ਮਹਾਰਾਣੀ ਜਿੰਦਾਂ, ਸੋਹਣ ਸਿੰਘ ਸੀਤਲ | Maharani Jinda , Sohan Singh Seetal

“ਰਾਜਾ ਕੌਣ ਬਣੇਗਾ ?” ਛੋਟੀਆਂ-ਛੋਟੀਆਂ ਕੁੜੀਆਂ ‘ਰਾਜਾ ਰਾਣੀ’ ਦੀ ਖੇਡ-ਖੇਡ ਰਹੀਆਂ ਸਨ।

“ਮੈਂ।” ਇਕ ਠੁੱਲੇ ਜੇਹੇ ਸਰੀਰ ਦੀ ਕੁੜੀ ਨੇ ਕਿਹਾ।

“ਰਾਣੀ ਕੌਣ ਬਣੇਗੀ ?”

“ਮੈਂ।” ਇਕ ਹੋਰ ਵਾਜ ਆਈ।

“ਸਭ ਤੋਂ ਵੱਡਾ ਰਾਜਾ ਕੌਣ ?”

“ਸਭ ਤੋਂ ਵੱਡਾ ਤਾਂ ਮਹਾਰਾਜਾ ਰਣਜੀਤ ਸੁੰਹ ਈਂ ਏਂ।” ਇਕ ਸਿਆਣੀ ਉਮਰ ਦੀ ਕੁੜੀ ਨੇ ਹਾਸੇ ਨਾਲ ਕਿਹਾ।

“ਉਹਦੀ ਰਾਣੀ ਕੌਣ ਬਣੇਗੀ ?”

“ਮੈਂ।” ਬਾਲੜੀ ਜਿੰਦਾਂ ਨੇ ਦੋ ਕਦਮ ਅੱਗੇ ਵੱਧ ਕੇ ਕਿਹਾ।

“ਲੈ, ਇਹ ਤਾਂ ਮਹਾਰਾਜਾ, ਰਣਜੀਤ ਸੁੰਹ ਦੀ ਰਾਣੀ ਬਣੂੰਗੀ।” ਜਿੰਦਾਂ ਦੀ ਵੱਡੀ ਭੈਣ ਨੇ ਵਿਅੰਗ ਨਾਲ ਕਿਹਾ।

ਇਹ ਸੁਣ ਕੇ ਸਾਰੀਆਂ ਕੁੜੀਆਂ ਖਿੜ-ਖਿੜਾ ਕੇ ਹੱਸ ਪਈਆਂ। ਜਿੰਦਾਂ ਹੈਰਾਨ ਹੋਈ ਉਹਨਾਂ ਦੇ ਮੂੰਹਾਂ ਵੱਲ ਵੇਖਣ ਲੱਗੀ। ਉਹਨੂੰ ਇਹ ਸਮਝ ਨਾ ਪਈ ਕਿ ਇਸ ਵਿਚ ਹੱਸਣ ਵਾਲੀ ਗੱਲ ਕਿਹੜੀ ਸੀ ? ਉਹ ਸੋਚ ਰਹੀ ਸੀ, ‘ਜੇ ਕੋਈ ਭੜੋਲ੍ਹੀ ਵਰਗੀ ਕੁੜੀ ਰਾਜਾ ਬਣ ਸਕਦੀ ਏ, ਚੁੰਨ੍ਹੀਆਂ ਅੱਖਾਂ ਵਾਲੀ ਰਾਣੀ ਬਣ ਸਕਦੀ ਏ, ਤਾਂ ਮੈਂ ਰਣਜੀਤ ਸਿੰਘ ਦੀ ਰਾਣੀ ਕਿਉਂ ਨਹੀਂ ਬਣ ਸਕਦੀ ? ਆਖ਼ਰ ਖੇਡ ਹੀ ਤਾਂ ਹੈ, ਦੋ ਘੜੀਆਂ ਦਾ ਦਿਲ-ਪਰਚਾਵਾ। ਖੇਡ ਵਿੱਚ ਕੋਈ ਸਾਧ ਬਣਦੀ ਏ, ਕੋਈ ਚੋਰ ਬਣਦੀ ਏ, ਕੋਈ ਕੋਤਵਾਲ ਬਣਦੀ ਏ, ਕੋਈ ਸਿਪਾਹੀ ਬਣਦੀ ਏ। ਉਹਨਾਂ ਵੱਲੇ ਵੇਖ ਕੇ ਕੋਈ ਕੁੜੀ ਨਹੀਂ ਹੱਸਦੀ। ਜੇ ਮੈਂ ਰਣਜੀਤ ਸੁੰਹ ਦੀ ਰਾਣੀ ਬਣਨ ਵਾਸਤੇ ਕਿਹਾ ਏ, ਤਾਂ ਇਹ ਕਿਉਂ ਹੱਸ ਪਈਆਂ ਨੇ ? ਇਹ . ਕਿਹੜਾ ਕਿਸੇ ਸੱਚ-ਮੁੱਚ ਦੀ ਰਾਣੀ ਬਣਨਾ ਏਂ ? ਐਵੇਂ ਝੂਠੀ-ਮੂਠੀ ਦੀ ਖੇਡ ਈ ਤਾਂ ਹੈ। ਫਿਰ ਹੱਸਣ ਦਾ ਕਾਰਨ ? ਉਮਰੋਂ ਛੋਟੀ ਹੋਣ ਕਰਕੇ, ਉਹ ਇਹ ਨਾ ਸਮਝ ਸਕੀ ਕਿ ਹੱਸਣ ਦੀ ਵਜ੍ਹਾ ਉਹਦੀ ਵੱਡੀ ਭੈਣ ਦਾ ਵਿਅੰਗਮਈ ਲਹਿਜਾ ਸੀ।

“ਓਦਰ ਕਿਉਂ ਗਈ ਏਂ ?” ਜਿੰਦਾਂ ਦੀ ਵੱਡੀ ਭੈਣ ਨੇ ਉਹਨੂੰ ਬਾਹੀਂ ਵਿਚ ਲੈ ਕੇ ਕਿਹਾ। “ਤੈਨੂੰ ਮਹਾਰਾਜਾ ਰਣਜੀਤ ਸੁੰਹ ਦੀ ਰਾਣੀ ਈ ਬਣਾ ਦਿਆਂਗੇ।”

ਸਾਰੀਆਂ ਕੁੜੀਆਂ ਫੇਰ ਉੱਚੀ-ਉੱਚੀ ਹੱਸ ਪਈਆਂ।

ਫਿਰ ਸਾਰਾ ਸਮਾਂ ਜਿੰਦਾਂ ਨੂੰ ਖੇਡ ਵਿਚ ਸਵਾਦ ਨਾ ਆਇਆ। ਉਹ ਆਪਣੀ ਹੈਰਾਨੀ ਵਿੱਚ ਡੁੱਬੀ ਰਹੀ। ਉਹ ਬਥੇਰਾ ਸਿਰ ਪੈਰ ਮਾਰਦੀ, ਪਰ ਉਹਦੀ ਬਾਲ-ਬੁੱਧੀ ਉਹਨੂੰ ਕਿਸੇ ਕਿਨਾਰੇ ਨਾ ਲੱਗਣ ਦੇਂਦੀ। ਕੁੜੀਆਂ ਖੇਡਦੀਆਂ ਰਹੀਆਂ, ਤੇ ਉਹ ਇਕ ਪਾਸੇ ਹੋ ਕੇ ਪਰੇਸ਼ਾਨੀ ਦੀ ਹਾਲਤ ਵਿਚ ਖਲੀ ਰਹੀ।

“ਮਾਂ! ਲੈ, ਜਿੰਦਾਂ ਨੂੰ ਤਾਂ ਮਹਾਰਾਜਾ ਰਣਜੀਤ ਸੁੰਹ ਨਾਲ ਮੰਗ ਦਿਹੋ। ਇਹਨੇ ਉਹਦੀ ਰਾਣੀ ਬਣਨਾ ਜੇ।” ਘਰ ਜਾ ਕੇ ਜਿੰਦਾਂ ਦੀ ਵੱਡੀ ਭੈਣ ਨੇ ਹਾਸੇ ਨਾਲ ਕਿਹਾ।

“ਕਿਉਂ ? ਰਾਣੀਆਂ ਕਿਤੇ ਇਹਦੇ ਨਾਲੋਂ ਚੰਗੀਆਂ ਨੇ ?” ਮਾਂ ਨੇ ਜਿੰਦਾਂ ਦਾ ਉਤਰਿਆ ਹੋਇਆ ਚਿਹਰਾ ਵੇਖ ਕੇ ਉਹਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਕਿਹਾ। “ਆ ਖਾਂ ਮੇਰੀ ਧੀ ਰਾਣੀ। ਇਹਨੂੰ ਅਸੀਂ ਮਹਾਰਾਜੇ ਦੀ ਵੱਡੀ ਰਾਣੀ ਬਣਾਵਾਂਗੇ।” ਮਾਂ ਨੇ ਧੀ ਨੂੰ ਜੱਫ਼ੀ ਵਿੱਚ ਲੈ ਕੇ ਪਿਆਰ ਨਾਲ ਉਹਦਾ ਮੂੰਹ ਚੁੰਮ ਲਿਆ।

“ਮਾਂ! ਅਸੀਂ… ਅਸੀਂ ‘ਰਾਜਾ ਰਾਣੀ’ ਖੇਡਦੀਆਂ ਸਾਂ ਪਈਆਂ। ਧੋਲ੍ਹੀ ਨੇ ਪੁੱਛਿਆ, ‘ਰਾਜਾ ਕੌਣ ਬਣੇਗਾ ?’ ਤੇਲੀਆਂ ਦੀ ਭੜੋਲ੍ਹੀ ਜਿਹੀ ਰੀਮੋ ਆਹੰਦੀ, ‘ਮੈਂ ਬਣਾਂਗੀ।’ ਫੇਰ ਧੋਲ੍ਹੀ ਨੇ ਪੁੱਛਿਆ, ‘ਰਾਣੀ ਕੌਣ ਬਣੇਗੀ ?’ ਉਹ ਚੁੰਨ੍ਹੀ ਜਿਹੀ ਸੰਤੀ ਬਣ ਗਈ। ਊਂਹ! ਨਾ ਮੂੰਹ ਨਾ ਮੱਥਾ, ਤੇਤੇ ਜਿੰਨ ਪਹਾੜੋਂ ਲੱਥਾ।” ਜਿੰਦਾਂ ਨੇ ਮੱਥੇ ਉੱਤੇ ਤਿਊੜੀ ਪਾ ਕੇ ਪੁੱਠਾ ਹੱਥ ਦੇਂਦਿਆਂ ਕਿਹਾ। ਉਹ ਸੰਤੀ ਨੂੰ ਰਾਣੀ ਬਣਨ ਦੇ ਯੋਗ ਨਹੀਂ ਸੀ ਸਮਝਦੀ। “ਫਿਰ ਮੈਂ ਕੀ ਬਣਦੀ ? ਧੋਲ੍ਹੀ ਨੇ ਆਖਿਆ, ਹੈਂ, ਹੈਂ, ਆਖਿਆ, ਸਭ ਤੋਂ ਵੱਡੇ ਰਾਜੇ ਰਣਜੀਤ ਸੁੰਹ ਦੀ ਰਾਣੀ ਕੌਣ ਬਣੇਗੀ ? ਮੈਂ ਆਖ ਦਿੱਤਾ, ‘ਮੈਂ’। ਤੇ ਇਹ ਬੁੱਧ-ਬਲ੍ਹੇਟ ਹਿੰਹਿੰ ਹਿੰਹਿੰ ਕਰ ਕੇ ਹੱਸੀ ਜਾਏ।” ਜਿੰਦਾਂ ਨੇ ਭੈਣ ਵੱਲੇ ਹੱਥ ਕਰ ਕੇ ਕਿਹਾ। “ਵੱਧ ਕੇ ਕੋਠੇ ਜਿੱਡੀ ਹੋ ਚੱਲੀ ਏ, ਤੇ ਅਕਲ ਮਾਸਾ ਨਹੀਂ ਇਹਨੂੰ।” ਜਿੰਦਾਂ ਨੂੰ ਵੱਡੀ ਭੈਣ ਦੀ ਮੂਰਖਤਾ ਉੱਤੇ ਗੁੱਸਾ ਆ ਰਿਹਾ ਸੀ।

“ਇਹਨੂੰ ਅਕਲ ਕਿੱਥੇ ? ਇਹ ਤਾਂ ਨਿਰੀ ਬੁੱਧੂ ਏ।” ਮਾਂ ਨੇ ਲਾਡ ਨਾਲ ਜਿੰਦਾਂ ਦੀ ਗੱਲ ਦੀ ਪ੍ਰੋੜ੍ਹਤਾ ਕਰ ਦਿੱਤੀ।

“ਤੇ ਹੋਰ। ਭਲਾ ਹਾਸੇ ਭਾਣੇ ਵੀ ਕੋਈ ਕਿਸੇ ਦੀ ਰਾਣੀ ਬਣ ਜਾਂਦੀ ਏ? ਅਸੀਂ ਤਾਂ ਐਵੇਂ ਝੂਠੀ-ਮੂਠੀ ਖੇਡਦੀਆਂ ਸਾਂ।” ਜਿੰਦਾਂ ਨੇ ਮਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਕਿਹਾ।

“ਤੇ ਮੇਰੀ ਜਿੰਦਾਂ ਨਾਲੋਂ ਕਿਹੜੀ ਰਾਣੀ ਸੋਹਣੀ ਏਂ ? ਅਸੀਂ ਸੱਚ-ਮੁੱਚ ਇਹਨੂੰ ਮਹਾਰਾਜਾ ਰਣਜੀਤ ਸੁੰਹ ਦੀ ਰਾਣੀ ਬਣਾ ਦਿਆਂਗੇ।” ਜਿੰਦਾਂ ਦੀ ਸੁੰਦਰਤਾ ਉੱਤੇ ਮਾਂ ਦਾ ਦਿਲ ਵੀ ਮੋਹਿਆ ਗਿਆ ਸੀ।

“ਸੱਚ ਮੁੱਚ ?” ਜਿੰਦਾਂ ਦੇ ਸਵਾਲ ਵਿੱਚ ਖ਼ੁਸ਼ੀ ਤੇ ਹੈਰਾਨੀ ਲੁੱਕੀਆਂ ਹੋਈਆਂ ਸਨ।

“ਹਾਂ-ਹਾਂ, ਸੱਚ-ਮੁੱਚ” ਮਾਂ ਨੇ ਦੁਬਾਰਾ ਹਾਮੀ ਭਰ ਦਿੱਤੀ।

“ਆਹਾ ਜੀ, ਅਸੀਂ ਮਹਾਰਾਜਾ ਰਣਜੀਤ ਸੁੰਹ ਦੀ ਰਾਣੀ ਬਣਾਂਗੇ।” ਮਾਂ ਦੀਆਂ ਬਾਹੀਂ ਵਿੱਚੋਂ ਨਿਕਲ ਕੇ ਜਿੰਦਾਂ ਖ਼ੁਸ਼ੀ ਨਾਲ ਭੁੜਕਣ ਲੱਗ ਪਈ।

“ਰਣਜੀਤ ਸੁੰਹ ਕਾਣਾ ਵੀ ਏ।” ਵੱਡੀ ਭੈਣ ਨੇ ਛੇੜਨ ਵਾਸਤੇ ਕਿਹਾ।

“ਊਂਹ! ਤੇਰਾ… ਘਰਵਾਲਾ ਕਾਣਾ ਹੋਵੇ ਖਾਂ।” ਜਿੰਦਾਂ ਦਾ ਮੂੰਹ ਗੁੱਸੇ ਨਾਲ ਵਧੇਰੇ ਲਾਲ ਹੋ ਗਿਆ।

ਸਾਰਾ ਪਰਵਾਰ ਖਿੜ-ਖਿੜਾ ਕੇ ਹੱਸ ਪਿਆ।

“ਵੇਖ ਲੈ, ਮਾਂ ! ਹੁਣ ਤੋਂ ਈ ਚਿੜਨ ਲੱਗ ਪਈ ਊ।” ਵੱਡੀ ਭੈਣ ਨੇ ਜਿੰਦਾਂ ਵੱਲ ਉਂਗਲ ਕਰਕੇ ਕਿਹਾ।

“ਭੈਣਾਂ, ਚਿੜੇ ਨਾ ? ਤੁਸੀਂ ਉਹਦੇ ਮਹਾਰਾਜੇ ਨੂੰ ਕਾਣਾ ਕਿਉਂ ਆਖੋ ?”

ਇਹ ਓਦੋਂ ਦੀਆਂ ਗੱਲਾਂ ਹਨ, ਜਦੋਂ ਅਜੇ ਜਿੰਦਾਂ ਇਹਨਾਂ ਗੱਲਾਂ ਦੇ ਅਰਥ ਨਹੀਂ ਸੀ ਸਮਝਦੀ। ਉਹ ਏਸੇ ਖ਼ੁਸ਼ੀ ਵਿੱਚ ਨੱਚੀ ਟੱਪੀ ਜਾ ਰਹੀ ਸੀ ਕਿ ਮਾਂ ਨੇ ਉਹਨੂੰ ਰਣਜੀਤ ਸਿੰਘ ਦੀ ਰਾਣੀ ਬਣਾਉਣ ਦਾ ਇਕਰਾਰ ਕਰ ਦਿੱਤਾ ਸੀ।

ਇਹ ਹਾਸੇ ਭਾਣੇ ਦੀ ਗੱਲ ਸਹੇਲੀਆਂ ਨੇ ਜਿੰਦਾਂ ਦੀ ਛੇੜ ਬਣਾ ਲਈ। ਉਹ ਠੱਠੇ ਨਾਲ ਉਹਨੂੰ ‘ਰਾਣੀ ਜਿੰਦਾਂ’ ਆਖਣ ਲੱਗ ਪਈਆਂ।

ਪਹਿਲਾਂ-ਪਹਿਲਾਂ ਤਾਂ ਜਿੰਦਾਂ ‘ਰਾਣੀ’ ਅਖਵਾ ਕੇ ਬੜੀ ਖ਼ੁਸ਼ ਹੁੰਦੀ, ਪਰ ਉਮਰ ਤੇ ਗਿਆਨ ਦੇ ਵਾਧੇ ਨਾਲ ਜਦ ਉਹਨੂੰ ਇਸ ਸ਼ਬਦ ਦੇ ਅਰਥਾਂ ਦੀ ਸਮਝ ਪਈ, ਤਾਂ ਉਹ ਚਿੜਨ ਲੱਗ ਪਈ। ਕੋਈ ਵੀ ਕੁਆਰੀ ਕੁੜੀ ਅਜਿਹੀ ਗੱਲ ਤੋਂ ਜ਼ਰੂਰ ਚਿੜੇਗੀ, ਅੰਦਰੋਂ ਭਾਵੇਂ ਉਹ ਖ਼ੁਸ਼ ਵੀ ਹੋਵੇ। ਜਿਉਂ-ਜਿਉਂ ਜਿੰਦਾਂ ਚਿੜਦੀ, ਤਿਉਂ-ਤਿਉਂ ਸਹੇਲੀਆਂ ਵਧੇਰੇ ਛੇੜਦੀਆਂ। ਕਈ ਵਾਰ ਜਿੰਦਾਂ ਖਿੱਝ ਕੇ ਰੋਣ-ਹਾਕੀ ਹੋ ਜਾਂਦੀ। “ਵੇਖ ਲੈ ਮਾਂ ! ਫੇਰ ਮੈਂ ਕੁਛ ਆਖਿਆ, ਤਾਂ ਇਹ ਆਪਣੀ ਵਾਰ ਰੋਊਗੀ।” ਵਧੇਰੇ ਗੁੱਸਾ ਜਿੰਦਾਂ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਕਿਉਂਕਿ ਜਿੰਦਾਂ ਨੂੰ ਛੇੜਨ ਵਿੱਚ ਓਹਾ ਸਭ ਤੋਂ ਮੋਹਰੀ ਹੁੰਦੀ ਸੀ।

“ਭਲਾ ਮਾਂ! ਮੈਂ ਕਿਉਂ ਰੋਣਾ ਏਂ ? ਜੋ ਇਹਦਾ ਜੀ ਆਵੇ, ਇਹ ਕਹੀ ਜਾਵੇ।” ਵੱਡੀ ਭੈਣ ਨੇ ਅੱਗੋਂ ਹੱਸਦਿਆਂ ਹੱਸਦਿਆਂ ਉੱਤਰ ਦੇਣਾ। ਰਾਮ

“ਭੜਾਣੀਏਂ ਸੜਾਣੀਏਂ, ਸੰਧੂ ਘੜੰਧੂ।” ਜਿੰਦਾਂ ਨੇ ਮੂੰਹ ਚਿੜਾ ਕੇ ਕਹਿਣਾ।

“ਆਖੀ ਚੱਲ, ਆਖੀ ਚੱਲ। ਮੈਂ ਕੋਈ ਗੁੱਸਾ ਕਰਦੀ ਆਂ ? ਨਾਲੇ ਰਾਣੀ ਜਿੰਦਾਂ ਦਾ ਗੁੱਸਾ ਕਰਕੇ ਰਹਿਣਾ ਕੀਹਦੇ ਰਾਜ ਵਿੱਚ ਹੋਇਆ ?” ਵੱਡੀ ਭੈਣ ਨੇ ਓਸੇ ਤਰ੍ਹਾਂ ਮੁਸਕਰਾਉਂਦਿਆਂ ਉੱਤਰ ਦੇਣਾ। ਉਹ ਭੜਾਣੀਏਂ ਸਰਦਾਰਾਂ ਦੇ ਮੰਗੀ ਹੋਈ ਸੀ।

“ਤੂੰ ਤਾਂ ਲੱਜ-ਲੱਥੀ ਏਂ । ਤੂੰ ਗੁੱਸਾ ਕਾਹਨੂੰ ਕਰਨਾ ਹੋਇਆ ?” ਜਿੰਦਾਂ ਏਸ ਗੱਲੋਂ ਬੜੀ ਔਖੀ ਸੀ ਕਿ ਉਹਦੇ ਚਿੜਾਉਣ ਨਾਲ ਵੱਡੀ ਭੈਣ ਗੁੱਸਾ ਕਿਉਂ ਮਹਿਸੂਸ ਨਹੀਂ ਕਰਦੀ ?

ਇਹ ਬੱਚਿਆਂ ਦੀਆਂ ਗੱਲਾਂ, ਘਰ ਦੇ ਵਡੇਰਿਆਂ ਦੇ ਦਿਲਾਂ ਵਿੱਚ ਘਰ ਕਰਦੀਆਂ ਗਈਆਂ। ਮਾਤਾ-ਪਿਤਾ ਥਾਂਉਂ ਥਾਂਈਂ ਕਈ ਵਾਰ ਸੋਚਣ ਲੱਗ ਪੈਂਦੇ, ‘ਜਿੰਦਾਂ ਬਹੁਤ ਖ਼ੂਬਸੂਰਤ ਏ। ਇਹ ਬੁੱਧ ਦੀ ਵੀ ਬੜੀ ਤੇਜ਼ ਏ। ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਨਹੀਂ ਹੋਣੀ। ਇਹਦੀ ਸ਼ਾਦੀ ਸ਼ੇਰੇ-ਪੰਜਾਬ ਨਾਲ ਕਰ ਦਿੱਤੀ ਜਾਵੇ, ਤਾਂ ਇਹਦੇ ਭਾਗ ਉਘੜ ਪੈਣ। ਇਕ ਇਹਦੀ ਕੀ ਗੱਲ, ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ।’

ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਨਿਰਾ ਪੰਜਾਬ ਦਾ ਬਾਦਸ਼ਾਹ ਹੀ ਨਹੀਂ ਸੀ, ਆਪਣੀ ਕੌਮ ਦਾ ਲੀਡਰ ਵੀ ਸੀ। ਆਪਣੇ ਗੁਣਾਂ ਤੇ ਪਰਜਾ ਦਾ ਹਿੱਤ ਚਾਹੁਣ ਦੇ ਕਾਰਨ ਉਹ ਸਮੁੱਚੇ ਪੰਜਾਬੀਆਂ ਦਾ ਹਰ-ਮਨ ਪਿਆਰਾ ਸੀ। ਲੋਕ ਉਹਦੇ ਨਾਲ ਨੇੜ ਪ੍ਰਾਪਤ ਕਰਨ ਤੇ ਰਿਸ਼ਤਾ ਗੰਢਣ ਵਿੱਚ ਆਪਣਾ ਮਾਣ ਤੇ ਖ਼ੁਸ਼-ਕਿਸਮਤੀ ਸਮਝਦੇ ਸਨ। ਉਸ ਸਮੇਂ ਹੁਕਮਰਾਨ ਨੂੰ ਰੱਬ ਦਾ ਨਾਇਬ ਤੇ ਨਿਹ-ਕਲੰਕ ਸਮਝਿਆ ਜਾਂਦਾ ਸੀ। ਵੱਡਿਆਂ ਬੰਦਿਆਂ ਵਿੱਚ ਓਦੋਂ ਬਹੁਤੇ ਵਿਆਹ ਕਰਾਉਣ ਦਾ ਰਿਵਾਜ ਸੀ। ਉਸ ਜ਼ਮਾਨੇ ਤਾਂ ਬੱਚਿਆਂ ਨੂੰ ਕਹਾਣੀ ਇਹ ਸੁਣਾਈ ਜਾਂਦੀ ਸੀ : ‘ਇਕ ਸੀ ਰਾਜਾ । ਉਹਦੀਆਂ ਸੱਤ ਰਾਣੀਆਂ ਸਨ।’ ਸੋ, ਜੇ ਮਾਮੂਲੀ ਰਾਜੇ ਦੀਆਂ ਸੱਤ ਰਾਣੀਆਂ ਹੋ ਸਕਦੀਆਂ ਸਨ, ਤਾਂ ਮਹਾਰਾਜੇ ਦੀਆਂ ਸਤਾਈ ਕਿਉਂ ਨਾ ਹੋਣ ? ਤੇ ਸ਼ੇਰੇ-ਪੰਜਾਬ ਤਾਂ ਪੰਜਾਬ ਦੇ ਕਈ ਰਾਜਿਆਂ ਦਾ ਮਹਾਰਾਜਾ ਸੀ। ਸ. ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਜਿੰਦਾਂ ਨੂੰ ਸ਼ੇਰੇ- ਪੰਜਾਬ ਦੀ ਰਾਣੀ ਬਣਾਉਣਾ ਹੈ। ਮੰਨਾ ਸਿੰਘ ਆਪਣੇ ਇਲਾਕੇ (ਪਿੰਡ ਚਾਹੜ, ਤਸੀਲ ਜ਼ਫ਼ਰਵਾਲ, ਜ਼ਿਲ੍ਹਾ ਸਿਆਲਕੋਟ) ਦਾ ਮੰਨਿਆ ਪ੍ਰਮੰਨਿਆ ਸਰਦਾਰ ਸੀ। ਉਹ ਔਲਖ ਗੋਤ ਦਾ ਜੱਟ ਸਿੱਖ ਸੀ। ਉਹਦੀ ਵੱਡੀ ਲੜਕੀ ਭੜਾਣੀਏ ਸ. ਮਿੱਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ। ਮੰਨਾ ਸਿੰਘ ਦੀ ਭੈਣ ਪਿੰਡ ਐਮਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਸ. ਨਾਰ ਸਿੰਘ ਨਾਲ ਵਿਆਹੀ ਹੋਈ ਸੀ। ਸ. ਨਾਰ ਸਿੰਘ ਖੱਤਰੀਆਂ ਦੀ ਉੱਪਲ ਗੋਤ ਵਿੱਚੋਂ ਸੀ। ਓਸ ਸਮੇਂ ਦੇ ਸਿੱਖ ਜ਼ਾਤ ਗੋਤ ਨੂੰ ਬਹੁਤਾ ਨਹੀਂ ਸਨ ਮੰਨਦੇ। ਸ: ਨਾਰ ਸਿੰਘ ਤੇ ਸ. ਮਿੱਤ ਸਿੰਘ ਦੋਵੇਂ ਸ਼ੇਰੇ-ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸਨ । ਜਿੰਦਾਂ ਦੀ ਸ਼ਾਦੀ ਸ਼ੇਰੇ-ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰਾਣਾ ਹੋਰ ਅਗੇਰੇ ਵਧਣ ਦੀ ਚਾਹ ਰੱਖਦਾ ਸੀ।

ਜਿੰਦਾਂ ਦੀ ਪਾਲਣਾ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ । ਧਾਰਮਿਕ ਵਿੱਦਿਆ ਦੇ ਨਾਲ-ਨਾਲ ਉਹਨੂੰ ਇਤਿਹਾਸ ਤੇ ਕੁਛ ਰਾਜਨੀਤੀ ਦੇ ਗ੍ਰੰਥ ਵੀ ਪੜ੍ਹਾਏ ਗਏ। ਉਹਦੇ ਦਿਲ ਵਿੱਚ ਵੀ ਇਹ ਖ਼ਿਆਲ ਘਰ ਕਰਦਾ ਗਿਆ ਕਿ ਮੈਂ ਸ਼ੇਰੇ-ਪੰਜਾਬ ਦੀ ਰਾਣੀ ਬਣਨਾ ਹੈ।

ਜਿੰਦਾਂ ਅਜੇ ਬਾਲੜੀ ਹੀ ਸੀ, ਜਾਂ ਉਹਦੀ ਵੱਡੀ ਭੈਣ ਦਾ ਵਿਆਹ ਹੋ ਗਿਆ। ਮਿੱਤ ਸਿੰਘ ਭੜਾਣੀਆਂ, ਸ਼ੇਰੇ-ਪੰਜਾਬ ਦੇ ਜਾਗੀਰਦਾਰ ਸਰਦਾਰਾਂ ਵਿੱਚੋਂ ਸੀ। ਉਹਦਾ ਇਕੋ-ਇੱਕ ਪੁੱਤਰ ਜਵਾਲਾ ਸਿੰਘ ਵੀ ਫ਼ੌਜ ਵਿੱਚ ਅਫ਼ਸਰ ਸੀ। ਉਹ ਬੜੀ ਸ਼ਾਨ ਨਾਲ ਪਿੰਡ ਚਾਹੜ ਢੁੱਕੇ। ਜਿੰਦਾਂ ਦੀ ਵੱਡੀ ਭੈਣ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਮਗਰੋਂ ਜਵਾਲਾ ਸਿੰਘ ਸਹੁਰੇ ਜਾਇਆ ਕਰਦਾ, ਤਾਂ ਉਹਦੀ ਚਮਕ-ਦਮਕ ਝੱਲੀ ਨਾ ਜਾਂਦੀ। ਜਿੰਦਾਂ ਦੀ ਭੈਣ ਬੜੇ ਕੀਮਤੀ ਕੱਪੜੇ ਤੇ ਗਹਿਣੇ ਪਾ ਕੇ ਪੇਕੇ ਜਾਂਦੀ। ਉਹਦੇ ਵੱਲੇ ਵੇਖ ਕੇ ਜਿੰਦਾਂ ਦੇ ਦਿਲ ਵਿੱਚ ਖ਼ਿਆਲ ਆਉਂਦਾ, ‘ਹੱਛਾ, ਮੈਂ ਇਹਦੇ ਨਾਲੋਂ ਵੀ ਵਧੇਰੇ ਗਹਿਣੇ ਪਾਇਆ ਕਰਾਂਗੀ।’

ਇਕ ਵਾਰ ਜਿੰਦਾਂ ਨੇ ਇਤਿਹਾਸ ਵਿੱਚ ਪੜ੍ਹਿਆ, “ਨੂਰ ਜਹਾਂ, ਬਾਦਸ਼ਾਹ ਜਹਾਂਗੀਰ ਦੀ ਮਨ-ਚਾਹੀ ਬੇਗ਼ਮ ਸੀ। ਬਾਦਸ਼ਾਹ ਨੇ ਸਾਰਾ ਰਾਜ ਕਾਜ ਬੇਗ਼ਮ ਦੇ ਹੱਥ ਸੌਂਪ ਛੱਡਿਆ ਸੀ। ਅਸਲੀ ਅਰਥਾਂ ਵਿੱਚ ਮੁਲਕ ਉੱਤੇ ਨੂਰ ਜਹਾਂ ਹੀ ਰਾਜ ਕਰਦੀ ਸੀ। ਉਹ ਬੜੀ ਸਮਝਦਾਰ ਤੇ ਯੋਗ ਇਸਤਰੀ ਸੀ।”

‘ਮੈਂ ਵੀ ਰਾਜ ਕਰਾਂਗੀ।’ ਜਿੰਦਾਂ ਦੇ ਦਿਲ ਵਿੱਚ ਖ਼ਿਆਲ ਆਇਆ। ‘ਪਰ ਰਾਜ ਕਰਨ ਵਾਸਤੇ ਉਸਦੇ ਯੋਗ ਬਣਨਾ ਜ਼ਰੂਰੀ ਹੈ। ਉਹਨੇ ਮਨ ਵਿੱਚ ਸੋਚਿਆ। ਉਸ ਦਿਨ ਤੋਂ ਉਹ ਇਤਿਹਾਸ ਤੇ ਰਾਜਨੀਤੀ ਦੇ ਗ੍ਰੰਥਾਂ

ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਈ।

ਜਿੰਦਾਂ ਨੇ ਸੁਣਿਆਂ, ‘ਸ਼ੇਰੇ-ਪੰਜਾਬ ਦੀਆਂ ਕਈ ਰਾਣੀਆਂ ਹਨ। ਇਕ ਦਿਨ ਉਹਨੇ ਆਪਣੀ ਭੈਣ ਨੂੰ ਪੁੱਛਿਆ, “ਭੈਣ! ਮਰਦ ਬਹੁਤੇ ਵਿਆਹ ਕਿਉਂ ਕਰਾਉਂਦੇ ਨੇ ?”

“ਇਹ ਮਰਦ ਈ ਜਾਨਣ। ਆਪਾਂ ਨੂੰ ਕੀ ਪਤਾ ?” ਭੈਣ ਨੇ ਅੱਗੋਂ ਟਾਲਣ ਦੇ ਇਰਾਦੇ ਨਾਲ ਕਿਹਾ।

“ਨਹੀਂ, ਸਾਨੂੰ ਵੀ ਜਾਨਣਾ ਚਾਹੀਦਾ ਹੈ। ਆਖ਼ਰ ਬਹੁਤੇ ਵਿਆਹਾਂ ਦਾ ਦੁੱਖ ਤਾਂ ਇਸਤਰੀਆਂ ਨੂੰ ਈ ਭੁਗਤਣਾ ਪੈਂਦਾ ਏ ਨਾ।” ਜਿੰਦਾਂ ਨੇ ਬੜੀ ਗੰਭੀਰਤਾ ਨਾਲ ਕਿਹਾ।

“ਹੱਛਾ, ਤੇਰਾ ਵਿਆਹ ਮਹਾਰਾਜੇ ਨਾਲ ਕਰਨ ਦੀਆਂ ਸਲਾਹੀਂ ਹੋ ਰਹੀਆਂ ਨੇ। ਉਹਦੀਆਂ ਅੱਗੇ ਕਈ ਰਾਣੀਆਂ ਨੇ । ਤੂੰ ਪਤਾ ਕਰ ਲਈਂ, ਪਈ ਉਹਨੇ ਬਹੁਤੇ ਵਿਆਹ ਕਿਉਂ ਕਰਵਾਏ ਨੇ ?” ਭੈਣ ਨੇ ਅੱਗੋਂ ਮਸ਼ਕਰੀ ਵਜੋਂ ਕਿਹਾ।

“ਨਹੀਂ, ਭੈਣ! ਮੈਂ ਹੱਸਦੀ ਨਹੀਂ। ਇਕ ਮਹਾਰਾਜੇ ਦੀ ਗੱਲ ਨਹੀਂ, ਰੱਜੇ ਪੁੱਜੇ ਆਦਮੀ ਆਮ ਬਹੁਤੇ ਵਿਆਹ ਕਰਵਾਉਂਦੇ ਨੇ। ਆਖ਼ਰ ਕਿਉਂ ? ਕੁਛ ਕਾਰਨ ਤਾਂ ਜ਼ਰੂਰ ਹੋਵੇਗਾ। ਹੱਛਾ, ਇਹ ਦੱਸ, ਭਾਈਏ ਨੇ ਵੀ ਕਦੇ ਹੋਰ ਵਿਆਹ ਕਰਾਉਣ ਦੀ ਗੱਲ ਕੀਤੀ ਏ ?” ਜਿੰਦਾਂ ਨੇ ਸੰਜੀਦਗੀ ਨਾਲ ਪੁੱਛਿਆ। ਉਹਦਾ ਮਤਲਬ ਭੈਣ ਦੇ ਪਤੀ, ਸ. ਜਵਾਲਾ ਸਿੰਘ ਤੋਂ मी।

“ਅਜੇ ਤਾਂ ਨਹੀਂ, ਪਰ ਇਹਨਾਂ ਮਰਦਾਂ ਦਾ ਕੀ ਭਰੋਸਾ ?” ਭੈਣ ਨੇ ਵੀ ਅੱਗੋਂ ਗੰਭੀਰ ਹੋ ਕੇ ਕਿਹਾ।

“ਸ਼ੇਰੇ-ਪੰਜਾਬ ਬਾਰੇ ਮੈਂ ਇਕ ਗੱਲ ਤਾਂ ਸਮਝਦੀ ਆਂ। ਸਭ ਤੋਂ ਪਹਿਲਾ ਵਿਆਹ ਉਹਨਾਂ ਦੇ ਪਿਤਾ ਨੇ ਬਾਲ ਉਮਰੇ ਹੀ ਕਰ ਦਿੱਤਾ। ਫਿਰ ਕੁਛ ਵਿਆਹ ਉਹਨਾਂ ਸਾਂਝਾਂ ਵਧਾਉਣ ਵਾਸਤੇ ਕੀਤੇ। ਉਹਨਾਂ ਦਾ ਕਾਰਨ ਨਿਰੋਲ ਰਾਜਨੀਤਕ ਸੀ। ਵਿਆਹ ਕਰਕੇ ਉਹਨਾਂ ਕੁਛ ਮਿਸਲਾਂ ਜਾਂ ਘਰਾਣਿਆਂ ਨੂੰ ਆਪਣੇ ਮਦਦਗਾਰ ਬਣਾ ਲਿਆ। ਉਸ ਸਮੇਂ ਉਹਨਾਂ ਵਿਆਹਾਂ ਦਾ ਲਾਭ ਵੀ ਸਮਝਿਆ ਜਾ ਸਕਦਾ ਸੀ। ਪਰ ਸਾਰੇ ਪੰਜਾਬ ਵਿੱਚ ਰਾਜ ਪੱਕਾ ਹੋ ਜਾਣ ਪਿੱਛੋਂ ਵੀ ਉਹਨਾਂ ਕੁਛ ਵਿਆਹ ਕਰਵਾਏ ਨੇ। ਇਸਦੇ ਕਾਰਨ ਦੀ ਸਮਝ ਨਹੀਂ ਪੈਂਦੀ।” ਜਿੰਦਾਂ ਬੜੀ ਗਹਿਰੀ ਸੋਚ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਸੀ।

“ਜਿੰਦਾਂ! ਤੂੰ ਸੱਚ-ਮੁੱਚ ਈ ਰਾਣੀ ਬਣਨ ਦੇ ਯੋਗ ਏਂ। ਮੈਂ ਆਪਣਾ ਸਾਰਾ ਤਾਣ ਲਾਵਾਂਗੀ।” ਭੈਣ ਨੇ ਉਹਨੂੰ ਘੁੱਟ ਕੇ ਗਲ ਨਾਲ ਲਾ ਲਿਆ। ਉਹ ਛੋਟੀ ਭੈਣ ਦੀ ਸੂਝ-ਬੂਝ ‘ਤੇ ਖ਼ੁਸ਼ ਵੀ ਸੀ ਤੇ ਹੈਰਾਨ ਵੀ।

ਜਿੰਦਾਂ ਦੀ ਭੈਣ ਨੇ ਪਤੀ ਅੱਗੇ ਬੜੇ ਸੁਚੱਜੇ ਢੰਗ ਨਾਲ ਗੱਲ ਚਲਾਈ। ਉਹਨੇ ਬਚਪਨ ਦੀ ਖੇਡ ਤੋਂ ਲੈ ਕੇ ਅਖੀਰੀ ‘ਬਹੁਤੇ ਵਿਆਹਾਂ ਬਾਰੇ ਬਹਿਸ’ ਤਕ ਕਹਾਣੀ ਸੁਣਾਈ। ਉਹਨੇ ਜਿੰਦਾਂ ਦੀ ਵਿੱਦਿਆ, ਉਹਦੀ ਰਾਣੀ ਬਣਨ ਦੀ ਰੀਝ ਤੇ ਮਾਪਿਆਂ ਦੀ ਇੱਛਿਆ ਬਾਰੇ ਵੀ ਦੱਸਿਆ। ਆਪਣੀਆਂ ਗੱਲਾਂ ਦਾ ਸ. ਜਵਾਲਾ ਸਿੰਘ ‘ਤੇ ਪ੍ਰਭਾਵ ਪਿਆ ਵੇਖ ਕੇ, ਅੰਤ ਉਹਨੇ ਬੜੇ ਪਿਆਰ ਨਾਲ ਕਿਹਾ, “ਉਂਞ ਇਹ ਸੰਬੰਧ ਹੋ ਜਾਏ, ਤਾਂ ਸਰਕਾਰ ਦਰਬਾਰ ਵਿੱਚ ਹੁਣ ਨਾਲੋਂ ਆਪਣਾ ਸਤਕਾਰ ਵੱਧ ਸਕਦਾ ਏ। ਨਾਲੇ ਮੇਰੇ ਮਾਪੇ ਵੀ ਤੁਹਾਡਾ ਅਹਿਸਾਨ ਮੰਨਣਗੇ। ਫਿਰ ਜਿੰਦਾਂ ਵਰਗੀ ਰੂਪਵਾਨ ਵੀ ਇਸ ਵੇਲੇ ਸਾਰੇ ਦੇਸ਼ ਵਿੱਚ ਭਾਲਿਆਂ ਨਹੀਂ ਲੱਭਣੀ ।”

ਗੱਲ ਸ. ਜਵਾਲਾ ਸਿੰਘ ਦੇ ਦਿਲ ਲੱਗੀ। ਉਹ ਸ਼ੇਰੇ-ਪੰਜਾਬ ਦਾ ਲਗਭਗ ਹਾਣੀ ਤੇ ਮੂੰਹ-ਲੱਗੇ ਸਰਦਾਰਾਂ ਵਿੱਚੋਂ ਸੀ। ਮੌਕਿਆ ਤਾੜ ਕੇ ਉਹਨੇ ਸ਼ੇਰੇ ਪੰਜਾਬ ਅੱਗੇ ਜ਼ਿਕਰ ਕੀਤਾ। ਉਹਨੇ ਐਸੇ ਰੰਗੀਨ ਢੰਗ ਨਾਲ ਗੱਲ ਕੀਤੀ ਕਿ ਸ਼ੇਰੇ ਪੰਜਾਬ ਫੜਕ ਉੱਠਿਆ। ਜਿੰਦਾਂ ਦੇ ਰੂਪ ਦੀ ਸ਼ੋਭਾ ਸੁਣ ਕੇ ਉਹ ਮੋਹਿਆ ਗਿਆ। ਮੁੱਕਦੀ ਗੱਲ, ਸ. ਜਵਾਲਾ ਸਿੰਘ ਦੇ ਵਿਚੋਲਪੁਣੇ ਦਾ ਨਤੀਜਾ, ਜਿੰਦਾਂ ਦਾ ਰਿਸ਼ਤਾ ਸ਼ੇਰੇ ਪੰਜਾਬ ਨਾਲ ਪੱਕਾ ਹੋ ਗਿਆ।

ਇਹ ਖ਼ਬਰ ਸੁਣ ਕੇ, ਇਕ ਪਿੰਡ ਚਾਹੜ ਛੱਡਿਆ, ਸਾਰੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਸ ਵੇਲੇ ਮੰਨਾ ਸਿੰਘ ਦੀ ਗਿਣਤੀ ਨਾਮਵਰ ਘੋੜ ਚੜ੍ਹੇ ਸਰਦਾਰਾਂ ਵਿੱਚੋਂ ਸੀ। ਸਾਰੇ ਪੰਜਾਬ ਦੇ ਚੋਣਵੇਂ ਸਰਦਾਰ ਤੇ ਨਵਾਬ ਸ਼ੇਰੇ ਪੰਜਾਬ ਦੀ ਜੰਞ ਨਾਲ ਆਏ। ਜਿੰਦਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਉਹਦੇ ਮਨ ਦੀ ਮੁਰਾਦ ਪੂਰੀ ਹੋ ਗਈ। ਡੋਲੇ ਵਿੱਚ ਬੈਠੀ ਉਹ ਆਪਣੇ ਲੱਖਾਂ ਰੁਪਏ ਦੇ ਗਹਿਣਿਆਂ ਵੱਲ ਵੇਖ ਰਹੀ ਸੀ।

ਮਾਪਿਆਂ ਦੀ ਜਿੰਦਾਂ, ‘ਰਾਣੀ ਜਿੰਦ ਕੌਰ’ ਬਣ ਕੇ ਲਾਹੌਰ ਆ ਗਈ। ਕਿਲ੍ਹੇ ਵਿੱਚ ਉਹਦੇ ਵਾਸਤੇ ਵੱਖਰਾ ਮਹਿਲ ਬਣਵਾਇਆ ਗਿਆ, ਜੋ ਪੁਰਾਣੇ ਸੰਮਣ-ਬੁਰਜ ਦੇ ਨਾਲ ਸੀ। ਮਹਿਲ ਬਾਹਰੋਂ ਬੜਾ ਸਾਦਾ ਸੀ, ਪਰ ਅੰਦਰੋਂ ਪੂਰੀ ਸ਼ਾਨ ਨਾਲ ਸਜਾਇਆ ਹੋਇਆ। ਫ਼ਰਸ਼ ਉੱਤੇ ਵਧੀਆ ਗ਼ਲੀਚੇ ਵਿਛੇ ਹੋਏ ਸਨ, ਜੋ ਕਸ਼ਮੀਰ ਦੀ ਕਾਰੀਗਰੀ ਦਾ ਆਹਲਾ ਨਮੂਨਾ ਸਨ। ਬਾਰੀਆਂ ਤੇ ਬੂਹਿਆਂ ਸਾਮ੍ਹਣੇ ਲਟਕੇ ਹੋਏ ਰੇਸ਼ਮੀ ਪਰਦੇ, ਮਾੜੀ ਜਿਹੀ ਹਵਾ ਨਾਲ ਸਰ-ਸਰਾ ਉਠਦੇ ਸਨ । ਚੁਫੇਰੇ ਦੀਆਂ ਕੰਧਾਂ, ਸੁੰਦਰ ਚਿੱਤਰਾਂ ਨਾਲ ਢੱਕੀਆਂ ਹੋਈਆਂ ਸਨ। ਚੌਹੀਂ ਪਾਸੀਂ ਆਹਮੋ-ਸਾਮ੍ਹਣੇ ਆਦਮ-ਕੱਦ ਸ਼ੀਸ਼ੇ ਜੜੇ ਹੋਏ ਸਨ। ਵੱਡੇ ਕਮਰੇ ਦੇ ਵਿਚਕਾਰ ਦੋ ਪਲੰਘ ਡੱਠੇ ਹੋਏ ਸਨ, ਜਿਨ੍ਹਾਂ ਬਾਰੇ ਕਿਹਾ ਜਾ ਸਕਦਾ ਸੀ, ‘ਸੇਜੜੀਆਂ ਸੋਇਨ ਹੀਰੇ ਨਾਲ ਜੁੜੰਦੀਆਂ’। ਦਰਵਾਜ਼ੇ ਦੇ ਦੋਹੀਂ ਪਾਸੀਂ ਚਾਰ ਗੋਲੀਆਂ ਗੁੱਡੀਆਂ ਵਾਂਗ ਰੇਸ਼ਮੀ ਪੁਸ਼ਾਕਾਂ ਵਿੱਚ ਸੱਜੀਆਂ ਹੋਈਆਂ ਹੱਥ ਜੋੜੀ ਖਲੀਆਂ ਸਨ। ਜਿੰਦਾਂ, ਹਾਂ ਸੱਚ, ‘ਰਾਣੀ ਜਿੰਦਾਂ’ ਆਪਣੇ ਸੁਹਾਗ-ਘਰ ਵਿੱਚ ਦਾਖ਼ਲ ਹੋਈ। ਕਮਰੇ ਦੀ ਪੌਣ ਰੂਹ-ਕਿਉੜੇ ਨਾਲ ਮੁਅੱਤਰ ਸੀ। ਚਾਰੇ ਗੋਲੀਆਂ ਪਰਛਾਵੇਂ ਵਾਂਗ, ਨਹੀਂ, ਚੰਦ ਦੇ ਪਰਵਾਰ ਵਾਂਗ ਉਹਦੇ ਉਦਾਲੇ ਆ ਹੋਈਆਂ। ਇਕ ਨੇ ਮਹਾਰਾਣੀ ਨੂੰ ਡੌਲਿਆਂ ਤੋਂ ਫੜ ਕੇ ਆਦਰ ਨਾਲ ਪਲੰਘ ‘ਤੇ ਬਿਠਾਇਆ। ਇਕ ਨੇ ਬਹਿ ਕੇ ਮਖ਼ਮਲੀ ਮੌਜੇ ਉਤਾਰੇ। ਇਕ ਨੇ ਪਹਿਲੀ ਪੁਸ਼ਾਕ ਤੇ ਗਹਿਣੇ ਉਤਾਰ ਕੇ ਹੋਰ ਪਹਿਨਾਏ। ਰਾਣੀ ਨੂੰ ਖ਼ੁਸ਼ ਕਰਨ ਵਾਸਤੇ ਚਾਰੇ ਦਾਸੀਆਂ ਵੱਧ ਤੋਂ ਵੱਧ ਯਤਨ ਕਰ ਰਹੀਆਂ ਸਨ। ਏਨੇ ਤੱਕ ਪੰਜਵੀਂ ਰਾਜ ਗੱਲੀ ਆ ਹਾਜ਼ਰ ਹੋਈ। ਕਿਸੇ ਸੱਜ ਵਿਆਹੀ ਦਾ ਸ਼ੰਗਾਰ ਕਰਨ ਵਿੱਚ ਉਹਨੂੰ ਕਮਾਲ ਹਾਸਲ ਸੀ। ਪੂਰੇ ਦੋ ਘੰਟੇ ਲਾ ਕੇ ਉਹਨੇ ਰਾਣੀ ਜਿੰਦ ਕੌਰ ਦਾ ਸੁਹਾਗ-ਰਾਤ ਵਾਸਤੇ ਸ਼ੰਗਾਰ ਕੀਤਾ। ਜਿੰਦਾਂ ਦਾ ਗੋਲ ਚਿਹਰਾ, ਚੌੜਾ ਮੱਥਾ ਤੇ ਤਿੱਖਾ ਨੱਕ, ਉਹਦੇ ਰੂਪ ਨੂੰ ਚਾਰ-ਚੰਦ ਲਾ ਰਿਹਾ ਸੀ। ਸਭ ਤੋਂ ਵਧੇਰੇ ਸੁੰਦਰਤਾ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਸੀ। ਉਹਦਾ ਸਮੁੱਚਾ ਪ੍ਰਭਾਵ ਕਿਸੇ ਜਮਾਂਦਰੂ ਰਾਣੀ ਵਰਗਾ ਸੀ। ਰਾਜ-ਗੋਲੀ ਆਪ ਹੀ ਵੇਖ ਕੇ ਪੁਕਾਰ ਉੱਠੀ, “ਸਰਕਾਰ! ਇਹ ਰੂਪ ਅੱਗੇ ਸਾਰੇ ਰਾਜ-ਮਹਿਲ ਵਿੱਚ ਨਹੀਂ। ਤੁਹਾਡੇ ਵੱਲੇ ਵੇਖ ਕੇ ਤਾਂ ਇਸ ਬਾਂਦੀ ਦਾ ਦਿਲ ਵੀ ਭਰਮ ਪਿਆ ਏ। ਵਿਚਾਰੇ ਮਹਾਰਾਜ ਕਿਵੇਂ ਸਹਾਰ ਸਕਣਗੇ ? ਬੱਸ, ਇਹਨਾਂ ਬਰੂਹਾਂ ਜੋਗੇ ਈ ਹੋ ਜਾਣਗੇ। ਮੈਂ ਭਵਿੱਖਤ ਵਾਕ ਕਹਿੰਦੀ ਆਂ, ਸਰਕਾਰ! ਬੇਸ਼ੱਕ ਆਪ ਕਿਸੇ ਨਜੂਮੀ ਕੋਲੋਂ ਪੁੱਛ ਲੈਣਾ। ਆਪ ਮਹਾਰਾਜ ਦੀ ਆਖ਼ਰੀ ਰਾਣੀ ਹੋਵੋਗੀ।”

ਸ਼ੇਰੇ ਪੰਜਾਬ ਨੇ ਸੁਣਿਆ ਹੋਇਆ ਸੀ ਕਿ ਜਿੰਦਾਂ ਖੂਬਸੂਰਤ ਹੈ, ਪਰ ਏਨਾ ਪਤਾ ਨਹੀਂ ਸੀ ਕਿ ਏਨੀ ਰੂਪਵਾਨ ਹੈ। ਜਿੰਦਾਂ ਦੀ ਸ਼ਕਲ ਵਿੰਹਦਿਆਂ ਹੀ ਉਹ ਅਵਾਕ ਰਹਿ ਗਏ। ਸਾਰੀ ਦੁਨੀਆਂ ਦਾ ਹੁਸਨ ਸਰਕਾਰ ਨੂੰ ਜਿੰਦਾਂ ਦੇ ਸਾਹਮਣੇ ਫਿੱਕਾ ਜਾਪਿਆ। ਪਹਿਲੇ ਦੀਦਾਰ ਦਾ ਇਨਾਮ ਜਿੰਦਾਂ ਨੂੰ ਸਰਕਾਰ ਵੱਲੋਂ ‘ਮਹਿਬੂਬਾ’ (ਪ੍ਰਾਣ-ਪਿਆਰੀ) ਦਾ ਖ਼ਿਤਾਬ ਮਿਲਿਆ। ਮੁੱਕਦੀ ਗੱਲ, ਪਹਿਲੀ ਝਲਕ ਨਾਲ ਹੀ ਸ਼ੇਰੇ ਪੰਜਾਬ ਦਾ ਮਨ ਮੋਹਿਆ ਗਿਆ।

ਮਹਾਰਾਣੀ ਜਿੰਦਾਂ ਸੋਹਣ ਸਿੰਘ ਸੀਤਲ | Maharani Jinda Sohan Singh Seetal

ਪਹਿਲੀਆਂ ਰਾਣੀਆਂ ਨਾਲੋਂ ਜਿੰਦਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਰਾਹ ਚੁਣ ਲਿਆ। ਪਹਿਲੀਆਂ ਸੱਭੇ ਰਾਣੀਆਂ ਆਪਸ ਵਿੱਚ ਸਖ਼ਤ ਈਰਖਾ ਰੱਖਦੀਆਂ ਸਨ। ਈਰਖਾਲੂ ਦੇ ਚੇਹਰੇ ਉੱਤੇ ਖਿੱਚ ਤੇ ਖਿੜਾਉ ਨਹੀਂ ਰਹਿੰਦਾ। ਉਹ ਸਦਾ ਆਪਣੇ ਸੇਕ ਨਾਲ ਹੀ ਝੁਲਸਿਆ ਰਹਿੰਦਾ ਹੈ। ਉਹਨਾਂ ਰਾਣੀਆਂ ਦਾ ਸੁਭਾਉ ਸੀ, ਮਹਾਰਾਜੇ ਕੋਲ ਇਕ ਦੂਸਰੀ ਦੀ ਨਿੰਦਿਆ ਕਰਨਾ। ਉਹ ਹਰ ਇਕ ਚੁਗ਼ਲੀਆਂ ਲਾ ਕੇ ਦੁੱਜੀਆਂ ਵੱਲੋਂ ਮਹਾਰਾਜੇ ਦਾ ਦਿਲ ਫੇਰਨਾ ਚਾਹੁੰਦੀ ਸੀ। ਮਹਾਰਾਜ ਕਈ ਵਾਰ ਉਹਨਾਂ ਦੀਆਂ ਅਜਿਹੀਆਂ ਗੱਲਾਂ ਸੁਣ-ਸੁਣ ਤੰਗ ਆ ਜਾਂਦੇ ਸਨ। ਉਹ ਉਹਨਾਂ ਸਾਰੀਆਂ ਦਾ ਥਾਂਉਂ-ਥਾਂਈਂ ਆਦਰ ਸਤਕਾਰ ਕਰਦੇ ਸਨ, ਪਰ ਕਿਸੇ ਇਕ ਵੱਲੋਂ ਵੀ ਪੂਰੇ ਦਿਲੋਂ ਸੰਤੁਸ਼ਟ ਨਹੀਂ ਸਨ । ਸ਼ਾਇਦ ਏਹਾ ਕਾਰਨ ਹੋਵੇ, ਸ਼ੇਰੇ ਪੰਜਾਬ ਦੇ ਹੋਰ-ਹੋਰ ਸ਼ਾਦੀਆਂ ਕਰਾਉਣ ਦਾ।

ਜਿੰਦਾਂ ਨੇ ਈਰਖਾ ਦੀ ਥਾਂ ਪਿਆਰ ਵਾਲਾ ਰਾਹ ਚੁਣਿਆ। ਉਹਨੇ ਸਾਰੀਆਂ ਰਾਣੀਆਂ ਨਾਲ ਮੇਲ-ਮਿਲਾਪ ਤੇ ਸਤਕਾਰ ਭਰਿਆ ਵਰਤਾਉ ਰੱਖਣਾ ਸ਼ੁਰੂ ਕੀਤਾ। ਨੌਕਰਾਂ ਚਾਕਰਾਂ ਨਾਲ ਵੀ ਉਹ ਦਿਆਲਤਾ ਭਰਿਆ ਸਲੂਕ ਕਰਦੀ। ਇਸ ਚੰਗੇ ਸੁਭਾਅ ਦਾ ਕਾਰਨ ਉਹ ਸਾਰੇ ਰਾਜਮਹਿਲ ਵਿੱਚ ਹਰ-ਮਨ-ਪਿਆਰੀ ਬਣ ਗਈ। ਸ਼ੇਰੇ ਪੰਜਾਬ ਹਰ ਵੇਲੇ ਉਸ ਨੂੰ ‘ਮਹਿਬੂਬਾ’ ਕਹਿ ਕਰ ਪੁਕਾਰਦੇ। ਇਕ ਰਾਤ ਮਹਾਰਾਜ ਨੇ ਪੁੱਛਿਆ, “ਮਹਿਬੂਬਾ ਜਾਨ! ਦੁੱਜੀਆਂ ਰਾਣੀਆਂ ਬਾਰੇ ਤੁਹਾਡੇ ਕੀ ਖ਼ਿਆਲ ਹਨ ?”

“ਮਹਾਰਾਜ! ਉਹ ਸੱਭੇ ਮੇਰੀਆਂ ਵੱਡੀਆਂ ਭੈਣਾਂ ਹਨ।” ਜਿੰਦਾਂ ਨੇ ਬੜੀ ਸੁਘੜ ਅਦਾ ਨਾਲ ਸਿਰ ਝੁਕਾਅ ਕੇ ਕਿਹਾ।

“ਤੁਸੀਂ ਜਾਣਦੇ ਹੋ ਰਾਜ-ਮਹਿਲ ਵਿੱਚ ਕੀ ਕੂਟ-ਨੀਤੀ ਚਲਦੀ प्टे?”

“ਸਰਕਾਰ!” ਜਿੰਦਾਂ ਨੇ ਅੱਗੋਂ ਸਿਰਫ਼ ਹੁੰਗਾਰਾ ਭਰਿਆ। ਇਹ ਉਹਦੀ ਤਿੱਖੀ ਸੂਝ ਦਾ ਸਬੂਤ ਸੀ।

“ਹਰ ਰਾਣੀ ਆਪਣੀ ਸ਼ਕਤੀ ਵਧਾਉਣ ਵਾਸਤੇ ਦੁੱਜੀ ਨਾਲ ਈਰਖਾ ਕਰਦੀ ਏ, ਦੂਸਰੀ ਦੀਆਂ ਚੁਗ਼ਲੀਆਂ ਕਰਦੀ ਏ। ਤੁਹਾਨੂੰ ਕਿਸੇ ਪਹਿਲੀ ਰਾਣੀ ਦੇ ਖ਼ਿਲਾਫ਼ ਕੋਈ ਸ਼ਕਾਇਤ ਹੋਵੇ ?” ਨਾਲ ਹੀ ਸ਼ੇਰੇ ਪੰਜਾਬ ਬੜੀ ਗ਼ਹਿਰੀ ਨਜ਼ਰ ਨਾਲ ਜਿੰਦਾਂ ਦੇ ਚਿਹਰੇ ਦੇ ਭਾਵ ਪੜ੍ਹ ਰਹੇ ਸਨ।

“ਨਹੀਂ ਸਰਕਾਰ! ਮੈਨੂੰ ਕਿਸੇ ਦੇ ਖ਼ਿਲਾਫ਼ ਸ਼ਕਾਇਤ ਨਹੀਂ। ਮੈਂ ਸਭ ਦੀ ਛੋਟੀ ਭੈਣ ਹਾਂ ਤੇ ਛੋਟੀ ਭੈਣ ਦੇ ਵਿਰੁੱਧ ਕਿਸੇ ਕੀ ਚੁਗ਼ਲੀ ਕਰਨੀ ਹੋਈ ?” ਜਿੰਦਾਂ ਨੇ ਸਹਿਜ ਸੁਭਾਅ ਉੱਤਰ ਦਿੱਤਾ।

“ਸੁਣਿਆਂ ਏਂ, ਰਾਣੀ ਪਹਾੜਨ ਕਈ ਵਾਰ ਤੁਹਾਡੇ ਮਹਿਲ ਵਿੱਚ ਆਇਆ ਕਰਦੀ ਏ।”

“ਹਾਂ ਸਰਕਾਰ! ਮੈਂ ਉਹਨਾਂ ਦੀ ਇਸ ਕਿਰਪਾ ਲਈ ਧੰਨਵਾਦੀ ਹਾਂ।” ਜਿੰਦਾਂ ਦੇ ਕਹਿਣ ਢੰਗ ਵਿੱਚੋਂ ਵੀ ਧੰਨਵਾਦ ਪਰਗਟ ਹੋ ਰਿਹਾ ਸੀ।

“ਪਰ ਉਸ ਦਾ ਸੁਭਾਅ ਬੜਾ ਸਖ਼ਤ ਏ। ਉਹ ਛੋਟੀ-ਛੋਟੀ ਗੱਲੋਂ ਦੁੱਜੀਆਂ ਨੂੰ ਨੋਕ-ਟੋਕ ਕਰਨ ਲੱਗ ਪੈਂਦੀ ਏ। ਕਦੇ ਤੁਹਾਡੇ ਨਾਲ ਵੀ ਕੋਈ ਸਖ਼ਤ ਸਲੂਕ..!

“ਮਹਾਰਾਜ! ਮੇਰੇ ਨਾਲ ਤਾਂ ਉਹ ਬੜਾ ਪਿਆਰ ਭਰਿਆ ਵਰਤਾਉ ਕਰਦੇ ਨੇ। ਉਹ ਮੈਥੋਂ ਵੱਡੀ ਥਾਂ ਨੇ, ਜੇ ਕਿਸੇ ਭੁੱਲ ਤੋਂ ਮੈਨੂੰ ਝਿੜਕ ਵੀ ਲੈਣ, ਤਾਂ ਉਹਨਾਂ ਦਾ ਹੱਕ ਏ।”

“ਉਹ, ਪਿਆਰੀ ਜਿੰਦਾਂ! ਉਹ ਮੇਰੀ ਮਹਿਬੂਬਾ! ਤੇਰਾ ਦਿਲ ਕਿੰਨਾ ਵੱਡਾ ਏ ? ਤੁਸੀਂ ਕਿਸੇ ਨੂੰ ਵੀ ਘਿਰਣਾ ਕਰਨਾ ਨਹੀਂ ਜਾਣਦੇ।”ਕਾ

“ਸਰਕਾਰ! ਜਿਸ ਦਿਲ ਵਿੱਚ ਮਹਾਰਾਜ ਦਾ ਪਿਆਰ ਵੱਸ ਗਿਆ ਏ, ਉਸ ਵਿੱਚ ਘਿਰਣਾ ਜਾਂ ਈਰਖਾ ਵਾਸਤੇ ਗੁੰਜਾਇਸ਼ ਹੀ ਕਿੱਥੇ ਰਹਿ ਗਈ ਏ ? ਮੈਂ ਤਾਂ…..।” ਜਿੰਦਾਂ ਨੇ ਸ਼ਰਧਾ ਨਾਲ ਸ਼ੇਰੇ ਪੰਜਾਬ ਦੇ ਚਰਨਾਂ ‘ਤੇ ਸਿਰ ਝੁਕਾਅ ਦਿੱਤਾ।

“ਤੁਸਾਂ ਸਰਕਾਰ ਦਾ ਮਨ ਮੋਹ ਲਿਆ ਹੈ। ਸਰਕਾਰ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰਦੀ ਏ।” ਸ਼ੇਰੇ ਪੰਜਾਬ ਨੇ ਆਪਣਾ ਆਪ ਭੁੱਲ ਕੇ ਜਿੰਦਾਂ ਨੂੰ ਛਾਤੀ ਨਾਲ ਲਾ ਲਿਆ ।

ਇਹ ਦਿਨ ਜਿੰਦਾਂ ਵਾਸਤੇ ਖ਼ੁਸ਼ੀ ਦੇ ਸਨ। ਸ਼ੇਰੇ ਪੰਜਾਬ ਉਸ ਨੂੰ ਪੂਰੇ ਦਿਲੋਂ ਪਿਆਰ ਕਰਦੇ ਸਨ। ਉਹ ਇਕ ਦਿਨ ਵੀ ਜਿੰਦਾਂ ਦਾ ਮੁੱਖ ਵੇਖੇ ਬਿਨਾਂ ਨਹੀਂ ਸੀ ਕੱਟ ਸਕਦੇ। ਜਿੰਦਾਂ ਨੂੰ ਪ੍ਰਾਪਤ ਕਰਕੇ ਉਹ ਸਾਰੀ ਦੁਨੀਆਂ ਦੇ ਹੁਸਨ ਨੂੰ ਭੁੱਲ ਗਏ ਸਨ। ਜਿੰਦਾਂ ਦੇ ਪਿੱਛੋਂ ਹੋਰ ਵਿਆਹ ਕਰਾਉਣ ਦੀ ਰੁੱਚੀ ਹੀ ਸ਼ੇਰੇ ਪੰਜਾਬ ਦੀ ਨਹੀਂ ਸੀ ਰਹੀ। ਜਿੰਦਾਂ ਨੇ ਉਹਨਾਂ ਦੀਆਂ ਸਾਰੀਆਂ ਰੀਝਾਂ ਉੱਤੇ ਕਾਬੂ ਪਾ ਲਿਆ ਸੀ। ਲਾਨ 6 ਰਾਜਾ ਧਿਆਨ ਸਿੰਘ ਡੋਗਰਾ ਬੜਾ ਚਾਲਾਕ ਨੀਤੀਵਾਨ ਸੀ। ਉਹ ਜਾਣਦਾ ਸੀ ਕਿ ਹੁਕਮਰਾਨ ਉੱਤੇ ਹਕੂਮਤ ਕਰਨ ਵਾਸਤੇ, ਉਹਨੂੰ ਹੁਸਨ ਤੇ ਸ਼ਰਾਬ ਦਾ ਦੀਵਾਨਾ ਬਣਾਉਣ ਦੀ ਲੋੜ ਹੁੰਦੀ ਹੈ। ਉਹਨੇ ਸ਼ੇਰੇ ਪੰਜਾਬ ਦੇ ਅੰਦਰ ਵੀ ਇਹ ਚੇਟਕ ਪੈਦਾ ਕਰਨ ਦਾ ਯਤਨ ਕੀਤਾ ਸੀ। ਸ਼ੇਰੇ ਪੰਜਾਬ ਦੀਆਂ ਕੁਛ ਰਾਣੀਆਂ ਕੇਵਲ ਧਿਆਨ ਸਿੰਘ ਦੀ ਪ੍ਰੇਰਨਾ ਦਾ ਫਲ ਸੀ। ਉਹ ਨਹੀਂ ਸੀ ਚਾਹੁੰਦਾ ਕਿ ਇਹ ਵਿਆਹਵਾਂ ਵਾਲਾ ਸਿਲਸਿਲਾ ਬੰਦ ਹੋ ਜਾਏ। ਨਾ ਹੀ ਉਹ ਚਾਹੁੰਦਾ ਸੀ ਕਿ ਕੋਈ ਰਾਣੀ ਸ਼ੇਰੇ ਪੰਜਾਬ ਦੇ ਮਨ ਉੱਤੇ ਆਪਣਾ ਏਨਾ ਪ੍ਰਭਾਵ ਬਣਾ ਲਵੇ। ਜਿੰਦਾਂ ਦੇ ਦਿਨੋਂ-ਦਿਨ ਵੱਧਦੇ ਅਸਰ ਦੇ ਉਹ ਵਿਰੁੱਧ ਸੀ। ਕੁਝ ਮਹੀਨਿਆਂ ਪਿੱਛੋਂ ਹੀ ਉਹਨੇ ਇਕ ਡੋਗਰੀ ਮੁਟਿਆਰ ਦੇ ਰੂਪ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਉਹਨੇ ਉਸ ਅਣਡਿੱਠੀ ਮੁਟਿਆਰ ਨਾਲੋਂ ਜਿੰਦਾਂ ਦੇ ਰੂਪ ਨੂੰ ਛੁਟਿਆਉਣ ਦਾ ਯਤਨ ਕੀਤਾ, ਤਾਂ ਸ਼ੇਰੇ ਪੰਜਾਬ ਖਿੱਝ ਕੇ ਬੋਲੇ, “ਰਾਜਾ ਸਾਹਿਬ! ਜਦ ਕੋਈ ਪੁਰਸ਼ ਸਿਖ਼ਰ ‘ਤੇ ਪਹੁੰਚ ਜਾਏ, ਤਾਂ ਉਹਨੂੰ ਰੁੱਕ ਜਾਣਾ ਚਾਹੀਦਾ ਹੈ। ਨਹੀਂ ਤਾਂ ਉਹਦਾ ਅਗਲਾ ਕਦਮ ਹਰ ਹਾਲ ਨਿਵਾਣ ਵੱਲੇ ਹੀ ਵਧੇਗਾ।”

“ਸਰਕਾਰ ਦਾ ਫ਼ੁਰਮਾਨ ਸੱਚ ਹੈ।” ਧਿਆਨ ਸਿੰਘ ਨੂੰ ਇਹ ਸਿਧਾਂਤ ਮੰਨਣਾ ਪਿਆ।

“ਜਿੰਦਾਂ ਹੁਸਨ ਔਰ ਪ੍ਰੀਤ ਦਾ ਸਿਖ਼ਰ ਹੈ। ਇਕ ਕਦਮ ਹੋਰ ਅਗੇਰੇ ਵੱਧ ਕੇ ਸਰਕਾਰ ਏਸ ਸਿਖ਼ਰ ਤੋਂ ਨੀਵਿਆਂ ਨਹੀਂ ਹੋਣਾ ਚਾਹੁੰਦੀ। ਸਰਕਾਰ ਦਾ ਮਨ ਜਿੰਦਾਂ ਦੇ ਪਿਆਰ ਨਾਲ ਸੰਤੁਸ਼ਟ ਹੈ। ਸਰਕਾਰ ਦੀ ਇਹ ਵੀ ਇੱਛਿਆ ਹੈ ਕਿ ਰਾਜਾ ਸਾਹਿਬ ਮੁੜ ਕੇ ਹੋਰ ਵਿਆਹ ਦਾ ਕਦੇ ਜ਼ਿਕਰ ਨਾ ਕਰਨ।”

ਇਹ ਸੀ ਜਿੰਦਾਂ ਦੀ ਪੂਰਨ ਜਿੱਤ। ਉਹਨੇ ਪਤੀ ਦਾ ਮਨ ਪ੍ਰਸੰਨ ਕਰਨ ਦਾ ਭੇਤ ਜਾਣ ਲਿਆ ਸੀ । ਆਪਣੀ ਸਿਆਣਪ, ਸੁਭਾਅ ਤੇ ਸੁੰਦਰਤਾ ਦਾ ਸਦਕਾ ਉਹਨੇ ਮਹਾਰਾਜੇ ਦੇ ਜੀਵਨ ਵਿੱਚ ਸਭ ਤੋਂ ਉੱਤਮ ਥਾਂ ਬਣਾ ਲਿਆ ਸੀ।

ਈਸ਼ਵਰ ਨੇ ਹੋਰ ਖ਼ੁਸ਼ੀ ਦਾ ਸਮਾਂ ਬਖ਼ਸ਼ਿਆ। ਚਾਰ ਸਤੰਬਰ, ੧੮੩੮ ਈ. ਨੂੰ ਜਿੰਦਾਂ ਦੀ ਕੁੱਖੋਂ ਬੱਚੇ ਨੇ ਜਨਮ ਲਿਆ। ਵਧਾਈਆਂ ਨਾਲ ਜਿੰਦਾਂ ਦਾ ਮਹਿਲ ਗੂੰਜ ਉੱਠਿਆ। ਇਹ ਖ਼ੁਸ਼ੀ ਭਰੀ ਖ਼ਬਰ ਸੁਣ ਕੇ ਸ਼ੇਰੇ ਪੰਜਾਬ ਜਾਮੇ ਵਿੱਚ ਫੁੱਲੇ ਨਾ ਸਮਾਏ। ਉਹਨਾਂ ਖ਼ਜ਼ਾਨਿਆਂ ਦੇ ਬੂਹੇ ਖੋਲ੍ਹ ਦਿੱਤੇ। ਹਜ਼ਾਰਾਂ ਕੰਗਲਿਆਂ ਦੀਆਂ ਦਾਨ ਨਾਲ ਝੋਲੀਆਂ ਭਰ ਦਿੱਤੀਆਂ ਗਈਆਂ। ਸਾਰੇ ਕਿਲ੍ਹੇ ਤੇ ਸ਼ਹਿਰ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ। ਰਾਜ-ਜੋਤਸ਼ੀਆਂ ਨੂੰ ਨਾਲ ਲੈ ਕੇ ਮਹਾਰਾਜ ਜਿੰਦਾਂ ਦੇ ਮਹਿਲ ਵਿੱਚ ਪਹੁੰਚੇ। ਨਵ-ਜਨਮੇ ਬਾਲ ਨੂੰ ਗੋਦੀ ਵਿੱਚ ਲੈ ਕੇ ਮਹਾਰਾਜ ਦੀ ਖ਼ੁਸ਼ੀ ਦਾ ਪਾਰਾਵਾਰ ਨਾ ਰਿਹਾ। ਬੱਚੇ ਦਾ ਮੁਹਾਂਦਰਾ ਹੂ-ਬ-ਹੂ ਮਾਂ ਨਾਲ ਮਿਲਦਾ ਸੀ। ਪ੍ਰਸੰਨ ਹੋ ਕੇ ਸ਼ੇਰੇ ਪੰਜਾਬ ਨੇ ਜਿੰਦਾਂ ਨੂੰ ‘ਮਹਾਰਾਣੀ’ ਦਾ ਖ਼ਿਤਾਬ ਤੇ ਹੀਰਿਆਂ ਦਾ ਹਾਰ ਬਖ਼ਸ਼ਿਆ। ਕਿਸਮਤ ਉਸ ਵੇਲੇ ਜਿੰਦਾਂ ਦੀ ਕੰਡ ਉਹਲੇ ਖਲੀ ਮੁਸਕਰਾ ਰਹੀ ਸੀ।

ਰਾਜ-ਜੋਤਸ਼ੀਆਂ ਨੇ ਮਿਲ ਕੇ ਕੰਵਰ ਦੀ ਜਨਮ ਪੱਤਰੀ ਬਣਾਈ। ਗ੍ਰੰਥੀ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈ ਕੇ ਗੁਰ-ਮਰਯਾਦਾ ਅਨੁਸਾਰ ਕੰਵਰ ਦਾ ਨਾਮ ‘ਦਲੀਪ ਸਿੰਘ’ ਰੱਖਿਆ। ਸ਼ੇਰੇ ਪੰਜਾਬ ਨੇ ਦਲੀਪ ਸਿੰਘ ਦੀ ਪਾਲਣਾ ਵਾਸਤੇ ਓਸੇ ਦਿਨ ਤੋਂ ਜਾਗੀਰ ਲਾ ਦਿੱਤੀ। ਮਹਾਰਾਣੀ ਜਿੰਦਾਂ ਦੀ ਜਾਗੀਰ ਵਿੱਚ ਵਾਧਾ ਕਰ ਦਿੱਤਾ ਗਿਆ।

ਏਸ ਸਮੇਂ ਮਹਾਰਾਣੀ ਜਿੰਦਾਂ ਦੀ ਖ਼ੁਸ਼ੀ ਸਿਖ਼ਰ ‘ਤੇ ਪਹੁੰਚੀ ਹੋਈ ਸੀ।  ਸ. ਹਰੀ ਸਿੰਘ ਨਲਵੇ ਦੇ ਸੁਰਗਵਾਸ ਹੋਣ ਪਿੱਛੋਂ, ਰਾਜ ਦਾ ਵਧੇਰੇ ਕੰਮ ਸ਼ੇਰੇ ਪੰਜਾਬ ਦੇ ਸਿਰ ਆ ਪਿਆ। ਕਿਸੇ-ਕਿਸੇ ਦਿਨ ਏਸੇ ਵਿਹਾਰ ਵਿੱਚ ਰਾਤ ਅੱਧੀਓਂ ਵੀ ਢਲ ਜਾਂਦੀ। ਉਹ ਥਕੇਵੇਂ ਨਾਲ ਚੂਰ ਹੋ ਜਾਂਦੇ। ਡੋਗਰਿਆਂ ਤੋਂ ਸੁਚੇਤ ਰਹਿਣ ਵਾਸਤੇ ਸਹੀ ਰਾਏ ਦੇਣ ਵਾਲਾ ਉਹਨਾਂ ਕੋਲ ਕੋਈ ਸੱਚਾ ਸਲਾਹਕਾਰ ਨਹੀਂ ਸੀ ਰਿਹਾ। ਜਿੰਦਾਂ ਨੇ ਏਸ ਥੁੜ੍ਹ ਨੂੰ ਮਹਿਸੂਸ ਕੀਤਾ। ਉਹ ਆਪ ਰਾਜਭਾਗ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਈ। ਸ਼ੇਰੇ ਪੰਜਾਬ ਰਾਤ ਨੂੰ ਮਹਿਲਾਂ ਵਿੱਚ ਪਹੁੰਚਦੇ, ਤਾਂ ਜਿੰਦਾਂ ਰਾਜ ਸੰਬੰਧੀ ਗੱਲਾਂ ਪੁੱਛਦੀ ਤੇ ਬੜੇ ਧਿਆਨ ਨਾਲ ਉਹਨਾਂ ਉੱਤੇ ਵਿਚਾਰ ਕਰਦੀ। ਕਈ ਵਾਰ ਉਹ ਨਰਮ ਜਿਹੀ ਬੋਲੀ ਵਿੱਚ ਆਪਣੀ ਰਾਏ ਵੀ ਦੱਸ ਦੇਂਦੀ। ਇਸ ਬਦਲੇ ਹੋਏ ਵਿਹਾਰ ਤੋਂ ਇਕ ਦਿਨ ਸ਼ੇਰੇ ਪੰਜਾਬ ਦੇ ਦਿਲ ਵਿੱਚ- ਸ਼ੱਕ ਪੈ ਗਿਆ, ‘ਕਿਤੇ ਮਾਈ ਸਦਾ ਕੌਰ ਵਾਂਗ, ਮਹਾਰਾਣੀ ਜਿੰਦਾਂ ਦੇ ਅੰਦਰ ਵੀ ਰਾਜ ਦੀ ਭੁੱਖ ਤਾਂ ਨਹੀਂ ਪੈਦਾ ਹੋ ਗਈ ? ਰਾਜ-ਸੱਤਿਆ ਹਾਸਲ ਕਰਨ ਦੀ ਭੁੱਖ ਇਨਸਾਨ ਨੂੰ ਆਪਣਿਆਂ ਨਾਲੋਂ ਦੂਰ ਕਰ ਦੇਂਦੀ ਹੈ। ਉਹ ਸਾਰੀਆਂ ਸਾਂਝਾਂ ਵੱਲੋਂ ਬੇਮੁੱਖ ਹੋ ਜਾਂਦਾ ਹੈ। ਉਹਦੇ ਅੰਦਰ ਕਿਸੇ ਵਾਸਤੇ ਵੀ ਅਪਣੱਤ ਨਹੀਂ ਰਹਿ ਜਾਂਦੀ। ਇਕ ਰਾਜ-ਸੱਤਿਆ ਹੀ ਉਹਦਾ ਧਰਮ ਬਣ ਜਾਂਦਾ ਹੈ।’

ਕੁਛ ਦਿਨ ਸ਼ੇਰੇ ਪੰਜਾਬ ਏਸ ਗੱਲ ‘ਤੇ ਬੜੀ ਡੂੰਘੀ ਸੋਚ ਵਿਚਾਰ ਕਰਦੇ ਰਹੇ। ਇਕ ਦਿਨ ਜਿੰਦਾਂ ਦੇ ਦਿਲ ਦੀ ਹਾਥ ਲੈਣ ਵਾਸਤੇ ਸ਼ੇਰੇ ਪੰਜਾਬ ਨੇ ਕਿਹਾ, “ਪ੍ਰਾਣ ਪਿਆਰੀ ਜੀਉ! ਤੁਸਾਂ ਜਹਾਂਗੀਰ ਤੇ ਨੂਰ ਜਹਾਂ ਦੀ ਕਹਾਣੀ ਪੜ੍ਹੀ ਹੋਵੇਗੀ।”

“ਜੀ, ਸਰਕਾਰ।”

“ਸਰਕਾਰ ਦੀ ਇੱਛਿਆ ਹੈ ਕਿ ਨੂਰ ਜਹਾਂ ਵਾਂਗ ਪੰਜਾਬ ਦਾ ਰਾਜ ਭਾਗ ਤੁਹਾਡੇ ਹੱਥ ਸੌਂਪ ਦਿੱਤਾ ਜਾਏ।” ਸ਼ੇਰੇ ਪੰਜਾਬ ਦੀ ਤਿੱਖੀ ਨਜ਼ਰ ਉਸ ਵੇਲੇ ਜਿੰਦਾਂ ਦੇ ਚਿਹਰੇ ਨੂੰ ਪੜ੍ਹਨ ਦਾ ਯਤਨ ਕਰ ਰਹੀ ਸੀ।

$ “ਨਹੀਂ, ਸਰਕਾਰ! ਤੁਹਾਡੀ ਜਿੰਦਾਂ ਰਾਜ ਦੀ ਭੁੱਖੀ ਨਹੀਂ। ਰਾਜ ਪ੍ਰਾਪਤ ਕਰਨ ਬਦਲੇ ਪਤੀ ਦਾ ਪਿਆਰ ਦੇਣਾ ਪੈਂਦਾ ਏ। ਇਹ ਸੌਦਾ ਮੈਨੂੰ ਕਿਸੇ ਕੀਮਤ ‘ਤੇ ਵੀ ਪਰਵਾਨ ਨਹੀਂ।”

“ਪਰ ਤੁਹਾਡੀ ਨੀਤਕ ਸੂਝ-ਬੂਝ ਤਾਂ ਗ਼ਜ਼ਬ ਦੀ ਹੈ। ਕਈਆਂ ਕੰਮਾਂ ਵਿੱਚ ਤੁਹਾਡੀ ਰਾਏ ਬੜੀ ਕੀਮਤੀ ਹੁੰਦੀ ਹੈ।”

“ਮਹਾਰਾਜ! ਗ੍ਰਿਹਸਤ ਵਿੱਚ ਪਤੀ ਪਤਨੀ ਦਾ ਰਿਸ਼ਤਾ ਬਾਦਸ਼ਾਹ ਤੇ ਵਜ਼ੀਰ ਵਾਲਾ ਹੁੰਦਾ ਹੈ। ਵਜ਼ੀਰ ਦਾ ਧਰਮ ਹੈ, ਬਾਦਸ਼ਾਹ ਨੂੰ ਆਪਣੀ ਨੇਕ ਸਲਾਹ ਦੇਵੇ, ਤੇ ਉਸ ਤੋਂ ਪਿੱਛੋਂ ਮਾਲਕ ਦੇ ਹੁਕਮ ਸਾਹਮਣੇ ਸਿਰ ਝੁਕਾਅ ਦੇਵੇ। ਸੋ, ਮੈਂ ਵੀ ਆਪਣਾ ਫ਼ਰਜ਼ ਸਮਝ ਕੇ ਕਦੇ-ਕਦੇ ਰਾਏ ਦੇ ਦੇਂਦੀ ਹਾਂ ਤੇ ਜਿੱਥੋਂ ਤੱਕ ਰਾਜ ਸੰਭਾਲਣ ਦਾ ਵਾਸਤਾ ਏ, ਮੈਂ ਤਾਂ ਹਜ਼ੂਰ ਦੇ ਚਰਨਾਂ ਵਿੱਚ ਰਹਿਣ ਦਾ ਸੁੱਖ ਛੱਡ ਕੇ ਸੁਰਗ ਦਾ ਰਾਜ ਲੈਣ ਦੀ ਵੀ ਇੱਛਿਆ ਨਹੀਂ ਰੱਖਦੀ। ਦਾਸੀ ਦਾ ਰਾਜ ਸਰਕਾਰ ਦੇ ਚਰਨਾਂ ਵਿੱਚ ਹੀ ਹੈ।” ਸ਼ਰਧਾ ਨਾਲ ਜਿੰਦਾਂ ਨੇ ਸਿਰ ਝੁਕਾਅ ਦਿੱਤਾ।

ਪ੍ਰਸੰਨ ਹੋ ਕੇ ਮਹਾਰਾਜ ਨੇ ਜਿੰਦਾਂ ਨੂੰ ਛਾਤੀ ਨਾਲ ਲਾ ਲਿਆ। ਸਰਕਾਰ ਦੇ ਬਹੁਤ ਸਾਰੇ ਭੁਲੇਖੇ ਦੂਰ ਹੋ ਗਏ। ਜਿੰਦਾਂ ਦੀ ਕਦਰ ਪਹਿਲਾਂ ਨਾਲੋਂ ਵੀ ਸ਼ੇਰੇ ਪੰਜਾਬ ਦੇ ਦਿਲ ਵਿੱਚ ਵੱਧ ਗਈ। ਇਕ ਦਿਨ ਉਹਨਾਂ ਦਲੀਪ ਸਿੰਘ ਦਾ ਮੂੰਹ ਚੁੰਮਦਿਆਂ ਕਿਹਾ, “ਪਿਆਰੀ ਜਿੰਦਾਂ! ਸਰਕਾਰ ਕਿਸੇ ਵੇਲੇ ਸੋਚਦੀ ਏ, ‘ਕਿਆ ਚੰਗਾ ਹੁੰਦਾ, ਜੇ ਸਾਡੇ ਬਾਅਦ ਸਾਡੀ ਮਹਿਬੂਬਾ ਮਹਾਰਾਣੀ ਜਿੰਦ ਕੌਰਾਂ ਦਾ ਪੁੱਤਰ ਗੱਦੀ ‘ਤੇ ਬੈਠਦਾ।’ ਪਰ…।”

ਇਹ ਜਿੰਦਾਂ ਦਾ ਦੂਸਰਾ ਇਮਤਿਹਾਨ ਸੀ। “ਮਹਾਰਾਜ! ਟਿੱਕਾ ਸਾਹਿਬ ਵੀ ਤਾਂ ਮੇਰੇ ਹੀ ਪੁੱਤਰ ਹਨ। ਸਰਕਾਰ ਦੀ ਉਮਰ ਲੰਮੀ ਹੋਵੇ। ਸਰਕਾਰ ਦੇ ਬਾਅਦ ਟਿੱਕਾ ਖੜਕ ਸਿੰਘ ਹੀ ਰਾਜ ਗੱਦੀ ‘ਤੇ ਸ਼ੋਭਦੇ ਹਨ। ਮੇਰਾ ਦਲੀਪ ਉਹਨਾਂ ਦਾ ਗੜਵਈ ਬਣਨ ਵਿੱਚ ਹੀ ਮਾਣ ਸਮਝੇਗਾ।… ਜਿੰਦਾਂ ਨੇ ਜ਼ਰਾ ਕੁ ਅਝਕ ਕੇ ਫਿਰ ਕਹਿਣਾ ਸ਼ੁਰੂ ਕੀਤਾ, “ਪਰ ਦਾਸੀ ਹੈਰਾਨ ਹੈ, ਸਰਕਾਰ ਏਹੋ ਜਿਹੀਆਂ ਗੱਲਾਂ ਕਿਉਂ ਸੋਚਣ ਲੱਗ ਪੈਂਦੇ ਨੇ ?? ਜਿੰਦਾਂ ਨੇ ਪਤੀ ਦੇ ਚਿਹਰੇ ‘ਤੇ ਅੱਖਾਂ ਗੱਡ ਕੇ ਕਿਹਾ ਜਿੰਦਾਂ ਇਸ ਇਮਤਿਹਾਨ ਵਿੱਚ ਵੀ ਪੂਰੀ ਉਤਰੀ। ਸ਼ੇਰੇ ਪੰਜਾਬ ਉਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ। ਦਿਨ ਬੜੀ ਤਿੱਖੀ ਚਾਲੇ ਬੀਤਦੇ ਜਾ ਰਹੇ ਸਨ

ਮਹਾਰਾਜ ਨੂੰ ਪਹਿਲਾਂ ਵੀ ਇਕ ਦੋ ਵਾਰ ਅਧਰੰਗ ਦਾ ਰੋਗ ਹੋ ਚੁੱਕਾ ਸੀ| ਫ਼ਕੀਰ ਅਜ਼ੀਜੁੱਦੀਨ ਦੇ ਇਲਾਜ ਨਾਲ ਆਰਾਮ ਹੋ ਜਾਂਦਾ ਰਿਹਾ ਪਰ ‘ ਰੋਗ ਦੀਆਂ ਜੜ੍ਹਾਂ ਨਹੀਂ ਸਨ ਗਈਆਂ। ੧੮੩੯ ਦੇ ਆਰੰਭ ਵਿੱਚ ਇਹ ਰੋਗ ਫਿਰ ਜਾਗ ਪਿਆ। ਇਸ ਵਾਰ ਬੀਮਾਰੀ ਦਾ ਹਮਲਾ ਬੜਾ ਸਖ਼ਤ ਸੀ। ਪੈਂਦੀ ਸੱਟੇ ਮਹਾਰਾਜ ਮੰਜੇ ‘ਤੇ ਪੈ ਗਏ। ਇਕ ਪਾਸੇ ਦੀ ਲੱਤ ਤੇ ਬਾਂਹ ਉੱਕਾ ਹਿੱਲਣੋਂ ਰਹਿ ਗਈਆਂ। ਲਕਵੇ ਨਾਲ ਓਸੇ ਪਾਸੇ ਦੀ ਵਰਾਛ ਵੀ ਢੇਰ ਪਿਛਾਂਹ ਹਟ ਗਈ। ਪੰਜਾਬ ਦਾ ਸ਼ੇਰ ਇਸ ਮਾਰੂ ਰੋਗ ਦੇ ਕਾਰਨ ਹਿੱਲਣ ਜੋਗਾ ਵੀ ਨਾ ਰਹਿ ਗਿਆ। ਇਹ ਹਾਲਤ ਪੰਜ ਛੇ ਮਹੀਨੇ ਰਹੀ।

ਇਹਨਾਂ ਦਿਨਾਂ ਵਿੱਚ ਰਾਜ-ਸੱਤਿਆ ਦੇ ਲਾਲਚੀਆਂ ਵੱਲੋਂ ਅਨੇਕਾਂ ਗੋਂਦਾਂ ਗੁੰਦੀਆਂ ਜਾ ਰਹੀਆਂ ਸਨ। ਪਰ ਮੰਜੇ ‘ਤੇ ਪਏ ਸ਼ੇਰ ਦਾ ਵੀ ਏਨਾ ਧਮ੍ਹਾ ਸੀ ਕਿ ਡਰਦਾ ਕੋਈ ਸਿਰ ਉਠਾਉਣ ਦੀ ਹਿੰਮਤ ਨਹੀਂ ਸੀ ਕਰਦਾ। ਸਾਰੇ ਖ਼ਿਡਾਰੀ ਸਮੇਂ ਦੀ ਉਡੀਕ ਵਿੱਚ ਸ਼ਹਿ ਮਾਰੀ ਬੈਠੇ ਸਨ। ਕੁਛ ਰਾਣੀਆਂ ਵੀ ਉਹਨਾਂ ਗੋਂਦਾਂ ਵਿੱਚ ਸ਼ਾਮਲ ਸਨ ਪਰ ਜਿੰਦਾਂ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਦੀ ਸੇਵਾ ਸੰਭਾਲ ਵਿੱਚ ਲਾਈਆਂ ਹੋਈਆਂ ਸਨ । ਉਹ ਲਗਾਤਾਰ ਕਈ ਦਿਨ ਤੇ ਰਾਤਾਂ ਮਹਾਰਾਜ ਦੇ ਮੰਜੇ ਦੀ ਬਾਹੀ ਫੜ ਕੇ ਬੈਠੀ ਰਹਿੰਦੀ। ਉਸ ਦੀ ਕਠਨ ਤਪੱਸਿਆ ਵੇਖ ਕੇ ਮਹਾਰਾਜ ਕਈ ਵਾਰ ਪੁੱਛਦੇ, “ਮਹਾਰਾਣੀ ਜੀਉ! ਆਸ ਨਹੀਂ, ਕਿ ਇਸ ਵਾਰ ਰੋਗ ਛੱਡ ਕੇ ਚਲਾ ਜਾਏ। ਤੁਸੀਂ ਆਪਣੇ ਵਾਸਤੇ ਜਾਂ ਆਪਣੇ ਪੁੱਤਰ ਵਾਸਤੇ ਕੁਛ ਮੰਗ ਲਵੋ।”

“ਮਹਾਰਾਜ! ਇਕ ਸਰਕਾਰ ਦੀ ਜ਼ਿੰਦਗੀ ਤੋਂ ਬਿਨਾਂ ਹੋਰ ਕੁਛ ਨਹੀਂ ਚਾਹੀਦਾ। ਹਰ ਵੇਲੇ ਨਿਰੰਕਾਰ ਕੋਲੋਂ ਏਹਾ ਸੁੱਖ ਮੰਗਦੀ ਹਾਂ ਕਿ ਸਾਡੇ ਮਾਂ ਪੁੱਤਾਂ ਦੇ ਸਿਰ ਉੱਤੇ ਸਰਕਾਰ ਦਾ ਸਾਇਆ ਰਹੇ।” ਕਹਿੰਦਿਆਂ-ਕਹਿੰਦਿਆਂ ਜਿੰਦਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ।

“ਹੱਛਾ, ਜੇ ਸਮੇਂ ਨੇ ਮੁਹਲਤ ਦਿੱਤੀ, ਤਾਂ ਸਰਕਾਰ ਤੁਹਾਡੀ ਇਸ ਸੇਵਾ ਭਗਤੀ ਦਾ ਮੁੱਲ ਪਾਵੇਗੀ।” ਸ਼ੇਰੇ ਪੰਜਾਬ ਨੇ ਠੰਡਾ ਸਾਹ ਭਰ ਕੇ ਕਹਿਣਾ।

6 ਪਰ ਅਫ਼ਸੋਸ! ਸਮੇਂ ਨੇ ਮੁਹਲਤ ਨਾ ਦਿੱਤੀ। ਰੋਗ ਦਿਨੋਂ-ਦਿਨ ਵਧਦਾ ਗਿਆ। ਹਾਲਤ ਏਥੋਂ ਤੱਕ ਖ਼ਰਾਬ ਹੋ ਗਈ ਕਿ ਸਰੀਰ ਦਾ ਬਾਕੀ ਹਿੱਸਾ ਵੀ ਹਿੱਲਣੋਂ ਰਹਿ ਗਿਆ। ਜੀਭ ਹੁਣ ਤੱਕ ਸਾਥ ਦੇਂਦੀ ਆ ਰਹੀ ਸੀ। ਅੰਤ ਉਹਦੇ ਵਿੱਚ ਵੀ ਵਲ ਪੈਣ ਲੱਗ ਪਏ। ਅਖ਼ੀਰਲੇ ਕੁਛ ਦਿਨ ਮਹਾਰਾਜ ਦੀ ਗੱਲ ਦੀ ਸਮਝ ਪੈਣੋਂ ਵੀ ਹਟ ਗਈ। ਮਹਾਰਾਜ ਕੁਛ ਕਹਿਣਾ ਚਾਹੁੰਦੇ, ਤੇ ਚਾਲਾਕ ਡੋਗਰਾ ਧਿਆਨ ਸਿੰਘ ਕੁਛ ਹੋਰ ਹੀ ਅਰਥ ਕੱਢਦਾ। ਡੋਗਰੇ ਵਜ਼ੀਰ ਦੀ ਤਾਕਤ ਏਨੀ ਵਧੀ ਹੋਈ ਸੀ ਕਿ ਸ਼ਾਹਜ਼ਾਦੇ ਵੀ ਉਹਦੇ ਸਾਹਮਣੇ ਕੁਛ ਨਾ ਕਰ ਸਕਦੇ।

ਜਿੰਦਾਂ ਇਹ ਸਭ ਕੁਝ ਵੇਖਦੀ, ਸਮਝਦੀ, ਪਰ ਆਪਣੇ ਗ਼ਮ ਵਿੱਚ ਡੁੱਬੀ ਉਹ ਕੁਛ ਨਾ ਕਰ ਸਕਦੀ । ਉਹ ਆਪਣੇ ਪਤੀ ਨੂੰ ਸਾਰੇ ਦਿਲ ਨਾਲ ਪਿਆਰ ਕਰਦੀ ਸੀ। ਉਸ ਦੇ ਅਨੋਖੇ ਪਿਆਰ ਨੇ ਪਤੀ ਪਤਨੀ ਦੀ ਉਮਰ ਦੀਆਂ ਵਿੱਥਾਂ ਵੀ ਮਿਟਾ ਦਿੱਤੀਆਂ ਸਨ। ਜਿੰਦਾਂ ਆਪਣਾ ਆਪ ਉੱਕਾ ਭੁਲਾ ਚੁੱਕੀ ਸੀ।

ਰਾਜਾ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਅੰਤਲੇ ਸਮੇਂ ਉਸ ਤੋਂ ਬਿਨਾਂ ਹੋਰ ਕੋਈ ਮਹਾਰਾਜ ਦੇ ਕੋਲ ਰਹੇ। ਚਾਰ ਦਿਨ ਪਹਿਲਾਂ ਉਹਨੇ ਜ਼ਬਰਦਸਤੀ ਜਿੰਦਾਂ ਨੂੰ ਵੀ ਓਥੋਂ ਹਟਾ ਦਿੱਤਾ। ਇਸ ਨਿਰਾਦਰ ਦਾ ਜਿੰਦਾਂ ਨੂੰ ਬਹੁਤ ਦੁੱਖ ਹੋਇਆ। ਉਹ ਬਥੇਰਾ ਰੋਈ ਕੁਰਲਾਈ, ਪਰ ਕੀ ਬਣਦਾ ਸੀ?

ਅਖ਼ੀਰ, ਅੰਤ ਦਾ ਦਿਨ ਆ ਗਿਆ। ਸਾਰੇ ਪਰਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ। ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ। ਚਿਹਰੇ ਦਾ ਰੰਗ ਬਦਲ ਚੁੱਕਾ ਸੀ। ਸਾਹ ਉਖੜਨਾ ਸ਼ੁਰੂ ਹੋ ਗਿਆ ਸੀ। ਅੰਤ ਇਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁਝ ਗਈ। ਅਠਵੰਜਾ ਸਾਲ, ਸੱਤ ਮਹੀਨੇ ਤੇ ਛੱਬੀ ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ । ਹਾੜ੍ਹ ਦੀ ਪੰਦਰਾਂ (੧੮੯੬ ਬਿ:) ਤੇ ਜੂਨ ਦੀ ਸਤਾਈ (੧੮੩੯ ਈ.) ਤਾਰੀਖ਼ ਸੀ। ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ। ਹਾਂ, ਪੂਰਨਮਾਸ਼ੀ, ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀਂ ਹਨ੍ਹੇਰ ਪੈ ਗਿਆ । ਸਾਰਾ ਪਰਵਾਹ ਧਾਹੀਂ ਮਾਰ ਕੇ ਰੋਣ ਪਿੱਟਣ ਲੱਗ ਪਿਆ। ਜੰਗਲ ਦੀ ਅੱਗ ਵਾਂਗ ਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖ਼ੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ । ਸੋਗੀ ਵਾਤਾਵਰਣ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁਟਿਆ ਜਾਣ ਲੱਗਾ।

ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ, ਸਾਰਾ ਪੰਜਾਬ ਰੰਡਾ ਹੋ ਗਿਆ। ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ। ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ-ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖ਼ੁਸ਼ੀ ਮਨਾ ਰਹੇ ਸਨ। ਉਹਨਾਂ ਘਰੀਂ ਉਸ ਰਾਤ ਘਿਉ ਦੀਆਂ ਜੋਤਾਂ ਜਗੀਆਂ।

ਜਿੰਦਾਂ ਦੀ ਹਾਲਤ ਸਭ ਨਾਲੋਂ ਅਨੋਖੀ ਸੀ। ਉਹ ਇਸ ਅਸਹਿ ਗ਼ਮ ਦੀ ਚੋਟ ਖਾ ਕੇ ਬੇਹੋਸ਼ ਹੋ ਕੇ ਡਿਗ ਪਈ। ਗੱਲੀਆਂ ਉਹਨੂੰ ਉਠਾ ਕੇ ਵੱਖਰੇ ਕਮਰੇ ਵਿੱਚ ਲੈ ਗਈਆਂ । ਗੁਲਾਬ ਤੇ ਕਿਉੜਾ ਛਿੜਕਣ ਨਾਲ ਅੱਧੇ ਘੰਟੇ ਪਿੱਛੋਂ ਉਹਨੂੰ ਹੋਸ਼ ਆਈ। ਆਪਣੀ ਬਦਲ ਚੁੱਕੀ ਅਵਸਥਾ ਦੀ ਸੋਝੀ ਆਉਣ ‘ਤੇ ਉਹ ਪਾਗ਼ਲਾਂ ਵਾਂਗ ਪਿੱਟਣ ਲੱਗ ਪਈ। ਉਹਨੂੰ ਸਾਰੀ ਦੁਨੀਆਂ ਬਦਲੀ ਹੋਈ ਨਜ਼ਰ ਆ ਰਹੀ ਸੀ। ਉਹ ਸੱਚੇ ਦਿਲੋਂ ਪਤੀ ਨੂੰ ਪਿਆਰ ਕਰਦੀ ਸੀ। ਇਕ ਸ਼ੇਰੇ ਪੰਜਾਬ ਬਿਨਾਂ ਉਹਨੂੰ ਸਾਰਾ ਸੰਸਾਰ ਹੀ ਸੁੰਞਾ ਨਜ਼ਰ ਆ ਰਿਹਾ ਸੀ।

ਅਗਲੇ ਦਿਨ ਸ਼ੇਰੇ ਪੰਜਾਬ ਦਾ ਅੰਤਮ ਬਬਾਣ ਤਿਆਰ ਹੋਇਆ। ਗੁਰਦੁਆਰਾ ਡੇਹਰਾ ਸਾਹਿਬ ਦੇ ਮਗਰਲੇ ਪਾਸੇ ਚੰਨਣ ਦੀ ਚਿਖ਼ਾ ਤਿਆਰ ਕੀਤੀ ਗਈ। ਮਹਾਰਾਜ ਦੀ ਅਰਥੀ ਕਿਲਿਓਂ ਬਾਹਰ ਨਿਕਲੀ। ਮਾਤਮ ਦੇ ਵਾਜੇ ਵੱਜੇ। ਕਿਲ੍ਹੇ ਦੀਆਂ ਕੰਧਾਂ ਤੋਂ ਸਲਾਮੀ ਵਾਸਤੇ ਤੋਪਾਂ ਦਗ਼ੀਆਂ। ਸਹਿਜ-ਸਹਿਜ ਆਖ਼ਰੀ ਜਲੂਸ ਗੁਰਦੁਆਰੇ ਦੇ ਮਗਰਲੇ ਪਾਸੇ ਪੁੱਜਾ। ਗਿ. ਗੁਰਮੁਖ ਸਿੰਘ ਨੇ ਅਰਦਾਸ ਕੀਤੀ ਤੇ ਪੰਜਾਬ ਦੀ ਤਕਦੀਰ ਬਦਲਣ ਵਾਲੇ ਮਰਦ ਨੂੰ ਅੰਤਮ ਸੇਜਾ ਉੱਤੇ ਲਿਟਾ ਦਿੱਤਾ ਗਿਆ । ਉਸ ਵੇਲੇ ਲੱਖਾਂ ਪੰਜਾਬੀ ਖਲੇ ਧਾਹੀਂ ਮਾਰ ਰਹੇ ਸਨ। ਦਰਦ ਵਿੰਨ੍ਹੀਆਂ ਅੱਖਾਂ ਹੰਝੂਆਂ ਦੇ ਢੋਏ ਤਾਰ ਰਹੀਆਂ ਸਨ। টা। মি

ਫਿਰ ਸਤੀ ਹੋਣ ਵਾਸਤੇ ਰਾਣੀ ਪਹਾੜਨ ਅੱਗੇ ਵਧੀ। ਉਹਦੇ ਨਾਲ ਕੁਛ ਹੋਰ ਰਾਣੀਆਂ ਵੀ ਤਿਆਰ ਹੋਈਆਂ। ਜਿੰਦਾਂ ਨੇ ਵੀ ਸਤੀ ਹੋਣ ਦੀ ਇੱਛਿਆ ਪਰਗਟ ਕੀਤੀ। ਰਾਣੀ ਪਹਾੜਨ ਨੇ ਉਹਨੂੰ ਰੋਕ ਦਿੱਤਾ । ਜ਼ਨਾਨ- ਖ਼ਾਨੇ ਦੀ ਪ੍ਰਧਾਨ ਰਾਣੀ ਪਹਾੜਨ ਹੀ ਮੰਨੀ ਜਾਂਦੀ ਸੀ। ਜਿੰਦਾਂ ਨੂੰ ਉਹ ਵੀ ਬੜਾ ਪਿਆਰ ਕਰਦੀ ਸੀ। ਉਹਨੇ ਜਿੰਦਾਂ ਦਾ ਸਿਰ ਛਾਤੀ ਨਾਲ ਘੁੱਟ ਕੇ ਕਿਹਾ, “ਜਿੰਦਾਂ! ਮੈਂ ਤੇਰੇ ਮਨ ਦੀ ਅਵਸਥਾ ਨੂੰ ਸਮਝਦੀ ਹਾਂ। ਮਹਾਰਾਜ ਤੈਨੂੰ ਸਭ ਤੋਂ ਵਧੇਰੇ ਪਿਆਰ ਕਰਦੇ ਸਨ। ਤੂੰ ਵੀ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਸਤੀ ਹੋਣ ਲਈ ਤਿਆਰ ਏਂ। ਸਤੀ ਹੋਣ ਵਾਲੀਆਂ ਦਾ ਇਕ ਪਾਸੇ ਦੁਨੀਆਂ ਵਿੱਚ ਜੱਸ ਹੋਵੇਗਾ, ਦੂਜੇ ਪਾਸੇ ਉਹ ਰੰਡੇਪੇ ਦੇ ਦੁੱਖ ਸਹਿਣੋਂ ਬਚ ਜਾਣਗੀਆਂ। ਤੈਨੂੰ ਵੀ ਏਸੇ ਹੱਕ ਤੋਂ ਰੋਕਿਆ ਨਹੀਂ ਜਾ ਸਕਦਾ। ਪਰ ਤੂੰ ਆਪਣੇ ਦਲੀਪ ਬਾਰੇ ਵੀ ਕੁਝ ਸੋਚਿਆ ਈ ? ਉਹਦਾ ਪਿੱਛੋਂ ਕੌਣ ਬਣੇਂਗਾ? ਉਹ ਅਜੇ ਦਸਾਂ ਮਹੀਨਿਆਂ ਦਾ ਵੀ ਨਹੀਂ ਹੋਇਆ। ਨਹੀਂ, ਜਿੰਦਾਂ! ਮੈਂ ਤੈਨੂੰ ਸਤੀ ਨਹੀਂ ਹੋਣ ਦਿਆਂਗੀ। ਤੈਨੂੰ ਆਪਣੇ ਦਲੀਪ ਬਦਲੇ ਜਿਉਣਾ ਪਵੇਗਾ। ਪਤੀ ਨਾਲ ਸਤੀ ਹੋਣ ਨਾਲੋਂ, ਪਤੀ ਦੀ ਨਿਸ਼ਾਨੀ ਦੀ ਪਾਲਣਾ ਕਰਨੀ ਵਧੇਰੇ ਸ਼ੁਭ ਹੈ।” ਤੇ ਗੋਲੀ ਕੋਲੋਂ ਦਲੀਪ ਨੂੰ ਫੜ ਕੇ ਉਹਨੇ ਜਿੰਦਾਂ ਦੇ ਕੁੱਛੜ ਦੇ ਦਿੱਤਾ।

ਬਾਲਕ ਦਲੀਪ ਨੂੰ ਛਾਤੀ ਨਾਲ ਘੁੱਟ ਕੇ ਜਿੰਦਾਂ ਭੁੱਬੀ-ਭੁੱਬੀ ਰੋ ਪਈ। ਉਸ ਨੂੰ ਆਖ਼ਰੀ ਵਾਰ ਪਿਆਰ ਦੇ ਕੇ ਰਾਣੀ ਪਹਾੜਨ ਚਿਖਾ ‘ਤੇ ਜਾ ਬੈਠੀ । ਉਹਦੇ ਨਾਲ ਦਸ ਰਾਣੀਆਂ ਹੋਰ ਮਹਾਰਾਜ ਦੀ ਅਰਥੀ ਦੇ ਉਦਾਲੇ ਚਿਖਾ ਮੱਲ ਬੈਠੀਆਂ। ਇਹ ਸਮਾਂ ਜਿੰਦਾਂ ਵਾਸਤੇ ਸਭ ਤੋਂ ਔਖਾ ਸੀ। ਜਿਸ ਨੂੰ ਮਹਾਰਾਜ ਸਭ ਤੋਂ ਵੱਧ ਪਿਆਰ ਕਰਦੇ ਸਨ, ਜਿਸ ਨੂੰ ਸਦਾ ਪ੍ਰਾਣ- ਪਿਆਰੀ ਕਹਿ ਕੇ ਬੁਲਾਉਂਦੇ ਸਨ, ਜਿਸ ਨੂੰ ਪ੍ਰਾਪਤ ਕਰਕੇ ਸਰਕਾਰ ਸਾਰੀ ਦੁਨੀਆਂ ਦੇ ਹੁਸਨ ਨੂੰ ਭੁੱਲ ਗਏ ਸਨ, ਜਿਸ ਦੇ ਬਿਨਾਂ ਹਜ਼ੂਰ ਇਕ ਪਲ ਵੀ ਨਹੀਂ ਸਨ ਰਹਿ ਸਕਦੇ, ਕੀ ਉਹ ਜਿੰਦਾਂ ਸਹਾਰ ਲਵੇਗੀ ਕਿ ਬਾਕੀ ਰਾਣੀਆਂ ਸਵਾਮੀ ਨਾਲ ਸਤੀ ਹੋ ਜਾਣ ਤੇ ਜਿੰਦਾਂ ਰੰਡੇਪੇ ਦੇ ਦੁੱਖ ਸਹਿਣ ਵਾਸਤੇ ਰਹਿ ਜਾਵੇ ? ਉਹਦੀ ਛਾਤੀ ਪਾੜ ਕੇ ਦਿਲ ਬਾਹਰ ਨੂੰ ਆ ਰਿਹਾ ਸੀ । ਉਹ ਪਾਗ਼ਲਾਂ ਵਾਂਗ ਭੁੱਬੀ-ਭੁੱਬੀ ਰੋ ਰਹੀ ਸੀ। ਉਹ ਮੱਲੋ-ਮੱਲੀ ਚਿਖਾ ਵਿੱਚ ਛਾਲ ਮਾਰਨ ਵਾਸਤੇ ਸੋਚਦੀ, ਪਰ ਗੋਦੀ ਵਿੱਚ ਮੁਸਕਰਾ ਰਿਹਾ ਦਲੀਪ ਉਹਦਾ ਰਾਹ ਰੋਕ ਲੈਂਦਾ। ਉਸ ਵੇਲੇ ਉਹਦਾ ਦਿਲ ਮੌਤ ਅਤੇ ਜ਼ਿੰਦਗੀ ਦੇ ਘੋਲ ਦਾ ਅਖਾੜਾ ਬਣਿਆ ਹੋਇਆ ਸੀ। ਉਹ ਮਰਨਾ ਚਾਹੁੰਦੀ ਸੀ ਪਰ ਦਲੀਪ ਦੇ ਮੋਹ ਦੀਆਂ ਜ਼ੰਜੀਰਾਂ ਉਹਦੀ ਪੇਸ਼ ਨਹੀਂ ਸਨ ਜਾਣ ਦੇਂਦੀਆਂ। ਕਿਸੇ ਨੇ ਠੀਕ ਕਿਹਾ ਹੈ:-

“ਹਜ਼ਾਰੋਂ ਮੁਸ਼ਕਲੋਂ ਮੇਂ ਏਕ ਮੁਸ਼ਕਲ ਸਖ਼ਤ ਯਿਹ ਭੀ ਹੈ ਤਮੰਨਾ ਮੌਤ ਕੀ ਹੈ, ਔਰ ਮਰ ਜਾਨਾ ਨਹੀਂ ਆਤਾ।”

ਜਿੰਦਾਂ ਨੇ ਲੰਮਾ ਸਾਰਾ ਹਉਕਾ ਲਿਆ ਤੇ ਪੁੱਤਰ ਨੂੰ ਹਿੱਕ ਨਾਲ ਘੁੱਟ ਕੇ ਕਿਹਾ, “ਮੇਰੇ ਦਲੀਪ! ਮੈਂ ਤੇਰੇ ਬਦਲੇ ਜੀਵਾਂਗੀ। ਤੇਰੀਆਂ ਖੁਸ਼ੀਆਂ ਬਦਲੇ, ਮੈਂ ਰੰਡੇਪੇ ਦੇ ਸਾਰੇ ਦੁੱਖ ਝੱਲ ਲਵਾਂਗੀ।”

ਸਮਾਂ ਹੋ ਗਿਆ। ਟਿੱਕਾ ਖੜਕ ਸਿੰਘ ਨੇ ਚਿਖਾ ਨੂੰ ਲੰਬੂ ਲਾਇਆ। ਅੱਗ ਦੇ ਭਾਂਬੜ ਇੱਕੋ ਵਾਰ ਭੜਕ ਉੱਠੇ। ਉਸ ਤੋਂ ਕਈ ਗੁਣਾਂ ਵਧੇਰੇ ਅੱਗ ਪੰਜਾਬੀਆਂ ਦੇ ਦਿਲਾਂ ਵਿੱਚ ਬਲ ਉਠੀ। ਯਾਰਾਂ ਰਾਣੀਆਂ ਮਹਾਰਾਜ ਦੇ ਨਾਲ ਸਤੀ ਹੋਈਆਂ। ਇਕ ਕਬੂਤਰਾਂ ਦਾ ਜੋੜਾ ਵੀ ਮਚਦੀ ਚਿਖਾ ਵਿੱਚ ਡਿੱਗ ਕੇ ਸਤੀ ਹੋ ਗਿਆ। ਉਸਦੇ ਨਾਲ ਹੀ ਪੰਜਾਬ ਦਾ ਰਾਜ ਭਾਗ ਵੀ ਸੜ ਕੇ ਸੁਆਹ ਹੋ ਗਿਆ ।

ਸ਼ੇਰੇ ਪੰਜਾਬ ਚਲਾ ਗਿਆ। ਮਰਦ ਦੀ ਕਿਸਮਤ ਮਰਦ ਦੇ ਮਗਰੇ ਤੁਰ ਪਈ। ਸਿੱਖ ਰਾਜ ਦੀ ਦੁਪਹਿਰ ਢਲਣੀ ਸ਼ੁਰੂ ਹੋ ਗਈ।

ਦੁੱਖ ਮਾਰੀ ਜਿੰਦਾਂ ਨੇ ਸਭ ਕਾਸੇ ਵੱਲੋਂ ਅੱਖਾਂ ਮੀਟ ਲਈਆਂ। ਉਹਨੇ ਆਪਣੇ ਗ਼ਮ ਵਿੱਚ ਡੁੱਬੀ ਨੇ ਇਕਾਂਤ ਵਾਸ ਧਾਰਨ ਕਰ ਲਿਆ। ਉਹਦੀ ਦੁਨੀਆਂ ਛੋਟੇ ਜਿਹੇ ਦਲੀਪ ਤੱਕ ਸਿਮਟ ਕੇ ਰਹਿ ਗਈ। ਕੁਝ ਸਮੇਂ ਵਾਸਤੇ ਉਹ ਪੰਜਾਬੀਆਂ ਦੀਆਂ ਨਜ਼ਰਾਂ ਤੋਂ ਉਹਲੇ ਹੋ ਗਈ।

ਡੋਗਰੇ ਧਿਆਨ ਸਿੰਘ ਤੇ ਗੁਲਾਬ ਸਿੰਘ ਨੂੰ ਆਪਣੀਆਂ ਆਸਾਂ ਦੇ ਫਲਨ ਦਾ ਸਮਾਂ ਨੇੜੇ ਆ ਗਿਆ ਪ੍ਰਤੀਤ ਹੋਣ ਲੱਗਾ। ਉਹਨਾਂ ਆਪਸ ਵਿੱਚ ਚੋਖੇ ਚਿਰ ਤੋਂ ਵੰਡੀਆਂ ਪਾਈਆਂ ਹੋਈਆਂ ਸਨ ਕਿ ਸ਼ੇਰੇ ਪੰਜਾਬ ਦੇ ਘਰਾਣੇ ਦੀ ਤਬਾਹੀ ਪਿੱਛੋਂ ਪੰਜਾਬ ਦਾ ਪੱਧਰ ਇਲਾਕਾ ਰਾਜਾ ਧਿਆਨ ਸਿੰਘ ਸੰਭਾਲ ਲਵੇਗਾ ਤੇ ਪਹਾੜੀ ਇਲਾਕੇ ਸਾਰੇ ਰਾਜਾ ਗੁਲਾਬ ਸਿੰਘ ਦੀ ਮਾਲਕੀ ਹੋਣਗੇ। ਪਰ ਆਪਣੇ ਟੀਚੇ ‘ਤੇ ਪਹੁੰਚਣ ਤੱਕ ਉਹਨਾਂ ਨੂੰ ਕਈ ਬਿਖੜੇ ਰਾਹ ਲੰਘਣੇ ਪੈਣੇ ਸਨ। ਸਭ ਤੋਂ ਵੱਡੀ ਰੁਕਾਵਟ ਉਹਨਾਂ ਦੇ ਰਸਤੇ ਵਿੱਚ ਸ਼ੇਰੇ ਪੰਜਾਬ ਦੇ ਸੱਤ ਪੁੱਤਰ ਤੇ ਅੱਠਵਾਂ ਪੋਤਰਾ ਕੰਵਰ ਨੌਨਿਹਾਲ ਸਿੰਘ ਸੀ। ਉਹਨਾਂ ਹੰਢੇ ਹੋਏ ਨੀਤੱਗਯ ਖਿਡਾਰੀਆਂ ਨੇ ਪਹਿਲੇ ਹੱਥ ਹੀ ਤਿੰਨ ਚੁਣਵੇਂ ਸ਼ਾਹਜ਼ਾਦੇ ਦਾਅ ਉੱਤੇ ਲਾ ਦਿੱਤੇ। ਟਿੱਕਾ ਖੜਕ ਸਿੰਘ, ਉਹਦਾ ਛੋਟਾ ਭਰਾ ਕੰਵਰ ਸ਼ੇਰ ਸਿੰਘ ਤੇ ਪਹਿਲੇ ਦਾ ਇਕੋ-ਇਕ ਪੁੱਤਰ ਕੰਵਰ ਨੌਨਿਹਾਲ ਸਿੰਘ ਸ਼ਤਰੰਜ ਦੇ ਮੋਹਰੇ ਬਣੇ। ਨੌਨਿਹਾਲ ਸਿੰਘ ਦੀ ਮਦਦ ਵਾਸਤੇ ਉਸਦੀ ਮਾਤਾ ਮਹਾਰਾਣੀ ਚੰਦ ਕੌਰ ਪੁੱਤਰ ਦੀ ਕੰਡ ਪਿੱਛੇ ਛਾਤੀ ਤਾਣ ਖਲੀ। ਮਿਥੀ ਹੋਈ ਗੋਂਦ ਅਨੁਸਾਰ ਕੰਵਲ ਨੌ ਨਿਹਾਲ ਸਿੰਘ ਤੇ ਚੰਦ ਕੌਰ ਦੀ ਅਗਵਾਈ ਰਾਜਾ ਗੁਲਾਬ ਸਿੰਘ ਕਰਨ ਲੱਗਾ ਤੇ ਦੂਜਿਆਂ ਦੋਹਾਂ ਦੀ ਜ਼ਿੰਮੇਂਵਾਰੀ ਰਾਜਾ ਧਿਆਨ ਸਿੰਘ ਨੇ ਆਪਣੇ ਸਿਰ ਲੈ ਲਈ। ਧਿਆਨ ਸਿੰਘ ਭਾਵੇਂ ਗੁਲਾਬ ਸਿੰਘ ਦਾ ਛੋਟਾ ਭਰਾ ਸੀ, ਪਰ ਤਾਕਤ ਵਿੱਚ ਉਹ ਬਹੁਤ ਵੱਡਾ ਬਣ ਚੁੱਕਾ ਸੀ। ਸ਼ੇਰੇ ਪੰਜਾਬ ਦੀ ਵਧਦੀ ਬੀਮਾਰੀ ਨੂੰ ਤਾੜ ਕੇ ਉਹਨਾਂ ਆਪੋ ਆਪਣੇ ਮੋਹਰੇ ਅਗਾਂ ਵਧਾਉਣੇ ਸ਼ੁਰੂ ਕਰ ਦਿੱਤੇ। ਥੋੜ੍ਹੇ ਸਮੇਂ ਵਿੱਚ ਹੀ ਉਹਨਾਂ ਦੋਹਾਂ ਦੇ ਅੰਦਰ ਰਾਜ ਸੰਭਾਲਣ ਦੀ ਹਵਸ ਪੂਰੀ ਤਰ੍ਹਾਂ ਭਰ ਦਿੱਤੀ ਗਈ। ਖੇਡ ਪੂਰੇ ਜ਼ੋਰ ‘ਤੇ ਸੀ, ਜਾਂ ਉਸ ਵਿੱਚ ਥੋੜ੍ਹੀ ਜਿਹੀ ਰੁਕਾਵਟ ਪੈ ਗਈ। ਸ਼ੇਰੇ ਪੰਜਾਬ ਦੇ ਘਾਤਕ ਰੋਗ ਨੇ । ਥੋੜ੍ਹਾ ਜਿਹਾ ਮੋੜਾ ਖਾਧਾ। ਕੁਦਰਤ ਨੇ ਮਹਾਰਾਜ ਨੂੰ ਕੁਛ ਸੋਚਣ ਵਿਚਾਰਨ ਤੇ ਫ਼ੈਸਲਾ ਕਰਨ ਦੀ ਮੁਹਲਤ ਦੇ ਦਿੱਤੀ। ਏਨੇ ਕੁ ਸਮੇਂ ਨੂੰ ਗਨੀਮਤ ਸਮਝ ਕੇ ਸ਼ੇਰੇ ਪੰਜਾਬ ਨੇ ਰਾਜ-ਗੱਦੀ ਦੇ ਵਾਰਸ ਦਾ ਫ਼ੈਸਲਾ ਕਰ ਦਿੱਤਾ। ਉਹਨਾਂ ਹੁਕਮ ਦਿੱਤਾ, “ਸਾਡੇ ਪਿੱਛੋਂ ਸਾਡਾ ਵੱਡਾ ਪੁੱਤਰ ਟਿੱਕਾ ਖੜਕ ਸਿੰਘ ਪੰਜਾਬ ਦਾ ਬਾਦਸ਼ਾਹ ਬਣੇਗਾ ਤੇ ਰਾਜਾ ਧਿਆਨ ਸਿੰਘ ਉਸਦਾ ਵਜ਼ੀਰ ਹੋਵੇਗਾ।” ਮਹਾਰਾਜ ਨੇ ਦੋਹਾਂ ਅਧਿਕਾਰੀਆਂ ਤੋਂ ਇਕ ਦੂਜੇ ਦੇ ਮਿੱਤਰ ਤੇ ਦੇਸ਼ ਦੇ ਵਫ਼ਾਦਾਰ ਰਹਿਣ ਦੀਆਂ ਕਸਮਾਂ ਚੁਕਾਈਆਂ । ਰਾਜਾ ਧਿਆਨ ਸਿੰਘ ਨੇ ਗੀਤਾ ‘ਤੇ ਹੱਥ ਧਰ ਕੇ ਸੌਂਹ ਖਾਧੀ। ਨੀਤੀ ਦੇ ਪੁਜਾਰੀਆਂ ਦੀ ਨਜ਼ਰ ਵਿੱਚ ਸੌਂਹ ਖਾਣ ਦਾ ਵਸੀਲਾ ਹੀ ਤਾਂ ਹੁੰਦੇ ਨੇ ਧਾਰਮਿਕ ਗ੍ਰੰਥ। ਇਸ ਤੋਂ ਵੱਧ ਉਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਧਿਆਨ ਸਿੰਘ ਨੇ ਵੀ ਇਹ ਕਸਮ ਵਕਤ ਟਾਲਣ ਵਾਸਤੇ ਹੀ ਖਾਧੀ ਸੀ।

ਸ਼ੇਰੇ ਪੰਜਾਬ ਚਲੇ ਗਏ। ਉਹਨਾਂ ਦਾ ਜੇਠਾ ਪੁੱਤਰ ਪੰਜਾਬ ਦੇ ਤਖ਼ਤ ਉੱਤੇ ਬੈਠਾ । ਮਹਾਰਾਜਾ ਖੜਕ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੀ ਧੂਮ- ਧਾਮ ਨਾਲ ਹੋਈ ਤੇ ਕਿਲ੍ਹੇ ਦੀਆਂ ਕੰਧਾਂ ਉੱਤੋਂ ਨਵੇਂ ਹੁਕਮਰਾਨ ਦੀ ਸਲਾਮੀ ਵਾਸਤੇ ਤੋਪਾਂ ਦਗ਼ੀਆਂ। ਰਾਜਾ ਧਿਆਨ ਸਿੰਘ ਉਸਦਾ ਵੱਡਾ ਵਜ਼ੀਰ ਬਣਿਆ।

ਉਸ ਵੇਲੇ ਲਾਹੌਰ ਦਰਬਾਰ ਵਿੱਚ ਸ. ਚੇਤ ਸਿੰਘ ਦੀ ਹੱਛੀ ਤਾਕਤ 1 ਸੀ। ਉਹ ਮਹਾਰਾਜਾ ਖੜਕ ਸਿੰਘ ਦਾ ਸਾਲਾ ਸੀ। ਵਜ਼ਾਰਤ ਉੱਤੇ ਉਹ ਆਪਣਾ ਹੱਕ ਸਮਝਦਾ ਸੀ। ਉਸ ਦੀਆਂ ਆਸਾਂ ਦੇ ਉਲਟ ਵਜ਼ੀਰ ਬਣ ਗਿਆ ਰਾਜਾ ਧਿਆਨ ਸਿੰਘ। ਇਹ ਵੇਖ ਕੇ ਸ. ਚੇਤ ਸਿੰਘ ਡਾਢਾ ਔਖਾ ਹੋਇਆ। ਏਥੋਂ ਤੱਕ ਕਿ ਉਹ ਗਰਮ ਹੋ ਕੇ ਡੋਗਰਿਆਂ ਨਾਲ ਖੁੱਲ੍ਹ-ਮਖੁੱਲ੍ਹਾ ਲੜਨ ਵਾਸਤੇ ਤਿਆਰ ਹੋ ਪਿਆ। ਮ. ਖ਼ੜਕ ਸਿੰਘ ਨੇ ਉਹਨੂੰ ਬੜੀ ਮੁਸ਼ਕਲ ਨਾਲ ਸਮਝਾ ਬੁਝਾ ਕੇ ਠੰਢਿਆਂ ਕੀਤਾ। ਓਸੇ ਵੇਲੇ ਮਹਾਰਾਜੇ ਨੇ ਉਹਨੂੰ ਆਪਣਾ ‘ਸਲਾਹਕਾਰ’ ਬਣਾ ਲਿਆ ਤੇ ਸਮਾਂ ਆਉਣ ਉੱਤੇ ਧਿਆਨ ਸਿੰਘ ਦੀ ਥਾਂ ਵੱਡਾ ਵਜ਼ੀਰ ਬਨਾਉਣ ਦਾ ਵੀ ਲਾਰਾ ਲਾਇਆ। ਚੇਤ ਸਿੰਘ ਡਾਢੇ ਕਾਹਲੇ ਸੁਭਾਅ ਦਾ ਸੀ। ਉਹ ਕੰਮ ਥੋੜ੍ਹਾ ਕਰਦਾ ਤੇ ਮੂੰਹੋਂ ਵਧੇਰੇ ਕਹਿੰਦਾ। ਉਹਨੇ ਡੋਗਰੇ ਭਰਾਵਾਂ ਨੂੰ ਸਮੂਲ ‘ਚੋਂ ਤਬਾਹ ਕਰਨ ਦੀਆਂ ਗੋਂਦਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ।

ਦੁੱਜੇ ਪਾਸੇ ਡੋਗਰੇ ਭਰਾ ਬੜੇ ਪੱਕੇ ਖਿਡਾਰੀ ਤੇ ਪੁਰਾਣੇ ਪਾਪੀ ਸਨ। ਉਹਨਾਂ ਨੇ ਵੀ ਆਪਣੀ ਕਾਰਵਾਈ ਤੇਜ਼ ਕਰ ਦਿੱਤੀ। ਕੰਵਰ ਨੌਨਿਹਾਲ ਸਿੰਘ ਉਸ ਵੇਲੇ ਪੇਸ਼ਾਵਰ ਸੀ। ਉਹ ਉਸ ਸੂਬੇ ਦਾ ਗਵਰਨਰ ਸੀ। ਰਾਜਾ ਗੁਲਾਬ ਸਿੰਘ ਉਸ ਦੇ ਕੋਲ ਪੁੱਜਾ। ਰਸਮੀ ਮੁਲਾਕਾਤ ਪਿੱਛੋਂ ਗੱਲਾਂ ਸ਼ੁਰੂ ਹੋਈਆਂ, ਤਾਂ ਬੁੱਢੇ ਗੁਲਾਬ ਸਿੰਘ ਨੇ ਨਿੰਮੋ-ਝੂਣਾ ਮੂੰਹ ਬਣਾ ਕੇ ਕਿਹਾ, “ਮਹਾਰਾਜ! ਵੱਡੀ ਸਰਕਾਰ ਦਾ ਨਿਮਕ ਖਾਧਾ ਏ, ਸੋ ਵੇਖ ਕੇ ਜਰਿਆ ਨਹੀਂ ਜਾਂਦਾ ਨਹੀਂ ਤਾਂ ….।”

“ਕਿਉਂ, ਰਾਜਾ ਸਾਹਿਬ! ਰੁਕ ਕਿਉਂ ਗਏ ? ਕੀ ਕੋਈ ਬਹੁਤ ਮਾੜੀ ਗੱਲ ਹੋਣ ਵਾਲੀ ਹੈ ?” ਕੰਵਰ ਨੇ ਕਾਹਲੇ ਪੈ ਕੇ ਪੁੱਛਿਆ।

“ਮਹਾਰਾਜ! ਗੱਲ ਬੜੀ ਵੱਡੀ ਏ, ਪਰ ਮੂੰਹ ਛੋਟਾ। ਕਹਿੰਦਿਆਂ ਭੈਅ ਲੱਗਦਾ ਹੈ।”

“ਨਹੀਂ, ਨਿਹਸੰਕੋਚ ਕਹੋ। ਦੇਸ ਭਲਾਈ ਬਦਲੇ ਸਭ ਭੈਅ ਸਹੇੜਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।” ਕੰਵਰ ਨੇ ਬੁੱਢੇ ਰਾਜੇ ਦਾ ਹੌਸਲਾ ਵਧਾਇਆ।

“੧੮੦੯ ਈ: ਦੀ ਸੁਲ੍ਹਾ ਸਮੇਂ ਮਾਲਵੇ ਦੇ ਰਾਜੇ ਆਪਣੇ-ਆਪ ਅੰਗਰੇਜ਼ਾਂ ਦੇ ਅਧੀਨ ਹੋ ਗਏ। ਉਸ ਦਾ ਸਿੱਟਾ ਸਿੱਖ ਕੌਮ ਦੋ ਹਿੱਸਿਆਂ ਵਿੱਚ ਵੰਡੀ ਗਈ ਤੇ ਕਮਜ਼ੋਰ ਹੋ ਗਈ। ਵੱਡੀ ਸਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਅਨੋਖੀ ਬਹਾਦਰੀ ਤੇ ਅਣਥੱਕ ਹਿੰਮਤ ਦਾ ਸਦਕਾ ਦਰਿਆ ਸਤਲੁਜ ਤੋਂ ਦੱਰਾ ਖ਼ੈਬਰ ਤੱਕ ਸਿੱਖ ਕੌਮ ਦੀ ਕੁਛ ਤਾਕਤ ਬਣੀ ਸੀ ਪਰ ਹੁਣ ਜੇ ਇਸ ਦੇ ਮਾਲਕ ਹੀ ਇਸ ਨੂੰ ਤਬਾਹ ਕਰਨ ਵਾਸਤੇ ਸੋਚਣ ਲੱਗ ਪੈਣ, ਤਾਂ ਫਿਰ ਰੱਖਿਆ ਕੌਣ ਕਰੇਗਾ?

“ਰਾਜਾ ਸਾਹਿਬ! ਗੱਲ ਸਾਫ਼-ਸਾਫ਼ ਦੱਸੋ। ਵਧੇਰੇ ਵਿਆਖਿਆ ਦੀ ਲੋੜ ਨਹੀਂ।” ਕੰਵਰ ਦਾ ਦਿਲ ਕਾਹਲਾ ਪੈਣ ਲੱਗ ਪਿਆ ਸੀ।

“ਸਾਫ਼ ਗੱਲ ? ਕਹਿੰਦਿਆਂ ਛਾਤੀ ਫਟਦੀ ਹੈ, ਮਹਾਰਾਜ! ਸ: ਚੇਤ ਸਿੰਘ ਦੀ ਖੋਟੀ ਸਲਾਹ ਦਾ ਨਤੀਜਾ, ਮ. ਖੜਕ ਸਿੰਘ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਬਾਰੇ ਸੋਚ ਰਹੇ ਨੇ। ਜੇ ਇਸ ਔਖੇ ਸਮੇਂ ਆਪ ਨੇ ਹਿੰਮਤ ਨਾ ਵਿਖਾਈ, ਤਾਂ ਪੰਜਾਬ ਦੀ ਆਜ਼ਾਦੀ ਗ਼ੁਲਾਮੀ ਵਿੱਚ ਬਦਲ ਜਾਏਗੀ। …. ਹਾਇ! ਇਸ ਆਜ਼ਾਦੀ ਬਦਲੇ ਹਜ਼ੂਰ ਦੇ ਵੱਡ ਵਡੇਰਿਆਂ ਨੇ ਕਿੰਨਾ ਖੂਨ ਡੁਹਲਿਆ ਸੀ।” ਰਾਜਾ ਗੁਲਾਬ ਸਿੰਘ ਦੇ ਹੰਝੂ ਸਫ਼ੈਦ ਦਾੜ੍ਹੀ ਉਤਦੀ ਤਿਲਕ-ਤਿਲਕ ਕੇ ਝੋਲੀ ਵਿੱਚ ਢਹਿ ਰਹੇ ਸਨ।

“ਰਾਜਾ ਸਾਹਿਬ! ਐਸਾ ਨਹੀਂ ਹੋਵੇਗਾ।” ਕੰਵਰ ਨੇ ਜਵਾਨੀ ਦੇ ਜੋਸ਼ ਵਿੱਚ ਗਰਜ ਕੇ ਕਿਹਾ।

“ਤਾਂ ਸ਼ੇਰੇ ਪੰਜਾਬ ਦੇ ਯੋਗ ਪੋਤਰੇ ਨੂੰ ਰਾਜ ਦੀ ਡੋਰ ਆਪ ਸੰਭਾਲਣੀ ਪਵੇਗੀ। ਸਿਰਫ਼ ਏਹਾ ਇਕ ਰਾਹ ਹੈ ਪੰਜਾਬ ਤੇ ਸਿੱਖ ਕੌਮ ਦੀ ਆਜ਼ਾਦੀ ਨੂੰ ਬਚਾਉਣ ਦਾ। ਹਜ਼ੂਰ ਦੀ ਖ਼ਾਤਰ ਇਹ ਬੁੱਢਾ ਸੇਵਾਦਾਰ ਖ਼ੂਨ ਦੀ ਆਖ਼ਰੀ ਬੂੰਦ ਵਹਾ ਦੇਵੇਗਾ।” ਮੌਕਾ ਤਾੜ ਕੇ ਗੁਲਾਬ ਸਿੰਘ ਨੇ ਉਮੜੇ ਹੋਏ ਜੋਸ਼ ਵਿੱਚ ਵਾਧਾ ਕਰਨ ਦੇ ਇਰਾਦੇ ਨਾਲ ਕਿਹਾ।

ਰਾਜਾ ਗੁਲਾਬ ਸਿੰਘ ਦਾ ਜਾਦੂ ਚੱਲ ਗਿਆ। ਕੰਵਰ ਨੌਨਿਹਾਲ ਸਿੰਘ ਪੂਰੀ ਤਰ੍ਹਾਂ ਪ੍ਰੇਰਿਆ ਗਿਆ। ਉਹਦੇ ਜਵਾਨੀ ਦੇ ਜੋਸ਼ ਨੇ ਗੱਲ ਦੀ ਤਹਿ ਤੱਕ ਪਹੁੰਚਣ ਵਾਸਤੇ ਉਸ ਨੂੰ ਸੋਚਣ ਦਾ ਸਮਾਂ ਨਾ ਦਿੱਤਾ। ਉਹ ਲਾਹੌਰ ਜਾਣ ਵਾਸਤੇ ਰਾਜਾ ਗੁਲਾਬ ਸਿੰਘ ਦੇ ਨਾਲ ਤਿਆਰ ਹੋ ਪਿਆ । ਸਾਰੇ ਰਾਹ ਗੁਲਾਬ ਸਿੰਘ ਮਿਥੀ ਹੋਈ ਗੋਂਦ ਅਨੁਸਾਰ ਕੰਵਰ ਦੇ ਕੰਨ ਭਰਦਾ ਆਇਆ।

ਏਸ ਸਮੇਂ ਵਿੱਚ ਰਾਜਾ ਧਿਆਨ ਸਿੰਘ ਦੇ ਜ਼ਹਿਰੀਲੇ ਪ੍ਰਚਾਰ ਨੇ ਸਿੱਖ ਫ਼ੌਜ ਨੂੰ ਵੀ ਮ. ਖੜਕ ਸਿੰਘ ਦੇ ਵਿਰੁੱਧ ਕਰ ਦਿੱਤਾ। ਧਿਆਨ ਸਿੰਘ ਹਰ ਫ਼ੌਜੀ ਪੰਚ ਤੇ ਅਫ਼ਸਰ ਕੋਲ ਕਹਿੰਦਾ ਫਿਰਦਾ, “ਖ਼ਾਲਸਾ ਜੀ! ਇਹ ਸਮਾਂ ਫੇਰ ਹੱਥ ਨਹੀਂ ਜੇ ਆਉਣਾ। ਬਚਾ ਲਵੋ, ਜੇ ਸਿੱਖ ਰਾਜ ਬਚਦਾ ਜੇ ਤਾਂ।

ਪਹਿਲਾਂ, ਤੇ ਮੇਰਾ ਪਿੱਛੋਂ ।” ਜਿੰਦਾਂ ਨੇ ਸਿਰ ਝੁਕਾਅ ਕੇ ਕਿਹਾ। ਉਸ ਤੋਂ ਪਿੱਛੋਂ ਵੀ ਕਈ ਦਿਨ ਗੁਪਤ ਮੁਲਾਕਾਤਾਂ ਹੁੰਦੀਆਂ ਰਹੀਆਂ। ਸ. ਲਹਿਣਾ ਸਿੰਘ ਤੇ ਰਾਜਾ ਧਿਆਨ ਸਿੰਘ ਦੋਵੇਂ ਹੀ ਅੱਡ-ਅੱਡ ਸਮਿਆਂ ‘ਤੇ ਜਿੰਦਾਂ ਨੂੰ ਮਿਲਦੇ ਰਹੇ। ਜਿੰਦਾਂ ਨੇ ਇਹ ਕੰਮ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਉਹ ਦੋਹਾਂ ਦੇ ਭੇਤ ਲੈਂਦੀ, ਤੇ ਦੋਹਾਂ ਨੂੰ ਭਰੋਸਾ ਦੁਆਉਂਦੀ, ਕਿ ਉਹ ਓਸੇ ਧੜੇ ਦੇ ਹੱਕ ਵਿੱਚ ਹੈ, ਜਿਹੜਾ ਉਸ ਵੇਲੇ ਉਹਦੇ ਨਾਲ ਗੱਲਾਂ ਕਰ ਰਿਹਾ ਹੁੰਦਾ। ਸੱਚੇ ਦਿਲੋਂ ਜਿੰਦਾਂ ਸੰਧਾਵਾਲੀਆਂ ਦੇ ਹੱਕ ਵਿੱਚ ਸੀ ਪਰ ਉਹ ਡੋਗਰਿਆਂ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ। ਆਉਣ ਵਾਲੇ ਸਮੇਂ ਦਾ ਕੀ ਪਤਾ ਸੀ ਕਿ ਬਾਜ਼ੀ ਕੀਹਦੇ ਹੱਥ ਰਹੇਗੀ ?,

ਹਰ ਹਾਲ, ਜਿੰਦਾਂ ਨੂੰ ਇਹ ਤਸੱਲੀ ਹੋ ਗਈ ਸੀ ਕਿ ਸ਼ੇਰ ਸਿੰਘ ਪਿੱਛੋਂ ਉਹਦਾ ਪੁੱਤਰ ਹੀ ਮਹਾਰਾਜਾ ਬਣੇਗਾ। ਸਾਰੀ-ਸਾਰੀ ਰਾਤ ਉਹ ਦਲੀਪ ਸਿੰਘ ਦੇ ਰਾਜ ਦੇ ਸੁਪਨੇ ਲੈਂਦੀ ਰਹਿੰਦੀ। ਉਹ ਸੁੱਤੀ ਜਾਗਦੀ ਇਕੋ ਗੱਲ ਸੋਚਦੀ ਰਹਿੰਦੀ, ‘ਭਾਵੇਂ ਦੋਹਾਂ ਧੜਿਆਂ ਵਿੱਚੋਂ ਕੋਈ ਜਿੱਤੇ, ਦਲੀਪ ਸਿੰਘ ਮਹਾਰਾਜਾ ਜ਼ਰੂਰ ਬਣ ਜਾਏਗਾ।’

ਸਿੱਖ ਰਾਜ ਵਿੱਚ ਤਿੰਨ ਧੜੇ ਹੋ ਗਏ। ਡੋਗਰਿਆਂ ਦਾ ਧੜਾ, ਸੰਧਾਵਾਲੀਆਂ ਦਾ, ਤੇ ਮਹਾਰਾਜਾ ਸ਼ੇਰ ਸਿੰਘ ਦਾ । ਜਿੰਦਾਂ ਦਾ ਆਪਣਾ ਧੜਾ ਕੋਈ ਨਹੀਂ ਸੀ । ਉਹ ਜਿੱਤਣ ਵਾਲੇ ਧੜੇ ਦੇ ਰਹਿਮ ‘ਤੇ ਸੀ। ਹਾਂ, ਦਿਲੋਂ ਉਹ ਸੰਧਾਵਾਲੀਆਂ ਦੀ ਜਿੱਤ ਚਾਹੁੰਦੀ ਸੀ।

ਸਮਾਂ ਆ ਗਿਆ ਡੋਗਰਿਆਂ ਤੇ ਸੰਧਾਵਾਲੀਆਂ ਦੀਆਂ ਸਾਂਝੀਆਂ ਮਿਲਨੀਆਂ ਦਾ। ਇਸਦਾ ਪ੍ਰਬੰਧ ਪਹਿਲੀ ਵਾਰ ਜਿੰਦਾਂ ਨੇ ਕੀਤਾ। ਦੋਵੇਂ ਧਿਰਾਂ ਜਿੰਦਾਂ ਦੇ ਮਹਿਲ ਅੰਦਰ ਉਹਦੀ ਮੌਜੂਦਗੀ ਵਿੱਚ ਮਿਲੀਆਂ। ਇਹ ਮੁਲਾਕਾਤ ਐਵੇਂ ਰਸਮੀ ਸੀ, ਸਿਰਫ਼ ਦੋਹਾਂ ਦਾ ਝਕ ਖੁਹਲਣ ਵਾਸਤੇ। ਉਸ ਤੋਂ ਪਿੱਛੋਂ ਗੁਪਤ ਮੁਲਾਕਾਤਾਂ ਸ਼ੁਰੂ ਹੋ ਗਈਆਂ। ਦੋਵੇਂ ਧੜੇ ਹੀ ਇਕ ਦੂਜੇ ਨੂੰ ਆਪਣੇ ਮਨੋਰਥ ਵਾਸਤੇ ਵਰਤਣਾ ਚਾਹੁੰਦੇ ਸਨ । ਨੀਤੀਵਾਨ ਕਦੇ ਵੀ ਨਾ ਦੂਸਰੇ ਦਾ ਦੁਸ਼ਮਣ ਹੁੰਦਾ ਹੈ, ਨਾ ਮਿੱਤਰ। ਉਹ ਆਪਣੇ ਮਨੋਰਥ ਨਾਲ ਬੱਧਾ ਹੁੰਦਾ ਹੈ। ਉਹਦੇ ਲਾਭ ਪੂਰੇ ਹੁੰਦੇ ਹੋਣ, ਤਾਂ ਉਹ ਵੈਰੀ ਨੂੰ ਮਿੱਤਰ ਬਣਾ ਲੈਂਦਾ ਹੈ ਤੇ ਜਿੱਥੇ ਉਹਦੇ ਲਾਭ ਟਕਰਾਉਂਦੇ ਹੋਣ, ਉਹ ਮਿੰਟਾਂ ਵਿੱਚ ਮਿੱਤਰ ਦਾ ਦੁਸ਼ਮਣ ਬਣ ਜਾਂਦਾ ਹੈ। ਤਾਹੀਏਂ ਸਿਆਣੇ ਆਹੰਦੇ ਹਨ, ਨੀਤੀਵਾਨ ਦੀ ਮਿੱਤਰਤਾ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ ।

ਇਕ ਦਿਨ ਲਹਿਣਾ ਸਿੰਘ ਤੇ ਧਿਆਨ ਸਿੰਘ ਦੋਵੇਂ ਹੀ ਗੱਲਾਂ ਕਰ ਰਹੇ ਸਨ, ਜਾਂ ਧਿਆਨ ਸਿੰਘ ਨੇ ਸਵਾਲ ਕੀਤਾ, “ਕੀ ਤੁਸੀਂ ਮਹਾਰਾਜਾ ਸ਼ੇਰ ਸਿੰਘ ਦੀ ਦੋਸਤੀ ‘ਤੇ ਭਰੋਸਾ ਕਰਦੇ ਓ ?”

“ਪੂਰਾ ਭਰੋਸਾ ਤਾਂ ਨਹੀਂ, ਪਰ ਬੇ-ਭਰੋਸਗੀ ਦਾ ਵੀ ਕੋਈ ਨਿੱਗਰ ਕਾਰਨ ਨਜ਼ਰ ਨਹੀਂ ਆਉਂਦਾ।” ਲਹਿਣਾ ਸਿੰਘ ਨੇ ਨੀਤੀਵਾਨਾਂ ਵਾਲੀ ਬੋਲੀ ਵਿੱਚ ਉੱਤਰ ਦਿੱਤਾ । ਉਹਦੀ ਇੱਛਿਆ ਇਹ ਪਰਗਟ ਕਰਨ ਦੀ ਸੀ ਕਿ ਸ਼ੇਰ ਸਿੰਘ ਉਹਨਾਂ ਦਾ ਵਧੇਰੇ ਦੁਸ਼ਮਣ ਨਹੀਂ। ਸਗੋਂ ਧਿਆਨ ਸਿੰਘ ਦਾ ਵੈਰੀ ਹੋਣ ਕਰਕੇ ਹੀ ਸੰਧਾਵਾਲੀਏ ਸ਼ੇਰ ਸਿੰਘ ਦਾ ਵਿਰੋਧ ਕਰਨਾ ਚਾਹੁੰਦੇ ਹਨ।

“ਨਿੱਗਰ ਕਾਰਨ ? ਸੁਣੋ! ਸਿੱਖ ਰਾਜ ਨੂੰ ਵੱਡਾ ਭੈਅ ਹੈ ਅੰਗਰੇਜ਼ਾਂ ਦਾ। ਜਦ ਵੀ ਸਾਡਾ ਰਾਜ ਤਬਾਹ ਹੋਇਆ, ਅੰਗਰੇਜ਼ਾਂ ਹੱਥੋਂ ਹੋਵੇਗਾ । ਸ. ਅਜੀਤ ਸਿੰਘ ਚੋਖਾ ਚਿਰ ਅੰਗਰੇਜ਼ੀ ਇਲਾਕੇ ਵਿੱਚ ਰਹਿ ਕੇ ਆਏ ਨੇ। ਸ. ਅਤਰ ਸਿੰਘ ਅਜੇ ਵੀ ਅੰਗਰੇਜ਼ਾਂ ਕੋਲ ਹੀ ਹੈ। ਮ. ਸ਼ੇਰ ਸਿੰਘ ਨੂੰ ਪੂਰਾ ਸ਼ੱਕ ਹੈ, ਕਿ ਤੁਹਾਡਾ ਅੰਗਰੇਜ਼ਾਂ ਨਾਲ ਕੋਈ ਗੁਪਤ ਸਮਝੌਤਾ ਹੈ। ਇਕ ਦਿਨ ਉਹਨਾਂ ਏਥੋਂ ਤਕ ਕਿਹਾ ਕਿ ਸੰਧਾਵਾਲੀਏ ਮੇਰਾ ਰਾਜ ਤਬਾਹ ਕਰਕੇ ਅੰਗਰੇਜ਼ਾਂ ਦੇ ਮਾਤਹਿਤ ਦਲੀਪ ਸਿੰਘ ਨੂੰ ਨਾਮ-ਧਰੀਕ ਬਾਦਸ਼ਾਹ ਬਣਾ ਕੇ ਆਪ ਵਜ਼ੀਰ ਬਣਨਾ ਚਾਹੁੰਦੇ ਨੇ। ਉਹਨਾਂ ਇਹ ਵੀ ਕਿਹਾ ਕਿ ਅੰਗਰੇਜ਼ਾਂ ਵੱਲੋਂ ਫ਼ੌਜੀ ਮਦਦ ਦੇ ਬਦਲੇ ਤੁਸਾਂ ਸਤਲੁਜ ਪਾਰ ਦੇ ਇਲਾਕੇ ਉਹਨਾਂ ਨੂੰ ਦੇਣੇ ਮੰਨ ਲਏ ਨੇ। ਉਹਨਾਂ ਦੇ ਖ਼ਿਆਲ ਵਿੱਚ ਤੁਹਾਡਾ ਸਤਲੁਜੋਂ ਪਾਰ ਰਹਿਣਾ ਵਧੇਰੇ ਖ਼ਤਰਨਾਕ ਸੀ । ਸੋ ਤੁਹਾਨੂੰ ਵਿਸਾਹੁਣ ਵਾਸਤੇ ਮਹਾਰਾਜ ਨੇ ਪੁਰਾਣੇ ਅਹੁਦੇ ਦੇ ਦਿੱਤੇ ਨੇ। ਹੁਣ ਤੁਸੀਂ ਉਹਨਾਂ ਦੇ ਰਾਜ ਵਿੱਚ ਹੋ। ਉਹ ਕਿਸੇ ਗੁਪਤ ਢੰਗ ਨਾਲ ਤੁਹਾਨੂੰ ਮਰਵਾ ਦੇਣਗੇ ਕਿਉਂਕਿ ਵਿਸਾਹਘਾਤ ਹੀ ਉਹਨਾਂ ਦੀ ਮੁੱਖ-ਨੀਤੀ ਹੈ। ਸ. ਜਵਾਲਾ ਸਿੰਘ ਨੂੰ ਏਸੇ ਨੀਤੀ ਨਾਲ ਮਰਵਾਇਆ। ਵਿਚਾਰੀ ਚੰਦ ਕੌਰ ਏਸੇ ਨੀਤੀ ਦਾ ਸ਼ਿਕਾਰ ਹੋਈ। ਪਹਿਲਾਂ ਉਹਦੇ ਨਾਲ ਪੁਨਰ-ਵਿਆਹ ਦਾ ਲਾਰਾ ਲਾਇਆ, ਪਿੱਛੋਂ ਗੱਲੀਆਂ ਹੱਥੋਂ ਮਰਵਾ ਦਿੱਤਾ। ਹੁਣ ਉਹਨਾਂ ਦੀ ਦਇਆ- ਦ੍ਰਿਸ਼ਟੀ ਤੁਹਾਡੇ ਉੱਤੇ ਹੈ। ਆਪ ਬੁਧਵਾਨ ਹੋ, ਸੋਚ ਲਵੋ।” ਧਿਆਨ ਸਿੰਘ ਨੇ ਬੜੇ ਅਸਰ ਪਾਊ ਢੰਗ ਨਾਲ ਕਿਹਾ।

“ਇਹ ਸਾਰੀਆਂ ਗੱਲਾਂ ਠੀਕ ਮੰਨ ਵੀ ਲਈਏ, ਤੇ ਤੁਹਾਡੀ ਸਲਾਹ ਅਨੁਸਾਰ ਅਸੀਂ ਮਹਾਰਾਜੇ ਨੂੰ ਕਤਲ ਕਰ ਦੇਈਏ, ਤਾਂ ਸਾਨੂੰ ਰਾਜਸੀ ਲਾਭ ਕੀ ਪੁੱਜੇਗਾ ?” ਲਹਿਣਾ ਸਿੰਘ ਨੇ ਸਭ ਗੱਲਾਂ ਦਾ ਫ਼ੈਸਲਾ ਕਰਨ ਦੇ ਇਰਾਦੇ ਨਾਲ ਕਿਹਾ।

“ਲਾਭ ਤਾਂ ਸਪੱਸ਼ਟ ਹੈ। ਸਾਨੂੰ ਇਸ ਵੇਲੇ ਨਾਮ-ਧਰੀਕ ਮਹਾਰਾਜਾ ਚਾਹੀਦਾ ਹੈ। ਜੋ ਸਮੂਲਚੋਂ ਸਾਡੇ ਰਹਿਮ ‘ਤੇ ਹੋਵੇ, ਪਰ ਲੋਕਾਂ ਨੂੰ ਉਸ ਨਾਲ ਹਮਦਰਦੀ ਜ਼ਰੂਰ ਹੋਵੇ। ਅਜਿਹਾ ਯੋਗ ਸ਼ਾਹਜ਼ਾਦਾ ਦਲੀਪ ਸਿੰਘ ਹੀ ਹੈ। ਸੋ ਦਲੀਪ ਸਿੰਘ ਨੂੰ ਤਖ਼ਤ ‘ਤੇ ਬਿਠਾ ਦਿੱਤਾ ਜਾਵੇ ਤੇ ਵਜ਼ਾਰਤ ਤੁਸੀਂ ਸੰਭਾਲ ਲਵੋ।”

“ਅਤੇ ਤੁਸੀਂ ?”

“ਸਾਡੇ ਵਾਸਤੇ ਜੰਮੂ ਕਸ਼ਮੀਰ ਦਾ ਇਲਾਕਾ ਕਾਫ਼ੀ ਹੈ। ਸਾਨੂੰ ਤੁਸਾਂ ਓਥੋਂ ਦੇ ਨੀਮ-ਖ਼ੁਦ-ਮੁਖ਼ਤਿਆਰ ਹਾਕਮ ਮੰਨ ਲੈਣਾ । ਲਾਹੌਰ ਦਰਬਾਰ ਨੂੰ ਅਸੀਂ ਨਜ਼ਰਾਨਾ ਤਾਰਦੇ ਰਹਾਂਗੇ।”

“ਇਸਦਾ ਅਰਥ ਹੋਇਆ, ਕਿ ਪੰਜਾਬ ਦਾ ਮੈਦਾਨੀ ਇਲਾਕਾ ਸਾਡੇ ਕਬਜ਼ੇ ਰਿਹਾ ਤੇ ਪਹਾੜੀ ਤੁਹਾਡੇ।”

“ਸਰਦਾਰ ਸਾਹਿਬ ! ਦੁਨੀਆਂ ਵਿੱਚ ਸਦਾ ‘ਕੁਛ ਲਵੋ, ਕੁਛ ਦਿਹੋ’ ਦੀ ਨੀਤੀ ਹੀ ਸਫਲ ਹੋ ਸਕਦੀ ਹੈ। ਇਕੱਲਾ ਤਾਂ ਕੋਈ ਸਭ ਕੁਛ ਪ੍ਰਾਪਤ ਕਰ ਨਹੀਂ ਸਕਦਾ।”

“ਪਰ ਸਾਡੇ ਸਿਰ ‘ਤੇ ਤਾਂ ਦਲੀਪ ਸਿੰਘ ਮਹਾਰਾਜਾ ਹੋਵੇਗਾ ਨਾ।”

“ਦਲੀਪ ਸਿੰਘ ਨੂੰ ਤਾਂ ਅਸੀਂ ਵੀ ਆਪਣਾ ਮਹਾਰਾਜਾ ਮੰਨਾਂਗੇ। ਅਸੀਂ ਲਾਹੌਰ ਦਰਬਾਰ ਨੂੰ ਹਰ ਸਾਲ ਨਜ਼ਰਾਨਾ ਵੀ ਤਾਰਾਂਗੇ ਤੇ ਖ਼ਾਰਜਾ ਨੀਤੀ ਵੀ ਲਾਹੌਰ ਦਰਬਾਰ ਦੇ ਹੀ ਮਾਤਹਿਤ ਹੋਵੇਗੀ। ਏਸ ਢੰਗ ਨਾਲ ਜੰਮੂ ਕਸ਼ਮੀਰ ਲਾਹੌਰ ਰਾਜ ਦਾ ਹਿੱਸਾ ਹੀ ਰਹੇਗਾ।”

ਬੜੀ ਲੰਮੀ ਬਹਿਸ ਦੇ ਬਾਅਦ ਦੋਹਾਂ ਧੜਿਆਂ ਵਿੱਚ ਫ਼ੈਸਲਾ ਹੋ ਗਿਆ। ਮ. ਸ਼ੇਰ ਸਿੰਘ ਦੇ ਕਤਲ ਕਰਨ ਦੀ ਜ਼ਿੰਮੇਂਵਾਰੀ ਸੰਧਾਵਾਲੀਆਂ ਨੇ ਆਪਣੇ ਸਿਰ ਲੈ ਲਈ।

ਮ. ਸ਼ੇਰ ਸਿੰਘ ਉਸ ਸਮੇਂ ਮੁਕੇਰੀਆਂ ਦੇ ਇਲਾਕੇ ਵਿੱਚ ਸ਼ਿਕਾਰ ਖੇਡ ਰਿਹਾ ਸੀ। ਇਕ ਦਿਨ ਅਚਨਚੇਤ ਹੀ ਸ. ਅਜੀਤ ਸਿੰਘ ਤੇ ਸ. ਲਹਿਣਾ ਸਿੰਘ ਜਾ ਹਾਜ਼ਰ ਹੋਏ। ਮ. ਸ਼ੇਰ ਸਿੰਘ ਨੇ ਦੋਹਾਂ ਦਾ ਬੜਾ ਨਿੱਘਾ ਸਵਾਗਤ ਕੀਤਾ। ਰਸਮੀ ਗੱਲਬਾਤ ਪਿੱਛੋਂ ਮਹਾਰਾਜੇ ਨੇ ਆਉਣ ਦਾ ਕਾਰਨ ਪੁੱਛਿਆ, “ਸੁਣਾਓ, ਚਾਚਾ ਜੀ! ਕਿਵੇਂ ਦਰਸ਼ਨ ਦਿੱਤੇ ਨੇ ?” ਲਹਿਣਾ ਸਿੰਘ ਜੱਦੋਂ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ।

“ਮਹਾਰਾਜਾ ਸਾਹਿਬ! ਸਿੱਧੀ ਗੱਲ ਕਿਉਂ ਨਾ ਕਰੀਏ। ਤੁਹਾਡੇ ਵਜ਼ੀਰ ਰਾਜਾ ਧਿਆਨ ਸਿੰਘ ਦੇ ਭੇਜੇ ਹੋਏ ਆਏ ਆਂ ਤੁਹਾਨੂੰ ਕਤਲ ਕਰਨ ਵਾਸਤੇ।” ਲਹਿਣਾ ਸਿੰਘ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਡਰਾਮਾਈ ਢੰਗ ਨਾਲ ਕਿਹਾ।

“ਚਾਚਾ ਜੀ! ਜਿਹੋ-ਜਿਹਾ ਪਿਤਾ ਹੁੰਦਾ ਏ, ਓਹੋ ਜਿਹਾ ਪਿਤਾ ਦਾ ਭਰਾ। ਜੇ ਤੁਹਾਡੇ ਹੱਥੋਂ ਮੇਰੀ ਮੌਤ ਲਿਖੀ ਹੈ, ਤਾਂ ਮੈਨੂੰ ਹੋਰ ਕੀ ਚਾਹੀਦਾ ਏ ? ਆਹ ਲੌ ਮੇਰੀ ਤਲਵਾਰ ਤੇ ਮੇਰਾ ਸਿਰ ਉਤਾਰ ਲਵੋ।” ਸ਼ੇਰ ਸਿੰਘ ਨੇ ਬੜੇ ਧੀਰਜ ਨਾਲ ਕਿਹਾ।

“ਮਹਾਰਾਜ! ਜੇ ਅਸਾਂ ਤੁਹਾਨੂੰ ਸੱਚ-ਮੁੱਚ ਕਤਲ ਕਰਨਾ ਹੁੰਦਾ, ਤਾਂ ਮੂੰਹੋਂ ਆਖਣ ਦੀ ਕੀ ਲੋੜ ਸੀ ? ਤੁਸੀਂ ਸਾਡਾ ਆਪਣਾ ਲਹੂ ਤੇ ਮਾਸ ਹੋ। ਸਾਡੇ ਹੱਥੋਂ ਇਹ ਪਾਪ ਕਿਵੇਂ ਹੋ ਸਕਦਾ ਏ ? ਅਸੀਂ ਤਾਂ ਏਸ ਵਾਸਤੇ ਹਾਜ਼ਰ ਹੋਏ ਹਾਂ ਕਿ ਰਾਜਾ ਧਿਆਨ ਸਿੰਘ ਬਾਰੇ ਆਪ ਜੀ ਨੂੰ ਕੋਈ ਸ਼ੱਕ ਨਾ ਰਹਿ ਜਾਵੇ। ਅੱਜ ਉਹਨੇ ਸਾਨੂੰ ਘੱਲਿਆ ਏ। ਅਸਾਂ ਆਪ ਜੀ ਨੂੰ ਲਾਧ ਕਰ ਦਿੱਤੀ ਏ ਤੇ ਉਹਦੇ ਕੋਲ ਜਾ ਕੇ ਕੋਈ ਬਹਾਨਾ ਲਾ ਦਿਆਂਗੇ ਕਿ ਸਾਡਾ ਦਾਅ ਨਹੀਂ ਲੱਗਾ। ਪਰ ਕੱਲ੍ਹ ਕਲੋਤਰ ਨੂੰ ਜੇ ਉਹਦਾ ਭੇਜਿਆ ਕੋਈ ਹੋਰ ਆ ਗਿਆ, ਤਾਂ ਫੇਰ ?” ਲਹਿਣਾ ਸਿੰਘ ਨੇ ਪ੍ਰਸ਼ਨ ਸੂਚਕ ਨਜ਼ਰ ਨਾਲ ਤਕਦਿਆਂ ਕਿਹਾ।

“ਫਿਰ ਇਸਦਾ ਕੋਈ ਇਲਾਜ ?” ਸ਼ੇਰ ਸਿੰਘ ਨੇ ਚਿੰਤਾ ਪਰਗਟ बोडी।”

“ਇੱਕੋ ਇਲਾਜ ਹੈ : ਵੈਰੀ ਦੇ ਹੱਥੋਂ ਮਰਨ ਨਾਲੋਂ ਉਸ ਨੂੰ ਪਹਿਲਾਂ ਮਾਰ ਲੈਣਾ। ਜਿਹੜਾ ਤੁਹਾਨੂੰ ਮਰਵਾਉਣਾ ਚਾਹੁੰਦਾ ਏ, ਤੁਸੀਂ ਉਹਨੂੰ ਮਰਵਾ ਦਿਹੋ।”

“ਇਹ ਕੰਮ ਫਿਰ ਤੁਸੀਂ ਕਰੋ। ਉਹਦੀ ਥਾਂ ਵਜ਼ੀਰ ਤੁਸੀਂ ਬਣੋਗੇ ਤੇ ਜਗੀਰਾਂ ਦੂਣੀਆਂ ਕਰ ਦਿੱਤੀਆਂ ਜਾਣਗੀਆਂ। ਨਾਲੇ ਤੁਹਾਡੇ ਨਾਲੋਂ ਵਧੇਰੇ ਇਤਬਾਰ ਵਾਲਾ ਹੋਰ ਹੈ ਵੀ ਕੌਣ, ਜਿਸ ਨੂੰ ਮੈਂ ਆਪਣਾ ਕਹਿ ਸਕਾਂ।” ਸ਼ੇਰ ਸਿੰਘ ਦੇ ਦਿਲ ਵਿੱਚ ਸੱਚ-ਮੁੱਚ ਸੰਧਾਵਾਲੀਆਂ ਵਾਸਤੇ ਭਰੋਸਾ ਸੀ।

“ਮਹਾਰਾਜ! ਜੋ ਕੁਛ ਫ਼ੁਰਮਾਉਂਦੇ ਓ, ਦਰੁਸਤ ਹੈ। ਪਰ ਇਤਬਾਰ ਕਰਨਾ ਵੀ ਤਾਂ ਔਖਾ ਹੈ। ਜਿੰਨ੍ਹਾਂ ਗੱਲੀਆਂ ਹੱਥੋਂ ਚੰਦ ਕੌਰ ਨੂੰ ਮਰਵਾਇਆ ਸੀ, ਕਿਤੇ ਉਹਨਾਂ ਵਾਲਾ ਈ ਹੱਥ ਪਿੱਛੋਂ ਸਾਡੇ ਨਾਲ ਨਾ ਹੋਵੇ। ਬੱਸ, ਦਿਲ ਡਰਦਾ ਏ ਐਵੇਂ।”

“ਫਿਰ ਇਹ ਡਰ ਦੂਰ ਕਿਵੇਂ ਹੋਵੇ ?” ਸ਼ੇਰ ਸਿੰਘ ਨੇ ਭਰੋਸਾ ਦੁਆਉਣ ਦੇ ਇਰਾਦੇ ਨਾਲ ਪੁੱਛਿਆ।

“ਜੋ ਕੁਛ ਜ਼ਬਾਨੀ ਕਹਿੰਦੇ ਓ, ਲਿਖ ਦਿਹੋ।”

ਮਹਾਰਾਜਾ ਸ਼ੇਰ ਸਿੰਘ ਨੇ ਹੁਕਮ ਲਿਖ ਦਿੱਤਾ, “ਧਿਆਨ ਸਿੰਘ ਨੂੰ ਕਤਲ ਕਰ ਦਿਹੋ, ਖੂਨ ਮਾਫ਼। ਉਸ ਦੀ ਥਾਂ ਸ. ਲਹਿਣਾ ਸਿੰਘ ਵਜ਼ੀਰ ਬਣਾ ਲਿਆ ਜਾਵੇਗਾ ਤੇ ਸੰਧਾਵਾਲੀਆਂ ਦੀਆਂ ਜਗੀਰਾਂ ਦੂਣੀਆਂ ਕਰ ਦਿੱਤੀਆਂ ਜਾਣਗੀਆਂ!”

“ਹੁਣ ਮਹਾਰਾਜ!” ਲਹਿਣਾ ਸਿੰਘ ਨੇ ਕਾਗ਼ਜ਼ ਸੰਭਾਲਦਿਆਂ ਕਿਹਾ, “ਪੰਦਰਾਂ ਸਤੰਬਰ ਵਾਲੇ ਦਿਨ ਲਾਹੌਰ ਬੁਲਾ ਕੇ ਸਾਡੀਆਂ ਫ਼ੌਜਾਂ ਦੀ ਹਾਜ਼ਰੀ ਲਵੋ, ਉਸ ਦਿਨ ਅਸੀਂ ਧਿਆਨ ਸਿੰਘ ਨੂੰ ਕਤਲ ਕਰ ਦਿਆਂਗੇ। ਸਾਡੇ ਕੋਲ ਕੋਈ ਬਹਾਨਾ ਹੋਣਾ ਚਾਹੀਦਾ ਏ ਫ਼ੌਜ ਲੈ ਕੇ ਲਾਹੌਰ ਆਉਣ रा।”

“ਇਹ ਠੀਕ ਹੈ। ਬਾਕਾਇਦਾ ਦਫ਼ਤਰੀ ਹੁਕਮ ਭੇਜ ਦਿੱਤਾ ਜਾਏਗਾ।” ਏਸ ਗੋਂਦ ਨਾਲ ਮਹਾਰਾਜਾ ਸ਼ੇਰ ਸਿੰਘ ਸਹਿਮਤ ਹੋ ਗਿਆ।

ਏਸ ਜਿੱਤ ਉੱਤੇ ਸੰਧਾਵਾਲੀਏ ਸਰਦਾਰ ਬਹੁਤ ਖ਼ੁਸ਼ ਸਨ। ਕਈ ਦਿਨ ਸੋਚਣ ਪਿੱਛੋਂ ਉਹਨਾਂ ਇਹ ਗੋਂਦ ਬਣਾਈ ਸੀ। ਉਸਦਾ ਇਕ ਹਿੱਸਾ ਉਹਨਾਂ ਦੀ ਮਰਜ਼ੀ ਮੁਤਾਬਕ ਪੂਰਾ ਹੋ ਗਿਆ ਸੀ। ਅਗਲੇ ਦਿਨ ਉਹ ਲਾਹੌਰ ਆ ਪੁੱਜੇ।

ਰਾਜਾ ਧਿਆਨ ਸਿੰਘ ਆਪਣੇ ਥਾਂ ਸ਼ੇਰ ਸਿੰਘ ਦੇ ਕਤਲ ਦੀ ਖ਼ਬਰ ਉਡੀਕ ਰਿਹਾ ਸੀ। ਸੰਧਾਵਾਲੀਆਂ ਨੂੰ ਖ਼ਾਲੀ ਮੁੜੇ ਵੇਖ ਕੇ ਉਹ ਕੁਛ ਹੈਰਾਨ ਹੋ ਗਿਆ। ਅਸਲੀ ਭੇਤ ਜਾਨਣ ਵਾਸਤੇ ਉਹ ਦੋਹਾਂ ਨੂੰ ਵੱਖਰੇ ਕਮਰੇ ਵਿੱਚ ਲੈ ਗਿਆ। ਤਿੰਨੇ ਸ਼ਾਤਰ ਨਵੇਕਲੇ ਮਿਲ ਬੈਠੇ, ਤਾਂ ਸ. ਲਹਿਣਾ ਸਿੰਘ ਨੇ ਸ਼ੇਰ ਸਿੰਘ ਦਾ ਲਿਖਿਆ ਹੁਕਮ ਧਿਆਨ ਸਿੰਘ ਦੇ ਸਾਹਮਣੇ ਧਰ ਦਿੱਤਾ।

ਆਪਣੇ ਕਤਲ ਦਾ ਹੁਕਮ ਪੜ੍ਹ ਕੇ ਧਿਆਨ ਸਿੰਘ ਦਾ ਰੰਗ ਉਡ ਗਿਆ। ਉਹ ਘਬਰਾ ਕੇ ਲਹਿਣਾ ਸਿੰਘ ਦੇ ਪੈਰਾਂ ‘ਤੇ ਡਿਗ ਪਿਆ। “ਗੁਰੂ ਨਾਨਕ ਦੇ ਨਾਂ ਦਾ ਵਾਸਤੇ ਜੇ!” ਧਿਆਨ ਸਿੰਘ ਨੇ ਤਰਲਾ ਲਿਆ, “ਜਿਵੇਂ ਜਾਣਦੇ ਓ, ਮੇਰੀ ਜਾਨ ਬਖ਼ਸ਼ ਦਿਹੋ। ਜੰਮੂ ਛੱਡਿਆ, ਮੈਂ ਪੰਜਾਬ ਵਿੱਚੋਂ ਇਕ ਇੰਚ ਥਾਂ ਨਹੀਂ ਮੰਗਦਾ। ਮੈਂ ਪ੍ਰਦੇਸ਼ ਚਲਾ ਜਾਵਾਂਗਾ। ਮੈਂ ਮੰਗ ਕੇ ਗੁਜ਼ਾਰਾ ਕਰ ਲਵਾਂਗਾ, ਪਰ ਮੇਰੀ ਜਾਨ ਬਖ਼ਸ਼ ਦਿਹੋ।”

“ਹੱਛਾ, ਅਸੀਂ ਤਾਂ ਫਿਰ ਵੀ ਰਹਿਮ ਕਰ ਜਾਵਾਂਗੇ, ਪਰ ਤੁਹਾਥੋਂ ਕਦੇ ਨੇਕੀ ਨਹੀਂ ਸਰੀ। ਨਾਲੇ ਜੇ ਅਸੀਂ ਤੁਹਾਨੂੰ ਜਾਣ ਦੇਈਏ, ਤਾਂ ਸਾਡੇ ਬਚਾਅ ਦਾ ਕਿਹੜਾ ਰਸਤਾ ਹੋਵੇਗਾ ?” ਲਹਿਣਾ ਸਿੰਘ ਨੇ ਹੁਕਮ ਵਾਲਾ ਕਾਗ਼ਜ਼ ਸੰਭਾਲਦਿਆਂ ਕਿਹਾ।

“ਸ. ਲਹਿਣਾ ਸਿੰਘ ਜੀ!” ਧਿਆਨ ਸਿੰਘ ਨੇ ਆਪਣੇ ਆਪ ‘ਤੇ ਕਾਬੂ ਪਾ ਕੇ ਕਿਹਾ। ਮੌਤ ਟਲੀ ਵੇਖ ਕੇ ਮਸਾਂ ਹੀ ਉਹਦਾ ਦਿਲ ਟਿਕਾਣੇ ਹੋਇਆ। “ਮੈਂ ਤਾਂ ਸਦਾ ਹੀ ਤੁਹਾਡਾ ਦਾਸ ਹਾਂ। ਤੁਹਾਡੀ ਏਸ ਨੇਕੀ ਨੂੰ ਤਾਂ ਮੇਰੀ ਔਲਾਦ ਵੀ ਨਹੀਂ ਭੁੱਲੇਗੀ। ਹੁਣ ਸੋਚਣ ਵਾਲੀ ਗੱਲ ਹੈ ਕਿ ਸਾਂਝੇ ਦੁਸ਼ਮਣ ਤੋਂ ਕਿਵੇਂ ਬਚਿਆ ਜਾਵੇ ? ਮ. ਸ਼ੇਰ ਸਿੰਘ ਨੇ ਨਾ ਤੁਹਾਨੂੰ ਛੱਡਣਾ ਏਂ, ਨਾ ਮੈਨੂੰ।”

“ਪਰ ਅਸੀਂ ਇਕੱਲੇ ਕੀ ਕਰ ਸਕਦੇ ਆਂ ?” ਲਹਿਣਾ ਸਿੰਘ ਨੇ ਮਜਬੂਰੀ ਪਰਗਟ ਕੀਤੀ ।

“ਤੁਸੀਂ ਇਕੱਲੇ ਕਿਉਂ ਹੋ ? ਮੈਂ ਤਨੋਂ-ਮਨੋਂ ਤੁਹਾਡੇ ਨਾਲ ਆਂ। ਜੋ ਹੁਕਮ ਦਿਹੋ, ਮੈਂ ਕਰਨ ਨੂੰ ਤਿਆਰ ਆਂ।” ਧਿਆਨ ਸਿੰਘ ਨੇ ਛਾਤੀ ਠੋਕ ਕੇ ਕਿਹਾ।

“ਉਹ ਮਹਾਰਾਜਾ ਏ, ਤਾਂ ਤੁਸੀਂ ਵਜ਼ੀਰ । ਕਾਨੂੰਨੀ ਤਾਕਤ ਤਾਂ ਸਾਰੀ ਤੁਹਾਡੀ ਈ ਏ ਨਾ! ਤੁਸੀਂ ਸ਼ੇਰ ਸਿੰਘ ਦੇ ਕਤਲ ਦਾ ਹੁਕਮ ਲਿਖ ਦਿਹੋ। ਪਿੱਛੋਂ ਅਸੀਂ ਨਾ ਤਾਂ ਗੋਲੀਆਂ ਵਾਂਗ ਰਗੜੀਂਦੇ ਫਿਰੀਏ। ਕੰਮ ਸਭ ਅਸੀਂ ਕਰ ਦਿਆਂਗੇ ਤੇ ਸੰਭਾਲ ਤੁਸੀਂ ਲਿਓ।”

“ਪਰਵਾਨ ਏਂ। ਲੌ, ਮੈਂ ਸਭ ਕੁਛ ਲਿਖ ਦੇਂਦਾ।”

ਧਿਆਨ ਸਿੰਘ ਨੇ ਲਿਖ ਦਿੱਤਾ, “ਸੰਧਾਵਾਲੀਏ, ਮ. ਸ਼ੇਰ ਸਿੰਘ ਨੂੰ ਕਤਲ ਕਰ ਦੇਣ, ਖੂਨ ਮਾਫ਼। ਦਲੀਪ ਸਿੰਘ ਨੂੰ ਤਖ਼ਤ ‘ਤੇ ਬਿਠਾਇਆ ਜਾਵੇਗਾ, ਤੇ ਮੇਰੇ ਥਾਂ ਲਹਿਣਾ ਸਿੰਘ ਵਜ਼ੀਰ ਬਣੇਗਾ। ਸੰਧਾਵਾਲੀਆਂ ਦੀਆਂ ਜਾਗੀਰਾਂ ਦੂਣੀਆਂ ਕਰ ਦਿੱਤੀਆਂ ਜਾਣਗੀਆਂ।”

ਓਸੇ ਪੰਦਰਾਂ ਸਤੰਬਰ ਦਾ ਇਕਰਾਰ ਸੰਧਾਵਾਲੀਆਂ ਨੇ ਧਿਆਨ ਸਿੰਘ ਨਾਲ ਕੀਤਾ ਤੇ ਫ਼ੌਜਾਂ ਦੀ ਹਾਜ਼ਰੀ ਲੈਣ ਵਾਸਤੇ ਕਿਹਾ।

ਪੰਦਰਾਂ ਸਤੰਬਰ, ੧੮੪੩ ਈ: ਦਾ ਨਿਭਾਗਾ ਦਿਨ ਆ ਪਹੁੰਚਾ। ਬਾਗਬਾਨ ਪੁਰੇ ਦੇ ਪਿਛਲੇ ਪਾਸੇ ਖੁੱਲ੍ਹੇ ਮੈਦਾਨ ਵਿੱਚ ਮ. ਸ਼ੇਰ ਸਿੰਘ ਦਾ ਕੈਂਪ ਲੱਗਾ ਹੋਇਆ ਸੀ । ਥੋੜ੍ਹਾ ਹੀ ਦਿਨ ਚੜ੍ਹਿਆ ਸੀ, ਜਾਂ ਸੰਧਾਵਾਲੀਏ ਆ ਪਹੁੰਚੇ। ਉਹਨਾਂ ਆਪਣੀ ਫ਼ੌਜ ਦਾ ਇਕ ਦਸਤਾ ਤੋਪਾਂ ਕੋਲ ਖਲਾ ਕਰ ਦਿੱਤਾ। ਮ. ਸ਼ੇਰ ਸਿੰਘ ਆਪਣੇ ਖ਼ਾਸ ਤੰਬੂ ਵਿੱਚ ਬੈਠਾ ਸੀ। ਅਜੀਤ ਸਿੰਘ ਤੇ ਲਹਿਣਾ ਸਿੰਘ ਰਵਾਂ-ਰਵੀਂ ਤੰਬੂ ਵਿੱਚ ਦਾਖ਼ਲ ਹੋਏ। ਰਵਾਜ ਅਨੁਸਾਰ ਲਹਿਣਾ ਸਿੰਘ ਨੇ ਮਹਾਰਾਜੇ ਅੱਗੇ ਨਜ਼ਰਾਨਾ ਧਰਿਆ। ਅਜੀਤ ਸਿੰਘ ਨੇ ਅੱਗੇ ਵੱਧ ਕੇ ਕਿਹਾ, “ਮਹਾਰਾਜ! ਆਪ ਜੀ ਦੀ ਭੇਟਾ ਵਾਸਤੇ ਇਹ ਵਲਾਇਤੀ ਬੰਦੂਕ ਹਾਜ਼ਰ ਹੈ।” ਉਹਨੇ ਨਾਲੀ ਸਿੱਧੀ ਕਰਕੇ ਅਗਾਂਹ ਵਧਾਈ।

ਮ. ਸ਼ੇਰ ਸਿੰਘ, ਸੰਧਾਵਾਲੀਆਂ ‘ਤੇ ਪੂਰੀ ਤਰ੍ਹਾਂ ਵਿੱਸਿਆ ਹੋਇਆ ਸੀ। ਉਹਨੇ ਬੰਦੂਕ ਫੜਨ ਵਾਸਤੇ ਸੱਜਾ ਹੱਥ ਅਗਾਂ ਵਧਾਇਆ। ਉਹ ਬੰਦੂਕ ਘੋੜੇ ਵਾਲੀ ਸੀ। ਅਜੀਤ ਸਿੰਘ ਨੇ ਪਿੱਛੋਂ ਹੀ ਘੋੜਾ ਦਬਾ ਦਿੱਤਾ। ਗੋਲੀ ਮ. ਸ਼ੇਰ ਸਿੰਘ ਦੇ ਸੱਜੇ ਮੰਮੇ ਵਿੱਚ ਲੱਗੀ। ਸ਼ੇਰ ਸਿੰਘ ਕੁਰਸੀਓਂ ਥੱਲੇ ਉੱਲਰ ਪਿਆ । ਸ. ਬੁਧ ਸਿੰਘ ਮਹਿਰਾ ਮਹਾਰਾਜੇ ਦੇ ਪਿਛਲੇ ਪਾਸੇ ਖਲਾ ਚੌਰ ਕਰ ਰਿਹਾ ਸੀ। ਉਹ ਤਲਵਾਰ ਧੂਹ ਕੇ ਅਜੀਤ ਸਿੰਘ ਵੱਲੇ ਵਧਿਆ, ਪਰ ਕੋਲ ਖਲੇ ਸੰਧਾਵਾਲੀਆਂ ਦੇ ਇਕ ਸਿਪਾਹੀ ਨੇ ਉਹਦੀ ਛਾਤੀ ਵਿੱਚ ਸੰਗੀਨ ਖੋਭ ਦਿੱਤੀ। ਬੁਧ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਦੇ ਸਿਰ ਲਾਹ ਲਏ ਗਏ। ਦੋ ਸਾਲ, ਸੱਤ ਮਹੀਨੇ ਤੇ ਸਤਾਈ ਦਿਨ ਰਾਜ ਕਰਨ ਪਿੱਛੋਂ ਜਵਾਨ ਉਮਰੇ ਹੀ ਮ. ਸ਼ੇਰ ਸਿੰਘ ਖ਼ਾਨਾਜੰਗੀ ਦਾ ਸ਼ਿਕਾਰ ਹੋ ਗਿਆ।

ਮ. ਸ਼ੇਰ ਸਿੰਘ ਦਾ ਸਿਰ ਨੇਜੇ ‘ਤੇ ਟੰਗੀ ਸੰਧਾਵਾਲੀਏ ਬਾਹਰ ਨਿਕਲੇ। ਆਪਣੀ ਫ਼ੌਜ ਨੂੰ ਸੰਭਾਲ ਕੇ ਉਹ ਕਿਲ੍ਹੇ ਨੂੰ ਹੋ ਤੁਰੇ। ਉਹ ਥੋੜ੍ਹੀ ਦੂਰ ਗਏ, ਤਾਂ ਅੱਗੇ ਮ. ਸ਼ੇਰ ਸਿੰਘ ਦਾ ਵੱਡਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨਜ਼ਰੀਂ ਪੈ ਗਿਆ। ਲਹਿਣਾ ਸਿੰਘ ਤਲਵਾਰ ਧੂਹ ਕੇ ਉਹਦੇ ਵੱਲ ਵਧਿਆ। ਪ੍ਰਤਾਪ ਸਿੰਘ ਅੱਠ-ਕੁ ਸਾਲ ਦਾ ਬੜਾ ਖੂਬਸੂਰਤ ਬੱਚਾ ਸੀ। ਉਹ ਲਹਿਣਾ ਸਿੰਘ ਦੇ ਪੈਰਾਂ ‘ਤੇ ਢਹਿ ਪਿਆ, ਪਰ ਪੱਥਰ ਦਿਲ ਲਹਿਣਾ ਸਿੰਘ ਨੇ ਉਸ ਮਾਸੂਮ ਉੱਤੇ ਵੀ ਰਹਿਮ ਨਾ ਕੀਤਾ। ਤਲਵਾਰ ਨਾਲ ਉਸਦਾ ਸਿਰ ਲਾਹ ਕੇ ਉਹਨੇ ਨੇਜ਼ੇ ‘ਤੇ ਟੰਗ ਲਿਆ।

“ਮਹਾਰਾਣੀ ਚੰਦ ਕੌਰ ਤੇ ਬੀਬੀ ਨਾਨਕੀ ਦਾ ਬਦਲਾ ਲੈ ਲਿਆ। ਗਿਆ।” ਦੇ ਨਾਹਰੇ ਲਾਉਂਦੇ ਸੰਧਾਵਾਲੀਏ ਕਿਲ੍ਹੇ ਕੋਲ ਜਾ ਪੁੱਜੇ। ਕਿਲ੍ਹੇ ਦੇ ਬੂਹੇ ਅੱਗੇ ਰਾਜਾ ਧਿਆਨ ਸਿੰਘ ਮਿਲ ਪਿਆ। ਲਹਿਣਾ ਸਿੰਘ ਨੇ ਉਹਦੇ ਨਾਲ ਹੱਥ ਮਿਲਾਉਂਦਿਆਂ ਕਿਹਾ, “ਰਾਜਾ ਸਾਹਿਬ! ਅਸਾਂ ਆਪਣਾ ਕੰਮ ਭੁਗਤਾ ਦਿੱਤਾ ਏ। ਹੁਣ ਚੱਲੋ ਕਿਲ੍ਹੇ ਵਿੱਚ ਤੇ ਬਾਕੀ ਦਾ ਕੰਮ ਪੂਰਾ ਕਰੋ।” ਧਿਆਨ ਸਿੰਘ ਨੂੰ ਬਾਹੋਂ ਫੜ ਕੇ ਸ. ਲਹਿਣਾ ਸਿੰਘ ਕਿਲ੍ਹੇ ਵਿੱਚ ਦਾਖ਼ਲ ਹੋਇਆ। ਸੰਧਾਵਾਲੀਆਂ ਦੀ ਫ਼ੌਜ ਕਿਲ੍ਹੇ ਦਾ ਬੂਹਾ ਮੱਲ ਖਲੀ। ਪੰਜ ਹਜ਼ਾਰ ਫ਼ੌਜ ਸੰਧਾਵਾਲੀਆਂ ਪਹਿਲਾਂ ਹੀ ਕਿਲ੍ਹੇ ਵਿੱਚ ਦਾਖ਼ਲ ਕਰ ਛੱਡੀ ਸੀ। ਲਹਿਣਾ ਸਿੰਘ ਤੇ ਧਿਆਨ ਸਿੰਘ ਅੱਗੇ-ਅੱਗੇ ਸ਼ਾਹੀ ਮਹਿਲ ਵੱਲ ਤੁਰੇ ਜਾ ਰਹੇ ਸਨ । ਗਿਆਨੀ ਗੁਰਮੁਖ ਸਿੰਘ ਤੇ ਅਜੀਤ ਸਿੰਘ ਦੋਵੇਂ ਮਗਰ-ਮਗਰ ਸਨ। ਸ਼ੀਸ਼ ਮਹਿਲ ਦੀ ਬਾਹਰਲੀ ਡਿਉਢੀ ਕੋਲ ਪਹੁੰਚੇ, ਤਾਂ ਲਹਿਣਾ ਸਿੰਘ ਨੇ ਗੱਲ ਛੇੜੀ, “ਰਾਜਾ ਸਾਹਿਬ ! ਹੁਣ ਰਾਜ ਪ੍ਰਬੰਧ ਕਿਵੇਂ ਹੋਵੇਗਾ ? ਤਖ਼ਤ ‘ਤੇ ਕੌਣ ਬੈਠੇਗਾ ?”

“ਦਲੀਪ ਸਿੰਘ।” ਧਿਆਨ ਸਿੰਘ ਨੇ ਛੋਟਾ ਜਿਹਾ ਉੱਤਰ ਦਿੱਤਾ। “ਅਤੇ ਵਜ਼ੀਰ ਕੌਣ ਬਣੇਗਾ ?” ਲਹਿਣਾ ਸਿੰਘ ਨੇ ਦੂਸਰਾ ਸਵਾਲ ਕੀਤਾ।

“ਸਰਦਾਰ ਲਹਿਣਾ ਸਿੰਘ ਜੀ! ਇਹ ਮਸਲਾ ਬਹੁਤ ਸੋਚਣ ਵਾਲਾ ਹੈ। ਆਪ ਵਜ਼ਾਰਤ ਦਾ ਕੰਮ ਨਹੀਂ ਸੰਭਾਲ ਸਕੋਗੇ। ਹਾਂ, ਜਾਗੀਰਾਂ ਵਧਾ ਦਿੱਤੀਆਂ ਜਾਣਗੀਆਂ। ਪੰਥ ਦੇ ਭਲੇ ਖ਼ਾਤਰ ਵਜ਼ਾਰਤ ਦਾ ਭਾਰ ਮੈਨੂੰ ਹੀ ਚੁੱਕਣਾ ਪਵੇਗਾ।” ਧਿਆਨ ਸਿੰਘ ਨੇ ਹੰਕਾਰ ਵਿੱਚ ਆ ਕੇ ਉੱਤਰ ਦਿੱਤਾ। ਸੰਸਕ੍ਰਿਤ ਦਾ ਇਕ ਅਖਾਣ ਹੈ : ‘ਵਿਨਾਸ਼ ਕਾਲੇ ਵਿੱਪ੍ਰੀਤਿ ਬੁੱਧੀ।’

ਨਾਸ ਦਾ ਸਮਾਂ ਆਉਂਦਾ ਹੈ, ਤਾਂ ਮੱਤ ਮਾਰੀ ਜਾਂਦੀ ਹੈ। ਸੋ ਆਖ਼ਰੀ ਸਮਾਂ ਆ ਪਹੁੰਚਿਆ ਕਰਕੇ ਧਿਆਨ ਸਿੰਘ, ਸੰਧਾਵਾਲੀਆਂ ਦੀ ਚਾਲ ਨੂੰ ਸਮਝ ਨਾ ਸਕਿਆ। WRT

ਇਹ ਸੁਣ ਕੇ ਕੋਲੋਂ ਗਿਆਨੀ ਗੁਰਮੁਖ ਸਿੰਘ ਨੇ ਕਿਹਾ, “ਰਾਜਾ ਜੀ! ਭਲਾ ਇਹ ਕਿੱਧਰ ਦਾ ਨਿਆਂ ਏਂ ? ਜੇ ਕੜਾਹਿਆ ਨਵਾਂ ਲਾਉਣਾ ਏਂ, ਤਾਂ ਕੜਛਾ ਪੁਰਾਣਾ ਕਿਉਂ ਰਹਿਣ ਦਿੱਤਾ ਜਾਵੇ ?”

ਅਰਥ ਸਾਫ਼ ਸੀ ਕਿ ਜੇ ਮਹਾਰਾਜਾ ਨਵਾਂ ਬਣਨਾ ਹੈ, ਤਾਂ ਵਜ਼ੀਰ ਪੁਰਾਣਾ ਕਿਉਂ ਰਹੇ। ਗਭਰੂ ਅਜੀਤ ਸਿੰਘ ਨੇ ਪਿੱਛੋਂ ਗੋਲੀ ਮਾਰ ਕੇ ਧਿਆਨ ਸਿੰਘ ਨੂੰ ਓਥੇ ਹੀ ਢੇਰ ਕਰ ਦਿੱਤਾ। ਚੰਦ ਮਿੰਟ ਤੜਪ ਕੇ ਧਿਆਨ ਸਿੰਘ ਨੇ ਪ੍ਰਾਣ ਤਿਆਗ ਦਿੱਤੇ।

ਓਸੇ ਵੇਲੇ ਬਾਲਕ ਦਲੀਪ ਸਿੰਘ ਨੂੰ ਲਿਆਂਦਾ ਗਿਆ। ਗਿਆਨੀ ਗੁਰਮੁਖ ਸਿੰਘ ਨੇ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ- ਤਿਲਕ ਦਿੱਤਾ। ਦਲੀਪ ਸਿੰਘ ਦੇ ਮਹਾਰਾਜਾ ਤੇ ਲਹਿਣਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕੀਤਾ ਗਿਆ।

ਡੋਗਰੇ ਰਾਜਾ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ- ਤਿਲਕ ਦਿੱਤਾ ਗਿਆ। ਦਲੀਪ ਸਿੰਘ ਉਸ ਵੇਲੇ ਪੰਜ ਸਾਲ ਤੇ ਯਾਰਾਂ ਦਿਨ ਦਾ ਸੀ। ਉਹ ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਸੀ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਉਸ ਦਾ ਜਨਮ ਚਾਰ ਸਤੰਬਰ, ੧੮੩੮ ਈ: ਨੂੰ ਹੋਇਆ ਸੀ। ਏਨੀ ਛੋਟੀ ਉਮਰੇ ਕਿਸਮਤ ਨੇ ਉਸ ਨੂੰ ਸਿੱਖਾਂ ਦਾ ਬਾਦਸ਼ਾਹ ਬਣਾ ਦਿੱਤਾ।

ਦਲੀਪ ਸਿੰਘ ਮਹਾਰਾਜਾ ਤੇ ਲਹਿਣਾ ਸਿੰਘ ਸੰਧਾਵਾਲੀਆ ਵਜ਼ੀਰ ਬਣੇ। ਜਿੰਦਾਂ ‘ਰਾਜ ਮਾਤਾ’ ਦੀ ਹੈਸੀਅਤ ਵਿੱਚ ਮਹਾਰਾਜੇ ਦੀ ਸਰਪ੍ਰਸਤ ਬਣੀ। ਕਿਲ੍ਹੇ ਵਿਚਲੇ ਸਰਦਾਰਾਂ ਨੇ ਮਹਾਰਾਜੇ ਨੂੰ ਨਜ਼ਰਾਨੇ ਤਾਰੇ। ਜਿੰਦਾਂ ਨੇ ਸ. ਲਹਿਣਾ ਸਿੰਘ ਨੂੰ ਬੁਲਾ ਕੇ ਸਲਾਹ ਦਿੱਤੀ ਕਿ ਰਾਜ ਦੀ ਸਲਾਮਤੀ ਵਾਸਤੇ ਰਾਜਾ ਹੀਰਾ ਸਿੰਘ ਤੇ ਰਾਜਾ ਸੁਚੇਤ ਸਿੰਘ (ਡੋਗਰੇ) ਨੂੰ ਵੀ ਬਿਲੇ ਲਾ ਦੇਣਾ ਚਾਹੀਦਾ ਹੈ।

ਉਸ ਵੇਲੇ ਸਿੱਖ ਫ਼ੌਜ ਦੀ ਸਭ ਤੋਂ ਵੱਡੀ ਛਾਉਣੀ ਬੁੱਧੂ ਦੇ ਆਵੇ ਉੱਤੇ ਸੀ। ਹੀਰਾ ਸਿੰਘ ਤੇ ਸੁਚੇਤ ਸਿੰਘ ਵੀ ਓਥੇ ਹੀ ਸਨ। ਮਿਸਰ ਲਾਲ ਸਿੰਘ ਮਹਾਰਾਣੀ ਜਿੰਦਾਂ ਦਾ ਇਤਬਾਰੀ ਸੀ। ਉਹ ਵੀ ਬੁੱਧੂ ਦੇ ਆਵੇ ‘ਤੇ ਹੀ ਸੀ। ਸ. ਲਹਿਣਾ ਸਿੰਘ ਨੇ ਮਿਸਰ ਲਾਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਹੀਰਾ ਸਿੰਘ ਤੇ ਸੁਚੇਤ ਸਿੰਘ ਨੂੰ ਕਿਲ੍ਹੇ ਵਿੱਚ ਲੈ ਆਵੇ । ਲਾਲ ਸਿੰਘ ਨੇ ਉਹਨਾਂ ਦੋਵਾਂ ਨੂੰ ਕਿਹਾ, ਕਿ ਰਾਜਾ ਧਿਆਨ ਸਿੰਘ ਕੋਈ ਖ਼ਾਸ ਸਲਾਹ ਕਰਨ ਵਾਸਤੇ ਉਹਨਾਂ ਨੂੰ ਕਿਲ੍ਹੇ ਵਿੱਚ ਬੁਲਾਉਂਦੇ ਹਨ। ਉਹ ਦੋਵੇਂ ਤਿਆਰ ਹੋ ਪਏ ਪਰ ਪੰਡਤ ਜੱਲ੍ਹਾ ਨੇ ਲੱਤ ਮਾਰ ਦਿੱਤੀ। ਉਹ ਬੜਾ ਹੀ ਨੀਤੀਵਾਨ ਤੇ ਸ਼ਰਾਰਤੀ ਸੀ। ਉਹਨੇ ਕਿਹਾ, “ਰਾਜਾ ਧਿਆਨ ਸਿੰਘ ਦੇ ਹੱਥਾਂ ਦਾ ਲਿਖਿਆ ਹੁਕਮ ਆਵੇਗਾ, ਤਾਂ ਅਸੀਂ ਜਾਵਾਂਗੇ।” ਸੋ ਸੰਧਾਵਾਲੀਆਂ ਦੀ ਇਹ ਗੋਂਦ ਸਿਰੇ ਨਾ ਚੜ੍ਹੀ।

ਫਿਰ ਗਿਆਨੀ ਗੁਰਮੁਖ ਸਿੰਘ ਨੇ ਸਲਾਹ ਦਿੱਤੀ, “ਮਹਾਰਾਜਾ ਦਲੀਪ ਸਿੰਘ ਤੇ ਰਾਜ-ਮਾਤਾ ਜਿੰਦ ਕੌਰਾਂ ਨੂੰ ਹਾਥੀ ‘ਤੇ ਬਿਠਾ ਕੇ ਖ਼ਾਲਸਾ ਛਾਉਣੀ ਵਿੱਚ ਲੈ ਚੱਲੀਏ। ਰਾਜ ਬਦਲਣ ਦੀ ਖ਼ੁਸ਼ੀ ਵਿੱਚ ਫ਼ੌਜਾਂ ਨੂੰ ਇਨਾਮ ਦੇ ਕੇ ਆਪਣੇ ਨਾਲ ਗੰਢ ਲਈਏ। ਨਹੀਂ ਤਾਂ ਡੋਗਰਿਆਂ ਦਾ ਖ਼ਤਰਾ ਹੈ ਕਿ ਉਹ ਫ਼ੌਜਾਂ ਨੂੰ ਸਾਡੇ ਵਿਰੁੱਧ ਨਾ ਭੜਕਾ ਦੇਣ।”

ਸ. ਲਹਿਣਾ ਸਿੰਘ ਬੜਾ ਆਕੜਖ਼ੋਰ ਤੇ ਮੂੰਹ-ਜ਼ੋਰ ਸੀ। ਉਹਨੇ ਬੜੇ ਹੰਕਾਰ ਵਿੱਚ ਉੱਤਰ ਦਿੱਤਾ, “ਗਿਆਨੀ ਜੀ! ਅਸਾਂ ਇਹ ਕੰਮ ਫ਼ੌਜਾਂ ਦੇ ਆਸਰੇ ਨਹੀਂ ਕੀਤਾ। ਵਜ਼ਾਰਤ ਮੇਰੇ ਹੱਥ ਹੈ। ਮਹਾਰਾਜਾ ਸਾਡੇ ਕਬਜ਼ੇ ਵਿੱਚ ਹੈ। ਆਪੇ ਸਾਰੇ ਟੱਕਰਾਂ ਮਾਰ ਕੇ ਆ ਰਲਣਗੇ ਤੇ ਜਿਹੜਾ ਡਰ ਡੋਗਰਿਆਂ ਦਾ ਦੱਸਦੇ ਓ, ਸਭ ਉਡਾ ਦਿੱਤੇ ਜਾਣਗੇ।” ਦਲੀਪ ਸਿੰਘ ਦੇ ਮਹਾਰਾਜਾ ਤੇ ਲਹਿਣਾ ਸਿੰਘ ਦੇ ਵਜ਼ੀਰ ਬਣਨ ਦੀ ਖ਼ਬਰ ਦੇ ਨਾਲ-ਨਾਲ ਲਾਹੌਰ ਵਿੱਚ ਧਿਆਨ ਸਿੰਘ ਦੀ ਮੌਤ ਦੀ ਖ਼ਬਰ ਵੀ ਖਿੱਲਰ ਗਈ। ਇਹ ਸੁਣ ਕੇ ਡੋਗਰੇ ਬੜੇ ਘਬਰਾਏ। ਉਹਨਾਂ ਨੂੰ ਆਪਣਾ ਵੀ ਫ਼ਿਕਰ ਬਣ ਗਿਆ। ਰਾਜਾ ਧਿਆਨ ਸਿੰਘ ਵਾਂਗ ਉਸਦਾ ਪੁੱਤਰ ਰਾਜਾ ਹੀਰਾ ਸਿੰਘ ਵੀ ਬੜਾ ਚਲਦਾ ਪੁਰਜ਼ਾ ਤੇ ਨੀਤੀਵਾਨ ਸੀ। ਡਰ ਕੇ ਹੌਸਲਾ ਹਾਰਨ ਦੀ ਥਾਂ ਉਹਨੇ ਪਿਤਾ ਦਾ ਬਦਲਾ ਲੈਣ ਦੀ ਠਾਣ ਲਈ। ਉਹ ਸਿੱਧਾ ਫ਼ੌਜੀ ਪੰਚਾਂ ਦੇ ਸਾਹਮਣੇ ਜਾ ਪਿਟਿਆ। “ਖ਼ਾਲਸਾ ਜੀ! ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇ ਪੋਤਰੇ ਨੂੰ ਤੁਹਾਡੇ ਸਾਹਮਣੇ ਕਤਲ ਕੀਤਾ ਗਿਆ ਏ, ਪਰ ਤੁਹਾਡਾ ਲਹੂ ਉਬਲਿਆ ਨਹੀਂ। ਮਹਾਰਾਜਾ ਸ਼ੇਰ ਸਿੰਘ ਸੱਚ-ਮੁੱਚ ਪੰਜਾਬ ਦੇ ਸ਼ੇਰ ਸਨ। ਜਿਨ੍ਹਾਂ ਦੇ ਹੁੰਦਿਆ ਅੰਗਰੇਜ਼ ਪੰਜਾਬ ਵੱਲ ਅੱਖ ਚੁੱਕ ਕੇ ਨਹੀਂ ਸਨ ਵੇਖ ਸਕਦੇ। ਉਹਨਾਂ ਨੂੰ ਧੋਖੇ ਨਾਲ ਕਤਲ ਕੀਤਾ ਗਿਆ ਹੈ। ਵਿਸਾਹਘਾਤ, ਇਹ ਸੰਧਾਵਾਲੀਆਂ ਦਾ ਵਿਸਾਹਘਾਤ ਹੈ। ਫਿਰ ਅੱਠਾਂ ਵਰ੍ਹਿਆਂ ਦੇ ਮਾਸੂਮ ਬੱਚੇ ਟਿੱਕਾ ਪ੍ਰਤਾਪ ਸਿੰਘ ਨੂੰ ਜਿਸ ਬੇਰਹਿਮੀ ਨਾਲ ਕਤਲ ਕੀਤਾ ਗਿਆ ਏ, ਕੋਈ ਕਸਾਈ ਵੀ ਅਜਿਹਾ ਪਾਪ ਨਹੀਂ ਕਰ ਸਕਦਾ। ਉਹ ਨਿਰਦੋਸ਼ ਬੱਚਾ ਲਹਿਣਾ ਸਿੰਘ ਦੇ ਪੈਰਾਂ ‘ਤੇ ਢੱਠਾ ਵਾਸਤੇ ਪਾ ਰਿਹਾ ਸੀ, ਜਾਂ ਨਿਰਦਈ ਲਹਿਣਾ ਸਿੰਘ ਨੇ ਉਹਦਾ ਸਿਰ ਲਾਹ ਲਿਆ। ਅਸਲ ਵਿੱਚ ਸੰਧਾਵਾਲੀਆਂ ਦਾ ਮਨਸੂਬਾ ਸ਼ੇਰੇ ਪੰਜਾਬ ਦੀ ਸਾਰੀ ਬੰਸ ਨੂੰ ਖ਼ਤਮ ਕਰ ਦੇਣ ਦਾ ਹੈ। ਸ. ਅਤਰ ਸਿੰਘ ਤੇ ਅਜੀਤ ਸਿੰਘ ਨੇ ਅੰਦਰਖ਼ਾਨੇ ਅੰਗਰੇਜ਼ਾਂ ਨਾਲ ਗੁਪਤ ਸਮਝੌਤਾ ਕਰ ਲਿਆ ਹੈ। ਉਹ ਅੰਗਰੇਜ਼ ਸੈਨਾਂ ਦੀ ਸਹਾਇਤਾ ਨਾਲ ਸਿੱਖ ਫ਼ੌਜ ਨੂੰ ਮਲੀਆਮੇਟ ਕਰ ਦੇਣਾ ਚਾਹੁੰਦੇ ਨੇ। ਉਹਨਾਂ ਪੰਜਾਬ ਦਾ ਕੁਛ ਹਿੱਸਾ ਉੱਕਾ-ਪੁੱਕਾ ਅੰਗਰੇਜ਼ਾਂ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਹੈ। ਬਾਕੀ ਹਿੱਸੇ ਉੱਤੇ ਉਹ ਅੰਗਰੇਜ਼ਾਂ ਦੀ ਮਦਦ ਨਾਲ ਆਪ ਰਾਜ ਕਰਨਾ ਚਾਹੁੰਦੇ ਨੇ। ਰਾਜਾ ਧਿਆਨ ਸਿੰਘ ਜੀ ਉਹਨਾਂ ਨੂੰ ਇਸ ਵਿਸਾਹ-ਘਾਤ ਤੋਂ ਰੋਕਦੇ ਸਨ। ਇਸ ਵਾਸਤੇ ਸੰਧਾਵਾਲੀਏ ਰਾਜਾ ਸਾਹਿਬ ਦੇ ਵੀ ਵੈਰੀ ਬਣ ਗਏ। ਮਹਾਰਾਜੇ ਦੇ ਨਾਲ ਉਹਨਾਂ ਰਾਜਾ ਸਾਹਿਬ ਨੂੰ ਵੀ ਕਤਲ ਕਰ ਦਿੱਤਾ। ਮੇਰੇ ਪਿਤਾ ਦਾ ਕੀ ਗੁਨਾਹ ਸੀ ? ਸਿਰਫ਼ ਇਹ, ਕਿ ਉਹ ਸਿੱਖ ਰਾਜ ਤੇ ਸ਼ੇਰੇ ਪੰਜਾਬ ਦੀ ਬੰਸ ਦਾ ਭਲਾ ਚਾਹੁੰਦੇ ਸਨ । ਖ਼ਾਲਸਾ ਜੀ! ਮੇਰੇ ਪਿਤਾ ਦਾ ਬਦਲਾ ਵੀ ਨਹੀਂ ਲਵੋਗੇ ? ਤੁਸੀਂ ਏਨੇ ਹੀ ਕਮਜ਼ੋਰ ਤੇ ਅਣਖਹੀਣ ਹੋ ਗਏ ਓ ? ਸਵਰਗੀ ਸ਼ੇਰੇ ਪੰਜਾਬ ਦੀ ਰੂਹ ਤੁਹਾਨੂੰ ਕੀ ਕਹੇਗੀ ?” ਇਕ ਮਿੰਟ ਸਾਹ ਲੈ ਕੇ ਹੀਰਾ ਸਿੰਘ ਨੇ ਫਿਰ ਕਹਿਣਾ ਸ਼ੁਰੂ ਕੀਤਾ। “ਨਾਲੇ ਇਕ ਹੋਰ ਗੱਲ ਵੀ ਸੁਣ ਲਵੋ। ਭਰੋਸੇ ਯੋਗ ਵਸੀਲੇ ਤੋਂ ਪਤਾ ਲੱਗਾ ਏ ਕਿ ਸ. ਲਹਿਣਾ ਸਿੰਘ ਨੇ ਲੁਧਿਆਣੇ ਤੇ ਫ਼ਿਰੋਜ਼ਪੁਰ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ। ਬੱਸ, ਇਕ ਦੋ ਦਿਨਾਂ ਤਕ ਅੰਗਰੇਜ਼ੀ ਫ਼ੌਜ ਆਈ ਸਮਝੋ। ਫਿਰ ਕੁਛ ਨਹੀਂ ਬਣ ਸਕੇਗਾ। ਹੁਣ ਵੇਲਾ ਹੈ। ਜੇ ਆਪਣੀ ਸ਼ਾਨ ਤੇ ਪੰਜਾਬ ਦੀ ਆਜ਼ਾਦੀ ਬਚਾਉਣੀ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਹੋ। ਮੈਂ ਓਹਾ ਤੁਹਾਡਾ ਪੁਰਾਣਾ ਸੇਵਕ ਹਾਂ, ਜਿਸ ਨੂੰ ਸ੍ਰੀ ਹਜ਼ੂਰ ਸ਼ੇਰੇ ਪੰਜਾਬ ‘ਬਚੜੀ’ ਕਹਿ ਕੇ ਪੁਕਾਰਿਆ ਕਰਦੇ ਸਨ ਤੇ ਮੈਂ ਤੁਹਾਨੂੰ ਭਰੋਸਾ ਦੁਆਉਂਦਾ ਹਾਂ ਕਿ ਸੰਧਾਵਾਲੀਆਂ ਨੂੰ ਮਾਰਨ ਬਦਲੇ ਫ਼ੌਜ ਦੀ ਤਨਖ਼ਾਹ ਵੀ ਵਧਾਈ ਜਾਏਗੀ ਤੇ ਰੱਜਵਾਂ ਇਨਾਮ ਵੀ ਦਿੱਤਾ ਜਾਵੇਗਾ।”

ਹੀਰਾ ਸਿੰਘ ਦਾ ਮੋਹਣੀ ਮੰਤਰ ਚੱਲ ਗਿਆ । ਫ਼ੌਜੀ ਪੰਚਾਂ ਨੇ ਉਹਦੀ ਹਮਾਇਤ ਦੀ ਹਾਮੀ ਭਰ ਦਿੱਤੀ। ਚਾਲੀ ਪੰਜਾਹ ਹਜ਼ਾਰ ਫ਼ੌਜ ਉਹਦੇ ਨਾਲ ਤਿਆਰ ਹੋ ਪਈ। ਫ਼ੌਜਾਂ ਨੇ ਹੀਰਾ ਸਿੰਘ ਤੋਂ ਇਹ ਬਚਨ ਲੈ ਲਿਆ ਕਿ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਨੂੰ ਕੋਈ ਨੁਕਸਾਨ ਨਹੀਂ ਪੁਚਾਇਆ ਜਾਵੇਗਾ। ਹੀਰਾ ਸਿੰਘ ਨੇ ਗੀਤਾ ਦੀ ਸੌਂਹ ਖਾ ਕੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਹੀ ਰਹੇਗਾ, ਤੇ ਮੈਂ ਉਸਦਾ ਵਜ਼ੀਰ ਬਣਾਂਗਾ। ਚਾਲੀ ਪੰਜਾਹ ਹਜ਼ਾਰ ਫ਼ੌਜ ਤੇ ਸੌ ਤੋਪ ਨਾਲ ਹੀਰਾ ਸਿੰਘ ਨੇ ਕਿਲ੍ਹੇ

‘ਤੇ ਹੱਲਾ ਬੋਲ ਦਿੱਤਾ। ਅੱਗੋਂ ਸੰਧਾਵਾਲੀਆਂ ਦੀ ਫ਼ੌਜ ਵੀ ਤਿਆਰ ਸੀ। ਲੱਗੀ ਦੋਹਾਂ ਪਾਸਿਆਂ ਤੋਂ ਅੱਗ ਵਰ੍ਹਨ। ਏਸੇ ਤਰ੍ਹਾਂ ਗੋਲਾ-ਬਾਰੀ ਹੁੰਦਿਆਂ ਅੱਧੀ ਰਾਤ ਬੀਤ ਗਈ। ਸ. ਲਹਿਣਾ ਸਿੰਘ ਆਪਣੀ ਫ਼ੌਜ ਦੇ ਮੋਰਚੇ ਵਿਹੰਦਾ ਕਿਲ੍ਹੇ ਦੀ ਕੰਧ ਉੱਤੇ ਫਿਰ ਰਿਹਾ ਸੀ। ਇਕ ਗੋਲੀ ਉਹਦੀ ਛਾਤੀ ਵਿੱਚ ਆ ਲੱਗੀ। ਉਹ ਬੁਰੀ ਤਰ੍ਹਾਂ ਘਾਇਲ ਹੋ ਕੇ ਡਿੱਗ ਪਿਆ। ਉਹਦੇ ਨੌਕਰ ਉਸਨੂੰ ਉਠਾ ਕੇ ਥੱਲੇ ਲੈ ਗਏ। ਅਜੀਤ ਸਿੰਘ ਨੂੰ ਪਤਾ ਲੱਗਾ, ਤਾਂ ਉਹ ਚਾਚੇ ਦੇ ਕੋਲ ਬਹਿ ਕੇ ਰੋਣ ਲੱਗ ਪਿਆ। ਲਹਿਣਾ ਸਿੰਘ ਨੇ ਮੱਥੇ ‘ਤੇ ਤਿਉੜੀ ਪਾ ਕੇ ਕਿਹਾ, “ਕਿਉਂ ਉਇ! ਮੇਰਾ ਭਤੀਜਾ ਹੋ ਕੇ ਰੋਂਦਾ ਏਂ ? ਕਤਲ ਕਰਨਾ ਬਾਦਸ਼ਾਹਾਂ ਤੇ ਵਜ਼ੀਰਾਂ ਨੂੰ, ਤੇ ਫੇਰ ਜ਼ਨਾਨੀਆਂ ਵਾਂਗ ਰੋਣਾ ? ਸ਼ੇਰ ਬਣ। ਜਿਉਂਦੇ-ਜੀ ਵੈਰੀ ਦੇ ਹੱਥ ਨਾ ਆਈਂ। ਮਰਦਾਂ ਵਾਂਗ ਮੈਦਾਨ ਵਿੱਚ ਲੜਦਾ-ਲੜਦਾ ਸ਼ਹੀਦ ਹੋ ਜਾਈਂ।” ਇਹ ਕਹਿ ਕੇ ਲਹਿਣਾ ਸਿੰਘ ਨੇ ਸਵਾਸ ਤਿਆਗ ਦਿੱਤੇ।

ਅਜੀਤ ਸਿੰਘ ਨੂੰ ਜਿੱਤਣ ਦੀ ਆਸ ਨਾ ਰਹੀ। ਉਹ ਤਲਵਾਰ ਧੂਹ ਕੇ ਕਿਲ੍ਹਿਓਂ ਬਾਹਰ ਨਿਕਲ ਕੇ ਹੀਰਾ ਸਿੰਘ ਦੀ ਫ਼ੌਜ ਉੱਤੇ ਟੁੱਟ ਪਿਆ। ਉਹ ਲੋਹੜੇ ਦਾ ਤਲਵਾਰੀਆ ਸੀ । ਦੋ ਘੜੀਆਂ ਉਹਨੇ ਚੰਗੇ ਹੱਥ ਵਿਖਾਏ, ਪਰ ਅੰਤ ਕਈ ਫੱਟ ਖਾ ਕੇ ਡਿੱਗ ਪਿਆ। ਸੰਧਾਵਾਲੀਏ ਦੋਵੇਂ ਸਰਦਾਰ ਮਾਰੇ ਗਏ। ਬਾਕੀ ਫ਼ੌਜ ਨੇ ਹਥਿਆਰ ਸੁੱਟ ਦਿੱਤੇ। ਹੀਰਾ ਸਿੰਘ ਦਾ ਕਿਲ੍ਹੇ ‘ਤੇ ਕਬਜ਼ਾ ਹੋ ਗਿਆ।

ਅਠਾਰਾਂ ਸਤੰਬਰ, ੧੮੪੩ ਈ: ਨੂੰ ਹੀਰਾ ਸਿੰਘ ਨੇ ਇਕ ਵੱਡਾ ਦਰਬਾਰ ਕੀਤਾ। ਸਾਰੇ ਸ਼ਹਿਰ ਦੇ ਪਤਵੰਤੇ ਬੁਲਾਏ ਗਏ। ਦਲੀਪ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੀ ਧੂਮ-ਧਾਮ ਨਾਲ ਅਦਾਅ ਕੀਤੀ ਗਈ। ਦਲੀਪ ਸਿੰਘ ਦੇ, ‘ਮਹਾਰਾਜਾ’ ਤੇ ਹੀਰਾ ਸਿੰਘ ਦੇ ‘ਵਜ਼ੀਰ’ ਹੋਣ ਦਾ ਐਲਾਨ ਕੀਤਾ ਗਿਆ। ਕੀਤੇ ਇਕਰਾਰ ਮੁਤਾਬਕ ਫ਼ੌਜਾਂ ਦੀ ਤਨਖ਼ਾਹ ਵਧਾਈ ਗਈ, ਭਾਵ : ਅਸਵਾਰ ਦੀ ਤਲਬ ਤੀਹ ਰੁਪੈ ਤੇ ਪੈਦਲ ਦੀ ਬਾਰਾਂ ਰੁਪੈ ਮਹੀਨਾ ਕੀਤੀ ਗਈ। ਇਸ ਤੋਂ ਵੱਖਰੇ ਇਨਾਮ ਵੀ ਦਿੱਤੇ ਗਏ।

ਏਧਰੋਂ ਵਿਹਲਾ ਹੋ ਕੇ ਹੀਰਾ ਸਿੰਘ ਵਿਰੋਧੀਆਂ ਵੱਲੇ ਹੋਇਆ। ਗਿਆਨੀ ਗੁਰਮੁਖ ਸਿੰਘ ਤੇ ਮਿਸਰ ਬੇਲੀ ਰਾਮ ਕਤਲ ਕੀਤੇ ਗਏ। ਸੰਧਾਵਾਲੀਆਂ ਦੇ ਮਕਾਨ ਢਾਹ ਦਿੱਤੇ ਗਏ ਤੇ ਜਾਗੀਰਾਂ ਜ਼ਬਤ ਕਰ ਲਈਆਂ।

ਨਾ ਹੀ ਜਿੰਦਾਂ ਨੂੰ ਤੇ ਨਾ ਉਸ ਦੇ ਭਰਾ ਜਵਾਹਰ ਸਿੰਘ ਨੂੰ ਮਨਜ਼ੂਰ ਸੀ ਕਿ ਹੀਰਾ ਸਿੰਘ ਵਜ਼ੀਰ ਬਣੇ। ਲਹਿਣਾ ਸਿੰਘ ਤੋਂ ਬਾਅਦ ਵਜ਼ਾਰਤ ਉੱਤੇ ਜਵਾਹਰ ਸਿੰਘ ਆਪਣਾ ਹੱਕ ਸਮਝਦਾ ਸੀ। ਸੋ ਉਹਨੇ ਜਿੰਦਾਂ ਦੀ ਮਦਦ ਨਾਲ ਫ਼ੌਜ ਵਿੱਚ ਆਪਣਾ ਰਸੂਖ਼ ਵਧਾਉਣਾ ਚਾਹਿਆ। ਜਿੰਦਾਂ ਵਧੇਰੇ ਕਾਹਲੀ ਕਰਨ ਦੇ ਹੱਕ ਵਿੱਚ ਨਹੀਂ ਸੀ, ਪਰ ਜਵਾਹਰ ਸਿੰਘ ਬੜਾ ਤੇਜ਼ ਸੀ। ਉਹਨੇ ਚਾਲ ਦੀ ਥਾਂ ਜ਼ਰਾ ਧਮਕੀ ਤੋਂ ਕੰਮ ਲੈਣਾ ਚਾਹਿਆ।

ਦੂਜੇ ਪਾਸੇ ਹੀਰਾ ਸਿੰਘ ਵੀ ਚੁੱਪ ਕਰਕੇ ਨਹੀਂ ਸੀ ਬੈਠਾ ਹੋਇਆ। ਜਵਾਹਰ ਸਿੰਘ ਦਾ ਭੈਅ ਉਹਦੇ ਦਿਲ ਵਿੱਚ ਵੀ ਸੀ। ਸੋ ਉਹਨੇ ਜਵਾਹਰ ਸਿੰਘ ਦੇ ਵਿਰੁੱਧ ਫ਼ੌਜਾਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ‘ਮਹਾਰਾਜੇ’ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ। ਉਸ ਵੇਲੇ ਜਿਸ ਬਾਬਤ ਵੀ ਅੰਗਰੇਜ਼ਾਂ ਦਾ ਮਿੱਤਰ ਹੋਣ ਦਾ ਸ਼ੁਭਾ ਪੈ ਜਾਂਦਾ, ਭਾਵੇਂ ਉਹ ਸ਼ੱਕ ਝੂਠਾ ਹੀ ਹੋਵੇ, ਖ਼ਾਲਸਾ ਫ਼ੌਜ ਉਹਦੇ ਖ਼ਿਲਾਫ਼ ਹੋ ਜਾਂਦੀ।

ਇਕ ਦਿਨ ਦਲੀਪ ਸਿੰਘ ਨੂੰ ਨਾਲ ਲੈ ਕੇ ਜਵਾਹਰ ਸਿੰਘ ਫ਼ੌਜਾਂ ਵਿੱਚ ਆ ਗਿਆ। ਫ਼ੌਜੀ ਪੰਚਾਂ ਨੂੰ ਕੱਠਿਆਂ ਕਰਕੇ ਉਹਨੇ ਜ਼ਰਾ ਤੁਰਸ਼ ਲਹਿਜੇ ਵਿੱਚ ਕਿਹਾ, “ਰਾਜਾ ਹੀਰਾ ਸਿੰਘ, ਬਾਲਕ ਮਹਾਰਾਜੇ ਤੇ ਇਸ ਦੀ ਮਾਤਾ ਨੂੰ ਬਹੁਤ ਤੰਗ ਕਰਦਾ ਹੈ। ਜੋ ਤੁਸਾਂ ਉਸਦੇ ਵਿਰੁੱਧ ਸਾਡੀ ਮਦਦ ਨਾ ਕੀਤੀ, ਤਾਂ ਮੈਂ ਆਪਣੇ ਭਣੇਵੇਂ ਨੂੰ ਨਾਲ ਲੈ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਜਾਵਾਂਗਾ।”

ਇਹ ਚਾਲ ਜਵਾਹਰ ਸਿੰਘ ਨੂੰ ਪੁੱਠੀ ਪਈ। ਉਹਦੇ ਮੂੰਹੋਂ ਅੰਗਰੇਜ਼ਾਂ ਦਾ ਨਾਮ ਸੁਣ ਕੇ ਫ਼ੌਜਾਂ ਭੜਕ ਉੱਠੀਆਂ। ਉਹਨਾਂ ਜਵਾਹਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ। ਹੀਰਾ ਸਿੰਘ ਨੇ ਜਵਾਹਰ ਸਿੰਘ ਨੂੰ ਕੈਦ ਕਰ ਦਿੱਤਾ।

ਮਹਾਰਾਣੀ ਜਿੰਦ ਕੌਰਾਂ ਬਹੁਤ ਸਮਝਦਾਰ ਸੀ। ਉਹਨੇ ਫ਼ੌਜਾਂ ਵਿੱਚ ਆਪਣਾ ਰਸੂਖ਼ ਵਧਾਉਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਉਹ ਸਫਲ ਵੀ ਹੋ ਗਈ। ਇਸ ਵਧੇ ਹੋਏ ਰਸੂਖ਼ ਕਾਰਨ ਉਹਨੇ ਹੀਰਾ ਸਿੰਘ ‘ਤੇ ਦਬਾਅ ਪਾਕੇ ਆਪਣੇ ਭਰਾ ਜਵਾਹਰ ਸਿੰਘ ਨੂੰ ਛੁਡਾ ਲਿਆ।

ਹੁਣ ਜਿੰਦ ਕੌਰ ਨੇ ਹੀਰਾ ਸਿੰਘ ਤੋਂ ਬਦਲਾ ਲੈਣ ਦੀ ਠਾਣੀ। ਉਹਨੇ ਕੁਛ ਫ਼ੌਜੀ ਪੰਚਾਂ ਨਾਲ ਸਲਾਹ ਕਰਕੇ ਹੀਰਾ ਸਿੰਘ ਦੇ ਚਾਚੇ ਰਾਜਾ ਸੁਚੇਤ ਸਿੰਘ ਨੂੰ ਸੁਨੇਹਾ ਭੇਜਿਆ, “ਰਾਜਾ ਸਾਹਿਬ! ਆਪ ਜਾਣਦੇ ਹੋ ਕਿ ਹੀਰਾ ਸਿੰਘ ਰਾਜ ਨੂੰ ਸਮੂਲਚੋਂ ਤਬਾਹ ਕਰ ਰਿਹਾ ਹੈ। ਉਹ ਜੱਲ੍ਹਾ ਪੰਡਤ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਆਪ ਨੂੰ ਇਹ ਵੀ ਪਤਾ ਹੈ, ਕਿ ਪੰਡਤ ਜੱਲ੍ਹਾ ਬੜਾ ਦੁਰਾਚਾਰੀ ਤੇ ਨੀਚ ਸੁਭਾਅ ਦਾ ਹੈ। ਜੇ ਤੁਹਾਨੂੰ ਪੰਜਾਬ ਰਾਜ ਦਾ ਕੁਛ ਦਰਦ ਹੈ ਤਾਂ ਛੇਤੀ ਪਹੁੰਚੋ। ਮੈਂ ਤੁਹਾਨੂੰ ਵਜ਼ੀਰ ਬਣਾਉਣ ਦੇ ਹੱਕ ਵਿੱਚ ਹਾਂ। ਬਹੁਤ ਸਾਰੇ ਫ਼ੌਜੀ ਪੰਚ ਵੀ ਤੁਹਾਡੇ ਆਉਣ ਵਿੱਚ ਰਾਜ਼ੀ ਹਨ।”

ਜਿੰਦਾਂ ਦੀ ਇਹ ਚਾਲ ਬੜੀ ਗਹਿਰੀ ਸੀ। ਸੁਚੇਤ ਸਿੰਘ ਜਾਂ ਹੀਰਾ ਸਿੰਘ ਵਿੱਚੋਂ ਕੋਈ ਵੀ ਹਾਰੇ, ਹਰ ਹਾਲ ਡੋਗਰਿਆਂ ਦੀ ਤਾਕਤ ਘਟਦੀ ਸੀ। ਡੋਗਰਾ ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਤਿੰਨੇ ਸਕੇ ਭਰਾ ਸਨ।

ਰਾਜਾ ਸੁਚੇਤ ਸਿੰਘ ਆਪਣੇ ਦੋ ਵਕੀਲਾਂ ਰਾਊ ਕੇਸਰੀ ਸਿੰਘ ਤੇ ਬਸੰਤ ਸਿੰਘ ਅਤੇ ਚਾਲੀ ਹੋਰ ਵਫ਼ਾਦਾਰ ਅਸਵਾਰਾਂ ਸਣੇ ਸ਼ਾਹਦਰੇ ਆ ਪੁੱਜਾ। ਉਹਦੇ ਆਦਮੀ ਕੁਛ ਫ਼ੌਜੀ ਪੰਚਾਂ ਕੋਲ ਵੀ ਪੁੱਜੇ। ਉਹਦਾ ਆਉਣਾ ਸੁਣ ਕੇ ਹੀਰਾ ਸਿੰਘ ਬੜਾ ਘਬਰਾਇਆ। ਉਹ ਸਿੱਧਾ ਫ਼ੌਜਾਂ ਦੇ ਪੈਰੀਂ ਜਾ ਡਿੱਗਾ। ਬੋਲਣ ਵਿੱਚ ਉਹ ਬੜਾ ਚਾਤਰ ਸੀ। ਉਹਨੇ ਬੜੀ ਦਰਦ ਭਰੀ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ, “ਖ਼ਾਲਸਾ ਜੀ! ਤੁਸੀਂ ਗੁਰੂ ਗੋਬਿੰਦ ਸਿੰਘ ਦਾ ਰੂਪ ਹੋ। ਤੁਸਾਂ ਹੀ ਮੈਨੂੰ ਵਜ਼ੀਰ ਬਣਾਇਆ ਸੀ। ਮੈਂ ਤਾਂ ਹਾਂ ਹੀ ਤੁਹਾਡੇ ਆਸਰੇ। ਜੇ ਹੁਣ ਤੁਸੀਂ ਮੇਰੀ ਮੌਤ ਹੀ ਲੋੜਦੇ ਹੋ, ਤਾਂ ਆਹ ਲਓ ਮੇਰੀ ਤਲਵਾਰ ‘ਤੇ ਮੈਨੂੰ ਆਪਣੇ ਹੱਥੀਂ ਕਤਲ ਕਰ ਦਿਹੋ। ਪਰ ਪੰਥ-ਧਰੋਹੀ ਤੇ ਦੇਸ਼ ਦੇ ਗ਼ੱਦਾਰ ਸੁਚੇਤ ਸਿੰਘ ਹੱਥੋਂ ਨਾ ਮਰਵਾਓ। ਰਾਜਾ ਸੁਚੇਤ ਸਿੰਘ ਅੰਗਰੇਜ਼ਾਂ ਦਾ ਪੱਕਾ ਮਿੱਤਰ ਤੇ ਝੋਲੀ ਚੁੱਕ ਹੈ। ਇਸਦਾ ਪੱਕਾ ਸਬੂਤ ਇਹ ਹੈ ਕਿ ਉਹਨੇ ਆਪਣਾ ਅਠਾਰਾਂ ਲੱਖ ਰੁਪਇਆ ਫ਼ਿਰੋਜ਼ਪੁਰ ਅੰਗਰੇਜ਼ਾਂ ਕੋਲ ਰੱਖਿਆ ਹੋਇਆ। ਅਤਰ ਸਿੰਘ ਸੰਧਾਵਾਲੀਏ ਰਾਹੀਂ ਉਹ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਕਰ ਰਿਹਾ ਹੈ। ਸੋ, ਜਾਂ ਤਾਂ ਉਹਦੇ ਵਿਰੁੱਧ ਮੇਰੀ ਮਦਦ ਕਰੋ, ਤੇ ਜਾਂ ਆਪਣੇ ਹੱਥੀਂ ਮੈਨੂੰ ਕਤਲ ਕਰ ਦਿਹੋ।”

“ਹੈਂ ? ਰਾਜਾ ਸੁਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ?” ਇਹ ਸੁਣ ਕੇ ਸਾਰੀਆਂ ਸਿੱਖ ਫ਼ੌਜਾਂ ਉਹਦੇ ਵਿਰੁੱਧ ਹੋ ਗਈਆਂ।

ਅਗਲੇ ਦਿਨ ਸਤਾਈ ਮਾਰਚ, ੧੮੪੪ ਈ: ਨੂੰ ਪੰਦਰਾਂ ਹਜ਼ਾਰ ਫ਼ੌਜ ਲੈ ਕੇ ਹੀਰਾ ਸਿੰਘ ਨੇ ਸ਼ਾਹਦਰੇ ਵਿੱਚ ਸੁਚੇਤ ਸਿੰਘ ਨੂੰ ਜਾ ਘੇਰਿਆ। ਉਹ ਆਪਣੇ ਮੁੱਠੀ ਭਰ ਸਿਪਾਹੀਆਂ ਸਣੇ ਲੜਦਾ-ਲੜਦਾ ਹੀਰਾ ਸਿੰਘ ਦੇ ਹੱਥੋਂ ਮਾਰਿਆ ਗਿਆ। ਕਹਿੰਦੇ ਹਨ, ਜ਼ਖ਼ਮਾਂ ਨਾਲ ਘਾਇਲ ਹੋਇਆ ਰਾਜਾ ਸੁਚੇਤ ਸਿੰਘ ਤੜਪ ਰਿਹਾ ਸੀ, ਜਾਂ ਹੀਰਾ ਸਿੰਘ ਉਹਦੇ ਕੋਲ ਅਪੜਿਆ। ਭਤੀਜੇ ਨੂੰ ਵੇਖ ਕੇ ਸੁਚੇਤ ਸਿੰਘ ਨੇ ਪਾਣੀ ਮੰਗਿਆ। ਅੱਗੋਂ ਹੀਰਾ ਸਿੰਘ ਨੇ ਬੜੀ ਬੇ-ਰੁਖ਼ੀ ਨਾਲ ਉੱਤਰ ਦਿੱਤਾ, “ਚਾਚਾ ਜੀ! ਏਥੇ ਪਾਣੀ ਕਿੱਥੇ ? ਏਥੇ ਤਾਂ ਪੰਜਾਬ ਦੀ ਵਜ਼ਾਰਤ ਹੈ। ਜੇ ਇੱਛਿਆ ਹੈ, ਤਾਂ ਮੇਰੇ ਵੱਲੋਂ ਹਾਜ਼ਰ ਹੈ।” ਸੁਚੇਤ ਸਿੰਘ ਪਾਣੀ ਨੂੰ ਸਹਿਕਦਾ ਮਰ ਗਿਆ। ਹੀਰਾ ਸਿੰਘ ਨੇ ਉਹਦੇ ਮੂੰਹ ਵਿੱਚ ਪਾਣੀ ਦੀ ਬੂੰਦ ਨਾ ਚੋਈ। ਅਗਲੇ ਦਿਨ ਹੀਰਾ ਸਿੰਘ ਨੇ ਸੁਚੇਤ ਸਿੰਘ ਦਾ ਸਸਕਾਰ ਬੜੀ ਸ਼ਾਨ ਨਾਲ ਕੀਤਾ ਤੇ ਫ਼ੌਜ ਵਿੱਚ ਇਨਾਮ ਵੰਡਿਆ।

ਡੋਗਰਿਆਂ ਦਾ ਮੁੱਢੋਂ ਪ੍ਰੋਗਰਾਮ ਸੀ ਕਿ ਸ਼ੇਰੇ-ਪੰਜਾਬ ਦੀ ਸਾਰੀ ਬੰਸ ਨੂੰ ਖ਼ਤਮ ਕਰਨਾ ਹੈ। ਹੁਣ ਹੀਰਾ ਸਿੰਘ ਦੀ ਅੱਖ ਸ਼ਾਹਜ਼ਾਦਾ ਕਸ਼ਮੀਰਾ ਸਿੰਘ ‘ਤੇ ਸੀ। ਕੰਵਰ ਕਸ਼ਮੀਰਾ ਸਿੰਘ, ਸੰਤ ਭਾਈ ਬੀਰ ਸਿੰਘ ਦੇ ਡੇਰੇ ਪਿੰਡ ਮੁਠਿਆਂ ਵਾਲੇ ਆਇਆ ਹੋਇਆ ਸੀ। ਹੀਰਾ ਸਿੰਘ ਨੇ ਇਕੇ ਤੀਰ ਨਾਲ ਕਈ ਸ਼ਿਕਾਰ ਮਾਰਨ ਦੀ ਠਾਣੀ। ਉਹਨੇ ਆਪਣੇ ਆਦਮੀਆਂ ਵੱਲੋਂ ਚਿੱਠੀਆਂ ਭਿਜਵਾ ਕੇ ਸ. ਅਤਰ ਸਿੰਘ ਸੰਧਾਵਾਲੀਏ ਨੂੰ ਵੀ ਮੁਠਿਆਂ ਵਾਲੇ ਮੰਗਵਾ ਲਿਆ। ਪਿੱਛੋਂ ਆਪਣੀਆਂ ਫ਼ੌਜਾਂ ਭੇਜ ਕੇ ਉਹਨੇ ਭਾਈ ਸਾਹਿਬ ਦੇ ਡੇਰੇ ਉੱਤੇ ਹਮਲਾ ਕਰਵਾ ਦਿੱਤਾ। ਨਤੀਜੇ ਵਜੋਂ ਭਾਈ ਬੀਰ ਸਿੰਘ ਜੀ, ਕੰਵਰ ਕਸ਼ਮੀਰਾ ਸਿੰਘ ਤੇ ਅਤਰ ਸਿੰਘ ਸੰਧਾਵਾਲੀਆ ਲੜਾਈ ਵਿੱਚ ਮਾਰੇ ਗਏ।

ਇਹਨਾਂ ਕਤਲਾਂ ਕਾਰਨ ਸਿੱਖ ਫ਼ੌਜਾਂ ਹੀਰਾ ਸਿੰਘ ਨਾਲ ਨਾਰਾਜ਼ ਹੋ ਗਈਆਂ। ਉਹਨਾਂ ਦੇ ਅੰਦਰੇ-ਅੰਦਰ ਗੁੱਸੇ ਦੀ ਅੱਗ ਧੁਖ ਰਹੀ ਸੀ, ਜਾਂ ਨਾਲ ਹੀ ਇਕ ਘਟਨਾ ਹੋਰ ਹੋ ਗਈ। ਪੰਡਤ ਜੱਲ੍ਹੇ ਨੇ ਮਹਾਰਾਣੀ ਜਿੰਦ ਕੌਰਾਂ ਨੂੰ ਜ਼ਹਿਰ ਦੇਣ ਦੀ ਸਾਜ਼ਿਸ਼ ਕੀਤੀ। ਪਰ ਚੰਗੇ ਭਾਗਾਂ ਨੂੰ ਉਹ ਨੇਪਰੇ ਨਾ ਚੜ੍ਹੀ। ਜਿੰਦਾਂ ਏਸ ਵਾਰ ਤੋਂ ਬਚ ਗਈ। ਸਾਰੀ ਫ਼ੌਜ ਵਿੱਚ ਇਹ ਅਫ਼ਵਾਹ ਫੈਲ ਗਈ ਕਿ ਪੰਡਤ ਜੱਲ੍ਹਾ ਤੇ ਰਾਜਾ ਹੀਰਾ ਸਿੰਘ, ਜਿੰਦਾਂ ਤੇ ਉਹਦੇ ਪੁੱਤਰ ਨੂੰ ਬਹੁਤ ਤੰਗ ਕਰਦੇ ਹਨ ਤੇ ਦੋਹਾਂ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਚਾਹੁੰਦੇ ਹਨ। ਇਹ ਸੁਣ ਕੇ ਫ਼ੌਜਾਂ ਖੁੱਲ੍ਹ-ਮਖੁੱਲ੍ਹਾ ਭੜਕ ਉਠੀਆਂ। ਉਹਨਾਂ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ, ‘ਜੱਲ੍ਹੇ ਪੰਡਤ ਨੂੰ ਕੱਢ ਦੇਵੋ ਤੇ ਮਹਾਰਾਣੀ ਤੇ ਮਹਾਰਾਜਾ ਦੇ ਨਿੱਜੀ ਖ਼ਰਚਾਂ ਵਾਸਤੇ ਵੱਖਰੀ ਜਾਗੀਰ ਦੇਵੋ| ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾਵੋ।

ਇਹ ਸੁਣ ਕੇ ਹੀਰਾ ਸਿੰਘ ਘਬਰਾ ਗਿਆ । ਫ਼ੌਜਾਂ ਨੂੰ ਕਿਸੇ ਕਿਸਮ ਦਾ ਉੱਤਰ ਦੇਣ ਦੀ ਥਾਂ ਉਹਨੇ ਨੱਸ ਜਾਣ ਵਿੱਚ ਹੀ ਬਿਹਤਰੀ ਸਮਝੀ। ਉਹ ਤਿੰਨ ਹਜ਼ਾਰ ਨਿੱਜੀ ਫ਼ੌਜ ‘ਤੇ ਨਿਗਦੇ ਸੱਜਣਾਂ ਮਿੱਤਰਾਂ ਨੂੰ ਨਾਲ ਲੈ ਕੇ ਰਾਤੋ-ਰਾਤ ਜੰਮੂ ਨੂੰ ਨੱਸ ਤੁਰਿਆ। ਨਾਲ ਹੀ ਉਹਨੇ ਬਹੁਤ ਸਾਰਾ ਸਾਮਾਨ ਤੇ ਖ਼ਜ਼ਾਨਾ ਲੱਦ ਲਿਆ। ਦਿਨੇ ਪਤਾ ਲੱਗਾ, ਤਾਂ ਸ. ਜਵਾਹਰ ਸਿੰਘ, ਸ. ਅਤਰ ਸਿੰਘ ਕਾਲਿਆਂ ਵਾਲਾ ਤੇ ਸ. ਸ਼ਾਮ ਸਿੰਘ ਅਟਾਰੀ ਵਾਲਾ ਫ਼ੌਜਾਂ ਲੈ ਕੇ ਮਗਰ ਲੱਗ ਤੁਰੇ। ਸੱਤ ਕੁ ਮੀਲ ਦੀ ਵਿੱਥ ਉੱਤੇ ਉਹਨਾਂ ਹੀਰਾ ਸਿੰਘ ਨੂੰ ਜਾ ਘੇਰਿਆ। ਬੜੀ ਲਹੂ ਡੋਲ੍ਹਵੀਂ ਲੜਾਈ ਹੋਈ, ਜਿਸ ਵਿੱਚ ਹੀਰਾ ਸਿੰਘ, ਪੰਡਤ ਜੱਲ੍ਹਾ, ਮੀਆਂ ਸੋਹਣ ਸਿੰਘ ਤੇ ਲਾਭ ਸਿੰਘ ਡੋਗਰਾ ਆਦਿ ਸਾਰੇ ਹੀ ਚੋਣਵੇਂ ਬੰਦੇ ਮਾਰੇ ਗਏ। ਉਸ ਦਿਨ ੧੮੪੪ ਈ: ਦੇ ਦਸੰਬਰ ਦੀ ਇੱਕੀ ਤਾਰੀਖ਼ ਸੀ। ਹੀਰਾ ਸਿੰਘ ਦਾ ਸਾਰਾ ਸਾਮਾਨ ਫ਼ੌਜਾਂ ਨੇ ਲੁੱਟ ਲਿਆ ਤੇ ਚੋਣਵੇਂ ਬੰਦਿਆਂ ਦੇ ਸਿਰ ਵੱਢ ਲਏ। ਲਾਹੌਰ ਆ ਕੇ ਉਹ ਸਿਰ ਬਾਜ਼ਾਰਾਂ ਵਿੱਚ ਫੇਰੇ ਗਏ। ਅੰਤ ਹੀਰਾ ਸਿੰਘ ਦਾ ਸਿਰ ਲੋਹਾਰੀ ਦਰਵਾਜ਼ੇ, ਲਾਭ ਸਿੰਘ ਦਾ ਮੋਰੀ ਦਰਵਾਜ਼ੇ ਤੇ ਸੋਹਣ ਸਿੰਘ ਦਾ ਸ਼ਾਹਾਲਮੀ ਦਰਵਾਜ਼ੇ ਅੱਗੇ ਟੰਗੇ ਗਏ। ਬਾਕੀ ਰਿਹਾ ਪੰਡਤ ਜੱਲ੍ਹੇ ਦਾ ਸਿਰ । ਕਈ ਦਿਨ ਦੁਕਾਨਾਂ ਤੋਂ ਕੌਡੀਆਂ ਉਗਰਾਹ ਕੇ ਅੰਤ ਉਹ ਸਿਰ ਕੁੱਤਿਆਂ ਅੱਗੇ ਪਾਇਆ ਗਿਆ।

ਪੰਡਤ ਜੱਲ੍ਹਾ ਨੇ ਇਹ ਵੀ ਖੜਯੰਤ੍ਰ ਰਚਿਆ ਸੀ ਕਿ ਦਲੀਪ ਸਿੰਘ ਨੂੰ ਤਖ਼ਤੋਂ ਉਤਾਰ ਕੇ, ਮ. ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਤਖ਼ਤ ‘ਤੇ ਬਿਠਾਇਆ ਜਾਵੇ ਕਿਉਂਕਿ ਜੱਲ੍ਹਾ ਸਮਝਦਾ ਸੀ ਕਿ ਜਿੰਦ ਕੌਰਾਂ ਵਰਗੀ ਸਮਝਦਾਰ ਤੇ ਨੀਤੀਵਾਨ ਇਸਤਰੀ ਨੂੰ ਰਾਜ-ਦਰਬਾਰ ਤੋਂ ਦੂਰ ਰੱਖਣਾ ਹੀ ਚੰਗਾ ਹੈ। ਜਿੰਦਾਂ ਨੇ ਜੱਲ੍ਹੇ ਦੀਆਂ ਇਹੋ ਜਿਹੀਆਂ ਸਾਰੀਆਂ ਚਾਲਾਂ ਨਿਸਫਲ ਬਣਾ ਦਿੱਤੀਆਂ। ਜੱਲ੍ਹਾ ਇਹੋ ਜਿਹੀਆਂ ਗੋਂਦਾਂ ਦਿਲ ਦੀਆਂ ਦਿਲ ਵਿੱਚ ਹੀ ਲੈ ਕੇ ਚਲਾ ਗਿਆ।

ਰਾਜਾ ਹੀਰਾ ਸਿੰਘ ਪਿੱਛੋਂ, ਮ. ਜਿੰਦਾਂ ਦਾ ਭਰਾ ਸ. ਜਵਾਹਰ ਸਿੰਘ ਵਜ਼ੀਰ ਬਣਿਆ। ਜਵਾਹਰ ਸਿੰਘ ਪੱਕਾ ਸ਼ਰਾਬੀ ਤੇ ਕਾਹਲੇ ਸੁਭਾਅ ਦਾ ਸੀ ।

ਜਦ ਨਿਯਮ ਕੋਈ ਨਾ ਰਹੇ ਤੇ ਆਪਾ ਧਾਪੀ ਪੈ ਜਾਏ ਤਾਂ ਹਰ ਇਕ ਦੇ ਮਨ ਵਿੱਚ ਸਭ ਕਾਸੇ ਦਾ ਮਾਲਕ ਬਣਨ ਦੀ ਇੱਛਿਆ ਪੈਦਾ ਹੋ ਜਾਂਦੀ ਹੈ। ਕੰਵਰ ਪਸ਼ੌਰਾ ਸਿੰਘ, ਦਲੀਪ ਸਿੰਘ ਨਾਲੋਂ ਵੱਡਾ ਸੀ। ਰਾਜ ਗੱਦੀ ਉੱਤੇ ਉਹ ਆਪਣਾ ਹੱਕ ਵਧੇਰੇ ਸਮਝਦਾ ਸੀ। ਕੁਛ ਸਰਦਾਰਾਂ ਦੀ ਸਲਾਹ ਨਾਲ ਉਹ ਲਾਹੌਰ ਆ ਗਿਆ। ਉਹਨੇ ਵੀ ਫ਼ੌਜਾਂ ਦਾ ਹੀ ਆਸਰਾ ਲਿਆ ਕਿਉਂਕਿ ਉਸ ਵੇਲੇ ਸਾਰੀ ਤਾਕਤ ਫ਼ੌਜੀ ਪੰਚਾਂ ਦੇ ਹੱਥ ਵਿੱਚ ਸੀ। ਫ਼ੌਜ ਹੀ ਕਿਸੇ ਨੂੰ ਤਖ਼ਤ ‘ਤੇ ਬਿਠਾਵੇ ਤੇ ਕਿਸੇ ਨੂੰ ਲਾਹਵੇ। ਪਸ਼ੌਰਾ ਸਿੰਘ ਨੇ ਫ਼ੌਜਾਂ ਨੂੰ ਇਨਾਮ ਦੇਣ ਦਾ ਲਾਲਚ ਦੇ ਕੇ ਕੁਛ ਪੰਚਾਂ ਨੂੰ ਆਪਣੇ ਨਾਲ ਗੰਢ ਲਿਆ। ਕੁਛ ਸਰਦਾਰਾਂ ਨੇ ਉਹਨੂੰ ਰਾਜ ਦਾ ਅਸਲੀ ਹੱਕਦਾਰ ਮੰਨ ਕੇ ਨਜ਼ਰਾਨੇ ਵੀ ਤਾਰੇ। ਇਹ ਖ਼ਬਰ ਸੁਣ ਕੇ ਸ. ਜਵਾਹਰ ਸਿੰਘ ਉਹਦੇ ਉੱਤੇ ਹਮਲਾ ਕਰਨ ਲਈ ਤਿਆਰ ਹੋ ਪਿਆ। ਜਿੰਦਾਂ ਬਹੁਤ ਸਮਝਦਾਰ ਸੀ। ਉਹਨੇ ਆਪਣੇ ਭਰਾ ਨੂੰ ਲੜਾਈ ਕਰਨ ਤੋਂ ਰੋਕ ਦਿੱਤਾ। ਨਾਲ ਹੀ ਉਹਨੇ ਕੰਵਰ ਪਸ਼ੌਰਾ ਸਿੰਘ ਨੂੰ ਰਾਜ ਮਹਿਲਾਂ ਵਿੱਚ ਬੁਲਾ ਕੇ ਉਹਦਾ ਬਹੁਤ ਸਤਿਕਾਰ ਕੀਤਾ। ਉਹਨੂੰ ਦਲੀਪ ਸਿੰਘ ਦੇ ਨਾਲ ਬਿਠਾ ਕੇ ਖੁਆਇਆ ਪਿਆਇਆ ਤੇ ਜਿੰਦਾਂ ਨੇ ਉਸ ਨੂੰ ਵੀ ਆਪਣੇ ਪੁੱਤਰ ਵਾਂਗ ਪਿਆਰ ਕੀਤਾ। ਇਸ ਸਲੂਕ ਦਾ ਪਸ਼ੌਰਾ ਸਿੰਘ ਦੇ ਦਿਲ ‘ਤੇ ਚੰਗਾ ਅਸਰ ਪਿਆ। ਉਹ ਜਿੰਦਾਂ ਦੇ ਬਹੁਤ ਨੇੜੇ ਹੋ ਗਿਆ। ਜਵਾਹਰ ਸਿੰਘ ਇਹ ਵੇਖ ਕੇ ਸਹਾਰ ਨਾ ਸਕਿਆ। ਉਹ ਵਿੱਚੇ-ਵਿੱਚ ਸੜ ਭੱਜ ਗਿਆ। ਉਹਨੂੰ ਭੈਅ ਪੈਦਾ ਹੋ ਗਿਆ ਕਿ ਪਸ਼ੌਰਾ ਸਿੰਘ ਉਹਦੀ ਵਜ਼ੀਰੀ ਨਾ ਖੋਹ ਲਵੇ। ਸੋ ਜਵਾਹਰ ਸਿੰਘ ਦੇ ਵਰਤਾਉ ਵਿੱਚ ਢੇਰ ਫ਼ਰਕ ਆ ਗਿਆ। ਉਹਦੀਆਂ ਵੱਟੀਆਂ ਹੋਈਆਂ ਅੱਖਾਂ ਵੇਖ ਕੇ ਕੰਵਰ ਪਸ਼ੌਰਾ ਸਿੰਘ ਮਹਿਲ ਛੱਡ ਕੇ ਫ਼ੌਜਾਂ ਵਿੱਚ ਚਲਾ ਗਿਆ। ਜਵਾਹਰ ਸਿੰਘ ਨੇ ਫ਼ੌਜਾਂ ਨੂੰ ਇਨਾਮ ਦੇ ਕੇ ਫੇਰ ਆਪਣੇ ਨਾਲ ਗੰਢ ਲਿਆ। ਪੂਰਾ ਡਰ ਪੈਦਾ ਹੋ ਗਿਆ ਕਿ ਪਸ਼ੌਰਾ ਸਿੰਘ ਤੇ ਜਵਾਹਰ ਸਿੰਘ ਦੇ ਧੜਿਆਂ ਵਿੱਚ ਤਲਵਾਰ ਖੜਕ ਪਵੇਗੀ। ਜਿੰਦਾਂ ਨੇ ਏਸ ਵੇਲੇ ਬੜੀ ਦਲੇਰੀ ਤੋਂ ਕੰਮ ਲਿਆ। ਉਹਨੇ ਦੋਹਾਂ ਧੜਿਆਂ ਦੇ ਕੁਛ ਪੰਚਾਂ ਨੂੰ ਬੁਲਾ ਕੇ ਸੁਲ੍ਹਾ ਕਰਾ ਦਿੱਤੀ। ਪਸ਼ੌਰਾ ਸਿੰਘ ਨੂੰ ਦਰਬਾਰ ਵੱਲੋਂ ਤੁਹਫ਼ੇ ਦਿੱਤੇ ਗਏ ਤੇ ਨਾਲ ਹੀ ਜਾਗੀਰ ਵਿੱਚ ਵਾਧਾ ਕਰਨ ਦਾ ਇਕਰਾਰ ਕੀਤਾ ਗਿਆ। ਸਮਾਂ ਵਿਚਾਰ ਕੇ ਪਸ਼ੌਰਾ ਸਿੰਘ ਆਪਣੀ ਜਾਗੀਰ ਵਿੱਚ ਸਿਆਲਕੋਟ ਚਲਾ ਗਿਆ।

ਜਵਾਹਰ ਸਿੰਘ ਦੇ ਦਿਲ ਵਿੱਚ ਇਹ ਭੈਅ ਬਹਿ ਗਿਆ ਕਿ ਪਸ਼ੌਰਾ ਸਿੰਘ ਕਿਸੇ ਵੇਲੇ ਵੀ ਬਗ਼ਾਵਤ ਕਰਕੇ ਉਹਦੀ ਗੱਦੀ ਖੋਹ ਸਕਦਾ ਹੈ। ਸੋ ਉਹਨੇ ਪਸ਼ੌਰਾ ਸਿੰਘ ਨੂੰ ਖ਼ਤਮ ਕਰਨ ਦੀ ਧਾਰ ਲਈ। ਇਸ ਬਾਰੇ ਉਹਨੇ ਜਿੰਦਾਂ ਨਾਲ ਵੀ ਸਲਾਹ ਨਾ ਕੀਤੀ। ਉਹਨੂੰ ਪੱਕਾ ਯਕੀਨ ਸੀ ਕਿ ਜਿੰਦਾਂ ਅਜਿਹੀ ਗੋਂਦ ਵਿੱਚ ਕਦੇ ਸਹਿਮਤ ਨਹੀਂ ਹੋਵੇਗੀ।

ਏਸੇ ਸਮੇਂ ਰਾਜਾ ਗੁਲਾਬ ਸਿੰਘ ਡੋਗਰੇ ਨੇ ਕੰਵਰ ਪਸ਼ੌਰਾ ਸਿੰਘ ਨੂੰ ਚੁੱਕ-ਚੁਕਾ ਕੇ ਸਿਆਲਕੋਟ ਵਿੱਚ ਗ਼ਦਰ ਕਰਵਾ ਦਿੱਤਾ। ਦੂਜੇ ਪਾਸੇ ਗੁਲਾਬ ਸਿੰਘ ਨੇ ਇਹ ਸਾਰਾ ਹਾਲ ਸ. ਜਵਾਹਰ ਸਿੰਘ ਨੂੰ ਲਿਖ ਭੇਜਿਆ। ਪਸ਼ੌਰਾ ਸਿੰਘ ਨੇ ਸਿਆਲਕੋਟੋਂ ਤੁਰ ਕੇ ਕਿਲ੍ਹਾ ਅਟਕ ਉੱਤੇ ਕਬਜ਼ਾ ਜਾ ਕੀਤਾ। ਇਲਾਕੇ ਦੀਆਂ ਕੁਛ ਫ਼ੌਜਾਂ ਵੀ ਉਹਦੇ ਨਾਲ ਆ ਮਿਲੀਆਂ। ਉਹਨੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਉਹਦੇ ਹਮਾਇਤੀ ਸਰਦਾਰਾਂ ਨੇ ਉਸ ਨੂੰ ‘ਮਹਾਰਾਜਾ’ ਮੰਨ ਕੇ ਨਜ਼ਰਾਨੇ ਤਾਰੇ।

ਇਹ ਖ਼ਬਰਾਂ ਸੁਣਕੇ ਸ. ਜਵਾਹਰ ਸਿੰਘ ਬੜਾ ਘਬਰਾਇਆ। ਜਿੰਦਾਂ ਦੀ ਸਲਾਹ ਉਹਨੇ ਅਜੇ ਵੀ ਜ਼ਰੂਰੀ ਨਾ ਸਮਝੀ। ਉਹਨੇ ਫ਼ਤਹਿ ਖ਼ਾਂ ਟਿਵਾਣੇ ਤੇ ਸ. ਚਤਰ ਸਿੰਘ ਅਟਾਰੀ ਨੂੰ ਅਟਕ ਪਹੁੰਚਣ ਦੇ ਹੁਕਮ ਭੇਜੇ। ਫ਼ਤਹਿ ਖਾਂ ਡੇਹਰਾ ਇਸਮਾਈਲ ਖ਼ਾਂ ਤੋਂ, ਤੇ ਚਤਰ ਸਿੰਘ ਹਜ਼ਾਰੇ ਤੋਂ ਚੱਲ ਕੇ ਸਣੇ ਫ਼ੌਜ ਅਟਕ ਪਹੁੰਚ ਗਏ। ਦੋਹਾਂ ਜਰਨੈਲਾਂ ਨੇ ਜਾਚਿਆ ਕਿ ਫ਼ੌਜ ਦੀ ਹਮਦਰਦੀ ਕੰਵਰ ਪਸ਼ੌਰਾ ਸਿੰਘ ਨਾਲ ਹੈ। ਉਹਨਾਂ ਸਮੇਂ ਦੀ ਨਜ਼ਾਕਤ ਨੂੰ ਤਾੜ ਕੇ, ਹਮਲਾ ਕਰਨ ਦੀ ਥਾਂ ਸੁਲ੍ਹਾ ਦੀ ਗੱਲ-ਬਾਤ ਤੋਰੀ। ਇਸ ਸੁਲ੍ਹਾ ਦੇ ਮਸਲੇ ਵਿੱਚ ਮਹਾਰਾਣੀ ਜਿੰਦਾਂ ਦਾ ਨਾਮ ਵਰਤਿਆ ਗਿਆ। ਪਸ਼ੌਰਾ ਸਿੰਘ ਦੇ ਦਿਲ ਉੱਤੇ ਜਿੰਦਾਂ ਦਾ ਚੰਗਾ ਅਸਰ ਸੀ। ਉਹ ਸੁਲ੍ਹਾ ਕਰਨੀ ਮੰਨ ਗਿਆ। ਉਹਨੇ ਰਾਜ਼ੀਨਾਵੇਂ ਅਟਕ ਦਾ ਕਿਲ੍ਹਾ ਖ਼ਾਲੀ ਕਰ ਦਿੱਤਾ। ਅਗਲੇ ਦਿਨ ਫ਼ਤਹਿ ਖ਼ਾਂ, ਚਤਰ ਸਿੰਘ ਤੇ ਪਸ਼ੌਰਾ ਸਿੰਘ, ਤਿੰਨੇ ਲਾਹੌਰ ਨੂੰ ਤੁਰ ਪਏ। ਰਾਹ ਵਿੱਚ ਉਹ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਵਾਸਤੇ ਰਾਤ ਠਹਿਰੇ। ਏਥੇ ਹੀ ਰਾਤੀਂ ਸੁੱਤੇ ਪਏ ਪਸ਼ੌਰਾ ਸਿੰਘ ਨੂੰ ਧੋਖੇ ਨਾਲ ਬੰਨ੍ਹ ਲਿਆ ਤੇ ਅਗਲੇ ਦਿਨ ਕਿਲ੍ਹਾ ਅਟਕ ਦੇ ਕਾਲੇ ਬੁਰਜ ਵਿੱਚ ਕੈਦ ਜਾ ਕੀਤਾ। ਪਿੱਛੋਂ ਜਵਾਹਰ ਸਿੰਘ ਵੱਲੋਂ ਸਖ਼ਤ ਹੁਕਮ ਪਹੁੰਚਿਆ ਕਿ ਜਿੰਨੀ ਛੇਤੀ ਹੋ ਸਕੇ, ਕੰਵਰ ਨੂੰ ਖ਼ਤਮ ਕੀਤਾ ਜਾਵੇ। ਸੋ, ਤੀਹ ਅਗਸਤ, ੧੮੪੫ ਈ: ਦੀ ਰਾਤ ਨੂੰ ਕੰਵਰ ਪਸ਼ੌਰਾ ਸਿੰਘ ਨੂੰ ਕਤਲ ਕਰਕੇ ਦਰਿਆ ਅਟਕ ਵਿੱਚ ਰੋੜ੍ਹ ਦਿੱਤਾ ਗਿਆ।

ਇਹ ਖ਼ਬਰ ਲਾਹੌਰ ਪਹੁੰਚੀ ਤਾਂ ਸੁਣ ਕੇ ਜਿੰਦ ਕੌਰਾਂ ਬਹੁਤ ਘਬਰਾਈ । ਉਹ ਸਮਝਦੀ ਸੀ ਕਿ ਮੇਰੇ ਭਰਾ ਦੀ ਹੁਣ ਖ਼ੈਰ ਨਹੀਂ।

ਪਸ਼ੌਰਾ ਸਿੰਘ ਦੇ ਮਰਨ ਪਿੱਛੋਂ ਸ਼ੇਰੇ ਪੰਜਾਬ ਦਾ ਇਕੋ ਸ਼ਾਹਜ਼ਾਦਾ ਦਲੀਪ ਸਿੰਘ ਹੀ ਰਹਿ ਗਿਆ ਸੀ। ਕੰਵਰ ਤਾਰਾ ਸਿੰਘ ਕੁਦਰਤੀ ਮੌਤ ਮਰ ਗਿਆ ਸੀ। ਕੰਵਰ ਮੁਲਤਾਨਾ ਸਿੰਘ ਚੁਪਚਾਪ ਭੇਸ ਬਦਲ ਕੇ ਕਾਬਲ ਨੂੰ ਨੱਸ ਗਿਆ ਸੀ। ਸੱਤਾਂ ਵਿੱਚੋਂ ਕੇਵਲ ਇਕ ਦਲੀਪ ਸਿੰਘ ਰਹਿ ਗਿਆ ਸੀ । ਲੋਕ ਸੋਚਦੇ, ਜੇ ਇਹਨੂੰ ਕੁਛ ਹੋ ਜਾਵੇ, ਤਾਂ ਫੇਰ ਕੀ ਬਣੇ ? ਕੰਵਰ ਪਸ਼ੌਰਾ ਸਿੰਘ ਦੀ ਮੌਤ ਦਾ ਲੋਕਾਂ ਉੱਤੇ ਬਹੁਤ ਅਸਰ ਸੀ। ਸੋ, ਏਸ ਕਤਲ ਉੱਤੇ ਲਗਭਗ ਸਾਰੀ ਫ਼ੌਜ ਭੜਕ ਉਠੀ। ਮੀਆਂ ਅਰਬੇਲ ਸਿੰਘ ਡੋਗਰੇ ਦਾ ਪੁੱਤਰ ਪਿਰਥੀ ਸਿੰਘ ਬਾਗ਼ੀਆਂ ਦਾ ਆਗੂ ਬਣ ਗਿਆ । ਉਹ ਥਾਂ-ਥਾਂ ਫ਼ੌਜਾਂ ਵਿੱਚ ਫਿਰਕੇ ਬੜੇ ਜੋਸ਼ੀਲੇ ਸ਼ਬਦਾਂ ਵਿੱਚ ਪਸ਼ੌਰਾ ਸਿੰਘ ਦੀ ਮੌਤ ਦਾ ਜ਼ਿਕਰ ਕਰਦਾ ਤੇ ਫ਼ੌਜਾਂ ਨੂੰ ਬਦਲਾ ਲੈਣ ਵਾਸਤੇ ਪ੍ਰੇਰਦਾ। ਜਵਾਹਰ ਸਿੰਘ ਦੇ ਵਿਰੋਧੀ ਵੀ ਬਥੇਰੇ ਸਨ। ਉਹਨਾਂ ਪਿਰਥੀ ਸਿੰਘ ਰਾਹੀਂ ਬਹੁਤ ਸਾਰਾ ਧਨ ਫ਼ੌਜਾਂ ਵਿੱਚ ਵੰਡਿਆ। ਧਨ ਦੇ ਲਾਲਚ ਤੇ ਕੰਵਰ ਦੀ ਮੌਤ ਦੇ ਗੁੱਸੇ ਦਾ ਨਤੀਜਾ, ਸਾਰੀ ਫ਼ੌਜ ਜਵਾਹਰ ਸਿੰਘ ਦੇ ਵਿਰੁੱਧ ਭੜਕ ਉੱਠੀ। ਛਾਉਣੀ ਵਿੱਚੋਂ ਉਠ ਕੇ ਫ਼ੌਜ ਨੇ ਸ਼ਹਿਰ ਤੇ ਕਿਲ੍ਹੇ ਨੂੰ ਘੇਰਾ ਪਾ ਲਿਆ। ਪਿਰਥੀ ਸਿੰਘ, ਜੋ ਉਸ ਵੇਲੇ ਸਾਰੀ ਫ਼ੌਜ ਦਾ ਲੀਡਰ ਬਣਿਆ ਹੋਇਆ ਸੀ, ਨੇ ਜਵਾਹਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਸਾਹਮਣੇ ਆ ਕੇ ਪਸ਼ੌਰਾ ਸਿੰਘ ਦੇ ਕਤਲ ਬਾਰੇ ਕੋਈ ਸਫ਼ਾਈ ਪੇਸ਼ ਕਰਨੀ ਹੈ ਤਾਂ ਕਰ ਲਵੋ, ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋਵੋ। ਨਾਲ ਹੀ ਉਹਨੇ ਜਵਾਹਰ ਸਿੰਘ ਦੀ ਫ਼ੌਜ ਨੂੰ ਹੁਕਮ ਭੇਜ ਦਿੱਤਾ ਕਿ ਜੇ ਕਿਸੇ ਨੇ ਬਾਹਰਲੀ ਫ਼ੌਜ ਦਾ ਟਾਕਰਾ ਕੀਤਾ, ਤਾਂ ਸਭ ਤੋਪਾਂ ਅੱਗੇ ਉਡਾਏ ਜਾਣਗੇ। ਇਹ ਹੁਕਮ ਸੁਣ ਕੇ ਜਵਾਹਰ ਸਿੰਘ ਦੀ ਆਪਣੀ ਫ਼ੌਜ ਵੀ ਉਹਦੇ ਵਿਰੁੱਧ ਹੋ ਗਈ।

ਜਵਾਹਰ ਸਿੰਘ ਵਾਸਤੇ ਬਚਾਓ ਦਾ ਕੋਈ ਰਾਹ ਨਾ ਰਿਹਾ। ਉਹਨੇ ਮਹਾਰਾਣੀ ਜਿੰਦਾਂ ਦਾ ਆਸਰਾ ਲਿਆ। ਜਵਾਹਰ ਸਿੰਘ ਤੇ ਜਿੰਦਾਂ ਨੇ ਫ਼ੌਜ ਦੀ ਤਨਖ਼ਾਹ ਵਧਾ ਦੇਣ ਦਾ ਲਿਖਤੀ ਇਕਰਾਰ ਭੇਜਿਆ ਪਰ ਫ਼ੌਜ ਮੰਨੀ ਨਾ। ਅੰਤ ਜਵਾਹਰ ਸਿੰਘ ਆਪਣੀ ਭੈਣ ਨੂੰ ਨਾਲ ਲੈ ਕੇ ਫ਼ੌਜ ਦੇ ਪੇਸ਼ ਹੋਣ ਵਾਸਤੇ ਤੁਰ ਪਿਆ। ਇਕ ਹਾਥੀ ਉੱਤੇ ਬਹੁਤ ਸਾਰੀਆਂ ਧਨ ਦੀਆਂ ਥੈਲੀਆਂ ਲੈ ਕੇ ਮਹਾਰਾਣੀ ਜਿੰਦਾਂ ਬੈਠੀ ਸੀ। ਇਕ ਹਾਥੀ ਉੱਤੇ ਸ. ਜਵਾਹਰ ਸਿੰਘ ਵਜ਼ੀਰ ਬੈਠਾ ਸੀ। ਬਾਲਕ ਮਹਾਰਾਜਾ ਦਲੀਪ ਸਿੰਘ ਉਹਦੀ ਗੋਦ ਵਿੱਚ ਸੀ। ਪਿੱਛੇ-ਪਿੱਛੇ ਜਵਾਹਰ ਸਿੰਘ ਦੇ ਕੁਛ ਮਿੱਤਰ ਵੀ ਸਨ। ਇਹ ਗੱਲ ਇੱਕੀ ਸਤੰਬਰ, ੧੮੪੫ ਈ: ਦੀ ਹੈ। ਜਵਾਹਰ ਸਿੰਘ ਸਣੇ ਸਾਥੀਆਂ ਫ਼ੌਜ ਵਿੱਚ ਪੁੱਜਾ ਤਾਂ ਪਿਰਥੀ ਸਿੰਘ ਤੇ ਦੀਵਾਨ ਜਵਾਹਰ ਮੱਲ ਦੇ ਸਿਪਾਹੀਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ। ਜਿੰਦਾਂ ਤੇ ਜਵਾਹਰ ਸਿੰਘ ਬਥੇਰੇ ਵਾਸਤੇ ਪਾ ਰਹੇ ਤੇ ਇਨਾਮ ਦਾ ਲਾਲਚ ਦੇ ਰਹੇ, ਪਰ ਫ਼ੌਜ ਨੇ ਇਕ ਨਾ ਮੰਨੀ। ਸਿਪਾਹੀਆਂ ਨੇ ਬੰਦੂਕਾਂ ਦੀਆਂ ਨਾਲੀਆਂ ਸਿੱਧੀਆਂ ਕਰ ਦਿੱਤੀਆਂ। ਹੁਕਮ ਪਾ ਕੇ ਮਹਾਵਤ ਨੇ ਵਜ਼ੀਰ ਦਾ ਹਾਥੀ ਬਿਠਾ ਦਿੱਤਾ। ਦੋ ਸਿਪਾਹੀਆਂ ਨੇ ਜਵਾਹਰ ਸਿੰਘ ਕੋਲੋਂ ਦਲੀਪ ਸਿੰਘ ਨੂੰ ਖੋਹ ਲਿਆ । ਪਿਰਥੀ ਸਿੰਘ ਦਾ ਇਸ਼ਾਰਾ ਪਾ ਕੇ ਦੋ ਪਾਸਿਆਂ ਤੋਂ ਗੋਲੀਆਂ ਦਾਗ਼ੀਆਂ ਗਈਆਂ। ਇਕ ਗੋਲੀ ਜਵਾਹਰ ਸਿੰਘ ਦੀ ਵੱਖੀ ਵਿੱਚ ਵੱਜੀ ਤੇ ਦੂਜੀ ਮੱਥੇ ਵਿੱਚ। ਵਜ਼ੀਰ ਲਹੂ ਲੁਹਾਣ ਹੋ ਕੇ ਹੌਦੇ ਵਿੱਚ ਉਲਰ ਪਿਆ। ਉਹਨੂੰ ਦੋ ਸਿਪਾਹੀਆਂ ਨੇ ਧੂਹ ਕੇ ਥੱਲੇ ਸੁੱਟ ਲਿਆ ਤੇ ਤਲਵਾਰ ਨਾਲ ਉਹਦਾ ਸਿਰ ਵੱਢ ਲਿਆ। ਨਾਲ ਹੀ ਭਾਈ ਰਤਨ ਸਿੰਘ, ਭਾਈ ਚੇਤਾ ਤੇ ਵਜ਼ੀਰ ਦੇ ਹੋਰ ਕਈ ਸਾਥੀ ਕਤਲ ਕਰ ਦਿੱਤੇ ਗਏ। ਜਿਹੜਾ ਧਨ ਜਿੰਦਾਂ ਤੇ ਜਵਾਹਰ ਸਿੰਘ ਇਨਾਮ ਵਾਸਤੇ ਨਾਲ ਲਿਆਏ ਸਨ, ਫ਼ੌਜ ਨੇ ਲੁੱਟ ਲਿਆ।

ਭਰਾ ਦਾ ਖੂਨ ਹੋਇਆ ਵੇਖ ਕੇ ਜਿੰਦਾਂ ਰੋਣ ਪਿੱਟਣ ਲੱਗ ਪਈ। ਫ਼ੌਜ ਨੇ ਇਕ ਤੰਬੂ ਵਿੱਚ ਜਿੰਦਾਂ ਨੂੰ ਤੇ ਇਕ ਵਿੱਚ ਦਲੀਪ ਸਿੰਘ ਨੂੰ ਬੰਦ ਕਰ ਦਿੱਤਾ। ਰਾਤ ਭਰ ਉਹ ਫ਼ੌਜ ਦੇ ਸਖ਼ਤ ਪਹਿਰੇ ਵਿੱਚ ਰਹੀ। ਸਾਰੀ ਰਾਤ ਉਹ ਉੱਚੀ-ਉੱਚੀ ਵੈਣ ਪਾ ਕੇ ਪਿਟਦੀ ਰਹੀ ਤੇ ਸਿਰ ਦੇ ਵਾਲ ਖੁਹੰਦੀ ਰਹੀ। ਉਹਨੇ ਆਪਣੇ ਹੁਲੀਆ ਪਾਗ਼ਲਾਂ ਵਾਲਾ ਬਣਾ ਲਿਆ।

ਦਿਨੇ ਫ਼ੌਜ ਦੇ ਕੁਛ ਸਰਪੰਚ ਜਿੰਦਾਂ ਦੇ ਹਾਜ਼ਰ ਹੋਏ। ਉਹਨਾਂ ਬੜੀ ਆਜਜ਼ੀ ਨਾਲ ਫ਼ੌਜ ਦੀ ਗ਼ਲਤੀ ਬਾਰੇ ਮਹਾਰਾਣੀ ਤੋਂ ਮਾਫ਼ੀ ਮੰਗੀ ਤੇ ਅਗਾਂ ਵਾਸਤੇ ਉਹਦੇ ਆਗਿਆਕਾਰ ਰਹਿਣ ਦਾ ਪ੍ਰਣ ਕੀਤਾ। ਜਵਾਹਰ ਸਿੰਘ ਦੀ ਲੋਥ ਉਹਦੇ ਹਵਾਲੇ ਕਰ ਦਿੱਤੀ ਗਈ। ਏਸ ਸ਼ਰਤ ‘ਤੇ ਦਲੀਪ ਸਿੰਘ ਵੀ ਉਹਨੂੰ ਦੇ ਦਿੱਤਾ ਗਿਆ ਕਿ ਉਹ ਮਹਾਰਾਜੇ ਨੂੰ ਕਿਸੇ ਕਿਸਮ ਦਾ ਕਸ਼ਟ ਨਹੀਂ ਪੁਚਾਵੇਗੀ।

ਪਿਛਲੇ ਪਹਿਰ ਮਸਤੀ ਦਰਵਾਜ਼ੇ ਦੇ ਬਾਹਰ ਜਵਾਹਰ ਸਿੰਘ ਦਾ ਸਸਕਾਰ ਕੀਤਾ ਗਿਆ। ਮਹਾਰਾਣੀ ਜਿੰਦਾਂ ਓਦੋਂ ਬਹੁਤ ਰੋਈ ਕੁਰਲਾਈ। ਉਹਦਾ ਵਿਰਲਾਪ ਸੁਣ ਕੇ ਪੱਥਰ ਵੀ ਕੁਰਲਾ ਉਠੇ। ਉਹਦੇ ਵਿਰੋਧੀਆਂ ਦੇ ਮਨ ਵੀ ਕੁਛ ਚਿਰ ਵਾਸਤੇ ਪਸੀਜ ਪਏ। ਬਹੁਤ ਸਾਰੇ ਸਰਪੰਚਾਂ ਨੇ ਮਿਲ ਕੇ ਜਿੰਦਾਂ ਨੇ ਹਡਕੋਰਿਆਂ ‘ਤੇ ਕਾਬੂ ਪਾ ਕੇ ਕਿਹਾ, “ਤੁਸਾਂ ਮੇਰੇ ਨਾਲ ਜੁੱਗੋਂ ਬਾਹਰੀ ਕੀਤੀ ਏ। ਤੁਸੀਂ ਮੇਰੇ ਭਰਾ ਨੂੰ ਕੈਦ ਕਰ ਲੈਂਦੇ, ਦੇਸੋਂ ਬਾਹਰ ਕੱਢ ਦੇਂਦੇ, ਪਰ ਭੈਣ ਦੀਆਂ ਅੱਖਾਂ ਸਾਹਮਣੇ ਉਹਦਾ ਖੂਨ ਨਾ ਕਰਦੇ। ਨਹੀਂ ਤਾਂ ਤੁਸੀਂ ਮੈਨੂੰ ਵੀ ਨਾਲ ਹੀ ਮਾਰ ਘੱਤਦੇ। ਹੁਣ ਮੇਰਾ ਮਨ ਤਾਂ ਸ਼ਾਂਤ ਹੋਵੇਗਾ, ਜੇ ਜਵਾਹਰ ਸਿੰਘ ਦੇ ਕਾਤਲ ਮੇਰੇ ਹਵਾਲੇ ਕਰ ਦੇਵੋ।”

ਪਿਰਥੀ ਸਿੰਘ ਡੋਗਰਾ ਰਾਤੋ-ਰਾਤ ਜੰਮੂ ਨੂੰ ਨੱਸ ਗਿਆ ਸੀ। ਦੀਵਾਨ ਜਵਾਹਰ ਮੱਲ ਨੂੰ ਫੜ ਕੇ ਫ਼ੌਜਾਂ ਨੇ ਜਿੰਦਾਂ ਦੇ ਹਵਾਲੇ ਕਰ ਦਿੱਤਾ। ਕੁਛ ਮਹੀਨੇ ਕੈਦ ਰੱਖ ਕੇ ਜਿੰਦਾਂ ਨੇ ਉਹਨੂੰ ਵੀ ਰਿਹਾਅ ਕਰ ਦਿੱਤਾ।

ਸ. ਜਵਾਹਰ ਸਿੰਘ ਦੇ ਮਾਰੇ ਜਾਣ ਨਾਲ ਸਿੱਖ ਸਰਦਾਰਾਂ ਦੇ ਦਿਲ ‘ਤੇ ਏਨਾ ਭੈਅ ਬੈਠ ਗਿਆ ਕਿ ਫਿਰ ਵਜ਼ੀਰ ਬਣਨ ਦੀ ਹਾਮੀ ਕੋਈ ਨਾ ਭਰੇ। ਫ਼ੌਜ ਏਨੀ ਆਪ-ਹੁਦਰੀ ਹੋ ਗਈ ਸੀ ਕਿ ਉਹਦੇ ਹੱਥੋਂ ਕਿਸੇ ਦਾ ਵੀ ਕਤਲ ਕਰਾਇਆ ਜਾ ਸਕਦਾ ਸੀ। ਫ਼ੌਜ ਨੂੰ ਕਾਬੂ ਰੱਖਣਾ ਹਰ ਇਕ ਆਪਣੀ ਸ਼ਕਤੀ ਤੋਂ ਬਾਹਰ ਸਮਝਦਾ ਸੀ।

ਰਾਜਾ ਧਿਆਨ ਸਿੰਘ ਡੋਗਰੇ ਦੇ ਵੱਡੇ ਭਰਾ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਨ ਵਾਸਤੇ ਕਿਹਾ ਗਿਆ, ਪਰ ਉਹਨੇ ਵਡੇਰੀ ਉਮਰ ਹੋਣ ਦੇ ਬਹਾਨੇ ਨਾਂਹ ਕਰ ਦਿੱਤੀ। ਫਿਰ ਲਾਲ ਸਿੰਘ, ਤੇਜ ਸਿੰਘ ਆਦਿ ਕੁਛ ਹੋਰ ਸਰਦਾਰਾਂ ਨੂੰ ਵੀ ਕਿਹਾ ਗਿਆ, ਪਰ ਹਾਮੀ ਕਿਸੇ ਨਾ ਭਰੀ। ਅੰਤ ਮਹਾਰਾਣੀ ਜਿੰਦ ਕੌਰਾਂ ਨੇ ਸਾਰੀ ਤਾਕਤ ਆਪਣੇ ਹੱਥ ‘ਚ ਲੈ ਲਈ ਤੇ ਪੰਚਾਇਤ ਬਣਾ ਕੇ ਉਹਦੀ ਮਦਦ ਨਾਲ ਰਾਜ ਕਰਨ ਲੱਗੀ। ਪੰਚਾਇਤ ਦੇ ਸਿਰਕਰਦੇ ਮੈਂਬਰ ਦੀਵਾਨ ਦੀਨਾ ਨਾਥ, ਭਾਈ ਰਾਮ ਸਿੰਘ, ਮਿਸਰ ਲਾਲ ਸਿੰਘ ਆਦਿ ਸਨ। ਭਗਤ ਰਾਮ ਤੇ ਫ਼ਕੀਰ ਨੂਰ ਦੀਨ ਤਨਖ਼ਾਹ ਵੰਡਣ ‘ਤੇ ਲਾਏ ਗਏ।

ਛੋਟੀ ਜਿਹੀ ਜਿੰਦਾਂ ਨੇ ਨੂਰ ਜਹਾਨ ਬੇਗ਼ਮ ਦੀ ਕਹਾਣੀ ਪੜ੍ਹ ਕੇ ਕਦੇ ਕਿਹਾ ਸੀ, ‘ਮੈਂ ਵੀ ਰਾਜ ਕਰਾਂਗੀ। ਉਹਨੂੰ ਰਾਜ ਕਰਨ ਦਾ ਸਮਾਂ ਤਾਂ ਮਿਲ ਗਿਆ, ਪਰ ਬੜੇ ਮਹਿੰਗੇ ਮੁੱਲ।

ਜਿੰਦਾਂ ਬਾਰੇ ਲੇਡੀ ਲਾਗਨ ਲਿਖਦੀ ਹੈ, “ਮਹਾਰਾਣੀ ਜਿੰਦਾਂ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿੱਚ, ਉਸਦੀ ਪ੍ਰਤਿਪਾਲਕਾ (Regent ਸਰਪ੍ਰਸਤ) ਬਣੀ। ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ। ਉਸਦਾ ਪੰਚਾਇਤਾਂ ਵਿੱਚ ਬੜਾ ਅਸਰ ਸੀ। ਉਹ ਨੀਤੀ ਨੂੰ ਸਮਝਣ ਵਾਲੀ (ਸਾਜ਼ਿਸ਼ਾਂ ਕਰਨ ਵਾਲੀ) ਤੇ ਵੱਡੇ ਹੌਸਲੇ ਵਾਲੀ ਸੀ। ਇਹੋ ਜਿਹੀ ਹਿੰਮਤ ਵਾਲੀ ਜਿੰਦਾਂ ਰਾਜ ਦੀ ਮਾਲਕ ਬਣੀ। ਪਰ ਅਫ਼ਸੋਸ, ਉਸ ਵੇਲੇ ਪੰਜਾਬ ਰਾਜ ਅੰਦਰੋਂ ਅਸਲੋਂ ਖੋਖਲਾ ਹੋ ਚੁੱਕਾ ਸੀ। ਉਸਦੇ ਵੱਡੇ-ਵੱਡੇ ਸਰਦਾਰ ਸਾਜ਼ਸ਼ਾਂ ਦੇ ਪੁਤਲੇ ਬਣ ਚੁੱਕੇ ਸਨ।

ਪੰਡਤ ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨਾ ਚਾਹੁੰਦੇ ਸਨ, ਸਗੋਂ ਤਾਕਤ ਦੇ ਡਾਢੇ ਭੁੱਖੇ ਸਨ, ਪਰ ਸਿੱਖ ਫ਼ੌਜ ਨੂੰ ਕਾਬੂ ਕਰਨ ਦੀ ਹਿੰਮਤ ਉਹਨਾਂ ਵਿੱਚ ਨਹੀਂ ਸੀ। ਅੰਤ ਉਹਨਾਂ ਇਕ ਰਾਹ ਲੱਭ ਲਿਆ । ਉਹਨਾਂ ਅੰਦਰ ਖ਼ਾਨੇ ਅੰਗਰੇਜ਼ ਅਫ਼ਸਰਾਂ ਨਾਲ ਗੰਢੀ। ਸਾਜ਼ਸ਼ ਇਹ ਬਣਾਈ ਗਈ ਕਿ ਖ਼ਾਲਸਾ ਫ਼ੌਜ ਨੂੰ ਅੰਗਰੇਜ਼ਾਂ ਨਾਲ ਟਕਰਾਅ ਕੇ ਮਰਵਾ ਦਿੱਤਾ ਜਾਏ ਤੇ ਫਿਰ ਅੰਗਰੇਜ਼ ਦੀ ਛਤਰ ਛਾਇਆ ਥੱਲੇ ਪੰਜਾਬ ਦੀ ਵਜ਼ਾਰਤ ਸੰਭਾਲੀ ਜਾਏ। ਇਹ ਗੋਂਦ ਅੱਤ ਘਿਨਾਉਣੀ ਤੇ ਦੇਸ਼ ਧਰੋਹ ਦੇ ਬਰਾਬਰ ਸੀ, ਪਰ ਰਾਜਸੀ ਤਾਕਤ ਦੇ ਭੁੱਖੇ ਲੀਡਰ ਸਭ ਕੁਛ ਕਰਨ ਵਾਸਤੇ ਤਿਆਰ ਹੋ ਜਾਂਦੇ ਹਨ।

ਅੰਗਰੇਜ਼ੀ ਸਰਕਾਰ ਦੀ ਬਦਲੀ ਹੋਈ ਪਾਲਿਸੀ ਨੇ ਪੰਜਾਬੀਆਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਸੀ। ਅੰਗਰੇਜ਼ ਕਰਮਚਾਰੀਆਂ ਦੀਆਂ ਵਧੀਕੀਆਂ ਤੋਂ ਖ਼ਾਲਸਾ ਫ਼ੌਜਾਂ ਚਿੜੀਆਂ ਬੈਠੀਆਂ ਸਨ । ਲਾਲ ਸਿੰਘ ਤੇਜ ਸਿੰਘ ਨੇ ਇਸ ਬੇਚੈਨ ਹਾਲਤ ਦਾ ਫ਼ਾਇਦਾ ਉਠਾ ਕੇ ਫ਼ੌਜਾਂ ਨੂੰ ਸਗੋਂ ਭੜਕਾ ਦਿੱਤਾ। ਸਿੱਖ ਸਿਪਾਹੀਆਂ ਨੂੰ ਯਕੀਨ ਹੋ ਗਿਆ ਕਿ ਹੁਣ ਲੜਾਈ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।

ਜਿੰਦਾਂ ਏਸ ਲੜਾਈ ਦੇ ਸਖ਼ਤ ਖ਼ਿਲਾਫ਼ ਸੀ। ਉਹ ਕਹਿੰਦੀ ਸੀ, ‘ਦਲੀਪ ਸਿੰਘ ਅਜੇ ਬਾਲਕ ਹੈ। ਸਾਡਾ ਆਪਣਾ ਘਰ ਪਾਟਾ ਹੋਇਆ ਹੈ। ਬਹੁਤੇ ਜਰਨੈਲ ਰਾਜ ਭਗਤ ਨਹੀਂ ਹਨ। ਇਸ ਹਾਲਤ ਵਿੱਚ ਅਸੀਂ ਅੰਗਰੇਜ਼ ਨਾਲ ਲੜ ਕੇ ਜਿੱਤ ਨਹੀਂ ਸਕਾਂਗੇ। ਸੋ, ਸਾਨੂੰ ਅਜੇ ਅੰਗਰੇਜ਼ ਨਾਲ ਨਹੀਂ ਲੜਨਾ ਚਾਹੀਦਾ।’

ਸ. ਸ਼ਾਮ ਸਿੰਘ ਅਟਾਰੀ ਵਰਗੇ ਕੁਛ ਸਮਝਦਾਰ ਸਰਦਾਰ ਜਿੰਦਾਂ ਦੀ ਰਾਏ ਨਾਲ ਸਹਿਮਤ ਸਨ । ਪਰ ਜੋਸ਼ੀਲਾ ਧੜਾ ਉਹਨਾਂ ਨੂੰ ਬੁਜ਼ਦਿਲ, ਪਿਛਾਂਹ ਖਿੱਚੂ ਤੇ—ਨਾ ਜਾਣੇ-ਕੀ-ਕੀ ਕੁਛ ਕਹਿਣ ਲੱਗ ਪਿਆ। ਉਹ ਲੋਕ ਆਮ ਜਨਤਾ ਵਿੱਚ ਕਹਿਣ ਲੱਗ ਪਏ, “ਇਹ ਲੋਕ ਲੜਾਈ ਤੋਂ ਰੋਕਣ ਵਾਲੇ ਕਾਇਰ ਹਨ। ਇਹਨਾਂ ਨੂੰ ਗੁਰੂ ਉੱਤੇ ਭਰੋਸਾ ਨਹੀਂ ਰਿਹਾ। ਇਹ ਬੇਮੁੱਖ ਹੋ ਗਏ ਹਨ। ਅਸੀਂ ਪੰਥ ਦੀ ਖ਼ਾਤਰ ਅੰਗਰੇਜ਼ ਨਾਲ ਜ਼ਰੂਰ ਲੜਾਂਗੇ । ਗੁਰੂ ਸਾਡੇ ਵੱਲ ਹੈ ਤੇ ਗੁਰੂ ਦਾ ਪੰਥ ਜ਼ਰੂਰ ਜਿੱਤੇਗਾ।”

ਮੁਕਦੀ ਗੱਲ, ਜਿੰਦਾਂ ਦੀ ਉਸ ਵੇਲੇ ਕਿਸੇ ਨਾ ਮੰਨੀ। ਲਾਲ ਸਿੰਘ ਦਾ ਧੜਾ ਸ਼ੇਰੇ-ਪੰਜਾਬ ਦੀ ਸਮਾਧ ਉੱਤੇ ਇਕੱਠਾ ਹੋਇਆ। ਫ਼ੌਜਾਂ ਸਾਹਮਣੇ ਉਹਨਾਂ ਬੜੀਆਂ ਜੋਸ਼ੀਲੀਆਂ ਤਕਰੀਰਾਂ ਕੀਤੀਆਂ ਤੇ ਅੰਤ ਸਤਾਰਾਂ ਨਵੰਬਰ, ੧੮੪੫ ਈ: ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ।

ਉਸ ਵੇਲੇ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਫ਼ੌਜ ਦਾ ਸੈਨਾਪਤੀ ਬਣਾਇਆ ਗਿਆ। ਇਹ ਦੋਵੇਂ ਅਹੁਦੇ ਕੰਮ ਚਲਾਊ (ਆਰਜ਼ੀ) ਸਨ। ਤੀਹ ਹਜ਼ਾਰ ਸਿੱਖ ਫ਼ੌਜ ਨੂੰ ਨਾਲ ਲੈ ਕੇ ਦੋਵੇਂ ਪੰਡਤ ਦਰਿਆ ਸਤਲੁਜ ਟੱਪ ਪਏ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਸਤਲੁਜ ਕੰਢੇ ਪੰਜ ਲੜਾਈਆਂ ਹੋਈਆਂ। ਸਿੱਖ ਸਿਪਾਹੀਆਂ ਨੇ ਲੜਨ ਵਿੱਚ ਬਹਾਦਰੀ ਵੱਲੋਂ ਅਖ਼ੀਰ ਕਰ ਦਿੱਤੀ। ਪਰ ਉਹਨਾਂ ਦੇ ਆਗੂ ਵੈਰੀ ਨਾਲ ਰਲੇ ਹੋਏ ਸਨ। ਸੋ ਲਾਲ ਸਿੰਘ ਆਦਿ ਦੀ ਗ਼ੱਦਾਰੀ ਦਾ ਸਦਕਾ ਸਿੱਖ ਇਹ ਜੰਗ ਹਾਰ ਗਏ।

ਮਹਾਰਾਣੀ ਜਿੰਦ ਕੌਰਾਂ ਤੇ ਸ. ਸ਼ਾਮ ਸਿੰਘ ਅਟਾਰੀ ਆਦਿ ਦੇਸ਼ ਭਗਤਾਂ ਨੇ ਹਰ ਕੁਰਬਾਨੀ ਕੀਤੀ ਪਰ ਗ਼ੱਦਾਰਾਂ ਦੀ ਖੋਟੀ ਕਰਤੂਤ ਨੇ ਅੰਤ ਬੇੜਾ ਡੋਬ ਹੀ ਦਿੱਤਾ।

ਮਹਾਰਾਣੀ ਜਿੰਦਾਂ ਸੋਹਣ ਸਿੰਘ ਸੀਤਲ | Maharani Jinda Sohan Singh Seetal

ਲੋਕਾਂ ਵਿੱਚ ਇਸ ਲੜਾਈ ਦਾ ਚਰਚਾ ਸ਼ੁਰੂ ਹੋਇਆ ਤਾਂ ਦੇਸ਼ ਦਰੋਹੀਆਂ ਨੇ ਸਾਰੇ ਦੋਸ਼ ਮਹਾਰਾਣੀ ਜਿੰਦਾਂ ਸਿਰ ਥੱਪਣੇ ਸ਼ੁਰੂ ਕਰ ਦਿੱਤੇ। ਓਦੋਂ ਦੀਆਂ ਉਡਾਈਆਂ ਹੋਈਆਂ ਝੂਠੀਆਂ ਅਫ਼ਵਾਹਾਂ ਅਜੇ ਤੱਕ ਅਨਪੜ੍ਹ ਤੇ ਇਤਿਹਾਸ ਤੋਂ ਅਣਜਾਨ ਲੋਕਾਂ ਵਿੱਚ ਚਲੀਆਂ ਆ ਰਹੀਆਂ ਨੇ। ਅਖੇ : ‘ਜਿੰਦਾਂ ਨੇ ਸਿੱਖਾਂ ਨੂੰ ਭੜਕਾ ਕੇ ਅੰਗਰੇਜ਼ਾਂ ਵਿਰੁੱਧ ਲੜਾਈ ਸ਼ੁਰੂ ਕਰਾਈ। ਜਿੰਦਾਂ ਨੇ ਸਿੱਖ ਫ਼ੌਜਾਂ ਵਿਰੁੱਧ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ। ਜਿੰਦਾਂ ਨੇ ਸਭਰਾਵਾਂ ਦੇ ਮੈਦਾਨ ਵਿੱਚ ਬਾਰੂਦ ਦੀ ਥਾਂ ਸਰ੍ਹੋਂ ਦੀਆਂ ਬੋਰੀਆਂ ਭੇਜ ਦਿੱਤੀਆਂ। ਇਹਨਾਂ ਕਾਰਨਾਂ ਕਰਕੇ ਸਿੱਖ ਹਾਰ ਗਏ।

ਪਰ ਉਸ ਵੇਲੇ ਦੇ ਇਤਿਹਾਸਕਾਰ ਸਾਰੀਆਂ ਗਵਾਹੀਆਂ ਇਸ ਦੇ ਉਲਟ ਦੇਂਦੇ ਹਨ। ਮੈਕਗਰੇਗਰ ਲਿਖਦਾ ਹੈ, ‘ਜਿੰਦਾਂ ਏਸ ਲੜਾਈ ਦੇ ਹੱਕ ਵਿੱਚ ਨਹੀਂ ਸੀ, ਭਾਵ ਅੰਗਰੇਜ਼ਾਂ ਨਾਲ ਲੜਾਈ ਛੇੜਨਾ ਨਹੀਂ ਸੀ ਚਾਹੁੰਦੀ।’ ਸਮਿੱਥ ਲਿਖਦਾ ਹੈ, ‘ਵਾਧਾ ਸਾਰਾ ਅੰਗਰੇਜ਼ਾਂ ਦਾ ਸੀ। ਸੁਲ੍ਹਾ ਅੰਗਰੇਜ਼ਾਂ ਨੇ ਤੋੜੀ ਸੀ। ਅੰਗਰੇਜ਼ਾਂ ਦੀਆਂ ਵਧੀਕੀਆਂ ਦੇ ਕਾਰਨ ਸਿੱਖ ਲੜਨ ਵਾਸਤੇ ਮਜਬੂਰ ਹੋ ਗਏ ਸਨ।’ ਅੰਗਰੇਜ਼ਾਂ ਦੇ ਪੋਲੀਟੀਕਲ ਏਜੰਟ ਬਰਾਡਫੁਟ ਦਾ ਨਾਇਬ ਕੈਪਟਨ ਨਿਕਲਸਨ ਲਿਖਦਾ ਹੈ, ‘ਲਾਲ ਸਿੰਘ ਦੀਆਂ ਚਿੱਠੀਆਂ ਮੇਰੇ ਕੋਲ ਆਉਂਦੀਆਂ ਰਹੀਆਂ, ਜਿਨ੍ਹਾਂ ਵਿੱਚ ਅੰਗਰੇਜ਼ਾਂ ਦਾ ਵਫ਼ਾਦਾਰ ਮਿੱਤਰ ਰਹਿਣ ਦਾ ਭਰੋਸਾ ਦੁਆਇਆ ਹੁੰਦਾ ਸੀ।’ ਕਨਿੰਘਮ ਲਿਖਦਾ ਹੈ, ‘ਸਿੱਖਾਂ ਦੇ ਬਾਰੂਦ ਨੂੰ ਤਬਾਹ ਕਰਨ ਵਾਲਾ ਪੰਡਤ ਤੇਜ ਸਿੰਘ ਹੈ।’ ਮੁੱਕਦੀ ਗੱਲ, ਜਿਹੜੇ ਗੁਨਾਹ ਲਾਲ ਸਿੰਘ ਤੇਜ ਸਿੰਘ ਆਪ ਕਰਦੇ, ਉਹ ਵਿਚਾਰੀ ਜਿੰਦਾਂ ਦੇ ਸਿਰ ਮੜ੍ਹ ਦੇਂਦੇ ਰਹੇ ਸਨ। ਅਸਲੀਅਤ ਕੀ ਹੈ ? ਲਾਲ ਸਿੰਘ ਤੇਜ ਸਿੰਘ ਨੇ ਅੰਦਰ ਖ਼ਾਨੇ ਅੰਗਰੇਜ਼ਾਂ ਨਾਲ ਗੰਢ ਕੇ, ਫੇਰ ਲੜਾਈ ਛੇੜੀ। ਉਹ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਦੀਆਂ ਖ਼ਬਰਾਂ ਭੇਜਦੇ ਰਹੇ ਤੇ ਉਹਨਾਂ ਦੇ ਹੁਕਮ ਅਨੁਸਾਰ ਕੰਮ ਕਰਦੇ ਰਹੇ। ਅੰਗਰੇਜ਼ਾਂ ਦੇ ਕਹਿਣ ਉੱਤੇ ਹੀ ਲਾਲ ਸਿੰਘ ਨੇ ਫ਼ਿਰੋਜ਼ਪੁਰ ‘ਤੇ ਹਮਲਾ ਨਾ ਕੀਤਾ। ਮੁਦਕੀ ਤੇ ਫੇਰੂ ਸ਼ਹਿਰ ਦੇ ਮੈਦਾਨ ਵਿੱਚੋਂ ਉਹ ਉਸ ਵੇਲੇ ਨੱਸ ਉੱਠਿਆ, ਜਦ ਸਿੱਖ ਫ਼ੌਜਾਂ ਜਿੱਤ ਜਾਣ ਵਾਲੀਆਂ ਸਨ। ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਉਹਨੇ ਆਪਣੇ ਮੋਰਚੇ ਦਾ ਨਕਸ਼ਾ ਤੇ ਫ਼ੌਜੀ ਭੇਤ ਅੰਗਰੇਜ਼ਾਂ ਨੂੰ ਭੇਜ ਦਿੱਤੇ। ਲਾਲ ਸਿੰਘ ਤੇਜ ਸਿੰਘ ਬਿਨਾਂ ਕਾਰਨ ਮੈਦਾਨ ਵਿੱਚੋਂ ਨੱਸ ਗਏ। ਸਤਲੁਜ ਉੱਤੇ ਬੱਧਾ ਹੋਇਆ ਬੇੜੀਆਂ ਦਾ ਪੁਲ ਤੇਜ ਸਿੰਘ ਨੇ ਦੋ ਬੇੜੀਆਂ ਡੋਬ ਕੇ ਤੋੜ ਦਿੱਤਾ, ਤਾਂ ਕਿ ਹਾਰੀ ਹੋਈ ਸਿੱਖ ਫ਼ੌਜ ਜਿਊਂਦੀ ਬਚ ਕੇ ਨਾ ਨਿਕਲ ਸਕੇ। ਬਾਰੂਦ ਦੇ ਥਾਂ ਤੇਜ ਸਿੰਘ ਨੇ ਸਰ੍ਹੋਂ ਤੇ ਰੇਤ ਦੀਆਂ ਪੇਟੀਆਂ ਭਰ ਕੇ ਭੇਜ ਦਿੱਤੀਆਂ।

ਤੇ ਤੀਸਰਾ ਸੀ ਡੋਗਰਾ ਰਾਜਾ ਗੁਲਾਬ ਸਿੰਘ। ਅਲੀਵਾਲ ਦੀ ਲੜਾਈ ਪਿੱਛੋਂ ਉਹ ਵੀ ਫ਼ੌਜ ਵਿੱਚ ਆ ਗਿਆ ਸੀ। ਉਹਨੇ ਲਾਰਡ ਹਾਰਡਿੰਗ ਨਾਲ ਗੁਪਤ ਸਮਝੌਤਾ ਕਰ ਲਿਆ। ਜਿਸ ਦਾ ਭਾਵ ਸੀ ਕਿ ਲੜਾਈ ਵਿੱਚ ਧੋਖੇ ਨਾਲ ਸਿੱਖ ਫ਼ੌਜ ਤਬਾਹ ਕਰ ਦਿੱਤੀ ਜਾਵੇ। ਹਾਰੀ ਹੋਈ ਫ਼ੌਜ ਨੂੰ ਲਾਹੌਰ ਦਰਬਾਰ ਉਂਞ ਕੱਢ ਦੇਵੇ। ਤੇ ਲਾਹੌਰ ਦਰਬਾਰ ਦੇ ਸਰਦਾਰ ਅੰਗਰੇਜ਼ਾਂ ਨਾਲ ਸੁਲ੍ਹਾ ਕਰ ਲੈਣਗੇ।

ਇਹ ਸਨ ਕਾਰਨ ਸਤਲੁਜ ਕੰਢੇ ਸਿੱਖਾਂ ਦੇ ਹਾਰਨ ਦੇ। ਦਸ ਫ਼ਰਵਰੀ ਨੂੰ ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਹਾਰੇ ਤੇ ਵੀਹ ਫਰਵਰੀ ਨੂੰ ਲਾਰਡ ਹਾਰਡਿੰਗ ਨੇ ਲਾਹੌਰ ਵਿੱਚ ਇਕ ਦਰਬਾਰ ਕੀਤਾ। ਦਲੀਪ ਸਿੰਘ ਨੂੰ ਰਾਜ ਸਿੰਘਾਸਣ ‘ਤੇ ਬਿਠਾਇਆ ਗਿਆ। ਅੰਗਰੇਜ਼ ਅਫ਼ਸਰ ਸੱਜੇ ਹੱਥ ਤੇ ਸਿੱਖ ਖੱਬੇ ਹੱਥ ਬੈਠੇ। ਇਹ ਹੈ ਫ਼ਰਕ ਜਿੱਤਣ ਤੇ ਹਾਰਨ ਵਾਲੀ ਕੌਮ ਦਾ। ਹਾਰਡਿੰਗ ਨੇ ਦਲੀਪ ਸਿੰਘ ਨੂੰ ਸਿੱਖਾਂ ਦਾ ਮਹਾਰਾਜਾ ਮੰਨ ਲਿਆ। ਉਸਦੇ ਮਾਤਹਿਤ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਸੈਨਾਪਤੀ ਥਾਪਿਆ। ਹਾਰਡਿੰਗ ਦੇ ਕਹਿਣ ਉੱਤੇ ਰਾਜਾ ਗੁਲਾਬ ਸਿੰਘ ਨੇ ‘ਕੋਹਿਨੂਰ ਹੀਰਾ ਲਿਆ ਕੇ ਵਿਖਾਇਆ, ਜੋ ਹਾਰਡਿੰਗ ਨੇ ਆਪਣੇ ਹੱਥੀਂ ਸਾਰੇ ਅੰਗਰੇਜ਼ ਅਫ਼ਸਰਾਂ ਨੂੰ ਵਿਖਾਇਆ।

ਨੌਂ ਮਾਰਚ, ੧੮੪੬ ਈ: ਨੂੰ ਲਾਹੌਰ ਦਰਬਾਰ ਤੇ ਅੰਗਰੇਜ਼ ਸਰਕਾਰ ਵਿੱਚ ਸੁਲ੍ਹਾ ਹੋਈ। ਇਸ ਅਹਿਦਨਾਮੇ ਅਨੁਸਾਰ ਬਿਆਸ ਤੋਂ ਚੜਦੇ ਪਾਸੇ ਦਾ ਸਾਰਾ ਇਲਾਕਾ ਸਿੱਖਾਂ ਨੇ ਅੰਗਰੇਜ਼ਾਂ ਨੂੰ ਦੇ ਦਿੱਤਾ। ਨਾਲ ਹੀ ਜੰਗ ਦੇ ਹਰਜਾਨੇ ਵਜੋਂ ਸਿੱਖਾਂ ਨੇ ਡੇਢ ਕਰੋੜ ਰੁਪਇਆ ਦੇਣਾ ਮੰਨਿਆ। ਉਸ ਵਿੱਚੋਂ ਪੰਜਾਹ ਲੱਖ ਨਕਦ ਦਿੱਤਾ ਤੇ ਇਕ ਕਰੋੜ ਬਦਲੇ ਉਹਨਾਂ ਜੰਮੂ ਕਸ਼ਮੀਰ ਦਾ ਇਲਾਕਾ ਦੇ ਦਿੱਤਾ। ਰਾਜਾ ਗੁਲਾਬ ਸਿੰਘ ਨੇ ਸਿੱਖਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਬਹੁਤ ਸੇਵਾ ਕੀਤੀ ਸੀ। ਅੰਗਰੇਜ਼ਾਂ ਨੇ ਉਸ ਤੋਂ ਪੰਝਤੱਰ ਲੱਖ ਰੁਪੈ ਲੈ ਕੇ ਜੰਮੂ ਕਸ਼ਮੀਰ ਉਸ ਨੂੰ ਦੇ ਦਿੱਤਾ। ਉਹ ਓਥੋਂ ਦਾ ਮਹਾਰਾਜਾ ਬਣ ਗਿਆ।

ਯਾਰਾਂ ਮਾਰਚ ਨੂੰ ਕੁਛ ਹੋਰ ਸ਼ਰਤਾਂ ਵਧਾ ਕੇ ਲਾਹੌਰ ਵਿੱਚ ਕੁਛ ਅੰਗਰੇਜ਼ੀ ਫ਼ੌਜ ਇਕ ਸਾਲ ਵਾਸਤੇ ਰੱਖੀ ਗਈ। ਇਹ ਪ੍ਰਬੰਧ ਕਰਕੇ ਲਾਰਡ ਹਾਰਡਿੰਗ ਤੇ ਗਫ਼ ਲਾਹੌਰ ਛੱਡ ਕੇ ਚਲੇ ਗਏ।

ਪਿੱਛੋਂ ਸਿੱਖ ਹਕੂਮਤ ਕਿਹੋ ਜਿਹੀ ਰਹਿ ਗਈ ? ਇਸ ਬਾਰੇ ਅੰਗਰੇਜ਼ ਇਤਿਹਾਸਕਾਰ ਮੈਕਗਰੇਗਰ ਲਿਖਦਾ ਹੈ, “ਲਾਹੌਰ ਦੀ ਸਿੱਖ ਹਕੂਮਤ ਅਸਲੀ ਅਰਥਾਂ ਵਿੱਚ ਮਰ ਚੁੱਕੀ ਹੈ। ਵਿਖਾਵੇ ਮਾਤਰ ਉਸ ਵਿੱਚ ਇਕ ਬਾਦਸ਼ਾਹ ਹੈ, ਇਕ ਵਜ਼ੀਰ ਤੇ ਕੁਛ ਫ਼ੌਜ, ਪਰ ਉਹ ਸਾਰੇ ਦੇ ਸਾਰੇ ਅੰਗਰੇਜ਼ੀ ਤਾਕਤ ਦੇ ਆਸਰੇ ਥੱਲੇ ਹਨ। ਮਹਾਰਾਜਾ ਦਲੀਪ ਸਿੰਘ ਇਕ ਕਠਪੁਤਲੀ ਹੈ, ਅਸਲੀ ਅਰਥਾਂ ਵਿੱਚ ਜਿਸਦੀ ਕੋਈ ਤਾਕਤ ਨਹੀਂ। ਉਹ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੈ। ਸਹੀ ਅਰਥਾਂ ਵਿੱਚ ਇਸ ਵੇਲੇ ਅੰਗਰੇਜ਼ੀ ਹੀ ਪੰਜਾਬ ਦੇ ਹਾਕਮ ਹਨ।”

ਦੇਸ਼ ਤੇ ਕੌਮ ਨਾਲ ਏਨਾ ਵਿਸਾਹਘਾਤ ਕਰਕੇ ਲਾਲ ਸਿੰਘ ਪੰਜਾਬ ਦਾ ਵਜ਼ੀਰ ਬਣਿਆ। ਪਰ ਉਹ ਵਜ਼ੀਰੀ ਉਸ ਨੂੰ ਬਹੁਤਾ ਚਿਰ ਮਾਨਣੀ ਨਾ ਮਿਲੀ। ਰਾਜਾ ਗੁਲਾਬ ਸਿੰਘ ਜੰਮੂ ਦੇ ਵਿਰੁੱਧ ਸਾਜ਼ਸ਼ ਕਰਨ ਦੇ ਦੋਸ਼ ਵਿੱਚ ਤਿੰਨ ਦਸੰਬਰ, ੧੮੪੬ ਈ: ਨੂੰ ਲਾਲ ਸਿੰਘ ਨੂੰ ਵਜ਼ਾਰਤ ਤੋਂ ਹਟਾ ਕੇ ਤੇ ਦੋ ਹਜ਼ਾਰ ਮਾਹਵਾਰ ਪੈਨਸ਼ਨ ਦੇ ਕੇ ਬਨਾਰਸ ਵਿਚ ਨਜ਼ਰਬੰਦ ਕਰ ਦਿੱਤਾ ਗਿਆ।

ਇਸ ਤੋਂ ਪਿੱਛੋਂ ਤਾਕਤ ਮਿਸਰ ਤੇਜ ਸਿੰਘ ਦੇ ਹੱਥ ਚਲੀ ਗਈ, ਜੋ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਪਿਠੂ ਸੀ। ਇਹ ਪ੍ਰਬੰਧ ਜਿੰਦਾਂ ਨੂੰ ਪਸੰਦ ਨਹੀਂ मी।

ਓਧਰੋਂ ੧੮੪੬ ਈ: ਦਾ ਸਾਲ ਮੁੱਕਣ ‘ਤੇ ਆ ਰਿਹਾ ਸੀ। ਪਿਛਲੇ ਅਹਿਦਨਾਮੇ ਅਨੁਸਾਰ ਲਾਹੌਰ ਵਿੱਚ ਠਹਿਰੀ ਹੋਈ ਅੰਗਰੇਜ਼ੀ ਫ਼ੌਜ ਚਲੀ ਜਾਣੀ ਸੀ। ਲਾਰਡ ਹਾਰਡਿੰਗ ਪੰਜਾਬ ਦੇ ਸਿਰ ਕੋਈ ਨਵਾਂ ਅਹਿਦਨਾਮਾ ਮੜ੍ਹਨਾ ਚਾਹੁੰਦਾ ਸੀ, ਜਿਸ ਰਾਹੀਂ ਉਹ ਇਸ ਰਾਜ ਨੂੰ ਚੰਗੀ ਤਰ੍ਹਾਂ ਕਾਬੂ ਰੱਖ ਸਕੇ। ਹਾਰਡਿੰਗ ਦਾ ਜਾਤੀ ਸਕੱਤਰ ‘ਫ਼ਰੈਡਰਿਕ ਕਰੀ’ ਲਾਹੌਰ ਰਹਿੰਦਾ ਸੀ। ਉਹ ਤੇ ਹੈਨਰੀ ਲਾਰੰਸ ਸਿੱਖਾਂ ਨੂੰ ਨਵੀਂ ਸੁਲ੍ਹਾ ਦੇ ਜਾਲ ਵਿੱਚ ਫਸਾਉਣ ਵਾਸਤੇ ਪ੍ਰੇਰ ਰਹੇ ਸਨ। ਉਹਨਾਂ ਨੇ ਸਿੱਖਾਂ ਸਰਦਾਰਾਂ ਦੀਆਂ ਜਗੀਰਾਂ ਸਦਾ ਵਾਸਤੇ ਪੱਕੀਆਂ ਕਰ ਦੇਣ ਦਾ ਲਾਲਚ ਦਿੱਤਾ। ਤੇਜ ਸਿੰਘ ਦਾ ਧੜਾ ਨਵੀਂ ਸੁਲ੍ਹਾ ਮੰਨਣ ਦੇ ਹੱਕ ਵਿੱਚ ਹੋ ਗਿਆ।

ਜਿੰਦਾਂ ਅੰਗਰੇਜ਼ਾਂ ਨਾਲ ਕੋਈ ਨਵੀਂ ਸੁਲ੍ਹਾ ਕਰਨ ਦੇ ਵਿਰੁੱਧ ਸੀ। ਉਹਦਾ ਸਭ ਤੋਂ ਵੱਡਾ ਹਮਾਇਤੀ ਉਸ ਵੇਲੇ ਦੀਵਾਨ ਦੀਨਾ ਨਾਥ ਸੀ। ਉਹ ਦੋਵੇਂ ਸਿੱਖ ਸਰਦਾਰਾਂ ਤੇ ਹੋਰ ਅਹਿਲਕਾਰਾਂ ਨੂੰ ਆਪਣੇ ਨਾਲ ਗੰਢਣ ਦੇ ਆਹਰ ਵਿੱਚ ਲੱਗ ਪਏ। ਉਹਨਾਂ ਦੀ ਤਜਵੀਜ਼ ਸੀ ਕਿ ਅੰਗਰੇਜ਼ ਦੀ ਕਿਸੇ ਕਿਸਮ ਦੀ ਸਹਾਇਤਾ ਤੋਂ ਬਿਨਾਂ ਰਾਜ ਚਲਾਇਆ ਜਾਵੇ, ਜਿਸ ਦੀ ਮੋਢੀ ਮਹਾਰਾਣੀ ਜਿੰਦਾਂ ਹੋਵੇ। ਹੈਨਰੀ ਲਾਰੰਸ ਲਿਖਦਾ ਹੈ, “ਪਿਛਲੇ ਇਕ ਦੋ ਦਿਨਾਂ ਤੋਂ ਰਾਣੀ ਆਪਣਾ ਸਾਰੇ ਦਾ ਸਾਰਾ ਤਾਣ ਛੋਟੇ ਵੱਡੇ ਸਰਦਾਰਾਂ ਨੂੰ ਆਪਣੇ ਨਾਲ ਮਿਲਾ ਕੇ ਰਾਜ ਦੀ ਸੁਤੰਤਰਤਾ ਦੀ ਇਕ ਸਕੀਮ ਵਿੱਚ ਇਕੱਤਰ ਕਰਨ ਵਿੱਚ ਲਾ ਰਹੀ ਹੈ, ਜਿਸ ਨਾਲ ਉਹ ਆਪ ਰਾਜ ਦੀ ਮੋਹਰੀ ਹੋਵੇਗੀ। ਇਸ ਵਿੱਚ ਉਹਦਾ ਵੱਡਾ ਸਲਾਹਕਾਰ ਅੰਗਰੇਜ਼ਾਂ ਦਾ ਸਦਾ ਦਾ ਵਿਰੋਧੀ ਰਾਜਾ ਦੀਨਾ ਨਾਥ ਹੈ।”

ਸਿੱਖ ਰਾਜ ਵਿੱਚ ਦੋ ਧੜੇ ਹੋ ਗਏ। ਇਕ ਮ. ਜਿੰਦਾਂ ਦਾ ਧੜਾ ਸੀ, ਜੋ ਬਿਲਕੁਲ ਅੰਗਰੇਜ਼ਾਂ ਤੋਂ ਖ਼ਲਾਸੀ ਪਾਉਣਾ ਚਾਹੁੰਦਾ ਸੀ। ਦੂਜਾ ਤੇਜ ਸਿੰਘ ਦਾ ਧੜਾ ਸੀ, ਜੋ ਹਰ ਕਿਸਮ ਦੀਆਂ ਸ਼ਰਤਾਂ ਮੰਨ ਕੇ ਅੰਗਰੇਜ਼ਾਂ ਨੂੰ ਰੱਖਣਾ ਚਾਹੁੰਦਾ ਸੀ। ਦੋਹਾਂ ਧੜਿਆਂ ਦੀ ਫੁੱਟ ਵੱਧ ਗਈ, ਤਾਂ ਕੁਛ ਪਤਵੰਤਿਆਂ ਨੇ ਵਿੱਚ ਪੈ ਕੇ ਉਹਨਾਂ ਦਾ ਸਮਝੌਤਾ ਕਰਾ ਦਿੱਤਾ। ਫ਼ੈਸਲਾ ਇਹ ਹੋਇਆ ਕਿ ‘ਅੰਗਰੇਜ਼ੀ ਏਜੰਟ ਤੇ ਦੋ ਪਲਟਣਾਂ, ਇਕ ਰਸਾਲਾ ਤੇ ਇਕ ਤੋਪਖ਼ਾਨਾ ਬਾਤਰੀ ਕੁਝ ਮਹੀਨਿਆਂ ਲਈ ਹੋਰ ਪੰਜਾਬ ਵਿੱਚ ਰੱਖ ਲਏ ਜਾਣ।

‘ਕਰੀ’ ਕੋਲੋਂ ਇਹ ਗੱਲ ਸੁਣ ਕੇ ਹਾਰਡਿੰਗ ਬੜਾ ਔਖਾ ਹੋਇਆ। ਉਹ ਪੰਜਾਬ ਨੂੰ ਸਹਾਇਤਾ ਦੇਣ ਦੇ ਬਹਾਨੇ ਕਰੜੀਆਂ ਜ਼ੰਜੀਰਾਂ ਵਿੱਚ ਜਕੜਨਾ ਚਾਹੁੰਦਾ ਸੀ। ਉਹਨੇ ਮੋੜਵੀਂ ਡਾਕੇ ਲਿਖਿਆ, “ ਐਸੇ ਪ੍ਰਬੰਧ ਦੀ ਸਹਾਇਤਾ ਲਈ ਅੰਗਰੇਜ਼ੀ ਫ਼ੌਜ ਦੇਣ ਦੀ ਮੈਂ ਰਜ਼ਾਮੰਦੀ ਨਹੀਂ ਦਿਆਂਗਾ, ਜਿਸ ਉੱਤੇ ਕੋਈ ਭਰੋਸਾ ਨਾ ਕੀਤਾ ਜਾ ਸਕੇ। ਦੋ ਪਿਆਦਾ ਪਲਟਣਾਂ, ਇਕ ਰਸਾਲਾ ਤੇ ਇਕ ਤੋਪਖ਼ਾਨਾ ਬਾਤਰੀ ਦੀ ਤਜਵੀਜ਼ ਇਤਨੀ ਫ਼ਜ਼ੂਲ ਹੈ ਕਿ ਮੈਂ ਇਸ ਨੂੰ ਇਸ ਗੱਲ ਦੇ ਤੁੱਲ ਸਮਝਦਾ ਹਾਂ ਕਿ ਉਹ ਸਾਡੇ ਦਖ਼ਲ ਦੇ ਬਗ਼ੈਰ ਆਪਣਾ ਰਾਜ ਪ੍ਰਬੰਧ ਆਪ ਕਰਨ ਦੀ ਇੱਛਿਆ ਰੱਖਦੇ ਨੇ।

…. ਮੈਂ ਹੀ ਸਭ ਤੋਂ ਚੰਗੀ ਤਰ੍ਹਾਂ ਇਹ ਫ਼ੈਸਲਾ ਦੇ ਸਕਦਾ ਹਾਂ ਕਿ ਲਾਹੌਰ ਵਿੱਚ ਕਿੰਨੀ ਫ਼ੌਜ ਰੱਖਣੀ ਯੋਗ ਹੈ।”

ਚੌਦਾਂ ਦਸੰਬਰ ਨੂੰ ਮ. ਦਲੀਪ ਸਿੰਘ ਦੀ ਸਹੀ ਥੱਲੇ ਅੰਗਰੇਜ਼ੀ ਸਕੱਤਰ ਨੂੰ ਇਕ ਚਿੱਠੀ ਲਿਖੀ ਗਈ, ਜਿਸ ਵਿੱਚ ਦੋ ਪਲਟਣਾਂ ਵਾਲੀ ਤਜਵੀਜ਼ ਰੱਖੀ ਗਈ ਉਸ ਦੇ ਜਵਾਬ ਵਿੱਚ ‘ਕਰੀ’ ਨੇ ਲਿਖਿਆ ਕਿ ਭਲਕੇ ਲਾਹੌਰ ਦਰਬਾਰ ਦੇ ਸਰਦਾਰ ਮੇਰੇ ਤੰਬੂ ਵਿੱਚ ‘ਕੱਠੇ ਹੋਣ। ਉਦੋਂ ਮੈਂ ਇਸਦਾ ਆਖ਼ਰੀ ਉੱਤਰ ਦਿਆਂਗਾ।

ਅਗਲੇ ਦਿਨ ‘ਕਰੀ’ ਦੇ ਤੰਬੂ ਵਿੱਚ ਕੁਛ ਸਰਦਾਰ ’ਕੱਠੇ ਹੋਏ, ਜਿਨ੍ਹਾਂ ਵਿੱਚੋਂ ਤੇਜ ਸਿੰਘ ਦੇ ਧੜੇ ਦੀ ਬਹੁ ਗਿਣਤੀ ਸੀ। ਮਹਾਰਾਣੀ ਜਿੰਦ ਕੌਰਾਂ ਨੂੰ ਜਾਣ ਬੁਝ ਕੇ ਇਸ ਇਕੱਠ ਵਿੱਚ ਨਾ ਬੁਲਾਇਆ ਗਿਆ। ਤੇਜ ਸਿੰਘ ਦੇ ਧੜੇ ਨਾਲ ‘ਕਰੀ’ ਨੇ ਅੰਦਰਖ਼ਾਨੇ ਸਭ ਫ਼ੈਸਲਾ ਕੀਤਾ ਹੋਇਆ ਸੀ। ‘ਕਰੀ’ ਨੇ ਅਹਿਦਨਾਮੇ ਦੀਆਂ ਸ਼ਰਤਾਂ ਪੜ੍ਹ ਕੇ ਸੁਣਾਈਆਂ ਤੇਜ ਸਿੰਘ ਦੇ ਧੜੇ ਨੇ ‘ਸਭ ਅੱਛਾ’ ਦਾ ਰੌਲਾ ਪਾ ਦਿੱਤਾ। ਦੀਵਾਨ ਦੀਨਾ ਨਾਥ ਨੇ ਮਹਾਰਾਣੀ ਜਿੰਦਾਂ ਦੀ ਸਲਾਹ ਪੁੱਛ ਲੈਣ ਵਾਸਤੇ ਮੁਹਲਤ ਮੰਗੀ, ਪਰ ਕਰੀ ਨੇ ਉਹਨੂੰ ਝਿੜਕ ਕੇ ਬਿਠਾ ਦਿੱਤਾ।

ਮੁੱਕਦੀ ਗੱਲ, ‘ਭਰੋਵਾਲ ਦਾ ਅਹਿਦਨਾਮਾ’ ਹੋ ਗਿਆ (੧੬ ਦਸੰਬਰ, ੧੮੪੬ ਈ:)। ਉਸ ਦੀਆਂ ਯਾਰਾਂ ਸ਼ਰਤਾਂ ਸਨ, ਜਿਨ੍ਹਾਂ ਵਿੱਚੋਂ ਕੁਛ ਇਉਂ ਹਨ : “……੨. ਗਵਰਨਰ ਜਨਰਲ ਵੱਲੋਂ ਥਾਪਿਆ ਹੋਇਆ ਇਕ ਅੰਗਰੇਜ਼ ਅਫ਼ਸਰ, ਸਣੇ ਆਪਣੇ ਮਾਤਹਿਤਾਂ ਦੇ, ਲਾਹੌਰ ਰਹੇਗਾ ਤੇ ਉਸ ਅਫ਼ਸਰ ਨੂੰ ਰਾਜ ਦੇ ਹਰ ਮਹਿਕਮੇ ਤੇ ਹਰ ਤਰ੍ਹਾਂ ਦੇ ਕੰਮ ਵਿੱਚ ਪੂਰੇ-ਪੂਰੇ ਤੇ ਸਿੱਧੇ ਅਖ਼ਤਿਆਰ ਹੋਣਗੇ।…੪. (ਕੌਂਸਲ ਬਣੇਗੀ) ਕੌਂਸਲ ਦੇ ਮੈਂਬਰ ਵੱਡੇ-ਵੱਡੇ ਸਰਦਾਰ ਹੋਣਗੇ ਜੋ ਹਰ ਤਰ੍ਹਾਂ ਅੰਗਰੇਜ਼ ਰੈਜ਼ੀਡੈਂਟ ਦੇ ਮਾਤਹਿਤ ਹੋਣਗੇ। ੫. ਹੇਠ ਲਿਖੇ ਸਰਦਾਰ ਕੌਂਸਲ ਦੇ ਮੈਂਬਰ ਹੋਣਗੇ। ਸ. ਤੇਜ ਸਿੰਘ, ਰਾਜਾ ਸ਼ੇਰ ਸਿੰਘ ਅਟਾਰੀ ਵਾਲਾ, ਦੀਵਾਨ ਦੀਨਾ ਨਾਥ, ਫ਼ਕੀਰ ਨੂਰ ਦੀਨ, ਸ. ਰਣਜੋਰ ਸਿੰਘ ਮਜੀਠਾ, ਭਾਈ ਨਿਧਾਨ ਸਿੰਘ, ਸ. ਅਤਰ ਸਿੰਘ ਕਾਲਿਆਂ ਵਾਲਾ ਤੇ ਸ. ਸ਼ਮਸ਼ੇਰ ਸਿੰਘ ਸੰਧਾਵਾਲੀਆ। ਗਵਰਨਰ ਜਨਰਲ ਦੇ ਬਣਾਏ ਹੋਏ ਰੈਜ਼ੀਡੈਂਟ ਦੀ ਮਰਜ਼ੀ ਤੋਂ ਬਿਨਾਂ ਇਹਨਾਂ ਥਾਪੇ ਹੋਏ (ਨਾਮਜ਼ਦ) ਮੈਂਬਰਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ..੭ ਇਕ ਅੰਗਰੇਜ਼ੀ ਫ਼ੌਜ-ਜਿੰਨੀ ਗਵਰਨਰ ਜੈਨਰਲ ਠੀਕ ਸਮਝੇ-ਲਾਹੌਰ ਰਹੇਗੀ।….੧੦. ਮ. ਦਲੀਪ ਸਿੰਘ ਦੀ ਮਾਤਾ ਮ. ਜਿੰਦ ਕੌਰ ਨੂੰ ਉਸਦੇ ਤੇ ਉਸਦੇ ਨੌਕਰਾਂ ਦੇ ਗੁਜ਼ਾਰੇ ਵਾਸਤੇ ਡੂਢ ਲੱਖ ਰੁਪੈ ਸਾਲਾਨਾ ਦਿੱਤੇ ਜਾਣਗੇ। ਉਸ ਰੁਪਏ ਨੂੰ ਖ਼ਰਚਣ ਦਾ ਮਹਾਰਾਣੀ ਨੂੰ ਪੂਰਾ ਅਖ਼ਤਿਆਰ ਹੋਵੇਗਾ। ੧੧. ਚਾਰ ਸਤੰਬਰ, ੧੮੫੪ ਈ: ਨੂੰ, ਜਦ ਮਹਾਰਾਜਾ ਸੋਲਾਂ ਸਾਲ ਦਾ ਹੋ ਜਾਏਗਾ, ਇਹ ਅਹਿਦਨਾਮਾ ਮੁੱਕ ਜਾਏਗਾ।

ਮ. ਜਿੰਦਾਂ ਰਾਜ ਦੇ ਹਰ ਤਰ੍ਹਾਂ ਦੇ ਕੰਮਾਂ ਤੋਂ ਵੱਖ ਕਰ ਦਿੱਤੀ ਗਈ। ਹੈਨਰੀ ਲਾਰੰਸ ਪੰਜਾਬ ਦਾ ਪਹਿਲਾ ਰੈਜ਼ੀਡੈਂਟ ਬਣਿਆਂ। ਉਸਦੇ ਹੁਕਮ ਵਿੱਚ ਨਵੀਂ ਬਣੀ ਕੌਂਸਲ ਕੰਮ ਕਰਨ ਲੱਗ ਪਈ।

ਗਵਰਨਰ ਜੈਨਰਲ ਲਾਰਡ ਹਾਰਡਿੰਗ ਤੇ ਰੈਜ਼ੀਡੈਂਟ ਹੈਨਰੀ ਲਾਰੰਸ ਦੇ ਦਿਲ ਵਿੱਚ ਜਿੰਦਾਂ ਦੀ ਹੋਂਦ ਕੰਡੇ ਵਾਂਗ ਰੜਕ ਰਹੀ ਸੀ। ਇਹ ਉਹਨਾਂ ਦੀਆਂ ਲਿਖਤਾਂ ਤੋਂ ਸਾਬਤ ਹੋ ਜਾਂਦਾ ਹੈ। ਹਾਰਡਿੰਗ ਲਿਖਦਾ ਹੈ : (ਸੱਤ ਦਸੰਬਰ, ੧੮੪੬ ਈ.) “ਸਾਡੇ ਲਾਹੌਰ ਵਿੱਚ ਕਬਜ਼ਾ ਜਾਰੀ ਰੱਖਣ ਦੇ ਕਿਸੇ ਵੀ ਅਹਿਦਨਾਮੇ ਵਿੱਚ ਇਹ ਸ਼ਰਤ ਹੋਣੀ ਜ਼ਰੂਰੀ ਹੈ ਕਿ ਮਹਾਰਾਣੀ ਦੇ ਹੱਥ ਵਿੱਚ ਕੋਈ ਤਾਕਤ ਨਾ ਰਹੇ।” ਦਸ ਦਸੰਬਰ ਨੂੰ ਹਾਰਡਿੰਗ ਫਿਰ ਲਿਖਦਾ ਹੈ, “ਮੈਨੂੰ ਨਹੀਂ ਪਤਾ, ਕਿ ਕਿਸ ਬਾਕਾਇਦਾ ਰਸਮ ਅਨੁਸਾਰ ਰਾਣੀ ਕਾਰਮੁਖ਼ਤਿਆਰ ਬਣੀ ਹੈ। ਮੇਰਾ ਅਨੁਭਵ ਹੈ ਕਿ ਉਹ ਮਹਾਰਾਜੇ ਦੀ ਮਾਤਾ ਤੇ ਪ੍ਰਤਿਪਾਲਕਾ (Guardian) ਹੋਣ ਦੀ ਕੁਦਰਤੀ ਤੇ ਅਣਪੁੱਛੀ ਹੈਸੀਅਤ ਵਿੱਚ ਕਾਰਮੁਖ਼ਤਿਆਰ ਬਣੀ ਹੋਈ ਹੈ। ਜੇ ਸਰਦਾਰ ਤੇ ਰਸੂਖ਼ ਵਾਲੇ ਹਾਕਮ, ਖ਼ਾਸ ਕਰ ਅਟਾਰੀ ਵਾਲੇ ਸਰਦਾਰ, ਮਹਾਰਾਜੇ ਦੀ ਛੋਟੀ ਉਮਰ ਦੇ ਦਿਨਾਂ ਵਿੱਚ ਸਰਕਾਰ ਅੰਗਰੇਜ਼ੀ ਨੂੰ ਉਸਦੇ ਸਰਪ੍ਰਸਤ ਬਣਨ ਲਈ ਪ੍ਰੇਰਨਾ ਭਰੀ ਬੇਨਤੀ ਕਰਨ, ਤਾਂ ਚੁੱਪ-ਚੁਪੀਤੇ ਹੀ ਰਾਣੀ ਦੀ ਤਾਕਤ ਖ਼ਤਮ ਹੋ ਜਾਏਗੀ, ਕਿਉਂਕਿ ਇਹ ਗੱਲ ਸਾਫ਼ ਤੌਰ ‘ਤੇ ਲਿਖਤ ਵਿੱਚ ਲਿਆਂਦੀ ਜਾਏਗੀ, ਕਿ ਨੌਜਵਾਨ ਮਹਾਰਾਜੇ ਦੇ ਸਰਪ੍ਰਸਤ ਦੀ ਹੈਸੀਅਤ ਵਿੱਚ ਅਤੇ ਰਾਜ ਦੇ ਪ੍ਰਬੰਧ ਕਰਨ ਲਈ ਮਹਾਰਾਜੇ ਦੀ ਤਰਫ਼ੋਂ ਕਾਰ ਮੁਖ਼ਤਿਆਰੀ ਦੇ ਸਾਰੇ ਅਖ਼ਤਿਆਰ ਤੇ ਕੰਮ ਸਰਕਾਰ ਅੰਗਰੇਜ਼ੀ ਦੇ ਹੱਥਾਂ ਵਿੱਚ ਹੋਣੇ ਹਨ।”

ਇਹ ਤਾਂ ਹੋਈ ਅਖ਼ਤਿਆਰ ਖੁਹਣ ਦੀ ਗੱਲ। ਅੱਗੇ ਹੋਰ ਸੁਣੋ ਸੋਲ੍ਹਾਂ ਦਸੰਬਰ ਨੂੰ ਹਾਰਡਿੰਗ ਲਿਖਦਾ ਹੈ : “ਜੇ ਕੋਈ ਗੱਲ ਬਹਿਸ ਵਾਲੀ ਹੈ, ਤਾਂ ਉਹ ਹੈ ਰਾਣੀ ਨੂੰ ਬਿਲੇ ਲਾਉਣਾ। ਅਸੀਂ ਇਸ ਗੱਲ ਤੇ ਸਹਿਮਤ ਹਾਂ ਤੇ ਇਹ ਗੱਲ ਬਿਲਕੁਲ ਯੋਗ ਹੈ ਕਿ ਰਾਣੀ ਦੇ ਹੱਥ ਵਿੱਚ ਕਾਰ ਮੁਖ਼ਤਿਆਰ ਦੀ ਹੈਸੀਅਤ ਵਿੱਚ ਕੋਈ ਤਾਕਤ ਨਾ ਰਹੇ। ਉਸਦੀ ਰਿਹਾਇਸ਼ ਦੀ ਥਾਂ ਦਾ ਫ਼ੈਸਲਾ ਕਰਨ ਵੇਲੇ ਨਵੇਂ ਰਾਜ ਪ੍ਰਬੰਧ ਦੇ ਵਿਰੁੱਧ ਰਾਣੀ ਵੱਲੋਂ ਹੋਣ ਵਾਲੀਆਂ ਰਾਜਸੀ ਸਾਜ਼ਸ਼ਾਂ ਦੇ ਆਧਾਰ ‘ਤੇ ਉਸ ਨੂੰ ਉਹਦੇ ਪੁੱਤਰ ਤੋਂ ਵੱਖਰਾ ਕਰ ਦੇਣ ਦੇ ਵਿਰੁੱਧ ਇਤਰਾਜ਼ ਹੋ ਸਕਦਾ ਹੈ ਕਿਉਂਕਿ ਇਹ ਆਖਿਆ ਜਾ ਸਕਦਾ ਹੈ, ਤੇ ਲੋਕਾਂ ਦੀ ਇਸ ਨਾਲ ਹਮਦਰਦੀ ਵੀ ਹੋ ਜਾਏਗੀ ਕਿ ਰਾਣੀ ਨੂੰ ਉਸ ਵੱਲੋਂ ਹੋਏ ਕਿਸੇ ਰਾਜਸੀ ਗੁਨਾਹ ਤੋਂ ਪਹਿਲਾਂ ਹੀ ਸਜ਼ਾ ਦੇ ਦਿੱਤੀ ਗਈ ਹੈ।

“ਮੇਰਾ ਖ਼ਿਆਲ ਹੈ, ਉਹ ਪੰਜਾਬ ਵਿੱਚ ਕਿਸੇ ਹੋਰ ਥਾਂ ਨਾਲੋਂ ਲਾਹੌਰ ਵਿੱਚ ਘੱਟ ਖ਼ਤਰਨਾਕ ਹੋਵੇਗੀ। ਜੇ ਉਹ ਕੁਛ ਔਖਿਆਂ ਕਰਨ ਲੱਗ ਪਏ ਤੇ ਉਸ ਨੂੰ ਦੇਸ਼-ਨਿਕਾਲਾ ਦੇਣਾ ਯੋਗ ਹੋ ਜਾਏ ਤਾਂ ਜ਼ਰੂਰ ਉਹਨੂੰ ਸਤਲੁਜੋਂ ਪਾਰ ਭੇਜ ਦਿੱਤਾ ਜਾਵੇ।”ਤਿ ਬਨੀਸ਼ ਬੱਝੀ ਲਈ

7 ਇਹ ਸਲਾਹੀਂ ਭਰੋਵਾਲ ਦੇ ਅਹਿਦਨਾਮੇ ਤੋਂ ਪਹਿਲਾਂ ਦੀਆਂ ਹਨ। ਅਹਿਦਨਾਮੇ ਰਾਹੀਂ ਤਾਕਤ ਹੱਥ ਵਿੱਚ ਆ ਜਾਣ ਪਿੱਛੋਂ ਅੰਗਰੇਜ਼ਾਂ ਨੇ ਜਿੰਦਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।

ਇਹਨੀਂ ਦਿਨੀ ਪਰਮੇ ਨੇ ਤੇਜ ਸਿੰਘ ਨੂੰ ਕਤਲ ਕਰਨ ਦੀ ਸਾਜ਼ਸ਼ ਕੀਤੀ, ਜਿਸ ਬਦਲੇ ਪਰਮਾ ਫ਼ਾਂਸੀ ਚੜ੍ਹਾ ਦਿੱਤਾ ਗਿਆ। ਲਾਰੰਸ ਨੇ ਜਿੰਦਾਂ ਨੂੰ ਇਸ ਸਾਜ਼ਸ਼ ਦਾ ਮੋਢੀ ਕਿਹਾ। ਪਰ ਹਾਰਡਿੰਗ ਨੇ ਮੁਕੱਦਮੇ ਦੀ ਪੜਤਾਲ ਕਰਕੇ ਜਿੰਦਾਂ ਨੂੰ ਨਿਰਦੋਸ਼ ਮੰਨਿਆ।

ਹੁਣ ਲਾਰੰਸ ਪੰਜ ਬਹਾਨੇ ਜਿੰਦਾਂ ਨੂੰ ਸਜ਼ਾ ਦੇਣ ਬਾਰੇ ਗੋਂਦਾਂ ਗੁੰਦਣ ਲੱਗਾ ਤੇ ਉਹਨੂੰ ਬਹਾਨਾ ਵੀ ਛੇਤੀ ਹੀ ਮਿਲ ਗਿਆ।

ਸੱਤ ਅਗਸਤ, ੧੮੪੭ ਈ: ਨੂੰ ਲਾਰੰਸ ਨੇ ਕੁਛ ਸਰਦਾਰਾਂ ਨੂੰ ਖ਼ਿਤਾਬ ਦੇਣ ਵਾਸਤੇ ਇਕ ਦਰਬਾਰ ਕੀਤਾ। ਉਸ ਵਿੱਚ ਤੇਜ ਸਿੰਘ ਨੂੰ ‘ਰਾਜੇ’ ਦਾ ਖ਼ਿਤਾਬ ਮਿਲਣਾ ਸੀ। ਜਿੰਦਾਂ, ਤੇਜ ਸਿੰਘ ਨੂੰ ਪੰਜਾਬ ਦਾ ਸਭ ਤੋਂ ਵੱਡਾ ਵੈਰੀ ਸਮਝਦੀ ਸੀ। ਉਹਨੇ ਦਲੀਪ ਸਿੰਘ ਨੂੰ ਦਰਬਾਰ ਵਿੱਚ ਇਕ ਘੰਟਾ ਲੇਟ ਭੇਜਿਆ। ਸਿੱਖ ਦਰਬਾਰ ਦਾ ਇਹ ਰਿਵਾਜ ਸੀ ਕਿ ਜਿਸ ਨੂੰ ਰਾਜੇ ਦੀ ਪਦਵੀ ਮਿਲਣੀ ਹੋਵੇ, ਮਹਾਰਾਜਾ ਆਪਣੇ ਹੱਥੀਂ ਉਹਨੂੰ ਤਿਲਕ ਲਾਉਂਦਾ ਸੀ। ਲਾਰੰਸ ਨੇ ਤੇਜ ਸਿੰਘ ਦੇ ਮੱਥੇ ਵਿੱਚ ਤਿਲਕ ਲਾਉਣ ਵਾਸਤੇ ਦਲੀਪ ਸਿੰਘ ਨੂੰ ਕਿਹਾ, ਤਾਂ ਉਹਨੇ ਤਿਲਕ ਲਾਉਣ ਤੋਂ ਇਨਕਾਰ ਕਰ ਦਿੱਤਾ। ਇਹ ਰਸਮ ਇਕ ਪਰੋਹਤ ਤੋਂ ਪੂਰੀ ਕਰਾਈ ਗਈ। ਏਸ ਖ਼ੁਸ਼ੀ ਵਿੱਚ ਰਾਤੀਂ ਆਤਿਸ਼ਬਾਜ਼ੀ ਚੱਲੀ, ਤਾਂ ਮ. ਜਿੰਦਾਂ ਨੇ ਓਥੇ ਵੀ ਦਲੀਪ ਸਿੰਘ ਨੂੰ ਨਾ ਜਾਣ ਦਿੱਤਾ। ਇਹ ਘਟਨਾ ਜਿੰਦਾਂ ਦੇ ਵਿਰੁੱਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ।

ਸੋਲ੍ਹਾਂ ਅਗਸਤ ਨੂੰ ਹਾਰਡਿੰਗ ਨੇ ਲਾਰੰਸ ਨੂੰ ਲਿਖਿਆ, “ਹੁਣ ਵਾਂਗ ਜੇ ਮਹਾਰਾਣੀ, ਬਾਲਕ ਮਹਾਰਾਜੇ ‘ਤੇ ਆਪਣਾ ਪੂਰਾ ਅਸਰ ਪਾਉਂਦੀ ਰਹੀ ਤਾਂ ਸਰਕਾਰ ਦਾ ਪ੍ਰਬੰਧ ਨਹੀਂ ਚਲ ਸਕੇਗਾ। ਕੌਂਸਲ ਨੂੰ ਏਸ ਗੱਲ ਦਾ ਨਿਰਾ ਅੰਦੇਸ਼ਾ ਹੀ ਨਹੀਂ, ਸਗੋਂ ਪੂਰਾ ਡਰ ਹੈ ਕਿ ਜੇ ਮਹਾਰਾਣੀ ਸਾਰੇ ਜ਼ਿੰਮੇਂਵਾਰ ਸਰਦਾਰਾਂ ਤੇ ਪੰਜਾਬ ਸਰਕਾਰ ਦੇ ਪ੍ਰਬੰਧ ਦੇ ਵਿਰੁੱਧ ਮਹਾਰਾਜੇ ਦੇ ਦਿਲ ਵਿੱਚ ਜ਼ਹਿਰ ਭਰਦੀ ਰਹੀ ਤਾਂ ਅੱਗੋਂ ਵਾਸਤੇ ਬੜੇ ਖ਼ਤਰਨਾਕ ਨਤੀਜੇ ਨਿਕਲਣਗੇ। ਇਸ ਵਾਸਤੇ ਗਵਰਨਰ ਜੈਨਰਲ ਦੀ ਰਾਏ ਵਿੱਚ ਰਾਜਸੀ ਤੌਰ ‘ਤੇ ਇਹ ਬਿਲਕੁਲ ਠੀਕ ਹੈ ਕਿ ਸ਼ਾਹਜ਼ਾਦੇ ਨੂੰ ਉਸ ਦੀ ਮਾਂ ਤੋਂ ਹੁਣੇ ਵੱਖਰਾ ਕਰ ਦਿੱਤਾ ਜਾਵੇ। ਇਸ ਵੇਲੇ ਮਹਾਰਾਜਾ ਪੂਰੀ ਤਰ੍ਹਾਂ ਮਹਾਰਾਣੀ ਦੇ ਵੱਸ ਵਿੱਚ ਹੈ। ਸੋ, ਮਹਾਰਾਜੇ ਦਾ ਉਸ ਹੁਸ਼ਿਆਰ ਇਸਤਰੀ (ਜਿੰਦਾਂ) ਦੇ ਖ਼ਿਆਲਾਂ ਦੇ ਪ੍ਰਭਾਵ ਤੋਂ ਬਚਣਾ ਅਸੰਭਵ ਹੈ, ਜਿਹੜੀ ਸਰਕਾਰ ਅੰਗਰੇਜ਼ੀ ਤੇ ਸਰਦਾਰਾਂ ਨਾਲ ਜ਼ਾਤੀ ਵੈਰ ਦੇ ਕਾਰਨ ਮਹਾਰਾਜ ਉੱਤੇ ਅਸਰ ਪਾਉਣਾ ਚਾਹੁੰਦੀ ਹੈ। ਮਹਾਰਾਜੇ ਦੀ ਭਲਾਈ ਤੇ ਅਹਿਦਨਾਮੇ ਦੀਆਂ ਸ਼ਰਤਾਂ ਨਿਭਾਉਣ ਵਾਸਤੇ ਇਸ ਗੱਲ ਦੀ ਲੋੜ ਹੈ ਕਿ ਮਹਾਰਾਜੇ ਨੂੰ ਇਹੋ ਜਿਹੇ ਸਾਰਿਆਂ ਅਸਰਾਂ ਤੋਂ ਬਚਾਇਆ ਜਾਵੇ, ਜੋ ਕੇਵਲ ਏਸੇ ਸੂਰਤ ਵਿੱਚ ਹੋ ਸਕਦਾ ਏ ਕਿ ਮਹਾਰਾਜੇ ਨੂੰ ਮਹਾਰਾਣੀ ਤੋਂ ਵੱਖਰਾ ਕਰ ਦਿੱਤਾ ਜਾਵੇ। ਪਰ ਇਹਨਾਂ ਰਾਜਸੀ ਮਾਮਲਿਆਂ ਦੇ ਨਾਲ-ਨਾਲ ਗਵਰਨਰ- ਜੈਨਰਲ ਉਹਨਾਂ ਜ਼ਿੰਮੇਂਵਾਰੀਆਂ ਵਿੱਚ ਵੀ ਬੱਧਾ ਹੋਇਆ ਹੈ, ਜੋ ਉਸ ਉੱਤੇ ਸਰਕਾਰ ਅੰਗਰੇਜ਼ੀ ਨੇ ਮਹਾਰਾਜੇ ਦੀ ਬਾਲਕ ਅਵਸਥਾ ਵਿੱਚ ਉਸ ਦੀ ਰੱਖਯਕ ਬਣਨ ਦਾ ਇਕਰਾਰ ਕਰਕੇ ਲਈਆਂ ਹਨ।’ ਏਸੇ ਖ਼ਤ ਵਿੱਚ ਹਾਰਡਿੰਗ ਨੇ ਲਾਰੰਸ ਨੂੰ ਲਿਖਿਆ ਹੈ ਕਿ ਜਿੰਦਾਂ ਨੂੰ ਲਾਹੌਰੋਂ ਕੱਢਣ ਬਾਰੇ ਦਰਬਾਰ ਵਿੱਚ ਪ੍ਰਗਟ ਤੌਰ ‘ਤੇ ਸਲਾਹ ਲਈ ਜਾਵੇ। ਅੰਗਰੇਜ਼ ਜਿੰਦਾਂ ਨੂੰ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦੇਣਾ ਚਾਹੁੰਦੇ ਸਨ। ਪਰ ਦਰਬਾਰ ਦੇ ਸਰਦਾਰ ਨਾ ਮੰਨੇ। ਈਵਾਨਸ ਬੈੱਲ ਲਿਖਦਾ ਹੈ, “ਅਗਸਤ, ੧੮੪੭ ਵਿੱਚ ਮਹਾਰਾਣੀ ਨੂੰ ਦੇਸੋਂ ਕੱਢ ਦੇਣ ਦੀ ਸਲਾਹ ਵਿੱਚ ਸਰਦਾਰਾਂ ਨੇ ਕਿਸੇ ਤਰ੍ਹਾਂ ਦਾ ਕਲੰਕ ਦਾ ਟਿੱਕਾ ਆਪਣੇ ਮੱਥੇ ਲੈਣਾ ਨਾ ਮੰਨਿਆ। ਇਸ ਵਾਸਤੇ ਲਾਹੌਰੋਂ ਵੀਹ ਮੀਲ ਦੀ ਵਿੱਥ ਉੱਤੇ ਮਹਾਰਾਣੀ ਸ਼ੇਖੂਪੁਰ ਦੇ ਕਿਲ੍ਹੇ ਵਿੱਚ ਭੇਜ ਦਿੱਤੀ ਗਈ।”

ਮੁਕਦੀ ਗੱਲ, ਲਾਰੰਸ ਨੇ ਜਿੰਦਾਂ ਨੂੰ ਕਿਲ੍ਹਾ ਸ਼ੇਖੂਪੁਰ ਵਿੱਚ ਨਜ਼ਰਬੰਦ ਕਰਨ ਦਾ ਫ਼ੈਸਲਾ ਦੇ ਦਿੱਤਾ। ਨਾਲ ਹੀ ਉਹਦੀ ਪੈਨਸ਼ਨ ਘਟਾ ਕੇ ਚਾਰ ਹਜ਼ਾਰ ਮਹੀਨਾ ਕਰ ਦਿੱਤੀ। ਪਹਿਲਾਂ ਵੀ ਤਾਂ ਸਿਰਫ਼ ਨਾਮ ਨੂੰ ਹੀ ਡੇਢ ਲੱਖ ਪੈਨਸ਼ਨ ਲਾਈ ਹੋਈ ਸੀ, ਨਹੀਂ ਤਾਂ ਕਈ ਮਹੀਨਿਆਂ ਤੋਂ ਜਿੰਦਾਂ ਨੂੰ ਕੁਛ ਨਹੀਂ ਸੀ ਮਿਲਿਆ। ਉਹ ਆਪਣੇ ਗਹਿਣੇ ਵੇਚ ਕੇ ਗੁਜ਼ਾਰਾ ਕਰ

ਰਹੀ ਸੀ। ਸਭ ਤੋਂ ਵਧੇਰੇ ਵਫ਼ਾਦਾਰ ਉਹਦੀ ਗੋਲੀ ‘ਮੰਗਲਾਂ’ ਸੀ। ਉਹਨੂੰ ਵੀ ਕਈ ਹੋਰ ਨੌਕਰਾਂ ਸਣੇ ਲਾਰੰਸ ਦੇ ਹੁਕਮ ਨਾਲ ਕੱਢ ਦਿੱਤਾ ਗਿਆ। ਉਸ ਵੇਲੇ ਅਮਲੀ ਤੌਰ ਉੱਤੇ ਜਿੰਦਾਂ ਸੰਮਨ ਬੁਰਜ ਵਿੱਚ ਕੈਦ ਸੀ। ਸ਼ੇਖੂਪੁਰ ਕਿਲ੍ਹੇ ਵਿੱਚ ਨਜ਼ਰਬੰਦ ਕਰਨ ਦਾ ਹੁਕਮ ਸੁਣਾਉਣ ਵਾਸਤੇ ਜਿੰਦਾਂ ਦਾ ਭਰਾ ਹੀਰਾ ਸਿੰਘ ਗਿਆ। ਜਿੰਦਾਂ ਨੇ ਬੜੇ ਹੌਂਸਲੇ ਨਾਲ ਹੁਕਮ ਸੁਣਿਆ ਤੇ ਉੱਤਰ ਦਿੱਤਾ, “ਜਿਸ ਗੱਲ ਵਿੱਚ ਉਹ ਬਿਹਤਰੀ ਸਮਝਣ, ਮੈਂ ਓਹਾ ਕੁਛ ਕਰਨ ਵਾਸਤੇ ਤਿਆਰ ਹਾਂ।” ਜਿੰਦਾਂ ਨੇ ਸ਼ੇਖੂਪੁਰ ਨੂੰ ਤੁਰਨ ਤੋਂ ਪਹਿਲਾਂ ਰੈਜ਼ੀਡੈਂਟ ਹੈਨਰੀ ਲਾਰੰਸ ਨੂੰ ਮਿਲਣਾ ਚਾਹਿਆ ਪਰ ਲਾਰੰਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਫਿਰ ਜਿੰਦਾਂ ਨੇ ਆਪਣੇ ਹੱਥੀਂ ਲਾਰੰਸ ਨੂੰ ਚਿੱਠੀ ਲਿਖੀ, ਜਿਸ ਵਿੱਚ ਉਹਨੇ ਦਿਲ ਖੁਹਲ ਕੇ ਖਰੀਆਂ-ਖਰੀਆਂ ਸੁਣਾਈਆਂ। ਅਸਲ ਚਿੱਠੀ ਇਉਂ ਹੈ। “ਲਿਖ ਤੁਮ ਬੀਬੀ ਸਾਹਿਬ, “ਅਲਾਰਨ (ਲਾਰੰਸ) ਸਾਹਿਬ ਜੋਗ! “ਅਸਾਂ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ । ਤੁਸਾਂ ਨਿਮਕ- ਹਰਾਮਾਂ ਦੇ ਪੈਰਾਂ ਵਿੱਚ ਦੇ ਦਿੱਤਾ ਸੁ। ਤੁਸਾਂ ਸਾਡੀ ਮੁਨਸਬੀ ਨਾ ਪਾਈ। ਤੁਹਾਨੂੰ ਜੋ ਚਾਹੀਦਾ ਸੀ, ਸੋ ਦਰਆਫ਼ਤੀ ਕਰਕੇ ਸਾਡੇ ਜੁੰਮੇਂ ਲੱਗਦਾ, ਸੋ ਲਾਂਦੇ। ਨਿਮਕਹਰਾਮਾਂ ਦੇ ਕਹੇ ਨਹੀਂ ਸੀ ਲੱਗਣਾ। ਤੁਸਾਂ ਵੱਡੇ ਮਹਾਰਾਜ ਦੀ ਦੋਸਤੀ ਵੱਲ ਵੀ ਨਹੀਂ ਡਿੱਠਾ। ਤੁਸਾਂ ਮੇਰੀ ਆਬਰੂ ਲੋਕਾਂ ਤੋਂ ਲੁਹਾਈ ਏ। ਤੁਸਾਂ ਕਰਾਰਨਾਮਿਆਂ ਤੇ ਅਹਿਦਨਾਮਿਆਂ ਉੱਪਰ ਵੀ ਕੁਝ ਅਮਲ ਨਹੀਂ ਕੀਤਾ।

“ਰਾਜਾ ਲਾਲ ਸਿੰਘ ਮੇਰਾ ਮੋਹਤਬਰ ਤੇ ਖ਼ੈਰਖਾਹ ਤੇ ਨਿਮਕ-ਹਲਾਲ ਸੀ । ਸੋ ਤੁਸਾਂ ਤਕਸੀਰੀ ਕਰਕੇ ਭੇਜ ਦਿੱਤਾ, ਤਾਂ ਅਸਾਂ ਕੁਝ ਨਹੀਂ ਤੁਸਾਂ ਨੂੰ ਆਖਿਆ। ਸਾਡੇ ਦਿਲ ਵਿੱਚ ਇਹ ਗੱਲ ਸੀ, ਜੋ ਆਪ ਸਾਹਿਬ ਸਾਡੇ ਪਾਸ ਨੇ । ਸਾਨੂੰ ਡਰ ਕਿਸ ਦਾ ਏ ? ਸਾਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ, ਝੂਠੀਆਂ ਗੱਲਾਂ ਸਾਡੇ ਜੁੰਮੇਂ ਲਾ ਕੇ ਤੇ ਕੈਦ ਚਹਾ ਕੀਤਾ।

“ਕੋਈ ਸਾਡੀ ਲਿਖਤ ਦੱਸੋ, ਵ ਕੁਝ ਸਾਡੇ ਜੁੰਮੇਂ ਲਾਓ ਆ, ਫੇਰ ਜੋ ਤੁਹਾਡੀ ਮਰਜ਼ੀ ਹੁੰਦੀ ਸੋ ਕਰਦੇ। ਇਕ ਮੈਂ ਤੇ ਮਹਾਰਾਜਾ ਤੇ ਬਾਈ ਟਹਿਲਣਾਂ ਅਸੀਂ ਸੰਮਨ (ਬੁਰਜ) ਵਿੱਚ ਕੈਦ ਵਾਂ। ਹੋਰ ਨੌਕਰ ਸਭ ਕੱਢ ਦਿੱਤੇ ਨੇ। ਅਸੀਂ ਬਹੁਤ ਲਾਚਾਰ ਹੋਏ ਆਂ। ਪਾਣੀ ਤੇ ਰੋਟੀ ਵੀ ਨਹੀਂ ਔਣ ਦਿੰਦੇ। ਇਸ ਤਰ੍ਹਾਂ ਜੁ ਸਾਨੂੰ ਤੰਗ ਕਰਦੇ ਹੋ, ਇਸ ਗੱਲ ਕੋਲੋਂ ਫਾਂਸੀ ਲਗਾ ਦਿਉ।

“ਜੇ ਤੁਸਾਂ ਸਾਡੀ ਅਦਾਲਤ ਕੀਤੀ, ਤਾਂ ਹੱਛੀ ਗੱਲ, ਨਹੀਂ ਤਾਂ ਨੰਦਣ ਸਤਰ ਵਿੱਚ ਫ਼ਰਿਆਦ ਕਰਾਂਗੇ। ਹੋਰ ਜਿਹੜਾ ਚਾਰ ਮਹੀਨਿਆਂ ਵਿੱਚ ਖ਼ਰਚ ਕੀਤਾ ਸੀ, ਇਕਵੰਜਾ ਹਜ਼ਾਰ, ਸੋ ਵੀ ਗਹਿਣੇ ਵੇਚ ਕੇ ਮਿਸਰ ਮੇਘਰਾਜ ਨੂੰ ਦੇ ਦਿੱਤਾ। ਕਿਸੇ ਕੋਲੋਂ ਕੁਝ ਮੰਗਦੇ ਨਹੀਂ ਸਾਂ। ਆਪਣੇ ਗਹਿਣੇ ਵੇਚ ਕੇ ਗੁਜ਼ਾਰਨ ਕਰਦੇ ਸਾਂ। ਬੇਨਿਹੱਕ ਸਾਡੀ ਆਬਰੂ ਕਿਉਂ ਲਾਹੀ। ਮੰਗਲਾਂ ਕੀ ਤਕਸੀਰ ਕੀਤੀ, ਉਹਨੂੰ ਵੀ ਕੱਢ ਦਿੱਤਾ।

“ਅੱਜ ਮਹਾਰਾਜ ਸਾਡੇ ਪਾਸ ਆ ਕੇ ਬਹੁਤ ਰੋਂਦੇ ਰਹੇ ਨੇ। ਆਖਣ ਲੱਗੇ, ਸਾਨੂੰ ਬਿਸ਼ਨ ਸਿੰਘ ਤੇ ਗੁਲਾਬ ਸਿੰਘ ਡਰਾਂਦੇ ਨੇ। ਜੇ ਤਾਂ ਮਹਾਰਾਜ ਨੂੰ ਡਰ ਨਾਲ ਕੁਝ ਹੋ ਗਿਆ, ਤਾਂ ਫਿਰ ਮੈਂ ਕੀ ਕਰਾਂਗੀ। ਉਨ੍ਹਾਂ ਨੂੰ ਆਖਿਆ ਨੇ, ਤੁਹਾਨੂੰ ਸਾਹਿਬ ਦਾ ਹੁਕਮ ਹੈ ਜੋ ਸ਼ਾਲਾ ਬਾਗ਼ ਜਾ ਕੇ ਉਤਰੋ। ਉਹ ਸੁਣ ਕੇ ਤੇ ਬਹੁਤ ਰੋਂਦੇ ਰਹੇ।

“ਇਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ, ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ। ਤੁਸੀਂ ਗੁੱਝੇ ਰਾਜ ਕਿਉਂ ਸਾਂਭਦੇ ਹੋ ? ਜਾਹਰਾ ਹੋ ਕੇ ਕਿਉਂ ਨਹੀਂ ਕਰਦੇ। ਨਾਲੇ ਵਿੱਚ ਦੋਸਤੀ ਦਾ ਹਰਫ਼ ਰੱਖਦੇ ਓ, ਨਾਲੇ ਕੈਦ ਕਰਦੇ ਓ। ਮੇਰੀ ਅਦਾਲਤ ਕਰੋ, ਨਹੀਂ ਤਾਂ ਨੰਦਣ ਫ਼ਰਿਆਦ ਕਰਾਂਗੀ। । ਤਿੰਨਾ ਚਹੁੰ ਨਿਮਕਹਰਾਮਾਂ ਨੂੰ ਰੱਖ ਲਓ, ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦਿਓ ਇਨ੍ਹਾਂ ਦੇ ਆਖੇ ਲੱਗ ਕੇ ਤੇ।”

(ਮੋਹਰ) ਅਕਾਲ ਸਹਾਏ, ਬੀਬੀ ਜਿੰਦ ਕੌਰ।

ਅੰਦਾਜ਼ਾ ਲਗਾਓ, ਕਿ ਇਹ ਕੁਛ ਲਿਖਣ ਵਾਲੀ ਜਿੰਦਾਂ ਦੇ ਅੰਦਰ ਕਿੰਨੀ ਕੁ ਬਲਦੀ ਹੋਵੇਗੀ। ਲਾਹੌਰੋਂ ਕੱਢ ਕੇ ਜਿੰਦਾਂ ਸ਼ੇਖੂਪੁਰ ਪੁਚਾ ਦਿੱਤੀ ਗਈ। ਸੰਤ ਨਿਹਾਲ ਸਿੰਘ ਨੇ ‘ਮਰਯਾਦਾ’ ਵਿੱਚ ਇਸ ਘਟਨਾ ਬਾਰੇ ਇਉਂ ਲਿਖਿਆ ਹੈ :- “ਇਸ (ਤੇਜ ਸਿੰਘ ਨੂੰ ਤਿਲਕ ਨਾ ਦੇਣ) ਦਾ ਫਲ ਇਹ ਹੋਇਆ, ਕਿ ਇਸ ਘਟਨਾ ਤੋਂ ਕੁਛ ਦਿਨ ਪਿੱਛੋਂ ਰਾਜ ਮਹਿਲ ਵਿੱਚੋਂ ਸਭ ਨੌਕਰ ਹਟਾ ਦਿੱਤੇ ਗਏ। ਮਹਾਰਾਜਾ ਦੀ ਆਤਮਾ ਨੇ ਉਸ ਨੂੰ ਦੱਸ ਦਿੱਤਾ ਕਿ ਕੋਈ ਔਕੜ ਆਉਣ ਵਾਲੀ ਹੈ। ਸੰਧਿਆ (੧੮ ਅਗਸਤ) ਨੂੰ ਫਿਰ ਦਰਬਾਰ ਹੋਇਆ, ਜਿਸ ਵਿੱਚ ਮਹਾਰਾਜ ਵੀ ਬਿਰਾਜਮਾਨ ਸਨ । ਲਾਰੰਸ ਨੇ ਮਹਾਰਾਜ ਨੂੰ ਘੋੜੇ ‘ਤੇ ਚੜ੍ਹ ਕੇ ਹਵਾ ਖਾਣ ਜਾਣ ਵਾਸਤੇ ਕਿਹਾ। ਕੁਵੇਲਾ ਹੋਣ ਦੇ ਕਾਰਨ ਮਹਾਰਾਜ ਇਹ ਸੁਣ ਕੇ ਬੜੇ ਹੈਰਾਨ ਹੋਏ ਪਰ ਉਹਨਾਂ ਇਹ ਪ੍ਰਾਰਥਨਾ ਮੰਨ ਲਈ। ਉਹ ਗੁਲਾਬ ਸਿੰਘ ਅਟਾਰੀ ਵਾਲੇ ਤੇ ਕੁਛ ਹੋਰ ਸਰਦਾਰਾਂ ਸਣੇ ਸ਼ਾਲਾਮਾਰ ਬਾਗ਼ ਵੱਲ ਚਲੇ ਗਏ। ਥੋੜ੍ਹੇ ਚਿਰ ਨੂੰ ਹਨ੍ਹੇਰਾ ਹੋ ਗਿਆ ਤਾਂ ਮਹਾਰਾਜ ਨੇ ਮੁੜਨਾ ਚਾਹਿਆ। ਇਸ ਵਿਚਾਰ ਨਾਲ ਉਹਨਾਂ ਸ਼ਹਿਰ ਵੱਲ ਘੋੜਾ ਮੋੜਿਆ। ਗੁਲਾਬ ਸਿੰਘ ਨੇ ਇਹ ਆਖ ਕੇ ਰੋਕਿਆ, ‘ਕੀ ਆਪ ਸ਼ਹਿਰ ਮੁੜ ਕੇ ਸਾਡਾ ਨੱਕ ਵਢਾਉਗੇ ? ਲਾਰੰਸ ਸਾਹਿਬ ਦੀ ਆਗਿਆ ਹੈ ਕਿ ਮੈਂ ਆਪ ਨਾਲ ਸ਼ਾਲਾਮਾਰ ਜਾਵਾਂ।’ ਮਹਾਰਾਜੇ ਨੇ ਦੁੱਖ ਨਾਲ ਜਾਣਾ ਮੰਨ ਲਿਆ। ਓਥੇ ਪੁੱਜੇ ਤਾਂ ਬਾਗ਼ ਵਿੱਚ ਆਪਣੇ ਨੌਕਰਾਂ ਨੂੰ ਵੇਖਿਆ ਤੇ ਇਹ ਵੀ ਡਿੱਠਾ, ਕਿ ਰਾਤ ਕੱਟਣ ਲਈ ਸਾਰਾ ਸਾਮਾਨ ਪਿਆ ਹੈ। ਇਸ ‘ਤੇ ਆਪ ਨੇ ਰਤੀ ਵੀ ਗੁੱਸਾ ਪ੍ਰਗਟ ਨਾ ਕੀਤਾ, ਪਰ ਪ੍ਰਸ਼ਾਦ ਨਾ ਛਕਿਆ। ਦੂਜੇ ਦਿਨ ਆਪ ਨੂੰ ਪਤਾ ਲੱਗਾ ਕਿ ਆਪ ਦੀ ਮਾਤਾ ਨਜ਼ਰਬੰਦ ਕਰਕੇ ਸ਼ੇਖੂਪੁਰ ਭੇਜੀ ਗਈ ਹੈ। ਇਹ ਸੁਣ ਕੇ ਮਹਾਰਾਜੇ ਦਾ ਗ਼ਮ ਨਾਲ ਦਿਲ ਟੁੱਟ ਗਿਆ ਕਿਉਂਕਿ ਆਪ ਦਾ ਆਪਣੀ ਮਾਤਾ ਨਾਲ ਬਹੁਤ ਪਿਆਰ ਸੀ। ਲਾਹੌਰ ਪੁੱਜ ਕੇ ਆਪ ਨੇ ਆਪਣੇ ਪਹਿਲੇ ਨਿਵਾਸ ਅਸਥਾਨ ਸੰਮਨ ਬੁਰਜ ਵਿੱਚ ਨਾ ਰਹਿਣ ਦੀ ਇੱਛਿਆ ਪ੍ਰਗਟ ਕੀਤੀ ਤੇ ਤਖ਼ਤਗਾਹ ਦੇ ਉਪਰਲੇ ਕਮਰਿਆਂ ਵਿੱਚ ਰਹਿਣ ਲੱਗੇ। ਕੁਛ ਦਿਨ ਮਗਰੋਂ ਆਪ ਦੀ ਮਾਤਾ ਨੇ ਆਪ ਨੂੰ ਰਾਜ਼ੀ ਖ਼ੁਸ਼ੀ ਦਾ ਸੁਨੇਹਾ ਘੱਲਿਆ, ਤੇ ਆਪ ਲਈ ਕੁਛ ਖਿਡਾਉਣੇ ਤੇ ਮਠਿਆਈ ਘਲੀ। ਮਾਤਾ ਦੀ ਰਾਜ਼ੀ ਖ਼ੁਸ਼ੀ ਦਾ ਸਮਾਚਾਰ ਪਾ ਕੇ ਆਪ ਨੂੰ ਬੜੀ ਖ਼ੁਸ਼ੀ ਹੋਈ ਪਰ ਇਹ ਸੁਭਾਗ ਵੀ ਆਪ ਨੂੰ ਮੁੜ ਪ੍ਰਾਪਤ ਨਾ ਹੋਇਆ ਕਿਉਂਕਿ ਰੈਜ਼ੀਡੈਂਟ ਦੀ ਆਗਿਆ ਨਾਲ ਚਿੱਠੀ ਪੱਤਰ ਵੀ ਬੰਦ ਕਰ ਦਿੱਤਾ ਗਿਆ।”

੧੯ ਅਗਸਤ ਨੂੰ ਜਿੰਦਾਂ ਸ਼ੇਖੂਪੁਰ ਪੁੱਜੀ। ਉਹਦੀ ਰਾਖੀ ਉੱਤੇ ਸ. ਬੂੜ ਸਿੰਘ ਲਾਇਆ ਗਿਆ, ਜੋ ਜਿੰਦਾਂ ਦੇ ਵਿਰੋਧੀ ਧੜੇ ਵਿੱਚੋਂ ਸੀ।

ਅਗਲੇ ਦਿਨ ਗਵਰਨਰ-ਜੈਨਰਲ ਦਾ ਐਲਾਨ ਨਿਕਲਿਆ ।

“ਲਾਹੌਰ ਦਰਬਾਰ ਦੇ ਸਰਦਾਰਾਂ, ਧਾਰਮਿਕ ਆਗੂਆਂ, ਬਜ਼ੁਰਗਾਂ ਤੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੇ ਵਸਨੀਕਾਂ ਦੇ ਗਿਆਨ ਵਾਸਤੇ ਆਮ ਐਲਾਨ :-ਲੀ

“ਲਾਹੌਰ, ੨੦ ਅਗਸਤ, ੧੮੪੭ ਈ: । ਲਾਹੌਰ ਦਰਬਾਰ ਤੇ ਸਰਕਾਰ ਅੰਗਰੇਜ਼ੀ ਵਿੱਚ ਮਿੱਤਰਤਾ ਹੋਣ ਦੇ ਕਾਰਨ, ਮਹਾਰਾਜੇ ਦੀ ਬਾਲਕ ਅਵਸਥਾ ਵਿੱਚ ਉਸ ਨੂੰ ਵਿੱਦਿਆ ਦੇਣ ਤੇ ਉਸਦੀ ਪਾਲਣਾ ਤੇ ਰੱਖਿਆ ਕਰਨ ਵਿੱਚ ਗਵਰਨਰ-ਜੈਨਰਲ ਪਿਤਾ ਵਰਗਾ ਸ਼ੌਕ ਰੱਖਦਾ ਹੈ।

“ਇਸ ਕਾਰਜ-ਸਿੱਧੀ ਵਾਸਤੇ ਗਵਰਨਰ-ਜੈਨਰਲ ਬੜਾ ਹੀ ਜ਼ਰੂਰੀ ਸਮਝਦਾ ਹੈ ਕਿ ਮਹਾਰਾਜਾ ਨੂੰ ਉਸਦੀ ਮਾਤਾ ਮਹਾਰਾਣੀ ਤੋਂ ਅਲੱਗ ਕਰ ਦਿੱਤਾ ਜਾਵੇ। ਇਸ ਸਲਾਹ ਵਿੱਚ ਦਰਬਾਰ ਨੇ ਸਰਬ ਸੰਮਤੀ ਪ੍ਰਗਟ ਕੀਤੀ ਹੈ। ਸੋ, ੧੯ ਅਗਸਤ, ੧੮੪੭ ਈ: ਨੂੰ ਮਹਾਰਾਣੀ ਸਾਹਿਬਾ ਨੇ ਲਾਹੌਰ ਦੇ ਰਾਜ ਮਹਿਲ ਨੂੰ ਛੱਡਿਆ ਤੇ ਉਸਨੂੰ ਸ਼ੇਖੂਪੁਰ ਪੁਚਾਇਆ ਗਿਆ।

“ਇਹ ਕਦਮ ਉਠਾਉਣ ਦੇ ਹੇਠ ਲਿਖੇ ਸਬੱਬ ਹਨ। ਪਹਿਲਾ : ਭਰੋਵਾਲ ਦੀ ਸੁਲ੍ਹਾ ਵੇਲੇ ਇਹ ਜ਼ਰੂਰੀ ਸਮਝਿਆ ਗਿਆ ਸੀ ਕਿ ਪਰਜਾ ਦੀ ਭਲਾਈ ਵਾਸਤੇ ਹਰ ਤਰ੍ਹਾਂ ਦੇ ਰਾਜਸੀ ਕੰਮਾਂ ਦੇ ਪ੍ਰਬੰਧ ਤੋਂ ਮਹਾਰਾਣੀ ਨੂੰ ਅਲੱਗ ਰੱਖਿਆ ਜਾਵੇ। ਉਸ ਨੂੰ ਵੱਖਰਾ ਗੁਜ਼ਾਰਾ ਦਿੱਤਾ ਗਿਆ, ਤਾਂ

ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਇੱਜ਼ਤ ਨਾਲ ਗੁਜ਼ਾਰ ਸਕੇ। ਇਹ ਸਭ

ਕੁਛ ਹੁੰਦਿਆਂ ਹੋਇਆਂ ਮਹਾਰਾਣੀ, ਗੌਰਮਿੰਟ ਨੂੰ ਉਲਟਣ ਦੀਆਂ ਚਾਲਾਂ

ਚਲਦੀ ਰਹੀ ਤੇ ਵਜ਼ੀਰਾਂ ਦੀ ਐਨੀ ਵਿਰੋਧਤਾ ਕਰਦੀ ਰਹੀ ਕਿ ਸਰਕਾਰੀ

ਕੰਮਾਂ ਵਿੱਚ ਰੁਕਾਵਟਾਂ ਤੇ ਔਕੜਾਂ ਪੈਦਾ ਹੁੰਦੀਆਂ ਰਹੀਆਂ ਹਨ।

“ਦੂਜਾ : ਮਹਾਰਾਜਾ ਅਜੇ ਬਾਲਕ ਹੈ। ਉਹ ਵੱਡਾ ਹੋ ਕੇ ਓਹੋ ਜਿਹਾ ਬਣੇਗਾ, ਜਿਹੋ ਜਿਹਾ ਉਸ ਨੂੰ ਬਣਾਇਆ ਜਾਵੇਗਾ। ਸੋ, ਇਹ ਸੰਭਵ ਹੈ ਕਿ ਉਹਦੀ ਮਾਤਾ ਆਪਣੇ ਜ਼ਾਤੀ ਵਿਰੋਧ ਦੇ ਕਾਰਨ, ਸਰਦਾਰਾਂ ਦੇ ਵਿਰੁੱਧ ਉਹਦੇ ਮਨ ਵਿੱਚ ਜ਼ਹਿਰ ਭਰਦੀ ਰਹੇਗੀ। ਰਾਜ ਦੇ ਵਜ਼ੀਰਾਂ ਤੇ ਸਰਦਾਰਾਂ ਦੀ ਵਿਰੋਧਤਾ ਦੀ ਸਿੱਖਿਆ ਉਹਨੂੰ ਦਿੱਤੀ ਜਾਵੇਗੀ ਤੇ ਅਜਿਹੀ ਸਿੱਖਿਆ ਦੀ ਕਦੇ ਆਗਿਆ ਨਹੀਂ ਦਿੱਤੀ ਜਾ ਸਕਦੀ। ਮਹਾਰਾਜ ਦੀ ਸਿੱਖਿਆ, ਮਨ ਦੀ ਉੱਚਾਈ, ਕੁਦਰਤੀ ਵਿੱਦਿਆ ਤੇ ਇਨਸਾਨੀ ਗੁਣਾਂ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ, ਤਾਂਕਿ ਇਸ ਅਹਿਦਨਾਮੇ ਦੇ ਮੁੱਕਣ ਉੱਤੇ ਮਹਾਰਾਜੇ ਤੇ ਉਸਦੀ ਪਰਜਾ ਦੀ ਹਰ ਸ਼੍ਰੇਣੀ ਵਿੱਚ ਅਮਨ ਬਹਾਲ ਰਹਿ ਸਕੇ ਤੇ ਉਹ ਇਕ ਦੂਜੇ ਨੂੰ ਮਿਹਰਬਾਨ ਸਮਝਣ। ਅਮਨ ਇਕ ਰੱਬੀ ਦਾਤ ਹੈ, ਪਰ ਜੇ ਮਹਾਰਾਜਾ ਆਪਣੀ ਮਾਂ ਕੋਲ ਰਿਹਾ ਤਾਂ ਉਸ ਦੀ ਆਸ ਨਹੀਂ ਰੱਖੀ ਜਾ ਸਕਦੀ।

“ਤਿੱਜਾ : ਜਦੋਂ ਤੱਕ ਮਹਾਰਾਣੀ ਲਾਹੌਰ ਦੇ ਰਾਜ ਮਹਿਲ ਵਿੱਚ ਹੈ, ਓਪਰੇ ਬੰਦੇ ਬਿਨਾਂ ਰੁਕਾਵਟ ਉਸ ਨੂੰ ਮਿਲ ਸਕਦੇ ਹਨ ਤੇ ਹਰ ਇਕ ਫ਼ਸਾਦੀ-ਜੋ ਹੁਣ ਵਾਲੇ ਪ੍ਰਬੰਧ ਤੇ ਖ਼ੁਸ਼ ਨਹੀਂ—ਮਹਾਰਾਣੀ ਨੂੰ ਰਾਜ ਦਾ ਸਿਰਤਾਜ ਸਮਝਦਾ ਹੈ, ਤੇ ਵਿੱਚੋਂ ਕਈਆਂ ਨੇ ਤਾਂ ਖ਼ਾਲਸਾ ਸਰਕਾਰ ਨੂੰ ਉਲਟ ਦੇਣ ਦੇ ਵੀ ਯਤਨ ਕੀਤੇ ਹਨ।

“ਪੰਜਾਬ ਰਾਜ ਦੇ ਹਰ ਸੱਜਣ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਗਵਰਨਰ- ਜੈਨਰਲ ਹਿੰਦ ਆਪ ਜਨਤਾ ਦੇ ਅਮਨ, ਮੁਲਕ ਦੀ ਰਾਖੀ, ਸਰਕਾਰ ਦੀ ਸਥਿਰਤਾ, ਮਹਾਰਾਜੇ ਤੇ ਉਸ ਦੇ ਵਜ਼ੀਰਾਂ ਦੀ ਇੱਜ਼ਤ ਬਹਾਲ ਰੱਖਣ ਦਾ ਦਿਲੋਂ ਚਾਹਵਾਨ ਹੈ।”

ਏਸ ਐਲਾਨ ਦਾ ਲੋਕਾਂ ਉੱਤੇ ਬਹੁਤ ਬੁਰਾ ਅਸਰ ਪਿਆ। ਰਾਜ ਘਰਾਣੇ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਅੰਦਰ ਗੁੱਸੇ ਦੀ ਅੱਗ ਧੁਖਣ ਲੱਗ ਪਈ।

ਨੌਂ ਸਾਲ ਦੇ ਮਾਸੂਮ ਬੱਚੇ ਨੂੰ ਉਸਦੀ ਮਾਂ ਤੋਂ ਵਿਛੋੜ ਦਿੱਤਾ ਗਿਆ। ਰਾਜ-ਮਾਤਾ ਜਿੰਦ ਕੌਰਾਂ ਨੂੰ ਸ਼ੇਖੂਪੁਰ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਭਰੋਵਾਲ ਦੇ ਅਹਿਦਨਾਮੇ ਦੇ ਉਲਟ ਉਹਦੀ ਪੈਨਸ਼ਨ ਘਟਾ ਦਿੱਤੀ ਗਈ। ਉਹਨੂੰ ਆਪਣੇ ਪੁੱਤਰ ਨੂੰ ਸੁਖ-ਸੁਨੇਹਾ ਘਲਣੋਂ ਵੀ ਰੋਕ ਦਿੱਤਾ ਗਿਆ। ਇਹ ਕੁਛ ਓਸ ਹੈਨਰੀ ਲਾਰੰਸ ਤੇ ਲਾਰਡ ਹਾਰਡਿੰਗ ਨੇ ਕੀਤਾ, ਜਿਨ੍ਹਾਂ ਨੂੰ ਨੇਕ ਦਿਲ, ਚੰਗੇ, ਭਲੇ ਪੁਰਸ਼ ਤੇ ਨਰਮ ਸੁਭਾਅ ਦੇ ਕਿਹਾ ਜਾਂਦਾ ਹੈ।

ਸ਼ੇਖੂਪੁਰ ਪਹੁੰਚ ਕੇ ਜਿੰਦਾਂ ਨੇ ਹੈਨਰੀ ਲਾਰੰਸ ਨੂੰ ਦੂਸਰੀ ਚਿੱਠੀ ਲਿਖੀ।

“ਸਤਿਗੁਰ ਪ੍ਰਸਾਦਿ।

“ਲਿਖਤਮ ਬੀਬੀ ਸਾਹਿਬ ਜੀ,

ਲਾਰਨ (ਲਾਰੰਸ) ਸਾਹਿਬ ਜੋਗ!

“ਅਸੀਂ ਰਾਜੀ ਬਾਜੀ ਸ਼ੇਖੂਪੁਰੇ ਆਨ ਪਹੁੰਚੇ। ਤੁਸਾਂ ਸਾਡਾ ਅਸਬਾਬ ਸਾਂਭ ਕੇ ਭੇਜਣਾ। ਹੋਰ ਜੈਸੇ ਸੰਮਨ (ਬੁਰਜ) ਵਿੱਚ ਬੈਠੇ ਸੇ, ਤੈਸੇ ਸ਼ੇਖੂਪੁਰੇ ਬੈਠੇ ਹਾਂ। ਦੋਵੇਂ ਥਾਂ ਇਕੋ ਜਿਹੇ ਸਾਨੂੰ ਹਨ । ਤੁਸਾਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਏ। ਮੇਰਾ ਪੁੱਤਰ ਖੋਹ ਲਿਆ। ਦਸ ਮਹੀਨੇ ਮੈਂ ਢਿੱਡ ਵਿੱਚ ਰੱਖਿਆ, ਤੇ ਮੰਨ- ਮੰਨ ਪਾਲਿਆ ਈ। ਬਿਨਾਂ ਗੱਲ ਮੇਰੇ ਨਾਲੋਂ ਵਿਛੋੜਿਆ। ਮੈਨੂੰ ਤੇ ਕੈਦ ਰੱਖਦੇ, ਮੇਰੇ ਆਦਮੀ ਕੱਢ ਦਿੰਦੇ, ਮੇਰੀਆਂ ਟਹਿਲਣਾਂ ਕੱਢ ਦਿੰਦੇ, ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਚਾਹੁੰਦੀ, ਉਸ ਤਰ੍ਹਾਂ ਮੇਰੇ ਨਾਲ ਕਰਦੇ, ਪਰ ਇਕ ਮੇਰੇ ਨਾਲ ਪੁੱਤਰ ਵਿਛੋੜਾ ਨਾ ਕਰਦੇ । ਵਾਸਤਾ ਈ ਆਪਣੇ ਰੱਬ ਦਾ, ਵਾਸਤਾ ਈ ਆਪਣੇ ਬਾਦਸ਼ਾਹ ਦਾ, ਜਿਸਦਾ ਨਿਮਕ ਖਾਂਦੇ ਹੋ, ਮੇਰਾ ਪੁੱਤਰ ਮੈਨੂੰ ਮਿਲੇ। ਇਹ ਦੁੱਖ ਮੌਤੋਂ ਸਹਿਆ ਨਹੀਂ ਜਾਂਦਾ, ਨਹੀਂ ਤਾਂ ਮੈਨੂੰ ਮਰਵਾ ਦਿੰਦੇ।

“ਪੁੱਤਰ ਮੇਰਾ ਬਹੁਤ ਅਯਾਣਾ ਏ, ਕੁਝ ਕਰਨੇ ਜੋਗਾ ਨਹੀਂ। ਮੈਂ ਬਾਦਸ਼ਾਹੀ ਛੋੜੀ। ਮੈਨੂੰ ਬਾਦਸ਼ਾਹੀ ਦੀ ਕੋਈ ਲੋੜ ਨਹੀਂ। ਵਾਸਤੇ ਰੱਬ ਦੇ ਮੇਰੀ ਅਰਜ਼ ਮੰਨੋ। ਏਸ ਵੇਲੇ ਮੇਰਾ ਕੋਈ ਨਹੀਂ। ਮੈਂ ਅੱਗੇ ਵੀ ਕੋਈ ਉਜਰ ਨਹੀਂ। ਜੋ ਆਖੋਗੇ, ਸੋ ਮੈਂ ਮੰਨਾਂਗੀ। ਮੇਰੇ ਪੁੱਤਰ ਕੋਲ ਕੋਈ ਨਹੀਂ। ਭੈਣ ਭਾਈ ਨਹੀਂ, ਕੋਈ ਚਾਚਾ ਤਾਯਾ ਨਹੀਂ, ਬਾਪ ਇਸਦਾ ਨਹੀਂ। ਇਸ ਨੂੰ ਕੀਹਦੇ ਹਵਾਲੇ ਕੀਤਾ ਜੇ। ਮੇਰੇ ਨਾਲ ਏਡੀ ਜ਼ੁਲਮੀ ਐਵੇਂ ਜੇ। ਹੋਰ ਮੈਂ ਸ਼ੇਖੂਪੁਰੇ ਰਹਾਂਗੀ, ਮੈਂ ਲਾਹੌਰ ਨਹੀਂ ਜਾਵਾਂਗੀ, ਮੇਰੇ ਪੁੱਤਰ ਨੂੰ ਮੇਰੇ ਕੋਲ ਭੇਜ ਦੇਵੋ। ਮੈਂ ਉਨ੍ਹੀਂ ਦਿਨੀਂ ਤੁਸਾਂ ਪਾਸ ਆਵਾਂਗੀ, ਜਿਸ ਦਿਨ ਦਰਬਾਰ ਲਾਉਣਾ ਹੋਸੀ। ਉਸ ਦਿਨ ਉਸ ਨੂੰ ਮੈਂ ਭੇਜ ਦਿਆਂਗੀ। ਹੋਰ ਮੇਰੇ ਨਾਲ ਵੀ ਬਹੁਤ ਸੀ ਹੋਈ ਹੈ। ਮੇਰੇ ਪੁੱਤਰ ਨਾਲ ਵੀ ਬਹੁਤ ਸੀ ਹੋਈ ਏ ਤੇ ਲੋਕਾਂ ਦਾ ਕਿਹਾ ਮੰਨ ਲਿਆ। ਹੁਣ ਬੱਸ ਕਰੋ, ਬਹੁਤੀ ਹੋਈ ਹੈਗੀ।”ਕੀ

ਠੀਕ ਕਹਿੰਦੇ ਨੇ, ਸਿਆਸਤਦਾਨਾਂ ਦਾ ਦਿਲ ਨਹੀਂ ਹੁੰਦਾ, ਕੇਵਲ ਦਿਮਾਗ਼ ਹੁੰਦਾ ਹੈ। ਲਾਰੰਸ ਦੀ ਛਾਤੀ ਵਿੱਚ ਵੀ ਕੋਈ ਦਰਦ ਵਾਲਾ ਦਿਲ ਹੁੰਦਾ, ਤਾਂ ਦੁਖੀ ਜਿੰਦਾਂ ਦੀ ਇਹ ਚਿੱਠੀ ਪੜ੍ਹ ਕੇ ਜ਼ਰੂਰ ਪੰਘਰ ਪੈਂਦਾ। ਉਹਨੇ ਉੱਤਰ ਵਿੱਚ ਏਨਾ ਹੀ ਲਿਖਿਆ, ਕਿ ਦਲੀਪ ਸਿੰਘ ਮਾਂ ਨਾਲੋਂ ਵਿਛੜ ਕੇ ਬਹੁਤ ਖ਼ੁਸ਼ ਹੈ। ਨਾਲ ਹੀ ਹਾਕਮਾਨਾ ਬੋਲੀ ਵਿੱਚ ਲਾਰੰਸ ਨੇ ਕੁਛ ਹਦਾਇਤਾਂ ਲਿਖਣੀਆਂ ਵੀ ਜ਼ਰੂਰੀ ਸਮਝੀਆਂ।

ਉਸਦੇ ਉੱਤਰ ਵਿੱਚ ਜਿੰਦਾਂ ਨੇ ਤਿੱਜੀ ਚਿੱਠੀ ਲਿਖੀ।

“ਸਤਿਗੁਰ ਪ੍ਰਸਾਦਿ।

“ਲਿਖਤਮ ਮਹਾਰਾਨੀ ਸਾਹਿਬਾ।

“ਮੁਰਾਸਲਾ ਆਪ ਕਾ ਪਹੁੰਚਾ, ਬਹੁਤ ਖ਼ੁਸ਼ੀ ਹੋਈ ਕਿ ਮੈਂ ਤੁਮ ਕੋ ਯਾਦ ਹੂੰ। ਤੁਮ ਨੇ ਜੋ ਲਿਖਾ ਹੈ, ਮਹਾਰਾਜਾ ਖੁਸ਼ੀ, ਸੁਨ ਕਰ ਬਹੁਤ ਦਿਲ ਖ਼ੁਸ਼ੀ ਹੂਆ ਹੈ। ਜਿਸ ਦਿਨ ਸੇ ਹਮ ਲਾਹੌਰ ਸੇ ਚਲੇ ਆਏ ਹੈਂ, ਉਸ ਦਿਨ ਸੇ ਆਜ ਹਮ ਨੇ ਮਹਾਰਾਜ ਕੀ ਖ਼ੁਸ਼ੀ ਕੀ ਖ਼ਬਰ ਸੁਨੀ ਹੈ। ਜੋ ਤੁਮ ਨੇ ਲਿਖਾ ਹੈ, ਸੋ ਸਭ ਸੱਚ ਹੋਵੇਗਾ। ਔਰ ਮੇਰਾ ਦਿਲ ਗਵਾਹੀ ਨਹੀਂ ਦੇਤਾ ਕਿ ਮਹਾਰਾਜਾ ਰਾਜੀ ਹੋਵੇ। ਜਿਨ ਕੀ ਮਾਂ ਬਿਛੜ ਗਈ ਹੋਵੇ, ਉਹ ਕਿਉਂ ਕਰ ਰਾਜੀ ਹੋਵੇਂਗੇ। ਮਹਾਰਾਜ ਤੋਂ ਬਿਨਾਂ, ਇਹ ਫਲ ਦੇਤੇ ਹੋ। ਏਕ ਤੋ ਨਦਾਨ, ਔਰ ਏਕ ਕਬੀ ਵਿਛੜੇ ਨਹੀਂ ਥੇ। ਆਪ ਸਿਆਨੇ ਹੋ, ਬੁਧਵਾਨ ਹੋ, ਅਪਨੇ ਦਿਲ ਮੇਂ ਸਮਝੋ ਕਿ ਮਹਾਰਾਜਾ ਕਿਸ ਤਰ੍ਹਾਂ ਰਾਜੀ ਹੋਂਗੇ।

“ਇਹ ਜੋ ਤੁਮ ਨੇ ਲਿਖਾ ਹੈ, ਨਜ਼ਰ ਉੱਪਰ ਦੋਸਤੀ ਦੋਨੋਂ ਸਰਕਾਰ ਕੇ ਬਹੁਤ ਖ਼ਿਆਲ ਖ਼ੁਸ਼ੀ ਖ਼ਾਤਰ ਮਹਾਰਾਜ ਕਾ ਹੈ। ਜੋ ਤੁਮ ਨੇ ਮਹਾਰਾਜ ਕੀ ਖ਼ੁਸ਼ੀ ਖ਼ਾਤਰ ਰੱਖੀ ਹੈ, ਉਹ ਸਾਰੇ ਜ਼ਮਾਨੇ ਮੇਂ ਮਸ਼ਹੂਰ ਹੋਈ ਹੈ ਕਿ ਰੋਤੇ ਹੂਏ ਕੋ ਛੀਨ ਕਰ ਸ਼ਾਲਾ ਬਾਗ਼ ਕੋ ਲੇ ਗਏ ਔਰ ਮਾਂ ਕੋ ਬਾਲ ਪਕੜ ਕਰ ਬਾਹਰ ਨਿਕਾਲ ਦੀਆ, ਤੁਮਹਾਰੇ ਦਿਲ ਮੇਂ ਇਤਨਾ ਦਰੇਗ ਨਾ ਆਇਆ ਕਿ ਮਹਾਰਾਜ ਨਦਾਨ ਹੈ, ਕਿਉਂ ਕਰ ਰਹੇਗਾ।

“ਤੁਮਹਾਰੇ ਤਈਂ ਇਸੀ ਇੱਜ਼ਤ ਆਬਰੂ ਕੇ ਤਈਂ ਰੱਖਾ ਥਾ, ਸੋ ਨਮਕਹਰਾਮੋਂ ਨੇ ਉਹ ਇੱਜ਼ਤ ਆਬਰੂ ਬੀ ਨਹੀਂ ਰਹਿਨੇ ਦੀ। ਏਕ ਅਫ਼ਸੋਸ ਹੈ ਕਿ ਤੁਮਨੇ ਹਮਾਰੇ ਜੁੰਮੇਂ ਸਮਝ ਕਰ ਤਕਸੀਰ ਨਹੀਂ ਲਗਾਈ, ਨਿਮਕਹਰਾਮੀਓਂ ਕੇ ਕਹਿਨੇ ਪਰ ਅਮਲ ਕਰ ਕਰ ਦੇਸ ਨਿਕਾਲਾ ਦੇ ਦੀਆ। ਜੋ ਕੀਆ, ਸੋ ਸਭ ਆਪ ਕੀ ਨੇਕਨਾਮੀ ਹੂਈ ਹੈ। ਮੇਰੀ ਇੱਜ਼ਤ ਆਬਰੂ ਔਰ ਤੁਮਹਾਰਾ ਜਬਾਨ ਕਾ ਸੁਖਨ ਗਿਆ। ਔਰ ਜੋ ਤੁਮ ਨੇ ਮੇਰੇ ਸਾਥ ਕੀਆ ਹੈ, ਐਸਾ ਕਿਸੀ ਖੂਨੀ ਕੇ ਸਾਥ ਬੀ ਨਹੀਂ ਗੁਜਰਤਾ ਹੈ। ਮੈਂ ਸਭ ਕੁਛ ਛੋੜ ਕਰ ਫ਼ਕੀਰ ਹੂਈ ਥੀ, ਸੋ ਤੁਮ ਨੇ ਫ਼ਕੀਰ ਬੀ ਨਹੀਂ ਰਹਿਨੇ ਦੀਏ। ਔਰ ਖ਼ਰਚ ਸੇ ਹਮ ਬਹੁਤ ਤੰਗ ਹੈਂ।

“ਔਰ ਬੰਧੂਜੀਤ ਕੋ ਤੁਮਹਾਰੇ ਪਾਸ ਭੇਜਾ ਹੈ। ਇਸ ਕੋ ਅਪਨੇ ਪਾਸ ਰਖਨਾ। ਔਰ ਆਧਾ ਅਸਬਾਬ ਹਮਾਰੇ ਪਾਸ ਪਹੁੰਚ ਗਿਆ ਹੈ, ਆਧਾ ਨਹੀਂ ਦੇਤੇ। ਹਮ ਕੋ ਦਿਲਵਾ ਦੋ, ਔਰ ਖ਼ਰਚ ਲੇ ਕਰ ਭੇਜੋ।”

ਇਸ ਚਿੱਠੀ ਦੇ ਅੰਗਰੇਜ਼ੀ ਉਲਥੇ ਉੱਤੇ ੧੬ ਭਾਦਰੋਂ, ੩੦ ਅਗਸਤ, ੧੮੪੭ ਦੀ ਤਾਰੀਖ਼ ਦਰਜ ਹੈ। ਇਸਦੀ ਬੋਲੀ ਵੀ ਪਹਿਲੀਆਂ ਚਿੱਠੀਆਂ ਨਾਲੋਂ ਵੱਖਰੀ ਤੇ ਓਪਰੀ ਹੈ। ਸ਼ਾਇਦ ਇਸ ਵਾਸਤੇ ਕਿ ਇਹ ਸਰਕਾਰੀ ਮੁਰਾਸਲੇ ਦੇ ਉੱਤਰ ਵਿੱਚ ਲਿਖੀ ਸੀ।

ਇਹ ਚਿੱਠੀ ਪੜ੍ਹ ਕੇ ਲਾਰੰਸ ਵਧੇਰੇ ਕਰੋਧਵਾਨ ਹੋ ਗਿਆ। ਜਿੰਦਾਂ ਦੀ ਕੈਦ ਪਹਿਲੇ ਨਾਲੋਂ ਵਧੇਰੇ ਸਖ਼ਤ ਕਰ ਦਿੱਤੀ ਗਈ। ਚਿੱਠੀ ਪੱਤਰ ਭੇਜਣ ਦੀ ਵੀ ਉਸ ਨੂੰ ਮਨਾਹੀ ਕਰ ਦਿੱਤੀ ਗਈ। ਸੰਨ ੧੮੪੮ ਦੇ ਆਰੰਭ ਵਿੱਚ ਲਾਰਡ ਹਾਰਡਿੰਗ ਤੇ ਹੈਨਰੀ ਲਾਰੰਸ ਦੋਵੇਂ ਬਦਲ ਗਏ। ਉਹਨਾਂ ਦੀ ਥਾਂ ਨਵੇਂ ਹਾਕਮ ਆ ਗਏ। ਇੱਕੀ ਜਨਵਰੀ ਨੂੰ ਲਾਰਡ ਡਲਹੌਜ਼ੀ ਨੇ ਗਵਰਨਰ ਜੈਨਰਲ ਦਾ ਕੰਮ ਸਾਂਭਿਆ, ਤੇ ੯ ਮਾਰਚ ਨੂੰ ਫ਼ਰੈਡਰਿਕ ਕਰੀ ਲਾਹੌਰ ਦਾ ਰੈਜ਼ੀਡੈਂਟ ਬਣਿਆ। ਉਹਨਾਂ ਦੇ ਆਉਣ ਉੱਤੇ ਜਿੰਦਾਂ ਦੇ ਕਸ਼ਟਾਂ ਵਿੱਚ ਹੋਰ ਵਾਧਾ ਹੋ ਗਿਆ। ਰੈਜ਼ੀਡੈਂਟ ‘ਕਰੀ’ ਲਾਰੰਸ ਨਾਲੋਂ ਵੀ ਵਧੇਰੇ ਸ਼ੱਕੀ ਸੁਭਾਅ ਦਾ ਸੀ। ਉਹਨੂੰ ਸ਼ੱਕ ਪਿਆ ਕਿ ਮਿਸਰ ਲਾਲ ਸਿੰਘ ਦਾ ਵਕੀਲ ਸਾਹਿਬ ਸਿੰਘ ਚੋਰੀ-ਚੋਰੀ ਆ ਕੇ. ਮ. ਜਿੰਦਾਂ ਨੂੰ ਮਿਲਦਾ ਹੈ। ‘ਕਰੀ’ ਨੇ ਇਕ ਪਾਸੇ ਜਿੰਦਾਂ ਨੂੰ ਸਖ਼ਤ ਤਾੜਨਾ ਕੀਤੀ ਤੇ ਦੂਜੇ ਪਾਸੇ ਸਾਹਿਬ ਸਿੰਘ ਨੂੰ ਡਾਂਟਿਆ ਕਿ ਜੇ ਉਹ ਮੁੜ ਕੇ ਸ਼ੇਖੂਪੁਰੇ ਦੇ ਨੇੜੇ ਵੇਖਿਆ ਗਿਆ ਤਾਂ ਸਖ਼ਤ ਸਜ਼ਾ ਦਿੱਤੀ ਜਾਏਗੀ।

ਥੋੜ੍ਹੇ ਦਿਨਾਂ ਪਿੱਛੋਂ ਹੋਰ ਅਫ਼ਵਾਹ ਉਡਾਈ ਗਈ ਕਿ ਜਿੰਦਾਂ ਨੇ ਕਸ਼ਮੀਰ ਵਿੱਚ ਰਾਜਾ ਗੁਲਾਬ ਸਿੰਘ ਨੂੰ ਤੇ ਲਾਹੌਰ ਮ. ਦਲੀਪ ਸਿੰਘ ਨੂੰ ਫ਼ਕੀਰਾਂ ਹੱਥ ਸੁਨੇਹੇ ਭੇਜੇ ਹਨ। ਪੜਤਾਲ ਕਰਨ ਉੱਤੇ ਸਭ ਗੱਲਾਂ ਝੂਠੀਆਂ ਨਿਕਲੀਆਂ।

ਇਹਨਾਂ ਦਿਨਾਂ ਵਿੱਚ ਹੀ ਜਿੰਦਾਂ ਨੇ ਆਪਣੇ ਨੌਕਰਾਂ ਨੂੰ ਸੱਠ-ਸੱਠ ਰੁਪੈ ਦੀਆਂ ਬੁਤਕੀਆਂ ਇਨਾਮ ਵਜੋਂ ਦਿੱਤੀਆਂ। ਇਹ ਖ਼ਬਰ ਸੁਣ ਕੇ ‘ਕਰੀ’ ਦੇ ਕਰੋਧ ਦੀ ਹੱਦ ਨਾ ਰਹੀ। ਉਹਨੇ ਜਿੰਦਾਂ ਦੀ ਹੱਤਕ ਕਰਨ ਵਾਸਤੇ ਦਿੱਤਾ ਹੋਇਆ ਇਨਾਮ ਵਾਪਸ ਕਰਵਾ ਦਿੱਤਾ ਤੇ ਪੁਰਾਣੇ ਸਾਰੇ ਨੌਕਰ ਕੱਢ ਕੇ ਉਹਨਾਂ ਦੀ ਥਾਂ ਨਵੇਂ ਰੱਖ ਦਿੱਤੇ। ਨਵੇਂ ਨੌਕਰਾਂ ਨੂੰ ਤਾੜਨਾ ਕਰ ਦਿੱਤੀ, ਕਿ ਕੋਈ ਵੀ ਮਹਾਰਾਣੀ ਤੋਂ ਕਿਸੇ ਕਿਸਮ ਦਾ ਇਨਾਮ ਜਾਂ ਬਖ਼ਸ਼ੀਸ਼ ਨਹੀਂ ਲੈ ਸਕਦਾ। ਨਵੇਂ ਨੌਕਰ ਸਾਰੇ ਹੀ ਵਿਰੋਧੀ ਧੜੇ ‘ਚੋਂ ਰੱਖੇ ਗਏ।

ਕਰੀ ਵੱਲੋਂ ਜਿੰਦਾਂ ਨੂੰ ਵੀ ਤਾੜਨਾ ਕੀਤੀ ਗਈ ਕਿ ਉਹ ਖ਼ਾਸ ਨੌਕਰਾਣੀਆਂ ਤੋਂ ਬਿਨਾਂ ਕਿਸੇ ਨਾਲ ਗੱਲ ਤਕ ਨਹੀਂ ਕਰ ਸਕਦੀ। ਜੇ ਉਹਨੇ ਕਿਸੇ ਰਿਸ਼ਤੇਦਾਰ ਨੂੰ ਚਿੱਠੀ ਵੀ ਲਿਖਣੀ ਹੋਵੇ ਤਾਂ ਕਿਲ੍ਹੇ ਦੇ ਹਾਕਮ ਨੂੰ ਵਿਖਾ ਕੇ ਭੇਜੇ। ਏਥੋਂ ਤੱਕ ਸੁਣਿਆ ਜਾਂਦਾ ਹੈ ਕਿ ਮਹਾਰਾਣੀ ਨੂੰ ਭੋਜਨ ਵੀ ਉਹਦੀ ਮਰਜ਼ੀ ਦਾ ਨਹੀਂ ਸੀ ਦਿੱਤਾ ਜਾਂਦਾ। ਉਹਦੀ ਕੈਦ ਚੋਰਾਂ ਤੇ ਡਾਕੂਆਂ ਨਾਲੋਂ ਵੀ ਸਖ਼ਤ ਸੀ।

ਜਿੰਦਾਂ ਏਸ ਸਖ਼ਤ ਕੈਦ ਤੋਂ ਤੰਗ ਆ ਚੁੱਕੀ ਸੀ। ਉਹਨੇ ਕਲਕੱਤੇ ਲਾਰਡ ਡਲਹੌਜ਼ੀ ਕੋਲ ਫ਼ਰਯਾਦ ਕਰਨ ਵਾਸਤੇ ਆਪਣਾ ਵਕੀਲ ਜੀਵਨ ਸਿੰਘ ਭੇਜਿਆ। ਜੀਵਨ ਸਿੰਘ ਨੇ ਦੋ ਫ਼ਰਵਰੀ, ੧੮੪੮ ਨੂੰ ਡਲਹੌਜ਼ੀ ਕੋਲ ਦਰਖ਼ਾਸਤ ਕੀਤੀ, “ਮਹਾਰਾਣੀ ਨਹੀਂ ਜਾਣਦੀ ਕਿ ਉਸ ਨਾਲ ਏਨਾ ਮਾੜਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਰੈਜ਼ੀਡੈਂਟ ਨੂੰ ਕਿਸੇ ਸਾਜ਼ਸ਼ ਦਾ ਸ਼ੱਕ ਹੈ, ਤਾਂ ਮੁਕੱਦਮਾ ਚਲਾ ਕੇ ਪੜਤਾਲ ਕਰ ਲਈ ਜਾਵੇ। ਮਹਾਰਾਣੀ ਨਿਰਦੋਸ਼ ਹੈ। ਉਸ ਨਾਲ ਰਾਜ-ਮਾਤਾ ਵਾਲਾ ਸਲੂਕ ਕੀਤਾ ਜਾਵੇ। ਰੈਜ਼ੀਡੈਂਟ ਨੇ ਉਸ ਦੇ ਰਖਵਾਲੇ ਹਾਕਮ, ਉਸਦੇ ਵਿਰੋਧੀ ਸਰਦਾਰ ਲਾਏ ਹਨ। ਕਿਰਪਾ ਕਰਕੇ ਕਿਸੇ ਨੇਕ ਅੰਗਰੇਜ਼ ਨੂੰ ਉਸ ਦਾ ਰਖਵਾਲਾ ਲਾਇਆ ਜਾਵੇ।”

ਇਸ ਦਾ ਉੱਤਰ ਡਲਹੌਜ਼ੀ ਵੱਲੋਂ ੧੮ ਫ਼ਰਵਰੀ ਨੂੰ ਮਿਲਿਆ, “ਸਰਕਾਰ, ਜੀਵਨ ਸਿੰਘ ਨੂੰ, ਮਹਾਰਾਣੀ ਦਾ ਵਕੀਲ ਨਹੀਂ ਮੰਨਦੀ। ਉਸਨੇ ਜੋ ਕੁਛ ਕਹਿਣਾ ਹੋਵੇ, ਰੈਜ਼ੀਡੈਂਟ ਰਾਹੀਂ ਕਹੇ।”

ਬਹੁਤ ਸੁੰਦਰ। ਜਿਸ ਹਾਕਮ ਵਿਰੁੱਧ ਮਹਾਰਾਣੀ ਨੂੰ ਸ਼ਿਕਾਇਤ ਹੈ, ਓਸੇ ਰਾਹੀਂ ਬੇਨਤੀ ਕਰੇ।

ਜੀਵਨ ਸਿੰਘ ਨੇ ਦਿਲ ਨਾ ਹਾਰਿਆ। ਉਹਨੇ ਤੇਈ ਫ਼ਰਵਰੀ ਨੂੰ ਡਲਹੌਜ਼ੀ ਪਾਸ ਫਿਰ ਬੇਨਤੀ ਕੀਤੀ, “ਆਪਣੇ ਬੀਤ ਚੁੱਕੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਤੇ ਆਪਣੇ ਆਸਰੇ ਵਿੱਚ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਆਪ ਕੁਛ ਇਨਸਾਫ਼ ਕਰੋ।”

ਅੱਗੋਂ ਡਲਹੌਜ਼ੀ ਨੇ ਡਾਢੇ ਕੌੜੇ ਸ਼ਬਦਾਂ ਵਿੱਚ ਉੱਤਰ ਦਿੱਤਾ, “ਜਿੰਦ ਕੌਰਾਂ ਨੇ ਆਪਣੇ ਆਪ ਨੂੰ ਸੁਰਗਵਾਸੀ ਮ. ਰਣਜੀਤ ਸਿੰਘ ਦੀ ਮਹਾਰਾਣੀ ਤੇ ਵਰਤਮਾਨ ਮ. ਦਲੀਪ ਸਿੰਘ ਦੀ ਮਾਤਾ ਕਹਿ ਕੇ ਮੇਰੇ ਪਾਸ ਪ੍ਰਾਰਥਨਾ ਕੀਤੀ ਹੈ, ਇਸ ਵਾਸਤੇ, ਉਹ ਮੈਥੋਂ ਕਿਸੇ ਕਿਸਮ ਦੀ ਕੋਈ ਆਸ ਨਾ ਰੱਖੇ।”

ਮਾਨੋ ਰਣਜੀਤ ਸਿੰਘ ਦੀ ਰਾਣੀ ਤੇ ਦਲੀਪ ਸਿੰਘ ਦੀ ਮਾਤਾ ਦੱਸ ਕੇ ਜਿੰਦਾਂ ਨੇ ਉਹ ਘੋਰ ਪਾਪ ਕੀਤਾ ਹੈ, ਜਿਸਦੀ ਮਾਫ਼ੀ ਡਲਹੌਜ਼ੀ ਦੀ ਦਰਗਾਹ ਵਿੱਚ ਕੋਈ ਨਹੀਂ ਸੀ।

ਵਿਚਾਰਾ ਜੀਵਨ ਸਿੰਘ ਨਿਰਾਸ ਹੋ ਕੇ ਵਾਪਸ ਮੁੜ ਗਿਆ।

ਅਪ੍ਰੈਲ, ੧੮੪੮ ਈ: ਵਿੱਚ ਮੁਲਤਾਨ ਬਗ਼ਾਵਤ ਹੋ ਗਈ। ਕੁਛ ਨਾਮ ਕਟੇ ਸਿਪਾਹੀਆਂ ਨੇ ਦੋ ਅੰਗਰੇਜ਼ ਅਫ਼ਸਰ ਕਤਲ ਕਰ ਦਿੱਤੇ । ਬਾਗ਼ੀਆਂ ਤੋਂ ਡਰਦਾ ਮੂਲਰਾਜ ਵੀ ਉਹਨਾਂ ਨਾਲ ਮਿਲ ਗਿਆ । ਕਰੀ ਤੇ ਡਲਹੌਜ਼ੀ ਨੇ ਜਾਣ-ਬੁਝ ਕੇ ਉਹ ਬਗ਼ਾਵਤ ਨਾ ਦਬਾਈ, ਜਿਸ ਕਰਕੇ ਉਹ ਬਹੁਤ ਵੱਧ ਗਈ।

ਅੱਠ ਮਈ ਨੂੰ ਲਾਹੌਰ ਦੇ ਰੈਜ਼ੀਡੈਂਟ ਤੇ ਹੋਰ ਅੰਗਰੇਜ਼ ਅਫ਼ਸਰਾਂ ਦੇ ਵਿਰੁੱਧ ਇਕ ਸਾਜ਼ਸ਼ ਪਕੜੀ ਗਈ। ਉਸ ਜੁਰਮ ਵਿੱਚ ਜਿੰਦਾਂ ਦੇ ਵਕੀਲ ਗੰਗਾ ਰਾਮ ਤੇ ਨਾਮਕਟੇ ਕਰਨਲ ਕਾਹਨ ਸਿੰਘ ਨੂੰ ਫਾਂਸੀ ਦੀ ਸੱਜ਼ਾ ਦਿੱਤੀ ਗਈ।

ਰੈਜ਼ੀਡੈਂਟ ਨੇ ਉਸ ਸਾਜ਼ਿਸ਼ ਵਿੱਚ ਜਿੰਦਾਂ ਦਾ ਵੀ ਹੱਥ ਸਮਝਿਆ । ਮਹਾਰਾਣੀ ਨੇ ਅੱਗੋਂ ਉੱਤਰ ਦਿੱਤਾ, “ਮੈਂ ਨਿਰਦੋਸ਼ ਹਾਂ। ਖੁੱਲ੍ਹੀ ਅਦਾਲਤ ਵਿੱਚ ਮੁਕੱਦਮਾ ਚਲਾ ਕੇ, ਇਸ ਗੱਲ ਦਾ ਇਨਸਾਫ਼ ਕੀਤਾ ਜਾਵੇ।”

ਰੈਜ਼ੀਡੈਂਟ ਕੋਲ ਮਹਾਰਾਣੀ ਦੇ ਵਿਰੁੱਧ ਕੋਈ ਸਬੂਤ ਨਹੀਂ ਸੀ। ਸੋ ਉਹ ਮੁਕੱਦਮਾ ਚਲਾਉਣ ਵਾਸਤੇ ਤਿਆਰ ਨਾ ਹੋਇਆ। ਇਕ ਚਿੱਠੀ ਵਿੱਚ ਉਹਨੇ ਡਲਹੌਜ਼ੀ ਨੂੰ ਲਿਖਿਆ, “ਖੁੱਲ੍ਹੇ ਤੌਰ ’ਤੇ ਰਣਜੀਤ ਸਿੰਘ ਦੀ ਵਿਧਵਾ ਦੇ ਮੁਕੱਦਮੇ ਦਾ ਵਿਚਾਰ ਹੋਣਾ, ਪੰਜਾਬ ਦੇ ਲੋਕਾਂ ਨੂੰ ਚੁਭੇਗਾ ।”

ਮੁਕੱਦਮਾ ਚਲਾਉਣਾ-ਜਿਸ ਵਿੱਚ ਜਿੰਦਾਂ ਨੇ ਨਿਰਦੋਸ਼ ਸਾਬਤ ਹੋ ਜਾਣਾ ਸੀ-ਪੰਜਾਬ ਦੇ ਲੋਕਾਂ ਨੂੰ ਚੁਭਣਾ ਸੀ, ਪਰ ਬਿਨਾਂ ਦੋਸ਼ ਸਾਬਤ ਕੀਤੇ ਸੱਜ਼ਾ ਦੇ ਦੇਣੀ ਕੀ ਨਹੀਂ ਚੁਭਣੀ ਸੀ ? ਇਸਨੂੰ ਕਹਿੰਦੇ ਨੇ ਨੀਤੀ। ਬਿਨਾਂ ਕਿਸੇ ਕਸੂਰ ਦੇ ਜਿੰਦ ਕੌਰਾਂ ਨੂੰ ਦੇਸ਼-ਨਿਕਾਲੇ ਦਾ ਹੁਕਮ ਦੇ ਦਿੱਤਾ ਗਿਆ

ਜਿੰਦਾਂ ਦੇ ਦੇਸ਼ ਨਿਕਾਲੇ ਦੇ ਕਾਗ਼ਜ਼ ਉੱਤੇ ਕੌਂਸਲ ਦੇ ਦੋ ਮੈਂਬਰਾਂ (ਰਾਜਾ ਤੇਜ ਸਿੰਘ ਤੇ ਫ਼ਕੀਰ ਨੂਰਦੀਨ) ਨੇ ਦਸਤਖ਼ਤ ਕੀਤੇ। ਇਕ ਹੋਰ ਮੈਂਬਰ ਰਾਜਾ ਸ਼ੇਰ ਸਿੰਘ ਦੀ ਥਾਂ, ਉਹਦੇ ਭਰਾ ਗੁਲਾਬ ਸਿੰਘ ਤੋਂ ਦਸਤਖ਼ਤ ਕਰਾ ਲਏ। ਕਰੀ ਨੇ ਉਸ ਹੁਕਮ ਵਿੱਚ ਇਹ ਵੀ ਲਿਖ ਦਿੱਤਾ ਕਿ ਜੇ ਬਨਾਰਸ ਵਿੱਚ ਜਿੰਦਾਂ ਕੋਈ ਹੋਰ ਸਾਜ਼ਸ਼ ਕਰੇਗੀ ਤਾਂ ਉਹਨੂੰ ਚੁਨਾਰ ਦੇ ਕਿਲੇ ਵਿੱਚ ਕੈਦ ਕੀਤਾ ਜਾਵੇਗਾ।

ਚੌਦਾਂ ਮਈ, ੧੮੪੮ ਈ: ਨੂੰ ਰੈਜ਼ੀਡੈਂਟ ਦਾ ਹੁਕਮ ਜਿੰਦਾਂ ਕੋਲ ਪੁੱਜਾ। ਮ. ਦਲੀਪ ਸਿੰਘ ਦੀ ਮੋਹਰ ਵਾਲੀ ਚਿੱਠੀ ਜਿੰਦਾਂ ਨੂੰ ਦਿੱਤੀ ਗਈ। ਰੈਜ਼ੀਡੈਂਟ ਵੱਲੋਂ ਲਿਖਿਆ ਸੀ, “ਮੈਂ ਆਪਣੇ ਅਫ਼ਸਰਾਂ ਕਪਤਾਨ ਲਿਮਸਡਨ ਤੇ ਲੈਫਟੀਨੈਂਟ ਹੁਡਸਨ ਦੇ ਨਾਲ ਕੁਛ ਇਤਬਾਰੀ ਤੇ ਪਤਵੰਤੇ ਸਰਦਾਰਾਂ ਨੂੰ ਭੇਜ ਰਿਹਾ ਹਾਂ। ਇਹ ਲੋਕ ਆਪ ਨੂੰ ਸ਼ੇਖੂਪੁਰਿਓਂ ਬਾਹਰ ਜਾਣ ਬਾਰੇ ਜੋ ਕੁਛ ਕਹਿਣ, ਬਿਨਾਂ ਦੇਰ ਦੇ ਓਹਾ ਕਰਨਾ। ਇਹ ਆਪ ਨੂੰ ਆਦਰ ਨਾਲ ਲੈ ਜਾਣਗੇ। ਆਪ ਦਾ ਕਿਸੇ ਤਰ੍ਹਾਂ ਦਾ ਅਪਮਾਨ ਕਰਨਾ, ਜਾਂ ਸਰੀਰਕ ਦੁੱਖ ਦੇਣਾ ਸਾਡਾ ਮਨਸ਼ਾ ਨਹੀਂ।”

ਥੋੜ੍ਹੇ ਦਿਨ ਪਹਿਲਾਂ ਗੰਗਾ ਰਾਮ ਤੇ ਕਾਹਨ ਸਿੰਘ ਨੂੰ ਫਾਹੇ ਲਾਇਆ ਗਿਆ ਸੀ। ਓਹਾ ਡਰ ਜਿੰਦਾਂ ਦੇ ਦਿਲ ‘ਤੇ ਛਾਇਆ ਹੋਇਆ ਸੀ। ਇਸ ਵਾਸਤੇ ਉਹਨੇ ਬਿਨਾਂ ਹੀਲ ਹੁੱਜਤ ਦੇ ਸ਼ੇਖੂਪੁਰਿਓਂ ਜਾਣਾ ਮੰਨ ਲਿਆ। ਉਹਨੇ ਲਿਮਸਡਨ ਨੂੰ ਪੁੱਛਿਆ, “ਦੱਸੋ, ਮੈਨੂੰ ਕਿੱਥੇ ਲੈ ਜਾਉਗੇ?”

ਅੱਗੋਂ ਲਿਮਸਡਨ ਨੇ ਉੱਤਰ ਦਿੱਤਾ, “ਮੈਨੂੰ ਇਹ ਦੱਸਣ ਦੀ ਆਗਿਆ ਨਹੀਂ। ਹਾਂ, ਇਹ ਕਹਿ ਸਕਦਾ ਹਾਂ ਕਿ ਮਹਾਰਾਣੀ ਦੀ ਰੱਖਿਆ ਦਾ ਭਾਰ ਮੇਰੇ ਸਿਰ ਹੈ। ਸੋ.ਆਪ ਨੂੰ ਬੜੇ ਆਦਰ ਤੇ ਇੱਜ਼ਤ ਨਾਲ ਲੈ ਜਾਇਆ ਜਾਵੇਗਾ।”

“ਹੁਣ ਆਦਰ ਤੇ ਇੱਜ਼ਤ ਦੀ ਗੱਲ ਛੱਡੋ। ਮੈਂ ਏਨਾ ਹੀ ਪੁੱਛਦੀ ਹਾਂ ਕਿ ਮੈਨੂੰ ਲੈ ਜਾਉਗੇ ਕਿੱਥੇ ?” ਜਿੰਦਾਂ ਨੇ ਦੁਬਾਰਾ ਪੁੱਛਿਆ।

ਲਿਮਸਡਨ ਨੇ ਏਸ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ। ਪੰਦਰਾਂ ਮਈ ਨੂੰ ਕੈਦਣ ਜਿੰਦ ਕੌਰਾਂ ਨੂੰ ਸ਼ੇਖੂਪੁਰਿਓਂ ਲੈ ਤੁਰੇ। ਕੁਛ ਲੋਕਾਂ ਨੇ ਜਿੰਦਾਂ ਨੂੰ ਇਹ ਵੀ ਇਸ਼ਾਰਾ ਕੀਤਾ ਕਿ ਸ਼ਾਇਦ ਉਸਨੂੰ ਲਾਹੌਰ ਰਖਿਆ ਜਾਵੇ। ਜਿੰਦਾਂ ਸੋਚਦੀ ਜਾ ਰਹੀ ਸੀ, ‘ਲਾਹੌਰ ਲੈ ਜਾਣ, ਤਾਂ ਹੋਰ ਮੈਨੂੰ ਕੀ ਚਾਹੀਦਾ ਏ ? ਉਹ ਜਾਣੇ, ਮੇਰੀ ਕੈਦ ਭਾਵੇਂ ਹੁਣ ਨਾਲੋਂ ਵੀ ਸਖ਼ਤ ਹੋ ਜਾਏ ਪਰ ਓਥੇ ਮੈਂ ਕਿਸੇ ਪੰਜ ਬਹਾਨੇ ਦਲੀਪ ਨੂੰ ਵੇਖ ਲਿਆ ਕਰਾਂਗੀ।’

ਜਿਸ ਵੇਲੇ ਉਹ ਪਾਰਟੀ ਲਾਹੌਰ ਤੋਂ ਪਾਸੇ-ਪਾਸੇ ਫ਼ਿਰੋਜ਼ਪੁਰ ਵੱਲ ਵਧੀ ਤਾਂ ਜਿੰਦਾਂ ਨੇ ਰਾਹ ਪਛਾਣ ਕੇ ਫਿਰ ਲਿਮਸਡਨ ਨੂੰ ਬੁਲਾ ਕੇ ਪੁੱਛਿਆ, “ਸੱਚ ਦੱਸੋ, ਤੁਸੀਂ ਮੈਨੂੰ ਕਿੱਥੇ ਲੈ ਜਾ ਰਹੇ ਹੋ ? ਮੈਨੂੰ ਤਾਂ ਇਹ ਫ਼ਿਰੋਜ਼ਪੁਰ ਵਾਲੀ ਸੜਕ ਮਾਲੂਮ ਹੁੰਦੀ ਏ।”

ਲਿਮਸਡਨ ਨੇ ਅੱਗੋਂ ਕੋਈ ਉੱਤਰ ਨਾ ਦਿੱਤਾ।

ਸਤਲੁਜ ਦੇ ਪੱਤਣ ‘ਤੇ ਪੁੱਜੀ, ਤਾਂ ਜਿੰਦ ਕੌਰਾਂ ਸਭ ਕੁਛ ਸਮਝ ਗਈ। ਉਸ ਵੇਲੇ ਉਹਦੇ ਖ਼ਿਆਲਾਂ ਵਿੱਚ ਤੂਫ਼ਾਨ ਮਚ ਰਿਹਾ ਸੀ। ਦਰਿਆ ਦੇ ਇਕ ਪਾਸੇ ਉਹਦਾ ਆਪਣਾ ਦੇਸ਼, ਆਪਣਾ ਰਾਜ, ਆਪਣੀ ਪਰਜਾ, ਤੇ ਦੂਜੇ ਪਾਸੇ ਸਭ ਕੁਛ ਬੇਗਾਨਾ। ਉਹ ਨਿਗ੍ਹਾ ਟਿਕਾਈ ਸਤਲੁਜ ਦੇ ਵਗਦੇ ਪਾਣੀ ਵੱਲ ਵੇਖ ਰਹੀ ਸੀ। ਉਸ ਵੇਲੇ ਸੂਰਜ ਛਿਪਣ ਤੇ ਗਿਆ ਹੋਇਆ ਸੀ। ਮਾਨੋ ਉਹਦੇ ਆਪਣੇ ਰਾਜ ਦਾ ਸੂਰਜ, ਓਪਰੀ ਸਰਕਾਰ ਦੀ ਹੱਦ ਅੰਦਰ ਉਹਦਾ ਸਾਥ ਦੇਣ ਵਾਸਤੇ ਤਿਆਰ ਨਹੀਂ ਸੀ।

ਡੁੱਬਦੇ ਸੂਰਜ ਦੀਆਂ ਟੇਢੀਆਂ ਕਿਰਨਾਂ ਪਾਣੀ ‘ਤੇ ਪੈ ਕੇ ਲਹਿਰਾਂ ਵਿੱਚ ਅੱਗ ਬਾਲ ਰਹੀਆਂ ਸਨ । ਦੁਖੀਆ ਜਿੰਦਾਂ ਦੀ ਛਾਤੀ ਵਿੱਚ, ਭਖਦੇ ਅੰਗਿਆਰਾਂ ਵਾਂਗ, ਲਹੂ-ਵੰਨੇ ਛਾਲੇ ਭਰ ਭਰ ਫਿੱਸ ਰਹੇ ਸਨ। ਮਹਾਰਾਣੀ ਨੂੰ ਸਤਲੁਜ ਦੀਆਂ ਲਹਿਰਾਂ ਵਿੱਚ ਸਭਰਾਵਾਂ ਦੇ ਮੈਦਾਨ ਅੰਦਰ ਸ਼ਹੀਦ ਹੋਏ ਸ਼ਾਮ ਸਿੰਘ ਵਰਗੇ ਸੂਰਮਿਆਂ ਦਾ ਲਹੂ ਵਗਦਾ ਨਜ਼ਰ ਆ ਰਿਹਾ ਸੀ।

ਉਸ ਮਾਰੂ ਵਹਿਣ ਵਿੱਚ ਸਿੱਖਾ-ਸ਼ਾਹੀ ਦਾ ਤਾਜ ਡੁੱਬਦਾ ਜਾ ਰਿਹਾ ਸੀ।

ਉਸ ਮੰਦੇ ਦਿਨ ਜਿੰਦਾਂ ਨੇ ਪੰਜਾਬ ਛੱਡਿਆ ਤੇ ਫਿਰ ਇਸ ਪਵਿੱਤਰ ਦੇਸ਼ ਦੀ ਧੂੜ ਪਰਸਣੀ ਵੀ ਨਸੀਬ ਨਾ ਹੋਈ। ਕੁਛ ਦਿਨ ਫ਼ਿਰੋਜ਼ਪੁਰ ਰੱਖ ਕੇ, ਉਸਨੂੰ ਬਨਾਰਸ ਪੁਚਾ ਦਿੱਤਾ ਗਿਆ।

ਸੋਲ੍ਹਾਂ ਮਈ ਨੂੰ ਰੈਜ਼ੀਡੈਂਟ ਨੇ ਲਿਖਿਆ, “ਮ. ਦਲੀਪ ਸਿੰਘ ਦੀ ਮਾਤਾ, ਮ: ਜਿੰਦ ਕੌਰ ਨੂੰ ਕੱਲ੍ਹ ਲੌਢੇ ਵੇਲੇ ਮੇਰੇ ਹੁਕਮ ਨਾਲ ਸ਼ੇਖੂਪੁਰੇ ਦੇ ਕਿਲ੍ਹੇ ‘ਚੋਂ ਕੱਢ ਕੇ, ਅਫ਼ਸਰਾਂ ਦੀ ਨਿਗਰਾਨੀ ਅੰਦਰ ਫ਼ਿਰੋਜ਼ਪੁਰ ਨੂੰ ਤੋਰ ਦਿੱਤਾ ਗਿਆ ਹੈ। ਮਹਾਰਾਣੀ ਦਾ ਪੰਜਾਬ ਵਿੱਚੋਂ ਦੇਸ਼ ਨਿਕਾਲਾ ਤੇ ਗਵਰਨਰ ਜੈਨਰਲ ਦੇ ਏਜੰਟ ਦੀ ਨਿਗਰਾਨੀ ਵਿੱਚ ਬਨਾਰਸ ਵਿੱਚ ਨਜ਼ਰਬੰਦੀ ਤੇ ਉਹਦੀ ਕੈਦ, ਅਤੇ ਬੰਦਸ਼ਾਂ ਲਾਉਣੀਆਂ, ਤਾਂਕਿ ਉਹ ਅੱਗੋਂ ਲਈ ਕੋਈ ਸਾਜ਼ਿਸ਼ ਜਾਂ ਚਿੱਠੀ ਪੱਤਰ ਨਾ ਕਰ ਸਕੇ, ਮੇਰੇ ਖ਼ਿਆਲ ਵਿੱਚ ਸਭ ਨਾਲੋਂ ਚੰਗਾ ਢੰਗ ਹੈ, ਜੋ ਅਸਾਂ ਇਸ ਵੇਲੇ ਵਰਤਿਆ ਹੈ। ਚੰਗੇ ਭਾਗਾਂ ਨੂੰ ਰਤਾ ਵੀ ਵਿਰੋਧਤਾ ਨਹੀਂ ਹੋਈ। ਸਾਰੇ ਲੋਕ ਰਜ਼ਾਮੰਦੀ ਤੇ ਭਲਮਣਸਊ ਪ੍ਰਗਟ ਕਰ ਰਹੇ ਸਨ। ਇਹ (ਰਜ਼ਾਮੰਦੀ ਤੇ ਭਲਮਣਸਊ) ਉਹਨਾਂ ਮੌਤਾਂ ਦਾ ਨਤੀਜਾ ਸੀ, ਜੋ ਕੁਛ ਦਿਨ ਪਹਿਲਾਂ (ਗੰਗਾ ਰਾਮ ਤੇ ਕਾਹਨ ਸਿੰਘ ਨੂੰ) ਫਾਂਸੀ ਦੇਣ ਨਾਲ ਹੋਈਆਂ।”

ਇਸ ਘਟਨਾ ਬਾਰੇ ਈਵਾਨਸ ਬੈੱਲ ਲਿਖਦਾ ਹੈ, “ਇਸ ਤਰ੍ਹਾਂ ਮਹਾਰਾਜੇ ਦੀ ਮਾਤਾ ਤੇ ਸਾਡੇ ਸਾਥੀ (ਮ. ਰਣਜੀਤ ਸਿੰਘ) ਦੀ ਵਿਧਵਾ ਨੂੰ ਅੰਗਰੇਜ਼ ਅਫ਼ਸਰਾਂ ਤੇ ਇਕ ਮੁਸਲਮਾਨ ਸਰਦਾਰ ਦੀ ਕਰੜੀ ਨਿਗਰਾਨੀ ਹੇਠਾਂ, ਫ਼ਾਂਸੀ ਦੇ ਝੱਟਪੱਟ ਦੇ ਤਕੜੇ ਡਰ ਵਿੱਚ ਦੇਸ਼-ਨਿਕਾਲਾ ਦਿੱਤਾ ਗਿਆ। ਅੰਗਰੇਜ਼ ਅਫ਼ਸਰਾਂ ਨੇ ਇਹ ਢੰਗ ਏਸ ਵਾਸਤੇ ਅਖ਼ਤਿਆਰ ਕੀਤਾ ਕਿ ਪਤਵੰਤੇ ਘਰਾਣੇ ਦੀਆਂ ਇਸਤਰੀਆਂ ਦੀ ਇੱਜ਼ਤ ਵਿੱਚ ਅਕਾਰਣ ਦਖ਼ਲ ਦੇਣ ਨਾਲ ਗੁਸੈਲ ਸਿੱਖ ਸਿਪਾਹੀਆਂ ਤੇ ਆਮ ਲੋਕਾਂ ਦੇ ਜਜ਼ਬਾਤ ਭੜਕ ਪੈਣਗੇ।

ਤੇ ਏਹਾ ਗੱਲ ਹੋਈ। ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖ਼ਬਰ ਸੁਣ ਕੇ ਥਾਂ-ਥਾਂ ਸਿਪਾਹੀ ਭੜਕ ਉੱਠੇ। ਮੁਲਤਾਨ ਦੀ ਮਾਮੂਲੀ ਜਿਹੀ ਬਗ਼ਾਵਤ, ਇਕ ਵੱਡਾ ਬਲਵਾ ਬਣ ਗਈ। ਪੰਝੀ ਮਈ ਨੂੰ ਰੈਜ਼ੀਡੈਂਟ ਲਿਖਦਾ ਹੈ, “ਰਾਜਾ ਸ਼ੇਰ ਸਿੰਘ ਦੇ ਡੇਰੇ ‘ਚੋਂ ਖ਼ਬਰਾਂ ਆ ਰਹੀਆਂ ਹਨ ਕਿ ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖ਼ਬਰ ਸੁਣ ਕੇ ਖ਼ਾਲਸਾ ਫ਼ੌਜ ਬੜੀ ਬੇਚੈਨ ਹੋ ਰਹੀ ਹੈ। ਸਿਪਾਹੀ ਆਖਦੇ ਹਨ, ਮਹਾਰਾਣੀ ਖ਼ਾਲਸਾ ਕੌਮ ਦੀ ਮਾਤਾ ਹੈ। ਜਦ ਉਹ (ਜਿੰਦਾਂ) ਤੇ ਬਾਲਕ ਦਲੀਪ ਸਿੰਘ ਹੀ ਉਹਨਾਂ ਤੋਂ ਦੂਰ ਕਰ ਦਿੱਤੇ ਗਏ ਹਨ, ਤਾਂ ਉਹ ਕੀਹਦੇ ਬਦਲੇ ਲੜਨ ? ਹੁਣ ਉਹਨਾਂ ਨੂੰ ਮੂਲਰਾਜ ਨਾਲ ਲੜਨ ਦੀ ਲੋੜ ਨਹੀਂ।”

ਈਵਾਨਸ ਬੈੱਲ ਲਿਖਦਾ ਹੈ, “ਰਾਜਾ ਸ਼ੇਰ ਸਿੰਘ ਦੇ ਡੇਰੇ ਵਿੱਚ ਜੋ ਘਿਰਣਾ ਤੇ ਬੇਚੈਨੀ ਵੱਧ ਰਹੀ ਹੈ, ਉਸ ਨੂੰ ਖ਼ਾਸ ਥਾਂ ਦਿੱਤੀ ਜਾਂਦੀ ਹੈ। ਪੰਜਾਬ ਦੇ ਸਾਰੇ ਵਸਨੀਕਾਂ ਨੂੰ, ਸਭ ਸਿੱਖਾਂ ਨੂੰ, ਅਸਲ ਵਿੱਚ ਸਾਰੀ ਦੁਨੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਕਿੰਨੀਆਂ ਨਾਵਾਜਬ ਸਖ਼ਤੀਆਂ, ਧੱਕੇ ਤੇ ਜ਼ੁਲਮ ਨਾਲ ਫ਼ਰੰਗੀਆਂ ਨੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਬੁਰਾ ਸਲੂਕ ਕੀਤਾ ਹੈ।”

ਆਮ ਲੋਕ ਕਹਿੰਦੇ ਫਿਰਦੇ ਸਨ, “ਆਪਣੀ ਪਰਜਾ ਦੀ ਮਾਤਾ, ਮਹਾਰਾਣੀ ਨੂੰ ਕੈਦ ਕਰਕੇ ਹਿੰਦੁਸਤਾਨ ਵਿੱਚ ਭੇਜਣ ਨਾਲ ਅੰਗਰੇਜ਼ਾਂ ਨੇ ਸੁਲ੍ਹਾ ਤੋੜ ਦਿੱਤੀ ਹੈ।”

ਕਾਬਲ ਦਾ ਹਾਕਮ ਦੋਸਤ ਮੁਹੰਮਦ ਖ਼ਾਨ ਲਿਖਦਾ ਹੈ, “ਏਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਦਿਨੋਂ ਦਿਨ ਬੜੇ ਬੇਚੈਨ ਹੋ ਰਹੇ ਹਨ। ਕਈਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਕਈਆਂ ਨੂੰ ਹਿੰਦੁਸਤਾਨ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਹੈ, ਤੇ ਖ਼ਾਸ ਕਰ ਮ. ਦਲੀਪ ਸਿੰਘ ਦੀ ਮਾਤਾ ਨੂੰ ਕੈਦ ਵਿੱਚ ਸੁੱਟਿਆ ਗਿਆ ਹੈ, ਤੇ ਉਸ ਨਾਲ ਬੁਰਾ ਸਲੂਕ ਕੀਤਾ ਗਿਆ ਹੈ। ਇਹੋ ਜਿਹੇ ਵਰਤਾਉ ਨੂੰ ਸਾਰੇ ਮਜ਼ਬਾਂ ਦੇ ਲੋਕ ਬੁਰਾ ਸਮਝਦੇ ਹਨ ਤੇ ਸਾਰੇ ਅਮੀਰ ਗ਼ਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ।”ਸੀ

ਐਡਵਿਨ ਅਰਨੋਲਡ ਲਿਖਦਾ ਹੈ, “ਮਹਾਰਾਣੀ ਨੂੰ ਆਪਣੇ ਬਾਲਕ ਪੁੱਤਰ ਤੇ ਪਰਜਾ ਪਾਸੋਂ ਦੂਰ ਕਰਨ ‘ਤੇ ਸਿੱਖਾਂ ਨੇ ਜਿੰਨਾਂ ਰੋਸ ਪ੍ਰਗਟ ਕੀਤਾ, ਉਸ ਨਾਲੋਂ ਕਿਤੇ ਵਧੇਰੇ ਆਪਣੇ ਹਿਰਦਿਆਂ ਵਿੱਚ ਰੱਖਦੇ ਹਨ।”

ਈਵਾਨਸ ਬੈੱਲ ਇਕ ਥਾਂ ਹੋਰ ਲਿਖਦਾ ਹੈ, “ਮਹਾਰਾਣੀ ਨੂੰ ਕੈਦ ਕਰਨ ਤੇ ਦੇਸ਼ ਨਿਕਾਲਾ ਦੇਣ ਬਾਰੇ ਲਾਰਡ ਡਲਹੌਜ਼ੀ ਦਾ ਐਲਾਨ ਅਮਨ ਬਹਾਲ ਰੱਖਣ ਦੇ ਤੌਰ ‘ਤੇ ਨਹੀਂ, ਸਗੋਂ ਉਸ ਨੂੰ ਸਜ਼ਾ ਦੇਣ ਦੇ ਤੌਰ ‘ਤੇ ਸੀ। ਮੇਰੇ ਖ਼ਿਆਲ ਵਿੱਚ ਇਹ ਐਲਾਨ ਨਾਵਾਜਬ, ਨਾ-ਮੁਨਾਸਬ ਤੇ ਬੇਇਨਸਾਫ਼ੀ ਵਾਲਾ ਸੀ। ਰਾਣੀ ਦਾ ਦੇਸ਼ ਨਿਕਾਲਾ ਉਹਨਾਂ ਸਭ ਲੋਕਾਂ ਦੀਆਂ ਨਜ਼ਰਾਂ ਵਿੱਚ-ਜਿਨ੍ਹਾਂ ਦਾ ਮ. ਰਣਜੀਤ ਸਿੰਘ ਦੀ ਬਾਦਸ਼ਾਹੀ ਨਾਲ ਸੰਬੰਧ ਸੀ- ਇਕ ਕੌਮੀ ਹੱਤਕ ਸੀ। ਤੇ ਇਹ ਰਾਣੀ ਦੇ ਪੁੱਤਰ ਨੂੰ ਤਖ਼ਤ ਤੋਂ ਉਤਾਰਨ ਤੇ ਰਾਜ ਨੂੰ ਤਬਾਹ ਕਰਨ ਬਦਲੇ ਪਹਿਲਾ ਕਦਮ ਸੀ।”

ਇਹਨਾਂ ਲਿਖਤਾਂ ਤੋਂ ਸਿੱਧ ਹੁੰਦਾ ਹੈ ਕਿ ਜਿੰਦਾਂ ਦੇ ਦੇਸ਼ ਨਿਕਾਲੇ ਨੇ ਬਹੁਤ ਥਾਈਂ ਫ਼ੌਜਾਂ ਵਿੱਚ ਅੱਗ ਭੜਕਾ ਦਿੱਤੀ ਸੀ ਤੇ ਜਿੱਥੇ ਅਜੇ ਭੜਕਣ ਵਿੱਚ ਦੇਰ ਸੀ, ਓਥੇ ਧੁਖ ਰਹੀ ਸੀ।

ਮਹਾਰਾਣੀ ਜਿੰਦਾਂ ਬਨਾਰਸ ਭੇਜ ਦਿੱਤੀ ਗਈ। ਓਥੇ ਉਸ ਨੂੰ ਮੈਕਗਰੇਗਰ ਦੀ ਨਿਗਰਾਨੀ ਵਿੱਚ ਸੌਂਪਿਆ ਗਿਆ। ਉਸਦੀ ਪੈਨਸ਼ਨ ਦੂਜੀ ਵਾਰ ਘਟਾ ਕੇ ਇਕ ਹਜ਼ਾਰ ਮਹੀਨਾ ਕਰ ਦਿੱਤੀ ਗਈ। ਭਾਵ ਡੇਢ ਲੱਖ ਸਾਲਾਨਾ ਦੀ ਥਾਂ ਕੇਵਲ ਬਾਰਾਂ ਹਜ਼ਾਰ ਸਾਲਾਨਾ । ਭਰੋਵਾਲ ਦੀ ਸੁਲ੍ਹਾ ਵਿੱਚ ਕੋਈ ਅਜਿਹੀ ਸ਼ਰਤ ਨਹੀਂ ਸੀ, ਜਿਸਦੇ ਕਾਰਨ ਪੈਨਸ਼ਨ ਘਟਾਈ ਜਾ ਸਕਦੀ। ਪਰ ਡਾਢੇ ਨੂੰ ਪੁੱਛੇ ਕੌਣ?

ਤੀਹ ਜੂਨ ਨੂੰ ਪਿੱਛੋਂ ਰੈਜ਼ੀਡੈਂਟ ਦੀ ਚਿੱਠੀ ਪੁੱਜੀ, “ਸਾਜ਼ਸ਼ ਬਾਰੇ ਕੁਛ ਚਿੱਠੀਆਂ ਮਿਲੀਆਂ ਨੇ, ਪਰ ਕਿਹਾ ਨਹੀਂ ਜਾ ਸਕਦਾ ਕਿ ਉਹ ਸੱਚੀਆਂ ਨੇ, ਜਾਂ ਝੂਠੀਆਂ। ਜੇ ਸੱਚੀਆਂ ਨੇ, ਤਾਂ ਮਹਾਰਾਣੀ ਬੜੀ ਘਿਰਣਾ ਭਰੀ ਸਾਜ਼ਸ਼ ਵਿੱਚ ਫਸੀ ਹੋਈ ਹੈ।”

ਇਹਨਾਂ ਚਿੱਠੀਆਂ ਦੀ ਪੜਤਾਲ ਕਰਕੇ ਮੈਕਗਰੇਗਰ ਨੇ ਮੰਨਿਆ ਕਿ ਜਿੰਦਾਂ ਨਿਰਦੋਸ਼ ਹੈ। ਫਿਰ ਵੀ ਉਸ ਨੂੰ ਸਜ਼ਾ ਦੇ ਦਿੱਤੀ ਗਈ। ਗਵਰਨਰ ਜੈਨਰਲ ਡਲਹੌਜ਼ੀ ਦੇ ਹੁਕਮ ਨਾਲ ਚੌਦਾਂ ਜੁਲਾਈ ਨੂੰ ਜਿੰਦਾਂ ਦੇ ਪੰਜਾਹ ਲੱਖ ਦੇ ਗਹਿਣੇ ਤੇ ਦੋ ਲੱਖ ਨਕਦ (ਜੋ ਕੁਛ ਵੀ ਉਹਦੇ ਕੋਲ ਸੀ) ਖੋਹ ਲਿਆ ਗਿਆ। ਇਸ ਤੋਂ ਅੱਗੇ ਲਿਖਦਿਆਂ ਛਾਤੀ ਫਟਦੀ ਹੈ, ਦੋ ਮੇਮਾਂ- ਐਲਨ ਤੇ ਸਟੈਨਲੀ-ਕੋਲੋਂ ਜਿੰਦਾਂ ਤੇ ਉਹਦੀਆਂ ਦਾਸੀਆਂ ਦੀ ਜਾਮਾ- ਤਲਾਸ਼ੀ ਕਰਾਈ ਗਈ। ਉਹਨਾਂ ਮਹਾਰਾਣੀ ਦੇ ਸਾਰੇ ਕੱਪੜੇ ਉਤਾਰ ਕੇ ਨੰਗੀ ਕਰਕੇ ਤਲਾਸ਼ੀ ਲਈ। ਅੰਗਰੇਜ਼ ਕੌਮ, ਜੋ ਦੁਨੀਆਂ ਭਰ ਵਿੱਚ ਆਪਣੇ-ਆਪ ਨੂੰ ਭਲਮਣਸਊ ਤੇ ਤਹਿਜ਼ੀਬ ਵਿੱਚ ਸਭ ਤੋਂ ਅੱਗੇ ਦੱਸਦੀ ਹੈ, ਉਸ ਦੇ ਇਕ ਪਤਵੰਤੇ ਹਾਕਮ (ਲਾਰਡ ਡਲਹੌਜ਼ੀ) ਨੇ ਆਪਣੇ ਮੋਏ ਮਿੱਤਰ ਮ. ਰਣਜੀਤ ਸਿੰਘ ਦੀ ਵਿਧਵਾ ਨਾਲ ਇਹ ਮਨੁੱਖਤਾ ਤੋਂ ਗਿਰਿਆ ਹੋਇਆ ਸਲੂਕ ਕੀਤਾ।

ਤਲਾਸ਼ੀ ਸਮੇਂ ਜਿੰਦ ਕੌਰਾਂ ਦੇ ਸੂਟਕੇਸ ਵਾਲੇ ਕੱਪੜਿਆਂ ‘ਚੋਂ ਤੇਤੀ ਚਿੱਠੀਆਂ ਨਿਕਲੀਆਂ, ਜੋ ਉਸਦੇ ਰਿਸ਼ਤੇਦਾਰਾਂ ਵੱਲੋਂ ਲਿਖੀਆਂ ਹੋਈਆਂ ਸਨ। ਮੈਕਗਰੇਗਰ ਮੰਨਦਾ ਹੈ ਕਿ ਉਹਨਾਂ ਚਿੱਠੀਆਂ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਇਕ ਅੱਖਰ ਵੀ ਨਹੀਂ ਸੀ।

ਜਿੰਦਾਂ ਦਾ ਗੁਨਾਹ ਕੋਈ ਨਹੀਂ ਸੀ। ਪਰ ਕੀ ਉਹਦਾ ਏਨਾ ਗੁਨਾਹ ਹੀ ਕਾਫ਼ੀ ਨਹੀਂ ਸੀ ਕਿ ਉਹ ਬੇਗੁਨਾਹ ਸੀ? ਕਈ ਵਾਰ ਬੇਗੁਨਾਹ ਹੋਣਾ ਵੀ ਬੜਾ ਵੱਡਾ ਅਪਰਾਧ ਬਣ ਜਾਂਦਾ ਹੈ।

ਇਸ ਜਾਮਾ-ਤਲਾਸ਼ੀ ਦੀ ਖ਼ਬਰ ਨੇ ਬਲਦੀ ‘ਤੇ ਤੇਲ ਪਾ ਦਿੱਤਾ। ਪੱਛਮੀ ਪੰਜਾਬ ਵਿੱਚ ਬਹੁਤ ਸਾਰੇ ਥਾਂਵਾਂ ‘ਤੇ ਸਿੱਖ ਫ਼ੌਜਾਂ ਭੜਕ ਉੱਠੀਆਂ। ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਤੇ ਉਸ ਦੇ ਪਿਤਾ ਸ. ਚਤਰ ਸਿੰਘ ਨੇ ਬਗ਼ਾਵਤ ਕਰ ਦਿੱਤੀ। ਏਸੇ ਬਗ਼ਾਵਤ ਨੂੰ ‘ਸਿੱਖਾਂ ਦੀ ਦੂਜੀ ਲੜਾਈ’ ਕਿਹਾ ਜਾਂਦਾ ਹੈ। ਲਾਰਡ ਡਲਹੌਜ਼ੀ ਦੇ ਮਨ ਦੀ ਮੁਰਾਦ ਪੂਰੀ ਹੋਈ। ਅੰਗਰੇਜ਼ ਸੈਨਾਪਤੀ ‘ਗਫ਼’ ਬੜੀ ਤਕੜੀ ਫ਼ੌਜ ਲੈ ਕੇ ਪੰਜਾਬ ਵਿੱਚ ਆ ਵੜਿਆ। ਉਸ ਦੀਆਂ ਰਾਜਾ ਸ਼ੇਰ ਸਿੰਘ ਨਾਲ ਚਾਰ ਲੜਾਈਆਂ ਹੋਈਆਂ। ਪਹਿਲੀ ਰਾਮ ਨਗਰ, ੨੨ ਨਵੰਬਰ, ੧੮੪੮; ਦੂਜੀ ਸੈਦਲਾਪੁਰ ਚਾਰ ਦਸੰਬਰ, ਤਿੱਜੀ ਚੇਲੀਆਂ ਵਾਲੀ, ਤੇਰਾਂ ਜਨਵਰੀ, ੧੮੪੯। ਇਹਨਾਂ ਤਿੰਨਾਂ ਲੜਾਈਆਂ ਵਿੱਚ ਸਿੱਖਾਂ ਦਾ ਪਾਸਾ ਭਾਰਾ ਰਿਹਾ। ਆਖ਼ਰੀ ਚੌਥੀ ਲੜਾਈ ਇੱਕੀ ਫ਼ਰਵਰੀ, ੧੮੪੯ ਨੂੰ ਗੁਜਰਾਤ ਵਿੱਚ, ਬਾਰੂਦ ਸਿੱਕਾ ਮੁੱਕ ਜਾਣ ਦੇ ਕਾਰਨ ਰਾਜਾ ਸ਼ੇਰ ਸਿੰਘ ਹਾਰ ਗਿਆ

ਬਚੀ ਹੋਈ ਫ਼ੌਜ ਲੈ ਕੇ ਰਾਜਾ ਸ਼ੇਰ ਸਿੰਘ ਰਾਵਲਪਿੰਡੀ ਵੱਲ ਵਧਿਆ।ਓਥੇ ਉਸ ਨੇ ਚੌਦਾਂ ਮਾਰਚ ਨੂੰ ਅੰਗਰੇਜ਼ਾਂ ਸਾਹਮਣੇ ਹਥਿਆਰ ਸੁੱਟੇ। ਰਾਜਾ ਸ਼ੇਰ ਸਿੰਘ, ਸ. ਚਤਰ ਸਿੰਘ ਤੇ ਕੁਛ ਹੋਰ ਸਿੱਖ ਅਫ਼ਸਰ ਕੈਦ ਕਰ ਲਏ ਗਏ। ਸਿਪਾਹੀਆਂ ਕੋਲੋਂ ਹਥਿਆਰ ਖੋਹ ਕੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ।

ਹੁਣ ਆਖ਼ਰੀ ਫ਼ੈਸਲੇ ਦਾ ਸਮਾਂ ਆਇਆ। ਇਸ ਲੜਾਈ ਦੇ ਸਮੇਂ ਵਾਰ-ਵਾਰ ਲਾਰਡ ਡਲਹੌਜ਼ੀ ਦੇ ਇਸ ਐਲਾਨ ਨੂੰ ਦੁਹਰਾਇਆ ਗਿਆ ਸੀ ਕਿ ਜੋ ਲੋਕ ਇਸ ਬਗ਼ਾਵਤ ਵਿੱਚ ਹਿੱਸਾ ਨਹੀਂ ਲੈਣਗੇ, ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ। ਦਲੀਪ ਸਿੰਘ ਅੰਗਰੇਜ਼ਾਂ ਦੀ ਸਰਪ੍ਰਸਤੀ ਵਿੱਚ ਉਹਨਾਂ ਦੇ ਕਬਜ਼ੇ ਅੰਦਰ ਸੀ। ਉਸਨੇ ਕੋਈ ਕਸੂਰ ਨਹੀਂ ਸੀ ਕੀਤਾ। ਪਰ ਡਲਹੌਜ਼ੀ ਨੇ ਆਪਣੇ ਸਾਰੇ ਐਲਾਨਾਂ ਤੇ ਇਕਰਾਰਾਂ ਨੂੰ ਛਿੱਕੇ ਟੰਗ ਕੇ ਉਸ ਮਾਸੂਮ ਬਾਲਕ ਦੀ ਗਰਦਨ ਉੱਤੇ ਛੁਰੀ ਫੇਰ ਦਿੱਤੀ। ਉਨੱਤੀ ਮਾਰਚ, ੧੮੪੯ ਈ: ਨੂੰ ਪੰਜਾਬ ਜ਼ਬਤ ਕਰ ਲਿਆ ਗਿਆ। ਆਖ਼ਰੀ ਅਹਿਦਨਾਮੇ ਦੀਆਂ ਸ਼ਰਤਾਂ ਇਹ ਹਨ-

“੧. ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ, ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉੱਤਰ-ਅਧਿਕਾਰੀਆਂ ਵੱਲੋਂ ਪੰਜਾਬ ਰਾਜ ਦੇ ਸਾਰੇ ਹੱਕਾਂ ਤੇ ਦਾਅਵਿਆਂ ਨੂੰ ਤਿਆਗਦਾ ਹੈ।

“੨. ਲਾਹੌਰ ਦਰਬਾਰ ਸਿਰ ਸਰਕਾਰ ਅੰਗਰੇਜ਼ੀ ਦਾ ਜੋ ਕਰਜ਼ਾ ਹੈ, ਉਸ ਬਦਲੇ ਤੇ ਇਸ ਲੜਾਈ ਦੇ ਖ਼ਰਚਾਂ ਬਦਲੇ ਲਾਹੌਰ ਰਿਆਸਤ ਦੀ ਹਰ ਤਰ੍ਹਾਂ ਦੀ ਜਾਇਦਾਦ, ਜਿੱਥੇ ਵੀ ਹੋਵੇ, ਸਰਕਾਰ ਅੰਗਰੇਜ਼ੀ ਜ਼ਬਤ ਕਰ ਲਵੇਗੀ।

“੩. “ਕੋਹਿਨੂਰ ਹੀਰਾ, ਜੋ ਮ. ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਕੋਲੋਂ ਲਿਆ ਸੀ, ਲਾਹੌਰ ਦਾ ਮਹਾਰਾਜਾ, ਇੰਗਲੈਂਡ ਦੀ ਮਲਕਾ ਦੀ ਭੇਟਾ ਕਰੇਗਾ।

“੪. ਮਹਾਰਾਜਾ ਦਲੀਪ ਸਿੰਘ ਆਪਣੀ, ਆਪਣੇ ਸੰਬੰਧੀਆਂ ਦੀ ਤੇ ਰਿਆਸਤ ਦੇ ਨੌਕਰਾਂ ਦੀ ਸਹਾਇਤਾ ਲਈ, ਈਸਟ ਇੰਡੀਆ ਕੰਪਨੀ ਪਾਸੋਂ ਇਕ ਰਕਮ (ਪੈਨਸ਼ਨ) ਲਵੇਗਾ, ਜੋ ਕੰਪਨੀ ਦੇ ਰੁਪਏ ਚਾਰ ਲੱਖ ਤੋਂ ਘੱਟ ਤੇ ਪੰਜ ਲੱਖ ਤੋਂ ਵੱਧ ਨਹੀਂ ਹੋਵੇਗੀ।

“੫. ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰਖਿਆ ਜਾਵੇਗਾ। ਉਹ ‘ਮਹਾਰਾਜਾ ਦਲੀਪ ਸਿੰਘ ਬਹਾਦਰ’ ਦਾ ਖ਼ਿਤਾਬ ਰੱਖੇਗਾ, ਤੇ ਉਹ ਆਪਣੀ ਉਮਰ ਭਰ, ਉੱਪਰ ਦੱਸੀ ਪੈਨਸ਼ਨ ਦਾ ਓਨਾ ਹਿੱਸਾ ਲਿਆ। ਕਰੇਗਾ, ਜੋ ਉਸ ਨੂੰ ਜ਼ਾਤੀ ਤੌਰ ‘ਤੇ ਦਿੱਤਾ ਜਾਵੇਗਾ, ਪਰ ਜੇ ਉਹ ਅੰਗਰੇਜ਼ਾਂ ਦਾ ਤਾਬਿਆਦਾਰ ਰਹੇਗਾ, ਤੇ ਓਥੇ ਰਿਹਾਇਸ਼ ਰੱਖੇਗਾ, ਜਿੱਥੇ ਗਵਰਨਰ-ਜੈਨਰਲ ਉਸ ਲਈ ਥਾਂ ਤਜਵੀਜ਼ ਕਰੇਗਾ।”

ਪੰਜਾਬ ਵਿੱਚੋਂ ਸਿੱਖਾਂ ਦਾ ਰਾਜ ਸਮਾਪਤ ਹੋ ਗਿਆ। ਡਲਹੌਜ਼ੀ ਨੇ ਰਹਿੰਦਾ ਗੁੱਸਾ ਵੀ ਜਿੰਦਾਂ ਉੱਤੇ ਕੱਢ ਲਿਆ। ਪੰਜਾਬ ਦੀ ਜ਼ਬਤੀ ਤੋਂ ਪੂਰਾ ਇਕ ਸਤਵਾਰਾ ਪਿੱਛੋਂ, ਭਾਵ ਛੇ ਅਪ੍ਰੈਲ ਨੂੰ ਜਿੰਦਾਂ ਨੂੰ ਚੁਨਾਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ।

ਛੇ ਅਪ੍ਰੈਲ, ੧੮੪੯ ਈ: ਨੂੰ ਜਿੰਦਾਂ ਚੁਨਾਰ ਦੇ ਕਿਲ੍ਹੇ ਵਿੱਚ ਭੇਜ ਦਿੱਤੀ ਗਈ। ਉਹਦੇ ਸਾਰੇ ਪੁਰਾਣੇ ਦਾਸ ਦਾਸੀਆਂ ਹਟਾ ਦਿੱਤੇ ਗਏ ਜੋ ਨਵੇਂ ਨੌਕਰ ਰੱਖੇ ਗਏ, ਬਿਨਾਂ ਕੰਮ ਉਹਨਾਂ ਨਾਲ ਗੱਲ ਕਰਨ ਦੀ ਵੀ ਆਗਿਆ ਨਹੀਂ ਸੀ। ਜਿੰਦਾਂ ਦਾ ਜੀਵਨ ਨਰਕ ਨਾਲੋਂ ਵੀ ਭੈੜਾ ਹੋ ਗਿਆ। ਏਸ ਦੋਜ਼ਖ਼ ਵਿੱਚ ਉਹ ਦੋ ਹਫ਼ਤੇ ਵੀ ਨਾ ਕੱਟ ਸਕੀ।

ਜਿੰਦਾਂ ਦੇ ਅੰਦਰ ਭਾਂਬੜ ਬਲ ਰਹੇ ਸਨ। ਬੀਤੀਆਂ ਯਾਦਾਂ ਦਿਲ ਵਿੱਚ ਅੰਗਿਆਰਾਂ ਵਾਂਗ ਭਖਦੀਆਂ ਸਨ। ਉਹ ਉਠਦੀਆਂ ਆਹੀਂ ਨੂੰ ਅੰਦਰ ਰੋਕਦੀ, ਤਾਂ ਅੰਦਰ ਸੜਦਾ, ਬਾਹਰ ਕੱਢਦੀ, ਤਾਂ ਬਾਹਰ ਸੜਦਾ। ਉਹ ਸਾਰੀ ਦੀ ਸਾਰੀ ਦੁੱਖ ਰੂਪ ਬਣ ਚੁੱਕੀ ਸੀ।

ਉਹ ਅਸਮਾਨ ਦੇ ਤਾਰਿਆਂ ਵੱਲ ਵੇਖਦੀ। ਕਿਸੇ ਕਾਲੀ ਬਦਲੀ ਵਿੱਚੋਂ ਕੋਈ ਤਾਰਾ ਡਲ੍ਹਕਦਾ ਦਿਸਦਾ, ਤਾਂ ਰੀਸੋ-ਰੀਸ ਉਹਦੀਆਂ ਕਾਲੀਆਂ ਅੱਖਾਂ ਵਿੱਚ ਵੀ ਹੰਝੂ ਡਲ੍ਹਕ ਆਉਂਦੇ। ਉਹ ਆਪੇ ਰੋਂਦੀ ਤੇ ਆਪੇ ਚੁੱਪ ਕਰ ਜਾਂਦੀ ।

ਇਹ ਓਹਾ ਜਿੰਦਾਂ ਹੈ, ਜਿਸ ਦੇ ਬੁਲ੍ਹਾਂ ‘ਤੇ ਆਈ ਮੁਸਕਰਾਹਟ ਸ਼ੇਰੇ ਪੰਜਾਬ ਵਾਸਤੇ ਜੀਵਨ-ਅੰਮ੍ਰਿਤ ਹੁੰਦੀ ਸੀ, ਜਿਸ ਦੇ ਮੱਥੇ ਦੀ ਤਿਊੜੀ ਸਾਹਮਣੇ ਹਜ਼ਾਰਾਂ ਸੂਰਮਿਆਂ ਦੀਆਂ ਕਮਾਨਾਂ ਝੁਕ ਜਾਇਆ ਕਰਦੀਆਂ ਸਨ, ਜਿਸ ਦੀਆਂ ਅੱਖਾਂ ਵਿੱਚ ਆਏ ਹੰਝੂ ਪ੍ਰਿਥਵੀ ‘ਤੇ ਭੁਚਾਲ ਲਿਆ ਦੇਂਦੇ ਸਨ। ਅੱਜ ਨਾ ਉਹਦੇ ਹਾਸਿਆਂ ਵਿੱਚ ਕੋਈ ਕਰਾਮਾਤ ਹੈ, ਨਾ ਹੰਝੂਆਂ ਵਿੱਚ ਤਾਸੀਰ । ਉਹ ਹੱਸੇ ਤਾਂ ਆਪਣੇ ਆਪ ਨੂੰ ਧੋਖਾ ਦੇਣ ਬਦਲੇ, ਰੋਵੇ, ਤਾਂ ਅੰਦਰ ਬਲਦੀ ‘ਤੇ ਤੇਲ ਪਾਉਣ ਵਾਸਤੇ।

ਹੰਝੂ ਸਦਾ ਇਕੋ ਭਾਅ ਨਹੀਂ ਵਿਕਿਆ ਕਰਦੇ। ਕਦੇ ਇਹ ਮੋਤੀਆਂ ਤੋਂ ਮਹਿੰਗੇ ਹੁੰਦੇ ਹਨ, ਕਦੇ ਤਰੇਲ ਦੀਆਂ ਬੂੰਦਾਂ ਤੋਂ ਵੀ ਸਸਤੇ।

ਕਈ ਵਾਰ ਉਹ ਰਾਤ ਲੇਟੀ ਲੇਟੀ ਸੋਚਣ ਲੱਗ ਪੈਂਦੀ, ‘ਮੈਂ ਇਸ ਕੈਦ ਵਿੱਚ ਕਿੰਨਾ ਕੁ ਚਿਰ ਤਗ ਸਕਾਂਗੀ ? ਮੈਂ ਕੈਦ ਕਿਉਂ ਹਾਂ ? ਬੰਦੀਖ਼ਾਨੇ ਸਦਾ ਉਹਨਾਂ ਵਾਸਤੇ ਹੁੰਦੇ ਨੇ, ਜੋ ਬੰਦੀ ਰਹਿਣਾ ਪਰਵਾਨ ਕਰ ਲੈਣ। ਮੈਨੂੰ ਇਹ ਕੈਦ ਪਰਵਾਨ ਨਹੀਂ। ਮੈਂ ਕੈਦ ਨਹੀਂ ਰਹਾਂਗੀ। ਪਰ ਮੈਂ ਇਸ ਵਿੱਚੋਂ ਆਜ਼ਾਦ ਕਿਵੇਂ ਹੋਵਾਂ ?”

ਅੰਦਰ ਫੁਰਨੇ ਜਾਗੇ, ਮਨ ਬਣਿਆ, ਤਾਂ ਆਜ਼ਾਦ ਹੋਣ ਦਾ ਰਸਤਾ ਵੀ ਸੁੱਝ ਪਿਆ। ਅਠਾਰਾਂ ਅਪ੍ਰੈਲ, ੧੮੪੯ ਦੀ ਅੱਧੀ ਰਾਤ ਵੇਲੇ ਉਹ ਉਦਾਸੀ ਸੰਤਣੀ ਵਾਂਗ ਭਗਵਾਂ ਵੇਸ ਕਰਕੇ ਕਿਲਿਓਂ ਬਾਹਰ ਨਿਕਲ ਤੁਰੀ। ਬੂਹੇ ਅੱਗੇ ਖਲੇ ਪਹਿਰੇਦਾਰ ਨੇ ਪੁੱਛਿਆ, “ਕੌਣ ਹੈ ?”

“ਜੰਗਲ ਮੇਂ ਰਹਿਨੇ ਵਾਲੀ ਉਦਾਸੀ ਸੰਤਨੀ ਹੂੰ। ਮਹਾਰਾਨੀ ਨੇ ਧਰਮ-ਉਪਦੇਸ਼ ਲੇਨੇ ਕੇ ਲੀਏ ਬੁਲਾਇਆ ਥਾ। ਦਿਨ ਕੋ ਆਨੇ ਕੀ ਆਗਿਆ ਨਹੀਂ ਮਿਲੀ ਥੀ। ਇਸ ਲੀਏ ਰਾਤ ਕੋ ਚੋਰੀ-ਚੋਰੀ ਆਈ ਹੂੰ। ਮਹਾਰਾਨੀ ਕੋ ਧਰਮ ਕੀ ਦੀਖਿਆ ਦੇ ਕਰ ਉਸੀ ਤਰਾ ਚੋਰੀ-ਚੋਰੀ ਜਾਨਾ ਚਾਹਤੀ ਹੂੰ। ਇਸ ਧਰਮ ਕੇ ਕਾਮ ਮੇਂ ਮੇਰੀ ਸਹਾਇਤਾ ਕਰੋਗੇ, ਤੋ ਈਸ਼ਵਰ ਤੁਮਹੇਂ ਇਸਕਾ ਫਲ ਦੇਗਾ ।” ਜਿੰਦਾਂ ਨੇ ਸੰਤਾਂ ਵਾਲੀ ਬੋਲੀ ਵਿੱਚ ਉੱਤਰ ਦਿੱਤਾ। ਪਹਿਰੇਦਾਰ ਬਿਲਕੁਲ ਨਵਾਂ ਸੀ। ਉਹ ਜਿੰਦਾਂ ਦੀ ਵਾਜ ਪਛਾਣ ਨਾ ਸਕਿਆ। ਉਹਨੇ ਦਿਲ ਵਿੱਚ ਸੋਚਿਆ, ‘ਜੇ ਮੇਰੇ ਅਫ਼ਸਰਾਂ ਨੂੰ ਪਤਾ ਲੱਗ ਗਿਆ ਕਿ ਬਾਹਰੋਂ ਕੋਈ ਚੋਰੀ ਚੋਰੀ ਮਹਾਰਾਣੀ ਨੂੰ ਮਿਲਣ ਆਉਂਦਾ ਏ, ਤਾਂ ਪਤਾ ਨਹੀਂ ਮੈਨੂੰ ਕੀ ਸਜ਼ਾ ਮਿਲੇਗੀ। ਬਿਹਤਰ ਏਹੀ ਹੈ ਕਿ ਜਿਵੇਂ ਇਹ ਚੋਰੀ ਆਈ ਹੈ, ਓਸੇ ਤਰ੍ਹਾਂ ਚਲੀ ਜਾਵੇ। ਨਾ ਇਹਨੂੰ ਤੀਸਰੀ ਅੱਖ ਵੇਖੇ, ਨਾ ਮੈਥੋਂ ਕੋਈ ਪੁੱਛ ਪੜਤਾਲ ਹੋਵੇ। ਉਹਨੇ ਫੇਰ ਨਾ ਆਉਣ ਦੀ ਤਾੜਨਾ ਕਰਕੇ ਜਿੰਦਾਂ ਨੂੰ ਲੰਘ ਜਾਣ ਦਿੱਤਾ। ਪਹਿਰੇਦਾਰ ਦਾ ਡਰ ਤੇ ਜਿੰਦਾਂ ਦੀ ਦਲੇਰੀ, ਉਸਦੀ ਰਿਹਾਈ ਦਾ ਵਸੀਲਾ ਬਣੇ।

ਕਿਲਿਓਂ ਬਾਹਰ ਨਿਕਲ ਕੇ ਜਿੰਦਾਂ ਨੇ ਸਾਹਮਣੇ ਵਗਦੀ ਨਦੀ ਵਿੱਚ ਛਾਲ ਮਾਰ ਦਿੱਤੀ। ਲਹਿਰਾਂ ਨਾਲ ਲੜਦੀ ਤੇ ਆਪਣੀ ਤਕਦੀਰ ਨਾਲ ਘੋਲ ਕਰਦੀ ਅੰਤ ਉਹ ਨਦੀਓਂ ਪਾਰ ਹੋ ਗਈ। ਤੱਕ ਲਿਓ. ਓਧਰ ਦਿਨ ਚੜ੍ਹਿਆ। ਜਿੰਦਾਂ ਦੇ ਨੱਸ ਜਾਣ ਦੀ ਖ਼ਬਰ ਵੱਡੇ ਅਫ਼ਸਰਾਂ ਨੂੰ ਪਹੁੰਚੀ, ਤਾਂ ਉਹ ਘਬਰਾ ਉੱਠੇ। ਸਰਕਾਰੀ ਸਿਪਾਹੀ ਸ਼ਿਕਾਰੀਆਂ ਵਾਂਗ ਜਿੰਦਾਂ ਦੀ ਭਾਲ ਵਿੱਚ ਨਿਕਲ ਤੁਰੇ।

ਹੁਣ ਜਿੰਦਾਂ ਵਾਸਤੇ ਬਹੁਤ ਮੁਸ਼ਕਲ ਬਣੀ। ਦਿਨੇ ਉਹ ਝਾੜਾਂ ਵਿੱਚ ਲੁਕ ਕੇ ਕਟਦੀ; ਤੇ ਰਾਤ ਨੂੰ ਜਿਸ ਪਾਸੇ ਮੂੰਹ ਹੁੰਦਾ, ਪੰਧ ਪੈ ਜਾਂਦੀ। ਉਹ ਦੁਨੀਆਂ ਦਾ ਅਨੋਖਾ ਰਾਹੀ ਸੀ, ਜੋ ਤੁਰਿਆ ਜਾ ਰਿਹਾ ਸੀ, ਪਰ ਆਪਣੀ ਮੰਜ਼ਲ ਤੋਂ ਜਾਣੂ ਨਹੀਂ ਸੀ। ਰਾਤ ਦੇ ਹਨ੍ਹੇਰੇ ਵਿੱਚ ਉਹ ਦਰੱਖ਼ਤਾਂ ਦੇ ਸੰਘਣੇ ਪਰਛਾਵੇਂ ਹਿਲਦੇ ਵੇਖਦੀ, ਤਾਂ ਉਹਨੂੰ ਵੈਰੀ ਦੇ ਸਿਪਾਹੀਆਂ ਦਾ ਭੁਲੇਖਾ ਪੈਂਦਾ । ਹਵਾ ਦੇ ਤੇਜ਼ ਬੁੱਲੇ ਬਿਰਛਾਂ ਨੂੰ ਚੀਰਦੇ ਸ਼ਾਂ-ਸ਼ਾਂ ਕਰਦੇ ਲੰਘਦੇ, ਤਾਂ ਉਹਦੇ ਕੰਨਾਂ ਵਿੱਚ ਦੁਸ਼ਮਣ ਦੀਆਂ ਗੋਲੀਆਂ ਦੀ ਗੂੰਜ ਅਨੁਭਵ ਹੁੰਦੀ। ਪੈਰ ਥੱਲੇ ਆ ਕੇ ਕੋਈ ਸੁੱਕਾ ਪੱਤਰ ਟੁੱਟ ਜਾਂਦਾ ਤਾਂ ਦੁਖੀਆ ਦਾ ਦਿਲ ਟੁੱਟ ਜਾਂਦਾ।

ਏਸ ਤਰ੍ਹਾਂ ਭੁੱਖੀ ਤਿਹਾਈ ਭਟਕਦੀ ਜਿੰਦਾਂ ਨੇਪਾਲ ਦੇ ਰਾਣਾ ਜੰਗ ਬਹਾਦਰ ਦੇ ਦਰਬਾਰ ਜਾ ਪਹੁੰਚੀ।

ਸ਼ੇਰੇ ਪੰਜਾਬ ਦੀ ਮਹਿਬੂਬਾ, ਹੀਰਿਆਂ ਤੇ ਮੋਤੀਆਂ ਦਾ ਦਾਨ ਕਰਨ ਵਾਲੀ ਮਹਾਰਾਣੀ ਜਿੰਦ ਕੌਰਾਂ, ਰਾਣਾ ਜੰਗ ਬਹਾਦਰ ਦੇ ਸਾਹਮਣੇ ਝੋਲੀ ਅੱਡ ਕੇ ਇਉਂ ਫ਼ਰਯਾਦ ਕਰਨ ਵਾਸਤੇ ਮਜਬੂਰ ਹੋ ਗਈ।

ਜਦੋਂ ਨੱਸ ਕੇ ਕਿਲ੍ਹੇ ਚੁਨਾਰ ‘ਚੋਂ

ਤਬ ਧਰ ਪਹੁੰਚੀ ਜਿੰਦਾਂ ਜਾ ਨੇਪਾਲ

ਤਨ ਲਟਕਣ ਲੀਰਾਂ ਰੇਸ਼ਮੀ

ਅਤੇ ਗਲ ਵਿੱਚ ਖਿਲਰੇ ਵਾਲ

ਜੀਹਦੇ ਵੱਟ ਮੱਥੇ ਦੇ ਵੇਖ ਕੇ

ਹੁੰਦਾ ਦੂਜ ਦਾ ਚੰਦ ਹਲਾਲ

ਅੱਜ ਕੱਖੋਂ ਹੌਲੀ ਹੋ ਗਈ

ਕਦੇ ਤੁਲਦੀ ਲਾਲਾਂ ਨਾਲ

ਵਿੱਚ ਰਾਣੇ ਦੇ ਦਰਬਾਰ ਦੇ

ਝੋਲੀ ਅੱਡ ਕੇ ਕਰੇ ਸਵਾਲ

“ਮੈਂ ਮਾਲਕ ਦੇਸ ਪੰਜਾਬ ਦੀ

ਅੱਜ ਫਿਰਾਂ ਫ਼ਕੀਰਾਂ ਦੇ ਹਾਲ

ਕੱਲ੍ਹ ਹੀਰੇ ਕਰਦੀ ਦਾਨ ਸਾਂ

ਅੱਜ ਰੋਟੀ ਤੋਂ ਕੰਗਾਲ

ਮੈਂ ਰਾਣੀ ਉਸ ‘ਰਣਜੀਤ’ ਦੀ

ਜੀਹਦੀ ਇੰਦਰ ਨਾ ਝਲਦਾ ਝਾਲ

ਜੀਹਦੀ ਭਬਕ ਡੁਲਾਵੇ ਅੰਬਰਾਂ

ਅਤੇ ਪ੍ਰਿਥਵੀ ਆਉਣ ਭੁਚਾਲ

ਮੈਂ ਮਾਂ ਮਹਾਰਾਜ ‘ਦਲੀਪ’ ਦੀ

ਜੀਹਨੂੰ ਮਿੱਤਰਾਂ ਫਾਹਿਆ ਜਾਲ

ਫਿਰਾਂ ਰੋਟੀ ਬਦਲੇ ਭਟਕਦੀ

ਅੱਜ ਵੇਖ ਜ਼ਮਾਨੇ ਦੀ ਚਾਲ

ਮੈਨੂੰ ਕਹਿਣਗੇ ‘ਸ਼ਾਹੀ ਫ਼ਕੀਰਨੀ’

ਜਦ ਸ਼ਾਇਰ ਲਿਖਣਗੇ ਹਾਲ”

ਜਿੰਦਾਂ ਮੂੰਹੋਂ ਇਹ ਫ਼ਰਯਾਦ ਸੁਣ ਕੇ, ਨੇਪਾਲ ਦੇ ਰਾਣਾ ਜੰਗ ਬਹਾਦਰ ਨੂੰ ਤਰਸ ਆ ਗਿਆ। ਉਹਨੇ ਨਿਥਾਂਵੀਂ ਜਿੰਦਾਂ ਨੂੰ ਆਪਣੇ ਰਾਜ ਵਿੱਚ ਆਸਰਾ ਦੇਣਾ ਮੰਨ ਲਿਆ। ਮਹਾਰਾਣੀ ਦੇ ਨਿਰਬਾਹ ਵਾਸਤੇ ਉਹਨੇ ਆਪਣੇ ਖ਼ਜ਼ਾਨੇ ਵਿੱਚੋਂ ਵੀਹ ਹਜ਼ਾਰ ਰੁਪਇਆ ਸਾਲਾਨਾ ਦੇਣਾ ਪਰਵਾਨ ਕਰ ਦਿੱਤਾ। ਇਸ ਨੇਕੀ ਦੇ ਨਾਲ ਉਹਨੇ ਜਿੰਦਾਂ ਨੂੰ, ਖਟਮੰਡੂ (ਨੇਪਾਲ) ਵਿੱਚ ਰਹਿਣ ਵਾਲੇ ਅੰਗਰੇਜ਼ ਰੈਜ਼ੀਡੈਂਟ ਦੀ ਨਿਗਰਾਨੀ ਵਿੱਚ ਦੇ ਦਿੱਤਾ। ਏਥੇ ਜਿੰਦਾਂ ਲਗਭਗ ਬਾਰਾਂ ਸਾਲ ਅੰਗਰੇਜ਼ ਦੀ ਨਜ਼ਰਬੰਦੀ ਵਿੱਚ ਰਹੀ। ਫਿਰ ਵੀ ਇਹ ਕੈਦ ਬਨਾਰਸ ਜਾਂ ਚੁਨਾਰ ਨਾਲੋਂ ਸੌਖੀ ਸੀ।

ਬਾਕੀ ਸਭ ਕੁਛ ਜਿੰਦਾਂ ਨੇ ਸਹਿ ਲਿਆ ਸੀ ਪਰ ਪੁੱਤਰ ਦੇ ਵਿਛੋੜੇ ਨੇ ਉਹਨੂੰ ਅਸਲੋਂ ਨਿਢਾਲ ਕਰ ਦਿੱਤਾ। ਉਹ ਰਾਤ ਦਿਨੇ ਦਲੀਪ ਨੂੰ ਯਾਦ ਕਰਕੇ ਰੋਂਦੀ ਰਹਿੰਦੀ। ਇਸ ਨਿੱਤ ਦੇ ਰੋਣ ਨੂੰ ਉਹਦੀਆਂ ਅੱਖਾਂ ਦੀ ਜੋਤ ਖ਼ਤਮ ਕਰ ਦਿੱਤੀ। ਜਿੰਦਾਂ ਅਸਲੋਂ ਅੰਨ੍ਹੀਂ ਹੋ ਗਈ।

੨੯ ਮਾਰਚ, ੧੮੪੯ ਈ: ਨੂੰ ਪੰਜਾਬ ਰਾਜ ਖ਼ਤਮ ਕੀਤਾ ਗਿਆ। ਏਸੇ ਸਾਲ ਦੇ ਦਸੰਬਰ ਦੀ ਇੱਕੀ ਤਾਰੀਖ਼ ਨੂੰ ਮ. ਦਲੀਪ ਸਿੰਘ ਨੂੰ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ। ਅੱਠ ਮਾਰਚ, ੧੮੫੩ ਈ: ਨੂੰ ਉਸ ਨੂੰ ਈਸਾਈ ਬਣਾ ਲਿਆ, ਤੇ ੧੯ ਅਪ੍ਰੈਲ, ੧੮੫੪ ਨੂੰ ਕਲਕੱਤੇ ਤੋਂ ਇੰਗਲੈਂਡ ਨੂੰ ਜਹਾਜ਼ ਚੜ੍ਹਾ ਦਿੱਤਾ।

੧੮੬੦ ਵਿੱਚ ਮ. ਦਲੀਪ ਸਿੰਘ ਨੂੰ ਵਲਾਇਤ ਖ਼ਬਰ ਮਿਲੀ ਕਿ ਉਸਦੀ ਮਾਤਾ ਨੇਪਾਲ ਵਿੱਚ ਅੰਨ੍ਹੀ ਹੋ ਚੁੱਕੀ ਹੈ। ਮਹਾਰਾਜੇ ਨੂੰ ਮਾਂ ਦੇ ਵਿਛੋੜੇ ਨੇ ਬਿਹਬਲ ਕਰ ਦਿੱਤਾ। ਉਹ ਮਾਂ ਨੂੰ ਮਿਲਣ ਵਾਸਤੇ ਕਾਹਲਾ ਪੈ ਗਿਆ। ਸਰਕਾਰ ਵੱਲੋਂ ਭਾਰਤ ਆਉਣ ਦੀ ਆਗਿਆ ਮਿਲ ਗਈ। ਗਵਰਨ-ਜੈਨਰਲ ਨੇ ਲਿਖਿਆ, “ਮਹਾਰਾਜਾ ਹਿੰਦੁਸਤਾਨ ਆ ਸਕਦਾ ਹੈ, ਪਰ ਪੰਜਾਬ ਵਿੱਚ ਨਹੀਂ ਜਾ ਸਕਦਾ। ਉਹ ਆਪਣੀ ਮਾਂ ਨੂੰ ਵੀ ਮਿਲ ਸਕਦਾ ਹੈ। ਉਹ ਅੰਨ੍ਹੀ ਹੋ ਚੁੱਕੀ ਹੈ।”

ਮ. ਦਲੀਪ ਸਿੰਘ ਜਨਵਰੀ ਦੇ ਅਖ਼ੀਰ (੧੮੬੧ ਈ:) ਕਲਕੱਤੇ ਪੁੱਜਾ। ਕਲਕੱਤੇ ਉਹ ਸਪੈਨਸਿਜ਼ ਹੋਟਲ ਵਿੱਚ ਉਤਰਿਆ। ਏਥੇ ਪੁੱਜਦਿਆਂ ਹੀ ਉਹਨੇ ਆਪਣੀ ਮਾਤਾ ਨੂੰ ਲਿਆਉਣ ਵਾਸਤੇ ਆਦਮੀ ਭੇਜ ਦਿੱਤੇ। 1 ਪੁੱਤਰ ਦਾ ਸੁਨੇਹਾ ਸੁਣ ਕੇ ਜਿੰਦਾਂ ਕਲਕੱਤੇ ਜਾਣ ਵਾਸਤੇ ਤਿਆਰ ਹੋ ਪਈ। ਰਾਣਾ ਜੰਗ ਬਹਾਦਰ ਹਰ ਸਾਲ ਵੀਹ ਹਜ਼ਾਰ ਦੇਂਦਾ-ਦੇਂਦਾ ਅੱਕ ਗਿਆ ਸੀ। ਉਹ ਹੁਣ ਮ. ਜਿੰਦਾਂ ਤੋਂ ਖ਼ਲਾਸੀ ਪਾਉਣਾ ਚਾਹੁੰਦਾ ਸੀ। ਜਿੰਦਾਂ ਦੀ ਤਿਆਰੀ ਬਾਰੇ ਸੁਣ ਕੇ ਰਾਣਾ ਜੰਗ ਬਹਾਦਰ ਨੇ ਹੁਕਮ ਦਿੱਤਾ, ਕਿ ਜੇ ਮ. ਜਿੰਦ ਕੌਰ ਇਕ ਵਾਰ ਨੇਪਾਲ ਤੋਂ ਬਾਹਰ ਚਲੀ ਜਾਵੇਗੀ, ਤਾਂ ਉਸ ਨੂੰ ਦੁਬਾਰਾ ਇਸ ਦੇਸ਼ ਵਿੱਚ ਪੈਰ ਧਰਨ ਦੀ ਆਗਿਆ ਨਹੀਂ ਹੋਵੇਗੀ, ਤੇ ਉਸਦਾ ਭੱਤਾ ਸਦਾ ਵਾਸਤੇ ਬੰਦ ਕਰ ਦਿੱਤਾ ਜਾਵੇਗਾ।

ਇਹ ਹੁਕਮ ਸੁਣ ਕੇ ਜਿੰਦਾਂ ਸੋਚੀਂ ਪੈ ਗਈ, ‘ਏਧਰੋਂ ਮਿਲ ਰਹੀ ਰੋਟੀ ਖੁੱਸ ਜਾਵੇਗੀ। ਅੰਗਰੇਜ਼ ਮੇਰੇ ਹਾਲ ‘ਤੇ ਕਦੇ ਵੀ ਤਰਸ ਕਰੇਗਾ, ਇਸ ਗੱਲ ਦਾ ਮੈਨੂੰ ਸੁਪਨੇ ਵਿੱਚ ਵੀ ਭਰੋਸਾ ਨਹੀਂ। ਫਿਰ ਰਹਿੰਦੇ ਦਿਹਾੜੇ ਕਿਵੇਂ ਨਿਭਣਗੇ? ਹੱਛਾ, ਜਿਵੇਂ ਹੋਵੇਗੀ, ਵੇਖੀ ਜਾਵੇਗੀ। ਪਰ ਮੈਂ ਹੁਣ ਜਾਣੋਂ ਰੁਕ ਨਹੀਂ ਸਕਦੀ। ਮੈਂ ਦਲੀਪ ਬਿਨਾਂ ਨਹੀਂ ਰਹਿ ਸਕਦੀ। ਮੈਂ ਜ਼ਰੂਰ ਜਾਵਾਂਗੀ।’

ਹਜ਼ਾਰਾਂ ਔਕੜਾਂ ਸਾਹਮਣੇ ਵੇਖ ਕੇ ਵੀ ਜਿੰਦਾਂ ਤੁਰ ਪਈ। ਮਾਂ-ਪੁੱਤ ਦੇ ਸੰਨ੍ਹ ਵਿੱਚ ਭਾਵੇਂ ਸੈਂਕੜੇ ਦੋਜ਼ਖ਼ ਬਲਦੇ ਹੋਣ, ਫਿਰ ਵੀ ਮਾਂ ਪਿੱਛੇ ਨਹੀਂ ਪਰਤਦੀ। ਜਿੰਦਾਂ ਕਿਵੇਂ ਰੁਕ ਜਾਂਦੀ ?

ਜਿੰਦਾਂ ਸੋਚਦੀ ਜਾ ਰਹੀ ਸੀ, ‘ਦਲੀਪ ਓਦੋਂ ਮਸਾਂ ਨੌਂ ਸਾਲ ਦਾ ਸੀ, ਜਦੋਂ ਹੱਤਿਆਰਿਆਂ ਨੇ ਸਾਨੂੰ ਮਾਂ-ਪੁੱਤ ਨੂੰ ਵਿਛੋੜ ਦਿੱਤਾ ਸੀ। ਹੁਣ ਉਹ ਬਾਈ ਸਾਲ ਤੋਂ ਵੀ ਵਡੇਰਾ ਹੋ ਗਿਆ ਏ। ਓਦੋਂ ਉਹ ਬੜਾ ਭੋਲਾ-ਭਾਲਾ ਤੇ ਬੀਬਾ ਜਿਹਾ ਲੱਗਦਾ ਸੀ । ਹੁਣ ਪਤਾ ਨਹੀਂ, ਕਿਹੋ ਜਿਹਾ ਲੱਗਦਾ ਹੋਵੇਗਾ। ਓਦੋਂ ਉਹ ਮਸਾਂ ਮੇਰੀ ਢਾਕ ਤਕ ਆਉਂਦਾ ਸੀ। ਹੁਣ ਤਾਂ ਮੇਰੇ ਨਾਲੋਂ ਵੀ ਗਿੱਠ ਸਿਰ ਕੱਢਦਾ ਹੋਵੇਗਾ। ਮੂੰਹ ਨਾਲ ਆਖ ਲੈਣਾ ਸੌਖਾ ਏ, ਅੱਜ ਸਾਢੇ ਤੇਰਾਂ ਵਰ੍ਹੇ ਹੋ ਗਏ ਨੇ ਮੇਰੇ ਦਲੀਪ ਨੂੰ ਵਿਛੜਿਆਂ । ਪੁੱਤਰ ਤੇਰਾਂ ਦਿਨ ਅੱਖਾਂ ਤੋਂ ਓਹਲੇ ਹੋ ਜਾਏ ਤਾਂ ਮਾਂ ਦਾ ਕਲੇਜਾ ਪਾਟ ਜਾਂਦਾ ਏ। ਉਹ! ਹੇ ਕਿਸਮਤੇ ਤੱਤੀ ਮਾਂ-ਪੁੱਤਰ ਨੂੰ ਛਾਤੀ ਨਾਲ ਲਾਵੇਗੀ, ਪਰ ਉਹਦਾ ਮੂੰਹ ਨਹੀਂ ਵੇਖ ਸਕੇਗੀ। ਹੇ ਤਕਦੀਰ! ਤੂੰ ਮੇਰਾ ਸਭ ਕੁਛ ਖੋਹ ਲੈਂਦੀਓਂ, ਪਰ ਅੱਖਾਂ ਨਾ ਖੁਹੰਦੀਓਂ। ਮੈਂ ਪੁੱਤਰ ਨੂੰ ਵੇਖ ਤਾਂ ਲੈਂਦੀ ? ਅਜੇ ਵੀ ਰੱਬ ਦੇ ਘਰ ਕੀ ਘਾਟਾ ਏ ? ਕੀ ਪਤਾ, ਜੇ ਮੇਰਾ ਗੁਆਚਿਆ ਪੂਰਨ ਮਿਲ ਪਵੇ, ਤਾਂ ਮੇਰੀਆਂ ਅੱਖਾਂ ਵਿੱਚ ਵੀ ਰਾਣੀ ਇੱਛਰਾਂ ਵਾਂਗ ਜੋਤ ਆ ਜਾਵੇ। ਦੋ ਦਿਨ, ਸਿਰਫ਼ ਦੋ ਦਿਨ ਵਾਸਤੇ ਅੱਖਾਂ ਮਿਲ ਜਾਣ, ਮੈਂ ਪੁੱਤਰ ਨੂੰ ਰੱਜ-ਰੱਜ ਵੇਖਣ ਦੀ ਰੀਝ ਲਾਹ ਲਵਾਂ ਫੇਰ ਭਾਵੇਂ ਰੱਬ ਓਸੇ ਵੇਲੇ ਪ੍ਰਾਣ ਕੱਢ ਲਵੇ।’

ਸਾਰੇ ਰਾਹ ਗਿਣਤੀਆਂ ਗਿਣਦੀ ਜਿੰਦਾਂ ਫ਼ਰਵਰੀ ਵਿੱਚ ਕਲਕੱਤੇ ਪੁੱਜੀ। ਚਿਰੀਂ ਵਿਛੁੰਨੇ ਮਾਂ ਪੁੱਤ ਗਲ ਲੱਗ ਕੇ ਮਿਲੇ। ਦੋਹਾਂ ਦਿਆਂ ਨੇਤਰਾਂ ਵਿੱਚੋਂ ਗੰਗਾ ਜਮਨਾ ਵਹਿ ਰਹੀਆਂ ਸਨ। ਮਾਂ ਘੁਟ-ਘੁਟ ਕੇ ਕਲੇਜੇ ਦੀ

ਅੱਗ ਨੂੰ ਛਾਤੀ ਨਾਲ ਲਾਉਂਦੀ ਸੀ। ਜਿਉਂ-ਜਿਉਂ ਉਹ ਬਿਹਬਲ ਹੋਈ ਪੁੱਤਰ ਦਾ ਮੂੰਹ ਚੁੰਮਦੀ, ਉਹਦੀ ਪਿਆਸ ਹੋਰ ਵਧਦੀ ਜਾਂਦੀ। ਸਹਿਜ- ਸਹਿਜ ਬਾਹੀਂ ਢਿੱਲੀਆਂ ਹੋਈਆਂ। ਦਲੀਪ ਬੱਚਿਆਂ ਵਾਂਗ ਮਾਂ ਦੇ ਮੋਢੇ ਨਾਲ ਲੱਗਾ ਹੋਇਆ ਸੀ। ਜਿੰਦਾਂ ਪੁੱਤਰ ਦੀ ਕੰਡ ਉੱਤੇ ਪੋਲਾ ਧੇਲਾ ਹੱਥ ਫੇਰ ਰਹੀ ਸੀ। ਸਹਿਜ-ਸਹਿਜ ਮਾਂ ਦਾ ਹੱਥ ਪੁੱਤਰ ਦੇ ਮੋਢੇ ਤੱਕ ਅਪੜਿਆ । ਉਸ ਤੋਂ ਅੱਗੇ ਉਹ ਦਲੀਪ ਦੇ ਸਿਰ ‘ਤੇ ਹੱਥ ਫੇਰ ਕੇ ਵੀ ਕੁਛ ਤੱਕਣਾ ਚਾਹੁੰਦੀ ਸੀ। ਹੌਲੀ-ਹੌਲੀ ਹੱਥ ਉੱਪਰ ਉਠਦਾ ਤੇ ਗ਼ਰੀਬ ਦੀਆਂ ਰੀਝਾਂ ਵਾਂਗ ਫਿਰ ਢਹਿ ਪੈਂਦਾ । ਜਿੰਦਾਂ ਦੀ ਛਾਤੀ ਜ਼ੋਰ-ਜ਼ੋਰ ਦੀ ਧੜਕ ਰਹੀ ਸੀ ਡਰ ਸੀ, ਕਿ ਸ਼ਾਇਦ ਸਿਰ ‘ਤੇ ਹੱਥ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਦਿਲ ਦੀ ਹਰਕਤ ਬੰਦ ਹੋ ਜਾਏ। ਫਿਰ ਵੀ ਉਹਨੇ ਭਾਰਾ ਜੇਰਾ ਕਰਕੇ ਪੁੱਤਰ ਦੇ ਸਿਰ ਉਤਦੀ ਹੱਥ ਫੇਰ ਦਿੱਤਾ। ਜਿਸ ਵੇਲੇ ਮੱਖਣਾਂ ਤੇ ਰੀਝਾਂ ਨਾਲ ਪਾਲੇ ਹੋਏ ਸਵਾ-ਸਵਾ ਗਜ਼ ਲੰਮੇ ਕੇਸਾਂ ਦਾ ਜੂੜਾ ਦਲੀਪ ਦੇ ਸਿਰ ਤੇ ਨਾ ਲੱਭਾ, ਦੁਖੀਆ ਜਿੰਦਾਂ ਦੀਆਂ ਧਾਹੀਆਂ ਨਿਕਲ ਗਈਆਂ। ਉਹ ਲੰਮੇ-ਲੰਮੇ ਹਉਕੇ ਭਰਦੀ ਬੋਲੀ, “ਹੇ ਬੁਰੀ ਤਕਦੀਰ! ਤੂੰ ਮੇਰਾ ਸਿਰਤਾਜ ਖੋਹਿਆ, ਮੇਰਾ ਰਾਜ ਭਾਗ ਖੋਹਿਆ, ਮੇਰਾ ‘ਕੋਹਿਨੂਰ’ ਖੋਹਿਆ, ਮੈਨੂੰ ਪਵਿੱਤਰ ਜਨਮ ਭੂਮੀ ਪੰਜਾਬ ਤੋਂ ਵਿਛੋੜ ਦਿੱਤਾ, ਤੇ ਅੰਤ ਪ੍ਰਾਣਾਂ ਤੋਂ ਪਿਆਰੀ ਸਿੱਖੀ ਵੀ ਮੇਰੀ ਕੁਲ ਵਿੱਚੋਂ ਖੋਹ ਲਈਓ ਈ ? ਤੂੰ ਇਹ ਵੀ ਨਾ ਵੇਖ ਸੁਖਾਈਓਂ ? ਅੱਜ ਮੇਰੀ ਬੰਸ ਵਿੱਚੋਂ ਕਲਗੀਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ।” ਇਹ ਵਾਕ ਉਹਦਾ ਸੀਨਾ ਪਾੜ ਕੇ ਨਿਕਲੇ ਸਨ। ਉਹਦਾ ਸਾਰਾ ਸਰੀਰ ਕੰਬ ਰਿਹਾ ਸੀ। ਰੋਂਦਿਆਂ-ਰੋਂਦਿਆਂ ਉਹਦੀ ਹਿਝਕੀ ਬੱਝ ਗਈ ਸੀ।

ਦਲੀਪ ਦਾ ਸੀਨਾ ਚੀਰਿਆ ਗਿਆ। ਉਹ ਮਾਂ ਦੇ ਪੈਰਾਂ ‘ਤੇ ਡਿੱਗ ਕੇ ਭੁੱਬੀ ਰੋਣ ਲੱਗ ਪਿਆ। ਮਾਂ ਨੇ ਚੁੱਕ ਕੇ ਉਸ ਨੂੰ ਫਿਰ ਗਲ ਨਾਲ ਲਾ ਲਿਆ । ਦਲੀਪ ਕਡਕੋਰੇ ਭਰਦਾ ਬੋਲਿਆ, “ਮਾਂ! ਤੇਰੀ ਉਜੜੀ ਦੁਨੀਆਂ ਫਿਰ ਨਹੀਂ ਵਸਾ ਸਕਦਾ। ਤੇਰਾ ਰਾਜ-ਭਾਗ ਤੈਨੂੰ ਨਹੀਂ ਦੇ ਸਕਦਾ। ਤੇਰਾ ਕੋਹਿਨੂਰ ਤੈਨੂੰ ਨਹੀਂ ਮੋੜ ਸਕਦਾ। ਪਰ ਤੇਰੇ ਪਵਿੱਤਰ ਚਰਨਾਂ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਤੇਰੀ ਕੁੱਲ ਵਿੱਚੋਂ ਗਈ ਹੋਈ ਸਿੱਖੀ ਫਿਰ ਪਰਤਾਅ ਲਿਆਵਾਂਗਾ।”

(ਮਾਂ ਨਾਲ ਕੀਤਾ ਹੋਇਆ ਇਹ ਬਚਨ ਦਲੀਪ ਨੇ ੧੮੮੬ ਵਿੱਚ ਪੂਰਾ ਕੀਤਾ ।)

ਮ. ਦਲੀਪ ਸਿੰਘ ਨੇ ਸਰਕਾਰ ਹਿੰਦ ਪਾਸ ਬੇਨਤੀ ਕੀਤੀ, “ਮੈਂ ਆਪਣੀ ਮਾਤਾ ਨਾਲ ਹਿੰਦ ਵਿੱਚ ਰਹਿਣਾ ਚਾਹੁੰਦਾ ਹਾਂ, ਆਗਿਆ ਦਿੱਤੀ ਜਾਵੇ। ਨਾਲ ਹੀ ਸਰਕਾਰ ਕਿਰਪਾ ਕਰਕੇ ਮਹਾਰਾਣੀ ਦੇ ਖੋਹੇ ਹੋਏ ਗਹਿਣੇ, ਹੀਰੇ ਜਵਾਹਰਾਤ ਤੇ ਨਕਦੀ ਵਾਪਸ ਕਰ ਦੇਵੇ। ਮਹਾਰਾਣੀ ਨੂੰ ਸਰਕਾਰ ਵੱਲੋਂ ਯੋਗ ਪੈਨਸ਼ਨ ਦਿੱਤੀ ਜਾਵੇ, ਜਿਸ ਨਾਲ ਉਹ ਰਹਿੰਦੀ ਜ਼ਿੰਦਗੀ ਦਾ ਨਿਰਬਾਹ ਸ਼ਾਂਤੀ ਪੂਰਬਕ ਕਰ ਸਕੇ।”

ਸਰਕਾਰ ਅਜੇ ਵੀ ਡਰਦੀ ਸੀ ਕਿ ਜਿੰਦਾਂ ਦੇਸ਼ ਵਿੱਚ ਰਹਿ ਕੇ ਫਿਰ ਕੋਈ ਸਾਜ਼ਸ਼ ਨਾ ਕਰੇ। ਉਹ ਮਹਾਰਾਣੀ ਨੂੰ ਹਿੰਦੁਸਤਾਨ ਵਿੱਚ ਨਹੀਂ ਸੀ ਰਹਿਣ ਦੇਣਾ ਚਾਹੁੰਦੀ। ਅੰਤ ਸਰਕਾਰ ਨੇ ਜਿੰਦਾਂ ਦੇ ਗਹਿਣੇ ਵਾਪਸ ਕਰਨੇ ਤੇ ਦੋ ਹਜ਼ਾਰ ਸਾਲਾਨਾ ਪੈਨਸ਼ਨ ਦੇਣੀ ਏਸ ਸ਼ਰਤ ‘ਤੇ ਮੰਨੀ, ਜੇ ਉਹ ਰਿਸ਼ੀਆਂ ਦੀ ਧਰਤੀ ਭਾਰਤ ਛੱਡ ਕੇ ਲੰਕਾ ਵਿੱਚ ਕੈਦ ਰਹਿਣਾ ਮੰਨੇ।

ਮ. ਦਲੀਪ ਸਿੰਘ ਤੇ ਮ. ਜਿੰਦਾਂ ਨੇ ਇਹ ਸ਼ਰਤ ਨਾ ਮੰਨੀ। ਜਿੰਦਾਂ ਪੁੱਤਰ ਦੇ ਨਾਲ ਹੀ ਵਲਾਇਤ ਚਲੀ ਗਈ। ਉਹ ਜੁਲਾਈ ੧੮੬੧ ਵਿੱਚ ਵਲਾਇਤ ਪੁੱਜੇ।

ਅੰਗਰੇਜ਼ ਕਰਮਚਾਰੀਆਂ ਨੇ ਓਥੇ ਜਿੰਦਾਂ ਵਾਸਤੇ ਵੱਖਰੇ ਘਰ ਦਾ ਪ੍ਰਬੰਧ ਕੀਤਾ ਹੋਇਆ ਸੀ, ਪਰ ਉਹ ਪੁੱਤਰ ਤੋਂ ਵੱਖਰੀ ਰਹਿਣਾ ਨਾ ਮੰਨੀ। ਉਹ ਦਲੀਪ ਸਿੰਘ ਕੋਲ ਮੁਲਗਰੇਵ ਕੈਸਲ ਵਿੱਚ ਹੀ ਰਹਿਣ ਲੱਗੀ।

ਇਸ ਤੋਂ ਪਹਿਲਾਂ ਮ. ਦਲੀਪ ਸਿੰਘ ਈਸਾਈ ਧਰਮ ਵਿੱਚ ਬੜੀ ਸ਼ਰਧਾ ਪ੍ਰਗਟ ਕਰਦਾ ਹੁੰਦਾ ਸੀ। ਜਿੰਦਾਂ ਦੇ ਨੇੜ ਨਾਲ ਮਹਾਰਾਜੇ ਦਾ ਉਹ ਸ਼ੌਕ ਬਹੁਤ ਮੱਠਾ ਪੈ ਗਿਆ। ਜਿੰਦਾਂ ਨੇ ਪੁੱਤਰ ਨੂੰ ਉਸ ਦੀਆਂ ਨਿੱਜੀ ਜਾਇਦਾਦਾਂ ਬਾਰੇ ਵੀ ਦੱਸਿਆ, ਜਿਨ੍ਹਾਂ ਉੱਤੇ ੧੮੪੯ ਦੀ ਸੁਲ੍ਹਾ ਦਾ ਕਾਨੂੰਨੀ ਤੌਰ ‘ਤੇ ਕੋਈ ਅਸਰ ਨਹੀਂ ਸੀ ਪੈਂਦਾ। ਮਹਾਰਾਜੇ ਉੱਤੇ ਜਿੰਦਾਂ ਦਾ ਅਸਰ ਵੱਧਦਾ ਵੇਖ ਕੇ ਅੰਗਰੇਜ਼ ਕਰਮਚਾਰੀ ਬਹੁਤ ਘਬਰਾਏ। ਇੰਗਲੈਂਡ ਦੀ ਸਰਕਾਰ ਨੇ ਕਿਹਾ ਕਿ ਜਿੰਦਾਂ ਨੂੰ ਹਿੰਦ ਭੇਜ ਦਿੱਤਾ ਜਾਵੇ, ਪਰ ਹਿੰਦ ਸਰਕਾਰ ਇਹ ਗੱਲ ਨਾ ਮੰਨੀ। ਅਖ਼ੀਰ ਜਿੰਦਾਂ ਨੂੰ ਪੁੱਤਰ ਨਾਲੋਂ ਵਿਛੋੜ ਕੇ ਵੱਖਰੇ ਘਰ ਐਬਿੰਗਡਨ ਹਾਊਸ ਵਿੱਚ ਰਹਿਣ ਵਾਸਤੇ ਮਜਬੂਰ ਕਰ ਦਿੱਤਾ ਗਿਆ। ਓਥੇ ਦਲੀਪ ਸਿੰਘ ਹਫ਼ਤੇ ਵਿੱਚ ਸਿਰਫ਼ ਦੋ ਵਾਰ ਮਾਂ ਨੂੰ ਮਿਲ ਸਕਦਾ ਸੀ।

ਅੰਗਰੇਜ਼ ਕਰਮਚਾਰੀਆਂ ਦੇ ਏਸ ਸਲੂਕ ਦਾ ਜਿੰਦਾਂ ਦੇ ਦਿਲ ‘ਤੇ ਬਹੁਤ ਬੁਰਾ ਅਸਰ ਪਿਆ। ਉਹਦੀ ਸਿਹਤ ਪੈਰੋ-ਪੈਰ ਵਿਗੜਨੀ ਸ਼ੁਰੂ ਹੋ ਗਈ। ਰਾਤ ਦਿਨ ਉਹ ਮਾਰੂ ਸੋਚਾਂ ਵਿੱਚ ਡੁੱਬੀ ਰਹਿੰਦੀ। ਸੁਰਗ ਵਰਗੇ ਮੁਲਕ ਇੰਗਲੈਂਡ ਵਿੱਚ ਉਹ ਨਰਕੀ ਜੀਵਨ ਗੁਜ਼ਾਰ ਰਹੀ ਸੀ। ਉਸ ਵੇਲੇ ਉਹ ਜ਼ਿੰਦਗੀ ਤੋਂ ਤੰਗ ਪੈ ਚੁੱਕੀ ਸੀ। ਉਹ ਸਾਹ-ਸਾਹ ਨਾਲ ਮੌਤ ਨੂੰ ਯਾਦ ਕਰਦੀ। ਮੌਤ ਆਉਂਦੀ ਤੇ ਉਡੀਕਵਾਨ ਦੀ ਕੁੰਡੀ ਖੜਕਾ ਕੇ ਮੁੜ ਜਾਂਦੀ । ਇਹ ਖੇਡ ਕਈ ਦਿਨ ਤਕ ਹੁੰਦੀ ਰਹੀ। ਅੰਤ ਮੌਤ ਨੂੰ ਦੁਖੀਆ ਜਿੰਦਾਂ ‘ਤੇ ਤਰਸ ਆ ਹੀ ਗਿਆ। ਪਹਿਲੀ ਅਗਸਤ, ੧੮੬੩ ਜਿੰਦਾਂ ਦੀ ਉਮਰ ਦਾ ਆਖ਼ਰੀ ਦਿਨ ਸੀ।

ਮਹਾਰਾਣੀ ਜਿੰਦਾਂ ਸੋਹਣ ਸਿੰਘ ਸੀਤਲ | Maharani Jinda Sohan Singh Seetal

ਕਹਿੰਦੇ ਹਨ, ਬੁਝਣ ਲੱਗੇ ਦੀਵੇ ਦੀ ਜੋਤ ਜ਼ਰਾ ਵਧੇਰੇ ਰੌਸ਼ਨ ਹੋ ਜਾਇਆ ਕਰਦੀ ਹੈ। ਮਰਨ ਕਿਨਾਰੇ ਪਈ ਜਿੰਦਾਂ ਦੀ ਸੁਰਤ ਵੀ ਕੁਛ ਚਿਰ ਵਾਸਤੇ ਸੰਭਲ ਗਈ। ਦਲੀਪ ਉਹਦੀ ਛਾਤੀ ‘ਤੇ ਸਿਰ ਸੁੱਟ ਕੇ ਬੱਚਿਆਂ ਵਾਂਗ ਰੋ ਰਿਹਾ ਸੀ। ਜਿੰਦਾਂ ਨਿ-ਸਤੇ ਹੋ ਰਹੇ ਹੱਥ ਨਾਲ ਪੁੱਤਰ ਦਾ ਸਿਰ ਪਲੋਸਦੀ ਹੋਈ ਬੋਲੀ, “ਬੇਟਾ ਦਲੀਪ! ਤੂੰ ਨਹੀਂ ਜਾਣਦਾ, ਤੇਰੇ ਵਾਸਤੇ ਮੇਰੇ ਦਿਲ ਵਿੱਚ ਕਿੰਨੀਆਂ-ਕੁ ਰੀਝਾਂ ਸਨ। ਰੱਬ ਸਾਖੀ ਏ, ਜੋ ਮੈਂ ਤੇਰੇ ਵਾਸਤੇ ਜਫਰ ਜਾਲੇ ਨੇ। ਤੂੰ ਅਜੇ ਨੌਂ ਮਹੀਨੇ ਤੇ ਚੌਵੀ ਦਿਨ ਦਾ ਸੈਂ, ਜਦ ਤੇਰੇ ਪਿਤਾ ਜੀ ਮੈਨੂੰ ਸਦਾ ਦਾ ਸੱਲ ਦੇ ਗਏ। ਤੇਰੇ ਬਦਲੇ ਮੈਂ ਰੰਡੇਪਾ ਕੱਟਣਾ ਪਰਵਾਨ ਕਰ ਲਿਆ। ਨਹੀਂ ਤਾਂ ਬਾਕੀ ਰਾਣੀਆਂ ਵਾਂਗ ਮੈਂ ਵੀ ਮਹਾਰਾਜ ਨਾਲ ਸਤੀ ਹੋ ਜਾਂਦੀ। ਲਾਲ! ਪੰਜ ਸਾਲ ਤੇ ਯਾਰਾਂ ਦਿਨ ਦਾ ਸੈਂ ਤੂੰ, ਜਦ ਕਿਸਮਤ ਨੇ ਤੈਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿੱਤਾ। ਮੈਂ ਆਪਣੇ ਹੱਥੀਂ ਤੇਰੇ ਸਿਰ ‘ਤੇ ਤਾਜ ਸਜਾਅ ਕੇ ਤੈਨੂੰ ਲਾਹੌਰ ਦੇ ਤਖ਼ਤ ਉੱਤੇ ਬੈਠਣ ਵਾਸਤੇ ਭੇਜਿਆ ਕਰਦੀ ਸਾਂ। ਤੇਰੇ ਨਿੱਕੇ-ਨਿੱਕੇ ਕਦਮਾਂ ਨਾਲ ਮੇਰੀਆਂ ਵੱਡੀਆਂ-ਵੱਡੀਆਂ ਰੀਝਾਂ ਨੱਚਿਆ ਕਰਦੀਆਂ ਸਨ । ਮੈਂ ਸੋਚਿਆ ਕਰਦੀ ਸਾਂ, “ਜਦ ਮੇਰਾ ਦਲੀਪ ਜਵਾਨ ਹੋ ਕੇ ਸਹੀ ਅਰਥਾਂ ਵਿੱਚ ਰਾਜ ਭਾਗ ਸੰਭਾਲੇਗਾ ਤੇ ਮੈਂ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਅੰਤ ਦੀ ਵਾਰ ਪੁੱਤਰ ਦੇ ਮੋਢਿਆਂ ‘ਤੇ ਆਪਣੇ ਸਿਰਤਾਜ ਦੇ ਚਰਨਾਂ ਵਿੱਚ ਪਹੁੰਚਾਂਗੀ। ਸ਼ੇਰੇ ਪੰਜਾਬ ਦੇ ਖੱਬੇ ਹੱਥ, ਜਿੰਦਾਂ ਦੀ ਮੜ੍ਹੀ ਹੋਵੇਗੀ, ਜਿਸ ਨੂੰ ਮੇਰਾ ਲਾਲ ਹੀਰਿਆਂ ਤੇ ਮੋਤੀਆਂ ਨਾਲ ਮੜ੍ਹ ਦੇਵੇਗਾ। ਪੰਜਾਬ ਦੀ ਉਸ ਸ਼ਾਨ ਨੂੰ ਵੇਖ ਕੇ ਲੋਕ ਆਗਰੇ ਦਾ ਤਾਜ ਵੀ ਭੁੱਲ ਜਾਣਗੇ। ਪਰ ਚੰਨ! ਜਿਸ ਰੀਝ ਦੇ ਪਰ੍ਹੇ ਹੋਣ ਦਾ ਸਾਮਾਨ ਹੀ ਨਹੀਂ ਰਿਹਾ, ਉਸ ਦਾ ਜ਼ਬਾਨ ‘ਤੇ ਲਿਆਉਣ ਦਾ ਕੀ ਲਾਭ? ਪਰ ਇਕ ਸੱਧਰ ਹੈ, ਜੋ ਮੈਂ ਅੰਦਰੇ ਲੈ ਕੇ ਨਹੀਂ ਮਰਨਾ ਚਾਹੁੰਦੀ। ਇਹ ਪੰਜ ਸੇਰ ਮਿੱਟੀ ਪੰਜਾਬ ਦੀ ਅਮਾਨਤ ਹੈ, ਵੇਖੀਂ ਕਿਤੇ ਗ਼ੈਰਾਂ ਦੇ ਦੇਸ਼ ਵਿੱਚ ਰੁਲਦੀ ਨਾ ਰਹਿ ਜਾਏ। ਮੇਰੇ ਸਵਾਸ ਪੂਰੇ ਹੋ ਜਾਣ, ਤਾਂ ਮੇਰੀ ਅਰਥੀ ਨੂੰ ਏਥੋਂ ਚੁੱਕ ਲਈਂ, ਪੰਜਾਬ ਅੱਪੜੀਂ, ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਸਾਹਮਣੇ ਜਾ ਧਰੀਂ। ਕੋਈ ਸਿੱਖ, ਸ਼ਹੀਦ ਗੁਰੂ ਅਰਜਨ ਦੇਵ ਨੂੰ ਮੱਥਾ ਟੇਕ ਕੇ ਬਾਹਰ ਮੁੜਦਾ ਵੇਖੇਂਗਾ, ਤਾਂ ਉਹਦੀ ਚਰਨ-ਧੂੜ ਮੇਰੇ ਮੱਥੇ ‘ਤੇ ਲਾ ਦੇਈਂ। ਭਲਾ ਜੇ ਤੱਤੀ ਜਿੰਦਾਂ ਦੀ ਪੁੱਠੀ ਤਕਦੀਰ ਸਿੱਧੀ ਹੋ ਜਾਏ ਤਾਂ। ਜਿਸ ਵੇਲੇ ਤੂੰ ਮੇਰਾ ਸਿਰ ਸ਼ੇਰੇ ਪੰਜਾਬ ਦੇ ਚਰਨਾਂ ‘ਚ ਧਰ ਕੇ ਅਰਦਾਸ ਕਰ ਰਿਹਾ ਹੋਵੇਂਗਾ, ਮੇਰੀਆਂ ਸੱਧਰਾਂ ਅਸਮਾਨ ਤੋਂ ਬੂੰਦਾਂ ਬਣ ਕੇ ਮਹਾਰਾਜ ਦੀ ਸਮਾਧ ‘ਤੇ ਬਰਸ ਰਹੀਆਂ ਹੋਣਗੀਆਂ। ਚੰਨ! ਇਕ ਹੋਰ ਵੀ ਪੱਕੀ ਕਰਨਾ ਚਾਹੁੰਦੀ ਹਾਂ। ਮਰਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਦੋ ਬੂੰਦਾਂ ਆ ਜਾਇਆ ਕਰਦੀਆਂ ਨੇ। ਲੋਕ ਉਸ ਦੀਆਂ ਪਲਕਾਂ ਬੰਦ ਕਰ ਦੇਂਦੇ ਨੇ। ਉਹ ਆਖ਼ਰੀ ਹੰਝੂ ਧਰਤੀ ‘ਤੇ ਢਹਿ ਕੇ ਫ਼ਨਾਹ ਹੋ ਜਾਇਆ ਕਰਦੇ ਨੇ। ਪਰ ਲਾਲ! ਮੇਰੇ ਨਾਲ ਇਹ ਅਨਰਥ ਨਾ ਕਰੀਂ । ਮੇਰੇ ਮੋਈ ਦੇ ਨੇਤਰ ਬੰਦ ਨਾ ਕਰੀਂ। ਮਤਾਂ ਮੋਈ ਜਿੰਦਾਂ ਦੇ ਹੰਝੂ ਇਸ ਬਿਗਾਨਿਆਂ ਦੀ ਧਰਤੀ ‘ਤੇ ਢਹਿ ਕੇ ਉਸ ਨਿਰਦਈ ਅੰਗਰੇਜ਼ ਅੱਗੇ ਫਰਯਾਦ ਕਰਨ, ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ਼ ਨਹੀਂ ਕੀਤਾ। ਇਹ ਮੇਰੀ ਅੰਤਮ ਭੇਟਾ ਹੈ, ਮੇਰੇ ਸਿਰਤਾਜ ਵਾਸਤੇ ਲੈ ਜਾਈਂ।”

ਦੋ ਚਾਰ ਹਟਕੋਰੇ ਆਏ, ਤੇ ਜਿੰਦਾਂ ਪੂਰੀ ਹੋ ਗਈ।

ਕਹਿੰਦੇ ਹਨ, ਮਰਨ ਪਿੱਛੋਂ ਸਭ ਵੈਰ ਵਿਰੋਧ ਮਿਟ ਜਾਇਆ ਕਰਦੇ ਹਨ। ਪਰ ਜਿੰਦਾਂ ਦੇ ਵਿਰੋਧੀਆਂ ਦੇ ਦਿਲੋਂ ਉਸਦੇ ਮਰਨ ‘ਤੇ ਵੀ ਵੈਰ ਨਾ ਮਿਟਿਆ। ਉਸ ਦੀ ਲੋਥ ਨੂੰ ਪੰਜਾਬ ਜਾਣ ਦੀ ਆਗਿਆ ਨਾ ਮਿਲੀ। ਅੰਗਰੇਜ਼ੀ ਸਰਕਾਰ ਵੱਲੋਂ ਮਸਾਂ ਏਨੀ ਹੀ ਇਜਾਜ਼ਤ ਮਿਲੀ ਕਿ ਜਿੰਦਾਂ ਦੀ ਲੋਥ ਨਦੀ ਨਰਬਦਾ ਦੇ ਕੰਢੇ ਲੈ ਜਾ ਕੇ ਸਸਕਾਰੀ ਜਾ ਸਕਦੀ ਹੈ।

ਬੰਬਈ ਦੇ ਨੇੜੇ, ਨਰਬਦਾ ਨਦੀ ਦੇ ਕੰਢੇ ਮਹਾਰਾਣੀ ਜਿੰਦ ਕੌਰਾਂ ਦਾ ਸਿਵਾ ਬਲ ਰਿਹਾ ਸੀ। ਮ. ਦਲੀਪ ਸਿੰਘ ਮਾਂ ਦੇ ਚਰਨਾਂ ਵੱਲੇ ਖਲਾ ਹੰਝੂ ਵਹਾ ਰਿਹਾ ਸੀ। ਉਹਦੇ ਅੰਗਰੇਜ਼ ਰਖਵਾਲੇ ਵਾਪਸ ਜਾਣ ਵਾਸਤੇ ਕਾਹਲੇ ਪੈ ਰਹੇ ਸਨ। ਜਿੰਦਾਂ ਦਾ ਅਜੇ ਸਿਵਾ ਵੀ ਠੰਢਾ ਨਹੀਂ ਸੀ ਹੋਇਆ, ਜਾਂ ਦਲੀਪ ਸਿੰਘ ਮਜਬੂਰਨ ਮਘਦੇ ਅੰਗਿਆਰ ਨਦੀ ਵਿੱਚ ਪ੍ਰਵਾਹ ਕੇ ਵਾਪਸ ਮੁੜ ਗਿਆ।

ਜਿੰਦਾਂ ਦੀ ਵਿਭੂਤੀ ਦਰਿਆ ਨਰਬਦਾ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਸਮੁੰਦਰ ਵੱਲ ਜਾ ਰਹੀ ਸੀ ਤੇ ਉਹਦੀ ਆਤਮਾ ਆਪਣੇ ਉੱਜੜੇ ਪੰਜਾਬ ਉੱਤੇ ਝਾਤੀ ਮਾਰਨ ਵਾਸਤੇ ਉਡੀ ਜਾਂਦੀ ਸੀ।

ਲੁਧਿਆਣਾ

ਸੋਹਣ ਸਿੰਘ ‘

 

 

 

 

Credit – ਸੋਹਣ ਸਿੰਘ ਸੀਤਲ

 

 

Leave a comment