ਇਕ ਛੋਟਾ, ਟੁੱਟਾ ਫੁੱਟਾ ਕਮਰਾ, ਕੋਈ 10ਫੁੱਟ ਜ਼ਰਬ 12ਫ਼ੁੱਟ। ਇਸ ਵਿਚ ਦੋ ਮੰਜੀਆਂ, ਇਕ ਕੁਰਸੀ, ਦੋ ਤਿੰਨ ਟਰੰਕ, ਇਕ ਰੱਸੀ ਤੇ ਟੰਗਣੇ ਤੇ ਬਹੁਤ ਸਾਰੇ ਮੈਲੇ ਕੁਚੈਲੇ ਕਪੜੇ, ਤੇ ਕੁਝ ਹੋਰ ਨਿੱਕ ਸੁੱਕ ਪਿਆ ਹੈ। ਸਾਹਮਣੀ ਕੰਧ ਤੇ ਮੇਖ ਨਾਲ ਇਕ ਲਾਲਟੈਣ ਟੰਗੀ ਹੋਈ ਹੈ ਤੇ ਇਸ ਦੇ ਧੂੰਏਂ ਨਾਲ ਕੰਧ ਕਾਲੀ ਹੋਈ ਹੋਈ ਹੈ। ਕਿਸੇ ਗ਼ਰੀਬ ਆਦਮੀ ਦਾ ਘਰ। ਪਰ ਇਸ ਵਿਚ ਦੋ ਚਮਕੀਲੀਆਂ ਸ਼ੈਆਂ ਨੇ, ਇਕ ਬੱਚਿਆਂ ਦਾ ਲਾਲ ਰੰਗ ਦਾ ਰੇੜ੍ਹਾ, ਤੇ ਦੂਜਾ ਲਾਲਟੈਣ ਤੋਂ ਥੋੜ੍ਹੀ ਦੂਰ ਟੰਗਿਆ ਇਕ ਰੰਗ ਬਰੰਗਾ ਗੋਲ ਜਾਪਾਨੀ ਪੱਖਾ। ਸਮਾਂ ਸਵੇਰ ਦਾ। ਖੱਬੇ ਪਾਸੇ ਬਾਹਰ ਜਾਣ ਦਾ ਰਸਤਾ ਹੈ ਤੇ ਸੱਜੀ ਨੁੱਕਰ ਵਿਚ ਇਕ ਭੀੜੀ ਪੌੜੀ, ਉਪਰਲੀ ਛੱਤ ਨੂੰ ਜਾਂਦੀ ਹੈ। ਮੰਜੀਆਂ ਤੇ ਇਕ ਇਕ ਬਾਲ ਸੁੱਤਾ ਹੋਇਆ ਹੈ। ਇਕ ਤੀਵੀਂ ਦਿਓਕੀ ਉਮਰ ਕੋਈ 30 ਸਾਲ, ਟੰਗਣੇ ਤੋਂ ਇਕ ਦੁਪੱਟਾ ਖਿੱਚ ਕੇ, ਆਪਣੇ ਉਪਰ ਬੇਪਰਵਾਹੀ ਨਾਲ ਸੁੱਟਦੀ ਹੈ। ਉਬਾਸੀ ਲੈਂਦੀ ਤੇ ਬਾਹਵਾਂ ਖਿਲਾਰ ਕੇ ਆਕੜ ਭੰਨਦੀ ਹੈ। ਇਸ ਦੇ ਗਲ ਰੰਗਦਾਰ ਕੁਰਤਾ ਤੇ ਤੇੜ ਮੈਲੀ ਲੱਠੇ ਦੀ ਸਲਵਾਰ ਹੈ। ਵਾਲ ਖਿਲਰੇ ਹੋਏ ਨੇ ਜਿਵੇਂ ਕਿ ਹੁਣੇ ਸੁੱਤੀ ਉਠੀ ਹੈ। ਛੋਟੇ ਬਾਲ ਨੂੰ ਚੁੱਕ ਕੇ ਵੱਡੇ ਨਾਲ ਪਾ ਦੇਂਦੀ ਹੈ। ਬਾਲ ਥੋੜ੍ਹਾ ਰੋਂਦਾ ਹੈ, ਪਰ ਉਹਨੂੰ ਪਿਆਰ ਨਾਲ “ਸੌਂ ਜਾ ਬਿੱਲੂ, ਹਾਲੀ ਦਿਨ ਨਹੀਂ ਚੜ੍ਹਿਆ” ਕਹਿ ਕੇ ਥਪੋਕੜ ਦੇਂਦੀ ਹੈ। ਬਾਲ ਚੁੱਪ ਕਰ ਜਾਂਦਾ ਹੈ। ਖ਼ਾਲੀ ਮੰਜੇ ਦੇ ਬਿਸਤਰੇ ਨੂੰ ਤੈਅ ਕਰਕੇ, ਦੂਜੀ ਮੰਜੀ ਤੇ ਰਖਦੀ ਹੈ। ਮੰਜੀ ਚੁੱਕ ਕੇ ਖੱਬੇ ਪਾਸੇ ਬਾਹਰ ਲੈ ਜਾਣ ਲਗਦੀ ਹੈ ਕਿ ਇਹਦਾ ਪਤੀ, ਬਾਹਰੋਂ ਆਉਂਦਾ, ਮੰਜੀ ਫੜ ਲੈਂਦਾ ਹੈ।)
ਨਰਾਇਨ : ਐਨੀ ਕਾਹਲੀ ਕਾਹਦੀ ਸੀ? ਤੈਨੂੰ ਕਿੰਨੀ ਵਾਰ ਆਖਿਆ, ਭਾਰ ਨਾ ਚੁੱਕਿਆ ਕਰ।
ਦਿਓਕੀ : ਕੀ ਹੋ ਚਲਿਆ ਏ ਮੈਨੂੰ ਭਾਰ ਚੁੱਕਣ ਨਾਲ?
ਨਰਾਇਨ : ਤੁਸਾਂ ਜ਼ਨਾਨੀਆਂ ਦਾ ਵਿਸ਼ਾਹ ਏ ਕੋਈ?
ਦਿਓਕੀ : (ਨਖ਼ਰੇ ਨਾਲ) ਹੂੰ?
ਨਰਾਇਨ
: (ਗੜਵੀ ਤੇ ਪਰਨਾ ਫੜਾਂਦਿਆਂ) ਲੈ ਫੜ।
(ਮੰਜੀ ਲੈ ਕੇ ਬਾਹਰ ਚਲਾ ਜਾਂਦਾ ਹੈ। ਮੰਜੀ ਤੋਂ ਵੇਹਲੀ ਹੋਈ ਥਾਂ ਤੇ ਚੌਂਕਾ ਚੁੱਲ੍ਹਾ ਦਿਸਦਾ ਹੈ। ਕੁਝ ਭਾਂਡੇ, ਟੀਨ ਦੇ ਡੱਬੇ, ਬਾਲਣ ਤੇ ਟੋਕਰੀਆਂ, ਆਦਿ ਚੀਜ਼ਾਂ ਪਈਆਂ ਨੇ। ਚੁੱਲ੍ਹੇ ਦੇ ਆਸ ਪਾਸ ਕੰਧ ਬਿਲਕੁਲ ਕਾਲੀ ਹੈ। ਦਿਓਕੀ ਪਰਨਾ ਟੰਗਣੇ ਤੇ ਇਕ ਪਾਸੇ ਸੁੱਟ ਕੇ ਗੜਵੀ ਬਾਕੀ ਭਾਂਡਿਆਂ ਦੇ ਪਾਸ ਰਖ ਦੇਂਦੀ ਹੈ, ਤੇ ਚੁੱਲ੍ਹੇ ਵਿਚੋਂ ਸਵਾਹ ਕੱਢ ਕੇ ਥਾਲੀ ਵਿਚ ਪਾਂਦੀ ਹੈ। ਨਰਾਇਨ ਦਾਸ ਅੰਦਰ ਆਉਂਦਾ ਹੈ। ਇਕ ਕੋਈ 35 ਸਾਲ ਦਾ ਹੈ, ਇਹਦੇ ਸਿਰ ਦੇ ਵਾਲ ਛੋਟੇ, ਮੁੱਛਾਂ ਪੂਰੀਆਂ, ਗਲ ਮੈਲਾ ਕੁਰਤਾ ਤੇ ਤੇੜ ਰੰਗਦਾਰ ਤਹਿਮਤ ਹੈ। ਮੰਜੀ ਦੀ ਅਨੀਂ ਤੇ ਬੈਠ, ਖੀਸੇ ਵਿਚੋਂ ਸਿਗਰਟ ਕੱਢ ਕੇ ਲਾਂਦਾ ਹੈ।)
ਦਿਓਕੀ :
(ਟੰਗਣੇ ਵਲ ਇਸ਼ਾਰਾ ਕਰਕੇ) ਪਰਨਾ ਤਾਂ ਬਾਹਰ ਪਾ ਆਉਣਾ ਸੀ। ਗੜੁੱਚ ਕਰਕੇ ਅੰਦਰ ਲੈ ਆਂਦਾ।
ਨਰਾਇਨ : ਮੈਂ ਸਿਰ ਨੂੰ ਤੇਲ ਲਾ ਕੇ ਪੂੰਝਨਾ ਏਂ।
ਦਿਓਕੀ : ਹੁਣ ਰੋਜ਼ ਹੀ ਸਿਰ ਨੂੰ ਤੇਲ ਲਾਣ ਲਗ ਪਿਆ ਏਂ, ਕਿਸ ਮਾਰ ਤੇ वैं?
ਨਰਾਇਨ : ਓ ਨਹੀਂ। ਅੱਜ ਦਰੋਗੇ ਨੇ ਡੀਪੋ ਦੇਖਣ ਆਉਣਾ ਹੈ। ਮੇਰੇ ਕਪੜੇ ਵੀ ਨਵੇਂ ਕੱਢ ਦੇ, ਤੇ ਜਿਸ ਵੇਲੇ ਮੈਂ ਮੁੰਡੇ ਨੂੰ ਭੇਜਾਂ, ਦੋ ਗਲਾਸ ਚਾਹ ਬਣਾ ਕੇ ਭੇਜ ਦਈਂ। ਦਰੋਗੇ ਨਾਲ ਨਿੱਤ ਕੰਮ ਪੈਂਦਾ ਹੈ ਤੇ ‘ਕੱਠੇ ਚਾਹ ਪੀ ਕੇ ਮਨ ਭਿਜਦਾ ਹੈ।
(ਦਿਉਕੀ ਟਰੰਕ ਵਿਚੋਂ ਨਵਾਂ ਜੋੜਾ ਕੱਢਦੀ ਹੈ ਤੇ ਗੱਲ ਬਾਤ ਵਿਚ ਨਰਾਇਨ ਮੈਲਾ ਕੁਰਤਾ ਲਾਹ ਕੇ ਨਵਾਂ ਕੁਰਤਾ ਪਾਂਦਾ ਹੈ।)
ਦਿਓਕੀ
: ਦਰੋਗ਼ੇ ਦਾ ਕੋਈ ਵੇਲਾ ਹੈ? ਖ਼ਬਰੇ ਕਿਸ ਵੇਲੇ ਆ ਜਾਏ ਤੇ ਮੈਂ ਸਾਰਾ ਦਿਨ ਅੱਗ ਬਾਲ ਕੇ ਬੈਠੀ ਰਹਾਂ ਮੁੰਡੇ ਨੂੰ ਕਹੀਂ ਹਲਵਾਈ ਦੀ ਹੱਟੀਉਂ ਕੇਤਲੀ ਵਿਚ ਪਾਣੀ ਲੈ ਆਵੇ ਤੇ ਪੱਤੀ ਮੈਂ ਭਿਉਂ ਦਿਆਂਗੀ।
ਨਰਾਇਨ : ਹਲਵਾਈ ਦੀ ਹੱਟੀ ਪਾਣੀ ਮਿਲੇ ਨਾ ਮਿਲੇ, ਤੇ ਦਰੋਗ਼ਾ ਖਡ਼ੀ ਲੱਤ ਆਉਂਦਾ ਹੈ। ਮੈਂ ਮੁੰਡੇ ਨੂੰ ਕਹਿ ਦਿਆਂਗਾ ਕਿ ਖ਼ਿਆਲ ਰੱਖੇ। ਜਿਸ ਵੇਲੇ ਦੂਰੋਂ ਉਹਨੂੰ ਦੇਖੇਗਾ ਤਾਂ ਘਰ ਆ ਜਾਏਗਾ। ਐਹ ਦੋ ਕਦਮਾਂ ਤੇ ਤਾਂ ਹੱਟੀ ਏ।
ਦਿਓਕੀ : ਮੇਰਾ ਕੀ ਜਾਂਦਾ ਏ? ਮੈਂ ਚੁੱਲ੍ਹੇ ਨਾਲ ਲਗ ਕੇ ਬਹਿ ਰਹਾਂਗੀ। ਫੇਰ ਨਾ ਕਹੀਂ ਲੱਕੜ ਮੁਕ ਗਈ ਏ, ਤੇ ਸ਼ਾਮੀਂ ਆ ਕੇ ਮੈਨੂੰ ਇਹ ਵੀ ਨਾ ਪੁੱਛੀਂ ਕਿ ਮੇਰੇ ਲੀੜੇ ਧੋਤੇ ਨੀ ਕੀ ਨਹੀਂ।
ਨਰਾਇਨ : ਉਹੋ, ਤੂੰ ਨਾ ਬਾਲ਼ ਅੱਗ ਹਾਲੀਂ, ਘੰਟਾ ਦੋ ਘੰਟੇ ਠਹਿਰ ਕੇ ਬਾਲ ਲਈਂ ਅਗਲੇ ਵਰ੍ਹੇ ਬਾਲਣ ਦਾ ਡੀਪੋ ਮਿਲ ਜਾਏਗਾ, ਤਾਂ ਇਹ ਵੀ ਸਿਆਪਾ ਮੁੱਕ ਜਾਏਗਾ। ਮੈਂ ਹੁਣ ਦੀ ਚਾਹ ਜੋਗਾ ਪਾਣੀ ਹਲਵਾਈ ਦੀ ਹੱਟੀਉਂ ਲੈ ਆਉਨਾ ਹਾਂ। ਲਿਆ ਦੇਹ ਕੇਤਲੀ।
ਦਿਓਕੀ :
(ਬੈਠੀ ਬੈਠੀ ਕੇਤਲੀ ਚੁੱਕ ਕੇ) ਲੈ ਨਰਾਇਨ : (ਕੇਤਲੀ ਫੜਦਿਆਂ) ਲਿਆ ਗਲਾਸ ਵੀ ਦੇ ਦੇ, ਦੁੱਧ ਵੀ ਲੈ ਆਵਾਂ!
ਦਿਓਕੀ : ਥੋੜੀ ਖੰਡ ਵੀ ਫੜੀ ਲਿਆਈਂ।
ਨਰਾਇਨ : ਖੰਡ ਤਾਂ ਹਾਲੀਂ ਪਰਸੋਂ ਸੇਰ ਭਰ ਭੇਜੀ ਏ ਤੈਨੂੰ। ਮੁੱਕ ਵੀ ਗਈ?
ਦਿਓਕੀ : ਇਹ ਨਿਆਣੇ ਰਹਿਣ ਦੇਂਦੇ ਨੇ ਖੰਡ ਨੂੰ । ਏਸੇ ਵਾਸਤੇ ਤਾਂ ਮੈਂ ਬਹੁਤੀ ਘਰ ਰਖਦੀ ਨਹੀਂ।
ਨਰਾਇਨ : ਇਹ ਤਾਂ ਆਪਣੀ ਰਾਸ਼ਨ ਦੀ ਡੀਪੇ ਏ, ਤੇ ਝੱਟ ਲੰਘ ਜਾਂਦਾ ਏ ਜੇ ਕਿਧਰੇ ਹੋਰਨਾਂ ਵਾਂਗ ਹਿਸਾਬ ਬੱਧੀ ਮਿਲੇ ਤਾਂ ਚਾਹ ਫਿੱਕੀ ਹੀ ਪੀਣੀ ਪਵੇ।
ਦਿਓਕੀ : ਵੇਖਾਂ ਫਿੱਕੀ ਚਾਹ ਪੀਂਦਾ ਏਂ ਤੂੰ (ਪੌੜੀਆਂ ਵਲ ਇਸ਼ਾਰਾ ਕਰਕੇ) ਨਾਲੇ ਪਿਉ ਤੇਰਾ ਫਿੱਕੀ ਚਾਹ ਪੀਣ ਵਾਲਾ। ਗਲਾਸ ਵਿਚ ਛੇ ਚਮਚੇ ਪਾਂਦਾ ਏ।
ਨਰਾਇਨ : ਚਲ ਤੇਰੀ ਕਮਾਈ ਤਾਂ ਨਹੀਂ ਖਾਂਦਾ।
ਦਿਓਕੀ : ਸੰਜੂੜਨਾ ਤਾਂ ਮੈਨੂੰ ਪੈਂਦਾ ਏ ਨਾ, ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਕਦੀ ਗਲਾਸ ਦੁੱਧ ਦਾ ਊਣਾ ਹੋਏ ਤਾਂ ਪਿਉ ਤੇਰੇ ਨੂੰ ਖ਼ੁਸ਼ਕੀ ਨਾਲ ਰਾਤੀਂ ਨੀਂਦਰ ਨਹੀਂ ਪੈਂਦੀ। ਕ੍ਰਿਸ਼ਨਾ ਨੂੰ ਜਦ ਦਾ ਪੜ੍ਹਨ ਪਾਇਆ ਏ, ਰੋਜ਼ ਨਵੀਂ ਕਾਪੀ ਚਾਹੀਦੀ ਏ। ਤੇਰੀ ਦਾਲ ਵਿਚ ਥੰਦਾ ਥੋੜ੍ਹਾ ਹੋਵੇ ਤੇ ਤੂੰ ਮੈਨੂੰ ਵੱਖ ਘੂਰਨਾ ਏਂ। ਇਕ ਬਿਲੂ ਦੀ ਜ਼ਬਾਨ ਨਹੀਂ, ਨਹੀਂ ਤਾਂ ਉਹ ਵੀ ਮੇਰੀਆਂ ਬੋਟੀਆਂ ਲਾਹ ਲਾਹ ਖਾਵੇ।
ਨਰਾਇਨ : ਓ ਤੇਰਾ ਸਭ ਫ਼ਿਕਰ ਲਾਹ ਦੇਣਾ ਏ ਮੈਂ ਝੱਲੀਏ, ਦਰੋਗ਼ੇ ਨੂੰ ਚਾਹ ਚੰਗੀ ਤਰ੍ਹਾਂ ਬਣਾ ਕੇ ਭੇਜੀਂ। ਜੇ ਸੌ ਰਾਸ਼ਨ ਕਾਰਡ ਹੋਰ ਆਪਣੀ ਡੀਪੋ ਨੂੰ ਲਗ ਪਿਆ ਤਾਂ ਸਭ ਖ਼ਰਚ ਪੂਰੇ ਹੋ ਜਾਣਗੇ। ਲਿਆ ਹੱਟੀ ਦੀਆਂ ਕੁੰਜੀਆਂ ਦੇ, ਕਿਥੇ ਨੀ?
ਦਿਓਕੀ : ਦੇਖਾਂਗੀ ਜਿਸ ਦਿਨ ਸੌ ਕਾਰਡ ਮਿਲੇਗਾ ਹੋਰ ਤੇਰੀ ਸਤਾਰਾਂ ਨੰਬਰ ਡੀਪੋ ਨੂੰ। (ਉਠ ਕੇ ਸਿਰਹਾਣੇ ਹੇਠੋਂ ਚਾਬੀਆਂ ਕੱਢ ਕੇ ਦੇਂਦੀ ਹੈ।) ਉਸ ਦਿਨ ਮੈਂ ਕੜੇ ਬਣਾਵਣੇ ਨੀ।
ਨਰਾਇਨ : (ਉਹਦਾ ਚਾਬੀਆਂ ਵਾਲਾ ਹੱਥ ਫੜ ਲੈਂਦਾ ਹੈ) ਜ਼ਰੂਰ ਸੌ ਛਡ ਕੇ ਜੇ ਪੰਜਾਹ ਹੀ ਰਾਸ਼ਨ ਕਾਰਡ ਮੇਰੀ ਡੀਪੋ ਨੰਬਰ ਸਤਾਰਾਂ ਨੂੰ ਹੋਰ ਲਗ ਗਏ ਤਾਂ ਤੈਨੂੰ ਕੜੇ ਬਣਵਾ ਦਿਆਂਗਾ। ਹਾਲੀਂ ਉਸ ਦਿਨ ਤੈਨੂੰ ਇਹ ਜਪਾਨੀ ਪੱਖਾ ਨਹੀਂ ਸੀ ਲੈ ਦਿੱਤਾ?
ਦਿਓਕੀ : ਲੈ ਬੜੀ ਮੱਲ ਮਾਰੀ ਸੂ! ਚੌਂ ਆਨਿਆਂ ਦਾ ਪੱਖਾ ਲੈ ਦਿੱਤਾ?
ਨਰਾਇਨ : ਜਿਸ ਦਿਨ ਦਫ਼ਤਰੋਂ ਹੁਕਮ ਨਿਕਲਿਆ ਉਸੇ ਦਿਨ ਹੀ ਮੈਂ ਤੈਨੂੰ ਸੁਨਿਆਰੇ ਦੀ ਹੱਟੀ ਲੈ ਜਾਣਾ ਏ, ਆਪਣੇ ਮਨ ਪਸੰਦ ਦੇ ਕੜੇ . ਚੁਣ ਲਈਂ ਦਿਓਕੀ : (ਹੱਥ ਛੁਡਾ ਕੇ) ਨਾ ਨਾ, ਹੁਕਮ ਨਿਕਲਣ ਤੇ ਮੈਂ ਨਹੀਓਂ ਕੜੇ ਬਣਵਾਣੇ। ਸਰਕਾਰ ਦਾ ਅਜ ਹੁਕਮ ਨਿਕਲਿਆ ਕੱਲ੍ਹ ਕਿਸੇ ਦੀ ਪਹੁੰਚ ਹੋ ਗਈ, ਤੇ ਹੁਕਮ ਮਨਸੂਖ਼ ਹੋ ਗਿਆ। ਮੈਂ ਤਾਂ ਕੜੇ ਬਣਵਾਵਾਂਗੀ, ਜਦ ਸੌ ਨਵਾਂ ਕਾਰਡ ਡੀਪੇ ਦੇ ਖਾਤੇ ਤੇ ਦਰਜ ਹੈ ਜਾਏਗਾ।
ਨਰਾਇਨ : ਤੂੰ ਫ਼ਿਕਰ ਨਾ ਕਰ, ਮੈਂ ਅੱਜ ਹੀ ਗੱਲ ਕਰਨਾ ਹਾਂ ਦਰੋਗੇ ਨਾਲ। (ਸਿਗਰਟ ਪੈਰ ਨਾਲ ਮਿਧ ਕੇ ਬੁਝਾਂਦਾ ਹੈ।)
ਦਿਓਕੀ : ਹੁਣ ਛੇਤੀ ਜਾ। (ਪੌੜੀਆਂ ਵਲ ਸੈਣਤ ਕਰਕੇ) ਲਾਲਾ ਜੀ ਚਾਹ ਲਈ। ਵਾਜ ਦੇਂਦੇ ਹੋਣਗੇ।
ਨਰਾਇਨ : (ਬਾਹਰ ਜਾਂਦਾ ਹੋਇਆ) ਮੇਰੇ ਪਜਾਮੇ ਵਿਚ ਨਾਲਾ ਪਾ ਦਈਂ।
(ਦਿਓਕੀ ਨਾਲਾ ਪਾ ਕੇ, ਭਾਂਡਾ ਟੀਂਡਾ ਠੀਕ ਕਰਦੀ ਹੈ। ਚੁੱਲ੍ਹੇ ਦੀ ਸਵਾਹ ਸੁੱਟਣ ਬਾਹਰ ਜਾਂਦੀ ਹੈ। ਉਸ ਦੇ ਪਿਛੋਂ ਕ੍ਰਿਸ਼ਨਾ, ਜਿਸ ਦੀ ਉਮਰ ਕੋਈ ਸੱਤ ਸਾਲ ਹੈ, ਬਿਸਤਰੇ ਵਿਚੋਂ ਉਠ ਕੇ ਬੈਠਦੀ ਹੈ।)
ਕ੍ਰਿਸ਼ਨਾ : (ਕਮਰਾ ਖ਼ਾਲੀ ਦੇਖ ਕੇ) ਮਾਂ।
ਦਿਓਕੀ : (ਬਾਹਰੋਂ) ਆਈ ਕ੍ਰਿਸ਼ਨਾ। (ਅੰਦਰ ਆ ਕੇ) ਸੌਂ ਜਾ ਹਾਲੀ ਤੇਰੇ ਜਾਗਣ ਦਾ ਵੇਲਾ ਨਹੀਂ ਹੋਇਆ।
ਕ੍ਰਿਸ਼ਨਾ : ਮਾਂ ਭੁੱਖ ਲੱਗੀ ਏ।
ਦਿਓਕੀ : ਤੇਰਾ ਬਾਊ ਦੁੱਧ ਲੈਣ ਗਿਆ ਏ, ਹੁਣੇ ਦੇਨੀ ਹਾਂ, ਚਾਹ ਬਣਾ ਕੇ।
ਕ੍ਰਿਸ਼ਨਾ : (ਅੜੀ ਕਰਕੇ) ਮਾਂ ਹਾਲੀਂ ਖੰਡ ਦੇ ਦੇ।
ਦਿਓਕੀ : ਨੀ ਤੂੰ ਖੰਡ ਨੂੰ ਉਜਾੜਾ ਪਾਇਆ ਹੋਇਆ ਏ, ਤੇ ਬਾਊ ਤੇਰਾ ਮੈਨੂੰ ਝਿੜਕਾਂ ਦੇਂਦਾ ਏ।
ਕ੍ਰਿਸ਼ਨਾ : ਉਂ।
ਦਿਓਕੀ : (ਇਕ ਸਿਗਰਟਾਂ ਦੇ ਡੱਬੇ ਵਿਚੋਂ ਖੰਡ ਦਾ ਫੱਕਾ ਕਢ ਕੇ ਉਹਨੂੰ ਦੇਂਦੀ ਹੈ) ਲੈ ਫੁੱਟ ਲੈ। ਹੁਣ ਘੰਟਾ ਭਰ ਨਾ ਉਠੀ, ਮੈਨੂੰ ਚੈਨ ਨਾਲ ਘਰ ਦਾ ਕੰਮ ਧੰਦਾ ਕਰ ਲੈਣ ਦੇ।
(ਕ੍ਰਿਸ਼ਨਾ ਖੰਡ ਚੱਬਦੀ ਚੱਬਦੀ ਸੌਂ ਜਾਂਦੀ ਹੈ! ਦਿਓਕੀ ਚੁੱਲ੍ਹੇ ਵਿਚ ਲੱਕੜਾਂ ਲਾਂਦੀ ਹੈ, ਉਬਾਸੀ ਲੈਂਦੀ ਹੈ, ਜਿਵੇਂ ਕੀ ਥੱਕੀ ਹੋਈ ਹੁੰਦੀ ਹੈ। ਉੱਠ ਕੇ ਗਿੱਲੇ ਪਰਨੇ ਨਾਲ ਆਪਣੀਆਂ ਅੱਖਾਂ ਪੂੰਝ ਰਹੀ ਹੁੰਦੀ ਹੈ ਕਿ ਨਰਾਇਨ ਇਕ ਹੱਥ ਵਿਚ ਕੁਰਤੇ ਦੀ ਕੰਨੀ ਨਾਲ ਕੇਤਲੀ ਤੇ ਦੂਜੇ ਵਿਚ ਗਲਾਸ ਫੜੀ ਅੰਦਰ ਆਉਂਦਾ ਹੈ।)
ਨਰਾਇਨ : (ਠੱਠੇ ਨਾਲ) ਇਹ ਮੂੰਹ ਸੁੱਕ ਮਾਂਜ ਹੋ ਰਿਹਾ ਏ। (ਮਲ੍ਹਾਰ ਨਾਲ ਪੌਡਰ ਸੁਰਖ਼ੀ ਲਈ ਜ਼ਮੀਨ ਬਣ ਰਹੀ ਏ। ਹਟ ਪਰੇ। (ਚੁਲ੍ਹੇ ਵਲ ਜਾਂਦੀ ਹੈ)
ਦਿਓਕੀ :
ਨਰਾਇਨ : (ਉਹਦੇ ਸਾਹਮਣੇ ਕੇਤਲੀ ਤੇ ਗਲਾਸ ਰਖ ਕੇ ਉਹਦਾ ਹੱਥ ਫੜ ਕੇ ਖਿਚਦਾ ਹੈ।) ਗੱਲ ਤਾਂ ਸੁਣ।
ਦਿਓਕੀ : (ਹੱਥ ਛਡਾਂਦਿਆਂ) ਕੋਈ ਵੇਲਾ ਕੁਵੇਲਾ ਵੀ ਦੇਖਿਆ ਕਰ। (ਨੀਵੀਂ ਆਵਾਜ਼ ਨਾਲ) ਕ੍ਰਿਸ਼ਨਾ ਜਾਗਦੀ ਏ। (ਚਾਹ ਬਣਾਂਦੀ ਹੈ।)
ਨਰਾਇਨ : ਹੱਛਾ, ਹੱਛਾ।
ਦਿਓਕੀ : ਆਪੇ ਕਹਿੰਦਾ ਸੈਂ ਕਿ ਦਰੋਗੇ ਨੇ ਡੀਪੋ ਦੇਖਣ ਆਉਣਾ ਏ, ਖਾਤੇ ਵਿਚ ਖ਼ਾਨਾ ਪੂਰੀ ਤਾਂ ਕਰ ਲੈ।
ਨਰਾਇਨ : ਹਾਂ, ਹਾਂ ਇਹ ਵੀ ਚੰਗੇ ਵੇਲੇ ਯਾਦ ਕਰਾਇਆ ਈ।
(ਨਰਾਇਨ ਟਰੰਕ ਤੋਂ ਇਕ ਖਾਤਾ ਤੇ ਕਲਮ ਦਵਾਤ ਚੁਕ ਕੇ, ਮੰਜੀ ਤੇ ਕੰਧ ਨਾਲ ਢੋਹ ਲਾ ਕੇ ਬੈਠ ਜਾਂਦਾ ਹੈ ਤੇ ਖਾਤੇ ਵਿਚ ਕੁਝ ਲਿਖਦਾ ਹੈ। ਦਿਓਕੀ ਦੋ ਪਿੱਤਲ ਦੇ ਗਲਾਸ ਚਾਹ ਨਾਲ ਭਰ, ਆਪਣੇ ਦੁਪੱਟੇ ਦੀ ਕੰਨੀ ਨਾਲ ਫੜ, ਇਕ ਨਰਾਇਨ ਨੂੰ ਦੇਂਦੀ ਹੈ ਤੇ ਦੂਜਾ ਉਪਰ ਲੈ ਜਾਂਦੀ ਹੈ। ਨਰਾਇਨ ਪੋਟਿਆਂ ਨਾਲ ਹਿਸਾਬ ਕਰਦਾ ਹੈ ਤੇ ਖਿਝਿਆ ਹੋਇਆ ਮਲੂਮ ਹੁੰਦਾ ਹੈ, ਜਿਵੇਂ ਕਿ ਹਿਸਾਬ ਠੀਕ ਨਹੀਂ ਹੁੰਦਾ।)
ਦਿਓਕੀ
: (ਛੇਤੀ ਨਾਲ ਵਾਪਸ ਆਉਂਦਿਆਂ) ਹਾਲੀ ਲਾਲਾ ਜੀ ਜਾਗੇ ਨਹੀਂ। ਮੈਂ ਇਕ ਦੋ ਵਾਜਾਂ ਵੀ ਦਿੱਤੀਆਂ ਨੇ। ਰੋਜ਼ ਤਾਂ ਤੜਕੇ ਉਠ ਕੇ ਜੰਗਲ ਪਾਣੀ ਵੀ ਕਰ ਆਉਂਦੇ ਨੇ ਐਸ ਵੇਲੇ ਤਕ। ਰਤਾ ਦੇਖਣਾ ਤਾਂ ਸਹੀ।
ਨਰਾਇਨ
: (ਖਿੱਝ ਕੇ) ਤੈਨੂੰ ਕਿੰਨੀ ਵਾਰੀ ਆਖਿਆ ਏ, ਵਿਚ ਨਾ ਬੋਲਿਆ ਕਰ। ਮਸਾਂ ਲੈਣ ਦੇਣ ਦਾ ਹਿਸਾਬ ਬਰਾਬਰ ਹੋਣ ਲਗਾ ਸੀ।
ਦਿਓਕੀ : ਤੇ ਉਪਰ ਤੇਰੇ ਪਿਓ ਦਾ ਹਿਸਾਬ ਬਰੋਬਰ ਪਿਆ ਹੁੰਦਾ ਈ। (ਨਰਾਇਨ ਖਾਤਾ ਸੁੱਟ ਤੇ ਕਲਮ ਕੰਨ ਵਿਚ ਅੜਾ ਕੇ ਉਪਰ ਜਾਂਦਾ ਹੈ। ਦਿਓਕੀ ਮੱਥੇ ਤੇ ਹੱਥ ਮਾਰ ਕੇ ਕਹਿੰਦੀ ਹੈ) ਥੋੜ੍ਹਾ ਪੜ੍ਹਿਆ
ਹੋਇਆ ਖੌਦ ਵੀ ਕੁਝ ਨਾ।
(ਚੁਲ੍ਹੇ ਪਾਸ ਬੈਠ ਕੇ ਚਾਹ ਬਣਾਂਦੀ ਹੈ ਤੇ ਹੋਰ ਕੰਮ ਕਰਦੀ ਹੈ। ਥੋੜ੍ਹੇ ਚਿਰ ਪਿਛੋਂ ਨਰਾਇਨ ਬੜਾ ਘਬਰਾਇਆ ਹੋਇਆ ਅੰਦਰ ਆਉਂਦਾ ਹੈ।)
ਨਰਾਇਨ : ਲਾਲੇ ਹੋਰਾਂ ਦੀ ਤਾਂ ਨਬਜ਼ ਹੀ ਕੋਈ ਨਹੀਂ।
ਦਿਓਕੀ : ਸੱਚੀਂ ?
ਨਰਾਇਨ : ਆ ਕੇ ਵੇਖਣਾ ਰਤਾ।
(ਨਰਾਇਨ ਤੇ ਉਹਦੇ ਪਿਛੇ ਦਿਓਕੀ ਉਪਰ ਜਾਂਦੇ ਨੇ। ਕੁਝ ਚਿਰ ਪਿਛੋਂ ਕ੍ਰਿਸ਼ਨਾ ਬਿਸਤਰੇ ਵਿਚੋਂ ਉਠਦੀ ਹੈ। ਕਮਰੇ ਵਿਚ ਆਪਣੇ ਮਾਂ ਪਿਉ ਨੂੰ ਨਾ ਦੇਖ ਕੇ, ਮਲਕੜੇ ਬਾਹਰ ਨਿਕਲਦੀ ਹੈ ਤੇ ਖੰਡ ਵਿਚੋਂ ਫੱਕਾ ਮਾਰ ਕੇ, ਫਿਰ ਬਿਸਤਰੇ ਵਿਚ ਸੌਂ ਜਾਂਦੀ ਹੈ। ਥੋੜ੍ਹੇ ਚਿਰ ਬਾਅਦ ਦਿਓਕੀ ਵਾਪਸ ਆਉਂਦੀ ਹੈ ਤੇ ਚਾਹ ਦੇ ਤੇ ਹੋਰ ਭਾਂਡੇ ਢੱਕ ਕੇ ਇਕੱਠੇ ਕਰਕੇ ਰਖ ਦੇਂਦੀ ਹੈ। ਚੁੱਲ੍ਹੇ ਅੱਗੇ ਤਵਾ ਦੇ ਦੇਂਦੀ ਹੈ। ਨਰਾਇਨ ਅੰਦਰ ਆਉਂਦਾ ਹੈ ਤੇ ਉਹਦੇ ਕੋਲ ਭੁੰਜੇ ਬਹਿ ਜਾਂਦਾ ਹੈ ਤੇ ਭੁੱਬਾਂ ਮਾਰ ਕੇ ਰੋਣ ਲਗ ਪੈਂਦਾ ਹੈ। ਦਿਓਕੀ ਉਹਦੀ ਪਿੱਠ ਕੇ ਹੱਥ ਰਖਦੀ ਤੇ ਦਿਲਾਸਾ ਦੇਂਦੀ ਹੈ। ਆਪਣੇ ਅੱਥਰੂ ਪੂੰਝਦੀ ਹੈ।)
ਨਰਾਇਨ : (ਉਚੀ ਰੋਂਦਿਆਂ) ਹਾਇ ਓ ਲਾਲਾ ਛੱਡ ਗਿਓਂ ਸਾਨੂੰ। (ਕ੍ਰਿਸ਼ਨਾ ਬਿਸਤਰੇ ਵਿਚ ਉਠ ਕੇ ਬੈਠਦੀ ਤੇ ਆਪਣੇ ਪਿਓ ਵਲ ਦੇਖਦੀ ਹੈ।)
ਕ੍ਰਿਸ਼ਨਾ : ਮਾਂ ਮਾਂ, ਭੁੱਖ ਲਗੀ ਏ। (ਉਠ ਕੇ ਆਪਣੇ ਪਿਓ ਪਾਸ ਆਉਂਦੀ ਹੈ। ਨਰਾਇਨ ਉਹਦੇ ਨਾਲ ਘੁੱਟ ਕੇ ਜੱਫੀ ਪਾਂਦਾ ਹੈ। ਫੇਰ ਆਪਣੀ ਮਾਂ ਕੋਲ ਜਾਂਦੀ ਹੈ। ਦਿਓਕੀ ਉਹਨੂੰ ਚਾਹ ਦਾ ਬੁਣਿਆ ਪਿਆ ਗਲਾਸ ਦੇਂਦੀ ਹੈ। ਕ੍ਰਿਸ਼ਨਾ ਚਾਹ ਪੀਂਦੀ ਹੈ, ਤੇ ਘੁੱਟ ਘੁੱਟ ਬਾਅਦ ਕਦੀ ਆਪਣੀ ਮਾਂ ਵਲ ਤੇ ਕਦੀ ਆਪਣੇ ਪਿਓ ਵਲ ਦੇਖਦੀ ਹੈ। ਫਿਰ ਮਾਂ ਨੂੰ ਪੁੱਛਦੀ ਹੈ।) ਮਾਂ ਬਾਊ ਜੀ ਰੋਂਦੇ ਕਿਉਂ ਨੇ?
ਨਰਾਇਨ : ਕ੍ਰਿਸ਼ਨਾ! ਲਾਲਾ ਜੀ ਟੁਰ ਗਏ।
ਕ੍ਰਿਸ਼ਨਾ : (ਮਾਂ ਨੂੰ) ਲਾਲਾ ਜੀ ਟੁਰ ਗਏ? ਮੈਂ ਵੀ ਲਾਲਾ ਜੀ ਦੇ ਨਾਲ ਜਾਣਾ टे।
(ਦੌੜ ਕੇ ਜਾਣ ਲਗਦੀ ਹੈ ਦਿਓਕੀ ਉਹਨੂੰ ਫੜਦੀ ਹੈ।)
ਨਰਾਇਨ : ਦੇਖ ਲੈਣ ਦੇ ਸੂ।
ਦਿਓਕੀ : ਕੱਲੀ ਨੂੰ ਕਿਸ ਤਰ੍ਹਾਂ ਜਾਣ ਦਿਆਂ? (ਸਮਝਾਂਦਿਆਂ) ਕ੍ਰਿਸ਼ਨਾ, ਲਾਲਾ ਜੀ ਮਰ ਗਏ ਨੇ।
ਕ੍ਰਿਸ਼ਨਾ : ਮਰ ਗਏ ਨੇ? ਪਰ ਬਾਊ ਜੀ ਰੋਂਦੇ ਕਿਉਂ ਨੇ? ਲਾਲਾ ਜੀ ਤਾਂ ਆਪ ਹੀ ਕਹਿੰਦੇ ਸਨ ਕਿ ਮੈਂ ਹੁਣ ਅੱਸੀ ਵਰ੍ਹਿਆਂ ਦਾ ਹੋ ਗਿਆ ਹਾਂ ਤੇ ਇਕ ਦਿਨ ਮਰ ਜਾਣਾ ਏ ਮੈਂ। (ਬਿਸਰਾਮ) ਅੱਸੀ ਵਰ੍ਹਿਆਂ ਦੇ ਹੋ ਕੇ ਬਾਊ ਜੀ ਵੀ ਮਰ ਜਾਣਗੇ?
ਦਿਓਕੀ : (ਉਠਦੀ ਹੈ ਤੇ ਕ੍ਰਿਸ਼ਨਾ ਨੂੰ ਖੱਬੇ ਬੂਹੇ ਤਕ ਲੈ ਜਾਂਦੀ ਹੈ) ਤੂੰ ਜਾ ਬਾਹਰ ਖੇਡ।
ਕ੍ਰਿਸ਼ਨਾ : ਮਾਂ ਹੁਣ ਟਿੱਕੀਆਂ ਗੋਲੀਆਂ ਮੈਨੂੰ ਤੂੰ ਲੈ ਦਏਂਗੀ ਨਾ? ਦਿਓਕੀ : ਹਾਂ ਹਾਂ, (ਉਹਨੂੰ ਬਾਹਰ ਧੱਕ ਦੇਂਦੀ ਹੈ। ਨਰਾਇਨ ਨੂੰ) ਉਠ ਹੁਣ ਰਿਸ਼ਤੇਦਾਰਾਂ ਨੂੰ ਖ਼ਬਰ ਦੇ।
ਨਰਾਇਨ : ਆਪੇ ਰਾਜ ਆਏਗਾ ਤੇ ਦਏਗਾ। ਮੈਂ ਤੇ ਲਾਲੇ ਹੁਰਾਂ ਦੇ ਪਾਸ ਬਹਿੰਦਾ ਹਾਂ।
ਦਿਓਕੀ : ਰਾਜ ਦਾ ਕੁਝ ਭਰੋਸਾ ਏ? ਅੱਠ ਅੱਠ ਦਿਨ ਘਰ ਨਹੀਂ ਵੜਦਾ (ਬਿਸਰਾਮ) ਮਰਨੇ ਦੇ ਖ਼ਰਚ ਦਾ ਵੀ ਕੁਝ ਸੋਚਿਆ ਹੀ? ਘਰ ਤਾਂ ਟੁੱਟੀ ਕੌਡੀ ਵੀ ਹੈ ਨਹੀਂ।
ਨਰਾਇਨ : ਸਾਕ ਸੰਗ ਵੀ ਤਾਂ ਪਾਏਗਾ ਕੁਝ।
ਦਿਓਕੀ :
ਸਾਕ ਸੰਗ ਪਾਏਗਾ ਕਿਰਿਆ ਵਾਲੇ ਦਿਨ ਕਿ ਨੜੋਏ ਨਾਲ ਟੁਰਨ ਲਗਿਆਂ? (ਹੌਲੀ) ਵੱਡਾ ਤਾਂ ਤੂੰ ਏਂ ਨਾ, ਬਰਾਦਰੀ ਤੇ ਤੇਰੇ ਮੂੰਹ ਵਲ ਦੇਖਣਾ ਏ। ਰਾਜ ਨਿਖੱਟੂ ਨੂੰ ਕਿੰਨ੍ਹੇ ਪੁੱਛਣਾ ਏ? ਸਭ ਜਗ ਜਾਣਦੈ ਕਿ ਐਬੀ ਜਵਾਰੀਆਂ ਏ। ਕਮਾਊ ਤਾਂ ਤੂੰ ਹੀ ਹੈਂ ਨਾ। ਹੁਣ ਸੁਖ ਨਾਲ ਉਮਰ ਹੰਢਾ ਕੇ ਮੋਏ ਨੇ, ਲਾਲੇ ਨੂੰ ਰੇਸ਼ਮੀ ਖੱਫ਼ਨ ਨਾ ਪਾਇਆ ਤਾਂ ਨੱਕ ਵੱਢਿਆ ਜਾਏਗਾ। ਰਾਜ ਤਾਂ ਆ ਬਹੁੜੇਗਾ ਅਖ਼ੀਰ ਵੇਲੇ ਮਿਲਖ ਵੰਡਾਣ। ਕਹੇਗਾ, ਮੈਨੂੰ ਲਾਲੇ ਦੀ ਪੱਗ ਵੀ ਅੱਧੀ ਪਾੜ ਦੇ।
ਨਰਾਇਨ : ਤੇਰੀ ਕੀ ਸਲਾਹ ਏ?
ਦਿਓਕੀ : ਮੇਰੀ ਗੱਲ ਸੁਣੇਂ ਤਾਂ ਲਾਲੇ ਦੀ ਸੰਦੂਕੜੀ ਖੋਹਲ ਕੇ ਵੇਖ, ਵਿਚ ਕੀ ਕੁਝ ਏ, ਤੇ ਉਹਦੇ ਵਿਚੋਂ ਜਿੰਨਾ ਕੁ ਮਰਨੇ ਤੇ ਖ਼ਰਚ ਹੋਣਾ, ਰਾਜ ਦੇ ਆਉਣ ਤੋਂ ਪਹਿਲਾਂ ਪਹਿਲਾਂ ਕੱਢ ਲੈ।
ਨਰਾਇਨ : ਕਿੰਨਾ ਕੁ ਖ਼ਰਚ ਹੋ ਜਾਏਗਾ?
ਦਿਓਕੀ : ਸੌ ਰੁਪਏ ਤੋਂ ਘੱਟ ਕੀ ਹੋਇਗਾ? ਜਦੋਂ ਮੇਰਾ ਲਾਲਾ ਮੋਇਆ ਸੀ ਤਾਂ ਦੋ ਸੌ ਰੁਪਏ ਨੂੰ ਹੱਥ ਲਗ ਗਿਆ ਸੀ।
ਨਰਾਇਨ :
ਚੰਗਾ ਸੰਦੂਕੜੀ ਫੜ ਲਿਆ।
(ਦਿਉਕੀ ਉਪਰ ਜਾਂਦੀ ਹੈ। ਨਰਾਇਨ ਉਠਦਾ ਹੈ ਤੇ ਨਵੀਂ ਕਮੀਜ਼ ਲਾਹ ਕੇ ਫੇਰ ਪੁਰਾਣੀ ਕਮੀਜ਼ ਟੰਗਣੇ ਤੋਂ ਚੁੱਕ ਕੇ ਪਾ ਲੈਂਦਾ ਹੈ। ਦਿਓਕੀ ਇਕ ਸੰਦੂਕੜੀ ਚੁਕੀ ਹੇਠਾਂ ਆਉਂਦੀ ਹੈ।)
ਦਿਓਕੀ :
(ਸੰਦੂਕੜੀ ਜ਼ਮੀਨ ਤੇ ਰਖ ਕੇ) ਐਹ ਲੈ ਚਾਬੀ।
ਨਰਾਇਨ :
ਇਹ ਕਿਥੋਂ ਲਈ?
ਦਿਓਕੀ :
ਲਾਲੇ ਦੇ ਸਿਰਹਾਣੇ ਹੇਠੋਂ।
(ਨਰਾਇਨ ਚਾਬੀ ਫੜਨੋਂ ਝਿਜਕਦਾ ਹੈ, ਪਰ ਫੜ ਲੈਂਦਾ ਹੈ।) ਦਿਓਕੀ : ਮੈਂ ਕੁੰਡਾ ਲਾ ਆਵਾਂ।
(ਖੱਬੇ ਪਾਸੇ ਕੁੰਡਾ ਲਾਣ ਜਾਂਦੀ ਹੈ। ਦੋਨੋਂ ਬੈਠ ਕੇ ਸੰਦੂਕੜੀ ਖੋਹਲਦੇ ਤੇ ਕਈ ਚੀਜ਼ਾਂ ਬਾਹਰ ਕੱਢਦੇ ਨੇ)
ਨਰਾਇਨ : ਇਹ ਦੇਖਾਂ ਬਟੂਵਾ। (ਖੋਲ੍ਹਦਾ ਤੇ ਨੋਟ ਗਿਣਦਾ ਹੈ) ਇਕ ਦੋ, ਤਿੰਨ, ਚਾਰ, ਪੰਜ, ਛੇ ਤੇ ਸੱਤ, ਸੱਤਰ ਰੁਪਏ ਹੋਏ।
ਦਿਓਕੀ : ਦੂਜਾ ਖ਼ਾਨਾ ਵੀ ਦੇਖ।
ਨਰਾਇਨ : ਇਹਦੇ ਵਿਚ ਛੇ ਰੁਪਏ (ਕੁਝ ਨੋਟ ਤੇ ਸਿੱਕਾ ਕਢਦਿਆਂ) ਤੇ ਯਾਰਾਂ ਆਨੇ ਨੇ।
ਦਿਓਕੀ : ਛਿਅਤਰ ਰੁਪਏ ਯਾਰਾਂ ਆਨੇ। ਇੰਨੇ ਨਾਲ ਤਾਂ ਪੂਰੀ ਨਹੀਂ ਪੈਣ ਲਗੀ। ਹੋਰ ਕੀ ਏ? (ਇਕ ਪੁੜੀ ਖੋਲ੍ਹ ਕੇ) ਇਹ ਨੱਥ ਕੋਈ ਅੱਧੇ ਤੋਲੇ ਦੀ ਹੋਣੀ ਏ।
ਨਰਾਇਨ : (ਨੱਥ ਲੈ ਕੇ ਅਫ਼ਸੋਸ ਨਾਲ) ਇਹ ਲਾਲਾ ਜੀ ਨੇ ਮਾਂ ਦੀ ਯਾਦਗਾਰ ਰਖੀ ਹੋਈ ਸੀ। (ਇਕ ਕਿਤਾਬ ਚੁੱਕ ਕੇ) ਇਹ ਲਾਲਾ ਜੀ ਦੀ ਗੀਤਾ ਹੈ। (ਕੁਝ ਵਰਕੇ ਪਲਟਦਾ ਹੈ।
ਦਿਓਕੀ : ਇਹ ਨਿੱਕੀ ਜਿਹੀ ਕਾਪੀ ਵਿਚ ਪਿਨਸਲ ਏ। ਜੇ ਕ੍ਰਿਸ਼ਨਾ ਦੇ ਹੱਥ ਆ ਜਾਏ ਤਾਂ ਛੱਡੇ ਨਾ। (ਮੰਜੇ ਤੇ ਰਖ ਦੇਂਦੀ ਹੈ।) ਇਹ ਕੀ ਏ? (ਇਕ ਪੁੜੀ ਕੇ) ਹੌਲਦਰੀ ?
ਨਰਾਇਨ : ਇਹ ਮੇਰੀ ਦਾਦੀ ਦੀ ਹੁੰਦੀ ਸੀ।
ਦਿਓਕੀ : (ਦੇਖਦਿਆਂ) ਨਾਲ ਸੋਨੇ ਦਾ ਪੱਤਾ ਲਗਾ ਹੋਇਆ ਏ। ਜ਼ੰਜੀਰ ਵੀ ਸੋਨੇ ਦੀ ਹੀ ਲਗਦੀ ਏ। ਕੋਈ ਤੋਲਾ ਭਰ ਸੋਨਾ ਹੋਣਾ ਏ। ਇਹ ਰਾਜ ਦੀ ਵਹੁਟੀ ਲਈ ਰਖੀ ਸੀ ਭਾਬੋ ਜੀ ਨੇ। ਪਰ ਨਾ ਰਾਜ ਨੇ ਕੱਖ ਭੰਨ ਕੇ ਦੋਹਰਾ ਕਰਨਾ ਏ, ਨਾ ਇਹ ਹੌਲਦਰੀ ਉਹਦੇ ਹਿੱਸੇ ਆਉਣੀ ਏ। ਐਹ ਲੈ ਰੁਪਏ ਮਰਨੇ ਤੇ ਖ਼ਰਚ ਜੋਗੇ ਰਖ ਲੈ।
ਨਰਾਇਨ : (ਰੁਪਏ ਖੀਸੇ ਵਿਚ ਪਾਂਦਿਆਂ) ਤੇ ਬਾਕੀ ਦਾ ਕੀ ਕਰੀਏ? ਨੱਥ ਰਖ ਕੇ ਬਾਣੀਏ ਕੋਲੋਂ ਪੰਜਾਹ ਰੁਪਏ ਫੜ ਲਵਾਂ?
ਦਿਓਕੀ : ਬਾਣੀਏ ਕੋਲ ਕਾਹਨੂੰ ਰਖਣੀ ਏਂ? ਮੇਰੇ ਕੋਲ ਭੈਣ ਦਾ ਸੌ ਰੁਪਇਆ ਪਿਆ ਹੋਇਆ ਏ। ਉਥੋਂ ਪੰਜਾਹ ਕੱਢ ਲੈਨੀ ਹਾਂ ਤੇ ਨੱਥ ਰਖ ਦੇਨੀ ਹਾਂ। ਪਿਛੋਂ ਨੱਥ ਭਨਵਾ ਕੇ ਭੈਣ ਦਾ ਪੂਰਾ ਕਰ ਦਿਆਂਗੇ।
(ਉਠ ਕੇ ਇਕ ਟਰੰਕ ਮੰਜੀ ਹੇਠੋਂ ਖਿਚਦੀ ਹੈ, ਖੋਲ੍ਹ ਕੇ ਨੱਥ ਰਖਦੀ ਹੈ ਤੇ ਰੁਪਏ ਕਢਦੀ ਹੈ। ਨਰਾਇਨ ਸੰਦੂਕੜੀ ਫੋਲਦਾ ਹੈ।)
ਨਰਾਇਨ : ਇਸ ਡੱਬੇ ਵਿਚ ਕੀ ਏ? (ਡੱਬੇ ਵਿਚੋਂ ਇਕ ਤਾਸ਼ ਕੱਢ ਕੇ ਪੱਤਿਆਂ ਨੂੰ ਕਿਨਾਰੇ ਤੋਂ ਫੈਂਟਦਾ ਹੈ) ਇਹ ਤਾਸ਼ ਬਾਗ਼ ਵਿਚ ਬਹਿ ਕੇ ਲਾਲਾ ਹੋਰੀਂ ਆਪਣੇ ਮਿੱਤਰਾਂ ਨਾਲ ਖੇਡਦੇ ਸਨ। (ਮੁਸਕਰਾਂਦਾ ਹੈ) ਡੱਬੇ ਤੇ ਲਿਖਿਆ ਹੋਇਆ ਏ, ਲਾਲਾ ਕਿਰਪਾ ਰਾਮ। ਐਹ ਕਾਗ਼ਜ਼ ਕਿੰਨੇ ਜਮ੍ਹਾਂ ਕੀਤੇ ਹੋਏ ਸਨ ਲਾਲਾ ਜੀ ਨੇ (ਕਾਗ਼ਜ਼ਾਂ ਦੀ ਥੱਬੀ ਤੋਂ ਧਾਗਾ ਖੋਲ੍ਹਦਾ ਹੈ) ਇਹ ਲਾਲਾ ਜੀ ਦੀ ਜਨਮ ਪੱਤਰੀ ਏ (ਖੋਲ੍ਹ ਕੇ ਦੇਖਦਾ ਹੈ ਤੇ ਤਹਿ ਕਰ ਦੇਂਦਾ ਹੈ) ਇਹ ਚਾਚੇ ਦੀਆਂ ਚਿੱਠੀਆਂ ਨੇ। ਇਹ ਜਿਹੜਾ ਕਸੂਰ ਵਿਚ ਸਾਡਾ ਘਰ ਹੁੰਦਾ ਸੀ, ਉਹਦੀ ਹੇਠਲੀ ਛੱਤ ਦਾ ਕਰਾਏਨਾਮਾ। ਐਹ ਕੀ ਏ? ਇਹ ਲਾਲੇ ਹੋਰਾਂ ਦੀ ਐਂਗਲੋ ਵਰਨੈਕੁਲਰ ਇਮਤਿਹਾਨ ਪਾਸ ਕਰਨ ਦੀ ਸਨਦ ਏ ਤੇ ਐਹ ਰਾਸ਼ਨ ਕਾਰਡ! (ਧਿਆਨ ਨਾਲ ਦੇਖਦਾ ਹੈ) ਐਹ ਮੇਰੇ ਹੱਥ ਦੀ ਸਹੀ ਪਈ ਹੋਈ ਏ ਪਿਛਲੇ ਮਹੀਨੇ ਦੀ। ਬਸ ਹੋਰ ਨਹੀਂ ਸਹੀ ਪੈਣੀ ਇਹਦੇ ਤੇ।
ਦਿਓਕੀ :
ਰਾਤੀਂ ਹੀ ਲਾਲਾ ਜੀ ਕਹਿੰਦੇ ਸਨ ਤੇਰਾ ਨਾਂ ਲੈ ਕੇ ਹੀ ਸਵੇਰੇ ਮੇਰੇ ਕੋਲੋਂ ਰਾਸ਼ਨ ਕਾਡ ਮੰਗ ਲਈਂ।
ਨਰਾਇਨ :
ਅੱਜ ਉਨ੍ਹਾਂ ਦੇ ਰਾਸ਼ਨ ਕਟਾਣ ਦਾ ਦਿਨ ਸੀ।
ਦਿਓਕੀ :
ਦੋਂ ਘੰਟਿਆਂ ਦਾ ਫ਼ਰਕ ਪਿਆ ਹੈ ਸੱਭੋ, ਨਹੀਂ ਤਾਂ ਤੂੰ ਹੱਟੀ ਜਾਣ ਲਗਿਆ ਕਾਡ ਲੈ ਜਾਣਾ ਸੀ, ਤੇ ਮੁੰਡੇ ਦੇ ਹੱਥ ਉਨ੍ਹਾਂ ਦਾ ਰਾਸ਼ਨ ਆ ਹੀ ਜਾਣਾ ਸੀ।
ਨਰਾਇਨ :
ਗੱਲ ਤਾਂ ਇੰਜ ਹੀ ਹੋਣੀ ਸੀ, ਪਰ ਪਰਮੇਸ਼ਰ ਨੂੰ ਮਨਜ਼ੂਰ ਨਹੀਂ मी।
ਦਿਓਕੀ :
ਡਰ ਤਾਂ ਕੋਈ ਨਹੀਂ। ਤੂੰ ਜਾਹ ਤੇ ਮੈਂ ਸੰਦੂਕੜੀ ਸਾਂਭ ਕੇ ਰਖ ਆਉਣੀ ਹਾਂ। ਛੇਤੀ ਰਖ ਨਹੀਂ ਤੇ ਰਾਜ ਆ ਜਾਏਗਾ।
ਨਰਾਇਨ :
ਕੁੰਡਾ ਲਾ ਲੈ।
(ਨਰਾਇਨ ਰਾਸ਼ਨ ਕਾਰਡ, ਪਰਨਾ ਤੇ ਇਕ ਕਿੱਲ ਨਾਲ ਲਟਕਦਾ ਥੈਲਾ ਲੈ ਕੇ ਜਾਂਦਾ ਹੈ। ਦਿਓਕੀ ਕੁੰਡਾ ਲਾ ਕੇ ਚੀਜ਼ਾਂ ਸਾਂਭਣ ਲਗਦੀ ਹੈ ਕਿ ਬੱਚਾ ਰੋਣ ਲੱਗ ਪੈਂਦਾ ਹੈ। ਝਟ ਉਠ ਕੇ ਉਹਨੂੰ ਥਪੋਕੜਦੀ ਹੈ, ਪਰ ਬੱਚਾ ਹੋਰ ਵੀ ਬਹੁਤਾ ਰੋਣ ਲੱਗ ਪੈਂਦਾ ਹੈ। ਬੱਚੇ ਨੂੰ ਚੁੱਕ ਕੇ ਛਾਤੀ ਨਾਲ ਲਾਂਦੀ ਹੈ ਤੇ ਦੁਧ ਦੇਂਦੀ ਹੈ। ਬੱਚਾ ਪਲ ਦੀ ਪਲ ਚੁੱਪ ਕਰਕੇ ਫੇਰ ਕੁਰਲਾਣ ਲਗ ਪੈਂਦਾ ਹੈ। ਰੋਂਦੇ ਬੱਚੇ ਨੂੰ ਮੋਢੇ ਨਾਲ ਲਾ ਕੇ, ਸੰਦੂਕੜੀ ਦੀਆਂ ਚੀਜ਼ਾਂ ਇਕੱਠੀਆਂ ਕਰਨ ਲਗਦੀ ਹੈ ਤੇ ਬੂਹਾ ਖੜਕਦਾ ਹੈ। ਚੀਜ਼ਾਂ ਹੋਰ ਛੇਤੀ ਛੇਤੀ ਇਕੱਠੀਆਂ ਕਰਦੀ ਹੈ। ਬੂਹਾ ਜ਼ੋਰ ਨਾਲ ਖੜਕਦਾ ਹੈ। ਚੀਜ਼ਾਂ ਸੰਦੂਕੜੀ ਵਿਚ ਸੁੱਟ ਕੇ ਮੰਜੀ ਹੇਠਾਂ ਰਖ ਦੇਂਦੀ ਹੈ ਤੇ ਬੂਹਾ ਖੋਲ੍ਹਦੀ ਹੈ। ਇਕ 24-25 ਸਾਲ ਦਾ ਜਵਾਨ ਆਦਮੀ ਬੂਹਾ ਪਾੜ ਕੇ ਅੰਦਰ ਆਉਂਦਾ ਹੈ। ਇਹਦੇ ਮੂੰਹ ਤੇ ਪੰਜ ਛੇ ਦਿਨ ਦੀ ਦਾੜ੍ਹੀ ਹੈ। ਵਾਲ ਖਿਲਰੇ ਹੋਏ ਨੇ, ਗਲ ਪਾਟੀ ਹੋਈ ਕਮੀਜ਼ ਜੋ ਇਕ ਗੰਦੀ ਨਿੱਕਰ ਤੋਂ ਅੱਧੀ ਬਾਹਰ ਨਿਕਲੀ ਹੋਈ ਹੈ। ਪੈਰੋਂ ਨੰਗਾ)
ਦਿਓਕੀ : (ਬੱਚੇ ਨੂੰ ਜੇ ਹੁਣ ਚੁੱਪ ਕਰ ਗਿਆ ਹੈ, ਮੰਜੀ ਤੇ ਪਾ ਕੇ) ਬੜੇ ਵੇਲੇ ਸਿਰ ਬਹੁੜਿਆਂ ਏ ਰਾਜ।
ਰਾਜ : ਭਾਬੀ ਪੰਜ ਰੁਪਏ ਦੇ।
ਦਿਓਕੀ : ਰਾਜ ਲਾਲਾ ਹੋਰੀਂ ਗੁਜ਼ਰ ਗਏ ਨੇ।
ਰਾਜ : (ਬਿਨਾਂ ਕਿਸੇ ਭਾਵ ਦੇ) ਕਦੋਂ? (ਖ਼ੁਸ਼ੀ ਨਾਲ) ਸੱਚੀਂ? ਤਾਂ ਤੂੰ ਮੈਨੂੰ ਪੰਜ ਰੁਪਏ ਨਾ ਦੇ। ਮੈਂ ਲਾਲੇ ਦੀ ਸੰਦੂਕੜੀ ‘ਚੋਂ ਲੈ ਲਵਾਂਗਾ।
(ਉਪਰ ਜਾਣ ਲਗਦਾ ਹੈ)
7 ਦਿਓਕੀ : (ਉਹਦਾ ਰਾਹ ਮੱਲ ਕੇ) ਇਹ ਬੁਰਾਈ ਨਾ ਕਰ ਰਾਜ! ਹਾਲੀ ਤਾਂ ਲਾਲੇ ਦਾ ਪਿੰਡਾ ਵੀ ਠੰਡਾ ਨਹੀਂ ਹੋਇਆ। ਮੁਰਦੇ ਦਾ ਧਨ ਨਹੀਂ ਲੁਟੀਦਾ।
ਰਾਜ : ਪਰ ਮੈਨੂੰ ਰੁਪਏ ਚਾਹੀਦੇ ਨੇ। ਪਿਉ ਮੇਰਾ ਮੋਇਆ ਏ ਤੂੰ ਕਿਉਂ ਗ਼ਮ ਲਾਂਦੀ ਏਂ? ਹਟ ਜਾ ਅੱਗੋਂ।
ਦਿਓਕੀ : ਰਾਜ ਤੇਰੇ ਪੈਰੀਂ ਪੈਨੀ ਹਾਂ, (ਪੈਂਦੀ ਹੈ) ਇਹ ਪਾਪ ਨਾ ਕਰ। ਐਹ ਲੈ ਪੰਜ ਰੁਪਏ ਮੈਥੋਂ ਲੈ ਲੈ।
ਰਾਜ : (ਚਿਤਾਂਤੁਰ) ਹੱਛਾ।
(ਰਾਜ ਦਿਓਕੀ ਦੇ ਹੱਥੋਂ ਨੋਟ ਫੜਦਾ ਹੈ ਤੇ ਨਰਾਇਨ ਮੋਢੇ ਤੇ ਗੰਢ ਪਾਈ ਤੇ ਹੱਥ ਵਿਚ ਥੈਲਾ ਫੜੀ ਅੰਦਰ ਆਉਂਦਾ ਹੈ।)
ਨਰਾਇਨ : ਰਾਜ!
ਰਾਜ : ਭਰਾ। (ਰਾਜ ਦੌੜ ਕੇ ਨਰਾਇਨ ਦੇ ਗਲ ਲਗਦਾ ਹੈ। ਨਰਾਇਨ ਦੇ ਹੱਥੋਂ ਥੈਲਾ ਡਿੱਗ ਪੈਂਦਾ ਹੈ ਤੇ ਚੀਨੀ ਭੁੰਜੇ ਖਿਲਰ ਜਾਂਦੀ ਹੈ। ਰਾਜ ਮੁੱਠ ਚੀਨੀ ਦੀ ਭਰ ਕੇ ਡੋਲ੍ਹਦਾ ਹੈ) ਭਰਾ ਇਹ ਕੀ? (ਨਰਾਇਨ ਦੇ ਹੱਥੋਂ ਰਾਸ਼ਨ ਕਾਰਡ ਤੇ ਚਾਬੀਆਂ ਫੜ ਕੇ ਦੋਹਾਂ ਚੀਜ਼ਾਂ ਨੂੰ ਵਾਰੀ ਵਾਰੀ ਦੇਖਦਾ ਹੈ। ਫੇਰ ਰਾਸ਼ਨ ਕਾਰਡ ਨੂੰ ਪੜ੍ਹਦਾ ਹੈ) ਲਾਲਾ ਕਿਰਪਾ ਰਾਮ, ਉਮਰ ਅਠੱਤਰ ਸਾਲ। (ਕਾਰਡ ਪਰਤਾ ਕੇ ਪੜ੍ਹਦਾ ਹੈ) ਲਾਲੇ ਦਾ ਰਾਸ਼ਨ! ਇਹ ਵੀ ਭਰਾ ਤੂੰ ਚੰਗਾ ਕੀਤਾ। (ਉਹਦੇ ਕੋਲੋਂ ਗੰਢ ਲੈਂਦਾ ਹੈ ਤੇ ਉਹਨੂੰ ਟੋਂਹਦਾ ਹੈ) ਇਹ ਕੀ, ਆਟਾ! ਹੱਸਦਾ ਹੈ, ਥੈਲੇ ਤੇ ਉਹਨੂੰ ਟੋਂਹਦਾ ਹੈ) ਇਹ ਕੀ, ਆਟਾ! ਹੱਸਦਾ ਹੈ, ਥੈਲੇ ਤੇ ਗੰਢ ਨੂੰ ਇਕ ਪਾਸੇ ਰੱਖ ਦੇਂਦਾ ਹੈ। ਬਾਲ ਤੋਂ ਚਾਦਰ ਖਿੱਚ, ਕੱਛ ਹੇਠਾਂ ਮਾਰ ਕੇ ਦਿਓਕੀ ਤੇ ਨਰਾਇਨ ਦੇ ਦੇਖਦਿਆਂ ਦੇਖਦਿਆਂ ਝਟਪਟ ਬਾਹਰ ਨਿਕਲ ਜਾਂਦਾ ਹੈ।)
ਦਿਓਕੀ
: (ਮੰਜੀ ਹੇਠੋਂ ਸੰਦੂਕੜੀ ਕੱਢ ਕੇ) ਪਹਿਲਾਂ ਇਹਨੂੰ ਤਾਂ ਸਾਂਭ।
ਨਰਾਇਨ : ਤੂੰ ਇਹ ਸਾਂਭੀ ਨਹੀਂ?
ਦਿਓਕੀ : ਸਾਂਭਣੀ ਕਿਥੋਂ ਸੀ? ਤੂੰ ਗਿਆ ਹੀ ਏਂ ਤਾਂ ਬਿੱਲੂ ਰੋਣ ਲਗ ਪਿਆ ਤੇ ਉਧਰੋਂ ਰਾਜ ਨੇ ਬੂਹਾ ਭੰਨਣਾ ਸ਼ੁਰੂ ਕਰ ਦਿੱਤਾ। ਮਸਾਂ ਮਸਾਂ ਚੀਜ਼ਾਂ ‘ਕੱਠੀਆਂ ਕਰ ਸੰਦੂਕੜੀ ਨੂੰ ਮੰਜੀ ਹੇਠਾਂ ਲੁਕਾਇਆ।
ਨਰਾਇਨ : (ਸੰਦੂਕੜੀ ਲੈ, ਚੀਜ਼ਾਂ ਨੂੰ ਠੀਕ ਕਰਕੇ ਬੰਦ ਕਰਦਾ ਹੈ। ਫਿਰ ਜਿਵੇਂ ਕੁਝ ਸੁਝਿਆ ਹੁੰਦਾ ਹੈ) ਤੂੰ ਵੀ ਧਿਆਨ ਨਹੀਂ ਕੀਤਾ, ਓ ਰਾਜ ਤਾਂ ਹੱਟੀ ਦੀਆਂ ਕੁੰਜੀਆਂ ਲੈ ਗਿਆ ਏ. . .
ਦਿਓਕੀ : ਤੇ ਨਾਲੇ ਚਾਂਦਰ ਵੀ. . .
ਨਰਾਇਨ : ਇਹ ਤਾਂ ਸਭ ਕੁਝ ਲੁਟਾ ਪੁਟਾ ਦੇਵੇਗਾ, ਮੈਂ ਜਾਨਾ ਹਾਂ।
(ਸੰਦੂਕੜੀ ਛੇਤੀ ਨਾਲ ਦਿਓਕੀ ਦੇ ਹੱਥ ਫੜਾਂਦਾ ਹੈ ਤੇ ਬਾਹਰ ਵਲ ਦੌੜਦਾ ਹੈ। ਬੂਹੇ ਵਿਚ ਇਕ ਅੰਦਰ ਆ ਰਹੇ ਆਦਮੀ ਨਾਲ ਜ਼ੋਰ ਨਾਲ ਵਜਦਾ ਹੈ। ਇਹ ਦਰੋਗ਼ਾ ਹੈ। ਵਿਚਕਾਰਲੀ ਉਮਰ ਦਾ ਹੈ। ਇਹਦੇ ਸਿਰ ਤੇ ਖ਼ਾਕੀ ਪੱਗ ਤੇ ਹੱਥ ਵਿਚ ਸੋਟੀ ਹੈ। ਇਹਨੂੰ ਦੇਖ ਕੇ ਦਿਓਕੀ ਸੰਦੂਕੜੀ ਫਿਰ ਮੰਜੀ ਹੇਠਾਂ ਲੁਕਾ ਦੇਂਦੀ ਹੈ ਤੇ ਡੁੱਲ੍ਹੀ ਹੋਈ ਖੰਡ ਕੇ ਕਪੜਾ ਸੁੱਟ ਦੇਂਦੀ ਹੈ।)
ਦਰੋਗਾ : ਹੋਸ਼ ਕਰ ਭਈ ਨਰਾਇਨ ਦਾਸ।
(ਨਰਾਇਨ ਹੱਥ ਜੋੜ ਕੇ ਪਿਛੇ ਹੋ ਖਲੋਂਦਾ ਹੈ) ਗੱਲ ਕੀ प्टे?
ਨਰਾਇਨ : ਨਮਸਤੇ, ਦਰੋਗ਼ਾ ਸਾਹਿਬ! (ਪੌੜੀਆਂ ਵਲ ਇਸ਼ਾਰਾ ਕਰਕੇ) ਅੱਜ ਸਵੇਰੇ ਲਾਲੇ ਹੋਰੀਂ ਗੁਜ਼ਰ ਗਏ ਨੇ।
ਦਰੋਗ਼ਾ : ਗੁਜ਼ਰ ਗਏ ਨੇ? ਤੇ ਤੂੰ ਤਾਂ ਇੰਜ ਪਿਆ ਟਪਨਾ ਏਂ ਜਿਵੇਂ ਲਾਲੇ ਨੇ ਘੋੜੀ ਚੜ੍ਹਨਾ ਹੁੰਦਾ ਏ।
ਨਰਾਇਨ : ਨਹੀਂ ਜੀ, ਇਹੋ ਜਿਹੇ ਵੇਲੇ ਹੋਸ਼ ਮਾਰੀ ਜਾਂਦੀ ਏ। ਦਰੋਗ਼ਾ : ਅੱਛਾ, ਬੜਾ ਅਫ਼ਸੋਸ ਹੈ (ਹੌਲੀ) ਮੈਂ ਬਾਹਰੋਂ ਆਵਾਜ਼ ਮਾਰੀ, ਪਰ
ਜਵਾਬ ਹੀ ਕੋਈ ਨਹੀਂ। ਫਿਰ ਮੈਂ ਸੋਚਿਆ ਅੰਦਰ ਲੰਘ ਕੇ ਵੇਖਾਂ ਗੱਲ ਕੀ ਏ। ਮੈਨੂੰ ਦਫ਼ਤਰ ਵਿਚ ਜ਼ਰੂਰੀ ਕੰਮ ਪੈ ਗਿਆ, ਇਸ ਲਈ ਮੈਂ ਕਿਹਾ ਤੈਨੂੰ ਕਹਿ ਜਾਵਾਂ ਕਿ ਮੈਂ ਡੀਪੋ ਦੀ ਦੇਖਭਾਲ ਲਈ ਅੱਜ ਨਹੀਂ ਆਉਣ ਲੱਗਾ।
ਨਰਾਇਨ : ਤੁਹਾਡੀ ਬਹੁਤ ਮਿਹਰਬਾਨੀ। ਅਸਾਂ ਗ਼ਰੀਬਾਂ ਦਾ ਖ਼ਿਆਲ ਰਖਦੇ ਹੋ।
ਦਰੋਗ਼ਾ : ਬੜਾ ਅਫ਼ਸੋਸ ਏ ਭਈ। ਬੜਾ ਅਫ਼ਸੋਸ ਏ ਬੀਬੀ। ਖ਼ੈਰ ਪੱਕੀ ਉਮਰ ਦੇ ਸਨ।
ਨਰਾਇਨ : ਚਲੋ ਫਿਰ ਉਨ੍ਹਾਂ ਨੇ ਜਾਣਾ ਹੀ ਹੀ, ਉਨ੍ਹਾਂ ਦਾ ਸਮਾਂ ਪੂਰਾ ਹੋ ਗਿਆ ਸੀ, ਪਰ ਤਾਂ ਵੀ ਮਾਪੇ ਮਾਪੇ ਹੀ ਹੁੰਦੇ ਨੇ। ਹੌਸਲਾ ਰੱਖ ਨਰਾਇਨ। ਰੱਬ ਤੈਨੂੰ ਹਿੰਮਤ ਦਏ। (ਬਿਸਰਾਮ) ਕਿਸ ਵੇਲੇ ਜਾਣਾ ਜੇ ਅਰਥੀ ਲੈ ਕੇ?
ਨਰਾਇਨ : ਪਿਛਲੇ ਪਹਿਰ ਹੀ ਜਾਵਾਂਗੇ ਜਨਾਬ। ਹਾਲੀਂ ਤਾਂ ਆਂਢ ਗਵਾਂਢ ਤੇ ਸਾਕ ਸੰਗ ਨੂੰ ਖ਼ਬਰ ਹੀ ਨਹੀਂ ਕੀਤੀ।
ਦਰੋਗਾ : ਚੰਗਾ, ਜੇ ਮੈਂ ਦਫ਼ਤਰ ਦੇ ਕੰਮ ਤੋਂ ਵਿਹਲਾ ਹੋ ਗਿਆ – ਅੱਜ ਕੁਝ ਅਚਾਨਕ ਹੀ ਧੰਦਾ ਪੈ ਗਿਆ ਹੈ – ਤਾਂ ਜ਼ਰੂਰ ਆਵਾਂਗਾ।
(ਨਰਾਇਨ ਦਰੋਗ਼ੇ ਨੂੰ ਹੱਥ ਜੋੜਦਾ ਹੈ। ਦਰੋਗ਼ਾ ਜਾਣ ਲਗਦਾ ਹੈ ਤਾਂ ਰਾਜ, ਜੋ ਸਿਰ ਪੰਡ ਚੁਕੀ ਛੇਤੀ ਨਾਲ ਅੰਦਰ ਆ ਰਿਹਾ ਹੈ, ਉਹਦੇ ਨਾਲ ਟਕਰਾਂਦਾ ਹੈ)
ਦਰੋਗ਼ਾ : ਬਚ ਕੇ ਓਏ! ਚੰਗੀ ਤੁਹਾਨੂੰ ਪਿਉ ਮਰਨ ਦੀ ਖ਼ੁਸ਼ੀ ਚੜ੍ਹੀ ਏ। ਛਾਲਾਂ ਪਏ ਮਾਰਦੇ ਹੋ। ਤੂੰ ਕੀ ਲਿਆਇਆ ਏਂ ਹੁਣ?
(ਰਾਜ ਪੰਡ ਭੁੰਜੇ ਰਖਦਾ ਹੈ। ਦਰੋਗ਼ਾ ਹੱਥ ਪਾ ਕੇ ਦੇਖਦਾ (€
ਰਾਜ : ਨਮਸਤੇ ਦਰੋਗ਼ਾ ਜੀ! ਮੈਂ ਰਾਸ਼ਨ ਲਿਆਇਆ ਹਾਂ ਜੀ. . :
ਦਰੋਗਾ : ਇਹ ਮਣ ਭਰ ਖੰਡ, ਕਿਸੇ ਕੁੰਭਕਰਨ ਦਾ ਰਾਸ਼ਨ ਲਿਆਇਆ हे?
ਰਾਜ : ਨਹੀਂ ਜਨਾਬ, ਖੰਡ ਤਾਂ ਥੋੜ੍ਹੀ ਏ। ਬਾਕੀ ਤਾਂ ਆਟਾ ਏ।
ਦਰੋਗ਼ਾ : ਪਰ ਇਹ ਰਾਸ਼ਨ ਹੈ ਕਿਸ ਦਾ?
ਰਾਜ : ਲਾਲਾ ਜੀ ਦਾ.. (ਥਿੜਕਦਾ ਹੈ।)
ਦਰੋਗਾ : ਲਾਲਾ ਜੀ ਦਾ ਰਾਸ਼ਨ ਏ! ਅੱਜ ਕੁਝ ਮੇਰੀ ਅਕਲ ਨੂੰ ਹੋ ਗਿਆ ਏ ਕਿ ਤੁਹਾਡਾ ਦੋਹਾਂ ਦਾ ਦਿਮਾਗ਼ ਫਿਰ ਗਿਆ ਏ!
ਰਾਜ : ਹਜ਼ੂਰ, ਵਿਆਹ ਵੇਲੇ ਤੇ…
ਦਰੋਗਾ : (ਬੇਸਬਰੀ ਨਾਲ) ਓਇ ਪਿਉ ਨੂੰ ਦਾਹ ਦਿਤਾ ਨਹੀਂ ਹਾਲੀ ਤੇ ਵਿਆਹ ਦਾ ਫ਼ਿਕਰ ਪਹਿਲੋਂ ਲਗ ਗਿਆ ਏ? ਠੀਕ ਦੱਸ ਵਿਚੋਂ ਗੱਲ ਕੀ ਏ? ਨਰਾਇਨਿਆਂ, ਤੂੰ ਬੋਲ! (ਨਰਾਇਨ ਚੁੱਪ ਹੈ।)
ਰਾਜ : ਦਰੋਗ਼ਾ ਸਾਹਿਬ, ਮੈਂ ਕਹਿ ਰਿਹਾ ਸਾਂ ਕਿ ਵਿਆਹ ਵੇਲੇ ਤੇ ਮਾਤਮ ਵੇਲੇ ਕੱਲ੍ਹ ਅਖ਼ਬਾਰ ਵਿਚ ਨਿਕਲਿਆ ਸੀ, ਬਰਾਦਰੀ ਨੂੰ ਰੋਟੀ ਖਵਾਣ ਲਈ ਪੰਜਾਹ ਆਦਮੀਆਂ ਦਾ ਰਾਸ਼ਨ ਮਿਲਦਾ ਹੈ ਨਾ, ਮੈਂ ਉਹ ਲਿਆਇਆ ਹਾਂ। ਐਹ ਕਾਰਡ ਵੇਖ ਲਓ।
(ਨਰਾਇਨ ਉਹਨੂੰ ਰੋਕਣ ਲਈ ਵਧਦਾ ਹੈ, ਪਰ ਰਾਜ ਨੂੰ ਪਤਾ ਨਹੀਂ ਲਗਦਾ ਤੇ ਕਾਰਡ ਦਰੋਗੇ ਨੂੰ ਦੇ ਦੇਂਦਾ वै।)
ਦਰੋਗ਼ਾ :
(ਕਾਰਡ ਪੜ੍ਹ ਕੇ) ਲਾਲਾ ਕਿਰਪਾ ਰਾਮ, ਉਮਰ ਅਠੱਤਰ ਸਾਲ। (ਕਾਰਡ ਪਰਤਾਂਦਾ ਹੈ) ਕਾਰਡ ਵਾਲੇ ਦੇ ਮਰਨ ਤੇ ਪੰਜਾਹ ਆਦਮੀਆਂ ਦਾ ਰਾਸ਼ਨ ਦਿੱਤਾ ਗਿਆ, ਨਰਾਇਨ ਦਾਸ, ਡੀਪੇ ਨੰਬਰ 17। ਨਰਾਇਨਿਆਂ, ਇਹ ਤਾਂ ਰਾਸ਼ਨ ਤੇਰੀ ਡੀਪੇ ਤੋਂ ਦਿੱਤਾਂ ਗਿਆ ਏ। ਹੈਂ, ਤੇ ਨਾਲ ਉਪਰ ਹੀ ਇਸ ਹਫ਼ਤੇ ਦਾ ਰਾਸ਼ਨ ਦਰਜ ਹੋਇਆ ਹੋਇਆ ਹੈ। (ਸੋਚ ਕੇ) ਰਾਸ਼ਨ ਦਾ ਹਫ਼ਤਾ ਅੱਜ ਸ਼ੁਰੂ ਹੁੰਦਾ ਹੈ ਤੇ ਤਾਰੀਖ਼ ਵੀ ਅੱਜ ਦੀ ਏ, ਦਸਖ਼ਤ ਕਿਸੇ ਹੋਰ ਦੇ ਨੇ। ਹਾਲੀਂ ਤਾਂ ਰਾਸ਼ਨ ਡੀਪੇ ਖੁਲ੍ਹਣ ਦਾ ਸਰਕਾਰੀ ਵਕਤ ਵੀ ਨਹੀਂ ਹੋਇਆ ਤੇ ਇਹ ਕੀ ਗੱਲ ਬਣੀ? ਓਇ ਸੱਚ ਦੱਸੋ, ਤੁਹਾਡਾ ਪਿਓ ਮਰ ਗਿਆ ਕਿ ਜਿਊਂਦਾ ਏ ਹਾਲੀਂ।
ਰਾਜ : (ਕੰਬਦਿਆਂ) ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਅੱਠਾਂ ਦਿਨਾਂ ਪਿਛੋਂ ਘਰ ਆਇਆ ਹਾਂ ਸਵੇਰੇ, ਤੇ ਭਾਬੀ ਨੇ ਦੱਸਿਆ ਏ ਕਿ ਲਾਲੇ ਹੁਰੀਂ ਮਰ ਗਏ ਨੇ। 1
(ਜਦ ਦਰੋਗ਼ਾ, ਰਾਜ ਤੇ ਨਰਾਇਨ ਦੀ ਗੱਲ ਧਿਆਨ ਨਾਲ ਸੁਣ ਰਿਹਾ ਹੁੰਦਾ ਹੈ ਤਾਂ ਦਿਓਕੀ ਮੰਜੀ ਹੇਠੋਂ ਸੰਦੂਕੜੀ ਕੱਢ ਆਪਣੇ ਪੱਲੇ ਵਿਚ ਲਪੇਟ, ਪੌੜੀਆਂ, ਚੜ੍ਹ ਜਾਂਦੀ ਹੈ।)
ਨਰਾਇਨ
: ਜਨਾਬ, ਲਾਲਾ ਜੀ ਰਾਤੀਂ ਨੀਂਦ ਵਿਚ ਗੁਜ਼ਰ ਗਏ ਨੇ। ਤੁਸੀਂ ਬੇਸ਼ਕ ਉਪਰ ਜਾ ਕੇ ਦੇਖ ਲਉ। ਸਾਨੂੰ ਤਾਂ ਸਵੇਰੇ ਪਤਾ ਲਗਾ। ਉਨ੍ਹਾਂ ਦਾ ਇਸ ਹਫ਼ਤੇ ਦਾ ਰਾਸ਼ਨ ਮੈਂ ਕੱਲ੍ਹ ਹੀ ਲੈ ਆਇਆ ਸਾਂ। ਤਾਰੀਖ਼ ਤਾਂ ਅੱਜ ਦੀ ਹੀ ਪਾਣੀ ਸੀ, ਕਿਉਂਕਿ ਕੱਲ੍ਹ ਦੀ ਤਾਰੀਖ਼ ਪਾਣ ਵਿਚ ਬੇਕਾਇਦਗੀ ਹੁੰਦੀ।
ਦਰੋਗ਼ਾ : ਬੱਲੇ ਓਏ! ਅੱਜ ਦੀ ਤਾਰੀਖ਼ ਪਾਣੀ ਬੇਕਾਇਦਗੀ ਸੀ, ਪਰ ਹਫ਼ਤਾ ਲਗਾ ਨਹੀਂ ਤੇ ਰਾਸ਼ਨ ਪਹਿਲੋਂ ਹੀ ਲੈ ਲਿਆ, ਇਹ ਬੇਕਾਇਦਗੀ ਨਹੀਂ। ਇਹ ਨਹੀਂ ਕਹਿੰਦਾ ਇਕ ਬੇਕਾਇਦਗੀ ਤੇ ਪਰਦਾ ਪਾਣ ਲਈ ਦੂਜੀ ਬੇਕਾਇਦਗੀ ਕੀਤੀ।
ਨਰਾਇਨ : ਹਜ਼ੂਰ, ਘਰ ਵਿਚ ਮਾਤਮ ਹੋਵੇ ਤਾਂ ਮੁਕਾਨ ਆਇਆਂ ਨੂੰ ਦਾਲ ਰੋਟੀ ਦੇਣੀ ਪੈਂਦੀ ਏ, ਇਸ ਲਈ ਲਾਲੇ ਦਾ ਰਾਸ਼ਨ ਲੈ ਆਇਆਂ ਸਾਂ।
ਦਰੋਗ਼ਾ : ਓਇ ਗੱਲ ਸੁਣ ਖਾਂ, ਤੈਨੂੰ ਕੱਲ੍ਹ ਪਤਾ ਲਗ ਗਿਆ ਸੀ ਕਿ ਅੱਜ ਲਾਲੇ ਨੇ ਮਰ ਜਾਣਾ ਏਂ? (ਘਰ ਦੀ ਡੀਪੋ ਜੁ ਹੋਈ, ਜੋ ਮਰਜ਼ੀ ਉਪਰ ਹੇਠਾਂ ਪਏ ਕਰੋ, ਹੈਂ? ਨਰਾਇਨ :
ਦਰੋਗ਼ਾ :
ਹਜ਼ੂਰ ਲੋੜ‘ਵੇਲੇ ਕਿਸੇ ਦੀ ਮਦਦ ਕਰ ਦੇਈਦੀ ਏ।
(ਕੁਝ ਕੱਚਿਆ ਕੇ) ਤੇ ਤੂੰ ਰਾਜ, ਬਿਨਾਂ ਕਿਸੇ ਮਨਜ਼ੂਰੀ ਦੇ ਸਰਕਾਰੀ ਰਾਸ਼ਨ ਡੀਪੋ ਵਿਚੋਂ ਪੰਜਾਹ ਆਦਮੀਆਂ ਦਾ ਰਾਸ਼ਨ ਚੁੱਕ ਲਿਆਇਆ ਏਂ, ਨਾਲੇ ਡੀਪੋ ਵਾਲੇ ਦੇ ਜਾਅਲੀ ਦਸਖ਼ਤ ਕੀਤੇ ਨੀ। ਇਹ ਬੜਾ ਸਖ਼ਤ ਜੁਰਮ ਹੈ। ਹੁਣ ਤੁਸਾਂ ਦੋਹਾਂ ਭਰਾਵਾਂ ਦਾ ਮੱਕੂ ਬੰਨ੍ਹਣਾ ਹਾਂ ਮੈਂ।
ਨਰਾਇਨ : (ਦਰੋਗ਼ੇ ਦੇ ਪੈਰਾਂ ਤੇ ਡਿੱਗ ਕੇ) ਜਨਾਬ ਮਾਫ਼ੀ ਦਿਓ, ਮਾਤਮ ਦਾ ਸਮਾਂ ਏ। ਭਰੀ ਪੰਚਾਇਤ ਵਿਚ ਨਮੋਸ਼ੀ ਹੋ ਜਾਏਗੀ।
ਦਰੋਗ਼ਾ : (ਤਰਸ ਖਾ ਕੇ) ਅੱਛਾ। ਓਇ ਰਾਜ, ਫੜ ਇਹ ਰਾਸ਼ਨ ਕਾਰਡ ਤੇ ਆ ਮੇਰੇ ਨਾਲ ਦਫ਼ਤਰ, ਇਹ ਬੇਕਾਇਦਗੀ ਮੈਂ ਠੀਕ ਕਰ ਦੇਣਾ
ਨਰਾਇਨ : ਚਲ ਓਇ ਰਾਜ, ਛੇਤੀ ਕਰ। ਨਾਲ ਪੰਡ ਵੀ ਲੈ ਜਾ ਤੇ ਜਿਸ ਤਰ੍ਹਾਂ ਦਰੋਗ਼ਾ ਸਾਹਿਬ ਕਹਿਣ ਉਸੇ ਤਰ੍ਹਾਂ ਕਰੀਂ। (ਰਾਜ ਪੰਡ ਚੁਕਦਾ ਹੈ।) ਤੁਹਾਡੀ ਬਹੁਤ ਮਿਹਰਬਾਨੀ ਹਜ਼ੂਰ, ਸਾਡੇ ਪਿਉ ਦਾ ਮੁਰਦਾ ਖ਼ਰਾਬ ਹੋਣ ਤੋਂ ਬਚਾ ਦਿੱਤਾ ਜੇ।
(ਪੌੜੀਆਂ ਵਿਚੋਂ ਦਿਓਕੀ ਦੀ ਚੀਕ ਦੀ ਅਵਾਜ਼ ਆਉਂਦੀ ਹੈ। ਝਟ ਹੀ ਆਪ ਨੱਸੀ ਆਉਂਦੀ ਹੈ ਤੇ ਸੰਦੂਕੜੀ ਸਮੇਤ ਡਿੱਗ ਪੈਂਦੀ ਹੈ।)
ਦਿਓਕੀ :
(ਚੀਕ ਮਾਰ ਕੇ) ਲਾਲਾ ਜੀ!
(ਇਕ ਅੱਸੀ ਸਾਲ ਦਾ ਬੁੱਢਾ, ਇਕ ਹੱਥ ਵਿਚ ਡੰਗੋਰੀ ਤੇ ਦੂਜੇ ਵਿਚ ਗਲਾਸ ਫੜੀ, ਹੌਲੀ ਹੌਲੀ ਪੌੜੀਆਂ ਉਤਰਦਾ ਹੈ। ਇਸ ਦੀ ਹਰ ਚੀਜ਼, ਐਨਕ, ਕੁਰਤਾ, ਧੋਤੀ ਆਦਿ ਮੈਲੀ ਕੁਚੈਲੀ ਤੇ ਟੁੱਟੀ ਭੱਜੀ ਹੈ। ਮੂੰਹ ਤੇ ਥੋੜ੍ਹੀ ਥੋੜ੍ਹੀ ਦਾੜ੍ਹੀ ਹੈ। ਇਹਨੂੰ ਸੁਣਦਾ ਉੱਚਾ ਹੈ ਤੇ ਨਜ਼ਰ ਕਮਜ਼ੋਰ ਹੈ। ਇਹਨੂੰ ਦੇਖ ਕੇ ਸਭ ਆਪਣੀ ਆਪਣੀ ਥਾਂ ਤੇ ਯਖ ਹੋ ਜਾਂਦੇ ਹਨ। ਸਿਰਫ਼ ਦਿਓਕੀ ਉਠ ਕੇ ਬੈਠਦੀ ਹੈ।)
ਬੁੱਢਾ
: (ਬਹੁਤ ਹੌਲੀ ਤੇ ਧੀਰਜ ਨਾਲ ਬੋਲਦਾ ਹੈ।) ਇਹ ਵਹੁਟੀ ਦੀ ਚੀਕ ਦੀ ‘ਵਾਜ ਆਈ ਸੀ। ਸੁਖ ਤਾਂ ਹੈ ਨਾ? (ਬਿਸਰਾਮ) ਕਿਥੇ ਏਂ ਤੂੰ ਕੁੜੀਏ? (ਗਲਾਸ ਵਾਲਾ ਹੱਥ ਅੱਗੇ ਕਰਦਿਆਂ) ਫੜੀਂ, ਮੇਰੀ ਚਾਹ ਤੱਤੀ ਕਰ ਦੇ। ਪਈ ਪਈ ਠੰਢੀ ਹੋ ਗਈ ਏ। (ਦਿਓਕੀ ਸਹਿਮੀ ਹੋਈ, ਉਠ ਕੇ ਗਲਾਸ ਫੜਦੀ ਹੈ। ਹੁਣ ਤਕ ਬੁੱਢਾ ਪਹਿਲੀ ਪੌੜੀ ਤੇ ਪਹੁੰਚ ਗਿਆ ਹੈ।) ਮੈਂ ਉਠਿਆ ਹਾਂ ਕੁਝ ਦਿਨ ਚੜ੍ਹੇ ਅੱਜ। ਡਾਕਟਰ ਸੁਰੈਣ ਸਿੰਘ ਨੇ ਜਿਹੜੀ ਸੌਣ ਦੀ ਦਵਾ ਦਿਤੀ ਏ ਕੱਲ੍ਹ, ਹੈ ਤਾਂ ਚੰਗੀ, ਨੀਂਦਰ ਤਾਂ ਬੜੀ ਸੋਹਣੀ ਤੇ ਰਜ ਕੇ ਆਈ ਏ, ਪਰ ਹੱਡ ਪੈਰ ਟੁੱਟਦੇ ਨੇ ਪਏ। ਗਰਮ ਗਰਮ ਚਾਹ ਪੀਆਂਗਾ ਤਾਂ ਸਰੀਰ ਪਰਖਰਾ ਹੋਏਗਾ। (ਅਖ਼ੀਰਲੀ ਪੌੜੀ ਉਤਰਦਾ ਹੈ ਤੇ ਸੰਦੂਕੜੀ ਵਿਚਲੀ ਕਿਸੇ ਚੀਜ਼ ਨਾਲ ਠੇਡਾ ਖਾਂਦਾ ਹੈ)। ਇਹ ਕੀ?
(ਜ਼ਮੀਨ ਵਲ ਵੇਖਦਾ ਹੈ, ਪਰ ਏਨੇ ਵਿਚ ਨਰਾਇਨ ਨੇ ਲਿਫ ਕੇ ਚੀਜ਼ ਚੁੱਕ ਲਈ ਹੈ। ਬੁੱਢਾ ਇਕ ਕਦਮ ਹੋਰ ਪੁੱਟਦਾ ਹੈ ਤੇ ਫੇਰ ਕਿਸੇ ਚੀਜ਼ ਨਾਲ ਠੇਡਾ ਖਾਂਦਾ ਹੈ ਤੇ ਚੌਂਕ ਪੈਂਦਾ ਹੈ। ਪਰ ਨਰਾਇਨ ਫਿਰ ਉਹੀ ਚਾਲ ਕਰਦਾ ਹੈ ਤੇ ਆਪਣੇ ਪਿਓ ਦੇ ਪੈਰਾਂ ਨੂੰ ਫੜ ਲੈਂਦਾ ਹੈ।)
ਨਰਾਇਨ : ਲਾਲਾ ਜੀ ਘੁੱਟ ਦਿਆਂ, ਤੁਹਾਨੂੰ ਸੱਟ ਲਗ ਗਈ ਹੋਣੀ ਏ।
ਬੁੱਢਾ : ਨਹੀਂ ਕੋਈ ਡਰ ਨਹੀਂ।
(ਅੱਗੇ ਚਲਣ ਲਗਦਾ ਹੈ ਤੇ ਸੰਦੂਕੜੀ ਤੋਂ ਬਹੁਤ ਨੇੜੇ ਹੈ ਕਿ ਨਰਾਇਨ ਤੇ ਦਿਓਕੀ ਬਿਲਕੁਲ ਬੇਵਸ ਮਲੂਮ ਹੁੰਦੇ ਹਨ, ਪਰ ਝਟ ਹੀ ਨਰਾਇਨ ਨੂੰ ਕੁਝ ਸੁਝਦਾ ਹੈ।)
ਨਰਾਇਨ : ਰਾਜ, ਲਾਲੇ ਹੁਰਾਂ ਲਈ ਕੁਰਸੀ ਲਿਆਈਂ।
(ਇਸ ਤੋਂ ਪਹਿਲਾਂ ਕਿ ਰਾਜ ਹਿੱਲੇ, ਦਿਓਕੀ ਝਟ ਕੁਰਸੀ ਲਿਆਂਦੀ ਹੈ ਤੇ ਨਰਾਇਨ ਸੰਦੂਕੜੀ ਦੇ ਉਪਰ ਕੁਰਸੀ ਡਾਹ ਦੇਂਦਾ ਹੈ। ਲਾਲੇ ਨੂੰ ਬਿਠਾ ਕੇ, ਉਹਦੇ ਮੋਢੇ ਘੁੱਟਣ ਲਗ ਪੈਂਦਾ ਹੈ।)
ਬੁੱਢਾ : ਘੁੱਟਿਆਂ ਨਹੀਂ ਕੁਝ ਬਣਨਾ, ਮੇਰੀ ਚਾਹ ਤੱਤੀ ਹੋਈ ਕਿ ਨਹੀਂ?
ਦਿਓਕੀ : ਲਿਆਉਂਦੀ ਹਾਂ ਜੀ।
(ਦਿਓਕੀ ਬਿਲਕੁਲ ਲਾਚਾਰ ਦਿਸਦੀ ਹੈ। ਫਿਰ ਗਲਾਸ ਚੁੱਕ ਕੇ ਰਾਜ ਨੂੰ ਫੜਾਂਦੀ ਹੈ ਤੇ ਉਹਦੇ ਕੰਨ ਵਿਚ ਕੁਝ ਕਹਿੰਦੀ ਹੈ। ਰਾਜ ਗਲਾਸ ਲੈ ਕੇ ਬਾਹਰ ਖਿਸਕ ਜਾਂਦਾ ਹੈ।)
ਬੁੱਢਾ ; (ਦਰੋਗ਼ੇ ਨੂੰ ਦੇਖ ਕੇ) ਕੌਣ ਏ? ਦਰੋਗ਼ੇ ਹੁਰੀ ਨੇ?
(ਨਰਾਇਨ ਬੁੱਢੇ ਦੇ ਪਿਛੇ ਖੜਾ ਹੋ ਕੇ ਦਰੋਗ਼ੇ ਦੀ ਹੱਥ ਜੋੜ ਕੇ ਮਿੰਨਤਾ ਕਰਦਾ ਹੈ।)
ਦੋਰਸ਼ਾ : (ਝਿਜਕ ਕੇ) ਹਾਂ ਲਾਲਾ ਜੀ, ਮੈਂ ਹੀ ਹਾਂ। ਸੁਣਾਉ ਸਰੀਰ ਕੈਸਾ ਹੈ?
ਬੁੱਢਾ : (ਉਠਣ ਦਾ ਯਤਨ ਕਰਦਿਆਂ) ਤੁਸੀਂ ਖੜੇ ਹੋ, ਆਉ ਬੈਠੋ।
(ਨਰਾਇਨ ਸਹਾਰਾ ਦੇਂਦਾ ਹੈ।)
ਦਰੋਗਾ : ਨਾ ਜੀ ਤੁਸੀਂ ਬੈਠੇ। ਮੈਂ ਏਥੋ ਬੈਠਦਾ ਹਾਂ।
(ਮੰਜੀ ਦੀ ਅਨੀਂ ਤੇ ਬਹਿੰਦਾ ਹੈ
ਬੁੱਢਾ :
ਸਰੀਰ ਸਾਡਾ ਹੁਣ ਇਸ ਉਮਰੇ ਕੋਈ ਜਵਾਨਾਂ ਵਰਗਾ ਤਾਂ ਨਹੀਂ। ਜੋ ਦਮ ਨਿਕਲ ਜਾਏ ਸ਼ੁਕਰ ਏ ਪਰਮਾਤਮਾ ਦਾ। ਨੀਂਦਰ ਨਹੀਂ ਆਉਂਦੀ ਸੀ ਚੰਗੀ ਤਰ੍ਹਾਂ। ਫਿਰ ਮੈਂ ਕੱਲ੍ਹ ਡਾਕਟਰ ਸੁਰੈਣ ਸਿੰਘ ਕੋਲ ਚਲਾ ਗਿਆ। ਉਹ ਜਿਹਦੀ ਨਰਾਇਨ ਦੀ ਡੀਪੋ ਦੇ ਨਾਲ ਦੀ ਹੱਟੀ ਏ। (ਦਿਓਕੀ ਮਲਕੜੇ ਸੰਦੂਕੜੀ ਕੁਰਸੀ ਹੇਠੋਂ ਖਿਸਕਾ ਕੇ ਉਸ ਵਿਚ ਚੀਜ਼ਾਂ ਕੱਠੀਆਂ ਕਰਦੀ ਰਹਿੰਦੀ ਹੈ।) ਮੈਂ ਕਿਹਾ ਭਈ ਡਾਕਟਰ ਸਾਹਿਬ, ਨੀਂਦਰ ਨਹੀਂ ਆਉਂਦੀ। ਉਹਨੇ ਫਿਰ ਇਕ ਦਵਾਈ ਬਣਾ ਦਿੱਤੀ। ਕਹਿਣ ਲੱਗਾ ਜੇ ਚਾਰੇ ਬੰਨੇ ਨੀਂਦਰ ਨਾ ਆਵੇ ਤਾਂ ਚਮਚਾ ਭਰ ਲੈ ਲੈਣਾ। ਕੱਲ੍ਹ ਰਾਤੀਂ ਗਵਾਂਢ ਕਿਧਰੇ ਵਿਆਹ ਸੀ, ਤੇ ਅੱਧੀ ਰਾਤ ਤੋਂ ਕਿੰਨਾ ਚਿਰ ਪਿਛੋਂ ਤਕ ਰੌਲਾ ਰੱਪਾ ਪੈਂਦਾ ਰਿਹਾ। ਭਾਵੇਂ ਲੱਖ ਦੁਆਈਆਂ ਖਾਉ ਕੁਝ ਨਹੀਂ ਸੀ ਬਣਨਾ। ਫਿਰ ਮੈਂ ਅੱਧੀ ਰਾਤ ਤੋਂ ਘੜੀ ਦੇ ਘੜੀ ਪਿਛੋਂ ਇਕ ਚਮਚਾ ਲਿਆ। ਉਹਨੇ ਕਿਹਾ ਸੀ ਨਾ ਜੇ ਚਾਰੇ ਬੰਨੇ ਨੀਂਦਰ ਨਾ ਆਵੇ ਤਾਂ ਲੈਣਾ।
(ਸੰਦੂਕੜੀ ਦੀ ਇਕ ਚੀਜ਼ ਬੁੱਢੇ ਦੇ ਸਾਹਮਣੇ ਪਈ ਹੈ। ਦਿਓਕੀ ਇਸ ਵਲ ਇਸ਼ਾਰਾ ਕਰਕੇ ਨਰਾਇਨ ਦਾ ਕੁਰਤਾ ਖਿੱਚਦੀ ਹੈ। ਨਰਾਇਨ ਚੁੱਕ ਕੇ ਫੜਾਂਦਾ ਹੈ।)
ਬੁੱਢਾ :
ਕੀ ਏ?
ਨਰਾਇਨ
ਕੁਝ ਨਹੀਂ ਲਾਲਾ ਜੀ, ਕਪੜਾ ਡਿੱਗਾ ਹੋਇਆ ਸੀ।
ਬੁੱਢਾ
: ਜਿਸ ਡਾਕਟਰ ਦੀ ਦਵਾ ਖਾਉ ਦਰੋਗ਼ਾ ਜੀ, ਉਹਦੀ ਹਦਾਇਤ ਤੇ ਠੀਕ ਚਲਣਾ ਚਾਹੀਦਾ ਏ, ਨਹੀਂ ਤਾਂ ਦਵਾਈ ਨਹੀਂ ਪੋਂਹਦੀ। ਸੋ ਦਵਾਈ ਖਾਣ ਤੋਂ ਬਾਅਦ ਨੀਂਦ ਚੰਗੀ ਆ ਗਈ ਤੇ ਰੋਜ਼ ਨਾਲੋਂ ਘੜੀ ਪਿਛੋਂ ਹੀ ਉਠਿਆ ਹਾਂ। ਨਰਾਇਨ ਦੀ ਵਹੁਟੀ ਸਵੇਰ ਸਾਰ ਮੇਰੇ ਸਰਹਾਨੇ ਚਾਹ ਦਾ ਗਲਾਸ ਰੱਖ ਆਉਂਦੀ ਏ, ਅੱਜ ਵੀ ਆਈ ਸੀ, ਪਰ ਮੈਂ ਉਠਿਆ ਹੀ ਚਿਰਕੇ, ਚਾਹ ਠੰਢੀ ਹੋ ਗਈ। ਕਸੂਰ ਤਾਂ ਮੇਰਾ ਏ, ਇਨ੍ਹਾਂ ਦਾ ਕੋਈ ਦੋਸ਼ ਨਹੀਂ। (ਮਾੜਾ ਜਿਹਾ ਹੱਸਦਾ ਹੈ। ਦਿਓਕੀ ਸੰਦੂਕੜੀ ਉਠਾ ਲੈ ਜਾਂਦੀ ਹੈ।) ਕਿਉਂ ਕੁੜੀਏ ਚਾਹ ਤੱਤੀ ਹੋਈ ਕਿ ਨਹੀਂ? (ਚੁੱਲ੍ਹੇ ਵਲ ਵੇਖਦਾ ਹੈ) ਪਰ ਦਿਓਕੀ ਤਾਂ ਏਥੇ ਹੈ ਨਹੀਂ, ਤੇ ਚੁੱਲ੍ਹੇ ਵਿਚ ਅੱਗ ਵੀ ਕੋਈ ਨਹੀਂ। ਦਿਓਕੀ ਕਿਥੇ ਨਰਾਇਨਿਆਂ?
ਨਰਾਇਨ : (
ਘਬਰਾਇਆ ਹੋਇਆ) ਲਾਲਾ ਜੀ, ਏਥੇ ਹੀ, ਕਿਧਰੇ ਹੋਣੀ ਏ।
ਬੁੱਢਾ :
ਅੱਜ ਅੱਗ ਨਹੀਂ ਬਾਲੀ?
ਨਰਾਇਨ
: ਬਾਲੀ ਸੀ ਜੀ, ਦਿਓਕੀ ਨੇ ਬੁਝਾ ਦਿੱਤੀ ਹੋਣੀ ਏ। ਤੁਸੀਂ ਜਾਗੇ ਬੜੇ ਅਵੇਰੇ ਓ, ਤੇ ਅੱਜ ਕੱਲ੍ਹ ਬਾਲਣ ਥੁੜ੍ਹ ਜਾਂਦਾ ਏ।
ਬੁੱਢਾ : ਮੈਂ ਏਨੀ ਅਵੇਰ ਨਾਲ ਤਾਂ ਨਹੀਂ ਉਠਿਆ। ਕੀ ਵਕਤ ਏ ਦਰੋਗ਼ਾ ਸਾਹਿਬ?
ਦਰੋਗ਼ਾ
: (ਖੀਸੇ ਵਿਚੋਂ ਘੜੀ ਕੱਢ ਕੇ) ਵਕਤ ਲਾਲਾ ਜੀ.. ਮੇਰੀ ਘੜੀ ਵਿਚ ਤਾਂ ਸਾਡੇ ਛੇ ਵਜੇ ਨੇ। (ਨਰਾਇਨ ਦਰੋਗ਼ੇ ਦੀ ਹੱਥ ਜੋੜ ਕੇ ਮਿੰਨਤ ਕਰਦਾ ਹੈ। ਘੜੀ ਕੰਨ ਨੂੰ ਲਾ ਕੇ) ਪਰ ਮੇਰੀ ਘੜੀ ਤਾਂ ਖਲੋ ਗਈ ਏ।
ਬੁੱਢਾ : (ਕੰਨ ਨਾਲ ਲਾ ਕੇ) ਕੀ ਆਖਿਆ ਜੇ ਦਰੋਗ਼ਾ ਜੀ?
ਦਰੋਗ਼ਾ : ਮੇਰੀ ਘੜੀ ਬੰਦ ਹੋ ਗਈ ਏ। (ਬਿਸਰਾਮ)
ਬੁੱਢਾ : ਮੈਂ ਹੇਠਾਂ ਆਇਆ ਹਾਂ, ਤਾਂ ਮੈਨੂੰ ਰਾਜ ਦਾ ਝੌਲਾ ਪਿਆ ਸੀ।
ਨਰਾਇਨ : ਆਹੋ ਜੀ, ਉਹ ਏਥੇ ਹੀ ਸੀ। ਹੁਣੇ ਆ ਜਾਂਦਾ ਹੈ।
ਬੁੱਢਾ : ਤੇ ਤੂੰ ਅੱਜ ਹੱਟੀ ਨਹੀਂ ਖੋਲ੍ਹਣੀ।
ਨਰਾਇਨ : ਖੋਲ੍ਹਣੀ ਏ ਲਾਲਾ ਜੀ।
ਬੁੱਢਾ
(ਕਾਹਲਾ ਪੈ ਕੇ) ਫਿਰ ਤੂੰ ਮੈਨੂੰ ਘੁੱਟੀ ਕਿਉਂ ਜਾਨਾ ਏਂ? ਕਦੀ ਅੱਗੇ ਨਾ ਕਦੀ ਪਿਛੇ। (ਬਿਸਰਾਮ) ਇਹ ਕੀ ਭਾਣਾ ਵਰਤਿਆ ਏ? ਮੇਰੇ ਹੱਡ ਪੈਰ ਪਏ ਟੁੱਟਦੇ ਨੇ ਤੇ ਮੈਨੂੰ ਕੋਈ ਚਾਹ ਦਾ ਘੁੱਟ ਨਹੀਂ ਦੇਂਦਾ। ਦਿਓਕੀ ਕਿਧਰੇ ਦਿਸਦੀ ਨਹੀਂ। (ਦਿਓਕੀ ਪੌੜੀਆਂ ਉਤਰਦੀ ਇਹ ਵਾਕ ਸੁਣ ਕੇ ਖੜੋ ਜਾਂਦੀ ਹੈ।) ਰਾਜ ਏਥੇ ਹੁਣੇ ਸੀ, ਉਹ ਵੀ ਅਲੋਪ ਹੋ ਗਿਆ ਏ। ਤੂੰ ਇੰਜ ਮੇਰੇ ਸਰਹਾਨੇ ਖੜਾ ਏਂ ਜਿਵੇਂ ਕੰਮ ਕਾਜ ਨੂੰ ਤਲਾਂਜਲੀ ਦੇ ਛਡੀ ਊ। ਦਰੋਗ਼ਾ ਸਾਹਿਬ ਦੀ ਘੜੀ ਬੰਦ ਹੋ ਗਈ ਏ। ਚੁੱਲ੍ਹੇ ਅੱਗ ਨਹੀਂ ਬਲੀ। (ਖੜਾ ਹੁੰਦਾ ਹੈ) ਦੱਸੋ ਗੱਲ ਕੀ ਏ? (ਸਭ ਵਲ ਦੇਖਦਾ ਹੈ, ਇਕ ਦੋ ਕਦਮ ਚਲ ਕੇ ਸਟੇਜ ਦੇ ਵਿਚਕਾਰ ਖੜਾ ਹੋ ਜਾਂਦਾ ਹੈ। ਕੋਈ ਨਹੀਂ ਹਿਲਦਾ) ਅੱਜ ਮਰ ਗਿਆ ਏ ਕੋਈ?
(ਸਭ ਬੁੱਤਾਂ ਦੀ ਤਰ੍ਹਾਂ ਖੜੇ ਨੇ। ਕ੍ਰਿਸ਼ਨਾ ਬਾਹਰੋਂ ਦੌੜਦੀ ਅੰਦਰ ਆਉਂਦੀ ਹੈ ਤੇ ਬੁੱਢੇ ਦੀਆਂ ਲੱਤਾਂ ਨੂੰ ਚੰਮੜ ਜਾਂਦੀ ਹੈ। ਬੁੱਢਾ ਉਹਦੀ ਪਿੱਠ ਤੇ ਹੱਥ ਰਖਦਾ ਹੈ।)
ਕ੍ਰਿਸ਼ਨਾ : (ਪਰੇ ਹੱਟ ਕੇ) ਲਾਲਾ ਜੀ ਤੁਸੀਂ ਤਾਂ ਮਰ ਗਏ ਸੌ! ਜਿਥੇ ਲੋਕੀਂ ਮਰ ਕੇ ਜਾਂਦੇ ਨੇ ਉਹਦੀ ਕਹਾਣੀ ਮੈਨੂੰ ਸੁਣਾਓਗੇ?
(ਬੁੱਢਾ ਆਪਣੀ ਕੁਰਸੀ ਨੂੰ ਟੋਂਹਦਾ ਹੈ। ਉਹਦੇ ਗੋਡੇ ਵਿੰਗੇ ਹੋ ਜਾਂਦੇ ਨੇ ਤੇ ਦਿਓਕੀ, ਨਰਾਇਨ ਤੇ ਦਰੋਗ਼ਾ ਤਿੰਨੇ ਉਹਨੂੰ ਸਹਾਰਾ ਦੇਣ ਲਈ ਵਧ ਰਹੇ ਹੁੰਦੇ ਹਨ . ਕਿ ਪਰਦਾ ਡਿੱਗਦਾ ਹੈ।)
Credit – ਗੁਰਦਿਆਲ ਸਿੰਘ ਖੋਸਲਾ