ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨ-ਛੁਹ | bhai Veer Singh Ji

ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥

Contents hide
1 ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨ-ਛੁਹ

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ  ਜੀਵਨ-ਛੁਹ

The snap-shot on the opposite page was taken in Bombay in 1954, in the session of the 38th All India Sikh Educational Conference. The occasion was the Presentation of the Abhinandan Grantha to Bhai Sahib Jee. After the same had been presented by the President of the Conference, Sardar H. S. Malik, Bhai Sahib was requested to speak at the occasion. Ordained by the Sadh Sangat he rose. Ever love-sealed of Him, his emotion and sentiment of thankfulness to the Great Enlightener transcended his devoted soul into an ecstasy.

With folded hands he stood all immeresed in Him. As his soul emerged from its union with the Time-less he said:—

Hum rultay phirtay ko-ee baat na poochtaa Gur Satgur sung keeray hum thaapay. Neglected we roamed about, None ever cared for us

In the company of the Eternal enlightener Now we have acquired a status

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨ-ਛੁਹ | bhai Veer Singh Ji

ਸ਼੍ਰੀਮਾਨ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਦੀ ‘ਜੀਵਨ ਛੁਹ’ ਭੂਮਿਕਾ 

*ਪਹਿਲੀ ਵੇਰ ਜਨਵਰੀ ੧੯੫੦ ਵਿਚ ਅਸੀਂ ਸਾਰਾ ਪਰਵਾਰ ਆਪ ਜੀ ਦੇ ਦਰਸ਼ਨਾਂ ਲਈ ਊਸ਼ਾ ਕਿਰਨ, ਮੈਰੀਨ ਡਰਾਈਵ ਗਏ। ਸ੍ਰ. ਸਹਿਜ ਸਿੰਘ ਜੀ ਭਵਨਾਨੀ, ਜਿਨਾਂ ਪਹਿਲੀ ਵੇਰ ਸਾਨੂੰ ਭਾਈ ਸਾਹਿਬ ਜੀ ਦੇ ਦਰਸ਼ਨ ਕਰਾਏ, ਦੇ ਅਸੀਂ ਰਿਣੀ ਹਾਂ। ਇਹਨਾਂ ਦਰਸ਼ਨਾਂ ਨਾਲ ਮਾਨੋਂ ਸਾਡੇ ਲਈ ਸਚਖੰਡ ਦੇ ਦਰਵਾਜ਼ੇ ਖੁਲ ਗਏ। ਸਾਡੇ ਮਨ ਨੂੰ ਸ਼ਾਂਤੀ ਮਿਲ ਗਈ।

ਸਾਡਾ ਦਿਲ ਕਰਦਾ ਸੀ ਕਿ ਹਜ਼ੂਰੀ ਵਿਚ ਰਹੀਏ। ਆਪ ਜੀ ਦੇ ਦਰਸ਼ਨਾਂ ਵਿਚ ਅਕਹਿ ਖਿੱਚ ਸੀ। ਦਿਲ ਬਸ ਇਹੋ ਚਾਹੁੰਦਾ ਸੀ ਕਿ ਨਿਤ ਨਿਕਟ ਰਹੀਏ ਪਰ ਆਪ ਜੀ ਧਰਮ ਧੁਰੰਦਰ ਸਨ। ਜੋ ਸਤਿਸੰਗੀ ਆਪਣੇ ਦੁਨੀਆਂ ਦੇ ਜ਼ਰੂਰੀ ਕੰਮ-ਕਾਰ ਸਿਰੇ ਚਾੜ੍ਹਕੇ ਫਿਰ ਦਿਲ ਟਿਕਾ ਕੇ ਕੁਝ ਸਮਾਂ ਪਰਮਾਰਥ ਵਲ ਲਗਾਉਂਦੇ, ਆਪ ਉਨ੍ਹਾਂ ਪਰ ਪ੍ਰਸੰਨ ਹੁੰਦੇ। ਸੋ ਕੀ ਮੈਂ ਤੇ ਕੀ ਮਾਤਾ ਜੀ ਆਪੋ ਆਪਣਾ ਜ਼ਰੂਰੀ ਕੰਮ, ਦਫਤਰ ਤੇ ਘਰ ਦਾ ਕਰਕੇ ਭਜੇ ਊਸ਼ਾ ਕਿਰਨ ਜਾ ਹਾਜ਼ਰ ਹੁੰਦੇ ਤੇ ਦਰਸ਼ਨ-ਰਸ ਮਾਣਦੇ। ਆਪ ਜੀ ਹਰ ਸਾਲ ਬੰਬਈ ਆਉਂਦੇ। ਦੋ ਕੁ ਮਹੀਨੇ ਇਥੇ ਰਹਿੰਦੇ। ਇਹ ਸਮਾਂ ਰੂਹਾਨੀ ਸਲਤਨਤ ਦੀਆਂ ਬਰਕਤਾਂ ਲੈਣ ਵਾਲਾ ਹੁੰਦਾ।

ਆਪ ਜੀ ਮੁਕੰਮਲ ਉਸਤਾਦ ਸਨ। ਕੀ ਅਰਥ ਤੇ ਕੀ ਪਰਮਾਰਥ, ਆਪ ਜੀਵਨ ਦੇ ਦੋਵੇਂ ਪਹਿਲੂਆਂ ਦੀ ਸਿੱਖਿਆ ਦੇਂਦੇ। ਜਦ ਆਪ ਜੀ ਬਚਨ ਕਰਦੇ, ਭਾਵੇਂ ਕੋਈ ਬੀ ਮਜ਼ਮੂਨ ਹੁੰਦਾ, ਆਪ ਕਮਾਲ ਦੀ ਰਾਹਨੁਮਾਈ ਬਖਸ਼ਦੇ। ਅਸੀਂ ਸਾਰੇ ਪੂਰਾ ਧਿਆਨ ਦੇਕੇ ਸੁਣਦੇ। ਹਰੇਕ ਸ਼ਬਦ ਪਰ ਗਹੁ ਕਰਦੇ ਕਿਉਂਕਿ ਆਪੁ ਜੀ ਐਸੇ ਮਹਾਨ ਕਲਾਕਾਰ ਸਨ ਜਿਨ੍ਹਾਂ ਦਾ ਮੁਖ ਕਾਰਯ ਸਦਾ ਆਪਣੇ ਰਸ ਵਿਚ ਖੀਵੇ ਰਹਿਣਾ ਸੀ। ਆਪ ਕੇਵਲ ਅਤਿ ਲੋੜੀਂਦਾ ਹੀ ਬੋਲਦੇ। ਆਪ ਜੀ ਦੇ ਬਚਨ ਸੁਣਕੇ ਅਸੀਂ ਉਤਸ਼ਾਹਤ ਹੁੰਦੇ, ਵਜਦ ਵਿਚ ਆ ਜਾਂਦੇ ਤੇ ਉਚ- ਉਡਾਰੀਆਂ ਮਾਣਦੇ। ਅਸੀਂ ਸਾਰੇ ਆਪ ਜੀ ਦੇ ਬਚਨਾਂ ਦੇ ਅਤੀ ਦਿਲ ਦਾਦਾ ਸੀਗੇ ਕਿਉਂਕਿ ਸਿੱਧਾ, ਤਿੱਖਾ ਤੇ ਦਬਾਉ ਪਾਉਣ ਵਾਲਾ ਉਪਦੇਸ਼ ਕਰਨਾ ਆਪ ਦਾ ਸੁਭਾਵ ਹੀ ਨਹੀਂ ਸੀ। ਆਪ ਦਾ ਤਰੀਕਾ ਅਤੀ ਸ਼ਾਨਦਾਰ ਸੀ। ਆਪ ਜੀ ਕੋਈ ਪੱਕੀ ਇਤਿਹਾਸਕ ਜਾਂ ਮਿਥਿਹਾਸਕ ਜਾਂ ਪਰਚਲਤ ਕਹਾਣੀ ਸੁਣਾ ਦੇਂਦੇ। ਤਦੋਂ ਇਹ ਸਾਡੇ ਪਰ ਨਿਰਭਰ ਹੁੰਦਾ ਕਿ ਉਸ ਦਾ ਗੂੜ੍ਹ ਭਾਵ ਲਭੀਏ, ਉਸ ਨੂੰ ਆਪਣੇ ਪਰ ਘਟਾਕੇ ਅਮਲ ਕਰੀਏ ਤੇ ਆਪਣੇ ਆਪ ਨੂੰ ‘ਆਪ ਜੀ ਦਾ’ ਅਖਵਾਉਣ ਦੀ ਗੌਰਵਤਾ ਤੇ ਸੁਭਾਗ ਪ੍ਰਾਪਤ ਕਰੀਏ।

ਆਪ ਪ੍ਰਿਯ-ਸਰੂਪ ਸਨ। ਆਪ ਹਰੇਕ ਨੂੰ ਦਿਲੀ ਪਿਆਰ ਦੇਂਦੇ। ਇਹ ਆਪ ਜੀ ਦੇ ਪਿਆਰ ਦਾ ਹੀ ਸਦਕਾ ਸੀ ਕਿ ਆਪ ਦਾ ਬਣਨ ਲਈ ਅਸਾਂ ਨੇ ਜੀਵਨ ਦੇ ਮਹਾਂ ਪ੍ਰਯੋਜਨ-‘ਆਪਾ ਸੁਧਾਰ -ਦਾ ਕਾਰਜ ਪੂਰੇ ਹਿਤ ਨਾਲ ਅਰੰਭ ਦਿਤਾ ਸੀ। ਕਦੇ ਕਦੇ ਦਾਸ ਨੂੰ ਸ਼ਾਮ ਦੀ ਸੈਰ ਲਈ ਨਾਲ ਜਾਣ ਦਾ ਅਵਸਰ ਮਿਲ ਜਾਂਦਾ ਸੀ, ਕਦੇ ਕਦੇ ਜਦ ਆਪ ਕੁਝ ਖਰੀਦਾਰੀ ਲਈ, ਜੋ ਕਈ ਵੇਰ ਇਥੋਂ ਦੀਆਂ ਕਿਤਾਬਾਂ ਦੀਆਂ ਦੁਕਾਨਾਂ ਦੀ ਫੇਰੀ ਹੁੰਦੀ ਸੀ, ਜਾਂਦੇ ਤਦ ਦਾਸ ਨਾਲ ਹੁੰਦਾ। ਇਹ ਸਮੇਂ ਆਪ ਜੀ ਦੇ ਵਧੇਰੇ ਨਿਕਟ ਹੋਣ ਦੇ, ਰਬ ਵਲੋਂ ਦਾਤ ਹੁੰਦੇ ਸਨ ਤੇ ਅਕਹਿ ਮੌਜ ਹੁੰਦੀ ਸੀ। ਜੋ ਬੀ ਸਮਾਂ ਆਪ ਜੀ ਦੇ ਨਾਲ ਬੀਤਦਾ, ਰਸਨਾਂ ਆ-ਮੁਹਾਰੇ ‘ਵਾਹਿਗੁਰੂ, ਵਾਹਿਗੁਰੂ ਸਿਮਰਨ ਵਿਚ ਰਵਾਂ ਰਹਿੰਦੀ, ਇਹਦਾ ਰਸ ਇਤਨਾ ਮਿੱਠਾ ਹੁੰਦਾ ਕਿ ਹੁਣ ਬੀ ਜਦ ਉਸ ਸਮੇਂ ਦੀ ਯਾਦ ਆ ਰਹੀ ਹੈ ਤਦ ਰਸ ਵਿਚ ਬਿਰਤੀ ਗੜੂੰਦ ਹੋ ਰਹੀ ਹੈ।

ਹੁਣ ਮੈਂ ਆਪ ਜੀ ਦੀਆਂ ਦਿਤੀਆਂ ਸਿਖਿਆਂ ਨਿਮਨਲਿਖਤ ਰੂਪ ਵਿਚ ਪੇਸ਼ ਕਰਦਾ ਹਾਂ। ਇਹਨਾਂ ਨੇ ਸਾਡੇ ਜੀਵਨ ਵਿਚ ਪਰੀਵਰਤਨ ਲਿਆਂਦਾ, ਆਸ ਹੈ ਪਾਠਕ ਇਹਨਾਂ ਤੋਂ ਲਾਭ ਲੈ ਸਕਣਗੇ।

ਲੇਖਕ

ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ॥੨॥

ਨਾਮੁ ਧਿਆਵਉ ਸਹਿਜ ਸਮਾਵਉ ਨਾਨਕ ਹਰਿਗੁਨ ਗਾਹਿ॥੩॥੬॥

(ਆਸਾ ਮ : ५-१४६)

ਸ੍ਰੀਮਾਨ ਭਾਈ ਸਾਹਿਬ ਜੀ ਦੀ ‘ਜੀਵਨ ਛੁਹ’ ਨੇ ਕਿਵੇਂ ਆਤਮਕ ਜੀਵਨ ਪਰਦਾਨ ਕੀਤਾ? ਇਹਨਾਂ ਕੁਝ ਪੰਨਿਆਂ ਵਿਚ ਵਰਣਿਤ ਹੈ। ਇਹ ਆਪ ਜੀ ਦੇ ਨਿਕਟ ਵਰਤੀਆਂ ਦੀਆਂ ਮਾਨੋਂ ਹਡ ਬੀਤੀਆਂ ਹਨ ਕਿ ਉਹ ਆਪ ਜੀ ਦੇ ਪਾਵਨ ਸਤਿਸੰਗ ਵਿਚ ਰਹਿ ਕੇ ਕਿਵੇਂ ਸਵਰੇ?

{ਪ੍ਰਕਾਸ਼ਕ}

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨ-ਛੁਹ

ਦੂਜੀ ਐਡੀਸ਼ਨ-ਬਿਨਯ

ਇਹ ਪੁਸਤਕ ਪਹਿਲੀ ਵਾਰ ਹਫਤਾਵਾਰੀ ਮੈਗਜ਼ੀਨ The Vee Kay Weekly (ਜੋ ਬੰਬਈ ਤੋਂ ਪ੍ਰਕਾਸ਼ਤ ਹੁੰਦੀ ਸੀ) ਦੇ supplement ਦੇ ਰੂਪ ਵਿਚ ੨੪-੧੨-੧੯੬੬ ਨੂੰ ਛਪੀ ਸੀ। ਇਹ ਪੁਸਤਕ ਮੇਜਰ ਜਨਰਲ ਜੋਗਿੰਦਰ ਸਿੰਘ ਜੀ ਦੀ ਆਪਨੀ ਨਿੱਜੀ ਲਾਇਬ੍ਰੇਰੀ ਵਿਚੋਂ ਮਿਲੀ ਤੇ ਸਾਡੇ ਪਾਸ ਪਹੁੰਚੀ ਹੈ। ਅਸੀਂ ਜਨਰਲ ਸਾਹਿਬ ਜੀ ਦੇ ਧਨਵਾਦੀ ਹਾਂ।

ਅਸੀਂ ਇਸ ਨੂੰ ਜ਼ਰੂਰੀ editing ਕਰਕੇ ਦੁਬਾਰਾ ਛਾਪਕੇ ਆਪ ਜੀ ਪਾਸ ਪਹੁੰਚਾਣ ਦੀ ਖੁਸ਼ੀ ਲੈ ਰਹੇ ਹਾਂ। ਇਹ ਪੁਸਤਕ ਹੁਣ ਕੰਪਿਊਟਰਾਈਜ਼ (Computerize) ਕਰ ਦਿੱਤੀ ਗਈ ਹੈ। ਜੇ ਕਿਸੇ ਪਾਠਕ ਨੂੰ ਕੋਈ ਗਲਤੀ ਯਾ ਕੋਈ ਗਲਤ ਬਿਆਨੀ ਨਜ਼ਰ ਆਵੇ ਤਾਂ ਕਿਰਪਾ ਕਰਕੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਦਫਤਰ ਜ਼ਰੂਰ ਖ਼ਬਰ ਭੇਜਨੀ! ਅਸੀਂ ਆਪ ਜੀ ਦੇ ਧਨਵਾਦੀ ਹੋਵਾਂਗੇ ਤੇ ਸੁਧਾਈ ਕਰਨ ਦਾ ਯਤਨ ਕਰਾਂਗੇ।

ਮਿੱਤੀ : ਫਰਵਰੀ, ੨੦੦੮ ਭਾਈ ਵੀਰ ਸਿੰਘ ਸਾਹਿਤ ਸਦਨ

ਭਾਗ-੧

৭.

ਸੱਚ ਪਰ ਪਸੀਜਨਾ

ਅਸੀਂ ਨਵਾਂ ਮਕਾਨ ਬਣਾਇਆ ਸੀ। ਤਦੋਂ ਬੰਬਈ ਦੇ ਆਪਣੇ ਭਾਈਚਾਰੇ ਵਿਚ ਆਪਣੀ ਥਾਂ ਬਨਾਉਣ ਲਈ ਮੈਂ ਪੂਰਾ ਯਤਨ ਕਰ ਰਿਹਾ ਸੀ। ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ, ‘ਸਾਡੇ ਘਰ ਦਰਸ਼ਨ ਦਿਉ। ਆਪ ਜੀ ਨੇ ਦਾਸ ਦੀਆਂ ਅੱਖਾਂ ਵਿਚ ਆਪਣੇ ਸੋਹਣੇ ਨੈਣ-ਕਟੋਰਿਆਂ ਦੀ ਡੂੰਘੀ ਨੀਝ ਗੱਡਕੇ ਸਹਿਜ ਨਾਲ ਪੁਛਿਆ, ‘ਦਸੋ ਬਰਖ਼ੁਰਦਾਰ ਜੀ! ਤੁਸੀਂ ਆਪਣੇ ਘਰ ਲਿਜਾਣ ਨੂੰ ਕਿਉਂ ਇੰਨੇ (keen) ਉਤਸਕ ਹੋ? ਆਪ ਜੀ ਦੀ ਦਿਲ-ਵਿੰਨ੍ਹ ਤੱਕਣੀ ਦੀ ਝਾਲ ਨਾ ਝਲ ਕੇ ਅੱਖਾਂ ਨੀਵੀਆਂ ਪਾ ਲਈਆਂ ਤੇ ਬੋਲਿਆ, ‘ਮਹਾਰਾਜ ਜੀਓ! ਮੇਰੀ ਇੱਜ਼ਤ ਹੋਵੇਗੀ।’ ਇਹ ਸੁਣ ਕੇ ਆਪ ਕੁਝ ਸੋਚੀਂ ਜਿਹੇ ਪਏ ਦਿਸੇ ਫਿਰ ਹਸ ਕੇ ਬੋਲੇ, ‘ਚੰਗਾ…….ਸਿੰਘ ਜੀ ਤੁਸਾਂ ਸੱਚ ਬੋਲਿਆ ਹੈ, ਤੁਹਾਡੇ ਘਰ ਜ਼ਰੂਰ ਆਵਾਂਗੇ।’ ਇਹ ਮਹਾਂਪੁਰਸ਼ ਦੀ ਆਉਣੀ ਨੇ ਸਾਡੇ ਮਨਾਂ ਵਿਚ ਪਰੀਵਰਤਨ ਲਿਆ ਦਿਤਾ।

ਸੱਚ ਹੈ :-

“ਪੂਰਬ ਕਰਮ ਅੰਕੁਰ ਜਬ ਪ੍ਰਗਟੇ

ਭੇਟਿਓ ਪੁਰਖੁ ਰਸਿਕ ਬੈਰਾਗੀ॥

ਮਿਟਿਓ ਅੰਧੇਰੁ ਮਿਲਤ ਹਰਿ ਨਾਨਕ

ਜਨਮ ਜਨਮ ਦੀ ਸੋਈ ਜਾਗੀ॥”

{ਗਉ: ਮ: ੫-੧੧੯}

ਤੇ ਇਹ ਸਾਰੀ ਮਿਹਰ ਆਪ ਜੀ ਦੀ ਉਸ ‘ਦਿਲ-ਵਿੰਨ੍ਹ ਤਕਣੀ ਨਾਲ ਹੋਈ ਜਿਸ ਨੇ ਸੱਚ ਦੀ, ਹਿਰਦੇ-ਸਥਲ ਵਿਚ ਲੁਕੀ, ਹੀਰਾ-ਕਣੀ ਨੂੰ ਪਰਗਟ ਕਰ ਦਿਤਾ ਤੇ ਫੇਰ:-

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥

(ਆਸਾ: ਵਾਰ: ਮ: ੧}

ਸਚ ਸਭ ਮੈਲਾਂ ਦੀ ਦਵਾਈ ਹੈ, ਇਹ ਪਾਪਾਂ ਦੇ ਸਮੂਹ ਨੂੰ ਧੋ ਕੇ ਬਾਹਰ ਕੱਢ ਦੇਂਦੀ ਹੈ।

२ 

ਜੀਵਨ-ਜੁਗਤ-ਸੰਜਮ

ਜੁਗਤੀ ਦੇ ਬਿਨਾਂ ਕਿਸੇ ਦੇ ਕਾਰਜ ਸਿਰੇ ਨਹੀਂ ਚੜ੍ਹਦੇ। ਚੰਗੇ ਭਾਗਾਂ ਨਾਲ ਹਰ ਦਿਨ ਅਸੀਂ ਆਪ ਦੇ ਹੋਰ ਨਿਕਟ ਆ ਰਹੇ ਸਾਂ। ਥੋੜੇ ਹੀ ਦਿਨਾਂ ਵਿਚ ਆਪ` ਜੀ ਨੇ ਸਾਡੇ ਘਰ ਆ ਕੇ ਚਾਹ ਪੀਣੀ ਪਰਵਾਨ ਕਰ ਲਈ। ਅਸਾਂ ਨੇ ਖਾਤਰ ਤਵਾਜ਼ੋ ਵਿਚ ਕੋਈ ਕਸਰ ਨਾ ਛੱਡੀ। ਕੁਝ ਬੀ ਦਰੇਗ਼ ਕਰਦੇ ਹੀ ਕਿਉਂ ਜਦ ਕਿ ਉਹ ਸਾਨੂੰ ਸਭ ਤੋਂ ਪਿਆਰੇ ਤੇ ਸਾਡੇ ਪੂਜਨੀਕ ਸਨ।

ਉਹ ਆਏ, ਉਹਨਾਂ ਚਾਹ ਪੀਤੀ। ਚਾਹ ਪੀਣ ਦੇ ਪਿਛੋਂ ਬੀ ਆਪ ਉਥੇ ਹੀ ਬੈਠੇ ਰਹੇ। ਜਦੋਂ ਹਰੇਕ ਦਾ ਧਿਆਨ ਚਾਹ ਤੋਂ ਵਿਹਲੇ ਹੋ ਕੇ ਆਪ ਜੀ ਪਰ ਟਿਕ ਗਿਆ ਤਦ ਸੋਹਣੇ ਬੁਲ ਖੁਲੇ ਤੇ ਬੋਲੇ ਇਕੋ ਹੀ ਫਿਕਰਾ:-

‘ਜੇ ਤੁਸੀਂ ਇੱਡਾ ਉਚੇਚ ਕਰੋਗੇ ਤਦ ਫੇਰ ਤੁਹਾਡੇ ਨਹੀਂ ਆਵਾਂਗੇ’।

ਚੁਪ ਛਾ ਗਈ। ਇਸ ਚੁਪ ਦਾ ਅਸਰ ਲੋੜੀਂਦਾ ਹੋਇਆ। ਉਹ ਸਿੱਖਿਆ ਸਾਡੇ ਅੰਤਹਕਰਨ ਪਰ ਉਕਰੀ ਹੋਈ, ਅਜ ਬੀ ਜਦ ਕੋਈ ਫਜ਼ੂਲਖਰਚੀ ਦਾ ਸਮਾਂ ਆਉਂਦਾ ਹੈ ਤਦ, ਅੰਦਰੋਂ ਰੋਕ ਪਾਉਂਦੀ ਤੇ ਸਿਧੇ ਰਸਤੇ ਤੋਰੀ ਰਖਦੀ ਹੈ। ਹੁਣ ਜਦ ਆਪ ਜੀ ਦੀ ਲਿਖਤ ‘ਚ ਪੜ੍ਹਿਆ ਹੈ ਕਿ ਦੁਨੀਆਂ ਦੇ ਪਦਾਰਥ ਦਵਾਈ ਮਾਤਰ ਵਰਤਣੇ ਹਨ ਤਦ ਉਹਨਾਂ ਦੇ ਸੰਜਮ ਦੀ ਜੁਗਤੀ ਸਮਝ ਆਉਂਦੀ ਹੈ।

ਦਾਸ ਨੂੰ ਸ੍ਰੀਮਾਨ ਭਾਈ ਸਾਹਿਬ ਜੀ ਅਰੰਭ ਤੋਂ ਹੀ ਚੰਗੇ ਲਗਦੇ ਸੀ ਪਰ ‘ਗੁਰਸਿਖ ਦਾ ਨਿਸ਼ਾਨੇ ਦਾ ਜੀਵਨ ਗੁਰਸਿਖੀ ਵਿਚ ਢਲਿਆ ਕਿਸ ਤਰ੍ਹਾਂ रारावे?’ टिमरी (curiosity) डांथ डे भठ री (inquisitiveness) ਉਤਸੁਕਤਾ ਉਹਨਾਂ ਦੇ ਜੀਵਨ ਦੀ ਡੂੰਘੀ ਸਟੱਡੀ ਵਲ ਲਾਈ ਰਖਦੀ ਸੀ। ਇਕ ਇਕ ਗਲ, ਜੋ ਉਹ ਕਿਹਾ ਕਰਦੇ ਸਨ, ਨੂੰ ਜੋ ਗੁਰਬਾਣੀ ਵਿਚ ਲਿਖਿਆ ਹੁੰਦਾ ਸੀ, ਉਹਦੇ ਨਾਲ ਆਪ ਦਾ ਜੀਵਨ ਪਰਖੀਦਾ ਸੀ ਅਦਬ ਵਿਚ, ਖੋਜ ਭਰੀ ਜੁਸਤਜੂ (ਤਲਾਸ਼) ਵਿਚ। ਆਪ ਨੇ ਜੋ ਇਕ ਥਾਂ ਲਿਖਿਆ ਸੀ ‘ਦੁਨੀਆਂ ਦੇ ਪਦਾਰਥ ਦਾਰੂ ਵਾਂਙੂ ਵਰਤਣੇ ਚਾਹਯੇਂ” ਸੋ ਸਚ ਮੁਚ ਆਪ ਜੀ ਦੀ ਵਰਤੋਂ ਵਿਚ ਜੁਗਤ ਸੀ । ਦੂਜਿਆਂ ਦੇ ਦੁਖ ਦੂਰ ਕਰਨ ਲਈ ਦਰਿਆ-ਦਿਲੀ ਸੀ ਤੇ ਜੀਵਨ- ਪੱਧਰ ਉਚ ਸ਼ਾਨ ਸੀਗੀ।

ਇਕ ਪਿਆਰ ਵਾਲੇ ਵਧੀਆ ਬਦੇਸ਼ੀ ਚਾਕਲੇਟ (foreign chocolate) ਲੈ ਆਏ। ਕੁਝ ਦਿਨਾਂ ਬਾਦ ਜਦ ਪਤਾ ਲਗਾ ਕਿ ਫ਼ੀ ਪੈਕਿਟ ਚਾਰ ਰੁਪਏ ਦੀ ਹੈ, ਤਦ ਆਪ ਨੇ ਜ਼ਰਾ ਭੋਰਾ ਚਿੜੀ ਚੋਗ, ਜੋ ਕਦੇ ਲੈਂਦੇ ਸੀ, ਉਹ ਬੀ ਛੱਡ ਦਿਤਾ।

ਉਹਨਾਂ ਦੀ ਜੀਵਨ-ਪੱਧਰ ਉਚੀ ਸੀ। ਉਹ ਖਾਨਦਾਨੀ ਉਚੇ ਸਨ ਪਰ ਸੰਜਮ ਤੇ ਕਫ਼ਾਇਤ ਸ਼ਿਆਰੀ ਉਹਨਾਂ ਦੀ ਆਰਥਕ ਵਰਤੋਂ ਸੀ। ਲੇਖਕ ਦੀ ਫ਼ਜ਼ੂਲ ਖਰਚੀ ਦੀ ਭੈੜੀ ਵਾਦੀ ਸੀ, ਇਹਦੇ ਸੁਧਾਰ ਲਈ ਆਪ ਜੀ ਨੇ ਇਹ ਸਿੱਖਿਆ ਦਿਤੀ:-

ਜਦੋਂ ਕੁਝ ਖਰੀਦਣਾ ਹੋਵੇ ਤਦ ਆਪਣੇ ਆਪ ਨੂੰ ਤਿੰਨ ਸਵਾਲ ਪੁਛੋ:-

੧. ਕੀ ਸੱਚ ਮੁਚ ਇਸ ਸ਼ੈਅ ਦੀ ਲੋੜ ਹੈ?

੨. ਕੀ ਤੁਸੀਂ ਬਿਨਾਂ ਇਹਦੇ ਗੁਜ਼ਾਰਾ ਕਰ ਸਕਦੇ ਹੋ? ਤੇ

੩. ਜੇ ਨਹੀਂ, ਤਦ ਘਟੋ ਘਟ ਕਿੰਨੀ ਕੁ ਮਿਕਦਾਰ ਦੀ ਤੁਹਾਨੂੰ ਲੋੜ ਹੈ?

ਇਸ ਸਿਖਿਆ ਨੇ ਸੱਚ ਮੁਚ ਬੇ-ਸੋਚੇ ਖਰਚਣ ਦੀ ਆਦਤ ਪਰ ਕਾਬੂ ਪਾਇਆ।

३.

ਪਹਿਲੇ ਮਨ ਸ਼ਾਂਤ ਕਰੋ

“ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੇ ਕਉ ਜਾਵਹੁ॥”

{ਸੂਹੀ ਮ: ੧-੧}

ਨਾਮ ਦੀ ਖੇਪ ਲੈਣ ਲਈ ਸਚੇ ਸੰਤ ਪਾਸ ਜਾਣ ਤੋਂ ਪਹਿਲੇ ਮਨ ਰੂਪੀ ਭਾਂਡੇ ਨੂੰ ਵੈਰ, ਵਿਰੋਧ, ਈਰਖਾ, ਹੰਕਾਰ, ਆਦਿ ਦੀ ਮੈਲ ਤੋਂ ਧੋਣਾ ਚਾਹੀਏ। ਫਿਰ ਇਸ ਨੂੰ ਟਿਕਾ ਕੇ, ਰਬ ਜੀ ਦੇ ਮਿਲਣੇ ਦੀ ਲਾਲਸਾ ਦੀ ਧੂਪ ਧੁਖਾ ਕੇ ਇਸ ਨੂੰ ਸੁਗੰਧਤ ਕਰੋ। ਐਸੀ ਦਿਲ-ਜਮੀ ਤੇ ਮਨ ਦੀ ਸਫ਼ਾਈ ਨਾਲ ਨਾਮ ਰੂਪੀ ਦੁਧ ਲੈਣ ਲਈ ਜਾਵਹੁ। ਸਾਡੇ ਵਿਚ ਹਰੇਕ ਨੂੰ ਇਕ ਹਦ ਤੀਕ ਆਪਣੇ ਅੰਦਰ ਦੇ ਹੰਕਾਰ ਦੀ ਮੈਲ ਦਾ ਪਤਾ ਹੁੰਦਾ ਹੈ। ਸਤਿਗੁਰੂ ਰਾਮਦਾਸ ਜੀ ਸੋਢੀ ਸਚੇ ਪਾਤਸ਼ਾਹ ਜੀ ਫੁਰਮਾਂਦੇ ਹਨ ਕਿ ਮਨ ਅੰਦਰ ਦਾ ਹੰਕਾਰ ਤੂੰ ਕੁਛ ਕੁਛ ਜਾਣਦਾ. ਹੈਂ। ਇਹ ਦੂਰ ਕਰ, ਫਿਰ ਸਵੱਛ ਆਪੇ ਨੂੰ ਪਰਮ ਆਪੇ ਵਿਚ ਟਿਕਾ।

ਇਕੇਰਾਂ ਸਾਡੇ ਪਰਵਾਰ ਦੀ ਇਕ ਬੀਬੀ ਉਦਾਸੀ ਦੀ ਹਾਲਤ ਵਿਚ ਹੀ ਭਾਈ ਸਾਹਿਬ ਜੀ ਦੇ ਦਰਸ਼ਨਾਂ ਨੂੰ ਸਾਡੇ ਨਾਲ ਗਈ, ਤਦ ਉਹਦੀ ਉਦਾਸੀ ਦੂਰ ਕਰਨ ਨਮਿਤ ਆਪ ਜੀ ਨੇ ਫ਼ੁਰਮਾਇਆ:-ਲੋਕੀ ਸੰਤਾਂ ਨੂੰ ਜਦ ਮਿਲਣ ਜਾਂਦੇ ਹਨ ਤਦ ਕੁਝ ਕੁਝ ਆਪਾ ਟਿਕਾ ਕੇ ਸ਼ਾਂਤੀ ਨਾਲ ਜਾਂਦੇ ਹਨ ਜੋ ਸੰਤ ਤਰੁਠ ਪੈਣ ਤੇ ਫੇਰ ਸੰਤਾਂ ਵਲ ਵਿੰਹਦੇ ਰਹਿੰਦੇ ਨੇ ਕਿ ਸੰਤ ਖੁਸ਼ੀ ਦੇ ਘਰ ਹੈਨ ਕਿ ਨਹੀਂ? ਪਰ ਕਈ ਵਾਰੀ ਸੰਤਾਂ ਨੂੰ ਬਚਿਆਂ ਵਲ ਵੇਖਣਾ ਪੈਂਦਾ ਹੈ ਕਿ ਉਹ ਕਿਤੇ ਉਦਾਸ ਤਾਂ ਨਹੀਂ। ਇਸ ਪਿਆਰ ਭਰੀ ਮਿਠੀ ਝਿੜਕ ਨੇ ਸਾਨੂੰ ਪੈਰਾਂ ਤੇ ਮਾਨੋਂ ਖਲਵਾ ਦਿਤਾ। ਅਸਾਂ ਪ੍ਰਤਿਗਿਆ ਕੀਤੀ ਕਿ ਆਪਣੇ ਅੰਦਰ ਦੇ ਦੁਖ ਦਲਣੇ ਹਨ। ਪਹਿਲੋਂ ਮਨ ਨੂੰ ਖੋਜਣਾ ਹੈ ਕਿ ਕਿਹੜੀਆਂ ਗਲਾਂ ਸਾਨੂੰ ਅਸ਼ਾਂਤ ਕਰ ਰਹੀਆਂ ਹਨ। ਫੇਰ ਉਸ ਅਸ਼ਾਂਤੀ ਨੂੰ ਮੇਟਣ ਦੀਆਂ ਤਦਬੀਰਾਂ ਕਰਨੀਆਂ ਹਨ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਤੁਕਾਂ ਮਨ ਦੀ ਉਦਾਸੀ ਜਿਤਣ ਪਰਤੀ ਹੀ ਹਨ:-

“ਬੰਦੇ ਖੋਜੁ ਦਿਲ ਹਰ ਰੋਜ

ਨਾ ਫਿਰੁ ਪਰੇਸਾਨੀ ਮਾਹਿ॥” {ਤਿਨੰ: ਕਬੀਰ-੧}

ਹੇ ਬੰਦੇ ਰਬ ਦੇ! ਤੂੰ ਦਿਲ ਆਪਣੇ ਨੂੰ ਹਰ ਦਿਨ ਖੋਜ। ਫਿਰ ਤੂੰ ਆਪਣੇ ਦੁਖਾਂ ਦਾ ਮੂਲ ਕਾਰਨ, ਜੋ ਰਬ ਜੀ ਤੋਂ ਵਿਛੋੜਾ ਹੈ, ਲਭ ਲਏਂਗਾ। ਫੇਰ ਅਦੁਖੀ ਮਨ ਨਾਲ ਜਦ ਤੂੰ ਰਬ ਜੀ ਨੂੰ ਧਿਆਏਂਗਾ ਤਦ ‘ਪ੍ਰੇਮ-ਸਰੂਪ ਸਾਂਈਆਂ ਜੀ’ ਨੂੰ ਆਪਣੇ ਹੀ ਦਿਲ ਦੇ ਤਖਤੇ ਪਰ ਬਿਰਾਜਮਾਨ ਵੇਖ ਕੇ ਕਦੇ ਬੀ ਤੂੰ ਉਦਾਸੀਨ ਨਹੀਂ ਹੋਵੇਂਗਾ।

“ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥

ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ॥ {ਆਸਾ: ਕਬੀਰ-੧}

ਹਰੀ ਨਾਮ ਦਾ ਸਿਮਰਨ ਜੋ ਮਨ ਦੀ ਵੀਚਾਰ ਵਾਲਾ ਹੁੰਦਾ ਹੈ ਉਸ ਪਰ ਗੁਰੂ ਦੀ ਮਿਹਰ ਉਤਰਦੀ ਹੈ ਤੇ ਅੰਮ੍ਰਿਤ ਦੀ ਧਾਰਾ ਭਾਵ ਰਸ ਪਰਾਪਤ ਹੁੰਦਾ ਹੈ।

ਫ਼ਰਜ਼ ਤੇ ਮਾਂ-ਪਿਆਰ

ੳ-ਆਪ ਧਰਮ ਧੁਰੰਧਰ ਸਨ। ਆਪ ਫ਼ਰਜ਼ ਦੇ ਬੜੇ ਪਕੇ ਸਨ। “ਸਭ ਨਾਲ ਨਿਭ ਜਾਣਾ” ਆਪ ਜੀ ਦੀ ਜਗਤ-ਵਰਤੋਂ ਦਾ ਕਮਾਲ ਸੀ। ਆਪ ਅਪਣੇ ਹਰ ਜ਼ਰੂਰੀ ਫ਼ਰਜ਼ ਨੂੰ ਪੂਰਾ ਕਰਦੇ ਸਨ।

“ਸੰਤ ਕਾ ਮਾਰਗੁ ਧਰਮ ਕੀ ਪਉੜੀ

ਕੋ ਵਡਭਾਗੀ ਪਾਏ॥” {ਸੋਰਠ: ਮ: ੫-੫੩}

ਅਰਥਾਤ:-ਸੰਤਾਂ ਦੀ ਵਰਤੋਂ ਦਾ ਸੱਚਾ ਰਸਤਾ ਇਹ ਹੈ ਕਿ ਉਹ ਆਪਣੇ ਧਰਮ ਦੇ ਹਰੇਕ ਪੱਖ ਨੂੰ ਪੂਰਾ ਕਰਨ। ਇਹ ਦਾਤ ਕਿਸੇ ਵਡੇ ਭਾਗਾਂ ਵਾਲੇ ਬਖਸ਼ੇ ਹੋਏ ਸੰਤ ਨੂੰ ਮਿਲਦੀ ਹੈ। ਇਹ ਭਾਈ ਸਾਹਿਬ ਜੀ ਨੂੰ ਪ੍ਰਾਪਤ ਸੀ ਤੇ ਅਗੋਂ ਸਚੇ ਉਸਤਾਦ ਹੋਣ ਦੇ ਨਾਤੇ ਆਪ ਜੀ ਆਪਣੇ ਹਰ ਇਕ ਸਤਿਸੰਗੀ ਨੂੰ ਇਹ ਜੀਵਨ-ਜੁਗਤ ਸਿਖਾਲਦੇ ਸਨ ਤਾਂ ਜੋ ਕਿਵੇਂ ਹਰੇਕ ਦਾ ਲੋਕ ਵੀ ਸੁਖਦਾਈ ਹੋਵੇ ਤੇ ਪਰਲੋਕ ਵੀ ਸਵਰੇ।

“ਕਹੁ ਨਾਨਕ ਸੇਈ ਜਨ ਪੂਰੇ॥

ਜਿਨਾ ਪਰਾਪਤਿ ਸਾਧੂ ਧੂਰੇ॥”

{ਗਉੜੀ ਮਹਲਾ ੫-੧੪੬)

ਸਾਡੇ ਮਾਤਾ ਜੀ ਵਿਚ ਪੂਰਨ ‘ਮਾਂ ਪਿਆਰ’ ਵੇਖ ਕੇ ਆਪ ਜੀ ਉਹਨਾਂ ਨੂੰ ‘ਬੇ ਜੀ’ ਕਹਿੰਦੇ ਸਨ। ਮਾਤਾ ਜੀ ਆਪ ਜੀ ਨੂੰ ‘ਪਿਤਾ ਜੀ’ ਕਹਿ ਕੇ ਸਤਿਕਾਰਦੇ ਸਨ। ਸਾਡੇ ਮਾਤਾ ਜੀ ਦੇ ਪਿਤਾ ਜਾ’-ਸਾਡੇ ਨਾਨਾ ‘ਭਗਤ ਜਵਾਲਾ ਸਿੰਘ ਜੀ’-ਸਚੇ ਭਗਤ ਸਨ। ਆਪ ਜੀ ਨੂੰ ਸਿਮਰਨ-ਸੇਵਾ ਦੀ ਲਗਨ ਨਿਰਮਲੇ ਸੰਤ ਮਸਤਾਨ ਸਿੰਘ ਜੀ, ਜਿਨ੍ਹਾਂ ਨੇ ੬੦ ਕੁ ਵਰ੍ਹੇ ਸਾਡੇ ਪਿੰਡ ਭੌਣ ਵਿਚ ਇਕ ਆਦਰਸ਼ਕ ਅਤੀਤ ਸੰਤ ਜੀਵਨ ਬਤੀਤ ਕੀਤਾ ਸੀ ਤੇ ਜੋ ੧੯੪੧ ਵਿਚ ਸਚਖੰਡ ਪਧਾਰੇ ਸਨ, ਦੇ ਸਤਿਸੰਗ ਵਿਚ ਲਗੀ ਸੀ। ਹਰ ਵਕਤ ਸਾਡੇ ਨਾਨਕੇ ਘਰ ਲੰਗਰ ਲਗੇ ਰਹਿੰਦੇ ਸਨ ਤੇ ਸਾਲ ਵਿਚ ਮਹੀਨੇ ਦੋ ਮਹੀਨੇ ਲਈ ਸਾਡੇ ਨਾਨਾ ਜੀ ਸੰਤਾਂ ਨਾਲ ਰਿਖੀਕੇਸ਼ ਆਦਿ ਪਹਾੜਾਂ ਵਿਚ ਇਕਾਂਤ ਹੋਣ ਲਈ ਬੀ ਨਿਕਲ ਜਾਂਦੇ ਸਨ। ੧੯੨੪ ਵਿਚ ਜਦ ਸਾਡੇ ਇਲਾਕੇ ਪਲੇਗ ਫੈਲੀ ਤਦ ਭਗਤ ਨਾਨਾ ਜੀ ਨੇ ਘੋਰ ਸੇਵਾ ਕੀਤੀ ਤੇ ਅੰਤ ਆਪ ਬੀ ਇਸੇ ਸੇਵਾ ਵਿਚ ਪਲੇਗ ਨਾਲ ਸਰੀਰਕ ਯਾਤਰਾ ਸਫ਼ਲ ਕਰ ਗਏ ਤਦ ਸਾਡੇ ਮਾਤਾ ਜੀ ਦੇਸ਼ ਨਹੀਂ ਸਨ ਤੇ ਉਹਨਾਂ ਨੂੰ ਇਹ ਪਿਤਾ-ਵਿਛੋੜੇ ਦਾ ਸੱਲ ਦਿਲ ਦੀ ਅਤਿ ਡੂੰਘੀ ਥਾਈਂ ਸਦਾ ਸੱਲਦਾ ਰਹਿੰਦਾ ਸੀ। ਆਪ ਜੀ ਦਸਦੇ ਸਨ ਕਿ ਜਦ ੧੯੪੮ ਵਿਚ ਸ੍ਰੀਮਾਨ ਭਾਈ ਸਾਹਿਬ ਜੀ ਦੇ ਦਰਸ਼ਨ ਹੋਏ ਤਦ ‘ਮਿਟੀ ਡੰਝਾ’-ਇਹ ਵਿਛੋੜੇ ਦੀ ਅਗਨੀ ਸ਼ਾਂਤ ਹੋਈ। ਇਸ ਪਰਮ ਸ਼ੁਕਰਾਨੇ ਵਿਚ ਮਾਤਾ ਜੀ ਆਪ ਜੀ ਨੂੰ ‘ਪਿਤਾ ਜੀ’ ਕਰਕੇ ਪਿਆਰਦੇ ਸਤਿਕਾਰਦੇ ਸਨ, ਇਹ ਬੜੀ ਪਵਿਤਰ ਮੌਜ ਹੁੰਦੀ ਸੀ। ਮਾਤਾ ਜੀ ਆਪ ਜੀ ਨੂੰ ‘ਪਿਤਾ ਜੀ’ ਕਹਿੰਦੇ ਤੇ ਆਪ ਜੀ ਬੀ ਉਹਨਾਂ ਨੂੰ ‘ਬੇ ਜੀ’ ਕਹਿਕੇ ਪਿਆਰ ਕਰਦੇ ਤੇ ਦਸਦੇ:-ਬੇ ਜੀ ਨੂੰ ਵੇਖ ਕੇ ਸਾਨੂੰ ਆਪਣੇ ਬੇ ਜੀ ਯਾਦ ਆ ਜਾਂਦੇ ਹਨ।’

ਅ. ਇਕੇਰਾਂ ਸਾਨੂੰ ਦੋਹਾਂ ਭਰਾਵਾਂ ਨੂੰ ਇਕਠਾ ਖੜਾ ਵੇਖ ਕੇ, ਜਦੋਂ ਹੋਰ ਕੋਈ ਲਾਗੇ ਨਹੀਂ ਸੀ ਫ਼ੁਰਮਾਉਣ ਲਗੇ:-‘ਕਿਤੇ ਵਹੁਟੀਆਂ ਦੇ ਆਖੇ ਲਗ ਕੇ ਮਾਂ ਦੇ ਪਿਆਰ-ਸਤਿਕਾਰ ਵਿਚ ਫ਼ਰਕ ਨਾ ਪਾ ਦੇਣਾ’। ਫਿਰ ਅੱਖਾਂ ਵਿਚ ਅੱਖਾਂ ਪਾ ਕੇ ਡੂੰਘੀ ਦਿਲ-ਵਿੰਨ੍ਹਣੀ ਨੀਝ ਲਾ ਕੇ ਕਦੇ ਨਾ ਭੁਲ ਸਕਣ ਵਾਲੇ ਵਲਵਲੇ ਵਿਚ ਕਿਹਾ, ‘ਉਹ ਸਾਡੇ ਬੇਜੀ ਹਨ’ ਇਹ ਸਿੱਖਿਆ ਸਾਡੇ ਪਰਵਾਰਕ ਸੰਗਠਨ ਦਾ ਮਹਾਂ ਕਾਰਨ ਬਣੀ ਰਹੀ ਤੇ ਇਕ ਮਾਤਾ ਜੀ ਨੂੰ ਖੁਸ਼ ਕਰਨ ਲਈ ਵੱਡੀ ਤੋਂ ਵੱਡੀ ਕੁਰਬਾਨੀ ਸਾਡੇ ਲਈ ਤੁੱਛ ਸੀ।

ਦੁਖੁ ਭੰਜਨੁ ਤੇਰਾ ਨਾਮੁ

“ਦੁਖ ਭੰਜਨੁ ਤੇਰਾ ਨਾਮੁ ਜੀ

ਦੁਖ ਭੰਜਨੁ ਤੇਰਾ ਨਾਮੁ ॥” (ਗਉ: ਮ: ੫-੧੭੦)

ਅਰਥਾਤ ਦੁਖਾਂ ਨੂੰ ਦਲਣ ਵਾਲਾ ਤੇਰਾ ਨਾਮ ਹੈ, ਤੇ ਦਾਤਾ ਜੀ! ਸਾਰੇ ਦੁਖਾਂ ਨੂੰ ਨਾਸ਼ ਕਰਨ ਵਾਲਾ ਇਕੋ ਸਭ ਤੋਂ ਅਸਰਦਾਰ ਉਪਾਅ (most effective remedy) ਤੇਰਾ ਨਾਮ ਹੈ ।

“ਸੁਖੁ ਦੁਖੁ ਦੁਇ ਦਰਿ ਕਪੜੇ

ਪਹਿਰਹਿ ਜਾਇ ਮਨੁਖ॥” {ਮਾਝ: ਵਾਰ-੨੪}

ਮੈਲੇ-ਉਜਲੇ ਕਪੜੇ ਵਟਾਉਣ ਵਾਂਙੂ ਦੁਖੁ-ਸੁਖੁ ਮਨੁਖਾਂ ਨੂੰ ਸਦਾ ਵਾਪਰਦੇ ਆਏ ਹਨ ਪਰ ਦੁਖਾਂ ਦੇ ਸਮੇਂ ਬੰਦੇ ਘਬਰਾਂਦੇ ਰਹੇ ਹਨ। ਇਸ ‘ਘਬਰਾਉ’ ਨੂੰ ਦੂਰ ਕਰਨ ਦੇ ਆਪ ਅਦੁੱਤੀ ਗੁਰਮੁਖ ਉਸਤਾਦ ਸਨ। ਇਕੇਰਾਂ ਸਾਡੇ ਮਾਤਾ ਜੀ ਨੂੰ ਉਦਾਸਨੀ ਦੇਖ ਕੇ ਕਹਿਣ ਲਗੇ:

“ਬੇ ਜੀ! ਤੁਸੀਂ ਦੁਖ ਦੇਖੇ ਨਹੀਂ, ਤਦੇ ਥੋੜੇ ਪਰ ਘਾਬਰਦੇ ਹੋ। ਅਸਾਂ ਪਰ ਬੜੇ ਬੜੇ ਦੁਖ ਆਏ ਹਨ। ਜੇ ਤੁਸਾਂ ਨੂੰ ਦਸੀਏ ਤਦ ਤੁਸੀਂ ਬੀ ਸੁਣ ਕੇ ਹੌਂਸਲਾ ਕਰੋ। ਸਾਡੇ ਵੀਰ ਜੈਰਾਜ ਸਿੰਘ ਜੀ (ਜੋ ਕਮਾਲੀਏ ਰਹਿੰਦੇ ਸਨ) ਦਹੀਂ ਨਾਲ ਕੇਸੀ ਇਸ਼ਨਾਨ ਕਰਨ ਲਗੇ ਹੀ ਸਨ ਕਿ ਨੌਕਰ ਨੇ ਦਸਿਆ ਜੋ ਮਸ਼ੀਨ ਵਿਚ ਕੁਛ ਵਿਗਾੜ ਹੋ ਗਿਆ ਹੈ। ਆਪ ਖੁਲ੍ਹੇ ਕੇਸੀਂ ਹੀ ਚਲੇ ਗਏ, ਮਸ਼ੀਨ ਨੂੰ ਠੀਕ ਕਰ ਹੀ ਰਹੇ ਸਨ ਕਿ ਐਕਸੀਡੈਂਟ (accident) ਹੋ ਗਿਆ। ਜਦ ਤਾਰ ਸਾਨੂੰ ਮਿਲੀ ਉਸੇ ਵਕਤ ਕਮਾਲੀਏ ਟੁਰ ਪਏ। ਸਾਡੇ ਦਿਲ ਵਿਚ ਇਸ ਗਲ ਦੀ ਚੋਭ ਸੀ ਕਿ ਵੀਰ ਜੈਰਾਜ ਸਿੰਘ ਨੂੰ ਅੰਤ ਸਮੇਂ ਖੇਚਲ ਦਾ ਅਹਿਸਾਸ ਨਾਂਹ ਹੋਇਆ ਹੋਵੇ। ਜਦ ਉਥੇ ਪਹੁੰਚੇ ਤਦ ਇਸ ਤਰ੍ਹਾਂ ਫੀਲ (feel) ਹੋਇਆ ਕਿ ਜਿਵੇਂ ਕੋਈ ਉਪਰੋਂ ਕਹਿ ਰਿਹਾ ਹੋਵੇ:-“ਫ਼ਿਕਰ ਨਾ ਕਰੋ! ਇਕ ਮਿੰਟ ਭਰ ਵਿਚ ਅਸਹਿ ਦਰਦ ਦੇ ਕਾਰਨ ਆਪਦੇ ਵੀਰ (Swoon) ਸਰੀਰਕ ਹੋਸ਼ ਤੋਂ ਪਰੇ ਹੋ ਗਏ ਸਨ ਤੇ ਬਿਨਾਂ ਦਰਦ ਦੇ ਉਹਨਾਂ ਦੀ ਆਤਮਾ ਪਰਵਾਜ਼ ਕਰ ਗਈ ਸੀ।

{ਜਦੋਂ ਪਵਿੱਤਰ ਦੇਹੀ ਦਾ ਸਸਕਾਰ ਹੋ ਰਿਹਾ ਸੀ ਤਦ ਪਾਵਨ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲ਼ੇ ਆਪਣੇ ਪਹਿਲੇ ਸਹਿਜਧਾਰੀ ਬਾਣੇ ਵਿਚ ਉਥੇ ਮੌਜੂਦ ਸਨ। ਆਪ ਉਹਨਾਂ ਨੂੰ ਬਾਹੋਂ ਫੜ ਕੇ ਵੱਖ ਲੈ ਗਏ ਤੇ ਕਿਹਾ :-‘ਸੰਤ ਰੇਣ ਜੀ! ਉਪਰੋਂ ਆਪ ਦੇ (ਸਿਖਿਆ ਦਾਤਾ) ਸੰਤ (ਸ੍ਰੀ ਫਤੇ ਚੰਦ ਜੀ) ਕਹਿ ਰਹੇ ਹਨ ਕਿ ਆਪ ਨੂੰ ਕਰ੍ਹਾਂ ਕਿ ਜਿਸ ਸੰਤ ਦਾ ਆਪ ਜੀ (ਸਤਿਸੰਗ ਸਮਝਕੇ) ਅਜ-ਕਲ ਸੰਗ ਕਰ ਰਹੇ ਹੋ ਤੇ ਆਗਿਆ ਪਾਲਨ ਕਰ ਰਹੇ ਹੋ ਉਸ ਪਰ ਉਹ ਖੁਸ਼ ਨਹੀਂ।’ ਸੰਤ ਰੇਣ ਜੀ ਅਚੰਭਤ ਹੋ ਗਏ। ਇਧਰ ਜਵਾਨ ਭਰਾ ਦਾ ਇਤਨਾ ਦਰਦਨਾਕ ਹਾਦਸਾ ਹੋਇਆ ਹੈ, ਇਧਰ ਆਪ ਅੰਦਰੋਂ ਇਤਨੇ ਅਛੋਭ ਹਨ ਕਿ ਅਰਸ਼ੀ ਸੌਂਪੇ ਕੰਮ ਨਹੀਂ ਭੁਲ ਰਹੇ। ਉਹਨਾਂ (ਸੰਤ ਸੰਗਤ ਸਿੰਘ ਜੀ) ਨੇ ਦਸਿਆ ਕਿ ਇਸ ਗਲ ਦਾ ਆਪ ਦੇ ਮਨ ਪਰ ਭਾਰੀ ਅਸਰ ਹੋਇਆ ਤੇ ਬੇਨਤੀ ਕੀਤੀ: ‘ਜਿਦਿਨ ਹੁਣ ਵਾਲੇ ਅਭਿਆਸੀ ਸੰਤ ਜੀ (ਜੋ ਤਿੰਨ ਵਜੇ ਤੋਂ ਲੈ ਕੇ ਦਸ ਵਜੇ ਤੀਕ ੭ ਘੰਟੇ ਲਈ ਇਕ ਆਸਨ ਪਰ ਬੈਠ ਕੇ ਪਾਠ ਕਰਦੇ ਸਨ) ਨੇ ਸਾਡੇ ਨਾਲ ਤਿੰਨ ਝੂਠ ਬੋਲ ਦਿਤੇ, ਅਸੀਂ ਛਡ ਦੇਵਾਂਗੇ।

ਇਸ ਪ੍ਰਤਿੱਗਿਆ ਨੂੰ ਬਹੁਤ ਦੇਰ ਨਾ ਲਗੀ ਤੇ ਉਹਨਾਂ ਦੇ ਤਿੰਨ ਝੂਠ ਬੋਲਣ ਪਰ ਸ੍ਰੀ ਸੰਤ ਰੇਣ ਜੀ ਨੇ ਉਹਨਾਂ ਨੂੰ ਤਿਆਗ ਦਿਤਾ ਤੇ ਸ੍ਰੀ ਅੰਮ੍ਰਿਤਸਰ ਆਪ (ਭਾਈ ਸਾਹਿਬ) ਜੀ ਪਾਸ ਆ ਗਏ।

ਭਾਈ ਸਾਹਿਬ ਜੀ ਦਾ ਸੰਤ ਸੰਗਤ ਜੀ ਪ੍ਰਤੀ ਪਹਿਲਾ ਬਚਨ ਇਹ ਹੋਇਆ ਕਿ-

‘ਜਿਥੇ ਚਿਖਾ ਬਲ ਰਹੀਆਂ ਹਨ ਉਥੇ ਸੁਖ (ਮਨ ਦੀ ਸ਼ਾਂਤੀ) ਕਿਥੇ?’ ਇਹ ਬਚਨ ਕੜਵਾ ਜ਼ਰੂਰ ਸੀ ਪਰ ਸਮਾਂ ਪਾ ਕੇ ਜੋ ਦਿਲ ਉਹਨਾਂ (ਭੇਖੀ ਸੰਤਾਂ) ਤੋਂ ਦੁਖੀ ਸਨ ਉਹਨਾਂ ਦੀ ਗਿਆਤ ਆਪ ਜੀ (ਸੰਤ ਸੰਗਤ ਸਿੰਘ) ਨੂੰ ਹੋ ਗਈ ਤੇ ਉਹਨਾਂ ਨੇ ਸਭ ਤੋਂ ਪਹਿਲੇ ਉਹਨਾਂ ਦੇ ਸੁਖ ਦਾ ਪਰਬੰਧ ਕੀਤਾ। ਉਹਨਾਂ ਦੀ ਦਿਲ ਦੀ ਤਪਸ਼ ਬੁਝਾਣ ਪਰ ਸਚਮੁਚ ਅੰਦਰਲੇ ਵਿਚ ਸ਼ਾਂਤੀ ਵਰਤ ਗਈ।

ਹਰੇਕ ਸਚੇ ਜਗਿਆਸੂ ਲਈ ਜ਼ਰੂਰੀ ਹੈ:-

“ਸਭਨਾ ਮਨ ਮਾਣਿਕ

ਠਾਹਣੁ ਮੂਲਿ ਮਚਾਂਗਵਾ॥

ਜੇ ਤਉ ਪਿਰੀਆ ਦੀ ਸਿਕ

ਹਿਆਉ ਨ ਠਾਹੇ ਕਹੀਦਾ॥”੧੩੦॥ (ਸ: ਫ਼ਰੀਦ)

ਸਭਨਾਂ ਦੇ ਮਨ ਅਨਮੋਲ ਮੋਤੀਆਂ ਵਾਂਙੂ ਅਮੋਲਕ ਹਨ। ਕਿਸੇ ਨੂੰ ਠੋਕਰ ਲਾਉਣੀ ਚੰਗੀ ਨਹੀਂ। ਜੇ ਤੈਨੂੰ ਪ੍ਰੀਤਮ ਦੇ ਮਿਲਣ ਦੀ ਪਿਆਸ ਹੈ (ਤਦ ਉਹ ਪਿਆਰਾ ਪਰਮੇਸ਼ਰ ਹਰੇਕ ਦੇ ਹੀਏ ਵਿਚ ਵਸਦਾ ਹੈ, ਉਹਦੇ ਪਿਆਰ ਵਿਚ) ਤੂੰ ਕਿਸੇ ਦੇ ਦਿਲ ਨੂੰ ਚੋਟ ਨਾ ਲਾ। ਇਹੋ ਆਪ ਜੀ ਦੀ ਵਰਤੋਂ ਸੀ।

‘ਅਸਾਂ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਕਿ ਸਾਥੋਂ ਕੋਈ ਦਿਲ ਨ ਦੁਖੇ।’

“ਸੋ ਇਕਾਂਤੀ ਜਿਸੁ ਰਿਦਾ ਥਾਇ॥” {ਬਸੰ: ਮ: ੫-੩}

(ੳ) ਅਸਲ ਵਿਚ ਉਹ ਇਕਾਂਤ ਦਾ ਰਸ ਮਾਣਦਾ ਹੈ ਜਿਸ ਦਾ ਦਿਲ ਟਿਕਾਣੇ ਹੈ।

ਸ੍ਰੀ ਸੰਤ ਸੰਗਤ ਸਿੰਘ ਜੀ ਨੇ ਦਸਿਆ ਕਿ ਉਨ੍ਹਾਂ ਨੇ ਸੰਕਲਪ ਕੀਤਾ ਕਿ ਐਤਕੀਂ ੪੦ ਦਿਨ ਸ੍ਰੀ ਅੰਮ੍ਰਿਤਸਰ ਜੀ ਆਪ (ਭਾਈ ਸਾਹਿਬ ਜੀ) ਪਾਸ ਗੁਜ਼ਾਰਨੇ ਹਨ। ਉਥੇ ਆ ਕੇ ਆਪ ਜੀ ਦੇ ਪਾਸ ਲੋਕਾਂ ਦੀ ਆਵਾਜਾਈ ਦੇਖੀ, ਪੰਥਕ ਕਾਰਜਾਂ ਦੇ ਰੁਝੇਵੇਂ ਦੇਖੇ ਤਦ ਮਨ ਵਿਚ ਸ਼ੰਕਾ ਉਠਿਆ, ‘ਇਥੇ ਸ਼ਾਂਤੀ ਕਿਥੇ?’ ਸੋ ਉਥੋਂ ਟੁਰ ਕੇ ਇਕ ਐਸੀ ਇਕਾਂਤ ਵਿਚ ਚਲੀਹਾ ਜਾ ਚੁਕਿਆ ਜਿਥੇ ਬਾਗ਼ ਵਿਚ ਕੇਵਲ ਇਕੋ ਕਮਰਾ ਸੀ। ਬਾਗ਼ ਵਿਚ ਕਿਸੇ ਨੂੰ ਆਉਣ ਦੀ ਆਗਿਆ ਨਹੀਂ ਸੀ। ਅਲਪ ਅਹਾਰ ਪਹੁੰਚਾਣ ਵਾਲਾ ਇਕ ਸਤਿਕਾਰ ਕਰਨ ਵਾਲਾ ਪ੍ਰੇਮੀ ਸੀ, ਜਿਸ ਨੇ ਸਮੇਂ ਸਿਰ ਇਕ ਦਾਤਣ ਤੇ ਇਕ ਕਟੋਰੇ ਵਿਚ ਕੁਝ ਅਹਾਰ ਰਖ ਜਾਣਾ ਤੇ ਦੂਜੀ ਵਾਰੀ ਖਾਲੀ ਬਰਤਨ ਚੁਕ ਲੈ ਜਾਣੇ ਤੇ ਦੁਧ ਦਾ ਛੰਨਾ ਰਖ ਕੇ ਬਿਨਾਂ ਆਹਟ ਕੀਤੇ ਜਾਂ ਦਰਸ਼ਨ ਦਿਤੇ ਚਲੇ ਜਾਣਾ।

ਇਸ ਤਰ੍ਹਾਂ ਚਾਲੀ ਦਿਨ ਨਾਮ ਸ਼ਿਮਰਨ ਦੀ ਇਕਾਂਤ ਵਿਚ ਤਪਸਿਆ ਕੀਤੀ ਪਰ ਠੰਡ ਨਾ ਪਈ। ੪੦ ਦਿਨਾਂ ਬਾਅਦ ਸ੍ਰੀ ਅੰਮ੍ਰਿਤਸਰ ਜੀ ਧਾਈ ਕੀਤੀ ਤੇ ਭਾਈ ਸਾਹਿਬ ਜੀ ਦੇ ਘਰ ਦੀਆਂ ਦਹਿਲੀਜ਼ਾਂ ਪਰ ਪੈਰ ਧਰਦੇ ਹੀ ਠੰਡ ਪੈ ਗਈ।

ਤਦ ਠੀਕ ਸਮਝ ਆ ਗਈ,

“ਸੋ ਇਕਾਂਤੀ ਜਿਸੁ ਰਿਦਾ ਥਾਇ॥”{ਬਸੰਤ ਮ: ੫-੩}

(ਅ) ਇਸੇ ਵਿਸ਼ੈ ਪਰ ਭਾਈ ਸਾਹਿਬ ਜੀ ਨੇ ਬੰਬਈ ਵਿਚ ਫ਼ੁਰਮਾਇਆ ਸੀ:-

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਪਰ ਸਵਾਰ ਮੱਚੇ ਜੁਧ ਵਿਚ ਜੋ ਨਾਮ ਜਪਦੇ ਸਨ ਉਹ ਬੀ ਤਾਂ ਕੋਈ ਨਾਮ (ਦੀ ਅਵਸਥਾ) ਸੀ।’

(ਜੰਗ ਸਭ ਤੋਂ ਕਠਨ ਦੁਨੀਆਂ ਦੀ ਪਰਵਿਰਤੀ ਦਾ ਕੰਮ ਹੈ। ਇਸ ਦੀਆਂ ਕਠਨਾਈਆਂ ਨੂੰ ਦੇਖ ਕੇ ਹੀ ਪਛਮ ਵਾਲਿਆਂ ਨੇ ‘Every thing is fare in love and war.’ ਕਹਿ ਕੇ ਅਤਿ ਕਸ਼ਟ ਸਮੇਂ ਅਸੂਲਾਂ ਤੋਂ ਛੂਟ ਦੇ ਦਿਤੀ ਸੀ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਾਜਨੀਤੀ ‘ਚ ਝੂਠ ਕਪਟ ਨੂੰ ਕੋਈ ਥਾਂ ਨਹੀਂ। ਉਥੇ ‘Whether love or war only fair is fair ਹੀ ਪਰਵਾਨ ਹੈ ਤੇ ਇਹ ਚੋਟੀ ਦੀ ਨੀਤੀ ਉਸ ਅੰਤਰ-ਸੂਝ (Super- intelligence), ਜੋ ਇਕ ਅਜ਼ਲੀ ਨੂਰ ਅਕਾਲ ਪੁਰਖ ਨਾਲ ਨਾਮ ਰਾਹੀਂ ਅਵਿਛੜ ਜੁੜੇ ਰਹਿਣ ਨਾਲ ਪ੍ਰਾਪਤ ਹੁੰਦੀ ਹੈ, ਨਾਲ ਬਖਸ਼ਿਸ਼ ਹੁੰਦੀ ਹੈ।)

(ੲ) ਇਕ ਵੇਰ ਭਾਈ ਸਾਹਿਬ ਜੀ ਨੇ ਇਹ ਬੀ ਦਸਿਆ ਸੀ:-

“ਮਲਕ* ਤੇਜਾ ਸਿੰਘ ਜੀ ਨੇ ਇਕ ਦਿਨ ਸੈਰ ਕਰਦਿਆਂ ਸਾਡੇ ਹੱਥ ਵਿਚ ਪਿਆਰ ਨਾਲ ਹੱਥ ਪਾ ਲਿਆ ਤੇ ਦਸਿਆ, ਹੁਣ ਕੰਮ ਕਰਦੇ ਬੀ ‘ਵਾਹਿਗੁਰੂ ਸਿਮਰਨ ਜਾਰੀ ਰਹਿੰਦਾ ਹੈ।’ ਇਹ ਸੁਣ ਕੇ ਅਸਾਂ ਕਿਹਾ- “ਨਾਮ ਨਾ ਵਿਸਰੈ ਸੰਤ ਪ੍ਰਸਾਦਿ॥” {ਭੈ: ਮ: ੫-੩੦}

{ਇਹ ਬਖਸ਼ਿਸ਼ ਮਲਕ ਜੀ ਦੀ ਆਤਮਾ ਵਿਚ ਹਲੂਲ ਕਰ ਗਈ। ਉਹਨਾਂ ਦਾ ਮੇਲ ਆਤਮਕ ਰੂਪ ਵਿਚ ਹੁੰਦਾ ਸੀ। “ਅੰਤਰ ਆਤਮੈ ਜੇ ਮਿਲੈ ਮਿਲਿਆ ਕਹੀਐ ਸੋਇ॥” (ਸੂਹੀ: ਵਾਰ-੧੯)}

(ਸ) ਇਹ ਉਹੀ ਭਾਵ ਹੈ ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇਹਨਾਂ ਸ਼ਬਦਾਂ ਵਿਚ ਦਰਸਾਇਆ ਹੈ:-

He is Indirectly Seen

(ਉਸਨੂੰ ਅਪ੍ਰੋਖ ਦੇਖਿਆ ਜਾ ਸਕਦਾ ਹੈ)

ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ:-

‘He is seen only indirectly, through the inspired consciousness that is induced by his goodness in others who go near him. He is the true poet of the East, who opens our eyes to see the Beloved’.

ਅਰਥਾਤ ਭਾਈ ਸਾਹਿਬ ਦੀ ਰਬੀਅਤ ਉਹਨਾਂ ਦੇ ਨਿਕਟਵਰਤੀਆਂ ਵਿਚ ਇਕ ਵਿਸਮਾਦੀ ਜਾਗਰਤੀ ਪੈਦਾ ਕਰ ਦੇਂਦੀ ਹੈ, ਕੇਵਲ ਐਉਂ (ਇਸ ਉਤਮਤਾ ਵਲ ਪਲਟੇ ਜੀਵਨ) ਨੂੰ ਵੇਖ ਕੇ ਅਪ੍ਰੋਖ (indirectly) ਹੀ ਭਾਈ ਸਾਹਿਬ ਜੀ ਦਾ ਪ੍ਰਭਾਵ ਪ੍ਰਤੀਤ ਹੁੰਦਾ ਹੈ

ਆਪ ਪੂਰਬ ਦੇ ਉਹ ਸੱਚੇ ਕਵੀ ਹਨ ਜੋ ਸਾਡੇ ਅੰਦਰਲੇ ਦੇ ਨੈਣ ਸਾਂਈਆਂ ਜੀ ਵਲੇ ਖੋਲ੍ਹ ਦੇਂਦੇ ਹਨ।

ਇਸ ਤੋਂ ਪਹਿਲੇ ਪ੍ਰੋਫੈਸਰ ਸਾਹਿਬ ਨੇ ਲਿਖਿਆ ਹੈ:-

‘This silent poet makes the rivers cry and sets the hills on fire by touch of his emotion. He remains behind the scenes, invisible, with his flute ringing in the lonliness of a dark midnight. His touch alone can make a poet. I have seen unlettered men and women glowing with poetry when sitting near him. I wander around his rooms, sit here and stand there, do nothing, think nothing, just wonder admire and taking tea with him, or enjoying a morning meal in his company, gaze at him as he bathes, as he eats and talks, as he listens to the conversation of those around him, and when I come away I invariably find myself full of a divine love. After seeing him I find myself a beautiful thing worthy of my own homage and love and admiration. I feel like worshipping myself. I find myself intensely creative and when he thinks of me ardently I am inspired with a new passion for life.’

‘ਇਹ ‘ਚੁਪ ਪ੍ਰੀਤ’ ਦੇ (ਅਰਸ਼ੀ) ਕਵੀ ਜੀ (ਆਪਣੇ ਖਿਆਲਾਂ ਦੀ ਰਵਾਨੀ ਨਾਲ ਦਰਿਆਵਾਂ ਨੂੰ ਰੁਆ-ਕੂਕਾ ਦੇਂਦੇ ਹਨ ਤੇ ਆਪਣੇ ਵਲਵਲਿਆਂ ਦੇ ਜੋਸ਼ ਨਾਲ ਪਹਾੜਾਂ ਨੂੰ ਅਗ ਲਾ ਦਿੰਦੇ ਨੇ। ਆਪ ਸਦਾ ਪਿਛੇ ਛੁਪਕੇ ਰਹਿੰਦੇ ਹਨ। ਤੇ (ਵਾਹ ਵਾਹ ਕਰਦੇ ਵੇਖਣਹਾਰਾਂ) ਤੋਂ ਅਦਿਸ ਰਹਿ ਕੇ ਅਧੀ ਰਾਤ ਦੀ ਸ਼ਾਂਤ ਇਕਾਂਤ ਵਿਚ ਆਪਣੀ (ਕਵਿਤਾ ਤੇ ਗੀਤਾਂ) ਦੀ ਬੰਸਰੀ ਬਜਾਉਂਦੇ ਹਨ। ਉਹਨਾਂ ਦੀ ਛੁਹ-ਮਾਤਰ ਹੀ ਕਿਸੇ ਨੂੰ ਕਵੀ ਬਨਾਉਣ ਲਈ ਕਾਫ਼ੀ ਹੈ। ਮੈਂ ਵੇਖਿਆ ਹੈ ਅਨ-ਪੜ੍ਹ ਲੋਕਾਂ ਨੂੰ-ਮਰਦਾਂ ਨੂੰ, ਇਸਤਰੀਆਂ ਨੂੰ-ਜਿਹੜੇ ਉਹਨਾਂ ਦੇ ਨਿਕਟ ਆਕੇ ਉਹਨਾਂ ਦੀ ਛੁਹ ਪ੍ਰਾਪਤ ਹੋਣ ਪਰ ਕਵਿਤਾ ਦੇ ਉਚਾਰ ਵਿਚ ਮੌਲ ਉਠੇ ਸਨ। ਮੈਂ ਆਪ ਜੀ ਦੇ ਕਮਰਿਆਂ ਵਿਚ ਤੇ ਉਦਾਲੇ ਫਿਰਦਾ ਰਹਿੰਦਾ ਹਾਂ, ਕਦੇ ਇਥੇ ਬੈਠਾ, ਕਦੇ ਉਥੇ ਖਲੋਤਾ, ਕੁਝ ਨਾ ਕਰਦਾ, ਕੁਝ ਨਾ ਸੋਚਦਾ, ਬਸ ਵਿਸਮਾਦ ਹੁੰਦਾ ਤੇ ਸਿਫਤ ਸਲਾਹ ਕਰਦਾ ਅਤੇ ਉਨ੍ਹਾਂ ਨਾਲ (ਸ਼ਾਮ ਦੀ) ਚਾਹ ਪੀਂਦਾ ਜਾਂ ਦਿਨ ਦਾ ਪਰਸ਼ਾਦ ਛਕਦਾ, ਜਾਂ ਕਦੇ ਉਹਨਾਂ ਨੂੰ ਇਸ਼ਨਾਨ ਕਰਦੇ, ਪ੍ਰਸ਼ਾਦ ਛਕਦੇ, ਬਚਨ ਬਿਲਾਸ ਕਰਦੇ ਵੇਖਦਾ ਹਾਂ, ਜਾਂ ਉਹਨਾਂ ਨੂੰ ਆਪਣੇ ਨਿਕਟ ਵਰਤੀਆਂ ਦੀ ਆਪੋ ਵਿਚ ਦੀ ਗਲ ਬਾਤ ਸੁਣਦਿਆਂ ਵੇਖਦਾ ਹਾਂ, ਤੇ ਜਦ ਮੈਂ ਉਥੋਂ ਬਾਹਰ ਆਉਂਦਾ ਹਾਂ ਤਦ ਮੈਂ ਆਪਣੇ ਆਪ ਨੂੰ ਅਰਸ਼ੀ ਪਰੀਤ ਨਾਲ ਭਰਪੂਰ ਵੇਖਦਾ ਹਾਂ। ਉਹਨਾਂ ਨੂੰ ਮਿਲ ਕੇ ਆਇਆਂ ਮੈਨੂੰ ਆਪਣਾ ਆਪ ਅਤਿ ਸੁੰਦਰ ਤੇ ਮੇਰੇ ਆਪਣੇ ਆਪ ਲਈ ਸਤਿਕਾਰ ਯੋਗ ਦਿੰਦਾ ਹੈ। ਮੈਂ ਲੋਚਦਾ ਹਾਂ ਕਿ ਕਿਵੇਂ ਆਪਣੀ ਹੀ ਪੂਜਾ ਕਰ ਲਵਾਂ! ਮੈਨੂੰ ਇਤਨਾ ਹੁਲਾਸ ਹੁੰਦਾ ਹੈ ਕਿ ਕੁਝ ਸੁਹਪਣ ਉਪਜਾਣ ਤੇ ਜੀ ਉਮੰਗਦਾ ਹੈ ਤੇ ਜਦੋਂ ਉਹ ਧਿਆਨ ਵਿਚ ਮੇਰੀ ਬਾਬਤ ਸੋਚਦੇ ਹਨ ਤਦ ਉਹਨਾਂ ਦੀ ਧਿਆਨ ਸ਼ਕਤੀ ਮੇਰੇ ਵਿਚ ਇਕ ਨਵਾਂ ਜੀਵਨ, ਨਵਾਂ ਉਤਸ਼ਾਹ ਪੈਦਾ ਕਰ ਦੇਂਦੀ ਹੈ।’

ਇਹ ਹੈ ਅਖੀਂ ਦੇਖਿਆ ਪ੍ਰੋਫੈਸਰ ਜੀ ਦਾ ਸ੍ਰੀਮਾਨ ਭਾਈ ਸਾਹਿਬ ਜੀ ਦੇ ਦਰਸ਼ਨਾਂ ਦੇ ਪ੍ਰਭਾਵ ਦਾ ਹਾਲ ਜੋ ਹਰ ਕਿਸੇ ਮਿਲਣ ਵਾਲੇ ਦੇ ਤਜਰਬੇ ਵਿਚ ਜ਼ਰੂਰ ਆਇਆ ਹੋਊ। ਇਹ ਜੋ ਪ੍ਰੋਫੈਸਰ ਸਾਹਿਬ ਨੇ ਲਿਖਿਆ ਹੈ, ਲਫਜ਼- ਲਫਜ਼ ਲੇਖਕ ਨੂੰ ਖ਼ੁਦ ਪ੍ਰਤੀਤ ਹੋਇਆ ਹੈ।

(ਹ) ਇਸੇ (He is indirectly seen) ਬਾਰੇ ਸੰਤ ਸਜਣ ਸਿੰਘ ਜੀ ਮਘਿਆਣੇ ਵਾਲਿਆਂ ਨੇ ਅਖੀਂ ਦੇਖੇ ਇਹ ਹਾਲ ਦਸੇ ਸਨ :-

‘ਕਾਨਫਰੰਸ ਦੇ ਦਿਨਾਂ ਦੀ ਗਲ ਹੈ ਕਿ ਪਹਿਲੇ ਦਿਨ ਸ੍ਰੀਮਾਨ ਪਾਵਨ ਸੰਤ ਸੰਗਤ ਸਿੰਘ ਜੀ ਦੀ ਕਥਾ ਪਰ ਤਾਂ ਆਪ (ਭਾਈ ਸਾਹਿਬ ਜੀ) ਦੀਵਾਨ ਵਿਚ ਹਾਜ਼ਰੀ ਭਰ ਰਹੇ ਸਨ ਪਰ ਦੂਜੇ ਦਿਨ ਦੀ ਕਥਾ, ਜਦ ਸੰਤ ਜੀ ਮਹਾਰਾਜ ਕਰ ਰਹੇ ਸਨ ਤਦ ਆਪ ਆਪਣੇ ਨਿਜਾਨੰਦ ਵਿਚ ਟਿਕਾਣੇ ਪਰ ਹੀ ਟਿਕੇ ਰਹੇ। ਭੋਗ ਉਪਰੰਤ ਸੰਤ ਜੀ ਮਹਾਰਾਜ ਦੇ ਸਤਿਸੰਗ ਵਿਚ ਨਵੀਂ ਆਈ ਸੰਗਤ ਆ ਗਈ ਤੇ ਕਥਾ ਦੀ ਬੜੀ ਉਸਤਤ ਕਰਕੇ ਕਹਿਣ ਲਗੀ:- ਅਜ ਤੇ ਸ੍ਰੀ ਸੰਤ ਜੀ ਮਹਾਰਾਜ ਨੇ ਕਮਾਲ ਹੀ ਕਰ ਦਿਤਾ ਹੈ। ਐਵੇਂ ਹੀ ਆਪ ਅਜ ਨਹੀਂ ਆਏ। ‘ ਸ੍ਰੀ ਸੰਤ ਜੀ ਬੀ ਉਥੇ ਆਏ ਬੈਠੇ ਸਨ, ਆਪ ਉਠ ਕੇ (ਭਾਈ ਸਾਹਿਬ ਜੀ ਦੇ) ਚਰਨਾਂ ਨੂੰ ਲਿਪਟ ਗਏ ਤੇ ਕਹਿਣ ਲਗੇ:- ਇਹ ਇਥੇ ਬੈਠੇ ਅਗੰਮੀ ਵਿੱਦਿਆ ਤੇ ਰਸ ਭੇਜ ਰਹੇ ਸਨ ਤੇ ਉਹ ਉਥੇ ਮੈਂ ਵੰਡ ਰਿਹਾ ਸੀ, ਇਸ ਪਰ ਸਭ ਨੂੰ ਆਪਦੀ ਆਤਮਕ ਉੱਚਤਾ ਦਾ ਗਿਆਨ ਹੋਇਆ।

ਕ) ਇਸੇ ਤਰ੍ਹਾਂ ੧੯੫੬ ਵਿਚ ਸਤੰਬਰ ਦੀ ਤਿੰਨ ਤਾਰੀਖ ਨੂੰ ਜਦ ਕਸੌਲੀ ਵਿਖੇ ਸਰ ਤੇਜਾ ਸਿੰਘ ਜੀ ਮਲਕ ਦੇ ਨਮਿਤ ਮਹਾਵਾਰੀ ਭੋਗ ਜੋ ਆਪ ਪਾਠ ਕਰਕੇ ਉਨ੍ਹਾਂ ਦੀ ਸੁਪਤਨੀ ਲੇਡੀ ਰਾਜ ਮਲਕ ਜੀ ਪਾਉਂਦੇ ਸਨ, ਤੇ ਜਦੋਂ ਆਪ ਜੀ (ਪਿਛਲੇ ੨੨ ਸਾਲਾਂ ਵਾਂਗ ਉਦੋਂ) ਵੀ ‘ਰਾਜ ਵਿਲਾ’ ਕਸੌਲੀ ਵਿਖੇ ਬਿਰਾਜਮਾਨ ਸਨ ਪਰ ਆਪ ਭੋਗ ਸਮੇਂ ਦੀਵਾਨ ਅਸਥਾਨ ਪਰ ਨਾ ਆਏ। ਜਦ ਭੋਗ ਦੇ ਬਾਅਦ ਦਰਸ਼ਨ ਕੀਤੇ ਤਦ ਝਾਲ ਨਹੀਂ ਸੀ ਝੱਲੀ ਜਾਂਦੀ। ਪਰ ਮਨ ਵਿਚ ਜਿਵੇਂ ਹੀ ਇਹ ਸ਼ੰਕਾ ਆਈ ਕਿ ਆਪ ਜੀ ਭੋਗ ਸਮੇਂ ਸ੍ਰੀ ਗੁਰੂ ਬਾਬਾ ਜੀ ਦੇ ਪਵਿੱਤਰ ਹਾਲ ਵਿਚ ਨਹੀਂ ਆਏ ਤਦ ਹਿਤ-ਅਲਸਾਈਆਂ ਅੱਖਾਂ ਨਾਲ ਰਮਜ਼ ਭਰੀ ਤਕਣੀ ਨਾਲ ਤਕ ਕੇ ਕਿਹੋ ਨੇ:-

“ਸੁਨਿ ਮੀਤਾ ਨਾਨਕੁ ਬਿਨਵੰਤਾ॥

ਸਾਧ ਜਨਾ ਕੀ ਅਚਰਜ ਕਥਾ॥” {ਸੁਖਮਨੀ-੭}

ਤਦ ਇਉਂ ਪਰਤੀਤ ਹੋਇਆ, ਜਿਵੇਂ ਮਲਕ ਸਾਹਿਬ ਦੀ ਆਤਮਾ, ਜੋ ਮਾਨੋ ਪਹਿਲੇ ਆਪ ਜੀ ਪਾਸ ਬੈਠੀ ਸਤਿਸੰਗ ਦਾ ਪਿਆਰ ਲੈ ਰਹੀ ਸੀ, ਆਪ ਜੀ ਦੇ ਇਹ ਬਚਨ ਬੋਲਦਿਆਂ ਉਪਰ ਅਕਾਸ਼ ਦੀਆਂ ਗਹਿਰਾਈਆਂ ਵਲ ਉਡਦੀ ਅਲੋਪ ਹੋ ਗਈ।

ਸੇਵਾ

“ਜਿਚਰੁ ਅੰਦਰਿ ਸਾਸੁ ਤਿਚਰ ਸੇਵਾ ਕੀਚੈ॥”

{ਰਾਮ: ਮ: ੩, ਅਸਟ-੨੫}

ਜਨਵਰੀ ੧੯੫੪ ਵਿਚ ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਦੇਖਣ ਗਏ। ਉਥੇ ਸਰ ਤੇਜਾ ਸਿੰਘ ਜੀ ਮਲਕ ਨੇ ਡਿਉੜੀ ਦੀ ਸੇਵਾ ਕਰਵਾਈ ਸੀ। ਡਿਉੜੀ ਦੇਖ ਕੇ ਸ੍ਰੀ ਰਾਜ ਜੀ ਕਹਿਣ ਲਗੇ ਕਿ ਮਲਕ ਸਾਹਿਬ ਉਪਰ ਬੀ architecture (ਇਮਾਰਤੀ ਹੁਨਰ) ਦਾ ਕੰਮ ਕਰਦੇ ਹੋਣਗੇ? ਤਦ ਆਪ ਫੁਰਮਾਉਣ ਲਗੇ:-

“ਤਹ ਗੀਤ ਨਾਦ ਅਖਾਰੇ ਸੰਗਾ॥

ਊਹਾ ਸੰਤ ਕਰਹਿ ਹਰਿ ਰੰਗਾ॥” {ਸੂਹੀ: ਮ: ੫-੧੨}

ਫੇਰ ਕੁਝ ਮਿੰਟ ਚੁਪ ਰਹਿ ਕੇ ਕਹਿਣ ਲਗੇ :- ਹੁਣ ਮਲਕ ਸਾਹਿਬ

ਨੂੰ ਕਹੋ ਖਾਂ ਸੇਵਾ ਕਰਨ?’ ਇਸ ਇਕ ਫਿਕਰੇ ਨੇ ਲੇਖਕ ਦੇ ਜੀਵਨ ਦੀ ਕਾਇਆਂ ਹੀ ਪਲਟ ਦਿਤੀ ਤੇ ਸਤਿਗੁਰੂ ਜੀ ਦਾ ਇਹ ਪਾਵਨ ਫੁਰਮਾਉਣ:-

“ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ

ਜਾਇ ਮਿਲੀਐ ਰਾਮ ਮੁਰਾਰੀ ॥” {ਰਾਮ: ਮ: ੩ ਅਸਟ-੨੫} ਦ੍ਰਿੜ ਹੋ ਗਿਆ।

ਮਾਹਰੂ ਲੰਗਰ

ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਇਕ ਗ੍ਰੰਥੀ ਸਿੰਘ ਜੀ, ਉਚੇ, ਲੰਮੇ, ਦਿਦਾਰੀ, ਨਾਮ ਬਾਣੀ ਦੇ ਪ੍ਰੇਮੀ, ੩੦ ਸਾਲਾਂ ਤੋਂ ਸੇਵਾ ਕਰ ਰਹੇ ਸਨ। ਉਨ੍ਹਾਂ ਦਾ ਨਾਮ ਰਣਜੀਤ ਸਿੰਘ ਜੀ ਸੀ। ਘਾਲ ਇਤਨੀ ਕਿ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਬਾ ਦਿਲੀ) ਬਣਨ ਤੋਂ ਪਹਿਲੇ ਸਾਈਕਲ ਪਰ ਮਣ ਦੋ ਮਣ ਆਟਾ ਰੋਜ਼ ਗਜ਼ਾ ਕਰ ਲਿਆਉਂਦੇ ਤੇ ਲੰਗਰ ਛਕਾਉਂਦੇ । ਹੁਣ ਕਮੇਟੀ ਦੇ ਇੰਤਜ਼ਾਮ ਵਿਚ ਆਪ ਦਖਲ ਨ ਸੇ ਦੇਂਦੇ ਪਰ ਮਨ ਵਿਚ ਚਾਅ ਸੀ ਕਿ ਕੋਈ ਯਾਤਰੂ ਜਾਂ ਕੋਈ ਬੀ ਗੁਰਦੁਆਰਾ ਸਾਹਿਬ ਤੋਂ ਵਕਤ ਬੇਵਕਤ ਬੀ ਭੁਖਾ ਨਾ ਜਾਏ। ਇਸ ਦਾ ਬੰਦੋਬਸਤ ਆਪ ਨੇ ਇਹ ਕੀਤਾ ਸੀ ਕਿ ਛੋਲੇ ਭੁਨਾ ਕੇ ਟੀਨ ਭਰ ਕੇ ਰਖਿਆ ਹੋਇਆ ਸੀ। ਲੰਗਰ ਦੇ ਸਮੇਂ ਤੋਂ ਅਗੇ ਪਿਛੇ ਜੋ ਸੰਗਤ ਆਵੇ ਉਸ ਨੂੰ ਇਹ ਖਾਲਸਈ ਬਦਾਮਾਂ ਦਾ ਲੰਗਰ ਦੇਂਦੇ ਤੇ ਇਸ ਨੂੰ ‘ਮਾਹਰ ਲੰਗਰ ਕਰਕੇ ਕੂੰਦੇ।

ਇਹ ਮਾਹਰੂ ਲੰਗਰ ਚਲਾਇਆ ਹੋਇਆ ਹੈ ਗ੍ਰੰਥੀ ਸਿੰਘ ਜੀ ਨੇ, ਇਹ ਜਾਣ ਕੇ ਕਿ ਕੋਈ ਗੁਰਦੁਆਰਾ ਸਾਹਿਬ ਤੋਂ ਭੁਖਾ ਨ ਜਾਏ। ਇਸ ਪਰ ਭਾਈ ਸਾਹਿਬ ਜੀ ਬੜੇ ਖੁਸ਼ ਹੋਏ ਤੇ ਆਪ ਨੇ ਜੇਬ ਵਿਚ ਹਥ ਪਾ ਕੇ ਜਿਤਨੇ ਨਵੇਂ ਨੋਟ* ਹਥ ਵਿਚ ਆ ਗਏ ਸਾਰੇ ਹੀ ਦੇ ਦਿਤੇ ਤੇ ਬੜੀ ਅਸੀਸ ਦਿਤੀ।

ਆਪ ਦਾ ਦਰਸ਼ਨ ਕਰਦੇ ਹੀ ਗ੍ਰੰਥੀ ਜੀ, ਜੋ ਬੜੇ ਚਾਓ ਵਿਚ ਆ ਗਏ ਸਨ, ਬੇਨਤੀ ਕੀਤੀ ਕਿ, ‘ਆਪ ਉਪਰ ਚਲੋ,। ਜਦ ਗ੍ਰੰਥੀ ਸਿੰਘ ਜੀ ਨੇ ਖਾਲਸਈ ਬਦਾਮਾਂ ਦਾ ਭਰਿਆ ਟੀਨ ਆਪ ਜੀ ਨੂੰ ਦਿਖਾਇਆ ਤਦੋਂ ਆਪ ਪਉੜੀਆਂ ਚੜ੍ਹ ਕੇ ਗ੍ਰੰਥੀ ਸਿੰਘ ਜੀ ਦੇ ਸਿਮਰਨ ਰੂਮ ਵਿਚ, ਉਹਨਾਂ ਦੀ ਇਛਾ ਪੂਰੀ ਕਰਨ ਆਏ ਸਨ।

ਪਉੜੀਆਂ ਚੜ੍ਹਨ ਤੋਂ ਪਹਿਲੇ ਨਾਲ ਵਾਲਿਆਂ ‘ਚੋਂ ਕਿਸੇ ਨੇ ਕਿਹਾ, ਕਿ ਪਉੜੀਆਂ ਚੜ੍ਹਨ ਦੀ ਆਪ ਜੀ ਨੂੰ ਖੇਚਲ ਹੋਵੇਗੀ।’ ਵਿਚੋਂ ਹੀ ਗ੍ਰੰਥੀ ਸਿੰਘ ਜੀ ਬੋਲੇ, ‘ਜੇ ਆਪ ਉਤੇ ਨਹੀਂ ਚੜ੍ਹਨਗੇ ਤਦ ਮੈਨੂੰ ‘ਤਾਂਹ ਕਿਵੇਂ ਚੜ੍ਹਾਉਣਗੇ?” ਆਪ ਸਹਿਜੇ-ਸਹਿਜੇ ਬੁਰਜ ਨੁਮਾ ਸਿਮਰਨ ਰੂਮ ਵਿਚ ਪੁਜ ਗਏ ਤੇ ਜਿਸ ਆਸਣ ਪਰ ਗ੍ਰੰਥੀ ਸਿੰਘ ਜੀ ਬੈਠਕੇ ਸਿਮਰਨ ਕਰਦੇ ਸਨ ਉਸ ਦੇ ਸਾਹਮਣੇ ਬੈਠਕੇ ਤੇ ਨਾਲਦਿਆਂ ਨੂੰ ਬਿਠਾਕੇ ਆਪ ਨੇ ਲਗਪਗ ਪੰਜ-ਸਤ ਮਿੰਟਾਂ ਲਈ ਨਿਰੰਤਰ ਸਿਮਰਨ ਕੀਤਾ ਤੇ ਫੁਰਮਾਇਆ:-

“ਸਫਲ ਸਫਲ ਭਈ ਸਫਲ ਜਾਤਾ॥” {ਧਨਾ: ਮ: ੫-੩}

ਨਾਮ ਬਾਣੀ ਵਾਲੇ ਨੂੰ (introspection)

ਅੰਦਰ ਝਾਤੀ ਮਾਰਨੀ ਚਾਹਯੇ 

“ਸੰਤਨ ਕੇ ਹਮ ਉਲਟੇ ਸੇਵਕ

ਭਗਤਨ ਤੇ ਡਰ ਪਾਵਉ॥” {ਧਨਾ: ਨਾਮ:-੨}

ਅਰਥਾਤ ਸੰਸਾਰਕ ਰਾਜਿਆਂ ਤੋਂ ਉਲਟ ਕੇ ਅਸੀਂ ਸਚੇ ਸੰਤਾਂ ਦੇ ਸੇਵਕ ਬਣ ਗਏ ਹਾਂ ਤੇ ਭਗਤਾਂ ਤੋਂ ਸਦਾ ਡਰ ਕੇ ਰਹਿੰਦੇ ਹਾਂ ਕਿਉਂਕਿ ਰਬ ਜੀ ਕਹਿੰਦੇ ਹਨ:-

“ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੇ ਮੋਹਿ॥ ਏਕ ਸਮੈ ਮੋਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ॥” ਸਾਰ: ਨਾਮ:-੩)

(ੳ) ਇਕ ਨਾਮ ਬਾਣੀ ਵਾਲੇ ਕਿਸੇ ਦੇ ਘਰ ਆਏ। ਘਰ ਵਾਲੇ ਬੀ ਚੰਗੇ ਨਾਮ-ਰਸੀਏ ਸਨ। ਦੁਪਹਿਰ ਦਾ ਸਮਾਂ ਸੀ ਆਰਾਮ ਕਰ ਰਹੇ ਸਨ। ਨੌਕਰ ਨੇ ਆਉਣ ਵਾਲੇ ਸੰਤ ਜੀ ਨੂੰ ਕਿਹਾ, ‘ਆਪ ਜੀ ਅਧਾ ਕੁ ਘੰਟਾ ਇਥੇ ਕੁਰਸੀ ਪਰ ਬੈਠ ਜਾਉ। ਹੁਣੇ ਆਰਾਮ ਕਰਨ ਗਏ ਨੇ ਮੈਂ ਜਗਾ ਲਿਆਉਂਦਾ ਹਾਂ।

ਆਉਣ ਵਾਲੇ ਸੰਤ ਪੰਦਰਾਂ ਕੁ ਮਿੰਟ ਇੰਤਜ਼ਾਰ ਕਰਕੇ ਬਿਨਾਂ ਦਸੇ ਟੁਰ ਗਏ, ਹਾਲਾਂਕਿ ਉਹਨਾਂ ਪਾਸ ਸਮਾਂ ਸੀ ਤੇ ਠਹਿਰ ਸਕਦੇ ਸਨ।

ਭਾਈ ਸਾਹਿਬ ਜੀ ਨੇ ਦਸਿਆ ਕਿ ਆਉਣ ਵਾਲੇ ਨਾਮੀ ਪੁਰਸ਼ ਜੀ ਨੂੰ ਸ੍ਵੈ-ਪਰੀਖਣ (introspection) ਚਾਹੀਦੀ ਸੀ ਕਿ ਨਾਮ ਦੇ ਹੁਲਾਰੇ ਨਾਲ ਵਧਿਆ ਦਿਲ ਕਿਤੇ ਅਹੰਕਾਰ ਦੀ ਸੀਮਾ ਵਲ ਤਾਂ ਨਹੀਂ ਨਾ ਸੁਟਣ ਲਗਾ ਤੇ ਫ਼ੁਰਮਾਇਆ ਕਿ ਕੋਈ ਬੀ ਨਾਮ ਰਸੀਆ ਕਿਸੇ ਗਲ ਤੋਂ ਉਦਾਸ ਨਹੀਂ ਹੋਣਾ ਚਾਹੀਏ। ਇਸ ਪਰ ਆਪ ਜੀ ਸਹਿਜ ਸੁਭਾਏ ਘਰ ਵਾਲਿਆਂ ਨੂੰ ਨਾਲ ਲੈ ਕੇ ਸੰਤਾਂ ਦੇ ਟਿਕਾਣੇ ਗਏ ਤੇ ਉਹਨਾਂ ਨੂੰ ਖੁਸ਼ ਕੀਤਾ ਤੇ ਜਦ ਆਪ ਦੇ ਪਿਆਰ ਵਿਚ ਪਿਘਲ ਕੇ ਉਹਨਾਂ ਨੇ ਪੂਰਨ ਖੁਸ਼ੀ ਦਿਤੀ ਤਦ ਆਪ ਜੀ ਨੂੰ ਸੰਤੁਸ਼ਟਤਾ ਹੋਈ।

(ਅ) ਫਰਵਰੀ ੧੯੫੫ ਵਿਚ ਆਪ ਜੀ ਬੰਬਈ ਤੋਂ ਡੇਹਰਾਦੂਨ ਗਏ। ਮਾਰਚ ਵਿਚ ਇਕ ਜਿਗਿਆਸਾ ਵਾਲਾ ਗੱਭਰੂ, ਘਰ ਵਾਲਿਆਂ ਦੀ ਰੋਕ ਤੋਂ ਡਰ ਕੇ, ਆਪ ਪਾਸ ਬਿਨਾਂ ਦਸੇ ਦੇ ਚਲਾ ਗਿਆ ਤਦ ਆਪ ਨੇ ਫੁਰਮਾਇਆ:- ‘ਅੰਦਰ ਬੈਠਦੇ ਹਾਂ ਤਦ ਪਿਆਸ ਲਗਦੀ ਹੈ, ਬਾਹਰ ਧੁਪ ਵਿਚ ਬੈਠਿਆਂ ਮਾਨੋਂ ਬੁਝ ਗਈ ਹੈ।’

‘ਅੰਦਰ ਬੈਠਿਆਂ, ਗ੍ਰਹਿਸਤ ਦੇ ਫਰਜ਼ ਪੂਰੇ ਕਰਦਿਆਂ ਜੋ ਟਾਕਰੇ ਪੈਂਦੇ ਹਨ ਸੁਰਤ ਨੂੰ, ਉਹਨਾਂ ਨੂੰ ਜ਼ੇਰ ਕਰਨ ਦੇ ਉਦਮ ਵਿਚ, ਸਾਂਈਆਂ ਜੀ ਦੀ ਜੋ ਅਰਸ਼ੋਂ ਮਦਦ ਮਿਲਦੀ ਹੈ ਉਸ ਸਾਂਈ-ਛੁਹ ਦੇ ਕਾਰਨ ਰਬ ਜੀ ਨੂੰ ਮਿਲਣ ਦੀ ਚਾਹ ਬਣੀ ਰਹਿੰਦੀ ਹੈ ਪਰ ਗ੍ਰਹਿਸਤ ਦੇ ਫਰਜ਼ ਟੰਟੇ ਸਮਝਕੇ ਉਸ ਦੀ ਰੱਖਿਅਕ ਚਾਰ-ਦਿਵਾਰੀ ਤੋਂ ਭਜ ਗਇਆਂ ਜਦ ਸਰੀਰਕ ਪਾਲਨਾ ਲਈ ਮੁਹਤਾਜੀਆਂ ਆ ਬਣਦੀਆਂ ਹਨ ਤਦ ਮੁਹਤਾਜੀ ਦਾ ਅੰਨ ਖਾ ਖਾ ਕੇ ਸੁਰਤ ਦਬੇਲ ਹੁੰਦੀ ਹੁੰਦੀ ਵਿਸ਼ੇ-ਆਸ਼ਕਤਾ ਦੀ ਨੀਚਤਾ ਤਕ ਜਾ ਪਹੁੰਚਦੀ ਹੈ। ਉਦੋਂ ਰਬ ਜੀ ਕਿਥੇ?’

(ੲ) ਆਪ ਗਲ ਬਾਤ ਵਿਚ ਹਮੇਸ਼ਾਂ ਸਮਝੌਤੀ (parables) ਨਾਲ ਜਾਂ ਹੋ ਬੀਤੀਆਂ ਨਾਲ ਦੇਂਦੇ ਸਨ ਤੇ ਜਿਵੇਂ-ਜਿਵੇਂ ਉਨ੍ਹਾਂ ਨੂੰ ਅਮਲ ਵਿਚ ਘਟਾਉਂਦੇ ਘਟਾਉਂਦੇ ਆਜ਼ਮਾਇਸ਼ ਵਿਚ ਲਿਆਈਦਾ ਸੀ ਭੇਦ ਦਰ ਭੇਦ ਖੁਲਦੇ ਜਾਂਦੇ ਸਨ। ਇਕ ਦਿਨ ਆਪ ਜੀ ਨੇ ਖ਼ੁਦ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਐਉਂ ਫੁਰਮਾਇਆ ਸੀ:-

ਗੁਰੂ ਨਾਨਕ ਕੀ ਬਾਤ ਮੇਂ ਬਾਤ ਬਾਤ ਮੇਂ ਬਾਤ। ਜੈਸੇ ਗੋਭੀ ਕੇ ਪਾਤ ਮੇਂ ਪਾਤ ਪਾਤ ਮੇਂ ਪਾਤ। ਇਕ ਮਾਈ ਸੀ ਬੜੀ ਸ਼ਰਧਾ ਵਾਲੀ (devoted)। ਉਸ ਨੂੰ ਰਬ ਜੀ ਦੇ ਮਿਲਣ ਦੀ ਚਾਹ ਅਥਾਹ ਸੀ। ਉਹ ਆਪਣੇ ਖਾਵੰਦ ਦੀ ਤੀਜੀ ਵਹੁਟੀ ਸੀ। ਇਕ ਬਨਾਉਟੀ ਸੰਤ ਜੀ ਨੇ ਉਹਨੂੰ ਕਿਹਾ, ‘ਗ੍ਰਹਿਸਤ ਵਿਚ ਜੰਜਾਲ ਹਨ। ਚਲੋ ਤੁਸਾਂ ਨੂੰ ਹਰੀਦੁਆਰ ਗਹਿਬਰ ਬੰਨਾਂ ਵਿਚ ਲੈ ਚਲੀਏ, ਉਥੇ ਇਕ ਚਿਤ ਹੋ ਕੇ ਸਿਮਰਨ ਕਰਨਾ।’ ਇਹ ਗਲ ਲਗਪਗ ਪੱਕੀ ਹੋ ਗਈ ਸੀ ਕਿ ਕਿਸੇ ਨੇ ਭਾਈ ਸਾਹਿਬ ਜੀ ਨੂੰ ਆ ਕੇ ਦਸਿਆ। ਆਪ ਜੀ ਦਾ ਹਿਰਦਾ ਪਿਘਲ ਗਿਆ ਤੇ ਕਹਿਣ ਲਗੇ ਹਛਾ ਉਸ ਨੂੰ ਬੁਲਾ ਲਵੋ। ਉਸਦੇ ਆਣ ਪਰ ਆਪ ਨੇ ਉਸ ਦੀ ਨਿਰਛਲਤਾ ਤੇ ਰਬ-ਦਰਸ ਦੀ ਪਿਆਸ ਦਾ ਹਾਲ ਸੁਣਿਆ। ਜਦ ਉਹ ਸਾਰੀ ਆਪਣੀ ਰਾਮ ਕਹਾਣੀ ਸੁਣਾ ਚੁਕੀ ਤਦ ਉਸ ਨੇ ਪੁਛਿਆ: ਕੀ ਮਾਨਸ ਜਨਮ ਰੋਜ਼ ਮਿਲਣਾ ਹੈ? ਜਦ ਨਾਮ ਸਿਮਰਨ ਐਨਾ ਅਮੁਲ ਹੈ ਤਦ ਕਿਉਂ ਨਾ ਇਕ ਇਕ ਸਵਾਸ ਨਾਮ ਵਿਚ ਲਗਾਈਏ।’ ਇਹ ਸੁਣ ਕੇ ਆਪ ਹਸ ਪਏ, ਫੇਰ ਯਕਦਮ ਚੁਪ ਹੋ ਗਏ, ਅਤਿ ਗੰਭੀਰ ਹੋ ਗਏ।

ਉਸਨੇ ਪੁਛਿਆ, ‘ਤੁਸੀਂ ਦਸੋ ਕਿ ਕੀ ਹੋਵੇਗਾ?’ ਆਪ ਜੀ ਨੇ ਕਿਹਾ: ‘ਘਰ ਛੱਡ ਕੇ ਨਾਮ ਤਾਂ ਜਪਿਆ ਨਹੀਂ ਜਾਣਾ ਤੇ ਅੰਤ ਕਿਸੇ ਭੈੜੀ ਬਿਮਾਰੀ ਨਾਲ ਵੇਸ਼ਵਾ ਵਾਲਾ ਹਾਲ ਹੋਣਾ ਹੈ।’

ਇਹ ਸੁਣ ਕੇ ਉਹ ਕੰਬ ਉਠੀ ਤਦ ਆਪ ਜੀ ਨੇ ਕੁਝ ਕੁ ਹੋ ਬੀਤੀਆਂ ਅੰਮ੍ਰਿਤਸਰ ਦੀਆਂ ਹੀ ਸੁਣਾਈਆਂ। ਤਦ ਉਸ ਨੇ ਅਮੰਨਾ ਕੀਤਾ ਤੇ ਘਰੋਂ ਨੱਲ੍ਹਣ ਦਾ ਸੰਕਲਪ ਤਿਆਗ ਦਿਤਾ। ਪਰ ਅਜੇ ਡਾਵਾਂ-ਡੋਲ ਸੀ। ਇਸ ਪਰ ਆਪ ਨੇ ਕਿਹਾ ਕਿ ਜੇ ਉਹ ਸਚੇ ਸੰਤ ਹਨ ਤੇ ਸਮ ਦ੍ਰਿਸ਼ਟੀ ਹਨ ਤਾਂ ਉਹਨਾਂ ਨੂੰ ਕਹਿਣਾ ਕਿ ਤੁਹਾਡੀ ਚੂਹੜੀ ਨੂੰ ਨਾਲ ਲੈ ਜਾਣ ਤੇ ਨਾਮ ਜਪਾਉਣ। ਜੇ ਨਾਮ ਜਪਾਉਣਾ ਹੀ ਅੰਦਰਲਾ ਇਰਾਦਾ ਹੋਇਆ ਤਦ ਖਿਝਣਗੇ ਨਹੀਂ ਤੇ ਜੇ ਰੂਪ ਪਰ ਬੁਰੀ ਦ੍ਰਿਸ਼ਟੀ ਹੋਈ ਤਦ ਤਪ ਉਠਣਗੇ।

ਦੂਜੇ ਦਿਨ ਜਦ ਮਾਈ ਉਹਨਾਂ ਸੰਤਾਂ ਨੂੰ ਪ੍ਰਸ਼ਾਦਾ ਛਕਾ ਚੁਕੀ ਤਦ ਉਸ ਨੇ ਐਉਂ ਹੀ ਕਿਹਾ। ਤਦ ਸੰਤ ਸੌ ਸੌ ਮਣ ਦੇ ਫਕੜ ਤੋਲਣ। ‘ਸੰਤ ਤੇ ਇਹ ਗੁੱਸਾ? ਵੇਖ ਕੇ ਮਾਈ ਦਾ ਨਿਸ਼ਚਾ ਕਾਫੂਰ ਹੋ ਗਿਆ ਤੇ ਉਹ ਘਰ ਵੱਸ ਗਈ। ਨਾਲੇ ਹਰਿਮੰਦਰ ਸਾਹਿਬ ਕੀਰਤਨ ਸੁਣਨ ਆਵੇ ਨਾਲੇ ਜਿਤਨਾ ਸਮਾਂ ਮਿਲਦਾ ਨਾਮ ਜਪ ਲਏ।

ਕੁਝ ਕੁ ਦਿਨਾਂ ਬਾਅਦ ਉਸ ਬੀਬੀ ਦੇ ਪਤੀ ਆਪ ਜੀ ਨੂੰ ਬਾਜ਼ਾਰ ਵਿਚ ਮਿਲ ਗਏ। ਰੋਈ ਜਾਣ ਤੇ ਕਹਿਣ:-ਬੀਬਾ! ਤੁਸੀਂ ਮੇਰਾ ਘਰ ਬਚਾ ਲਿਆ ਹੈ। ਨਹੀਂ ਤੇ ਇਸ ਉਮਰ ਵਿਚ ਨਿਕੇ-ਨਿਕੇ ਤਿੰਨ ਬਾਲਾਂ ਨਾਲ ਮੇਰੀ ਜ਼ਿੰਦਗੀ ਅਵਾਜ਼ਾਰ ਹੋ ਜਾਂਦੀ।’ ਇਹ ਸੁਣ ਕੇ ਭਾਈ ਸਾਹਿਬ ਜੀ ਨੇ ਕਿਹਾ: ‘ਇਹ ਰਬ ਜੀ ਦਾ ਸਾਡੇ ਪ੍ਰਤੀ ਇਨਾਮ ਸੀ ਫਿਰ ਡਿਊਟੀ ਬੀ ਸੀ।’ ਉਸ ਬਜ਼ੁਰਗ ਜੀ ਨੇ ਕਿਹਾ: ‘ਪਰ ਮੇਰਾ ਹੱਕ ਬੀ ਤੇਰੇ ਪਰ ਸੀ। ਮੇਰੇ ਦਾਦਾ ਨੇ ਤੁਹਾਡੇ ਬਾਬਾ ਜੀ ਤੋਂ ‘ਨਾਮ’ ਲਿਆ ਸੀ।’

ਨਿਰਗੁਣ ਉਪਾਸਨਾ

ਭਾਈ ਸਾਹਿਬ ਜੀ ਨੇ ਦਸਿਆ ਕਿ ਇਕ ਦਿਨ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਉਸੇ ਰੰਗ ਵਿਚ ਸਰਸ਼ਾਰ ਆ ਰਹੇ ਸਾਂ ਤਦ ਇਕ ਬਜ਼ੁਰਗ ਪੰਡਤ ਜੀ, ਜੋ ਅਭਿਆਸੀ ਤੇ ਨੇਕ ਸਨ, ਮਿਲੇ। ਨੇੜੇ ਆ ਕੇ ਕਹਿਣ ਲਗੇ, ‘ਆਪ ਨਿਰਗੁਣ ਕੇ ਉਪਾਸ਼ਕ ਹੈਂ, ਦਿਲ ਕੋ ਕੈਸੇ ਧਰਵਾਸ ਮਿਲਤੀ ਹੋਗੀ ??

‘ਤੋ ਆਪ ਜੀ ਨੇ ਕ੍ਰਿਸ਼ਨ ਜੀ ਕਾ ਸਾਖਸ਼ਾਤ ਦਰਸ਼ਨ ਕੀਆ ਹੈ ?’ ਅਸਾਂ ਉਹਨਾਂ ਤੋਂ ਪੁਛਿਆ।

ਇਹ ਸੁਣ ਕੇ ਪੰਡਤ ਜੀ ਦੇ ਹੰਝੂ ਭਰ ਆਏ ਤੇ ਕਹਿਣ ਲਗੇ, ‘ਬੇਟਾ! ਯਹੀ ਤੋ ਦੁਖ ਕੀ ਬਾਤ ਹੈ, ਯਹੀ ਤੋ ਦੁਖ ਕੀ ਬਾਤ ਹੈ।’ ਇਹ ਕਹੀ ਜਾਣ ਤੇ ਰੋਈ ਜਾਣ

ਦੁਨੀਆਂ ਛੱਡ ਗਿਆਂ ਸਮਾਂ ਨਹੀਂ ਬੀਤਦਾ

ਭਾਈ ਸਾਹਿਬ ਜੀ ਨੇ ਦਸਿਆ ਕਿ ‘ਅਸੀਂ ਡੇਹਰਾਦੂਨ ਰਾਮ ਰਾਏ ਜੀ ਦੇ ਡੇਹਰੇ ਗਏ। ਉਥੇ ਦੇਖਿਆ ਡਿਉੜੀ ਵਿਚ ਸੰਤ ਲੋਕ ਸੁਲਫ਼ੇ ਲਾ ਰਹੇ ਸਨ। ਗਾਂਜਾ ਪੀ ਰਹੇ ਸਨ। ਸਮਾਂ ਨਹੀਂ ਨਾ ਗੁਜ਼ਰਦਾ ਨੇ ਤਦ ਹੀ ਤੇ ਇਹ ਕਾਰਜ ਕਰਦੇ ਹਨ।’

‘ਵਾਹਿਗੁਰੂ ਜੀ ਦੇ ਮੇਲ ਦੀ ਲੀਨਤਾ ਵਾਲੀ ਤਾਂ ਕੋਈ ਛਿਨ ਹੁੰਦੀ ਹੈ। ਪਿਆਰ ਦਾ ਉਮਗਦਾ ਵੇਗ ਬੀ ਕੋਈ ਘੜੀ ਪਲ ਦਾ ਹੁੰਦਾ ਹੈ। ਹਾਂ ਕੋਈ ਕੋਈ ਸੰਤ ਉਹਨਾਂ ਪ੍ਰੇਰਣਾਰਥਕ ਛਿਣਾਂ (Inspired moments) ਨੂੰ ਲੰਮਕਾਉਣਾ ਸਿਖ ਲੈਂਦੇ ਹਨ।*’

ਬਾਕੀ ਦਾ ਸਮਾਂ ਜੇਕਰ ਕੋਈ ਸਰੀਰਕ ਰੁਝੇਵੇਂ ਨਾ ਹੋਣ ਤਦ ਬੰਦਾ ਔਝੜ ਪੈ ਜਾਂਦਾ ਹੈ। ਘਰ ਵਿਚ ਰਹਿੰਦਿਆਂ ਜੇਕਰ ਕਿਸੇ ਵੇਲੇ ਰਬ ਜੀ ਵਿਚ ਦਿਲ ਨਾ ਲਗਿਆ ਤਾਂ ਬਚਿਆਂ ‘ਚ ਖੇਲ ਲਿਆ। ਫੇਰ ਉਪਰਾਮ ਹੋ ਕੇ ਪਛੁਤਾਕੇ ਕਿ ਏਡਾ ਸਮਾਂ ਸੰਸਾਰਕ ਰੁਝੇਂਵਿਆਂ ਵਿਚ ਗੁਆ ਦਿਤਾ ਹੈ ਸਗੋਂ ਮਨ ਦੂਣਾ ਲਗਦਾ ਹੈ।

“ਸੰਤ ਕਾ ਮਾਰਗੁ ਧਰਮ ਕੀ ਪਉੜੀ

ਕੋ ਵਡਭਾਗੀ ਪਾਏ॥” {ਸੋਰਠ: ਮ: ੫-੫੨}

ਬੱਚੇ ਜੋ ਪੈਦਾ ਕੀਤੇ ਹਨ, ਜੀਵ ਜੋ ਦੁਨੀਆਂ ਵਿਚ ਲੈ ਆਂਦੇ ਹਨ, ਜਿਨ੍ਹਾਂ ਆਤਮਾਵਾਂ ਦੇ ਮੂੰਹ ਅਦਿਸ ਸੰਸਾਰ ਚੋਂ ਲਿਆ ਖੋਲ੍ਹੇ ਹਨ, ਉਹਨਾਂ ਨੂੰ ਖੁਆਉਣਾ ਬੀ ਹੈ, ਰੋਜ਼ੀ ਜੋਗੇ ਬੀ ਕਰਨਾ ਹੈ। ਸੋ ਸਚੀ ਸੰਤਿਤਾਈ ਦਾ ਰਸਤਾ ਫਰਜ਼ ਪੂਰੇ ਕਰਕੇ ਨਾਮ ਜਪਣਾ, ਵੰਡ ਛਕਣਾ ਹੈ।”

ਹਉਮੈ ਬੂਝੈ ਤਾ ਦਰ ਸੂਝੈ॥

ਭਾਈ ਸਾਹਿਬ ਜੀ ਨੇ ਫੁਰਮਾਇਆ: ‘ਹਉਮੈ ਨੂੰ ਬੁਝ ਲਈਏ ਤਦ ਰਬ ਜੀ ਦੇ ਦਰ ਦੀ ਸੂਝ ਆਉਂਦੀ ਹੈ।’

“ਇਕ ਬੀਬੀ ਹੈ। ਉਹਨੂੰ ਚੂਹੜੀ ਆ ਕੇ ਕਹਿੰਦੀ ਹੈ ਕਿ, ‘ਬੀਬੀ ਤੂੰ ਬੜੀ ਚੰਗੀ ਹੈਂ, ਗਰੀਬ ਪਰਵਰ ਹੈਂ, ਦੁਖੀਆਂ ਦਾ ਸਹਾਰਾ ਹੈਂ, ਸਾਡੇ ਨੀਚਾਂ ਦੀ ਤਾਂ ਮਾਂ-ਬਾਪ ਹੈਂ।’ ਪਰ ਮਾਂ ਉਸੇ ਬੀਬੀ ਦੀ ਕਿਸੇ ਉਕਾਈ ਕਾਰਨ ਗੁੱਸਾ ਕਰਦੀ ਹੈ ਤਦ ਉਸ ਬੀਬੀ ਨੂੰ ਚੂਹੜੀ ਵਧੇਰੇ ਚੰਗੀ ਲਗਦੀ ਹੈ ਤੇ ਮਾਂ ਬੁਰੀ; ਹਾਲਾਂਕਿ ਮਾਂ ਭਲਾ ਲੋਚਦੀ ਹੈ ਤੇ ਚੂਹੜੀ ਦੀ ਤੱਕ ਉਸ ਅਠ ਆਨੇ ਪਰ ਹੈ ਜੋ ਉਸ ਨੇ ਗੱਲਾਂ ਨਾਲ ਰਿਝਾ ਕੇ ਬਖਸ਼ੀਸ਼ ਲੈਣੀ ਹੈ। ਇਹ ਅਸਲ ਵਿਚ ਹਉਮੈ ਕਰਕੇ ‘ਆਪਾ-ਸਲਾਹੁਣੇ ਦੀ ਇਨਸਾਨੀ ਕਮਜ਼ੋਰੀ ਹੈ, ਜਿਸ ਨੂੰ ਸਾਧਕ ਨੇ ਜਿੱਤਣਾ ਹੈ।”

ਪੰਜਾਂ ਦੀ ਸਿਥਲਤਾ

ਆਪਜੀ ਨੇ ਫੁਰਮਾਇਆ: “ਇਹ ਠੀਕ ਹੈ ਕਿ ਜੰਗਲ ਜਾ ਕੇ ਇਕ ਤਰ੍ਹਾਂ ਨਾਲ ਸਾਰੀਆਂ ਚੀਜ਼ਾਂ ਆਪੇ ਫਤਹਿ ਹੋ ਜਾਂਦੀਆਂ ਹਨ।

(ੳ) ਕਾਮ ਦੀ ਅਜ਼ਮਾਇਸ਼ ਹੀ ਸ਼ਾਇਦ ਨਾ ਪਵੇ।

(ਅ) ਕ੍ਰੋਧ ਕਿਸ ਪਰ ਕਰੇਗਾ-ਰੁੱਖਾਂ, ਪਥਰਾਂ ਕਿ ਪਰਿੰਦਿਆਂ ਪਰ ?

(ੲ) ਲੋਭ ਦੇ ਮੌਕੇ ਹੀ ਕਦ ਪੈਣੇ ਹਨ।

(ਸ) ਮੋਹ ਕਿਸ ਨਾਲ ਕਰੇਗਾ?

(ਹ) ਅਹੰਕਾਰ ਧਾਰਨ ਕਰਕੇ ਕਿਸ ਦੇ ਸਾਹਮਣੇ ਪ੍ਰਦਰਸ਼ਨ (show off) ਕਰੇਗਾ, ਬਫਾਵੇਗਾ? ਇਉਂ ਪੰਜਾਂ ਦੀ ਸਿਥਲਤਾ ਤਾਂ ਆ ਜਾਵੇਗੀ ਪਰ ਕੀ ਅਜ਼ਮਾਇਸ਼ ਵੇਲੇ ਇਹਨਾਂ ਤੋਂ ਉਪਰਾਮਤਾ ਟਿਕ ਸਕੇਗੀ? ਨਹੀਂ।”

‘ਪਰਵਾਨ ਗ੍ਰਹਿਸਤ-ਉਦਾਸ’

ਗੁਰੂ ਜੀ ਦੀ ਮੋਹਰ ਤਿਆਗ ਪਰ ਕੀਕੂੰ ?

(ੳ) ਭਾਈ ਸਾਹਿਬ ਜੀ ਨੇ ਫੁਰਮਾਇਆ: “ਸੰਤ ਸੰਪੂਰਨ ਸਿੰਘ ਜੀ ਇਕ ਵੇਰ ਗੇਰੂ ਰੰਗ ਰੰਗਿਆ ਵਡਾ ਚੋਗਾ ਪਾ ਕੇ ਆਏ ਤੇ ਕਹਿਣ ਲਗੇ, ‘ਅਸੀਂ ਉਦਾਸੀਨ ਮਤ ਧਾਰਨ ਕੀਤਾ ਹੈ ਅਸਾਂ ਪੁਛਿਆ: ‘ਕਿਸ ਪਾਸੋਂ ਆਪ ਨੇ ਭੇਖ ਲਿਤਾ ਹੈ’ ? ਸੰਤਾਂ ਕਿਹਾ: ‘ਸ੍ਰੀ ਗੁਰੂ ਅਰਜਨ ਦੇਵ ਜੀ ਤੋਂ। ਉਹਨਾਂ ਦੇ ਦਰਬਾਰ ਸਾਹਿਬ ਤਰਨ ਤਾਰਨ ਹਾਜ਼ਰ ਹੋ ਕੇ ਇਹ ਬਾਣਾ ਪਾਇਆ ਹੈ।’

ਅਸਾਂ ਪੁਛਿਆ: ‘ਪਰ ਗੁਰੂ ਜੀ ਤੇ ਗ੍ਰਹਿਸਤੀ ਸਨ। ਉਹਨਾਂ ਦੀ ਇਸ ਬਾਣੇ ਪਰ ਮੋਹਰ ਕੀਕੂੰ? ਇਸ ਸਵਾਲ ਨੇ ਆਪ ਨੂੰ ਸੋਚੀਂ ਪਾ ਦਿਤਾ। ਜਵਾਬ ਨਾ ਦੇ ਸਕੇ।

(ਅ) “ਹਾਂ ਅਤੀਤ ਸਾਧੂ ਬੀ ਹੋਏ ਹਨ ਚੰਗੇ ਚੰਗੇ। ਇਕ ਸਨ ਸੰਤ ਭੋਲਾ ਸਿੰਘ ਜੀ ਸ੍ਰੀ ਤਰਨ ਤਾਰਨ ਸਾਹਿਬ ਵਾਲੇ ਜਿਨ੍ਹਾਂ ਨੇ ਅਠਾਰਾਂ ਵਰ੍ਹੇ ਆਪਣੇ ਨਾਮ ਦਾਤਾ ਜੀ ਦੀ ਸੇਵਾ ਕੀਤੀ। ਤਰਨ ਤਾਰਨ ਸਾਹਿਬ ਉਹਨਾਂ ਦੇ ਡੇਰੇ ਜੋ ਚੂਨਾ ਲਗਿਆ ਹੈ ਸਾਰਾ ਆਪ ਨੇ ਆਪਣੀ ਹੱਥੀਂ ਪੀਠਾ ਹੈ। ਉਹਨਾਂ ਦੇ ਮੁਰਸ਼ਿਦ ਇਤਨੇ ਪੱਕੇ ਸਨ ਕਿ ਉਹਨਾਂ ਨੇ ਆਪਣੇ ਚੇਲੇ ਦੀ ਸਿੱਖਿਆ ਵਿਚ ਵਾਲ ਜਿਨ੍ਹਾਂ ਵੀ ਫ਼ਰਕ ਨਹੀਂ ਸੀ ਰਹਿਣ ਦਿਤਾ। ਇਕ ਦਿਨ ਸੰਤ ਜੀ ਸੁਚੇਤ ਹੋ ਕੇ ਆਏ ਤੇ ਦੂਰੋਂ ਆਵਾਜ਼ ਦਿਤੀਓ ਨੇ,

‘ਕਾਕਾ! ਸੁਚੇ ਪਾਣੀ ਦੀ ਗਡਵੀ ਫੜ ਲਿਆਵੀਂ। ‘

ਭੋਲਾ ਸਿੰਘ ਜੀ ਕੋਈ ਪੁਸਤਕ ਪੜ੍ਹ ਰਹੇ ਸਨ ਤੇ ਉਹਨਾਂ ਨੇ ਉਠਦੇ ਉਠਦੇ ਜੋ ਪੈਰਾਗ੍ਰਾਫ (Paragraph) ਪੜ੍ਹ ਰਹੇ ਸਨ ਉਹ ਪੂਰਾ ਕਰ ਹੀ ਲਿਤਾ। ਐਉਂ ਮਿੰਟ ਕੁ ਲਗ ਗਿਆ ਹੋਸੀ, ਜਦ ਗਡਵੀ ਪਾਣੀ ਦੀ ਲੈ ਕੇ ਪੁਜੇ ਤਦ ਸੰਤ ਜੀ ਨੇ ਕਿਹਾ, ‘ਹੁਣ ਤਾਂ ਕਾਗਜ਼ ਦੇ ਜਹਾਜ਼ ਹੀ ਪਾਰ ਉਤਾਰਾ ਕਰਨਗੇ।’ ਤਦ ਭੋਲਾ ਸਿੰਘ ਜੀ ਨੂੰ ਆਪਣੀ ਉਕਾਈ ਦੀ ਸਮਝ ਆ ਗਈ ਕਿ ਕਿਵੇਂ ਉਹਨਾਂ ਦੀ ਸੁਰਤ ਜੀਊਂਦੀ ਜੀਵਨ-ਛੁਹ ਤੋਂ ਉਕ ਕੇ ਫ਼ਿਲਾਸਫ਼ੀ ਦੇ ਵੇਗ ਵਿਚ ਜਾ ਰੁਕੀ ਸੀ ਤੇ ਇਹ ਬੀ ਸਮਝ ਆ ਗਿਆ ਕਿ ਹੁਕਮ ਵਿਚ ਤਤਪਰ ਰਹਿਣਾ ਹੀ ਜੀਵਨ ਹੈ।

ਕੋਈ ਬੰਧਨ ਕੋਈ ਲਗਾਉ ਅਟਕ ਨਾਂਹ ਪਾ ਸਕੇ। ਐਹੋ ਜਿਹੇ ਅਤੀਤਾਂ ਨੂੰ ਬੀ ਸੰਸਾਰ ਉਧਾਰ ਦੇ ਪਰਵਿਰਤੀ ਦੇ ਕਾਰਜ ਕਰਨੇ ਪੈਂਦੇ ਹਨ। ਕੋਈ ੨੦੦੦ ਦਰਸ਼ਕ ਰੋਜ਼ ਡੇਹਰੇ ਆਉਂਦਾ ਸੀ। ਕਦੀ ਕਿਸੇ ਦਾ ਜੇਵਰ ਗੁੰਮ ਜਾਣਾ, ਚੰਗੇ ਦੇ ਹਥ ਆ ਗਿਆਂ ਲਭ ਪੈਣਾ ਤਾਂ ਉਹ ਸੰਤਾਂ ਨੂੰ ਪੜਤਾਲ ਕਰਕੇ ਦੇਣਾ ਪੈਂਦਾ।

(ੲ) “ਇਕ ਹੋਰ ਸੰਤ ਜੀ ਸਨ ਪਰਮ ਵੈਰਾਗੀ। ਬੜੇ ਲੰਮੇ ਉਚੇ ਸਦਾ ਸਾਫ਼ ਸੁਥਰੇ ਰਹਿਣ ਵਾਲੇ। ਉਹਨਾਂ ਦਾ ਸਾਰਾ ਸਾਮਾਨ ਇਕ ਜੋੜਾ ਕਪੜਿਆਂ ਦਾ ਤੇ ੧ ਸਾਬਣ ਦੀ ਚੱਕੀ ਹੁੰਦੀ ਸੀ। ਬੜੇ ਨਿਸ਼ਕਪਦ ਤੇ ਸੁਹਿਰਦ (sincere) ਸੰਤ ਸਨ। ਅਸੀਂ ਅਕਸਰ ਉਹਨਾਂ ਨੂੰ ਮਿਲਣ ਜਾਂਦੇ ਸੀ। ਇਕ ਦਿਨ ਗਏ ਦਰਵਾਜ਼ਾ ਬੰਦ ਸੀ ਸੋ ਸਿਹਰਾ ਜੋ ਨਾਲ ਲੈ ਗਿਆ ਸੀ ਉਹ ਦਹਿਲੀਜ਼ਾਂ ਤੇ ਰੱਖ ਕੇ ਵਾਪਸ ਆ ਗਿਆ। ਮੁੜ ਜਦ ਦੂਜੇ ਦਿਨ ਆਇਆ ਤਦ ਕਹਿਣ ਲਗੇ ਕਿ ‘ਆਪ ਨੇ ਦਰਵਾਜ਼ਾ ਕਿਉਂ ਨਾ ਖਟਕਾਇਆ’ ਤਦ ਬੇਨਤੀ ਕੀਤੀ, ‘ਸੁਖ ਲੈਣ ਆਇਆ ਸੀ ਪਰ ਦੁਖ ਨਹੀਂ ਸੀ ਦੇਣ ਆਇਆ।’ ਆਪ ਦੀ ਜੋ ਰਜ਼ਾ ਇਕਾਂਤ ਟਿਕਣੇ ਦੀ ਸੀ ਉਸ ਵਿਚ ਵਿਘਨ ਕਿਵੇਂ ਪਾਉਂਦਾ। ਉਹ ਬਾਰ-ਬਾਰ ਇਹੋ ਲਫਜ਼ ਕਹੀ ਜਾਣ:-

‘ਸੁਖ ਲੈਣ ਆਇਆ ਸੀ ਪਰ

ਦੁਖ ਨਹੀਂ ਸੀ ਦੇਣ ਆਯਾ’

ਫੇਰ ਕਹਿਣ ਲਗੇ ਤੁਹਾਡੇ ਲਈ ਕੋਈ ਰੋਕ ਨਹੀਂ। ਜੇ ਦਰਵਾਜ਼ਾ ਬੰਦ ਹੋਵੇ ਤਦ ਖੜਕਾ ਲਿਆ ਕਰੋ। ਫੇਰ ਉਹਨਾਂ ਨੇ ਕਿਹਾ, ‘ਬੇਟਾ! ਸਾਡੀ ਇਕ ਗਲ ਕਦੇ ਨਾ ਭੁਲੀਂ। ਗ੍ਰਹਿਸਤ ਕਦੇ ਨਾ ਛੱਡੀਂ। ਸਾਡਾ ਤਜਰਬਾ ਬੜਾ ਤਲਖ਼ ਹੈ। ‘ਅਸੀਂ ਜਿਨੀ ਅਹਾਰ ਦੀ ਲੋੜ ਹੁੰਦੀ ਹੈ ਕੇਵਲ ਉਹਨੇ ਲਈ ਹੀ ਗਜਾ (ਗਲੀ ਵਿਚ ਅਵਾਜ਼ ਦੇ ਕੇ ਰੋਟੀ ਮੰਗਣੀ) ਕਰਦੇ ਹਾਂ, ਜਿਥੇ ਭੋਜਨ ਮਿਲਦਾ ਹੈ ਉਥੇ ਹੀ ਛਕ ਲੈਂਦੇ ਹਾਂ ਫਿਰ ਬੀ ਲੋਕੀਂ ਕੈਰੀਆਂ ਅਖਾਂ ਨਾਲ ਵੇਂਹਦੇ ਨੇ।’ ‘ਇਕ ਵੇਰ ਇਕ ਘਰ ਵਿਚ, ਜਿਥੇ ਕਿ ਬਚੇ ਨੂੰ ਸੀਤਲਾ (small pox) ਨਿਕਲੀ ਹੋਈ ਸੀ, ਅਸਾਂ ਸਦ ਕੀਤੀ ਤੇ ਸਾਡੇ ਸਾਹਮਣੇ ਵੇਖਦਿਆਂ ਮਾਈ ਨੇ ਇਕ ਪਰਸ਼ਾਦਾ ਲੈ ਕੇ ਉਸ ਨੂੰ ਸੀਤਲਾ ਵਾਲੇ ਬੀਮਾਰ ਮੁੰਡੇ ਦੇ ਮਥੇ ਨਾਲ ਛੁਹਾ ਕੇ ਸਾਨੂੰ ਦਿਤਾ ਤੇ ਰਬ ਜੀ ਦੀ ਰਜ਼ਾ ਜਾਣ ਕੇ ਅਸੀਂ ਉਹ ਬੀਮਾਰ ਦੇ ਸਿਰ ਨਾਲ ਛੋਹਿਆ ਹੋਇਆ ਪਰਸ਼ਾਦਾ ਬਿਲਕੁਲ ਨਾਲ ਵਾਲੀ ਲਗਦੀ ਗਲੀ ਵਿਚ, ਜਿਥੇ ਬਚਿਆਂ ਨੇ ਮਲ ਮੂਤ੍ਰ ਦਾ ਤਿਆਗ ਕੀਤਾ ਹੋਇਆ ਸੀ, ਖੜੋ ਕੇ ਖਾਣ ਲਗ ਪਏ ਤਦ ਅਸਾਂ ਆਪ ਸੁਣਿਆ ਕਿ ਨਾਲ ਦੇ ਘਰ ਵਾਲੀ ਸਾਨੂੰ ਉਥੇ ਖਲੋ ਕੇ ਖਾਂਦਿਆਂ ਵੇਖ ਕੇ ਕੋਸ ਰਹੀ ਸੀ, ਮਤੇ ਸਾਡੇ ਖਾਂਦੇ ਖਾਂਦੇ ਜੋ ਰੋਟੀ ਦੀ ਛੁਹ ਹੈ ਉਹਦੇ ਨਾਲ ਉਸ ਮਾਈ ਦੇ ਬਚੇ ਬੀਮਾਰ ਨਾ ਹੋ ਜਾਣ।’

ਸੰਤ ਜੀ ਦਾ ਗੱਚ ਭਰ ਆਇਆ ਇਹ ਕਹਿੰਦੇ, ‘ਉਹਨਾਂ ਦੇ ਪਖਾਨੇ ਵਾਲੇ ਥਾਂ ਸਾਡਾ ਦਸਤਰਖਾਨ, (ਖਾਣਾ ਖਾਣ ਦੀ ਜਗ੍ਹਾ) ਇਸ ਪਰ ਬੀ ਸ਼ਿਕਵਾ?’ ਇਹ ਗਲ ਸਾਨੂੰ ਸਦਾ ਲਈ ਕਦੇ ਕਿਸੇ ਪਰ ਨਿਰਭਰ (depend) ਕਰਨੇ ਤੋਂ ਉਪਰਾਮ ਕਰ ਗਈ ਤੇ ਅੰਤ ਪਰਯੰਤ ਆਪਣੀ ਕਮਾਈ ਵਿਚ ਰਹਿਣ ਦਾ ਨੀਯਮਬਧ ਹੋਰ ਪਕਿਆਈ ਨਾਲ ਕਰ ਗਈ।”

‘ਜੇ ਮੈਂ ਚੁਣਦਾ ਤਾਂ ਹਉਮੈ ਹੁੰਦੀ’

ਆਪ ਜੀ ਨੇ ਹੋਰ ਫੁਰਮਾਇਆ ਕਿ, ਸਿਆਲ ਵਿਚ ਇਹਨਾਂ ਸੰਤਾਂ (ਜਿਨ੍ਹਾਂ ਦਾ ਜ਼ਿਕਰ ਉਪਰ ਆਇਆ ਹੈ) ਨੇ ਅਰਜ਼ ਮੰਨ ਲਈ ਕਿ ਉਹ ਇਕ ਕੰਬਲ ਪ੍ਰਵਾਨ ਕਰ ਲੈਣਗੇ। ਅਸਾਂ ਆ ਕੇ ਸੋਚਿਆ ਕਿਹੜਾ ਕੰਬਲ ਭੇਜੀਏ? ਫਿਰ ਸਲਾਹ ਇਹ ਠਹਿਰੀ ਕਿ ਬਹੁਤ ਸਾਰੇ ਭੇਜ ਦੇਂਦੇ ਹਾਂ, ਸੰਤ ਜੀ ਆਪਣੀ ਮਰਜ਼ੀ ਦਾ ਚੁਣ ਲੈਣਗੇ। ਸੋ ਨੌਕਰ ਹਥ ਕੰਬਲ ਭੇਜ ਦਿਤੇ। ਕੰਬਲ ਤਾਂ ਸੰਤ ਜੀ ਨੇ ਰੱਖ ਲਏ ਪਰ ਅਸੀਂ ਸ਼ਾਮ ਨੂੰ ਗਏ ਤਦ ਉਦਾਸ ਹੋ ਕੇ ਕਹਿਣ ਲਗੇ, ‘ਸਾਰੇ ਕੰਬਲ ਚੁਕਵਾ ਲੈ ਜਾਓ। ਅਸਾਂ ਤਾਂ ਕੇਵਲ ਇਕ ਕੰਬਲ ਲਈ ਕਿਹਾ ਸੀ।’ ਅਸਾਂ ਕਿਹਾ ‘ਆਪ ਜੀ ਕੇਵਲ ਇਕੋ ਹੀ ਲਵੋ। ਜੇ ਮੈਂ ਪਸੰਦ ਕਰਕੇ ਭੇਜਦਾ ਤਾਂ ਹਉਮੈ ਹੁੰਦੀ ਇਸ ਵਾਸਤੇ ਆਪ ਜੀ ਆਪਣੀ ਲੋੜ ਦਾ ਲੈ ਲਵੋ।’

‘ਜੇ ਮੈਂ ਪਸੰਦ ਕਰਕੇ ਭੇਜਦਾ ਤਾਂ ਹਉਮੈ ਹੁੰਦੀ’, ਬਾਰ ਬਾਰ ਕਹੀ ਗਏ ਤੇ ਘੁੱਟ ਕੇ ਪਿਆਰ-ਕਲਾਈ ਵਿਚ ਲੈ ਲਿਓ ਨੇ

ਮੁਰਸ਼ਿਦ ਦਾ ਹੁਕਮ

“ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ॥”

{ਸ: ਵਾ: ਤੇ ਵ: ਮ: ੪-੧੬)

ਕਹਿਣ ਲੱਗੇ: “ਸਚੇ ਸੰਤਾਂ ਨਾਲ ਚਲਣਾ ਬੜਾ ਅਉਖਾ ਹੁੰਦਾ ਹੈ। ਇਹ ਰਬ ਜੀ ਦੀ ਮਿਹਰ ਹੈ ਜੋ ਵੀਹ ਕੁ ਪੂਰੇ ਸੰਤਾਂ ਨਾਲ ਨਿਭਾਇਆ ਹੈ ਤੇ ਉਹਦਾ (reason) ਕਾਰਨ ਸੀ ਹਉਮੈ ਦਾ ਪੇਚ ਨਾ ਖਾਣਾ, ਜਿਹਦੇ ਲਈ ਸਾਡੇ ਨਾਮ- ਦਾਤਾ ਜੀਉ ਨੇ ਇਉਂ ਸਾਨੂੰ ਤਾਅ ਦੇ ਦੇ ਕੇ ਸੋਧਿਆ:-

ਨਾਮ ਦਾਤਾ ਜੀ:-“ਇਹ ਕੀ! ਸਵੇਰੇ ਉਠੇ ਲਕੜੀ (ਸਰੀਰ) ਨੂੰ ਧੋਤਾ ਤੇ ਚਲ ਪਏ ਦਰਬਾਰ ਸਾਹਿਬ। ਨਾ ਸੈਰ, ਨਾ (ਹਰਿਮੰਦਰ) ਸਰੀਰ ਦੀ ਰਖਿਆ ਲਈ ਪੂਰੀ ਨੀਂਦ। ”

ਆਗਿਆ ਹੋਣ ਪਰ ਪ੍ਰੋਗਰਾਮ ਬਦਲ ਲਿਆ। ਰੱਜ ਕੇ ਸੌਂ ਕੇ ਕੰਪਨੀ ਬਾਗ ਸੈਰ ਨੂੰ ਚਲੇ ਜਾਣਾ ਤੇ ਸਹਿਜੇ ਸਹਿਜੇ ਸਿਮਰਨ ਕਰਦੇ ਰਹਿਣਾ। ਤਿੰਨ- ਚਾਰ ਮਹੀਨੇ ਬਾਅਦ ਫੇਰ ਜਦ ਨਾਮ-ਦਾਤਾ ਜੀ ਆਏ ਤਦ ਕਹਿਣ ਲਗੇ: ‘ਤੇਰੇ ਜਿਹੇ ਸਿਖਾਂ ਲਈ ਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਰਚਿਆ ਸੀ, ਨਾ ਅੰਮ੍ਰਿਤ ਵੇਲਾ, ਨਾ ਸ੍ਰੀ ਆਸਾ ਦੀ ਵਾਰ। ‘

ਅਸਾਂ ਨੇ ਕੁਛ ਨਾ ਕਿਹਾ ਪਰ ਜਿਵੇਂ ਆਗਿਆ ਕੀਤੀ ਸਨੇ ਇਸੇ ਤਰ੍ਹਾਂ ਮੁੜ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਚਾਰ-ਪੰਜ ਘੰਟੇ ਅਨੰਦ ਮਾਣਨਾ। ਉਹ ਸਵਾਦ ਆਵੇ ਕਿ ਕਥਿਆ ਨ ਜਾਵੇ।

ਫੇਰ ਜਦ ਆਏ ਸੈਰ ਕਰਨ ਦੀ ਆਗਿਆ ਕਰ ਗਏ। ਮੁੜ ਆ ਕੇ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਪੱਕਾ ਕਰ ਗਏ। ਇਸ ਤਰ੍ਹਾਂ ਕਈ ਵੇਰ ਹੋਇਆ।

ਇਕ ਦਿਨ ਆ ਕੇ ਬੜਾ ਪਿਆਰ ਕੀਤੋਨੇ ਤੇ ਕਹਿਣ ਲਗੇ ‘ਕਾਕਾ, ਤੂੰ ਕਦੀ ਸਵਾਲ ਨਹੀਂ ਕੀਤਾ ਕਿ ਕਦੀ ਸੈਰ ਲਈ ਕਹਿ ਜਾਂਦੇ ਹੋ ਫਿਰ ਆਪ ਹੀ ਸੈਰ ਤੋਂ ਵਰਜ ਕੇ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਤਾਕੀਦ ਕਰ ਜਾਂਦੇ ਹੋ। ਇਸ ਅਨ-ਬਨ ਨੇ ਤੇਰੇ ਦਿਲ ਵਿਚ ਕਦੇ ਤੌਖਲਾ ਨਹੀਂ ਪਾਇਆ। ‘

ਮੈਂ ਅੱਖਾਂ ਨੀਵੀਂਆਂ ਕਰ ਲਈਆਂ ਤੇ ਹੋਰ ਅਦਬ ਵਿਚ ਹੋ ਗਿਆ ਤਦ ਆਪ ਫਿਰ ਕਹਿਣ ਲਗੇ, “ਹਉਮੈ ਦੂਰ ਕਰਨੀ ਸੀ ਜੋ ਸਤਿਗੁਰੂ ਜੀ ਨੇ ਕਰ ਦਿਤੀ ਹੈ। ਜਦ ਹਰਿਮੰਦਰ ਸਾਹਿਬ ਸਵਾਦ ਆਉਂਦਾ ਸੀ ਤਦ ਤੂੰ ਕਹਿੰਦਾ ਸੈਂ, ‘ਕਿਆ ਸਵਾਦ ਹੈ?” ਇਹ ਸੋਚ ‘ਕਿ ਮੈਨੂੰ ਬਹੁਤ ਸਵਾਦ ਆਉਂਦਾ ਹੈ’ ਆਪਾ-ਸਲਾਹੁਣੇ ਦੀ ਹਉਮੈ ਆ ਜਾਂਦੀ ਸੀ ਤੇ ਕੀ ਉਹ ਤਨ ਜਿਸ ਵਿਚ ਵਸਦੇ ਮਨ ਵਿਚ ਹਉਮੈ ਡੇਰਾ ਆ ਪਾਂਦੀ ਸੀ, ਉਸ ਪਵਿਤ੍ਰ ਅਸਥਾਨ ਸ੍ਰੀ ਹਰਿਮੰਦਰ ਵਿਚ, ਜਿਥੇ ੩੩ ਕਰੋੜ ਦੇਵਤੇ ਹਾਜ਼ਰੀ ਭਰਦੇ ਹਨ ਤੇ ਅਣਗਿਣਤ ਪਵਿੱਤਰ ਰੂਹਾਂ ਅਰੂਪ ਰੂਪ ਵਿਚ ਕੀਰਤਨ ਦਾ ਰਸ ਮਾਣਦੀਆਂ ਹਨ, ਉਥੇ ਬੈਠਣ ਦੇ ਕਾਬਲ ਰਹਿ ਜਾਂਦਾ ਸੀ ?

‘ਮੁੜ ਕੀ ਵਾਹਿਗੁਰੂ ਕੇਵਲ ਹਰੀਮੰਦਰ ਸਾਹਿਬ ਵਿਚ ਹੀ ਹੈ? ਤੇ ਬਾਹਰ ਹਰ ਥਾਂ ਨਹੀਂ ਦਾ ਸੂਖਮ ਭਾਵ ਬੀ ਹਿਰਦੇ ਚੋਂ ਹਟਾਉਣਾ ਸੀ। ਨਾਲੇ ਸਰੀਰ ਦੇ ਸਵਸਥ ਅਰੋਗ ਹੋਣ ਨਾਲ ਨਾਮ ਵਧੇਰੇ ਰਸਮਈ ਹੁੰਦਾ ਹੈ, ਇਸੇ ਲਈ ਜਦ ਤੁਸੀਂ ਸੈਰ ਕਰਨ ਜਾਂਦੇ ਤਦ ਬਹੁਤ ਸਵਾਦ ਆਉਂਦਾ। ਤਦ ‘ਮੈਨੂੰ ਸਵਾਦ ਆਉਂਦਾ ਹੈ’ ਦਾ ਖਿਆਲ ਦਿਲ ਵਿਚ ਪੱਕਾ ਕਰ ਲੈਂਦੇ ਸੀ ਤੇ ਇਸ ਖਿਆਲ ਦੇ ਆਇਆਂ ਹੀ ਬੇ-ਸੁਵਾਦ ਹੋ ਜਾਂਦੇ ਸੀ, ਇਸ ਹਉਮੈ ਨੂੰ ਦੂਰ ਕਰਨ ਲਈ ਮੁੜ ਸ੍ਰੀ ਹਰਿਮੰਦਰ ਸਾਹਿਬ ਘਲਦੇ ਸੀ। ਇਹ ਜੋ ਤੁਸਾਂ ਅਗੋਂ ਹੀਲ ਹੁੱਜਤ ਨਹੀਂ ਕੀਤੀ, ਭਾਵੇਂ ਤਦੋਂ ਤੁਸਾਂ ਭਾਵ ਨਹੀਂ ਸੀ ਸਮਝਿਆ, ਪਰ ਆਗਿਆ ਮੰਨ ਲਈ ਸੀ, ਇਸ ਨਾਲ ਤੁਹਾਡੀ ਹਉਮੈ ਦੂਰ ਹੋ ਗਈ ਹੈ।”

ਵਿਸ਼ੈ ਦੀ ਲੜੀ ਨੂੰ ਜਾਰੀ ਰਖਦਿਆਂ ਭਾਈ ਸਾਹਿਬ ਜੀ ਨੇ ਕਿਹਾ ਕਿ “ਕੁਝ ਦਿਨ ਬਾਅਦ ਇਕ ਦਿਨ ਫਿਰ ਮੈਂ ਨਾਨਾ ਜੀ ਨਾਲ ਸ੍ਰੀ ਹਰਿ ਮੰਦਰ ਸਾਹਿਬ ਤੋਂ ਆ ਰਿਹਾ ਸੀ ਕਿ ਇਕ ਪਿਪਲ ਦੇ ਦਰਖਤ ਕੋਲ ਮਿਲ ਪਏ ਤੇ ਦਰਖਤ ਹੇਠ ਲਿਜਾ ਕੇ ਉਚੀ ਕਹਿਣ ਲਗੇ, ‘ਤੂੰ ਇਥੇ ਖੜੋ ਜਾ।” ਮੈਂ ਜਾਤਾ ਕੋਈ ਅਵਗਿਆ ਹੋਈ ਹੈ। ਮੇਰੇ ਹੰਝੂ ਵਹਿ ਟੁਰੇ। ਫਿਰ ਹੌਂਸਲਾ ਕਰਕੇ ਹੱਥ ਜੋੜ ਕੇ ਕਿਹਾ, ‘ਕੀ ਮੇਰੇ ਪਿਤਾ ਜੀ ਮਾਤਾ ਜੀ ਨੇ ਕੋਈ ਸ਼ਿਕਾਇਤ ਕੀਤੀ ਹੈ, ਜੋ ਉਹਨਾਂ ਦੇ ਸੁਖ ਆਰਾਮ ਦਾ ਖਿਆਲ ਨਹੀਂ ਕਰਦਾ ਤੇ ਘਰੋਗੀ ਫਰਜ਼ ਪੂਰੇ ਨਹੀਂ ਕਰਦਾ?”

‘ਨਹੀਂ!’

‘ਫੇਰ ਕੀ ਮੇਰੇ ਭਾਈਵਾਲ ਨੇ ਗਿਲਾ ਕੀਤਾ ਹੈ ਕਿ ਕੰਮ ਘਟ ਕਰਦਾ ਹਾਂ ਜਾਂ ਕੋਈ ਉਕਾਈ ਕੀਤੀ ਹੈ ??

‘ਨਹੀਂ!’

ਨਾਨਾ ਜੀ, ਜੋ ਮੇਰੇ ਸਿਖਿਆ ਦਾਤੇ ਸਨ, ਵਲ ਇਸ਼ਾਰਾ ਕਰਕੇ, ਕੀ ਇਹਨਾਂ ਦੀ ਕੋਈ ਅਵਯਾ ਹੋਈ ਹੈ ?

‘ਨਹੀਂ!’

‘ਫੇਰ ਜੇ ਸਾਰੇ ਫਰਜ਼ ਪੂਰੇ ਕਰਕੇ ਕੋਈ ਘੜੀ ਵਾਹਿਗੁਰੂ ਪ੍ਰੇਮ ਵਿਚ ਲਾ ਲੈਂਦਾ ਹਾਂ ਤਦ ਕੀ ਇਹ ਪਰਵਾਣ ਨਹੀਂ ਹੈ ??

ਆਪ ਦੇ ਹੰਝੂ ਭਰ ਗਏ ਤੇ ਹਥ ਨਾਲ ਸੈਨਤ ਖੜੇ ਰਹਿਣ ਦੀ ਕਰਕੇ ਉਹਨਾਂ ਨੇ ਮੇਰੀ ਪਰਕਰਮਾਂ ਕੀਤੀ ਤੇ ਮਥਾ ਨਿਵਾ ਦਿਤਾ ਤੇ ਫਿਰ ਸਿਰ ਉਚਾ ਕਰਕੇ ਛਾਤੀ ਨਾਲ ਲਾ ਲਿਓ ਨੇ।”

ਜਦ ਗੁਰ ਨਾਨਕ ਜੀ ਫੇਰਾ ਪਾਉਂਦੇ ਨੇਂ!

ਦਸਿਓ ਨੇ “ਮੇਰੀ ਖਬੀ ਬਾਂਹ ਦਰਦ ਕਰੇ ਤੇ ਲਗਾਤਾਰ ਹੀ ਦਰਦ ਕਰੇ। ਮਹੀਨਾ ਦੋ ਮਹੀਨੇ ਲੰਘ ਗਏ। ਦਰਦ ਵੱਲ ਨਾ ਹੋਇਆ, ਦਾਰੂ ਦਰਮਲ ਬੀ ਕੀਤਾ।

ਜਦ ਨਾਮ ਦਾਤਾ ਜੀ ਆਏ ਉਹਨਾਂ ਨੂੰ ਸਹਿਜ ਸੁਭਾਏ ਚਾ ਪੁਛਿਆ। ਆਪ ਕਹਿਣ ਲਗੇ ਜਦ ਦੇ ਸਾਨੂੰ ਮਿਲੇ ਹੋ ਸਾਰੀਆਂ ਹੋਣੀਆਂ ਦਸੋ। ਮੈਂ ਦਸਦਾ ਗਿਆ। ਦਸਦੇ ਦਸਦੇ ਦਸਿਆ ਕਿ ਇਕ ਦਿਨ ਦਿਲ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਬੜੀ ਤੜਫ ਉਠੀ। ਕੁਰਸੀ ਤੋਂ, ਇਹ ਸੋਚਕੇ ਕਿ ਸਾਹਿਬ ਆ ਬੈਠਨਗੇ, ਹੇਠਾਂ ਹੋ ਬੈਠ ਗਿਆ। ਮੈਂ ਧਿਆਨ ਵਿਚ ਬੈਠਾ ਰਿਹਾ, ਬੜਾ ਅਕਹਿ ਸਵਾਦ ਸੀ। ਜਦ ਘੰਟੇ ਭਰ ਬਾਅਦ ਅਖਾਂ ਖੁਲ੍ਹੀਆਂ ਤਦ ਮੇਰੇ ਸਾਹਮਣੇ ਅਮਕੇ* ਸੰਤ ਬੈਠੇ ਸਨ। ਮੈਂ ਜਾਤਾ ਇਹਨਾਂ ਦੇ ਹਿਰਦੇ ਸ੍ਰੀ ਗੁਰੂ ਸਾਹਿਬ ਜੀ ਆਏ ਹਨ ਤੇ ਇਹਨਾਂ ਦੇ ਆਣ ਕਰਕੇ ਸਵਾਦ ਆਇਆ ਹੈ। ਸੋ ਮੈਂ ਖਬੇ ਹਥ ਨਾਲ ਉਹਨਾਂ ਦੀਆਂ ਲੱਤਾਂ ਕਲਾਵੇ ਵਿਚ ਲੈ ਲਈਆਂ। ਯਾਦ ਪੈਂਦਾ ਹੈ ਉਹਦੋਂ ਤੋਂ ਦਰਦ ਹੋ ਰਿਹਾ ਹੈ। ਨਾਮ ਦਾਤਾ ਜੀ ਨੇ ਫੁਰਮਾਇਆ ਕਿ ‘ਭਾਈ ਉਸ ਵਕਤ ਗੁਰੂ ਨਾਨਕ ਦੇਵ ਜੀ ਉਹਦੇ ਹਿਰਦੇ ਵਿਚ ਨਾ ਪਰ ਤੇਰੇ ਹਿਰਦੇ ਵਿਚ ਆਏ ਬੈਠੇ ਸਨ ਤੇ

“ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ॥” {ਸਿਰੀ : ਮ : १-२५)

ਹੋ ਰਹੇ ਸਨ। ਤੂੰ ਗੁਰੂ ਨਾਨਕ ਦੇਵ ਜੀ ਦਾ ਮਾਨੋਂ ਹੱਥ ਉਸ ਪਾਖੰਡੀ ਦੀਆਂ. ਪਿੰਡਲੀਆਂ ਨੂੰ ਛੁਹਾ ਦਿਤਾ ਫਿਰ ਦਰਦ ਕਿਉਂ ਨਾ ਹੋਵੇ? ਹੁਣ ਕੜਾਹ ਪ੍ਰਸ਼ਾਦ ਕਰੋ ਤੇ ਇਸ ਖਬੇ ਹਥ ਨਾਲ ਹੀ ਕਰੋ। ਫੇਰ ਅਰਦਾਸ ਕਰਾਂਗੇ ਜੇ ਇਹ ਭੁਲ ਹੋਈ ਤਦ ਅਰਦਾਸ ਦੇ ਬਾਅਦ ਅਵਸ਼ਮਯ ਵੱਲ ਹੋ ਜਾਵੇਗੀ।’

ਸੋ ਜਦ ਕੜਾਹ ਪ੍ਰਸ਼ਾਦ ਕਰਕੇ ਭੁੱਲ ਬਖਸ਼ਾਈ ਤਦ ਬਾਂਹ ਦਾ ਦਰਦ ਵੱਲ ਹੋ ਗਿਆ।”

ਕਹਿਨੀ ਤੇ ਕਰਨੀ ਇਕੋ ਜੇਹੀ

ਆਪ ਜੀ ਨੇ ਜੋ ਬੀ ਲਿਖਿਆ ਹੈ ਉਸ ਨੂੰ ਆਪ ਪਹਿਲੇ ਅਮਲ ਵਿਚ ਲਿਆਂਦਾ, ਅਜ਼ਮਾਇਆ, ਤੇ ਤਸੱਲੀ ਕੀਤੀ ਤੇ ਫੇਰ ਲਿਖਿਆ ਅਰ ਲਿਖਦੇ ਸਮੇਂ ਫਿਰ ਆਪ ਉਸ ਦੇ ਅਨੁਭਵ (feeling) ਵਿਚੋਂ ਦੀ ਗੁਜ਼ਰੇ।

ਖਾਲਸਾ ਟਰੈਕਟ ਸੁਸਾਇਟੀ ਦੇ ਟੈਕਟਾਂ ਦੀ ਪਹਿਚਾਨ (identification) ਕਰਨੀ ਸੀ ਕਿ ਕਿਸ ਕਿਸ ਦੇ ਲਿਖੇ ਹਨ। ਇਹ ਕਾਰਜ ਸ੍ਰੀ ਅੰਮ੍ਰਿਤਸਰ ਜੀ ਅਰੰਭ ਸੀ। ਆਪ ਜੀ ਟਰੈਕਟ ਸੁਣਦੇ ਤੇ ਫੇਰ ਨਿਸਚੇ ਪੂਰਬਕ ਆਪਣੀ ਕਿਰਤ ਦੀ ਸਾਖ ਭਰਦੇ। ਮੈਂ ‘ਗੁਲਾਬ-ਚੰਬੇਲੀ’ ਨਾਮਕ ਟਰੈਕਟ ਪੜ੍ਹ ਰਿਹਾ ਸੀ। ਬਾਰਾਂ ਕੁ ਮਿੰਟ ਹੋਏ ਤੇ ਆਪ ਜੀ ਫ਼ੁਰਮਾਉਣ ਲਗੇ, ‘ਬਸ’। ਸੋਚਿਆ ਥਕ ਗਏ ਹਨ। ਦਿਲੀ-ਭਾਵ ਸਮਝ ਕੇ ਕਹਿਣ ਲਗੇ, “ਅਸੀਂ

ਤੁਹਾਡੇ ਵਾਂਙੂ ਨਹੀਂ ਨਾ ਪੜ੍ਹਦੇ ਸੁਣਦੇ, ਸਾਨੂੰ ਵਿਚ ਦੀ (pass) ਹੋਣਾ ਗੁਜ਼ਰਨਾ ਪੈਂਦਾ ਹੈ।’ ਇਹ ਹੈ ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਉਨ੍ਹਾਂ ਬਾਰੇ ਕਿਹਾ ਹੈ:-

“His art is of the eye witness.

As he sees so he writes.”

ਜੀਵਨ ਜਾਚਾਂ

ਕੀ ਵਰਤੋਂ ਤੇ ਕੀ ਵਿਗਿਆਨਕ ਤੌਰ ਪਰ ਹਰੇਕ ਪਹਿਲੂ ਵਿਚ ਆਪ ਜੀ ਨੂੰ ਕਮਾਲ ਦਾ ਅਬੂਰ (perfection) ਹਾਸਲ ਸੀ। ਸੰਤੁਲਿਤ ਅਹਾਰ-ਵਿਹਾਰ (Balanced Diet Nuitirition) ਪਰ ਆਯੁਰਵੈਦਿਕ, ਯੂਨਾਨੀ ਤੇ ਮਾਡਰਨ ਪਛਮੀ ਨਵੀਂਆਂ ਖੋਜਾਂ ਦਾ ਆਪ ਜੀ ਨੂੰ ਗਿਆਨ ਸੀਗਾ। ਆਪ ਜੀ ਦੀ ਇਸ ਵਿਸ਼ੇ ਪਰ ਕਿਤਾਬਾਂ ਦੀ ਚੋਣ ਬੀ ਅਣੂਠੀ ਸੀ। ਜਿਹੜੇ ਪਛਮੀ (author) ਲੇਖਕ ਆਪਣੀ ਜਾਂ ਹੋਰਨਾਂ ਦੀਆਂ ਆਜ਼ਮੂਦਾ ਗੱਲਾਂ ਕਿਤਾਬਾਂ ਵਿਚ ਲਿਖਦੇ ਅਕਸਰ ਆਪ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਦੇ ਸਨ ਜਿਵੇਂ ‘Live Longer Look Younger’ ‘Diet Does It.’

(੧) ਘਰ ਵਿਚ ਬਚ ਜਾਂਦੇ ਦਹੀਂ, ਲਸੀ ਨੂੰ ਆਟਾ ਗੁੰਨ੍ਹਣ ਵੇਲੇ ਇਕ ਚਮਚਾ ਖੰਡ ਤੇ ਮਿੱਠਾ ਸੋਡਾ ਵਿਚ ਪਾ ਕੇ ਬਠੂਰੇ ਪਕਾਉਣੇ ਦਾ ਵਲ ਦਸਦੇ ਤਵੇਂ* ਤੇ ਤੰਦੂਰ ਤੇ ਬੀ।

ਮਾਡਰਨ ਖਾਣਾ ਪਕਾਉਣ ਦੇ ਤਰੀਕਿਆਂ ਵਿਚ ਪਨੀਰ-ਟੋਸਟ, (cheese Toast) मधेस वेव (sponge cake), मटीभड (steamed) ਭਾਜੀਆਂ ਆਦਿ ਸਾਡੇ ਪਰਵਾਰ ਵਿਚ ਆਪ ਜੀ ਦੀ ਦੇਣ ਹਨ। ਪਰ ਸਵਾਦ ਆਪ ਜੀ ਨੂੰ ਤਦ ਆਉਂਦਾ ਜਦ ‘ਵਾਹਿਗੁਰੂ, ਵਾਹਿਗੁਰੂ ਕਰਦੇ ਹੋਏ ਕਿਸੇ ਉਚੀ ਖਿਚ ਵਿਚ ਕੋਈ ਭੋਜਨ ਤਿਆਰ ਕਰਦਾ।

ਆਪ ਜੀ ਦਾ ਸੰਬੰਧ ਕੇਵਲ ‘ਵਾਹਿਗੁਰੂ’ ਨਾਮ ਜਪਣ ਕਰਕੇ ਹੀ ਹੁੰਦਾ ਸੀ। ਉਹ ਨਾਮ ਦੇ ਆਸ਼ਕ ਸਨ ਤੇ ਬਿਨਾਂ ਇਹਦੇ ਹੋਰ ਸਭ ਤੋਂ ਬੇਪਰਵਾਹ ਸਨ।

(੨) ਇਕ ਵੇਰ ਭੈਣ ਗੁਰ ਲੀਲਾ ਕੌਰ ਮਲਕ ਸਾਹਿਬ ਜੀ ਦੀਆਂ ਪੋਤੀਆਂ, ਜੋ ਤਦੋਂ ਸਤ ਤੇ ਨੌਂ ਬਰਸ ਦੀਆਂ ਸਨ, ਨਾਲ ਗਲਾਂ ਪਈਆਂ ਕਰਨ। ਆਪ ਜੀ ਤਦੋਂ ਕੁਝ ਦਿਨਾਂ ਲਈ ਉਹਨਾਂ ਪਾਸ ਲਖਨਊ, ਜਾਂਦੇ ਰੁਕ ਸਨ :-

‘ਮਹਾਰਾਜ ਜੀ ਬਹੁਤ ਅਛੇ ਹੈਂ ਇਕ ਨੇ ਕਿਹਾ।

‘ਪਰ ਮਿਲਤੇ ਤਬ ਹੈਂ ਜਬ ਵਾਹਿਗੁਰੂ, ਵਾਹਿਗੁਰੂ ਬੋਲੋ, ਦੂਜੀ ਨੇ ਉਤਰ ਦਿਤਾ।

ਬੱਚਿਆਂ ਨੂੰ ਸ਼ੁਰੂ ਤੋਂ ਹੀ ਪ੍ਰਮਾਰਥ ਵਲ ਲਾਨ ਦੀ ਕੋਸ਼ਿਸ਼ ਕਰਦੇ ਸਨ:

(੩) ਇਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਦੇ ਗੁਰਪੁਰਬ ਪਰ, ੬੦, ਲਾਰੈਂਸ ਰੋਡ ਆਪਣੇ ਨਿਵਾਸ-ਅਸਥਾਨ ਦੀ ਰਸੋਈ- ਘਰ ਵਿਚ ਭੋਗ ਉਪਰੰਤ ਆ ਗਏ ਤੇ ਬੜੀ ਮੌਜ ਵਿਚ ਆ ਕੇ ਭੁਸਰੀਆਂ ਪਕਵਾਈਆਂ। ਆਪੂੰ ਸ਼ਕਰ ਪਾ ਕੇ ਹਸ ਹਸ ਫ਼ੁਰਮਾਈ ਜਾਣ:-

“ਨਾਨਕ ਭੁਸਰੀਆਂ ਪਕਾਈਆ ਪਾਈਆ ਥਾਲੈ ਮਾਹਿ

॥ ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ॥”

{ਮਾਰੂ: ਵਾਰ-੬}

ਇਹਨਾਂ ਪਵਿੱਤਰ ਮੌਜਾਂ ਵਿਚ ਬੀ ਆਪ ਬਹੁਤਾ ਚਿਰ ਗਲਤਾਨ ਨ ਹੁੰਦੇ। ਝਟ ਆਪ ਇਕਾਂਤ ਹੋ ਜਾਂਦੇ, ਕਦੇ ਨਾ ਖੁਬਦੇ। ਦਿਲ ਆਪ ਜੀ ਦਾ ਸਦਾ ਸਾਈਆਂ ਜੀਓ ਜੀ ਦੇ ਚਰਨਾਂ ਵਿਚ ਰਹਿੰਦਾ ਸੀ।

ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥

ਇਕ ਰਾਤ ਪਰਸ਼ਾਦ ਛਕਣ ਮਗਰੋਂ, ਜਦ ਭਾਈ ਸੁਧ ਸਿੰਘ ਪਰਧਾਨ ਸਿੰਘ ਜੀ ਬੀ ਊਸ਼ਾ ਕਿਰਨ (ਬੰਬਈ) ਵਿਚ ਬੈਠੇ ਸਨ, ਭਾਈ ਸਾਹਿਬ ਜੀ ਆਪਣੇ ਕਮਰੇ ਤੋਂ ਬਾਹਰ ਆ ਗਏ ਤੇ ਸਚ-ਮੁਚ ਦੀਆਂ ਹੋਣੀਆਂ ਸੁਣਾ ਕੇ ਹਸਾਈ ਜਾਣ। ਸਭ ਹਸ ਹਸ ਕੇ ਦੂਹਰੇ ਹੋ ਰਹੇ ਸਨ ਕਿ ਬੋਲੇ,

‘ਜਿਸ ਨੂੰ ਇਤਨੇ ਹਾਸੇ ਵਿਚ ਨਾਮ ਯਾਦ ਹੈ, ਸਮਝੋ ਉਹਦਾ ਕੁਝ ਬਣ ਗਿਆ ਹੈ।’

ਯਕਦਮ ਸਾਰੇ ਆਪਣੇ ਮਨਾਂ ਵਿਚ ਕੰਘੀ ਮਾਰਨ ਲਗ ਪਏ, ਕਿ ਕੀਹ ਨਾਮ ਯਾਦ ਹੈ ਜਾਂ ਨਾਂ ?

ਇਕੋ ਜਿਹਾ ਵਰਤਾਉ

ਇਕੋ ਜਿਹਾ ਵਰਤਾਉ ਦੀ ਸਹੀ ਵਰਤੋਂ ਆਪ ਜੀ ਪਾਸ ਦੇਖਣ ਵਿਚ ਆਈ।

ਡਾਕਟਰ ਦੀ ਸਲਾਹ ਪਰ ੧੯੫੬ ਦੇ ਨਵੰਬਰ ਤੋਂ ਸ਼ਾਮ ਨੂੰ ੭ ਵਜੇ Coco*, ਸ਼ਾਮ ਦੀ ਸਾਢੇ ਚਾਰ ਦੀ ਚਾਹ ਤੇ ਰਾਤ ਦੇ ਖਾਣੇ ਤੋਂ ਪਹਿਲਾਂ ਬਣਦੀ ਸੀ। ਉਸ ਵਕਤ ਆਪ ਜੀ ਦਾ ਖਾਸ ਧਿਆਨ ਹੁੰਦਾ ਸੀ ਕਿ ਸਭ ਗਰੀਬ- ਅਮੀਰ ਆਏ ਗਏ ਨੂੰ ਮਿਲੇ।

ਹਾਸ-ਰਾਸ ਵਿਚ ਉਪਰਾਮਤਾ ਦੀ ਆਪ ਜੀ ਦੀ ਸਿੱਖਿਆ ਦੀ ਇਕ ਵੰਨਗੀ ਇਸ ਤਰ੍ਹਾਂ ਹੈ ਕਿ ਸ਼ਾਮ ਨੂੰ ਅਕਸਰ ਡਾਕਟਰ ਮਨਮੋਹਨ ਪਾਲ ਜੀ ਆਂਦੇ ਸੀ। ਉਹ ਸਾਢੇ ਸਤ-ਅਠ ਵਜੇ ਪੁਜਦੇ ਸਨ। ਉਨ੍ਹਾਂ ਲਈ ਕੋਕੋ ਪਈ ਰਹਿੰਦੀ ਸੀ। ਆਪ ਨੇ ਟਹਿਲੀਏ ਨੂੰ ਕਿਹਾ,

‘ਗੋਂਦੇ! ਜਾਹ ਡਾਕਟਰ ਸਾਹਿਬ ਦਾ ਹਿੱਸਾ ਲੈ ਆ।’

‘ਜੀ! ਮਾਇਆ ਭੈਣ ਜੀ ਜਗ (jug) ਲੈ ਕੇ ਗਏ ਹਨ (ਗਰਮ ਕਰਨ ਲਈ)।’

‘ਹੱਛਾ! ਮਾਇਆ ਸਾਰਾ ਜਗ (ਸੰਸਾਰ) ਲੈ ਗਈ ਹੈ, ਡਾਕਟਰ ਜੀ ਲਈ ਕੁਝ ਨਹੀਂ ਸੂ ਰਖਿਆ!’

ਐਉਂ ਕਾਮਲ ਉਸਤਾਦ ਵਾਂਙੂ ਆਪ ਹਰ ਸਮੇਂ ਮਨ ਦਾ ਰੁੱਖ਼ ਪਰਮੇਸ਼ਰ ਪਰਾਯਣ ਰਖਦੇ ਸਨ, ਮਾਇਆ ਦੇ ਪਰਬਲ ਅਸਰਾਂ ਤੋਂ ਹਾਸ-ਰਸ ਵਿਚ ਵੀ ਜਾਣੂੰ ਕਰਕੇ ਉਸ ਦੀ ਜਿੱਲ੍ਹਣ ਤੇ ਦਬਾਓ ਵਾਲੇ ਅਸਰਾਂ ਤੋਂ ਬਚਾ ਲੈਂਦੇ ਸਨ।

ਚੀਫ਼ ਖਾਲਸਾ ਦੀਵਾਨ

ਚੀਫ਼ ਖਾਲਸਾ ਦੀਵਾਨ ਨਾਲ ਆਪ ਜੀ ਦਾ ਖਾਸ ਹਿਤ ਸੀ। ਅਗਵਾਈ ਆਪ ੧੯੫੬ ਦੇ ਅੰਤ ਤੀਕ ਦੇਂਦੇ ਰਹੇ ਤੇ ਸਹਿਜੇ ਸਹਿਜੇ ਉਹ ਬੀ ਘਟਾਉਂਦੇ ਗਏ। ਆਪ ਜੀ ਰਾਹੀਂ ਦਸ ਕੁ ਲਖ ਰੁਪਿਆ ਚੀਫ਼ ਖਾਲਸਾ ਦੀਵਾਨ ਦੇ ਮਹਿਕਮਿਆਂ ਦੇ ਪੱਕੇ ਫੰਡਾਂ ਨੂੰ ਪੁਜਿਆ ਹੈ।

ਸੂਰਮਾ ਸਿੰਘ ਆਸ਼ਰਮ (The Blind Asylum) ਤੇ ਹੋਮਿਉਪੈਥਿਕ ਹਸਪਤਾਲ ਸ੍ਰੀ ਅੰਮ੍ਰਿਤਸਰ ਦੇ ਤਾਂ ਆਪ ਕਰਤਾ ਸਨ, ਸੈਂਟਰਲ ਖਾਲਸਾ ਯਤੀਮਖਾਨਾ, ਖਾਲਸਾ ਪਰਚਾਰਕ ਵਿਦਿਆਲਾ ਤੇ ਹਸਪਤਾਲ ਸ੍ਰੀ ਤਰਨ ਤਾਰਨ ਸਾਹਿਬ ਦੇ ਆਪ ਸਹਿ-ਸੰਸਥਾਪਕ (Co-founder) ਸਨ।

ਖਾਲਸਾ ਟਰੈਕਟ ਸੁਸਾਇਟੀ ਦੀ ਜਿੰਦ-ਜਾਨ ਤੇ ਖਾਲਸਾ ਵਿੱਦਿਅਕ ਕਾਨਫਰੰਸਾਂ ਦੀ ਆਪ ਰੂਹੇ-ਰਵਾਂ ਸਨ।

ਆਪ ਜੀ ਨੂੰ ਚੀਫ਼ ਖਾਲਸਾ ਦੀਵਾਨ ਦੀ ਨਿਯਮਾਵਾਲੀ ਪਰ ਬੜਾ ਭਰੋਸਾ ਸੀ, ਇਸ ਬਾਰੇ ਆਪ ਜੀ ਨੇ ਇਕ ਵੇਰ ਫੁਰਮਾਇਆ ਸੀ:-

‘ਜੇਕਰ ਚੀਫ਼ ਖਾਲਸਾ ਦੀਵਾਨ ਦੇ ਦਫਤਰ ਦੀ ਪੱਕੀ ਗੋਲਕ ਦੋ ਕੁ ਲੱਖ ਰੁਪਏ ਹੋ ਜਾਵੇ ਤਦ ਇਹ ਸਦਾ ਚਲਦਾ ਰਹੇ।’

ਖੁਸ਼ੀ ਦੀ ਗਲ ਹੈ ਕਿ ਸਰਦਾਰ ਸੰਤ ਸਿੰਘ ਜੀ. ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਸਹਿਜ ਉਦਮ ਅਰੰਭ ਕਰ ਚੁਕੇ ਹਨ। ਚਾਲੀ ਕੁ ਹਜ਼ਾਰ ਰੁਪੈ ਸ੍ਰੀਮਾਨ ਭਾਈ ਸਾਹਿਬ ਜੀ ਦੇ ਹੀਨੇ ਹਯਾਤ (during life time) ਜਮਾਂ ਸਨ ਹੋਰ ਦਸ ਹਜ਼ਾਰ ਇਕ ਸਜਣ ਰਾਹੀਂ ਪੁਜੇ ਤੇ ਮਗਰੋਂ ਇਹ ਅਸੂਲ ਹੀ ਮਿਥ ਲਿਆ ਗਿਆ ਕਿ ਹਰੇਕ ਫੰਡ ਵਿਚ ਚਾਲੂ ਖਰਚਾਂ ਲਈ ਜੋ ਰਕਮ ਆਵੇ ਉਹਦਾ ਦੋ ਪ੍ਰਤੀ ਸੈਂਕੜਾ ਪੱਕੀ ਗੋਲਕ ਵਿਚ ਜਮਾ ਹੋਵੇ।

ਫਿਰ ਆਪ ਜੀ ਨੇ ਫੁਰਮਾਇਆ ‘ਅਜ ਜਦ ਵੇਖੀਦਾ ਹੈ ਕਿ ਚੀਫ਼ ਖਾਲਸਾ ਦੀਵਾਨ ਦੇ ਪੁਰਾਣੇ ਉਤਸ਼ਾਹ ਜਨਕ ਤੇ ਮੁੱਢਲੀ ਮਿਹਨਤੀ ਵਿਅਕਤੀਆਂ ਵਰਗੀਆਂ ਹਸਤੀਆਂ ਨਹੀਂ ਰਹੀਆਂ, ਫੇਰ ਬੀ ਅਚੰਭਾ ਹੁੰਦਾ ਹੈ ਕਿ ਕਾਰਜ ਸਾਰੇ ਪਹਿਲੇ ਵਾਂਙ ਹੀ ਹੋ ਰਹੇ ਹਨ।’ ਇਹ ਕਹਿ ਕੇ ਆਪ ਨੇ ਮਾਨੋਂ ਇਕ ਗ਼ੈਬੀ ਮਦਦ ਦਾ ਇਸ਼ਾਰਾ ਆਪ ਜੀ ਦੇਕੇ ਹੌਂਸਲਾ ਬਨ੍ਹਵਾ ਰਹੇ ਸਨ।

ਚੀਫ਼ ਖਾਲਸਾ ਦੀਵਾਨ ਦੇ ਵਿਧਾਨ (Constitution) ਦੀ ਬਣਤਰ ਪੇਚੀਦਾ ਹੈ ਕਿ ਕੋਈ ਬੀ ਅਹੁਦੇਦਾਰ (office bearer) ਆ ਜਾਵੇ ਉਸ ਦਾ ਅਖਤਿਆਰ ਵਧ ਤੋਂ ਵਧ ਸੂਦ ਦੀ ਰਕਮ ਤੀਕ ਖਰਚ ਕਰ ਸਕਣ ਦਾ ਰਹਿੰਦਾ ਹੈ। ਇਕ ਚੀਫ਼ ਖਾਲਸਾ ਦੀਵਾਨ ਸਹਾਇਕ ਟਰਸਟ ਹੈ, ਇਹ ਉਹ ਰਜਿਸਟਰਡ ਬਾਡੀ ਹੈ ਜਿਸ ਦੇ ਤਿੰਨ ਟਰਸਟੀ ਬੜੀ ਜ਼ਿਮੇਂਵਾਰ ਹਸਤੀਆਂ ਤੇ ਹੋਰ ਬਹੁਤ ਮੈਂਬਰ ਹੁੰਦੇ ਹਨ। ਅਸਲ ਰਕਮ ਪੱਕੇ ਫੰਡਾਂ ਦੀ ਇਹਨਾਂ ਤਿੰਨ ਟਰਸਟੀਆਂ ਦੇ ਨਾਵਾਂ ਪਰ ਕਿਸੇ (ਅਧਿਕਤ) scheduled ਬੈਂਕ ਵਿਚ ਰਖੀ ਹੈ ਤੇ ਸੂਦ ਦੀ ਰਕਮ ਦਾ ਚੈਕ ਹਰੇਕ ਮਹਿਕਮੇ ਦਾ ਵਖੋ-ਵਖ ਕੱਟ ਕੇ ਆਨਰੇਰੀ ਸਕੱਤਰ ਸਾਹਿਬ ਨੂੰ ਭੇਜਿਆ ਜਾਂਦਾ ਹੈ ਜੋ ਕਿ ਦਾਨੀ ਦੀ ਇਛਾ ਅਨੁਸਾਰ ਖਰਚ ਹੁੰਦਾ ਹੈ। ਇਹ ਟਰਸਟ ਆਪ ਖਰਚ ਨਹੀਂ ਕਰ ਸਕਦਾ। ਜੋ ਖਰਚ ਕਰ ਸਕਦੇ ਹਨ, ਉਹ ਰਕਮ ਨਹੀਂ ਰਖ ਸਕਦੇ।

ਫੇਰ ਹਰੇਕ ਮਹਿਕਮੇ ਦਾ ਮੈਂਬਰ ਇਨਚਾਰਜ ਹੁੰਦਾ ਹੈ ਜੋ ਬਜਟ (control form) ਕੰਟਰੋਲ ਫਾਰਮ ਤੇ ਬਣਾਕੇ ਪੇਸ਼ ਕਰਦਾ ਹੈ। ਇਹ ਬਜਟ ਵਿਚਾਰ ਕਮੇਟੀ, ਵਿੱਤੀ ਕਮੇਟੀ (finance committee) ਦੀਆਂ ਰਾਵਾਂ ਨਾਲ ਅੰਤਰਿੰਗ ਕਮੇਟੀ ਦੇ ਪੇਸ਼ ਹੁੰਦਾ ਹੈ, ਜਿਸ ਦੀ ਸਿਫ਼ਾਰਸ਼ ਨਾਲ ਜਨਰਲ ਮੀਟਿੰਗ ਵਿਚ ਪੇਸ਼ ਹੋ ਕੇ ਪਰਵਾਨ ਹੁੰਦਾ ਹੈ। ਜਦ ਪਰਵਾਨ ਹੋ ਜਾਂਦਾ ਹੈ ਫੇਰ ਨਿਤਾਪ੍ਰਤੀ (day-to-day) ਦੀ ਵਰਤੋਂ ਵਿਚ ਮੈਂਬਰ ਇਨਚਾਰਜ ਇਤਨਾ ਨਿਯਮਬਧ ਹੋਕੇ ਬੀ, ਸੁਤੰਤ੍ਰ ਹੁੰਦਾ ਹੈ ਜਿਤਨਾ ਕਿ ਕੋਈ ਵਿਅਕਤੀ (Individual) ਆਪਣੇ ਨਿਜੀ (personal) ਕਾਰੋਬਾਰ ਵਿਚ। ਇਸ ਵਿਅਕਤੀਗਤਤਾ (indiviuality in action)) ਨੇ ਹੀ ਚੀਫ਼ ਖਾਲਸਾ ਦੀਵਾਨ ਦੇ ਮਹਿਕਮਿਆਂ ਨੂੰ ਨਿਪੁੰਨਤਾ (efficiency) ਦਿਤੀ ਹੈ। ਵੇਖੋ ਕੰਮ ਚਲਾਉਣ ਲਈ ਮੈਂਬਰ ਇਨਚਾਰਜ ਕੰਟਰੋਲ ਫਾਰਮ ਦੇ ਬਧੇ ਹੋਏ ਬੀ ਸੁਤੰਤਰ ਹਨ ਕਿਉਂਕਿ ਉਹਨਾਂ ਦੇ ਮਹਿਕਮਿਆਂ- ਯਤੀਮਖਾਨਾ, ਬਿਰਧ ਘਰ, ਹੋਮਿਉਪੈਥਿਕ ਹਸਪਤਾਲ, ਸਥਾਨਕ ਕਮੇਟੀਆਂ ਦਿਲੀ, ਕਾਨਪੁਰ, ਬੰਬਈ, ਖਾਲਸਾ ਪਰਚਾਰਕ ਵਿਦਿਆਲਾ, ਖਾਲਸਾ ਹਾਈ ਸਕੂਲ ਸ੍ਰੀ ਅਨੰਦ ਪੁਰ ਸਾਹਿਬ, ਛਾਪਾ-ਖਾਨਾ ਆਦਿ ਦੇ ਦਿਨਾਪ੍ਰਤੀ ਇੰਤਜ਼ਾਮ ਵਿਚ ਕਿਸੇ ਕਮੇਟੀ ਦਾ ਦਖਲ ਨਹੀਂ। ਕੇਵਲ ਮੈਂਬਰ ਇਨਚਾਰਜ ਕਰਤਾ ਧਰਤਾ ਹੁੰਦੇ ਹਨ। ਪਰ ਮੈਂਬਰ ਇਨਚਾਰਜ ਨਿਯਮਾਂ ਦੇ ਅਧੀਨ ਬਣੀ ਪਾਲਸੀ, ਕੰਟਰੋਲ ਫਾਰਮ ਤੋਂ ਬਾਹਰ ਨਹੀਂ ਜਾ ਸਕਦੇ।

ਇਹ ਨਿਯਮਾਵਲੀ ਇਕ (marvel) ਅਜੂਬਾ ਹੈ। (Happy -trio) ਖੁਸ਼ ਮਿਜਾਜ਼ ਭਾਈ ਸਾਹਿਬ ਜੀ ਦੀ ਕਾਲਪਨਿਕ (imaginative) ਪਰਵਾਜ਼, ਸਰਦਾਰ ਸਰ ਸੁੰਦਰ ਸਿੰਘ ਮਜੀਠੀਆ ਦੇ ਸੰਚਾਲਨ ਸ਼ਕਤੀ dynamism ਤੇ ਸਰਦਾਰ ਤਰਲੋਚਨ ਸਿੰਘ ਜੀ ਦੇ ਸੁਲਝੇ ਹੋਏ ਦਿਮਾਗ (Talent) ਦੀ ਜੁਗੋ ਜੁਗ ਅਟਲ ਕਾਢ ਹੈ

ਸਭ ਤੋਂ ਵੱਡਾ ਕਾਰਜ

ਕਿਸੇ ਬੀ ਵਿਅਕਤੀ ਲਈ ਸਭ ਤੋਂ ਵੱਡਾ ਕਾਰਜ ਇਹ ਹੁੰਦਾ ਹੈ ਕਿ ਉਹ ਆਪਣੇ ਛੋਹੇ ਕਾਰਜਾਂ ਦੀ ਪੂਰਤੀ ਲਈ ਹੀਨੇ ਹਯਾਤ (during life time) ਬੰਦੋਬਸਤ ਕਰ ਜਾਏ। ਆਪ ਨੇ ਡਾਕਟਰ ਸਾਹਿਬ ਬਲਬੀਰ ਸਿੰਘ ਜੀ ਨੂੰ ਜਿਥੇ ਸਾਰੇ ਕੰਮ ਸਉਂਪੇ ਉਥੇ ਆਪਣਾ ਵਲਵਲਾ, ਸਾਂਈਆਂ ਜੀ ਲਈ ਅਬੁਝ ਤੜਪ ਵੀ ਉਹਨਾਂ ਦੇ ਹਿਰਦੇ ਵਿਚ ਵਸਾ ਗਏ।

ਇਹ ਇਕ ਕ੍ਰਿਸ਼ਮਾ ਹੈ ਕਿ ਥੋੜੇ ਜਿਹੇ ਅਰਸੇ ਵਿਚ ਸਤ ਭਾਗ ਸ੍ਰੀ ਸੰਖ੍ਯਾ ਪੋਥੀਆਂ ਦੇ ਆਪ ਨੇ ਛਪਾ ਲਏ। ੧੯-੬-੫੭ ਨੂੰ ਜਦ ਦਸਹਿਰੇ ਦਾ ਭੋਗ ਪਿਆ ਤਦ ਆਪ ਜੀ ਨੇ ਪਰਗਟ ਕੀਤਾ ਕਿ ਸ੍ਰੀਮਾਨ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ੬੦੭ ਅੰਕ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਕਾਰਜ ਸਿਰੇ ਚਾੜ੍ਹ ਗਏ ਹਨ। ਇਸ ਪਰ ਕੋਈ ਤਦੋਂ ਕਹੇ ਦਸ ਲਖ ਰੁਪੈ ਚਾਹੀਦੇ ਸਨ, ਸਤਿਗੁਰੂ ਜੀ ਦੀ ਬਖਸ਼ੀ ਅਕਲ, ਹਿੰਮਤ ਤੇ ਇੰਦੀਏ ਨਾਲ ਸ੍ਰੀਮਾਨ ਡਾਕਟਰ ਬਲਬੀਰ ਸਿੰਘ ਜੀ ਨੇ ਜਲਦ ਹੀ ਇਹ ਕਾਰਜ ਸੰਪੂਰਨ ਕਰ ਲਿਤਾ ਤੇ ਜਿਸ ਦਿਨਂ ਇਹ ਕਾਰਜ ਸੰਪੂਰਨ ਕੀਤਾ ਉਸੇ ਦਿਨ ਆਪ ਜੀ ਦਾ ਨਿਵਾਸ-ਅਸਥਾਨ, ਖਾਲਸਾ ਸਮਾਚਾਰ, ਰਚਨਾਵਾਂ ਆਦਿ ਸਾਰਾ ਕੁਛ ਆਪ ਨੇ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿਲੀ ਨੂੰ ਭੇਟਾ ਕਰ ਦਿਤਾ।

ਫੇਰ ਖਾਲਸਾ ਸਮਾਚਾਰ ਦੀ ਵਿਉਂਤ ਐਸੀ ਡਾਕਟਰ ਸਾਹਿਬ ਨੇ ਬੱਧੀ ਹੈ ਕਿ ੫੮ ਸਾਲ ਪਹਿਲੇ ਦੇ ਸਿਰਲੇਖਾਂ ਤੇ ਆਪ ਜੀ ਦੀ “ਅਣਛਪੀ ਕਵਿਤਾਵਾਂ’ ਦਾ ਸਿਲਸਿਲਾ ਚਲਾ ਕੇ ਮਾਨੋਂ ਉਨ੍ਹਾਂ ਨੂੰ ਹੀ ਸਦੀਵੀ ਸੰਪਾਦਕ (Eternal Editor) ਬਣਾ ਦਿਤਾ ਹੈ, ਇਹ ‘ਲਗਾਤਾਰੀ ਛੁਹ ਆਪ ਜੀ ਦੇ ਗੁਰਮੁਖ ਜੀਵਨ ਦੀ ਜਾਰੀ ਰਖਣਾ ਇਹ ਸੰਸਾਰ ਦੇ ਲਿਖਾਰੀਆਂ ਦੇ ਇਤਿਹਾਸ ਵਿਚ ਇਕ ਅਦੁੱਤੀ ਹੋਣੀ ਹੈ। ‘ਖਾਲਸਾ ਸਮਾਚਾਰ’ ਇਸ ਪਰੀਵਰਤਨ ਨਾਲ ਇਕ ‘ਅਮਰ ਇਨਸਟੀਟੂਸ਼ਨ’ ਬਣ ਗਿਆ ਹੈ।

ਫੇਰ ਆਪ ਜੀ ਦੇ ਹੋਰ ਛੋਹੇ ਕੰਮ:

੧. ਸ੍ਰੀ ਹੇਮਕੁੰਟ ਸਾਹਿਬ

੨. ਚੀਫ਼ ਖਾਲਸਾ ਦੀਵਾਨ

੩. ਪੰਜਾਬ ਐਂਡ ਸਿੰਧ ਬੈਂਕ ਲਿਮਿਟਿਡ

੪. ਵਿਦਿਅਕ ਕਾਨਫਰੰਸਾਂ

੫. ਖਾਲਸਾ ਟਰੈਕਟ ਸੁਸਾਇਟੀ

ਨਿਤ ਵਾਧੇ ਪਰ ਜਾ ਰਹੇ ਹਨ। ਇਕ ਵੇਰ ਆਪ ਜੀ ਨੇ ਫ਼ੁਰਮਾਇਆ ਸੀ ਕਿ:-

‘ਜੇਕਰ ਇਕੋ ਬ੍ਰਿਛ ਸਾਰੇ ਫਲ ਨ ਦੇਵੇ ਤਦ ਬਹੁਤ ਸਾਰੇ ਬ੍ਰਿਛਾਂ ਤੋਂ ਇਕ-ਇਕ ਫਲ ਲੈ ਲਿਆ, ਢੇਰ ਤਾਂ ਉਨਾਂ ਹੀ ਹੋ ਗਿਆ ਨਾਂ।’

ਇਸ ਗਲ ਦੀ ਅਮਰ ਸਚਾਈ ਵਿਦਿਤ ਹੈ। ਉਹਨਾਂ ਦੇ ਲਗਾਏ ਬ੍ਰਿਛ ਥਾਂਓਂ ਥਾਂਈਂ ਜੋ ਫਲ ਦੇ ਰਹੇ ਹਨ ਉਹਨਾਂ ਦਾ ਢੇਰ ਪੰਥਕ ਫੁਲਵਾੜੀ ਨੂੰ ਸਦਾ ਬਹਾਰ (evergreen) ਤੇ ਸਦਾ ਪਰਫੁੱਲਤ ਰਖ ਰਿਹਾ ਹੈ। ਤੇ ਹਰੇਕ ਬ੍ਰਿਛ ਜ਼ਰੂਰੀ ਹੈ ਤੇ ਉਹਨਾਂ ਦੇ ਸੰਪੂਰਨ ਜੀਵਨ ਦਾ ਕੋਈ ਨਾ ਕੋਈ ਕਰਤਵ ਸੰਭਾਲੀ ਬੈਠਾ ਹੈ। ਸਾਂਈਆਂ! ਸਦਾ ਇਹ ਬ੍ਰਿਛ ਫੁਲਦੇ ਫਲਦੇ ਰਹਿਣ ਗੁਰੂ ਨਾਨਕ ਜੀ ਦੀ ਅਮਰ ਫੁਲਵਾੜੀ ਵਿਚ!

ਆਪ ਜੀ ਦੇ ਨਾਮ ਦਾਤਾ ਜੀ

ਆਪ ਦੇ ਨਾਮ ਦਾਤਾ ਜੀ ਦਾ ਨਾਮ ਆਪ ਜੀ ਨੇ ਕਦੀ ਨਹੀਂ ਦਸਿਆ ਪਰ ਉਹਨਾਂ ਦੀ ਕਰਨੀ ਦੀ ਇੱਡੀ ਸਮਰੱਥਾ ਸੀ ਜਿੱਡੀ ਕਿ ‘ਬਾਬਾ ਨੌਧ ਸਿੰਘ ਜੀ’ ਦੀ ਪੁਸਤਕ ਵਿਚ ਸੁਭਾਗ ਜੀ ਤੇ ਵਕੀਲ ਜੀ ਨੂੰ ਨਾਮ ਦੀ ਦਾਤ ਦੇਣ ਆਉਣ ਵਾਲੀ ਉਚ ਮਹਾਂ ਵਿਅਕਤੀ ਦੀ ਹੁੰਦੀ ਸੀ। ਆਪ ਗਹਿਬਰ ਬਨਾਂ ਵਿਚ ਰਹਿੰਦੇ ਅਚਾਨਕ ਆ ਪਰਗਟ ਹੁੰਦੇ ਸਨ ਤੇ ਜਿਹਨੂੰ ਇਕ ਵੇਰ ਲੜ ਲਾ ਲੈਂਦੇ ਸੀ ਉਹਦੀ ਸਦਾ ਸੰਭਾਲ ਰਖਦੇ ਸੀ ਕਿ ਕਦ ਭਾਂਡਾ ਪੱਕ ਜਾਏ।

ਨਿਮਰਤਾ

ਇਕ ਦਿਨ ਸੰਤ ਸਜਣ ਸਿੰਘ ਜੀ ਪਾਸੋਂ ਸਾਧ ਸੰਗਤ ਵਿਚ ਭਾਈ ਸਾਹਿਬ ਜੀ ਦੇ ਬੈਠਿਆਂ ਆਪ ਦੀ ਉਸਤਤੀ ਦੇ ਕੁਛ ਵਾਕ ਉਚਾਰੇ ਗਏ। ਆਪ ਦੇ ਨੇਤਰਾਂ ਵਿਚ ਹੰਝੂ ਆ ਗਏ।

ਦੂਜੇ ਦਿਨ ਦੁਪਹਿਰ ਤੋਂ ਪਹਿਲੇ ਜਦ ਸੰਤ ਜੀ ਆਏ ਤਦ ਆਪ ਨੇ ਫ਼ੁਰਮਾਇਆ ‘ਸਿੰਘ-ਨਾਦਿ’ ਵਿਚ, ‘ਅਜ ਤੁਸਾਨੂੰ ਦਸੀਏ ਕਿ ਮੈਂ ਕੌਣ ਹਾਂ? ਲਓ ਸੁਣੋ ਤੁਹਾਨੂੰ ਦਸਦਾ ਹਾਂ:-

‘ਇਕ ਲਗੀ ਹੋਈ ਹੋਵੇ ਛਬੀਲ ਤੇ ਉਸ ਦੇ ਵਿਚ ਬੈਠਾ ਕਿਸੇ ਵੱਡੇ ਸੇਠ ਦਾ ਨੌਕਰ ਠੰਡਾ ਪਾਣੀ ਪਿਲਾ ਰਿਹਾ ਹੋਵੇ ਪਿਆਸਿਆਂ ਨੂੰ। ਧੰਨਤਾ-ਯੋਗ ਤੇ ਉਪਕਾਰ ਦਾ ਅਸਲੀ ਸੋਮਾ ਉਹ ਸੇਠ ਹੋਇਆ ਜਿਸ ਨੇ ਪਾਣੀ ਢੁਵਾ ਕੇ ਪਿਆਸੇ ਰਾਹ ਗੁਜ਼ਰੂਆਂ ਲਈ ਛਬੀਲ ਦਾ ਸਮਾਨ ਕੀਤਾ ਹੈ ਨਾ ਕਿ ਨੌਕਰ। ਉਹ ਸੇਠ ਜਿਸ ਨੌਕਰ ਪਰ ਦਯਾ ਕਰੇ ਉਸ ਨੂੰ ਇਸ ਸ਼ੁਭ ਕਾਰੇ ਲਾਵੇ।

‘ਜਗਤ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਏ। ਉਹਨਾਂ ਨੇ ਸੰਸਾਰ ਦਾ ਉਧਾਰ ਕੀਤਾ। ਆਪ ਨੇ ਤੇ ਅਗੋਂ ਨੌਂ ਗੁਰੂ ਸਾਹਿਬਾਨ ਨੇ ਬਾਣੀ ਰਚੀ, ਕੌਤਕ ਕੀਤੇ। ਜੇ ਕਿਸੇ ਪਾਸੋਂ ਆਪ ਨੇ ਆਪਣੇ ਕੀਤੇ ਕੌਤਕ ਲਿਖਵਾਏ ਜਾਂ ਆਪਣੀ ਉਚਾਰੀ ਬਾਣੀ ਦਾ ਅਰਥ-ਬੋਧ ਕਰਾਇਆ ਤਦ ਉਹਦੀ ਹਸਤੀ ਤਾਂ ਛਬੀਲ ਤੇ ਪਾਣੀ ਪਿਲਾਣ ਵਾਲੇ ਨੌਕਰ ਦੀ ਹੈ ਨਾ?’

ਇਹ ਨਿਮਰਤਾ, ਇਹ ਗਰੀਬੀ, ਇਹ ਯਥਾਰਥਕ (realistic) ਤੇ ਤਾਰਕਿਕ (logical conception) ਪ੍ਰਗਟਾਉ ਵੇਖ ਕੇ ਸਾਰੇ ਰੋਮਾਂਚ ਹੋ ਗਏ। ਤੇ ‘ਧੰਨ ਸਿੱਖੀ’ ਸ਼ਾਇਦ ਉਚੀ ਕੋਈ ਕਹਿ ਦੇਂਦਾ ਕਿ ਆਪ ਜੀ ਦੇ ਇਹਨਾਂ ਬਚਨਾਂ ਨੇ ਸਭ ਦਾ ਧਿਆਨ ਸਤਿਗੁਰੂ ਜੀ ਦੀ ਸਿਫ਼ਤ ਸਲਾਹ ਵਿਚ ਦ੍ਰਿੜ ਕਰ ਦਿਤਾ:-

‘ਅਸਲ ਧੰਨਤਾ ਯੋਗ ਸਚੇ ਪਾਤਸ਼ਾਹ ਜੀ ਹੈਨ ਜਿਨ੍ਹਾਂ ਨੇ ਕੌਤਕ ਕੀਤੇ, ਡੁਬਦੇ ਸੰਸਾਰ ਨੂੰ ਤਾਰਿਆ ਤੇ ਬਾਣੀ ਰਚੀ।’

ਅਵਿਰਲ ਹਜ਼ੂਰੀ

“ਆਠ ਪਹਰ ਪ੍ਰਭ ਬਸਹਿ ਹਜੂਰੇ॥ ਕਹੁ ਨਾਨਕ ਸੇਈ ਜਨ ਪੂਰੇ ॥*”

ਅਰਥਾਤ:-ਕਹੁ ਨਾਨਕ ਕਿ (ਜੋ ਜਨ) ਅਠੇ ਪਹਿਰ ਪ੍ਰਭੂ ਦੇ ਹਜ਼ੂਰ ਵਸਦੇ ਹਨ, ਓਹੋ ਪੂਰਨ ਪੁਰਖ ਹਨ।

“ਆਠ ਪਹਰ ਹਰਿ ਕਾ ਨਾਮੁ ਲੇਇ॥

ਸਚੁ ਉਪਦੇਸੁ ਸੇਵਕ ਕਉ ਦੇਇ॥” {ਸੁਖਮਨੀ-੧੮}

(ਐਸਾ ਮਹਾਂਪੁਰਖ ਆਪ) ਅਠੇ ਪਹਿਰ ਪਰਮੇਸ਼ਰ ਦਾ ਨਾਮ ਲੈਂਦਾ ਹੈ (ਤੇ ਆਪਣੇ) ਸੇਵਕ ਨੂੰ (ਨਾਮ ਦਾ ਹੀ) ਸੱਚਾ ਉਪਦੇਸ਼ ਦੇਂਦਾ ਹੈ।

{ਪੰਜ ਗ੍ਰੰਥੀ ਸਟੀਕ}

ਗਰਮੀਆਂ ਦੇ ਦਿਨ ਸਨ। ਲਾਹੌਰ ਤੇ ਫੇਰ ਉਥੋਂ ਦੇ ਰੇਲਵੇ ਸਟੇਸ਼ਨ ਪਰ ਤਾਂ ਗਰਮੀ ਨੇ ਹੱਦ ਕਰ ਰਖੀ ਸੀ।

ਗਡੀ ਅਜ ਵੀ ਲੇਟ ਹੈ, ਮੁਸਾਫ਼ਰ ਅਤਿ ਕਾਹਲੇ ਹਨ ਮਾਨੋਂ ਤੜਫ਼ ਰਹੇ ਹਨ। ਪਰ ਨਾਂ ਜੀ! ਐ ਦੇਖੋ ਇਕ ਸੋਹਣੀ ਨੁਹਾਰ ਵਾਲੇ ਸਰਦਾਰ ਜੀ ਪਲੇਟਫ਼ਾਰਮ ਦੇ ਇਕ ਸਿਰੇ ਤੋਂ ਚਲਕੇ ‘ਮੱਧ ਤੋਂ ਕੁਝ ਕੁ ਘਟ’ ਹਿਸੇ ਤੀਕ ਟਹਿਲ ਰਹੇ ਹਨ। ਆਪ ਦੀ ਚਾਲ ਅਤਿ ਧੀਮੀ ਹੈ ਜੋ ਚਲਣ ਨਾਲ ਪਸੀਨਾ ਨਾ ਆਵੇ ਤੇ ਬੈਠਦੇ ਇਸ ਲਈ ਨਹੀਂ ਕਿ ਕੋਈ ਮੁਸਾਫ਼ਰ ਦੁਆਲੇ ਆ ਬੈਠਨਗੇ ਤਦ ‘ਗਡੀ ਲੇਟ’ ਦੇ ਸ਼ਿਕਵੇ ਤੇ ਇਹੋ ਜਿਹੇ ਕੁਝ ਪੁਰਾਣੇ ਕਿੱਸੇ ਚਲ ਪੈਣਗੇ। ਆਪ ਦਾ ਚਿਹਰਾ ਟਿਕਿਆ ਹੋਇਆ ਪਰ ਬਸ਼ਾਸ਼ (ਖੁਸ਼) ਹੈ। ਇਕ ਯੂਰਪੀਨ ਪਾਦਰੀ ਵੀ ਪਲੇਟਫ਼ਾਰਮ ਪਰ ਖੜਾ ਗਡੀ ਉਡੀਕ ਰਿਹਾ ਹੈ। ਉਹ ਆਪ ਨੂੰ ਦੇਖ ਕੇ ਬੜਾ ਪ੍ਰਭਾਵਤ ਹੁੰਦਾ ਹੈ ਵੇਖੋ ਦੂਜੀ ਵੇਰ ਜਦ ਆਪ ਆਏ ਹਨ ਤਦ ਅਗੇ ਹੋ ਕੇ ਮਿਲ ਰਿਹਾ ਹੈ ਤੇ ਉਸ ਨੇ ਕਿਹਾ:-

‘ਹੈਲੋ! ਦਸੋ ਜੀ! ਕੀ ਹਾਲ ਏ?’

ਸੁੰਦਰ ਸਰਦਾਰ ਜੀ:-ਚੰਗਾ ਹੈ ਧੰਨਵਾਦੀ ਹਾਂ (ਇਸ ਤੁਹਾਡੀ ਪਿਆਰ- ਪੁਛ ਦਾ।)

ਪਾਦਰੀ-ਗੱਡੀ ਲੇਟ ਹੈ।

ਸਰਦਾਰ ਸਾਹਿਬ-(ਉਸੇ ਟਿਕਾਉ ਵਿਚ ਸਹਜੇ ਬੋਲੇ) -ਜੀ!

ਪਾਦਰੀ-(ਹੋਰ ਵਲ-ਪੇਚ ਨਾ ਪਾ ਕੇ) ਪਰ ਤੁਸੀਂ ਕਾਹਲੇ ਨਹੀਂ ਪੈ ਰਹੇ ਹੋਰਨਾਂ ਸਾਰਿਆਂ ਮੁਸਾਫ਼ਰਾਂ ਵਾਂਙੂ?

ਸ਼ਹਾਨਾਂ ਛਬੀ ਵਾਲੇ ਸਰਦਾਰ ਸਾਹਿਬ ਜੀ ਨੇ ਪਾਦਰੀ ਦਾ ਹਥ ਫੜ ਲਿਆ ਤੇ ਆਪਣੀ ਟਹਿਲਣ ਵਾਲੀ ਟੋਰ ਨੂੰ ਜਾਰੀ ਰਖ ਕੇ* ਬੋਲੇ, ‘ਭਾਈ! ਜੋ ਮੈਂ ਆਪਣੇ ਘਰ ਪਹੁੰਚ ਕੇ ਕੰਮ ਕਰਨਾ ਹੈ, ਉਹ ਮੈਂ ਹੁਣ ਇਥੇ ਹੀ ਕਰ ਰਿਹਾ ਹਾਂ ਜੀ।’

ਪਾਦਰੀ ਅਚੰਭਿਤ ਹੋ ਗਿਆ। ਕੁਝ ਦੇਰ ਜਦ ਸੋਚਣ ਪਰ ਬੀ ਉਸ ਨੂੰ ਭੇਤ ਦੀ ਸੋਝੀ ਨਾ ਪਈ ਤਦ ਕਹਿਣ ਲਗਾ:-‘ਜੀ! ਹੋਰ ਸਪਸ਼ਟ ਕਰੋ।’ ਉਤਰ:-‘ਮੈਂ ਪਰਮੇਸ਼ਰ ਦਾ ਨਾਉਂ ਜਪ ਰਿਹਾ ਹਾਂ, ਇਹੋ ਕਾਰਜ ਸ੍ਰੀ ਅੰਮ੍ਰਿਤਸਰ ਪੁਜ ਕੇ ਕਰਨਾ ਹੈ।’

ਪਾਦਰੀ:-ਕਮਾਲ! ਇਹ ਪੂਰਨਤਾ ਹੈ।

(ਸੁੰਦਰ ਸਰਦਾਰ ਜੀ ਭਾਈ ਸਾਹਿਬ ਡਾ ਵੀਰ ਸਿੰਘ ਜੀ ਸਨ, ਜੋ ਹੇਠ ਲਿਖਿਆ ਉਤਰ ਉਹਨਾਂ ਨੇ ਉਦੋਂ ਦਿਤਾ ਉਹ ਅਸਾਂ ਸਾਰਿਆਂ ਦੇ ਪੱਲੇ ਬੰਨ੍ਹਣ ਯੋਗ ਹੈ।)

ਭਾਈ ਸਾਹਿਬ:-ਇਹ ਪੂਰਨਤਾ ਨਹੀਂ ਪਰ ਉਹਦਾ ਅਰੰਭ ਹੈ’:- “ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥”

{ਸੁਖਮਨੀ-੧੭}

ਨੇਕੀ ਲਈ ਜਫ਼ਰ

੨੫ ਫਰਵਰੀ ੧੯੫੫ ਨੂੰ ਆਪ ਜੀ ਨੇ ਬੰਬਈ ਵਿਖੇ ਫੁਰਮਾਇਆ ਸੀ :-

‘ਜ਼ਿੰਦਗੀ sufferings (ਦੁਖਾਂ ਤਕਲੀਫਾਂ) ਦੀ ਭਰੀ ਹੋਈ ਹੈ। ਇਹ ਮੇਰੇ ਜੀਵਨ ਭਰ ਦੇ ਤਜਰਬੇ ਦਾ ਨਿਚੋੜ ਹੈ ਫੇਰ ਕਿਉਂ ਨਾ ਨੇਕੀ ਲਈ suffer ਕਰੀਏ (ਜਫ਼ਰ ਜਾਲੀਏ) ?

ਵਪਾਰ-ਨਸੀਹਤ

ਆਪ ਹਰੇਕ ਪਹਿਲੂ ਤੋਂ ਆਪਣੇ ਲੜ-ਲਗਿਆਂ ਦਾ ਖਿਆਲ ਕਰਦੇ ਸਨ। ਇਕ ਪੰਜਾਬੀ ਗੁਰਸਿਖ ਪਰਵਾਰ ਦੀ ਵਪਾਰਕ ਸਾਂਝ ਵਿਚ ਤਰੇੜ ਆ ਰਹੀ ਤਕ ਕੇ ਆਪ ਨੇ ਇਹ ਕਹਿ ਕੇ ਉਸ ਪਰਵਾਰ ਦੇ ਕਾਰਗਰ ਮੈਂਬਰਾਂ ਨੂੰ ਮੁੜ ਸੋਚ (rethinking) ਵਿਚ ਪਾ ਦਿਤਾ:-

‘ਪੰਜਾਬੀਆਂ ਵਿਚ (business character) (ਅਮਲ ਵਿਚ ਵਪਾਰਕ ਦੂਰ-ਦ੍ਰਿਸ਼ਟੀ) ਨਹੀਂ ਆਈ। ਸਿੰਧੀ, ਮਾਰਵਾੜੀ ਵਿਉਪਾਰੀ ਹਨ ਉਹਨਾਂ ਦੀਆਂ ਤਿੰਨ ਤਿੰਨ ਚਾਰ ਚਾਰ ਪੁਸ਼ਤਾਂ ਦੀ ਭਾਈਵਾਲੀ ਚਲਦੀ ਰਹਿੰਦੀ ਹੈ।’

ਇਉਂ ਦਰਦ ਤੇ ਦੂਰ-ਦ੍ਰਿਸ਼ਟੀ ਨਾਲ ਆਪਣੇ ਪਾਸ ਆਇਆਂ ਦਾ ਸਦਾ ਭਲਾ ਕੇਵਲ ਚਿਤਵਦੇ ਹੀ ਨਾ ਪਰ ਵਿਉਂਤਦੇ ਬੀ ਰਹਿੰਦੇ ਤੇ ਫੁਰਮਾਉਂਦੇ:-

‘ਇਹ ਜੋ ਤੁਹਾਡੀ ਪਰਵਾਰਕ ਉਨਤੀ ਹੈ ਇਹਦਾ ਤੁਹਾਡੇ ਪਰਵਾਰ ਨੂੰ ਤਾਂ ਫ਼ਾਇਦਾ ਹੈ ਹੀ ਪਰ ਮਿਲ ਕੇ ਜੋ ਤੁਸੀਂ ਦਸਵੰਧ ਕਢੋਗੇ, ਇਹਦੇ ਵਿਚ ਸਾਰੇ ਪੰਥ ਦਾ ਲਾਭ ਹੈ ਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਹੈ।’

ਉਹ ਖੇੜੇ ਦੀ ਛੂਤ ਲਾ ਦੇਂਦੇ ਸੀ

ਆਪ ਦਾ ਉਮਾਹ ਤੇ ਖੇੜਾ ਲਾਗੜ (contagious) ਹੁੰਦਾ ਸੀ। ਦਰਸ਼ਨ ਕਰਦੇ ਹੀ ‘ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਇਤਨੇ ਜ਼ੋਰ ਨਾਲ ਉਮਾਹੂ ਚਸ਼ਮੇ ਵਾਂਙੂ ਦਿਲ ਦੀਆਂ ਹੇਠਲੀਆਂ ਪਰਤਾਂ ਚੋਂ ਜਾਂ ਫੇਰ ਖੂਹ ਦੇ ਹੇਠਲੇ ਕੜ ਦੇ ਫਟਣ ਵਾਂਙ, ਉਪਰ ਉਛਲ ਆਂਦਾ ਸੀ ਕਿ ਮਨ ਦੀਆਂ ਹੋਰ ਸਾਰੀਆਂ ਗੱਲਾਂ ਹੀ ਭੁਲ ਜਾਂਦੀਆਂ ਸਨ। ਦਿਲ ਖਿੜ ਪੈਂਦੇ ਸਨ ਤੇ ਆਪ ਜੀ ਪਾਸੋਂ ਹੋ ਕੇ ਆਇਆਂ ਦੁਨੀਆਂ ਹੋਰ ਦੀ ਹੋਰ ਭਾਸਦੀ ਸੀ।

ਉਹ ਦਿਨ ਨਹੀਂ ਭੁਲਦੇ

੧੯੫੫ ‘ਚ ਅਗਸਤ ਦੇ ਮਹੀਨੇ ਦਾਸ ਕਸੌਲੀ ਸ੍ਰ. ਇਕਬਾਲ ਸਿੰਘ ਦੀ ਕੋਠੀ ਠਹਿਰਿਆ ਹੋਇਆ ਸੀ। ਸਵੇਰੇ ਦਰਸ਼ਨ ਕਰਕੇ, ਕੁਛ-ਕੁ ਸੰਤ ਬਿਮਲਾ ਸਿੰਘ ਜੀ ਦੇ ਟਰੈਕਟ ਪੜ੍ਹਕੇ, ਲੰਚ ਆਪ ਜੀ ਨਾਲ ਲੈ ਕੇ ਦੁਪਹਿਰੇ ਆ ਆਰਾਮ ਕੀਤਾ।

ਕੋਈ ਬੜੇ ਸੁਖ ਦੀ ਨੀਂਦ ਆਈ। ਡੂੰਘੀ ਨੀਂਦ ‘ਚ ਵਧੇਰੇ ਸਮਾਂ ਬੀਤ ਗਿਆ। ਦਾਸ ਜਦ ਪਹੁੰਚਿਆ ਤਦ ਆਪ ਜੀ ਰਾਜ-ਵਿਲਾ ਦੇ ਲੰਮੇ ਕੋਰੀਡਾਰ (corridor) (ਬਰਾਂਡੇ) ਵਿਚ ਬਿਰਾਜਮਾਨਂ ਸਨ। ਸਦਾ ਵਾਂਙ ਚਾਹ ਪੀ ਕੇ ਆਰਾਮ ਕੁਰਸ਼ੀ ਪਰ ਸਮਾਧ-ਸਥਿਤ ਸਨ । ਪਾਸ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਬੀ ਬੈਠੇ ਸਨ । ਛੋਪਲੇ ਜਿਹੇ ਦਾਸ ਬੀ ਆਪਦੇ ਚਰਨਾਂ ਵਿਚ ਬੈਠ ਗਿਆ। ਮਲੋ ਮਲੀ ਅੱਖਾਂ ਜੁੜ ਗਈਆਂ। ਕੋਈ ਘੜੀ ਪਲ ਬੀਤਿਆ ਹੋਵੇਗਾ ਪਰ ਪਤਾ ਨਹੀਂ ਲਗਾ। ਤਦ ਵੇਖਿਆ ਜਦ ਬਚਨ ਹੋ ਰਹੇ ਸਨ ਤੇ ਅਜ ‘ ਦੇ ਲੋਢੇ ਪਹਿਰ ਦੀ ਚਾਹ ਸਮੇਂ ਦੇ ਅਨੰਦ ਨੂੰ ਚਿਤਾਰ ਕੇ ਕਿਸੇ ਨੇ ਦਾਸ ਪਰ ਸਤਿਸੰਗੀ ਪਿਆਰ ਤੇ ਤਰਸ ਵਿਚ ਕਿਹਾ……..

“ਜਿੰਨ੍ਹਾ ਨੈਣ ਨੀਂਦਰਾਵਲੇ ਤਿੰਨਾ ਮਿਲਣ ਕੁਆਉ॥”

(ਸਲੋਕ ਸੇਖ ਫਰੀਦ- ੮੦॥ (ਪੰਨਾ ੧੩੮੨)

ਪਤਾ ਨਹੀਂ ਕਿਵੇਂ ਪਰ ਅੰਦਰਲੇ ਕਿਸੇ ਨਾ ਦਬੇ ਜਾਣ ਵਾਲੇ ਚੜ੍ਹਦੀ ਕਲਾ ਦੇ ਵਲਵਲੇ ਨੇ ਬੇਪਰਵਾਹੀ ਵਿਚ ਇਹ ਤੁਕ ਮਲੋਮਲੀ ਅਣਸੋਚੇ ਅਖਵਾ ਦਿਤੀ:-

“ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ॥”

(ਬਲਾਵਲ ਮਹਲਾ੫- ੨੫॥੫੫ (ਪੰਨਾ ੮੧੪}

‘ਪੇਖਿਆ ਬਿਸਮਾਦ’ ਆਪ ਨੇ ਇਹਨਾਂ ਅੱਖਾਂ ਵਿਚ ਪਵਿੱਤਰ ਅੱਖਾਂ ਦੀ ਨੀਝ ਗੱਡ ਕੇ ਇਤਨੀ ਡੂੰਘੀ ਭਾਵਨਾ (feelings) ਨਾਲ ਕਹਿਆ ਕਿ ਇਕ ਉਮਾਹੂ ਕਰੰਟ ਅੰਦਰ ਲੰਘਦੀ ਪ੍ਰਤੀਤ ਹੋਈ। ਇਸ ਨਾਲ ਮਨ ਅਡੋਲ ਤੇ ਹੋਰ ਉਤਾਂਹ ਹੋ ਗਿਆ।

ਤਦੋਂ ਮਾਣੀ ਅਡੋਲ ਅਵਸਥਾ ਦੀ ਯਾਦ ਹੁਣ ਬੀ ਉਹ ਸਮਾਂ (re- live) ਮੁੜ-ਪ੍ਰਤੱਖ ਕਰਾ ਰਹੀ ਹੈ।

ਇਹ ਹੈ ਲਾਫ਼ਾਨੀ (immortal) ਸੰਤ ਵਿਅਕਤੀ ਜੀ ਦੀ ਜੀਵਨ ਛੁਹ ਦੀ ਅਮਰ ਜੀਉਂਦੀ ਕਣੀ।

ਰਬਾ! ਸਦਾ ਮਘਦੀ ਰਹੇ ਇਹ ਕਣੀ ਆਪ ਤੋਂ ਵਰੋਸਾਈਆਂ ਆਤਮਾਵਾਂ ਵਿਚ!

ਗੁਰਮੁਖ ਦਰਸ਼ਨ

“ਰਾਮਿ ਨਾਮਿ ਚਿਤੁ ਰਾਪੈ ਜਾ ਕਾ॥ ਉਪਜੰਪਿ ਦਰਸਨੁ ਕੀਜੈ ਤਾ ਕਾ॥”

{ਰਾਗ ਗਉੜੀ ਅਸਟਪਦੀਆਂ ਮਹਲਾ ੧ ਗੁਆਰੇਰੀ-੧੬ ਪੰਨਾ ੨੨੮}

ਅਰਥਾਤ ਸੂਰਜ ਉਦੈ ਹੁੰਦੇ ਹੀ ਨਾਮ-ਜਪਣ ਵਾਲੇ ਸੱਚੇ ਸੰਤਾਂ, ਜਿਨ੍ਹਾਂ ਦਾ ਚਿਤ ਨਾਮ ਵਿਚ ਰੰਗਿਆ ਗਿਆ ਹੈ, ਦਾ ਦਰਸ਼ਨ ਕਰੋ।

ਇਸ ਦੀ ਪੂਰਤੀ ਦੀ ਸਾਲਾਂ ਤੋਂ ਲੋਚਾ ਅੰਦਰ ਲੁਕੀ ਹੋਈ ਸੀ। ੬੦ ਲਾਰੰਸ ਰੋਡ ਤੇ ਕੁਛ ਦਿਨਾਂ ਦਾ ਟਿਕ ਰਿਹਾ ਸਾਂ। ਪਹੁ-ਫੁਟਾਲੇ ਹੀ ਆਪ ਜੀ ਦੇ ਸੌਣ ਵਾਲੇ ਕਮਰੇ ਵਿਚ ਚਲਾ ਗਿਆ। ਤਦੋਂ ਆਪ ਆਪਣੇ ਪਿਆਰ ਵਿਚ ਸਰਸ਼ਾਰ ਆਰਾਮ ਕੁਰਸੀ ਪਰ ਚਰਨ ਪੀੜ੍ਹੇ ਪਰ ਟਿਕਾਈ ਲਿਵਲੀਨ ਹੋ ਰਹੇ ਸਨ। ਜਦ ਮਥਾ ਟੇਕਿਆ ਕਹਿ ਨਹੀਂ ਸਕਦਾ ਪਰ ਦਿਲ ਮਾਨੋਂ ਦਿਲ ਵਿਚ ਗੱਡ ਗਿਆ। ਮਨ ਪਰ ਡਾਢੇ ਸੁਹੱਣਪ ਦੀ ਪ੍ਰਭਾ ਛਾ ਗਈ।

ਬਿਸਮਾਦ

‘ਰੋਜ਼ਰੀ’ (Rosery) ਵਿਚ ਦੇ ਥੜੇ ਪਰ ਤੇ ਕੋਠੀ ਦਾਖਲ ਹੋਇਆਂ ਖਬੇ ਪਾਸੇ ਦੇ ਰੁਖਾਂ ਵਿਚ ਉਚੇ ਥੜੇ ਪਰ ਬੈਠਿਆਂ ਤਾਂ ਆਸਮਾਨ ਪਰ ਇਕ ਸੁਹਾਉ ਦਿੰਦਾ ਸੀ, ਦਰਖਤਾਂ ਦੇ ਪਤਿਆਂ ਦੀ ਝਿਲ-ਮਿਲ ਕੰਬਣੀ ਵਿਚ ਇਕ ਉਹ ਰਾਗ ਸੀ ਜਿਸ ਦੀ ਆਂਸ਼ (ਛੁਹ) ਮੇਰੇ ਦਿਲ ਨੂੰ ਤਰਬ ਦੇ ਰਹੀ ਪ੍ਰਤੀਤ ਹੁੰਦੀ ਸੀ ਪਰ ਜਿਵੇਂ ਕਿ ਦਿਲ ਸਦਾ ਵਾਂਙ ਉਸ ਸੁਹਾਉ ਦੇ ਅਸਰ ਤੋਂ ਮਖ਼ਮੂਰ ਨਹੀਂ ਹੋ ਰਿਹਾ ਪਰ ਉਹਨਾਂ ਨੂੰ ਰਸ ਦਾਨ ਕਰ ਰਿਹਾ ਹੈ ਇਵੇਂ ਹੀ ਅੰਦਰੋਂ ਸਭ ਤੋਂ ਅਰੁਖ ਇਹ ਬਾਲ-ਦਿਲ ਵਿਸ਼ਾਲ-ਦਿਲ ਦੀ ਪ੍ਰਭਾ ਨਾਲ ਜੁੜਿਆ ਆਪਣੇ ਆਪ ਵਿਚ ਹੀ ਮਜਜ਼ੂਬ (ਮਗਨ) ਰਹਿਣਾ ਲੋਚਦਾ ਸੀ ਅਜੀਬ ਕੈਫ਼ੀਅਤ (ਮਨੋ ਦਸ਼ਾ) ਸੀ।

ਨਾਂ ਲਿਖਣ ਤੇ ਦਿਲ ਕਰਦਾ ਸੀ।

ਨਾਂ ਪੜ੍ਹਣ ਵਿਚ ਮਨ ਲਗਦਾ ਸੀ

ਨਾਂ ਬਹੁਤੀਆਂ ਗਲਾਂ ਕਰਨ ਵਲ ਰੁੱਖ ਪੈਂਦਾ ਸੀ

ਬਸ ਕਠਾ ਕਠਾ ਆਪਣੇ ਅੰਦਰ ਹੀ ਅਥਾਹ ਡੂੰਘਾਈਆਂ ਵਿਚ ਰਹਿਣਾ ਲੋਚਦਾ ਸੀ ਇਹ ਮਨ ਤੇ ਆਪ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਪ੍ਰਤੀਤ ਦੇਂਦਾ ਸੀ।

ਜਦ ਕਦੇ ਅੱਖ ਖੁਲ੍ਹਦੀ ਸੀ ਕਿਸੇ ਸਤਿਸੰਗੀ ਦੀ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਦੇ ਉਤਰ ਵਿਚ ਤਦ ਸਾਰੇ ਇਕ ਬਨਫ਼ਸ਼ੀ ਸੁਹੱਣਪ ਦਾ ਮੀਂਹ ਵਸਦਾ, ਅੱਖਾਂ ਮੁੜ ਮਸਤਾਨੀਆਂ ਕਰ ਦੇਂਦਾ ਸੀ।

ਉਸ ਦਿਨ

“ਬਿਸਮੁ ਪੇਖੈ ਬਿਸਮੁ ਸੁਣੀਐ

ਬਿਸਮਾਦੁ ਨਦਰੀ ਆਇਆ॥”੪॥੨॥

(ਰਾਗ ਸੂਹੀ ਛੰਤ ਮਹਲਾ ੫ ਪੰਨਾ ੭੭੮} ਦੀ ਕੈਫ਼ੀਅਤ (ਮਨੋ ਦਸ਼ਾ) ਤਾਰੀ ਹੋ ਗਈ।

ਕਾਲੇ ਲਿਖੁ ਨ ਲੇਖੁ

“ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖੁ॥

ਆਪਨੜੇ ਗਰੀਵਾਨ ਮਹਿ ਸਿਰ ਨੀਵਾ ਕਰਿ ਦੇਖੁ॥੬॥”

(ੳ) ਦਰਬਾਰ ਸਾਹਿਬ ਦੀਆਂ ਦਹਿਲੀਜ਼ਾਂ ਤੇ ਮਥਾ ਟੇਕਦੇ ਹੀ ਜਦ ਇਕ ਦਿਲਗੀਰ ਯੁਵਕ ਦੇ ਕੰਨੀ ਇਹ ਬਾਬਾ ਫਰੀਦ ਜੀ ਦੇ ਅਖਰ ਪਏ ਉਹਦਾ ਦਿਲ ਪਿਘਲ ਕੇ ਅੱਖਾਂ ਰਾਹੀਂ ਵਹਿ ਤੁਰਿਆ। ਛਮਾ ਛਮ ਹੰਝੂ ਵਹੀ ਜਾਣ ਤੇ ਮਨ ਉਹਦਾ ਪਛਤਾਵੇ ਵਿਚ ਅੰਦਰ ਹੀ ਅੰਦਰ ਸੁੰਗੜਦਾ ਨਿਮਰੀਭੂਤ ਹੁੰਦਾ ਜਾਵੇ। ਰਾਗੀ ਸਿੰਘ ਪਲਟਾ ਪਲਟਾ ਕੇ ‘ਜੇ ਤੂ ਅਕਲਿ ਲਤੀਫੁ ਪੜੀ ਜਾਣ ਤੇ ਜਦ ਉਹ ‘ਕਾਲੇ ਲਿਖੁ ਨ ਲੇਖੁ ॥’ ਲੰਮੀ ਮਹੀਨ ਦਿਲ ਵਿਨ੍ਹਵੀਂ ਹੇਕ ਵਿਚ ਕਹਿ ਜਾਂਦੇ ਤਦ ਉਸ ਯੁਵਕ ਦੇ ਪਰਤ ਦਰ ਪਰਤ ‘ਚੋਂ ਕੋਈ ਕੜ ਪਾਟ ਜਾਂਦਾ ਤੇ ਹੰਝੂ ਵਹਿ ਟੁਰਦੇ। ਇਸੇ ਮਜਜ਼ੂਬ (ਮਗਨ) ਅਵਸਥਾ ਵਿਚ ਉਹ ਉਠ ਟੁਰਿਆ ਸ਼ਹਿਰ ਵਲ। ੧੯੪੫ ਅਕਤੂਬਰ ਦਾ ਵਾਕਿਆ ਹੈ। ਉਹ ਪੁਜਿਆ ‘ਖਾਲਸਾ ਸਮਾਚਾਰ’ ਦੇ ਹਾਲ ਬਾਜ਼ਾਰ ਵਾਲੇ ਦਫ਼ਤਰ। ਉਥੇ ਪੁਜ, ਅੰਦਰ ਗਵਾਚੇ ਗਵਾਚੇ ਹੀ, ਕੁਝ ਕਿਤਾਬਾਂ ਲਈਆਂ ਤੇ ਮਲੋ-ਮਲੀ ਕਰਤਾ ਜੀ ਬਾਰੇ ਪੁਛ ਕੀਤੀ ਤਦ ਪਤਾ ਲਗਾ ਜੋ ਸ੍ਰੀ ਜੀ ਅੰਮ੍ਰਿਤਸਰ ਜੀ ਹੀ ਹਨ ਤੇ ੬੦ ਲਾਰੰਸ ਰੋਡ ਪਰ ਰਹਿੰਦੇ ਹਨ। ਸੋ ਕੋਈ ਅਦਿਸ ਖਿੱਚ ਲੈ ਟੁਰੀ ਮਨਜ਼ਲੇ ਮਕਸੂਦ ਵਲ। ਬਰਸਾਤ ਦਾ ਦਿਨ ਸੀ, ਗੇਟ ਤੇ ਪੁਜ ਕੇ ਕਾਰਡ ਅੰਦਰ ਭੇਜਿਆ। ਟਾਂਗਾ ਤੇ ਛੱਡ ਦਿਤਾ ਸੀ ਪਰ ਦਿਲ ਧੱਕ-ਧੱਕ ਕਰ ਰਿਹਾ ਸੀ, ਕੋਈ ਅਜੀਬ ਆਸ (expectation) ਦੀ ਕੈਫ਼ੀਅਤ (ਮਨੋ ਦਸ਼ਾ) ਸੀ। ਝਟ ਬੁਲਾਵਾ ਆ ਗਿਆ। ਪੋਰਚ ਵਿਚ ਪੁਜਣ ਦੇ ਦੋ ਕੁ ਮਿੰਟਾਂ ਵਿਚ ਦਰਵਾਜ਼ਾ ਖੁਲ੍ਹਿਆ, ਸੁਬਕ ਕਦਮ ਧਰਦੇ ਕੋਈ ਆ ਗਏ। ਫ਼ਤੇ ਗਜਾਈ, ਸਾਹਮਣੇ ਸਪਰਿੰਗੀ ਬੈਂਚ ਪਰ ਬੈਠਣ ਦੀ ਸੈਨਤ ਕਰਕੇ ਆਪ ਸਾਹਮਣੇ ਕੁਰਸੀ ਪਰ ਬੈਠ ਗਏ। ਵਿਚਕਾਰ ਇਕ ਲਕੜੀ ਦੀ ਮੇਜ਼ ਪਈ ਸੀ। ਬੜੇ ਹੀ ਮਿਠੇ ਲਗੇ। ਆਪਣੇ ਆਪਣੇ, ਜਨਮਾਂ ਤੋਂ ਸਿਆਣੂੰ ਆਪਣੇ ਲਗੇ। ਕੁਝ ਧਾਰਮਕ ਨੁਕਤਿਆਂ ਤੇ ਧਰਮ ਅਰਥ ਜੋ ਰਕਮ ਖਰਚ ਕਰਨੀ ਸੀ ਬਾਰੇ ਵੀਚਾਰ ਹੁੰਦੀ ਰਹੀ। ਯਕਦਮ ਜਿਉਂ ਹੀ ਦਿਲ-ਨਪੀ ਗਲ ਯਾਦ ਆਈ ਤਾਂ ਹੰਝੂ ਵਹਿ ਟੁਰੇ। ਹੰਝੂ ਵਹੀ ਜਾਣ ਤੇ ਕਹੀ ਜਾਵੇ:-

‘ਵੇਖੋ ਜੀ! ਸਾਈਂ ਦੀ ਐਵਡ ਬਖਸ਼ਸ਼ ਹੈ ਕਿ ਲੱਖ ਕੁ ਰੁਪਯਾ ਧਰਮ ਅਰਥ ਖਰਚ ਕਰਨਾ ਹੈ ਤੇ ਕਰਤੂਤ ਅਹਿ ਆ ਕੀਤੀ ਕਿ ਕੋਇਟਾ ਸਟੇਸ਼ਨ ਤੋਂ ਚਲਦੇ ਸਮੇਂ, ਵਕਤ ਨਾ ਹੋਣ ਕਰਕੇ, ਅੰਗੂਰਾਂ ਦਾ ਟੋਕਰਾ ਜੋ ਨਾਲ ਲਿਆ ਸੀ ਉਹ ਨਾ ਤੁਲਵਾਇਆ। ਇਥੇ ਗੇਟ ਤੇ ਜਦ ਟਿਕਟ ਕੁਲੈਕਟਰ ਨੇ ਵਧੇਰੇ ਸਾਮਾਨ ਵੇਖ ਕੇ ਤੋਲਿਆ ਤਦ, ਜੇਬ ਵਿਚ ਸੈਂਕੜੇ ਰੁਪਏ ਹੁੰਦਿਆਂ, ਤਿੰਨ ਰੁਪਏ ਵੱਢੀ ਦੇ ਕੇ ਗੁਰੂ ਜੀ ਦੀ ਨਗਰੀ ਵਿਚ ਆ ਦਾਖਲ ਹੋਇਆ। ਮਨ ਲਾਅਨਤਾਂ ਪਾ ਹੀ ਰਿਹਾ ਸੀ ਕਿ ਇਸ਼ਨਾਨ ਕਰਕੇ ਜਦ ਸ੍ਰੀ ਦਰਬਾਰ ਸਾਹਿਬ ਪੁਜਿਆ ਤਦ ਰਾਗੀ ਸਿੰਘ ਪੜ੍ਹ ਰਹੇ ਸਨ:-

‘ਕਾਲੇ ਲਿਖੁ ਨ ਲੇਖੁ॥

ਤੇ ਪਲਟਾ ਦੇ ਕੇ ਦਿਲ ਵਿਨ੍ਹ ਰਹੇ ਸਨ:-

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖੁ॥ ਹੰਝੂ ਵਹਿ ਟੁਰੇ। ਠੱਲੀਵਨ ਹੀ ਨਾ। ਮੁੜ ਉਂਵੇ ਹੀ ਹੰਝੂ ਵਗੀ ਗਏ।

ਇਹ ਅਤਿ ਦਾ ਪਛਤਾਵਾ, ਦਿਲ ਦੀ ਡੂੰਘਾਈ ਵਿਚੋਂ ਨਿਕਲਿਆ ਵੇਖਕੇ ਭਾਈ ਸਾਹਿਬ ਜੀ ਦ੍ਰਵ ਗਏ ਤੇ ਫ਼ੁਰਮਾਇਆ ਨੇ:

‘ਇਕ ਵੇਰ ਸਾਡੇ ਨਾਲ ਬੀ ਇਵੇਂ ਹੋਇਆ ਕਿ ਸ੍ਰੀ ਅੰਮ੍ਰਿਤਸਰ ਜੀ ਆ ਰਹੇ ਸੀ। ਇਕ ਟੀ. ਟੀ. ਨੇ ਰਸਤੇ ਵਿਚ ਕਿਹਾ:

‘ਤੁਹਾਡਾ ਸਾਮਾਨ ਜ਼ਿਆਦਾ ਹੈ।’

ਅਸੀਂ ਕਿਹਾ, ‘ਜ਼ਿਆਦਾ ਹੀ ਦਿਸਦਾ ਹੈ ਪਰ ਤੁਲਵਾ ਨਹੀਂ ਸਕੇ’।

ਟੀ. ਟੀ. (ਕੁਝ ਸੋਚ ਕੇ ਕਿਹਾ,) – ਤੁਸੀਂ ਕਿਥੇ ਜਾ ਰਹੇ ਹੋ?”

‘ਸ੍ਰੀ ਅੰਮ੍ਰਿਤਸਰ।’

‘ਉਹ ਹੋਰ ਕੁਛ ਕਹੇ ਬਿਨਾਂ ਉਥੋਂ ਚਲਾ ਗਿਆ। ਅਸੀਂ ਉਸ ਦਿਨ ਦੇ ਬੜੇ (particular) ਖਾਸ ਧਿਆਨ ਦੇਂਦੇ ਹਾਂ ਕਿ ਰੇਲ ਸਫ਼ਰ ਵਿਚ ਸਾਮਾਨ ਪਹਿਲੇ ਤੁਲ ਜਾਵੇ।’

ਇਹ ਸੁਣ ਕੇ ਨੌਜਵਾਨ ਦਾ ਦਿਲ ਠਉਰੇ ਆ ਗਿਆ ਤੇ ਹੁਣ ਤੀਕ ਉਹਦੋਂ ਦੇ ਮਨੋ-ਮਨ ਕੀਤੇ ਪ੍ਰਣ ਨੂੰ ਸਤਿਗੁਰ ਨਿਬਾਹੀ ਆ ਰਹੇ ਹਨ।

(ਅ) ਇਸੇ ਤਰ੍ਹਾਂ ਦੀ ਇਕ ਹੋਰ ਵਾਰਤਾ ਯਾਦ ਆ ਗਈ ਹੈ। ਭਾਈ ਸਾਹਿਬ ਜੀ ਆਮ ਤੌਰ ਤੇ ਰੇਲਵੇ ਦੀ ਇੰਟਰ ਕਲਾਸ (Inter class) ਵਿਚ ਸਫ਼ਰ ਕਰਦੇ ਸਨ। ਇਕ ਸਟੇਸ਼ਨ ਤੇ ਕਿਸੇ ਕੰਮ ਉਤਰੇ। ਗੱਡੀ ਚਲ ਪਈ ਤੇ ਆਪ ਜੀ ਨੂੰ ਦੌੜਕੇ ਗੱਡੀ ਫੜਨੀ ਪਈ। ਸਾਹਮਣੇ ਜੋ ਡੱਬਾ ਆਇਆ ਉਸੇ ਤੇ ਚੜ੍ਹ ਗਏ ਪਰ ਉਹ ਡੱਬਾ ਫਸਟ ਕਲਾਸ (Ist class) ਦਾ ਸੀ। ਆਪ ਜੀ ਅਗਲੇ ਸਟੇਸ਼ਨ ਤੇ ਜਾਕੇ ਟੀ. ਟੀ. ਨੂੰ ਮਿਲੇ ਤੇ ਕਹਿਣ ਲੱਗੇ: “ਮੇਰੇ ਪਾਸ ਇੰਟਰ ਕਲਾਸ ਦੀ ਟਿਕਟ ਹੈ ਪਰ ਮਜਬੂਰੀ ਵਿਚ ਮੈਂ ਅਮਕੇ ਸਟੇਸ਼ਨ ਤੋਂ ਲੈ ਕੇ ਇਸ ਸਟੇਸ਼ਨ ਤਕ ਫਸਟ ਕਲਾਸ ਵਿਚ ਸਫ਼ਰ ਕਰ ਬੈਠਾ ਹਾਂ। ਆਪ ਜੀ ਉਤਨੇ ਫਾਸਲੇ ਦਾ ਫਸਟ ਕਲਾਸ ਦਾ ਕਿਰਾਇਆ ਲੈ ਲਵੋ। ” ਟੀ. ਟੀ. ਇਹ ਸੁਣ ਕੇ ਅਚੰਭਿਤ ਹੋ ਗਿਆ ਕਿਉਂਕਿ ਇਸਤੋਂ ਪਹਿਲਾਂ ਉਸਨੂੰ ਕਦੀ ਕੋਈ ਮੁਸਾਫ਼ਰ ਇਤਨਾ ਦਯਾਨਤਦਾਰ ਨਹੀਂ ਸੀ ਮਿਲਿਆ। ਟੀ. ਟੀ. ਨੇ ਆਪ ਜੀ ਦੇ ਚਿਹਰੇ ਵਲ ਤਕਿਆ, ਅਖਾਂ ਨੀਵੀਆਂ ਪਾ ਲਈਆਂ ਤੇ ਬਾ-ਅਦਬ ਕਹਿਣ ਲਗਾ: ‘ਸਰਦਾਰ ਸਾਹਿਬ ਕੋਈ ਗੱਲ ਨਹੀਂ ਆਪ ਬੇਫਿਕਰ ਹੋ ਕੇ ਆਪਣੀ ਸੀਟ ਤੇ ਬੈਠ ਜਾਉ।’’

ਜਿਵੇਂ ਉਪਰ ਲਿਖੀ ਇਕ ਯੁਵਕ ਦੀ ਸਚੀ, ਵਾਰਤਾ ਉਸ ਨੇ ਸ੍ਰੀਮਾਨ ਭਾਈ ਸਾਹਿਬ ਜੀ ਨੂੰ ਸੁਣਾਈ ਤੇ ਉਹਦਾ ਦਿਲ ਠਉਰੇ ਆਇਆ, ਨਾਲੇ ਸੁਮਾਰਗ ਪਿਆ ਤਿਵੇਂ ਹੀ ਇਹ ਹਰ ਕਿਸੇ ਦੇ ਤਜਰਬੇ ਵਿਚ ਆਈ ਗਲ ਹੈ ਕਿ ਸ੍ਰੀਮਾਨ ਭਾਈ ਸਾਹਿਬ ਜੀ ਦੇ ਜੀਵਨ ਵਿਚ ਦਿਆਨਤਦਾਰੀ ਇਕ ਮੂਲਕ ਜੀਵਨ ਵਰਤੋਂ ਸੀ ਤੇ ਇਹ ਨਿਰੋਲ ਸਚ ਹੈ ਬਿਨਾਂ ‘ਹਕ ਦੀ ਪਛਾਣ ਦੇ ਰਬ ਦੀ ਪਛਾਣ ਬੀ ਨਹੀਂ ਹੁੰਦੀ।

“ਹਕੁ ਹਲਾਲੁ ਬਖੋਰਹੁ ਖਾਣਾ॥

ਦਿਲ ਦਰੀਆਉ ਧੋਵਹੁ ਮੈਲਾਣਾ॥ ਪੀਰੁ ਪਛਾਣੈ ਭਿਸਤੀ ਸੋਈ ਅਜਾਰਾਈਲੁ ਨ ਦੋਜ ਠਰਾ।” {ਮਾਰੂ ਮ: ੫, ਸੋਲ-੧੧}

ਹਕ ਹਲਾਲ ਦੀ, ਆਪਣੇ ਹਿਸੇ ਦੀ, ਧਰਮ ਵਿਹਤ ਕਮਾਈ ਦਾ ਅੰਨ ਖਾਣਾ ਪਰਮਾਰਥਕ ਜੀਵਨ ਦਾ ਇਕ ਅਹਿਮ ਨੁਕਤਾ ਹੈ। ਇਹਦੇ ਨਾਲ ਮਨ ਠਉਰੇ ਆਉਂਦਾ ਹੈ ਭਾਵ ਪਰ-ਅਧੀਨ ਹੋ ਕੇ ਡਾਵਾਂਡੋਲ ਨਹੀਂ ਹੁੰਦਾ, ਨਾ ਹੀ ਬੇਹਕੀ ਦਾ ਸਹਿਮ ਇਸਨੂੰ ਖਾਂਦਾ ਹੈ। ਐਉਂ ਕੁਝ ਕੁ ਟਿਕੇ ਮਨ ਨੂੰ ਧੋਵੀਦਾ ਹੈ, ਸਾਰੀਆਂ ਹਉਮੈ ਦੀਆਂ ਮੈਲਾਂ ਦੂਰ ਕਰੀਦੀਆਂ ਹਨ ਜੋ ਹੁੰਦੀਆਂ ਹਨ ਨਾਮ ਨਾਲ ਤੇ ਨਾਮ ਮਿਲਦਾ ਹੈ ਸਚੇ ਗੁਰਾਂ ਤੋਂ, ਗੁਰੂ ਰੂਪ ਪੰਜ ਪਿਆਰਿਆਂ ਦੇ ਸਮੂਹ ਤੋਂ ਅੰਮ੍ਰਿਤ ਛਕਦਿਆਂ ਤੇ ਪਕਦਾ ਹੈ ਪੀਰ (ਸਚੇ ਸਾਧੂ) ਦੀ ਸੰਗਤ ਵਿਚ। ਫਿਰ ਨਰਕਾਂ ਦੀ ਪੁਛ ਨਹੀਂ ਹੁੰਦੀ।

ਸਦਾ ਅਚਾਹ

ਜਿਸ ਯੁਵਕ ਦਾ ਪਿਛੇ ਜ਼ਿਕਰ ਆਇਆ ਹੈ ਉਸੇ ਦੀ ਇਕ ਹੋਰ ਹੋਣੀ ਇਸ ਪ੍ਰਕਾਰ ਹੈ। ਉਹ ਇਸ ਵਾਕਿਆ ਤੋਂ ਦਸ ਪੰਦਰਾਂ ਦਿਨਾਂ ਪਹਿਲੇ ਇਕ ਹੋਰ ਵਡੇ ਮਸ਼ਹੂਰ ਸੰਤ ਜੀ ਪਾਸ ਗਿਆ। ਇਥੇ (ਸ੍ਰੀ ਮਾਨ ਭਾਈ ਸਾਹਿਬ ਜੀ ਪਾਸ) ਤਾਂ ਭੇਟਾ ਲੈ ਜਾਣ ਦੀ ਆਗਿਆ ਹੀ ਨਹੀਂ ਸੀ ਹੁੰਦੀ ਪਰ ਉਥੇ ਕੋਈ ਮਨਾਹੀ ਨਾ ਸੀ। ਸੋ ਯੁਵਕ ਪੰਜ ਸੌ ਰੁਪਏ ਲੈ ਕੇ ਗਿਆ, ਸੰਤ ਜੀ ਨੇ ਸਵੀਕਾਰ ਕਰ ਲਏ। ਪਰ ਤਿੰਨ ਗਲਾਂ ਚੰਗੀਆਂ ਨਾ ਲਗੀਆਂ।

੧. ਸੰਤ ਜੀ ਨੇ ਮੰਜੇ ਪਰ ਆਪਣੇ ਨਾਲ ਬੈਠਾਣਾ ਚਾਹਿਆ ਜਦ ਕਿ ਕੁਝ ਪ੍ਰੇਮੀ ਹੇਠਾਂ ਟਾਟਾਂ ਪਰ ਬੈਠੇ ਸਨ;

੨. ਸੰਤ ਜੀ ਨੇ ਉਸ ਯੁਵਕ ਲਈ ‘ਸੇਵੀਆਂ’ ਉਚੇਚੀਆਂ ਬਣਵਾ ਕੇ ਉਹਨਾਂ ਨਾਲ ‘ਕੱਲੇ ਖਾਣ ਲਈ, ਕੰਨ ਵਿਚ ਕਿਹਾ ਪਰ ਸੰਗਤ ਪੰਗਤ ਦੀ ਏਕਤਾ ਦੀ ਗੁੜਤੀ, ਜੋ ਸਿਖੀ ਸੀ, ਉਹ ਉਸ ਯੁਵਕ ਤੋਂ ਇਹ ਗੱਲਾਂ ਨਾ ਮੰਨਵਾ ਸਕੀ।

੩. ਕਿਸੇ ਸਿੱਖ ਮਹਾਰਾਜੇ ਨੇ ਤੀਜੇ ਦਿਨ ਉਥੋਂ ਲੰਘਣਾ ਸੀ, ਤਦ.ਉਸ ਨੂੰ ਆਕਰਸ਼ਿਤ (attract) ਕਰਨ ਲਈ, ਤਖ਼ਤ ਪੋਸ਼ ਵਿਛਵਾ ਕੇ ਤਕੀਆ ਲਗਾ ਕੇ ਉਸ ਦਿਨ ਬਾਹਰ ਬੈਠਣ ਦਾ ਪ੍ਰੋਗਰਾਮ ਸੋਚਿਆ ਗਿਆ। ਰਿਹਰਸਲ (Rehearsle) ਬੀ ਕਰਨੀ ਮਿਥੀ ਗਈ।

ਇਸ ਦਿਖਾਵੇ ਨੇ ਹੋਰ ਉਦਾਸੀਨ ਕੀਤਾ। ਫੇਰ ਜਦ ਸੰਤਾਂ ਨੇ ਪੰਜ ਸੌ ਰੁਪੈ, ਉਹਨਾਂ ਦੇ ਡੇਰੇ ਦੇ ਖੂਹ ਦੀ ਕਿਸੇ ਚੀਜ਼ (item) ਲਈ ਮੰਗੇ, ਤਦ ਯੁਵਕ ਨੇ ਪੁਛਿਆ:

‘ਕੀ ਪਿਤਾ ਜੀ ਤੋਂ ਪੁਛ ਕੇ ਭੇਜਾਂ ਜਾਂ ਐਵੇਂ ਆਪ ਹੀ ਭੇਜ ਦੇਵਾਂ?’ ਸੰਤ-ਕੀ ਪੁਛਣਾ ਹੈ, ਆਪੇ ਹੀ ਭੇਜ ਦਿਓ।’

ਵਾਪਸ ਆ ਕੇ ਯੁਵਕ ਨੇ ਪੰਜ ਸੌ ਦਾ ਡਰਾਫਟ ਤਾਂ ਭੇਜ ਦਿਤਾ ਪਰ ਉਹਦੇ ਨਾਲ ਉਹਦੇ ਦਿਲ ਦਾ ਅਸਤੀਫਾ ਬੀ ਨਥੀ ਸੀ।

ਜਿਨ੍ਹਾਂ ਸੰਤਾਂ ਦਾ, ਬਿਨਾ ਨਾਮ ਪ੍ਰਗਟ ਕਰਨ ਦੇ, ਜ਼ਿਕਰ ਆਇਆ ਹੈ ਉਹ ਚੜ੍ਹਾਈ ਕਰ ਚੁਕੇ ਹਨ। ਤੇ ਜਦ ਉੱਘੇ-ਉੱਘੇ ਲੱਖ-ਲੱਖ ਚੇਲੇ ਮਗਰ ਰੱਖਦੇ ਹੋਏ ਸੰਤਾਂ ਦਾ ਵਰਤਾਰਾ ਪਰਵਿਰਤੀ ਦਾ ਹੈ ਤਦ ਇਕ ਆਪ ਜੀ ਨੂੰ ਹੀ ਦੇਖਿਆ ਹੈ ਜੋ ਸਦਾ ਅਚਾਹ ਸਨ।

ਸੋ! ਉਪਰੋਕਤ ਯੁਵਕ ਨੇ ਜਦ ਆਪ ਜੀ ਨੂੰ ਲੱਖ ਰੁਪਿਆ ਧਰਮ ਖਾਤੇ ਦਾ ਪੇਸ਼ ਕਰਨਾ ਚਾਹਿਆ ਤਾਂ ਆਪ ਜੀ ਫ਼ਕੀਰੀ ਬੇਨਿਆਜ਼ੀ ਵਿਚ ਸਹਿਜ ਨਾਲ ਬੋਲੇ:-ਤੁਸੀਂ ਵੇਖਦੇ ਹੋ ਅਸੀਂ ਬਿਰਧ ਹੋ ਗਏ ਹਾਂ, ਕਿਵੇਂ ਜਿਮੇਂਵਾਰੀ ਨਿਭਾਈਏ?’ ਫੇਰ ਡੂੰਘੀ ਨੀਝ ਨਾਲ ਜਗਿਆਸੂ ਨੂੰ ਸਚਾ ਵੇਖ ਕੇ ਤਰਸ ਵਿਚ ਆ ਕੇ ਸਚਾ ਰਸਤਾ ਦਸਿਆ। ਤੁਸੀਂ ਸ: ਸੁਰਜੀਤ ਸਿੰਘ ਜੀ ਮਜੀਠੀਏ, ਆਨਰੇਰੀ ਸਕਤਰ, ਚੀਫ਼ ਖਾਲਸਾ ਦੀਵਾਨ ਨੂੰ ਮਿਲ ਲਵੋ, ਡਾ: ਬਲਬੀਰ ਸਿੰਘ ਜੀ ਨੂੰ ਮਿਲ ਲਵੋ, ਉਹ ਪੰਥਕ ਭਲੇ ਦੇ ਕਾਰਜਾਂ ਵਿਚ ਸਫ਼ਲ ਕਰ ਦੇਣਗੇ।’

ਦਸਵੰਧ ਖਾਤੇ ਨੂੰ ਟੈਕਸ ਨਾ ਕਰੋ

ਇੱਕ ਪਾਦਰੀ ਨੇ ਗਲਤੀ ਨਾਲ ‘ਫੇਰੂ ਪਲੇਟ’ ਵਿਚ ਇਕ ਡਾਲਰ ਦੀ ਥਾਂ ਪੰਜ ਡਾਲਰ ਦਾ ਨੋਟ ਪਾ ਦਿਤਾ ਸੀ। ਗਲਤੀ ਪਤਾ ਲੱਗਣ ਪਰ ਜਦ ਉਸ ਨੇ ਬਦਲਣ ਦੀ ਇਛਾ ਪਰਗਟ ਕੀਤੀ ਤਦ ‘ਭੇਟਾ ਹੋ ਚੁਕਾ ਹੈ’ ਕਹਿ ਕੇ ਉਸ ਨੂੰ ਲਾਜਵਾਬ ਕੀਤਾ ਗਿਆ ਸੀ। ਆਮ ਧਾਰਮਕ ਅਸਥਾਨਾਂ ਪਰ ਤਾਂ ਇਹੋ ਵਰਤਾਰਾ ਹੈ ਪਰ…

ਇੱਥੇ 

ਆਪਣੇ ਅੱਖੀਂ ਵੇਖੀ ਗਲ ਹੈ ਕਿ ਇਕ ਫ਼ਰਮ ਨੇ ੧੯੫੪ ਵਿਚ ਆਪਣੀ ਤਿੰਨ ਹਜ਼ਾਰ ਦੀ ਦਸਵੰਧ ਦੀ ਰਕਮ ਖਰਚਣ ਲਈ ਆਪ ਜੀ ਦੀ ਅਗਵਾਈ ਦੀ ਯਾਚਨਾ ਕੀਤੀ। ਆਪ ਜੀ ਨੇ ਕੁਝ ਦਿਨਾਂ ਬਾਅਦ ਫੁਰਮਾਇਆ:

‘ਚੀਫ਼ ਖਾਲਸਾ ਦੀਵਾਨ ਨੂੰ ਦਫ਼ਤਰ ਦੇ ਵਾਧੇ ਲਈ ਇਕ ਕਮਰੇ ਦੀ ਲੋੜ ਹੈ, ਤੁਹਾਡੀ ਮਰਜ਼ੀ ਹੋਵੇ ਤਦ ਇਹ ਦਸਵੰਧ ਉਥੇ ਸਫ਼ਲ ਕਰ ਲਵੋ।

‘ਸਤਿ ਬਚਨ ਜੀ!’ ਸੁਣ ਕੇ ਆਪ ਜੀ ਨੇ ਚਿਠੀ ਆਨਰੇਰੀ ਸਕੱਤਰ ਸਾਹਿਬ ਨੂੰ ਮੰਜ਼ੂਰੀ ਲਈ ਲਿਖੀ।

‘ਉਤਰ ਆਇਆ, ‘ਕਮਰਾ ਪੰਜ ਹਜ਼ਾਰ ਰੁਪਏ ਵਿਚ ਬਣੇਗਾ।’

ਪ੍ਰੇਮੀ ਕਹਿਣ ਲਗੇ, ‘ਪੰਜ ਹਜ਼ਾਰ ਰੁਪਏ ਦੇ ਦੇਂਦੇ ਹਾਂ।’

ਆਪ ਜੀ: ‘ਪਰ ਦਸਵੰਧ ਤੁਹਾਡਾ ਤਿੰਨ ਹਜ਼ਾਰ ਰੁਪਏ ਹੈ ਪੰਜ ਹਜ਼ਾਰ ਰੁਪਏ ਕਿਵੇਂ ਦੇਵੋਗੇ?

ਪ੍ਰੇਮੀ ਜੀ: ‘ਜੀ! ਦੋ ਹਜ਼ਾਰ ਰੁਪਏ ਦਸਵੰਧ ਖਾਤੇ ਨਾਉਂ ਪਾ ਦੇਵਾਂਗੇ। ‘

भाथ त्ती: ‘Never burdon your Daswandh.’

ਆਪ ਜੀ ਦਾ ਅਚੁਕ ਉਤਰ ਸੀ।

ਸੋ ਉਸ ਫ਼ਰਮ ਨੇ ਉਦੋਂ ਤਿੰਨ ਹਜ਼ਾਰ ਰੁਪਏ ਹੀ ਦਿਤੇ ਤੇ ਹੁਣ ਤੀਕ ਦਸਵੰਧ ਦੇ ਰਹੀ ਹੈ।

‘ਦਾਨ ਦਾ ਮੂਲ ‘ਉਤਸ਼ਾਹ ਹੁੰਦਾ ਹੈ’, ਆਪ ਜੀ ਨੇ ਫੁਰਮਾਇਆ, ‘ਇਹੋ ਉਤਸ਼ਾਹ ਦਿਨੋ-ਦਿਨ ਵਧ *ਕੇ ‘ਨਾਮ, ਬਾਣੀ ਦੇ ‘ ਬੂਟੇ ਨੂੰ ਪ੍ਰੇਮੀ ਹਿਰਦਿਆਂ ਵਿਚ ਵਧਾ ਫੁਲਾ ਕੇ ਇਸ ਰਬੀ ਉਤਸ਼ਾਹ ਨੂੰ ਪੰਥਕ ਦਰਦ ਤੇ ਵਿਸ਼ਵ ਸੇਵਾ ਵਿਚ ਅਮਲੀ ਰੂਪ ਵਿਚ ਸਫ਼ਲ ਕਰਦਾ ਹੈ।’

“ਜਬ ਲਗੁ ਸਾਹਿਬ ਮਨਿ ਵਸੈ

ਤਬ ਲਗੁ ਬਿਘਨ ਨ ਹੋਇ॥” {ਮਾਰੂ ਮ: ੧-੧੦}

੧. ੧੯੪੭ ਵਿਚ ਦੇਸ਼ ਦੀ ਵੰਡ ਦੇ ਦਿਨਾਂ ਵਿਚ ਭਾਈ ਸਾਹਿਬ ਜੀ ਹਾਲ ਬਜ਼ਾਰ ਅੰਮ੍ਰਿਤਸਰ ਪ੍ਰੈਸ ਤੋਂ ਘਰ ਜਾ ਰਹੇ ਸਨ ਕਿ ਇਕ ਮੁਸਲਮਾਨਾਂ ਦੇ ਟੋਲੇ ਨੇ (ਜੋ ਭਾਈ ਸਾਹਿਬ ਜੀ ਨੂੰ ਨਹੀਂ ਜਾਣਦੇ ਸਨ) ਆਪ ਜੀ ਦੇ ਟਾਂਗੇ ਨੂੰ ਰੋਕ ਲਿਆ। ਕੁਛ ਨੁਕਸਾਨ ਪਹੁੰਚਾਣ ਵਾਲੇ ਹੀ ਸਨ ਕਿ ਹਾਲ ਬਜ਼ਾਰ ਦੇ ਬਹੁਤ ਸਾਰੇ ਮੁਸਲਮਾਨ ਦੁਕਾਨਦਾਰ ਇਕੱਠੇ ਹੋ ਕੇ ਆ ਗਏ ਤੇ ਹਮਲਾ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਕਿ ਇਹ ਬੰਦਾ-ਏ-ਖ਼ੁਦਾ ਹੈ, ਇਸਨੂੰ ਕੁਝ ਨਹੀਂ ਕਹਿਣਾ। ਤਾਂ ਉਹ ਹਮਲਾਆਵਰ ਚੁਪ ਕਰਕੇ ਚਲੇ ਗਏ।

੨. ਇਕ ਵਾਰੀ ਦੀ ਗੱਲ ਹੈ ਕਿ ਆਪ ਜੀ ਦੇਹਰਾਦੂਨ ਸਨ। ਉਥੇ ਇਕ ਜਰਨਲਿਸਟਾਂ (Journalists) ਤੇ ਲਿਖਾਰੀਆਂ ਦੀ ਕਾਨਫਰੰਸ ਹੋਈ। ਆਪ ਜੀ ਨੂੰ ਵੀ ਸੱਦਾ-ਪੱਤਰ ਆਇਆ। ਆਪ ਜਾਣਾ ਨਹੀਂ ਸਨ ਚਾਹੁੰਦੇ ਪਰ ਡਾ. ਬਲਬੀਰ ਸਿੰਘ ਜੀ ਤੇ ਹੋਰ ਸੰਗੀਆਂ ਦੇ ਕਹਿਣ ਤੇ ਚਲੇ ਗਏ। ਇਸ ਕਾਨਫਰੰਸ ਦਾ ਜੋ ਆਰਗੇਨਾਈਜ਼ਰ (Organiser) ਸੀ ਉਹ ਖ਼ੁਦ ਵੀ ਲਿਖਾਰੀ ਸੀ ਤੇ ਭਾਈ ਸਾਹਿਬ ਜੀ ਦਾ ਆਲੋਚਕ (critic) ਸੀ ਤੇ ਖੁਨਸ ਖਾਂਦਾ ਸੀ।

ਉਸਨੇ ਸੀਟਾਂ ਇਸ ਤਰ੍ਹਾਂ ਰਾਖਵੀਆਂ (reserve) ਕੀਤੀਆਂ ਕਿ ਭਾਈ ਸਾਹਿਬ ਜੀ ਵਾਸਤੇ ਸੀਟ ਐਸੇ ਮੇਜ਼ ਤੇ ਲਾਈ ਕਿ ਜਿਥੇ ਬਾਕੀ ਦੀਆਂ ਸੀਟਾਂ ਕੁਛ ਮੇਮਾਂ (English ladies) ਵਾਸਤੇ reserve ਸਨ। ਉਸਦਾ ਇਰਾਦਾ ਇਹ ਸੀ ਕਿ ਜਦੋਂ ਮੇਮਾਂ ਸ਼ਰਾਬ ਪੀ ਰਹੀਆਂ ਹੋਣਗੀਆਂ ਉਦੋਂ ਭਾਈ ਸਾਹਿਬ ਦੀ ਫੋਟੋ ਖਿੱਚ ਲਵੇਗਾ ਤੇ ਅਗਲੇ ਦਿਨ ਆਪਣੀ ਅਖ਼ਬਾਰ ਵਿਚ ਛਾਪ ਦੇਵੇਗਾ। ਭਾਈ ਸਾਹਿਬ ਨੂੰ ਇਸ ਚਾਲ ਦਾ ਪਤਾ ਨਹੀਂ ਸੀ ਪਰ ਕੁਦਰਤ ਨੂੰ ਇਹ ਗਲ ਮਨਜ਼ੂਰ ਨਹੀਂ ਸੀ। ਉਸਨੇ ਕਾਫ਼ੀ ਫੋਟੋ (photo) ਲਈਆਂ ਪਰ ਜਦੋਂ ਕੈਮਰੇ ਵਿਚੋਂ ਰੀਲ ਕੱਢੀ ਤਾਂ ਉਹ ਬਿਲਕੁਲ ਖਾਲੀ (blank) ਸੀ।

ਤਿਆਰੀ

ਆਖਰੀ ਦਿਨਾਂ ਵਿਚ ਇਉਂ ਪਰਤੀਤ ਹੁੰਦਾ ਸੀ ਜੋ ਆਪ ਜੀ ਸਹਿਜੇ-ਸਹਿਜੇ ਤਿਆਰੀ ਕਰ ਰਹੇ ਹਨ।

ਪਹਿਲੇ ਬੈਂਕ ਦੀਆਂ ਮੀਟਿੰਗਾਂ ਪਰ ਜਾਣਾ ਛਡ ਦਿਤਾ। ਫੇਰ Director-ship ਤੋਂ (resign) ਅਸਤੀਫ਼ਾ ਦੇ ਦਿਤਾ।

ਇਸ ਤੋਂ ਦਸ ਕੁ ਸਾਲ ਪਹਿਲੇ ਖਾਲਸਾ ਸਮਾਚਾਰ ਦੀ ਐਡੀਟਰੀ ਭਾਈ ਮਹਾਂ ਸਿੰਘ ਜੀ ਨੂੰ ਸੌਂਪ ਚੁਕੇ ਸਨ, ਪਰ ਤਦੋਂ ਬੀ ਕਦੇ ਕਦੇ ਮੁਖ ਲੇਖ ਆਪ ਲਿਖ ਭੇਜਦੇ ਸਨ।

ਪ੍ਰੈਸ (Press) ਦਾ ਕੰਮ ਤਾਂ ਬਹੁਤ ਪਹਿਲੇ ਹੀ ਆਪਣੇ ਭਤੀਜੇ ਸ. ਭੂਪਿੰਦਰ ਸਿੰਘ ਨੂੰ ਸਮਰਪਨ ਕਰ ਚੁਕੇ ਸਨ। ਜੋ ਉਹਨਾਂ ਦੇ ਸਚਖੰਡ ਪਿਆਨੇ ਪਰ ਉਹਨਾਂ ਦੀ ਧਰਮਪਤਨੀ ਬੀਬੀ ਲਾਜਵੰਤ ਕੌਰ ਨੇ ਭਲੀ ਭਾਂਤ ਸੰਭਾਲ ਲਿਆ ਹੋਇਆ ਸੀ।

ਆਖਿਰ ਉਹ ਦਿਨ ਆ ਹੀ ਗਿਆ ਜੋ ਹਰ ਕਿਸੇ ਤੇ ਆਉਂਦਾ ਹੈ। ਬਿਨਸਨਹਾਰ ਸਰੀਰ ਨੇ ਬਿਨਸਨਾ ਸੀ ਸੋ ੧੦ ਜੂਨ ੧੯੫੭ ਨੂੰ ਬਿਨਸ ਗਿਆ।

ਸਰਬ ਪਖੀ ਗੁਰਸਿੱਖੀ ਜੀਵਨ ਬੇ-ਮਿਸਾਲ ਸੀ

ਇਕ ਗੱਭਰੂ ਨੂੰ ਸ਼ੌਕ ਆਇਆ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਰਬ-ਪੱਖੀ ਜੀਵਨ ਦਾ ਮੁਤਾਲਿਆ ਕਰਾਂ। ਉਸ ਨੇ ਭਾਈ ਸਾਹਿਬ ਨਾਲ ਕਾਫ਼ੀ ਸਤਿਸੰਗ ਕਰਨਾ ਸ਼ੁਰੂ ਕੀਤਾ ਤੇ ਨਾਲੇ ਸਾਰਾ ਸਾਹਿਤ ਚੰਗੀ ਤਰ੍ਹਾਂ ਘੋਖ ਕੇ ਪੜ੍ਹਿਆ। ਉਸ ਨੌਜੁਆਨ ਨੇ ਲਿਖਿਆ ਹੈ ਕਿ:-

  1. ਬ੍ਰਹਮ ਗਿਆਨੀ-ਆਪ ਜੀ ਪੂਰਨ ਬ੍ਰਹਮ ਗਿਆਨੀ ਸਨ। “ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨ ਕੋਇ॥” {ਸੁਖਮਨੀ}

ਤੋਂ ਇਲਾਵਾ ਸੁਖਮਨੀ ਸਾਹਿਬ ਜੀ ਦੀ ਅੱਠਵੀਂ ਅਸ਼ਟਪਦੀ ਵਿਚ ਜੋ ਲੱਛਨ ਬ੍ਰਹਮ ਗਿਆਨੀ ਦੇ ਗੁਰੂ ਅਰਜਨ ਦੇਵ ਜੀ ਨੇ ਲਿਖੇ ਹਨ, ਉਹ ਸਾਰੇ ਦੇ ਸਾਰੇ ਆਪ ਜੀ ਦੇ ਜੀਵਨ ਤੇ ਅੱਖਰ-ਅੱਖਰ ਸਹੀ ਉਤਰਦੇ ਹਨ।

  1. ਮਨੁੱਖਾ ਜਨਮ ਪਾ ਕੇ ਸਭ ਤੋਂ ਵੱਡੀ ਪ੍ਰਾਪਤੀ (achievement) ਜੇਕਰ ਕੋਈ ਹੈ ਤਾਂ ਉਹ ਹੈ ਬ੍ਰਹਮ ਗਿਆਨ ਦਾ ਹੋ ਜਾਣਾ। ਇਸ ਤੋਂ ਵੱਡੀ ਪ੍ਰਾਪਤੀ ਹੋਰ ਕੁਝ ਹੋ ਹੀ ਨਹੀਂ ਸਕਦੀ ਪਰ ਫੇਰ ਵੀ ਹਰ ਬ੍ਰਹਮ ਗਿਆਨੀ ਇਕ ਆਦਰਸ਼ਕ (Ideal) ਲੇਖਕ, ਆਦਰਸ਼ਕ ਕਵੀ, ਵਪਾਰੀ, ਗ੍ਰਹਿਸਤੀ….. ਆਦਿ ਨਹੀਂ ਹੁੰਦਾ ਪਰ ਆਪ ਜੀ ਪਰਮ ਉੱਚੀ ਤੇ ਪਰਮ ਪਵਿੱਤ੍ਰ ਬ੍ਰਹਮ ਗਿਆਨੀ ਦੀ ਪਦਵੀ ਪਾ ਕੇ ਹੱਲੇ ਕੁਝ ਹੋਰ ਵੀ ਸਨ-

A ਸਾਹਿਤ ਖੇਤਰ ਵਿਚ ਆਪ ਜੀ

(੧) ਕਵੀ (Poet) – ਛੋਟੀਆਂ ਕਵਿਤਾਵਾਂ, ਲਮੀਆਂ ਕਵਿਤਾਵਾਂ, ਰੁਬਾਈਆਂ, ਛੰਦ ਮੁਕਤ (Blank verse) ਕਵਿਤਾਵਾਂ ਲਿਖੀਆਂ ਜਿਨ੍ਹਾਂ ਦੀ ਗਿਣਤੀ ਘੱਟੋਘਟ ਇਕ ਹਜ਼ਾਰ ਦੇ ਕਰੀਬ ਹੋਏਗੀ। ਗਿਣਤੀ ਦਾ ਵੱਡਾ ਹੋਣਾ ਇਕ (plus point) ਜ਼ਰੂਰ ਹੈ ਪਰ ਅਸਲੀ ਵਡਿਆਈ ਹੈ ਵਲਵਲੇ ਦੀ ਉੱਚੀ ਉਡਾਰੀ, ਪਿਆਰ, ਕੋਮਲਤਾ ਤੇ ਡੂੰਘਾਈ। ਕੋਈ ਐਸੀ ਕਵਿਤਾ ਨਹੀਂ ਜਿਸ ਵਿਚੋਂ ਬ੍ਰਹਮ ਗਿਆਨ ਜਾਂ ਗੁਰੂ ਉਸਤਤੀ ਝਾਤੀਆਂ ਨਾ ਮਾਰ ਰਹੇ ਹੋਣ। ਕੁਦਰਤ, ਵਿਸਮਾਦ ਤੇ ਖੇੜਿਆਂ ਦੇ ਫਵਾਰੇ ਉੱਮਲ-ਉੱਮਲ ਕੇ ਬਾਹਰ ਆ ਰਹੇ ਹਨ। ਪੜ੍ਹਨ ਵਾਲਾ ਆਪ ਵਿਸਮਾਦ ਵਿਚ ਭਿੱਜ ਜਾਂਦਾ ਹੈ ਤੇ ਅਸਲੀ ਭਾਵ ਨੂੰ ਮਹਿਸੂਸ ਕਰਕੇ ਦੰਗ ਰਹਿ ਜਾਂਦਾ ਹੈ।

ਮਹਾਂ ਕਾਵਿ ‘ਰਾਣਾ ਸੂਰਤ ਸਿੰਘ’ ਇਕ ਬੇਮਿਸਾਲ ਪੁਸਤਕ ਹੈ। ਇਹ ੨੪੦ ਪੰਨੇ ਦੀ ਹੈ ਤੇ ਇਸ ਵਿਚ ੧੪,੫੮੮ ਪੰਕਤੀਆਂ ਹਨ। ਇਹ ਸਾਰੀ ਰਚਨਾ ਸਿਰਖੰਡੀ ਛੰਦ ਵਿਚ ਹੈ, ਜੋ ਵੀਹ ਮਾਤ੍ਰਾ ਦਾ ਹੁੰਦਾ ਹੈ। ਇਸ ਦੀ ਪ੍ਰਕਰਣਾ (Theme) ਇਸ਼ਕ-ਏ-ਮਿਜ਼ਾਜੀ ਤੋਂ ਚੁੱਕ ਕੇ ਜਗਿਆਸੂ ਨੂੰ ਇਸ਼ਕ- ਏ-ਹਕੀਕੀ ਵਿਚ ਅਪੜਾ ਕੇ ਵਾਹਿਗੁਰੂ ਜੀ ਨਾਲ ਮਿਲਾਪ ਕਰਵਾ ਦੇਣਾ ਹੈ।

ਕੋਈ ਅਲੋਚਕ (critic) ਕੁਝ ਪਿਆ ਕਹੇ ਪਰ ਮੇਰਾ ਯਕੀਨ ਹੈ ਕਿ भिलटठ (Milton), रीटम (Keats), हलइत्ततष (Wordswoth), ਸ਼ੈਕਸਪੀਅਰ (Shakespear), ਰਾਬਿੰਦਰਨਾਥ ਟੈਗੋਰ (Rabindra Nath Tagore) ਤੇ ਇਕਬਾਲ (Iqbal) ਆਦਿ ਭਾਈ ਵੀਰ ਸਿੰਘ ਜੀ ਦੀ ਬਰਾਬਰੀ ਨਹੀਂ ਕਰ ਸਕਦੇ;

(੨) ਗੀਤਕਾਰ (Song writer) – ਪੁਸਤਕ ‘ਕੰਬਦੀ ਕਲਾਈ’ ਵਿਚ ਆਪ ਜੀ ਦੇ ੧੫੨ ਗੀਤ ਹਨ ਜਿਹੜੇ ਗੁਰੂ ਉਸਤਤੀ ਨਾਲ ਡੁਲ੍ਹ-ਡੁਲ੍ਹ ਪੈ ਰਹੇ ਹਨ; ਕੰਬਦੀ ਕਲਾਈ ਦਾ ਦੂਜਾ ਭਾਗ ਛਪ ਰਿਹਾ ਹੈ, ਉਸ ਵਿਚ ਵੀ ਕਾਫ਼ੀ ਗੀਤ ਹਨ।

(੩) ਸੰਗੀਤਕਾਰ (Musician) – ਬੇਸ਼ਕ ਆਪ ਨੇ ਖ਼ੁਦ ਕੋਈ ਗੀਤ ਨਹੀਂ ਗਾਇਆ ਪਰ ਉਪਰ (ਅੰਕ ੨) ਵਿਚ ਕਹੇ ਹਰ ਗੀਤ ਦੇ ਫੁਟ ਨੋਟ (foot note) ਵਿਚ ਗੀਤ ਨੂੰ ਗਾਣ ਦਾ ਤਰੀਕਾ, ਰਾਗ, ਤਰਜ਼, ਸੁਰ, ਤਾਲ, ਲੈਅ, ਮਾਤ੍ਰਾ, ਘਰ ਆਦਿ ਦਿਤੇ ਹੋਏ ਹਨ ਜਿਹੜੇ ਦਸਦੇ ਹਨ ਕਿ ਆਪ ਜੀ ਨੂੰ ਸੰਗੀਤ ਦਾ ਕਿਤਨਾ ਜ਼ਿਆਦਾ ਗਿਆਨ ਸੀ;

(੪) ਵਾਰਤਕ ਲੇਖਕ (Prose writer) – ਉਹਨਾਂ ਦਾ ਸਾਹਿਤ ਪੜ੍ਹਨ ਤੋਂ ਹੀ ਪਤਾ ਲਗ ਸਕਦਾ ਹੈ ਕਿ ਆਪ ਜੀ ਕਿਤਨੇ ਗਹਿਰੇ ਲੇਖਕ ਸਨ। ਆਪ ਜੀ ਦੇ ਲੇਖ ਵਲਵਲੇ, ਗੁਰਮਤਿ ਤੇ ਬ੍ਰਹਮ ਗਿਆਨ ਨਾਲ ਭਰਪੂਰ ਹਨ;

(੫) ਇਤਿਹਾਸਕਾਰ (Historian) ਉਹਨਾਂ ਦਾ ਹਿਸਟਰੀ ਲਿਖਣ ਦਾ ਤਰੀਕਾ ਕਿਡਾ ਨਿਰਾਲਾ ਸੀ ਇਹ ਤਾਂ ਪਤਾ ਲਗ ਸਕਦਾ ਹੈ ਜੇ ਪਾਠਕ ਉਨ੍ਹਾਂ ਦੇ ਲਿਖੇ ਨਾਵਲ ਤੇ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਪੜਨ ਗੁਰ ਪ੍ਰਤਾਪ ਸੂਰਜ ਦੀ ਪਹਿਲੀ ਜਿਲਦ (volume) ਜਿਸ ਵਿਚ ਭਾਈ ਸੰਤੋਖ ਸਿੰਘ ਜੀ ਦਾ ਜੀਵਨ ਹੈ, ਇਸ ਗੁਣ ਦੀ ਇਕ ਬੇਮਿਸਾਲ ਵੰਨਗੀ ਹੈ। ਇਸ ਗੁਣ ਦੀ ਦੂਸਰੀ ਵੰਨਗੀ ਹੈ ਅਸ਼ਟ ਗੁਰ ਚਮਤਕਾਰ ਭਾਗ-੨ ਵਿਚ ਅੰਕੜੇ, ਤਰੀਖਾਂ ਤੇ logic ਦੇਕਰ ਇਹ ਸਾਬਤ ਕਰ ਦੇਣਾ ਕਿ ਸ਼ਾਹਜ਼ਾਦਾ ਖੁਸਰੋ (ਜਹਾਂਗੀਰ ਦਾ ਲੜਕਾ) ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਹੀ ਨਹੀਂ ਸੀ। ਐਵੇਂ ਬਹਾਨੇ ਬਣਾ ਕੇ ਹਾਕਮ ਨੇ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾ ਦਿਤਾ ਸੀ।

(६) मैारव (Editor) – ਆਪ ਜੀ ਨੇ “ਖਾਲਸਾ ਸਮਾਚਾਰ” ਨਾਂ ਦਾ ਹਫਤਾਵਾਰੀ ਅਖ਼ਬਾਰ ਚਲਾਇਆ। ਪੰਜਾਬੀ ਵਿਚ ਇਹ ਇਕੋ ਇਕ ਹੀ ਪਰਚਾ ਹੈ ਜਿਹੜਾ ਆਪਣੀ ਸ਼ਤਾਬਦੀ ਮਨਾ ਚੁੱਕਾ ਹੈ ਤੇ ਹਲੇ ਵੀ ਪਾਠਕ ਉਡੀਕ ਵਿਚ ਰਹਿੰਦੇ ਹਨ ਕਿ ਕਦੋਂ ਡਾਕੀਆ ਪਰਚਾ ਲਿਆਵੇਗਾ। ‘ਪੁਰਾਤਨ ਜਨਮ ਸਾਖੀ’ ਤੇ ਗੁਰ ਪ੍ਰਤਾਪ ਸੂਰਜ ਦੀ Editing ਵੀ ਆਪ ਨੇ ਹੀ ਕੀਤੀ। ਪੰਥ ਵਿਚ ਜੇਹੜੀਆਂ ਕੁਰਹਿਤਾਂ ਜਾਂ ਗੁਰਮਤਿ ਵਿਰੁਧ ਅਉਗਣ ਆ ਗਏ ਸਨ। ਉਨ੍ਹਾਂ ਨੂੰ ਸਮਝਾਣ ਵਾਸਤੇ ਆਪ ਜੀ ਨੇ ਕਈ ਸਾਲਾਂ ਦੀ ਸਖ਼ਤ ਮਿਹਨਤ ਕਰਕੇ ਕਈ ਜਗ੍ਹਾ ਦੋ ਦੋ ਤਿੰਨ ਤਿੰਨ ਪੰਨਿਆਂ ਦੇ Footnote ਦਿਤੇ ਹਨ।

(੭) ਵਿਆਖਿਆਕਾਰ (Interpretor) – ਆਪ ਜੀ ਆਪਣੀ ਆਯੂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕੇਵਲ ੬੦੭ ਪੰਨੇ ਤਕ ਹੀ ਕਰ ਸਕੇ ਜੋ ਕਿ “ਸੰਥਾ ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਨਾਂ ਹੇਠ ੭ ਸੈਂਚੀਆਂ ਵਿਚ ਛਪ ਚੁਕੀ ਹੈ। ਪਾਠਕ ਜੀ! ਆਪ ਖ਼ੁਦ ਪੜੋ। ਆਪ ਅਨੁਮਾਨ ਲਾਓ ਕਿ ਕੀਹ ਲਿਖ ਗਏ ਹਨ। ਮੇਰੀ ਸਮਰਥਾ ਨਹੀਂ ਹੈ। ਵਿਦਵਾਨਾਂ, ਅਢਨਸ਼ਾਹੀ ਤੇ ਸੇਵਾ-ਪੰਥੀਆਂ ਦੇ ਮਹੰਤਾਂ ਤੇ ਹੋਰ ਪ੍ਰਮਾਰਥ ਦੇ ਖੋਜੀ ਸਾਧੂਆਂ ਦੀ ਰਾਏ ਹੈ ਕਿ ਇਸ ਤੋਂ ਵੱਧੀਆ ਵਿਆਖਿਆ ਅਜ ਤੱਕ ਨਹੀਂ ਹੋਈ। ਕਈ ਸਾਲਾਂ ਦੀ ਕਰੜੀ ਮਿਹਨਤ ਦਾ ਫਲ ਹੈ। ਉਹ ਕਹਿੰਦੇ ਹਨ ਕਿ ਹੁਣ ਸਾਨੂੰ ਵੇਦ, ਸ਼ਾਸਤਰ, ਪੁਰਾਣ ਆਦਿ ਪੜ੍ਹਨ ਦੀ ਲੋੜ ਨਹੀਂ ਰਹੀ।

(੮) ਕੋਸ਼ਕਾਰ (Dictionary writer)- ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਹੜੇ ਔਖੇ ਸ਼ਬਦ ਆਏ ਹਨ ਉਹਨਾਂ ਦੇ ਮਤਲਬ ਵਿਸਥਾਰ ਨਾਲ ਲਿਖ ਕੇ ਤਰਤੀਬਵਾਰ ਕੀਤੇ ਹਨ। ਇਹ ਬੜਾ ਭਾਰੀ ਪ੍ਰੋਜੈਕਟ (Project) ਸੀ ਤੇ ਕਈ ਸਾਲਾਂ ਦੀ ਲਗਾਤਾਰ ਮਿਹਨਤ ਦਾ ਮੁਥਾਜ ਸੀ, ਇਹ ਛੋਟੇ ਛਾਪ (print) ਦੀ ੯੦੦ ਪੰਨੇ ਦੀ ਪੁਤਸਕ ਹੈ। ਉਦੋਂ ਭਾਈ ਸਾਹਿਬ ਦੀ ਆਯੂ ੩੦ ਸਾਲ ਤੋਂ ਵੀ ਘੱਟ ਸੀ।

(੯) ਨਾਵਲਕਾਰ (Novelist) – ਆਪ ਜੀ ਨੇ ‘ਸੁੰਦਰੀ’, ‘ਬਿਜੈ ਸਿੰਘ’ ਤੇ ‘ਸਤਵੰਤ ਕੌਰ’ ਨਾਵਲ ਲਿਖੇ। ਇਹ ਪੁਰਾਤਨ ਸਮੇਂ ਦੇ ਗੁਰਸਿਖੀ ਜੀਵਨ ਤੇ ਹਿਸਟਰੀ (History) ਦੇ ਆਧਾਰ ਤੇ ਹਨ। ਇਹਨਾਂ ਨਾਵਲਾਂ ਨੇ ਸਿਖ ਜਗਤ (ਜੋ ਡਿਕੋ ਡੋਲੇ ਖਾ ਰਿਹਾ ਸ਼ੀ ਤੇ ਜਿਸ ਵਿਚ ਕਾਫ਼ੀ ਗਿਰਾਵਟ ਆ ਚੁਕੀ ਸੀ) ਵਿਚ ਜਾਗਰੂਕਤਾ ਪੈਦਾ ਕਰ ਦਿਤੀ। ਕੌਮ ਨੂੰ ਆਪਣਾ ਅਸਲ ਵਿਰਸਾ ਦਿਖਾ ਦਿਤਾ। ਇਹਨਾਂ ਨੂੰ ਪੜ੍ਹਕੇ ਅਨੇਕਾਂ ਸਹਿਜਧਾਰੀ ਸਿੰਘ ਸੱਜ ਗਏ (ਜਿਨ੍ਹਾਂ ਵਿਚੋਂ ਸਤਿਕਾਰਯੋਗ ਮਾਸਟਰ ਤਾਰਾ ਸਿੰਘ ਜੀ ਦਾ ਨਾਮ ਸਰੇਫ਼ਹਰਿਸਤ list ਵਿਚ ਪਹਿਲਾ ਨਾਮ) ਤੇ ਅਨੇਕਾਂ ਹੀ ਕੁਰਹਿਤਾਂ ਛੋੜ ਕੇ ਗੁਰੂ ਜੀ ਦੇ ਸੱਚੇ ਸੁਚੇ ਸਿੰਘ ਬਣ ਗਏ। ਸੁਤੀ ਕੌਮ ਜਾਗ ਪਈ। ਇਹਨਾਂ ਪੁਸਤਕਾਂ ਵਿਚ ਮੁਰਦੇ ਜੀਵਾਲਨ ਦੀ ਸਮਰਥਾ ਹੈ। ਇਹਨਾਂ ਪੁਸਤਕਾਂ ਦੇ ਕਈ ਐਡੀਸ਼ਨ (Edition) ਤੇ ਲਖਾਂ ਦੀ ਗਿਣਤੀ ਵਿਚ ਛਪਕੇ ਵਿਕ ਚੁਕੀਆਂ ਹਨ।

ਆਪ ਜੀ ਦਾ ਨਾਵਲ ‘ਬਾਬਾ ਨੌਧ ਸਿੰਘ’ ਮੇਰੇ ਖਿਆਲ ਵਿਚ ਇਕ ਗਲਪ (Fiction) ਹੈ ਪਰ ਬੜੇ ਹੀ ਕਮਾਲ ਦਾ ਆਦਰਸ਼ਕ (Ideal) ਗੁਰਸਿੱਖ ਜੀਵਨ ਬੜੇ ਵਿਸਥਾਰ ਨਾਲ ਪੇਸ਼ ਕੀਤਾ ਹੈ। ਪਰਮਾਰਥ ਦੀਆਂ ਕਈ ਗੁੰਝਲਾਂ ਆਸਾਨ ਤਰੀਕੇ ਨਾਲ ਖੋਲ੍ਹੀਆਂ ਹਨ ਤੇ ਗ੍ਰਹਿਸਥ ਦੀਆਂ ਰੋਜ਼ਮਰਾ (day-to-day) ਮੁਸ਼ਕਲਾਂ ਦੇ ਹੱਲ ਵੀ ਬੜੇ ਸਿੱਧੇ, ਸੌਖੇ ਤੇ ਸਰਲ ਬੋਲੀ ਵਿਚ ਵਿਸਥਾਰ ਨਾਲ ਸਮਝਾਏ ਹਨ। ਇਸ ਪੁਸਤਕ ਵਿਚ ਵਾਤਾਵਰਨ (Environment) ਨੂੰ ਸਾਫ਼-ਸੁਥਰਾ ਰਖਣ ਵਾਸਤੇ ਵੀ ਬੜੇ ਵਡਮੁਲੇ ਨੁਸਖੇ ਦਸੇ ਹਨ। ਪਿੰਡਾਂ ਨੂੰ ਕਿਸ ਤਰ੍ਹਾਂ ਸਾਫ਼ ਸੁਥਰਾ ਰਖਣਾ ਹੈ ਤੇ ਸ਼ਹਿਰਾਂ ਨੂੰ ਸਾਫ਼ ਰਖਣ ਵਾਸਤੇ ਨਗਰ ਪਾਲਿਕਾ (Municipalities) ਵਾਸਤੇ ਬੜੇ ਕੀਮਤੀ ਤੇ ਸੌਖੇ ਤਰੀਕੇ ਦਸੇ ਹਨ। ਅਜਕਲ ਦੀਆਂ ਸ਼ਹਿਰਾਂ ਦੀਆਂ Muncipalities ਨੂੰ ਇਸ ਪੁਸਤਕ ਤੋਂ ਲਾਭ ਲੈਣਾ ਚਾਹੀਦਾ ਹੈ।

(੧੦) ਪਤ੍ਰਕਾਰੀ (Journalist) – ਪਤਰਕਾਰੀ ਵਿਚ ਆਪ ਜੀ ਦੇ ਅਸੂਲ ਸਨ ਕਿ ਸਿੱਖ ਧਰਮ ਜਾਂ ਗੁਰੂ ਸਾਹਿਬਾਂ ਤੇ ਜੋ ਵੀ ਉਸ ਸਮੇਂ ਆਰੀਆ ਸਮਾਜੀਆਂ, ਈਸਾਈਆਂ ਜਾਂ ਹੋਰ ਧਰਮਾਂ ਦੇ ਪ੍ਰਚਾਰਕਾਂ ਵਲੋਂ ਛੇੜਖਾਨੀਆਂ ਜਾਂ ਹੁੱਜਤਬਾਜ਼ੀਆਂ ਹੁੰਦੀਆਂ, ਉਹਨਾਂ ਦਾ ਬੜੀ ਹਲੀਮੀ ਨਾਲ, ਪਿਆਰ ਨਾਲ ਤੇ ਉਕਤੀ-ਜੁਗਤੀ (reasoning and logic) ਨਾਲ ਖਾਲਸਾ ਸਮਾਚਾਰ ਰਾਹੀਂ ਜਵਾਬ ਦੇਂਦੇ ਪਰ ਆਪ ਕਿਸੇ ਦੂਸਰੇ ਧਰਮ ਜਾਂ ਉਹਨਾਂ ਦੇ ਬਜ਼ੁਰਗਾਂ ਬਾਰੇ ਕਦੀ ਵੀ ਕੋਈ ਮਾੜੀ ਜਾਂ ਅਸੱਭਯ ਗਲ ਨਾ ਲਿਖਦੇ।

ਇਤਨੇ ਰੁਝੇਵਿਆਂ ਦੇ ਹੁੰਦਿਆਂ ਵੀ ਸੈਂਕੜੇ ਸਤਿਸੰਗੀਆਂ ਦੀਆਂ ਚਿੱਠੀਆਂ ਰਾਹੀਂ ਆਈਆਂ ਪਰਮਾਰਥਕ ਤੇ ਸੰਸਾਰੀ ਮੁਸ਼ਕਲਾਂ ਦਾ ਜਵਾਬ ਜ਼ਰੂਰ ਦੇਂਦੇ। ਕਿਸੇ ਸਤਿਸੰਗੀ ਨੂੰ ਇਹ ਸ਼ਿਕਵਾ ਨਹੀਂ ਕਿ ਉਹਨਾਂ ਦੀ ਚਿੱਠੀ ਦਾ ਜਵਾਬ ਨਹੀਂ ਮਿਲਿਆ। ਇਹਨਾਂ ਵਿਚੋਂ ਜਿਹੜੀਆਂ ਚਿੱਠੀਆਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਹੱਥ ਆਈਆਂ, ਉਹਨਾਂ ਨੂੰ ਇਕੱਠਾ ਕਰਕੇ ਕਈ ਪੁਸਤਕਾਂ ਦਾ ਰੂਪ ਦੇ ਦਿੱਤਾ ਹੈ।

(११) ਲੇਖਕਾਰ (Essay writer) ਆਪ ਜੀ ਦੇ ਲੇਖਾਂ ਦੇ ਮਜ਼ਮੂਨ (subject matter) ਅਜ ਵੀ ਉਤਨੇ ਹੀ ਜ਼ਰੂਰੀ ਤੇ ਸੁਜੋੜਵੇਂ (relevant) ਹਨ ਜਦੋਂ ਕਿ ਉਹ ੫੦, ੬੦ ਜਾਂ ੭੦ ਸਾਲ ਪਹਿਲੇ ਲਿਖੇ ਗਏ ਸਨ। ਅਫਸੋਸ ਕਿ ਸਾਰੇ ਲੇਖ ਹੱਥ ਨਹੀਂ ਆਏ। ਕੁਝ ਜੋ ਹੱਥ ਆਏ “ਅਮਰ ਲੇਖ” ਨਾਮ ਦੀ ਪੁਸਤਕ ਦੇ ਰੂਪ ਵਿਚ ਛੱਪ ਚੁਕੇ ਹਨ। ਹੁਣ “ਅਮਰ ਲੇਖ” ਨਾਮ ਦੀ ਪੁਸਤਕ ਦਾ ਦੂਜਾ ਭਾਂਗ ਤਿਆਰ ਹੋ ਰਿਹਾ ਹੈ।

(੧੨) ਜੀਵਨੀ ਲੇਖਕ (Biography writer) – ਆਪ ਜੀ ਦੇ ਇਸ ਕਮਾਲ ਦਾ ਨਮੂਨਾ (i) ਸ੍ਰੀ ਗੁਰੂ ਨਾਨਕ ਚਮਤਕਾਰ, (ii) ਸ੍ਰੀ ਕਲਗੀਧਰ ਚਮਤਕਾਰ (iii) ਸ੍ਰੀ ਅਸ਼ਟ ਗੁਰੂ ਚਮਤਕਾਰ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਿਗੋਬਿੰਦ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਹੈ। ਇਹਨਾਂ ਗ੍ਰੰਥਾਂ ਬਾਰੇ ਕੁਝ ਕਹਿਣਾ ਮੇਰੀ ਕਲਮ ਦੀ ਤਾਕਤ ਤੋਂ ਬਾਹਰ ਹੈ। ਪਾਠਕ ਜਨ ਆਪ ਪੜ੍ਹਕੇ ਅੰਦਾਜ਼ਾ ਲਗਾ ਸਕਦੇ ਹਨ ਕਿ ਇਹ ਪੁਸਤਕ ਕਿਸ ਉਚ ਪਾਏ ਦੇ ਹਨ। ਪਰਮਾਰਥ ਦੀਆਂ ਮੁਸ਼ਕਲ ਤੋਂ ਮੁਸ਼ਕਲ ਗੁੰਝਲਾਂ ਬੜੇ ਸੌਖੇ ਤੇ ਰੋਮਾਂਚਿਕ ਤਰੀਕੇ ਨਾਲ ਸਮਝਾਈਆਂ ਹਨ। ਭਾਈ ਸਾਹਿਬ ਜੀ ਦਾ ਗੁਰੂ ਚਰਨਾਂ ਨਾਲ ਪਿਆਰ ਡੁਲ੍ਹ ਡੁਲ੍ਹ ਪੈ ਰਿਹਾ ਹੈ।

ਇਸ ਤੋਂ ਇਲਾਵਾ ਆਪ ਜੀ ਨੇ ਪ੍ਰਸਿੱਧ ਵਿਦਵਾਨ ਭਾਈ ਸੰਤੋਖ ਸਿੰਘ ਜੀ ਦਾ ਜੀਵਨ, ਭਾਈ ਸਾਈਂ ਦਾਸ ਤੇ ਹੋਰ ਅੱਢਣਸ਼ਾਹੀ, ਨਿਰਮਲੇ ਤੇ ਸੇਵਾਪੰਥੀ ਡੇਰਿਆਂ ਦੇ ਮਹਾਂ ਪੁਰਖਾਂ ਦੇ ਜੀਵਨ ਵੀ ਬੜੀ ਖੋਜ ਕਰਕੇ ਲਿਖੇ ਹਨ।

(१३) ਖੋਜਕਾਰ(Investigator) ਔਰੰਗਜ਼ੇਬ ਦਾ ਲੜਕਾ ਸ਼ਹਿਜ਼ਾਦਾ ਖੁਸਰੋ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਜਾਂ ਨਹੀਂ ਤੇ ਗੁਰੂ ਜੀ ਦੀ ਸ਼ਹਾਦਤ ਦੇ ਅਸਲੀ ਕਾਰਨਾਂ ਬਾਰੇ ਭਾਈ ਸਾਹਿਬ ਜੀ ਨੇ ਜੋ ਖੋਜ ਕੀਤੀ ਹੈ ਕਾਬਲੇ ਤਾਰੀਫ਼ ਹੈ। ਦੇਖੋ ਕਾਂਡ ੪੫ ਤੋਂ ੪੯ “ਸ੍ਰੀ ਅਸ਼ਟ ਗੁਰ ਚਮਤਕਾਰ 66 ਭਾਗ-੨”। ‘ਗੁਰ ਪ੍ਰਤਾਪ ਸੂਰਜ’ ਦੀ ਪਹਿਲੀ ਸੈਂਚੀ ਵਿਚ ਭਾਈ ਸੰਤੋਖ ਸਿੰਘ ਜੀ ਦਾ ਜੀਵਨ ਹੈ। ਭਾਈ ਸਾਹਿਬ ਜੀ ਦੀ ਖੋਜ ਦੇਖ ਕੇ ਆਦਮੀ ਹੈਰਾਨ ਰਹਿ ਜਾਂਦਾ ਹੈ।

(१४) विड्वात (Painter) ਆਪ ਜੀ ਕੇਵਲ ਕਲਮ ਦੇ ਕਲਾਕਾਰ ਸਨ, ਖ਼ੁਦ ਪੇਂਟਿੰਗ (painting) ਆਦਿ ਨਹੀਂ ਸਨ ਕਰਦੇ ਪਰ ਇਸ ਹੁਨਰ ਦਾ ਇਤਨਾ ਗਿਆਨ ਸੀ ਕਿ ਸ. ਸੋਭਾ ਸਿੰਘ ਵਰਗੇ ਮਸ਼ਹੂਰ ਪੇਂਟਰ (Artist) ਆਪ ਜੀ ਪਾਸੋਂ ਸਲਾਹ ਲੈਂਦੇ ਹੁੰਦੇ ਸਨ। ਸ੍ਰੀ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ ਤੇ ਰਾਣਾ ਸੂਰਤ ਸਿੰਘ ਪੁਸਤਕਾਂ ਵਿਚ ਜਿਹੜੀਆਂ ਤਸਵੀਰਾਂ (paintings) ਲਗੀਆਂ ਹਨ, ਇਹ ਤਕਰੀਬਨ ਸਾਰੀਆਂ ਸ. ਸੋਭਾ ਸਿੰਘ ਜੀ ਨੇ ਆਪ ਜੀ ਦੀ ਨਿਗਰਾਨੀ ਹੇਠ ਤੇ ਰਹਿਨੁਮਾਈ (guidance) ਨਾਲ ਬਣਾਈਆਂ ਸਨ।

(੧੫) ਵਿਦਵਾਨ (scholar) – ਸੰਸਾਰਕ ਵਿੱਦਿਆ ਤਾਂ ਆਪ ਜੀ ਦੀ ਕੇਵਲ ਦਸਵੀਂ ਤਕ ਹੀ ਸੀ ਪਰ ਆਪ ਜੀ ਧੁਰੋਂ ਵਿਦਿਆ ਦੇ ਖਜ਼ਾਨੇ ਲੈ ਕੇ ਆਏ ਸਨ। ਆਪ ਜੀ ਕਿਸ ਉਚਾਈ ਦੇ ਪੰਡਿਤ ਸਨ, ਮੈਂ ਲਿਖਣੋਂ ਬਿਲਕੁਲ ਅਸਮਰਥ ਹਾਂ। ਆਪ ਜੀ ਦੀਆਂ ਲਿਖਤਾਂ ਪੜਿਆਂ ਹੀ ਪਤਾ ਲਗੇਗਾ ਕਿ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਿੱਖ ਧਰਮ ਦੀਆਂ ਪੁਸਤਕਾਂ ਤੋਂ ਇਲਾਵਾ, ਵੇਦ, ਸ਼ਾਸਤਰ, ਸਿਮ੍ਰਿਤੀਆਂ, ਪੁਰਾਣ, ਯੋਗ-ਦਰਸ਼ਨ, ਰਾਮਾਇਣ, ਮਹਾਂਭਾਰਤ, ਭਾਗਵਤ ਗੀਤਾ, ਕੁਰਾਨ ਸ਼ਰੀਫ, ਬਾਈਬਲ, ਬੁਧ ਮਤ ਤੇ ਜੈਨ ਮਤ ਦੇ ਧਰਮ ਗ੍ਰੰਥਾਂ ਦੇ ਪੰਡਿਤ ਸਨ। ਇਸ ਤੋਂ ਇਲਾਵਾ ਯੂਨਾਨ, ਇਟਲੀ ਤੇ ਹੋਰ ਬਾਹਰਲੇ ਦੇਸ਼ਾਂ ਦੇ ਧਰਮ-ਗ੍ਰੰਥਾਂ ਦੀ ਬੜੀ ਡੂੰਘੀ ਜਾਣਕਾਰੀ ਸੀ । ਆਪ ਜੀ ਸੰਸਾਰ ਦੇ ਵੱਖੋ-ਵੱਖ ਧਰਮਾਂ ਦੇ ਤੁਲਨਾਤਮਕ ਅਧਿਐਨ (Comparative study of different religion of the world) ਦੇ ਵੀ ਪ੍ਰਮਾਣਿਕ ਗਿਆਤਾ (authority) ਸਨ.

“ਪੁਨ ਦਾਨ ਕਾ ਕਰੇ ਸਰੀਰੁ॥

ਸੋ ਗਿਰਹੀ ਗੰਗਾ ਕਾ ਨੀਰੁ ॥”

{ਰਾਮ: ਵਾਰ-੧੨}

ਭਾਈ ਸਾਹਿਬ ਜੀ ਆਪਣੇ ਬਜ਼ੁਰਗਾਂ ਦਾ ਤੇ ਹੋਰ ਆਪਣੇ ਤੋਂ ਵੱਡੀ ਉਮਰ ਵਾਲਿਆਂ ਦਾ ਬੜਾ ਸਤਿਕਾਰ ਕਰਦੇ ਸਨ। ਕਦੀ ਵੀ ਉਹਨਾਂ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਸਾਰੀ ਜ਼ਿੰਦਗੀ ਵਿਚ ਕੇਵਲ ਇਕ ਵਾਰ ਆਪ भी रा भाथले थिए ती ठाल वेहल भउजेड (difference of opinion) ਹੋਇਆ। ਉਹ ਇਸ ਤਰ੍ਹਾਂ ਸੀ ਕਿ ਅੰਮ੍ਰਿਤਸਰ ਵਿਚ ਰਿਵਾਜ ਸੀ (ਜੋ ਹਾਲੇ ਵੀ ਹੈ) ਕਿ ਮੱਸਿਆ ਦੀ ਰਾਤ ਸ਼ਹਿਰ ਦੇ ਲੋਕ ਲੰਗਰ (ਖਾਸ ਕਰਕੇ ਖੀਰ) ਬਣਾ ਕੇ, ਗੱਡਿਆਂ ਤੇ ਸਵਾਰ ਹੋ ਕੇ ਤਰਨਤਾਰਨ ਜਾਂਦੇ ਸਨ । ਐਸੀ ਇਕ ਯਾਤਰਾ ਵਿਚ ਜਿਸ ਬੀਬੀ ਨਾਲ ਆਪ ਜੀ ਦੀ ਕੁੜਮਾਈ (engagement) ਹੋਈ ਸੀ ਉਹ ਗੱਡੇ ਤੋਂ ਡਿਗ ਪਏ ਤੇ ਉਹਨਾਂ ਦੀ ਇਕ ਟੰਗ ਟੁੱਟ ਗਈ ਤੇ ਉਹ ਬੀਬੀ ਲੰਗੜਾਉਣ ਲਗ ਪਈ। ਆਪ ਜੀ ਦੇ ਪਿਤਾ ਜੀ ਨੇ ਸਮਝਾਇਆ ਕਿ “ਬੇਟਾ ਤੁਸੀਂ ਚੰਗੇ ਲਿਖਾਰੀ ਹੋ, ਤੁਹਾਨੂੰ ਵੱਡੇ ਵੱਡੇ ਲੋਕਾਂ ਨਾਲ ਵਾਹ ਪੈਣਾ ਹੈ। ਲੰਗੜੀ ਅਰਧਾਂਙਨੀ ਸ਼ੋਭਾ ਨਹੀਂ ਦੇਂਦੀ। ਅਸੀਂ ਇਹ ਕੁੜਮਾਈ ਤੋੜ ਕੇ ਹੋਰ ਜਗ੍ਹਾ ਕਰ ਦੇਂਦੇ ਹਾਂ।” ਆਪ ਜੀ ਨੇ ਬੜੇ ਅਦਬ ਤੇ ਸਤਿਕਾਰ ਨਾਲ ਕਿਹਾ ਕਿ “ਪਿਤਾ ਜੀ! ਜੇ ਬੀਬੀ ਦੀ ਟੰਗ ਵਿਆਹ ਹੋਣ ਤੋਂ ਬਾਅਦ ਟੁੱਟਦੀ, ਫੇਰ ਤੁਸੀਂ ਕੀ ਕਰਦੇ? ਵਾਹਿਗੁਰੂ ਜੀ ਜੋ ਕਰਦੇ ਹਨ ਭਲਾ ਹੁੰਦਾ ਹੈ।” ਇਹ ਉਤਰ ਸੁਣ ਕੇ ਪਿਤਾ ਜੀ ਲਾਜਵਾਬ ਹੋ ਗਏ ਤੇ ਸ਼ਾਦੀ ਉਸੇ ਬੀਬੀ ਨਾਲ ਹੀ ਹੋਈ।

ਇਹ ਸੀ ਇਸ ਨੌਜਵਾਨ ਮਹਾਂਪੁਰਸ਼ ਦਾ ਚਰਿੱਤਰ (character)।

ਵਾਹਿਗੁਰੂ ਜੀ ਦੀ ਬਖਸ਼ਿਸ਼ ਦੇਖੋ ਕਿ ਆਪ ਜੀ ਦੀ ਧਰਮਪਤਨੀ, ਜਿਸ ਸਤਿਕਾਰ ਯੋਗ ਬੀਬੀ ਦਾ ਨਾਮ ਸਰਦਾਰਨੀ ਚਤਰ ਕੌਰ ਸੀ, ਭਾਈ ਸਾਹਿਬ ਜੀ ਦੇ ਇਤਨੀ ਅਨੁਕੂਲ ਹੋ ਗੁਜ਼ਰੀ ਕਿ ਇਹ ਇਕ ਆਦਰਸ਼ਕ ਜੋੜੀ (Ideal couple) ਬਣ ਗਈ। ਭਾਈ ਸਾਹਿਬ ਜੀ ਦੀ ਹਰ ਸਹੂਲਤ ਦਾ ਧਿਆਨ ਰਖਦੀ। ਘਰ ਵਿਚ ਸਤਿਸੰਗੀਆਂ ਦੀ ਭਰਮਾਰ ਰਹਿੰਦੀ ਪਰ ਆਪ ਜੀ ਸਭ ਨੂੰ ਹਸ ਹਸ ਕੇ ਤੇ ਖਿੜੇ ਮੱਥੇ ਲੰਗਰ ਛਕਾਣਾ ਤੇ ਘਰ ਦੀ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ।

2 C. ਸੁਧਾਰਕ (Reformer)- ਪੰਥ ਦੀ ਸਰਬਪੱਖੀ ਹਾਲਤ

ਸੁਧਾਰਨ ਵਾਸਤੇ ਆਪ ਜੀ ਨੇ ਹੇਠ ਲਿਖੀਆਂ ਸੰਸਥਾਵਾਂ ਸਥਾਪਤ ਕੀਤੀਆਂ:-

(ੳ) ਚੀਫ਼ ਖਾਲਸਾ ਦੀਵਾਨ, (ਦੇਖੋ ਕਾਂਡ ੨੨)

(ਅ) ਖਾਲਸਾ ਕਾਲਜ, ਅੰਮ੍ਰਿਤਸਰ,

(ੲ) ਖਾਲਸਾ ਟ੍ਰੈਕਟ ਸੁਸਾਇਟੀ,

(ਸ) ਖਾਲਸਾ ਸਮਾਚਾਰ ਸਾਪਤਾਹਿਕ,

(ਹ) ਸਿਖ ਐਜੁਕੇਸ਼ਨਲ ਕਾਨਫਰੈਂਸ,

(ਕ) ਪੰਜਾਬ ਐਂਡ ਸਿੰਧ ਬੈਂਕ,

(ਖ) ਖਾਲਸਾ ਸੂਰਮਾ ਘਰ,

(ਗ) ਖਾਲਸਾ ਯਤੀਮ ਖਾਨਾ,

(ਘ) ਹੋਮਿਊਪੈਥਿਕ ਹਸਪਤਾਲ ਆਦਿ।

ਇਹਨਾਂ ਸਾਰੀਆਂ ਸੰਸਥਾਵਾਂ ਦੇ ਆਪ ਜੀ ਜਨਮਦਾਤਾ (founder)

ਸਨ। ਇਹਨਾਂ ਸੰਸਥਾਵਾਂ ਦੇ ਜ਼ਰੂਰੀ ਤੇ ਮਹੱਤਵਪੂਰਨ ਸਾਰੇ ਕੰਮ ਆਪ ਖ਼ੁਦ ਕਰਦੇ ਪਰ ਅਪਣੇ ਸੁਭਾਵ ਅਨੁਸਾਰ ਸਦਾ ਹੀ ਪਿਛੇ ਰਹਿ ਕੇ ਸੇਵਾ ਕੀਤੀ। ਅਗੇ ਅਗੇ ਵੱਧ ਕੇ ਹਉਮੈ ਦੇ ਕੰਮ ਨਹੀਂ ਸਨ ਕਰਦੇ। ਮਿਸਾਲ ਦੇ ਤੌਰ ਤੇ ਹੋਮਿਉਪੈਥਿਕ ਹਸਪਤਾਲ ਲਈ ੮੪ ਹਜ਼ਾਰ ਰੁਪਿਆ ਜਮਾਂ ਕਰਕੇ ਸੰਚਾਲਨ ਕਰਵਾਇਆ ਪਰ ਬਿਲਕੁਲ ਅਲੇਪ ਰਹੇ-ਇਕ ਵਾਰ ਵੀ ਦੇਖਣ ਨਹੀਂ ਗਏ। ਸੰਤ ਸ੍ਰੀ ਰਾਮਦਾਸ ਜੀ ਇਤਨੀ ਹਉਮੈ ਅਭਾਵਤਾ ਦੇਖ ਕੇ ਬੜੇ ਪ੍ਰਭਾਵਤ ਹੋਏ।

ਕਾਰਨ ਇਹ ਸੀ ਕਿ ਅੰਦਰੋਂ ਧੁਰ ਅੰਦਰੋਂ “ਛਿਪੇ ਰਹਿਣ ਦੀ ਚਾਹ” ਹਰ ਵੇਲੇ ਰਹਿੰਦੀ ਸੀ।

2) D ਹਮਦਰਦ (sympathiser) (ੳ) ਸਤਿਸੰਗੀਆਂ ਜਾਂ ਰਿਸ਼ਤੇਦਾਰਾਂ ਵਿਚੋਂ ਜੇ ਕੋਈ ਬੀਮਾਰ ਹੋਵੇ ਜਾਂ ਚਲਾਣਾ ਕਰ ਜਾਏ ਤਾਂ ਆਪ ਜੀ ਉਹਨਾਂ ਦੇ ਸਬੰਧੀਆਂ ਨੂੰ ਮਿਲ ਕੇ ਜਾਂ ਪੱਤਰ ਲਿਖ ਕੇ ਦਿਲਾਸਾ ਦੇਂਦੇ ਤੇ ਗੁਰਮਤਿ ਦੇ ਰਸਤੇ ਪਾਉਂਦੇ।

(ਅ) ਆਪਣੇ ਰਸੂਖ ਨਾਲ ਸੈਂਕੜੇ ਲੋਕਾਂ ਨੂੰ ਕਾਰੋਬਾਰੀ, ਠੇਕੇਦਾਰ, ਕਾਰਖਾਨੇਦਾਰ ਜਾਂ ਨੌਕਰੀਆਂ ਦਵਾਕੇ ਰੋਜ਼ੀ-ਰੋਟੀ ਜੋਗਾ ਕੀਤਾ।

(ੲ) ਕਈਆਂ ਨੂੰ ਉੱਚ ਵਿੱਦਿਆ ਵਾਸਤੇ ਬਾਹਰ ਦੇ ਦੇਸ਼ਾਂ ਵਿਚ ਭਿਜਵਾਇਆ।

(ਸ) ਪ੍ਰੋਫੈਸਰ ਗੋਪਾਲਾ ਰਾਓ (ਮਹਾਰਾਸ਼ਟ੍ਰੀਅਨ) ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ (principal) ਸਨ। ਆਪ ਜੀ ਨਾਲ ਸਤਿਸੰਗ ਦਾ ਪਿਆਰ ਸੀ। ਗੋਪਾਲਾ ਰਾਓ ਜੀ ਅਕਾਲ ਚਲਾਣਾ ਕਰ ਗਏ। ਖ਼ਬਰ ਮਿਲਣ ਤੇ ਆਪ ਅੱਧੀ ਰਾਤ ਉਹਦੇ ਘਰ ਗਏ ਤੇ ਪਰਿਵਾਰ ਨੂੰ ਦਿਲਾਸਾ ਦਿਤਾ। ਆਪ ਜੀ ਦੇ ਆਪਣੇ ਨੈਣ ਭੀ ਭਰ-ਭਰ ਆਉਂਦੇ। ਗੋਪਾਲਾ ਰਾਓ ਦੀ ਪਤਨੀ ਦੇ ਕੇਸ ਬੜੇ ਲੰਬੇ ਤੇ ਸੁੰਦਰ ਸਨ । ਪਤੀ ਦੇ ਮਰਨ ਤੇ ਰਿਵਾਜ਼ ਮੁਤਾਬਿਕ ਰਿਸ਼ਤੇਦਾਰਾਂ ਨੇ ਕੇਸ ਕੱਟਣੇ ਚਾਹੇ ਪਰ ਪਤਨੀ ਇਹ ਨਹੀਂ ਚਾਹੁੰਦੀ ਸੀ। ਭਾਈ ਸਾਹਿਬ ਜੀ ਉਹਨਾਂ ਰਿਸ਼ਤੇਦਾਰਾਂ ਨੂੰ ਵੱਖਰੇ ਕਰਮੇ ਵਿਚ ਲੈ ਗਏ ਤੇ ਪਤਾ ਨਹੀਂ ਕਿਸ ਜੁਗਤੀ ਨਾਲ ਸਮਝਾਇਆ ਕਿ ਉਹ ਕੇਸ ਨਾ ਕਟਣ ਤੇ ਰਾਜ਼ੀ ਹੋ ਗਏ। ਕਾਲਜ ਵਲੋਂ ਜੋ ਮਰਨ ਉਪਰੰਤ (Gratuity) ਵਗੈਰਾ ਦੇ ਪੈਸੇ ਮਿਲਣੇ ਸਨ ਉਹ ਆਪ ਨੇ ਰਸੂਖ਼ ਨਾਲ ਜਲਦੀ ਦਿਵਾ ਦਿਤੇ, ਕੁਝ ਆਪਣੇ ਕੋਲੋਂ ਤੇ ਕੁਛ ਹੋਰ ਮਾਇਆ ਇਕੱਠੀ ਕਰਕੇ ਬੀਬੀ ਦੇ ਬੈਂਕ ਖਾਤੇ ਵਿਚ ਜਮਾ ਕਰਵਾ ਦਿਤੇ ਤਾਂਕਿ ਉਸ ਬੀਬੀ ਨੂੰ ਸੂਦ ਦੀ ਆਮਦਨ ਹੋ ਜਾਵੇ ਤੇ ਕਿਸੇ ਹੋਰ ਦਾ ਮੁਥਾਜ ਨਾ ਹੋਣਾ ਪਵੇ।

(ਹ) ਅੰਧ ਵਿਦਿਆਲੇ ਦੇ ਬੱਚੇ ਆਪ ਜੀ ਦੀ ਕੋਠੀ ਦੇ ਸ੍ਰਾਮਣਿਓਂ ਲੰਘ ਰਹੇ ਸਨ ਕਿ ਉਹਨਾਂ ਨੂੰ ਸ਼ਹਿਦ ਦੀਆਂ ਮੱਖੀਆਂ ਚੰਬੜ ਗਈਆਂ। ਬਚੇ ਤੜਫ ਰਹੇ ਸਨ ਤੇ ਲੋਕੀ ਤਮਾਸ਼ਾ ਵੇਖ ਰਹੇ ਸਨ। ਆਪ ਜੀ ਅਚਾਨਕ ਬਾਹਰ ਆਏ ਤਾਂ ਇਹ ਦ੍ਰਿਸ਼ ਬਰਦਾਸ਼ਤ ਨਾ ਕਰ ਸਕੇ। ਦੌੜਕੇ ਅੰਦਰ ਗਏ ਤੇ ਘਰ ਦੇ ਸਾਰੇ ਬੰਦਿਆਂ ਨੂੰ ਕਿਹਾ ਕਿ ਕੰਬਲ ਲੈਕੇ ਜਲਦੀ ਆਓ। ਆਪ ਜੀ ਨੇ ਫਟਾਫਟ ਸਾਰੇ ਬੱਚਿਆਂ ਨੂੰ ਕੰਬਲਾਂ ਨਾਲ ਲਪੇਟ ਦਿਤਾ। ਜਦੋਂ ਕਾਫ਼ੀ ਮੱਖੀਆਂ ਮਰਨ ਨਾਲ ਕੁਝ ਸ਼ਾਂਤੀ ਹੋਈ ਤਾਂ ਆਪ ਜੀ ਬੱਚਿਆਂ ਨੂੰ ਹਸਪਤਾਲ ਲੈ ਗਏ ਤੇ ਇਲਾਜ ਕਰਵਾਇਆ।

(ਕ) ਸਕੂਲ ਦੇ ਦਿਨਾਂ ‘ਚ ਆਪ ਜੀ ਦਾ ਇਕ ਜਮਾਤੀ, ਜੋ ਬੜਾ ਗਰੀਬ ਸੀ, ਬਿਮਾਰੀ ਕਰਕੇ ਬਹੁਤ ਕਮਜ਼ੋਰ ਹੋ ਗਿਆ। ਹਕੀਮ ਨੇ ਡੇਢ ਪਾਓ ਦੁਧ ਰੋਜ਼ ਪੀਣਾ ਜ਼ਰੂਰੀ ਦੱਸਿਆ। ਉਸ ਲੜਕੇ ਨੇ ਹਲਵਾਈ ਕੋਲੋਂ ਦੁਧ ਉਧਾਰ ਪੀਣਾ ਸ਼ੁਰੂ ਕੀਤਾ। ਮਹੀਨੇ ਬਾਦ ਹਲਵਾਈ ਨੇ ਡੇਢ ਰੁਪਿਆ ਮੰਗਿਆ ਜੋ ਉਸ ਲੜਕੇ ਪਾਸ ਨਹੀਂ ਸੀ। ਇਕ ਦਿਨ ਹਲਵਾਈ ਤੇ ਲੜਕੇ ਦਾ ਝਗੜਾ ਆਪ ਜੀ ਨੇ ਸੁਣ ਲਿਆ। ਆਪ ਜੀ ਆਪਣਾ ਜੇਬ ਖਰਚ, ਜੋ ਉਸ ਜ਼ਮਾਨੇ ਪੈਸਿਆਂ ਵਿਚ ਹੀ ਹੁੰਦਾ ਸੀ, ਕਿਸੇ ਭਲੇ ਅਰਥ ਲਾ ਚੁਕੇ ਸਨ ਕਿਉਂਕਿ ਆਪ ਬਜ਼ਾਰ ਦੀਆਂ ਚੀਜ਼ਾਂ ਸ਼ੁਰੂ ਤੋਂ ਹੀ ਨਹੀਂ ਖਾਂਦੇ ਸਨ। ਆਪਣੇ ਪਿਤਾ ਜੀ ਜਾਂ ਨਾਨਾ ਜੀ ਨੂੰ ਖੇਚਲ ਨਹੀਂ ਦੇਣਾ ਚਾਹੁੰਦੇ ਸਨ। ਆਪ ਜੀ ਇਕ ਬਾਗ ਵਿਚ ਸੈਰ ਕਰਨ ਗਏ ਤਾਂ ਇਕ ਚਮਕਦੀ ਚੀਜ਼ ਨਜ਼ਰ ਪਈ। ਦੇਖਿਆ ਤਾਂ ਪੂਰਾ ਡੇਖ ਰੁਪਿਆ ਸੀ। ਸੋਚਿਆ ਕੋਈ ਭੁਲ ਗਿਆ ਹੈ ਯਾਦ ਆਉਣ ਤੇ ਲੈ ਜਾਏਗਾ। ਦੂਜੇ ਦਿਨ ਵੀ ਉਹ ਪੈਸੇ ਉਥੇ ਹੀ ਪਏ ਸਨ ਤੇ ਤੀਜੇ ਦਿਨ ਵੀ। ਆਪ ਨੇ ਸੋਚਿਆ ਕਿ ਬਾਗ ਵਿਚ ਇਤਨੇ ਆਦਮੀ ਆਂਦੇ ਹਨ ਕਿਸੇ ਦੀ ਨਜ਼ਰ ਨਹੀਂ ਪੈਂਦੀ, ਤੇ ਹੈ ਵੀ ਪੂਰਾ ਡੇਢ ਰੁਪਿਆ। ਹੋਵੇ ਨਾ ਤਾਂ ਵਾਹਿਗੁਰੂ ਜੀ ਨੇ ਮੇਰੀ ਮੁਸ਼ਕਲ ਦਾ ਹਲ ਹੀ ਕੀਤਾ ਹੈ। ਤਾਂ ਆਪ ਜੀ ਨੇ ਉਹ ਪੈਸੇ ਉਠਾ ਕੇ ਹਲਵਾਈ ਨੂੰ ਦੇ ਦਿਤੇ ਤੇ ਉਸ ਜਮਾਤੀ ਦਾ ਕਰਜ਼ਾ ਉਤਾਰਿਆ।

ਤਾਹੀਓਂ ਤੇ ਆਪ ਜੀ ਲਿਖਦੇ ਹਨ ਕਿ:-

“ਦਹਦ ਦੇਖ ਦੁਖ ਆਂਦਾ”

ਦੁਨੀਆਂ ਦਾ ਦੁਖ ਦੇਖ ਦੇਖ ਦਿਲ

ਦਬਦਾ ਦਬਦਾ ਜਾਂਦਾ

ਅੰਦਰਲਾ ਪੰਘਰ ਵੱਗ ਟੁਰਦਾ ਨੈਣੋਂ ਨੀਰ ਵਸਾਂਦਾ ਫਿਰ ਬੀ ਦਰਦ ਨ ਘਟੇ ਜਗਤ ਦਾ ਚਾਹੇ ਆਪਾ ਵਾਰੋ, ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁਖ ਆਂਦਾ॥੪੬॥

{ਲਹਿਰਾਂ ਦੇ ਹਾਰ}

2 E. ਬਾਗ਼ਬਾਨੀ (Gardener)- ਬਾਗ਼ਬਾਨੀ ਵਿਚ ਆਪ ਜੀ ਨਿਪੁੰਨ ਸਨ। ਫਲਾਂ, ਫੁਲਾਂ ਤੇ ਪੌਦਿਆਂ ਦੀਆਂ ਕਿਸਮਾਂ, ਉਨ੍ਹਾਂ ਦੇ ਵਧਣ, ਫੁਲਣ, ਮੌਲਣ ਦੇ ਢੰਗ ਜਾਣਦੇ ਸਨ। ਆਪ ਜੀ ਨੂੰ ਕੋਠੀ ਵਿਚ ਲਗੇ ਹੋਏ ਹਰ ਪੇੜ, ਪੌਦੇ, ਫਲ ਨਾਲ ਜ਼ਾਤੀ ਦੋਸਤੀ ਸੀ। ਕਿਹੜਾ ਪੌਦਾ ਜਾਂ ਦਰਖ਼ਤ ਕਿਸ ਮੌਸਮ ਵਿਚ ਲਗਾਣਾ ਹੈ ਤੇ ਕੀ ਖਾਦ ਪਾਣੀ ਹੈ, ਕਿਨਾ ਪਾਣੀ ਦੇਣਾ ਹੈ- ਸਭ ਭਲੀ-ਭਾਂਤ ਪਤਾ ਸੀ । ਲੋਕ ਹੈਰਾਨ ਹੋ ਹੋ ਜਾਂਦੇ ਸਨ ਕਿ ਅੰਮ੍ਰਿਤਸਰ ਵਰਗੇ ਸ਼ਹਿਰ ਵਿਚ ਆਪ ਜੀ ਦੀ ਕੋਠੀ ਵਿਚ ਅਖਰੋਟ ਦਾ ਦਰਖ਼ਤ (ਜੋ ਪਹਾੜਾਂ ਤੇ ਹੁੰਦਾ ਹੈ) ਵੱਡਾ ਵੀ ਹੋਇਆ ਤੇ ਫਲ ਵੀ ਦੇਂਦਾ ਸੀ, ਲੀਚੀ ਫਲ ਦੇਂਦੀ ਸੀ, ਇਲਾਚੀ ਤੇ ਲੌਂਗ ਦੇ ਬੂਟੇ ਵੀ ਸਨ। ਇਕ ਪੇੜ ਐਸਾ ਵੀ ਸੀ ਜਿਸਨੂੰ ਪੇਉਂਦ ਲਾ ਲਾਕੇ ਤਿਆਰ ਕੀਤਾ ਸੀ। ਇਸ ਦੀ ਇਕ ਡਾਲ ਤੇ ਸੰਤਰੇ, ਦੂਜੀ ਤੇ ਮਾਲਟੇ ਤੀਜੀ ਤੇ ਨਿੰਬੂ…..ਆਦਿ ਲਗਦੇ ਸਨ। ਅਫਸੋਸ ਕਿ ਉਹਨਾਂ ਦੇ ਸੱਚਖੰਡ ਪਿਆਨੇ ਪਿਛੋਂ ਕਿਸੇ ਨੇ ਐਸੇ ਲਾਜਵਾਬ ਪੇੜ ਦੀ ਸੰਭਾਲ ਨਾ ਕੀਤੀ ਤੇ ਇਹ ਹੁਣ ਨਹੀਂ ਹੈ।

ਇਤਨਾ ਰੁਝੇਵਾਂ ਹੋਣ ਦੇ ਬਾਵਜੂਦ ਆਪ ਬਾਗ਼ਬਾਨੀ ਵਾਸਤੇ ਕੁਝ ਸਮਾਂ ਜ਼ਰੂਰ ਕਢਦੇ ਭਾਵੇਂ ਵੱਖਰਾ ਮਾਲੀ ਰਖਿਆ ਹੋਇਆ ਸੀ। ਪੇੜ-ਪੌਦਿਆਂ ਦੀ ਮਜਲਸ ਵਿਚ ਆਪ ਬਹੁਤ ਹੀ ਖੁਸ਼ ਰਹਿੰਦੇ।

2 F. MLC (Member of Legislative Council (upper house) ਬਣੇ-ਇਹ ਇਕ ਅਨਚਾਹੀ ਪਦਵੀ ਆਪਦੇ ਗਲ ਪੈ ਗਈ ਸੀ। ਆਪ ਜੀ ਨੇ ਸਵੀਕਾਰ ਇਸ ਵਾਸਤੇ ਕਰ ਲਈ ਕਿਉਂਕਿ ਜੇ ਨਾ ਕਰਦੇ ਤਾਂ ਗਵਰਨਰ (Governor) ਸਾਹਿਬ ਦੀ ਹੱਤਕ ਹੁੰਦੀ ਸੀ ਤੇ ਇਕ ਅਨੁਸ਼ਾਸਤ ਸ਼ਹਿਰੀ (disciplined Citizen) ਇਸ ਤਰ੍ਹਾਂ ਨਹੀਂ ਕਰ ਸਕਦਾ। ਗਲ ਪਿਆ ਢੋਲ ਵਜਾਉਂਦੇ। ਜ਼ਰੂਰੀ ਫਰਜ਼ ਨਿਭਾਉਂਦੇ ਪ੍ਰੰਤੂ ਰੂਹਾਨੀ ਮਾਮਲਿਆਂ ਨੂੰ ਪਹਿਲ ਦੇਂਦੇ। ਇਕ ਦਿਨ ਉਥੋਂ ਟਾਈਮ ਤੋਂ ਪਹਿਲਾਂ ਉੱਠ. ਆਏ ਕਿਉਂਕਿ ਕਿਸੇ ਦੀ ਆਤਮਕ ਭੁੱਖ ਦੀ ਪੂਰਤੀ ਕਰਨੀ ਸੀ, Allowances ਦੇ ਨੁਕਸਾਨ ਦੀ ਕੋਈ ਪ੍ਰਵਾਹ ਨਾ ਕੀਤੀ।

ਪੰਜਾਬ ਅਸੰਬਲੀ ਦੀ ਗੱਲ ਕਰਦਿਆਂ ਯਾਦ ਆਇਆ ਕਿ ਆਪ ਜੀ ਆਮ ਕਰਕੇ ਅਸੰਬਲੀ ਦੀਆਂ ਮੀਟਿੰਗਾਂ ਦੀ ਹਾਜ਼ਰੀ ਘੱਟ ਹੀ ਭਰਦੇ ਸਨ। ਇਕ ਦਿਨ ਇਕ ਦੋਸਤ ਦੇ ਮਜਬੂਰ ਕਰਨ ਤੇ ਆਪ ਅਸੰਬਲੀ ਵਿਚ ਜਾ ਬੈਠੇ। ਉਥੇ ਬਹੁਤ ਸ਼ੋਰ-ਸ਼ਰਾਬਾ ਸੀ ਤੇ ਸ਼ਬਦਾਵਲੀ ਵੀ ਅਸੱਭ੍ਯ ਵਰਤੀ ਜਾ ਰਹੀ ਸੀ। ਇਸ ਸਾਰੇ ਰਾਮਰੌਲੇ ਵਿਚ ਆਪ ਜੀ ਦੀ ਸਮਾਧੀ ਲੱਗ ਗਈ ਤੇ ਆਪਣੇ ਪ੍ਰੀਤਮ ਦੇ ਵਲਵਲਿਆਂ ਦੇ ਦੇਸ਼ ਦੀਆਂ ਯਾਰੀਆਂ ਨਿਭਾਉਣ ਲੱਗ ਗਏ। ਜਿਸ ਦੋਸਤ ਦੇ ਕਹਿਣ ਤੇ ਗਏ ਸਨ ਉਹ ਡਰ ਰਿਹਾ ਸੀ ਕਿ ਸੈਸ਼ਨ (session) ਦੇ ਬਾਦ ਡਾਂਟ ਪਵੇਗੀ ਪਰ ਭਾਈ ਸਾਹਿਬ ਹਾਲ ਦੇ ਅੰਦਰੋਂ ਬੜੇ ਖੁਸ਼-ਖੁਸ਼ ਨਿਕਲੇ ਤੇ ਚਿਹਰਾ ਦਮਕ ਰਿਹਾ ਸੀ। ਆਪਣੇ ਦੋਸਤ ਨੂੰ ਕਹਿਣ ਲਗੇ ਅਸੀਂ ਤੇਰੇ ਧੰਨਵਾਦੀ ਹਾਂ।

ਦੋਸਤ-ਕਿਉਂ ਜੀ ਕੀ ਗਲ ਹੋ ਗਈ? ਮੈਂ ਤਾਂ ਡਰ ਰਿਹਾ ਸਾਂ। ਆਪ ਜੀ-

“ਹਰਿ ਸਿਮਰਨ ਕੀ ਸਗਲੀ ਬੇਲਾ॥

ਹਰਿ ਸਿਮਰਨੁ ਬਹੁ ਮਾਹਿ ਇਕੇਲਾ॥”

“ਮੈਨੂੰ ਅਜ ਅਸੰਬਲੀ ਦੇ ਰਾਮਰੌਲੇ ਵਿਚ ਇਸ ਗੁਰਵਾਕ ਦੀ ਸਮਝ ਪਈ ਹੈ ਕਿ ਬਹੁਤੀ ਭੀੜ ਵਿਚ ਇਕਲਿਆਂ ਕਿਸ ਤਰ੍ਹਾਂ ਹੋਈਦਾ ਹੈ। ਮੈਂ ਬਹੁਤ ਖੁਸ਼ ਹਾਂ”।

2 G. ਅੰਤਰਯਾਮਤਾ (Foreseer)-ਬ੍ਰਹਮਗਿਆਨੀ ਵਾਸਤੇ ਇਹ ਕੋਈ ਵੱਡੀ ਗੱਲ ਨਹੀਂ। ਇਹ ਗੁਣ ਉਹਨਾਂ ਵਿਚ ਸਹਿਜੇ ਹੀ ਹੁੰਦਾ ਹੈ। ਸੈਂਕੜੇ ਐਸੇ ਮਿਲਣ ਵਾਲੇ ਸਜਨ ਹਨ ਜੋ ਦਸਦੇ ਹਨ ਕਿ ਜੋ ਉਹਨਾਂ ਪ੍ਰਸ਼ਨ ਪੁਛਣੇ ਹੁੰਦੇ ਸਨ, ਉਹਨਾਂ ਦੇ ਜਵਾਬ ਬਿਨਾਂ ਪੁਛੇ ਹੀ ਮਿਲ ਜਾਂਦੇ ਸਨ।

ਇਕ ਬੀਬੀ ਨੇ ‘ਵਾਹਿਗੁਰੂ’ ‘ਵਾਹਿਗੁਰੂ’ ਸਿਮਰਦਿਆਂ ਆਪ ਜੀ ਲਈ ਇਕ ਰੁਮਾਲ ਬਣਾਇਆ। ਇਹ ਗਲ ਬੀਬੀ ਤੋਂ ਸਿਵਾ ਹੋਰ ਕਿਸੇ ਨੂੰ ਨਹੀਂ ਸੀ ਪਤਾ। ਬਾਦ ਵਿਚ ਜਦੋਂ ਕਦੀ ਆਪ ਜੀ ਉਸ ਬੀਬੀ ਨੂੰ ਮਿਲੇ ਤਾਂ ਹੌਲੀ ਜਿਹੀ ਕਿਹਾ “ਸਾਡਾ ਰੁਮਾਲ ਤਾਂ ਦੇਦੇ”। ਬੀਬੀ ਅਚੰਭਾ ਹੋ ਗਈ ਤੇ ਰੁਮਾਲ ਪੇਸ਼ ਕੀਤਾ। ਆਪ ਬੀਬੀ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿਚ ਲੈ ਗਏ ਤੇ ਕਹਿਣ ਲਗੇ ਸਾਰੀਆਂ ਸੋਹਣੀਆਂ ਚੀਜ਼ਾਂ ਗੁਰੂ ਨੂੰ ਅਰਪਨ ਕਰੀਦੀਆਂ ਹਨ। ਰੁਮਾਲ ਗੁਰੂ ਜੀ ਨੂੰ ਅਰਪਨ ਕੀਤਾ, ਅਰਦਾਸ ਕੀਤੀ ਤੇ ਫਿਰ ਪ੍ਰਸ਼ਾਦ ਦੇ ਰੂਪ ਵਿਚ ਲੈ ਲਿਆ ਤੇ ਵਰਤਦੇ ਰਹੇ।

2 H. ਚਕਿਤਸਾ ਦਾ ਗਿਆਨ (Doctor)- ਯੂਨਾਨੀ, ਹੋਮਿਉਪੈਥੀ (Homeopathy), ਬਾਇਓਕੈਮਿਕ (Biochemic) ਦੇ ਚੰਗੇ ਜਾਣੂ ਸੇ । ਐਲੋਪੈਥੀ (Allopathy) र The British Pharmacopea भेनुर मी। ਉਸ ਨਾਲ ਹਰੇਕ ਦਵਾਈ ਬਾਰੇ ਸ਼ਹਿਜੇ ਸਹਿਜੇ ਬੜੀ ਜਾਣਕਾਰੀ ਹੋ ਗਈ ਸੀ। ਕਦੇ ਕਿਸੇ ਬਿਮਾਰ ਨੂੰ ਕੋਈ ਦਵਾ ਦਸਦੇ ਸਨ ਤਾਂ ਸਲਾਹ ਦੇਂਦੇ ਪਰ ਨਾਲ ਇਹ . ਵੀ ਕਹਿ ਦੇਂਦੇ ਕਿ ਆਪਣੇ ਡਾਕਟਰ ਪਾਸੋਂ ਜ਼ਰੂਰ ਪੁੱਛ ਲੈਣਾ।

  1. ਗੁਰਧਾਮਾਂ ਦੀ ਚਿੰਤਾ (Concern for Gurdwaras)-ਸ੍ਰੀ ਹੇਮਕੁੰਟ ਸਾਹਿਬ ਦੀ ਖੋਜ ਕਰਨ ਵਿਚ ਤੇ ਉਥੇ ਸਭ ਤੋਂ ਪਹਿਲੇ ਥੜਾ ਤੇ ਨਿਸ਼ਾਨ ਸਾਹਿਬ ਕਾਇਮ ਕਰਾਵਣ ਦਾ ਸਿਹਰਾ (credit) ਆਪ ਜੀ ਨੂੰ ਹੀ ਜਾਂਦਾ ਹੈ। ਛੇਵੀਂ ਪਾਤਸ਼ਾਹੀ ਦੇ ਬਾਰਾਮੂਲੇ (ਕਸ਼ਮੀਰ) ਵਿਚ ਇਤਿਹਾਸਕ ਗੁਰਦੁਆਰੇ ਦੀ ਉਸਾਰੀ ਵਿਚ ਵੀ ਆਪ ਦਾ ਹੱਥ ਹੈ।

ਆਪ ਜੀ ਇਤਿਹਾਸਕ ਗੁਰਦੁਆਰਿਆਂ ਦੀ ਯਾਤ੍ਰਾ ਕਰਨ ਦੇ ਸ਼ੌਕੀਨ ਸਨ। ਸ੍ਰੀ ਗੁਰੂ ਨਾਨਕ ਚਮਤਕਾਰ ਤੇ ਹੋਰ ਚਮਤਕਾਰਾਂ ਵਿਚ ਆਪ ਜੀ ਦੇ ਕਈ ਫੁਟ ਨੋਟ (foot note) ਹਨ ਜਿਥੇ ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਿਆਨ ਕਈ ਗੁਰਦੁਆਰਿਆਂ (ਜਿਨ੍ਹਾਂ ਦੀ ਹਾਲਤ ਖਸਤਾ ਸੀ) ਵਲ ਦਿਵਾਇਆ ਤੇ ਸੁਝਾ ਦਿਤਾ ਹੈ ਕਿ ਉਹ ਗੁਰਦੁਆਰਿਆਂ ਦੀ ਦੇਖ ਭਾਲ ਠੀਕ ਤਰ੍ਹਾਂ ਕਰਨ।

ਜਦੋਂ ਪਹਿਲੀ ਵਾਰੀ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ ਤਾਂ ਵਡੀ ਡਿਉੜੀ (main gate) ਤੋਂ ਲੰਘ ਕੇ ਜਦੋਂ ਗੁਰਦਵਾਰਾ ਸਾਹਿਬ ਜੀ ਨਜ਼ਰੀਂ ਪਏ ਤਾਂ ਆਪ ਜੀ ਉਥੇ ਹੀ ਜ਼ਮੀਨ ਤੇ ਬੈਠ ਗਏ ਕਾਫ਼ੀ ਦੇਰ ਤਕ ਅੱਖਾਂ ਬੰਦ ਕਰਕੇ ਬੈਠੇ ਰਹੇ। ਜਦੋਂ ਯਾਤਰਾ ਕਰਕੇ ਅਪਣੇ ਡੇਰੇ (ਜਿਥੇ ਠਹਿਰੇ ਹੋਏ ਸਨ) ਆਏ ਤਾਂ ਕਲਮ ਲੈਕੇ ਕਾਗਤ ਤੇ ਕੁਝ ਲਿਖਿਆ ਗਿਆ ਸੀ। ਉਹ ਇਹ ਕਵਿਤਾ ਸੀ:-

ਨਿਜਾਨੰਦ ਆਰਾਮ

ਬ੍ਯਾਲੀ ਬਰਸ ਜੋਧਨੀ ਬੀਤੇ ਹੁਣ ਕਰ ਰਹੇ ਆਰਾਮ! ‘ਵਿਚ ਆਰਾਮ ਟਿਕੇ ਦੇ ਦਰਸ਼ਨ ਕਰਨੇ ਆਈਆਂ ਰਾਮ! ਫੁਰਨੇ! ਫੁਰ ਨਾ, ਸ਼ੋਰ ਤੇਰਾ ਮਤ ਕਰ ਦੇ ਬੇ-ਆਰਾਮ, ਸਹਜੇ ਸਹਜੇ, ਦੂਰੋਂ ਦੂਰੋਂ ਕਰ ਲੈ ਮਨ ਪਰਨਾਮ!

ਧੂੜੀ ਚਰਨ ਲਗੀ ਲਗ ਮਸਤਕ

ਕਰ ਗਈ ਮਨ ਨਿਸ਼ਕਾਮ,

ਮਨੋਂ ਕਾਮਨਾ ਪੂਰਨ ਹੋ ਗਈ

ਤਕ ਕੇ ਵਿਚ ਆਰਾਮ।

ਬੇ-ਆਰਾਮ ਕਰਨ ਨਹੀਂ ਆਈ,

ਆਈ ਲੈਣ ਆਰਾਮ।

ਵਿਚ ਆਰਾਮ ਦੇਖਕੇ ਠਰ ਗਈ

ਮਿਲ ਗਿਆ ਮੈਂ ਆਰਾਮ।

ਟਿਕੇ ਚਹੇ ਵਿਚ ਨਿਜਾਨੰਦ ਹੋ, ਨਿਜ ਸਰੂਪ ਬਿਸਰਾਮ, ਪਰ ਸੁਗੰਧਿ ਤੁਧ ਨਿਜਾਨੰਦ ਦੀ ਫੈਲ ਰਹੀ ਅਭਿਰਾਮ ਮਸਤੀ ਕਿਤੇ ਸਰੂਰ ਮਿਲ ਰਹੇ ਲਗ ਰਹੀ ਝੂਮਾ ਝਾਮ। ਚੰਦਨ ਗੰਧਿ ਟਿਕੀ ਜਿਉਂ ਤਰੁ ਵਿਚ ਫੈਲ ਰਹੀ ਦੂਰਾਮ ਮੇਘ ਟਿਕੇ ਅਪਣੇ ਘਰ ਗਗਨੀਂ ਛਾ ਰਹੀ ਸੀਤਲ ਤਾਮ, ਨਿਜ ਆਨੰਦ ਮਗਨ ਮੈਂ ਪ੍ਰੀਤਮ ਇਉਂ ਕਰ ਰਹੇ ਆਰਾਮ।

ਪ੍ਰੀਤਮ ਮੇਰੇ ਸੋਇ ਰਹੇ ਆਰਾਮ।

{ਗੀਤ ਨੰ: ੧੨੮ ਕੰਬਦੀ ਕਲਾਈ)

ਵਲਵਲਿਆਂ ਦੀ ਨਜ਼ਾਕਤ ਦੇਖੋ ਕਿ ਆਪਨੇ ਮਨ ਦੇ ਫੁਰਨਿਆਂ ਨੂੰ ਕਹਿੰਦੇ ਹਨ “ਫੁਰਨੇ! ਫੁਰ ਨਾ, ਸ਼ੋਰ ਤੇਰਾ ਮਤ ਕਰ ਦੇ ਬੇ-ਆਰਾਮ” ਮੇਰੇ ਕਲਗੀਆਂ ਵਾਲੇ ਆਰਾਮ ਕਰ ਰਹੇ ਹਨ, ਉਹਨਾਂ ਨੂੰ ਬੇ-ਆਰਾਮ (disturb) ਨ ਕਰ।

2.J. ਰਸੋਈ ਸ਼ੌਕ (Cook)-ਕਮਾਲ ਦੇ Cook ਸਨ। ਆਪ ਜੀ ਅਜੀਬ ਅਜੀਬ ਕਿਸਮ ਦੀਆਂ ਤੇ ਭਾਂਤ-ਭਾਂਤ ਕਿਸਮ ਦੇ ਪ੍ਰਾਉਂਠੇ ਤੇ ਮਿਸੀਆਂ ਰੋਟੀਆਂ ਬਣਾਉਣਾ ਜਾਣਦੇ ਸਨ। ਦਹੀਂ ਆਟੇ ਵਿਚ ਮਿਲਾਕੇ ਭੁਸਰੀਆਂ ਪਕਾਂਦੇ, ਕਈ ਕਿਸਮ ਦੇ ਕੇਕ ਤੇ (custard) ਬਨਾਣਾ ਜਾਣਦੇ ਸਨ। ਬਚਪਨ ਵਿਚ ਨਾਨਾ ਜੀ ਦਾ ਖਾਣਾ ਆਪ ਹੀ ਬਣਾਉਂਦੇ ਸਨ।

2 K. ਸਫ਼ਾਈ ਪਸੰਦ (Passion for Hygiene)-ਆਪ ਜੀ ਸਫ਼ਾਈ ਦਾ ਬਹੁਤ ਧਿਆਨ ਰਖਦੇ। ਚਿਟੇ ਸਫੈਦ ਧੱਬੇ ਰਹਿਤ ਸਾਫ (spotless white) ਕਪੜੇ ਪਹਿਨਦੇ। ਖਾਲੀ ਸਰਦੀਆਂ ਵਿੱਚ ਹੱਲਕੇ ਰੰਗ ਦੀ ਗਰਮ ਅਚਕਨ ਪਹਿਨਦੇ।

ਹਰ ਸਬਜ਼ੀ ਤੇ ਫਲ ਵਗੈਰਾ ਲਾਲ ਪਾਣੀ (Potassium permanganate) ਨਾਲ ਧੋ ਕੇ ਹੀ ਰਸੋਈ ਵਿਚ ਵਰਤੀ ਜਾਂਦੀ। Potassium permanganate ਆਪ ਜੀ ਦੇ ਘਰ ਇਤਨਾ ਜ਼ਿਆਦਾ ਵਰਤਿਆ ਜਾਂਦਾ ਸੀ ਕਿ ਇਕ ਹਾਸੇ ਦੀ ਗੱਲ ਯਾਦ ਆ ਗਈ ਹੈ। ਇਕ ਦਿਨ ਭਾਈ ਸਾਹਿਬ ਜੀ ਨੇ ਇਕ ਬੀਬੀ (ਜੋ ਜ਼ਰਾ ਸਰਲ ਸੁਭਾਵ ਦੀ ਸੀ ਤੇ ਪੜ੍ਹੀ ਲਿਖੀ ਨਹੀਂ ਸੀ) ਨੂੰ ਕਿਹਾ ਕਿ ਅੰਦਰੋਂ ਆਈਸ ਕ੍ਰੀਮ (Ice cream) ਲਿਆ ਕੇ ਸਭ ਨੂੰ ਵਰਤਾਓ ਤਾਂ ਬੀਬੀ ਨੇ ਪੁਛਿਆ “ਜੀ ਲਾਲ ਪਾਣੀ ਨਾਲ ਧੋ ਕੇ ਲਿਆਵਾਂ ?” ਸਾਰੇ ਹੱਸ ਪਏ। ਏਥੋਂ ਅੰਦਾਜ਼ਾ ਲਗ ਸਕਦਾ ਹੈ ਕਿ ਆਪ ਜੀ ਕਿਤਨੇ ਸਫ਼ਾਈ ਪਸੰਦ ਸਨ।

ਪੁਸਤਕ ‘ਬਾਬਾ ਨੌਧ ਸਿੰਘ ਜੀ’ ਵਿਚ ਆਪ ਨੇ ਪੋਲੂਸ਼ਨ (Pollution) ਖ਼ਤਮ ਕਰਨ ਤੇ ਸ਼ਹਿਰਾਂ ਦੀਆਂ ਗੰਦੀਆਂ ਨਾਲੀਆਂ ਤੇ ਬ੍ਰੇਨਿਜ ਸੀਸਟਮ (drainage system) ਠੀਕ ਕਰਨ ਵਾਸਤੇ ਬੜੇ ਵਧੀਆ ਸੁਝਾਅ ਦਿਤੇ ਹਨ।

2 L. ਗੁਪਤ ਦਾਨੀ (Philanthropist)-ਆਪ ਜੀ ਉਪਰ (Para) 2-C ਵਿਚ ਲਿਖੀਆਂ ਸੰਸਥਾਵਾਂ ਦੀ ਮਾਲੀ ਮਦਦ ਤਾਂ ਕਰਦੇ ਹੀ ਸਨ ਇਸ ਤੋਂ ਇਲਾਵਾ ਦਰਜਨਾਂ ਵਿਧਵਾਵਾਂ, ਗਰੀਬ ਬੱਚੇ ਤੇ (white collared) ਅਣਖ ਵਾਲੇ ਪਰ ਲੋੜਵੰਦ ਮਿਡਲ ਕਲਾਸ (Middle class) ਦੇ ਉਹ ਪਰਿਵਾਰ ਜਿਹੜੇ ਅਸਲ ਵਿਚ ਗਰੀਬ ਹੁੰਦੇ ਹਨ ਪਰ ਸੁਸਾਇਟੀ (society) ਵਿਚ ਆਪਣੀ ਥਾਂ ਬਣਾਈ ਰਖਣ ਵਾਸਤੇ ਅੱਛੀ ਤਰ੍ਹਾਂ ਸਾਫ਼ ਕਪੜੇ ਪਾ ਕੇ ਰਹਿੰਦੇ ਹਨ) ਪਰਿਵਾਰਾਂ ਨੂੰ ਹਰ ਮਹੀਨੇ ਮਾਇਕ ਸਹਾਇਤਾ ਦੇਂਦੇ ਸਨ। ਇਹ ਕੰਮ ਇਤਨਾ ਗੁਪਤ ਹੁੰਦਾ ਸੀ ਕਿ ਆਪ ਜੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਪਤਾ ਨਹੀਂ ਸੀ ਹੁੰਦਾ।

2 M. ਪ੍ਰਮਾਰਥ ਦੇ ਅਮਲੀ (practical) ਉਸਤਾਦ-ਗ੍ਰਹਿਸਥੀ ਸਤਿਸੰਗੀਆਂ ਨੂੰ ਨਾਮ ਸਿਮਰਨ ਤੇ ਹੋਰ ਪ੍ਰਮਾਰਥਕ ਮੁਸ਼ਕਲਾਂ ਵਿਚ ਸਹਾਇਤਾ ਕਰਦੇ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹਲ ਕਰਨ ਦੇ ਵਿਹਾਰਕ (practical) ਤਰੀਕੇ ਦਸਦੇ, ਮਿਸਾਲ ਦੇ ਤੌਰ ਤੇ:-

(i) ਇਕ ਦੰਪਤੀ ਮਿਲਣ ਆਏ। ਪਤੀ ਨੇ ਕਿਹਾ ਜੀ ਦਫ਼ਤਰ ਵਿਚ ਬਹੁਤ ਕੰਮ ਹੁੰਦਾ ਹੈ। ੧੦ ਫਾਈਲਾਂ ਨਿਪਟਾਂਦਾ ਹਾਂ ਤਾਂ ੨੦ ਹੋਰ ਆ ਜਾਂਦੀਆਂ ਹਨ। ਸਵੇਰੇ ਦੇ ਨਿਤਨੇਮ ਤੋਂ ਬਾਦ ਸ਼ਾਮ ਤਕ ੮-੧੦ ਘੰਟੇ ਦਾ ਨਾਮ ਸਿਮਰਨ ਵਿਚ ਵਕਫ਼ਾ (gap) ਪੈ ਜਾਂਦਾ ਹੈ । ਆਪ ਜੀ ਪਤੀ ਨੂੰ ਮੁਖ਼ਾਤਬ ਹੋਣ ਦੀ ਬਜਾਏ ਉਨ੍ਹਾਂ ਦੀ ਪਤਨੀ ਨੂੰ ਕਹਿਣ ਲੱਗੇ: ਬੀਬੀ ਜੀ! ਤੁਸੀਂ ਹਰਿਮੰਦਰ ਸਾਹਿਬ ਜਾਓਗੇ ਤੇ ਉਥੇ ਘੰਟਾਘਰ ਵਾਲੇ ਦਰਵਾਜ਼ੇ ਦੇ ਬਾਹਰ ਛੋਟੀਆਂ-ਛੋਟੀਆਂ ਦੁਕਾਨਾਂ ਤੋਂ ੫-੬ ਛੋਟੇ ਸਿਮਰਨੇ (ਮਾਲਾ) ਲੈ ਜਾਉ। ਜਦੋਂ ਆਪ ਦੇ ਪਤੀ ਜੀ ਦਫ਼ਤਰ ਜਾਣ ਤਾਂ ਇਹਨਾਂ ਦੇ ਕੋਟ ਤੇ ਪਤਲੂਨ (Pant) ਦੀਆਂ ਜਿੰਨੀਆਂ ਜੇਬਾਂ ਹਨ ਉਹਨਾਂ ਵਿਚ ਇਕ ਇਕ ਮਾਲਾ ਪਾ ਦਿਆ ਕਰੋ। ਫੇਰ ਪਤੀ ਵੱਲ ਮੁਖ਼ਾਤਬ ਹੋ ਕੇ ਸਮਝਾਇਆ ਕਿ ਤੁਸੀਂ ਕਿੰਨੇ ਵੀ ਜ਼ਿਆਦਾ ਰੁਝੇਵੇਂ ਵਿਚ ਹੋਵੋ, ਤਿੰਨ-ਚਾਰ ਵਾਰੀ ਤਾਂ ਬਾਥਰੂਮ (bathroom) ਜ਼ਰੂਰ ਜਾਂਦੇ ਹੋਸੋ। ਜਦੋਂ ਤੁਸੀਂ ਹਥ ਪੂੰਝਣ ਵਾਸਤੇ ਜੇਬ ‘ਚੋਂ ਰੁਮਾਲ ਕਢੋਗੇ ਤਾਂ ਮਾਲਾ ਨੂੰ ਛੂਓਗੇ ਤੇ ਆਪ ਜੀ ਨੂੰ ਵਾਹਿਗੁਰੂ ਜੀ ਯਾਦ ਆ ਜਾਣਗੇ। ਇਸ ਤਰ੍ਹਾਂ ਨਾਮ ਸਿਮਰਨ ਵਿਚ ੮-੧੦ ਘੰਟੇ ਦਾ ਵਕਫ਼ਾ ਨਹੀਂ ਰਹੇਗਾ।

(ii) ਪ੍ਰੋਫੈਸਰ ਪੂਰਨ ਸਿੰਘ ਜੀ ਇਕ ਉਚ ਕੋਟੀ ਦੇ ਕਵੀ ਹੋਣ ਦੇ ਨਾਲ ਸਾਇੰਸਦਾਨ (scientist) ਵੀ ਸਨ। ਆਪ ਡੇਹਰਾਦੂਨ ਤੋਂ ਮਿਲਣ ਆਏ ਤੇ ਰੋਈ ਜਾਣ। ਕਾਰਨ ਪੁੱਛਣ ਤੇ ਆਪ ਜੀ ਨੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਆਪ ਜੀ ਪਾਸੋਂ ਨੌਕਰੀ ਤੋਂ ਅਸਤੀਫ਼ਾ ਦੇਣ ਦੀ ਪ੍ਰਵਾਨਗੀ ਲੈਣ ਆਇਆ ਹਾਂ। ਕਾਰਨ ਪੁੱਛਣ ਤੇ ਪ੍ਰੋਫੈਸਰ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਕਿ ਆਪ ਕਹਿੰਦੇ ਹੋ ੨੪ ਘੰਟੇ ਨਾਮ ਜਪੋ। ਤੁਸੀਂ ਜਿਹੜੀਆਂ ਕਥਾਂ ਸੁਣਾਂਦੇ ਹੋ ਉਹ ਆਮ ਤੌਰ ਤੇ ਜੱਟਾਂ ਯਾ ਮੋਟੇ ਕੰਮ ਕਰਨ ਵਾਲਿਆਂ ਦੀਆਂ ਹਨ। ਜੇਕਰ ਕਿਸਾਨ ਹੱਲ ਚਲਾ ਰਿਹਾ ਹੈ, ਜਾਂ ਖੂਹ ਦੀ ਗੱਦੀ ਤੇ ਬੈਠਾ ਹੈ ਤਾਂ ਉਹ ਆਸਾਨੀ ਨਾਲ ਸੁਖਮਨੀ ਸਾਹਿਬ ਦਾ ਪਾਠ ਮਨ ਜੋੜ ਕੇ ਕਰ ਸਕਦਾ ਹੈ ਤੇ ਨਾਮ ਸਿਮਰਨ ਵੀ ਮਨ ਜੋੜ ਕੇ ਕਰ ਸਕਦਾ ਹੈ। ਪਰ ਮੈਂ ਖੋਜ (Research) ਦਾ ਕੰਮ ਕਰਨਾ ਹੁੰਦਾ ਹੈ। ਸਾਰਾ ਦਿਨ ਪ੍ਰਯੋਗਸ਼ਾਲਾ (Laboratory) ਵਿਚ ਰੁੱਝਾ ਰਹਿੰਦਾ ਹਾਂ acids ਤੇ chemicals ਵਗੈਰਾ ਮਿਲਾਂਦਿਆਂ ਇਕ ਇਕ ਬੂੰਦ ਦਾ ਧਿਆਨ ਤੇ ਹਿਸਾਬ ਰਖਣਾ ਪੈਂਦਾ ਹੈ, ਉਹਨਾਂ ਦੇ ਇਕ ਦੂਜੇ ਤੇ actions ਤੇ reactions ਬੜੇ ਧਿਆਨ ਨਾਲ observe ਕਰਨੇ ਹੁੰਦੇ ਹਨ। ਮੈਂ ਲਗਾਤਾਰ ਨਾਮ ਸਿਮਰਨ ਨਹੀਂ ਕਰ ਸਕਦਾ। ਆਪ ਜੀ ਮੈਨੂੰ ਨੌਕਰੀ ਤੋਂ ਅਸਤੀਫ਼ਾ ਦੇਣ ਦੀ ਪ੍ਰਵਾਨਗੀ ਦਿਉ।

ਭਾਈ ਸਾਹਿਬ ਜੀ ਦੋ ਮਿੰਟ ਚੁਪ ਰਹੇ ਤੇ ਫਿਰ ਕਹਿਣ ਲੱਗੇ: ਪੂਰਨ ਸਿੰਘ ਜੀ! ਮੈਂ ਆਪ ਨੂੰ ਜੁਲਾਹੇ ਫ਼ਕੀਰ ਨਹੀਂ ਬਨਾਣਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਨੌਕਰੀ ਤੇ ਗ੍ਰਹਿਸਤੀ ਦੇ ਸਾਰੇ ਫਰਜ਼ ਪੂਰੀ ਤਰ੍ਹਾਂ ਨਿਭਾਓ, ਬੱਚਿਆਂ ਦੀਆਂ ਤੇ ਪਤਨੀ ਦੀਆਂ ਜ਼ਰੂਰਤਾਂ ਪੂਰੀਆਂ ਕਰੋ ਤੇ ਫਿਰ ਸਿਮਰਨ ਵੀ ਕਰੋ। ਤੁਸੀਂ ਦਸੋ ਤੁਸੀਂ ਲੈਬਾਰੇਟਰੀ (Laboratory) ਵਿਚ ਕਿੰਨੇ ਘੰਟੇ ਕੰਮ ਕਰਦੇ ਹੋ?

ਪ੍ਰੋ. ਸਾ.- ਜੀ ੮ ਘੰਟੇ

ਭਾ. ਸਾ.-ਸੌਂਦੇ ਕਿੰਨੇ ਘੰਟੇ ਹੋ ?

ਪ੍ਰੋ. ਸਾ.-ਜੀ ੭ ਘੰਟੇ।

ਭਾ. ਸਾ.-ਸ਼ੌਚ, ਨ੍ਹਾਣ-ਧੋਣ, ਰੋਟੀ ਖਾਣ ਵਗੈਰਾ ਤੇ ਕਿਤਨੇ ਘੰਟੇ ਲਾਂਦੇ ਹੋ ?

ਪ੍ਰੋ. ਸਾ.-ਜੀ ਕੋਈ ੩ ਘੰਟੇ।

ਭਾ. ਸਾ.-ਇਹ ਤਾਂ ਕੇਵਲ ੧੮ ਘੰਟੇ ਦਾ ਵੇਰਵਾ ਹੈ। ਬਾਕੀ ੬ ਘੰਟੇ ਕੀ ਕਰਦੇ ਹੋ?

ਪ੍ਰੋ. ਸਾ.-ਚੁੱਪ।

ਭਾ. ਸਾ.-ਪੂਰਨ ਸਿੰਘ ਜੀ! ਇਹ ਜੋ ਫ਼ਾਲਤੂ ਦੇ ਛੇ ਘੰਟੇ ਹਨ। ਪਹਿਲੇ ਇਹਨਾਂ ਨੂੰ ਨਾਮ ਸਿਮਰਨ ਵਿਚ ਸਫ਼ਲਾ ਕਰੋ, ਫੇਰ ਮੇਰੇ ਪਾਸ ਆਣਾ। ਮੈਂ ਆਪ ਜੀ ਨੂੰ ਅਸਤੀਫ਼ਾ ਦੇਣੋ ਮਨ੍ਹਾ ਨਹੀਂ ਕਰਾਂਗਾ।

ਪ੍ਰੋਫੈਸਰ ਸਾਹਿਬ ਸਮਝ ਗਏ ਤੇ ਅਦਬ ਨਾਲ ਸਿਰ ਝੁਕਾਉਂਦੇ ਵਾਪਿਸ ਚਲੇ ਗਏ।

(iii) ਨਵੀਂ ਦਿੱਲੀ ਰੇਲਵੇ ਸਟੇਸ਼ਨ ਹੈ। ਭਾਈ ਸਾਹਿਬ ਬੰਬਈ ਜਾਣ ਵਾਲੀ ਗੱਡੀ ‘ਚ ਬੈਠੇ ਹਨ। ਪਲੇਟ ਫਾਰਮ ਤੇ ਇਕ ਮਾਂ ਆਪਣੇ ਪੁੱਤਰ ਨੂੰ, ਜੋ ਕਿ ਆਰਮੀ (Army) ਵਿਚ ਕਿਸੇ ਉਚੇ ਅਹੁਦੇ ‘ਤੇ ਲਗਾ ਹੋਇਆ ਸੀ, ਬਾਰ ਬਾਰ ਮਜਬੂਰ ਕਰ ਰਹੀ ਸੀ ਕਿ ਅੰਦਰ ਜਾ ਕੇ ਅਸੀਸ ਲੈ ਆਵੇ। ਪੁੱਤਰ ਕਹਿ ਰਿਹਾ ਸੀ: ਮਾਤਾ ਜੀ ਮੈਂ ਮਿਲ ਆਇਆ ਹਾਂ। ਮਹਾਂਪੁਰਸ਼ਾਂ ਨੂੰ ਬਾਰ ਬਾਰ ਤੰਗ ਨਹੀਂ ਕਰੀਦਾ। ਮਾਂ ਪੁੱਤਰ ਦਾ ਇਹ ਝਗੜਾ ਭਾਈ ਸਾਹਿਬ ਜੀ ਨੇ ਵੇਖ ਲਿਆ। ਗੱਡੀ ਚਲਣ ਵਿਚ ਅਜੇ ਥੋੜੀ ਦੇਰ ਸੀ। ਭਾਈ ਸਾਹਿਬ ਜੀ ਆਪ ਗੱਡੀ ਤੋਂ ਉਤਰ ਆਏ ਤੇ ਪੁੱਤਰ ਨੂੰ ਕਹਿਣ ਲੱਗੇ: ਬੇਟਾ! ਮੈਨੂੰ ਪਤਾ ਹੈ ਤੁਹਾਡੀ ਜ਼ਿੰਦਗੀ ਬੜੀ ਰੁਝੇਵਿਆਂ ਵਾਲੀ ਹੈ। ਪਰ ਮੈਂ ਜੋ ਤੁਸਾਂ ਕੋਲੋਂ ਆਸ਼ਾ ਕਰਦਾ ਹਾਂ ਉਹ ਕੋਈ ਔਖੀ ਨਹੀਂ।

ਭਾ. ਸਾ.-ਤੁਸੀਂ ਜਦੋਂ ਸਵੇਰੇ ਪੂਰੀ ਵਰਦੀ (full uniform) ਪਹਿਨ ਕੇ ਸ਼ੀਸ਼ੇ ਅਗੇ ਖਲੋਂਦੇ ਹੋ ਤਾਂ ਕੇਵਲ ਦੋ ਮਿੰਟ ਵਾਸਤੇ ਵਾਹਿਗੁਰੂ ਜੀ ਦਾ ਧੰਨਵਾਦ ਕਰ ਸਕਦੇ ਹੋ ਕਿ ਦੁਨਆਂ ਵਿਚ ਮੇਰੇ ਵਰਗੇ ਰੁਲਦੇ-ਫਿਰਦੇ ਹਨ ਪਰ ਮੇਰੇ ਤੇ ਕਿਤਨੀ ਮਿਹਰ ਹੈ?

ਆਫ਼ੀਸਰ-ਜੀ ਹਾਂ, ਇਹ ਤਾਂ ਕਰ ਸਕਦਾ ਹਾਂ।

ਭਾ. ਸਾ.-ਜਦੋਂ ਖਾਣੇ ਦੀ ਮੇਜ਼ (Dining table) ਤੇ ਬੈਠਦੇ ਹੋ, ਤਾਂ ਫਿਰ ਦੋ ਮਿੰਟ ਵਾਸਤੇ ਵਾਹਿਗੁਰੂ ਜੀ ਦਾ ਸ਼ੁਕਰ ਕਰ ਸਕਦੇ ਹੋ ਕਿ ਮੇਰੇ ਵਰਗੇ ਕਈ ਰੋਟੀ ਨੂੰ ਤਰਸਦੇ ਹਨ ਪਰ ਮੈਨੂੰ ਕਈ ਕਿਸਮ ਦੇ ਵੱਧੀਆ ਭੋਜਨ ਮਿਲੇ ਹਨ ?

ਆਫੀਸਰ-ਜੀ ਹਾਂ, ਇਹ ਵੀ ਹੋ ਸਕਦਾ ਹੈ।

ਭਾ. ਸਾ.-ਜਦੋਂ ਕਾਰ ਵਿਚ ਬੈਠ ਕੇ steering ‘ਤੇ ਹੱਥ ਰਖਦੇ ਹੋ ਉਦੋਂ ਵੀ ਕੇਵਲ ਦੋ ਮਿੰਟ ਵਾਸਤੇ ਵਾਹਿਗੁਰੂ ਜੀ ਦਾ ਸ਼ੁਕਰ ਕਰ ਸਕਦੇ ਹੋ ਕਿ ਦੁਨੀਆਂ ਸਾਈਕਲਾਂ ਤੇ ਬਸਾਂ ਵਿਚ ਧੱਕੇ ਖਾਂਦੀ ਫਿਰਦੀ ਹੈ ਤੇ ਮੈਨੂੰ ਕਾਰ ਦੀ ਸਹੂਲਤ ਪ੍ਰਾਪਤ ਹੈ?

ਆਫੀਸਰ-ਜੀ ਹਾਂ। ਇੲ ਵੀ ਕੋਈ ਮੁਸ਼ਕਲ ਨਹੀਂ।

ਭਾ. ਸਾ.-ਬਸ ਬੇਟਾ ਜੇ ਮੈਨੂੰ ਤੂੰ ਆਪਣਾ ਸਮਝਦਾ ਹੈਂ ਤਾਂ ਮੇਰੀ ਇਹ ਬੇਨਤੀ ਮਨ ਲੈ ਕਿ ਸਾਰੇ ਦਿਨ ਵਿਚ ਕੇਵਲ ੬ ਮਿੰਟ ਵਾਹਿਗੁਰੂ ਜੀ ਦਾ ਸ਼ੁਕਰ ਕਰ ਲਿਆ ਕਰ। ਤੇਰੇ ਵਾਸਤੇ ਇਨ੍ਹਾਂ ਹੀ ਕਾਫ਼ੀ ਹੈ। ਤੇਰਾ ਵਾਹਿਗੁਰੂ ਭਲਾ ਕਰੇਗਾ। ਇਹ ਸੀ ਭਾਈ ਜੀ ਦਾ ਸਹਿਜ ਤਰੀਕਾ ਨੌਜਵਾਨਾਂ ਨੂੰ ਪ੍ਰਮਾਰਥ ਦੇ ਰਸਤੇ ਲਾਣ ਦਾ।

(iv) ਇਕ ਵਾਰੀ ਬੰਬਈ ਬੀਚ (Beach) ਤੇ ਪਿਕਨਿਕ (Picnic) ਕਰ ਰਹੇ ਸਨ। ਦਰੀਆਂ ਵਿਛਾ ਕੇ ਆਪ ਜੀ ਦੇ ਨਾਲ ਕੁਝ ਸਤਿਸੰਗੀ ਪੁਰਸ਼ ਤੇ ਇਸਤ੍ਰੀਆਂ ਵੀ ਬੈਠੇ ਸਨ। ਇਕ ਪਠਾਨ ਬਾਰ-ਬਾਰ ਕੋਲੋਂ ਦੀ ਲੰਘਦਾ ਤੇ ਇਸ ਪਿਕਨਿਕ ਪਾਰਟੀ ਵਲ ਤਕਦਾ। ਬੈਠਿਆਂ ਵਿਚੋਂ ਇਕ ਨੂੰ ਗੁੱਸਾ ਆ ਰਿਹਾ ਸੀ। ਭਾਈ ਸਾਹਿਬ ਨੇ ਉਸਦੇ ਮੂੰਹ ਤੇ ਗੁੱਸਾ ਵੇਖਕੇ ਉਸਨੂੰ ਕੋਈ ਕਦਮ ਉਠਾਣ ਤੋਂ ਮਨ੍ਹਾਂ ਕਰ ਦਿਤਾ ਤੇ ਨਾਲੇ ਪਠਾਨ ਨੂੰ ਬੁਲਾ ਕੇ ਕੋਲ ਬਿਠਾ ਲਿਆ।

ਭਾ: ਸਾ:-ਖਾਨ ਸਾਹਿਬ ਕੁਛ ਬਾਤ ਕਰਨਾ ਚਾਹਤੇ ਹੋ?

ਪਠਾਨ:-ਜੀ ਨਹੀਂ, ਪਰ ਆਪ ਕੀ ਕੁਛ ਕਸ਼ਿਸ਼ ਪੜ ਰਹੀ ਹੈ।

ਭਾ: ਸਾ:-ਖਾਨ ਸਾਹਿਬ ਕਿਆ ਕਾਮ ਕਰਤੇ ਹੋ?

ਪਠਾਨ:-ਜੀ ਮੈਂ ਬੰਬਈ ਮਿਉਂਨਸੀਪਲ ਕਾਰਪੋਰੇਸ਼ਨ (Bombay Muncipal Corporation) ਕੀ ਨੌਕਰੀ ਕਰਤਾ ਹੂੰ। ਮੇਰੀ ਯਹਾਂ ਸਮੁੰਦਰ ਕੇ ਕਿਨਾਰੇ duty ਹੈ ਮੈਂ ਦੇਖਤਾ ਰਹਿਤਾ ਹੂੰ, ਅਗਰ ਕੋਈ ਡੂਬਨੇ ਲਗਤਾ ਹੈ ਤੋ ਮੈਂ ਫ਼ੌਰਨ ਛਲਾਂਗ ਲਗਾ ਕਰ ਉਸਕੋ ਡੂਬਨੇ ਸੇ ਬਚਾਕਰ ਬਾਹਰ ਨਿਕਾਲ ਲਾਤਾ ਹੂੰ।

ਭਾ: ਸਾ:-ਕਿਆ ਆਪ ਨਹੀਂ ਮਾਨਤੇ ਕਿ ਯੇਹ ਅੱਲਾ ਮੀਆਂ ਕਾ ਸ਼ੁਕਰੀਆ ਕਰਨੇ ਕਾ ਮੁਕਾਮ ਹੈ ?

ਪਠਾਨ:-ਜਨਾਬ! ਸ਼ੁਕਰੀਆ ਕਿਸ ਬਾਤ ਕਾ? ਮੈਂ ਕਾਰਪੋਰੇਸ਼ਨ ਕੀ ਨੌਕਰੀ ਕਰਤਾ ਹੂੰ ਔਰ ਉਸਕੇ ਬਦਲੇ ਮੇਂ ਮੁਝੇ ਤਨਖਾਹ ਮਿਲਤੀ ਹੈ।

ਭਾ: ਸਾ:-ਜੋ ਜੇਲ ਮੇਂ ਜੱਲਾਦ ਕਾ ਕਾਮ ਕਰਤਾ ਹੈ ਵੋਹ ਭੀ ਤੋ ਨੌਕਰੀ ਹੀ ਕਰਤਾ ਹੈਂ ਔਰ ਉਸਕੋ ਭੀ ਤਨਖਾਹ ਮਿਲਤੀ ਹੈ। ਕਿਆ ਆਪ ਕੀ ਔਰ ਉਸ ਕੀ ਨੌਕਰੀ ਮੇਂ ਫ਼ਰਕ ਨਹੀਂ ਹੈ? ਵੋਹ ਲੋਗੋਂ ਕੋ ਮੌਤ ਕੇ ਘਾਟ ਉਤਾਰਤਾ ਹੈ ਔਰ ਆਪ ਮਰਨੇ ਵਾਲੋਂ ਕੋ ਬਚਾ ਲਾਤੇ ਹੈਂ।

ਪਠਾਨ ਇਹ ਦਲੀਲ ਸੁਣ ਕੇ ਹੈਰਾਨ ਰਹਿ ਗਿਆ ਔਰ ਝੁਕ ਕਰ ਬਾ-ਅਦਬ ਸਲਾਮ ਕੀ!

ਹੁਣ ਭਾਈ ਸਾਹਿਬ ਨੇ ਉਸਨੂੰ ਬੜੇ ਪਿਆਰ ਨਾਲ ਕਿਹਾ ਕਿ:- ਖਾਨ ਸਾਹਿਬ ਹਮਾਰੀ ਏਕ ਗੁਜ਼ਾਰਸ਼ ਮਾਨੋਗੇਂ ?

ਪਠਾਨ:-ਜੀ, ਆਪ ਹੁਕਮ ਕੀਜੀਏ।

ਭਾ: ਸਾ:-ਸਮੁੰਦਰ ਮੇਂ ਡੂਬਤਾ ਤੋ ਕੋਈ ਕਭੀ ਕਭੀ ਹੈ। ਵੈਸੇ ਆਪ ਸਾਰਾ ਦਿਨ ਤਕਰੀਬਨ ਖ਼ਾਲੀ ਹੋਤੇ ਹੈਂ ਔਰ ਕਿਨਾਰੇ ਕਿਨਾਰੇ ਘੂਮਤੇ ਰਹਿਤੇ ਹੈਂ। ਆਪ ਕੇ ਪਾਸ ਅੱਲਾ ਮੀਆਂ ਨੇ ਕਿਤਨਾ ਖ਼ਾਲੀ ਵਕਤ ਦੀਆ ਹੈ। ਆਪ ਇਸ ਵਕਤ ਮੇਂ ਅੱਲਾ ਅੱਲਾ ਬੋਲਾ ਕਰੋ ਔਰ ਆਪਨਾ ਧਿਆਨ ਉਸੀ ਕੀ ਤਰਫ਼ ਲਗਾਇਆ ਕਰੋ।

ਪਠਾਨ:-ਜੀ ਹਜ਼ੂਰ ਜ਼ਰੂਰ ਐਸਾ ਹੀ ਕਰੂੰਗਾ। ਆਪ ਕੀ ਬਹੁਤ ਮਿਹਰਬਾਨੀ ਹੈ ਜੋ ਆਪ ਨੇ ਠੀਕ ਰਾਸਤਾ ਬਤਾਇਆ ਹੈ।

ਇਹ ਕਹਿ ਕੇ ਪਠਾਨ ਬੜੇ ਅਦਬ ਨਾਲ ਸਲਾਮ ਕਰਦਾ ਚਲਾ ਗਿਆ।

(v) ਭਾਈ ਸਾਹਿਬ ਇਕ ਵਾਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਬੈਠੇ ਕੁਝ ਸਤਿਸੰਗੀਆਂ ਨਾਲ ਕੋਈ ਗਲ ਬਾਤ ਕਰ ਰਹੇ ਸਨ। ਇਕ ਬੀਬੀ ਦੋ ਤਿੰਨ ਵਾਰੀ ਕੋਲੋਂ ਦੀ ਲੰਘੀ ਤੇ ਅਖੀਰ ਉਸਨੇ ਬੇਨਤੀ ਕਰ ਹੀ ਦਿੱਤੀ वि:-

  1. “ਜੀ ਮੈਂ ਤੁਹਾਡੇ ਕੋਲ ਬੈਠ ਸਕਦੀ ਹਾਂ?”

ਭਾ: ਸਾ:-ਬੇਟਾ ਇਹ ਗੁਰੂ ਰਾਮ ਦਾਸ ਜੀ ਦਾ ਦਰਬਾਰ ਹੈ। ਇਥੇ ਕੋਈ ਵੀ ਬੈਠ ਸਕਦਾ ਹੈ। ਇਜਾਜ਼ਤ ਲੈਣ ਦੀ ਲੋੜ ਨਹੀਂ।

ਉਹ ਬੀਬੀ ਥੋੜੀ ਦੇਰ ਕੋਲ ਬੈਠੀ ਤੇ ਚਲੀ ਗਈ। ਉਸਨੇ ਕੋਸ਼ਿਸ਼ ਕਰਕੇ ਭਾਈ ਸਾਹਿਬ ਦਾ ਪਤਾ ਕਿਤੋਂ ਪੁਛ ਹੀ ਲਿਆ ਤੇ ਇਕ ਦਿਨ ਜਾ ਮਿਲੀ। ਕੁਦਰਤੀ ਉਸ ਵੇਲੇ ਭਾਈ ਸਾਹਿਬ ਜੀ ਇਕੱਲੇ ਬੈਠੇ ਸਨ ਤੇ ਉਸ ਬੀਬੀ ਨੂੰ ਖੁੱਲ ਕੇ ਆਪਣੇ ਦਿਲ ਦੀ ਹਵਾੜ ਕੱਢਣ ਦਾ ਮੌਕਾ ਮਿਲ ਗਿਆ। ਬੀਬੀ ਨੇ ਦਸਿਆ ਕਿ ਮੈਂ ਬਚਪਨ ਤੋਂ ਆਪਣੀ ਮਾਂ ਨਾਲ ਹਰਿਮੰਦਰ ਸਾਹਿਬ ਆ ਰਹੀ ਹਾਂ। ਇਹ ਮੇਰੀ ਖ਼ੁਰਾਕ ਹੈ। ਇਸ ਬਿਨਾਂ ਮੈਂ ਰਹਿ ਨਹੀਂ ਸਕਦੀ। ਵੱਡੀ ਹੋਈ ਤਾਂ ਮੇਰੀ ਸ਼ਾਦੀ ਇਕ ਹਲਵਾਈ ਨਾਲ ਹੋ ਗਈ। ਮੇਰਾ ਪਤੀ ਬੜਾ ਸ਼ਰਾਬੀ ਹੈ ਤੇ ਰੋਜ਼ ਮਾਰ-ਕੁਟਾਈ ਕਰਦਾ ਹੈ। ਸਾਰਾ ਮਹੱਲਾ ਸੁਣਦਾ ਹੈ। ਮੈਂ ਬਹੁਤ ਦੁਖੀ ਹਾਂ। ਮੇਰੇ ਸੁਖੀ ਹੋਣ ਦਾ ਵੀ ਕੋਈ ਤਰੀਕਾ ਹੈ?

ਭ: ਸਾ:-ਬੀਬੀ! ਤਰੀਕਾ ਤਾਂ ਹੈ ਪਰ ਤੂੰ ਮੰਨਣਾ ਨਹੀਂ।

ਬੀਬੀ:-ਨਹੀਂ ਜੀ, ਮੈਂ ਜ਼ਰੂਰ ਮੰਨਾਂਗੀ। ਆਪ ਜੀ ਜ਼ਰੂਰ ਕਿਰਪਾ ਕਰੋ।

ਭਾ: ਸਾ:-ਬੀਬੀ ਜੀ ਤੁਸੀਂ ਕੇਵਲ ਦੋ ਕੰਮ ਕਰੋ,

੧. ਮੈਂ ਆਪ ਜੀ ਨੂੰ ਕਦੀ ਵੀ ਇਹ ਸਲਾਹ ਨਹੀਂ ਦਿਆਂਗਾ ਕਿ ਤੁਸੀਂ ਦਰਬਾਰ ਸਾਹਿਬ ਜਾਣਾ ਬੰਦ ਕਰ ਦਿਉ। ਤੁਸੀਂ ਦਰਬਾਰ ਸਾਹਿਬ ਜ਼ਰੂਰ ਜਾਓ ਪਰ ਥੋੜਾ ਵਕਤ ਬਦਲ ਦਿਉ। ਅੰਮ੍ਰਿਤ ਵੇਲੇ ਜਾਣ ਦੀ ਲੋੜ ਨਹੀਂ! ਜਦੋਂ ਤੁਹਾਡੇ ਪਤੀ ਜੀ ਦੁਕਾਨ ਤੇ ਚਲੇ ਜਾਣ ਉਸਤੋਂ ਬਾਦ ਘਰ ਦਾ ਕੰਮ-ਕਾਜ ਸਮ੍ਹਾਲ ਕੇ ਫਿਰ ਜਾਓ ਤੇ ਪਤੀ ਦੇ ਘਰ ਮੁੜਨ ਤੋਂ ਪਹਿਲੋਂ ਘਰ ਵਾਪਸ ਚਲੇ ਜਾਓ।

੨. ਦੂਜਾ ਕੰਮ ਇਹ ਕਰੋ ਕਿ ਜਦੋਂ ਤੁਹਾਡੇ ਪਤੀ ਸ਼ਾਮ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਆਉਣ ਤਾਂ ਆਪ ਉਹਨਾਂ ਦਾ ਖਿੜੇ ਮੱਥੇ ਸੁਆਗਤ ਕਰੋ, ਉਹਨਾਂ ਵਾਸਤੇ ਗਰਮ ਗਰਮ ਪਕੌੜੇ ਤੇ ਹੋਰ ਨਮਕੀਨ ਵਸਤੂਆਂ, ਜੋ ਉਹ ਪਸੰਦ ਕਰਦਾ ਹੈ, ਤਿਆਰ ਕਰਕੇ ਰਖਿਆ ਕਰੋ ਤੇ ਸਾਕੀ ਬਣ ਕੇ ਆਪ ਸ਼ਰਾਬ ਸਰਵ (serve) ਕੀਤਾ ਕਰੋ।

ਇਹ ਦੋਨੋਂ ਨੁਸਖੇ ਦੇਖਣ ਨੂੰ ਤੇ ਬੜੇ ਉਲਟੇ-ਪੁਲਟੇ ਲਗਦੇ ਹਨ ਤੇ ਕੋਈ ਵੀ ਜੰਗਲਾਂ ਵਿਚ ਰਹਿਣ ਵਾਲਾ ਸਨਯਾਸੀ, ਸਾਧੂ, ਸੰਤ ਇਹੋ ਜੇਹੀ ਸਲਾਹ ਨਹੀਂ ਦਸੇਗਾ। ਪਰ ਇਹ ਨੁਸਖੇ ਇਕ ਗ੍ਰਹਿਸਤੀ ਸੰਤ ਦੇ ਦਸੇ ਹੋਏ ਹਨ ਤੇ ਬੜੇ ਹੀ ਕਾਮਯਾਬ ਸਾਬਤ ਹੋਏ। ਥੋੜੇ ਦਿਨ ਬੀਬੀ ਦੇ ਵਰਤਾਓ ਵਿਚ ਇਹ ਤਬਦੀਲੀ ਵੇਖ ਕੇ ਪਤੀ ਨੇ ਪਤਨੀ ਤੋਂ ਪੁਛਣਾ ਸ਼ੁਰੂ ਕੀਤਾ ਕਿ ਇਸ ਤਬਦੀਲੀ ਦਾ ਕੀ ਕਾਰਣ ਹੈ। ਬੀਬੀ ਟਾਲਮਟੋਲ ਕਰਦੀ ਰਹੀ। ਪਰ ਇਕ ਦਿਨ ਪਤੀ ਪਿਛੇ ਹੀ ਪੈ ਗਿਆ ਤੇ ਬੀਬੀ ਨੂੰ ਦਸਣਾ ਪਿਆ ਕਿ ਇਹ ਨੁਸਖ਼ਾ ਇਕ ਗੁਰੂ ਕੇ ਪਿਆਰੇ ਨੇ ਦਸਿਆ ਹੈ। ਫੇਰ ਉਹ ਜ਼ਿਦ ਕਰਨ ਲਗ ਪਿਆ ਕਿ ਮੈਨੂੰ ਵੀ ਦਰਸ਼ਨ ਕਰਵਾ। ਬੀਬੀ ਨੇ ਭਾਈ ਸਾਹਿਬ ਨੂੰ ਸਾਰਾ ਹਾਲ ਦਸਿਆ ਤੇ ਇਜਾਜ਼ਤ ਮੰਗੀ ਜੋ ਮਿਲ ਗਈ।

ਇਕ ਦਿਨ ਉਹ ਬੀਬੀ ਤੇ ਉਸ ਦਾ ਪਤੀ ਦੋਵੇਂ ਮਿਲਣ ਆ ਗਏ।

ਭਾਈ ਸਾਹਿਬ ਉਸਦੇ ਪਤੀ ਨੂੰ ਕੁਛ ਦੇਰ ਸਮਝਾਂਦੇ ਰਹੇ। ਬੱਸ ਇਹ ਦਿਨ ਉਸ ਦਾ ਸ਼ਰਾਬ ਪੀਣ ਦਾ ਆਖਰੀ ਦਿਨ ਸੀ। ਸਾਰੀ ਸ਼ਰਾਬ ਤੇ ਕੁਸੰਗਤ ਇਕ ਦਮ ਛੁੱਟ ਗਏ। ਹੁਣ ਦੋਵੇਂ ਪਤੀ-ਪਤਨੀ ਦਰਬਾਰ ਸਾਹਿਬ ਇਕੱਠੇ ਜਾਂਦੇ ਹਨ, ਕੀਰਤਨ ਸੁਣਦੇ ਹਨ ਤੇ ਫਿਰ ਇਕ ਆਦਰਸ਼ਕ ਗ੍ਰਹਿਸਥੀ ਬਣ ਗਏ। ਇਹ ਸੀ ਅਸਰ ਇਸ ਮਹਾਂਪੁਰਸ਼ ਨਾਲ ਇਕ ਵੇਰ ਛੋਹ ਜਾਣ ਦਾ।

ਇਹੋ ਜਿਹੇ (practical) ਤਰੀਕੇ ਕੋਈ ਗ੍ਰਹਿਸਤੀ ਸੰਤ ਹੀ ਦਸ ਸਕਦਾ ਹੈ, ਤਿਆਗੀ, ਬਨਵਾਸੀ ਯਾ ਜੋਗੀ ਨਹੀਂ ਦਸ ਸਕਦਾ ਕਿਉਂਕਿ ਉਸਨੂੰ ਤਜ਼ਰਬਾ ਹੀ ਨਹੀਂ ਹੈ।

2N. डिये गिट री ग् (passion to remain unknown)- ਭਾਈ ਸਾਹਿਬ ਦੇ ਬਹੁਪੱਖੀ ਗੁਣ ਮੈਂ ਨਹੀਂ ਕਹਿ ਸਕਦਾ। ਯਾਦਦਾਸ਼ਤ ਜਵਾਬ ਦੇ ਗਈ ਹੈ ਤੇ ਕਲਮ ਦੀ ਸਮਰੱਥਾ ਨਹੀਂ। ਇਤਨੇ ਜ਼ਿਆਦਾ ਗੁਣਾਂ ਵਾਲਾ ਇਨਸਾਨ ਸੰਸਾਰ ਵਿਚ ਬਹੁਤ ਘੱਟ ਤੇ ਕਈ ਸਦੀਆਂ ਬਾਅਦ ਹੀ ਆਉਂਦਾ ਹੈ। ਫਿਰ ਬੀ ਆਪ ਜੀ ਹਮੇਸ਼ਾਂ ਛਿਪੇ ਰਹਿਣ ਦੀ ਹੀ ਕੋਸ਼ਿਸ਼ ਕਰਦੇ ਰਹੇ-ਮਸਾਲ ਦੇ ਤੌਰ ‘ਤੇ:-

ੳ) ਉਪਰ para 2-C ਵਿਚ ਦਸੀਆਂ ਸੰਸਥਾਵਾਂ ਦੀ ਰੀੜ੍ਹ ਦੀ ਹੱਡੀ ਹੁੰਦਿਆਂ ਵੀ ਆਪ ਜੀ ਕਦੀ ਅਗੇ ਹੋ ਕੇ ਮੋਹਤਬਰ ਨਹੀਂ ਬਣੇ। ਕਦੀ ਕੋਈ (office bearer) ਦੀ ਪਦਵੀ ਨਹੀਂ ਲਈ।

ਅ) ਸਾਰੀ ਉਮਰ ਆਪ ਨੇ ਕਦੇ ਕਿਸੇ ਸਟੇਜ ‘ਤੇ ਭਾਸ਼ਨ ਨਹੀਂ ਦਿੱਤਾ।

ੲ) ਅਭਿਨੰਦਨ ਗ੍ਰੰਥ ਮਿਲਣ ਵੇਲੇ ਸੰਗਤ ਦੀ ਆਗਿਆ ਮੰਨ ਕੇ ਆਪ ਖੜੇ ਹੋਏ, ਦੋਵੇਂ ਹੱਥ ਜੋੜ ਲਏ, ਆਪਣੇ ਮਾਲਕ ਦਾ ਧਿਆਨ ਕੀਤਾ ਤੇ ਕੇਵਲ ਇਤਨਾ ਹੀ ਬੋਲੇ ਕਿ:-

“ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ

ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥” (ਗਉ: ਬੈ: ਮ:੪-੧੬੭}

ਸ) ਗਿਆਨੀ ਮਹਾਂ ਸਿੰਘ ਨੇ ਅਭਿਨੰਦਨ ਗ੍ਰੰਥ ਮਿਲਣ ਦੀ ਖ਼ਬਰ ਖਾਲਸਾ ਸਮਾਚਾਰ ਵਿਚ ਛਾਪ ਦਿੱਤੀ। ਜਦੋਂ ਖਾਲਸਾ ਸਮਾਚਾਰ ਆਪ ਜੀ ਨੂੰ ਬੰਬਈ ਮਿਲਿਆ ਤਾਂ ਆਪ ਪੜ੍ਹਕੇ ਬੇਚੈਨ ਹੋ ਗਏ। ਆਪਣੇ ਹੀ ਪਰਚੇ ਵਿਚ ਆਪਣੀ ਪ੍ਰਸ਼ੰਸਾ ਕੀਤੀ ਗਈ ਬਰਦਾਸ਼ਤ ਨਾ ਕਰ ਸਕੇ। ਖਾਲਸਾ ਸਮਾਚਾਰ ਉਸੇ ਤਰ੍ਹਾਂ ਫੋਲਡ (fold) ਕਰ ਦਿਤਾ ਤੇ ਉਪਰ ਇਕ ਛੋਟੀ ਜਿਹੀ ਪਰਚੀ (slip) ਲਗਾ ਕੇ ਗਿਆਨੀ ਮਹਾਂ ਸਿੰਘ ਨੂੰ ਵਾਪਸ ਅੰਮ੍ਰਿਤਸਰ ਭੇਜ ਦਿਤਾ। ਉਸ ਪਰਚੀ ਤੇ ਗਿਆਨੀ ਜੀ ਨੂੰ ਇਕ ਮਿੱਠੀ ਜਿਹੀ ਝਾੜ ਪਾਈ। ਪਰਚੀ ਤੇ ਲਿਖਿਆ ਸੀ:-

“ਰੱਜ ਰੱਜ ਕੇ ਭੰਡ ਲਿਆ ਜੇ,

ਹੁਣ ਤਾਂ ਆਖੋ ਬੱਸ। ਕੱਜੀ ਰਿੱਝੇ ਕੋਈ ਨ ਬੁੱਝੇ, ਤਦ ਤਾਂ ਭਰਦਾ ਰੱਸ। ਨਿੰਦਾ ਉਸਤੁਤਿ ਦੋਊ ਬਿਵਰਜਿਤ, ਨਾ ਰੋ, ਨਾ ਪਿਆ ਹਸ। ਦੰਦਾਤੀਤ ਸੁੱਖ ਦਾ ਡੇਰਾ, ਉਹ ਥਾਂ ਦੇ ਕੇ ਦੱਸ।”

ਹ) ਜਦੋਂ ਆਪ ਜੀ ਨੂੰ ਡਾਕਟਰ (Doctor of oriental learnings) ਦੀ ਸਨਮਾਨੀ ਡਿਗਰੀ ਮਿਲੀ ਤਾਂ ਆਪ ਸਿਹਤ ਦੀ ਵਜ੍ਹਾ ਕਰਕੇ ਲੈਣ ਨਹੀਂ ਗਏ। ਯੂਨੀਵਰਸਿਟੀ ਦੀ ਸਿੰਡੀਕੇਟ ਨੇ ਘਰ ਆ ਕੇ ਅਰਪਨ ਕੀਤੀ। ਆਪ ਜੀ ਨੇ ਉਹ ਡਿਪਲੋਮਾ (Diploma) ਤੇ ਲਾਲ ਰੰਗ ਦਾ ਚੋਲਾ (robe of honours) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਅਰਦਾਸ ਕੀਤੀ, ਸ਼ੁਕਰਾਨਾ ਕੀਤਾ ਤੇ ਫਿਰ ਪ੍ਰਸ਼ਾਦ ਦੇ ਰੂਪ ਵਿਚ ਲਿਆ। ਉਸ ਤੋਂ ਥੋੜੀ ਬਾਅਦ ਕਲਮ ਚੁਕੀ ਤੇ ਕਾਗਜ਼ ਤੇ ਲਿਖਿਆ ਗਿਆ:-

“ਦਾਦਾ ਪਿਉ ਸਨ ਵੈਦਂ ਡਾਕਟਰ

ਸ਼ਫ਼ਾ ਜਿਨ੍ਹਾਂ ਦੇ ਚੁੰਮਦੀ ਪੈਰ,

ਪਾਣੀਹਾਰ ਉਹ ਵਿਦਯਾ ਸੰਦੇ

ਮਨਿ ਬੁਧਿ ਵਸੇ ਜਿਨ੍ਹਾਂ ਦੇ ਖ਼ੈਰ।

ਅਸੀਂ ਅਨਾੜੀ ਰਹੇ ਉਮਰਾ ਭਰ

ਨਾ ਪੰਡਿਤ ਨਾ ਬਣੇ ਹਕੀਮ,

ਡਾਕਟਰ ਦਾ ਜੇ ਹੁਣ ਦੁਮਛੱਲਾ

ਆਣ ਲੱਗੇ ਤਾ ਲਗਸੀ ਗ਼ੈਰ।

ਹੈ ਨਾ ਅਤਿ ਦਰਜੇ ਦੀ ਨਿਮਰਤਾ ਤੇ ਛਿਪੇ ਰਹਿਣ ਦੀ ਚਾਹ। ਕ) ਇਤਨਾ ਵੱਡਮੁੱਲਾ ਤੇ ਇਤਨਾ ਜ਼ਿਆਦਾ ਸਾਹਿਤ ਰਚ ਕੇ ਬੀ ਆਪ ਜੀ ਨੇ, ਆਪਣੀ ਹੀਨੇ-ਹਯਾਤ (during life time), ਆਪਣੀ ਕਿਸੇ ਪੁਸਤਕ ਤੇ ਜਾਂ ਕਿਸੇ ਕਵਿਤਾ ਵਿਚ ਆਪਣਾ ਨਾਮ ਜਾਂ ਤਖ਼ੱਲਸ ਨਹੀਂ ਦਿੱਤਾ। ਆਪ ਜੀ ਦੇ ਸੱਚਖੰਡ ਪਿਆਨੇ ਬਾਅਦ ਸਾਹਿਤ ਸਦਨ ਨੇ ਫੈਸਲਾ ਕੀਤਾ ਕਿ ਨਾਮ ਲਿਖਣਾ ਚਾਹੀਦਾ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਨਾ ਕੀਤਾ ਤਾਂ ਹੋਰ ਲਿਖਾਰੀ ਇਸ ਗੱਲ ਦਾ ਫ਼ਾਇਦਾ ਉਠਾ ਕੇ ਭਾਈ ਸਾਹਿਬ ਜੀ ਦੀਆਂ ਲਿਖਤਾਂ ਨਾਲ ਆਪੋ-ਆਪਣਾ ਨਾਂ ਜੋੜ ਲੈਣਗੇ ਤੇ ਸੱਚ ਤੇ ਹਿਸਟਰੀ ਛੁਪ ਜਾਣਗੇ ਤੇ ਇਹ ਸਾਹਿਤ ਅਤੇ ਸਾਹਿਤ ਦੇ ਰਚਣਹਾਰੇ ਨਾਲ ਬੇਇਨਸਾਫ਼ੀ ਹੋਵੇਗੀ।

ਖ) ਇਤਨਾ ਛੁਪ ਕੇ ਰਹਿਣ ਦੀ ਇੱਛਾ ਵਾਸਤੇ (sincerely) ਨਿਸ਼ਕਪਟ ਕੋਸ਼ਿਸ਼ ਕਰਨ ਦੇ ਬਾਵਜੂਦ ਆਪ ਜੀ ਮਹਿਸੂਸ ਕਰਦੇ ਹਨ ਕਿ ਮੇਰੀ ਇਹ ਚਾਹ ਪੂਰੀ ਨਹੀਂ ਹੋਈ! ਲਿਖਦੇ ਹਨ:-

ਬਿਨਫ਼ਸ਼ਾ ਦਾ ਫੁੱਲ

ਮੇਰੀ ਛਿਪੀ ਰਹੇ ਗੁਲਜ਼ਾਰ ਮੈਂ ਨੀਵਾਂ ਉੱਗਿਆ,

ਕੋਈ ਲਗੇ ਨ ਨਜ਼ਰ ਟਪਾਰ ਮੈਂ ਪਰਬਤ ਲੁੱਕਿਆ,

ਮੈਂ ਲਿਆ ਅਕਾਸ਼ੋਂ ਰੰਗ ਜੁ ਸ਼ੋਖ ਨ ਵੰਨ ਦਾ, ਹਾਂ,

ਧੁਰੋਂ ਗਰੀਬੀ ਮੰਗ ਮੈਂ ਆਯਾ ਜਗਤ ਤੇ।

ਮੈਂ ਪੀਆਂ ਅਰਸ਼ ਦੀ ਤ੍ਰੇਲ ਪਲਾਂ ਮੈਂ ਕਿਰਨ ਖਾ,

ਮੇਰੀ ਨਾਲ ਚਾਂਦਨੀ ਖੇਲ ਰਾਤਿ ਰਲ ਖੇਲੀਏ।

ਮੈਂ ਮਸਤ ਆਪਣੇ ਹਾਲ ਮਗਨ ਗੰਧਿ ਆਪਣੀ

ਹਾਂ ਦਿਨ ਨੂੰ ਭੌਰੇ ਨਾਲ ਭਿ ਮਿਣਣੋ ਸੰਗਦਾ।

ਆ ਸ਼ੋਖੀ ਕਰਕੇ ਪੌਣ ਜਦੋਂ ਗਲ ਲੱਗਦੀ

ਮੈਂ ਨਾਹਿਂ ਹਿਲਾਵਾਂ ਧੌਣ ਵਾਜ ਨ ਕੱਢਦਾ।

ਹੋ, ਫਿਰ ਬੀ ਟੁੱਟਾਂ ਹਾਇ ਵਿਛੋੜਨ ਵਾਲਿਓ!

ਮੇਰੀ ਭਿੰਨੀ ਇਹ ਖੁਸ਼ਬੋਇ ਕਿਵੇਂ ਨਾ ਛਿੱਪਦੀ।

ਮਿਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ

ਹਾ, ਪੂਰੀ ਹੁੰਦੀ ਨਾਂਹ ਮੈਂ ਤਰਲੇ ਲੈ ਰਿਹਾ।

  1. ਮਨ ਦੀ ਤਸੱਲੀ ਨਹੀਂ ਹੋਈ। ਲਗਦਾ ਹੈ ਕੁਝ ਵੀ ਨਹੀਂ ਕਹਿ ਸਕਿਆ। ਜੋ ਕਿਹਾ ਹੈ ਆਪ ਜੀ ਉਸ ਤੋਂ ਬਹੁਤ ਵੱਧ ਕੁਝ ਹੋਰ ਵੀ ਸਨ।

ਆਖੀਰ ਹਾਰ ਕੇ ਕਹਿਣਾ ਪੈਂਦਾ ਹੈ ਕਿ:- ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥ ਬ੍ਰਹਮ ਗਿਆਨੀ ਸਦਾ ਨਿਰਦੋਖ॥ ਜੈਸੇ ਸੂਰੁ ਸਰਬ ਕਉ ਸੋਖ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ॥ ਬ੍ਰਹਮ ਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ॥ ਜੈਸੇ ਮੈਲੁ ਨ ਲਾਗੈ ਜਲਾ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ॥ ਜੈਸੇ ਧਰ ਊਪਰਿ ਆਕਾਸੁ॥ ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨਿ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ॥ ਬ੍ਰਹਮ ਗਿਆਨੀ ਊਚ ਤੇ ਊਚਾ॥ ਮਨਿ ਅਪਨੈ ਹੈ ਸਭ ਤੇ ਨੀਚਾ॥ ਬ੍ਰਹਮ ਗਿਆਨੀ ਸੇ ਜਨ ਭਏ॥ ਨਾਨਕ ਜਿਨ ਪ੍ਰਭੁ ਆਪਿ ਕਰੇਇ॥੨॥ ਬ੍ਰਹਮ ਗਿਆਨੀ ਸਗਲ ਕੀ ਰੀਨਾ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ॥ ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥ ਬ੍ਰਹਮ ਗਿਆਨੀ ਸਦਾ ਸਮਦਰਸੀ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ॥ ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥ ਬ੍ਰਹਮ ਗਿਆਨੀ ਏਕ ਊਪਰਿ ਆਸ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ ਬ੍ਰਹਮ ਗਿਆਨੀ ਕੈ ਨਾਹੀ ਧੰਧਾ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ॥ ਬ੍ਰਹਮ ਗਿਆਨੀ ਕੈ ਹੋਇ ਸੁ ਭਲਾ॥ ਬ੍ਰਹਮ ਗਿਆਨੀ ਸੁਫਲ ਫਲਾ॥ ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥ ਬ੍ਰਹਮ ਗਿਆਨੀ ਕੈ ਏਕੈ ਰੰਗ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ॥ ਬ੍ਰਹਮ ਗਿਆਨੀ ਕੈ ਨਾਮੁ ਅਧਾਰੁ ॥ ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥ ਬ੍ਰਹਮ ਗਿਆਨੀ ਸਦਾ ਸਦ ਜਾਗਤ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ॥ ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ॥ ਬ੍ਰਹਮ ਗਿਆਨੀ ਸੁਖਸਹਜ ਨਿਵਾਸ॥ ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥੫॥ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ॥ ਬ੍ਰਹਮ ਗਿਆਨੀ ਕੈ ਹੋਇ ਅਚਿੰਤ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ॥ ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ॥ ਬ੍ਰਹਮ ਗਿਆਨੀ ਕਾ ਬਡ ਪਰਤਾਪ॥ ਬ੍ਰਹਮ ਗਿਆਨੀ ਕਾ ਦਰਸੁ ਬਡ ਭਾਗੀ ਪਾਈਐ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ॥ ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ ਬ੍ਰਹਮ ਗਿਆਨੀ ਕੀ ਕੀਮਤਿ ਨਾਹਿ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ॥ ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ॥ ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖਰੁ ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥ ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥ ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥ ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥ ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥੮॥੮

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨ-ਛੁਹ | bhai Veer Singh Ji

 

Credit – ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ

 

 

Leave a comment

error: Content is protected !!