਤਲੇ ਬੰਦ ਉਡਾਏ ਹੋਏ ਸਨ ਜਿਨ੍ਹਾਂ ਵਿਚ ਦੇਵ ਦਾ ਨਾਂ ਗੀਤਕਾਰ ਵਜੋਂ ਲਿਖਿਆ ਹੋਇਆ ਸੀ.
ਮਾਣਕ ਦੇ ਕਈ ਗੀਤ ਮੈਨੂੰ ਲੋਹੜੇ ਦੇ ਪਸੰਦ ਹਨ ਜਿਵੇਂ, ‘ਜਦੋਂ ਏਸ ਦੁਨੀਆ ਤੋਂ ਮੈਂ ਤੁਰ ਜਾਵਾਂਗਾ, ਫੇਰ ਏਸ ਦੁਨੀਆ ਨੂੰ ਡਾਢਾ ਯਾਦ ਆਵਾਂਗਾ’, ‘ਕਾਕਾ-ਪਰਤਾਪੀ’, ‘ਯੂਸਫ-ਜੁਲੈਖਾਂ’, ‘ਜਿਉਣਾ ਮੌੜ’, ‘ਸੱਸ ਨੂੰ ਕੇਹਰ ਸਿੰਘ ਸਮਝਾਵੇ’, ‘ਲੋਕੋ ਰੁੜ੍ਹੀ ਨਦੀ ਵਿਚ ਜਾਵੇ’, (ਸੱਸੀ), ‘ਮਾਂ ਹੁੰਦੀ ਏ ਮਾਂ’, ‘ਛੇਤੀ ਕਰ ਸਰਵਣ ਬੱਚਾ’, ‘ਮੇਰੇ ਪੂਰਨ ਪੁੱਤ ਨੂੰ ਹੱਥਕੜੀਆਂ ਲਾਈਆਂ’, ‘ਖੁਰਾਂ ਨਾਲ ਬੱਕੀ ਮਿਰਾਜ਼ ਜਗਾਉਂਦੀ’, ‘ਅੱਖਾਂ ‘ਚੋਂ ਨਜਾਇਜ਼ ਵਿਕਦੀ’, ‘ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ’ ਵਗੈਰਾ ਪਰ ਜੇ ਬਹੁਤੇ ਪਸੰਦ ਨਹੀਂ ਹਨ ਤੇ ਉਸਦੇ ਦੋ ਗਾਣੇ।
ਦੇਵ ਥਰੀਕਿਆਂ ਵਾਲੇ ਯਾਨੀ ਹਰਦੇਵ ਦਿਲਗੀਰ ਥਰੀਕੇ ਨੂੰ ਮੈਂ ਕਦੇ ਨਹੀਂ ਮਿਲਿਆ ਪਰ ਫੋਨ ਜਾਂ ਖਤੋ-ਖਿਤਾਬਤ ਰਾਹੀਂ ਸੰਪਰਕ ਬਣਿਆ ਰਹਿੰਦਾ ਹੈ। ਮਾਣਕ ਦੇ ਦੇਵ ਬਾਰੇ ਕੁਝ ਕ੍ਰਾਂਤੀਆਂ ਮੇਰੇ ਜ਼ਿਹਨ ਵਿਚ ਬਣੀਆਂ ਹੋਈਆਂ ਨੇ ਮਸਲਨ ਜਦੋਂ ਦੇਵ ਨੇ ਜਿਊਣਾ ਮੌੜ ਲਿਖਿਆ ਸੀ ਤਾਂ ਮਾਣਕ ਤੇ ਦੇਵ ਦੇ ਸੰਬੰਧਾਂ ਵਿਚ ਉਦੋਂ ਕੁਝ ਫਿੱਕ ਜਿਹੀ ਪੈ ਗਈ ਸੀ ਕਿਉਂਕਿ ਦੇਵ ਨੇ ‘ਜਿਉਣਾ ਮੌੜ’ ਸੁਰਿੰਦਰ ਛਿੰਦੇ ਨੂੰ ਦੇ ਦਿੱਤਾ ਸੀ। ਇਕ ਐਲ. ਪੀ. ਨੇ ਆਪਣੇ ਡਰਾਮਾਈ ਅੰਦਾਜ਼ ਤੇ ਵੱਖ ਵੱਖ ਪਾਤਰਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕਾਰਨ ਰਿਕਾਰਡ ਤੋੜ ਵਿਕਰੀ ਕੀਤੀ ਸੀ । ਮਾਣਕ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ ਜਿਸ ਕਰਕੇ ਉਹਨਾਂ ਦੇ ਆਪਸੀ ਸੰਬੰਧ ਕੁਝ ਸਮਾਂ ਫਿੱਕੇ ਰਹੇ ਪਰ ਛੇਤੀ ਹੀ ਦੋਵਾਂ ਨੂੰ ਆਪੋ ਆਪਣੀਆਂ ਭੁੱਲਾਂ ਤੇ ਪੁਰਾਣੀ ਜੋੜੀ ਦੀ ਅਣਪੱਤ ਦਾ ਅਹਿਸਾਸ ਹੋਇਆ ਤੇ ਦੇਵ ਦੇ ਹਾਲਾਤ ਫਿਰ ਸਾਜ਼ਗਾਰ ਬਣੇ ਹਨ। ਖੈਰ ਕੁਝ ਵੀ ਹੋਵੇ ਦੋਵੇਂ ਇਕ ਸਿੱਕੇ ਦੇ ਦੋ ਪਾਸੇ ਹਨ ਜਿਨ੍ਹਾਂ ਨੂੰ ਇਕ ਦੂਜੇ ਨਾਲੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ।
ਜਦੋਂ ਵੀ ਕਿਧਰੇ ਮਾਣਕ ਦੀ ‘ਕਲੀ’, ‘ਗਾਥਾ’ ਮੇਰੇ ਕੰਨਾਂ ‘ਚ ਸੁਣਾਈ ਪੈਂਦੀ ਹੈ ਤਾਂ ਮਨ ਨੂੰ ਬੜਾ ਸਕੂਨ ਮਿਲਦਾ ਹੈ। ਮੇਰੀ-ਨਿੱਜੀ ਧਾਰਨਾ ਹੈ ਕਿ ਜੇ ਦੇਵ ਪੰਜਾਬ ਦਾ ਲੋਕ ਵਿਰਸਾ ਗੀਤਾਂ ਵਿਚ ਨਾ ਪ੍ਰਗਟਾਉਂਦਾ ਤੇ ਮਾਣਕ ਉਸ ਨੂੰ ਦੇਸ਼-ਵਿਦੇਸ਼ ਵਿਚ ਨਾ ਘੁਮਾਉਂਦਾ ਤਾਂ ਸ਼ਾਇਦ ਬਹੁਤ ਸਾਰੀ ਕੀਮਤੀ ਸਮੱਗਰੀ ਅਣਗੌਲੀ ਹੀ ਰਹਿ ਜਾਣੀ ਸੀ ।
ਗਾਇਕੀ ਦੀ ਗਾਨੀ ਦਾ ਸੁੱਚਾ ਮੋਤੀ- ਕੁਲਦੀਪ ਮਾਣਕ
ਧਰਮ ਕੰਮੇਆਣਾ
ਕੁਲਦੀਪ ਮਾਣਕ ਦੇ ਜ਼ਿਕਰ ਬਿਨਾਂ ਪੰਜਾਬੀ ਗਾਇਕੀ ਦਾ ਇਤਿਹਾਸ ਨਹੀਂ ਲਿਖਿਆ ਜਾ ਸਕਦਾ ਕਿਉਂਕਿ ਮਾਣਕ ਪੰਜਾਬੀ ਗਾਇਕੀ ਦੀ ਗਾਨੀ ਦਾ ਸੁੱਚਾ ਮੋਤੀ ਹੈ !
ਮਾਣਕ ਨੇ ਜਦੋਂ ਪੰਜਾਬੀ ਗਾਇਕੀ ਵਿਚ ਪ੍ਰਵੇਸ਼ ਕੀਤਾ ਉਦੋਂ ਦੋ-ਗਾਣਾ ਗਾਇਕੀ ਦੀ ਚੜ੍ਹਤ ਦਾ ਦੌਰ ਸੀ। ਉਦੋਂ ਦੀਆਂ ਪ੍ਰਸਿੱਧ ਗਾਇਕ ਜੋੜੀਆਂ ਵਿਚ ਹਰਚਰਨ ਗਰੇਵਾਲ- ਸੀਮਾ, ਮੁਹੰਮਦ ਸਦੀਕ-ਰਣਜੀਤ ਕੌਰ, ਕਰਤਾਰ ਰਮਲਾ-ਸੁਖਵੰਤ ਕੌਰ ਤੇ ਦੀਦਾਰ ਸੰਧੂ- ਸਨੇਹ ਲਤਾ ਆਦਿ ਦਾ ਨਾਂ ਉਭਰਵਾਂ ਸੀ । ਮਾਣਕ ਨੇ ਵੀ ਸ਼ੁਰੂ ਵਿਚ ਸੀਮਾ ਨਾਲ ਦੋ- ਗਾਣਾ ਹੀ ਰਿਕਾਰਡ ਕਰਵਾਇਆ ਸੀ। ਐਚ. ਐਮ. ਵੀ. ਵੱਲੋਂ ਰਿਲੀਜ਼ ਕੀਤੇ ਗਏ ਇਸ ‘ਤਵੇ’ ਦੇ ਬੋਲ ਸਨ-ਮਾਣਕ,-“ਨਿੰਮ ਥੱਲੇ ਬੈਠਾ ਨੀ ਜਵਾਈ ਤੇਰੇ ਬਾਪ ਦਾ” (ਸੀਮਾ), “ਪੈਸਾ ਹੈਨੀ ਪੱਲੇ ਤੇ ਗਟਾਰ ਵਾਂਗ ਝਾਕਦਾ ।”ਪਰ ਮਾਣਕ ਨੇ ਆਪਣੀ ਦਮਦਾਰ ਆਵਾਜ਼ ਨੂੰ ਦੋ-ਗਾਣਾ ਗਾਇਕੀ ਦੀ ਥਾਂ ਲੋਕ-ਗਾਥਾਵਾਂ ਗਾਉਣ ਲਈ ਵਧੇਰੇ ਚੰਗਾ ਸਮਝਿਆ।
ਮਾਣਕ ਤੋਂ ਪਹਿਲਾਂ ਢੱਡ-ਸਾਰੰਗੀ ‘ਤੇ ਗਾਉਣ ਵਾਲੇ ਢਾਡੀਆਂ ਅਤੇ ਤੂੰਬੇ- ਅਲਗੋਜੇ ਨਾਲ ਗਾਉਣ ਵਾਲੇ ਗੁਮੰਤਰੀਆਂ ਨੇ ਲੋਕ-ਗਾਥਾਵਾਂ ਰਿਕਾਰਡ ਕਰਵਾਈਆਂ ਸਨ ਪਰ ਸਮੇਂ ਨਾਲ ਗਾਇਕੀ ਦੀ ਇਸ ਵੰਨਗੀ ਦਾ ਰੰਗ ਫਿੱਕਾ ਪੈਣ ਲੱਗ ਪਿਆ ਸੀ। ਆਮ ਸਰੋਤੇ ਇਨ੍ਹਾਂ ਤਵਿਆਂ ‘ਚ ਦਿਲਚਸਪੀ ਨਹੀਂ ਸਨ ਲੈਂਦੇ । ਨੌਜਵਾਨਾਂ ਨੂੰ ਦੋ-ਗਾਣਾ ਗਾਇਕੀ ਦਾ ਰੰਗ-ਢੰਗ ਪਸੰਦ ਸੀ। ਸਿਰਫ ਕੁਝ ਵਡੇਰੀ ਉਮਰ ਦੇ ਵਿਅਕਤੀ ਹੀ ਵਿਆਹ- ਸ਼ਾਦੀ ਮੌਕੇ ਸਪੀਕਰ ਵਾਲੇ ਨੂੰ ‘ਵਾਜ ਲਾਉਣ ਲਈ ਕਹਿੰਦੇ ਸਨ । ਜਦ ਮਾਣਕ ਲੋਕ- ਗਾਥਾਵਾਂ ਗਾਉਣ ਦੇ ਫੀਲਡ ਵਿਚ ਆਇਆ ਤਾਂ ਉਸ ਨੇ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲਾ ਨਾਲ ਮਿਲਕੇ ਮਰ ਮੁੱਕ ਚੱਲੀਆਂ ਲੋਕ-ਗਾਥਾਵਾਂ ਦੀ ਪੁਨਰ-ਸੁਰਜੀਤੀ ਕੀਤੀ। ਇਹ ਆਪਣੇ ਆਪ ਵਿਚ ਇਤਿਹਾਸ ਅਤੇ ਮੁੱਲਵਾਨ ਕਾਰਜ ਹੈ। ਪੁਰਾਤਨ ਸਾਜ਼ਾਂ ਦੀ ਥਾਂ ਆਧੁਨਿਕ ਸਾਜ਼ਾਂ ਦੀ ਸੰਗਤ ਵਿਚ ਮਾਣਕ ਵੱਲੋਂ ਗਾਈਆਂ ਲੋਕ-ਗਾਥਾਵਾਂ ਬੁਜ਼ਰਗਾਂ ਦੇ ਨਾਲ-ਨਾਲ ਨੌਜਵਾਨ ਵਰਗ ਦੇ ਦਿਲਾਂ ਵਿਚ ਵੀ ਆਪਣੀ ਪੱਕੀ ਥਾਂ ਬਣਾ ਗਈਆਂ। ਮਾਣਕ ਨੇ ਸੰਗੀਤ ਦੋ-ਗਾਣਾ ਗਾਇਕੀ ਵਾਲਾ ਵਰਤਿਆ ਅਤੇ ਗਾਇਕੀ ਦਾ ਵਿਸ਼ਾ- ਵਸਤੂ ਪੁਰਾਤਨ ਗਾਇਕੀ ਤੋਂ ਲਿਆ, ਜਿੱਥੇ ਉਸਨੇ ਕਲੀ, ਸੱਦ, ਕਬਿੱਤ, ਗੱਡੀ ਚਾਲ ਛੰਦ ਆਦਿ ਪੁਰਾਤਨ ਧੁਨਾਂ ਨੂੰ ਗਾਇਆ ਉਥੇ ਸੱਜਰੀਆਂ ਧੁਨਾਂ ‘ਚ ਲੋਕ, ਗਾਥਾਵਾਂ ਦੇ ਵਿਸ਼ਾ-ਵਸਤੂ ਨੂੰ ਪਰੋ ਕੇ ਲੋਕ-ਗਾਥਾਤਮਕ ਗੀਤਾਂ ਦੀ ਸ਼ੈਲੀ ਨੂੰ ਵੀ ਸਥਾਪਤ ਕੀਤਾ।
ਅੱਜ ਕਲ੍ਹ ਇਲੈਕਟ੍ਰੋਨਿਕ ਮੀਡੀਏ ਦੇ ਪ੍ਰਚਾਰ-ਪਸਾਰ ਰਾਹੀਂ ਪੰਜਾਬੀ ਗਾਇਕੀ ਦਾ ਰੰਗ-ਢੰਗ ਬਦਲਦਾ ਜਾ ਰਿਹਾ ਹੈ। ਹਰ ਰੋਜ਼ ਕੋਈ ਨਵਾਂ ਗਾਇਕ ਟੀ. ਵੀ. ਸਕਰੀਨ ਉਪਰ ਗਾਉਂਦਾ ਨਜ਼ਰੀਂ ਪੈਂਦਾ ਹੈ। ਇਨ੍ਹਾਂ ਵਿਚ ਬਹੁਤਿਆਂ ਗਾਇਕਾਂ ਦੀ ਗਾਇਕ ਵਜੋਂ ਉਮਰ ਇਕ ਦੋ ਮਹੀਨਿਆਂ ਦੀ ਹੀ ਹੁੰਦੀ ਹੈ। ਪਰ ਕੁਲਦੀਪ ਮਾਣਕ ਦੀ ਗਾਇਕੀ ਦਾ ਪੰਜਾਬੀ ਸਰੋਤਿਆਂ ਦੇ ਦਿਲਾਂ ਵਿਚ ਵਾਸਾ ਹੈ। ਮਾਣਕ ਦੇ ਗਾਏ ਗੀਤਾਂ, ਲੋਕ-ਗਾਥਾਵਾਂ ਤੇ ਕਲੀਆਂ ਪ੍ਰਤੀ ਕਸ਼ਿਸ਼ ਦਿਨੋਂ ਦਿਨ ਵਧਦੀ ਜਾਵੇਗੀ ਅਤੇ ਉਸ ਦੀ ਸ਼ੁਹਰਤ ਦਾ ਗੁਲਾਨਾਰੀ ਰੰਗ ਸਮੇਂ ਦੇ ਬੀਤਣ ਨਾਲ ਹੋਰ ਵੀ ਗੂੜ੍ਹਾ ਤੇ ਚਮਕੀਲਾ ਹੁੰਦਾ ਜਾਏਗਾ।
ਟਿੱਲੇ ਵਾਲਾ ਮਾਣਕ….
ਨਿਰੰਜਣ ਬੋਹਾ
ਦਸਵੀਂ ਜਮਾਤ ਦੇ ਇਮਤਿਹਾਨਾਂ ਦੇ ਨੇੜੇ ਅੱਧੀ ਛੁਟੀ ਵੇਲੇ ਸਕੂਲੋਂ ਭੱਜ ਕੇ ਕੁਲਦੀਪ ਮਾਣਕ ਦਾ ਅਖਾੜਾ ਸੁਣਨ ਬਦਲੇ ਅੰਗਰੇਜ਼ੀ ਭਾਸ਼ਾ ਦੇ ਅਧਿਆਪਕ ਤੋਂ ਖਾਧੀ ਕੁੱਟ ਯਾਦ ਆਉਂਦੀ ਐ ਤਾਂ ਆਪਣੇ ਆਪ ਇੱਕ ਮਿੱਠੀ ਜਿਹੀ ਮੁਸਕਰਾਹਟ ਮੇਰੇ ਬੁੱਲ੍ਹਾਂ ਤੇ ਆ ਜਾਂਦੀ ਹੈ। ਹੁਣ ਜਦੋਂ ਕੁਲਦੀਪ ਮਾਣਕ ਦਾ ਕੋਈ ਗੀਤ ਟੈਲੀਵਿਜ਼ਨ ਦੇ ਕਿਸੇ ਚੈਨਲ ਤੇ ਚੱਲ ਰਿਹਾ ਹੁੰਦਾ ਹੈ ਤਾਂ ਮੈਂ ਆਪਣੇ ਬੱਚਿਆਂ ਨੂੰ ਹੁੱਬ ਕੇ ਦੱਸਦਾ ਹਾਂ ਕਿ ਇਸ ਗਾਇਕ ਦੇ ਅਖਾੜੇ ਨੇ ਮਾਸਟਰ ਕੋਲੋਂ ਮੇਰੀ ਪਿੱਠ ਤੇ ਏਨੇ ਠੁੱਢੇ ਪਵਾਏ ਸਨ ਕਿ ਮਾਂ ਨੂੰ ਪੂਰੇ ਦੋ ਦਿਨ ਤੱਤੇ ਰੇਤੇ ਦੀ ਟਕੋਰ ਕਰਨੀ ਪਈ ਸੀ । ਮੇਰੀ ਗੱਲ ਸੁਣ ਕੇ ਬੱਚੇ ਹੱਸਣ ਲੱਗ ਪੈਂਦੇ ਹਨ ਤਾਂ ਮੈਂ ਹੋਰ ਚਾਂਭਲ ਕੇ ਦੱਸਦਾ ਕਿ ‘ਕਲੀਆਂ’ ਦੇ ਇਸ ‘ਬਾਦਸ਼ਾਹ’ ਪ੍ਰਤੀ ਮੇਰੀ ਸ਼ਰਧਾ ਤੇ ਆਸਥਾ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ।
ਭਾਵੇਂ ਮੇਰੇ ਬੱਚੇ ਪੌਪ ਸੰਗੀਤ ਦੇ ਜ਼ਮਾਨੇ ਦੀ ਪੈਦਾਵਾਰ ਹਨ ਤੇ ਸੰਗੀਤ ਦੀਆਂ ਆਧੁਨਿਕ ਧੁਨਾਂ ‘ਤੇ ਥਿਰਕਣੀ ਵੀ ਜਾਣਦੇ ਹਨ, ਪਰ ਜਿਸ ਪੁਰਾਣੇ ਗਾਇਕ ਨਾਲ ਉਨ੍ਹਾਂ ਦੇ ਪਾਪਾ ਦਾ ਏਨਾ ਡੂੰਘਾ ਪਿਆਰ ਹੋਵੇਗਾ, ਉਹ ਉਸਨੂੰ ਨਜ਼ਰ ਅੰਦਾਜ਼ ਵੀ ਨਹੀਂ ਕਰ ਸਕਦੇ। ਜਦੋਂ ਉਹ ਮਾਰਕੀਟ ਵਿਚੋਂ ਆਪਣੇ ਪਸੰਦ ਦੇ ਗੀਤਾਂ ਦੀ ਕੈਸਟ ਜਾਂ ਸੀ. ਡੀ. ਖਰੀਰਦੇ ਹਨ ਤਾਂ ਮੇਰੇ ਲਈ ਵੀ ਕੁਲਦੀਪ ਮਾਣਕ, ਯਮਲਾ ਜੱਟ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ ਜਾਂ ਨਰਿੰਦਰ ਬੀਬਾ ਦੀ ਉਪਲਭਦ ਕੈਸਟ ਲਿਆਉਣਾ ਨਹੀਂ ਭੁਲਦੇ। ਬੇਟਾ ਨਵਨੀਤ ਤੇ ਮਨਪ੍ਰੀਤ ਜਦੋਂ ਆਪਣੇ ਕਮਰੇ ਵਿਚ ਟੈਲੀਵਿਜ਼ਨ ਤੇ ਮਾਣਕ ਨੂੰ ਗਾਉਂਦਾ ਵੇਖਦੇ ਹਨ ਤਾਂ ਉਸ ਵੇਲੇ ਮੈਨੂੰ ਆਵਾਜ਼ ਮਾਰਨ ਲੱਗ ਪੈਂਦੇ ਹਨ “ਆਜੋ ਪਾਪਾ ਤੁਹਾਡੇ ਉੱਚੇ ਟਿੱਲੇ ਵਾਲਾ ਮਾਣਕ ਗਾ ਰਿਹੈ।” ਮਾਣਕ ਦੀ ਗਾਇਕੀ ਦੇ ਟੁਣਕਦੇ ਬੋਲ ਸੁਣਨ ਲਈ ਅਸੀਂ ਸਾਰਾ ਪਰਿਵਾਰ ਇਸ ਤਰ੍ਹਾਂ ਟੈਲੀਵਿਜ਼ਨ ਅੱਗੇ ਬੈਠ ਜਾਂਦੇ ਹਾਂ ਜਿਵੇਂ ਸ਼ਰਧਾ ਪੂਰਵਕ ਕਿਸੇ ਧਾਰਮਿਕ ਸਮਾਗਮ ਵਿਚ ਬੈਠੇ ਹੋਈਏ।
ਮਾਣਕ ਨੂੰ ਨੇੜਿਉਂ ਵੇਖਣ ਤੇ ਉਸ ਨਾਲ ਘੜੀ ਦੋ ਘੜੀ ਗੱਲਬਾਤ ਕਰਨ ਸਬੰਧੀ ਮੇਰੀ ਬਚਪਨ ਦੀ ਰੀਝ ਉਦੋਂ ਪੂਰੀ ਹੋਈ ਜਦੋਂ ਮਾਣਕ ਨੇ 1996 ਦੀਆਂ ਲੋਕ ਸਭਾ ਚੋਣਾਂ ਸਮੇਂ ਸਿਆਸੀ ਆਗੂਆਂ ਦੇ ਆਖੇ ਲੱਗ ਕੇ ਬਠਿੰਡਾ ਸੀਟ ਤੋਂ ਚੋਣ ਲੜਣ ਦਾ ਐਲਾਨ ਕਰ ਦਿੱਤਾ। ਮੇਰਾ ਪਿੰਡ ਇਸ ਲੋਕ ਸਭਾ ਖੇਤਰ ਵਿਚ ਪੈਂਦਾ ਹੋਣ ਕਾਰਨ ਭਾਵੇਂ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਇਸ ਬਹਾਨੇ ਆਪਣੇ ਚਹੇਤੇ ਗਾਇਕ ਨੂੰ ਨੇੜਿਉਂ ਮਿਲ ਤੇ ਮਾਣ ਸਕਾਂਗਾ। ਪਰ ਨਾਲ ਹੀ ਮੇਰਾ ਮਨ ਗਵਾਹੀ ਭਰ ਰਿਹਾ ਸੀ ਕਿ ਮਾਣਕ ਵਰਗੇ ਸੱਚੇ ਸੁੱਚੇ ਕਲਾਕਾਰ ਨੂੰ ਸਿਆਸਤ ਵਿੱਚ ਨਹੀਂ ਸੀ ਪੈਣਾ ਚਾਹੀਦਾ। ਸਿਆਸਤ ਤਾਂ ਨਿਰਾ ਗੰਦ ਹੈ ਜੋ ਕਿਸੇ ਪਾਕ-ਪਵਿੱਤਰ ਬੰਦੇ ਦਾ ਦਾਮਨ ਮਿੰਟਾਂ ਸੈਕਿੰਟਾਂ ਵਿਚ ਦਾਗਦਾਰ ਬਣਾ ਸਕਦੀ ਹੈ। ਮੇਰੀ ਇਹ ਵੀ ਧਾਰਨਾ ਸੀ ਕਿ ਵੋਟਾਂ ਦੇ ਮੌਸਮ ਵਿਚ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਅਕਾਲੀ ਜਾਂ ਕਾਂਗਰਸੀ ਖੇਮਿਆਂ ਵਿਚ ਵੰਡੇ ਜਾਂਦੇ ਹਨ ਤੇ ਉਨ੍ਹਾਂ ਦੇ ਦਿਲ ਤੇ ਦਿਮਾਗ ਵੀ ਇਨ੍ਹਾਂ ਮੁੱਖ ਸਿਆਸੀ ਪਾਰਟੀਆਂ ਦੀ ਤਰਜ਼ ‘ਤੇ ਸੋਚਣ ਲੱਗ ਪੈਂਦੇ ਹਨ। ਇਸ ਲਈ ਕਿਸੇ ਨਵੀਂ ਪਾਰਟੀ (ਤਿਵਾੜੀ ਕਾਂਗਰਸ) ਦੀ ਟਿਕਟ ‘ਤੇ ਮਾਣਕ ਵੱਲੋਂ ਚੋਣ ਲੜ ਕਿ ਜਿੱਤ ਪ੍ਰਾਪਤ ਕਰਨੀ ਸੰਭਵ ਨਹੀਂ ਸੀ ਜਾਪਦੀ। ਮੇਰੀ ਸੋਚ ਸੀ ਕਿ ਪਹਿਲੋਂ ਨਾਮਵਰ ਲੇਖਕ ਸੰਤ ਸਿੰਘ ਸੇਖੋਂ ਨੇ ਵਿਧਾਨ ਸਭਾ ਦੀ ਚੋਣ ਲੜ ਕੇ ਕੀ ਖੱਟ ਲਿਆ ਹੈ ਤੇ ਹੁਣ ਕੁਲਦੀਪ ਮਾਣਕ ਲੋਕ ਸਭਾ ਸੀਟ ਲੜ ਕੇ ਕੀ ਖੱਟ ਲਵੇਗਾ।
ਬੱਸ ਸਟੈਂਡ ਬੋਹਾ ‘ਤੇ ਅਯੋਜਿਤ ਕੁਲਦੀਪ ਮਾਣਕ ਦੀ ਚੋਣ ਰੈਲੀ ਸਮੇਂ ਉਸਦੀ ਪਾਰਟੀ ਦੇ ਇਕ ਆਗੂ ਨੇ ਉਸ ਨਾਲ ਮੇਰੀ ਜਾਣ ਪਹਿਚਾਣ ਕਰਾਈ।
“ਬਈ, ਤੁਹਾਡੇ ਵਰਗੇ ਲੇਖਕਾਂ ਤੇ ਪੱਤਰਕਾਰਾਂ ਦੀ ਤਾਂ ਇਸ ਵੇਲੇ ਮੈਨੂੰ ਬਹੁਤ ਲੋੜ ਹੈ। ਤੁਸੀਂ ਹੀ ਮੇਰੀ ਚੋਣ ਮੁਹਿੰਮ ਭਖਾਉਣੀ ਹੈ।”ਕਹਿੰਦਿਆਂ ਮਾਣਕ ਸਾਹਿਬ ਨੇ ਮੈਨੂੰ ਜੱਫੀ ਵਿਚ ਭਰ ਕੇ ਅਪਣਤ ਵਿਖਾਈ। ਮਾਣਕ ਦੀ ਉਹ ਜੱਫੀ ਦਾ ਨਿੱਘ ਅਜੇ ਵੀ ਮੇਰੇ ਦਿਲ ਦੇ ਨਰਮ ਕੋਨੇ ਵਿਚ ਸੁਰੱਖਿਅਤ ਹੈ ਤੇ ਮੈਂ ਇਸਨੂੰ ਆਪਣੇ ਜੀਵਨ ਦੀ ਕੀਮਤੀ ਪੂੰਜੀ ਵਜੋਂ ਸੰਭਾਲਿਆ ਹੈ ।
ਮਾਣਕ ਦੀਆਂ ਚੋਣ ਰੈਲੀਆਂ ਦੀ ਕਵਰੇਜ਼ ਕਰਨ ਲਈ ਮੈਂ ਦੋ ਚਾਰ ਪਿੰਡਾਂ ਵਿਚ ਉਨ੍ਹਾਂ ਦੇ ਨਾਲ ਵੀ ਗਿਆ । ਬੋਹਾ-ਬੁਢਲਾਡਾ ਖੇਤਰ ਦੇ ਇਕ ਪਿੰਡ ਵਿਚ ਮਾਣਕ ਸਾਹਿਬ ਇਕੱਠ ਵਿਚ ਹਾਜ਼ਰ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਸਨ ਤਾਂ ਉਨ੍ਹਾਂ ਦੀ ਗਾਇਕੀ ਦੇ ਪ੍ਰਸ਼ੰਸਕ ਇਕ ਬਜ਼ੁਰਗ ਕੋਲੋਂ ਰਿਹਾ ਨਾ ਗਿਆ ਤੇ ਉਹ ਮਾਣਕ ਨੂੰ ਵਿਚਾਲਿਉਂ ਹੀ ਟੋਕ ਕੇ ਬੋਲ ਪਿਆ, “ਤੂੰ ਕੋਈ ਕਲੀ ਸੁਣਾ ਮਾਣਕਾ ਵੋਟਾਂ ਬਥੇਰੀਆਂ ! ਆਹ ਲੈਕਚਰ ਲੂਕਚਰ ਤਾਂ ਅਸੀਂ ਹੋਰ ਲੀਡਰਾਂ ਤੋਂ ਵੀ ਸੁਣ ਲਵਾਂਗੇ।” ਉਸ ਸਮੇਂ ਮਾਣਕ ਨੇ ਜੋਸ਼ ਭਰੀ ਆਵਾਜ਼ ਵਿਚ ਹਿੱਕ ਦੇ ਜ਼ੋਰ ‘ਤੇ, “ਜੋ ਲੋੜ ਪਈ ਤਾਂ ਪਰਖਾਂਗੇ, ਯਾਰਾਂ ਉਏ ਤੇਰੀ ਯਾਰੀ ਨੂੰ” ਗੀਤ ਗਾਇਆ। ਵੋਟਾਂ ਦਾ ਨਤੀਜਾ ਨਿਕਲਿਆ ਤੇ ਮਾਣਕ ਦੇ ਯਾਰ ਇਸ ਪਰਖ ਵਿਚ ਫੇਲ੍ਹ ਹੋ ਗਏ। ਮਾਣਕ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਉਹ ਉਸਨੂੰ ਕੇਵਲ ਤੇ ਕੇਵਲ ਸ਼ੁਧ ਕਲਾਕਾਰ ਵਜੋਂ ਹੀ ਵੇਖਣਾ ਚਾਹੁੰਦੇ ਹਨ, ਨੇਤਾ ਰੂਪੀ ਮਾਣਕ ਉਨ੍ਹਾਂ ਨੂੰ ਬਿਲਕੁਲ ਸਵੀਕਾਰ ਨਹੀਂ। ਇਕ ਲੋਕ ਗਾਇਕ ਵਜੋਂ ਮਾਣਕ ਨੇ ਲੱਖਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ। ਸੋਚਦਾ ਹਾਂ ਕਿ ਚੰਗਾ ਹੋਇਆ ਉਹ ਸਿਆਸਤ ਦੀਆਂ ਵੋਟਾਂ ਵਿਚ ਹਾਰ ਗਿਆ। ਜੇ ਉਹ ਜਿੱਤ ਜਾਂਦਾ ਤਾਂ ਗੰਦੀ ਸਿਆਸਤ ਨੇ ਜ਼ਰੂਰ ਹੀ ਇਸ ਹੀਰੇ ਮਾਣਕ ਦੀ ਚਮਕ ਨੂੰ ਫਿੱਕਾ ਪਾ ਦੇਣਾ ਸੀ |
ਕਲੀਆਂ ਤੇ ਲੋਕ ਗਾਥਾਵਾਂ ਦੀ ਲੋਕ ਪ੍ਰਿਯਤਾ ਨੂੰ ਅਸਮਾਨ ਦੀਆਂ ਬੁਲੰਦੀਆਂ ਤੀਕ ਪਹੁੰਚਾਉਣ ਵਾਲੇ ਇਸ ਕਲਾਕਾਰ ਦੀ ਗਾਇਕੀ ਦੇ ਖੇਤਰ ਨੂੰ ਦੇਣ ਏਨੀ ਮਹਾਨ ਹੈ ਕਿ ਹੁਣ ਤੀਕ ਇਸ ‘ਤੇ ਕਿੰਨੇ ਹੀ ਖੋਜ ਗ੍ਰੰਥ ਲਿਖ ਲਏ ਜਾਣੇ ਚਾਹੀਦੇ ਸਨ। ਪਿਛਲੇ ਛੇਆਂ ਦਹਾਕਿਆਂ ਦੌਰਾਨ ਇਸ ਯੁਗ ਗਾਇਕ ਦੀ ਗਾਇਕੀ ਤੇ ਤੁਲਨਾਤਮਕ ਮੁਕਾਬਲੇ ਵਿਚ ਕੋਈ ਹੋਰ ਆਵਾਜ਼ ਉਭਰ ਕੇ ਸਾਹਮਣੇ ਨਹੀਂ ਆਈ। ਇਸ ਬੁਲੰਦ ਆਵਾਜ਼ ਦੀ ਅਨਮੋਲ ਵਿਰਾਸਤ ਨੂੰ ਸੰਭਾਲਣ ਸੰਬੰਧੀ ਭਾਵੇਂ ਇਲੈਕਟ੍ਰੋਨਿਕ ਮੀਡੀਆਂ ਨੇ ਆਪਣੀ ਬਣਦੀ ਭੂਮਿਕਾ ਨਿਭਾਈ ਹੈ।
ਮਹਿਮਾ ਮਾਣਕ ਦੀ
ਨਿੰਦਰ ਘੁਗਿਆਣਵੀ
ਮੈਂ ਆਪਣੇ ਬਾਪੂ ਦੀ ਉਂਗਲੀ ਘੁੱਟ ਕੇ ਫੜੀ ਹੋਈ ਸੀ, ਭੀੜ ਬੜੀ ਸੀ, ਮਾਣਕ ਦਾ ਅਖਾੜਾ ਲੱਗਣਾ ਸੀ, ਸਾਡੇ ਪਿੰਡ ਨੇੜੇ ਝੋਟੀ ਵਾਲੇ ਪਿੰਡ ਵਿੱਚ। ਮਾਸਟਰ ਚੱਘੜ ਸਿੰਘ ਦੀ ਲੜਕੀ ਦੀ ਸ਼ਾਦੀ ਸੀ । ਬਰਾਤ ਵੀ ਬਹੁਤ ਆਈ ਸੀ ਤੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਵੀ ਵਹੀਰਾਂ ਘੱਤ ਕੇ ਆਣ ਪੁੱਜੇ ਸਨ। ਉਥੇ ਹਾਲੇ ਉਹਨੀਂ ਦਿਨੀਂ ਵਿਆਹ ਮੈਰਿਜ ਪੈਲਿਸਾਂ ਵਿਚ ਨਹੀਂ ਸਨ ਹੋਣ ਲੱਗੇ ਤੇ ਸਾਡੇ ਇਲਾਕੇ ਵਿਚ ਤਾਂ ਉਦੋਂ ਤੀਕ ਕੋਈ ਵੀ ਮੈਰਿਜ ਪੈਲਿਸ ਨਹੀਂ ਸੀ ਉਸਰਿਆ। ਖੈਰ! ਗੱਲ ਮਾਣਕ ਦੀ ਕਰਦੇ ਹਾਂ ਆਪਾਂ।
ਮੈਂ ਬਾਪੂ ਨੂੰ ਆਖਿਆ, “ਮੈਨੂੰ ਤੇਹ ਲੱਗੀ ਐ।” ਬਾਪੂ ਥੋੜ੍ਹਾ ਖਿਝ ਗਿਆ ਸੀ, “ਮੈਂ ਕੀ ਕਰਾਂ ਫਿਰ ਐਥੇ ਕਿਹੜਾ ਘੜਾ ਭਰਿਆ ਪਿਐ।” ਗਰਮੀ ਬਹੁਤ ਸੀ। ਸਕੂਲ ਵਿਚ ਅਖਾੜਾ ਲੱਗਣਾ ਸੀ । ਮਾਣਕ ਹਾਲੇ ਆਪ ਪੁੱਜਾ ਨਹੀਂ ਸੀ, ਪਰ ਲੋਕੀਂ ਟੋਲੀਆਂ ਦੀਆਂ ਟੋਲੀਆਂ ਬੱਧੀ ਟਰਾਲੀਆਂ ਭਰੀ ਪਹੀਓ ਪਹੀ ਤੇ ਸੜਕੇ-ਸੜਕੀ ਸਕੂਲ ਵਿਚ ਢੁੱਕ ਰਹੇ ਸਨ । ਫਿਰ ਸ਼ਾਇਦ ਥੋੜ੍ਹੇ ਮਿੰਟਾਂ ਪਿੱਛੋਂ ਬਾਪੂ ਨੂੰ ਮੇਰੇ ਉਤੇ ਤਰਸ ਆ ਗਿਆ ਸੀ, ਕਹਿੰਦਾ, “ਚੱਲ ਪਿਆਵਾਂ ਤੈਨੂੰ ਪਾਣੀ।” ਤੇ ਉਹ ਮੇਰਾ ਹੱਥ ਫੜ ਕੇ ਭੀੜ ਤੋਂ ਪਰ੍ਹੇ ਨਲਕੇ ਵੱਲ ਲੈ ਤੁਰਿਆ ਸੀ-ਨਲਕੇ ਦੁਆਲੇ ਭੀੜ ਹੀ ਭੀੜ ਲੋਕ ਓਕਾਂ ਲਾ-ਲਾ ਪਾਣੀ ਪੀਵੀ ਜਾਣ- ਸਾਡੀ ਵਾਰੀ ਮਸੀਂ ਹੀ ਆਈ ਸੀ।
ਪੰਡਾਲ (ਸਟੇਜ) ਵਾਲੇ ਬੰਨੇ ਅਚਾਨਕ ਰੌਲਾ ਜਿਹਾ ਉੱਚਾ ਉਠਿਆ, ਬੈਠੇ ਲੋਕ ਖੜ੍ਹੇ ਹੋ ਹੋ ਤੇ ਸਿਰ ਚੁੱਕ ਚੁੱਕ ਕੇ ਦੇਖਣ ਲੱਗੇ ਤੇ, ‘ਆ ਗਿਆ ਓਏ ਆ ਗਿਆ ਓਏ’ ਕਰਨ ਲੱਗੇ । ਮਾਣਕ ਆ ਗਿਆ ਸੀ । ਸ੍ਰੋਤਿਆਂ ਦੇ ਦਿਲਾਂ ਦੀਆਂ ਧੜਕਣਾਂ ਥੰਮ੍ਹ ਗਈਆਂ ਸਨ। ਮੇਰੀ ਚਾਹਤ ਸੀ ਕਿ ਬਾਪੂ ਮੈਨੂੰ ਸਟੇਜ ਦੇ ਬਿਲਕੁਲ ਹੀ ਸਾਹਮਣੇ ਲਿਜਾ ਕੇ ਬਿਠਾਵੇ । ਪਰ ਬਾਪੂ ਭੀੜ ਤੋਂ ਡਰਦਾ ਹੋਵੇ। ਅਸੀਂ ਸਟੇਜ ਤੋਂ ਵਾਹਵਾ ਦੂਰ ਇਕ ਪਾਸੇ ਜਿਹੇ ਨੂੰ ਹੋ ਕੇ ਬਹਿ ਗਏ! ਮਾਣਕ ਦੇ ਸ੍ਰੋਤਿਆਂ ਨੂੰ ਚਾਅ ਚੜ੍ਹ ਗਿਆ ਸੀ, ਮਣਾਂ ਮੂੰਹੀ ਚਾਅ। ਬਾਪੂ ਨੇ ਮੈਨੂੰ ਆਪਣੇ ਕੁੱਛੜ ਬਹਾ ਲਿਆ ਸੀ, ਦਾਰੂ ਪੀਤੀ ਜੱਟ ਮੱਛਰੇ ਮਸਤੇ ਫਿਰਦੇ ਸਨ । ਕੁਝ ਰਾਈਫਲਾਂ ਫੜੀ ਫਿਰਦੇ, ਘਰ ਦੀ ਕੱਢੀ ਦੇ ਗਿਲਾਸ ਡਕਾਰਦੇ, ਮੁੱਛਾਂ ਮਰੜਦੇ, ਲਲਕਾਰੇ ਮਾਰਦੇ ਵਿਆਹ ਦਾ ਸੁਆਦ ਲੈ ਰਹੇ ਸਨ।
ਮਾਣਕ ਸਟੇਜ ਨੂੰ ਤੁਰਿਆ ਆ ਰਿਹਾ ਸੀ। ਉਹਦੇ ਪਿੱਛੇ ਪਿੱਛੇ ਇਕ ਬੰਦਾ ਰਾਈਫਲ ਮੋਢੇ ਪਾਈ ਤੁਰਿਆ ਆਉਂਦਾ ਸੀ। ਕੁਝ ਢੋਲਕੀਆਂ-ਵਾਜ ਚੁੱਕੀ ਆ ਰਹੇ ਸਨ । ਸਪੀਕਰ ਖੜਕ ਪਿਆ ਸੀ। ਮੇਰੇ ਦਿਲ ਅੰਦਰ ਖੁਸ਼ੀ ਦੀ ਖੁਤਖੁਤੀ ਜਿਹੀ ਹੋਣ ਲੱਗੀ ਸੀ। ਮੈਂ ਚਾਅ ਨਾਲ ਬਾਪੂ ਵੱਲ ਝਾਕਿਆ, ਬਾਪੂ ਕਹਿੰਦਾ, “ਹੁਣ ਵੇਖ ਕਿੰਨਾ ਖੁਸ਼ ਐ ਕੰਜਰ ਲੈ ਸੁਣ ਲੈ ਵੇਖ ਲੈ ਮਾਣਕ।”
ਇਕ ਲੰਮੇ ਕੱਦ ਵਾਲਾ ਹੱਟਾ-ਕੱਟਾ ਬੰਦਾ ਮਾਣਕ ਵੱਲੀਂ ਜੋਸ਼ੋ-ਖਰੋਸ਼ ਨਾਲ ਵਧਿਆ ਤੇ ਉਸ ਨੂੰ ਲੱਕ ਦੁਆਲਿਓਂ ਹੱਥ ਪਾ ਕੇ ਉਤਾਂਹ ਚੁੱਕ ਲਿਆ, ਬਾਲਾ ਜਿਹਾ ਕੱਢਣ ਵਾਂਗ। ਮਾਣਕ ਦੇ ਸਿਰ ਉਤੇ ਬੱਧੀ ਤੁਰਲੇ (ਸ਼ਮਲੇ) ਵਾਲੀ ਪਗੜੀ ਡਿਗਦੀ-ਡਿਗਦੀ ਮਸੀਂ ਬਚੀ। ਨਿੱਕੇ ਕੱਦ ਵਾਲਾ ਮਾਣਕ, ਲੰਮੇ ਲੰਬੂਤਰੇ ਜੱਟ ਤੋਂ ਖਹਿੜਾ ਛੁਡਾ ਕੇ ਟਪੂਸੀਆਂ ਜਿਹੀਆਂ ਮਾਰਦਾ ਭੱਜ ਕੇ ਸਟੇਜ ਉਤੇ ਚੜ੍ਹ ਗਿਆ ਤੇ ਹੇਠਾਂ ਨੂੰ ਢਿਲਕੇ ਖੜ੍ਹੇ ਮਾਈਕ ਦਾ ਮੂੰਹ ਸੂਤ ਕਰਨ ਲੱਗਿਆ । ਹਾਲੇ ਅਖਾੜਾ ਸ਼ੁਰੂ ਨਹੀਂ ਸੀ ਹੋਇਆ ਕਿਸੇ ਨੇ ਠਾਹ ਕਰਦਾ ਫਾਇਰ ਛੱਡ ਦਿੱਤਾ। ਲੋਕੀਂ ਫਿਰ ਉਠ ਉਠ ਕੇ ਦੇਖਣ ਲੱਗੇ, ਤੇ ਆਵਾਜ਼ਾਂ ਆਉਣ ਲੱਗ ਪਈਆਂ, ਮਾਰਤਾ ਉਏ ਮਰ ਗਿਆ ਉਏ। ਪਰ ਕੋਈ ਨਹੀਂ ਸੀ ਮਰਿਆ। ਕਿਸੇ ਸ਼ਰਾਬੀ ਤੇ ਚਾਂਭਲੇ ਜੱਟ ਨੇ ਆਪਣਾ ਰੁਹਬ ਦਿਖਾਉਣ ਲਈ ਫਾਇਰ ਕੀਤਾ ਸੀ ਉਤਾਂਹ ਵੱਲ ਨੂੰ। ਮਾਣਕ ਮਾਈਕ ਵਿਚ ਬੋਲਿਆ, “ਸੁਣ ਲੋ ਭਰਾਵੋ ਮੈਂ ਓਨਾ ਚਿਰ ਨਈਂ ਗਾਉਣਾ ਜਿੰਨਾ ਚਿਰ ਤੁਸੀਂ ਟਿਕ ਕੇ ਆਪੋ-ਆਪਣੇ ਟਿਕਾਣਿਆਂ ਉਤੇ ਨਹੀਂ ਬਹਿੰਦੇ ਆਹ ਲਓ ਮੈਂ ਖੜ੍ਹਾ ਐਂ।” ਮਾਣਕ ਮਾਈਕ ਮੂਹਰੇ ਚੁੱਪ ਕਰਕੇ ਖਲ੍ਹੋ ਗਿਆ । ਲੋਕੀ ਭੁੰਜੇ ਹੀ ਪਥੋਲੇ ਮਾਰ ਕੇ ਬਹਿਣ ਲੱਗੇ । ਪਲਾਂ ਵਿਚ ਹੀ ਦੂਰ-ਦੂਰ ਤੀਕ ਬੈਠੇ ਲੋਕੀਂ ਨਜ਼ਰੀ ਆਉਣ ਲੱਗੇ। ਸਕੂਲ ਦੀਆਂ ਕੰਧਾਂ ਵੀ ਬੈਠਿਆਂ ਨਾਲ ਭਰੀਆਂ ਪਈਆਂ ਸਨ । ਮਾਣਕ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਗਾਉਣੀ ਸ਼ੁਰੂ ਕੀਤੀ;
ਹੋ ਬਾਬਾ ਬੰਦਾ ਚੱਲਿਆ ਜੰਗ ਨੂੰ ਦਿੱਤੀ ਚੋਟ ਨਗਾਰੇ ਲਾ…….
ਉਹ ਮਿਰਜ਼ੇ ਦੀ ਧੁਨ ਉਤੇ ਗਾਈ ਜਾ ਰਹੀ ਵਾਰ ਨੂੰ ਲੰਮੀ ਹੇਕ ਲਾ ਲਾ ਕੇ ਜੋਸ਼ੀਲੀ ਤੇ ਕਲਾਤਮਿਕ ਬਣਾਈ ਜਾ ਰਿਹਾ ਸੀ ਤੇ ਸੰਗੀਤਕ ਨਜ਼ਾਰਾ ਸਭਨਾਂ ਸ੍ਰੋਤਿਆਂ ਉਤੇ ਹਾਵੀ ਹੋ ਗਿਆ ਜਾਪਦਾ ਸੀ। ਮੈਂ ਬਾਪੂ ਦੀ ਗੋਦੀ ਵਿਚ ਬੈਠਾ ਨੀਝਾਂ ਲਾ-ਲਾ ਕੇ ਮਾਇਕ ਨੂੰ ਵੇਖਦਾ ਤੇ ਗਾਣੇ ਸੁਣੀ ਗਿਆ। ਉਹਦੀ ਪੱਗ ਦਾ ਸ਼ਮਲਾ ਹਵਾ ਵਿਚ ਲਹਿਰਾਅ ਰਿਹਾ ਸੀ। ਜਦੋਂ ਤੀਕ ਅਖਾੜਾ ਮੁੱਕਣ ‘ਤੇ ਆਇਆ ਸਮੇਤ ਜੰਜ, ਮੇਲੀ ਤੇ ਹੋਰ ਲੋਕ ਪੀ ਪੀ ਕੇ ਟੁੱਲ ਹੋ ਚੁੱਕੇ ਸਨ ਤੇ ਬਹੁਤਿਆਂ ਟੁੱਲਾਂ ਨੂੰ ਚੁੱਕ-ਚੁੱਕ ਕੇ ਟਰਾਲੀਆਂ ਵੱਲ ਲਿਜਾਇਆ ਜਾ ਰਿਹਾ ਸੀ । ਜਦੋਂ ਅਸੀਂ ਪਿੰਡ ਪਹੁੰਚੇ ਰਾਤ ਕਾਫੀ ਗੂੜ੍ਹੀ ਹੋ ਚੁੱਕੀ ਸੀ ।
***
ਮਾਣਕ ਨੂੰ ਪਹਿਲੀ ਵਾਰ ਇੰਝ ਦੇਖਿਆ ਤੇ ਉਸਦਾ ਅਖਾੜਾ ਮਾਣਿਆ ਸੀ । ਇਸ ਪਿਛੋਂ ਉਸ ਨੂੰ ਬੜੀ ਵਾਰੀ ਮਿਲਣ ਤੇ ਦੇਖਣ ਦਾ ਮੌਕਾ ਮਿਲਿਆ ਹੈ, ਪ੍ਰੰਤੂ ਮੈਂ ਉਹਦੀ ਸ਼ਖ਼ਸੀਅਤ ਤੋਂ ਕਦੀ ਵੀ ਖਾਸ ਤੌਰ ਤੇ ਪ੍ਰਭਾਵਤ ਨਹੀਂ ਹੋਇਆ। ਉਸਦੀ ਮੂੰਹ ਫੱਟ ਬੋਲੀ ਤੇ ਬਿਨਾਂ ਸੋਚੇ-ਸਮਝੇ ਹਜ਼ਾਰਾਂ ਲੋਕਾਂ ਸਾਹਮਣੇ ਕਹੀ ਕੋਈ ਅਢੁਕਵੀਂ ਗੱਲ ਰੜਕਦੀ ਵੀ ਰਹੀ ਹੈ। ਪਤਾ ਨਹੀਂ ਕਿਉਂ, ਹੁਣ ਵੀ ਪਿਛਲੇ ਪਹਿਰੇ ਵੀ ਮਾਣਕ ਮੰਚ ਉਤੇ ਬੋਲਣ ਲੱਗਿਆ ਅੱਗਾ-ਪਿੱਛਾ ਕਿਉਂ ਨਹੀਂ ਦੇਖਦਾ। ਆਪਣੀ ਗੱਲ ਵਾਹ ਦਿੰਦਾ ਹੈ ਤੇ ਸਿਆਣੇ ਲੋਕੀਂ ਬੁੜ-ਬੁੜ ਕਰਦੇ ਦੇਖੇ ਹਨ। ਇੱਕ ਵਾਰੀ ਪ੍ਰੋ. ਮੋਹਨ ਸਿੰਘ ਦੇ ਮੇਲੇ ਉਤੇ ਮਾਣਕ ਆਪਣੀ ਵਾਰੀ ਆਉਣ ’ਤੇ ਆਖ ਰਿਹਾ ਸੀ, “ਆਹ ਹੁਣੇ ਈ ਥੋੜੇ ਸਾਹਮਣੇ ਇਕ ਬੀਬੀ ਦੇ ਕੇ ਗਈ ਐ।” ਫਿਰ ਰੁਕ ਕੇ ਕਹਿੰਦਾ, “ਆਪਣਾ ਪ੍ਰੋਗਰਾਮ ਦੇ ਕੇ ਗਈ ਐ।” ਝੱਲੇ ਲੋਕ ਹੱਸਣ ਲੱਗੇ। ਸਿਆਣੇ ਬਿਆਣੇ ਉਹਦੀ ਨੁਕਤਾਚੀਨੀ ਕਰਨ ਲੱਗੇ। ਪਰ ਆਪਾਂ ਮਾਣਕ ਦੇ ਔਗੁਣਾਂ ਦੀਆਂ ਗੱਲਾਂ ਨਹੀਂ ਕਰਨੀਆਂ । ਆਪਾਂ ਉਸ ਨੂੰ ਉਸਦੀ ਗਾਇਕੀ ਦੇ ਕਾਰਨ ਹੀ ਜਾਣਦੇ ਹਾਂ, ਜਿਹੜਾ ਉਹਦੇ ਪੱਲੇ ਵਿੱਚ ਅਣਮੁੱਲਾ ਤੇ ਕੁਦਰਤੀ ਗੁਣ ਹੈ, ਇਹ ਆਪਣੀ ਮਿਸਾਲ ਆਪ ਹੈ। ਪ੍ਰਤਾਪ ਸਿੰਘ ਕੈਰੋਂ ਨੇ ਮਾਣਕ ਦਾ ਗੀਤ ਸੁਣਕੇ ਕਿਹਾ ਸੀ, “ਤੂੰ ਤਾਂ ਮਾਣਕ ਹੈਂ ਮੂੰ ਡਿਆ ਮਾਣਕ ।” ਇਸ ਸਮੇਂ ਮਾਣਕ ਨੇ ਨਿੱਕੀ ਉਮਰੇ, ਆਪਣੇ ਸਕੂਲੇ ਕੈਰੋਂ ਉਸ ਸਮ ਦੇ ਮੁੱਖ ਮੰਤਰੀ ਸਾਹਮਣੇ ਗੀਤ ਗਾਇਆ ਸੀ। ਕੈਰੋਂ ਦੀ ਕਹੀ ਸੱਚੀ ਸਿੱਧ ਹੋਈ ਹੈ-ਮਾਣਕ ਤਾਂ ਸੱਚ-ਮੁੱਚ ਹੀ ਪੰਜਾਬੀਆਂ ਦਾ ਏਨਾ ਕੀਮਤੀ ਮਾਣਕ ਹੈ ਇਹਦਾ ਕੋਈ ਮੁੱਲ ਹੀ ਨਹੀਂ ਹੈ। ਮਾਂ ਨੇ ਇਕੋ ਮਾਣਕ ਹੀ ਜੰਮਿਆ ਕੋਈ ਹੋਰ ਨਹੀਂ ਮਾਣਕ ਪੈਦਾ ਹੋਏਗਾ। ਸਮਾਂ ਆਪਣੀ ਤੋਰੇ ਤੁਰਦਾ ਜਾਏਗਾ। ਜਿਹੜੇ ਵੀ ਕਿਸੇ ਪਿੰਡ ਵਿੱਚ ਕੋਈ ਕੁਲਦੀਪ ਨਾਂ ਦਾ ਮੁੰਡਾ ਹੁੰਦਾ ਹੈ, ਲੋਕੀਂ ਆਪ ਮੁਹਾਰੇ ਹੀ ਉਹਦਾ ਨਾਂ ਮਾਣਕ ਰੱਖ ਦਿੰਦੇ ਹਨ, ਇਹ ਪੱਕੀ ਠੁੱਕੀ ਸਚਾਈ ਹੈ। ਮਾਣਕ ਦੀ ਮਹਿਮਾ ਦਾ ਕੋਈ ਅੰਤ ਨਹੀਂ।
ਮਾਣਕ ਸਾਡੇ ਪਿੰਡ ਮਹੰਤਾਂ ਦੇ ਮੁੰਡੇ ਦੇ ਵਿਆਹ ਉਤੇ ਗਾਉਣ ਲਈ ਆਇਆ ਸੀ, ਇਹ ਗੱਲ 12 ਸਾਲ ਪੁਰਾਣੀ ਹੋਊਗੀ। ਮਹੰਤ ਜੀ ਦੇ ਕਹਿਣ ‘ਤੇ ਮਾਣਕ ਨੇ ਮੈਨੂੰ ਵੀ ਇਕ ਗੀਤ ਗਾਉਣ ਦਾ ਸੱਦਾ ਦੇ ਦਿੱਤਾ, ਤੇ ਮੈਂ ਉਸਤਾਦ ਯਮਲੇ ਜੱਟ ਦੀ ਸੋਹਣੀ ਮਹੀਵਾਲ ਗਾਥਾ ਤੂੰਬੀ ਉਤੇ ਗਾਉਣ ਲੱਗਿਆ। ਮਾਣਕ ਨੇ ਉਠਕੇ ਪੰਜ ਸੌ ਦਾ ਨੋਟ ਮੇਰੇ ਸਿਰ ਉਤੋਂ ਵਾਰਿਆ, ਪਿੱਠ ਥਾਪੜੀ, ਫੋਟੋ ਖਿਚਵਾਈ ਤੇ ਮੁਸਕਰਾਉਣ ਲੱਗਿਆ। ਹੋਰਨਾਂ ਸਭਨਾਂ ਗਵੱਈਆਂ ਵਾਂਗ ਮਾਣਕ ਵੀ ਉਸਤਾਦ ਯਮਲੇ ਜੱਟ ਦੀ ਉਸਤਾਦ ਵੱਜੋਂ ਇੱਜ਼ਤ ਦੇ ਚੋਖਾ ਮਾਣ ਕਰਦਾ ਰਿਹਾ ਕਹਿਣ ਲੱਗਾ, “ਛੋਟੇ ਵੀਰ ਅੱਜ ਤੂੰ ਉਸਤਾਦ ਜੀ ਦਾ ਚੇਤਾ ਦੁਆ ਦਿੱਤਾ।”
ਇਸ ਪਿੱਛੋਂ ਮਾਣਕ ਨੂੰ ਅਨੇਕਾਂ ਵਾਰੀ ਮਿਲਿਆ ਹਾਂ, ਹਰ ਵਾਰੀ ਉਹਨੂੰ ਦੱਸਣੀ ਪੈਂਦੀ ਹੈ ਆਪਣੀ ਪਛਾਣ । ਪਰ ਉਹ ਫਿਰ ਭੁੱਲ ਜਾਂਦਾ ਹੈ । ਵੈਨਕੂਵਰ ਮਿਲਿਆ ਸਾਲ 2005 ਵਿੱਚ। ਉਥੇ ਮੇਲਾ ਲਾਇਆ ਸੀ ਸਾਹਿਬ ਥਿੰਦ ਤੇ ਉਹਦੇ ਸਾਥੀਆਂ ਨੇ ਗਦਰੀ ਬਾਬਿਆਂ ਦੀ ਯਾਦ ਵਿੱਚ। ਹਰ ਸਾਲ ਲਾਉਂਦੇ ਹਨ। ਸ਼ੌਕਤ ਅਲੀ, ਮਾਣਕ ਤੇ ਹੋਰ ਸਾਜ਼ਿੰਦੇ ਇੱਕ ਕਮਰੇ ਵਿੱਚ ਬੈਠੇ ਰਿਆਜ਼ ਕਰ ਰਹੇ ਸਨ। ਮੈਂ ਵੀ ਆਪਣੇ ਸਾਥੀ ਨਾਲ ਉਥੇ ਪੁੱਜ ਗਿਆ। ਸ਼ੌਕਤ ਅਲੀ ਨੂੰ ਪਹਿਲੀ ਵਾਰ ਮਿਲ ਰਿਹਾ ਸਾਂ ਮੈਂ ਉਂਜ ਉਹਦੇ ਨਾਲ ਲਾਹੌਰ ਫੋਨ ਉਤੇ ਗੱਲ ਕਈ ਵਾਰੀ ਹੋਈ ਸੀ। ਸ਼ੌਕਤ ਅਲੀ ਨੇ ਤਾਂ ਮੈਨੂੰ ਝਟ ਵਿਚ ਅਵਾਜ਼ ਤੋਂ ਪਛਾਣ ਲਿਆ ਤੇ ਘੁੱਟ ਗਲਵਕੜੀ ਪਾ ਲਈ, ਪਰ ਮਾਣਕ ਨੇ ਦੱਸਣ ‘ਤੇ ਵੀ ਨਾ ਪਛਾਣਿਆ। ਜਦੋਂ ਉਸ ਨੂੰ ਦੱਸਿਆ ਕਿ “ਮਾਣਕ ਜੀ ਚੰਗੀ ਖਬਰ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੇਰੇ ਕੋਲੋਂ ਇੱਕ ਕਿਤਾਬ ਲਿਖਵਾਈ ਹੈ “ਲੋਕ ਗਾਇਕ”। ਉਸ ਵਿੱਚ ਸਮੇਤ ਫੋਟੋ ਆਪਦੀ ਜੀਵਨੀ ਤੇ ਗਾਇਕੀ ਬਾਰੇ ਲਿਖਿਆ ਹੈ ਮੈਂ ਜਦੋਂ ਇੰਡੀਆ ਜਾਵਾਂਗਾ..ਆਪ ਨੂੰ ਕਿਤਾਬ ਭੇਜਾਂਗਾ।”
ਮਾਣਕ ਨੇ ਕਿਹਾ, “ਛੱਡ ਯਾਰ..ਕਿਤਾਬਾਂ ਕਤੂਬਾਂ ਪੜ੍ਹਨ ਦਾ ਕਿੱਥੇ ਟੈਮ ਆਂ ।” ਤੇ ਉਹ ਸ਼ੌਕਤ ਅਲੀ ਨਾਲ ਗੱਲਾਂ ਕਰਨ ਲੱਗਿਆ। ਮੇਰੇ ਵੱਲ ਦੇਖ ਸ਼ੌਕਤ ਅਲੀ ਮੁਸਕਰਾ ਰਿਹਾ ਸੀ ਤੇ ਮੈਂ ਸਾਹਮਣੇ ਪਏ ਹਾਰਮੋਨੀਅਮ ਦੇ ਪੱਖੇ ਦੀਆਂ ਮੋਰੀਆਂ ਵਿਚ ਨਜ਼ਰਾਂ ਗੱਡੀ ਕਿਧਰੇ ਹੋਰ ਖੋ ਗਿਆ ਸਾਂ।
ਪੰਜਾਬੀ ਲੋਕ ਗਾਇਕੀ ਦਾ ਸ਼ਾਹ-ਸਵਾਰ- ਕੁਲਦੀਪ ਮਾਣਕ
ਨਵਦੀਪ ਸਿੰਘ ਗਿੱਲ
ਕੁਲਦੀਪ ਮਾਣਕ ਦੇ ਮੁਢਲੇ ਰਿਕਾਰਡਾਂ ਉਪਰ ਤਾਂ ਸਿਰਫ ਨਾਮ ਹੀ ਲਿਖਿਆ ਹੁੰਦਾ ਸੀ ਜਦੋਂ ਕਿ ਅੱਜ ਤਾਂ ਕਿਸੇ ਗਾਇਕ ਦਾ ਕੋਈ ਪਹਿਲਾ ਗੀਤ ਆਉਣ ਤੋਂ ਪਹਿਲਾਂ ਉਹ ਟੀ. ਵੀ. ਉਪਰ ਸਰੋਤਿਆਂ ਦੇ ਰੂ-ਬ-ਰੂ ਹੋ ਜਾਂਦਾ ਹੈ। ਪਹਿਲੇ ਸਮਿਆਂ ‘ਚ ਗਾਇਕ ਦੀ ਆਵਾਜ਼ ਸੁਣ ਕੇ ਹੀ ਪਛਾਣ ਹੁੰਦੀ ਸੀ ਅਤੇ ਫੋਟੋ ਤਾਂ ਬਾਅਦ ਵਿਚ ਜਾ ਕੇ ਪਛਾਣ ਬਣੀ। ਮਾਣਕ ਦੇ ਯੁਗ ਵਿਚ ਦੋ ਗਾਣਾ ਗਾਇਕਾ ਦਾ ਸਮਾਂ ਸੀ ਅਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਦੀ ਪੂਰੀ ਗੁੱਡੀ ਚੜ੍ਹੀ ਹੋਈ । ਮਾਤਕ ਨੇ ਲੀਕ ਤੋਂ ਹੱਟ ਕੇ ਸੋਲੋ ਗਾਇਕੀ ਨੂੰ ਅਪਣਾਇਆ ਹਾਲਾਂਕਿ ਉਸ ਨੇ ਸਤਿੰਦਰ ਬੀਬਾ, ਸੀਮਾ, ਪ੍ਰਕਾਸ਼ ਸੋਢੀ, ਗੁਲਸ਼ਨ ਕੋਮਲ ਆਦਿ ਗਾਇਕਾਵਾਂ ਨਾਲ ਵੀ ਗਾਇਆ ਪਰ ਉਹ ਮੁੱਖ ਤੌਰ ਤੇ ਸੋਲੋ ਨਾਇਕ ਵਜੋਂ ਹੀ ਲੋਕਾਂ ‘ਚ ਪ੍ਰਵਾਨ ਚੜ੍ਹਿਆ। ਮੁਹੰਮਦ ਲਤੀਫ ਤੋਂ ਕੁਲਦੀਪ ਮਾਣਕ ਬਣੇ ਇਸ ਗਾਇਕ ਨੂੰ ਇਹ ਨਾਮ ਬਚਪਨ ਵਿਚ ਆਪਣੀ ਮੁਢਲੀ ਗਾਇਕੀ ਕਾਰਨ নিষ্কিभा।
ਅੱਜ ਕੁਲਦੀਪ ਮਾਣਕ ਆਪਣੇ ਆਪ ਵਿਚ ਤੁਰਿਆ ਫਿਰਦਾ ਕਿੱਸਾ ਸਾਹਿਤ ਹੈ। ਉਸ ਦੀ ਗਾਇਕੀ ‘ਚ ਕਿੱਸਾ ਕਾਵਿ ਵਗਦੇ ਦਰਿਆ ਵਾਂਗ ਅੱਗੇ ਤੋਂ ਅੱਗੇ ਵੱਧਦਾ ਜਾਂਦਾ ਹੈ। ਮਾਣਕ ਨੇ ਆਪਣੇ ਮਿੱਤਰ ਥਰੀਕਿਆਂ ਵਾਲੇ ਦੇਵ ਦੇ ਕਲਮਬੰਦ ਕੀਤੇ ਕਿੱਸਾ ਸਾਹਿਤ ਦੇ ਰੂਪਾਂ ਨੂੰ ਇਕ ਫਿਲਮ ਦੀ ਕਹਾਣੀ ਵਾਂਗ ਪੇਸ਼ ਕੀਤਾ ਹੈ। ਮਾਣਕ ਦੀ ਗਾਇਕੀ ਵਿਚ ਹਰ ਕਿੱਸਾ ਫਿਲਮ ਵਾਂਗ ਮੂਹਰੇ ਆਉਂਦਾ ਹੋਇਆ ਮੁੱਢ ਤੋਂ ਅਖੀਰ ਤੱਕ ਚੱਲਦਾ ਹੈ, “ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਐ ਹੀਰ ਦੀ” ਗੀਤ ਮਕਬੂਲੀਅਤ ਦੀਆਂ ਹੱਦਾਂ ਰੁੱਪ ਗਿਆ ਅਤੇ ਇਸ ਵਿਚ ਉਸ ਨੇ ਹੀਰ ਦੀਆਂ ਸਿਫਤਾਂ ਨੂੰ ਪੇਸ ਕੀਤਾ ਹੈ । ਛੰਨਾ ਚੂਰੀ ਦਾ ਨਾਲ ਉਹ ਰਾਏ ਦੇ ਹੀਰ ਦੇ ਉਸ ਸਮੇਂ ਨੂੰ ਪੇਸ਼ ਕਰਦਾ ਹੈ ਅਤੇ ਜਦੋਂ ਹੀਰ ਦਾ ਸੌਦੇ ਨਾਲ ਵਿਆਹ ਹੋ ਜਾਂਦਾ ਹੈ ਤਾਂ ਉਹ ਡੋਲੀ ਦੇ ਵਿਚ ਦੇਖ ਸਲੇਟੀ ਰਾਂਝੇ ਨੇ ਧਾਹ ਮਾਰੀ ਨਾਲ ਭਾਂਤ ਦਾ ਵਿਰਲਾਪ ਦਿਖਾਉਂਦਾ ਹੈ. ਤੇਰੀ ਖਾਤਰ ਹੀਰੇ ਨੀ ਮੈਂ ਛੱਡਿਆ ਤਖਤ ਹਜ਼ਾਰੇ ਨੂੰ ਨਾਲ ਰਾਂਝਾ ਆਪਣੀ ਕੁਰਬਾਨੀ ਦੱਸਦਾ ਹੋਇਆ ਹੀਰ ਨੂੰ ਲਾਹਨਤਾਂ ਪਾਉਂਦਾ ਹੈ, ਟਿੱਲੇ ਵਾਲਿਆ ਮਿਲਾਦ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲਾ ਲੱਗਦਾ” ਨਾਨ ਰਾਂਝੇ ਦੀ ਤਰਸਯੋਗ ਹਾਲਤ ਪੇਸ਼ ਕੀਤੀ ਗਈ। ਮਿਰਜ਼ਾ ਸਾਹਿਬਾਂ ਦੇ ਕਿੱਸੇ ਨੂੰ ਵੀ ਮਾਣਕ ਤਾਖੂਬੀ ਨਾਲ ਪੰਸ਼ ਕਰਦਾ ਹੈ, ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਨੂੰ ਪਾਈਆਂ”, “ਮਿਰਜ਼ ਨੇ ਪੜ੍ਹ ਚਿੱਠੀਆਂ ਚੁੰਮ ਕੇ ਕਾਲਜੇ ਲਾਈਆਂ”, “ਸਾਹਿਬਾਂ ਬਣੀ ਭਰਾਵਾਂ ਦੀ, ਭਾਈਆਂ ਤੋਂ ਪਾਰ ਮਰਾੜਾ” ਸਾਹਿਬ ਦਾ ਖਿਆਲ ਆਦਿ ਗੀਤਾਂ ਨਾਲ ਉਹ ਇਸ ਕਿੱਸੇ ਦੇ ਹਰ ਰੂਪ ਨੂੰ ਸਾਹਮਣੇ ਲਿਆਉਂਦਾ ਹੈ। ਨਵੀਂ ਐਲਬਮ ‘ਜੋਗੀ’ ਵਿਚ ਮਾਣਕ ਸਾਹਿਬਾਂ ਦਾ ਪੱਖ ਪੇਸ਼ ਕਰਦਾ ਹੋਇਆ ਮਿਰਜ਼ੇ ਨੂੰ ਵੀ ਭੰਡਦਾ ਹੈ।
ਸੱਸੀ ਪੁੰਨੂੰ, ਸੋਹਣੀ ਮਹੀਵਾਲ ਕਿੱਸਿਆਂ ਨੂੰ ਵੀ ਉਹ ਬਾਖੂਬੀ ਪੇਸ਼ ਕਰਦਾ ਹੈ। ਜਿਉਣਾ ਮੌੜ ਦੀ ਸਿਫਤ ’ਚ ਉਹ ਗਾਉਂਦਾ ਹੈ, ‘ਜਿਉਣਾ ਮੌੜ ਘੋੜੀ ਤੇ ਫਰਾਰ ਹੋ ਗਿਆ’, ਬੀਰ ਰਸ ਨਾਲ ਭਰਪੂਰ ਉਸ ਦਾ ਮਕਬੂਲ ਹੋਇਆ ਗੀਤ, “ਦੁਸ਼ਮਣ ਨਾਲ ਪੰਗਾ ਲਈਏ, ਮੁੜ ਕੇ ਫਿਰ ਢਿੱਲੇ ਨਾ ਪਈਏ, ਨੱਕ ਵਿਚ ਦਮ ਕਰਕੇ ਰਹੀਏ ਐਵੇਂ ਕੋਈ ਕਹਾਉਂਦਾ ਨਹੀਂ, ਇਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ।’ ਉਸ ਦੇ ਸ੍ਰੋਤਿਆਂ ਦੀ ਪਹਿਲੀ ਪਸੰਦ ਹੈ । ਹਾਲਾਂਕਿ ਮਾਣਕ ਦੇ ਕੁਝ ਗੀਤਾਂ ਵਿਚ ਜਿਵੇਂ, ‘ਰੰਨਾਂ ਚੰਚਲ ਹਾਰੀਆਂ ਰਾਹੀਂ” ਅਤੇ “ਤਿੰਨ ਸੌ ਪੈਂਹਠ ਚਲਿੱਤਰ ਨਾਰ ਦੇ” ਨਾਲ ਉਹ ਔਰਤ ਜਾਤ ਨੂੰ ਭੰਡਦਾ ਵੀ ਹੈ ਪਰ, “ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓਂ” ਨਾਲ ਮਾਂ ਦੀ ਮਮਤਾ ਨੂੰ ਪੇਸ਼ ਕਰਕੇ ਸਮੂਹ ਮਾਵਾਂ ਦਾ ਚਹੇਤਾ ਬਣ ਗਿਆ। ਇਸ ਗੀਤ ਤੋਂ ਬਾਅਦ ਕੋਈ ਵੀ ਗਾਇਕ ਮਾਂ ਦੀ ਵਡਿਆਈ ਇੰਨੇ ਸੋਹਣੇ ਢੰਗ ਨਾਲ ਪੇਸ਼ ਨਹੀਂ ਕਰ ਸਕਿਆ। ਕੁਲਦੀਪ ਮਾਣਕ ਨੇ ਕਈ ਦਹਾਕੇ ਪਹਿਲਾਂ ਹੀ ਧੀ ਦੇ ਜੰਮਣ ਨੂੰ ਮਾੜਾ ਸਮਝਣ ਵਾਲੇ ਪਰਿਵਾਰਾਂ ਨੂੰ ਸੰਦੇਸ਼ ਦਿੰਦਾ ਹੋਇਆ ਇਕ ਗੀਤ ਗਾਇਆ, ਜਿਸ ਦੀ ਅੱਜ ਦੇ ਯੁੱਗ ਵਿਚ ਹੋਰ ਵੀ ਸਾਰਥਕਤਾ ਵੱਧ ਜਾਂਦੀ ਹੈ। ਉਹ ਗਾਉਂਦਾ ਹੈ, “ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ। ਇਸ ਨਾਲ ਉਸ ਨੇ ਭਰੂਣ ਹੱਤਿਆ ਨੂੰ ਠੱਲ੍ਹ ਪਾਉਣ ਦਾ ਨਾਅਰਾ ਵੀ ਦਿੱਤਾ, “ਇਕ ਵੀਰ ਦਈਂ ਵੀ ਰੱਬਾ, ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ” ਨਾਲ ਭੈਣ ਭਰਾ ਦੇ ਰਿਸ਼ਤੇ ਦੇ ਮੋਹ ਨੂੰ ਪੇਸ਼ ਕਰਦਾ ਹੇ, “ਗੱਭਰੂ ਮਸਤ ਰਹੇ ਵਿਚ ਸਦਾ ਹਾਣ ਦੀਆਂ ਮੁਟਿਆਰਾਂ” ਗੀਤ ਨਾਲ ਉਹ ਰੁਮਾਂਟਿਕ ਰੰਗ ਪੇਸ਼ ਕਰਦਾ ਹੈ।
ਕੁਲਦੀਪ ਮਾਣਕ ਯਾਰਾਂ ਦਾ ਯਾਰ ਹੈ ਅਤੇ ਉਹ ਗਾਇਕੀ ਵਿਚ ਜਿੱਥੇ ਯਾਰਾਂ ਦੀ ਯਾਰੀ ਨੂੰ ਸਲਾਹੁੰਦਾ ਹੈ ਉਥੇ ਧੋਖਾ ਦੇਣ ਵਾਲਿਆਂ ਨੂੰ ਲਾਹਨਤਾਂ ਵੀ ਪਾਉਂਦਾ ਹੈ। “ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ”, “ਲੋੜ ਪਏ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ,” ਦੀ ਇਸ ਦੀਆਂ ਉਦਾਹਰਨਾਂ ਹਨ। ਮਾਣਕ ਸ਼ਰਾਬ ਪੀਣ ਦਾ ਸ਼ੌਕੀਨ ਵੀ ਹੈ ਅਤੇ ਉਹ ਸ਼ਰਾਬ ਨੂੰ ਵੀ ਆਪਣੇ ਗੀਤਾਂ ਦਾ ਵਿਸ਼ਾ ਬਣਾਉਂਦਾ ਹੈ, “ਅੱਖਾਂ ‘ਚੋਂ ਨਜਾਇਜ਼ ਵਿਕਦੀ ਛਾਪਾ ਮਾਰ ਲਉ ਪੁਲਸੀਓ ਆ ਕੇ,” ਇਹ ਅਜਿਹੇ ਹੀ ਗੀਤ ਹਨ।
ਪੰਜਾਬੀ ਫਿਲਮਾਂ ਵਿਚ ਵੀ ਮਾਣਕ ਦੀ ਗਾਇਕੀ ਦਾ ਰੰਗ ਦੇਖਣ ਨੂੰ ਮਿਲਦਾ ਹੈ। ਪਿੱਠ ਵਰਤੀ ਗਾਇਕ ਤੋਂ ਇਲਾਵਾ ਉਸ ਦੇ ਕਈ ਫਿਲਮਾਂ ਵਿਚ ਅਖਾੜਾ ਰੂਪੀ ਗੀਤ ਵੀ ਪੇਸ਼ ਕੀਤੇ। ‘ਅਖਾੜਿਆਂ ਦਾ ਬਾਦਸ਼ਾਹ ਕੁਲਦੀਪ ਮਾਣਕ’ ਆਪਣੇ ਸਰੋਤਿਆਂ ਵਿਚ ਸਭ ਤੋਂ ਵੱਧ ਮਕਬੂਲ ਅਖਾੜਾ ਰੂਪ ਕਾਰਨ ਹੀ ਹੈ ਅਤੇ ਇਸ ਕਲਾ ਵਿਚ ਉਸ ਦਾ ਕੋਈ ਸਾਨੀ ਨਹੀਂ। ਉਸ ਦੇ ਅਖਾੜਿਆਂ ਦੀ ਮਕਬੂਲਤਾ ਅਤੇ ਇਸ ਨਾਲ ਜੁੜੇ ਕਿੱਸਿਆਂ ਨੂੰ ਅਗਾਂਹ ਵਿਸਥਾਰ ਨਾਲ ਦੱਸਦੇ ਹਾਂ, “ਜੀ. ਟੀ. ਰੋਡ ‘ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ ।” ਸੁੱਚਿਆ ਵੇ ਭਾਬੀ ਤੇਰੀ, (ਬਲਬੀਰੋ ਭਾਬੀ) ਜੁਗਨੀ, ਗਲ ਪਾ ਇਸ਼ਕ ਦੀ ਮਾਲਾ, ਇਨਸਾਫ ਦੀ ਕੁਰਸੀ ‘ਤੇ ਬਹਿ ਕੇ, ਰੂਪ ਸ਼ੁਕੀਨਣ ਦਾ, ਸੁੱਚੇ ਯਾਰ ਬਿਨਾਂ, ਵੇ ਤੂੰ ਸੱਦਿਆ ਦੁਪਹਿਰੇ। ਮਾਣਕ ਤੇ ਲੋਕ ਗੀਤਾਂ ਤੇ ਉਸ ਨਾਲ ਜੁੜੀਆਂ ਆਮ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ।
ਦੱਸਦੇ ਹਨ ਕਿ ਇਕ ਵਾਰ ਮਾਣਕ ਇਕੱਲਾ ਹੀ ਪ੍ਰੋ. ਮੋਹਨ ਸਿੰਘ ਮੇਲੇ ਤੇ ਭਾਰੂ ਪੈ ਗਿਆ ਸੀ।
ਹਰ ਵਾਰ ਕਹਿੰਦੇ ਪੰਜਾਬੀ ਭਵਨ ਲੁਧਿਆਣਾ ਵਿਖੇ ਚੰਗੀ-ਖਾਸੀ ਭੀੜ ਜੁਟਾਉਣ ਵਾਲੇ ਪ੍ਰੋ. ਮੋਹਨ ਸਿੰਘ ਮੇਲੇ ਵਿਚ ਇਕ ਵਾਰ ਅੰਦਰਲਾ ਓਪਨ ਥੇੲਟਰ ਜਦੋਂ ਦਰਸ਼ਕਾਂ ਨੂੰ ਝੱਲਣ ਵਿਚ ਅਸਫਲ ਹੋ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬਾਹਰ ਖੜ੍ਹ ਗਏ, ਏਨੇ ਨੂੰ ਕੁਲਦੀਪ ਮਾਣਕ ਉਥੇ ਆਪਣੀ ਵਾਰੀ ਲਈ ਆਇਆ ਤਾਂ ਭੀੜ ਕਾਰਨ ਉਸ ਨੂੰ ਈ ਅੰਦਰ ਜਾਣ ‘ਚ ਦਿੱਕਤ ਆਈ। ਇਕ ਪਾਸੇ ਦਰਜਨਾਂ ਨਾਮਵਰ ਗਾਇਕਾਂ ਨੇ ਪੰਜਾਬੀ ਭਵਨ ਦੀ ਸਟੇਜ ਉਪਰ ਆਪਣੀ ਅਵਾਜ਼ ਨਾਲ ਸਰੋਤਿਆਂ ਨੂੰ ਬੰਨ੍ਹ ਕੇ ਬਿਠਾਇਆ ਹੋਇਆ ਸੀ, ਤਾਂ ਦੂਜੇ ਪਾਸੇ ਮਾਣਕ ਨੇ ਬਾਹਰ ਖੜ੍ਹੇ ਦਰਸ਼ਕਾਂ ਦੀ ਮਜਬੂਰੀ ਦੇਖਦਿਆਂ ਬਾਹਰ ਚਬੂਤਰੇ ‘ਤੇ ਖੜ੍ਹ ਕੇ ਬਿਨਾਂ ਕਿਸੇ ਮਾਈਕ ਤੋਂ ਗਾਉਣਾ ਸ਼ੁਰੂ ਕਰ ਦਿੱਤਾ। ਅੰਦਰ ਬੈਠੇ ਸੈਂਕੜੋ ਦਰਸ਼ਕ ਵੀ ਬਾਹਰ ਆ ਗਏ ਸਨ।
ਗਾਇਕੀ ਵਿਚ ਸੁਬਾ ਦਾ ਤਾਰਾ : ਮਾਣਕ
ਬਲਦੇਵ ਸਿੰਘ ਸੜਕਨਾਮਾ
ਕੁਲਦੀਪ ਮਾਣਕ ਦਾ ਖਿਆਲ ਜ਼ਿਹਨ ਵਿਚ ਆਉਂਦਿਆਂ ਹੀ ਇਕ ਖੜਕਵੀਂ ਆਵਾਜ਼ ਆਪਣੇ ਧੁਰ ਅੰਦਰ ਕਿਤੇ ਗੂੰਜਣ ਲੱਗਦੀ ਹੈ, “ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ।” ਕਲੀ ਸਾਡੀ ਰਵਾਇਤੀ ਗਾਇਕੀ ਦੀ, ਪਿੰਡਾਂ ਦੇ ਸਰੋਤਿਆਂ ਵਿਚ ਸਭ ਤੋਂ ਮਕਬੂਲ ਵੰਨਗੀ ਹੈ। ਇਸ ਤੋਂ ਪਹਿਲਾਂ ਕਿ ਮੈਂ ਕੁਲਦੀਪ ਮਾਣਕ ਦੀ ਸ਼ਖ਼ਸੀਅਤ ਬਾਰੇ ਜਾਂ ਉਸਦੀ ਗਾਇਕੀ ਦੇ ਮਿਆਰ ਬਾਰੇ ਗੱਲ ਕਰਾਂ, ਮੈਂ ਉਸੇ ਬਹਾਨੇ ਪਾਠਕਾਂ ਨਾਲ ਕੁਝ ਹੋਰ ਗੱਲਾਂ ਵੀ, ਅੱਜ ਦੀ ਗਾਇਕੀ ਦੇ ਹਵਾਲੇ ਨਾਲ ਕਰਨੀਆਂ ਚਾਹੁੰਦਾ ਹਾਂ ।
ਸੰਗੀਤ ਅਤੇ ਗਾਇਕੀ ਨਾਲ ਮੈਨੂੰ ਸ਼ੁਰੂ ਤੋਂ ਹੀ ਪਿਆਰ ਹੈ । ਦਸਵੀਂ ਤੱਕ ਜਾਂਦਿਆਂ, ਮੈਂ ਹਾਰਮੋਨੀਅਮ ਸਿੱਖਣ ਦੀ ਕੋਸ਼ਿਸ਼ ਕੀਤੀ, ਬੀਨ ਵੀ ਬਣਾਈ, ਕੱਦੂ ਵਿਚ ਡੰਡਾ ਫਸਾ ਕੇ ਤੂੰਬੀ ਵੀ ਬਣਾਈ ਪਰ ਇਹ ਤਿੰਨੋਂ ਸਾਜ਼ ਮੈਨੂੰ ਵਜਾਉਣੇ ਨਹੀਂ ਆਏ। ਪਿੰਡ ਵਿਚ ਨਕਲਾਂ ਜਾਂ ਗਵੱਈਏ ਆਉਂਦੇ ਤਾਂ ਮੈਂ ਸਾਰੇ ਕੰਮ ਛੱਡ ਕੇ ਸਭਨਾਂ ਤੋਂ ਮੂਹਰੇ ਥਾਂ ਜਾ ਮੱਲਦਾ।
ਪਹਿਲਾਂ ਪਹਿਲਾਂ ਸੰਗੀਤ ਅਤੇ ਗਾਇਕੀ ਨੂੰ ਬੜਾ ਪਵਿੱਤਰ ਸਮਝਿਆ ਕਰਦਾ ਸਾਂ। ਮੇਰੀ ਸੋਚ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਭਾਵੇਂ ਧਾੜਵੀਆਂ ਅਤੇ ਹਮਲਾਵਰਾਂ ਦਾ ਸਾਹਮਣਾ ਕਰਨਾ ਪਿਆ ਹੈ, ਫਿਰ ਵੀ ਇੱਥੋਂ ਦੇ ਲੋਕ ਕਲਾ ਪ੍ਰੇਮੀ ਅਤੇ ਸੰਗੀਤ ਪ੍ਰੇਮੀ ਹਨ। ਹਰ ਕੋਈ ਗਾਉਣਾ ਜਾਂ ਨੱਚਣਾ ਚਾਹੁੰਦਾ ਹੈ, ਬੱਸ ਕੋਈ ਖੁਸ਼ੀ ਦਾ ਬਹਾਨਾ ਹੋਵੇ । ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਕਿ ਸਾਡੀ ਅੱਜ ਦੀ ਗਾਇਕੀ ਵਿਚ ਅਸ਼ਲੀਲਤਾ ਦੀ ਭਰਮਾਰ ਹੈ। ਆਰਕੈਸਟਰਾਂ ਪਾਰਟੀਆਂ ਅਤੇ ਪੌਪ-ਸੰਗੀਤ ਨੇ ਸ਼ਰਮ ਹਯਾ, ਪਵਿੱਤਰ ਭਾਵਨਾਵਾਂ, ਮਰਯਾਦਾ ਅਤੇ ਇੱਜ਼ਤ ਮਾਣ ਦੀ ਏਨੀ ਮਿੱਟੀ ਪਲੀਤ ਕੀਤੀ ਹੈ, ਘਰ ਪਰਿਵਾਰ ਵਿਚ ਬੈਠ ਕੇ ਟੀ. ਵੀ. ਦੇਖਣਾ ਜਾਂ ਆਡੀਓ ਸੁਣਨਾ ਕਠਿਨ ਹੋ ਗਿਆ ਹੈ। ਪੌਪ ਗਾਇਕੀ ਦੇ ਮਾੜੇ ਰੁਝਾਨ ਨੇ ਪੰਜਾਬੀ ਗਾਇਕੀ ਦੀ ਪਵਿੱਤਰ ਆਤਮਾ ਤਾਰੋ-ਤਾਰ ਕਰ ਦਿੱਤੀ ਹੈ।
ਸਾਡਾ ਪੰਜਾਬੀ ਸੱਭਿਆਚਾਰ, ਭਾਰਤੀ-ਖਿੱਤੇ ਦਾ ਪ੍ਰਥਮ ਸੱਭਿਆਚਾਰ ਹੈ। ਜੇ ਦੇਖਿਆ ਜਾਵੇ ਤਾਂ ਅਸਲ ਵਿਚ ਸੱਭਿਆਚਾਰਕ ਇਤਿਹਾਸ ਪੰਜਾਬ ਦੀ ਧਰਤੀ ਤੋਂ ਹੀ ਸ਼ੁਰੂ ਹੁੰਦਾ ਹੈ। ਪਰ ਪੌਪ ਗਾਇਕ ਤੇ ਦੇਸੀ ਪੌਪ ਸਸਤੀ ਸ਼ੁਹਰਤ ਲੈਣ ਲਈ ਤੇ ਰਾਤੋ-ਰਾਤ ਸਟਾਰ ਬਣਨ ਦੇ ਚੱਕਰ ਵਿਚ ਪੰਜਾਬੀ ਸੱਭਿਆਚਾਰ ਦੀ ਏਨੀ ਦੁਰਗਤੀ ਕਰਨਗੇ, ਸੋਚ ਕੇ ਮਨ ਬੜਾ ਦੁਖੀ ਹੁੰਦਾ ਹੈ।
ਇਹ ਗੱਲਾਂ ਕਰਨੀਆਂ ਮੈਂ ਜ਼ਰੂਰੀ ਸਮਝਦਾ ਹਾਂ, ਕਿਉਂਕਿ ਜਿਸ ਗਾਇਕੀ ਦੀ ਏਥੇ ਗੱਲ ਕਰਨੀ ਹੈ, ਉਸਨੇ ਕੁਰਾਹੇ ਪਈ ਗਾਇਕੀ ਨਾਲ ਕਦੇ ਸਮਝੌਤਾ ਨਹੀਂ ਕੀਤਾ ਤੇ ਉਚੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਚਟਾਨ ਵਾਂਗ ਡਟਿਆ ਰਿਹਾ ਹੈ। ਕੁਲਦੀਪ ਮਾਣਕ ਨੂੰ ਮੈਂ ਉਦੋਂ ਤੋਂ ਸੁਣਦਾ ਆ ਰਿਹਾ ਹਾਂ, ਜਦੋਂ ਮੈਂ ਆਪ ਪਾਰਟ ਟਾਈਮ ਕੰਮ ਵਜੋਂ, ਲੋਕਾਂ ਦੇ ਵਿਆਹ-ਸ਼ਾਦੀਆਂ ਉਪਰ ਲਾਊਡ ਸਪੀਕਰ ਜਾ ਕੇ ਵਜਾਉਂਦਾ ਹੁੰਦਾ ਸਾਂ। ਉਦੋਂ ਛੱਤ ਉਪਰ ਦੋ ਮੰਜੇ ਖੜਵੇਂ ਇਕ ਦੂਜੇ ਵਿਚ ਫਸਾ ਕੇ ਉਪਰ ਹਾਰਨ ਬੰਨਿਆ ਜਾਂਦਾ ਸੀ। ਉਹਨਾਂ ਵੇਲਿਆਂ ਤੋਂ ਹੀ ਕੁਲਦੀਪ ਮਾਣਕ ਨੇ ਭਾਵੇਂ ਕਲੀਆਂ ਗਾਈਆਂ ਹੋਣ, ਮਿਰਜ਼ਾ ਗਾਇਆ ਜਾਂ ਹੋਰ ਗੀਤ ਗਾਏ ਹੋਣ, ਉਸਨੇ ਆਪਣੀ ਸਾਫ ਸੁਥਰੀ ਗਾਇਕੀ ਦਾ ਲੋਹਾ ਮਨਵਾਇਆ ਹੈ । ਜਿੱਥੇ ਕਿਤੇ ਵੀ ਪੰਜਾਬੀ ਸਰੋਤੇ ਬੈਠੇ ਹਨ, ਪੰਜਾਬ ਵਿਚ ਪੰਜਾਬ ਤੋਂ ਬਾਹਰ, ਯੂ. ਕੇ. ਜਾਂ ਕੈਨੇਡਾ, ਟਰੱਕਾਂ ਦਾ ਡਰਾਈਵਰ ਜਾਂ ਢਾਬਿਆ ਉਤੇ, ਮਾਣਕ ਦੀਆਂ ਕਲੀਆਂ, ਗਥਾਵਾਂ ਗੂੰਜਦੀਆਂ ਹਨ।
‘ਮਾਂ ਹੁੰਦੀ ਏ ਮਾਂ, ਉਏ ਦੁਨੀਆ ਵਾਲਿਓ।’ ਦਾ ਹੋਕਾ ਉਹ ਜਦੋਂ ਸਟੇਜ ਤੋਂ ਦਿੰਦਾ ਹੈ ਤਾਂ ਛੋਟੇ ਕੱਦ ਦਾ ਇਹ ਵੱਡਾ ਗਾਇਕ ਲੋਕਾਂ ਦੇ ਮਨਾਂ ਅੰਦਰ ਉਤਰ ਜਾਂਦਾ ਹੈ।
ਇਹਨਾਂ ਸਮਿਆਂ ਵਿਚ ਪੰਜਾਬੀ ਗਾਇਕੀ ਨੇ ਬੜੇ ਰੰਗ ਵਟਾਏ ਹਨ । ਪੌਪ ਗਾਇਕੀ 1989-90 ਵਿਚ ਸ਼ੁਰੂ ਹੋਈ। ਇਥੋਂ ਹੀ ਪੰਜਾਬੀ ਗਾਇਕੀ ਦਾ ਬੇੜਾ ਗਰਕ ਹੋਣਾ ਸ਼ੁਰੂ ਹੋਇਆ। ਬੇ-ਸਿਰ ਪੈਰ ਦੀ ਸ਼ਬਦਾਵਲੀ ਗੱਡੇ ਤੇ ਨਾ ਚੜ੍ਹਦੀ, ਗਡੀਰੇ ਤੇ ਨਾ ਚੜ੍ਹਦੀ, ਛੜਿਆਂ ਦੇ ਟੱਟੂ ਉਤੇ ਝਟ ਚੜ੍ਹਦੀ ਬੋਲੋ ਤਾਰਾ ਰਾਰਾ। ਚੁੰਨੀ ਦੇ ਗੀਤ ਵਿਚ ਲੜਕੀਆਂ ਦੇ ਸਿਰ ਤੇ ਚੁੰਨੀ ਨਹੀਂ ਹੁੰਦੀ। ਗੁੱਤ ਵਾਲੇ ਗੀਤ ਵਿਚ ਕਿਸੇ ਦੇ ਗੁੱਤ ਨਹੀਂ ਹੁੰਦੀ, ਘਗਰੇ ਵਾਲੇ ਗੀਤ ਵਿਚ ਘਗਰੇ ਨਹੀਂ ਹੁੰਦੇ ਤੇ ਚਰਖੇ ਵਾਲੇ ਗੀਤ ਵਿਚ ਚਰਖਾ ਨਹੀਂ ਹੁੰਦਾ । ਵੀਡੀਓ ਵੀ ਅਜਿਹਾ ਫਿਲਮਾਇਆ ਹੁੰਦਾ ਹੈ, ਵੇਖਣ ਵਾਲੇ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ । ਏਨਾ ਨੰਗੇਜ਼ ਪਤਾ ਨਹੀਂ ਪੰਜਾਬ ਦੇ ਕਿਹੜੇ ਹਿੱਸੇ ਵਿਚ ਹੈ। ਨਾ ਗਾਉਣ ਵਾਲੇ ਸੋਚਦੇ ਹਨ, ਨਾ ਫਿਲਮਾਉਣ ਵਾਲੇ । ਹੁਣ ਤਾਂ ਹਾਲ ਇਹ ਹੈ ਜੇ ਮਰਦ ਗਾਇਕ ਹੈ ਤਾਂ ਉਸਦੇ ਪਿੱਛੇ ਅਰਧ ਨਗਨ ਮਾਡਲ ਕੁੜੀਆਂ ਨੱਚਦੀਆਂ ਹਨ । ਜੇ ਲੜਕੀ ਗਾਇਕ ਹੈ ਤਾਂ ਉਸਦੇ ਪਿੱਛੇ ਲੜਕੇ (ਮਾਡਲ) ਭੰਗੜਾ ਪਾਉਂਦੇ ਹਨ। ਸਾਜ਼ਾਂ ਦੀ ਵਰਤੋਂ ਵਿਚ ਏਨਾ ਕੰਨ ਪਾੜਵਾਂ ਸ਼ੋਰ ਹੁੰਦਾ ਹੈ ਕਿ ਹਰ ਬੇ-ਸੁਰਾ ਗਾਇਕ ਇਲੈਕਟ੍ਰਾਨਿਕ ਮੀਡੀਏ ਦੀਆਂ ਧੁੰਨਾਂ ਨਾਲ ਪੁੱਠਾ-ਸਿੱਧਾ ਨੱਚ ਕੇ ਰਾਤੋ-ਰਾਤ ਸਟਾਰ ਬਣਨ ਦੀ ਦੌੜ ਵਿਚ ਸ਼ਾਮਲ ਹੈ। ਗਾਇਕੀ (ਖਾਸ ਕਰਕੇ ਪੰਜਾਬੀ) ਹੁਣ ਸੁਣਨ ਦੀ ਨਹੀਂ ਵੇਖਣ ਦੀ ਚੀਜ਼ ਬਣ ਕੇ ਰਹਿ ਗਈ ਹੈ।
ਇਹੋ ਜਿਹੇ ਨਿੱਘਰੇ ਦੌਰ ਵਿਚ ਵੀ, ਕੁਲਦੀਪ ਮਾਣਕ ਆਪਣੀ ਤੋਰ ਤੁਰਦਾ ਰਿਹਾ ਹੈ। ਉਸਨੇ ਆਪਣੀ ਗਾਇਕੀ ਦੇ ਮਿਆਰ ਨੂੰ ਡਿੱਗਣ ਨਹੀਂ ਦਿੱਤਾ। ‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ’ ਦਾ ਧਾਰਨੀ ਕੁਲਦੀਪ ਮਾਣਕ ਗਾਇਕੀ ਵਿਚ ਲੀਜੈਂਡ ਬਣ ਗਿਆ ਹੈ। ਨਿੱਜੀ ਤੌਰ ਤੇ ਮੈਂ ਮਾਣਕ ਨੂੰ ਮਿਲਿਆ ਨਹੀਂ ਦੂਰੋਂ ਬੈਠਕੇ ਹੀ ਚਾਰ-ਪੰਜ ਵਾਰ ਉਸਨੂੰ ਮਿਲਿਆ ਹਾਂ। ਇਕ ਵਾਰ ਲੁਧਿਆਣੇ ਸਾਡੇ ਦੋਹਾਂ ਦਾ ਕੈਨੇਡਾ ਦੀ ਇਕ ਕਲੱਬ ਵੱਲੋਂ ਸਨਮਾਨ ਹੋਣਾ ਸੀ, ਉਸ ਵੇਲੇ ਮਾਣਕ ਬੀਮਾਰ ਸੀ ਸ਼ਾਇਦ । ਨਾ ਮਿਲਣ ਨਾਲ ਕੀ ਫਰਕ ਪੈਂਦਾ ਹੈ। ਕਿੰਨੇ ਮੇਰੇ ਪਾਠਕ ਹਨ ਜਿਹੜੇ ਮੈਨੂੰ ਜਾਣਦੇ ਨਹੀਂ ਮਿਲੇ ਨਹੀਂ, ਪਰ ਮੈਨੂੰ ਪੜ੍ਹਦੇ ਹਨ। ਕੰਮ ਵਿਚੋਂ ਹੀ ਕਲਾਕਾਰ ਦੀ ਸ਼ਖ਼ਸੀਅਤ ਝਲਕਦੀ ਹੈ ਤੇ ਮਾਣਕ ਸੁਬਾ ਦੇ ਤਾਰੇ ਵਾਂਗ ਸਭਨਾਂ ਤੋਂ ਨਵੇਕਲਾ ਚਮਕਦਾ ਹੈ।
ਦੰਦ ਕਥਾ ਬਣ ਚੁਕਿਆ ਹੈ- ਕੁਲਦੀਪ ਮਾਣਕ
ਬਿਕਰਮਜੀਤ ਨੂਰ
ਪੰਜਾਬੀ ਸੱਭਿਆਚਾਰ ਦੇ ਬੇਤਾਜ ਬਾਦਸ਼ਾਹ ਉਸਤਾਦ ਕੁਲਦੀਪ ਮਾਣਕ ਨਾਲ ਮੇਰੀ ਕਦੇ ਵੀ ਮੁਲਾਕਾਤ ਨਹੀਂ ਹੋ ਸਕੀ, ਪਰ ਅਖਾੜੇ ਜ਼ਰੂਰ ਦੇਖ-ਸੁਣ ਸਕਿਆ ਹਾਂ। ਕੈਸਟਾਂ, ਰੇਡੀਓ, ਟੀ. ਵੀ. ਰਾਹੀਂ ਮੈਂ ਉਨ੍ਹਾਂ ਨੂੰ ਜਾਣਦਾ, ਸਮਝਦਾ ਅਤੇ ਮਾਣਦਾ ਆ ਰਿਹਾ ਹਾਂ। ਉਨ੍ਹਾਂ ਦੀ ਤਿੱਖੀ ਤੇ ਟੁਣਕਵੀਂ ਆਵਾਜ਼ ਵਿਚ ਗਾਏ ਗੀਤਾਂ, ਕਲੀਆਂ ਅਤੇ ਲੋਕ- ਗਾਥਾਵਾਂ ਦੇ ਜ਼ਰੀਏ। ਜਾਂ ਫਿਰ ਰੇਡੀਓ, ਟੈਲੀਵਿਜ਼ਨ ਆਦਿ ਸੰਚਾਰ ਸਾਧਨਾਂ । ਸਮੇਂ-ਸਮੇਂ ਤੇ ਪੱਤਰ-ਪਤ੍ਰਿਕਾਵਾਂ ਵੀ ਸਰੋਤ ਬਣੇ ਰਹੇ।
ਵੈਸੇ ਵੀ ਇਨ੍ਹਾਂ ਗੀਤਾਂ ਨੂੰ ਭਲਾ ਕੌਣ ਭੁੱਲ ਸਕਦਾ ਹੈ ?
‘ਛੇਤੀ ਕਰ ਸਰਵਣ ਪੁੱਤਰਾ ਪਾਣੀ ਪਿਲਾ ਦੇ ਉਇ।’
‘ਮਾਂ ਹੁੰਦੀ ਏ ਮਾਂ ਉਏ ਦੁਨੀਆ ਵਾਲਿਓ।
‘ਹੋਇਆ ਕੀ ਜੇ ਧੀ ਜੰਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ।’
‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਮਾਣਕ ਸਾਹਿਬ ਦਾ ਇਹੋ ਜਿਹਾ ਗੀਤ ਹੈ, ਜਿਸ ਨੂੰ ਗਾਏ ਬਿਨਾਂ ਉਸਦੇ ਅਖਾੜੇ ਨੂੰ ਅਧੂਰਾ ਮੰਨਿਆ ਜਾਂਦਾ ਹੈ। ਸ਼ਾਨਦਾਰ ਢੰਗ ਨਾਲ ਉਮਰ ਦੇ ਸਾਢੇ ਪੰਜ ਦਹਾਕੇ ਹੰਢਾ ਚੁੱਕਾ ਸਾਡਾ ਇਹ ਕਲਾਕਾਰ ਗਰੀਬਾਂ ਅਤੇ ਬੇਸਹਾਰਾ ਲੋਕਾਂ ਦਾ ਹਮਦਰਦ ਹੀ ਨਹੀਂ ਸਗੋਂ ਮਸੀਹਾ ਸਾਬਤ ਹੋਇਆ ਹੈ। ਯਾਰਾਂ ਦਾ ਯਾਰ, ਹਉਮੈਂ ਰਹਿਤ ਇਹ ਇਨਸਾਨ ਆਪਣਾ ‘ਪਿਛੋਕੜ’ ਕਦੇ ਵੀ ਨਹੀਂ ਭੁੱਲਿਆ। ਉਹ ਆਪਣੇ ਪੇਸ਼ੇ ਪ੍ਰਤੀ ਪੂਰੀ ਤਰ੍ਹਾਂ ਸਮਰਪਤ ਰਿਹਾ ਹੈ, ਸਮਾਜ ਦੇ ਉਲਟ (ਲਚਰਪੁਣਾ ਆਦਿ) ਕੁਝ ਵੀ ਨਹੀਂ ਗਾਉਂਦਾ। ਮਾਣਕ ਨਾ ਤਾਂ ਗਲਤ ਗੱਲ ਦੀ ਸਿਫਾਰਸ਼ ਕਰਦਾ ਹੈ ਅਤੇ ਨਾ ਹੀ ਕੋਈ ਗਲਤ ਗੱਲ ਬਰਦਾਸ਼ਤ ਹੀ ਕਰਦਾ ਹੈ । ਉਸ ਦੀਆਂ ਕੈਸਿਟਾਂ ਦੀ ਗਿਣਤੀ ਦੋ ਸੌ ਦਾ ਹੈਰਾਨੀਜਨਕ ਅੰਕੜਾ ਵੀ ਪਾਰ ਕਰ ਚੁੱਕੀ ਹੈ, ਪਰ ਉਸਦੀ ਖੂਬੀ ਇਹ ਹੈ ਕਿ ਉਸ ਨੇ ਸਿਰਫ਼ ਤੇ ਸਿਰਫ਼ ਪਰਿਵਾਰਕ ਗੀਤ ਹੀ ਗਾਏ ਹਨ।
ਸਮੁੱਚਾ ਮਾਲਵਾ ਕੁਲਦੀਪ ਮਾਣਕ ਦੀ ਦੇਣ ਤੋਂ ਮੁਨਕਰ ਨਹੀਂ ਹੋ ਸਕਦਾ। ਮਾਣਕ ਮਾਲਵੇ ਦੇ ਲੋਕਾਂ ਖਾਸ ਤੌਰ ਤੇ ਬਜ਼ੁਰਗਾਂ ਪ੍ਰਤੀ ਆਪਣੇ ਦਿਲ ਵਿਚ ਬਹੁਤ ਹੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਰੱਖਦਾ ਹੈ। ਉਸ ਨੇ ਲੋਕਾਂ ਨੂੰ ਪਿਆਰਿਆ, ਲੋਕ-ਵਿਰਸੇ ਨੂੰ ਦੁਲਾਰਿਆ। ਲੋਕਾਂ (ਪ੍ਰਸ਼ੰਸਕਾਂ) ਨੇ ਵੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਵੀ ਆਪਣੀਆਂ ਅੱਖਾਂ ਤੇ ਬਿਠਾਈ ਰੱਖਿਆ ਅਤੇ ਪਲਕਾਂ ਦੀ ਛਾਂ ਕੀਤੀ, ਏਨੀ ਜ਼ਬਰਦਸਤ ਸ਼ੁਹਰਤ ਵਿਰਲਿਆਂ ਦੇ ਹੀ ਹਿੱਸੇ ਆਇਆ ਕਰਦੀ ਹੈ। ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਦੇ ਇਹ ਸ਼ਬਦ ਅਕਸਰ ਚੇਤੇ ਆ ਜਾਂਦੇ ਹਨ-‘ਕੁਲਦੀਪ ਮਾਣਕ ਦੇ ਗੀਤ ਲੋਕਾਂ ਨੂੰ ਇਸ ਤਰ੍ਹਾਂ ਯਾਦ ਨੇ, ਜਿਵੇਂ ਪਹਾੜੇ ਯਾਦ ਹੋਣ।’ ਗੁਰਦਾਸ ਮਾਨ ਅਨੁਸਾਰ-ਮਾਣਕ ਹੱਦ ਮੁਕਾ ਗਿਆ ਨਵੀਆਂ, ਕਲੀਆਂ ਦੀ।”
ਹੈਡਮਾਸਟਰ ਕਸ਼ਮੀਰ ਸਿੰਘ ਬਲਟੋਹਾ ਦੀ ਰਣਾ ਸਦਕਾ ਜਨਾਬ ਖੁਸ਼ੀ ਮੁਹੰਮਦ ਨੂੰ ਉਸਤਾਦ ਧਾਰਿਆ। ਉਸਦੀ ਜ਼ਿੰਦਗੀ ਵਿੱਚ ਅਨੇਕਾਂ ਉਤਰਾਅ-ਚੜਾਅ ਆਏ, ਪਰ ਉਸ ਨੇ ਹਮੇਸ਼ਾ ਇੱਕ ਚੁੱਪ ਸੌ ਨੂੰ ਹਰਾਵੇ ਦੇ ਸਿਧਾਂਤ ‘ਤੇ ਅਮਲ ਕੀਤਾ। ਇਕ ਵਾਰੀ ਆਪਣੇ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਸੀ-‘ਇਹ ਮੁੰਡਾ ਤਾਂ ਸਾਡੀ ‘ਕੁੱਲ’ ਦਾ ‘ਦੀਪ’ ਹੈ, ‘ਮਾਣਕ’। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਲਦੀਪ ਨੇ ਆਪਣੇ ਨਾਂ ਦੀ ਲਾਜ ਰੱਖ ਵਿਖਾਈ ਹੈ।
ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਇੱਕ ਦੂਜੇ ਦੇ ਪੂਰਕ ਹੋ ਨਿਬੜੇ ਹਨ। ਹੋਰ ਤਾਂ ਹੋਰ, ਪਿਤਾ ਦੇ ਨਕਸ਼-ਇ-ਕਦਮ ਤੇ ਚੱਲ ਰਹੇ ਯੁੱਧਵੀਰ ਮਾਣਕ ਤੋਂ ਸੰਗੀਤ ਦੀ ਦੁਨੀਆ ਨਾਲ ਜੁੜੇ ਹੋਏ ਲੋਕਾਂ ਨੂੰ ਵਿਸ਼ਵਾਸ ਭਰੀਆਂ ਆਸਾਂ ਵੀ ਹਨ। ਸੱਚਮੁਚ ਜਿਉਂਦੀ- ਜਾਗਦੀ ਦੰਦ-ਕਥਾ ਅਥਵਾ ਰਵਾਇਤ ਬਣ ਚੁੱਕਿਆ ਹੈ ਕੁਲਦੀਪ ਮਾਣਕ।
ਨਹੀਂ ਕੋਈ ਤੇਰੇ ਹਾਣ ਦਾ…. ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ।
ਇਸ ਗੱਲ ਦਾ ਹਮੇਸ਼ਾ ਮੈਨੂੰ ਫਖ਼ਰ ਰਿਹਾ ਹੈ ਤੇ ਰਹੇਗਾ ਵੀ ਕਿ ਮੈਂ ਕੁਲਦੀਪ ਮਾਣਕ ਦੇ ਨੇੜਲੇ ਮਿੱਤਰਾਂ ‘ਚੋਂ ਇਕ ਸੀ । ਅੱਜ ਜਦੋਂ ਉਹ ਸਾਡੇ ਵਿਚਾਲੇ ਸਰੀਰਕ ਤੌਰ ‘ਤੇ ਭਾਵੇਂ ਨਹੀਂ, ਪਰ! ਯਾਦਾਂ ਤੇ ਸੰਗੀਤਕ ਰੂਪ ਵਿਚ ਹਮੇਸ਼ਾ ਮੇਰੇ ਨਾਲ ਰਹੇਗਾ। ਅੱਜ ਜਦੋਂ ਉਸ ਦੀਆਂ ਯਾਦਾਂ ‘ਚ ਗੁਆਚ ਜਾਂਦਾ ਹਾਂ ਤਾਂ ਦਿਲ ਨੂੰ ਯਕੀਨ ਨਹੀਂ ਬੱਝਦਾ ਕਿ ਕੁਲਦੀਪ ਮਾਣਕ ਅੱਜ ਸਾਡੇ ਵਿਚਾਲੇ ਨਹੀਂ। ਮੈਂ ਮਾਣਕ ਦਾ ਕਦੇ ਵੀ ਆਪਣੇ ਇਲਾਕੇ ਤੇ ਹੋਰ ਦੂਰ ਨੇੜੇ ਲੱਗਿਆ ਅਖਾੜਾ ਜਾਂ ਪ੍ਰੋਗਰਾਮ ਨਹੀਂ ਸੀ ਖੁੰਝਾਇਆ ਭਾਵੇਂ ਕਿੰਨਾ ਹੀ ਕਿਉਂ ਨਾ ਕੰਮ-ਧੰਦੇ ‘ਚ ਰੁਝਿਆ ਹੋਵਾਂ । ਬੱਸ! ਪਤਾ ਲੱਗਣਾ ਚਾਹੀਦਾ ਸੀ ਕਿ ਫਲਾਣੀ ਥਾਂ ਮਾਣਕ ਦਾ ਪ੍ਰੋਗਰਾਮ ਹੈ। ਅਖਾੜਾ ਲੱਗਣਾ ਹੈ। ਮੈਂ ਉਦੋਂ ਸੋਝੀ ਵੀ ਚੰਗੀ ਤਰ੍ਹਾਂ ਨਹੀਂ ਸੀ ਸੰਭਾਲੀ ਜਦੋਂ ਮੈਂ ਮਾਣਕ ਦਾ ਮੁਰੀਦ ਹੋ ਗਿਆ ਸਾਂ । ਮਾਣਕ ਨੂੰ ਸੁਣਦਿਆਂ ਇਸ ਦੀਆਂ ਕੈਸਟਾਂ, ਤਵੇ ਅਤੇ ਹੋਰ ਅਨੇਕਾਂ ਯਾਦਗਾਰੀ ਤਸਵੀਰਾਂ ਸਾਂਭਣ ਦਾ ਸ਼ੌਕ ਜਨਮ ਤੋਂ ਪਿਆ ਸੀ । ਜਦੋਂ 1994 ‘ਚ ਮੈਂ ਆਪਣੇ ਬਾਪੂ ਨਾਲ ਜ਼ਿੱਦ ਕਰਕੇ ਆਪਣੇ ਵਿਆਹ ‘ਤੇ ਮਾਣਕ ਦਾ ਅਖਾੜਾ ਲੁਆਇਆ ਤਾਂ ਉਸ ਤੋਂ ਬਾਅਦ ਹੀ ਸਾਡੀ ਨੇੜਤਾ ਦੂਣੀ ਹੋਈ ਸੀ । ਜਦੋਂ ਪਹਿਲੀ ਵਾਰ ਮਾਣਕ ਮੇਰੇ ਘਰ ਆਇਆ ਸੀ ਤਾਂ ਮੈਂ ਮਾਣਕ ਦੇ ਮੁਹਰੇ ਕੈਸਟਾਂ ਧਰੀਆਂ ਤਾਂ ਮਾਣਕ ਨੇ ਹੈਰਾਨ ਹੁੰਦਿਆਂ ਮੈਨੂੰ ਆਪਣੀ ਬੁੱਕਲ ਵਿਚ ਲੈ ਲਿਆ ਸੀ ।
ਹਮੇਸ਼ਾ ਮੇਰੇ ਦਿਲ ‘ਚ ਤਾਂਘ ਰਹੀ ਕਿ ਮੈਂ ਲੋਕਾਂ ਨਾਲੋਂ ਕੁਝ ਵੱਖਰੀ ਤਰ੍ਹਾਂ ਮਾਣਕ ਸਬੰਧੀ ਵਸਤਾਂ ਨੂੰ ਸਾਂਭਾਂ ਜਿਸ ਨਾਲ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕਾਂ ਕਿ ‘ਇਹ ਸੀ ਕੁਲਦੀਪ ਮਾਣਕ’। ਇਸ ਸੋਚ ਨੂੰ ਧਿਆਨ ‘ਚ ਰੱਖਦਿਆਂ ਮੈਂ ਜਦੋਂ ਆਧੁਨਿਕ ਘਰ ਦਾ ਨਿਰਮਾਣ ਕੀਤਾ ਤਾਂ ਇਕ ਕਮਰੇ ਨੂੰ ‘ਮਾਣਕ’ ਦੇ ਨਾਂ ਹੇਠ ਤਿਆਰ ਕੀਤਾ ਜਿਸ ਵਿਚ ਮੈਂ ਸਾਰਾ ਅਣਮੋਲ ਸਾਮਾਨ ਸਾਂਭਿਆ ਤੇ ਉਸ ਕਮਰੇ ਦਾ ਨਾਂ ਵੀ ‘ਮਾਣਕ’ ਹੀ ਰੱਖਿਆ। ਅੱਜ ਉਸ ਕਮਰੇ ਵਿਚ ਪਏ ਮਾਣਕ ਦੇ ਗਾਏ ਤਵੇ, ਕੈਸਟਾਂ, ਗਰਾਮੋਫੋਨ ਮਸ਼ੀਨ, ਹੋਰ ਅਨੇਕਾਂ ਅਖਾੜਿਆਂ ਦੀਆਂ ਫੋਟੋਆਂ ਮਾਣਕ ਦੇ ਤੁਰ ਜਾਣ ਦਾ ਅਹਿਸਾਸ ਨਹੀਂ ਹੋਣ ਦਿੰਦੀਆਂ।
ਲੰਮੀ ਚੁੱਪ ਨੂੰ ਜਦੋਂ ਮਾਣਕ ਨੇ ‘ਜੋਗੀ’ ਕੈਸੇਟ ਨਾਲ ਤੋੜਿਆ ਤਾਂ ਉਸ ਗੀਤ ਦੇ ਫਿਲਮਾਂਕਣ ‘ਚ ਵਰਤੀਆਂ ਅੱਧੀਆਂ ਤੋਂ ਵੱਧ ਫ਼ੋਟੋਆਂ ਮੇਰੇ ਕੋਲੋਂ ਲੈ ਕੇ ਵਰਤੀਆਂ ਗਈਆਂ ਸਨ। ਕਈ ਵਾਰ ਹੈਰਾਨੀ ਵੀ ਹੁੰਦੀ ਸੀ ਕਿ ਉਨ੍ਹਾਂ ਬਾਰੇ ਜਦੋਂ ਮੈਂ ਮਾਣਕ ਨੂੰ ਜਾਂ ਦੇਵ ਨੂੰ ਪੁੱਛਦਾ ਸੀ ਦੋਵੇਂ ਮੂੰਹ ‘ਚ ਉਂਗਲਾਂ ਦੇ ਲੈਂਦੇ ਸਨ ਕਿ “ਆਹ ਵੀ ਸਾਡਾ ਗੀਤ ਐ? ਕਿਉਂਕਿ ਇਹ ਗੀਤ ਅੱਜ ਤੋਂ 40-45 ਸਾਲ ਪਹਿਲਾਂ ਰੇਡੀਓ ‘ਤੇ ਵੱਜਦੇ ਸਨ। ਕਈ ਵਰ੍ਹੇ ਪਹਿਲਾਂ ਮੈਂ ਇਨ੍ਹਾਂ ਦੋਹਾਂ ਕੁਲਦੀਪ ਮਾਣਕ ਤੇ ਦੇਵ ਥਰੀਕਿਆਂ ਵਾਲੇ ਨੂੰ ਆਪਣੀ ਗੱਡੀ ‘ਚ ਬਿਠਾ ਲਿਆ।
ਗੱਡੀ ਦੀ ਸੀ.ਡੀ. ‘ਚ ਪਈ ਕੈਸਟ ਨੂੰ ਜਦੋਂ ਪਲੇਅ ਕੀਤਾ ਤਾਂ ਗੀਤ ਵੱਜਣ ਲੱਗੇ;
- ਤੇਰੀ ਸ਼ਕਲ ਫ਼ਕੀਰਾਂ ਵਾਲੀ, ਨਾ ਤੋਰ ਜੋਗੀਆ (ਕੁਲਦੀਪ ਮਾਣਕ) •ਜੋਗੀ ਖੜ੍ਹਾ ਦੁਆਰੇ ਤੇਰੇ, ਪਾ ਦੇ ਖੈਰ ਸਹਿਤੀਏ (ਕੁਲਦੀਪ ਮਾਣਕ) •ਜ਼ਾਲਮ ਲੋਕੀਂ ਸੀਰੀ, ਤੇਰੇ ਸ਼ਹਿਰ ਦੇ (ਕੁਲਦੀਪ ਮਾਣਕ)
ਆਦਿ ਤਾਂ ਮਾਣਕ ਸਰੂਰਿਆ ਜਿਹਾ ਆਖਣ ਲੱਗਿਆ, ਬੁੜਿਆ ਕਮਾਲ ਹੋਈ ਪਈ ਐ…. ਆਹ ਤਾਂ ਉਦੋਂ ਦੇ ਆ ਜਦੋਂ ਆਪਣੇ ਗੋਡਿਆਂ ‘ਚ ਫੁੱਲ ਗਰੀਸ ਸੀ।
ਮਾਣਕ ਨੇ ਜਿੰਨਾ ਚਿਰ ਵੀ ਗਾਇਆ ਪੂਰੀ ਰੂਹ ਨਾਲ ਗਾਇਆ। ਗਾਉਂਦਾ ਹੋਇਆ ਗੀਤ ਦਾ ਹੋ ਜਾਂਦਾ ਸੀ । ਜਦੋਂ ਮਾਣਕ ਮਾਇਕ ਤੋਂ ਪੰਜ ਫੁੱਟ ਪਿੱਛੇ ਹੱਟ ਕੇ ਦੁਹਰਾ ਹੋ ਕਿ ਗਾਉਂਦਾ ਸੀ ਤਾਂ ਦੇਖਣ ਵਾਲਿਆਂ ਦੇ ਮੂੰਹੋਂ ਨਿਕਲਦਾ ਸੀ ਜਿਉਂਦਾ ਰਹਿ ਮਾਂ ਦਿਆ ਸ਼ੇਰਾ….। ਭਾਵੇਂ ਗਾਉਂਦੇ ਦੀਆਂ ਰਗਾ ਫੁੱਲ ਜਾਂਦੀਆਂ ਸਨ।
ਉਂਝ ਤਾਂ ਮਾਣਕ ਨਾਲ ਬੀਤਾਈਆਂ ਘੜੀਆਂ/ਯਾਦਾਂ ਨੂੰ ਵੀ ਚਿਤਰਿਆ ਜਾ ਸਕਦਾ ਹੈ ਇਥੇ ਪਰ! ਮੈਂ ਇਕੋ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਾਂਗਾ ਜਿਹੜੀ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ ਸੀ। ਕਈ ਵਰ੍ਹੇ ਪਹਿਲਾਂ ਮਰਹੂਮ ਲੋਕ ਗਾਇਕ ਦਿਲਸ਼ਾਦ ਅਖ਼ਤਰ ਦੇ ਪਿਤਾ ਪ੍ਰਸਿੱਧ ਗਾਇਕ ਕੀੜੇ ਖਾਂ ਸ਼ੌਕੀਨ ਦੀ ਯਾਦ ‘ਚ ਪੰਜਾਬੀ ਭਵਨ ਲੁਧਿਆਣਾ ‘ਚ ਇਕ ਸੱਭਿਆਚਾਰਕ ਮੇਲਾ ਕਰਵਾਇਆ ਗਿਆ । ਮਾਣਕ ਨੂੰ ਦੋ ਗੀਤ ਗਾਉਣ ਦਾ ਮੌਕਾ ਲੱਭਿਆ,
ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ
ਕੋਠੇ ‘ਤੇ ਗਿਲਾਸੀ ਏ
ਇਨ੍ਹਾਂ ਗੀਤਾਂ ਨੂੰ ਸੁਣ ਪ੍ਰੋਗਰਾਮ ਦੇਖ ਰਹੀ ਇਕ ਐਨ.ਆਰ.ਆਈ. ਬੀਬੀ ਨੇ ਖਾਸੇ ਪੈਸੇ ਮਾਣਕ ਦੇ ਹੱਥ ਸੰਭਾਲ ਦਿੱਤੇ ਤਾਂ ਮਾਣਕ ਨੇ ਉਨ੍ਹਾਂ ਪੈਸਿਆਂ ‘ਚ ਇਕ ਸੌ ਦਾ ਨੋਟ ਰੱਖ ਕੇ ਆਖਿਆ, ਬੀਬੀ ਤੇਰਾ ਇਕੋ ਈ ਲੱਖ ਵਰਗਾ ਏ, ਬੱਸ!
ਮਾਣਕ ਨੇ ਆਪਣੀ ਸਾਰੀ ਉਮਰ ‘ਚ ਕਿਸੇ ਵੀ ਗਾਉਣ ਵਾਲੇ ਨੂੰ ਖੰਘਣ ਨਹੀਂ ਦਿੱਤਾ। ਭਾਵੇਂ ਮਾਣਕ ਦਾ ਕੱਦ ਮਧਰਾ ਸੀ ਪਰ ਇਕ ਗਾਇਕ ਹੋਣ ਦੇ ਨਾਲ ਉਸ ਦੇ ਹਾਣ ਦਾ ਅੱਜ ਵੀ ਕੋਈ ਨਜ਼ਰ ਨਹੀਂ ਆਉਂਦਾ।
ਮਾਣਕ ਦੇ ਤੁਰ ਜਾਣ ਦਾ ਜਿੱਥੇ ਉਸ ਦੇ ਪਰਿਵਾਰ ਨੂੰ ਦੁੱਖ ਹੋਇਆ ਹੈ ਉਥੇ ਸੰਗੀਤਕ ਪ੍ਰੇਮੀਆਂ ਦੇ ਵੀ ਦੀਦੇ ਖ਼ਾਲੀ ਹੋ ਚੁੱਕੇ ਨੇ। ਮਾਣਕ ਨੇ ਜਿਸ ਦਿਨ ਅੱਖਾਂ ਮੀਟੀਆਂ ਉਸ ਦਿਨ ਕੁਲ ਆਲਮ ਸੋਗ ‘ਚ ਡੁੱਬਿਆ ਹੋਇਆ ਸੀ । ਜਿਸ ਦਿਨ ਇਸ ਮੁਹੱਬਤੀ ਬੰਦੇ ਨੂੰ ਸਪੁਰਦ-ਏ-ਖਾਕ ਕੀਤਾ ਤਾਂ ਉਥੇ ਜੁੜੀ ਭੀੜ ਤੋਂ ਸਹਿਜ ਹੀ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਮਾਣਕ ਦਾ ਲੋਕ-ਮਨਾਂ ‘ਚ ਕਿੰਨਾ ਕੁ ਵਾਸਾ ਸੀ ਤੇ ਹੈ । ਹਰ ਸੁਣਨ ਤੇ ਦੇਖਣ ਵਾਲੇ ਦੀਆਂ ਅੱਖਾਂ ਡੁੱਲੀਆਂ ਸਨ, ਕੁਲਦੀਪ ਮਾਣਕ ਦੇ ਤੁਰ ਜਾਣ ‘ਤੇ…..।
ਦੇਵ ਥਰੀਕਿਆਂ ਵਾਲੇ ਨਾਲ ਹੁਣ ਵੀ ਜਦੋਂ ਕੋਈ ਮੁਲਾਕਾਤ ਹੁੰਦੀ ਹੈ ਤਾਂ ਅਕਸਰ ਦੇਵ ਮਾਣਕ ਦਾ ਜ਼ਿਕਰ ਕਰਦਿਆਂ ਅੱਖਾਂ ਬਰ ਆਉਂਦਾ ਹੈ।
ਪੰਜਾਬੀ ਲੋਕ ਗਾਇਕੀ ਦਾ ਬਾਦਸ਼ਾਹ ਕੁਲਦੀਪ ਮਾਣਕ
ਮਨਜੀਤ ਬਿਲਾਸਪੁਰੀ
ਬਿਨਾਂ ਸ਼ੱਕ ਪੰਜਾਬੀ ਮੁੱਢ ਕਦੀਮੋਂ ਹੀ ਇਤਿਹਾਸ ਬੇਹੱਦ ਸਿਰਜਦੇ ਹਨ। ਜ਼ਬਰਦਸਤ ਇਤਿਹਾਸ। ਪਰ ਅਫ਼ਸੋਸ ਸੰਭਾਲਣ ਤੋਂ ਹਮੇਸ਼ਾਂ ਹੀ ਅਸਮਰੱਥ ਰਹੇ ਨੇ। ਇਤਿਹਾਸ ਕੁਝ ਨਾ ਅਨੁਕੂਲ ਹਲਾਤ ਦਾ ਸ਼ਿਕਾਰ ਹੋ ਗਿਆ ਅਤੇ ਕੁਝ ਲਾਪਰਵਾਹੀ ਕਰਕੇ ਤੇ ਕੁਝ ਉਦਮ ਦੇ ਘਾਟ ਦੀ ਭੇਂਟ ਚੜ੍ਹ ਗਿਆ। ਇਤਿਹਾਸ ਬੇਸ਼ੱਕ ਧਰਮ ਦਾ ਰਿਹਾ, ਚਾਹੇ ਜੰਗਾਂ ਯੁੱਧਾਂ ਦਾ ਰਿਹਾ, ਸੂਰਬੀਰਾਂ ਭਗਤਾਂ ਬੇਸ਼ੱਕ ਲੋਕ ਕਲਾਵਾਂ ਦਾ ਰਿਹਾ। ਜੇਕਰ ਅਸੀਂ ਨਿਸ਼ਚਿਤ ਵਿਸ਼ੇ ਦੀ ਗੱਲ ਕਰੀਏ ਤਾਂ ਗੱਲ ਲੋਕ ਕਲਾਵਾਂ ਦੀ ਅਹਿਮ ਵੰਨਗੀ ਪੰਜਾਬੀ ਲੋਕ ਗਾਇਕੀ ਦੀ ਹੀ ਕਰਾਂਗੇ।
ਅਲੀ ਰਾਜਪੁਰਾ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਹਾਂ ਰਾਮੂਵਾਲੀਆ ਪਰਿਵਾਰ ਦੀ ਜਿਸ ਵਿਚ ਜਨਮੇ ਪ੍ਰਸਿੱਧ ਸਾਹਿਤਕਾਰ ਇਕਬਾਲ ਰਾਮੂਵਾਲੀਆ ਨੇ ਆਪਣੇ ਲਾਡਲੇ ਸ਼ਗਿਰਦ ਅਲੀ ਰਾਜਪੁਰਾ ਨੂੰ ਲੇਖਣੀ ਦੀ ਅਜਿਹੀ ਗੁੜਤੀ ਦਿੱਤੀ ਕਿ ਛੋਟੀ ਜਿਹੀ ਉਮਰ ਅਤੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਵੱਡੇ ਲੇਖਕਾਂ ਦੀ ਲੜੀ ਵਿਚ ਜ਼ਿਕਰਯੋਗ ਹਸਤਾਖਰ ਬਣ ਉਭਰਿਆ। ਮੈਂ ਅਲੀ ਦੀ ਖਾਸੀਅਤ ਮਹਿਸੂਸ ਕੀਤੀ ਕਿ ਅਲੀ ਨਾਲ ਜਦੋਂ ਕੋਈ ਗੱਲ ਤੋਰੋ ਤਾਂ ਸਾਰੀਆਂ ਭਵਿੱਖੀ ਯੋਜਨਾਵਾਂ ਫ਼ਿਲਮ ਦੀ ਰੀਲ ਵਾਂਗ ਬੇਝਿਜਕ ਪੇਸ਼ ਕਰ ਦਿੰਦਾ ਹੈ । ਲੋਕ ਗਾਥਾਵਾਂ ਦਾ ਬਾਦਸ਼ਾਹ-ਕੁਲਦੀਪ ਮਾਣਕ ਕਿਤਾਬ ਲਿਖਣ ਵੇਲੇ ਅਤੇ ਹੋਰ ਹੁਣ ਤੱਕ ਦੀ ਜ਼ਿੰਦਗੀ ਵਿੱਚ ਆਈਆਂ ਸਮੱਸਿਆਵਾਂ ਨੂੰ ਵੀ ਬੜੇ ਹੌਸਲੇ ਨਾਲ ਦੱਸਦਾ ਹੈ।
ਮੁਕਦੀ ਗੱਲ ਇਹ ਹੈ ਕਿ ਪੰਜਾਬੀ ਲੋਕ ਗਾਇਕੀ ਨੂੰ ਕੁਲਦੀਪ ਮਾਣਕ ਨੇ ਜੋ ਰੰਗਤ ਦਿੱਤੀ ਹੈ ਸ਼ਾਇਦ ਕਿਸੇ ਹੋਰ ਦੇ ਵੱਸ ਦੀ ਗੱਲ ਨਹੀਂ ਸੀ । ਇਸ ਦੇਣ ਨੂੰ ਮਾਣਕ ‘ਤੇ ਕਿਤਾਬ ਲਿਖ ਕੇ ਮਾਣਕ ਦੇ ਇਤਿਹਾਸ ਨੂੰ ਇਕੱਤਰ ਕਰਨ ਦੀ ਅਲੀ ਰਾਜਪੁਰਾ ਨੇ ਪਹਿਲ ਕੀਤੀ ਹੈ। ਮੈਂ ਸਮਝਦਾ ਹਾਂ ਕਿ ਇਹ ਵੀ ਕੋਈ ਛੋਟੀ ਮੋਟੀ ਗੱਲ ਨਹੀਂ। ਕਿਉਂਕਿ ਕੁਲਦੀਪ ਮਾਣਕ ਨੇ ਅਲੋਪ ਹੁੰਦੇ ਜਾ ਰਹੇ ਕਿੱਸਿਆਂ, ਚਿੱਠਿਆਂ ਦੇ ਰਿਵਾਜ ਨੂੰ ਗਾਇਕੀ ਰਾਹੀਂ ਨਵੀਂ ਦਿਸ਼ਾ ਪ੍ਰਦਾਨ ਕਰਕੇ ਆਪਣੀ ਟੁਣਕਵੀਂ ਤਿੱਖੀ ਅਵਾਜ਼ ਦੇ ਜਰੀਏ ਮੁੜ ਲੋਕਾਂ ਦੀ ਝੋਲੀ ਵਿਚ ਪਾਇਆ ਜੋ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਗਿਆ। ਅਤੇ ਕੀਮਤੀ ਸਰਮਾਇਆ ਜਿਸ ਨੂੰ ਲੋਕਾਂ ਦੇ ਦਿਲਾਂ ‘ਚ ਸਿਰਫ਼ ਜਗ੍ਹਾ ਹੀ ਨਹੀਂ ਦਿੱਤੀ ਸਗੋਂ ਮਹਿਫ਼ਲਾਂ ਦੇ ਸ਼ਿੰਗਾਰ ਵੱਜੋਂ ਵੀ ਵਰਤਿਆ।
ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਅਤੇ ਮਾਣਕ ਦੀ ਜੋੜੀ ਨੇ ਕਿਸੇ ਸਮੇਂ ਪੰਜਾਬੀ ਗਾਇਕੀ ਨੂੰ ਸਿਖਰ ‘ਤੇ ਪੁੱਜੀ ਦੋਗਾਣਾ ਗਾਇਕੀ ਵਿਚੋਂ ਕੱਢਕੇ ਸੋਲੋ ਗਾਇਕੀ ਵਜੋਂ ਪ੍ਰਵਾਨਤਾ ਦਵਾਈ ਜਿਸ ਦੀ ਬਦੌਲਤ ਅੱਜ ਅਣਗਿਣਤ ਗਵੱਈਏ ਦੌਲਤ ਅਤੇ ਸ਼ੁਹਰਤ ਕਮਾ ਰਹੇ ਨੇ।
ਅੱਜ ਬੇਸ਼ੱਕ ਟੀ. ਵੀ. ਚੈਨਲਾਂ ਦੀ ਭਰਮਾਰ ਅਤੇ ਪ੍ਰਿੰਟ ਮੀਡੀਏ ਦਾ ਫੈਲਾਉ ਜੋਰਾਂ ‘ਤੇ ਹੋਣ ਕਰਕੇ ਪੰਜਾਬੀ ਗਾਇਕੀ ਦੇ ਰਾਤੋ-ਰਾਤ ਸਟਾਰ ਬਣੇ ਗਾਇਕਾਂ ਦੀ ਪੰਜਾਬੀ ਗਾਇਕੀ ਵਿਚ ਘੁਸਪੈਠ ਹੋ ਚੁੱਕੀ ਹੈ। ਜਿਨ੍ਹਾਂ ਦੀ ਅਵਾਜ਼ ‘ਚ ਨਿਖਾਰ ਵੀ ਸਟੂਡੀਓ ਵਿਚਲੇ ਮਸ਼ੀਨੀਕਰਨ ਰਾਹੀਂ ਹੋ ਜਾਂਦਾ ਹੈ, ਆਦਿ ਨੇ ਆਪਣਾ ਵਕਤੀ ਪ੍ਰਭਾਵ ਹਾਵੀ ਕਰ ਰੱਖਿਆ ਹੈ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਬਿਨਾ ਕਿਸੇ ਸਹਾਰੇ ਦੇ ਮਾਣਕ ਨੇ ਆਪਣੀ ਪਹਿਚਾਣ ਹਿੱਕ ਦੇ ਜ਼ੋਰ ਅਤੇ ਗਲੇ ਦੀ ਕਰਾਮਾਤ ਰਾਹੀਂ ਬਣਾਈ ਜਿਸ ਦੇ ਸਿੱਟੇ ਵਜੋਂ ਅਸੀਂ ਅੱਜ ਵੀ ਜਦ ਮਾਣਕ ਨੂੰ ਸੁਣਦੇ ਹਾਂ ਤਾਂ ਆਪ ਮੁਹਾਰੇ ਹੀ ਸਾਡੀਆਂ ਅੱਖਾਂ ਸਾਹਮਣੇ ਭਲੇ ਵੇਲਿਆਂ ਦਾ ਸਾਡਾ ਭਲਾ ਜਿਹਾ ਸੱਭਿਆਚਾਰ ਆਣ ਖੜੋਂਦਾ ਹੈ। ਅੱਜ ਵੀ ਅਸਲ ਪੰਜਾਬੀ ਵਿਆਹ ਦਾ ਮਾਹੌਲ, ਦਿਉਰ ਦੇ ਵਿਆਹ ‘ਚ ਨੱਚਦੀ ਜਰਨੈਲ ਕੌਰ, ਜੱਟ ਦਾ ਪੁੱਤਰ ਵੱਡੇ ਤੜਕੇ ਹਲ ਵਾਹੁੰਦਾ, ਕੱਢਣਾ ਰੁਮਾਲ ਦੇ ਗਿਓਂ, ਜੀ. ਟੀ. ਰੋਡ ਤੇ ਦੁਹਾਈਆਂ ਪਾਉਂਦਾ ਟਰੱਕ, ਤ੍ਰਿਝਣਾਂ ‘ਚ ਬੈਠੀਆਂ ਚਰਖੇ ਤੰਦ ਪਾਉਂਦੀਆਂ ਕੁੜੀਆਂ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਜਾਂਦਾ ਬੰਦਾ ਸਿੰਘ ਬਹਾਦਰ, ਕਣਕਾਂ ਨੂੰ ਬੂਰ ਪਿਆ, ਬਾਗਾਂ ਵਿਚ ਪੱਕੀਆਂ ਅੰਬੀਆਂ, ਚਾਦਰ ਕੱਢਦੀ ਮੁਟਿਆਰ ਅਤੇ ਠੰਡੀ ਛਾਂ ਵਰਗੀ ਲਾਡ ਲਡਾਉਂਦੀ ਮਾਂ ਹੂ-ਬ-ਹੂ ਨਜ਼ਰੀਂ ਪੈਂਦੀ ਹੈ।
ਸਮਾਜ ਵਿੱਚ ਸਭ ਕੁਝ ਸੁਭਾਵਿਕ ਹੀ ਨਹੀਂ ਵਾਪਰ ਜਾਂਦਾ । ਇਹ ਵੀ ਕੋਈ ਸੁਭਾਵਿਕ ਵਰਤਾਰਾ ਨਹੀਂ ਵਾਪਰਿਆ। ਇਸ ਦੇ ਪਿੱਛੇ ਵੀ ਮਾਣਕ ਸਾਹਿਬ ਦੀ ਅੰਤਾਂ ਦੀ ਮਿਹਨਤ, ਸਿਰੜ, ਲਗਨ ਅਤੇ ਆਤਮ ਵਿਸ਼ਵਾਸ ਰਿਹਾ ਹੈ।
ਮਾਣਕ ਨੇ ਮੁੱਢਲੇ ਦੌਰ ਵਿਚ ਅੰਤਾਂ ਦੀ ਗਰੀਬੀ ਵੇਖੀ ਪਰ ਸਿਰੜ ਨਹੀਂ ਹਾਰਿਆ। ਸਥਾਪਤੀ ਲਈ ਧੱਕੇ ਖਾਧੇ ਪਰ ਰਾਸ ਆਏ ! ਮਾਣਕ ਦੀ ਪਤਨੀ ਬੀਬੀ ਸਰਬਜੀਤ ਮਾਣਕ ਦੀ ਦੇਣ ਵੀ ਮਾਣਕ ਲਈ ਆਕਸੀਜਨ ਦਾ ਕੰਮ ਕਰਦੀ ਰਹੀ। ਜਿਸਦੇ ਸਿੱਟੇ ਵਜੋਂ ਮੁਹੰਮਦ ਲਤੀਫ ਉਰਫ ਲੱਧਾ ਕੁਲਦੀਪ ਮਾਣਕ ਵਜੋਂ ਪੰਜਾਬੀ ਗਾਇਕੀ ਦਾ ਸ਼ਾਹ ਅਸ਼ਵਾਰ ਬਣ ਗਿਆ। ਮਾਣਕ ਦੇ ਗਲੇ ਵਿਚੋਂ ਰੂਹ ਨਾਲ ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਸੱਸੀ ਪੁੰਨੂੰ, ਰਾਜਾ ਰਸਾਲੂ, ਸਰਬਣ ਪੁੱਤਰ, ਮੇਹਰੂ ਪੋਸਤੀ, ਅਤੇ ਦੁੱਲਾ ਭੱਟੀ ਆਦਿ ਸੁਣਿਆ ਜਾਂਦਾ ਹੈ ਤਾਂ ਇੰਝ ਜਾਪਣ ਲੱਗਦਾ ਜਿਵੇਂ ਇਹ ਪਾਤਰ ਹੂ-ਬ-ਹੂ ਸਾਹਮਣੇ ਖੜ੍ਹੇ ਹੋਣ।
ਇਹੀ ਕਾਰਨ ਹੈ ਕਿ ਮਾਣਕ ਦਾ ਨਾਮ ਵਿਸ਼ਵ ਪ੍ਰਸਿੱਧ ਹੋ ਗਿਆ। ਪੂਰੇ ਸੰਸਾਰ ਵਿਚ ਜਿੱਥੇ ਵੀ ਪੰਜਾਬੀ ਬੈਠਾ ਹੈ, ਮਾਣਕ ਦਾ ਨਾਮ ਉਥੇ ਹੀ ਬਾ ਅਦਬ ਨਾਲ ਲਿਆ ਜਾਂਦਾ ਹੈ।
ਮਾਣਕ ਨੇ ਆਪਣੀ ਵਿਰਾਸਤ ਕਾਇਮ ਰੱਖਣ ਲਈ ਆਪਣੇ ਹੋਣਹਾਰ ਪੁੱਤਰ ਯੁੱਧਵੀਰ ਮਾਣਕ ਨੂੰ ਵੀ ਗਾਇਕੀ ਦੀ ਭਲਵਾਨੀ ਲਈ ਮੈਦਾਨ ਵਿਚ ਉਤਾਰ ਦਿੱਤਾ ਹੈ। ਸਿਆਣੇ ਕਹਿੰਦੇ ਹਨ ਕਿ ਬੋਹੜ ਥੱਲੇ ਬੋਹੜ ਨਹੀਂ ਲੱਗਦਾ । ਪਰ ਬੋਹੜ ਥੱਲੇ ਦਾ ਬੀਜ ਪੈਦਾ ਤਾਂ ਹੋ ਗਿਆ ਹੈ ਪਰ ਹੁਣ ਵੇਖਣਾ ਇਹ ਹੈ ਕਿ ਇਹ ਬੀਜ ਪੂਰਨ ਬੋਹੜ ਬਣੇਗਾ ਜਾਂ……
ਗਾਇਕਾਂ-ਗੀਤਕਾਰਾਂ ਦੀਆਂ ਨਜ਼ਰਾਂ ‘ਚ ਮਾਣਕ
ਇਸ ਹਥਲੀ ਪੁਸਤਕ ਵਿੱਚ ਜਿੱਥੇ ਸਾਹਿਤਕਾਰਾਂ-ਅਲੋਚਕਾਂ ਤੋਂ ਕੁਲਦੀਪ ਮਾਣਕ ਬਾਰੇ ਵਿਚਾਰ ਲਏ ਗਏ ਉੱਥੇ ਹੀ ਮਹਾਨ ਗਾਇਕਾਂ ਤੇ ਗੀਤਕਾਰਾਂ ਨੂੰ ਵੀ ਯੋਗ ਥਾਂ ਦੇ ਕੇ ਸਤਿਕਾਰਿਆ ਗਿਆ ਹੈ। ਇਸ ਖੰਡ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ ਇਹ ਹੈ ਕਿ ਚੜ੍ਹਦੇ ਪੰਜਾਬ ਦੇ ਨਾਲ-ਨਾਲ ਲਹਿੰਦੇ ਪੰਜਾਬ ਦੀਆਂ ਸ਼ਖ਼ਸੀਅਤਾਂ ਜਿਨ੍ਹਾਂ ਨਾਲ ਮਾਣਕ ਦੀ ਪ੍ਰੀਵਾਰਕ ਸਾਂਝ ਹੈ ਉਨ੍ਹਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ । ਪੰਜਾਬੀ ਗਾਇਕੀ ਵਿੱਚ ਕੁਲਦੀਪ ਮਾਣਕ ਇੱਕ ਅਜਿਹੀ ਅਜ਼ੀਮ ਸ਼ਖ਼ਸੀਅਤ ਹੈ ਜਿਸ ਨੂੰ ਰੋਲ ਮਾਡਲ ਮੰਨ ਕੇ ਅਜੋਕੇ ਗਾਇਕਾਂ-ਗੀਤਕਾਰਾਂ ਨੇ ਗਾਉਣਾ ਤੇ ਲਿਖਣਾ ਅਰੰਭਿਆ ਹੈ। ਬਰੀਕੀ ਨਾਲ ਕੀਤੀ ਪੁਣ-ਛਾਣ ਤੋਂ ਬਾਅਦ ਨਤੀਜਾ ਇਹ ਸਾਹਮਣੇ ਆਉਂਦਾ ਹੈ ਕਿ ਮਾਣਕ ਇੱਕ ਯੁੱਗ ਦਾ ਨਹੀਂ ਕਈ ਯੁੱਗਾਂ ਦਾ ਮਹਾਨ ਗਾਇਕ ਬਣ ਗਿਆ ਹੈ। ਜਿਸ ਵੱਲੋਂ ਕੀਤਾ ਘੋਰ- ਸੰਘਰਸ਼, ਨਵੀਆਂ ਤਸਬੀਹਾਂ, ਨਵੇਂ ਉਸਾਰੇ ਰਾਹਾਂ ਤੇ ਪਾਈਆਂ ਪੈੜਾਂ ਹਮੇਸ਼ਾ ਲੋਕਾਂ ਨੂੰ ਮੱਲੋ-ਮੱਲੀ ਮਾਣਕ ਤੱਕ ਖਿੱਚ ਲਿਆਉਣਗੀਆਂ।
ਇਨ੍ਹਾਂ ਨਿਬੰਧਾਂ ਦੇ ਰੂਪ ‘ਚ ਲਏ ਗਏ ਵਿਚਾਰਾਂ ‘ਚ ਕੁਝ ਗਾਇਕ ਤੇ ਗੀਤਕਾਰ ਉਹ ਹਨ ਜੋ ਮਾਣਕ ਦੇ ਸਾਹਾਂ ‘ਚ ਸਾਹ ਭਰਦੇ ਉਸਦੀ ਗਾਇਕੀ ਦਾ ਪ੍ਰਭਾਵ ਕਬੂਲਦੇ ਹਨ। ਕਈਆਂ ਨਾਲ ਮਾਣਕ ਦੀ ਇਨਸਾਨੀਅਤ ਨਾਤੇ ਸਾਂਝ ਹੈ ਅਤੇ ਕਈਆਂ ਨਾਲ ਮਾਣਕ ਨੇ ਰਿਸ਼ਤੇਦਾਰੀਆਂ ਗੰਢੀਆਂ ਹੋਈਆਂ ਨੇ ਜਿਵੇਂ ਲਹਿੰਦੇ ਪੰਜਾਬ ਦਾ ਬਾਬਾ ਬੋਹੜ ਗਵੱਈਆ ਸ਼ੌਕਤ ਅਲੀ, “ਮੇਰਾ ਪੱਗ ਵੱਟ ਭਰਾ।” ਸਿਰਲੇਖ ਹੇਠ ਲਿਖਦੇ ਹਨ, “ਮਾਣਕ ਪੰਜਾਬ ਦਾ ਹੀਰਾ ਹੈ। ਇਹ ਹੀਰਾ ਪੰਜਾਬ ਤੋਂ ਬਾਹਰ ਮਿਲਣਾ ਔਖਾ ਹੀ ਨਹੀਂ ਨਾਮੁਮਕਿਨ ਹੈ। ਪੰਜਾਬ ‘ਤੇ ਅੱਲਾ ਦੀ ਬਖਸ਼ਿਸ਼ ਹੋਈ, ਜਿਥੇ ਹਰੇ ਭਰੇ ਖੇਤ, ਪਹਾੜ, ਦਰਿਆ, ਸੁਹਣੇ ਮੌਸਮਾਂ ਦੇ ਨਾਲ-ਨਾਲ ਪੰਜਾਬ ਨੂੰ ਇਹ ਪਿਆਰੀ ਅਵਾਜ਼ ‘ਮਾਣਕ’ ਵੀ ਮਿਲਿਆ ਹੈ…. ।”
ਵਾਹਗੇ ਤੋਂ ਪਾਰ ਜਿਨ੍ਹਾਂ ਦੀ ਰੰਗ-ਮੰਚ ਦੇ ਪਿੜ ਵਿੱਚ ਇੱਕ ਵਿਲੱਖਣ ਤੇ ਅਹਿਮ ਨਾਂ ਉਹ ਮਾਣਕ ਬਾਰੇ ਕੁਝ ਇਸ ਤਰ੍ਹਾਂ ਲਿਖਦੇ ਹਨ। ਆਪਣੇ ਨਿਬੰਧ, “ਸਿਖਰ ਦਾ ਗਵੱਈਆ ਹੈ-ਮਾਣਕ”, ’ਚ “ਮਾਣਕ ਜਿਹੇ ਫਨਕਾਰ ਦਾ ਮੁੜ ਜਨਮ ਲੈਣਾ ਬੜਾ ਔਖਾ ਹੈ ਕਿਉਂਕਿ ਕੁਲਦੀਪ-ਮਾਣਕ ਬਹੁਤ ਵੱਡਾ ਕਲਾਕਾਰ ਹੈ ਖੁਦਾ ਨੇ ਉਸਨੂੰ ਟੁਣਕਵੀਂ ਅਤੇ ਬੁਲੰਦ ਅਵਾਜ਼ ਬਖਸ਼ੀ ਹੈ । ਉਸਨੂੰ ‘ਸੁਰ’ ਦਾ ਡੂੰਘਾ ਗਿਆਨ/ਸੂਝ ਹੈ। ਉਹ ਮੈਨੂੰ ਸਾਡੇ ਲਹਿੰਦੇ ਪੰਜਾਬ ਦੇ ਹੋਣਹਾਰ ਗਵੱਈਏ ਸ਼ੌਕਤ ਅਲੀ ਅਤੇ ਆਲਮ ਲੌਹਾਰ ਤੋਂ ਵੀ ਸਿਖਰ ਦਾ ਗਵੱਈਆ ਲਗਦਾ ਹੈ। ਕੁਲਦੀਪ ਮਾਣਕ ਨੂੰ ਲਹਿੰਦੇ ਪੰਜਾਬ ਦੀ ਪੁਰਾਣੀ ਪੀੜ੍ਹੀ ਅਤੇ ਕੁਝ ਹੱਦ ਤੱਕ ਨਵੀਂ ਪੀੜ੍ਹੀ ਬੜੇ ਸਤਿਕਾਰ ਤੇ ਪਿਆਰ ਨਾਲ ਯਾਦ ਕਰਦੀ ਹੈ।”
ਸੂਫੀ ਫਨਕਾਰ ਰਾਜ ਗਾਇਕ ਹੰਸਰਾਜ ਹੰਸ ਲਿਖਦੇ ਹਨ, “ਮੇਰੀ ਨਜ਼ਰ ਵਿੱਚ ਲੋਕ-ਗਾਇਕ ਉਹ ਹੁੰਦਾ ਹੈ ਜੋ ਆਮ ਲੋਕਾਂ ਦਾ ਚਹੇਤਾ ਗਾਇਕ ਹੋਵੇ। ਜਿਸਦੀ ਅਵਾਜ਼ ਚੋਂ ਮਿੱਟੀ ਦੀ ਮਹਿਕ ਆਏ । ਪੰਜਾਬ ਦੀ ਮਿੱਟੀ ਦੀ ਖੁਸ਼ਬੋ ਆਪਣੇ ਵਿੱਚ ਸਮੇਟੀ ਬੈਠਿਆ ਸਹੀ ਮਾਨਿਆਂ ‘ਚ ਅਗਰ ਕੋਈ ਗਾਇਕ ਹੋ ਤਾਂ ਉਹ ਸਾਡਾ ਸਾਰਿਆਂ ਵੱਲੋਂ ਪ੍ਰਵਾਨਿਆਂ ‘ਲੋਕ-ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਹੈ । ਜਿਸ ਤਰ੍ਹਾਂ ਬੋਲਾਂ ਨੂੰ ਰਿੜਕ ਕੇ ਕੁਲਦੀਪ ਮਾਣਕ ਹੁਰਾਂ ਨੇ ਗਾਇਆ ਹੈ ਉਹ ਬਹੁਤ ਘੱਟ ਗਾਇਕਾਂ ‘ਚ ਵੇਖਣ ਤੇ ਸੁਣਨ ਨੂੰ ਮਿਲਿਆ ਹੈ। ਇਹ ਮਹਾਨ ਗਾਇਕ ਛਾਤੀ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ ਹੈ ਤੇ ਮੈਂ ਸ਼ਰਧਾ ਅਤੇ ਪਿਆਰ ‘ਚ ਇਹਨਾਂ ਨੂੰ ਧੱਕੜ ਗਵੱਈਆ ਵੀ ਕਹਿੰਦਾ ਹਾਂ….. ।”
ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਜਿਸ ਦੀ ਸੰਗੀਤ ਸੰਸਾਰ ਵਿੱਚ ਆਪਣੀ ਵਿਲੱਖਣ ਹੋਂਦ ਕਾਇਮ ਹੈ, ਉਸਦਾ ਕਹਿਣਾ ਹੈ ਕਿ, “ਮਾਣਕ ਨੇ ਮਾਲਵੇ ਦੀ ਵਿਧਾ ਕਲੀਆਂ ਨੂੰ ਬੜੀ ਸੁਚੱਜਤਾ ਨਾਲ ਗਾਇਆ ਹੈ ਅਤੇ ਲੋਕਾਂ ਨੇ ਉਸਨੂੰ ‘ਕਲੀਆਂ ਦਾ ਬਾਦਸ਼ਾਹ’ ਨਾਂ ਨਾਲ ਸਨਮਾਨਿਤ ਕੀਤਾ। ਕਿਸੇ ਚੀਜ਼ ਦਾ ‘ਬਾਦਸ਼ਾਹ’ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ । ਇਸ ਦਾ ਹੱਕ ਵੀ ਬਣਦਾ ਸੀ ਕਿਉਂਕਿ ਮਾਣਕ ਨੇ ਕਲੀਆਂ ਅਤੇ ਲੋਕ ਗਾਥਾਵਾਂ ਨੂੰ ਹੁੱਬ ਕੇ ਜੋਸ਼ ਨਾਲ ਗਾਇਆ ਹੈ।”
ਗੀਤਕਾਰ ਗੁਰਮੀਤ ਸਿੰਘ ਨਾਢਾ ਜੋ ਮਾਣਕ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਗੀਤਕਾਰੀ ਖੇਤਰ ਵਿੱਚ ਕੁੱਦਿਆ ਹੈ ਉਹ ਮਾਣਕ ਨੂੰ “ਪੰਜਾਬੀ ਸੱਭਿਆਚਾਰ ਦੀ ਚਲਦੀ ਫਿਰਦੀ ਯੂਨੀਵਰਸਿਟੀ” ਆਖਦਾ ਹੋਇਆ ਲਿਖਦਾ ਹੈ ਕਿ, “ਮਾਣਕ ਸਾਹਿਬ ਸੱਭਿਆਚਾਰ ਦੀ ਚਲਦੀ ਫਿਰਦੀ ਯੂਨੀਵਰਸਿਟੀ ਹੈ। ਕਿਉਂਕਿ ਮਾਂ, ਭੈਣ, ਪਿਓ, ਪੁੱਤ, ਧੀ, ਆਂਢ- ਗੁਆਂਢ, ਦੋਸਤ, ਦੁਸ਼ਮਣ, ਸਾਕ-ਸਬੰਧੀ ਗੱਲ ਕੀ ਮਨੁੱਖ ਦੇ ਹਰ ਵਰਤਾਰੇ ਦਾ ਪੈਮਾਨਾ ਮਾਣਕ ਸਾਹਿਬ ਦੇ ਗਾਏ ਲੋਕ ਤੱਥਾਂ ਵਿੱਚੋਂ ਝਲਕਾਰੇ ਮਾਰਦਾ ਹੈ। ਰੋਮ ਦੇ ਪਾਤਰ ਦਹੂਦ ਤੋਂ ਲੈ ਕੇ ਪੰਜਾਬ ਦੇ ਹੀਰ-ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁਨੂੰ, ਸ਼ੀਰੀਂ-ਫ਼ਰਹਾਦ, ਮਿਰਜ਼ਾ ਸਾਹਿਬਾਂ ਵਰਗੇ ਕਿੱਸਿਆਂ ਦੀ ਪ੍ਰਸ਼ੰਸਾ ਅਤੇ ਲੋਕ-ਗਾਥਾਵਾਂ ਨੂੰ ਰਿਕਾਰਡ ਕਰਵਾਕੇ ਇਹਨਾਂ ਪਾਤਰਾਂ ਨੂੰ ਜਿਉਂਦੇ ਰੱਖਿਆ ਹੋਇਆ ਹੈ। ਜਿਵੇਂ ਸ਼ਾਹਣੀ-ਕੌਲਾ ਲੋਕ-ਗਾਥਾ ਔਰਤ ਦੇ ਮਰਦ ਪ੍ਰਧਾਨ ਸਮਾਜ ਵਿੱਚ ਹਾਲਤ ਨੂੰ ਦਰਸਾਉਂਦੀ ਹਕੀਕਤ ਹੈ।”
ਗਾਇਕ ਤੇ ਗੀਤਕਾਰ ਰਾਜ ਕਾਕੜਾ ਆਪਣੇ ਨਿਬੰਧ, “ਕਿੱਸਾ, ਲੋਕ-ਗਾਥਾਵਾਂ, ਵਾਰਾਂ ਤੇ ਲੋਕ ਗੀਤਾਂ ਦਾ ਇਨਸਾਈਕਲੋਪੀਡੀਆ-ਕੁਲਦੀਪ ਮਾਣਕ” ‘ਚ ਲਿਖਦੇ ਹਨ ਕਿ, “ਇਹ ਸੁਭਾਗਾ ਕੰਮ ਮਾਣਕ ਸਾਹਿਬ ਦੇ ਹਿੱਸੇ ਹੀ ਆਇਆ ਹੈ। ਕਿ ਅੱਜ ਸਾਰੀਆਂ ਲੋਕ ਗਾਥਾਵਾਂ ਮਾਣਕ ਦੀ ਆਵਾਜ਼ ਵਿੱਚ ਘਰ-ਘਰ ਦਾ ਸ਼ਿੰਗਾਰ ਬਣੀਆਂ ਹਨ। ਪੂਰਨ ਭਗਤ ਤੋਂ ਲੈ ਕੇ ਰੂਪ-ਬਸੰਤ, ਸ਼ੀਰੀ ਫਰਹਾਦ, ਮਿਰਜ਼ਾ ਸਾਹਿਬਾਂ, ਹੀਰ-ਰਾਝਾਂ, ਸੱਸੀ- ਪੁਨੂੰ, ਇੰਦਰ ਬੇਗੋ, ਜਿਉਣਾ ਮੋੜ ਜਿਹੇ ਅਨੇਕਾਂ ਕਿੱਸਿਆਂ, ਗਾਥਾਵਾਂ ਤੇ ਗੀਤਾਂ ਨੂੰ ਮਾਣਕ ਨੇ ਆਪਣੀ ਆਵਾਜ ਦੇ ਕੇ ਅਮਰ ਕੀਤਾ ਹੈ ।”
ਇਸ ਖੰਡ ਵਿੱਚ ਲਏ ਗਏ ਮਹਾਨ ਗਾਇਕਾਂ ਗੀਤਕਾਰਾਂ ਅਤੇ ਹੋਰ ਕਲਾ ਰਸੀਆਂ ਨੂੰ ਵਰਨਮਾਲਾ ਦੇ ਅਨੁਸਾਰ ਕਰਮਵਾਰ ਲਿਆ ਗਿਆ ਹੈ।
ਪੰਜਾਬੀ ਗਾਇਕੀ ਦੀ ਰੜਕ-ਕੁਲਦੀਪ ਮਾਣਕ
ਅਮਰਦੀਪ ਗਿੱਲ
‘ਲੋਕ ਗਾਥਾਵਾਂ ਦੇ ਬਾਦਸ਼ਾਹ’ ਜਨਾਬ ਕੁਲਦੀਪ ਮਾਣਕ ਮੇਰੇ ਅਨੁਸਾਰ ਪੰਜਾਬੀ ਗਾਇਕੀ ਦੀ ਰੜਕ ਦਾ ਦੂਜਾ ਨਾਂ ਹੈ। ਮਲਵਈਆਂ ਵਾਲਾ ਅੱਖੜਪਣ, ਪੰਜਾਬੀਆਂ ਵਾਲੀ ਅਣਖ ਮਾਣਕ ਦੀ ਅਵਾਜ਼ ‘ਚੋਂ ਜਿਵੇਂ ਸੁਣਦੀ ਹੈ ਉਵੇਂ ਕਿਸੇ ਹੋਰ ਅਵਾਜ਼ ‘ਚੋਂ ਨਹੀਂ ਸੁਣੀ ਹਾਲੇ ਤੱਕ ਮੈਨੂੰ।
ਮਾਣਕ ਦੀ ਗਾਇਕੀ ਨਾਲ ਮੇਰਾ ਰਿਸ਼ਤਾ ਐਨਾ ਪੁਰਾਣਾ ਹੈ ਕਿ ਜਦ ਮੈਂ ਪਹਿਲੀ ਵੇਰ ਟੇਪ-ਰਿਕਾਰਡ ਖਰੀਦਿਆ ਸੀ ਤਾਂ ਉਸ ਨਾਲ ਪਹਿਲੀ ਕੈਸਟ ਕੁਲਦੀਪ ਮਾਣਕ ਅਤੇ ਗੁਲਸ਼ਨ ਕੋਮਲ ਦੀ ਖਰੀਦੀ ਸੀ ‘ਕੱਢਣਾ ਰੁਮਾਲ ਦੇ ਗਿਉਂ’ । ਮਾਣਕ ਯਮਲਾ ਜੀ ਤੋਂ ਬਾਅਦ ਮੇਰਾ ਦੂਜਾ ਮਨਪਸੰਦ ਗਾਇਕ ਬਣਿਆ ਅਤੇ ਅੱਜ ਤੱਕ ਹੈ। ਮਾਣਕ ਦਾ ਗਾਇਆ ਗੀਤ ‘ਕੌਲਾਂ’ ਮੇਰਾ ਪਹਿਲਾ ਮਨਪਸੰਦ ਪੰਜਾਬੀ ਗੀਤ ਸੀ ਜੋ ਮੈਂ ਆਪਣੇ ਟੇਪ-ਰਿਕਾਰਡ ‘ਤੇ ਵਾਰ-ਵਾਰ ਸੁਣਿਆ।
ਬਠਿੰਡੇ ਦਾ ਮੈਂ ਵਸਨੀਕ ਹਾਂ ਅਤੇ ਬਠਿੰਡੇ ਨਾਲ ਮਾਣਕ ਦਾ ਰਿਸ਼ਤਾ ਮੈਨੂੰ ਮਾਣ ਨਾਲ ਭਰ ਦਿੰਦਾ ਹੈ। ਜਦ ਮੈਂ ਸੁਰਤ ਸੰਭਾਲੀ ਤਾਂ ਮੈਨੂੰ ਬੱਸ ਦਾ ਉਹ ਸਫ਼ਰ ਯਾਦ ਹੈ ਜੋ ਮੈਂ ਆਪਣੇ ਜੱਦੀ ਪਿੰਡ ਘੋਲੀਆਂ ਕਲਾਂ ਤੋਂ ਬਠਿੰਡੇ ਤੱਕ ਕੀਤਾ ਸੀ ਵਾਇਆ ਜਲਾਲ । ਜਲਾਲ ਦੇ ਬੱਸ ਅੱਡੇ ਨੂੰ ਮੈਂ ਇਸੇ ਕਾਰਨ ਖੁਸ਼ੀ ਭਰੀ ਹੈਰਾਨੀ ਨਾਲ ਵੇਖ ਰਿਹਾ ਸਾਂ ਕਿਉਂਕਿ ਇਹੋ ਜਲਾਲ ਮਾਣਕ ਦਾ ਜੱਦੀ ਪਿੰਡ ਹੈ, ਸਾਡੇ ਬਠਿੰਡੇ ਵਾਲਿਆਂ ਦੇ ਬਾਈ ਮਾਣਕ ਦਾ ਪਿੰਡ । ਪੰਜਾਬੀ ਗਾਇਕੀ ਦੇ ਸ਼ੇਰ ਗਵੱਈਏ ਮਾਣਕ ਦਾ ਪਿੰਡ ।
ਉਸਤਾਦ ਲਾਲ ਚੰਦ ਯਮਲਾ ਜੱਟ ਜੀ ਤੋਂ ਬਾਅਦ ਸੋਲੋ-ਗਾਇਕੀ ਦਾ ਸਭ ਤੋਂ ਸ਼ਕਤੀਸ਼ਾਲੀ ਝੰਡਾ-ਬਰਦਾਰ ਮਾਣਕ ਅਤੇ ਆਪਣੇ ਆਪ ਵਿਚ ਇਕ ਸੰਸਥਾ ਹੈ, ਇਕ ਯੁੱਗ ਹੈ। ਮਾਣਕ ਦੀਆਂ ਗਾਈਆਂ ਗਾਥਾਵਾਂ, ਕਲੀਆਂ ਜਿਨ੍ਹਾਂ ‘ਚੋਂ ਬਹੁਤੀਆਂ ਦੇਵ ਥਰੀਕੇ ਵਾਲੇ ਦੀਆਂ ਲਿਖੀਆਂ ਹਨ ਅੱਜ ਲੋਕ-ਗੀਤਾਂ ਵਾਲਾ ਰੁਤਬਾ ਪ੍ਰਾਪਤ ਕਰ ਚੁੱਕੀਆਂ ਹਨ। ‘ਛੇਤੀ ਕਰ ਸਰਬਣ ਪੁੱਤਰਾ’, ‘ਮਾਂ ਹੁੰਦੀ ਏ ਮਾਂ’, ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ।’ ਜਿਹੇ ਗੀਤ ਪੰਜਾਬੀ ਗਾਇਕੀ ਦੇ ਮਾਣ ਕਰਨ ਯੋਗ ਗਹਿਣੇ ਹਨ। ਮਾਣਕ ਦੀ ਅਵਾਜ਼ ਵਿਚ ਲੋਹੜੇ ਦਾ ਵੇਗ, ਜੋਸ਼ ਅਤੇ ਜੋ ਸੁਰੀਲਾਪਣ ਹੈ। ਉਹ ਇਕ ਸਮੇਂ ਪੰਜਾਬੀ ਗਾਇਕੀ ਦੀ ਗਲੀ ‘ਚ ਲਲਕਾਰੇ ਮਾਰ ਮਾਰ ਬੁੱਕਿਆ ਸੀ। ਅੱਜ ਵੀ ਓਸ ਤਰ੍ਹਾਂ ਦੇ ਲਲਕਾਰੇ ਨੂੰ ਪੰਜਾਬੀ ਗਾਇਕੀ ਤਰਸੀ ਪਈ ਹੈ। ‘ਅੱਖਾਂ ‘ਚ ਨਜਾਇਜ਼ ਵਿਕਦੀ ਹੈ’ ਅਤੇ ‘ਪੁੱਤ ਤਾਂ ਜੱਟਾਂ ਦਾ ਹਲ ਵਾਹੁੰਦਾ ਵੱਡੇ ਤੜਕੇ ਦਾ’ ਜਿਹੜੇ ਗੀਤ ਮੇਰੇ ਵਰਗਿਆਂ ਦੀਆਂ ਰਗਾਂ ‘ਚ ਅੱਜ ਵੀ ਖੂਨ ਦਾ ਦੌਰਾ ਤੇਜ਼ ਕਰ ਦਿੰਦੇ ਹਨ। ਛੋਟੇ ਕੱਦ ਅਤੇ ਕਮਜ਼ੋਰ ਜੁੱਸੇ ਵਾਲਾ ਸਾਡਾ ‘ਬਾਈ’ ਮਾਣਕ ਸੱਚਮੁੱਚ ਪੰਜਾਬੀ ਗਾਇਕੀ ‘ਚ ਪੈੜਾਂ ਪਾ ਚੁੱਕਾ ਉਹ ਮਹਾਨ ਗੁਮੰਤਰੀ ਹੈ ਜੋ ਆਪਣਾ ਇਤਿਹਾਸ ਖ਼ੁਦ ਲਿਖ ਚੁੱਕਾ ਹੈ।
ਚੌਦਵੀਂ ਦਾ ਚੰਦ-ਕੁਲਦੀਪ ਮਾਣਕ
ਇੰਦਰਜੀਤ ਹੁਸਨਪੁਰੀ
ਕੁਲਦੀਪ ਮਾਣਕ ਨਾਲ ਮੇਰੀ ਪਹਿਲੀ ਮਿਲਣੀ ਮਸ਼ਹੂਰ ਗਵੱਈਏ ਹਰਚਰਨ ਗਰੇਵਾਲ ਦੇ ਚੁਬਾਰੇ ਵਿਚ ਹੋਈ ਸੀ। ਓਦੋਂ ਮੇਰਾ, “ਕੁੜੀ ਆਂ ਮੈਂ ਦਿੱਲੀ ਸ਼ਹਿਰ ਦੀ” ਗੀਤ ਰਿਕਾਰਡ ਹੋ ਚੁੱਕਿਆ ਸੀ । ਇਹ ਮਿਲਣੀ ਮਸ਼ਹੂਰ ਗਵੱਈਏ ਚਾਂਦੀ ਰਾਮ ਚਾਂਦੀ ਨੇ ਕਰਾਈ ਸੀ। ਉਨ੍ਹੀਂ ਦਿਨੀਂ ਮੇਰੀ ਪਹਿਲੀ ਫ਼ਿਲਮ, ‘ਤੇਰੀ ਮੇਰੀ ਇਕ ਜਿੰਦੜੀ’ ਦਾ ਰਿਲੀਜ਼ ਸਮਾਰੋਹ ਸੀ ਜਿਸਨੂੰ ਪੰਜਾਬ ਦੇ ਵਜ਼ੀਰ ਸ੍ਰੀ ਫਕੀਰ ਚੰਦ ਜੀ ਨੇ ਰਿਲੀਜ਼ ਕੀਤਾ ਸੀ।
ਉਸ ਸਮੇਂ ਮਾਣਕ ਇਹ ਕਿਹਾ ਕਰਦਾ ਸੀ, “ਮੈਨੂੰ ਸੁਣੋ ਮੈਨੂੰ”, ਇਕ ਵਾਰ ਮੈਂ ਮਾਣਕ ਨੂੰ ਕਿਹਾ ਸੀ, “ਮਾਣਕ ਇਕ ਦਿ: ਤੂੰ ਪੰਜਾਬ ਦਾ ਮਸ਼ਹੂਰ ਗਵੱਈਆ ਬਣੇਂਗਾ। ਤੇਰੇ ਵਿਚ ਉਹ ਚਿਣਗ ਏ ਜਿਹੜੀ ਕਿਸੇ ਵੀ ਫ਼ਨਕਾਰ ਨੂੰ ਗੁੱਝਾ ਨਹੀਂ ਰਹਿਣ ਦਿੰਦੀ। ਤੇਰੀ ਇਹ ਚਿਣਗ ਇਕ ਦਿਨ ਮਸ਼ਾਲ ਬਣ ਕੇ ਮੱਚੇਗੀ ਅਤੇ ਪੰਜਾਬ ਦੇ ਲੋਕਾਂ ਦੇ ਬੁੱਲਾਂ ‘ਤੇ ਤੇਰੇ ਗਾਏ ਹੋਏ ਗੀਤ ਹੋਣਗੇ।” ਅੱਜ ਉਹ ਦਿਨ ਆ ਗਿਆ ਹੈ ਕਿ ਚਾਰੇ ਪਾਸੇ ਮਾਣਕ ਹੀ ਮਾਣਕ ਹੋਈ ਪਈ ਏ…. ।
ਦੇਵ ਥਰੀਕੇ ਵਾਲੇ ਦੇ ਲਿਖੇ ਗੀਤਾਂ ਨੇ ਦੇਵ ਅਤੇ ਮਾਣਕ ਦੀਆਂ ਝੋਲੀਆਂ ਵਿਚ ਪੰਜਾਬ ਦੇ ਲੋਕਾਂ ਨੇ ਇੰਨੀ ਹਰਮਨ ਪਿਆਰਤਾ ਪਾਈ ਜੋ ਕਿਸੇ ਵਿਰਲੇ ਅਤੇ ਟਾਵੇਂ ਬੰਦੇ ਦੀ ਝੋਲੀ ਪੈਂਦੀ ਹੈ। ਮੇਰੇ ਬਹੁਤੇ ਗੀਤ ਮਾਣਕ ਤਾਂ ਨਹੀਂ ਗਾ ਸਕਿਆ ਕਿਉਂਕਿ ਓਦੋਂ ਮੈਂ ਬੰਬਈ ਰਹਿੰਦਾ ਸੀ। ਫ਼ਿਲਮਾਂ ‘ਚ ਮਸਰੂਫ ਸਾਂ ਪਰ ਫੇਰ ਵੀ ਮਾਣਕ ਨੇ ਮੇਰੇ ਕਈ ਗੀਤ ਗਾਏ। ਮੇਰੇ ਗੀਤ ਮਾਣਕ ਦੀ ਅਵਾਜ਼ ‘ਚ ‘ਦਿੱਲੀ ਨੈਸ਼ਨਲ’ ਵਿਚ ਵੀ ਰਿਕਾਰਡ ਹੋਏ ਅਤੇ ਹੋਰ ਅਖਾੜਿਆਂ ਸਟੇਜਾਂ ‘ਤੇ ਵੀ ਉਸ ਨੇ ਮੇਰੇ ਲਿਖੇ ਗੀਤ ਗਾਏ। ਮੇਰਾ ਇੱਕ ਬਾਲ ਗੀਤ ਮਾਣਕ ਦੇ ਹੋਣਹਾਰ ਸਪੁੱਤਰ ਯੁਧਵੀਰ ਮਾਣਕ ਜਿਹੜਾ ਹੁਣ ਤਾਂ ਅਪਣਾ ਗਾਇਕੀ ‘ਚ ਸਥਾਨ ਬਣਾਉਣ ‘ਚ ਸਫ਼ਲ ਰਿਹਾ ਹੈ, ਜਿਸ ਗੀਤ ਨੇ ਯੁਧਵੀਰ ਦੀ ਚੋਖੀ ਪਹਿਚਾਣ ਬਣਾਈ। ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਸਨ। “ਘੁੰਮ ਨੀ ਭੰਬੀਰੀਏ ਘੁੰਮ-ਘੁੰਮ ।
ਮੈਂ ਮਾਣਕ ਨੂੰ ਬਹੁਤ ਨੇਕ ਦਿਲ ਤੇ ਸੰਗੀਤ ਦੀ ਸੂਝ ਰੱਖਣ ਵਾਲਾ ਗਾਇਕ ਮੰਨਦਾ ਹਾਂ। ਜਿਸਨੂੰ ਗੀਤਾਂ ਦੀ ਬਰੀਕੀ ਨਾਲ ਪਹਿਚਾਣ ਹੈ । ਉਹ ਸੁਲਝਿਆ ਹੋਇਆ ਅਤੇ ਸੁਰੀਲਾ ਗਾਇਕ ਹੈ ਜੋ ਦੋਸਤਾਂ ਦਾ ਦੋਸਤ, ਵਫ਼ਾਦਾਰ ਪਤੀ, ਇਕ ਅੱਛਾ ਫ਼ਰਜ਼ ਨਿਭਾਉਣ ਵਾਲਾ ਬਾਪ ਹੈ। ਉਹ ਕਿਸੇ ਵੱਲੋਂ ਕੀਤੇ ਅਹਿਸਾਨ ਨੂੰ ਭੁੱਲਣ ਵਾਲਾ ਵਿਅਕਤੀ ਨਹੀਂ। ਅੱਜ ਤਾਂ ਹੀ ਉਸ ਦੀ ਕਲਾ ਕਰਕੇ, ਉਸਦੀ ਉੱਚੀ ਸ਼ਖ਼ਸੀਅਤ ਕਰਕੇ, ਉਸਦਾ ਨਾਂ ਚੌਦਵੀਂ ਦੇ ਚੰਨ ਵਾਂਗ ਚਮਕਦਾ ਹੈ। ਗੁਲਾਬ ਦੇ ਫੁੱਲ ਵਾਂਗ ਮਹਿਕਦਾ ਹੈ ਅਤੇ ਸੂਰਜ ਵਾਂਗ ਚਮਕਦਾ ਹੋਇਆ ਉਹ ਅੱਜ ਕਲਾ ਅਤੇ ਸੱਭਿਆਚਾਰ ਦੇ ਧੁੰਦਲੇ ਦੌਰ ਵਿਚ ਲੋਕਾਂ ਦੇ ਮਨਾਂ ਵਿਚ ਦੀਵੇ ਵਾਂਗ ਬਲਦਾ ਹੈ। ਇਹੋ ਜਿਹਾ ਫ਼ਨਕਾਰ ਨਾ ਤਾਂ ਹੁਣ ਤੱਕ ਜਨਮਿਆ ਹੈ ਤੇ ਨਾ ਹੀ ਜਨਮੇਗਾ। ਜਦੋਂ ਸੱਭਿਆਚਾਰ ਵੱਲ ਆਪ ਮੁਹਾਰੇ ਝਾਤੀ ਵੱਜਦੀ ਹੈ ਤਾਂ ਕਾਲਜੇ ਨੂੰ ਡੋਬੂ ਪੈਣ ਲਗਦੇ ਨੇ ਅਤੇ ਹੋਰ ਮਾਣਕ ਆਉਣ ਦੀ ਆਸ ਨਜ਼ਰ ਨਹੀਂ ਬੱਝਦੀ । ਇਸ ਵਿਚ ਕੋਈ ਸ਼ੱਕ ਨਹੀਂ ਮਾਣਕ ਸੱਭਿਆਚਾਰ ਦੀ ਸੁੱਚੀ ਮਾਲਾ ਦਾ ਸੁੱਚਾ ਮਣਕਾ ਹੈ—।”
ਮੇਰਾ ਪੱਗ ਵੱਟ ਭਰਾ….
ਸ਼ੌਕਤ ਅਲੀ ਪਾਕਿਸਤਾਨ
ਮਾਣਕ ਪੰਜਾਬ ਦਾ ਹੀਰਾ ਹੈ ਇਹ ਹੀਰਾ ਪੰਜਾਬ ਨੂੰ ਮੁੜ ਕੇ ਮਿਲਣਾਂ ਔਖਾ ਹੀ ਨਹੀਂ ਨਾਮੁਮਕਿਨ ਹੈ। ਪੰਜਾਬ ‘ਤੇ ਅੱਲਾ ਦੀ ਬਖਸ਼ਿਸ ਹੋਈ, ਜਿੱਥੇ ਹਰੇ ਭਰੇ ਖੇਤ, ਪਹਾੜ, ਦਰਿਆ, ਸੁਹਣੇ ਮੌਸਮਾਂ ਦੇ ਨਾਲ ਨਾਲ ਪੰਜਾਬ ਨੂੰ ਇਹ ਪਿਆਰੀ ਅਵਾਜ ‘ਮਾਣਕ’ ਵੀ ਮਿਲਿਆ।
ਪੰਜਾਬ ਨੇ ਬਹੁਤ ਚੰਗੇ ਅਤੇ ਵਡਮੁੱਲੇ ਕਲਾਕਾਰ ਪੈਦਾ ਕੀਤੇ ਪਰ ਕੁਲਦੀਪ ਮਾਣਕ ਦਾ ਆਪਣਾ ਹੀ ਰੰਗ ਹੈ। ਮੇਰੀ ਕੁਲਦੀਪ ਮਾਣਕ ਨਾਲ ਮੁਲਾਕਾਤ ਪਿਆਰੇ ਵੀਰ ‘ਸਾਹਿਬ ਥਿੰਦ’ ਨੇ ਕਰਵਾਈ। ਉਸਨੇ ਦੱਸਿਆ ਕਿ ਇਹ ਮੁਹੰਮਦ ਲਤੀਫ ਹੈ। ਕੈਨੇਡਾ ‘ਚ ਲਗਦੇ ‘ਮੇਲੇ ਗਦਰੀ ਬਾਬਿਆਂ’, ‘ਤੇ ਜਿੱਥੇ ਅਸੀਂ ਦੋਵੇਂ ਪੱਗਵੱਟ ਭਰਾ ਵੀ ਬਣੇ। ਕੁਲਦੀਪ ਮਾਣਕ ਸਿੱਧਾ-ਸਾਧਾ ਇਨਸਾਨ ਪਹਿਲਾਂ ਤੇ ਗਵੱਈਆ ਬਾਅਦ ਵਿਚ ਹੈ। ਉਸਦੇ ਗੀਤਾਂ ਦੇ ਆਸ਼ਕ ਇਧਰਲੇ ਪੰਜਾਬ ‘ਚ ਈ ਵਸਦੇ ਜੋ ਮਾਣਕ ਨੂੰ ਅਤੇ ਉਸਦੇ ਗੀਤਾਂ ਨੂੰ ਬੇਅੰਤ ਮੁਹੱਬਤ ਕਰਦੇ ਹਨ। ਮੈਨੂੰ ਕਈ ਵਾਰ ਹੈਰਾਨੀ ਹੋਈ ਕਿ ਮਾਣਕ ਸੁਰ-ਦਾ ਇੰਨਾ ਪੱਕਾ ਕਿਵੇਂ ਹੈ… ਆਪਣੀ ਅਵਾਜ਼ ਨੂੰ ਸਿਖਰ ਲੈ ਜਾਂਦਾ ਹੈ, ਜਿਵੇਂ ਨਾ ਆਪ ਥਿੜਕਦਾ ਹੈ ਤੇ ਨਾ ਕਦੇ ਆਵਾਜ਼ ਥਿੜਕੀ ਹੈ ਸੁਰ ਤੋਂ.. । ਉਹ ਪੰਜਾਬ ਦੇ ਹੋਰਨਾਂ ਗਵੱਈਆਂ ਵਾਂਗ ਸ਼ੋਸ਼ੇਬਾਜ਼ੀ ਨਹੀਂ ਕਰਦਾ..
ਉਸਤਾਦ-ਕੁਲਦੀਪ ਮਾਣਕ ਜੀ
ਸੁਖਦੇਵ ਦਾਰਾਪੁਰੀਆ ਕੈਨੇਡਾ
ਉਦੋਂ ਮੇਰੇ ਅਜੇ ਦਾੜ੍ਹੀ, ਮੁੱਛ ਵੀ ਨਹੀਂ ਸੀ ਫੁੱਟੀ ਜਦੋਂ ਉਸਤਾਦ ਜੀ ਦਾ ਸਾਡੇ ਪਿੰਡ ਅਖਾੜਾ ਲੱਗਿਆ ਹੋਇਆ ਸੀ । ਮੈਂ ਤੇ ਮੇਰਾ ਇਕ ਮਿੱਤਰ ਅਸੀਂ ਸਭ ਤੋਂ ਮੁਹਰੇ ਬੈਠੇ ਨਾਲ-ਨਾਲ ਗਾ ਰਹੇ ਸੀ । ਪਤਾ ਨਹੀਂ ਉਸਤਾਦ ਜੀ ਦੇ ਦਿਲ ‘ਚ ਕੀ ਆਇਆ ਇਹਨਾਂ ਨੇ ਮੈਨੂੰ ਸਟੇਜ ‘ਤੇ ਸੱਦ ਕੇ ਲੱਤਾਂ ਸਟੇਜ ਤੋਂ ਥੱਲੇ ਵੱਲ ਲਟਕਾ ਕੇ ਬਿਠਾ ਦਿੱਤਾ। ਸਾਡੇ ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਹੋਈ। ਮੇਰਾ ਬਾਪੂ, ਉਸਤਾਦ ਜੀ ਨੂੰ ਘਰ ਲੈ ਗਿਆ ਅਤੇ ਵਿਤ ਮੁਤਾਬਿਕ ਸੇਵਾ ਕੀਤੀ । ਉਸ ਤੋਂ ਬਾਅਦ ਜਿੱਥੇ ਕਿਤੇ ਵੀ ਉਸਤਾਦ ਜੀ ਦਾ ਅਖਾੜਾ ਲਗਦਾ ਸੀ ਅਸੀਂ ਦੇਖਣ ਜਾਂਦੇ । ਉਸਤਾਦ ਜੀ ਨੂੰ ਸਾਡੀ ਇਨੀ ਪਹਿਚਾਣ ਹੋ ਗਈ ਸੀ ਕਿ ਜੇਕਰ ਕਿਤੇ ਪਿੱਛੇ ਖੜ੍ਹੇ ਹੁੰਦੇ ਤਾਂ ਅਵਾਜ਼ ਮਾਰ ਕੇ ਕਹਿੰਦੇ, “ਆਜੋ ਬਈ ਆਜੋ ਮੁਹਰੇ ਬਹਿ ਕੇ ਸੁਣੋਂ ।” ਅਸੀਂ ਅੱਧੀ-ਅੱਧੀ ਰਾਤ ਨੂੰ ਅਖਾੜਾ ਦੇਖਕੇ ਮੁੜਦੇ ਅਤੇ ਟਿਕੀ ਰਾਤ ਨੂੰ ਗਲੀਆਂ ‘ਚ ਗਾਉਂਦੇ ਫਿਰਨਾਂ। ਲੋਕ ਸਾਡੇ ਮਗਰ ਲੱਗ ਜਾਂਦੇ ਸਾਨੂੰ ਰੋਕਦੇ । ਸਾਡੇ ਘਰੀਂ ਸਵੇਰੇ ਉਲਾਂਭੇ ਘੱਲਦੇ ਘਰ ਵਾਲੇ ਸਾਨੂੰ ਝਿੜਕਾਂ ਮਾਰਦੇ ਜਾਣ ਤੋਂ ਰੋਕਦੇ।
ਉਸਤਾਦ ਜੀ ਦੇ ਅਖਾੜੇ ਦੇਖਣ। ਅਸੀਂ ਫਿਰ ਵੀ ਨਾ ਰੁਕਦੇ ਸਾਨੂੰ ਉਸਤਾਦ ਜੀ ਦੀ ਗਾਇਕੀ ਅਤੇ ਜੋਸ਼ ਨੇ ਇਸ ਹੱਦ ਤੱਕ ਕੀਲਿਆ ਹੋਇਆ ਸੀ ਕਿ ਸਾਨੂੰ ਕੇਵਲ ਜਲਾਲ ਦੇ ਗਾਉਣ ‘ਤੇ ਵੀ ਪਤਾ ਨਹੀਂ ਸੀ ਲਗਦਾ ਕਿ ਕੌਣ ਗਾ ਰਿਹਾ ਹੈ।
ਸਾਡੇ ਪਿੰਡ ਅਜੇ ਵੀ ਤਿੰਨ-ਚਾਰ ਦਹਾਕੇ ਪਹਿਲਾਂ ਲੱਗੇ ਅਖਾੜੇ ਨੂੰ ਹਾਲੇ ਵੀ ਯਾਦ ਕੀਤਾ ਜਾਂਦਾ ਹੈ ਤੇ ਇਹ ਗੱਲ ਵੀ ਕੀਤੀ ਜਾਂਦੀ ਹੈ, “ਅੱਛਾ! ਅੱਛਾ! ਮਾਣਕ ਜਿਨ੍ਹੇ ਅਪਣੇ ਪਿੰਡ ਆਲੇ ਸੁਖਦੇਵ ਨੂੰ ਸਟੇਜ ‘ਤੇ ਬਹਾਇਆ ਸੀ—”
ਮੈਂ ਹੌਲੇ-ਹੌਲੇ ਉਸਤਾਦ ਜੀ ਦੇ ਇੰਨੀ ਨੇੜੇ ਹੋ ਗਿਆ। ਮੈਂ ਇਹਨਾਂ ਨੂੰ ਉਸਤਾਦ ਧਾਰ ਲਿਆ । ਪਰ ਇਹਨਾਂ ਮੈਥੋਂ ਉਸਤਾਦ ਦੀ ਭੇਟਾਂ ਕੁਝ ਨਹੀਂ ਲਈ।
ਮੈਨੂੰ ਕਦੇ ਵੀ ਇਹਨਾਂ ‘ਚ ਕੋਈ ਘਾਟ ਨਜ਼ਰ ਨਹੀਂ ਆਈ। ਮੈਨੂੰ ਤਾਂ ਹਮੇਸ਼ਾ ਵਾਧਾ ਹੀ ਨਜ਼ਰ ਆਉਂਦੀਆਂ ਹਨ। ਮੈਨੂੰ ਇਹਨਾਂ ਦਾ ਹਰ ਇਕ ਗੀਤ ਵਧੀਆ ਲਗਦਾ ਹੈ। ਜਦੋਂ ਇਹ ‘ਕੈਨੇਡਾ’ ਆਉਂਦੇ ਹਨ ਤਾਂ ਇਹ ਮੇਰੇ ਕੋਲ ਰਹਿੰਦੇ ਹਨ ਅਤੇ ਜਦੋਂ ਮੈਂ ਇੰਡੀਆ (ਪੰਜਾਬ) ਆਉਂਦਾ ਹਾਂ ਤਾਂ ਮੈਂ ਇਹਨਾਂ ਕੋਲੇ ਰਹਿਕੇ ਸੇਵਾ ਕਰ ਕੇ ਖੁਸ਼ੀ ਮਹਿਸੂਸ ਕਰਦਾ ਹਾਂ।
ਇਹਨਾਂ ਦੀ ਅਵਾਜ਼ ‘ਚ ਦਿਲ ਖਿਚਵੀਂ ਟੁਣਕਾਰ ਤੇ ਮਿਠਾਸ ਹੈ, ਲੋਹੜੇ ਦਾ ਰਸ ਹੈ। ਜਿਨ੍ਹੇ ਵੀ ਇਸ ਅਵਾਜ਼ ਨੂੰ ਸੁਣਿਆ ਉਹ ਇਸ ਅਵਾਜ਼ ਦਾ ਹੀ ਮੁਰੀਦ ਬਣਕੇ ਰਹਿ ਗਿਆ। ਉਸਤਾਦ ਜੀ ਨੇ ਕਲੀਆਂ, ਲੋਕ ਗਾਥਾਵਾਂ, ਵਾਰਾਂ ਗਾਉਣ ਦੀ ਲੀਹ ਤੋਰੀ ਅਤੇ ਓਦੋਂ ਉਹ ਵੇਲਾ ਡਿਊਟ ਦਾ ਸੀ । ਇਹਨਾਂ ਤੋਂ ਬਾਅਦ ਹੋਰਨਾਂ ਗਵੱਈਆਂ ਨੇ ਵੀ ਕਲੀਆਂ ਗਾਈਆਂ ਪਰ ਜਿੰਨੀ ਮਾਨਤਾ/ਸਤਿਕਾਰ ਉਸਤਾਦ ਜੀ ਨੂੰ ਮਿਲਿਆ ਉਹ ਕਿਸੇ ਹੋਰ ਗਵੱਈਏ ਨੂੰ ਨਹੀਂ ਮਿਲਿਆ.
ਸਿਖਰ ਦਾ ਗਵੱਈਆ- ਮਾਣਕ
ਹਾਮਿਦ ਰਾਣਾ ਪਾਕਿਸਤਾਨ
ਮਾਣਕ ਜਿਹੇ ਫ਼ਨਕਾਰ ਦਾ ਮੁੜ ਜਨਮ ਲੈਣਾ ਬੜਾ ਔਖਾ ਹੈ ਕਿਉਂਕਿ ਕੁਲਦੀਪ ਮਾਣਕ ਬਹੁਤ ਵੱਡਾ ਕਲਾਕਾਰ ਹੈ। ਖੁਦਾ ਨੇ ਉਸਨੂੰ ਟੁਣਕਵੀਂ ਅਤੇ ਬੁਲੰਦ ਆਵਾਜ਼ ਬਖ਼ਸ਼ੀ ਹੈ। ਉਸਨੂੰ ਸੁਰ ਦਾ ਡੂੰਘਾ ਗਿਆਨ/ਸੂਝ ਹੈ। ਮੈਨੂੰ ਉਹ ਸਾਡੇ ਲਹਿੰਦੇ ਪੰਜਾਬ ਦੇ ਹੋਣਹਾਰ ਗਵੱਈਏ ਸ਼ੌਕਤ ਅਲੀ ਅਤੇ ਆਲਮ ਲੋਹਾਰ ਤੋਂ ਵੀ ਸਿਖਰ ਦਾ ਗਵੱਈਆ ਲਗਦਾ ਹੈ। ਕੁਲਦੀਪ ਮਾਣਕ ਨੂੰ ਲਹਿੰਦੇ ਪੰਜਾਬ ਦੀ ਪੁਰਾਣੀ ਪੀੜ੍ਹੀ ਅਤੇ ਕੁਝ ਹੱਦ ਤੱਕ ਨਵੀਂ ਪੀੜ੍ਹੀ ਬੜੇ ਸਤਿਕਾਰ ਅਤੇ ਪਿਆਰ ਨਾਲ ਯਾਦ ਕਰਦੀ ਹੈ। ਮੈਂ ਕੁਲਦੀਪ ਮਾਣਕ ਨੂੰ ਪਿਛਲੇ ਕਈ ਵਰ੍ਹਿਆਂ ਤੋਂ ਜਾਣਦਾ ਹਾਂ । ਸਾਡੀ ਪਹਿਲੀ ਮਿਲਣੀ ਵੈਨਕੂਵਰ (ਕੈਨੇਡਾ) ਵਿਚ ਹੋਈ ਸੀ।
ਮੈਂ ਇਧਰ ਲਹਿੰਦੇ ਪੰਜਾਬ ‘ਚ ਉਸਦੀ ਬੁਲੰਦ ਅਵਾਜ਼ ਅਤੇ ਸ਼ਖ਼ਸੀਅਤ ਬਾਰੇ ਬਹੁਤ ਕੁਝ ਸੁਣਿਆ ਸੀ ਪਰ ਮੈਨੂੰ ਪੂਰਾ ਯਕੀਨ ਨਹੀ ਸੀ ਆਉਂਦਾ ਅਤੇ ਜਦੋਂ ਮੈਨੂੰ ਮਾਣਕ ਨਾਲ ਰਹਿਣ ਅਤੇ ਬਹਿਣ ਦਾ ਮੌਕਾ ਮਿਲਿਆ ਤਾਂ ਪੱਕਾ ਯਕੀਨ ਹੋ ਗਿਆ ਕਿ ਇਸ ਤੋਂ ਵੱਡਾ ਅਤੇ ਸੁੱਚਾ ਕਲਾਕਾਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਹੋਰ ਕੋਈ ਨਹੀਂ।
ਹੁਣ ਸਾਡੀ ਭਾਈਆਂ ਵਾਲੀ ਮਿੱਤਰਤਾ ਹੈ । ਮੈਨੂੰ ਮਾਣ ਹੈ ਕੁਲਦੀਪ ਮਾਣਕ ‘ਤੇ ਕਿ ਉਹ ਸੱਚ ਕਹਿਣ, ਅਪਣੀ ਗੱਲ ਨੂੰ ਸਪਸ਼ਟ ਕਰਕੇ ਅੱਗੇ ਗੱਲ ਤੋਰਨ ਦਾ ਹੌਸਲਾ ਰੱਖਦਾ ਹੈ। ਜਿਸ ਨੂੰ ਇਕ ਵਾਰ ਮਿਲੇ ਉਸ ਨੂੰ ਹੀ ਅਪਣਾ ਬਣਾ ਲੈਂਦਾ ਹੈ।
ਕੁਲਦੀਪ ਮਾਣਕ ਨੂੰ ਮੈਂ ਹਰ ਰੋਜ਼ ਸੁਣਦਾ ਹਾਂ, ਉਸਦੀਆਂ ਮੇਰੇ ਕੋਲ ਅਣਗਿਣਤ ਕੈਸਟਾਂ ਹਨ। ਮੈਂ ਵਿਹਲੇ ਸਮੇਂ ਜਾਂ ਸਫ਼ਰ ‘ਚ ਸਿਰਫ਼ ਕੁਲਦੀਪ ਮਾਣਕ ਨੂੰ ਹੀ ਸੁਣਨਾ ਪਸੰਦ ਕਰਦਾ ਹਾਂ । ਮੈਨੂੰ ਇਸਦਾ, “ਮੈਂ ਚਾਦਰ ਕੱਢਦੀਆਂ” ਗੀਤ ਬਹੁਤ ਟੁੰਬਦਾ ਹੈ। ਮੈਂ ਇਹ ਗੱਲ ਕਰਨ ਲੱਗਿਆਂ ਬਿਲਕੁਲ ਸੰਕੋਚ ਨਹੀਂ ਕਰਾਂਗਾ ਕਿ ਇਸ ਵਰਗਾ ਗਵੱਈਆ ਚੜ੍ਹਦੇ ਪੰਜਾਬ ਨੂੰ ਨਹੀਂ ਮਿਲ ਸਕਣਾ।
ਪੰਜਾਬੀ ਗਾਇਕੀ ਦਾ ਬਾਬਾ ਬੋਹੜ-ਕੁਲਦੀਪ ਮਾਣਕ
ਹੰਸ ਰਾਜ ਹੰਸ
ਮੇਰੀ ਨਜ਼ਰ ਵਿਚ ਲੋਕ ਗਾਇਕ ਉਹ ਹੁੰਦਾ ਏ ਜੋ ਆਮ ਲੋਕਾਂ ਦਾ ਚਹੇਤਾ ਗਾਇਕ ਹੋਵੇ। ਜਿਸਦੀ ਆਵਾਜ਼ ‘ਚੋਂ ਮਿੱਟੀ ਦੀ ਮਹਿਕ ਆਏ। ਪੰਜਾਬ ਦੀ ਮਿੱਟੀ ਦੀ ਖੁਸ਼ਬੋ ਆਪਣੇ ਵਿਚ ਸਮੇਟੀ ਬੈਠਿਆ ਸਹੀ ਮਾਨਿਆਂ ‘ਚ ਅਗਰ ਕੋਈ ਲੋਕ ਗਾਇਕ ਹੈ ਤਾਂ ਉਹ ਸਾਡਾ ਸਾਰਿਆਂ ਵੱਲੋਂ ਪ੍ਰਵਾਨਿਆ ‘ਲੋਕ-ਗਾਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਹੈ’। ਜਿਸ ਤਰ੍ਹਾਂ ਬੋਲਾਂ ਨੂੰ ਰਿੜਕ ਕੇ ਕੁਲਦੀਪ ਮਾਣਕ ਹੁਰਾਂ ਨੇ ਗਾਇਆ ਉਹ ਬਹੁਤ ਘੱਟ ਗਾਇਕਾਂ ‘ਚ ਵੇਖਣ ਤੇ ਸੁਣਨ ਨੂੰ ਮਿਲਿਆ। ਇਹ ਮਹਾਨ ਗਾਇਕ ਛਾਤੀ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ ਹੈ ਤੇ ਮੈਂ ਸ਼ਰਦਾ ਅਤੇ ਪਿਆਰ ‘ਚ ਇਹਨਾਂ ਨੂੰ ਧੱਕੜ ਗਵੱਈਆ ਵੀ ਕਹਿੰਦਾ ਹਾਂ।
ਮੈਂ ਉਹਨਾਂ ਦੇ ਅਖਾੜਿਆਂ ‘ਚ ਲੋਕਾਂ ਦੇ ਬਹੁਤ ਵੱਡੇ ਹਜੂਮ ਵਿਚ ਉਹਨਾਂ ਨੂੰ ਜਲਵਾਗਰ ਹੁੰਦੇ ਵੇਖਿਆ। ਇਹ ਮਹਾਨ ਗਾਇਕ ਦੂਹਰਾ-ਤਿਹਰਾ ਹੋ ਕੇ ਜਦੋਂ, “ਦੋ ਪਲ ਲਈ ਸਾਹਿਬਾਂ ਨੂੰ ਦੇ ਦਿਉ, ਮੰਗਵਾਂ ਯਾਰ ਉਧਾਰਾ।” ਗਾਉਂਦੇ ਦੀਆਂ ਆਂਦਰਾਂ ਬੇਸ਼ੱਕ ਖਿੱਚੀਆਂ ਜਾਂਦੀਆਂ ਪਰ ਸੁਰ ਨਹੀਂ ਘਟਣ ਦਿੰਦਾ । ਪੰਜਾਬੀ ਜ਼ੁਬਾਨ ਦਾ ਹੀਰਾ ਕੁਲਦੀਪ ਮਾਣਕ ਜੋ ਅੱਜ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਹੈ । ਸਾਡੇ ਵਰਗੇ ਬਹੁਤ ਗਾਇਕਾਂ ਲਈ ਪ੍ਰੇਰਨਾ ਸਰੋਤ ਵੀ ਹੈ। ਮੈਂ ਸੋਚਦਾ ਹਾਂ ਹੁਣ ਜਦੋਂ ਗਾਇਕੀ ਦਾ ਹੜ੍ਹ ਆਇਆ ਹੋਇਆ ਏ ਤੇ ਮਾਣਕ ਸਾਡੇ ਕੋਲ ਇੱਕ ਹੀ ਹੈ। ਇਹੋ ਜਿਹੇ ਮਹਾਨ ਗਵੱਈਏ, ਕਿਸੇ ਵੀ ਧਰਤੀ ਲਈ ਜਾਂ ਕਿਸੇ ਜ਼ੁਬਾਨ ਲਈ ਕੁਦਰਤ ਵੱਲੋਂ ਦਿੱਤੇ ਵਡਮੁੱਲੇ ਤੋਹਫੇ ਨੂੰ ਅਸੀਂ ਜਿੰਨਾ ਵੀ ਸਤਿਕਾਰ ਦਈਏ ਥੋੜ੍ਹਾ ਹੈ । ਉਹਨਾਂ ਦੇ ਅਨੇਕਾਂ ਗੀਤ ਜੋ ਲਗਭਗ ਚਾਲੀ ਸਾਲ ਤੋਂ ਪੁਰਾਣੇ ਹੋਣ ਦਾ ਨਾਂ ਹੀ ਨਹੀਂ ਲੈ ਰਹੇ। ਕਿਹੜੀ ਗੱਲ ਐਸੀ ਹੈ ਜੋ ਮਾਣਕ ਸਾਹਿਬ ਦੇ ਗੀਤਾਂ ਨੂੰ ਪੁਰਾਣਿਆਂ ਨਹੀਂ ਹੋਣ ਦਿੰਦੀ। ਇਕ ਚੰਗਾ ਗਾਇਕ ਹੋਣ ਦੇ ਨਾਲ- ਨਾਲ ਮਾਣਕ ਸਾਹਬ ਬੇਬਾਕ ਅਤੇ ਸੱਚੀ-ਸੁੱਚੀ ਗੱਲ ਮੂੰਹ ‘ਤੇ ਕਹਿਣ ਦੀ ਜੁਅਰਤ ਰੱਖਦਾ ਹੈ। ਵਰਕ ਲਾ ਕੇ ਗੱਲ ਕਰਨ ਦੀ ਜਾਚ ਨਾ ਉਹਨੇ ਸਿੱਖੀ ਹੈ ਤੇ ਨਾ ਹੀ ਉਹ ਚਾਹੁੰਦਾ ਹੈ।
ਮੈਂ ਉਹਨਾਂ ਦੀ ਸਮੁੱਚੀ ਸ਼ਖ਼ਸੀਅਤ ਤੋਂ ਅਤੇ ਖਾਸ ਤੌਰ ‘ਤੇ ਉਹਨਾਂ ਦੀ ਗਾਇਕੀ ਤੋਂ ਸ਼ੁਰੂ ਤੋਂ ਬੇਹੱਦ ਪ੍ਰਭਾਵਿਤ ਰਿਹਾ ਹਾਂ।
ਮਾਲਵੇ ਦਾ ਮਾਣ ਤੇ ਪੰਜਾਬ ਦੀ ਰੂਹ-ਕੁਲਦੀਪ ਮਾਣਕ
ਹਰਭਜਨ ਮਾਨ
ਕੁਲਦੀਪ ਮਾਣਕ ਦਾ ਨਾਂ ਲੈਂਦਿਆਂ ਉਹਨਾਂ ਦੇ ਅਨੇਕਾਂ ਗੀਤ ਆਪ ਮੁਹਾਰੇ ਜ਼ੁਬਾਨ ‘ਤੇ ਆ ਜਾਂਦੇ ਹਨ ਜੋ ਪੰਜਾਬ ਦੀ ਰੂਹ ‘ਚ ਵਸੇ ਹੋਏ ਹਨ । ਮਾਣਕ ਸਾਹਬ ਨੂੰ ਪੰਜਾਬ ਤਾਂ ਪੰਜਾਬ ਅੱਜ ਵਿਦੇਸ਼ਾਂ ਵਿਚ ਵੀ ਸ਼ੌਕ ਨਾਲ ਸੁਣਿਆ ਤੇ ਉਹਨਾਂ ਦੀ ਰੀਸ ਕੀਤੀ ਜਾਂਦੀ चे।
ਮੈਂ ਕੁਲਦੀਪ ਮਾਣਕ ਨੂੰ ਬਚਪਨ ਤੋਂ ਲੈ ਕੇ ਅੱਜ ਤੱਕ ਰੱਜ ਕੇ ਸੁਣਿਆ ਤੇ ਦੇਖਿਆ ਹੈ। ਮਾਣਕ ਨੇ ਆਪਣੀ ਮਿਹਨਤ ਤੇ ਸੰਘਰਸ਼ ਤੇ ਬਲਬੂਤੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਜਲਾਲ ਤੋਂ ਕੈਨੇਡਾ, ਅਮਰੀਕਾ ਤੇ ਲੰਡਨ ਤੱਕ ਦੇ ਸਫਰ ਨੂੰ ਗਿਣਵੇਂ ਵਰ੍ਹਿਆਂ ‘ਚ ਪੂਰਾ ਕੀਤਾ ਹੈ। ਜਿਸ ਨਾਲ ਆਪਣੇ ਪਿੰਡ ਤੇ ਆਪਣੇ ਨਾਂ ਨੂੰ ਵਿਸ਼ਵ ਪ੍ਰਸਿੱਧ ਕਰ ਲਿਆ ਜੋ ਕੇ ਇੰਨਾ ਸੌਖਾ ਨਹੀਂ।
ਮਾਣਕ ਜਦੋਂ ਹਿੱਕ ਦੇ ਜ਼ੋਰ ਨਾਲ “ਵਾਰ, ਬੰਦਾ ਸਿੰਘ ਬਹਾਦਰ” ਗਾਉਂਦੇ ਹਨ ਤਾਂ ਉਸ ਮੌਕੇ ਜਲੌਅ ਦੇਖਣ ਵਾਲਾ ਹੁੰਦਾ ਹੈ। ਜਿਵੇਂ ਪਾਕਿਸਤਾਨ ਨੂੰ ਰੱਬ ਨੇ ਆਲਮ ਲੁਹਾਰ, ਗੁਲਾਮ ਅਲੀ ਤੇ ਉਸਤਾਦ ਸ਼ੌਕਤ ਅਲੀ ਵਰਗੇ ਸੁਰੀਲੇ ਕਲਾਕਾਰ ਬਖਸ਼ੇ ਬਿਲਕੁਲ ਉਸੇ ਤਰ੍ਹਾਂ ਸਾਨੂੰ ਵੀ ਸਵ. ਸੁਰਿੰਦਰ ਕੌਰ, ਨਰਿੰਦਰ ਬੀਬਾ ਤੇ ਕੁਲਦੀਪ ਮਾਣਕ ਸਾਹਿਬ ਵਰਗੇ ਕੁਝ ਗਿਣਵੇਂ ਕਲਾਕਾਰ ਤੋਹਫੇ ਵਿਚ ਦਿੱਤੇ। ਮੈਂ ਕੁਲਦੀਪ ਮਾਣਕ ਸਾਹਿਬ ਨੂੰ ਇਕੱਲੇ ਮਾਲਵੇ ਦਾ ਹੀ ਮਾਣ ਨ੍ਹੀਂ ਸਮੁੱਚੇ ਪੰਜਾਬ ਦੀ ਰੂਹ ਕਹਾਂਗਾ। ਅੱਜ ਮਾਣਕ ਇਕੱਲੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸਾਰੀ ਦੁਨੀਆ ਦਾ ਬਣ ਚੁੱਕਿਆ ਹੈ।
ਜਨਮ ਭੂਮੀ ਜਲਾਲ, ਕਰਮ ਭੂਮੀ ਥਰੀਕੇ..
ਹਰਦੀਪ ਕੌਸ਼ਲ ਮੱਲ੍ਹਾ
ਜਦੋਂ ਵੀ ਪੰਜਾਬੀ ਲੋਕ ਗੀਤਾਂ, ਲੋਕ ਗਾਥਾਵਾਂ, ਲੋਕ ਤੱਥ, ਧਾਰਮਿਕ ਗਾਇਕੀ ਜਾਂ ਕਲੀਆਂ ਦੀ ਗੱਲ ਚਲਦੀ ਹੈ ਤਾਂ ਪੰਜਾਬੀਆਂ ਦੀ ਜ਼ੁਬਾਨ ‘ਤੇ ਸਿਰਫ ਇਕ ਹੀ ਨਾਂ ਆ ਜਾਂਦਾ ਹੈ, ਉਹ ਹੈ ਪੰਜਾਬ ਦਾ ਮਾਣ ਕੁਲਦੀਪ ਮਾਣਕ ਜਿਸ ਦੀ ਆਵਾਜ਼ ਨੂੰ ਲੋਕਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜੋ ਮਾਣਕ ਦੀ ਕਲਾ ਨੂੰ ਨਾ ਪਹਿਚਾਣਦਾ ਹੋਵੇ । ਮਾਣਕ ਪੰਜਾਬ ਦਾ ਉਹ ਅਨਮੋਲ ਹੀਰਾ ਹੈ ਜਿਸ ‘ਤੇ ਹਰ ਪੰਜਾਬੀ ਨੂੰ ਮਾਣ ਹੈ ਪੰਜਾਬ ਦੀ ਭਾਗਾਂ ਵਾਲੀ ਪਵਿੱਤਰ ਧਰਤੀ ‘ਤੇ ਅਜਿਹਾ ਹੋਣਹਾਰ ਕਲਾਕਾਰ ਪੈਦਾ ਹੋਇਆ। ਮਾਣਕ ਨੇ ਆਪਣੀ ਗਾਇਕੀ ਦਾ ਸਫਰ 1967- 68 ਤੋਂ ਸ਼ੁਰੂ ਕੀਤਾ।
ਮਾਣਕ ਨੇ ਪੰਜਾਬੀ ਸੱਭਿਆਚਾਰ ਤੋਂ ਬਾਹਰ ਕੋਈ ਗੀਤ ਨਹੀਂ ਗਾਇਆ। ਮਾਣਕ ਪੰਜਾਬੀ ਮਾਂ ਬੋਲੀ ਦੀ ਸੇਵਾ ਸਰਵਣ ਪੁੱਤਰ ਵਾਂਗ ਕਰਦਾ ਆਇਆ ਤੇ ਹਮੇਸ਼ਾ ਕਰਦਾ ਰਹੇਗਾ। ਮਾਣਕ ਨੇ ਆਪਣੀ ਗਾਇਕੀ ਉਸ ਸਮੇਂ ਸ਼ੁਰੂ ਕੀਤੀ ਜਦੋਂ ਦੋਗਾਣਾ ਗਾਇਕੀ ਦਾ ਯੁੱਗ ਸੀ ਪਰ ਉਸ ਸਮੇਂ ਦੀ ਗਾਇਕੀ ਸ਼ੋਰ ਸ਼ਰਾਬੇ ਤੋਂ ਕੋਹਾਂ ਦੂਰ ਸੀ। ਉਸ ਸਮੇਂ ਗਾਇਕ ਵਿਰਲੇ ਹੀ ਹੁੰਦੇ ਸਨ। ਗਾਉਣ ਵਾਲਾ ਦੋ ਚਾਰ ਸਾਜ਼ਾਂ ਦੇ ਸਹਾਰੇ ਸੁਣਨ ਵਾਲਿਆਂ ਨੂੰ ਕੀਲ ਲੈਂਦਾ ਸੀ । ਉਸ ਸਮੇਂ ਅੱਜ ਦੀ ਤਰ੍ਹਾਂ ਜੁਗਾੜਬੰਦੀ ਦੀ ਥਾਂ ਸ਼ਬਦਾਂ ਵਿਚਲੀ ਸੁਚੱਜਤਾ ਅਤੇ ਹਿੱਕ ਦੇ ਜ਼ੋਰ ਨੂੰ ਪਹਿਲ ਦਿੱਤੀ ਜਾਂਦੀ ਸੀ । ਉਹ ਉਸ ਸਮੇਂ ਦੀ ਗਾਇਕੀ ਦਾ ਵਿਲੱਖਣ ਪ੍ਰਭਾਵ ਸੀ ਪਰ ਮਾਣਕ ਨੇ ਦੋਗਾਣਾ ਗਾਇਕੀ ਨੂੰ ਪਿੱਛੇ ਧੱਕ ਕੇ ਲੋਕ ਗਾਥਾਵਾਂ, ਲੋਕ ਕਿੱਸੇ ਅਤੇ ਕਲੀਆਂ ਗਾ ਕੇ ਨਵੀਂ ਲੀਹ ਤੋਰੀ। ਇਸ ਲੀਹ ‘ਤੇ ਉਸ ਸਮੇਂ ਦੇ ਗਾਇਕਾਂ ਨੇ ਕਿਸਮਤ ਅਜ਼ਮਾਈ ਪਰ ਲੋਕਾਂ ਨੇ ਮਾਣਕ ਦੀ ਅਵਾਜ਼ ਨੂੰ ਹੀ ਖਿੜ੍ਹੇ ਮੱਥੇ ਪ੍ਰਵਾਨ ਕੀਤਾ।
ਮਾਣਕ ਬਾਰੇ ਪੰਜਾਬੀ ਸੱਭਿਆਚਾਰ ਦਾ ਬਾਬਾ ਬੋਹੜ ਸ. ਜਗਦੇਵ ਸਿੰਘ ਜੱਸੋਵਾਲ ਇਹ ਗੱਲ ਬੜੇ ਮਾਣ ਨਾਲ ਆਖਦਾ ਹੈ ਕਿ “ਮਾਣਕ ਦੀ ਜਨਮ ਭੂਮੀ ਭਾਵੇਂ ਜਲਾਲ ਹੈ ਪਰ ਉਸ ਦੀ ਕਰਮ ਭੂਮੀ ਤਾਂ ਥਰੀਕੇ ਹੀ ਹੈ ਜਿੱਥੇ ਆ ਕੇ ਉਸ ਦੀ ਕਿਸਮਤ ਦਾ ਸਿਤਾਰਾ ਚਮਕਿਆ। ਜੇਕਰ ਉਹ ਪਿੰਡ ਜਲਾਲ ਰਹਿੰਦਾ ਤਾਂ ਸ਼ਾਇਦ ਉਸ ਨੂੰ ਇਹ ਮੁਕਾਮ ਹਾਸਲ ਨਾ ਹੁੰਦਾ ਜੋ ਹੁਣ ਹੈ।” ਮਾਣਕ ਦੀ ਜ਼ਿੰਦਗੀ ਵਿੱਚ ਸੰਸਾਰ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲੇ ਦਾ ਬਹੁਤ ਵੱਡਾ ਯੋਗਦਾਨ ਹੈ। ਮਾਣਕ ਭਾਵੇਂ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਘੁੰਮ ਚੁੱਕਾ ਹੈ ਪਰ ਉਹ ਥਰੀਕੇ ਪਿੰਡ ਨੂੰ ਨਹੀਂ ਭੁਲਿਆ।
ਜਿਸ ਦਾ ਸਬੂਤ ਉਹ ਸਟੇਜ ‘ਤੇ ਚੜ੍ਹਨ ਸਮੇਂ ਹੀ ਸਰੋਤਿਆਂ ਨੂੰ ਦੇ ਦਿੰਦਾ ਹੈ। ਉਹ ਹੈ ਮਾਣਕ ਦੇ ਦੁੱਖਾਂ ਸੁੱਖਾਂ ਦੇ ਸਾਂਝੀ ਗੀਤਕਾਰ ਦੇਵ ਥਰੀਕਿਆਂ ਵਾਲੇ ਦੀ ਲਿਖੀ ਵਾਰ “ਬਾਬਾ ਬੰਦਾ ਬਹਾਦਰ” ਇਸ ਵਾਰ ਨਾਲ ਮਾਣਕ ਆਪਣੇ ਸਟੇਜ ਦੀ ਸ਼ੁਰੂਆਤ ਕਰਦਾ ਹੈ। ਇਸ ਨੂੰ ਖੁਦ ਮਾਣਕ ਆਪ ਵੀ ਆਖਦਾ ਹੈ ਕਿ, “ਮੈਨੂੰ ਇਸ ਵਾਰ ਦੀ ਥਾਪਨਾ ਹੈ।”
ਮੇਰੇ ਮਾਤਾ ਜੀ ਮਾਣਕ ਸਾਹਿਬ ਜੀ ਦੇ ਵੱਡੇ ਪ੍ਰਸ਼ੰਸਕ ਸਨ । ਉਨ੍ਹਾਂ ਦੀ ਦਿਲੀ ਰੀਝ ਸੀ ਕਿ ਜਦੋਂ ਮੇਰੇ ਪੁੱਤਰਾਂ ਦਾ ਵਿਆਹ ਹੋਇਆਂ ਤਾਂ ਮਾਣਕ ਦਾ ਹੀ ਪ੍ਰੋਗਰਾਮ (ਅਖਾੜਾ) ਲੁਆਵਾਂਗੇ। ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੇਰੇ ਵਿਆਹ ਤੋਂ ਇਕ ਸਾਲ ਪਹਿਲਾਂ ਮੇਰੇ ਮਾਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਹ ਰੀਝ ਉਨ੍ਹਾਂ ਦੀ ਦਿਲ ਵਿਚ ਹੀ ਰਹਿ ਗਈ। ਜਿਸ ਦਾ ਮੈਨੂੰ ਸਦਾ ਅਫ਼ਸੋਸ ਰਹੇਗਾ। ਜਦੋਂ ਵੀ ਮੈਂ ਆਪਣੇ ਵੱਲੋਂ ਇਕੱਠੀਆਂ ਕੀਤੀਆਂ ਮਾਣਕ ਦੀਆਂ ਕੈਸਟਾਂ ਦੇਖਦਾ ਹੁੰਦਾ ਸੀ ਤਾਂ ਮੈਂ ਸੋਚਦਾ ਹੁੰਦਾ ਸੀ ਕਿ ਉਹ ਦਿਨ ਕਿੰਨਾ ਭਾਗਾਂ ਵਾਲਾ ਹੋਵੇਗਾ ਜਦੋਂ ਮਾਣਕ ਜੀ ਆਪਣੀਆਂ ਕੈਸਟਾਂ ਖੁਦ ਆ ਕੇ ਮੇਰੇ ਘਰ ਦੇਖਣਗੇ। ਮੇਰੀ ਇਹ ਤਮੰਨਾ 24 ਮਈ 2006 ਨੂੰ ਪੂਰੀ ਹੋ ਗਈ ਜਦੋਂ ਮਾਣਕ ਸਾਹਿਬ ਕੈਸਟਾਂ ਦੇਖਣ ਮੇਰੇ ਘਰ ਆਏ। ਉਦੋਂ ਮੈਨੂੰ ਉਨ੍ਹਾਂ ਵਿਚ ਕਲਾਕਾਰਾਂ ਵਾਲਾ ਕੋਈ ਨਖਰਾ ਨਜ਼ਰ ਨਹੀਂ ਆਇਆ ਸਗੋਂ ਇਕ ਸੱਚੇ ਮਿੱਤਰ ਦੀ ਤਰ੍ਹਾਂ ਮੈਨੂੰ ਜਾਪੇ। ਜੇਕਰ ਅੱਜ ਦੇ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਗੀਤ ਹਿੱਟ ਹੋਣ ‘ਤੇ ਆਪਣੇ ਦੋਸਤਾਂ-ਮਿੱਤਰਾਂ ਨੂੰ ਭੁੱਲ ਜਾਂਦੇ ਹਨ ਅਤੇ ਆਪਣੀ ਗੱਡੀ ਦੇ ਸ਼ੀਸ਼ੇ ਵੀ ਕਾਲੇ ਕਰਵਾ ਲੈਂਦੇ ਹਨ ਅਤੇ ਉਨ੍ਹਾਂ ਸਰੋਤਿਆਂ ਤੋਂ ਲੁੱਕ ਕੇ ਲੰਘਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਸਟਾਰ ਬਣਾਇਆ ਹੁੰਦਾ ਹੈ। ਮਾਣਕ ਵੀ ਆਖਦੇ ਐ ਕਿ, ਮੈਂ ਅੱਜ ਜੋ ਵੀ ਹਾਂ ਉਹ ਸਿਰਫ਼ ਸਰੋਤਿਆਂ ਦੀ ਬਦੌਲਤ ਹਾਂ । ਜਿਸ ਤਰ੍ਹਾਂ ਅੱਜ ਦੇ ਗਾਇਕ ਅਧਨੰਗੀਆਂ ਕੁੜੀਆਂ ਦੀ ਵੀਡੀਓ ਬਣਾ ਕੇ ਆਪਣੀ ਕੈਸਿਟ ਹਿੱਟ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਮਾਣਕ ਨੇ ਕਦੇ ਵੀ ਇਹੋ ਜਿਹੇ ਲਿਫਾਫੇਬਾਜ਼ੀ ਦਾ ਸਹਾਰਾ ਨਹੀਂ ਲਿਆ।
ਮਾਣਕ ਨੇ ਆਪਣੀ ਜ਼ਿੰਦਗੀ ਵਿਚ ਰੱਜ ਕੇ ਸੁਖ ਅਤੇ ਰੱਜ ਕੇ ਦੁੱਖ ਮਾਣਿਆ ਹੈ । ਉਨ੍ਹਾਂ ਨੇ ਮਾਂ ਦੇ ਦੁੱਧ ਨੂੰ ‘ਮਾਂ ਹੁੰਦੀ ਏ ਮਾਂ’ ਗੀਤ ਰਾਹੀਂ ਬਿਆਨ ਕੀਤਾ ਤਾਂ ਮਾਣਕ ਦੇ ਸਰੋਤਿਆਂ ਨੇ ਇਸ ਗੀਤ ਨੂੰ ਲੋਕ ਗੀਤਾਂ ਦਾ ਰੁਤਬਾ ਦਿੱਤਾ। ਮੈਂ ਮਾਣਕ ਵਿਚ ਸਭ ਤੋਂ ਵੱਡੀ ਖੂਬੀ ਦੇਖੀ ਹੈ ਕਿ ਉਹ ਗਾਉਣ ਦੇ ਨਾਲ-ਨਾਲ ਗੀਤਾਂ ਦੇ ਅਰਥ ਵੀ ਬੋਲਦੇ ਹਨ।
ਪੰਜਾਬੀਆਂ ਦੀ ਸ਼ਾਨ-ਕੁਲਦੀਪ ਮਾਣਕ
ਕਰਨੈਲ ਸਿਵੀਆ
ਮਾਲਵੇ ਦਾ ਸਪੂਤ ਕਲੀਆਂ ਦਾ ਬਾਦਸ਼ਾਹ, ਦੇਸੀ ਕਿੰਗ ਵਰਗੇ ਅਨੇਕਾਂ ਹੀ ਖਿਤਾਬਾਂ ਨਾਲ ਪੰਜਾਬੀਆਂ ਨੇ ਕੁਲਦੀਪ ਮਾਣਕ ਨੂੰ ਨਿਵਾਜਿਆ ਹੈ । ਮਾਣਕ ਨੇ ਪੰਜਾਬੀ ਗਾਇਕੀ ਦੀ ਹਰ ਵੰਨਗੀ ਨੂੰ ਗਾਇਆ ਹੈ, ਲੋਕ ਗਾਥਾਵਾਂ, ਕਲੀਆਂ, ਇਤਿਹਾਸ ਤੇ ਧਾਰਮਿਕ ਗੀਤਾਂ ਦੇ ਨਾਲ-ਨਾਲ ਸਮਾਜਿਕ ਰਿਸ਼ਤਿਆਂ ਜਿਵੇਂ ਕਿ ਜੇਠ ਭਰਜਾਈ ਦੇ, ਦਿਉਰ ਭਰਜਾਈ ਦੇ, ਜੀਜਾ ਸਾਲੀ ਦੇ, ਮੀਆਂ-ਬੀਬੀ ਦੇ, ਭੈਣ ਭਰਾ ਦੇ, ਮਾਂ-ਧੀ ਦੇ ਲੋਕ-ਤੱਥਾਂ, ਆਸ਼ਕਾਂ-ਮਸ਼ੂਕਾਂ ਅਤੇ ਹਰ ਤਰ੍ਹਾਂ ਦੇ ਰੋਮਾਂਟਕਿ ਗੀਤਾਂ ਨੂੰ ਪਰਿਵਾਰਕ ਦਾਇਰੇ ਵਿਚ ਰਹਿ ਕੇ ਗਾਇਆ ਹੈ। ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ, ਸਾਥੋਂ ਬਾਰਾਂ ਸਾਲ ਮੱਝੀਆਂ ਚਰਾਕੇ, ਨੀ ਜੰਨ ਆਈ ਖੇੜਿਆਂ ਦੀ, ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਜੀ. ਟੀ. ਰੋਡ ਤੇ ਦੁਹਾਈਆਂ ਪਾਵੇ ਨੀ ਯਾਰਾਂ ਦਾ ਟਰੱਕ ਬੱਲੀਏ, ਟਿੱਲੋ ਵਾਲਿਆ ਮਿਲਾਦੇ ਜੱਟੀ ਹੀਰ ਨੂੰ, ਸਦਾ ਸੂਰਮੇ ਸਮਝਣ ਧੀ ਤੇ ਭੈਣ ਬੇਗਾਨੀ ਨੂੰ, ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਜਿਹੇ ਗੀਤਾਂ ਨਾਲ ਸਤਿਕਾਰ ਵਿਖਾਉਂਦਿਆਂ ਮਾਣਕ ਸਾਹਿਬ ਨੇ ਆਪਣੀ ਗਾਇਕੀ ਦੇ ਰੰਗ ਵਿਖਾਏ।
ਬਚਪਨ ਵਿਚ ਜਦੋਂ ਕਿਸੇ ਸਪੀਕਰ ਵਿੱਚੋਂ ਮਾਣਕ ਸਾਹਿਬ ਦੇ ਬੋਲ ਸੁਣਨੇ ਤਾਂ ਸਰੀਰ ਵਿਚ ਵਿਲੱਖਣ ਜਿਹੀ ਮਸਤੀ ਚੜ੍ਹ ਜਾਣੀ, ਇਥੇ ਇਕ ਹੋਰ ਮਹਾਨ ਸ਼ਖ਼ਸੀਅਤ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਉਹ ਸ਼ਖ਼ਸੀਅਤ ਹੈ ਸਾਡੇ ਮਹਾਨ ਹਰਦੇਵ ਦਿਲਗੀਰ ਜੀ ਜਿਹਨਾਂ ਨੂੰ ਜ਼ਿਆਦਾਤਰ ਲੋਕ ਦੇਵ ਥਰੀਕਿਆਂ ਵਾਲੇ ਦੇ ਨਾਂ ਤੋਂ ਹੀ ਜਾਣਦੇ ਹਨ।
ਇਕ ਦਿਨ ਮੈਂ ਟੀ. ਸੀਰੀਜ਼ ਦੇ ਡਾਇਰੈਕ ਟਰ ਦਰਸ਼ਨ ਕੁਮਾਰ ਕੋਲ ਬੈਠਾ ਸਾਂ ਕਿ ਕੈਪਕੋ ਕੰਪਨੀ ਵਾਲਿਆਂ ਦੀ ਲਿਸਟ ਦਰਸ਼ਨ ਕੁਮਾਰ ਜੀ ਨੇ ਮੈਨੂੰ ਵਿਖਾਈ। ਜਦੋਂ ਕਿ ਇਕ ਨੰਬਰ ਕੁਲਦੀਪ ਮਾਣਕ ਤੇ ਗੁਲਸ਼ਨ ਕੋਮਲ ਦਾ ਗਾਇਆ ਹੋਇਆ ਹੈ, ਜੋ ਕਿ ਪੱਚੀ-ਤੀਹ ਸਾਲ ਪਹਿਲਾਂ “ਕੱਢਣਾ ਰੁਮਾਲ ਦੇ ਗਿਉਂ” ਟਾਈਟਲ ਕਾਫੀ ਹਿੱਟ ਹੋ ਚੁੱਕਾ ਸੀ । ਮੈਂ ਦਰਸ਼ਨ ਕੁਮਾਰ ਜੀ ਨੂੰ ਇਸ ਨੰਬਰ ਦੇ ਹੋਰ ਵਿਕਣ ਦੀ ਗਰੰਟੀ ਦੇ ਕੇ ਕਿਹਾ ਕਿ ਜੇਕਰ ਇਨ੍ਹਾਂ ਗੀਤਾਂ ਨੂੰ ਫਿਲਮਾਂਕਣ ਕੀਤਾ ਜਾਵੇ ਤਾਂ ‘ਸੋਨੇ ‘ਤੇ ਸੁਹਾਗੇ’ ਵਾਲੀ ਗੱਲ ਹੋਵੇਗੀ। ਦਰਸ਼ਨ ਕੁਮਾਰ ਦੇ ਹਾਂ ਕਰਨ ਤੇ ਮੈਂ ਮਾਣਕ ਸਾਹਿਬ ਨੂੰ ਕਿਹਾ ਜੇ ਇਨ੍ਹਾਂ ਗੀਤਾਂ ਨੂੰ ਅਖਾੜੇ ਦੇ ਰੂਪ ਵਿਚ ਦੇਵ ਦੇ ਪਿੰਡ ਥਰੀਕੇ ਵਿਚ ਫਿਲਮਾਇਆ ਜਾਵੇ ਤਾਂ ਗੱਲ ਹੋਰ ਵੀ ਵਧੀਆ ਬਣ ਸਕਦੀ ਹੈ । ਚੰਗੀ ਤਰ੍ਹਾਂ ਸੋਚ ਵਿਚਾਰ ਕਰਨ ਤੋਂ ਬਾਅਦ ਅਸੀਂ ਇਨ੍ਹਾਂ ਗੀਤਾਂ ਦੀ ਸ਼ੂਟਿੰਗ ਪਿੰਡ ਥਰੀਕੇ ਵਿੱਚ ਕੀਤੀ, ਜਿਸ ਵਿਚ ਦੇਵ ਥਰੀਕੇ ਵਾਲਾ, ਨਿੰਦਰ ਘੁਗਿਆਣਵੀ, ਗਾਇਕ ਜਗਦੀਪ ਗਿੱਲ, ਅਲੀ ਰਾਜਪੁਰਾ, ਇਕਬਾਲ ਮਾਹਲ, ਜਗਦੇਵ ਸਿੰਘ ਜੱਸੋਵਾਲ ਵਰਗੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। “ਕੱਢਣਾ ਰੁਮਾਲ ਦੇ ਗਿਉਂ”, ਟਾਈਟਲ ਨੂੰ ਬਦਲ ਕੇ “ਘਰ ਚੱਲ ਕੱਢੂੰ ਰੜ੍ਹਕਾਂ” ਟਾਈਟਲ ਹੇਠ ਟੀ. ਸੀਰੀਜ਼ ਕੰਪਨੀ ਵਲੋਂ ਵੀ.ਸੀ. ਡੀ. ਦੇ ਰੂਪ ਵਿਚ ਇਸ ਅਖਾੜੇ ਨੂੰ ਜਦੋਂ ਸੰਸਾਰਕ ਪੱਧਰ ‘ਤੇ ਰਿਲੀਜ਼ ਕੀਤਾ ਗਿਆ, ਤਾਂ ਸੰਗੀਤ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮਾਣਕ ਸਾਹਿਬ ਨੇ ਟੀ. ਸੀਰੀਜ਼ ਵਿਚਲੇ ਸਾਰੇ ਨੰਬਰੀ ਦੇ ਵੀਡੀਓ ਬਣਾਉਣ ਦੀ ਮੇਰੀ ਜ਼ਿੰਮੇਵਾਰੀ ਲਾ ਦਿੱਤੀ ਅਤੇ ਮੈਂ ਆਪਣੀ ਪੂਰੀ ਟੀਮ ਦੇ ਸਹਿਯੋਗ ਨਾਲ ਇਕ ਇਕ ਕਰਕੇ, ਸੁਣ ਲੈ ਹੀਰ ਦੀਆਂ ਹੂਕਾਂ, ਕੰਨਾਂ ’ਚ ਪਾਵਾਂਗੀ ਮੁੰਦਰਾਂ, ਡੋਲੀ ਦੇ ਵਿਚ ਵੇਖ ਸਲੋਟੀ, ਖਾਲਸੇ ਦੇ ਗੂੰਜਦੇ ਜੈਕਾਰੇ, ਮਾਲਵੇ ਦਾ ਸਪੂਤ, ਯਾਰਾਂ ਦੀ ਕੁੱਲੀ, ਚਾਲਾਂ ਨੈਣਾ ਦੇਵੀ ਦਾ, ਸਿੱਧ ਜੋਗੀ ਦਾ ਡੇਰਾ, ਟਾਈਟਲ ਹੇਠ ਵੀਡੀਓ ਸੀਡੀਜ਼ ਨੂੰ ਫਿਲਮਾਂਕਣ ਕੀਤਾ ਜੋ ਇਕ ਇਕ ਕਰਕੇ ਸੰਸਾਰਕ ਪੱਧਰ ‘ਤੇ ਟੀ. ਸੀਰੀਜ਼ ਕੰਪਨੀ ਵਲੋਂ ਪੰਜਾਬੀਆਂ ਲਈ ਤੋਹਫੇ ਦੇ ਰੂਪ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਵਿਚਾਰ ਅਧੀਨ ਹਨ, ਜੋ ਸੰਗੀਤ ਪ੍ਰੇਮੀਆਂ ਲਈ ਸਮੇਂ ਮੁਤਾਬਿਕ ਰਿਲੀਜ਼ ਕੀਤੇ ਜਾਣਗੇ।
ਮਾਣਕ ਸਾਹਿਬ ਨਾਲ ਇੰਨਾ ਲੰਮਾ ਸਮਾਂ ਕੰਮ ਕਰਨ ਕਰਕੇ ਮੈਂ ਇਕ ਗੱਲ ਪਰਖੀ ਹੈ ਕਿ ਜਿਹੜੀ ਗੱਲ ਦਿਲ ਜਾਂ ਦਿਮਾਗ ਵਿਚ ਹੁੰਦੀ ਹੈ, ਉਹੀ ਗੱਲ ਜ਼ੁਬਾਨ ‘ਤੇ ਆਉਂਦੀ ਹੈ। ਇਸ ਤਰ੍ਹਾਂ ਸੱਚ ਬੋਲਣ ਦੀ ਆਦਤ ਕਰਕੇ ਮਾਣਕ ਸਾਹਿਬ ਨੂੰ ਵਪਾਰਕ ਪੱਖੋਂ ਕਈ ਵਾਰ ਨੁਕਸਾਨ ਵੀ ਹੋਇਆ। ਜ਼ਿਆਦਾਤਰ ਲੋਕਾਂ ਨੂੰ ਆਦਤ ਹੁੰਦੀ ਹੈ ਦੂਜੇ ਦੇ ਔਗੁਣਾਂ ਨੂੰ ਉਛਾਲਣਾ, ਪ੍ਰੰਤੂ ਜੇ ਇਹੀ ਸਮਾਂ ਦੂਜਿਆਂ ਦੇ ਗੁਣਾਂ ਨੂੰ ਪਰਖਣ ਲਈ ਲਾਇਆ ਜਾਵੇ, ਤਾਂ ਸਾਡਾ ਸਮਾਜ ਹੋਰ ਵੀ ਤਰੱਕੀ ਕਰ ਸਕਦਾ ਹੈ।
ਲਾਡਲਾ ਦਿਓਰ-ਕੁਲਦੀਪ ਮਾਣਕ
ਗੁਰਮੀਤ ਬਾਵਾ
ਇਹ ਗੱਲ 1971 ਦੇ ਨੇੜੇ ਤੇੜੇ ਦੀ ਹੈ ਜਦੋਂ ਪਹਿਲੀ ਵਾਰੀ ਛੱਤੀਸਗੜ੍ਹ ‘ਚ ‘ਕੱਠੇ ਹੋਏ ਸੀ। ਜਦ ਮਾਣਕ ਨਾਲ ਜੋੜੀ ਵਜੋਂ ਪ੍ਰਕਾਸ਼ ਕੌਰ ਸੋਢੀ ਸਾਥ ਨਿਭਾਉਂਦੀ ਸੀ। ਉਥੇ ਪ੍ਰੋਗਰਾਮ ਸੀ । ਪੰਜਾਬ ਦੇ ਕੁਝ ਗਿਣਵੇਂ ਕਲਾਕਾਰਾਂ ਨੂੰ ਸੱਦਿਆ ਸੀ। ਜਿਵੇਂ ਅੰਮ੍ਰਿਤਸਰ ਤੋਂ ਮੈਂ ਅਤੇ ਲੁਧਿਆਣੇ ਤੋਂ ਕੁਲਦੀਪ ਮਾਣਕ, ਪ੍ਰਕਾਸ਼ ਸੋਢੀ, ਜਗਮੋਹਨ, ਕੇ. ਦੀਪ, ਹਰਚਰਨ ਗਰੇਵਾਲ, ਸੀਮਾ, ਨਰਿੰਦਰ ਬੀਬਾ। ਸਟੇਜ ਤੋਂ ਬਾਅਦ ਵਿਹਲਾ ਹੋ ਕੇ ਸਾਡੇ ਕਮਰੇ ‘ਚ ਆ ਜਾਂਦਾ ਸੀ । ਇਸ ਕੋਲ ਜਿੰਨਾ ਸਮਾਂ ਹੁੰਦਾ ਇਹ ਸਾਡੇ ਨਾਲ ਗੁਜ਼ਾਰਦਾ । ਅਸੀਂ ਸੰਗੀਤ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਸੀ।
“ਮੈਂ ਮੰਨਦੀ ਹਾਂ ਕਿ ਮਾਣਕ ਨੂੰ ਝੱਲ ਸੀ ਗਾਇਕੀ ਦਾ, ਤਾਹੀਓਂ ਅੱਜ ਉਸਨੇ ਆਹ ਮੁਕਾਮ ਪਾ ਲਿਆ ਐ।” ਅੱਜ ਉਸਦੀਆਂ ਛੋਹੀਆਂ ਸਿਖਰਾਂ ਨੂੰ ਮਾਪਿਆ, ਤੋਲਿਆ ਨਹੀਂ ਜਾ ਸਕਦਾ। ਇਹ ਅਸੀਂ ਸਭ ਜਾਣਦੇ ਹਾਂ ਕਿ ਦੁਨੀਆ ਮਾਣਕ ਨੂੰ ਇੰਨਾ ਪਿਆਰ ਸਤਿਕਾਰ ਦਿੰਦੀ ਹੈ। ਕਿੰਨੀ ਤੜਪ ਹੈ ਲੋਕ ਮਨਾਂ ‘ਚ ਮਾਣਕ ਲਈ…..।”
ਮਾਣਕ ਨੇ ਮਾਲਵੇ ਦੀ ਵਿਧਾ ‘ਕਲੀਆਂ’ ਨੂੰ ਬੜੀ ਸੁਚੱਜਤਾ ਨਾਲ ਗਾਇਆ ਅਤੇ ਲੋਕਾਂ ਨੇ ਉਸਨੂੰ ‘ਕਲੀਆਂ ਦਾ ਬਾਦਸ਼ਾਹ’ ਨਾਂ ਨਾਲ ਸਨਮਾਨਿਤ ਕੀਤਾ। ਕਿਸੇ ਚੀਜ਼ ਦਾ ਬਾਦਸ਼ਾਹ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਸ ਦਾ ਹੱਕ ਵੀ ਬਣਦਾ ਸੀ ਬਾਦਸ਼ਾਹ ਕਹਾਉਣ ਦਾ। ਕਿਉਂਕਿ ਮਾਣਕ ਨੇ ‘ਕਲੀਆਂ’ ਅਤੇ ‘ਲੋਕ ਗਾਥਾਵਾਂ” ਨੂੰ ਹੁੱਬ ਕੇ ਜੋਸ਼ ਨਾਲ ਗਾਇਆ ਹੈ।
ਸਾਡੇ ਜਿੰਨੇ ਵੀ ਸਮਕਾਲੀ ਨੇ ਇਹ ਲੋਕ ਮਨਾਂ ‘ਤੇ ਰਾਜ ਕਰਦੇ ਸੀ, ਅੱਜ ਦੇ ਗਾਇਕ ਜੇਬਾਂ ‘ਤੇ ਰਾਜ ਕਰਦੇ ਨੇ। ਜਦ ਗਾਇਕ ਗਾਇਆ ਕਰਦਾ ਸੀ ਤਾਂ ਮਿਊਜ਼ੀਸ਼ੀਅਨ ਗਾਇਕ ਨੂੰ ਦਮ ਦੁਆਇਆ ਕਰਦੇ ਸਨ । ਅੱਜ ਮਿਊਜ਼ੀਸੀਅਨ ਗਾਉਂਦੇ ਨੇ ਤੇ ਮਿਊਜੀਸ਼ੀਅਨਾਂ ਨੂੰ ਗਾਇਕ ਦਮ ਦੁਆਉਂਦੇ ਹਨ। ਮਾਣਕ ‘ਚ ਬਹੁਤ ਔਗੁਣ ਨੇ ਪਰ ਉਸ ‘ਚ ਖਾਸੀਅਤਾਂ ਜਿਆਦਾ ਨੇ । ਉਸ ਦੀਆਂ ਖਾਸੀਅਤਾਂ ਉਸਦੇ ਸਾਰੇ ਔਗੁਣਾਂ ਨੂੰ ਲੁਕੋ ਲੈਂਦੀਆਂ ਨੇ।
ਮਾਣਕ ਨਾਲ ਬਿਤਾਇਆ ਸਾਡਾ ਹਰ ਇਕ ਪਲ ਹੀ ਯਾਦਗਾਰੀ ਹੋ ਨਿਬੜਿਆ ਪਰ ਕਦੇ-ਕਦੇ ਉਸਦੀ ਇਕ ਗੱਲ ਚੇਤੇ ਕਰਕੇ ਹਮੇਸ਼ਾ ਹਾਸਾ ਆ ਜਾਂਦਾ ਏ…. । ਜਦੋਂ ਕਦੇ ਸਟੇਜ ‘ਤੇ ਮਿਲ ਜਾਈਏ ਤਾਂ ਅੱਜ ਵੀ ਓਦੋਂ ਹੀ, ਦੂਰੋਂ ਹੀ ਅਵਾਜ਼ਾਂ ਮਾਰਨ ਲੱਗ ਪੈਂਦਾ, “ਭਾਬੀ… ਭਾਬੀ।” ਕਈ ਵਾਰ ਤਾਂ ਕਮਲਾ ਸਟੇਜ ‘ਤੇ ਖੜ੍ਹਾ ਹੀ ਬੋਲ ਦਿੰਦਾ ਹੈ।
“ਮੈਂ ਮਾਣਕ ਨਾਲ ਦੋ ਫ਼ਿਲਮਾਂ ‘ਚ ਗਾਇਆ। ” ਗੁਰਮੀਤ ਬਾਵਾ ਮਿੱਠਾ ਸੁਰ ਅਲਾਪਦੀ ਦੱਸਦੀ ਹੈ, “ਸੁਣ ਨੀ ਕੁੜੀਏ ਮੱਛਲੀ ਵਾਲੀਏ, ਮਛਲੀ ਨਾ ਲਿਸ਼ਕਾਈਏ, ਜਿਸ ਦੀ ਬਾਂਹ ਫੜੀਏ, ਸਿਰ ਦੇ ਨਾਲ ਨਿਭਾਈਏ…..।”
ਇਕ ਦੋਗਾਣਾ ਗੀਤ ਸੀ ਜਿਸ ਦੇ ਬੋਲ ਕੁਝ ਇਸ ਤਰ੍ਹਾਂ ਹਨ।
“ਵੇ ਸਿਰ ਤੇ ਬੰਨ੍ਹ ਮੰਡਾਸਾ ਮੌਤ ਦਾ, ਵੇ ਤੈਂ ਕੱਢਲੀਂ ਸਾਹਿਬਾਂ ਨਾਰ ।”
ਪਰ ਸਾਡੀਆਂ ਸਰਕਾਰਾਂ ਪਤਾ ਨਹੀ ਕਿਉਂ ਫਨਕਾਰਾਂ ਦੀ ਕਦਰ ਨਹੀਂ ਕਰਦੀਆਂ।
ਮਾਣਕ ਨੇ ਆਪਣੀ ਕਲਾ ਦੇ ਜ਼ੋਰ ‘ਤੇ ਇੰਨਾ ਨਾਂਅ ਕਮਾਇਆ ਕਿ ਪੰਜਾਬ ਤੋਂ ਬਾਹਰ ਵੀ ਅੱਜ ਮਾਣਕ ਨੂੰ ਸੁਣਿਆ, ‘ਕਲੀਆਂ’ ਤੇ ‘ਲੋਕ ਗਾਥਾਵਾਂ’ ਦੀ ਤਾਂ ਹੱਦ ਹੀ ਮੁਕਾ ਦਿੱਤੀ ।
ਗੁਰਦਾਸ ਮਾਨ ਵੀ ਸੱਚ ਕਹਿੰਦਾ:-
‘ਮਾਣਕ ਹੱਦ ਮੁਕਾ ਗਿਆ, ਨਵੀਆਂ ਕਲੀਆਂ ਦੀ…।”
ਸੱਭਿਆਚਾਰ ਦੀ ਚਲਦੀ-ਫਿਰਦੀ ਯੂਨੀਵਰਸਿਟੀ -ਕੁਲਦੀਪ ਮਾਣਕ
ਗੁਰਮੀਤ ਸਿੰਘ ਨਾਡਾ
ਕਲੀਆਂ ਦੇ ਬਾਦਸ਼ਾਹ, ਦੇਸੀ ਕਿੰਗ, ਗਾਡ ਫਾਦਰ ਆਫ ਫੋਕ ਵੰਨ ਐਂਡ ਓਨਲੀ ਆਦਿ ਕਿੰਨੇ ਹੀ ਸਤਿਕਾਰਤ ਉਪਾਧੀਆਂ ਵਾਲੇ ਨਾਵਾਂ ਨਾਲ ਵਡਿਆਏ ਪੰਜਾਬੀ ਸੱਭਿਆਚਾਰ ਦੇ ਥੰਮ ਗਾਇਕ ਸ੍ਰੀ ਕੁਲਦੀਪ ਮਾਣਕ ਬਾਰੇ ਕਿੰਨਾ ਹੀ ਲਿਖ ਲਈਏ, ਥੋੜ੍ਹਾ ਹੀ ਹੋਵੇਗਾ। ਪੰਜਾਬੀ ਗਾਇਕੀ ਵਿੱਚ ਅਨੇਕਾਂ ਹੀ ਨਾਂ ਸਤਿਕਾਰਯੋਗ ਹਨ । ਪਰ ਜੋ ਸਤਿਕਾਰ ਮਾਣਕ ਸਾਹਿਬ ਦੇ ਹਿੱਸੇ ਆਇਆ ਹੈ, ਉਹ ਸਤਿਕਾਰ ਪ੍ਰਮਾਤਮਾ ਵੱਲੋਂ ਮਾਣਕ ਸਾਹਿਬ ਲਈ ਇਕ ਤੋਹਫਾ ਹੀ ਹੈ । ਆਪਣੇ 42 ਸਾਲਾਂ ਦੇ ਗਾਇਕੀ ਦੇ ਸਫਰ ਨੂੰ ਲਗਾਤਾਰ ਜਾਰੀ ਰੱਖਦਿਆਂ ਮਾਣਕ ਸਾਹਿਬ ਨੇ ਪੰਜਾਬੀ ਸੱਭਿਆਚਾਰ ਦੇ ਹਰ ਇਕ ਵਿਸ਼ੇ ਨੂੰ ਛੂਹਿਆ ਹੈ। ਵੈਸੇ ਤਾਂ ਹਰ ਗਾਇਕ ਇਹ ਹੀ ਆਖਦਾ ਹੈ ਕਿ ਉਹ ਸੱਭਿਆਚਾਰ ਲਈ ਹਰ ਦਮ ਭਰੇਗਾ ਪਰ ਬਦਕਿਸਮਤੀ ਨੂੰ ਉਹ ਵਿਚਾਰੇ ਇਕ ਕੈਸੇਟ ਵੀ ਨਹੀਂ ਭਰ ਸਕਦੇ । ਪਰ ਮਾਣਕ ਸਾਹਿਬ ਨੇ ਹਰ ਦਮ ਪੰਜਾਬ ਦੇ ਸੱਭਿਆਚਾਰ ਲਈ ਹੀ ਭਰਿਆ ਹੈ। ਪਰਿਵਾਰਿਕ ਰਿਸ਼ਤਿਆਂ ਨੂੰ ਜੋ ਵਡਿਆਈ ਮਾਣਕ ਸਾਹਿਬ ਦੇ ਗੀਤਾਂ ਨੇ ਦਿੱਤੀ ਹੈ ਉਸਦਾ ਅਹਿਸਾਨ ਪੰਜਾਬੀ ਸੱਭਿਆਚਾਰ ਨੂੰ ਚਾਹੁਣ ਵਾਲੇ ਕਦੇ ਵੀ ਨਹੀਂ ਭੁੱਲ ਸਕਦੇ। ਇਕ ਗਾਇਕ ਦਾ ਫਰਜ਼ ਕੀ ਹੈ ? ਇਸ ਦਾ ਪਤਾ ਸਾਨੂੰ ਮਾਣਕ ਸਾਹਿਬ ਦੀ ਗਾਇਕੀ ਸੁਣ ਕੇ ਹੀ ਪਤਾ ਲੱਗਦਾ ਹੈ!
ਮਾਣਕ ਸਾਹਿਬ ਪੰਜਾਬੀ ਸੱਭਿਆਚਾਰ ਦੀ ਚਲਦੀ ਫਿਰਦੀ ਯੂਨੀਵਰਸਿਟੀ ਹੈ। ਕਿਉਂਕਿ ਮਾਂ, ਭੈਣ, ਪਿਓ, ਪੁੱਤ, ਧੀ, ਆਂਢ-ਗੁਆਂਢ ਦੋਸਤ, ਦੁਸ਼ਮਣ, ਸਾਕ ਸਬੰਧੀ ਗੋਲ ਕੀ ਮਨੁੱਖ ਦੇ ਹਰ ਵਰਤਾਰੇ ਦਾ ਪੈਮਾਨਾ ਮਾਣਕ ਸਾਹਿਬ ਦੇ ਗਾੲ ਲੋਕ ਤੱਥਾਂ ਵਿਚੋਂ ਝਲਕਾਰੇ ਮਾਰਦਾ ਹੈ। ਰੋਮ ਦੇ ਪਾਤਰ ਦਹੂਦ ਤੋਂ ਲੈ ਕੇ ਪੰਜਾਬ ਦੇ ਹੀਰ ਰਾਂਝਾ, ਸਹਣੀ ਮਹੀਵਾਲ. ਸੱਸੀ ਪੁਨੂੰ, ਸ਼ੀਰੀਂ ਫ਼ਰਹਾਦ, ਮਿਰਜ਼ਾ ਸਾਹਿਬਾ ਵਰਗੇ ਕਿੱਸਿਆਂ ਦੀ ਪ੍ਰਸ਼ੰਸਾ ਅਤੇ ਲੋਕ ਗਾਥਾਵਾਂ ਨੂੰ ਰਿਕਾਰਡ ਕਰਵਾਕੇ ਇਹਨਾਂ ਪਾਤਰਾਂ ਨੂੰ ਜਿਉਂਦੇ ਰੱਖਿਆ ਹੋਇਆ ਹੈ। ਜਿਵੇਂ ਸਾਹਣੀ ਕੌਲਾਂ ਲੋਕ ਗਾਥਾ ਔਰਤ ਦੇ ਮਰਦ ਪ੍ਰਧਾਨ ਸਮਾਜ ਵਿਚ ਹਾਲਤ ਨੂੰ ਦਰਸਾਉਂਦੀ ਹਕੀਕਤ ਹੈ।
ਸਾਡੇ ਲੋਕ ਨਾਇਕ ਦੁੱਲਾ ਭੱਟੀ, ਜੈਮਲ ਫੱਤਾ, ਜੱਗਾ ਡਾਕੂ, ਜਿਉਣਾ ਮੌੜ, ਸੁੱਚਾ ਸੂਰਮਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਜਿਹ ਮਰ ਕੇ ਵੀ ਜਿਉਣ ਵਾਲ ਪਾਤਰਾਂ ਨੂੰ ਮਾਣਕ ਸਾਹਿਬ ਨੇ ਸਾਡੇ ਅੰਗ-ਸੰਗ ਹੀ ਰੱਖਿਆ ਹੋਇਆ ਹੈ।
ਸਿੱਖ ਇਤਿਹਾਸ ਵਿਚ ਦਸ ਗੁਰੂ ਸਾਹਿਬਾਨਾਂ, ਸਿੱਖ ਕੰਮ ਦੇ ਸ਼ਹੀਦਾਂ ਦਾ ਇਤਿਹਾਸ ਗਾ ਕੇ ਉਹਨਾ ਨੂੰ ਸਾਡੇ ਸਮਾਜ ਵਿਚ ਜਿਉਂ ਦਾ ਤਿਉਂ ਹੀ ਰੱਖਿਆ ਹੋਇਆ ਹੈ! ਮਾਣਕ ਸਾਹਿਬ ਨੇ ਪੰਜਾਬੀ ਗਾਇਕੀ ਨੂੰ ਜੋ ਵਡਿਆਈ ਵਿਦਵਾਨ ਦੀ ਨਜ਼ਰ ਵਿਚ ਦਿੱਤੀ ਹੈ .
ਉਸ ਨਾਲ ਪੰਜਾਬੀ ਗਾਇਕੀ ਦਾ ਸਿਰ ਅੰਬਰਾਂ ਨੂੰ ਛੂਹਿਆ ਹੈ। ਪੰਜਾਬੀ ਗੀਤ ਲਈ ਇਸ ਤੋਂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਇਸ ਦੇ ਮਾਣਕ ਸਾਹਿਬ ਵਰਗੇ ਗਾਇਕਾਂ ਨੂੰ ਪੱਛਮੀ ਸੰਗੀਤ ਦੇ ਸੰਗੀਤਕਾਰਾਂ ਨੇ ਵੀ ਅਪਣਾਇਆ ਹੈ। ਮਾਣਕ ਸਾਹਿਬ ਦੋ ਗੀਤਾਂ ਨੂੰ ਰੀਮਿਕਸ ਕਰਕੇ ਨਵੀਂ ਪੀੜ੍ਹੀ ਦੇ ਹਾਣ ਦਾ ਬਣਾ ਦਿੱਤਾ। ਪੰਜਾਬੀ ਗਾਇਕੀ ਵਿਚ ਆਉਂਦੇ ਉਤਰਾਅ ਚੜ੍ਹਾਅ ਮਾਣਕ ਸਾਹਿਬ ਦੀ ਗਾਇਕੀ ਉਤੇ ਕੋਈ ਅਸਰ ਨਹੀਂ ਪਾ ਸਕੇ। ਸੋਲੋ ਗਾਇਕੀ ਤੇ ਦੋਗਾਣਾ ਗਾਇਕੀ ਵਿੱਚ ਵੀ ਆਪਣੇ ਝੰਡੇ ਸਦਾ ਹੀ ਉਚੇ ਰੱਖੇ ਹਨ। ਗੱਲ ਕੀ ਕਲੀਆਂ, ਲੋਕ ਗਾਥਾਵਾਂ, ਧਾਰਮਿਕ, ਦੋਗਾਣੇ ਤੇ ਕਵਾਲੀ ਤੱਕ ਦਾ ਸਫਰ ਮਾਣਕ ਸਾਹਿਬ ਦਾ ਇਕ ਇਤਿਹਾਸ ਹੈ। ਅੱਜ ਜਦੋਂ ਪੰਜਾਬੀ ਗਾਇਕੀ ਵਿੱਚ ਨਵੇਂ ਨਵੇਂ ਤਜਰਬੇ ਹੋ ਰਹੇ ਹਨ ਤਾਂ ਮਾਣਕ ਸਾਹਿਬ ਨੇ ਇਹ ਸਿੱਧ ਕਰ ਹੀ ਦਿੱਤਾ ਹੈ ਕਿ ਪੰਜਾਬੀ ਗਾਇਕੀ ਵਿਚ ਕੁਲਦੀਪ ਮਾਣਕ ਇਕ ਹੀ ਜੰਮਿਆਂ ਹੈ ਤੇ ਇਕ ਹੀ ਰਹੇਗਾ। ਦੇਸ਼ ਤੇ ਵਿਦੇਸ਼ ਵਿਚ ਦਹਾਕਿਆਂ ਤੋਂ ਸਟੇਜਾਂ ‘ਤੇ ਸੱਭਿਆਚਾਰ ਦਾ ਪੈਗੰਬਰ ਸੱਭਿਆਚਾਰ ਦਾ ਹੀ ਪੈਗਾਮ ਦੇ ਰਿਹਾ ਹੈ। 1968 ਤੋਂ ਲੈ ਕੇ 2010 ਤੱਕ 42 ਸਾਲਾਂ ਦਾ ਗਾਇਕੀ ਦਾ ਸਫ਼ਰ ਕਰਨ ਵਾਲੇ ਮਹਾਨ ਗਾਇਕ ਮਾਣਕ ਸਾਹਿਬ ਪੰਜਾਬ ਦੇਸ਼ ਦਾ ਸਰਮਾਇਆ ਹਨ। ਅੱਜ ਅਕਾਸ਼ਵਾਣੀ ਜਲੰਧਰ ਤੋਂ ਲੈ ਕੇ ਲੰਦਨ ਤੱਕ ਮਾਣਕ ਦੀ ਗਾਇਕੀ ਦਾ ਸਾਮਰਾਜ ਕਾਇਮ ਹੈ।
ਲੀਹ ਪਾਉਣੀ ਔਖੀ ਹੈ
ਜਸਵੰਤ ਸੰਦੀਲਾ
ਕੁਲਦੀਪ ਮਾਣਕ ਨੂੰ ਇਸ ਗਾਇਕੀ ਦੇ ਵਿਹੜੇ ‘ਚ ਪੈਰ ਧਰੇ ਨੂੰ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ। ਮੇਰੀ ਵੀ ਉਮਰ ਕੋਈ ਇੰਨੀ ਜ਼ਿਆਦਾ ਨਹੀਂ ਸੀ । ਇਕ ਦਿਨ ਮੈਂ ਅਤੇ ਦੇਵ ਥਰੀਕੇ ਵਾਲਾ ਪ੍ਰਸਿੱਧ ਗਾਇਕਾ ਪ੍ਰਕਾਸ਼ ਕੌਰ ਸੋਢੀ ਦੇ ਘਰ ਗਏ ਤਾਂ ਕੁਲਦੀਪ ਮਾਣਕ ਰਿਆਜ਼ ਕਰ ਰਿਹਾ ਸੀ। ਮੈਂ ਦੇਖਕੇ ਹੈਰਾਨ ਹੋ ਗਿਆ ਕਿ ਆਹ ਛੋਟੇ ਜਿਹੇ ਸਰੀਰ ਦਾ ਮਾਣਕ ਇੰਨੀ ਉੱਚੀ ਅਤੇ ਵਧੀਆ ਆਵਾਜ਼ ਕਿੱਥੋਂ ਕੱਢਦਾ ਹੈ ਪਰ ਮੈਨੂੰ ਲਗਦਾ ਸੀ ਕਿ ਇਕ ਦਿਨ ਜਰੂਰ ਮਸ਼ਹੂਰੀ ਖੱਟੇਗਾ। ਹੌਲੇ-ਹੌਲੇ ਕੁਲਦੀਪ ਮਾਣਕ ਮੇਰਾ ਪਸੰਦੀਦਾ ਗਾਇਕ ਬਣ ਗਿਆ।
ਮੈਂ ਕੁਲਦੀਪ ਮਾਣਕ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਉਸਨੂੰ ਪਰਪੱਕ ਕਲਾਕਾਰ ਮੰਨਦਾ ਹਾਂ। ਮੈਨੂੰ ਕਦੇ ਵੀ ਕੁਲਦੀਪ ਮਾਣਕ ਦੀਆਂ ਆਦਤਾਂ ਮਾੜੀਆਂ ਨਹੀਂ ਲੱਗੀਆਂ ਨਾਲ ਹੀ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਦੂਜਾ ਮਾਣਕ ਦੁਨੀਆ ‘ਤੇ ਪੈਦਾ ਨਹੀਂ ਹੋ ਸਕਦਾ। ਇਸ ਤੋਂ ਵਧੀਆ ਤਾਂ ਕੀ ਇਸਦੀ ਸੋਚ ਜਿਹਾ ਵੀ ਗਵੱਈਆ ਵੀ ਪੈਦਾ ਨਹੀਂ ਹੋ ਸਕਦਾ। ਇਸ ਤੋਂ ਥੱਲੇ ਬਥੇਰੇ ਗਵੱਈਏ ਆਉਂਦੇ ਹਨ। ਇਸ ਦੀ ਇਕ ਆਦਤ ਮੈਨੂੰ ਬਹੁਤ ਚੰਗੀ ਲਗਦੀ ਹੈ ਕਿ ਉਹ ਜੋ ਕੁਝ ਕਹਿਣਾ ਚਾਹੁੰਦਾ ਹੈ ਸੋ ਬੇਰੋਕ ਕਹਿ ਜਾਂਦਾ ਹੈ। ਇਸ ਦੇ ਇਸੇ ਬੜਬੋਲੇਪਣ ਕਰਕੇ ਇਸਦੇ ਬਹੁਤ ਮਿੱਤਰ ਪਿਆਰੇ ਅਤੇ ਪ੍ਰਸ਼ੰਸਕ ਇਸਦਾ ਗੁੱਸਾ ਕਰ ਬੈਠਦੇ ਹਨ । ਮਾਣਕ ਉਪਰ ਸੁਰਜੀਤ ਪਾਤਰ ਸਾਬ੍ਹ ਦੀਆਂ ਲਾਈਨਾਂ ਸਹੀ ਢੁਕਦੀਆਂ ਹਨ।
“ਇੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ” ਇਸਦਾ ਕਾਰਨ ਇਹ ਵੀ ਹੈ ਕਿ ਉਹ ਸਿਆਸਤਦਾਨ ਨਹੀਂ ਹੈ ਉਸਨੂੰ ਹੁਸ਼ਿਆਰੀ ਨਹੀਂ ਕਰਨੀ ਆਉਂਦੀ। ਜੋ ਦਿਲ ‘ਚ ਹੈ ਓਹੀਓ ਉਸਦੇ ਮੂੰਹ ‘ਤੇ ਹੈ। ਪਰ ਇਕ ਗੱਲ ਜਰੂਰ ਹੈ ਕਿ ਜੇਕਰ ਮਾਣਕ ਨਾ ਹੁੰਦਾ ਤਾਂ ਪਿਛਲੇ ਸਮਿਆਂ ‘ਚ ਜੋ ਪੰਜਾਬੀ ਲੋਕ ਗਾਇਕੀ ਲੋਕ ਗਾਥਾਵਾਂ, ਕਲੀਆਂ, ਕਿੱਸਿਆਂ, ਵਾਰਾਂ, ਲੋਕ ਸਾਜ਼ਾਂ ਦਾ ਅਨੰਦ ਮਾਣਿਆ ਹੈ ਉਸ ਤੋਂ ਅਸੀਂ ਵਾਂਝੇ ਰਹਿ ਜਾਣਾ ਸੀ।
ਜਦੋਂ ਮਾਣਕ ਨੇ ਗਾਇਕੀ ਦੇ ਵਿਹੜੇ ‘ਚ ਪੈਰ ਧਰਿਆ ਉਦੋਂ ਗਾਇਕੀ ਦਾ ਇਕ ਵੱਖਰਾ ਦੌਰ ਸੀ। ਕੁਲਦੀਪ ਮਾਣਕ ਨੇ ਇਹ ਇਕ ਵੱਖਰੀ ਲੀਹ ਪਾਈ ਹੈ। ਇਸ ਗੱਲ ਨੂੰ ਕੁਲਦੀਪ ਮਾਣਕ ਕਈ ਵਾਰ ਕਹਿ ਵੀ ਦਿੰਦਾ ਹੈ ਕਿ ਟਿੱਬੇ ‘ਤੇ ਗੱਡਾ ਚਾੜ੍ਹਨਾ ਔਖਾ ਹੁੰਦਾ ਹੈ। ਜੇਕਰ ਲੀਹ ਪੈ ਜਾਵੇ ਤਾਂ ਮੌਲੇ ਬਲਦ ਵੀ ਚੜ ਜਾਂਦੇ ਨੇ। ਪਰ ਪਤਾ ਨਹੀਂ ਕਿਓਂ ਕੁਲਦੀਪ ਮਾਣਕ ਨੂੰ ਸਰਕਾਰੇ-ਦਰਬਾਰੇ ਤੋਂ ਅਣਡਿੱਠਾ ਹੀ ਰੱਖਿਆ ਗਿਆ ਹੈ। ਇਕ ਗੱਲ ਜਰੂਰ ਹੈ ਇਸਨੂੰ ਪੰਜਾਬ ਦੇ ਲੋਕਾਂ ਤੋਂ ਇੰਨਾ ਸਨਮਾਨ, ਸਤਿਕਾਰ ਮਿਲਿਆ ਜਿਹੜਾ ਕਿਸੇ ਹੋਰ ਗਾਇਕ ਵੀਰ ਦੇ ਹਿੱਸੇ ਨਹੀਂ ਆਇਆ। ਇਹ ਅੱਜ ਵੀ ਲੋਕ ਮਨਾਂ ‘ਤੇ ਰਾਜ ਕਰਦਾ ਹੈ ਅਤੇ ਇਸੇ ਤਰ੍ਹਾਂ ਕਰਦਾ ਰਹੇਗਾ।
ਮੈਂ ਸਲਾਮ ਕਰਦਾ ਆਂ…
ਦੇਬੀ ਮਖਸੂਸਪੁਰੀ
ਮੈਨੂੰ ਸਮਝ ਨਹੀਂ ਪੈ ਰਹੀ ਕਿੱਥੋਂ ਗੱਲ ਤੋਰਾਂ ਤੇ ਕੀ ਲਿਖਾਂ, ਕਿਉਂਕਿ ਐਡੀ ਵੱਡੀ ਸ਼ਖ਼ਸੀਅਤ ਬਾਰੇ ਲਿਖਣਾ ਮੇਰੇ ਤੋਂ ਕਿਤੇ ਐਵੇਂ ਵੱਧ ਘੱਟ ਨਾ ਲਿਖਿਆ ਜਾਵੇ। ਇਸ ਮਹਾਨ ਗਾਇਕ ਸੁੱਚੇ ਦਰਿਆ ਬਾਰੇ ਲਿਖਣ ਲੱਗਿਆਂ ਮੇਰੀ ਕਲਮ ਥਿੜਕ ਰਹੀ ਐ। ਧੜਕਣ ਦੀ ਗਤੀ ਵੀ ਆਮ ਨਾਲੋਂ ਜ਼ਿਆਦਾ ਵੱਧ ਰਹੀ ਹੈ।
ਇਹ ਗੱਲ ਉਦੋਂ ਦੀ ਐ ਜਦੋਂ ਮੈਂ ਕਾਲਜ ਵਿਚ ਪੜ੍ਹਦਾ ਸੀ । ਲਿਖਣ ਦਾ ਭੂਤ ਸਿਖਰਾਂ ‘ਤੇ ਸੀ ਜਦੋਂ ਪਿੰਡਾਂ ਵਿਚ ਮੰਜੇ ਜੋੜ ਕੇ ਟੰਗੇ ਸਪੀਕਰਾਂ ‘ਚੋਂ ਗੀਤ ਵੱਜਦੇ ਸਨ। ਮੈਨੂੰ ਉਹਨਾਂ ਗੀਤਾਂ ਨੇ ਕਾਫੀ ਪ੍ਰਭਾਵਿਤ ਕੀਤਾ। ਇਕ ਦਿਨ ਮੈਂ ਜਸਵੰਤ ਸੰਦੀਲਾ ਜੀ ਨੂੰ ਨਾਲ ਲੈ ਕੇ ਮਾਣਕ ਸਾਹਿਬ ਕੋਲ ਗਿਆ। ਜਸਵੰਤ ਸੰਦੀਲਾ ਜੀ ਨੇ ਮਾਣਕ ਸਾਹਿਬ ਨੂੰ ਕਿਹਾ, “ਮਾਣਕ ਸਾਹਿਬ ਇਸਦਾ ਗੀਤ ਰਿਕਾਰਡ ਕਰਵਾਓ।” ਤਾਂ ਮਾਣਕ ਸਾਹਿਬ ਬੋਲ ਪਏ, “ਇਸ ਕੰਜਰ ਨੂੰ ਹੋਰ ਨਹੀਂ ਲੱਭਦਾ ਗਵੱਈਆ । ਐਡਾ ਹੜ੍ਹ ਵਗਦਾ ਏ ਗਾਇਕਾਂ ਦਾ ਇਹ ਤਾਂ ਪਹਿਲੀ ਵਾਰ ‘ਚ ਈ ਕੰਜਰ ਦਾ ਸਿਖਰ ਦੇ ਡੰਡੇ ਨੂੰ ਹੱਥ ਪਾਉਣ ਨੂੰ ਫਿਰਦਾ ਏ।” ਸੰਦੀਲਾ ਜੀ ਦੇ ਕਹਿਣ ਤੇ ਮਾਣਕ ਸਾਹਿਬ ਨੇ ਮੇਰਾ ਗੀਤ ਰਿਕਾਰਡਿੰਗ ਲਈ ਰੱਖ ਲਿਆ ।
ਰਿਕਾਰਡਿੰਗ ਦਿੱਲੀ ਸੀ । ਮੈਨੂੰ ਮਾਣਕ ਸਾਹਿਬ ਨਾਲ ਲੈ ਗਏ। ਅਸੀਂ ਰਾਤ ਦੀ ਰੋਟੀ ਖਾ ਰਹੇ ਸੀ, ਮਾਣਕ ਸਾਹਿਬ ਛਿੱਟ ਲਾਈ ਬੈਠੇ ਸਨ। ਮੈਨੂੰ ਆਪਣੇ ਆਪ ਨੂੰ ਪ੍ਰਤੀਤ ਹੋਣ ਲੱਗਿਆ। ਯਾਰ ਜਿਵੇਂ ਦੇਵ ਦੇ ਨਾਂ ਨਾਲ ‘ਥਰੀਕੇ ਜੁੜਦਾ, ਬਾਬੂ ਸਿੰਘ ਮਾਨ ਦੇ ਨਾਂ ਨਾਲ ‘ਮਰਾੜਾਂ’ ਜੁੜਿਆ ਹੋਇਆ ਏ ਜੇ ਮੇਰੇ ਨਾਂ ਨਾਲ ਮੇਰੇ ਪਿੰਡ ‘ਮਖਸੂਸਪੁਰ’ ਦਾ ਨਾਂ ਜੁੜ ਜਾਵੇ ਤਾਂ ਚੰਗਾ ਹੋਵੇਗਾ? ਮੈਂ ਆਪਣਾ ਕੰਨ ਖੁਰਕਦੇ ਨੇ ਕਿਹਾ, “ਮਾਣਕ ਸਾਹਿਬ ਗੀਤ ‘ਚ ਮੇਰੇ ਪਿੰਡ ਦਾ ਨਾਂ ਨਹੀਂ ਲਿਆ ਜਾ ਸਕਦਾ ?” ਮਾਣਕ ਸਾਹਿਬ ਇਕ ਦਮ ਖਿਝ ਪਏ, “ਉਹ ਕੰਜਰਾ ਤੇਰਾ ਨਾਂ ਤਾਂ ਗੀਤ ‘ਚ ਸਿੱਧਾ ਮੈਥੋਂ ਲਿਆ ਨਹੀਂ ਜਾਂਦਾ ਤੇਰੇ ਪਿੰਡ ਦਾ ਨਾਂ ਕਿਵੇਂ ਲੈ ਲਊਂ।” ਦੂਜੇ ਦਿਨ ਰਿਕਾਰਡਿੰਗ ਸੀ । ਯੂਸਫ ਜੀ ਤਬਲਾ ਸੁਰ ਕਰ ਰਹੇ ਸਨ, ਹਥੌੜੀ ਨਾਲ ਸੱਟਾਂ ਮਾਰ ਮਾਰ ਕੇ। ਮਾਣਕ ਸਾਹਿਬ ਕਹਿਣ ਲੱਗੇ, “ਸੁਣ ਉਹ ਜਵਾਨਾਂ ਇਨਸਾਨ ਜ਼ਿੰਦਗੀ ‘ਚ ਇੰਨੀਆਂ ਸੱਟਾਂ ਖਾ ਕੇ ਕੁਝ ਬਣਦਾ ਜਾਂ ਸਿੱਖਦਾ ਏ।” ਯੁਧਵੀਰ ਤੇ ਮੈਂ ਅੱਜ ਵੀ ਹੱਸ ਪੈਂਦੇ ਆਂ ਜਦੋਂ ਯੁਧਵੀਰ ਦੱਸਦਾ ਕਿ ਬਾਪੂ ਜੀ ਅੱਜ ਕੱਲ੍ਹ ਬਾਈ ਤੇਰੀਆਂ ਗੱਲਾਂ ਸ਼ੁਰੂ ਕਰ ਲੈਂਦੇ ਨੇ। ਕਹਿੰਦੇ, “ਯੁਧਵੀਰ ਉਹਦੇ ਕੋਲ ਕੋਈ ਬਹੁਤ ਗੱਲ ਨਾ ਕਰੀਂ ਉਸ ਕੰਜਰ ਦੀ ਖੋਪੜੀ ਬੜੀ ਭੈੜੀ ਆ।”
ਮੈਂ ਸਲਾਮ ਕਰਦਾ ਆਂ ਮਾਣਕ ਸਾਹਿਬ ਦੀ ਗਾਇਕੀ ਨੂੰ ਉਹਨਾਂ ਦੇ ਸੁਭਾਅ ਨੂੰ ਕਿਉਂਕਿ ਮਾਣਕ ਸਾਹਿਬ ਨੂੰ ਝੂਠ ਨਹੀਂ ਬੋਲਣਾ ਆਉਂਦਾ। ਮਾਣਕ ਸਾਹਿਬ ਵਰਗਾ ਗਵੱਈਆ ਪੰਜਾਬ ਨੂੰ ਮੁੜ ਨਹੀਂ ਮਿਲਣਾ ਭਾਵੇਂ ਅੱਜ ਗਵੱਈਆਂ ਦਾ ਹੜ੍ਹ ਆਇਆ ਹੋਇਆ। ਮਾਣਕ ਸਾਹਿਬ ਦੀ ਸੁੱਚੀ ਗਾਇਕੀ ਦੇ ਰਸੀਏ ਅੱਜ ਸਾਰੀ ਦੁਨੀਆ ‘ਚ ਵਸਦੇ ਹਨ।
ਦਿਲਾਂ ਦੀ ਧੜਕਣ-ਕੁਲਦੀਪ ਮਾਣਕ
ਬਰਕਤ ਸਿੱਧੂ
ਕੁਲਦੀਪ ਮਾਣਕ ਨੇ ਗਾਇਕੀ ਦਾ ਗਿਆਨ ਸੂਝ ਬੂਝ ਗਾਇਕੀ ਦੀ ਤਾਲੀਮ ਹਾਸਲ ਕਰ ਕੇ ਫਰਸ਼ ਤੋਂ ਅਰਸ਼ ‘ਤੇ ਐਸੀ ਉਡਾਰੀ ਮਾਰੀ ਕਿ ਉਹ ਅਨੇਕਾ ਗਾਇਕਾਂ, ਸਿਖਾਂਦੜੂਆਂ ਲਈ ਪ੍ਰੇਰਨਾ ਸ੍ਰੋਤ ਬਣ ਗਿਆ। ਅੱਲ੍ਹਾ ਤਾਲਾ ਦੀ ਰਹਿਮਤ ਨਾਲ ਤੇ ਅੰਤਾਂ ਦੀ ਮੁਸ਼ੱਕਤ ਕਰਕੇ ਮਾਣਕ ਨੇ ਗਾਇਕੀ ਦਾ ਝੰਡਾ ਗੱਡਿਆ ਤੇ ਅੱਜ ਵੀ ਉਸ ਦੀ ਗਾਇਕੀ ਦਾ ਝੰਡਾ ਲਹਿਰਾ ਰਿਹਾ ਹੈ, “ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ . “ਮਾਂ ਹੁੰਦੀ ਏ ਮਾਂ ਕਰ ਸਰਵਨ ਬੱਚਾ”, “ਇਕ ਵਾਰੀ ਲੰਘਿਆ ਵੇਲਾ”, ਵਰਗੇ ਅਣਗਿਣਤ ਗੀਤ, ਕ ੀਆਂ ਗਾ ਕੇ ਉਹ ਕਲੀਆਂ ਗਾਥਾਵਾਂ ਦਾ ਬਾਦਸ਼ਾਹ ਬਣਕੇ ਸੱਚ ਮੁੱਦ ਲੋਕ ਦਿਲਾਂ ਦਾ ਬਾਦਸ਼ਾਹ ਬਣ ਗਿਆ। ਉਸ ਦੀ ਮਿਠਾਸ ਭਰੀ ਆਵਾਜ਼, ਲੋਕਾਂ ਦੇ ਦਿਲ ਵਿਚ ਵਸ ਗਈ, ਜਦੋਂ ਇਨਸਾਨ ਮਿਹਨਤ ਕਰਨ ਵਾਲਾ ਤੇ ਖੁਦਾ ਉਸਤੇ ਮਿਹਰਬਾਨ ਹੋਵੇ, ਤਾਂ ਮੰਜ਼ਲ ਦੂਰ ਹੁੰਦਿਆਂ ਵੀ ਕਰੀਬ ਆਉਂਦੀ ਨਜ਼ਰ ਪੈਂਦੀ ਏ, ਐਨਾ ਲੇਮਾ ਸਮਾਂ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨਾ ਮਾਣਕ ਦੇ ਹਿੱਸੇ ਹੀ ਆਇਆ ਏ।
ਲੋਕ-ਗਾਇਕੀ ਦਾ ਥੰਮ-ਕੁਲਦੀਪ ਮਾਣਕ
ਬਲਕਾਰ ਸਿੱਧੂ
ਕੁਲਦੀਪ ਮਾਣਕ ਦੇ ਨਾਲ ਮੈਨੂੰ ਬਚਪਨ ਤੋਂ ਹੀ ਬਹੁਤ ਪਿਆਰ ਹੈ। ਜਿਉਂ ਜਿਉਂ ਮੈਂ ਵੱਡਾ ਹੁੰਦਾ ਗਿਆ ਮੇਰਾ ਇਹੀ ਪਿਆਰ ਵੱਧਦਾ ਵੱਧਦਾ ਸਤਿਕਾਰ ਵਿਚ ਬਦਲਣ ਲੱਗਾ। ਬਚਪਨ ਵਿੱਚ ਮੈਂ ਆਪਣੇ ਪਿੰਡੋਂ ਪੂਹਲੇ ਦੇ ਨੇੜੇ ਜਿੱਥੇ ਕਿਤੇ ਵੀ ਕੋਈ ਅਖਾੜਾ ਲੱਗਦਾ, ਉਥੇ ਹੀ ਚਲਾ ਜਾਂਦਾ, ਮੈਨੂੰ ਗੀਤ ਸੁਣਨ ਦਾ ਬਚਪਨ ਤੋਂ ਹੀ ਬੇਹੱਦ ਸ਼ੌਕ ਰਿਹਾ ਹੈ।
ਮੇਰੇ ਪਿੰਡ ਦੇ ਨੇੜਲੇ ਪਿੰਡਾਂ ਵਿਚ ਮਾਣਕ ਸਾਹਿਬ ਦੇ ਮੈਂ ਕਈ ਪ੍ਰੋਗਰਾਮਾਂ ‘ਤੇ ਗਿਆ ਅਤੇ ਉਹਨਾਂ ਨੂੰ ਦੇਖਿਆ ਸੁਣਿਆ, ਉਹਨਾਂ ਨੂੰ ਗਾਉਂਦਿਆਂ ਦੇਖ ਕੇ ਤੇ ਸੁਣਕੇ ਮੈਂ ਅਕਸਰ ਸੁਪਨੇ ਲੈਣ ਲੱਗਦਾ ਕਿ ਕਾਸ਼! ਕਿਤੇ ਮੈਂ ਵੀ ਇਸ ਤਰ੍ਹਾਂ ਗਾ ਸਕਾਂ। ਮੇਰਾ ਵੀ ਇਸ ਤਰ੍ਹਾਂ ਨਾਂ ਹੋ ਸਕੇ ।
ਹੌਲੀ ਹੌਲੀ ਮੈਂ ਮਿਹਨਤ ਕਰਦਾ ਗਿਆ ਅਤੇ ਗਾਇਕੀ ਨੂੰ ਪ੍ਰੋਫੈਸ਼ਨਲ ਤੌਰ ‘ਤੇ ਅਪਣਾ ਲਿਆ। ਫੇਰ ਕਈ ਥਾਵਾਂ ‘ਤੇ ਮਾਣਕ ਸਾਹਿਬ ਨਾਲ ਇਕੱਠੇ ਹੋਏ। ਉਹਨਾਂ ਦੇ ਘਰ ਮੇਰਾ ਆਉਣਾ ਜਾਣਾ ਹੋ ਗਿਆ। ਵਿਦੇਸ਼ਾਂ ਵਿਚ ਵੀ ਕਈ ਵਾਰ ਇਕੱਠੇ ਟੂਰ ਤੇ ਗਏ, ਇਕ ਦੋ ਵਾਰ ਇਕੱਠਿਆਂ ਗਾਉਣ ਦਾ ਮੌਕਾ ਵੀ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਹੀ ਪਿਆਰ, ਆਸ਼ੀਰਵਾਦ ਤੇ ਹੱਲਾ ਸ਼ੇਰੀ ਦਿੱਤੀ।
ਮਾਣਕ ਸਾਹਿਬ ਨਾਲ ਵਿਚਰਦਿਆਂ ਮੈਂ ਕਈ ਗੱਲਾਂ ਦੇਖੀਆਂ ਕਿ ਉਹ ਸੁਭਾਅ ਦੇ ਝੜ ਨਿੱਘ, ਸਪਸ਼ਟ ਤੇ ਨਿਡਰ ਹਨ। ਉਹਨਾਂ ਦੀਆ ਗਾਲ੍ਹਾਂ ਸੱਚਮੁੱਚ ਘਿਓ ਦੀਆਂ ਨਾਲਾ ਹਨ। ਉਹਨਾਂ ਦੀ ਸੁੱਤੇ-ਸਿੱਧ ਕਹੀ ਗੱਲ ਦੇ ਬੜੇ ਵੱਡੇ ਮਾਅਨ ਹੁੰਦੇ ਹਨ। ਸਾਡਾ ਦਵਾ ਦਾ ਇਲਾਕਾ ਇਕੋ ਹੈ ਭਾਵ ਮੇਰਾ ਪਿੰਡ ਪੂਹਲਾ ਤੇ ਉਹਨਾ ਦਾ ਪਿੰਡ ਜਲਾਲ ਲਗਭਗ ਨੇੜੇ ਹੀ ਹਨ, ਇਸ ਗੱਲ ਦਾ ਮੈਨੂੰ ਬਹੁਤ ਵੱਡਾ ਮਾਣ ਹੈ!
ਮਾਣਕ ਸਾਹਿਬ ਦੀ ਗਾਇਕੀ ਦਾ ਮੈਂ ਕਾਇਲ ਹਾ ਅਤੇ ਉਹਨਾਂ ਦੀ ਗਾਇਕੀ ਦਾ ਮੇਰੇ ਅਤੇ ਮੇਰੀ ਗਾਇਕੀ ‘ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਹੈ। ਉਹਨਾਂ ਦੇ ਗਾਏ ਗੀਤ ਜਾਂ ਕਲੀਆ. ਗਾਥਾਵਾਂ ਮੈਂ ਛੋਟਾ ਹੁੰਦਾ ਗਾਉਂਦਾ ਹੁੰਦਾ ਸੀ ਤੇ ਅੱਜ ਵੀ ਉਹਨਾਂ ਨੂੰ ਉਸੇ ਸ਼ਿੱਦਤ ਨਾਲ ਸੁਣਦਾ ਹਾਂ । ਲੋਕ ਰੰਗ ਵਿਚ ਰੰਗੀ ਉਹਨਾਂ ਦੀ ਗਾਇਕੀ ਮੇਟ ਧੁਰ ਅੰਦਰ ਤੱਕ ਸਮਾਈ ਹੋਈ ਹੈ। ਉਹਨਾਂ ਦੀ ਅਵਾਜ਼ ਦਾ ਜਾਦੂ ਹਮੇਸ਼ਾ ਸਿਹ ਚੜ੍ਹ ਬੋਲਦਾ ਹੈ!
ਮਾਣਕ ਸਾਹਿਬ ਦੇ ਸਮੁੱਚ ਮੁਹਾਂਦਰੇ ਨਾਲ ਮੇਰਾ ਬਹੁਤ ਪਿਆਰ ਹੈ। ਮਾਣਕ ਸਾਹਿਬ ਦਾ ਗਾਉਣ ਸੁਣਦਿਆਂ ਮੈਂ ਕਈ ਵਾਰ ਇਹ ਸੋਚਦਾ ਹਾਂ ਕਿ ਕਾਸ਼ ਮੇਰੀ ਆਵਾਜ਼ ਵੀ ਇਹੋ ਜਿਹੀ ਹੋ ਜਾਵੇ ਜਿਵੇਂ ਮਾਣਕ ਸਾਹਿਬ ਦੀ ਹੈ ਪਰ ਸੋਚਦਾ ਹਾਂ ਕਿ ਇਸ ਤਪੱਸਵੀ ਦਾ ਤਪ ਬਹੁਤ ਹੈ! ਸਦੀਆਂ ਬਾਅਦ ਅਜਿਹੇ ਟਿਨਸਾਨ ਪੈਦਾ ਹੁੰਦੇ ਹਨ ਜੋ ਅਜਿਹੇ ਮੀਲ ਪੱਥਰ ਗੱਡਦੇ ਹਨ ਜਿਨ੍ਹਾਂ ਨੂੰ ਦੇਖ ਦੇਖ ਕੇ ਮੇਰੇ ਵਰਗੇ ਕਈ ਰਾਹੀਆਂ ਨੂੰ ਮੰਜਿਲ ਦਾ ਟਿਕਾਣਾ ਲੱਭਦਾ ਹੈ।
ਪੰਜਾਬੀ ਲੋਕ ਗਾਇਕੀ-ਕੁਲਦੀਪ ਮਾਣਕ
ਮਨਪ੍ਰੀਤ ਟਿਵਾਣਾ
ਮਾਣਕ ਸਾਹਿਬ ਨੂੰ ਮੈਂ ਇਕ ਦੋ ਵਾਰ ਹੀ ਮਿਲਿਆ ਹਾਂ, ਕੋਈ ਜ਼ਿਆਦਾ ਵਾਰਤਾਲਾਪ ਜਾਂ ਵਿਚਾਰ-ਵਟਾਂਦਰਾ ਵੀ ਨਾ ਹੋ ਸਕਿਆ ਪ੍ਰੰਤੂ ਜਦ ਵੀ ਮਿਲਿਆ ਤਾਂ ਮੈਂ ਟਿਕਟਕੀ ਲਾ ਕੇ ਇਹੀ ਦੇਖਦਾ ਰਿਹਾ ਕਿ ਇਹ ਕਿੰਨਾ ਮਹਾਨ ਸ਼ਖ਼ਸ ਹੈ ਜਿਸ ਨੇ ਪੰਜਾਬੀ ਗਾਇਕੀ ਦੇ ਖੇਤਰ ਵਿਚ ਪ੍ਰਚਮ ਬੁਲੰਦ ਕੀਤਾ ਹੈ। ਉਹਨਾਂ ਨੂੰ ਮਿਲਦਿਆਂ ਹੀ ਹੱਥ ਆਪ ਮੁਹਾਰੇ ਉਹਨਾਂ ਦੇ ਪੈਰਾਂ ਨੂੰ ਛੂਹਣ ਲਈ ਵੱਧਦੇ ਹਨ। ਦਿਲ ਵਿਚੋਂ ਸਤਿਕਾਰ ਉਪਜਦਾ ਹੈ। ਮਨ ਵਿਚ ਉਹਨਾਂ ਦੇ ਪ੍ਰਤੀ ਸ਼ਰਧਾ ਜਾਪਦੀ ਹੈ।
ਸੰਗੀਤਕ ਖੇਤਰ ਵਿਚ ਹੋਣ ਦੇ ਨਾਤੇ ਮੈਂ ਮਾਣਕ ਸਾਹਿਬ ਬਾਰੇ ਅਨੇਕਾਂ ਦਿਲਚਸਪ ਗੱਲਾਂ ਸੁਣੀਆਂ ਹਨ। ਜਦੋਂ ਮੈਂ ਉਹਨਾਂ ਨੂੰ ਮਿਲਿਆ ਤਾਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਸੁਣੀਆਂ ਗੱਲਾਂ ਸਪਸ਼ਟ ਹੋਣ ਲੱਗੀਆਂ । ਇਹ ਗੱਲਾਂ ਉਹਨਾਂ ਦੇ ਹੌਲੀ ਸੁਭਾਅ, ਸਪਸ਼ਟਤਾ, ਬੇਬਾਕੀ ਅਤੇ ਅਪਣੱਤ ਦੀਆਂ ਹਨ। ਉਹਨਾਂ ਨੂੰ ਪਹਿਲੀ ਵਾਰ ਮਿਲ ਕੇ ਇਉਂ ਨਹੀਂ ਲੱਗਦਾ ਕਿ ਇੰਨੇ ਵੱਡੇ ਕਲਾਕਾਰ ਨੂੰ ਮਿਲ ਰਹੇ ਹਾਂ । ਉਹਨਾਂ ਦੀ ਸਾਦਗੀ, ਚਿਹਰੇ ‘ਤੇ ਰਲਦੀ ਜਿਹੀ ਮੁਸਕਾਨ, ਬਾਜ਼ ਵਰਗੀਆਂ ਤੇਜ਼ ਅੱਖਾਂ ਅਤੇ ਮਿਲਣੀ ਵਿਚ ਨਿੱਘ ਹੁੰਦਾ ਹੈ।
ਜੇਕਰ ਮਾਣਕ ਸਾਹਿਬ ਦੀ ਗਾਇਕੀ ਬਾਰੇ ਗੱਲ ਕਰੀਏ ਤਾਂ ਇਹ ਗੱਲ ਸਾਰੇ ਜੱਗ ਜਹਾਨ ਨੂੰ ਪਤਾ ਹੈ ਕਿ ਉਹ ਕਿੰਨੀ ਵੱਡੀ ਸ਼ਖ਼ਸੀਅਤ ਦੇ ਮਾਲਕ ਹਨ ਤੇ ਕਿੰਨੇ ਵੱਡੇ ਕਲਾਕਾਰ ਹਨ। ਬਚਪਨ ਤੋਂ ਹੀ ਮੈਂ ਮਾਣਕ ਸਾਹਿਬ ਦੇ ਗੀਤ ਸੁਣਦਾ ਆ ਰਿਹਾ ਹਾਂ। ਜਦੋਂ ਮੰਜੇ ਜੋੜ ਕੇ ਕੋਠਿਆਂ ‘ਤੇ ਸਪੀਕਰ ਲਗਦੇ ਸਨ। “ਮਾਂ ਹੁੰਦੀ ਏ ਮਾਂ”, “ਛੇਤੀ ਕਰ ਸਰਵਣ ਪੁੱਤਰਾ”, ਵਰਗੇ ਅਮਰ ਗੀਤ ਗਾਉਣ ਵਾਲੇ ਮਾਣਕ ਸਾਹਿਬ ਦੀ ਪ੍ਰਸਿੱਧੀ ਤੇ ਗਾਇਕੀ ਦੀ ਲੰਮੇਰੀ ਉਮਰ ਇਸ ਗੱਲ ਤੋਂ ਵੀ ਸਪਸ਼ਟ ਹੁੰਦੀ ਹੈ ਕਿ ਮੇਰੇ ਪਿਤਾ ਜੀ ਵੀ ਆਪਣੀ ਜਵਾਨੀ ਵੇਲੇ ਤੋਂ ਮਾਣਕ ਸਾਹਿਬ ਦੀ ਗਾਇਕੀ ਦੇ ਕਾਇਲ ਹਨ ।
ਮਾਣਕ ਸਾਹਿਬ ਵਰਗੇ ਇਨਸਾਨ ਤੇ ਮਹਾਨ ਕਲਾਕਾਰ ਸਦੀਆਂ ਬਾਅਦ ਪੈਦਾ ਹੁੰਦੇ ਹਨ। ਇਹ ਅਜਿਹੇ ਬਾਬਾ ਬੋਹੜ ਹਨ ਜਿਨ੍ਹਾਂ ਦੀ ਛਾਂ ਵਿਚ ਬੈਠਣ ਵਾਲੇ ਧੰਨ ਹੋ ਜਾਂਦੇ ਹਨ। ਸਰਸਵਤੀ ਮਾਤਾ ਦੇ ਅਜਿਹੇ ਲਾਡਲੇ ਪੁੱਤ ਜਿਸ ਸਮੇਂ ਜਾਂ ਸਥਾਨ ਉਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਹਨ। ਉਹ ਸਮੁੱਚਾ ਆਲਾ-ਦੁਆਲਾ ਸੁਰੀਲਾ ਹੋ ਜਾਂਦਾ ਹੈ ਤੇ ਸੰਪੂਰਨ ਕਾਇਨਾਤ ਸੁਰਬੱਧ ਤੇ ਲੈਬੱਧ ਹੋ ਜਾਂਦੀ ਹੈ।
ਮਾਣਕ ਸਾਹਿਬ ਦੀ ਗਾਇਕੀ ਦੀ ਪੜਚੋਲ ਕਰਨੀ ਮੇਰੇ ਵਰਗੇ ਨਿਆਣੇ ਦਾ ਕੰਮ ਨਹੀਂ, ਮੈਂ ਤਾਂ ਉਹਨਾਂ ਦਾ ਇਕ ਨਿਆਣਾ ਤੇ ਨਿਮਾਣਾ ਸ਼ਰਧਾਲੂ ਹਾਂ, ਉਹਨਾਂ ਦੇ ਗੀਤਾਂ ਦਾ ਆਸ਼ਕ ਤੇ ਉਹਨਾਂ ਦੀ ਆਵਾਜ਼ ਦਾ ਕਾਇਲ ਹਾਂ। ਮਾਣਕ ਸਾਹਿਬ ਦੀ ਗਾਇਕੀ ਦੀ ਲੋਕ-ਪ੍ਰੀਤਾਂ ਦੀ ਮਿਸਾਲ ਇਹ ਹੈ ਲੋਕ ਉਹਨਾਂ ਨੂੰ ‘ਕਲੀਆਂ ਦਾ ਬਾਦਸ਼ਾਹ’ ਆਖਦੇ ਹਨ। ਮਾਣਕ ਸਾਹਿਬ ਸਹੀ ਅਰਥਾਂ ਵਿਚ ਲੋਕ ਗਾਇਕ ਹਨ ਕਿਉਂਕਿ ਉਹ ਅਸਲ ਰੂਪ ਵਿਚ ਲੋਕਾਂ ਦੇ ਗਾਇਕ ਹਨ।
ਸੱਭਿਆਚਾਰ ਦਾ ਰਖਵਾਲਾ
ਮੁਹੰਮਦ ਸਦੀਕ
ਕੁਲਦੀਪ ਮਾਣਕ ਨੇ ਢਾਡੀਆਂ, ਕਵੀਸ਼ਰਾਂ ਵੱਲੋਂ ਗਾਈਆਂ ਜਾਂਦੀਆਂ ਗਾਥਾਵਾਂ ਨੂੰ ਲੋਕ ਤਰਜ਼ਾਂ ‘ਤੇ ਗਾਇਆ ਹੈ। ਲੋਕਾਂ ਨੇ ਕੁਲਦੀਪ ਮਾਣਕ ਨੂੰ ਹੱਥਾਂ ਦੀਆਂ ਛਾਵਾਂ ਕੀਤੀਆਂ ਹਨ। ਸਭ ਕੁਝ ਨੂੰ ਕਿਸਮਤ ‘ਤੇ ਛੱਡਣਾ ਚੰਗਾ ਨਹੀਂ ਹੋਵੇਗਾ, ਕਿਉਂਕਿ ਇਸ ਇਨਸਾਨ ਨੇ ਚੰਗੇ ਕੰਮ ਤੇ ਮਿਹਨਤ ਕਰਕੇ ਅਪਣੀ ਕਿਸਮਤ ਆਪ ਬਣਾਈ ਹੈ। ਕੁਲਦੀਪ ਮਾਣਕ ਮੇਰੇ ਨਾਲ ਸ਼ੁਰੂ ‘ਚ ਕੰਮ ਕਰਦਾ ਰਿਹਾ। ਇਸ ਨੇ ਗਰੀਬੀ ਦੇਖੀ ਹੈ। ਜੇਕਰ ਹੋਰ ਕੋਈ ਗਵੱਈਆ ਹੁੰਦਾ ਤਾਂ ਕਦੋਂ ਦਾ ਸਨਿਆਸ ਲੈ ਲਿਆ ਹੁੰਦਾ ।
ਕੁਲਦੀਪ ਮਾਣਕ ਨੂੰ ਕੁਦਰਤ ਵੱਲੋਂ ਬਖ਼ਸ਼ਿਆ ਗਲਾ ਅਨਮੋਲ ਤੋਹਫਾ ਹੈ । ਕੁਲਦੀਪ ਮਾਣਕ ਨੇ ਤੂੰਬੀ ਨਾਲ ਲੋਕ ਗਾਥਾਵਾਂ, ਕਲੀਆਂ ਅਤੇ ਵਾਰਾਂ ਗਾ ਕੇ ਅਪਣੇ ਨਾਂ ਨੂੰ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ‘ਚ ਉਕਰ ਲਿਆ ਹੈ। ਮੈਂ ਅਪਣੀ ਨਿਗਾਹ ਨਾਲ ਦੇਖਿਆ ਹੈ ਜਦੋਂ ਕੁਲਦੀਪ ਮਾਣਕ, “ਮਾਂ ਹੁੰਦੀ ਏ ਮਾਂ” ਗੀਤ ਗਾਉਂਦਾ ਹੈ ਤਾਂ ਬੁੜੀਆਂ ਅਪਣੇ ਗਲ ‘ਚੋਂ ਚੇਨੀਆਂ ਲਾਹ ਕੇ ਵਾਰਦੀਆਂ ਨੇ । ਲੋਕਾਂ ਵੱਲੋਂ ਮਿਲਿਆ ਸਨਮਾਨ ਤਾਂ ਪਦਮ ਸ੍ਰੀ ਸਨਮਾਨ ਤੋਂ ਘੱਟ ਨਹੀਂ ਹੁੰਦਾ।
ਮੈਂ ਕੁਲਦੀਪ ਮਾਣਕ ਨੂੰ ਉਸ ਦਿਨ ਤੋਂ ਦੇਖ ਰਿਹਾ ਹਾਂ ਜਦੋਂ ਇਹ ਨਵਾਂ-ਨਵਾਂ ਗਾਉਣ ਲੱਗਿਆ ਸੀ। ਇਹ ਮੇਰੀਆਂ ਅੱਖਾਂ ਸਾਹਮਣੇ ਪਲ ਕੇ ਜਵਾਨ ਹੋਇਆ ਹੈ। ਅੱਜ ਇਹ ਪੰਜਾਬੀ ਬੋਲੀ ਅਤੇ ਪੰਜਾਬੀ ਗਾਇਕੀ ਦਾ ਨਾਇਕ ਹੈ। ਇਸ ਵੱਲ ਵੇਖਕੇ ਖੁਸ਼ੀ ਹੁੰਦੀ ਹੈ, ਮਾਣ ਨਾਲ ਛਾਤੀ ਚੌੜੀ ਹੋ ਜਾਂਦੀ ਹੈ।
ਕੁਲਦੀਪ ਮਾਣਕ ਨੇ ਗਾਈਆਂ ਗਾਥਾਵਾਂ ਨੂੰ ਗਾ ਕੇ, ਨਵੀਂ ਕਾਢ ਕੱਢੀ ਸੀ। ਕੁਲਦੀਪ ਮਾਣਕ ਲੋਕ ਗਾਥਾਵਾਂ ਦਾ ਬਾਦਸ਼ਾਹ ਤਾਂ ਹੈ ਹੀ ਪਰ ਇਹ ਨਾਲ-ਨਾਲ ਪੰਜਾਬੀ ਸੱਭਿਆਚਾਰ ਦਾ ਰਖਵਾਲਾ ਕਹਾਉਣ ਦਾ ਵੀ ਹੱਕ ਰੱਖਦਾ ਹੈ।
ਕਿੱਸਾ, ਲੋਕ ਗਾਥਾਵਾਂ, ਵਾਰਾਂ ਤੇ ਲੋਕ ਗੀਤਾਂ ਦਾ ਇਨਸਾਈਕਲੋਪੀਡੀਆ-ਕੁਲਦੀਪ ਮਾਣਕ
ਰਾਜ ਕਾਕੜਾ
ਇਕ ਕਹਾਵਤ ਹੈ ਕਿ ਇਨਸਾਨ ਦੇ ਕੰਮਾਂ ‘ਚੋਂ ਇਨਸਾਨ ਦੀ ਸ਼ਖ਼ਸੀਅਤ ਤੇ ਇਸ ਦੇ ਸੁਭਾਅ ਦਾ ਝਲਕਾਰਾ ਪੈਂਦਾ ਹੈ। ਕੋਈ ਵੀ ਇਨਸਾਨ ਆਪਣੀ ਸੋਚ ਤੇ ਆਪਣੇ ਸੁਭਾਅ ਦੀਆਂ ਵਲਗਣਾਂ ਤੋਂ ਪਰੇ ਹੱਟਕੇ ਵੱਡੇ ਰੁਤਬੇ ਨਹੀਂ ਪਾ ਸਕਦਾ। ਇਨਸਾਨ ਦੇ ਅੰਦਰੋਂ ਉਸੇ ਤਰ੍ਹਾਂ ਦੇ ਵਲਵਲੇ ਵੀ ਨਿਕਲਣਗੇ, ਜਿਸ ਤਰ੍ਹਾਂ ਦੇ ਉਸਦੇ ਖਿਆਲ ਹੋਣਗੇ ਜਾਂ ਜਿਸ ਸੋਚ ਦਾ ਉਸ ‘ਤੇ ਪਹਿਰਾ ਹੋਵੇਗਾ।
ਜੇ ਕੁਲਦੀਪ ਮਾਣਕ ਸਾਹਿਬ ਦੀ ਗਾਇਕੀ ਦੇ ਲੰਮੇ ਸਫਰ ‘ਤੇ ਇਕ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇੰਨਾ ਲੰਮਾ ਸਮਾਂ ਗਾਇਕੀ ਦੇ ਦੌਰ ਦੀ ਸਰਦਾਰੀ ਹੰਢਾਉਂਦਿਆਂ ਉਨ੍ਹਾਂ ਨੇ ਆਪਣਾ ਦਾਮਨ ਪਾਕ ਪਵਿੱਤਰ ਰੱਖਿਆ ਹੈ। ਇਹੀ ਪ੍ਰਾਪਤੀ ਮਜਬੂਰ ਕਰਦੀ ਹੈ ਕਿ ਮਾਣਕ ਸਾਹਿਬ ਬਾਰੇ ਅਜੇ ਹੋਰ ਲਿਖਿਆ ਤੇ ਪੜਿਆ ਜਾਣਾ ਬਹੁਤ ਹੀ ਜ਼ਰੂਰੀ ਹੈ। ਉਹਨਾਂ ਨੇ ਜਿੰਨਾ ਵੀ ਗਾਇਆ ਉਹ ਸਾਰੇ ਸੱਭਿਆਚਾਰ ਦੇ ਮਿਆਰੀ ਪੈਮਾਨਿਆਂ ‘ਤੇ 24 ਕੈਰਟ ਸੋਨੇ ਵਾਂਗੂੰ ਖਰਾ ਉਤਰਦਾ ਹੈ।
ਮਾਣਕ ਸਾਹਿਬ ਨੇ ਜਿਨ੍ਹਾਂ ਲਫਜ਼ਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਉਹ ਗੀਤ ਲੋਕਾਂ ਦੇ ਚੇਤਿਆਂ ਵਿਚ ਸਦਾ ਲਈ ਵੱਸ ਗਏ। ਮਾਣਕ ਸਾਹਿਬ ਨੇ ਜਿੰਨਾ ਵੀ ਗਾਇਆ ਉਹ ਹਿੱਕ ਦੇ ਜ਼ੋਰ ਨਾਲ ਗਾਇਆ। ਜਦੋਂ ਮਾਣਕ ਬੰਦਾ ਸਿੰਘ ਬਹਾਦਰ ਦੀ ਵਾਰ, ‘ਲੈ ਕੇ ਕਲਗੀਧਰ ਤੋਂ ਥਾਪੜਾ’ ਗਾਉਂਦਾ ਹੈ ਤਾਂ ਉਹ ਜੰਗ ਦੇ ਮੈਦਾਨ ਵਿਚ ਜਾਣ ਲਈ ਤਿਆਰ ਸ਼ਸਤਰਾਂ ਨਾਲ ਲੈਸ ਕਿਸੇ ਜੋਧੇ ਜਿਹਾ ਲੱਗਦਾ ਹੈ। ਤੇ ਉਹਦੀ ਜੋਸ਼ੀਲੀ ਅਵਾਜ਼ ਸ੍ਰੋਤਿਆਂ ਦੇ ਧੁਰ ਅੰਦਰ ਤੱਕ ਲਹਿ ਜਾਂਦੀ ਹੈ ਤੇ ਜਦੋਂ ਉਹ, “ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ” ਲੰਮੀ ਬਾਂਹ ਕਰਕੇ ਗਾਉਂਦਾ ਹੈ ਤਾਂ ਸ੍ਰੋਤਿਆਂ ਨੂੰ ਹੀਰ ਰਾਂਝੇ ਦੇ ਹਕੀਕੀ ਇਸ਼ਕ ਦੇ ਪ੍ਰਤੱਖ ਦਰਸ਼ਨ ਕਰਵਾ ਦਿੰਦਾ ਹੈ।
ਇਹ ਸੁਭਾਗਾ ਕੰਮ ਮਾਣਕ ਸਾਹਿਬ ਦੇ ਹਿੱਸੇ ਹੀ ਆਇਆ ਹੈ ਕਿ ਅੱਜ ਸਾਰੀਆਂ ਲੋਕ-ਗਾਥਾਵਾਂ ਮਾਣਕ ਦੀ ਆਵਾਜ਼ ਵਿਚ ਘਰ ਘਰ ਦਾ ਸ਼ਿੰਗਾਰ ਬਣੀਆਂ ਹਨ। ਪੂਰਨ ਭਗਤ ਤੋਂ ਲੈ ਕੇ ਰੂਪ ਬਸੰਤ, ਸ਼ੀਰੀਂ ਫ਼ਰਹਾਦ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਸੱਸੀ-ਪੁਨੂੰ, ਇੰਦਰ ਬੇਗੋ, ਜਿਉਣਾ ਮੌੜ, ਜਿਹੇ ਅਨੇਕਾਂ ਲੋਕ ਕਿੱਸਿਆਂ, ਗਾਥਾਵਾਂ ਤੇ ਗੀਤਾਂ ਨੂੰ ਮਾਣਕ ਨੇ ਆਪਣੀ ਅਵਾਜ਼ ਦੇ ਕੇ ਅਮਰ ਕੀਤਾ ਹੈ। ਉਹਨਾਂ ਦੇ ਗਾਏ ਗੀਤ ਅੱਜ ਵੀ ਕੰਨਾਂ ਵਿਚ ਉੱਨਾ ਹੀ ਰਸ ਘੋਲਦੇ ਹਨ ਜਿੰਨਾ ਕਿ 30 ਸਾਲ ਪਹਿਲਾਂ ।
“ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ”
“ਮੈਂ ਚਾਦਰ ਕੱਢਦੀ ਨੀ (ਹਿੰਦ ਦੀ ਚਾਦਰ)”
“ਤੇਰੇ ਨੱਕ ਦਾ ਕੋਕਾ”, ਅਜਿਹੇ ਸੈਂਕੜੇ ਗੀਤ ਮਾਣਕ ਸਾਹਬ ਦੀ ਗਾਇਕੀ ਦਾ ਸਿਖਰ ਬਣੇ।
ਸੱਭਿਆਚਾਰ ਦਾ ਮਾਣ-ਕੁਲਦੀਪ ਮਾਣਕ
ਸਾਹਿਬ ਥਿੰਦ ਕੈਨੇਡਾ
“ਬਚਪਨ ਦੇ ਦਿਨਾਂ ‘ਚ ਕੁਲਦੀਪ ਮਾਣਕ ਨੂੰ ਬਹੁਤ ਸੁਣਿਆ ਪਰ ਅਫ਼ਸੋਸ ਮੇਲ ਕਦੇ ਨਹੀਂ ਸੀ ਹੋ ਸਕਿਆ। ਅਸੀਂ ਸਕੂਲ, ਕਾਲਜ ਤੋਂ ਭੱਜ ਕੇ ਕੁਲਦੀਪ ਮਾਣਕ ਦੇ ਅਖਾੜੇ ਦੇਖਣ-ਸੁਣਨ ਜਾਂਦੇ ਸੀ । ਮੈਨੂੰ ਕਈ ਵਾਰ ਸਕੂਲੋਂ ਅਤੇ ਘਰੋਂ ਕੁਲਦੀਪ ਮਾਣਕ ਨੂੰ ਦੇਖਣ ਜਾਣ ਪਿੱਛੇ ਕੁੱਟ ਵੀ ਪਈ। ਜਿੱਥੇ ਕਿਤੇ ਪਤਾ ਲਗਦਾ ਕਿ ਅੱਜ ਫਲਾਣੇ ਪਿੰਡ ਫਲਾਣੀ ਥਾਂ ਕੁਲਦੀਪ ਮਾਣਕ ਦਾ ਅਖਾੜਾ ਲੱਗਣਾ ਹੈ ਅਸੀਂ ਘਰਦਿਆਂ ਤੋਂ ਚੋਰੀ ਅਖਾੜਾ ਦੇਖਣ ਤੁਰ ਜਾਣਾ।
ਜਦੋਂ ਕੈਨੇਡਾ ਆ ਸੈਟ ਹੋ ਗਿਆ ਤਾਂ ਨਾਵਲਕਾਰ ਸਵ: ਕੇਸਰ ਸਿੰਘ ਕੇਸਰ ਅਤੇ ਬਾਬਾ ਭਗਤ ਸਿੰਘ ਬਿਲਗਾ ਜੀ ਦੀ ਹੱਲਾ ਸ਼ੇਰੀ ਸਦਕਾ ਅਸੀਂ ਪਹਿਲਾਂ ਮੇਲਾ ਸ਼ਹੀਦੇ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ‘ਚ ਕਰਵਾਇਆ ਸੀ । ਅਸੀਂ ਪਹਿਲੇ ਕੁਝ ਮੇਲਿਆਂ ‘ਚ ਸਥਾਨਕ ਕਲਾਕਾਰਾਂ ਨੂੰ ਸੱਦਦੇ ਰਹੇ। ਤੀਸਰੇ ਮੇਲੇ ‘ਤੇ ਅਸੀਂ ਦੋਗਾਣਾ ਗਾਇਕੀ ਦੇ ਬਾਬਾ ਬੋਹੜ ਮੁਹੰਮਦ ਸਦੀਕ ਨਾਲ ਕੁਲਦੀਪ ਮਾਣਕ ਨੂੰ ਸੱਦਣ ਲਈ ਗੱਲ ਤੋਰੀ ਸੀ ਓਦੋਂ ਸਾਡੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਅਗਲੇ ਮੇਲੇ ‘ਤੇ ਕੁਲਦੀਪ ਮਾਣਕ ਆ ਪਹੁੰਚਿਆ। ਕੁਲਦੀਪ ਮਾਣਕ ਨੇ ਇਹੋ ਜਿਹੀ ਪੈੜ ਛੱਡੀ ਕਿ ਕੈਨੇਡਾ ‘ਚ ਜਨਮੇ ਪੰਜਾਬੀਆਂ ਦੇ ਬੱਚੇ ਮਹੀਨਾ-ਮਹੀਨਾ ਪਹਿਲਾਂ ਫੋਨ ਕਰਕੇ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਕਿ, “ਕੁਲਦੀਪ ਮਾਣਕ ਜੀ ਕਦੋਂ ਆਉਣਗੇ ?” ਜਦੋਂ ਕੁਲਦੀਪ ਮਾਣਕ ਸਾਡੇ ਕੋਲ ਰਹਿ ਰਿਹਾ ਹੁੰਦਾ ਹੈ ਤਾਂ ਪੰਜਾਬੀਆਂ ਦੇ ਬੱਚੇ ਮਿਲਣ ਆਉਂਦੇ ਨੇ ਆਪਣੇ ਘਰ ਲੈ ਜਾਣ ਦੀ ਜ਼ਿੱਦ ਕਰਦੇ ਨੇ। ਬੜੇ ਤਪਾਕ ਨਾਲ ਗਲਵੱਕੜੀਆਂ ਪਾ-ਪਾ ਮਿਲ਼ਦੇ ਨੇ। ਗੋਡੀਂ ਹੱਥ ਲਾਉਂਦੇ ਨੇ ਤੇ ਗੀਤ ਸੁਣਦੇ ਨੇ।
“ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ।”
ਜਦੋਂ ਮੈਂ ਮਾਣਕ ਵੰਨੀ ਤੱਕਦਾ ਹਾਂ ਤਾਂ ਮੇਰੇ ‘ਚ ਜੋਸ਼ ਆ ਜਾਂਦਾ ਹੈ, ਚਾਅ ਚੜ੍ਹ ਜਾਂਦਾ ਹੈ, ਖੁਸ਼ੀ ਹੁੰਦੀ ਹੈ ਕਿ ਇਸ ਨੇਕ ਇਨਸਾਨ ਨੇ ਹੁਣ ਤੱਕ ਯਾਰੀ ਅਤੇ ਰਿਸ਼ਤੇ ਬਹੁਤ ਖੱਟੇ/ਕਮਾਏ ਨੇ, ਇਹ ਜਿੱਥੇ ਜਾਂਦਾ ਹੈ ਠਹਿਰਦਾ ਹੈ ਬਸ ਰਿਸ਼ਤੇ ਆਪਣੇ ਆਪ ਹੀ ਬਣ ਜਾਂਦੇ ਹਨ। ਮੇਰੀ ਜੀਵਨ ਸਾਥਣ ਸੁੱਖੀ ਥਿੰਦ ਨੂੰ ਮਾਣਕ ਭੈਣ ਮੰਨਦਾ ਹੈ ਤੇ ਹਰ ਵਰ੍ਹੇ ਰੱਖੜੀ ਬੰਨਵਾਉਂਦਾ ਹੈ। ਕਈ ਵਾਰ ਤਾਂ ਬੜਾ ਹਾਸਾ ਆਉਂਦਾ ਏ ਉਸ ਦਿਨ ਨੂੰ ਯਾਦ ਕਰਕੇ ਕਿ ਇਕ ਦਿਨ ਮੈਂ ਅਤੇ ਸੁੱਖੀ ਮਾਣਕ ਨੂੰ ਕਹਿਣ ਲੱਗੇ, “ਮਾਣਕ ਸਾਬ੍ਹ ਤੁਸੀਂ ਬਹੁਤੀ ਨਾ ਪੀਆ ਕਰੋ, ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ।”
ਮਾਣਕ ਠੀਕ-ਠੀਕ ਕਹਿ ਕੇ ਸਾਰਦਾ ਰਿਹਾ। ਸੁੱਖੀ ਬਜ਼ਾਰੋਂ ਕੁਝ ਲੈਣ ਤੁਰ ਗਈ । ਉਹ ਅਜੇ ਗੱਡੀ ਤੱਕ ਹੀ ਪਹੁੰਚੀ ਸੀ ਕਿ ਮਾਣਕ ਸੁੱਖੀ ਦੇ ਪੈੜਾਂ ਦੀ ਬਿੜਕ ਲੈਂਦਾ ਬੋਲਿਆ, “ਲਿਆ ਬਈ, ਘੁੱਟ-ਘੁੱਟ ਲਾ ਲਈਏ ਤੋੜ ਲੱਗੀ ਆ…. ਖੜ੍ਹਾ ਨਹੀਂ ਹੋਇਆ
ਜਾ ਰਿਹਾ… ।” ਕੁਲਦੀਪ ਮਾਣਕ ਦੀ ਗਾਇਕੀ ਨੂੰ ਸੁਣ ਕੇ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਤੋਂ ਨਹੀਂ ਲੱਭਦਾ। ਅਸੀਂ ਕੁਲਦੀਪ ਮਾਣਕ ਨੂੰ “ਸਵ: ਯਮਲਾ ਜੱਟ ਅਵਾਰਡ” ਦੇ ਕੇ ਸਨਮਾਨਿਆ ਸੀ। ਕਿਉਂਕਿ ਕੁਲਦੀਪ ਮਾਣਕ ਦਾ ਦਾਇਰਾ ਵਿਸ਼ਾਲ ਹੈ ਉਸਦੀ ਸੱਭਿਆਚਾਰ ਅਤੇ ਵਿਰਸੇ ਨੂੰ ਬਹੁਤ ਵੱਡੀ ਦੇਣ ਹੈ । ਜੇਕਰ ਕੁਲਦੀਪ ਮਾਣਕ ਨਾ ਜਨਮਦਾ ਤਾਂ ਅਸੀਂ ਮਾਣਕ ਵੱਲੋਂ ਗਾਈਆਂ ਕਲੀਆਂ, ਗਾਥਾਵਾਂ, ਲੋਕ ਗੀਤਾਂ ਅਤੇ ਹੋਰ ਵੰਨਗੀਆਂ ਤੋਂ ਵਾਂਝੇ ਰਹਿ ਜਾਣਾ ਸੀ। ਮਾਣਕ ਨੂੰ ਮੈਂ ਸਮੁੰਦਰ ਮੰਨਦਾ ਹਾਂ ਜਿਸਦੇ ਮੂੰਹੋਂ ਨਿਕਲਿਆ ਹਰ ਬੋਲ ਲਹਿਰ ਹੈ ਜਿਹੜੀ ਸਿੱਧੀ ਸੱਭਿਆਚਾਰ ਅਤੇ ਵਿਰਸੇ ਨੂੰ ਜਾ ਟਕਰਾਉਂਦੀ ਹੈ।
ਕੁਲਦੀਪ ਮਾਣਕ ਨੇ ਜੋ ਕੁਝ ਵੀ ਗਾਇਆ ਉਹ ਵਿਲੱਖਣ ਤੇ ਸੱਚਾ ਅਤੇ ਸੁੱਚਾ ਹੈ ਮੈਨੂੰ ਕੁਲਦੀਪ ਮਾਣਕ ਵੱਲੋਂ ਗਾਇਆ ਹਰ ਗੀਤ ਵਧੀਆ ਲਗਦਾ ਹੈ ਕਿਉਂਕਿ ਜਦੋਂ ਕੁਲਦੀਪ ਮਾਣਕ ਪੂਰੇ ਜੋਸ਼ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਵੀਰਤਾ: “ਪੰਜ ਵਜੇ ਬੰਦ ਹੋ ਗਈਆਂ ਕਚਹਿਰੀਆਂ, ਕਸੂਤਾ ਯਭ ਪੈ ਗਿਆ ।” ਨੂੰ ਜਦੋਂ ਪੇਸ਼ ਕਰਦਾ ਹੈ ਤਾਂ ਮੇਰਾ ਜੋਸ਼ ਨਾਲ ਲੂੰ-ਲੂੰ ਖੜ੍ਹਾ ਹੋ ਜਾਂਦਾ ਹੈ । ਇਹ ਸੀਨ ਮੇਰੇ ਚੇਤੇ ‘ਚੋਂ ਕਦੇ ਵੀ ਮਨਫੀ ਨਹੀਂ ਹੁੰਦਾ। ਅਸੀਂ ਕੁਲਦੀਪ ਮਾਣਕ ਨੂੰ ਅਕਸਰ ਕਹਿੰਦੇ ਸੀ, “ਮਾਣਕ ਸਾਬ੍ਹ ਤੁਸੀਂ ਪੱਗ ਬੰਨ ਕੇ ਗਾਇਆ ਕਰੋ ।” ਪਰ ਸਾਡੀ ਗੱਲ ਕਦੇ ਨਾ ਮੰਨੀ। ਸੰਨ 2005 ਦੀ ਗੱਲ ਹੈ ਕਿ ਕੁਦਰਤੀ ਕੁਲਦੀਪ ਮਾਣਕ ਨੇ ਉਸ ਮੇਲੇ ‘ਤੇ ਪੱਗ ਬੰਨੀ ਹੋਈ ਸੀ । ਗਿੱਲ ਹਰਦੀਪ ਗਮਗੀਨ ਹੋਇਆ ਗਾ ਰਿਹਾ ਸੀ, “ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ ।” ਕੁਲਦੀਪ ਮਾਣਕ ਅਤੇ ਸ਼ੌਕਤ ਅਲੀ ਸਟੇਜ ‘ਤੇ ਜਾ ਪਹੁੰਚੇ। ਕੁਲਦੀਪ ਮਾਣਕ ਨੂੰ ਲੋਰ ਚੜ੍ਹੀ ਅਤੇ ਕੁਲਦੀਪ ਮਾਣਕ ਨੇ ਆਪਣੀ ਪੱਗ ਸ਼ੌਕਤ ਅਲੀ ਦੇ ਸਿਰ ‘ਤੇ ਸ਼ਿੰਗਾਰ ਦਿੱਤੀ। ਸ਼ੌਕਤ ਅਲੀ ਨੇ ਗਿੱਲ ਹਰਦੀਪ ਨੂੰ ਸਤਰਾਂ ਦੁਹਰਾਨ ਲਈ ਕਿਹਾ, “ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ ।” ਤਾਂ ਸ਼ੌਕਤ ਅਲੀ ਨੇ ਅਪਣੇ ਗਲੇ ‘ਚ ਪਾਇਆ ਦੁਪੱਟਾ ਕੁਲਦੀਪ ਮਾਣਕ ਦੇ ਸਿਰ ‘ਤੇ ਵਲ੍ਹੇਟ ਦਿੱਤਾ ਅਤੇ ਦੋਹਾਂ ਨੇ ਗਲਵੱਕੜੀ ਪਾ ਲਈ। ਇਸ ਸੀਨ ਨੂੰ ਦੇਖ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ ਅਤੇ ਤਾੜੀਆਂ ਦੀ ਗੂੰਜ ਖਾਸਾ ਚਿਰ ਪੈਂਦੀ ਰਹੀ।”
ਮਾਣਕ ਬਣਨਾ ਸੌਖਾ ਨਹੀਂ….
ਸੁਰਜੀਤ ਸਿੰਘ ਅਮਰੀਕਾ
ਬਚਪਨ ਦੇ ਦਿਨੀਂ ਬੜੇ ਸੁਣਦੇ ਹੁੰਦੇ ਸਾਂ ਮਾਣਕ ਨੂੰ ਮਾਣਕ ਦੇ ਗੀਤਾਂ ਨੂੰ ਪਰ ! ਮਾਣਕ ਨੂੰ ਦੇਖਣਾ ਚਿਰਾਂ ਪਿੱਛੋਂ ਨਸੀਬ ਹੋਇਆ। ਅੱਜ ਤੋਂ ਕੋਈ ਤਿੰਨ ਦਹਾਕੇ ਪਹਿਲਾਂ ਮਾਣਕ ਸਾਡੇ ਨੇੜਲੇ ਪਿੰਡ ਰਾਏਪੁਰ (ਜਲੰਧਰ) ‘ਚ ਆਇਆ ਸੀ ਪ੍ਰੋਗਰਾਮ। ਜਦੋਂ ਮੈਂ ਨਿੱਕੇ ਜਿਹੇ ਕੱਦ ਦੇ ਮਾਣਕ ਨੂੰ ਉੱਚੀ-ਲੰਮੀ ਅਵਾਜ਼ ਕੱਢਦਿਆਂ ਸੁਣਿਆ ਤਾਂ ਇਸ ਦੀ ਅਦਾਕਾਰੀ ਤੇ ਗਾਇਕੀ ਦਾ ਮੁਰੀਦ ਬਣ ਗਿਆ । ਉਸ ਤੋਂ ਬਾਅਦ ਜਿਥੇ ਕਿਤੇ ਮਾਣਕ ਦੇ ਆਉਣ ਦਾ ਪਤਾ ਲਗਦਾ ਤਾਂ ਮੈਂ ਸੁਣਨ-ਦੇਖਣ ਪਹੁੰਚਦਾ ਮਾਣਕ ਨੂੰ… ।
ਮਾਣਕ ਜਿੱਥੇ ਕਿਤੇ ਵੀ ਜਾਂਦਾ ਪ੍ਰੋਗਰਾਮ ਕਰਨ ਉਸਦੇ ਸਰੋਤਿਆਂ ਦਾ ਇਕੱਠ ਉਸ ਪ੍ਰਤੀ ਮੁਹੱਬਤ ਦੀ ਗਵਾਹੀ ਭਰਦਾ ਸ੍ਰੋਤੇ ਮਾਣਕ ਨੂੰ ਸੁਣਨ ਲਈ ਦੂਰ-ਦੂਰ ਤੋਂ ਟੋਲੀਆਂ ਬੰਨੀ ਆਉਂਦੇ ਨਜ਼ਰੀ ਪੈਂਦੇ ਜਿਵੇਂ ਕਿਤੇ ਮੇਲਾ ਦੇਖਣ ਚੱਲੇ ਹੋਣ। ਜਦੋਂ ਮਾਣਕ ਸਟੇਜ ‘ਤੇ ਖੜ੍ਹ ਨਿੱਕੀ ਜਿਹੀ ਬਾਂਹ ਕੱਢ ਕੇ “ਚਿੱਠੀਆਂ ਸਾਹਿਬਾ ਜੱਟੀ, ਲਿਖ ਮਿਰਜ਼ੇ ਨੂੰ ਪਾਈਆਂ ।” ਦੁਲਿਆ ਵੇ ਟੋਕਰਾ ਚੁਕਾਈਂ ਆਣ ਕੇ।”, ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਹਦੀਂ ਆਹ ਹੀਰ ਦੀ ” ਜਿਹੇ ਅਨੇਕਾਂ ਗੀਤਾਂ ਨੂੰ ਇਕੋ ਸਾਹ ‘ਚ ਗਾਇਆ ਤਾਂ… ਮੈਂ ਹੈਰਾਨ ਰਹਿ ਗਿਆ ਕਿ ਨਿੱਕਾ ਜਿਹੇ ਕੱਦ ਵਾਲਾ ਮਾਣਕ ਕਿਥੋਂ ਕੱਢਦਾ ਹੈ। ਇੰਨੀ ਉੱਚੀ ਅਵਾਜ਼…।
ਉਸ ਤੋਂ ਬਾਅਦ ਜਦੋਂ ਮੈਂ ਅਮਰੀਕਾ ਆਇਆ ਤਾਂ ਅਸੀਂ ਹਾਣੋਂ-ਹਾਣੀ ਜਦੋਂ ਵੀ ਜੁੜਦੇ ਤਾਂ ਮਾਣਕ ਦੇ ਗੀਤ ਗਾ ਕਿ ਮਨ ਪ੍ਰਚਾਵਾ ਕਰਨ ਲੱਗੇ ਫੇਰ ਮਾਣਕ ਨੂੰ ਇਥੋਂ ਦੇ ਵੱਡੇ ਹਾਲ ‘ਚ ਪ੍ਰੋਗਰਾਮ ਕਰਦਿਆਂ ਸੁਣਿਆਂ-ਦੇਖਿਆ ਕਿ ਗੋਰੇ ਵੀ ਝੂਮ ਰਹੇ ਸਨ ਉਸਦੇ ਗੀਤ ਸੁਣਕੇ ਭਾਵੇਂ ਇਹ ਸਭ ਕੁਝ ਉਨ੍ਹਾਂ ਦੀ ਸਮਝ ਤੋਂ ਬਾਹਰੀ ਸਨ… ਮੈਂ ਮੁੱਢੋਂ ਹੀ ਕਹਿੰਦਾ ਆਇਆ ਸਾਂ ਕਿ, “ਜਦੋਂ ਕਦੇ ਆਪਣੇ ਪਰਿਵਾਰ ‘ਚ ਕੋਈ ਖੁਸ਼ੀ ਦਾ ਮੌਕਾ ਬਣਿਆ ਤਾਂ ਮਾਣਕ ਨੂੰ ਜਰੂਰ ਸੱਦਣਾਂ ਏ ਪ੍ਰੋਗਰਾਮ ਭਰਨ ਕੁਝ ਵਰ੍ਹਿਆਂ ਮਗਰੋਂ ਅਸੀਂ ਛੋਟੇ ਭਰਾ ਦੇ ਵਿਆਹ ‘ਚ ਮਾਣਕ ਦਾ ਪ੍ਰੋਗਰਾਮ ਕਰਵਾਉਣ ਦੀ ਸਲਾਹ ਕੀਤੀ.. ਉਸੇ ਦਿਨ ਹੀ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲੇ ਦੇ ਲੜਕੇ ਦਾ ਵਿਆਹ ਸੀ ਤੇ ਮਾਣਕ ਦਾ ਜਦੋਂ ਅਸੀਂ ਪ੍ਰੋਗਰਾਮ ਬੁੱਕ ਕਰਨ ਗਏ ਤਾਂ ਮਾਣਕ ਨੇ ਵਿਚਲੀ ਸਾਰੀ ਗੱਲ ਦੱਸੀ ਤੇ ਕਿਹਾ ਕਿ, “ਜੇਕਰ ਕਿਸੇ ਹੋਰ ਦਾ ਪ੍ਰੋਗਰਾਮ ਹੁੰਦਾ ਤਾਂ ਸੁਰਜੀਤ ਮੈਂ ਜ਼ਰੂਰ ਛੱਡ ਦਿੰਦਾ… ਇਹ ਤਾਂ ਮੇਰੇ ਭਤੀਜੇ ਦਾ ਵਿਆਹ ਈ ਮੈਂ ਮਾਫ਼ੀ ਚਾਹੁੰਦਾ ਕਿਉਂਕਿ ਛੱਡ ਨਹੀਂ ਸਕਦਾ ।” ਉਸ ਤੋਂ ਬਾਅਦ ਮੇਰੇ ਮਨ ‘ਚ ਮਾਣਕ ਪ੍ਰਤੀ ਹੋਰ ਸ਼ਰਧਾ ਵੱਧ ਗਈ ਉਸਦੀ ਯਾਰ ਪ੍ਰਤੀ ਵਫਾਦਾਰੀ ਦੇਖ ਕਿ ਹੌਲੇ-ਹੌਲੇ ਸਾਡੇ ਪਰਿਵਾਰ ਨਾਲ ਮਾਣਕ ਦੇ ਪਰਿਵਾਰਕ ਸਬੰਧ ਬਣ ਗਏ ਤੇ ਸਾਡਾ ਆਣ-ਜਾਣ ਹੋਣ ਲੱਗਾ… । ਉਸ ਤੋਂ ਬਾਅਦ ਜਦ-ਜਦ ਵੀ ਕੋਈ ਖੁਸ਼ੀ ਭਰਿਆ ਮਹੌਲ ਬਣਿਆ ਤਾਂ ਮਾਣਕ ਸਾਡੇ ਪ੍ਰੋਗਰਾਮ ਕਰਨ ਆਪ ਆਇਆ ਹੈ। ਕਈ ਵਾਰ ਜਦੋਂ-ਕਦੇ ਮਾਣਕ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਤਾਂ ਆਪਣੀ ਥਾਂ ਯੁਧਵੀਰ ਨੂੰ ਭੇਜਦਾ ਹੈ….।
ਮੈਂ ਮਾਣਕ ਨੂੰ ਪੰਜਾਬੀ ਸੱਭਿਆਚਾਰ ਦਾ ਹੀਰਾ ਮੰਨਦਾ ਹਾਂ ਜਿਸਦੀ ਆਪਣੀ ਵਿਲੱਖਣ ਚਮਕ-ਦਮਕ ਹੈ। ਮਾਣਕ ਪੰਜਾਬੀ ਗਾਇਕੀ ਦਾ ਉਹ ਕਲਾਕਾਰ ਹੈ ਜੋ ਇੱਕੋ ਪਰਿਵਾਰ ‘ਚ ਤਾਂ ਤਿੰਨ ਵਾਰ ਪ੍ਰੋਗਰਾਮ ਕਰਨ ਗਿਆ । ਪਹਿਲਾਂ ਬਾਪ ਦੇ ਵਿਆਹ ‘ਚ ਫੇਰ ਉਸ ਬਾਪ ਦੇ ਲੜਕੇ ਦੇ ਜਨਮ ਦਿਨ ‘ਤੇ ਉਸ ਤੋਂ ਬਾਅਦ ਉਸ ਲੜਕੇ ਦੇ ਵਿਆਹ ਤੇ ਵੀ ਪ੍ਰੋਗਰਾਮ ਕਰਨ ਗਿਆ ਹੈ। ਮਾਣਕ ਦਾ ਦਿਲ ਸਾਫ਼ ਤੇ ਉਹ ਕਹਿਣੀ ਕਰਨੀ ਦਾ ਪੱਕਾ ਹੈ ਚੁੱਲੇ ਲੱਗੀ ਇੱਟ ਵਾਂਗ ਉਹ ਜਿਸ ਨੂੰ ਮੁਹੱਬਤ ਕਰਦਾ ਹੈ ਤਾਂ ਐਨ ਦਿਲ ਤੋਂ ਜੇਕਰ ਵਿਗੜ ਜਾਵੇ ਤਾਂ ਪੈਰਾਂ ‘ਤੇ ਪਾਣੀ ਨਹੀਂ ਪੈਣ ਦਿੰਦਾ । ਮਾਣਕ ਨੇ ਆਪਣੇ ਅਖਾੜੇ- ਪ੍ਰੋਗਰਾਮਾਂ ਨੂੰ ਸਫ਼ਲ ਕਰਨ ਲਈ ਨਾ ਤਾਂ ਸਾਜ਼ਿੰਦਿਆਂ ਦਾ ਸਹਾਰਾ ਲਿਆ ਹੈ ਤੇ ਨਾ ਹੀ ਸ਼ੋਖ ਅਦਾਵਾਂ ਵਾਲੀਆਂ ਗਾਇਕ ਕੁੜੀਆਂ ਦਾ । ਮਾਣਕ ਨੂੰ ਸੁਣਨ ਵਾਲੇ ਅੱਜ ਪੰਜਾਬ ਦੇ ਸਧਾਰਨ ਪਿੰਡ ਤੋਂ ਲੈ ਕੇ ਅਮਰੀਕਾ ਦੇ ‘ਵਾਈਟ ਹਾਊਸ’ ਤੱਕ ਬੈਠੇ ਹਨ। ਮਾਣਕ ਨੇ ਨਿਰੰਤਰ ਮਿਹਨਤ ਕਰਕੇ ਆਪਣੇ ਆਪ ਨੂੰ ਹੀਰਾ ਆਪ ਬਣਾਇਆ ਹੈ। ਮਾਣਕ ਬਾਰੇ ਬਹੁਤ ਹੋਰ ਲਿਖਿਆ-ਦੱਸਿਆ ਜਾ ਸਕਦਾ । ਕਿਉਂਕਿ ਮਾਣਕ ਦੀ ਗਾਇਕੀ ਦੂਜੀ ਸਦੀ ‘ਚ ਜਾ ਢੁੱਕੀ ਹੈ। ਇਸ ਕਰਕੇ ਮਾਣਕ ਨੇ ਜੋ ਮਾਣ-ਤਾਣ ਸੁੱਤੀਆਂ-ਭੁੱਲੀਆਂ ਲੋਕ-ਗਾਥਾਵਾਂ ਨੂੰ ਮੁੜ ਲੋਕਾਂ ‘ਚ ਪ੍ਰਚੱਲਿਤ ਕੀਤਾ ਜੋ ਕਿ ਸੌਖਾ ਕੰਮ ਨਹੀਂ।
ਮਾਣਕ ਦਾ ਪ੍ਰਸ਼ੰਸਕ, ਮੇਰਾ ਬੇਲੀ
ਹਰਮੇਸ਼ ਮੇਸ਼ੀ
ਮੈਨੂੰ ਪਿੰਡੋਂ ਸ਼ਹਿਰ ਨੂੰ ਸਾਇਕਲ ‘ਤੇ ਆਉਂਦਿਆਂ ਜਦੋਂ ਵੀ ਮਿਲਦਾ ਉਹ ਬੱਕਰੀਆਂ ਪਿੱਛੇ ਆਪਣੀ ਮਸਤ ਤੋਰ, ਬੀੜੀ ਦਾ ਕੱਸ਼ ਖਿਚਦਾ ਹੋਇਆ ਮਾਣਕ ਦੀ ਅਵਾਜ਼ ਨਾਲ ਆਪਣੀ ਅਵਾਜ਼ ਮੇਚਦਾ ਮਿਲਦਾ । ਮੈਂ ਉਸ ਨੂੰ ਆਉਂਦਿਆਂ ਜਾਂਦਿਆਂ ਦੇਖ ਆਪਣੇ ਸਾਈਕਲ ਦੀ ਗਤੀ ਧੀਮੀ ਕਰ ਲੈਂਦਾ ਤੇ ਉਸਦੀ ਅਵਾਜ਼ ਦਾ ਰਸ ਮਾਣਦਾ। ਕਈ ਵਾਰ ਚਿੱਤ ਕੀਤਾ ਉਸ ਦੀ ਸੰਗਤ ਮਾਨਣ ਨੂੰ ਰੱਜ ਕੇ ਗੀਤ ਸੁਣਨ ਨੂੰ। ਪਰ, ਰਾਤਾਂ ਛੋਟੀਆਂ ਯਾਰ ਬਥੇਰੇ, ਮੈਂ ਕਿਹਦਾ-ਕਿਹਦਾ ਮਾਣ ਰੱਖਲਾਂ । ਵਾਲੀ ਗੱਲ ਹੁੰਦੀ ਮੈਨੂੰ ਕੋਈ ਨਾ ਕੋਈ ਰੁਝੇਵਾਂ ਹੁੰਦਾ ਜਾਂ ਬਾਹਰ ਦਾ ਝਮੇਲਾ ਹੁੰਦਾ।
ਪਿਛਲੇ ਵਰ੍ਹੇ ਉਦੋਂ ਮੈਂ ਕੁਲਦੀਪ ਮਾਣਕ ਦੇ ਜੀਵਨ ‘ਤੇ ਕਿਤਾਬ ਛਪਵਾ ਹਟਿਆ ਸਾਂ । ਉਹ ਮੈਨੂੰ ਭਾਗਾਂ ਭਰੇ ਦਿਨ ਤਪਦੇ ਹਾੜ ਦੀ ਸਿਖਰ ਦੁਪਹਿਰ, ਤੂਤਾਂ ਦੀ ਠੰਡੀ ਛਾਂ ਹੇਠ ਚਲਦੀ ਬੰਬੀ ‘ਤੇ ਬੱਕਰੀਆਂ ਨੂੰ ਪਾਣੀ ਪਿਲਾਉਂਦਾ ਮਿਲਿਆ। ਨਾਲ-ਨਾਲ, “ਮਾਂ ਹੁੰਦੀ ਏ ਮਾਂ ।” ਗੀਤ ਉੱਚੇ ਸੁਰ ਜੋਸ਼ ਨਾਲ ਮਸਤ ਹੋ ਗਾ ਰਿਹਾ ਸੀ । ਮੈਂ ਮੌਕਾ ਤਾੜਿਆ ਤੇ ਪਾਣੀ ਪੀਣ ਬਹਾਨੇ ਉਸ ਕੋਲ ਜਾ ਖੜ੍ਹਿਆ। ਉਹ ਗੌਣ ‘ਚ ਮਸਤ ਸੀ। ਮੈਨੂੰ ਉਸਦੀ ਅਵਾਜ਼ ਨੇ ਕੀਲ ਲਿਆ। ਉਸ ਦੇ ਬੋਲ ਉਚਾਰਨ, ਉੱਚਾ ਸੁਰ, ਛਾਤੀ ਦੇ ਜ਼ੋਰ ਨਾਲ ਗਾਉਂਦਿਆਂ ਦੇਖ ਮੈਨੂੰ ਕੁਲਦੀਪ ਮਾਣਕ ਨਾਲ ਬਿਤਾਏ ਪਲ ਚੇਤੇ ‘ਚ ਉਸਲਵੱਟੇ ਲੈਣ ਲੱਗੇ। ਜਦੋਂ ਉਹ ਗਾ ਹਟਿਆ ਤਾਂ ਮੈਥੋਂ ਉਸਦੀ ਸਿਫ਼ਤ ਕੀਤੇ ਬਿਨਾਂ ਰਿਹਾ ਨਾ ਗਿਆ, “ਬਾਈ ਜੀ,- ਤੁਹਾਡੀ ਆਵਾਜ਼ ਜਮ੍ਹਾਂ ਈ ਮਾਣਕ ਸਾਹਿਬ ਦੀ ਅਵਾਜ਼ ਨਾਲ ਮਿਲਦੀ ਏ । ਕਿਧਰੇ ਮਾਣਕ ਸਾਹਿਬ ਸਾਹਮਣੇ ਖੜ੍ਹੇ ਹੋਣ ਤੇ ਤੁਹਾਨੂੰ ਗਾਉਣ ਲਾ ਦਿੱਤਾ ਜਾਵੇ ਤਾਂ ਕੋਈ ਕਿਆਸ ਨਹੀਂ ਸਕਦਾ, ਕਿ ਤੁਸੀਂ ਗਾ ਰਹੇ ਓ ਜਾਂ ਮਾਣਕ ਸਾਹਿਬ। ਤੁਸੀਂ ਕਿਸੇ ਤੋਂ ਬਕਾਇਦਾ ਸੰਗੀਤ ਸਿੱਖਿਆ ਲਈ ਏ ਉਹ ਉਦਾਸ ਸੁਰ ‘ਚ ਬੋਲਿਆ ਕਿਥੇ ਛੋਟੇ ਵੀਰ, ਛੋਟੀ ਉਮਰ ਬਾਪੂ ਦਾ ਸਾਇਆ ਸਿਰੋਂ ਉਠ ਗਿਆ ਸਮਾਂ ਪਾ ਕੇ ਮਾਂ ਵੀ ਤੁਰ ਵਸੀ। ਭੈਣ, ਭਰਾਵਾਂ ਨੇ ਰਲ ਕੇ ਪਾਲਿਆ ਸਕੂਲ ਜਾਣ ਵਾਲੀ ਉਮਰੇ, ਜੱਟਾਂ ਦੇ ਗੋਹਾ-ਕੂੜਾ ਕਰਦਾ। ਰਿਹਾ ਤੇ ਨਾਲ-ਨਾਲ ਬੱਕਰੀਆਂ ਦਾ ਅੱਗਾ-ਪਿੱਛਾ ਕਰਦਾ ਰਿਹਾ। ਹੁਣ ਤਾਂ ਬਸ ਬੱਕਰੀਆਂ ‘ਤੇ ਹੀ ਆਂ ਪਰ ਛੋਟੀ ਉਮਰ ਇਕ ਸ਼ੌਕ ਮਾੜੇ ਰੋਗ-ਵਾਂਗ ਚਿੰਬੜ ਗਿਆ ਜਿਸਨੇ ਬਹੁਤ ਠੰਡੇ-ਤੱਤੇ ਹਾਲਾਤਾਂ ਵਿਚੋਂ ਲੰਘਾਇਆ।
ਜਦੋਂ ਮੈਂ ਪਹਿਲੀ ਵਾਰ ਗੀਤ, “ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ ।” ਸੁਣਿਆ ਤਾਂ ਇਸ ਤਿੱਖੀ ਤੇ ਟੁਣਕਵੀਂ ਆਵਾਜ਼ ਨੇ ਇਹੋ ਜਿਹਾ ਜਾਦੂ ਕੀਤਾ ਕਿ ਪਤਾ ਨਹੀਂ ਕੀ ਹੋ ਗਿਆ ਜਦੋਂ ਇਸ ਗੀਤ ਨੂੰ ਮੈਂ ਦੂਜੀ ਤੀਜੀ ਵਾਰ ਸੁਣਿਆ ਤਾਂ ਮੈਂ ਮੂੰਹੋਂ ਆਪ ਮੁਹਾਰੇ ਹੀ ਇਸ ਆਵਾਜ਼ ਨਾਲ ਆਪਣੇ ਆਪ ਨੂੰ ਮੇਚਣ ਲੱਗਾ । ਸਮਾਂ ਪਾ ਕੇ ਮੇਰਾ ਝਾਕਾ ਖੁੱਲ ਗਿਆ। ਤੇ ਮੈਂ ਗਲੀਆਂ ਖੇਤਾਂ ‘ਚ ਗਾਉਂਦਾ ਫਿਰਦਾ ਰਹਿੰਦਾ। ਲੋਕਾਂ ਨੇ ਮੈਨੂੰ ਮਾਣਕ ਕਹਿਣਾ ਸ਼ੁਰੂ ਕਰ ਦਿੱਤਾ। ਕਈ ਮੈਨੂੰ ਰਾਤਾਂ ਨੂੰ ਘੁਲਾੜੀਆਂ ‘ਤੇ ਲੈ ਜਾਂਦੇ । ਆਪ ਕੰਮ ਕਰਦੇ ਰਹਿੰਦੇ ਤੇ ਮੈਥੋਂ ਗੀਤ ਸੁਣਦੇ। ਮੁੜਦੇ ਨੂੰ ਰਸ ਤੇ ਗੁੜ ਦੇ ਕੇ ਤੋਰਦੇ । ਘਰ ਦੇ ਖੁਸ਼ ਹੁੰਦੇ ਤੇ ਮੈਨੂੰ ਵੀ ਚਾਅ ਚੜ੍ਹਦਾ ।
ਮਾਣਕ ਸਾਹਿਬ ਨੂੰ ਦੇਖਣ ਦੀ ਮੇਰੀ ਪੁਰਾਣੀ ਗੱਲ ਪਿੰਡ ਸੁਰਲ (ਰਾਜਪੁਰਾ) ਵਿਖੇ ਪੂਰੀ ਹੋਈ ਜਿਥੇ ਮੈਂ ਮਾਣਕ ਸਾਹਿਬ ਨੂੰ ਤੂੰਬੀ ਨਾਲ ਗਾਉਂਦਿਆਂ ਪਹਿਲੀ ਵਾਰ ਵੇਖਿਆ ਸੀ । ਮੈਂ ਝਿਜਕਦਾ ਉਹਨਾਂ ਨੇੜੇ ਨਾ ਜਾ ਸਕਿਆ। ਉਸੇ ਸਾਲ ਮੈਂ ਸਰਹਿੰਦ ਦੀ ਸਭਾ ਤੋਂ ਤੂੰਬੀ ਖਰੀਦੀ ਅਤੇ ਆਪਣੇ ਆਪ ਹੀ ਵਜਾਉਣੀ ਸਿੱਖ ਲਈ ਤੇ ਗੀਤਾਂ ਦੀਆਂ ਤਰਜ਼ਾਂ ਕੱਢਣ ਲੱਗ ਪਿਆ। ਕਈ ਲੋਕ ਮੈਨੂੰ ਸੱਭਿਆਚਾਰ ਮੇਲਿਆਂ ਅਤੇ ਵਿਆਹ ‘ਚ ਧੱਕੇ ਨਾਲ ਗਾਉਣ ਲਾ ਦੇਂਦੇ। ਪਰ ਕਿਸੇ ਨੇ ਕਦੇ ਹੱਥ ‘ਤੇ ਧੇਲਾ ਨਹੀਂ ਧਰਿਆ। ਆਹ ਕੁਝ ਹੁੰਦਾ ਦੇਖ ਮੇਰਾ ਅੰਦਰੋਂ ਰੋਣਾ ਆਉਂਦਾ। ਇਕ ਦਿਨ ਖਿਝ ਕੇ ਮੇਰੇ ਭਰਾ ਨੇ ਤੂੰਬੀ ਤੋੜ ਦਿੱਤੀ, ਕਹਿਣ ਲੱਗਾ, “ਉਹ ਪਾਗਲਾ ਤੂੰ ਕਿਤੇ ਮਰਾਸੀਆਂ ਦਾ ਮੁੰਡਾ ਏਂ ਐਵੇਂ ਸੰਘ ਪਾੜਦਾ ਫਿਰਦਾ ਏਂ, ਇਹ ਬੇਕਦਰੇ ਲੋਕ ਨੇ, ਇਨ੍ਹਾਂ ਨੂੰ ਕੀ ਸਾਰ ਕਲਾ-ਕੁਲਾ ਦੀ, ਬਸ ਜਾਣਦੇ । ਮੈਂ ਵਿਆਹਾਂ, ਮੇਲਿਆਂ ‘ਤੇ ਜਮ੍ਹਾਂ ਈ ਜਾਣਾ ਛੱਡ ਦਿੱਤਾ । ਪਰ ਮੇਰਾ ਸ਼ੌਕ ਉਵੇਂ ਦਾ ਉਵੇਂ ਜਵਾਨ ਏਂ ਭਾਵੇਂ ਉਮਰ ਢਲ ਚੱਲੀ ਏ। ਉਸ ਵੇਲੇ ਨੂੰ ਚੇਤੇ ਕਰ ਆਪਣੀ ਕਿਸਮਤ ਨੂੰ ਕੋਸਦਾ ਆਂ। ਉਹ ਇੰਨਾ ਕਹਿ ਅੱਖਾਂ ਭਰ ਲਵੇਗਾ। ਮੈਂ ਉਸ ਨੂੰ ਹੌਸਲਾ ਦਿੱਤਾ, “ਨਾ ਬਾਈ ਨਾ ਦਿਲ ਹੌਲਾ ਨਾ ਕਰ । ਮੱਥੇ ਦੀਆਂ ਲਿਖੀਆਂ ਨੂੰ ਕੋਈ ਮੇਟ ਨਹੀਂ ਸਕਦਾ।” ਹਰਮੇਸ਼ ਦੇ ਅੱਜ ਵੀ ਕੁਲਦੀਪ ਮਾਣਕ ਦੇ ਸੈਂਕੜੇ ਗੀਤ ਜ਼ੁਬਾਨੀ ਯਾਦ ਨੇ ।
ਮਾਣਕ -MANAK-1
ਕਿਰਨਪਾਲ ਗਰੇਵਾਲ ਕੈਨੇਡਾ
(ਨੋਟ: ਪਾਲ ਨੇ ਅਪਣੀ ਗੱਡੀ ‘ਟਰੈਨਜੈਮ ਜੀ.ਟੀ.ਏ. (ਜਿਹੜੀ ਅੱਜ ਕੱਲ੍ਹ ਬਣਨੀ ਬੰਦ ਹੋ ਗਈ ਹੈ) ਦਾ ਨੰਬਰ ਵੀ ‘MANAK-1’ ਮੁੱਲ ਖਰੀਦਿਆ।)
ਅਸੀਂ ਪਹਿਲੇ ਮੇਲੇ ‘ਤੇ ਮੁਹੰਮਦ ਸਦੀਕ ਅੱਗੇ ਬੇਨਤੀ ਕੀਤੀ ਅਸੀਂ ਲੋਕ-ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਮੇਲੇ ਦੀ ਸ਼ਾਨ ਬਣਾਉਣਾ ਚਾਹੁੰਦੇ ਹਾਂ। ਤੁਸੀਂ ਸਾਡੇ ਵੱਲੋਂ ਕੁਲਦੀਪ ਮਾਣਕ ਨਾਲ ਗੱਲ ਤੋਰੋ। ਸਦੀਕ ਨੇ ਕਿਹਾ, “ਹਾਂ ਮੈਂ ਤਾਂ ਜ਼ਰੂਰ ਪੁੱਛ ਲਵਾਂਗਾ ਪਰ! ਉਹ ਮੂਡੀ ਬੰਦਾ ਐ ਮੰਨਣ ਜਾਂ ਨਾ ਮੰਨਣ ਦੀ ਮੈਂ ਜ਼ਿੰਮੇਵਾਰੀ ਨਹੀਂ लैंरा…।”
ਅਸੀਂ ਕੁਲਦੀਪ ਮਾਣਕ ਨੂੰ ਸੱਦਾ ਭੇਜਿਆ। ਨਾਲ ਹੀ ਹਰ ਵਰ੍ਹੇ ਮੇਲੇ ‘ਤੇ ਫਰੀ ਆਉਣ ਲਈ ਹਾਮੀ ਭਰੀ ਤੇ ਕਿਹਾ, “ਜਿੰਨਾ ਚਿਰ ਮੈਂ ਜਿਊਂਦਾ ਹਾਂ ਮੈਂ ਆਵਾਂਗਾ ਅਤੇ ਮਗਰੋਂ ਇਸ ਕਾਰਜ ਦੀ ਡੋਰ ਯੁਧਵੀਰ ਦੇ ਹੱਥ ਹੋਵੇਗੀ।” ਮੈਨੂੰ ਤਾਂ ਲਗਦਾ ਈ ਨਹੀਂ ਕਿ ਕੋਈ ਮਾਣਕ ਦੀ ਗਾਇਕੀ ਨੂੰ ਸਾਂਭੇਗਾ । ਦੂਜਾ ਮਾਣਕ ਪੈਦਾ ਹੋਣ ਦੀ ਤਾਂ ਉੱਕਾ ਈ ਆਸ ਨਹੀਂ ਬੱਝਦੀ। ਜੇਕਰ ਸੱਚ ਬਿਆਨ ਕੀਤਾ ਜਾਵੇ ਤਾਂ ਯੁਧਵੀਰ ਵੀ ਕੁਲਦੀਪ ਮਾਣਕ ਨਹੀਂ ਬਣ ਸਕਦਾ ਭਾਵੇਂ ਉਸਦੀਆਂ ਆਦਤਾਂ ਕਾਫ਼ੀ ਹੱਦ ਤੱਕ ਕੁਲਦੀਪ ਮਾਣਕ ਨਾਲ ਮੇਲ ਖਾਂਦੀਆਂ ਹਨ।
ਜਦੋਂ ਕੁਲਦੀਪ ਮਾਣਕ ਦੀ ਗਾਇਕੀ ਦੇ ਕੱਦ ਵੱਲ ਨਿਗਾਹ ਮਾਰਦੇ ਹਾਂ ਤਾਂ ਬੜਾ ਦੁੱਖ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਦੇ ਥੰਮ ਨੂੰ ਅੱਜ ਤੱਕ ਸਰਕਾਰੇ -ਦਰਬਾਰੇ ਅਣਗੌਲਿਆ ਰੱਖਿਆ ਗਿਆ ਹੈ।
ਜਦ ਕਿ ਕੁਲਦੀਪ ਮਾਣਕ ਨੇ ਲੋਕ-ਗਾਥਾਵਾਂ, ਕਲੀਆਂ, ਮਾਂ ਵਰਗੇ ਸੁੱਚੇ ਰਿਸ਼ਤਿਆਂ ਵਾਲੇ ਗੀਤ ਗਾ ਕੇ ਸਾਡੀ ਉਹਨਾਂ ਰਿਸ਼ਤਿਆਂ ਨਾਲ ਪਹਿਚਾਣ ਕਰਵਾਈ ਹੈ। ਭਾਵੇਂ ਦੁਨੀਆ ‘ਤੇ ਅੱਜ ਲੱਖਾਂ ਗਵੱਈਏ ਨੇ ਪਰ ਜੋ ਕੁਝ ਮਾਣਕ ਨੇ ਗਾਇਆ ਅਤੇ ਜੋ ਦੇਣ ਕੁਲਦੀਪ ਮਾਣਕ ਦੀ ਪੰਜਾਬੀ ਗਾਇਕੀ, ਪੰਜਾਬੀ ਸੱਭਿਆਚਾਰ ਨੂੰ ਹੈ ਉਹ ਨਾ ਹੀ ਕੋਈ ਦੇ ਸਕਿਆ ਹੈ ਅਤੇ ਨਾ ਹੀ ਕੋਈ ਦੇ ਸਕਦਾ ਹੈ।
ਜੇਕਰ ਕੁਲਦੀਪ ਮਾਣਕ ਦੁਨੀਆ ‘ਤੇ ਨਾ ਜਨਮ ਲੈਂਦਾ ਤਾਂ ਅਸੀਂ ਉਸਦੀ ਬੁਲੰਦ ਅਤੇ ਮਿੱਠੜੀ ਅਵਾਜ਼ ਅਤੇ ਲੋਕ ਗਾਥਾਵਾਂ ਤੋਂ ਵਾਂਝੇ ਰਹਿ ਜਾਣਾ ਸੀ । ਇਸ ਬਾਰੇ ਸਾਡੇ ਬੱਚੇ ਸਾਡੀ ਆਉਂਦੀ ਪੀੜ੍ਹੀ ਸੁਆਲ ਕਰਦੀ ਹੈ, “ਜੋ ਕੁਝ ਕੁਲਦੀਪ ਮਾਣਕ ਨੇ ਗਾਇਆ ਹੈ, ਕੀ ਆਹ ਬਿਲਕੁਲ ਸੱਚ ਹੈ ?” ਜੇਕਰ ਕੁਲਦੀਪ ਮਾਣਕ ਨੇ ਇਹਨਾਂ ਵੰਨਗੀਆਂ ਨੂੰ ਨਾ ਗਾਇਆ ਹੁੰਦਾ ਤਾਂ ਸਾਡੀ ਪੀੜੀ ਨੇ ਸਾਨੂੰ ਇਹ ਸੁਆਲ ਨਹੀਂ ਸੀ ਕਰਨਾ।
ਅਸੀਂ ਹੁਣ ਤੱਕ ਪੰਜਾਬ ਤੋਂ ਅਤੇ ਪਾਕਿਸਤਾਨ ਆਦਿ ਮੁਲਕਾਂ ਤੋਂ ਆਏ ਗਾਇਕਾਂ ਨੂੰ ਸੁਣਿਆ ਹੈ। ਪਰ ਜੋ ਸਕੂਨ ਕੁਲਦੀਪ ਮਾਣਕ ਨੂੰ ਸੁਣਕੇ ਮਿਲਦਾ ਹੈ ਉਹ ਸਕੂਨ ਹੋਰ ਕਿਸੇ ਗਵੱਈਏ ਨੂੰ ਸੁਣ ਕੇ ਨਹੀਂ ਮਿਲਦਾ ਜਦੋਂ ਕੁਲਦੀਪ ਮਾਣਕ, “ਪੰਜ ਵਜੇ ਬੰਦ ਹੋ ਗਈਆਂ ਕਚਹਿਰੀਆਂ !” ਗੀਤ ਪੇਸ਼ ਕਰਦਾ ਹੈ ਤਾਂ ਲੂੰ-ਲੂੰ ਖੜ੍ਹਾ ਹੋ ਜਾਂਦਾ ਹੈ। ਜਦੋਂ ਅਸੀਂ ਮਾਣਕ ਨੂੰ ਪਹਿਲੀ ਵਾਰ ਮੇਲੇ ‘ਤੇ ਸੱਦਿਆ ਸੀ ਤਾਂ ਭੀੜ ਇੰਨੀ ਜੁੜ ਗਈ ਸੀ ਕਿ ਕੁਲਦੀਪ ਮਾਣਕ ਨੂੰ ਲੋਕਾਂ ‘ਚੋਂ ਲੰਘਣਾ ਔਖਾ ਹੋ ਗਿਆ ਸੀ। ਹਰ ਕੋਈ ਕੁਲਦੀਪ ਮਾਣਕ ਨੂੰ ਆਪਣੇ ਨਾਲ ਘਰ ਲੈ ਕੇ ਜਾਣਾ ਚਾਹੁੰਦਾ ਸੀ । ਕੁਲਦੀਪ ਮਾਣਕ ਦੀ ਸਿਹਤ ਠੀਕ ਨਾ ਹੋਣ ਕਰਕੇ ਉਸ ਨੂੰ ਘਬਰਾਹਟ ਜਿਹੀ ਹੋਣ ਲੱਗੀ। ਮੈਂ ਕੁਲਦੀਪ ਮਾਣਕ ਨੂੰ ਗੋਦੀ ਚੁੱਕ ਕੇ ਗੱਡੀ ‘ਚ ਬਿਠਾਇਆ ਫੇਰ ਵੀ ਕਿੰਨੇ ਹੀ ਪ੍ਰਸ਼ੰਸਕ ਸਾਡੀ ਗੱਡੀ ਮਗਰੇ ਸਾਡੇ ਘਰ ਤੱਕ ਆਏ ਸਨ । ਇਸੇ ਤਰ੍ਹਾਂ ਇਕ ਵਾਰ ਮੇਲਾ ਸ਼ੁਰੂ ਹੋਇਆ ਤਾਂ ਮੀਂਹ ਨਹੀਂ ਸੀ ਪੈਂਦਾ। ਪਰ ਜਦੋਂ ਮਾਣਕ ਸਟੇਜ ‘ਤੇ ਆਇਆ ਤਾਂ ਮੀਂਹ ਵਰਨਾ ਸ਼ੁਰੂ ਹੋ ਗਿਆ । ਲੋਕ ਛਤਰੀਆਂ ਤਾਣੀ ਖੜ੍ਹੇ ਸਨ । ਮਾਣਕ ਨੇ ਲੋਕਾਂ ਨੂੰ ਹੁਕਮ ਸੁਣਾਇਆ ਬੈਠ ਜਾਓ…. ਤਾਂ ਲੋਕ ਛਤਰੀਆਂ ਨੂੰ ਬੰਦ ਕਰ ਉਸੇ ਤਰ੍ਹਾਂ ਮੀਂਹ ‘ਚ ਬੈਠ ਗਏ ।”
ਲੋਕ-ਨਾਇਕ-ਕੁਲਦੀਪ ਮਾਣਕ
ਜਗਦੇਵ ਸਿੰਘ ਜੱਸੋਵਾਲ
ਕੋਈ ਚਾਲੀ ਸਾਲਾਂ ਦੇ ਲਗਭਗ ਪੁਰਾਣੀ ਗੱਲ ਹੈ। ਮੈਂ ਸ: ਗੁਰਨਾਮ ਸਿੰਘ ਮੁੱਖ ਮੰਤਰੀ ਦਾ ਰਾਜਸੀ ਸਕੱਤਰ ਸੀ। ਇਕ ਦਿਨ ਸਰਦੀਆਂ ਦੇ ਦਿਨਾਂ ‘ਚ ਸਵੇਰੇ ਚਾਰ ਵਜੇ ਮੇਰਾ ਮਿੱਤਰ ਸ: ਹੁਸ਼ਿਆਰ ਸਿੰਘ ਅਰਸੀ ਬਾਸੀਆਂ ਬੇਟ ਤੋਂ ਮੇਰੇ ਕੋਲ ਚੰਡੀਗੜ੍ਹ ਪਹੁੰਚਿਆ ਉਸਨੇ ਦੱਸਿਆ ਹੈ ਕਿ ਰੇਲਵੇ ਲਾਇਨ ਤੋਂ ਇਕ ਲਾਸ਼ ਮਿਲੀ ਹੈ। ਇਸ ਕਤਲ ‘ਚ ਨਰਿੰਦਰ ਬੀਬਾ ਅਤੇ ਕੁਲਦੀਪ ਮਾਣਕ ਨੂੰ ਮੁੱਖ-ਦੋਸ਼ੀ ਮੰਨਿਆ ਜਾ ਰਿਹਾ ਹੈ। ਪੁਲਸ ਨੇ ਕੁਲਦੀਪ ਮਾਣਕ ਨੂੰ ਤਾਂ ਫੜ ਲਿਆ ਅਤੇ ਨਰਿੰਦਰ ਬੀਬਾ ਦੀ ਭਾਲ ‘ਚ ਫਿਰ ਰਹੀ ਹੈ। ਪਰ ਇਹ ਬਿਲਕੁਲ ਝੂਠ ਹੈ । ਪੁਲਸ ਜ਼ਬਰਦਸਤੀ ਝੂਠਾ ਕੇਸ ਨਰਿੰਦਰ ਬੀਬਾ ਅਤੇ ਕੁਲਦੀਪ ਮਾਣਕ ਤੇ ਪਾਉਣ ਨੂੰ ਫਿਰਦੀ ਹੈ।
ਮੈਂ ਉਸ ਵੇਲੇ ‘ਅਰਸੀ’ ਨਾਲ ਚੰਡੀਗੜ੍ਹ ਤੁਰ ਪਿਆ ਜਦੋਂ ਇੱਥੇ ਆ ਕੇ ਦੇਖਿਆ ਤਾਂ ਉਸਦਾ ਸਾਰਾ ਸਰੀਰ ਸੁੱਜਿਆ ਪਿਆ ਸੀ । ਕੁਲਦੀਪ ਮਾਣਕ ਤੋਂ ਤੁਰਿਆ ਨਹੀਂ ਸੀ ਜਾ ਰਿਹਾ। ਉਸਦਾ ਸਰੀਰ ਤੋਂ ਲੱਗ ਰਿਹਾ ਸੀ ਜਿਵੇਂ ਭਰਿੰਡਾਂ ਲੜੀਆਂ ਹੋਣ। ਅਸੀਂ ਘੁੰਮ ਫਿਰ ਕੇ ਉਸ ਕੇਸ ਨੂੰ ਰਫਾ-ਦਫਾ ਕਰਵਾਇਆ।
ਉਸ ਦਿਨ ਤੋਂ ਬਾਅਦ ਸਾਡੀ ਮਿੱਤਰਤਾ ਵੱਧ ਗਈ। ਓਦੋਂ ਵੀ ਮਾਣਕ ਦਾ ਕੱਦ ਹੌਲਾ ਤੇ ਠੋਡੀ ਤੇ ਦਾਹੜੀ, ਤੋਰ ਅੱਜ ਵਾਂਗ ਫੁਰਤੀਲੀ ਸੀ। ਅੱਜ ਹੋਰ ਕੱਲ੍ਹ ਹੋਰ, ਸਮਾਂ ਅਪਣੀ ਤੋਰ ਤੁਰਦਾ ਰਿਹਾ ਅਤੇ ਕੁਲਦੀਪ ਅਪਣੀ ਗਾਇਕੀ ਅਤੇ ਸੁੱਚੇ ਰਿਆਜ਼ ਨਾਲ ਪੰਜਾਬੀ ਗਾਇਕੀ ਦਾ ਨਾਇਕ ਲੋਕ ਨਾਇਕ ਬਣ ਕੇ ਸਾਹਮਣੇ ਆਇਆ ਅਤੇ ਪੰਜਾਬ ਦਿਆਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗਿਆ। ਕੁਲਦੀਪ ਮਾਣਕ ਵੱਲੋਂ ਗਾਏ ਗੀਤ ਕਈ ਸਦੀਆਂ ਤੱਕ ਇਸੇ ਤਰ੍ਹਾਂ ਫ਼ਿਜ਼ਾਵਾਂ ‘ਚ ਗੂੰਜਦੇ ਰਹਿਣਗੇ।
ਜਿੱਥੇ ਵੀ ਪੰਜਾਬ ‘ਚ ਕੁਲਦੀਪ ਮਾਣਕ ਦਾ ਅਖਾੜਾ ਲਗਦਾ ਉੱਥੇ ਹੀ ਲੋਕ ਟੋਲੀਆਂ ਬੰਨ੍ਹ-ਬੰਨ੍ਹ ਟੈਕਟਰ, ਟਰਾਲੀਆਂ, ਗੱਡੀਆਂ ਤੇ ਚੜ੍ਹ-ਖੜ੍ਹ ਇਸਦੀਆਂ ਕਲੀਆਂ, ਗਥਾਵਾਂ ਗਾਉਂਦੇ ਆਉਂਦੇ ਅਤੇ ਇਸਦੇ ਹੀ ਗੀਤ ਗਾਉਂਦੇ ਘਰਾਂ ਨੂੰ ਮੁੜ ਜਾਂਦੇ ਸਨ ।
ਮੈਂ ਵੀ ਇਸਦੀ ਗਾਇਕੀ ਦਾ ਪ੍ਰਸ਼ੰਸਕ ਬਣ ਗਿਆ। ਜਦੋਂ ਅਸੀਂ ‘ਪ੍ਰੋ: ਮੋਹਨ ਸਿੰਘ ਫਾਊਂਡੇਸ਼ਨ’ ਸੰਸਥਾ ਬਣਾਈ ਤਾਂ ਅਸੀਂ ਮੇਲਿਆਂ ਤੇ ਕੁਲਦੀਪ ਮਾਣਕ ਦਾ ਸਨਮਾਨ ਕਰਕੇ ਮਾਣ ਮਹਿਸੂਸ ਕੀਤਾ। ਕੁਲਦੀਪ ਮਾਣਕ ਦੇ ਗੀਤ ਲੋਕਾਂ ਦੇ ਇਸ ਤਰ੍ਹਾਂ ਯਾਦ ਨੇ ਜਿਵੇਂ ਪਹਾੜੇ ਯਾਦ ਹੋਣ । ਲੋਕਾਂ ਦੇ ਦਿਲਾਂ ਤੇ ਕੁਲਦੀਪ ਮਾਣਕ ਰਾਜ ਕਰਨ ਵਾਲਾ ਗਾਇਕ ਬਣ ਗਿਆ।
ਪੰਜਾਬੀ ਗਾਇਕੀ ਅਤੇ ਪੰਜਾਬ ਨੂੰ ਇਹੋ ਜਿਹਾ ਸੁੱਚਾ ਮਣਕਾ ਮੁੜ ਨਹੀਂ ਮਿਲਣਾ। ਇਹ ਸ਼ਾਇਰ ਲਿਖਦਾ ਹੈ “ਹਜ਼ਾਰੋਂ ਸਾਲ ਨਰਗਿਸ ਅਪਣੀ ਬੇਨੂਰੀ ਪੇ ਰੋਤੀ ਹੈ। ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੈਂ ਦੀਦਾਵਰ ਪੈਦਾ।”
ਜਿੱਥੇ ਕੁਲਦੀਪ ਮਾਣਕ ‘ਚ ਇੰਨੀਆਂ ਖਾਸੀਅਤਾਂ ਨੇ ਉਥੇ ਘਾਟਾਂ ਦੀ ਗੱਲ ਕਰਨੀ ਵੀ ਅਤਕਥਨੀ ਨਹੀਂ ਹੋਵੇਗੀ। ਉਹ ਕਹਿਣ ਲੱਗਿਆਂ ਬਿਲਕੁਲ ਕੁੱਝ ਨਹੀਂ ਸੋਚਦਾ। ਜੋ ਕਹਿਣਾ ਹੁੰਦਾ ਹੈ ਬੇਝਿਜਕ ਹੋ ਕਹਿ ਛੱਡਦਾ ਹੈ। ‘ਸੈਦਾ ਜੋਗਣ’ ਫਿਲਮ ‘ਚ ਮੁਹੰਮਦ ਸਦੀਕ ਦੇ ਖਲਨਾਇਕ ਦੇ ਰੋਲ ਤੇ ਅਕਸਰ ਟਿੱਪਣੀ ਕਰਦਾ ਰਹਿੰਦਾ ਸੀ। “ਫਿਲਮ ਤਾਂ ਅਸੀਂ ਵੀ ਬਣਾਵਾਂਗੇ ਪਰ ਸਦੀਕ ਵਾਂਗ ਕੁਟ ਨਹੀਂ ਖਾਣੀ ।” ਜਦੋਂ ਕੁਲਦੀਪ ਮਾਣਕ ਨੇ ‘ਬਲਬੀਰੋ ਭਾਬੀ’ ਬਣਾਈ ਤਾਂ ਸਭ ਨੇ ਦੇਖਿਆ ਕੁਲਦੀਪ ਮਾਣਕ ਨੂੰ । ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੇ ਮਿਲਾਪ ਨੂੰ ਸ਼ੁਭ ਸ਼ਗਨ ਮੰਨਿਆ ਗਿਆ। ਇਹਨਾਂ ਦਾ ਇੰਨਾ ਪਿਆਰ ਵੱਧ ਗਿਆ ਕਿ ਕੁਲਦੀਪ ਮਾਣਕ ਥਰੀਕੇ ਪਿੰਡ ਵਿਚ ਹੀ ਰਹਿਣ ਲੱਗਿਆ। ਦੇਵ ਥਰੀਕੇ ਦੇ ਲਿਖੇ ਗੀਤ, ‘ਕਲੀਆਂ’, ‘ਗਾਥਾਵਾਂ’ ਗਾ ਕੇ ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਨਾਇਕ ਬਣ ਗਿਆ। ਮੈਂ ਤਾਂ ਖੁਦ ਬੁੱਢਾ ਹੋ ਗਿਆ ਹਾਂ ਨਹੀਂ ਤਾਂ ਆਪਣੇ ਹਿੱਸੇ ਦੀ ਕੁਝ ਉਮਰ ਕੁਲਦੀਪ ਮਾਣਕ ਦੇ ਨਾਂ ਲਿਖ ਦਿੰਦਾ।
ਗਾਇਕੀ ਵਿਸ਼ਲੇਸ਼ਨ
ਮੁੱਢ ਕਦੀਮ ਤੋਂ ਕਲਾ ਨੂੰ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਆ ਰਿਹਾ ਹੈ ਭਾਵੇਂ ਉਹ ਮੀਨਾਕਾਰੀ ਹੈ। ਗੀਤ ਹੈ। ਸੰਗੀਤ ਹੈ। ਕੋਈ ਖੇਡ ਹੈ । ਚਾਹੇ ਕੋਈ ਹੋਰ ਕੋਮਲ ਕਲਾ । ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਬਿਲਕੁਲ ਇਸੇ ਤਰ੍ਹਾਂ ਹੀ ਕਿਸੇ ਚੰਗੇ ਕੰਮ ਦਾ ਦੂਜਾ ਪਾਸਾ ਮਾੜਾ ਵੀ ਹੁੰਦਾ ਹੈ। ਜਿਸ ਦਾ ਪ੍ਰਭਾਵ ਸੁਭਾਵਕ ਹੀ ਦੂਜਿਆਂ ਤੇ ਪੈਂਦਾ । ਇਸ ਥਾਂ ਅਸੀਂ ਸਿਰਫ਼ ਉਸ ਮਹਾਨ ਗਾਇਕ ਦੀ ਗੱਲ ਕਰਨ ਜਾ ਰਹੇ ਹਾਂ ਜੋ ਲੰਮੇ ਅਰਸੇ ਤੋਂ ਪੰਜਾਬੀਆਂ ਤੇ ਪ੍ਰਵਾਸੀਆਂ ਦੀ ਧੜਕਣ ‘ਚ ਧੜਕ ਰਿਹਾ ਪਰ! ਕਿਉਂ? ਕਿਹੜੇ ਗੁਣਾਂ ਕਰਕੇ ਉਸਦੀ ਗਾਇਕੀ ਦੇ ਸ਼ੁਦਾਈ ਹੋਏ ਹਨ! ਇਸ ਖੰਡ ਵਿੱਚ ਨਮੂਨੇ ਦੇ ਤੌਰ ‘ਤੇ ਕੁਝ ਸਤਰਾਂ ਦੇ ਕੇ ਮਾਣਕ ਦੀ ਗਾਇਕੀ ਦਾ ਵਿਸ਼ਲੇਸ਼ਣ ਲੱਗੇ ਹਾਂ ਕਰਨ । ਮਾਣਕ ‘ਹੀਰ ਦੀ ਕਲੀ’ ਰਿਕਾਰਡ ਵਿੱਚ ਦੇਵ ਥਰੀਕੇ ਉਰਫ਼ ਹਰਦੇਵ ਦਿਲਗੀਰ ਦੀ ਰਚਨਾ
“ਮੇਰਾ ਨਾਂ ਨਾ ਦੁੱਲਾ ਰੱਖਦੀ,
ਮਾਤਾ ਰੱਖ ਦਿੰਦੀ ਕੁਝ ਹੋਰ।”
ਨੂੰ ਛਾਤੀ ਦੇ ਜ਼ੋਰ ਨਾਲ ਜਦੋਂ ਵੱਖ ਚਿਤਾਵਨੀਆਂ ਨੂੰ ਪੂਰੇ ਜਲੌਅ ‘ਚ ਗਾਉਂਦਾ ਹੈ ਤਾਂ ਨਜ਼ਾਰਾ ਦੇਖਣਯੋਗ ਹੁੰਦਾ ਹੈ। ਅੱਗੇ ਚਲ ਇਸੇ ਹੀ ਗਾਥਾ ਨੂੰ ਅੱਗੇ ਤੋਰਦਾ ਹੈ।
“ਨਾ ਰੰਡੀ ਦੇ ਪੁੱਤ ਨੂੰ ਛੇੜੀਏ,
ਕੁੱਟ ਹੱਡੀਂ ਪਾਦੂ ਰਾਦ
ਬੰਨ੍ਹੇ ‘ਤੇ ਜੱਟ ਨਾ ਛੇੜੀਏ,
ਉਹ ਕੱਢਦਾ ਈ ਗਾਲ੍ਹ ਹਜ਼ਾਰ ।”
ਇਸ ਤਰ੍ਹਾਂ ‘ਜੁਗਨੀ’ ਰਿਕਾਰਡ ‘ਢੋਲ-ਸ਼ੰਮੀ’ ਲੋਕ-ਗਾਥਾ ਵਿੱਚ ਵੱਖੋ-ਵੱਖ ਘਟਨਾਵਾਂ ਦੀ ਵਿਆਖਿਆ ਕੀਤੀ ਹੈ।
‘ਇੱਛਰਾਂ ਧਾਹਾਂ ਮਾਰਦੀ’ ਰਿਕਾਰਡ ‘ਚ ਲੋਕ ਗਾਥਾ
“ਮਾਂ ਮਰ ਚੱਲੀ ਇੱਛਰਾਂ, ਖਾਓ ਤਰਸ ਵਿਚਾਰੇ ਤੇ”
ਨੂੰ ਮਾਣਕ ਵਿਰਾਗ-ਨੁਮਾ ਰੰਗ ਚਾੜ੍ਹ ਕੇ ਮਾਤਾ ਇੱਛਰਾਂ ਦੇ ਦੁਖੀ ਹਿਰਦੇ ਦਾ ਦਰਦ ਹੂ-ਬ-ਹੂ ਬਿਆਨ ਕੀਤਾ ਹੈ। ਇਸੇ ਰਿਕਾਰਡ ਦੇ ਅਗਲੇ ਹਿੱਸੇ ‘ਚ ‘ਸੁੱਚਾ ਸਿੰਘ ਸੂਰਮਾ’ ਲੋਕ-ਗਾਥਾ ਵਿੱਚ ਅਣਖੀ ਮਨੁੱਖ ਕਿਵੇਂ ਬੇਅਣਖੇ ਵਰਤਾਰਿਆਂ ਵਿਰੁੱਧ ਡਟਦਾ ਹੈ। ਇਉਂ ਦਿੰਦਾ ਹੈ ਮਾੜੇ ਵਰਤਾਰੇ ਵਿਰੁੱਧ ਹੋਕਾ:
“ਸੁੱਚਾ ਸਿੰਘ ਸੂਰਮਾ ਭਰਕੇ ਬਾਰਾਂ ਬੋਰ ਨੂੰ । ਕਰਕੇ ਯਾਦ ਗੁਰਾਂ ਨੂੰ, ਮੋਢੇ ‘ਤੇ ਲਟਕਾਈ” ਛੱਡਦੋ ਗਊਆਂ ਜੇਕਰ ਚੰਗੀ ਚਾਹੁੰਦੇ ਪਾਪੀਓ, ਨਹੀਂ ਤਾਂ ਸਮਝੋ ਗੋਲੀ ਹੁਣੇ ਸ਼ੂਕਦੀ ਆਈ।”
‘ਮਾਂ ਹੁੰਦੀ ਏ ਮਾਂ’ ਰਿਕਾਰਡ ਵਿੱਚ ਮਾਂ ਅਤੇ ਰੱਬ ਨੂੰ ਇੱਕੋ ਸਮਾਨ ਦੱਸਦਾ ਹੋਇਆ ਆਖਦਾ ਹੈ:
“ਮਾਂ ਦੀ ਪੂਜਾ ਰੱਬ ਦੀ ਪੂਜਾ
ਮਾਂ ਹੈ ਰੱਬ ਦਾ ਨਾਂ ਓ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ
ਕਿਤੇ ਕੁਲਦੀਪ ਮਾਣ ਨੇ ਮਨੁੱਖ ਤੋਂ ਲੈਕੇ ਪਸ਼ੂਆਂ ਤੱਕ ਦੀਆਂ ਆਦਤਾਂ ਨੂੰ ਬਿਆਨਿਆ ਜਿਵੇਂ, ‘ਯਾਰ ਦਾ ਚੌਥਾ ਗੇੜਾ’ ਕੈਸਟ ‘ਚ
“ਡੰਗਰ ਰੱਸੇ ਚੱਬਣੇਂ ਨਾ ਰੋਕਿਆਂ ਹਟਦੇ, ਕੁੱਤੇ ਬਹਿ ਰਾਜ ‘ਤੇ ਚੱਕੀ ਚੱਟਦੇ ਪੱਥਰ ਉੱਤੇ ਬੂੰਦ ਨਾ ਕੋਈ ਅਸਰ ਪੁਚਾਵੇ ਕਦੇ ਬੰਦੇ ਦੀ ‘ਮਾਣਕ’ ਆਦਤ ਨਾ ਜਾਵੇ… ।”
‘ਤੂੰਬਾ ਮਾਣਕ ਦਾ’ ਕੈਸਟ ਵਿੱਚ ਹੰਢੇ ਵੈਦ ਵਾਂਗੂੰ ਨਬਜ਼ ਵੇਖ ਰੋਗ ਦੱਸਣ ਵਾਲਾ ਵੈਦ ਵੀ ਨਜ਼ਰ ਆਉਂਦਾ ਹੈ ਮਾਣਕ:
“ਉਹ ਮਰੀਜ਼ ਕਦੇ ਨਾ ਬੱਚਦਾ ਜਿਹਦੇ ਹੱਡੀਂ ਪੈਰੀਂ ਸੋਜ ਉਹ ਇਨਸਾਨ ਕਦੇ ਨਾ ਬੱਚਦਾ ਜਿਹਦੇ ਸਿਰ ਕਰਜ਼ੇ ਦਾ ਬੋਝ ।”
ਇੱਕ ਗੀਤ ‘ਚ ਕ੍ਰਿਸਾਨੀ ਦੀ ਦਸ਼ਾ ਦਾ ਦਰਦਨਾਕ-ਕਰੁਣਾਮਈ ਜ਼ਿਕਰ ਇਸ ਤਰ੍ਹਾਂ ਕਰਿਆ ਮਿਲਦਾ ਹੈ।
“ਪਿਛਲੇ ਸਾਲ ਥਰੈਸ਼ਰ ਦੇ ਵਿੱਚ, ਕੱਟ ਗਈ ਸੱਜੀ ਬਾਂਹ ਵੀਰਾ। ਇਸਦੇ ਗਮ ਵਿੱਚ ਹੌਂਕੇ ਭਰਦੀ ਮੁੱਕ ਗਈ ਸਾਡੀ ਮਾਂ ਵੀਰਾ।
ਅੰਨਾ ਬਾਪੂ ਜਾਂਦਾ ਏ ਬੁਲਾਈ ਮੇਰੇ ਵੀਰ ਨੂੰ ਵੀਰਾ ਡਾਕਟਰਾ ਵੇ ਬਚਾਈਂ ਮੇਰੇ ਵੀਰ ਨੂੰ ਕੀੜੇਮਾਰ ਚੜ੍ਹਗੀ ਦਵਾਈ ਮੇਰੇ ਵੀਰ ਨੂੰ.. ।”
ਕਿਤੇ ‘ਤੇਰੀ ਖੈਰ ਹੋਵੇ’ ਕੈਸਟ ‘ਚ ਇੱਕ ਨੌਜਵਾਨ ਆਪਣੀ ਜਵਾਨੀ ਦੇ ਜੋਸ਼ ‘ਚ ਕਹਿੰਦਾ ਹੈ:
ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।
ਸਰੂ ਵਰਗੀ ਜਵਾਨੀ ਕੀ ਮੈਂ ਫੁੱਕਣੀ ਏਂ, ਭੂੰਡ ਬਹਿ ਗਏ ਜੇ ਆ ਗੁਲਾਬ ਉੱਤੇ ‘
‘ਸ਼ੌਕ ਮੁਟਿਆਰਾਂ ਦਾ’ ਕੈਸਟ ਵਿੱਚ ਅੱਜ-ਕੱਲ੍ਹ ਦੀਆਂ ਯਾਰੀਆਂ ‘ਤੇ ਟਿੱਪਣੀ ਕਰਦਾ ਹੋਇਆ ਗਾਉਂਦਾ ਸੁਣਦਾ ਹੈ।
“ਰਿਹਾ ਨਹੀਂ ਕਿਸੇ ਨਾਲ ਜਾਣ ਦਾ, ਅੱਜ ਕੱਲ੍ਹ ਕਿਸੇ ਨਾਲ ਲਿਹਾਜ ਪਾਉਣ ਦਾ ।
ਝੂਠੇ ਸੱਭੇ ਯਾਰ, ਝੂਠ ਦਿਲਦਾਰੀਆਂ ਛੋਲਿਆਂ ਦਾ ਵੱਢ ਅੱਜ ਦੀਆਂ ਯਾਰੀਆਂ ।”
ਰਿਕਾਰਡ, “ਸਾਹਿਬਾਂ ਬਣੀ ਭਰਾਵਾਂ ਦੀ” ਵਿੱਚ “ਕੌਲਾਂ ਭਗਤਣੀ” ਦੀ ਦਰਦ ਕਹਾਣੀ ਨੂੰ ਬਿਨਾਂ ਢੋਲਕ, ਸਿਤਾਰ ਅਤੇ ਬੰਸਰੀ ਦੀ ਮਿੱਗ ਧੁਨ ’ਤੇ ਗਾ ਕੇ ਮਾਣਕ ਨੇ ਸੰਗੀਤਕ ਪੰਡਿਤਾਂ ਦੇ ਮੂੰਹ ਬੰਦ ਕਰਵਾ ਦਿੱਤੇ ਸਨ ਕਿ ਇਸ ਦੀ ਤੁਲਨਾ ਕਿਸ ਨਾਲ ਕੀਤੀ ਜਾਵੇ। ਮਰਦ ਪ੍ਰਧਾਨ ਸਮਾਜ ਦੀ ਸ਼ੁਰੂ ਤੋਂ ਹੀ ਆਤਮਾ ਦੀ ਥਾਂ ਮਨ ਨਾਲ ਨੋਚਣ ਦੇ ਵਰਤਾਰੇ ਕਰਕੇ ‘ਸ਼ਾਹਣੀ ਕੌਲਾਂ’ ਦੀ ਦਰਦ ਭਰੀ ਗਾਥਾ ਨੂੰ ਕੰਠ ਕਰਨਾ ਮਾਣਕ ਦੇ ਹਿੱਸੇ ਵੀ ਆਇਆ ਹੈ:
“ਕਿਤੋਂ ਆਜਾ ਬਾਬਲਾ ਵੇ, ਦੁੱਖੜੇ ਸੁਣ ਲੈ ਧੀ ਦੇ ਆ ਕੇ। ਮਹਿਲਾਂ ‘ਚੋਂ ਕੱਢਤੀ ਵੇ, ਝੂਠੀ ਤੋਹਮਤ ਲਾ ਕੇ….।”
ਦੇਸ਼ ਭਗਤੀ ਦਾ ਜਜ਼ਬਾ ਕੁਲਦੀਪ ਮਾਣਕ ਦੀ ਗਾਇਕੀ ਦਾ ਮੀਰੀ ਗੁਣ ਰਿਹਾ ਹੈ। ਮਾਣਕ ਨੇ ਸਹੀ ਫ਼ਰਜ਼ਾਂ ਦੀ ਪਹਿਚਾਣ ਕਰਦੇ ਹੋਏ ਅਨੇਕਾਂ ਦੇਸ਼ ਭਗਤਾਂ-ਸੂਰਬੀਰਾਂ, ਕੌਮੀ ਨਾਇਕਾਂ ਨੂੰ ਗਾ ਕੇ ਖੁਦ ਕੌਮ ਪ੍ਰੇਮੀ ਹੋਣ ਦਾ ਸਬੂਤ ਦਿੱਤਾ ਹੈ। “ਦੋ ਗੱਭਰੂ ਪੰਜਾਬ ਦੇ” ਕੈਸਟ ‘ਚ ਮਰਹੂਮ ਗੀਤਕਾਰ ਗਿੱਲ ਜੱਬੋ ਮਾਜਰੇ ਦੀ ਕਲਮ ਕੁਝ ਇਸ ਤਰ੍ਹਾਂ ਲਿਖਦੀ ਹੈ। ਤੇ ਮਾਣਕ ਇਉਂ ਗਾਉਂਦਾ ਹੈ ਪੂਰੇ ਜੋਸ਼ ‘ਚ
“ਊਧਮ ਸਿੰਘ ਫਿਰੇ ਲੱਭਦਾ, ਗੱਭਰੂ ਨੀ ਗੁੱਸੇ ਵਿੱਚ ਦੰਦ ਚੱਬਦਾ। ਕਹਿੰਦਾ ਭੱਜਿਆ ਨੀ ਜਾਣ ਦਿੰਦਾ,
ਅੱਜ ਡਾਇਰ ਨੂੰ, ਅੱਗ ਲਾ ਕੇ ਫੂਕਦੂੰ, ਲੰਡਨ ਸ਼ਹਿਰ ਨੂੰ।”
ਇਸੇ ਕੈਸਟ ‘ਚ ਅੱਗੇ ਚਲਕੇ ਸ਼ਹੀਦ ਭਗਤ ਸਿੰਘ ਸੂਰਮਾ ਆਪਣੇ ਸਾਥੀਆਂ ਨੂੰ ਕੁਝ ਇਸ ਤਰ੍ਹਾਂ ਆਖਦਾ ਸੁਣਾਈ ਦਿੰਦਾ ਹੈ:
“ਮੁੱਕ ਗਏ ਇਮਤਿਹਾਨ ਸਾਥੀਓ, ਅੱਗੇ ਦੀ ਖਿਆਲ ਹੈ।
ਘਰ ਗਏ ਤਾਂ ਘਰਦਿਆਂ ਦਾ, ਵਿਆਹ ਪਹਿਲਾ ਹੀ ਸੁਆਲ ਹੈ।
ਸ਼ਾਦੀ ਇੱਕ ਦੇਸ਼ ਭਗਤ ਲਈ, ਔਖਾ ਜੰਜਾਲ ਹੈ।
ਡਰਦਾ ਜੋ ਮੌਤੋਂ ਦੋਸਤੋਂ ਪਹਿਲਾਂ ਹੀ ਦੂਰ ਹੋਵੇ, ਸਾਡੇ ਨਾਲ ਆਵੇ ਜਿਹਨੂੰ ਮਰਨਾ ਮਨਜ਼ੂਰ ਹੋਵੇ।”
ਰਿਕਾਰਡ ‘ਮੇਹਰੂ ਪੋਸਤੀ’ ਰਿਕਾਰਡ ਵਿੱਚ ‘ਦੁੱਲਾ-ਭੱਟੀ’ ਨੂੰ ਮਾਣਕ ਨੇ ਵਿਲੱਖਣ ਅੰਦਾਜ਼ ‘ਚ ਗਾ ਕੇ ਸਕੂਲਾਂ, ਕਾਲਜ਼ਾਂ ਅਤੇ ਅੰਤਰਰਾਸ਼ਟਰੀ ਭੰਗੜਾ ਮੁਕਾਬਲਿਆਂ ‘ਚ ਅਹਿਮ ਰੋਲ ਅਦਾ ਕੀਤਾ ਜਿਸ ਨੂੰ ਚੰਨ ਗੁਰਾਇਆਂ ਨੇ ਇਸ ਲੋਕ-ਗਾਥਾ ਨੂੰ ਇਸ ਤਰ੍ਹਾਂ ਲਿਖਿਆ ਹੈ:
“ਗੁੱਸੇ ‘ਚ ਦੁੱਲੇ ਨੂੰ, ਮੇਹਰੂ ਮਾਰੇ ਬੋਲੀਆਂ, ਇੱਜ਼ਤਾਂ ਤੂੰ ਰੋਲੀਆਂ,
ਪਿੰਡ ਦੇ ਦੁਆਲੇ ਚਲਦੀਆਂ ਗੋਲੀਆਂ।
‘ਤੇ ਕੰਧਾਂ ਹੋਈਆਂ ਬੋਲ਼ੀਆਂ ……।”
ਇਸ ਗਾਥਾ ਨੂੰ ਦੂਜੀ ਵਾਰ ਮਾਣਕ ਨੇ ਪੰਜਾਬੀ ਪੌਪ ਦੇ ਕਿੰਗ ਜੈਜ਼ੀ ਬੀ ‘ਢੋਲ ਬੀਟ’ ਕੈਸਟ ‘ਚ ਸੁਖਸ਼ਿੰਦਰ ਸ਼ਿੰਦਾ ਦੇ ਸੰਗੀਤ ‘ਚ ਰਿਕਾਰਡ ਕਰਵਾ ਕੇ ਵਾਹ-ਵਾਹ ਖੱਟੀ।
‘ਅੰਬਰ ਦਿਆ ਤਾਰਿਆ’ ਕੈਸਟ ਵਿੱਚ ਮਜਬੂਰ/ਗਰੀਬ ਔਰਤ ਜੋ ਮਜ਼ਦੂਰੀ ਕਰ ਰਹੀ ਹੈ ਉਸਦੀ ਦਸ਼ਾ ਨੂੰ ਦੁੱਖ ‘ਚ ਭਿੱਜ ਕੇ ਮਾਣਕ ਇਉਂ ਦੁੱਖ ਸੁਣਾਉਂਦਾ ਹੈ।
“ਇੱਕ ਕੌਲਾਂ ਮੈਂ ਸੜ੍ਹਕਾਂ ਉੱਤੇ ਰੋੜੀ ਕੁੱਟਦੀ ਦੇਖੀ ਹੈ ਗੋਦੀ ਦੇ ਵਿਚ ਚੁੱਕੀ ਉਸਦੇ, ਦਸ ਕੁ ਦਿਨਾਂ ਦੀ ਬੇਟੀ ਹੈ”
ਰਿਕਾਰਡ ‘ਜੁਗਨੀ ਯਾਰਾਂ ਦੀ’ ਰਿਕਾਰਡ ਵਿੱਚ ਗਾਏ ਗੀਤ, “ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ ।”
ਜਿੱਥੇ ਇਸ ਗੀਤ ਵਿੱਚ ਮਾਣਕ ਨੇ ਬਠਿੰਡਾ ਜ਼ਿਲ੍ਹਾ ਦੀ ਇੱਕ ਘਟਨਾ ਦਾ ਵਰਣਨ ਕੀਤਾ ਹੈ ਉੱਥੇ ਹੀ ਸਾਨੂੰ ਸਭ ਨੂੰ ਆਪਣਾ ਚਰਿੱਤਰ ਉਸਾਰਨ ਦੀ ਰਾਇ ਵੀ ਦਿੰਦਾ ਹੈ।
ਇਸੇ ਰਿਕਾਰਡ ਵਿੱਚ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਦਾ ਲਿਖਿਆ ਗੀਤ:
“ਇੱਕ ਵੀਰ ਦਈਂ ਵੇ ਰੱਬਾ ਸੌਂਹ ਖਾਣ ਨੂੰ ਬੜਾ ਈ ਜੀਅ ਕਰਦਾ ਭੈਣਾਂ ਭਾਵੇਂ ਲੱਖ ਜਿਉਂਦੀਆਂ ਭਾਈਆਂ ਬਾਝ ਨਾ ਘਰਾਂ ਦੇ ਵਿੱਚ ਸਰਦਾ।”
ਇਸ ਗੀਤ ਰਾਹੀਂ ਮਾਣਕ ਨੇ ਇੱਕ ਭੈਣ ਦੀ ਹੂਕ ਨੂੰ ਬੜੇ ਖੂਬਸੂਰਤ ਅੰਦਾਜ਼ ‘ਚ ਬਿਆਨਿਆ ਹੈ। ਜਦੋਂ ਕੋਈ ਇਸ ਗੀਤ ਨੂੰ ਵੱਜਦਾ ਸੁਣਦਾ ਹੈ ਤਾਂ ਨਾਲ-ਨਾਲ ਗੁਣਗੁਣਾਉਣ ਲਈ ਮਜਬੂਰ ਹੋ ਖੜ੍ਹਦਾ ਹੈ ।
‘ਮਲਟੀ ਕੈਸਟ’, ‘ਤੇਰੀ ਅਲਵਿਦਾ’ ਵਿਚਲਾ ਗੀਤ ‘ਮੈਂ ਚਾਦਰ ਕੱਢਦੀ’ ਜੋ ਕਿ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਪੰਨਾ ਕਿਹਾ ਜਾ ਸਕਦਾ ਹੈ:
“ਇਹ ਚਾਰੇ ਕੂੰਟਾਂ ਨੀ, ਇਹਦੇ ਪੱਲੇ ਚਾਰੋ, ਇਹ ਚਾਰੇ ਰੁੱਤਾਂ ਨੇ ਇਹ ਵੇਦ ਨੇ ਚਾਰੇ, ਇਹ ਹਿੰਦੂ, ਮੁਸਲਿਮ, ਸਿੱਖ, ਇਸਾਈ, ਇਹ ਚਾਰੋ ਵੀਰੇ, ਇਸ ਹਿੰਦ ਦੀ ਚਾਦਰ ਨੂੰ ਮੈਂ ਦਾਗ ਨਾ ਲਾਵਾਂ….. ।”
ਜਿੱਥੇ ਰਚਨਾਕਾਰ ਨੇ ਇਸ ਬਹੁਮੁੱਲੀ ਰਚਨਾ ਦਾ ਨਿਰਮਾਣ ਕੀਤਾ ਹੈ ਉੱਥੇ ਮਾਣਕ ਨੇ ਵਿਲੱਖਣ ਅੰਦਾਜ਼ ‘ਚ ਗਾ ਕੇ ਆਪਣੀ ਗਾਇਕੀ ਦੀ ਵਿਲੱਖਣਤਾ ਪੇਸ਼ ਕੀਤੀ ਹੈ।
ਮਲਟੀ ਕੈਸਟ, “ਮੈਂ ਝਾਂਜਰ ਛਣਕਾਈ” ਵਿੱਚ ਗੀਤਕਾਰ ਸਫ਼ੀ ਮੁਹੰਮਦ ਦਾ ਲਿਖਿਆ
ਗੀਤ:
“ਕਿਤੇ ਫਿਰਨ ਤਰਸਦੇ ਪੁੱਤਰਾਂ ਨੂੰ, ਕਿਤੇ ਦੋ-ਦੋ ਕੁੱਛੜ ਚੁੱਕਦੇ ਨੇ, ਕਈ ਬਣਦੇ ਮਾਲਕ ਫਰਮਾਂ ਦੇ, ਜੰਗ ਕੇ ਘਰ ਸ਼ਾਹੂਕਾਰਾਂ ਦੇ, ਕਈ ਵਿਲਕਦੇ ਅੰਨ ਦੇ ਭੋਰੇ ਨੂੰ ਕਿਤੇ ਰਿਝਦੇ ਮੀਟ ਕਰਾਰੇ ……..।”
ਇਹ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਰਮ/ਤਕਦੀਰ ਦੀ ਗਤੀ ਨੂੰ ਕਿਆਸਦਾ ਹੈ। ਭਾਣਾ ਮੰਨਣ ਤੇ ਮਜਬੂਰੀਆਂ ਦਾ ਅਹਿਸਾਸ ਕਰਾਉਂਦਾ ਹੈ।
ਪੰਜਾਬੀ ਸੱਭਿਆਚਾਰ ਵਿਚਲੇ ਪ੍ਰਮੁੱਖ ਪਾਤਰ ‘ਰੂਪ-ਬਸੰਤ’ ਨੂੰ ਕੁਲਦੀਪ ਮਾਣਕ ਨੇ ‘ਕੱਢਣਾਂ ਰੁਮਾਲ ਦੇ ਗਿਆ’ ਰਿਕਾਰਡ ਵਿੱਚ ਕੁਝ ਇਸ ਤਰ੍ਹਾਂ ਗਾਇਆ ਹੈ।
“ਖੜਕ ਸੈਨ ਦੇ ਦੋ ਰੂਪ-ਬਸੰਤ ਕੁਮਾਰ”
ਇਹ ਲੋਕ-ਗਾਥਾ ਅਖਾੜਿਆਂ ਵਿੱਚ ਘੁੰਮ-ਘੁੰਮ ਕੇ ਕਵੀਸ਼ਰਾਂ-ਢਾਡੀਆਂ ਦੀ ਰੰਗਤ ਦੇ ਕੇ ਗਾਇਆ ਹੈ। ਜੋ ਨਵੀਂ ਪੀੜ੍ਹ ੀ ਲਈ ਆਪਣੇ ਆਪ ਵਿੱਚ ਸੌਗਾਤ ਹੈ। ਇਸੇ ਰਿਕਾਰਡ ਵਿੱਚ ਗਾਇਆ ‘ਮਿਰਜ਼ਾ’ ਹਰ ਸਮੇਂ ਤਰੋ-ਤਾਜ਼ਾ ਲਗਦਾ ਹੈ।
“ਕੁੜੀ ਕਬੂਤਰੀ ਵਰਗੀ” ਰਿਕਾਰਡ ਵਿੱਚ ਸਰਵਣ ਭਗਤ ਨਾਲ ਸਬੰਧਿਤ ਚੰਨ ਗੁਰਾਇਆ ਵਾਲੇ ਦੀ ਲਿਖੀ ਹੋਈ ਲੋਕ-ਗਾਣਾ:
ਅੰਧਲਾ-ਅੰਧਲੀ ਰੋ-ਰੋ ਭੁੱਬਾਂ ਮਾਰਦੇ, ਸਾਡੀ ਸਰਵਣ ਦੇ ਬਿਨ ਵਹਿੰਗੀ ਕੌਣ ਉਠਾਊ
ਇਹ ਦਾਸਤਾਂ ਓਦੋਂ ਦੀ ਹੈ ਜਦੋਂ ਦਸ਼ਰਥ ਤੋਂ ਗਲਤੀ ਨਾਲ ਆਪਣੇ ਭਾਣਜੇ ਦਾ ਸ਼ਿਕਾਰ ਹੋ ਜਾਂਦਾ ਹੈ। ਸਰਵਣ ਦੇ ਮਾਂ-ਪਿਓ ਆਪਣਾ ਦੁੱਖੜਾ ਕਿਸ ਤਰ੍ਹਾਂ ਬਿਆਨਦੇ ਹਨ। ਉਸ ਨੂੰ ਬਿੰਬ ਬਣਾ ਕੇ ਪੇਸ਼ ਕੀਤਾ ਗਿਆ ਹੈ।
‘ਰਿਕਾਰਡ ਜੁਗਨੀ’ ਵਿੱਚ ਦੇਵ ਥਰੀਕੇ ਵਾਲੇ ਦੀਆਂ ਰਚਨਾਵਾਂ ‘ਜੁਗਨੀ’, ਟਿੱਲੇ ਵਾਲਿਆ, ‘ਮਿਰਜ਼ਾ’, ‘ਸਹਿਤੀ’ ਅਤੇ ‘ਢੋਲ-ਸ਼ੰਮੀ’, ਮਾਣਕ ਦੀ ਗਾਇਕੀ ਦੀਆਂ ਵਿਲੱਖਣ ਵੰਨਗੀਆਂ ਹਨ। ਜਿਨ੍ਹਾਂ ਨੂੰ ਮਾਣਕ ਨੇ ਵੱਖੋ-ਵੱਖਰੇ ਅੰਦਾਜ਼ ‘ਚ ਗਾਇਆ ਹੈ।
“ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲ ਲਗਦਾ ।”
ਇਸ ਗਾਥਾ ਵਿਚਲੇ ਤਿੰਨੋਂ ਅੰਤਰਿਆਂ ਨੇ ਮਾਣਕ ਨੇ ਵੱਖੋ-ਵੱਖਰੀਆਂ ਤਰਜ਼ਾਂ ‘ਤੇ ਗਾ ਕੇ ਆਪਣੀ ਗਾਇਕੀ ਦਾ ਵੱਖਰਾ ਨਮੂਨਾ ਪੇਸ਼ ਕੀਤਾ ਹੈ।
ਮਾਣਕ ਨੇ ਗਾਇਕੀ ਦੀਆਂ ਉਹ ਸਿਖਰਾਂ ਨੂੰ ਛੋਹਿਆ ਜੋ ਹਰ ਕਿਸੇ ਦੇ ਵਸ ਦਾ ਕੰਮ ਨਹੀਂ ਜਿਵੇਂ ‘ਕਲੀਆਂ’, ‘ਲੋਕ-ਗਾਥਾਵਾਂ’, ‘ਕਿੱਸਿਆਂ’, ‘ਓਪੇਰਿਆਂ’ ਅਤੇ ਧਾਰਮਿਕ ਪ੍ਰਸੰਗ ਵਿੱਚ ਮਾਣਕ ਦੀ ਗਾਇਕੀ ਦੀ ਕਲਾ ਦੇ ਵੱਖੋ-ਵੱਖਰੇ ਰੂਪ ਦੇਖਣ ਨੂੰ ਮਿਲਦੇ ਹਨ।
ਓਪੇਰੇ ਨੁਮਾ ਕੈਸਟਾਂ ਵਿੱਚ
* ਕੌਲਾਂ
ਢਾਹਵਾਂ ਦਿੱਲੀ ਦੇ ਕਿੰਗਰੇ
ਜੱਗਾ ਡਾਕੂ
* ਡਾਕੂ ਹਰਫੂਲ ਸਿੰਘ
* ਦੇ ਅਮਰ ਸ਼ਹੀਦ
ਇੱਕ ਵੀਰ ਦਈਂ ਵੇ ਰੱਬਾ
* ਪਿਉ ਪੁੱਤ ਦੀ ਯਾਰੀ
ਆਦਿਕ ਅਲੱਗ-ਅਲੱਗ ਘਟਨਾਵਾਂ ਦੇ ਪਾਤਰਾਂ ਨੂੰ ਇੱਕ ਚਲਦੀ ਫ਼ਿਲਮ ਵਾਂਗ ਮਹਿਸੂਸ ਕਰਵਾਇਆ ਹੈ।
ਇਸੇ ਤਰ੍ਹਾਂ ਧਾਰਮਿਕ ਪ੍ਰਸੰਗਾਂ ਵਿੱਚ:-
* ਸ: ਬਘੇਲ ਸਿੰਘ
* ਝੰਡੇ ਖਾਲਸਾ ਰਾਜ ਦੇ
* ਖਾਲਸੇ ਦਾ ਰਾਜ ਹੋ ਗਿਆ
* ਮਰਦ ਅਗਮੜਾ
ਆਦਿਕ ਵਿੱਚ ਘਟਨਾਵਾਂ ਦੇ ਅਨੁਕੂਲ ਸੰਗੀਤਕ ਤਰਜ਼ਾਂ ਨੂੰ ਢਾਲ ਕੇ ਉਨ੍ਹਾਂ ਦੇ ਸਤਕਾਰਤ ਪਾਤਰਾਂ ਨੂੰ ਸ੍ਰੋਤਿਆਂ ਸਾਹਮਣੇ ਪੂਰਨ ਸੁਰਜੀਤ ਕੀਤਾ ਹੈ।
* ਸਿੰਘ ਸੂਰਮੇ
* ਅਡੋਲ ਖਾਲਸਾ
ਅਤੇ ਇੱਕ E.P. ਰਿਕਾਰਡ ਵਿੱਚ ਚਾਰ ਧਾਰਮਿਕ ਗੀਤ
“ਆ ਗਈ ਹੁਣ ਦਿੱਲੀਏ ਅਖੀਰ”
ਅਜਿਹੇ ਅਨੇਕਾਂ ਗੀਤ ਸਾਡੇ ਧਾਰਮਿਕ ਵਿਰਸੇ ਦਾ ਬੇਸ਼ਕੀਮਤੀ ਸਰਮਾਇਆ ਹਨ।
ਰੁਮਾਂਟਿਕ ਗੀਤਾਂ ਵਿਚ ਵੀ ਕੁਲਦੀਪ ਮਾਣਕ ਨੇ ਸਮੇਂ ਸਮੇਂ ਆਪਣੀ ਹਰ ਕੈਸਟ ਤੇ ਰਿਕਾਰਡ ਵਿਚ ਰੁਮਾਂਟਿਕ ਗੀਤ ਗਾਏ ਹਨ। ਪਰ ਜੋ ਕੱਚ-ਘਰੜੇ, ਚਲੰਤ ਨੁਮਾ ਇਸ਼ਕ- ਮੁਸ਼ਕ ਤੋਂ ਉੱਤੇ ਉੱਠ ਕੇ ਲਿਖੇ ਤੇ ਗਾਏ ਗਏ ਹਨ। ਇਸੇ ਕਰਕੇ ਉਹ ਅਰਸੇ ਬੀਤਣ ਬਾਅਦ ਵੀ ਨਵੇਂ ਨਕੋਰ ਸੁਣਾਈ ਦਿੰਦੇ ਹਨ।
ਚੰਨਾ ਮੈਂ ਤੇਰੀ ਖੈਰ ਮੰਗਦੀ ਛੱਡ ਕੇ ਤੂੰ ਚੰਨਾ ਮੈਨੂੰ ਜਾਈਂ ਨਾ ਇਸ਼ਕ ਖੁਦਾ ਨੀ ਚੰਨੋਂ, ਇਸ਼ਕ ਖੁਦਾ
ਸੱਜਣਾਂ ਦੇ ਨੈਣ
ਆਦਿਕ ਸੈਂਕੜੇ ਗੀਤ ਲੋਕਾਂ ਨੂੰ ਪਹਾੜਿਆਂ ਵਾਂਗ ਯਾਦ ਹਨ
ਜਿਸ ਸਮੇਂ ਕੁਲਦੀਪ ਮਾਣਕ ਦੀ ਗਾਇਕੀ ਦਾ ਆਗਾਜ਼ ਹੋਇਆ, ਉਸ ਸਮੇਂ ਦੋਗਾਣਾ ਅਤੇ ਦੋ ਅਰਥੀ ਗਾਇਕੀ ਸਭ ਤੇ ਬੇਹੱਦ ਭਾਰੂ ਸੀ । ਪਰ! ਮਾਣਕ ਦੇ ਜਨੂਨ ਨੇ ਇਸਨੂੰ ਕੁਝ ਵੱਖਰਾ ਭਾਵ ਆਮ ਨਾਲੋਂ ਹੱਟ ਕੇ ਗਾਉਣ ਲਈ ਮਜਬੂਰ ਕੀਤਾ ਕਿਉਂਕਿ ਮਾਣਕ ਭੀੜ ਤੋਂ ਕੁਝ ਵੱਖਰਾ ਨਜ਼ਰ ਆਉਣਾ ਚਾਹੁੰਦਾ ਸੀ । ਚਾਹੇ ਮਾਣਕ ਨੇ ਵੀ ਦੋਗਾਣਾ ਗਾਇਕੀ ਨੂੰ ਅਪਣਾਇਆ। ਪਰ ! ਇਸਦੀ ਗਾਇਕੀ ਤੇ ਗੀਤਾਂ ਦਾ ਮਿਆਰ ਉਸ ਵਕਤ ਦੀ ਗਾਇਕੀ ਤੋਂ ਬਿਲਕੁੱਲ ਵੱਖਰਾ ਸੀ । ਮਾਣਕ ਦੇ ਗੀਤ ਕ੍ਰਿਸਾਨੀ, ਪ੍ਰੀਵਾਰਕ ਰਿਸ਼ਤੇ, ਟਰੱਕਾਂ ਵਾਲਿਆਂ ਨਾਲ ਸਬੰਧਿਤ, ਜਿਹੇ ਵਿਸ਼ਿਆਂ ‘ਚ ਮੜੇ ਹੋਏ ਸਨ। ਓਸ ਵਕਤ ਰਿਕਾਰਡ ਹੋਈ ਮਾਣਕ ਦੀਆਂ ਕੈਸਟਾਂ ਇਸ ਤਰਾਂ ਸਨ:
ਨਾਲੇ ਬਾਬਾ ਲੱਸੀ ਪੀ ਗਿਆ (ਕੁਲਦੀਪ ਮਾਣ+ਸਤਿੰਦਰ ਬੀਬਾ)
ਕੱਢਣਾ ਰੁਮਾਲ ਦੇ ਗਿਓਂ (ਕੁਲਦੀਪ ਮਾਣ+ਅਮਰਜੋਤ, ਸੀਮਾ)
ਮੇਹਰੂ ਪੋਸਤੀ (ਕੁਲਦੀਪ ਮਾਣ-ਸੀਮਾ)
ਯਾਰ ਦਾ ਚੌਥਾ ਗੇੜਾ (ਕੁਲਦੀਪ ਮਾਣ+ਕੁਲਦੀਪ ਕੌਰ)
ਇਹਨਾਂ ਕੈਸਟਾਂ ਅਤੇ ਰਿਕਾਰਡਾਂ ਵਿਚ ਵੀ ਮਾਣਕ ਨੇ ਲੋਕ-ਗਾਥਾਵਾਂ ਨੂੰ ਯੋਗ ਥਾਂ ਦਿੱਤੀ ਹੈ।
ਜਿਥੇ ਮਾਣਕ ਨੇ ਦੋਗਾਣਾ, ਕਲੀਆਂ, ਗਾਥਾਵਾਂ, ਲੋਕ ਗੀਤਾਂ, ਧਾਰਮਿਕ ਪ੍ਰਸੰਗ, ਸੂਰਬੀਰ, ਸੂਰਮਿਆਂ ਦੀਆਂ ਵਾਰਾਂ ਨੂੰ ਆਪਣੀ ਗਾਇਕੀ ਦਾ ਅੰਗ ਬਣਾਇਆ ਹੈ। ਉਥੇ ਹੀ ਪੰਜਾਬੀ ਸੱਭਿਆਚਾਰ ਦਾ ਵਿਸ਼ੇਸ਼ ਅੰਗ ਬੋਲੀਆਂ ਨੂੰ ਵੀ ਆਪਣੀ ਗਾਇਕੀ ਦੇ ਨਾਲ ਨਾਲ ਲੈ ਕੇ ਤੁਰਿਆ ਹੈ। ਮਾਣਕ ਨੇ ਪੰਜਾਬੀ ਸੱਭਿਆਚਾਰ ਦੀ ਝੋਲੀ ਗਿੱਧਾ ਅਤੇ ਬੋਲੀਆਂ ਦੀ ਪੂਰੀ ਕੈਸਟ ਪਾਈ।
ਜਿਸ ਤਰ੍ਹਾਂ ਕੁਲਦੀਪ ਮਾਣਕ ਨੇ ਗਾਇਕੀ ਵਿਚ ਮੀਲ-ਪੱਥਰ ਗੱਡਿਆ ਉਸੇ ਤਰ੍ਹਾਂ ਮਾਣਕ ਨੇ ਫ਼ਿਲਮਾਂ ਵਿੱਚ ਵੀ ਪਿਠਵਰਤੀ ਗਾਇਕ ਵਜੋਂ ਲੋਹਾ ਮਨਵਾਇਆ ।
ਫਿਲਮ ਸੈਦਾ ਜੋਗਣ ਵਿਚ ਮਾਣਕ ਨੇ “ਸਾਥੋਂ ਨੀਂ ਮੱਝੀਆਂ ਚਾਰ ਹੁੰਦੀਆਂ।”
“ਬਲਵੀਰੋ ਭਾਬੀ” ਵਿਚ ਮਾਣਕ ਆਪ ਪ੍ਰੋਡਿਊਸ਼ਰ, ਸੰਗੀਤਕਾਰ ਤੇ ਗਾਇਕ ਸੀ ਜਿਸ ਵਿਚ ਮਾਣਕ ਖੁਦ ਵੀ ਪਰਦੇ ਤੇ ਨਜ਼ਰ ਪਿਆ ਸੀ।
-ਸੁੱਚੇ ਯਾਰ ਬਿਨਾਂ
-ਸੁੱਚਿਆ ਵੇ ਭਾਬੀ ਤੇਰੀ
-ਮੜੀਆਂ ‘ਤੇ ਮੇਲੇ ਲੱਗਦੇ
ਆਦਿਕ ਗੀਤਾਂ ਨੂੰ ਆਵਾਜ਼ਾਂ ਦਿੱਤੀ ।
“ਸੱਸੀ ਪੁਨੂੰ ਫ਼ਿਲਮ ਦੀ ਲੋਕ ਗਾਥਾ ‘ਚ ਨੂੰ ਮਾਣਕ ਬੜੀ ਦਰਦਾਂ ‘ਚ ਵਿੰਨੀ ਆਵਾਜ਼ ‘ਚ ਗਾਉਂਦਾ ਸੁਣਾਈ ਪੈਂਦਾ ਹੈ:
“ਅੱਜ ਧੀ ਇੱਕ ਬਾਬੁਲ ਦੀ, ਲੋਕੋ ਰੁੜ੍ਹੀ ਨਦੀ ਵਿਚ ਜਾਵੇ…।”
ਮਾਣਕ ਨੇ ਪੰਜਾਬੀ ਸੱਭਿਆਚਾਰ ਦੇ ਲਗਭਗ ਹਰ ਵਿਸ਼ੇ ਨੂੰ ਆਪਣੀ ਅਵਾਜ਼ ਦਿੱਤੀ ਹੈ। ਕਿਤੇ ਆਪਣੇ-ਆਪ ਨਿੱਕੀਆਂ ਬਾਲੜੀਆਂ ਦੇ ਹੱਕ ਵਿਚ ਖੜ੍ਹਿਆ ਨਜ਼ਰੀ ਪੈਂਦਾ ਹੈ
“ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ”
ਅਤੇ ਕਿਤੇ ਉਹ ਭਰੂਣ ਹੱਤਿਆ ਦੀ ਰੋਕਥਾਮ ਲਈ ਸਮਾਜ ਦੇ ਜਿੰਮੇਵਾਰਾਂ ਨੂੰ ਹਲੂਣਦਾ ਸੁਣਾਈ ਦਿੰਦਾ ਹੈ।
“ਡਾਕਟਰ ਮਾਸਟਰ ਅਤੇ ਵਕੀਲੋ, ਕਲਮਾਂ ਤੋਰੋ ਮੂੰਹ ਨੂੰ ਸੀ ਲੋ… ।”
ਆਦਿ ਜਿਹੇ ਗੀਤ ਗਾ ਕੇ ਮਾਣਕ ਨੇ ਸੱਭਿਆਚਾਰ ਨੂੰ ਹੋਰ ਵੀ ਵਡਮੁੱਲਾ ਕਰ ਦਿੱਤਾ ਹੈ।
ਜਿਵੇਂ ਇਥੇ ਮਾਣਕ ਦੀ ਗਾਇਕੀ ਦਾ ਵਿਸ਼ਲੇਸਣ ਕੀਤਾ ਗਿਆ ਹੈ, ਇਸ ਵਿਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕਿਉਂਕਿ ਇਥੇ ਸਿਰਫ ਇਕ ਸ਼ਖ਼ਸੀਅਤ ਦੇ ਗੁਣ ਉਭਾਰੇ ਗਏ ਹਨ ਕਿ ਸਮਾਜ ਦਾ ਕੋਈ ਅਨਸਰ ਇਹੋ ਜਿਹਾ ਨਹੀਂ ਜਿਸ ਵਿਚ ਕਮੀਆਂ ਕਮਜ਼ੋਰੀਆਂ ਨਾ ਹੋਣ। ਸਿਰਫ ਤੇ ਸਿਰਫ ਸਾਨੂੰ ਆਪਣੇ ਔਗੁਣ ਤੇ ਦੂਜਿਆਂ ਦੇ ਗੁਣ ਪਛਾਣਨੇ ਚਾਹੀਦੇ ਹਨ। ਮਾਣਕ ਵਿਚ ਕਮੀਆਂ ਹੋਣਗੀਆਂ ਪਰ ਜੋ ਮਾਣਕ ਨੂੰ ਸੱਭਿਆਚਾਰਕ ਦੇਣ ਹੈ ਉਹ ਕਿਸੇ ਮਹਾਨ ਵਿਅਕਤੀ ਤੋਂ ਘੱਟ ਨਹੀਂ। ਸਗੋਂ ਮਹਾਨ ਵਿਅਕਤੀ ਹੋਣ ਦਾ ਸਬੂਤ ਪੇਸ਼ ਕਰਦੀ ਹੈ।
ਇਸ ਖੰਡ ਵਿਚ ਸਿਰਫ਼ ਮਾਣਕ ਦੀਆਂ ਕੁਝ ਚੋਣਵੀਆਂ ਕੈਸਟਾਂ, ਰਿਕਾਰਡਾਂ ਅਤੇ ਫ਼ਿਲਮਾਂ, ਗੀਤਾਂ ਨੂੰ ਲਿਆ ਗਿਆ ਹੈ । ਜੋ ਮਾਣਕ ਦੀਆਂ ਕੁਝ ਕੈਸਟਾਂ, ਰਿਕਾਰਡਾਂ, ਫਿਲਮਾਂ ਤੇ ਗੀਤਾਂ ਦਾ ਤੁੱਛ ਜਿਹਾ ਹਿੱਸਾ ਹੀ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ, ਸੋ ਇਸ ਸਾਰੇ ਰਿਕਾਰਡਾਂ ਨੂੰ ਮੁਕੰਮਲ ਨਾ ਮੰਨਿਆ ਜਾਵੇ ਕਿਉਂਕਿ ਮਾਣਕ ਗਾਇਕੀ ਅਤੇ ਸੱਭਿਆਚਾਰ ਦੀ ਰੀਫੈਂਸ ਲਾਇਬਰੇਰੀ ਹੈ।
ਅੱਜ ਜਦੋਂ ਅਸੀਂ ਇੰਟਰਨੈੱਟ ਉਤੇ ਕੋਈ “ਮਿਊਜ਼ਿਕ ਸਾਈਟ” ਖੋਲ੍ਹਦੇ ਹਾਂ ਤਾਂ ਕੁਲਦੀਪ ਮਾਣਕ ਸਭ ਤੋਂ ਵੱਧ ਕਲਿਕ ਹੋਇਆ ਮਿਲਦਾ ਹੈ। ਕੁਲਦੀਪ ਮਾਣਕ ਦੀ ਸਫ਼ਲਤਾ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਉਹ ਇੰਟਰਨੈੱਟ ‘ਤੇ ਟੌਪ ਆਰਟਿਸਟਾਂ ਦੀ ਸ਼੍ਰੇਣੀ ‘ਚ ਗਿਣਿਆ ਜਾਂਦਾ ਹੈ।
ਮਾਣਕ ਇਕ ਗਾਇਕ, ਸੰਗੀਤਕਾਰ, ਅਦਾਕਾਰ ਹੋਣ ਦੇ ਨਾਲ ਇਕ ਪਰਪੱਕ ਕੁਮੈਂਟੇਟਰ ਵੀ ਹੈ।
“ਆਪਣੇ ਬਿਗਾਨਿਆਂ ਦਾ ਓਦੋਂ ਪਤਾ ਲਗਦਾ” ਗੀਤ ਮੁਹਰੇ ਕੀਤੀ ਕੁਮੈਂਟਰੀ ਨੂੰ ਚੁਣਿਆ ਜਾ ਸਕਦਾ ਹੈ ਜੋ ਮਲਟੀ ਕੈਸਟ ਹੈ। “ਧਰਤੀ ਹਿਲਦੀ” ਜੋ ਪਹਿਲਾਂ ਇੰਗਲੈਂਡ ‘ਚ ‘ਗਰਾਉਂਡ ਸ਼ੰਕਰ’ ਹੇਠ ਰੀਲੀਜ਼ ਹੋਈ ਸੀ ।
ਕੁਲਦੀਪ ਮਾਣਕ ਦਾ ਗਾਇਆ ਹਰ ਗੀਤ ਆਪੋ ਆਪਣੀ ਥਾਵੇਂ ਸਹੀ ਢੁਕਦਾ ਹੈ। ਮਾਣਕ ਆਪਣੀ ਕਲਾ ਦੇ ਬਲਬੂਤੇ ਹੀ ਸਾਰੀ ਦੁਨੀਆ ‘ਤੇ ਛਾਇਆ ਰਿਹਾ ਏ ਤੇ ਇਸੇ ਤਰ੍ਹਾਂ ਛਾਇਆ ਰਹੇਗਾ। ਇਸ ਦੀਆਂ ਵਾਰਾਂ, ਕਲੀਆਂ, ਗੀਤ, ਲੋਕ ਗੀਤ ਇਸੇ ਤਰ੍ਹਾਂ ਜਹਾਨ ‘ਚ ਗੂੰਜਦੇ ਰਹਿਣਗੇ। ਕੁਲਦੀਪ ਮਾਣਕ ਵੱਲੋਂ ਸਿਰਜਿਆ ਇਹ ਇਤਿਹਾਸ ਅਮਰ ਹੈ। ਕੁਲਦੀਪ ਮਾਣਕ ਦੇ ਇਸ ਦੁਨੀਆ ‘ਤੇ ਨਾ ਹੋਣ ਤੇ ਵੀ ਇਹ ਗੀਤ ਇਸੇ ਤਰ੍ਹਾਂ ਗੂੰਜਦੇ ਰਹਿਣਗੇ ਲੋਕ ਇਸਦੇ ਗਾਏ ਗੀਤਾਂ ਨੂੰ ਸੁਣਕੇ ਇਸਦੀ ਗਾਇਕੀ ਤੇ ਇਸਨੂੰ ਸਦੀਆਂ ਤੱਕ ਯਾਦ ਰੱਖਣਗੇ। ਮਾਣਕ ਆਪਣੇ ਆਪ ਵਿੱਚ ਇੱਕ ਸੱਭਿਆਚਾਰਕ ਯੂਨੀਵਰਸਿਟੀ ਦਾ ਨਾਂਅ ਹੈ। ਕੁਲਦੀਪ ਮਾਣਕ ਵੱਲੋਂ ਗਾਏ ਕੁਝ ਚੋਣਵੇਂ ਗੀਤਾਂ ਦੀਆਂ ਵੰਨਗੀਆਂ ਪੇਸ਼ ਕਰਦੇ ਹਾਂ ਜਿਹੜੇ ਅਕਸਰ ਵਿਆਹ/ਖੁਸ਼ੀਆਂ ਮੌਕਿਆਂ ‘ਤੇ ਆਮ ਵੱਜਦੇ ਸੁਣੇ ਜਾ ਸਕਦੇ ਹਨ। ਇਹ ਮਾਣਕ ਦਾ ਉਹ ਪਹਿਲਾ ਗੀਤ ਹੈ ਜਿਸ ਨੂੰ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਅਤੇ ਸੱਚੇ ਮਾਲਕ ਦੀ ਵਡਿਆਈ ‘ਤੇ ਗਾਉਂਦਾ चै।
ਲੈ ਕੇ ਕਲਗੀਧਰ ਤੋਂ ਥਾਪੜਾ,
ਦਿੱਤਾ ਚਰਨੀਂ ਸੀਸ ਨਿਵਾ ।
ਬੰਦਾ ਸਿੰਘ ਬਹਾਦਰ ਬਣ ਗਿਆ, ਲਿਆ ਮਾਧੋ ਨਾਂ ਬਦਲਾਅ,
ਉਹਦੇ ਥਰ-ਥਰ ਡੌਲੇ ਫੜਕਦੇ, ਗਿਆ ਖੂਨ ਅੱਖਾਂ ਵਿਚ ਆ
ਸੱਜਾ ਹੱਥ ਗਿਆ ਤਲਵਾਰ ਤੇ, ਦਿੱਤਾ ਜਵਾਨ ਮਸ਼ਹਿਰੀ ਪਾ।
ਉਹ ਤੁਰ ਗਿਆ ਵੱਲ ਸਰਹੰਦ ਦੇ, ਇਕ ਚੋਟ ਨਗਾਰੇ ਲਾ ।
ਸ੍ਰੀ ਸਾਹਿਬ ਤੇ ਖੰਡੇ ਚਮਕਦੇ, ਜਾਵੇ ਕਰਦਾ ਸਭ ਫਨਾਹ।
ਮੁਗਲਾਂ ਦੇ ਸੱਥਰ ਲੱਥਦੇ, ਰਹੀਆਂ ਤੇਗਾਂ ਸਿਰਾਂ ਨੂੰ ਖਾ ।
ਮੁਖੋਂ ਬੋਲੇ ਸੋ ਨਿਹਾਲ ਦੇ, ਸਿੰਘ ਰਹੇ ਜੈਕਾਰੇ ਲਾ ।
ਪਈਆਂ ਭਾਜੜਾਂ ਖਾਨ ਵਜੀਦ ਨੂੰ,
ਗਿਆ ਸੁੱਚਾ ਨੰਦ ਘਬਰਾ।
ਸੂਬਾ ਕੰਬ ਗਿਆ ਸਰਹੰਦ ਦਾ, ਗਈ ਜਾਨ ਮੁੱਠੀ ਵਿਚ ਆ ਕਹੇ ਅੱਜ ਬੰਦੇ ਸਰਹੰਦ ਦੀ, ਦਿੱਤੀ ਇੱਟ ਨਾਲ ਇੱਟ ਖੜਕਾ।
ਓਹਨੇ ਦੇਵ-ਥਰੀਕਿਆਂ ਵਾਲਿਆ।
ਦਿੱਤਾ ਕਿਲ੍ਹਾ ਹੰਕਾਰ ਦਾ ਢਾਹ, ਰਹਿੰਦੀਆਂ ਓਹ ਮਰਦਾ ਤੇਰੀਆਂ ।
ਮਾਂ ਦੀ ਗੱਲ ਕਰਦਾ ਹੋਇਆ ਕੁਲਦੀਪ ਮਾਣਕ ਮਾਂ ਦੀ ਗਾਥਾ ਨੂੰ ਅਪਣੀ ਟੁੱਣਕਵੀਂ ਅਵਾਜ਼ ‘ਚ ਬੜੇ ਵਧੀਆ ਅੰਦਾਜ਼ ‘ਚ ਹੂ-ਬ-ਹੂ ਜਦੋਂ ਪੇਸ਼ ਕਰਦਾ ਹੈ ਤਾਂ ਅਪਣਾ ਬਚਪਨ ਅਤੇ ਮੋਈਆਂ ਮਾਵਾਂ ਅੱਖਾਂ ਮੂਹਰੇ ਸਕਾਰ ਹੋ ਜਾਂਦੀਆਂ ਹਨ ਮੱਲੋ ਮੱਲੀ ਅੱਖਾਂ ਨਮ ਹੋਏ ਬਿਨਾਂ ਨਹੀਂ ਰਹਿ ਸਕਦੀਆਂ:
ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਮਾਂ ਏ ਠੰਢੜੀ ਛਾਂ ਓ ਦੁਨੀਆ ਵਾਲਿਓ।
ਮਾਂ ਬਿਨਾ ਨਾ ਕੋਈ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਵਾਉਂਦਾ।
ਖੋਹ ਲੈਂਦੇ ਨੇ ਟੁੱਕ ਕਾਂ, ਓ ਦੁਨੀਆ ਵਾਲਿਓ।
ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਮਾਂ ਏ ਠੰਡੜੀ ਛਾਂ ਓ ਦੁਨੀਆ ਵਾਲਿਓ।
ਬੱਚਿਆਂ ਦਾ ਦੁਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਹੈ ਪੈਂਦੀ।
ਪਾਉਂਦੀ ਸੁੱਕੀ ਥਾਂ, ਓ ਦੁਨੀਆ ਵਾਲਿਓ।
ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ।
ਮਾਂ ਬਿਨਾਂ ਜੱਗ ਘੁੱਪ ਹਨੇਰਾ, ਸੁੰਨਾ ਦਿਸਦਾ ਚਾਰ ਚੁਫੇਰਾ।
ਕੋਈ ਨਾ ਫੜਦਾ ਬਾਂਹ, ਓ ਦੁਨੀਆ ਵਾਲਿਓ।
ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ ।
ਮਾਂ ਹੈ ਰੱਬ ਦਾ ਨਾਂ ਓ ਦੁਨੀਆ ਵਾਲਿਓ।
ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ।
ਰੱਬਾ ‘ਦੇਵ’ ਕਰੇ ਅਰਜੋਈ। ਬੱਚਿਆਂ ਦੀ ਮਾਂ ਮਰੇ ਨਾ ਕੋਈ।
ਸਿਰ ਤੋਂ ਉਠਦੀ ਛਾਂ ਓ ਦੁਨੀਆ ਵਾਲਿਓ, ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ।
ਕੁਲਦੀਪ ਮਾਣਕ ਨੇ ਸਮਾਜਿਕ ਗੀਤ ਵੀ ਗਾਏ, ਧੀਆਂ-ਧਿਆਣੀਆਂ ਦੇ ਦੁੱਖ ਉੱਤੇ ਆਹ ਦਾ ਨਾਅਰਾ ਮਾਰਿਆ, ਜਿਵੇਂ ਧੀ ਦੇ ਜੰਮਣ ਬਾਰੇ ਕੁਲਦੀਪ ਮਾਣਕ ਗਾਉਂਦਾ। ਤਾਹੀਓਂ ਦੁਨੀਆ ਕੁਲਦੀਪ ਮਾਣਕ ਨੂੰ ਬੜੇ ਸਤਿਕਾਰ/ਆਦਰ ਨਾਲ ਨਿਵਾਜਦੀ ਹੈ।
ਹੋਇਆ ਕੀ ਜੇ ਧੀ ਜੰਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ।
ਧੀ ਵੀ ਤਾਂ ਦਾਤ ਰੱਬ ਦੀ, ਭੈੜੀ ਦੁਨੀਆ ਜਾਂਦੀ ਏ ਐਵੇਂ ਰੋਈ, ਹੋਇਆ ਕੀ ਜੇ ਧੀ ਜੰਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ…. ।
ਧੀਆਂ ਪੁੱਤਾਂ ਤੋਂ ਪਿਆਰ ਬਾਹਲਾ ਲੈਂਦੀਆਂ।
ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ।
ਵੀਰੇ ਹੱਥ ਬੰਨ੍ਹ ਰੱਖੜੀ, ਲੰਬੀ ਉਮਰਾਂ ਦੀ ਕਰੇ ਅਰਜੋਈ।
ਹੋਇਆ ਕੀ ਜੇ ਧੀ ਜੰਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ।
ਧੀਆਂ ਨਿੰਦੀਆਂ ਨੇ ਤਾਹੀਓਂ ਇਹ ਸਮਾਜ ਨੇ,
ਬੇੜੀ ਵੱਟੇ ਪਾਏ ਦਾਜ ਦੇ ਰਿਵਾਜ ਨੇ, ਕਦੇ ਧੀ ਨਾ ਦਾਜ ਮੰਗਦੀ, ਮਿਲੇ ਖੁਸ਼ੀ ਲੈ ਕੇ ਜਾਂਦੀ ਸੋਈ-ਸੋਈ, ਹੋਇਆ ਕੀ ਜੇ ਧੀ ਜੰਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ ਸਿਰ ਪੁੱਤਾਂ ਦੇ ਜਿੰਨਾ ਕੁ ਖਾਨਦਾਨ ਏ ।
ਕਿਤੇ ਵੱਧ ਕੇ ਧੀਆਂ ਦਾ ਯੋਗਦਾਨ ਏ ।
ਪਹਿਲਾਂ ਵਾਲੀ ਗੱਲ ਨਾ ਰਹੀ, ਧੀ ਤਾਂ ਪੁੱਤ ਦੇ ਬਰਾਬਰ ਹੋਈ।
ਹੋਇਆ ਕੀ ਜੇ ਧੀ ਜੰਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ।
ਇਕ ਧੀ ਆਪਣੇ ਦਿਲ ਦੀ ਗੱਲ ਸਾਂਝੀ ਕਰਦੀ ਹੈ ਜਿਸਨੂੰ ਕੁਲਦੀਪ ਮਾਣਕ ਨਵੇਕਲੇ ਹੀ ਅੰਦਾਜ਼ ‘ਚ ਪੇਸ਼ ਕਰਦਾ ਹੈ।
ਬੂਰ ਪਿਆ ਕਣਕਾਂ ਨੂੰ ਮਾਏ, ਵਿਚ ਬਾਗੀਂ ਅੰਬੀਆਂ ਪੱਕੀਆਂ ।
ਅੱਗ ਦੇ ਭਾਂਬੜ ਵਰਗੀਆਂ ਧੀਆਂ, ਨੀ ਤੂੰ ਸਾਂਭ ਬੁੱਕਲ ‘ਚ ਰੱਖੀਆਂ।
ਗਿਣਵੇਂ ਦਿਨਾਂ ਦੀ ਸਾਂਝ ਬਾਬਲ, ਅਸਾਂ ਸਿਦਕਾਂ ਨਾਲ ਨਿਭਾਈਆਂ।
ਕੂੰਜਾਂ ਵਾਂਗ ਪ੍ਰਾਹੁਣੀਆਂ ਧੀਆਂ, ਤੇਰੇ ਵਿਹੜੇ ਦੋ ਦਿਨ ਆਈਆਂ।
ਮੈਂ ਚਾਦਰ ਕੱਢਦੀ ਨੀ, ਗਿਣ-ਗਿਣ ਤੋਪੇ ਪਾਵਾਂ ਜਾਮਣ ਦੀ ਛਾਂ ਹੇਠਾਂ,
ਨੀ ਮੈਂ ਪੀੜ੍ਹਾ ਡਾਹਵਾਂ, ਚਿੜੀਆਂ ਦੀ ਚੀਂ-ਚੀਂ ਨੀ ਤੋਤਿਆਂ ਦੀ ਟੁੱਕੜੀ,
ਦਿਲ ਫੜਕੇ ਸੋਚਾਂ, ਨੀ ਨਾਲੇ ਸ਼ਰਮਾਵਾਂ । ਮੈਂ ਚਾਦਰ ਕੱਢਦੀ ਨੀ,
ਉੱਤੇ ਤੋਤੇ ਪਾਵਾਂ, ਚੰਨ ਹੁਸਨ ਜਵਾਨੀ, ਮਾਵਾਂ ਠੰਡੀਆਂ ਛਾਵਾਂ।
ਫਿਕਰਾਂ ਵਿਚ ਡੁੱਬਿਆ ਨੀ, ਮੇਰਾ ਬਾਬਲ ਭੋਲ਼ਾ,
ਮੈਂ ਓਹਦੀ ਚਿੱਟੀ ਪੱਗੜੀ ਨੂੰ ਕਦੇ ਦਾਗ ਨਾ ਲਾਵਾਂ।
ਮੈਂ ਚਾਦਰ ਕੱਢਦੀ ਨੀ, ਉਤੇ ਪਾਵਾਂ ਵੇਲਾਂ ।
ਸਾਡੇ ਪਿੰਡ ਦੇ ਟੇਸ਼ਨ ਤੇ, ਨਾ ਰੁੱਕਦੀਆਂ ਰੇਲਾਂ।
ਮੇਰਾ ਧਰਮੀ ਬਾਬਲ ਨੀ, ਦੇਸਾਂ ਦਾ ਰਾਜਾ।
ਮੈਂ ਆਖਕੇ ਬਾਪੂ ਨੂੰ, ਰੇਲਾਂ ਰੁਕਵਾਵਾਂ….।
ਮੈਂ ਚਾਦਰ ਕੱਢਦੀ ਨੀ, ਉੱਤੇ ਪਾਵਾਂ ਚਿੜੀਆਂ।
ਮੇਰੇ ਤੁਰ ਜਾਣ ਦੀਆਂ ਘਰ-ਘਰ ਗੱਲਾਂ ਛਿੜੀਆਂ, ਬਾਬਲ ਪਿਆ ਸੋਚੀਂ ਨੀ, ਤੇ ਵਗਦੀਆਂ ਅੱਖੀਆਂ।
ਅੰਮੜੀ ਵੀ ਲਕੋਵੇ ਨੀ, ਮੈਥੋਂ ਹੌਂਕੇ ਹਾਵਾਂ।
ਤੱਕ ਹਾੜ ਸਿਆਲ ਨੀ, ਨੀ ਮੈਂ ਚਾਦਰ ਲਾਹੀ ।
ਤੋਤਿਆਂ ਦੀਆਂ ਚੋਗਾਂ ਨੀ ਇਹ ਦੇਣ ਗਵਾਹੀ।
ਉਹ ਵਣਜਾਰਾ ਗੀਤਾਂ ਦਾ ਮੈਂ ਰਚਨਾ ਉਸਦੀ।
ਉਹ ਪ੍ਰੀਤ ਨਗਰ ਕੁੜੀਓ, ਉਸਦਾ ਸਿਰਨਾਵਾਂ।
ਇਹ ਚਾਰੇ ਕੂੰਟਾਂ ਨੀ, ਇਹਦੇ ਪੱਲੇ ਚਾਰੇ।
ਇਹ ਚਾਰੇ ਰੁੱਤਾਂ ਨੀ, ਇਹ ਵੇਦ ਨੇ ਚਾਰੇ।
ਇਹ ਹਿੰਦੂ-ਮੁਸਲਿਮ, ਸਿੱਖ ਇਸਾਈ, ਇਹ ਚਾਰੋ ਵੀਰੇ।
ਹਿੰਦ ਦੀ ਚਾਦਰ ਨੂੰ, ਨੀ ਮੈਂ ਸੀਸ ਝੁਕਾਵਾਂ।
‘ਟਿੱਲਾ’ ਗੀਤ ਮਾਣਕ ਦਾ ਇਹੋ ਜਿਹਾ ਗੀਤ ਹੈ ਜਿਸ ਨੂੰ ਗਾਏ ਬਿਨਾ ਮਾਣਕ ਦੇ ਅਖਾੜੇ ਨੂੰ ਅਧੂਰਾ ਮੰਨਿਆ ਜਾਂਦਾ ਹੈ। ਮਾਣਕ ਦੇ ਲੱਗੇ ਅਖਾੜੇ ‘ਚ ਇਸ ਗੀਤ ਨੂੰ ਸੁਣਨ ਲਈ ਕਈ-ਕਈ ਵਾਰ ਫਰਮਾਇਸ਼ਾਂ ਆਉਂਦੀਆਂ ਹਨ ਅਤੇ ਮਾਣਕ ਦੇ ਇਸ ਗੀਤ ਦੀ ਲੋਕ ਮਨਾਂ ‘ਤੇ ਅਮਿਟ ਛਾਪ ਹੈ। ਜਿਹੜਾ ਕਿ ਕੁਝ ਇਸ ਤਰ੍ਹਾਂ ਹੈ:
ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ,
ਔਹ ਲੈ ਵੇਖ ਗੋਰਖਾ ਉਡਦੀ ਐ ਫੁਲਕਾਰੀ।
ਬੁੱਲ ਪਪੀਸੀਆਂ ਓਹਦੀਆਂ ਗੱਲਾਂ ਗਲ-ਗਲ ਨਾਲਦੀਆਂ,
ਟੋਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ ।
ਦੋਨੋਂ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ,
ਧੌਣ ਸੁਰਾਹੀ ਮੰਗੀ ਮਿਰਗਾਂ ਤੋਰ ਉਧਾਰੀ।
ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ,
ਚੰਦਨ ਗੋਲੀ ਨੂੰ ਜਿਓਂ ਨਾਗਾਂ ਕੁੰਡਲੀ ਮਾਰੀ।
ਬੈਠੀ ਤ੍ਰਿਝਣਾਂ ਦੇ ਵਿਚ ਓਹ ਚਰਖੇ ਤੰਦ ਪਾਉਂਦੀਆ,
ਵੇਖਕੇ ਰੰਗ ਜੱਟੀ ਦਾ ਤੋਬਾ ਕਰਨ ਲਲਾਰੀ।
ਗੁੱਝੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ,
ਧੀ ਉਹ ਚੂਚਕ ਦੀ ਹੈ ਸਾਹਾਂ ਤੋਂ ਪਿਆਰੀ ।
ਜੱਟੀ ਖਾਤਰ ਆਇਆ ਜੋਗ ਲੈਣ ਨੂੰ ਟਿੱਲੇ ਤੋਂ,
ਪਾ ਦੇ ਮੁੰਦਰਾਂ ਕੰਨੀ ਛੁਰੀ ਫੇਰ ਇੱਕ ਵਾਰੀ,
ਜਾਕੇ ਖੇੜਿਆਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ,
ਕਹੇ ਥਰੀਕੇ ਵਾਲਾ ਇਸ਼ਕ ਹੈ ਬੁਰੀ ਬਿਮਾਰੀ।
ਨੈਣ ਸੰਦਲੀ ਜੱਟੀ ਦੇ ਭਿੱਜ ਗਏ ਨੇ ।
ਮੁੰਡੇ ਕਾਜੀਆਂ ਦੇ ਦਾਰੂ ਪੀਣ ਗਿੱਝ ਗਏ ਨੇ।
ਘਰ ਪੰਡਤਾਂ ਦੇ ਮੁਰਗੇ ਰੁੱਝ ਗਏ ਨੇ।
ਤੱਗ ਟੁੱਟ ਗਿਆ ਸਾਰੀ ਬਈ ਦੁਨੀਆ ਦਾ।
ਮਾਣਕ ਦੀ ਰਿਕਾਰਡ ਸੂਚੀ
ਕੁਲਦੀਪ ਮਾਣਕ ਸਬੰਧੀ ਦਸਤਾਵੇਜ਼ ਇਕੱਠੇ ਕਰਨ ਲਈ ਮੈਂ ਲਗਭਗ ਦੋ ਸਾਲ ਦਰ-ਦਰ ਘੁੰਮਿਆਂ ਸਾਂ…. । ਇੰਨਾ ਵੱਡਾ ਰਿਕਾਰਡ ਇਕੱਲੇ ਕੁਲਦੀਪ ਮਾਣਕ ਲਈ ਸਾਂਭਣਾ ਸੌਖਾ ਕੰਮ ਨਹੀਂ । ਮਾਣਕ ਅੱਜ ਵੀ ਨਹੀਂ ਜਾਣਦਾ ਕਿ ਉਸਦੀਆਂ ਕਿੰਨੀਆਂ ਟੇਪਾਂ (ਕੈਸਟਾਂ), ਤਵੇ ਤੇ ਗੀਤ ਰਿਕਾਰਡ ਹੋ ਚੁੱਕੇ ਹਨ। ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਕਿ ਮਾਣਕ ਦੀ ਸੰਗੀਤਕ ਜ਼ਿੰਦਗੀ ਬਾਰੇ ਵੀ ਚਾਨਣਾ ਪਾਇਆ ਜਾਵੇ । ਮੈਨੂੰ ਜਿਵੇਂ ਉਸਦੇ ਪ੍ਰਸ਼ੰਸਕਾਂ, ਉਪਾਸ਼ਕਾਂ ਨੇ ਦੱਸਿਆ ਜਾਂ ਦਿਖਾਇਆ ਮੈਂ ਉਸ ਨੂੰ ਕਿਤਾਬ ਰੂਪ ਸਾਂਭ ਕੇ ਪਾਠਕਾਂ ਦੇ ਸਨਮੁਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੇ ਇਸ ਉਦੇਸ਼ ਵਿੱਚ ਸੰਤੁਸ਼ਟੀ ਵੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਜਿਥੇ ਕਿਤੇ ਕਿਸੇ ਨੇ ਦੱਸਿਆ ਕਿ ਫਲਾਣੇ ਪਿੰਡ-ਫਲਾਣੇ ਸ਼ਹਿਰ ‘ਚ ਫਲਾਣੇ ਬੰਦੇ ਕੋਲ ‘ਮਾਣਕ’ ਦਾ ਆਹ ਰਿਕਾਰਡ ਸਾਂਭਿਆ ਪਿਆ ਹੈ ਤਾਂ ਮੈਂ ਉਸਦੇ ਦਰ ‘ਤੇ ਅਲਖ ਜਗਾਉਣ ਲੱਗਿਆ ਰਤਾ ਕੁਤਾਹੀ ਨਹੀਂ ਕੀਤੀ .। ਇਸ ਸ਼ਾਮਲ ਕੀਤੀ ਟੇਪ/ਰਿਕਾਰਡ ਸੂਚੀ ਨੂੰ ਮੁਕੰਮਲ ਨਾ ਮੰਨ ਲਿਆ ਜਾਵੇ ਕਿਉਂਕਿ ਇੰਨੀ ਵੱਡੀ ਲੰਮੀ ਲੜੀ ‘ਚੋਂ ਕੋਈ ਮਣਕਾ ਪ੍ਰਣੋ ਰਹਿ ਵੀ ਸਕਦਾ ਹੈ। ਇਸ ਤੋਂ ਬਾਅਦ ਜੇਕਰ ਕਿਸੇ ਹੱਥ ਕੋਈ ਹੋਰ ਮਾਣਕ ਸਬੰਧੀ ਦਸਤਾਵੇਜ ਲੱਗ ਉਸਨੂੰ ਵੀ ਇਸ ਮਾਲਾ ਦਾ ਮਣਕਾ ਮੰਨਿਆ ਜਾਵੇ। ਕਿਸੇ ਨੇ ਦੱਸ ਪਾਈ ਕਿ ਜ਼ਿਲ੍ਹਾ ਮਾਨਸਾ ਦੇ ਮਸ਼ਹੂਰ ਪਿੰਡ ‘ਹੀਰੇਵਾਲ’ ਦੇ ਵਾਸੀ ਸ: ਮਹਿੰਦਰ ਸਿੰਘ ਬਾਰੇ ਕਿ ਉਸ ਕੋਲ ਮਾਣਕ ਦੀਆਂ ਲਗਭਗ ਸਾਰੀਆਂ ਕੈਸਟਾਂ ਸਾਂਭੀਆਂ ਹੋਈਆਂ ਹਨ। ਉਸ ਤੋਂ ਬਾਅਦ ਪਤਾ ਲੱਗਿਆ ਕਿ ਜਗਰਾਉਂ ਦੇ ਨੇੜਲੇ ਪਿੰਡ ਮੱਲ੍ਹਾ ‘ਚ ਹਰਦੀਪ ਕੌਂਸਲ ਕੋਲ ਵੀ ਵੱਡੀ ਗਿਣਤੀ ‘ਚ ਕੈਸਟਾਂ ਅਤੇ ਹੋਰ ਸਮੱਗਰੀ ਸਾਂਭੀ ਹੋਈ ਹੈ ਜਿਸ ਨੇ ਮਾਣਕ ਦੀਆਂ ਕੈਸਟਾਂ ਨੂੰ ਇੱਕ ਪੀਪੇ ‘ਚ ਚਿਣ ਕੇ ਰੱਖਿਆ ਹੈ ਅਤੇ ਉਸ ਪੀਪੇ ਦੇ ਬਾਹਰ ਚਾਰੇ ਪਾਸੇ ‘ਮਾਣਕ-ਮਾਣਕ’ ਲਿਖਿਆ ਹੈ। ਭੁਪਿੰਦਰ ਸਿੰਘ ਬਾਰਨ ਹਾੜਾ ਜਿਸ ਨੇ ਆਪਣੇ ਘਰ ਇੱਕ ‘ਮਾਣਕ ਲਾਇਬ੍ਰੇਰੀ’ ਸਥਾਪਿਤ ਕੀਤੀ ਹੈ ਜਿਸ ਵਿੱਚ ਮਾਣਕ ਦੀਆਂ ਯਾਦਗਾਰੀ ਫੋਟੋਆਂ, ਕੈਸਟਾਂ, ਤਵੇ ਤੇ ਗ੍ਰਾਮੋਫੋਨ ਮਸ਼ੀਨ ਸਾਂਭੀ ਪਈ, ਜਦੋਂ ਵੀ ਕੋਈ ਉਸ ਨੂੰ ਮਿਲਣ ਜਾਂਦਾ ਹੈ ਤਾਂ ਉਹ ਜਾਣ ਵਾਲੇ ਨੂੰ ਗ੍ਰਾਮੋਫੋਨ ਮਸ਼ੀਨ ‘ਤੇ ਮਾਣਕ ਦਾ ਗੀਤ ਜ਼ਰੂਰ ਸੁਣਾ ਕੇ ਤੋਰਦਾ ਹੈ। ਇਸ ਤਰ੍ਹਾਂ ਬਿੰਦਰ ਮਿਊਜ਼ਿਕ ਸੈਂਟਰ ਭਦੌੜ ਜਿਸ ਨੂੰ ਮਾਣਕ ਦਾ ਇੱਕ-ਇੱਕ ਗੀਤ ਯਾਦ ਹੈ ਕਿ ਕਿਸ ਕੈਸਟ ਵਿੱਚ ਮਾਣਕ ਦਾ ਕਿਹੜਾ ਗੀਤ ਕਿਸ ਸਾਈਡ(A ਜਾਂ B) ਕਿਸ ਦਾ ਲਿਖਿਆ ਹੋਇਆ ਹੈ ਤੇ ਕਿਸ ਸੰਗੀਤਕਾਰ ਨੇ ਸੁਨਹਿਰੀ ਧੁਨਾਂ ਨਾਲ ਪ੍ਰੋਇਆ ਹੈ।
ਮੇਰੀ ਹੈਰਾਨੀ ਦੀ ਓਦੋਂ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਸ. ਹਰਭਜਨ ਸਿੰਘ ਵਾਸੀ ਸਾਉਨਾਂ (ਨਵਾਂ ਸ਼ਹਿਰ) ਨੂੰ ਮਿਲਣ ਦਾ ਮੌਕਾ ਮਿਲਿਆ ਜੋ ਇੱਕ ਪੁਲਿਸ ਮਹਿਕਮੇ ‘ਚ ਹੌਲਦਾਰ ਦੀ ਪੋਸਟ ‘ਤੇ ਬਿਰਾਜਮਾਨ ਹੈ। ਉਸ ਨੂੰ ਮਾਣਕ ਦੀ ਸ਼ਖ਼ਸੀਅਤ ਤੇ ਗਾਇਕੀ ਨਾਲ ਲੋਹੜੇ ਦਾ ਇਸ਼ਕ ਹੈ। ਹਰਭਜਨ ਨੇ ਮਾਣਕ ਦੀਆਂ ਲਗਭਗ ਇੱਕ ਸੌ ਨੱਬੇ ਕੈਸਟਾਂ ਸਾਂਭੀਆਂ ਹਨ। ਅਖਬਾਰੀ ਫੋਟੋਆਂ ਤੋਂ ਬਿਨਾਂ ਜਿੱਥੇ ਕਿਤੇ ਮਾਣਕ ਦਾ ਕੋਈ ਅਖਾੜਾ ਜਾਂ ਗੀਤ ਮਿਲਿਆ ਭਾਵੇਂ ਉਹ ਗੀਤ ਇਸ ਕੋਲ ਪਹਿਲਾਂ ਵੀ ਕਿਉਂ ਨਾ ਸਾਂਭਿਆ ਹੋਵੇ ਇਸ ਨੇ ਉਸ ਪਤਾ ਲੱਗੀ ਕੇਸਟ, ਗੀਤ ਜਾਂ ਸੀਡੀਜ਼ ਨੂੰ ਮੁੜ ਸਾਂਭਿਆ ਹੈ। ਮਾਣਕ ਦੀ ਗਾਇਕੀ ਨੇ ਇਸ ਨੂੰ ਇੱਕ ਪ੍ਰੌੜ ਗੀਤਕਾਰ ਬਣਾ ਦਿੱਤਾ ਹੈ ਅਤੇ ਅੱਜ ਕੱਲ੍ਹ ਇਹ ਅਮਰੀਕਾ ਜਾ ਵਸਿਆ ਹੈ ਪਰ ! ਹਰਭਜਨ ਦੀ ਧੜਕਣ ਅੱਜ ਵੀ ਮਾਣਕ ਦੀ ਗਾਇਕੀ ਨਾਲ ਧੜਕਦੀ चै।
ਲੇਖਕ ਚਰਨ ਬੰਬੀਹਾ ਭਾਈ ਜਿਸ ਨੂੰ ਅਸੀਂ ਆਮ ਸੱਭਿਆਚਾਰਕ ਮੇਲਿਆਂ ‘ਤੇ, ਸਾਹਿਤਕ ਸਮਾਗਮਾਂ ‘ਚ ਮਾਣਕ ਦੀਆਂ ਸਾਂਭੀਆਂ ਫੋਟੋਆਂ, ਰਿਕਾਰਡਾਂ ਅਤੇ ਹੋਰ ਗਾਇਕ, ਗਾਇਕਾਵਾਂ ਦੀ ਸਾਂਭੀ ਸਮੱਗਰੀ ਦੀ ਨੁਮਾਇਸ਼ ਲਾਈ ਦੇਖ ਸਕਦੇ ਹਾਂ। ਮੈਂ ਨਤਮਸਤਕ ਹਾਂ ਇਹਨਾਂ ਕਲਾ-ਰਸੀਆਂ, ਸੰਗੀਤ ਪੁਜਾਰੀਆਂ ਦੇ । ਅਸੀਂ ਮਾਣਕ ਦੇ ਰਿਕਾਰਡ ਕੈਸਟ ਤੇ ਗ੍ਰਾਮੋਫੋਨ ਤਵਿਆਂ ਦੀ ਸੂਚੀ ਪਾਠਕਾਂ ਦੇ ਸਨਮੁਖ ਕਰ ਰਹੇ ਹਾਂ । ਜਿਨ੍ਹਾਂ ਨੂੰ ਵੱਖ-ਵੱਖ ਕੰਪਨੀਆਂ ਨੇ ਸਮੇਂ-ਸਮੇਂ ਰਿਕਾਰਡ ਕੀਤਾ ਹੈ। ਇਨ੍ਹਾਂ ‘ਚੋਂ ਕੁਝ ਕੈਸਟਾਂ ਨੂੰ ਬਾਅਦ ‘ਚ ਰੀਮਿਕਸ ਕਰਕੇ ਵੀ ਮਾਰਕੀਟ ਵਿੱਚ ਉਤਾਰਿਆ ਗਿਆ ਹੈ। ਇਹਨਾਂ ਰਿਕਾਰਡਾਂ ਅਤੇ ਕੈਸਟ ਸੂਚੀ ਕੁਝ ਇਸ ਤਰ੍ਹਾਂ ਹੈ।
*ਨਾਲ਼ੇ ਬਾਬਾ ਲੱਸੀ ਪੀ ਗਿਆ (H.M.V.) 1975 (Ε.Ρ)
* ‘ਛੇਤੀ ਕਰ ਸਰਵਣ ਬੱਚਾ’ (H.M.V.)
* ‘ਤੇਰੀ ਖਾਤਰ ਹੀਰੇ’ (H.M.V.)
* ‘ਅੱਖਾਂ ਵਿੱਚੋਂ ਨਜਾਇਜ਼ ਵਿਕਦੀ’ (H.M.V.)
*ਤੂੰਬੀ ਦੇ ਗੀਤ (E.Μ.Ι.)
* ‘ਸਾਹਿਬਾਂ ਬਣੀ ਭਰਾਵਾਂ ਦੀ’ 1978 (L.P)
* ਸੂਚਾ ਸੂਰਮਾ
* ਨੱਚ ਲੈ ਪਟੋਲਾ ਬਣ ਕੇ
* ਸਭ ਦੀ ਪਸੰਦ ਮਿੱਤਰੋ
* ‘ਯਾਰਾਂ ਦਾ ਟਰੱਕ ਬੱਲੀਏ’ (H.M.V.)
* ‘ਸਾਹਿਬਾਂ ਦਾ ਤਰਲਾ’ (E.M.I.)
*ਮਾਂ ਹੁੰਦੀ ਏ ਮਾਂ (E.Μ.Ι.) 1981 (L.P)
* ‘ਹੀਰ ਰਾਂਝਾ ਤੇ ਮਿਰਜ਼ਾ ਸਾਹਿਬਾਂ’ (H.M.V.)
*ਭੰਗੜਾ ਮਾਣਕ ਦਾ (H.M.V.)
* ‘ਟੁੱਟੇ ਹੋਏ ਦਿਲ’ (H.M.V.)
*ਮਾਂ ਮਿਰਜ਼ੇ ਦੀ ਬੋਲਦੀ (H.M.V.)
* ‘ਭੁੱਲ ਜਾਣ ਵਾਲੀਏ’ (Sono Tone)
* ‘ਮੇਰਾ ਯਾਰ ਪਿਆਰਾ’ (Sono Tone)
* ‘ਮਾਣਕ ਦੇ ਗੀਤ’ (M.P.I.)
* ‘ਕੁਲਦੀਪ ਮਾਣਕ ਦੇ ਰੁਮਾਂਟਿਕ ਗੀਤ’ (M.P.I.)
* ‘ਕਲਯੁਗੀ ਹੀਰ’ (M.P.I.)
* ‘ਇਕ ਨੱਢੀ ਸ਼ਹਿਰ ਭੰਬੋਲ ਦੀ’
*ਸਾਹਿਬਾ ਤੇਰੀ ਰੋਵੇ (C.T.C.)
*ਗਿੱਧੇ ਵਿੱਚ ਨੱਚਦੀ ਦਾ (C.T.C.)
*ਦਿਲ ਨਹੀਂ ਲੱਗਦਾ (C.T.C.)
* ‘ਮਾਣ ਨਹੀਂ ਕਰੀਦਾ’ (Peri Tone)
* ‘ਯਾਰਾ ਵੇ ਤੇਰੀ ਯਾਰੀ’ (Peri Tone)
* ‘ਸੁਰਮਾ ਨਾ ਪਾ ਕੁੜੀਏ’ (Capital)
* ‘ਮਾਪੇ ਮੰਨੇ ਨਾ ਚੰਦਰਿਆ ਮੇਰੇ’ (Capital)
* ‘ਭੁੱਲ ਕੇ ਝੂਠੇ ਯਾਰਾਂ ਨੂੰ’ (Goyai)
* ‘ਘੱਗਰਾ ਜੈ ਕੁਰੇ ਤੰਗ ਤੇਰਾ’ (Fine Tone)
* ‘ਪਿਉ ਪੁੱਤ ਦੀ ਯਾਰੀ’ (Payal)
*ਇਛਰਾ ਤਾਂਹਾ ਮਾਰਦੀ (E.M.I.)
*ਸੀਮਾ ਨਾਲ਼ ਦੋ ਗਾਣੇ (E.M.I.)
*ਜੁਗਨੀ ਯਾਰਾਂ ਦੀ (E.M.I.)
* ਮਾਣਕ ਦਾ ਕੋਕਾ
* ਕਮੀਨੇ ਯਾਰ
*ਤੇਰੀ ਅਲਵਿਦਾ ਹੋਰਾਂ ਨਾਲ
* ਜੱਟ ਜੋਧੇ ਫ਼ਿਲਮ
*ਸ਼ਾਨਦਾਰ ਐਮ ਐਚ ਵੀ .’ (E.M.I.)
* ‘ਕੁੜੀ ਕਬੂਤਰ ਵਰਗੀ’ (E.M.I.)
*ਐਚ ਐਮ.ਵੀ.ਨਾਈਟ (E.M.I.)
* ‘ਸਾਥੋਂ ਨੀ ਮੱਝਾਂ ਚਾਰ ਹੁੰਦੀਆਂ’ (H.M.I.)
* ‘ਸੈਦਾ ਜੋਗਣ ਫ਼ਿਲਮ ‘ਚ’ (H. M.I.)
* ‘ਬਲਬੀਰੋ ਭਾਬੀ’ ਫਿਲਮ (E.M.I.)
* ‘ਰੂਪ ਸ਼ੌਕੀਨਣ ਦਾ’ (E.M.I.)
* ‘ਜਿਊਣਾ ਮੌੜ’ (ਏ ਸਾਈਡ ਦੇ ਪੰਜ ਗੀਤ)
*ਕੁੜਤੀ ਮਲਮਲ ਦੀ (H.M.V.) 1974 (Ε.Ρ)
ਤੇਰੀ ਭੈਣ ਦੀ ਨਜ਼ਰ ਬੁਰੀ’ (ਬੀ ਸਾਈਡ ਦਾ ਪਹਿਲਾ ਗੀਤ) (E.M.I.)
* ‘ਗਾਉਂਦਾ ਪੰਜਾਬ’ (M)
* ‘ਨੱਚਦੀ ਮੁਟਿਆਰ’ (M)
* ‘ਹਸਦਾ ਜੋਬਨ’ (M)
‘ ਮਾਣਕ ਦੀਆਂ ਕਲੀਆਂ(M) 1989
* ‘ਮਾਣਕ ਦੇ ਗੀਤ’ (M)
‘ਗੀਤਾਂ ਦਾ ਵਣਜਾਰਾ’ (M)
* ‘ਰੰਗ ਪੰਜਾਬ ਦਾ’ (M)
* ‘ਮਾਣਕ ਦੀ ਮੌਜ’ (M) 1988
* ‘ਸਹੁਰੇ ਜਾ ਕੇ ਫੁੱਲ ਜਾਵੇਂਗੀ’ (M)
* ‘ਤੂੰਬਾ ਮਾਣਕ ਾ’ (M.P.I.)
* ‘ਚੜਿਆ ਸੋਧਣ ਧਰਤ ਲੁਕਾਈ(M)
* ‘ਮਾਣਕ ਮੇਲੇ ਤੇ’ (Y)
* ‘ਦੋ ਗੱਭਰੂ ਪੰਜਾਬ ਦੇ’ (Y)
* ‘ਵਿਸਾਖੀ ਦੀ ਰਾਤ’ (Y)
* ‘ਕੁਲਦੀਪ ਮਾਣਕ ਅਣਜਾਣ ਪ੍ਰੋਗਰਾਮ’ (E)
* ‘ਮਾਣਕ ਐਂਡ ਪਾਰਟੀ ਇਨ ਇੰਗਲੈਂਡ’ (583)
* ‘ਹੀਰੇ ਕੱਚੀਏ ਜਹਾਨ ਦੀਏ’
* ਨੱਚਣਾ ਪਿਆ
* ਮਾਲਵੇ ਦਾ ਸਪੂਤ
* ਗੋਲਡਨ ਘੰਟਾ
* ਮਿਲ ਲੈ ਜਾਂਦੀ ਵਾਰੀ
* ‘ਬਰੰਗ ਚਿੱਠੀਆਂ’ (Nupur Audio)
* ‘ਲੈ ਗਈ ਕੁੰਜੀਆਂ ਚੁਬਾਰਿਆਂ ਵਾਲੀ’ (Royal)
* ਮਾਣਕ ਫ਼ਿਲਮਾਂ ਚ (H.M.V.)
* ‘ਪੁੱਤ ਮਰੇ ਨਾ ਭੁੱਲਦੇ (ਅਖਾੜਾ)’ (Sangam)
*’ਯਾਰਾਂ ਦੀਆਂ ਕੁੱਲੀਆਂ (C.M.C.)
* ‘ਐਚ.ਐਮ.ਵੀ. ਨਾਈਟ’ (1-2)
* ‘ਐਚ.ਐਮ.ਵੀ. ਨਾਈਟ’ (3+4)
* ‘5 ਕੈਸਟਾ ਕੁਲਦੀਪ ਮਾਣਕ ਦੀਆਂ ਰੀਮਿਕਸ (H.M.V.)
‘ਪੰਜਾਬੀ ਫ਼ਿਲਮ ਬਗਾਵਤ’ (H.M.V.)
* ‘ਝਾਂਜਰ ਬਣ ਮਿੱਤਰਾ’ (K.R.C.)
* ‘ਫਿਲਮ (ਲੰਬੜਦਾਰਨੀ)’ (H.M.V.)
*’ਹੁਸਨ ਕਮਾਲ ਦਾ (H.M.V.)
* ‘ਨਿਸ਼ਾਨੀ ਸੱਜਣਾ ਦੀ (M.P.I.)
*’ਬੋਲ ਪ੍ਰੀਤਾਂ ਦੇ (T.Ρ.Μ.)
* ਰੰਗਲੇ ਪੰਜਾਬ ਨੂੰ ਕੀ ਹੋ ਗਿਆ’ (M.P.I.)
*’ਡੋਲੀ ਤੇ ਸ਼ਿੰਗਾਰ ਦੇਖਕੇ (H.M.V.)
* ‘ਉਪਦੇਸ਼ ਕੌਲਾਂ’ (Capital)
* ‘ਈ.ਪੀ.ਅੱਧੀ ਆ ਗਰੀਬ ਜੱਟ ਦੀ (H.M.V.)
* ‘(ਈ.ਪੀ.) ਜੀਜਾ ਅੱਖੀਆਂ ਨਾ ਮਾਰ’
* ‘(ਈ.ਪੀ.) ਮਿੱਤਰਾਂ ਦੀ ਜਾਕਟ ਤੇ’ (Odeon)
* (L.P.) ਬੈਠੀ ਹੀਰ ਮਾਰਦੀ ਲੇਰਾਂ’
* ‘ਸੌਦੇ ਦਿਲਾਂ ਦੇ’ (ਮਾਣਕ)
* ‘ਅੱਖੀਆਂ ਦੇ ਮਾਮਲੇ’
* ‘ਝਾਂਜਰ ਦਾ ਛਣਕਾਟਾ’
* ‘ਯਾਰਾਂ ਨਾਲ ਨਾ ਦਗਾ ਕਮਾਈਏ’
* ‘ਤੇਰੀ ਖੈਰ ਹੋਵੇ’
* ‘ਦਿਲ ਮਿਲਿਆਂ ਦੇ ਮੇਲੇ’
* ‘ਬੋਲ ਪ੍ਰੀਤਾਂ ਦੇ’
* ‘ਵੀਰ ਹੁੰਦੇ ਰੱਬ ਵਰਗੇ
* ‘ਕਿਓਂ ਕਰੇਂ ਗੁਮਾਨ ਕੁੜੇ’
* ‘ਚਾਦਰ ਕੱਢਦੀ’
* ‘ਸ਼ਾਵਾ ਨੀ ਜਵਾਨੀਏ’
* ‘ਮੁੱਛ ਫੁੱਟ ਗੱਭਰੂ’
* ‘ਸਾਲ ਸੋਲਵਾਂ ਚੜਿਆ’
* ‘ਦਿਲ ਨਹੀਓਂ ਲਗਦਾ’
* ‘ਟੁੱਟੀਆਂ ਤੜੱਕ ਯਾਰੀਆਂ’
* ‘ਜੱਗਾ ਡਾਕੂ’
* ‘ਹਰਫੂਲ ਡਾਕੂ’
* ‘ਮੱਸਾ ਰੰਘੜ’
* ‘ਰੰਨਾਂ ਚੰਚਲ ਹਾਰੀਆਂ’
* ‘ਕਰੋ ਨਾ ਯਾਰ-ਮਾਰ ਮਿੱਤਰੋ’
* ‘ਲੱਗੀਆਂ ਦੇ ਵਣਜ ਬੁਰੇ’
* ‘ਜੱਟ ਦੀ ਮਰਸਡੀ’
* ‘ਮਾਣਕ ਦੀਆਂ ਕਲੀਆਂ’
* ‘ਮਹੀਂਵਾਲ ਪਰਲੇ ਕਿਨਾਰੇ’
* ‘ਦਿਲ ਚੋਰੀ ਹੋ ਗਿਆ’
* ‘ਮਸਤੀ ਮਾਣਕ ਦੀ’
* ‘ਸੋਹਣਿਆਂ ਤੋਂ ਬੱਚਕੇ ਰਹੋ’
* ‘ਸੋਹਣੇ ਸੱਜਣਾਂ ਦੇ ਨੈਣ’
* ‘ਮੈਂ ਨਾ ਤੈਥੋਂ ਮੁੱਖ ਮੋੜਦੀ’
* ‘ਮਾਣਕ ਦਾ ਮਸਤੀ ਭਰਿਆ ਅਖਾੜਾ’
* ‘ਅੰਬਰ ਦੀਆਂ ਤਾਰੀਆਂ’
* ‘ਜੁਗਨੀ ਹਾਏ ਜੁਗਨੀ’
* ‘ਸ਼ੌਕ ਮੁਟਿਆਰਾਂ ਦੇ’
* ‘ਪੰਜੇਬਾਂ ਪਾ ਕੇ ਨੱਚਦੀ’
* ‘ਸੋਹਣੀ ਕੁੜੀ ਚੰਨ ਵਰਗੀ ‘
* ‘ਮੇਰਾ ਕੱਲ੍ਹ ਦਾ ਕਾਲਜਾ ਦੁਖਦਾ’ (ਤਿੰਨ ਗੀਤ ਮਾਣਕ ਦੇ)
* ‘ਯਾਰ ਦਾ ਚੌਥਾ ਗੇੜਾ’
* ‘ਮੈਂ ਝਾਂਜਰ ਛਣਕਾਈ (ਪੰਜ ਗੀਤ ਮਾਣਕ ਦੇ)
* ‘ਜਾ ਨੀ ਤੇਰਾ ਕੱਖ ਨਾ ਰਹੇ’ (ਏ ਸਾਈਡ ਪੂਰੀ)
* ‘ਛੱਡੀਏ ਨਾ ਵੈਰੀ ਨੂੰ’
* ‘ਗਿੱਧੇ ਵਿਚ ਨੱਚਦੀ ਦਾ’
* ‘ਜ਼ਮਾਨਾ ਡਿਸਕੋ ਦਾ’
* ‘ਦਫਾ ਹੋਜਾ ਨੀ’
* ‘ਲੱਖ ਰੁਪਏ ਦੀ ਗੱਲ’
* ‘ਮੁੰਦਰੀ ਵਗਾਹ ਕੇ ਮਾਰੀ’
* ਸ਼ਹੀਦ ਭਗਤ ਸਿੰਘ
* ਅਖਾੜਾ ਮਾਣਕ ਦਾ ਦਿੱਲੀ ਵਿਚ
* ‘ਯਾਰਾਂ ਦੀ ਕੁੱਲੀ’
* ‘ਕੱਢਣਾ ਰੁਮਾਲ ਦੇ ਗਿਓਂ’
* ‘ਹੀਰੇ ਕੱਚੀਏ ਜੁਬਾਨ ਦੀਏ’
* ‘ਦਰ ਤੇ ਅਲਖ ਜਗਾਵਾਂਗੇ’
* ‘ਚਿੱਠੀਆਂ’
* ‘ਸੱਚੀ ਗੱਲ’
* ਜੋਗੀ
* ‘ਪੁੱਤਰਾਂ ਬਾਝ ਨਾ ਮਾਵਾਂ’
* ‘ਉਪਦੇਸ਼ ਦੁੱਲਾ ਭੱਟੀ’ (Yuki)
* ‘ਉਪਦੇਸ਼ ਜੱਗਾ ਡਾਕੂ’ (Peri Tone)
* ‘ਦੋ ਗੱਭਰੂ ਪੰਜਾਬ ਦੇ’ (Cosmo)
* ‘ਨਾਮ ਦੇ ਪੁਜਾਰੀ’ (ਗੁਰੂ ਰਵਿਦਾਸ ਜੀ) (C.T.C.)
* ‘ਜੋਗੀ ਦਾ ਚਾਲਾ’ (ਮਹਿਮਾਂ ਬਾਲਕ ਨਾਥ ਦੀ) (T.P.M.)
* ‘ਮਰਦ ਅਗਮੜਾ’ (K.R.C.)
* ‘ਮਾਣਕ ਦੇ ਸ਼ਬਦ’ (M.P.I.)
* ‘ਮਾਂ ਨੇ ਸਭ ਨੂੰ ਆਪ ਬੁਲਾਇਆ’ (T. Series)
* ‘ਉਪਦੇਸ਼ ਸੁੱਚਾ ਸੂਰਮਾ’ (Royal)
* ‘ਉਪਦੇਸ਼ ਬਘੇਲ ਸਿੰਘ ਦਾ’ (Pen Tone)
* ‘ਕਰਨਾ ਕਬਜ਼ਾ ਦਿੱਲੀ ਤੇ’ (Pen Tone)
* ‘ਕਰਨੀ ਸੇਵਾ ਪੰਥ ਦੀ’
* ‘ਸਭ ਤੋਂ ਨਿਆਰਾ ਖਾਲਸਾ
* ਬੱਬਰ ਪੰਜਾਬ ਦੇ
* ‘ਚੜ੍ਹਿਆ ਸੋਧਣ ਧਰਤ ਲੁਕਾਈ’
* ‘ਅੱਜ ਸਾਜਣਾ ਮੈਂ ਪੰਥ ਪਿਆਰਾ’ (Royal)
* ‘ਆਓ ਜਿਨ੍ਹੇ ਨੱਚਣਾ ਖੰਡੇ ਦੀ ਧਾਰ ਤੇ’ (Y)
* ‘ਢਾਹਵਾਂ ਦਿੱਲੀ ਦੇ ਕਿੰਗਰੇ’
* ‘ਕੌਤਕ ਵਾਜ਼ਾਂ ਵਾਲੇ ਦੇ’
* ‘ਸਿਰ ਦੇ ਕੇ ਮਿਲੀਆਂ ਸਰਦਾਰੀਆਂ’
* ‘ਸੰਤ ਸਿਪਾਹੀ’
* ‘ਬੇਅਦਬੀ ਨਾ ਸਹਿਣ ਖਾਲਸੇ’
* ‘ਸਿੱਖੀ ਦਾ ਬੂਟਾ’
* ‘ਸਿੱਖੀ ਦੀਆਂ ਜੜ੍ਹਾਂ
* ‘ਖਾਲਸੇ ਦਾ ਰਾਜ ਹੋ ਗਿਆ’
* ‘ਪਰਿਵਾਰ ਵਿਛੋੜਾ’
* ‘ਦੋ ਅਮਰ ਸ਼ਹੀਦ’
* ‘ਪ੍ਰਸੰਗ ਸ: ਬਘੇਲ ਸਿੰਘ ਦਾ’
* ‘ਖਾਲਸਾ ਨਾ ਡੋਲੇ’
* ‘ਅਡੋਲ ਖਾਲਸਾ’
* ‘ਦਸਮੇਸ਼ ਦਰਸ਼ਨ’
* ‘ਸੱਚਾ ਸੌਦਾ’
* ਇਗਲੈਂਡ ਵਿਚ ‘ਚਮਕੌਰ ਦੀ ਗੜ੍ਹੀ’
* ‘ਖਾਲਸੇ ਦੇ ਗੂੰਜਦੇ ਜੈਕਾਰੇ’
* ‘ਗੁਰੂ ਮਾਨਿਓ ਗ੍ਰੰਥ’
* ‘ਬੱਬਰ ਪੰਜਾਬ ਦੇ’
* ‘ਹਰਿਮੰਦਰ ਸਾਹਿਬ ਤੇ ਹਮਲਾ’
* ‘ਝੰਡੇ ਖਾਲਸਾ ਰਾਜ ਦੇ’
* ‘ਜ਼ੁਲਮ ਦੀ ਹੱਦ’
* ‘ਅੰਮ੍ਰਿਤ ਦੀ ਦਾਤ’
* ‘ਭਗਤ ਪਿਆਰੇ ਮਾਤਾ ਦੇ’
* ‘ਸਿੱਧ ਜੋਗੀ ਦਾ ਡੇਰਾ
* ਝੰਡੇ ਖਾਲਸੇ ਰਾਜ ਦੇ
ਗੀਤਕਾਰਾਂ ਦੀ ਸੂਚੀ
ਕੁਲਦੀਪ ਮਾਣਕ ਨੇ ਹੁਣ ਤੱਕ ਜਿੰਨੇ ਵੀ ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਇਹ ਉਹਨਾਂ ਲਈ ਭਾਗਾਂ ਭਰੀ ਗੱਲ ਹੈ ਕਿਉਕਿ ਜਿੰਨਾ ਮਾਣ-ਸਤਿਕਾਰ ਦੁਨੀਆ ਕੁਲਦੀਪ ਮਾਣਕ ਦਾ ਕਰਦੀ ਹੈ ਉੱਨਾ ਹੀ ਉਹਨਾਂ ਗੀਤਕਾਰਾਂ ਦਾ ਵੀ । ਕਈ ਗੀਤਕਾਰਾਂ ਨਾਲ ਮਿਲਣ ‘ਤੇ ਜਦ ਮੈਂ ਉਹਨਾਂ ਨੂੰ ਇਹ ਪ੍ਰਸ਼ਨ ਕੀਤਾ ਕਿ,“ਤੁਸੀਂ ਕੀ ਮਹਿਸੂਸ ਕਰਦੇ ਓਂ ਕਿ ਤੁਹਾਡੇ ਲਿਖੇ ਗੀਤਾਂ ਨੂੰ ਮਾਣਕ ਨੇ ਆਵਾਜ਼ ਦਿੱਤੀ?” ਤਾਂ ਲਗਭਗ ਹਰ ਇਕ ਗੀਤਕਾਰ ਦਾ ਇਹੋ ਹੀ ਕਹਿਣਾ ਸੀ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਲਿਖੇ ਗੀਤਾਂ ਨੂੰ ਕੁਲਦੀਪ ਮਾਣਕ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਅਤੇ ਸਾਡੇ ਨਾਂ ਨੂੰ ਘਰ-ਘਰ ਪੁਚਾਅ ਦਿੱਤਾ।” ਲਗਭਗ ਉਹਨਾਂ ਗੀਤਕਾਰਾਂ ਦੀ ਸੂਚੀ ਪੇਸ਼ ਲੱਗੇ ਹਾਂ ਕਰਨ ਜਿਹੜੀ ਕੁਝ ਇਸ ਤਰ੍ਹਾਂ ਹੈ:
* ਐਚ-ਟਾਹਲੀ
* ਅਮਰੀਕ ਤਲਵੰਡੀ
* ਐਨ. ਐਸ. ਨਾਰਗੀ
* ਅਨਿਲ ਫਤਿਹ ਗੜ੍ਹ ਜੱਟਾਂ
* ਅੰਮ੍ਰਿਤ ਚੱਕ ਵਾਲਾ
* ਐਸ. ਅਸ਼ੋਕ ਭੌਰਾ
* ਅਮਰਜੀਤ ਸਿੰਘ
* ਅਲਬੇਲ ਬਰਾੜ
* ਐਸ.ਐਸ ਆਂਚਲ
* ਇਕਬਾਲ ਮਾਹਲਪੁਰੀ
* ਸ਼ਮਸ਼ੇਰ ਸੰਧੂ
* ਸਵਰਨ ਸੀਵੀਆ
* ਸਾਧੂ ਰਾਮ ਆਂਚਲ
* ਸੁਰਜੀਤ ਜੱਸਲ
* ਸੁਖਵਿੰਦਰ ਧਾਲੀਵਾਲ
* ਸਫ਼ੀ ਮੁਹੰਮਦ
* ਸੰਤੋਸ ਸੰਧੂ
* ਸਵਰਨ ਪਾਲੀ
* ਸੁਰਜੀਤ ਮੀਤਾ
* ਸਨਮੁਖ ਸਿੰਘ ਆਜ਼ਾਦ
* ਸੀਤਾ ਰਾਮ
* ਸੁਰੇਸ਼ ਬਾਂਸਲ
* ਹਰਪ੍ਰੀਤ ਸਿੰਘ ਗਿੱਲ
* ਹਰਵਿੰਦਰ ਜੀਤ ਸਿੰਘ
* ਹਰੀ ਸਿੰਘ
* ਕਰਨੈਲ ਸੀਵੀਆ
* ਕਰਨੈਲ ਸਿੰਘ ਜਲਾਲ
* ਕਸ਼ਮੀਰ ਸਿੰਘ
* ਕੁਲਦੀਪ ਰੋਲ ਵਾਲਾ
* ਕਿੱਕਰ ਡਾਲੇ ਵਾਲਾ
* ਗੁਰਦੇਵ ਸਿੰਘ ਮਾਨ
* ਗੁਰਦੀਪ ਗੋਗੀ
* ਗੁਰਦਾਸ ਮਾਨ
* ਗੁਰਦਰਸ਼ਨ ਬਰਾੜ
* ਗੁਰਦੇਵ ਮਕਸੂਸਪੁਰੀ
* ਗਿੱਲ ਜੱਬੋਮਾਜਰਾ
* ਗਿੱਲ ਜੱਬੋਹੇੜੀ ਵਾਲਾ
* ਗਿਆਨ ਚੰਦ
* ਗੁਰਦੇਵ ਸਿੰਘ ਸਫਰੀ
* ਗੁਰਚੇਤ ਸਿੰਘ ਚੇਤ
* ਗੁਰਮੇਲ ਸਿੰਘ ਗਿੱਲ
ਚੰਨੀ ਸੰਧੂ
* ਚਮਕੌਰ (ਚਮਕ)
ਚੰਨ ਗੁਰਾਇਆ ਵਾਲਾ
* ਚਮਕੌਰ ਚੱਕ ਵਾਲਾ
* ਜਰਨੈਲ ਘੁਮਾਣ
* ਜਗਮੇਲ ਜਲਆਣ
* ਜਸਵੰਤ ਸੰਦੀਲਾ
* ਜਲੌਰ ਸਿੰਘ ਸੰਧੂ
* ਜੱਰਮ ਸਿੰਘ ਗਿੱਲ
* ਟੀ. ਐਚ. ਚੰਨ
* ਢਿਲੋਂ ਮਹਿਰਾਜ ਵਾਲਾ
* ਢਿੱਲੋਂ ਜਲਾਲ
* ਦੇਵ ਥਰੀਕੇ ਵਾਲਾ
* ਦੇਬੀ ਮਖਸੂਸਪੁਰੀ
* ਦੀਵਾਨ ਸਿੰਘ ਖੁਸ਼ੀ
* ਦਲੀਪ ਸਿੰਘ ਕਣਕ ਵਾਲੀਆ
ਦਲਜੀਤ ਸਿੰਘ ਦਰਦੀ
* ਦੀਪਕ ਤੇਜ਼ਾ
* ਦਲੀਪ ਸੰਧੂ
* ਦੇਵ ਪੰਡੋਰੀ
* ਧੀਰਾ ਮਾਨ
* ਨਿੰਦਾ ਭਾਮਰਿਆ ਵਾਲਾ
* ਪ੍ਰੋ. ਮੋਹਣ ਸਿੰਘ
* ਪਾਲੀ ਦੇਤਵਾਲੀਆਂ
* ਪੀ. ਐਸ. ਤਿਵਾੜੀ
* ਪਾਲੀ ਜੰਡ ਵਾਲੀਆ
* ਬਚਨ ਬੇਦਿਲ
* ਬਾਬਾ ਸਾਹਿਬ
* ਬਲਵੀਰ ਸੰਧੂ
* ਬਚਿੱਤਰ ਅਨਪੜ੍ਹ
* ਬਾਗੀ ਟੂਸਿਆਂ ਵਾਲਾ
* ਬਿੱਕਰ ਮਹਿਰਾਜ ਵਾਲਾ
* ਬਲਬੀਰ ਸ਼ੌਕੀਂ
* ਬਾਬੂ ਸਿੰਘ ਮਾਨ
* ਭਿੰਦਰ ਡਬਵਾਲੀ
* ਮਹਿੰਦਰ ਕਹਿਰਾ
* ਮੋਹਨ ਤੁਖੜੀ ਵਾਲਾ
* ਮਹਿੰਦਰ ਗਿੱਲ ਸਰਹਿੰਦ ਵਾਲਾ
* ਭੋਲਾ ਸਿੰਘ ਰਾਮ ਚੰਦ
* ਭੁਪਿੰਦਰ ਖੁਰਪੀ
* ਮੀਤਾ ਰਾਮ ਲਹਿਰੀ
* ਰਾਣਾ
* ਮੇਵਾ ਸਿੰਘ ਨੌਰਥ
* ਰਾਜ ਮਾਦਪੁਰੀ
* ਰਾਮ ਸਿੰਘ ਢਿਲੋਂ
ਸੂਚੀ ਸੰਗੀਤਕਾਰਾਂ ਦੀ
ਕੁਲਦੀਪ ਮਾਣਕ ਨੇ ਹੁਣ ਤੱਕ ਵੱਖੋ-ਵੱਖਰੇ ਸੰਗੀਤਕਾਰਾਂ ਦੇ ਸੰਗੀਤ ‘ਚ ਗਾ ਕੇ ਆਪਣੇ ਆਪ ਅਤੇ ਉਹਨਾਂ ਸੰਗੀਤਕਾਰਾਂ ਦੇ ਨਾਂ ਨੂੰ ਧਰਤੀ ‘ਤੇ ਨਹੀਂ ਉਸ ਅੰਬਰ ‘ਤੇ ਸੁਨਹਿਰੀ ਅੱਖਰਾਂ ‘ਚ ਲਿਖ ਲਿਆ ਹੈ। ਮਾਣਕ ਵਲੋਂ ਸਿਰਜਿਆ ਇਤਿਹਾਸ ਅਮਰ ਹੈ, ਜਿਸ ਨੂੰ ਦੁਨੀਆ ਸਦੀਆਂ ਤੱਕ ਨਹੀਂ ਭੁੱਲ ਸਕਦੀ, ਲੋਕ ਫਰੋਲ-ਫਰੋਲ ਯਾਦ ਕਰਦੇ ਰਹਿਣਗੇ—-। ਲਗਭਗ ਜਿਨ੍ਹਾਂ ਦੇ ਸੰਗੀਤ ‘ਚ ਕੁਲਦੀਪ ਮਾਣਕ ਨੇ ਹੁਣ ਤੱਕ ਗਾਇਆ ਉਨ੍ਹਾਂ ਦੀ ਸੂਚੀ ਕੁਝ ਇਸ ਤਰ੍ਹਾਂ ਹੈ:
* ਸਰਦੂਲ ਕਵਾਤਰਾ
* ਕਮਲਕਾਂਤ
* ਕੇ. ਐਸ ਨਰੂਲਾ
* ਪੰਡਿਤ ਰਾਮ ਸ਼ਰਨਦਾਸ
* ਚਰਨਜੀਤ ਅਹੂਜਾ
* ਮੁਹੰਮਦ ਸਦੀਕ
* ਸੁਰਿੰਦਰ ਕੋਹਲੀ
* ਵੇਦ ਸੇਠੀ
* ਸੋਮ ਨਾਮ ਸ਼ਰਮਾ
* ਜਵਾਲਾ ਪ੍ਰਸ਼ਾਦ
* ਸੋਹਨ ਲਾਲ
* ਅਤੁਲ ਸ਼ਰਮਾ
* ਵਰਿੰਦਰ ਸ਼ਰਮਾ
* ਮਹੇਸ਼ ਪ੍ਰਭਾਕਰ
* ਸੁਭਾਸ਼ ਸਿੰਘ
* ਮਾ: ਬਾਲ ਕ੍ਰਿਸ਼ਨ
* ਐਸ. ਐਸ. ਸ਼ਰਮਾ
* ਕੁਲਜੀਤ
* ਸ਼ਾਹਿਦ ਸਲੀਮ
* ਸੁਰਿੰਦਰ ਸੋਢੀ
* ਰਾਜਿੰਦਰ ਪਰਸਾਨ
* ਅਨਿਲ ਖੁਸ਼ਹਾਲ
* ਜਸਪਾਲ ਮੋਹਣੀ
* ਸੁਰਿੰਦਰ ਸਿੰਘ
* ਜੱਸੀ ਤੇ ਹੈਰੀ (ਯੂ.ਕੇ)
* ਅਮਨ ਹੇਅਰ
ਇਹਨਾਂ ਤੋ ਬਿਨਾਂ ਕੁਲਦੀਪ ਮਾਣਕ ਨੇ ਕੁਝ ਕੈਸਟਾਂ ਅਤੇ ਆਪਣੀ ਫ਼ਿਲਮ ‘ਬਲਵੀਰੋ ਭਾਬੀ’ ‘ਚ ਆਪ ਸੰਗੀਤ ਦਿੱਤਾ ।
ਗਾਇਕਾਵਾਂ ਅਤੇ ਸਾਥੀ ਕਲਾਕਾਰਾਂ ਦੀ ਸੂਚੀ
ਉਂਜ ਕੁਲਦੀਪ ਮਾਣਕ ਨੇ ਗਾਇਕਾਵਾਂ ਨਾਲ ਬਹੁਤ ਥੋੜ੍ਹਾ ਗਾਇਆ ਹੈ ਜਿਵੇਂ ਕਿ ਪਿੱਛੇ ਦੱਸ ਚੁੱਕੇ ਹਾਂ ਕਿ ਜਿਸ ਸਮੇਂ ਮਾਣਕ ਨੇ ਗਾਉਣਾ ਸ਼ੁਰੂ ਕੀਤਾ ਉਸ ਸਮੇਂ ਦੋਗਾਣਾ ਗਾਇਕੀ ਦਾ ਹੜ੍ਹ ਵੱਗ ਰਿਹਾ ਸੀ। ਮਾਣਕ ਨੇ ਬਾਕੀ ਗਾਇਕਾਂ ਤੋਂ ਵੱਖ ਹੋ ਕੇ ਇੱਕਲੇ ਨੇ ਗਾਉਣ ਦਾ ਜੋਖ਼ਮ ਭਰਿਆ ਫੈਸਲਾ ਲਿਆ ਸੀ। ਪਰ ਸਮੇਂ ਸਮੇਂ ਮਾਣਕ ਦੇ ਨਾਲ ਕੁਝ ਗਇਕਾਵਾਂ ਨੇ ਸਾਥ ਨਿਭਾਇਆ ਜਿਨ੍ਹਾਂ ਦੀ ਲਗਭਗ ਸੂਚੀ ਇਸ ਤਰ੍ਹਾਂ ਹੈ:
*ਸੀਮਾ
* ਸਤਿੰਦਰ ਬੀਬਾ
ਪ੍ਰਕਾਸ਼ ਸਿੱਧੂ
* ਗੁਲਸ਼ਨ ਕੋਮਲ
* ਅਮਰਜੋਤ
+ ਕੁਲਦੀਪ ਕੌਰ
* ਸੁਖਵੰਤ ਸੁੱਖੀ
* ਪਰਮਿੰਦਰ ਸੰਧੂ
* ਦਿਲਰਾਜ ਕੌਰ
* ਪ੍ਰਕਾਸ਼ ਕੌਰ ਸੋਢੀ
ਅਮਰ ਨੂਰੀ
* ਕੁਲਵੰਤ ਕੋਮਲ
* ਸੁਚੇਤ ਬਾਲਾ
ਗੁਰਮੀਤ ਬਾਵਾ
ਕੁਲਦੀਪ ਮਾਣਕ ਨਾਲ ਜਿਨ੍ਹਾਂ ਨੇ ਸਾਥੀ ਕਲਾਕਾਰਾਂ ਵਜੋਂ ਸਾਥ ਨਿਭਾਇਆ।
- ਕਰਤਾਰ ਸਿੰਘ ਰਮਲਾ
- ਸੁਰਿੰਦਰ ਕੋਹਲੀ
- ਕੇਵਲ ਜਲਾਲ
- ਰਾਹੀ
- ਸੁਰਿੰਦਰ ਛਿੰਦਾ
- ਸਵ: ਸੁਰਜੀਤ ਬਿੰਦਰੱਖੀਆ
ਕਲੀਆਂ ….
ਕੁਲਦੀਪ ਮਾਣਕ ਨੂੰ ਦੁਨੀਆ ਵੱਲੋਂ ਮਿਲਿਆ ਪਿਆਰ, ਕਿਸੇ ਵੱਡੇ ਅਵਾਰਡ ਤੋਂ ਘੱਟ ਨਹੀਂ। ਅੱਜ ਭਾਵੇਂ ਲੋਕ-ਜੁਗਾੜ ਕਰ-ਕਰ ਅਤੇ ਸਿਫਾਰਸ਼ਾਂ ਨਾਲ ਆਪਣੇ ਨਾਂ ਨਾਲ ਸ਼੍ਰੋਮਣੀ, ਪਦਮ ਸ੍ਰੀ ਅਵਾਰਡ ਜੋੜ ਰਹੇ ਹਨ ਪ੍ਰੰਤੂ ਕੁਲਦੀਪ ਮਾਣਕ ਨੂੰ ਇਹੋ ਜਿਹੇ ਸਿਫਾਰਸ਼ੀ ਨਾਂ ਦੀ ਲੋੜ ਨਹੀਂ ਪਈ। ਉਸ ਨੂੰ ਕੁਲ ਦੁਨੀਆ ਨੇ ਇਕ ਨਾਂ ਦਾ ਖਿਤਾਬ ਦਿੱਤਾ ਹੈ ਜੋ ‘ਕਲੀਆਂ ਦਾ ਬਾਦਸ਼ਾਹ’ । ਭਾਵੇਂ ਮਾਣਕ ਨੇ ‘ਕਲੀਆਂ’ ਗਿਣਤੀ ਦੀਆਂ ਤੇਰਾਂ ਹੀ ਗਾਈਆਂ ਪਰ ਉਸਦੇ ਪ੍ਰਸ਼ੰਸਕ ਉਸ ਨੂੰ ਪਿਆਰ ਹੀ ਇੰਨਾ ਕਰਦੇ ਹਨ। ਗਿਣਤੀ- ਮਿਣਤੀ ਤੋਂ ਕੁਝ ਨਹੀਂ ਲੈਣਾ। ਉਨ੍ਹਾਂ ਲਈ ਸਿਰਫ਼ ਉਹ ਕਲੀਆਂ ਦਾ ਹੀ ਬਾਦਸ਼ਾਹ ਹੈ। ਪਰ ਕਈ ਵਿਦਵਾਨਾਂ ਨੇ ਮੈਨੂੰ ਇਸ ਨਾਂ ਨੂੰ ਸੋਧ ਕੇ ਪੇਸ਼ ਕਰਨ ਦੀ ਸਲਾਹ ਦਿੱਤੀ ਜਿਸ ਨਾਲ ਮਾਣਕ ਦਾ ਕੱਦ ਹੋਰ ਵੀ ਵਿਸ਼ਾਲ ਨਜ਼ਰ ਆਵੇਗਾ । ਜੇਕਰ ਕੁਲਦੀਪ ਮਾਣਕ ਨੂੰ ਕਲੀਆਂ ਨਾਲੋਂ ‘ਲੋਕ-ਗਾਥਾਵਾਂ ਦਾ ਬਾਦਸ਼ਾਹ’ ਕਿਹਾ ਜਾਵੇ ਤਾਂ ਬਹੁਤ ਹੀ ਚੰਗਾ ਹੋਵੇਗਾ, ਕਿਉਂਕਿ ਮਾਣਕ ਵੱਲੋਂ ਗਾਈਆਂ ਗਾਥਾਵਾਂ ਦੀ ਗਿਣਤੀ ਕਰਨੀ ਔਖੀ ਹੀ ਨਹੀਂ ਨਾਮੁਮਕਿਨ ਹੈ ਤੇ ਮਾਣਕ ਵੱਲੋਂ ਗਾਈਆਂ ਕਲੀਆਂ ਇਹ ਹਨ;
ਦੇਵ ਥਰੀਕੇ ਵਾਲੇ ਦੀਆਂ ਰਚੀਆਂ ਕਲੀਆਂ
* ਪਿੰਡ ਸਿਆਲਾਂ ਦੇ ਧੀ ਜੰਮੀ ਚੂਚਕ ਚੌਧਰੀ ਨੂੰ ।
* ਤੇਰੀ ਖਾਤਰ ਹੀਰੇ ਛੱਡ ਕੇ ਤਖਤ ਹਜ਼ਾਰੇ ਨੂੰ।
* ਧੋਖਾ ਕੀਤਾ ਨੀ ਤੂੰ ਸੁਣ ਸਿਆਲਾਂ ਦੀਏ ਛੋਕਰੀਏ।
* ਛੰਨਾ ਚੂਰੀ ਦਾ ਵਿਚ ਬੇਲੇ ਚਾਕ ਰਲੇਟੇ ਨੂੰ ।
* ਇਕ ਦਿਨ ਕੈਦੋਂ ਸੱਥ ਵਿਚ ਬੈਠੇ ਮੂਹਰੇ ਚੂਚਕ ਦੇ।
* ਇਕ ਦਿਨ ਮਿਲਕੇ ਚਾਕ ਨੂੰ ਹੀਰ ਆਈ ਜਦ ਬੇਲੇ ‘ਚੋਂ।
* ਚੜੀ ਜਵਾਨੀ ਤੇ ਚੰਨ, ਸੂਰਜ ਗੁੱਝੇ ਰਹਿੰਦੇ ਨਾ।
* ਚੱਕ ਕੇ ਝੱਮਣ ਹੀਰ ਡੋਲੀ ਬਹਿ ਗਈ ਖੇੜਿਆਂ ਦੀ।
* ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ।
* ਸਹਿਤੀ ਹੀਰ ਨੇ ਤਿਆਰੀ ਕਰਲੀ ਬਾਗ ਦੀ।
ਗਿੱਲ ਜੱਬੋ ਮਾਜਰੇ ਵਾਲੇ ਦੀਆਂ ਰਚੀਆਂ ਕਲੀਆਂ…….
* ਕੋਲਾ ਮਸਤ ਹੁੰਦਾ ਵਿਚ ਬਾਗਾਂ
* ਪੁੱਤ ਜਾਂ ਜੱਟਾਂ ਵੱਡੇ ਤੜਕੇ ਦਾ
ਸਿੱਧੂ ਕਣਕ ਵਾਲੀਆ ਦੀ ਰਚੀ ਕਲੀ…
* ਸਹਿਤੀ ਹੱਸਦੀ-ਹੱਸਦੀ ਬਹਿ ਗਈ ਮੂਹਰੇ ਜੋਗੀ ਦੇ ਕੁਲਦੀਪ ਮਾਣਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦੇ ਨਾਂ ਇਹ ਸਤਰਾਂ ਲਿਖ ਕੇ ਮਾਣ ਮਹਿਸੂਸ ਕਰਦਾ ਹੈ:
“ਸ਼ਾਲਾ ਇਹ ਪੰਜਾਬ ਯੁਗ ਯੁਗ ਜੀਵੇ ….”
ਪੰਜਾਬ ਪੰਜ ਦਰਿਆਵਾਂ, ਰਿਸ਼ੀਆਂ, ਮੁਨੀਆਂ, ਪੀਰਾਂ, ਫਕੀਰਾਂ ਤੇ ਯੋਧਿਆਂ, ਸੂਰਬੀਰਾਂ, ਲੇਖਕਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਧਰਤੀ ਹੈ। ਪੰਜਾਬ ਦਾ ਇਤਿਹਾਸ ਅਤੇ ਵਿਰਸਾ ਬੜਾ ਗੌਰਵਮਈ ਹੈ ਜਿਸ ਨੂੰ ਕਿੱਸਿਆਂ ਅਤੇ ਕਾਵਿਕ ਰੂਪ ਵਿਚ ਰਚਿਆ ਗਿਆ। ਮੈਨੂੰ ਫਖਰ ਹੈ ਕਿ ਮੈਨੂੰ ਇਸ ਧਰਤੀ ਉਤੇ ਜਨਮ ਲੈਣ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਹੈ। ਮੇਰੀ ਵੱਡਮੁੱਲੀ ਖੁਸ਼ੀ ਤਾਂ ਇਹ ਹੈ ਕਿ ਮੈਂ ਇਸ ਧਰਤੀ ਦੇ ਜਾਏ ਯੋਧੇ, ਸੂਰਬੀਰਾਂ, ਪੀਰਾਂ, ਫਕੀਰਾਂ ਅਤੇ ਆਸ਼ਕਾਂ ਦੇ ਜੀਵਨ ਸੱਭਿਆਚਾਰ ਨੂੰ ਰਵਾਇਤੀ ਲੋਕ-ਗਾਇਕੀ ‘ਤੇ ਆਧਾਰਿਤ ਪੰਜਾਬ ਕਲਾ ਪ੍ਰੇਮੀਆਂ ਦੇ ਸਨਮੁੱਖ ਕੀਤਾ। ਪੰਜਾਬ, ਪੰਜਾਬੀਅਤ ਨੂੰ ਪਿਆਰਨ ਅਤੇ ਸਤਿਕਾਰਨ ਵਾਲੇ ਸਮੂਹ ਜਨ ਨੂੰ ਤੁਹਾਡੇ ਆਪਣੇ ਕੁਲਦੀਪ ਮਾਣਕ ਦਾ ਅਦਬੀ ਸਲਾਮ ।
-ਕੁਲਦੀਪ ਮਾਣਕ
ਲੱਖਾਂ ਕਲਾਕਾਰ ਜੰਮਦੇ
ਗੀਤਕਾਰ: ਗੋਰਾ ਕਟਾਰ ਸਿੰਘ ਵਾਲਾ
- ਲੋਕੋ ਮਾਣਕ ਕਿਸੇ ਨੀ ਬਣ ਜਾਣਾ ਲੱਖ ਕਲਾਕਾਰ ਜੰਮਦੇ। ਬਾਂਹ ਕੱਢ ਕੇ ਲਾਉਂਦਾ ਹੈ ਜਦੋਂ ਕਲੀਆਂ ਕੰਧਾਂ ਤੇ ਬਨੇਰੇ ਕੰਬਦੇ ।
- ਪਹਿਲਾਂ ਵਾਰ ਬੰਦੇ ਦੀ ਗਾਉਂਦਾ ਜੀ ਫੇਰ ਟਿੱਲੇ ਤੋਂ ਸੂਰਤ ਦਖਾਉਂਦੈ ਏ ਜੀ, ਬੰਦਾ ਹਰ ਇੱਕ ਇਸਨੂੰ ਸਲਾਹੁੰਦੈ ਏ ਜੀ ਗੀਤ ਬੜੇ ਚੰਗੇ ਲੱਗਦੇ ਲੋਕੋ ਮਾਣਕ ਕਿਸੇ ਨੀ ਬਣ ਜਾਣਾ ਲੱਖਾਂ ਕਲਾਕਾਰ ਜੰਮਦੇ ।
- ਪੰਜਾਂ ਦਰਿਆਵਾਂ ਤੋਂ ਸੁਣਦੀ ਅਵਾਜ ਪਾਰ ਜੀ, ਸੱਚਾ-ਸੁੱਚਾ ਗਵੱਈਆ ਕਲਾਕਾਰ ਜੀ, ਜਲਾਲ ਵਿੱਚ ਕੇ.ਪੀ. ਦਿੱਤੀ ਇਹਨੂੰ ਕਾਰ ਜੀ ਦੁਨੀਆ ਦੇ ਸਭ ਲੋਕ ਮੰਨਦੇ… ਲੋਕੋ ਮਾਣਕ ਕਿਸੇ ਨੀ ਬਣ ਜਾਣਾ…
- ਕਲੀਆਂ, ਗਾਥਾਵਾਂ ਦਾ ਬਾਦਸ਼ਾਹ ਅਖਵਾਇਆ ਜੀ, ਆਲਮ ਲੁਹਾਰ ਵੀ ਇਸ ਨੇ ਹਰਾਇਆ ਜੀ, ਵੱਡੇ ਵੱਡਿਆਂ ਖੁੰਜੇ ਇਹਨੇ ਲਾਇਆ ਜੀ, ਨਾ ਮਾਣਕ ਦੇ ਮੁਹਰੇ ਖੰਗਦੇ ਲੋਕੋ ਮਾਣਕ ਕਿਸੇ ਨੀ ਬਣ ਜਾਣਾ..।
- ਮਾਣਕ ਪੰਜਾਬ ਦੀ ਹੈ ਸ਼ਾਨ ਜੀ ਜਿਸ ਉੱਤੇ ਸਭਨਾਂ ਮਾਣ ਜੀ ਧੁੰਮ ਪੈਂਦੀ ਜਿਹਦੀ ਵਿੱਚ ਹੈ ਜਹਾਨ ਜੀ ਗੋਰੇ ਲੱਖਾਂ ਲੋਕ ਇਸ ਲਈ ਦੁਆਵਾਂ ਮੰਗਦੇ ਲੋਕੋ ਮਾਣਕ ਕਿਸੇ ਨੀ ਬਣ ਜਾਣਾ ਲੱਖਾਂ ਕਲਾਕਾਰ ਜੰਮਦੇ ।
ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ ਦੀ ਯਾਦ ਵਿਚ
-ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
ਤੁਰ ਗਿਆ ਜਿੱਥੇ
ਤੇਰੇ ਨਾਲ ਵਸਦਾ ਜਹਾਨ ਮੇਰਾ ਸਾਰਾ ਸੀ ਤੂੰ ਹੀ ਮੇਰੀ ਜਾਨ ਦਾ ਸੱਜਣਾ ਸਹਾਰਾ ਸੀ ਰੁੱਸ ਜਾਂਦਾ ਤੈਨੂੰ ਤਾਂ ਮਨਾਉਂਦੇ ਹੱਥ ਜੋੜ ਕੇ ਤੁਰ ਗਿਆ ਜਿੱਥੇ ਮੈਂ ਲਿਆਵਾਂ ਕਿਵੇਂ ਮੋੜ ਕੇ।
ਦੁੱਖਾਂ ਦਾ ਪਹਾੜ ਆ ਕੇ ਮੇਰੇ ਸਿਰ ਟੁੱਟਿਆ ਤੇਰੇ ਬਾਝੋਂ ਸੱਜਣਾ ਵੇ ਰੱਬ ਮੇਰਾ ਰੁੱਸਿਆ ਖੁੱਸ ਗਈਆਂ ਖੁਸ਼ੀਆਂ ਲਿਆਵਾਂ ਕਿੱਥੋਂ ਟੋਲ ਕੇ ਤੁਰ ਗਿਆ ਜਿੱਥੇ ਮੈਂ ਲਿਆਵਾਂ ਕਿਵੇਂ ਮੋੜ ਕੇ।
ਪੈ ਗਿਆ ਫਿੱਕਾ ਮੇਰੀ ਜ਼ਿੰਦਗੀ ਦਾ ਰੰਗ ਵੇ ਟੁੱਟ ਚਲੀ ਡੋਰ ਦੂਰ ਉਡਗੀ ਪਤੰਗ ਵੇ ਪੱਕੀਆਂ ਤੜਾਵਾਂ ਪਾਵਾਂ ਹੁਣ ਕਿਵੇਂ ਠੋਰ੍ਹਾ ਕੇ ਤੁਰ ਗਿਆ ਜਿੱਥੇ ਮੈਂ ਲਿਆਵਾਂ ਕਿਵੇਂ ਮੋੜ ਕੇ।
ਤੂੰ ਹੀ ਮੇਰਾ ਸਾਹਾਂ ਦਾ ਚੰਨਾ ਸਰਦਾਰ ਸੀ ਪਿਆਰ ਵਿਚ ਤੇਰੇ ਮੇਰੀ ਜ਼ਿੰਦਗੀ ਗ਼ੁਲਾਮ ਸੀ ਤੇਰੇ ਬਾਝੋਂ ਕਿਸ ਨੂੰ ਸੁਣਾਵਾਂ ਦੁੱਖ ਬੋਲ ਕੇ ਤੁਰ ਗਿਆ ਜਿੱਥੇ ਮੈਂ ਲਿਆਵਾਂ ਕਿਵੇਂ ਮੋੜ ਕੇ।
ਟੁੱਟ ਗਿਆ ਸਰੂਪ ਮੇਰੀ ਜਿੰਦ ਦਾ ਗੁਮਾਨ ਵੇ ਯੁੱਧੀ, ਸ਼ਿੱਟੂ, ਜੈਜੀ, ਰੋਂਦੇ ਹੁਣ ਭੁੱਬਾਂ ਮਾਰ ਵੇ ਮਾਜਰੇ ਵਾਲੇ ਦੇ ਨਾਲੋਂ ਬਹਿ ਗਿਆ ਨਾਤਾ ਤੋੜ ਕੇ ਤੁਰ ਗਿਆ ਜਿੱਥੇ ਮੈਂ ਲਿਆਵਾਂ ਕਿਵੇਂ ਮੋੜ ਕੇ।
ਮਾਣਕ ਦੀਆਂ ਯਾਦਾਂ ਮਾਣਕ ਸਿੰਘ ਸੰਧੂ, ਪੱਖੋ ਕਲਾਂ
ਮਾਣਕ ਕਲੀਆਂ ਦਾ ਬਾਦਸ਼ਾਹ ਕਹਾਇਆ ਲੋਕੋ, ਐਸਾ ਨ੍ਹੀਂ ਕੋਈ ਗਾ ਸਕਦਾ ਜੋ ਮਾਣਕ ਨੇ ਗਾਇਆ ਲੋਕੋ। ਕਲੀਆਂ ਦਾ ਬਾਦਸ਼ਾਹ ਸੀ ਕੁਲਦੀਪ ਮਾਣਕ, ਸਾਨੂੰ ਸਦੀਵੀ ਵਿਛੋੜਾ ਦੇ ਗਿਆ ਅਚਾਨਕ। ਪੰਜਾਬੀਆਂ ਤੋਂ ਜਾਣਾ ਨ੍ਹੀਂ ਭੁਲਾਇਆ ਲੋਕੋ, ਮਾਣਕ ਕਲੀਆਂ ਦਾ ਬਾਦਸ਼ਾਹ. ਮਾਣਕ ਨੇ ਸੈਂਕੜੇ ਲੋਕ ਗਥਾਵਾਂ ਗਾਈਆਂ ਨੇ, ਜੋ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਆਈਆਂ ਨੇ। ਮਾਂ ਹੁੰਦੀ ਏ ਮਾਂ ਜਦ ਸੀ ਗਾਇਆ ਲੋਕੋ, ਮਾਣਕ ਕਲੀਆਂ ਦਾ ਬਾਦਸ਼ਾਹ…. ਕੰਨ ‘ਤੇ ਹੱਥ ਧਰਕੇ ਗਾਉਂਦਾ ਜਦੋਂ ਵਾਰ ਸੀ, ਕੰਧਾਂ-ਕੋਠਿਆਂ ‘ਤੇ ਚੜ੍ਹ ਜਾਂਦੇ ਲੋਕੀਂ ਸੁਣਨ ਸਾਰ ਸੀ। ਹਰ ਕੋਈ ਕਹਿੰਦਾ ਚੱਲੋ ਸੁਣੀਏ ਮਾਣਕ ਆਇਆ ਲੋਕੋ, ਮਾਣਕ ਕਲੀਆਂ ਦਾ ਬਾਦਸ਼ਾਹ. ਜੈਮਲ ਫੱਤਾ ਤੇ ਜਦੋਂ ਗਾਉਂਦਾ ਸੀ ਕੌਲਾਂ ਦੀ ਕਲੀ, ਅਵਾਜ਼ ਮਾਣਕ ਦੀ ਖੜ੍ਹਕਦੀ ਸੀ ਉਦੋਂ ਵਾਂਗ ਟੱਲੀ। ਧਾਰਮਿਕ ਗਾਥਾ, ਸਿੰਘ ਸੂਰਮਿਆਂ ਨੂੰ ਵੀ ਗਾਇਆ ਲੋਕੋ। ਮਾਣਕ ਕਲੀਆਂ ਦਾ ਬਾਦਸ਼ਾਹ… ਕਦੇ ਵੀਰ ਹੁੰਦੇ ਰੱਬ ਵਰਗੇ ਕਦੇ ਪਿਓ-ਪੁੱਤ ਦੀ ਯਾਰੀ, ਪਰਿਵਾਰਕ ਗੀਤਾਂ ਦੀ ਕੈਸਿਟ ਹੀ ਆਉਂਦੀ ਸੀ ਵਾਰੀ-ਵਾਰੀ ਤਾਹੀਓਂ ਮਾਣਕ ਸਭ ਦੇ ਦਿਲਾਂ ‘ਚ ਛਾਇਆ ਲੋਕੋ, ਮਾਣਕ ਕਲੀਆਂ ਦਾ ਬਾਦਸ਼ਾਹ. ਗੀਤਕਾਰ ਅਲਬੇਲ ਬਰਾੜ ਤੇ ਦੇਵ ਥਰੀਕੇ ਵਾਲਾ ਜੀ, ਲੱਭਦੇ ਰਹਿਣਗੇ ਪਰ ਮਿਲਣਾ ਨ੍ਹੀਂ ਕਲੀਆਂ ਗਾਉਣ ਵਾਲਾ ਜੀ । ਹੋਰ ਵੀ ਕਈ ਲਿਖ਼ਾਰੀਆਂ ਦਾ ਉਹਨੇ ਗਾਇਆ ਲੋਕੋ, ਮਾਣਕ ਕਲੀਆਂ ਦਾ ਬਾਦਸ਼ਾਹ. ਪਰ ਇਸ ਮੌਤ ਅੱਗੇ ਰੁਕ ਨਹੀਂ ਸਕਦੇ ਸੂਰਮੇ ਬਲੀ, ਮਾਣਕ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਹੈ ਸ਼ਰਧਾਂਜਲੀ । ਉਸ ਟਾਈਮ ‘ਤੇ ਸਭ ਦੇ ਅੱਖੀਂ ਪਾਣੀ ਆਇਆ ਲੋਕੋ, ਮਾਣਕ ਕਲੀਆਂ ਦਾ ਬਾਦਸ਼ਾਹ.. ਸ਼ਰਧਾਂਜਲੀ ਤੌਰ ‘ਤੇ ਮੈਂ ਵੀ ਇਹ ਕਵਿਤਾ ਬਣਾਈ ਐ, ਪੱਖੋ ਵਾਲੇ ਨੂੰ ਉਹਦੀ ਯਾਦ ਜਾਂਦੀ ਮੁੜ-ਮੁੜ ਆਈ ਐ। ਅਲੀ ਰਾਜਪੁਰਾ ਨੇ ਵੀ ਕਿਤਾਬ ਲਿਖਕੇ ਮਾਣਕ ਤੇ ਆਪਣਾ ਫ਼ਰਜ਼ ਨਿਭਾਇਆ ਲੋਕੋ, ਐਸਾ ਨ੍ਹੀਂ ਕੋਈ ਗਾ ਸਕਦਾ ਜੋ ਮਾਣਕ ਨੇ ਗਾਇਆ ਲੋਕੋ!
ਮਾਣਕ-ਇਕ ਜੀਵਨ ਝਲਕੀ
ਹਰੀਸ਼ ਜੈਨ
ਲੋਕ ਗਥਾਵਾਂ ਪੰਜਾਬ ਦਾ ਪੁਰਾਤਨ ਵਿਰਸਾ ਹਨ ਜੋ ਹੁਣ ਤੱਕ ਕਿੱਸਿਆਂ ਅਤੇ ਕਿਤਾਬਾਂ ਦੇ ਪੰਨਿਆਂ ਤੱਕ ਹੀ ਸੀਮਿਤ ਰਹੀਆਂ ਹਨ। ਤੂੰਬੀ ਪੰਜਾਬੀ ਸੰਗੀਤ ਦੀ ਜਿੰਦ ਜਾਨ ਅਤੇ ਪੰਜਾਬੀ ਗੀਤਾਂ ਦੀ ਰੂਹ ਹੈ। ਇਹਨਾਂ ਪੁਰਾਤਨ ਵਿਰਸਿਆਂ ਨੂੰ ਇਕੱਠਾ ਕਰਕੇ ਇਹਨਾਂ ਵਿਚ ਰੂਹ ਫੂਕਣ ਵਾਲਾ ਆਧੁਨਿਕ ਕਾਲ ਵਿਚ ਇਕ ਹੀ ਕਲਾਕਾਰ ਹੈ ਜਿਸ ਨੂੰ ਅੱਜ ਸਾਰੇ ਪੰਜਾਬੀ ਕੁਲਦੀਪ ‘ਮਾਣਕ’ ਦਾ ਨਾਂ ਨਾਲ ਜਾਣਦੇ ਹਨ। ਪੰਜਾਬ ਦੀਆਂ ਭੈਣਾਂ ਅਤੇ ਇਥੇ ਦੇ ਗਭਰੂਆਂ ਦੇ ਦਿਲਾਂ ਦੀ ਧੜਕਣ ਮਾਣਕ ਦੀ ਤੂੰਬੀ ਦੀ ਤਾਰ ਨਾਲ ਲਰਜਦੀ ਹੈ। ਪੰਜਾਬੀ ਗੱਭਰੂ ਅਤੇ ਮੁਟਿਆਰਾਂ ਉਸਦੀ ਸੁਰੀਲੀ ਅਤੇ ਮਿੱਠੀ ਆਵਾਜ਼ ਤੇ ਜਾਨ ਛਿੜਕਦੇ ਹਨ।
ਪੰਜਾਬ ਦੇ ਲੋਕ ਗੀਤਾਂ ਨੂੰ ਬਹੁਤ ਕਲਾਕਾਰਾਂ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ, ਪ੍ਰੰਤੂ ਮਾਣਕ ਉਹਨਾਂ ਵਿਚੋਂ ਕਿਤੇ ਉੱਚਾ ਅਤੇ ਵੱਖਰਾ ਸਿਤਾਰਾ ਹੈ ਜਿਹੜਾ ਕਿ ਖੇਤਾਂ ਵਿਚ ਪਸ਼ੂ ਚਾਰਦੇ ਮੁੰਡੇ, ਤ੍ਰਿੰਝਣਾਂ ਦੀਆਂ ਕੁੜੀਆਂ, ਮੇਲਿਆਂ ਦੇ ਸ਼ੌਕੀਨ, ਕਾਲਜੀਏਟ ਲੜਕੇ, ਜੇਲ੍ਹ ਦੇ ਕੈਦੀ, ਫੌਜੀ ਜਵਾਨ ਤੇ ਦੂਰ ਬਿਦੇਸ਼ਾਂ ਵਿਚ ਵਸਦੇ ਪੰਜਾਬੀ, ਸਭ ਦਾ ਹਰਮਨ ਪਿਆਰਾ ਹੈ।
ਸੰਨ 1973 ਵਿਚ ਜਦੋਂ ਕਿ ਮਾਣਕ ਦਾ ਪਹਿਲਾ ਰੀਕਾਰਡ ਐਚ.ਐਮ. ਵੀ. ਕੰਪਨੀ ਨੇ ਰੀਲੀਜ਼ ਕੀਤਾ ਤਾਂ ਸਾਰੇ ਪੰਜਾਬ ਵਿਚ ਧੁੰਮਾਂ ਪੈ ਗਈਆਂ। ਪੰਜਾਬੀ ਲੋਕ ਗੀਤਾਂ ਦੇ ਪ੍ਰਤੀ ਲੋਕਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ। ਕੁਲਦੀਪ ਮਾਣਕ ਦਾ ਨਾਂ ਲੋਕਾਂ ਦੇ ਬੁੱਲ੍ਹਾਂ ਉਤੇ ਖੇਡਣ ਲੱਗਾ ਅਤੇ ਉਸ ਦੀਆਂ ਧੁਨਾਂ ਹਰ ਜ਼ੁਬਾਨ ਉੱਤੇ ਥਿਰਕਣ ਲਗੀਆਂ।
‘ਤੇਰੇ ਟਿਲੇ ਤੋਂ ਔਹ ਸੂਰਤ ਦੀਂਹਦੀ ਹੈ ਹੀਰ ਦੀ’ ‘ਔਹ ਲੇ ਵੇਖ ਗੋਰਖਾ ਉਡਦੀ ਐ ਫੁਲਕਾਰੀ’
ਇਹ ਗੀਤ ਤਾਂ ਹਰ ਬੱਚੇ ਬੁੱਢੇ ਦੀ ਜ਼ੁਬਾਨ ਉਤੇ ਸੀ। ਇਸ ਐਲ.ਪੀ. ਦੇ ਆਉਣ ਤੇ ਕੈਸਟਾਂ ਧੜਾ ਧੜ ਵਿਕਣ ਲਗੀਆਂ। ਇਥੋਂ ਤਕ ਕਿ ਰੀਕਾਰਡਿੰਗ ਕਰਨ ਲਈ ਨਵੀਆਂ ਦੁਕਾਨਾਂ ਖੋਲ੍ਹੀਆਂ ਗਈਆਂ। ਪੰਜਾਬ ਦੇ ਲੋਕ ਗੀਤਾਂ ਵਿਚ ਇੱਕ ਨਵਾਂ ਸਿਤਾਰਾ ਉੱਭਰ ਕੇ ਆਇਆ ਜਿਸਨੇ ਹਰ ਪੰਜਾਬੀ ਦੇ ਦਿਲ ਵਿਚ ਇਕ ਅਮਿਟ ਥਾਂ ਬਣਾ ਲਈ।
ਮਾਣਕ ਨੂੰ ਸੰਗੀਤ ਵਿਰਸੇ ਵਿਚ ਹੀ ਮਿਲਿਆ ਹੈ। ਉਸ ਦੇ ਬਜ਼ੁਰਗ ਆਪਣੇ ਸਮੇਂ ਵਿਚ ਮਹਾਰਾਜਾ ਨਾਭਾ ਦੇ ਦਰਬਾਰੀ ਰਾਗੀ ਸਨ। ਉਸ ਦੀ ਆਵਾਜ਼ ਵਿਚ ਸੋਜ਼, ਉਸ ਦੀ ਤੂੰਬੀ ਦੀਆਂ ਤਾਰਾਂ ਵਿਚ ਤਰੰਨਮ, ਉਸ ਦੇ ਗਲੇ ਦੀ ਮਿਠਾਸ ਇਕ ਲੰਮੀ ਤਪਸਿਆ ਦਾ ਸਦਕਾ ਹੈ। ਬਚਪਨ ਤੋਂ ਹੀ ਉਸਨੂੰ ਸੰਗੀਤ ਦਾ ਅਜਿਹਾ ਸ਼ੌਕ ਪੈਦਾ ਹੋਇਆ, ਸਰਸਵਤੀ ਦੇਵੀ ਦੀ ਅਜਿਹੀ ਲਗਨ ਲਗੀ ਜੋ ਕਿ ਕਦੇ ਵੀ ਨਾ ਘਟੀ ਅਤੇ ਛੋਟੇ ਛੋਟੇ ਮੇਲਿਆਂ ਅਤੇ ਅਖਾੜਿਆਂ ਵਿਚ ਗਾਉਣ ਵਾਲਾ ਕੁਲਦੀਪ ਅੱਜ ਹਿੰਦੁਸਤਾਨ ਭਰ ਵਿਚ ਕੁਲਦੀਪ ਮਾਣਕ ਦੇ ਨਾਂ ਨਾਲ ਪ੍ਰਸਿਧ ਹੈ। ਮਾਣਕ ਦਾ ਖ਼ਿਤਾਬ ਕੁਲਦੀਪ ਨੂੰ ਪੰਜਾਬ ਦੇ ਸਵਰਗੀ ਮੁਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ 1964 ਵਿਚ ਇਕ ਪੇਂਡੂ ਮੇਲੇ ਵਿਚ ਉਸ ਦੀ ਸੋਜ਼ ਭਰੀ ਆਵਾਜ਼ ਤੋਂ ਪ੍ਰਸੰਨ ਹੋ ਕੇ ਦਿਤਾ ਜੋ ਕਿ ਉਸ ਦੇ ਨਾਂ ਨਾਲ ਸਦਾ ਲਈ ਸੱਚ ਹੋ ਨਿਬੜਿਆ ਹੈ।
ਇਸ ਮਹਾਨ ਕਲਾਕਾਰ ਦਾ ਜਨਮ ਆਜ਼ਾਦੀ ਦੇ ਸ਼ੁਭ ਦਿਹਾੜੇ ਵਾਲੇ ਦਿਨ 15 ਅਗਸਤ 1949 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਵਿਚ ਹੋਇਆ। ਇਥੇ ਹੀ ਇਸ ਨੇ ਆਪਣੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਅਤੇ ਬਚਪਨ ਉਥੇ ਹੀ ਗੁਜ਼ਾਰਿਆ। ਸੰਗੀਤ ਦਾ ਸ਼ੌਕ ਜੋ ਕਿ ਵਿਰਾਸਤ ਵਿਚ ਹੀ ਮਿਲਿਆ ਹੈ, ਪੁੰਗਰਨ ਲਗਾ ਅਤੇ ਸਮਾਂ ਪਾ ਕੇ ਉਸਤਾਦ ਖੁਸ਼ੀ ਮੁਹੰਮਦ ਦੀ ਸ਼ਗਿਰਦੀ ਹੇਠਾਂ ਵਿਕਸਤ ਹੋ ਗਿਆ। ਅਜ ਉਸ ਦੀ ਅਵਾਜ਼ ਵਿਚ ਦਰਿਆਵਾਂ ਦੇ ਢਲਾਓ, ਰਵਾਨੀ, ਰੋਹੜ ਅਤੇ ਸਰਲਤਾ ਹੈ। ਸਮੁੰਦਰ ਦੀ ਅਥਾਹ ਡੂੰਘਾਈ ਅਤੇ ਜਵਾਰਭਾਟੇ ਹਨ। ਜਿਥੇ ਮਾਹੀ ਤੋਂ ਚਿਰੀ ਵਿਛੁੰਨੀ ਪੰਜਾਬਣ ਦੇ ਹਉਕੇ, ਹੰਝੂ, ਹਾਵੇ ਅਤੇ ਅਧ ਮੋਈਆਂ ਸਧਰਾਂ ਹਨ। ਉਥੇ ਸ਼ੋਖ਼ੀ, ਮਸਤੀ, ਸੁੰਦਰਤਾ ਅਤੇ ਮਿਠਾਸ ਵੀ ਹੈ।
ਕਹਿੰਦੀ ਰੁੱਸੀ ਤਕਦੀਰ, ਨੈਣੇਂ ਡੋਲਦੀ ਹੈ ਨੀਰ ਆਇਆ ਵਕਤ ਅਖੀਰ ਵੇ ਬਚਾ ਲੈ ਜਾਂਦੀ ਵਾਰ ਤਾਂ ਸੋਹਣੀ ਨੂੰ, ਔਹ ਜਾਂਦੀ ਵਾਰ ਤਾਂ ਸੋਹਣੀ ਨੂੰ ਗਲ ਲਾ ਲੈ
ਇਸ ਗੀਤ ਰਾਹੀਂ ਇਕ ਪੰਜਾਬਣ ਦੇ ਆਪਣੇ ਮਾਹੀ ਨੂੰ ਅੰਤ ਸਮੇਂ ਵਿਚ ਵੀ ਮਿਲਣ ਦੀ ਤਾਂਘ ਨੂੰ ਮਾਣਕ ਨੇ ਅਜਿਹਾ ਉਭਾਰਿਆ ਹੈ ਕਿ ਦਿਲ ਕਲੇਜੇ ਵਿਚੋਂ ਨਿਕਲ ਕੇ ਹਥ ਵਿਚੋਂ ਆਉਣ ਨੂੰ ਹੋ ਜਾਂਦਾ ਹੈ। ਜਦੋਂ ਉਹ
‘ਦੋ ਦਿਨ ਲਈ ਸਾਹਿਬਾਂ ਨੂੰ ਦੇ ਦਿਓ ਮੰਗਵਾਂ ਵੇ ਯਾਰ ਉਧਾਰਾ’
ਗਾਉਂਦਾ ਹੈ ਉਸ ਸਮੇਂ ਉਸਦੀ ਆਵਾਜ਼ ਦੇ ਦਰਦ ਨੂੰ ਸੁਣ ਕੇ ਕਿਸ ਦਿਲ ਵਿਚ ਸਾਹਿਬਾਂ ਪ੍ਰਤੀ ਹਮਦਰਦੀ ਨਹੀਂ ਜਾਗਦੀ? ਕਿਸ ਦਿਲ ਵਿਚ ਖ਼ਾਨ ਸ਼ਮੀਰ ਲਈ ਨਫ਼ਰਤ ਨਹੀਂ ਪਲਦੀ ?
ਪੰਜਾਬੀ ਲੋਕ ਗੀਤਾਂ ਦੇ ਇਸ ਬੇਤਾਜ ਬਾਦਸ਼ਾਹ ਨੇ 1973 ਵਿਚ ਪਹਿਲੇ ਰੀਕਾਰਡ ਦੇ ਆਉਣ ਤੋਂ ਬਾਅਦ ਮੁੜ ਪਿਛੇ ਨਹੀਂ ਤਕਿਆ। ਇਕ ਤੋਂ ਬਾਅਦ ਦੂਸਰਾ ਅਤੇ ਫੇਰ ਹੋਰ, ਫੇਰ ਹੋਰ ਐਲ.ਪੀ. ਸੁਪਰ ਸੈਵਨ ਈ.ਪੀ. ਅਤੇ ਕੈਸਟਾਂ ਆਦਿ ਦੀ ਸਿਰਜਣਾ ਕਰਦਾ ਰਿਹਾ ਅਤੇ ਸਫਲਤਾ ਵਲ ਵਧਦਾ ਰਿਹਾ। ਉਸ ਦੇ ਗੀਤ ਜਿਹੜੇ ਕਿ ਲੋਕ ਗਾਥਾਵਾਂ ਤੇ ਆਧਾਰਤ ਸਨ ਜਿਵੇਂ:-
‘ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾਂ ਪਾਈਆਂ। ਚੌਧਰ ਛਡੀ ਪਿੰਡ ਦੀ ਛਡੀਆਂ ਭਰਜਾਈਆਂ।
‘ਸਾਹਿਬਾਂ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ।’ ‘ਕਿਤੋਂ ਆ ਜਾ ਬਾਬਲਾ ਵੇ ਦੁਖੜੇ ਸੁਣ ਲੈ ਧੀ ਦੇ ਆ ਕੇ’ ‘ਛੇਤੀ ਕਰ ਸਰਵਣ ਬੱਚਾ ਪਾਣੀ ਪਿਆ ਦੇ ਓਏ’
ਆਦਿ ਬਹੁਤ ਹੀ ਮਸ਼ਹੂਰ ਹੋਏ ਜਿਹੜੇ ਕਿ ਪੰਜਾਬੀ ਗੀਤਾਂ ਦੇ ਇਕ ਮੁਖ ਅੰਗ ਬਣ ਗਏ। ਇਸ ਤੋਂ ਇਲਾਵਾ ਮਾਣਕ ਨੇ ਬਹੁਤ ਸਾਰੇ ਦੋ ਗਾਣੇ ਅਤੇ ਲੋਕ ਗੀਤ ਗਾਏ ਹਨ ਜਿਹੜੇ ਕਿ ਬਹੁਤ ਸਰਾਹੇ ਗਏ ਅਤੇ ਮਸ਼ਹੂਰ ਹੋਏ ਜਿਵੇਂ:-
‘ਕੁੰਡਾ ਖੋਲ੍ਹ ਬਸੰਤਰੀਏ ਨੀ ਮੂੰਹੋਂ ਬੋਲ ਬਸੰਤਰੀਏ’ ‘ਨੀ ਘਰੇ ਚਲ ਕੱਢੂ ਰੜਕਾਂ ਵਡੇ ਵੀਰ ਨਾਲ ਕਿਉਂ ਨਾ ਦਸ ਆਈ’
ਇਸ ਤੋਂ ਇਲਾਵਾ ਮਾਣਕ ਨੇ ਕਾਫੀ ਲੋਕ ਗਾਥਾਵਾਂ ਪੁਨਰ ਜੀਵਤ ਕੀਤੀਆਂ ਜਿਹੜੀਆਂ ਕਿ ਸਮੇਂ ਦੀ ਚੱਕੀ ਵਿਚ ਖੋ ਗਈਆਂ ਸਨ ਜਿਵੇਂ:- ਸ਼ਾਮੋ ਨਾਰ ਅਤੇ ਤਾਰ ਬਾਬੂ, ਦਹੂਦ ਬਾਦਸ਼ਾਹ, ਕੇਹਰ ਸਿੰਘ ਦੀ ਮੌਤ, ਇੰਦਰ ਮਲ ਅਤੇ ਬੇਗੋ ਨਾਰ, ਪਰਤਾਪੀ ਸੁਨਿਆਰੀ ਅਤੇ ਕਾਕਾ ਰੂਪਾਲ ਆਦਿ ਪ੍ਰਮੁੱਖ ਹਨ।
ਮਾਣਕ ਨੇ ਲੋਕ ਗੀਤਾਂ ਅਤੇ ਲੋਕ ਗਾਥਾਵਾਂ ਵਿਚ ਹੀ ਆਪਣਾ ਥਾਂ ਨਹੀਂ ਬਣਾਇਆ ਸਗੋਂ ਕਈ ਸੁਚੱਜੇ ਅਤੇ ਧਾਰਮਿਕ ਗੀਤ ਗਾ ਕੇ ਇਕ ਨਵੀਂ ਰਵਾਇਤ ਦੀ ਸ਼ੁਰੂਆਤ ਕੀਤੀ ਹੈ ਅਤੇ ਬਹੁਤ ਜਸ ਖਟਿਆ ਹੈ ਧਾਰਮਿਕ ਗੀਤਾਂ ਵਿਚੋਂ:-
‘ਤਿਖਾ ਚਲਦਾ ਸੀਸ ‘ਤੇ ਆਰਾ ਮੁੱਖੋਂ ਸਤਨਾਮ ਬੋਲਦਾ’ ‘ਹੁੰਦੀਆਂ ਸ਼ਹੀਦ ਜੋੜੀਆਂ ਮਾਤਾ ਦੇਖਦੀ ਬੁਰਜ ਤੇ ਚੜ੍ਹ ਕੇ’
‘ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ ਦਿਨ ਰਾਤ ਪਾਪਾਂ ‘ਚ ਗੁਜ਼ਾਰੇਂ ਬੰਦਿਆ’ ਆਦਿ ਪ੍ਰਮੁੱਖ ਹਨ।
ਮਾਣਕ ਨੇ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਗੀਤਾਂ ਨਾਲ ਸਨਮਾਨਿਆ ਹੈ ਅਤੇ ਪੰਜਾਬ ਦੇ ਸੂਰਮਿਆਂ, ਯੋਧਿਆਂ ਅਤੇ ਸ਼ਹੀਦਾਂ ਦੀਆਂ ਵਾਰਾਂ ਗਾਈਆਂ ਹਨ ਜਿਹੜੀਆਂ ਕਿ ਆਪਣੇ ਆਪ ਵਿਚ ਇਕ ਮੀਲ ਪਥਰ ਹਨ। ਉਦਾਹਰਣ ਦੇ ਤੌਰ ਤੇ:-
‘ਕਹਿੰਦੇ ਗੋਰਿਆਂ ਮੁਕਦਮਾ ਕੀਤਾ ਭਗਤ ਸਿੰਘ ਸੂਰਮੇ ‘ਤੇ’ ਦਫਾ ਲਾ ਕੇ, ਦਫਾ ਲਾ ਕੇ ਸੀ 302 ਦੀ ਕਿ ਫਾਂਸੀ ਵਾਲੀ ਸਜ਼ਾ ਕਰਤੀ’ ਬਹੁਤ ਮਸ਼ਹੂਰ ਹੈ।
ਮਾਣਕ ਨੇ ਆਪਣੀ ਅਦੁਤੀ ਆਵਾਜ਼ ਦੇ ਜ਼ੋਰ ਤੇ ਪੰਜਾਬੀ ਫਿਲਮ ਇੰਡਸਟਰੀ ਵਿਚ ਵੀ ਚੰਗਾ ਨਾਂ ਕਮਾ ਲਿਆ ਹੈ। ਫਿਲਮ ‘ਸੈਦਾਂ ਜੋਗਣ’ ਵਿਚ ਇਸ ਦੇ ਗਾਏ ਗੀਤ:-
‘ਆਹ ਲੈ ਸਾਂਭ ਲੈ ਨੀਂ ਸੈਦੇ ਦੀਏ ਨਾਰੇ ਸਾਥੋਂ ਨੀ ਮੱਝਾਂ ਚਾਰ ਹੁੰਦੀਆਂ’ ਦੀ ਬਹੁਤ ਸ਼ਲਾਘਾ ਹੋਈ ਹੈ।
ਉਸ ਨੇ ਵਰਿੰਦਰ ਦੀ ਨਵੀਂ ਆ ਰਹੀ ਫਿਲਮ ਲੰਬੜਦਾਰਨੀ ਲਈ ਵੀ ਦੋ ਗੀਤ ਗਾਏ ਹਨ।
ਬੱਲੇ ਮਾਣਕਾ ਓ ਤੇਰੀ ਜੁਗਨੀ ਅਤੇ ਯਾਰਾਂ ਦਾ ਟਰੱਕ ਬੱਲੀਏ ਜਿਨ੍ਹਾਂ ਦੇ ਮੁੱਢਲੇ ਬੋਲ ਹਨ। ਮਾਣਕ ਬਹੁਤ ਜਲਦ ਆਪਣੀ ਇਕ ਨਵੀਂ ਪੰਜਾਬੀ ਫਿਲਮ ‘ਬਲਬੀਰੋ ਭਾਬੀ’ ਦੀ ਸਿਰਜਨਾ ਕਰ ਰਿਹਾ ਹੈ ਜਿਸ ਦੀ ਕਹਾਣੀ ਸੁਚੇ ਸੂਰਮੇ ਤੇ ਆਧਾਰਿਤ ਹੈ।
ਭਾਰਤ ਤੋਂ ਬਾਹਰ ਰਹਿੰਦੇ ਪੰਜਾਬੀਆਂ ਦੇ ਦਿਲਾਂ ਦਾ ਵੀ ਮਾਣਕ ਰਾਜਾ ਹੈ, ਉਹਨਾਂ ਦੀ ਖੁਸ਼ੀ ਲਈ ਮਾਣਕ ਨੇ 1977 ਵਿਚ ਕੈਨੇਡਾ ਅਤੇ 1979 ਵਿਚ ਆਪਣੇ ਗਰੁਪ ਸਮੇਤ ਇੰਗਲੈਂਡ ਦਾ ਦੌਰਾ ਕੀਤਾ। ਹਰ ਥਾਂ ‘ਤੇ ਬਹੁਤ ਭਾਰੀ ਰਸ਼ ਪਿਆ ਅਤੇ ਟਿਕਟਾਂ ਐਡਵਾਂਸ ਹੀ ਵਿਕ ਗਈਆਂ। ਇਹ ਮਾਣਕ ਦੀ ਲੋਕਪ੍ਰਿਯਤਾ ਦਾ ਇਕ ਬਹੁਤ ਵੱਡਾ ਸਬੂਤ ਹੈ।
ਇਸ ਤਰ੍ਹਾਂ ਮਾਣਨ ਕੇ ਪੰਜਾਬੀ ਲੋਕ ਧੁਨਾਂ ਵਿਚ ਇਕ ਨਵੀਂ ਰੂਹ ਫੂਕੀ, ਪੁਰਾਤਨ ਖੋ ਚੁਕੇ ਵਿਰਸਿਆਂ ਨੂੰ ਨਵੇਂ ਢੰਗ ਨਾਲ ਮੁੜ ਜੀਵਿਤ ਕੀਤਾ ਅਤੇ ਆਪਣੀ ਆਵਾਜ਼ ਨਾਲ ਇਸ ਦਹਾਕੇ ਵਿਚ ਲੋਕ ਗਾਥਾਵਾਂ ਨੂੰ, ਤੂੰਬੀ ਨੂੰ ਮੁੜ ਕੇ ਜ਼ਿੰਦਾ ਕੀਤਾ। ਮਾਣਕ ਨੇ ਗਾਇਕ ਕਲਾਕਾਰਾਂ ਵਿਚ ਇਕ ਨਵੀਂ ਲੀਹ ਪਾਈ ਹੈ। ਉਸ ਦੀ ਮਿਠੀ ਅਤੇ ਸੁਰੀਲੀ ਆਵਾਜ਼ ਪੌਣਾਂ ਵਿਚ ਸਦਾ ਗੂੰਜਦੀ ਰਹੇਗੀ। ਆਓ ਅਸੀਂ ਸਾਰੇ ਪੰਜਾਬੀ ਰਲ ਕੇ ਇਸ ਮਹਾਨ ਕਲਾਕਾਰ ਦੀ ਲੰਮੀ ਉਮਰ ਲਈ ਪ੍ਰਮਾਤਮਾ ਅਗੇ ਬੇਨਤੀ ਕਰੀਏ ਕਿ ਉਹ ਆਪਣੀ ਮਧੁਰ ਆਵਾਜ਼ ਨਾਲ ਇਕ ਯੁਗ ਤਕ ਸਾਡਾ ਮਨ ਪਰਚਾਉਂਦਾ ਰਹੇ।
ਇਹ ਲੇਖ 1980 ਵਿਚ ਲਿਖਿਆ ਗਿਆ ਸੀ ਜਦੋਂ ਕੁਲਦੀਪ ਮਾਣਕ ਆਪਣੀ ਪ੍ਰਸਿੱਧੀ ਦੀਆਂ ਸਿਖਰਾਂ ਉੱਤੇ ਸੀ। ਮਾਣਕ ਦੇ ਜੀਵਨ ਬਾਰੇ ਲਿਖਿਆ ਜਾਣ ਵਾਲਾ ਇਹ ਇਹ ਪਹਿਲਾ ਲੇਖ ਸੀ।
Credit – ਅਲੀ ਰਾਜਪੁਰਾ