ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਤਾ (1681-1747)  ਗਿਆਨੀ ਹਰੀ ਸਿੰਘ | Mata Sahib Kaur (1681-1747)  Khalse Di Mata Giyani Hari Singh

ਆਦਿਕਾ ਤੇ ਇਤਿਹਾਸਕ-ਤੱਥ (ਪਹਿਲਾ ਸੰਸਕਰਣ)

ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਆਖਿਆ ਸੀ ਕਿ ਸਿੱਖਾਂ ਨੇ ਇਤਿਹਾਸ ਬਹੁਤ ਬਣਾਇਆ ਹੈ ਪਰ ਉਸ ਨੂੰ ਸੰਭਾਲਿਆ ਨਹੀਂ, ਜਿਤਨਾ ਵਧੇਰੇ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਇਤਿਹਾਸ ਪੈਦਾ ਕੀਤਾ, ਉਤਨੀ ਵੱਧ ਅਣਗਹਿਲੀ ਇਤਿਹਾਸ ਆਪ ਲਿਖਣ ਤੇ ਲਿਖਾਣ ਵੱਲ ਵਰਤੀ ਹੈ । ਇਸ ਕਥਨ ਦੀ ਸਚਾਈ ਦਾ ਅਹਿਸਾਸ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਦਾ ਇਤਿਹਾਸ ਖੋਜਣ ਵਿਚ ਹੋਇਆ ਹੈ । ਗੁਰੂ ਸਾਹਿਬਾਂ, ਉਨ੍ਹਾਂ ਦੇ ਮਹਿਲਾਂ, ਸਾਹਿਬਜ਼ਾਦਿਆਂ ਅਤੇ ਸਿਦਕੀ ਸਿੱਖਾਂ ਨੇ ਭਾਰੀ ਕੁਰਬਾਨੀਆਂ ਕੀਤੀਆਂ ਪਰ ਇਤਿਹਾਸਕਾਰਾਂ ਨੇ ਉਨ੍ਹਾਂ ਦੇ ਕਾਰਨਾਮੇ ਲਿਖਣ ਵਿਚ ਸਹਿਵਨ ਜਾਂ ਅਸਹਿਵਨ ਭੁਲੇਖੇ ਪਾਏ ਹਨ ਜਿਨ੍ਹਾਂ ਨੂੰ ਸੋਧਣ ਦੀ ਹਾਲੇ ਬਹੁਤ ਲੋੜ ਹੈ ।

ਮਾਤਾ ਸਾਹਿਬ ਕੌਰ ਜੀ ਨਾ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਪਤਨੀ ਹੀ ਸਨ ਬਲਕਿ ਖੰਡੇ ਦੀ ਧਾਰ ਤੋਂ ਸਾਜੇ ਖਾਲਸਾ ਪੰਥ ਦੀ ਕਰਮਸ਼ੀਲ ਮਾਤਾ ਜੀ ਵੀ ਹਨ । ਉਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਸੰਕਲਪ ਅਤੇ ਪਤੀ ਦੇ ਪ੍ਰਣ ਨੂੰ ਅੰਤਮ ਸਵਾਸਾਂ ਤਕ ਨਿਭਾਉਣ ਲਈ ਸੰਜਮ ਭਰਿਆ ਸੱਚਾ ਅਤੇ ਸੁੱਚਾ ਜੀਵਨ ਬਤੀਤ ਕਰਕੇ ਨਾਰੀ ਸਮਾਜ ਨੂੰ ਜੀਊਣ ਲਈ ਸ਼ੀਲ ਤੇ ਸੰਜਮ ਦਾ ਆਦਰਸ਼ਕ ਰਾਹ ਵਿਖਾਇਆ । ਉਨ੍ਹਾਂ ਨੇ ਪਤੀ ਦੇ ਪ੍ਰਲੋਕ ਗਮਨ ਬਾਅਦ ਪਤੀ-ਗੁਰੂ ਦੇ ਦੱਸੇ ਨਿਯਮਾਂ ਅਨੁਸਾਰ ਆਪਣੇ ਨਾਦੀ ਪੁੱਤਰ ਪੰਥ ਦੀ ਸਹੀ ਅਗਵਾਈ ਕੀਤੀ ਹੈ । ਮਾਤਾ ਸਾਹਿਬ ਕੌਰ ਜੀ ਦਾ ਜੀਵਨ ਚਰਿੱਤਰ ਇਕ ਆਦਰਸ਼ ਮਾਤਾ ਦਾ ਅਦਭੁਤ ਪ੍ਰਤੀਕ ਹੈ ।

ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਤਾ (1681-1747)  ਗਿਆਨੀ ਹਰੀ ਸਿੰਘ | Mata Sahib Kaur (1681-1747)  Khalse Di Mata Giyani Hari Singh

ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨ ਵਿਸ਼ਵਾਸ-ਪਾਤਰ ਸਨ, ਇਸੇ ਲਈ ਗੁਰੂ ਜੀ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਦੱਖਣ ਦੀ ਕਠਿਨ ਯਾਤਰਾ ਵਿਚ ਉਨ੍ਹਾਂ ਨੂੰ ਨਾਲ ਲਿਜਾਣਾ ਸਵੀਕਾਰ ਕੀਤਾ ਸੀ । ਗੁਰਦੇਵ ਜੀ ਨੇ ਅੰਤਮ-ਵਿਦਾਇਗੀ ਸਮੇਂ ਉਨ੍ਹਾਂ ਨੂੰ ਅਧਿਕਾਰ ਮੁਹਰ ਬਖ਼ਸ਼ਿਸ਼ ਕੀਤੀ । ਉਨ੍ਹਾਂ ਨੇ ਲਗਭਗ 36 ਸਾਲ ਖ਼ਾਲਸੇ ਪੁੱਤਰ ਦੀ ਸਰਪ੍ਰਸਤੀ ਕੀਤੀ ਅਤੇ ਨਾਜ਼ੁਕ ਦੌਰ ਸਮੇਂ ਸੁਚੱਜੀ ਅਗਵਾਈ ਕੀਤੀ । ਪਰ ਉਨ੍ਹਾਂ ਦੇ ਜੀਵਨ ਸੰਬੰਧੀ ਇਤਿਹਾਸਕ ਤੱਥ ਅਧੂਰੇ ਹਨ । ਉਨ੍ਹਾਂ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਅਤੇ ਸਾਖੀਆਂ ਵਿਚ ਇਕਸੁਰਤਾ ਨਹੀਂ ਹੈ । ਜਾਪਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਮਹਿਲਾਂ ਦੇ ਜੀਵਨ-ਇਤਿਹਾਸ ਵਿਚ ਕਵੀ ਸੈਨਾਪਤੀ ਦੇ ਸਮੇਂ ਤੋਂ ਹੀ ਭੁਲੇਖੇ ਪੈਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਦੀ ਸੋਧ ਲਈ ਹੁਣ ਸਫਲ ਯਤਨ ਨਹੀਂ ਹੋਏ । ਵੰਨਗੀ ਵਜੋਂ ਮਾਤਾ ਸਾਹਿਬ ਕੌਰ ਜੀ ਦੇ ਅਨੰਦ ਕਾਰਜ ਸੰਬੰਧੀ ਕਵੀ ਸੈਨਾਪਤੀ ਲਿਖਦਾ ਹੈ ਕਿ ਗੁਰੂ ਸਾਹਿਬ ਜਦੋਂ ਦੱਖਣ ਵੱਲ ਕੂਚ ਕਰਦੇ ਕਰਦੇ ਰਾਜਪੂਤਾਨੇ ਪੁੱਜੇ ਤਾਂ ਕੁਝ ਸਿੱਖਾਂ ਦੇ ਕਹਿਣ ਤੇ ਉਨ੍ਹਾਂ ਦਾ ਅਨੰਦ ਕਾਰਜ ਕਰਵਾਇਆ ਗਿਆ ਕਿਉਂਕਿ ਮਾਤਾ ਸਾਹਿਬ ਕੌਰ ਦਾ ਕੁਆਰਾ ਡੋਲਾ ਨਾਲ ਜਾ ਰਿਹਾ ਸੀ । ਸੈਨਾਪਤੀ ਲਿਖਦਾ ਹੈ : ਸਿੰਘਨ ਸਿਖਨ ਮਨ ਮੇਂ ਆਨੀ । ਉਨ ਉਚਰੀ ਪ੍ਰਭ ਸੋ ਇਮ ਬਾਨੀ । ਹੋਹੁ ਦਿਯਾਲ ਬਿਆਨ ਪ੍ਰਭੂ ਕਰੋ । ਤਉ ਇਹ ਮਗ ਪਗ ਆਗੇ ਧਰੋ । ਗੁਰੂ ਜੀ ਨੇ ਸਿੰਘਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ— ਸੁਨਤ ਬਚਨ ਬਿਗਾਸ ਸੋ ਪ੍ਰਭ ਸਦ ਸਾਮਾਂ ਕੀਨ । ਹੁਕਮ ਸਿੰਘਨ ਕੋ ਕਿਯੋ ਮੰਗਵਾਇ ਸਬ ਕਛੁ ਲੀਨ । ਸਾਜ ਸਾਮਾਨੋ ਸਬੇ ਆਨੰਦ ਤੂਰ ਬਜਾਇ । ਬਿਆਹ ਕਰਿ ਕੇ ਆਪਣਾ ਪ੍ਰਭ ਚਲੇ ਤਹਾਂ ਤੇ ਧਾਇ ।

(ਸ੍ਰੀ ਗੁਰੂ ਸੋਭਾ ਕ੍ਰਿਤ ਸੈਨਾਪਤੀ, ਸੰਪਾ. ਡਾ. ਗੰਡਾ ਸਿੰਘ, ਪੰਨਾ 26-27)

ਪਰ ਆਪਣੀਆਂ ਲਿਖਤਾਂ ਬਾਰੇ ਕਵੀ ਸੈਨਾਪਤੀ ਨੂੰ ਖ਼ੁਦ ਵੀ ਨਿਸ਼ਚਾ ਨਹੀਂ ਸੀ ਕਿ ਉਹ ਜੋ ਕੁਝ ਲਿਖ ਰਹੇ ਹਨ ਸਹੀ ਹੈ । ਇਸੇ ਲਈ ਉਹ ਲਿਖਦੇ ਹਨ :

ਕਿਛੁ ਸੁਨੀ ਕੁਝ ਉਕਤ ਕਰ ਬਰਨਤ ਹੋ ਅਬ ਸੋਇ ।

ਕਰਨਹਾਰ ਕਰਤਾ ਧਨੀ ਜੋ ਕੁਝ ਕਰੇ ਸੋ ਹੋਇ ।

ਮਾਤਾ ਜੀ ਦੇ ਅਨੰਦ ਕਾਰਜ ਦੀ ਸਹੀ ਤਾਰੀਖ਼ 18 ਵਿਸਾਖ ਸੰਮਤ 1757 ਬਿ. (1700 ਈ.) ਹੈ ਜੋ ਅਨੰਦਪੁਰ ਸਾਹਿਬ ਵਿਚ ਹੀ ਹੋਇਆ। ਇਸ ਬਾਰੇ ਬਹੁਤੇ ਇਤਿਹਾਸਕਾਰ ਇਕ ਮੱਤ ਹਨ ।

ਇਸੇ ਤਰ੍ਹਾਂ ਮਾਤਾ ਜੀ ਦੇ ਅਕਾਲ ਚਲਾਣੇ ਸੰਬੰਧੀ ਵੀ ਇਤਿਹਾਸਕ ਤੱਥ ਅਸਪੱਸ਼ਟ ਹਨ । ਕੇਸਰ ਸਿੰਘ ਛਿੱਬਰ ‘ਬੰਸਾਵਲੀ ਨਾਮਾ ਦਸਮ ਪਾਤਸ਼ਾਹੀਆ ਕਾ’ ਵਿਚ ਲਿਖਦੇ ਹਨ ਕਿ ਮਾਤਾ ਜੀ ਨੇ 1788 ਬਿ. ਵਿਚ ਪ੍ਰਲੋਕ ਗਮਨ ਕੀਤਾ । ਉਹ ਲਿਖਦੇ ਹਨ : ‘ਸੰਮਤ ਸਤਾਰਾ ਸੌ ਅਠਾਸੀ ਜਬ ਗਏ ਤਬ ਮਾਤਾ ਸਾਹਿਬ ਕੌਰ ਜੀ ਦਿੱਲੀਓਂ ਗੁਰਪੁਰ ਜਿਧ ਕਰਤ ਭਏ’ (ਪੰਨਾ 185) । ਪਰ ਖੋਜ ਅਨੁਸਾਰ ਪ੍ਰਲੋਕ ਗਮਨ ਦਾ ਇਹ ਸੰਮਤ ਵੀ ਠੀਕ ਨਹੀਂ ਜਾਪਦਾ । ਡਾ. ਗੰਡਾ ਸਿੰਘ ਲਿਖਤ ਪੁਸਤਕ ‘ਹੁਕਮਨਾਮੇ’ ਵਿਚ ਮਾਤਾ ਸਾਹਿਬ ਕੌਰ ਜੀ ਦੇ ਤਿੰਨ ਹੁਕਮਨਾਮੇ ਇਸ ਸੰਮਤ 1788 ਤੋਂ ਬਾਅਦ ਦੇ ਲਿਖੇ ਹੋਏ ਮਿਲਦੇ ਹਨ ।

ਮਾਤਾ ਜੀ ਨੇ ਖ਼ਾਲਸਾ ਵਾਸੀ ਨਉਸ਼ਹਿਰਾ ਪੰਨੂਆਂ ਜੋਗ ਹੁਕਮਨਾਮਾ ਹਾੜ 1 ਸੰਮਤ 1789 ਬਿ. 30 ਮਈ 1732 ਈ. ਨੂੰ ਲਿਖਿਆ, ਜਿਸ ਰਾਹੀਂ 11 ਰੁਪਏ ਲੰਗਰ ਦੇ ਖ਼ਰਚ ਲਈ ਰਾਮ ਸਿੰਘ ਮੇਵੜੇ ਹੱਥ ਹੁੰਡੀ ਭੇਜਣ ਦੀ ਹਦਾਇਤ ਕੀਤੀ ਸੀ ।

(ਹੁਕਮਨਾਮਾ ਨੰਬਰ 83, ਪੰਨਾ 226)

ਇਕ ਹੁਕਮਨਾਮਾ ਖ਼ਾਲਸਾ ਵਾਸੀ ਪਟਣ ਸ਼ੇਖ ਫ਼ਰੀਦ ਜੋਗ 17 ਮੱਘਰ ਸੰਮਤ 1789 ਬਿ. 17 ਨਵੰਬਰ 1732 ਈ. ਨੂੰ ਲਿਖਿਆ ਜਿਸ ਰਾਹੀਂ ਮਾਤਾ ਜੀ ਨੇ ਤਸਦੀਕ ਕੀਤਾ ਕਿ 14 ਚਉਦਹ ਰੁਪਏ ਤੁਸਾਡੇ ਭਾਈ ਮਾਨ ਸਿੰਘ ਜੀ ਮਾਰਫਤ ਹਜੂਰਿ ਪਹੁਤੈ…।

(ਹੁਕਮਨਾਮਾ ਨੰਬਰ 84, ਪੰਨਾ 228)

ਇਸ ਤੋਂ ਵੀ ਅੱਗੇ ਮਾਤਾ ਜੀ ਦਾ ਇਕ ਹੁਕਮਨਾਮਾ ਭਾਈ ਮਾਨ ਸਿੰਘ ਜੋਗੁ ਮਾਘ 1 ਸੰਮਤ 1791 ਬਿ. 30 ਦਸੰਬਰ 1734 ਈ. ਨੂੰ ਲਿਖਿਆ ਹੈ । ਜਿਸ ਰਾਹੀਂ ਸਿੰਘ ਨੂੰ ਹਦਾਇਤ ਕੀਤੀ ਹੈ ਕਿ “ਭਾਈ ਬਿਨਤੇ ਦੀ ਮਾਰਫਤ ਖੂਹ ਪਟਣ ਸ਼ੇਖ ਫ਼ਰੀਦ ਦੇ ਵਿਚ ਨਵਾਂ ਬਣਵਾਇ ਦੇਵਣਾ ਜੋ ਕੁਛ ਲਗੇ ਸੋ ਸਰਕਾਰ ਦੇ ਲੇਖੇ ਲਾਵਣਾ…….।

(ਹੁਕਮਨਾਮਾ ਨੰਬਰ 85, ਪੰਨਾ 230)

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਾਤਾ ਜੀ 1788 ਬਿ. ਤੋਂ ਬਾਅਦ ਵੀ ਕਾਫ਼ੀ ਸਮਾਂ ਜੀਵਿਤ ਰਹਿ ਕੇ ਪੰਥ ਦੇ ਨਾਮ ਹੁਕਮ ਜਾਰੀ ਕਰਦੇ ਰਹੇ ਹਨ । ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਲੇਖਕ ਭਾਈ ਸੰਤੋਖ ਸਿੰਘ ਜੀ ਨੇ ਪ੍ਰਲੋਕ ਗਮਨ ਦੀ ਤਿੱਥ ਏਕਾਦਸੀ ਲਿਖੀ ਹੈ ਪਰ ਉਨ੍ਹਾਂ ਜਾਂ ਕਿਸੇ ਹੋਰ ਇਤਿਹਾਸਕਾਰ ਨੇ ਮਹੀਨਾ ਜਾਂ ਸੰਮਤ ਨਹੀਂ ਦਿੱਤਾ । ਪੰਡਤ ਤਾਰਾ ਸਿੰਘ ਨਰੋਤਮ ਨੇ ਆਪਣੀ ਲਿਖਤ ‘ਸ੍ਰੀ ਗੁਰੂ ਤੀਰਥ ਸੰਗ੍ਰਹਿ` ਵਿਚ ਮਾਤਾ ਜੀ ਦਾ ਪ੍ਰਲੋਕ ਗਮਨ ਦਾ ਸੰਮਤ 1804 ਬਿ. ਲਿਖਿਆ ਹੈ ਜਿਸ ਨੂੰ ਗਿਆਨੀ ਹਰੀ ਸਿੰਘ ਸਲਾਰ ਨੇ ‘ਖ਼ਾਲਸੇ ਦੀ ਮਾਤਾ’ ਵਿਚ ਸਹੀ ਮੰਨਿਆ ਹੈ ਤੇ ਇਹੀ ਠੀਕ ਜਾਪਦਾ ਹੈ ।

(ਖਾਲਸੇ ਦੀ ਮਾਤਾ, ਪੰਨਾ 180)

ਇਸੇ ਤਰ੍ਹਾਂ ਮਾਤਾ ਜੀ ਦੇ ਪਿਤਾ ਦਾ ਨਾਂ ਇਕ ਲੇਖਕ ਨੇ ਹਰਭਗਵਾਨ (ਰਾਮੂ) ਲਿਖਿਆ ਹੈ ਪਰ ਹੋਰ ਇਤਿਹਾਸਕਾਰ ਉਨ੍ਹਾਂ ਨਾਲ ਸਹਿਮਤ ਨਹੀਂ ਹਨ । ਉਹ ਉਨ੍ਹਾਂ ਦਾ ਨਾਮ ਭਾਈ ਰਾਵਾ ਜਾਂ ਭਾਈ ਰਾਮਾ ਬੰਸੀ ਲਿਖਦੇ ਹਨ ।

ਇਸ ਤਰ੍ਹਾਂ ਦੇ ਇਤਿਹਾਸਕ ਭੁਲੇਖੇ ਹਾਲੇ ਹੋਰ ਖੋਜ ਦੇ ਮੁਥਾਜ ਹਨ ਪਰ ਕੁਝ ਪੁਸਤਕਾਂ ਦੀ ਸਹਾਇਤਾ ਨਾਲ ਮਾਤਾ ਜੀ ਦੇ ਜੀਵਨ ਸੰਬੰਧੀ ਕੁਝ ਨਿਤਾਰੇ ਕਰਨ ਦੇ ਦਾਸ ਸਮਰੱਥ

ਹੋ ਸਕਿਆ ਹੈ । ਇਹ ਪੁਸਤਕਾਂ ਨਿਮਨ-ਲਿਖਤ ਹਨ :

  1. ਗੁਰ ਪਰਤਾਪ ਸੂਰਜ ਕ੍ਰਿਤ ਭਾਈ ਸੰਤੋਖ ਸਿੰਘ
  2. ਮਹਾਨ ਕੋਸ਼ ਕ੍ਰਿਤ ਭਾਈ ਕਾਹਨ ਸਿੰਘ, ਪ੍ਰਕਾਸ਼ਕ ਭਾਸ਼ਾ ਵਿਭਾਗ
  3. ਪੰਥ ਪ੍ਰਕਾਸ਼ ਕ੍ਰਿਤ ਗਿ. ਗਿਆਨ ਸਿੰਘ, ਪ੍ਰਕਾਸ਼ਕ ਭਾਸ਼ਾ ਵਿਭਾਗ
  4. ਹੁਕਮਨਾਮੇ, ਸੰਪਾ. ਡਾ. ਗੰਡਾ ਸਿੰਘ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ
  5. ਮਾਤਾ ਸੁੰਦਰੀ ਜੀ ਕ੍ਰਿਤ ਡਾ. ਮਹਿੰਦਰ ਕੌਰ ਗਿੱਲ
  6. ਗੁਰੂ ਦੇ ਮਹਿਲ ਕ੍ਰਿਤ ਬਾਬੂ ਖਜ਼ਾਨ ਸਿੰਘ
  7. ਖ਼ਾਲਸੇ ਦੀ ਮਾਤਾ ਕ੍ਰਿਤ ਗਿਆਨੀ ਹਰੀ ਸਿੰਘ ਸਲਾਰ
  8. ਸ੍ਰੀ ਗੁਰੂ ਬੰਸਾਵਲੀ ਕ੍ਰਿਤ ਕੇਸਰ ਸਿੰਘ ਛਿੱਬਰ
  9. ਸ੍ਰੀ ਗੁਰੂ ਸੋਭਾ ਕ੍ਰਿਤ ਸੈਨਾਪਤੀ, ਸੰਪਾਦਿਤ ਡਾ. ਗੰਡਾ ਸਿੰਘ ਕੁਝ ਹੋਰ ਲੇਖ ਤੇ ਪੱਤਰਕਾਵਾਂ ।
  10. ਸਿੱਖ ਇਤਿਹਾਸ, ਪ੍ਰਕਾਸ਼ਕ ਸ਼੍ਰੋਮਣੀ ਕਮੇਟੀ
  11. ਧਰਮ ਪੋਥੀ ਨੰ. 7-8, ਪ੍ਰਕਾਸ਼ਕ ਸ਼੍ਰੋ. ਗੁ. ਪ੍ਰ. ਕਮੇਟੀ
  12. ਗੁਰ ਇਤਿਹਾਸ ਲੇਖਕ ਸੋਹਣ ਸਿੰਘ ਸੀਤਲ

ਪ੍ਰਸਿੱਧ ਵਿਦਵਾਨ, ਇਤਿਹਾਸ ਖੋਜੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਸ਼ੇਸ਼ਗ ਗਿਆਨੀ ਲਾਲ ਸਿੰਘ ਜੀ ਨੇ ਇਸ ਪੁਸਤਕ ਦੇ ਖਰੜੇ ਦੀ ਸੋਧ ਕਰਕੇ ਕਈ ਇਤਿਹਾਸਕ ਤੱਥਾਂ ਸੰਬੰਧੀ ਆਪਣੀ ਕੀਮਤੀ ਰਾਇ ਦਿੱਤੀ ਹੈ, ਉਸ ਦੇ ਲਈ ਉਨ੍ਹਾਂ ਦਾ ਹਾਰਦਿਕ ਧੰਨਵਾਦ ਹੈ।

ਇਸ ਸੰਬੰਧ ਵਿਚ ਜੇਕਰ ਵਿਦਵਾਨ, ਖੋਜੀ ਸੱਜਣ ਅਤੇ ਸਿੱਖ ਇਤਿਹਾਸ ਤੋਂ ਜਾਣੂ ਸੱਜਣ ਕੋਈ ਹੋਰ ਯੋਗ ਜਾਣਕਾਰੀ ਦੇਣ ਤਾਂ ਇਹ ਖ਼ਾਲਸਾ ਪੰਥ ਅਤੇ ਪਾਠਕਾਂ ਦੀ ਮਹਾਨ ਸੇਵਾ ਹੋਵੇਗੀ ।

ਹਰੀ ਸਿੰਘ ਗਿਆਨੀ

ਖਾਲਸੇ ਦੀ ਮਾਤਾ

ਪੰਥ-ਖਾਲਸਾ ਦੀ ਧਰਮ-ਮਾਤਾ ਅਤੇ ਪੰਥ ਦੇ ਸਾਜਣਹਾਰ ਗੁਰੂ ਗੋਬਿੰਦ ਸਿੰਘ ਦੇ ਛੋਟੇ ਮਹਿਲ ਮਾਤਾ ਸਾਹਿਬ ਕੌਰ ਜੀ ਭਾਰਤੀ ਨਾਰੀਆਂ ਵਿਚ ਸਰਵ-ਉੱਚ ਸਥਾਨ ਰਖਣ ਵਾਲੀ ਮਹਾਨ ਇਸਤਰੀ ਹੈ। ਉਨ੍ਹਾਂ ਦਾ ਜੀਵਨ ਬੜਾ ਵਿਲੱਖਣ, ਸ਼ਰਧਾ, ਸਿਦਕ, ਤਿਆਗ ਅਤੇ ਪ੍ਰੇਮ-ਭਰਪੂਰ ਸੀ । ਉਨ੍ਹਾਂ ਨੇ ਆਪਣੇ ਪਿਤਾ ਦੇ ਸੰਕਲਪ, ਮਾਤਾ ਜੀ ਦੀ ਆਸ਼ੀਰਵਾਦ ਅਤੇ ਪਤੀ ਗੁਰੂ ਗੋਬਿੰਦ ਸਿੰਘ ਦੇ ਗ੍ਰਹਿਸਤ ਤਿਆਗ ਕੇ ਬ੍ਰਹਮਚਰਜ ਧਾਰਨ ਕਰਨ ਦੇ ਪ੍ਰਣ ਨੂੰ ਅੰਤਮ ਸਵਾਸ ਤਕ ਪੂਰੀ ਦ੍ਰਿੜਤਾ ਨਾਲ ਨਿਭਾਇਆ । ਮਾਤਾ ਸਾਹਿਬ ਕੌਰ ਨੇ ਗੁਰੂ ਦੇ ਮਹਿਲਾਂ ਵਿਚ ਪ੍ਰਵੇਸ਼ ਕਰਨ ਬਾਅਦ ਸਾਰਾ ਜੀਵਨ ਬਾਣੀ ਪੜ੍ਹਦਿਆਂ ਸੰਗਤ ਦੀ ਸੇਵਾ ਕਰਦਿਆਂ ਤੇ ਪਤੀ ਦੇ ਦਰਸ਼ਨ ਕਰਦਿਆਂ ਬਿਤਾਇਆ । ਇਸ ਕਰਕੇ ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ‘ਕੁਆਰਾ ਡੋਲਾ’ ਕਰਕੇ ਲਿਖਿਆ ਹੈ ।

ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਤਾ (1681-1747)  ਗਿਆਨੀ ਹਰੀ ਸਿੰਘ | Mata Sahib Kaur (1681-1747)  Khalse Di Mata Giyani Hari Singh

ਡਾਕਟਰ ਤਰਲੋਚਨ ਸਿੰਘ ਨੇ ਆਪਣੀ ਪੁਸਤਕ ‘ਦਿੱਲੀ ਦੇ ਇਤਿਹਾਸਕ ਗੁਰਦੁਆਰੇ ਵਿਚ ਲਿਖਿਆ ਹੈ ਕਿ ਮੁਗਲਾਂ ਦੇ ਸ਼ਾਹੀ ਰਿਕਾਰਡ ਵਿਚ ਵੀ ਉਨ੍ਹਾਂ ਨੂੰ ‘ਕੁਆਰਾ ਡੋਲਾ’ ਹੀ ਲਿਖਿਆ ਹੈ ।

ਮਾਤਾ ਸਾਹਿਬ ਕੌਰ ਜੀ ਦਾ ਉੱਚਾ ਚਰਿੱਤਰ ਦੁੱਖ ਸੁੱਖ ਵਿਚ ਪਤੀ ਦੇ ਨਾਲ ਰਹਿ ਕੇ ਉਨ੍ਹਾਂ ਦੀ ਸੇਵਾ ਕਰਨ ਲਈ ਬਹੁਤ ਪ੍ਰਸਿੱਧ ਹੈ । ਉਹ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਕਦਾਚਿਤ ਅੰਨ-ਪਾਣੀ ਨਹੀਂ ਸਨ ਛਕਦੇ ।

“ਦਰਸ਼ਨ ਕਰੇ ਤਾਂ ਭੋਜਨ ਪਾਵੇ । ਨਤ ਨਿਸ ਬਾਸਰ ਛੁਧਤ ਬਿਹਾਵੇ!”

(ਗੁ: ਪ੍ਰ: ਸੂ: ਗ੍ਰੰਥ, ਰੁੱਤ 5, ਅੰਸੂ 1)

ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਮ ਸਫ਼ਰ ਸਮੇਂ ਜਦੋਂ ਉਨ੍ਹਾਂ ਨੂੰ ਨਦੇੜ (ਮ: ਰ:) ਤੋਂ ਦਿੱਲੀ ਵਾਪਸ ਪਰਤਣ ਦਾ ਹੁਕਮ ਦਿੱਤਾ ਤਾਂ ਉਹ ਸਖ਼ਤ ਪ੍ਰੇਸ਼ਾਨ ਹੋਏ । ਉਨ੍ਹਾਂ ਨੇ ਵਿਛੋੜੇ ਦਾ ਦੁੱਖ ਨਾ ਸਹਾਰਦੇ ਹੋਏ ਹੱਥ ਜੋੜ ਕੇ ਨਿਮਰਤਾ ਨਾਲ ਗੁਰੂ ਜੀ ਨੂੰ ਕਿਹਾ ਸੀ ਕਿ :

“ਤੁਮ ਬਿਨ ਮੋਰ ਅਲੰਬ* ਨਾ ਕੋਈ ।

ਦੇਖ ਅ ਜਲ ਭੋਜਨ ਦੋਈ !

ਬਿਛਰੇ ਤੇ ਦਰਸ਼ਨ ਕਿਮ ਹੋਇ । ਸਹੇ ਕਸ਼ਟ ਪ੍ਰਾਣਨ ਕੋ ਖੋਇ ।”

(ਗੁ: ਪ੍ਰ: ਸੂ: ਗ੍ਰੰਥ, ਰੁੱਤ 5, ਅੰਸੂ 3)

ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀਆਂ ਅੱਖਾਂ ਵਿਚ ਭਰੇ ਹੋਏ ਹੰਝੂ ਤਕ ਕੇ ਦਇਆ ਕਰਕੇ ਛੇਵੇਂ ਗੁਰੂ ਦੇ ਪੰਜ ਸ਼ਸਤਰ ਮੰਗਾਏ, ਜੋ ਗੁਰੂ ਹਰਿਗੋਬਿੰਦ ਜੀ ਆਪਣੇ ਸਰੀਰ ਉੱਤੇ ਸਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਭਾਏਮਾਨ ਹੁੰਦੇ ਸਨ । ਇਨ੍ਹਾਂ ਵਿਚ ਇਕ ਖੰਜਰ, ਦੋ ਜਮਧਰ, ਇਕ ਕਿਰਪਾਨ ਅਤੇ ਇਕ ਖੰਡਾ ਸ਼ਾਮਲ ਸਨ । ਇਹ ਪੰਜੇ ਸ਼ਸਤਰ ਆਪਣੇ ਮਹਿਲ ਮਾਤਾ ਸਾਹਿਬ ਕੌਰ ਨੂੰ ਸੌਂਪ ਕੇ ਕਿਹਾ ਕਿ ਇਨ੍ਹਾਂ ਸ਼ਸਤਰਾਂ ਦੇ ਦਰਸ਼ਨ ਹੀ ਸਾਡਾ ਦਰਸ਼ਨ ਹੋਵੇਗਾ । ਉਨ੍ਹਾਂ ਸ਼ਸਤਰ ਸੰਭਾਲ ਕੇ ਪਤੀ ਗੁਰੂ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ ਅਤੇ ਵੈਰਾਗ ਭਰੇ ਦਿਲ ਨਾਲ ਦਿੱਲੀ ਨੂੰ ਰਵਾਨਾ ਹੋਏ । ਦਿੱਲੀ ਪਹੁੰਚ ਕੇ ਕਰਮਸ਼ੀਲ ਮਾਤਾ ਸਾਹਿਬ ਕੌਰ ਨੇ ਪਤੀ ਵਿਛੋੜੇ ਦਾ ਰਹਿੰਦਾ ਜੀਵਨ ਇਨ੍ਹਾਂ ਸ਼ਸਤਰਾਂ ਦੇ ਦਰਸ਼ਨ ਅਤੇ ਸੰਗਤਾਂ ਦੇ ਲੰਗਰ ਦੀ ਸੇਵਾ ਵਿਚ ਨਿਭਾਇਆ । ਉਹ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਕੇ, ਬਾਣੀ ਦਾ ਨਿਤਨੇਮ ਕਰਕੇ ਫਿਰ ਅੰਨ-ਪਾਨ ਕਰਦੇ ਸਨ ।

“ਪੁਸ਼ਪ ਧੂਲ ਚੰਦਨ ਚਰਚਾਵੇ ।

ਦਰਸ਼ਨ ਕਰ ਭੋਜਨ ਕੋ ਪਾਵੇ” ।”

(ਗੁ: ਪ੍ਰ: ਸੂ: ਗ੍ਰੰਥ, ਰੁੱਤ 5, ਅੰਸੂ 3)

ਭਾਈ ਵੀਰ ਸਿੰਘ ਲਿਖਤ ਅਨੁਸਾਰ ਪੰਜ ਸੌ ਸਾਖੀ ਵਿਚ ਲਿਖਿਆ ਹੈ ਕਿ ਦਸ਼ਮੇਸ਼ ਦੇ ਤੀਸਰੇ ਮਹਿਲ ਮਾਤਾ ਸਾਹਿਬ ਕੌਰ ਜੀ ਮਾਪਿਆਂ ਦੇ ਕੀਤੇ ਹੋਏ ਪ੍ਰਣ ਕਰਕੇ ਆਏ ਸਨ । ਉਨ੍ਹਾਂ ਨੂੰ ਸਤਿਗੁਰੂ ਨੇ ਜੀਵਨ ਭਰ ਕੁਆਰੇ ਰਹਿਣ ਦਾ ਪ੍ਰਣ ਲੈਣ ਉਪਰੰਤ ਮਹਿਲਾਂ ਵਿਚ ਪ੍ਰਵੇਸ਼ ਕਰਵਾਇਆ ਸੀ । ਉਹ ਸੇਵਾ ਸਿਮਰਨ ਤੇ ਸੀਲ ਸੰਜਮ ਵਾਲੀ ਆਤਮਾ ਹੋਣ ਕਰਕੇ ਪੰਥ ਦੀ ਮਾਤਾ ਥਾਪੇ ਗਏ ਸਨ । ਉਨ੍ਹਾਂ ਦਾ ਅਕਾਲ ਚਲਾਣਾ ਦਿੱਲੀ ਵਿਚ ਹੋਇਆ । ਉਨ੍ਹਾਂ ਦੀ ਅੰਤਿਮ ਯਾਦਗਾਰ ਦਿੱਲੀ ਵਿਚ ਹੈ, ਜਿਥੇ ਸਿੱਖ ਸ਼ਰਧਾ ਨਾਲ ਸੀਸ ਝੁਕਾਂਦੇ ਹਨ।

(ਖਾਲਸੇ ਦੀ ਮਾਤਾ, ਪੰਨਾ 69)

ਜਨਮ ਤੇ ਬਚਪਨ

ਮਾਤਾ ਸਾਹਿਬ ਕੌਰ ਦਾ ਜਨਮ 18 ਕੱਤਕ ਸੰਮਤ 1738 ਬਿਕਰਮੀ (1681 ਈ.) ਨੂੰ ਬੁੱਧਵਾਰ, ਅੰਮ੍ਰਿਤ ਵੇਲੇ ਭਾਈ ਰਾਮੂ (ਬਸੀ ਗੋਤ) ਦੇ ਘਰ ਮਾਤਾ ਜਸਦੇਵੀ ਦੀ ਪਵਿੱਤਰ ਕੁੱਖ ਤੋਂ ਰੋਹਤਾਸ ਨਗਰ, ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਦਾ ਨਾਂ ਗੁਰੂ ਕੀ ਸੰਗਤ ਵਿਚ ਸਾਹਿਬ ਦੇਵੀ ਰੱਖਿਆ ਗਿਆ ਜੋ ਅੰਮ੍ਰਿਤ ਛੱਕ ਕੇ ਗੁਰੂ ਕੇ ਮਹਿਲ ਬਣਨ ਸਮੇਂ ਸਾਹਿਬ ਕੌਰ ਬਣ ਗਏ ।

(ਖਾਲਸੇ ਦੀ ਮਾਤਾ, ਪੰਨਾ 34-35)

ਮਾਤਾ ਸਾਹਿਬ ਕੌਰ ਦੇ ਜਨਮ ਸੰਬੰਧੀ ਵੱਖ ਵੱਖ ਵਿਚਾਰ ਹਨ ਅਤੇ ਉਨ੍ਹਾਂ ਦੇ ਪਿਤਾ ਦੇ ਨਾਂ ਤੇ ਗੋਤ ਸੰਬੰਧੀ ਵੀ ਇਤਿਹਾਸਕਾਰ ਸਹਿਮਤ ਨਹੀਂ ਹਨ । ਮਹਾਨ ਕੋਸ਼ ਦੇ ਲੇਖਕ ਭਾਈ ਕਾਹਨ ਸਿੰਘ ਜੀ ਨਾਭਾ ਨੇ ਉਨ੍ਹਾਂ ਦੇ ਪਿਤਾ ਦਾ ਨਾਂ ਰਾਮਾ (ਗੋਤ ਬਸੀ) ਲਿਖਿਆ ਹੈ ਜਦ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਭਾਈ ਸੰਤੋਖ ਸਿੰਘ ਜੀ ਨੇ ਭਾਈ ਰਾਵਾ ਲਿਖਿਆ ਹੈ ।

ਭਾਈ ਕਰਮ ਸਿੰਘ ਹਿਸਟੋਰੀਅਨ ਨੇ ‘ਗੁਰੂ ਕੇ ਮਹਿਲ’ ਵਿਚ ਉਨ੍ਹਾਂ ਦੇ ਜਨਮ ਦੀ ਸਾਖੀ ਇਸ ਤਰ੍ਹਾਂ ਲਿਖੀ ਹੈ ਕਿ ਭਾਈ ਰਾਮਾ ਖੱਤਰੀ ਰੋਹਤਾਸ ਵਿਚ ਵਪਾਰ ਦਾ ਕੰਮ ਕਰਦਾ ਸੀ । ਉਸ ਦੇ ਘਰ ਸਭ ਸੁੱਖ ਸਨ ਪਰ ਔਲਾਦ ਨਹੀਂ ਸੀ ।

ਉਹ ਮੰਨਤਾਂ ਮਨੌਤਾਂ ਮੰਨਦੇ ਧਨੀ ਪੋਠੋਹਾਰ ਦੀ ਸੰਗਤ ਨਾਲ ਕੱਤਕ ਸੰਮਤ 1736 ਵਿਚ ਗੁਰ ਦਰਸ਼ਨ ਲਈ ਅਨੰਦਪੁਰ ਸਾਹਿਬ ਆਏ । ਪਰਸ਼ਾਦ ਕਰਕੇ ਗੁਰੂ ਦਰਬਾਰ ਵਿਚ ਹਾਜ਼ਰੀ ਭਰ ਕੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਆਪ ਦੀ ਬਖਸ਼ਿਸ਼ ਸੰਤਾਨ ਆਪ ਦੇ ਭੇਟ ਕੀਤੀ ਜਾਵੇਗੀ। ਗੁਰੂ ਜੀ ਮੁਸਕਰਾਏ ਤੇ ਵਰ ਬਖਸ਼ਿਆ ‘ਤੇਰੀ ਭਾਵਨਾ ਪੂਰੀ ਹੋਵੇਗੀ’ । ਗੁਰੂ ਜੀ ਦੇ ਵਰ ਸਦਕਾ ਉਨ੍ਹਾਂ ਦੇ ਘਰ ਇਕ ਪੁੱਤਰੀ ਤੇ ਇਕ ਪੁੱਤਰ ਦਾ ਜਨਮ ਹੋਇਆ । ਪੁੱਤਰੀ ਦਾ ਨਾਂ ਸਾਹਿਬ ਦੇਵੀ ਅਤੇ ਪੁੱਤਰ ਦਾ ਨਾਂ ਸਾਹਿਬ ਚੰਦ ਰਖਿਆ ਜੋ ਬਾਅਦ ਗੁਰ ਇਤਿਹਾਸ ਵਿਚ ਸਾਹਿਬ ਸਿੰਘ ਬਣ ਕੇ ਪੰਥ ਦੇ ਮਾਮਾ ਵਜੋਂ ਗੁਰੂ ਸਾਹਿਬ ਦੀ ਸੇਵਾ ਵਿਚ ਹੀ ਰਹੇ ਸਨ ।

ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਤਾ (1681-1747)  ਗਿਆਨੀ ਹਰੀ ਸਿੰਘ | Mata Sahib Kaur (1681-1747)  Khalse Di Mata Giyani Hari Singh

‘ਗੁਰੂ ਕੇ ਮਹਿਲ’ ਅਨੁਸਾਰ ਬੱਚੀ ਦਾ ਨਾਂ ਰੱਖਣ ਸਮੇਂ ਭਾਈ ਰਾਮਾ ਨੇ ਸੰਗਤ ਵਿਚ ਹੀ ਸੰਕਲਪ ਕੀਤਾ ਕਿ ਇਹ ਬੱਚੀ ਸਾਹਿਬਾਂ ਨੇ ਬਖਸ਼ੀ ਹੈ ਅਤੇ ਇਸ ਦਾ ਡੋਲਾ ਗੁਰੂ ਦੀ ਭੇਟ ਕੀਤਾ ਜਾਵੇਗਾ । ਉਨ੍ਹਾਂ ਦੇ ਇਸ ਸੰਕਲਪ ਕਾਰਨ ਸੰਗਤ ਤੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਉਸ ਨੂੰ ਉਸੇ ਦਿਨ ਤੋਂ ਹੀ ਮਾਤਾ ਕਰਕੇ ਸੰਬੋਧਨ ਕਰਨ ਲਗ ਪਏ ।

ਭਾਈ ਕਰਮ ਸਿੰਘ ਦੀ ਲਿਖਤ ਦੀ ਪ੍ਰੌੜਤਾ ਬਾਵਾ ਸੁਮੇਰ ਸਿੰਘ ਨੇ ਵੀ ਕੀਤੀ ਹੈ ਤੇ ਲਿਖਿਆ ਹੈ :

“ਤਾਸ ਸੁਤਾ ਸੀ ਸਾਹਿਬ ਦੇਵੀ ।

ਸਤਿਗੁਰ ਭਕਤ ਪਰਗਟ ਬੇਅ ਸੇਵੀ ।

ਜਬਤੇ ਜਨਮੀ ਤਾਂ ਘਰ ਮਾਂਹੀ ।

ਗੁਰਹਿ ਸਮਰਪੀ ਉਕਤ ਸੁ ਆਹੀ ।

ਮਾਤਾ ਜਾਨ ਸੁਪਰ ਰਜ ਲਾਵੇ ।

ਨਿਤ ਨਾਵ ਪੂਜ ਕਰ ਤ੍ਰਿਪਤਾਵੇ ।

ਪ੍ਰਿਥਮ ਜਿਵਾਏ’ ਅਚਹਿ ਸੁ ਅਹਾਰਾ ।

ਸੇਵਹਿ ਸਕਲ ਸਹਿਤ ਪਰਵਾਰਾ ।

ਪੁਰ ਰਵਤਾਸ ਤਾਸਕੀ ਬਾਸੀ ।

ਬਸੀ ਗੋਤ ਕਹਿਤ ਸੁਖ ਰਾਸੀ ॥

ਮਾਤ ਜਾਨ ਕਰ ਕੰਨਿਆ ਪਾਲੀ ।

ਅਬ ਯਾਹਿ ਆਨ ਜੋਗ ਨਾਹਿ ਬਾਲੀ” ।”

(ਪੋਥੀ ਗੁਰ ਬਿਲਾਸ, ਸਾਖੀ 100, ਪੰਨਾ 326) ਮਾਤਾ ਸਾਹਿਬ ਕੌਰ ਬਾਲ ਅਵਸਥਾ ਵਿਚ ਸਰਬਗੁਣ ਭਰਪੂਰ ਸਨ । ਉਨ੍ਹਾਂ ਦੇ ਮੋਕਲੇ ਅੰਗ, ਸਡੋਲ ਸਰੀਰ, ਨੂਰਾਨੀ ਚਿਹਰਾ ਅਤੇ ਨਕਸ਼ ਸੁੰਦਰ ਸਨ । ਆਪ ਮਿਠਬੋਲੇ ਹੋਣ ਦੇ ਨਾਲ ਨਾਲ ਨਿਮਰਤਾ, ਸਬਰ ਅਤੇ ਸੰਤੋਖ ਦੀ ਮੂਰਤ ਸਨ । ਉਨ੍ਹਾਂ ਦੀ ਸ਼ਖ਼ਸੀਅਤ ਪਰਿਵਾਰ ਤੇ ਸੰਗਤ ਵਿਚ ਹਰਮਨ ਪਿਆਰੀ ਸੀ।

ਉਨ੍ਹਾਂ ਨੂੰ ਬਾਲ ਅਵਸਥਾ ਵਿਚ ਹੀ ਪੰਜਾਬੀ (ਗੁਰਮੁਖੀ ਅੱਖਰ) ਪੜ੍ਹਨ ਲਾਇਆ ਗਿਆ ਸੀ । ਗੁਰਬਾਣੀ ਤੇ ਗੁਰ ਇਤਿਹਾਸ ਦਾ ਬੋਧ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੋ ਗਿਆ ਸੀ । ਜਦੋਂ ਉਹ ਸੰਗਤ ਵਿਚ ਬਾਣੀ ਦਾ ਪਾਠ ਕਰਦੇ ਤਾਂ ਸਰੋਤੇ ਝੂਮ ਉਠਦੇ ਸਨ । ਉਹ ਘੱਟ ਬੋਲਦੇ ਪਰ ਵਧੇਰੇ ਸਮਾਂ ਆਪਣੀ ਮਾਤਾ ਨਾਲ ਗੁਰ ਅਸਥਾਨ ਉੱਤੇ ਸੇਵਾ ਵਿਚ ਜਾਂ ਪਾਠ ਕਰਦਿਆਂ ਬਿਤਾਉਂਦੇ ਸਨ ।

ਰੋਹਤਾਸ ਤੇ ਚੋਆ ਸਾਹਿਬ

ਮਾਤਾ ਸਾਹਿਬ ਕੌਰ ਦਾ ਜਨਮ ਰੋਹਤਾਸ ਨਗਰ ਵਿਚ ਹੋਇਆ, ਜੋ ਅਣਵੰਡੇ ਪੰਜਾਬ ਦਾ ਪ੍ਰਸਿੱਧ ਪਹਾੜੀ ਸਥਾਨ ਹੈ । ਉਸ ਦੇ ਇਕ ਪਾਸਿਉਂ ਜਿਹਲਮ ਦਰਿਆ ਵਹਿੰਦਾ ਹੈ, ਜੋ ਕਸ਼ਮੀਰ ਦੀਆਂ ਵਾਦੀਆਂ ਵਿਚੋਂ ਹੋ ਕੇ ਉਥੇ ਪਹੁੰਚਦਾ ਹੈ । ਬਾਕੀ ਪਾਸਿਆਂ ਉੱਤੇ ਪਹਾੜੀਆਂ ਤੇ ਨਾਲੇ ਵਹਿੰਦੇ ਹਨ । ਹਰਿਆਵਲ ਹੋਣ ਕਰਕੇ ਇਹ ਸੁੰਦਰ ਤੇ ਮਨਮੋਹਕ ਇਲਾਕਾ ਹੈ ।

ਮਹਾਨ ਕੋਸ਼ ਅਨੁਸਾਰ ਸ਼ੇਰ ਸ਼ਾਹ ਸੂਰੀ ਨੇ 1542 ਈਸਵੀ ਵਿਚ ਸਵਾ ਚਾਲੀ ਲੱਖ ਰੁਪਏ ਖ਼ਰਚ ਕੇ ਇਥੇ ਕਿਲ੍ਹਾ ਉਸਾਰਿਆ ਸੀ । ਇਹ ਕਿਲ੍ਹਾ ਬੰਗਾਲ ਦੇ ਸ਼ਾਹਬਾਦ ਕਿਲ੍ਹੇ ਦੇ ਢੰਗ ਦਾ ਢਾਈ ਮੀਲ ਦੇ ਘੇਰੇ ਵਿਚ ਸੀ । ਇਸ ਦੀ ਕੰਧ 30 ਫੁੱਟ ਚੌੜੀ ਤੇ 50 ਫੁੱਟ ਉੱਚੀ ਸੀ, ਇਸ ਦੇ ਚੋਹਾਂ ਪਾਸਿਆਂ ਉੱਤੇ 68 ਬੁਰਜ ਅਤੇ 12 ਦਰਵਾਜ਼ੇ ਸਨ । ਚੋਆ ਸਾਹਿਬ ਵਾਲੇ ਪਾਸੇ 70 ਫੁੱਟ ਦਾ ਵੱਡਾ ਦਰਵਾਜ਼ਾ ਸੀ । ਇਸ ਕਿਲ੍ਹੇ ਦੇ ਬੁਰਜ ਤੋਂ ਗੋਰਖ ਨਾਥ ਦਾ ਟਿੱਲਾ ਦਿਖਾਈ ਪੈਂਦਾ ਹੈ, ਜੋ ਜ਼ਿਲ੍ਹਾ ਗੁਜਰਾਤ ਦਾ ਪ੍ਰਸਿੱਧ ਸਥਾਨ ਹੈ। ਇਸ ਜ਼ਿਲ੍ਹੇ ਦੇ ਅੰਦਰ ਵਸਿਆ ਨਗਰ ਰੋਹਤਾਸ ਹੈ ।

ਤਾਰੀਖ ਦਾਉਦੀ ਵਿਚ ਇਸ ਕਿਲ੍ਹੇ ਉੱਤੇ 8 ਕਰੋੜ, 5 ਲੱਖ, 5 ਹਜ਼ਾਰ ਅਤੇ ਢਾਈ ਦਾਮ ਲਾਗਤ ਆਈ ਲਿਖੀ ਹੈ । ਹੁਣ ਇਸ ਦੇ ਖੰਡਰ ਹੀ ਬਾਕੀ ਰਹਿ ਗਏ ਹਨ ।

(ਮਹਾਨ ਕੋਸ਼, ਪੰਨਾ 1048 ਤੇ ਗੁ: ਪ੍ਰ: ਸੂ: ਗ੍ਰੰਥ; ਰੁੱਤ 5)

ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਕਾਬਲ, ਕੰਧਾਰ, ਪਿਸ਼ਾਵਰ ਤੇ ਨੌਸ਼ਹਿਰੇ ਤੋਂ ਵਾਪਸ ਪਰਤਦੇ ਹੋਏ ਇਥੇ ਆਏ ਸਨ । ਉਨ੍ਹਾਂ ਨੇ ਪਹਾੜ ਦੀ ਕੰਦਰ ਕੋਲ ਦਰਖਤਾਂ ਦੇ ਝੁੰਡ ਵਿਚ ਰਮਣੀਕ ਸਥਾਨ ਦੇਖ ਕੇ ਡੇਰਾ ਲਾਇਆ । ਇਥੋਂ ਦੇ ਰਹਿਣ ਵਾਲੇ ਪ੍ਰੇਮੀ ਭਾਈ ਭਗਤੂ ਨੇ ਆਪ ਦੇ ਦਰਸ਼ਨ ਕਰਕੇ ਆਪਦੀ ਸੇਵਾ ਕੀਤੀ ।

ਇਸ ਨਗਰ ਵਿਚ ਪਾਣੀ ਦੀ ਸਖ਼ਤ ਤਕਲੀਫ਼ ਸੀ । ਪਾਣੀ ਖਾਰਾ ਹੋਣ ਕਰਕੇ ਲੋਕ ਦੁੱਖੀ ਸਨ । ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਜੀ ਨੇ ਭਗਤੂ ਨੂੰ ਪੱਥਰ ਦੀ ਸਿਲ੍ਹਾ ਹਟਾਉਣ ਦਾ ਇਸ਼ਾਰਾ ਕੀਤਾ ਤਾਂ ਇਥੋਂ ਪੰਜਾ ਸਾਹਿਬ ਵਾਂਗ ਹੀ ਮਿੱਠੇ ਪਾਣੀ ਦਾ ਚਸ਼ਮਾ ਵਹਿ ਤੁਰਿਆ। ਇਸ ਚਸ਼ਮੇ ਦਾ ਨਾਂ ਚੋਆ ਸਾਹਿਬ ਪ੍ਰਸਿੱਧ ਹੋ ਗਿਆ ।

ਇਹ ਪਵਿੱਤਰ ਸਥਾਨ ਜਿਹਲਮ ਸ਼ਹਿਰ ਤੋਂ 10 ਮੀਲ ਉੱਤਰ ਪੱਛਮ ਵਲ ਹੈ । ਦੇਸ਼ ਦੀ ਵੰਡ ਤੋਂ ਪਹਿਲਾਂ ਇਥੇ ਕੱਤਕ ਪੁੰਨਿਆਂ ਦਾ ਭਾਰੀ ਮੇਲਾ ਲਗਿਆ ਕਰਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਨਾਮਵਾਰ ਬਾਬਾ ਸਰਦਾਰ ਚੜ੍ਹਤ ਸਿੰਘ ਜੀ ਨੇ ਇਸ ਟਿਲਾਕੇ ਨੂੰ ਆਪਣੇ ਅਧੀਨ ਕੀਤਾ ਸੀ । ਉਨ੍ਹਾਂ ਨੇ ਇਸ ਚਸ਼ਮੇ ਦੀ ਪਵਿੱਤਰਤਾ ਨੂੰ ਅਨੁਭਵ ਕਰਕੇ ਪੱਕਾ ਸਰੋਵਰ ਤੇ ਸੁੰਦਰ ਗੁਰਦਵਾਰਾ ਬਣਾਇਆ ਸੀ । ਉਦੋਂ ਤੋਂ ਇਥੇ ਗੁਰਬਾਣੀ ਕੀਰਤਨ ਤੇ ਲੰਗਰ ਦਾ ਪਰਵਾਹ ਚਲ ਪਿਆ ਸੀ । ਇਕ ਵਾਰੀ ਕਾਬਲ ਦੇ ਬਾਦਸ਼ਾਹ ਜ਼ਮਾਨ ਸ਼ਾਹ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਬਜ਼ਾ ਛੁਡਵਾ ਕੇ ਗੁਰਦਵਾਰਾ ਸਾਹਿਬ ਨਾਲ 27 ਘੁਮਾਂ ਜ਼ਮੀਨ ਅਤੇ 2060 ਰੁਪਏ ਸਾਲਾਨਾ ਜਾਗੀਰ ਲਾ ਦਿੱਤੀ ਸੀ । ਇਸ ਆਮਦਨ ਨਾਲ ਹੀ ਅਟੁੱਟ ਲੰਗਰ ਚਲਦਾ ਸੀ । ਅੰਗ੍ਰੇਜ਼ੀ ਰਾਜ ਤਕ ਇਹ ਜ਼ਮੀਨ ਤੇ ਜਾਗੀਰ ਗੁਰਦੁਆਰੇ ਦੇ ਨਾਮ ਨਾਲ ਰਹੀ ਹੈ ।

ਮਹਾਰਾਜਾ ਰਣਜੀਤ ਸਿੰਘ ਸਮੇਂ ਸਮੇਂ ਇਥੇ ਆ ਕੇ ਠਹਿਰਦੇ ਸਨ । ਜਦ ਉਹ 15 ਮਈ, 1831 ਵਿਚ ਬੀਮਾਰ ਹੋਏ ਤਾਂ ਉਨ੍ਹਾਂ ਨੇ ਇਥੇ ਰਹਿ ਕੇ ਡਾਕਟਰ ਫੂਟ ਸਰਜਨ ਤੋਂ ਇਲਾਜ ਕਰਵਾਇਆ ਸੀ ।

(ਕਨਿੰਘਮ, ਹਿਸਟਰੀ ਆਫ਼ ਦੀ ਸਿੱਖਸ, ਪੰਨਾ 411) 1823 ਵਿਚ ਇਲਾਕਾ ਪਖਲੀ ਤੇ ਧਮਤੋੜ ਜ਼ਿਲ੍ਹਾ ਹਜ਼ਾਰਾ (ਸੂਬਾ ਸਰਹੱਦ- ਪਾਕਿਸਤਾਨ) ਦੇ ਪਠਾਣਾਂ ਨੇ ਸਿੱਖ ਰਾਜ ਵਿਰੁੱਧ ਬਗਾਵਤ ਕੀਤੀ ਤਾਂ ਉਨ੍ਹਾਂ ਨੂੰ ਸੋਧਨ ਲਈ ਇਥੋਂ ਹੀ ਮਹਾਰਾਜਾ ਸਾਹਿਬ ਨੇ ਆਪਣੇ ਭਰੋਸੇਯੋਗ ਜਰਨੈਲ ਹਰੀ ਸਿੰਘ ਨਲੂਆ ਨੂੰ ਭੇਜਿਆ ਸੀ ਅਤੇ ਇਥੇ ਹੀ ਪੱਛਮੀ ਫ਼ੌਜਾਂ ਨੂੰ ਇਨਾਮ ਵੰਡੇ ਸਨ । ਇਥੋਂ ਹੀ ਚੜ੍ਹਾਈ ਕਰਕੇ ਪਿਸ਼ਾਵਰ ਵਾਲੇ ਯਾਰ ਮੁਹੰਮਦ ਖ਼ਾਨ ਬਾਰਜ਼ੇਈ ਨੂੰ ਸਰ ਕਰਕੇ ਪਿਸ਼ਾਵਰ ਦਾ ਇਲਾਕਾ ਖਾਲਸਾ ਰਾਜ ਵਿਚ ਸ਼ਾਮਿਲ ਕੀਤਾ ਸੀ ।

(ਗੁਰੂ ਖਾਲਸਾ ਤਵਾਰੀਖ, ਪੰਨਾ 656)

ਜਦੋਂ ਸਿੱਖ ਰਾਜ ਦੇ ਜਰਨੈਲ ਸ੍ਰ. ਹਰੀ ਸਿੰਘ ਨਲੂਆ ਜਮਰੌਦ ਵਿਚ ਸ਼ਹੀਦ ਹੋਏ, ਉਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰੋਂ ਫ਼ੌਜ ਲੈ ਕੇ ਕਾਬਲ ਵਲ ਵਧਦਿਆਂ ਰੋਹਤਾਸ ਠਹਿਰੇ ਸਨ । ਉਨ੍ਹਾਂ ਨੇ ਇਥੋਂ ਜੰਗੀ ਹਾਲਤ ਦਾ ਜਾਇਜ਼ਾ ਲੈ ਕੇ ਪੂਰੀ ਸਾਵਧਾਨੀ ਨਾਲ ਕੂਚ ਕੀਤਾ ਸੀ ।

ਇਹ ਸਥਾਨ ਗੁਰੂ ਗੋਬਿੰਦ ਸਿੰਘ ਦੇ ਸਮੇਂ ਪੋਠੋਹਾਰ ਦਾ ਗੜ੍ਹ ਸੀ ਅਤੇ ਇਥੋਂ ਦੀਆਂ ਸੰਗਤਾਂ ਅਨੰਦਪੁਰ ਸਾਹਿਬ ਕਾਰ ਭੇਟਾ ਪਹੁੰਚਾਉਂਦੀਆਂ ਸਨ ।

ਭਾਈ ਭਗਵਾਨ ਸਿੰਘ ਜੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਜ਼ਾਨਚੀ ਸਨ, ਇਥੋਂ ਦੇ ਆਦੀ ਵਸਨੀਕ ਸਨ ਅਤੇ ਭਾਈ ਵਿਸਾਖਾ ਸਿੰਘ ਜੀ ਇਨ੍ਹਾਂ ਦੇ ਸਪੁੱਤਰ ਸਨ ।

(ਖਾਲਸੇ ਦੀ ਮਾਤਾ, ਪੰਨਾ 47)

ਕੁਆਰਾ ਡੋਲਾ

ਮਾਤਾ ਸਾਹਿਬ ਕੌਰ ਦੀ ਉਮਰ 17 ਸਾਲ ਤੋਂ ਟੱਪੀ ਤਾਂ ਮਾਤਾ ਪਿਤਾ ਨੂੰ ਉਸ ਦੀ ਸ਼ਾਦੀ ਦਾ ਫਿਕਰ ਹੋਇਆ । ਭਾਈ ਰਾਮੂ ਨੂੰ ਆਪਣੇ ਸੰਕਲਪ ਬਾਰੇ ਸ਼ੱਕ ਹੋਣ ਲੱਗਾ ਕਿ ਗੁਰੂ ਸਾਹਿਬ ਦਾ ਤਾਂ ਅਨੰਦਕਾਰਜ ਹੋ ਚੁੱਕਾ ਹੈ, ਇਸ ਲਈ ਉਨ੍ਹਾਂ ਦੀ ਬੇਟੀ ਨੂੰ ਕਿਵੇਂ ਕਬੂਲ ਕਰਨਗੇ । ਇਹ ਸੋਚ ਕੇ ਉਨ੍ਹਾਂ ਸਾਹਿਬ ਦੇਵਾਂ ਦਾ ਰਿਸ਼ਤਾ ਹੋਰ ਥਾਂ ਕਰਨ ਦੀ ਵਿਚਾਰ ਬਣਾਈ । ਗੁਰੂ ਖਾਲਸਾ ਤਵਾਰੀਖ (ਹਿੰਦੀ) ਅਨੁਸਾਰ ਜਦ ਬੀਬੀ ਨੇ ਆਪਣੇ ਰਿਸ਼ਤੇ ਬਾਰੇ ਮਾਤਾ ਪਿਤਾ ਦੀ ਘੁਸਰ ਮੁਸਰ ਸੁਣੀ ਤਾਂ ਉਨ੍ਹਾਂ ਨੂੰ ਕੀਤਾ ਸੰਕਲਪ ਯਾਦ ਕਰਵਾ ਕੇ ਰੋਕਿਆ ਅਤੇ ਕਿਹਾ ਕਿ ਉਨ੍ਹਾਂ ਦੇ ਪੂਰਬਲੇ ਕਰਮ-ਸੰਯੋਗ ਗੁਰੂ ਜੀ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਤਨ ਮਨ ਅਰਪਿਆ ਜਾ ਚੁੱਕਾ ਹੈ, ਇਸ ਲਈ ਹੁਣ ਉਨ੍ਹਾਂ ਤੋਂ ਬਿਨਾਂ ਹੋਰ ਕਿਸੇ ਦੀ ਦਾਸੀ ਬਣਨਾ ਸਵੀਕਾਰ ਨਹੀਂ ਹੋ ਸਕਦਾ ।

ਭਾਈ ਰਾਮੂ ਆਪਣੀ ਸਪੁੱਤਰੀ ਦੇ ਮੂੰਹੋਂ ਇਹ ਸੁਣ ਕੇ ਖੁਸ਼ ਤਾਂ ਬਹੁਤ ਹੋਏ ਪਰ ਆਪਣੀ ਪੁਜ਼ੀਸ਼ਨ ਤੇ ਗੁਰੂ ਜੀ ਦੀ ਮਹੱਤਾ ਨੂੰ ਮੁੱਖ ਰਖਕੇ ਝਿਜਕ ਕੇ ਸੋਚੀਂ ਪੈ ਗਏ ਕਿ ਅਸੀਂ ਗੁਰੂ ਜੀ ਦੇ ਘਰ ਕਬੂਲ ਹੋ ਸਕਾਂਗੇ ?

ਇਸ ਉਲਝਣ ਨੂੰ ਸੁਲਝਾਉਣ ਲਈ ਉਨ੍ਹਾਂ ਨੇ ਸੰਗਤ ਇਕੱਤਰ ਕਰਕੇ ਸਾਰਾ ਮਾਮਲਾ ਸੰਗਤ ਦੇ ਪੇਸ਼ ਕਰ ਦਿੱਤਾ । ਸੰਗਤ ਨੇ ਅਰਦਾਸਾ ਸੋਧ ਕੇ ਪ੍ਰਵਾਨਗੀ ਦੇ ਦਿੱਤੀ ਕਿ ਬੀਬੀ ਦਾ ਧੁਰੋਂ ਹੋਇਆ ਸੰਜੋਗ ਅਕਾਲ ਪੁਰਖ ਸਿਰੇ ਲਾਏਗਾ ।

ਭਾਈ ਰਾਮੂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਧੀ ਦਾ ਡੋਲਾ ਗੁਰੂ ਦੇ ਅਰਪਣ ਕਰਨ ਲਈ ਸੰਗਤ ਆਪ ਨਾਲ ਜਾਵੇ । ਨਗਰ ਦੀ ਸੰਗਤ ਨੇ ਭਾਈ ਰਾਮੂ ਦੀ ਬੇਨਤੀ ਮੰਨ ਲਈ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਤਿਆਰੀ ਅਰੰਭ ਦਿੱਤੀ ।

(ਖਾਲਸੇ ਦੀ ਮਾਤਾ, ਪੰਨਾ 50 ਤੋਂ 55)

ਅਨੰਦਪੁਰ ਦੀ ਯਾਤਰਾ ਲਈ ਇਕ ਦਿਨ ਨਿਸ਼ਚਿਤ ਕਰਕੇ ਪੋਠੋਹਾਰ ਦੇ ਇਲਾਕੇ ਦੀਆਂ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਗਏ । ਚੋਆ ਸਾਹਿਬ ਉੱਤੇ ਸਭ ਸੰਗਤਾਂ ਇਕੱਤਰ ਹੋਈਆਂ ਅਤੇ ਅਰਦਾਸ ਕਰਕੇ ਅਨੰਦਪੁਰ ਵਲ ਚਾਲੇ ਪਾ ਦਿੱਤੇ ।

ਭਾਈ ਰਾਮੂ ਨੇ ਬੀਬੀ ਨੂੰ ਨਵੇਂ ਵਸਤਰ ਪਵਾਏ ਅਤੇ ਵਿਆਹ ਦੇ ਹੋਰ ਵਸਤਰ, ਜ਼ੇਵਰ, ਕੀਮਤੀ ਜੋੜੇ ਅਤੇ ਹਾਰ ਨਾਲ ਲੈ ਲਏ । ਭਾਰੀ ਪੰਧ ਪੈਦਲ ਕੱਟ ਕੇ ਸੰਗਤਾਂ ਸਣੇ ਡੋਲੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਈਆਂ ਜਿਥੇ ਸੰਗਤਾਂ ਦਾ ਡੇਰੇ ਦੇ ਇਕ ਪਾਸੇ ਪ੍ਰਬੰਧ ਕੀਤਾ ਗਿਆ ।

ਭਾਈ ਰਾਮੂ ਅਤੇ ਗੁਰੂ ਦੇ ਖਜ਼ਾਨਚੀ ਭਾਈ ਭਗਵਾਨ ਸਿੰਘ ਨੇ ਗੁਰੂ ਜੀ ਦੇ ਮੁਖੀ ਸਿੱਖ ਭਾਈ ਮਨੀ ਸਿੰਘ ਨੂੰ ਸਾਰੀ ਵਾਰਤਾ ਸੁਣਾਈ ਅਤੇ ਸੰਗਤ ਦਾ ਸੋਧਿਆ ਅਰਦਾਸਾ ਦੱਸ ਕੇ ਉਨ੍ਹਾਂ ਨੂੰ ਭਰੋਸੇ ਵਿਚ ਲੈ ਲਿਆ ਅਤੇ ਉਨ੍ਹਾਂ ਰਾਹੀਂ ਡੋਲਾ ਗੁਰੂ ਦੇ ਭੇਟ ਚੜਾਉਣ ਦੀ ਵਿਉਂਤ ਬਣਾਈ ।

ਸਵੇਰ ਦੇ ਦੀਵਾਨ ਵਿਚ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹੋਏ ਤੇ ਦੂਰੋਂ ਨੇੜਿਉਂ ਆਈਆਂ ਸੰਗਤਾਂ ਸਜ ਗਈਆਂ । ਬਾਣੀ ਦੇ ਪਾਠ ਅਤੇ ਆਸਾ ਜੀ ਦੀ ਵਾਰ ਦੇ ਕੀਰਤਨ ਤੇ ਅਰਦਾਸ ਉਪਰੰਤ ਭਾਈ ਰਾਮੂ ਗਲ ਵਿਚ ਪੱਲਾ ਪਾ ਕੇ ਖੜਾ ਹੋ ਗਿਆ। ਜਦੋਂ ਉਸ ਵਲੋਂ ਡੋਲਾ ਭੇਟ ਕਰਨ ਦੀ ਵਾਰਤਾ ਭਾਈ ਮਨੀ ਸਿੰਘ ਜੀ ਨੇ ਚਲਾਈ ਤਾਂ ਗੁਰੂ ਜੀ ਨੇ ਫ਼ੁਰਮਾਇਆ ਕਿ ਸੰਗਤ ਭਲੀ-ਭਾਂਤ ਜਾਣਦੀ ਹੈ ਕਿ ਖਾਲਸਾ ਪੰਥ ਦੀ ਸਾਜਣਾ ਸਮੇਂ ਦ੍ਰਿੜ੍ਹ ਸੰਕਲਪ ਹੋ ਚੁੱਕਾ ਹੈ ਕਿ ਮਨ ਬ੍ਰਹਮਚਰਜ ਨਾਲ ਜੁੜਿਆ ਰਹੇਗਾ ।

“ਤਬਕੋ ਗ੍ਰਹਿਸਤ ਕਰਨ ਹਮ ਛੋਰਾ । ਬ੍ਰਹਮਚਰਜ ਮਹਿ ਨਿਤ ਮਨਜੋਰਾ । ਯਾ ਤੇ ਬਨੈ ਨਹੀਂ ਇਹ ਬਾਤ । ਛਪਯੋ ਬ੍ਰਿਤਾਂਤ ਨਾ ਸਭ ਬਖਯਾਤ ।”

(ਗੁ: ਪ੍ਰ: ਸੁ: ਗ੍ਰੰਥ, ਰੁੱਤ 5, ਅੰਸੂ 1)

ਇਹ ਸੁਣ ਸੰਗਤ ਵਿਚ ਸਨਾਟਾ ਛਾ ਗਿਆ । ਸ਼ਰਧਾਲੂ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਅਚਰਜ ਹੋ ਗਏ ਸਨ । ਕੋਈ ਵੀ ਗੁਰੂ ਜੀ ਦਾ ਬਚਨ ਟਾਲਣ ਦੀ ਹਿੰਮਤ ਨਹੀਂ ਸੀ ਕਰ ਰਿਹਾ ।

ਗੁਰੂ ਜੀ ਨੇ ਕਿਹਾ ਕਿ “ਅਸੀਂ ਬ੍ਰਹਮਚਰਜ ਧਾਰਨ ਕਰ ਲਿਆ ਹੈ । ਹੁਣ ਅਸੀਂ ਦ੍ਰਿੜਤਾ ਵਿਚ ਫਰਕ ਨਹੀਂ ਪਾਉਣਾ, ਇਸ ਲਈ ਕਿਸੇ ਦਾ ਜੀਵਨ ਸੰਸਾਰੀ ਸੁੱਖਾਂ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ ।”

ਭਾਈ ਰਾਮੂ ਅਤੇ ਰੋਹਤਾਸ ਦੀ ਸੰਗਤ ਜੋ ਅਰਦਾਸਾ ਸੋਧ ਕੇ ਆਈ ਸੀ, ਨਿਰਾਸ਼ ਤੇ ਬੇਬਸ ਹੋ ਗਈ । ਇਹ ਅਨੁਭਵ ਕਰਕੇ ਭਾਈ ਮਨੀ ਸਿੰਘ, ਭਾਈ ਭਗਵਾਨ ਸਿੰਘ, ਅਤੇ ਭਾਈ ਰਾਮੂ ਨੇ ਫਿਰ ਬੇਨਤੀ ਕੀਤੀ ਗਰੀਬਨਿਵਾਜ਼ ਆਪ ਦਾ ਬ੍ਰਹਮਚਰਜ ਦਾ ਪ੍ਰਣ ਅਟੱਲ ਹੈ, ਪਰ ਪੋਠੋਹਾਰ ਦੀ ਸੰਗਤ ਅਰਦਾਸ ਕਰਕੇ ਆਈ ਹੈ ਜੋ ਬਚਪਨ ਤੋਂ ਹੀ ਸੰਕਲਪ ਕਰਕੇ ਇਸ ਨੂੰ ਮਾਤਾ ਸਮਝਕੇ ਪੂਜਦੀ ਰਹੀ ਹੈ । ਆਪ ਸੰਗਤ ਦੀ ਅਰਦਾਸ ਦੀ ਲਾਜ ਰੱਖ ਕੇ ਇਸ ਬੱਚੀ ਨੂੰ ਸ਼ਰਨ ਲਾਉ । ਜੇਕਰ ਆਪ ਇਹ ਡੋਲਾ ਪਰਵਾਨ ਨਹੀਂ ਕਰੋਗੇ ਤਾਂ ਇਸ ਨਿਮਾਣੀ ਨੂੰ ਹੁਣ ਹੋਰ ਕੋਈ ਨਹੀਂ ਪਰਨਾਏਗਾ ਅਤੇ ਇਹ ਸਾਰੀ ਉਮਰ ਕੁਆਰੀ ਹੀ ਰਹੇਗੀ ।

ਉਸ ਦੇ ਪਿਤਾ ਨੇ ਕਿਹਾ :

“ਜਬ ਤੇ ਮੈਂ ਉਰਾਂ ਮੈਂ ਇਮ ਧਰੀ ।

ਕੰਨਯਾ ਗੁਰ ਕੋ ਅਰਪਨ ਕਰੀ ।

ਤਬ ਸੇ ਮਾਤਾ ਸਮ ਸਭਿ ਕੇਰੀ ॥

ਮਨ ਸੁਭਾਵਨਾ ਕੀਨਿ ਬਡੇਰੀ ।

ਅਬਿ ਮਮ° ਘਰ ਮੇਂ ਰਹੇ ਕੁਮਾਰੀ ।

ਕੇ ਕਰ ਸਕੈ ਨਾ ਅੰਗੀ ਕਾਰੀ ।

ਮਾਤਾ ਕੇ ਸਮ ਰਾਖਹਿ ਭਾਵੇਂ ।

ਬੰਧਨ ਨਾਨਹਿ ਹੋਤਿ ਅਗਾਉਂ” ।

ਯਾਂ ਤੇ ਆਪ ਕ੍ਰਿਪਾ ਉਰ ਧਰੀਅਹਿ ।

ਅੰਗੀਕਾਰ ਸੁਤਾ ਮਮ ਕਰੀਅਹਿ” ।

(ਗੁ: ਪ੍ਰ: ਸੂ: ਗ੍ਰੰਥ, ਰੁੱਤ 5, ਅੰਸੂ 6)

ਤਦ ਪੋਠੋਹਾਰ ਦੀ ਸਾਰੀ ਸੰਗਤ ਹੱਥ ਬੰਨ੍ਹ ਖੜੀ ਹੋ ਗਈ ਅਤੇ ਬੇਨਤੀ ਕੀਤੀ ਕਿ ਇਹ ਡੋਲਾ ਜ਼ਰੂਰ ਪ੍ਰਵਾਨ ਕਰੋ । ਗੁਰੂ ਜੀ ਨੇ ਭਾਈ ਰਾਮੂ ਦਾ ਸਿਦਕ ਤੇ ਸੰਗਤ ਦੀ ਅਰਦਾਸ ਤੇ ਪਸੀਜ ਕੇ ਕਿਹਾ ਕਿ “ਸਾਡੀ ਪ੍ਰਤਗਿਆ ਤਾਂ ਅਟੱਲ ਰਹੇਗੀ ਪਰ ਸਾਹਿਬ ਦੇਵਾਂ ‘ਕੁਆਰੇ ਡੋਲੇ’ ਦੇ ਰੂਪ ਵਿਚ ਮਹਿਲਾਂ ਵਿਚ ਪ੍ਰਵੇਸ਼ ਕਰ ਸਕਦੀ ਹੈ ।” ਸ੍ਰੀ ਮੁਖ ਤੇ ਮੁਸਕਾਇ ਬਖਾਨਾ ।”

ਪੁਰਹ ਕਾਮਨਾ ਸਕਲ ਸਥਾਨਾ ।

ਰਹੇ ਕੁਆਰੇ ਡੋਰਾ ਨਾਮੁ ” ।

ਕਰਹਿ ਸੇਵ ਬਾਸਹੁ ਹਮ ਧਾਮੂ ।

(ਗੁ: ਪ੍ਰ: ਸੂ: ਗ੍ਰੰਥ, ਰੁੱਤ 5, ਅੰਸੂ 3, ਪੰਨੇ 2711 ਬੰਸਾਵਲੀ ਨਾਮਾ ਕੇਸਰ ਸਿੰਘ, ਪੰਨਾ 134)

ਅਨੰਦ ਕਾਰਜ

ਗੁਰੂ ਦੇ ਹੁਕਮ ਨਾਲ ਪਹਿਲਾਂ ਬੀਬੀ ਸਾਹਿਬ ਦੇਵਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅੰਮ੍ਰਿਤ ਛਕਾਕੇ ਉਨ੍ਹਾਂ ਦੇ ਨਾਵਾਂ ਨਾਲ ‘ਸਿੰਘ’ ਅਤੇ ‘ਕੌਰ’ ਲਾਇਆ ਗਿਆ । ਬਾਅਦ ਅਨੰਦ ਕਾਰਜ ਦੀ ਤਿਆਰੀ ਸ਼ੁਰੂ ਹੋਈ ।

ਗੁਰੂ ਘਰ ਦੇ ਰਬਾਬੀ ਭਾਈ ਸਦੂ ਤੇ ਮਦੂ ਨੇ ਰਸ-ਭਿੰਨਾ ਕੀਰਤਨ ਕੀਤਾ । ਬਾਬਾ ਬੁਢਾ ਜੀ ਅੰਸ਼ ਦੇ ਭਾਈ ਰਾਮ ਕੁਇਰ (ਭਾਈ ਗੁਰਬਖਸ਼ ਸਿੰਘ) ਨੇ ਗੁਰਮਤਿ ਅਨੁਸਾਰ ਅਨੰਦ ਕਾਰਜ ਦੀ ਰਸਮ 18 ਵਿਸਾਖ ਸੰਮਤ 1757 ਬਿਕਰਮੀ (1700 ਈਸਵੀ) ਵਿਚ ਸੰਪੂਰਨ ਕੀਤੀ।

ਮਾਤਾ ਸਾਹਿਬ ਕੌਰ ਦੀ ਉਮਰ ਉਸ ਵੇਲੇ 19 ਸਾਲ 6 ਮਹੀਨੇ 20 ਦਿਨ ਸੀ ਜਦ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 34 ਸਾਲ ਸੀ ।

(ਖਾਲਸੇ ਦੀ ਮਾਤਾ, ਪੰਨਾ 61)

ਇਸ ਅਨੰਦ ਕਾਰਜ ਦੀ ਪੁਸ਼ਟੀ ਹੋਰ ਵਿਦਵਾਨਾਂ ਨੇ ਵੀ ਕੀਤੀ ਹੈ । ਗਿਆਨੀ ਗਿਆਨ ਸਿੰਘ ਲਿਖਦੇ ਹਨ :

“ਤੀਸਰੇ ਦਿਨ ਭਾਈ ਰਾਮੂ ਸਿੰਘ ਦੀ ਬੇਟੀ ਨਾਲ ਗੁਰੂ ਜੀ ਨੇ ਅਨੰਦ ਪੜ੍ਹਾ ਲਿਆ, ਰਾਗੀਆਂ ਨੇ ਲਾਵਾਂ ਪੜ੍ਹੀਆਂ, ਗ੍ਰੰਥੀ ਸਿੰਘ ਨੇ ਗੰਢ ਬੱਧੀ ।”

(ਖਾਲਸਾ ਤਵਾਰੀਖ਼, ਗਿਆਨੀ ਗਿਆਨ ਸਿੰਘ)

“ਸਾਹਿਬ ਕੌਰ ਮਾਤਾ ਨੂੰ ਰੋਹਤਾਸ ਨਿਵਾਸੀ ਭਾਈ ਰਾਮੂ ਬਸੀ ਗੋਤ ਖੱਤਰੀ ਦੀ ਸਪੁੱਤਰੀ ਜਿਸ ਦਾ ਅਨੰਦ 18 ਵੈਸਾਖ ਸੰਮਤ 1757 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਹੋਇਆ ।”

(ਮਹਾਨ ਕੋਸ਼, ਪੰਨਾ 178)

ਪਰ ਕਵੀ ਸੈਨਾਪਤੀ ਇਨ੍ਹਾਂ ਤੱਥਾਂ ਨਾਲ ਸਹਿਮਤ ਨਹੀਂ ਗੁਰੂ ਸਾਹਿਬ ਜਦੋਂ ਕੂਚ ਕਰਦੇ ਕਰਦੇ ਰਾਜਪੂਤਾਨੇ ਪੁੱਜੇ ਤਾਂ । ਉਹ ਲਿਖਦੇ ਹਨ ਕਿ ਕੁਝ ਸਿੱਖਾਂ ਦੇ ਮਨ ਵਿਚ ਖਿਆਲ ਆਇਆ ਕਿ ਗੁਰੂ ਜੀ ਨੂੰ ਇਥੋਂ ਅਨੰਦ ਕਾਰਜ ਕਰਵਾ ਕੇ ਅੱਗੇ ਜਾਣਾ ਚਾਹੀਦਾ ਹੈ ਕਿਉਂਕਿ ਮਾਤਾ ਸਾਹਿਬ ਦੇਵਾਂ, ਜਿਨ੍ਹਾਂ ਨੂੰ ਕੁਆਰਾ ਡੋਲਾ ਕਰਕੇ ਜਾਣਿਆ ਜਾਂਦਾ ਸੀ, ਨਾਲ ਜਾ ਰਹੇ ਸਨ । ਉਹ ਲਿਖਦੇ ਹਨ :

ਸਿੰਘਨ ਸਿਖਨ ਮਨ ਮੈਂ ਆਨੀ ।

ਉਨ ਉਚਰੀ ਪ੍ਰਭ ਸੋ ਇਮ ਬਾਨੀ ।

ਹੋਹੁ ਦਿਯਾਲ ਵਿਆਹ ਪ੍ਰਭ ਕਰੋ ।

ਤਉ ਇਹ ‘ਮਗ ਪਗ ਆਗੈ ਧਰੋਂ । (15/610) ਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਪਰਵਾਨ ਕਰ ਲਈ ਤੇ : ਸੁਨਤ ਬਚਨ ਬਿਗਾਸ ਸੋ ਪ੍ਰਭ ਸਭ ਸਾਮਾ ਕੀਨ । ਹੁਕਮ ਸਿੰਘਨ ਕੋ ਕਿਯੋ ਮੰਗਵਾਇ ਸਭ ਕਛੁ ਲੀਨ ।

ਸਾਜ ਸਮਾਨੋ ਸਬੈ ਅਨੰਦ ਤੂਰ ਬਜਾਇ ।

ਬਿਆਹ ਕਰਕੇ ਆਪਨਾ ਤਭ ਚਲੈ ਤਹਾਂ ਤੇ ਧਾਇ ।*

(17/612 ਦਿੱਲੀ ਦੇ ਇਤਿਹਾਸਕ ਗੁਰਦੁਆਰੇ ਮਾਤਾ ਸੁੰਦਰੀ, ਪੰਨਾ 52) ਮਾਤਾ ਸਾਹਿਬ ਕੌਰ ਨੂੰ ਅਨੰਦ ਕਾਰਜ ਤੋਂ ਬਾਅਦ ਮਹਿਲਾਂ ਵਿਚ ਮਾਤਾ ਗੁਜਰੀ ਜੀ ਕੋਲ ਭੇਜ ਦਿੱਤਾ ਗਿਆ । ਉਨ੍ਹਾਂ ਦੀ ਮਾਤਾ ਜਸਦੇਵ ਕੌਰ ਨੇ ਆਪਣੀ ਪੁੱਤਰੀ ਨੂੰ ਪਿਆਰ ਨਾਲ ਪਲੋਸ ਕੇ ਰਸਮੀ ਤੌਰ ਤੇ ਸਮਝਾਇਆ ਕਿ “ਬੱਚੀ, ਭਾਰਤੀ ਉੱਚ ਨਾਰੀਆਂ ਵਾਂਗ ਆਪਣੇ ਸੰਕਲਪ ਤੇ ਦ੍ਰਿੜ੍ਹ ਰਹਿਣਾ ਅਤੇ ਪਤੀ ਦੇ ਅੰਗ ਸੰਗ ਰਹਿ ਕੇ ਸੇਵਾ ਕਰਨੀ । ਦੇਖਣਾ ਮੇਰੀ ਕੁੱਖ ਨੂੰ ਲਾਜ ਨਾ ਲੱਗੇ । ”

“ਉਨ੍ਹਾਂ ਦੇ ਮਾਤਾ ਪਿਤਾ ਅਤੇ ਪੋਠੋਹਾਰ ਦੀ ਸੰਗਤ ਸਭ ਪਰਿਵਾਰ ਅਨੰਦ ਕਾਰਜ ਤੋਂ ਬਾਅਦ ਖੁਸ਼ੀ ਖੁਸ਼ੀ ਵਾਪਸ ਰੋਹਤਾਸ ਪਰਤ ਗਏ । ਮਾਤਾ ਸਾਹਿਬ ਕੌਰ ਦਾ ਵੀਰ ਸਾਹਿਬ ਸਿੰਘ ਉਨ੍ਹਾਂ ਦੇ ਕੋਲ ਹੀ ਠਹਿਰ ਗਿਆ ਜੋ ਗੁਰੂ ਸੇਵਾ ਵਿਚ ਅੰਤ ਤਕ ਜੁਟਿਆ ਰਿਹਾ ।

ਗੁਰੂ ਜੀ ਦੇ ਵੱਡੇ ਮਹਿਲ

ਮਾਤਾ ਸਾਹਿਬ ਕੌਰ ਦੇ ਅਨੰਦ ਕਾਰਜ ਤੋਂ ਪਹਿਲਾਂ ਗੁਰੂ ਜੀ ਦਾ ਅਨੰਦ ਹੋ ਚੁੱਕਾ ਸੀ । ਮਾਤਾ ਸੁੰਦਰੀ ਤੇ ਮਾਤਾ ਜੀਤੋ ਜੀ ਗੁਰੂ ਕੇ ਮਹਿਲ ਜਗਤ ਵਿਖਿਆਤ ਹਨ । ਮਾਤਾ ਸੁੰਦਰੀ ਜੀ ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਸੰਮਤ 1745 (1688 ਈ.) ਨੂੰ ਹੋਇਆ ਅਤੇ ਮਾਤਾ ਜੀਤੋ ਜੀ ਦੀ ਕੁੱਖੋਂ ਤਿੰਨ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ 1690 ਈ., ਬਾਬਾ ਜ਼ੋਰਾਵਰ ਸਿੰਘ ਦਾ 1696 ਈ. ਅਤੇ ਬਾਬਾ ਫਤਹਿ ਸਿੰਘ ਦਾ 1700 ਈ. ਵਿਚ ਜਨਮ ਹੋਇਆ ।

( ਬੰਸਾਵਲੀ ਨਾਮਾ, ਪਰਖ, ਪੰਨਾ 124)

ਬੰਸਾਵਲੀ ਨਾਮੇ ਅਨੁਸਾਰ ਮਾਤਾ ਸੁੰਦਰੀ ਤੇ ਮਾਤਾ ਜੀਤੋ ਦੋਵੇਂ ਲਾਹੌਰ ਦੇ ਖੱਤਰੀਆਂ ਕ੍ਰਮਵਾਰ ਭਾਈ ਰਾਮ ਸਰਨ ਅਤੇ ਹਰੀਜਸ ਦੀਆਂ ਧੀਆਂ ਸਨ । ਦੋਵੇਂ ਸਰਦੇ ਪੁਜਦੇ ਘਰਾਂ ਦੀਆਂ ਬੇਟੀਆਂ ਸਨ । ਇਤਿਹਾਸ ਅਨੁਸਾਰ ਦੋਹਾਂ ਦੇ ਵਿਆਹ ਗੁਰੂ ਜੀ ਨਾਲ ਨਵੇਂ ਵਸਾਏ ਲਾਹੌਰ ਵਿਚ ਹੋਏ । ਪ੍ਰਤੀਤ ਹੁੰਦਾ ਹੈ ਕਿ ਦੋਵੇਂ ਪਰਿਵਾਰ ਸਿਦਕ ਵਸ ਗੁਰੂ ਘਰ ਨਾਲ ਜੁੜਨ ਲਈ ਸੰਕਲਪ ਕਰ ਚੁੱਕੇ ਸਨ ।

ਪ੍ਰੋ. ਹਰਬੰਸ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਤਿੰਨ ਸੌ ਸਾਲਾ ਜਨਮ- ਸ਼ਤਾਬਦੀ ਦੇ ਅਵਸਰ ਤੇ ਲਿਖੀ ਪੁਸਤਕ ‘ਗੁਰੂ ਗੋਬਿੰਦ ਸਿੰਘ’ ਵਿਚ ਮਾਤਾ ਸੁੰਦਰੀ ਨੂੰ ਵੱਡੇ ਮਹਿਲ ਤੇ ਮਾਤਾ ਜੀਤੋ ਨੂੰ ਛੋਟੇ ਮਹਿਲ ਲਿਖਿਆ ਹੈ। ਉਹ ਤਿਥ ਸੰਮਤ ਦੇ ਝਮੇਲੇ ਵਿਚ ਨਹੀਂ ਪਏ ਪਰ ਇਹ ਜ਼ਿਕਰ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਸ਼ਾਦੀ 19 ਸਾਲ ਦੀ ਉਮਰ ਵਿਚ ਹੋਈ ਸੀ ।

ਗੁਰੂ ਗੋਬਿੰਦ ਸਿੰਘ, ਪੰਨਾ 46)

( ‘ਮਾਤਾ ਸੁੰਦਰੀ ਜੀ’ ਪੁਸਤਕ ਦੀ ਲੇਖਕਾ ਡਾ. ਮਹਿੰਦਰ ਕੌਰ ਗਿੱਲ ਨੇ ਪ੍ਰੋ. ਹਰਬੰਸ ਸਿੰਘ ਦੀ ਲਿਖਤ ਨੂੰ ਆਪਣੀ ਪੁਸਤਕ ਦਾ ਧੁਰਾ ਮੰਨ ਕੇ ਲਿਖਿਆ ਹੈ ਕਿ “ਜ ਪ੍ਰੋਫੈਸਰ ਸਾਹਿਬ ਸਿੰਘ ਦੇ ਦਿੱਤੇ ਸਮੇਂ ਨੂੰ ਮੰਨੀਏ ਤਾਂ ਗੁਰੂ ਦੀ ਪਹਿਲੀ ਸ਼ਾਦੀ ਸੰਮਤ 1742 (1685 टी.) घटी वै ।”

ਉਨ੍ਹਾਂ ਲਿਖਿਆ ਹੈ ਕਿ “ਅਸੀਂ ਆਪ ਵੀ ਇਸ ਤੱਥ ਨਾਲ ਸਹਿਮਤ ਹਾਂ ਕਿ ਮਾਤਾ ਸੁੰਦਰੀ ਜੀ ਵੱਡੇ ਮਹਿਲ ਤੇ ਮਾਤਾ ਜੀਤੋ ਜੀ ਛੋਟੇ ਸਨ । ਨਾਲੇ ਇਕ ਹੋਰ ਨੁਕਤਾ ਵੀ ਧਿਆਨ ਯੋਗ ਹੈ ਕਿ ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਦੀ ਕੁੱਖੋਂ ਪੈਦਾ ਹੋਏ ਜੋ ਗੁਰੂ ਦੇ ਸਾਹਿਬਜ਼ਾਦਿਆਂ ਵਿਚ ਸਭ ਤੋਂ ਵੱਡੇ ਸਨ । ਇਹ ਪ੍ਰਵਾਣਿਤ ਤੱਥ ਹੈ ।”

(ਮਾਤਾ ਸੁੰਦਰੀ ਜੀ, ਪੰਨਾ 23-24)

ਭਾਈ ਕਾਹਨ ਸਿੰਘ ਜੀ ਨਾਭਾ ਨੇ ‘ਮਹਾਨ ਕੋਸ਼ ਵਿਚ ਲਿਖਿਆ ਹੈ :

“ਲਾਹੌਰ ਨਿਵਾਸੀ ਭਾਈ ਹਰਿਜਸ ਭਿਖੀਏ ਖੱਤਰੀ ਨੇ ਆਪਣੀ ਸਪੁੱਤਰੀ ਜੀਤੋ ਦਾ ਵਿਆਹ ਗੁਰੂ ਸਾਹਿਬ ਨਾਲ ਕਰਨ ਦਾ ਫੈਸਲਾ ਕੀਤਾ । ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਨੇ ਮਾਤਾ ਗੁਜਰੀ ਜੀ ਨਾਲ ਸਲਾਹ ਕਰਕੇ ਪ੍ਰਵਾਨਗੀ ਦੇ ਦਿੱਤੀ । ਜੀਤੋ ਜੀ ਦੇ ਪਿਤਾ ਨੇ ਗੁਰੂ ਜੀ ਨੂੰ ਬਰਾਤ ਲੈ ਕੇ ਲਾਹੌਰ ਆਉਣ ਲਈ ਕਿਹਾ ਪਰ ਉਨ੍ਹਾਂ ਨੇ ਅਨੰਦਪੁਰ ਛੱਡਣ ਤੋਂ ਇਨਕਾਰ ਕਰ ਦਿੱਤਾ । ਜਦ ਉਸ ਨੇ ਕਿਹਾ ਕਿ ਮੇਰਾ ਸੰਕਲਪ ਹੈ ਕਿ ਬੱਚੀ ਦਾ ਅਨੰਦ ਕਾਰਜ ਲਾਹੌਰ ਹੀ ਹੋਵੇ ਤਾਂ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿ ਆਨੰਦ ਲਾਹੌਰ ਹੀ ਹੋਵੇਗਾ ।”

ਮਹਾਨ ਕੋਸ਼ ਅਨੁਸਾਰ ਹਰਿਜਸ ਦੀ ਇੱਛਾ ਪੂਰੀ ਕਰਨ ਲਈ ਨਵਾਂ ਨਗਰ ਵਸਾ ਕੇ ਉਸ ਦਾ ਨਾਂ ਲਾਹੌਰ ਰਖਿਆ ਤੇ ਕਿਹਾ ਕਿ ਅਨੰਦ ਕਾਰਜ ਇਸ ਲਾਹੌਰ ਵਿਚ ਹੋਵੇਗਾ। ਇਹ ਅਦਭੁਤ ਸ਼ਹਿਰ ‘ਗੁਰੂ ਕਾ ਲਾਹੌਰ’ ਕਰਕੇ ਪ੍ਰਸਿੱਧ ਹੋਇਆ । (ਮਹਾਨਕੋਸ਼ 525)

ਪ੍ਰੋਫੈਸਰ ਕਰਤਾਰ ਸਿੰਘ ਐਮ. ਏ. ਲਿਖਤ ਪੁਸਤਕ “ਸਿੱਖ ਇਤਿਹਾਸ” ਪ੍ਰਕਾਸ਼ਕ ਸ਼੍ਰੋ. ਗੁ. ਪ੍ਰ. ਕਮੇਟੀ ਵਿਚ ਦਸ਼ਮੇਸ਼ ਗੁਰੂ ਜੀ ਦੇ ਵਿਆਹ ਤੇ ਸੰਤਾਨ ਸੰਬੰਧੀ ਇਸ ਤਰ੍ਹਾਂ ਲਿਖਿਆ ਹੈ :

ਆਮ ਤੌਰ ਤੇ ਇਹ ਮੰਨਿਆ ਤੇ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੇਠ ਲਿਖੇ ਅਨੁਸਾਰ ਤਿੰਨ ਵਿਆਹ ਹੋਏ :

(1) ਆਪਦਾ ਪਹਿਲਾ ਵਿਆਹ ਲਾਹੌਰ ਨਿਵਾਸੀ ਸ੍ਰੀ ਹਰਿਜਸ ਸੁਭਿਖੀਏ ਖੱਤਰੀ ਦੀ ਸਪੁੱਤਰੀ ਮਾਤਾ ਜੀਤੋ ਨਾਲ ਹਾੜ ਸੰਮਤ 1734 ਵਿਚ ਹੋਇਆ। ਸ੍ਰੀ ਹਰਿਜਸ ਦੀ ਚਾਅ ਸੀ ਕਿ ਸ੍ਰੀ ਦਸਮੇਸ਼ ਜੀ ਜੰਞ ਲੈ ਕੇ ਲਾਹੌਰ ਢੁੱਕਣ ਪਰ ਗੁਰੂ ਜੀ ਨੇ ਜਿਹੜੇ ਮਹਾਨ ਜ਼ਰੂਰੀ ਕੰਮ ਅਰੰਭੇ ਹੋਏ ਸਨ ਉਨ੍ਹਾਂ ਨੂੰ ਵਿਚੇ ਛਡਕੇ ਲਾਹੌਰ ਜਾਣਾ ਠੀਕ ਨਾ ਸਮਝਿਆ । ਆਪ ਨੇ ਕਿਹਾ ਕਿ ਤੁਹਾਡੀ ਪ੍ਰਸੰਨਤਾ ਲਈ ਅਤੇ ਵਿਆਹ ਦੀ ਖ਼ਾਤਰ ਤੁਹਾਡੀ ਰਿਹਾਇਸ਼ ਵਾਸਤੇ ਅਸੀਂ ਇਥੇ ਹੀ ਲਾਹੌਰ ਰਚ ਦਿੰਦੇ ਹਾਂ । ਸੋ ਆਪ ਜੀ ਨੇ ਸਿੱਖਾਂ ਨੂੰ ਹੁਕਮ ਦੇ ਕੇ ਸ੍ਰੀ ਅਨੰਦਪੁਰ ਤੋਂ ਸੱਤ ਕੋਹ ਉੱਤਰ ਵਲ ਉਸ ਸਮੇਂ ਵਾਸਤੇ ਇਕ ਅਦਭੁੱਤ ਨਗਰ ਰਚ ਦਿੱਤਾ ਜਿਸ ਦਾ ਨਾਂ “ਗੁਰੂ ਕਾ ਲਾਹੌਰ” ਰੱਖਿਆ। ਇਥੇ ਗੁਰੂ ਜੀ ਦੀ ਸ਼ਾਦੀ ਮਾਤਾ ਜੀਤੋ ਜੀ ਨਾਲ ਹੋਈ ।

ਮਾਤਾ ਜੀਤੋ ਜੀ ਦਾ ਅਸਲੀ ਨਾਂ ਅਜੀਤੋ ਸੀ ਜੋ ਅੰਮ੍ਰਿਤ ਛਕਣ ਉਪਰੰਤ ਅਜੀਤ ਕੌਰ ਬਣਿਆ । ਇਨ੍ਹਾਂ ਦੀ ਕੁੱਖ ਤੋਂ ਤਿੰਨ ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ ਜੀ ਸੰਮਤ 1747 (ਸੰਨ 1690) ਵਿਚ, ਬਾਬਾ ਜ਼ੋਰਾਵਰ ਸਿੰਘ ਜੀ ਸੰਮਤ 1753 (ਸੰਨ 1696) ਵਿਚ, ਅਤੇ ਬਾਬਾ ਫਤਿਹ ਸਿੰਘ ਜੀ ਸੰਮਤ 1756 (ਸੰਨ 1699) ਵਿਚ ਪੈਦਾ ਹੋਏ ।

ਸ੍ਰੀ ਮਾਤਾ ਜੀਤੋ ਜੀ ਦਾ ਦੇਹਾਂਤ ਸੰਮਤ 1757 ਵਿਚ ਸ੍ਰੀ ਅਨੰਦਪੁਰ ਵਿਚ ਹੋਇਆ । ਉਥੇ ਆਪ ਦਾ ਦੇਹੁਰਾ “ਅਗੰਮਪੁਰ” ਦੇ ਨਾਂ ਤੋਂ ਪ੍ਰਸਿੱਧ ਹੈ ।

(2) ਸ੍ਰੀ ਦਸ਼ਮੇਸ਼ ਜੀ ਦਾ ਦੂਜਾ ਵਿਆਹ ਲਾਹੌਰ ਨਿਵਾਸੀ ਸ੍ਰੀ ਰਾਮਸ਼ਰਨ ਕੁਮਰਾਵ ਖੱਤਰੀ ਦੀ ਸਪੁੱਤਰੀ ਮਾਤਾ ਸੁੰਦਰੀ ਜੀ ਨਾਲ 7 ਵਿਸਾਖ ਸੰਮਤ 1741 ਨੂੰ ਹੋਇਆ । ਇਨ੍ਹਾਂ ਦੀ ਕੁੱਖ ਤੋਂ ਸ੍ਰੀ ਦਸ਼ਮੇਸ਼ ਜੀ ਦੇ ਵੱਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ ਮਾਘ ਸੁਦੀ 4 (23 ਮਾਘ) ਸੰਮਤ 1743 ਮੁਤਾਬਕ 7 ਜਨਵਰੀ ਸੰਨ 1687 ਨੂੰ ਪੈਦਾ ਹੋਏ । ਸ੍ਰੀ ਦਸ਼ਮੇਸ਼ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸੁੰਦਰੀ ਜੀ ਦਾ ਹੁਕਮ ਪੰਥ ਵਿਚ ਮੰਨਿਆ ਜਾਂਦਾ ਰਿਹਾ। ਆਪ ਨੇ ਹੀ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਗ੍ਰੰਥੀ ਥਾਪ ਕੇ ਭੇਜਿਆ ਸੀ । ਮਾਤਾ ਜੀ ਨੇ ਜੀਵਨ ਦਾ ਅੰਤਮ ਸਮਾਂ ਦਿੱਲੀ ਵਿਚ ਗੁਜ਼ਾਰਿਆ। ਆਪ ਦਾ ਦੇਹਾਂਤ ਸੰਮਤ 1804 (ਸੰਨ 1747) ਵਿਚ ਹੋਇਆ । ਆਪ ਦੀ ਹਵੇਲੀ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਗੁਰਦੁਆਰਾ ਸੀਸ ਗੰਜ ਤੋਂ ਡੇਢ ਕੁ ਮੀਲ ਦੀ ਵਿੱਥ ਤੇ ਹੈ ।

(3) ਆਪ ਜੀ ਦਾ ਤੀਜਾ ਵਿਆਹ ਰੁਹਤਾਸ (ਜ਼ਿਲ੍ਹਾ ਜਿਹਲਮ, ਪਾਕਿਸਤਾਨ) ਨਿਵਾਸੀ ਸ੍ਰੀ ਰਾਮੂ ਬੱਸੀਕ ਖੱਤਰੀ ਦੀ ਸਪੁੱਤਰੀ, ਮਾਤਾ ਸਾਹਿਬ ਦੇਵੀ ਜੀ ਨਾਲ ਸੰਮਤ 1757 ਵਿਚ ਹੋਇਆ ਪਰ ਇਹ ਵਿਆਹ ਆਮ ਵਿਆਹ ਵਰਗਾ ਨਹੀਂ ਸੀ । ਸੰਮਤ 1757 ਵਿਚ ਮਾਤਾ ਜੀਤੋ ਜੀ ਦੇ ਅਕਾਲ ਚਲਾਣੇ ਮਗਰੋਂ ਮਾਤਾ ਸਾਹਿਬ ਦੇਵੀ ਦੇ ਪਿਤਾ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ—‘ਸੱਚੇ ਪਾਤਸ਼ਾਹ ਮੈਂ ਆਪਣੀ ਧੀ ਸਾਹਿਬ ਦੇਵੀ ਨੂੰ ਜੰਮਦਿਆਂ * ਹੀ ਆਪ ਦੇ ਅਰਪਣ ਕੀਤਾ ਹੋਇਆ ਹੈ, ਆਪ ਇਸ ਦਾ ਸਾਕ ਪ੍ਰਵਾਨ ਕਰੋ, ਸਭ ਲੋਕ ਇਸ ਨੂੰ ਮਾਤਾ ਜੀ ਕਹਿੰਦੇ ਹਨ ।’ ਆਪ ਬਿਨਾਂ ਇਸਨੂੰ ਹੋਰ ਕੋਈ ਨਹੀਂ ਵਿਆਹੇਗਾ ।

ਗੁਰੂ ਦਸਮੇਸ਼ ਜੀ ਨੇ ਉੱਤਰ ਦਿੱਤਾ—ਅਸਾਂ ਹੁਣ ਬ੍ਰਹਮਚਰਜ ਧਾਰ ਲਿਆ ਹੈ ਤਾਂ ਜੁ ਅਸੀਂ ਆਪਣਾ ਪੂਰਾ ਵਿਤ ਤੇ ਧਰਸ ਦੇਸ਼ ਦੀ ਸੇਵਾ ਉਪਰ ਖਰਚ ਕਰ ਸਕੀਏ । ਇਸ ਕਰਕੇ ਹੁਣ ਵਿਆਹਾਂ ਵਰਗਾ ਵਿਆਹ ਤਾਂ ਅਸੀਂ ਕਰਾ ਨਹੀਂ ਸਕਦੇ । ਹਾਂ ਜੇ ਤੁਹਾਡੀ ਧੀ ਵੀ ਸਾਰੀ ਉਮਰ ਇਕ ਤਰ੍ਹਾਂ ਦਾ ਕੁਆਰਾਪਨ ਧਾਰ ਸਕਦੀ ਹੈ, ਸਰੀਰਕ ਮੇਲ ਦੀ ਥਾਂ ਸਾਡੇ ਨਾਲ ਕੇਵਲ ਆਤਮਿਕ ਮੇਲ ਪ੍ਰਵਾਨ ਕਰਦੀ ਹੈ, ਤਾਂ ਮੈਨੂੰ ਤੁਹਾਡੀ ਪ੍ਰਸੰਨਤਾ ਲਈ ਉਸ ਨੂੰ ਵਰਨ ਵਿਚ ਕੋਈ ਇਤਰਾਜ਼ ਨਹੀਂ । ਇਨ੍ਹਾਂ ਸ਼ਰਤਾਂ ਉੱਤੇ ਮਾਤਾ ਸਾਹਿਬ ਦੇਵੀ ਜੀ ਨਾਲ ਆਪ ਦਾ ਵਿਆਹ ਹੋਇਆ । ਮਾਤਾ ਸਾਹਿਬ ਦੇਵੀ ਨੂੰ ਸਿੱਖ ਤੇ ਗ਼ੈਰ ਸਿੱਖ ਇਤਿਹਾਸਕਾਰਾਂ ਨੇ ‘ਕੁਆਰਾ ਡੋਲਾ’ ਕਰਕੇ ਲਿਖਿਆ ਹੈ। ਆਪ ਵਿਆਹੇ ਹੋਏ ਵੀ ਕੁਆਰੇ ਹੀ ਰਹੇ ।

ਅੰਮ੍ਰਿਤ ਛਕਣ ਤੋਂ ਮਗਰੋਂ ਆਪ ਦਾ ਨਾਂ ਮਾਤਾ ਸਾਹਿਬ ਕੌਰ ਹੋਇਆ । ਸ੍ਰੀ ਦਸ਼ਮੇਸ਼ ਜੀ ਨੇ ਇਨ੍ਹਾਂ ਦੀ ਗੋਦੀ ਖਾਲਸਾ ਪੰਥ ਪਾਇਆ। ਇਸ ਕਰਕੇ ਅੰਮ੍ਰਿਤ ਸੰਸਕਾਰ ਸਮੇਂ ਅੰਮ੍ਰਿਤਧਾਰੀ ਨੂੰ ਕਿਹਾ ਜਾਂਦਾ ਹੈ ਕਿ ਅੱਜ ਤੋਂ ਤੇਰੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸ੍ਰੀ ਸਾਹਿਬ ਕੌਰ ਜੀ ਹਨ । ਜਦ ਸ੍ਰੀ ਦਸ਼ਮੇਸ਼ ਜੀ ਦੱਖਣ ਨੂੰ ਗਏ, ਤਾਂ ਮਾਤਾ ਸੁੰਦਰੀ ਜੀ ਤਾਂ ਆਪ ਦੀ ਆਗਿਆ ਅਨੁਸਾਰ ਦਿੱਲੀ ਰਹੇ ਅਤੇ ਮਾਤਾ ਸਾਹਿਬ ਕੋਰ ਜੀ ਆਪ ਦੇ ਨਾਲ ਗਏ । ਜਦ ਸ੍ਰੀ ਦਸ਼ਮੇਸ਼ ਜੀ ਨੇ ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਪੁੱਜਾ ਸਮਝਿਆ ਤਾਂ ਆਪ ਨੇ ਮਾਤਾ ਸਾਹਿਬ ਕੌਰ ਨੂੰ ਮਾਤਾ ਸੁੰਦਰੀ ਕੋਲ ਦਿੱਲੀ ਭੇਜ ਦਿੱਤਾ । ਆਪ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜ ਸ਼ਸਤਰ ਸਨਮਾਨ ਨਾਲ ਰਖਣ ਲਈ ਦਿੱਤੇ, ਜੋ ਹੁਣ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਵਿਚ ਹਨ ।

ਮਾਤਾ ਸਾਹਿਬ ਕੌਰ ਜੀ ਦਾ ਦੇਹਾਂਤ ਦਿੱਲੀ ਵਿਚ ਮਾਤਾ ਸੁੰਦਰੀ ਜੀ ਤੋਂ ਪਹਿਲਾਂ ਹੋਇਆ । ਉਨ੍ਹਾਂ ਦੀ ਸਮਾਧ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦੇਹੁਰੇ ਕੋਲ ਦਿੱਲੀ ਹੈ ।

ਦਸ਼ਮੇਸ਼ ਗੁਰੂ ਜੀ ਦੇ ਤਿੰਨ ਵਿਆਹਾਂ ਦੀ ਵੇਰਵੇ ਸਹਿਤ ਜਾਣਕਾਰੀ ਦੇ ਕੇ ਲੇਖਕ ਨੇ ਫਿਰ ਇਕ ਪਹਿਰੇ ਵਿਚ ਆਪਣਾ ਵਿਚਾਰ ਪ੍ਰਗਟਾਇਆ ਹੈ, ਜੋ ਬਹਿਸ ਦਾ ਵਿਸ਼ਾ ਬਣਦਾ ਹੈ । ਉਹ ਲਿਖਦੇ ਹਨ :

“ਕਈ ਵਿਦਵਾਨ ਇਤਿਹਾਸਕਾਰਾਂ ਦੀ ਰਾਇ ਹੈ ਕਿ ਮਾਤਾ ਜੀਤੋ ਜੀ ਦਾ ਹੀ ਦੂਜਾ ਨਾਂ ਮਾਤਾ ਸੁੰਦਰੀ ਜੀ ਸੀ ਅਤੇ ਚਾਰੇ ਸਾਹਿਬਜ਼ਾਦੇ ਇਕੋ ਮਾਤਾ ਦੇ ਕੁੱਖੋਂ ਹੋਏ ਸਨ । ਇਥੇ ਇਸ ਬਹਿਸ ਵਿਚ ਪੈਣ ਦੀ ਗੁੰਜਾਇਸ਼ ਨਹੀਂ, ਪਰ ਇਹ ਕਹਿਣਾ ਬੇਲੋੜਾ ਨਹੀਂ ਹੋਵੇਗਾ ਕਿ ਇਸ ਪੋਥੀ ਦੇ ਲੇਖਕ ਦੀ ਵੀ ਇਹੀ ਰਾਇ ਹੈ ।

ਜਿਹਾ ਕਿ ਉਪਰ ਦਸਿਆ ਗਿਆ ਹੈ ਕਿ ਆਪ ਦਾ ਤੀਜਾ ਵਿਆਹ ਆਮ ਸੰਸਾਰਕ ਵਿਆਹ ਵਰਗਾ ਨਹੀਂ ਸੀ । ਮਾਤਾ ਸਾਹਿਬ ਕੌਰ ਨਾਲ ਆਪ ਦਾ ਆਤਮਿਕ ਮੇਲ ਹੀ ਸੀ। ਇਸ ਕਰਕੇ ਸੰਸਾਰਕ ਅਰਥਾਂ ਵਿਚ ਸ੍ਰੀ ਦਸ਼ਮੇਸ਼ ਜੀ ਦਾ ਇਕੋ ਵਿਆਹ ਮਾਤਾ ਜੀਤੋ ਜੀ (ਮਾਤਾ ਸੁੰਦਰੀ ਜੀ) ਨਾਲ ਹੀ ਹੋਇਆ ਸਮਝਣਾ ਚਾਹੀਦਾ ਹੈ ।”

(ਸਿੱਖ ਇਤਿਹਾਸ ਪ੍ਰਕਾਸ਼ਨ ਸ੍ਰ: ਗੁ: ਪ੍ਰ: ਕਮੇਟੀ, ਭਾਗ ਪਹਿਲਾ, ਪੰਨਾ 365 ਤੋਂ 368)

ਗੁਰੂ ਕਾ ਲਾਹੌਰ

ਸਿਦਕੀ ਸਿੱਖ ਭਾਈ ਹਰਿਜਸ ਦਾ ਸੰਕਲਪ ਪੂਰਾ ਕਰਨ ਲਈ ਗੁਰੂ ਸਾਹਿਬ ਨੇ ਨਵਾਂ ਲਾਹੌਰ ਆਬਾਦ ਕਰਨ ਅਤੇ ਸਜਾਉਣ ਲਈ ਵੱਖ ਵੱਖ ਵਰਗਾਂ ਦੇ ਵਪਾਰੀ ਸੱਦਣ ਲਈ ਮਸੰਦਾਂ ਨੂੰ ਹੁਕਮਨਾਮੇ ਭੇਜੇ ਅਤੇ ਭਾਰੀ ਧਨ ਦੇ ਕੇ ਉਨ੍ਹਾਂ ਨੂੰ ਉਥੇ ਵਸਾਇਆ ।

ਨਵੇਂ ਨਗਰ ਵਸਾਉਣ ਦੀ ਰੀਤ ਗੁਰੂ ਘਰ ਵਿਚ ਪਹਿਲਾਂ ਹੀ ਪ੍ਰਚਲਿਤ ਰਹੀ ਹੈ । ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਇਆ । ਫਿਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ, ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦੇ ਨਾਲ ਤਰਨ ਤਾਰਨ, ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ, ਗੁਰੂ ਤੇਗ਼ ਬਹਾਦਰ ਜੀ ਨੇ ਅਨੰਦਪੁਰ ਵਸਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕਾ ਲਾਹੌਰ ਤੇ ਪਾਉਂਟਾ ਸਾਹਿਬ ਵਸਾਏ ਸਨ ।

ਇਸ ਸ਼ਹਿਰ ਨੂੰ ਵਧੇਰੇ ਸੁੰਦਰ ਬਣਾਉਣ ਲਈ ਇਸ ਵਿਚਲੇ ਬਾਜ਼ਾਰਾਂ ਦੇ ਨਾਂ ਵੀ ਰਖੇ ਗਏ, ਜਿਹਾ ਕਿ ਸਰਹੰਦੀ ਬਾਜ਼ਾਰ, ਰੋਪੜੀ ਬਾਜ਼ਾਰ, ਹੁਸ਼ਿਆਰਪੁਰੀ ਬਾਜ਼ਾਰ ਅਤੇ ਲਾਹੌਰੀ ਬਾਜ਼ਾਰ ।

(ਮਾਤਾ ਸੁੰਦਰੀ ਜੀ, ਪੰਨਾ 25)

ਇਸ ਸ਼ਹਿਰ ਦੀ ਤਾਰੀਫ਼ ਭਾਈ ਸੰਤੋਖ ਸਿੰਘ ਨੇ ਇਸ ਤਰ੍ਹਾਂ ਲਿਖੀ ਹੈ :

“ਗੁਰ ਕੋ ਲਵਪੁਰ ਬਯੋ ਮਹਾਨਾ ।

ਜਹਿ ਕਹਿ ਲੈ ਬੈਠੈ ਧਨ ਧਾਨਾ ।

ਭੀਰ ਬਾਜ਼ਾਰ ਵਿਖੇ ਬਹੁ ਹੋਈ ॥

ਬਿਯਾਹ ਪ੍ਰਤੀਖਤਿ ਭੇ ਸਭ ਕੋਈ ।

ਨਰ ਨਾਰਿਨ ਕੇ ਅਤਿ ਚਿਤ ਚਾਉ ।

ਪਿਖਨ ਬਰਾਤ ਨਰਨਿ ਸਮਦਾਉ ।”

ਕਹਯੋ ਨ ਜਾਇ ਕਰੀ ਬਹੁ ਤਿਆਰੀ ।

“ ਭਯੋ ਬਾਸ ਤਹਿ ਆਨੰਦ ਭਾਰੀ ।

(ਗੁ: ਪ੍ਰ: ਸੂ: ਗ੍ਰੰਥ, ਪੰਨਾ 2268) ਗਿਆਨੀ ਗਿਆਨ ਸਿੰਘ ‘ਪੰਥ ਪ੍ਰਕਾਸ਼’ ਵਿਚ ਲਿਖਦੇ ਹਨ :

“ਗੁਰ ਹਿਤ ਤਿਉ ਬਿਸਕਰਮਾ ਕੀਓ ।

ਪੁਰ ਲਾਹੌਰ ਜਿਹ ਸਮ ਨਹਿ ਬੀਓ ।

ਤਬ ਗੁਰ ਸਿਖ ਮਸੰਦ ਬਲਾਏ ।

ਅਨ ਗਨ ਧਨ ਦੇ ਤਹਾਂ ਬਸਾਏ ।

ਸੰਗੋ ਪ੍ਰਤਿ ਭਾਖਯੋ ਮਤਿ ਸੰਗੋ ।

ਜੋ ਜੋ ਮੰਗੇ ਦੇਹੁ ਨਿਸੰਗੋ ।

(ਪੰਥ ਪ੍ਰਕਾਸ਼, ਪੰਨਾ 183)

ਗੁਰੂ ਸਾਹਿਬਾਨ ਵਿਚੋਂ ਕਿਸੇ ਵੀ ਗੁਰੂ ਦੀ ਸ਼ਾਦੀ ਇਤਨੀ ਸ਼ਾਨ ਸ਼ੌਕਤ ਨਾਲ ਨਹੀਂ ਹੋਈ ਜਿਤਨੀ ਦਸਵੇਂ ਗੁਰੂ ਜੀ ਦੀ ਹੋਈ । ਗੁਰੂ ਜੀ ਦੀ ਬਰਾਤ ਵਿਚ ਸ਼ਾਮਲ ਹੋਣ ਲਈ ਗੁਰੂ ਜੀ ਦੇ ਸਾਕ ਸਨੇਹੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਆਈਆਂ ਸਨ । ਬਰਾਤ ਵਿਚ ਗੁਰੂ ਦੇ ਪੰਜ ਭੂਆ ਦੇ ਪੁੱਤ ਭਰਾ ਸੰਗੇ ਸ਼ਾਹ, ਗੁਲਾਬ ਚੰਦ, ਜੀਤ ਮਲ, ਗੰਗਾ ਰਾਮ ਅਤੇ ਅਹਮ ਚੰਦ ਸ਼ਾਮਲ ਹੋਏ । ਇਹ ਗੁਰੂ ਹਰਗੋਬਿੰਦ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਸਪੁੱਤਰ ਸਨ । ਇਨ੍ਹਾਂ ਵਿਚੋਂ ਸੰਗੇ ਸ਼ਾਹ ਨੂੰ ਗੁਰੂ ਜੀ ਨੇ ਨਵੇਂ ਨਗਰ ਨੂੰ ਵਸਾਉਣ ਤੇ ਸਜਾਉਣ ਦਾ ਇਨਚਾਰਜ ਬਣਾਇਆ ਸੀ । ਇਨ੍ਹਾਂ ਭਰਾਵਾਂ ਨੇ ਭੰਗਾਣੀ ਦੇ ਯੁੱਧ ਵਿਚ ਬਹਾਦਰੀ ਦੇ ਬੜੇ ਜੌਹਰ ਦਿਖਾਏ ਸਨ ਜਿਸ ਦਾ ਵਰਨਣ ਗੁਰੂ ਜੀ ਨੇ ਬਚਿੱਤਰ ਨਾਟਕ ਦੇ ਅਧਿਆਇ 8 ਵਿਚ ਕੀਤਾ ਹੈ ।

ਬਰਾਤ ਦੇ ਮੁਖੀ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਸਨ । ਬਰਾਤ ਬੜੀ ਸੱਜ ਧੱਜ ਕੇ ਵਾਜਿਆਂ ਗਾਜਿਆਂ ਨਾਲ ਲਾਹੌਰ ਪਹੁੰਚੀ । ਭਾਈ ਸੰਤੋਖ ਸਿੰਘ ਨੇ ਉਸ ਸਮੇਂ ਦਾ ਨਕਸ਼ਾ ਇਸ ਤਰ੍ਹਾਂ ਖਿੱਚਿਆ ਹੈ :

“ਬਾਜਿਤ ਬਾਜ ਉਠੇ ਤਤਕਾਲ ਕਹੀ ਮੁਖ ਬਾਤ ਨਾ ਦੇਤਿ ਸੁਨਾਈ ।”

(ਗੁ: ਪ੍ਰ: ਸੂ. ਗ੍ਰੰਥ, ਪੰਨਾ 2277)

ਭਾਈ ਹਰਿਜਸ ਨੇ ਵੀ ਆਪਣੇ ਸਾਕ ਸਨੇਹੀਆਂ ਸਣੇ ਗੁਰੂ ਜੀ ਦੀ ਬਰਾਤ ਦੇ ਸੁਆਗਤ ਲਈ ਭਰਪੂਰ ਤਿਆਰੀਆਂ ਕੀਤੀਆਂ ਹੋਈਆਂ ਸਨ । ਇਹ ਨਜ਼ਾਰਾ ਦੇਖਣ ਲਈ ਲੋਕੀ ਭਾਰੀ ਗਿਣਤੀ ਵਿਚ ਪਹੁੰਚੇ ਹੋਏ ਸਨ ।

ਅਨੰਦ-ਕਾਰਜ ਦੀ ਰਸਮ ਭਾਈ ਗੁਰਬਖਸ਼ ਸਿੰਘ (ਭਾਈ ਰਾਮ ਕੁਇਰ) ਨੇ ਅਦਾ ਕਰਾਈ ਤੇ ਬਾਅਦ ਮਾਤਾ ਜੀਤੋ ਜੀ ਦੀ ਡੋਲੀ ਬੜੀ ਸ਼ਾਨ ਤੇ ਰਸਮ ਰਿਵਾਜਾਂ ਨਾਲ ਟੋਰੀ ਗਈ

ਮਾਤਾ ਗੁਜਰੀ ਜੀ ਨੇ ਅਨੰਦਪੁਰ ਪੁੱਜਣ ‘ਤੇ ਆਪਣੀ ਸੱਜ-ਵਿਆਹੀ ਨੂੰਹ ਦੇ ਡੋਲੇ ਦਾ ਨਿੱਘਾ ਸੁਆਗਤ ਕੀਤਾ ਅਤੇ ਖੁਸ਼ੀ ਭਰਪੂਰ ਰਸਮਾਂ ਨਾਲ ਡੋਲਾ ਮਹਿਲਾਂ ਵਿਚ ਲੈ ਕੇ ਗਏ । ਇਸ ਤਰ੍ਹਾਂ ਗੁਰੂ ਜੀ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ ।

ਗੁਰੂ ਜੀ ਨੇ ਲਾਹੌਰ ਵਿਚ ਆਪਣੇ ਨਿਵਾਸ ਲਈ ਇਕ ਮਹਿਲ ਵੀ ਵਸਾਇਆ ਜਿਥੇ ਗੁਰੂ ਜੀ ਦਾ ਦੂਜਾ ਵਿਆਹ ਲਾਹੌਰ ਨਿਵਾਸੀ ਖੱਤਰੀ ਰਾਮ ਕੁਮਰਾਵ ਦੀ ਸਪੁੱਤਰੀ ਮਾਤਾ ਸੁੰਦਰ ਕੌਰ ਨਾਲ 7 ਵੈਸਾਖ ਸੰਮਤ 1741 ਬਿਕਰਮੀ (1684 ਈ:) ਨੂੰ ਹੋਇਆ ।

(ਮਹਾਨ ਕੋਸ਼, ਪੰਨਾ 213)

(ਤਵਾਰੀਖ਼ ਗੁਰੂ ਖ਼ਾਲਸਾ, ਪੰਨਾ 287)

ਗੁਰੂ ਜੀ ਦੇ ਦੂਜੇ ਅਨੰਦ-ਕਾਰਜ ‘ਤੇ ਵੀ ਭਾਰੀ ਰਸਮਾਂ ਅਦਾ ਹੋਈਆਂ । ਬੜੀ ਸ਼ਾਨ ਸ਼ੌਕਤ ਨਾਲ ਇਹ ਅਨੰਦ ਰਚਾਇਆ ਗਿਆ । ਮਾਤਾ ਗੁਜਰੀ ਜੀ ਨੇ ਦੂਜੀ ਨੂੰਹ ਨੂੰ ਵੀ ਬੜੀਆਂ ਸਧਰਾਂ, ਚਾਵਾਂ ਅਤੇ ਰੀਤਾਂ ਰਸਮਾਂ ਨਾਲ ਮਹਿਲਾਂ ਵਿਚ ਦਾਖ਼ਲ ਕੀਤਾ ਸੀ ।

ਮਾਤਾ ਸਾਹਿਬ ਕੌਰ ਦੇ ਡੋਲਾ ਆਉਣ ਤੋਂ ਕੁਝ ਸਮਾਂ ਪਹਿਲਾਂ 15 ਅੱਸੂ ਸੰਮਤ 1757 ਬਿਕਰਮੀ (1700 ਈ.) ਨੂੰ ਮਾਤਾ ਅਜੀਤ ਕੌਰ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦੇ ਅੰਤਮ ਸਸਕਾਰ ਦੀ ਥਾਂ ਤੇ ਦੋਹਰਾ, ਅਗੰਮਪੁਰ, ਅਨੰਦਪੁਰ ਸਾਹਿਬ ਵਿਚ ਮੌਜੂਦ ਹੈ ।

ਪੰਥ ਖਾਲਸਾ ਦੀ ਸਾਜਣਾ

ਖਾਲਸਾ ਅਕਾਲ ਪੁਰਖ ਕੀ ਫੌਜ । ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ । ਮਾਤਾ ਸਾਹਿਬ ਕੌਰ ਜੀ ਦੇ ਧਰਮ-ਪੁੱਤਰ ਪੰਥ ਖਾਲਸੇ ਦੀ ਸਾਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦਾ ਡੋਲਾ ਅਨੰਦਪੁਰ ਸਾਹਿਬ ਆਉਣ ਤੋਂ ਇਕ ਸਾਲ ਪਹਿਲਾਂ ਕੀਤੀ ਹੈ । ਉਨ੍ਹਾਂ ਨੇ ਪੰਥ ਖਾਲਸਾ ਦੀ ਸਾਜਣਾ ਨੂੰ ਆਪਣੇ ਫਰਜ਼ ਦੀ ਪੂਰਤੀ ਦਸਿਆ ਹੈ, ਜੋ ਅਕਾਲ ਪੁਰਖ ਨੇ ਉਨ੍ਹਾਂ ਦੇ ਜੁੰਮੇ ਲਾਇਆ ਸੀ । ਬਚਿੱਤਰ ਨਾਟਕ ਵਿਚ ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਦਾ ਇਸ ਤਰ੍ਹਾਂ ਵਰਣਨ ਕੀਤਾ ਹੈ : ਮੈਂ ਅਪਨੋ ਸੁਤ ਤੋਹਿ ਨਿਵਾਜਾ ॥ ਪੰਥ ਪ੍ਰਚੁਰ ਕਰਬੇ ਕੋ ਸਾਜਾ ॥

ਇਸ ਮਹਾਨ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਗੁਰੂ ਜੀ ਨੇ ਪਹਿਲੀ ਵਿਸਾਖ 1699 ਈ. (ਸੰਮਤ 1756) ਨੂੰ ਅਨੰਦਪੁਰ ਸਾਹਿਬ ਵਿਚ ਭਾਰੀ ਇਕੱਠ ਕੀਤਾ । ਮਸੰਦਾਂ ਤੇ ਟਹਿਲੂਆਂ ਰਾਹੀਂ ਦੇਸ਼ ਭਰ ਦੀਆਂ ਸਿੱਖ ਸੰਗਤਾਂ ਨੂੰ ਅਨੰਦਪੁਰ ਸਾਹਿਬ ਪਹੁੰਚਣ ਦੇ ਸੰਦੇਸ਼ ਭੇਜੇ । ਪੁਰਾਤਨ ਲਿਖਤਾਂ ਅਨੁਸਾਰ ਉਸ ਦਿਨ 80 ਹਜ਼ਾਰ ਸਿੱਖ ਅਨੰਦਪੁਰ ਸਾਹਿਬ ਵਿਚ ਇਕੱਤਰ ਹੋਏ ਸਨ ।

(ਮਾਤਾ ਸੁੰਦਰੀ ਜੀ, ਪੰਨਾ 47)

ਉਸ ਇਕੱਠ ਵਿਚ ਗੁਰੂ ਨਾਨਕ ਦੀ ਸਿੱਖੀ ਨੂੰ ਨਵਾਂ ਰੂਪ ਦੇਣ ਤੋਂ ਪਹਿਲਾਂ ਆਪ ਨੇ ਸਿੱਖਾਂ ਦੀ ਸ਼ਰਧਾ, ਸਿਦਕ, ਤਿਆਗ ਤੇ ਕੁਰਬਾਨੀ ਦੀ ਪਰਖ ਕਰਨੀ ਯੋਗ ਸਮਝੀ ।

ਕੀਰਤਨ ਸਤਸੰਗ ਤੋਂ ਬਾਅਦ ਭਰੇ ਦੀਵਾਨ ਵਿਚ ਗੁਰੂ ਜੀ ਅਚਨਚੇਤ ਉੱਠੇ ਅਤੇ ਵਿਚੋਂ ਤਲਵਾਰ ਧੂਹ ਕੇ ਭੱਖਦੀਆਂ ਲਾਲ ਅੱਖਾਂ ਨਾਲ ਸਿੱਖਾਂ ਨੂੰ ਵੰਗਾਰ ਕੇ ਕਿਹਾ “ਮੈਨੂੰ ਇਕ ਸਿਰ ਚਾਹੀਦਾ ਹੈ। ਹੈ ਕੋਈ ਸ਼ਰਧਾਲੂ ਸਿੱਖ, ਜੋ ਸੀਸ ਭੇਟ ਕਰੇ ।”

ਗੁਰੂ ਜੀ ਦੀ ਗਰਜਵੀਂ ਆਵਾਜ਼ ਵਿਚ ਇਹ ਮੰਗ ਸੁਣ ਕੇ ਸੰਗਤ ਵਿਚ ਸੱਨਾਟਾ ਛਾ ਗਿਆ। ਸਿੱਖਾਂ ਦੇ ਦਿਲ ਧੜਕ ਰਹੇ ਸਨ । ਗੁਰੂ ਜੀ ਦੇ ਮਾਤਾ ਗੁਜਰੀ ਜੀ, ਦੋਵੇਂ ਮਹਿਲ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਬੈਠੇ ਹੈਰਾਨੀ ਨਾਲ ਇਹ ਕੋਤਕ ਦੇਖ ਰਹੇ ਸਨ ।

ਤਿੰਨ ਵਾਰੀ ਸੀਸ ਮੰਗਣ ‘ਤੇ ਲਾਹੌਰ ਦੇ ਖੱਤਰੀ ਭਾਈ ਦਯਾ ਰਾਮ ਨੇ ਉੱਠ ਕੇ ਸੀਸ ਪੇਸ਼ ਕੀਤਾ । ਉਸ ਨੂੰ ਗੁਰੂ ਜੀ ਬਾਹੋਂ ਫੜ ਕੇ ਤੰਬੂ ਵਿਚ ਲੈ ਗਏ । ਫਿਰ ਲਹੂ ਨਾਲ ਲਿਬੜੀ ਤਲਵਾਰ ਹੱਥ ਵਿਚ ਫੜੀ ਦੀਵਾਨ ਵਿਚ ਆਏ ਅਤੇ ਹੋਰ ਸੀਸ ਮੰਗਿਆ ਤਾਂ ਭਾਈ ਧਰਮ ਦਾਸ ਨੇ ਸੀਸ ਭੇਟ ਕੀਤਾ। ਇਸੇ ਤਰ੍ਹਾਂ ਸੀਸਾਂ ਦੀ ਮੰਗ ਕਰਨ ‘ਤੇ ਭਾਈ ਮੋਹਕਮ ਚੰਦ, ਹਿੰਮਤ ਰਾਏ ਤੇ ਸਾਹਿਬ ਚੰਦ ਨੇ ਵਾਰੀ ਵਾਰੀ ਸੀਸ ਭੇਟ ਕੀਤੇ । ਗੁਰੂ ਜੀ ਉਨ੍ਹਾਂ ਨੂੰ ਵੀ ਤੰਬੂ ਵਿਚ ਲੈ ਗਏ । ਕੁਝ ਸਮੇਂ ਬਾਅਦ ਗੁਰੂ ਸਾਹਿਬ ਪੰਜਾਂ ਸਿੱਖਾਂ ਨੂੰ ਦਸਤਾਰਾਂ ਸਜਾ ਕੇ, ਕੇਸਰੀ ਵਸਤਰ ਪੁਆ ਕੇ, ਤੇੜ ਕਛਹਿਰੇ ਤੇ ਗਲ ਵਿਚ ਕਿਰਪਾਨਾਂ ਸਜਾ ਕੇ ਬਾਹਰ ਸੰਗਤ ਵਿਚ ਲਿਆਏ । ਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਇਹ ਪੰਜ ਪਿਆਰੇ ਹਨ, ਜਿਨ੍ਹਾਂ ਦੀ ਕੁਰਬਾਨੀ ਤੇ ਤਿਆਗ ਦੇ ਆਧਾਰ ਉੱਤੇ ਪੰਚਾਇਤੀ ਰਾਜ ਦੀ ਨੀਂਹ ਰੱਖੀ ਗਈ ਹੈ ਅਤੇ ਅੱਗੇ ਨੂੰ ਪੰਜਾਂ ਦਾ ਫ਼ੈਸਲਾ ਹੀ ਪਰਮੇਸ਼ਵਰੀ ਫੈਸਲਾ ਹੋਵੇਗਾ ।

ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਸਜਾ ਕੇ ਅੰਮ੍ਰਿਤ ਤਿਆਰ ਕਰਨ ਲਈ ਸਰਬਲੋਹ ਦੇ ਬਾਟੇ ਵਿਚ ਨਿਰਮਲ ਜਲ ਪਾ ਕੇ ਖੰਡੇ ਦੀ ਧਾਰ ਅਤੇ ਪੰਜ ਬਾਣੀਆਂ ਦੇ ਪਾਠ ਨਾਲ ਉਸ ਜਲ ਨੂੰ ਸ਼ਕਤੀਸ਼ਾਲੀ ਬਣਾਉਣਾ ਅਰੰਭਿਆ। ਉਸ ਸਮੇਂ ਗੁਰੂ ਦੇ ਵੱਡੇ ਮਹਿਲ

ਮਾਤਾ ਜੀਤੋ ਜੀ ਝੋਲੀ ਭਰ ਕੇ* ਪਤਾਸੇ ਲਿਆਏ, ਜੋ ਗੁਰੂ ਜੀ ਨੇ ਅੰਮ੍ਰਿਤ ਵਿਚ ਮਿਲਾ ਕੇ ਕਿਹਾ ਕਿ ਸ਼ਕਤੀ (ਖੰਡਾ), ਭਗਤੀ (ਬਾਣੀਆਂ ਦਾ ਪਾਠ) ਦੇ ਨਾਲ ਪਿਆਰ ਦੀ ਮਿਠਾਸ . (ਪਤਾਸੇ) ਵੀ ਭਰ ਦਿੱਤੀ ਗਈ ਹੈ । ਅੰਮ੍ਰਿਤ ਤਿਆਰ ਹੋਣ ‘ਤੇ ਗੁਰੂ ਜੀ ਨੇ ਪਹਿਲਾਂ ਪਿਆਰਿਆਂ ਨੂੰ ਛਕਾਇਆ ਅਤੇ ਫਿਰ ਉਨ੍ਹਾਂ ਪਾਸੋਂ ਜੋਦੜੀ ਕਰਕੇ ਆਪ ਛਕਿਆ ।

ਇਸ ਤਰ੍ਹਾਂ ਪੰਥ ਖਾਲਸਾ ਸਾਜ ਕੇ ਮਰਦਾਂ ਦੇ ਨਾਵਾਂ ਨਾਲ ਸ਼ਬਦ ‘ਸਿੰਘ’ ਅਤੇ ਇਸਤਰੀਆਂ ਦੇ ਨਾਵਾਂ ਨਾਲ ਸ਼ਬਦ ‘ਕੌਰ’ ਜੋੜ ਦਿੱਤਾ ਅਤੇ ਪੰਜ ਕਕਾਰ-ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰੇ ਦਾ ਧਾਰਨੀ ਬਣਾ ਕੇ ਹੁਕਮ ਕੀਤਾ : ਕੇਸਨ ਅਦਬ ਨਾ ਕਛ ਬਿਨ ਰਹਿਨਾ । ਅਰਧ ਨਾਮ ਸਿੰਘ ਨਹਿ ਕਹਿਨਾ ।

(ਗੁ: ਪ੍ਰ: ਸੂ: ਗ੍ਰੰਥ, ਰੁੱਤ ਤੀਜੀ, ਅੰਸੂ 19)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸੇ ਵਿਚ ਜਾਤੀ ਭੇਦ ਮਿਟਾਉਣ ਲਈ ਸਮੂਹ ਜਾਤਾਂ ਤੇ ਗੋਤਾਂ ਨੂੰ ਇਕੋ ਰੂਪ ਦੇਣ ਲਈ ਇਕੋ ਬਾਟੇ ਵਿਚ ਸਭ ਦੇ ਮੂੰਹ ਲੁਆ ਕੇ ਅੰਮ੍ਰਿਤ ਪਿਲਾਇਆ ਤੇ ਸਿੰਘਾਂ ਨੇ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਲਈ ਰਹਿਤ ਮਰਿਯਾਦਾ ਦਸ ਕੇ ਦਸ ਗੁਣ ਗ੍ਰਹਿਣ ਕਰਨ ਦਾ ਉਪਦੇਸ਼ ਦਿੱਤਾ । ਉਹ ਗੁਣ ਦਇਆ, ਦਾਨ, ਖਿਮਾਂ, ਇਸ਼ਨਾਨ, ਸ਼ੀਲ, (ਸੁਸ਼ੀਲ) ਸੁੱਚਮ, ਸੱਚ ਬੋਲਣਾ, ਸਾਧਨ ਸਿਧ, ਸੂਰਬੀਰਤਾ ਅਤੇ ਭਗਤੀ ਹਨ । ਉਨ੍ਹਾਂ ਕਿਹਾ ਜੋ ਇਨ੍ਹਾਂ ਦਸ ਗੁਣਾਂ ਦਾ ਧਾਰਨੀ ਅਤੇ ਦਸ ਔਗੁਣ ਹਿੰਸਾ, ਹੰਕਾਰ, ਆਲਸ, ਕੰਜੂਸੀ, ਕਠੋਰਤਾ, ਜੜ੍ਹਤਾ, (ਮੂਰਖਤਾ), ਕੁਚੀਲਤਾ (ਗੰਦਾ ਰਹਿਣਾ), ਅਪਵਿੱਤਰਤਾ ਅਤੇ ਕੁਠਾ ਮਾਸ ਖਾਣ ਦਾ ਤਿਆਗ ਕਰੇਗਾ ਉਹੀ ਸੱਚਾ ਸੁੱਚਾ ਸਿੱਖ ਬਣੇਗਾ :

“ਦਸ ਗ੍ਰਾਹਯ, ਦਸ ਤਿਆਗੀ, ਐਸੋ ਤਾਹਿ ਖਾਲਸਾ ਕਥਿਤ ਸੁਜਾਨੂੰ ।”

(ਮਾਤਾ ਸੁੰਦਰੀ ਜੀ, ਪੰਨਾ 48)

ਖਾਲਸਾ ਨੂੰ ਗੁਰ ਸਾਹਿਬ ਨੇ ਤਮਾਮ ਵਹਿਮਾਂ, ਭਰਮਾਂ ਅਤੇ ਪਾਖੰਡਾਂ ਤੋਂ ਪਾਕ ਕਰਕੇ

ਹੁਕਮ ਕੀਤਾ :

ਜਾਗਤ ਜੋਤਿ ਜਪੈ ਨਿਸ ਬਾਸਰ, ਏਕ ਬਿਨਾਂ ਮਨ ਨੈਕ ਨ ਆਨੈ ॥

ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ, ਗੋਰ, ਮੜੀ, ਮਠ ਭੂਲ ਨ ਮਾਨੈ ॥

ਤੀਰਥ ਦਾਨ ਦਯਾ ਤਪ ਸੰਜਮ ਏਕ ਬਿਨਾਂ ਨਹਿ ਨੇਕ ਪਛਾਨੈ ! ਪੂਰਨ ਜੋਤਿ ਜਗੈ ਘਟ ਮੈਂ ਤਬ ਖਾਲਸਾ ਤਾਹਿ ਨਖਾਲਿਸ ਜਾਨੈ ॥

(33 ਸਵਯੈ, ਪਾਤਸ਼ਾਹੀ 10)

ਇਸ ਦੀ ਪ੍ਰੌੜਤਾ ਇਨ੍ਹਾਂ ਇਤਿਹਾਸਕਾਰਾਂ ਨੇ ਵੀ ਕੀਤੀ ਹੈ :

  1. ਗੁਰਪ੍ਰਤਾਪ ਸੂਰਜ ਗ੍ਰੰਥ, ਰੁੱਤ 5, ਅੰਸੂ 3, ਪੰਨਾ 2711
  2. ਗੁਰਬਿਲਾਸ ਸਾਖੀ, ਪੰਨਾ 326
  3. ਮਹਾਨ ਕੋਜ਼ (ਭਾਈ ਕਾਹਨ ਸਿੰਘ), ਪੰਨਾ 178
  4. ਖਾਲਸੇ ਦੀ ਮਾਤਾ (ਹਰੀ ਸਿੰਘ ਸਾਲਾਰ), ਪੰਨਾ 34-35
  5. ਮਾਤਾ ਸੁੰਦਰੀ ਜੀ (ਮਹਿੰਦਰ ਕੌਰ ਗਿੱਲ), ਪੰਨਾ 45

ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਸਵਾ ਪਹਿਰ ਪਾਠ ਕੀਤਾ ਅਤੇ ਅਰਦਾਸਾ ਕਰਕੇ ਅਮਲੀ ਰੂਪ ਵਿਚ ਗ੍ਰਹਿਸਤ ਦਾ ਤਿਆਗ ਕਰਨ ਦਾ ਪ੍ਰਣ ਲਿਆ ਕਿ ਬਾਕੀ ਦਾ ਜੀਵਨ :

“ਧਰਮ ਚਲਾਵਨ, ਪੰਥ ਉਭਾਰਨ

ਦੁਸ਼ਟ ਦੋਖੀਅਨ ਮੂਲ ਉਖਾਰਨ ।”

ਲਈ ਸੰਘਰਸ਼ ਭਰਿਆ ਬਿਤਾਇਆ ਜਾਵੇਗਾ । ਇਸ ਪ੍ਰਣ ਨੂੰ ਨਿਭਾਉਣ ਲਈ ਉਨ੍ਹਾਂ ਨੇ ਮਾਤਾ ਸਾਹਿਬ ਕੌਰ ਨੂੰ ਆਖ਼ਰ ਤਕ ‘ਕੁਆਰਾ ਡੋਲਾ’ ਰੱਖਿਆ ਹੈ ।

(ਦਸ਼ਮੇਸ਼ ਚਰਿਤਰ, ਪੰਨਾ 187)

ਪੰਜ ਪਿਆਰੇ

ਮਾਤਾ ਸਾਹਿਬ ਕੌਰ ਦੇ ਵੱਡੇ ਧਰਮ-ਸਪੁੱਤਰ ਪੰਜ ਪਿਆਰੇ ਸਨ ਜੋ ਆਪਣੇ ਸੀਸ ਗੁਰੂ ਚਰਨਾਂ ‘ਤੇ ਭੇਟ ਕਰਕੇ ਨਵਾਂ ਖਾਲਸਈ ਸਰੂਪ ਧਾਰਨ ਕਰਕੇ ਪੰਜ ਪਿਆਰੇ ਕਹਾਏ ਸਨ ।

‘ਮਹਾਨ ਕੋਸ਼’ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਵਾਲੇ ਲਿਖਦੇ ਹਨ : “ਅਫ਼ਸੋਸ ਹੈ ਕਿ ਇਨ੍ਹਾਂ ਮਹਾਨ ਪਰਉਪਕਾਰੀ ਗੁਰਮੁਖਾਂ ਦਾ ਸਹੀ ਜੀਵਨ ਸਾਨੂੰ ਯਤਨ ਕਰਨ ‘ਤੇ ਵੀ ਪ੍ਰਾਪਤ ਨਹੀਂ ਹੋਇਆ । ਜੋ ਕੁਝ ਲਿਖਿਆ ਮਿਲਿਆ ਹੈ, ਉਸ ਨਾਲ ਸਾਡੀ ਪੂਰੀ ਸਹਿਮਤੀ ਨਹੀਂ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਪ੍ਰਕਾਸ਼ਿਤ ਕੀਤੀ ਧਰਮ ਪੋਥੀ ਨੰ: 7-8 ਦੇ ਪੰਨਾ 238 ਉੱਤੇ ਲਿਖਿਆ ਹੈ ਕਿ “ਸ੍ਰੀ ਦਸ਼ਮੇਸ਼ ਜੀ ਨੇ ਆਗਿਆ ਕੀਤੀ ਕਿ ਦੀਵਾਨ ਵਿਚ ਜੋ ਪਰਸ਼ਾਦ ਵਰਤੇ ਉਹ ਸਭ ਸਿੱਖਾਂ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਦਿੱਤਾ ਜਾਵੇ ।” ਇਸੇ ਆਗਿਆ ਨੂੰ ਮੁੱਖ ਰੱਖ ਕੇ ਪੰਥ ਨੇ ਇਹ ਮਰਿਆਦਾ ਬੰਨ੍ਹੀ ਹੈ ਅਤੇ ਗੁਰੂ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰੋਂ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ।

ਇਸ ਧਰਮ ਪੋਥੀ ਵਿਚ ਪੰਜਾਂ ਪਿਆਰਿਆਂ ਦਾ ਸੰਖੇਪ ਹਾਲ ਇੰਝ ਦਿੱਤਾ ਹੈ :

(1) “ਭਾਈ ਦਇਆ ਸਿੰਘ ਜੀ ਦਾ ਜਨਮ ਲਾਹੌਰ ਨਿਵਾਸੀ ਸ੍ਰੀ ਸੁੱਧੇ ਖੱਤਰੀ ਦੇ ਘਰ ਮਾਤਾ ਦਿਆਲੀ ਦੀ ਕੁੱਖੋਂ ਸੰਮਤ 1726 ਵਿਚ ਹੋਇਆ । ਜਦ 1756 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਸਿੱਖ ਦੇ ਸੀਸ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਇਹ ਨਿੱਤਰੇ । ਫਿਰ ਗੁਰੂ ਜੀ ਪਾਸੋਂ ਅੰਮ੍ਰਿਤ ਛੱਕ ਕੇ ਇਹ ਭਾਈ ਦਇਆ ਸਿੰਘ ਬਣੇ ਤੇ ਪੰਜਾਂ ਪਿਆਰਿਆਂ ਦੇ ਜਥੇਦਾਰ ਥਾਪੇ ਗਏ ।

ਅੰਮ੍ਰਿਤ ਛੱਕ ਕੇ ਇਹ ਹਰ ਸਮੇਂ ਸ੍ਰੀ ਦਸ਼ਮੇਸ਼ ਜੀ ਦੀ ਹਜੂਰੀ ਵਿਚ ਰਹੇ ਅਤੇ ਧਰਮ-ਯੁੱਧਾਂ ਵਿਚ ਜੂਝਦੇ ਰਹੇ । ਜਦੋਂ ਸ੍ਰੀ ਦਸ਼ਮੇਸ਼ ਜੀ ਚਮਕੌਰ ਸਾਹਿਬ ਜਾਣ ਲੱਗੇ ਤਾਂ ਪੰਜਾਂ ਪਿਆਰਿਆਂ ਨੇ ਇਨ੍ਹਾਂ ਦੀ ਡਿਊਟੀ ਵੀ ਗੁਰੂ ਜੀ ਦੇ ਨਾਲ ਜਾਣ ਦੀ ਲਾਈ । ‘ਜ਼ਫਰਨਾਮਾ’ ਨਾਂ ਦੀ ਜਿਹੜੀ ਚਿੱਠੀ ਗੁਰੂ ਜੀ ਨੇ ਔਰੰਗਜ਼ੇਬ ਨੂੰ ਦੱਖਣ ਵਿਚ ਭੇਜੀ ਸੀ, ਉਹ ਭਾਈ ਦਇਆ ਸਿੰਘ ਜੀ ਲੈ ਕੇ ਗਏ ਸਨ।

ਭਾਈ ਸਾਹਿਬ ਗੁਰੂ ਜੀ ਦੇ ਨਾਲ ਹਜੂਰ ਸਾਹਿਬ ਨਾਂਦੇੜ ਗਏ ਸਨ ਅਤੇ ਉਥੇ ਹੀ ਸੰਮਤ 1765 ਵਿਚ ਆਪ ਨੇ ਅਕਾਲ ਚਲਾਣਾ ਕੀਤਾ ।”

(2) “ਭਾਈ ਧਰਮ ਸਿੰਘ ਜੀ ਦਾ ਪਹਿਲਾਂ ਨਾਂ ਭਾਈ ਧਰਮ ਦਾਸ ਸੀ । ਇਨ੍ਹਾਂ ਦਾ ਜਨਮ ਹਸਤਨਾਪੁਰ ਦਿੱਲੀ ਨਿਵਾਸੀ ਸ੍ਰੀ ਸੰਤ ਰਾਮ ਜੱਟ ਦੇ ਘਰ ਮਾਤਾ ਸਾਭੇ ਦੀ ਕੁੱਖੋਂ ਸੰਮਤ 1723 ਨੂੰ ਹੋਇਆ। ਜਦ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਕਲਗੀਧਰ ਨੇ ਦੂਜੇ ਸੀਸ ਦੀ ਮੰਗ ਕੀਤੀ, ਤਾਂ ਇਨ੍ਹਾਂ ਨੇ ਸੀਸ ਭੇਟ ਕੀਤਾ। ਫਿਰ ਗੁਰੂ ਜੀ ਪਾਸੋਂ ਅੰਮ੍ਰਿਤ ਛੱਕ ਕੇ ਇਹ ਭਾਈ ਧਰਮ ਦਾਸ ਤੋਂ ਭਾਈ ਧਰਮ ਸਿੰਘ ਬਣ ਗਏ । ਇਸ ਤੋਂ ਮਗਰੋਂ ਇਹ ਹਰ ਸਮੇਂ ਗੁਰੂ ਜੀ ਦੀ ਹਜੂਰੀ ਵਿਚ ਰਹੇ ਅਤੇ ਧਰਮ-ਯੁੱਧਾਂ ਵਿਚ ਜੂਝਦੇ ਰਹੇ । ਜਦੋਂ ਗੁਰੂ ਜੀ ਚਮਕੌਰ ਸਾਹਿਬ ਤੋਂ ਜਾਣ ਲੱਗੇ ਤਾਂ ਇਨ੍ਹਾਂ ਦੀ ਡਿਉਟੀ ਵੀ ਗੁਰੂ ਜੀ ਨਾਲ ਜਾਣ ਦੀ ਲੱਗੀ । ਇਹ ਗੁਰੂ ਜੀ ਦੀ ਹਜੂਰੀ ਵਿਚ ਰਹੇ ਅਤੇ ਇਨ੍ਹਾਂ ਦਾ ਦੇਹਾਂਤ 1765 ਵਿਚ ਦੱਖਣ ਵਿਚ ਹਜੂਰ ਸਾਹਿਬ ਵਿਖੇ ਨਾਂਦੇੜ ਦੇ ਅਸਥਾਨ ਤੇ ਹੋਇਆ ।

(3) ਭਾਈ ਮੁਹਕਮ ਸਿੰਘ ਜੀ ਦਾ ਪਹਿਲਾ ਨਾਂ ਭਾਈ ਮੁਹਕਮ ਚੰਦ ਸੀ । ਇਨ੍ਹਾਂ ਦਾ ਜਨਮ ਦਵਾਰਕਾ ਨਿਵਾਸੀ ਸ੍ਰੀ ਤੀਰਥ ਚੰਦ ਛੀਂਬੇ ਦੇ ਘਰ ਮਾਤਾ ਦੇਵਾਂ ਬਾਈ ਜੀ ਦੀ ਕੁੱਖੋਂ ਸੰਮਤ 1720 ਵਿਚ ਹੋਇਆ। ਸੰਮਤ 1756 ਦੀ ਵਿਸਾਖੀ ਵਾਲੇ ਦਿਨ ਜਦ ਸ੍ਰੀ ਦਸ਼ਮੇਸ਼ ਜੀ ਨੇ ਤੀਜੇ ਸੀਸ ਦੀ ਮੰਗ ਕੀਤੀ, ਤਾਂ ਇਨ੍ਹਾਂ ਆਪਣਾ ਸੀਸ ਪੇਸ਼ ਕੀਤਾ। ਉਸੇ ਦਿਨ ਸ੍ਰੀ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛੱਕ ਕੇ ਉਹ ਭਾਈ ਮੁਹਕਮ ਸਿੰਘ ਬਣ ਗਏ । ਉਸ ਤੋਂ ਮਗਰੋਂ ਇਹ ਸਦਾ ਗੁਰੂ ਜੀ ਦੀ ਸੇਵਾ ਵਿਚ ਰਹੇ ਅਤੇ ਧਰਮ-ਯੁੱਧਾਂ ਵਿਚ ਵੀਰਤਾ ਦਿਖਾਉਂਦੇ ਰਹੇ । ਆਪ ਸੰਮਤ 1761 ਵਿਚ ਚਮਕੌਰ ਸਾਹਿਬ ਸ਼ਹੀਦ ਹੋਏ ।

(4) ਭਾਈ ਸਾਹਿਬ ਸਿੰਘ ਜੀ ਦਾ ਪਹਿਲਾ ਨਾਂ ਭਾਈ ਸਾਹਿਬ ਚੰਦ ਸੀ । ਇਹ ਬਿਦਰ ਨਿਵਾਸੀ ਸ੍ਰੀ ਚਮਨੇ ਨਾਈ ਦੇ ਘਰ ਮਾਤਾ ਸੋਨਾ ਬਾਈ ਦੀ ਕੁੱਖੋਂ ਸੰਮਤ 1719 ਵਿਚ ਜਨਮੇ । ਜਦ ਸੰਮਤ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਦਸ਼ਮੇਸ਼ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਤਾਂ ਸੀਸ ਭੇਟ ਕਰਨ ਵਾਲੇ ਚੌਥੇ ਸਿੱਖ ਭਾਈ ਸਾਹਿਬ ਚੰਦ ਜੀ ਸਨ । ਉਸੇ ਦਿਨ ਸ੍ਰੀ ਕਲਗੀਧਰ ਜੀ ਤੋਂ ਅੰਮ੍ਰਿਤ ਛੱਕ ਕੇ ਆਪ ਭਾਈ ਸਾਹਿਬ ਸਿੰਘ ਬਣ ਗਏ । ਇਹ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਗੁਰੂ ਜੀ ਦੇ ਧਰਮ ਯੁੱਧਾਂ ਵਿਚ ਹਿੱਸਾ ਲੈਂਦੇ ਰਹੇ । ਭੰਗਾਣੀ ਦੇ ਜੰਗ ਵਿਚ ਆਪ ਨੇ ਬਹੁਤ ਬਹਾਦਰੀ ਵਿਖਾਈ, ਜਿਸ ਦਾ ਜ਼ਿਕਰ ਗੁਰੂ ਜੀ ਨੇ ਬਚਿਤ੍ਰ ਨਾਟਕ ਦੇ ਅਠਵੇਂ ਅਧਿਆਇ ਵਿਚ ਕੀਤਾ ਹੈ ।

ਅੰਮ੍ਰਿਤ ਛੱਕ ਕੇ ਆਪ ਅੱਗੇ ਨਾਲੋਂ ਵੀ ਵਧੇਰੇ ਬੀਰਤਾ ਨਾਲ ਜੂਝਦੇ ਰਹੇ । ਆਪ ਸੰਮਤ 1761 ਨੂੰ ਚਮਕੌਰ ਸਾਹਿਬ ਸ਼ਹੀਦ ਹੋਏ ।

(5) ਭਾਈ ਹਿੰਮਤ ਸਿੰਘ ਜੀ ਦਾ ਪਹਿਲਾ ਨਾਂ ਭਾਈ ਹਿੰਮਤ ਰਾਏ ਸੀ । ਆਪ ਦਾ ਜਨਮ ਪੁਰੀ ਜਗਨ ਨਾਥ ਦੇ ਨਿਵਾਸੀ ਸ੍ਰੀ ਗਲਜ਼ਾਰੀ ਝਿਉਰ ਦੇ ਘਰ ਮਾਤਾ ਧੰਨੋ ਦੀ ਕੁੱਖ ਤੋਂ ਸੰਮਤ 1718 ਵਿਚ ਹੋਇਆ । ਜਦ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਦਸ਼ਮੇਸ਼ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਤਾਂ ਪੰਜਵੇਂ ਨੰਬਰ ਤੇ ਸੀਸ ਭੇਟ ਕਰਨ ਲਈ ਭਾਈ ਹਿੰਮਤ ਰਾਏ ਜੀ ਨਿਤਰੇ । ਉਸੇ ਦਿਨ ਸ੍ਰੀ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛੱਕ ਕੇ ਆਪ ਭਾਈ ਹਿੰਮਤ ਸਿੰਘ ਜੀ ਬਣੇ । ਉਸ ਮਗਰੋਂ ਉਹ ਸਦਾ ਗੁਰੂ ਜੀ ਦੀ ਹਜੂਰੀ ਵਿਚ ਰਹੇ ਅਤੇ ਧਰਮ-ਯੁੱਧਾਂ ਵਿਚ ਜੂਝਦੇ ਰਹੇ। ਆਪ ਸੰਮਤ 1761 ਨੂੰ ਚਮਕੌਰ ਸਾਹਿਬ ਸ਼ਹੀਦ ਹੋਏ ।

ਧਰਮ ਪੋਥੀ ਨੰ. 7-8, ਪੰਨਾ 137-38 ਸੋਹਣ ਸਿੰਘ ਸੀਤਲ, ‘ਗੁਰਇਤਿਹਾਸ’ ਪੰਨੇ 357-58

‘ਬਾਬਾ ਬੁੱਢਾ ਜੀ ਦੇ ਜੀਵਨ ਚਰਿਤ੍ਰ’ ਵਿਚ ਭਾਈ ਮੰਗਲ ਸਿੰਘ ਲਿਖਦੇ ਹਨ :

(ੳ) ਭਾਈ ਦਯਾ ਸਿੰਘ ਨੇ ਲਾਹੌਰ ਨਿਵਾਸੀ ਸੁੱਧੇ ਖੱਤਰੀ ਦੇ ਘਰ ਮਾਤਾ ਦਿਆਲੀ ਦੀ ਕੁੱਖੋਂ ਸੰਮਤ 1726 ਵਿਚ ਜਨਮ ਲਿਆ ।

(ਅ) ਭਾਈ ਧਰਮ ਸਿੰਘ ਨੇ ਹਸਤਨਾਪੁਰ ਨਿਵਾਸੀ ਸੰਤ ਰਾਮ ਜੱਟ ਦੇ ਘਰ ਮਾਤਾ ਸਾਭੋ ਦੇ ਉਦਰ ਤੋਂ ਸੰਮਤ 1723 ਵਿਚ ਜਨਮ ਲਿਆ ਅਤੇ ਸੰਮਤ 1765 ਵਿਚ ਹਜੂਰ ਸਾਹਿਬ ਵਿਖੇ ਇਨ੍ਹਾਂ ਦਾ ਦੇਹਾਂਤ ਹੋਇਆ ।

(ੲ) ਭਾਈ ਮੁਹਕਮ ਸਿੰਘ ਦਾ ਜਨਮ ਦਵਾਰਿਕਾ ਨਿਵਾਸੀ ਤੀਰਥ ਚੰਦ ਛੀਂਬੇ ਦੇ ਘਰ ਮਾਤਾ ਦੇਵਾਂ ਬਾਈ ਦੀ ਕੁੱਖੋਂ ਸੰਮਤ 1720 ਵਿਚ ਹੋਇਆ ਤੇ ਸੰਮਤ 1761 ਵਿਚ ਚਮਕੌਰ ਦੇ ਧਰਮ ਯੁੱਧ ਵਿਚ ਸ਼ਹੀਦ ਹੋਏ ।

(ਸ) ਭਾਈ ਸਾਹਿਬ ਸਿੰਘ ਦਾ ਜਨਮ ਬਿਦਰ ਨਿਵਾਸੀ ਚਮਨੇ ਨਾਈ ਦੇ ਘਰ ਸੋਨਾ ਬਾਈ ਦੀ ਕੁੱਖੋਂ ਸੰਮਤ 1719 ਵਿਚ ਹੋਇਆ ਅਤੇ ਸੰਮਤ 1761 ਵਿਚ ਚਮਕੌਰ ਦੇ ਧਰਮ ਯੁੱਧ ਵਿਚ ਸ਼ਹੀਦ ਹੋਏ । ਸਿੰਘ ਸਜਣ ਤੋਂ ਪਹਿਲਾਂ ਭੰਗਾਣੀ ਦੇ ਜੰਗ ਵਿਚ ਆਪ ਨੇ ਵੱਡੀ ਬੀਰਤਾ ਦਿਖਾਈ ਜਿਸ ਦਾ ਜ਼ਿਕਰ ਗੁਰੂ ਜੀ ਨੇ ਬਚਿੱਤਰ ਨਾਟਕ ਦੇ ਅੱਠਵੇਂ ਅਧਿਆਇ ਵਿਚ ਕੀਤਾ ਹੈ ।

(ਹ) ਭਾਈ ਹਿੰਮਤ ਸਿੰਘ ਦਾ ਜਨਮ ਪੁਰੀ (ਜਗਨਨਾਥ) ਨਿਵਾਸੀ ਗੁਲਜ਼ਾਰੀ ਝੀਵਰ ਦੇ ਘਰ ਧੰਨੋ ਦੇ ਉਦਰ ਤੋਂ ਸੰਮਤ 1718 ਵਿਚ ਹੋਇਆ ਅਤੇ ਸੰਮਤ 1761 ਦੇ ਧਰਮ- ਯੁੱਧ ਵਿਚ ਚਮਕੌਰ ਵਿਚ ਸ਼ਹੀਦ ਹੋਏ ।

(ਮਹਾਨ ਕੋਸ਼, ਪੰਨਾ 792)

ਪੁੱਤਰ ਦੀ ਬਖਸ਼ਿਸ਼

ਅਨੰਦ-ਕਾਰਜ ਤੋਂ ਬਾਅਦ ਮਾਤਾ ਗੁਜਰੀ (ਗੁਰਜੀਤ ਕੌਰ) ਜੀ ਨੇ ਆਪਣੀ ਛੋਟੀ ਨੂੰਹ ਨੂੰ ਪਿਆਰ ਨਾਲ ਮਹਿਲੀਂ ਲਿਜਾ ਕੇ ਯੋਗ ਸਥਾਨ ਦਿੱਤਾ । ਮਾਤਾ ਸਾਹਿਬ ਕੌਰ ਜੀ ਮਾਤਾ ਗੁਜਰੀ ਜੀ ਅਤੇ ਵੱਡੀ ਸੌਤਨ ਭੈਣ ਮਾਤਾ ਸੁੰਦਰ ਕੌਰ ਨਾਲ ਡੂੰਘਾ ਪਿਆਰ ਤੇ ਸਤਿਕਾਰ ਰਖਣ ਲਗ ਪਏ । ਉਨ੍ਹਾਂ ਨੇ ਮਾਤਾ ਅਜੀਤ ਕੌਰ ਦੇ ਤਿੰਨੇ ਪੁੱਤਰਾਂ ਨੂੰ ਸੰਭਾਲਣ ਤੇ ਸਵਾਰਨ ਦਾ ਕੰਮ ਆਪਣੇ ਜ਼ੁੰਮੇ ਲੈ ਲਿਆ । ਮਿੱਠੇ ਸੁਭਾਅ, ਨਿਮਰਤਾ ਅਤੇ ਪਿਆਰ ਕਾਰਨ ਉਹ ਥੋੜ੍ਹੇ ਸਮੇਂ ਵਿਚ ਹੀ ਪਰਿਵਾਰ ਵਿਚ ਰਚ ਮਿਚ ਗਏ ਪਰ ਮਾਤਾ ਸੁੰਦਰ ਕੌਰ ਦੇ ਪੁੱਤਰ ਅਜੀਤ ਸਿੰਘ ਅਤੇ ਅਜੀਤ ਕੌਰ ਦੇ ਤਿੰਨ ਪੁੱਤਰਾਂ ਨੂੰ ਕਲੋਲ ਕਰਦੇ ਤਕ ਕੇ ਉਨ੍ਹਾਂ ਦਾ ਇਸਤਰੀ ਮਨ ਜਾਗ੍ਰਿਤ ਹੋਇਆ । ਉਹ ਵੀ ਬੱਚੇ ਦੀ ਲਾਲਸਾ ਕਰਨ ਲਗ ਪਏ ।

ਉਹ ਮਨ ਹੀ ਮਨ ਵਿਚ ਸੋਚਦੇ ਕਿ ਗੁਰੂ ਘਰ ਵਿਚੋਂ ਹਜ਼ਾਰਾਂ ਸੰਗਤਾਂ ਮਨੋਕਾਮਨਾ ਪੂਰੀਆਂ ਕਰਕੇ ਜਾਂਦੀਆਂ ਹਨ । ਜੇ ਮੈਂ ਵੀ ਪਤੀ ਪਰਮੇਸ਼ਵਰ ਅੱਗੇ ਮਨ ਦੀ ਇੱਛਾ ਪ੍ਰਗਟ ਕਰਾਂ ਤਾਂ ਉਹ ਮੇਰੀ ਗੋਦ ਵੀ ਹਰੀ ਭਰੀ ਕਰ ਦੇਣਗੇ, ਪਰ ਫਿਰ ਆਪਣੇ ਆਪ ਨੂੰ ਕੁਆਰੇ ਡੋਲੇ ਰੂਪ ਵਿਚ ਦੇਖ ਕੇ ਪਤੀ ਪਰਮੇਸ਼ਵਰ ਦੇ ਬ੍ਰਹਮਚਰਜ ਦੇ ਪ੍ਰਣ ਨੂੰ ਚੇਤੇ ਕਰ ਕੇ ਚੁੱਪ ਵੱਟ ਜਾਂਦੇ ਸਨ ।

(ਖਾਲਸੇ ਦੀ ਮਾਤਾ, ਪੰਨਾ 70)

ਗੁਰੂ ਗੋਬਿੰਦ ਸਿੰਘ ਜੀ ਸਮੇਂ ਸਮੇਂ ਮਾਤਾ ਸਾਹਿਬ ਕੌਰ ਨੂੰ ਦਰਸ਼ਨ ਦੇਣ ਮਹਿਲੀਂ ਆ ਜਾਇਆ ਕਰਦੇ ਸਨ । ਮਾਤਾ ਜੀ ਨੇ ਗੁਰੂ ਜੀ ਦੇ ਬਿਰਾਜਣ ਲਈ ਇਕ ਪਲੰਘ ਸਜਾ ਕੇ ਰੱਖਿਆ ਹੋਇਆ ਸੀ । ਗੁਰੂ ਜੀ ਜਦੋਂ ਵੀ ਉਨ੍ਹਾਂ ਨੂੰ ਦਰਸ਼ਨ ਦੇਣ ਜਾਂਦੇ ਉਸ ਪਲੰਘ ‘ਤੇ ਬੈਠ ਕੇ ਬਚਨ ਬਿਲਾਸ ਕਰਿਆ ਕਰਦੇ ਸਨ ਅਤੇ ਮਹਿਲ ਦੇ ਸ਼ੰਕੇ ਨਵਿਰਤ ਕਰਦੇ ਸਨ ।

ਇਕ ਦਿਨ ਗੁਰੂ ਜੀ ਮਹਿਲੀਂ ਆਕੇ ਜਦੋਂ ਪਲੰਘ ਉੱਤੇ ਬੈਠੇ ਤਾਂ ਉਨ੍ਹਾਂ ਦੇ ਚਰਨਾਂ ਕੋਲ ਬੈਠਕੇ ਸਾਹਿਬ ਕੌਰ ਜੀ ਰੋਣ ਲਗ ਪਏ । ਗੁਰੂ ਜੀ ਨੇ ਦਿਲਾਸਾ ਦੇ ਕੇ ਪੁੱਛਿਆ ਕਿ ਕੀ ਗੱਲ ਹੈ, ਖੁੱਲ੍ਹ ਕੇ ਦਸੋ ਰੋਣ ਦੀ ਕੀ ਲੋੜ ਹੈ ?

ਇਹੀ ਨੇਮ ਕਰ ਸਮਾਂ ਬਿਤਾਇਯੋ ।

ਇਕ ਦਿਨ ਸ੍ਰੀ ਪ੍ਰਭ ਦਰਸ ਦਿਖਾਯੋ ।

ਹਾਥ ਜੋੜ ਕਰ ਮਸਤਕ ਟੈਂਕਾਂ ।

ਕਿਆ ਮਨਸਾ ਹੈ ਜਲਧ ਬਿਬੇਕਾ ।

(ਗੁ: ਪ੍ਰ: ਸੂਰਜ ਗ੍ਰੰਥ, ਰੁੱਤ 5, ਅੰਸੂ 1)

ਮਾਤਾ ਨੇ ਸਿਰ ਝੁਕਾ ਕੇ ਕਿਹਾ ਕਿ ਆਪ ਨੇ ਬ੍ਰਹਮਚਰਜ ਧਾਰਨ ਕਰਕੇ ਮੈਨੂੰ ਕੁਆਰਾਂ ਡੋਲਾ ਕਰਕੇ ਰਖਿਆ ਹੈ, ਪਰ ਮੇਰੇ ਨਾਲ ਅਨੰਦ ਪੜ੍ਹਾਇਆ ਹੈ । ਇਸਤਰੀ ਜਾਮਾ ਹੋਣ ਕਰਕੇ ਮੈਂ ਸੋਚਦੀ ਹਾਂ ਕਿ ਮੇਰੀਆਂ ਭੈਣਾਂ ਦੀਆਂ ਗੋਦਾਂ ਹਰੀਆਂ ਭਰੀਆਂ ਹਨ ਅਤੇ ਮੈਂ ਨਪੁੱਤੀ ਹਾਂ । ਮੇਰੀ ਰੀਝ ਹੈ ਕਿ ਜੇਕਰ ਆਪ ਮੈਨੂੰ ਇਕ ਪੁੱਤਰ ਦੀ ਦਾਤ ਬਖਸ਼ ਦਿਉ ਤਾਂ ਜੋ ਮੈਂ ਵੀ ਪੁੱਤਰ ਦੀ ਸੂਰਤ ਵੇਖ ਕੇ ਆਪਣੀਆਂ ਅੱਖਾਂ ਠੰਢੀਆਂ ਕਰ ਸਕਾਂ ਤੇ ਉਸ ਦੀ ਪਾਲਣਾ ਕਰਕੇ ਆਪਣੇ ਮਨ ਨੂੰ ਸ਼ਾਂਤ ਕਰ ਸਕਾਂ ।

ਭਾਈ ਸੰਤੋਖ ਸਿੰਘ ਨੇ ‘ਗੁ: ਪ੍ਰ: ਸੂਰਜ ਗ੍ਰੰਥ’ ਵਿਚ ਮਾਤਾ ਸਾਹਿਬ ਕੌਰ ਦੀ ਜੋਦੜੀ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤੀ ਹੈ :

ਨਮਰ ਸਲਾਜ ਤਾਰੇ ਕਰ ਨੈਨ ।

ਬੇਨਤੀ ਸਹਿਤ ਕਰਤ ਮੁਖ ਬੈਨ ।

ਪ੍ਰਭ ਜੀ ਇਕ ਸੁਤ ਕੀ ਅਭਿਲਾਖੇ ।

ਅਪਰ ਬਾਸਨਾ ਕੋਇ ਨ ਰਾਖੈ ।

ਕ੍ਰਿਪਾ ਆਪ ਦੀ ਤੇ ਮੈਂ ਪਾਉਂ ।

ਇਸਤਰੀ ਜਨਮ ਆਪਣਾ ਸਫਲਾਉਂ ।

ਜਥਾ ਆਹਿ ਮਮ ਸਪਤਨ ਕੇਰੇ ।

ਚਾਹੋ ਤਥਾ ਮਨ ਆਪਨੇ ਹੇਰੇ ।

(ਗੁ: ਪ੍ਰ: ਸੂ: ਗ੍ਰੰਥ, ਰੁੱਤ 5, ਅੰਸੂ 1)

ਦਸ਼ਮੇਸ਼ ਪਿਤਾ ਇਹ ਬੇਨਤੀ ਸੁਣ ਕੇ ਹੱਸ ਪਏ ਅਤੇ ਕਿਹਾ “ਭਲੀਏ ਲੋਕੇ ਇਕ ਸੰਸਾਰਕ ਕੱਚੀ ਤੰਦ ਲਈ ਪ੍ਰਣ ਨਹੀਂ ਤੋੜਿਆ ਜਾ ਸਕਦਾ। ਜੇਕਰ ਧਰਮ ਰੱਖਿਅਕ ਹੀ ਧਰਮ ਤੋਂ ਫਿਰ ਜਾਣ ਤਾਂ ਸੰਸਾਰ ਦਾ ਕੀ ਬਣੇਗਾ ? ਪਰ ਤੇਰੀ ਇੱਛਿਆ ਵੀ ਟਾਲੀ ਨਹੀਂ ਜਾਂਦੀ, ਇਸ ਲਈ ਮੈਂ ਆਪਣਾ ਧਰਮ ਪੁੱਤਰ ਖਾਲਸਾ ਪੰਥ ਤੇਰੀ ਝੋਲੀ ਵਿਚ ਪਾਉਂਦਾ ਹਾਂ ਜੋ ਸਦਾ ਅਮਰ ਰਹੇਗਾ ਅਤੇ ਉਸ ਨਾਲ ਤੇਰਾ ਨਾਂ ਵੀ ਅਟੱਲ ਰਹੇਗਾ ।”

ਸੁਨ ਕਰ ਸ੍ਰੀ ਮੁਖ ਤੇ ਫੁਰਮਾਇਓ ।

ਭਲੋ ਮਨੋਰਥ ਰਿਦੈ ਉਠਾਇਓ ।

ਕਰਾ ਮਨੋਰਥ ਇਕ ਸੁਤ ਤੇਰਾ ।

ਪੁਤਰ ਖਾਲਸਾ ਹੋਇਓ ਤੇਰਾ ।

ਲਾਖੋਂ ਕੀ ਗਿਣਤੀ ਨ ਆਵੈ ॥

ਜਗ ਥਿਰ ਨਿਤ ਜਨਮ ਸੋ ਪਾਵੈ ।

ਸਕਲ ਸਿੰਘ ਆਪਨੇ ਪੁਤ ਜਾਨੋ ।

ਸੁਜਮ ਪਰਤਾਪ ਵਧਾਏ ਮਹਾਨੋ ।

ਪੁਤਰ ਖਾਲਸਾ ਤੇਰੇ ਭਯੋ ।

ਗੋਦ ਪਾਏ ਹਮ ਤੁਹ ਕੋ ਦਯੋ ।

(ਗੁ: ਪ੍ਰ: ਸੁ: ਗ੍ਰੰਥ, ਰੁੱਤ 5, ਅੰਸੂ 1)

ਕਬਹੂ ਕੁ ਕਰੀ ਕ੍ਰਿਪਾਕਰ ਗੁਰਬਰ ।

ਕਰੁ ਕਿਮਖਿਨ ਚਿਤ ਤੇਰੇ ਘਰ ।

ਤਿਨ ਕਹੀ ਤੀਅਨ ਤਨ ਮੇਰਾ ।

ਚਾਹਤ ਏਕ ਪੁਤਰ ਮੁਖ ਹੇਰਾ ।

ਸਤਗੁਰ ਕਹੀ ਸਿੱਖ ਜਗ ਜੇਤੇ ॥

ਸਭ ਸਪੂਤ ਗੋਦ ਮੇ ਤੇੜੇ ।

(ਗੁਰਬਿਲਾਸ, ਪੰਨਾ 679)

ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਇਹ ਗੱਲ ਪੰਜ ਸੌ ਸਾਖੀ ਵਿਚ ਲਿਖੀ ਹੈ ਕਿ ਦਸ਼ਮੇਸ਼ ਸਾਹਿਬ ਦੇ ਤੀਸਰੇ ਮਹਿਲ ਮਾਤਾ ਸਾਹਿਬ ਕੋਰ ਜੀ ਮਾਪਿਆਂ ਦੇ ਕੀਤੇ ਹੋਏ ਪ੍ਰਣ ਕਰਕੇ ਆਏ ਸਨ, ਪਰ ਉਨ੍ਹਾਂ ਨੂੰ ਸਤਿਗੁਰਾਂ ਨੇ ਕੁਆਰੇ ਰਹਿਣ ਦਾ ਪ੍ਰਣ ਲੈ ਕੇ ਮਹਿਲੀਂ ਵਾਸ ਦਿੱਤਾ ਸੀ ਤੇ ਉਹ ਸਾਈਂ ਸਿਮਰਨ ਵਿਚ ਯੋਗੀ ਰਾਜ ਖਾਲਸੇ ਦੀ ਮਾਤਾ ਹੋਏ ਹਨ ।

ਗੁਰਬਖਸ਼ ਸਿੰਘ ਪ੍ਰੀਤਲੜੀ ਲੇਖ ‘ਦਸ਼ਮੇਸ਼ ਜੀਵਨ’ ਦੇ ਪੰਨਾ 66 ਤੇ ਲਿਖਦੇ ਹਨ ਕਿ ਗੁਰੂ ਸਾਹਿਬ ਦੀ ਤੀਜੀ ਸੁਪਤਨੀ ਸਾਹਿਬ ਕੌਰ ਸਬੰਧੀ ਇਹੀ ਆਖਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪੰਥ ਦੀ ਮਾਤਾ ਥਾਪਿਆ ਹੈ ।

( ਖਾਲਸੇ ਦੀ ਮਾਤਾ ਕ੍ਰਿਤ ਗਿ: ਹਰੀ ਸਿੰਘ, ਪੰਨਾ 75)

ਮਹਿਲਾਂ ਤੋਂ ਪਰਤ ਕੇ ਦਸ਼ਮੇਸ਼ ਨੇ ਸਜੇ ਹੋਏ ਦੀਵਾਨ ਵਿਚ ਸਮੂਹ ਸੰਗਤ ਵਿਚ ਐਲਾਨ ਕੀਤਾ ਕਿ ਅੱਜ ਤੋਂ ਪ੍ਰਤਕ ਅੰਮ੍ਰਿਤਧਾਰੀ ਸਿੱਖ ਦੀ ਮਾਤਾ ਸਾਹਿਬ ਕੌਰ ਜੀ ਹੋਣਗੇ । ਪੰਥ ਉਨ੍ਹਾਂ ਦੀ ਗੋਦ ਵਿਚ ਪਾ ਦਿੱਤਾ ਹੈ । ਅੱਜ ਤੋਂ ਖੰਡੇ ਦਾ ਅੰਮ੍ਰਿਤ ਛਕ ਕੇ ਆਪਾ ਵਾਰਨ ਦਾ ਪ੍ਰਣ ਲੈਣ ਵਾਲੇ ਸਿੰਘਾਂ ਨੂੰ ਦਸਿਆ ਜਾਵੇ ਕਿ ਉਨ੍ਹਾਂ ਦੀ ਧਰਮ-ਮਾਤਾ ਸਾਹਿਬ ਕੌਰ ਹੈ ।

ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸੰਗਤਾਂ ਨੇ ਜੈਕਾਰੇ ਗਜਾਏ ਅਤੇ ਅਰਦਾਸ ਕੀਤੀ ਕਿ ਜਦ ਤਕ ਖਾਲਸਾ ਕਾਇਮ ਰਹੇਗਾ, ਉਸ ਨੂੰ ਆਪਣੀ ਧਰਮ-ਮਾਤਾ ਦਾ ਪਿਆਰ ਤੇ ਅਸ਼ੀਰਵਾਦ ਪ੍ਰਾਪਤ ਰਹੇ । ਸੰਗਤ ਨੇ ਉੱਠ ਕੇ ਮਾਤਾ ਅੱਗੇ ਸੀਸ ਝੁਕਾਇਆ । ਗੁਰੂ ਸਾਹਿਬ ਜੀ ਦੇ ਇਸ ਹੁਕਮ ਸਦਕਾ ਅਜ ਤਕ ਪੰਜ ਪਿਆਰੇ ਜਦੋਂ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਰੂਪ ਦਿੰਦੇ ਹਨ ਅਤੇ ਗੁਰ ਮਰਿਯਾਦਾ ਦਸਦੇ ਹਨ ਤਾਂ ਨਾਲ ਹੀ ਇਹ ਕਹਿੰਦੇ ਹਨ ਕਿ ਅੱਜ ਤੋਂ ਉਨ੍ਹਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਜੀ ਹਨ ਤੇ ਉਨ੍ਹਾਂ ਦਾ ਜਨਮ ਅਨੰਦਪੁਰ ਸਾਹਿਬ ਦਾ ਹੈ ।

ਗੁਰੂ ਜੀ ਦੀ ਚੜ੍ਹਤਲ

ਖਾਲਸਾ ਪੰਥ ਨੂੰ ਨਾਦੀ ਪੁੱਤਰ ਵਜੋਂ ਗੋਦ ਵਿਚ ਪਾਉਣ ਤੋਂ ਬਾਅਦ ਮਾਤਾ ਸਾਹਿਬ ਕੌਰ ਦਾ ਸਿੱਖ ਸੰਗਤਾਂ ਵਿਚ ਮਾਣ ਤੇ ਸਤਿਕਾਰ ਬਹੁਤ ਵੱਧ ਗਿਆ । ਉਹ ਜਿਥੇ ਕਦਮ ਰਖਦੇ, ਸਿੱਖ ਉਥੇ ਅੱਖਾਂ ਵਿਛਾਉਂਦੇ ਸਨ । ਮਾਤਾ ਜੀ ਵੀ ਸਿੱਖ ਬੱਚਿਆਂ, ਬੀਬੀਆਂ ਅਤੇ ਮਹਿਲਾਂ ਦੇ ਸੇਵਾਦਾਰਾਂ ਨਾਲ ਪਿਆਰ ਕਰਦੇ ਸਨ । ਜਦੋਂ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਜਾਂ ਕੁੱਝ ਪ੍ਰਾਪਤ ਕਰਨਾ ਹੁੰਦਾ ਤਾਂ ਉਹ ਗੁਰੂ ਜੀ ਦੀ ਮਾਤਾ ਗੁਰਜੀਤ ਕੌਰ ਕੋਲ ਜਾਂ ਫਿਰ ਇਨ੍ਹਾਂ ਕੋਲ ਆਉਂਦੇ ਸਨ ।

ਇਕ ਦਿਨ ਗੁਰੂ ਜੀ ਮਹਿਲ ਵਿਚ ਉਨਾਂ ਨੂੰ ਦਰਸ਼ਨ ਦੇਣ ਆਏ ਤਾਂ ਇਕ ਮਸੰਦ ਸੁੰਦਰ ਮੱਲ ਅਤੇ ਉਸ ਦਾ ਪਰਿਵਾਰ ਮਾਤਾ ਜੀ ਕੋਲ ਬੈਠਾ ਜੋਦੜੀਆਂ ਕਰ ਰਿਹਾ ਸੀ ਕਿ ਗੁਰੂ ਜੀ ਕੋਲ ਸਿਫ਼ਾਰਿਸ਼ ਕਰਕੇ ਉਨ੍ਹਾਂ ਦੀ ਭੁੱਲ ਬਖਸ਼ਾ ਦਿਉ ਅਤੇ ਅੱਗੇ ਨੂੰ ਸੇਵਾ ਕਰਨ ਦਾ ਅਵਸਰ ਬਖਸ਼ੋ ।

ਗੁਰੂ ਸਾਹਿਬ ਨੇ ਸਾਰੀ ਗੱਲ ਸੁਣਕੇ ਮਾਤਾ ਸਾਹਿਬ ਕੌਰ ਨੂੰ ਮਸੰਦਾਂ ਵੱਲੋਂ ਕਾਰਾਂ ਉਗਰਾਹੁਣ ਦੇ ਬਹਾਨੇ ਸਿੱਖਾਂ ਉੱਤੇ ਕੀਤੇ ਅਤਿਆਚਾਰਾਂ ਦੀ ਕਹਾਣੀ ਸੁਣਾਈ ਤੇ ਦਸਿਆ ਕਿ ਮਾੜੇ ਕੁਰਹਿਤੀਏ ਅਤੇ ਸਿੱਖਾਂ ਨੂੰ ਤੰਗ ਕਰਨ ਵਾਲੇ 108 ਮਸੰਦ ਜਿਊਂਦੇ ਸਾੜ ਕੇ ਖਤਮ ਕਰ ਦਿੱਤੇ ਹਨ । ਅੱਗੇ ਨੂੰ ਗੁਰੂ ਘਰ ਵਿਚ ਕਿਸੇ ਮਸੰਦ ਨੂੰ ਮਸੰਦਗੀ ਦੀ ਸੇਵਾ ਨਹੀਂ ! ਸੌਂਪੀ ਜਾ ਸਕਦੀ । ਇਹ ਢੰਗ, ਜੋ ਢੋਂਗ ਸਾਬਤ ਹੋਇਆ ਹੈ, ਅੱਗੇ ਤੋਂ ਖਤਮ ਕਰ ਦਿੱਤਾ ਹੈ ।

ਗੁਰੂ ਜੀ ਨੇ ਮਾਤਾ ਸਾਹਿਬ ਕੌਰ ਨੂੰ ਵੀ ਹਿਦਾਇਤ ਕੀਤੀ ਕਿ ਅੱਗੇ ਤੋਂ ਮਸੰਦਾਂ ਨਾਲ ਨਾ ਵਰਤਣ ਕਿਉਂਕਿ ਇਹ ਲੋਭੀ ਤੇ ਮਾਇਆਧਾਰੀ ਸ਼੍ਰੇਣੀ ਹੈ : ਤਜ ਮਸੰਦ ਪ੍ਰਭੁ ਏਕ ਜਪ,

ਯਹ ਬਿਬੇਕ ਤਹਿ ਕੀਨ ।

(ਮਹਾਨ ਕੋਸ਼, ਪੰਨਾ 1755)

ਜੋ ਕਰ ਸੇਵ ਮਸੰਦਨ ਕੀ ਮਹਿ

ਆਨ ਪ੍ਰਸਾਦਿ ਸਭੈ ਮੋਹਿ ਦੀਜੈ’ ।

(33 ਸਵੇਯੇ ਪਾ: 10)

ਆਪ ਜੀ ਨੇ ਕਿਹਾ ਜਿਹੜੇ ਮਸੰਦ ਪੰਜ ਪਿਆਰਿਆਂ ਤੋਂ ਮਾਫੀ ਮੰਗ ਕੇ ਅਤੇ ਅੰਮ੍ਰਿਤ ਛਕ ਕੇ ਪੰਥ ਸੇਵਾ ਵਿਚ ਲਗਣਗੇ ਉਹ ਆਪੇ ਬਖਸ਼ੇ ਜਾਣਗੇ ।

ਮਹਿਲ ਪ੍ਰਵੇਸ਼ ਤੋਂ ਬਾਅਦ ਮਾਤਾ ਜੀ ਧੀਰਜ ਅਤੇ ਸ਼ਾਂਤੀ ਨਾਲ ਰਹਿੰਦੇ ਅਤੇ ਆਪਣੀ ਸੱਸ ਮਾਤਾ ਗੁਰਜੀਤ ਕੌਰ ਤੇ ਸੰਤਣ ਭੈਣ ਮਾਤਾ ਸੁੰਦਰ ਕੌਰ ਨਾਲ ਸੁਚੱਜਾ ਅਤੇ ਸਤਿਕਾਰ ਭਰਿਆ ਵਿਹਾਰ ਕਰਦੇ ਸਨ । ਵਧੇਰੇ ਸਮਾਂ ਸੰਕੋਚ ਨਾਲ ਬਿਤਾਉਂਦੇ ਸਨ ।

ਇਤਿਹਾਸ ਵਿਚ ਅਨੰਦ ਤੋਂ ਬਾਅਦ ਉਨਾਂ ਦਾ ਪੇਕੇ ਨਗਰ ਰੋਹਤਾਸ ਜਾਣ ਦਾ ਕੋਈ ਜ਼ਿਕਰ ਨਹੀਂ ਪਰ ਉਨ੍ਹਾਂ ਦੇ ਮਾਤਾ ਪਿਤਾ ਤੇ ਸਾਕ ਸਬੰਧੀ ਕਈ ਵਾਰ ਪੋਠੋਹਾਰ ਦੀ ਸੰਗਤ ਨਾਲ ਆ ਕੇ ਉਨ੍ਹਾਂ ਨੂੰ ਮਿਲਦੇ ਰਹੇ ਹਨ ।

ਮਾਤਾ ਜੀ ਸਾਹਿਬਜ਼ਾਦਿਆਂ ਨੂੰ ਬਹੁਤ ਪਿਆਰ ਕਰਦੇ ਸਨ, ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ਼ਨਾਨ ਕਰਾ ਕੇ ਬਸਤਰ ਸਜਾਉਣ ਦਾ ਕੰਮ ਉਹ ਆਪਣੇ ਹੱਥੀਂ ਕਰਦੇ ਸਨ ।

‘ਗੁਰਬਿਲਾਸ’ ਅਨੁਸਾਰ ਇਕ ਦਿਨ ਉਨ੍ਹਾਂ ਨੇ ਸਭ ਤੋਂ ਛੋਟੇ ਸਾਹਿਬਜ਼ਾਦੇ (ਬਾਬਾ) ਫਤਹਿ ਸਿੰਘ ਨੂੰ ਇਸ਼ਨਾਨ ਕਰਾ ਕੇ ਨੀਲੇ ਬਸਤਰ ਪੁਆਏ । ਸਾਹਿਬਜ਼ਾਦੇ ਸਾਹਿਬ ਨੇ ਉਸ ਸਮੇਂ ਦੂਹਰੀ ਦਸਤਾਰ ਤੇ ਉੱਚਾ ਦੁਮਾਲਾ ਸਜਾ ਕੇ ਉਸ ਵਿਚ ਤਿੰਨ ਚੱਕਰ ਤੇ ਕਲਗੀ ਵਾਂਗ ਉੱਚਾ ਖੰਡਾ ਬੰਨ੍ਹ ਕੇ, ਗਾਤਰੇ ਵਾਲੀ ਕਿਰਪਾਨ ਪਹਿਨ ਕੇ, ਸੱਜੇ ਹੱਥ ਵਿਚ ਖੰਡਾ ਅਤੇ ਖੱਬੇ ਵਿਚ ਤੀਰ ਪਕੜ ਕੇ ਬਾਹਰ ਆਏ । ਮਾਤਾ ਸਾਹਿਬ ਕੌਰ ਤੇ ਮਾਤਾ ਗੁਜਰੀ ਨੇ ਮੱਥਾ ਚੁੰਮ-ਚੁੰਮ ਕੇ ਪਿਆਰ ਕੀਤਾ ਤੇ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਵੀਰਾਂ ਸਮੇਤ ਦਰਬਾਰ ਵਿਚ ਭੇਜਿਆ ।

ਉਸੇ ਰੂਪ ਵਿਚ ਸਜੇ ਹੋਏ ਕੰਵਰ ਫਤਹਿ ਸਿੰਘ ਜੀ ਗੁਰੂ ਦਰਬਾਰ ਵਿਚ ਪਹੁੰਚੇ ਅਤੇ ਜ਼ੋਰ ਦੀ ਫਤਹਿ ਗਜਾ ਕੇ ਪਿਤਾ ਜੀ ਦੇ ਚਰਨ ਪਰਸੇ । ਦਸ਼ਮੇਸ਼ ਪਿਤਾ ਨੇ ਉਹ ਸੁਹਾਵਣੇ ਅਤਿ ਸੁੰਦਰ ਸੂਰਬੀਰਤਾ ਦੇ ਰੂਪ ਨੂੰ ਤੱਕ ਕੇ ਸੁਭਾਵਿਕ ਕਿਹਾ :

“ਇਸ ਬਾਣੇ ਦਾ ਇਕ ਨਿਹੰਗ-ਪੰਥ ਹੋਵੇਗਾ, ਜੋ ਮਰਨ ਦੀ ਸ਼ੰਕਾ ਤਿਆਗ ਕੇ ਸੰਸਾਰ ਤੋਂ ਨਿਰਲੇਪ ਹਰ ਸਮੇਂ ਕੁਰਬਾਨੀ ਲਈ ਤਿਆਰ ਰਹੇਗਾ ।”

ਗੁਰੂ ਸਾਹਿਬ ਦੀਆਂ ਫ਼ੌਜਾਂ ਜਦੋਂ ਚਲਦੀਆਂ ਸਨ ਤਾਂ ਸਭ ਤੋਂ ਅੱਗੇ ਇਸ ਬਾਣੇ ਵਿਚ ਨਿਹੰਗ ਚਲਦੇ ਸਨ, ਜਿਨ੍ਹਾਂ ਨੂੰ ‘ਗੁਰੂ ਦੀਆਂ ਲਾਡਲੀਆਂ ਫ਼ੌਜਾਂ’ ਕਹਿੰਦੇ ਸਨ ।

ਨਿਰਮਲ ਪੰਥ ਦੇ ਰਤਨ ਲਾਹੌਰ ਨਿਵਾਸੀ ਕਵੀ ਨਿਹਾਲ ਸਿੰਘ ਨੇ ਆਪਣੀ ਪੁਸਤਕ ‘ਅਕਾਲ ਨਾਟਕ’ ਵਿਚ ਨਿਹੰਗਾਂ ਬਾਬਤ ਦਸ਼ਮੇਸ਼ ਦਾ ਫੁਰਮਾਨ ਬ੍ਰਿਜ-ਭਾਸ਼ੀ ਕਵਿਤਾ ਵਿਚ ਇਸ ਤਰ੍ਹਾਂ ਲਿਖਿਆ ਹੈ :

“ਧਮ ਕੇ ਧੁਰੰਦਰ ਉਦਾਰਤਾ ਕੇ ਧਾਰਾਧਰ*

ਭੋਲੇ ਭਾਲ ਪ੍ਰਾਜਤੇ ਝਕੋਲ ਪ੍ਰੇਮ ਰੰਗ ਮੇ* ।

ਸਬਲੋਹ ਪਯਾਰੇ ਅੰਬ ਖੰਬ ਲੋ ਨ ਦਈ ਬੰਧ*

ਨੇਕ ਹੂੰ ਨਾ ਗਬਾ ਪੁਨੰ ਪਬੰ ਯਾਕੇ ਸੰਗ ਮੇਂ ।

ਸਾਜਕੇ ਸੂਬਾ ਨੌ ਸੂਰ ਗਾਜ ਕੇ ਮਿਗੇਂਦ ਭੂਰਿ ।

ਭਾਜ ਕੇ ਮਨੀਮ ਕੋ ਬਿਦਾਰੇ ਜੋਰ ਜੰਗ ਮੇਂ ।

ਮੋਦ ਕੇ ਤਰੰਗ ਮੇਂ ਉਮੰਗ ਕੇ ਉਤੰਗ ਪੰਥ ।

ਲੋਕ ਚੰਗ ਕੈਬੈ ਕੋ ਸੁਕੀਨੇ ਏ ਨਿਹੰਗ ਮੇਂ* ।

(ਮਹਾਨ ਕੋਸ਼, ਪੰਨਾ 704)

ਇਸ ਤਰ੍ਹਾਂ ਗੁਰੂ ਸਾਹਿਬ ਵਧੇਰੇ ਸਮਾਂ ਨਵੀਆਂ ਆਉਣ ਵਾਲੀਆਂ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਅਤੇ ਖਾਲਸਾ ਫ਼ੌਜਾਂ ਨੂੰ ਸ਼ਸਤਰ ਸਿਖਲਾਈ ਕਰਾ ਕੇ ਤਿਆਰ ਬਰ ਤਿਆਰ ਕਰਨ ‘ਤੇ ਲੱਗੇ ਰਹਿੰਦੇ ਸਨ ਅਤੇ ਅੰਮ੍ਰਿਤ ਛਕਾਉਣ ਵਿਚ ਮਾਤਾ ਸਾਹਿਬ ਕੌਰ ਜੀ ਉਨ੍ਹਾਂ ਦਾ ਹੱਥ ਵਟਾਉਂਦੇ ਸਨ ।

ਗੁਰੂ ਸਾਹਿਬ ਕਦੇ ਕਦੇ ਰਣਜੀਤ ਨਗਾਰੇ ‘ਤੇ ਚੋਟ ਲਗਾ ਕੇ ਸ਼ਿਕਾਰ/ਖੇਡਣ ਦੇ ਬਹਾਨੇ ਸੈਰ ਚੜ੍ਹਦੇ ਤਾਂ ਬਾਈ ਧਾਰ ਦੇ ਰਾਜੇ ਉਨ੍ਹਾਂ ਦੀ ਚੜ੍ਹਤਲ ਤਕ ਕੇ ਸੜਦੇ ਸਨ । ਉਹ ਹਰ ਸਮੇਂ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਤੇ ਮਾਰ ਮੁਕਾਉਣ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਸਨ । ਉਨ੍ਹਾਂ ਨੂੰ ਗੁਰੂ ਜੀ ਦੇ ਜ਼ਾਤ ਪਾਤ ਤੇ ਵਹਿਮ ਪਾਖੰਡ ਖ਼ਤਮ ਕਰਨ ਦੇ ਉੱਦੇਸ਼ਾਂ ਤੋਂ ਸਖ਼ਤ ਚਿੜ ਸੀ । ਉਹ ਗੁਰੂ ਸਾਹਿਬ ਨਾਲ ਜੰਗ ਕਰ ਕੇ ਵੀ ਹਾਰ ਖਾ ਚੁੱਕ ਸਨ, ਇਸ ਲਈ ਉਹ ਸਮੇਂ ਦੀ ਮੁਗਲ ਸਰਕਾਰ ਦੀ ਮਦਦ ਪ੍ਰਾਪਤ ਕਰਨ ਦੇ ਯਤਨ ਕਰਨ ਲੱਗੇ ।

ਅਨੰਦਪੁਰ ਸਾਹਿਬ ਛੱਡਣਾ

ਪਹਾੜੀ ਰਾਜਿਆਂ ਨੇ ਦਿੱਲੀ ਜਾ ਕੇ ਔਰੰਗਜ਼ੇਬ ਕੋਲ ਚੁਗਲੀਆਂ ਕਰਕੇ ਉਸ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਇਆ ਅਤੇ ਕਿਹਾ ਕਿ ਉਹ ਦਿੱਲੀ ਦੇ ਤਖਤ ਉੱਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ :

ਰਚਯੋ ਪੰਥ ਤਿਸਨੇ ਇਕ ਭਾਰਾ ।

ਹਿੰਦੂ ਤੁਰਕ ਦੁਹਿਨ ਤੇ ਨਿਯਾਰਾ ।

ਨਾਮ ਖਾਲਸਾ ਤਿਸਕਾ ਧਰਯੋ ।

ਦੇਸ ਪੰਜਾਬ ਬਹੁਤ ਬਿਸਤਰਯੋ ।

ਚੋਰ ਧਾੜਵੀ ਜੱਗ ਮਹਿ ਜੇਤੇ ।

ਤਨ ਧਨ ਵਾਰਤ° ਤਿਸ ਪਰ ਤੇਤੇ ।

ਹਮਰਾ ਦੇਸ ਲੂਟ ਉਨ ਖਾਯਾ ।

ਕਈ ਬਾਰ ਹਮ ਜੰਗ ਮਚਾਯਾ ।

ਸਾਚੇ ਸ਼ਾਹਿ ਆਪ ਕਹਿਲਾਵੇ ।

ਤੁਮ ਕੋ ਝੂਠੋ ਸ਼ਾਹਿ ਬਤਾਵੈ ॥

ਦੇਸ ਮਾਹਿ ਬਡਗਦਰ ਮਚਾਯਾ ।

ਅਬ ਚਾਹਤ ਦਿਲੀ ਪਰ ਆਯਾ ।

(ਪੰਥ ਪ੍ਰਕਾਸ਼, ਕ੍ਰਿਤ ਗਿ: ਗਿਆਨ ਸਿੰਘ, ਪੰਨਾ 267)

ਇਹ ਸੁਣ ਬਾਦਸ਼ਾਹ ਰੋਹ ਨਾਲ ਭਰ ਗਿਆ ਅਤੇ ਉਸ ਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਜਾ ਕੇ ਜੰਗ ਦੀ ਤਿਆਰੀ ਕਰੋ । ਮੁਗਲ ਫ਼ੌਜਾਂ ਪਹੁੰਚਣ ਤੇ ਅਨੰਦਪੁਰ ਨੂੰ ਤਹਿਸ ਨਹਿਸ ਕਰ ਦਿਉ ।

ਬਾਦਸ਼ਾਹ ਨੇ ਆਪਣੇ ਸੂਬੇਦਾਰਾਂ ਨੂੰ ਹੁਕਮ ਭੇਜੇ ਕਿ ਉਹ ਆਪਣੀਆਂ ਫ਼ੌਜਾਂ ਲੈ ਕੇ ਤੁਰੰਤ ਅਨੰਦਪੁਰ ਪਹੁੰਚਣ । ਦਸ ਹਜ਼ਾਰ ਫ਼ੌਜ ਸਰਹੰਦ ਤੋਂ, 20 ਹਜ਼ਾਰ ਲਾਹੌਰ ਤੋਂ ਅਤੇ ਕੰਧਾਰ ਤੇ ਦਿੱਲੀ ਤੋਂ ਭਾਰੀ ਫ਼ੌਜ ਪਹੁੰਚਣ ਤੇ ਬਾਈ ਧਾਰਾਂ ਦੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਸਣੇ 10 ਲੱਖ ਫੌਜ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ।

ਚਾਰ ਦਿਸਨ ਤੇ ਆਇ ਕਰ ਘੇਰਿਓ ਪੁਰ ਅਨੰਦ

ਖਾਨ ਪਾਨ ਲੌ ਵਸਤੁ ਸਭ ਕਰੀ ਚੁਫੋਰਯੋਂ ਬੰਦ ।

(ਪੰਥ ਪ੍ਰਕਾਸ਼, ਪੰਨਾ 268)

ਗੁਰੂ ਸਾਹਿਬ ਕੋਲ ਉਸ ਵੇਲੇ 10 ਹਜ਼ਾਰ ਸਿੰਘ ਸਨ । ਅੰਨ ਪਾਣੀ ਦੀ ਤੰਗੀ ਕਰਕੇ ਉਨ੍ਹਾਂ ਵਿਚੋਂ ਵੀ ਕਈ ਹੌਸਲਾ ਛੱਡੀ ਬੈਠੇ ਸਨ ਅਤੇ ਗੁਰੂ ਜੀ ਨੂੰ ਬੇਨਤੀਆਂ ਕਰ ਰਹੇ ਸਨ ਕਿ ਉਹ ਅਨੰਦਪੁਰ ਤੋਂ ਬਾਹਰ ਨਿਕਲ ਜਾਣ, ਪਰ ਗੁਰੂ ਜੀ ਨੇ ਇਹ ਸੁਝਾਅ ਪ੍ਰਵਾਨ ਨਾ ਕੀਤਾ ਜਦ 6 ਮਹੀਨੇ ਘੇਰਾ ਪਿਆ ਰਿਹਾ ਤਾਂ ਸਿੱਖਾਂ ਨੇ ਮਾਤਾ ਗੁਰਜੀਤ ਕੌਰ ਅਤੇ ਸਾਹਿਬ ਕੌਰ ਅੱਗੇ ਜੋਦੜੀ ਕੀਤੀ ਕਿ ਉਹ ਗੁਰੂ ਜੀ ਨੂੰ ਅਨੰਦਪੁਰ ਛੱਡਣ ਲਈ ਪ੍ਰੇਰਨ । ਜਦੋਂ ਗੁਰੂ ਜੀ ਨਾ ਮੰਨੇ ਤਾਂ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੱਖਾਂ ਦੇ ਇਕ ਜੱਥੇ ਨੇ ਗੁਰੂ ਜੀ ਨੂੰ ਸਪੱਸ਼ਟ ਕਿਹਾ ਕਿ ਉਹ ਹੋਰ ਭੁੱਖ ਨਹੀਂ ਜਰ ਸਕਦੇ ਅਤੇ ਅਨੰਦਪੁਰ ਛੱਡ ਕੇ ਜਾ ਰਹੇ ਹਨ।

ਗੁਰੂ ਜੀ ਨੇ ਉਨ੍ਹਾਂ ਨੂੰ ਬੇਦਾਵਾ ਲਿਖ ਕੇ ਦੇਣ ਲਈ ਕਿਹਾ ਤਾਂ ਉਨ੍ਹਾਂ ਲਿਖ ਦਿੱਤਾ ਕਿ “ਤੂੰ ਸਾਡਾ ਗੁਰੂ ਨਹੀਂ ਅਤੇ ਅਸੀਂ ਤੇਰੈ ਸਿੱਖ ਨਹੀਂ ।” ਉਹ ਰਾਤ ਦੇ ਹਨੇਰੇ ਵਿਚ ਅਨੰਦਪੁਰ ਤੋਂ ਖਿਸਕ ਗਏ । ਬਾਅਦ ਵਿਚ ਉਹ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਮੁਗ਼ਲ ਫ਼ੌਜਾਂ ਦਾ ਟਾਕਰਾ ਕਰਦੇ ਹੋਏ ਸੰਮਤ 1762 (ਸੰਨ 1705 ਈ.) ਵਿਚ ਖਿਦਰਾਣੇ ਦੀ ਢਾਬ ‘ਤੇ ਸ਼ਹੀਦ ਹੋਏ । ਗੁਰੂ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ ‘ਤੇ ਬੇਦਾਵਾ-ਪੱਤਰ ਪਾੜ ਕੇ ਸਿੰਘਾਂ ਨਾਲ ਟੁੱਟੀ ਗੰਢੀ ਅਤੇ ਖਿਦਰਾਣੇ ਦੇ ਤਲਾਅ ਨੇੜੇ ਆਪਣੇ ਹੱਥੀਂ ਂ ਚਾਲੀ ਮੁਕਤਿਆਂ ਦਾ ਸਸਕਾਰ ਕਰਕੇ ਉਜ ਤਲਾਅ ਦਾ ਨਾਂ ਮੁਕਤਸਰ ਰਖਿਆ ।

(ਮਹਾਨ ਕੋਸ਼, ਪੰਨਾ 934)

ਗੁਰੂ ਜੀ ਨੇ ਇਹ ਸੋਚ ਕੇ, ਕਿ ਹੁਣ ਅਨੰਦਪੁਰ ਛੱਡਣਾ ਪਵੇਗਾ, ਸਿੰਘਾਂ ਨੂੰ ਹੁਕਮ ਦਿੱਤਾ ਕਿ ਖਜ਼ਾਨੇ ਵਿਚ ਜਮ੍ਹਾਂ ਪੂਜਾ ਦਾ ਧਨ ਨਦੀ ਵਿਚ ਸੁੱਟ ਦਿੱਤਾ ਜਾਵੇ । ਜਦੋਂ ਸਿੰਘ ਖਜ਼ਾਨਾ ਤੇ ਜ਼ਰੂਰੀ ਵਸਤਾਂ ਨਦੀ ਵਿਚ ਸੁੱਟਣ ਲੈ ਚਲੇ ਤਾਂ ਮਾਤਾ ਗੁਰਜੀਤ ਕੌਰ ਜੀ ਨਾਰਾਜ਼ ਹੋਏ । ਉਨ੍ਹਾਂ ਕਿਹਾ ਕਿ ਇਹ ਧਨ ਸਿੱਖਾਂ ਨੂੰ ਬਖਸ਼ ਦਿਓ, ਜੋ ਤਨ, ਮਨ ਤੇ ਧਨ ਗੁਰੂ ਘਰ ਤੋਂ ਵਾਰ ਰਹੇ ਹਨ ਤੇ ਧਰਮ ਯੁੱਧ ਲਈ ਲੜ ਰਹੇ ਹਨ ।

ਗੁਰੂ ਜੀ ਨੇ ਮਾਤਾ ਦੇ ਵਿਚਾਰ ਸੁਣ ਕੇ ਕਿਹਾ :

ਜੈਸੇ ਮੁਝਕੋ ਜ਼ਹਿਰ ਤੂੰ ਦੇ ਸਕੇ ਨਹਿ ਮਾਤ ॥

ਤਯੋਂ ਮੇਰੇ ਸੁਤਾਂ ਸਿਖ ਇਹ ਪੂਜਾ ਜ਼ਹਿਰ ਬਖਯਾ ।

ਜਿਸ ਦਿਨ ਮੇਰੇ ਸਿੰਘ ਇਹੁ ਖੈ ਹੈਂ ਪੂਜਾ ਧਾਨ ।

ਤੇਜ ਪ੍ਰਤਾਪ ਨ ਰਹੇਗੋ ਇਨ ਮੈਂ ਤਬੇ ਮਹਾਨ ।

ਜਬ ਲੌ ਪੂਜਾ ਨਹਿ ਛਕੇਂ ਤਬ ਲੌ ਰਹਿ ਪਰਤਾਪ ।

ਸੋ ਬੈਰੀ ਕੋ ਪਾਂਚ ਸਿੰਘ ਦੇ ਹੈਂ ਜੰਗ ਮੈਂ ਖਾਪ ।

(ਪੰਥ ਪ੍ਰਕਾਸ਼, ਪੰਨਾ 270)

ਬਾਈ ਧਾਰ ਦੇ ਰਾਜਿਆਂ ਨੇ ਸਾਲਗਰਾਮ ਤੇ ਗੀਤਾ ਦੀ ਸੁਗੰਧ ਤੇ ਮੁਸਲਮਾਨ ਜਰਨੈਲਾਂ ਨੇ ਕੁਰਾਨ ਦੀ ਕਸਮ ਲਿਖ ਕੇ ਗੁਰੂ ਜੀ ਨੂੰ ਭੇਜੀ ਕਿ ਉਹ ਚੁਪ-ਚਾਪ ਅਨੰਦਪੁਰ ਸਾਹਿਬ ਛੱਡ ਜਾਣ ਤਾਂ ਸਾਡੀ ਇੱਜ਼ਤ ਬਚੇਗੀ ਅਤੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ । ਮਾਤਾਵਾਂ ਨੇ ਹੁਣ ਜ਼ੋਰ ਪਾਇਆ ਕਿ ਅਨੰਦਪੁਰੋਂ ਨਿਕਲ ਚੱਲੀਏ, ਦੁਸ਼ਮਣ ਕੁਝ ਨਹੀਂ ਕਹਿਣਗੇ ।

ਗੁਰੂ ਜੀ ਨੇ ਇਕ ਦਿਨ ਮਾਤਾ ਜੀ ਤੇ ਸਿੱਖਾਂ ਦੀ ਤਸੱਲੀ ਲਈ ਪੱਥਰ, ਕੱਚ, ਟੁੱਟੇ ਸ਼ੀਸ਼ੇ ਤੇ ਹੋਰ ਟੁੱਟ-ਭੱਜ ਦਾ ਸਮਾਨ ਬੋਰੀਆਂ ਵਿਚ ਲਦਵਾ ਕੇ ਟੋਰ ਦਿੱਤਾ । ਦੁਸ਼ਟਾਂ ਸਮਝਿਆ ਗੁਰੂ ਦਾ ਖਜ਼ਾਨਾ ਨਿਕਲ ਰਿਹਾ ਹੈ, ਉਨ੍ਹਾਂ ਨੇ ਹੱਲਾ ਬੋਲ ਕੇ ਸਭ ਕੁਝ ਲੁੱਟ ਲਿਆ ਪਰ ਗੰਦ ਮੰਦ ਦੇਖ ਕੇ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਿਆ ਅਖੀਰ ਗੁਰੂ ਜੀ ਨੇ ਅਨੰਦਪੁਰ ਛੱਡਣ ਦਾ ਫ਼ੈਸਲਾ ਕਰ ਲਿਆ । ਇਸ ਲਈ ਉਨ੍ਹਾਂ ਨੇ 15 ਮੱਘਰ ਸੰਮਤ 1762 ਸੰਨ 1705) ਨੂੰ ਅਨੰਦਪੁਰ ਛੱਡ ਕੇ ਰੋਪੜ ਵੱਲ ਚਾਲੇ ਪਾ ਦਿੱਤੇ ਉਸ ਸਮੇਂ ਉਨ੍ਹਾਂ ਨੇ ਵਿਚ ਮਾਤਾ ਸਿੰਘਾਂ ਦੀਆਂ ਦੋ ਟੋਲੀਆਂ ਬਣਾਈਆਂ । ਪਹਿਲੀ ਟੋਲੀ ਗੁਜਰ ਕੌਰ, ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ, ਛੋਟੇ ਦੋ ਸਾਹਿਬਜ਼ਾਦੇ ਅਤੇ ਹੋਰ ਬਿਰਧ, ਬੱਚੇ ਤੇ ਇਸਤਰੀਆਂ ਸਨ । ਇਸ ਟੋਲੀ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ । ਦੂਜੀ ਟੋਲੀ ਵਿਚ ਗੁਰੂ ਸਾਹਿਬ, ਦੋ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਅਤੇ ਪੰਜ ਸੌ ਸਿੱਖ ਸਨ । ਜਦੋਂ ਇਹ ਟੋਲੀਆਂ ਕੁੜ ਦੂਰ ਪਹੁੰਚੀਆਂ ਤਾਂ ਦੁਸ਼ਮਣ ਫ਼ੌਜਾਂ ਨੇ ਵਿਸਾਹ ਘਾਤ ਕਰਕੇ ਉਨ੍ਹਾਂ ਉੱਤੇ ਚਾਰੇ ਪਾਸਿਆਂ ਤੋਂ ਹਮਲਾ ਕਰ ਦਿੱਤਾ । ਇਸ ਹਮਲੇ ਕਾਰਨ ਗੁਰੂ ਜੀ ਦਾ ਪਰਿਵਾਰ ਤੇ ਸਿੱਖ ਖੇਰੂੰ-ਖੇਰੂੰ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ । ਮਾਤਾ ਗੁਜਰ ਕੌਰ ਜੀ ਗੰਗੂ ਦੀ ਪ੍ਰੇਰਨਾ ’ਤੇ ਉਸ ਨਾਲ ਉਸ ਦੇ ਪਿੰਡ ਖੇੜੀ ਚਲ ਗਏ । ਉਨ੍ਹਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਵੀ ਸਨ ਜੋ ਬਾਅਦ ਵਿਚ ਫਤਿਹਗੜ੍ਹ ਸਾਹਿਬ ਸ਼ਹੀਦ ਹੋਏ ।

ਰੁਪਯਾ ਪਾਂਚ ਸੈ ਤਿਸ ਦੀਆਂ ਕੀਮਾ ਨਾਮ ਸੁ ਆਹਿ । ਤਿਨਹੁ ਨੇ ਮਸਤਕ ਟੇਕ ਕੈ ਲੀਨਾ ਤਬਹਿ ਉਠਾਇ । ਬਾਅਦ ਮਸੰਦਾਂ ਨਾਲ ਮਿਲ ਕੇ ਗੰਗੂ ਨੇ ਮਾਤਾ ਜੀ ਦੀ ਖੁਰਚੀ ਚੁਰਾਈ ਅਤੇ ਮੁਰਿੰਡੇ ਥਾਨੇ ਵਿਚ ਪੁਲਿਸ ਨੂੰ ਇਤਲਾਹ ਦੇ ਕੇ ਮਾਤਾ ਜੀ ਤੇ ਸਾਹਿਬਜ਼ਾਦੇ ਗ੍ਰਿਫ਼ਤਾਰ ਕਰਾਏ । ਕਵੀ ਦੁਨਾ ਸਿੰਘ ਨੇ ਹੀ ਲਿਖਿਆ ਹੈ ਕਿ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾ ਕੇ ਮਾਤਾ ਗੁਜਰੀ ਜੀ ਦਾ ਨਾਮ ‘ਗੁਰਜੀਤ ਕੌਰ’ ਰਖਿਆ ਤੇ ਸੰਗਤ ਨੇ ਜੈਕਾਰੇ ਲਗਾਏ । ਇਹ ਜਚਦਾ ਵੀ ਸਹੀ ਹੈ—ਗੁਜਰ ਕੌਰ ਠੀਕ ਨਹੀਂ ਹੈ । (ਹਰੀ ਸਿੰਘ ਗਿਆਨੀ) (ਹੱਥ ਲਿਖਤ ਕਵੀ ਦੁਨਾ ਸਿੰਘ, ਸਿੱਖ ਰੈਫਰੈਂਸ ਲਾਇਬਰੇਰੀ, ਅੰਮ੍ਰਿਤਸਰ, ਨੰਬਰ 6045)

ਮਾਤਾ ਜੀ ਦਾ ਦਿਲੀ ਪਹੁੰਚਣਾ

ਲਾਡਾਂ ਤੇ ਸੱਧਰਾਂ ਨਾਲ ਪਲੇ ਅਤੇ ਸੁੱਖੀ ਜੀਵਨ ਗੁਜ਼ਾਰਨ ਵਾਲੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਲਈ ਪੋਹ ਦੀ ਕੜਾਕੇ ਭਰੀ ਠੰਢ, ਸਰਸਾ ਨਦੀ ਵਿਚ ਆਏ ਹੜ੍ਹ ਅਤੇ ਪਿੱਛਾ ਕਰਦੇ ਵੈਰੀਆਂ ਕਾਰਨ ਇਹ ਕਹਿਰ ਭਰਿਆ ਦਿਨ ਸੀ । ਇਸ ਭਿਆਨਕ ਵਾਤਾਵਰਨ ਵਿਚ ਉਨ੍ਹਾਂ ਨੇ ਸਿੱਖਾਂ ਦੀ ਮਦਦ ਨਾਲ ਨਦੀ ਪਾਰ ਕੀਤੀ ਤਾਂ ਉਹ ਅੱਗੋਂ ਕਿਧਰ ਜਾਣ ਬਾਰੇ ਸੋਚ ਰਹੇ ਸਨ ਕਿ ਇਕ ਧੰਨਾ ਸਿੰਘ ਨਾਂ ਦਾ ਸਿੱਖ ਉਥੇ ਆ ਗਿਆ । ਉਹ ਸੈਨ ਬਰਾਦਰੀ ਨਾਲ ਸਬੰਧ ਰਖਦਾ ਸੀ । ਉਸ ਨੇ ਗੁਰੂ ਜੀ ਤੋਂ ਸੇਵਾ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ “ਤੁਸੀਂ ਦੋਹਾਂ ਮਹਿਲਾਂ” ਨੂੰ ਆਪਣੇ ਨਾਲ ਰੋਪੜ ਲੈ ਜਾਉ ਅਤੇ ਠੀਕ ਸਮਾਂ ਦੇਖ ਕੇ ਇਨ੍ਹਾਂ ਨੂੰ ਦਿੱਲੀ ਪਹੁੰਚਾਉਣ ਦਾ ਪ੍ਰਬੰਧ ਕਰਨਾ ।”

ਬਾਵਾ ਸੁਮੇਰ ਸਿੰਘ ‘ਗੁਰ ਬਿਲਾਸ’ ਵਿਚ ਲਿਖਦੇ ਹਨ

“ਰੋਪੜ ਨਿਕਟ ਘਨੌਲੀ ਆਏ,

ਇਕ ਸਿੱਖ ਮਿਲਿਓ ਸੈਨ ਸੋ ਥਾਏ ।

ਕਹੋ ਕਰਾਂ ਕੁਝ ਕਾਜ ਮਹਾਨਾ ।

ਮੈਂ ਸਵਰਾਂ ਸੇਵਕ ਸੁਖ ਮਾਨਾ ॥

ਸਤਿਗੁਰ ਕਹੀ ਮਹਿਲ ਇਹ ਮੇਰੇ ।

ਸੇਵਾ ਨਿਸ਼ਾ’ ਰੋਪਰ ਕਹੁ ਨੇਰੇ ॥

ਪੁਰ ਦਿੱਲੀ ਇਨਹਿ ਲਿਜਾਈ ।

ਸੇਵਹਿ ਸਫਲ ਇਨਹਿ ਨਿਭਾਹੀਂ ।

ਧੰਨਾ ਸਿੰਘ ਨੇ ਗੁਰੂ ਦਾ ਹੁਕਮ ਮੰਨ ਕੇ ਹੱਥ ਜੋੜ ਕੇ ਕਿਹਾ :

ਮੈਂ ਸੇਵਤ ਦਿੱਲੀ ਕਹਿ ਜੈਹੋਂ ।

ਮਾਤਨ ਕੀ ਪੂਜਨ ਕੋ ਥੈ ਹੋ !

ਦੋਊ ਡੋਰਨ ਕੇ ਸੰਗ ਗਯੋ ।

ਸੇਵਤ ਸੁਲਭ ਸੁ ਆਗਿਆ ਭਯੋ ।

(ਗੁਰਬਿਲਾਸ, ਪੰਨਾ 193)

ਗੁਰੂ ਜੀ ਦਾ ਹੁਕਮ ਸੁਣ ਕੇ ਸਿੱਖ ਨੇ ਕਿਹਾ ਕਿ ਮੇਰੇ ਕੁਝ ਸਬੰਧੀ ਰੋਪੜ ਵਿਚ ਰਹਿੰਦੇ। ਹਨ । ਉਨ੍ਹਾਂ ਦੇ ਘਰ ਮਾਤਾ ਨੂੰ ਠਹਿਰਾਵਾਂਗਾ ਅਤੇ ਠੀਕ ਸਮੇਂ ਤੇ ਦਿੱਲੀ ਪਹੁੰਚਾ ਦਿਆਂਗਾ । ਸਿੱਖ ਬੋਲਿਓ ਕਰ ਬੰਦ ਮਮ ਸਨਬੰਧੀ ਬਸਹਿ ਘਰ । ਕਰਹੂ ਸਹਾਇ ਬਿਲੰਦ ਤਹਾਂ ਉਤਾਰੋਂ ਜਾਇ ਕਰ । ਧੰਨਾ ਸਿੰਘ ਦਿੱਲੀ ਦੇ ਭਾ: ਜਵਾਹਰ ਸਿੰਘ ਤੇ ਹਕਾਇਤ ਸਿੰਘ ਦੀ ਸਹਾਇਤਾ ਨਾਲ ਦੋਹਾਂ ਮਾਤਾਵਾਂ ਸਾਹਿਬ ਕੌਰ ਅਤੇ ਸੁੰਦਰ ਕੌਰ ਨੂੰ ਉਨ੍ਹਾਂ ਦੀਆਂ ਦਾਸੀਆਂ ਭਾਗੋ ਤੇ ਬੀਬੋ ਸਣੇ ਰੋਪੜ ਲੈ ਗਿਆ । ਰਾਤ ਧੰਨਾ ਸਿੰਘ ਨੇ ਰਿਸ਼ਤੇਦਾਰਾਂ ਦੇ ਘਰ ਉਨ੍ਹਾਂ ਦੀ ਸੇਵਾ ਕੀਤੀ ਅਤੇ ਦੂਜੇ ਦਿਨ ਉਹ ਸਾਰੇ ਇਕ ਬੈਲ ਗੱਡੀ ਵਿਚ ਬੈਠ ਕੇ ਦਿੱਲੀ ਨੂੰ ਚਲ ਪਏ ਅਤੇ ਕਈ ਦਿਨਾਂ ਦਾ ਸਫ਼ਰ ਤਹਿ ਕਰਕੇ ਦਿੱਲੀ ਪਹੁੰਚ ਗਏ । ਏਕ ਹੀ ਰਾਤ ਬਸੇ ਪੁਰ ਰੋਪਰ,

ਭੋਰ ਮੇਂ ਗਾਡੀ ਲੀਨ ਚਢਾਏ ।

ਦਿੱਲੀ ਕੇ ਪੰਥ’ ਪਰੇ ਚਲ ਕੇ

ਦਿਨ ਕੇਤਨ ਮਹਿ* ਤਹਿ ਪਹੁੰਚੇ ਆਏ ।

ਕਾਹੂ ਨ ਭੇਦ ਲਖਯੋ ਨ ਪਿਖਿਓ ਰਿਪ ®

ਆਖਨ ਮਹਿ ਰਜ ਪੁੰਜ ਕੇ ਪਾਏ ।

(ਗੁ: ਪ੍ਰ: ਸੂ: ਗ੍ਰੰਥ, ਰੁੱਤ 6, ਅੰਸੂ-33) ਮਾਤਾ ਸਾਹਿਬ ਕੌਰ, ਜੋ ਪਤੀ ਦੇ ਦਰਸ਼ਨ ਕਰਕੇ ਅੰਨ ਪਾਣੀ ਖਾਂਦੇ ਸਨ, ਲਈ ਗਰੂ ਦਾ ਵਿਛੋੜਾ ਅਸਹਿ ਸੀ ਪਰ ਸਮੇਂ ਦਾ ਗੇੜ ਅਮਿਟ ਹੈ। ਉਨ੍ਹਾਂ ਨੂੰ ਆਪਣੇ ਨਾਲੋਂ ਵੱਧ ਫ਼ਿਕਰ ਗੁਰੂ ਪਤੀ ਦਾ ਸੀ ਕਿ ਉਹ ਕਿਹੜੇ ਰੰਗ ਵਿਚ ਹੋਣਗੇ ਅਤੇ ਜਾਂ ਫਿਰ ਉਹ ਮਾਤਾ ਗੁਰਜੀਤ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਉਨ੍ਹਾਂ ਦੇ ਸੁੱਖ ਲਈ ਅਰਦਾਸਾਂ ਕਰਦੇ ਰਹਿੰਦੇ ਸਨ ।

ਦਿੱਲੀ ਦੀ ਸੰਗਤ ਨੇ ਸਲਾਹ ਕਰਕੇ ਮਾਤਾਵਾਂ ਦਾ ਉਤਾਰਾ ਪੰਡਤ ਕੂਚਾ ਪਿੱਪਲ ਗਲੀ ਦੇ ਇਕ ਮਕਾਨ ਵਿਚ ਕਰਾਇਆ । ਬਾਅਦ ਉਥੋਂ ਬਦਲ ਕੇ ਉਹ ਕੂਚਾ ਦਿਲਵਾਲੀ ਸਿੰਘ ਵਿਚ ਤੇ ਫਿਰ ਕਲਾਲਾਂ ਦੀ ਹਵੇਲੀ ਵਿਚ ਅਜਮੇਰੀ ਗੇਟ ਨੇੜੇ ਠਹਿਰੇ । ਉਨ੍ਹਾਂ ਦੀ ਸੇਵਾ ਸੰਭਾਲ ਦਾ ਕੰਮ ਦਿੱਲੀ ਦੀ ਸੰਗਤ ਨੇ ਸ਼ਰਧਾ ਨਾਲ ਸੰਭਾਲ ਲਿਆ ।

ਡਾ: ਤਰਲੋਚਨ ਸਿੰਘ ਨੇ ਆਪਣੀ ਪੁਸਤਕ ‘ਦਿੱਲੀ ਦਾ ਇਤਿਹਾਸ’ ਵਿਚ ਮੁਗ਼ਲ ਸਰਕਾਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਬਹਾਦਰ ਸ਼ਾਹ ਦੇ ਤਖਤ ‘ਤੇ ਬੈਠਣ ਬਾਅਦ ਉਸ ਨੇ ਸਰਕਾਰੀ ਖਜ਼ਾਨੇ ਵਿਚੋਂ ਮਾਤਾਵਾਂ ਦੀਆਂ ਰਸਦਾਂ ਲਾ ਦਿੱਤੀਆਂ ਸਨ । ਸਰਕਾਰੀ ਕਾਗਜ਼ਾਂ ਵਿਚ ਆਉਣ ਵਾਲੀਆਂ ਰਸਦਾਂ ਅਤੇ ਹੋਰ ਸਹਾਇਤਾ ਵਿਚ ਮਾਤਾ ਸਾਹਿਬ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ‘ਕੁਆਰਾ ਡੋਲਾ’ ਕਰਕੇ ਹੀ ਲਿਖਿਆ ਹੈ ।,

ਡਾ. ਮਹਿੰਦਰ ਕੌਰ ਗਿੱਲ ਆਪਣੀ ਪੁਸਤਕ ‘ਮਾਤਾ ਸੁੰਦਰੀ ਜੀ’ ਵਿਚ ਮਾਤਾ ਸਾਹਿਬ ਕੌਰ ਦੇ ਨਿਵਾਸ ਸਥਾਨ ਸਬੰਧੀ ਨਿਜੀ ਖੋਜ ਦੇ ਅਧਾਰ ‘ਤੇ ਲਿਖਦੇ ਹਨ ਕਿ ਕੂਚਾ ਦਿਲਵਾਲੀ ਸਿੰਘ ਅਜਮੇਰੀ ਗੇਟ ਦੇ ਅੰਦਰ ਹੌਜ਼ਕਾਜ਼ੀ ਦੇ ਲਾਗੇ ਹੈ । ਉਥੇ ਇਕ ਸ਼ਿਵ ਜੀ ਦਾ ਮੰਦਰ ਤੇ ਇਕ ਧਰਮਸ਼ਾਲਾ ਮੌਜੂਦ ਹੈ । ਦਿੱਲੀ ਗੁਰਦੁਆਰਿਆਂ ਦੇ ਆਖ਼ਰੀ ਮਹੰਤ ਗੁਰਬਚਨ ਸਿੰਘ ਅਨੁਸਾਰ ਜਿਥੇ ਅੱਜ ਕੱਲ੍ਹ ਸ਼ਿਵ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ, ਠੀਕ ਉਸੇ ਥਾਂ ਮਾਤਾ ਸਾਹਿਬ ਦੇਵਾਂ (ਕੌਰ) ਦੀ ਮੰਜੀ ਹੁੰਦੀ ਸੀ ।

ਭਾਈ ਕਾਹਨ ਸਿੰਘ ਜੀ ‘ਮਹਾਨ ਕੋਸ਼’ ਵਿਚ ਲਿਖਦੇ ਹਨ ਕਿ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਤੇ ਭਾਈ ਮਨੀ ਸਿੰਘ ਇਸ ਥਾਂ ਕੁਝ ਅਰਸਾ ਰਹੇ । ਸਿੱਖਾਂ ਦੀ ਅਣਗਹਿਲੀ ਕਾਰਨ ਇਸ ਥਾਂ ਗੁਰਦੁਆਰਾ ਨਹੀਂ ਬਣਾਇਆ। ਅੱਜ ਕੱਲ੍ਹ ਇਥੇ ਹਿੰਦੂ ਅਰੋੜੇ ਵਸਦੇ ਹਨ ।

(“ਮਾਤਾ ਸੁੰਦਰੀ ਜੀ”, ਪੰਨਾ 64) ਇਸ ਤਰ੍ਹਾਂ ਦਿੱਲੀ ਠਹਿਰ ਕੇ ਮਾਤਾ ਆਪਣੇ ਪਤੀ ਗੁਰੂ ਸਾਹਿਬ ਅਤੇ ਸੱਸ ਗੁਜਰੀ ਜੀ ਸਣੇ ਦੋਹਾਂ ਸਾਹਿਬਜ਼ਾਦਿਆਂ ਦੀ ਫ਼ਿਕਰ ਵਿਚ ਰਹੇ ਜਿਨ੍ਹਾਂ ਨਾਲੋਂ ਉਹ ਰੋਪੜ ਤੋਂ ਵਿਛੜ ਚੁੱਕੇ ਸਨ । ਉਨ੍ਹਾਂ ਨੇ ਕਈ ਵਾਰੀ ਕੁਝ ਸਿੱਖਾਂ ਨੂੰ ਪਤਾ ਲਾਉਣ ਲਈ ਪੰਜਾਬ ਭੇਜਿਆ ਪਰ ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ ਉਹ ਅਸਫਲ ਵਾਪਸ ਪਰਤਦੇ ਰਹੇ ।

ਭਾਈ ਮਨੀ ਸਿੰਘ ਨੇ ਆਪਣੇ ਤੌਰ ਤੇ ਪਤਾ ਕਰਕੇ ਮਾਤਾਵਾਂ ਨੂੰ ਇਹ ਰਿਪੋਰਟ ਦਿੱਤੀ ਕਿ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਵੈਰੀਆਂ ਨਾਲ ਜੂਝਦੇ ਸ਼ਹੀਦ ਹੋ ਗਏ ਹਨ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਸਰਹੰਦ ਵਿਚ ਸ਼ਹੀਦੀਆਂ ਪਾ ਗਏ ਹਨ । ਮਾਤਾਵਾਂ ਪ੍ਰਕੂ ਦੇ ਭਾਣੇ ਵਿਚ ਲੀਨ ਹੋ ਗਈਆਂ। ਉਹ ਸਮੇਂ ਦੇ ਗੇੜ ਤੇ ਹੋਣੀ ਦੇ ਚੱਕਰ ਤੋਂ ਦ੍ਰਵਿਤ ਸਨ । ਮਾਤਾ ਸਾਹਿਬ ਕੌਰ ਜੀ ਨੇ ਭਾਈ ਜਵਾਹਰ ਸਿੰਘ ਨੂੰ ਕਹਿ ਕੇ ਮਾਤਾ ਗੁਰਜੀਤ ਕੌਰ ਜੀ ਤੇ ਸਾਹਿਬਜ਼ਾਦਿਆਂ ਨਿਮਿਤ ਪਾਠ ਦਾ ਭੋਗ ਪਵਾਇਆ । ਭਾਈ ਮਨੀ ਸਿੰਘ ਨੇ ਅੰਤਮ ਅਰਦਾਸ ਕੀਤੀ ।

ਸ੍ਰੀ ਦਮਦਮਾ ਸਾਹਿਬ ਵਿਖੇ ਆਮਦ

ਪਰਿਵਾਰ ਵਿਛੋੜੇ ਮਗਰੋਂ ਗੁਰੂ ਜੀ ਚਮਕੌਰ ਸਾਹਿਬ, ਝਾੜ ਸਾਹਿਬ, ਰੇਰੂ ਸਾਹਿਬ ਤੇ ਮਾਛੀਵਾੜੇ ਤੋਂ ਹੁੰਦੇ ਹੋਏ ਖਿਦਰਾਣੇ ਦੀ ਢਾਬ (ਮੁਕਤਸਰ) ਪਹੁੰਚੇ । ਇਥੇ ਉਨ੍ਹਾਂ ਦਾ ਸ਼ਾਹੀ ਫ਼ੌਜਾਂ ਨਾਲ ਆਖ਼ਰੀ ਜੰਗ ਹੋਇਆ । ਇਥੋਂ ਚਲ ਕੇ ਤਲਵੰਡੀ ਦੇ ਰਈਸ ਡੱਲਾ ਸਿੰਘ ਕੋਲ ਪਹੁੰਚ ਕੇ ਕਮਰਕਸਾ ਖੋਲ੍ਹਿਆ ਤੇ ਆਰਾਮ ਕੀਤਾ । ਇਹ ਅਸਥਾਨ ਦਮਦਮਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ । ਮਾਲਵੇ ਦੀਆਂ ਸੰਗਤਾਂ ਆਉਣ ਲਗ ਪਈਆਂ । ਗੁਰੂ ਜੀ ਨੇ ਇਥੇ ਹੀ ਭਾਈ ਮਨੀ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੁਬਾਰਾ ਲਿਖਵਾਈ ਅਤੇ ਕਾਂਸ਼ੀ ਵਾਂਗ ਇਥੇ ਪੜ੍ਹਨ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਿਸ ਕਰਕੇ ਇਸ ਨੂੰ ‘ਗੁਰੂ ਕੀ ਕਾਂਸ਼ੀ’ ਵੀ ਕਹਿੰਦੇ ਹਨ ।

ਡੱਲਾ ਸਿੰਘ ਤਨ ਮਨ ਤੇ ਧਨ ਨਾਲ ਗੁਰੂ ਜੀ ਤੇ ਉਨ੍ਹਾਂ ਦੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਵਿਚ ਜੁਟਿਆ ਰਹਿੰਦਾ ਸੀ ।

ਭਾਈ ਡੱਲਾ ਸਿੰਘ ਜੀ ਦੇ ਪਰਿਵਾਰ ਵਿਚੋਂ ਇਕ ਬੀਬੀ ਕਪੂਰੋ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਇਕ ਊਠ ਸਵਾਰ ਭੇਜ ਕੇ ਆਪਣੇ ਮਹਿਲਾਂ ਨੂੰ ਦਿੱਲੀ ਤੋਂ ਦਮਦਮਾ ਸਾਹਿਬ ਮੰਗਵਾਉਣਾ ਸਵੀਕਾਰ ਕੀਤਾ । ਸੁਨੇਹਾ ਮਿਲਣ ‘ਤੇ ਦੋਵੇਂ ਮਹਿਲ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਸਣੇ ਸਾਹਿਬ ਸਿੰਘ (ਮਾਤਾ ਸਾਹਿਬ ਕੌਰ ਦੇ ਭਰਾ), ਭਾਈ ਜਵਾਹਰ ਸਿੰਘ ਤੇ ਦਿੱਲੀ ਦੀ ਹੋਰ ਸੰਗਤ ਨਾਲ ਦਮਦਮਾ ਸਾਹਿਬ ਪਹੁੰਚ ਗਏ ।

ਡਾ. ਮਹਿੰਦਰ ਕੌਰ ਗਿੱਲ ਨੇ ਪੁਸਤਕ ‘ਮਾਤਾ ਸੁੰਦਰੀ ਜੀ’ ਵਿਚ ਲਿਖਿਆ ਹੈ ਕਿ “ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਦਮਦਮੇ ਸਾਹਿਬ ਪੁੱਜੀਆਂ ਸਨ ।”

(ਮਾਤਾ ਸੁੰਦਰੀ ਜੀ, ਪੰਨਾ 67)

ਹੋਰ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਭਾਈ ਮਨੀ ਸਿੰਘ ਉਸ ਸਮੇਂ ਦਿੱਲੀ ਨਹੀਂ ਸਨ । ਉਹ ਅੰਮ੍ਰਿਤਸਰ ਸਨ ਅਤੇ ਉਥੋਂ ਹੀ 21 ਮਾਘ ਸੰਮਤ 1762 (1705 ਈ:) ਨੂੰ ਗੁਰੂ ਚਰਨਾਂ ਵਿਚ ਦਮਦਮਾ ਸਾਹਿਬ ਪਹੁੰਚੇ ਸਨ । ਉਨ੍ਹਾਂ ਨੂੰ ਗੁਰੂ ਜੀ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਸੇਵਾ ਸੌਂਪੀ ਹੋਈ ਸੀ ।

ਅੰਮ੍ਰਿਤਸਰ ਮੈ ਏਹੁ ਸੁਨ ਪਾਈ ।

ਛੋਡ ਅਨੰਦਪੁਰ ਗਏ ਗੁਸਾਈ ।

ਸਾਬੋਕੀ ਤਲਵੰਡੀ ਮਾਹੀ ।

ਦੇਸ ਮਾਲਵੇ ਪਹੁੰਚੇ ਜਾਈ ।

ਮਨੀ ਸਿੰਘ ਲੈ ਸੰਗਤ ਸਾਥ ॥

ਆ ਪਹੁੰਚੇ ਗੁਰ ਢਿਗ ਟੇਕਿਓ ਮਾਥ

ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਕ੍ਰਿਤ ਸੇਵਾ ਸਿੰਘ, ਪੰਨਾ 84)

( ਮਨੀ ਸਿੰਘ ਸ੍ਰੀ ਅੰਮ੍ਰਿਤਸਰ ਤੋਂ, ਸਭ ਸਮਾਨ ਲੈ ਆਏ । ਪਰੇ ਚਰਨ ਪਰ ਗੁਰੂ ਕੇ ਮਨ ਬਾਂਛਤ ਫਲ ਪਾਏ ।

ਪੋਥੀ ਗੁਰ ਬਿਲਾਸ ਪਾ: 10, ਸਾਖੀ 63, ਪੰਨਾ 20)

( ਭਾਈ ਮਨੀ ਸਿੰਘ ਜੀ ਦਮਦਮੇ ਸਾਹਿਬ ਗੁਰੂ ਜੀ ਕੋਲ 6 ਮਹੀਨੇ ਜੀ ਨੇ ਅਨੁਭਵੀ ਗੁਰੂ ਗ੍ਰੰਥ ਦੀ ਬੀੜ ਇਥੇ ਉਚਾਰੀ, ਉਸ ਦੇ ਲਿਖਣ ਦੀ ਰਹੇ ਅਤੇ ਗੁਰੂ ਸੇਵਾ ਉਨ੍ਹਾਂ ਨੇ ਕੀਤੀ

ਅਨੰਦਪੁਰ ਦਾ ਅਨੰਦ, ਰਾਜਭਾਗ, ਪੂਜਯ ਮਾਤਾ ਜੀ, ਚਾਰੇ ਸਾਹਿਬਜ਼ਾਦੇ ਅਤੇ ਅਨੇਕਾਂ ਸਿੰਘ ਕੁਰਬਾਨ ਕਰਨ ਅਤੇ ਅਕਹਿ ਕਸ਼ਟ ਸਹਿਣ ਤੋਂ ਬਾਅਦ ਪਹਿਲੀ ਵਾਰ ਇਥੇ ਹੀ ਪਰਿਵਾਰ ਦਾ ਮਿਲਾਪ ਹੋਇਆ ਸੀ । ਦੋਹਾਂ ਮਾਤਾਵਾਂ ਨੇ ਗੁਰੂ ਪਤੀ ਦੇ ਚਰਨ ਪਰਸੇ ਅਤੇ ਹੰਝੂਆਂ ਨਾਲ ਉਨ੍ਹਾਂ ਦੇ ਚਰਨ ਧੋਤੇ । ਕਾਫ਼ੀ ਸਮਾਂ ਇਹ ਕਰੁਣਾਮਈ ਅਵਸਥਾ ਬਣੀ ਰਹੀ ਅਤੇ ਗੁਰੂ ਜੀ ਮਹਿਲਾਂ ਨੂੰ ਭਾਣੇ ਦਾ ਸਬਕ ਦ੍ਰਿੜਾਉਂਦੇ ਰਹੇ ।

ਮਾਤਾਵਾਂ ਨੇ ਗੁਰੂ ਜੀ ਦੀ ਆਪਣੀ ਸੁਖ-ਸਾਂਦ ਅਤੇ ਵੈਰੀਆਂ ਦੇ ਟਾਕਰੇ ਸਮੇਂ ਦੇ ਬਿਖੜੇ ਹਾਲਾਤ ਦੀ ਜਾਣਕਾਰੀ ਲਈ । ਇਨ੍ਹਾਂ ਨੇ ਮਾਤਾ ਗੁਰਜੀਤ ਕੌਰ ਜੀ ਅਤੇ ਚੋਹਾਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੇ ਉਨ੍ਹਾਂ ਦੇ ਅੰਤਮ ਸੰਸਕਾਰ ਸਬੰਧੀ ਵਾਰਤਾਵਾਂ ਪੁੱਛੀਆਂ ।

ਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ ਵਿਖਾ ਕੇ ਪ੍ਰਾਪਤ ਕੀਤੀਆਂ ਸ਼ਹੀਦੀਆਂ ਦਾ ਬਿਤਾਂਤ ਸਣਾਇਆ । ਛੋਟੇ ਸਾਹਿਬਜ਼ਾਦਿਆਂ ਦੇ ਕੰਧਾਂ ਵਿਚ ਚਿਣੇ ਜਾਣ ਅਤੇ ਮਾਤਾ ਗੁਰਜੀਤ ਕੌਰ ਜੀ ਦੇ ਅਗਾਧ ਸਿਦਕ ਦਾ ਵਰਣਨ ਸੁਣਕੇ ਮਾਤਾਵਾਂ ਦ੍ਰਵੀਭੂਤ ਹੋਈਆਂ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਖਾਲਸਾਈ ਸੰਗਤ ਦੇ ਅਲੋਕਾਰੀ ਦਰਸ਼ਨ ਵਲ ਇਸ਼ਾਰਾ ਕਰਕੇ।

ਪ੍ਰਭੂ ਸ਼ੁਕਰਾਨੇ ਦਾ ਸਬਕ ਪੜ੍ਹਾਇਆ :

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ।

ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ ।

(ਗੁਰੂ ਗੋਬਿੰਦ ਸਿੰਘ, ਕ੍ਰਿਤ ਪ੍ਰੋ: ਹਰਬੰਸ ਸਿੰਘ, ਪੰਨਾ 130)

ਦਸ਼ਮੇਸ਼ ਜੀ ਨੇ ਮਹਿਲਾਂ ਨੂੰ ਸ਼ਾਂਤ ਕਰਦੇ ਹੋਏ ਸਮਝਾਇਆ ਕਿ ਕਾਇਰਾਂ ਦੀ ਮੌਤ ਉੱਤੇ ਰੁਦਨ ਹੁੰਦਾ ਹੈ ‘ਕਿਉਂਕਿ ਉਹ ਹਾਟੋ ਹਾਟ ਬਿਕਾਇ’ ਦੀ ਅਵਸਥਾ ਵਿਚ ਹੁੰਦੇ ਹਨ । ਇਹ ਛੋਟੀਆਂ ਜਿੰਦਾਂ ਵੱਡੇ ਸਾਕੇ ਕਰਕੇ ਆਪਣੇ ਪੂਜਯ ਦਾਦਾ ਤੇ ਪੜਦਾਦਾ ਦੀ ਗੋਦ ਵਿਚ ਜਾ ਬਿਰਾਜੀਆਂ ਹਨ । ਇਸ ਤਰ੍ਹਾਂ ਮਾਤਾਵਾਂ ਨੂੰ ਸਹਾਰਾ ਮਿਲਿਆ ਤੇ ਉਹ ਪਤੀ ਦੀ ਹਜੂਰੀ ਵਿਚ ਹੀ ਰਹਿ ਕੇ ਸੇਵਾ ਕਰਨ ਲਗ ਪਈਆਂ !

ਗੁਰੂ ਸਾਹਿਬ ਦੀ ਰਿਹਾਇਸ਼ ਲਿੱਖਣਸਰ ਅਸਥਾਨ ਨੇੜੇ ਸੀ । ਮਾਤਾਵਾਂ ਦੀ ਰਿਹਾਇਸ਼ ਦਮਦਮੇ ਤੋਂ ਦੱਖਣ ਵਲ ਸੀ ਜਿਥੇ ਦੋਹਾਂ ਮਾਤਾਵਾਂ ਦੇ ਨਾਂ ‘ਤੇ ਪ੍ਰਸਿੱਧ ਗੁਰਦੁਆਰਾ ‘ਮਹਿਲ ਸਾਹਿਬ’ ਇਸਥਿਤ ਹੈ । ਦਮਦਮਾ ਸਾਹਿਬ ਦਾ ਪਹਿਲਾ ਨਾਂ ਤਲਵੰਡੀ ਸਾਬੋ ਸੀ ਅਤੇ ਅੱਜ ਵੀ ਸਰਕਾਰੀ ਕਾਗ਼ਜ਼ਾਂ ਵਿਚ ਇਹੀ ਹੈ । ਸ਼ਰਧਾਲੂ ਡਲਾ ਸਿੰਘ ਮਾਤਾਵਾਂ ਨੂੰ ਕਿਲ੍ਹੇ ਵਿਚ ਆਪਣੇ ਮਹਿਲਾਂ ਵਿਚ ਲਿਜਾਣਾ ਚਾਹੁੰਦਾ ਸੀ । ਉਸ ਨੇ ਗੁਰੂ ਜੀ ਤੋਂ ਆਗਿਆ ਮੰਗੀ ਪਰ ਗੁਰੂ ਜੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਮਰਜ਼ੀ ਉੱਤੇ ਛੱਡਦੇ ਹਾਂ । ਇਸ ਲਈ ਇਹ ਗੱਲ ਮਹਿਲਾਂ ਨਾਲ ਕਰਨੀ ਉਚਿਤ ਹੈ ।

ਜਦ ਉਸ ਨੇ ਮਾਤਾਵਾਂ ਨੂੰ ਮਹਿਲਾਂ ਵਿਚ ਜਾਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਬੜੇ ਚਿਰਾਂ ਪਿੱਛੋਂ ਗੁਰੂ ਜੀ ਦੇ ਦਰਸ਼ਨ ਕੀਤੇ ਹਨ, ਇਸ ਲਈ ਉਨ੍ਹਾਂ ਦੇ ਚਰਨਾਂ ਵਿਚ ਹੀ ਰਹਾਂਗੀਆਂ :

ਦੋਨਹੁ ਸੁਨ ਭਾਖਯੋ ਏਹ ਬਲੋ’ ਪ੍ਰਭ ਕੇ ਪਗਨ ਬਿਖੈ ਹੀ ਭਲੋ ਚਰਨ ਸਰੋਜ ਨ ਬਿਛਰਤ ਚਾਹਤ ਬਹੁ ਦਿਨ ਤੇ ਹਮ ਪਿਯਨ ਉਮਾਹਤ’ । ਕਿਤਕ ਫਰਕ ਕਰ ਸਿਵਰ’ ਉਤਾਰਾ ਤੰਬੂ ਤਨਬੋ ਕਨਾਤ ਮਝਾਰਾ ਥਾਲ ਪੁਚਾਵਹਿ ਪ੍ਰੀਤ ਮਹਾਨਾ । ਡਲ ਕਰ ਅਹਾਰ ਬਿਧ ਨਾਨਾ’

(ਗੁ: ਪ੍ਰ: ਸੂ: ਗ੍ਰੰਥ, ਰੁੱਤ 6, ਅੰਸੂ 20)

ਗਿਆਨੀ ਗਿਆਨ ਸਿੰਘ ਨੇ ‘ਗੁਰੂ ਖਾਲਸਾ ਤਵਾਰੀਖ’ ਵਿਚ ਲਿਖਿਆ ਹੈ ਕਿ

ਮਾਤਾਵਾਂ ਦੀ ਰਿਹਾਇਸ਼ ਲਈ ਤੰਬੂ ਡੱਲੇ ਵਲੋਂ ਲਗਾਏ ਗਏ ਸਨ ਅਤੇ ਉਹ ਘਰ ਲੰਗਰ ਪਰਸ਼ਾਦ ਤਿਆਰ ਕਰਵਾ ਕੇ ਲਿਆ ਕੇ ਸੇਵਾ ਕਰਦਾ ਹੁੰਦਾ ਸੀ ।

(ਗੁਰੂ ਖਾਲਸਾ ਤਵਾਰੀਖ, ਪੰਨਾ 1044)

ਇਸ ਤਰ੍ਹਾਂ ਮਾਤਾ ਸਾਹਿਬ ਕੌਰ ਅਸਹਿ ਵਿਛੋੜੇ ਬਾਅਦ ਹੁਣ ਫਿਰ ਗੁਰੂ ਪਤੀ ਦੇ ਦਰਸ਼ਨ ਕਰਕੇ ਅੰਨ ਪਾਣੀ ਖਾਉਣ ਲਗੇ ਅਤੇ ਉਨ੍ਹਾਂ ਨੇ 9 ਮਹੀਨੇ ਤੋਂ ਵੱਧ ਸਮਾਂ ਦਮਦਮਾ ਸਾਹਿਬ ਵਿਚ ਪਤੀ ਦਰਸ਼ਨਾਂ ਨਾਲ ਖੀਵੇ ਰਹਿ ਕੇ ਲੰਘਾਇਆ ।

ਮਾਲਵੇ ਨੂੰ ਬਖ਼ਸ਼ਿਸ਼ਾਂ

ਜਦ ਮਾਤਾਵਾਂ ਸਾਹਿਬ ਕੌਰ ਤੇ ਸੁੰਦਰ ਕੌਰ ਦਾ ਵਾਸਾ ਦਮਦਮਾ ਸਾਹਿਬ ਹੋ ਗਿਆ ਤਾਂ ਮਾਲਵੇ ਦੀਆਂ ਸੰਗਤਾਂ ਅਤੇ ਬੀਬੀਆਂ ਦਰਸ਼ਨਾਂ ਲਈ ਆਉਣ ਲਗ ਪਈਆਂ । ਸੰਗਤਾਂ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਮਹਿਲਾਂ ਸਮੇਤ ਮਾਲਵੇ ਦੇ ਪਿੰਡਾਂ ਦਾ ਚੱਕਰ ਕੱਟਿਆ। ਮਾਤਾ ਸਾਹਿਬ ਕੌਰ ਮਾਲਵੇ ਦੇ ਪਿੰਡ ਭਾਗੀ ਬਾਂਦਰ, ਸ਼ਮੀਰ ਕੋਟ, ਭਾਈ ਕੇ ਚੱਕ, ਮੋੜ, ਭੁਚੋ, ਭਾਗੂ, ਬਠਿੰਡਾ, ਮਹਿਮੇ, ਭੋਖੜੀ ਤੇ ਫਰੀਦਕੋਟ ਨਾਲ ਲਗਦੇ ਪਿੰਡਾਂ ਵਿਚ ਗਏ । ਸੰਗਤਾਂ ਨੇ ਗੁਰੂ ਪਰਿਵਾਰ ਦੀ ਸੇਵਾ ਕਰਕੇ ਪ੍ਰਸੰਨਤਾ ਹਾਸਲ ਕੀਤੀ ਅਤੇ ਮਾਤਾਵਾਂ ਤੋਂ ਹਾਰਦਿਕ ਅਸ਼ੀਰਵਾਦਾਂ ਪ੍ਰਾਪਤ ਕੀਤੀਆਂ ।

ਗੁਰੂ ਜੀ ਵਧੇਰੇ ਸਮਾਂ ਲਿਖਣ, ਪੜ੍ਹਨ ਅਤੇ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਕਰਨ ਵਲ ਹੀ ਲਾਉਂਦੇ ਸਨ । ਭਾਈ ਤਰਲੋਕ ਸਿੰਘ ਅਤੇ ਰਾਮ ਸਿੰਘ ਫੂਲਕੀਏ ਚਮਕੌਰ ਸਾਹਿਬ ਵਿਚ ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਕੇ ਇਥੇ ਆ ਕੇ ਗੁਰੂ ਜੀ ਨੂੰ ਮਿਲੇ ਸਨ । ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ “ਤੇਰਾ ਘਰ ਮੇਰਾ ਅਸੈ” ਦਾ ਵਰ ਬਖਸ਼ਿਆ ਸੀ ਜੋ ਫੂਲਕੀਆਂ ਵੰਸ ਦੇ ਮਹਾਰਾਜਿਆਂ ਨੂੰ ਅੱਜ ਤਕ ਭਗਤੀ ਤੇ ਸ਼ਕਤੀ ਬਖਸ਼ਦਾ ਆਇਆ ਹੈ । ਗੁਰੂ ਜੀ ਨੇ ਇਥੇ ਕਲਮਾਂ ਘੜ ਕੇ ਇਲਾਕੇ ਨੂੰ ਵਰੋਸਾਇਆ ਅਤੇ ਇਸ ਇਲਾਕੇ ਅਤੇ ਵਿਸ਼ੇਸ਼ ਕਰਕੇ ਦਮਦਮਾ ਸਾਹਿਬ ਨੂੰ ਗੁਰੂ ਕਾਂਸ਼ੀ ਦਾ ਵਰਦਾਨ ਦਿੱਤਾ ।

(ਮਹਾਨ ਕੋਸ਼, ਕ੍ਰਿਤ ਭਾਈ ਕਾਹਨ ਸਿੰਘ, ਪੰਨਾ 465)

ਇਹ ਹੈ ਪ੍ਰਗਟ ਹਮਾਰੀ ਕਾਂਸ਼ੀ

ਪੜ੍ਹ ਹੈ ਇਹੈਂ ਹੋਹਿ ਮਤਿਰਾਸੀ ।

ਲੇਖਕ ਗੁਨੀ ਕਵਿੰਦ ਗਿਆਨੀ ।

ਬੁੱਧਿ ਸਿੰਧੂ ਹੈ ਹੈ ਇਤ ਆਨੀ ॥

ਤਿਨ ਕੇ ਕਾਰਨ ਕਲਮ ਗਢ ਦੇਤ ਪ੍ਰਗਟ ਹਮ ਡਾਰ

ਸਿੱਖ ਸਿੱਖਾਂ ਇਤ ਪੜ੍ਹੇਗੇ ਹਮਰੇ ਕਈ ਹਜ਼ਾਰ ।

(ਗੁ: ਬਿਲਾਸ ਪਾਤਸ਼ਾਹੀ 10)

ਬਾਬਾ ਦੀਪ ਸਿੰਘ ਜੀ ਨੇ ਗੁਰੂ ਕੀ ਕਾਂਸ਼ੀ ਵਿਚ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਚਾਰ ਉਤਾਰੇ ਕੀਤੇ ਜੋ ਸ੍ਰੀ ਅਕਾਲ ਤਖਤ ਅੰਮ੍ਰਿਤਸਰ, ਸ੍ਰੀ ਕੇਸ ਗੜ੍ਹ ਸਾਹਿਬ ਅਨੰਦਪੁਰ, ਪਟਨਾ ਸਾਹਿਬ ਤੇ ਹਜੂਰ ਸਾਹਿਬ ਵਿਚ ਪ੍ਰਕਾਸ਼ ਕੀਤੇ ਗਏ ਸਨ । ਇਨ੍ਹਾਂ ਪਾਵਨ ਬੀੜਾਂ ਉੱਤੇ ਬਾਬਾ ਦੀਪ ਸਿੰਘ ਦੇ ਦਸਤਖਤ ਸਨ । ਸ੍ਰੀ ਹਜੂਰ ਸਾਹਿਬ ਇਸ ਬੀੜ ਦਾ ਪ੍ਰਕਾਸ਼ ਹੁੰਦਾ ਹੈ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦਾ ਪਹਿਲਾ ਗ੍ਰੰਥੀ ਥਾਪ ਕੇ ਉਨ੍ਹਾਂ ਨੂੰ ਗ੍ਰੰਥੀ ਗਿਆਨੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ । ਇਸ ਪਵਿੱਤਰ ਅਸਥਾਨ ਦੇ ਪਹਿਲੇ ਗ੍ਰੰਥੀ ਤੇ ਗਿਆਨੀ ਬਾਬਾ ਦੀਪ ਸਿੰਘ ਜੀ ਸਨ ।

– (ਮਾਤਾ ਸੁੰਦਰੀ ਜੀ, ਪੰਨਾ 69)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਉਪਰੰਤ ਗੁਰੂ ਜੀ ਨੇ ਖਾਲਸੇ ਦਾ ਜਨਮ ਦਿਨ ਵਿਸਾਖੀ ਦਾ ਪੁਰਬ ਇਥੇ ਬੜੀ ਧਮ-ਧਾਮ ਨਾਲ ਮਨਾਇਆ ਅਤੇ ਸੰਗਤਾਂ ਨੂੰ ਬੀੜ ਸਾਹਿਬ ਦੇ ਦਰਸ਼ਨ ਕਰਾਏ । ਉਸ ਸਮੇਂ ਤੋਂ ਵਿਸਾਖੀ ਦਾ ਪੁਰਬ ਹਰ ਸਾਲ ਇਥੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ।

ਗੁਰੂ ਜੀ ਨੇ ਜਦੋਂ ਦੱਖਣ ਵਲ ਜਾਣ ਦਾ ਵਿਚਾਰ ਪ੍ਰਗਟ ਕੀਤਾ ਤਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦੋਹਾਂ ਨੂੰ ਵਾਪਸ ਦਿੱਲੀ ਪਰਤ ਜਾਣ ਦੀ ਆਗਿਆ ਹੋਈ । ਉਸ ਸਮੇਂ ਭਾਈ ਡੱਲਾ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਣੇ ਪਰਿਵਾਰ ਉਸ ਦੇ ਮਹਿਲਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ ਜਾਵੇ । ਭਾਈ ਡੱਲਾ ਸਿੰਘ ਜੀ ਨੇ ਕਿਹਾ ਕਿ ਅੰਮ੍ਰਿਤ ਛਕਾਉਣ ਸਮੇਂ ਜਿਸ ਨੂੰ ਉਸ ਦੀ ਧਰਮ ਮਾਤਾ ਕਿਹਾ ਹੈ ਉਹ ਆਪਣੇ ਨਾਦੀ ਪੁੱਤਰ ਦੇ ਘਰ ਚਰਨ ਨਾ ਪਾਵੇ ਤਾਂ ਉਸ ਦਾ ਜਨਮ ਸਫ਼ਲ ਨਹੀਂ ਹੋ ਸਕਦਾ। ਉਸ ਸਮੇਂ ਮਾਤਾ ਸਾਹਿਬ ਕੌਰ ਜੀ ਨੇ ਵੀ ਗੁਰੂ ਜੀ ਨੂੰ ਪ੍ਰੇਰਿਆ ਅਤੇ ਉਹ ਮਹਿਲਾਂ ਸਣੇ ਡੱਲਾ ਸਿੰਘ ਜੀ ਦੇ ਮਹਿਲਾਂ ਵਿਚ ਗਏ । ਡੱਲਾ ਸਿੰਘ ਜੀ ਦੇ ਪਰਿਵਾਰ ਨੇ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰਕੇ ਖ਼ੁਸ਼ੀ ਪ੍ਰਾਪਤ ਕੀਤੀ । ਸਤਗੁਰ ਹਿਤ ਚੌਕੀ ਡਸਵਾਈ । ਸੇਤ ਸੂਜਨ ਤੇ ਉਪਰ ਵਿਛਾਈ। ਸਭ ਕੇ ਬੀਚ ਥਿਰੇ ਗੁਸਾਈ ॥ ਜਗ ਮਾਤਨ ਘਰ ਬਿਖੈ ਬਨਾਈ !

(ਗੁ: ਖਾਲਸਾ ਤਵਾਰੀਖ, ਗਿ: ਗਿਆਨ ਸਿੰਘ, ਪੰਨਾ 1044) ਭਾਈ ਡੱਲਾ ਸਿੰਘ ਜੀ ਨੇ ਸਤਿਗੁਰੂ ਨੂੰ ਸੁੰਦਰ ਪੁਸ਼ਾਕ ਤੇ ਮਾਤਾਵਾਂ ਲਈ ਸੁੰਦਰ ਤੇਬਰ ਭੇਟ ਕੀਤੇ ਤੇ ਆਪਣੇ ਹੱਥੀਂ ਉਹ ਵਸਤਰ ਪਹਿਨਾਏ । ਜੋ ਵਸਤਰ ਗੁਰੂ ਜੀ ਤੇ ਮਾਤਾਵਾਂ ਨੇ ਉਤਾਰੇ ਉਨ੍ਹਾਂ ਦੀ ਡੱਲਾ ਸਿੰਘ ਜੀ ਨੇ ਨਿਸ਼ਾਨੀਆਂ ਵਜੋਂ ਘਰ ਰਖਣ ਲਈ ਮੰਗ ਕੀਤੀ । ਗੁਰੂ ਜੀ ਨੇ ਇਕ ਖੜਗ, ਦੋ ਚੋਲੇ, ਦੋ ਦਸਤਾਰਾਂ, ਦੋ ਪਜਾਮੇ ਅਤੇ ਇਕ ਬਾਜ਼ ਦੀ ਡੋਰ ਡੱਲਾ ਸਿੰਘ ਨੂੰ ਜੀ ਨੂੰ ਬਖਸ਼ੀ । ਇਨ੍ਹਾਂ ਪਵਿੱਤਰ ਵਸਤਾਂ ਦੇ ਦਰਸ਼ਨ ਹਰੇਕ ਚਾਨਣੀ ਦਸਮੀ ਦੇ ਦਿਨ ਕਰਾਏ ਜਾਂਦੇ ਹਨ ।

(ਮਹਾਨ ਕੋਸ਼, ਭਾਈ ਕਾਹਨ ਸਿੰਘ, ਪੰਨਾ 620)

ਸ਼ਾਤਾ ਸਾਹਿਬ ਕੌਰ ਜੀ ਨੇ ਆਪਣੀ ਪੁਸ਼ਾਕ ਅਤੇ ਘੁਟਵੀਂ ਸਲਵਾਰ ਡੱਲਾ ਸਿੰਘ ਜੀ ਨੂੰ ਬਖਸ਼ੀ । ਇਹ ਵਸਤਾਂ ਹੁਣ ਤਕ ਉਨ੍ਹਾਂ ਦੀ ਸੰਤਾਨ ਕੋਲ ਸੁਰੱਖਿਅਤ ਹਨ ਅਤੇ ਵਿਸਾਖੀ ਦੇ ਦਿਨ ਸੰਗਤਾਂ ਨੂੰ ਇਨ੍ਹਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ।

(ਖਾਲਸੇ ਦੀ ਮਾਤਾ, ਪੰਨਾ 99)

ਗੁਰੂ ਜੀ ਡੱਲਾ ਸਿੰਘ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਵਰਦਾਨ ਦਿੱਤਾ ਕਿ ਇਸ ਭੂਮੀ ਵਿਚ ਨਹਿਰਾਂ ਚਲਣਗੀਆਂ, ਹੋਵੇਗੀ ਅਤੇ ਮਾਲਵਾ ਮਾਲੋ ਮਾਲ ਹੋਵੇਗਾ । ਅਤੇ ਉਸ ਨੂੰ ਸੰਬੋਧਨ ਕਰਕੇ ਅੰਬ ਲਗਣਗੇ, ਕਣਕ ਪੈਦਾ

ਮਹਾਨ ਕੋਸ਼, ਭਾਈ ਕਾਹਨ ਸਿੰਘ, ਪੰਨਾ 558)

( ਗੁਰੂ ਜੀ ਨੇ ਜਦੋਂ ਮਾਤਾਵਾਂ ਨੂੰ ਦਿੱਲੀ ਜਾਣ ਦਾ ਹੁਕਮ ਦਿੱਤਾ ਤਾਂ ਉਹ ਉਨ੍ਹਾਂ ਦੇ ਚਰਨਾਂ ਨਾਲ ਲਿਪਟ ਗਈਆਂ ਕਿ ਹੁਣ ਅੰਤਮ ਸਮੇਂ ਦਾ ਸਫ਼ਰ ਆਪਣੇ ਚਰਨਾਂ ਵਿਚ ਹੀ ਕੱਟਣ ਦਿਉ, ਪਰ ਗੁਰੂ ਜੀ ਨੇ ਰਾਹ ਦੀਆਂ ਕਠਿਨਾਈਆਂ ਦੱਸ ਕੇ ਭਾਈ ਮਨੀ ਸਿੰਘ ਅਤੇ ਹੋਰ ਸੰਗਤਾਂ ਨਾਲ ਉਨ੍ਹਾਂ ਨੂੰ ਦਿੱਲੀ ਜਾਣ ਦੀ ਆਗਿਆ ਕੀਤੀ । ਮਾਤਾਵਾਂ ਨੇ ਅਜਮੇਰੀ ਗੇਟ ਨੇੜੇ ਕੂਚਾ ਦਿਲਵਾਲੀ ਸਿੰਘ ਵਿਚ ਡੇਰੇ ਲਾਏ ਜਿਥੇ ਹਰ ਰੋਜ਼ ਸਤਸੰਗ ਹੋਣ ਲਗੇ । ਦਿੱਲੀ ਦੀਆਂ ਸੰਗਤਾਂ ਨੇ ਦੋਹਾਂ ਮਾਤਾਵਾਂ ਦਾ ਭਰਵਾਂ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਸ਼ੁਰੂ ਕੀਤੀ । ਮਾਤਾ ਸਾਹਿਬ ਕੌਰ ਰੋਜ਼ਾਨਾ ਸਤਸੰਗ ਵਿਚ ਬਾਣੀ ਤੇ ਗੁਰਮਤਿ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ ਪਰ ਆਪ ਗੁਰੂ ਪਤੀ ਦੇ ਵਿਛੋੜੇ ਵਿਚ ਬਿਹਬਲ ਰਹਿੰਦੇ ਸਨ ਅਤੇ ਕਈ ਵਾਰੀ ਅੰਨ ਵੀ ਨਹੀਂ ਸਨ ਛਕਦੇ । ਉਹ ਹਮੇਸ਼ਾਂ ਇਹੀ ਅਰਦਾਸ ਕਰਦੇ ਸਨ ਕਿ ਸਤਿਗੁਰੂ ਉਨ੍ਹਾਂ ਨੂੰ ਆਪਣੇ ਚਰਨ ਸ਼ਰਨ ਵਿਚ ਬੁਲਾ ਲੈਣ ।

ਸੁਭਾਅ ਵਿਚ ਅਲੌਕਿਕ ਦ੍ਰਿੜਤਾ

ਮਾਤਾ ਸਾਹਿਬ ਕੌਰ ਅਤੇ ਸੁੰਦਰ ਕੌਰ ਨੂੰ ਦਿੱਲੀ ਭੇਜ ਕੇ ਗੁਰੂ ਜੀ ਨੇ ਆਪ ਦੱਖਣ ਵਲ ਜਾਣ ਦੀ ਤਿਆਰੀ ਕਰ ਲਈ । ਤੁਰਨ ਤੋਂ ਪਹਿਲਾਂ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਰਾਹੀਂ ਔਰੰਗਜ਼ੇਬ ਨੂੰ ਚਿੱਠੀ ਭੇਜੀ ਜਿਸ ਦਾ ਨਾਂ ‘ਜ਼ਫਰਨਾਮਾ’ ਕਰਕੇ ਪ੍ਰਸਿੱਧ ਹੈ । ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਕਿ ਉਹ ਆ ਕੇ ਮਿਲ ਕੇ ਗੱਲਬਾਤ ਕਰ• ਸਕਦਾ ਹੈ । ਇਥੇ ਉਸ ਨੂੰ ਕੋਈ ਡਰ ਨਹੀਂ । ਉਨ੍ਹਾਂ ਮਾਲਵੇ ਉੱਤੇ ਮਾਣ ਸੀ ਇਸ ਲਈ

ਉਨ੍ਹਾਂ ਵਿਸ਼ਵਾਸ ਨਾਲ ਲਿਖਿਆ ਸੀ :

ਨਾ ਜਰਹਿ ਦਰੀਂ ਰਾਹਿ ਖਤਰਾਹ ਤੁਰਾਸਤ ।

ਹਮਹਿ ਕੋਮ ਬੈਰਾੜੇ” ਹੁਕਮੇ ਮਰਾਸਤ’ । 1

ਅਰਥਾਤ ਐ ਐਰੰਗਜ਼ੇਬ, ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਹੈਂ ਤਾਂ ਇਥੇ ਆ ਮਿਲ । ਇਹ ਬਰਾੜ ਕੌਮ ਮੇਰੀ ਸ਼ਰਧਾਲੂ ਹੈ, ਤੈਨੂੰ ਕੁਝ ਨਹੀਂ ਕਹੇਗੀ ।

ਇਹ ਸ਼ਬਦ ਗੁਰੂ ਸਾਹਿਬ ਨੇ ਤਦ ਕਹੇ ਜਦ ਔਰੰਗਜ਼ੇਬ ਨੇ ਗੁਰੂ ਜੀ ਨੂੰ ਮਿਲਣ ਦੀ ਖਾਹਸ਼ ਪ੍ਰਗਟ ਕੀਤੀ ਸੀ । ਪਰ ਉਸ ਨੇ ਪੰਜਾਬ ਆਉਣ ਤੋਂ ਮਜਬੂਰੀ ਜ਼ਾਹਰ ਕੀਤੀ ਤਾਂ ਗੁਰੂ ਜੀ ਉਸ ਨੂੰ ਮਿਲਣ ਲਈ ਦੱਖਣ ਵਲ ਰਵਾਨਾ ਹੋਏ । ਬਘੋਰ ਪਹੁੰਚਣ ‘ਤੇ ਉਨ੍ਹਾਂ ਨੂੰ ਖਬਰ ਮਿਲੀ ਕਿ ਔਰੰਗਾਬਾਦ ਵਿਚ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤਾਂ ਗੁਰੂ ਜੀ ਰਾਜਿਸਥਾਨ ਵਿਚ ਹੀ ਠਹਿਰ ਗਏ ।

ਔਰੰਗਜ਼ੇਬ ਦੀ ਮੌਤ ਸਮੇਂ ਉਸ ਦਾ ਵੱਡਾ ਪੁੱਤਰ ਬਹਾਦਰ ਸ਼ਾਹ ਜੋ ਤਖਤ ਦਾ ਅਸਲ ਹੱਕਦਾਰ ਸੀ, ਉਸ ਸਮੇਂ ਕਾਬਲ ਵਿਚ ਸੀ । ਉਸ ਦੇ ਛੋਟੇ ਪੁੱਤਰ ਆਜ਼ਮ ਸ਼ਾਹ ਨੇ ਦਿੱਲੀ ਦੇ ਤਖਤ ਉਪਰ ਕਬਜ਼ਾ ਕਰਕੇ ਸ਼ਹਿਨਸ਼ਾਹ ਹੋਣ ਦਾ ਐਲਾਨ ਕਰ ਦਿੱਤਾ । ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਦੇ ਰਾਹੀਂ ਗੁਰੂ ਸਾਹਿਬ ਤੋਂ ਦਿੱਲੀ ਦਾ ਤਖਤ ਪ੍ਰਾਪਤ ਕਰਨ ਲਈ ਮਦਦ ਮੰਗੀ । ਆਗਰੇ ਨੇੜੇ ਜਦੋਂ ਬਹਾਦਰ ਸ਼ਾਹ ਅਤੇ ਆਜ਼ਮ ਸ਼ਾਹ ਵਿਚਾਲੇ ਜੰਗ ਹੋਈ ਤਾਂ ਉਸ ਸਮੇਂ ਗੁਰੂ ਜੀ ਸਿੰਘਾਂ ਸਣੇ, ਆਗਰੇ ਨੇੜ ਜਾਜੂ ਪਹੁੰਚੇ ਅਤ 8 ਜੂਨ 1707 ਦੇ ਮੈਦਾਨ ਵਿਚ ਆਜ਼ਮਸ਼ਾਹ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਇਆ । ਆਜ਼ਮਸ਼ਾਹ ਦੇ ਮਰਨ ਤੇ ਫਤਹਿ ਪ੍ਰਾਪਤ ਕਰਕੇ ਬਹਾਦਰ ਸ਼ਾਹ ਨੇ ਉਸ ਤੀਰ ਦੀ ਸ਼ਨਾਖਤ ਕਰਾਈ ਜਿਸ ਨਾਲ ਆਜ਼ਮਸ਼ਾਹ ਦੀ ਮੌਤ ਹੋਈ ਸੀ ਤਾਂ ਉਹ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਨਿਕਲਿਆ ਜਿਸ ਦੀ ਮੋਹਰੀ ‘ਤੇ ਸਵਾ ਤੋਲਾ ਸੋਨਾ ਲਗਾ ਹੋਇਆ ਸੀ । ਬਹਾਦਰ ਸ਼ਾਹ ਬਹੁਤ ਖੁਸ਼ ਹੋਇਆ ਅਤੇ ਦਿੱਲੀ ਦਾ ਸ਼ਾਹੀ ਤਖਤ ਸੰਭਾਲਣ ਬਾਅਦ ਉਸ ਨੇ ਗੁਰੂ ਜੀ ਨੂੰ ਦਿੱਲੀ ਤੇ ਸ਼ਾਹੀ ਦਰਬਾਰ ਵਿਚ ਦਰਸ਼ਨ ਦੇਣ ਦਾ ਸੱਦਾ ਦਿੱਤਾ ।

ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਜਮਦਮਾ ਸਾਹਿਬ ਤੋਂ ਆਇਆ ਥੋੜਾ। ਸਮਾਂ ਹੀ ਹੋਇਆ ਸੀ, ਜਦੋਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਗੁਰੂ ਜੀ ਦਿੱਲੀ ਵਿਚ ਸ਼ਾਹੀ ਪ੍ਰਾਹੁਣੇ ਬਣ ਕੇ ਆ ਰਹੇ ਹਨ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਹੱਦ ਨਾ ਰਹੀ। ਜਿਸ ਪਤੀ ਨੂੰ ਉਨ੍ਹਾਂ ਨੇ ਸਰਕਾਰ ਦੇ ਅਤਿਆਚਾਰ, ਅਨਿਆਇ ਅਤੇ ਜਬਰ ਦਾ ਵਿਰੋਧ ਅਣਖ ਨਾਲ ਕਰਦੇ ਹੋਏ ਤੱਕਿਆ ਸੀ, ਉਹੀ ਸ਼ਾਹੀ ਮਹਿਮਾਨ ਬਣ ਕੇ ਉਸੇ ਦਰਬਾਰ ਵਿਚ ਮਾਣ ਤੇ ਸਤਿਕਾਰ ਨਾਲ ਸ਼ਾਮਲ ਹੋਣ ਆ ਰਹੇ ਸਨ । ਇਸ ਸਰਕਾਰ ਤੇ ਦਰਬਾਰ ਨੇ ਉਨ੍ਹਾਂ ਨੂੰ ਮਲੀਆ ਮੇਟ ਕਰਨ ਦਾ ਯਤਨ ਕੀਤਾ ਸੀ ਪਰ ਸਮੇਂ ਨੇ ਕਰਵਟ ਬਦਲੀ ਤੇ ਬਹਾਦਰ ਸ਼ਾਹ ਗੁਰੂ ਜੀ ਉੱਤੇ ਅਪਾਰ ਸ਼ਰਧਾ ਰਖਣ ਲੱਗ ਪਿਆ ਅਤੇ ਤਖਤ ਦਵਾਉਣ ਦੀ ਮਦਦ ਦਾ ਸਿਲਾ ਚੁਕਾਉਣ ਲਈ ਉਤਾਵਲਾ ਹੋ ਗਿਆ ਸੀ ।

ਬਘੋਰ ਰਿਆਸਤ ਦਾ ਰਾਜਾ ਸ਼ਿਵ ਪਰਤਾਪ ਗੁਰੂ ਜੀ ਨਾਲ ਪ੍ਰੇਮ ਕਰਦਾ ਸੀ ਅਤੇ ਉਹ ਨਹੀਂ ਸੀ ਚਾਹੁੰਦਾ ਕਿ ਗੁਰੂ ਜੀ ਦਿੱਲੀ ਜਾਣ ਪਰ ਸਤਿਗੁਰਾਂ ਨੇ ਉਸ ਨੂੰ ਧਰਵਾਸ ਦਿੱਤਾ ਅਤੇ 1707 ਈਸਵੀ ਨੂੰ ਖ਼ਾਲਸਾ ਫ਼ੌਜ ਸਮੇਤ ਦਿੱਲੀ ਨੂੰ ਚਲ ਪਏ ।

ਦਿੱਲੀ ਪਹੁੰਚ ਕੇ ਗੁਰੂ ਜੀ ਨੇ ਮੋਤੀ ਬਾਗ਼ ਵਿਚ ਡੇਰਾ ਲਾਇਆ। ਇਥੇ ਹੀ ਮਾਤਾ ਸਾਹਿਬ ਕੌਰ ਅਤੇ ਹੋਰ ਸੰਗਤਾਂ ਨੇ ਪਹੁੰਚ ਕੇ ਦਰਸ਼ਨ ਕੀਤੇ ।

ਡਾ. ਤਰਲੋਚਨ ਸਿੰਘ ਨੇ ‘ਦਿੱਲੀ ਗੁਰਦੁਆਰਿਆਂ ਦਾ ਇਤਿਹਾਸ’ ਵਿਚ ਲਿਖਿਆ ਹੈ ਕਿ “ਮੋਤੀ ਬਾਗ਼ ਇਕ ਮੋਤੀ ਨਾਂ ਦੇ ਬਾਣੀਏ ਦੀ ਹਵੇਲੀ ਤੇ ਬਾਗ਼ ਸੀ । ਇਸ ਦੇ ਨਾਲ ਲਗਦੀ ਬਸਤੀ ਚਮੜਾ ਰੰਗਣ ਵਾਲੇ ਰਵਿਦਾਸੀਆਂ ਦੀ ਸੀ ਅਤੇ ਮੋਤੀ ਬਾਣੀਆਂ ਚਮੜੇ ਦਾ ਵਪਾਰ ਕਰਦਾ ਸੀ । ਉਸ ਨੇ ਇਹ ਹਵੇਲੀ ਤੇ ਬਾਗ਼ ਪ੍ਰੇਮ ਨਾਲ ਗੁਰੂ ਜੀ ਨੂੰ ਭੇਟ ਕੀਤਾ ਸੀ । ਇਥੋਂ ਹੀ ਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਆਪਣੇ ਆਉਣ ਦਾ ਪਤਾ ਭੇਜਿਆ ਸੀ ।”

(“ਦਿੱਲੀ ਗੁਰਦੁਆਰਿਆਂ ਦਾ ਇਤਿਹਾਸ,” ਪੰਨਾ 50)

ਗੁਰੂ ਜੀ 23 ਜੁਲਾਈ ਸੰਨ 1707 ਈ: ਨੂੰ ਸ਼ਸਤਰਾਂ ਸਮੇਤ ਸੂਰਬੀਰਾਂ ਵਾਂਗ ਬਹਾਦਰ ਸ਼ਾਹ ਦੇ ਦਰਬਾਰ ਵਿਚ ਗਏ । ਲਾਲ ਕਿਲ੍ਹਾ ਖੂਬ ਸਜਾਇਆ ਗਿਆ ਸੀ । ‘ ਬਹਾਦਰ ਸ਼ਾਹ ਨੇ ਤਖਤ ਤੋਂ ਉੱਠ ਕੇ ਗੁਰੂ ਜੀ ਦਾ ਸੁਆਗਤ ਕੀਤਾ ਤੇ ਸ਼ਾਹੀ ਢੰਗ ਨਾਲ ਸਨਮਾਨ ਕੀਤਾ । ਸਤਿਕਾਰ ਵਜੋਂ ਇਕ ਖਿਲਅਤ, ਇਕ ਜੜਾਉ ਦੁਸ਼ਾਲਾ, ਇਕ ਧੁਖ ਧੁਖੀ ਅਤੇ ਇਕ ਕਲਗੀ ਭੇਟਾ ਕੀਤੀ । ‘ਸੈਨਾਪਤੀ ਕ੍ਰਿਤ ਸ੍ਰੀ ਗੁਰ ਸੋਭਾ, ਸੰਪਾਦਿਕ ਡਾ. ਗੰਡਾ ਸਿੰਘ ਵਿਚ ਗੁਰੂ ਜੀ ਦੇ ਸਨਮਾਨ ਬਾਰੇ ਲਿਖਿਆ ਹੈ :

ਚੜ੍ਹੀ ਕਮਾਨ ਸ਼ਸਤਰ ਸਬ ਸਾਰੇ ॥

ਕਲਗੀ ਛਬ ਹੈ ਅਪਰ ਅਪਾਰੇ ॥

ਲਟਕਤ ਚਲਤ ਤਹਾਂ ਚਲ ਆਏ

ਸ਼ਾਹ ਪਾਸ ਬੈਠੇ ਇਮ ਜਾਏ ।

ਕਲਗੀ ਅਉਰ ਧੁਖਧੁਖੀ ਆਨੀ ।

ਖਿਲਅਤ ਇਕ ਸ਼ਾਹ ਮਨ ਮਾਨੀ ।

ਸ਼ਾਹ ਪ੍ਰਭੂ ਕੋ ਭੇਟ ਚੜ੍ਹਾਈ ।

ਖੁਸ਼ੀ ਕਰੋ ਤੁਮ ਸੋ ਬਨ ਆਈ ।

ਤਾਂਹ ਸਮੇ ਪ੍ਰਭ ਨੇ ਫੁਰਮਾਯੋ ।

ਅੰਦਰ ਸ਼ਾਹ ਪੈ ਸਿੰਘ ਬੁਲਾਯੋ ।

ਬਸਤ੍ਰ ਤਾਹਿ ਪਾਸ ਉਠਵਾਏ ।

ਬਿਦਾ ਭਏ ਪ੍ਰਭ ਡੇਰੇ ਆਏ ।

(ਸ੍ਰੀ ਗੁਰ ਸੋਭਾ, ਪੰਨਾ 114)

‘ਪੰਥ ਪ੍ਰਕਾਸ਼’ ਦੇ ਕਰਤਾ ਗਿ: ਗਿਆਨ ਸਿੰਘ ਨੇ ਲਿਖਿਆ ਹੈ ਕਿ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਦੀ ਪ੍ਰੇਰਨਾ ਨਾਲ ਗੁਰੂ ਜੀ ਦੇ ਅਨੰਦਪੁਰ ਸਾਹਿਬ ਵਿਚ ਹੋਏ ਨੁਕਸਾਨ ਦਾ ਸੱਤ ਲੱਖ ਰੁਪਏ ਮੁਆਵਜਾ ਦੇਣ ਦਾ ਫ਼ੈਸਲਾ ਕੀਤਾ ਪਰ ਗੁਰ ਜੀ ਨੇ ਇਹ ਰਕਮ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਸਤਿਗੁਰ ਜੀ ਤੇ ਮੁਗਲ ਦਰਬਾਰ ਵਿਚ ਆਪਸੀ ਸੰਧੀ ਦੀਆਂ ਗੱਲਾਂ ਸ਼ੁਰੂ ਹੋਈਆਂ ਅਤੇ ਚਲਦੀਆਂ ਰਹੀਆਂ ।

ਦਿੱਲੀ ਦਰਬਾਰ ਨੇ ਮਾਤਾਵਾਂ ਨੂੰ ਚੋਖੀ ਰਕਮ ਭੇਜੀ ਪਰ ਮਾਤਾ ਸਾਹਿਬ ਕੌਰ ਜੀ ਨੇ ਦ੍ਰਿੜਤਾ ਨਾਲ ਇਸ ਰਕਮ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ । ਕਹਿੰਦੇ ਹਨ ਕਿ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ, ਭਾਈ ਕਿਰਪਾਲ ਚੰਦ, ਭਾਈ ਸਾਹਿਬ ਚੰਦ (ਸਾਹਿਬ ਸਿੰਘ) ਨਾਲ ਸਲਾਹ ਕਰਕੇ ਉਹ ਰਕਮ ਲੈ ਲਈ । ਉਹ ਰਕਮ ਲੈ ਕੇ ਕੁੜ ਸਿੰਘਾਂ ਵਿਚ ਵੰਡ ਦਿੱਤੀ ਅਤੇ ਕੁਝ ਆਪਣੇ ਰਾਖਵੇਂ ਪੁੱਤਰ ਅਜੀਤ ਸਿੰਘ ਲਈ ਰਖ ਲਈ।

ਬਹਾਦਰ ਸ਼ਾਹ ਕੁਝ ਮੁਲਕ ਵੀ ਗੁਰੂ ਜੀ ਨੂੰ ਦੇਣਾ ਚਾਹੁੰਦਾ ਸੀ ਪਰ ਗੁਰੂ ਜੀ ਨਹੀਂ ਮੰਨੇ । ‘ਪੰਥ ਪਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ;

ਮੁਲਕ ਸ਼ਾਹਿ ਬਹੁਤੇ ਦੇ ਰਹਿਓ ਗੁਰੂ ਨ ਮਾਨੀ ਕੋਈ ।

ਜੋ ਲੁਟ ਗਿਓ ਮਾਲ ਬਾ ਗੁਰ ਕਾ ਪੁਰ ਅਨੰਦ ਮੈਂ ਸੋਈ ।

ਨੰਦ ਲਾਲ ਹਾਕਮ ਰਾ ਸ਼ਾਹਿ ਤੇ ਕਰ ਤਜਵੀਜ਼ ਤਦਾਯੋ ।

ਉਸ ਹਰਜਾਨੇ ਕੌਰ ਰੁਪਯਾ ਸਾਤ ਲਖ ਦਿਲਵਾਯੋ ।

ਜੱਦਪਿ ਵਹਿ ਭੀ ਨਹਿ ਗੁਰੂ ਮਾਨਾ ਮਾਈਆਂ ਪਾਸ ਪੁਚਾਯੋ ।

ਅਤੇ ਸਿੰਘ ਕੋ ਸੋਪਨ ਚਾਹਿਓ ਸਿੰਘਨ ਸ਼ੋਰ ਮਚਾਯੋ ।

ਤਬ ਨੰਦ ਲਾਲ ਮਨੀ ਸਿੰਘ ਸਾਹਿਬ ਚੰਦ ਸਸੀਕਿਰਪਾਲੈ ।

ਮਾਤਾ ਸੁੰਦਰੀ ਆਦਿਕ ਸਭ ਨੇ ਕਰ ਗੁਰਮਤਾ ਬਿਸਾਲੈ ॥

ਜਥਾ ਜੋਗ ਸਬ ਸਿੰਘਨ ਤਾਈਂ ਬਹੁਤ ਦਯੋ ਬਰਤਾਈ ।

ਮਾਤ ਸੁੰਦਰੀ ਇਕ ਬਾਲਕ ਪਾਲਿਓ ਪੂਤ ਬਨਾਈ ।

ਨਾਮ ਅਜੀਤ ਸਿੰਘ ਤਿਹ ਧਰਯੋ ਥਾ ਅਜੀਤ ਸਿੰਘ ਜਿਹਾ ।

ਤਿਸ ਹਿਤ ਰਖਯੋ ਅਧਕ ਧਨ ਮਾਤਾ ਪਿਖ ਗੁਰ ਭਾਖਯੋ ਇਹ ॥

ਨਿਜ ਸੁਤ ਹੋਤ ਨ ਪੂਤ ਪਰਾਏ ਧਨ ਖੋਵੈ ਦੁਖ ਦੇ ਹੈ ।

ਸੱਤ ਬਚਨ ਸੋ ਗੁਰੂ ਕਾ ਥੀਓ ਦੇ ਦੁਖ ਮਰਿਓ ਵੈ ਹੈ।

(ਪੰਥ ਪ੍ਰਕਾਸ਼, ਪੰਨਾ 325)

ਕੁਝ ਸਮਾਂ ਦਿੱਲੀ ਰਹਿ ਕੇ ਅਤੇ ਅਨੇਕ ਭਾਂਤ ਦੇ ਕੌਤਕ ਵਰਤਾ ਕੇ ਗੁਰੂ ਜੀ ਨੇ ਦੱਖਣ ਵਲ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ । ਪ੍ਰਸਿੱਧ ਵਿਦਵਾਨ ਡਾ. ਗੰਡਾ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਦੇ ਆਧਾਰ ‘ਤੇ ਲਿਖਦੇ ਹਨ ਕਿ ਗੁਰੂ ਜੀ ਬਹਾਦਰ ਸ਼ਾਹ ਦੀ ਮੁਲਾਕਾਤ ਬਾਅਦ ਸ੍ਰੀ ਅਨੰਦਪੁਰ ਵਾਪਸ ਪਰਤਣ ਦਾ ਵਿਚਾਰ ਰਖਦੇ ਸਨ ਪਰ ਰਾਜਸੀ ਹਾਲਾਤ ਕਰਕੇ ਉਨ੍ਹਾਂ ਨੂੰ ਦੱਖਣ ਵਲ ਜਾਣਾ ਪੈ ਗਿਆ । ਉਹ ਲਿਖਦੇ ਹਨ :

“ਜੰਜਉ ਦੇ ਅਸਥਾਨ ਤੇ 8 ਜੂਨ 1707 ਈਸਵੀ ਨੂੰ ਗੁਰੂ ਜੀ ਨੇ ਆਜ਼ਮ ਨੂੰ ਮਾਰਿਆ ਅਤੇ ਬਹਾਦਰ ਸ਼ਾਹ ਨੇ ਦਿੱਲੀ ਦੇ ਤਖ਼ਤ ‘ਤੇ ਬੈਠ ਕੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਨੂੰ ਸੱਦਾ ਭੇਜਿਆ ।

23 ਜੁਲਾਈ 1717 ਈ. ਨੂੰ ਗੁਰੂ ਜੀ ਨੇ ਬਹਾਦਰ ਸ਼ਾਹ ਦੇ ਸੱਦੇ ‘ਤੇ ਉਸ ਨਾਲ ਮੁਲਾਕਾਤ ਕੀਤੀ । ਬਾਦਸ਼ਾਹ ਨੇ ਇਕ ਵੱਡਮੁੱਲੀ ਖਿਲਅਤ ਅਤੇ ਸੱਠ ਹਜ਼ਾਰ ਰੁਪਏ ਦੀ ਜੜਾਊ ਧੁਖ-ਧੁਖੀ ਪੇਸ਼ ਕੀਤੀ ਜਿਸ ਦਾ ਜ਼ਿਕਰ ਬਹਾਦਰ ਸ਼ਾਹ-ਨਾਮੇ, ਅਖਬਾਰਿ-ਦਰਬਾਰਿ ਮੁਅੱਲਾ ਅਤੇ ਦਸਮੇਸ਼ ਦੇ ਹੁਕਮਨਾਮੇ 63 ਅਤੇ 64 ਵਿਚ ਹੈ । ਇਹ ਸਭ ਕੁਝ ਗੁਰੂ ਜੀ ਦੀ ਉਦਾਰ ਚਿੱਤ ਸਹਾਇਤਾ ਲਈ ਸ਼ੁਕਰਾਨੇ ਵਜੋਂ ਸੀ ।

ਗੁਰੂ ਸਾਹਿਬ ਦੇ ਹੁਕਮਨਾਮਾ 63 ਤੇ 64 ਤੋਂ ਪ੍ਰਗਟ ਹੁੰਦਾ ਹੈ ਕਿ ਗੁਰੂ ਸਾਹਿਬ ਬਹਾਦਰ ਸ਼ਾਹ ਨੂੰ ਮਿਲਣ ਮਗਰੋਂ ਅਨੰਦਪੁਰ ਸਾਹਿਬ ਆਉਣ ਦਾ ਪੱਕਾ ਖ਼ਿਆਲ ਬਣਾ ਚੁੱਕੇ ਸਨ । ਇਸੇ ਲਈ ਉਨ੍ਹਾਂ ਨੇ ਮਲਵਈ ਸਿੰਘਾਂ ਨੂੰ ਹਥਿਆਰਬੰਦ ਹੋ ਕੇ ਕਹਿਲੂਰ ਪਹੁੰਚਣ ਦਾ ਸੱਦਾ ਦਿੱਤਾ ਸੀ ਪਰ ਜਲਦੀ ਹੀ ਦੇਸ਼ ਦੀ ਰਾਜਸੀ ਹਾਲਤ ਬਦਲਣ ਕਰਕੇ ਅਤੇ ਬਾਦਸ਼ਾਹ ਨਾਲ ਚਲ ਰਹੀ ਗੱਲ ਸਬੰਧੀ ਬਾਦਸ਼ਾਹ ਦੇ ਨਾਲ ਦੱਖਣ ਜਾਣਾ ਜ਼ਰੂਰੀ ਹੋ ਗਿਆ ।”

ਹੁਕਮਨਾਮੇ , ਪੰਨਾ 35 ਅਤੇ 185)

( ਗੁਰੂ ਜੀ ਨੇ ਭਾਈ ਰੂਪੇ ਦੀ ਸੰਗਤ ਦੇ ਨਾਂ ਹੁਕਮਨਾਮੇ ਵਿਚ ਲਿਖਿਆ, “ਅਸਾਂ ਦੱਖਣ ਨੂੰ ਕੂਚ ਕੀਤਾ ਹੈ । ਜਿਨਿ ਸਿੱਖਾਂ ਸਾਡੇ ਨਾਲ ਚਲਣਾ ਹੋਇ ਤਿਨਿ ਹੁਕਮ ਦੇਖਦਿਆਂ ਹਜੂਰ ਆਉਣਾ ।”

(ਹੁਕਮਨਾਮੇ, ਪੰਨਾ 184)

ਡਾਕਟਰ ਸਾਹਿਬ ਅੱਗੇ ਲਿਖਦੇ ਹਨ :

ਬਹਾਦਰ ਸ਼ਾਹ ਨਾਲ ਮੁਲਾਕਾਤ ਕਰਨ ਮਗਰੋਂ ਗੁਰੂ ਜੀ ਨੇ ਸਿੱਖਾਂ ਨੂੰ ਜੋ ਹੁਕਮਨਾਮੇ ਭੇਜੇ, ਉਨ੍ਹਾਂ ਵਿਚ ਤਿੰਨ ਵਿਸ਼ੇਸ਼ ਗੱਲਾਂ ਦਾ ਜ਼ਿਕਰ ਲਿਖਿਆ ਹੈ :

  1. ਹੋਰ ਭੀ ਕੰਮ ਗੁਰੂ ਕਾ ਸਦਕਾ ਸਭ ਹੋਤੇ ਹੈ ।
  2. ਅਸੀਂ ਭੀ ਥੋੜ੍ਹੇ ਹੀ ਦਿਨਾਂ ਨੋ ਆਵਤੇ ਹੈ।
  3. ਜਦ ਅਸੀਂ ਕਹਿਲੂਰ ਆਵਤੇ ਤਦਿ ਸਰਬਤਿ ਖਾਲਸੇ ਹਥਿਆਰ ਬੰਨ੍ਹ ਕੇ ਹਜੂਰ ਆਉਣਾ ।

“ਬਾਦਸ਼ਾਹ ਬਹਾਦਰ ਸ਼ਾਹ ਅਤੇ ਉਸ ਦੇ ਵੱਡੇ ਵਜ਼ੀਰ ਖਾਨਿ-ਖਨਾਨ ਮੁਨਿਮ ਖਾਨ ਨੇ ਆਪਣੀਆਂ ਮੁਲਾਕਾਤਾਂ ਵਿਚ ਗੁਰੂ ਜੀ ਨੂੰ ਕੀ ਵਾਅਦੇ ਅਤੇ ਭਰੋਸੇ ਦਿੱਤੇ ਸਨ, ਇਨ੍ਹਾਂ ਸਬੰਧੀ ਇਤਿਹਾਸ ਸਪੱਸ਼ਟਤਾ ਨਾਲ ਕੁਝ ਨਹੀਂ ਦਸਦਾ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਸ ਵਿਚ ਹੋਈਆਂ ਗੱਲਾਂ ਬਾਤਾਂ ਅਜਿਹੀਆਂ ਤਸੱਲੀਬਖਸ਼ ਸਨ ਕਿ ਗੁਰੂ ਜੀ ਨੂੰ ਪੂਰੀ ਪੂਰੀ ਆਸ ਬੱਝ ਗਈ ਸੀ ਕਿ ਉਹ ਛੇਤੀ ਹੀ ਅਨੰਦਪੁਰ ਮੁੜ ਪੈਣਗੇ ।”

(ਹੁਕਮਨਾਮੇ, ਪੰਨਾ 31-32)

ਦੱਖਣ ਯਾਤਰਾ

ਗੁਰੂ ਸਾਹਿਬ ਨੇ ਦੱਖਣ ਜਾਣ ਦੀ ਤਿਆਰੀ ਕਰਕੇ ਭਾਈ ਨੰਦ ਲਾਲ ਤੇ ਹੋਰ ਸੰਗਤਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਮਹਿਲ ਮਾਤਾ ਸੁੰਦਰ ਕੌਰ ਤੇ ਸਾਹਿਬ ਕੌਰ ਦਿੱਲੀ ਰਹਿਣਗੇ ਅਤੇ ਉਹ ਕੈਵਲ ਸਿੰਘਾਂ ਨਾਲ ਹੀ ਦੱਖਣ ਵੱਲ ਜਾਣਗੇ ।

ਇਹ ਸੁਣ ਕੇ ਮਾਤਾ ਸਾਹਿਬ ਕੌਰ ਦਾ ਧੀਰਜ ਟੁੱਟ ਗਿਆ ਅਤੇ ਉਹ ਬਿਹਬਲ ਹੋ ਗਏ । ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਣ ਬਾਅਦ ਪਿਆ ਵਿਛੋੜਾ ਦਮ-ਦਮਾ ਸਾਹਿਬ ਪਹੁੰਚਣ ‘ਤੇ ਟੁੱਟਾ ਅਤੇ ਹੁਣ ਦਾ ਵਿਛੋੜਾ ਕਦ ਮੁੱਕੇਗਾ, ਇਹ ਸੋਚ ਕੇ ਉਨ੍ਹਾਂ ਨੇ ਗੁਰੂ-ਪਤੀ ਦੇ ਚਰਨ ਫੜ ਲਏ ਅਤੇ ਅਰਜੋਈ ਕੀਤੀ ਕਿ ਹੁਣ ਆਪਣੀ ਚਰਨ ਸ਼ਰਨ ਵਿਚ ਰਹਿਣ ਦਾ ਅਵਸਰ ਬਖਸ਼ੋ । ਆਪ ਜੀ ਦੇ ਦਰਸ਼ਨ ਬਿਨਾਂ ਮੱਛੀ ਤੇ ਜਲ ਦੇ ਵਿਛੋੜੇ ਵਾਂਗ ਤੜਫਣਾ ਪੈਂਦਾ ਹੈ । ਇਕ ਘੜੀ ਦਾ ਵੀ ਵਿਛੋੜਾ ਸਹਿਣਾ ਔਖਾ ਹੈ ।

ਜਦ ਗੁਰੂ ਜੀ ਨੇ ਫੁਰਮਾਇਆ ਕਿ ਦੁਸ਼ਮਣਾਂ ਨਾਲ ਜੰਗ ਦੀ ਸੰਭਾਵਨਾ ਬਣੀ ਰਹਿਣੀ ਹੈ ਤਾਂ ਮਾਤਾ ਨੇ ਕਿਹਾ ਕਿ ਸਭ ਔਖ ਸੌਖ ਖਿੜੇ ਮੱਥੇ ਸਹਾਂਗੀ ਅਤੇ ਆਗਿਆ ਪਾ ਕੇ ਮੈਦਾਨ ਵਿਚ ਦੁਸ਼ਮਣਾਂ ਨਾਲ ਜੂਝਾਂਗੀ ਪਰ ਆਪਣੀ ਸ਼ਰਨ ਵਿਚ ਰਹਿਣ ਦੀ ਆਗਿਆ ਬਖ਼ਸ਼ ਕੇ ਕ੍ਰਿਤਾਰਥ ਕਰੋ ।

ਗੁਰੂ ਜੀ ਨੇ ਦੋਹਾਂ ਮਹਿਲਾਂ ਨੂੰ ਦਿੱਲੀ ਰਹਿ ਕੇ ਸੰਗਤ ਨਾਲ ਸਾਂਝ ਬਣਾਉਣ ਦੀ ਪ੍ਰੇਰਨਾ ਦਿੱਤੀ । ਮਾਤਾ ਸੁੰਦਰ ਕੌਰ ਜੀ ਦਿੱਲੀ ਰਹਿਣਾ ਮੰਨ ਗਏ ਪਰ ਮਾਤਾ ਸਾਹਿਬ ਕੌਰ ਜੀ ਨੇ ਸਨਿਮਰ ਹੋ ਕੇ ਚਰਨ ਸ਼ਰਨ ਵਿਚ ਰਹਿਣ ਲਈ ਲਗਾਤਾਰ ਜੋਦੜੀ ਕੀਤੀ ਅਤੇ ਕਿਹਾ ਕਿ ਵਿਛੋੜੇ ਵਿਚ ਜਿਊਣਾ ਮੌਤ ਸਮਾਨ ਹੈ ।

ਇਹ ਠਟ ਗੁਰੂ ਤਿਆਰ ਤਬ ਥੀਓ ।

ਮਹਿਲਾਂ ਕੋ ਤਬ ਬੂਝਨ ਕੀਓ

ਕਹਯੋ ਸੁੰਦਰੀ ਮੈਂ ਇਤ ਰੈਹੋਂ

ਸੰਗ ਜਾਵਣਾਂ ਨਾ ਹੀ ਚੈਹੋਂ ।

ਜਹਾਂ ਆਪ ਕਿਸ ਨੋਰ ਥਿਰੈ ਹੋ ।

ਜਹਾਂ ਬੁਲਾਵਨ ਤੇ ਫਿਰ ਐਹੋਂ ।

ਸਾਹਿਬ ਦੇਵੀ ਐਸ ਸੁਨਾਵੋ ।

ਸੰਗ ਚਲੋ ਕੇ ਪਰਾਨ ਉਡਾਵੋ।

ਮਾਨ ਗੁਰੈ ਤਿਸ ਕੋ ਸੰਗ ਲੀਆ ।

ਖੇਮ ਜੋਗ ਰਸਤੇ ਕੋ ਕੀਆ ।

(ਪੰਥ ਪ੍ਰਕਾਸ਼, ਪ੍ਰਕਾਸ਼ਕ ਭਾਸ਼ਾ ਵਿਭਾਗ, ਪੰਨਾ 326)

‘ਗੁਰ ਪਰਤਾਪ ਸੂਰਜ ਗ੍ਰੰਥ’ ਵਿਚ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਮਾਤਾ ਸਾਹਿਬ ਕੌਰ ਨੂੰ ਕਾਫ਼ੀ ਸਮਝਾ ਕੇ ਕਿਹਾ :

ਨਿਕਟ ਸੋਤ ਕੇ ਰਹ ਥਿਰ ਹੈ ਕੇ ॥

ਕਿਆ ਲੈ ਹੈ ਦਖਣ ਦਿਸ ਜੈ ਕੇ ।

ਸਕਲ ਬਿਧਨੇ ਤੇ ਬਸੈ ਸੁਖਾਰੀ ‘ ॥

ਪੂਜਹਿ ਪਹੁੰਚ ਸੰਗਤਾਂ ਸਾਰੀ ।

ਦਿਨ ਪ੍ਰਤ ਗਮਨ ਨਰਕ ਸਮ ਥੋ ਹੈ’ ।

ਤਿਰਿਆ ਜਾਤ° ਕੋ ਬਹੁ ਦੁੱਖ ਐ ਹੈ ।

(ਗੁ: ਪ੍ਰ: ਸੂ: ਗ੍ਰੰਥ, ਅੰਸੂ 44, ਐਨ-1)

ਮਾਤਾ ਜੀ ਨੇ ਆਪਣਾ ਤਰਲਾ ਕਾਇਮ ਰਖਦਿਆਂ ਅਰਜ ਕੀਤੀ ਕਿ ਉਹ ਸਫ਼ਰ ਦੀਆਂ ਕਠਿਨਾਈਆਂ ਨੂੰ ਖਿੜੇ ਮੱਥੇ ਝੱਲੇਗੀ ਪਰ ਵਿਛੜ ਕੇ ਰਹਿਣਾ ਅਸਹਿ ਹੈ । ਮਾਤਾ ਦੀ ਬਿਹਬਲਤਾ ਤੱਕ ਕੇ ਗੁਰੂ ਜੀ ਮੰਨ ਗਏ ਅਤੇ ਉਨ੍ਹਾਂ ਨੂੰ ਨਾਲ ਲੈ ਜਾਣ ਦੀ ਪ੍ਰਵਾਨਗੀ ਦੇ ਦਿੱਤੀ ।

ਬਾਬਾ ਸੁਮੇਰ ਸਿੰਘ ‘ਪੋਥੀ ਗੁਰਬਿਲਾਸ ਪਾਤਸ਼ਾਹੀ 10′ ਵਿਚ ਲਿਖਦੇ ਹਨ :

ਸਾਹਿਬ ਦੇਵੀ ਰਹਿ ਨਾ ਦਿਹਲੀ ।

ਚਲੀ ਸੰਗ ਪ੍ਰਭ ਕੇ ਸੁਖ ਮਹਿਲੀ ।

ਬਿਨ ਦਰਸ਼ਨ ਭੋਜਨ ਨਹਿ ਕਰਹੋਂ

ਇਹਾਂ ਰਹੇ ਕਿਆ ਕਾਜ ਸਵਰਹੋ ।

ਪ੍ਰਭ ਪੱਗ ਪਨਹੀ ਝਾਰਹੁ ਸੁਆਮੀ ॥

ਖੈਹੋਂ ਟੂਕ ਸੀਤ ਅਨੁਗਾਮੀ ।

ਸਿਖ ਸੰਗਤ ਅਨੰਦ ਪ੍ਰਭ ਸੰਗ° ।

ਕੇਹਾ ਕਸ਼ਟ ਪ੍ਰਭ ਮੋਰ ਸੁ ਅੰਗ ।

ਆਗਿਆ ਹੋਵੇ ਤਾਂ ਗਹਿ ਤਰਵਾਰਾ ।

ਲਰਹੁ ਸੰਗ ਸੱਤਰਨ ਜਰ ਛਾਰਾ ।

ਆਇਸ ਹੋਇ ਸਾਂਗ ਕਰਧਾਰੀ ।

ਕਰਹੁ ਜੰਗਭਾਗੇ ਸੰਗ ਕਾਰੀ

ਸੰਗ ਤਜਨ ਪ੍ਰਭ ਰਹਿਨ ਨ ਕੀਜੈ ।

ਇਤੋ ਬਿਰਦ ਬਰਦਾਨ ਸੁ ਦੀਜੈ ॥

(ਗੁਰਬਿਲਾਸ ਪਾਤਸ਼ਾਹੀ 10, ਪੰਨਾ 655)

(ਖਾਲਸੇ ਦੀ ਮਾਤਾ, ਪੰਨਾ 111)

ਇਸ ਤਰ੍ਹਾਂ ਮਾਤਾ ਸਾਹਿਬ ਕੌਰ ਗੁਰੂ ਜੀ ਦੇ ਨਾਲ ਦੱਖਣ ਵਲ ਰਵਾਨਾ ਹੋਏ ਅਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਠਹਿਰ ਗਏ : “ਦੀਨ ਮਨਾ ਅੱਤ ਸੈº ਗੁਰ ਜਾਨੀ ਚਲਨ ਸੰਗ ਬੇਨਤੀ ਏਹ ਮਾਨੀ ਸਾਹਿਬ ਕੌਰ ਗੁਰ ਨਾਲ ਸਿਧਾਈ ਰਹੀ ਸੁੰਦਰੀ ਆਇਸ ਪਾਈ ।

(ਗੁ:ਪ੍ਰ:ਸੁ: ਗ੍ਰੰਥ, ਅੰਸੂ 44, ਐਨ-1)

ਸਤਿਗੁਰ ਨੇ ਮਾਤਾ ਸਾਹਿਬ ਕੌਰ ਸਣੇ ਚੜ੍ਹਦੇ ਚੇਤ 2 ਸੰਮਤ 1763 ਨੂੰ ਦਿੱਲੀ ਤੋਂ ਨੰਦੇੜ ਵਲ ਚਾਲੇ ਪਾਏ । ਦਿੱਲੀ ਤੋਂ ਭਰਤਗੜ੍ਹ, ਬਿੰਦਰਾਬਨ, ਮਥਰਾ, ਸੂਰਜਕੁੰਡ, ਆਗਰਾ, ਰਾਜਦੇਤਾਲ, ਚਿਤੋੜ, ਉਜੈਨ, ਅਜਮੇਰ, ਬੁਰਹਾਨਪੁਰ, ਸੇਵਨ, ਛਪਾਰਾ, ਨਾਗਪੁਰ, ਅਮਰਾਵਤੀ, ਪਾਤਰ, ਬਸਮਤ, ਹਿੰਗੋਲੀ, ਆਦਿ ਤੋਂ ਹੋ ਕੇ ਨੰਦੇੜ ਪਹੁੰਚ ਗਏ । (

ਗੁਰੂ ਖਾਲਸਾ ਤਵਾਰੀਖ; ਕ੍ਰਿਤ ਗਿ: ਗਿਆਨ ਸਿੰਘ, ਪੰਨਾ 1105)

ਪੰਜਾਬੀ ਯੂਨੀਵਰਸਿਟੀ ਐਟਲਸ ਸਫਾ ਨਕਸ਼ਾ ਨੰ: 12-13 ਤੇ 14 ’ਤੇ ਗੁਰੂ ਜੀ ਦਾ ਜਾਣ ਮਾਰਗ ਇਸ ਤਰ੍ਹਾਂ ਲਿਖਿਆ ਹੈ ਕਿ ਉਹ ਭਰਤਗੜ੍ਹ, ਬਿੰਦਰਾਬਨ, ਮਥਰਾ, ਭਰਤਪੁਰ, ਦਾਉਸ, ਜੈਪੁਰ, ਇੰਦੌਰ, ਢਾਰਸੀ, ਮਦਨਗੰਜ, ਕਿਸ਼ਨਗੜ੍ਹ, ਮੋੜ੍ਹਤਾ, ਪੁਸ਼ਕਰ, ਰਾਜਦੇਤਾਨ, ਚਿਤੌੜ੍ਹਗੜ੍ਹ, ਉਜੈਨ, ਅਜਮੇਰ, ਨਰੰਗਾਵਾਦ, ਭਾਦਵਾੜਾ, ਉਦੇਪੁਰ, ਮੰਦਸੇਰ, ਬੁਰਹਾਨਪੁਰ, ਮਾਤਰੂ, ਬਸਪਤੀ, ਖਪਾਰਾ, ਨਾਗਪੁਰ, ਅਮਰਾਵਤੀ, ਹਿੰਗੋਲੀ ਤੋਂ ਨੰਦੇੜ ਪਹੁੰਚੇ ।

ਹੋ ਸਕਦਾ ਹੈ ਕਿ ਗੁਰੂ ਜੀ ਦੋਵੇਂ ਲਿਖਤਾਂ ਵਾਲੇ ਸਥਾਨਾਂ ‘ਤੇ ਪਹੁੰਚੇ ਹੋਣ, ਕਿਉਂਕਿ ਇਨ੍ਹਾਂ ਸਥਾਨਾਂ ‘ਤੇ ਗੁਰੂ ਜੀ ਦੇ ਮਾਤਾ ਸਮੇਤ ਪਹੁੰਚਣ ਤੇ ਸਥਾਨਾਂ ਤੇ ਸੀਨਾ ਬਸੀਨਾ ਰਵਾਇਤਾਂ ਲੋਕਾਂ ਵਿਚ ਪ੍ਰਚਲਿਤ ਹਨ । ਇਹ ਮਾਰਗ 12-13 ਸੋ ਕੋਹ ਬਣਦਾ ਹੈ ।

(ਖਾਲਸੇ ਦੀ ਮਾਤਾ, ਕ੍ਰਿਤ ਗਿ: ਹਰੀ ਸਿੰਘ ਸਲਾਰ, ਪੰਨਾ 113)

ਜੱਸਾ ਸਿੰਘ ਜੀ ਨੂੰ ਬਖਸ਼ਿਸ਼ਾਂ

ਪੰਥ ਦੀ ਮਹਾਨ ਹਸਤੀ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨਾਲ ਮਾਤਾ ਸਾਹਿਬ ਕੌਰ ਜੀ ਦਾ ਨਿੱਘਾ ਪਿਆਰ ਸੀ । ਬਾਲਕ ਜੱਸਾ ਸਿੰਘ ਅਤੇ ਉਸਦੀ ਮਾਤਾ ਦੋ-ਤਾਰੇ ਨਾਲ ਕੀਰਤਨ ਕਰਦੇ ਤਾਂ ਸੰਗਤਾਂ ਝੂਮ ਉਠਦੀਆਂ ਸਨ । ਮਾਤਾ ਜੀ ਕਈ ਵਾਰੀ ਉਸ ਨੂੰ ਚੁੰਮ ਕੇ ਅਸ਼ੀਰਵਾਦ ਦਿੰਦੇ ਸਨ ।

ਕਹਿੰਦੇ ਹਨ ਕਿ ਮਾਤਾ ਸੁੰਦਰੀ ਜੀ ਨੇ ਆਸ਼ੀਰਵਾਦ ਦੇ ਕੇ ਇਸ ਨੂੰ ਇਕ ਗੁਰਜ ਬਖਸ਼ੀ ਸੀ । ਪੰਥ ਵਿਚ ਇਸ ਦਾ ਕਾਫੀ ਮਾਣ ਸੀ । ਪਟਿਆਲਾ ਪਤਿ ਰਾਜਾ ਅਮਰ ਸਿੰਘ ਨੇ ਜੱਸਾ ਸਿੰਘ ਤੋਂ ਅੰਮ੍ਰਿਤ ਛਕਿਆ ਸੀ । ਇਸ ਯੋਧੇ ਨੇ 1748 ਵਿਚ ਅੰਮ੍ਰਿਤਸਰ ਦੇ ਹਾਕਮ ਸਲਾਮਤ ਖਾਨ ਨੂੰ ਕਤਲ ਕਰਕੇ ਬਹੁਤ ਇਲਾਕਾ ਆਪਣੇ ਕਬਜ਼ੇ ਵਿਚ ਕੀਤਾ ਪਰ ਸੰਨ 1749 ਵਿਚ ਸ਼ਾਹਨਵਾਜ਼ ਨੂੰ ਮੁਲਤਾਨੋਂ ਖਾਰਿਜ ਕਰਨ ਲਈ ਦੀਵਾਨ ਕੌੜਾ ਮੱਲ ਨੂੰ ਭਾਰੀ ਸਹਾਇਤਾ ਦਿੱਤੀ ਸੀ । ਸੰਨ 1753 ਈ: ਵਿਚ ਜਲੰਧਰ ਦੇ ਹਾਕਿਮ ਅਦੀਨਾ ਬੇਗ ਨੂੰ ਜਿੱਤ ਕੇ ਫਤਿਹਬਾਦ ਪਰਗਣੇ ਪਰ ਕਬਜ਼ਾ ਕੀਤਾ, ਅਹਿਮਦਸ਼ਾਹ ਦੁਰਾਨੀ ਦੇ ਗੁਲਾਮ ਬਣਾਉਣ ਲਈ ਫੜੇ ਹੋਏ ਹਿੰਦੂ ਮਰਦ ਔਰਤਾਂ ਨੂੰ ਛੁਡਾ ਕੇ ਇਸ ਨੇ “ਬੰਦੀ ਛੇੜ” ਪਦਵੀ ਪ੍ਰਾਪਤ ਕੀਤੀ । ਇਸ ਨੇ ਵੱਡੇ ਘਲੂਘਾਰੇ ਵਿਚ ਵੱਡੀ ਵੀਰਤਾ ਦਿਖਾਈ, 22 ਜ਼ਖ਼ਮ ਖਾ ਕੇ ਭੀ ਹੌਸਲੇ ਨਾਲ ਲੜਦਾ ਰਿਹਾ । ਸੰਨ 1724 ਈ: ਵਿਚ ਇਸ ਨੇ ਕਪੂਰਥਲਾ ਲੈ ਕੇ ਆਪਣੀ ਰਾਜਧਾਨੀ ਕਾਇਮ ਕੀਤੀ ਅਰ ਆਪਣਾ ਸਿੱਕਾ ਚਲਾਇਆ । ਧਰਮਵੀਰ ਜੱਸਾ ਸਿੰਘ ਨਿਰਮਾਣ, ਦਾਨੀ, ਦੇਸ਼ ਹਿਤੈਸ਼ੀ ਅਤੇ ਵੱਡਾਂ ਸਦਾਚਾਰੀ ਸੀ । ਇਸ ਦਾ ਦੇਹਾਂਤ ਸੰਮਤ 1840 (ਸੰਨ 1783 ਈ:) ਵਿਚ ਅੰਮ੍ਰਿਤਸਰ ਹੋਇਆ । ਸਮਾਧ ਬਾਬਾ ਅਟਲ ਰਾਏ ਜੀ ਦੇ ਪਾਸ ਹੈ ।

(ਮਹਾਨ ਕੋਸ਼, ਪੰਨਾ 497)

ਭਾਸ਼ਾ ਵਿਭਾਗ, ਪਟਿਆਲਾ ਵਲੋਂ ਛਾਪੇ ਹੋਏ ‘ਪੰਥ ਪ੍ਰਕਾਸ਼’ ਵਿਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ :

ਆਲਵਾਲ ਪਿੰਡ ਇਕ ਹੈ ਭਲ ਜ਼ਿਲ੍ਹੇ ਲਾਹੌਰ ਮਝਾਰੇ ॥

ਜਸਾ ਸਿੰਘ ਕਾ ਪਿਤਾ ਬਿਦਰ ਸਿੰਘ ਬਸਤ ਕਲਾਲ ਉਦਾਰੇ ।

ਹਲੋਵਾਲੀਏ ਬਾਘ ਸਿੰਘ ਦਾ ਜਸਾ ਸਿੰਘ ਭਣੇਵਾਂ ।

ਬਾ ਬਾਲਕ ਪਨ ਮੈਂ ਹੀ ਮਰਿਓ ਪਿਤਾ ਜਸਾ ਸਿੰਘ ਏਵਾਂ ।

ਦਸਮ ਗੁਰੂ ਕੇ ਮਹਿਲ ਸੁੰਦਰੀ ਜੀ ਦਿਲੀ ਥੇ ਰਹਿਤੇ ।

ਕਾਰ ਭੇਟ ਸਿਖ ਸਭ ਤਹਿ ਦੇਤੇ ਮਨ ਬਾਛਤ ਫਲ ਲਹਿਤੇ ।

ਜਸਾ ਸਿੰਘ ਕੀ ਮਾਤਾ ਸੁਤ ਯੁਤ ਉਨਕੇ ਪਾਸ ਸਿਧਾਈ ।

ਜਥਾ ਸ਼ਕਤਿ ਦੈ ਕਾਰ ਭੇਟ ਫਿਰ ਉਨ ਹੀ ਪਾਸ ਰਹਾਈ ।

ਸਾਤ ਬਰਸ ਸੇਵਾ ਇਨ ਕੀਨੀ ਮਾਤਾ ਕੀ ਮਨ ਤਨ ਸੈ ।

ਪੁਤਰਾਂ ਵਾਂਗ ਮਾਤਾ ਜੀ ਨੇ ਰਖਯੋ ਜਸਾ ਸਿੰਘ ਮਨ ਸੈ ।

(ਪੰਥ ਪਰਕਾਸ਼, ਪੰਨਾ 1217)

‘ਪੰਥ ਪਰਕਾਸ਼’ ਦੇ ਵਿਦਵਾਨ ਲਿਖਾਰੀ ਨੇ ਬਖਸ਼ਸ਼ਾਂ ਦਾ ਜ਼ਿਕਰ ਹੀ ਨਹੀਂ ਕੀਤਾ । ਮਾਤਾ ਸੁੰਦਰ ਕੌਰ ਜੀ ਵੱਡੇ ਹੋਣ ਕਰਕੇ ਮਾਤਾ ਸਾਹਿਬ ਕੌਰ ਜੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ ਅਤੇ ਬਾਹਰੋਂ ਆਉਣ ਵਾਲੀਆਂ ਕਾਰ ਭੇਟਾਂ ਵੀ ਮਾਤਾ ਸੁੰਦਰ ਕੌਰ ਜੀ ਹੀ ਸੰਭਾਲਦੇ ਅਤੇ ਮੁੱਖ ਸਮਾਗਮ ਕਰਦੇ ਸਨ । ਇਸ ਲਈ ਉਨ੍ਹਾਂ ਦੀ ਚਰਚਾ ਇਤਿਹਾਸ ਵਿਚ ਵਧੇਰੇ ਹੋਈ ਜਾਪਦੀ ਹੈ । ਪਰ ਦੋਏ ਮਾਤਾਵਾਂ ਇਕੱਠੀਆਂ ਦਿੱਲੀ ਰਹਿੰਦੀਆਂ ਸਨ । ਇਸ ਤਰ੍ਹਾਂ ਸਿਦਕੀ ਸਿੰਘ, ਬਾਣੀ ਦਾ ਰਸੀਆ ਅਤੇ ਗੁਰਮਤਿ ਦਾ ਧਾਰਨੀ ਜੱਸਾ ਸਿੰਘ ਆਹਲੂਵਾਲੀਆ ਸੱਤ ਸਾਲ ਮਾਤਾਵਾਂ ਕੋਲ ਰਹਿ ਕੇ ਦੋਹਾਂ ਮਾਤਾਵਾਂ ਤੋਂ ਰਜਵੀਆਂ ਅਸੀਸਾਂ, ਬਖਸ਼ਸ਼ਾਂ ਅਤੇ ਗੁਰੂ ਘਰ ਦੀਆਂ ਦਾਤਾਂ ਲੈ ਕੇ ਪੰਜਾਬ ਪਰਤਿਆਂ ਅਤੇ ਜਿੱਤਾਂ ‘ਤੇ ਜਿੱਤਾਂ ਪ੍ਰਾਪਤ ਕਰਦਾ ਹੋਇਆ, ਰਿਆਸਤ ਕਪੂਰਥਲਾ ਦਾ ਰਾਜਾ ਬਣ ਕੇ ਉਸ ਨੇ ਆਪਣਾ ਸਿੱਕਾ ਚਲਾਇਆ ਜਿਸ ਉੱਤੇ ਫ਼ਾਰਸੀ ਦੇ ਇਹ ਅੱਖਰ ਉਕਰੇ ਹੋਏ ਸਨ :

ਸਿੱਕਹ ਜ਼ਦ ਦਰ ਜਹਾਂ ਬਫ਼ਜ਼ਲੇ ਅਕਾਲ ।

ਮੁਲਕ ਅਹਮਦ ਗ਼ਰਿਫਤ ਜੱਸਾ ਕਲਾਲ ।

ਗੁਰੂ-ਪਤੀ ਦਾ ਵਿਛੋੜਾ

ਨੰਦੇੜ ਪਹੁੰਚ ਕੇ ਗੁਰੂ ਜੀ ਪਹਿਲਾਂ ਗੋਦਾਵਰੀ ਕੰਢੇ ਹੀਰਾ ਘਾਟ ਠਹਿਰੇ । ਇਹ ਉਹੀ ਥਾਂ ਹੈ ਜਿਥੇ ਆ ਕੇ ਬਹਾਦਰ ਸ਼ਾਹ ਨੇ ਹੀਰਾ ਗੁਰੂ ਦੀ ਭੇਟ ਕੀਤਾ ਅਤੇ ਗੁਰੂ ਜੀ ਨੇ ਉਹ ਹੀਰਾ ਗੋਦਾਵਰੀ ਵਿਚ ਸੁੱਟ ਦਿੱਤਾ ਸੀ । ਇਥੋਂ ਗੁਰੂ ਜੀ ਨੰਦੇੜ ਸ਼ਹਿਰ ਚਲੇ ਗਏ ਜਿਥੇ ਬੰਦਾ ਬਹਾਦਰ ਨੂੰ ਮਿਲੇ ਅਤੇ 3 ਸਤੰਬਰ 1708 ਈ. ਨੂੰ ਸੂਰਜ ਗ੍ਰਹਿਣ ਦੇ ਦਿਨ ਉਸ ਨੂੰ ਸਿੱਖੀ ਵਿਚ ਲਿਆਂਦਾ ਅਤੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ।

(ਹੁਕਮਨਾਮੇ; ਸੰਪਾ: ਡਾ. ਗੰਡਾ ਸਿੰਘ, ਪੰਨਾ 33)

ਗੁਰੂ ਸਾਹਿਬ ਨਗੀਨਾ ਘਾਟ, ਮਾਲ ਟੇਕਰੀ, ਸੰਗਤ ਸਾਹਿਬ ਅਤੇ ਸ਼ਿਕਾਰ ਘਾਟ ਸਥਾਨਾਂ ‘ਤੇ ਵੀ ਰਹੇ ਹਨ ਪਰ ਮਾਤਾ ਸਾਹਿਬ ਕੌਰ ਜੀ ਪੱਕੇ ਤੌਰ ਉੱਤੇ ਗੁਦਾਵਰੀ ਕੰਢੇ ਹੀ ਰਹਿੰਦੇ ਰਹੇ ਜਿਸ ਨਾਲ ਲਗਦੀ ਬਸਤੀ ਬ੍ਰਾਹਮਣਵਾੜਾ ਹੈ । ਭਾਈ ਕਾਹਨ ਸਿੰਘ ‘ਮਹਾਨ ਕੋਸ਼’ ਵਿਚ ਇਸ ਨੂੰ ਬ੍ਰਾਹਮਣ ਵਾਲਾ ਲਿਖਦੇ ਹਨ ।

ਮਾਤਾ ਸਾਹਿਬ ਕੌਰ ਜੀ ਦੇ ਗੁਰਦੁਆਰੇ ਵਿਚ ਯਾਤਰੂਆਂ ਦੀ ਜਾਣਕਾਰੀ ਲਈ ਰਖੇ ਗਏ ਪੱਟੇ ਵਿਚ ਲਿਖਿਆ ਹੈ ਕਿ ਮਾਤਾ ਜੀ ਇਸ ਅਸਥਾਨ ਉੱਤੇ 17 ਹਾੜ 1764 ਬਿ. ਤੋਂ 1765 ਤਕ 9 ਮਹੀਨੇ 9 ਦਿਨ ਬਿਰਾਜੇ ਸਨ ।

(ਖਾਲਸੇ ਦੀ ਮਾਤਾ, ਪੰਨਾ 119)

ਮਾਤਾ ਜੀ ਸਵਾ ਪਹਿਰ ਰਾਤ ਰਹਿੰਦਿਆਂ ਸਵੇਰੇ ਉੱਠ ਕੇ ਇਸ਼ਨਾਨ ਆਦਿ ਸਰੀਰਕ ਕਿਰਿਆ ਕਰਕੇ ਬਾਣੀ ਦਾ ਨਿਤਨੇਮ ਕਰਦੇ ਤੇ ਸੰਗਤ ਵਿਚ ਜੁੜਕੇ ਕੀਰਤਨ ਸੁਣਦੇ ਅਤੇ ਕੀਰਤਨ ਦੀ ਸਮਾਪਤੀ ਸਮੇਂ ਸੰਗਤ ਨੂੰ ਗੁਰਮਤਿ ਉਪਦੇਸ਼ ਦਿੰਦੇ ਸਨ । ਦਸ਼ਮੇਸ਼ ਗੁਰੂ ਰੋਜ਼ਾਨਾ ਇਕ ਵਾਰ ਆ ਕੇ ਉਨ੍ਹਾਂ ਨੂੰ ਦਰਸ਼ਨ ਦਿੰਦੇ ਅਤੇ ਕਈ ਵਾਰੀ ਉਥੇ ਲੰਗਰ ਵੀ ਛੱਕ ਜਾਂਦੇ ਸਨ ।

ਇਥੇ ਇਰਦ ਗਿਰਦ ਤੋਂ ਸੰਗਤਾਂ ਆਉਂਦੀਆਂ ਰਹਿੰਦੀਆਂ ਸਨ । ਸਤਿਸੰਗ ਲੰਗਰ ਦਾ ਪਰਵਾਹ ਹਰ ਸਮੇਂ ਚਲਦਾ ਰਹਿੰਦਾ ਸੀ, ਇਸ ਇਤਿਹਾਸਕ ਸਥਾਨ ਉੱਤੇ ਬਣੇ ਗੁਰਦੁਆਰੇ ਦਾ ਪ੍ਰਬੰਧ ਅੱਜ ਕੱਲ ਨਿਹੰਗ ਸਿੰਘਾਂ ਕੋਲ ਹੈ ਅਤੇ ਗੁਰੂ ਦੇ ਵਰ ਕਰਕੇ ਅੱਠੇ ਪਹਿਰ ਅਤੁੱਟ ਲੰਗਰ ਚਲਦਾ ਹੈ ।

ਬੰਦਾ ਸਿੰਘ ਬਹਾਦਰ ਪੰਜਾਬ ਵਲ ਰਵਾਨਾ ਹੋਣ ਤੋਂ ਪਹਿਲਾਂ ਇਥੇ ਆ ਕੇ ਮਾਤਾ ਜੀ ਨੂੰ ਮਿਲਿਆ ਅਤੇ ਚਰਨ ਛੋਹ ਕੇ ਉਨ੍ਹਾਂ ਤੋਂ ਆਸ਼ੀਰਵਾਦ ਲੈ ਕੇ ਚਲਿਆ ਸੀ । ਮਾਤਾ ਜੀ ਨੇ ਬੰਦੇ ਨੂੰ ਕਿਹਾ ਕਿ “ਜੋ ਕੰਮ ਤੁਹਾਨੂੰ ਗੁਰੂ ਨੇ ਸੌਂਪਿਆ ਹੈ, ਉਸ ਨੂੰ ਹਿੰਮਤ ਤੇ ਉਤਸ਼ਾਹ ਨਾਲ ਕਰਨਾ, ਗੁਰੂ ਅੰਗ ਸੰਗ ਹੋਵੇਗਾ ।” ਮਾਤਾ ਜੀ ਨੇ ਸਿਰੋਪਾ ਵੀ ਬ ਖਸ਼ਿਸ਼ ਕੀਤਾ ਸੀ ।

ਮਾਤਾ ਜੀ ਇਥੇ ਗੁਰੂ ਜੀ ਦੀ ਨੇੜਤਾ ਵਿਚ ਸੁੱਖ ਦਾ ਸਮਾਂ ਗੁਜਾਰ ਹੀ ਰਹੇ ਸਨ ਕਿ ਅੰਤਮ ਵਿਛੋੜੇ ਦੀ ਘੜੀ ਆ ਗਈ । ਗੁਰੂ ਸਾਹਿਬ ਨੇ ਆਪਣਾ ਪ੍ਰਲੋਕ ਗਮਨ ਦਾ ਸਮਾਂ ਨੇੜੇ ਆਉਣ ਉੱਤੇ ਮਾਤਾ ਜੀ ਨੂੰ ਦਿੱਲੀ ਪਹੁੰਚਾਉਣ ਦਾ ਸੰਕਲਪ ਕੀਤਾ । ਗਮਨ ਕਰਨ ਬੇਕੁੰਠ ਕੋ, ਲਖਯੋ ਸਮਾ ਨੇਰਾਇ ।

ਸਾਹਿਬ ਕੌਰ ਨਿਕਟ ਰਹੈ ਇਹ ਭਾਣਾ ਸਹਿ ਨ ਸਕਾਇ ।

(ਗੁ: ਪ੍ਰ: ਸੂ: ਗ੍ਰੰਥ, ਐਨ 2, ਅੰਸੂ 15)

ਗੁਰੂ ਜੀ ਮਾਤਾ ਸਾਹਿਬ ਕੌਰ ਕੋਲ ਗਏ । ਉਨ੍ਹਾਂ ਨੇ ਨਿੱਤ ਵਾਂਗ ਦਰਸ਼ਨ ਦੇ ਉਨ੍ਹਾਂ ਹੱਥੀਂ ਲੰਗਰ ਛਕਿਆ ਅਤੇ ਪਲੰਘ ‘ਤੇ ਬੈਠ ਕੇ ਸਹਿਜੇ ਹੀ ਫੁਰਮਾਇਆ, “ਸਾਡੇ ਪਰਲੋਕ ਗਮਨ ਦਾ ਸਮਾਂ ਨੇੜੇ ਆ ਰਿਹਾ ਹੈ । ਸਾਡਾ ਵਿਚਾਰ ਹੈ ਕਿ ਤੁਸੀਂ ਇਸ ਸਮੇਂ ਤੋਂ ਪਹਿਲਾਂ ਹੀ ਆਪਣੀ ਵੱਡੀ ਮੌਤਨ-ਭੈਣ ਸੁੰਦਰ ਕੌਰ ਜੀ ਕੋਲ ਦਿੱਲੀ ਚਲੇ ਜਾਉ । ਸਾਡੇ ਪਰਲੋਕ ਗਮਨ ਬਾਅਦ ਤੁਹਾਡਾ ਪੰਜਾਬ ਤੋਂ ਦੂਰ ਇਥੇ ਰਹਿਣਾ ਠੀਕ ਨਹੀਂ ਹੋਵੇਗਾ ।”

ਇਹ ਸੁਣ ਮਾਤਾ ਸਾਹਿਬ ਕੌਰ ਜੀ ਨੇ ਬਿਹਬਲਤਾ ਵਿਖਾਈ ਅਤੇ ਬੇਨਤੀ ਕੀਤੀ ਕਿ “ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੋ, ਤੁਹਾਥੋਂ ਵਿਛੜ ਕੇ ਜਿਊਣ ਦਾ ਕੋਈ ਅਰਥ ਨਹੀਂ ਹੈ:

ਜਿਸ ਪਿਆਰੇ ਸਿਉਂ ਨੇਹੁ ਤਿਸ ਆਗੈ ਮਰ ਚਲੀਐ ॥

ਧ੍ਰਿਗ ਜੀਵਨ ਸੰਸਾਰ ਤਾ ਕੈ ਪਾਛੈ ਜੀਵਨਾ ॥

ਮਾਤਾ ਨੇ ਕਿਹਾ ਮੈਨੂੰ ਆਪਣੇ ਚਰਨਾਂ ਨਾਲ ਹੀ ਬੈਕੁੰਠ ਲੈ ਜਾਓ ਜੀ-

ਸੁਨ ਸਾਹਿਬ ਕੌਰ ਕਰ ਜੋਰੇ ।

ਦੀਨ ਮਨ ਹੋਇ ਚਰਨ ਨਿਹੋਰੇ ।

ਤੁਮ ਬਿਨਾ ਮੋਹਿ ਅਲੰਭ ਨਾ ਕੋਈ ।

ਦੇਖ ਅਚੋਂ ਜਲ ਭੋਜਨ ਦੋਈ ।

ਬਿਛਰਨ ਤੇ ਦਰਸ਼ਨ ਕਿਮ ਹੋਇ ।

ਸਹੁੰ ਕਸ਼ਟ ਪ੍ਰਾਨਨ ਕੋ ਖੋਇ ।

ਕੋਨ ਗਤੀ ਪ੍ਰਭ ਹੋਇ ਹਮਾਰੀ ॥

ਹੋਏ ਲਾਚਾਰ ਬਨਰਹੋਂ ਬਿਚਾਰੀ ।

ਆਗਿਆ ਮੇਟੀ ਜਾਇ ਨ ਕੋਈ ॥

ਸੁਨ ਬੈਕੁੰਠ ਕੋ ਚਲਯੋ ਹੋਈ ।

ਸੰਗ ਸਤੀ ਕੇ ਹੋਵਨ ਮੋਰੋ ।

ਨਹਿ ਚਾਹਿਤ ਨਿਕੀ ਬਿਧ ਹੋਰੋ ।

ਯਾਤੇ ਚਿੰਤ ਸੰਗ ਕੀਆਗਨ ।

ਕੇਤਕ ਦਿਨ ਮੈ ਰਹੋਂ ਨਿਭਾਗਨ ।

ਤਨ ਸੁਕਾਏ ਪਿੰਜਰ ਕਰ ਦੇਊਂ ।

ਮਰਉ ਅੰਤ ਕੋ ਬਹੁ ਦੁਖ ਸੇਉਂ ।

(ਗੁ: ਪ੍ਰ: ਸੂ: ਗ੍ਰੰਥ, ਅੰਸੂ 15, ਐਨ 2)

ਸਤਿਗੁਰੂ ਸਾਹਿਬ ਕੌਰ ਜੀ ਦੀ ਬਿਹਬਲਤਾ ਤੱਕ ਕੇ ਗੰਭੀਰ ਹੋਏ ਅਤੇ ਉਨ੍ਹਾਂ ਨੇ ਆਉਣ ਜਾਣ ਦਾ ਰਹੱਸ ਵੀ ਸਮਝਾਇਆ ਅਤੇ ਸਤੀ ਹੋਣ ਦੀ ਨਿਰਰਥਕ ਪ੍ਰਾਚੀਨ ਰਸਮ ਨੂੰ ਗੁਰਮਤਿ ਦੇ ਚਾਨਣ ਵਿਚ ਉਜਿਆਰਾ ਕੀਤਾ ਤਾਂ ਜੋ ਖਾਲਸੇ ਦੀ ਮਾਂ ਸੀਲ ਸੰਤੋਖ ਦੇ ਜੀਵਨ ਨਾਲ ਸਿੱਖ ਸੰਗਤਾਂ ਦੀ ਪੱਥ ਪ੍ਰਦਰਸ਼ਨ ਬਣੀ ਰਹੇ ।

ਗੁਰੂ ਜੀ ਨੇ ਮਹਿਲਾਂ ਨੂੰ ਦਿਲਾਸਾ ਦਿੰਦਿਆਂ ਫੁਰਮਾਇਆ ਕਿ ਮਨੁੱਖ ਦੇ ਸਰੀਰਕ ਸਬੰਧ ਸਥਿਰ ਨਹੀਂ ਹੁੰਦੇ । ਉਨ੍ਹਾਂ ਨੇ ਆਤਮਿਕ ਸੰਬੰਧਾਂ ਦੀ ਸਥਿਰਤਾ ਨੂੰ ਆਧਾਰ ਬਣਾਉਣ ਦੀ ਤਾਈਦ ਕੀਤੀ ।

ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਇ

ਧੂਲ ਸਰੀਰ’ ਸੰਜੋਗ ਵਿਜੋਗ ।

ਈਸ਼ਰ ਨੇ ਤਹਿ ਚੇਧਹੁ ਲੋਗ ।

ਇਹ ਸਨੇਹ ਨਹਿ ਨਿਬਹਿ ਕਿਦੋਂ ਹੂੰ ।

ਸਿਕਤਾ ਸਦਨ ਨਹੀਂ ਤਟ ਜਯੋ ਹੂੰ ।

(ਗੁ: ਪ੍ਰ: ਸੂ: ਗ੍ਰੰਥ, ਐਨ 2, ਅੰਸੂ-15)

(ਖਾਲਸੇ ਦੀ ਮਾਤਾ, ਪੰਨਾ 121)

ਗੁਰੂ ਜੀ ਨੇ ਕਿਹਾ ਕਿ ਪੰਜ ਭੂਤਕ ਸਰੀਰ ਦਾ ਮੋਹ ਤਿਆਗ ਕੇ ਗੁਰੂ ਸ਼ਬਦ ਨੂੰ ਜੀਵਨ ਅਧਾਰ ਬਣਾਉ ਅਤੇ ਪੰਥ ਖਾਲਸਾ ਜੋ ਤੁਹਾਡੀ ਝੋਲੀ ਪਾਇਆ ਹੈ, ਉਸ ਪੁੱਤਰ ਦੀ ਪਾਲਣਾ ਕਰੋ ਤੇ ਉਸ ਕੋਲ ਰਹਿ ਕੇ ਸੁੱਖੀ ਜੀਵਨ ਬਤੀਤ ਕਰੋ । ਉਹ ਤੁਹਾਡੀ ਸੇਵਾ ਕਰੇਗਾ ।

ਜਦ ਮਾਤਾ ਜੀ ਨੇ ਗੁਰੂ ਦਰਸ਼ਨ ਲਈ ਤੀਬਰ ਇੱਛਾ ਦਾ ਪ੍ਰਗਟਾਵਾ ਕੀਤਾ ਤਾਂ ਗੁਰੂ ਜੀ ਨੇ ਛੇਵੇਂ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਪੰਜ ਸ਼ਸਤਰ ਮੰਗਾਏ ਅਤੇ ਉਹ ਮਾਤਾ ਸਾਹਿਬ ਕੌਰ ਨੂੰ ਸੌਂਪਕੇ ਕਿਹਾ ਕਿ “ਇਹ ਸ਼ਸਤਰ ਲੈ ਜਾਉ, ਇਨ੍ਹਾਂ ਦੀ ਪੂਜਾ ਕਰੋ । ਇਨ੍ਹਾਂ ਦੇ ਦਰਸ਼ਨ ਮੇਰੇ ਦਰਸ਼ਨ ਹੋਣਗੇ । ਇਹ ਸੰਭਾਲ ਕੇ ਰਖਣਾ ਅਤੇ ‘ਪੰਚ ਪਰਧਾਨੀ’ ਖਾਲਸੇ ਦੇ ਸੰਕਲਪ ਨੂੰ ਦ੍ਰਿੜ ਕਰਕੇ ਰਖਣਾ :

ਦਰਸ਼ਨ ਕਰੋ ਹਮਾਰੋ ਜਦਾ ।

ਇਨਕੋ ਅਵਲੋਕਨ ਲਖ ਤਦਾ ।

ਕਰਹਿ ਪ੍ਰਾਤ ਕੋ ਜਬ ਇਸ਼ਨਾਨ ।

ਦਰਸ਼ਨ ਕਰੋ ਧਿਆਨ ਮਮ ਠਾਨਾਂ

ਇਵ ਨਿਬਹਿਗੋ ਨੇਮ ਤੁਹਾਰਾ ।

ਲੇਕਰ ਪਹੁੰਚੋ ਪੁਟੀ ਮਝਾਰਾ ।

ਇਤ ਆਦਕ ਕਹਿ ਬਹੁ ਸਮਝਾਈਂ ।

ਦੀਨੇ ਦਾਸ ਸੰਗ ਸਮੁਦਾਈ ।

(ਗੁ: ਪ੍ਰ: ਸੂ: ਗ੍ਰੰਥ, ਰੁਤ 5, ਅੰਸੂ 13)

ਗੁਰੂ ਜੀ ਨੇ ਮਾਤਾ ਨੂੰ ਆਪਣੀ ਮੁਹਰ ਬਖ਼ਸ਼ ਕੇ ਅਧਿਕਾਰ ਦਿੱਤਾ ਕਿ ਉਹ ਪੰਥ ਪ੍ਰਤੀ ਇਸ ਮੁਹਰ ਦੁਆਰਾ ਲੋੜ ਅਨੁਸਾਰ ਪੁੱਤਰਾਂ ਨਾਲ ਵਿਹਾਰ ਕਰ ਸਕਣਗੇ ! ਇਸ ਤਰ੍ਹਾਂ ਗੁਰੂ ਉਪਦੇਸ਼ ਨੂੰ ਦਿਲ ਦਿਮਾਗ਼ ਉੱਤੇ ਵਰਤ ਕੇ ਮਾਤਾ ਜੀ ਗੁਰੂ ਚਰਨਾਂ ਦੀ ਛੋਹ ਨਾਲ ਸਰਸਾਰ ਹੋ ਕੇ ਆਗਿਆ ਅਨੁਸਾਰ ਦਿੱਲੀ ਪਰਤ ਆਏ : ਦੀਨ ਮਨ° ਬੰਦੇ ਜੁਗ ਹਾਥ । ਅੰਸੂ ਬਿਮੋਚਤ ਪਗ ਧਰ ਮਾਥ’ । ਕਰਿਓ ਗਮਨ ਕੋ ਬੇਬਸ ਹੋਈ । ਹੇਰਤ ਹਰ” ਪਤਿ ਕੋ ਬਹੁ ਰੋਈ ।

(ਗੁ: ਪ੍ਰ: ਸੂ: ਗ੍ਰੰਥ, ਰੁੱਤ 5, ਅੰਸੂ 15)

ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਦੀ ਪੰਜਵੀਂ ਪੀੜ੍ਹੀ ਦੇ ਬਾਬਾ ਗੁਰਦਿਤਾ ਦੇ ਸਪੁੱਤਰ ਭਾਈ ਰਾਮ ਕੁਇਰ (ਗੁਰਬਖ਼ਸ਼ ਸਿੰਘ) ਨੂੰ ਵੀ ਪੰਜ ਸ਼ਸਤਰ ਦੇ ਕੇ ਸਨਮਾਨਿਤ ਕਰਕੇ ਮਾਤਾ ਸਾਹਿਬ ਕੌਰ ਨਾਲ ਦਿੱਲੀ ਵਾਪਸ ਭੇਜ ਦਿੱਤਾ । ਭਾਈ ਰਾਮ ਕਇਰ ਆਪਣੀ ਮਾਤਾ ਸਭਰਾਈ ਸਮੇਤ ਦਿੱਲੀ ਨੂੰ ਵਾਪਸ ਪਰਤੇ । ਚਲਣ ਸਮੇਂ ਮਾਤਾ ਜੀ ਅਤੇ ਸੰਗਤ ਨੇ ਦਸਮ ਗੁਰੂ ਜੀ ਦੇ ਆਖ਼ਰੀ ਦਰਸ਼ਨ ਕਰਕੇ ਅਰਦਾਸਾ ਸੋਧਿਆ ਅਤੇ ਰਾਹ ਦੇ ਸਾਰੇ ਪ੍ਰਬੰਧ ਕਰਕੇ ਸੇਜਲ ਨੇਤਰਾਂ ਨਾਲ ਗੁਰਾਂ ਤੋਂ ਅੰਤਿਮ ਵਿਦਾਇਗੀ ਲਈ ਅਤੇ ਮਨ ਤੇ ਹਿਰਦੇ ਨੂੰ ਸਦਾ ਲਈ ਚਰਨਾਂ ਨਾਲ ਜੋੜ ਲਿਆ।

ਉਸ ਸਮੇਂ ਸਤਿਗੁਰਾਂ ਦੇ ਹੁਕਮ ਨਾਲ ਦੋ ਪਾਲਕੀਆਂ ਮੰਗਵਾਈਆਂ ਗਈਆਂ । ਇਕ ਵਿਚ ਗੁਰਾਂ ਦੇ ਬਖਸ਼ੇ ਸ਼ਸਤਰ ਰਖੇ ਗਏ ਅਤੇ ਦੂਜੀ ਪਾਲਕੀ ਵਿਚ ਮਾਤਾ ਸਾਹਿਬ ਕੌਰ ਜੀ ਨੂੰ ਬਿਠਾ ਕੇ ਕਹਾਰ ਲੈ ਤੁਰੇ । ਇਸ ਤਰ੍ਹਾਂ ਚੇਤ ਦੀ ਸੰਗਰਾਂਦ ਸੰਮਤ 1765 ਬਿਕਰਮੀ (1708 ਈ:) ਨੂੰ ਮਾਤਾ ਜੀ ਗੁਰੂ-ਪਤੀ ਦਾ ਦਿਲ ਵਿਚ ਨਿਵਾਸ ਕਰਕੇ ਸੀਲ-ਸੰਜਮ ਦੇ ਜੀਵਨ ਦੀ ਪ੍ਰਤੀਕ ਬਣਕੇ ਦਿੱਲੀ ਆਏ ।

ਬ੍ਰਿਹੋਂ ਦਾ ਵੇਗ

ਮਾਤਾ ਸਾਹਿਬ ਕੌਰ ਜੀ ਦੇ ਦਿੱਲੀ ਪਰਤਣ ਦੀ ਖ਼ਬਰ ਸੁਣ ਕੇ ਮਾਤਾ ਸੁੰਦਰ ਕੌਰ ਜੀ ਅਤੇ ਦਿੱਲੀ ਦੀ ਸੰਗਤ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ । ਡੇਰੇ ਪਹੁੰਚ ਕੇ ਉਨ੍ਹਾਂ ਪਾਸੋਂ ਨੰਦੇੜ ਦੇ ਸਫਰ, ਦੱਖਣ ਦੇਸ਼ ਦੇ ਹਾਲਾਤ ਅਤੇ ਉਥੇ ਗੁਰੂ ਜੀ ਦੇ ਕੀਤੇ ਕੌਤਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਮਾਤਾ ਜੀ ਨੇ ਸਾਰੀ ਕਥਾ ਸੁਣਾਉਣ ਉਪਰੰਤ ਦਸਿਆ ਕਿ ਗੁਰੂ ਜੀ ਪਰਲੋਕ-ਗਮਨ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਇਸੇ ਕਰਕੇ ਉਨ੍ਹਾਂ ਨੂੰ ਦਿੱਲੀ ਪਰਤਣ ਦੀ ਆਗਿਆ ਹੋਈ ਹੈ ।

ਇਹ ਸੁਣ ਕੇ ਮਾਤਾ ਸੁੰਦਰ ਕੌਰ ਤੇ ਸੰਗਤਾਂ ਵਿਚ ਉਦਰੇਵਾਂ ਹੋਇਆ ਪਰ ਗੁਰੂ ਜੀ ਦੀ ਆਗਿਆ ਦਾ ਵਿਸਥਾਰ ਦਸ ਕੇ ਮਾਤਾ ਸਾਹਿਬ ਕੌਰ ਜੀ ਨੇ ਸੰਗਤ ਨੂੰ ਧਰਵਾਸ ਦਿੱਤਾ । ਮਾਤਾ ਜੀ ਨੇ ਗੁਰੂ ਦੇ ਬਖ਼ਸ਼ੇ ਹੋਏ ਸ਼ਸਤਰਾਂ ਨੂੰ ਇਕ ਪਲੰਘ ਤੇ ਸਜਾਇਆ ਅਤੇ ਸੰਗਤਾਂ ਨੂੰ ਦਸਿਆ ਕਿ ਗੁਰੂ ਦਾ ਹੁਕਮ ਹੈ ਕਿ “ਜੋ ਕੋਈ ਇਨ੍ਹਾਂ ਸ਼ਸਤਰਾਂ ਦਾ ਅਦਬ ਤੇ ਸਤਿਕਾਰ ਨਾਲ ਦਰਸ਼ਨ ਕਰੇਗਾ, ਉਸ ਨੂੰ ਮੇਰੇ ਹੀ ਦਰਸ਼ਨ ਹੋਣਗੇ । ਉਨ੍ਹਾਂ ਦੇ ਪੰਜ ਪ੍ਰਧਾਨੀ ਖਾਲਸੇ ਤੇ ਸ਼ਬਦ ਗੁਰੂ ਦੇ ਅਸਰ ਤੇ ਅਟੱਲ ਸਰੂਪ ਦੀ ਸੋਝੀ ਦਿੱਤੀ ।

ਮਾਤਾ ਸਾਹਿਬ ਕੌਰ ਆਮ ਤੌਰ ਤੇ ਅਕਾਲ ਪੁਰਖ ਨਾਲ ਲਿਵ ਜੋੜ ਕੇ ਤੇ ਗੁਰੂ ਚਰਨਾਂ ਨਾਲ ਬਿਰਤੀ ਲਾ ਕੇ ਸ਼ਸਤਰਾਂ ਵਾਲੇ ਪਲੰਘ ਕੋਲ ਹੀ ਬੈਠੇ ਰਹਿੰਦੇ ਸਨ । ਉਨ੍ਹਾਂ ਨੇ ਖਾਣਾ ਪੀਣਾ ਬਹੁਤ ਘਟਾ ਲਿਆ ਸੀ ਅਤੇ ਜਪ-ਤਪ ਦੇ ਜੀਵਨ ਵਿਚ ਲੀਨ ਰਹਿੰਦੇ ਸਨ । ਸਤਿਗੁਰਾਂ ਦੀ ਦਿਵ ਮੂਰਤ ਉਨ੍ਹਾਂ ਦੇ ਹਿਰਦੇ ਵਿਚ ਟਿਕ ਗਈ ਸੀ ਅਤੇ ਉਹ ਮਹਾਰਾਜ ਦੇ ਅੰਤਮ ਸੰਦੇਸ਼ ਸੁਣਨ ਲਈ ਇਕਾਗਰ ਚਿੱਤ ਰਹਿੰਦੇ ਸਨ ।

ਇਕ ਦਿਨ ਦੋਵੇਂ ਮਾਤਾਵਾਂ ਤੇ ਦਿੱਲੀ ਦੀ ਸੰਗਤ ਜੁੜੀ ਬੈਠੀ ਗੁਰਜੱਸ ਗਾਇਨ ਕਰ ਰਹੀ ਸੀ ਕਿ ਨੰਦੇੜ ਤੋਂ ਦੋ ਸਿੰਘ ਆਏ । ਉਹ ਮੱਥਾ ਟੇਕ ਕੇ ਬੈਠੇ ਅਤੇ ਸਭ ਨੂੰ ਇਤਲਾਹ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਚ ਆਪਣੀ ਥਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਅਤੇ ਸਦਾ ਲਈ ਸਰੀਰਕ ਗੁਰੂ-ਪਦ ਖ਼ਤਮ ਕਰਕੇ 8 ਕੱਤਕ ਸੰਮਤ 1765 ਬਿਕਰਮੀ (7 ਅਕਤੂਬਰ 1708 ਈ:) ਨੂੰ ਪ੍ਰਲੋਕ ਸਿਧਾਰ ਗਏ ਹਨ ਅਤੇ ਹੁਕਮ ਕਰ ਗਏ ਹਨ ਕਿ ਅੱਗੇ ਨੂੰ ਪੰਜ ਸਿੰਘਾਂ ਦਾ ਫ਼ੈਸਲਾ ਹੀ ਪੰਥ ਲਈ ਅੰਤਿਮ ਫ਼ੈਸਲਾ ਹੋਵੇਗਾ ।

ਇਹ ਖ਼ਬਰ ਸੁਣਕੇ ਸੰਗਤ ਉਦਾਸ ਤਾਂ ਹੋਈ ਪਰ ਭਾਈ ਨੰਦ ਲਾਲ, ਸਾਹਿਬ ਸਿੰਘ ਅਤੇ ਹੋਰ ਗੁਰਮੁਖ ਗੁਰਸਿੱਖਾਂ ਦੇ ਉਪਦੇਸ਼ ਨੇ ਖਾਲਸੇ ਦੇ ਆਦਰਸ਼ ਨੂੰ ਉਜਾਗਰ ਕਰਕੇ ਸ਼ਾਂਤੀ ਵਰਤਾਈ ।

ਗੁਰੂ ਜੀ ਦੇ ਪ੍ਰਲੋਕ ਗਮਨ ਦੀ ਖ਼ਬਰ ਬਹਾਦਰਸ਼ਾਹ ਨੇ ਸੁਣੀ ਤਾਂ ਉਸ ਨੇ ਆਪਣੇ ਵਜ਼ੀਰ ਅਤੇ ਕੁਝ ਅਧਿਕਾਰੀ ਮਾਤਾਵਾਂ ਕੋਲ ਸ਼ੋਕ ਪ੍ਰਗਟ ਕਰਨ ਲਈ ਭੇਜੇ । ਬਾਅਦ 30 ਅਕਤੂਬਰ ਸੰਨ 1708 ਈਸਵੀ ਨੂੰ ਖਿਲਅਤ ਮਾਤਾ ਸੁੰਦਰ ਕੌਰ ਦੇ ਪਾਲਤੂ ਪੁੱਤਰ ਅਜੀਤ ਸਿੰਘ ਨੂੰ ਦਿੱਤੀ ਜਿਸ ਨਾਲ ਅਜੀਤ ਸਿੰਘ ਦਾ ਸ਼ਾਹੀ ਦਰਬਾਰ ਵਿਚ ਮਾਣ ਤੇ ਸਤਿਕਾਰ ਵੱਧ ਗਿਆ ।

(ਸੈਨਾਪਤੀ, ਸ੍ਰੀ ਗੁਰ ਸੋਭਾ, ਡਾ. ਗੰਡਾ ਸਿੰਘ, ਪੰਨਾ 149)

ਸਮਾਂ ਅਮੁਕ ਚਾਲ ਚਲਦਾ ਗਿਆ । ਮਾਤਾ ਸੁੰਦਰ ਕੌਰ ਵਧੇਰੇ ਸਮਾਂ ਸੰਗਤਾਂ ਦੀ ਆਵਾਜਾਈ ਵਿਚ ਤੇ ਪਾਲਤੂ ਪੁੱਤਰ ਅਜੀਤ ਸਿੰਘ ਦੇ ਸੰਵਾਰਨ ਵਿਚ ਲੰਘਾਉਂਦੇ ਸਨ, ਪਰ ਮਾਤਾ ਸਾਹਿਬ ਕੌਰ ਜੀ ਦਾ ਸਾਰਾ ਸਮਾਂ ਪਾਠ ਸਿਮਰਨ ਤੇ ਗੁਰੂ ਧਿਆਨ ਵਿਚ ਗੁਜ਼ਰਦਾ ਸੀ । ਆਪ ਅਲਪ ਅਹਾਰੀ ਬਣ ਗਏ ਸਨ ਅਤੇ ਬਹੁਤ ਥੋੜਾ ਸੌਂਦੇ ਸਨ । ਅਕਾਲ-ਪੁਰਖ ਦੀ ਯਾਦ ਅਤੇ ਖਾਲਸੇ ਦੀ ਚੜ੍ਹਦੀ ਕਲਾ ਲਈ ਨਿਰੰਤਰ ਅਰਦਾਸ ਉਨ੍ਹਾਂ ਦਾ ਇਕੋ ਇਕ ਆਹਾਰ ਸੀ।

ਭਾਈ ਸੰਤੋਖ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਦੀ ਦਸ਼ਾ ਇਸ ਤਰ੍ਹਾਂ ਲਿਖਦੇ ਹਨ :

ਸਾਹਿਬ ਕੌਰ ਜੀ ਸੁਨਾ ਸੋ ਜਬ ਤੇ ।

ਸਾਧਨ ਲਗੀ ਏਮ ਕ੍ਰਿਤ ਤਬ ਤੇ ।

ਜਪ ਤਪ ਕਰਕੇ ਦਿਵਸ ਬਿਤਾਵੈ ॥

ਸੁਪਤ ਅਲਪ ਅਲਪ ਹੀ ਖਾਵੈ ।

ਪੱਤ ਕੋ ਧਿਆਨ ਧਰਾ ਇਨ ਪੀਨੀ ।

ਦੁਰਬਲ ਦੇਹ ਦਸਾ ਬਹੁ ਕੀਨੀ ।

ਕਹੇ ਸੁੰਦਰੀ ਬਹੁਤ ਸਮਝਾਏ ।

ਤਦਪ ਅਲਪ ਹੀ ਭੋਜਨ ਖਾਏ ।

ਸਾਹਿਬ ਕੌਰ ਸਦਾ ਸਚੇਤ ।

ਸੋਤ ਸੁੰਦਰੀ ਨਿਕਟ ਬਸੰਤ ।

ਗੁਰ ਸਰੀਰ ਕੋ ਚਿਤਵਨ ਕਰਤੀ ।

ਨਿਸਦਿਨ ਉਹ ਰਿਦੈ ਪਤਾਂ ਧਰਤੀ ॥

ਦੁਰਬਲ ਤਨ ਜਿਸ ਕੋ ਹੋਏ ਗਯੋ ।

ਸ਼ੋਕ ਪਰਾਇਨ ਚਿਤ ਨਿਤ ਥਯੋ ।

ਦਰਸ਼ਨ ਪਰਸੇ ਭੋਜਨ ਪਾਵੈ ।

ਅਲਪ ਅਹਾਰ ਬਿਨ ਕੁਝ ਨ ਭਾਵੈ ।

ਇਮ ਅਪਨੀ ਬੈ ਸ਼ਕਲ ਬਿਤਾਈ ।

ਪ੍ਰਿਅ ਪਤ ਬ੍ਰਿਤ ਚਿਤ ਲਗਾਈ ।

(ਗੁ: ਪ੍ਰ: ਸੂਰਜ ਗ੍ਰੰਥ, ਅੰਸੂ 15, ਐਨ 2)

ਇਸ ਤਰ੍ਹਾਂ ਮਾਤਾ ਮਾਹਿਬ ਕੌਰ ਜੀ ਦਿਨੋ ਦਿਨ ਨਿਰਬਲ ਤੇ ਕਮਜ਼ੋਰ ਹੁੰਦੇ ਗਏ ਪਰ ਸਮੇਂ ਸਮੇਂ ਸਿੱਖ ਪੁੱਤਰਾਂ ਨੂੰ ਦਰਸ਼ਨ ਤੇ ਉਪਦੇਸ਼ ਦੇ ਕੇ ਨਿਹਾਲ ਕਰਦੇ ਰਹਿੰਦੇ ਸਨ । ਉਹ ਆਪ ਭਾਵੇਂ ਘੱਟ ਖਾਂਦੇ ਸਨ ਪਰ ਸੰਗਤਾਂ ਲਈ ਅਟੁੱਟ ਲੰਗਰ ਸਦਾ ਚਲਦਾ ਰਹਿੰਦਾ ਸੀ ਜਿਸ ਦੀ ਨਿਗਰਾਨੀ ਮਾਤਾ ਜੀ ਆਪ ਕਰਦੇ ਸਨ ।

ਪਾਲਕ ਅਜੀਤ ਸਿੰਘ ਦੇ ਕੁਚਾਲੇ

ਇਕ ਦਿਨ ਮਾਤਾ ਸਾਹਿਬ ਕੌਰ ਜੀ ਗੁਰੂ ਸਾਹਿਬ ਦੇ ਬਖ਼ਸ਼ੇ ਹੋਏ ਸ਼ਸਤਰਾਂ ਨੂੰ ਸਾਫ਼ ਕਰਕੇ ਪਲੰਘ ਤੇ ਸਜਾ ਕੇ ਅਤੇ ਪਾਠ ਕਰਕੇ ਅੰਦਰ ਗਏ ਤਾਂ ਮਾਤਾ ਸੁੰਦਰ ਕੌਰ ਦੇ ਪਾਲਤੂ ਪੁੱਤਰ ਅਜੀਤ ਸਿੰਘ ਨੇ ਉਹ ਸ਼ਸਤਰ ਉਠਾ ਕੇ ਆਪਣੇ ਗਲ ਵਿਚ ਪਾ ਲਏ । ਸੇਵਾਦਾਰ ਨੇ ਰੋਕਿਆ ਤਾਂ ਹੰਕਾਰੀ ਅਜੀਤ ਸਿੰਘ ਉਸ ਨਾਲ ਝਗੜ ਪਿਆ ਅਤੇ ਕਿਹਾ ਕਿ “ਮੈਂ ਗੁਰੂ ਗੋਬਿੰਦ ਸਿੰਘ ਦਾ ਜਾਨਸ਼ੀਨ ਹਾਂ ਅਤੇ ਇਹ ਸ਼ਸਤਰ ਸਜਾਉਣ ਦਾ ਮੇਰਾ ਹੱਕ ਹੈ ।”

ਸੇਵਾਦਾਰ ਅਤੇ ਅਜੀਤ ਸਿੰਘ ਦੇ ਝਗੜੇ ਦੀ ਉੱਚੀ ਉੱਚੀ ਆਵਾਜ਼ ਸੁਣ ਕੇ ਦੋਏ ਮਾਤਾਵਾਂ ਆ ਗਈਆਂ ਅਤੇ ਉਸ ਨੂੰ ਸ਼ਸਤਰ ਪਾਉਣ ਤੋਂ ਰੋਕਿਆ ਤਾਂ ਅਜੀਤ ਸਿੰਘ ਨੇ ਮਾਤਾ ਸਾਹਿਬ ਕੌਰ ਜੀ ਦੀ ਨਾਰਾਜ਼ਗੀ ਨੂੰ ਨਾ ਸਹਾਰਦੇ ਹੋਏ ਆਪਣੀ ਕਟਾਰ ਕੱਢ ਲਈ ਤੇ ਮਾਤਾ ਜੀ ਨੂੰ ਮਾਰਨ ਹੀ ਲੱਗਾ ਸੀ ਕਿ ਕੋਲ ਖਲੋਤੇ ਹੋਏ ਸਿੱਖਾਂ ਨੇ ਵਿਚ ਪੈ ਕੇ ਗੱਲ ਰਫਾ ਦਫਾ ਕਰਵਾ ਦਿੱਤੀ । ਮਾਤਾ ਜੀ ਇਨ੍ਹਾਂ ਸ਼ਸਤਰਾਂ ਵਿਚੋਂ ਨਿੱਤ ਆਪਣੇ ਪਤੀ ਗੁਰੂ ਦੇਵ ਦੇ ਦਰਸ਼ਨ ਕਰਦੇ ਸਨ । ਉਸ ਸਮੇਂ ਮਾਤਾ ਸਾਹਿਬ ਕੌਰ ਜੀ ਕੋਲ ਗੁਰੂ ਦੇ ਸ਼ਸਤਰਾਂ ਦਾ ਅਪਮਾਨ ਨਾ ਸਹਾਰਿਆ ਗਿਆ ਅਤੇ ਅਜੀਤ ਸਿੰਘ ਦੀ ਕਾਰਵਾਈ ਨੂੰ ਉਨ੍ਹਾਂ ਨੇ ਗੁਰੂ ਦੀ ਮਤਿ ਦੇ ਪ੍ਰਤੀਕੂਲ ਸਮਝਿਆ । ਉਸ ਨੂੰ ਸਰਾਪ ਦੇ ਦਿੱਤਾ । ਭਾਈ ਸੰਤੋਖ ਸਿੰਘ ਜੀ ਨੇ ਮਾਤਾ ਦੇ ਸਰਾਪ ਨੂੰ ਇਸ ਤਰ੍ਹਾਂ ਲਿਖਿਆ ਹੈ : ਨਹ ਜਵਾਨੀ ਕੋ ਭੋਗਨ ਕਰੈਂ ।

ਦੁਖ ਤੇ ਧਰਮ ਹਾਰ ਕਰ ਮਰੈਂ ।

ਹੋਈ ਦੁਰਦਸ਼ਾ ਪੁਰਿ ਮਹਿ ਤੇਰੀ ।

ਮਰਹਿ ਕੁਮੌਤ ਨਾਰਿ ਨਰ ਹੇਰੀ।

(ਗੁ: ਪ੍ਰ: ਸੂਰਜ ਗ੍ਰੰਥ, ਪੰਨਾ 3110)

ਅਜੀਤ ਸਿੰਘ ਦੇ ਗੁਰੂ ਘਰ ਵਿਚ ਆਉਣ ਸੰਬੰਧੀ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਤਾ ਸੁੰਦਰੀ ਜੀ ਦਾ ਇਕੋ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਨ ਜੋ ਪਿਤਾ ਦੀ ਹਜੂਰੀ ਵਿਚ ਚਮਕੌਰ ਦੇ ਜੰਗ ਵਿਚ ਸ਼ਹੀਦ ਹੋ ਗਏ ਸਨ । ਇਕ ਦਿਨ ਸੰਗਤ ਵਿਚ ਮਾਤਾ ਸੁੰਦਰ ਕੌਰ ਜੀ ਨੇ ਇਕ ਪੰਜ ਸਾਲ ਦਾ ਬਾਲਕ ਦੇਖਿਆ ਤਾਂ ਉਸ ਦੀ ਸ਼ਕਲ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਮਿਲਦੀ ਤੱਕ ਕੇ ਉਸ ਨੂੰ ਗੋਦ ਲੈ ਲਿਆ ਅਤੇ ਉਸ ਦੇ ਮਾਪਿਆਂ ਦੀ ਪ੍ਰਵਾਨਗੀ ਨਾਲ ਉਸ ਨੂੰ ਪਾਲਤੂ ਪੁੱਤਰ ਬਣਾ ਲਿਆ । ਸੰਗਤਾਂ ਵੀ ਉਸ ਦਾ ਸਤਿਕਾਰ ਕਰਨ ਲਗ ਪਈਆਂ ।

ਜਦੋਂ ਗੁਰੂ ਜੀ ਬਹਾਦਰ ਸ਼ਾਹ ਦੇ ਸੱਦੇ ਉੱਤੇ ਦਿੱਲੀ ਪਹੁੰਚੇ ਤਾਂ ਮਾਤਾ ਸੁੰਦਰ ਕੌਰ ਜੀ ਆਪਣੇ ਪਾਲਤੂ ਅਜੀਤ ਸਿੰਘ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ ਪਹੁੰਚੇ ਅਤੇ ਕਿਹਾ ਕਿ ਇਹ ਆਪ ਦਾ ਪੁੱਤਰ ਅਜੀਤ ਸਿੰਘ ਹੈ । ਗੁਰੂ ਜੀ ਨੇ ਬੱਚੇ ਨੂੰ ਤੱਕ ਕੇ ਕਿਹਾ ਕਿ :

ਨਿਜ ਸੁਤਾਂ ਹੋਤ ਨ ਪੁਤ ਪਰਾਏ ਧਨ ਖੋਵੇ ਦੁਖ ਦੇ ਹੈ ।

ਸਤ ਬਚਨ ਸੋ ਗੁਰਕਾ ਕੀਓ ਦੇ ਦੁਖ ਮਰਿਓ ਵੀ ਹੈ ।

(ਪੰਥ ਪ੍ਰਕਾਸ਼, ਗਿ: ਗਿਆਨ ਸਿੰਘ, ਪੰਨਾ 325) ਮਾਤਾ ਸੁੰਦਰ ਕੌਰ ਨੇ ਨਾ ਕੇਵਲ ਉਸ ਨੂੰ ਪੁੱਤਰ ਕਰਕੇ ਪਾਲਿਆ ਬਲਕਿ ਉਸ ਦੀ ਸ਼ਾਦੀ ਵੀ ਕਰਾਈ ਤੇ ਉਸ ਦਾ ਇਕ ਪੁੱਤਰ ਹੱਠੀ ਸਿੰਘ ਹੋਇਆ ਹੈ । ਉਹ ਬੇਅੰਤ ਧਨ ਅਤੇ ਸ਼ਾਹੀ ਸਨਮਾਨ ਪਾ ਕੇ ਹੰਕਾਰਿਆ ਗਿਆ ਅਤੇ ਅਜਿਹੀਆਂ ਮਾੜੀਆਂ ਹਰਕਤਾਂ ਕੀਤੀਆਂ ਕਿ ਮਾਤਾ ਜੀ ਨੂੰ ਦੁੱਖੀ ਹੋ ਕੇ ਫਿਟਕਾਰਨਾ ਪਿਆ ।

ਇਹ ਕਹਾਣੀ ਪ੍ਰਚਲਿਤ ਹੈ ਕਿ ਫਰਖ-ਸ਼ੀਅਰ ਦੇ ਰਾਜ ਸਮੇਂ ਇਕ ਮੰਨਿਆ ਪਰਮੰਨਿਆ ਫਕੀਰ ਬੇਨਵਾ, ਅਜੀਤ ਸਿੰਘ ਦੇ ਬੰਦਿਆਂ ਹੱਥੋਂ ਮਾਰਿਆ ਗਿਆ । ਉਸ ਦੀ ਲਾਸ਼ ਇਕ ਖੂਹ ਵਿਚੋਂ ਮਿਲੀ । ਬਾਦਸ਼ਾਹ ਨੇ ਇਸ ਦਾ ਸਖਤ ਨੋਟਿਸ ਲਿਆ ਅਤੇ ਉਸ ਨੂੰ ਗਰਿਫ਼ਤਾਰ ਕਰਕੇ ਪੇਸ਼ ਕਰਨ ਦਾ ਹੁਕਮ ਦਿੱਤਾ । ਅਜੀਤ ਸਿੰਘ ਦੀ ਬੁਧੀ ਤਾਂ ਮਲੀਨ ਹੋ ਹੀ ਚੁੱਕੀ ਸੀ । ਇਸ ਲਈ ਉਸ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਆਪਣੇ ਕੇਸ ਕਤਲ ਕਰਵਾ ਕੇ ਇਕ ਥਾਲ ਵਿਚ ਧਰ ਕੇ ਉੱਤੇ ਪੰਜ ਮੋਹਰਾਂ ਰਖ ਕੇ ਸ਼ਾਹ ਕੋਲ ਭੇਟਾ ਭੇਜੀਆਂ । ਇਹ ਤੱਕ ਕੇ ਸ਼ਾਹ ਨਹੀਂ ਪਤੀਜਿਆ ਅਤੇ ਉਸ ਨੂੰ ਗਰਿਫ਼ਤਾਰ ਕਰਕੇ ਤਸੀਹ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ । ਦੋਵੇਂ ਮਾਤਾਵਾਂ ਇਹ ਸੁਣ ਕੇ ਅਤਿ ਦੁੱਖੀ ਹੋਈਆਂ ਅਤੇ ਉਸ ਨੂੰ ਫਿਟਕਾਰ ਕੇ ਮੂੰਹ ਲਾਉਣ ਤੋਂ ਇਨਕਾਰ ਕਰਦੇ ਹੋਏ ਸੰਗਤਾਂ ਨੂੰ ਵੀ ਉਸ ਨਾਲ ਮੂੰਹ ਲਗਣ ਤੋਂ ਰੋਕ ਦਿੱਤਾ ਕਿਉਂਕਿ ਉਸ ਨੇ ਗੁਰੂ ਦੀ ਮੋਹਰ ਕੇਸਾਂ ਦੀ ਬੇਅਦਬੀ ਕੀਤੀ ਹੈ ।

ਅਜੀਤ ਸਿੰਘ ਨੇ ਗਰਿਫ਼ਤਾਰੀ ਵਿਰੁੱਧ ਇਕ ਹਵੇਲੀ ਦਾ ਸਹਾਰਾ ਲਿਆ ਜਿਥੇ ਸ਼ਾਹੀ ਕਰਮਚਾਰੀਆਂ ਨਾਲ ਟੱਕਰ ਹੋਣ ‘ਤੇ ਕਈ ਸਿੰਘ ਸ਼ਹੀਦ ਹੋ ਗਏ ਪਰ ਉਹ ਉਥੋਂ ਨਸ ਕੇ ਇਕ ਕਲਾਲ ਦੇ ਘਰ ਜਾ ਛੁਪਿਆ ਅਤੇ ਪਤਨੀ ਤੇ ਪੁੱਤਰ ਹਠੀ ਸਿੰਘ ਨੂੰ ਮਾਤਾ ਸੁੰਦਰ ਕੌਰ ਕੋਲ ਭੇਜ ਦਿੱਤਾ ।

ਅਜੀਤ ਸਿੰਘ ਨੂੰ ਪੁਲਿਸ ਨੇ ਕਲਾਲ ਦੇ ਘਰੋਂ ਗ੍ਰਿਫ਼ਤਾਰ ਕੀਤਾ ਅਤੇ ਬਾਦਸ਼ਾਹ ਫਰਖਸ਼ੀਅਰ ਦੇ ਹੁਕਮ ਨਾਲ ਹਾਥੀ ਦੇ ਪੈਰ ਨਾਲ ਬੰਨ੍ਹ ਕੇ ਦਿੱਲੀ ਦੇ ਬਾਜ਼ਾਰਾਂ ਵਿਚ ਘਸੀਟਿਆ ਅਤੇ ਅਖ਼ੀਰ ਹਾਥੀ ਦੇ ਪੈਰ ਹੇਠ ਉਸ ਦਾ ਸਿਰ ਫਿਸਿਆ ਤੇ ਉਹ ਇਸ ਤਰ੍ਹਾਂ ਭੈੜੀ ਮੌਤੇ ਮਰਿਆ।

ਮਾਤਾ ਸੁੰਦਰ ਕੌਰ ਨੇ ਇਹ ਸੋਚ ਕੇ ਕਿ ਉਹ ਦਿੱਲੀ ਵਿਚ ਸ਼ਾਹੀ ਅਤਿਆਚਾਰਾਂ ਤੋਂ ਉਸ ਦੀ ਪਤਨੀ ਤੇ ਪੁੱਤਰ ਨੂੰ ਨਹੀਂ ਬਚਾ ਸਕਣਗੇ, ਆਪ ਉਨ੍ਹਾਂ ਦੋਹਾਂ ਨੂੰ ਨਾਲ ਲੈ ਕੇ ਮਥਰਾ ਚਲੇ ਗਏ । ਬਾਅਦ ਵਿਚ ਮਾਤਾ ਸਾਹਿਬ ਕੌਰ ਜੀ ਵੀ ਸੰਕਟ ਸਮੇਂ ਵੱਡੀ ਸੰਤਨ ਭੈਣ ਦੇ ਸੱਦੇ ‘ਤੇ ਮਥਰਾ ਗਏ ਅਤੇ ਦੋਵੇਂ ਮਾਤਾਵਾਂ ਕਾਫ਼ੀ ਸਮਾਂ ਉਥੇ ਇਕੱਠੀਆਂ ਰਹੀਆਂ । ਪਰ ਅਜੀਤ ਸਿੰਘ ਦਾ ਪੁੱਤਰ ਹਠੀ ਸਿੰਘ ਵੀ ਵੱਡਾ ਹੋ ਕੇ ਪਿਉ ਵਰਗਾ ਨਿਕਲਿਆ। ਉਸ ਨੇ ਮਾਤਾਵਾਂ ਵਲੋਂ ਸਤਿਸੰਗ ਲਈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜੋ ਧਰਮਸ਼ਾਲਾ ਬਣਵਾਈ ਗਈ ਸੀ, ਉਸ ਉੱਤੇ ਗੁਰੂ ਨਾਨਕ ਦੇਵ ਜੀ ਦਾ ਨਾਂ ਮਿਟਾ ਕੇ ਆਪਣੇ ਨਾਂ ਦਾ ਫੱਟਾ ਲਾ ਕੇ ਖ਼ੁਦ ਗੁਰੂ ਬਣ ਬੈਠਾ । ਮਾਤਾਵਾਂ ਨੇ ਉਸ ਨੂੰ ਫਿਟਕਾਰਿਆ ਅਤੇ ਉਹ ਭਰ ਜੁਆਨੀ ਵਿਚ ਸਰਕਾਰੀ ਕਰਮਚਾਰੀਆਂ ਹੱਥੋਂ ਮਾਰਿਆ ਗਿਆ ।

ਭਾਈ ਕਾਨ੍ਹ ਸਿੰਘ ਜੀ ਨਾਭਾ ਮਾਤਾ ਸੁੰਦਰ ਕੌਰ ਦੇ ਪਾਲਤੂ ਪੁੱਤਰ ਅਜੀਤ ਸਿੰਘ ਸਬੰਧੀ ਇਸ ਤਰ੍ਹਾਂ ਜਾਣਕਾਰੀ ਦਿੰਦੇ ਹਨ :

ਇਕ ਸੁਨਿਆਰੇ ਦਾ ਪੁੱਤਰ ਜਿਸ ਨੂੰ ਮਾਤਾ ਸੁੰਦਰੀ ਜੀ ਨੇ ਸ੍ਰੀ ਅਜੀਤ ਸਿੰਘ ਜਿਹੀ ਸ਼ਕਲ ਦਾ ਦੇਖ ਕੇ ਪੁੱਤਰ ਬਣਾਇਆ । ਦਸ਼ਮੇਸ਼ ਜੀ ਨੇ ਜੋ ਸ਼ਸਤਰ ਮਾਤਾ ਸਾਹਿਬ ਕੌਰ ਜੀ ਨੂੰ ਬਖ਼ਸ਼ੇ ਸਨ, ਉਨ੍ਹਾਂ ਨੂੰ ਅਜੀਤ ਸਿੰਘ ਨੇ ਇਕ ਵੇਰ ਆਪਣੇ ਅੰਗਾਂ ‘ਤੇ ਸਜਾਇਆ ਅਤੇ ਕੇਸਾਂ ਦੀ ਬੇਅਦਬੀ ਕਰ ਲਈ । ਇਸ ਤੇ ਮਾਤਾ ਸੁੰਦਰੀ ਜੀ ਨੇ ਤਿਆਗ ਦਿੱਤਾ । ਇਕ ਬੇਨਵੇ ਫ਼ਕੀਰ ਦੇ ਮਾਰਨ ਦੇ ਅਪਰਾਧ ਵਿਚ ਇਸ ਦਾ ਸਿਰ ਲਾਹ ਕੇ ਬਾਦਸ਼ਾਹ (ਫਰਖਸ਼ੀਅਰ) ਨੇ ਅਜੀਤ ਸਿੰਘ ਨੂੰ ਸੰਮਤ 1775 ਬਿਕਰਮੀ (ਸੰਨ 1718 ਈ:) ਵਿਚ ਕਤਲ ਕਰਵਾ ਦਿੱਤਾ । ਇਸ ਦਾ ਦਿਹਰਾ ਸਬਜ਼ੀ ਮੰਡੀ ਕੋਲ ਦਿੱਲੀ ਹੈ ।

(ਮਹਾਨ ਕੋਸ਼, ਭਾਸ਼ਾ ਵਿਭਾਗ, ਪੰਨਾ 48)

ਨਾਜ਼ੁਕ ਦੌਰ

ਦਸ਼ਮੇਸ਼ ਜੀ ਦੇ ਪ੍ਰਲੋਕ ਗਮਨ ਤੋਂ ਬਾਅਦ ਦੇਸ਼ ਦੇ ਰਾਜਸੀ ਹਾਲਾਤ ਫਿਰ ਬਦਲ ਗਏ ਅਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ, ਜੋ ਗੁਰੂ ਘਰ ਦਾ ਸਤਿਕਾਰ ਕਰਨ ਲਗ ਪਿਆ ਸੀ, ਨੇ ਅੱਖਾਂ ਫੇਰ ਲਈਆਂ । ਗੁਰੂ ਪਰਿਵਾਰ ਦੇ ਸੱਜਣ ਮੁੜ ਵੈਰੀ ਬਣ ਗਏ ਜਿਸ ਕਰਕੇ ਸੁੱਖੀ ਵਸਦੀਆਂ ਮਾਤਾਵਾਂ ਉੱਤੇ ਕਹਿਰ ਦਾ ਪਹਾੜ ਟੁੱਟ ਪਿਆ ਅਤੇ ਸ਼ਾਹੀ ਹੁਕਮ ਨਾਲ ਉਨ੍ਹਾਂ ਨੂੰ ਕੁਝ ਸਮਾਂ ਨਜ਼ਰਬੰਦ ਕ ਰ ਦਿੱਤਾ ਗਿਆ ।

ਇਤਿਹਾਸ ਅਨੁਸਾਰ ਦਸਮ ਗੁਰੂ ਵਲੋਂ ਨੰਦੇੜ ਤੋਂ ਭੇਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚ ਕੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਅਤੇ ਗੁਰੂ ਸਾਹਿਬ ਦੇ ਮਾਸੂਮ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਜੀ ਨੂੰ ਕੰਧਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਵਾਲੇ ਸੂਬੇਦਾਰ ਵਜ਼ੀਰ ਖਾਨ ਨੂੰ ਦੁਰਦਸ਼ਾ ਨਾਲ ਮਾਰਿਆ । ਪੰਜਾਬ ਦੇ ਕਈ ਇਲਾਕੇ ਮੁਗ਼ਲਾਂ ਤੋਂ ਖੋਹ ਲਏ । ਇਹ ਰਿਪੋਰਟਾਂ ਸੁਣ ਕੇ ਬਹਾਦਰਸ਼ਾਹ ਬਹੁਤ ਛਿੱਥਾ ਪਿਆ । ਉਸ ਨੇ ਮਾਤਾਵਾਂ ਤੇ ਦਬਾਅ ਪਾਇਆ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਰੋਕਣ ਕਿ ਉਹ ਇਲਾਕੇ ਕਬਜ਼ੇ ਵਿਚ ਕਰਕੇ ਬਾਦਸ਼ਾਹਤ ਨਾਲ ਟੱਕਰ ਨਾ ਲਵੇ ਅਤੇ ਗੜਬੜ ਕਰਨ ਤੋਂ ਬਾਜ਼ ਆਵੇ ।

ਮਾਤਾ ਸਾਹਿਬ ਕੌਰ ਜੀ ਨੇ ਬੰਦੇ ਨੂੰ ਕੋਈ ਪੱਤਰ ਲਿਖਣ ਤੋਂ ਸੰਕੋਚ ਕੀਤਾ ਅਤੇ ਬਹਾਦਰ ਸ਼ਾਹ ਦੇ ਭੇਜੇ ਸੁਨੇਹਾਕਾਰਾਂ ਨੂੰ ਸਪੱਸ਼ਟ ਕਿਹਾ ਜੋ ਕੁਝ ਹੋ ਰਿਹਾ ਹੈ, ਇਹ ਗੁਰੂ ਭਾਣੇ ਅਨੁਸਾਰ ਹੈ, ਉਹ ਇਸ ਵਿਚ ਦਖ਼ਲ ਨਹੀਂ ਦੇਣਗੇ ।

ਬਹਾਦਰ ਸ਼ਾਹ ਨੇ ਗੁੱਸਾ ਖਾ ਕੇ ਮਾਤਾਵਾਂ ਦੇ ਲੰਗਰ ਲਈ ਲਾਈ ਰਸਦ ਬੰਦ ਕਰ ਦਿੱਤੀ ਅਤੇ 10 ਦਸੰਬਰ ਸੰਨ 1710 ਈਸਵੀ (29 ਸ਼ਵਾਲ ਸਨ 4 ਬਹਾਦੁਰਸ਼ਾਹੀ 1122 ਹਿਜਰੀ) ਨੂੰ ਉਸ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਕਰ ਦਿੱਤਾ ਅਤੇ ਬਖਸ਼ੀ-ਉਨ-ਮੁਮਾਲਿਕ ਮਹਾਬਤ ਖਾਨ ਨੂੰ ਕਿਹਾ ਕਿ ਸ਼ਾਹਜਹਾਨਾਬਾਦ (ਦਿੱਲੀ) ਦੇ ਇਰਦ ਗਿਰਦ ਦੇ ਫ਼ੌਜਦਾਰਾਂ ਦੇ ਨਾਂ ਬਾਦਸ਼ਾਹੀ ਹੁਕਮ (ਹਸਬਲ-ਹੁਕਮਿ ਵਾਲਾ) ਲਿਖ ਦੇਵੇ ਕਿ ਜਿਥੇ ਕਿਧਰੇ ਭੀ ਨਾਨਕ ਪੂਜ ਸਿੱਖ ਮਿਲਣ, ਕਤਲ ਕਰ ਦਿੱਤੇ ਜਾਣ (ਨਾਨਕ-ਪ੍ਰਸ਼ਤਾਂ ਰਾ ਹਰ ਜਾ ਕਿ ਬ-ਪਾਬੰਦ ਬ-ਕਤਲ ਰਸਾਨੇਦ)

(ਹੁਕਮਨਾਮੇ ਸੰਪਾ: ਡਾ. ਗੰਡਾ ਸਿੰਘ, ਪੰਨਾ 33)

ਸਰਕਾਰ ਵਲੋਂ ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਹੋਣ ‘ਤੇ ਸਿੱਖਾਂ ਉੱਤੇ ਅਤਿਆਚਾਰ ਸ਼ੁਰੂ ਹੋ ਗਏ । ਦਿੱਤੀ ਅਤੇ ਨਾਲ ਲਗਦੇ ਰਾਜਾਂ ਵਿਚ ਹਜ਼ਾਰਾਂ ਸਿੱਖ ਪਰਿਵਾਰ ਸ਼ਹੀਦ ਕਰ ਦਿੱਤੇ ਗਏ ।

ਅਤਿਆਚਾਰ ਦੀਆਂ ਖ਼ਬਰਾਂ ਸੁਣ ਕੇ ਮਾਤਾ ਸਾਹਿਬ ਕੌਰ ਨੇ ਬੜਾ ਦੁੱਖ ਮਨਾਇਆ ਅਤੇ ਗੁਰੂ ਪਤੀ ਦੇ ਬਖਸ਼ੇ ਸ਼ਸਤਰਾਂ ਕੋਲ ਬੈਠ ਕੇ ਪਾਠ ਤੇ ਅਰਦਾਸ ਕੀਤੀ “ਸੱਚੇ ਪਾਤਸ਼ਾਹ ਇਸ ਅਚੇਤ ਸੰਕਟ ਸਮੇਂ ਆਪਣੇ ਸਿੱਖਾਂ ਦੀ ਆਪ ਰਖਿਆ ਕਰੋ । ”

ਬਹਾਦਰ ਸ਼ਾਹ ਤੋਂ ਬਾਅਦ ਸ਼ਾਹੀ ਤਖਤ ’ਤੇ ਉਸ ਦਾ ਪੁੱਤਰ ਫਰਖਸ਼ੀਅਰ ਬੈਠਾ, ਅਤੇ ਉਸ ਨੇ ਵੀ ਸਿੱਖਾਂ ਉੱਤੇ ਅਤਿਆਚਾਰ ਜਾਰੀ ਰੱਖੇ । ਦਿੱਲੀ ਦੇ ਹਾਲਾਤ ਖਰਾਬ ਹੋਏ • ਤੱਕ ਕੇ ਮਾਤਾ ਸਾਹਿਬ ਕੌਰ ਗੁਰੂ-ਪਤੀ ਦੇ ਬਖਸ਼ੇ ਹੋਏ ਸ਼ਸਤਰ ਭਾਈ ਜਵਾਹਰ ਸਿੰਘ ਦੇ ਸਪੁਰਦ ਕਰਕੇ ਆਪ ਮਥਰਾ ਚਲੇ ਗਏ ।

ਇਤਿਹਾਸ ਅਨੁਸਾਰ ਦੋਵੇਂ ਮਾਤਾਵਾਂ ਸੰਮਤ 1775 ਬਿਕਰਮੀ (1710 ਈਸਵੀ) ਨੂੰ ਦਿੱਲੀ ਤੋਂ ਚਲ ਕੇ ਭਰਤਪੁਰ ਪਹੁੰਚੀਆਂ । ਇਥੋਂ ਦੇ ਰਾਜੇ ਨੇ ਕੁਝ ਸੇਵਾ ਕੀਤੀ ਪਰ ਦਿੱਲੀ ਦੇ ਬਾਦਸ਼ਾਹ ਦੇ ਡਰ ਕਰਕੇ ਬਹੁਤ ਸਮਾਂ ਉਨ੍ਹਾਂ ਨੂੰ ਇਥੇ ਨਾ ਰੱਖ ਸਕਿਆ । ਮਾਤਾਵਾਂ ਨੂੰ ਉਸ ਦੀ ਨੀਅਤ ਠੀਕ ਨਾ ਲੱਗੀ, ਇਸ ਲਈ ਉਹ ਉਥੋਂ ਚਲੀਆਂ ਗਈਆਂ।

ਗੁਰੂ ਦੇ ਸ਼ਰਧਾਲੂ ਜੈਪੁਰ ਦੇ ਰਾਜਾ ਨੇ ਮਾਤਾਵਾਂ ਦੀ ਬਹੁਤ ਸੇਵਾ ਕੀਤੀ ਅਤੇ ਉਨ੍ਹਾਂ ਦੇ ਰਹਿਣ ਲਈ ਜਮਨਾ ਕਿਨਾਰੇ ਇਕ ਮਕਾਨ ਬਣਵਾ ਦਿੱਤਾ । ਖਰਚੇ ਲਈ ਦੋ ਪਿੰਡਾਂ ਦੀ ਜਗੀਰ ਇਨ੍ਹਾਂ ਦੇ ਨਾਂ ਲਗਾ ਦਿੱਤੀ । ਮਾਤਾਵਾਂ ਨੇ ਇਥੇ ਆਪਣੇ ਵਸਣ ਦਾ ਪ੍ਰਬੰਧ ਕਰ ਲਿਆ । ਰਾਜਾ ਜੈ ਸਿੰਘ ਲੋੜੀਂਦੇ ਪਦਾਰਥ ਦੀ ਸੇਵਾ ਕਰਨ ਤੋਂ ਇਲਾਵਾ ਇਥੇ ਆਪਣੇ ਕਰਮਚਾਰੀਆਂ ਨੂੰ ਸੇਵਾ ਕਰਨ ਦਾ ਹੁਕਮ ਦੇ ਗਿਆ !

(ਖਾਲਸੇ ਦੀ ਮਾਤਾ, ਪੰਨਾ 157)

ਰਾਜਾ ਜੈ ਸਿੰਘ ਵਲੋਂ ਮਾਤਾਵਾਂ ਦੀ ਸੇਵਾ ਸਬੰਧੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ :

ਜਮਨਾ ਤੀਰ ਕਰਯੋ ਨਿਜੀ ਡੇਰਾ ।

ਤਹਿ ਪੁਰੇ ਪਾਲਕ” ਸੁਨ ਤਿਸ ਬੇਰਾ ।

ਲੇ ਕਰ ਭੇਟ ਮਿਲਨ ਕੋ ਆਵਾ ।

ਹਾਥ ਜੋਰ ਜੁਗ ਮਾਥ ਟਿਕਾਵਾ ।

ਕਰਹੁ ਮਾਤਾ ਜੀ ਪੁਰ ਮਹਿ ਬਾਸਾਂ ।

ਲੈ ਦੋਵੋਂ ਮਹਿ ਰੁਦਰ ਅਵਾਸਾਂ । ‘

ਜੈ ਪੁਰ ਕੇ ਰਾਜੇ ਤੁਮ ਦਾਸ ।

ਪਰਵੋ ਖਬਰ ਛਿਪਰ ਤਿਨਪਾਸ ।

ਸਕਲ ਭਾਂਤ ਕੋ ਦੇਹ ਗੁਜ਼ਾਰਾ ।

ਸਮਾਂ ਬਿਤਾਵਹੁ ਬੈਠ ਸੁਖਾਰਾ ।

ਇਮ ਕਹਿ ਲੈ ਕਰ ਅੰਤਰ ਗਯੋ ।

ਸੁਭ ਅਵਾਸ ਮਹਿ ਬਾਸਾ ਕਯੋ ।

ਸੁਨ ਕਰ ਰਾਜੇ ਗ੍ਰਾਮ ਦੂਏ ਦੀਏ ।

ਲੈ ਕਰ ਪੱਟੇ ਪਰਾਵਨ ਕੀਏ ।

ਮਥਰਾ ਨਿਕਟ ਦਏ ਦੁਇ ਗ੍ਰਾਮੁ ॥

ਸਦਨ ਬਨਾਇ ਦੀਏ ਅਭਰਾਮੁ ।”

ਅਬਲਗ ਮਥਰਾ ਪੂਰੇ ਹਵੇਲੀ ।

ਦਰਸਿਹਿ ਤਹਾਂ ਪੁਰੀ ਮੁਇਕੇਲੀ ।

(ਗੁ: ਪ੍ਰ: ਸੂ: ਗ੍ਰੰਥ, ਅੰਸੂ 2, ਐਨ 2)

ਇਸ ਤਰ੍ਹਾਂ ਦੋਏ ਮਾਤਾਵਾਂ ਕਈ ਸਾਲ ਇਥੇ ਰਹੀਆਂ ਅਤੇ ਹੁਣ ਤਕ ਇਸ ਹਵੇਲੀ ਦਾ ਨਾਂ ‘ਮਾਤਾਵਾਂ ਦੀ ਹਵੇਲੀ’ ਕਰਕੇ ਪ੍ਰਸਿੱਧ ਹੈ।

ਦਿੱਲੀ ਦੇ ਤਖਤ ਦਾ ਮਾਲਕ ਮੁਹੰਮਦ ਸ਼ਾਹ ਰੰਗੀਲਾ ਦੇ ਬਣਨ ‘ਤੇ ਰਾਜਸੀ ਹਾਲਾਤ ਫਿਰ ਕੁਝ ਸੁਧਰੇ ਜਿਸ ‘ਤੇ ਮਾਤਾਵਾਂ ਸੰਗਤਾਂ ਦੇ ਸੱਦੇ ‘ਤੇ ਫਿਰ ਮਥਰਾ ਤੋਂ ਦਿੱਲੀ ਪਰਤ ਆਈਆਂ । ਇਸ ਵਾਰੀ ਉਨ੍ਹਾਂ ਨੇ ਕੂਚਾ ਦਿਲਵਾਲੀ ਸਿੰਘ ਦੀ ਥਾਂ ਤੁਰਕਮਾਨ ਗੇਟ ਤੇ ਜਵਾਹਰ ਸਿੰਘ ਦੀ ਹਵੇਲੀ ਵਿਚ ਹੀ ਟਿਕਾਣਾ ਕੀਤਾ ਜਿਥੇ ਅੱਜ ਤਕ ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਪ੍ਰਸਿੱਧ ਹੈ ।

ਗੁਰਬਾਣੀ ਤੇ ਸਾਹਿੱਤ ਦੀ ਸੰਭਾਲ

ਦਿੱਲੀ ਦੇ ਤਖਤ ‘ਤੇ ਸੰਮਤ 1776 (ਸੰਨ 1719 ਈ:) ਨੂੰ ਮੁਹੰਮਦ ਸ਼ਾਹ ਰੰਗੀਲਾ ਬੈਠਾ । ਉਹ ਬੜਾ ਆਰਾਮ ਤਲਬ, ਐਸ਼ਪ੍ਰਸਤ ਅਤੇ ਰਾਜਸੀ ਝਮੇਲਿਆਂ ਤੋਂ ਬੇਖਬਰ ਸੀ । ਉਸ ਦਾ ਇਕ ਵਿੱਤੀ ਅਹੁਦੇਦਾਰ ਰਾਜਾ ਰਾਮ ਖਤਰੀ ਸੀ ਜੋ ਗੁਰੂ ਘਰ ਦਾ ਸ਼ਰਧਾਲੂ ਸਹਿਜਧਾਹੀ ਸਿੱਖ ਸੀ । ਉਸ ਨੇ ਬਾਦਸ਼ਾਹ ਨੂੰ ਗੁਰੂ ਘਰ ਵਲੋਂ ਬਹਾਦਰ ਸ਼ਾਹ ਤੇ ਕੀਤੀਆਂ ਮਿਹਰਬਾਨੀਆਂ ਦੀ ਵਾਰਤਾ ਸੁਣਾਈ ਅਤੇ ਮਾਤਾਵਾਂ ਦੇ ਸੰਕਟ ‘ਤੇ ਨੁਕਸਾਨ ਦਾ ਜ਼ਿਕਰ ਕਰਕੇ ਉਸ ਨੂੰ ਮਾਤਾਵਾਂ ਦੀ ਮਦਦ ਕਰਨ ਲਈ ਪ੍ਰੇਰਿਆ ।

ਭਾਈ ਸੰਤੋਖ ਸਿੰਘ ਨੇ ‘ਗੁਰਪਰਤਾਪ ਸੂਰਜ ਗ੍ਰੰਥ’ ਵਿਚ ਲਿਖਿਆ ਹੈ ਕਿ ਬਾਦਸ਼ਾਹ ਖ਼ੁਦ ਮਾਤਾਵਾਂ ਕੋਲ ਆਇਆ ਸੀ ਅਤੇ ਉਸ ਨੇ ਧਨ ਭੇਟ ਕਰਕੇ ਮਾਤਾਵਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤੀ ।

ਦੀਓ ਦਰਬ ਬੰਦਨਾ ਬਹੁ ਕੀਨ ।

ਮਾਈਆਂ ਖੁਸ਼ ਹੋਏ ਆਸਿਸ” ਦੀਨ ।

ਇਸ ਤਰ੍ਹਾਂ ਇਕ ਵਾਰੀ ਫਿਰ ਮਾਤਾਵਾਂ ਨੇ ਸੁੱਖ ਦਾ ਸਾਹ ਲਿਆ ਅਤੇ ਸਿੱਖ ਸੰਗਤਾਂ ਦੀ ਆਵਾਜਾਈ ਸ਼ੁਰੂ ਹੋ ਗਈ ਅਤੇ ਲੰਗਰ ਚਲਣ ਲਗੇ ।

ਮਾਤਾ ਸਾਹਿਬ ਕੌਰ ਜੀ ਪਹਿਲਾਂ ਵਾਂਗ ਹੀ ਸ਼ਾਂਤ ਤੇ ਇਕਾਂਤ ਭਜਨ ਬੰਦਗੀ ਵਿਚ ਰਹਿੰਦੇ ਜਾਂ ਫਿਰ ਭਾਈ ਮਨੀ ਸਿੰਘ ਵਲੋਂ ਇਕੱਤਰ ਹੋਈ ਦਸ਼ਮੇਸ਼ ਦੀ ਬਾਣੀ ਨੂੰ ਭਾਈ ਸ਼ੀਹਾਂ ਸਿੰਘ ਤੋਂ ਲਿਖਵਾਉਂਦੇ ਅਤੇ ਸੰਗ੍ਰਹਿ ਕਰਦੇ ਸਨ ।

ਭਾਈ ਮਨੀ ਸਿੰਘ ਜੀ ਦੀ 22 ਵਿਸਾਖ 1768 ਨੂੰ ਅੰਮ੍ਰਿਤਸਰ ਤੋਂ ਮਾਤਾਵਾਂ ਨੂੰ ਲਿਖੀ ਇਕ ਚਿੱਠੀ ਤੋਂ ਵੀ ਇਸ ਦੇ ਸੰਕੇਤ ਮਿਲਦੇ ਹਨ । ਇਹ ਵੀ ਪਤਾ ਚਲਦਾ ਹੈ ਕਿ ਮੁਗ਼ਲਾਂ ਹਥੋਂ ਸਿੱਖਾਂ ‘ਤੇ ਅਤਿਆਚਾਰ ਵੱਧ ਚੁੱਕੇ ਸਨ ਅਤੇ ਸਿੰਘ ਸ਼ਹਿਰਾਂ ਦੀ ਥਾਂ ਜੰਗਲਾਂ ਵਿਚ ਵਾਸਾ ਕਰ ਚੁੱਕੇ ਸਨ । ਭਈ ਮਨੀ ਸਿੰਘ ਦੀ ਚਿੱਠੀ ਇਸ ਤਰ੍ਹਾਂ ਹੈ :

ੴ ਅਕਾਲ ਸਹਾਇ ॥

ਪੂਜਯ ਮਾਤਾ ਜੀਆਂ ਦੇ ਚਰਨਾਂ ਪਰ ਮਨੀ ਸਿੰਘ ਦੀ ਡੰਡੋਤ ਬੰਦਨਾ ਬਹਰੋ ਸਮਾਚਾਰ ਵਾਚਨਾ ਕਿ ਇਕ ਇਧਰ ਆਉਣ ਤੋਂ ਸਾਡਾ ਸਰੀਰ ਵਾਯ ਦਾ ਅਧਕ ਵਿਕਾਰੀ ਹੋਇ ਗਿਆ ਹੈ । ਸੁਅਸਤ ਨਹੀਂ ਰਹਿਆ । ਤਾਪ ਕੀ ਕਥਾ ਦੋ ਬਾਰੀ ਸੁਨੀ ਪਰ ਮੰਦਰ ਦੀ ਸੇਵਾ ਮੈਂ ਕੋਈ ਆਲਕ ਨਹੀਂ ਦੇਸ਼ ਵਿਚ ਖਾਲਸੇ ਦਾ ਬਲ ਛੁੱਟ ਗਿਆ ਹੈ । ਸਿੰਘ ਪਰਬਤ ਬਨਾ ਵਿਚ ਜਾਇ ਬਸੇ ਹੈਂ । ਮਲੇਛੋਂ ਕੀ ਦੇਸ਼ ਮੈਂ ਦੋਹੀ ਹੈ ਬਸਤੀ ਮੈ ਬਾਲਕ ਜਵਾਂ ਇਸਤਰੀ ਸਲਾਮਤ ਨਹੀਂ । ਪੁੱਛ ਪੁੱਛ ਕਰ ਮਾਰਦੇ ਹਨ । ਗੁਰ ਦਰੋਹੀ ਬੀ ਉਨ੍ਹਾਂ ਦੇ ਸੰਗ ਮਿਲ ਗਏ ਹੈਂ । ਮਤਸਦੀ ਭਾਗ ਗਏ ਹਨ । ਸਾਡੇ ਪਰ ਅਬੀ ਤੋ ਅਕਾਲ ਕੀ ਰੱਛਾ ਹੈ ਕਲ ਕੀ ਖ਼ਬਰ ਨਾਹੀ । ਸਾਹਿਬਾਂ ਦਾ ਹੁਕਮ ਅਟਲ ਹੈ । ਬਿਨੋਦ ਸਿੰਘ ਦੇ ਪੁੱਤਰਲੇ ਦਾ ਹੁਕਮ ਸਤ ਹੋਏ ਗਿਆ ਹੈ । ਪੋਥੀਆਂ ਜੋ ਝੰਡਾ ਸਿੰਘ ਹੱਥ ਦੇ ਕੇ ਭੇਜੀ ਉਨ੍ਹਾਂ ਵਿਚ ਸਾਹਿਬਾਂ ਦੇ 303 ਚਰਿਤਰ ਉਪਖਿਆਲੇ ਪੋਥੀ ਜੋ ਹੈ ਸ਼ੀਆ ਸਿੰਘ ਨੂੰ ਮਹਿਲ ਵਿਚ ਦੇਨਾ ਜੀ । ਨਾਮ ਮਾਲਾ ਦੀ ਪੋਥੀ ਦੀ ਖ਼ਬਰ ਮਿਲੀ ਨਹੀਂ । ਕਰਿਸ਼ਨਾਵਾਤਾਰ ਪਰਬਾਰਥ ਮਿਲਾ ਉਤਰਾਰਥ ਨਹੀਂ । ਜਦੋਂ ਮਿਲਾ ਅਸੀਂ ਭੇਜ ਦੇਵਾਂਗੇ । ਦੇਸ਼ ਵਿਚ ਗੋਗਾ ਹੈ ਕਿ ਬੰਦਾ ਬੰਧਨ ਮੁਕਤ ਹੋਏ ਭਾਗ ਗਇਆ ਹੈ। ਸਾਹਿਬ ਬਹੁੜੀ ਕਰਨਗੇ । ਤੋਲਾ ਪਰ ਸੋਨਾ ਸਾਹਿਬਜ਼ਾਦੇ ਦੀ ਘਰਨੀ ਕੇ ਆਭੂਖਨ ਲਈ ਗੁਰੂ ਕਿਆਂ ਖੰਡੂਰ ਸੇ ਭੇਜਾ ਹੈ 17 ਰਜਤਪਨ ਬੀ ਝੰਡਾ ਸਿੰਘ ਬਰਪਾਨੇ ਪੰਜ ਰਜਤਪਨ ਇਸੇ ਤੋਸਾ ਦੀਆਂ। ਇਸ ਨੂੰ ਬਦਰਕਾ ਬੀ ਹੈ ਇਸ ਸੇ ਉਠ ਜਾਏਗਾ । ਮੁਸਤਦੀਓ ਨੇ ਹਿਸਾਬ ਨਹੀਂ ਦੀਆ ਜੋ ਦੇਂਦੇ ਤਾਂ ਬੜੇ ਸ਼ਹਿਰ ਸੇ ਹੁੰਡੀ ਕਰਾਇ ਭੇਜਦੇ । ਅਸਾਡੇ ਸਰੀਰ ਕੀ ਰਛਿਆ ਰਹੀ ਤਾਂ ਕੁਆਰਦੇ ਮਹੀਨੇ ਆਵਾਂਗੇ । ਮਿਤੀ ਵੈਸਾਖ 22 ਦਸਖਤ ਮਨੀ ਸਿੰਘ ਗੁਰੂ ਚੱਕ ਬੁੰਗਾ । ਜੁਆਬ ਪੋਰੀ ਮੈਂ।

(ਖਾਲਸੇ ਦੀ ਮਾਤਾ, ਕ੍ਰਿਤ ਗਿ: ਹਰੀ ਸਿੰਘ ਸਲਾਰ, ਪੰਨਾ 168-169) ਭਾਈ ਸਾਹਿਬ ਦੀ ਚਿੱਠੀ ਤੋਂ ਪ੍ਰਗਟ ਹੈ ਕਿ ਉਹ ਦੋਹਾਂ ਮਾਤਾਵਾਂ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਨੂੰ ਇਕੋ ਰੂਪ ਸਮਝ ਕੇ ਸਤਿਕਾਰ ਕਰਦੇ ਸਨ । ਦੂਜਾ ਭਾਈ ਮਨੀ ਸਿੰਘ ਜੀ ਵੀ ਬੀਮਾਰੀ ਦੇ ਸ਼ਿਕਾਰ ਹੋ ਚੁੱਕੇ ਸਨ । ਤੀਜਾ ਸਿੱਖਾਂ ਨੂੰ ਮਲੇਛ ਹਾਕਮਾਂ ਵਲੋਂ ਚੁਣ ਚੁਣ ਕੇ ਮਾਰਨ ਦੀ ਮੁਹਿੰਮ ਚਲ ਚੁੱਕੀ ਸੀ । ਜਿਸ ਦੇ ਡਰੋਂ ਦਰਬਾਰ ਸਾਹਿਬ ਮਤਸਦੀ (ਮਹੰਤ) ਵੀ ਨਸ ਗਏ ਸਨ ਅਤੇ ਉਹ ਹਿਸਾਬ ਵੀ ਨਹੀਂ ਸੀ ਦੇ ਕੇ ਗਏ । ਪੋਥੀਆਂ ਲਭ ਕੇ ਭਾਈ ਸਾਹਿਬ ਨੇ ਮਾਤਾਵਾਂ ਨੂੰ ਭੇਜੀਆਂ ਜੋ ਮਾਤਾ ਸਾਹਿਬ ਕੌਰ ਨੇ ਮੰਗਾਈਆਂ ਸਨ । ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਭਜ ਜਾਣ ਦਾ ਵੀ ਇਸ਼ਾਰਾ ਦਿੱਤਾ। ਹੈ । ਖੰਡੂਰ ਦੀ ਸੰਗਤ ਵਲੋਂ ਮਾਤਾ ਦੇ ਪਾਲਤੂ ਪੁੱਤਰ ਅਜੀਤ ਸਿੰਘ ਦੀ ਪਤਨੀ ਦੇ ਜੇਵਰਾਂ ਲਈ ਭੇਜੇ ਸੋਨੇ ਦਾ ਵੀ ਜ਼ਿਕਰ ਹੈ ਤੇ ਲਿਖਿਆ ਹੈ ਕਿ “ਸਾਹਿਬਜ਼ਾਦੇ ਦੀ ਘਰਨੀ ਕੇ ਆਭੂਖਨ ਲਈ ਭੇਜੇ ਹਨ।”

* ਇਹ ਚਿੱਠੀ ਭਾਈ ਮਨੀ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਦੇ ਇਕ ਹੁਕਮਨਾਮੇ ਦੇ ਉੱਤਰ ਵਿਚ ਲਿਖੀ ਸੀ । ਇਸੇ ਲਈ ਆਖੀਰ ਵਿਚ ਲਿਖਿਆ ਜੁਆਬ ਪੋਰੀ ਮੈਂ” ਉਸ ਵੇਲੇ ਚਿੱਠੀ ਦੇ ਰਾਹ ਵਿਚ ਗੁੰਮ ਹੋਣ ਜਾਂ ਹਾਕਮਾਂ ਵਲੋਂ ਖੋਹੇ ਜਾਣ ਦੇ ਡਰੋਂ ਬਚਾਅ ਲਈ ਲੱਕੜ ਦੀ ਪੋਰੀ ਵਿਚ ਛਪਾਕੇ ਭੇਜਦੇ ਸਨ ।

ਇਤਿਹਾਸ ਅਨੁਸਾਰ ਦੋਹਾਂ ਮਾਤਾਵਾਂ ਨੇ ਦਸ਼ਮੇਸ਼ ਜੀ ਦੀ ਆਪਣੀ ਰਚਨਾ ਅਤੇ ਉਨ੍ਹਾਂ ਵਲੋਂ ਹੋਰ ਕਵੀਆਂ ਤੋਂ ਰਚਨਾਵਾਂ ਕਥਾਵਾਂ ਆਦਿ ਨੂੰ ਇਕੱਤਰ ਕਰਵਾ ਕੇ ਸੰਚਿਤ ਕਰਨ ਵਲ ਵਧੇਰੇ ਧਿਆਨ ਦਿੱਤਾ । ਗੁਰੂ ਜੀ ਦੇ ਦਰਬਾਰੀ ਕਵੀਆਂ ਦੀਆਂ ਜੋ ਰਚਨਾਵਾਂ ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ ਗੁੰਮ ਹੋਈਆਂ ਸਨ, ਉਹ ਸਭ ਖੋਜ ਕਰ ਕੇ ਇਕੱਠੀਆਂ ਕਰਵਾਈਆਂ ‘ਤੇ ਦਸਮਗ੍ਰੰਥ ਦੀ ਬੀੜ ਤਿਆਰ ਕਰਵਾਈ ।

ਭਾਈ ਕਾਹਨ ਸਿੰਘ ਜੀ ‘ਮਹਾਨ ਕੋਸ਼’ ਵਿਚ ਦਸਮਗ੍ਰੰਥ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਿਖਦੇ ਹਨ :

“ਮਾਤਾ ਸੁੰਦਰੀ ਜੀ ਦੀ ਆਗਿਆ ਅਨੁਸਾਰ ਸੰਮਤ 1778 ਬਿ: ਵਿਚ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ, ਭਾਈ ਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰ੍ਹਾਂ ਕੀਤਾ । ਇਸ ਅਧਿਕਾਰ ਵਿਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇਕ ਚੰਗੀ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਾਈ, ਜਿਸ ਵਿਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇਕ ਇਕ ਥਾਂ ਅਲੱਗ ਕਰਕੇ ਲਿਖੀ । ਇਸ ਤੋਂ ਇਲਾਵਾ ਵੱਡੇ ਯਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਇਕੱਤਰ ਕਰਕੇ ਇਕੋ ਜ਼ਿਲਦ ‘ਦਸਮੇ ਪਾਤਸ਼ਾਹ ਦਾ ਗ੍ਰੰਥ” ਨਾਂ ਕਰਕੇ ਲਿਖੀ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨ ਦੇਵ ਦੀ ਰਚਨਾ ਦੇ ਵਿਰੁੱਧ ਦੇਖ ਕੇ ਪੰਥ ਦਾ ਭਾਈ ਸਾਹਿਬ ਤੇ ਵੱਡਾ ਕ੍ਰੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ । ਸੰਮਤ 1794 ਵਿਚ ਭਾਈ ਮਨੀ ਸਿੰਘ ਜੀ ਸਿੱਖੀ ਦਾ ਸੱਚਾ ਨਮੂਨਾ ਦੱਸ ਕੇ ਲਾਹੌਰ ਵਿਚ ਸ਼ਹੀਦ ਹੋਏ । ਉਨ੍ਹਾਂ ਦੇ ਦੇਹਾਂਤ ਤੇ ਪੰਥ ਨੇ ਦਸਮ ਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦਯਾ ਦੀ ਟਕਸਾਲ (ਸਿੱਖਾਂ ਦੀ ਕਾਂਸ਼ੀ ਕਰਕੇ ਪ੍ਰਸਿੱਧ) ਸੀ, ਵਿਚਾਰ ਲਈ ਭੇਜ ਦਿੱਤਾ, ਖਾਲਸਾ ਦੀਵਾਨ ਵਿਚ ਇਸ ਬੀੜ ਤੇ ਚਰਚਾ ਹੋਈ । ਕੁਝ ਨੇ ਕਿਹਾ ਪੋਥੀਆਂ ਵਿਚ ਬਾਣੀ ਦਾ ਰਹਿਣਾ ਯੋਗ ਨਹੀਂ, ਇਕ ਜਿਲਦ ਵਿਚ ਹੀ ਸਭ ਦਾ ਇਕੱਤਰ ਰਹਿਣਾ ਠੀਕ ਹੈ । ਕਈਆਂ ਨੇ ਆਖਿਆ ਕਿ ਉਸ ਬੀੜ ਦੀਆਂ ਪੋਥੀਆਂ ਰਹਿਣ ਜਿਨ੍ਹਾਂ ਦਾ ਅਧਿਕਾਰ ਅਨੁਸਾਰ ਗੁਣੀ ਗਿਆਨੀ ਵਿਦਿਆਰਥੀ ਪਠਨ ਪਾਠਨ ਕਰ ਸਕਣ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ, ਇਕ ਵਿਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸੀ ਮੁਖਵਾਕ ਰਚਨਾ ਤੋਂ ਸਤਿਗੁਤਾਂ ਦੀ ਅਕਾਲੀ ਬਾਣੀ ਤੁੱਲ ਹੈ, ਅਤੇ ਦੂਜੀ ਵਿਚ ਇਤਿਹਾਸ ਆਦਿਕ ਲਿਖੇ ਜਾਣ । ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸੱਭ ਬਾਣੀਆਂ ਤਾਂ ਭਾਈ ਮਨੀ ਸਿੰਘ ਜੀ ਦੀ ਲਿਖੀਆਂ ਜਾਣੋਂ ਕੀ ਤਯੋਂ ਰਹਿਣ, ਪਰ ਚਰਿਤ੍ਰ ਅਤੇ ਜ਼ਫਰਨਾਮੇ ਦੇ ਨਾਲ ਜੋ 11 ਹਦਾਂਇਤਾਂ ਲਿਖੀਆਂ ਹਨ।”

(ਮਹਾਨ ਕੈਸ਼, ਪੰਨਾ 616)

ਇਸ ਤਰ੍ਹਾਂ ਮਾਤਾਵਾਂ ਨੇ ਗੁਰੂ ਜੀ ਦੀ ਬਾਣੀ ਅਤੇ ਸਾਹਿੱਤ ਸੰਭਾਲ ਦਾ ਕੰਮ ਬੜੀ ਲਗਨ ਨਾਲ ਕਰਾਇਆ ਜੋ ਸਿੱਖ ਇਤਿਹਾਸ ਦਾ ਖਜ਼ਾਨਾ ਸਮਝਣਾ ਚਾਹੀਦਾ ਹੈ । ਮਾਤਾਵਾਂ ਦੀ ਇਹ ਦੇਣ ਪੰਥ ਕਦੇ ਨਹੀਂ ਭੁਲ ਸਕਦਾ ।

ਅੰਤਿਮ ਦਰਸ਼ਨ

ਸੰਗਤ ਨੇ ਮਾਤਾ ਸਾਹਿਬ ਕੌਰ ਜੀ ਦੇ ਅੰਤਿਮ ਦਰਸ਼ਨ ਮਾਘ ਏਕਾਦਸ਼ੀ ਸੰਮਤ 1804 ਬਿਕਰਮੀ (ਨਵੰਬਰ 1747 ਈ.) ਨੂੰ ਕੀਤੇ । ਉਸ ਦਿਨ ਸਰੀਰਕ ਚੋਲਾ ਛੱਡਣ ਲਈ ਮਾਤਾ ਜੀ ਨੇ ਮਨ ਬਣਾਇਆ ਅਤੇ ਵੱਡੀ ਭੈਣ ਮਾਤਾ ਸੁੰਦਰ ਕੌਰ ਨੂੰ ਕਿਹਾ ਕਿ ਉਨ੍ਹਾਂ ਦਾ ਸਰੀਰ ਅਕਾਲ ਪੁਰਖ ਦੀ ਬਖਸ਼ੀ ਉਮਰ ਭੋਗ ਚੁੱਕਾ ਹੈ ।

ਵਣਿ ਘਾਲੈ ਸਭ ਤਿਲ ਸਾਸੁ ॥

ਨਹ ਬਢਨ ਘਟਨ ਤਿਲ ਸਾਰੁ 1

(ਗੁਰਵਾਕ)

ਉਨ੍ਹਾਂ ਨੇ ਭੈਣ ਕੋਲ ਇੱਛਾ ਪ੍ਰਗਟ ਕੀਤੀ ਕਿ ‘ਸਰੀਰ ਛੱਡ ਕੇ ਮੈਂ ਆਪਣੇ ਗੁਰ ਪਤੀ ਦੇ ਚਰਨਾਂ ਵਿਚ ਜਾ ਰਹੀ ਹਾਂ । ਮੇਰੇ ਸਰੀਰ ਦਾ ਅੰਤਮ ਸਸਕਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਅਸਥਾਨ ਬਾਲਾ ਸਾਹਿਬ ਵਿਚ ਕੀਤਾ ਜਾਵੇ ।

ਮਾਤਾ ਜੀ ਨੇ ਨਿੱਤ ਕਿਰਿਆ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਪਾਠ ਕਰਕੇ ਸ਼ਸਤਰਾਂ ਦੀ ਪੂਜਾ ਕੀਤੀ ਅਤੇ ਕਮਜ਼ੋਰ ਹੱਥਾਂ ਨਾਲ ਸ਼ਸਤਰਾਂ ਨੂੰ ਪਰਸ ਕੇ ਸ਼ਸਤਰਾਂ ਦੇ ਪਲੰਘ ਨੇੜੇ ਹੀ ਚਾਦਰ ਨਾਲ ਮੂੰਹ ਢੱਕ ਕੇ ਲੇਟੇ ਅਤੇ ਸਦਾ ਦੀ ਨੀਂਦ ਸੋ ਗਏ ।

ਭਾਈ ਸੰਤੋਖ ਸਿੰਘ ਜੀ ਲਿਖਦੇ ਹਨ :

ਇਸ ਬਿਧ ਕੇਤਕ ਸਮਾਂ ਬਤਾਵਾ ।

ਪਨ ਦਿਨ ਅੰਤ ਆਏ ਨਿਯਰਾਵਾ ।

ਤਿਥ ਇਕਾਦਸੀ ਮੈਂ ਤਜ ਪ੍ਰਾਨ ।

ਪਹੁੰਚੀ ਪਤ ਢਿਗ ਠਾਨ ਧਿਆਨ ।

(ਗੁ: ਪ੍ਰ: ਸੂ: ਗ੍ਰੰਥ, ਅੰਸੂ 26, ਐਨ 2)

ਮਾਤਾ ਜੀ ਦੇ ਪ੍ਰਲੋਕ ਗਮਨ ਦੀ ਖ਼ਬਰ ਸੁਣ ਕੇ ਸੰਗਤ ਭਾਰੀ ਗਿਣਤੀ ਵਿਚ ਜਮ੍ਹਾਂ ਹੋ ਗਈ । ਸਾਰੀ ਸੰਗਤ ਉਨ੍ਹਾਂ ਦੇ ਗੁਣ, ਉਪਦੇਸ਼ ਅਤੇ ਪਿਆਰ ਨੂੰ ਯਾਦ ਕਰਕੇ ਮਨ ਨੂੰ ਧਰਵਾਸ ਦੇ ਰਹੀ ਸੀ । ਮਾਤਾ ਦਾ ਸਰੀਰ ਮਹੱਲ ਦੇ ਵਿਹੜੇ ਵਿਚ ਰੱਖਿਆ ਗਿਆ ਜਿਥੇ ਨਿਕਟਵਰਤੀ ਸਿੰਘਾਂ ‘ਤੇ ਹੋਰ ਸੰਗਤਾਂ ਨੇ ਚਰਨ ਪਰਸ ਕੇ ਫੁੱਲ ਮਾਲਾਂ ਚੜ੍ਹਾਈਆਂ ਅਤੇ ਮਾਤਾ ਜੀ ਦੇ ਅੰਤਿਮ ਦਰਸ਼ਨ ਕੀਤੇ ।

ਮਾਤਾ ਸੁੰਦਰ ਕੌਰ ਨੇ ਬਾਲਾ ਸਾਹਿਬ ਵਿਚ ਚਿਖਾ ਤਿਆਰ ਕਰਾਈ ਅਤੇ ਬਾਣੀ ਦਾ ਕੀਰਤਨ ਤੇ ਅਰਦਾਸ ਕਰਕੇ ਉਨ੍ਹਾਂ ਦਾ ਪੰਚ ਭੂਤਕ ਸਰੀਰ ਅਗਨੀ ਸਪੁਰਦ ਕਰ ਦਿੱਤਾ ਗਿਆ ।

ਸ੍ਰੀ ਹਰਕ੍ਰਿਸ਼ਨ ਦੈਹਰੇ ਪਾਸ

ਤਹਿ ਸੰਸਕਾਰੀ ਹੋਏ ਗਨ ਦਾਸ

( ਗੁ: ਪ੍ਰ: ਸੂ: ਗ੍ਰੰਥ, ਅੰਸੂ 26, ਐਨ 2)

ਰਸਮ ਅਨੁਸਾਰ ਮਾਤਾ ਸੁੰਦਰ ਕੌਰ ਨੇ ਅੰਗੀਠੇ ਦੀ ਬਿਭੂਤੀ ਇਕੱਠੀ ਕਰਾ ਕੇ ਗਾਗਰ ਵਿਚ ਪਾ ਕੇ ਉਥੇ ਹੀ ਧਰਤੀ ਵਿਚ ਦੱਬ ਦਿੱਤੀ । ਉਪਰ ਇਕ ਚਬੂਤਰਾ ਬਣਵਾ ਦਿੱਤਾ ।

ਸੰਮਤ 1847 (1790 ਈ.) ਵਿਚ ਖਾਲਸੇ ਨੇ ਜਦੋਂ ਪੰਜਾਬ ਫਤਹਿ ਕੀਤਾ ਤਾਂ ਕਰੋੜੀਆਂ ਮਿਸਲ ਦੇ ਸ੍ਰ. ਬਘੇਲ ਸਿੰਘ ਨੇ ਖਾਲਸਈ ਫ਼ੌਜਾਂ ਦੀ ਮਦਦ ਨਾਲ ਦਿੱਲੀ ਫਤਹਿ ਕਰ ਲਈ । ਉਸ ਵੇਲੇ ਸ਼ਾਹ ਆਲਮ ਤਖ਼ਤ ਉੱਤੇ ਸੀ । ਉਸ ਨੇ ਆਪਣੇ ਸੂਝਵਾਨ ਵਜ਼ੀਰ ਸ਼ਾਆਦਤ ਅਲੀ ਅਤੇ ਬੇਗ਼ਮ ਸਿਮਰ ਨੂੰ ਵਿਚ ਪਾ ਕੇ ਸਿੰਘਾਂ ਨਾਲ ਇਸ ਸ਼ਰਤ ‘ਤੇ ਸਮਝੌਤਾ ਕੀਤਾ ਕਿ ਦਿੱਲੀ ਵਿਚ ਗੁਰਾਂ ਦੇ ਇਤਿਹਾਸਕ ਅਸਥਾਨ, ਜਿਨ੍ਹਾਂ ਉੱਤੇ ਮੁਸਲਮਾਨਾਂ ਨੇ ਕਬਜ਼ੇ ਕੀਤੇ ਹੋਏ ਹਨ, ਖਾਲਸੇ ਦੇ ਪ੍ਰਬੰਧ ਹੇਠ ਲਿਆ ਕੇ ਉਥੇ ਸਰਕਾਰੀ ਖ਼ਰਚ ਨਾਲ ਗੁਰਦੁਆਰੇ ਬਣਾਏ ਜਾਣਗੇ । ਨਾਲ ਹੀ ਖਾਲਸਈ ਫ਼ੌਜਾਂ ਦੇ ਪੰਜਾਬ ਤੋਂ ਆਉਣ ਜਾਣ ਦੇ ਖਰਚੇ ਤੇ ਹੋਰ ਸਹਾਇਤਾ ਵਜੋਂ ਤਿੰਨ ਲੱਖ ਰੁਪਏ ਦਿੱਤੇ ।

ਭਾਈ ਬਘੇਲ ਸਿੰਘ ਨੇ ਪੰਥ ਦੀ ਪ੍ਰਵਾਨਗੀ ਨਾਲ ਦਿੱਲੀ ਦੇ ਗੁਰਦੁਆਰੇ ਬਣਵਾਏ । ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਅਤੇ ਦੋਹਾਂ ਮਾਤਾਵਾਂ ਦੇ ਸਸਕਾਰ ਅਸਥਾਨ ਬਾਲਾ ਸਾਹਿਬ ਵਿਚ ਸਮਾਧੀਆਂ ਚਿਣਵਾ ਕੇ ਗੁਰਦੁਆਰਾ ਬਣਵਾਇਆ ।

ਗਿਆਨੀ ਗਿਆਨ ਸਿੰਘ ਜੀ ‘ਪੰਥ ਪ੍ਰਕਾਸ਼’ ਵਿਚ ਸ੍ਰ. ਬਘੇਲ ਸਿੰਘ ਦੀ ਸੇਵਾ ਸਬੰਧੀ ਲਿਖਦੇ ਹਨ :

ਮਾਤ ਸੁੰਦਰੀ ਸਾਹਿਬ ਦੈਵੀ,

ਰਹੇ ਮਹਿਲ ਜਿਸ ਮਾਹਿ ਅਭੈਵੀ ।

ਪੀੜੇ ਦੋਨੋਂ ਕੇ ਰਚਵਾਏ ।

ਝੰਡੇ ਝੁਲਾ ਕਣਕੈ ਵਰਤਾਏ ।

ਔਰ ਜੈ ਪੁਰੈ ਬਸਤੀ ਮਾ ਹੈ ।

ਅਸ਼ਟਮ ਗੁਰ ਤੇ ਰਹੇ ਜਹਾਂ ਹੈ ।

ਤਹਾਂ ਬੰਗਲਾਂ ਸਾਹਿਬ ਰਚਯੋ ।

ਕੁਣਕਾ ਬਰਤਾ ਝੰਡਾ ਗਚਯੋ ।

ਦੇਹ ਜਹਾਂ ਗੁਰ ਅਸ਼ਟਮ ਵਾਰੀ । ਔਰ ਉਭੈ ਮਾਤਾ ਕੀ ਜਾਰੀ । ਰਚੈ ਦੇਹੁਰੇ ਤਹਿ ਥਾਂ ਜਾਇ । ਬਾਲਾ ਸਾਹਿਬ ਸੋ ਕਹਿਲਾਇ ॥

(ਪੰਥ ਪ੍ਰਕਾਸ਼, ਪੰਨਾ 1135)

ਭਾਈ ਕਾਹਨ ਸਿੰਘ ਜੀ ‘ਮਹਾਨ ਕੋਸ਼’ ਵਿਚ ਦਿੱਲੀ ਦੇ ਗੁਰਦੁਆਰਿਆਂ ਦੇ ਇਤਿਹਾਸ ਵਿਚ ਲਿਖਦੇ ਹਨ :

“ਬਾਲਾ ਸਾਹਿਬ, ਬਾਲ ਗੁਰੂ ਹਰਿਕ੍ਰਿਸ਼ਨ ਜੀ ਦੇ ਸਰੀਰ ਦਾ ਸਸਕਾਰ ਇਸ ਥਾਂ ਸੰਮਤ 1721 ਵਿਚ ਹੋਇਆ ਹੈ । ਮਾਤਾ ਮਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਵੀ ਇਸੇ ਥਾਂ ਹੋਇਆ ਹੈ । ਦਿੱਲੀ ਦਰਬਾਜ਼ੇ ਤੋਂ ਬਾਹਰ ਬਾਰਾਂ ਪੁਲਾਂ ਲੰਘ ਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ ।”

(ਮਹਾਨ ਕੋਸ਼, ਪੰਨਾ 635)

ਸ੍ਰ: ਬਘੇਲ ਸਿੰਘ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਕਾਹਨ ਸਿੰਘ ਜੀ ਲਿਖਦੇ ਹਨ :

“ਇਹ ਝਬਾਲ (ਜ਼ਿਲ੍ਹਾ ਅੰਮ੍ਰਿਤਸਰ) ਦਾ ਧਰਮਵੀਰ ਸਰਦਾਰ ਕਰੋੜੀਆਂ ਦੀ ਮਿਸਲ ਵਿਚੋਂ ਸੀ ।

ਇਸ ਨੇ ਖਾਲਸੇ ਦੀ ਸੈਨਾ ਨਾਲ ਸੰਮਤ 1847 ਵਿਚ ਦਿੱਲੀ ਫਤਹਿ ਕੀਤੀ ਅਰ ਸ਼ਾਹ ਆਲਮ ਤੋਂ ਤਿੰਨ ਲੱਖ ਰੁਪਿਆ ਭੇਟ ਲੈ ਕੇ ਦਿੱਲੀ ਦੇ ਗੁਰਦੁਆਰੇ ਬਣਵਾਏ ਅਰ ਉਨ੍ਹਾਂ ਨਾਲ ਜਗੀਰਾਂ ਲਵਾ ਕੇ ਪੰਜਾਬ ਨੂੰ ਵਾਪਸ ਆਇਆ।”

“ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਦੇ ਚਬੂਤਰੇ ਉਸ ਨੇ ਬਾਲਾ ਸਾਹਿਬ ਵਿਚ ਬਣਵਾਏ ਸਨ ।”

ਮਹਾਨ ਕੋਸ਼, ਪੰਨਾ 83) ਇਸ ਤਰ੍ਹਾਂ ਇਤਿਹਾਸ ਅਨੁਸਾਰ ਮਾਤਾ ਸਾਹਿਬ ਕੌਰ ਜੀ ਦਾ ਜਨਮ 19 ਕੱਤਕ ਸੰਮਤ 1738 (1681 ਈ:) ਵਿਚ ਹੋਇਆ। ਦਸ਼ਮੇਸ਼ ਜੀ ਨਾਲ ਉਨ੍ਹਾਂ ਦਾ ਅਨੰਦ ਕਾਰਜ ‘ਕੁਆਰਾ ਡੋਲਾ’ ਦੇ ਰੂਪ ਵਿਚ 18 ਵੈਸਾਖ 1775 (1700 ਈ:) ਨੂੰ ਹੋਇਆ ਅਤੇ ਪ੍ਰਲੋਕ ਗਮਨ ਮਾਘ ਏਕਾਦਸੀ ਸੰਮਤ 1804 (ਨਵੰਬਰ 1747 ਈ:) ਵਿਚ ਕੀਤਾ ।

ਗਿਆਨੀ ਹਰੀ ਸਿੰਘ ਸਲਾਰ ਲਿਖਦੇ ਹਨ :

“ਮਾਤਾ ਜੀ ਦੇ ਪ੍ਰਲੋਕ ਗਮਨ ਦੀ ਮਿਤੀ ਪੰਡਤ ਤਾਰਾ ਸਿੰਘ ਨਰੋਤਮ ਨੇ ਆਪਣੀ ਕ੍ਰਿਤ ‘ਸ੍ਰੀ ਗੁਰੂ ਤੀਰਥ ਸੰਗ੍ਰਹਿ’ ਵਿਚ 1804 ਲਿਖੀ ਹੈ । ‘ਸੂਰਜ ਪ੍ਰਕਾਸ਼’ ਵਿਚ ਤਿਥ ਏਕਾਦਸ਼ੀ ਤਾਂ ਲਿਖੀ ਹੈ ਪਰ ਸੰਮਤ ਦਾ ਕੋਈ ਥਹੁਪਤਾ ਨਹੀਂ ਦਿੱਤਾ । ਕੇਸਰ ਸਿੰਘ ਛਿੱਬਰ ‘ਬੰਸਾਵਲੀ ਨਾਮਾ’ ਦਸਮ ਪਾਤਸ਼ਾਹੀਆਂ ਦਾ ਵਿਚ ਲਿਖਦੇ ਹਨ, ‘ਸੰਮਤ ਸਤਾਰਾਂ ਸੌ ਅਠਾਸੀ ਜਬ ਗਏ, ਤਬ ਮਾਤਾ ਸਾਹਿਬ ਦੇਵੀ ਜੀ ਦਿਲੀਓਂ ਗੁਰਪੁਰ ਨੂੰ ਸਿੱਧ ਕਰਤ ਭਏ (पंठल 185)

“ਸੰਮਤ ਅਠਾਸੀ ਨੂੰ ਮਾਤਾ ਜੀ ਦਾ ਪ੍ਰਲੋਕ ਜਾਣਾ ਨਹੀਂ ਬਣਦਾ । ਮਾਤਾ ਜੀ ਦੇ ਸੰਗਤਾਂ ਦੇ ਨਾਮ ਲਿਖੇ ਹੁਕਮਨਾਮੇ 1791 ਦੇ ਮਿਲਦੇ ਹਨ। (ਦੇਖੋ ਹੁਕਮਨਾਮੇ ਕ੍ਰਿਤ ਸਮਸ਼ੇਰ ਸਿੰਘ ਅਸ਼ੋਕ) ।”

(ਖਾਲਸੇ ਦੀ ਮਾਤਾ, ਪੰਨਾ 180)

ਮਾਤਾ ਜੀ ਨੇ ਅਕਾਲ ਚਲਾਣੇ ਸਮੇਂ ਗੁਰੂ ਦੇ ਬਖਸ਼ੇ ਹੋਏ ਸ਼ਸਤਰ ਅਤੇ ਗੁਰੂ ਦੀ ਮੋਹਰ ਮਾਤਾ ਸੁੰਦਰ ਕੌਰ ਦੇ ਸਪੁਰਦ ਕੀਤੇ। ਮਾਤਾ ਸੁੰਦਰ ਕੌਰ ਨੇ ਸ਼ਸਤਰ ਆਪਣੇ ਪ੍ਰੇਮੀ ਗੁਰਸਿੱਖ ਭਾਈ ਜੀਵਨ ਸਿੰਘ ਨੂੰ ਦਿੱਤੇ ਤੇ ਉਨ੍ਹਾਂ ਨੇ ਆਪਣੇ ਮਟੀਆਂ ਮਹਿਲ ਬਾਜ਼ਾਰ ਚਿਤਲੀ ਕਬਰ ਮਹੱਲੇ ਵਿਚ ਰੱਖੇ । ਭਾਈ ਜੀਵਨ ਸਿੰਘ ਦੇ ਸਪੁੱਤਰ ਬਖਤਾਵਰ ਸਿੰਘ, ਉਨ੍ਹਾਂ ਦੇ ਸਪੁੱਤਰ ਸੇਵਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਭਾਨ ਸਿੰਘ ਸ਼ਸਤਰਾਂ ਦੀ ਸੇਵਾ ਸੰਭਾਲ ਕਰਦੇ ਹੋਏ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਰਹੇ ਹਨ ।

ਭਾਨ ਸਿੰਘ ਦੀ ਆਪਣੀ ਔਲਾਦ ਨਹੀਂ ਸੀ । ਉਨ੍ਹਾਂ ਨੇ ਸ਼ਸਤਰ ਆਪਣੇ ਪਾਲਤੂ ਪੁੱਤਰ ਆਤਮਾ ਸਿੰਘ ਨੂੰ ਦੇ ਕੇ ਸੇਵਾ ਸੰਭਾਲ ਕਰਨ ਦੀ ਹਦਾਇਤ ਕੀਤੀ । ਭਾਈ ਆਤਮਾ ਸਿੰਘ ਨੇ ਸ਼ਸਤਰ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਅਸਥਾਨ ਗੁ: ਰਕਾਬ ਗੰਜ, ਨਵੀਂ ਦਿੱਲੀ ਵਿਚ ਪਹੁੰਚਾਏ ਜਿਥੇ ਅੱਜ ਵੀ ਸੁਸ਼ੋਭਿਤ ਹਨ ਅਤੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ ।

ਮਹਾਰਾਜਾ ਪਟਿਆਲਾ ਰਿਆਸਤ ਵਲੋਂ 200 ਰੁਪਏ ਸਾਲਾਨਾ ਸ਼ਸਤਰਾਂ ਦੀ ਪੂਜਾ ਲਈ ਭੇਜਦੇ ਸਨ ।

(ਦਿੱਲੀ ਗੁਰਦੁਆਰਾ ਇਤਿਹਾਸ ਕ੍ਰਿਤ ਡਾ: ਤਰਲੋਚਨ ਸਿੰਘ)

ਭਾਈ ਕਾਨ੍ਹ ਸਿੰਘ ਜੀ ਲਿਖਦੇ ਹਨ :

“ਮਟੀਆ ਬਾਜ਼ਾਰ ਦੇ ਚਿਤਲੀ ਕਬਰ ਮਹੱਲੇ ਵਿਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨ ਸਿੰਘ ਕੋਲ ਉਹ ਸ਼ਸਤਰ ਸਨ ਜੋ ਸ੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ੇ ਸਨ । ਜੀਵਨ ਸਿੰਘ ਦੀ ਔਲਾਦ ਇਨ੍ਹਾਂ ਸ਼ਸਤਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ । ਹੁਣ ਇਹ ਸ਼ਸਤਰ ਗੁਰਦੁਆਰਾ ਰਕਾਬ ਗੰਜ ਵਿਚ ਅਸਥਾਪਨ ਕੀਤੇ ਗਏ ਹਨ ।

‘ਸ਼ਸਤਰਾਂ ਦੀ ਸੇਵਾ ਲਈ ਪਟਿਆਲਾ ਤੋਂ 101 ਰੁਪਏ ਸਤ ਆਨੇ ਅਤੇ ਪੂਜਾ 74 ਰੁਪਏ ਹੈ । ਰਿਆਸਤ ਨਾਭੇ ਤੋਂ 20 ਰੁਪਏ ਅਤੇ ਦੋ ਸਾਂਝ ਦੀ ਜਗੀਰ ਵਿਚ 70 ਰੁਪਏ ਮਿਲਦੇ ਹਨ ।”

(ਮਹਾਨ ਕੋਸ਼, ਪੰਨਾ 635)

ਇਸ ਤਰ੍ਹਾਂ ਪੰਥ ਖਾਲਸੇ ਦੀ ਧਰਮ ਮਾਤਾ ਸਾਹਿਬ ਕੌਰ ਜੀ ਨੇ ਸੰਸਾਰ ਵਿਚ 66 ਸਾਲ ਆਯੂ ਗੁਜਾਰੀ ਜਿਨ੍ਹਾਂ ਵਿਚੋਂ ੭ ਸਾਲ ਕੁਝ ਮਹੀਨੇ ਗੁਰੂ ਪਤੀ ਸੰਗ ਰਹੇ ਅਤੇ 38 ਸਾਲ ਗੁਰੂ ਦੇ ਬਖ਼ਸ਼ੇ ਹੋਏ ਸ਼ਸਤਰਾਂ ਦੀ ਸੇਵਾ ਤੇ ਪੂਜਾ ਕਰਕੇ ਤਪ-ਸਾਧਤ ਗੁਜਾਰੇ ਹਨ ।

ਭਾਵੇਂ ਉਹ ਅੱਜ ਸਰੀਰਕ ਤੌਰ ਤੇ ‘ਸੰਸਾਰ’ ਤੇ ਨਹੀਂ ਪਰ ਜਦੋਂ ਤਕ ਉਨ੍ਹਾਂ ਦਾਂ ਨਾਦੀ ਪੁੱਤਰ ਪੰਥ ਖਾਲਸਾ ਸੰਸਾਰ ‘ਤੇ ਕਾਇਮ ਹੈ ਤੱਦ ਤੱਕ ਉਨ੍ਹਾਂ ਦਾ ਨਾਮ ਕਾਇਮ ਰਹੇਗਾਂ ਅਤੇ ਉਨ੍ਹਾਂ ਦਾ ਪੁੱਤਰ ਸ਼ਰਧਾ ਨਾਲ ਉਨ੍ਹਾਂ ਨੂੰ ਯਾਦ ਕਰਕੇ ਚੜ੍ਹਦੀ ਕਲਾ ਵਿਚ ਵਿਚਰਦਾ ਰਹੇਗਾ ।

ਮਾਤਾ ਜੀ ਦੀਆਂ ਆਗਿਆਵਾਂ ਅਤੇ ਅਸੀਸਾਂ

ਦਸਮ ਗੁਰੂ ਜੀ ਨੇ ਨੰਦੇੜ (ਹਜੂਰ ਸਾਹਿਬ) ਤੋਂ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵਾਪਸ ਭੇਜਣ ਦੇ ਅੰਤਮ ਵਿਛੋੜੇ ਸਮੇਂ ਉਨ੍ਹਾਂ ਨੂੰ ਭਾਰੀ ਅਧਿਕਾਰ ਸੌਂਪੇ ਸਨ । ਗੁਰੂ ਜੀ ਨੇ ਆਪਣੀ ਵਿਸ਼ੇਸ਼ ਮੋਹਰ ਉਨ੍ਹਾਂ ਨੂੰ ਬਖ਼ਸ਼ਕੇ ਕਿਹਾ ਕਿ ਇਹ ਮੋਹਰ ਲਾ ਕੇ ਪੰਥ ਦੇ ਨਾਂ ਆਗਿਆ ਜਾਰੀ ਕਰੋਗੇ ਗੁਰ ਸਿੱਖ ਉਸ ਨੂੰ ਸ਼ਰਧਾ ਸਹਿਤ ਸਵੀਕਾਰ ਕਰਨਗੇ ਅਤੇ ਉਸ ਦੀ ਪਾਲਣਾ ਕਰਨਗੇ । “ਗੁਰ-ਪਤੀ ਦੀ ਆਗਿਆ ਮੁਤਾਬਿਕ ਉਹ ਲੋੜ ਅਨੁਸਾਰ ਇਸ ਦੀ ਵਰਤੋਂ ਕਰਦੇ ਰਹੇ ।”

ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਤਾ (1681-1747)  ਗਿਆਨੀ ਹਰੀ ਸਿੰਘ | Mata Sahib Kaur (1681-1747)  Khalse Di Mata Giyani Hari Singh

ਗਿਆਨੀ ਹਰੀ ਸਿੰਘ ਸਲਾਰ ਦੀ ਪੁਸਤਕ ‘ਖਲਾਸੇ ਦੀ ਮਾਤਾ’ ਅਨੁਸਾਰ ਗੁਰੂ ਜੀ ਦੇ ਵੱਡੇ ਮਹਿਲ ਮਾਤਾ ਸੁੰਦਰ ਕੌਰ ਜੀ, ਮੁਖੀ ਸਿੱਖਾਂ ਦੀ ਸਲਾਹ ਨਾਲ ਜੋ ਵੀ ਸੰਗਤ ਨੂੰ ਹੁਕਮਨਾਮੇ ਜਾਰੀ ਕਰਦੇ ਸਨ ਉਨ੍ਹਾਂ ਉੱਤੇ ਵੀ ਗੁਰੂ ਦੀ ਮੋਹਰ ਮਾਤਾ ਸਾਹਿਬ ਕੌਰ ਜੀ ਲਾ ਕੇ ਆਪਣੇ ਦਸਤਖਤ ਕਰਦੇ ਸਨ । ਉਨ੍ਹਾਂ ਦੇ ਪ੍ਰਲੋਕ ਗਮਨ ਤੋਂ ਬਾਅਦ ਗੁਰੂ ਮੋਹਰ ਮਾਤਾ ਸੁੰਦਰ ਕੌਰ ਜੀ ਸੰਭਾਲਕੇ ਵਰਤਦੇ ਰਹੇ ਹਨ ਪਰ ਹੁਣ ਮੋਹਰ ਕਿਥੇ ਹੈ, ਇਸ ਬਾਰੇ ਕੋਈ ਪਤਾ ਨਹੀਂ ਮਿਲਦਾ ।

ਮਾਤਾ ਸਾਹਿਬ ਕੌਰ ਜੀ ਦੁਨਿਆਵੀ ਝਮੇਲਿਆਂ ਤੋਂ ਸਦਾ ਹੀ ਨਿਰਲੇਪ ਰਹੇ ਹਨ ਅਤੇ ਉਨ੍ਹਾਂ ਨੇ ਮੋਹਰ ਦੀ ਵਰਤੋਂ ਬਹੁਤ ਘੱਟ ਕੀਤੀ । ਡਾਕਟਰ ਗੰਡਾ ਸਿੰਘ ਜੀ ਪੁਸਤਕ ‘ਹੁਕਮਨਾਮੇ’ ਦੇ ਪੰਨਾ 34 ਵਿਚ ਲਿਖਦੇ ਹਨ :

“ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵੀ ਜੀ ਦੇ ਹੁਕਮਨਾਮੇ ਆਮ ਤੋਰ ਪਰ ਗੁਰੂ ਕੇ ਲੰਗਰ ਲਈ ਕਾਰ-ਭੇਟ ਸਬੰਧੀ ਹਨ, ਪਰ ਕੁਝ ਹੁਕਮਨਾਮੇ ਅਜਿਹੇ ਭੀ ਹਨ, ਜਿਨ੍ਹਾਂ ਵਿਚ ਸੰਗਤਾਂ ਦੀਆਂ ਤਕਲੀਫਾਂ ਤੇ ਲੋੜਾਂ ਨੂੰ ਮੁੱਖ ਰਖ ਕੇ ਉਨ੍ਹਾਂ ਦੀ ਨਿਵਿਰਤੀ ਲਈ ਕੀਤੇ……..

ਮਾਤਾ ਸਾਹਿਬ ਦੇਵੀ ਜੀ ਦੇ ਸੰਮਤ 1791 ਦੇ ਮਾਘ ਦੀ ਸੰਗਰਾਦ (30 ਦਸੰਬਰ ਸੰਨ 1734 ਈ.) ਦੇ ਭਾਈ ਮਾਨ ਸਿੰਘ ਜੋਗੁ ਲਿਖੇ ਹੁਕਮਨਾਮੇ ਵਿਚ ਪਟਣ ਸ਼ੇਖ ਫਰੀਦ ਵਿਚ ਸਿੱਖ ਸੰਗਤਾਂ ਦੀ ਸਹੂਲਤ ਲਈ ਇਕ ਅੱਛਾ ਨਵਾਂ ਖੂਹ ਲਗਵਾਉਣ ਲਈ ਕਿਹਾ ਗਿਆ ਹੈ । ਉਹ ਲਿਖਦੇ ਹਨ :

“ਭਾਈ ਮਾਨ ਸਿੰਘ ਗੁਰੂ ਰਖੇਗਾ ਗੁਰੂ ਗੁਰੂ ਜਪਣਾ ਜਨਮ ਸਵਾਰਣਾ ਅਤੇ ਭਾਈ ਬਿਨਤੇ ਦੀ ਮਾਰਫਤ ਖੂਹ ਪਟਣ ਸ਼ੇਖ ਫਰੀਦ ਦੇ ਵਿਚ ਨਵਾਂ ਬਣਵਾਇ ਦੇਵਣਾ ਜੇ ਕੁਝ ਲਗੈ ਵੈ ਸਰਕਾਰ ਦੇ ਲੇਖੇ ਲਾਵਣਾ ਜੋ ਸਿੱਖ ਪਾਣੀ ਪੀਵਨਗੇ, ਭਲਾ ਹੋਗਾ.. ਖੂਹ ਹਛਾ ਬਣਵਾਇ ਦੇਵਣਾ ।

(ਹੁਕਮਨਾਮੇ, ਪੰਨਾ 35)

ਗੁਰੂ ਸਾਹਿਬ ਨੇ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾਕੇ ਰਹਿਤਵਾਨ ਸਿੰਘ ਦਾ ਨਵਾਂ ਸਰੂਪ ਬਖਸ਼ਕੇ ਮਰਦਾਂ ਦੇ ਨਾਂ ਨਾਲ ਸਿੰਘ ਅਤੇ ਇਸਤਰੀਆਂ ਦੇ ਨਾਂ ਨਾਲ ‘ਕੌਰ’ ਸ਼ਬਦ ਜੋੜਨ ਦਾ ਹੁਕਮ ਦਿੱਤਾ ਓਸੰਮੀ ਨਮਲ ਕੇਸਨ ਅਦਬ ਨਾ ਕਛ ਬਿਨ ਰਹਿਨਾ । ਅਰਧ ਨਾਮ ਸਿੰਘ ਨਹਿ ਕਹਿਨਾ ।

(ਗੁ: ਪ੍ਰਸਸੂ: ਗ੍ਰੰਥ, ਰੁੱਤ ਤੀਜੀ ਅੰਸੂ 19)

ਪਰ ਮਾਤਾਵਾਂ ਵਲੋਂ ਜਾਰੀ ਇਨ੍ਹਾਂ ਹੁਕਮਨਾਮਿਆਂ ਵਿਚ ਲੇਖਕਾਂ ਨੇ ਮਾਤਾ ਜੀ ਦਾ ਨਾਂ ‘ਮਾਤਾ ਸਾਹਿਬ ਕੌਰ’ ਦੀ ਥਾਂ ‘ਮਾਤਾ ਸਾਹਿਬ ਦੇਵੀ ਅਤੇ ਸਿੱਖਾਂ ਦੇ ਵੀ ਅੱਧੇ ਨਾਂ ਵਰਤੇ ਹਨ । ਗੁਰੂ ਸਾਹਿਬ ਦੇ ਹੁਕਮ ਦੀ ਇਹ ਉਲੰਘਣਾ ਕਿਉਂ ਹੋਈ ? ਇਸ ਬਾਰੇ ਇਤਿਹਾਸ ਵਿਚੋਂ ਕੋਈ ਰੋਸ਼ਨੀ ਨਹੀਂ ਮਿਲਦੀ । ਇਸ ਗੱਲ ਦੀ ਸੂਹ ਜ਼ਰੂਰ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਤੋਂ ਬਾਅਦ ਕੁਝ ਮੇਵੜਿਆਂ ਨੇ ਦੋਹਾਂ ਮਾਤਾਵਾਂ ਵਿਚ ਦੁਫੇੜ ਪਾਉਣ ਦਾ ਵੀ ਯਤਨ ਕੀਤਾ ਅਤੇ ਕਾਰ ਭੇਟ ਆਦਿ ਦੇਣ ਵਿਚ ਵਖਰੇਵਾਂ ਕਰਦੇ ਰਹੇ ਪਰ ਮਾਤਾ ਸਾਹਿਬ ਕੌਰ ਜੀ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਭਾਈ ਦੁਨੀ ਸਿੰਘ ਜੋਗ ਜਾਰੀ ਹੁਕਮਨਾਮੇ ਵਿਚ ਉਸ ਨੂੰ ਝਾੜ ਪਾਈ ਅਤੇ ਕਿਹਾ ਕਿ ਗੁਰੂ ਕਾ ਘਰ ਇਕੋ ਕਰ ਜਾਣਨਾ । ਉਹ ਲਿਖਦੇ ਹਨ :

“ਭਾਈ ਦੁਨਾ ਸਭਾ ਤੁਸੀਂ ਜੋ ਅਸਾਡੀ ਵਲੋਂ ਫਿਰ ਰਹੋ ਹੋ ਅਰੁ ਕਾਰ ਭੇਟ ਲੰਗਰਨ ਨੋ ਕਦੀ ਕਿਛੁ ਨਹੀਂ ਭੇਜਦੇ ਕਿਆ ਤੁਸੀਂ ਮਾਤਾ ਸੁੰਦਰੀ ਦੇ ਬਖਰੇ ਆਏ ਹੋ ਅਸਾਂ ਤੁਸਾਡੇ ਘਰੁ ਨੋ ਨਿਰਾਸਿ ਨਾਹ ਕਿਆ ਗੁਰੂ ਕਾ ਘਰੁ ਇਕੋ ਜਾਨਣਾ ਤੁਸਾਡਾ ਭਲਾ ਹੌਸੀ । ਬਲੇ

(ਹੁਕਮਨਾਮੇ, ਪੰਨਾ 209, ਹੁਕਮਨਾਮਾ 74)

ਇਨ੍ਹਾਂ ਹੁਕਮਨਾਮਿਆਂ ਤੋਂ ਇਹ ਗੱਲ ਉਭਰਕੇ ਸਾਹਮਣੇ ਆਈ ਹੈ ਕਿ ਮਾਤਾ ਜੀ ਆਪਣੇ ਸਿੱਖਾਂ ਨੂੰ ਪੁੱਤਰ ਪੁੱਤਰ ਦਾ ਦਾ ਦਰਜਾ ਦਿੰਦੇ ਸਨ । ਉਨ੍ਹਾਂ ਨੇ ਹਰ ਹੁਕਮਨਾਮੇ ਵਿਚ ਲਿਖਿਆ ਹੈ ‘ਤੁਸੀਂ ਮੇਰੇ ਪੁੱਤ ਫਰਜ਼ੰਦ ਹੋਹ ਗੁਰੂ ਪੂਰਾ ਤੁਸਾਡੀ ਪੱਤ ਰਖੇਗਾ’ ਅਤੇ ਸਿੱਖ ਵੀ ਉਨ੍ਹਾਂ ਦਾ ਮਾਤਾ ਵਾਂਗ ਸਤਿਕਾਰ ਕਰਕੇ ਵਿੱਤ ਅਨੁਸਾਰ ਸੇਵਾ ਕਰਦੇ ਸਨ—।

ਮਾਤਾ ਸਾਹਿਬ ਕੌਰ ਜੀ ਪੋਠੋਹਾਰ (ਪਾਕਿਸਤਾਨ) ਦੇ ਜੰਮਪਲ ਸਨ, ਇਸ ਲਈ ਉਨ੍ਹਾਂ ਦੇ ਹੁਕਮਨਾਮਿਆਂ ਵਿਚ ਉਸ ਵੇਲੇ ਦੀ ਹਿੰਦੀ ਪੰਜਾਬੀ ਦੇ ‘ਕਰਸੀ’ ‘ਹੋਸੀ’ ‘ਦੇਸੀ’ ‘ਤੁਸਾਡੀ’ ਆਦਿ ਸ਼ਬਦ ਵਰਤੇ ਹੋਏ ਮਿਲਦੇ ਹਨ ।

ਹੁਕਮਨਾਮਿਆਂ ਦੇ ਅੰਤ ਵਿਚ ਸਤਰਾਂ ਦੀ ਗਿਣਤੀ ਲਿਖਣ ਦਾ ਮੰਤਵ ਇਹੁ ਜਾਪਦਾ ਹੈ ਕਿ ਹੁਕਮਨਾਮਾ ਲਿਜਾਣ ਵਾਲਾ ਕੋਈ ਮੇਵੜਾ ਉਸ ਵਿਚ ਵਾਧਾ ਘਾਟਾ ਨਾ ਕਰ ਸਕੇ ।

ਹੁਕਮਨਾਮਿਆਂ ਦਾ ਸਾਰ ਸੰਖੇਪ

ਸ੍ਰੀ ਮਾਤਾ ਸਾਹਿਬ ਦੈਵੀ ਜੀ ਵਲੋਂ ਭਾਈ ਦੁੰਨਾ, ਭਾਈ ਸੋਭਾ ਭਾਈ ਆਲਾ ਕਬੀਲਾ ਭਾਈ ਰਾਮੇ ਫੂਲਕੇ.

ੴ ਸਤਿਗੁਰੂ ਜੀ

ਸਰਬਤ ਕਬੀਲਾ ਭਾਈ ਰਾਮੇ ਫੂਲ ਕੇ ਕਾ ਗੁਰੂ ਰੱਖੇ ।

ਸ੍ਰੀ ਅਕਾਲ ਪੁਰਖ ਜੀ ਦਾ ਖਾਲਸਾ ਸ੍ਰੀ ਮਾਤਾ ਸਾਹਿਬ ਦੇਵੀ ਜੀ ਕੀ ਆਗਿਆ ਹੈ ਭਾਈ ਦੁਨਾ ਭਾਈ ਸਭਾ ਭਾਈ ਆਲਾ ਭਾਈ ਬਖਤਾ ਭਾਈ ਲਧਾ ਸਰਬਤਿ ਕਬੀਲਾ ਭਾਈ ਰਾਮੇ ਫੂਲ ਕੇ ਕਾ ਗੁਰੂ ਰਖੇ । ਗੁਰੂ ਗੁਰੂ ਜਪਣਾ ਜਨਮ ਸਵਾਰਨਾ ਮੇਰੀ ਬਹੁਤ ਖ਼ੁਸ਼ੀ ਹੈ ਤੁਸੀਂ ਮੇਰੇ ਪੁੱਤ ਫਰਜ਼ੰਦ, ਹੋਹੁ ਗੁਰੂ ਪੂਰਾ ਤੁਸਾਡੀ ਪਤਿ ਰਖੇ ਭਾਈ ਦੁਨਾ ਸਭਾ ਤੁਸੀਂ ਜੋ ਆਸਾਡੀ ਵਲੋਂ ਫਿਰ ਰਹੇ ਹੋ ਅਰੁ ਕਾਰ ਭੇਟ ਲੰਗਰ ਨੌ ਕਦੀ ਕਿਛੁ ਨਹੀਂ ਭੇਜਦੇ ਕਿਆ ਤੁਸੀਂ ਮਾਤਾ ਸੁੰਦਰੀ ਦੇ ਬਖਰੇ ਆਏ ਹੋ ਅਸਾਂ ਤੁਸਾਡੇ ਘਰੁ ਨੋ ਨਿਰਾਸਿ ਨਾਹ ਕਿਆ ਗੁਰੂ ਕਾ ਘੜੁ ਇਕੋ ਕਰਿ ਜਾਨਣਾ ਤੁਸਾਡਾ ਭਲਾ ਹੋਸੀ ਤੁਹਾਡੀ ਸੇਵਾ ਦਰਗਾਹ ਗੁਰੂ ਕੀ ਥਾਇ ਪਾਉਸੀ ਸੇਵਾ ਦੋਹਾਂ ਵਲਿ ਇਕੋ ਜਿਹੀ ਕਰਣੀ ਤੁਸਾਡਾ ਬਹੁਤ ਭਲਾ ਹੋਸੀ । ਸੰਮਤ 178 ਸਤਰਾ 14 ਚਉਦਾ

(ਹੁਕ ਮਨਾਮੇ, ਪੰਨਾ 209, ਹੁਕਮਨਾਮਾ 74)

ਸ੍ਰੀ ਮਾਤਾ ਸਾਹਿਬ ਦੇਵੀ ਜੀ ਵਲੋਂ ਭਾਈ ਆਲਮ ਸਿੰਘ ਜਮਾਇਤਦਾਰ ਜੋਗੁ) (ਅਸੂ ਵਦੀ 10, 1783 ਬਿ: 10 ਸਤੰਬਰ, 1726 ਈ:)

ੴ ਸਤਿਗੁਰੂ ਜੀਉ

ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਸ੍ਰੀ ਮਾਤਾ ਸਾਹਿਬ ਦੇਵੀ ਜੀ ਦੀ ਆਗਿਆ ਹੈ ਭਾਈ ਆਲਮ ਸਿੰਘ ਜਮਾਇਤਦਾਰ ਸਰਬਤਿ ਜਮਾਇਤਿ ਕਬੀਲਾ ਖਾਲਸਾ ਗੁਰੂ ਰਖੇ ਗੁਰੂ ਗੁਰੂ ਜਪਣਾ ਜਨਮੁ ਸਵਾਰਣਾ ਮੇਰੀ ਬਹੁਤ ਖ਼ੁਸ਼ੀ ਹੈ ਤੁਸੀਂ ਮੇਰੇ ਪੁਤ ਫਰਜ਼ੰਦ ਹਹੁ ਗੁਰੂ ਪੂਰਾ ਤੁਸਾਡੀ ਤੇਗ ਦੇਗ ਫਤਹ ਕਰੈ ਫਰਮਾਇਸ ਦੇਖਦੇ ਸਿੰਘਾਂ ਪਾਸੋਂ ਕਾਰ ਕਰਿ ਕੈ ਹੁੰਡੀ ਕਰਵਾਇ ਗੁਰਬਖਸ਼ ਭਗਤੇ ਮੇਵੜੇ ਕੇ ਹਵਾਲੋ ਕਰਣੀ ਜੋ ਸਿੰਘ ਲੰਗਰ ਦੀ ਕਾਰ ਲੋਚਿ ਕਰਿ ਦੇਸੀ ਤਿਸਦੀ ਕਿਰਤਿ ਰੁਜਗਾਰਿ ਗੁਰੂ ਪੂਰਾ ਬਰਕਤਿ ਕਰਸੀ ਸਭਨੀ ਗਲੀ ਖਸਮਾਨਾ ਹੋਸੀ । ਸੰਮਤ 1783 ਆਸੂ ਵਦੀ 10-ਸਤਰਾਂ 11

(ਹੁਕਮਨਾਮੇ, ਪੰਨਾ 211, ਹੁਕਮਨਾਮਾ 75)

ਸ੍ਰੀ ਮਾਤਾ ਸਾਹਿਬ ਦੇਵੀ ਜੀ ਵਲੋਂ ਸੰਗਤਿ ਪਟਨਾ ਜੋਗੁ (ਚੇਤ ਸੁਦੀ 9, 1785 ਬਿ: 27 ਮਾਰਚ 1729 ਈ:)

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ

ਸ੍ਰੀ ਅਕਾਲ ਪੁਰਖ ਜੀ ਕਾ ਖਾਲਿਸਾ ਸ੍ਰੀ ਮਾਤਾ ਸਾਹਿਬ ਦੇਵੀ ਜੀ ਦੀ ਆਗਿਆ ਹੈ ਭਾਈ ਅਨੰਦ ਰੂਪ ਸਿੰਘ ਭਾਈ ਭਾਰਾ ਸਿੰਘ ਭਾਈ ਰਾਜਾ ਸਿੰਘ ਭਾਈ ਬੁਧੂ ਸਿੰਘ ਭਾਈ ਉਦੇ ਸਿੰਘ ਭਾਈ ਦੇਵੀ ਸਿੰਘ ਸਰਬਤਿ ਖਾਲਸਾ ਵਾਸੀ ਪਟਨਾ ਗੁਰੂ ਰਖੇ ਗੁਰੂ ਗੁਰੂ ਜਪਣਾ ਜਨਮੁ ਸਵਾਰਣਾ ਮੇਰੀ ਬਹੁਤ ਖ਼ੁਸ਼ੀ ਹੈ ਤੁਸੀਂ ਪੁੱਤ ਫਰਜ਼ੰਦ ਹਹੁ ਗੁਰੂ ਪੂਰਾ ਤੁਸਾਡੀ ਹਰਿ ਬਾਬ ਰੱਖਿਆ ਕਰੈ । ਰੁਪਏ ਤਿਹਤਰਿ ਤੇਰਾਂ ਆਨੇ 73111-ਅਖਰੀ ਤਿਹਤਰਿ ਤੇਰਾ ਆਨੇ ਮਾਰਫਤ ਸਿਧੂ ਸਿੰਘ ਹਜੂਰਿ ਪੁਹਚੈ ਸਰਸ ਰਾਉ ਸੁਧਾ ਲੰਗਰ ਪਏ ਖ਼ੁਸ਼ੀ ਹੋਈ । ਸਿੱਖਾਂ ਦੀ ਭਾਵਨੀ ਥਾਇ ਪਈ । ਜੋ ਸਿਖੁ ਲੰਗਰ ਦੀ ਕਾਰ ਲੋਚਿ ਦੇਸੀ ਤਿਸਦੀ ਕਿਰਤਿ ਰੁਜਗਾਰਿ ਗੁਰੂ ਪੂਰਾ ਬਰਕਤਿ ਕਰੇ ।

ਸੰਮਤ 1785 ਚੇਤ ਸੁਦੀ 9 ਸਤਰਾਂ 12

ਹੁਕਮ ਸਾਹਿਵ ਦੇਵੀ ਜੀ ਕਾ ਮਾਰਫਤ ਸਿਧੂ ਸਿੰਘ ਮੇਵੜੇ 11111421

(ਹੁਕਮਨਾਮੇ, ਪੰਨਾ 215, ਹੁਕਮਨਾਮਾ 77)

ਸ੍ਰੀ ਮਾਤਾ ਸਾਹਿਬ ਦੇਵੀ ਜੀ ਵਲੋਂ ਸਰਬਤਿ ਖਾਲਸਾ ਵਾਸੀ ਬਨਾਰਸ ਜੋਗੂ (ਚੇਤ ਸੁਦੀ 11, 1786 ਬਿ: 19 ਮਾਰਚ 1730 ਈ:)

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ

ਸ੍ਰੀ ਅਕਾਲ ਪੁਰਖ ਜੀ ਕਾ ਖਾਲਿਸਾ ਸ੍ਰੀ ਮਾਤਾ ਸਾਹਬ ਦੇਵੀ ਜੀ ਦੀ ਆਗਿਆ ਏ ਠਾਕਰ ਦਾਸ ਭਾਈ ਸੋਭਾਈ ਮਲ ਚੋਪੜਾ ਭਾਈ ਸੰਭੂ ਨਾਥ ਭਾਈ ਸਾਹਿਬ ਰਾਇ ਸਰਬਤਿ ਖਾਲਸਾ ਵਾਸੀ ਬਨਾਰਸ ਗੁਰੂ ਰਖੇਗਾ ਗੁਰੂ ਗੁਰੂ ਜਪਣਾ ਜਨਮ ਸਵਾਰਣਾ ਮੇਰੀ ਬਹੁਤ ਖ਼ੁਸ਼ੀ ਹੈ ਤੁਸੀਂ ਮੇਰੇ ਪੁੱਤ ਫਰਜ਼ੰਦ ਹਹੁ ਗੁਰੂ ਪੂਰਾ ਤੁਸਾਡੇ ਸਭ ਮਨੋਰਥ ਪੂਰੇ ਕਰੇ । ਫਰਮਾਇਸ਼ਿ ਲਿਈ ਤੁਸਾਂ ਉੱਤੇ ਲੰਗਰ ਵਾਸਤੇ ਰੁਪਏ ਪੰਜਾਹਿ 50) ਅਖਰੀਂ ਪੰਜਾਹਿ ਫਰਮਾਇਸਿ ਦੇਖਦੇ ਸਾਰ ਹੁੰਡੀ ਮਾਰਫਤਿ ਭਾਈ ਸਿਧੂ ਸਿੰਘ ਮੇਵੜਾ ਹਜੂਰਿ ਭੇਜਣੀ ਬਨਾਰਸ ਸ੍ਰੀ ਵਾਹਿਗੁਰੂ ਜੀ ਕੀ ਕੋਠੀ ਹੈ । ਸੇਵਾ ਲੋਚਿ ਕਰਿ ਕਰਣੀ ਜੋ ਸਿੱਖ ਲੰਗਰ ਕੀ ਕਾਰ ਲੋਚਿ ਕਰਿ ਦੇਸੀ ਤਿਸਦੀ ਕਿਰਤਿ ਗੁਰੂ ਪੂਰਾ ਬਰਕਤਿ ਕਰਸੀ-ਸੰਮਤ 1786 ਚੇਤ ਸੁਦੀ 11 ਸਤਰਾਂ 14 ਚਉਦਾਂ

(ਹੁਕਮਨਾਮੇ, ਪੰਨਾ 217, ਹੁਕਮਨਾਮਾ 78)

ਹੁਕਮਨਾਮਾ ਮਾਤਾ ਸਾਹਿਬ ਦੇਵੀ ਜੀ ਖਾਲਸਾ ਵਾਸੀ ਪਟਣ ਸ਼ੇਖ ਫ਼ਰੀਦ ਜੋਗ (ਪੋਹ 7 ਸੰਮਤ 1787 ਬਿ: ਦਸੰਬਰ 1730 ਈ:)

ਸਿਰੀ ਮਾਤਾ ਜੀ ਦੀ ਆਗਿਯਾ ਹੈ ਸ੍ਰਬਤਿ ਸੰਗਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਵਾਸੀ ਪਟਣ ਸੇਖ ਫ਼ਰੀਦ ਕਾ ਗੁਰੂ ਗੁਰੂ ਜਪਣਾ ਜਨਮ ਸਵਾਰਣਾਂ । ਕਾਰ ਭੇਟ ਸੁਖ ਮਨਤ ਦਸੌਂਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕਉਡੀ ਦਮੜੀ ਹੋਵੇ ਸੋ ਹੁੰਡੀ ਕਰਾਇ ਕੇ ਭਾਈ ਮਾਨ ਸਿੰਘ ਮੇਵੜੇ ਕੀ ਮਾਰਫਤਿ ਹਜੂਰ ਭੇਜਣੀ ਨਿਹਾਲ ਹੋਵਹੁਗੇ । ਤੁਸਾਡੀ ਖਟੀ ਕਮਾਈ ਵਿਚ ਗੁਰੂ ਬਰਕਤ ਪਾਵੇਗਾ ਤੁਸੀਂ ਮੇਰੇ ਪੁੱਤ ਫਰਜ਼ੰਦ ਹਹੁ । ਤੁਸਾਂ ਉਪਰ ਮੇਰੀ ਬਹੁਤ ਖ਼ੁਸ਼ੀ ਹੈ । ਤੁਸਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ । ਸਿੱਖਾਂ ਪੁੱਤਾਂ ਦੀ ਸੇਵਾ ਦੀ ਵੇਲਾ ਹੈ ਲੋਚ ਕੇ ਸੇਵਾ ਕਰਹੁਗੇ ਤੁਸਾਡੀ ਸੇਵਾ ਦਰਗਾਹ ਥਾਇ ਪਵੇਗੀ ।

(ਹੁਕਮਨਾਮੇ, ਪੰਨਾ 223, ਹੁਕਮਨਾਮਾ 81)

ਹੁਕਮਨਾਮਾ ਵਾਸੀ ਪਟਣ ਸੇਖ ਫ਼ਰੀਦ ਜੋਗ (ਪੋਹ 23 ਸੰਮਤ 1788 ਬਿ: 23 ਦਸੰਬਰ 1731 ਈ:)

ੴ ਸਤਿਗੁਰੂ ਜੀ

ਸਿਰੀ ਮਾਤਾ ਜੀ ਦੀ ਆਗਿਆ ਹੈ ਸ੍ਰਬਤ ਸੰਗਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਵਾਸੀ ਪਟਣ ਸੇਖ ਫ਼ਰੀਦ ਕਾ ਗੁਰੂ ਰਖੇਗਾ ਗੁਰੂ ਜਪਣਾ ਜਨਮੁ ਸਵਾਰਣਾ 5) ਪੰਜ ਰੁਪਏ ਤੁਸਾਡੇ ਭਾਈ ਮਾਨ ਸਿੰਘ ਮੇਵੜੇ ਕੀ ਮਾਰਫਤਿ ਹਜੂਰ ਪਹੁਤੇ ਖੁਸੀ ਹੋਈ ਅਗੇ ਕਾਰ ਭੇਟ ਸੁਖਮਨਤ ਦਸੌਂਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕੌਡੀ ਦਮੜੀ ਹੋਵੇ ਸੋ ਹੁੰਡੀ ਕਰਾਇਕੇ ਭਾਈ ਮਾਨ ਸਿੰਘ ਕੀ ਮਾਰਫਤਿ ਹਜੂਰ ਭੇਜਣੀ ਨਿਹਾਲੁ ਹੋਵਹੁਗੇ । ਤੁਸੀਂ ਮੇਰੇ ਪੁੱਤ ਫਰਜ਼ੰਦ ਹਹ । ਤੁਸਾਂ ਉਪਰ ਮੇਰੀ ਬਹੁਤ ਖ਼ੁਸ਼ੀ ਹੈ । ਸਿੱਖਾਂ ਪੁੱਤਾਂ ਦੀ ਸੇਵਾ ਦੀ ਵੇਲਾ ਹੈ ਲੋਚਕੇ ਸੇਵਾ ਕਰਹੁਗੇ ਸੇਵਾ ਦਰਗਾਹ ਥਾਇ ਪਵੇਗੀ ਸੰਮਤ 1788 ਮਿਤੀ ਪੋਹੋ 23 ਸਤਰਾਂ 11 (ਹੁਕਮਨਾਮੇ, ਪੰਨਾ 225, ਹੁਕਮਨਾਮਾ 82)

ਸ੍ਰੀ ਮਾਤਾ ਸਾਹਿਬ ਦੇਵੀ ਜੀ ਵਲੋਂ ਖਾਲਸਾ ਵਾਸੀ ਨਉਸਹਰਾ ਪੰਨੂਆਂ ਜੋਗ

ੴ ਸਤਿਗੁਰੂ ਜੀ

ਸਿਰੀ ਮਾਤਾ ਜੀ ਦੀ ਆਗਿਆ ਹੈ ਸ੍ਰਬਤ ਖਾਲਸਾ ਸ੍ਰੀ ਅਕਾਲ ਪੁਰਖ ਜੀ ਕਾ ਵਾਸੀ ਨਉਸਹਰਾ ਪੰਨੂਆਂ ਦਾ ਗੁਰੂ ਰਖੇਗਾ ਗੁਰੂ ਗੁਰੂ ਜਪਣਾ ਜਨਮ ਸਵਾਰਣਾ 11) ਯਾਰਹ ਰੁਪਏ ਲੰਗਰ ਦੇ ਖ਼ਰਚ ਨੋ ਤੁਸਾਡੇ ਉਪਰ ਫੁਰਮਾਇਸ਼ ਹੋਈ ਹੈ ਅੱਗੇ ਕਾਰ ਭੇਟ ਸੁਖ ਮਨਤ ਦਸੰਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕੌਡੀ ਦਮੜੀ ਹੋਵੇ ਸੋ ਹੁੰਡੀ ਕਰਾਇ ਕੇ ਭਾਈ ਰਾਮ ਸਿੰਘ ਮੇਵੜੇ ਕੀ ਮਾਰਫਤਿ ਹਜੂਰ ਭੇਜਣੀ ਨਿਹਾਲ ਹੋਵਹੁਗੇ ਤੁਸਾਡੀ ਖਟੀ ਕਮਾਈ ਵਿਚ ਗੁਰੂ ਬਰਕਤ ਪਾਵੇਗਾ ਤੁਸੀਂ ਮੇਰੇ ਪੁਤ ਫ਼ਰਜ਼ੰਦ ਹਹ । ਤੁਸਾਂ ਉਪਰ ਮੇਰੀ ਬਹਤ ਖੁਸ਼ੀ ਹੈ । ਸਿੱਖਾਂ ਪੁਤਾਂ ਦੀ ਕਮਾਈ ਦੀ ਸੇਵਾ ਦਾ ਵੇਲਾ ਹੈ ਲੋਚ ਕੇ ਸੇਵਾ ਕਰਹੁਗੇ ਤੁਸਾਡੀ ਸੇਵਾ ਦਰਗਾਹਿ ਥਾਇ ਪਵੈਗੀ ਸੰਮਤ 1789 ਮਿਤੀ ਹਾੜਹੂ 1 ਸਤਰਾਂ 13

(ਹੁਕਮਨਾਮੇ, ਪੰਨਾ 227, ਹੁਕਮਨਾਮਾ 83)

ਸੀ ਮਾਤਾ ਸਾਹਿਬ ਦੇਵੀ ਜੀ ਵਲੋਂ ਖਾਲਸਾ ਵਾਸੀ ਪਟਣ ਸੇਖ ਫਰੀਦ ਜੋਗੁ (17 ਮੱਘਰ ਸੰਮਤ 1789 ਬਿ: 17 ਨਵੰਬਰ, 1732 ਈ.)

ੴ ਸਤਿਗੁਰੂ ਜੀ

ਸਿਰੀ ਮਾਤਾ ਜੀ ਦੀ ਆਗਿਆ ਹੈ ਸ੍ਰਬਤ ਸੰਗਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਵਾਸੀ ਪਟਣ ਸੈਖ ਫਰੀਦ ਕਾ ਵ ਗਿਰਦ ਨਿਵਾਹੀ ਕਾ ਗੁਰੂ ਰਖੇਗਾ ਗੁਰੁ ਗੁਰੂ ਜਪਣਾ ਜਨਮ ਸਵਾਰਣਾ 14) ਚਹੁਦਹ ਰੁਪਯੇ ਤੁਸਾਡੇ ਭਾਈ ਮਾਨ ਸਿੰਘ ਕੀ ਮਾਰਫਤ ਹਜੂਰ ਪਹੁਤੇ ਬਹੁਤ ਖੁਸ਼ੀ ਹੋਈ ਅੱਗੋਂ ਕਾਰ ਭੇਟ ਵ ਸੁਖ ਮਨਤ ਦਸਉਂਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕੌਡੀ ਦਮੜੀ ਹੋਵੇ ਸੋ ਭਾਈ ਮਾਨ ਸਿੰਘ ਕੀ ਮਾਰਫਤ ਭੇਜਣੀ ਨਿਹਾਲ ਹੋਵਹੋਗੇ । ਤੁਸਾਡੀ ਖਟੀ ਕਮਾਈ ਵਿਚੁ ਗੁਰੂ ਬਰਕਤ ਪਾਵੇਗਾ। ਤੁਸੀਂ ਮੇਰੇ ਪੁਤ ਫਰਜੰਦ ਹਹੁ । ਤੁਸਾਂ ਉਪਰ ਮੇਰੀ ਬਹੁਤ ਖੁਸ਼ੀ ਹੈ ਤੁਸਾਡੇ ਸਭੋ ਮਨੋਰਥ ਗੁਰੂ ਪੂਰੇ ਕਰੇਗਾ ਸਿੱਖਾਂ ਪੁਤਾਂ ਦੀ ਸੇਵਾ ਦੀ ਵੇਲਾ ਹੈ ਲੋਚਕੇ ਸੇਵਾ ਕਰਹੁਗੇ ਤੁਸਾਡੀ ਸੇਵਾ ਦਰਗਾਹ ਥਾਇ ਪਵੇਗਾ ਜੋ ਸਿਖੁ ਅੱਗੇ ਹੋਇ ਕੇ ਕਾਰ ਕਰਾਵੇਗਾ ਤਿਸਕੇ ਸਭੇ ਕਾਰਜ ਗੁਰੂ ਪੂਰਾ ਰਾਸ ਕਰੇਗਾ ਤਿਸਕਾ ਭਲਾ ਹੋਵੇਗਾ ਸੰਮਤ 1789 ਮਿਤੀ ਮਘਰਹ 17 ਸਤਰਾਂ 14

(ਹੁਕਮਨਾਮੇ, ਪੰਨਾ 229, ਹੁਕਮਨਾਮਾ-84)

ਸ੍ਰੀ ਮਾਤਾ ਸਾਹਿਬ ਦੇਵੀ ਜੀ ਵਲੋਂ ਭਾਈ ਮਾਨ ਸਿੰਘ ਜੋਗ (ਮਾਘ 1, ਸੰਮਤ 1791 ਬਿ: 30 ਦਸੰਬਰ 1734 ਈ.)

ੴ ਸਤਿਗੁਰੂ

ਸਿਰੀ ਮਾਤਾ ਜੀ ਦੀ ਆਗਿਆ ਹੈ ਭਾਈ ਮਾਨ ਸਿੰਘ ਗੁਰੂ ਰਖੇਗਾ ਜਪਣਾ ਜਨਮ ਸਵਾਰਣਾ ਅੱਗੇ ਭਾਈ ਬਿਨਤੇ ਦੀ ਮਾਰਫਤ ਖੂਹ ਪਟਣ ਸੇਖ ਗੁਰੂ ਗੁਰੂ ਫਰੀਦ ਦੇ ਵਿਚ ਨਵਾਂ ਬਣਾਵਾਇ ਦੇਵਣਾ ਜੋ ਕੁਛ ਲਗੇ ਸੋ ਸਰਕਾਰ ਦੇ ਲੇਖੇ ਲਾਵਣਾ ਜੋ ਸਿੱਖ ਪਾਣੀ ਪੀਵਨ ਗੇ ਭਲਾ ਹੋਗ ਹੁਕਮ ਤੁਮਕੋ ਲਿਖਾ ਹੈ ਖੂਹ ਹਛਾ ਬਣਵਾਇ ਦੇਵਣ ਸੰਮਤ 1791 ਮਾਘੋ 1 ਸਤਰਾਂ 8

(ਹੁਕਮਨਾਮੇ, ਪੰਨਾ 231, ਹੁਕਮਨਾਮਾ 85)

ਇਹ ਹੁਕਮਨਾਮੇ ਖਾਲਸਾ ਪੰਥ ਨੂੰ ਸੇਧ ਦੇਣ ਲਈ ਨਹੀਂ ਹਨ। ਇਹ ਮਾਤਾ ਜੀ ਦੀਆਂ ਅਸੀਸਾਂ ਹਨ ਜੋ ਇਕਾ ਦੁਕਾ ਨਾਮਵਰ ਸਿੱਖ ਪੁੱਤਰਾਂ ਨੂੰ ਗੁਰੂ ਗੁਰੂ ਜਪਣ ਤੇ ਜਨਮ ਸੰਵਾਰਨ ਲਈ ਦਿੱਤੀਆਂ ਗਈਆਂ ਹਨ । ਮਾਤਾ ਆਪਣੇ ਪੁੱਤਾਂ ਫਰਜ਼ੰਦ ਦਾ ਸਦਾ ਭਲਾ ਲੋਚਦੀ ਰਹੀ ਹੈ ਅਤੇ ਗੁਰੂ ਨਮਿਤ ਦਸਵੰਧ ਦੀ ਜਾਚਨਾ ਕਰਦੀ ਰਹੀ ਹੈ । ਇਹ ਹਦਾਇਤਾਂ ਵੀ ਮਾਤਾ ਜੀ ਨੇ 1732 ਈ. ਤੋਂ ਪਿੱਛੋਂ ਨਹੀਂ ਦਿੱਤੀਆਂ। ਪ੍ਰਤੀਤ ਹੁੰਦਾ ਹੈ ਕਿ ਮਾਤਾ ਜੀ ਪਿਛਲੀ ਵਰੇਸ ਵਿਚ ਗੁਰੂ ਗੁਰੂ ਜਪਦਿਆਂ ਗੁਰੂ ਵਿਚ ਲੀਨ ਹੋ ਗਏ ਸਨ । ਉਹ ਪੁੱਤਾਂ ਫਰਜ਼ੰਦਾਂ ਲਈ ਅੰਤਰ-ਆਤਮੇ ਅਵੰਸ਼ ਅਸੀਸ ਮੰਗਦੇ ਰਹੇ ਹੋਣਗੇ ਪਰ ਮੇਵੜਿਆਂ ਰਾਹੀਂ ਲਿਖਤਾਂ ਭੇਜਣੀਆਂ ਬੰਦ ਕਰ ਦਿੱਤੀਆਂ । ਭਾਣੇ ਤੇ ਰਜ਼ਾ ਦੀ ਅਵਸਥਾ, ਸੀਲ ਸੰਜਮ ਦਾ ਸਰੂਪ ਤੇ ਸਤਿ ਸੰਤੋਖ ਦੀ ਮੂਰਤ ਮਾਤਾ ਸਾਹਿਬ ਕੌਰ ਜੀ ਸਾਹਿਬ ਵਿਚ ਸਵਾਸ ਸਵਾਸ ਇਕਮਿਕਤਾ ਵਿਚ ਵਿਚਰਨ ਲਗ ਪਏ ਸਨ । ਉਨ੍ਹਾਂ ਨੂੰ ਆਪਣੇ ਅੰਤਲੇ ਸਮੇਂ ਬਾਰੇ ਪੂਰਨ ਗਿਆਨ ਸਨ । ਉਨ੍ਹਾਂ ਨੇ ਆਪਣੇ ਵੱਡੇ ਭੈਣ ਮਾਤਾ ਸੁੰਦਰ ਕੌਰ ਜੀ ਨੂੰ ਆਪਣੇ ਅਕਾਲ ਚਲਾਣੇ ਦੀ ਸੂਹ ਪਹਿਲਾਂ ਹੀ ਦੇ ਦਿੱਤੀ ਸੀ । ਗੁਰੂ ਦੀ ਨਿਸ਼ਾਨੀ ਸ਼ਸਤਰਾਂ ਨੂੰ ਸੰਵਾਰ ਕੇ ਉਨ੍ਹਾਂ ਨੇ ਸਿਦਕ ਨਾਲ ਛੋਹਿਆ ਅਤੇ ਚਿੱਟੀ ਚਾਦਰ ਤਾਣਕੇ ਪ੍ਰਭੂ ਚਰਨਾਂ ਵਿਚ ਸਮਾ ਗਏ ਜਿਵੇਂ ਜਲ ਦੀ ਬੂੰਦ ਜਲ ਸਮੂਹ ਵਿਚ ਲੀਨ ਹੁੰਦੀ ਹੈ ਅਤੇ ਜੋਤ ਪਰਮ ਜੋਤਿ ਵਿਚ ਜਾ ਰਲਦੀ ਹੈ :

ਸੂਰਜ ਕਿਰਨ ਮਿਲੈ ਜਲ ਨਾ ਜਲ ਹੁਆ ਰਾਮ ॥

ਜੋਤਿ ਜੋਤਿ ਰਲੀ ਸੰਪੂਰਨ ਥੀਆ ਰਾਮ ॥

(ਗੁਰਬਾਣੀ)

Credit  – ਗਿਆਨੀ ਹਰੀ ਸਿੰਘ

Leave a comment