ਅੰਗਰੇਜ਼ੀ ਦੀ ਗੁਲਾਮੀ ਛੱਡੋ, ਆਪਣੀ ਭਾਸ਼ਾ ਉੱਪਰ ਮਾਣ ਕਰੋ
ਭਾਰਤ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਬਰਕਰਾਰ ਹੈ ਅਤੇ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਾਰਤੀ ਉਪਮਹਾਂਦੀਪ ਵਿੱਚ ਵਸਦੇ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਅੰਗਰੇਜ਼ੀ ਨੇ ਨੁੱਕਰੇ ਲਾ ਛੱਡਿਆ ਹੈ। ਸਭ ਰਾਜਾਂ ਅਤੇ ਕੇਂਦਰੀ ਪੱਧਰ ‘ਤੇ ਸਰਕਾਰੀ ਕੰਮਕਾਜ਼ ਦੀ ਭਾਸ਼ਾ ਅੰਗਰੇਜ਼ੀ ਹੈ। ਉਚੇਰੀ ਸਿੱਖਿਆ, ਖਾਸ ਕਰਕੇ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਦਾ ਮਾਧਿਅਮ ਵੀ ਅੰਗਰੇਜ਼ੀ ਹੀ ਹੈ। ਨੌਕਰੀਆਂ ਅਤੇ ਉੱਚ ਸਿੱਖਿਆ ਲਈ ਲਗਭਗ ਸਾਰੀਆਂ ਪ੍ਰੀਖਿਆਵਾਂ ਦਾ ਮਾਧਿਅਮ ਵੀ ਅੰਗਰੇਜ਼ੀ ਹੀ ਹੈ। ਭਾਰਤ ਵਿੱਚ ਚੰਗ ਰੁਜ਼ਗਾਰ ਦਾ ਰਾਹ ਚੰਗੀ ਅੰਗਰੇਜ਼ੀ ਰਾਹੀਂ ਹੀ ਲੰਘਦਾ ਹੈ। ਅੱਜ ਅੰਗਰੇਜ਼ੀ ਇੱਕ ਫੈਸ਼ਨ ਹੈ, ਸਮਾਜਿਕ ਮਾਣ ਸਨਮਾਨ ਦਾ ਇੱਕ ਚਿੰਨ੍ਹ ਹੈ।
ਸਾਡੇ ਦੇਸ਼ ਵਿੱਚ ਬਸਤੀਵਾਦੀ ਗੁਲਾਮੀ ਦੇ ਸਮੇਂ ਤੋਂ ਹੀ ਅੰਗਰੇਜ਼ੀ ਭਾਸ਼ਾ ਦੀ ਚੌਧਰ ਬਾ- ਦਸਤੂਰ ਬਰਕਰਾਰ ਹੈ। 1947 ਵਿੱਚ ਭਾਰਤ ਸਿਆਸੀ ਤੌਰ ‘ਤੇ ਭਾਵੇਂ ਅੰਗਰੇਜ਼ਾਂ ਤੋਂ ਅਜ਼ਾਦ ਹੋ ਗਿਆ, ਪਰ ਬਸਤੀਵਾਦੀ ਵਿਰਾਸਤ ਦੇ ਅਹਿਮ ਅੰਗ ਅੰਗਰੇਜ਼ੀ ਤੋਂ ਅਜ਼ਾਦ ਨਾ ਹੋ ਸਕਿਆ।
ਪੰਜਾਬੀ ਭਾਸ਼ਾ ਦੇ ਸੰਦਰਭ ‘ਚ ਗੱਲ ਕਰਨੀ ਹੋਵੇ ਤਾਂ ਅਸੀਂ ਦੂਹਰੀ ਗੁਲਾਮੀ ਦੇ ਸ਼ਿਕਾਰ ਹਾਂ। ਅਸੀਂ ਅੰਗਰੇਜ਼ੀ ਦੇ ਨਾਲ਼-ਨਾਲ਼ ਹਿੰਦੀ ਦੀ ਗੁਲਾਮੀ ਵੀ ਹੰਢਾ ਰਹੇ ਹਾਂ। ਪੰਜਾਬ ਦੇ ਕਈ ਸ਼ਹਿਰੀ ਖੇਤਰਾਂ ਵਿੱਚ ਅੱਜ ਹਿੰਦੀ ਅਖ਼ਬਾਰਾਂ ਦੀ ਵਿੱਕਰੀ ਪੰਜਾਬੀ ਅਖ਼ਬਾਰਾਂ ਨੂੰ ਪਿੱਛੇ ਛੱਡ ਗਈ ਹੈ ਅਤੇ ਕਈ ਥਾਵੇਂ ਬਰਾਬਰ ਦੀ ਟੱਕਰ ਦੇ ਰਹੀ ਹੈ। ਇਸ ਦੀ ਇੱਕ ਵਜ੍ਹਾ ਤਾਂ ਇਹ ਹੈ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਹਿੰਦੀ ਭਾਸ਼ੀ ਅਬਾਦੀ ਵੱਡੀ ਗਿਣਤੀ ‘ਚ ਆਣ ਵਸੀ ਹੈ। ਨਿਸ਼ਚੇ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਅਖ਼ਬਾਰ ਅਤੇ ਜਾਣਕਾਰੀ ਦੇ ਹੋਰ ਸਾਧਨ ਮੁਹੱਈਆ ਹੋਣਾ ਕੋਈ ਗਲਤ ਨਹੀਂ ਹੈ। ਇਸ ਦੀ ਦੂਸਰੀ ਵਜ੍ਹਾ ਇਹ ਹੈ ਕਿ ਅੱਜ ਪੰਜਾਬ ਦਾ ਮੱਧ ਵਰਗ ਅਤੇ ਖਾਸ ਕਰਕੇ ਸ਼ਹਿਰੀ ਮੱਧ-ਵਰਗ ਆਪਣੀ ਮਾਂ ਬੋਲੀ ਨਾਲ ਗੱਦਾਰੀ ਕਰ ਗਿਆ ਹੈ। ਉਹ ਅੰਗਰੇਜ਼ੀ-ਹਿੰਦੀ ਮਗਰ ਦੌੜ ਰਿਹਾ ਹੈ। ਇਨ੍ਹਾਂ ਘਰਾਂ ‘ਚ ਬੱਚਿਆਂ ਨੂੰ ਬਚਪਨ ਤੋਂ ਹੀ ਅੰਗਰੇਜ਼ੀ ਤੇ ਦੂਜੇ ਨੰਬਰ ‘ਤੇ ਹਿੰਦੀ ਬੋਲਣ ਦੀ ਆਦਤ ਪਾਈ ਜਾ ਰਹੀ ਹੈ।
ਪੰਜਾਬੀ ਬੋਲਣ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਪੰਜਾਬ ਦਾ ਮੱਧ-ਵਰਗ (ਸ਼ਹਿਰੀ) ਹੁਣ ਅੰਗਰੇਜ਼ੀ ਜਾਂ ਹਿੰਦੀ ਬੋਲਣ ‘ਚ ਹੀ ਮਾਣ ਸਮਝਦਾ ਹੈ।
ਹਿੰਦੀ ਭਾਰਤ ਦੇ ਬਹੁਤ ਵੱਡੇ ਇਲਾਕੇ ਵਿੱਚ ਬੋਲੀ ਜਾਂਦੀ ਹੈ । ਭਾਰਤ ਦੇ ਹਾਕਮ ਇਸ ਨੂੰ ਕੌਮੀ ਭਾਸ਼ਾ ਕਹਿੰਦੇ ਹਨ। ਅਜ਼ਾਦੀ ਤੋਂ ਬਾਅਦ ਉਨ੍ਹਾਂ ਜ਼ਬਰਦਸਤੀ ਭਾਰਤ ਦੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ‘ਤੇ ਥੋਪਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਖਾਸ ਕਰਕੇ ਦੱਖਣੀ ਸੂਬਿਆਂ ‘ਚ ਜ਼ਬਰਦਸਤ ਵਿਰੋਧ ਹੋਇਆ। ਜਦ ਭਾਰਤ ਹੀ ਇੱਕ ਕੌਮ ਨਹੀਂ ਤਾਂ ਇਸ ਦੀ ਕੋਈ ਕੌਮੀ ਭਾਸ਼ਾ ਵੀ ਨਹੀਂ ਹੋ ਸਕਦੀ। ਭਾਰਤੀ ਉਪਮਹਾਂਦੀਪ ਕਈ ਕੌਮੀਅਤਾਂ ਦਾ ਘਰ ਹੈ। ਸਾਂਝੇ ਖਿਤੇ, ਸਾਂਝੇ ਸੱਭਿਆਚਾਰ ਤੋਂ ਇਲਾਵਾ ਭਾਸ਼ਾ ਉਹ ਅਹਿਮ ਅੰਗ ਹੈ ਜੋ ਮਿਲਕੇ ਕਿਸੇ ਕੌਮੀਅਤ ਦੀ ਰਚਨਾ ਕਰਦੇ ਹਨ। ਇਸ ਲਈ ਵੱਖ-ਵੱਖ ਕੌਮੀਅਤਾਂ ਦੀਆਂ ਭਾਸ਼ਾਵਾਂ ਨੂੰ ਦਬਾਏ ਜਾਣ ਦਾ ਜ਼ਬਰਦਸਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹਾਂ ਭਾਰਤ ‘ਚ ਵਸਦੀਆਂ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਨੂੰ ਆਪਸ ਵਿੱਚ ਸੰਚਾਰ ਕਰਨ ਲਈ ਇੱਕ ਸੰਪਰਕ ਭਾਸ਼ਾ ਦੀ ਲੋੜ ਜ਼ਰੂਰ ਹੈ। ਆਪਣੇ ਭੂਗੌਲਿਕ ਪਸਾਰੇ ਕਾਰਨ ਹਿੰਦੀ ਅਜਿਹੀ ਸੰਪਰਕ ਭਾਸ਼ਾ ਲਈ ਸਭ ਤੋਂ ਯੋਗ ਹੋ ਸਕਦੀ ਹੈ। ਪਰ ਇਸ ਦੀ ਚੋਣ ਵੀ ਭਾਰਤ ਦੀਆਂ ਸਭ ਕੌਮੀਅਤਾਂ ਦੇ ਲੋਕਾਂ ਦੀ ਆਪਸੀ ਸਹਿਮਤੀ ਨਾਲ਼ ਹੋਣੀ ਚਾਹੀਦੀ ਹੈ।
ਪੰਜਾਬ ਵਿੱਚ ਅੱਜ ਅਜਿਹੇ ਸਕੂਲ ਵੀ ਹਨ ਜਿੱਥੇ ਪੰਜਾਬੀ ਬੋਲਣ ਉੱਪਰ ਪਬੰਦੀ ਹੈ। ਨਿਸ਼ਚੇ ਹੀ ਭਾਰਤ ਦੇ ਹੋਰਾਂ ਸੂਬਿਆਂ ‘ਚ ਵੀ ਅਜਿਹੇ ਸਕੂਲ ਹੋਣਗੇ ਜਿੱਥੇ ਬੱਚਿਆਂ ਦੇ ਮਾਂ ਬੋਲੀ ਬੋਲਣ ‘ਤੇ ਪਬੰਦੀ ਹੋਵੇ । ਅਜਿਹੇ ਸਕੂਲਾਂ ਬਾਰੇ ਜਾਣ ਕੇ ਕੀਨੀਆ ਦੇ ਲੇਖਕ ਨਗੂਗੀ ਵਾ ਥਯੋਂਗੋ ਦੇ ਬੋਲ ਯਾਦ ਆਉਂਦੇ ਹਨ। ਨਗੂਗੀ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਦੇਸ਼ ਬ੍ਰਿਟੇਨ ਦਾ ਗੁਲਾਮ ਸੀ, ਜਿਹੜੇ ਸਕੂਲ ਵਿੱਚ ਉਹ ਬਚਪਨ ਵਿੱਚ ਪੜ੍ਹਦਾ ਸੀ, ਉੱਥੇ ਬੱਚਿਆਂ ਤੇ ਸਥਾਨਕ ਭਾਸ਼ਾ (ਗਿਕਯੂ) ਬੋਲਣ ’ਤੇ ਪਬੰਦੀ ਸੀ । ਜੇਕਰ ਬੱਚੇ ਕਦੇ ਗਲਤੀ ਨਾਲ਼ ਵੀ ਆਪਣੀ ਮਾਂ ਬੋਲੀ ‘ਚ ਗੱਲ ਕਰ ਲੈਂਦੇ ਤਾਂ ਉਨ੍ਹਾਂ ਨੂੰ ਬੈਂਤਾਂ ਨਾਲ ਕੁੱਟਿਆ ਜਾਂਦਾ ਸੀ । ਬੱਚੇ ਦੇ ਮੂੰਹ ‘ਚ ਕਾਗਜ਼ ਤੁੰਨ ਦਿੱਤੇ ਜਾਂਦੇ ਸਨ, ਫਿਰ ਇੱਕ ਬੱਚੇ ਦੇ ਮੂੰਹ ‘ਚੋਂ ਉਹ ਕਾਗਜ਼ ਕੱਢਕੇ ਦੂਸਰੇ ਬੱਚੇ ਦੇ ਮੂੰਹ ਵਿੱਚ ਤੁੰਨੇ ਜਾਂਦੇ ਸਨ, ਫਿਰ ਇਹੀ ਕਾਗਜ਼ ਤੀਸਰੇ, ਫਿਰ ਚੌਥੇ ਅਤੇ ਅੱਗੇ ਉਨ੍ਹਾਂ ਸਭ ਬੱਚਿਆਂ ਦੇ ਵਿੱਚ ਇਹ ਜੂਠੇ ਕਾਗਜ਼ ਦਿੱਤੇ ਸਨ ਜਿਨ੍ਹਾਂ ਆਪਣੀ ਮਾਂ ਬੋਲੀ ਬੋਲਣ ਦਾ ‘ਗੁਨਾਹ’ ਕੀਤਾ ਹੋਵੇ।
ਪੰਜਾਬ ਦੇ ਕਈ ਨਾਮਵਰ ਬੁੱਧੀਜੀਵੀ ਅੰਗਰੇਜ਼ੀ ਵਿੱਚ ਹੀ ਲਿਖਦੇ ਹਨ। ਉੱਘੇ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ ਦੀ ਹੀ ਉਦਾਹਰਣ ਲਓ ਸਾਡੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਲਗਭਗ ਸਾਰਾ ਲੇਖਣ (ਗਦਰੀ ਸੂਰਬੀਰ ਨੂੰ ਛੱਡਕੇ) ਅੰਗਰੇਜ਼ੀ ਵਿੱਚ ਹੈ। ਉਨ੍ਹਾਂ ਦੀਆਂ ਜ਼ਿਆਦਾਤਰ ਰਚਨਾਵਾਂ ਦੇ ਤਾਂ ਪੰਜਾਬੀ ਵਿੱਚ ਅਨੁਵਾਦ ਵੀ ਉਪਲਭਧ ਨਹੀਂ ਹਨ । ਪੰਜਾਬ ਦੇ ਉੱਘੇ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦੇ ਲਗਭਗ ਸਾਰੇ ਹੀ ਪੇਪਰ ਅੰਗਰੇਜ਼ੀ ਵਿੱਚ ਹਨ । ਜਦ ਜੋ ਕੁਝ ਇਨ੍ਹਾਂ ਲਿਖਿਆ ਹੈ ਪੰਜਾਬੀ ਭਾਸ਼ਾ ਉਸ ਸਭ ਨੂੰ ਪ੍ਰਗਟਾਉਣ ਦੇ ਪੂਰੀ ਤਰ੍ਹਾਂ ਸਮੱਰਥ ਹੈ । ਪਤਾ ਨਹੀਂ ਇਹ ਬੁੱਧੀਜੀਵੀ ਲਿਖਦੇ ਕਿਸ ਵਾਸਤੇ ਹਨ ? ਸਾਡੇ ਬੁੱਧੀਜੀਵੀਆਂ ਦਾ ਇਹ ਅੰਗਰੇਜ਼ੀ ਪ੍ਰੇਮ ਦਿਖਾਉਂਦਾ ਹੈ ਕਿ ਉਹ ਪੰਜਾਬੀ ਜ਼ੁਬਾਨ, ਪੰਜਾਬੀ ਲੋਕਾਂ ਤੋਂ ਇਹ ਲੋਕ ਕਿੰਨਾ ਦੂਰ ਜਾ ਚੁੱਕੇ ਹਨ। ਚਾਹੀਦਾ ਤਾਂ ਇਹ ਹੈ ਆਪਣੀ ਭਾਸ਼ਾ ਵਿੱਚ ਲਿਖਿਆ ਜਾਵੇ ਬਾਅਦ ਵਿੱਚ ਲੋੜ ਮੁਤਾਬਕ ਹੋਰਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇ।
ਪੰਜਾਬੀ ਦੇ ਸਾਹਿਤਕ ਪਰਚੇ, ਜਿਨ੍ਹਾਂ ਤੋਂ ਪੰਜਾਬੀ ਭਾਸ਼ਾ ਦੀ ਤਰੱਕੀ ਦੀ ਆਸ ਕੀਤੀ ਜਾਂਦੀ ਹੈ, ਉਹ ਵੀ ਪੰਜਾਬੀ ਭਾਸ਼ਾ ਦਾ ਕਬਾੜਾ ਕਰੀ ਜਾ ਰਹੇ ਹਨ । ਇਨ੍ਹਾਂ ਵਿੱਚ ਛਪਦੇ ਸਾਹਿਤ ਚੋਰ ਲੇਖਕ ਅਕਸਰ ਹਿੰਦੀ ਅਤੇ ਜੇਕਰ ਕਿਸੇ ਦੀ ਪਹੁੰਚ ਹੋਵੇ ਤਾਂ ਅੰਗਰੇਜ਼ੀ ਤੋਂ ‘ਮਾਲ’ ਚੋਰੀ ਕਰਦੇ ਹਨ। ਚੋਰੀ ਕੀਤੇ ਹੋਏ ਇਸ ਮਾਲ ਵਿੱਚ ਉਹ ਹਿੰਦੀ, ਅੰਗਰੇਜ਼ੀ ਦੇ ਸ਼ਬਦ ਵੀ ਥੋਕ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਆ ਰਹੇ ਹਨ। ਜਦ ਕਿ ਉਹ ਸਾਰੇ ਸ਼ਬਦ ਪੰਜਾਬੀ ਭਾਸ਼ਾ ‘ਚ ਵੀ ਮੌਜੂਦ ਹੁੰਦੇ ਹਨ, ਜੋ ਹੋਰਾਂ ਭਾਸ਼ਾਵਾਂ ‘ਚੋਂ ਲਏ ਜਾਣ ਵਾਲ਼ੇ ਸ਼ਬਦਾਂ ਦੇ ਅਰਥਾਂ ਨੂੰ ਪ੍ਰਗਟਾਅ ਸਕਦੇ ਹਨ। ਕੁਝ ਸਿਰਫ਼ ਬੌਧਿਕਤਾ ਘੋਟਣ ਲਈ ਵੀ ਹਿੰਦੀ ਅੰਗਰੇਜ਼ੀ ਦਾ ਇਸਤੇਮਾਲ ਕਰਦੇ ਹਨ। ਕਈ ਕਮਿਊਨਿਸਟ ਪਾਰਟੀਆਂ/ਗਰੁੱਪ ਵੀ ਆਪਣੇ ਮੈਗਜ਼ੀਨ, ਅਖ਼ਬਾਰ ਅੰਗਰੇਜ਼ੀ ਵਿੱਚ ਹੀ ਕੱਢਦੇ ਹਨ। ਇੱਥੋਂ ਤੱਕ ਕਿ ਸਾਮਰਾਜਵਾਦੀ ਗੁਲਾਮੀ ਵਿਰੁੱਧ ਸਭ ਤੋਂ ਵੱਧ ਗਰਮਾਗਰਮ ਨਾਹਰੇ ਲਾਉਣ ਵਾਲਿਆਂ ਦਾ ਵੀ ਇਹੋ ਹਾਲ ਹੈ । ਸਾਮਰਾਜਵਾਦੀ ਗੁਲਾਮੀ ਵਿਰੁੱਧ ਨਾਹਰੇ ਲਾਉਣ ਵਾਲੇ ਖੁਦ ਹੀ ਮਾਨਸਿਕ ਤੌਰ ‘ਤੇ ਸਾਮਰਾਜਵਾਦੀਆਂ (ਅਮਰੀਕਾ, ਬ੍ਰਿਟੇਨ) ਦੀ ਭਾਸ਼ਾ ਦੇ ਗੁਲਾਮ ਹਨ।
‘ਪੜ੍ਹੇ ਲਿਖੇ’ ਲੋਕਾਂ ਦਰਮਿਆਨ ਰੋਜ਼ਮਰ੍ਹਾ ਦੀ ਗੱਲਬਾਤ ‘ਚ ਅੰਗਰੇਜ਼ੀ ਦੇ ਸ਼ਬਦਾਂ ਦਾ ਵੱਡੀ ਪੱਧਰ ‘ਤੇ ਇਸਤੇਮਾਲ ਇੱਕ ਫੈਸ਼ਨ ਬਣ ਚੁੱਕਾ ਹੈ । ਇਹ ਮਾਨਸਿਕ ਗੁਲਾਮੀ ਦਾ ਇੱਕ ਹੋਰ ਪ੍ਰਗਟਾਵਾ ਹੈ।
ਅੰਗਰੇਜ਼ੀ ਸਾਡੀ ਚੋਣ ਨਹੀਂ ਹੈ, ਮਜਬੂਰੀ ਹੈ। ਸਾਡੇ ਹਾਕਮਾਂ ਨੇ ਸਾਡੇ ਉੱਪਰ ਇੱਕ ਵਿਦੇਸ਼ੀ ਭਾਸ਼ਾ ਥੋਪ ਰੱਖੀ ਹੈ। ਪੰਜਾਬ ਵਿੱਚ ਪਹਿਲਾਂ ਛੇਵੀਂ ਜਮਾਤ ਤੋਂ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ ਤੇ ਬਾਅਦ ਵਿੱਚ ਜੱਥੇਦਾਰ ਤੋਤਾ ਸਿੰਘ ਨੇ ਇਸ ਨੂੰ ਪਹਿਲੀ ਜਮਾਤ ਤੋਂ ਲਾਜ਼ਮੀ ਬਣਾ ਦਿੱਤਾ। ਅਨੇਕਾਂ ਵਿਦਿਆਰਥੀ ਅੰਗਰੇਜ਼ੀ ਚੰਗੀ ਨਾ ਹੋਣ ਕਾਰਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਪਾਉਂਦੇ। ਇਹ ਕੋਈ ਪੈਮਾਨਾ ਨਹੀਂ ਹੋ ਸਕਦਾ ਕਿ ਜੋ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦਾ ਹੋਵੇ ਉਹੀ ਵਿਦਿਆਰਥੀ ਬੁੱਧੀਮਾਨ ਹੋਵੇਗਾ। ਸੰਸਾਰ ਵਿੱਚ ਅਨੇਕਾਂ ਅਜਿਹੇ ਦੇਸ਼ ਹਨ ਜੋ ਅੰਗਰੇਜ਼ੀ ਦੇ ਗੁਲਾਮ ਨਹੀਂ ਹਨ। ਉੱਥੋਂ ਦੇ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਵਿੱਚ ਪੜ੍ਹਾਈ ਕਰਕੇ ਸਾਹਿਤ, ਕਲਾ, ਵਿਗਿਆਨ ਆਦਿ ਗਿਆਨ ਦੇ ਹਰ ਖੇਤਰ ’ਚ ਨਵੇਂ-ਨਵੇਂ ਕੀਰਤੀਮਾਨ ਬਣਾਏ ਹਨ। ਰੂਸ, ਜਪਾਨ, ਫ਼ਰਾਂਸ, ਜਰਮਨੀ ਆਦਿ ਅਜਿਹੇ ਕਈ ਦੇਸ਼ ਹਨ ਜਿਨ੍ਹਾਂ ਦਾ ਅੰਗਰੇਜ਼ੀ ਤੋਂ ਬਿਨਾਂ ਹੀ ਸਰਦਾ ਹੈ। ਜਿੱਥੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ‘ਚ ਹੀ ਪੜ੍ਹਨ ਦਾ ਮੌਕਾ ਮਿਲ਼ਦਾ ਹੈ। ਉਂਝ ਦੇਖਿਆ ਜਾਵੇਂ ਤਾਂ ਅੰਗਰੇਜ਼ੀ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਦੀ ਹੀ ਭਾਸ਼ਾ ਹੈ । ਸੰਸਾਰ ਦੇ ਕਈ ਦੇਸ਼ਾਂ ਖਾਸ ਕਰਕੇ ਅਫ਼ਰੀਕਾ ਅਤੇ ਏਸ਼ੀਆਈ ਦੇਸ਼ਾਂ ਵਿੱਚ ਜਿੱਥੇ ਲਗਭਗ ਪਿਛਲੀ ਇੱਕ ਸਦੀ ਤੋਂ ਅੰਗਰੇਜ਼ੀ ਸਥਾਨਕ ਭਾਸ਼ਾਵਾਂ ਨੂੰ ਦਬਾ ਰਹੀ ਹੈ, ਉੱਥੇ ਇਹ ਵਸੋਂ ਦੇ ਸਿਰਫ਼ ਇੱਕ ਛੋਟੇ ਜਿਹੇ ਹਿੱਸੇ (ਹਾਕਮ ਜਮਾਤਾਂ ਅਤੇ ਸ਼ਹਿਰੀ ਉੱਚ ਮੱਧਵਰਗ) ਦੀ ਹੀ ਭਾਸ਼ਾ ਬਣ ਸਕੀ ਹੈ। ਅੰਗਰੇਜ਼ੀ ਕਿਸੇ ਵੀ ਤਰ੍ਹਾਂ ਕੌਮਾਂਤਰੀ ਭਾਸ਼ਾ ਨਹੀਂ ਹੈ, ਜਿਵੇਂ ਕਿ ਕੁਝ ਲੋਕ ਇਸ ਨੂੰ ਪੇਸ਼ ਕਰਦੇ ਹਨ।
ਬਿਨਾਂ ਸ਼ੱਕ ਸੰਸਾਰ ਭਾਈਚਾਰੇ ਨੂੰ ਇੱਕ ਅਜਿਹੀ ਭਾਸ਼ਾ ਦੀ ਲੋੜ ਹੈ, ਜਿਸ ਵਿੱਚ ਵੱਖ- ਵੱਖ ਭਾਸ਼ਾਵਾਂ ਦੇ ਲੋਕ ਇੱਕ-ਦੂਸਰੇ ਨਾਲ ਸੰਚਾਰ ਸਥਾਪਿਤ ਕਰ ਸਕਣ। ਇਹ ਭਾਸ਼ਾ ਅੰਗਰੇਜ਼ੀ ਵੀ ਹੋ ਸਕਦੀ ਹੈ ਅਤੇ ਸੰਸਾਰ ਦੀ ਕੋਈ ਹੋਰ ਭਾਸ਼ਾ ਵੀ। ਇਹ ਤਾਂ ਸੰਸਾਰ ਭਾਈਚਾਰਾ ਆਪਸੀ ਰਜਾਮੰਦੀ ਨਾਲ ਹੀ ਇੱਕ ਕੌਮਾਂਤਰੀ ਸੰਪਰਕ ਭਾਸ਼ਾ ਦੀ ਚੋਣ ਕਰੇਗਾ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸੰਸਾਰ ਦੇ ਲੋਕ ਸਰਮਾਏਦਾਰ-ਸਾਮਰਾਜਵਾਦੀ ਦਾਬੇ ਤੋਂ ਮੁਕਤ ਹੋਣਗੇ। ਅੱਜ ਦੇ ਸਮੇਂ ਵਿੱਚ ਤਾਂ ਭਾਸ਼ਾ ਵੀ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਸਥਾਨਕ ਜੋਟੀਦਾਰਾਂ ਦੇ ਹੱਥਾਂ ਵਿੱਚ ਕਿਰਤੀ ਲੋਕਾਂ ਨੂੰ ਲੁੱਟਣ ਦਾ, ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਇੱਕ ਜ਼ਬਰਦਸਤ ਹਥਿਆਰ ਹੈ। ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਇਨਸਾਨ ਆਪਸ ਵਿੱਚ ਸੰਵਾਦ ਕਰਦੇ ਹਨ, ਬੀਤੇ ਸਮੇਂ ਤੋਂ ਸਬਕ ਲੈਂਦੇ ਹਨ ਅਤੇ ਭਵਿੱਖ ਦੇ ਸੁਪਨੇ ਵੇਖਦੇ ਹਨ। ਕਿਰਤੀ ਲੋਕ ਲੁੱਟ-ਅਨਿਆਂ ਅਤੇ ਦਾਬੇ ਤੋਂ ਮੁਕਤ ਸਮਾਜ ਦੇ ਸੁਪਨੇ ਆਪਣੀ ਭਾਸ਼ਾ ‘ਚ ਹੀ ਦੇਖ ਸਕਦੇ ਹਨ। ਆਪਣੀ ਭਾਸ਼ਾ ‘ਚ ਹੀ ਉਹ ਸਰਮਾਏਦਾਰ- ਸਾਮਰਾਜਵਾਦੀ ਲੁੱਟ-ਦਾਬੇ ਤੋਂ ਮੁਕਤੀ ਦੀਆਂ ਯੋਜਨਾਵਾਂ ਘੜ ਸਕਦੇ ਹਨ ਅਤੇ ਉਨ੍ਹਾਂ ਨੂੰ ਅਮਲ ‘ਚ ਲਿਆ ਸਕਦੇ ਹਨ । ਭਾਸ਼ਾ ਜਮਾਤੀ ਸੰਘਰਸ਼ ਦਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ ਤੇ ਸਾਡੇ ਹਾਕਮ ਸਾਥੋਂ ਇਹ ਹਥਿਆਰ ਖੋਹ ਲੈਣਾ ਚਾਹੁੰਦੇ ਹਨ।
ਭਾਸ਼ਾ ਦੇ ਮਾਮਲੇ ‘ਚ ਸਾਡੇ ਸਮਾਜ ਦੀ ਹਾਲਤ ਬਹੁਤ ਗੰਭੀਰ ਹੈ। ਚਾਰੇ ਪਾਸੇ ਅੰਗਰੇਜ਼ੀ ਦਾ ਬੋਲਬਾਲਾ ਹੈ। ਅੰਗਰੇਜ਼ੀ ਸਿੱਖਣ ਲਈ ਪੂਰੇ ਸਮਾਜ ਵਿੱਚ ਦੌੜ ਜਿਹੀ ਲੱਗੀ ਹੋਈ ਹੈ। ਅੰਗਰੇਜ਼ੀ ਜਾਨਣਾ ਵਿਦਵਾਨਾਂ ‘ਚ ਵੱਡਾ ਵਿਦਵਾਨ ਹੋਣਾ ਹੈ ਅਤੇ ਜੋ ਅੰਗਰੇਜ਼ੀ ਨਹੀਂ ਸਿੱਖ ਪਾਉਂਦਾ ਉਹ ਹੀਣ-ਭਾਵਨਾ ਦਾ ਸ਼ਿਕਾਰ ਰਹਿੰਦਾ ਹੈ। ਅਜਿਹੇ ਸਮੇਂ ਇਸ ਭਾਸ਼ਾਈ ਗੁਲਾਮੀ ਵਿਰੁੱਧ ਬੋਲਣਾ ਧਾਰਾ ਦੇ ਖਿਲਾਫ਼ ਖੜ੍ਹੇ ਹੋਣਾ ਹੈ ਤੇ ਸਾਨੂੰ ਧਾਰਾ ਦੇ ਖਿਲਾਫ਼ ਖੜ੍ਹੇ ਹੋਣਾ ਹੀ ਹੋਵੇਗਾ। ਅੱਜ ਪੂਰੇ ਭਾਰਤ ਵਿੱਚ ਗਰੀਬ ਕਿਰਤੀ ਲੋਕ ਹੀ ਆਪਣੀਆਂ ਮਾਂ ਭਾਸ਼ਾਵਾਂ ਨੂੰ ਬਚਾ-ਸਾਂਭ ਰਹੇ ਹਨ। ਪੰਜਾਬ ਵਿੱਚ ਵੀ ਪੰਜਾਬ ਦੇ ਕਿਰਤੀ ਲੋਕ ਹੀ ਪੰਜਾਬੀ ਭਾਸ਼ਾ ਨੂੰ ਸਾਂਭ ਰਹੇ ਹਨ ਤੇ ਕਿਰਤੀ ਲੋਕਾਂ ਦੀ ਪੂਰਨ ਮੁਕਤੀ ਲਈ ਸਮਰਪਿਤ, ਪਾਰਟੀਆਂ/ਜਥੇਬੰਦੀਆਂ ਨੂੰ ਭਾਸ਼ਾਈ ਗੁਲਾਮੀ ਦੇ ਖਿਲਾਫ਼ ਖੜ੍ਹੇ ਹੋਣਾ ਹੀ ਹੋਵੇਗਾ।
ਭਾਸ਼ਾਈ ਗੁਲਾਮੀ ਵਿਰੁੱਧ ਸੰਘਰਸ਼ ਅੱਜ ਮੁਕੰਮਲ ਲੋਕ ਮੁਕਤੀ ਦੇ ਪ੍ਰੋਜੈਕਟ ਦਾ ਅਹਿਮ ਅੰਗ ਹੈ । ਅੰਗਰੇਜ਼ੀਅਤ ਦੀ ਗੁਲਾਮੀ ਵਿਰੁੱਧ ਸਾਨੂੰ ਕੁਝ ਠੋਸ ਕਦਮ ਚੁੱਕਣੇ ਹੋਣਗੇ । ਸਾਨੂੰ ਪੜ੍ਹਾਈ ਲਿਖਾਈ ਆਪਣੀ ਭਾਸ਼ਾ ਵਿੱਚ ਹੀ ਕਰਨੀ ਚਾਹੀਦੀ ਹੈ। ਮਜ਼ਬੂਰੀ ਵੱਸ ਜੋ ਸਾਡੀ ਭਾਸ਼ਾ ਵਿੱਚ ਮੁਹੱਈਆ ਨਾ ਹੋਵੇ, ਉਹ ਹੀ ਦੂਸਰੀ ਭਾਸ਼ਾ (ਹਿੰਦੀ, ਅੰਗਰੇਜ਼ੀ) ਵਿੱਚ ਪੜ੍ਹਨਾ ਚਾਹੀਦਾ ਹੈ। ਲਿਖਣਾ ਸਾਨੂੰ ਪੰਜਾਬੀ ‘ਚ ਹੀ ਚਾਹੀਦਾ ਹੈ ਅਤੇ ਬਾਅਦ ਵਿੱਚ ਲੋੜ ਮੁਤਾਬਕ ਦੂਜੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ‘ਚ ਵੀ ਸਾਨੂੰ ਸਾਰਾ ਕੰਮ-ਕਾਜ਼ ਪੰਜਾਬੀ ਵਿੱਚ ਕਰਨ ਦੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ। ਆਮ ਲੋਕਾਂ ’ਚ ਲੇਖਾਂ, ਦੁਵਰਕੀਆਂ, ਜ਼ੁਬਾਨੀ ਅੰਗਰੇਜ਼ੀ ਦੀ ਗੁਲਾਮੀ ਵਿਰੁੱਧ ਪ੍ਰਚਾਰ ਕਰਨਾ ਹੋਵੇਗਾ। ਅੰਗਰੇਜ਼ੀ ਨਾ ਸਿੱਖ ਸਕਣ ਦੀ ਹੀਣ ਭਾਵਨਾ ‘ਚੋਂ ਲੋਕਾਂ ਨੂੰ ਉਭਾਰਨਾ ਹੋਵੇਗਾ। ਆਮ ਲੋਕਾਂ (ਪੰਜਾਬੀ ਭਾਸ਼ੀ) ਨਾਲ ਗੱਲਬਾਤ ਸਮੇਂ ਦੂਸਰੀਆਂ ਭਾਸ਼ਾਵਾਂ (ਅੰਗਰੇਜ਼ੀ, ਹਿੰਦੀ) ਦੇ ਸ਼ਬਦਾਂ ਦੀ ਵਰਤੋਂ ਤੋਂ ਬਚਦਿਆਂ ਸ਼ੁੱਧ ਪੰਜਾਬੀ ਬੋਲਣੀ ਚਾਹੀਦੀ ਹੈ। ਅੰਗਰੇਜ਼ੀਅਤ ਦੇ ਫੈਸ਼ਨ, ਲਟਕੇ-ਝਟਕਿਆਂ ਦੀ ਖਿੱਲੀ ਉਡਾਈ ਜਾਣੀ ਚਾਹੀਦੀ ਹੈ।
ਸਰਕਾਰ ਤੋਂ ਵੀ ਇਹ ਮੰਗ ਕੀਤੀ ਜਾਣੀ ਚਾਹੀਦੀ ਹੈ ਕਿ ਮਾਤ ਭਾਸ਼ਾ ਨੂੰ ਵਿੱਦਿਆ ਦਾ ਮਾਧਿਅਮ ਬਣਾਇਆ ਜਾਵੇ। ਇਹ ਇੱਕ ਸਰਵ-ਪ੍ਰਵਾਨਤ ਤੱਥ ਹੈ ਕਿ ਇਨਸਾਨ ਜਿਸ ਭਾਸ਼ਾ ਵਿੱਚ ਸੋਚਦਾ ਹੈ ਉਸੇ ਭਾਸ਼ਾ ‘ਚ ਬਿਹਤਰ ਪੜ੍ਹ ਸਕਦਾ ਹੈ । ਭਾਸ਼ਾ ਦਾ ਲੋਕਾਂ ਦੇ ਸੱਭਿਆਚਾਰਕ ਜੀਵਨ, ਉਨ੍ਹਾਂ ਦੇ ਭੂਗੋਲਿਕ ਵਾਤਾਵਰਣ ਨਾਲ ਡੂੰਘਾ ਸਬੰਧ ਹੁੰਦਾ ਹੈ। ਇਸ ਲਈ ਮਨੁੱਖ ਆਪਣੀ ਮਾਤ ਭਾਸ਼ਾ ‘ਚ ਹੀ ਬਿਹਤਰ ਤਰੀਕੇ ਨਾਲ ਗਿਆਨ ਹਾਸਲ ਕਰ ਸਕਦਾ ਹੈ। ਹੋਰ ਭਾਸ਼ਾਵਾਂ ਸਿੱਖਣਾ ਕੋਈ ਬੁਰਾਈ ਦੀ ਗੱਲ ਨਹੀਂ, ਸਗੋਂ ਚੰਗੀ ਗੱਲ ਹੈ। ਕੋਈ ਜਿੰਨੀਆਂ ਵਧੇਰੇ ਭਾਸ਼ਾਵਾਂ ਸਿੱਖ ਸਕੇ, ਮਨੁੱਖਤਾ ਦੁਆਰਾ ਸਿਰਜੇ ਗਿਆਨ ਦੇ ਵਸੀਲਿਆਂ ਤੱਕ ਉਸ ਦੀ ਓਨੀ ਹੀ ਵਧੇਰੇ ਪਹੁੰਚ ਹੋਵੇਗੀ। ਪਰ ਕੋਈ ਵੀ ਭਾਸ਼ਾ ਕਿਸੇ ਭਾਸ਼ਾਈ ਸਮੂਹ, ਕੌਮ ਉੱਪਰ ਥੋਪੀ ਨਹੀਂ ਜਾਣੀ ਚਾਹੀਦੀ। ਇਸ ਲਈ ਅੰਗਰੇਜ਼ੀ ਵੀ ਵਿਦਿਆਰਥੀਆਂ ਉੱਪਰ ਇੱਕ ਲਾਜ਼ਮੀ ਵਿਸ਼ੇ ਵਜੋਂ ਥੋਪੀ ਨਹੀਂ ਜਾਣੀ ਚਾਹੀਦੀ, ਸਗੋਂ ਇੱਕ ਚੋਣਵਾਂ ਵਿਸ਼ਾ ਹੋਣੀ ਚਾਹੀਦੀ ਹੈ ਤਾਂ ਕਿ ਜਿਸ ਨੂੰ ਜ਼ਰੂਰਤ ਹੋਵੇ ਅੰਗਰੇਜ਼ੀ ਪੜ੍ਹੇ ਜਿਸ ਨੂੰ ਜ਼ਰੂਰਤ ਨਾ ਹੋਵੇ ਉਹ ਨਾ ਪੜ੍ਹੇ। ਸਿਰਫ਼ ਅੰਗਰੇਜ਼ੀ ਹੀ ਕਿਉਂ ਸੰਸਾਰ ਦੀਆਂ ਹੋਰ ਭਾਸ਼ਾਵਾਂ ਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਮੁਹੱਈਆ ਹੋਣੀ ਚਾਹੀਦੀ ਹੈ। ਪਰ ਭਾਸ਼ਾ ਦੀ ਚੋਣ ਦਾ ਹੱਕ ਵਿਦਿਆਰਥੀਆਂ ਨੂੰ ਦਿੱਤਾ ਜਾਣਾ ਚਾਹੀਦਾ वै।
ਭਾਸ਼ਾ ਦੀ ਸਮੱਸਿਆ ਉੱਪਰ ਇਹ ਕੋਈ ਅੰਤਮ ਸ਼ਬਦ ਨਹੀਂ ਹਨ। ਇਸ ਮਸਲੇ ਦੇ ਵੱਖ- ਵੱਖ ਪੱਖਾਂ ਉੱਪਰ ਬਹੁਤ ਕੁਝ ਲਿਖਿਆ ਜਾਣਾ ਚਾਹੀਦਾ ਹੈ। ਇੱਥੇ ਅਸੀਂ ਬੱਸ ਕੁਝ ਸਮੱਸਿਆਵਾਂ ਦੀ ਅਤੇ ਉਨ੍ਹਾਂ ਦੇ ਹੱਲ ਦੇ ਕੁਝ ਠੋਸ ਕਦਮਾਂ ਦੀ ਨਿਸ਼ਾਨਦੇਹੀ ਕੀਤੀ ਹੈ। ‘ਲਲਕਾਰ’ ਦੇ ਆਉਣ ਵਾਲ਼ੇ ਅੰਕਾਂ ਵਿੱਚ ਅਸੀਂ ਭਾਸ਼ਾ ਦੇ ਸਵਾਲ ਉੱਪਰ ਹੋਰ ਵੀ ਸਮੱਗਰੀ ਪ੍ਰਕਾਸ਼ਤ ਕਰਾਂਗੇ ।
(ਲਲਕਾਰ, ਜੂਨ-2012 ‘ਚ ਪ੍ਰਕਾਸ਼ਿਤ)
ਦੁਨੀਆਂ ਵਿੱਚ ਅੰਗਰੇਜ਼ੀ ਦਾ ਗ਼ਲਬਾ
- ਸੁਖਵੰਤ ਹੁੰਦਲ
ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਅੰਗਰੇਜ਼ੀ ਨੇ ਦੁਨੀਆਂ ਦੀਆਂ ਦੂਸਰੀਆਂ ਬੋਲੀਆਂ ਦੇ ਮੁਕਾਬਲੇ ਇੱਕ ਗ਼ਾਲਬ ਬੋਲੀ ਦਾ ਰੁਤਬਾ ਹਾਸਲ ਕਰ ਲਿਆ ਹੈ । ਅੰਗਰੇਜ਼ੀ ਨੂੰ ਵਿਗਿਆਨ, ਤਕਨੌਲੋਜੀ, ਵਪਾਰ, ਤਰੱਕੀ, ਵਿਕਾਸ ਅਤੇ ਇਸ ਤਰ੍ਹਾਂ ਦੇ ਹੋਰ ਖੇਤਰਾਂ ਦੀ ਭਾਸ਼ਾ ਮੰਨਿਆ ਜਾ ਰਿਹਾ ਹੈ। ਇਸ ਤੋਂ ਵੀ ਅਗਾਂਹ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਨੀਆਂ ਬਾਰੇ ਤਾਜ਼ਾ ਅਤੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਨੂੰ ਅੰਗਰੇਜ਼ੀ ਦਾ ਆਉਣਾ ਜ਼ਰੂਰੀ ਹੈ। ਇਸ ਲੇਖ ਦਾ ਮਕਸਦ ਦੁਨੀਆਂ ਵਿੱਚ ਅੰਗਰੇਜ਼ੀ ਦੀ ਸਰਦਾਰੀ ਨੂੰ ਅਲੋਚਨਾਤਮਕ ਨਜ਼ਰੀਏ ਨਾਲ ਦੇਖਣਾ ਹੈ ਅਤੇ ਇਹ ਵੀ ਦੇਖਣਾ ਹੈ ਕਿ ਕੀ ਅੰਗਰੇਜ਼ੀ ਸੱਚਮੁੱਚ ਹੀ ਉਹ ਰੋਲ ਨਿਭਾ ਰਹੀ ਹੈ, ਜਿਸਦਾ ਇਸਦੇ ਸਬੰਧ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ। ਇਸ ਲੇਖ ਵਿੱਚ ਇਹ ਵੀ ਦਰਸਾਇਆ ਜਾਵੇਗਾ ਕਿ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਅੰਗਰੇਜ਼ੀ ਬੋਲਦੇ ਪੱਛਮੀ ਦੇਸ਼ਾਂ ਦਾ ਦੁਨੀਆਂ ਦੇ ਦੂਸਰੇ ਦੇਸ਼ਾਂ ਉੱਪਰ ਗ਼ਲਬਾ ਸਥਾਪਤ ਕਰਨ ਵਿੱਚ ਅੰਗਰੇਜ਼ੀ ਕਿਸ ਤਰ੍ਹਾਂ ਮਦਦ ਕਰ ਰਹੀ ਹੈ। ਅੰਗਰੇਜ਼ੀ, ਅੰਗਰੇਜ਼ੀ ਬੋਲਦੇ ਪੱਛਮੀ ਦੇਸ਼ਾਂ ਦੇ ਗਿਆਨ ਅਤੇ ਵਿਚਾਰਧਾਰਾ ਨੂੰ ਕੇਂਦਰ ਵਿੱਚ ਸਥਾਪਤ ਕਰ ਰਹੀ ਹੈ ਅਤੇ ਦੂਸਰੇ ਸਮਾਜਾਂ ਦੀਆਂ ਭਾਸ਼ਾਵਾਂ, ਸੱਭਿਆਚਾਰਾਂ ਅਤੇ ਗਿਆਨਾਂ ਨੂੰ ਹਾਸ਼ੀਏ ਵੱਲ ਧੱਕ ਰਹੀ ਹੈ। ਅੰਗਰੇਜ਼ੀ ਗੈਰ-ਅੰਗਰੇਜ਼ੀ ਸਮਾਜਾਂ ਨੂੰ ਪੱਛਮੀ ਗਿਆਨ, ਸਾਇੰਸ ਅਤੇ ਤਕਨੌਲੋਜੀ ਉੱਪਰ ਨਿਰਭਰ ਬਣਾ ਰਹੀ ਹੈ। ਇਹਨਾਂ ਧਾਰਨਾਵਾਂ ਬਾਰੇ ਵਿਚਾਰ ਵਟਾਂਦਰਾਂ ਕਰਨ ਲਈ ਅਸੀਂ ਦੋ ਪ੍ਰਮੁੱਖ ਸਵਾਲਾਂ ਉੱਤੇ ਗੌਰ ਕਰਾਂਗੇ – 1. ਅੰਗਰੇਜ਼ੀ ਦੁਨੀਆਂ ਦੀ ਗ਼ਾਲਬ ਭਾਸ਼ਾ ਕਿਵੇਂ ਬਣੀ? 2. ਅਜੋਕੀ ਦੁਨੀਆਂ ਵਿੱਚ ਅੰਗਰੇਜ਼ੀ ਦਾ ਗ਼ਲਬਾ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਰਿਹਾ ਹੈ ?
ਅੰਗਰੇਜ਼ੀ ਦੁਨੀਆਂ ਦੀ ਗਾਲਬ ਭਾਸ਼ਾ ਕਿਵੇਂ ਬਣੀ ?
ਕੋਈ ਵੀ ਭਾਸ਼ਾ ਇਸ ਕਰਕੇ ਗ਼ਾਲਬ ਭਾਸ਼ਾ ਨਹੀਂ ਬਣਦੀ ਕਿਉਂਕਿ ਉਹ ਖੂਬਸੂਰਤ ਹੈ ਜਾਂ ਉਸ ਵਿੱਚ ਪ੍ਰਗਟਾਵੇ ਦੀ ਵੱਧ ਯੋਗਤਾ ਹੈ। ਨਾ ਹੀ ਕੋਈ ਭਾਸ਼ਾ ਇਸ ਕਰਕੇ ਗ਼ਾਲਬ ਭਾਸ਼ਾ ਬਣਦੀ ਹੈ ਕਿਉਂਕਿ ਉਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਸਗੋਂ ਇੱਕ ਭਾਸ਼ਾ ਇਸ ਕਰਕੇ ਗ਼ਾਲਬ ਭਾਸ਼ਾ ਬਣਦੀ ਹੈ ਕਿਉਂਕਿ ਉਸਨੂੰ ਬੋਲਣ ਵਾਲਿਆਂ ਕੋਲ ਤਾਕਤ (ਫੌਜੀ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ) ਹੁੰਦੀ ਹੈ। ਇਸ ਖੇਤਰ ਵਿੱਚ ਕੰਮ ਕਰਦੇ ਇੱਕ ਵਿਦਵਾਨ ਡੇਵਿਡ ਕਰਿਸਟਲ ਦੇ ਸ਼ਬਦਾਂ ਵਿੱਚ:
ਕੋਈ ਵੀ ਭਾਸ਼ਾ ਆਪਣੇ ਅੰਤਰੀਵੀ ਗੁਣਾਂ ਕਰਕੇ ਜਾਂ ਵੱਡੇ ਸ਼ਬਦ ਭੰਡਾਰ ਕਰਕੇ ਵਿਸ਼ਵ ਭਾਸ਼ਾ ਨਹੀਂ ਬਣਦੀ ਜਾਂ ਇਸ ਕਰਕੇ ਵਿਸ਼ਵ ਭਾਸ਼ਾ ਨਹੀਂ ਬਣਦੀ ਕਿਉਂਕਿ ਭੂਤ ਕਾਲ ਵਿੱਚ ਇਸ ਵਿੱਚ ਮਹਾਨ ਸਾਹਿਤ ਲਿਖਿਆ ਗਿਆ ਸੀ ਜਾਂ ਇਹ ਕਦੇ ਮਹਾਨ ਸੱਭਿਆਚਾਰ ਜਾਂ ਧਰਮ ਨਾਲ ਸਬੰਧਤ ਰਹੀ ਸੀ। ਇਹ ਜ਼ਰੂਰ ਹੈ ਕਿ ਇਹ ਸਾਰੀਆਂ ਗੱਲਾਂ ਕਿਸੇ ਇੱਕ ਵਿਅਕਤੀ ਨੂੰ ਅਜਿਹੀ ਭਾਸ਼ਾ ਸਿੱਖਣ ਲਈ ਪ੍ਰੇਰ ਸਕਦੀਆਂ ਹਨ ਪਰ ਇਹਨਾਂ ਵਿੱਚੋਂ ਕੋਈ ਵੀ ਇੱਕ ਕਾਰਨ ਜਾਂ ਇਹ ਸਾਰੇ ਕਾਰਨ ਮਿਲਕੇ ਭਾਸ਼ਾ ਦਾ ਸੰਸਾਰ ਪੱਧਰ ਉੱਪਰ ਪਸਾਰ ਯਕੀਨੀ ਨਹੀਂ ਬਣਾ ਸਕਦੇ । ਅਸਲ ਵਿੱਚ ਅਜਿਹੇ ਕਾਰਨ ਭਾਸ਼ਾ ਦਾ ਇੱਕ ਜੀਵਤ ਭਾਸ਼ਾ ਦੇ ਤੌਰ ‘ਤੇ ਕਾਇਮ ਰਹਿਣਾ ਵੀ ਯਕੀਨੀ ਨਹੀਂ ਬਣਾ ਸਕਦੇ..
ਇੱਕ ਭਾਸ਼ਾ, ਜਿਸ ਪ੍ਰਮੁੱਖ ਕਾਰਨ ਕਰਕੇ ਕੌਮਾਂਤਰੀ ਭਾਸ਼ਾ ਬਣਦੀ ਹੈ, ਉਹ ਹੈ: ਇਸ ਨੂੰ ਬੋਲਣ ਵਾਲ਼ੇ ਲੋਕਾਂ ਦੀ ਸਿਆਸੀ ਤਾਕਤ – ਖਾਸ ਕਰਕੇ ਫੌਜੀ ਤਾਕਤ …
ਪਰ ਕੌਮਾਂਤਰੀ ਭਾਸ਼ਾ ਦਾ ਗ਼ਲਬਾ ਸਿਰਫ ਫੌਜੀ ਜ਼ੋਰ ਦੇ ਨਤੀਜੇ ਵਜੋਂ ਹੀ ਨਹੀਂ ਹੁੰਦਾ । ਇੱਕ ਫੌਜੀ ਤੌਰ ਉੱਤੇ ਤਕੜੀ ਕੌਮ ਕਿਸੇ ਭਾਸ਼ਾ ਨੂੰ ਸਥਾਪਤ ਤਾਂ ਕਰ ਸਕਦੀ ਹੈ, ਪਰ ਇਸ ਨੂੰ ਕਾਇਮ ਰੱਖਣ ਅਤੇ ਇਸਦਾ ਪਸਾਰ ਕਰਨ ਲਈ ਆਰਥਿਕ ਤੌਰ ਉੱਤੇ ਮਜ਼ਬੂਤ ਕੌਮ ਦੀ ਲੋੜ ਹੈ। (7-8)
ਡੇਵਿਡ ਕਰਿਸਟਲ ਦੀ ਟਿੱਪਣੀ ਦੁਨੀਆਂ ਭਰ ਵਿੱਚ ਅੰਗਰੇਜ਼ੀ ਦੇ ਪਸਾਰ ਦੀ ਮੁਕੰਮਲ ਤੌਰ ਉੱਤੇ ਵਿਆਖਿਆ ਕਰਦੀ ਹੈ। ਦੁਨੀਆਂ ਦੇ ਇੱਕ ਵੱਡੇ ਹਿੱਸੇ ਉੱਪਰ ਬਰਤਾਨੀਆ ਦੀ ਬਸਤੀਵਾਦੀ ਜਿੱਤ ਨੇ ਬਰਤਾਨਵੀ ਸਾਮਰਾਜ ਦੇ ਇਲਾਕਿਆਂ ਵਿੱਚ ਅੰਗਰੇਜ਼ੀ ਦੀ ਸਥਾਪਨਾ ਵਿੱਚ ਇੱਕ ਵੱਡਾ ਰੋਲ ਨਿਭਾਇਆ। ਬਸਤੀਵਾਦੀ ਦੌਰ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ, ਜੋ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਅੰਗਰੇਜ਼ੀ ਬੋਲਣ ਵਾਲ਼ੀ ਇੱਕ ਨਵ- ਬਸਤੀਵਾਦੀ ਤਾਕਤ ਬਣ ਕੇ ਉਭਰਿਆ, ਵੱਲੋਂ ਅੰਗਰੇਜ਼ੀ ਦੇ ਪਸਾਰ ਲਈ ਕੀਤੇ ਗਏ ਲਗਾਤਾਰ ਯਤਨਾਂ ਨੇ ਦੁਨੀਆਂ ਭਰ ਵਿੱਚ ਅੰਗਰੇਜ਼ੀ ਦੇ ਗ਼ਲਬੇ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਕੀਤੀ ਹੈ (ਫਿਲਿਪਸਨ,92:7)। ਆਉ ਬਸਤੀਵਾਦੀ ਅਤੇ ਉੱਤਰ ਬਸਤੀਵਾਦੀ ਦੌਰ ਵਿੱਚ ਅੰਗਰੇਜ਼ੀ ਦੇ ਪਸਾਰ ਉੱਪਰ ਵਿਸਥਾਰ ਪੂਰਵਕ ਨਜ਼ਰ ਮਾਰੀਏ।
ਬਸਤੀਵਾਦ ਅਤੇ ਅੰਗਰੇਜ਼ੀ ਭਾਸ਼ਾ
ਬਰਤਾਨਵੀ ਸਾਮਰਾਜੀਆਂ ਨੇ ਆਪਣੇ ਅਧੀਨ ਆਉਂਦੇ ਇਲਾਕਿਆਂ ਵਿੱਚ ਅਜਿਹੀਆਂ ਵਿਦਿਅਕ ਨੀਤੀਆਂ ਬਣਾਈਆਂ ਜੋ ਉਹਨਾਂ ਦੇ ਹਿਤ ਪੂਰਦੀਆਂ ਸਨ।
ਬਸਤੀਆਂ ਵਿੱਚ ਵਿਦਿਆ ਦਾ ਇੱਕ ਮਕਸਦ ਬਸਤੀਆਂ ਦੇ ਲੋਕਾਂ ਵਿੱਚੋਂ ਪੜ੍ਹੇ ਲਿਖੇ ਲੋਕਾਂ ਦੀ ਇੱਕ ਅਜਿਹੀਆਂ ਜਮਾਤ ਪੈਦਾ ਕਰਨਾ ਸੀ ਜੋ ਬਸਤੀਵਾਦੀਆਂ ਅਤੇ ਬਸਤੀਆਂ ਦੇ ਲੋਕਾਂ ਵਿਚਕਾਰ ਵਿਚੋਲਿਆਂ ਦਾ ਕੰਮ ਕਰ ਸਕਣ। ਸੰਨ 1835 ਵਿੱਚ ਲਾਰਡ ਮੈਕਾਲੇ ਪਬਲਿਕ ਇਨਸਟਰਕਸ਼ਨ ਬਾਰੇ ਗਵਰਨਰ ਜਨਰਲ ਦੀ ਕਮੇਟੀ ਦਾ ਚੇਅਰਮੇਨ ਸੀ। ਉਸ ਸਮੇਂ ਹਿੰਦੁਸਤਾਨ ਵਿੱਚ ਅੰਗਰੇਜ਼ੀ ਨੂੰ ਵਿਦਿਆ ਦੇ ਮਾਧਿਅਮ ਵਜੋਂ ਵਰਤਣ ਦੇ ਹੱਕ ਵਿੱਚ ਦਲੀਲ ਦਿੰਦਿਆਂ ਉਸ ਨੇ ਕਿਹਾ: ਆਪਣੇ ਸੀਮਤ ਵਸੀਲਿਆਂ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿੱਖਿਅਤ ਕਰਨਾ ਸਾਡੇ ਲਈ ਮੁਸ਼ਕਿਲ ਹੈ। ਇਸ ਸਮੇਂ ਸਾਨੂੰ ਇੱਕ ਅਜਿਹੀ ਜਮਾਤ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ, ਜੋ ਸਾਡੇ ਅਤੇ ਸਾਡੇ ਸ਼ਾਸਨ ਅਧੀਨ ਆਉਂਦੇ ਕਰੋੜਾਂ ਲੋਕਾਂ ਵਿਚਕਾਰ ਦੁਭਾਸ਼ੀਏ ਦਾ ਰੋਲ ਅਦਾ ਕਰ ਸਕੇ – ਅਜਿਹੇ ਲੋਕਾਂ ਦੀ ਜਮਾਤ ਜੋ ਰੰਗ ਅਤੇ ਨਸਲ ਦੇ ਅਧਾਰ ਉੱਤੇ ਹਿੰਦੁਸਤਾਨੀ ਹੋਣ, ਪਰ ਸੁਆਦਾਂ, ਵਿਚਾਰਾਂ, ਨੈਤਿਕ ਕਦਰਾਂ ਕੀਮਤਾਂ ਅਤੇ ਬੌਧਿਕ ਪੱਖੋਂ ਅੰਗਰੇਜ਼ (ਪੈਨੀਕੁੱਕ ਦਾ ਹਵਾਲਾ :78)।
ਮੈਕਾਲੇ ਦੇ ਵਿਚਾਰਾਂ ਦੇ ਅਧਾਰ ਉੱਤੇ ਬਸਤੀਵਾਦੀ ਸਰਕਾਰ ਨੇ ਕਈ ਅਜਿਹੇ ਕਦਮ ਚੁੱਕੇ ਜਿਹਨਾਂ ਨਾਲ ਹਿੰਦੁਸਤਾਨ ਵਿੱਚ ਅੰਗਰੇਜ਼ੀ ਦੇ ਹੱਥ ਮਜ਼ਬੂਤ ਹੋਏ। ਨੰਬਰ ਇੱਕ, ਪ੍ਰਸ਼ਾਸਨ ਨੇ ਹਿੰਦੁਸਤਾਨ ਵਿੱਚ ਯੂਰਪੀ ਸਾਹਿਤ ਅਤੇ ਸਾਇੰਸ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ। ਨੰਬਰ ਦੋ, ਪ੍ਰਸ਼ਾਸਨ ਨੇ ਵਿਦਿਆ ਲਈ ਰਾਖਵੀਂ ਸਾਰੀ ਰਕਮ ਅੰਗਰੇਜ਼ੀ ਵਿਦਿਆ ਉੱਤੇ ਲਾਉਣ ਦਾ ਫੈਸਲਾ ਕੀਤਾ। ਸੰਨ 1837 ਵਿੱਚ ਬਸਤੀਵਾਦੀ ਸਰਕਾਰ ਨੇ ਫਾਰਸੀ ਦੀ ਥਾਂ ਅੰਗਰੇਜ਼ੀ ਨੂੰ ਅਦਾਲਤੀ ਭਾਸ਼ਾ ਬਣਾ ਦਿੱਤਾ (ਫਿਲਿਪਸਨ)। ਇਹਨਾਂ ਨੀਤੀਆਂ ਨੇ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ ਹਿੰਦੁਸਤਾਨ ਵਿੱਚ ਸਥਾਪਤ ਕੀਤਾ ਅਤੇ “ਅੰਗਰੇਜ਼ੀ ਵਿਦਿਆ, ਪ੍ਰਸ਼ਾਸਨ, ਵਣਜ ਅਤੇ ਵਪਾਰ ਦੀ ਇੱਕੋ ਇੱਕ ਭਾਸ਼ਾ ਬਣ ਗਈ, ਸੰਖੇਪ ਵਿੱਚ ਸਮਾਜ ਦੇ ਸਾਰੇ ਰਸਮੀ ਖੇਤਰਾਂ ਦੇ ਕੰਮ ਕਾਜ ਦੀ ਭਾਸ਼ਾ ਬਣ ਗਈ” (ਫਿਲਿਪਸਨ ਦੁਆਰਾ ਮਿਸ਼ਰਾ ਦਾ ਹਵਾਲਾ :111)।
ਮੈਕਾਲੇ ਵੱਲੋਂ ਹਿੰਦੁਸਤਾਨ ਵਿੱਚ ਅੰਗਰੇਜ਼ੀ ਨੂੰ ਵਿਦਿਆ ਦਾ ਮਾਧਿਅਮ ਬਣਾਉਣ ਦੀ ਦਲੀਲ ਦੇਣ ਪਿੱਛੇ ਸਿਰਫ ਇਹ ਹੀ ਕਾਰਨ ਨਹੀਂ ਸੀ ਕਿ ਉਹ ਰਾਜ ਲਈ ਵਿਚੋਲੇ ਪੈਦਾ ਕਰਨਾ ਚਾਹੁੰਦਾ ਸੀ, ਸਗੋਂ ਮੈਕਾਲੇ ਨੂੰ ਹਿੰਦੁਸਤਾਨ ਦੇ ਦੇਸੀ ਗਿਆਨ ਅਤੇ ਸਾਹਿਤ ਨਾਲ ਅੰਤਾਂ ਦੀ ਨਫਰਤ ਸੀ। ਉਸ ਦਾ ਕਹਿਣਾ ਸੀ ਕਿ “ਯੂਰਪ ਦੀ ਇੱਕ ਚੰਗੀ ਲਾਇਬ੍ਰੇਰੀ ਦੀ ਇੱਕ ਸ਼ੈਲਫ ਹਿੰਦੁਸਤਾਨ ਅਤੇ ਅਰਬ ਦੇ ਸਮੁੱਚੇ ਦੇਸੀ ਸਾਹਿਤ ਦੇ ਬਰਾਬਰ ਹੈ ਅਤੇ ਸੰਸਕ੍ਰਿਤ ਵਿੱਚ ਲਿਖੀਆਂ ਸਾਰੀਆਂ ਕਿਤਾਬਾਂ ਤੋਂ ਮਿਲਦੀ ਇਤਿਹਾਸਕ ਜਾਣਕਾਰੀ ਦੀ ਕੀਮਤ ਇੰਗਲੈਂਡ ਦੇ ਪ੍ਰੈਪਰੇਟਰੀ ਸਕੂਲਾਂ ਵਿੱਚ ਵਰਤੇ ਜਾਂਦੇ ਖੁਲਾਸਿਆਂ ਵਿੱਚ ਮਿਲਦੀ ਜਾਣਕਾਰੀ ਤੋਂ ਘੱਟ ਹੈ।” (ਪੈਨੀਕੁੱਕ :79)। ਇਹਨਾਂ ਟਿੱਪਣੀਆਂ ਦੇ ਮੱਦੇਨਜ਼ਰ ਅਸੀਂ ਸੌਖਿਆਂ ਹੀ ਕਹਿ ਸਕਦੇ ਹਾਂ ਕਿ ਹਿੰਦੁਸਤਾਨੀ ਲੋਕਾਂ ਨੂੰ ਅੰਗਰੇਜ਼ੀ ਵਿੱਚ ਵਿਦਿਆ ਦੇਣ ਨੂੰ ਮੈਕਾਲੇ ਆਪਣਾ ਇੱਕ ਬਹੁਤ ਵੱਡਾ ਫਰਜ਼ ਸਮਝਦਾ ਹੋਵੇਗਾ।
ਮੈਕਾਲੇ ਵੱਲੋਂ ਹਿੰਦੁਸਤਾਨ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਵਿਦਿਆ ਦੇਣ ਦੀ ਚਲਾਈ ਨੀਤੀ ਹਿੰਦੁਸਤਾਨ ਵਿੱਚ ਕੁੱਝ ਸਮਾਂ ਜਾਰੀ ਰਹੀ। ਉੱਨੀਵੀਂ ਸਦੀ ਦੇ ਅਖੀਰ ਉੱਤੇ ਇਹ ਨੀਤੀ “ ਬੋਲੀਆਂ ਦੀ ਦਰਜਾਬੰਦੀ” ਉੱਪਰ ਅਧਾਰਿਤ ਨੀਤੀ ਵਿੱਚ ਬਦਲ ਗਈ। ਇਸ ਨੀਤੀ ਅਨੁਸਾਰ ਹੇਠਲੇ ਪੱਧਰ ਉੱਪਰ ਸਥਾਨਕ ਬੋਲੀਆਂ ਵਿਦਿਆ ਦਾ ਮਾਧਿਅਮ ਬਣ ਗਈਆਂ ਪਰ ਉਪਰਲੇ ਪੱਧਰ ਉੱਪਰ ਅੰਗਰੇਜ਼ੀ ਵਿਦਿਆ ਦਾ ਮਾਧਿਅਮ ਬਣੀ ਰਹੀ। ਹਿੰਦੁਸਤਾਨੀ ਵਿਦਵਾਨ ਖੂਬਚੰਦਾਨੀ ਦਾ ਹਵਾਲਾ ਦੇ ਕੇ ਫਿਲਿਪਸਨ ਲਿਖਦਾ ਹੈ, “ਅਸਿੱਧੇ ਰਾਜ” ਦੀ ਬਰਤਾਨਵੀ ਨੀਤੀ ਦੀ ਕਾਮਯਾਬੀ ਇਸ ਗੱਲ ਵਿੱਚ ਸੀ ਕਿ ਵਸ਼ਿਸ਼ਟ ਵਰਗ ਨੂੰ ਸਿਰਫ ਅੰਗਰੇਜ਼ੀ ਮਾਧਿਅਮ ਵਿੱਚ ਸਿਖਿਅਤ ਕੀਤਾ ਜਾਵੇ ਅਤੇ ਦੂਸਰੇ ਲੋਕਾਂ ਨੂੰ ਮੁੱਢਲੀ ਸਿੱਖਿਆ ਸਥਾਨਕ ਬੋਲੀ ਵਿੱਚ ਦਿੱਤੀ ਜਾਵੇ ਅਤੇ ਉਹਨਾਂ ਵਿੱਚ ਜਿਹੜੇ ਥੋੜ੍ਹੇ ਜਿਹੇ ਲੋਕ ਸੈਕੰਡਰੀ ਪੱਧਰ ‘ਤੇ ਪੜ੍ਹਾਈ ਜਾਰੀ ਰੱਖਣ, ਉਹਨਾਂ ਦਾ ਮਾਧਿਅਮ ਅੰਗਰੇਜ਼ੀ ਵਿੱਚ ਤਬਦੀਲ ਕਰ ਦਿੱਤਾ ਜਾਵੇ” (112)।
ਬਰਤਾਨੀਆ ਦੀਆਂ ਅਫਰੀਕੀ ਬਸਤੀਆਂ ਵਿੱਚ ਵੀ ਹਾਲਾਤ ਹਿੰਦੁਸਤਾਨ ਵਰਗੇ ਸਨ। ਮੁਢਲੇ ਸਾਲਾਂ ਦੌਰਾਨ ਵਿਦਿਆ ਸਥਾਨਕ ਬੋਲੀਆਂ ਵਿੱਚ ਦਿੱਤੀ ਜਾਂਦੀ ਸੀ। ਜਦੋਂ ਵਿਦਿਆਰਥੀ ਸੈਕੰਡਰੀ ਅਤੇ ਉੱਚ ਵਿਦਿਆ ਪੜ੍ਹਦਾ ਸੀ ਤਾਂ ਉਸ ਦਾ ਮਾਧਿਅਮ ਅੰਗਰੇਜ਼ੀ ਹੋ ਜਾਂਦਾ ਸੀ। ਅਫਰੀਕਾ ਵਿੱਚ ਵਿਦਿਆ ਦੀਆਂ ਨੀਤੀਆਂ ਬਣਾਉਣ ਵਾਲਿਆਂ ਦੀ ਸੋਚ ਸੀ ਕਿ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਹਨਾਂ ਦੇ ਮਨਾਂ ਵਿੱਚ ਅਫਰੀਕੀ ਸੱਭਿਆਚਾਰ ਅਤੇ ਗਿਆਨ ਦਾ ਕੋਈ ਆਦਰ ਨਹੀਂ ਸੀ। ਸੰਨ 1873 ਵਿੱਚ ਪੱਛਮੀ ਅਫਰੀਕਾ ਦਾ ਵਿਦਿਅਕ ਇਨਸਪੈਕਟਰ ਰੈਵਰੈਂਡ ਮੈਟਕਾਫ ਸੰਟਰ ਮਹਿਸੂਸ ਕਰਦਾ ਸੀ ਕਿ “ਅਫਰੀਕੀ ਲੋਕਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਹੈ” ਅਤੇ ਉਹ ਸਥਾਨਕ ਬੋਲੀਆਂ ਵਿੱਚ ਵਿਦਿਆ ਦੇਣ ਦਾ ਸਖਤ ਵਿਰੋਧੀ ਸੀ (ਫਿਲਿਪਸਨ :116)।
ਅਫਰੀਕਾ ਦੇ ਕਈ ਹਿੱਸਿਆਂ ਵਿੱਚ ਕੌਮਵਾਦੀਆਂ ਵੱਲੋਂ ਸਕੂਲ ਚਲਾਏ ਜਾਂਦੇ ਸਨ, ਜਿਹਨਾਂ ਵਿੱਚ ਵਿਦਿਆ ਸਥਾਨਕ ਬੋਲੀਆਂ ਵਿੱਚ ਦਿੱਤੀ ਜਾਂਦੀ ਸੀ । ਕੁੱਝ ਕੁ ਕੇਸਾਂ ਵਿੱਚ ਬਸਤੀਵਾਦੀ ਅਥਾਰਟੀਆਂ ਨੇ ਇਹਨਾਂ ਸਕੂਲਾਂ ਨੂੰ ਆਪਣੇ ਅਧੀਨ ਲੈ ਕੇ ਅੰਗਰੇਜ਼ੀ ਨੂੰ ਵਿਦਿਆ ਦੇ ਮਾਧਿਅਮ ਦੇ ਤੌਰ ਉੱਤੇ ਠੋਸ ਦਿੱਤਾ। ਕੀਨੀਆ ਦਾ ਲੇਖਕ ਨਗੂਗੀ ਵਾ ਥਿਔਂਗੋ, ਪ੍ਰਾਇਮਰੀ ਸਕੂਲ ਦੇ ਆਪਣੇ ਅਨੁਭਵ ਬਾਰੇ ਇਸ ਤਰ੍ਹਾਂ ਲਿਖਦਾ ਹੈ:
ਕੀਨੀਆ ਵਿੱਚ 1952 ਵਿੱਚ ਐਮਰਜੰਸੀ ਹਾਲਤਾਂ ਦਾ ਐਲਾਨ ਕਰਕੇ ਦੇਸ਼ਭਗਤ ਕੌਮਵਾਦੀਆਂ ਵੱਲੋਂ ਚਲਾਏ ਜਾਂਦੇ ਸਾਰੇ ਸਕੂਲਾਂ ਨੂੰ ਬਸਤੀਵਾਦੀ ਹਾਕਮਾਂ ਨੇ ਆਪਣੇ ਅਧੀਨ ਕਰ ਲਿਆ ਅਤੇ ਉਹਨਾਂ ਨੂੰ ਅੰਗਰੇਜ਼ਾਂ ਦੀ ਪ੍ਰਧਾਨਗੀ ਹੇਠ ਚਲਦੇ ਡਿਸਟ੍ਰਿਕਟ ਐਜੂਕੇਸ਼ਨ ਬੋਰਡ ਅਧੀਨ ਕਰ ਦਿੱਤਾ । ਅੰਗਰੇਜ਼ੀ ਮੇਰੀ ਰਸਮੀ ਵਿਦਿਆ ਦੀ ਭਾਸ਼ਾ ਬਣ ਗਈ। ਕੀਨੀਆ ਵਿੱਚ ਅੰਗਰੇਜ਼ੀ ਇੱਕ ਭਾਸ਼ਾ ਤੋਂ ਕਿਤੇ ਵੱਧ ਬਣ ਗਈ: ਇਹ ਅਜਿਹੀ ਭਾਸ਼ਾ ਬਣ ਗਈ, ਜਿਸ ਅੱਗੇ ਬਾਕੀ ਸਾਰੀਆਂ (ਭਾਸ਼ਾਵਾਂ) ਨੂੰ ਸਤਿਕਾਰ ਨਾਲ ਸਿਰ ਝੁਕਾਉਣਾ ਪੈਂਦਾ ਸੀ (114)।
ਸਮੁੱਚੇ ਰੂਪ ਵਿੱਚ ਬਸਤੀਵਾਦੀ ਵਿਦਿਅਕ ਪ੍ਰਬੰਧ ਇਸ ਢੰਗ ਨਾਲ ਤਿਆਰ ਕੀਤਾ ਗਿਆ ਸੀ ਕਿ ਢਾਂਚਾਗਤ ਪੱਧਰ ਉੱਪਰ ਸਕੂਲ ਸਿਸਟਮ ਵਿੱਚ ਅੰਗਰੇਜ਼ੀ ਨੂੰ ਫਾਇਦਾ ਪਹੁੰਚਦਾ ਸੀ। ਵਿਦਿਆ ਦੇ ਬਜਟ ਦਾ ਵੱਡਾ ਹਿੱਸਾ ਅੰਗਰੇਜ਼ੀ ਪੜਾਉਣ ਉੱਪਰ ਲਾਇਆ ਜਾਂਦਾ ਸੀ। ਇਸਦੇ ਨਾਲ ਹੀ ਪਾਠਕ੍ਰਮ ਦੇ ਸਬੰਧ ਵਿੱਚ ਮਿਡਲ, ਸੈਕੰਡਰੀ ਅਤੇ ਉੱਚ ਵਿਦਿਆ ਦੇ ਪੱਧਰ ਉੱਤੇ ਅੰਗਰੇਜ਼ੀ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ। ਉਦਾਹਰਨ ਲਈ, ਅਗਲੀ ਜਮਾਤ ਵਿੱਚ ਚੜ੍ਹਨ ਲਈ ਵਿਦਿਆਰਥੀ ਲਈ ਅੰਗਰੇਜ਼ੀ ਵਿਸ਼ੇ ਵਿੱਚੋਂ ਪਾਸ ਹੋਣਾ ਜ਼ਰੂਰੀ ਸੀ। ਬੇਸ਼ੱਕ ਕਿਸੇ ਵਿਦਿਆਰਥੀ ਨੇ ਦੂਸਰੇ ਵਿਸ਼ਿਆਂ ਵਿੱਚ ਚੰਗੇ ਨੰਬਰ ਲਏ ਹੋਣ, ਪਰ ਜੇ ਉਹ ਅੰਗਰੇਜ਼ੀ ਵਿੱਚੋਂ ਫੇਲ੍ਹ ਹੋ ਜਾਵੇ ਤਾਂ ਉਸਨੂੰ ਫੇਲ੍ਹ ਮੰਨਿਆ ਜਾਂਦਾ ਸੀ । ਨਗੂਗੀ ਵਾ ਥਿਮੋਂਗੋ ਕੀਨੀਆ ਵਿੱਚ ਅਜਿਹੇ ਵਰਤਾਰੇ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ,
ਮੇਰੇ ਸਮੇਂ ਦੌਰਾਨ, ਪ੍ਰਾਇਮਰੀ ਤੋਂ ਸੈਕੰਡਰੀ ਵਿੱਚ ਜਾਣ ਦੀ ਚੋਣ ਇੱਕ ਇਮਤਿਹਾਨ ਰਾਹੀਂ ਹੁੰਦੀ ਸੀ, ਜਿਸ ਨੂੰ ਕੀਨੀਆ ਅਫਰੀਕਨ ਪ੍ਰੀਲੈਮੀਨਰੀ ਐਗਜ਼ਾਮੀਨੇਸ਼ਨ ਕਿਹਾ ਜਾਂਦਾ ਸੀ। ਇਸ ਇਮਤਿਹਾਨ ਵਿੱਚ ਇੱਕ ਜਣੇ ਨੂੰ ਕੁਦਰਤੀ ਪੜ੍ਹਾਈ ਤੋਂ ਲੈ ਕੇ ਸਵਾਹਲੀ (ਸਥਾਨਕ ਬੋਲੀ) ਤੱਕ ਛੇ ਵਿਸ਼ੇ ਪਾਸ ਕਰਨੇ ਪੈਂਦੇ ਸਨ। ਸਾਰੇ ਪੇਪਰ ਅੰਗਰੇਜ਼ੀ ਵਿੱਚ ਲਿਖੇ ਹੁੰਦੇ ਸਨ । ਕੋਈ ਵੀ ਵਿਅਕਤੀ ਇਸ ਇਮਤਿਹਾਨ ਵਿੱਚੋਂ ਪਾਸ ਨਹੀਂ ਸੀ ਹੁੰਦਾ, ਜੇ ਉਹ ਅੰਗਰੇਜ਼ੀ ਦੇ ਪੇਪਰ ਵਿੱਚੋਂ ਫੇਲ੍ਹ ਹੋ ਜਾਵੇ। ਦੂਸਰੇ ਵਿਸ਼ਿਆਂ ਵਿੱਚੋਂ ਉਸਦੇ ਬਹੁਤ ਚੰਗੇ ਨਤੀਜੇ ਆਏ ਹੋਣ ਨਾਲ ਵੀ ਕੋਈ ਫਰਕ ਨਹੀਂ ਸੀ ਪੈਂਦਾ (115)।
ਇਸ ਤਰ੍ਹਾਂ ਬਰਤਾਨਵੀ ਸਾਮਰਾਜ ਦੇ ਅੰਗਰੇਜ਼ੀ ਨਾ ਬੋਲਣ ਵਾਲ਼ੇ ਖਿੱਤਿਆਂ ਵਿੱਚ ਅੰਗਰੇਜ਼ੀ ਨੂੰ ਇੱਕ ਗ਼ਲਬੇ ਵਾਲ਼ੀ ਬੋਲੀ ਦੇ ਤੌਰ ਉੱਤੇ ਸਥਾਪਤ ਕੀਤਾ ਗਿਆ। ਇਸ ਕੰਮ ਵਿੱਚ ਬਰਤਾਨਵੀ ਬਸਤੀਵਾਦੀ ਪ੍ਰਸ਼ਾਸਕਾਂ ਨੂੰ ਬਰਤਾਨੀਆਂ ਵਿੱਚੋਂ ਪੂਰਾ ਸਮਰਥਨ ਪ੍ਰਾਪਤ ਸੀ। ਬਰਤਾਨੀਆ ਦੇ ਕਈ ਲੇਖਕ ਮਹਿਸੂਸ ਕਰਦੇ ਸਨ ਕਿ ਅੰਗਰੇਜ਼ੀ ਬੋਲੀ ਇੱਕ ਮਹਾਨ ਬੋਲੀ ਹੈ ਅਤੇ ਇਸ ਦਾ ਦੁਨੀਆਂ ਦੇ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ। ਦੂਸਰਿਆਂ ਦਾ ਵਿਚਾਰ ਸੀ ਕਿ ਅੰਗਰੇਜ਼ੀ ਦੀ ਇਹ ਹੋਣੀ ਹੈ ਕਿ ਉਹ ਦੁਨੀਆਂ ਦੀ ਨੰਬਰ ਇੱਕ ਭਾਸ਼ਾ ਬਣੇ। ਧਾਰਮਿਕ ਅਦਾਰਿਆਂ ਨੇ ਵੀ ਅੰਗਰੇਜ਼ੀ ਬੋਲੀ ਨੂੰ ਆਪਣਾ ਸਮਰਥਨ ਦਿੱਤਾ। ਕਈ ਧਾਰਮਿਕ ਲੋਕਾਂ ਦਾ ਵਿਚਾਰ ਸੀ ਕਿ ਬਰਤਾਨੀਆ ਨੂੰ ਦੁਨੀਆਂ ਦੇ ਦੂਸਰੇ ਲੋਕਾਂ ਨੂੰ “ਕੁਲੀਨ ਬੋਲੀ” ਸਿਖਾਉਣ ਦੀ ਜ਼ਿੰਮੇਵਾਰੀ ਰੱਬ ਦੀ ਇੱਛਾ ਨਾਲ਼ ਦਿੱਤੀ ਗਈ ਹੈ। ਹਿੰਦੁਸਤਾਨ ਦੇ ਸਬੰਧ ਵਿੱਚ ਧਾਰਮਿਕ ਲੋਕ ਇਹ ਵੀ ਸੋਚਦੇ ਸਨ ਕਿ, “ ਅੰਗਰੇਜ਼ੀ ਬੋਲੀ ਦੀ ਵਰਤੋਂ ਅਤੇ ਸਮਝ ਹਿੰਦੂਆਂ ਨੂੰ ਤਰਕ ਦੇ ਯੋਗ ਬਣਾਏਗੀ ਅਤੇ ਤਰਕਸ਼ੀਲ ਅਤੇ ਕ੍ਰਿਸਚੀਅਨ ਪ੍ਰਾਣੀਆਂ ਦੇ ਤੌਰ ਉੱਤੇ ਆਪਣੇ ਫਰਜ਼ਾਂ ਬਾਰੇ ਨਵੇਂ ਅਤੇ ਚੰਗੇਰੇ ਵਿਚਾਰ ਹਾਸਲ ਕਰਨ ਦੇ ਯੋਗ ਬਣਾਏਗੀ”
ਅਮਰੀਕੀ ਬਸਤੀਵਾਦੀਆਂ ਨੇ ਆਪਣੀਆਂ ਬਸਤੀਆਂ ਵਿੱਚ ਵੀ ਅੰਗਰੇਜ਼ੀ ਠੋਸੀ। ਪੈਨੀਕੁੱਕ ਆਪਣੀ ਕਿਤਾਬ ਵਿੱਚ ਪਿਉਰਟੋ ਰੀਕੋ, ਫਿਲਪੀਨ ਅਤੇ ਗੁਆਮ ਦੀਆਂ ਉਦਾਹਰਨਾਂ ਦਿੰਦਾ ਹੈ। ਪਿਉਰਟੋ ਰੀਕੋ ਵਿੱਚ ਅੰਗਰੇਜ਼ੀ ਨੂੰ ਸਰਕਾਰ, ਵਿਦਿਆ ਅਤੇ ਸਰਕਾਰੀ ਜੀਵਨ ਦੀ ਭਾਸ਼ਾ ਬਣਾਇਆ ਗਿਆ। ਫਿਲਪੀਨ ਵਿੱਚ ਅਮਰੀਕੀ ਹਾਕਮ ਦੂਸਰੇ ਲੋਕਾਂ ਨੂੰ ਦਿਖਾਉਣ ਯੋਗ ਇੱਕ ਏਸ਼ੀਅਨ ਡੈਮੋਕਰੇਸੀ ਸਥਾਪਤ ਕਰਨਾ ਚਾਹੁੰਦੇ ਸਨ। ਅਜਿਹਾ ਕਰਨ ਲਈ ਉਹਨਾਂ ਦਾ ਮੁੱਖ ਧਿਆਨ ਸਕੂਲਾਂ, ਅੰਗਰੇਜ਼ੀ ਅਤੇ ਪੜ੍ਹੇ ਲਿਖੇ ਨਾਗਰਿਕਾਂ ਉੱਪਰ ਕੇਂਦਰਿਤ ਸੀ। ਸੰਨ 1898 ਵਿੱਚ ਦੱਖਣੀ ਸ਼ਾਂਤ ਮਹਾਂਸਾਗਰ ਵਿਚਲਾ ਟਾਪੂ ਗੁਆਮ ਅਮਰੀਕੀ ਸ਼ਾਸਨ ਅਧੀਨ ਆ ਗਿਆ। ਸੰਨ 1906 ਵਿੱਚ ਅੰਗਰੇਜ਼ੀ ਨੂੰ ਉੱਥੋਂ ਦੀਆਂ ਅਦਾਲਤਾਂ ਅਤੇ ਸਰਕਾਰੀ ਕੰਮਕਾਜ ਦੀ ਬੋਲੀ ਬਣਾ ਦਿੱਤਾ ਗਿਆ। ਸੰਨ 1922 ਵਿੱਚ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਉੱਥੋਂ ਦੀ ਸਥਾਨਕ ਬੋਲੀ ਚੈਮੋਰੋ ਬੋਲਣ ਦੀ ਮਨਾਹੀ ਕਰ ਦਿੱਤੀ ਗਈ ਅਤੇ ਚੈਮੋਰੋ ਦੇ ਸ਼ਬਦਕੋਸ਼ਾਂ ਨੂੰ ਅੱਗ ਲਾ ਦਿੱਤੀ ਗਈ (ਪੈਨੀਕੁੱਕ:153)।
ਉੱਤਰ ਬਸਤੀਵਾਦੀ ਦੌਰ ਵਿੱਚ ਅੰਗਰੇਜ਼ੀ ਨੂੰ ਹੱਲਾਸ਼ੇਰੀ
ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ ਨੇ ਅੰਗਰੇਜ਼ੀ ਨਾ ਬੋਲਣ ਵਾਲ਼ੇ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਅੰਗਰੇਜ਼ੀ ਦਾ ਪਸਾਰ ਕਰਨ ਲਈ ਬਹੁਤ ਯਤਨ ਕੀਤੇ। ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਸਮਝਦੇ ਸਨ ਕਿ ਅੰਗਰੇਜ਼ੀ ਦੀ ਸਿਖਲਾਈ ਆਪਣੇ ਆਪ ਵਿੱਚ ਉਹਨਾਂ ਲਈ ਇੱਕ ਵੱਡਾ ਵਪਾਰ ਹੈ, ਇਹ ਤੀਜੀ ਦੁਨੀਆਂ ਦੇ ਦੇਸ਼ਾਂ ਨਾਲ ਉਹਨਾਂ ਦੇ (ਬਰਤਾਨੀਆ ਅਤੇ ਅਮਰੀਕਾ ਦੇ) ਵਪਾਰ ਵਿੱਚ ਵਾਧਾ ਕਰਨ ਵਿੱਚ ਮਦਦਗਾਰ ਹੈ ਅਤੇ ਇਹ ਉਹਨਾਂ ਦੀ ਵਿਦੇਸ਼ੀ ਨੀਤੀ ਦੇ ਉਦੇਸ਼ਾਂ ਦੀ ਪ੍ਰਫੁੱਲਤਾ ਲਈ ਸਹਾਈ ਹੈ । ਇਸ ਦੇ ਨਾਲ ਹੀ ਅੰਗਰੇਜ਼ੀ ਨੂੰ ਹੱਲਾਸ਼ੇਰੀ ਵਿਕਾਸ ਦੇ ਨਿਜਾਮ ਦਾ ਇੱਕ ਪ੍ਰਮੁੱਖ ਮੁੱਦਾ ਬਣ ਗਿਆ । ਸਮੁੱਚੇ ਰੂਪ ਵਿੱਚ ਦੂਜੀ ਸੰਸਾਰ ਜੰਗ ਤੋਂ ਬਾਅਦ ਤੀਜੀ ਦੁਨੀਆਂ ਦੇ ਦੇਸ਼ਾਂ ਉੱਪਰ ਉਹਨਾਂ (ਅਮਰੀਕਾ ਅਤੇ ਬਰਤਾਨੀਆ) ਦਾ ਅਸਰ ਰਸੂਖ ਅਤੇ ਕੰਟਰੋਲ ਕਾਇਮ ਰੱਖਣ ਵਿੱਚ ਅੰਗਰੇਜ਼ੀ ਦੇ ਪਸਾਰ ਨੇ ‘ਗੰਨ ਬੋਟ ਡਿਪਲੋਮੇਸੀ ਭਾਵ ਹਥਿਆਰਾਂ ਦੀ ਕੂਟਨੀਤੀ’ ਦੀ ਥਾਂ ਲੈ ਲਈ।
ਬਰਤਾਨੀਆ ਲਈ ਬ੍ਰਿਟਿਸ਼ ਕਾਉਂਸਲ ਨਾਂ ਦੀ ਨੀਮ ਸਰਕਾਰੀ ਸੰਸਥਾ ਅੰਗਰੇਜ਼ੀ ਦੇ ਪਸਾਰ ਲਈ ਕੰਮ ਕਰ ਰਹੀ ਹੈ। ਇਹ ਸੰਸਥਾ 1934 ਵਿੱਚ ਬਾਹਰਲੇ ਦੇਸ਼ਾਂ ਵਿੱਚ ਜਰਮਨੀ ਅਤੇ ਇਟਲੀ ਦੇ ਪ੍ਰਾਪੇਗੰਡੇ ਦਾ ਮੁਕਾਬਲਾ ਕਰਨ ਲਈ ਹੋਂਦ ਵਿੱਚ ਆਈ ਸੀ। ਬ੍ਰਿਟਿਸ ਕਾਉਂਸਲ ਦਾ ਮੁੱਖ ਮਕਸਦ ਅੰਗਰੇਜ਼ੀ ਨੂੰ ਹੱਲਾਸ਼ੇਰੀ ਦੇਣਾ ਅਤੇ ਬਰਤਾਨੀਆ ਅਤੇ ਇਸ ਦੇ ਸੱਭਿਆਚਾਰ ਬਾਰੇ ਸਮਝ ਅਤੇ ਗਿਆਨ ਵਿੱਚ ਵਾਧਾ ਕਰਨਾ ਹੈ। ਸੰਨ 1935 ਵਿੱਚ ਬ੍ਰਿਟਿਸ਼ ਕਾਉਂਸਲ ਦੇ ਰਸਮੀ ਉਦਘਾਟਨ ਸਮੇਂ ਵੇਲਜ਼ ਦੇ ਪ੍ਰਿੰਸ ਵੱਲੋਂ ਦਿੱਤੇ ਭਾਸ਼ਨ ਦੇ ਕੁੱਝ ਹਿੱਸੇ ਇਸ ਉਦੇਸ਼ ਦੀ ਸਪਸ਼ਟ ਰੂਪ ਵਿੱਚ ਪੁਸ਼ਟੀ ਕਰਦੇ ਹਨ:
ਜ਼ਰੂਰੀ ਹੈ ਕਿ ਸਾਡੇ ਕੰਮ ਦਾ ਅਧਾਰ ਅੰਗਰੇਜ਼ੀ ਬੋਲੀ ਹੋਵੇ… (ਅਤੇ) ਸਾਡਾ ਨਿਸ਼ਾਨਾ ਆਪਣੀ ਬੋਲੀ ਬਾਰੇ ਸਤਹੀ ਗਿਆਨ ਦੇਣ ਤੋਂ ਕਿਤੇ ਵੱਧ ਹੋਣਾ ਚਾਹੀਦਾ ਹੈ। ਸਾਡਾ ਉਦੇਸ਼ ਵੱਧ ਤੋਂ ਵੱਧ ਲੋਕਾਂ ਦੀ ਸਾਡੇ ਇਤਿਹਾਸ, ਕਲਾ ਅਤੇ ਵਿਗਿਆਨ ਅਤੇ ਸਿਆਸੀ ਅਮਲ ਵਿੱਚ ਸਾਡੇ ਮਹੱਤਵਪੂਰਨ ਯੋਗਦਾਨ ਬਾਰੇ ਜਾਣਨ ਵਿੱਚ ਮਦਦ ਕਰਨਾ ਹੈ। ਅਜਿਹਾ ਕਰਨ ਦਾ ਸਭ ਤੋਂ ਬਿਹਤਰ ਢੰਗ ਵਿਦੇਸ਼ਾਂ ਵਿੱਚ ਆਪਣੀ ਬੋਲੀ ਦੀ ਪੜ੍ਹਾਈ ਨੂੰ ਹੱਲਾਸ਼ੇਰੀ ਦੇਣਾ ਹੈ… (ਫਿਲਿਪਸਨ ਦੁਆਰਾ ਹਵਾਲਾ, 1992 138)।
ਸ਼ੁਰੂ-ਸ਼ੁਰੂ ਵਿੱਚ ਕਾਉਂਸਲ ਦੀਆਂ ਬਹੁ-ਗਿਣਤੀ ਸਰਗਰਮੀਆਂ ਯੂਰਪ ਵਿੱਚ ਕੀਤੀਆਂ ਗਈਆਂ ਅਤੇ ਉਹਨਾਂ ਦਾ ਕੇਂਦਰ ਸੱਭਿਆਚਾਰ ਰਿਹਾ । ਦੂਜੀ ਸੰਸਾਰ ਜੰਗ ਤੋਂ ਬਾਅਦ ਇਸ ਦੇ ਕੰਮ ਵਿੱਚ ਤਬਦੀਲੀ ਆਈ ਅਤੇ ਇਸ ਦਾ ਕਾਰਜ ਖੇਤਰ ਤੀਜੀ ਦੁਨੀਆਂ ਦੇ ਦੇਸ਼ ਬਣ ਗਏ ਅਤੇ ਇਸ ਦੀਆਂ ਸਰਗਰਮੀਆਂ ਦਾ ਕੇਂਦਰ ਵਿਦਿਆ ਬਣ ਗਈ। ਬੇਸ਼ੱਕ ਕਾਉਂਸਲ ਇਹ ਦਾਅਵਾ ਕਰਦੀ ਸੀ ਕਿ ਉਸ ਦਾ ਕੰਮ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਅੰਗਰੇਜ਼ੀ ਦੀ ਵਿਦਿਆ ਨੂੰ ਹੱਲਾਸ਼ੇਰੀ ਦੇਣਾ ਸੀ, ਪਰ ਉਹ ਇਸ ਗੱਲ ਤੋਂ ਵੀ ਪੂਰੀ ਤਰ੍ਹਾਂ ਸੁਚੇਤ ਸੀ ਕਿ ਉਸਦਾ ਕੰਮ ਵਿਦੇਸ਼ਾਂ ਵਿੱਚ ਬਰਤਾਨੀਆ ਦੇ ਵਪਾਰਕ ਹਿਤਾਂ ਨੂੰ ਹੱਲਾਸ਼ੇਰੀ ਦੇਣਾ ਵੀ ਹੈ।
ਕਾਉਂਸਲ ਦੀ ਸੰਨ 1968-69 ਸਲਾਨਾ ਰਿਪੋਰਟ ਵਿੱਚ ਇਸ ਤਰ੍ਹਾਂ ਲਿਖਿਆ ਹੈ, “ਅੰਗਰੇਜ਼ੀ ਨੂੰ ਕੌਮਾਂਤਰੀ ਵਪਾਰ ਦੀ ਬੋਲੀ ਵਜੋਂ ਉਤਸ਼ਾਹਿਤ ਕਰਨ (ਅਤੇ) ਦੁਨੀਆਂ ਨੂੰ ਸਾਡੇ ਸੇਲਜ਼ਮੈਨਾਂ ਲਈ ਖੋਲ੍ਹਣ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ” (ਪੈਨੀਕੁੱਕ ਦੁਆਰਾ ਹਵਾਲਾ :149)। ਬ੍ਰਿਟਿਸ਼ ਕਾਉਂਸਲ ਦਾ ਬਰਤਾਨੀਆ ਸਰਕਾਰ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ। ਉਦਾਹਰਨ ਲਈ, ਸੰਨ 1937-41 ਵਿਚਕਾਰ ਕਾਉਂਸਲ ਦਾ ਚੇਅਰਮੈਨ ਲਾਰਡ ਲੌਇਡ ਸੀ। ਉਸੇ ਵੇਲ਼ੇ ਹੀ ਉਹ ਬਸਤੀਆਂ ਲਈ ਸੈਕਟਰੀ ਆਫ ਸਟੇਟ ਸੀ। ਸ਼ੁਰੂ ਤੋਂ ਹੀ ਕਾਉਂਸਲ ਨੂੰ ਚਲਾਉਣ ਲਈ ਜ਼ਿਆਦਾ ਪੈਸੇ ਸਰਕਾਰ ਤੋਂ ਮਿਲਦੇ ਆਏ ਹਨ। ਵਿਦੇਸ਼ਾਂ ਵਿੱਚ ਕੰਮ ਕਰਦੇ ਸਮੇਂ ਇਹ ਬ੍ਰਿਟਿਸ਼ ਐਂਬੈਸੀਆਂ ਨਾਲ ਨੇੜਲਾ ਸਬੰਧ ਰੱਖਦੀ ਹੈ। ਨਤੀਜੇ ਵਜੋਂ ਕਾਉਂਸਲ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਨਿਰਧਾਰਿਤ ਕਰਨ ਵਿੱਚ ਬਰਤਾਨਵੀ ਸਰਕਾਰ ਮਹੱਤਵਪੂਰਨ ਰੋਲ ਨਿਭਾਉਂਦੀ ਹੈ।
1934 ਤੋਂ ਬਾਅਦ ਬ੍ਰਿਟਿਸ਼ ਕਾਉਂਸਲ ਦਾ ਵੱਡਾ ਪਸਾਰ ਹੋਇਆ ਹੈ। 1935 ਵਿੱਚ ਇਸਦਾ ਬਜਟ 6000 ਪੌਂਡ ਸੀ, ਅਤੇ 1989/90 ਵਿੱਚ ਇਹ ਵਧ ਕੇ 32 ਕਰੋੜ 10 ਲੱਖ ਪੌਂਡ ਹੋ ਗਿਆ (ਫਿਲਿਪਸਨ :138)। ਸੰਨ 1997/98 ਦੌਰਾਨ ਕਾਉਂਸਲ ਦੇ 109 ਦੇਸ਼ਾਂ ਵਿੱਚ ਦਫਤਰ ਸਨ। ਉਸ ਸਮੇਂ ਦੌਰਾਨ ਇਹ ਦੁਨੀਆਂ ਭਰ ਵਿੱਚ 118 ਟੀਚਿੰਗ ਸੈਂਟਰ ਅਤੇ 209 ਲਾਇਬ੍ਰੇਰੀਆਂ ਚਲਾ ਰਹੀ ਸੀ। ਇਹਨਾਂ ਲਾਇਬ੍ਰੇਰੀਆਂ ਦੀ ਸਮੁੱਚੀ ਮੈਂਬਰਸ਼ਿੱਪ ਸਾਢੇ ਚਾਰ ਲੱਖ ਸੀ (ਬ੍ਰਿਟਿਸ਼ ਕਾਉਂਸਲ ਵੇਬਸਾਈਟ, 1998)। ਕਾਉਂਸਲ ਦੀ ਸਾਲ 2005-06 ਦੀ ਸਲਾਨਾ ਰੀਪੋਰਟ ਮੁਤਾਬਕ ਇਸ ਬਜਟ ਸਾਲ ਦੌਰਾਨ ਕਾਉਂਸਲ ਵੱਲੋਂ ਖਰਚੀ ਗਈ ਕੁੱਲ ਰਕਮ 50 ਕਰੋੜ ਪੌਂਡ ਤੋਂ ਵੱਧ ਸੀ। ਇਸ ਵਿੱਚੋਂ ਕਾਉਂਸਲ ਨੇ ਅੰਗਰੇਜ਼ੀ ਦੀ ਪੜ੍ਹਾਈ ਨੂੰ ਹੱਲਾਸ਼ੇਰੀ ਦੇਣ ਲਈ 18.9 ਕਰੋੜ ਪੌਂਡ ਖਰਚ ਕੀਤੇ।
ਦੁਨੀਆਂ ਭਰ ਵਿੱਚ ਅੰਗਰੇਜ਼ੀ ਦਾ ਪ੍ਰਚਾਰ ਕਰਨ ਲਈ ਬ੍ਰਿਟਿਸ਼ ਕਾਉਂਸਲ ਕਈ ਤਰ੍ਹਾਂ ਦੀਆਂ ਸਰਗਰਮੀਆਂ ਕਰਦੀ ਹੈ, ਜਿਹਨਾਂ ਵਿੱਚ ਦੂਜੇ ਦੇਸ਼ਾਂ ਵਿੱਚ ਟੀਚਿੰਗ ਸੈਂਟਰ ਸਥਾਪਤ ਕਰਨਾ, ਦੂਜੇ ਦੇਸ਼ਾਂ ਵਿੱਚ ਖੁੱਲ੍ਹੇ ਬਰਤਾਨੀਆ ਦੇ ਸਕੂਲਾਂ ਨੂੰ ਸਮਰਥਨ ਦੇਣਾ, ਪਾਠਕ੍ਰਮ ਅਤੇ ਸਿਲੇਬਸ ਤਿਆਰ ਕਰਨ ਵਿੱਚ ਮਦਦ ਕਰਨ ਲਈ ਕਾਉਂਸਲ ਦੇ ਅਫਸਰਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਣਾ, ਅਧਿਆਪਕਾਂ ਨੂੰ ਸਿਖਲਾਈ ਦੇਣਾ, ਅੰਗਰੇਜ਼ੀ ਭਾਸ਼ਾ ਬਾਰੇ ਹੋ ਰਹੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਲਈ ਸਹਾਇਤਾ ਦੇਣਾ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਵਿੱਚ ਸਹਾਇਤਾ ਕਰਨ ਵਰਗੀਆਂ ਸਰਗਰਮੀਆਂ ਸ਼ਾਮਲ ਹਨ। ਇਹ ਸਰਗਰਮੀਆਂ ਕਰਦੇ ਸਮੇਂ ਕਾਉਂਸਲ ਬਰਤਾਨੀਆ ਦੇ ਹਿਤਾਂ ਨੂੰ ਕਦੇ ਵੀ ਨਹੀਂ ਭੁੱਲਦੀ । ਉਦਾਹਰਨ ਲਈ 1998 ਵਿੱਚ ਕਾਉਂਸਲ ਦੇ ਵੈੱਬਸਾਈਟ ਉੱਪਰ ਇਸ ਤਰ੍ਹਾਂ ਲਿਖਿਆ ਹੋਇਆ ਸੀ, “ਦੁਨੀਆਂ ਵਿੱਚ ਕਿਤਾਬਾਂ ਦੇ ਨਿਰਯਾਤ ਵਿੱਚ ਬਰਤਾਨੀਆ ਦੀ ਇੱਕ ਵੱਡੀ ਸਨਅਤ ਹੈ – ਕਿਤਾਬਾਂ ਦੇ ਨਿਰਯਾਤ ਤੋਂ ਹਰ ਸਾਲ 1.05 ਅਰਬ ਪੌਂਡ ਕਮਾਏ ਜਾਂਦੇ ਹਨ। ਕਾਉਂਸਲ ਕਿਤਾਬਾਂ ਦੀ ਨੁਮਾਇਸ਼ ਅਤੇ ਮੇਲੇ ਲਾ ਕੇ, ਪ੍ਰਕਾਸ਼ਕਾਂ ਅਤੇ ਕਿਤਾਬਾਂ ਵੇਚਣ ਵਾਲਿਆਂ ਨੂੰ ਮੰਡੀ ਦੀ ਜਾਣਕਾਰੀ ਦੇ ਕੇ ਕਾਉਂਸਲ ਇਸ ਸਨਅਤ ਵਿੱਚ ਬਰਤਾਨੀਆ ਦੇ ਮੋਹਰੀ ਰੋਲ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ” (ਉਪਰੋਕਤ, 1998)
ਅੰਗਰੇਜ਼ੀ ਦੀ ਪੜ੍ਹਾਈ ਬਰਤਾਨੀਆ ਲਈ ਨਿਰਯਾਤ ਕਰਨ ਲਈ ਇੱਕ ਵੱਡੀ ਵਸਤ ਬਣ ਚੁੱਕੀ ਹੈ। ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ ਬਾਰੇ ਬ੍ਰਿਟਿਸ਼ ਕਾਉਂਸਲ ਵੱਲੋਂ ਕਰਵਾਈ, ਡੇਵਿਡ ਗਰੈਡਲ ਵੱਲੋਂ ਕੀਤੀ ਅਤੇ ਸੰਨ 2006 ਵਿੱਚ ਪ੍ਰਕਾਸ਼ਤ ਹੋਈ ਇੱਕ ਖੋਜ ਅਨੁਸਾਰ, ਬਰਤਾਨੀਆ ਦੀ ਅੰਗਰੇਜ਼ੀ ਪੜ੍ਹਾਉਣ ਦੀ ਸਨਅਤ ਦੀ ਸਲਾਨਾ ਨਿਰਯਾਤ ਆਮਦਨ 1 ਅਰਬ 30 ਕਰੋੜ ਪੌਂਡ ਹੈ। ਇਸ ਦੇ ਨਾਲ ਹੀ, ਬਸਤੀਵਾਦ ਦੇ ਖਾਤਮੇ ਤੋਂ ਬਾਅਦ ਦੂਜੇ ਦੇਸ਼ਾਂ ਵਿੱਚ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਕੇ ਕਾਉਂਸਲ ਨੇ ਬਰਤਾਨੀਆ ਨੂੰ ਦੁਨੀਆਂ ਭਰ ਵਿੱਚ ਆਪਣਾ ਅਸਰ ਰਸੂਖ ਰੱਖਣ ਵਿੱਚ ਮਦਦ ਕੀਤੀ ਹੈ। 1983/84 ਦੀ ਸਲਾਨਾ ਰਿਪੋਰਟ ਵਿੱਚ ਕਾਉਂਸਲ ਦਾ ਚੇਅਰਮੈਨ ਇਹ ਗੱਲ ਹੇਠ ਲਿਖੇ ਸ਼ਬਦਾਂ ਵਿੱਚ ਕਹਿੰਦਾ ਹੈ:
ਬੇਸ਼ੱਕ ਹੁਣ ਸਾਡੇ ਕੋਲ਼ ਪਹਿਲਾਂ ਵਾਂਗ ਆਪਣੀ ਮਰਜ਼ੀ ਠੋਸਣ ਦੀ ਤਾਕਤ ਨਹੀਂ ਹੈ, ਪਰ ਫਿਰ ਵੀ ਆਰਥਿਕ ਅਤੇ ਫੌਜੀ ਵਸੀਲਿਆਂ ਦੇ ਅਨੁਪਾਤ ਤੋਂ ਕਿਤੇ ਵੱਧ (ਦੁਨੀਆਂ ਵਿੱਚ) ਬਰਤਾਨੀਆ ਦਾ ਅਸਰ ਰਸੂਖ ਕਾਇਮ ਹੈ । ਕੁੱਝ ਹੱਦ ਤੱਕ ਇਹ ਇਸ ਕਰਕੇ ਹੈ ਕਿਉਂਕਿ ਅੰਗਰੇਜ਼ੀ ਵਿਗਿਆਨ, ਤਕਨੌਲੋਜੀ ਅਤੇ ਵਪਾਰ ਦੀ ਭਾਸ਼ਾ ਹੈ। ਇਸ ਦੀ ਤ੍ਰਿਪਤ ਨਾ ਹੋਣ ਵਾਲੀ ਮੰਗ ਹੈ ਅਤੇ ਇਸ ਮੰਗ ਪੂਰਤੀ ਲਈ ਜਾਂ ਤਾਂ ਅਸੀਂ ਮੇਜ਼ਬਾਨ ਦੇਸ਼ਾਂ ਦੇ ਵਿਦਿਅਕ ਢਾਂਚੇ ਰਾਹੀਂ ਕਦਮ ਚੁੱਕਦੇ ਹਾਂ ਜਾਂ ਜਿੱਥੇ ਮੰਡੀ ਸਹਿ ਸਕਦੀ ਹੋਵੇ, ਉੱਥੇ ਵਪਾਰਕ ਪੱਧਰ ਉੱਤੇ ਕਦਮ ਚੁੱਕਦੇ ਹਾਂ । ਸਾਡੀ ਬੋਲੀ ਸਾਡੀ ਮਹਾਨ ਸੰਪਤੀ ਹੈ, ਨੌਰਥ ਸੀ ਓਇਲ ਤੋਂ ਵੀ ਵੱਡੀ, ਅਤੇ ਇਸਦੀ ਪੂਰਤੀ ਕਦੇ ਵੀ ਨਹੀਂ ਮੁੱਕ ਸਕਦੀ.. (ਫਿਲਿਪਸਨ ਦੁਆਰਾ ਹਵਾਲਾ :144)
ਅੰਗਰੇਜ਼ੀ ਦੀ ਤਰੱਕੀ ਅਤੇ ਪੜ੍ਹਾਈ ਅਮਰੀਕਾ ਦੀ ਵਿਦੇਸ਼ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ । ਇਸ ਲਈ ਕਈ ਸਰਕਾਰੀ ਏਜੰਸੀਆਂ ਅਤੇ ਨਿੱਜੀ ਫਾਉਂਡੇਸ਼ਨਾਂ ਅੰਗਰੇਜ਼ੀ ਦੀ ਤਰੱਕੀ ਲਈ ਕੰਮ ਕਰਦੀਆਂ ਰਹੀਆਂ/ਕਰਦੀਆਂ ਆ ਰਹੀਆਂ ਹਨ। ਇਹਨਾਂ ਵਿੱਚੋਂ ਕੁੱਝ ਦੇ ਨਾਂ ਹਨ: ਡਿਪਾਰਟਮੈਂਟ ਆਫ ਸਟੇਟ, ਯੂਨਾਇਟਿਡ ਸਟੇਟਸ ਇਨਫਰਮੇਸ਼ਨ ਏਜੰਸੀ, ਦੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਏਡ), ਪੀਸ ਕੌਰਪਸ, ਦੀ ਡਿਪਾਰਟਮੈਂਟ ਆਫ ਡਿਫੈਂਸ, ਫੋਰਡ ਫਾਉਂਡੇਸ਼ਨ ਅਤੇ ਕਈ ਹੋਰ ਨਿੱਜੀ ਫਾਉਂਡੇਸ਼ਨਾਂ।
ਇਹਨਾਂ ਵਿੱਚੋਂ ਤਕਰੀਬਨ ਤਕਰੀਬਨ ਸਾਰੀਆਂ ਦਾ ਦਾਅਵਾ ਹੈ ਕਿ ਅੰਗਰੇਜ਼ੀ ਦੀ ਪੜ੍ਹਾਈ ਅਤੇ ਤਰੱਕੀ ਦੇ ਉਹਨਾਂ ਦੇ ਪ੍ਰੋਗਰਾਮ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਵਿਕਾਸ ਦਾ ਸਮਰਥਨ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹ ਅਜਿਹਾ ਮਨੁੱਖੀ ਵਸੀਲਿਆਂ ਦਾ ਵਿਕਾਸ ਕਰਕੇ ਕਰ ਰਹੇ ਹਨ। ਵਿਕਾਸ ਦੇ ਨਾਲ ਨਾਲ ਅਜਿਹੇ ਪ੍ਰੋਗਰਾਮ ਅਮਰੀਕਾ ਦੀ ਵਿਦੇਸ਼ ਨੀਤੀ ਲਈ ਵੀ ਫਾਇਦੇਮੰਦ ਹਨ। ਯੂਨਾਇਟਿਡ ਸਟੇਟ ਇਨਫਰਮੇਸ਼ਨ ਸਰਵਿਸ ਦੇ ਰਹਿ ਚੁੱਕੇ ਡਾਇਰੈਕਟਰ ਐਡਵਰਡ ਆਰ ਮੁਰੋ ਦਾ ਕਹਿਣਾ ਹੈ ਕਿ ਯੂਨਾਇਟਿਡ ਸਟੇਟ ਇਨਫਰਮੇਸ਼ਨ ਸਰਵਿਸ ਦਾ ਮਕਸਦ, ਵਿਦੇਸ਼ਾਂ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਦੇ ਹੱਕ ਵਿੱਚ ਲੋਕ ਰਾਇ ਪੈਦਾ ਕਰਕੇ, ਅਮਰੀਕਾ ਦੀ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣਾ ਹੈ। ਉਹਨਾਂ ਮੁਤਾਬਕ ਅਜਿਹਾ ਕੁੱਝ ਨਿੱਜੀ ਸੰਪਰਕਾਂ, ਰੇਡੀਓ ਪ੍ਰੋਗਰਾਮਾਂ, ਲਾਇਬ੍ਰੇਰੀਆਂ, ਟੈਲੀਵਿਯਨ ਪ੍ਰੋਗਰਾਮਾਂ, ਨੁਮਾਇਸ਼ਾਂ ਅਤੇ ਅੰਗਰੇਜ਼ੀ ਦੀ ਪੜ੍ਹਾਈ ਅਤੇ ਅਜਿਹੇ ਹੋਰ ਕਾਰਜਾਂ ਨਾਲ ਕੀਤਾ ਜਾਂਦਾ ਹੈ (ਕੂੰਬਜ਼ :59)। ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਦੇ ਇੱਕ ਅੰਗ ਵਜੋਂ ਕੰਮ ਕਰਦੇ ਦੀ ਆਫਿਸ ਆਫ ਇੰਗਲਿਸ਼ ਲੈਂਗੁਏਜ ਪ੍ਰੋਗਰਾਮਜ਼ ਦੇ ਵੈੱਬਸਾਈਟ ਉੱਤੇ ਲਿਖਿਆ ਹੈ, “ਵਿਦੇਸ਼ਾਂ ਵਿੱਚ ਅਧਿਆਪਕਾਂ ਦੀ ਸਿਖਲਾਈ ਦੇ ਪ੍ਰੋਗਰਾਮਾਂ ਵਿੱਚ ਸਹਾਇਤਾ ਕਰਕੇ, ਅਮਰੀਕਾ ਦੀ ਸਰਕਾਰ ਅੰਗਰੇਜ਼ੀ ਵਿੱਚ ਸਮਰੱਥ ਸੰਸਾਰ ਵਿਕਸਤ ਕਰਨ ਵਿੱਚ ਮਦਦ ਕਰ ਸਕਦੀ ਹੈ, ਜਿਸ (ਸੰਸਾਰ) ਵਿੱਚ ਅਮਰੀਕਾ ਦੀਆਂ ਯੂਨੀਵਰਿਸਟੀਆਂ, ਵਪਾਰਕ ਅਦਾਰੇ ਅਤੇ ਹੋਰ ਸੰਸਥਾਂਵਾਂ ਪ੍ਰਫੁੱਲਤ ਹੋ ਸਕਦੀਆਂ ਹਨ ਅਤੇ ਅਮਰੀਕਾ ਦੇ ਹਿਤਾਂ ਨੂੰ ਅੱਗੇ ਲਿਜਾ ਸਕਦੀਆਂ ਹਨ।” ਇਸ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਅਮਰੀਕਾ ਦੀ ਸਰਕਾਰ ਦੁਨੀਆਂ ਵਿੱਚ ਅੰਗਰੇਜ਼ੀ ਦੇ ਪਸਾਰ ਨੂੰ ਅਮਰੀਕਾ ਦੇ ਹਿਤਾਂ ਵਿੱਚ ਸਮਝਦੀ वै।
ਇਹ ਏਜੰਸੀਆਂ ਅੰਗਰੇਜ਼ੀ ਦੀ ਤਰੱਕੀ ਲਈ ਕਈ ਖੇਤਰਾਂ ਵਿੱਚ ਕੰਮ ਕਰਦੀਆਂ ਹਨ। ਉਹ ਕਿਤਾਬਾਂ ਦਾਨ ਕਰਦੀਆਂ ਹਨ, ਕਿਤਾਬਾਂ ਨਿਰਯਾਤ ਕਰਨ ਲਈ ਸਬਸਿਡੀਆਂ ਦਿੰਦੀਆਂ ਹਨ, ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਲਾਇਬ੍ਰੇਰੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਖੋਲ੍ਹੇ ਆਪਣੇ ਸੈਂਟਰਾਂ ਰਾਹੀਂ ਅੰਗਰੇਜ਼ੀ ਦੀ ਪੜ੍ਹਾਈ ਕਰਵਾਉਂਦੀਆਂ ਹਨ। ਤੀਜੀ ਦੁਨੀਆਂ ਵਿੱਚ ਅਮਰੀਕਾ ਦੇ ਕਲਚਰਲ ਸੈਂਟਰਾਂ ਰਾਹੀਂ ਕਿੰਨੇ ਹੀ ਲੋਕ ਅੰਗਰੇਜ਼ੀ ਸਿੱਖਦੇ ਹਨ। ਕੈਨੇਡੀ ਪ੍ਰਸ਼ਾਸ਼ਨ ਵਿੱਚ ਐਜੂਕੇਸ਼ਨ ਐਂਡ ਕਲਚਰਲ ਅਫੇਅਰਜ਼ ਦੇ ਵਿਭਾਗ ਵਿੱਚ ਅਸਿਸਟੈਂਟ ਸੈਕਟਰੀ ਰਹਿ ਚੁੱਕੇ ਫਿਲਪ ਐਚ ਕੂੰਬਜ਼ ਦੇ ਅਨੁਸਾਰ, 1954-1960 ਦੇ ਵਿਚਕਾਰ ਤੀਜੀ ਦੁਨੀਆਂ ਵਿੱਚ ਇੱਕ ਲੱਖ ਸੱਠ ਹਜ਼ਾਰ ਦੇ ਲਗਭਗ ਲੋਕਾਂ ਨੇ “ਬਾਈਨੈਸ਼ਨਲ ਕਲਚਰਲ ਸੈਂਟਰਾਂ” ਵਿੱਚ ਅੰਗਰੇਜ਼ੀ ਸਿੱਖੀ ਸੀ। ਕਿਤਾਬਾਂ ਅਤੇ ਆਪਣੇ ਸੈਂਟਰਾਂ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਕਰਵਾਉਣ ਤੋਂ ਬਿਨ੍ਹਾਂ, ਯੂਨਾਇਟਿਡ ਸਟੇਟਸ ਇਨਫਰਮੇਸ਼ਨ ਏਜੰਸੀ ਨੇ ਅੰਗਰੇਜ਼ੀ ਸਿਖਾਉਣ ਲਈ ਅੰਗਰੇਜ਼ੀ ਪ੍ਰੋਗਰਾਮਾਂ ਦੀ ਵਰਤੋਂ ਕੀਤੀ ਸੀ। ਕੂੰਬਜ਼ ਅਨੁਸਾਰ, 1964 ਦੇ ਵਿਤੀ ਸਾਲ ਵਿੱਚ ਏਜੰਸੀ ਵੱਲੋਂ ਅੰਗਰੇਜ਼ੀ ਸਿਖਾਉਣ ਲਈ ਤਿਆਰ ਕੀਤੇ ਟੀ ਵੀ ਪ੍ਰੋਗਰਾਮ 37 ਦੇਸ਼ਾਂ ਦੇ 59 ਟੈਲੀਵਿਯਨ ਸਟੇਸ਼ਨਾਂ ਉੱਤੇ ਪ੍ਰਸਾਰਿਤ ਕੀਤੇ ਗਏ (ਕੂੰਬਜ਼, 60) । ਮੌਜੂਦਾ ਸਮੇਂ ਵਿੱਚ ਅਮਰੀਕੀ ਸਰਕਾਰ ਦੀ ਵਰਲਡਨੈੱਟ ਟੈਲੀਵਿਯਨ ਸਰਵਿਸ ਵੱਲੋਂ ਸਮੁੱਚੇ ਲਾਤੀਨੀ ਅਮਰੀਕਾ ਵਿੱਚ ਅੰਗਰੇਜ਼ੀ ਸਿਖਾਉਣ ਲਈ ਕਰੌਸਰੋਡਜ਼ ਕੈਫੇ ਨਾਂ ਦਾ ਇੱਕ ਟੈਲੀਵਿਯਨ ਪ੍ਰੋਗਰਾਮ ਸੈਟੇਲਾਈਟ ਉੱਪਰ ਪ੍ਰਸਾਰਿਤ ਕੀਤਾ ਜਾਂਦਾ ਹੈ । ਇਹ ਪ੍ਰੋਗਰਾਮ ਸਮੁੱਚੇ ਲਾਤੀਨੀ ਅਮਰੀਕਾ ਵਿੱਚ ਕੇਬਲ ਰਾਹੀਂ 35 ਲੱਖ ਘਰਾਂ ਵਿੱਚ ਦੇਖਿਆ ਜਾਂਦਾ ਹੈ।
ਫੋਰਡ ਅਤੇ ਰੌਕਫੈਲਰ ਵਰਗੀਆਂ ਨਿੱਜੀ ਫਾਉਂਡੇਸ਼ਨਾਂ ਵੀ ਅੰਗਰੇਜ਼ੀ ਬੋਲੀ ਦੀ ਤਰੱਕੀ ਲਈ ਸਹਾਇਤਾ ਕਰਦੀਆਂ ਰਹੀਆਂ ਹਨ। ਕਈ ਵਾਰੀ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਵਰਗੀਆਂ ਸੰਸਥਾਂਵਾਂ ਵੀ ਦੂਜੇ ਦੇਸ਼ਾਂ ਵਿੱਚ ਅੰਗਰੇਜ਼ੀ ਨੂੰ ਜ਼ਿਆਦਾ ਮਹੱਤਤਾ ਦੇਣ ਲਈ ਦਬਾਅ ਪਾਉਂਦੀਆਂ ਹਨ। ਫਿਲਪਸਨ ਅਨੁਸਾਰ ਫਿਲਪੀਨ ਦੀ ਨਿਰਯਾਤ ਮੁਖੀ ਸਨਅਤ ਯੁੱਧਨੀਤੀ ਦਾ ਸਬੰਧ ਅੰਗਰੇਜ਼ੀ ਨੂੰ ਮਜ਼ਬੂਤ ਕਰਨ ਨਾਲ ਰਿਹਾ ਹੈ। ਬੇਸ਼ੱਕ ਇਸ ਯੁੱਧਨੀਤੀ ਨਾਲ਼ ਅਮਰੀਕੀ ਨਵ-ਬਸਤੀਵਾਦੀ ਹਿਤਾਂ ਦੀ ਸੁਰੱਖਿਆ ਹੋਈ ਪਰ ਇਸ ਨਾਲ ਫਿਲਪੀਨ ਦੀ ਸਥਾਨਕ ਬੋਲੀ ਨੂੰ ਵੱਡਾ ਨੁਕਸਾਨ ਪੁੱਜਾ।
ਉਪਰਲੀ ਗੱਲਬਾਤ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਗਰੇਜ਼ੀ ਵੱਲੋਂ ਦੁਨੀਆਂ ਦੀ ਗ਼ਾਲਬ ਬੋਲੀ ਬਣਨ ਪਿੱਛੇ ਬਰਤਾਨੀਆ ਅਤੇ ਅਮਰੀਕਾ ਦੇ ਬਸਤੀਵਾਦ ਅਤੇ ਨਵਬਸਤੀਵਾਦ ਦਾ ਵੱਡਾ ਹੱਥ ਰਿਹਾ ਹੈ। ਇਥੇ ਇੱਕ ਗੱਲ ਇਹ ਵੀ ਯਾਦ ਰੱਖਣ ਵਾਲੀ ਹੈ ਤੀਜੀ ਦੁਨੀਆਂ ਦੇ ਕਈ ਦੇਸ਼ਾਂ ਦੇ ਸਥਾਨਕ ਵਸ਼ਿਸ਼ਟ ਵਰਗ ਨੇ ਆਪਣੇ ਮੁਲਕਾਂ ਵਿੱਚ ਅੰਗਰੇਜ਼ੀ ਦੀ ਸਰਦਾਰੀ ਸਥਾਪਤ ਕਰਨ ਵਿੱਚ ਹਿੱਸਾ ਪਾਇਆ ਹੈ ਅਤੇ ਇਹ ਵਰਗ ਅਜਿਹਾ ਅਜੇ ਵੀ ਕਰ ਰਿਹਾ ਹੈ। ਕਈ ਮੌਕਿਆਂ ਉੱਪਰ ਵਸ਼ਿਸ਼ਟ ਵਰਗ ਨੇ ਆਪਣੇ ਮੁਲਕਾਂ ਵਿੱਚ ਅੰਗਰੇਜ਼ੀ ਮਾਧਿਅਮ ਵਾਲੀਆਂ ਵਿਦਿਅਕ ਸੰਸਥਾਂਵਾਂ ਖੋਲ੍ਹਣ ਵਿੱਚ ਮੋਹਰੀ ਰੋਲ ਨਿਭਾਇਆ ਹੈ ਅਤੇ ਉਹ ਅਜਿਹਾ ਰੋਲ ਹੁਣ ਵੀ ਨਿਭਾ ਰਹੇ ਹਨ। ਤੀਜੀ ਦੁਨੀਆਂ ਦੇ ਵਸ਼ਿਸ਼ਟ ਵਰਗ ਨੇ ਅੰਗਰੇਜ਼ੀ ਬੋਲੀ ਦਾ ਸਮਰਥਨ ਇਸ ਲਈ ਕੀਤਾ ਕਿਉਂਕਿ ਅੰਗਰੇਜ਼ੀ ਉਹਨਾਂ ਦੀ ਤਾਕਤ, ਉੱਚ-ਦਰਜੇ ਅਤੇ ਵਿਸੇਸ਼ ਸੁਵਿਧਾਵਾਂ ਤੱਕ ਪਹੁੰਚ ਕਰਨ ਵਿੱਚ ਸਹਾਈ ਹੁੰਦੀ ਸੀ। ਬਸਤੀਵਾਦ ਦੇ ਖਾਤਮੇ ਬਾਅਦ, ਬਹੁਤ ਸਾਰੇ ਦੇਸ਼ਾਂ ਵਿੱਚ ਤਾਕਤ ਵਿੱਚ ਆਉਣ ਵਾਲ਼ੇ ਉਹ ਲੋਕ ਸਨ ਜੋ ਅੰਗਰੇਜ਼ੀ ਪੜੇ ਲਿਖੇ ਵਸ਼ਿਸ਼ਟ ਵਰਗ ਨਾਲ ਸਬੰਧਤ ਸਨ। ਅਤੇ ਬਹੁਤ ਸਾਰੇ ਕੇਸਾਂ ਵਿੱਚ ਇਹਨਾਂ ਨਵੇਂ ਹਾਕਮਾਂ ਨੇ ਉੱਤਰ-ਬਸਤੀਵਾਦ ਸਮੇਂ ਦੌਰਾਨ ਅੰਗਰੇਜ਼ੀ ਬੋਲੀ ਦੀ ਤਰੱਕੀ ਦਾ ਬਾਹਾਂ ਖੋਲ੍ਹ ਕੇ ਸਵਾਗਤ ਕੀਤਾ।
ਅੰਗਰੇਜ਼ੀ ਦੇ ਗ਼ਲਬੇ ਦਾ ਅੱਜ ਦੀ ਦੁਨੀਆਂ ਵਿੱਚ ਰੋਲ
ਦੁਨੀਆਂ ਵਿੱਚ ਅੰਗਰੇਜ਼ੀ ਦਾ ਗ਼ਲਬਾ ਗੈਰ-ਅੰਗਰੇਜ਼ੀ ਬੋਲਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਸਮਾਜਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਜੀਵਨ ਉੱਪਰ ਵੱਡਾ ਅਸਰ ਪਾ ਰਿਹਾ ਹੈ। ਇਹ ਉਹਨਾਂ ਦੇ ਗਿਆਨ ਪੈਦਾ ਕਰਨ ਅਤੇ ਗਿਆਨ ਨੂੰ ਸੰਭਾਲਣ ਦੇ ਢੰਗਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਸੰਸਾਰ ਪੱਧਰ ਉੱਪਰ ਅੰਗਰੇਜ਼ੀ ਦੇ ਗਲਬੇ ਨੇ ਪੱਛਮੀ ਦੇਸ਼ਾਂ ਅਤੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਵਿਚਕਾਰ ਗਿਆਨ ਦੀ ਵੰਡ ਦੇ ਸਬੰਧ ਵਿੱਚ ਅਸੰਤੁਲਨ ਪੈਦਾ ਕੀਤਾ ਹੋਇਆ ਹੈ। ਉਦਾਹਰਨ ਲਈ, ਦੁਨੀਆਂ ਦੇ ਦੋ ਤਿਹਾਈ ਵਿਗਿਆਨੀ ਅੰਗਰੇਜ਼ੀ ਵਿੱਚ ਪੜ੍ਹਦੇ ਹਨ (ਬ੍ਰਿਟਿਸ਼ ਕਾਉਂਸਿਲ ਵੇਬਸਾਈਟ, 1998)। ਨਤੀਜੇ ਵਜੋਂ ਬਹੁਗਿਣਤੀ ਵਿਗਿਆਨਕ ਪੇਪਰ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਹਨ। 1981 ਵਿੱਚ ਕੀਤੇ ਗਏ ਇੱਕ ਅਧਿਐਨ ਅਨੁਸਾਰ ਜੀਵ ਵਿਗਿਆਨ ਦੇ ਖੇਤਰ ਵਿੱਚ 85 ਫੀਸਦੀ, ਚਕਿਤਸਾ ਦੇ ਖੇਤਰ ਵਿੱਚ 73 ਫੀਸਦੀ, ਹਿਸਾਬ ਦੇ ਖੇਤਰ ਵਿੱਚ 69 ਫੀਸਦੀ ਅਤੇ ਰਸਾਇਣ ਵਿਗਿਆਨ ਦੇ ਖੇਤਰ ਵਿੱਚ 67 ਫੀਸਦੀ ਪੇਪਰ ਅੰਗਰੇਜ਼ੀ ਵਿੱਚ ਲਿਖੇ ਗਏ ਸਨ (ਕ੍ਰਿਸਟਲ :102)। ਅਗਲੇ ਡੇਢ ਦਹਾਕੇ ਵਿੱਚ ਇਸ ਅਸਾਂਵੇਪਣ ਵਿੱਚ ਵੱਡਾ ਵਾਧਾ ਹੋਇਆ । ਉਦਾਹਰਨ ਲਈ ਰਸਾਇਣ ਵਿਗਿਆਨ ਅਤੇ ਚਕਿਤਸਾ ਦੇ ਖੇਤਰ ਵਿੱਚ ਅੰਗਰੇਜ਼ੀ ਵਿੱਚ ਲਿਖੇ ਪੇਪਰਾਂ ਦੇ ਅਨੁਪਾਤ ਵਿੱਚ ਕ੍ਰਮਵਾਰ 30 ਤੋਂ 40 ਫੀਸਦੀ ਦਾ ਵਾਧਾ ਹੋਇਆ ਹੈ (ਕ੍ਰਿਸਟਲ :102)। ਸਮਾਜ ਵਿਗਿਆਨ ਵਿੱਚ ਵੀ ਹਾਲਾਤ ਇਸਤੋਂ ਵੱਖਰੇ ਨਹੀਂ ਹਨ। ਕੰਪੈਰੇਟਿਵ ਐਜੂਕੇਸ਼ਨ ਰੀਵੀਊ ਦੇ ਫਰਵਰੀ, 1997 ਦੀ ਸੰਪਾਦਕੀ ਵਿੱਚ ਲਿਖਿਆ ਹੈ “ਸਾਡੇ ਲੇਖਕਾਂ ਵਿੱਚੋਂ ਸਿਰਫ ਇੱਕ ਤਿਹਾਈ ਲੇਖਕ ਉੱਤਰੀ ਅਮਰੀਕਾ ਤੋਂ ਬਾਹਰ ਦੇ ਹਨ, ਅਤੇ ਸਿਰਫ ਇੱਕ ਚੌਥਾਈ ਉੱਤਰੀ ਅਮਰੀਕਾ ਅਤੇ ਯੂਰਪ ਤੋਂ ਬਾਹਰ ਦੇ ਹਨ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਦੁਨੀਆਂ ਦੇ ਕੁੱਝ ਹਿੱਸਿਆਂ ਖਾਸ ਤੌਰ ਉੱਤੇ ਅਰਬ ਦੇਸ਼ਾਂ, ਦੱਖਣੀ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਵਿਦਿਵਾਨਾਂ ਦੀ ਪ੍ਰਤੀਨਿਧਤਾ ਗੰਭੀਰ ਰੂਪ ਵਿੱਚ ਘੱਟ ਹੈ”(ਕ੍ਰਿਸਟਲ :2)। ਬਿਜਲਈ ਸੰਚਾਰ ਦੇ ਖੇਤਰ ਵਿੱਚ ਵੀ ਇਸ ਤਰ੍ਹਾਂ ਦੇ ਹੀ ਹਾਲਾਤ ਹਨ। ਉਦਾਹਰਨ ਲਈ, ਸੰਸਾਰ ਪੱਧਰ ਉੱਪਰ ਇਲੈਕਟਰੌਨਿਕ ਢੰਗ ਨਾਲ ਸਾਂਭੀ ਗਈ ਜਾਣਕਾਰੀ ਵਿੱਚੋਂ 80 ਫੀਸਦੀ ਅੰਗਰੇਜ਼ੀ ਵਿੱਚ ਹੈ। ਦੁਨੀਆਂ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਾਲ਼ੇ 4 ਕਰੋੜ ਦੇ ਲਗਭਗ ਲੋਕਾਂ ਵਿੱਚੋਂ 80 ਫੀਸਦੀ ਅੰਗਰੇਜ਼ੀ ਦੀ ਵਰਤੋਂ ਕਰਦੇ ਹਨ (ਬ੍ਰਿਟਿਸ਼ ਕਾਉਂਸਿਲ ਵੇਬਸਾਈਟ, 1998)।
ਗਿਆਨ ਦੀ ਵੰਡ ਵਿਚਲੇ ਇਸ ਅਸੰਤੁਲਨ ਕਾਰਨ ਤੀਜੀ ਦੁਨੀਆਂ ਦੇ ਦੇਸ਼ ਗਿਆਨ, ਤਕਨੌਲੋਜੀ, ਸਿਆਸੀ ਅਤੇ ਆਰਥਿਕ ਵਿਚਾਰਾਂ ਲਈ ਪੱਛਮੀ ਦੇਸ਼ਾਂ ਉੱਪਰ ਨਿਰਭਰ ਬਣੇ ਹੋਏ ਹਨ। ਜਦੋਂ ਵੀ ਕਦੇ ਨਵੇਂ ਵਿਚਾਰਾਂ ਅਤੇ ਕਾਢਾਂ ਦੀ ਲੋੜ ਪੈਂਦੀ ਹੈ ਤਾਂ ਅੰਗਰੇਜ਼ੀ ਵਿੱਚ ਪੜ੍ਹੇ ਹੋਏ ਤੀਜੀ ਦੁਨੀਆਂ ਦੇ ਆਗੂ ਅਤੇ ਬੁੱਧੀਜੀਵੀ ਅਗਵਾਈ ਲਈ ਪੱਛਮ ਵੱਲ ਦੇਖਦੇ ਹਨ। ਇਸ ਤਰ੍ਹਾਂ ਦਾ ਰਿਸ਼ਤਾ ਪੱਛਮ ਦੇ ਸਨਅਤੀ ਦੇਸ਼ਾਂ ਅਤੇ ਤੀਜੀ ਦੁਨੀਆਂ ਦੇ ਵਸ਼ਿਸ਼ਟ ਵਰਗ ਨਾਲ ਸਬੰਧਤ ਲੋਕਾਂ ਦੇ ਹਿਤਾਂ ਦੀ ਪੂਰਤੀ ਕਰਦਾ ਹੈ। ਬਹੁਤੇ ਕੇਸਾਂ ਵਿੱਚ ਬਾਹਰੋਂ ਹਾਸਲ ਕੀਤਾ ਗਿਆ ਗਿਆਨ ਅਤੇ ਤਕਨੌਲੋਜੀ ਸਥਾਨਕ ਲੋੜਾਂ ਦੀ ਪੂਰਤੀ ਅਤੇ ਸਥਾਨਕ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਯੋਗ ਨਹੀਂ ਹੁੰਦੀ। ਵਿਦਵਾਨ ਦੇਬੀ ਪਰਸੰਨਾ ਪਟਨਾਇਕ ਦੇ ਸ਼ਬਦਾਂ ਵਿੱਚ “ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਤਕਨੌਲੋਜੀ, ਵਿਗਿਆਨ ਅਤੇ ਸਮਾਜ ਦੇ ਪਰਸਪਰ ਅਦਾਨ ਪ੍ਰਦਾਨ ਤੋਂ ਪੈਦਾ ਹੁੰਦੀ ਹੈ। (ਪਰ) ਵਿਗਿਆਨ ਸਮਾਜ ਨਾਲ ਵਿਦੇਸ਼ੀ ਬੋਲੀ ਵਿੱਚ ਅਦਾਨ ਪ੍ਰਦਾਨ ਨਹੀਂ ਕਰ ਸਕਦੀ” (381-382)।
ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੀ ਇੱਕ ਵਸ਼ਿਸ਼ਟ ਜਮਾਤ ਪੈਦਾ ਹੋ ਗਈ ਹੈ। ਆਮ ਤੌਰ ਉੱਤੇ ਅੰਗਰੇਜ਼ੀ ਬੋਲਣ ਵਾਲ਼ੇ ਲੋਕਾਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਹਨ, ਉਹਨਾਂ ਦੀ ਤਾਕਤ ਦੇ ਗਲਿਆਰਿਆਂ ਤੱਕ ਪਹੁੰਚ ਬਣਦੀ ਹੈ ਅਤੇ ਉਹਨਾਂ ਨੂੰ ਸਮਾਜ ਵਿੱਚ ਉੱਚਾ ਰੁਤਬਾ ਮਿਲਦਾ ਹੈ। ਕਈ ਦੇਸ਼ਾਂ ਦੇ ਸ਼ਹਿਰੀ ਖੇਤਰਾਂ ਵਿੱਚ ਨੌਕਰੀਆਂ ਲੈਣ ਲਈ ਅੰਗਰੇਜ਼ੀ ਇੱਕ ਵੱਡੀ ਲੋੜ ਬਣਦੀ ਜਾ ਰਹੀ ਹੈ । ਭਾਰਤ ਵਿੱਚ ਅੰਗਰੇਜ਼ੀ ਬੋਲ ਸਕਣ ਵਾਲ਼ੇ ਅਤੇ ਅੰਗਰੇਜ਼ੀ ਨਾ ਬੋਲ ਸਕਣ ਵਾਲੇ ਲੋਕਾਂ ਵਿਚਕਾਰ ਇੱਕ ਵੱਡਾ ਪਾੜਾ ਪੈਦਾ ਹੋ ਗਿਆ ਹੈ। ਇਸ ਹਾਲਤ ਉੱਪਰ ਟਿੱਪਣੀ ਕਰਦਿਆਂ ਡਾ: ਪਟਨਾਇਕ ਕਹਿੰਦੇ ਹਨ:
ਅੰਗਰੇਜ਼ੀ ਨੇ ਅੰਗਰੇਜ਼ੀ ਨਾ ਜਾਣਨ ਵਾਲ਼ੇ 96-98 ਫੀਸਦੀ ਲੋਕਾਂ ਅਤੇ ਅੰਗਰੇਜ਼ੀ ਜਾਣਨ ਵਾਲ਼ੇ 2-4 ਫੀਸਦੀ ਲੋਕਾਂ ਵਿਚਕਾਰ ਵੱਡਾ ਪਾੜਾ ਪੈਦਾ ਕਰ ਦਿੱਤਾ ਹੈ। ਇਸ ਨਾਲ ਵੱਡੀ ਨਾਬਰਾਬਰੀ ਪੈਦਾ ਹੋ ਗਈ ਹੈ, ਕਿਉਂਕਿ 2-4 ਫੀਸਦੀ ਲੋਕਾਂ ਦੀ ਗਿਆਨ, ਜਾਣਕਾਰੀ, ਰੁਤਬੇ, ਇੱਜਤ-ਮਾਣ ਅਤੇ ਦੌਲਤ ਤੱਕ ਜ਼ਿਆਦਾ ਪਹੁੰਚ ਹੈ । ਪੜ੍ਹਾਈ ਦੇ ਖੇਤਰ ਵਿੱਚ ਦੂਜੀਆਂ ਭਾਸ਼ਾਵਾਂ ਦਾ ਬਦਲ ਬਣ ਕੇ ਇਹ (ਅੰਗਰੇਜ਼ੀ) ਸੱਭਿਆਚਾਰ ਤੋਂ ਬੇਗਾਨਗੀ ਅਤੇ ਸੱਭਿਆਚਾਰਕ ਬੋਧ ਵਿੱਚ ਹਨ੍ਹੇਰੇ ਖੂੰਜੇ ਪੈਦਾ ਕਰਦੀ ਹੈ ਅਤੇ ਸਿਰਜਣਸ਼ੀਲਤਾ ਅਤੇ ਨਵੀਆਂ ਕਾਢਾਂ ਕੱਢ ਸਕਣ ਦੀ ਸਮਰਥਾ ਦੇ ਰਾਹ ਵਿੱਚ ਰੋੜਾ ਬਣਦੀ ਹੈ (383)।
ਵਸ਼ਿਸ਼ਟ ਵਰਗ ਵੱਲੋਂ ਅੰਗਰੇਜ਼ੀ ਨੂੰ ਦਿੱਤੀ ਜਾਂਦੀ ਤਰਜ਼ੀਹ ਕਾਰਨ ਤੀਜੀ ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਮੀਡੀਆ ਅਤੇ ਸੱਭਿਆਚਾਰਕ ਸਨਅਤਾਂ ਵਿੱਚ ਅੰਗਰੇਜ਼ੀ ਅਤੇ ਦੂਜੀਆਂ ਬੋਲੀਆਂ ਵਰਤੇ ਜਾਂਦੇ ਵਸੀਲਿਆਂ ਵਿੱਚ ਅੰਤਾਂ ਦਾ ਅਸਾਂਵਾਂਪਣ ਪੈਦਾ ਹੋ ਗਿਆ ਹੈ। ਉਦਾਹਰਨ ਲਈ 1990ਵਿਆਂ ਦੇ ਅਖੀਰ ਵਿੱਚ ਹਿੰਦੁਸਤਾਨ ਵਿੱਚ ਅੰਗਰੇਜ਼ੀ ਵਿੱਚ ਚੰਗੀ ਮੁਹਾਰਤ ਰੱਖਣ ਵਾਲ਼ੇ ਲੋਕਾਂ ਦੀ ਗਿਣਤੀ 2-4 ਫੀਸਦੀ ਦੇ ਵਿਚਕਾਰ ਸੀ। ਪਰ ਉਸ ਸਮੇਂ ਹਿੰਦੁਸਤਾਨ ਵਿੱਚ ਛਪਣ ਵਾਲੀਆਂ ਕਿਤਾਬਾਂ, ਅਖਬਾਰਾਂ ਅਤੇ ਬੌਧਿਕ ਰਸਾਲਿਆਂ ਵਿੱਚੋਂ 50 ਫੀਸਦੀ ਤੋਂ ਵੱਧ ਅੰਗਰੇਜ਼ੀ ਵਿੱਚ ਛਪਦੇ ਸਨ। ਵਿਗਿਆਨਕ ਖੋਜ ਦੇ ਖੇਤਰ ਵਿੱਚ ਸਮੁੱਚਾ ਸੰਚਾਰ ਅੰਗਰੇਜ਼ੀ ਵਿੱਚ ਹੁੰਦਾ ਸੀ। (ਅਲਬਾਕ, 1984;ਵਾਰਧਾ; ਬੁਟਾਲੀਆ)। ਅਜਿਹੇ ਹਾਲਾਤ ਗਿਆਨ ਅਤੇ ਜਾਣਕਾਰੀ ਤੱਕ ਆਮ ਲੋਕਾਂ ਦੀ ਪਹੁੰਚ ਵਿੱਚ ਬਹੁਤ ਵੱਡੀ ਰੁਕਾਵਟ ਬਣਦੇ ਹਨ।
ਕਿਉਂਕਿ ਵਸ਼ਿਸ਼ਟ ਵਰਗ ਦੇ ਲੋਕਾਂ ਦੀ ਆਮ ਲੋਕਾਂ ਦੇ ਮੁਕਾਬਲੇ ਵੱਧ ਆਮਦਨ ਹੁੰਦੀ ਹੈ, ਇਸ ਲਈ ਇਹਨਾਂ ਲੋਕਾਂ ਦੀ ਲੋੜ ਪੂਰਤੀ ਕਰ ਰਹੇ ਅੰਗਰੇਜ਼ੀ ਮੀਡੀਆ ਨੂੰ ਦੂਜੀਆਂ ਬੋਲੀਆਂ ਦੇ ਮੀਡੀਆ ਨਾਲੋਂ ਜ਼ਿਆਦਾ ਇਸ਼ਤਿਹਾਰ ਮਿਲਦੇ ਹਨ। ਮਲੇਸ਼ੀਆ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਾਰੇ ਇੱਕ ਰਿਪੋਰਟ ਅਨੁਸਾਰ, ਬੇਸ਼ੱਕ ਬਹਾਸਾ ਬੋਲੀ ਦੇ ਅਖਬਾਰਾਂ ਅਤੇ ਰਸਾਲਿਆਂ ਦੀ ਵਿੱਕਰੀ ਅੰਗਰੇਜ਼ੀ ਦੇ ਅਖਬਾਰਾਂ ਰਸਾਲਿਆਂ ਦੀ ਵਿੱਕਰੀ ਨਾਲੋਂ ਦੁੱਗਣੀ- ਤਿੱਗਣੀ ਹੈ, ਫਿਰ ਵੀ ਉਹਨਾਂ ਨੂੰ ਇਸ਼ਤਿਹਾਰਾਂ ਤੋਂ ਅੰਗਰੇਜ਼ੀ ਦੀਆਂ ਅਖਬਾਰਾਂ ਨਾਲੋਂ ਕਿਤੇ ਘੱਟ ਆਮਦਨ ਹੁੰਦੀ ਹੈ (ਜੈਸੰਕਰਨ 24)। ਇਸ ਤਰ੍ਹਾਂ ਦੇ ਹਾਲਤ ਦੂਜੀਆਂ ਬੋਲੀਆਂ ਦੇ ਮੁਕਾਬਲੇ ਅੰਗਰੇਜ਼ੀ ਨੂੰ ਹੋਰ ਮਜ਼ਬੂਤ ਕਰਦੇ ਹਨ।
ਕਈ ਵਿਦਵਾਨਾਂ ਦਾ ਮੱਤ ਹੈ ਕਿ ਅੰਗਰੇਜ਼ੀ ਬੋਲੀ ਨੇ ਪੱਛਮੀ ਸਨਅਤੀ ਦੇਸ਼ਾਂ ਲਈ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਮੰਡੀਆਂ ਨੂੰ ਖੋਲ੍ਹਣ ਲਈ ਇੱਕ ਮਹੱਤਵਪੂਰਨ ਰੋਲ ਨਿਭਾਇਆ ਹੈ ਅਤੇ ਹੁਣ ਵੀ ਨਿਭਾ ਰਹੀ ਹੈ । ਪੈਨੀਕੁੱਕ ਅਨੁਸਾਰ, ਦੁਨੀਆਂ ਵਿੱਚ ਕੌਮਾਂਤਰੀ ਵਪਾਰ ਦਾ ਸੱਭਿਆਚਾਰ ਫੈਲਾ ਕੇ, ਤਕਨੀਕੀ ਸਟੈਂਡਰਡਾਇਜੇਸ਼ਨ ਦੀ ਬੋਲੀ ਬਣ ਕੇ, ਵਿਸ਼ਵ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਕੋਸ਼ ਵਰਗੀਆਂ ਕੌਮਾਂਤਰੀ ਸੰਸਥਾਂਵਾਂ ਦੀ ਬੋਲੀ ਬਣ ਕੇ ਅਤੇ ਦੁਨੀਆਂ ਦੀਆਂ ਚਾਰੇ ਦਿਸ਼ਾਵਾਂ ਤੱਕ ਖਪਤਵਾਦ ਦਾ ਸੁਨੇਹਾ ਪਹੁੰਚਾ ਕੇ ਅੰਗਰੇਜ਼ੀ “ ਕੌਮਾਂਤਰੀ ਸਰਮਾਏਦਾਰੀ” ਦੀ ਬੋਲੀ ਬਣ ਗਈ ਹੈ (ਪੈਨੀਕੁੱਕ :22)। ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਬਹੁਕੌਮੀ ਕਾਰਪੋਰੇਸ਼ਨਾਂ ਦੀ ਮਲਕੀਅਤ ਵਾਲੀਆਂ ਫੈਕਟਰੀਆਂ, ਪਲਾਂਟਾਂ, ਅਤੇ ਕਾਲ ਸੈਂਟਰਾਂ ਵਿੱਚ ਕੰਮ ਲੱਭਣ ਲਈ ਅੰਗਰੇਜ਼ੀ ਸਿੱਖਣਾ ਤੀਜੀ ਦੁਨੀਆਂ ਦੇ ਲੋਕਾਂ ਦੀ ਮਜ਼ਬੂਰੀ ਬਣ ਗਿਆ ਹੈ। ਜੇਮਜ਼ ਟੋਲਿਫਸਨ ਫਿਲਪੀਨ ਦੀ ਉਦਾਹਰਨ ਦੇ ਕੇ ਇਸ ਗੱਲ ਨੂੰ ਹੋਰ ਸਪਸ਼ਟ ਕਰਦਾ ਹੈ । ਉਸ ਦਾ ਦਾਅਵਾ ਹੈ ਕਿ 1970ਵਿਆਂ ਦੇ ਸ਼ੁਰੂ ਵਿੱਚ ਫਿਲਪੀਨ ਵਿੱਚ ਮਾਰਸ਼ਲ ਲਾਅ ਲੱਗਣ ਕਾਰਨ ਫਿਲਪੀਨ ਦੀ ਆਰਥਿਕਤਾ ਵਿੱਚ ਵੱਡੀ ਪੱਧਰ ਉੱਤੇ ਰੱਦੋਬਦਲ ਕੀਤੀ ਗਈ। ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਵਿਦੇਸ਼ੀ ਸਰਮਾਇਆ ਫਿਲਪੀਨ ਵਿੱਚ ਲਾਇਆ ਗਿਆ। ਨਤੀਜੇ ਵਜੋਂ, ਛੋਟਾ ਸਮਾਨ ਤਿਆਰ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਸਨਅਤਾਂ, ਅਸੰਬਲੀ ਪਲਾਂਟ ਅਤੇ ਖਪਤਕਾਰੀ ਵਸਤਾਂ ਬਣਾਉਣ ਵਾਲੀਆਂ ਫੈਕਟਰੀਆਂ ਫਿਲਪੀਨ ਵਿੱਚ ਲਾਈਆਂ ਗਈਆਂ। ਇਹਨਾਂ ਸਨਅਤਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਫਿਲਪੀਨ ਦੀ ਸਰਕਾਰ ਨੇ ਆਪਣੇ ਵਿਦਿਅਕ ਪ੍ਰਬੰਧ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ। ਇਹਨਾਂ ਪਾਲਸੀਆਂ ਦਾ ਇੱਕ ਮੁੱਦਾ ਸੀ, ਅੰਗਰੇਜ਼ੀ ਦੀ ਪੜ੍ਹਾਈ ਉੱਪਰ ਜ਼ੋਰ ਦੇਣਾ । ਜੇ ਅਸੀਂ ਪੰਜਾਬ ਦੀ ਪਿਛਲੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਦੇ ਐਲਾਨਾਂ ਨੂੰ ਵੀ ਇਸ ਉਦਾਹਰਨ ਨਾਲ ਜੋੜ ਕੇ ਦੇਖੀਏ ਤਾਂ ਕਈ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ। ਪੰਜਾਬ ਦੀਆਂ ਸਰਕਾਰਾਂ ਵੱਲੋਂ ਇੱਕ ਪਾਸੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਪੰਜਾਬ ਵਿੱਚ ਆਕੇ ਸਰਮਾਇਆ ਨਿਵੇਸ਼ ਲਈ ਸੱਦਾ ਦੇਣ ਅਤੇ ਦੂਸਰੇ ਪਾਸੇ ਅੰਗਰੇਜ਼ੀ ਦੀ ਪੜ੍ਹਾਈ ਉੱਤੇ ਜ਼ੋਰ ਦੇਣ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ।
ਇਸ ਸਮੇਂ ਦੁਨੀਆਂ ਦੀਆਂ ਕਈ ਬੋਲੀਆਂ ਮਰ ਰਹੀਆਂ ਹਨ। ਇਸ ਸਬੰਧ ਵਿੱਚ ਇੱਕ ਵਿਦਵਾਨ ਦੀ ਧਾਰਨਾ ਹੈ ਕਿ 21ਵੀਂ ਸਦੀ ਦੌਰਾਨ ਦੁਨੀਆਂ ਦੀਆਂ 6,000 ਬੋਲੀਆਂ ਵਿੱਚੋਂ 80 ਫੀਸਦੀ ਬੋਲੀਆਂ ਮਰ ਜਾਣਗੀਆਂ (ਕ੍ਰਿਸਟਲ :17)। ਬੇਸ਼ੱਕ ਅੰਗਰੇਜ਼ੀ ਦੀ ਸਰਦਾਰੀ ਨੂੰ ਮੁਕੰਮਲ ਤੌਰ ਉੱਤੇ ਇਹਨਾਂ ਬੋਲੀਆਂ ਦੀ ਮੌਤ ਦਾ ਕਾਰਨ ਨਿਰਧਾਰਤ ਕਰਨਾ ਪੂਰੀ ਤਰ੍ਹਾਂ ਠੀਕ ਨਹੀਂ, ਪਰ ਕਈ ਕੇਸਾਂ ਵਿੱਚ ਇਹ ਗੱਲ ਸਹੀ ਆਖੀ ਜਾ ਸਕਦੀ ਹੈ। ਉਦਾਹਰਨ ਲਈ, ਡੇਵਿਡ ਕਰਿਸਟਲ ਦਾ ਦਾਅਵਾ ਹੈ ਕਿ ਗੁਆਮ ਅਤੇ ਮੈਰੀਆਨਾਜ਼ ਵਿੱਚ ਅੰਗਰੇਜ਼ੀ ਦੀ ਸਰਦਾਰੀ ਉੱਥੋਂ ਦੀ ਸਥਾਨਕ ਬੋਲੀ ਚੈਮਾਰੋ ਦੀ ਮੌਤ ਦਾ ਕਾਰਨ ਬਣ ਰਹੀ ਹੈ। ਕਿਸੇ ਵੀ ਬੋਲੀ ਦੀ ਮੌਤ ਇੱਕ ਗੰਭੀਰ ਦੁਖਾਂਤ ਹੈ ਕਿਉਂਕਿ ਜਦੋਂ ਕੋਈ ਬੋਲੀ ਮਰਦੀ ਹੈ ਤਾਂ ਉਹ ਬੋਲੀ ਬੋਲਣ ਵਾਲ਼ੇ ਲੋਕਾਂ ਦੇ ਇਤਿਹਾਸ, ਮਿੱਥਾਂ, ਰਵਾਇਤਾਂ, ਸੱਭਿਆਚਾਰ ਅਤੇ ਦੁਨੀਆਂ ਨੂੰ ਦੇਖਣ ਦੇ ਨਜ਼ਰੀਏ ਦੀ ਮੌਤ ਹੁੰਦੀ ਹੈ।
ਜਿਹਨਾਂ ਕੇਸਾਂ ਵਿੱਚ ਅੰਗਰੇਜ਼ੀ ਦਾ ਗ਼ਲਬਾ ਦੂਜੀਆਂ ਬੋਲੀਆਂ ਦੀ ਮੌਤ ਦਾ ਕਾਰਨ ਨਹੀਂ ਬਣਦਾ, ਇਹ ਗੱਲ ਪੱਕੀ ਹੈ ਕਿ ਉਹਨਾਂ ਕੇਸਾਂ ਵਿੱਚ ਅੰਗਰੇਜ਼ੀ ਦਾ ਗ਼ਲਬਾ ਦੂਜੀਆਂ ਬੋਲੀਆਂ ਦੀ ਤਰੱਕੀ ਅੱਗੇ ਅੜਿੱਕਾ ਜ਼ਰੂਰ ਬਣਦਾ ਹੈ । ਉਦਾਹਰਨ ਲਈ ਕਈ ਦੇਸ਼ਾਂ ਵਿੱਚ ਬੋਲੀਆਂ ਵਿਚਕਾਰ ਦਰਜਾਬੰਦੀ ਸਥਾਪਤ ਹੋ ਚੁੱਕੀ ਹੈ, ਜਿੱਥੇ ਅੰਗਰੇਜ਼ੀ ਵਿਗਿਆਨ, ਵਣਜ- ਵਪਾਰ ਅਤੇ ਤਕਨੌਲੋਜੀ ਦੀ ਬੋਲੀ ਬਣ ਗਈ ਹੈ ਅਤੇ ਸਥਾਨਕ ਬੋਲੀਆਂ ਦੀ ਵਰਤੋਂ ਦੂਸਰੇ ਸਮਾਜਕ ਕਾਰਜਾਂ ਲਈ ਕੀਤੀ ਜਾਂਦੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਲਈ ਜ਼ਿਆਦੇ ਵਸੀਲੇ ਰਾਖਵੇਂ ਰੱਖੇ ਜਾਂਦੇ ਹਨ, ਜਿਸ ਨਾਲ ਦੂਜੀਆਂ ਬੋਲੀਆਂ ਦੀ ਤਰੱਕੀ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ। ਇਸ ਦੇ ਨਾਲ਼ ਹੀ ਜਦੋਂ ਕੋਈ ਸਥਾਨਕ ਬੋਲੀ ਵਿਗਿਆਨ, ਵਣਜ-ਵਪਾਰ ਅਤੇ ਤਕਨੌਲੌਜੀ ਵਿੱਚ ਨਹੀਂ ਵਰਤੀ ਜਾਂਦੀ, ਤਾਂ ਉਹ ਬੋਲੀ ਇਹਨਾਂ ਵਿਸ਼ਿਆਂ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਵਿਕਸਤ ਨਹੀਂ ਕਰ ਸਕਦੀ। ਜਦੋਂ ਇਹ ਹੋ ਜਾਂਦਾ ਹੈ ਤਾਂ ਅੰਗਰੇਜ਼ੀ ਬੋਲੀ ਦੇ ਹਮਾਇਤੀ ਇਹ ਦਾਅਵਾ ਕਰਦੇ ਹਨ ਕਿ ਸਥਾਨਕ ਬੋਲੀ ਇਹਨਾਂ ਵਿਸ਼ਿਆਂ ਨਾਲ ਨਜਿੱਠਣ ਦੇ ਕਾਬਲ ਨਹੀਂ ਅਤੇ ਇਸ ਲਈ ਇਹਨਾਂ ਵਿਸ਼ਿਆਂ ਬਾਰੇ ਪੜ੍ਹਾਈ ਅਤੇ ਗਿਆਨ ਦਾ ਅਦਾਨ ਪ੍ਰਦਾਨ ਅੰਗਰੇਜ਼ੀ ਵਿੱਚ ਹੋਣਾ ਚਾਹੀਦਾ ਹੈ । ਪੈਨੀਕੁੱਕ ਦੇ ਅਨੁਸਾਰ, ਇਸ ਸਮੇਂ ਹਾਂਗਕਾਂਗ ਵਿੱਚ ਕੈਂਟਨੀਜ਼ (ਇੱਕ ਚੀਨੀ ਭਾਸ਼ਾ) ਇਸ ਸਥਿਤੀ ਦਾ ਸਾਹਮਣਾ ਕਰ ਰਹੀ ਹੈ।
ਅੰਗਰੇਜ਼ੀ ਦੀ ਸਰਦਾਰੀ ਤੀਜੀ ਦੁਨੀਆਂ ਦੇ ਕਈ ਦੇਸ਼ਾਂ ਦੇ ਗਿਆਨ ਨੂੰ ਨਕਾਰਦੀ ਹੈ ਅਤੇ ਪੱਛਮੀ ਗਿਆਨ ਨੂੰ ਥਾਪਨਾ ਦਿੰਦੀ ਹੈ। ਅਜਿਹਾ ਕਈ ਤਰ੍ਹਾਂ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ‘ਅਨਪੜ੍ਹਤਾ’ ਪੈਦਾ ਕਰਦੀ ਹੈ । ਇਸ ਗੱਲ ਨੂੰ ਸਪਸ਼ਟ ਕਰਨ ਲਈ ਫਿਲਪਸਨ, ਆਕਸਫੋਰਡ ਡਿਕਸ਼ਨਰੀ ਦੇ ਸੰਪਾਦਕ ਬਰਚਫੀਲਡ ਦਾ ਹਵਾਲਾ ਦਿੰਦਾ ਹੈ। ਬਰਚਫੀਲਡ ਅਨੁਸਾਰ,
ਅੰਗਰੇਜ਼ੀ ਉਸ ਪੱਧਰ ਤੱਕ ਸੰਪਰਕ ਭਾਸ਼ਾ ਬਣ ਗਈ ਹੈ, ਕਿ ਇੱਕ ਪੜ੍ਹਿਆ ਲਿਖਿਆ ਵਿਅਕਤੀ ਸਹੀ ਮਾਅਨਿਆਂ ਵਿੱਚ ਇੱਕ ਵਾਂਝਾ ਵਿਅਕਤੀ ਹੈ ਜੇ ਉਹ ਅੰਗਰੇਜ਼ੀ ਨਹੀਂ ਜਾਣਦਾ । ਗਰੀਬੀ, ਕਾਲ ਅਤੇ ਬੀਮਾਰੀ ਨੂੰ ਸਪਸ਼ਟ ਰੂਪ ਵਿੱਚ ਜ਼ਾਲਮਾਨਾ ਅਤੇ ਮੁਆਫ ਨਾ ਕੀਤੇ ਜਾ ਸਕਣ ਵਾਲ਼ਾ ਵਾਂਝਾਪਣ ਸਮਝਿਆ ਜਾਂਦਾ ਹੈ । ਬੋਲੀ ਅਧਾਰਿਤ ਵਾਂਝੇਪਣੇ ਨੂੰ ਏਨੀ ਸੌਖੀ ਤਰ੍ਹਾਂ ਨਹੀਂ ਪਹਿਚਾਣਿਆ ਜਾਂਦਾ, ਪਰ ਇਸਦੇ ਨਤੀਜੇ ਬਹੁਤ ਗੰਭੀਰ ਹਨ। (5)
ਉੱਪਰਲੀ ਟਿੱਪਣੀ ਦੇ ਮੱਦੇਨਜ਼ਰ ਅੰਗਰੇਜ਼ੀ ਨਾ ਸਮਝਣ ਵਾਲ਼ੇ ਵਿਅਕਤੀ ਨੂੰ ਅਨਪੜ੍ਹ ਵਿਅਕਤੀ ਸਮਝਿਆ ਜਾਵੇਗਾ, ਬੇਸ਼ੱਕ ਉਹ ਦੂਜੀਆਂ ਬੋਲੀਆਂ ਦਾ ਜਿੰਨਾ ਵੀ ਵੱਡਾ ਗਿਆਤਾ ਹੋਵੇ। ਮਾਇਕਲ ਵੈਟਕਿਓਟਿਸ ਮਲੇਸ਼ੀਆ ਦੀ ਉਦਾਹਰਨ ਦੇ ਕੇ ਇਸ ਗੱਲ ਨੂੰ ਸਪਸ਼ਟ ਕਰਦਾ ਹੈ । ਉਸਦਾ ਕਹਿਣਾ ਹੈ ਕਿ ਮਲੇਸ਼ੀਆ ਦੀਆਂ ਸਥਾਨਕ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਂਵਾਂ ਵਿੱਚ ਪੜ੍ਹੇ ਹੋਏ ਲੋਕ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋਏ ਲੋਕਾਂ ਜਿੰਨੀ ਚੰਗੀ ਅੰਗਰੇਜ਼ੀ ਨਹੀਂ ਬੋਲ ਸਕਦੇ। ਨਤੀਜੇ ਵਜੋਂ ਕੰਮ-ਮਾਲਕ ਇਹ ਸਮਝਦੇ ਹਨ ਕਿ ਸਥਾਨਕ ਪੜ੍ਹੇ ਲਿਖੇ ਲੋਕ ਵਿਦੇਸ਼ਾਂ ਵਿੱਚੋਂ ਪੜ੍ਹ ਕੇ ਆਏ ਲੋਕਾਂ ਦੇ ਮੁਕਾਬਲੇ ਘੱਟ ਹੁਸ਼ਿਆਰ ਹਨ। ਸਥਾਨਕ ਗਿਆਨ ਨੂੰ ਨਕਾਰਨ ਦਾ ਇੱਕ ਹੋਰ ਢੰਗ ਇਹ ਹੈ ਕਿ ਅੰਗਰੇਜ਼ੀ ਪੜ੍ਹਨਾ ਇੱਕ ਅਗਾਂਹਵਧੂ ਕਦਮ ਸਮਝਿਆ ਜਾਂਦਾ ਹੈ ਅਤੇ ਸਥਾਨਕ ਭਾਸ਼ਾ ਪੜ੍ਹਨਾ ਇੱਕ ਪਿਛਾਂਹ-ਖਿੱਚੂ ਕਦਮ । ਇਹ ਮੰਨਿਆ ਜਾਂਦਾ ਹੈ ਕਿ ਸਥਾਨਕ ਬੋਲੀਆਂ ਦੀ ਪੜ੍ਹਾਈ ਆਧੁਨਿਕ ਗਿਆਨ ਦੀ ਥਾਂ ਪਰੰਪਰਾਗਤ ਗਿਆਨ, ਤਰਕਸ਼ੀਲਤਾ ਦੀ ਥਾਂ ਵਹਿਮੀ ਅਤੇ ਭਰਮੀ ਨਜ਼ਰੀਆ ਮੁਹੱਈਆ ਕਰਦੀ ਹੈ ਅਤੇ ਏਕਤਾ ਦੀ ਥਾਂ ਵੰਡੀਆਂ ਪਾਉਣ ਦਾ ਕਾਰਨ ਬਣਦੀ ਹੈ। (ਫਿਲਿਪਸਨ :284)।
ਇਸ ਦੇ ਨਾਲ ਹੀ ਗੈਰ-ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੇ ਮਸਲੇ, ਸਰੋਕਾਰ, ਦੁੱਖ ਅਤੇ ਦਰਦ ਵਿਸ਼ਵ ਪੱਧਰ ਉੱਪਰ ਕੇਂਦਰੀ ਥਾਂ ਤਾਂ ਹੀ ਹਾਸਲ ਕਰਦੇ ਹਨ, ਜੇ ਉਹ ਅੰਗਰੇਜ਼ੀ ਵਿੱਚ ਪ੍ਰਗਟ ਕੀਤੇ ਜਾਣ। ਸ਼ਾਇਦ ਇਸੇ ਕਰਕੇ ਹੀ ਗੈਰ-ਅੰਗਰੇਜ਼ੀ ਬੋਲਣ ਵਾਲ਼ੇ ਦੇਸ਼ਾਂ ਵਿੱਚ ਨਾਬਰਾਬਰੀ ਅਤੇ ਬੇਇਨਸਾਫੀ ਵਿਰੁੱਧ ਮੁਜ਼ਾਹਰੇ ਕਰ ਰਹੇ ਲੋਕਾਂ ਨੇ ਆਪਣੇ ਹੱਥਾਂ ਵਿੱਚ ਅੰਗਰੇਜ਼ੀ ਵਿੱਚ ਲਿਖੇ ਫੱਟੇ ਚੁੱਕੇ ਹੁੰਦੇ ਹਨ। ਅਜਿਹਾ ਕਰਦੇ ਵਕਤ ਉਹਨਾਂ ਦੇ ਮਨਾਂ ਵਿੱਚ ਆਪਣੀ ਬੋਲੀ ਦੇ ਹੀਣੀ ਹੋਣ ਬਾਰੇ ਜ਼ਰੂਰ ਵਿਚਾਰ ਆਉਂਦੇ ਹੋਣਗੇ ਕਿਉਂਕਿ ਉਹਨਾਂ ਦੀ ਬੋਲੀ ਉਹਨਾਂ ਦੇ ਦੁੱਖ, ਦਰਦ ਅਤੇ ਰੋਸ ਦਾ ਸੁਨੇਹਾ ਵਿਸ਼ਵ ਪੱਧਰ ਉੱਪਰ ਪਹੁੰਚਾਉਣ ਤੋਂ ਅਸਮਰੱਥ ਹੁੰਦੀ ਹੈ। ਅੰਗਰੇਜ਼ੀ ਦੇ ਗ਼ਲਬੇ ਵਾਲ਼ੇ ਵਿਸ਼ਵ ਮੀਡੀਏ ਵਿੱਚ ਉਹਨਾਂ ਲੋਕਾਂ ਦੇ ਦੁੱਖ ਦਰਦ ਦੀ ਕਹਾਣੀ ਤਰਜ਼ੀਹ ਲੈਂਦੀ ਹੈ ਜੋ ਕੁੱਝ ਹੱਦ ਤੱਕ ਅੰਗਰੇਜ਼ੀ ਬੋਲ ਸਕਦੇ ਹੋਣ। ਇਸ ਸਬੰਧ ਵਿੱਚ ਪੈਨੀਕੁੱਕ ਦੀ ਕਿਤਾਬ ਵਿੱਚ ਦਿੱਤੀਆਂ ਦੋ ਕਹਾਣੀਆਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇੱਕ ਕਹਾਣੀ ਉਸ ਸਮੇਂ ਦੀ ਹੈ ਜਦੋਂ ਜ਼ਾਇਰ ਅਜ਼ਾਦ ਹੋਇਆ ਸੀ ਅਤੇ ਉੱਥੋਂ ਬੈਲਜੀਅਮ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ। ਇਸ ਸਮੇਂ ਬੀ ਬੀ ਸੀ ਦਾ ਇੱਕ ਰੀਪੋਰਟਰ ਇੱਕ ਭੀੜ ਵਿੱਚ ਦਾਖਲ ਹੋਇਆ ਅਤੇ ਅੰਗਰੇਜ਼ੀ ਵਿੱਚ ਬੋਲਿਆ, “ਕੋਈ ਹੈ, ਜਿਸ ਦਾ ਬਲਾਤਕਾਰ ਹੋਇਆ ਹੈ, ਅਤੇ ਜੋ ਅੰਗਰੇਜ਼ੀ ਵੀ ਬੋਲ ਸਕਦੀ ਹੈ”। ਦੂਸਰੀ ਕਹਾਣੀ ਬੌਸਨੀਆ ਦੇ ਸੰਕਟ ਸਬੰਧੀ ਹੈ। ਇਸ ਕਹਾਣੀ ਅਨੁਸਾਰ, ਬੌਸਨੀਆ ਦੀ ਜੰਗ ਸਮੇਂ, ਉੱਥੋਂ ਦਾ ਸ਼ਹਿਰ ਜ਼ਗਰੇਵ ਵਿਦੇਸ਼ੀ ਪੱਤਰਕਾਰਾਂ ਨਾਲ ਭਰਿਆ ਪਿਆ ਸੀ ਅਤੇ ਇਹ ਪੱਤਰਕਾਰ ਸ਼ਰਨਾਰਥੀ ਕੈਂਪਾਂ ਵਿੱਚ ਜਾ ਕੇ ਉਪਰਲੀ ਕਹਾਣੀ ਵਿੱਚ ਵਰਤੇ ਵਾਕ ਵਰਗੇ ਵਾਕ ਹੀ ਦੁਹਰਾਉਂਦੇ ਸਨ, “ ਕੋਈ ਹੈ, ਜਿਸਦਾ ਬਲਾਤਕਾਰ ਹੋਇਆ ਹੈ, ਅਤੇ ਜੋ ਅੰਗਰੇਜ਼ੀ ਵੀ ਬੋਲ ਸਕਦੀ ਹੈ” (3)। ਸਪਸ਼ਟ ਹੈ ਕਿ ਇਹਨਾਂ ਸਥਿਤੀਆਂ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਈ ਪਰ ਅੰਗਰੇਜ਼ੀ ਨਾ ਬੋਲ ਸਕਣ ਵਾਲੀ ਔਰਤ ਦੀ ਦਰਦ ਕਹਾਣੀ ਵਿੱਚ ਕੌਮਾਂਤਰੀ ਮੀਡੀਏ ਨੂੰ ਕੋਈ ਦਿਲਚਸਪੀ ਨਹੀਂ ਸੀ।
ਇਸ ਸਬੰਧ ਵਿੱਚ ਇੱਕ ਹੋਰ ਉਦਾਹਰਨ ਮੌਜੂਦਾ ਇਰਾਕ ਦੀ ਦੇਖੀ ਜਾ ਸਕਦੀ ਹੈ। ਜਦੋਂ ਤੋਂ ਇਰਾਕ ਦੀ ਜੰਗ ਲੱਗੀ ਹੈ, ਤਕਰੀਬਨ ਹਰ ਰੋਜ਼ ਉੱਥੋਂ ਦੀਆਂ ਖਬਰਾਂ ਦੁਨੀਆਂ ਭਰ ਦੀਆਂ ਟੀ ਵੀ ਸਕਰੀਨਾਂ ਉੱਤੇ ਦਿਖਾਈਆਂ ਜਾਂਦੀਆਂ ਹਨ। ਇਹਨਾਂ ਖਬਰਾਂ ਦਾ ਆਮ ਪੈਟਰਨ ਕੁੱਝ ਇਸ ਤਰ੍ਹਾਂ ਦਾ ਹੈ। ਖਬਰ ਵਿੱਚ ਰੀਪੋਰਟਰ ਦੀ ਵਾਰਤਾਲਾਪ ਨਾਲ ਇਰਾਕ ਵਿੱਚ ਵਾਪਰੀ ਘਟਨਾ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ ਅਤੇ ਫਿਰ ਕਿਸੇ ਅਮਰੀਕੀ ਜਾਂ ਬਰਤਾਨਵੀ ਫੌਜੀ ਦਾ ਘਟਨਾ ਬਾਰੇ ਪ੍ਰਤੀਕਰਮ ਦਿਖਾਇਆ ਜਾਂਦਾ ਹੈ। ਵਿਰਲੀ ਟਾਂਵੀ ਵਾਰੀ ਹੀ ਕਿਸੇ ਇਰਾਕੀ ਦਾ ਇਹਨਾਂ ਘਟਨਾਵਾਂ ਬਾਰੇ ਪ੍ਰਤੀਕਰਮ ਦਿਖਾਇਆ ਜਾਂਦਾ ਹੈ। ਅਜਿਹਾ ਹੋਣ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਬਹੁਗਿਣਤੀ ਇਰਾਕੀ ਲੋਕ ਆਪਣਾ ਪ੍ਰਤੀਕਰਮ ਅੰਗਰੇਜ਼ੀ ਵਿੱਚ ਨਹੀਂ ਦੇ ਸਕਦੇ ਪਰ ਵੱਡੀਆਂ ਮੀਡੀਆ ਸੰਸਥਾਂਵਾਂ ਦੀ ਦਿਲਚਸਪੀ ਅੰਗਰੇਜ਼ੀ ਦੇ ਪ੍ਰਤੀਕਰਮ ਲੈਣ ਵਿੱਚ ਹੈ। ਇਸ ਸਭ ਦਾ ਨਤੀਜਾ ਇਹ ਨਿੱਕਲ ਰਿਹਾ ਹੈ ਕਿ ਸਾਨੂੰ ਇਰਾਕ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਅੰਗਰੇਜ਼ੀ ਬੋਲਣ ਵਾਲ਼ੇ ਅਮਰੀਕੀ ਜਾਂ ਬਰਤਾਨਵੀ ਫੌਜੀਆਂ ਦਾ ਪ੍ਰਤੀਕਰਮ ਤਾਂ ਮਿਲ ਰਿਹਾ ਹੈ ਪਰ ਇਰਾਕ ਦੇ ਲੋਕਾਂ ਦਾ ਨਹੀਂ । ਸੰਸਾਰ ਪੱਧਰ ਦੇ ਮੀਡੀਆ ਉੱਪਰ ਅੰਗਰੇਜ਼ੀ ਦਾ ਗ਼ਲਬਾ ਹੋਣ ਕਾਰਨ ਇਰਾਕੀ ਲੋਕ ਇੱਕ ਕਿਸਮ ਦੇ ਗੂੰਗੇ ਬਣ ਕੇ ਰਹਿ ਗਏ ਹਨ।
ਦੁਨੀਆਂ ਵਿੱਚ ਅੰਗਰੇਜ਼ੀ ਦੇ ਗ਼ਲਬੇ ਦਾ ਦੁਨੀਆਂ ਵਿੱਚ ਅੰਗਰੇਜ਼ੀ (ਅਮਰੀਕਨ ਅਤੇ ਬਰਤਾਨਵੀ) ਸੱਭਿਆਚਾਰ ਦੇ ਗ਼ਲਬੇ ਨਾਲ ਸਿੱਧਾ ਸਬੰਧ ਹੈ। ਭਾਸ਼ਾ ਸਿਰਫ ਸੰਚਾਰ ਦਾ ਇੱਕ ਸਾਧਨ ਹੀ ਨਹੀਂ ਹੁੰਦੀ ਸਗੋਂ ਉਸ ਵਿੱਚ ਉਸ ਨੂੰ ਬੋਲਣ ਵਾਲ਼ੇ ਲੋਕਾਂ ਦੀਆਂ ਖਾਸ ਕਦਰਾਂ ਕੀਮਤਾਂ, ਵਿਚਾਰ, ਰਵਾਇਤਾਂ, ਇਤਿਹਾਸ, ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਅਤੇ ਜੀਉਣ ਦਾ ਢੰਗ ਸਿਮਟਿਆ ਹੁੰਦਾ ਹੈ । ਇਸ ਲਈ ਬੋਲੀ ਦਾ ਸੱਭਿਆਚਾਰ ਨੂੰ ਹਾਸਲ ਕਰਨ, ਉਸ ਨੂੰ ਕਾਇਮ ਰੱਖਣ ਅਤੇ ਉਸਦਾ ਦੂਸਰਿਆਂ ਤੱਕ ਸੰਚਾਰ ਕਰਨ ਵਿੱਚ ਇੱਕ ਵੱਡਾ ਹੱਥ ਹੁੰਦਾ ਹੈ। ਅਲਜੀਰੀਅਨ ਲੇਖਕ ਫਰਾਂਜ਼ ਫੈਨਨਜ਼ ਦੇ ਸ਼ਬਦਾਂ ਵਿੱਚ, “ਬੋਲ ਸਕਣ ਦਾ ਅਰਥ ਕਿਸੇ ਖਾਸ ਵਾਕ ਰਚਨਾ ਨੂੰ ਵਰਤ ਸਕਣ, ਕਿਸੇ ਭਾਸ਼ਾ ਦੇ ਰੂਪ ਵਿਗਿਆਨ ਨੂੰ ਸਮਝ ਸਕਣ ਦੀ ਸਥਿਤੀ ਵਿੱਚ ਹੋਣਾ ਹੁੰਦਾ ਹੈ, ਪਰ ਇਸ ਦਾ ਸਭ ਤੋਂ ਵੱਡਾ ਅਰਥ ਕਿਸੇ ਸੱਭਿਆਚਾਰ ਨੂੰ ਧਾਰਣ ਕਰਨਾ (ਅਤੇ) ਕਿਸੇ ਸੱਭਿਅਤਾ ਦੇ ਭਾਰ ਨੂੰ ਮੋਢਾ ਦੇਣਾ ਹੁੰਦਾ ਹੈ” (17-18)। ਉਹ ਅਗਾਂਹ ਲਿਖਦਾ ਹੈ, “ਬੋਲੀ ਵਾਲ਼ਾ ਇਨਸਾਨ ਉਸ ਬੋਲੀ ਰਾਹੀਂ ਪ੍ਰਗਟਾਈ ਅਤੇ ਦਰਸਾਈ ਦੁਨੀਆਂ ਦਾ ਮਾਲਕ ਹੁੰਦਾ ਹੈ” (18)। ਇਸ ਧਾਰਨਾ ਦੇ ਅਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਭਰ ਵਿੱਚ ਅੰਗਰੇਜ਼ੀ ਦਾ ਪਸਾਰਾ ਦੁਨੀਆਂ ਭਰ ਵਿੱਚ ਅਮਰੀਕਨ ਅਤੇ ਬਰਤਾਨਵੀ ਸੱਭਿਆਚਾਰ ਦੇ ਪਸਾਰ ਲਈ ਸਹਾਇਕ ਰੋਲ ਨਿਭਾ ਰਿਹਾ ਹੈ ਅਤੇ ਦੂਸਰੀਆਂ ਬੋਲੀਆਂ ਦੇ ਉਜਾੜੇ ਜਾਂ ਮੌਤ ਦਾ ਕਾਰਨ ਬਣ ਰਿਹਾ ਹੈ। ਦੁਨੀਆ ਵਿੱਚ ਬੋਲੀਆਂ ਦਾ ਉਜਾੜਾ ਜਾਂ ਮੌਤ ਦੁਨੀਆਂ ਵਿੱਚ ਸੱਭਿਆਚਾਰਾਂ ਦੇ ਉਜਾੜੇ ਜਾਂ ਮੌਤ ਦੇ ਬਰਾਬਰ ਹੈ। ਬੋਲੀਆਂ ਦੇ ਉਜਾੜੇ ਜਾਂ ਮੌਤ ਨੂੰ ਹੇਠਲੀ ਕਵਿਤਾ ਬਹੁਤ ਹੀ ਦਰਦਮਈ ਢੰਗ ਨਾਲ ਬਿਆਨ ਕਰਦੀ ਹੈ:
ਉਸ ਨੂੰ ਸਿਰਫ ਗੀਤਾਂ ਅਤੇ ਢੋਲਕ ਦੀ ਥਾਪ ਦੇ ਕੁੱਝ ਟੁਕੜੇ ਹੀ ਯਾਦ ਸਨ
ਇਸ ਲਈ ਉਸਨੇ ਮੇਰੇ ਨਾਲ
ਹਰਾਮਦੀ ਬੋਲੀ ਵਿੱਚ ਗੱਲ ਕੀਤੀ
ਜੋ ਬੰਦੂਕਾਂ ਦੀ ਚੁੱਪ ਉੱਤੋਂ ਦੀ ਤੁਰ ਕੇ ਆਈ ਸੀ।
ਬਹੁਤ ਲੰਮਾਂ ਸਮਾਂ ਬੀਤ ਗਿਆ ਹੈ
ਜਦੋਂ ਉਹ ਪਹਿਲੀ ਵਾਰ ਆਏ ਸਨ
ਅਤੇ ਉਹਨਾਂ ਪਿੰਡ ਵਿੱਚ ਦੀ ਮਾਰਚ ਕੀਤਾ ਸੀ
ਉਹਨਾਂ ਨੇ ਮੈਨੂੰ ਮੇਰਾ ਆਪਣਾ ਵਿਰਸਾ ਭੁੱਲਣਾ
ਅਤੇ ਭਵਿੱਖ ਵਿੱਚ ਉਹਨਾਂ ਦੀ ਪਰਛਾਈਂ ਵਾਂਗ ਰਹਿਣਾ ਸਿਖਾਇਆ
ਸਮੂਹਗਾਨ: ਉਹਨਾਂ ਕਿਹਾ ਮੈਨੂੰ ਥੋੜੀ ਜਿਹੀ
ਅੰਗਰੇਜ਼ੀ ਬੋਲਣੀ ਸਿੱਖਣੀ ਚਾਹੀਦੀ ਹੈ
ਮੈਨੂੰ ਸੂਟ ਅਤੇ ਟਾਈ ਤੋਂ ਡਰਨਾ ਨਹੀਂ ਚਾਹੀਦਾ
ਮੈਨੂੰ ਵਿਦੇਸ਼ੀਆਂ ਦੇ ਸੁਪਨਿਆਂ ਵਿੱਚ ਤੁਰਨਾ ਚਾਹੀਦਾ ਹੈ
– ਮੈਂ ਇੱਕ ਤੀਜੀ ਦੁਨੀਆਂ ਦਾ ਬੱਚਾ ਹਾਂ । (ਪੈਨੀਕੁੱਕ ਦੁਆਰਾ ਹਵਾਲਾ :2)
ਜਦੋਂ ਕਿਸੇ ਕੌਮ ਦੇ ਸੱਭਿਆਚਾਰ ਉੱਪਰ ਵਿਦੇਸ਼ੀ ਸੱਭਿਆਚਾਰ ਦਾ ਗ਼ਲਬਾ ਹੁੰਦਾ ਹੈ, ਉਸ ਸਮੇਂ ਵਿਦੇਸ਼ੀ ਸੱਭਿਆਚਾਰ ਦੇ ਵਿਚਾਰ ਅਤੇ ਕਦਰਾਂ ਕੀਮਤਾਂ ਵੀ ਉਸ ਕੌਮ ਦੇ ਦਿਮਾਗਾਂ ਉੱਪਰ ਹਾਵੀ ਹੁੰਦੀਆਂ ਹਨ। ਸੱਭਿਆਚਾਰ ਉੱਪਰ ਗ਼ਾਲਬ ਹੋ ਕੇ ਗ਼ਲਬਾ ਪਾਉਣ ਵਾਲਾ ਆਪਣੇ ਅਧੀਨ ਲੋਕਾਂ ਉੱਪਰ ਸੰਪੂਰਨ ਕੰਟਰੋਲ ਕਰਨ ਵਿੱਚ ਕਾਮਯਾਬ ਹੁੰਦਾ ਹੈ। ਅਫਰੀਕਨ ਲੇਖਕ ਨਗੂਗੀ ਵਾ ਥਿਔਂਗੋ ਦੇ ਸ਼ਬਦਾਂ ਵਿੱਚ:
ਆਰਥਿਕ ਅਤੇ ਸਿਆਸੀ ਕੰਟਰੋਲ ਦਿਮਾਗੀ ਕੰਟਰੋਲ ਤੋਂ ਬਿਨਾਂ ਕਦੇ ਵੀ ਸੰਪੂਰਨ ਜਾਂ ਕਾਰਗਰ ਨਹੀਂ ਹੁੰਦਾ। ਇੱਕ ਲੋਕ ਸਮੂਹ ਦੇ ਸੱਭਿਆਚਾਰ ਉੱਪਰ ਕੰਟਰੋਲ ਦਾ ਭਾਵ ਹੈ ਉਹਨਾਂ ਵੱਲੋਂ ਦੂਸਰਿਆਂ ਦੇ ਸਬੰਧ ਵਿੱਚ ਆਪਣੇ ਆਪ ਨੂੰ ਪਰਿਭਾਸ਼ਤ ਕਰਨ ਦੇ ਸਾਧਨਾਂ ਉੱਪਰ ਕੰਟਰੋਲ । ਬਸਤੀਵਾਦੀਆਂ ਦੇ ਸਬੰਧ ਇਹ ਗੱਲ ਇੱਕੋ ਹੀ ਅਮਲ ਦੇ ਦੋ ਪੱਖਾਂ ਨਾਲ਼ ਸਬੰਧਤ ਸੀ: ਲੋਕਾਂ ਦੇ ਸੱਭਿਆਚਾਰ, ਕਲਾ, ਨਿਤਾਂ, ਧਰਮਾਂ, ਇਤਿਹਾਸ, ਭੂਗੋਲ, ਵਿਦਿਆ, ਭਾਸ਼ਣ ਕਲਾ ਅਤੇ ਸਾਹਿਤ ਦੀ ਤਬਾਹੀ ਜਾਂ ਜਾਣਬੁੱਝ ਕੇ ਉਸਦਾ ਮੁੱਲ ਘਟਾਉਣਾ; ਅਤੇ ਬਸਤੀਵਾਦੀ ਕੌਮ ਦੀ ਬੋਲੀ ਦਾ ਲੋਕਾਂ ਦੀ ਬੋਲੀ ਉੱਪਰ ਗ਼ਲਬਾ ਸਥਾਪਤ वग्ठा । (118)
ਅੰਤਿਕਾ
ਅੰਗਰੇਜ਼ੀ ਦੁਨੀਆਂ ਦੀ ਗ਼ਾਲਬ ਭਾਸ਼ਾ ਹੈ। ਉਸਨੂੰ ਇਹ ਦਰਜਾ ਅੰਗਰੇਜ਼ ਬਸਤੀਵਾਦੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਅਤੇ ਨਵ-ਬਸਤੀਵਾਦ ਦੌਰ ਵਿੱਚ ਸੰਸਾਰ ਪੱਧਰ ਉੱਤੇ ਬਰਤਾਨੀਆ ਅਤੇ ਅਮਰੀਕਾ ਦੇ ਦਰਜੇ ਅਤੇ ਇਹਨਾਂ ਮੁਲਕਾਂ ਵੱਲੋਂ ਅੰਗਰੇਜ਼ੀ ਦਾ ਪਸਾਰ ਕਰਨ ਲਈ ਕੀਤੇ ਯਤਨਾਂ ਕਾਰਨ ਪ੍ਰਾਪਤ ਹੋਇਆ ਹੈ । ਸੰਸਾਰ ਭਰ ਵਿੱਚ ਅੰਗਰੇਜ਼ੀ ਦਾ ਗ਼ਲਬਾ ਦੂਸਰੀਆਂ ਬੋਲੀਆਂ ਅਤੇ ਸੱਭਿਆਚਾਰਾਂ ਉੱਪਰ ਮਹੱਤਵਪੂਰਨ ਅਸਰ ਪਾ ਰਿਹਾ ਹੈ। ਨਤੀਜੇ ਵਜੋਂ ਸੰਸਾਰ ਦੀਆਂ ਕਈ ਬੋਲੀਆਂ ਮਰ ਰਹੀਆਂ ਹਨ ਜਾਂ ਕਈਆਂ ਦਾ ਉਜਾੜਾ ਹੋ ਰਿਹਾ ਹੈ। ਅੰਗਰੇਜ਼ੀ ਨਾ ਬੋਲ ਸਕਣ ਵਾਲੇ ਲੋਕਾਂ ਦਾ ਗਿਆਨ ਜਾਂ ਤਾਂ ਗੈਰ-ਵਾਜਬ ਬਣਦਾ ਜਾ ਰਿਹਾ ਹੈ ਜਾਂ ਉਸਦੀ ਕਦਰ ਘੱਟ ਰਹੀ ਹੈ। ਸੱਭਿਆਚਾਰਕ ਖੇਤਰ ਦੇ ਨਾਲ ਨਾਲ ਅੰਗਰੇਜ਼ੀ ਦੇ ਗ਼ਲਬੇ ਦੇ ਅਸਰ ਆਰਥਿਕ ਅਤੇ ਸਿਆਸੀ ਖੇਤਰਾਂ ਵਿੱਚ ਪੈ ਰਹੇ ਹਨ । ਸਮੁੱਚੇ ਰੂਪ ਵਿੱਚ ਅੰਗਰੇਜ਼ੀ ਦਾ ਗ਼ਲਬਾ ਅੰਗਰੇਜ਼ੀ ਬੋਲਣ ਵਾਲ਼ੇ ਦੇਸ਼ਾਂ ਵੱਲੋਂ ਤੀਜੀ ਦੁਨੀਆਂ ਦੇ ਦੇਸ਼ਾਂ ਉੱਪਰ ਆਪਣਾ ਮੁਕੰਮਲ ਕੰਟਰੋਲ ਸਥਾਪਤ ਕਰਨ ਵਿੱਚ ਸਹਾਈ ਹੋ ਰਿਹਾ ਹੈ।
ਇਸ ਸਥਿਤੀ ਬਾਰੇ ਤੀਜੀ ਦੁਨੀਆਂ ਦੇ ਲੋਕਾਂ ਦਾ ਕੀ ਪ੍ਰਤੀਕਰਮ ਹੈ ? ਤੀਜੀ ਦੁਨੀਆਂ ਵਿੱਚ ਇਸ ਸਥਿਤੀ ਬਾਰੇ ਦੋ ਤਰ੍ਹਾਂ ਦੇ ਪ੍ਰਤੀਕਰਮ ਹੋਏ ਹਨ ਅਤੇ ਹੋ ਰਹੇ ਹਨ। ਇਕ ਪਾਸੇ ਕਈ ਲੋਕ ਅੰਗਰੇਜ਼ੀ ਦੇ ਗ਼ਲਬੇ ਨੂੰ ਅਤੇ ਇਸ ਗ਼ਲਬੇ ਕਾਰਨ ਦੂਸਰੀਆਂ ਬੋਲੀਆਂ ਅਤੇ ਸਮਾਜਾਂ ਉੱਪਰ ਪੈ ਰਹੇ ਨਾਂਹ-ਪੱਖੀ ਅਸਰਾਂ ਨੂੰ ਸਮਝਦੇ ਹਨ ਅਤੇ ਇਸ ਗ਼ਲਬੇ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕਰਦੇ ਹਨ। ਉਦਾਹਰਨ ਲਈ, 1908 ਵਿੱਚ ਗਾਂਧੀ ਦਾ ਇਸ ਸਥਿਤੀ ਬਾਰੇ ਇਹ ਪ੍ਰਤੀਕਰਮ ਸੀ:
ਲੱਖਾਂ ਲੋਕਾਂ ਨੂੰ ਅੰਗਰੇਜ਼ੀ ਦਾ ਗਿਆਨ ਦੇਣਾ, ਉਹਨਾਂ ਨੂੰ ਗੁਲਾਮ ਬਣਾਉਣਾ ਹੈ ਕੀ ਇਹ ਗੱਲ ਦੁੱਖ ਦੇਣ ਵਾਲ਼ੀ ਨਹੀਂ ਕਿ ਜੇ ਮੈਂ ਇਨਸਾਫ ਦੀ ਅਦਾਲਤ ਵਿੱਚ ਜਾਣਾ ਚਾਹਾਂ ਤਾਂ ਮੈਨੂੰ ਮਾਧਿਅਮ ਦੇ ਤੌਰ ਉੱਪਰ ਅੰਗਰੇਜ਼ੀ ਦੀ ਵਰਤੋਂ ਕਰਨੀ ਪਵੇ, ਅਤੇ ਜਦੋਂ ਮੈਂ ਵਕੀਲ ਬਣ ਜਾਵਾਂ ਤਾਂ ਮੈਂ ਆਪਣੀ ਬੋਲੀ ਨਾ ਬੋਲ ਸਕਾਂ ਅਤੇ ਕਿਸੇ ਹੋਰ ਨੂੰ ਮੇਰੇ ਲਈ ਮੇਰੀ ਆਪਣੀ ਬੋਲੀ ਤੋਂ ਅਨੁਵਾਦ ਕਰਨਾ ਪਵੇ ? ਕੀ ਇਹ ਪੂਰੀ ਤਰ੍ਹਾਂ ਬੇਤੁਕੀ ਗੱਲ ਨਹੀਂ ? ਕੀ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ ? (ਕ੍ਰਿਸਟਲ ਦੁਆਰਾ ਹਵਾਲਾ:114)
ਬਸਤੀਵਾਦ ਤੋਂ ਅਜ਼ਾਦੀ ਪ੍ਰਾਪਤ ਕਰਨ ਬਾਅਦ ਕਈ ਅਜ਼ਾਦ ਮੁਲਕਾਂ ਦੇ ਆਗੂਆਂ ਦੀ ਸੋਚ ਸੀ ਕਿ ਉਹਨਾਂ ਦਾ ਮੁਲਕ ਉਨੀ ਦੇਰ ਤੱਕ ਅਜ਼ਾਦ ਨਹੀਂ, ਜਿੰਨੀ ਦੇਰ ਤੱਕ ਉੱਥੇ ਇੱਕ ਕੌਮੀ ਬੋਲੀ ਦੇ ਤੌਰ ਉੱਤੇ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ। 1974 ਵਿੱਚ ਕੀਨੀਆ ਦੇ ਪ੍ਰਧਾਨ ਮੰਤਰੀ ਜੋਮੋ ਕੀਨਆਟਾ ਦਾ ਕਹਿਣਾ ਸੀ, “ ਕਿਸੇ ਵੀ ਅਜ਼ਾਦ ਸਰਕਾਰ ਦਾ ਅਧਾਰ ਕੌਮੀ ਬੋਲੀ ਹੈ ਅਤੇ ਅਸੀਂ ਆਪਣੇ ਸਾਬਕਾ ਬਸਤੀਵਾਦੀ ਮਾਲਕਾਂ ਦੀ ਬਾਂਦਰਾਂ ਵਾਂਗ ਨਕਲ ਨਹੀਂ ਕਰਦੇ ਰਹਿ ਸਕਦੇ” (ਕ੍ਰਿਸਟਲ ਦੁਆਰਾ ਹਵਾਲਾ :114)। ਅਫਰੀਕਾ ਦਾ ਲੇਖਕ ਨਗੂਗੀ ਵਾ ਥਿਮੋਂਗੋ 17 ਸਾਲ ਅੰਗਰੇਜ਼ੀ ਵਿੱਚ ਲਿਖਦਾ ਰਿਹਾ, ਪਰ ਉਸਨੇ ਸੰਨ 1977 ਵਿੱਚ ਅੰਗਰੇਜ਼ੀ ਵਿੱਚ ਲਿਖਣਾ ਛੱਡ ਦਿੱਤਾ ਅਤੇ ਆਪਣੀ ਮਾਂ ਬੋਲੀ ਗਿਕੁਊ ਵਿੱਚ ਲਿਖਣਾ ਸ਼ੁਰੂ ਕੀਤਾ। ਉਸ ਦਾ ਵਿਚਾਰ ਸੀ ਕਿ ਕੀਨੀਆ ਅਤੇ ਅਫਰੀਕਾ ਦੀ ਗਿਕਿਊ ਬੋਲੀ ਵਿੱਚ ਲਿਖਣਾ ਕੀਨੀਅਨ ਅਤੇ ਅਫਰੀਕੀ ਲੋਕਾਂ ਦੀ ਸਾਮਰਾਜ ਵਿਰੋਧੀ ਜੱਦੋਜਹਿਦ ਦਾ ਇੱਕ ਹਿੱਸਾ ਹੈ।
ਦੂਸਰੇ ਪਾਸੇ ਉਹ ਲੋਕ ਹਨ, ਜੋ ਅੰਗਰੇਜ਼ੀ ਨੂੰ ਅਪਣਾਅ ਕੇ ਇਸ ਦੀ ਵਰਤੋਂ ਇੱਕ ਬਗਾਵਤ ਦੇ ਸਾਧਨ ਵਜੋਂ ਕਰਨਾ ਚਾਹੁੰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹ ਇਸ ਬੋਲੀ ਨੂੰ ਜਾਣਦੇ ਹਨ, ਅਤੇ ਉਹ ਇਸਦੀ ਵਰਤੋਂ ਕਰਨਗੇ। ਪ੍ਰਸਿੱਧ ਅਫਰੀਕੀ ਲੇਖਕ ਚਿਨੂਆ ਅਕੇਬੇ ਨੇ 1964 ਵਿੱਚ ਆਪਣੇ ਵੱਲੋਂ ਅੰਗਰੇਜ਼ੀ ਵਿੱਚ ਲਿਖਣ ਬਾਰੇ ਇਹ ਗੱਲ ਕਹੀ, “ਕੀ ਇਹ ਸਹੀ ਹੈ ਕਿ ਇੱਕ ਵਿਅਕਤੀ ਕਿਸੇ ਹੋਰ ਬੋਲੀ ਲਈ ਆਪਣੀ ਮਾਂ ਬੋਲੀ ਦਾ ਤਿਆਗ ਕਰ ਦੇਵੇ ? ਇਹ ਇੱਕ ਬਹੁਤ ਵੱਡਾ ਵਿਸਾਹਘਾਤ ਜਾਪਦਾ ਹੈ ਅਤੇ ਕਸੂਰਵਾਰ ਹੋਣ ਦੀ ਭਾਵਨਾ ਪੈਦਾ ਕਰਦਾ ਹੈ । ਪਰ ਮੇਰੇ ਲਈ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਮੈਨੂੰ ਇਹ ਬੋਲੀ ਦਿੱਤੀ ਗਈ ਹੈ ਅਤੇ ਮੈਂ ਇਸ ਦੀ ਵਰਤੋਂ ਕਰਾਂਗਾ” (ਥਿਔਂਗੋ ਦੁਆਰਾ ਹਵਾਲਾ :112)। ਤੀਜੀ ਦੁਨੀਆਂ ਦੇ ਕਈ ਲੇਖਕ ਹਨ ਜੋ ਇਹਨਾਂ ਵਿਚਾਰਾਂ ਦੇ ਧਾਰਨੀ ਹਨ ਅਤੇ ਉਹਨਾਂ ਦੀ ਲਿਖਤਾਂ ਬਹੁਤ ਗਰਮਜੋਸ਼ੀ ਨਾਲ ਸੰਸਾਰ ਵਿੱਚ ਬਸਤੀਵਾਦ, ਨਵ- ਬਸਤੀਵਾਦ ਅਤੇ ਸਾਮਰਾਜ ਦੀਆਂ ਮਾੜੀਆਂ ਗੱਲਾਂ ਦਾ ਪਰਦਾਫਾਸ਼ ਕਰ ਰਹੀਆਂ ਹਨ। ਪਰ ਉਹਨਾਂ ਅੱਗੇ ਕਈ ਸਵਾਲ ਹਨ, ਜਿਹਨਾਂ ਦੇ ਸਨਮੁੱਖ ਹੋਣਾ ਜ਼ਰੂਰੀ ਹੈ। ਉਹਨਾਂ ਦੇ ਪਾਠਕ ਕੌਣ ਹਨ? ਉਹ ਕਿਹਨਾਂ ਲਈ ਲਿਖਦੇ ਹਨ ? ਕੀ ਉਹਨਾਂ ਦੀਆਂ ਲਿਖਤਾਂ ਤੀਜੀ ਦੁਨੀਆਂ ਦੇ ਉਹਨਾਂ ਲੋਕਾਂ ਤੱਕ ਪਹੁੰਚਦੀਆਂ ਹਨ, ਜਿਹਨਾਂ ਦੇ ਦੁੱਖਾਂ ਤਕਲੀਫਾਂ ਬਾਰੇ ਉਹ ਲਿਖ ਰਹੇ ਹਨ? ਕੀ ਉਹਨਾਂ ਦੀਆਂ ਲਿਖਤਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਲੋਕਾਂ ਲਈ ਗਿਆਨ ਦਾ ਸ੍ਰੋਤ ਬਣ ਰਹੀਆਂ ਹਨ? ਮੇਰੇ ਵਿਚਾਰ ਵਿੱਚ ਅਖੀਰਲੇ ਦੋ ਸਵਾਲਾਂ ਦਾ ਜੁਆਬ ਹੈ, ਨਹੀਂ। ਆਪਣੇ ਨੁਕਤੇ ਦੀ ਪੁਸ਼ਟੀ ਕਰਨ ਲਈ ਮੈਂ ਵੰਦਨਾ ਸ਼ਿਵਾ ਦੀ ਕਿਤਾਬ ਦੀ ਵਾਇਲੈਂਸ ਔਫ ਦੀ ਗਰੀਨ ਰੈਵਲੂਸ਼ਨ ਦੇ ਹਵਾਲੇ ਨਾਲ ਗੱਲ ਕਰਾਂਗਾ। ਇੱਥੇ ਇਹ ਗੱਲ ਨੋਟ ਕਰਨ ਵਾਲ਼ੀ ਹੈ ਕਿ ਭਾਰਤ ਵਿੱਚ ਰਹਿ ਰਹੀ ਵੰਦਨਾ ਸ਼ਿਵਾ ਅਜੋਕੇ ਸਮਿਆਂ ਦੀ ਇੱਕ ਮਸ਼ਹੂਰ ਸਾਮਰਾਜ ਵਿਰੋਧੀ ਲੇਖਕਾ ਹੈ। 1991 ਵਿੱਚ ਲਿਖੀ ਗਈ ਉਸ ਦੀ ਉਪਰੋਕਤ ਕਿਤਾਬ ਹਰੇ ਇਨਕਲਾਬ ਅਤੇ ਪੰਜਾਬ ਵਿੱਚ 1978-1993 ਵਿਚਕਾਰ ਚੱਲੀ ਖਾਲਿਸਤਾਨ ਲਹਿਰ ਦੇ ਅੰਤਰ ਸਬੰਧਾਂ ਉੱਪਰ ਬਹੁਤ ਹੀ ਵਧੀਆ ਢੰਗ ਨਾਲ ਚਾਨਣਾ ਪਾਉਂਦੀ ਹੈ। ਸ਼ਿਵਾ ਇਸ ਕਿਤਾਬ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਦਰਸਾਉਂਦੀ ਹੈ ਕਿ ਖਾਲਿਸਤਾਨ ਲਹਿਰ ਦੀਆਂ ਜੜ੍ਹਾਂ ਹਰੇ ਇਨਕਲਾਬ ਦੀ ਤਕਨੌਲੋਜੀ ਅਤੇ ਅਮਲਾਂ ਨਾਲ ਬੱਝੀਆਂ ਹੋਈਆਂ ਹਨ । ਖਾਲਿਸਤਾਨ ਲਹਿਰ ਨੂੰ ਸਮਝਣ ਲਈ ਇਹ ਕਿਤਾਬ ਪੰਜਾਬ ਦੇ ਲੋਕਾਂ ਲਈ ਕਾਫੀ ਸਹਾਈ ਸਿੱਧ ਹੋ ਸਕਦੀ ਹੈ। ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਇਹ ਕਿਤਾਬ ਛਪਣ ਤੋਂ ਪੰਦਰਾਂ ਸਾਲਾਂ ਬਾਅਦ ਵੀ ਪੰਜਾਬੀ ਵਿੱਚ ਪ੍ਰਾਪਤ ਨਹੀਂ। ਨਤੀਜੇ ਵਜੋਂ ਇਸ ਕਿਤਾਬ ਦੀ ਪੰਜਾਬ ਦੇ ਬਹੁਗਿਣਤੀ ਲੋਕਾਂ ਤੱਕ ਪਹੁੰਚ ਨਹੀਂ । ਪੰਜਾਬ ਦੇ ਲੋਕਾਂ ਦੇ ਖਾਲਿਸਤਾਨ ਲਹਿਰ ਦਾ ਸੰਤਾਪ ਹੰਢਾਇਆ ਹੈ ਪਰ ਉਹ ਇਸ ਸੰਤਾਪ ਦੇ ਆਰਥਿਕ, ਸਿਆਸੀ ਅਤੇ ਤਕਨੀਕੀ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਵਾਲ਼ੀ ਕਿਤਾਬ ਨੂੰ ਨਹੀਂ ਪੜ੍ਹ ਸਕਦੇ । ਸਵਾਲ ਉੱਠਦਾ ਹੈ ਕਿ ਜਿਹਨਾਂ ਲੋਕਾਂ ਬਾਰੇ ਇਹ ਕਿਤਾਬ ਲਿਖੀ ਗਈ ਹੈ, ਜੇ ਉਹਨਾਂ ਵਿੱਚੋਂ ਬਹੁਗਿਣਤੀ ਇਹ ਕਿਤਾਬ ਨਹੀਂ ਪੜ੍ਹ ਸਕਦੀ ਤਾਂ ਇਹ ਕਿਤਾਬ ਸਾਮਰਾਜ ਵਿਰੋਧੀ ਜਦੋਜਹਿਦ ਸਥਾਪਤ ਕਰਨ ਲਈ ਕਿੰਨੀ ਕੁ ਕਾਰਗਰ ਭੂਮਿਕਾ ਨਿਭਾ ਸਕਦੀ ਹੈ ? ਇਸ ਲਈ ਅੰਗਰੇਜ਼ੀ ਨੂੰ ਅਪਣਾ ਕੇ ਉਸ ਦੀ ਵਰਤੋਂ ਇੱਕ ਬਗਾਵਤੀ ਬੋਲੀ ਦੇ ਤੌਰ ਉੱਤੇ ਕਰਨ ਦਾ ਦਾਅਵਾ ਕਰਨ ਵਾਲ਼ੇ ਲੋਕਾਂ ਨੂੰ ਇਹਨਾਂ ਸਵਾਲਾਂ ਨਾਲ ਦੋ ਚਾਰ ਹੋਣ ਅਤੇ ਇਹਨਾਂ ਸਵਾਲਾਂ ਦੇ ਤਸੱਲੀਬਖਸ਼ ਹੱਲ ਲੱਭਣ ਦੀ ਲੋੜ ਹੈ। ਜਿੰਨਾ ਚਿਰ ਉਹ ਅਜਿਹਾ ਨਹੀਂ ਕਰਦੇ ਉਨੀ ਦੇਰ ਤੱਕ ਉਹਨਾਂ ਦੇ ਦਾਅਵਿਆਂ ਨੂੰ ਸਵਾਲੀਆ ਨਜ਼ਰ ਨਾਲ ਦੇਖਿਆ ਜਾਂਦਾ ਰਹੇਗਾ।
ਸੰਸਾਰ ਪੱਧਰ ਉੱਤੇ ਅੰਗਰੇਜ਼ੀ ਦੇ ਗ਼ਲਬੇ ਨੂੰ ਚੁਣੌਤੀ ਦੇਣ ਦੀ ਲੋੜ ਹੈ। ਉਹਨਾਂ ਸਾਰੀਆਂ ਢਾਂਚਾਗਤ ਬੰਦਸ਼ਾਂ ਨੂੰ ਦੂਰ ਕਰਨ ਦੀ ਲੋੜ ਹੈ, ਜਿਹੜੀਆਂ ਬੰਦਸ਼ਾਂ ਦੂਜੀਆਂ ਬੋਲੀਆਂ ਉੱਪਰ ਅੰਗਰੇਜ਼ੀ ਦੇ ਗ਼ਲਬੇ ਨੂੰ ਸਥਾਪਤ ਕਰਨ ਵਿੱਚ ਹਿੱਸਾ ਪਾਉਂਦੀਆਂ ਹਨ। ਪਰ ਇਹ ਚੁਣੌਤੀ ਦਿੱਤੀ ਕਿਵੇਂ ਜਾਵੇ? ਮੈਂ ਇੱਕ ਗੱਲ ਬਹੁਤ ਸਪਸ਼ਟਤਾ ਨਾਲ ਕਹਿਣਾ ਚਾਹਾਂਗਾ ਕਿ ਇਹ ਚੁਣੌਤੀ ਮੂਲਵਾਦੀ ਪਹੁੰਚ ਨਾਲ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਮੂਲਵਾਦੀ ਪਹੁੰਚ ਤੋਂ ਮੇਰਾ ਭਾਵ ਹੈ ਕਿ ਅੰਗਰੇਜ਼ੀ ਦਾ ਬਾਈਕਾਟ ਅਤੇ ਆਪਣੇ ਆਪ ਨੂੰ ਅੰਗਰੇਜ਼ੀ ਤੋਂ ਬਿਲਕੁਲ ਤੋੜ ਲੈਣਾ। ਨਤੀਜੇ ਵਜੋਂ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੇ ਬਾਹਰਲੇ ਸੰਪਰਕ, ਗਿਆਨ ਅਤੇ ਵਿਚਾਰ ਵਟਾਂਦਰੇ ਤੋਂ ਤੋੜ ਲੈਣਾ। ਅਜਿਹੀ ਪਹੁੰਚ ਨਾ ਤਾਂ ਅਜੋਕੇ ਯੁੱਗ ਵਿੱਚ ਸੰਭਵ ਹੈ ਅਤੇ ਨਾ ਹੀ ਫਾਇਦੇਮੰਦ । ਅੰਗਰੇਜ਼ੀ ਦੇ ਗ਼ਲਬੇ ਨੂੰ ਹਾਂ- ਪੱਖੀ ਚੁਣੌਤੀ ਦੇਣ ਦਾ ਢੰਗ ਹੈ ਕਿ ਸਾਰੀਆਂ ਸਥਾਨਕ ਬੋਲੀਆਂ ਨੂੰ ਮਜ਼ਬੂਤ ਕਰਨਾ। ਉਹਨਾਂ ਬੋਲੀਆਂ ਨੂੰ ਆਪਣੀ ਸਿਹਤਮੰਦ ਹੋਂਦ ਨੂੰ ਕਾਇਮ ਰੱਖਣ ਲਈ ਅਤੇ ਵਿਕਾਸ ਲਈ ਲੋੜੀਂਦੇ ਵਸੀਲੇ ਮੁਹੱਈਆ ਕਰਨਾ। ਦੁਨੀਆਂ ਦੇ ਸਾਰੇ ਲੋਕਾਂ ਨੂੰ ਆਪਣੀ ਬੋਲੀ ਨੂੰ ਕਾਇਮ ਰੱਖਣ ਅਤੇ ਆਪਣੇ ਗਿਆਨ ਅਤੇ ਸੱਭਿਆਚਾਰ ਨੂੰ ਆਪਣੀ ਬੋਲੀ ਵਿੱਚ ਪ੍ਰਗਟ ਕਰਨ ਦੇ ਬਰਾਬਰ ਦੇ ਮੌਕੇ ਦੇਣਾ । ਦੁਨੀਆਂ ਦੇ ਸਾਰੇ ਲੋਕਾਂ ਨੂੰ ਇਸ ਯੋਗ ਬਣਾਉਣਾ ਕਿ ਉਹ ਆਪਣੇ ਗੀਤ ਆਪਣੀ ਬੋਲੀ ਵਿੱਚ ਗਾ ਸਕਣ ਅਤੇ ਆਪਣੀਆਂ ਕਹਾਣੀਆਂ ਆਪਣੀ ਬੋਲੀ ਵਿੱਚ ਦੱਸ ਸਕਣ । ਹਰ ਬੋਲੀ, ਸੱਭਿਆਚਾਰ ਅਤੇ ਉਸ ਬੋਲੀ ਨਾਲ ਸਬੰਧਤ ਗਿਆਨ ਨੂੰ ਪ੍ਰਫੁੱਲਤ ਹੋਣ ਲਈ ਇਸ ਵਿਸ਼ਵੀ ਸਮਾਜ ਵਿੱਚ ਬਰਾਬਰ ਦੇ ਮੌਕੇ ਦੇਣੇ। ਜਦੋਂ ਦੁਨੀਆਂ ਦੀਆਂ ਸਾਰੀਆਂ ਬੋਲੀਆਂ ਨੂੰ ਬਰਾਬਰ ਦੇ ਮੌਕੇ ਅਤੇ ਸਤਿਕਾਰ ਦਿੱਤਾ ਜਾਵੇਗਾ, ਉਸ ਸਮੇਂ ਦੁਨੀਆਂ ਦੇ ਵੱਖ ਵੱਖ ਸੱਭਿਆਚਾਰਾਂ ਅਤੇ ਲੋਕਾਂ ਵਿੱਚ ਸਹੀ ਮਾਅਨਿਆਂ ਵਿੱਚ ਸਦਭਾਵਨਾ ਪੈਦਾ ਹੋਵੇਗੀ। ਅਫਰੀਕਨ ਲੇਖਕ ਨਗੂਗੀ ਵਾ ਥਿਔਂਗੋ ਦੇ ਅਨੁਸਾਰ, ਜਦੋਂ ਅਜਿਹਾ ਹੋਵੇਗਾ ਉਸ ਸਮੇਂ ਕਿਸੇ ਵੀ ਸੱਭਿਆਚਾਰ ਅਤੇ ਬੋਲੀ ਨਾਲ ਸਬੰਧਤ ਵਿਅਕਤੀ, “ਆਪਣੀ ਬੋਲੀ, ਆਪਣੇ ਆਪ ਅਤੇ ਆਪਣੇ ਵਾਤਾਵਾਰਣ ਬਾਰੇ ਘਟੀਆ ਮਹਿਸੂਸ ਕੀਤੇ ਬਿਨਾਂ ਦੂਜੀਆਂ ਬੋਲੀਆਂ ਸਿੱਖ ਸਕੇਗਾ, ਅਤੇ ਦੂਜੇ ਲੋਕਾਂ ਦੇ ਸਾਹਿਤ ਅਤੇ ਸੱਭਿਆਚਾਰ ਵਿੱਚੋਂ ਹਾਂ-ਪੱਖੀ, ਮਾਨਵਵਾਦੀ, ਲੋਕਤੰਤਰੀ ਅਤੇ ਇਨਕਲਾਬੀ ਤੱਤਾਂ ਦਾ ਅਨੰਦ ਮਾਣ ਸਕੇਗਾ” (ਥਿਔਂਗੋ:126) । ਸਾਨੂੰ ਇੱਥੇ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਦੁਨੀਆਂ ਵਿੱਚ ਵੱਖ ਵੱਖ ਬੋਲੀਆਂ ਦੀ ਬਰਾਬਰਤਾ ਵਾਲੀ ਥਾਂ ਦੁਨੀਆਂ ਵਿੱਚ ਸੱਭਿਆਚਾਰਕ ਅਤੇ ਬੋਲੀ ਦੇ ਸਬੰਧ ਵਿੱਚ ਹੀ ਨਾਬਰਾਬਰਤਾ ਖਤਮ ਕਰਨ ਵੱਲ ਕਦਮ ਹੀ ਨਹੀਂ ਹੋਵੇਗੀ ਸਗੋਂ ਇਹ ਆਰਥਿਕ ਅਤੇ ਸਿਆਸੀ ਖੇਤਰ ਵਿੱਚ ਵੀ ਨਾਬਰਾਬਰਤਾ ਖਤਮ ਕਰਨ ਵੱਲ ਇੱਕ ਨਿੱਗਰ ਕਦਮ ਹੋਵੇਗੀ।
(ਲਲਕਾਰ, ਜੁਲਾਈ-2012 ‘ਚ ਪ੍ਰਕਾਸ਼ਿਤ)
ਵਿਦੇਸ਼ੀ ਸ਼ਬਦਾਂ ਦਾ ਹੜ੍ਹ
- ਬੇਲਿੰਸਕੀ
ਰੂਸੀ ਸਾਹਿਤ ਦੇ ਹਰੇਕ ਦੌਰ ਵਿੱਚ ਵਿਦੇਸ਼ੀ ਸ਼ਬਦਾਂ ਦਾ ਹੜ੍ਹ ਸਾਡੇ ਇੱਥੇ ਆਇਆ ਹੈ। ਸਾਡਾ ਇਹ ਆਪਣਾ ਦੌਰ ਵੀ ਇਸ ਦੀ ਛੋਟ ਨਹੀਂ ਤੇ ਇਹ ਇੱਕ ਅਜਿਹੀ ਚੀਜ਼ ਹੈ, ਜਿਸ ਦਾ ਛੇਤੀ ਖ਼ਾਤਮਾ ਨਹੀਂ ਹੋਵੇਗਾ। ਵਿਦੇਸ਼ੀ ਧਰਤੀ ਤੇ ਵਿਕਸਤ ਨਵੇਂ ਵਿਚਾਰਾਂ ਨਾਲ ਸਾਡੀ ਜਾਣ-ਪਹਿਚਾਣ ਆਪਣੇ ਨਾਲ਼ ਨਵੇਂ ਸ਼ਬਦਾਂ ਨੂੰ ਵੀ ਲੈ ਆਉਂਦੀ ਹੈ. ਪਰ, ਇਹਦੇ ‘ਚ ਕੋਈ ਸ਼ੱਕ ਨਹੀਂ ਕਿ ਬਿਨਾਂ ਲੋੜ ਜਾਂ ਕਿਸੇ ਢੁੱਕਵੇਂ ਕਾਰਨ ਦੇ ਰੂਸੀ ਭਾਸ਼ਾ ਵਿੱਚ ਵਿਦੇਸ਼ੀ ਭਾਸ਼ਾ ਦੀ ਖਿਚੜੀ ਬਣਾਉਣ ਦੀ ਹਿੰਡ ਸਹਿਜ ਬੁੱਧੀ ਤੇ ਸੁਧਰੀ ਹੋਈ ਰੁਚੀ ਦੇ ਵਿਰੁੱਧ ਹਨ। ਪਰ ਇਹ ਹਿੰਡ ਨਾ ਤਾਂ ਰੂਸੀ ਭਾਸ਼ਾ ਦਾ ਕੁਝ ਵਿਗਾੜ ਸਕਦੀ ਹੈ, ਨਾ ਹੀ ਰੂਸੀ ਸਾਹਿਤ ਦਾ। ਇਹ ਸਿਰਫ਼ ਉਨ੍ਹਾਂ ਵਾਸਤੇ ਬੁਰੀ ਸਾਬਤ ਹੋਵੇਗੀ, ਜਿਨ੍ਹਾਂ ਦੇ ਇਹ ਸਿਰ ‘ਤੇ ਸਵਾਰ ਹੈ। ਪਰ ਇਹ ਦਾ ਦੂਜਾ ਸਿਰਾ, ਭਾਵ ਨਿਰੀ ਸ਼ੁੱਧਤਾ ਦਾ ਵੀ ਕੋਈ ਵੱਖਰਾ ਨਤੀਜਾ ਨਹੀਂ ਨਿੱਕਲੇਗਾ। ਦੋਵੇਂ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ। ਭਾਸ਼ਾ ਦਾ ਇੱਕ ਆਪਣਾ, ਯਕੀਨਯੋਗ ਤੇ ਭਰੋਸੇ ਦਾ, ਰੱਖਿਅਕ ਹੁੰਦਾ ਹੈ। ਇਹ ਰੱਖਿਅਕ ਹੈ, ਉਹ ਦੀ ਆਪਣੀ ਆਤਮਾ, ਉਹ ਦਾ ਆਪਣਾ ਪਰਛਾਵਾਂ । ਇਸ ਕਰਕੇ ਉਨ੍ਹਾਂ ਬਹੁਤੇ ਵਿਦੇਸ਼ੀ ਸ਼ਬਦਾਂ ਵਿੱਚੋਂ, ਜਿਨ੍ਹਾਂ ਨੂੰ ਵਿੱਚ ਮਿਲਾਇਆ ਗਿਆ ਹੈ, ਸਿਰਫ਼ ਕੁਝ ਹੀ ਜਿਉਂਦੇ ਰਹਿ ਸਕੇ, ਬਾਕੀ ਆਪਣੇ ਆਪ ਗਾਇਬ ਹੋ ਗਏ। ਇਸੇ ਤਰ੍ਹਾਂ, ਨਵੇਂ ਬਣਾਏ ਰੂਸੀ ਸ਼ਬਦਾਂ ਦੇ ਭਾਗਾਂ ਵਿੱਚ ਵੀ ਇਹੀ ਹੋਵੇਗਾ- ਕੁਝ ਪ੍ਰਚੱਲਿਤ ਹੋ ਜਾਣਗੇ ਤੇ ਬਾਕੀ ਲੁਪਤ ਹੋ ਜਾਣਗੇ।
(ਲਲਕਾਰ, ਜੁਲਾਈ-2012 ‘ਚ ਪ੍ਰਕਾਸ਼ਿਤ)
ਭਾਸ਼ਾ ਦਾ ਸਾਮਰਾਜਵਾਦ (ਅੰਗਰੇਜ਼ੀ, ਸੰਸਾਰ ਲਈ ਇੱਕ ਭਾਸ਼ਾ ?)
- ਨਗੂਗੀ ਵਾ ਥਯੋਂਗੋਂ
ਕੀਨੀਆ ਦੇ ਮਸ਼ਹੂਰ ਲੇਖਕ ਨਗੂਗੀ ਵਾ ਥਯੋਂਗੋ ਆਪਣੀ ਲੋਕ-ਪੱਖੀ ਲੇਖਣੀ ਕਰਕੇ ਕੀਨੀਆਈ ਹਾਕਮ ਜਮਾਤਾਂ ਦੀਆਂ ਨਜ਼ਰਾਂ ‘ਚ ਸਦਾ ਹੀ ਚੁਭਦੇ ਰਹੇ। ਆਪਣੀ ਲੇਖਣੀ ਕਰਕੇ ਉਹਨਾਂ ਨੂੰ ਕਈ ਵਾਰੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਸਾਲਾਂ ਬੱਧੀ ਜੇਲ੍ਹ ‘ਚ ਰਹੇ। 22 ਵਰ੍ਹਿਆਂ ਦੇ ਦੇਸ਼ ਨਿਕਾਲੇ ਨੂੰ ਝੱਲ ਕੇ 8 ਅਗਸਤ 2004 ਨੂੰ ਉਹ ਵਤਨ ਪਰਤੇ। ਕੀਨੀਆਈ ਲੋਕਾਂ ਨੇ ਆਪਣੇ ਹਰਮਨ ਪਿਆਰੇ ਲੇਖਕ ਨੂੰ ਸਿਰ-ਅੱਖਾਂ ‘ਤੇ ਬਿਠਾਇਆ ਪਰ ਜਾਲਮ ਹਾਕਮਾਂ ਨੂੰ ਅਜੇ ਵੀ ਤੱਸਲੀ ਨਹੀਂ ਹੋਈ ਸੀ । ਨਗੂਗੀ ਦੇ ਵਾਪਸ ਪਰਤਣ ਦੇ ਕੁਝ ਦਿਨ ਮਗਰੋਂ 11 ਅਗਸਤ ਨੂੰ ਨਗੂਗੀ ਅਤੇ ਉਹਨਾਂ ਦੀ ਪਤਨੀ ‘ਤੇ ਗੁੰਡਿਆਂ ਨੇ ਹਮਲਾ ਕਰ ਦਿੱਤਾ। ਪਤਣਸ਼ੀਲ ਹਾਕਮ ਜਮਾਤਾਂ ਦੀ ਸੜਾਂਦ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ 58 ਵਰ੍ਹਿਆਂ ਦੀ ਨਜੀਰੀ ਨਾਲ ਬਲਾਤਕਾਰ ਕੀਤਾ। ਉਹਨਾਂ ਨੇ ਨਗੂਗੀ ਨੂੰ ਕੁੱਟਿਆ, ਸਿਗਰਟ ਨਾਲ ਜਲਾਇਆ ਅਤੇ ਉਹਨਾਂ ਦੇ ਘਰ ਲੁੱਟਮਾਰ ਕੀਤੀ। ਇਸ ਤੋਂ ਇਹ ਸਾਬਤ ਹੋ ਗਿਆ ਕਿ ਹਾਕਮ ਜਮਾਤਾਂ ਦੇ ਮਨਾਂ ‘ਚ ਨਗੂਗੀ ਦੀ ਲੋਕਾਂ ਨੂੰ ਜਗਾਉਣ ਵਾਲੀ ਕਲਮ ਦਾ ਭੈਅ ਕਿਸ ਕਦਰ ਸਮਾਇਆ ਹੋਇਆ ਹੈ ਅਤੇ ਨਵੀਂ ਚੁਣੀ ਗਈ ਸਰਮਾਏਦਾਰਾ ਸਰਕਾਰ ਪਹਿਲਾਂ ਦੀ ਤਾਨਾਸ਼ਾਹੀ ਤੋਂ ਜਿਆਦਾ ਭਿੰਨ ਨਹੀਂ ਹੈ।
ਨਗੂਗੀ ਨੇ ਭਾਸ਼ਾਈ ਗੁਲਾਮੀ ਵਿਰੁੱਧ ਵਿਆਪਕ ਰੂਪ ‘ਚ ਲਿਖਿਆ ਹੈ ਅਤੇ ਭਾਸ਼ਾ ਤੇ ਸੱਭਿਆਚਾਰ ਦੇ ਧਰਾਤਲ ‘ਤੇ ਸਾਮਰਾਜਵਾਦ ਦੀਆਂ ਹਰਕਤਾਂ ਨੂੰ ਕਾਰਗਰ ਢੰਗ ਨਾਲ ਬੇਨਕਾਬ ਕੀਤਾ। ਉਹਨਾਂ ਨੇ ਬਸਤੀ ਰਹੇ ਮੁਲਕਾਂ ਦੇ ਲੋਕਾਂ ਦੀ ਜਾਗ੍ਰਿਤੀ ਵਿੱਚ ਮਾਤ ਭਾਸ਼ਾ ਦੀ ਮਹਤੱਤਾ ‘ਤੇ ਰੌਸ਼ਨੀ ਪਾਈ ਹੈ। ਅਸੀਂ ਇੱਥੇ ਉਹਨਾਂ ਦੀ ਕਿਤਾਬ ‘ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ- ਸਿੱਖਿਆ ਅਤੇ ਸੱਭਿਆਚਾਰ ਦੀ ਸਿਆਸਤ’ ਦਾ ਇੱਕ ਹਿੱਸਾ ਪ੍ਰਕਾਸ਼ਤ ਕਰ ਰਹੇ ਹਾਂ।
ਸੰਪਾਦਕ
ਦੁਨੀਆਂ ਵਿੱਚ ਹਰ ਇਨਸਾਨ ਕੋਲ ਇੱਕ ਭਾਸ਼ਾ ਹੈ ਜੋ ਜਾਂ ਤਾਂ ਉਸਦੀ ਹੈ, ਉਸਦੇ ਮਾਤਾ-ਪਿਤਾ ਦੀ ਹੈ ਜਾਂ ਜਿਸਨੂੰ ਉਸਨੇ ਜਨਮ ਤੋਂ ਜਾਂ ਫਿਰ ਜੀਵਨ ਵਿੱਚ ਅੱਗੇ ਚੱਲ ਕੇ ਕਿਤੇ ਅਪਣਾ ਲਿਆ ਹੈ। ਇਸ ਲਈ ਜਦੋਂ ਅਸੀਂ ਇੱਕ ਸੰਭਾਵਿਤ ਸੰਸਾਰ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ‘ਤੇ ਵਿਚਾਰ ਕਰਦੇ ਹਾਂ ਤਾਂ ਅਸੀਂ ਇਹ ਸਿੱਟਾ ਉਨ੍ਹਾਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਵਿੱਚੋਂ ਕੱਢਦੇ ਹਾਂ ਜਿਹਨਾਂ ਵਿੱਚ ਸਾਡੀਆਂ ਜੜ੍ਹਾਂ ਹਨ। ਇਹ ਵਿਸ਼ਾ ਕਈ ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਦੀ ਚੋਣ ਕਰਨ ਦਾ ਸਵਾਲ ਵੀ ਸਾਹਮਣੇ ਲਿਆਉਂਦਾ ਹੈ। ਇਸ ਲਈ ਜਿਸ ਮਸਲੇ ‘ਤੇ ਅਸੀਂ ਵਿਚਾਰ ਕਰਨਾ ਹੈ ਉਸਦਾ ਸਰੋਕਾਰ ਅੰਗਰੇਜ਼ੀ ਅਤੇ ਸੰਸਾਰ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚਲੇ ਸਬੰਧ ਤੋਂ ਹੈ। ਸੰਖੇਪ ਵਿੱਚ ਕਹੀਏ ਤਾਂ ਅਸਲ ਵਿੱਚ ਅਸੀਂ ਵੱਖ-ਵੱਖ ਭਾਸ਼ਾਵਾਂ ਦੇ ਤਾਲਮੇਲ ਬਾਰੇ ਗੱਲਬਾਤ ਕਰ ਰਹੇ ਹਾਂ।
ਹਰੇਕ ਭਾਸ਼ਾ ਦੇ ਦੋ ਪੱਖ ਹੁੰਦੇ ਹਨ। ਇੱਕ ਪੱਖ ਸਬੰਧਤ ਭਾਸ਼ਾ ਦੀ ਉਸ ਭੂਮਿਕਾ ਨੂੰ ਦੱਸਦਾ ਹੈ ਜੋ ਸਾਨੂੰ ਆਪਣੀ ਹੋਂਦ ਲਈ ਕੀਤੇ ਜਾਣ ਵਾਲੇ ਸੰਘਰਸ਼ ਦੇ ਦੌਰਾਨ ਇੱਕ-ਦੂਜੇ ਨਾਲ ਸੰਚਾਰ ਦੇ ਯੋਗ ਬਣਾਉਂਦਾ ਹੈ। ਇਸਦੀ ਦੂਜੀ ਭੂਮਿਕਾ ਉਸ ਇਤਿਹਾਸ ਅਤੇ ਸੱਭਿਆਚਾਰ ਦੀ ਵਾਹਕ ਹੈ ਜੋ ਇੱਕ ਲੰਬੇ ਸਮੇਂ ਤੱਕ ਸੰਚਾਰ ਦੀ ਪ੍ਰਕ੍ਰਿਆ ਦੌਰਾਨ ਬਣਦੀ ਹੈ। ਆਪਣੀ ਪੁਸਤਕ ਡੀ ਕੋਲੋਨਾਈਜ਼ਿੰਗ ਦੀ ਮਾਇੰਡ (ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ – ਅਨੁ.) ਵਿੱਚ ਮੈਂ ਭਾਸ਼ਾ ਨੂੰ ਵੱਡੇ ਲੋਕ-ਸਮੂਹ ਦੀ ਸਮੂਹਿਕ ਯਾਦ ਦਾ ਕੋਸ਼ ਦੱਸਿਆ ਹੈ। ਇਹ ਦੋਨੋਂ ਪੱਖ ਇੱਕ ਦੂਜੇ ਤੋਂ ਅਟੁੱਟ ਹਨ, ਇਹਨਾਂ ਵਿੱਚ ਇੱਕ ਦਵੰਦਾਤਮਕ ਏਕਤਾ ਕਾਇਮ ਹੁੰਦੀ ਹੈ।
ਤਾਂ ਵੀ ਇਹਨਾਂ ਦੋਨਾਂ ਪੱਖਾਂ ਵਿੱਚੋਂ ਕੋਈ ਵੀ ਇੱਕ ਪੱਖ ਦੂਜੇ ਮੁਕਾਬਲੇ ਜਿਆਦਾ ਭਾਰੂ ਹੋ ਸਕਦਾ ਹੈ। ਇਹ ਉਹਨਾਂ ਹਾਲਾਤਾਂ ‘ਤੇ ਨਿਰਭਰ ਕਰਦਾ ਹੈ ਜੋ ਭਾਸ਼ਾ ਦੀ ਵਰਤੋਂ ਦੇ ਨੇੜੇ-ਤੇੜੇ ਹੁੰਦੀਆਂ ਹਨ ਅਤੇ ਖਾਸ ਤੌਰ ‘ਤੇ ਉਹਨਾਂ ਹਲਾਤਾਂ ਉੱਤੇ ਜਿਨ੍ਹਾਂ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਇੱਕ-ਦੂਜੇ ਨਾਲ ਸਾਹਮਣਾ ਹੁੰਦਾ ਹੈ। ਮਿਸਾਲ ਵਜੋਂ ਕੀ ਦੋਵਾਂ ਭਾਸ਼ਾਵਾਂ ਦਾ ਮਿਲਾਪ ਬਰਾਬਰੀ ਅਤੇ ਅਜ਼ਾਦੀ ਦੇ ਅਧਾਰ ‘ਤੇ ਹੋ ਰਿਹਾ ਹੈ ? ਅਤੀਤ ਵਿੱਚ ਅਤੇ ਅੱਜ ਦੇ ਸੰਸਾਰ ਦੀਆਂ ਭਾਸ਼ਾਵਾਂ ਵਿੱਚ ਜਿਸ ਤਰ੍ਹਾਂ ਦਾ ਟਕਰਾਅ ਹੈ ਅਤੇ ਇਸੇ ਲੜੀ ਵਿੱਚ ਕਹੀਏ ਤਾਂ ਇੱਕ ਨਿਸ਼ਚਿਤ ਸਮਾਂ-ਸੀਮਾ ਅੰਦਰ ਦੂਜੇ ‘ਤੇ ਪਹਿਲੇ ਪੱਖ ਦਾ ਜੋ ਦਬਦਬਾ ਕਾਇਮ ਹੈ ਉਹ ਸਬੰਧਤ ਕੌਮਾਂ ਵਿੱਚ ਅਜ਼ਾਦੀ ਦੀ ਮੌਜੂਦਗੀ ਜਾਂ ਇਸਦੀ ਅਣਹੋਂਦ ਦੀ ਗੁਣਵੱਤਾ ਨਾਲ ਤੈਅ ਹੁੰਦਾ ਹੈ।
ਇਸ ਸਬੰਧੀ ਮੈਂ ਇੱਕ-ਦੋ ਉਦਾਹਰਣਾਂ ਦੇਣਾ ਚਾਹਾਂਗਾ। ਸਕੈਂਡੇਨੇਵੀਆਈ ਦੇਸ਼ਾਂ ਦੇ ਲੋਕ ਅੰਗਰੇਜ਼ੀ ਜਾਣਦੇ ਹਨ ਪਰ ਉਹ ਇਸ ਲਈ ਅੰਗਰੇਜ਼ੀ ਨਹੀਂ ਸਿੱਖਦੇ ਤਾਂਕਿ ਆਪਣੇ ਦੇਸ਼ ਅੰਦਰ ਇਸਨੂੰ ਆਪਸੀ ਸੰਚਾਰ ਦਾ ਸਾਧਨ ਬਣਾ ਸਕਣ। ਉਹ ਇਸ ਲਈ ਵੀ ਅੰਗਰੇਜ਼ੀ ਨਹੀਂ ਸਿੱਖਦੇ ਜਿਸ ਨਾਲ ਅੰਗਰੇਜ਼ੀ ਉਹਨਾਂ ਦੇ ਆਪਣੇ ਕੌਮੀ ਸੱਭਿਆਚਾਰਾਂ ਦੀ ਵਾਹਕ ਬਣੇ ਜਾਂ ਫਿਰ ਇੱਕ ਐਸਾ ਸਾਧਨ ਬਣੇ ਜਿਸ ਰਾਹੀਂ ਵਿਦੇਸ਼ੀ ਸੱਭਿਆਚਾਰ ਉਹਨਾਂ ‘ਤੇ ਥੋਪ ਦਿੱਤਾ ਜਾਵੇ ।
ਉਹ ਅੰਗਰੇਜ਼ੀ ਸਿੱਖਦੇ ਹਨ ਤਾਂ ਕਿ ਅੰਗਰੇਜ਼ਾਂ ਨਾਲ ਜਾਂ ਅੰਗਰੇਜ਼ੀ-ਭਾਸ਼ੀ ਲੋਕਾਂ ਨਾਲ ਆਪਸੀ ਮੇਲਜੋਲ ਵਿੱਚ ਉਹਨਾਂ ਨੂੰ ਸਹਾਇਤਾ ਮਿਲ ਸਕੇ। ਵਪਾਰ, ਵਣਜ, ਸੈਰ- ਸਪਾਟਾ ਅਤੇ ਵਿਦੇਸ਼ਾਂ ਦੇ ਨਾਲ ਸਬੰਧ ਵਿਕਸਿਤ ਕਰਨ ਵਿੱਚ ਸਹੂਲਤ ਹੋਵੇ ! ਉਹਨਾਂ ਲਈ ਅੰਗਰੇਜ਼ੀ ਬਾਹਰ ਦੀ ਦੁਨੀਆਂ ਨਾਲ ਸੰਚਾਰ ਦਾ ਸਿਰਫ਼ ਸਾਧਨ ਹੈ। ਇਹੀ ਹਾਲ ਜਪਾਨੀਆਂ, ਪੱਛਮੀ ਜਰਮਨੀ ਦੇ ਲੋਕਾਂ ਅਤੇ ਅਨੇਕ ਦੇਸ਼ਾਂ ਦੇ ਲੋਕਾਂ ਦਾ ਹੈ। ਇਹਨਾਂ ਦੇਸ਼ਾਂ ਵਿੱਚ ਅੰਗਰੇਜ਼ੀ ਨੇ ਕਦੇ ਉਹਨਾਂ ਦੀ ਆਪਣੀ ਭਾਸ਼ਾ ਦੀ ਜਗ੍ਹਾ ਨਹੀਂ ਲਈ।
ਜਦੋਂ ਵੱਖ-ਵੱਖ ਕੌਮਾਂ ਅਜ਼ਾਦੀ ਅਤੇ ਬਰਾਬਰੀ ਦੀਆਂ ਸ਼ਰਤਾਂ ‘ਤੇ ਇੱਕ ਦੂਜੇ ਨੂੰ ਮਿਲਦੀਆਂ ਹਨ ਤਾਂ ਉਹ ਇੱਕ-ਦੂਜੇ ਦੀ ਭਾਸ਼ਾ ਵਿੱਚ ਸੰਚਾਰ ਦੀ ਜਰੂਰਤ ‘ਤੇ ਜ਼ੋਰ ਦਿੰਦੀਆਂ ਹਨ। ਉਹ ਇੱਕ-ਦੂਜੇ ਦੀ ਭਾਸ਼ਾ ਸਿਰਫ ਇਸ ਲਈ ਮਨਜ਼ੂਰ ਕਰਦੀਆਂ ਹਨ ਤਾਂ ਜੋ ਆਪਸੀ ਸਬੰਧ ਵਿਕਸਿਤ ਕਰਨ ਵਿੱਚ ਮਦਦ ਮਿਲ ਸਕੇ। ਪਰ ਜਦੋਂ ਇਹੀ ਕੌਮਾਂ ਪਸਿਤੀ ਤੇ ਜ਼ਾਬਰ ਦੇ ਰੂਪ ਵਿੱਚ ਮਿਲਦੀਆਂ ਹਨ, ਉਦਾਹਰਣ ਦੇ ਤੌਰ ‘ਤੇ ਸਾਮਰਾਜਵਾਦ ਦੇ ਅਧੀਨ, ਤਾਂ ਉਹਨਾਂ ਦੀਆਂ ਭਾਸ਼ਾਵਾਂ ਕਦੇ ਵੀ ਅਸਲੀ ਜਮਹੂਰੀ ਮੇਲ ਦਾ ਅਨੁਭਵ ਨਹੀਂ ਕਰ ਸਕਦੀਆਂ। ਜਾਬਰ ਕੌਮ ਆਪਣੀ ਭਾਸ਼ਾ ਦੀ ਵਰਤੋਂ ਪਸਿਤੀ ਕੌਮ ਵਿੱਚ ਆਪਣੀ ਘੇਰੇਬੰਦੀ ਹੋਰ ਮਜ਼ਬੂਤ ਬਣਾਉਣ ਲਈ ਕਰਦੀ ਹੈ। ਭਾਸ਼ਾ ਦੇ ਹਥਿਆਰ ਨੂੰ ਬਾਈਬਲ ਤੇ ਤਲਵਾਰ ਦੇ ਨਾਲ ਸ਼ਾਮਿਲ ਕਰ ਲਿਆ ਗਿਆ ਹੈ – ਉਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਜਿਸਨੂੰ 19ਵੀਂ ਸਦੀ ਦੇ ਸਾਮਰਾਜਵਾਦ ਦੇ ਸੰਦਰਭ ਵਿੱਚ ਡੇਵਿਡ ਲਿਵਿੰਗਸਟੋਨ ਨੇ ‘ਇਸਾਈਅਤ ਦੇ ਨਾਲ ਪੰਜ ਫੀਸਦੀ ਹੋਰ’ ਕਿਹਾ ਸੀ। ਡੇਵਿਡ ਲਿਵਿੰਗਸਟੋਨ ਜੇਕਰ ਅੱਜ ਜਿਉਂਦੇ ਹੁੰਦੇ ਤਾਂ ਸੰਭਵ ਤੌਰ ’ਤੇ ਉਹ ਇਸ ਪ੍ਰਕ੍ਰਿਆ ਦਾ ਇਸ ਤਰ੍ਹਾਂ ਵਰਣਨ ਕਰਦੇ— ਇਸਾਈਅਤ, ਕਰਜ਼ ਅਤੇ ਨਾਲ ਹੀ ਚਾਲੀ ਫੀਸਦੀ ਕਰਜ਼ ਦਾ ਭੁਗਤਾਨ । ਇਸ ਤਰ੍ਹਾਂ ਦੀ ਸਥਿਤੀ ਵਿੱਚ ਜੇਕਰ ਕੋਈ ਚੀਜ਼ ਦਾਅ ‘ਤੇ ਲੱਗੀ ਹੈ ਤਾਂ ਉਹ ਭਾਸ਼ਾ ਹੈ ਜੋ ਸਿਰਫ ਸੰਚਾਰ ਦਾ ਸਾਧਨ ਨਹੀਂ ਰਹਿ ਜਾਂਦੀ।
ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅੰਗਰੇਜ਼ੀ ਅਤੇ ਅਖੌਤੀ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਭਾਸ਼ਾਵਾਂ ਦਾ ਮੁਕਾਬਲਾ ਬਰਾਬਰੀ ਅਤੇ ਅਜ਼ਾਦੀ ਦੀਆਂ ਹਾਲਤਾਂ ਵਿੱਚ ਨਹੀਂ ਹੋਇਆ। ਅੰਗਰੇਜ਼, ਫਰਾਂਸੀਸੀ ਅਤੇ ਪੁਰਤਗਾਲੀ ਲੋਕ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਵਿੱਚ ਬਾਈਬਲ ਅਤੇ ਤਲਵਾਰ ਦੇ ਆਉਣ ਦੇ ਐਲਾਨ ਦੇ ਨਾਲ ਦਾਖਿਲ ਹੋਏ । ਉਹ ਇੱਥੇ ਸੋਨੇ ਦੀ ਭਾਲ ਵਿੱਚ ਆਏ, ਕਾਲੇ ਸੋਨੇ ਨੂੰ ਜੰਜ਼ੀਰਾਂ ਵਿੱਚ ਜਕੜਣ ਆਏ, ਕਾਰਖਾਨੇ ਅਤੇ ਬਾਗ਼ਾਂ ਵਿੱਚ ਮੁੜ੍ਹਕੇ ਦੇ ਰੂਪ ਵਿੱਚ ਚਮਕਦੇ ਸੋਨੇ ਨੂੰ ਕੈਦ ਕਰਨ ਲਈ ਆਏ । ਜੇਕਰ ਬੰਦੂਕ ਨੇ ਇਸ ਸੋਨੇ ਦੇ ਖਣਨ ਵਿੱਚ ਉਹਨਾਂ ਦੀ ਮਦਦ ਕੀਤੀ ਜਿਸ ਰਾਹੀਂ ਉਹਨਾਂ ਨੇ ਇਹਨਾਂ ਖਾਣਾਂ ਦੇ ਮਾਲਕਾਂ ਨੂੰ ਸਿਆਸੀ ਕੈਦੀ ਬਣਾ ਲਿਆ ਤਾਂ ਭਾਸ਼ਾ ਨੇ ਇਹਨਾਂ ਕੈਦੀਆਂ ਦੇ ਸੱਭਿਆਚਾਰ, ਉਹਨਾਂ ਦੀਆਂ ਕਦਰਾਂ-ਕੀਮਤਾਂ ਅਤੇ ਇਸ ਤਰ੍ਹਾਂ ਉਹਨਾਂ ਦੇ ਦਿਮਾਗ਼ ‘ਤੇ ਕਬਜ਼ਾ ਕਰਨ ਦਾ ਕੰਮ ਕੀਤਾ। ਇਹ ਯਤਨ ਦੋ ਢੰਗਾਂ ਨਾਲ ਕੀਤਾ ਗਿਆ ਅਤੇ ਇਹ ਦੋਵੇਂ ਢੰਗ ਇੱਕ ਹੀ ਪ੍ਰਕ੍ਰਿਆ ਦੇ ਵੱਖ-ਵੱਖ ਰੂਪ ਹਨ।
ਪਹਿਲੀ ਪ੍ਰਕ੍ਰਿਆ ਗੁਲਾਮ ਦੇਸ਼ਾਂ ਦੀਆਂ ਭਾਸ਼ਾਵਾਂ ਨੂੰ ਦਬਾਉਣ ਨਾਲ ਸਬੰਧਿਤ ਸੀ। ਇਸ ਤਰ੍ਹਾਂ ਇਹਨਾਂ ਭਾਸ਼ਾਵਾਂ ਦੁਆਰਾ ਸੰਚਾਲਿਤ ਸੱਭਿਆਚਾਰ ਅਤੇ ਇਤਿਹਾਸ ਨੂੰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਗਿਆ ਅਤੇ ਉੱਥੇ ਬਰਬਾਦ ਹੋਣ ਲਈ ਛੱਡ ਦਿੱਤਾ ਗਿਆ। ਇਹਨਾਂ ਭਾਸ਼ਾਵਾਂ ਨੂੰ ਬੇਬੇਲ ਦੀ ਹਨੇਰੀ ਮੀਨਾਰ ਨਾਲ਼ੋਂ ਸਮਝੋਂ ਬਾਹਰ ਮਹਿਸੂਸ ਕੀਤਾ ਗਿਆ। ਕੀਨੀਆ ਦੇ ਜਿਸ ਮਿਡਲ ਸਕੂਲ ਵਿੱਚ ਮੈਂ ਪੜ੍ਹਨ ਗਿਆ, ਉੱਥੇ ਸਾਨੂੰ ਇੱਕ ਪ੍ਰਾਰਥਨਾ ਸਿਖਾਈ ਜਾਂਦੀ ਸੀ ਜਿਸ ਵਿੱਚ ਹਨੇਰੇ ਤੋਂ ਮੁਕਤੀ ਦੀ ਚੀਕ ਸੀ । ਹਰ ਰੋਜ਼ ਸਾਨੂੰ ਯੂਨੀਅਨ ਜੈਕ ਦੇ ਸਾਹਮਣੇ ਖੜ੍ਹੇ ਹੋ ਕੇ ਪਹਿਲਾਂ ਆਪਣੀ ਸਰੀਰਕ ਸਫ਼ਾਈ ਦੀ ਜਾਂਚ ਕਰਵਾਉਣੀ ਪੈਂਦੀ ਸੀ ਅਤੇ ਉਸਦੇ ਬਾਅਦ ਸਾਰਾ ਸਕੂਲ ਗਿਰਜੇ ਵਿੱਚ ਦਾਖਲ ਹੁੰਦਾ ਸੀ। ਜਿੱਥੇ ਅਸੀਂ ਗਾਉਂਦੇ ਸੀ ‘ਚਾਰੇ ਪਾਸੇ ਫੈਲੇ ਹਨੇਰੇ ਵਿੱਚੋਂ ਨਿੱਕਲਣ ਦਾ ਸਾਨੂੰ ਚਾਨਣ ਵਖਾ, ਰੱਬਾ, ਸਾਨੂੰ ਰਾਹ ਵਖਾ।’ ਸਾਡੀਆਂ ਆਪਣੀਆ ਭਾਸ਼ਾਵਾਂ ਉਸ ਹਨੇਰੇ ਦਾ ਹਿੱਸਾ ਬਣ ਗਈਆਂ ਸਨ। ਸਾਡੀਆਂ ਭਾਸ਼ਾਵਾਂ ਨੂੰ ਦਬਾ ਦਿੱਤਾ ਗਿਆ ਸੀ ਤਾਂ ਕਿ ਅਸੀਂ ਗੁਲਾਮ ਲੋਕ ਆਪਣੇ ਖੁਦ ਦੇ ਸ਼ੀਸ਼ੇ ਵਿੱਚ ਨਾ ਤਾਂ ਆਪਣੇ ਆਪ ਨੂੰ ਦੇਖ ਸਕੀਏ ਅਤੇ ਨਾ ਹੀ ਆਪਣੇ ਦੁਸ਼ਮਣਾਂ ਨੂੰ ।
ਗੁਲਾਮ ਬਣਾਉਣ ਦਾ ਦੂਜਾ ਢੰਗ ਜੇਤੂ ਦੀ ਭਾਸ਼ਾ ਦੇ ਮਹੱਤਵ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਸੀ। ਇਸਨੂੰ ਜਿੱਤੇ ਹੋਏ ਦੀ ਭਾਸ਼ਾ ਬਣਾ ਦਿੱਤਾ ਗਿਆ ਸੀ । ਲੋਕਾਂ ਦੇ ਸਮੂਹ ਤੋਂ ਅਲੱਗ ਕਰਕੇ ਜਿਨ੍ਹਾਂ ਨੂੰ ਸਕੂਲੀ ਢਾਂਚੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਉਹਨਾਂ ਨੂੰ ਨਵੇਂ ਦਰਪਣ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਉਹ ਆਪਣੀਆਂ ਅਤੇ ਆਪਣੇ ਲੋਕਾਂ ਦੀਆਂ ਤਸਵੀਰਾਂ ਅਤੇ ਨਾਲ ਹੀ ਉਹਨਾਂ ਦੀਆਂ ਤਸਵੀਰਾਂ ਵੀ ਦੇਖ ਸਕਣ ਜਿਹਨਾਂ ਨੇ ਉਹ ਦਰਪਣ ਦਿੱਤੇ ਸਨ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਉਹਨਾਂ ਨੂੰ ਇੱਕ ਭਾਸ਼ਾ ਦਿੱਤੀ ਗਈ- ਅੰਗਰੇਜ਼ੀ ਜਾਂ ਫਰਾਂਸੀਸੀ ਜਾਂ ਪੁਰਤਗਾਲੀ । ਇਸ ਤਰ੍ਹਾਂ ਬੇਬੇਲ ਦੀ ਹਨੇਰੀ ਮੀਨਾਰ ਤੋਂ ਬਚ ਨਿੱਕਲਣ ਲਈ ਭਾਸ਼ਾਈ ਸਾਧਨਾਂ ਨਾਲ ਲੈਸ ਨਵੇਂ ਢਾਂਚੇ ਦੇ ਚਾਕਰਾਂ ਦੇ ਰੂਪ ਵਿੱਚ ਜਿਹਨਾਂ ਨੂੰ ਮੰਤਰਮੁਗਧ ਕੀਤਾ ਗਿਆ ਜਾਂ ਫਿਰ ਜੋ ਮੰਤਰਮੁਗਧ ਹੋਣ ਲਈ ਤਿਆਰ ਹੋਏ ਉਹਨਾਂ ਦੇ ਮਨ ਨੂੰ ਉਸ ਦੁਨੀਆਂ ਅਤੇ ਉਸ ਇਤਿਹਾਸ ਤੋਂ ਯੋਜਨਾਬੱਧ ਢੰਗ ਨਾਲ ਅਲੱਗ ਕਰ ਦਿੱਤਾ ਜਿਸਦੀਆਂ ਵਾਹਕ ਉਹਨਾਂ ਦੀਆਂ ਮੂਲ ਭਾਸ਼ਾਵਾਂ ਸਨ। ਉਹ ਕਿਤੇ ਦੂਰ ਪਹਾੜੀ ‘ਤੇ ਮੱਧਮ ਰੌਸ਼ਨੀ ਵਿੱਚ ਚਮਕਦੇ ਇੱਕ ਅੱਖਰ ‘ਯੂਰਪ’ ਨੂੰ ਤੱਕਣ ਲੱਗੇ ਜਾਂ ਫਿਰ ਇਸ ਅੱਖਰ ਨੂੰ ਦੇਖਣ ਲਈ ਪ੍ਰੇਰਿਤ ਕੀਤੇ ਗਏ। ਇਸ ਤੋਂ ਬਾਅਦ ਯੂਰਪ ਅਤੇ ਇਸਦੀਆਂ ਭਾਸ਼ਾਵਾਂ ਸਮੁੱਚੇ ਬ੍ਰਹਿਮੰਡ ਦੇ ਕੇਂਦਰ ਵਿੱਚ ਸਥਾਪਿਤ ਹੋ ਗਈਆਂ।
ਫਰਾਂਸੀਸੀ ਭਾਸ਼ਾ ਨੇ, ਜੋ ਆਪਣੇ ਸੱਭਿਆਚਾਰ ਦੇ ਫਲਸਫਾਨਾ ਅਤੇ ਸੁੰਦਰਤਾਬੋਧੀ ਰਿਵਾਇਤਾਂ ਵੱਲ ਸ਼ਰਧਾਵਾਨ ਸੀ, ਸਮੁੱਚੀ ਪ੍ਰਕ੍ਰਿਆ ਨੂੰ ਇੱਕ ਨਾਂ ਦਿੱਤਾ – ‘ਏਸੀਮੀਲੇਸ਼ਨ’ ਯਾਨੀ ਸਵਾਂਗੀਕਰਨ। ਅੰਗਰੇਜ਼ੀ ਭਾਸ਼ਾ, ਜਿਸਦਾ ਫਲਸਫਾਨਾ ਅਤੇ ਸੁੰਦਰਤਾਬੋਧੀ ਰੁਝਾਣ ਮੁਕਾਬਲਤਨ ਘੱਟ ਸੀ, ਇਸਨੇ ਨਾਂ ਦਿੱਤਾ ‘ਸਿੱਖਿਆ’। ਪਰ ਫੌਜੀ ਤੋਂ ਪ੍ਰਸ਼ਾਸਕ ਦੀ ਯੋਗਤਾ ਵਿੱਚ ਆਏ ਲੁਗਾਰਡ ਨੇ, ਜਿਸਦੀ ਸ਼ਖਸ਼ੀਅਤ ਵਿੱਚ ਇੱਕ ਫੌਜੀ ਦਾ ਅੱਖੜਪੁਣਾ ਬਰਕਰਾਰ ਸੀ, ਇਸ ਅਮਲੀ ਸਿੱਖਿਆ ਕਾਰਜਕ੍ਰਮ ਪਿੱਛੇ ਲੁਕੇ ਉਦੇਸ਼ ਨੂੰ ਯਾਨੀ ‘ਅਸਿੱਧੇ ਰਾਜ’ ਨੂੰ ਸਮਝਣ ਦੀ ਕੁੰਜੀ ਦਿੱਤੀ, ਜਿਸਨੂੰ ਬਾਅਦ ਵਿੱਚ ਟੋਟਿਆਂ ਵਿੱਚ ਪ੍ਰਭਾਸ਼ਿਤ ਕੀਤਾ ਗਿਆ। ਇਸਨੇ ਅਫ਼ਰੀਕੀ ਕਬੀਲਿਆਂ ਦੇ ਸਰਦਾਰਾਂ ਨੂੰ ਆਪਣੇ ਸੱਭਿਆਚਾਰ ਵਿੱਚ ਸ਼ਾਮਲ ਕਰਨ ਦੇ ਇਸ ਢੰਗ ਨੂੰ ਹੀ ਇਹ ਨਾਂ ਦਿੱਤਾ ਸੀ ਅਤੇ ਇਸੇ ਢੰਗ ਨੇ ਹੀ ਅੰਗਰੇਜ਼ਾਂ ਨੂੰ ਅਫ਼ਰੀਕਾ ਵਿੱਚ ਰਾਜ ਕਰਨਾ ਅਸਾਨ ਬਣਾਇਆ। ਸੱਚਾਈ ਇਹ ਹੈ ਕਿ ਸ਼ੁਰੂ ਵਿੱਚ ਲੁਗਾਰਡ ਨੇ ਜਿਨ੍ਹਾਂ ਲੋਕਾਂ ਨੂੰ ਨਿਯੁਕਤ ਕੀਤਾ ਸੀ ਉਸਦੇ ਮੁਕਾਬਲੇ ਬਾਅਦ ਦੇ ਸਿੱਖਿਆ ਢਾਂਚੇ ਨੇ ਹੋਰ ਵੀ ਜਿਆਦਾ ਸ਼ਰਧਾਵਾਨ ਸਰਦਾਰ ਪੈਦਾ ਕੀਤੇ। ਅਸਲ ਗੱਲ ਇਹ ਸੀ ਕਿ ਅੰਗਰੇਜ਼ੀ ਭਾਸ਼ਾ ਵਿੱਚ ਜਿਸਨੂੰ ਜਿੰਨੀ ਵੀ ਜਿਆਦਾ ਮੁਹਾਰਤ ਹਾਸਿਲ ਸੀ ਉਸਨੂੰ ਓਨਾ ਹੀ ਯੋਗ ਮੰਨਿਆ ਜਾਣ ਲੱਗਾ।
ਡੀਕੋਲੋਨਾਈਜ਼ਿੰਗ ਦੀ ਮਾਇੰਡ ਨਾਮੀ ਕਿਤਾਬ ਵਿੱਚ ਮੈਂ ਇਹ ਦੱਸਿਆ ਹੈ ਕਿ ਨਵੀਂ ਭਾਸ਼ਾ ਅਪਨਾਉਣ ਨਾਲ ਸਾਡੀਆਂ ਖੁਦ ਦੀਆਂ ਭਾਸ਼ਾਵਾਂ ਨਾਲ ਬੇਗਾਨਗੀ ਦੀ ਪ੍ਰਕ੍ਰਿਆ ਕਿਵੇਂ ਸ਼ੁਰੂ ਹੋ ਗਈ। ਮੈਂ ਉਹਨਾਂ ਘਟਨਾਵਾਂ ਦਾ ਜਿਕਰ ਕੀਤਾ ਹੈ ਜਿਨ੍ਹਾਂ ਵਿੱਚ ਅਫ਼ਰੀਕੀ ਭਾਸ਼ਾਵਾਂ ਬੋਲਣ ਵਾਲ਼ੇ ਬੱਚਿਆਂ ਨੂੰ ਸਜ਼ਾ ਮਿਲਦੀ ਸੀ । ਆਮ ਤੌਰ ‘ਤੇ ਸਾਨੂੰ ਡੰਡਿਆਂ ਨਾਲ ਮਾਰਿਆ ਜਾਂਦਾ ਸੀ ਜਾਂ ਇੱਕ ਤਖਤੀ ਫੜਾ ਦਿੱਤੀ ਜਾਂਦੀ ਸੀ ਜਿਸਨੂੰ ਅਸੀਂ ਆਪਣੇ ਨਾਲ਼ ਲੈ ਕੇ ਘੁੰਮਦੇ ਸੀ ਅਤੇ ਉਸ ਤਖਤੀ ‘ਤੇ ਲਿਖਿਆ ਹੁੰਦਾ ਸੀ-‘ਮੈਂ ਮੂਰਖ਼ ਹਾਂ’ ਜਾਂ ‘ਮੈਂ ਇੱਕ ਗਧਾ ਹਾਂ।’ ਕੁਝ ਮਾਮਲਿਆਂ ਵਿੱਚ ਰੱਦੀ ਦੀ ਟੋਕਰੀ ਵਿੱਚੋਂ ਕਾਗਜ਼ ਦੇ ਟੁਕੜੇ ਕੱਢ ਕੇ ਸਾਡੇ ਮੂੰਹ ਵਿੱਚ ਤੁੰਨ ਦਿੱਤੇ ਜਾਂਦੇ ਸਨ ਅਤੇ ਫਿਰ ਇਹਨਾਂ ਟੁਕੜਿਆਂ ਨੂੰ ਇੱਕ ਦੇ ਮੂੰਹ ਵਿੱਚੋਂ ਕੱਢ ਕੇ ਦੂਜੇ ਮੁੰਡੇ ਦੇ ਮੂੰਹ ਵਿੱਚ ਪਾਇਆ ਜਾਂਦਾ ਸੀ ਅਤੇ ਇਹ ਸਿਲਸਿਲਾ ਉਸ ਆਖਰੀ ਮੁੰਡੇ ਤੱਕ ਚੱਲਦਾ ਸੀ ਜੋ ਆਪਣੀ ਭਾਸ਼ਾ ਬੋਲਣ ਦਾ ਦੋਸ਼ੀ ਪਾਇਆ ਜਾਂਦਾ ਸੀ। ਸਾਡੀਆਂ ਭਾਸ਼ਾਵਾਂ ਦੇ ਸੰਦਰਭ ਵਿੱਚ ਅਪਮਾਨ ਦੀ ਇਹ ਲੜੀ ਇੱਕ ਖਾਸ ਗੱਲ ਸੀ। ਜੋ ਗੱਲ ਲਗਾਤਾਰ ਸਾਡੇ ਕੰਨਾਂ ਤੱਕ ਪਹੁੰਚਦੀ ਸੀ ਉਹ ਸੀ ‘ਉਸ ਪਹਾੜੀ ਨੂੰ ਧਿਆਨ ਨਾਲ ਦੇਖੋ’ ਅਤੇ ਇਹ ਉਹੀ ਪਹਾੜੀ ਸੀ ਜਿੱਥੇ ‘ਯੂਰਪ’ ਸ਼ਬਦ ਚਮਕ ਰਿਹਾ ਸੀ ਅਤੇ ਜਿਸਦੇ ਦਾਖਲੇ ਦਾ ਬੂਹਾ ਅੰਗਰੇਜ਼ੀ ਭਾਸ਼ਾ ਵਿੱਚੋਂ ਹੋ ਕੇ ਜਾਂਦਾ ਸੀ । ਵਾਦ-ਵਿਵਾਦ ਅਤੇ ਵਿਗਿਆਨ ਦੇ ਸਮੁੱਚੇ ਗਿਆਨ ਦੀ ਵਾਹਕ ਦੇ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਸਥਾਪਿਤ ਕੀਤਾ ਗਿਆ। ਯੂਨਾਨੀ ਰਿਵਾਇਤ ਅਨੁਸਾਰ ਆਰਕਮੇਡੀਜ਼ ਨੇ ਸੰਸਾਰ ਨੂੰ ਹਿਲਾ ਦਿੱਤਾ ਹੁੰਦਾ ਬਸ਼ਰਤੇ ਉਸ ਕੋਲ ਖੜ੍ਹੇ ਹੋਣ ਲਈ ਠੋਸ ਜਮੀਨ ਹੁੰਦੀ । 20ਵੀਂ ਸਦੀ ਦੇ ਅਫ਼ਰੀਕਾ ਵਿੱਚ ਸੰਸਾਰ ਨੂੰ ਹਿਲਾਉਣ ਲਈ ਉਹਨਾਂ ਨੂੰ ਇਹੋ ਸਲਾਹ ਦਿੱਤੀ ਗਈ ਹੁੰਦੀ ਕਿ ਉਹ ਅੰਗਰੇਜ਼ੀ ਭਾਸ਼ਾ ਦੀ ਠੋਸ ਜਮੀਨ ‘ਤੇ ਖੜ੍ਹੇ ਹੋਣ। ਨਿਸ਼ਚਿਤ ਹੀ ਸਾਡੇ ਵਿੱਚੋਂ ਕੁਝ ਲੋਕਾਂ ਨੂੰ ਅੰਗਰੇਜ਼ੀ ਬਾਰੇ ਇਹ ਲੱਗਣ ਲਾ ਦਿੱਤਾ ਗਿਆ ਜਿਵੇਂ ਕਿ ਇਹ ਇੱਕ ਅਜਿਹੀ ਭਾਸ਼ਾ ਹੋਵੇ ਜਿਸਦੀ ਵਰਤੋਂ ਰੱਬ ਕਰਦਾ ਹੋਵੇ ।
ਅੰਗਰੇਜ਼ੀ ਦੇ ਸਾਡੇ ਜੋ ਅਧਿਆਪਕ ਸਨ (ਇਹ ਵਿਡੰਬਨਾ ਹੀ ਹੈ ਕਿ ਉਹਨਾਂ ਵਿੱਚੋਂ ਇੱਕ ਸਕਾਟਲੈਂਡ ਦੇ ਸਨ) ਉਹ ਸਾਨੂੰ ਕਹਿੰਦੇ ਸਨ ਕਿ ਅੰਗਰੇਜ਼ੀ ਦੀ ਵਰਤੋਂ ਕਰ ਕੇ ਅਸੀਂ ਈਸਾ ਮਸੀਹ ਦੀਆਂ ਪੈੜਾਂ ਪਿੱਛੇ ਚੱਲੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਜਦੋਂ ਕੋਈ ਵੀ ਮਨੁੱਖ ਕਿਸੇ ਭਾਸ਼ਾ ਨੂੰ ਨਵਾਂ-ਨਵਾਂ ਸਿੱਖਦਾ ਹੈ ਤਾਂ ਉਸਦੇ ਅੰਦਰ ਇਹ ਪ੍ਰਵਿਰਤੀ ਹੁੰਦੀ ਹੈ ਕਿ ਉਹ ਭਾਰੇ-ਭਾਰੇ ਅਤੇ ਲੰਮੇ-ਚੌੜੇ ਸ਼ਬਦਾਂ ਦੀ ਵਰਤੋਂ ਕਰੇ ਕਿਉਂਕਿ ਇਸ ਨਾਲ ਉਸਦੇ ਵਿਦਵਾਨ ਹੋਣ ਦਾ ਸੰਕੇਤ ਮਿਲਦਾ ਹੈ। ਅਧਿਆਪਕ ਸਾਨੂੰ ਦੱਸਦੇ ਸਨ ਕਿ ਈਸਾ ਮਸੀਹ ਬਹੁਤ ਸਰਲ ਅੰਗਰੇਜ਼ੀ ਬੋਲਦੇ ਸਨ । ਬਾਈਬਲ ਵਿੱਚ ਅੰਗਰੇਜ਼ੀ ਸਾਹਿਤ ਦੇ ਸਭ ਤੋਂ ਲੰਮੇ ਅਤੇ ਸਭ ਤੋਂ ਛੋਟੇ ਵਾਕ ਦੇਖਣ ਨੂੰ ਮਿਲਦੇ ਹਨ। ਫਿਰ ਕੋਈ ਵਿਦਿਆਰਥੀ ਉਹਨਾਂ ਨੂੰ ਯਾਦ ਦਿਵਾਉਂਦਾ ਸੀ ਕਿ ਈਸਾ ਮਸੀਹ ਸੰਭਵ ਤੌਰ ‘ਤੇ ਹੇਬਰੂ ਭਾਸ਼ਾ ਬੋਲਦੇ ਸਨ ਅਤੇ ਇਹ ਕਿ ਜਿਸ ਬਾਈਬਲ ਦਾ ਅਨੁਵਾਦ ਕਿੰਗ ਜੇਮਸ ਐਡੀਸ਼ਨ ਦੇ ਰੂਪ ਵਿੱਚ ਉਪਲਭਧ ਹੈ ਉਹ ਸੰਭਵ ਤੌਰ ‘ਤੇ ਹੇਬਰੂ ਭਾਸ਼ਾ ਵਿੱਚ ਲਿਖੀ ਗਈ ਹੋਵੇਗੀ।
ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਅੰਗਰੇਜ਼ੀ ਭਾਸ਼ਾ ਬਾਰੇ ਉਹਨਾਂ ਪ੍ਰਵਿਰਤੀਆਂ ਦਾ ਜ਼ਿਕਰ ਕਰ ਰਿਹਾ ਹਾਂ ਜੋ 30 ਸਾਲ ਪਹਿਲਾਂ ਪ੍ਰਚਲਿਤ ਸਨ । ਤੁਹਾਡਾ ਇਹ ਸੋਚਣਾ ਬਿਲਕੁਲ ਗਲਤ ਹੈ। ਹਾਲੇ ਹੁਣੇ ਹੀ ਜਦੋਂ ਮੈਂ ਬਰਲਿਨ ਜਾ ਰਿਹਾ ਸੀ ਅਤੇ ਮੇਰੇ ਮਨ ਵਿੱਚ ਇੱਕ ਸੈਮੀਨਾਰ ਦਾ ਵਿਸ਼ਾ ਗੂੰਜ ਰਿਹਾ ਸੀ, ਮੇਰੇ ਹੱਥ 7 ਅਕਤੂਬਰ, 1988 ਦਾ ਅਖਬਾਰ ਈਵਨਿੰਗ ਸਟੈਂਡਰਡ ਲੱਗਿਆ ਜੋ ਲੰਦਨ ਤੋਂ ਪ੍ਰਕਾਸ਼ਿਤ ਹੁੰਦਾ ਹੈ। ਇਸ ਵਿੱਚ ਮੈਨੂੰ ਇੱਕ ਲੇਖ ਦਿਖਾਈ ਦਿੱਤਾ ਜੋ ਬ੍ਰਿਟਿਸ਼ ਸਿੱਖਿਆ ਮੰਤਰੀ ਕੇਨੇਥ ਬੇਕਰ ਦੀ ਸੋਵੀਅਤ ਯਾਤਰਾ ਨਾਲ ਸਬੰਧਿਤ ਸੀ। ਲੇਖ ਵਿੱਚ ਇਹ ਦੱਸਿਆ ਗਿਆ ਸੀ ਕਿ ਬੇਕਰ ਨੂੰ ਇਹ ਦੇਖ ਕੇ ਕਿੰਨੀ ਹੈਰਾਨੀ ਹੋਈ ਕਿ ਸੋਵੀਅਤ ਸੰਘ ਦੇ ਕੁਝ ਇਲਾਕਿਆਂ ਵਿੱਚ ਹਾਲੇ ਵੀ ਅੰਗਰੇਜ਼ੀ ਬੋਲੀ ਜਾਂਦੀ ਹੈ: ‘ਜਰਾ ਖੁਦ ਸੋਚੋ। ਮੈਂ ਉਸ ਸਮੇਂ ਨੋਵੋਸੀਬਿਰਸਕ ਵਿੱਚ ਸੀ। ਕਿਸੇ ਵੀ ਸਥਾਨ ਤੋਂ ਦੋ ਹਜ਼ਾਰ ਮੀਲ ਦੀ ਦੂਰੀ ‘ਤੇ ਅਤੇ ਫਿਰ ਵੀ ਇਥੋਂ ਦੇ ਲੋਕ ਬੜੇ ਅਰਾਮ ਨਾਲ ਅੰਗਰੇਜ਼ੀ ਬੋਲ ਸਕਦੇ ਸਨ। ਇਹ ਲੋਕ ਨਾ ਤਾਂ ਕਦੇ ਇੰਗਲੈਂਡ ਗਏ ਅਤੇ ਨਾ ਅਮਰੀਕਾ ਪਰ ਇਹਨਾਂ ਨੇ ਸਾਡੀਆਂ ਸਰਵੋਤਮ ਕਿਤਾਬਾਂ ਪੜ੍ਹੀਆਂ ਸਨ।’ ਗੱਲ ਸਹੀ ਹੈ। ਕੋਈ ਵੀ ਸਮੂਹ ਜੇਕਰ ਕਿਸੇ ਦੂਜੇ ਸਮੂਹ ਦੀ ਭਾਸ਼ਾ ਸਿੱਖਦਾ ਹੈ ਤਾਂ ਇਹ ਇੱਕ ਵਧੀਆ ਗੱਲ ਹੈ। ਪਰ ਕੀ ਕਾਰਨ ਹੈ ਕਿ ਨੋਵੋਸੀਬਿਰਸਕ ਵਾਸੀ ਅੰਗਰੇਜ਼ੀ ਦੀ ਯੋਗਤਾ ਵਿਕਸਿਤ ਕਰਨ ਲਈ ਏਨੀ ਮਿਹਨਤ ਕਰ ਰਹੇ ਹਨ ? ਈਵਨਿੰਗ ਸਟੈਂਡਰਡ ਦੇ ਉਸੇ ਅੰਕ ਤੋਂ ਕੇਨੇਥ ਬੇਕਰ ਦੀ ਟੂਕ ਲਈ ਜਾਵੇ ਜਾਵੇ ਤਾਂ ਪਤਾ ਲਗਦਾ ਹੈ ਕਿ ਇਸਦੇ ਪਿੱਛੇ ਇੱਕ ਗੰਭੀਰ ਉਦੇਸ਼ ਹੈ : ‘ਰੂਸੀ ਲੋਕ ਇੰਗਲੈਂਡ ਨੂੰ ਉੱਨਤੀ ਨਾਲ਼ ਜੋੜ ਕੇ ਦੇਖਦੇ ਹਨ ਇਸ ਲਈ ਉਹਨਾਂ ਨੇ ਉਹਨਾਂ ਦੀ ਭਾਸ਼ਾ ‘ਤੇ ਖੂਬ ਮਿਹਨਤ ਕੀਤੀ। ਉਹ ਚਾਹੁੰਦੇ ਹਨ ਕਿ ਪੁਰਾਣੇ ਘਿਸੇ-ਪਿਟੇ ਤਾਨਾਸ਼ਾਹੀ ਵਾਲੇ ਰਾਜ ਦੁਆਰਾ ਕੰਟਰੋਲ ਸਮਾਜ ਤੋਂ ਛੁਟਕਾਰਾ ਮਿਲੇ । ਹੁਣ ਤੁਸੀਂ ਇਸਨੂੰ ਆਪ ਹੀ ਸਮਝੋ । ਸਮਾਜਵਾਦ ਨੂੰ ਜੋ ਸਿਰਫ 70 ਸਾਲ ਪੁਰਾਣਾ ਹੈ, ਘਿਸਿਆ-ਪਿਟਿਆ ਪ੍ਰਬੰਧ ਕਿਹਾ ਗਿਆ ਹੈ ਅਤੇ ਸਰਮਾਏਦਾਰੀ ਪ੍ਰਬੰਧ ਨੂੰ, ਜੋ 400 ਸਾਲ ਪੁਰਾਣਾ ਹੈ, ਆਧੁਨਿਕ ਮੰਨ ਲਿਆ ਗਿਆ ਹੈ। ਪਰ ਇੱਥੇ ਵਿਚਾਰਨ ਯੋਗ ਮਸਲਾ ਇਹ ਹੈ ਕਿ ਅੱਜ ਅੰਗਰੇਜ਼ੀ ਨੂੰ ਉਹ ਸਾਧਨ ਬਣਾ ਦਿੱਤਾ ਗਿਆ ਹੈ ਜੋ ਸਮਾਜਵਾਦ ਦੇ ‘ਹਨੇਰੇ’ ਤੋਂ ਲੋਕਾਂ ਨੂੰ ਆਧੁਨਿਕ ਸਰਮਾਏਦਾਰੀ ਦੇ ‘ਚਾਨਣ’ ਦੇ ਵੱਲ ਲੈ ਜਾਵੇ ।
ਹੁਣ ਮੈਂ ਤੁਹਾਨੂੰ ਸੰਖੇਪ ਵਿੱਚ ਇਹ ਦੱਸਣਾ ਚਾਹਾਂਗਾ ਕਿ ਸਾਡੇ ਵਿੱਚੋਂ ਕੁਝ ਨੂੰ ਅੰਗਰੇਜ਼ੀ ਭਾਸ਼ਾ ਦੀ ਮਦਦ ਨਾਲ 19ਵੀਂ ਸਦੀ ਵਾਲੇ ਅਫਰੀਕਾ ਦੀਆਂ ਹਨੇਰੀਆਂ ਮੀਨਾਰਾਂ ਵਿੱਚੋਂ ਕੱਢ ਕੇ 20ਵੀਂ ਸਦੀ ਵਾਲ਼ੇ ਗੁਲਾਮ ਅਫਰੀਕਾ ਦੀ ਆਧੁਨਿਕਤਾ ਦੇ ਸੰਸਾਰ ਵਿੱਚ ਲੈ ਜਾਇਆ ਗਿਆ। ਜਿਨ੍ਹਾਂ ਦਿਨਾਂ ਵਿੱਚ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਸਾਨੂੰ ਇੱਕ ਕਿਤਾਬ ਔਕਸਫੋਰਡ ਰੀਡਰਜ਼ ਫਾਰ ਅਫਰੀਕਾ ਵਿੱਚੋਂ ਅੰਗਰੇਜ਼ੀ ਪੜ੍ਹਾਈ ਜਾਂਦੀ ਸੀ । ਅਸੀਂ ਜੌਹਨ ਨਾਮੀ ਇੱਕ ਮੁੰਡੇ ਦੀ ਅਤੇ ਜੋਨ ਨਾਮੀ ਇੱਕ ਕੁੜੀ ਦੀ ਕਹਾਣੀ ਪੜ੍ਹਦੇ ਸੀ ਅਤੇ ਹੋਇਆ ਇਹ ਕਿ ਆਪਣੇ ਪਿੰਡ ਵਿੱਚ ਵੀ ਰਹਿੰਦੇ ਹੋਏ ਮੈਂ ਇਹ ਤਾਂ ਜਾਣ ਗਿਆ ਸੀ ਕਿ ਔਕਸਫੋਰਡ ਨਾਂ ਦੀ ਇੱਕ ਜਗ੍ਹਾ ਹੈ ਜਿੱਥੇ ਦੋਵੇਂ ਬੱਚੇ ਪੈਦਾ ਹੋਏ ਸੀ ਅਤੇ ਰੀਡਿੰਗ ਨਾਂ ਦੀ ਇੱਕ ਥਾਂ ਹੈ ਜਿੱਥੇ ਜੌਹਨ ਅਤੇ ਜੋਨ ਪੜ੍ਹਾਈ ਵਾਸਤੇ ਸਕੂਲ ਜਾਂਦੇ ਸੀ ਪਰ ਮੈਂ ਕੀਨੀਆ ਦੇ ਕਿਸੇ ਹੋਰ ਕਸਬੇ ਜਾਂ ਸ਼ਹਿਰ ਦਾ ਨਾਂ ਨਹੀਂ ਜਾਣਦਾ ਸੀ । ਸਾਨੂੰ ਇਸ ਕਿਤਾਬ ਦੇ ਨਵੇਂ ਪਾਠਕਾਂ ਨੂੰ ਜੌਹਨ ਅਤੇ ਜੋਨ ਦੇ ਪਿੱਛੇ-ਪਿੱਛੇ ਹਰ ਜਗ੍ਹਾ ਲਿਜਾਇਆ ਜਾਂਦਾ ਸੀ। ਇੱਕ ਦਿਨ ਸਾਨੂੰ ਇੱਕ ਹੋਰ ਸ਼ਹਿਰ ਵਿੱਚ ਲਿਜਾਇਆ ਗਿਆ ਜਿਸਦਾ ਨਾਂ ਲੰਡਨ ਸੀ। ਫਿਰ ਇੱਕ ਵਾਰ ਅਸੀਂ ਚਿੜੀਆਘਰ ਗਏ ਅਤੇ ਟੇਮਜ਼ ਨਦੀ ਦੇ ਤੱਟ ‘ਤੇ ਘੁੰਮਦੇ ਰਹੇ। ਇਹ ਗਰਮੀਆਂ ਦੀਆਂ ਛੁੱਟੀਆਂ ਸਨ। ਪਤਾ ਨਹੀਂ ਕਿੰਨੀ ਵਾਰ ਅੰਗਰੇਜ਼ੀ ਦੀ ਇਸ ਪਾਠ- ਪੁਸਤਕ ਦੇ ਪਾਠਾਂ ਦੇ ਮਾਧਿਅਮ ਨਾਲ ਸਾਨੂੰ ਟੇਮਜ਼ ਦਰਿਆ ਅਤੇ ਬ੍ਰਿਟੇਨ ਦੇ ਸੰਸਦ ਭਵਨ ਦੀ ਚਮਕ ਦਿਖਾਈ ਦਿੱਤੀ। ਇਥੋਂ ਤੱਕ ਕਿ ਹੁਣ ਵੀ ਜਦੋਂ ਮੈਂ ਟੇਮਜ਼ ਨਦੀ ਦਾ ਨਾਮ ਸੁਣਦਾ ਹਾਂ ਜਾਂ ਇਸਦੇ ਆਸਪਾਸ ਦਾ ਸਫ਼ਰ ਕਰਦਾ ਹਾਂ ਤਾਂ ਮੈਨੂੰ ਜੌਹਨ ਅਤੇ ਜੋਨ ਦੀ ਯਾਦ ਆ ਜਾਂਦੀ ਹੈ। ਅੱਜ ਵੀ ਔਕਸਫੋਰਡ ਦਾ ਮਤਲਬ ਜਿੰਨਾ ਵਿਦਵਤਾ ਲਈ ਹੋਣਾ ਚਾਹੀਦਾ ਹੈ ਜੋ ਕਿ ਸੱਚਮੁਚ ਹੈ ਵੀ, ਇਸਤੋਂ ਜਿਆਦਾ ਇਸਦਾ ਮਤਲਬ ਮੇਰੇ ਲਈ ਪ੍ਰਾਇਮਰੀ ਸਕੂਲ ਦੀ ਪਾਠ-ਪੁਸਤਕ ਵਿੱਚ ਦਰਜ ਜੌਹਨ ਅਤੇ ਜੋਨ ਦੇ ਨਿਵਾਸ ਸਥਾਨ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।
ਮੈਨੂੰ ਤੁਸੀਂ ਗਲਤ ਨਾ ਸਮਝੋ । ਮੈਂ ਇਸ ਗੱਲ ਨੂੰ ਬਿਲਕੁਲ ਹੀ ਬੁਰਾ ਨਹੀਂ ਮੰਨਦਾ ਕਿ ਕਿਸੇ ਭਾਸ਼ਾ ਨੂੰ ਉਸ ਭੂਗੋਲਕ, ਸੱਭਿਆਚਾਰਕ ਅਤੇ ਇਤਿਹਾਸਕ ਘੇਰੇ ਵਿੱਚ ਰੱਖ ਕੇ ਪੜ੍ਹਾਇਆ ਜਾਵੇ ਜਿਸ ਵਿੱਚੋਂ ਉਹ ਉਪਜੀ ਹੈ। ਆਖਰ ਕਿਸੇ ਭਾਸ਼ਾ ਦੇ ਸੰਚਾਰ ਪੱਖ ਨੂੰ ਇਸਦੇ ਸੱਭਿਆਚਰਕ ਪ੍ਰਤੀਕਾਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਅੰਗਰੇਜ਼ੀ ਭਾਸ਼ਾ ਨੂੰ ਟੇਮਜ਼ ਤੋਂ, ਫਰਾਂਸੀਸੀ ਭਾਸ਼ਾ ਨੂੰ ਆਇਫਲ ਟਾਵਰ ਤੋਂ, ਇਤਾਲਵੀ ਨੂੰ ਪੀਜਾ ਦੀ ਟੇਢੀ ਮਿਨਾਰ ਤੋਂ, ਚੀਨੀ ਭਾਸ਼ਾ ਨੂੰ ਚੀਨ ਦੀ ਮਹਾਨ ਕੰਧ ਤੋਂ, ਅਰਬੀ ਨੂੰ ਮੱਕੇ ਤੋਂ ਜਾਂ ਕਿਸਵਾਹਿਲੀ ਨੂੰ ਮੋਂਬਾਸਾ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਕਿਸੇ ਭਾਸ਼ਾ ਨੂੰ ਉਸਦੇ ਸੱਭਿਆਚਾਰ ਦੇ ਸੰਦਰਭ ਵਿੱਚ ਜਾਣਨਾ ਉਹਨਾਂ ਲੋਕਾਂ ਪ੍ਰਤੀ ਸ਼ਰਧਾਂਜਲੀ ਪ੍ਰਗਟਾਉਣਾ ਹੈ ਜਿਹਨਾਂ ਦੀ ਇਹ ਭਾਸ਼ਾ ਹੈ ਅਤੇ ਇਹ ਇੱਕ ਚੰਗੀ ਗੱਲ ਹੈ। ਸਾਡੇ ਲੋਕਾਂ ਲਈ, ਜੋ ਸਾਬਕਾ ਬਸਤੀਆਂ ਦੇ ਹਨ, ਭਾਸ਼ਾਵਾਂ ਨਾਲ ਸੁਭਾਵਿਕ ਸਬੰਧ ਵਿਕਸਿਤ ਕਰਨ ਵਿੱਚ ਗੜਬੜ ਇਸ ਤੱਥ ਨੇ ਪੈਦਾ ਕੀਤੀ ਕਿ ਯੂਰਪ ਦੀ ਭਾਸ਼ਾ ਨੂੰ, ਇੱਥੇ ਅੰਗਰੇਜ਼ੀ ਨੂੰ, ਇਸ ਤਰ੍ਹਾਂ ਪੜ੍ਹਾਇਆ ਗਿਆ ਜਿਸ ਤਰ੍ਹਾਂ ਇਹ ਸਾਡੀ ਆਪਣੀ ਭਾਸ਼ਾ ਹੋਵੇ, ਇਸ ਤਰ੍ਹਾਂ ਪੜ੍ਹਾਇਆ ਗਿਆ ਜਿਵੇਂ ਕਿ ਅਫਰੀਕਾ ਕੋਲ ਸਾਮਰਾਜਵਾਦੀਆਂ ਦੁਆਰਾ ਲਿਆਂਦੀ ਗਈ ਭਾਸ਼ਾ ਤੋਂ ਇਲਾਵਾ ਜਿਸ ‘ਤੇ ‘ਮੇਡ ਇਨ ਯੂਰਪ’ (ਯੂਰਪ ਵਿੱਚ ਬਣੀ- ਅਨੁ.) ਲਿਖਿਆ ਹੋਵੇ ਆਪਣੀ ਕੋਈ ਖੁਦ ਦੀ ਜੁਬਾਨ ਹੀ ਨਾ ਹੋਵੇ ।
ਇਸ ਪ੍ਰਕਾਰ ਅੰਗਰੇਜ਼ੀ ਅਤੇ ਅਫਰੀਕੀ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਦਾ ਕੋਈ ਮੇਲ ਨਹੀਂ ਹੋਇਆ ਜੋ ਬਰਾਬਰੀ, ਅਜ਼ਾਦੀ ਅਤੇ ਜਮਹੂਰੀ ਸਥਿਤੀਆਂ ਵਿੱਚ ਹੋਇਆ ਹੋਵੇ। ਬਾਅਦ ਵਿੱਚ ਜਿੰਨੇ ਵੀ ਵਿਗਾੜ ਵੇਖਣ ਨੂੰ ਮਿਲੇ ਉਹਨਾਂ ਦੀ ਜੜ੍ਹ ਵਿੱਚ ਇਹ ਤੱਥ ਸੀ। ਸਾਡੀਆਂ ਭਾਸ਼ਾਵਾਂ ਅੰਗਰੇਜ਼ੀ ਨਾਲ ਇਸ ਤਰ੍ਹਾਂ ਮਿਲੀਆਂ ਜਿਵੇਂ ਅੰਗਰੇਜ਼ੀ ਕਿਸੇ ਜੇਤੂ ਕੌਮ ਦੀ ਭਾਸ਼ਾ ਹੋਵੇ ਅਤੇ ਸਾਡੀ ਭਾਸ਼ਾ ਕਿਸੇ ਹਾਰੇ ਹੋਏ ਦੇਸ਼ ਦੀ। ਕੋਈ ਵੀ ਜ਼ਾਬਰ ਭਾਸ਼ਾ ਖਾਸ ਤੌਰ ‘ਤੇ ਆਪਣੇ ਸਾਹਿਤ ਵਿੱਚ ਯਕੀਨਨ ਜਿੱਤੀ ਗਈ ਕੌਮ ਦੀ ਨਸਲਵਾਦੀ ਅਤੇ ਨਾਂਹ- ਪੱਖੀ ਤਸਵੀਰ ਪੇਸ਼ ਕਰਦੀ ਹੈ ਅਤੇ ਇਸ ਮਾਮਲੇ ਵਿੱਚ ਅੰਗਰੇਜ਼ੀ ਛੋਟ ਨਹੀਂ ਹੈ। ਮੈਂ ਭਾਸ਼ਾ ਦੇ ਇਸ ਪੱਖ ਬਾਰੇ ਇੱਥੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ । ਇਸ ਸੰਦਰਭ ਵਿੱਚ ਕੀਤੇ ਗਏ ਅਨੇਕ ਅਧਿਐਨਾਂ ਵਿੱਚ ਇਸਨੂੰ ਸਪੱਸ਼ਟ ਕੀਤਾ ਗਿਆ ਹੈ। ਇੱਥੇ ਏਨਾ ਹੀ ਕਹਿਣਾ ਕਾਫੀ ਹੋਵੇਗਾ ਕਿ ਇਸ ਹਮਲਾਵਰ ਤਸਵੀਰ ਨੂੰ ਦੇਖਣ ਲਈ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਗਈਆਂ ਕੁਝ ਸਕੂਲੀ ਪਾਠ-ਪੁਸਤਕਾਂ ‘ਤੇ ਨਜ਼ਰ ਮਾਰ ਲਓ ਜੋ ਏਲਸਪੇਥ ਹਕਸਲੇ, ਕੈਰੇਨ ਬਿਲਕਸੇਨ, ਰਾਏਡਰ ਹੇਗਰਡ, ਰਾਬਰਟ ਰੂਅਰਕ, ਨਿਕੋਲਸ ਮੋਂਸਾਰਰਾਟ ਆਦਿ ਦੁਆਰਾ ਤਿਆਰ ਕੀਤੀਆਂ ਗਈਆਂ ਹਨ। ਇੱਥੇ ਕਲਪਨਾ ਕਰੋ ਕਿ ਜੇਕਰ ਸਾਰੀਆਂ ਅਫਰੀਕੀ ਭਾਸ਼ਾਵਾਂ ਖ਼ਤਮ ਹੋ ਗਈਆਂ ਹੁੰਦੀਆਂ ਤਾਂ ਅਫਰੀਕਾ ਦੇ ਲੋਕਾਂ ਨੂੰ ਖੁਦ ਨੂੰ ਇੱਕ ਅਜਿਹੀ ਭਾਸ਼ਾ ਵਿੱਚ ਪਰਿਭਾਸ਼ਤ ਕਰਨਾ ਪੈਂਦਾ ਜਿਸਨੂੰ ਅਫਰੀਕਾ ਬਾਰੇ ਏਨੀ ਨਾਂਹ-ਪੱਖੀ ਧਾਰਨਾ ਵਿਰਸੇ ‘ਚ ਮਿਲੀ ਹੈ।
ਅੰਗਰੇਜ਼ੀ ਅਤੇ ਹੋਰ ਜ਼ਾਬਰ ਭਾਸ਼ਾਵਾਂ ਦੁਆਰਾ ਸਾਡੀਆਂ ਭਾਸ਼ਾਵਾਂ ਨੂੰ ਪੂਰੀ ਤਰ੍ਹਾਂ ਨਿਗਲ ਲੈਣ ਤੋਂ ਪਿੰਡਾਂ ਅਤੇ ਕਸਬਿਆਂ ਵਿੱਚ ਰਹਿਣ ਵਾਲ਼ੇ ਉਸ ਲੋਕ ਸਮੂਹ ਨੇ ਬਚਾਇਆ ਜਿਸਨੇ ਸਿਆਸੀ ਅਤੇ ਆਰਥਿਕ ਖੇਤਰਾਂ ਵਿੱਚ ਪੂਰੀ ਤਰ੍ਹਾਂ ਆਤਮ-ਸਮਰਪਣ ਤੋਂ ਇਨਕਾਰ ਕਰ ਦਿੱਤਾ, ਜਿਸਨੇ ਸਾਡੀਆਂ ਆਪਣੀਆਂ ਭਾਸ਼ਾਵਾਂ ਵਿੱਚ ਸਾਹ ਲੈਣਾ ਜਾਰੀ ਰੱਖਿਆ ਅਤੇ ਇਸ ਤਰ੍ਹਾਂ ਇਹਨਾਂ ਭਾਸ਼ਾਵਾਂ ਵਿੱਚ ਰਚੇ ਗਏ ਇਤਿਹਾਸਾਂ ਅਤੇ ਸੱਭਿਆਚਾਰਾਂ ਨੂੰ ਜੀਵਤ ਰੱਖਿਆ। ਇਸ ਤਰ੍ਹਾਂ ਤੀਜੀ ਦੁਨੀਆਂ ਦੇ ਲੋਕਾਂ ਨੇ ਆਪਣੀ ਆਤਮਾ ਨੂੰ ਅੰਗਰੇਜ਼ੀ, ਫਰਾਂਸੀਸੀ ਜਾਂ ਪੁਰਤਗਾਲੀ ਭਾਸ਼ਾਵਾਂ ਅੱਗੇ ਆਤਮ-ਸਮਰਪਣ ਕਰਨ ਤੋਂ ਹਮੇਸ਼ਾਂ ਰੋਕਿਆ।
ਪਰ ਤੀਜੀ ਦੁਨੀਆਂ ਇਕੱਲਾ ਉਹ ਸਥਾਨ ਨਹੀਂ ਸੀ ਜਿੱਥੇ ਅੰਗਰੇਜ਼ੀ ਨੇ ਦੂਜੇ ਲੋਕਾਂ ਦੀਆਂ ਭਾਸ਼ਾਵਾਂ ਦੇ ਕਬਰਸਤਾਨ ‘ਤੇ ਵਧਣ-ਫੁੱਲਣ ਦੀ ਕੋਸ਼ਿਸ਼ ਕੀਤੀ। ਇਥੋਂ ਤੱਕ ਕਿ ਬ੍ਰਿਟੇਨ ਵਿੱਚ ਵੀ ਮੈਂ ਉਹਨਾਂ ਖੇਤਰਾਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ ਜਿੱਥੇ ਉਹਨਾਂ ਖੇਤਰਾਂ ਦੀਆਂ ਮੂਲ ਭਾਸ਼ਾਵਾਂ ਨੂੰ ਅੰਗਰੇਜ਼ੀ ਨੇ ਨਿਗਲ ਲਿਆ ਜਾਂ ਐਸੇ ਖੇਤਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ ਜਿੱਥੇ ਉਹ ਆਪਣੀਆਂ ਆਪਣੀਆਂ ਭਾਸ਼ਾਵਾਂ ਨੂੰ ਮਾਰੇ ਜਾਣ ਅਤੇ ਸਦਾ ਲਈ ਦਫਨਾਉਣ ਖਿਲਾਫ਼ ਫੈਸਲਾਕੁੰਨ ਘੋਲ਼ ਵਿੱਚ ਲੱਗੇ ਹੋਏ ਹਨ।
ਇੱਕ ਵਾਰ ਫਿਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਉਹਨਾਂ ਸ਼ਿਕਾਇਤਾਂ ਦੀ ਗੱਲ ਨਹੀਂ ਕਰ ਰਿਹਾ ਜੋ ਕਈ ਸਾਲ ਪੁਰਾਣੀਆਂ ਹਨ। ਪੱਛਮੀ ਬਰਲਿਨ ਤੋਂ ਵਾਪਿਸ ਮੁੜਦੇ ਸਮੇਂ ਮੇਰੇ ਹੱਥ ਵਿੱਚ 21 ਅਕਤੂਬਰ, 1988 ਦਾ ਅਖਬਾਰ ਮਾਰਨਿੰਗ ਸਟਾਰ ਲੱਗਿਆ ਜਿਸ ਵਿੱਚ ਵੇਲਸ਼ ਲੈਂਗੁਏਜ ਸੋਸਾਈਟੀ ਦੇ ਲਿਨ ਮੇਰੀਏਰਿਡ ਦਾ ਇੱਕ ਲੇਖ ਸੀ। ਇਸ ਲੇਖ ਵਿੱਚ ਉਹਨਾਂ ਨੇ ਵੇਲਸ਼ ਭਾਸ਼ਾ ਦੇ ਲਗਾਤਾਰ ਪਤਣ ‘ਤੇ ਦੁੱਖ ਪ੍ਰਗਟਾਇਆ :
ਹਾਲ ਦੇ ਸਾਲਾਂ ਵਿੱਚ ਪੇਂਡੂ ਖੇਤਰਾਂ ਦਾ, ਜਿਨ੍ਹਾਂ ਨੂੰ ਦਹਾਕਿਆਂ ਤੋਂ ਇਸ ਭਾਸ਼ਾ ਦਾ ਗੜ੍ਹ ਮੰਨਿਆ ਜਾਂਦਾ ਸੀ, ਪੂਰੀ ਤਰ੍ਹਾਂ ਅੰਗਰੇਜ਼ੀਕਰਨ ਹੋ ਗਿਆ। ਇੱਥੋਂ ਦੇ ਆਮ ਮਜ਼ਦੂਰ ਨੂੰ ਵੀ ਬੜੇ ਯੋਜਨਾਬੱਧ ਢੰਗ ਨਾਲ ਉਸਦੇ ਮੂਲ ਨਿਵਾਸ ਤੋਂ ਹਟਾ ਦਿੱਤਾ ਗਿਆ ਹੈ।
ਸ਼ਾਇਦ ਕੁਝ ਪਾਠਕ ਇਹ ਪੁੱਛ ਰਹੇ ਹੋਣ ਕਿ ਵੇਲਸ਼ ਜਿਹੀਆਂ ਭਾਸ਼ਾਵਾਂ ਨੂੰ ਕਾਇਮ ਰੱਖਣਾ ਏਨਾ ਮਹੱਤਵਪੂਰਣ ਕਿਉਂ ਹੋਣਾ ਚਾਹੀਦਾ ਹੈ।
ਜੇਕਰ ਅਸੀਂ ਇਹ ਮੰਨਦੇ ਹਾਂ ਕਿ ਕਿਸੇ ਵੀ ਲੋਕਾਂ ਕੋਲ ਆਪਣੇ ਭਵਿੱਖ ਨੂੰ ਅਕਾਰ ਦੇਣ ਲਈ ਆਪਣੇ ਅਤੀਤ ਦੀ ਜਾਣਕਾਰੀ ਹੋਣਾ ਮਹੱਤਵਪੂਰਣ ਹੈ ਤਾਂ ਇਹ ਗੱਲ ਪ੍ਰਸੰਗਕ ਹੋ ਜਾਂਦੀ ਹੈ। ਅਨੇਕਾਂ ਪੀੜ੍ਹੀਆਂ ਤੋਂ ਵੇਲਸ਼ ਦੀ ਮਜ਼ਦੂਰ ਜਮਾਤ ਪੂਰੀ ਤਰ੍ਹਾਂ ਵੇਲਸ਼ ਭਾਸ਼ਾ ਅਤੇ ਸੱਭਿਆਚਾਰ ‘ਤੇ ਨਿਰਭਰ ਰਿਹਾ ਹੈ।
ਹੁਣ ਲੱਗਦਾ ਹੈ ਵੇਲਸ਼ ਵਿੱਚ ਵੇਲਸ਼ ਭਾਸ਼ਾ ਦੇ ਜੀਵਨ ਦੇ ਲਈ ਖਤਰਾ ਪੈਦਾ ਹੋ ਗਿਆ ਹੈ। ਨਿਸ਼ਚਿਤ ਹੀ ਇਹ ਬ੍ਰਿਟੇਨ ਦੇ ਖ਼ਾਸ ਹਿੱਸੇ ਵਿੱਚ ‘ਯੂਰਪੀਕਰਨ’ ਦਾ ਬੁਰਾ ਨਤੀਜਾ ਹੈ। ਜੇਕਰ ਇਹ ਭਾਸ਼ਾ ਮਰ ਗਈ ਤਾਂ ਅਨੇਕਾਂ ਲੋਕਾਂ ਲਈ ਇੱਥੋਂ ਦੇ ਸਮੁੱਚੇ ਲੋਕਾਂ ਦਾ ਇਤਿਹਾਸ ਇੱਕ ਬੰਦ ਪੁਸਤਕ ਵਾਂਗ ਹੋ ਜਾਵੇਗਾ।
ਇੱਕ ਸਮਾਜਵਾਦੀ ਹੋਣ ਨਾਤੇ ਅਸੀਂ ਜਾਣਦੇ ਹਾਂ ਕਿ ਸਰਮਾਏਦਾਰਾ ਸੱਭਿਆਚਾਰ ਹਮੇਸ਼ਾਂ ਮਜ਼ਦੂਰ ਜਮਾਤ ਨੂੰ ਉਸਦੇ ਖੁਦ ਦੇ ਇਤਿਹਾਸ ਵਿੱਚ ਸਹੀ ਜਗ੍ਹਾ ਮਿਲਣ ਤੋਂ ਵਾਂਝਾ ਰੱਖਣਾ ਚਾਹੁੰਦਾ ਹੈ ਤਾਂ ਕਿ ਵਰਤਮਾਨ ਵਿੱਚ ਜੋ ਘੋਲ ਦੀ ਲਗਾਤਾਰਤਾ ਹੈ ਉਸਦੇ ਲਈ ਪ੍ਰੇਰਣਾ-ਸ੍ਰੋਤ ਨਾ ਬਣ ਸਕੇ ।
ਇਹਨਾਂ ਕਾਰਨਾਂ ਵਜੋਂ ਭਾਸ਼ਾ ਤੋਂ ਵੀ ਉਹਨਾਂ ਨੂੰ ਵਾਂਝਾ ਰੱਖਿਆ ਜਾਂਦਾ ਹੈ ।
ਭਾਸ਼ਾਵਾਂ ਨਾ ਤਾਂ ਕਦੇ ਬੁੱਢੀਆਂ ਹੁੰਦੀਆਂ ਹਨ ਤੇ ਨਾ ਹੀ ਕਦੇ ਮਰਦੀਆਂ ਹਨ। ਉਹ ਆਪਣੀ ਬਣਤਰ ਵਿੱਚ ਕਿਸੇ ਤੱਤ ਸਬੰਧੀ ਦੋਸ਼ ਦੇ ਕਾਰਨ ‘ਅਧੁਨਿਕ ਯੁੱਗ’ ਲਈ ਅਪ੍ਰਸੰਗਕ ਵੀ ਨਹੀਂ ਹੁੰਦੀਆਂ।
ਉਹ ਉਦੋਂ ਹੀ ਗੁੰਮ ਹੁੰਦੀਆਂ ਹਨ ਜਦੋਂ ਸਮਾਜ ਦੀ ਭਾਰੂ ਜਮਾਤ ਨੂੰ ਉਸਦੀ ਕੋਈ ਲੋੜ ਨਹੀਂ ਰਹਿ ਜਾਂਦੀ।
ਵੇਲਸ਼ ਭਾਸ਼ਾ ਦੇ ਪਤਣ ਦੀਆਂ ਜੜ੍ਹਾਂ ਉਹਨਾਂ ਕੌਮਾਂ ਵਿਚਕਾਰ ਮੌਜੂਦ ਗੈਰਬਰਾਬਰੀ ਵਿੱਚ ਹਨ ਜੋ ਦੋਨਾਂ ਭਾਸ਼ਾਈ ਖੇਤਰਾਂ ਵਿੱਚ ਨਿਵਾਸ ਕਰਦੀਆਂ ਹਨ। ਇੱਥੋਂ ਤੱਕ ਕਿ ਕੇਨੇਥ ਬੇਕਰ ਨੇ ਵੀ ਰੂਸ ਵਿੱਚ ਅੰਗਰੇਜ਼ੀ ਦੇ ਪ੍ਰਸਾਰ ਦੀ ਚਰਚਾ ਕਰਦੇ ਹੋਏ ਇਹ ਨਹੀਂ ਕਿਹਾ ਸੀ ਕਿ (ਈਵਨਿੰਗ ਸਟੈਂਡਰਡ ਦੀ ਰਿਪੋਰਟ ਤੋਂ ਤਾਂ ਇਹ ਪਤਾ ਨਹੀਂ ਲੱਗਦਾ) ਸੋਵੀਅਤ ਲੋਕ ਤਰੱਕੀ ਲਈ ਬ੍ਰਿਟੇਨ ਵੱਲ ਦੇਖਦੇ ਸਨ । ਉਹ ਅੰਗਰੇਜ਼ੀ ਭਾਸ਼ਾ ਦੇ ਮੂਲ ਸਥਾਨ ਦੇ ਰੂਪ ਵਿੱਚ ਇੰਗਲੈਂਡ ਨੂੰ ਤੱਕਦੇ ਸਨ।
ਅੱਜ ਪੱਛਮੀ ਯੂਰਪੀ ਭਾਸ਼ਾਵਾਂ ਅਤੇ ਅਫਰੀਕੀ ਭਾਸ਼ਾਵਾਂ ਇੱਕ-ਦੂਜੇ ਦੇ ਸੰਦਰਭ ਵਿੱਚ ਜਿੱਥੇ ਹਨ ਉੱਥੇ ਇਸ ਲਈ ਨਹੀਂ ਹਨ ਕਿਉਂਕਿ ਉਹ ਮੂਲ ਰੂਪ ਵਿੱਚ ਅਗਾਂਹਵਧੂ ਜਾਂ ਪਿਛਾਂਹਖਿੱਚੂ ਹਨ ਸਗੋਂ ਇਸ ਲਈ ਹਨ ਕਿਉਂਕਿ ਇੱਕ ਪਾਸੇ ਜ਼ਬਰ ਦਾ ਇਤਿਹਾਸ ਹੈ ਅਤੇ ਦੂਜੇ ਪਾਸੇ ਉਸ ਜ਼ਬਰ ਖਿਲਾਫ਼ ਮੁਕਾਬਲੇ ਦਾ ਇਤਿਹਾਸ ਹੈ। ਜ਼ਬਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਇਹ ਪ੍ਰਤੀਕਾਤਮਕ ਰੂਪ ਵਿੱਚ ਸਭ ਤੋਂ ਜਿਆਦਾ ਸਪੱਸ਼ਟ 1884 ਦੇ ਬਰਲਿਨ ਸੰਮੇਲਨ ਵਿੱਚ ਹੋਇਆ ਜਦੋਂ ਅਫਰੀਕਾ ਨੂੰ ਯੂਰਪ ਦੇ ਦੇਸ਼ਾਂ ਨੇ ਵੱਖ-ਵੱਖ ‘ਪ੍ਰਭਾਵ ਖੇਤਰਾਂ’ ਵਿੱਚ ਵੰਡ ਦਿੱਤਾ। ਅੱਜ ਅਸੀਂ ਦੇਖ ਸਕਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਨੇ ਬ੍ਰਿਟੇਨ ਅਤੇ ਅਮਰੀਕਾ ਦੇ ਆਪਣੇ ਘਰੇਲੂ ਖੇਤਰ ਵਿੱਚੋਂ ਬਾਹਰ ਨਿੱਕਲ ਕੇ ਸੰਸਾਰ ਦੇ ਉਹਨਾਂ ਹੀ ਹਿੱਸਿਆਂ ਵਿੱਚ ਪੂਰੀ ਤਰ੍ਹਾਂ ਜੜ੍ਹ ਜਮਾ ਲਈ ਹੈ ਜੋ ਪੂਰੀ ਤਰ੍ਹਾਂ ਮਹਾਰਾਣੀ ਵਿਕਟੋਰੀਆ ਤੋਂ ਲੈ ਕੇ ਰੋਨਾਲਡ ਰੀਗਨ ਤੱਕ ਫੈਲੇ ਆਂਗਲ-ਅਮਰੀਕੀ ਆਰਥਿਕ ਅਤੇ ਸਿਆਸੀ ਸਾਮਰਾਜ ਅੰਦਰ ਹਨ ਅਤੇ ਇਹ ਹਿੱਸੇ ਵਰਣਨਯੋਗ ਹਨ। ਇਹੀ ਉਹ ਖੇਤਰ ਵੀ ਹਨ ਜਿਨ੍ਹਾਂ ਵਿੱਚ ਨਵ-ਬਸਤੀਵਾਦ ਨੇ ਡੂੰਘੀਆਂ ਜੜ੍ਹਾਂ ਜਮਾ ਰੱਖੀਆਂ ਹਨ। ਇਹਨਾਂ ਨਵ-ਬਸਤੀਆਂ ਦੇ ਹਾਕਮ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਨਜ਼ਰੀਆ ਵੀ ਉਹੀ ਹੈ ਜੋ ਅਮਰੀਕਾ ਅਤੇ ਬ੍ਰਿਟੇਨ ਦੇ ਹਾਕਮਾਂ ਦਾ ਨਜ਼ਰੀਆ ਹੈ ਕਿਉਂਕਿ ਅਨੇਕ ਮਾਮਲਿਆਂ ਵਿੱਚ ਅਲੱਗ ਹੁੰਦੇ ਹੋਏ ਵੀ ਉਹਨਾਂ ਵਿੱਚ ਇੱਕ ਸਮਾਨਤਾ ਹੈ ਅਤੇ ਉਹ ਇਹ ਕਿ ਉਹ ਇੱਕ ਹੀ ਭਾਸ਼ਾ ਬੋਲਦੇ ਹਨ ਅਤੇ ਸਾਰੀ ਦੁਨੀਆਂ ਵਿੱਚ ਅੰਗਰੇਜ਼ੀ-ਭਾਸ਼ੀ ਸੱਤਾਧਾਰੀ ਜਮਾਤਾਂ ਦੀਆਂ ਕਦਰਾਂ- ਕੀਮਤਾਂ ਦੇ ਹਿੱਸੇਦਾਰ ਹਨ।
ਉਸ ਗੈਰਬਰਾਬਰੀ ਅਤੇ ਜ਼ਬਰ ਦੇ ਇਤਿਹਾਸ ਦੇ ਬੁਰੇ ਨਤੀਜਿਆਂ ਨੂੰ ਅਫਰੀਕਾ ਦੇ ਹਰ ਪ੍ਰਭਾਵਿਤ ਦੇਸ਼ ਵਿੱਚ ਦੇਖਿਆ ਜਾ ਸਕਦਾ ਹੈ—ਖਾਸ ਤੌਰ ‘ਤੇ ਵੱਖ-ਵੱਖ ਜਮਾਤਾਂ ਵਿੱਚ ਅੰਦਰੂਨੀ ਸਬੰਧਾਂ ਅਤੇ ਹੋਰ ਦੇਸ਼ਾਂ ਨਾਲ ਬਾਹਰਲੇ ਸਬੰਧਾਂ ਦੇ ਸੰਦਰਭ ਵਿੱਚ। ਇਹਨਾਂ ਦੋਨਾਂ ਵਿੱਚ ਅੰਗਰੇਜ਼ੀ, ਫਰਾਂਸੀਸੀ ਅਤੇ ਪੁਰਤਗਾਲੀ ਭਾਸ਼ਾ ਨੂੰ ਮੁੱਖ ਸਥਾਨ ਹਾਸਿਲ ਹੈ। ਹੁਕਮ, ਪ੍ਰਸ਼ਾਸਨ, ਵਣਜ, ਵਪਾਰ, ਨਿਆਂ ਅਤੇ ਵਿਦੇਸ਼ੀ ਸੰਚਾਰ ਦੇ ਖੇਤਰ ਵਿੱਚ ਉਹਨਾਂ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ । ਸੰਖੇਪ ਵਿੱਚ ਕਹੀਏ ਤਾਂ ਇਹ ਭਾਸ਼ਾਵਾਂ ਸੱਤਾ ਦੀਆਂ ਭਾਸ਼ਾਵਾਂ ਹਨ। ਪਰ ਅੱਜ ਵੀ ਇਹਨਾਂ ਦੇਸ਼ਾਂ ਵਿੱਚ ਰਹਿਣ ਵਾਲੀਆਂ ਕੌਮਾਂ ਅੰਦਰ ਇਹਨਾਂ ਭਾਸ਼ਾਵਾਂ ਨੂੰ ਇੱਕ ਘੱਟਗਿਣਤੀ ਸਮੂਹ ਹੀ ਬੋਲ਼ਦਾ ਹੈ । ਅਫਰੀਕਾ ਦੀ ਬਹੁ-ਗਿਣਤੀ ਮਜ਼ਦੂਰ ਜਮਾਤ ਸਾਡੀਆਂ ਅਫ਼ਰੀਕੀ ਭਾਸ਼ਾਵਾਂ ਨੂੰ ਬਚਾ ਕੇ ਰੱਖ ਰਹੀ ਹੈ ਅਤੇ ਉਹਨਾਂ ਵਿੱਚ ਇਹਨਾਂ ਦਾ ਹੀ ਪ੍ਰਚਲਣ ਹੈ। ਇਸ ਲਈ ਅਬਾਦੀ ਦਾ ਬਹੁਮਤ ਕੇਂਦਰੀ ਸੱਤਾ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਕਿਉਂਕਿ ਸੱਤਾ ਦੀ ਭਾਸ਼ਾ ‘ਤੇ ਉਸਨੂੰ ਮੁਹਾਰਤ ਹਾਸਲ ਨਹੀਂ ਹੈ। ਉਸਨੂੰ ਆਧੁਨਿਕ ਖੋਜਾਂ ਵਿੱਚ ਸਾਰਥਕ ਢੰਗ ਨਾਲ ਭਾਗ ਲੈਣ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਅੰਗਰੇਜ਼ੀ, ਫਰਾਂਸੀਸੀ ਅਤੇ ਪੁਰਤਗਾਲੀ ਉਹ ਭਾਸ਼ਾਵਾਂ ਹਨ ਜਿਨ੍ਹਾਂ ਵਿੱਚ ਅਫ਼ਰੀਕੀ ਲੋਕਾਂ ਨੂੰ ਸਿੱਖਿਅਤ ਕੀਤਾ ਗਿਆ ਹੈ। ਇਸ ਲਈ ਵਿਗਿਆਨ ਅਤੇ ਤਕਨਾਲੌਜੀ ਵਿੱਚ ਸਾਡੀ ਖੋਜ ਦੇ ਨਤੀਜੇ ਤੇ ਇਸੇ ਤਰ੍ਹਾਂ ਸਿਰਜਣ ਕਲਾ ਵਿੱਚ ਸਾਡੀਆਂ ਪ੍ਰਾਪਤੀਆਂ ਇਹਨਾਂ ਭਾਸ਼ਾਵਾਂ ਵਿੱਚ ਸੰਭਾਲ ਕੇ ਰੱਖ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਵਿਆਪਕ ਗਿਆਨ ਦਾ ਇੱਕ ਬਹੁਤ ਵੱਡਾ ਹਿੱਸਾ ਅੰਗਰੇਜ਼ੀ, ਫਰਾਂਸੀਸੀ ਅਤੇ ਪੁਰਤਗਾਲੀ ਦੀਆਂ ਭਾਸ਼ਾਈ ਜ਼ੇਲ੍ਹਾਂ ਵਿੱਚ ਕੈਦ ਹੈ। ਇੱਥੋਂ ਤੱਕ ਕਿ ਸਾਡੀਆਂ ਲਾਇਬ੍ਰੇਰੀਆਂ ਵੀ ਸਹੀ ਅਰਥਾਂ ਵਿੱਚ ਅੰਗਰੇਜ਼ੀ ਭਾਸ਼ਾ (ਜਾਂ ਫਰਾਂਸੀਸੀ ਜਾਂ ਪੁਰਤਗਾਲੀ) ਦੇ ਕਿਲੇ ਹਨ ਜਿਨ੍ਹਾਂ ਵਿੱਚ ਦੇਸ਼ ਦੀ ਅਬਾਦੀ ਦੀ ਬਹੁਗਿਣਤੀ ਪਹੁੰਚ ਹੀ ਨਹੀਂ ਸਕਦੀ । ਇਸ ਲਈ ਇਹਨਾਂ ਭਾਸ਼ਾਵਾਂ ਨੂੰ ਪਾਲਣ-ਪੋਸਣ ਨਾਲ ਕੇਵਲ ਕੁਲੀਨ ਜਮਾਤ ਅਤੇ ਕੌਮਾਂਤਰੀ ਅੰਗਰੇਜ਼ੀ ਭਾਸ਼ੀ ਸਰਮਾਏਦਾਰ ਜਮਾਤ ਵਿੱਚ ਹੀ ਕਾਰਗਾਰ ਢੰਗ ਨਾਲ ਸੰਚਾਰ ਹੋ ਪਾਉਂਦਾ ਹੈ । ਸੰਖੇਪ ਵਿੱਚ ਕਹੀਏ ਤਾਂ ਅਫ਼ਰੀਕਾ ਦੀ ਕੁਲੀਨ ਜਮਾਤ ਭਾਸ਼ਾ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਅਫ਼ਰੀਕਾ ਦੇ ਲੋਕਾਂ ਤੋਂ ਟੁੱਟੀ ਹੋਈ ਹੈ ਅਤੇ ਨਾਲ ਹੀ ਪੱਛਮ ਨਾਲ ਬੱਝੀ ਹੋਈ ਹੈ।
ਜਿੱਥੋਂ ਤੱਕ ਅਫ਼ਰੀਕਾ ਦਾ ਸੰਸਾਰ ਨਾਲ ਬਾਹਰੀ ਸਬੰਧਾਂ ਦਾ ਸਵਾਲ ਹੈ, ਅਫ਼ਰੀਕੀ ਭਾਸ਼ਾਵਾਂ ਨੂੰ ਸ਼ਾਇਦ ਹੀ ਮਾਣ ਦਾ ਰੁਤਬਾ ਹਾਸਿਲ ਹੈ। ਇੱਥੇ ਵੀ ਉਹਨਾਂ ਦਾ ਸਥਾਨ ਅੰਗਰੇਜ਼ੀ, ਫਰਾਂਸੀਸੀ ਜਾਂ ਪੁਰਤਗਾਲੀ ਭਾਸ਼ਾ ਨੇ ਲੈ ਲਿਆ ਹੈ। ਸੰਯੁਕਤ ਰਾਸ਼ਟਰ ਵਿੱਚ ਵੀ ਅਫ਼ਰੀਕੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਨਹੀਂ ਪ੍ਰਾਪਤ ਹੈ। ਇਹ ਇੱਕ ਦਿਲਚਸਪ ਤੱਥ ਹੈ ਕਿ ਪੰਜਾਂ ਮਹਾਂਦੀਪਾਂ ਵਿੱਚੋਂ ਅਫਰੀਕਾ ਹੀ ਇਕੱਲਾ ਉਹ ਮਹਾਂਦੀਪ ਹੈ ਜਿਸਦਾ ਭਾਸ਼ਾ ਦੇ ਪੱਧਰ ‘ਤੇ ਸੰਯੁਕਤ ਰਾਸ਼ਟਰ ਵਿੱਚ ਨੁਮਾਇੰਦਗੀ ਨਹੀਂ ਹੈ। ਨਿਸ਼ਚਿਤ ਹੀ ਹੁਣ ਸਮਾਂ ਆ ਗਿਆ ਹੈ ਕਿ ਕਿਸਵਾਹਿਲੀ, ਜਾਂ ਹੋਜ਼ਾ, ਵੋਲੋਫ, ਸ਼ੋਨਾ, ਅਮਹਰਿਕ, ਜਾਂ ਸੋਮਾਲੀ ਨੂੰ ਸੰਯੁਕਤ ਰਾਸ਼ਟਰ ਸੰਗਠਨ ਅਤੇ ਇਸ ਨਾਲ ਸਬੰਧਿਤ ਸਭ ਜਥੇਬੰਦੀਆਂ ਵਿੱਚ ਅਧਿਕਾਰਤ ਭਾਸ਼ਾਵਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇ ਪਰ ਇਹ ਕਿਸੇ ਹੋਰ ਸੈਮੀਨਾਰ ਦਾ ਵਿਸ਼ਾ ਹੈ। ਫਿਲਹਾਲ ਅਸੀਂ ਸੰਭਾਵਿਤ ਸੰਸਾਰ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਬਾਰੇ ਵਿਚਾਰ ਕਰ ਰਹੇ ਹਾਂ।
ਮੈਂ ਹੁਣ ਤੱਕ ਅੰਗਰੇਜ਼ੀ ਭਾਸ਼ਾ ਦੀ ਨਸਲਵਾਦੀ ਪ੍ਰੰਪਰਾ ‘ਤੇ ਵਿਚਾਰ ਕੀਤਾ ਹੈ ਜਾਂ ਇਸ ਵੱਲ ਇਸ਼ਾਰਾ ਕੀਤਾ ਹੈ । ਸਾਮਰਾਜਵਾਦ ਦੀ ਇੱਕ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਨਾਲ ਕੁਝ ਬਿਮਾਰੀਆਂ ਦਾ ਜੁੜੇ ਹੋਣਾ ਵੀ ਲਾਜ਼ਮੀ ਹੈ। ਪਰ ਬ੍ਰਿਟੇਨ ਅਤੇ ਅਮਰੀਕਾ ਦੇ ਲੋਕਾਂ ਦੀ ਭਾਸ਼ਾ ਦੇ ਰੂਪ ਵਿੱਚ ਇਸਦੀ ਇੱਕ ਜਮਹੂਰੀ ਪ੍ਰੰਪਰਾ ਵੀ ਹੈ ਜੋ ਬ੍ਰਿਟਿਸ਼ ਅਤੇ ਅਮਰੀਕੀ ਲੋਕਾਂ ਦੇ ਜਮਹੂਰੀ ਸੰਘਰਸ਼ਾਂ ਅਤੇ ਉਹਦੇ ਵਿਰਸੇ ਨੂੰ ਪ੍ਰਗਟਾਉਂਦੀ ਹੈ। ਆਪਣੀ ਜਮਹੂਰੀ ਰਵਾਇਤਾਂ ਵਿੱਚ ਇਸਨੇ ਮਾਨਵੀ ਸਿਰਜਣਾਤਮਿਕਤਾ ਦੇ ਸਮੂਹਿਕ ਕੋਸ਼ ਵਿੱਚ ਯੋਗਦਾਨ ਕੀਤਾ ਹੈ। ਮਿਸਾਲ ਦੇ ਤੌਰ ‘ਤੇ ਸ਼ੇਕਸਪੀਅਰ, ਮਿਲਟਨ, ਬਲੇਕ, ਸ਼ੈਲੀ ਨਡਕੇਨਸ,
ਕੋਨਾਰਡ, ਬਰਨਾਰਡ ਸ਼ਾ, ਗ੍ਰਾਹਮ ਗ੍ਰੀਨ ਆਦਿ ਕੁਝ ਅਜਿਹੇ ਨਾਂ ਹਨ ਜਿਨ੍ਹਾਂ ਨੇ ਕਲਾ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ। ਮੈਨੂੰ ਹੈਰਾਨੀ ਨਹੀਂ ਹੋਈ ਕਿ ਜਦੋਂ ਕੇਨੇਥ ਬੇਕਰ ਨੇ ਦੇਖਿਆ ਕਿ ਸਾਇਬੇਰੀਆ ਵਿੱਚ ਸੋਵੀਅਤ ਬੱਚੇ ਅੰਗਰੇਜ਼ੀ ਭਾਸ਼ਾ ਦੇ ਇਹਨਾਂ ਵਿਦਵਾਨਾਂ ਦੇ ਸਾਹਿਤ ਦਾ ਅਧਿਐਨ ਕਰ ਰਹੇ ਹਨ। ਜੇਕਰ ਉਹਨਾਂ ਨੂੰ ਅਫ਼ਰੀਕਾ ਦੇ ਦੂਰ ਦਰਾਜ ਦੇ ਪਿੰਡਾਂ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਤਾਂ ਉਹ ਦੇਖ ਪਾਉਂਦੇ ਕਿ ਇੱਥੋਂ ਦੇ ਵੀ ਬੱਚੇ ਕਿਸ ਤਰ੍ਹਾਂ ਡਿਕਨਜ਼ ਦੇ ਨਾਲ਼-ਨਾਲ਼ ਬ੍ਰੈਖ਼ਤ, ਬਾਲਜ਼ਾਕ, ਸ਼ੋਲੋਖੋਵ, ਅਤੇ ਬੇਸ਼ੱਕ ਸੇਮਬੇਨ ਅੋਸਮਾਨ, ਅਲੇਕਸ ਲਾ ਗੁਮਾ, ਵਿਏਰਾ ਅਤੇ ਹੋਰ ਅਫ਼ਰੀਕੀ ਲੇਖਕਾਂ ਦੀਆਂ ਕਿਤਾਬਾਂ ਪੜ੍ਹਣ ਵਿੱਚ ਲੱਗੇ ਹੋਏ ਹਨ। ਇਹਨਾਂ ਲੇਖਕਾਂ ਦੀਆਂ ਅਨੇਕਾਂ ਰਚਨਾਵਾਂ ਅੰਗਰੇਜ਼ੀ ਅਨੁਵਾਦ ਦੇ ਰੂਪ ਵਿੱਚ ਉਪਲਬਧ ਹਨ। ਅੰਗਰੇਜ਼ੀ ਭਾਸ਼ਾ ਦਾ ਇਹ ਪੱਖ ਮਹੱਤਵਪੂਰਣ ਹੈ ਅਤੇ ਅਫਰੀਕੀ ਭਾਸ਼ਾਵਾਂ ਦਾ ਸਹਿਤ ਹੋਰ ਭਾਸ਼ਾਵਾਂ ਦੇ ਲੇਖਕਾਂ ਨੇ ਮਾਨਵਤਾ ਦੇ ਸਮੂਹਿਕ ਵਿਰਸਾ ਅਮੀਰ ਕਰਨ ਵਿੱਚ ਵਰਣਨਯੋਗ ਭੂਮਿਕਾ ਅਦਾ ਕੀਤੀ ਹੈ ਉਸਦਾ ਇਹ ਵੀ ਇੱਕ ਹਿੱਸਾ ਹੈ। ਪਰ ਜਿੱਥੋਂ ਤੱਕ ਸੰਸਾਰ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਦਾ ਸਵਾਲ ਹੈ, ਉਹ ਇੱਕ ਅਲੱਗ ਮਾਮਲਾ ਹੈ।
ਅੰਗਰੇਜ਼ੀ ਸੰਸਾਰ ਲਈ ਇੱਕ ਭਾਸ਼ਾ ਜੇਕਰ ਅਜਿਹਾ ਹੋ ਜਾਵੇ ਕਿ ਆਪਣੀਆਂ ਹੱਦਾਂ ਵਿੱਚ ਰਹਿਣ ਵਾਲ਼ੇ ਸਾਰੇ ਦੇਸ਼ਾਂ ਲਈ ਇੱਕੋ ਭਾਸ਼ਾ ਹੋਵੇ ਤਾਂ ਨਿਸ਼ਚਿਤ ਹੀ ਦੁਨੀਆਂ ਦੇ ਹਰੇਕ ਦੇਸ਼ ਲਈ ਇਹ ਬਹੁਤ ਚੰਗਾ ਹੋਵੇਗਾ। ਅਤੇ ਜੇਕਰ ਸੰਸਾਰ ਵਿੱਚ ਕੋਈ ਅਜਿਹੀ ਭਾਸ਼ਾ ਹੋਵੇ ਜਿਸ ਨਾਲ ਧਰਤੀ ਦੀਆਂ ਕੌਮਾਂ ਇੱਕ ਦੂਜੇ ਨਾਲ ਸੰਵਾਦ ਕਰ ਸਕਣ ਤਾਂ ਇਹ ਤਾਂ ਹੋਰ ਵੀ ਚੰਗਾ ਹੋਵੇਗਾ। ਦੇਸ਼ ਅੰਦਰ ਸੰਚਾਰ ਦੀ ਇੱਕ ਭਾਸ਼ਾ, ਸੰਸਾਰ ਅੰਦਰ ਸੰਚਾਰ ਦੀ ਇੱਕ ਭਾਸ਼ਾ : ਇਹ ਸੱਚ-ਮੁੱਚ ਆਦਰਸ਼ ਸਥਿਤੀ ਹੈ, ਅਤੇ ਸਾਨੂੰ ਇਸਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਪਰ ਉਸ ਭਾਸ਼ਾ ਨੂੰ— ਚਾਹੇ ਜੋ ਵੀ ਹੋਵੇ— ਕਿਸੇ ਦੇਸ਼ ਵਿੱਚ ਜਾਂ ਸੰਸਾਰ ਵਿੱਚ ਹੋਰ ਭਾਸ਼ਾਵਾਂ ਦੇ ਕਬਰਸਤਾਨ ਵਿੱਚ ਨਹੀਂ ਬੀਜਿਆ ਜਾਣਾ ਚਾਹੀਦਾ। ਸੰਸਾਰ ਵਿੱਚ ਅੱਜ ਜੋ ਅੰਗਰੇਜ਼ੀ ਦੀ ਸਥਿਤੀ ਹੈ, ਉਸ ਸਥਿਤੀ ਤੱਕ ਪਹੁੰਚਣ ਦੀ ਆਪਣੀ ਮੁਹਿੰਮ ਵਿੱਚ ਅੰਗਰੇਜ਼ੀ ਨੇ ਹੋਰ ਭਾਸ਼ਾਵਾਂ ਅਤੇ ਸੱਭਿਆਚਾਰਾਂ ‘ਤੇ ਜੋ ਕਹਿਰ ਢਾਹਿਆ ਹੈ, ਉਸ ਤੋਂ ਬਚਣਾ ਹੋਵੇਗਾ। ਕਿਸੇ ਇੱਕ ਭਾਸ਼ਾ ਦੀ ਜ਼ਿੰਦਗੀ ਲਈ ਅਨੇਕ ਭਾਸ਼ਾਵਾਂ ਦੀ ਮੌਤ ਕਦੇ ਵੀ ਸ਼ਰਤ ਨਹੀਂ ਬਣ ਸਕਦੀ । ਇਸਦੇ ਉਲਟ ਲੋਕਾਂ ਵਿਚਕਾਰ ਸੰਚਾਰ ਲਈ ਜੇਕਰ ਕੋਈ ਅੰਤਰ-ਦੇਸ਼ੀ ਜਾਂ ਸੰਸਾਰ ਭਾਸ਼ਾ ਤਿਆਰ ਹੁੰਦੀ ਹੈ ਤਾਂ ਉਸਨੂੰ ਹੋਰ ਭਾਸ਼ਾਵਾਂ ਦੇ ਜੀਵਨ ਵਿੱਚ ਸਾਹ ਮਿਲਣਾ ਚਾਹੀਦਾ ਹੈ । ਸਾਨੂੰ, ਮੌਜੂਦਾ ਪੀੜ੍ਹੀ ਦੇ ਲੋਕਾਂ ਨੂੰ ਸਾਮਰਾਜਵਾਦ ਦੁਆਰਾ ਥੋਪੇ ਗਏ ਵਿਕਾਸ ਸਿਧਾਂਤ ਦੇ ਝੂਠ ਅਤੇ ਖ਼ੂਨੀ ਤਰਕ ਤੋਂ ਖੁਦ ਨੂੰ ਦੂਰ ਰੱਖਣਾ ਚਾਹੀਦਾ ਹੈ : ਇਹ ਦਾਅਵਾ ਕਿ ਇੱਕ ਆਦਮੀ ਦੀ ਸਫ਼ਾਈ ਦੂਜਿਆਂ ‘ਤੇ ਧੂੜ ਸੁੱਟਣ ‘ਤੇ ਨਿਰਭਰ ਕਰਦੀ ਹੈ, ਕਿ ਕੁਝ ਵਿਅਕਤੀਆਂ ਦੀ ਸਿਹਤ ਇਸ ‘ਤੇ ਨਿਰਭਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਕੋਹੜ ਕਿਸ ਹੱਦ ਤੱਕ ਦੂਜਿਆਂ ‘ਤੇ ਪਾਉਂਦੇ ਹਨ ਕਿ ਕੁਝ ਲੋਕਾਂ ਜਾਂ ਕੁਝ ਕੌਮਾਂ ਦੀ ਖੁਸ਼ਹਾਲੀ ਦੀਆਂ ਜੜ੍ਹਾਂ ਵਿਆਪਕ ਲੋਕ-ਸਮੂਹ ਜਾਂ ਕੌਮਾਂ ਦੀ ਗਰੀਬੀ ਵਿੱਚ ਹੋਣੀਆਂ ਚਾਹੀਦੀਆਂ ਹਨ।
ਸੋ ਸੰਸਾਰ ਲਈ ਕਿਸੇ ਇੱਕ ਭਾਸ਼ਾ ਦੇ ਹੋਂਦ ਵਿੱਚ ਆਉਣ ਅਤੇ ਉਸਨੂੰ ਵਿਆਪਕ ਮਨਜ਼ੂਰੀ ਮਿਲਣ ਦੀ ਕੀ ਯੋਗ ਬੁਨਿਆਦ ਹੋਵੇਗੀ?
ਸਭ ਤੋਂ ਪਹਿਲਾਂ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਸਭ ਕੌਮਾਂ ਨੂੰ ਸੰਪੂਰਣ ਅਜ਼ਾਦੀ ਅਤੇ ਬਰਾਬਰੀ ਹੋਣੀ ਚਾਹੀਦੀ ਹੈ । ਇਸ ਤਰ੍ਹਾਂ ਦੀ ਬਰਾਬਰੀ ਨਿਸ਼ਚਿਤ ਹੀ ਭਾਸ਼ਾਵਾਂ ਦੀ ਬਰਾਬਰੀ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਅਸੀਂ ਇੱਕ ਸੰਸਾਰ ਵਿੱਚ ਰਹਿੰਦੇ ਹਾਂ। ਦੁਨਿਆਂ ਦੀਆਂ ਸਭ ਭਾਸ਼ਾਵਾਂ ਮਨੁੱਖੀ ਇਤਿਹਾਸ ਦੀਆਂ ਅਸਲ ਪੈਦਾਵਾਰ ਹਨ।
ਉਹ ਸਾਡੀ ਸਮੂਹਿਕ ਵਿਰਾਸਤ ਹਨ। ਅਨੇਕ ਭਾਸ਼ਾਵਾਂ ਵਾਲ਼ਾ ਸੰਸਾਰ ਵੱਖ-ਵੱਖ ਰੰਗਾਂ ਵਾਲੇ ਫੁੱਲਾਂ ਦੇ ਮੈਦਾਨ ਵਰਗਾ ਹੋਣਾ ਚਾਹੀਦਾ ਹੈ। ਕੋਈ ਅਜਿਹਾ ਫੁੱਲ ਨਹੀਂ ਹੈ ਜੋ ਆਪਣੇ ਰੰਗ ਜਾਂ ਅਕਾਰ ਵਜੋਂ ਹੋਰਨਾਂ ਫੁੱਲਾਂ ਤੋਂ ਵੱਧ ਕੇ ਹੋਵੇ। ਅਜਿਹੇ ਸਭ ਫੁੱਲ ਆਪਣੇ ਰੰਗਾਂ ਅਤੇ ਅਕਾਰਾਂ ਦੇ ਵੱਖਰੇਪਣ ਵਿੱਚ ਆਪਣੇ ਸਮੂਹਿਕ ਸਾਰਤੱਤ ਨੂੰ ਪ੍ਰਗਟ ਕਰਦੇ ਹਨ। ਇਸ ਤਰ੍ਹਾਂ ਸਾਡੀਆਂ ਵੱਖ-ਵੱਖ ਭਾਸ਼ਾਵਾਂ ਸਮੂਹਿਕਤਾ ਦੇ ਬੋਧ ਨੂੰ ਪ੍ਰਗਟ ਕਰ ਸਕਦੀਆਂ ਹਨ ਅਤੇ ਉਹਨਾਂ ਨੂੰ ਇਹ ਕਹਿਣਾ ਵੀ ਚਾਹੀਦਾ ਹੈ । ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਡੀਆਂ ਸਭ ਭਾਸ਼ਾਵਾਂ ਧਰਤੀ ਦੇ ਲੋਕਾਂ ਦੀ ਏਕਤਾ, ਸਾਡੀ ਬਰਾਬਰ ਮਾਨਵਤਾ ਅਤੇ ਸਭ ਤੋਂ ਵੱਧਕੇ ਸ਼ਾਂਤੀ, ਬਰਾਬਰਤਾ, ਅਜ਼ਾਦੀ ਅਤੇ ਸਮਾਜਿਕ ਨਿਆਂ ਦੇ ਗੀਤ ਗਾਉਣ। ਸਾਡੀਆਂ ਸਭ ਭਾਸ਼ਾਵਾਂ ਨੂੰ ਇੱਕ ਨਵੇਂ ਕੌਮੀ ਆਰਥਿਕ, ਸਿਆਸੀ ਅਤੇ ਸਮਾਜਿਕ ਪ੍ਰਬੰਧ ਦੀ ਮੰਗ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਦੁਭਾਸ਼ੀਆਂ ਅਤੇ ਅਨੁਵਾਦਾਂ ਦੇ ਮਾਧਿਅਮ ਨਾਲ ਇੱਕ-ਦੂਜੇ ਨਾਲ ਗੱਲਬਾਤ ਕਰਨ । ਹਰੇਕ ਦੇਸ਼ ਨੂੰ ਪੰਜਾਂ ਮਹਾਂਦੀਪਾਂ ਦੀਆਂ ਭਾਸ਼ਾਵਾਂ ਦੇ ਅਧਿਐਨ ਨੂੰ ਹੱਲਾਸ਼ੇਰੀ ਦੇਣੀ ਚਾਹਿਦੀ ਹੈ। ਕੋਈ ਕਾਰਨ ਨਹੀਂ ਕਿ ਕੋਈ ਬੱਚਾ ਘੱਟ ਤੋਂ ਘੱਟ ਤਿੰਨ ਭਾਸ਼ਾਵਾਂ ਦਾ ਅਧਿਐਨ ਕਰੇ। ਅਨੁਵਾਦ ਅਤੇ ਵਿਆਖਿਆ ਕਰਨ ਦੀ ਕਲਾ ਨੂੰ ਸਕੂਲਾਂ ਵਿੱਚ ਇੱਕ ਜਰੂਰੀ ਵਿਸ਼ਾ ਹੋਣਾ ਚਾਹੀਦਾ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਅੰਗਰੇਜ਼ੀ ਸਿੱਖਿਆ ਪ੍ਰਣਾਲੀ ਅਤੇ ਆਮ ਤੌਰ ‘ਤੇ ਅੰਗਰੇਜ਼ੀ ਸੱਭਿਆਚਾਰ ਵਿੱਚ ਅਨੁਵਾਦ ਦੀ ਕਲਾ ਨੂੰ ਉਹ ਮਹੱਤਵ ਪ੍ਰਾਪਤ ਨਹੀਂ ਜੋ ਹੋਰ ਕਲਾਵਾਂ ਨੂੰ ਪ੍ਰਾਪਤ ਹੈ। ਅਨੁਵਾਦਾਂ ਦੀ ਮਦਦ ਨਾਲ ਦੁਨੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਇੱਕ ਦੂਜੇ ਨਾਲ ਗੱਲ ਕਰ ਸਕਦੀਆਂ ਹਨ। ਯੂਰਪ ਦੀਆਂ ਭਾਸ਼ਾਵਾਂ ਨੇ ਇੱਕ ਦੂਜੇ ਨਾਲ ਐਸਾ ਸੰਵਾਦ ਬਣਾਈ ਰੱਖਿਆ ਕਿ ਅੱਜ ਰੂਸੀ, ਫਰਾਂਸੀਸੀ ਜਾਂ ਜਰਮਨ ਸਾਹਿਤ ਅਤੇ ਫਲਸਫੇ ਦੇ ਸਭ ਮਹੱਤਵਪੂਰਣ ਗ੍ਰੰਥ ਅਨੁਵਾਦਾਂ ਵਜੋਂ ਇਹਨਾਂ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਉਪਲੱਬਧ ਹਨ। ਪਰ ਅਫ਼ਰੀਕੀ ਭਾਸ਼ਾਵਾਂ ਅਤੇ ਅੰਗਰੇਜ਼ੀ ਜਾਂ ਫਰਾਂਸੀਸੀ ਵਿੱਚ ਆਪਸ ‘ਚ ਅਨੁਵਾਦ ਹੋਈਆਂ ਰਚਨਾਵਾਂ ਬਹੁਤ ਘੱਟ ਉਪਲਬਧ ਹਨ। ਨਾਲੇ ਅਫਰੀਕੀ ਜੀਵਨ ‘ਤੇ ਅੰਗਰੇਜ਼ੀ ਅਤੇ ਫਰਾਂਸੀਸੀ ਦੇ ਬਸਤੀਵਾਦੀ ਦਾਬੇ ਨੇ ਅਫਰੀਕੀ ਭਾਸ਼ਾਵਾਂ ਨੂੰ ਇੱਕ-ਦੂਜੇ ਪ੍ਰਤੀ ਏਨਾ ਸ਼ੱਕੀ ਬਣਾ ਦਿੱਤਾ ਜਿਸ ਨਾਲ ਸ਼ਾਇਦ ਹੀ ਕੋਈ ਅੰਤਰ-ਅਫ਼ਰੀਕੀ ਸੰਵਾਦ ਬਣਾਇਆ ਜਾ ਸਕਿਆ। ਜੋ ਵੀ ਹੋਵੇ, ਕੌਮੀ ਜਾਂ ਕੌਮਾਂਤਰੀ ਪੱਧਰ ‘ਤੇ ਜੇਕਰ ਕਦੇ ਸੰਭਵ ਵੀ ਹੋਇਆ ਤਾਂ ਬਹੁਤ ਥੋੜ੍ਹੇ ਸਾਧਨਾਂ ਨੂੰ ਅਫ਼ਰੀਕੀ ਭਾਸ਼ਾਵਾਂ ਦੇ ਵਿਕਾਸ ‘ਤੇ ਲਗਾਇਆ ਗਿਆ। ਪੜ੍ਹੇ-ਲਿਖੇ ਅਫ਼ਰੀਕੀਆਂ ਦੀਆਂ ਸਰਵੋਤਮ ਪ੍ਰਤਿਭਾਵਾਂ ਅੰਗਰੇਜ਼ੀ, ਫਰਾਂਸੀਸੀ ਅਤੇ ਪੁਰਤਗਾਲੀ ਵਿਕਸਿਤ ਕਰਨ ਵਿੱਚ ਲੱਗੀਆਂ ਰਹੀਆਂ। ਪਰ ਇਹ ਕੰਮ ਭਾਂਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਅਨੁਵਾਦ ਦੇ ਮਾਧਿਅਮ ਨਾਲ ਇਹਨਾਂ ਭਾਸ਼ਾਵਾਂ ਵਿੱਚ ਆਪਸੀ ਸੰਚਾਰ ਬਹੁਤ ਮਹੱਤਵਪੂਰਣ ਹੈ। ਜੇਕਰ ਇਹਨਾਂ ਸਾਰਿਆਂ ਤੋਂ ਉੱਪਰ ਕੋਈ ਇੱਕੋ ਭਾਸ਼ਾ ਹੁੰਦੀ ਤਾਂ ਸੰਸਾਰ ਦੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਇਸ ਇੱਕੋ ਕੌਮਾਂਤਰੀ ਭਾਸ਼ਾ ਦੀ ਮਦਦ ਨਾਲ ਇੱਕ ਦੂਜੇ ਦੇ ਨਾਲ ਸੰਵਾਦ ਕਾਇਮ ਕਰ ਲੈਂਦੀਆਂ। ਜੇਕਰ ਅਜਿਹਾ ਹੁੰਦਾ ਤਾਂ ਅਸੀਂ ਇੱਕ ਅਜਿਹੇ ਇਕੋਂ ਤਰ੍ਹਾਂ ਦੇ ਸੰਸਾਰ ਸੱਭਿਆਚਾਰ ਲਈ ਅਸਲ ਬੁਨਿਆਦ ਰੱਖ ਪਾਉਂਦੇ ਜਿਸ ਦੀਆਂ ਜੜ੍ਹਾਂ ਖਾਸ ਅਨੁਭਵਾਂ ਅਤੇ ਭਾਸ਼ਾਵਾਂ ਵਾਲ਼ੇ ਸੰਸਾਰ ਭਾਈਚਾਰੇ ਅੰਦਰ ਡੂੰਘੀਆਂ ਜੰਮੀਆਂ ਹੁੰਦੀਆਂ ਅਤੇ ਜੋ ਇਸ ਤੋਂ ਹੀ ਆਪਣੇ ਲਈ ਜੀਵਨ-ਤਾਕਤ ਲੈਂਦਾ। ਸਾਡੇ ਕੌਮਾਂਤਰੀਵਾਦ ਦੀਆਂ ਜੜ੍ਹਾਂ ਸਹੀ ਅਰਥਾਂ ਵਿੱਚ ਸੰਸਾਰ ਦੇ ਲੋਕਾਂ ਵਿੱਚ ਹੋਣੀਆਂ ਚਾਹੀਦੀਆਂ ਹਨ।
ਜਦੋਂ ਕੌਮਾਂ ਵਿਚਕਾਰ ਸਭ ਅਰਥਾਂ ਵਿੱਚ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਬਰਾਬਰੀ ਹੋਵੇਗੀ, ਅਤੇ ਜਮਹੂਰੀਅਤ ਦੀ ਹੋਂਦ ਹੋਵੇਗੀ ਤਾਂ ਕੋਈ ਕਾਰਨ ਨਹੀਂ ਕਿ ਸੰਸਾਰ ਭਾਸ਼ਾ ਦੇ ਰੂਪ ਵਿੱਚ ਕਿਸੇ ਭਾਸ਼ਾ ਨੂੰ ਵਿਕਸਿਤ ਹੋਣ ਤੋਂ ਕਿਸੇ ਦੇਸ਼, ਕੌਮ ਜਾਂ ਲੋਕਾਂ ਨੂੰ ਡਰ ਲੱਗੇ—ਭਾਂਵੇਂ ਸੰਸਾਰ ਭਾਸ਼ਾ ਦੇ ਰੂਪ ਵਿੱਚ ਕਿਸਵਾਹਿਲੀ, ਚੀਨੀ, ਮਾਅੋਰੀ, ਸਪੇਨੀ ਜਾਂ ਅੰਗਰੇਜ਼ੀ ਹੀ ਕਿਉਂ ਨਾ ਹੋਵੇ । ਸੰਸਾਰ ਲਈ ਇੱਕ ਭਾਸ਼ਾ ? ਭਾਸ਼ਾਵਾਂ ਦਾ ਇੱਕ ਸੰਸਾਰ! ਦੋਵੇਂ ਧਾਰਨਾਵਾਂ ਇੱਕ ਦੂਜੇ ਤੋਂ ਅਲੱਗ ਨਹੀਂ ਹਨ ਬਸ਼ਰਤੇ ਕਿ ਦੇਸਾਂ ਵਿਚਕਾਰ ਅਜ਼ਾਦੀ, ਬਰਾਬਰੀ, ਜਮਹੂਰੀਅਤ ਅਤੇ ਸ਼ਾਂਤੀ ਹੋਵੇ।
ਇਸ ਤਰ੍ਹਾਂ ਦੇ ਸੰਸਾਰ ਵਿੱਚ ਹੋਰ ਭਾਸ਼ਾਵਾਂ ਦੀ ਤਰ੍ਹਾਂ ਅਗੰਰੇਜ਼ੀ ਆਪਣੀ ਅਰਜ਼ੀ ਪੇਸ਼ ਕਰ ਸਕਦੀ ਹੈ ਅਤੇ ਹੋਰ ਭਾਸ਼ਾਵਾਂ ਤੇ ਲੋਕਾਂ ਵਿਰੁੱਧ ਸਾਮਰਾਜਵਾਦੀ ਹਮਲੇ ਦੇ ਇਤਿਹਾਸ ਦੇ ਬਾਵਜੂਦ ਅੰਗਰੇਜ਼ੀ ਇੱਕ ਭਰੋਸੇਯੋਗ ਉਮੀਦਵਾਰ ਹੋ ਸਕਦੀ ਹੈ। ਇਸ ਵਿਚਕਾਰ ਇਸ ਤਰ੍ਹਾਂ ਦੀ ਅਰਜ਼ੀ ਦੇਣ ਵਾਲਿਆਂ ਨੂੰ ਆਪਣੀਆਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਅਣਥੱਕ ਕੋਸ਼ਿਸ਼ ਕਰਨੀ ਹੋਵੇਗੀ ਜਿਨ੍ਹਾਂ ਵਜੋਂ ਉਹ ਬਦਨਾਮ ਹਨ ਮਿਸਾਲ ਵਜੋਂ ਨਸਲਵਾਦ, ਯੌਨਵਾਦ, ਅੰਨ੍ਹਾ- ਕੌਮਵਾਦ ਅਤੇ ਹੋਰ ਕੌਮੀਅਤਾਂ ਅਤੇ ਭਾਈਚਾਰਿਆਂ ਦੀ ਨਾਂਹ-ਪੱਖੀ ਤਸਵੀਰ ਪੇਸ਼ ਕਰਨਾ ਆਦਿ ਤਾਂ ਕਿ ਸੰਸਾਰ ਦੀ ਭਾਸ਼ਾ ਦੇ ਰੂਪ ਵਿੱਚ ਮਨਜ਼ੂਰ ਹੋਣ ਦੇ ਮਾਪਦੰਡਾਂ ਨੂੰ ਪੂਰਾ ਕਰ ਸਕਣ। ਇਸ ਮਾਮਲੇ ਵਿੱਚ ਸੰਸਾਰ ਭਾਸ਼ਾ ਵਾਸਤੇ ਕਿਸਵਾਹਿਲੀ ਇੱਕ ਸ਼ਾਨਦਾਰ ਉਮੀਦਵਾਰ ਹੋ ਸਕਦੀ ਹੈ। ਇਸ ਨੂੰ ਇੱਕ ਲਾਭ ਤਾਂ ਪ੍ਰਾਪਤ ਹੈ ਕਿ ਇਸਨੇ ਦੂਜੀਆਂ ਭਾਸ਼ਾਵਾਂ ਦੇ ਕਬਰਸ਼ਤਾਨ ‘ਤੇ ਕਦੇ ਆਪਣੇ ਆਪ ਨੂੰ ਵਿਕਸਿਤ ਨਹੀਂ ਕੀਤਾ। ਕਿਸੇ ਤਰ੍ਹਾਂ ਨਾਲ ਅੰਨ੍ਹੇ-ਕੌਮਵਾਦ ਦਾ ਮੁਜਾਹਰਾ ਕੀਤੇ ਬਿਨਾਂ ਕਿਸਵਾਹਿਲੀ ਨੇ ਅਫਰੀਕਾ ਵਿੱਚ ਅਤੇ ਸੰਸਾਰ ਵਿੱਚ ਆਪਣੇ ਲਈ ਥਾਂ ਬਣਾਈ। ਕਿਸਵਾਹਿਲੀ ਦੀ ਤਾਕਤ ਇਸਦੇ ਆਰਥਿਕ, ਸਿਆਸੀ ਜਾਂ ਸੱਭਿਆਚਾਰਕ ਬੜਬੋਲੇਪਣ ਵਿੱਚ ਨਹੀਂ ਟਿਕੀ ਹੈ। ਇਸਦਾ ਹੋਰ ਸੱਭਿਆਚਾਰਾਂ ‘ਤੇ ਜ਼ਬਰ ਜਾਂ ਦਾਬੇ ਦਾ ਕੋਈ ਇਤਿਹਾਸ ਨਹੀਂ ਹੈ। ਅਤੇ ਫਿਰ ਵੀ ਕਿਸਵਾਹਿਲੀ ਅੱਜ ਪੂਰਬੀ, ਮੱਧ ਅਤੇ ਦੱਖਣੀ ਅਫਰੀਕਾ ਵਿੱਚ ਅਤੇ ਸੰਸਾਰ ਦੇ ਹੋਰ ਹਿੱਸਿਆਂ ਵਿੱਚ ਇੱਕ ਮੁੱਖ ਭਾਸ਼ਾ ਦੇ ਰੂਪ ਵਿੱਚ ਬੋਲੀ ਜਾਂਦੀ ਹੈ।
ਮੈਂ ਅੰਗਰੇਜ਼ੀ, ਫਰਾਂਸੀਸੀ, ਪੁਰਤਗਾਲੀ ਜਾਂ ਹੋਰ ਕਿਸੇ ਵੀ ਭਾਸ਼ਾ ਖਿਲਾਫ ਨਹੀਂ ਹਾਂ। ਜਦੋਂ ਤੱਕ ਉਹਨਾਂ ਦਾ ਰੂਪ ਭਾਸ਼ਾ ਦਾ ਹੈ ਅਤੇ ਜਦੋਂ ਤੱਕ ਉਹ ਹੋਰ ਦੇਸ਼ਾਂ, ਕੌਮੀਅਤਾਂ ਅਤੇ ਭਾਸ਼ਾਵਾਂ ‘ਤੇ ਜ਼ਬਰ ਨਹੀਂ ਕਰਦੀਆਂ, ਇਹ ਠੀਕ ਹੈ। ਪਰ ਜੇਕਰ ਕਿਸਵਾਹਿਲੀ ਜਾਂ ਕਿਸੇ ਦੂਜੀ ਅਫਰੀਕੀ ਭਾਸ਼ਾ ਨੂੰ ਸੰਸਾਰ ਦੀ ਭਾਸ਼ਾ ਬਣਨ ਦਾ ਮੌਕਾ ਮਿਲ ਸਕੇ ਤਾਂ ਇਹ ਅਫਰੀਕਾ ਦੇ ਦੇਸ਼ਾਂ ਅਤੇ ਉਥੋਂ ਦੇ ਲੋਕਾਂ ਅਤੇ ਹੋਰ ਮਹਾਂਦੀਪਾਂ ਵਿਚਕਾਰ ਮਾਨਵੀ ਸਬੰਧਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ। ਇਹਨਾਂ ਹੀ ਕਾਰਨਾਂ ਕਰਕੇ ਮੈਂ ਕਿਸਵਾਹਿਲੀ ਨੂੰ ਸੰਸਾਰ ਦੀ ਭਾਸ਼ਾ ਬਣਾਏ ਜਾਣ ਦਾ ਜ਼ਿਕਰ ਕਰਦਾ ਹਾਂ। •
(ਲਲਕਾਰ, ਅਗਸਤ-2012 ‘ਚ ਪ੍ਰਕਾਸ਼ਿਤ)
ਮਨੁੱਖੀ ਜੀਵਨ ਵਿੱਚ ਮਾਤ-ਭਾਸ਼ਾ ਦਾ ਮਹੱਤਵ
(ਖੋਜ ਪੱਤਰਾਂ ਵਿੱਚੋਂ ਅੰਸ਼)
- ਡਾ. ਜੋਗਾ ਸਿੰਘ
ਪ੍ਰੋਫੈਸਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਤਮ ਵਿੱਦਿਆ ਲਈ ਕਿਹੜੀ ਭਾਸ਼ਾ ਮਾਧਿਅਮ ਹੋਵੇ :
“ਇਹ ਸਵੈ-ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ ਦੀ ਮਾਤ ਭਾਸ਼ਾ ਹੈ । ਮਨੋਵਿਗਿਆਨਕ ਤੌਰ ‘ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਓ ਅਤੇ ਸਮਝ ਲਈ ਉਸਦੇ ਦਿਮਾਗ ਵਿੱਚ ਸਵੈਚਾਲੀ ਰੂਪ ਵਿੱਚ ਕੰਮ ਕਰਦੀ ਹੈ, ਸਮਾਜੀ ਤੌਰ ‘ਤੇ ਜਿਸ ਜਨ-ਸਮੂਹ ਦੇ ਮੈਂਬਰਾਂ ਨਾਲ ਉਸ ਦਾ ਸਬੰਧ ਹੁੰਦਾ ਹੈ ਉਸ ਨਾਲ ਇੱਕਮਿਕ ਹੋਣ ਦਾ ਸਾਧਨ ਹੈ, ਸਿੱਖਿਆਵੀ ਤੌਰ ‘ਤੇ ਉਹ ਮਾਤ ਭਾਸ਼ਾ ਰਾਹੀਂ ਇੱਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ।” (ਯੂਨੈਸਕੋ, 1953:11)
“ ਤਾਜ਼ਾ ਤਜ਼ਰਬਾ ਦੱਸਦਾ ਹੈ ਕਿ ਦੂਜੀ ਭਾਸ਼ਾ ਪੜ੍ਹਾਉਣ ਦਾ ਬਿਹਤਰ ਢੰਗ ਇਹੀ ਹੈ 66 ਕਿ ਮਾਤ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਰੱਖਦੇ ਹੋਏ ਦੂਜੀ ਭਾਸ਼ਾ ਨੂੰ ਪਹਿਲਾਂ ਕੇਵਲ ਇੱਕ ਵਿਸ਼ੇ ਵਜੋਂ ਪੜ੍ਹਾਇਆ ਜਾਵੇ।” (ਯੂਨੈਸਕੋ 1968 : 691)
ਸਿੱਖਿਆ ਦੇ ਪ੍ਰਸੰਗ ਤੋਂ ਹੋਰ ਵੀ ਮਹੱਤਵਪੂਰਨ ਲੱਭਤ ਨਿਮਨ ਉਕਤੀ ਵਿੱਚ ਦਰਜ ਹੈ :
“ਬੋਕਾਮਲਾ ਤੇ ਲੋਊ (1977:45) ਨੇ ਦੱਸਿਆ ਕਿ ਘਾਨਾ ਦੇ ਉਹਨਾਂ ਸਕੂਲੀ ਬੱਚਿਆਂ ‘ਚੋਂ ਜੋ ਮੁੱਢਲੇ ਸਕੂਲਾਂ ‘ਚੋਂ ਨਿੱਕਲ਼ਦੇ ਹਨ, ਸਿਰਫ਼ ਪੰਜ ਫੀਸਦੀ ਹੀ ਸੈਕੰਡਰੀ ਸਕੂਲ ਤੱਕ ਪਹੁੰਚ ਪਾਉਂਦੇ ਹਨ। ਜ਼ਾਇਰੇ ਵਿੱਚ, ਮੁੱਢਲੇ ਸਕੂਲ ‘ਚ ਦਾਖਲਾ ਲੈਣ ਵਾਲ਼ੇ ਬੱਚਿਆਂ ‘ਚੋਂ ਸਿਰਫ਼ ਤੀਹ ਫੀਸਦੀ ਹੀ ਚੌਥੀ ਜਮਾਤ ਟੱਪਦੇ ਹਨ। ਲੇਖਕਾਂ ਅਨੁਸਾਰ ਇਸਦਾ ਕਾਰਨ ਪੜ੍ਹਾਈ ਦਾ ਮਾਧਿਅਮ ਬਣੀ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣ ਸਕਣ ‘ਚ ਅਸਮਰੱਥ ਰਹਿਣਾ ਹੈ।” (ਫਾਸੋਲਡ, 1984:306)
ਅਤੇ ਨੈਤਿਕਤਾ ਦੇ ਪੱਖੋਂ ਵੀ:
“ਇਹ ਸਭ ਲਈ ਸਾਫ਼ ਹੋਣਾ ਚਾਹੀਦਾ ਹੈ ਕਿ ਨਾ ਸਮਝ ਆਉਣ ਵਾਲੀ ਸਿੱਖਿਆ ਅਨੈਤਿਕ ਹੈ : ਇਹ ਸਮਝਾ ਲੈਣ ‘ਚ ਬਿਲਕੁਲ ਵੀ ਤਰਕਸੰਗਤ ਨਹੀਂ ਹੈ ਕਿ ਬੱਚੇ ਆਪਣੇ ਆਪ ਸਕੂਲ ਦੀ ਭਾਸ਼ਾ ਨੂੰ ਸਮਝਣ ਲੱਗ ਪੈਣਗੇ.” (ਸਪੋਲਸਕੀ, 1977:20) ਸਭ ਤੋਂ ਮਹੱਤਵਪੂਰਨ ਉਕਤੀ ਹੇਠਲੀ ਹੈ :
“ਬੱਚੇ ਸਭ ਤੋਂ ਵਧੀਆ ਉਦੋਂ ਸਿੱਖਦੇ ਹਨ ਜਦੋਂ ਉਹਨਾਂ ਨੂੰ ਮਾਂ ਬੋਲੀ ‘ਚ ਪੜ੍ਹਾਇਆ ਜਾਂਦਾ ਹੈ, ਖਾਸ ਕਰਕੇ ਜੀਵਨ ਦੇ ਸ਼ੁਰੂਆਤੀ ਸਾਲਾਂ ‘ਚ । ਕਈ ਦੇਸ਼ਾਂ ਦਾ ਤਜ਼ਰਬਾ ਇਹ ਦਿਖਾਉਂਦਾ ਹੈ ਕਿ ਦੋ-ਭਾਸ਼ੀ ਸਿੱਖਿਆ ਜਿਹੜੀ ਨਿਰਦੇਸ਼ਾਂ ਲਈ ਮਾਂ ਬੋਲੀ ਤੇ ਪੜ੍ਹਾਉਣ ਲਈ ਮੁੱਖ ਕੌਮੀ ਭਾਸ਼ਾ ਨੂੰ ਜੋੜਦੀ ਹੈ, ਵਿੱਦਿਅਕ ਤੇ ਹੋਰ ਮੌਕਿਆਂ ਦੇ ਦਰਵਾਜ਼ੇ ਖੋਲ੍ਹਦੀ ਹੈ। ਫਿਲਪਾਈਨਜ਼ ਵਿੱਚ, ਜਿਹਨਾਂ ਵਿਦਿਆਰਥੀਆਂ ਨੇ ਦੋ-ਭਾਸ਼ੀ ਵਿੱਦਿਆ ਨੀਤੀ (ਤਾਗਾਲੋਗ ਤੇ ਅੰਗਰੇਜ਼ੀ) ਤਹਿਤ ਦੋ ਭਾਸ਼ਾਵਾਂ ‘ਚ ਮੁਹਾਰਤ ਹਾਸਿਲ ਕੀਤੀ ਉਹਨਾਂ ਨੇ ਦੂਜੇ ਵਿਦਿਆਰਥੀਆਂ ਨੂੰ ਜਿਹੜੇ ਘਰਾਂ ‘ਚ ਤਾਗਾਲੋਗ ਨਹੀਂ ਬੋਲਦੇ ਸਨ, ਪਿੱਛੇ ਛੱਡ ਦਿੱਤਾ। ਕੈਨੇਡਾ ‘ਚ, ਦੋ-ਭਾਸ਼ੀ ਪ੍ਰੋਗਰਾਮਾਂ ਤਹਿਤ ਪੜ੍ਹਦੇ ਅੰਗਰੇਜ਼ੀ ਬੋਲਣ ਵਾਲ਼ੀ ਬਹੁਗਿਣਤੀ ਅਬਾਦੀ ‘ਚੋਂ ਆਉਣ ਵਾਲ਼ੇ ਵਿਦਿਆਰਥੀਆਂ ਨੇ ਦੂਜੀ ਭਾਸ਼ਾ (ਫਰੈਂਚ) ਰਾਹੀਂ ਰਵਾਇਤੀ ਪ੍ਰੋਗਰਾਮਾਂ ‘ਚ ਵਿੱਦਿਆ ਹਾਸਿਲ ਕਰਨ ਵਾਲ਼ੇ ਆਪਣੇ ਸੰਗੀਆਂ ਨੂੰ ਪਿੱਛੇ ਛੱਡ ਦਿੱਤਾ।
ਚੰਗੀ ਅੰਗਰੇਜ਼ੀ ਕਿਵੇਂ ਆਵੇ :
“ਇੰਜ ਮੋਦਿਆਨੇ (1968, 1973) ਦੀ ਮੈਕਸੀਕੋ ਵਿਚਲੀ ਖੋਜ ਸਕੁਨਤਨਾਬ- ਕਾਂਗਰਸ ਦੀ ਫਿਨਲੈਂਡ ਵਿਚਲੀ ਖੋਜ ਅਤੇ ਉਹਨਾਂ ਲਾਤੀਨੀ ਅਮਰੀਕੀ ਅਧਿਐਨਾਂ ਜਿਨ੍ਹਾਂ ਦਾ ਸਾਰ ਗੁਦਸ਼ਿੰਸਕੀ (1975) ਵਿੱਚ ਦਿੱਤਾ ਗਿਆ ਹੈ, ਦੇ ਨਤੀਜੇ ਮੈਨੂੰ ਇਕਸਾਰ ਲੱਗਦੇ ਹਨ। ਇਹਨਾਂ ਅਧਿਐਨਾਂ ਵਿੱਚ ਵਿਖਾਇਆ ਗਿਆ ਹੈ ਕਿ ਉਹਨਾਂ ਬੱਚਿਆਂ ਦਾ ਵੱਡਾ ਅਨੁਪਾਤ ਜੋ ਪਹਿਲਾਂ ਆਪਣੀ ਪੜ੍ਹਾਈ ਸਥਾਨਕ ਭਾਸ਼ਾ ਵਿੱਚ ਅਰੰਭ ਕਰਦੇ ਹਨ, ਆਪਣੀ ਮਾਤ ਭਾਸ਼ਾ ਵਿੱਚ ਸਾਖਰਤਾ ਦਾ ਵਿਕਾਸ ਕਰ ਲੈਂਦਾ ਹੈ ਅਤੇ ਵਿਸ਼ੇ ਤੇ ਦੂਜੀ ਭਾਸ਼ਾ ‘ਤੇ ਉਹਨਾਂ ਬੱਚਿਆਂ ਨਾਲੋਂ ਬਿਹਤਰ ਮੁਹਾਰਤ ਹਾਸਲ ਕਰ ਲੈਂਦਾ ਹੈ ਜਿਹਨਾਂ ਨੂੰ ਕੇਵਲ ਦੂਜੀ ਭਾਸ਼ਾ ਵਿੱਚ ਪੜ੍ਹਾਇਆ ਜਾਂਦਾ ਹੈ।”
ਹੇਠਲੇ ਹਵਾਲੇ ਉਹਨਾਂ ਪਰਵਾਸੀਆਂ ਦੇ ਬੱਚਿਆਂ ਬਾਰੇ ਹਨ ਜਿਨ੍ਹਾਂ ਫਿਨਲੈਂਡ ‘ਚੋਂ ਸਵੀਡਨ ਵਿੱਚ ਪਰਵਾਸ ਕੀਤਾ ਹੈ: “ਕਈ ਸਾਲ ਫਿਨਲੈਂਡ ਵਿੱਚ ਸਕੂਲ ਜਾਣ ਕਰਕੇ ਲਗਭਗ ਸਮੁੱਚੇ ਰੂਪ ਵਿੱਚ ਜਿੰਨੀ ਕਿਸੇ ਵਿਦਿਆਰਥੀ ਨੂੰ ਜਿਆਦਾ ਫਿਨੀਸ਼ੀ ਆਉਂਦੀ ਸੀ ਓਨੀ ਹੀ ਉਹ ਬਿਹਤਰ ਸਵੀਡੀ ਸਿੱਖਦਾ ਸੀ । ਇੱਕੋ ਮਾਪਿਆਂ ਦੇ ਬੱਚਿਆਂ ਦੀ ਭਾਸ਼ਾਈ ਮੁਹਾਰਤ ਦੇ ਨਿਰੀਖਣ ਤੋਂ ਪਤਾ ਲੱਗਾ ਕਿ ਜੋ ਬੱਚੇ 10 ਸਾਲ ਦੀ ਔਸਤ ਉਮਰ ‘ਤੇ ਫਿਨਲੈਂਡ ਵਿੱਚੋਂ ਆਏ ਉਹਨਾਂ ਨੇ ਫਿਨੀਸ਼ੀ ਦਾ ਆਮ ਪੱਧਰ ਵੀ ਨਹੀਂ ਗੁਆਇਆ ਅਤੇ ਉਹਨਾਂ ਸਵੀਡੀ ਵਿੱਚ ਵੀ ਸਵੀਡੀ ਬੱਚਿਆਂ ਦੇ ਬਰਾਬਰ ਦਾ ਭਾਸ਼ਾਈ ਪੱਧਰ ਹਾਸਲ ਕੀਤਾ। ਜੋ ਬੱਚੇ 6 ਸਾਲ ਤੋਂ ਘੱਟ ਉਮਰ ਵਿੱਚ ਆਏ ਜਾਂ ਜੋ ਸਵੀਡਨ ਵਿੱਚ ਹੀ ਪੈਦਾ ਹੋਏ ਸਨ, ਉਹਨਾਂ ਦੇ ਨਤੀਜੇ ਚੰਗੇ ਨਹੀਂ ਹਨ। ਉਹਨਾਂ ਦਾ ਸਵੀਡੀ ਭਾਸ਼ਾ ਵਿੱਚ ਵਿਕਾਸ ਲਗਭਗ 12 ਸਾਲ ਦੀ ਉਮਰ ‘ਤੇ ਰੁਕ ਜਾਂਦਾ ਹੈ, ਕਿਉਂਕਿ ਸਪੱਸ਼ਟ ਹੈ ਕਿ ਉਹਨਾਂ ਦੀ ਮਾਤ-ਭਾਸ਼ਾ ਵਿੱਚ ਨੀਂਹ ਪੱਕੀ ਨਹੀਂ ਹੁੰਦੀ।”(ਪਾਲਸਟਨ 1977:92-3)
ਇਹ ਹਵਾਲਾ ਹੋਰ ਵੀ ਮਹੱਤਵਪੂਰਨ ਹੈ, “ਨਿਰੀਖਣ ਦੇ ਨਤੀਜਿਆ ਤੋਂ ਜਾਣੀ ਜਾਂਦੀ ਫਿਨੀਸ਼ੀ ਭਾਸ਼ਾ ਦੀ ਮੁਹਾਰਤ ਦਾ ਗਣਿਤ ਵਿੱਚ ਪ੍ਰਾਪਤ ਅੰਕਾਂ ਨਾਲ ਕਾਫ਼ੀ ਨੇੜਲਾ ਸਬੰਧ ਹੈ। ਸਵੀਡੀ ਨਾਲ਼ੋਂ ਫਿਨੀਸ਼ੀ ਗਣਿਤ ਵਿੱਚ ਪ੍ਰਾਪਤੀ ਲਈ ਵਧੇਰੇ ਮਹੱਤਵਪੂਰਨ ਲੱਗਦੀ ਹੈ, ਭਾਵੇਂ ਕਿ ਗਣਿਤ ਸਵੀਡੀ ਵਿੱਚ ਪੜ੍ਹਾਇਆ ਜਾਂਦਾ ਹੈ। ਨਤੀਜੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹਨ ਕਿ ਗਣਿਤ ਵਿਚਲੀਆਂ ਸੰਕਲਪੀ ਪ੍ਰਕਿਰਿਆਵਾਂ ਲਈ ਮਾਤ ਭਾਸ਼ਾ ਦਾ ਅਮੂਰਤੀਕਰਨ ਪੱਧਰ ਮਹੱਤਵਪੂਰਨ ਹੈ। ਜੀਵ ਵਿਗਿਆਨ, ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਵਿੱਚ ਵੀ ਸੰਕਲਪਾਵੀ ਸੋਚ ਦੀ ਲੋੜ ਹੁੰਦੀ ਹੈ ਅਤੇ ਇਹਨਾਂ ਵਿਸ਼ਿਆਂ ਵਿੱਚ ਆਪਣੀ ਮਾਤ-ਭਾਸ਼ਾ ‘ਤੇ ਚੰਗੀ ਮੁਹਾਰਤ ਵਾਲ਼ੇ ਪਰਵਾਸੀ ਬੱਚੇ ਉਹਨਾਂ ਬੱਚਿਆਂ ਨਾਲ਼ੋਂ ਕਿਧਰੇ ਬਿਹਤਰ ਸਫਲਤਾ ਹਾਸਲ ਕਰਦੇ ਹਨ ਜਿਨ੍ਹਾਂ ਦੀ ਮਾਤ ਭਾਸ਼ਾ ‘ਤੇ ਮੁਹਾਰਤ ਮਾੜੀ ਸੀ।” (ਸੁਕਤਨਾਬ-ਕਾਂਗਸ ਅਤੇ ਤੂਨੋਮਾ 1976 (ਪਾਲਸਟਨ 1977 : 94 ਵਿੱਚ ਉਧਰਤ)।
ਵਿਯਨਸਤਰਾ (1968) ਦੇ ਹਾਲੈਂਡ ਵਿਚਲੇ ਇੱਕ ਫਰਿਸ਼ੀਅਨ ਭਾਸ਼ਾ ਵਾਲੇ ਇਲਾਕੇ ਦੇ ਵਿਦਿਆਰਥੀਆਂ ਦੇ ਅਧਿਐਨ ਦੇ ਨਤੀਜੇ ਹੋਰ ਵੀ ਹੈਰਾਨੀਜਨਕ ਹਨ। ਉਸਨੇ ਵੇਖਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਕੇਵਲ ਡੱਚ ਰਾਹੀਂ ਹੀ ਪੜ੍ਹਾਈ ਕੀਤੀ ਸੀ ਉਹਨਾਂ ਦੀ ਡੱਚ ਭਾਸ਼ਾ ਦਾ ਪੱਧਰ ਉਹਨਾਂ ਵਿਦਿਆਰਥੀਆਂ ਨਾਲੋਂ ਮਾੜਾ ਸੀ ਜਿਨ੍ਹਾਂ ਨੇ ਫਰਿਸ਼ੀਅਨ ਅਤੇ ਡੱਚ ਦੋਹਾਂ ਰਾਹੀਂ ਪੜ੍ਹਾਈ ਕੀਤੀ ਸੀ (ਫਰਿਸ਼ੀਅਨ ਹਾਲੈਂਡ ਵਿੱਚ ਇੱਕ ਛੋਟਾ ਜਿਹਾ ਇਲਾਕਾ वै)।
ਫਿਲੀਪੀਨ ਵਿਚਲੇ ਚਰਚਿਤ ਇਲੋਈਲੋ ਅਧਿਐਨ ਦੇ ਨਤੀਜੇ ਵੀ ਧਿਆਨ ਦੀ ਮੰਗ ਕਰਦੇ ਹਨ। ਇਸ ਅਧਿਐਨ ਵਿੱਚ ਬੱਚਿਆਂ ਦੇ ਇੱਕ ਗੁਰੱਪ ਨੂੰ ਦੋ ਸਾਲ ਲਈ ਮਾਤ ਭਾਸ਼ਾ ਰਾਹੀਂ ਪੜ੍ਹਾਇਆ ਗਿਆ ਅਤੇ ਫਿਰ ਅੰਗਰੇਜ਼ੀ ਰਾਹੀਂ। ਦੂਜੇ ਗਰੁੱਪ ਨੂੰ ਸ਼ੁਰੂ ਤੋਂ ਹੀ ਅੰਗਰੇਜ਼ੀ ਰਾਹੀਂ ਪੜ੍ਹਾਇਆ ਗਿਆ । ਪਹਿਲੇ ਗਰੁੱਪ ਦੀ ਕਾਰਗੁਜ਼ਾਰੀ ਸਮਾਜ ਵਿਗਿਆਨਾਂ, ਅੰਕਗਣਿਤ, ਸਾਖਰਤਾ ਅਤੇ ਵਿਅਕਤੀਤਵ ਸੰਕੇਤਾਂ ਦੇ ਦ੍ਰਿਸ਼ਟੀਕੋਣ ਤੋਂ ਬਿਹਤਰ ਸੀ।
ਸੰਸਾਰ ਭਰ ਵਿੱਚ ਹੋਏ ਅਧਿਐਨਾਂ ਦੇ ਸਿੱਟੇ ਅਤੇ ਇਸ ਮੁੱਦੇ ‘ਤੇ ਪੇਸ਼ਾਵਰ ਵਿਦਵਾਨਾਂ ਦੀ ਸਰਬਸੰਮਤ ਰਾਇ ਇਹਨਾਂ ਧਾਰਨਾਵਾਂ ਲਈ ਅਟੱਲ ਸਬੂਤ ਪੇਸ਼ ਕਰਦੇ ਹਨ ਕਿ ਵਿਦੇਸ਼ੀ ਭਾਸ਼ਾ ‘ਤੇ ਮੁਹਾਰਤ ਦੀ ਸਰਵੋਤਮ ਵਿਧੀ ਇਹੀ ਹੈ ਕਿ ਪਹਿਲਾਂ ਮਾਤ ਭਾਸ਼ਾ ਤੇ ਮੁਹਾਰਤ ਕੀਤੀ ਜਾਵੇ ਅਤੇ ਫਿਰ ਵਿਦੇਸ਼ੀ ਭਾਸ਼ਾ ਸਿੱਖੀ ਜਾਵੇ; ਗਿਆਨ ਦੇ ਕਿਸੇ ਖੇਤਰ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰਨ ਲਈ ਜਰੂਰੀ ਹੈ ਕਿ ਸਿੱਖਿਆ ਮਾਤ-ਭਾਸ਼ਾ ਵਿੱਚ ਹੋਵੇ ਅਤੇ ਦੂਜੀ ਭਾਸ਼ਾ ਰਾਹੀਂ ਸਿੱਖਿਆ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਹੈ; ਵਿਦੇਸ਼ੀ ਭਾਸ਼ਾ ਰਾਹੀਂ ਸਿੱਖਿਆ ਨਾਲ ਵਿਦਿਆਰਥੀ ਦੀ ਸ਼ਖਸੀਅਤ ‘ਤੇ ਨਾਂਹ ਪੱਖੀ ਪ੍ਰਭਾਵ ਪੈਂਦੇ ਹਨ ਅਤੇ ਵਿਦੇਸ਼ੀ ਭਾਸ਼ਾ ਰਾਹੀਂ ਪੜ੍ਹਾਈ ਦੇ ਦੂਜੇ ਸਿਖਿਆਵੀ ਪ੍ਰਭਾਵ ਵੀ ਮਾੜੇ ਹਨ।
“ਸੰਯੁਕਤ ਰਾਜ ਅਮਰੀਕਾ ‘ਚ, ਜਿਹੜੇ ਨਵਾਜੋ ਵਿਦਿਆਰਥੀਆਂ ਨੂੰ ਪ੍ਰਾਇਮਰੀ ਸਕੂਲ ਦੇ ਸਾਲਾਂ ‘ਚ ਉਹਨਾਂ ਦੀ ਪਹਿਲੀ ਭਾਸ਼ਾ (ਨਵਾਜੋ) ਤੇ ਨਾਲ ਹੀ ਨਾਲ ਦੂਜੀ ਭਾਸ਼ਾ (ਅੰਗਰੇਜ਼ੀ) ਵਿੱਚ ਪੜ੍ਹਾਇਆ ਗਿਆ, ਉਹ ਆਪਣੇ ਉਹਨਾਂ ਨਵਾਜੋ-ਬੋਲਦੇ ਸਹਿਪਾਠੀਆਂ ਤੋਂ ਅੱਗੇ ਨਿੱਕਲ ਗਏ ਜਿਹਨਾਂ ਨੂੰ ਸਿਰਫ਼ ਅੰਗਰੇਜ਼ੀ ‘ਚ ਪੜ੍ਹਾਇਆ ਗਿਆ ਸੀ । (ਦਬਾਅ न. म.) (जुलैठडीयी ग्यिग्ट 2004:61)”
ਪੰਜਾਬੀ ਭਾਸ਼ਾ ਦੀ ਸਮਰੱਥਾ:
ਪੰਜਾਬੀ ਭਾਸ਼ਾ ਦੀ ਸ਼ਬਦ ਸ਼ਕਤੀ ਬਾਰੇ ਜੋ ਅਸੀਂ ਕਹਿਣ ਜਾ ਰਹੇ ਹਾਂ ਉਹ ਬਹੁਤ ਹੈਰਾਨ ਕਰਨ ਵਾਲ਼ਾ ਹੈ। ਹੈਰਾਨ ਕਰਨ ਵਾਲ਼ਾ ਇਸ ਲਈ ਕਿ ਇਹ ਆਮ ਧਾਰਨਾ ਤੋਂ ਬਿਲਕੁਲ ਉਲਟ ਹੈ। ਆਮ ਧਾਰਨਾ ਇਹ ਹੈ ਕਿ ਕੁਝ ਭਾਸ਼ਾਵਾਂ ਸ਼ਬਦਾਵਲੀ ਪੱਖੋਂ ਅਮੀਰ ਹਨ ਤੇ ਕੁਝ ਗਰੀਬ । ਪਰ ਇਹ ਧਾਰਨਾ ਇੱਕ ਅੰਧਵਿਸ਼ਵਾਸ ਹੀ ਹੈ, ਕਿਉਂਕਿ ਹਰ ਭਾਸ਼ਾ ਦੀ ਸ਼ਬਦ ਸਿਰਜਣ ਸਮਰੱਥਾ ਇੱਕੋ ਜਿਹੀ ਹੈ। ਇਸਦਾ ਕਾਰਨ ਇਹ ਹੈ ਕਿ ਕਿਸੇ ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਧਾਤੂ (roots) ਅਤੇ ਵਧੇਤਰਾਂ (affixes) ਤੋਂ ਬਣੀ ਹੁੰਦੀ ਹੈ ਅਤੇ ਧਾਤੂ ਅਤੇ ਵਧੇਤਰਾਂ ਦੀ ਗਿਣਤੀ ਪੱਖੋਂ ਭਾਸ਼ਾਵਾਂ ਵਿੱਚ ਲਗਭਗ ਸਮਾਨਤਾ ਹੈ। ਇਹ ਵੱਖਰੀ ਗੱਲ ਹੈ ਕਿ ਭਾਸ਼ਾਵਾਂ ਵਿੱਚ ਸ਼ਬਦ ਰਚਨਾ ਦੀਆਂ ਵਿਧੀਆਂ ਵਿੱਚ ਭਿੰਨਤਾ ਹੈ ਪਰ ਹਰ ਭਾਸ਼ਾ ਕੋਲ ਕਿਸੇ ਵੀ ਭਾਵ ਨੂੰ ਆਪਣੇ-ਆਪਣੇ ਢੰਗ ਨਾਲ ਪ੍ਰਗਟ ਕਰਨ ਦੀ ਸਮਰੱਥਾ ਹੈ। ਇੱਥੇ ਅੰਗਰੇਜ਼ੀ ਦੇ ਸ਼ਬਦ inspire ਦੀ ਮਿਸਾਲ ਲਈ ਜਾ ਸਕਦੀ ਹੈ। ਅੰਗਰੇਜ਼ੀ ਦੇ ਇਸ ਇੱਕ ਸ਼ਬਦ ਰਾਹੀਂ ਪ੍ਰਗਟ ਕੀਤੇ ਸੰਕਲਪ ਨੂੰ ਪੰਜਾਬੀ ਵਿੱਚ ਦੋ ਸ਼ਬਦਾਂ ‘ਪ੍ਰੇਰਿਤ ਕਰਨਾ’ ਰਾਹੀਂ ਪ੍ਰਗਟ ਕੀਤਾ ਜਾ ਸਕਦਾ ਹੈ।
ਮਿਸਾਲ ਲਈ ਅੰਗਰੇਜ਼ੀ ਦੇ ਨਿਮਨ ਧਾਤੂ ‘Haem’ ਤੋਂ 19 ਸ਼ਬਦ ਬਣੇ ਹਨ। ਕਿਹਾ ਜਾਵੇਗਾ ਕਿ ਪੰਜਾਬੀ ਵਿੱਚ ਇਹਨਾਂ ਲਈ ਸ਼ਬਦ ਨਹੀਂ ਹਨ, ਪਰ ਸੱਚ ਇਹ ਹੈ ਕਿ ਇਹ ਸਾਰੇ 19 ਸ਼ਬਦ ਇਕੱਲੇ ਧਾਤੂ ‘Haem’, ਜਿਸਦਾ ਅਰਥ ‘ਰੱਤ’ ਹੈ, ਤੋਂ ਬਣੇ ਹਨ। ਥੱਲੇ ਦਿੱਤੇ ਜਾ ਰਹੇ ਇਹਨਾਂ ਦੇ ਪੰਜਾਬੀ ਸਮਾਨਅਰਥੀ ਆਪ ਹੀ ਦੱਸ ਦੇਣਗੇ ਕਿ ਸਿਰਫ਼ ਕੁਝ ਮਿੰਟਾਂ ਵਿੱਚ ਹੀ ਇਹਨਾਂ ਦੇ ਤੁੱਲ ਪੰਜਾਬੀ ਸ਼ਬਦ ਬਣਾਏ ਜਾ ਸਕਦੇ ਹਨ:
Haem – ਰੱਤ , Haemacyte – ਰੱਤ ਕੋਸ਼ਕਾ, Haemagogue- ਰੱਤ ਵਗਾਉ , Haemal -ਰੱਤੂ/ਰੱਤਾਵੀ, Haemalopia ਰੱਤੂ ਨੇਤਰ, Haemngiectasis-ਰੱਤਵਹਿਣੀ ਪਸਾਰ, Haemangioma वॅड भवा, Haemarthrosis ਰੱਤ ਜੋੜ ਵਿਕਾਰ, Haematemesis – ਰੱਤ ਉਲਟੀ , Haematin – ਲੋਹ ਰੱਤੀਆ , Haematinic – ਰੱਤ ਵਰਧਕ , Haematinuria ਰੱਤ ਮੂਤਰ, Haematocele ਰੱਤ ਗਿਲਟੀ, Haematocolpos -ਰੱਤ ਗਰਭਰੋਧ, Haematogenesis ਰੱਤ ਪੈਦਾਵਾਰ/ਵਿਕਾਸ, Haematoid – ਰੱਤਰੂਪ/ਰੰਗ, ਰੱਤੀਆ, Haematology – ਰੱਤ ਵਿਗਿਆਨ, Haematolysis -ਰੱਤ ਹਰਾਸ, Haematoma – ਰੱਤ ਗੰਢ।
ਇਹ 19 ਸ਼ਬਦ ਅੰਗਰੇਜ਼ੀ ਦੀ ਚਿਕਿਤਸਾ ਵਿਗਿਆਨ ਦੀ ਸ਼ਬਦਾਵਲੀ ਹੈ। ਦੁਨੀਆਂ ਦੀ ਸ਼ਾਇਦ ਕੋਈ ਹੀ ਭਾਸ਼ਾ ਹੋਵੇ ਜਿਸ ਵਿੱਚ ਰੱਤ, ਨੇਤਰ, ਗੰਢ, ਮਹਕਾ, ਜੋੜ, ਉਲਟੀ ਆਦਿ ਧਾਤੂ ਨਾ ਹੋਣ ਅਤੇ ਨਾਂਵ, ਵਿਸ਼ੇਸ਼ਣ ਜਾਂ ਕਿਰਿਆ ਬਣਾਉਣ ਦੀ ਵਿਧੀ ਨਾ ਹੋਵੇ। ਸੋ, ਦੁਨੀਆਂ ਦੀ ਕੋਈ ਵੀ ਭਾਸ਼ਾ ਸ਼ਬਦਾਵਲੀ ਪੱਖੋਂ ਵੀ ਅੰਗਰੇਜ਼ੀ ਜਿੰਨੀ ਹੀ ਅਮੀਰ ਹੈ।
ਪਾਠਕ ਖੁਦ ਸਹਿਜੇ ਹੀ ਅੰਦਾਜਾ ਲਾ ਸਕਦੇ ਹਨ ਕਿ ਉਪਰੋਕਤ 19 ਸ਼ਬਦਾਂ ਦੇ ਪੰਜਾਬੀ ਤੁੱਲ ਬਣਾਉਣ ਲਈ ਕਿੰਨਾ ਸਮਾਂ ਲੱਗਿਆ ਹੋਵੇਗਾ। McGrawHill ਦੀ `Dic- tionary of Scientific and Technical Terms* ਵਿੱਚ 1,15,000 ਇੰਦਰਾਜ ਹਨ। ਜੇ ਇੱਕ ਵਿਅਕਤੀ ਇੱਕ ਦਿਨ ਵਿੱਚ ਇਹਨਾਂ ਵਿੱਚੋਂ ਪੰਜ ਸ਼ਬਦਾਂ ਦੇ ਬਰਾਬਰ ਪੰਜਾਬੀ ਸ਼ਬਦ ਘੜੇ ਅਤੇ ਪ੍ਰਤੀ ਸ਼ਬਦ ਉਸਨੂੰ 500/-ਰੁਪਏ ਦਾ ਭੁਗਤਾਨ ਕੀਤਾ ਜਾਵੇ ਤਾਂ ਇਹ ਪੂਰੀ ਸ਼ਬਦਾਵਲੀ 50 ਵਿਅਕਤੀ 466 ਦਿਨਾਂ ਵਿੱਚ ਬਣਾ ਸਕਦੇ ਹਨ ਅਤੇ ਇਸ ਤੇ ਸਿਰਫ਼ 5 ਕਰੋੜ 75 ਲੱਖ ਰੁਪਏ ਖਰਚ ਆਵੇਗਾ। ਇਹ ਮਿਸਾਲ ਸਾਫ਼ ਕਰ ਦਿੰਦੀ ਹੈ ਕਿ ਜੋ ਪੰਜਾਬੀ ਵਿੱਚ ਵਿਗਿਆਨ ਆਦਿ ਦੀ ਪੜ੍ਹਾਈ ਲਈ ਸ਼ਬਦਾਵਲੀ ਜਾਂ ਸਮੱਗਰੀ ਦੀ ਅਣਹੋਂਦ ਦੀ ਅਕਸਰ ਦੁਹਾਈ ਦਿੱਤੀ ਜਾਂਦੀ ਹੈ ਉਹ ਕਿੰਨੀ ਕੁ ਵਾਜਬ ਹੈ। ਸ਼ਬਦਾਵਲੀ ਪੱਖੋਂ ਪੰਜਾਬੀ ਦੀ ਸਮਰੱਥਾ ਬਾਰੇ ਇੱਕ ਕਿੰਤੂ ਇਹ ਵੀ ਕੀਤਾ ਜਾਂਦਾ ਹੈ ਕਿ ਜੋ ਤਕਨੀਕੀ ਸ਼ਬਦਾਵਲੀ ਹੁਣ ਤੱਕ ਘੜੀ ਗਈ ਹੈ ਉਹ ਔਖੀ ਬਹੁਤ ਹੈ। ਪਰ Haemangioma ‘ਰੱਤ ਮਹੁਕੇ’ ਨਾਲ਼ੋਂ ਕਿਵੇਂ ਘੱਟ ਮੁਸ਼ਕਲ ਹੈ ? ਹਾਂ, ਇੰਨੀਂ ਮੁਸ਼ਕਲ ਜ਼ਰੂਰ ਹੈ ਕਿ Haemangioma ਦੇ ਮੁਕਾਬਲੇ ‘ਰੱਤ ਮਹੁਕਾ’ ਉਸਦੀ ਸਮਝ ਵਿੱਚ ਵੀ ਆ ਜਾਂਦਾ ਹੈ ਜੋ ਅੰਗਰੇਜ਼ੀ ਸਕੂਲ ਤਾਂ ਕੀ ਸਕੂਲ ਵੀ ਨਹੀਂ ਗਿਆ।
ਪੰਜਾਬੀ ਦੀ ਸ਼ਬਦ ਸਮਰੱਥਾ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਪੰਜਾਬੀ ਦੀ ਸ਼ਬਦ ਸਿਰਜਣ ਸਮਰੱਥਾ ਜਿਵੇਂ ਤਦਭਵ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਮਣੇ ਆਉਂਦੀ ਹੈ, ਇਸ ਤੋਂ ਰੱਤੀ ਭਰ ਵੀ ਸੰਦੇਹ ਨਹੀਂ ਰਹਿ ਜਾਂਦਾ ਕਿ ਪੰਜਾਬੀ ਦੀ ਸ਼ਬਦ ਸਮਰੱਥਾ ਦੁਨੀਆਂ ਦੀ ਕਿਸੇ ਵੱਡੀ ਤੋਂ ਵੱਡੀ ਭਾਸ਼ਾ ਤੋਂ ਵੀ ਘੱਟ ਨਹੀਂ ਹੈ।
ਸੋ ਇੰਝ, ਇਸ ਨਿਰਣੇ ‘ਤੇ ਪਹੁੰਚਿਆ ਜਾ ਸਕਦਾ ਹੈ ਕਿ ਜਿਥੋਂ ਤੱਕ ਭਾਸ਼ਾ ਦੀ ਬਣਤਰ ਦੇ ਅੰਦਰੂਨੀ ਸਿਰਜਣੇਈ ਅਮਲ ਦਾ ਸਬੰਧ ਹੈ, ਪੰਜਾਬੀ ਓਨੀ ਹੀ ਸਮਰੱਥ ਹੈ ਜਿੰਨੀ ਕੋਈ ਦੁਨੀਆਂ ਦੀ ਵੱਡੀ ਤੋਂ ਵੱਡੀ ਭਾਸ਼ਾ।
ਪੰਜਾਬੀ ਭਾਸ਼ਾ ਵਿੱਚ ਕੁਝ ਵਿਸ਼ੇਸ਼ ਪ੍ਰਕਾਰ ਦੇ ਗਿਆਨ ਸਾਹਿਤ ਅਤੇ ਸਮੱਗਰੀ ਦੀ ਘਾਟ ਨੇ ਵੀ ਅੰਗਰੇਜ਼ੀ ਦੇ ਹੱਕ ਵਿੱਚ ਅਧਾਰ ਤਿਆਰ ਕੀਤਾ ਹੈ। ਇਹ ਘਾਟ ਅਸਲ ਵਿੱਚ ਪੰਜਾਬੀ ਭਾਸ਼ਾ ਨੂੰ ਰਾਜ ਦੀ ਚੰਗੇਰੀ ਸਰਪ੍ਰਸਤੀ ਦੀ ਅਣਹੋਂਦ ਕਰਕੇ ਹੈ। ਥੋੜ੍ਹੀ ਜਿਹੀ ਇੱਛਾ ਸ਼ਕਤੀ ਨਾਲ ਅਤੇ ਬਹੁਤ ਥੋੜ੍ਹੇ ਸਾਧਨਾਂ ਨਾਲ ਇਹ ਘਾਟ ਸੌਖੇ ਹੀ ਦੂਰ ਕੀਤੀ ਜਾ ਸਕਦੀ ਹੈ।
ਅੰਗਰੇਜ਼ੀ ਰਾਹੀਂ ਚੰਗੇਰੇ ਰੁਜ਼ਗਾਰ ਨੇ ਵੀ ਅੰਗਰੇਜ਼ੀ ਭਾਸ਼ਾ ਦੇ ਹੱਕ ਵਿੱਚ ਹਵਾ ਬਣਾਈ ਹੈ। ਪਰ ਇਹ ‘ਚੰਗੇਰੇ ਰੁਜ਼ਗਾਰ’ ਨੂੰ ਅੰਗਰੇਜ਼ੀ ਅਧਾਰਤ ਬਣਾ ਦੇਣ ਕਰਕੇ ਹੈ। ਜੇ ਪੰਜਾਬ ਵਿੱਚ ਇਹ ਸਾਰੇ ਅੰਗਰੇਜ਼ੀ ਅਧਾਰਤ ਰੁਜ਼ਗਾਰ ਪੰਜਾਬੀ ਭਾਸ਼ਾ ‘ਤੇ ਅਧਾਰਤ ਕਰ ਦਿੱਤੇ ਜਾਣ ਤਾਂ ਇਹ ਧਾਰਣਾ ਵੀ ਨਿਰਮੂਲ ਸਾਬਤ ਹੋ ਜਾਵੇਗੀ।
ਮਾਤ ਭਾਸ਼ਾ ਦੇ ਖੁਰ ਜਾਣ ਕਰਕੇ ਜੋ ਸਮਾਜਕ, ਸੱਭਿਆਚਾਰਕ ਅਤੇ ਸਿੱਖਿਆਵੀ ਨੁਕਸਾਨ ਹੋਇਆ ਹੈ ਅਤੇ ਹੋ ਸਕਦਾ ਹੈ ਇਸ ਪ੍ਰਤੀ ਵੀ ਪੰਜਾਬੀ ਲੋਕਸਮੂਹ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ। ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀ ਭਾਸ਼ਾ ਸਬੰਧੀ ਮਤੇ ਪਾਸ ਹੋਣ ਨਾਲ਼ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਇੱਕ ਵਾਤਾਵਰਣ ਬਣਿਆ ਹੈ ਅਤੇ ਪੰਜਾਬੀ ਲੋਕਸਮੂਹ ਨੂੰ ਆਸ ਬੱਝੀ ਹੈ ਕਿ ਪੰਜਾਬੀ ਵਿਰੋਧੀ ਰੁਝਾਣ ਨੂੰ ਪੁੱਠਾ ਗੇੜਾ ਦਿੱਤਾ ਜਾ ਸਕਦਾ ਹੈ । ਇਸ ਲਈ ਇਹ ਮਤੇ ਪਾਸ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਸ਼ਲਾਘਾ ਕਰਨੀ ਬਣਦੀ ਹੈ।
ਭਾਸ਼ਾ ਦੇ ਸੁਆਲ ਬਾਰੇ ਕੁਝ ਹੋਰ ਅਹਿਮ ਨੁਕਤੇ :
- ਆਮ ਤੌਰ ‘ਤੇ ਕੋਈ ਚਾਰ ਸਾਲ ਦੀ ਉਮਰ ਵਿੱਚ ਬੱਚਾ ਸਕੂਲੀ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਹੁੰਦਾ ਹੈ। ਇਸ ਸਮੇਂ ਤੱਕ ਉਹ ਆਪਣੀ ਮਾਤ ਭਾਸ਼ਾ ਦੀਆਂ ਮੁੱਢਲੀਆਂ ਵਿਆਕਰਣਕ ਬਣਤਰਾਂ ਅਤੇ ਕਾਫ਼ੀ ਸ਼ਬਦਾਵਲੀ ਆਪਣੇ ਗਿਆਨ ਭੰਡਾਰ ਵਿੱਚ ਸ਼ਾਮਲ ਕਰ ਚੁੱਕਾ ਹੈ। ਸਿੱਖਿਆ ਦੇ ਅਰੰਭ ਲਈ ਇਹ ਇੱਕ ਬਹੁਮੁੱਲਾ ਅਤੇ ਅਤੁੱਲ ਆਧਾਰ ਹੈ। ਇਸ ਆਧਾਰ ਵੱਲ ਪਿੱਠ ਕਰਕੇ ਅਤੇ ਦੂਜੀ ਭਾਸ਼ਾ ਵਿੱਚ ਸਿੱਖਿਆ ਅਰੰਭ ਕਰਕੇ ਚਾਰ ਸਾਲਾਂ ਦਾ ਕੀਮਤੀ ਮਨੁੱਖੀ ਸਮਾਂ ਅਤੇ ਸਰੋਤਾਂ ਨੂੰ ਖੇਹ ਕਰਨਾ ਕਿਸੇ ਤਰ੍ਹਾਂ ਵੀ ਵਿਦਵਤਾ ਜਾਂ ਸਿਆਣਪ ਦਾ ਸਬੂਤ ਨਹੀਂ ਹੋ ਸਕਦਾ।
- ਹਰ ਭਾਸ਼ਾ ਦਾ ਇੱਕ ਸਮਾਜਿਕ-ਸੱਭਿਆਚਾਰਕ ਪ੍ਰਸੰਗ ਹੁੰਦਾ ਹੈ ਅਤੇ ਭਾਸ਼ਾਈ ਇਕਾਈਆਂ ਇਸ ਪ੍ਰਸੰਗ ਵਿੱਚ ਹੀ ਅਰਥ ਹਾਸਲ ਕਰਦੀਆਂ ਹਨ ਅਤੇ ਅਰਥ-ਭਰਪੂਰ ਹੁੰਦੀਆਂ ਹਨ। ਕਿਸੇ ਅਜਿਹੀ ਭਾਸ਼ਾ ਰਾਹੀਂ ਸਿੱਖਿਆ ਦੇਣਾ ਜਿਸਦਾ ਸਮਾਜਿਕ ਪ੍ਰਸੰਗ ਸਿੱਖਿਆਰਥੀ ਨੂੰ ਹਾਸਲ ਨਹੀਂ ਹੈ, ਉਸ ਭਾਸ਼ਾ ਨੂੰ ਅਪਾਰਦਰਸ਼ੀ ਬਣਾ ਦਿੰਦਾ ਹੈ ਅਤੇ ਸਿੱਖਿਆਵੀ ਅਤੇ ਗਿਆਨਗਤ ਟੀਚਿਆਂ ਨੂੰ ਹਾਸਲ ਕਰਨ ਵਿੱਚ ਵੱਡੀ ਰੋਕ ਬਣਦਾ ਹੈ।
- ਮਾਤ ਭਾਸ਼ਾ ਤੋਂ ਇਲਾਵਾ ਦੂਜੀ ਭਾਸ਼ਾ ਬਣਤਰ ਦੇ ਰੂਪ ਵਿੱਚ ਵੀ ਅਪਾਰਦਰਸ਼ੀ ਹੁੰਦੀ ਹੈ ਅਤੇ ਵਿਦਿਆਰਥੀ ਦੀ ਮਾਨਸਿਕਤਾ ‘ਤੇ ਵੱਡਾ ਬੋਝ ਬਣਦੀ ਹੈ। ਮਿਸਾਲ ਲਈ ਪੰਜਾਬੀ ਦੇ ‘ਅਸੰਭਵ’ ਸ਼ਬਦ ਨੂੰ ਸਿੱਖਿਆਰਥੀ ਸਹਿਜ ਰੂਪ ਵਿੱਚ ਹੀ ‘ਅ’ ਅਤੇ ‘ਸੰਭਵ’ ਦੇ ਯੋਗ ਵਜੋਂ ਗ੍ਰਹਿਣ ਕਰ ਸਕਦਾ ਹੈ, ਪਰ ਇਹ ਗੱਲ ਅੰਗਰੇਜ਼ੀ ਦੇ ‘impossible’ ਸ਼ਬਦ ਬਾਰੇ ਨਹੀਂ ਕਹੀ ਜਾ ਸਕਦੀ। ਵਿਗਿਆਨ ਦੀ ਤਕਨੀਕੀ ਸ਼ਬਦਾਵਲੀ ਨੂੰ ਗ੍ਰਹਿਣ ਕਰਨ ਲਈ ਇਹ ਬਣਤਰੀ ਪਾਰਦਰਸ਼ਤਾ/ਅਪਾਰਦਰਸ਼ਤਾ ਅਤਿਅੰਤ ਮਹੱਤਵਪੂਰਨ ਹੈ।
- ਦੂਜੀ ਭਾਸ਼ਾ ਵਿੱਚ ਸਿੱਖਿਆ ਮਾਧਿਅਮ ਅਤੇ ਸਿੱਖਿਆਰਥੀ ਵਿਚਕਾਰ, ਸਿੱਖਿਆਕਾਰ ਅਤੇ ਸਿੱਖਿਆਰਥੀ ਵਿਚਕਾਰ, ਸਕੂਲ ਅਤੇ ਸਿੱਖਿਆਰਥੀ ਵਿਚਕਾਰ, ਅਤੇ ਵਿਸ਼ੇ ਅਤੇ ਸਿੱਖਿਆਰਥੀ ਵਿਚਕਾਰ ਇੱਕ ਕੰਧ ਬਣ ਜਾਂਦੀ ਹੈ। ਇਸਦਾ ਨਤੀਜਾ ਸਿੱਖਿਆਰਥੀ ਦੇ ਅਲਗਾਵ (alienation) ਵਿੱਚ ਨਿੱਕਲਦਾ ਹੈ ਅਤੇ ਸਿੱਖਿਆਰਥੀ ਪੂਰੀ ਸਿੱਖਿਆ ਪ੍ਰਣਾਲੀ ਪ੍ਰਤੀ ਹੀ ਤੁਅੱਸਬਾਂ ਨਾਲ ਭਰਿਆ ਜਾਂਦਾ ਹੈ। ਇਹ ਜਿੱਥੇ ਸਿੱਖਿਆਵੀ ਟੀਚਿਆਂ ਨੂੰ ਹਾਸਲ ਕਰਨ ਵਿੱਚ ਸਮੱਸਿਆ ਬਣਦਾ ਹੈ ਉੱਥੇ ਸਿੱਖਿਆਰਥੀ ਦੀ ਸ਼ਖ਼ਸ਼ੀਅਤ ਨੂੰ ਵੀ ਨਾਂਹ ਵਾਚੀ ਤੱਤਾਂ ਨਾਲ ਭਰਦਾ ਹੈ। ਨਤੀਜੇ ਵਜੋਂ, ਇਹ ਸਿੱਖਿਆਰਥੀ ਦੀ ਸਮਾਜਿਕ ਉਪਯੋਗਤਾ ਵਿੱਚ ਵੀ ਰੋੜਾ ਬਣਦਾ ਹੈ।
- ਦੁਨੀਆਂ ਵਿੱਚ ਅਨੇਕਾਂ ਅਜਿਹੇ ਗ਼ੈਰ-ਅੰਗਰੇਜ਼ੀ ਭਾਸ਼ੀ ਦੇਸ਼ ਹਨ ਜਿਨ੍ਹਾਂ ਦੀ ਸਰਕਾਰੀ ਜਾਂ ਸਿੱਖਿਆ ਦੀ ਭਾਸ਼ਾ ਕੇਵਲ ਅੰਗਰੇਜ਼ੀ ਹੈ। ਇਹ ਦੇਸ਼ ਹਨ – ਜਮਾਇਕਾ, ਗੁਆਇਨਾ, ਕੀਨੀਆ, ਨਾਈਜੀਰੀਆ, ਫਿਜ਼ੀ, ਕਿਰੀਬਾਟੀ, ਪਾਪੂਆ ਨਿਊ ਗਿਨੀ, ਟੌਗਾ, ਸੋਲੋਮਨ ਦੀਪ, ਵੁਨੂਆਤੂ ਅਤੇ ਪੱਛਮੀ ਸਮੋਆ। ਇਹਨਾਂ ਦੇਸ਼ਾਂ ਨੇ ਅੰਗਰੇਜ਼ੀ ਦੇ ਅਧਾਰ ‘ਤੇ ਦੁਨੀਆਂ ਭਰ ਵਿੱਚ ਜੋ ਸਿੱਕਾ ਜਮਾਇਆ ਹੈ ਉਹ ਸਭ ਭਲੀ-ਭਾਂਤ ਜਾਣਦੇ ਹਨ।
- ਅੰਗਰੇਜ਼ੀ ਦੀ ਲੋੜ ਮਹਿਸੂਸ ਕਰਦਿਆਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅੰਗਰੇਜ਼ੀ ਦੇ ਸੰਸਾਰ ਭਾਸ਼ਾ ਹੋਣ ਦੇ ਦਾਅਵੇ ਇੰਨੇ ਠੋਸ ਨਹੀਂ ਹਨ ਜਿਵੇਂ ਸਾਨੂੰ ਇਥੇ ਸ਼ੰਭੂ ਤੋਂ ਵਾਘੇ ਵਿਚਕਾਰ ਬੈਠਿਆਂ ਲਗਦਾ ਹੈ। ਲਗਭਗ ਪੂਰਾ ਲੈਟਿਨ ਅਮਰੀਕਾ ਸਪੇਨੀ ਬੋਲਦਾ ਹੈ। ਗਿਣਤੀ ਪੱਖੋਂ ਚੀਨੀ ਭਾਸ਼ਾ ਦੇ ਬੁਲਾਰੇ ਸਭ ਤੋਂ ਵੱਧ ਹਨ। ਕੋਈ ਸਾਢੇ ਚਾਰ ਦੇਸ਼ਾਂ ਦੇ ਨਾਗਰਿਕਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ ਅਤੇ ਇਹਨਾਂ ਦੀ ਆਬਾਦੀ ਕੇਵਲ ਪੈਂਤੀ ਕਰੋੜ ਬਣਦੀ ਹੈ। ਬਹੁਤੇ ਦੇਸ਼ਾਂ ਵਿੱਚ ਜਿੱਥੇ ਲੋਕ ਅੰਗਰੇਜ਼ੀ ਜਾਣਦੇ ਵੀ ਹਨ, ਅੰਗਰੇਜ਼ੀ ਵਿੱਚ ਗੱਲ ਕਰਨਾ ਪਸੰਦ ਨਹੀਂ ਕਰਦੇ । ਮੈਨੂੰ ਖੁਦ ਫਰਾਂਸ ਦੇ ਚੌਥੇ-ਪੰਜਵੇਂ ਨੰਬਰ ਦੇ ਵੱਡੇ ਸ਼ਹਿਰ ਬੋਖਦੋਖ ਵਿੱਚ ਚਾਰ ਘੰਟੇ ਰੇਲਵੇ ਸਟੇਸ਼ਨ ‘ਤੇ ਖੜ੍ਹੇ ਰਹਿਣਾ ਪਿਆ ਕਿਉਂਕਿ ਕਿਸੇ ਨੇ ਮੇਰੇ ਨਾਲ ਅੰਗਰੇਜ਼ੀ ਵਿੱਚ ਗੱਲ ਨਹੀਂ ਕੀਤੀ। ਯੂਰਪੀ ਯੂਨੀਅਨ ਨੇ ਅੰਗਰੇਜ਼ੀ ਅਤੇ ਫਰਾਂਸੀਸੀ ਦੋਹਾਂ ਭਾਸ਼ਾਵਾਂ ਨੂੰ ਆਪਣੀਆਂ ਦਫ਼ਤਰੀ ਭਾਸ਼ਾਵਾਂ ਮੰਨਿਆ ਹੈ। ਇਥੋਂ ਤੱਕ ਕਿ ਭਾਰਤ ਵਿੱਚ ਵੀ ਅੰਗਰੇਜ਼ੀ ਬੋਲਣ-ਸਮਝਣ ਵਾਲਿਆਂ ਦੀ ਗਿਣਤੀ 2-3 ਫੀਸਦੀ ਤੋਂ ਜ਼ਿਆਦਾ ਨਹੀਂ ਹੈ ਅਤੇ ਮੈਂ ਨਹੀਂ ਸਮਝਦਾ ਕਿ 2050 ਤੱਕ ਭਾਰਤ ਦੇ 15-20 ਫੀਸਦੀ ਤੋਂ ਜ਼ਿਆਦਾ ਵਿਅਕਤੀ ਇਹ ਸਮਰੱਥਾ ਹਾਸਲ ਕਰ ਲੈਣਗੇ ।
- ਅੰਗਰੇਜ਼ੀ ਸਾਨੂੰ ਪਹਿਲੇ ਦਰਜੇ ਦੇ ਦੇਸ਼ਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰੇਗੀ ਜਾਂ ਅੰਗਰੇਜ਼ੀ ਤੋਂ ਬਿਨਾਂ ਇਸ ਦਰਜੇ ਤੱਕ ਨਹੀਂ ਪਹੁੰਚਿਆ ਜਾ ਸਕਦਾ, ਇਹ ਖ਼ਿਆਲ ਵੀ ਥੋੜ੍ਹਾ ਵਧੇਰੇ ਧਿਆਨ ਦੀ ਮੰਗ ਕਰਦਾ ਹੈ। ਚੀਨ ਅਤੇ ਜਪਾਨ ਨਾਲੋਂ ਅੰਗਰੇਜ਼ੀ ਪੱਖੋਂ ਅਸੀਂ ਜ਼ਰੂਰ ਅੱਗੇ ਹਾਂ, ਪਰ ਜੋ ਸਾਡੀ ਥਾਂ ਹੈ ਇਹ ਸਭ ਨੂੰ ਪਤਾ ਹੈ । ਉੱਤੇ ਅਸੀਂ ਗ਼ੈਰ-ਅੰਗਰੇਜ਼ੀ ਭਾਸ਼ੀ ਅੰਗਰੇਜ਼ੀ ਦੇਸ਼ਾਂ ਦੇ ਸਥਾਨ ਵੱਲ ਪਹਿਲਾਂ ਹੀ ਸੰਕੇਤ ਕਰ ਆਏ ਹਾਂ।
- ਅੱਜ ਚਾਰੇ ਪਾਸੇ ਇਹੀ ਧਾਰਨਾ ਹੈ ਕਿ ਸਾਡੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਗਿਰਾਵਟ ਆ ਗਈ ਹੈ ਅਤੇ ਆ ਰਹੀ ਹੈ। ਪਰ ਅੰਗਰੇਜ਼ੀ ਮਾਧਿਅਮ ਸਕੂਲ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਵਿੱਚ ਤਾਂ ਚਿਰੋਕਣਾ ਵਾਧਾ ਹੋ ਰਿਹਾ ਹੈ। ਕਿੱਧਰੇ ਸਾਡੀ ਗਿਰਾਵਟ ਦਾ ਇੱਕ ਕਾਰਨ ਅੰਗਰੇਜ਼ੀ ਤਾਂ ਨਹੀਂ ? ਫਿਰ ਭਾਰਤ ਵਿੱਚ ਵਿਗਿਆਨ ਦੀ ਉਚੇਰੀ ਪੜ੍ਹਾਈ ਦਾ ਮਾਧਿਅਮ ਤਾਂ ਅੰਗਰੇਜ਼ੀ ਹੀ ਰਿਹਾ ਹੈ। ਕੀ ਵਜ੍ਹਾ ਹੈ ਕਿ ਅਸੀਂ ਦੁਨੀਆਂ ਦੇ ਬਰਾਬਰ ਦਾ ਉੱਚ-ਤਕਨਾਲੋਜੀ ਦਾ ਸਮਾਨ ਤਿਆਰ ਨਹੀਂ ਕਰ ਸਕੇ ?
- ਸੰਸਾਰ ਭਾਸ਼ਾ ਸਮਾਜਕ-ਆਰਥਕ ਵਿਕਾਸ ਵਿੱਚ ਕੋਈ ਢੇਰ ਵਾਧਾ ਕਰੇਗੀ, ਇਹ ਵਿਚਾਰ ਵੀ ਧਿਆਨ ਦੀ ਮੰਗ ਕਰਦਾ ਹੈ। ਭਾਰਤ ਵਿੱਚ ਇੱਕ ਵੇਲੇ ਸੰਸਕ੍ਰਿਤ ਹੀ ਗਿਆਨ-ਵਿਗਿਆਨ ਅਤੇ ਸਿੱਖਿਆ ਦੀ ਭਾਸ਼ਾ ਸੀ ਅਤੇ ਇਸਦੀ ਪਹੁੰਚ ਭਾਰਤ ਦੀਆਂ ਚੌਹੀਂ ਗੁੱਠੀ ਸੀ । ਵਿਕਾਸ ਦੀ ਰਫ਼ਤਾਰ ਕੀ ਸੀ, ਇਹ ਹਿੰਦੂ-ਵਿਕਾਸ-ਦਰ ਨਾਲ ਜਾਣਿਆ ਜਾਂਦਾ ਹੈ। ਵੀਹਵੀਂ ਸਦੀ ਵਿੱਚ ਸਥਾਨਕ ਭਾਸ਼ਾਵਾਂ ਦਾ ਰਾਜਸੀ ਪੱਧਰ ‘ਤੇ ਉਦੈ ਹੁੰਦਾ ਹੈ ਅਤੇ ਇਹ ਗਿਆਨ-ਵਿਗਿਆਨ ਅਤੇ ਸਿੱਖਿਆ ਦੀਆਂ ਭਾਸ਼ਾਵਾਂ ਬਣਦੀਆਂ ਹਨ। ਵੀਹਵੀਂ ਸਦੀ ਦੇ ਭਾਰਤ ਦੀ ਵਿਕਾਸ ਦਰ ਅਤੇ ਪਹਿਲੀ ਸੰਸਕ੍ਰਿਤ-ਕਾਲ ਦੀ ਕਈ ਸਦੀਆਂ ਦੀ ਵਿਕਾਸ ਦਰ ਦਾ ਮੁਕਾਬਲਾ ਕਰਕੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਖੌਤੀ ਸੰਸਾਰ ਭਾਸ਼ਾ ਕਿੰਨੀ ਕੁ ਤਾਕਤ ਬਖਸ਼ ਸਕਦੀ ਹੈ।
ਸੰਸਕ੍ਰਿਤ ਨੂੰ ਦੂਜੇ ਨਜ਼ਰੀਏ ਤੋਂ ਵੀ ਵੇਖਿਆ ਜਾ ਸਕਦਾ ਹੈ । ਇਹ ਕਿਸ ਨੂੰ ਭੁੱਲਿਆ ਹੈ ਕਿ ਕਿਸੇ ਵੇਲੇ ਭਾਰਤ ਵਿੱਚ ਸੰਸਕ੍ਰਿਤ ਭਾਸ਼ਾ ਰਾਹੀਂ ਕਿੰਨੇ ਉੱਚੇ ਪੱਧਰ ਦੀ ਗਿਆਨ ਵਿਗਿਆਨ ਦੀ ਸਿੱਖਿਆ ਹੁੰਦੀ ਸੀ ਅਤੇ ਵਿਕਾਸ ਵੀ ਹੋਇਆ ਸੀ। ਜੇ ਉਦੋਂ ਇਹ ਸਭ ਕਾਸ ਅੰਗਰੇਜ਼ੀ ਤੋਂ ਬਿਨਾਂ ਹੋ ਗਿਆ ਸੀ ਤਾਂ ਅੱਜ ਸਾਡੀਆਂ ਭਾਸ਼ਾਵਾਂ ਨੂੰ ਕੀ ਲਕਵਾ ਮਾਰ ਗਿਆ वै ?
ਸੰਸਾਰ ਭਾਸ਼ਾ ਦੇ ਪ੍ਰਸੰਗ ਤੋਂ ਯੂਰਪ ਨੂੰ ਵੀ ਵਿਚਾਰ ਲਿਆ ਜਾਣਾ ਚਾਹੀਦਾ ਹੈ। ਜਦੋਂ ਤੋਂ ਯੂਰਪ ਤੋਂ ਉਸ ਸਮੇਂ ਦੀਆਂ ਯੂਰਪੀ ਗਲੋਬਲੀ ਲਾਤੀਨੀ, ਰੋਮਨ ਅਤੇ ਯੂਨਾਨੀ ਭਾਸ਼ਾਵਾਂ ਦੀ ਜਕੜ ਟੁੱਟੀ ਹੈ ਉਦੋਂ ਤੋਂ ਹੀ ਯੂਰਪ ਵਿੱਚ ਹਰ ਤਰ੍ਹਾਂ ਦੇ ਗਿਆਨ, ਵਿਗਿਆਨ ਅਤੇ ਸਮਾਜਕ ਇਨਕਲਾਬ ਹੋਏ ਹਨ । ਹੁਣ ਤੱਕ ਵੀ ਫਰਾਂਸ, ਜਰਮਨੀ ਅਤੇ ਬਾਕੀ ਗ਼ੈਰ- ਅੰਗਰੇਜ਼ੀ ਯੂਰਪੀ ਦੇਸ਼ ਆਪਣੀਆਂ ਭਾਸ਼ਾਵਾਂ ਦੇ ਬਲਬੂਤੇ ਹੀ ਆਪਣੀ ਥਾਂ ਬਣਾਈ ਬੈਠੇ ਹਨ।
- ਇਹ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਅੰਗਰੇਜ਼ੀ ਦੀ ਜਾਣਕਾਰੀ ਨਾਲ ਭਲਾ ਹੋ ਰਿਹਾ ਹੈ ਜਾਂ ਇਸਦੀ ਜਾਣਕਾਰੀ ਸਾਨੂੰ ਡੋਬ ਰਹੀ ਹੈ । ਇਸ ਅੰਗਰੇਜ਼ੀ ਨੇ ਹੀ ਸਾਡੀ ਪ੍ਰਤਿਭਾ ਦੇ ਅਤਿਅੰਤ ਵੱਡੇ ਹਿੱਸੇ ਨੂੰ ਦਿਮਾਗੀ ਨਾਲ਼ੇ (brain drain) ਵਿੱਚ ਹੜ ਛੱਡਿਆ ਹੈ । ਭਾਰਤੀ ਨਾਗਰਿਕਾਂ ਨੇ ਭੁੱਖੇ ਰਹਿ ਕੇ ਇਸ ਪ੍ਰਤਿਭਾ ਦਾ ਆਪਣੀਆਂ ਸਿੱਖਿਆ ਸੰਸਥਾਵਾਂ ਵਿੱਚ ਪਾਲਣ ਪੋਸਣ ਕੀਤਾ ਹੈ, ਪਰ ਉਹਨਾਂ ਦੀ ਵੱਡੀ ਕਮਾਈ ਸਾਡੀਆਂ ਕਬਰਾਂ ਪੁੱਟਣ ਵਾਲ਼ੇ ਖਾ ਰਹੇ ਹਨ। ਸ਼ਾਇਦ ਚੀਨ ਇਸੇ ਕਰਕੇ ਹੀ ਬਚਿਆ ਹੈ ਅਤੇ ਅੱਗੇ ਲੰਘ ਗਿਆ ਹੈ।
- ਤਕਨਾਲੋਜੀ ਦੇ ਪ੍ਰਸ਼ਨ ਵੱਲ ਵੀ ਜਾਈਏ ਤਾਂ ਕੋਈ ਡੇਢ ਸੌ ਸਾਲ ਪਹਿਲਾਂ ਭਾਰਤੀ ਇਸਪਾਤ ਦੇ ਭੇਦ ਅਤੇ ਢਾਕੇ ਦੀ ਮਖ਼ਮਲ ਨੂੰ ਦੁਨੀਆਂ ਤਰਸਦੀ ਸੀ। ਚਿਕਿਤਸਾ ਵਿਗਿਆਨ ਵਿੱਚ ਵੀ ਸ਼ਾਇਦ ਹੀ ਆਪਣਾ ਕੋਈ ਸਾਨੀ ਸੀ। ਇਹੀ ਗੱਲ ਸਾਡੇ ਪੁਰਾਤਨ ਦਰਸ਼ਨ ਸ਼ਾਸਤਰ ਅਤੇ ਭਾਸ਼ਾਈ ਅਧਿਐਨਾਂ ਬਾਰੇ ਵੀ ਸਹੀ ਹੈ। ਜੇ ਉਦੋਂ ਇਹ ਸਭ ਅੰਗਰੇਜ਼ੀ ਬਿਨਾਂ ਸੰਭਵ ਸੀ ਤਾਂ ਹੁਣ ਕਿਉਂ ਨਹੀਂ ?
- ਕੇਵਲ ਗਿਆਨ ਸਿਰਜਣਾ ਹੀ ਸਿੱਖਿਆ ਦਾ ਟੀਚਾ ਨਹੀਂ ਹੈ। ਇਸਦਾ ਪਸਾਰ ਵੀ ਓਨਾ ਹੀ ਮਹੱਤਵਪੂਰਨ ਹੈ। ਕੀ ਅਸੀਂ ਅੰਗਰੇਜ਼ੀ ਨੂੰ ਆਪਣਾ ਘਰ ਸੰਭਾਲ ਕੇ ਪੰਜਾਬੀ ਲੋਕ-ਸਮੂਹ ਵਿੱਚ ਗਿਆਨ-ਵਿਗਿਆਨ ਦੇ ਪਸਾਰ ਦੇ ਦਰਵਾਜ਼ੇ ਬੰਦ ਨਹੀਂ ਕਰ ਰਹੇ ? ਕੀ ਬਹੁਤੇ ਲੋਕ-ਸਮੂਹ ਦਾ ਗਿਆਨ-ਵਿਗਿਆਨ ਦੀ ਧਾਰਾ ‘ਚੋਂ ਬਾਹਰ ਹੋ ਜਾਣਾ ਇਸਦੇ ਸਿਰਜਣ ਨੂੰ ਵੀ ਖੋਰਾ ਨਹੀਂ ਲਾਏਗਾ। ਗਿਣਤੀ ‘ਚੋਂ ਹੀ ਅਕਸਰ ਗੁਣਤਾ ਪੈਦਾ ਹੁੰਦੀ ਹੈ। ਵਿਕਸਿਤ ਦੇਸ਼ਾਂ ਵਿੱਚ ਗਿਆਨ-ਵਿਗਿਆਨ ਦੇ ਵਾਧੇ ਨੂੰ ਤਾਂ ਆਪਾਂ ਵੇਖਦੇ ਹਾਂ ਪਰ ਉੱਥੇ ਇਸ ਪ੍ਰਕਿਰਿਆ ਵਿੱਚ ਲੱਗੇ ਜਨ-ਸਮੂਹ ਦੀ ਗਿਣਤੀ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਬਰਤਾਨੀਆ ਦੀ ਅਬਾਦੀ ਸਾਡੇ ਨਾਲ਼ੋਂ ਅੱਠਵਾਂ ਹਿੱਸਾ ਵੀ ਨਹੀਂ ਹੈ, ਪਰ ਉੱਥੇ ਯੂਨੀਵਰਸਿਟੀਆਂ ਸਾਡੇ ਜਿੰਨੀਆਂ ਹੀ ਹਨ। ਅੰਗਰੇਜ਼ੀ ਨੂੰ ਹੀ ਗਿਆਨ-ਵਿਗਿਆਨ ਦੀ ਭਾਸ਼ਾ ਬਣਾ ਕੇ ਅਤੇ ਬਹੁਤੇ ਲੋਕ-ਸਮੂਹ ਨੂੰ ਇਸ ਧਾਰਾ ਤੋਂ ਵਾਂਝਿਆਂ ਰੱਖਕੇ ਕੀ ਅਸੀਂ ਆਪਣੀ ਬਹੁਮਤ ਅਬਾਦੀ ਨੂੰ ਫਿਰ ਸੱਭਿਅਤਾ ਦੇ ਕਾਲ ਤੋਂ ਪਿਛਾਂਹ ਲੈ ਜਾਣਾ ਚਾਹੁੰਦੇ गं ?
- ਇਹ ਤੈਅ ਹੈ ਕਿ ਮਨੁੱਖ ਦੀ ਸੰਚਾਰਗਤ ਸਮਰੱਥਾ ਆਪਣੀ ਮਾਤ ਭਾਸ਼ਾ ਵਿੱਚ ਹੀ ਉੱਚੀਆਂ ਸਿਖਰਾਂ ਛੂਹ ਸਕਦੀ ਹੈ। ਕੀ ਮੱਧਵਰਗ ਆਪਣੇ ਬੱਚਿਆਂ ਨੂੰ ਮੁੱਢ ਤੋਂ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਭੇਜ ਕੇ ਅਤੇ ਉਹਨਾਂ ਨੂੰ ਮਾਤ ਭਾਸ਼ਾ ਵਿੱਚ ਵਿਕਾਸ ਤੋਂ ਵਿਰਵਿਆਂ ਕਰਕੇ ਉਹਨਾਂ ਨੂੰ ਬੌਧਿਕ ਅਪੰਗ ਨਹੀਂ ਬਣਾ ਰਿਹਾ ?
- ਮਨੁੱਖ ਦਾ ਵਿਕਾਸ ਕੇਵਲ ਜਾਣਕਾਰੀ ਨਾਲ ਹੀ ਸਬੰਧ ਨਹੀਂ ਰੱਖਦਾ, ਸਗੋਂ ਇਹ ਜਾਣਕਾਰੀ ਤਾਂ ਉਸਦੇ ਮਾਨਵੀ ਗੁਣਾਂ ਦੇ ਵਿਕਾਸ ਵਿੱਚ ਸਹਾਈ ਹੋਣ ਲਈ ਹੀ ਹੋਣੀ ਚਾਹੀਦੀ ਹੈ। ਆਦਮੀ ਜੀਵ ਨੂੰ ਸਮਾਜਕ ਜੀਵ ਬਣਾਉਣ ਵਿੱਚ ਆਪਣੇ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਅੱਖੋਂ-ਪਰੋਖੇ ਨਾ ਕੀਤਾ ਜਾ ਸਕਣ ਵਾਲ਼ਾ ਰੋਲ ਹੈ। ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਦੀ ਵਿਕਸਿਤ ਜਾਣਕਾਰੀ ਤੋਂ ਵਾਂਝਿਆ ਕਰਕੇ ਕੀ ਅਸੀਂ ਉਹਨਾਂ ਨੂੰ ਸੱਭਿਆਚਾਰੀਕਰਨ ਦੇ ਸਰੋਤਾਂ ਤੋਂ ਵਿਰਵਿਆਂ ਨਹੀਂ ਕਰ ਰਹੇ? ਕਿਧਰੇ ਇਸ ਭਾਸ਼ਾਈ ਕਾਰਨ ਕਰਕੇ ਹੀ ਸਾਡੀ ਸਾਰੀ ਉਚੇਰੀ ਸਿੱਖਿਆ ਸਾਡੇ ਸਮਾਜਕ, ਰਾਜਸੀ ਅਤੇ ਆਰਥਕ ਯਥਾਰਥ ਵਿੱਚ ਜ਼ਿਕਰਯੋਗ ਯੋਗਦਾਨ ਪਾਉਣੋ ਤਾਂ ਨਹੀਂ ਰਹਿ ਰਹੀ ?
15 . ਜਿਸ ਢੰਗ ਨਾਲ ਸਿੱਖਿਆ ਪ੍ਰਣਾਲੀ ਦੋ ਨਿੱਖੜਵੀਆਂ ਧਾਰਾਵਾਂ – ਅੰਗਰੇਜ਼ੀ ਅਧਾਰਿਤ ਅਤੇ ਮਾਤ ਭਾਸ਼ਾ ਅਧਾਰਿਤ, ਵਿੱਚ ਵਹਿਣ ਲੱਗੀ ਹੈ, ਇਸ ਨਾਲ ਕਿਧਰੇ ਦੋ ਵੱਖਰੀ ਤਰ੍ਹਾਂ ਦੇ ਨਾਗਰਿਕ ਤਾਂ ਪੈਦਾ ਨਹੀਂ ਹੋ ਰਹੇ – ਇੱਕ ਅੰਗਰੇਜ਼ੀਨੁਮਾ ਅਤੇ ਇੱਕ ਮਾਤ- ਭਾਸ਼ਾ ਮੁਖੀ। ਕੀ ਇੰਝ ਅਸੀਂ ਜਾਤਾਂ ਵਿੱਚ ਖੱਖੜੀ-ਖੱਖੜੀ ਹੋਏ ਭਾਰਤੀ ਸਮਾਜ ਵਿੱਚ ਦੋ ਹੋਰ ਜਾਤਾਂ ਤਾਂ ਪੈਦਾ ਨਹੀਂ ਕਰ ਰਹੇ। ਫਿਰ, ਇਹ ਇੰਡੀਆ ਅਤੇ ਭਾਰਤ ਆਪਸ ਵਿੱਚ ਕਿਹੋ ਜਿਹੇ ਸੰਭਵ ਅਦਾਨ-ਪ੍ਰਦਾਨ ਕਰ ਸਕਦੇ ਹਨ, ਇਹ ਵੀ ਸਾਡੇ ਗੰਭੀਰ ਵਿਚਾਰ ਦਾ ਵਿਸ਼ਾ ਹੋਣਾ ਚਾਹੀਦਾ ਹੈ।
- ਬਰਨਸਟਾਈਨ (1971) ਨੇ ਆਪਣੀਆਂ ਖੋਜਾਂ ਵਿੱਚ ਸਾਬਤ ਕੀਤਾ ਹੈ ਕਿ ਸਾਧਨਹੀਣ ਤਬਕਿਆਂ ਦੇ ਨਿਆਣੇ ਇਸ ਲਈ ਸਿੱਖਿਆ ਵਿੱਚ ਕਾਮਯਾਬੀ ਹਾਸਲ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਤਬਕੇ ਦੀ ਭਾਸ਼ਾ ਸੀਮਤ-ਮਾਧਿਅਮ-ਭਾਸ਼ਾ (ਗੈਰ-ਉਪਚਾਰਕ ਪ੍ਰਸੰਗ ਵਿੱਚ ਵਰਤੀ ਜਾਣ ਵਾਲੀ ਭਾਸ਼ਾਈ ਕਿਸਮ) ਹੁੰਦੀ ਹੈ ਅਤੇ ਉੱਚ-ਵਰਗ ਦੀ ਅਤੇ ਸਿੱਖਿਆ ਦੀ ਭਾਸ਼ਾ ਵਿਸ਼ਾਲ-ਮਾਧਿਅਮ ਦੀ ਭਾਸ਼ਾ ਹੁੰਦੀ ਹੈ। ਇਹ ਗੱਲ ਉਹ ਅੰਗਰੇਜ਼ੀ ਦੇ ਦੋ ਰੂਪਾਂ ਬਾਰੇ ਕਰਦਾ ਹੈ। ਪਰ ਆਪਣੇ ਪ੍ਰਸੰਗ ਵਿੱਚ ਇਹ ਪ੍ਰੀਭਾਸ਼ਾਵਾਂ ਬਦਲ ਜਾਂਦੀਆਂ ਹਨ। ਅੰਗਰੇਜ਼ੀ ਨੂੰ ਸਿੱਖਿਆ-ਮਾਧਿਅਮ ਦੀ ਦ੍ਰਿਸ਼ਟੀ ਤੋਂ ਭਾਵੇਂ ਵਿਸ਼ਾਲ-ਮਾਧਿਅਮ ਮੰਨ ਵੀ ਲਈਏ ਪਰ ਸਮਾਜਕ-ਜੀਵਨ ਦੇ ਨਜ਼ਰੀਏ ਤੋਂ ਇਹ ਸੀਮਤ-ਮਾਧਿਅਮ ਹੈ। ਕਿਧਰੇ ਅਸੀਂ ਮੱਧਵਰਗ ਮਾਪੇ ਅੰਗਰੇਜ਼ੀ ਮਾਧਿਅਮ ਰਾਹੀਂ ਆਪਣੇ ਬੱਚਿਆਂ ਨੂੰ ਸਮਾਜਕ ਜੀਵਨ ਦੇ ਵਿਸ਼ਾਲ ਮਾਧਿਅਮ ਤੋਂ ਤਾਂ ਵਿਰਵਿਆਂ ਨਹੀਂ ਕਰ ਰਹੇ ?
- ਹਾਲੀਡੇ (1964, 1978) ਨੇ ਸਿੱਖਿਆ ‘ਤੇ ਆਪਣੇ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ ਕਿ ਸਿੱਖਿਆ ਵਿੱਚ ਕਾਮਯਾਬੀ ਨਾ ਹੋਣ ਦਾ ਇੱਕ ਕਾਰਣ ਇਹ ਹੈ ਕਿ ਅਸੀਂ ਜਿਨ੍ਹਾਂ ਅਰਥਾਂ ਦੀ ਬੱਚਿਆਂ ‘ਤੇ ਵਾਛੜ ਕਰਦੇ ਹਾਂ ਉਹਨਾਂ ਦੇ ਅਰਥਾਂ ਦਾ ਬੱਚਿਆਂ ਦੇ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ । ਇਸ ਲਈ ਅਜਿਹੇ ਅਰਥ ਉਹਨਾਂ ਨੂੰ ਆਪਣੇ ਤੋਂ ਪਰੇ ਧੱਕਦੇ ਹਨ ਅਤੇ ਨਤੀਜੇ ਵਜੋਂ ਉਹਨਾਂ ਅੰਦਰ ਸਿੱਖਿਆ ਪ੍ਰਣਾਲੀ ਤੋਂ ਹੀ ਮਾਨਸਿਕ ਰੂਪ ਵਿੱਚ ਅਲਗਾਵ ਪੈਦਾ ਕਰ ਦਿੰਦੇ ਹਨ। ਹੁਣ, ਜੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੀਆਂ ਮੁੱਢਲੀਆਂ ਜਮਾਤਾਂ ਦੀਆਂ ਭਾਸ਼ਾ ਦੀਆਂ ਕਿਤਾਬਾਂ ‘ਤੇ ਝਾਤੀ ਮਾਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਅੰਗਰੇਜ਼ੀ ਭਾਸ਼ਾ ਹੀ ਉਹਨਾਂ ਬੱਚਿਆਂ ਲਈ ਓਪਰੀ ਨਹੀਂ, ਉਸ ਵਿਚਲੇ ਅਰਥ ਉਸ ਤੋਂ ਵੀ ਓਪਰੇ ਹਨ, ਕਿਉਂਕਿ ਉਹਨਾਂ ਅਰਥਾਂ ਦਾ ਸਾਡੇ ਸਮਾਜਕ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੈ। ਕੀ ਇਸ ਨਾਲ ਆਮ ਸਿੱਖਿਆ ਅਤੇ ਭਾਸ਼ਾ ਅਧਿਆਪਨ ਵਿੱਚ ਵੱਡੀ ਰੁਕਾਵਟ ਪੈਦਾ ਨਹੀਂ ਹੁੰਦੀ ?
- ਭਾਸ਼ਾ ਸਿਰਫ ਇੱਕ ਸੂਚਨਾ ਦਾ ਮਾਧਿਅਮ ਹੀ ਨਹੀਂ ਹੈ। ਇਹ ਆਪਣੇ ਨਾਲ਼ ਇੱਕ ਪੂਰੇ ਦਾ ਪੂਰਾ ਸੰਕਲਪਾਤਮਕ ਸੰਸਾਰ ਲੈ ਕੇ ਆਉਂਦੀ ਹੈ। ਆਪਣੀਆਂ ਭਾਸ਼ਾਵਾਂ ਤੋਂ ਦੂਰ ਰੱਖ ਕੇ ਅਤੇ ਅੰਗਰੇਜ਼ੀ ਵਿੱਚ ਡੋਬ ਕੇ ਕੀ ਅਸੀਂ ਸਮਾਜਕ ਰੂਪ ਵਿੱਚ ਓਪਰੇ ਨਾਗਰਿਕ ਤਾਂ ਪੈਦਾ ਨਹੀਂ ਕਰ ਰਹੇ ?
- ਕੀ ਪੂਰਾ ਦਾ ਪੂਰਾ ਮੱਧਵਰਗ ਅੰਗਰੇਜ਼ੀ ਅਪਣਾ ਕੇ ਪੰਜਾਬੀ ਦੇ ਅੰਤ ਦਾ ਅਰੰਭ ਤਾਂ ਨਹੀਂ ਕਰ ਰਿਹਾ ? ਵੈਸੇ ਦੁਨੀਆਂ ਦੇ ਇਤਿਹਾਸ ਵਿੱਚ ਭਾਸ਼ਾਵਾਂ ਦਾ ਅੰਤ ਵੀ ਹੁੰਦਾ ਆਇਆ ਹੈ। ਪਰ ਸਵਾਲ ਸਾਡੀਆਂ ਮਾਤ ਭਾਸ਼ਾਵਾਂ ਵਿੱਚ ਸਾਡੇ ਸੱਭਿਆਚਾਰ ਅਤੇ ਗਿਆਨ ਨੂੰ ਸੰਭਾਲਣ ਦਾ ਹੈ ਅਤੇ ਜੇ ਸਾਡੀ ਹਲਦੀ ਅਤੇ ਸੌਂਫ ਇੰਨੀਆਂ ਮਹੱਤਵਪੂਰਣ ਹੋ ਗਈਆਂ ਹਨ ਕਿ ਕੰਪਨੀਆਂ ਉਹਨਾਂ ਦੇ ਪੇਟੈਂਟ ਕਰਵਾ ਰਹੀਆਂ ਹਨ ਤਾਂ ਹਾਲੇ ਸਾਡੀਆਂ ਭਾਸ਼ਾਵਾਂ ਵਿੱਚ ਹੋਰ ਵੀ ਬਹੁਤ ਕੁਝ ਹੋਵੇਗਾ ਜੋ ਮਨੁੱਖੀ ਨਸਲ ਦਾ ਜ਼ਰੂਰ ਹਿੱਸਾ ਬਣਨਾ ਚਾਹੀਦਾ ਹੈ। ਸਾਡੀਆਂ ਭਾਸ਼ਾਵਾਂ ਦੀ ਮੌਤ ਨਾਲ ਇਸ ਖਜ਼ਾਨੇ ਤੋਂ ਮਨੁੱਖੀ ਨਸਲ ਨੂੰ ਵਾਂਝਿਆ ਨਹੀਂ ਹੋਣ ਦੇਣਾ ਚਾਹੀਦਾ।
- ਅਸੀਂ ਅੰਗਰੇਜ਼ੀ ਮਾਧਿਅਮ ਰਾਹੀਂ ਉਸ ਵਰਗ ਨੂੰ ਪੜ੍ਹਾ ਰਹੇ ਹਾਂ ਜਿਨ੍ਹਾਂ ਲਗਭਗ ਸਾਰਿਆਂ ਨੇ ਹੀ ਉਚੇਰੀ ਖੋਜ ਕਰਨ ਅਤੇ ਸਿੱਖਿਆ ਦੇਣ ਦੇ ਪ੍ਰਵਾਹ ‘ਚੋਂ ਬਾਹਰ ਰਹਿਣਾ ਹੈ। ਜੋ ਵਿਦਿਆਰਥੀ ਸਕੂਲ ਪੱਧਰ ‘ਤੇ ਹੀ ਅੱਧਾ ਲੱਖ ਸਲਾਨਾ ਖਰਚਾ ਕਰ ਰਿਹਾ ਹੈ, ਉਹ ਪੀ.ਐਚ.ਡੀ. ਪੱਧਰ ਦੀ ਖੋਜ ਵਿੱਚ ਨਹੀਂ ਲੱਗਣ ਲੱਗਾ, ਖੋਜ ਜਿਹੜੀ ਉਮਰ ਦੇ ਤੀਹਵੇਂ ਸਾਲ ਦੇ ਆਸ-ਪਾਸ ਖ਼ਤਮ ਹੁੰਦੀ ਹੈ ਅਤੇ ਜਿਸ ਨਾਲ ਉਮਰ ਦਾ ਵੱਡਾ ਚੰਗਾ ਹਿੱਸਾ ਲਾ ਦੇਣ ਤੋਂ ਬਾਅਦ ਵੀ 8000/-ਰੁਪਏ ਮੁੱਢਲੀ ਤਨਖਾਹ ਹੀ ਪ੍ਰਾਪਤ ਹੋ ਸਕਦੀ ਹੈ। ਇਸ ਦਾ ਪਤਾ ਲਾਉਣ ਲਈ ਸਧਾਰਨ ਬੁੱਧੀ ਦੀ ਵੀ ਲੋੜ ਨਹੀਂ ਹੈ ਕਿ ਕਿਸੇ ਵੀ ਦੇਸ਼ ਨੇ ਉਚੇਰੀ ਪੱਧਰ ਦੀ ਡੂੰਘੀ ਅਤੇ ਵਿਸ਼ਾਲ ਖੋਜ ਤੋਂ ਬਗੈਰ ਵਿਕਸਤ ਗਿਆਨ ਅਤੇ ਉਪਜਾਂ ਪੈਦਾ ਨਹੀਂ ਕੀਤੀਆਂ । ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਸ਼ਾਇਦ ਹੀ ਪੀ. ਐਚ. ਡੀ. ਦੇ ਪੰਜ ਤੋਂ ਵੱਧ ਅਜਿਹੇ ਖੋਜਾਰਥੀ ਹੋਣ ਜਿਨ੍ਹਾਂ ਨੂੰ ਵਜ਼ੀਫਾ ਮਿਲਦਾ ਹੋਵੇ ।
ਤੂਫ਼ਾਨੀ ਸਵਾਲ :
ਮੈਂ ਸਮਝ ਸਕਦਾ ਹਾਂ ਕਿ ਇੰਨੀ ਲੰਮੀ ਚਰਚਾ ਤੋਂ ਬਾਅਦ ਵੀ ਦੋ ਸਵਾਲ ਲਗਭਗ ਹਰ ਪਾਠਕ ਦੇ ਮਨ ਵਿੱਚ ਉਸਲਵੱਟੇ ਲੈ ਰਹੇ ਹੋਣਗੇ – ਦੁਨੀਆਂ ਭਰ ਵਿੱਚ ਤੂਫ਼ਾਨੀ ਗਤੀ ਨਾਲ ਸਿਰਜੇ ਜਾ ਰਹੇ ਗਿਆਨ, ਵਿਗਿਆਨ, ਤਕਨੀਕ ਅਤੇ ਵਸਤੂਆਂ ਤੱਕ ਪੰਜਾਬੀਆਂ ਦੀ ਪਹੁੰਚ ਕਿਵੇਂ ਹੋਵੇ ਅਤੇ ਪੰਜਾਬ ਦੁਆਰਾ ਸਿਰਜਿਆ ਜਾ ਰਿਹਾ ਗਿਆਨ, ਵਿਗਿਆਨ, ਤਕਨੀਕ, ਵਸਤੂਆਂ ਬਾਕੀ ਦੁਨੀਆਂ ਤੱਕ ਕਿਵੇਂ ਪਹੁੰਚਣ ? ਕੀ ਸਾਡੇ ਕੋਲ ਪੰਜਾਬੀ ਨੂੰ ਵੱਡੇ ਕਾਰਜਾਂ ਦੇ ਹਾਣ ਦਾ ਬਣਾਉਣ ਲਈ ਵਿੱਤੀ ਅਤੇ ਮਨੁੱਖੀ ਸਰੋਤ ਹਨ ?
ਆਓ, ਪਹਿਲਾਂ ਪਹਿਲੇ ਸਵਾਲ ਦੀ ਪੜਚੋਲ ਕਰੀਏ। ਅਸਲ ਵਿੱਚ, ਸੰਕਟ ਦੀ ਜੜ੍ਹ ਸੂਚਨਾ ਤਕਨੀਕ ਵਿੱਚ ਆਇਆ ਤੂਫ਼ਾਨ ਹੈ। ਪਰ ਜਿਵੇਂ ਕਿ ਇਸਦੇ ਨਾਮ ਤੋਂ ਹੀ ਸਪੱਸ਼ਟ ਹੈ, ਇਹ ਇੱਕ ਤਕਨੀਕ ਦਾ ਸਵਾਲ ਹੈ। ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਤਕਨੀਕ ‘ਤੇ ਅਧਾਰਿਤ ਉਤਪਾਦ ਦਾ ਸਵਾਲ ਹੈ। ਇਹ ਸੂਚਨਾ ਉਪਜਾਂ ਇਸ ਲਈ ਇਜ਼ਾਦ ਨਹੀਂ ਕੀਤੀਆਂ ਗਈਆਂ ਕਿ ਹਰ ਵਿਅਕਤੀ ਨੂੰ ਗਿਆਨ ਨਾਲ ਰਜਾਇਆ ਜਾਵੇ । ਇਹ ਉਪਜਾਂ ਵੇਚਣ ਲਈ ਪੈਦਾ ਕੀਤੀਆਂ ਗਈਆਂ ਹਨ ਅਤੇ ਮੁਨਾਫ਼ੇ ਲਈ ਪੈਦਾ ਕੀਤੇ ਗਏ ਹਨ। ਅਸਲ ਵਿੱਚ ਅਸੀਂ ਇਹਨਾਂ ਕੰਪਨੀਆਂ ਦੀ ਲੋੜ ਨੂੰ ਆਪਣੀ ਲੋੜ ਸਮਝ ਬੈਠੇ ਹਾਂ, ਕਿਉਂਕਿ ਇਹਨਾਂ ਉਪਜਾਂ ਬਾਰੇ ਸੂਚਨਾ ਅੰਗਰੇਜ਼ੀ ਰਾਹੀਂ ਹੀ ਹਾਸਲ ਹੈ, ਇਸ ਲਈ ਅਸੀਂ ਅੰਗਰੇਜ਼ੀ ਨੂੰ ਜ਼ਿੰਦਗੀ ਮੌਤ ਦਾ ਸਵਾਲ ਬਣਾ ਲਿਆ ਹੈ। ਪਰ ਜੇ ਆਪਾਂ ਇੱਕ ਮਿੰਟ ਸੋਚੀਏ ਕਿ ਵੀਹ ਕਰੋੜ ਮੱਧਵਰਗੀ ਭਾਰਤੀ ਇਹ ਹੱਠ ਕਰ ਲੈਂਦਾ ਹੈ ਕਿ ਅਸੀਂ ਤਾਂ ਓਹੀ ਕੰਪਿਊਟਰ ਖਰੀਦਾਂਗੇ ਜੋ ਸਾਡੀਆਂ ਭਾਸ਼ਾਵਾਂ ‘ਤੇ ਆਧਾਰਤ ਹੋਵੇ, ਅਸੀਂ ਇੰਟਰਨੈਟ ‘ਤੇ ਓਹੀ ਪੜ੍ਹਾਂਗੇ ਜੋ ਸਾਡੀਆਂ ਭਾਸ਼ਾਵਾਂ ਵਿੱਚ ਹੋਵੇ, ਅਸੀਂ ਆਪਣੀ ਭਾਸ਼ਾ ਦੀਆਂ ਕਿਤਾਬਾਂ ਹੀ ਪੜ੍ਹਾਂਗੇ । ਕੀ ਆਪਾਂ ਸੋਚ ਸਕਦੇ ਹਾਂ ਕਿ ਦੁਨੀਆਂ ਭਰ ਦੀਆਂ ਕੰਪਨੀਆਂ ਵੀਹ ਕਰੋੜ ਆਬਾਦੀ ਤੋਂ ਹੋਣ ਵਾਲੇ ਮੁਨਾਫ਼ੇ ਵੱਲ ਪਿੱਠ ਕਰ ਲੈਣਗੀਆਂ? ਇਤਿਹਾਸ ਗਵਾਹ ਹੈ ਕਿ ਕੰਪਨੀਆਂ ਦਾ ਇਹ ਸੁਭਾਅ ਨਹੀਂ ਹੈ। ਸਗੋਂ ਇਹ ਕੰਪਨੀਆਂ ਸੂਚਨਾ ਦੇ ਸਾਰੇ ਤੂਫ਼ਾਨ ਨੂੰ ਸਾਡੀਆਂ ਭਾਸ਼ਾਵਾਂ ਦੇ ਰੂਪ ਵਿੱਚ ਵਲ੍ਹੇਟ ਕੇ ਆਪਣੀਆਂ ਉਪਜਾਂ ਵਿੱਚ ਪਾ ਕੇ ਸਾਡੇ ਬੂਹਿਆਂ ‘ਤੇ ਆ ਕੇ ਵੇਚਣਗੀਆਂ।
ਇਸ ਪਾਸੇ ਵੱਲ ਸੰਕੇਤ ਆਉਣ ਵੀ ਲੱਗੇ ਹਨ। ਮਾਈਕਰੋਸੌਫਟ ਨੇ ਆਪਣੇ ਸਭ ਤੋਂ ਵੱਧ ਵਿਕਣ ਵਾਲ਼ੀ ਉਪਜ ‘ਵਿੰਡੋਜ਼’ ਦਾ ਹਿੰਦੀ ਭਾਸ਼ਾ ਵਿੱਚ ਰੂਪ ਪੇਸ਼ ਕਰ ਦਿੱਤਾ ਹੈ । (ਯਾਦ ਰਹੇ ਕਿ ਸਾਡੀਆਂ ਬਹੁਤੀਆਂ ਭਾਸ਼ਾਵਾਂ ਦੀਆਂ ਪਹਿਲੀਆਂ ਵਿਆਕਰਣਾਂ ਅੰਗਰੇਜ਼ਾਂ ਨੇ ਹੀ ਲਿਖੀਆਂ ਸਨ)। ਮੀਡੀਆ-ਸਮਰਾਟ ਮਰਦੋਖ਼ ਨੇ ਤਾਂ ਬਹੁਤ ਪਹਿਲਾਂ ਹੀ ਕਿਹਾ ਸੀ ਕਿ ਭਾਰਤ ਵਿੱਚ ਮੀਡੀਆ ਦਾ ਵਿਉਪਾਰ ਸਥਾਨਕ ਭਾਸ਼ਾਵਾਂ ਬਿਨਾਂ ਨਹੀਂ ਹੋ ਸਕਦਾ। ਭਾਰਤ ਵਿੱਚ ਚੱਲਣ ਵਾਲ਼ੇ ਬਹੁਤੇ ਚੈਨਲਾਂ ਦਾ ਪੈਰ ਅੰਗਰੇਜ਼ੀ ਤੋਂ ਹਿੰਦੀ ਤੇ ਫਿਰ ਸਥਾਨਕ ਭਾਸ਼ਾਵਾਂ ਵਾਲ਼ੇ ਡੰਡੇ ‘ਤੇ ਆ ਗਿਆ ਹੈ। ਮਲੇਸ਼ੀਆ ਵਿੱਚ ਸ਼ੈੱਲ ਕੰਪਨੀ ਖੁਦ ਮਲਿਆ ਭਾਸ਼ਾ ਆਧਾਰਤ ਤਕਨਾਲੋਜੀ ਭੇਟ ਕਰਦੀ ਹੈ (ਜਰਨੁੱਡ, 1973:18-19)। ਇਹ ਕੰਪਨੀਆਂ ਨੂੰ ਵੀ ਪਤਾ ਹੈ ਕਿ ਭਾਰਤ ਵਿੱਚ ਅੰਗਰੇਜ਼ੀ ਅਧਾਰਿਤ ਕੰਪਿਊਟਰਾਂ ਤੋਂ ਬਾਅਦ ਸਥਾਨਕ ਭਾਸ਼ਾਵਾਂ ਤੇ ਅਧਾਰਿਤ ਕੰਪਿਊਟਰ ਵੱਡੀ ਗਿਣਤੀ ਵਿੱਚ ਵਿਕ ਸਕਦੇ ਹਨ। ਸਥਾਨਕ ਭਾਸ਼ਾਵਾਂ ਰਾਹੀਂ ਇੰਟਰਨੈਟ ਦੀ ਵਿਕਰੀ ਬਹੁਤ ਵੱਡੀ ਹੋ ਸਕਦੀ ਹੈ । ਸਥਾਨਕ ਭਾਸ਼ਾਵਾਂ ਵਿੱਚ ਪੁਸਤਕਾਂ ਕਾਫ਼ੀ ਵਿਕ ਸਕਦੀਆਂ ਹਨ। ਸੋ, ਇਹ ਸੰਭਵ ਹੈ ਕਿ ਜੇ ਭਾਰਤ ਦੇ ਸਪੁੱਤਰਾਂ ਨੇ ਜਿਸ ਨੂੰ ਸਦੀਆਂ ਵੱਡਾ ਕੰਮ ਸਮਝਕੇ ਸ਼ੁਰੂ ਨਹੀਂ ਕੀਤਾ ਉਹ ਕੰਪਨੀਆਂ ਕੁਝ ਸਾਲਾਂ ਵਿੱਚ ਹੀ ਕਰ ਦੇਣ, ਕਿਉਂਕਿ ਉਹ ਜਾਣਦੀਆਂ ਹਨ ਕਿ ਕੰਮ ਏਨਾ ਵੱਡਾ ਨਹੀਂ ਹੈ ਅਤੇ ਮੁੱਖ ਭਾਰਤੀ ਭਾਸ਼ਾਵਾਂ ਦੇ ਬੁਲਾਰਿਆਂ ਦੀ ਗਿਣਤੀ ਵੇਖਦਿਆਂ ਇਹ ਘਾਟੇ ਵਾਲ਼ਾ ਕਦੇ ਵੀ ਨਹੀਂ ਹੋ ਸਕਦਾ। ਪਰ ਜੇ ਸਿਆਸੀ ਕਾਰਨਾਂ ਕਰਕੇ ਕੰਪਨੀਆਂ ਇਹ ਕੰਮ ਨਹੀਂ ਕਰਦੀਆਂ ਤਾਂ ਸਾਨੂੰ ਇਹ ਕੰਮ ਆਪ ਕਰ ਲੈਣੇ ਚਾਹੀਦੇ ਹਨ ਅਤੇ ਇਹ ਹੋ ਸਕਦੇ ਹਨ। ਜੇ ਮਾਤ ਭਾਸ਼ਾ ਵਿੱਚ ਨਹੀਂ ਵੀ ਕਰਨਾ ਤਾਂ ਅੰਗਰੇਜ਼ੀ ਰਾਹੀਂ ਕਰ ਲੈਣੇ ਚਾਹੀਦੇ ਹਨ । ਪਰ ਚੰਗੀ ਅੰਗਰੇਜ਼ੀ ਕਿਵੇਂ ਆਵੇ, ਇਹ ਪੂਰੇ ਲੇਖ ਵਿੱਚ ਕਾਫ਼ੀ ਦੱਸਿਆ ਗਿਆ ਹੈ। ਪਰ ਜੋ ਕੰਮ ਸ਼ਾਇਦ ਉਹਨਾਂ ਸਾਨੂੰ ਨਹੀਂ ਦੱਸਣਾ, ਉਸ ਵੱਲ ਸਾਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ । ਉਹ ਸਾਡੇ ਦੂਜੇ ਪ੍ਰਸ਼ਨ ਦਾ ਮਸਲਾ ਹੈ। ਯਾਨੀ ਕਿ, ਪਤਾ ਲਾਉਣਾ ਕਿ ਅੰਗਰੇਜ਼ੀ ਨੂੰ ਤਿਆਗ ਕੇ ਆਪਣੀਆਂ ਭਾਸ਼ਾਵਾਂ ਵਿੱਚ ਸਿੱਖਿਆ ਦੇਣਾ ਵਿੱਤੀ ਪੱਖੋਂ ਲਾਹੇਵੰਦ ਹੋਵੇਗਾ ਕਿ ਨਹੀਂ। ਸਾਡੇ ਚੰਗੇ ਭਾਗੀਂ ਇਸ ਦਾ ਸੰਕੇਤ ਵੀ ਪ੍ਰਾਪਤ ਹੈ, “ਤਦਾਜਿਊਸ (1977) ਦਾ ਕੀਮਤ-ਲਾਭ ਨਿਰੀਖਣ ਉਸ ਨੂੰ ਇਸ ਸਿੱਟੇ ‘ਤੇ ਪਹੁੰਚਾਉਂਦਾ ਹੈ ਕਿ ਤੱਤ ਰੂਪ ਵਿੱਚ ਬਹੁਤ ਸਾਰੇ ਅਫ਼ਰੀਕੀ ਦੇਸ਼ਾਂ ਵਿੱਚ ਸਥਾਨਕ-ਭਾਸ਼ਾਈ ਸਿੱਖਿਆ ਲਾਭ ਵਾਲ਼ੀ ਹੈ।”
ਤੇ ਫੇਰ ਭਾਰਤ ਜਾਂ ਪੰਜਾਬ ਤਾਂ ਕੋਈ ਘੱਟ ਸਾਧਨ ਭਰਪੂਰ ਨਹੀਂ ਹਨ। ਵਿਕਸਤ ਦੇਸ਼ਾਂ ਦੇ ਅਫ਼ਸਰ ਆਮ ਨਾਗਰਿਕ ਨਾਲੋਂ ਦੁੱਗਣੇ ਅਮੀਰ ਹੋਣਗੇ, ਪਰ ਸਾਡੇ ਤਾਂ ਗੁਣਾਂ ਸੈਂਕੜਿਆਂ ਨਾਲ ਕਰਨੀ ਪੈਂਦੀ ਹੈ। ਸਾਡਾ ਲੁਕਵਾਂ ਧਨ ਅਣਲੁਕਵੇਂ ਧਨ ਦਾ ਚਾਲੀ ਫੀਸਦੀ ਹੈ। ਹਾਲੇ ਅਸੀਂ ਅੱਧਾ ਟੈਕਸ ਵੀ ਨਹੀਂ ਉਗਰਾਹੁੰਦੇ। ਇਸ ਲਈ ਵਿੱਤੀ ਸਰੋਤ ਕੋਈ ਵੱਡੀ ਚਿੰਤਾ ਵਾਲ਼ਾ ਵਿਸ਼ਾ ਨਹੀਂ ਹਨ।
ਇਸ ਲੇਖ ਵਿਚਲੀ ਪੰਜਾਬੀ ਜਾਂ ਮਾਤ ਭਾਸ਼ਾਵਾਂ ਦੀ ਵਕਾਲਤ ਤੋਂ ਇਹ ਬਿਲਕੁਲ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਮੈਂ ਅੰਗਰੇਜ਼ੀ ਸਿੱਖਣ-ਸਿਖਾਉਣ ਦੇ ਹੱਕ ਵਿੱਚ ਨਹੀਂ ਹਾਂ। ਇਸ ਲਈ ਕਿ ਕੋਈ ਭੁਲੇਖਾ ਨਾ ਰਹਿ ਜਾਵੇ ਮੈਂ ਆਪਣੀਆਂ ਕੁਝ ਸਥਾਪਨਾਵਾਂ ਸਾਰ- ਰੂਪ ਵਿੱਚ ਫਿਰ ਦੁਹਰਾਉਦਾ ਹਾਂ :
ਸਿੱਖਿਆ ਦੇ ਮਾਧਿਅਮ ਲਈ ਮਾਤ ਭਾਸ਼ਾ ਹੀ ਸਭ ਤੋਂ ਢੁੱਕਵੀਂ ਹੈ; ਗਿਆਨ, ਵਿਗਿਆਨ, ਅਤੇ ਤਕਨਾਲੋਜੀ ਦਾ ਵਿਕਾਸ ਵੀ ਮਾਤ ਭਾਸ਼ਾ ਰਾਹੀਂ ਸਿੱਖਿਆ ਦੇ ਕੇ ਹੀ ਬਿਹਤਰ ਹੋ ਸਕਦਾ ਹੈ; ਭਾਸ਼ਾ ਦਾ ਸਵਾਲ ਏਨਾ ਮਾਮੂਲੀ ਜਿਹਾ ਨਹੀਂ ਜਿਵੇਂ ਇਸਨੂੰ ਅਕਸਰ ਸਮਝ ਲਿਆ ਜਾਂਦਾ ਹੈ। ਇਸਦੇ ਪਸਾਰ ਬਹੁਤ ਹੀ ਵੱਡੇ ਹਨ ਅਤੇ ਇਸ ਸਬੰਧੀ ਫੈਸਲੇ ਦੁਨੀਆਂ ਭਰ ਵਿੱਚ ਹੋਏ ਅਧਿਐਨਾਂ ਦੀ ਰੋਸ਼ਨੀ ਵਿੱਚ ਹੀ ਲੈਣੇ ਚਾਹੀਦੇ ਹਨ; ਅੰਗਰੇਜ਼ੀ ਜ਼ਰੂਰੀ ਹੈ, ਪਰ ਚੰਗੀ ਅੰਗਰੇਜ਼ੀ ਸਿੱਖਣ ਲਈ ਮਾਤ ਭਾਸ਼ਾ ਦੀ ਭਰਪੂਰ ਸਿਖਲਾਈ ਜ਼ਰੂਰੀ ਹੈ; ਅੰਗਰੇਜ਼ੀ ਨੂੰ ਮਾਤ ਭਾਸ਼ਾ ਦਾ ਬਦਲ ਬਣਾਉਣ ਦੇ ਸਿੱਟੇ ਭਾਸ਼ਾਈ, ਸਿੱਖਿਆਵੀ, ਸਮਾਜਕ, ਸਿਆਸੀ, ਅਤੇ ਸੱਭਿਆਚਾਰਕ ਆਦਿ ਹਰ ਪੱਖੋਂ ਅਤਿ ਭਿਆਨਕ ਹੋਣਗੇ।
ਅੰਤ ਵਿੱਚ ਆਪਣੀ ਚਿੰਤਾ ਇੱਕ ਵਾਰ ਫਿਰ ਪੇਸ਼ ਕਰਨੀ ਚਾਹਵਾਂਗਾ। ਸਭ ਭਾਸ਼ਾ ਵਿਗਿਆਨਕ ਅਧਿਐਨ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਭਾਸ਼ਾ ਦੇ ਗ੍ਰਹਿਣ ਜਾਂ ਤਿਆਗਣ ਵਿੱਚ ਕਿਸੇ ਲੋਕਸਮੂਹ ਦਾ ਉਸ ਪ੍ਰਤੀ ਰਵੱਈਆ ਅਤਿਅੰਤ ਮਹੱਤਵਪੂਰਣ ਹੈ ਅਤੇ ਜਿਸ ਭਾਸ਼ਾਈ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਹਰ ਪਾਸੇ ਮਿਲਦਾ ਹੈ, ਉਸ ਤੋਂ ਪੰਜਾਬੀ ਦੇ ਇੱਕ ਸਥਾਪਤ ਭਾਸ਼ਾ ਵਜੋਂ ਭੋਗ ਪੈਣ ਦਾ ਖਤਰਾ ਅਸਲੀ ਹੈ। ਇਸਦੇ ਲਾਭ ਅਤੇ ਹਾਨੀਆਂ ਦਾ ਲੇਖਾ-ਜੋਖਾ ਹੀ ਇਸ ਲੇਖ ਦਾ ਕੇਂਦਰ ਬਿੰਦੂ ਹੈ।
ਅੰਗਰੇਜ਼ੀ ਨੂੰ ਵੀ ਅਟੱਲ ਅਤੇ ਸਦੀਵੀ ਸੱਚਾਈ ਨਹੀਂ ਸਮਝ ਲਿਆ ਜਾਣਾ ਚਾਹੀਦਾ । ਜੇ ਕੱਲ੍ਹ ਨੂੰ ਯੂਰਪੀਨ ਕਮਿਊਨਿਟੀ ਅਮਰੀਕਾ ਨੂੰ ਠਿੱਬੀ ਲਾ ਜਾਵੇ ਤਾਂ ਸਾਡੀ ਸ਼ਰਧਾ ਦੀਆਂ ਪਾਤਰ ਫਰਾਂਸੀਸੀ ਅਤੇ ਜਰਮਨੀ ਨੇ ਹੋ ਜਾਣਾ ਹੈ। ਇਸ ਸੰਭਾਵਨਾ ਲਈ ਵੀ ਮਾਨਸਿਕ ਥਾਂ ਛੱਡਣੀ ਚਾਹੀਦੀ ਹੈ।
ਭਾਸ਼ਾਈ ਪਾੜੇ ਦੇ ਸਿੱਟੇ :
ਭਾਸ਼ਾ ਦੇ ਗਿਆਨਮੁਖੀ ਕਾਰਜ ਤੋਂ ਹੁਣ ਅਸੀਂ ਭਾਸ਼ਾ ਦੇ ਸੰਚਾਰਮੁਖੀ ਕਾਰਜਾਂ ਵੱਲ ਆਉਂਦੇ ਹਾਂ। ਇੱਥੇ ਵੀ ਭਾਰਤਵਾਸੀ ਇੱਕ ਬਹੁਪ੍ਰਸੰਗੀ ਸਥਿਤੀ ਵਿੱਚ ਹਨ। ਇਹ ਪ੍ਰਸੰਗ ਖੇਤਰੀ, ਭਾਰਤੀ ਅਤੇ ਕੌਮਾਤਰੀ ਹਨ। ਖੇਤਰੀ ਪ੍ਰਸੰਗ ਵਿੱਚ ਖੇਤਰੀ ਭਾਸ਼ਾਵਾਂ ਦਾ ਕੋਈ ਬਦਲ ਨਹੀਂ ਹੋ ਸਕਦਾ। ਇਹ ਕੌਮੀ ਪਛਾਣ, ਸਾਹਿਤ, ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਾਂ ਕਰਕੇ ਵੀ ਹੈ। ਪਰ ਏਥੇ ਇੱਕ ਸਥਿਤੀ (ਸੰਚਾਰ ਸੰਕਟ ਦੀ ਸਥਿਤੀ) ਦਾ ਜ਼ਿਕਰ ਜ਼ਰੂਰੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਪੈਦਾ ਹੋ ਰਹੀ ਹੈ ਅਤੇ ਜਿਸ ਵੱਲ ਮੈਂ ਕਈ ਸਾਲਾਂ ਤੋਂ (ਵੇਖੋ, ਜੋਗਾ ਸਿੰਘ, 2003) ਉਂਗਲ ਕਰਦਾ ਆ ਰਿਹਾ ਹਾਂ ਅਤੇ ਜੋ ਹੁਣ ਤਿੱਖੇ ਰੂਪ ਵਿੱਚ ਵੀ ਸਾਹਮਣੇ ਆਉਣ ਲੱਗੀ ਹੈ । ਪੰਜਾਬੀ ਟ੍ਰਿਬਿਊਨ (28 ਫਰਵਰੀ, 2005) ‘ਚੋਂ ਹੇਠਲੀ ਖ਼ਬਰ ਇਸ ਦੇ ਪ੍ਰਮਾਣ ਲਈ ਕਾਫ਼ੀ ਹੋਵੇਗੀ:
“ਅੰਗਰੇਜ਼ ਯੂਨਾਨੀ ਵੱਲੋਂ ਕੇਂਦਰ ਸ਼ਾਸ਼ਤ ਰਾਜ ਦੇ ਪਿੰਡਾਂ ਬਾਰੇ ਚੰੜੀਗੜ੍ਹ, ਫਰਵਰੀ, 27 ਕੇਂਦਰ ਸ਼ਾਸ਼ਤ ਰਾਜ ਦੇ ਪਿੰਡਾਂ ਦੀ ਮੁੱਖ ਤੌਰ ‘ਤੇ ਪੰਜਾਬੀ ਬੋਲਣ ਵਾਲ਼ੀ ਪੇਂਡੂ ਅਬਾਦੀ ਨੂੰ ਸਰਕਾਰ ਨਾਲ ਆਪਣੀ ਭਾਸ਼ਾ ‘ਚ ਗੱਲਬਾਤ ਕਰ ਸਕਣ ਤੋਂ ਵਾਂਝਿਆਂ ਕੀਤਾ ਜਾ ਰਿਹਾ
ਹੈ।
ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਵੱਖ-ਵੱਖ ਮਹਿਕਮਿਆਂ ਅਤੇ ਪੰਚਾਇਤੀ ਰਾਜ ਐਕਟ ਅਧੀਨ ਖੜ੍ਹੀਆਂ ਕੀਤੀਆਂ ਗਈਆਂ ਦੋ ਸੰਸਥਾਵਾਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਵਿਚਾਲੇ ਸਹੀ ਤਰੀਕੇ ਨਾਲ ਹੋਣ ਵਾਲ਼ਾ ਰਾਬਤਾ ਸਭ ਤੋਂ ਪਹਿਲਾ ਸ਼ਿਕਾਰ ਬਣਦਾ ਹੈ।
ਇਸ ਤੱਥ ਉੱਤੇ ਪੰਚਾਇਤ ਸਮਿਤੀ ਦੀ ਬਿਲਕੁਲ ਹੁਣੇ ਮੀਟਿੰਗ ਦੌਰਾਨ ਖਾਸ ਤਵੱਜੋ ਦਿੱਤੀ ਗਈ। ਇਸ ਸੰਬੰਧ ‘ਚ 15-ਮੈਂਬਰੀ ਸਮਿਤੀ ਨੇ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕਰਨ ਲਈ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਬਣਾਉਣ ਦੀ ਮੰਗ ਕਰਦਾ ਹੋਇਆ ਮਤਾ ਪਾਸ ਕੀਤਾ। ਮਤੇ ਨੂੰ ਮਨਜ਼ੂਰੀ ਲਈ ਪ੍ਰਸ਼ਾਸ਼ਨ ਕੋਲ ਭੇਜ ਦਿੱਤਾ ਗਿਆ ਹੈ।
ਫਿਲਹਾਲ ਵੱਖ-ਵੱਖ ਪ੍ਰੋਜੈਕਟਾਂ ਤੇ ਸਕੀਮਾਂ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦੇਣ ਲਈ ਪ੍ਰਸ਼ਾਸ਼ਨ ਵੱਲੋਂ ਅੰਗਰੇਜ਼ੀ ਦੀ ਵਰਤੋਂ ਕੀਤੀ ਜਾ ਰਹੀ ਸੀ।
ਪੰਚਾਇਤ ਸਮਿਤੀਆਂ ਤੇ ਜ਼ਿਲਾ ਪ੍ਰੀਸ਼ਦਾਂ ‘ਚ ਇਹ ਇਹਨਾਂ ਸੰਸਥਾਵਾਂ ਦੀ ਕਾਇਮੀ ਦੇ ਵੇਲੇ ਤੋਂ ਹੀ ਹੋ ਰਿਹਾ ਹੈ। ਅਸਲੀਅਤ ਵਿੱਚ, ਭਾਸ਼ਾ ਪੇਂਡੂ ਅਬਾਦੀ ਨੂੰ ਪੰਚਾਇਤੀ ਰਾਜ ਕਨੂੰਨ ਦੀਆਂ ਧਾਰਾਵਾਂ ਤੋਂ ਜਾਣੂ ਕਰਵਾਉਣ ਦੇ ਰਾਹ ‘ਚ ਅੜਿੱਕਾ ਬਣਦੀ ਹੈ।
ਟ੍ਰਿਬਿਊਨ ਨਾਲ ਗੱਲ ਕਰਦੇ ਹੋਏ ਪੰਚਾਇਤ ਸਮਿਤੀ ਦੇ ਚੇਅਰਮੈਨ ਸ਼੍ਰੀ ਦੀਦਾਰ ਸਿੰਘ ਨੇ ਕਿਹਾ ਕਿ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਅਪਣਾਉਣ ਸਬੰਧੀ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਨਾਲ ਸਮਿਤੀ ਦੇ ਮੈਂਬਰਾਂ ਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਿਚਾਲੇ ਰਾਬਤੇ ‘ਚ ਸੁਧਾਰ ਆਵੇਗਾ।
ਕੁਝ ਮੈਂਬਰਾਂ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਸਮਿਤੀ ਦੀ ਮੀਟਿੰਗ ਦਾ ਏਜੰਡਾ ਭੇਜਿਆ ਜਾਂਦਾ ਹੈ ਤਾਂ ਉਹਨਾਂ ਨੂੰ ਹੋਰਨਾਂ ਕੋਲ ਜਾਣਾ ਪੈਂਦਾ ਹੈ ਜਿਹਨਾਂ ਨੂੰ ਅੰਗਰੇਜ਼ੀ ਦੀ ਚੰਗੀ ਸਮਝ ਹੈ। ਸਮਿਤੀ ਦੇ ਬਹੁਤ ਸਾਰੇ ਮੈਂਬਰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ।
“ਅਸੀਂ ਆਪਣੀਆਂ ਮੰਗਾਂ ਦੀ ਕਿਸਮਤ ਬਾਰੇ ਕੁਝ ਨਹੀਂ ਜਾਣਦੇ ਹੁੰਦੇ ਕਿਉਂਕਿ ਉਹਨਾਂ ਨੂੰ ਮੰਨਣ ਦੀ ਸੂਚਨਾ ਅੰਗਰੇਜ਼ੀ ਵਿੱਚ ਦਿੱਤੀ ਜਾਂਦੀ ਹੈ”, ਸਮਿਤੀ ਦੇ ਮੈਂਬਰ ਸ਼ਿੰਗਾਰਾ ਨੇ ਕਿਹਾ।
ਉਦਾਹਰਣ ਦਿੰਦੇ ਹੋਏ ਸ਼੍ਰੀ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪ੍ਰਸ਼ਾਸ਼ਨ ਨੇ ਪੰਚਾਇਤੀ ਰਾਜ ਨਾਲ ਸੰਬੰਧਿਤ ਕਿਤਾਬਾਂ ਦਿੱਤੀਆਂ ਜਿਹੜੀਆਂ ਅੰਗਰੇਜ਼ੀ ‘ਚ ਲਿਖੀਆਂ ਹੋਈਆਂ ਸਨ । ਸਾਨੂੰ ਪੰਜਾਬੀ ‘ਚ ਲਿਖੀਆਂ ਕਿਤਾਬਾਂ ਦਾ ਇੰਤਜ਼ਾਮ ਕਰਨਾ ਪਿਆ।
ਡਿਪਟੀ ਕਮਿਸ਼ਨਰ ਸ਼੍ਰੀ ਅਰੁਣ ਕੁਮਾਰ ਨੇ ਕਿਹਾ ਕਿ ਭਾਵੇਂ ਉਹਨਾਂ ਨੇ ਪੰਚਾਇਤ ਸਮਿਤੀ ਦੇ ਮਤੇ ਨੂੰ ਅਜੇ ਨਹੀਂ ਦੇਖਿਆ ਪਰ ਉਹ ਸਬੰਧਿਤ ਕਨੂੰਨੀ ਧਾਰਾਵਾਂ ਨੂੰ ਵਾਚਣ ਤੋਂ ਬਾਅਦ ਇਸ ਉੱਤੇ ਹਮਦਰਦੀ ਨਾਲ ਵਿਚਾਰ ਕਰਨਗੇ।” ਇਸੇ ਤਰ੍ਹਾਂ ਦਾ ਇੱਕ ਪ੍ਰਮਾਣ 15 ਮਾਰਚ, 2006 ਦੇ ਦੇਸ਼ ਸੇਵਕ ਦੀ ਸੰਪਾਦਕੀ ਤੋਂ ਮਿਲਦਾ ਹੈ :
“ਖੁੱਲ੍ਹੀ ਜੇਲ੍ਹ ਤੇ ਅਦਾਲਤੀ ਭਾਸ਼ਾ ਦਾ ਸਵਾਲ
“ਹਾਲ ਹੀ ‘ਚ ਤਿਹਾੜ ਜੇਲ ਦੇ ਕੈਦੀਆਂ ਨੇ ਡਾਇਰੈਕਟਰ ਜਨਰਲ, ਦਿੱਲੀ ਜੇਲ੍ਹਾਂ ਨਾਲ ਹੋਈ ਆਪਣੀ ਮਹਾਂ-ਪੰਚਾਇਤ ‘ਚ ਦੋ ਮਹੱਤਵਪੂਰਣ ਮੰਗਾਂ ਉਠਾਈਆਂ ਹਨ। ਇਨ੍ਹਾਂ ‘ਚੋਂ ਪਹਿਲੀ ਮੰਗ ਕੈਦੀਆਂ ਲਈ ਖੁੱਲ੍ਹੀ ਜੇਲ੍ਹ ਦੀ ਸਥਾਪਨਾ ਨਾਲ ਸਬੰਧਤ ਹੈ ਅਤੇ ਦੂਜੀ ਅਦਾਲਤਾਂ ‘ਚ ਹਿੰਦੀ ਭਾਸ਼ਾ ਦੀ ਵਰਤੋਂ ਨਾਲ਼। ਕੈਦੀਆਂ ਦਾ ਤਰਕ ਹੈ ਕਿ ਅਦਾਲਤਾਂ ‘ਚ ਸੰਚਾਰ ਮਾਧਿਅਮ ਅੰਗਰੇਜ਼ੀ ਭਾਸ਼ਾ ਹੋਣ ਕਰਕੇ ਕੇਸਾਂ ਦੀ ਸੁਣਵਾਈ ਸਮੇਂ ਕੀ ਰਿੱਝਦਾ ਪੱਕਦਾ ਹੈ, ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਸਮਝ ‘ਚ ਨਹੀਂ ਆਉਂਦਾ । ਉਹ ਮੂਕ ਦਰਸ਼ਕ ਹੀ ਬਣੇ ਰਹਿੰਦੇ ਹਨ। ਖੁੱਲ੍ਹੀਆਂ ਜੇਲ੍ਹਾਂ ਦੀ ਉਸਾਰੀ ਦੇ ਮੁੱਦੇ ਨੂੰ ਉਨ੍ਹਾਂ ਸਾਰੇ ਪਹਿਲੂਆਂ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਜੋ ਸਾਡੇ ਅਜੋਕੇ ਜੇਲ੍ਹ ਪ੍ਰਬੰਧ ਨਾਲ ਜੁੜੇ ਹੋਏ ਹਨ। ਇਨ੍ਹਾਂ ਪਹਿਲੂਆਂ ‘ਚ ਜੇਲ੍ਹਾਂ ਨੂੰ ਘੁਣ ਵਾਂਗ ਖਾ ਰਹੇ ਭ੍ਰਿਸ਼ਟਾਚਾਰ ਅਤੇ ਅਪਰਾਧੀ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਤੇ ਧਨਾਢ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਦਾ ਘਿਣਾਉਣਾ ਦ੍ਰਿਸ਼ ਪਹਿਲੀ ਨਜ਼ਰੇ ਹੀ ਸਾਹਮਣੇ ਆ ਜਾਂਦਾ ਹੈ । ਇਹ ਸਭ ਘੋਰ ਬੁਰਾਈਆਂ ਹਨ, ਜਿਨ੍ਹਾਂ ਤੋਂ ਨਿਜਾਤ ਪਾਏ ਬਿਨਾਂ ਕਿਸੇ ਪ੍ਰਕਾਰ ਦੇ ਵੀ ਜੇਲ੍ਹ ਸੁਧਾਰ ਦੀ ਆਸ ਕਰਨਾ ਨਿਰਮੂਲ ਹੈ।”
ਉਪਰੋਕਤ ਖ਼ਬਰਾਂ ਆਉਣ ਵਾਲੇ ਤੂਫ਼ਾਨ ਜਾਂ ਤੂਫ਼ਾਨੀ ਭਾਸ਼ਾਈ ਸੰਚਾਰ ਸੰਕਟ ਦਾ ਮੇਰੇ ਖ਼ਿਆਲ ਵਿੱਚ ਸਮਝ ਸਕਣ ਵਾਲ਼ੇ ਲਈ ਕਾਫ਼ੀ ਸਪੱਸ਼ਟ ਸੰਕੇਤ ਦਿੰਦੀਆਂ ਹਨ।
ਭਾਰਤ ਵਿੱਚ ਸੰਚਾਰ ਦੀ ਭਾਸ਼ਾ :
ਭਾਰਤੀ ਪ੍ਰਸੰਗ ਵਿੱਚ ਕਿਹੜੀ ਭਾਸ਼ਾ ਭਾਰਤੀਆਂ ਦੀ ਮੰਡੀ ਦੀ ਜਾਂ ਸੰਚਾਰ ਦੀ ਭਾਸ਼ਾ ਹੋਵੇਗੀ ਇਸ ਦਾ ਪਤਾ ਹੇਠਲੀ ਖ਼ਬਰ (ਦ ਟ੍ਰਿਬਿਊਨ, ਅਪ੍ਰੈਲ 6, 2006) ਦੇਂਦੀ ਹੈ : “ਮਾਨਸਾ, ਅਪ੍ਰੈਲ 5
ਇਸ ਸ਼ਹਿਰ ਦੇ ਲੋਕ ਪੰਜਾਬੀ ਬੋਲਦੇ ਹਨ ਅਤੇ ਉਹ ਵੀ ਪੰਜਾਬ ਦੇ ਮਾਲਵਾ ਇਲਾਕੇ ਦੀ ਖਾਸੀਅਤ ਮੰਨੀ ਜਾਂਦੀ ਉਪਬੋਲੀ । ਪਰ ਜੋ ਚੀਜ਼ ਕਿਸੇ ਨੂੰ ਹੈਰਾਨ ਕਰ ਸਕਦੀ ਹੈ ਉਹ ਹੈ ਇੱਥੇ ਦੇ ਬੱਸ ਅੱਡੇ ਦੇ ਇਰਦ-ਗਿਰਦ ਅਜਿਹੀਆਂ ਦੁਕਾਨਾਂ ਦੀ ਵਧ ਰਹੀ ਗਿਣਤੀ ਜਿਹਨਾਂ ਨੇ ਆਪਣੇ ਬੋਰਡ ਹਿੰਦੀ ‘ਚ ਲਿਖੇ ਹਨ।
ਪੁੱਛਣ ‘ਤੇ ਪਤਾ ਚੱਲਿਆ ਕਿ ਇਹ ਸ਼ਹਿਰ ਕਣਕ ਤੇ ਹੋਰ ਫਸਲਾਂ ਦੀ ਕਟਾਈ ਲਈ ਕੰਮ ਆਉਂਦੇ ਰੀਪਰ ਖਰੀਦਣ ਲਈ ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨਾਂ ਦੀ ਪਹਿਲੀ ਪਸੰਦ ਹੈ।
“ਮੰਡੀ ਦੀਆਂ ਤਾਕਤਾਂ ਨੇ ਸਾਨੂੰ ਆਪਣੇ ਬੋਰਡ ਹਿੰਦੀ ‘ਚ ਟੰਗਣ ਲਈ ਮਜ਼ਬੂਰ ਕਰ ਦਿੱਤਾ ਹੈ। ਸਾਡੇ ਕੋਲੋਂ ਰੀਪਰ ਖਰੀਦਣ ਆਉਂਦੇ ਬਹੁਤੇ ਕਿਸਾਨ ਤੇ ਡੀਲਰ ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤੇ ਹੋਰ ਮੱਧ ਭਾਰਤ ਸੂਬਿਆਂ ਤੋਂ ਆਉਂਦੇ ਹਨ। ਕਿਉਂਕਿ ਉਹ ਪੰਜਾਬੀ ਨਹੀਂ ਸਮਝ ਸਕਦੇ, ਅਸੀਂ ਉਹਨਾਂ ਦੀ ਸਹੂਲਤ ਲਈ ਹਿੰਦੀ ‘ਚ ਵੀ ਬੋਰਡ ਟੰਗਵਾ ਦਿੱਤੇ ਹਨ”, ਸ਼ਹਿਰ ਦੇ ਇੱਕ ਮੁੱਖ ਰੀਪਰ ਨਿਰਮਾਤਾ ਸੁਖਵਿੰਦਰ ਸਿੰਘ ਨੇ ਕਿਹਾ।”
ਜਿਥੋਂ ਤੱਕ ਪੰਜਾਬੀ ਅਤੇ ਦੂਜੇ ਭਾਰਤੀ ਨਾਗਰਿਕਾਂ ਨਾਲ ਅਦਾਨ-ਪ੍ਰਦਾਨ ਦਾ ਸਵਾਲ ਹੈ, ਦੋ ਭਾਸ਼ਾਵਾਂ ਪ੍ਰਵਾਨਗੀ ਪ੍ਰਾਪਤ ਕਰਨ ਲਈ ਆਪਸ ਵਿੱਚ ਖਹਿ ਰਹੀਆਂ ਹਨ। ਇਹ ਭਾਸ਼ਾਵਾਂ ਹਨ ਹਿੰਦੀ ਅਤੇ ਅੰਗਰੇਜ਼ੀ। ਪਰ ਭਾਸ਼ਾਈ ਦ੍ਰਿਸ਼ਟੀਕੋਣ ਤੋਂ ਹਿੰਦੀ ਨੂੰ ਨਿਮਨ ਤਰਕਸੰਗਤ ਅਧਾਰ ਪ੍ਰਾਪਤ ਹਨ :
- ਆਮ ਕਲਪਨਾ ਭਾਵੇਂ ਕੁਝ ਵੀ ਕੀਤੀ ਜਾਂਦੀ ਹੋਵੇ, ਸੱਚਾਈ ਇਹ ਹੈ ਕਿ ਭਾਰਤ ਵਿੱਚ ਹਿੰਦੀ ਦੇ ਮੁਕਾਬਲੇ ਅੰਗਰੇਜ਼ੀ ਦੇ ਬੁਲਾਰੇ ਅਤਿ ਨਿਗੂਣੀ ਮਾਤਰਾ ਵਿੱਚ ਹਨ ਅਤੇ ਮੈਨੂੰ ਨਹੀਂ ਲੱਗਦਾ ਕਿ 2050 ਤੱਕ 20 ਫੀਸਦੀ ਤੋਂ ਜ਼ਿਆਦਾ ਭਾਰਤੀ ਮੌਜੂਦਾ ਹੋ ਰਹੀਆਂ ਕੋਸ਼ਿਸ਼ਾਂ ਨਾਲ ਅੰਗਰੇਜ਼ੀ ਵਿੱਚ ਸੰਵਾਦ ਰਚਾ ਸਕਣਗੇ।
- ਪੰਜਾਬੀ ਅਤੇ ਹਿੰਦੀ ਦਾ ਅਤਿਅੰਤ ਨੇੜਲਾ ਭਾਸ਼ਾਈ ਰਿਸ਼ਤਾ ਹੈ। ਦੋਹਾਂ ਭਾਸ਼ਾਵਾਂ ਵਿਚਕਾਰ ਸ਼ਬਦਾਵਲੀ ਅਤੇ ਵਾਕ ਬਣਤਰ ਦੀਆਂ ਪੱਧਰਾਂ ਤੇ ਬਹੁਤ ਨੇੜਵਾਂ ਸਬੰਧ ਹੈ, ਇਸ ਲਈ ਪੰਜਾਬੀ ਬੁਲਾਰਾ ਹਿੰਦੀ ‘ਤੇ ਮੁਹਾਰਤ ਸਹਿਜੇ ਹੀ ਪ੍ਰਾਪਤ ਕਰ ਸਕਦਾ ਹੈ।
3 . ਪੰਜਾਬੀ ਬੁਲਾਰਿਆਂ ਲਈ ਹਿੰਦੀ ‘ਤੇ ਮੁਹਾਰਤ ਹਾਸਲ ਕਰਨ ਲਈ ਸੰਸਥਾਗਤ ਅਧਾਰ ਤੋਂ ਇਲਾਵਾ ਗਹਿਰਾ ਭਾਸ਼ਾਈ ਪ੍ਰਸੰਗ ਵੀ ਮੌਜੂਦ ਹੈ ਜੋ ਕੋਈ ਭਾਸ਼ਾ ਸਿੱਖਣ ਲਈ ਸੰਸਥਾਗਤ ਅਧਾਰ ਤੋਂ ਵੀ ਬਹੁਤ ਜ਼ਿਆਦਾ ਮਹੱਤਵਪੂਰਣ ਹੈ। ਪਰ ਅੰਗਰੇਜ਼ੀ ਲਈ ਅਜਿਹਾ ਭਾਸ਼ਾਈ ਪ੍ਰਸੰਗ ਹਾਸਲ ਨਹੀਂ ਹੈ।
4 . ਪੰਜਾਬੀ ਭਾਸ਼ਾ ਵਿੱਚ ਵੱਡੇ ਭਾਸ਼ਾਈ ਸ੍ਰੋਤ ਤਿਆਰ ਕਰਨ ਲਈ ਵੀ ਹਿੰਦੀ ਦੀ ਚੋਣ ਅੰਗਰੇਜ਼ੀ ਨਾਲੋਂ ਵਧੇਰੇ ਲਾਹੇਵੰਦ ਹੈ ਕਿਉਂਕਿ ਹਿੰਦੀ ਅਤੇ ਪੰਜਾਬੀ ਦੇ ਮਾਦਰੀ ਸਰੋਤ ਵੀ ਸਾਂਝੇ ਹਨ ਅਤੇ ਸ਼ਬਦ ਬਣਤਰ ਪੱਖੋਂ ਵੀ ਦੋਵੇਂ ਭਾਸ਼ਾਵਾਂ ਇੰਨੀਆਂ ਨੇੜੇ ਹਨ ਕਿ ਦੋਹਾਂ ਦੇ ਸਰੋਤਾਂ ਨੂੰ ਥੋੜ੍ਹੀ ਕੋਸ਼ਿਸ਼ ਨਾਲ ਇੱਕ-ਦੂਜੀ ਵਿੱਚ ਪਲਟਾਇਆ ਜਾ ਸਕਦਾ ਹੈ । ਪਰ ਅੰਗਰੇਜ਼ੀ ਬਾਰੇ ਅਜਿਹਾ ਕੁਝ ਨਹੀਂ ਕਿਹਾ ਜਾ ਸਕਦਾ।
ਬਹੁਤ ਮਹੱਤਵਪੂਰਨ :
“ਪਰ ਭਾਸ਼ਾਵਾਂ ਦਾ ਪਤਣ… ਵਿੱਦਿਆ ਢਾਂਚੇ ‘ਚ ਸਥਾਨਕ ਬੋਲੀਆਂ ਨੂੰ ਜਗ੍ਹਾ ਨਾ ਮਿਲਣ ਕਰਕੇ ਵੀ ਹੋ ਰਿਹਾ ਹੈ । ਘੱਟਗਿਣਤੀ ਦੀਆਂ ਬੋਲੀਆਂ ਨੂੰ ਤੇ ਨਾਲ ਹੀ ਉਹਨਾਂ ਦੇ ਸੱਭਿਆਚਾਰ ਨੂੰ ਸਾਂਭਣ ‘ਚ ਸਕੂਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ।” ਏਕਰਟ ਤੇ ਸਾਥੀ, 2006…
.
(ਲਲਕਾਰ, ਸਤੰਬਰ-ਅਕਤੂਬਰ-2012 ‘ਚ ਪ੍ਰਕਾਸ਼ਿਤ)
ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਇੱਕ ਗੈਰ ਵਪਾਰਕ ਅਦਾਰਾ ਹੈ। ਇਹ ਪ੍ਰਕਾਸ਼ਨ ਮੁਨਾਫ਼ੇ ਲਈ ਨਹੀਂ, ਸਗੋਂ ਸਮਾਜ ਵਿੱਚ ਚੇਤਨਾ ਦੇ ਪਸਾਰੇ ਲਈ ਕਿਤਾਬਾਂ ਛਾਪਦਾ ਹੈ । ਇਹ ਪ੍ਰਕਾਸ਼ਨ ਸਰਕਾਰ, ਸਾਮਰਾਜੀ ਫੰਡਿੰਗ ਏਜੰਸੀਆਂ, ਪ੍ਰਸ਼ਾਸਨ, ਸਰਮਾਏਦਾਰ ਘਰਾਣਿਆਂ, ਸੰਸਦੀ ਸਿਆਸੀ ਪਾਰਟੀਆਂ ਜਾਂ ਕਿਸੇ ਤੋਂ ਕੋਈ ਵੀ ਸ਼ਰਤੀਆ ਵਿੱਤੀ ਮਦਦ ਨਹੀਂ ਲੈਂਦਾ। ਇਹ ਪ੍ਰਕਾਸ਼ਨ ਆਮ ਕਿਰਤੀ ਲੋਕਾਂ, ਵਿਦਿਆਰਥੀਆਂ-ਨੌਜਵਾਨਾਂ, ਲੋਕ-ਪੱਖੀ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਕਿਤਾਬਾਂ ਛਾਪਦਾ ਹੈ। ਕਿਤਾਬਾਂ ਦੇ ਪ੍ਰਕਾਸ਼ਨ ਅਤੇ ਵੰਡ ਦੇ ਪੂਰੇ ਪ੍ਰਬੰਧ ਵਿੱਚ ਕੋਈ ਵੀ ਤਨਖਾਹਦਾਰ ਮੁਲਾਜ਼ਮ ਨਹੀਂ ਹੈ। ਇਹ ਪੂਰਾ ਪ੍ਰਾਜੈਕਟ ਸਮਾਜਿਕ ਤਬਦੀਲੀ ਲਈ ਸਮਰਪਿਤ ਵਲੰਟੀਅਰਾਂ ਦੇ ਦਮ ‘ਤੇ ਅੱਗੇ ਵੱਧ ਰਿਹਾ ਹੈ।
ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਇਨਸਾਨ ਆਪਸ ਵਿੱਚ ਸੰਵਾਦ ਕਰਦੇ ਹਨ, ਬੀਤੇ ਸਮੇਂ ਤੋਂ ਸਬਕ ਲੈਂਦੇ ਹਨ ਅਤੇ ਭਵਿੱਖ ਦੇ ਸੁਪਨੇ ਵੇਖਦੇ ਹਨ। ਕਿਰਤੀ ਲੋਕ ਲੁੱਟ- ਅਨਿਆਂ ਅਤੇ ਦਾਬੇ ਤੋਂ ਮੁਕਤ ਸਮਾਜ ਦੇ ਸੁਪਨੇ ਆਪਣੀ ਭਾਸ਼ਾ ‘ਚ ਹੀ ਦੇਖ ਸਕਦੇ ਹਨ । ਆਪਣੀ ਭਾਸ਼ਾ ‘ਚ ਹੀ ਉਹ ਸਰਮਾਏਦਾਰ-ਸਾਮਰਾਜਵਾਦੀ ਲੁੱਟ-ਦਾਬੇ ਤੋਂ ਮੁਕਤੀ ਦੀਆਂ ਯੋਜਨਾਵਾਂ ਘੜ ਸਕਦੇ ਹਨ ਅਤੇ ਉਨ੍ਹਾਂ ਨੂੰ ਅਮਲ ‘ਚ ਲਿਆ ਸਕਦੇ ਹਨ । ਭਾਸ਼ਾ ਜਮਾਤੀ ਸੰਘਰਸ਼ ਦਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ ਤੇ ਸਾਡੇ ਹਾਕਮ ਸਾਥੋਂ ਇਹ ਹਥਿਆਰ ਖੋਹ ਲੈਣਾ ਚਾਹੁੰਦੇ ਹਨ ।