ਮੈਂ ਨਾਸਤਕ ਕਿਉਂ ਹਾਂ ? (5, 6 ਅਕਤੂਬਰ,1930) (4 ਅਕਤੂਬਰ, 1930 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ, ਜੋ ਗ਼ਦਰ ਪਾਰਟੀ ਦੇ ਨਾਲ ਸੰਪਰਕ ਕਰਕੇ ਉਮਰ ਕੈਦ ਭੋਗ ਕੇ ਰਿਹਾਅ ਹੋਏ ਸਨ। ਰਿਹਾਈ ਤੋਂ ਪਹਿਲਾਂ ਉਨ੍ਹਾਂ ਦੀ ਭਗਤ ਸਿੰਘ ਨਾਲ ਮੁਲਾਕਾਤ ਹੋਈ। ਮੁਲਾਕਾਤ ਕਰਵਾਉਣ ਵਿਚ ਗ਼ਦਰੀ ਬਾਬੇ ਹਰਨਾਮ ਸਿੰਘ ਕਾਲਾ ਸੰਘਿਆਂ ਮਦਦਗਾਰ ਸਨ। ਲੇਖ ਦੇ ਸ਼ੁਰੂ ਵਿਚ ਦੋਸਤਾਂ ਦਾ ਜ਼ਿਕਰ ਇਨ੍ਹਾਂ ਬਾਰੇ ਹੀ ਹੈ। ਮੁਲਾਕਾਤ ਤੋਂ ਪਹਿਲਾਂ ਵੀ ਕੁਝ ਤਰਕ ਭਗਤ ਸਿੰਘ ਤੇ ਭਾਈ ਰਣਧੀਰ ਸਿੰਘ ਵਿਚ ਹੋਇਆ ਸੀ। ਇਨ੍ਹਾਂ ਗ਼ਦਰੀ ਬਾਬਿਆਂ ਦੇ ਸੁਝਾਅ ਉਤੇ ਸ਼ਹੀਦ ਭਗਤ ਸਿੰਘ ਨੇ ਭਾਈ ਸਾਹਿਬ ਨਾਲ ਮੁਲਾਕਾਤ ਕਰਨ ਦੀ ਹਾਂ ਕੀਤੀ। ਪਰ ਭਾਈ ਸਾਹਿਬ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕਿਉਂਕਿ ਭਗਤ ਸਿੰਘ ਨੇ ਕੇਸ ਕਤਲ ਕਰਵਾਏ ਹੋਏ ਹਨ ਉਹ ਨਹੀਂ ਮਿਲਣਗੇ। ਇਸ ਦੇ ਜਵਾਬ ਵਿਚ ਭਗਤ ਸਿੰਘ ਨੇ ਇਕ ਚਿੱਠੀ ਲਿਖ ਕੇ ਭੇਜੀ ਕਿ, “ਸਿੱਖੀ ਦੀ ਬੰਦ- ਬੰਦ ਕਟਕਾਉਣ ਦੀ ਰਵਾਇਤ ਦਾ ਕਾਇਲ ਹਾਂ, ਅਜੇ ਤਾਂ ਮੈਂ ਇਕ ਬੰਦ ਕਟਵਾਇਆ ਹੈ, ਉਹ ਵੀ ਪੇਟ ਲਈ ਨਹੀਂ ਦੇਸ਼ ਲਈ, ਜਲਦੀ ਹੀ ਗਰਦਨ ਵੀ ਕਟਵਾਵਾਂਗਾ। ਇਕ ਸਿੱਖ ਦੀ ਤੰਗ ਨਜ਼ਰੀ ‘ਤੇ ਤੰਗ ਦਿਲੀ ਦਾ ਗਿਲਾ ਜ਼ਰੂਰ ਰਹੇਗਾ।” ਇਸ ਤੋਂ ਬਾਅਦ ਭਾਈ ਸਾਹਿਬ ਮੁਲਾਕਾਤ ਲਈ ਆਏ। ਇਕ ਵਾਰ ਇਸ ਵਿਸ਼ੇ ‘ਤੇ ਬਾਬਾ ਸੋਹਣ ਸਿੰਘ ਭਕਨਾ ਨਾਲ ਗੱਲ ਕਰਦੇ ਭਗਤ ਸਿੰਘ ਨੇ ਕਿਹਾ ਸੀ ਕਿ, “ਸਾਡੇ ਪੁਰਾਣੇ ਵਿਰਸੇ ਦੇ ਦੋ ਪੱਖ ਹੁੰਦੇ ਹਨ, ਇਕ ਸਭਿਆਚਾਰਕ ਅਤੇ ਦੂਸਰਾ ਮਿਥਿਹਾਸਕ। ਮੈਂ ਸਭਿਆਚਾਰਕ ਗੁਣਾਂ ਨੂੰ ਜਿਵੇਂ ਕਿ ਨਿਸ਼ਕਾਮ ਦੇਸ਼ ਸੇਵਾ, ਕੁਰਬਾਨੀ, ਅਕੀਦੇ ਤੇ ਅਟੱਲ ਰਹਿਣ ਨੂੰ ਪੂਰੀ ਸਚਾਈ ਨਾਲ ਅਪਣਾ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਵਿਚ ਹਾਂ, ਪਰ ਮਿਥਹਾਸਕ ਵਿਚਾਰ, ਜੋ ਪੁਰਾਣੇ ਸਮੇਂ ਦੀ ਸਮਝ ਮੁਤਾਬਕ ਹਨ, ਨੂੰ ਉਵੇਂ ਦੇ ਉਵੇਂ ਮੰਨਣ ਲਈ ਬਿਲਕੁਲ ਤਿਆਰ ਨਹੀਂ ਹਾਂ ਕਿਉਂਕਿ ਵਿਗਿਆਨ ਨੇ ਗਿਆਨ ਵਿਚ ਬਹੁਤ ਵਾਧਾ ਕੀਤਾ ਹੈ ਅਤੇ ਵਿਗਿਆਨਕ ਵਿਚਾਰ ਅਪਨਾਇਆਂ ਹੀ ਭਵਿੱਖ ਦੇ ਮਸਲੇ ਹੱਲ ਕਰ ਸਕਦੇ ਹਨ।” ਭਾਵੇਂ ਕਿ ਫਿਰਕੂ ਤੱਤਾਂ ਵਲੋਂ ਕਾਫੀ ਕੋਸ਼ਿਸ਼ ਹੋਈ ਹੈ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਵਿਚ ਗੰਧਲਾਇਆ ਜਾਵੇ ਅਤੇ ਇਹ ਸਿੱਧ ਕੀਤਾ ਜਾਵੇ ਕਿ ਉਸ ਨੇ ਆਖ਼ਰੀ ਸਮੇਂ ਆਪਣੇ ਵਿਚਾਰ ਬਦਲ ਲਏ ਸਨ। ਪਰ ਇਹ ਦਸਤਾਵੇਜ਼ ਜਿੱਥੇ ਭਾਈ ਸਾਹਿਬ ਰਣਧੀਰ ਸਿੰਘ ਜੀ ਵਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦੇ ਰੂਪ ਵਿਚ ਹੈ ਉੱਥੇ ਭਗਤ ਸਿੰਘ ਦੇ ਆਪਣੇ ਵਿਚਾਰ ਵਿਕਾਸ ਦੀ ਸਵੈ ਪੜਚੋਲ ਤੇ ਵਿਚਾਰਾਂ ਦੀ ਠੋਸਤਾ ਦਾ ਇਕ ਅਹਿਮ ਪ੍ਰਮਾਣ ਵੀ ਹੈ। ਅੰਤਿਕਾ (ੳ) ਵਿਚ, ਭਗਤ ਸਿੰਘ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ?, ਦਾ ਇਕ ਪ੍ਰਮਾਣਿਕ ਲੇਖ, ਵਜੋਂ ਪੇਸ਼ ਹੈ।
ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ: ਕੀ ਸਰਬ ਸ਼ਕਤੀਮਾਨ, ਸਰਬ ਵਿਆਪਕ ਤੇ ਸਰਬ ਹਿਤਕਾਰੀ ਰੱਬ ਦੀ ਹੋਂਦ ਵਿਚ ਮੇਰੀ ਅਵਿਸ਼ਵਾਸ ਮੇਰੇ ਅਹੰਕਾਰ ਕਰਕੇ ਹੈ? ਮੈਨੂੰ ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਮੈਨੂੰ ਕਿਸੇ ਵੇਲੇ ਇਹੋ ਜੇਹੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ। ਆਪਣੇ ਕੁਝ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਮੇਰੇ ਕੁਝ ਦੋਸਤਾਂ (ਜੋ ਦੋਸਤੀ ਦਾ ਇਹ ਦਾਅਵਾ ਗਲਤ ਨਾ ਹੋਵੇ) ਨੇ ਮੇਰੇ ਨਾਲ ਥੋੜ੍ਹੇ ਜਿਹੇ ਮੇਲਜੋਲ ਮਗਰੋਂ (ਭਾਈ ਰਣਧੀਰ ਸਿੰਘ ਵੱਲ ਇਸ਼ਾਰਾ) ਹੀ ਇਹ ਸਿੱਟਾ ਕਢ ਲਿਆ ਕਿ ਮੇਰਾ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਮੇਰੀ ਹਿਮਾਕਤ ਹੈ ਅਤੇ ਇਹ ਵੀ ਕਿ ਮੇਰਾ ਅਹੰਕਾਰ ਹੀ ਮੇਰੇ ਅਵਿਸ਼ਵਾਸ ਦਾ ਕਾਰਨ ਹੈ। ਫਿਰ ਵੀ ਸਮੱਸਿਆ ਤਾਂ ਗੰਭੀਰ ਹੀ ਹੈ। ਇਨ੍ਹਾਂ ਇਨਸਾਨੀ ਵਤੀਰਿਆਂ ਤੋਂ ਉਪਰ ਹੋਣ ਦਾ ਮੈਂ ਦਾਅਵਾ ਨਹੀਂ ਕਰਦਾ। ਮੈਂ ਵੀ ਆਖ਼ਰ ਇਨਸਾਨ ਹਾਂ, ਇਸ ਤੋਂ ਵੱਧ ਕੁਝ ਨਹੀਂ ਹੈ। ਤੇ ਨਾ ਹੀ ਕੋਈ ਇਸ ਤੋਂ ਵਧ ਹੋਣ ਦਾ ਦਾਅਵਾ ਕਰ ਸਕਦਾ ਹੈ। ਮੇਰੇ ਵਿਚ ਵੀ ਇਕ ਕਮਜ਼ੋਰੀ ਹੈ। ਅਹੰਕਾਰ (Vanity) ਮੇਰੇ ਸੁਭਾਅ ਦਾ ਵੀ ਅੰਗ ਹੈ। ਮੈਂ ਆਪਣੇ ਸਾਥੀਆਂ ਵਿਚ ਤਾਨਾਸ਼ਾਹ ਕਰਕੇ ਜਾਣਿਆ ਜਾਂਦਾ ਸਾਂ। ਇਥੋਂ ਤਕ ਕਿ ਮੇਰਾ ਦੋਸਤ ਬੀ.ਕੇ. ਦੱਤ ਕਦੀ ਕਦੀ ਮੈਨੂੰ ਤਾਨਾਸ਼ਾਹ ਕਹਿੰਦਾ ਹੁੰਦਾ ਸੀ। ਕਈ ਮੌਕਿਆਂ ਉਤੇ ਮੈਨੂੰ ਹੈਂਕੜਬਾਜ਼ ਵੀ ਕਿਹਾ ਗਿਆ। ਕੁਝ ਦੋਸਤ ਪੂਰੀ ਗੰਭੀਰਤਾ ਨਾਲ ਮੇਰੇ ਉਤੇ ਦੋਸ਼ ਲਾਉਂਦੇ ਰਹੇ ਕਿ ਮੈਂ ਦੂਜਿਆਂ ‘ਤੇ ਆਪਣੀ ਰਾਏ ਮੜ੍ਹਦਾ ਹਾਂ ਅਤੇ ਆਪਣੀ ਗੱਲ ਮੰਨਵਾ ਲੈਂਦਾ ਹਾਂ। ਮੈਂ ਇਨਕਾਰ ਨਹੀਂ ਕਰਦਾ ਕਿ ਇਹ ਗੱਲ ਕਿਸੇ ਹੱਦ ਤਕ ਸਹੀ ਹੈ। ਇਸ ਅਹੰਵਾਦ (Egotism) ਵੀ ਕਿਹਾ ਜਾ ਸਕਦਾ ਹੈ। ਜਿਥੋਂ ਤਕ ਸਮਾਜ ਦੀਆਂ ਰੂੜ੍ਹੀਵਾਦੀ ਰਵਾਇਤਾ ਦੇ ਵਿਰੋਧ ਦਾ ਸਵਾਲ ਹੈ, ਮੈਂ ਅਹੰਕਾਰੀ ਹਾਂ, ਪਰ ਇਹ ਜ਼ਾਤੀ ਗੱਲ ਨਹੀਂ। ਇਹ ਆਪਣੇ ਵਿਚਾਰਾਂ ‘ਤੇ ਮਾਣ ਕਰਨ ਵਾਲੀ ਗੱਲ ਹੈ, ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ। ਅਭਿਮਾਨ, ਜਾਂ ਕਹਿ ਲਓ ਅਹੰਕਾਰ ਕਿਸੇ ਮਨੁੱਖ ਵਿਚ ਲੋੜੋਂ ਵੱਧ ਆਪਣੇ ਆਪ ਮਾਣ ਦਾ ਪ੍ਰਗਟਾਵਾ ਹੁੰਦਾ ਹੈ। ਕੀ ਮੈਂ ਬੇਲੋੜੇ ਮਾਣ ਕਰਕੇ ਨਾਸਤਕ ਬਣਿਆ ਹਾਂ ਜਾਂ ਇਸ ਵਿਸ਼ੇ ਬਾਰੇ ਡੂੰਘਾ ਮੁਤਾਲਿਆ ਕਰਨ ਮਗਰੋਂ ਅਤੇ ਗੰਭੀਰ ਸੋਚ ਵਿਚਾਰ ਮਗਰੋਂ ਨਾਸਤਕ ਬਣਿਆ ਹਾਂ?- ਇਹ ਸਵਾਲ ਹੈ, ਜਿਸ ਬਾਰੇ ਮੈਂ ਇਥੇ ਚਰਚਾ ਕਰਨਾ ਚਾਹੁੰਦਾ ਹਾਂ, ਸਭ ਤੋਂ ਪਹਿਲੇ ਇਹ ਨਬੇੜਾ ਕਰ ਲਈਏ ਕਿ ਅਭਿਮਾਨ (Egotism) ਤੇ ਅਹੰਕਾਰ (Vanity) ਦੋ ਅਲੱਗ-ਅਲੱਗ ਗੱਲਾਂ ਹੁੰਦੀਆਂ ਹਨ।
ਮੈਨੂੰ ਇਸ ਗੱਲ ਦੀ ਹੁਣ ਤਕ ਸਮਝ ਨਹੀਂ ਆਈ ਕਿ ਬੇਲੋੜਾ ਮਾਣ ਜਾਂ ਫੋਕਾ ਅਭਿਮਾਨ ਮਨੁੱਖ ਲਈ ਆਸਤਕਤਾ ਦੇ ਰਾਹ ਦਾ ਰੋੜਾ ਕਿਵੇਂ ਬਣ ਸਕਦੇ ਹਨ। ਮੈਂ ਕਿਸੇ ਸੱਚੀ-ਮੁੱਚੀ ਦੇ ਮਹਾਨ ਵਿਅਕਤੀ ਦੀ ਮਹਾਨਤਾ ਤੋਂ ਮੁਨਕਰ ਹੋ ਸਕਦਾ ਹਾਂ, ਬਸ਼ਰਤਿ ਕਿ ਮੈਨੂੰ ਐਵੇਂ ਰਾਹ ਜਾਂਦੇ ਹੀ ਸ਼ੁਹਰਤ ਹੱਥ ਲੱਗ ਗਈ ਹੋਵੇ ਜਾਂ ਮਹਾਨ ਹੋਣ ਲਈ ਸੱਚੀ-ਮੁੱਚੀ ਲੋੜੀਂਦੇ ਗੁਣ ਹੀ ਮੇਰੇ ਵਿਚ ਨਾ ਹੋਣ। ਇਹ ਗੱਲ ਸਮਝ ਪੈਂਦੀ ਹੈ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਆਸਤਕ ਆਪਣੇ ਅਹੰਕਾਰ ਕਰਕੇ ਨਾਸਤਕ ਹੋ ਜਾਵੇ। ਸਿਰਫ਼ ਦੋ ਗੱਲਾਂ ਹੋ ਸਕਦੀਆਂ ਹਨ: ਜਾਂ ਤਾਂ ਮਨੁੱਖ ਖ਼ੁਦ ਨੂੰ ਖ਼ੁਦਾ ਦਾ ਰਕੀਬ ਸਮਝਣਾ ਸ਼ੁਰੂ ਕਰ ਦੇ ਜਾਂ ਫਿਰ ਖ਼ੁਦ ਹੀ ਖ਼ੁਦਾ ਬਣ ਬੈਠੇ। ਦੋਹਾਂ ਹਾਲਤਾਂ ਵਿਚ ਉਹ ਸਹੀ ਨਾਸਤਕ ਨਹੀਂ ਹੋ ਸਕਦਾ। ਪਹਿਲੀ ਸੂਰਤ ਵਿਚ ਉਹ ਰਕੀਬ ਦੀ ਹੋਂਦ ਤੋਂ ਮੁਨਕਰ ਨਹੀਂ ਹੁੰਦਾ। ਦੂਸਰੀ ਸੂਰਤ ਵਿਚ ਵੀ ਉਹ ਸੁਚੇਤ ਸਤਾ (Being) ਦੀ ਹੋਂਦ ਨੂੰ ਮੰਨਦਾ ਹੈ, ਜੋ ਪਰਦੇ ਪਿੱਛਿਓਂ ਸਾਰੀ ਪ੍ਰਕਿਰਤੀ ਨੂੰ ਚਲਾ ਰਹੀ ਹੈ। ਇਸ ਲਈ ਸਾਡੇ ਲਈ ਕੋਈ ਅਹਿਮੀਅਤ ਨਹੀਂ ਕਿ ਉਹ ਖ਼ੁਦ ਨੂੰ ਖ਼ੁਦਾ ਸਮਝਦਾ ਹੈ ਜਾਂ ਖ਼ੁਦਾ ਨੂੰ ਖ਼ੁਦ ਤੋਂ ਅਲੱਗ ਕੋਈ ਪਰਮ-ਸਤਾ ਮੰਨਦਾ ਹੈ। ਅਸਲ ਨੁਕਤਾ ਇਹ ਹੈ। ਦੋਹਾਂ ਹਾਲਤਾਂ ਵਿਚ ਉਹਦਾ ਰੱਬ ਵਿਚ ਵਿਸ਼ਵਾਸ ਕਾਇਮ ਰਹਿੰਦਾ ਹੈ। ਉਹ ਕਿਸੇ ਤਰ੍ਹਾਂ ਵੀ ਨਾਸਤਕ ਨਹੀਂ। ਇਹੋ ਮੈਂ ਆਖਣਾ ਚਾਹੁੰਦਾ ਹਾਂ। ਮੈਂ ਉਪਰਲੀਆਂ ਦੋਹਾਂ ਕਿਸਮਾਂ ਵਿਚ ਨਹੀਂ ਆਉਂਦਾ। ਮੈਂ ਤਾਂ ਕਿਸੇ ਵੀ ਸਰਬ ਸ਼ਕਤੀਮਾਨ ਜਾਂ ਸਰਵੋਪਰੀ-ਸਤਾ ਦੀ ਹੋਂਦ ਤੋਂ ਮੂਲੋਂ ਹੀ ਇਨਕਾਰੀ ਹਾਂ। ਇੰਜ ਕਿਉਂ ਹੈ, ਮੈਂ ਇਹਦੇ ਬਾਰੇ ਅੱਗੇ ਚੱਲ ਕੇ ਵਿਚਾਰ- ਚਰਚਾ ਕਰਾਂਗਾ। ਇਥੇ ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਅਹੰਕਾਰ ਕਰਕੇ ਨਾਸਤਕਤਾ ਦੇ ਸਿਧਾਂਤ ਦਾ ਧਾਰਨੀ ਨਹੀਂ ਹੋਇਆ। ਨਾ ਤਾਂ ਮੈਂ ਖ਼ੁਦਾ ਦਾ ਰਕੀਬ ਹਾਂ, ਨਾ ਕੋਈ ਰੱਬ ਅਵਤਾਰ ਤੇ ਨਾ ਹੀ ਆਪ ਪ੍ਰਮਾਤਮਾ ਹਾਂ। ਇਕ ਗੱਲ ਤਾਂ ਪੱਕੀ ਹੈ ਕਿ ਅਹੰਕਾਰ ਕਾਰਨ ਮੈਂ ਇਹ ਸੋਚਣੀ ਨਹੀਂ ਅਪਣਾਈ। ਇਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਤੱਥ ਬਿਆਨ ਕਰਦਾ ਹਾਂ। ਮੇਰੇ ਦੋਸਤ ਕਹਿੰਦੇ ਹਨ ਕਿ ਦਿੱਲੀ ਬੰਬ ਤੇ ਲਾਹੌਰ ਸਾਜ਼ਸ਼ ਕੇਸਾਂ ਦੌਰਾਨ ਮੈਨੂੰ ਜਿਹੜੀ ਬੇਲੋੜੀ ਸ਼ੁਹਰਤ ਮਿਲੀ, ਉਸ ਕਾਰਨ ਮੇਰੇ ਵਿਚ ਫੋਕੀ ਸ਼ਾਨ ਆ ਗਈ ਹੈ। ਆਓ, ਆਪਾਂ ਦੇਖੀਏ ਕਿ ਉਨ੍ਹਾਂ ਦੇ ਕਥਨ ਕਿਥੋਂ ਤਕ ਠੀਕ ਹਨ। ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਕਾਰਨ ਮੈਂ ਨਾਸਤਕ ਨਹੀਂ ਹੋਇਆ, ਮੈਂ ਤਾਂ ਓਦੋਂ ਹੀ ਰੱਬ ਨੂੰ ਮੰਨਣੋਂ ਹਟ ਗਿਆ ਸੀ, ਜਦ ਮੈਂ ਨਾਮਾਲੂਮ ਨੌਜ਼ਵਾਨ ਸੀ, ਜਦ ਮੇਰੇ ਉਪਰੋਕਤ ਦੋਸਤ ਰੱਬ ਦੀ ਹੋਂਦ ਤੋਂ ਸੁਚੇਤ ਵੀ ਨਹੀਂ ਸਨ। ਘਟੋ ਘਟ ਕਾਲਜ ਦਾ ਕੋਈ ਵਿਦਿਆਰਥੀ ਏਨਾ ਅਭਿਮਾਨੀ ਨਹੀਂ ਹੋ ਸਕਦਾ ਕਿ ਉਹ ਨਾਸਤਕ ਹੋ ਜਾਏ। ਭਾਵੇਂ ਕੁਝ ਪ੍ਰੋਫੈਸਰ ਮੈਨੂੰ ਪਸੰਦ ਕਰਦੇ ਸਨ ਤੇ ਕੁਝ ਨਾ ਪਸੰਦ, ਪਰ ਮੈਂ ਕਦੇ ਵੀ ਮਿਹਨਤੀ ਮੁੰਡਾ ਨਹੀਂ ਸੀ। ਅਹੰਕਾਰ ਵਰਗੇ ਵਿਚਾਰ ਰੱਖਣ ਦਾ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਸੀ । ਮੈਂ ਬਹੁਤ ਸੰਝਾਊ ਸੁਭਾਅ ਵਾਲਾ ਤੇ ਭਵਿੱਖ ਬਾਰੇ ਉਲਝਿਆ ਰਹਿਣ ਵਾਲਾ ਮੁੰਡਾ ਸੀ ਤੇ ਉਨ੍ਹਾਂ ਦਿਨਾਂ ਵਿਚ ਮੈਂ ਪੱਕਾ ਨਾਸਤਕ ਨਹੀਂ ਸੀ। ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਸੀ ਤੇ ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਹੈ, ਪਰ ਨਾਸਤਕ ਨਹੀਂ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ.ਏ.ਵੀ. ਸਕੂਲ ਵਿਚ ਦਾਖ਼ਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਵਿਚ ਪੂਰਾ ਇਕ ਸਾਲ ਰਿਹਾ। ਉਥੇ ਸਵੇਰ ਤੇ ਤ੍ਰਿਕਾਲ ਸੰਧਿਆਂ ਦੀਆਂ ਪ੍ਰਾਰਥਨਾਵਾਂ ਤੋਂ ਛੁਟ ਮੈਂ ਘੰਟਿਆਂ-ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਨ੍ਹਾਂ ਦਿਨਾਂ ਵਿਚ ਪੱਕਾ ਸ਼ਰਧਾਲੂ ਸੀ | ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਧਾਰਮਕ ਦ੍ਰਿਸ਼ਟੀਕੋਣ ਉਦਾਰ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪੀ। ਪਰ ਉਹ ਨਾਸਤਕ ਨਹੀਂ ਸਨ। ਉਨ੍ਹਾਂ ਦਾ ਰੱਬ ਇਕ ਪੱਕਾ ਅਕੀਦਾ ਸੀ, ਮੈਨੂੰ ਉਹ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ। ਸੋ ਮੇਰੀ ਪਰਵਰਿਸ਼ ਇਸ ਢੰਗ ਨਾਲ ਹੋਈ। ਨਾਮਿਲਵਰਤਨ ਦੇ ਦਿਨਾਂ ਦੌਰਾਨ ਮੈਂ ਨੈਸ਼ਨਲ ਕਾਲਜ ਵਿਚ ਦਾਖ਼ਲ ਹੋ ਗਿਆ। ਉਥੇ ਹੀ ਮੈਂ ਸਾਰੀਆਂ ਧਾਰਮਕ ਸਮੱਸਿਆਵਾਂ ਬਾਰੇ, ਇਥੋਂ ਤਕ ਕਿ ਰੱਬ ਬਾਰੇ ਵੀ ਖੁੱਲ੍ਹੇ ਤੌਰ ‘ਤੇ ਸੋਚਣਾ ਤੇ ਇਨ੍ਹਾਂ ਬਾਰੇ ਵਿਚਾਰ-ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਪਰ ਮੇਰਾ ਉਦੋਂ ਵੀ ਰੱਬ ਵਿਚ ਪੱਕਾ ਵਿਸ਼ਵਾਸ ਸੀ। ਓਦੋਂ ਮੈਂ ਦਾੜ੍ਹੀ-ਕੇਸ ਰੱਖ ਲਏ ਸੀ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਾ ਕਰ ਸਕਿਆ ਪਰ ਰੱਬ ਦੀ ਹੋਂਦ ਵਿਚ ਮੇਰਾ ਪੱਕਾ ਵਿਸ਼ਵਾਸ ਸੀ।
ਫੇਰ ਮੈਂ ਇਨਕਲਾਬੀ ਪਾਰਟੀ ਵਿਚ ਸ਼ਾਮਲ ਹੋ ਗਿਆ। ਮੈਂ ਜਿਸ ਪਹਿਲੇ ਆਗੂ ਨੂੰ ਮਿਲਿਆ, ਉਹ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਹੌਸਲਾ ਤਕ ਨਹੀਂ ਕਰ ਸਕਦਾ ਸੀ, ਭਾਵੇਂ ਉਹ ਇਹਦੇ ਬਾਰੇ ਪੂਰੀ ਤਰ੍ਹਾਂ ਸੁਚੇਤ ਨਹੀਂ ਸੀ, ਮੈਂ ਉਹਦੇ ਕੋਲੋਂ ਰੱਬ ਬਾਰੇ ਵਾਰ-ਵਾਰ ਪੁੱਛਣਾ ਤਾਂ ਉਨ੍ਹੇ ਆਖ ਛੱਡਣਾ: “ਜਦ ਤੇਰਾ ਦਿਲ ਕਰੇ, ਰੱਬ ਨੂੰ ਧਿਆ ਲਿਆ ਕਰ।” ਨਾਸਤਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੌਸਲਾ ਚਾਹੀਦਾ ਹੈ, ਇਹ ਉਹ ਹੌਸਲੇ ਤੋਂ ਬਿਨਾਂ ਨਾਸਤਕਤਾ ਹੈ। ਮੈਂ ਜਿਸ ਦੂਜੇ ਆਗੂ ਨੂੰ ਮਿਲਿਆ, ਉਹ ਰੱਬ ਵਿਚ ਪੱਕਾ ਵਿਸ਼ਵਾਸ ਸੀ। ਮੈਂ ਤੁਹਾਨੂੰ ਉਹਦਾ ਨਾਂ ਦੱਸਦਾਂ- ਮਾਣਯੋਗ ਕਾਮਰੇਡ ਸਚੀਂਦਰ ਨਾਥ ਸਾਨਿਆਲ, ਜੋ ਹੁਣ ਕਰਾਚੀ ਸਾਜ਼ਸ਼ ਕੇਸ ਦੇ ਸਬੰਧ ਵਿਚ ਉਮਰ ਕੈਦ ਭੁਗਤ ਰਹੇ ਹਨ। ਉਨ੍ਹਾਂ ਦੀ ਪ੍ਰਸਿੱਧ ਤੇ ਇਕੋ ਇਕ ਕਿਤਾਬ ਬੰਦੀ ਜੀਵਨ ਵਿਚ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਗਾਈ ਗਈ ਹੈ। ਇਸ ਖ਼ੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖ਼ਰੀ ਸਫ਼ੇ ਵਿਚ ਉਹਦੀ ਵੇਦਾਂਤਵਾਦ ਕਾਰਨ ਰੱਬ ਦੀ ਅਧਿਆਤਮਕ ਮਹਿਮਾ ਉਨ੍ਹਾਂ ਦੇ ਵਿਚਾਰਾਂ ਦਾ ਸਾਰ ਹੈ। ਇਸਤਗਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੋਸਤਾਨ ਭਰ ਵਿਚ ਵੰਡਿਆ ਗਿਆ ਸੀ, ਉਹ ਇਨ੍ਹਾਂ ਦੇ ਦਿਮਾਗ ਦਾ ਸਿੱਟਾ ਸੀ। ਜਿਵੇਂ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟਾਉਂਦਾ ਹੈ, ਜੋ ਕਿ ਉਹਦੇ ਬੜੇ ਪਿਆਰੇ ਹੁੰਦੇ ਹਨ ਅਤੇ ਦੂਜੇ ਕਾਰਕੁੰਨਾਂ ਨੂੰ ਮਤਭੇਦਾਂ ਦੇ ਬਾਵਜੂਦ ਉਨ੍ਹਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਣੀ ਪੈਂਦੀ ਹੈ।
ਉਸ ਪਰਚੇ ਵਿਚ ਇਕ ਪੂਰਾ ਪੈਰ੍ਹਾ ਸਰਵੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਇਹ ਰਹੱਸਵਾਦ ਹੈ। ਮੈਂ ਆਖਣਾ ਇਹ ਚਾਹੁੰਦਾ ਹਾਂ ਕਿ ਓਦੋਂ ਇਨਕਲਾਬੀ ਪਾਰਟੀ ਵਿਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਵਿਚਾਰ ਪੈਦਾ ਵੀ ਨਹੀਂ ਹੋਇਆ ਸੀ। ਕਾਕੋਰੀ ਦੇ ਉਘੇ ਚਾਰ ਸ਼ਹੀਦਾਂ ਨੇ ਆਪਣਾ ਅੰਤਿਮ ਦਿਨ ਪ੍ਰਾਰਥਨਾ/ਦੁਆ ਕਰਦਿਆਂ ਲੰਘਾਇਆ ਸੀ। ਰਾਮ ਪ੍ਰਸ਼ਾਦ ਬਿਸਮਿਲ ਪੱਕੇ ਆਰੀਆ ਸਮਾਜੀ ਸਨ। ਸਮਾਜਵਾਦ ਤੇ ਸਾਮਵਾਦ ਦੇ ਖੇਤਰ ਵਿਚ ਆਪਣੇ ਡੂੰਘੇ ਅਧਿਅਨ ਦੇ ਬਾਵਜੂਦ ਰਾਜਨ ਲਾਹਿੜੀ ਕੋਲੋਂ ਉਪਨਿਸ਼ਦਾਂ ਦੇ ਮੰਤਰ ਉਚਾਰਨ ਤੇ ਗੀਤਾ ਦਾ ਪਾਠ ਕਰਨ ਤੋਂ ਰਿਹਾ ਨਾ ਗਿਆ। ਉਨ੍ਹਾਂ ਸਾਰਿਆਂ ਵਿਚ ਮੈਂ ਇਕੋ ਬੰਦਾ ਦੇਖਿਆ ਸੀ, ਜਿਨ੍ਹੇ ਕਦੇ ਵੀ ਪ੍ਰਾਰਥਨਾ ਨਹੀਂ ਕੀਤੀ ਸੀ ਤੇ ਉਹ ਕਿਹਾ ਕਰਦਾ ਸੀ, “(ਧਾਰਮਕ) ਫ਼ਲਸਫ਼ਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਸਿੱਟਾ ਹੈ।” ਇਹ ਬੰਦਾ ਵੀ ਉਮਰ ਕੈਦ ਭੁਗਤ ਰਿਹਾ ਹੈ। ਪਰ ਇਹਨੂੰ ਵੀ ਕਦੇ ਆਖਣ ਦੀ ਹਿੰਮਤ ਨਾ ਪਈ ਕਿ ਰੱਬ ਨਹੀਂ ਹੈ।
ਉਸ ਅਰਸੇ ਤਕ ਮੈਂ ਸਿਰਫ਼ ਰੋਮਾਂਟਕ ਵਿਚਾਰਵਾਦੀ ਇਨਕਲਾਬੀ ਸੀ। ਉਦੋਂ ਤਕ ਤਾਂ ਅਸੀਂ ਸਿਰਫ਼ ਅਨੁਆਈ ਹੀ ਸਾਂਫੇਰ ਜ਼ਿੰਮੇਵਾਰੀ ਆਪਣੇ ਮੋਢਿਆਂ ਉਤੇ ਲੈਣ ਦਾ ਵੇਲਾ ਆਇਆ। ਕੁਝ ਚਿਰ ਪਾਰਟੀ ਦੀ ਅਟੱਲ ਵਿਰੋਧਤਾ ਕਰਨ ਇਹਦੀ ਹੋਂਦ ਹੀ ਖ਼ਤਰੇ ਵਿਚ ਸੀ। ਜੋਸ਼ ਨਾਲ ਭਰੇ ਕਾਮਰੇਡ-ਨਹੀਂ ਸਗੋਂ ਆਗੂ ਵੀ-ਮਜ਼ਾਕ ਉਡਾਉਣ ਲੱਗੇ। ਕੁਝ ਚਿਰ ਮੈਨੂੰ ਵੀ ਸੰਸਾ ਰਿਹਾ ਕਿ ਕਿਸੇ ਦਿਨ ਮੈਨੂੰ ਵੀ ਆਪਣੀ ਪਾਰਟੀ ਦੇ ਪ੍ਰੋਗਰਾਮ ਦੀ ਨਿਸਫ਼ਲਤਾ ਦਾ ਯਕੀਨ ਹੋ ਜਾਏਗਾ। ਇਹ ਮੇਰੇ ਇਨਕਲਾਬੀ-ਜੀਵਨ (ਕੈਰੀਅਰ) ਵਿਚ ਆਇਆ ਵੱਡਾ ਮੋੜ ਸੀ। “ਅਧਿਅਨ ਕਰਨ” ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿਚ ਉਭਰਦੀਆਂ ਰਹੀਆਂ। ਅਧਿਅਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਅਨ ਕਰ! ਮੈਂ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ‘ਤੇ ਵਿਸ਼ਵਾਸਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿਚ ਸਿਰਫ਼ ਤਸ਼ੱਦਦ ਦੇ ਤੌਰ-ਤਰੀਕਿਆਂ ਦਾ ਰੋਮਾਂਸ ਏਨਾ ਭਾਰੂ ਸੀ, ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈਹੁਣ ਰਹੱਸਵਾਦ ਵਾਸਤੇ ਅੰਧ- ਵਿਸ਼ਵਾਸ ਵਾਸਤੇ ਕੋਈ ਥਾਂ ਨਾ ਰਹੀ। ਯਥਾਰਥਵਾਦ ਸਾਡਾ ਸਿਧਾਂਤ ਹੋ ਗਿਆਸਖ਼ਤ ਲੋੜ ਵੇਲੇ ਤਾਕਤ ਦੀ ਵਰਤੋਂ ਜਾਇਜ਼ ਹੈ ਪਰ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਦੀ ਅਟੁੱਟ ਨੀਤੀ ਹੈ। ਮੈਂ ਤੌਰ-ਤਰੀਕਿਆਂ ਬਾਰੇ ਕਾਫੀ ਆਖ ਚੁਕਾ ਹਾਂ। ਸਭ ਤੋਂ ਅਹਿਮ ਇਹ ਗੱਲ ਸੀ ਕਿ ਜਿਸ ਆਦਰਸ਼ ਵਾਸਤੇ ਅਸੀਂ ਜੁਝਣਾ ਹੈ, ਉਹਦਾ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਵੇ। ਕਿਉਂਕਿ ਐਕਸ਼ਨ ਵਜੋਂ ਕੋਈ ਖ਼ਾਸ ਸਰਗਰਮੀਆਂ ਨਹੀਂ ਹੋ ਰਹੀਆਂ, ਇਸ ਲਈ ਮੈਨੂੰ ਸੰਸਾਰ ਇਨਕਲਾਬ ਦੇ ਵੱਖ-ਵੱਖ ਆਦਰਸ਼ਾਂ ਦੇ ਅਧਿਅਨ ਵਾਸਤੇ ਕਾਫੀ ਮੌਕਾ ਮਿਲ ਗਿਆ। ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜ੍ਹਿਆ। ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਅਤੇ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾ ਵਿਚ ਸਫ਼ਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ। ਇਹ ਸਾਰੇ ਨਾਸਤਕ ਸਨ । ਬਾਕੂਨਿਨ ਦੀ ਕਿਤਾਬ “ਗੌਡ ਐਂਡ ਸਟੇਟ” (ਰੱਬ ਤੇ ਰਿਆਸਤ) ਭਾਵੇਂ ਅਧੂਰੀ-ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਅਨ ਹੈ। ਇਸ ਤੋਂ ਮਗਰੋਂ ਮੈਨੂੰ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ “ਕਾਮਨ ਸੈਂਸ” (ਸਾਧਾਰਨ ਵਿਗਿਆਨ) ਹੱਥ ਲੱਗੀ। ਇਸ ਕਿਤਾਬ ਵਿਚ ਅਧਿਆਤਮਕ ਨਾਸਤਕਵਾਦ ਸੀ। ਇਸ ਵਿਸ਼ੇ ਵਿਚ ਮੇਰੀ ਬਹੁਤ ਜ਼ਿਆਦਾ ਦਿਲਚਸਪੀ ਹੋ ਗਈ। 1926 ਦੇ ਅਖ਼ੀਰ ਤਕ ਮੇਰਾ ਇਹ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਮੰਡ ਦੇ ਸਿਰਜਨ, ਪਾਲਣਹਾਰ ਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਨਾਸਤਕ ਹੋ ਚੁੱਕਾ ਸੀ। ਨਾਸਤਕ ਹੋਣ ਦਾ ਅਰਥ ਮੈਂ ਹੇਠਾਂ ਬਿਆਨ ਕਰਦਾ ਹਾਂ।
ਮਈ 1927 ਵਿਚ ਮੈਂ ਲਾਹੌਰ ਵਿਚ ਗ੍ਰਿਫ਼ਤਾਰ ਹੋਇਆ। ਮੇਰੀ ਗ੍ਰਿਫ਼ਤਾਰੀ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ। ਮੈਨੂੰ ਅਸਲੋਂ ਹੀ ਕੋਈ ਸਾਰ ਨਹੀਂ ਸੀ ਕਿ ਪੁਲਿਸ ਮੇਰੇ ਪਿੱਛੇ ਲੱਗੀ ਹੋਈ ਹੈ। ਜਦ ਮੈਂ ਕਿਸੇ ਬਾਗ਼ ਵਿਚ ਦੀ ਲੰਘ ਰਿਹਾ ਸੀ ਤਾਂ ਅਚਾਨਕ ਮੈਂ ਕੀ ਦੇਖਿਆ ਕਿ ਪੁਲਿਸ ਨੇ ਮੈਨੂੰ ਘੇਰਿਆ ਹੋਇਆ ਸੀ। ਮੈਂ ਉਦੋਂ ਬਹੁਤ ਤਹੱਮਲ ਨਾਲ ਪੇਸ਼ ਆਇਆ ਸੀ। ਮੈਨੂੰ ਕੋਈ ਘਬਰਾਹਟ ਨਾ ਹੋਈ ਤੇ ਨਾ ਹੀ ਮੈਂ ਉਤੇਜਿਤ ਹੋਇਆ। ਮੈਨੂੰ ਪੁਲਿਸ ਹਿਰਾਸਤ ਵਿਚ ਲਿਆ ਗਿਆ। ਅਗਲੇ ਦਿਨ ਉਹ ਮੈਨੂੰ ਰੇਲਵੇ ਪੁਲਿਸ ਜੇਲ੍ਹ ਵਿਚ ਲੈ ਗਏ ਜਿਥੇ ਮੈਂ ਪੂਰਾ ਮਹੀਨਾ ਕੱਟਿਆ। ਪੁਲਿਸ ਅਫ਼ਸਰਾਂ ਨਾਲ ਕਿੰਨੇ ਦਿਨਾਂ ਦੀ ਗੱਲਬਾਤ ਮਗਰੋਂ ਮੈਂ ਅੰਦਾਜ਼ਾ ਲਾਇਆ ਕਿ ਉਨ੍ਹਾਂ ਨੂੰ ਕਾਕੋਰੀ ਪਾਰਟੀ ਨਾਲ ਮੇਰੇ ਸਬੰਧਾਂ ਬਾਰੇ ਤੇ ਇਨਕਲਾਬੀ ਲਹਿਰ ਨਾਲ ਸਬੰਧਤ ਮੇਰੀਆਂ ਹੋਰ ਸਰਗਰਮੀਆਂ ਬਾਰੇ ਕੁਝ ਜਾਣਕਾਰੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ (ਕਾਕੋਰੀ) ਮੁਕੱਦਮੇ ਦੀ ਸਮਾਇਤ ਦੌਰਾਨ ਮੈਂ ਲਖਨਊ ਵਿਚ ਸੀ ਕਿ ਮੈਂ ਉਨ੍ਹਾਂ ਨਾਲ (ਕਾਕੋਰੀ ਮੁਲਜ਼ਮ-ਅਨੁ) ਉਨ੍ਹਾਂ ਨੂੰ ਫ਼ਰਾਰ ਕਰਨ ਦੀ ਕੋਈ ਵਿਉਂਤ ਬਣਾਈ ਸੀ ਅਤੇ ਉਨ੍ਹਾਂ ਦੀ ਮਨਜ਼ੂਰੀ ਮਿਲਣ ਮਗਰੋਂ ਅਸੀਂ ਕੁਝ ਬੰਬ ਇਕੱਠੇ ਕੀਤੇ ਸਨ ਅਤੇ ਇਹ ਕਿ ਅਜ਼ਮਾਇਸ਼ ਵਾਸਤੇ ਉਨ੍ਹਾਂ ਵਿਚੋਂ ਇਕ ਬੰਬ 1926 ਦੇ ਦੁਸਹਿਰੇ ਦੇ ਮੌਕੇ ਉਤੇ ਭੀੜ ਵਿਚ ਸੁੱਟਿਆ ਸੀ। ਉਨ੍ਹਾਂ ਨੇ ਮੇਰੇ ਹਿੱਤ ਵਾਸਤੇ ਮੈਨੂੰ ਇਹ ਵੀ ਦਸਿਆ ਕਿ ਜੇ ਮੈਂ ਇਨਕਲਾਬੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਕੋਈ ਬਿਆਨ ਦੇਵਾਂ ਤਾਂ ਮੈਨੂੰ ਕੈਦ ਨਹੀਂ ਹੋਏਗੀ। ਸਗੋਂ ਮੈਨੂੰ ਰਿਹਾਅ ਕਰ ਦੇਣਗੇ ਤੇ ਇਨਾਮ ਦੇਣਗੇ ਤੇ ਮੈਨੂੰ ਅਦਾਲਤ ਵਿਚ ਵਾਅਦਾ ਮੁਆਫ਼ ਵਜੋਂ ਪੇਸ਼ ਨਹੀਂ ਕਰਨਗੇ। ਮੈਂ ਉਨ੍ਹਾਂ ਦੀ ਇਸ ਤਜਵੀਜ਼ ਉਤੇ ਹੱਸ ਛੱਡਿਆ। ਇਹ ਸਰਾਸਰ ਧੋਖਾ ਸੀ। ਸਾਡੇ ਵਿਚਾਰਾਂ ਵਾਲੇ ਲੋਕ ਕਦੇ ਵੀ ਆਪਣੇ ਮਾਸੂਮ ਲੋਕਾਂ ਉੱਤੇ ਬੰਬ ਨਹੀਂ ਸੁੱਟਦੇ। ਇਕ ਦਿਨ ਸਵੇਰੇ ਮਿਸਟਰ ਨੀਊਮੈਨ ਮੇਰੇ ਕੋਲ ਆਇਆ, ਜੋ ਉਨ੍ਹੀਂ ਦਿਨੀਂ ਸੀ.ਆਈ.ਡੀ. ਦਾ ਸੀਨੀਅਰ ਸੁਪਰਡੈਂਟ ਹੁੰਦਾ ਸੀ। ਉਹਨੇ ਮੇਰੇ ਨਾਲ ਲੰਮੀ ਚੌੜੀ ਹਮਦਰਦ ਗੱਲਬਾਤ ਮਗਰੋਂ ਆਪਣੇ ਚਿੱਤੋਂ ਮੈਨੂੰ ਬੜੀ ਮਾੜੀ ਖ਼ਬਰ ਦਿੱਤੀ ਕਿ ਜੇ ਮੈਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਕੋਈ ਬਿਆਨ ਨਾ ਦਿੱਤਾ, ਤਾਂ ਉਹ ਮੇਰੇ ਉਤੇ ਕਾਕੋਰੀ ਮੁਕੱਦਮੇ ਦੇ ਸਬੰਧ ਵਿਚ ਜੰਗ ਛੇੜਣ ਦੀ ਸਾਜ਼ਸ਼ ਅਤੇ ਦੁਸਹਿਰਾ ਬੰਬ ਸਾਕੇ ਦੇ ਵਹਿਸ਼ੀ ਕਾਤਲਾਂ ਦਾ ਮੁਕੱਦਮਾ ਚਲਾਉਣ ਲਈ ਮਜਬੂਰ ਹੋਣਗੇ। ਫੇਰ ਉਹ ਮੈਨੂੰ ਆਖਣ ਲੱਗਾ ਕਿ ਮੈਨੂੰ ਸਜ਼ਾ ਦਿਵਾਉਣ ‘ਤੇ ਫਾਹੇ ਲਾਉਣ ਲਈ ਉਨ੍ਹਾਂ ਕੋਲ ਗਵਾਹੀ ਮੌਜੂਦ ਹੈ। ਉਨ੍ਹੀਂ ਦਿਨੀਂ ਮੇਰਾ ਵਿਸ਼ਵਾਸ ਸੀ- ਭਾਵੇਂ ਮੈਂ ਬਿਲਕੁਲ ਮਾਸੂਮ ਸੀ- ਕਿ ਪੁਲਿਸ ਜੋ ਦਾਅਵੇ ਕਰ ਸਕਦੀ ਹੈ। ਉਹ ਕਰ ਸਕਦੀ ਹੈ। ਉਸੇ ਦਿਨ ਕੁਝ ਪੁਲਿਸ ਅਫ਼ਸਰ ਦੋਵੇਂ ਵੇਲੇ ਰੱਬ ਦਾ ਨਾਂ ਲੈਣ ਲਈ ਮੈਨੂੰ ਪ੍ਰੇਰਣ ਲੱਗ ਪਏ। ਮੈਂ ਤਾਂ ਨਾਸਤਕ ਸੀ। ਮੈਂ ਆਪਣੇ ਆਪ ਨਾਲ ਫ਼ੈਸਲਾ ਕਰਨਾ ਚਾਹੁੰਦਾ ਸਾਂ ਕਿ ਕੀ ਮੈਂ ਅਮਨ ਚੈਨ ਤੇ ਖ਼ੁਸ਼ੀ ਦੇ ਦਿਨਾਂ ਵਿਚ ਨਾਸਤਕ ਹੋਣ ਦੀ ਫੜ ਮਾਰ ਸਕਦਾ ਹਾਂ ਜਾਂ ਇਹੋ ਜਿਹੀ ਔਖੀ ਘੜੀ ਵਿਚ ਵੀ ਮੈਂ ਆਪਣੇ ਅਸੂਲਾਂ ਉਤੇ ਸਾਬਤ ਕਦਮ ਰਹਿ ਸਕਦਾ ਹਾਂ ਜਾਂ ਨਹੀਂ।
ਬੜੀ ਸੋਚ-ਵਿਚਾਰ ਵਿਚ ਬੜੀ ਸੋਚ-ਵਿਚਾਰ ਮਗਰੋਂ ਫ਼ੈਸਲਾ ਕੀਤਾ ਕਿ ਮੈਂ ਰੱਬ ਵਿਚ ਯਕੀਨ ਨਹੀਂ ਕਰ ਸਕਦਾ ਤੇ ਨਾ ਹੀ ਅਰਦਾਸ ਕਰ ਸਕਦਾ ਹਾਂ ਮੈਂ ਕਦੇ ਵੀ ਅਰਦਾਸ ਨਾ ਕੀਤੀ। ਇਹ ਪਰਖ ਦੀ ਘੜੀ ਸੀ ਤੇ ਮੈਂ ਇਸ ਪਰਖ ਵਿਚ ਕਾਮਯਾਬ ਰਿਹਾ। ਮੈਂ ਕਦੇ ਇਕ ਪਲ ਵੀ ਕਿਸੇ ਵੀ ਕੀਮਤ ਉਤੇ ਆਪਣੀ ਜਾਨ ਬਚਾਉਣ ਬਾਰੇ ਨਹੀਂ ਸੋਚਿਆ ਸੀ। ਸੋ ਮੈਂ ਪੱਕਾ ਨਾਸਤਕ ਸੀ ਤੇ ਉਦੋਂ ਤੋਂ ਲੈ ਕੇ ਹੁਣ ਤਕ ਹਾਂ। ਉਸ ਅਜ਼ਮਾਇਸ਼ ਵਿਚ ਪੂਰਾ ਉਤਰਣਾ ਕੋਈ ਸੌਖੀ ਗੱਲ ਨਹੀਂ ਸੀ’ਵਿਸ਼ਵਾਸ’ ਮੁਸ਼ਕਿਲਾਂ ਨੂੰ ਘਟ ਕਰ ਦੇਂਦਾ ਹੈ, ਇਥੋਂ ਤਕ ਕਿ ਉਨ੍ਹਾਂ ਨੂੰ ਖ਼ੁਸ਼ਗਵਾਰ ਬਣਾ ਦਿੰਦਾ ਹੈ। ਬੰਦਾ ਰੰਬ ਵਿਚ ਧਰਵਾਸ ਤੇ ਆਸਰੇ ਦਾ ਬਹੁਤ ਜ਼ੋਰਦਾਰ ਅਹਿਸਾਸ ਲੱਭ ਸਕਦਾ ਹੈ। ‘ਉਹਦੇ’ ਤੋਂ ਬਿਨਾਂ ਮਨੁੱਖ ਨੂੰ ਆਪਣੇ ਆਪ ਉਤੇ ਨਿਰਭਰ ਹੋਣਾ ਪੈਂਦਾ ਹੈਝੱਖੜ-ਝਾਂਜਿਆਂ ਤੇ ਤੂਫ਼ਾਨਾਂ ਵਿਚ ਸਾਬਤ-ਕਦਮ ਰਹਿਣਾ ਬੱਚਿਆਂ ਦੀ ਖੇਡ ਨਹੀਂ ਹੁੰਦੀ। ਇਹੋ ਜਿਹੀਆਂ ਅਜ਼ਮਾਇਸ਼ੀ ਘੜੀਆਂ ਵਿਚ ਕਿਸੇ ਵਿਚ ਕੋਈ ਹਊਮੈ ਬਚੀ ਹੋਈ ਹੋਵੇ ਤਾਂ ਉਹ ਕਾਫ਼ਰ ਹੋ ਜਾਂਦੀ ਹੈ ਅਤੇ ਮਨੁੱਖ ਆਮ ਵਿਸ਼ਵਾਸਾਂ ਨੂੰ ਉਲੰਘਣ ਦੀ ਹਿੰਮਤ ਤਕ ਨਹੀਂ ਕਰ ਸਕਦਾ। ਜੇ ਉਹ ਹਿੰਮਤ ਕਰਦਾ ਹੈ, ਤਾਂ ਸਾਨੂੰ ਇਹ ਕਹਿਣਾ ਪਏਗਾ ਕਿ ਉਸ ਵਿਚ ਨਿੱਜੀ ਹਉਮੈ ਨਾਲੋਂ ਹੋਰ ਕੋਈ ਤਾਕਤ ਵੀ ਹੁੰਦੀ ਹੋਣੀ ਹੈ। ਹੁਣ ਬਿਲਕੁਲ ਇਹੀ ਹਾਲਤ ਹੈ। ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਮੁਕੱਦਮੇ ਦਾ) ਕੀ ਫ਼ੈਸਲਾ ਹੋਏਗਾ। ਹਫ਼ਤੇ ਦੇ ਵਿਚ-ਵਿਚ ਫ਼ੈਸਲਾ ਸੁਣਾ ਦਿੱਤਾ ਜਾਏਗਾ। ਮੈਂ ਆਪਣੀ ਜ਼ਿੰਦਗੀ ਆਦਰਸ਼ ਖ਼ਾਤਰ ਕੁਰਬਾਨ ਕਰ ਦੇਣੀ ਹੈ, ਇਸ ਵਿਚਾਰ ਤੋਂ ਬਿਨਾਂ ਮੇਰਾ ਹੋਰ ਕਿਹੜਾ ਧਰਵਾਸ ਹੈ? ਕਿਸੇ ਆਸਤਕ ਹਿੰਦੂ ਨੂੰ ਤਾਂ ਦੂਜੇ ਜਨਮ ਵਿਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ, ਕੋਈ ਮੁਸਲਮਾਨ ਜਾਂ ਈਸਾਈ ਤਾਂ ਆਪਣੀਆਂ ਮੁਸ਼ਕਲਾਂ ਤੇ ਕੁਰਬਾਨੀਆਂ ਬਦਲੇ ਸਵਰਗ ਦੀਆਂ ਐਸ਼ੋ ਇਸ਼ਰਤਾਂ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ ਵਿਚ ਫ਼ਾਂਸੀ ਦਾ ਛੰਦਾ ਪਾ ਦਿੱਤਾ ਜਾਏਗਾ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ, ਤਾਂ ਉਹ ਮੇਰਾ ਆਖ਼ਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਕ ਸ਼ਬਦਾਵਲੀ ਵਿਚ ਆਖੀਏ ਤਾਂ, ਮੇਰੀ ਆਤਮਾ ਦਾ ਬਿਲਕੁਲ ਖ਼ਾਤਮਾ ਹੋ ਜਾਏਗਾ। ਇਸ ਪਲ ਮਗਰੋਂ ਕੁਝ ਵੀ ਨਹੀਂ ਹੋਏਗਾ। ਜੇ ਮੈਂ ਜਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵਧ ਕੁਝ ਨਹੀਂ। ਹੁਣ ਜਾਂ ਕਦੇ ਵੀ ਕੁਝ ਹਾਸਲ ਕਰ ਸਕਣ ਦੀ ਕਿਸੇ ਵੀ ਖ਼ੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਦੇ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁਖ ਝਾਗ ਰਹੀ ਮਨੁੱਖਤਾ ਦੇ ਨਜਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗ਼ੈਰ ਹੋਰ ਕਿਸੇ ਚੀਜ਼ ਤੇ ਜੀਵਨ ਨਹੀਂ ਲਗਾ ਸਕਦੇ। ਉਸ ਦਿਨ ਤੋਂ ਮੁਕਤੀ ਦਾ ਯੁਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਏਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿਚ ਜਾਂ ਮੌਤ ਮਗਰੋਂ ਬਹਿਸ਼ਤ ਵਿਚ ਬਾਦਸ਼ਾਹ ਬਣ ਜਾਣਗੇ ਜਾਂ ਉਨ੍ਹਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਅਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਲਈ ਹੀ ਉਹ ਇਸ ਬਿਖੜੇ ਪਰ ਇਕੋ ਇਕ ਸ਼ਾਨਦਾਰ ਮਾਰਗ ਉਤੇ ਚਲਣਗੇ। ਕੀ ਆਪਣੇ ਸੱਚੇ ਆਦਰਸ਼ ਵਿਚ ਉਨ੍ਹਾਂ ਦੇ ਮਾਣ ਨੂੰ ਅਹੰਕਾਰ ਕਿਹਾ ਜਾ ਸਕਦਾ ਹੈ? ਇਹੋ ਜਿਹੀ ਘ੍ਰਿਣਤ ਬਿਆਨੀ ਕਰਨ ਦੀ ਕੌਣ ਜੁਰਅਤ ਕਰ ਸਕਦਾ ਹੈ? ਇਹੋ ਜਿਹੇ ਬੰਦੇ ਨੂੰ ਮੈਂ ਮੂਰਖ ਜਾਂ ਪਾਖੰਡੀ ਆਖਾਂਗਾ। ਚਲੋ ਆਪਾਂ ਇਸ ਨੂੰ ਮੁਆਫ਼ ਕਰ ਦਿੰਦੇ ਹਾਂ, ਕਿਉਂਕਿ ਉਹ ਸੁੱਚੇ ਆਦਰਸ਼ ਵਾਲੇ ਦਿਲ ਦੇ ਜਜ਼ਬੇ, ਭਾਵਨਾ ਤੇ ਅਹਿਸਾਸ ਨੂੰ ਜਾਣ ਨਹੀਂ ਸਕਦਾ। ਉਹਦਾ ਦਿਲ ਮਾਸ ਦਾ ਬੇਜਾਨ ਲੋਥੜਾ ਹੈ। ਉਹਦੀ ਦ੍ਰਿਸ਼ਟੀ ਕਮਜ਼ੋਰ ਹੈ, ਕਿਉਂਕਿ ਹੋਰ ਗਰਜ਼ਾਂ ਦੀਆਂ ਬੁਰਾਈਆਂ ਦਾ ਉਨ੍ਹਾਂ ਉਤੇ ਪਰਦਾ ਪਿਆ ਹੋਇਆ ਹੈ। ਸਵੈ-ਵਿਸ਼ਵਾਸ ਨੂੰ ਅਹੰਕਾਰ ਸਮਝਿਆ ਜਾ ਸਕਦਾ ਹੈ। ਇਹ ਅਫ਼ਸੋਸਨਾਕ ਤੇ ਤਰਸਯੋਗ ਗੱਲ ਹੈ, ਪਰ ਇਹਦਾ ਕੋਈ ਚਾਰਾ ਨਹੀਂ।
ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਵਿਰੋਧ ਕਰ ਕੇ ਦੇਖ ਲਓ, ਤੁਸੀਂ ਨਿਹਕਲੰਕ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ, ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰ ਕੇ ਦੇਖ ਲਓ, ਤਾਂ ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘੁਮੰਡੀ-ਅਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਹਦਾ ਕਾਰਨ ਮਾਨਸਿਕ ਖੜੋਤ ਹੈ। ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ। ਕਿਉਂਕਿ ਮਹਾਤਮਾ ਜੀ ਮਹਾਨ ਹਨ, ਇਸ ਲਈ ਕੋਈ ਉਨ੍ਹਾਂ ਦੀ ਆਲੋਚਨਾ ਨਾ ਕਰੇ, ਕਿਉਂਕਿ ਉਹ ਉਪਰ ਉਠ ਚੁੱਕੇ ਹਨ। ਇਸ ਲਈ ਉਹ ਰਾਜਨੀਤੀ ਜਾਂ ਧਰਮ, ਆਰਥਿਕਤਾ ਜਾਂ ਸਦਾਚਾਰ ਬਾਰੇ ਕੁਝ ਵੀ ਕਹਿੰਦੇ ਹਨ, ਤਾਂ ਉਹ ਸਹੀ ਹੁੰਦਾ ਹੈ। ਤੁਸੀਂ ਮੰਨਦੇ ਹੋ, ਭਾਵੇਂ ਨਹੀਂ ਮੰਨਦੇ, ਤੁਹਾਨੂੰ ਇਹ ਜ਼ਰੂਰ ਕਹਿਣਾ ਪਏਗਾ, “ਹਾਂ ਇਹ ਗੱਲ ਠੀਕ ਹੈ।” ਇਹ ਮਾਨਸਿਕਤਾ ਸਾਨੂੰ ਪ੍ਰਗਤੀ ਵੱਲ ਨਹੀਂ ਲਿਜਾਂਦੀ ਸਗੋਂ ਇਹ ਤਾਂ ਸਪਸ਼ਟ ਤੌਰ ‘ਤੇ ਪ੍ਰਤੀਗਾਮੀ (ਮਾਨਸਿਕਤਾ) ਹੈ।
ਕਿਉਂਕਿ ਸਾਡੇ ਵੱਡੇ-ਵਡੇਰਿਆਂ ਨੇ ਕਿਸੇ ਸਰਬ ਸ਼ਕਤੀਮਾਨ ਪਰਮਾਤਮਾ ਵਿਚ ਵਿਸ਼ਵਾਸ ਬਣਾ ਲਿਆ ਸੀਇਸ ਲਈ ਕੋਈ ਵੀ ਬੰਦਾ, ਜਿਹੜਾ ਉਸ ਵਿਸ਼ਵਾਸ ਜਾਂ ਉਸ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣ ਦਾ ਹੌਸਲਾ ਕਰਦਾ ਹੈ, ਉਹਨੂੰ ਹਰ ਹਾਲਤ ਵਿਚ ਕਾਫ਼ਰ, ਗ਼ੱਦਾਰ ਕਿਹਾ ਜਾਏਗਾ। ਜੇ ਉਹਦੀਆਂ ਵਜ਼ਨਦਾਰ ਦਲੀਲਾਂ ਨੂੰ ਅੱਗੋਂ ਕੱਟਿਆ ਨਾ ਜਾ ਸਕਦਾ ਹੋਵੇ ਅਤੇ ਸਰਬ-ਸ਼ਕਤੀਮਾਨ ਦੀ ਕਰੋਪੀ ਵੀ ਉਹਦੀ ਜ਼ੋਰਦਾਰ ਦ੍ਰਿੜ੍ਹਤਾ ਨੂੰ ਡੇਗ ਨਾ ਸਕੇ ਤਾਂ ਉਹਨੂੰ ਘੁਮੰਡੀ ਗਰਦਾਨਿਆ ਜਾਏਗਾ ਅਤੇ ਉਹਦੀ ਦ੍ਰਿੜ੍ਹਤਾ ਨੂੰ ਅਹੰਕਾਰ ਆਖਿਆ ਜਾਏਗਾ। ਤਾਂ ਫੇਰ ਇਸ ਫ਼ਜ਼ੂਲ ਬਹਿਸ ਵਿਚ ਸਮਾਂ ਕਿਉਂ ਜ਼ਾਇਆ ਕੀਤਾ ਜਾਏ? ਇਹ ਸਵਾਲ ਲੋਕਾਂ ਅੱਗੇ ਪਹਿਲੀ ਵਾਰ ਆ ਰਿਹਾ ਹੈ ਤੇ ਇਸ ਨੂੰ ਤਰੀਕੇ ਨਾਲ ਪਹਿਲੀ ਵਾਰ ਲਿਆ ਜਾ ਰਿਹਾ ਹੈ, ਇਸੇ ਲਈ ਲੰਬੀ ਬਹਿਸ ਹੋ ਰਹੀ ਹੈ।
ਜਿਥੋਂ ਤਕ ਪਹਿਲੇ ਸਵਾਲ ਦਾ ਸਬੰਧ ਹੈ, ਮੇਰਾ ਵਿਚਾਰ ਹੈ ਕਿ ਮੈਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਮੈਂ ਅਹੰਕਾਰ ਕਾਰਨ ਨਾਸਤਕ ਨਹੀਂ ਬਣਿਆ। ਇਹ ਫ਼ੈਸਲਾ ਮੈਂ ਨਹੀਂ ਸਗੋਂ ਮੇਰੇ ਪਾਠਕਾਂ ਨੇ ਕਰਨਾ ਹੈ ਕਿ ਮੇਰੀਆਂ ਦਲੀਲਾਂ ਖੁੱਭਵੀਆਂ ਸਾਬਤ ਹੋਈਆਂ ਹਨ ਜਾਂ ਨਹੀਂ। ਮੈਨੂੰ ਪਤਾ ਹੈ ਕਿ ਹੁਣ ਦੀਆਂ ਹਾਲਤਾਂ ਵਿਚ ਜੇ ਮੈਂ ਆਸਤਕ ਹੁੰਦਾ ਤਾਂ ਮੇਰੀ ਜ਼ਿੰਦਗੀ ਹੁਣ ਨਾਲੋਂ ਆਸਾਨ ਹੋਣੀ ਸੀ ਅਤੇ ਮੇਰਾ ਬੋਝ ਹੁਣ ਨਾਲੋਂ ਘਟ ਹੋਣਾ ਸੀ ਅਤੇ ਮੇਰਾ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ ਹਾਲਾਤ ਬਹੁਤ ਹੀ ਅਣਸੁਖਾਵੇਂ ਹੋ ਗਏ ਹਨ ਤੇ ਹਾਲਤ ਇਸ ਤੋਂ ਵੀ ਭੈੜੀ ਹੋ ਸਕਦੀ ਹੈ। ਥੋੜ੍ਹਾ ਜਿੰਨਾ ਰਹੱਸਵਾਦ ਇਸ ਹਾਲਤ ਨੂੰ ਸ਼ਾਇਰਾਨਾ ਬਣਾ ਸਕਦਾ ਹੈ। ਪਰ ਮੈਨੂੰ ਆਪਣੇ ਅੰਤ ਵਾਸਤੇ ਕਿਸੇ ਨਸ਼ੇ ਦੀ ਮਦਦ ਦੀ ਲੋੜ ਨਹੀਂ ਹੈ। ਮੈਂ ਯਥਾਰਥਵਾਦੀ ਹਾਂ। ਮੈਂ ਤਰਕ ਦੀ ਮਦਦ ਨਾਲ ਇਸ ਰੁਝਾਨ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇਸ ਕੋਸ਼ਿਸ਼ ਵਿਚ ਹਮੇਸ਼ਾ ਹੀ ਸਫ਼ਲ ਨਹੀਂ ਹੁੰਦਾ। ਪਰ ਬੰਦੇ ਦਾ ਫ਼ਰਜ਼ ਤਾਂ ਕੋਸ਼ਿਸ਼ ਕਰੀ ਜਾਣਾ ਹੁੰਦਾ ਹੈ ਕਾਮਯਾਬੀ ਮੌਕੇ ਤੇ ਹਾਲਾਤ ਉਤੇ ਨਿਰਭਰ ਹੁੰਦੀ ਹੈ।
ਦੂਜਾ ਸਵਾਲ ਇਹ ਹੈ ਕਿ ਅਹੰਕਾਰ ਨਹੀਂ, ਤਾਂ ਰੱਬ ਦੀ ਹੋਂਦ ਪੁਰਾਣੀ ਤੇ ਪ੍ਰਚੱਲਤ ਧਾਰਨਾ ਨੂੰ ਨਾ ਮੰਨਣ ਦਾ ਕੋਈ ਕਾਰਨ ਹੋਵੇਗਾ। ਹਾਂ, ਮੈਂ ਇਸ ਸਵਾਲ ਵੱਲ ਆਉਂਦਾ ਹਾਂ। ਇਹਦਾ ਕਾਰਨ ਹੈ। ਮੇਰੇ ਵਿਚਾਰ ਅਨੁਸਾਰ ਜਿਸ ਵਿਅਕਤੀ ਕੋਲ ਥੋੜ੍ਹੀ-ਬਹੁਤ ਤਰਕ ਸ਼ਕਤੀ ਹੈ, ਉਹ ਹਮੇਸ਼ਾ ਆਪਣੇ ਆਲੇ-ਦੁਆਲੇ ਨੂੰ ਤਰਕ ਦੀ ਕਸਵੱਟੀ ਉਤੇ ਪਰਖਦਾ ਹੈ। ਜਿਥੇ ਸਿੱਧੇ ਸਬੂਤ ਨਹੀਂ ਮਿਲਦੇ, ਉਥੇ ਫ਼ਲਸਫ਼ੇ ਦਾ ਅਹਿਮ ਥਾਂ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਆਖ ਚੁੱਕਾ ਹਾਂ, ਮੇਰਾ ਕੋਈ ਇਨਕਲਾਬੀ ਦੋਸਤ ਕਿਹਾ ਕਰਦਾ ਸੀ ਕਿ ‘ਫ਼ਲਸਫ਼ਾ ਮਨੁੱਖੀ ਕਮਜ਼ੋਰੀ ਦੀ ਪੈਦਾਵਾਰ ਹੈ। ਜਦ ਸਾਡੇ ਵੱਡੇ-ਵਡੇਰਿਆਂ ਕੋਲ ਇਸ ਜਗਤ-ਤਮਾਸ਼ੇ ਨੂੰ ਜਾਣਨ ਦੀ ਕਾਫ਼ੀ ਫੁਰਸਤ ਮਿਲੀ ਤੇ ਜਦ ਉਨ੍ਹਾਂ ਨੂੰ ਜਗਤ ਦੇ ਅਤੀਤ, ਵਰਤਮਾਨ ਤੇ ਭਵਿੱਖ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਸਿੱਧੇ ਸਬੂਤ ਨਾ ਮਿਲੇ, ਤਾਂ ਹਰ ਕਿਸੇ ਨੇ ਇਸ ਸਮੱਸਿਆ ਨੂੰ ਆਪਣੇ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਵੱਖ-ਵੱਖ ਧਰਮਾਂ ਦੇ ਬੁਨਿਆਦੀ ਸਿਧਾਂਤਾਂ ਵਿਚ ਵੱਡੇ- ਵੱਡੇ ਮਤਭੇਦ ਮਿਲਦੇ ਹਨ। ਜਿਹੜੇ ਕਦੇ-ਕਦੇ ਬਹੁਤ ਵਿਰੋਧੀ ਰੂਪ ਅਖ਼ਤਿਆਰ ਕਰ ਜਾਂਦੇ ਹਨ। ਇਥੇ ਏਸ਼ੀਆਈ ਤੇ ਯੂਰਪੀ ਫ਼ਿਲਾਸਫ਼ੀਆਂ ਵਿਚ ਵਖਰੇਵਾਂ ਹੈ, ਇਥੋਂ ਤਕ ਕਿ ਹਰ ਮਹਾਂ ਖੇਤਰ ਦੀਆਂ ਵੱਖ-ਵੱਖ ਵਿਚਾਰ-ਪ੍ਰਣਾਲੀਆਂ ਵਿਚ ਵੀ ਮਤਭੇਦ ਮਿਲਦਾ ਹੈ। ਏਸ਼ੀਆਈ ਧਰਮਾਂ ਵਿਚ ਮੁਸਲਮ ਧਰਮ ਦੀ ਹਿੰਦੂ ਧਰਮ ਨਾਲ ਕੋਈ ਸਾਂਝ ਨਹੀਂ। ਸਿਰਫ਼ ਹਿੰਦੋਸਤਾਨ ਵਿਚ ਹੀ ਬੁੱਧ ਧਰਮ ਤੇ ਜੈਨ ਧਰਮ ਬ੍ਰਾਹਮਣਵਾਦ ਤੋਂ ਕਾਫੀ ਵੱਖਰੇ ਹਨ ਅਤੇ ਬ੍ਰਾਹਮਣਵਾਦ ਵਿਚ ਵੀ ਅਗਾਂਹ ਆਰੀਆ ਸਮਾਜ ਤੇ ਸਨਾਤਨ ਧਰਮ ਵਰਗੇ ਵਿਰੋਧੀ ਮੱਤ ਹਨ। ਚਾਕ ਵਾਕ* ਪੁਰਾਤਨ ਕਾਲ ਦਾ ਸੁਤੰਤਰ ਚਿੰਤਕ ਸੀ। ਇਹਨੇ ਰੱਬ ਦੀ ਪ੍ਰਭੂਸੱਤਾ ਨੂੰ ਵੰਗਾਰਿਆ ਸੀ। ਇਨ੍ਹਾਂ ਸਾਰੇ ਮੱਤਾਂ ਵਿਚ ਬੁਨਿਆਦੀ ਸਵਾਲ ਬਾਰੇ ਮਤਭੇਦ ਹਨ ਅਤੇ ਹਰ ਕੋਈ ਆਪਣੇ ਆਪ ਨੂੰ ਦਰੁਸਤ ਮੰਨਦਾ ਹੈ। ਇਹੋ ਸਾਰੀ ਬੁਰਾਈ ਹੈ। ਪੁਰਾਣੇ ਵਿਦਵਾਨਾਂ ਦੇ ਤਜਰਬਿਆਂ ਤੇ ਵਿਚਾਰਾਂ ਨੂੰ ਅਗਿਆਨਤਾ ਵਿਚ ਸਾਡੀ ਆਉਣ ਵਾਲੀ ਜਦੋ-ਜਹਿਦ ਦਾ ਆਧਾਰ ਬਣਾਉਣ ਤੇ ਇਸ ਭੇਦ-ਭਰੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਥਾਂ ਅਸੀਂ ਸੁਸਤ, ਨਿਕੰਮੇ, ਕੱਟੜ ਧਰਮ ਦੀ ਹਾਲ ਦੁਹਾਈ ਪਾਉਣ ਲੱਗ ਜਾਂਦੇ ਹਾਂ ਅਤੇ ਇੰਜ ਮਨੁੱਖੀ ਜਾਗ੍ਰਤੀ ਵਿਚ ਆਈ ਖੜੋਤ ਦੇ ਕਸੂਰਵਾਰ ਹਾਂ। ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ ਲਾਜ਼ਮੀ ਤੌਰ ‘ਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ, ਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚੱਲਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ। ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫ਼ਲਸਫ਼ੇ ਵਿਚ ਵਿਸ਼ਵਾਸ ਕਰਨ ਲਗਦਾ ਹੈ, ਤਾਂ ਉਹਦਾ ਵਿਸ਼ਵਾਸ ਸਰਾਹੁਣਯੋਗ ਹੈ। ਉਹਦੀ ਦਲੀਲ ਗ਼ਲਤ ਜਾਂ ਉੱਕਾ ਹੀ ਬੇਬੁਨਿਆਦ ਹੋ ਸਕਦੀ ਹੈ। ਪਰ ਉਨ੍ਹਾਂ ਦਰੁਸਤ ਰਾਹ ਉੱਤੇ ਲਿਆਂਦਾ ਜਾ ਸਕਦਾ ਹੈ, ਕਿਉਂਕਿ ਤਰਕਸ਼ੀਲਤਾ ਉਹਦਾ ਜ਼ਿੰਦਗੀ ਦੀ ਧਰੂ-ਤਾਰਾ ਜੋ ਹੁੰਦੀ ਹੈ। ਪਰ ਨਿਰਾ ਵਿਸ਼ਵਾਸ ਤੇ ਅੰਨ੍ਹਾ ਵਿਸ਼ਵਾਸ ਖ਼ਤਰਨਾਕ ਹੁੰਦਾ ਹੈ: ਇਹ ਦਿਮਾਗ਼ ਨੂੰ ਕੁੰਦ ਬਣਾਉਂਦਾ ਹੈ ਤੇ ਬੰਦੇ ਨੂੰ ਪ੍ਰਤੀਗਾਮੀ (ਪਿਛਾਂਹ-ਖਿੱਚੂ) ਬਣਾ ਦਿੰਦਾ ਹੈ। ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਦਲੀਲ ਅੱਗੇ ਨਾ ਖੜ ਸਕੇ ਤਾਂ ਇਹ ਢਹਿ-ਢੇਰੀ ਹੋ ਜਾਣਗੇ। ਫਿਰ ਉਸ ਬੰਦੇ ਦਾ ਪਹਿਲਾ ਕੰਮ ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਫ਼ਲਸਫ਼ੇ ਲਈ ਜ਼ਮੀਨ ਤਿਆਰ ਕਰਨਾ ਹੋਵੇਗਾ। ਇਹ ਨਕਾਰਾਤਮਕ ਪੱਖ ਹੈ। ਇਸ ਤੋਂ ਮਗਰੋਂ ਸਕਾਰਾਤਮਕ ਕੰਮ ਸ਼ੁਰੂ ਹੁੰਦਾ ਹੈ, ਜਿਸ ਵਿਚ ਕਈ ਵਾਰ ਪੁਰਾਣੇ ਵਿਸ਼ਵਾਸ ਦੀ ਕੁਝ ਸਮੱਗਰੀ ਮੁੜ ਉਸਾਰੀ ਲਈ ਵਰਤੀ ਜਾ ਸਕਦੀ ਹੈ। ਜਿਥੋਂ ਤਕ ਮੇਰਾ ਸਬੰਧ ਹੈ, ਮੈਂ ਇਹ ਤਸਲੀਮ ਕਰਦਾ ਹਾਂ ਕਿ ਮੈਂ ਇਸ ਬਾਰੇ ਬਹੁਤਾ ਅਧਿਅਨ ਨਹੀਂ ਕਰ ਸਕਿਆ। ਏਸ਼ੀਆਈ ਫ਼ਲਸਫ਼ੇ ਨੂੰ ਪੜ੍ਹਨ ਦੀ ਮੇਰੀ ਵੱਡੀ ਰੀਝ ਸੀ, ਪਰ ਮੈਨੂੰ ਇਸ ਦਾ ਵਕਤ ਜਾਂ ਮੌਕਾ ਨਹੀਂ ਮਿਲ ਸਕਿਆ। ਪਰ ਜਿਥੋਂ ਤਕ ਨਾਕਾਰਾਤਮਕ ਪੱਖ ਦਾ ਸਬੰਧ ਹੈ ਮੈਨੂੰ ਇਸ ਹੱਦ ਤਕ ਯਕੀਨ ਹੈ ਕਿ ਮੈਂ ਪੁਰਾਤਨ ਵਿਸ਼ਵਾਸ ਦੀ ਪੁਖ਼ਤਗੀ ਉਤੇ ਕਿੰਤੂ ਕਰ ਸਕਦਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਕੁਦਰਤ ਨੂੰ ਚਲਾਉਣ ਵਾਲਾ ਕੋਈ ਪਰਮਾਤਮਾ ਯਾਂ ਸੁਚੇਤ-ਸਤਾ ਨਹੀਂ ਹੈ। ਸਾਡਾ ਕੁਦਰਤ ਵਿਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉਤੇ ਆਪਣੀ ਸੇਵਾ ਵਾਸਤੇ ਗ਼ਲਬਾ ਪਾਉਣਾ ਹੈ। ਇਹਦੇ ਪਿਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ ਹੈ। ਇਹੋ ਸਾਡਾ ਫ਼ਲਸਫ਼ਾ ਹੈ।
ਨਕਾਰਾਤਮਕ ਪੱਖ ਤੋਂ ਅਸੀਂ ਆਸਤਕਾਂ ਤੋਂ ਕੁਝ ਸਵਾਲ ਪੁੱਛਦੇ ਹਾਂ: (1) ਤੁਹਾਡੇ ਵਿਸ਼ਵਾਸ ਅਨੁਸਾਰ ਜੇ ਕੋਈ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈ- ਤਾਂ ਦੁਨੀਆਂ ਜਾਂ ਧਰਤੀ ਨੂੰ ਜਿਸ ਨੇ ਸਾਜਿਆ ਸੀ। ਮੈਨੂੰ ਇਹ ਦੱਸਣ ਦੀ ਮਿਹਰਬਾਨੀ ਕਰੋ ਕਿ ਉਸ ਨੇ ਧਰਤੀ ਸਾਜੀ ਹੀ ਕਿਉਂ? ਉਹ ਧਰਤੀ ਜੋ ਦੁੱਖਾਂ-ਆਫ਼ਤਾਂ, ਅਣਗਿਣਤ ਅਨੰਦ ਦੁਖਾਂਤਾਂ ਨਾਲ ਭਰੀ ਪਈ ਹੈ। ਜਿਥੇ ਇਕ ਵੀ ਜੀਅ ਪੂਰੀ ਤਰ੍ਹਾਂ ਸੁਖੀ ਨਹੀਂ ਹੈ।
ਮਿਹਰਬਾਨੀ ਕਰਕੇ ਇਹ ਨਾ ਆਖੋ ਕਿ ਇਹ ਉਸ ਦਾ ਨੇਮ ਹੈ: ਜੇ ਉਹ ਕਿਸੇ ਦੇ ਵੱਸ ਹੈ, ਤਾਂ ਉਹ ਸਰਵ ਸ਼ਕਤੀਮਾਨ ਨਹੀਂ। ਤਾਂ ਫੇਰ ਉਹ ਵੀ ਸਾਡੇ ਵਰਗਾ ਗ਼ੁਲਾਮ ਹੈ। ਮਿਹਰਬਾਨੀ ਕਰਕੇ ਇਹ ਵੀ ਨਾ ਆਖੋ ਕਿ ਉਹ ਉਸ ਦਾ ਸ਼ੁਗਲ ਹੈ। ਨੀਰੋ ਨੇ ਤਾਂ ਇਕੋ ਰੋਮ ਸਾੜ ਕੇ ਸਵਾਹ ਕੀਤਾ ਸੀ। ਉਸ ਨੇ ਗਿਣਤੀ ਦੇ ਬੰਦੇ ਜਾਨੋਂ ਮਾਰੇ ਸਨ। ਉਸ ਦੇ ਹੱਥੋਂ ਬਹੁਤ ਘਟ ਦੁਖਾਂਤ ਵਾਪਰੇ। ਇਹ ਸਭ ਉਸ ਨੇ ਆਪਣੇ ਮਜ਼ੇ ਲਈ ਕੀਤਾ ਤੇ ਇਤਿਹਾਸ ਵਿਚ ਉਸ ਨੂੰ ਕਿਹੜੀ ਥਾਂ ਹਾਸਿਲ ਹੈ? ਇਤਿਹਾਸਕਾਰ ਉਸ ਦਾ ਜ਼ਿਕਰ ਕਿਹੜੇ ਨਾਵਾਂ ਨਾਲ ਕਰਦੇ ਹਨ? ਸਾਰੇ ਵਿਹੁਲੇ ਵਿਸ਼ੇਸਕ ਉਸ ਦੇ ਲਈ ਵਰਤੇ ਜਾਂਦੇ ਹਨ। ਜ਼ਾਲਮ, ਬੇਰਹਿਮ, ਸ਼ੈਤਾਨ ਨੀਰੋ ਦੀ ਨਿਖੇਧੀ ਕਰਨ ਲਈ ਲਾਹਨਤਾਂ ਨਾਲ ਸਫ਼ਿਆਂ ਦੇ ਸਫ਼ੇ ਕਾਲੇ ਕੀਤੇ ਪਏ ਹਨ। ਇਕ ਚੰਗੇਜ਼ ਖ਼ਾਨ ਨੇ ਮਜ਼ਾ ਲੈਣ ਲਈ ਕੁਝ ਹਜ਼ਾਰ ਲੋਕਾਂ ਦੀ ਜਾਨ ਲਈ ਸੀ ਅਤੇ ਅੱਜ ਅਸੀਂ ਉਸ ਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ। ਤਾਂ ਫੇਰ ਤੁਸੀਂ ਆਪਣੇ ਸਰਬ ਸ਼ਕਤੀਮਾਨ ਅਨੰਤ ਨੀਰੋ ਨੂੰ ਕਿਵੇਂ ਵਾਜਬ ਠਹਿਰਾਓਗੇ; ਜੋ ਅਜੇ ਵੀ ਹਰ ਦਿਨ, ਹਰ ਘੜੀ ਤੇ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਹੈ? ਤੁਸੀਂ ਉਸ ਦੀਆਂ ਉਨ੍ਹਾਂ ਕਰਤੂਤਾਂ ਦੀ ਹਮਾਇਤ, ਕਿਵੇਂ ਕਰੋਗੇ, ਜਿਹੜੀਆਂ ਪਲੋ-ਪਲੀ ਚੰਗੇਜ਼ ਦੀਆਂ ਕਰਤੂਤਾਂ ਨੂੰ ਵੀ ਮਾਤ ਪਾਈ ਜਾਂਦੀਆਂ ਹਨ? ਮੈਂ ਪੁੱਛਦਾ ਹਾਂ ਕਿ ਉਸ ਨੇ ਇਹ ਦੁਨੀਆਂ ਬਣਾਈ ਹੀ ਕਿਉਂ ਸੀ- ਦੁਨੀਆਂ ਜਿਹੜੀ ਸੱਚੀ-ਮੁੱਚੀ ਦਾ ਨਰਕ ਹੈ, ਅਨੰਤ ਤੇ ਤਲਖ਼ ਬੇਚੈਨੀ ਦਾ ਘਰ ਹੈ? ਸਰਬ ਸ਼ਕਤੀਮਾਨ ਨੇ ਮਨੁੱਖ ਕਿਉਂ ਸਾਜਿਆ, ਜਦ ਕਿ ਉਸ ਦੇ ਕੋਲ ਮਨੁੱਖ ਨੂੰ ਸਾਜਣ ਦੀ ਤਾਕਤ ਸੀ? ਇਨ੍ਹਾਂ ਸਾਰੀਆਂ ਗੱਲਾਂ ਦਾ ਤੁਹਾਡੇ ਕੋਲ ਕੀ ਜਵਾਬ ਹੈ? ਤੁਸੀਂ ਇਹ ਆਖੋਗੇ ਕਿ ਅਗਲੇ ਜਨਮ ਵਿਚ ਮਾਸੂਮ ਪੀੜਤਾਂ ਨੂੰ ਨਿਵਾਜਣ ਲਈ ਅਤੇ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਉਸ ਨੇ ਇੰਜ ਕੀਤਾ? ਅੱਛਾ ਤਾਂ ਫੇਰ, ਤੁਸੀਂ ਉਸ ਬੰਦੇ ਨੂੰ ਕਿਵੇਂ ਹੱਕੀ ਠਹਿਰਾਉਗੇ, ਜੋ ਤੁਹਾਡੇ ਸਰੀਰ ਨੂੰ ਇਸ ਵਾਸਤੇ ਜ਼ਖ਼ਮੀ ਕਰਦਾ ਹੈ ਕਿ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੇਗਾ? ਗਲੈਡੀਏਟਰ* ਸੰਸਥਾ ਦੇ ਹਮਾਇਤੀਆਂ ਤੇ ਪ੍ਰਬੰਧਕਾਂ ਦਾ ਇਹ ਕਾਰਾ ਕਿਥੋਂ ਤਾਈਂ ਸਹੀ ਹੁੰਦਾ ਸੀ, ਦੂਜੇ ਉਹ ਭੁੱਖੇ ਕਰਜੋਪੀ ਸ਼ੇਰਾਂ ਅੱਗੇ ਬੰਦਿਆਂ ਨੂੰ ਇਸ ਲਈ ਸੁੱਟ ਦਿੰਦੇ ਸੀ ਕਿ, ਜੇ ਉਹ ਸ਼ੇਰਾਂ ਹੱਥੋਂ ਜੀਉਂਦੇ ਬਚ ਗਏ, ਤਾਂ ਫੇਰ ਉਨ੍ਹਾਂ ਦੀ ਬਹੁਤ ਖ਼ਾਤਰ-ਤਵੱਜੋ ਹੋਏਗੀ? ਇਸੇ ਕਰਕੇ ਮੈਂ ਪੁੱਛਦਾ ਹਾਂ: “ਸਚੇਤ ਸਰਬ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਕਿਉਂ ਸਾਜਿਆ? ਮਜ਼ਾ ਲੈਣ ਲਈ। ਫੇਰ ਉਹਦੇ ਵਿਚ ਤੇ ਨੀਰੋ ਵਿਚ ਫ਼ਰਕ ਹੀ ਕੀ ਹੈ?”
ਮੁਸਲਮਾਨੋ ਤੇ ਈਸਾਈਓ: ਹਿੰਦੂ ਦਰਸ਼ਨ ਕੋਲ ਤਾਂ ਹੋਰ ਵੀ ਦਲੀਲ ਹੋਏਗੀ। ਮੈਂ ਤੁਹਾਡੇ ਕੋਲੋਂ ਉਪਰਲੇ ਸਵਾਲਾਂ ਦੇ ਜਵਾਬ ਪੁੱਛਦਾ ਹਾਂਪੂਰਬਲੇ ਜਨਮ ਵਿਚ ਤੁਹਾਡਾ ਯਕੀਨ ਨਹੀਂ ਹੈ। ਤੁਸੀਂ ਹਿੰਦੂਆਂ ਵਾਂਗ ਮਾਸੂਮ ਪੀੜਤਾਂ ਦੇ ਪਹਿਲੇ ਕੀਤੇ ਮੰਦੇ ਕਰਮਾਂ ਵਾਲੀ ਦਲੀਲ ਨਹੀਂ ਵਰਤ ਸਕਦੇ। ਮੈਂ ਤੁਹਾਥੋਂ ਪੁੱਛਦਾ ਹਾਂ ਕਿ ਸਰਬ ਸ਼ਕਤੀਮਾਨ ਨੇ ਇਹ ਦੁਨੀਆਂ ਸਾਜਣ ਲਈ ਛੇ ਦਿਨ ਕਿਉਂ ਮਿਹਨਤ ਕੀਤੀ? ਉਸ ਨੇ ਕਿਉਂ ਕਿਹਾ ਸੀ ਕਿ ਸਭ ਅੱਛਾ ਹੈ? ਉਸ ਨੂੰ ਅੱਜ ਹੀ ਸੱਦੋ। ਉਸ ਨੂੰ ਪਿਛਲਾ ਇਤਿਹਾਸ ਦਿਖਾਓ। ਉਸ ਨੂੰ ਮੌਜੂਦਾ ਹਾਲਾਤ ਬਾਰੇ ਜਾਣਨ ਦਿਓਫੇਰ ਦੇਖਾਂਗੇ ਕਿ ਉਹ ਇਹ ਕਹਿਣ ਦੀ ਜੁਰਅਤ ਕਰਦਾ ਹੈ: ਸਭ ਅੱਛਾ ਹੈ।
ਜੇਲ੍ਹਖ਼ਾਨਿਆਂ ਦੀਆਂ ਕਾਲ ਕੋਠੜੀਆਂ ਤੋਂ ਗੰਦੀਆਂ ਬਸਤੀਆਂ ਤੇ ਝੌਂਪੜੀਆਂ ਵਿਚ ਭੁੱਖ-ਮਰੀ ਦੇ ਹੱਥੋਂ ਮਰ ਰਹੇ ਲੱਖਾਂ ਹੀ ਲੋਕਾਂ ਨੂੰ ਦੇਖ ਕੇ ਪੂੰਜੀਵਾਦੀ ਲੋਕਾਂ ਕੋਲੋਂ ਚੁੱਪਚਾਪ ਜਾਂ ਕਹਿ ਲਓ ਬੇਵਾਸਤਗੀ ਨਾਲ ਆਪਣਾ ਲਹੂ ਪਿਲਾ ਰਹੇ ਲੁਟੀਂਦੇ ਮਜ਼ਦੂਰਾਂ ਨੂੰ ਦੇਖ ਕੇ, ਇਨਸਾਨੀ ਤਾਕਤ ਦੀ ਬਰਬਾਦੀ ਜਿਸ ਨੂੰ ਦੇਖ ਕੇ ਅਤੇ ਅੱਤ ਸਾਧਾਰਨ ਬੁੱਧੀ ਵਾਲਾ ਵਿਅਕਤੀ ਵੀ ਡਰ ਨਾਲ ਕੰਬਣ ਲੱਗ ਜਾਏ ਅਤੇ ਲੋੜਵੰਦ ਉਤਪਾਦਨਾਂ ਨੂੰ ਵੰਡਣ ਦੀ ਥਾਂ ਵਾਧੂ ਪੈਦਾਵਾਰ ਸਮੁੰਦਰਾਂ ਵਿਚ ਸੁੱਟੀ ਜਾਂਦੀ ਦੇਖ ਕੇ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਉਤੇ ਉਸਰੇ ਬਾਦਸ਼ਾਹਾਂ ਦੇ ਮਹਿਲਾਂ ਨੂੰ ਦੇਖ ਕੇ ਉਹ ਰਤਾ ਆਖੇ ਤਾਂ ਸਹੀ: ਸਭ ਅੱਛਾ ਹੈ। ਕਿਉਂ ਤੇ ਕਿਸ ਕਾਰਨ? ਇਹ ਮੇਰਾ ਸਵਾਲ ਹੈ। ਤੁਸੀਂ ਚੁੱਪ ਹੋ ਠੀਕ ਹੈ, ਮੈਂ ਆਪਣੀ ਗੱਲ ਅੱਗੇ ਤੋਰਦਾ ਹਾਂ। ਤੁਸੀਂ ਹਿੰਦੂ ਇਹ ਆਖਦੇ ਹੋ ਕਿ ਅੱਜ ਜਿਹੜਾ ਵੀ ਦੁੱਖ ਝਲ ਰਿਹਾ ਹੈ, ਉਹ ਪੂਰਬਲੇ ਜਨਮ ਦੇ ਮੰਦੇ ਕਰਮਾਂ ਕਰਕੇ ਹੈ। ਠੀਕ ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਹਨ, ਉਹ ਪੂਰਬਲੇ ਜਨਮਾਂ ਵਿਚ ਧਰਮਾਤਮਾ ਲੋਕ ਸਨ। ਇਸ ਕਰਕੇ ਉਨ੍ਹਾਂ ਦੇ ਹੱਥ ਤਾਕਤ ਹੈ। ਮੈਂ ਮੰਨਦਾ ਹਾਂ ਕਿ ਤੁਹਾਡੇ ਵੱਡੇ-ਵਡੇਰੇ ਬੜੇ ਸ਼ਾਤਰ ਲੋਕ ਸਨ, ਉਹ ਐਸੇ ਸਿਧਾਂਤ ਲੱਭਣ ਵਿਚ ਲੱਗੇ ਰਹੇ, ਜਿਨ੍ਹਾਂ ਨਾਲ ਤਾਕਤ ਤੇ ਅਵਿਸ਼ਵਾਸ ਨੂੰ ਖ਼ਤਮ ਕੀਤਾ ਜਾ ਸਕੇ। ਪਰ ਆਪਾਂ ਦੇਖਦੇ ਹਾਂ ਕਿ ਇਸ ਦਲੀਲ ਵਿਚ ਕਿੰਨਾ ਕੁ ਵਜ਼ਨ ਹੈ।
ਬਹੁਤ ਉੱਘੇ ਸ਼ਾਸਤਰੀਆਂ ਦਾ ਇਹ ਵਿਚਾਰ ਹੈ ਕਿ ਕਸੂਰਵਾਰ ਨੂੰ ਜੋ ਸਜ਼ਾ ਦਿੱਤੀ ਜਾਂਦੀ ਹੈ, ਉਸ ਦੇ ਤਿੰਨ ਜਾਂ ਚਾਰ ਮਕਸਦ ਹੋ ਸਕਦੇ ਹਨ ਤੇ ਇਸੇ ਆਧਾਰ ਉੱਤੇ ਸਜ਼ਾ ਨੂੰ ਵਾਜਬ ਕਰਾਰ ਦਿੱਤਾ ਜਾ ਸਕਦਾ ਹੈ। ਇਹ ਮਕਸਦ ਹਨ: ਬਦਲਾ, ਸੁਧਾਰ ਤੇ ਵਰਜਣ ਲਈ ਡਰ। ਹੁਣ ਸਾਰੇ ਸਿਆਣੇ ਚਿੰਤਕ ਬਦਲੇ ਦੇ ਸਿਧਾਂਤ ਦੀ ਨਿਖੇਧੀ ਕਰਦੇ ਹਨ। ਵਰਜਣ ਵਾਲੇ ਸਿਧਾਂਤ ਦੀ ਵੀ ਨੁਕਤਾਚੀਨੀ ਹੋ ਰਹੀ ਹੈ। ਸੁਧਾਰਕ ਸਿਧਾਂਤ ਹੀ ਜ਼ਰੂਰੀ ਹੈ ਅਤੇ ਇਨਸਾਨੀ ਤਰੱਕੀ ਦਾ ਅਟੁੱਟ ਅੰਗ ਹੈ। ਇਸ ਸਿਧਾਂਤ ਦਾ ਮੰਤਵ ਇਹ ਹੈ ਕਿ ਕਸੂਰਵਾਰ ਸਭ ਤੋਂ ਵੱਧ ਕਾਬਲ ਤੇ ਅਮਨ ਪਸੰਦ ਸ਼ਹਿਰੀ ਬਣ ਕੇ ਸਮਾਜ ਵਿਚ ਵਾਪਸ ਜਾਵੇ। ਪਰ ਜੇ ਅਸੀਂ ਇਹ ਮੰਨ ਵੀ ਲਈਏ ਕਿ ਬੰਦਿਆਂ ਨੇ (ਪੂਰਬਲੇ ਜਨਮ ਵਿਚ) ਪਾਪ ਕੀਤੇ ਹੋਣਗੇ, ਤਾਂ ਰੱਬ ਜਿਹੜੀ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ, ਉਹ ਕਿਹੋ ਜਿਹੀ ਹੈ? ਤੁਸੀਂ ਆਖਦੇ ਹੋ ਕਿ ਉਹ ਉਨ੍ਹਾਂ ਨੂੰ ਗਾਂ, ਬਿੱਲੀ, ਦਰਖ਼ਤ, ਜੜ੍ਹ ਬੂਟੀ ਜਾਂ ਜਾਨਵਰ ਦੇ ਰੂਪ ਵਿਚ ਜਨਮ ਲੈਣ ਲਈ ਭੇਜਦਾ ਹੈ। ਤੁਸੀਂ ਇਨ੍ਹਾਂ ਸਜ਼ਾਵਾਂ ਦੀ ਗਿਣਤੀ 84 ਲੱਖ ਦੱਸਦੇ ਹੋ। ਮੈਨੂੰ ਇਹ ਦੱਸੋ ਕਿ ਇਸ ਦਾ ਮਨੁੱਖ ਉਤੇ ਕੋਈ ਸੁਧਾਰਕ ਅਸਰ ਪੈਂਦਾ ਹੈ? ਤੁਸੀਂ ਐਸੇ ਕਿੰਨੇ ਕੁ ਜਣਿਆਂ ਨੂੰ ਮਿਲੇ ਹੋ, ਕਿ ਉਹ ਪਾਪ ਕਰਨ ਕਾਰਨ ਪਿਛੇ ਜਨਮ ਵਿਚ ਗਧੇ ਦੀ ਜੂਨ ਪਏ ਸਨ? ਕੋਈ ਨਹੀਂ ਮਿਲਿਆ ਹੋਣਾ। ਆਪਣੇ ਪੁਰਾਣਾਂ ਦੇ ਬਿਰਤਾਂਤ ਦੀ ਲੋੜ ਨਹੀਂ। ਮੈਂ ਤੁਹਾਡੀਆਂ ਮਿਥਿਹਾਸਕ ਕਹਾਣੀਆਂ ਦਾ ਜ਼ਿਕਰ ਤਕ ਨਹੀਂ ਛੁਹਣਾ ਚਾਹੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਦੁਨੀਆਂ ਵਿਚ ਸਭ ਤੋਂ ਵੱਡਾ ਪਾਪ ਗ਼ਰੀਬ ਹੋਣਾ ਹੈ। ਗ਼ਰੀਬੀ ਪਾਪ ਹੈ, ਇਹ ਸਜ਼ਾ ਹੈ। ਤੁਸੀਂ ਇਹੋ ਜਿਹੀਆਂ ਸਜ਼ਾਵਾਂ ਤਜਵੀਜ਼ ਕਰਨ ਵਾਲੇ ਕਿਸੇ ਅਪਰਾਧ-ਵਿਗਿਆਨੀ, ਕਿਸੇ ਕਾਨੂੰਨਦਾਨ ਜਾਂ ਕਾਨੂੰਨਸਾਜ਼ ਦੀ ਕਿੰਨੀ ਕੁ ਸਿਫ਼ਤ- ਸਲਾਹੀ ਕਰੋਗੇ, ਜਿਸ ਨਾਲ ਮਨੁੱਖ ਹੋਰ ਵਧੇਰੇ ਗੁਨਾਹ ਕਰਨ ਲਈ ਮਜਬੂਰ ਹੁੰਦਾ ਹੈ? ਕੀ ਤੁਹਾਡੇ ਰੱਬ ਨੇ ਇਸ ਗੱਲ ਬਾਰੇ ਪਹਿਲਾਂ ਨਹੀਂ ਸੋਚਿਆ ਸੀ ਜਾਂ ਉਹ ਵੀ ਇਹ ਗੱਲਾਂ ਮਨੁੱਖਤਾ ਦੀਆਂ ਅਕਹਿ ਦੁਖ-ਤਕਲੀਫ਼ਾਂ ਦੀ ਕੀਮਤ ਉਤੇ ਤਜਰਬਿਆਂ ਰਾਹੀਂ ਸਿੱਖਦਾ ਹੈ? ਤੁਹਾਡੀ ਜਾਚੇ ਕਿਸੇ ਦਲਿਤ ਪਰਿਵਾਰ ਦੇ ਅਨਪੜ੍ਹ ਪਰਿਵਾਰ ਵਿਚ ਜੰਮੇ ਬੰਦੇ ਦੀ ਕੀ ਹੋਣੀ ਹੋਏਗੀ? ਉਹ ਗ਼ਰੀਬ ਹੈ, ਇਸ ਲਈ ਉਹ ਪੜ੍ਹਾਈ ਨਹੀਂ ਕਰ ਸਕਦਾ। ਖ਼ੁਦ ਨੂੰ ਚੰਗੇ ਸਮਝਣ ਵਾਲੇ ਦੂਜੇ ਇਨਸਾਨ ਉਸ ਨੂੰ ਨਫ਼ਰਤ ਕਰਦੇ ਹਨ ਤੇ ਧਿਕਾਰਦੇ ਹਨ, ਕਿਉਂਕਿ ਉਹ ਉਚੇਰੀ ਜਾਤ ਵਿਚ ਪੈਦਾ ਹੋਏ ਸਨ। ਉਸ ਦੀ ਅਗਿਆਨਤਾ ਉਸ ਦੀ ਗ਼ਰੀਬੀ ਤੇ ਜਿਹੜਾ ਸਲੂਕ ਉਸ ਦੇ ਨਾਲ ਹੁੰਦਾ ਹੈ, ਇਨ੍ਹਾਂ ਸਾਰੀਆਂ ਗੱਲਾਂ ਕਾਰਨ ਸਮਾਜ ਤਾਈਂ ਉਸ ਦਾ ਦਿਲ ਸਖ਼ਤ ਹੋ ਜਾਏਗਾ। ਫ਼ਰਜ਼ ਕਰੋ ਕਿ ਉਹ ਕੋਈ ਪਾਪ ਕਰਦਾ ਹੈ, ਤਾਂ ਇਸ ਦਾ ਖ਼ਾਮਿਆਜ਼ਾ ਕੌਣ ਭੁਗਤੇਗਾ? ਰੱਬ ਜਾਂ ਪਾਪ ਕਰਨ ਵਾਲਾ ਜਾਂ ਸਮਾਜ ਦੇ ਗੁਣੀ-ਗਿਆਨੀ ਬੰਦੇ? ਉਨ੍ਹਾਂ ਲੋਕਾਂ ਨੂੰ ਮਿਲੀਆਂ ਸਜ਼ਾਵਾਂ ਬਾਰੇ ਤੁਸੀਂ ਕੀ ਆਖੋਗੇ ਜਿਨ੍ਹਾਂ ਨੂੰ ਹਿਰਸੀ ਤੇ ਹੰਕਾਰੀ ਬ੍ਰਾਹਮਣਾਂ ਨੇ ਜਾਣ ਬੁਝ ਕੇ ਅਗਿਆਨਤਾ ਦੀਆਂ ਗ਼ਾਰਾਂ ਵਿਚ ਸੁੱਟਿਆ ਸੀ। ਉਨ੍ਹਾਂ ਦਾ ਕਸੂਰ ਇਹੋ ਸੀ ਕਿ ਉਨ੍ਹਾਂ ਪਾਪੀਆਂ ਨੇ ਤੁਹਾਡੇ ਗਿਆਨ ਦੀਆਂ ਪਵਿੱਤਰ ਪੋਥੀਆਂ ਵੇਦਾਂ ਦੀਆਂ ਕੁਝ ਸਤਰਾਂ ਆਪਣੇ ਕੰਨੀਂ ਸੁਣ ਲਈਆਂ ਸਨ ਅਤੇ ਤੁਸੀਂ ਉਨ੍ਹਾਂ ਦੇ ਕੰਨਾਂ ਵਿਚ ਸਿੱਕਾ ਢਾਲ ਕੇ ਪਾ ਦਿੱਤਾ ਸੀ, ਜੋ ਉਨ੍ਹਾਂ ਨੇ ਕੋਈ ਕਸੂਰ ਕੀਤਾ ਸੀ ਤਾਂ ਇਸ ਦਾ ਜ਼ਿੰਮੇਦਾਰ ਕੌਣ ਸੀ ਤੇ ਬਿਪਤਾ ਕਿਸ ਦੇ ਸਿਰ ਪੈਣੀ ਸੀ? ਮੇਰੇ ਪਿਆਰੇ ਦੋਸਤੋ: ਇਹ ਸਾਰੇ ਸਿਧਾਂਤ ਖ਼ਾਸ ਅਧਿਕਾਰਾਂ ਦੇ ਮਾਲਕਾਂ ਦੀਆਂ ਕਾਢਾਂ ਹੀ ਹਨ, ਇਨ੍ਹਾਂ ਸਿਧਾਂਤਾਂ ਸਦਕਾ ਉਹ ਆਪਣੀ ਲੁੱਟੀ ਹੋਈ ਤਾਕਤ ਦੌਲਤ ਤੇ ਉਤਮਤਾ ਨੂੰ ਵਾਜਬ ਠਹਿਰਾਉਂਦੇ
ਹਨ। ਹਾਂ ਸ਼ਾਇਦ ਅਪਟਨ ਸਿਨਕਲੇਅਰ* ਨੇ ਕਿਸੇ ਥਾਂ ਲਿਖਿਆ ਸੀ ਕਿ ਬੰਦੇ ਨੂੰ (ਆਤਮਾ ਦੀ) ਅਮਰਤਾ ਵਿਚ ਯਕੀਨ ਕਰਨ ਲਾ ਦਿਓ ਅਤੇ ਫੇਰ ਉਸ ਦੇ ਕੋਲ ਜੋ ਕੁਝ ਵੀ ਹੈ, ਉਹ ਲੁੱਟ ਲਓ। ਉਹ ਸਗੋਂ ਹੱਸ ਕੇ ਤੁਹਾਡੀ ਮਦਦ ਕਰੇਗਾ। ਧਾਰਮਿਕ ਉਪਦੇਸ਼ਕਾਂ ਤੇ ਹੁਕਮਰਾਨਾਂ ਨੇ ਮਿਲੀ ਭੁਗਤ ਕਰਕੇ ਜੇਲ੍ਹਾਂ, ਫਾਹੀਆਂ, ਕੋਰੜੇ ਤੇ ਇਨ੍ਹਾਂ ਸਿਧਾਂਤਾਂ ਦੀ ਕਾਢ ਕੱਢੀ ਸੀ
ਮੈਨੂੰ ਇਹ ਦੱਸੋ ਕਿ ਤੁਹਾਡਾ ਸਰਬ-ਸ਼ਕਤੀਮਾਨ ਰੱਬ ਹਰ ਕਿਸੇ ਬੰਦੇ ਨੂੰ ਕਸੂਰ ਜਾਂ ਪਾਪ ਕਰਨੋਂ ਵਰਜਦਾ ਕਿਉਂ ਨਹੀਂ? ਉਸ ਦੇ ਲਈ ਤਾਂ ਇਹ ਕੰਮ ਬਹੁਤ ਸੌਖਾ ਹੈ। ਉਸ ਨੇ ਜੰਗਬਾਜ਼ਾਂ ਨੂੰ ਕਿਉਂ ਨਾ ਜਾਨੋਂ ਮਾਰਿਆ ਜਾਂ ਉਨ੍ਹਾਂ ਦੇ ਜੰਗੀ ਪਾਗਲਪਨ ਨੂੰ ਮਾਰ ਕੇ ਵੱਡੀ ਜੰਗ ਨਾਲ ਮਨੁੱਖਤਾ ਉਤੇ ਆਈ ਪਰਲੋ ਨੂੰ ਕਿਉਂ ਨਾ ਬਚਾਇਆ? ਉਹ ਅੰਗਰੇਜ਼ ਲੋਕਾਂ ਦੇ ਮਨਾਂ ਵਿਚ ਕੋਈ ਇਹੋ ਜਿਹਾ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਹਿੰਦੋਸਤਾਨ ਨੂੰ ਛੱਡ ਕੇ ਚਲੇ ਜਾਣ? ਉਹ ਸਾਰੇ ਸਰਮਾਏਦਾਰਾਂ ਦੇ ਦਿਲਾਂ ਵਿਚ ਇਹ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਪੈਦਾਵਾਰੀ ਸਾਧਨਾਂ ਦੀ ਸਾਰੀ ਜਾਇਦਾਦ ਨੂੰ ਛੱਡ ਦੇਣ ਤੇ ਸਾਰੇ ਮਿਹਨਤਕਸ਼ ਤਬਕੇ ਨੂੰ ਹੀ ਨਹੀਂ ਸਗੋਂ ਮਨੁੱਖੀ ਸਮਾਜ ਨੂੰ ਪੂੰਜੀਵਾਦ ਦੇ ਬੰਧਨ ਤੋਂ ਛੁਟਕਾਰਾ ਪਾ ਦੇਣ। ਤੁਸੀਂ ਬਹਿਸ ਕਰਨਾ ਚਾਹੋਗੇ ਕਿ ਸਮਾਜਵਾਦੀ ਸਿਧਾਂਤ ਲਾਗੂ ਹੋ ਸਕਦਾ ਹੈ ਜਾਂ ਨਹੀਂ, ਮੈਂ ਇਸ ਨੂੰ ਲਾਗੂ ਕਰਨ ਦਾ ਜ਼ਿੰਮਾ ਤੁਹਾਡੇ ਪਰਵਰਦਿਗਾਰ ਉੱਤੇ ਸੁੱਟਦਾ ਹਾਂ। ਜਿਥੋਂ ਤਕ ਆਮ ਲੋਕ ਭਲਾਈ ਦਾ ਸਬੰਧ ਹੈ, ਲੋਕਾਂ ਨੂੰ ਸਮਾਜਵਾਦ ਦੇ ਗੁਣਾਂ ਦਾ ਪਤਾ ਹੈ। ਉਹ ਇਸ ਦਾ ਵਿਰੋਧ ਇਸ ਨੁਕਤੇ ਤੋਂ ਕਰਦੇ ਹਨ ਕਿ ਇਹ ਲਾਗੂ ਨਹੀਂ ਹੋ ਸਕਦਾ। ਚਲੋ, ਤੁਹਾਡਾ ਰੱਬ ਆਵੇ ਤੇ ਸਭ ਕੁਝ ਬਾਕਾਇਦਾ ਤਰੀਕੇ ਨਾਲ ਕਰ ਦੇਵੇ। ਹੁਣ ਤੁਸੀਂ ਦਲੀਲ ਵਿਚੋਂ ਦਲੀਲ ਕੱਢਣ ਦੀ ਕੋਸ਼ਿਸ਼ ਨਾ ਕਰਨੀ। ਮੈਂ ਤੁਹਾਨੂੰ ਦੱਸਦਾ ਹਾਂ: ਹਿੰਦੋਸਤਾਨ ਉਤੇ ਜੇ ਬਰਤਾਨਵੀ ਹਕੂਮਤ ਹੈ ਤਾਂ ਇਹ ਰੱਬ ਦੀ ਮਰਜ਼ੀ ਕਾਰਨ ਨਹੀਂ ਹੈ, ਸਗੋਂ ਇਹ ਕਾਰਨ ਹੈ ਕਿ ਸਾਡੇ ਵਿਚ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ। ਉਹ ਰੱਬ ਦੀ ਮਦਦ ਨਾਲ ਸਾਨੂੰ ਗ਼ੁਲਾਮ ਨਹੀਂ ਰੱਖ ਰਹੇ, ਸਗੋਂ ਉਨ੍ਹਾਂ ਨੇ ਬੰਦੂਕਾਂ, ਤੋਪਾਂ, ਬੰਬਾਂ, ਗੋਲੀਆਂ, ਪੁਲਿਸ, ਫ਼ੌਜ ਦੀ ਮਦਦ ਨਾਲ ਸਾਨੂੰ ਗ਼ੁਲਾਮ ਬਣਾਇਆ ਹੋਇਆ ਹੈ ਅਤੇ ਸਾਡਾ ਕੀ ਕਸੂਰ ਹੈ ਕਿ ਉਹ (ਮਨੁੱਖੀ) ਸਮਾਜ ਵਿਰੁੱਧ ਸਭ ਤੋਂ ਵਧ ਘਿਣਾਉਣਾ ਗੁਨਾਹ ਇਹ ਕਰ ਰਹੇ ਹਨ ਕਿ ਇਕ ਕੌਮ ਹੱਥੋਂ ਦੂਜੀ ਕੌਮ ਲੁੱਟੀ ਜਾ ਰਹੀ ਹੈ। ਕਿੱਥੇ ਹੈ ਰੱਬ? ਉਹ ਕਰ ਕੀ ਰਿਹਾ ਹੈ? ਕੀ ਉਹ ਮਨੁੱਖਤਾ ਦੀਆਂ ਇਨ੍ਹਾਂ ਸਾਰੀਆਂ ਦੁੱਖ ਤਕਲੀਫ਼ਾਂ ਦਾ ਮਜ਼ਾ ਲੈ ਰਿਹਾ ਹੈ? ਉਹ ਨੀਰੋ ਹੈ, ਉਹ ਚੰਗੇਜ਼ ਖਾਂ ਹੈ। ਰੱਬ ਮੁਰਦਾਬਾਦ!
ਤੁਸੀਂ ਮੈਨੂੰ ਇਹ ਪੁੱਛੋਗੇ ਕਿ ਇਸ ਦੁਨੀਆਂ ਦਾ, ਤੇ ਮਨੁੱਖ ਦਾ ਆਰੰਭ ਕਿਵੇਂ ਹੋਇਆ ਸੀ। ਚਾਰਲਸ ਡਾਰਵਿਨ* ਨੇ ਇਸ ਵਿਸ਼ੇ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼
ਕੀਤੀ ਹੈ। ਉਸ ਦਾ ਮੁਤਾਲਿਆ ਕਰੋ। ਸੋਹੰਮ ਸਵਾਮੀ ਦੀ ਕਿਤਾਬ “ਕਾਮਨਸੈਂਸ” (ਸਾਧਾਰਨ ਗਿਆਨ) ਪੜ੍ਹੋ। ਤੁਹਾਨੂੰ ਇਸ ਸਵਾਲ ਦਾ ਕੁਝ ਹੱਦ ਤਕ ਜਵਾਬ ਮਿਲ ਜਾਏਗਾ। ਇਹ ਕੁਦਰਤ ਦਾ ਵਿਸ਼ਾ ਹੈ। ਵੱਖ-ਵੱਖ ਪਦਾਰਥਾਂ ਦੇ ਇਤਫ਼ਾਕੀਆ ਮੇਲ ਨਾਲ ਧਰਤੀ ਤੇ ਬੂਲੇ ਦੇ ਰੂਪ ਵਿਚ ਪੈਦਾ ਹੋਈ ਸੀ। ਕਦੋਂ? ਇਹ ਜਾਣਨ ਲਈ ਇਤਿਹਾਸ ਪੜ੍ਹੋ। ਇਸ ਅਮਲ ਵਿਚ ਜਾਨਵਰ ਤੇ ਫੇਰ ਅਖ਼ੀਰ ਵਿਚ ਮਨੁੱਖ ਪੈਦਾ ਹੋਇਆ ਸੀ। ਤੁਸੀਂ ਡਾਰਵਿਨ ਦੀ ਕਿਤਾਬ “ਓਰਿਜਨ ਆਫ਼ ਸਪੀਸੀਜ਼” ਪੜ੍ਹੋ ਅਤੇ ਉਸ ਤੋਂ ਮਗਰੋਂ ਜੋ ਵੀ ਉੱਨਤੀ ਹੋਈ, ਉਹ ਮਨੁੱਖ ਦੀ ਕੁਦਰਤ ਨਾਲ ਲਗਾਤਾਰ ਟੱਕਰ ਤੇ ਮਨੁੱਖ ਵਲੋਂ ਕੁਦਰਤ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਵਜੋਂ ਹੋਈ ਸੀ। ਧਰਤੀ ਦੇ ਆਦਿ ਬਾਰੇ ਇਹ ਸਭ ਤੋਂ ਸੰਖੇਪ-ਜਿਹਾ ਵੇਰਵਾ ਹੈ। ਤੁਹਾਡਾ ਅਗਲਾ ਸਵਾਲ ਇਹ ਹੋ ਸਕਦਾ ਹੈ ਕਿ ਪਿਛਲੇ ਜਨਮ ਵਿਚ ਮਾੜੇ ਕਰਮ ਨਾ ਕੀਤੇ ਹੋਣ ਤਾ ਕੋਈ ਬੱਚਾ ਅੰਨ੍ਹਾ ਜਾਂ ਲੰਗੜਾ ਕਿਉਂ ਜੰਮਦਾ ਹੈ? ਜੀਵ- ਵਿਗਿਆਨੀਆਂ ਨੇ ਇਸ ਸਮੱਸਿਆ ਦਾ ਜ਼ਿਕਰ ਕੀਤਾ ਹੈ ਕਿ ਇਹ ਜੀਵ- ਵਿਗਿਆਨਕ ਵਿਸ਼ਾ ਹੈ। ਇਸ ਦੇ ਕਾਰਨ ਬੱਚੇ ਦੇ ਮਾਂ-ਪਿਓ ਦੇ ਜੀਵ-ਇਤਿਹਾਸ ਵਿਚ ਹੀ ਹੁੰਦੇ ਹਨ।
ਕੁਦਰਤਨ ਤੁਸੀਂ ਇਕ ਹੋਰ ਸਵਾਲ ਪੁੱਛ ਸਕਦੇ ਹੋ: ਭਾਵੇਂ ਕਿ ਇਹ ਨਿਰਾ ਬਚਗਾਨਾ ਸਵਾਲ ਹੀ ਹੈ। ਉਹ ਸਵਾਲ ਇਹ ਹੈ ਕਿ ਜੇ ਰੱਬ ਨਹੀਂ ਸੀ ਤਾਂ ਫੇਰ ਲੋਕ ਉਸ ਨੂੰ ਮੰਨਣ ਕਿਵੇਂ ਲੱਗੇ? ਮੇਰਾ ਜਵਾਬ ਸਪਸ਼ਟ ਤੇ ਸੰਖੇਪ ਹੋਵੇਗਾ। ਜਿਵੇਂ ਲੋਕ ਭੂਤ ਪ੍ਰੇਤਾਂ ਨੂੰ ਮੰਨਣ ਲੱਗ ਪਏ ਸੀ, ਓਵੇਂ ਹੀ ਉਹ ਰੱਬ ਨੂੰ ਮੰਨਣ ਲੱਗ ਪਏ। ਫ਼ਰਕ ਸਿਰਫ਼ ਇੰਨਾ ਹੈ ਕਿ ਰੱਬ ਵਿਚ ਵਿਸ਼ਵਾਸ ਤਕਰੀਬਨ ਸਰਬ-ਵਿਆਪਕ ਹੈ ਤੇ ਇਸ ਦਾ ਦਰਸ਼ਨ ਕਾਫੀ ਵਿਕਸਿਤ ਹੈ। ਕੁਝ ਪਰਿਵਰਤਨਕਾਰੀਆਂ (ਰੈਡੀਕਲਜ਼) ਵਾਂਗ ਮੇਰਾ ਇਹ ਵਿਚਾਰ ਨਹੀਂ ਹੈ ਕਿ ਰੱਬ ਆਦਿ ਲੁੱਟ-ਖਸੁੱਟ ਕਰਨ ਵਾਲਿਆਂ ਦੀ ਕਰਤੂਤ ਸੀ, ਤਾਂ ਕਿ ਉਹ ਸਰਬ-ਉੱਚ ਸੱਤਾ ਦੀ ਹੋਂਦ ਦਾ ਪ੍ਰਚਾਰ ਕਰਕੇ ਆਪਣੀਆਂ ਗੱਦੀਆਂ ਕਾਇਮ ਰੱਖਣ ਲਈ ਲੋਕਾਂ ਨੂੰ ਗ਼ੁਲਾਮ ਰੱਖ ਸਕਣ। ਭਾਵੇਂ ਕਿ ਉਨ੍ਹਾਂ ਨਾਲ ਮੇਰਾ ਇਸ ਜ਼ਰੂਰੀ ਨੁਕਤੇ ਨਾਲ ਕੋਈ ਮਤਭੇਦ ਨਹੀਂ ਹੈ ਕਿ ਸਾਰੇ ਧਾਰਮਿਕ ਮੱਤ, ਧਰਮ, ਸਿਧਾਂਤ ਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਆਖ਼ਰਕਾਰ ਜਾਬਰ, ਦਮਨਕਾਰੀ ਸੰਸਥਾਵਾਂ, ਵਿਅਕਤੀਆਂ ਤੇ ਜਮਾਤਾਂ ਦੀਆਂ ਹਮਾਇਤੀ ਹੀ ਹੋ ਨਿਬੜਦੀਆਂ ਹਨ। ਹਰ ਧਰਮ ਇਹ ਕਹਿੰਦਾ ਹੈ ਕਿ ਬਾਦਸ਼ਾਹ ਵਿਰੁੱਧ ਬਗ਼ਾਵਤ ਕਰਨਾ ਹਮੇਸ਼ਾ ਹੀ ਪਾਪ ਹੁੰਦਾ ਹੈ।
ਰੱਬ ਦੇ ਆਦਿ ਬਾਰੇ ਮੇਰਾ ਆਪਣਾ ਵਿਚਾਰ ਇਹ ਹੈ ਕਿ ਜਦ ਮਨੁੱਖ ਨੂੰ ਆਪਣੀਆਂ ਸੀਮਾਵਾਂ ਕਮਜ਼ੋਰੀਆਂ ਤੇ ਕਮੀਆਂ ਦਾ ਅਹਿਸਾਸ ਹੋ ਗਿਆ ਤਾਂ ਉਸ ਨੇ ਰੱਬ ਦੀ ਕਾਲਪਨਿਕ ਹੋਂਦ ਬਣਾ ਲਈ, ਤਾਂ ਕਿ ਇਮਤਿਹਾਨੀ ਹਾਲਤ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਲਈ ਮਨੁੱਖ ਨੂੰ ਹੌਸਲਾ ਮਿਲੇ, ਤਾਂ ਕਿ ਸਾਰੇ ਖ਼ਤਰਿਆਂ ਦਾ ਜਵਾਂ-ਮਰਦੀ ਨਾਲ ਮੁਕਾਬਲਾ ਕਰ ਸਕੇ ਅਤੇ ਖ਼ੁਸ਼ਹਾਲੀ ਤੇ ਅਮੀਰੀ ਦੀ ਹਾਲਤ ਵਿਚ ਆਪਣੀਆਂ ਇੱਛਾਵਾਂ ’ਤੇ ਕਾਬੂ ਪਾ ਸਕੇ। ਮਨੁੱਖ ਨੇ ਰੱਬ ਨੂੰ ਇਹਦੇ ਨਿਜਰੂਪਕ ਨੇਮਾਂ ਤੇ ਪਾਲਣਹਾਰ ਗੁਣਾਂ ਦੇ ਰੂਪ ਵਿਚ ਚਿਤਵਿਆ ਸੀ ਤੇ ਚਿਤਰਿਆ ਸੀ। ਉਹਦੀ ਕਰੋਪੀ ਤੇ ਨਿੱਜਰੂਪਕ ਨੇਮਾਂ ਨੂੰ ਵਿਚਾਰਨ ਵੇਲੇ ਉਹ ਤਾੜਨਾ ਦਾ ਕੰਮ ਦਿੰਦਾ ਸੀ ਤਾਂ ਮਨੁੱਖ ਸਮਾਜ ਵਾਸਤੇ ਖ਼ਤਰਾ ਨਾ ਬਣ ਜਾਵੇ। ਉਹਦੇ ਪਾਲਣਹਾਰ ਗੁਣਾਂ ਵਿਚ ਉਹ ਮਾਂ-ਪਿਤਾ, ਭੈਣ-ਭਾਈ, ਦੋਸਤ ਤੇ ਮਦਦਗਾਰ ਸੀ ਤਾਂ ਕਿ ਉਸ ਹਾਲਤ ਵਿਚ ਜਦ ਬੰਦੇ ਨੂੰ ਔਖੇ ਵੇਲੇ ਹਰ ਕੋਈ ਛੱਡ ਜਾਵੇ ਤਾਂ ਉਸ ਘੜੀ ਵੀ ਬੰਦੇ ਨੂੰ ਇਹ ਧਰਵਾਸ ਰਹੇ ਕਿ ਉਹਦੀ ਮਦਦ ਕਰਨ ਲਈ ਉਹਨੂੰ ਢਾਰਸ ਦੇਣ ਲਈ ਸਦਾ ਸਲਾਮਤ ਰਹਿਣ ਵਾਲਾ ਸੱਚਾ ਮਿੱਤਰ ਰੱਬ ਹੈ। ਆਦਿ ਕਾਲ ਵਿਚ ਰੱਬ ਸੱਚੇ ਅਰਥਾਂ ਵਿਚ ਸਮਾਜ ਲਈ
ਲਾਹੇਵੰਦ ਸੀ। ਔਖੀ ਘੜੀ ਵੇਲੇ ਰੱਬ ਦਾ ਵਿਚਾਰ ਬੰਦੇ ਲਈ ਮਦਦਗਾਰ ਹੁੰਦਾ ਹੈ। ਸਮਾਜ ਨੇ ਜਿਵੇਂ ਬੁੱਤਪੂਜਾ ਤੇ ਧਰਮ ਦੇ ਤੰਗਨਜ਼ਰ ਸੰਕਲਪ ਵਿਰੁੱਧ ਲੜਾਈ ਲੜੀ ਸੀ, ਉਸੇ ਤਰ੍ਹਾਂ ਸਮਾਜ ਨੂੰ ਰੱਬ ਦੇ ਵਿਸ਼ਵਾਸ ਵਿਰੁੱਧ ਲੜਨਾ ਪੈਣਾ ਹੈ। ਇਸੇ ਤਰ੍ਹਾਂ ਜਦ ਬੰਦਾ ਆਪਣੇ ਪੈਰੀਂ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤੇ ਯਥਾਰਥਵਾਦੀ ਹੋਣ ਲੱਗਾ ਤਾਂ ਉਹਨੂੰ ਰੱਬ ਦਾ ਵਿਸ਼ਵਾਸ ਲਾਂਭੇ ਸੁੱਟਣਾ ਪਏਗਾ ਅਤੇ ਹੋਰ ਮੁਸ਼ਕਲ, ਹਰ ਆਫ਼ਤ ਤੇ ਹਰ ਤਰ੍ਹਾਂ ਦੀ ਹਾਲਤ ਦਾ ਡਟ ਕੇ ਮੁਕਾਬਲਾ ਕਰਨਾ ਪਏਗਾ। ਇਸ ਵੇਲੇ ਮੇਰੀ ਹਾਲਤ ਬਿਲਕੁਲ ਇਹੀ ਹੈ। ਮੇਰੇ ਦੋਸਤੋ, ਮੇਰਾ ਇਹ ਕੋਈ ਅਹੰਕਾਰ ਨਹੀਂ ਹੈ। ਮੈਂ ਆਪਣੀ ਸੋਚਣ ਵਿਧੀ ਨਾਲ ਹੀ ਨਾਸਤਕ ਬਣਿਆ ਹਾਂ। ਮੇਰਾ ਖ਼ਿਆਲ ਨਹੀਂ ਕਿ ਰੱਬ ਵਿਚ ਵਿਸ਼ਵਾਸ ਕਰਨ ਨਾਲ ਤੇ ਹਰ ਰੋਜ਼ ਅਰਦਾਸ ਕਰਨ ਨਾਲ (ਜਿਹੜਾ ਕਿ ਮੈਂ ਮਨੁੱਖ ਦਾ ਸਭ ਤੋਂ ਵਧ ਖ਼ੁਦਗਰਜ਼ੀ ਕਰਨ ਵਾਲਾ ਤੇ ਘਟੀਆ ਕੰਮ ਸਮਝਦਾ ਹਾਂ) ਮੇਰਾ ਕੁਝ ਸੌਰ ਸਕਦਾ ਹੈ ਜਾਂ ਇਹਦੇ ਨਾਲ ਮੇਰੀ ਹਾਲਤ ਹੋਰ ਵੀ ਭੈੜੀ ਹੋ ਜਾਵੇਗੀ। ਮੈਂ ਉਨ੍ਹਾਂ ਨਾਸਤਕਾਂ ਬਾਰੇ ਪੜ੍ਹਿਆ ਹੈ, ਜਿਨ੍ਹਾਂ ਨੇ ਬਹੁਤ ਡਟ ਕੇ ਸਾਰੀਆਂ ਮੁਸ਼ਕਲਾਂ ਦਾ ਮੁਕਾਬਲਾ ਕੀਤਾ ਸੀ। ਇਸੇ ਲਈ ਮੈਂ ਅਖ਼ੀਰ ਤਕ ਫ਼ਾਂਸੀ ਦੇ ਤਖ਼ਤੇ ‘ਤੇ ਵੀ, ਮਰਦ ਵਾਂਗ ਸਿਰ ਤਾਣ ਕੇ ਸਾਬਤ ਕਦਮ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ।
‘ਦੇਖੀਏ ਮੈਂ ਇਸ ‘ਤੇ ਕਿੰਨਾ ਕੁ ਪੂਰਾ ਉੱਤਰਦਾ ਹਾਂ। ਮੇਰੇ ਕਿਸੇ ਦੋਸਤ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਸੀ। ਜਦ ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਨਾਸਤਕ ਹਾਂ, ਤਾਂ ਉਹ ਕਹਿਣ ਲੱਗਾ: “ਦੇਖੀਂ ਆਪਣੇ ਅਖ਼ੀਰੀ ਦਿਨਾਂ ‘ਚ ਤੂੰ ਰੱਬ ਨੂੰ ਮੰਨਣ ਲੱਗ ਜਾਏਂਗਾ।” ਮੈਂ ਅੱਗੋਂ ਕਿਹਾ, ਨਹੀਂ ਪਿਆਰੇ ਜਨਾਬ ਜੀ, ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ। ਇੰਜ ਕਰਨਾ ਮੇਰੇ ਲਈ ਬੜੀ ਘਟੀਆ ਤੇ ਪਸਤੀ ਵਾਲੀ ਗੱਲ ਹੋਵੇਗੀ। ਖ਼ੁਦਗਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ। ਪਾਠਕੋ ਤੇ ਦੋਸਤੋ, ਕੀ ਇਹ ਹਉਮੈਂ ਹੈ। ਜੇ ਇਹ ਹੈ ਤਾਂ ਮੈਂ ਇਸ ਲਈ ਦ੍ਰਿੜ ਹਾਂ।