ਭਾਈ ਮਰਦਾਨਾ : ਪਿਛੋਕੜ
ਭਾਈ ਮਰਦਾਨਾ ਉਹ ਸੁਭਾਗੀ ਰੂਹ ਹੈ ਜਿਸਨੇ ਸਭ ਤੋਂ ਵਧ ਸਮਾਂ ਬਾਬੇ ਨਾਨਕ ਦੇ ਸੰਗ-ਸਾਥ ਵਿਚ ਗੁਜ਼ਾਰਿਆ। ਭਾਈ ਮਰਦਾਨਾ ਗੁਰੂ ਬਾਬੇ ਦਾ ਮੁਢ ਕਦੀਮ ਦਾ ਸਾਥੀ ਸੀ। ਸਿੱਖ ਇਤਿਹਾਸ ਵਿਚ ਭਾਈ ਮਰਦਾਨਾ ਬਹੁਤ ਵੱਡੀ ਮਹੱਤਤਾ ਨੂੰ ਪ੍ਰਾਪਤ ਹੈ। ਨਿਰੰਕਾਰ ਨੇ ਉਸਨੂੰ ਬਹੁਤ ਹੀ ਸੁਰੀਲਾ ਗਲਾ ਦੇ ਰੱਖਿਆ ਸੀ। ਉਹਦੀ ਸੁਰੀਲੀ ਅਵਾਜ਼ ਨੂੰ ਸੁਣਕੇ ਪੰਛੀਆਂ ਦਾ ਪ੍ਰਵਾਜ਼ ਰੁਕ ਜਾਂਦਾ। ਡੰਗਰ ਮਹੀਆਂ ਮੂੰਹ ਚੁੱਕ ਕੇ ਖਲੋ ਜਾਂਦੀਆਂ। ਨਦੀਆਂ ਦੇ ਵਹਿਣ ਵਿਸਮਾਦਤ ਹੋਏ ਉਛਲ ਉਛਲ ਪੈਂਦੇ। ਕੁਦਰਤ ਦੀ ਕਾਇਨਾਤ ਮੰਤ੍ਰ ਮੁਗਧ ਹੋਈ ਝੂਮ ਝੂੰਮ ਪੈਂਦੀ। ਐਵੇਂ ਨਹੀਂ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਚੁਣਿਆ। ਭਾਈ ਮਰਦਾਨਾ ਜਾਤ ਦਾ ਮਿਰਾਸੀ (ਡੂਮ) ਤੇ ਅਵਲ ਦਰਜੇ ਦਾ ਸੰਗੀਤਕਾਰ ਸੀ। ਜਨਮ ਸਾਖੀ ਗੁਰੂ ਨਾਨਕ ਦੇਵ ਜੀ (ਭਾਈ ਪੈੜ ਮੋਖਾ) ਤੋਂ ਪਤਾ ਚਲਦਾ ਹੈ ਭਾਈ ਮਰਦਾਨਾ ਬੇਦੀਆਂ ਦਾ ਮਿਰਾਸੀ ਸੀ। ਇਹ ਪਿੰਡ ਰਾਇ ਭੋਇ ਭੱਟੀ ਕੀ (ਹੁਣ ਨਨਕਾਣਾ ਸਾਹਿਬ) ਜ਼ਿਲਾ ਸ਼ੇਖੂ ਪੁਰਾ (ਪਾਕਿਸਤਾਨ) ਦਾ ਨਿਵਾਸੀ ਸੀ। ਉਹ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਦਾ ਖਾਨਦਾਨੀ ਮਿਰਾਸੀ ਸੀ। ਏਸੇ ਕਰਕੇ ਉਸ ਦਾ ਮਹਿਤਾ ਕਾਲੂ ਦੇ ਘਰ ਆਣ-ਜਾਣ ਵੀ ਸੀ। ਉਸ ਦੀ ਅਵਾਜ਼ ਤੇ ਸਾਰਾ ਪਿੰਡ ਫ਼ਿਦਾ ਸੀ। ਉਹ ਆਪਣੇ ਅਦੁੱਤੀ ਗਲੇ ਕਰਕੇ ਹੀ ਗੁਰੂ ਸਾਹਿਬ ਦੇ ਅੰਗ-ਸੰਗ ਹੋਕੇ ਵਿਚਰਿਆ।
ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਮੁੱਢਲੇ ਸਿੱਖਾਂ ਵਿਚੋਂ ਇਕ ਹੈ ਪਰ ਜੋ ਮਾਣ-ਵਡਿਆਈ ਤੇ ਨਿੱਘ-ਨੇੜਤਾ ਭਾਈ ਮਰਦਾਨੇ ਨੂੰ ਪ੍ਰਾਪਤ ਹੈ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਇਹ ਭਾਈ ਮਰਦਾਨਾ ਹੀ ਸੀ ਜਿਸਨੂੰ ਸੰਗੀਤ ਦੇ ਸੁਰ-ਤਾਲ ਦਾ ਪੂਰਾ ਪੂਰਾ ਗਿਆਨ ਸੀ। ਉਹ ਸੰਗੀਤ ਦਾ ਮਾਹਿਰ ਹੀ ਨਹੀਂ ਸੀ, ਸਗੋਂ ਉਸਤਾਦ ਸੰਗੀਤਕਾਰ ਸੀ। ਇਸ ਅਲੋਕਾਰ ਪ੍ਰਾਪਤੀ ਕਰਕੇ ਹੀ ਉਹ ਗੁਰੂ ਨਾਨਕ ਸਾਹਿਬ ਦਾ ਰਬਾਬੀ ਸੀ ਤੇ ਦੇਸ਼ ਦਿਸ਼ਾਂਤਰ ਦੀਆਂ ਸਾਰੀਆਂ ਉਦਾਸੀਆਂ ਵਿਚ ਗੁਰੂ ਸਾਹਿਬ ਦੇ ਨਾਲ ਨਾਲ ਵਿਚਰਿਆ।
ਭਾਈ ਗੁਰਦਾਸ ਜੀ ਨੇ ਆਪਣੀਆਂ ਦੋ ਵਾਰਾਂ ਵਿਚ ਭਾਈ ਮਰਦਾਨੇ ਦਾ ਜ਼ਿਕਰ ਬੜੇ ਆਦਰ ਨਾਲ ਕੀਤਾ ਹੈ:
(ੳ) ਫਿਰਿ ਬਾਬਾ ਗਾਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥
(ਅ) ਭਲਾ ਰਬਾਬ ਵਜਾਇੰਦਾ
ਮਜਲਸ ਮਰਦਾਨਾ ਮੀਰਾਸੀ॥
(ਵਾਰ ਗਿਆਰਾਂ) ਇਹ ਗੱਲ ਸਰਬ ਵਿਦਿਤ ਹੈ ਕਿ ਭਾਰਤ ਵਿਚ ਦੋ ਤਰਾਂ ਦੀਆਂ ਜਾਤੀਆਂ ਦੇ ਲੋਕ ਸਨ ਜਿਹਨਾਂ ਦਾ ਸੰਬੰਧ ਵਿਸ਼ੇਸ਼ ਕਰਕੇ ਗਾਣ-ਵਜਾਣ ਨਾਲ ਰਿਹਾ ਹੈ। ਰਾਜਪੂਤਾਂ ਵਿਚ ਭੱਟਾਂ ਦਾ ਵਿਸ਼ੇਸ਼ ਸਥਾਨ ਹੈ। ਉਥੇ ਭੱਟ ਲੋਕ ਸੂਰਬੀਰਾਂ ਦੀਆਂ ਗਾਥਾਵਾਂ ਆਪਣੇ ਸੁਰੀਲੇ ਗਲੇ ਨਾਲ ਗਾਕੇ ਸੁਣਾਉਂਦੇ ਤੇ ਚੰਗਾ ਚੋਖਾ ਇਨਾਮ ਪ੍ਰਾਪਤ ਕਰਕੇ ਆਪਣੇ ਟੱਬਰਾਂ ਦਾ ਪਾਲਨ ਪੋਸ਼ਣ ਕਰਦੇ। ਥੋੜ੍ਹੇ ਬਹੁਤ ਅੰਤਰ ਨਾਲ ਮੁਸਲਮਾਨਾਂ ਵਿਚ ਅਜੇਹੇ ਲੋਕ ਹੀ ਮਿਰਾਸੀ ਅਖਵਾਏ। ਭੱਟ ਸਨ ਤਾਂ ਬ੍ਰਾਹਮਣ ਹੀ ਪਰ ਬ੍ਰਾਹਮਣਾਂ ਦੇ ਮੁਕਾਬਲੇ ਵਿਚ ਇਹ ਨੀਵੇਂ ਮੰਨੇ ਜਾਂਦੇ ਸਨ। ਇਸਦਾ ਕਾਰਣ ਇਹ ਹੈ ਕਿ ਕਿਸੇ ਸਮੇਂ ਸਮਾਜਿਕ ਪੱਧਰ ਤੋਂ ਨੀਵਾਂ ਡਿਗਕੇ ਇਹ ਵਿਧਵਾ ਔਰਤਾਂ ਦੇ ਵਿਆਹ ਆਦਿ ਕਰਵਾਉਣ ਲਗ ਪਏ ਸਨ। ਜੋ ਬ੍ਰਾਹਮਣਾਂ ਵਿਚ ਜਾਇਜ਼ ਨਹੀਂ ਸਨ ਮੰਨੇ ਜਾਂਦੇ। ਉਂਞ ਭੱਟਾਂ ਦੇ ਵੀ ਪ੍ਰੋਹਿਤ ਹੁੰਦੇ ਸਨ ਜਿਹਨਾਂ ਨੂੰ ਸਾਰਸਵਤ ਬ੍ਰਾਹਮਣ ਕਿਹਾ ਜਾਂਦਾ ਸੀ। ਇੰਜ ਮਾਲੂਮ ਹੁੰਦਾ ਹੈ, ਬ੍ਰਾਹਮਣਾਂ ਨੇ ਆਪਣੇ ਆਪ ਨੂੰ ਸ਼੍ਰੇਣੀ ਬੱਧ ਕਰ ਰਖਿਆ ਸੀ। ਜਿਸ ਕਰਕੇ ਉਹ ਦਰਜਾ-ਬ-ਦਰਜਾ ਕਰਕੇ ਆਪਣੀ ਪਛਾਣ ਰੱਖਦੇ ਸਨ। ਇਹਨਾਂ ਭੱਟਾਂ ਦਾ ਵਿਸ਼ੇਸ਼ ਕੰਮ ਮਹਿਮਾ ਮੁਖ ਗਾਨ ਕਰਨਾ ਜਾਂ ਸੁਨਾਉਣਾ ਸੀ। ਅਜ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੁੰਦਾ ਹੈ, ਉਦੋਂ ਭੱਟਾਂ ਦੇ ਸਵਈਆਂ ਦਾ ਗਾਨ-ਉਚਾਰਣ ਕੁਝ ਸੱਜਣ ਵਾਰੋ ਵਾਰੀ ਖੜੇ ਹੋ, ਹੱਥ ਜੋੜਕੇ ਕਰਦੇ ਹਨ। ਇਹੋ ਭੱਟ-ਪਰੰਪਰਾ ਦਾ ਪ੍ਰਮਾਣਿਕ ਨਮੂਨਾ ਹੈ ਜਿਸ ਦਾ ਮੂਲ ਆਧਾਰ ਪਾਰਬ੍ਰਹਮ ਦੀ ਉਸਤਤ ਅਥਵਾ ਮਹਿਮਾ ਹੈ। ਕੁਲ ਮਿਲਾਕੇ, ਪ੍ਰਭੂ ਜਸ ਗਾਨ ਕਰਨਾ ਭੱਟ ਸਮੁਦਾਇ ਦਾ ਕਿੱਤਾ ਰਿਹਾ ਹੈ। ਸੂਰਬੀਰਤਾ ਦੀ ਮਹਿਮਾ ਜਾਂ ਹਰੀ ਦੀ ਮਹਿਮਾ ਕਰਨਾ ਹੀ ਭੱਟਾ ਦੀ ਵਿਸ਼ੇਸ਼ਤਾ ਹੈ।
ਗੁਰੂ ਘਰ ਵਿਚ ਸਮੇਂ-ਸਮੇਂ ਤਬਦੀਲੀ ਆਉਂਦੀ ਰਹੀ ਹੈ। ਭਟ, ਮਿਰਾਸੀ ਅਤੇ ਡੂਮ ਲਗਭਗ ਪ੍ਰਯਾਇਵਾਚੀ ਹਨ। ਭੱਟਾ ਦਾ ਸੰਬੰਧ ਮੂਲ ਰੂਪ ਵਿਚ ਹਿੰਦੂ ਭਾਈਚਾਰੇ ਨਾਲ ਸੀ। ਇਸੇ ਤਰ੍ਹਾਂ ਮਿਰਾਸੀ ਜਾਂ ਡੂਮ ਦਾ ਸੰਬੰਧ ਮੁਸਲਮਾਨ ਤਬਕੇ ਨਾਲ ਸੀ। ਪਰ ਦੋਹਾਂ ਵਿਚਲੀ ਸਾਂਝ ਇਕ ਨੁਕਤੇ ਤੇ ਟਿਕੀ ਹੈ। ਦੋਵੇਂ ਮਹਿਮਾ-ਗਾਨ ਜਾਂ ਸਤੁਤੀ ਗਾਨ ਨਾਲ ਜੁੜੇ ਹੋਏ ਹਨ। ਦੋਹਾਂ ਦਾ ਕਿੱਤਾ ਗੁਰੂ-ਜਸ ਕਰਨਾ ਹੈ। ਪਹਿਲੋਂ ਪਹਿਲ ਇਹ ਸੰਸਾਰੀ ਯੋਧਿਆਂ ਦੀ ਉਪਮਾ ਕਰਕੇ ਵੀ ਸਮਾਜ ਵਿਚ ਮਾਣ ਪ੍ਰਾਪਤ ਕਰਦੇ ਸਨ। ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਮਾਗਮ ਵਿਚ ਭੱਟ-ਪਰੰਪਰਾ ਨੂੰ ਦੁਹਰਾਇਆ ਜਾਂਦਾ ਹੈ। ਇਸੇ ਤਰ੍ਹਾਂ “ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੇ ਡੂਮਿ ਆਖੀ” ਮਿਰਾਸੀ ਪਰੰਪਰਾ ਦਾ ਸੰਕੇਤਕ ਹੈ। ਮਿਰਾਸੀਆਂ ਦਾ ਸੰਬੰਧ ਮੁਸਲਮਾਨੀ ਤਬਕੇ ਨਾਲ ਹੈ।
ਮਿਰਾਸੀ ਬੰਸ ਪਰੰਪਰਾ
ਮਿਰਾਸੀ ਲੋਕ ਮੁਸਲਮਾਨ ਸਨ। ਮਿਰਾਸੀ ਦਾ ਸ਼ਬਦੀ ਅਰਥ ਹੈ, ਮੀਰਾਸ, ਮਾਲਕੀ ਜਾਂ ਵਿਰਾਸਤ ਦੇ ਹੱਕ ਦੇ ਦਾਅਵੇਦਾਰ। ਇਸ ਲਈ ਆਪਣੀ ਵਾਰਸੀ ਦਾ ਹੱਕ ਸਾਬਤ ਕਰਨ ਲਈ ਉਹਨਾਂ ਨੇ ਆਪਣਾ ਸੰਬੰਧ ਭਾਰਤ ਦੀ ਬਜਾਏ ਅਰਬ ਦੇਸ਼ ਨਾਲ ਜੋੜਨਾ ਉਚਿਤ ਸਮਝਿਆ। ਸੁਆਲ ਹੋ ਸਕਦਾ ਹੈ-ਮਿਰਾਸੀਆਂ ਨੇ ਅਜੇਹਾ ਕਿਉਂ ਕੀਤਾ? ਇਸ ਬਾਰੇ ਇਕ ਦੰਦ ਕਥਾ ਮਸ਼ਹੂਰ ਹੈ।
ਮਿਰਾਸੀਆਂ ਦਾ ਕੁਰਸੀਨਾਮਾ, ਹਜ਼ਰਤ ਮੁਹੰਮਦ ਸਾਹਿਬ ਨਾਲ ਜਾ ਜੁੜਦਾ ਹੈ। ਇਸ ਦਾ ਪ੍ਰਸੰਗ ਇਸ ਤਰ੍ਹਾਂ ਹੈ। ਹਜ਼ਰਤ ਮੁਹੰਮਦ ਸਾਹਿਬ ਦੇ ਵਡੇਰੇ ਹਜ਼ਰਤ ਅਬਦੁਲ ਮੁਨਾਫ਼ ਦੇ ਸਪੁੱਤਰ ਹਜ਼ਰਤ ਹਾਸ਼ਮ ਸਨ। ਹਜ਼ਰਤ ਹਾਸ਼ਮ ਦੇ ਲੜਕੇ ਹਜ਼ਰਤ ਮੁਤੱਲਿਬ ਸਨ। ਹਜ਼ਰਤ ਮੁਤੱਲਿਬ ਦੇ ਅਗੋਂ ਤਿੰਨ ਲੜਕੇ ਹੋਏ ਜਿਹਨਾਂ ਦੇ ਨਾਮ ਹਨ :
(1) ਹਜ਼ਰਤ ਅਮੀਨ
(2) ਹਜ਼ਰਤ ਅਬਦੁੱਲਾ
(3) ਹਜ਼ਰਤ ਅਬੂਤਾਲਿਬ
ਅਗੋਂ ਹਜ਼ਰਤ ਅਮੀਨ ਦੇ ਘਰ ਹਜ਼ਰਤ ਉਕਾਸਾ ਜਾਂ ਕਾਸਾ ਦਾ ਜਨਮ ਹੋਇਆ। ਹਜ਼ਰਤ ਅਬਦੁੱਲਾ ਦੇ ਘਰ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ ਅਤੇ ਹਜ਼ਰਤ ਅਬੂ ਤਾਲਿਬ ਦੇ ਘਰ ਹਜ਼ਰਤ ਅਲੀ ਪੈਦਾ ਹੋਏ।
ਇਕ ਵੇਰਾਂ ਹਜ਼ਰਤ ਮੁਹੰਮਦ ਸਾਹਿਬ ਨੇ ਨਰਾਜ਼ ਹੋ ਕੇ ਆਪਣੇ ਤਾਏ ਅਮੀਨ ਦੇ ਪੁੱਤਰ ਹਜ਼ਰਤ ਉਕਾਸਾ ਨੂੰ ਕੋਰੜੇ ਲਗਵਾਏ ਸਨ । ਹਜ਼ਰਤ ਮੁਹੰਮਦ ਸਾਹਿਬ ਜਦੋਂ ਆਪਣੇ ਅੰਤਲੇ ਦਿਨਾਂ ਵਿਚ ਮਦੀਨੇ ਪਹੁੰਚੇ ਤਾਂ ਇਕ ਦਿਨ ਸਹਿਵਨ ਹੀ ਕਿਹਾ ‘ਜੇ ਅਸੀਂ ਕਿਸੇ ਬੰਦੇ ਦਾ ਬੁਰਾ ਕੀਤਾ ਹੋਵੇ ਤਾਂ ਉਹ ਹੁਣ ਮੈਥੋਂ ਆਪਣਾ ਬਦਲਾ ਲੈ ਸਕਦਾ ਹੈ। ਇਹ ਗੱਲ ਸੁਣਕੇ ਅਮੀਨ ਸਪੁੱਤਰ ਉਕਾਸਾ ਨੇ ਕਿਹਾ—ਹਜ਼ਰਤ ਜਿਸ ਤਰ੍ਹਾਂ ਤੁਸੀਂ ਮੈਨੂੰ ਕੋਰੜੇ ਲਗਵਾਏ ਸਨ—ਹੁਣ ਆਪਣੀ ਪਿੱਠ ਨੰਗੀ ਕਰ ਦਿਓ ਜੁ ਮੈਂ ਵੀ ਆਪਣਾ ਬਦਲਾ ਲੈ ਸਕਾਂ। ਹਜ਼ਰਤ ਮੁਹੰਮਦ ਸਾਹਿਬ ਨੇ ਜਿਵੇਂ ਹੀ ਹਜ਼ਰਤ ਉਕਾਸਾ ਦੀ ਗੱਲ ਸੁਣੀ ਫੌਰਨ ਆਪਣੀ ਪਿੱਠ ਨੰਗੀ ਕਰ ਦਿੱਤੀ ਤੇ ਕਿਹਾ ਤੁਹਾਡੇ ਬਦਲੇ ਲਈ ਮੇਰੀ ਪਿੱਠ ਹਾਜ਼ਰ ਹੈ। ਪਰ ਰਬ ਦੀ ਕਰਨੀ ਉਸ ਵੇਲੇ ਹਜ਼ਰਤ ਉਕਾਸਾ ਦਾ ਮਨ ਬਦਲ ਗਿਆ। ਉਸਨੇ ਬਦਲਾ ਲੈਣ ਦੀ ਬਜਾਇ ਹਜ਼ਰਤ ਮੁਹੰਮਦ ਸਾਹਿਬ ਦੀ ਪਿੱਠ ਚੁੰਮ ਲਈ ਤੇ ਬੜੀ ਉੱਚੀ ਹੇਕ ਲਾ ਕੇ ਹਜ਼ਰਤ ਮੁਹੰਮਦ ਸਾਹਿਬ ਦੇ ਇਨਸਾਫ਼ ਦੀ ਸਿਫ਼ਤ ਗਾਈ। ਇਥੋਂ ਹੀ ਹਜ਼ਰਤ ਉਕਾਸਾ ਦੇ ਖਾਨਦਾਨ ਵਿਚ ਉਸਤਤ ਕਰਨ ਦੇ ਇਸ ਅੰਦਾਜ਼ ਦਾ ਰਿਵਾਜ਼ ਤੁਰ ਪਿਆ। ‘ 1 ਉਸਦੇ ਪੁੱਤਰ-ਪੋਤਰੇ ਵੱਡੇ ਬੰਦਿਆਂ ਦਾ ਜਸ ਗਾ ਕੇ ਸੁਨਾਉਣ ਲਗ ਪਏ। ਕਿਉਂਕਿ ਹਜ਼ਰਤ ਉਕਾਸਾ ਕੁਰੈਸ਼ ਸਨ । ਇਸ ਤਰ੍ਹਾਂ ਮਿਰਾਸੀਆਂ ਦਾ ਕੁਰੈਸ਼ ਬੰਸ ਨਾਲ ਸੰਬੰਧ ਜੁੜ ਗਿਆ। ਤੇ ਮਿਰਾਸੀ ਲੋਕ ਆਪਣੇ ਆਪ ਨੂੰ ਉੱਚੇ ਖਾਨਦਾਨੀ ਵੀ ਅਖਵਾਉਣ ਲਗੇ ਤੇ ਵਿਸ਼ੇਸ਼ ਕਰਕੇ ਉਸ ਅੰਦਾਜ਼ ਵਿਚ ਮਹਿਮਾ-ਮਈ-ਕਾਵਿ ਗਾਉਣ ਲਗੇ।
ਮਿਰਾਸੀਆਂ ਦੀ ਵਿਰਾਸਤ ਬਾਰੇ ਇਕ ਹੋਰ ਰਵਾਇਤ ਵੀ ਮਸ਼ਹੂਰ ਹੈ। ਹਜ਼ਰਤ ਉਕਾਸਾ ਦਾ ਖਾਨਦਾਨ ਸਮੇਂ ਦੇ ਬਦਲਾਵ ਨਾਲ ਪਹਿਲਾਂ ਅਰਬ ਤੋਂ ਚਲਕੇ ਈਰਾਨ ਤੇ ਫ਼ੇਰ ਈਰਾਨ ਤੋਂ ਖੁਆਜਾ ਮੁਈਨੁਦ-ਦੀਨ-ਚਿਸ਼ਤੀ ਅਜਮੇਰੀ ਦੇ ਨਾਲ ਰਾਜਸਥਾਨ ਪਹੁੰਚਿਆ ਜਿਸ ਤੋਂ ਭਾਰਤ ਵਿਚ ਮਿਰਾਸੀ ਖਾਨਦਾਨ ਦਾ ਮੁੱਢ ਬੱਝਾ। ਜ਼ਾਹਿਰ ਹੈ, ਹਜ਼ਰਤ ਉਕਾਸਾ ਕੁਰੈਸ਼ੀ ਸਨ ਤੇ ਮਿਰਾਸੀ ਲੋਕ ਵੀ ਕੁਰੈਸ਼ੀ ਅਖਵਾਉਣ ਲਗੇ।
ਸਮਝਣ ਜੋਗ ਤਾਂ ਇਹ ਹੈ, ਮਿਰਾਸੀ ਲੋਕ ਚਾਹੇ ਕਿੱਤੋਂ ਵੀ ਆਕੇ ਭਾਰਤ ਵਿਚ ਵਸੇ, ਉਹ ਇਸ ਦੇਸ਼ ਨਾਲ ਲਹੂਮਾਸ ਦਾ ਸੰਬੰਧ ਜ਼ਰੂਰ ਰੱਖਦੇ ਸਨ। ਕੁਲ ਮਿਲਾਕੇ, ਇਹ ਕਿਹਾ ਜਾ ਸਕਦਾ ਹੈ ਮਿਰਾਸੀ ਲੋਕ ਆਪਣਾ ਸੰਬੰਧ ਭਾਵੇਂ ਕੁਰੈਸ਼ੀ ਖਾਨਦਾਨ ਨਾਲ ਜੋੜਦੇ ਰਹੇ ਪਰ ਸਮੇਂ ਅਨੁਸਾਰ ਉਹਨਾਂ ਦੀਆਂ ਆਦਤਾਂ ਉਹਨਾਂ ਦੇ ਗੁਣ-ਕਰਮ ਸਾਹਮਣੇ ਆਉਂਦੀਆਂ ਗਈਆਂ। ਇਤਨਾ ਤਾਂ ਸਪਸ਼ਟ ਹੀ ਹੈ ਉਹ ਆਰੰਭ ਕਾਲ ਤੋਂ ਹੀ ਆਪਣੇ ਜਜਮਾਨਾਂ ਦੇ ਕੁਰਸੀਨਾਮੇ ਪੜ੍ਹਦੇ, ਵੱਡਾ ਘਰਾਂ ਦੀ ਉਪਮਾ ਦੇ ਪੁਲ ਬੰਨਦੇ, ਸੂਰਬੀਰਾਂ ਦੇ ਕਾਰਨਾਮਿਆਂ ਨੂੰ ਕਾਵਿਬੱਧ ਕਰਕੇ, ਗਾਕੇ ਸੁਣਾਉਂਦੇ ਰਹੇ ਹਨ। ਉਪਮਾ ਬਦਲੇ ਇਨਾਮ ਪ੍ਰਾਪਤ ਕਰਨੇ ਇਹਨਾਂ ਦੀ ਆਦਤ ਬਣ ਗਈ ਜਿਸ ਨੂੰ ਉਹ ਛੱਡ ਨਹੀਂ ਸਨ ਸਕਦੇ। ਕਦੀ ਕਦੀ ਕੁਝ ਅਜੇਹਾ ਵੀ ਵਾਪਰਦਾ ਕਿ ਧਨੀ ਲੋਕ ਆਪਣੀ ਉਪਮਾ ਤਾਂ ਖੁਸ਼ੀ ਖੁਸ਼ੀ ਸੁਣ ਲੈਂਦੇ ਪਰ ਮਿਰਾਸੀਆਂ ਨੂੰ ਉਸਦਾ ਪੂਰਾ ਪੂਰਾ ਹੱਕ ਅਦਾ ਨਹੀਂ ਸਨ ਕਰਦੇ। ਅਜੇਹੇ ਸਮੇਂ ਮਿਰਾਸੀ ਲੋਕ ਜਿਥੇ ਉਪਮਾ-ਜਸ ਆਦਿ, ਗਾਕੇ ਕਰਦੇ ਸਨ ਉਥੇ ਉਹਨਾਂ ਦੀ ਥੋਹੜਦਿਲੀ ਤੇ ਸ਼ਮ ਪੁਣੇ ਦੀ ਨਿੰਦਿਆ ਵੀ ਜੀਅ ਭਰਕੇ ਕਰਦੇ। ਇਸ ਤਰ੍ਹਾਂ ਅਮੀਰ ਲੋਕ ਆਪਣੀ ਬਦਖੋਹੀ ਤੋਂ ਡਰਦਿਆਂ ਇਹਨਾਂ ਡੂੰਮਾਂ ਨੂੰ ਚੰਗਾ ਚੋਖਾ ਦੇ ਕੇ ਨਿਵਾਜ਼ਦੇ, ਇਸ ਤਰ੍ਹਾਂ ਮਿਰਾਸੀਆਂ-ਡੂੰਮਾਂ ਨੂੰ ਸਮਾਜ ਵਿਚ ਬਹੁਤ ਆਦਰ ਨਾਲ ਨਹੀਂ ਸੀ ਵੇਖਿਆ ਜਾਂਦਾ ਬਲਕਿ ਉਹਨਾਂ ਨਾਲ ਨੀਵੀਂ ਜਾਤ ਦਾ ਲਕਬ ਜੁੜਿਆ ਹੀ ਹੋਇਆ ਸੀ। ਉਹ ਭਾਵੇਂ ਆਪਣੇ ਆਪ ਨੂੰ ਕੁਰੈਸ਼ੀ ਅਖਵਾਉਂਦੇ ਸਨ।
ਡੂੰਮਾਂ ਦੀਆਂ ਜਾਤਾਂ ਤੇ ਗੋਤ
ਹਿਮਾਚਲ ਪ੍ਰਦੇਸ਼, ਰਾਜਸਥਾਨ ਤ ਹਰਿਆਣਾ ਦੇ ਇਲਾਕਿਆਂ ਵਿਚ ਡੂੰਮ ਜਾਂ ਡੁਮੜਾ ਮਿਰਾਸੀਆਂ ਲਈ ਸਮਾਨਾਰਥਕ ਸ਼ਬਦ ਹਨ। ਹਿਮਾਚਲ ਵਿਚ ਡੂਮਾਂ ਦੀਆਂ ਕਈ ਜਾਤਾਂ ਪ੍ਰਚਲਿਤ ਹਨ ਜੇਹਾ ਕਿ ਮਾਂਗਲੂ, ਪਰਗਟ ਚਰਾਹੇ, ਲਲੋਤਰਾ ਆਦਿ। ਹਰਿਆਣਾ ਪ੍ਰਾਂਤ ਦੇ ਗੁੜਗਾਵਾਂ ਦੇ ਇਲਾਕੇ ਵਿਚ ਡੂਮ ਸਮਾਜ ਵਿਚ ਕਹੀਆਂ ਜਾਂਦੀਆਂ ਨੀਵੀਆਂ ਜਾਤੀਆਂ ਮਸਲਨ ਝੀਵਰ, ਡਕੌਂਤ, ਢੋਂਸੀ ਚਮਾਰ, ਭੰਗੀ, ਜੁਲਾਹੇ ਤੇ ਧਾਣਕ ਆਦਿ ਪਾਸੋਂ ਖੈਰਾਤ ਮੰਗਦੇ ਸਨ। ਪਰ ਹੈਰਾਨੀ ਦੀ ਗੱਲ ਹੈ, ਪੰਜਾਬ ਪ੍ਰਾਂਤ ਵਿਚ ਵਸਦੇ ਡੂੰਮ ਜੋ ਆਪਣੇ ਆਪ ਨੂੰ ਉੱਚੀ ਕੁਲ ਦੇ ਕੁਰੈਸ਼ੀ ਅਖਵਾਉਂਦੇ ਹਨ ਅਜੇਹੇ ਦਾਨ-ਪੁੰਨ ਨੂੰ ਨੀਵੇਂ ਦਰਜੇ ਦਾ ਮੰਨਦੇ ਹਨ ਤੇ ਇਸਨੂੰ ਹਕਾਰਤ ਦੀ ਨਜ਼ਰ ਨਾਲ ਵੇਖਦੇ ਹਨ। ਭਾਰਤੀ ਜ਼ਬਾਨ ਵਿਚ ਭਾਵੇਂ ਡੂਮ ਜਾਂ ਮਿਰਾਸੀ ਗਵਈਏ ਦਾ ਹੀ ਨਾਮ ਹੈ ਪਰ ਇਹਨਾਂ ਦੀ ਜੀਵਨ-ਪੱਧਰ ਉੱਚੀ-ਨੀਵੀਂ ਹੋਣ ਕਰਕੇ ਕਈ ਥਾਂਈ ਇਹਨਾਂ ਨੂੰ ਮੰਦਾ-ਚੰਗਾ ਵੀ ਸਮਝਿਆ ਜਾਂਦਾ ਹੈ। ਪਰ ਗੁਰਬਾਣੀ ਦੇ ਬਾਣੀਕਾਰ ਜਾਤ ਪਾਤ ਦੇ ਭਿੰਨ ਭੇਦ ਤੋਂ ਮੁਕਤ ਹਨ। ਗੁਰਬਾਣੀ ਅਨੁਸਾਰ :
ਕਿਆ ਹਉ ਆਖਾ ਜਾਂ ਕਛੂ ਨਾਹਿ
ਜਾਤਿ ਪਤਿ ਸਭ ਤੇਰੈ ਨਾਇ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
(ਅੰਗ ੧੧੮੯)
(ਅੰਗ ੧੩੩੦)
ਗੁਰੂ ਨਾਨਕ ਸਾਹਿਬ ਨੇ ਤਾਂ ਇਥੋਂ ਤਕ ਵੀ ਕਿਹਾ :
ਜਾਤੀ ਦੈ ਕਿਆ ਹਥਿ ਸਚੁ ਪਰਖੀਐ
ਮਹੁਰਾ ਹੋਵੈ ਹਥਿ ਮਰੀਐ ਚਖੀਐ॥
(ਅੰਗ ੧੪੨)
ਜਾਤੀ-ਭੇਦ ਵਿਵਾਦ ਤੋਂ ਗੁਰੂ ਸਾਹਿਬਾਨ ਬਿਲਕੁਲ ਮੁਕਤ ਰਹੇ ਹਨ।
ਇਸ ਤੱਥ ਦਾ ਪੁਸ਼ਟ ਪਰਮਾਣ ਇਹੋ ਹੈ। ਗੁਰੂ ਸਾਹਿਬ ਤਾਂ ਮਹਿਮਾ ਜਸ-ਗਾਨ
ਨੂੰ ਉੱਚਾ ਦਰਜਾ ਦੇਂਦੇ ਹਨ:
(ੳ) ਹਉ ਢਾਢੀ ਦਰਿ ਗੁਣ ਗਾਂਵਦਾ ਜੇ ਹਰਿ ਪ੍ਰਭ ਭਾਵੈ॥
(ਅੰਗ ੧੦੯੭)
(ਅ) ਹਉ ਢਾਢੀ ਵੇਕਾਰੁ ਕਾਰੈ ਲਾਇਆ ਰਾਤਿ ਦਿਹੈ ਕੈ ਵਾਰੁ ਧੁਰਹੁ ਫੁਰਮਾਇਆ॥
(ਅੰਗ ੧੫੦)
(ੲ) ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ॥
(ਅੰਗ ੯੬੨)
ਭਾਰਤੀ ਜਾਤਾਂ-ਗੋਤਾਂ ਦੇ ਇਤਿਹਾਸ ਨੂੰ ਜੇ ਵਾਚੀਏ ਤਾਂ ਪਤਾ ਲਗਦਾ ਹੈ ਡੂਮਾਂ ਦੀਆਂ ਛੇ ਜਾਤਾਂ ਹਨ :
- ਪਿਰਹਿਨ
- ਮਿਰਾਸੀ
- ਕਲਾਵੰਤ ਜਾਂ ਕਲੌਂਤ
- ਸਰੋਦੀ
- ਢਾਡੀ
- ਭੰਡ ਜਾਂ ਨਕਲੀਏ
ਡੂੰਮਾਂ ਦੇ ਗੋਤ ਤਾਂ ਕਈ ਹਨ ਪਰ ਇਹਨਾਂ ਵਿਚੋਂ ਸਤ ਪ੍ਰਮੁੱਖ ਹਨ :
- ਪਿਪਲਾਨੀ
- ਸਜਾਨੀ
- ਚੁਚਾਨੀ
- ਸਿਧਾਰ
- ਮੰਗਾ
- ਮੀਰ ਮਿਰਾਸੀ
- ਪੇਸਲਾ
ਇਥੇ ਇਹ ਸੰਕੇਤ ਕਰਨਾ ਉਚਿਤ ਹੈ ਮਿਰਾਸੀਆਂ ਦੀ ਹੀ ਇਕ ਸ਼ਾਖ ਹੈ ਰਾਇ ਮਰਾਸੀ। ਇਹ ਠੀਕ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਭੱਟਾਂ ਵਿਚ ਰਾਇ ਭੱਟ ਜਾਂ ਬ੍ਰਹਮ ਭੱਟ ਆਦਿ। ਇਸ ਤੱਥ ਦੀ ਪੁਸ਼ਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ “ਰਾਗ ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੇ ਡੂਮਿ ਆਖੀ” ਜ਼ਾਹਿਰ ਹੈ, ਭਾਈ ਬਲਵੰਡ ਮਿਰਾਸੀ ਨੂੰ ਰਾਇ ਬਲਵੰਡਿ ਕਰਕੇ ਲਿਖਿਆ ਹੈ ਤੇ ਸਤਾ ਡੂਮਿ ਤਾਂ ਸਪਸ਼ਟ ਹੀ ਹੈ।
ਦਰਅਸਲ ਮਿਰਾਸੀਆਂ ਦੀਆਂ ਦੋ ਭਾਈਚਾਰਕ ਸ਼੍ਰੇਣੀਆਂ ਹਨ :
- ਢਾਡੀ
- ਰਬਾਬੀ
ਪਹਿਲੇ ਵਿਚਾਰ ਕੀਤੀ ਜਾ ਚੁੱਕੀ ਹੈ ਕਿ ਭੱਟਾਂ ਅਤੇ ਮਿਰਾਸੀਆਂ ਦਾ ਮੁਖ ਕੰਮ ਮਹਿਮਾ ਮੁਖ ਗਾਨ ਸੀ। ਜਿਹੜੇ ਮਿਰਾਸੀ ਸੂਰਬੀਰਾਂ ਦੇ ਕਾਰਨਾਮਿਆਂ ਨੂੰ ਜਾਂ ਜੰਗਾਂ-ਯੁਧਾਂ ਵਿਚ ਹੋਈ ਸੂਰਮਗਤੀ ਦਾ ਵਰਨਣ ਰਾਜ ਦਰਬਾਰਾਂ ਵਿਚ ਢੱਡ ਨਾਲ ਗਾਕੇ ਸੁਣਾਉਂਦੇ ਸਨ, ਉਹਨਾਂ ਨੂੰ ਢਾਡੀ ਕਿਹਾ ਜਾਂਦਾ ਹੈ ਅਤੇ ਜਿਹੜੇ ਮਿਰਾਸੀ ਰਬਾਬ ਵਜਾ ਕੇ ਰਾਗ ਦਾ ਅਲਾਪ ਕਰਦੇ ਸਨ, ਉਹ ਰਬਾਬੀ ਅਖਵਾਏ। ਕਈ ਮਿਰਾਸੀ ਢੱਡ ਵਜਾਉਣ ਵਿਚ ਵੀ ਨਿਪੁੰਨ ਸਨ ਤੇ ਰਬਾਬ ਵਜਾਉਣ ਵਿਚ ਵੀ ਪਹਿਲੇ ਸਮਿਆਂ ਵਿਚ ਪੰਜਾਬ ਦੇ ਢਾਡੀ ਤੇ ਰਾਜਸਥਾਨ ਦੇ ਚਾਰਣ ਪ੍ਰਸਿੱਧ ਸਨ। ਉਦੋਂ ਰਿਆਸਤੀ ਰਾਜੇ ਹੁੰਦੇ ਸਨ। ਹਰੇਕ ਰਾਜੇ-ਰਾਣੇ ਜਾਂ ਅਮੀਰ ਦੇ ਦਰਬਾਰ ਵਿਚ ਚੰਗੇ ਚੰਗੇ ਢਾਡੀ ਹੁੰਦੇ ਸਨ ਤੇ ਉਹਨਾਂ ਨੂੰ ਬਹੁਤ ਸਨਮਾਨ ਮਿਲਦਾ ਸੀ। ਢਾਡੀ ਲੋਕ ਸੰਗੀਤ ਤੇ ਸੱਭਿਆਚਾਰ ਦੇ ਉਸਤਾਦ ਹੁੰਦੇ ਸਨ।
ਇਹਨਾਂ ਦੀ ਦਲੇਰੀ ਇਹ ਸੀ ਕਿ ਇਹ ਜੰਗਾਂ-ਯੁੱਧਾਂ ਵਿਚ ਜੋਧਿਆਂ ਦੇ ਨਾਲ ਤੁਰਦੇ ਤੇ ਅਖੀਂ ਡਿੱਠਾ ਹਾਲ ਦਾ ਬੀਰ ਰਸੀ ਕਾਵਿ ਰਚਕੇ ਲੋਕਾਂ ਨੂੰ ਸੁਣਾਉਂਦੇ। ਪੰਜਾਬ ਅਤੇ ਰਾਜਸਥਾਨ ਦੇ ਸੂਰਮਿਆਂ ਦਾ ਇਤਿਹਾਸ ਵਿਚ ਬੜਾ ਨਾਮ ਹੈ । ਪੰਜਾਬੀ ਤੇ ਰਾਜਪੂਤ ਕੇਵਲ ਲੜਾਕੇ ਹੀ ਨਹੀਂ ਸਨ ਸਗੋਂ ਦਲੇਰ ਵੀ ਪੁੱਜ ਕੇ ਸਨ । ਪੰਜਾਬ ਤੇ ਰਾਜਸਥਾਨ ਦਾ ਇਤਿਹਾਸ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਇਹਨਾਂ ਨੂੰ ਜਰਵਾਣਿਆਂ ਦੀਆਂ ਭੀੜਾਂ ਦਾ ਮੁਕਾਬਲਾ ਆਪਣੇ ਬਾਹੂਬਲ ਨਾਲ ਕਰਨਾ ਪੈਂਦਾ ਸੀ। ਜਿਥੇ ਇਹ ਬਹਾਦਰੀ ਨਾਲ ਮੈਦਾਨੇ-ਜੰਗ ਵਿਚ ਲੜਦੇ ਉਥੇ ਲੋੜ ਪੈਣ ਤੇ ਬਹਾਦਰੀ ਦੇ ਕਿੱਸੇ ਸੁਣਾਕੇ ਨੌਜਵਾਨਾਂ ਨੂੰ
ਉਤਸਾਹਿਤ ਵੀ ਕਰਦੇ। ਹਿੰਦੀ ਸਾਹਿਤ ਵਿਚ “ਪ੍ਰਿਥਵੀਰਾਜ ਰਾਸੋ” ਇਸ ਪਖੋਂ ਬੜੀ ਗੰਭੀਰ ਅਤੇ ਅਮੀਰ ਰਚਨਾ ਹੈ। ਪੰਜਾਬ ਅਤੇ ਰਾਜਸਥਾਨ ਦਾ ਸ਼ਾਇਦ ਹੀ ਕੋਈ ਅਜੇਹਾ ਇਲਾਕਾ ਹੋਵੇਗਾ ਜਿਥੇ ਢਾਡੀ ਅਤੇ ਚਾਰਣ ਨਾ ਰਹੇ ਹੋਣ। ਇਹਨਾਂ ਦਾ ਆਦਰ ਰਾਜ ਦਰਬਾਰਾਂ ਵਿਚ ਖ਼ਾਸ ਕਰਕੇ ਕੀਤਾ ਜਾਂਦਾ। ਕਿਉਂਕਿ ਇਹ ਆਪਣੇ ਰਚਿਤ ਕਿੱਸੇ ਜਿਹਨਾਂ ਨੂੰ ਬਹਾਦਰੀ ਦੀ ਪੁੱਠ ਦਿੱਤੀ ਹੁੰਦੀ ਸੀ, ਇਕ ਪਾਸੇ, ਚੰਗੀ ਤੁੱਕ ਬੰਦੀ, ਕਾਵਿ ਛੰਦਾਂ ਵਿਚ ਕਰਦੇ ਦੂਜੇ ਉਸਨੂੰ ਸੁਰੀਲੇ ਗਲਿਆਂ ਨਾਲ ਗਾਕੇ ਸੁਣਾਉਂਦੇ ਜਿਸ ਵਿਚ ਸੁਰ ਤਾਲ ਨੇ ਆਪਣਾ ਸੀਰ ਪਾਇਆ ਹੁੰਦਾ। ਕੁਲ ਮਿਲਾਕੇ, ਇਹ ਚੰਗੇ ਸੰਗੀਤਕਾਰ ਤੇ ਸੁਚੱਜੇ ਗਵਈਏ ਹੁੰਦੇ। ਇਤਿਹਾਸਕ ਤੱਥਾਂ ਦੇ ਅਨੁਸਾਰ ਜਦੋਂ ਅਮਨ ਚੈਨ ਦਾ ਸਮਾਂ ਹੁੰਦਾ ਸੀ ਤਾਂ ਵੀ ਆਪੋ ਆਪਣੇ ਰਾਜਾਂ ਦੀ ਹੱਦਬੰਦੀ ਜਾਂ ਸੀਮਾਂ ਉੱਤੇ ਨੌਜੁਆਨਾਂ ਦੀ ਲੋੜ ਹੁੰਦੀ ਸੀ।ਉਹਨਾਂ ਬਿਨਾਂ ਰਾਖੀ ਕੌਣ ਕਰੇ? ਰੁਜ਼ਗਾਰਾਂ ਦੇ ਮਾਰੇ ਵੀ ਜਦੋਂ ਬੰਦੇ ਸੌਦਾਗਰੀ ਕਰਨ ਤੁਰਦੇ ਤਾਂ ਘਰਾਂ ਨੂੰ ਛੇਤੀ ਛੇਤੀ ਵਾਪਸ ਨਾ ਮੁੜਦੇ। ਉਦੋਂ ਢਾਡੀ ਲੋਕ ਸੁਖ-ਸੁਨੇਹੇ ਲੈ ਜਾਕੇ ਪਹੁੰਚਾਉਂਦੇ। ਕਿਸੇ ਵੀ ਕੌਮ ਦੀ ਸਚਾਈ ਜਾਨਣ ਲਈ ਉਸਦੇ ਲੋਕ ਸਾਹਿਤ ਨੂੰ ਵਾਚਣਾ ਬਣਦਾ ਹੈ। ਲੋਕਗੀਤ ਉਸ ਸਮੇਂ ਦੇ ਸੱਚ ਉਪਰ ਮੌਹਰ ਲਾਉਂਦੇ ਹਨ। ਮਿਸਾਲ ਵਜੋਂ ਰਾਜਸਥਾਨੀ ਲੋਕ ਕਾਵਿ ਦੀ ਇਕ ਮਸ਼ਹੂਰ ਕਿਸਮ ਹੈ : “ਢੋਲਾ ਮਾਰੂ ਰਾ ਦੂਹਾ” ਇਸ ਵਿਚੋਂ ਇਸ ਕਿਸਮ ਦੇ ਕਿਤਨੇ ਹੀ ਪ੍ਰਮਾਣ ਪ੍ਰਾਪਤ ਕੀਤੇ ਜਾ ਸਕਦੇ ਹਨ :
- ਢਾਢੀ ਹਥਿ ਸੰਦੇਸੜਾ ਧਣ ਵਿਲਲੰਤੀ ਦੇਹ
- ਢਾਢੀ ਹੇਕ ਸੰਦੇਸੜੋ ਲਗ ਢੋਲੇ ਪਹੁੰਚਾਇ ਜੋਬਨ ਜਾਇ ਪ੍ਰਾਹੁਣੋ, ਵੇਗੇ ਰਉ ਘਰਿ ਆਇ
ਮਾਲੂਮ ਹੁੰਦਾ ਹੈ, ਰਾਜਸਥਾਨ ਵਾਂਗੂੰ ਪੰਜਾਬ ਵਿਚ ਵੀ ਢਾਢੀਆਂ ਨੇ ਆਪਣੀ ਚੰਗੀ ਚੋਖੀ ਭੂਮਿਕਾ ਨਿਬਾਈ। ਫਾਰਸੀ ਦੇ ਕਵੀ ਅਮੀਰ ਖੁਸਰੋ ਨੇ ਢਾਡੀਆਂ ਦੀ ਰੀਸੇ ਪੰਜਾਬੀ ਬੋਲੀ ਵਿਚ ਤੁਗਲਕਾਂ ਦੀ ਵਾਰ ਲਿਖੀ ਸੀ ਤੇ ਗਾਈ ਵੀ ਸੀ। ਇਸਦਾ ਜ਼ਿਕਰ ਫਾਰਸੀ ਦੇ ਇਤਿਹਾਸ ਦੀ ਕਿਤਾਬ ਸੀਰੁਲ-ਮੁੱਤਾਖਿਰੀਨ ਵਿਚੋਂ ਮਿਲਦਾ ਹੈ। ‘ ਸੰਖੇਪ ਵਿਚ, ਢਾਡੀ-ਰਬਾਬੀ ਪਰੰਪਰਾ ਪੰਜਾਬ ਵਿਚ ਬਹੁਤ ਪੁਰਾਣੀ ਹੈ। ਆਪਣੇ ਗੁਣਾਂ ਅਤੇ ਅਦਾਇਗੀ ਕਰਕੇ ਇਹ ਇਕ ਖਾਸ ਤਰ੍ਹਾਂ ਦੀ ਪ੍ਰਸਿੱਧੀ ਨੂੰ ਪ੍ਰਾਪਤ ਰਹੀ ਹੈ।
ਢਾਢੀ ਪਰੰਪਰਾ ਤੇ ਗੁਰੂ ਸਾਹਿਬਾਨ
ਢਾਢੀ ਪਰੰਪਰਾ ਬਾਰੇ ਜੇ ਸਮਝਣਾ ਬੁੱਝਣਾ ਹੋਵੇ ਤਾਂ ਗੁਰਬਾਣੀ ਇਸਦਾ ਮੂਲ ਸਰੋਤ ਹੈ। ਇਹ ਪਰੰਪਰਾ ਕਦੋਂ ਸ਼ੁਰੂ ਹੋਈ ਇਸ ਬਾਰੇ ਗੁਰਬਾਣੀ ਖਾਮੋਸ਼ ਹੈ। ਪਰ ਇਤਨਾ ਕੁ ਅੰਦਾਜ਼ਾ ਹੈ ਇਸ ਦੀ ਉਮਰ ਲੋਕ ਗੀਤਾਂ ਜਿੰਨੀ ਪੁਰਾਣੀ ਹੈ। ਜਿਸ ਤਰ੍ਹਾਂ ਲੋਕ ਗੀਤਾਂ ਦਾ ਕਾਲ ਨਿਸਚਿਤ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਢਾਢੀ ਪਰੰਪਰਾ ਦਾ ਸਮਾਂ ਵੀ ਪੱਕੇ ਤੌਰ ਤੇ ਮਿਥਿਆ ਨਹੀਂ ਜਾ ਸਕਦਾ। ਗੁਰਬਾਣੀ ਦਾ ਅਗਾਜ਼ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਆਪਣੇ ਆਪ ਨੂੰ ਢਾਢੀ ਅਨੇਕ ਵਾਰ ਕਿਹਾ ਹੈ। ਬਲਕਿ ਸਾਰੇ ਗੁਰੂ ਸਾਹਿਬਾਨੇ ਨੇ ਆਪਣੇ ਆਪ ਨੂੰ ਕੇਵਲ ਢਾਢੀ ਨਹੀਂ ਕਿਹਾ ਸਗੋਂ ਪ੍ਰਭੂ ਦੀ ਮਹਿਮਾ ਦਾ ਗਾਇਨ ਮੰਗਿਆ ਹੈ। ਗੱਲ ਇਥੇ ਹੀ ਬਸ ਨਹੀਂ ਜਾਤਾਂ ਦੇ ਇਤਿਹਾਸ ਅਨੁਸਾਰ ਮਿਰਾਸੀਆਂ ਨੂੰ ਨੀਵੀਂ ਜਾਤ ਦਾ ਮੰਨਿਆ ਜਾਂਦਾ ਹੈ। ਉਹਨਾਂ ਦਾ ਕਿੱਤਾ ਮੰਗ ਪਿੰਨ ਕੇ ਖਾਣਾ ਬਣ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਬਾਣੀ ਵਿਚ ਉਚਾਰਿਆ ਹੈ: ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥ ਤਿਨ ਮੰਗਾ ਜਿ ਤੁਝੇ ਧਿਆਇਦੇ॥
(ਵਾਰ ਆਸਾ ਮਹਲਾ ੧ ਅੰਗ ੪੬੮) ਗੁਰੂ ਅਮਰਦਾਸ ਜੀ ਨੇ ਢਾਢੀ ਦੀ ਤਫ਼ਸੀਲ ਰਤਾ ਹੋਰ ਖੁਲਾਸੀ ਕਰ ਦਿੱਤੀ : ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ‘ ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ॥
(ਵਾਰ ਗੂਜਰੀ ਮਹਲਾ ੩, ਅੰਗ ੫੧੬) ਢਾਢੀ ਲੋਕ ਜਿਹਨਾਂ ਦੀਆਂ ਵੀ ਵਾਰਾਂ ਗਾਉਂਦੇ ਸਨ, ਉਹਨਾਂ ਤੋਂ ਮੁਤਾਸਰ ਹੋ ਕੇ ਵੀ ਵਾਰਾਂ ਰਚਦੇ ਸਨ । ਵਾਰ ਗਾਉਣ ਦਾ ਵੀ ਇਕ ਤਰੀਕਾ ਸੀ । ਢਾਢੀ ਆਮ ਤੌਰ ਤੇ ਦਰਵਾਜ਼ੇ ਤੇ ਖੜੇ ਹੋ ਕੇ ਆਪਣੇ ਜਜਮਾਨਾਂ ਦੀ ਸੋਭਾ ਗਾਉਂਦੇ ਸਨ। ਹਾਲਾਤ ਵਸ ਕਈ ਵੇਰਾਂ ਚਾਕਰੀ ਵੀ ਕਰ ਲੈਂਦੇ ਸਨ । ਸਾਫ਼ ਹੈ, ਗੁਰੂ ਜੀ ਢਾਢੀ ਦੀ ਪਰਿਭਾਸ਼ਾ ਦੇ ਰਹੇ ਹਨ। ਅਸਲੀਂ ਢਾਢੀ ਆਪਣੇ ਮਾਲਕ ਨਾਲ ਪਿਆਰ ਕਰੇ ਤਾਂ ਹੀ ਉਸਦਾ ਗੁਣ ਗਾਨ ਕਰ ਸਕਦਾ ਹੈ। ਢਾਢੀ ਨੂੰ ਬਰਾਬਰੀ ਦਾ ਸਥਾਨ ਨਹੀਂ ਸੀ ਦਿੱਤਾ ਜਾਂਦਾ—ਉਹ ਦਰਵਾਜ਼ੇ ਤੇ ਖੜੇ ਹੋ ਕੇ ਹੀ ਪ੍ਰਸੰਸਾ ਭਰੇ ਗੀਤ ਗਾਏ ਪਰ ਗੁਰੂ ਕਾ ਢਾਢੀ ਤਾਂ ਗੁਰੂ ਦੇ ਸਬਦ ਦੀ ਵੀਚਾਰ ਕਰੇ। ਢਾਢੀ ਦੀ ਅਸਲੀ ਸੇਵਾ ਚਾਕਰੀ ਹਰਿ ਦਾ ਨਾਮ ਜਪਣਾ ਹੈ ਤੇ ਨਾਮ ਜਪਕੇ ਹੀ ਉਸ ਦਾ ਨਿਸਤਾਰਾ ਹੋ ਸਕਦਾ ਹੈ।
ਗੁਰੂ ਅਮਰ ਦਾਸ ਜੀ ਨੇ ਤਾਂ ਢਾਢੀ ਦੇ ਦੋ ਕੰਮ ਨਿਸਚਿਤ ਤੌਰ ਤੇ ਦੱਸੇ ਹਨ। ਪਹਿਲਾ, ਢਾਢੀ ਆਪਣੀ ਥਾਂ ਪਛਾਣ ਕੇ ਦਰਵਾਜ਼ੇ ਤੇ ਹੀ ਖਲੋਵੇ ਫ਼ਿਰ ਗਾਉਣ ਤੋਂ ਬਾਅਦ ਪ੍ਰਭੂ ਦਾ ਨਾਮ ਹੀ ਮੰਗੇ। ਢਾਢੀ ਇਨਾਮ ਲਏ ਬਿਨਾਂ ਦਰਵਾਜ਼ਾ ਨਾ ਛਡੇ। ਜਨ ਸ਼ਤੀ ਦੇ ਮੁਤਾਬਕ ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਲਈ ਤਾਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਹਥ ਜੋੜ ਕੇ ਪਿਤਾ ਗੁਰੂ ਅਰਜਨ ਦੇਵ ਜੀ ਅਗੇ ਬੇਨਤੀ ਕੀਤੀ ਕਿ ਮੈਨੂੰ ਕੀ ਹੁਕਮ ਹੈ—ਕੀ ਮੈਂ ਬਾਣੀ ਰਚਾਂ? ਤਾਂ ਪੰਚਮ ਗੁਰੂ ਨੇ ਫੁਰਮਾਇਆ ‘ਤੁਸੀਂ ਵਾਰਾਂ ਸੁਣ ਕੇ’ ਅਤੇ ਜੋ ਵੀ ਵਾਰ-ਧੁਨਾਂ ਤੁਹਾਨੂੰ ਪਸੰਦ ਆਉਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਈ ਵਾਰਾਂ ਵਿਚੋਂ ਚੁਣਕੇ, ਉਹਨਾਂ ਦੇ ਉਪਰ ਸਿਰਲੇਖ ਨਾਲ ਦਰਜ ਕਰ ਦੇਣੀਆਂ। ਛਟਮ ਗੁਰੂ ਨੇ ਸਤਿ ਬਚਨ ਕੀਤਾ। ਉਦੋਂ ਪਿੰਡ ਸੁਰ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਵਿਚ ਦੋ ਢਾਢੀ ਰਹਿੰਦੇ ਸਨ ਜਿਹਨਾਂ ਦੇ ਨਾਮ ਸਨ : ਮੀਰ ਅਬਦੁੱਲਾ ਅਤੇ ਨਥ ਮਲ। ਇਹ ਦੋਵੇਂ ਗੁਰੂ ਦਰਬਾਰ ਵਿਚ ਆਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਢੱਡ ਅਤੇ ਰਬਾਬ ਵਜਾ ਕੇ ਵਾਰਾਂ ਸੁਣਾਇਆ ਕਰਦੇ ਸਨ। ਇਹਨਾਂ ਨੇ ਜਦੋਂ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਉਪਮਾ ਵਿਚ ਇਕ ਵਾਰ ਗਾਈ। ਸੋਹਨ ਕਵੀ ਨੇ ਗੁਰ ਬਿਲਾਸ ਪਾਤਸ਼ਾਹੀ 6 ਵਿਚ ਨਮੂਨੇ ਵਜੋਂ ਇਕ ਪਉੜੀ ਅੰਕਿਤ ਕੀਤੀ ਜੋ ਮੀਰ ਅਬਦੁੱਲਾ ਅਤੇ ਨਥ ਮਲ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਉਪਮਾ ਵਿਚ ਗਾਈ। ਉਸਦੇ ਬੋਲ ਹਨ :
ਹਰਿ ਸੱਚਾ ਤਖਤ ਸੁਹਾਯੋ, ਸ੍ਰੀ ਗੁਰੁ ਪਾਇਕੈ
ਛਬਿ ਵਰਨੀ, ਨਹਿ ਜਾਇ, ਕਹੋ ਕਿਆ ਗਾਇ ਕੈ
ਰਵਿ ਸਸਿ ਭਏ ਮਲੀਨ, ਸੁ ਦਰਸ ਦਿਖਾਇ ਕੈ
ਸ੍ਰੀ ਗੁਰੁ ਤਖਤ ਵਿਰਾਜੇ, ਪ੍ਰਭੁ ਕੋ ਧਿਆਇ ਕੈ
ਮੀਰ ਅਬਦੁੱਲਾ ਔ ਨਥਾ, ਜਸ ਕਹੈ ਸੁਣਾਇ ਕੈ
(ਗੁਰ ਬਿਲਾਸ ਪਾਤਸ਼ਾਹੀ ੬, ਅਧਿ ੮)
ਢਾਢੀਆਂ ਨੇ ਵਾਰਾਂ ਦੀ ਅਦਾਇਗੀ ਕਿਸ ਢੰਗ ਨਾਲ ਕਰਨੀ ਹੈ, ਉਸ ਅੰਦਾਜ਼
ਦਾ ਜ਼ਿਕਰ ਵੀ ਕਵੀ ਸੋਹਨ ਨੇ ਕੀਤਾ ਹੈ :
ਸਤ ਵਚਨੇ ਢਾਢੀ ਕਹੇ, ਨੱਥੂ ਢੱਢ ਵਜਾਇ ਅਬਦੁਲ ਹੱਥ ਰਬਾਬ ਲੈ, ਡਾਢਾ ਗੁਰੂ ਸਮਝਾਇ
(ਗੁਰ ਬਿਲਾਸ ਪਾਤਸ਼ਾਹੀ ੬)
ਜ਼ਾਹਿਰ ਹੈ, ਭਾਵੇਂ ਰਬਾਬੀਆਂ ਦਾ ਅਗਾਜ਼ ਗੁਰੂ ਘਰ ਵਿਚ ਗੁਰੂ ਨਾਨਕ ਸਾਹਿਬ ਦੇ ਸਮੇਂ ਭਾਈ ਮਰਦਾਨੇ ਨਾਲ ਹੋਇਆ ਪਰ ਢਾਢੀਆਂ ਦੀ ਆਮਦ ਗੁਰੂ ਘਰ ਵਿਚ ਛੇਵੀਂ ਪਾਤਸ਼ਾਹੀ ਦੇ ਸਮੇਂ ਹੀ ਹੋਈ। ਉਹਨਾਂ ਦੇ ਗਾਉਣ ਦੇ ਅੰਦਾਜ਼ ਜਾਂ ਅਦਾਇਗੀ ਦੇ ਢੰਗ ਦਾ ਜ਼ਿਕਰ ਵੀ ਸੋਹਨ ਕਵੀ ਨੇ ਗੁਰ ਬਿਲਾਸ ਪਾਤਸ਼ਾਹੀ 6 ਵਿਚ ਕੀਤਾ ਹੈ। ਢਾਢੀਆਂ ਦੀ ਟੋਲੀ ਦਾ ਮੋਹਰੀ ਵਿਖਿਆਨ ਕਰਦਾ ਹੈ ਤੇ ਨਾਲ ਹੀ ਰਬਾਬ ਵੀ ਵਜਾਉਂਦਾ ਹੈ। ਇਸਦਾ ਦੂਸਰਾ ਸਾਥੀ ਢੱਢ ਵਜਾਕੇ ਗਾਉਂਦਾ ਹੈ। ਇਹੋ ਪਰੰਪਰਕ ਅੰਦਾਜ਼ ਅੱਜ ਵੀ ਮੌਜੂਦ ਹੈ।
ਗੁਰੂ ਇਤਿਹਾਸ ਦੇ ਅਨੁਸਾਰ ਦਸਮ ਗੁਰੂ ਦੇ ਦਰਬਾਰ ਵਿਚ ਦੋ ਢਾਢੀ ਸਨ : (1) ਮੀਰ ਛਬੀਲਾ (2) ਮੁਸ਼ਕੀ। ਇਸ ਤੱਥ ਦੀ ਪੁਸ਼ਟੀ ਗਿਆਨੀ ਗੁਰਦਿੱਤ ਸਿੰਘ ਵਲੋਂ ਸੰਪਾਦਿਤ ਅਮਰ ਨਾਮਾ ਪਾਤਸ਼ਾਹੀ 10 ਪੰਨਾ 139 ਤੋਂ ਹੋ ਜਾਂਦੀ ਹੈ। ਮੀਰ ਛਬੀਲੇ ਤੇ ਮੁਸ਼ਕੀ ਦੀਆਂ ਬੀਰ ਰਸੀ ਵਾਰਾਂ ਜੋ ਉਹਨਾਂ ਵਾਰ ਭੰਗਾਣੀ, ਵਾਰ ਨਦੌਣ ਆਦਿ ਬਾਰੇ ਲਿਖੀਆਂ ਬੜੀਆਂ ਜੋਸ਼ੀਲੀਆਂ ਹਨ। ਸੰਖੇਪ, ਵਿਚ ਕਿਹਾ ਜਾ ਸਕਦਾ ਹੈ, ਢਾਢੀ ਪਰੰਪਰਾ ਜਿਥੇ ਗੁਰੂ ਘਰ ਵਿਚ ਪ੍ਰਵਾਨ ਚੜ੍ਹੀ। ਉਥੇ ਰਬਾਬੀ ਸੰਪ੍ਰਦਾਇ ਵੀ ਗੁਰੂ ਸਾਹਿਬਾਨ ਨਾਲ ਹੀ ਗੁਰੂ ਘਰ ਵਿਚ ਜੰਮੀ, ਜੁਆਨ ਹੋਈ ਤੇ ਪ੍ਰਵਾਨ ਚੜ੍ਹੀ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਰਬਾਬੀ ਸੀ ਤੇ ਲਗਭਗ 54 ਵਰ੍ਹੇ ਗੁਰੂ ਨਾਨਕ ਦੇਵ ਜੀ ਨਾਲ ਹੀ ਰਿਹਾ। ਇੰਨਾ ਲੰਮਾ ਗੁਰੂ ਸਾਹਿਬ ਦਾ ਸਾਥ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ।
ਇਥੇ ਇਹ ਸੰਕੇਤ ਕਰਨਾ ਉਚਿਤ ਰਹੇਗਾ ਗੁਰੂ ਘਰ ਵਿਚ ਸਮੇਂ ਨਾਲ ਕਈ ਕੁਛ ਨਵਾਂ ਵਾਪਰਦਾ ਰਿਹਾ। ਗੁਰੂ ਨਾਨਕ ਸਾਹਿਬ ਨੇ ਕੀਰਤਨ ਦੀ ਪਰੰਪਰਾ ਚਲਾਈ। ਛੇਵੇਂ ਪਾਤਸ਼ਾਹ ਨੇ ਢਾਢੀ ਪਰੰਪਰਾ ਦਾ ਗੁਰੂ ਘਰ ਨਾਲ ਰਿਸ਼ਤਾ ਜੋੜਿਆ। ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਪੁਨਰ ਸੰਪਾਦਨਾ ਕਰਕੇ ਕਥਾ-ਪਰੰਪਰਾ ਦਾ ਆਗਾਜ਼ ਕੀਤਾ। ਦਸਵੇਂ ਗੁਰੂ ਦੇ ਦਰਬਾਰ ਵਿਚ ਵੀ ਦੋ ਢਾਢੀ ਮਸ਼ਹੂਰ ਸਨ। ਪਰ ਅਸਲ ਗੱਲ ਉਸ ਗਾਇਨ-ਸ਼ੈਲੀ ਦੀ ਹੈ ਜਿਸਨੇ ਵਾਰ-ਸ਼ੈਲੀ ਨੂੰ ਜਨਮ ਦਿੱਤਾ । ਪੰਜਾਬੀ ਸਾਹਿਤ ਵਿਚ ਸਾਹਿਤ ਰੂਪ-ਭੇਦ ਦੀਆਂ ਅਨੇਕ ਵੰਨਗੀਆਂ ਹਨ ਪਰ ‘ਵਾਰ’ ਸ਼ੁਧ ਪੰਜਾਬੀ ਸਾਹਿਤ ਦੀ ਮੌਲਿਕ ਕਾਵਿ-ਭੇਦ ਹੈ। ਪਹਿਲੋਂ ਪਹਿਲ ਇਹ ਲੋਕ-ਜੀਵਨ ਦੇ ਨਾਇਕਾਂ ਦੀ ਉਪਮਾ ਨਾਲ ਜੁੜਿਆ ਰਿਹਾ। ਗੁਰੂ ਗ੍ਰੰਥ ਵਿਚ ਦਰਜ ਨੌ ਧੁਨਾਂ ਜੋ ਅਧਿਆਤਮਕ ਵਾਰਾਂ ਉਪਰ ਦਰਜ ਹਨ। ਇਸੇ ਤੱਥ ਦੀ ਪੁਸ਼ਟੀ ਕਰਦੀਆਂ ਹਨ। ਅਧਿਆਤਮਕ ਵਾਰ ਤੋਂ ਬਾਅਦ ਵਾਰ-ਸ਼ੈਲੀ ਨੇ ਇਤਿਹਾਸ ਵਲ ਮੂੰਹ ਕਰ ਲਿਆ ਹੈ ਤੇ ਪੰਜਾਬੀ ਸਾਹਿਤ ਵਿਚ ਹਰੀ ਸਿੰਘ ਨਲੂਏ ਦੀ ਵਾਰ, ਚਠਿਆਂ ਦੀ ਵਾਰ ਆਦਿ ਇਸੇ ਤੱਥ ਦੀ ਗਵਾਹੀ ਭਰਦੀਆਂ ਹਨ। ਕੁਲ ਮਿਲਾਕੇ, ਰਬਾਬੀਆਂ ਦਾ ਤੇ ਢਾਢੀਆਂ ਦਾ ਵਾਰ-ਸ਼ੈਲੀ ਨਾਲ ਅਤਿ ਗਹਿਰਾ ਸੰਬੰਧ ਹੈ।
ਜਨਮ ਭਾਈ ਮਰਦਾਨਾ
ਮਹਾਨ ਕੋਸ਼ : ਭਾਈ ਕਾਨ੍ਹ ਸਿੰਘ ਨੇ ਭਾਈ ਮਰਦਾਨਾ ਜੀ ਦਾ ਜਨਮ ਸੰਨ 1459 ਈ. ਵਿਚ ਹੋਇਆ, ਲਿਖਿਆ ਹੈ।
ਗੁਰੂ ਗ੍ਰੰਥ ਕੋਸ਼-ਭਾਗ 2 : ਡਾ. ਰਤਨ ਸਿੰਘ ਜੱਗੀ ਨੇ ਭਾਈ ਕਾਨ੍ਹ ਸਿੰਘ ਦੇ ਮਤ ਦੀ ਪ੍ਰੋੜਤਾ ਕੀਤੀ ਹੈ।
ਪੁਰਾਤਨ ਇਤਿਹਾਸਕ ਜੀਵਨੀਆਂ : ਪ੍ਰਿੰਸੀਪਲ ਸਤਿਬੀਰ ਸਿੰਘ ਨੇ ਭਾਈ ਮਰਦਾਨੇ ਦਾ ਜਨਮ 1459 ਈ. ਨੂੰ ਹੀ ਮੰਨਿਆ ਹੈ।
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ : ਭਾਈ ਮੰਗਲ ਸਿੰਘ ਉਪਦੇਸ਼ਕ, ਮੰਗਲ ਸਿੰਘ ਦੀ ਇਹ ਲਿਖਤ ਸੰਨ 1916 ਵਿਚ ਪ੍ਰਕਾਸ਼ਤ ਹੋਈ। ਮੰਗਲ ਸਿੰਘ ਉਪਦੇਸ਼ਕ ਨੇ ਇਸ ਪੁਸਤਕ ਦੀ ਆਧਾਰ ਸਾਮਗ੍ਰੀ ਦੇ ਸ੍ਰੋਤ ਬਾਰੇ ਕੋਈ ਸੰਕੇਤ ਨਹੀਂ ਕੀਤਾ। ਇਸਦਾ ਮੂਲ ਕਵਿਤਾ ਵਿਚ ਡਾ. ਰਜਿੰਦਰ ਕੌਰ ਇਸ ਦੀ ਰੁਪਾਂਤਰਕਾਰ ਹੈ ਉਸਨੇ ਮਰਦਾਨੇ ਦੇ ਮੁਖੋਂ ਬਾਬਾ ਬੁੱਢਾ ਜੀ ਨਾਲ ਵਾਰਤਾਲਾਪ ਕਰਦਿਆਂ ਇਸ ਤਰ੍ਹਾਂ ਦਰਜ ਕਰਵਾਇਆ ਹੈ।
“ਰਾਇ ਭੋਂਇ ਕੀ ਭੱਟੀ, ਰਾਜਪੂਤ ਨੇ 1486 ਬਿਕ੍ਰਮੀ ਅਥਵਾ ਸੰਨ 1429 ਈ. ਵਿਚ ਜਦੋਂ ਆਪਣੇ ਨਾਮ ਤੇ ਰਾਏ ਭੋਂਇ ਕੀ ਤਲਵੰਡੀ ਵਸਾਈ ਤਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਵੱਡੇ ਜਠੇਰੇ ਪਿੰਡ ਗੋਡੇ ਤੋਂ ਆਣ ਕੇ ਇਥੇ ਵਸੇ ਸਨ। ਉਸੀ ਸਮੇਂ ਮੇਰੇ ਜਜਮਾਨ ਪਿੰਡ ਲਖਣਕੇ ਤੋਂ ਸੰਧੂ ਜਿੰਮੀਦਾਰ ਜਿਨ੍ਹਾਂ ਵਿਚੋਂ ਭਾਈ ਬਾਲਾ ਜੀ ਹਨ-ਇਥੇ ਆ ਕੇ ਵਸੇ। ਉਹਨਾਂ ਦੇ ਨਾਲ ਮੇਰੇ ਵੱਡੇ ਰਜਾਨੀ ਜੀ ਚੌਬੜ ਜਾਤ ਦੇ ਮਰਾਸੀ ਵੀ ਇਥੇ ਇਸ ਜਗਹ ਆ ਗਏ। ਉਸ ਦੀ ਵੰਸ਼ ਤੋਂ ਭਾਦੜਾ ਤੇ ਭਾਦੜਾ ਤੋਂ ਮੇਰਾ ਪਿਤਾ- ਬਾਦਰਾ (ਬਾਦੀਆ) ਪੈਦਾ ਹੋਇਆ। ਉਸ ਦੇ ਘਰੋਂ ਲਖੋ ਦੀ ਕੁਖੋਂ ਮੇਰਾ ਜਨਮ 1516 ਬਿਕ੍ਰਮੀ ਸੰਨ 1459 ਨੂੰ ਹੋਇਆ। ਇਕ ਦਿਨ ਮੇਰਾ ਪਿਤਾ ਕਿਤੇ ਬਾਹਰ ਗਿਆ ਹੋਇਆ ਸੀ । ਦਾਣਿਆਂ ਦੀ ਤੰਗੀ ਵੇਖ ਕੇ ਮੇਰੀ ਮਾਂ ਨੇ ਮੈਨੂੰ ਆਖਿਆ “ਕਿਸੇ ਕੋਠਾ ਕਿਸੇ ਪੱਲਾ, ਮੈਨੂੰ ਆਸ ਤੇਰੀ ਅਲਾ” ਉਸ ਵਕਤ ਗੁਰੂ ਜੀ ਬਾਲਕਾਂ ਨਾਲ ਖੇਡ ਕੇ ਘਰ ਵਾਪਸ ਜਾ ਰਹੇ ਸੀ । ਇਹ ਗੱਲ ਸੁਣਕੇ ਬਾਲਕ ਗੁਰੂ ਜੀ ਨੇ ਰਸ ਭਿੰਨੀ ਜ਼ੁਬਾਨ ਵਿਚ ਬਚਨ ਕੀਤੇ-“ਅਸੀਂ ਵੀ ਅਲਾ ਦਾ ਆਸਰਾ ਰੱਖਦੇ ਹਾਂ ਤੇ ਤੁਹਾਡਾ ਆਸਰਾ ਵੀ ਅਲਾ ਹੀ ਹੈ, ਸਾਨੂੰ ਅਲਾ ਵਾਲਿਆਂ ਦੀ ਅਤੀ ਲੋੜ ਹੈ, ਆਪਣਾ ਪੁੱਤਰ ਸਾਨੂੰ ਦੇ ਛੱਡ” ਮੇਰੀ ਮਾਂ ਆਖਣ ਲੱਗੀ “ਤੁਸੀਂ ਮੇਰੇ ਜਜਮਾਨ ਹੋ, ਮੇਰਾ ਪੁੱਤਰ ਤਾਂ ਰਾਗ ਦਾ ਪ੍ਰੇਮੀ ਹੈ, ਇਸ ਗਵਈਏ ਤੋਂ ਤੁਹਾਡਾ ਕੀ ਕੰਮ ਸੰਵਰੇਗਾ? ਸਾਡਾ ਤਾਂ ਇਹ ਕੁਝ ਨਹੀਂ ਸੰਵਾਰਦਾ। ਗੁਰੂ ਜੀ ਬੋਲੇ ਗਵਈਆ ਨਿਕੰਮਾ ਨਹੀਂ ਹੁੰਦਾ, ਗਵਈਆ ਤੇ ਕਵੀ ਦੋਵੇਂ ਮਰਦ, ਮਰਦਾਨਾ ਹੁੰਦੇ ਹਨ, ਸਾਨੂੰ ਇਸ ਦੇ ਰਾਗ ਦੀ ਲੋੜ ਹੈ” ਉਸੇ ਦਿਨ ਤੋਂ, ਮੇਰੇ ਉਪਰ ਗੁਰੂ ਦੀ ਕ੍ਰਿਪਾ ਹੋ ਗਈ-ਮੈਨੂੰ ਉਹਨਾਂ ਮਰਦਾਨਾ ਨਾਮ ਬਖਸ਼ਿਆ । ਬਾਬਾ ਬੁੱਢਾ ਜੀ ਤੇ ਭਾਈ ਮਰਦਾਨੇ ਦੇ ਆਪਸੀ ਵਾਰਤਾਲਾਪ ਤੋਂ ਦੋ ਤਿੰਨ ਤੱਥ ਨਿਖਰ ਕੇ ਸਾਹਮਣੇ ਆਉਂਦੇ ਹਨ। ਪਹਿਲਾ-ਮਰਦਾਨਾ ਜੀ ਦਾ ਜਨਮ। ਦੂਜਾ ਰਾਇ ਭੋਇ ਕੀ ਤਲਵੰਡੀ ਦੀ ਸਥਾਪਨਾ। ਤੀਜਾ ਗੁਰੂ ਨਾਨਕ ਸਾਹਿਬ ਦੇ ਜਠੇਰਿਆਂ ਦਾ ਇਥੇ ਆ ਕੇ ਅਬਾਦ ਹੋਣਾ । ਚੌਥਾ ਮਰਦਾਨਾ ਜੀ ਦੇ ਵੱਡ-ਵਡੇਰੇ ਵੀ ਇਸ ਥਾਂ ਕਿਸ ਤਰ੍ਹਾਂ ਆ ਕੇ ਅਬਾਦ ਹੋਏ।
ਭਾਈ ਮਰਦਾਨਾ ਦੀ ਤਾਲੀਮ
ਇਹ ਤਾਂ ਪਤਾ ਹੀ ਹੈ ਕਿ ਮਰਦਾਨਾ ਜੀ ਜਿਸ ਖਾਨਦਾਨ ਨਾਲ ਸੰਬੰਧਿਤ ਹਨ ਉਹ ਆਪਣੇ ਸਮੇਂ ਦੇ ਨਾਮੀ ਮਰਾਸੀ ਸਨ । ਗਾਇਕੀ ਲਈ ਸੁਰੀਲਾ ਗਲਾ ਰਬ ਦੀ ਦੇਣ ਹੈ। ਉਤੋਂ ਪਿਤਾ-ਪੁਰਖੀ ਰਾਗ-ਵਿਦਿਆ ਦੇ ਮਾਹਿਰ ਸਨ। ਮਰਦਾਨਾ ਜੀ ਨੂੰ ਸੁਰੀਲੀ ਆਵਾਜ਼ ਤੇ ਰਾਗ-ਵਿਦਿਆ ਦੋਵੇਂ ਪ੍ਰਾਪਤ ਸਨ। ਸੋਜ਼ਭਰੀ ਅਵਾਜ਼ ਰਬੋਂ ਪ੍ਰਾਪਤ ਸੀ ਤੇ ਰਾਗ-ਗਾਇਕੀ ਦੀ ਸੂਝ ਪਿਤਾ-ਪੁਰਖੀ ਤੋਂ ਪ੍ਰਾਪਤ ਹੋਈ। ਇਸ ਤਰ੍ਹਾਂ ਮਰਦਾਨਾ ਜੀ ਦੇ ਗਾਇਨ ਵਿਚ ਰਸ ਸੀ। ਮਿਰਾਸੀ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਦਾ ਇਕ ਤਰ੍ਹਾਂ ਵਰ ਮਿਲਿਆ “ਕਵੀ ਤੇ ਮਰਾਸੀ ਦੋਵੇਂ ਮਰਦ, ਮਰਦਾਨੇ ਹੁੰਦੇ ਹਨ”। ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ। ਬਾਬੇ ਨਾਨਕ ਨੇ ਆਪਣੀ ਬਾਲ ਅਵਸਥਾ ਵਿਚ ਹੀ ਮਿਰਾਸੀ ਤੋਂ ਮਰਦਾਨਾ ਬਣਾ ਲਿਆ। ਮਰਦਾਨਾ ਜੀ ਸੰਗੀਤਕ ਰੁਚੀਆਂ ਦੇ ਕੇਵਲ ਸੁਆਮੀ ਹੀ ਨਹੀਂ ਸਨ ਸਗੋਂ ਇਹ ਬਹੁਤ ਘਟ ਲੋਕਾਂ ਨੂੰ ਪਤਾ ਹੈ ਕਿ ਸੰਸਾਰ ਪ੍ਰਸਿੱਧ ਗਾਇਕ ਤਾਨਸੇਨ > ਦੇ ਗੁਰੂ ਹਰਿਦਾਸ ਮਰਦਾਨਾ ਜੀ ਦੇ ਸ਼ਾਗਿਰਦ ਸਨ।
ਇਸੇ ਤੋਂ ਇਹ ਟੁਹ ਪ੍ਰਾਪਤ ਹੁੰਦੀ ਹੈ ਮਰਦਾਨਾ ਜੀ ਪਾਰੰਗਤ ਸੰਗੀਤਕਾਰ ਸਨ। ਉਸ ਜ਼ਮਾਨੇ ਦੇ ਰਬਾਬੀ ਅਥਵਾ ਰਬਾਬ ਅਤੇ ਸੰਗੀਤ ਵਿਚ ਸ਼ੌਕ ਰੱਖਣ ਵਾਲੇ ਸੱਜਣ ਕਿਸੇ ਗੁਣੀ ਸੰਗੀਤਕਾਰ ਨੂੰ ਗੁਰੂ ਧਾਰ ਲੈਂਦੇ ਸਨ ਤੇ ਉਸ ਪਾਸੋਂ ਰਾਗ-ਵਿਦਿਆ ਤੇ ਸਾਜ਼ ਵਿੱਦਿਆ ਦੇ ਗੁਣ ਗ੍ਰਹਿਣ ਕਰਦੇ ਸਨ। ਐਵੇਂ ਨਹੀਂ ਹਰੀਦਾਸ ਮਰਦਾਨਾ ਜੀ ਦੇ ਸ਼ਾਗਿਰਦ ਬਣੇ। ਮਰਦਾਨਾ ਜੀ ਪਾਸ ਰਬਾਬੀ ਕਸਬ ਦੇ ਸਾਰੇ ਗੁਣ ਸਨ ਪਰ ਉਸ ਨੂੰ ਜੇਹੜੀ ਜਾਗ ਬਾਬਾ ਨਾਨਕ ਨੇ ਲਾਉਣੀ ਸੀ, ਉਹੋ ਦਰਗਾਹੀ ਮੁਹਰ ਸੀ। ਉਸ ਅੰਦਰ ਰਾਗ ਅਤੇ ਬਾਣੀ ਦਾ ਰਸ ਅਜੇ ਘੁਲਣਾ ਸੀ।
ਆਮ ਕਿਹਾ ਜਾਂਦਾ ਹੈ ਕਿ ਮਿਰਾਸੀ ਜਨਮ ਤੋਂ ਹੀ ਗਾਇਕ ਹੁੰਦਾ ਹੈ। ਕਹਿੰਦੇ ਨੇ ਮਿਰਾਸੀ ਬੱਚੇ ਦੇ ਜਨਮ ਸਮੇਂ ਦੀ ਪਹਿਲੀ ਰੋਣ ਦੀ ਅਵਾਜ਼ ਵੀ ਸੁਰ ਵਿਚ ਹੁੰਦੀ ਹੈ। ਜੇ ਅਵਾਜ਼ ਸੁਰ ਵਿਚ ਹੁੰਦੀ ਹੈ ਤਾਂ ਸੰਗੀਤ ਬਣ ਜਾਂਦੀ ਹੈ। ਜੇ ਉਹੀ ਬੇ-ਸੁਰੀ ਹੋਵੇ ਤਾਂ ਸ਼ੋਰਗੁਲ ਬਣ ਜਾਂਦੀ ਹੈ। ਭਲਾ ਜੇ ਅਵਾਜ਼ ਪੁਰ-ਕਸ਼ਿਸ਼ ਹੋਵੇ ਤਾਂ ਵੀ ਪ੍ਰਬੁੱਧ ਸੰਗੀਤਕਾਰ ਬਣਨ ਲਈ ਸ਼ਾਸਤਰੀ ਸੰਗੀਤ ਜਾਂ ਉਚੇਰਾ ਹੁਨਰ ਪ੍ਰਾਪਤ ਕਰਨ ਲਈ ਵਿਦਿਆ ਆਪਣੇ ਬਜ਼ੁਰਗਾਂ ਜਾਂ ਉਸਤਾਦ ਘਰਾਣਿਆਂ ਤੋਂ ਲੈਣੀ ਹੀ ਪੈਂਦੀ ਹੈ। ਸਿਆਣੇ ਕਹਿੰਦੇ ਨੇ ਐਬ ਕਰਨ ਦੇ ਵੀ ਗੁਰ ਸਿਖਣੇ ਪੈਂਦੇ ਨੇ। ਫ਼ਿਰ ਮਿਆਰੀ ਇਲਮ ਜਾਂ ਭਰਪੂਰ ਮਾਹਿਰੀ ਪ੍ਰਾਪਤ ਕਰਨ ਲਈ ਉਸਤਾਦ ਧਾਰਨਾ ਹੀ ਪੈਂਦਾ ਹੈ।
ਕਿਡੇ ਨਸੀਬਾਂ ਵਾਲਾ ਸੀ ਭਾਈ ਮਰਦਾਨਾ ਜਿਸ ਨੂੰ ਬਾਬੇ ਨਾਨਕ ਵਰਗਾ ਮੁਰਸ਼ਦ ਮਿਲ ਗਿਆ। ਬਾਬੇ ਦੀ ਅਪਾਰ ਰਹਿਮਤ ਸਦਕਾ ਮਿਰਾਸੀ ਮਰਦਾਨਾ ਰਬਾਬੀ ਬਣ ਗਿਆ। ਬਾਬੇ ਨਾਨਕ ਨੇ ਮਰਦਾਨੇ ਦੇ ਹਥਾਂ ਵਿਚ ਰਬਾਬ ਜੋ ਮੂਲ ਰੂਪ ਵਿਚ ਇਰਾਨੀ ਸਾਜ਼ ਹੈ, ਦੇ ਦਿੱਤਾ, ਅੰਮ੍ਰਿਤ ਦ੍ਰਿਸ਼ਟ ਕਰਦੇ ਹੋਏ ਆਪਣਾ ਸਾਥੀ ਚੁਣ ਲਿਆ। ਜਗਤ ਜਲੰਦੇ ਦਾ ਉਧਾਰ ਜੋ ਕਰਨਾ ਸੀ ਅਕਾਲੀ ਬਾਣੀ ਦੇ ਗਾਇਨ ਨਾਲ। ਉਸ ਵੇਲੇ ਰਬਾਬੀਆਂ ਦਾ ਪਿਆਰਾ ਤੰਤੀ ਸਾਜ਼ ਰਬਾਬ ਹੀ ਹੁੰਦਾ ਸੀ। ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਰਾਮ, ਰਾਇ ਬੁਲਾਰ ਦੇ ਦਸਾਂ ਪਿੰਡਾਂ ਦਾ ਪਟਵਾਰੀ ਹੁੰਦਾ ਸੀ। ਮਰਦਾਨੇ ਦੇ ਪਿਤਾ ਬਾਦਰੇ ਦਾ ਗੁਰੂ ਸਾਹਿਬ ਦੇ ਪਰਵਾਰ ਵਿਚ ਨਿੱਤ ਦਾ ਆਉਣਾ ਜਾਣਾ ਸੀ। ਮਿਰਾਸੀ ਹੋਣ ਦੇ ਨਾਤੇ ਉਸਦੇ ਟੱਬਰ ਦੀਆਂ ਕਈ ਲੋੜਾਂ, ਰੋਜ਼ੀ ਰੋਟੀ ਗੁਰੂ ਜੀ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਸਨ। ਇਹੀ ਕਾਰਣ ਸੀ ਕਿ ਇਹ ਪਰਿਵਾਰ ਪਿਤਾ ਕਾਲੂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ। ਮਰਦਾਨੇ ਦਾ ਗੁਰੂ ਸਾਹਿਬ ਦੀ ਨਜ਼ਰ ਵਿਚ ਆਉਣ ਦਾ ਇਕ ਕਾਰਣ ਇਹ ਵੀ ਹੋ ਸਕਦਾ ਹੈ। ਭਾਈ ਮਰਦਾਨਾ ਜੀ ਨੂੰ ਗੁਰਮੁਖੀ ਜਾਂ ਫਾਰਸੀ ਦਾ ਅੱਖਰ ਬੋਧ ਵੀ ਸੀ ਅਜੇਹਾ ਸੰਕੇਤ ਕਿਸੇ ਵੀ ਲਿਖਿਤ ਜਾਂ ਜਨਮ ਸਾਖੀ ਵਿਚ ਉਪਲੱਬਧ ਨਹੀਂ। ਕਿਹਾ ਨਹੀਂ ਜਾ ਸਕਦਾ ਕਿ ਉਹ ਗਾਉਣ-ਸਾਮਗ੍ਰੀ ਦੀ ਕਿਸ ਤਰ੍ਹਾਂ ਸੰਭਾਲ ਕਰਦਾ ਸੀ ਜਾਂ ਫ਼ਿਰ ਯਾਦ ਰੱਖਦਾ ਸੀ? ਪਰ ਇਸ ਮੁਆਮਲੇ ਵਿਚ ਇਕ ਗੱਲ ਸਾਫ਼ ਹੈ ਉਹ ਧਰ ਦਰਗਾਹੋਂ ਸਾਜ਼-ਅਵਾਜ਼ ਦੇ ਧਨੀ ਸਨ।
ਭਾਈ ਮਰਦਾਨਾ : ਵਿਆਹ ਅਤੇ ਸੰਤਾਨ
ਗੁਰੂ ਸਾਖੀਕਾਰਾਂ ਤੇ ਇਤਿਹਾਸਕਾਰਾਂ ਨੇ ਭਾਈ ਮਰਦਾਨੇ ਦੇ ਮਾਤਾ-ਪਿਤਾ ਦੇ ਨਾਮ ਤਾਂ ਅੰਕਿਤ ਕੀਤੇ ਹਨ। ਪਰ ਮਰਦਾਨਾ ਜੀ ਦੀ ਧਰਮ ਪਤਨੀ ਦਾ ਕੀ ਨਾਮ ਸੀ— ਇਸ ਬਾਰੇ ਸਭ ਖਾਮੋਸ਼ ਹਨ। ਉਹਨਾਂ ਦਾ ਵਿਆਹ ਕਿਹੜੇ ਸੰਨ ਵਿਚ ਹੋਇਆ ਇਸ ਬਾਰੇ ਵੀ ਕੋਈ ਸੰਕੇਤ ਕਿਧਰੋਂ ਪ੍ਰਾਪਤ ਨਹੀਂ ਹੁੰਦਾ। ਇਕ ਗੱਲ ਦਾ ਸੰਕੇਤ ਜ਼ਰੂਰ ਪ੍ਰਾਪਤ ਹੁੰਦਾ ਹੈ ਕਿ ਉਹ ਸ਼ਾਦੀਸ਼ੁਦਾ ਸੀ ਤੇ ਉਹਨਾਂ ਦੇ ਤਿੰਨ ਬੱਚੇ ਸਨ। ਦੋ ਪੁੱਤਰ ਸ਼ਹਿਜ਼ਾਦਾ ਅਤੇ ਰਜਾਦਾ’ ਅਤੇ ਇਕ ਲੜਕੀ। ਰਬਾਬੀ ਹੋਣ ਕਰਕੇ ਗੁਰੂ ਨਾਨਕ ਸਾਹਿਬ ਦੇ ਵਿਆਹ ਤੇ ਮਰਦਾਨੇ ਨੇ ਆਪਣੇ ਗਾਇਨ ਨਾਲ ਬੜਾ ਰੰਗ ਲਾਇਆ। ਸਾਰੇ ਜਾਂਞੀ ਮਾਂਞੀ ਮਰਦਾਨੇ ਦੇ ਗਾਇਨ ਨਾਲ ਬਹੁਤ ਖੁਸ਼ ਹੋਏ। ਇਸ ਵਿਆਹ ਦੇ ਮੌਕੇ ਤੇ ਗੁਰੂ ਸਾਹਿਬ ਨੇ ਉਸਨੂੰ ਇਕ ਨਵੀਂ ਰਬਾਬ ਲੈ ਦਿੱਤੀ । ਗੁਰੂ ਨਾਨਕ ਸਾਹਿਬ ਦੀ ਸ਼ਾਦੀ ਸੁਲਤਾਨਪੁਰ ਹੋਈ ਸੀ। ਸੋ ਮਰਦਾਨਾ ਸ਼ਾਦੀ ਦੇ ਸਮਾਗਮ ਤੋਂ ਬਾਦ ਵਾਪਸ ਤਲਵੰਡੀ ਆ ਗਿਆ। ਪਰ ਖਾਲੀ ਨਹੀਂ ਆਇਆ। ਬਾਬੇ ਨੇ ਬਚਨ ਕੀਤਾ-ਮੈਂ ਤੈਨੂੰ ਜਲਦੀ ਹੀ ਸਦਵਾ ਲਵਾਂਗਾ। ਗੁਰੂ ਬਾਬੇ ਨੇ ਮਰਦਾਨੇ ਨੂੰ ਦੁਬਾਰਾ ਤਲਵੰਡੀ ਤੋਂ ਅਜੇਹਾ ਬੁਲਵਾਇਆ ਕਿ ਉਹ ਫ਼ਿਰ ਕਦੀ ਵਾਪਸ ਤਲਵੰਡੀ ਰਹਿਣ ਲਈ ਨਹੀਂ ਆਇਆ। ਮਰਦਾਨੇ ਜੀ ਦਾ ਵੱਡਾ ਪੁੱਤਰ ਸਜਾਦਾ ਜੀ ਤਲਵੰਡੀ ਹੀ ਰਹੇ ਤੇ ਛੋਟਾ ਪੁੱਤਰ ਰਜਾਦਾ ਜੀ ਕਰਤਾਰਪੁਰ ਆ ਟਿਕੇ। ਲੜਕੀ ਦੀ ਸ਼ਾਦੀ ਭਾਈ ਮਰਦਾਨੇ ਨੇ ਬਾਬਾ ਜੀ ਦੀ ਸਹਾਇਤਾ ਨਾਲ ਕੀਤੀ। ਭਾਈ ਮਨਸੁਖ ਨੇ ਬਾਬਾ ਜੀ ਦੇ ਕਹਿਣ ਤੇ ਮਰਦਾਨੇ ਦੀ ਲੜਕੀ ਦੇ ਕਪੜੇ ਤੇ ਦਾਜ ਆਦਿ ਬੜੇ ਪਿਆਰ ਨਾਲ ਤਿਆਰ ਕਰਵਾਇਆ। ਇਹ ਮਨਸੁਖ ਲਾਹੌਰ ਦਾ ਰਹਿਣ ਵਾਲਾ ਸੀ ਤੇ ਉਹਨੀਂ ਦਿਨੀਂ ਲੰਕਾ ਤਕ ਵਪਾਰ ਕਰਦਾ ਸੀ। ਚੰਗਾ ਧਨੀ ਆਦਮੀ ਸੀ। ਏਸੇ ਨੇ ਹੀ ਰਾਜਾ ਸ਼ਿਵਨਾਭ ਜੋ ਲੰਕਾ ਦਾ ਰਾਜਾ ਸੀ, ਉਸ ਪਾਸ ਗੁਰੂ ਬਾਬੇ ਦੀ ਪ੍ਰਸੰਸਾ ਕੀਤੀ। ਗੁਰੂ ਨਾਨਕ ਸਾਹਿਬ ਦੀ ਉਪਮਾ ਸੁਣਕੇ ਹੀ ਰਾਜਾ ਸ਼ਿਵਨਾਭ ਦੇ ਮਨ ਵਿਚ ਗੁਰੂ ਪਾਤਸ਼ਾਹ ਦੇ ਦੀਦਾਰ ਦੀ ਸਿੱਕ ਪੈਦਾ ਹੋ ਗਈ। ਸਮਾਂ ਆਉਣ ਤੇ ਰਾਜਾ ਸ਼ਿਵਨਾਭ ਜਦੋਂ ਗੁਰੂ ਬਾਬੇ ਨੂੰ ਮਿਲਿਆ ਤਾਂ ਭਾਈ ਮਨਸੁਖ ਵੀ ਨਾਲ ਹੀ ਸੀ। ਭਾਈ ਮਨਸੁਖ ਭਾਈ ਮਰਦਾਨੇ ਨੂੰ ਵੀ ਜਾਣਦਾ ਸੀ। ਗੁਰੂ ਪਾਤਸ਼ਾਹ ਦੇ ਇਸ਼ਾਰਾ ਕਰਨ ਤੇ ਭਾਈ ਮਨਸੁਖ ਨੇ ਭਾਈ ਮਰਦਾਨੇ ਦੀ ਲੜਕੀ ਦਾ ਬੜਾ ਸੁੰਦਰ ਦਾਜ ਬਣਵਾਇਆ। ਸਾਖੀਕਾਰਾਂ ਨੇ ਮਨਸੁਖ ਦੀ ਥਾਂ ਭਗੀਰਥ ਬਾਣੀਆ ਵੀ ਲਿਖਿਆ ਹੈ।
ਭਾਈ ਮਰਦਾਨੇ ਦਾ ਗੁਰੂ ਬਾਬੇ ਨਾਲ ਮੇਲ
ਜਦੋਂ ਜਨਮਾਂ ਦੀ ਤਪੱਸਿਆ ਵਰ ਆਵੇ ਤਾਂ ਕਿਸੇ ਨੂੰ ਬਾਬੇ ਨਾਨਕ ਦਾ ਸੰਗ-ਸਾਥ ਨਸੀਬ ਹੋਵੇ। ਸਿੱਖ-ਗੁਰੂ ਇਤਿਹਾਸ ਵਿਚ ਸ਼ਾਇਦ ਹੀ ਕੋਈ ਹੋਰ ਅਜੇਹਾ ਕਰਮਾਂ ਵਾਲਾ ਹੋਵੇ ਜਿਸਨੇ ਏਨਾ ਲੰਮਾਂ ਸਮਾਂ ਗੁਰੂ ਨਾਨਕ ਸਾਹਿਬ ਦੀ ਸੰਗਤ ਮਾਣੀ ਹੋਵੇ। ਮਰਦਾਨੇ ਨੂੰ ਯਾਦ ਆਏ ਬਾਬੇ ਦੇ ਬੋਲ ਅਸੀਂ ਤੇਰਾ ਭਲਾ ਕਰਾਂਗੇ। ਨਾਲੇ, ਅਸੀਂ ਤੇਰਾ ਦੋਹਾਂ ਜਹਾਨਾਂ ਵਿਚ ਭਲਾਂ ਕਰਾਂਗੇ।’ ਮੈਂ ਤਾਂ ਸੀ ਪਿੰਡ ਦਾ ਮਰਾਸੀ ਤੇ ਉਹ ਸੀ ਮੇਰਾ ਜਜਮਾਨ। ਮਰਦਾਨਾ ਦੁਚਿੱਤੀ ਵਿਚ ਪਿਆ ਆਪਣੇ ਆਪ ਨਾਲ ਗੱਲਾਂ ਕਰੀ ਜਾ ਰਿਹਾ ਸੀ। ਮੈਂ ਪਿੰਡ ਦਾ ਕੰਮੀ ਤੇ ਉਹ ਸੀ ਮਹਿਤਾ ਫ਼ਿਰ ਮੇਰੇ ਨਾਲ ਮੋਹ ਭਿੱਜੀਆਂ ਗੱਲਾਂ ਕਰਦਾ ਰਵੇ। ਅਗਮ ਨਿਗਮ ਦੀਆਂ ਬਾਤਾਂ ਪਾਵੇ-ਮੈਨੂੰ ਤਾਂ ਕੁਝ ਸਮਝ ਨਹੀਂ ਸੀ ਆਉਂਦੀ । ਬਸ ਏਨਾ ਕੁ ਹੀ ਜਦੋਂ ਮੈਂ ਉਹਨਾਂ ਦੇ ਛੰਦ ਤੇ ਸਬਦ ਗਾਉਂਦਾ, ਉਹ ਸੁਣਕੇ ਕਿਵੇਂ ਰੀਝਦੇ ਸਨ। ਉਹ ਮੈਥੋਂ ਕੀਰਤਨ ਸੁਣਕੇ ਡਾਢੇ ਖੁਸ਼ ਹੋਂਦੇ ਸਨ। ਚਲ ਮਨਾਂ ਅਜ ਬਾਬੇ ਨਾਨਕ ਦੀ ਹਵੇਲੀ ਚਲੀਏ। ਉਹ ਪੀਰ ਔਲੀਆ, ਰਬੀ ਰੰਗ ਵਿਚ ਰਤਾ ਮਖਮੂਰ, ਹਰ ਵੇਲੇ ਅੱਲਾ ਦੀ ਸਿਫਤ’ ਸਲਾਹ ਵਿਚ ਮਗਨ । ਖ਼ਬਰੇ ਮੈਨੂੰ ਅੰਦਰੋਂ ਯਾਦ ਕਰਦਾ ਹੀ ਹੋਵੇ। ਮੈਨੂੰ ਅੰਦਰੋਂ ਕੋਈ ਤੁਣਕੇ ਜੁ ਮਾਰ ਰਿਹੈ। ਮੈਨੂੰ ਖੋਹ ਪਈ ਪੈਂਦੀ ਏ। ਜੀਅ ਕਰਦੈ ਹਰ ਵੇਲੇ ਉਹਨੂੰ ਵੇਖਦਾ ਹੀ ਰਹਾਂ। ਉਸਦੇ ਇਲਾਹੀ ਸ਼ਬਦ ਸੁਣਦਾ ਹੀ ਰਹਾਂ। ਡਾਢੀ ਪਿਆਰ ਭਰੀ ਨਜ਼ਰ ਨਾਲ ਵੇਖਦੈ। ਮਰਦਾਨਾ ਅੰਦਰੋਂ ਬਿਹਬਲ ਵੀ ਏ। ਦੂਜੇ ਬੰਨੇ ਆਪਣੇ ਛੋਟੇ ਪਨ ਦਾ ਅਹਿਸਾਸ ਵੀ ਏ। ਕਦੀ ਸੁਰੀਲੇ ਗਲੇ ਦੀ ਤਾਨ ਆਪ ਹੀ ਆਪਣੇ ਕੰਠ ਤੋਂ ਸੁਣ ਰਿਹੈ। ਅਜੀਬ ਖਿਚੋਤਾਣ ਵਿਚ ਪਿਆ ਮਰਦਾਨਾਂ ਬਾਬੇ ਨਾਨਕ ਵੰਨੇ ਤੁਰਿਆ ਜਾ ਰਿਹਾ ਸੀ। ਅਜੀਬ ਰੌਲਾ ਸੀ ਉਸਦੇ ਮਨ ਅੰਦਰ। ਮਨ ਕਦੀ ਪੁਲਾਂਗ ਪੁਟਕੇ ਬਾਬੇ ਦੇ ਵੇਹੜੇ ਜਾ ਖਲੋਂਦਾ ਤੇ ਕਦੀ ਉਸਦੇ ਕੰਨ ਬਾਬੇ ਦੀ ਰਸ ਭਿੰਨੀ ਅਵਾਜ਼ ਸੁਣਨ ਲਗਦੀ। ਕਦੀ ਉਸਦਾ ਮਨ ਦੁੜਕੀ ਲਗਾਕੇ ਆਪਣੇ ਘਰ ਦੀ ਹਾਲਤ ਨੂੰ ਚਿਤਾਰਨ ਲਗਦਾ। ਉਹ ਮਨ ਹੀ ਮਨ ਅਨੇਕਾਂ ਉਤਾਰ-ਚੜਾਅ ਨਾਲ ਘਿਰਿਆ ਤੁਰਿਆ ਜਾ ਰਿਹਾ ਸੀ। ਕਦੀ ਉਸਦੀ ਚਾਲ ਤ੍ਰਿਖੀ ਹੋ ਜਾਂਦੀ ਤੇ ਕਦੀ ਸੋਚ ਵਿਚ ਪਿਆ ਹੌਲੀ ਹੌਲੀ ਟੁਰਨ ਲਗਦਾ। ਕਦੀ ਉਹਨੂੰ ਲਗਦਾ ਉਹਨੂੰ ਅੰਦਰੋਂ ਕੋਈ ਖਿਚ ਪਈ ਪੈਂਦੀ ਹੈ ਤੇ ਕਦੀ ਲਗਦਾ ਬਾਬਾ ਨਾਨਕ ਵੀ ਉਸਨੂੰ ਚਾਹੁੰਦੇ ਹਨ। ਇਹ ਦੋ ਪਾਸੀ ਖਿਚ ਹੈ। ਮਨ ਹੀ ਮਨ ਅਨਦ-ਤਰੰਗਤ ਹੋਇਆ ਉਹ ਮਹਿਤਾ ਕਾਲੂ ਦੀ ਹਵੇਲੀ ਵਲ ਵਧ ਰਿਹਾ ਸੀ। ਅਜ ਬਾਲ-ਬੱਚੇਦਾਰ ਮਰਦਾਨਾ ਆਪਣਾ ਸਭ ਕੁਝ ਭੁਲਾ ਬਾਬੇ ਕੋਲ ਜਾ ਰਿਹਾ ਸੀ। ਰਾਹ ਚੰਦਰਾ ਮੁਕਣ ਵਿਚ ਹੀ ਨਹੀਂ ਸੀ ਆਉਂਦਾ। ਉਹਦੀ ਹਾਲਤ ਉਸ ਪ੍ਰੇਮੀ ਵਰਗੀ ਹੋ ਰਹੀ ਸੀ ਜੇਹੜਾ ਆਪਣੇ ਹੀ ਸੰਸਿਆਂ ਵਿਚ ਖੁਭਿਆ ਕਿਧਰੇ ਠਹੁਰ ਨਹੀਂ ਪਾਂਦਾ।
ਆਸ ਪਿਆਸੀ ਸੇਜੈ ਆਵਾ ਆਗੈ ਸਹ ਭਾਵਾ ਕਿ ਨ ਭਾਵਾ॥ (ਅੰਗ ੩੫੭)
ਵਾਲੀ ਅਵਸਥਾ ਸੀ। ਕਦੀ ਸੋਚਦਾ ਮੈਂ ਤਾਂ ਜਜਮਾਨਾਂ ਨੂੰ ਪੈਸੇ ਖਾਤਰ ਮਿਲਦਾ ਹਾਂ। ਮੇਰੇ ਵਿਚ ਪਿਆਰ ਕਿਥੇ? ਫ਼ਿਰ ਆਪ ਹੀ ਸੋਚਦਾ ਉਹਨਾਂ ਦੇ ਛੰਦ ਨਹੀਂ ਸ਼ਬਦ ਹੁੰਦੇ ਹਨ, ਆਪਣੇ ਰਚੇ ਹੋਏ। ਮੈ ਤਾਂ ਸਿਰਫ਼ ਗਾਉਂਦਾ ਹੀ ਸਾਂ ਉਹ ਸੁਣਕੇ ਕਿਵੇਂ ਰੀਝਦੇ ਸਨ। ਕਿਵੇਂ ਖੁਸ਼ ਹੁੰਦੇ ਸਨ। ਕੀ ਸਦਦੇ ਨੇ ਰਾਗ ਮਜਲਸ ਦੇ ਗਾਇਨ ਨੂੰ—ਯਾਦ ਆਇਆ ਕੀਰਤਨ ਕੀਰਤਨ ਸੁਣਕੇ ਮਸਤ ਹੋ ਜਾਂਦੇ—ਕਿੰਨਾ ਕਿੰਨਾ ਚਿਰ ਮਸਤੀ ਦਾ ਆਲਮ ਛਾਇਆ ਰਹਿੰਦਾ। ਮਖਮੂਰ ਬਾਬਾ ਨਾਨਕ ਮੇਹਰਾਂ ਦਾ ਮੀਂਹ ਵਸਾ ਦੇਂਦੇ। ਮਰਦਾਨਾ ਸਰਸ਼ਾਰ ਹੋਇਆ ਦੀਵਾਨਗੀ ਦੇ ਆਲਮ ਵਿਚ ਪਹੁੰਚ ਜਾਂਦਾ। ਮਰਦਾਨਾ ਜੀ ਦੇ ਮਨ. ਵਿਚ ਅਜੀਬ ਹਲਚਲ ਸੀ। ਹੁਣ ਪੂਰਬਲੇ ਸੰਜੋਗ ਉਦੈ ਹੋਣੇ ਸ਼ੁਰੂ ਹੋ ਗਏ ਸਨ। ਉਹ
ਸੋਚਦਾ ਇਹ ਤਾਂ ਪਿਛਲੇ ਜਨਮਾਂ ਦਾ ਸੰਬੰਧ ਹੈ :
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥ (ਅੰਗ ੨੦੪)
ਮਰਦਾਨਾ ਮਨਬਚਨੀ ਵਿਚ ਉਲਝਿਆ ਤੁਰਿਆ ਆ ਰਿਹਾ ਸੀ। ਉਹ ਬਾਰੰਬਾਰ ਬਾਬਾ ਨਾਨਕ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਉਹਨੂੰ ਲਗਦਾ ਅਜੇਹੇ ਮਹਾਪੁਰਖ ਦੀ ਹੀ ਉਸਨੂੰ ਲੋੜ ਸੀ। ਫ਼ਿਰ ਅਚਾਨਕ ਉਹਨੂੰ ਆਪਣੀ ਮਿਰਾਸਣ ਦੀ ਯਾਦ ਆ ਜਾਂਦੀ। ਨਿੱਕੇ ਨਿੱਕੇ ਬੱਚੇ, ਉਤੋਂ ਗੁਰਬਤ, ਉਹ ਸੋਚਦਾ ਕੀਹਦੇ ਸਹਾਰੇ ਛੱਡ ਕੇ ਬਾਬੇ ਨਾਨਕ ਦਾ ਪੱਲਾ ਫ਼ੜ ਲਵਾਂ। ਉਸ ਅੰਦਰ ਇਕ ਖਲਬਲੀ ਕਿਵੇਂ ਬਾਬੇ ਨਾਨਕ ਕੋਲ ਜਾਵਾਂ? ਮਨ ਵਿਚ ਸੰਸਾ—ਕੀ ਪਤਾ ਮਹਾਂਪੁਰਖ ਕਿਵੇਂ ਮਿਲਣਗੇ ? ਖਬਰੇ ਗਲ ਨਾਲ ਲਾ ਲੈਣ, ਖਬਰੇ ਡੂੰਮਿ ਸਮਝਕੇ ਦੁਤਕਾਰ ਦੇਣ। ਅਜੀਬ ਦੁਬਿਧਾ ਦੀ ਹਾਲਤ ਬਣੀ ਹੋਈ ਸੀ : ਨਾ ਜਾਨਉ ਕਿਆ ਕਰਸੀ ਪੀਉ॥
(ਅੰਗ ੭੯੨)
ਤਾਂ ਵੀ ਭਾਈ ਮਰਦਾਨਾ ਤੁਰਿਆ ਜਾ ਰਿਹਾ ਸੀ । ਹੁਣ ਉਹ ਉਸ ਸੁਲੱਖਣੀ ਘੜੀ ਦੀ ਇੰਤਜ਼ਾਰ ਵਿਚ ਸੀ ਕਦੋਂ ਉਹ ਪਲ ਆਵੇ ਕਿ ਦੋਵੇਂ ਜਨਮਾਂ ਦੇ ਵਿਛੜੇ ਮਿਲ ਪੈਣ:
ਪੂਰਬ ਜਨਮ ਕੇ ਮਿਲੇ ਸੰਜੋਗੀ॥
(ਅੰਗ ੭੦੦)
ਭਾਈ ਮਨੀ ਸਿੰਘ ਨੇ ਭਾਈ ਮਰਦਾਨਾ ਦਾ ਗੁਰੂ ਪਾਤਸ਼ਾਹ ਨਾਲ ਪਹਿਲਾ ਮੇਲ ਲਗਭਗ ਸੰਨ 1480 ਵਿਚ ਹੋਇਆ ਦਸਿਆ ਹੈ। ਉਦੋਂ ਬਾਬਾ ਨਾਨਕ ਦੀ ਉਮਰ ਕੋਈ ਗਿਆਰਾਂ ਕੁ ਸਾਲਾਂ ਦੀ ਸੀ ਤੇ ਮਰਦਾਨਾ ਜੀ 21 ਵਰ੍ਹੇ ਦੇ ਸਨ। ਬਾਬੇ ਨਾਨਕ ਦਾ ਜਨਮ 1469 ਈ. ਦਾ ਸੀ ਤੇ ਭਾਈ ਮਰਦਾਨੇ ਜੀ ਦਾ 1459 ਈ. ਦਾ । ਦੋਵੇਂ ਪਿਆਰ ਦੇ ਬੰਧਨ ਵਿਚ ਬੰਨੇ ਗਏ। ਦੋਵੇਂ ਰਲਕੇ ਗਾਉਣ ਲਗੇ। ਭਾਈ ਮਰਦਾਨਾ ਵੀ ਰਾਇ ਭੋਂਇ ਦੀ ਤਲਵੰਡੀ ਦਾ ਜੰਮਪਲ ਸੀ। ਬਾਬਾ ਜੀ ਦਾ ਬਾਲਪਨ ਦਾ ਸਾਥੀ। ਬਾਬਾ ਜੀ ਦਾ ਹਮਜੋਲੀ। ਦੋਹਾਂ ਦੀ ਸਾਂਝ ਰਾਗ ਸੀ, ਸ਼ਬਦ ਦਾ ਗਾਇਨ ਸੀ। ਗੁਰੂ ਪਾਤਸ਼ਾਹ ਜਦ ਵੀ ਬੋਲਦੇ ਇਹੋ ਹੀ ਕਹਿੰਦੇ “ਮਰਦਾਨਿਆ ਰਬਾਬ ਵਜਾਇ। ਕਾਈ ਸਿਫ਼ਤ ਖੁਦਾਇ ਦੇ ਦੀਦਾਰ ਦੀ ਕਰੀਏ” ਦੋਵੇਂ, ਤਰਨੁੰਮ ਨਾਲ ਵਜਦ ਵਿਚ ਆ ਜਾਂਦੇ। ਕਿਸੇ ਅਗੰਮੀ ਰਸ ਨਾਲ ਸਰਸ਼ਾਰ। ਕਹਿਣ ਨੂੰ ਇਕ ਮੁਰਸ਼ਦ ਤੇ ਦੂਜਾ ਮੁਰੀਦ ਸੀ ਪਰ ਇਹ ਤਾਂ ਜਨਮਾਂ ਦੀ ਸਾਂਝ ਭਿਆਲੀ ਰੱਖਣ ਵਾਲੇ ਦੋ ਸੰਗੀ ਸਨ । ਦੋਵੇਂ ਇਕ ਦੂਜੇ ਦੇ ਸੰਗ-ਸਾਥ ਨੂੰ ਮਾਣਦੇ। ਦੋਹਾਂ ਨੂੰ ਖੁਦਾਵੰਦ ਕਰੀਮ ਨਾਲ ਮੁਹੱਬਤ। ਦੋ ਮੁਹੱਬਤੀ ਰਬੀ ਰੰਗ ਵਿਚ ਰਤੇ, ਉਮਰਾਂ ਦੇ ਕਈ ਵਰ੍ਹੇ ਇਕੱਠਿਆਂ ਬਿਤਾਏ। ਜਿੰਨਾ ਲੰਮਾ ਅਰਸਾ ਭਾਈ ਮਰਦਾਨੇ ਨੇ ਬਾਬੇ ਨਾਨਕ ਦੀ ਛੁਹ ਦਾ ਸੁਆਦ ਮਾਣਿਆ ਉਨਾਂ ਹੀ ਉਹਨਾਂ ਦਾ ਬਿੰਬ ਸਾਖੀਕਾਰਾਂ ਨੇ ਭੁੱਖਾ, ਤਿਹਾਇਆ, ਲਾਲਚੀ, ਮਾਂਗਤ ਤੇ ਡਰਪੋਕ ਜੇਹਾ ਬਣਾਕੇ ਉਭਾਰਿਆ। ਪਰ ਉਹ ਤਾਂ ਉੱਚੇ ਦਰਜੇ ਦਾ ਮਹਾਪੁਰਖ, ਨਿਰਛਲ, ਨਿਰਕਪਟ, ਹਲੀਮ, ਸੂਰਮਾ ਜੋ “ਵਖਤੈ ਉਪਰ ਲੜ ਮਰਨ ਵਾਲਾ, ਕਸ਼ਟਾਂ ਨੂੰ ਹੱਸ ਕੇ ਝਲਣ ਵਾਲਾ, ਰਾਗ ਵਿਦਿਆ ਵਿਚ ਪ੍ਰਬੀਨ, ਦਲੇਰ। ਗੁਰੂ ਜੀ ਦਾ ਅਜੇਹਾ ਸਾਥੀ ਸੀ ਜਿਸ ਨੇ ਹਰ ਦੁੱਖ ਤੇ ਆਈ ਔਕੜ ਨੂੰ ਦਲੇਰੀ ਨਾਲ ਨਜਿਠਿਆ। ਕੌਡੇ ਰਾਖਸ਼ ਤੇ ਵਲੀ ਕੰਧਾਰੀ ਵਰਗਿਆਂ ਦਾ ਸਾਹਮਣਾ ਕੀਤਾ ਤੇ ਗੁਰੂ ਦੇ ਹੁਕਮਾਂ ਦੀ ਪਾਲਣਾ ਬੜੀ ਨਿਰਭੈਅਤਾ ਨਾਲ ਕੀਤੀ। ਭਾਈ ਮਨੀ ਸਿੰਘ ਨੇ ਜਿਥੇ ਬਾਬੇ ਨਾਨਕ ਤੇ ਮਰਦਾਨੇ ਦੇ ਮੇਲ ਬਾਰੇ ਸੰਕੇਤ ਦਿੱਤਾ ਹੈ ਉਥੇ ਉਹਨਾਂ ਨੇ ਇਸ ਵਾਕਿਆ ਵਿਚ ਥੋੜ੍ਹਾ ਅੰਤਰ ਵੀ ਪਾਇਆ ਹੈ। ਪਹਿਲੇ ਵਾਕਿਆਤ ਅਨੁਸਾਰ ਮਰਦਾਨੇ ਦੀ ਮਾਤਾ ਨੇ ਇਕ ਦਿਨ ਦਾਣਿਆਂ ਦੀ ਤੰਗੀ ਮਹਿਸੂਸ ਕਰਕੇ ਮਰਦਾਨੇ ਨੂੰ ਕਿਹਾ ਸੀ “ਕਿਸੇ ਕੋਠਾ ਕਿਸੇ ਪੱਲਾ, ਮੈਨੂੰ ਆਸ ਤੇਰੀ ਅੱਲਾ ਗੁਰੂ ਨਾਨਕ ਦੇਵ ਜੀ ਅਜੇ ਬਾਲ ਅਵਸਥਾ ਵਿਚ ਹੀ ਸਨ ਤੇ ਬਾਲਕਾਂ ਨਾਲ ਖੇਡਕੇ ਮੁੜੇ ਆਉਂਦੇ ਸਨ ਤੇ ਉਹਨਾਂ ਦੀ ਕੰਨੀ ਮਰਦਾਨੇ ਦੀ ਮਾਂ ਦੇ ਇਹ ਬੋਲ ਪਏ ਤਾਂ ਗੁਰੂ ਜੀ ਨੇ ਬਚਨ ਕੀਤੇ “ਅਸੀਂ ਵੀ ਅੱਲਾ ਦਾ ਆਸਰਾ ਰੱਖਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ‘ਤੇ ਹੈ, ਸਾਨੂੰ ਅੱਲਾ ਵਾਲਿਆਂ ਦੀ ਅਤੀ ਲੋੜ ਹੈ। ਆਪਣਾ ਪੁੱਤਰ ਸਾਨੂੰ ਦੇ ਛੱਡ। ਭਾਈ ਮਨੀ ਸਿੰਘ ਦੀ ਸਿੱਖਾਂ ਦੀ ਭਗਤ ਮਾਲ ਅਨੁਸਾਰ ਇਕ ਦਿਨ ਮਰਦਾਨਾ ਸਹਿਵਨ ਹੀ ਬਾਬਾ ਨਾਨਕ ਦੇ ਦਰ ਅਗੇ ਆ ਕੇ ਲਗਾ ਰਬਾਬ ਵਜਾਉਣ। ਉਹ ਰਬਾਬ ਵਜਾ ਰਿਹਾ ਸੀ ਤੇ ਨਾਲ ਨਾਲ ਇਕ ਲੋਕ ਪ੍ਰਸਿੱਧ ਵਾਰ ਗਾ ਰਿਹਾ ਸੀ। ਬਾਲ ਗੁਰੂ ਨਾਨਕ ਨੇ ਉਸ ਰਬਾਬੀ ਨੂੰ ਪੁੱਛਿਆ “ਤੂੰ ਰਬਾਬ ਬੜੀ ਸੁਹਣੀ ਵਜਾਉਂਦਾ ਹੈ, ਤੇਰਾ ਨਾਮ ਕੀ ਹੈ?” ਰਬਾਬੀ ਨੇ ਉੱਤਰ ਦਿਤਾ ਮੇਰਾ ਨਾਮ ਮਰਦਾਨਾ ਹੈ, ਸੁਬਹਾਨ ਤੇਰੀ ਖੁਸ਼ੀ ਨੂੰ । ਰਬ ਤੁਹਾਨੂੰ ਬਹੁਤਾ ਦੇਵੇ ਜਿਨ੍ਹਾਂ ਮੇਰੇ ਰਾਗ ਦੀ ਕਦਰ ਪਾਈ। ਤੁਹਾਡੇ ਜੇਹੇ ਕਦਰਦਾਨਾਂ ਦੇ ਸਿਰ ਤੇ ਅਸੀਂ ਜੀਉਂਦੇ ਹਾਂ” ਗੁਰੂ ਨਾਨਕ ਨੇ ਪ੍ਰਸੰਨ ਹੋ ਕੇ ਆਖਿਆ “ਮਰਦਾਨਿਆ ਤੇਰੀ ਰਬਾਬ ਸੁਣਕੇ ਮਹਿਸੂਸ ਹੁੰਦਾ ਹੈ ਕਿ ਤੈਨੂੰ ਰਾਗਾਂ ਦੀ ਬੜੀ ਸੂਝ ਹੈ, ਬੜੇ ਸਾਧੇ ਹੋਏ ਹਥਾਂ ਨਾਲ ਰਬਾਬ ਵਜਾਉਂਦਾ ਹੈ। ਕਿੰਨਾ ਚੰਗਾ ਹੋਵੇ ਜੇ ਰਬੀ ਬਾਣੀ ਇਹਨਾਂ ਰਾਗਾਂ ਵਿਚ ਗਾਵੇਂ। ਮੈਂ ਸ਼ਬਦ ਸਚੇ ਸਾਹਿਬ ਦੀ ਸਿਫਤ ਦੇ ਰਚਾਂਗਾ ਤੇ ਤੂੰ ਇਨ੍ਹਾਂ ਰਾਗਾਂ ਵਿਚ ਆਪਣੀ ਰਬਾਬ ਦੇ ਸੁਰ ਕਰੀਂ। ਤੇਰਾ ਇਸ ਲੋਕ ਵਿਚ ਵੀ ਉਧਾਰ ਹੋਵੇਗਾ ਤੇ ਪਰਲੋਕ ਵਿਚ ਵੀ।” ਮਰਦਾਨੇ ਨੇ ਉੱਤਰ ਦਿੱਤਾ “ਮਹਾਰਾਜ ਅਸੀਂ ਧਨੀ ਲੋਕਾਂ ਨੂੰ ਵਾਰਾਂ ਤੇ ਗੀਤ ਸੁਣਾਕੇ ਚਾਰ ਪੈਸੇ ਖਟ ਕੇ ਲਿਆਉਂਦੇ ਹਾਂ ਅਤੇ ਆਪਣਾ ਟੱਬਰ ਪਾਲਦੇ ਹਾਂ। ਜੇ ਮੈਂ ਤੁਹਾਡੀ ਸੰਗਤ ਵਿਚ ਰਹਿਕੇ ਸ਼ਬਦ ਹੀ ਗਾਉਂਦਾ ਰਿਹਾ, ਤਾਂ ਮੇਰੇ ਬਾਲ ਬੱਚਿਆਂ ਦਾ ਗੁਜ਼ਰਾਨ ਕਿਵੇਂ ਹੋਵੇਗਾ? ਜਿਥੋਂ ਤਕ ਮੇਰੇ ਉਧਾਰ ਦਾ ਸੁਆਲ ਹੈ, ਉਸ ਦੀ ਮੈਨੂੰ ਚਿੰਤਾ ਨਹੀਂ ਮੈਂ ਪੰਜ ਨਮਾਜ਼ਾਂ ਪੜ੍ਹਦਾ ਹਾਂ ਤੇ ਰੋਜ਼ੇ ਵੀ ਰੱਖਦਾ ਹਾਂ ਉਧਾਰ ਮੇਰਾ ਮੇਰੇ ਦੀਨ ਦੇ ਮੁਤਾਬਕ ਹੋ ਹੀ ਜਾਵੇਗਾ। 5 ਰੱਬ ਤੁਹਾਡਾ ਭਲਾ ਕਰੇ, ਤੁਸਾਂ ਮੇਰੇ ਰਾਗ ਨੂੰ ਸਲਾਹਿਆ, ਮੈਨੂੰ ਮਾਣ ਬਖਸ਼ਿਆ।
ਉਪਰ ਅੰਕਿਤ ਦੋਹਾਂ ਵਾਕਿਆਤ ਦਾ ਜੇ ਵਿਵੇਚਨ ਕੀਤਾ ਜਾਏ ਤਾਂ ਪਹਿਲੇ ਵਾਕਿਆ ਵਿਚ ਗੁਰੂ ਨਾਨਕ ਸਾਹਿਬ ਦਾ ਮਰਦਾਨੇ ਨਾਲ ਮੇਲ ਸੁਭਾਵਕ ਹੀ ਹੋਇਆ। ਦੂਜੇ ਵਿਚ ਮਰਦਾਨਾ ਉਹਨਾਂ ਦੇ ਦਰ ਤੇ ਜਦੋਂ ਲੋਕ ਵਾਰ ਗਾਕੇ ਸੁਣਾਈ ਤੇ ਨਾਲ ਹੀ ਰਬਾਬ ਵਜਾਈ। ਦੋਹਾਂ ਹਾਲਤਾਂ ਵਿਚ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਦੀ ਪ੍ਰਵਾਨਗੀ ਹਾਸਿਲ ਹੈ। ਮਰਦਾਨੇ ਦਾ ਰਾਗ, ਉਸਦੀ ਸੁਰੀਲੀ ਅਵਾਜ਼ ਤੇ ਸਾਧੇ ਹੋਏ ਹਥਾਂ ਵਿਚਲੀ ਰਬਾਬ ਦੀ ਰਵਾਨਗੀ—ਬਾਬੇ ਨਾਨਕ ਨੂੰ ਭਾਅ ਗਈ। ਗੁਰੂ ਨਾਨਕ ਤੇ ਮਰਦਾਨੇ ਦੀ ਇਸ ਸਮੇਂ ਦੀ ਵਾਰਤਾਲਾਪ ਜਨਮ ਸਾਖੀ ਭਾਈ ਮਨੀ ਸਿੰਘ, ਸਿੱਖਾਂ ਦੀ ਭਗਤ ਮਾਲ ਤੇ ਜਨਮ ਸਾਖੀ ਭਾਈ ਬਾਲੇ ਵਾਲੀ ਵਿਚ ਜਰਾ ਸ਼ਬਦਾਂ ਦੀ ਭਿੰਨਤਾ ਤਾਂ ਭਾਵੇਂ ਹੈ ਪਰ ਭਾਵ ਦੋਹਾਂ ਦਾ ਇਕੋ ਹੀ ਹੈ। ਇਥੇ ਇਕ ਹੋਰ ਗੱਲ ਵੀ ਵਿਚਾਰਨ ਜੋਗ ਹੈ, ਗੁਰੂ ਨਾਨਕ ਸਾਹਿਬ ਸ਼ਾਇਦ ਪਿਛਲੇ ਸੰਸਕਾਰਾਂ ਤੋਂ ਜਾਣੂ ਸੀ ਤੇ ਇਸੇ ਕਰਕੇ ਰਬਾਬੀ ਮਰਦਾਨੇ ਦੀ ਚੋਣ ਕਰਦੇ ਸੀ। ਇਸ ਤੋਂ ਉਲਟ ਮਰਦਾਨਾ ਜੀ ਆਪਣੇ ਆਪ ਨੂੰ ਪੱਕਾ ਮੁਸਲਮਾਨ ਸਮਝਦੇ ਹੋਏ ਪਹਿਲੋਂ ਪਹਿਲ ਗੁਰੂ ਬਾਬੇ ਲਈ ਬਹੁਤੀ ਖਿੱਚ ਪ੍ਰਗਟ ਨਹੀਂ ਕਰਦੇ। ਉਸਦੀ ਗੁਰੂ ਸਾਹਿਬ ਪ੍ਰਤੀ ਖਿੱਚ ਸਮੇਂ ਨਾਲ ਵਧਦੀ ਗਈ ਤੇ ਉਹ ਗੁਰੂ ਮਿਸ਼ਨ ਨੂੰ ਹੀ ਸਮੱਰਪਿਤ ਹੋ ਗਏ।
ਗੁਰੂ ਮਿਲਾਪ ਤੇ ਰਬਾਬ ਦੀ ਭਾਲ
ਗੁਰੂ ਪਾਤਸ਼ਾਹ ਤੇ ਮਰਦਾਨੇ ਦਾ ਪਹਿਲੋ ਪਹਿਲ ਮੇਲ ਤਲਵੰਡੀ ਵਿਚ ਹੀ ਹੋਇਆ। ਇਹ ਮੇਲ ਤਾਂ ਜਿਵੇਂ “ਵਿਛੜਿਆ ਮੇਲੇ ਪ੍ਰਭੂ” ਵਾਲੀ ਗੱਲ ਸੀ। ਪਰ ਇਸ ਮੇਲ ਦਾ ਮੂਲ ਕਾਰਣ ਤਾਂ ਸੁਬਹਾਨ ਤੇਰੀ ਬੰਦਗੀ ਹੀ ਸੀ। ਗੁਰੂ ਸਾਹਿਬ ਬਾਣੀ ਉਚਾਰਦੇ ਸਨ ਤੇ ਮਰਦਾਨਾ ਉਸਨੂੰ ਰਾਗਬੱਧ ਕਰਕੇ ਗਾਉਂਦਾ ਸੀ। ਪਰ ਇਹਨਾਂ ਦੋਹਾਂ ਦਾ ਮੇਲ ਤਾਂ ਰਬਾਬ ਤੇ ਸੰਗੀਤ ਬੱਧ ਕੀਰਤਨ ਹੀ ਸੀ। ਗੁਰੂ ਸਾਹਿਬ ਤੇ ਮਰਦਾਨਾ ਦੀ ਸੰਗਤ ਲਗਭਗ ਸਤ ਸਾਲ ਤਲਵੰਡੀ ਵਿਚ ਹੀ ਰਹੀ। ਜਦੋਂ ਬਾਬਾ ਨਾਨਕ ਭੈਣ ਨਾਨਕੀ ਕੋਲ ਤਲਵੰਡੀ ਤੋਂ ਸੁਲਤਾਨਪੁਰ ਆ ਗਏ ਤਾਂ ਮਰਦਾਨਾ ਪਿਛੋਂ ਬਹੁਤ ਉਦਾਸ ਰਹਿਣ ਲਗਾ। ਉਹਨੂੰ ਬਾਰੰਬਾਰ ਗੁਰੂ ਸਾਹਿਬ ਦਾ ਖਿਆਲ ਆਉਂਦਾ। ਕਈ ਵੇਰਾਂ ਗਚ ਭਰ ਜਾਂਦਾ। ਫ਼ਿਰ ਇਕ ਐਸਾ ਵੇਲਾ ਵੀ ਆਇਆ ਮਰਦਾਨੇ ਨੂੰ ਸੁਲਤਾਨਪੁਰ ਬੇਬੇ ਨਾਨਕੀ ਤੇ ਗੁਰੂ ਨਾਨਕ ਦੀ ਖਬਰ ਸੁਰਤ ਲੈਣ ਲਈ ਭੇਜਿਆ ਗਿਆ। ਗੁਰੂ ਬਾਬੇ ਲਈ ਉਦਾਸ ਹੋਏ, ਚਾਚਾ ਲਾਲੂ, ਪਿਤਾ ਕਾਲੂ ਰਾਇ ਤੇ ਮਾਤਾ ਤ੍ਰਿਪਤਾ ਸਾਰੇ ਦੇ ਸਾਰੇ ਪੁੱਤਰ ਮੋਹ ਵਿਚ ਗਵਾਚੇ ਡਾਢੇ ਦਿਲਗੀਰ ਹੋਏ। ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ, ਮੇਲਿ ਲਏ ਪੂਰਨ ਵਡਭਾਗੀ। ਰਹਾਉ। (ਅੰਗ 198), ਮਰਦਾਨੇ ਦੀ ਅਵਸਥਾ ਤਾਂ ਸਾਰਿਆਂ ਤੋਂ ਹੀ ਅਲਗ ਸੀ। ਉਹ ਤਾਂ ਅੰਦਰੋਂ ਅਧੀਰ, ਹੋਇਆ ਪਿਆ ਸੀ, ਉਹ ਤਾਂ ਹਰ ਵੇਲੇ ਅਰਦਾਸਾਂ ਕਰਦਾ :
ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ॥ ਰਹਾਉ॥
(ਅੰਗ ੪੦੮) ਆਖਰ ਬਿਧ ਬਣ ਹੀ ਗਈ। ਮਹਿਤਾ ਕਾਲੂ ਦੇ ਪਰਵਾਰ ਨੇ ਭਾਈ ਮਰਦਾਨੇ ਨੂੰ ਸੁਖ-ਸੁਨੇਹਾ ਲਿਆਉਣ ਲਈ ਭੇਜਿਆ। ਉਦੋਂ ਆਮ ਤੌਰ ਤੇ ਮਿਰਾਸੀਆਂ ਨੂੰ ਜਦੋਂ ਅਮਨ-ਅਮਾਨ ਦਾ ਸਮਾਂ ਹੁੰਦਾ ਤਾਂ ਮਿਰਾਸੀ ਲੋਕ ਡਾਕੀਆਂ ਵਾਂਗੂੰ, ਰਾਜੇ-ਰਾਣਿਆਂ ਜਾਂ ਰਈਸਾਂ ਦੇ ਸੁਖ-ਸੁਨੇਹੇ ਲੋੜ ਅਨੁਸਾਰ, ਦੂਰ-ਨੇੜੇ, ਹਰ ਥਾਵੇਂ ਲੈ ਜਾਂਦੇ ਸਨ। ਜਿਸ ਦੇ ਸਬੂਤ ਰਾਜਸਥਾਨੀ ਲੋਕ-ਕਾਵਿ ਵਿਚੋਂ ਜਿਵੇਂ ਢੋਲਾ ਮਾਰੂ ਜਾਂ ਦੁਹਾ ਵਿਚੋਂ ਪ੍ਰਾਪਤ ਹੋ ਜਾਂਦੇ ਹਨ।
ਪਰ ਮਰਦਾਨੇ ਦੇ ਪਰਮ ਮਿੱਤਰ ਤਾਂ ਖੁਦ ਗੁਰੂ ਨਾਨਕ ਆਪ ਸਨ । ਉਹਨਾਂ ਨੂੰ ਮਿਲਣ ਦੀ ਤੀਬਰ ਤਾਂਘ ਤਾਂ ਮਰਦਾਨੇ ਅੰਦਰ ਵੀ ਸੀ। ਮਰਦਾਨਾ ਜਦ ਗੁਰੂ ਜੀ ਕੋਲ ਸੁਲਤਾਨਪੁਰ ਪੁੱਜਾ ਤਾਂ ਮਿਲਕੇ ਆਸ ਦੀ ਪਿਆਸ ਬੁਝਾਈ। ਭਟਕਦੀ ਰੂਹ ਨੂੰ ਸ਼ਾਂਤੀ ਮਿਲੀ ਪਰ ਅਸਲ ਸ਼ਾਂਤੀ ਦਾ ਅਸਲ ਸ੍ਰੋਤ ਜੋ ਦੋਹਾਂ ਦਾ ਸਾਂਝਾ ਸੀ—ਉਹ ਸੀ ਕੀਰਤਨ ਗਾਇਨ । ਹੁਣ ਬਾਬਾ ਨਾਨਕ ਸੁਲਤਾਨਪੁਰ ਲੋਧੀ ਜੋਤ ਜਗਾ ਰਹੇ ਸਨ । ਉਹ ਅੰਮ੍ਰਿਤ ਵੇਲੇ ਵੇਈਂ ਨਦੀ ਦੇ ਕਿਨਾਰੇ ਇਸ਼ਨਾਨ ਉਪਰੰਤ ਨਾਮ-ਸਿਮਰਨ ਨਾਲ ਜੁੜਦੇ। ਭਾਈ ਮਰਦਾਨੇ ਦੀ ਆਮਦ ਨੇ ਗੁਰੂ ਪਾਤਸ਼ਾਹ ਦੇ ਮਨ ਵਿਚ ਵੀ ਉਮਾਹ ਜਗਾਇਆ। ਸੋਚਿਆਂ ਕੀਰਤਨ ਕਰੀਏ-ਪਰ ਰਬਾਬ ਚਾਹੀਦੀ ਹੈ।
ਰਬਾਬ ਮਿਰਾਸੀਆਂ ਦਾ ਪੁਰਾਣਾ ਸੰਗੀਤਕ ਸਾਜ਼ ਹੈ। ਇਹ ਅਰਬ ਤੇ ਈਰਾਨ ਦੇ ਸੂਫੀ ਫਕੀਰਾਂ ਦੀ ਸਾਂਝੀ ਉਪਜ ਦਾ ਫ਼ਲ ਹੈ। ਰਬਾਬ ਅਰਬੀ ਸ਼ਬਦ ਹੈ। ਡਾ. ਬਲਬੀਰ ਸਿੰਘ ਨੇ ਆਪਣੀ ਕਿਤਾਬ ‘ਲੰਮੀ ਨਦਰ’ ਜੋ 1959 ਵਿਚ ਪ੍ਰਕਾਸ਼ਿਤ ਹੋਈ। ਉਸ ਵਿਚ ਰਬਾਬ ਸਿਰਲੇਖ ਹੇਠ ਬਗਦਾਦ ਦੀ ਇਕ ਇਤਿਹਾਸਕ ਘਟਨਾ ਦਾ ਜ਼ਿਕਰ ਹੈ। ਉਹਨਾਂ ਨੇ ‘ਤਾਰੀਖੁਲ-ਹੁਕਮਾ ਤੇ ਮਸ਼ਾਹੀਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਬੁਖਨੇ ਦੇ ਹਕੀਮ ਅਬੂ ਨਾਸਿਰ ਫਾਰਾਬੀ ਜੋ ਬੜਾ ਵੱਡਾ ਗਵੱਈਆ ਤੇ ਵਜੰਤਰੀ ਸੀ । ਇਹ ਆਪਣੀ ਫ਼ਨਕਾਰੀ ਲਈ ਮਸ਼ਹੂਰ ਸੀ ਪਰ ਰਹਿੰਦਾ ਫ਼ਟੇ ਹਾਲ ਹੀ ਸੀ। ਇਕ ਰਈਸ ਨੇ ਇਸ ਦੇ ਫ਼ਨ ਦਾ ਕਮਾਲ ਵੇਖਣ ਲਈ ਇਸਨੂੰ ਕਈ ਵੇਰਾਂ ਆਪਣੀਆਂ ਮਹਿਫਲਾਂ ਵਿਚ ਬੁਲਾਇਆ ਪਰ ਇਹ ਆਪਣੀ ਹੀ ਦੀਵਾਨਗੀ ਦੇ ਆਲਮ ਵਿਚ ਰਹਿਣ ਵਾਲਾ ਬੰਦਾ ਉਸ ਦੇ ਸੱਦੇ ਦੀ ਪ੍ਰਵਾਹ ਨਹੀਂ ਸੀ ਕਰਦਾ। ਫ਼ਿਰ ਇਕ ਵਾਰੀ ਕੀ ਹੋਇਆ ਉਸ ਦੀ ਮਹਿਫ਼ਿਲ ਸਜੀ ਹੋਈ ਸੀ। ਰੰਗ-ਰਾਗ ਹੋ ਰਿਹਾ ਸੀ। ਇਹ ਹਕੀਮ ਮੈਲੇ ਕੁਚੈਲੇ, ਕਪੜਿਆਂ ਵਿਚ ਜੋ ਬਹੁਤ ਹੀ ਬੁਰੇ ਹਾਲ ਵਿਚ ਸਨ, ਪਹਿਨੇ ਹੋਏ ਉਥੇ ਪਹੁੰਚ ਗਿਆ। ਅਮੀਰ ਨੇ ਇਸ ਦਾ ਇਹ ਹਾਲ ਬੜੀ ਹਕਾਰਤ ਨਾਲ ਵੇਖਿਆ ਪਰ ਹਕੀਮ ਫਾਰਾਬੀ ਤਾਂ ਆਪਣੇ ਫ਼ਨ ਦਾ ਜਾਣੂ ਸੀ। ਉਸ ਨੇ ਉਸ ਮਹਿਫ਼ਿਲ ਵਿਚ ਇਕ ਸਾਜ਼ (ਰਬਾਬ) ਵਜਾਇਆ ਜਿਸ ਦੀ ਆਵਾਜ਼ ਸੁਣਕੇ ਸਾਰੀ ਮਹਿਫ਼ਲ ਪਹਿਲਾਂ ਹੱਸੀ। ਉਸਨੇ ਇਕ ਹੋਰ ਧੁੰਨ ਵਜਾਈ ਹੁਣ ਮਹਿਫ਼ਲ ਰੋ ਪਈ। ਅੰਤ ਉਸਨੇ ਅਜੇਹਾ ਸੁਰ ਲਾਇਆ ਕਿ ਸਾਰੀ ਮਹਿਫ਼ਲ ਮਦਹੋਸ਼ ਹੋ ਗਈ। ਇਹ ਸੀ ਰਬਾਬ ਦਾ ਅਸਰ ਤੇ ਹਕੀਮ ਫਾਰਾਬੀ ਦਾ ਫ਼ਨ।
ਭਾਈ ਕਾਹਨ ਸਿੰਘ ਅਨੁਸਾਰ ਰਬਾਬ ਦਾ ਅਸਲ ਨਾਮ ਰਾਵਣ ਵੀਣਾ ਹੈ। ਭਾਰਤੀ ਸੰਗੀਤ ਪੱਧਤੀ ਦੇ ਮੁਤਾਬਕ ਵੀਣਾ ਬ੍ਰਹਮਾ ਦੀ ਪੁੱਤਰੀ ਸਰਸਵਤੀ, ਰਿਖੀ ਨਾਰਦ ਤੇ ਹੋਰ ਦੇਵੀ-ਦੇਵਤਿਆਂ ਦਾ ਪਿਆਰਾ ਸਾਜ਼ ਹੈ। ਪਰ ਵੀਣਾ ਤੇ ਰਬਾਬ ਦੋਹਾਂ ਦੀ ਸ਼ਕਲ ਸੂਰਤ ਆਪੋ ਆਪਣੀ ਹੈ। ਇਹਨਾਂ ਦੋਹਾਂ ਦਾ ਮੂਲ ਸੋਮਾ ਇਕ ਹੋਵੇ ਸੰਦਿਗਧ ਹੈ। ਇਹ ਤਾਂ ਸਪਸ਼ਟ ਹੀ ਹੈ ਭਾਰਤੀ ਸੰਗੀਤਕ ਸਾਜ਼ ਚਾਹੇ ਕੋਈ ਵੀ ਹੋਣ ਆਰੰਭ ਤੋਂ ਹੀ ਦੇਵ-ਮੰਦਰਾਂ ਵਿਚ ਇਸ਼ਟ ਦੀ ਪੂਜਾ-ਅਰਚਾ ਸਮੇਂ, ਇਸ਼ਟ ਨੂੰ ਪ੍ਰਸੰਨ ਕਰਨ ਲਈ ਵਜਾਏ ਜਾਂਦੇ ਸਨ । ਪਰ ਸੂਫੀ ਫਕੀਰਾਂ ਦੀਆਂ ਮਹਿਫਲਾਂ ਕਿਸੇ ਦੇਵਤਾ ਦੀ ਥਾਵੇਂ ਆਮ ਜਨਤਾ ਨਾਲ ਸੰਬੰਧਿਤ ਹੁੰਦੀਆਂ ਸਨ। ਇਸੇ ਕਰਕੇ ਉਹਨਾਂ ਦੇ ਸੰਗੀਤਕ ਸਾਜ਼ ਵੀ ਹਮੇਸ਼ਾ ਆਮ ਲੋਕਾਂ ਦੇ ਸਾਜ਼ ਹੋਣ ਦਾ ਗੋਰਵ ਰੱਖਦੇ ਸਨ। ਗੁਰੂ ਨਾਨਕ ਦੇਵ ਜੀ ਆਮ ਜਨ ਸਾਧਾਰਣ ਦੇ ਸੁਧਾਰ ਅਤੇ ਕਲਿਆਣ ਲਈ ਰਹਿਬਰ ਰੂਪ ਵਿਚ ਪ੍ਰਗਟ ਹੋਏ ਸਨ। ਜ਼ਾਹਿਰ ਹੈ, ਉਹਨਾਂ ਦੇ ਸਾਜ਼ ਦੇਵ-ਮੰਦਰਾਂ ਦੇ ਸਾਜ਼ ਨਹੀਂ ਸਗੋਂ ਜਨਤਾ ਦੇ ਸਰਬ ਸਾਂਝੇ ਸਾਜ਼ ਸਨ। ਸਾਫ਼ ਹੈ, ਗੁਰੂ ਬਾਬੇ ਨੇ ਸ਼ਬਦ ਕੀਰਤਨ ਲਈ ਸੰਗੀਤਕ ਸਾਜ਼ ਰਬਾਬ ਨੂੰ ਚੁਣਿਆ। ਮਰਦਾਨਾ ਜੀ ਉਸਦੇ ਵਾਦਕ ਸਨ।
ਢਾਢੀ ਅਤੇ ਭੱਟ ਜਿਸ ਤਰ੍ਹਾਂ ਸੰਗੀਤ ਅਤੇ ਲੋਕਾਚਾਰ ਵਿਚ ਬੜੇ ਮਾਹਿਰ ਹੁੰਦੇ ਸਨ ਇਸੇ ਤਰ੍ਹਾਂ ਮਿਰਾਸੀਆਂ ਵਿਚੋਂ ਰਬਾਬੀ ਵੀ ਉਹੋ ਦਰਜਾ ਰੱਖਦੇ ਸਨ। ਇਹ ਰਬਾਬੀ ਕਾਵਿ-ਛੰਦ, ਲੋਕ ਗੀਤ ਅਤੇ ਵਾਰਾਂ ਆਦਿ ਦੀ ਸਿਰਜਣਾ ਵੀ ਕਰਦੇ ਸਨ ਤੇ ਇਹਨਾਂ ਨੂੰ ਸੁਰੀਲੇ ਸੰਗੀਤ ਵਿਚ ਸੁਰਬੱਧ ਕਰਕੇ ਗਾਉਂਦੇ ਵੀ ਸਨ। ਇਹ ਲੋਕ ਆਪਣੀ ਵਿਦਿਆ ਕਰਕੇ ਸਮਾਜ ਵਿਚ ਆਦਰ ਦੀ ਨਜ਼ਰ ਨਾਲ ਵੇਖੇ ਜਾਂਦੇ ਸਨ। ਮਰਦਾਨਾ ਆਪਣੇ ਪਿਤਾ ਦੇ ਵੇਲੇ ਦੀਆਂ ਗਾਇਕ ਢਾਣੀਆਂ ਦੀ ਸੰਗਤ ਵਿਚ ਸਾਜ਼-ਸੰਗੀਤ ਵਿਚ ਢਲ ਗਿਆ ਸੀ। ਉਹ ਸਾਰੰਗੀ ਤੇ ਰਬਾਬ ਦਾ ਮਾਹਿਰ ਉਸਤਾਦ ਬਣ ਗਿਆ। ਉਹ ਰਬਾਬ ਇਤਨੀ ਮਨਮੋਹਕ ਵਜਾਉਂਦਾ ਕਿ ਬਾਬਾ ਨਾਨਕ ਵੀ ਉਸਦੀ ਪ੍ਰਸੰਸਾ ਕਰਨੋਂ ਨਾ ਰਹਿ ਸਕਦੇ। ਹੁਣ ਗੁਰੂ ਨਾਨਕ ਸਾਹਿਬ ਨੇ ਮਾਨਵ ਕਲਿਆਣ ਦੇ ਤਰਾਨੇ ਲਿਖਣੇ ਤੇ ਗਾਉਣੇ ਆਰੰਭ ਕਰ ਦਿੱਤੇ। ਉਧਰ ਮਰਦਾਨੇ ਦੇ ਮਨ-ਮੁਗਧ ਰਬਾਬ ਨਾਲ ਗੁਰੂ ਬਾਬੇ ਦੀ ਰਸ ਭਰੀ ਆਵਾਜ਼ ਇਕ ਦੂਜੇ ਵਿਚ ਇਕ ਮਿਕ ਹੋ ਕੇ ਜੁਗ ਪਲਟਾਊ ਲਹਿਰ ਦਾ ਅਗਾਜ਼ ਕਰਨ ਲਗੀ। ਗੁਰੂ ਨਾਨਕ ਸਾਹਿਬ ਮਰਦਾਨੇ ਦੀ ਸਰਲਤਾ ਤੇ ਬਹੁਤ ਖੁਸ਼ ਹੋਏ ਤੇ ਆਖਣ ਲਗੇ “ਮਰਦਾਨਿਆ ਊਚ ਨੀਚ ਜਾਤਾਂ ਦੇ ਭਰਮ ਤਾਂ ਲੋਕਾਂ ਨੇ ਪਾ ਦਿੱਤੇ। ਰਬ ਨੇ ਜੇਹੋ ਜਿਹਾ ਹਡ ਚੰਮ ਦਾ ਮੈਨੂੰ ਬਣਾਇਆ ਹੈ, ਤੇਹਾ ਤੈਨੂੰ ਬਣਾਇਆ ਹੈ। ਰਬ ਨੇ ਆਪਣੀ ਜੋਤ ਤੇਰੇ ਤੇ ਮੇਰੇ ਵਿਚ ਇਕੋ ਜੇਹੀ ਰੱਖੀ ਹੈ। ਰਬ ਨੇ ਤੈਨੂੰ ਕਈਆਂ ਨਾਲੋਂ ਚੰਗਾ ਬਣਾਇਆ ਹੈ ਕਿਉਂਕਿ ਤੈਨੂੰ ਰਾਗ ਦੀ ਸੂਝ ਦਿੱਤੀ ਹੈ। ਰਬਾਬ ਵਜਾਣ ਦਾ ਹੁਨਰ ਦਿੱਤਾ ਹੈ ਤੇ ਨਾਲ ਸੰਤੋਖ ਦਿੱਤਾ ਹੈ। ਤੂੰ ਸਮਾਜ ਦਾ ਢਾਢੀ ਬਣ, ਮੈਂ ਸੱਚੇ ਪਰਮੇਸਰ ਦਾ ਢਾਢੀ। ਸਾਡੇ ਵਿਚ ਫ਼ਰਕ ਕੋਈ ਨਾ। ਤੂੰ ਵੀ ਰਬ ਦਾ ਢਾਢੀ ਬਣ, ਤੇਰੇ ਸਾਰੇ ਮਨੋਰਥ ਪੂਰੇ ਹੋਣਗੇ।’ ਇਉਂ ਮਰਦਾਨੇ ਦਾ ਬਾਬੇ ਨਾਲ ਪਹਿਲਾ ਮੇਲ ਹੋਇਆ ਤੇ ਮਰਦਾਨਾ ਸਦਾ ਲਈ ਗੁਰੂ ਨਾਨਕ ਦਾ ਹੋ ਗਿਆ। ਪਹਿਲਾਂ ਉਹ ਬਾਬੇ ਨਾਨਕ ਦਾ ਰਬਾਬੀ ਸੀ। ਫ਼ਿਰ ਅੰਦਰੂਨੀ ਤੌਰ ਤੇ ਸਿੱਖ ਬਣਿਆ ਤੇ ਰਬੀ ਗੀਤ ਗਾਉਂਦਾ। ਗੁਰੂ ਨਾਨਕ ਦੇ ਪੂਰਾ ਜੀਵਨ ਅੰਗ-ਸੰਗ ਵਿਚਰਿਆ। ਤੇ ਅੰਤ, ਗੁਰੂ ਨਾਨਕ ਦੇਵ ਦੇ ਹੱਥਾਂ ਵਿਚ ਹੀ ਜਗਤ ਤੋਂ ਕੂਚ ਕਰਿਆ। ਇਹੋ ਜੇਹਾ ਸੁਭਾਗੀ ਰੂਹ ਜਿਸਦਾ ਅੰਤ ਗੁਰੂ ਬਾਬੇ ਨੇ ਆਪ ਸਵਾਰਿਆ। ਸਾਖੀਕਾਰ ਲਿਖਦੇ ਹਨ, ਇਕ ਦਿਨ ਬਾਬੇ ਨੇ ਮਰਦਾਨੇ ਨੂੰ ਸਹਿਵਨ ਹੀ ਪੁੱਛਿਆ ਮਰਦਾਨਿਆ, ਤੇਰੀ ਕਬਰ ਬਣਾਵਾਂ ਕਿ ਸਸਕਾਰ ਕਰਾਂ। ਪ੍ਰੇਮਾ ਭਗਤੀ ਵਿਚ ਲੀਨ ਮਰਦਾਨਾ ਕਹਿਣ ਲਗਾ ਬਾਬਾ ਮੈਂ ਤਾਂ ਸਾਰੀ ਉਮਰ ਤੇਰੇ ਨਾਲ ਬਿਤਾਈ ਹੈ ਕੀ ਅਜੇ ਵੀ ਮੈਂ ਕਬਰ ਤੇ ਸਸਕਾਰ ਵਿਚ ਪਿਆ ਹਾਂ । ਤੇਰਾ ਜੋ ਜੀ ਕਰੇ ਸੋ ਕਰਨਾ। ਮੈਂ ਤਾਂ ਤੇਰੇ ਹਥੋਂ ਜਾਵਾਂਗਾ ਇਸ ਤੋਂ ਵੱਡਾ ਪੁੰਨ ਹੋਰ ਕੇਹੜਾ ਹੋਵੇਗਾ। ਮੇਰੇ ਮਨ ਦੇ ਸਾਰੇ ਸੰਸੇ ਭਰਮ ਮੁੱਕ ਗਏ ਹਨ।
ਰਨਬੀਰ ਸਿੰਘ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ :
Mardana was a mohamdan Minster. He was enamoured with songs of Nanak while he was still at Talwandi. When Nanak came to stay at Sultanpur; he also moved to that place. At the time of Nanak’s marriage Mardana asked the bridegroom for a small wedding gift that may help to keep him ever close to the master Nanak. Nanak gave him a Rabee (Rabab) and said “whait till A call you”. (p.28) Mardana was called and he never left the presence of the Divine ‘Bridegroom”. Mardana, the master,s Rebee player stayed at his side though most of his travel contributing his own little part by plucking on the string of the Rabee and deffusing haunting melodies that set is music Nanak’s flood of 2 spontaneous songs.
ਇਸ ਪੁਸਤਕ ਅਨੁਸਾਰ ਮਰਦਾਨਾ ਇਕ ਮੁਸਲਮਾਨ ਗਵੱਈਆ ਸੀ। ਤਲਵੰਡੀ ਵਿਚ ਰਹਿੰਦਿਆਂ ਸਮੇਂ ਤੋਂ ਹੀ ਉਹ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦਾ ਆਸ਼ਕ ਸੀ। ਦਰਅਸਲ, ਉਸ ਦੀ ਅੰਦਰਲੀ ਲਗਨ ਹੀ ਉਸਨੂੰ ਗੁਰੂ ਸਾਹਿਬ ਕੋਲ ਬਾਰੰਬਾਰ ਖਿੱਚ ਲਿਆਉਂਦੀ ਹੈ। ਨਾਲੇ, ਗੁਰੂ ਸਾਹਿਬ ਪਹਿਲੇ ਵਿਅਕਤੀ ਸਨ ਜਿਹਨਾਂ ਮਰਦਾਨੇ ਦੇ ਹੁਨਰ ਅਤੇ ਰਬਾਬ-ਵਾਦਨ ਦੀ ਕਦਰ ਪਾਈ ਸੀ। ਮਰਦਾਨਾ ਇਸ ਗਲੋਂ ਅਭੋਲ ਨਹੀਂ ਸੀ। ਕਲਾਕਾਰਾਂ ਨੂੰ ਕਦਰਦਾਨਾਂ ਦੀ ਹਮੇਸ਼ਾ ਹੀ ਲੋੜ ਹੁੰਦੀ ਹੈ। ਭਾਈ ਮਰਦਾਨੇ ਦਾ ਸਹਿਜ ਆਕਰਸ਼ਣ ਆਪਣੇ ਕਦਰਦਾਨ ਵਲ ਹੈ। ਭਾਵੇਂ ਘਰੋਗੀ ਪਰਿਸਥਿਤੀਆਂ ਬਹੁਤੀਆਂ ਸੁਖਦਾਈ ਨਹੀਂ ਸਨ ਪਰ ਤਾਂ ਵੀ ਉਹ ਆਪਣੇ ਸ਼ਨਾਸ-ਕਰਤਾ ਬਾਬੇ ਨਾਨਕ ਦਾ ਲੜ ਫ਼ੜ ਲੈਂਦਾ ਹੈ।
ਰਬਾਬ ਤੰਤੀ ਸਾਜ਼ ਹੈ। ਇਸਦੇ ਦੋ ਪ੍ਰਕਾਰ ਹੁੰਦੇ ਹਨ :
ਨਿਬੱਧ ਅਤੇ ਅਨਿਬੱਧ
ਨਿਬੱਧ ਰਬਾਬ ਵਿਚ ਸੁਰਾਂ ਚਿਨ੍ਹਾਂ ਦੇ ਪਰਦੇ ਤੰਦਾਂ ਨਾਲ ਬੱਝੇ ਹੁੰਦੇ ਹਨ। ਅਨਿਬੱਧ ਰਬਾਬ ਵਿਚ ਸੁਰਾਂ ਦੇ ਪਰਦੇ ਬੱਝੇ ਨਹੀਂ ਹੁੰਦੇ।3
ਰਬਾਬ ਨੂੰ ਵਜਾਣ ਲਈ ਆਮ ਤੌਰ ਤੇ ਲਕੜੀ ਜਾਂ ਹਾਥੀ ਦੰਦ ਦਾ ਤਿਕੋਣਾ ਟੁਕੜਾ ਵਰਤਿਆ ਜਾਂਦਾ ਹੈ। ਇਸ ਨੂੰ ਜਵਾਂ, ਜ਼ਰਬ ਅਥਵਾ ਮਿਜ਼ਰਾਬ ਵੀ ਕਹਿੰਦੇ ਹਨ।
ਇਸ ਵਿਚ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਤੇ ਦੂਜੀ ਉਂਗਲੀ ਨਾਲ ਫੜਕੇ ਤਾਰਾਂ ਉੱਤੇ ਟੁਣਕਾਰ ਕੀਤਾ ਜਾਂਦਾ ਹੈ ਤੇ ਖੱਬੇ ਹੱਥ ਦੀਆਂ ਉਂਗਲੀਆਂ ਨਾਲ ਤਾਰ ਨੂੰ ਡਾਂਡ ਉੱਤੇ ਦਬਾਕੇ ਸੁਰਾਂ ਨੂੰ ਪੈਦਾ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਵਰਤੋਂ ਛੇ ਵਾਰ ਹੋਈ ਹੈ :
(ਅੰਗ ੩੬੮)
(8) ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ॥
(ਅ) ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ॥1॥ ਰਹਾਉ॥
(ਅੰਗ ੩੮੧)
(ਅੰਗ ੪੭੯)
(ੲ) ਟੂਟੀ ਤੰਤੁ ਨ ਬਜੈ ਰਬਾਬੁ॥
(ਅੰਗ ੮੮੪)
(ਸ) ਕਰਿ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ॥
(ਅੰਗ ੯੩੪)
(ਹ) ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ॥
(ਅੰਗ ੧੧੪੦)
(ਕ) ਜੀਲ ਬਿਨਾ ਕੈਸੇ ਬਜੈ ਰਬਾਬ॥
ਜ਼ਾਹਿਰ ਹੈ, ਉਚ ਪਾਏ ਦੇ ਗਾਇਕਾਂ ਵਿਚ ਰਬਾਬ ਦਾ ਵਿਸ਼ੇਸ਼ ਸਥਾਨ ਸੀ। ਸਿਆਣੇ ਸੰਗੀਤਕਾਰ ਤੰਤੀ ਸਾਜ਼ਾਂ ਵਿਚ ਰਬਾਬ ਨੂੰ ਖ਼ਾਸ ਮਹੱਤਤਾ ਦੇਂਦੇ ਸਨ। ਏਸੇ ਕਾਰਣ ਇਹ ਮਰਦਾਨੇ ਦਾ ਵੀ ਮਨਚਾਹਿਆ ਸਾਜ਼ ਸੀ।
ਮਰਦਾਨਾ ਰਬਾਬੀ ਬਣਿਆ
ਜਦੋਂ ਬਾਬਾ ਨਾਨਕ ਸੁਲਤਾਨਪੁਰ ਆ ਗਏ ਤਾਂ ਇਹ ਵੀ ਇਥੇ ਪੁੱਜ ਗਿਆ। ਬਾਬੇ ਨਾਨਕ ਦੇ ਵਿਆਹ ਸਮੇਂ ਮਰਦਾਨੇ ਨੇ ਨਾਨਕ ਲਾੜੇ ਤੋਂ ਇਕ ਅਜਿਹਾ ਤੋਹਫ਼ਾ ਮੰਗਿਆ ਜੋ ਸਦਾ ਹੀ ਉਸਦੀ ਯਾਦ ਆਪਣੇ ਕੋਲ ਰੱਖਣ ਵਿਚ ਮਦਦ ਕਰੇ। ਬਾਬਾ ਨਾਨਕ ਨੇ ਆਪਣੇ ਮਿੱਤਰ ਦੀ ਭਾਵਨਾ ਦੀ ਕਦਰ ਕਰਦੇ ਹੋਏ, ਉਸਨੂੰ ਇਕ ਰਬਾਬ ਲੈ ਦਿੱਤੀ ਤੇ ਨਾਲ ਹੀ ਬਚਨ ਕੀਤਾ-‘ਮਰਦਾਨਿਆ ਇੰਤਜ਼ਾਰ ਕਰੀਂ, ਜਦ ਤਕ ਮੈਂ ਤੈਨੂੰ ਬੁਲਾਉਂਦਾ ਨਹੀਂ।’
ਇਸ ਤੋਂ ਬਾਦ ਮਰਦਾਨਾ ਸਦਾ ਲਈ ‘ਰਬੀ ਲਾੜੇ’ ਨਾਲ ਜੁੜਿਆ ਰਿਹਾ ਤੇ ਆਪਣੇ ਮਾਲਕ ਦਾ ਰਬਾਬੀ ਬਣ ਗਿਆ। ਉਹਨਾਂ ਦੀ ਆਮੁਹਾਰੇ ਧੁਰੋਂ ਆਉਂਦੀ ਬਾਣੀ ਦੀਆਂ ਮਿੱਠੀਆਂ ਸੁਰਾਂ ਰਬਾਬ ਦੀਆਂ ਤਾਰਾਂ ਤੇ ਗਾ ਕੇ, ਉਹਨਾਂ ਦੀਆਂ ਉਦਾਸੀਆਂ ਵੇਲੇ ਅੰਗ-ਸੰਗ ਰਹਿਕੇ ਆਪਣਾ ਮਹੱਤਵਪੂਰਣ ਯੋਗਦਾਨ ਪਾਉਂਦਾ ਰਿਹਾ। ‘
ਪ੍ਰਸਿੱਧ ਇਤਿਹਾਸਕਾਰ ਮੋਹਿਸਨ ਫਾਨੀ ਨੇ ਆਪਣੀ ਪੁਸਤਕ ‘ਦਬਿਸਤਾਨਿ ਮਜ਼ਾਹਬ’ ਵਿਚ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਤਲਵੰਡੀ ਦਾ ਇਕ ਮੁਸਲਮਾਨ ਮਿਰਾਸੀ (ਸਾਜ਼ਗਰ) ਮਰਦਾਨਾ ਸੀ, ਜਿਸਦੀ ਉਮਰ ਗੁਰੂ ਪਾਤਸ਼ਾਹ ਨਾਲੋਂ 10 ਵਰ੍ਹੇ ਵੱਡੀ ਸੀ। ਉਸਦੀ ਸੁਰੀਲੀ ਅਵਾਜ਼ ਚੰਗੀ ਰਹਿਣੀ ਬਹਿਣੀ ਤੇ ਰੱਬ ਪ੍ਰਤੀ ਚੰਗੀ ਭਗਤੀ ਵੇਖ ਬਾਬੇ ਨਾਨਕ ਨੇ ਉਸਨੂੰ ਭਰਾ ਬਣ ਲਿਆ। ਪਿਤਾ ਕਾਲੂ ਦੇ ਕਹਿਣ ‘ਤੇ ਗੁਰੂ ਨਾਨਕ ਨੂੰ ਰਬੀ ਪਾਸਿਉਂ ਮੋੜ ਸਫ਼ਲ ਦੁਨਿਆਵੀ ਜੀਵਨ ਬਿਤਾਉਣ ਵਲ ਪ੍ਰੇਰਨ ਲਈ ਮਰਦਾਨਾ ਸੁਲਤਾਨਪੁਰ ਆਇਆ ਸੀ। ਪਰ ਗੁਰੂ ਜੀ ਦੇ ਨੂਰੀ ਜਲਾਲ ਥੱਲੇ ਆ ਗਿਆ ਤੇ ਜਦੋਂ .ਵੀ ਗੁਰੂ ਜੀ ਪ੍ਰਭੂ ਉਸਤਤਿ ਦੇ ਸ਼ਬਦ ਗਾਉਂਦੇ ਤਾਂ ਉਹ ਰਬਾਬ ਉੱਤੇ ਉਹਨਾਂ ਨਾਲ ਸੰਗਤ ਕਰਨ ਲਗ ਪਿਆ । ਲੋਕੀਂ ਗੁਰੂ ਨਾਨਕ ਦੇ ਰੱਬੀ ਸ਼ਬਦ ਸੁਣਨ ਲਈ ਬਹੁਤ ਗਿਣਤੀ ਵਿਚ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ ।
ਪੁਰਾਤਨ ਜਨਮ ਸਾਖੀ ਵੀ ਇਸ ਮਤ ਦੀ ਪੁਸ਼ਟੀ ਕਰਦੀ ਹੈ ਕਿ ਮਰਦਾਨਾ ਜੀ ਤਲਵੰਡੀ ਤੋਂ ਬਾਬਾ ਜੀ ਪਾਸ ਸੁਲਤਾਨਪੁਰ ਆਇਆ ਸੀ।
“ਪਿਛੋਂ ਮਰਦਾਨਾ ਡੂਮ ਆਇਆ। ਤਲਵੰਡੀਓ ਆਏ ਬਾਬੇ ਨਾਲ ਟਿਕਿਆ” ਜਦੋਂ ਬਾਬਾ ਜੀ ਵਜਦ ਵਿਚ ਆ ਕੇ ਰਾਗ ਅਲਾਪਦੇ ਤੇ ਆਖਦੇ:
“ਮਰਦਾਨਿਆ ! ਰਬਾਬ ਵਜਾਇ ਕਾਈ ਸਿਫ਼ਤ ਖੁਦਾਇ ਕੀ ਕਰੀਏ”
ਮੁਹੰਮਦ ਲਤੀਫ਼ ਨੇ ਹਿਸਟਰੀ ਆਫ਼ ਦੀ ਪੰਜਾਬ ਵਿਚ ਲਿਖਿਆ ਹੈ :
Lakhmi Das was a baby when Nanak abondoned all the worldly connections and putting on his garbs of a faqir, started on a tour. His companion in his travel was Mardana, the family Mirasi or musician, a skillful performer on the Rabab or harp.4
ਭਾਵ, ਲਖਮੀਦਾਸ ਅਜੇ ਬੱਚਾ ਹੀ ਸੀ ਜਦੋਂ ਗੁਰੂ ਪਾਤਸ਼ਾਹ ਨੇ ਦੁਨਿਆਵੀ ਸੰਬੰਧਾਂ ਨੂੰ ਤਿਆਗ ਕੇ ਫਕੀਰੀ ਲਿਬਾਸ ਪਹਿਨ ਕੇ ਯਾਤਰਾ ਸ਼ੁਰੂ ਕਰ ਦਿੱਤੀ। ਉਹਨਾਂ ਦੇ ਸਫ਼ਰ ਵਿਚ ਮਰਦਾਨਾ ਮਿਰਾਸੀ ਜਾਤ ਦਾ ਮਰਦਾਨਾ, ਜੋ ਬੜਾ ਮਾਹਿਰ ਸੀ ਰਬਾਬ ਵਜਾਉਣ ਵਿਚ, ਉਹਨਾਂ ਦੇ ਨਾਲ ਸੀ। ਨਾਨਕ ਜੋ ਵੀ ਸ਼ਬਦ ਉਚਾਰਦਾ, ਪ੍ਰਭੂ ਦੀ ਸਿਫਤ ਸਲਾਹ ਕਰਦਾ, ਮਰਦਾਨਾ ਰਬਾਬੀ ਨਾਲੋਂ ਨਾਲ ਉਹਨਾਂ ਨੂੰ ਸੁਰਾਂ ਵਿਚ ਬੰਨ੍ਹਦਾ ਜਾਂਦਾ।
ਇਥੋਂ ਹੀ ਇਹ ਟੁਹ ਪ੍ਰਾਪਤ ਹੁੰਦੀ ਹੈ, ਮਰਦਾਨਾ ਜੀ ਨਾ ਕੇਵਲ ਰਬਾਬ ਵਜਾਉਣ ਦੇ ਹੀ ਮਾਹਿਰ ਸਨ ਸਗੋਂ ਗੁਰੂ ਨਾਨਕ ਉਚਰਿਤ ਬਾਣੀ ਨੂੰ ਨਾਲੋਂ ਨਾਲ ਰਾਗਬੱਧ ਵੀ ਕਰ ਲੈਂਦੇ ਸਨ।
ਸਾਫ਼ ਹੈ, ਭਾਵੇਂ ਭਾਈ ਮਰਦਾਨਾ ਬਾਬੇ ਨਾਨਕ ਦੇ ਬਚਪਨ ਦਾ ਬੇਲੀ ਸੀ। ਪਰ ਅਸਲੀ ਮੇਲ ਉਦੋਂ ਹੋਇਆ ਜਦੋਂ ਭੈਣ ਨਾਨਕੀ ਦੇ ਸੱਦੇ ਉੱਤੇ ਗੁਰੂ ਪਾਤਸ਼ਾਹ ਨਵਾਬ ਦੋਲਤ ਖਾਨ ਲੋਧੀ ਦੇ ਮੋਦੀਖਾਨੇ ਦੇ ਮੋਦੀ ਬਣ ਗਏ। ਭਾਈ ਮਰਦਾਨਾ ਮਹਿਤਾ ਕਾਲੂ ਜੀ ਦਾ ਭੇਜਿਆ ਤਲਵੰਡੀਓ ਸੁਲਤਾਨਪੁਰ ਗੁਰੂ ਸਾਹਿਬ ਦੀ ਖਬਰ ਸਾਰ ਲੈਣ ਆਇਆ ਸੀ। ਪਰ ਗੁਰੂ ਸਾਹਿਬ ਦਾ ਨਿੱਘਾ ਵਰਤਾਉ, ਸਤਿਸੰਗ ਆਦਿ ਵੇਖਕੇ ਉਹ ਸਭ ਕੁਝ ਭੁੱਲ ਗਿਆ ਤੇ ਉਹ ਸਿਦਕੀ ਜੀਊੜਾ ਬਾਬੇ ਨਾਨਕ ‘ਦੇ ਪਾਸ ਹੀ ਠਹਿਰ ਗਿਆ। ਬੱਸ ਫੇਰ ਸਾਜ਼ ਅਤੇ ਅਵਾਜ਼ ਦੀਆਂ ਸੁਰਾਂ ਅਸਮਾਨੀ ਗੂੰਜਣ ਲਗੀਆਂ। ਇਸ ਵੇਲੇ ਮਰਦਾਨਾ ਜੀ ਦੀ ਉਮਰ ਲਗਭਗ 30 ਵਰ੍ਹਿਆਂ ਦੀ ਸੀ ਤੇ ਬਾਬਾ ਨਾਨਕ ਜੀ ਦੀ 20 ਵਰ੍ਹਿਆਂ ਦੀ। ਦੋਵੇਂ ਮਿੱਤਰ ਬਗਲਗੀਰ ਹੋਏ। ਦੋਹਾਂ ਇਕ ਦੂਜੇ ਦੀਆਂ ਸੁਣੀਆਂ। ਹੁਣ ਗੁਰੂ ਜੀ ਮੇਹਰ ਦੇ ਘਰ ਆਏ ਮਰਦਾਨਾ ਜੀ ਦੇ ‘ਖਲੂਸੇ ਮੁਹੱਬਤ’ ਦੇ ਸਾਹਵੇਂ ਉਸਨੂੰ ਭਾਈ ਦੀ ਉਪਾਧੀ ਨਾਲ ਨਿਵਾਜਿਆ। ਰਬਾਬੀ ਮਰਦਾਨਾ ਹੁਣ ‘ਭਾਈ’ ਬਣ ਗਿਆ । ਬਾਬਾ ਜੀ ਨੇ ਉਸਨੂੰ ਭਾਈ ਦੀ ਪਦਵੀ ਦੇ ਕੇ ਉਸਨੂੰ ਬਰਾਬਰੀ ਦਾ ਦਰਜਾ ਦੇ ਦਿੱਤਾ । ਗੁਰੂ ਨਾਨਕ ਨਾਮ-ਬਾਣੀ ਦੇ ਸਿਰਜਕ ਹੋਣ ਕਰਕੇ ਸੰਗੀਤ-ਕਲਾ ਨਾਲ ਦਿਲੀ ਲਗਾਉ ਰੱਖਦੇ ਸਨ। ਭਾਈ ਮਰਦਾਨਾ ਪਹਿਲਾਂ ਹੀ ਇਸ ਕੰਮ ਵਿਚ ਨਿਪੁੰਨ ਸੀ। ਦੋਵੇਂ ਸਾਥੀ ਇਕ ਸਿਰਜਕ ਦੂਜਾ ਵਾਦਕ।
ਸਾਖੀਕਾਰਾਂ ਅਨੁਸਾਰ ਜਦੋਂ ਗੁਰੂ ਸਾਹਿਬ ਨੇ ਨਵਾਬ ਦੌਲਤ ਖਾਨ ਦਾ ਮੋਦੀਖਾਨਾ ਛਡਿਆ ਤੇ ਫ਼ਕੀਰੀ ਜਾਮਾ ਪਹਿਨ ਕੇ ਦੇਸ਼ ਵਿਦੇਸ਼ ਦੀ ਯਾਤਰਾ ਲਈ ਤਿਆਰ ਹੋਏ ਤਾਂ ਭਾਈ ਮਰਦਾਨੇ ਲਈ ਰਬਾਬ ਦੀ ਲੋੜ ਪਈ। ਬਾਬਾ ਨਾਨਕ ਦੇ ਆਦੇਸ਼ ਨਾਲ ਪਹਿਲਾਂ ਤਾਂ ਮਰਦਾਨਾ ਜੀ ਸੁਲਤਾਨਪੁਰ ਵਿਚ ਹੀ ਇਕ ਰਬਾਬੀ-ਢਾਢੀ ਕੋਲ ਗਿਆ। ਅਗੇ ਉਹ ਰਬਾਬੀ ਇੱਕ ਪਠਾਣ ਨੂੰ ਗਾ ਕੇ ਸੁਣਾ ਰਿਹਾ ਸੀ। ਮਰਦਾਨਾ ਜੀ ਨੇ ਉਸ ਦੇ ਹਥ ਵਿਚ ਇਕ ਰਬਾਬ ਵੇਖਿਆ ਜਿਸ ਤੇ ਉਹ ਗਾ ਰਿਹਾ ਸੀ। ਮਰਦਾਨਾ ਜੀ ਉਸ ਢਾਢੀ ਨੂੰ ਨਾਲ ਲੈ ਕੇ ਬਾਬਾ ਨਾਨਕ ਪਾਸ ਆਏ ਤੇ ਉਸ ਦਾਢੀ ਨੇ ਰਬਾਬ ਵਜਾਈ। ਗੁਰੂ ਸਾਹਿਬ ਦੀ ਸਮਾਧੀ ਖੁਲ੍ਹ ਗਈ। ਗੁਰੂ ਸਾਹਿਬ ਨੂੰ ਉਸ ਦਾ ਵਜਾਉਣਾ ਪਸੰਦ ਨਾ ਆਇਆ ਤੇ ਕਿਹਾ ‘ਮਰਦਾਨਿਆ, ਤੂੰ ਰਬਾਬ ਵਜਾ’ ਤਾਂ ਮਰਦਾਨੇ ਨੇ ਅਜੇਹੀ ਤਾਰ ਵਜਾਈ ਕਿ ਜੰਗਲ ਦੇ ਜਾਨਵਰ ਮੂੰਹ ਚੁੱਕ ਕੇ ਖਲੋ ਗਏ। ਇਕ ਬੇਸੁਧੀ ਦਾ ਆਲਮ ਸਭ ਪਾਸੇ ਛਾ ਗਿਆ। ਇਹ ਵੇਖ ਗੁਰੂ ਬਾਬਾ ਜੀ ਬਹੁਤ ਖੁਸ਼ ਹੋਏ ਤੇ ਮਰਦਾਨੇ ਦੀ ਰਬਾਬੀ ਕਲਾ ਉੱਤੇ ਰੀਝ ਪਏ। ਉਹ ਢਾਢੀ ਹੈਰਾਨ ਹੋ ਕੇ ਵੇਖਣ ਲਗਾ ਤੇ ਕਿਹਾ ‘ਮੈ ਤਾਂ ਵੱਡੇ ਵੱਡੇ ਢਾਢੀ ਵੇਖੇ ਸਨ ਪਰ ਇਹ ਗੁਣ ਕਿਸੇ ਵਿਚ ਨਹੀਂ ਡਿਠਾ। ’5 ਗੁਰੂ ਨਾਨਕ ਸਾਹਿਬ ਮਰਦਾਨੇ ਦੇ ਤਾਰ ਦੇ ਗੁਣ ਦੇ ਤਾਂ ਕਾਇਲ ਸਨ ਪਰ ਚੰਗੇ ਰਬਾਬ ਦੀ ਲੋੜ ਮਹਿਸੂਸ ਹੋਈ। ਬੇਬੇ ਨਾਨਕੀ ਵੀਰ ਨਾਨਕ ਦੀਆਂ ਰੁਚੀਆਂ ਤੇ ਲੋੜਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ। ਉਸਨੇ ਭਾਈ ਮਰਦਾਨੇ ਨੂੰ ਰਬਾਬ ਖਰੀਦਣ ਲਈ ਮਾਇਆ ਦੇ ਕੇ ਕਿਹਾ ਜਾਹ ਚੰਗੀ ਜੇਹੀ ਰਬਾਬ ਲੈ ਆ ਤੇ ਮੇਰੇ ਵੀਰਨ ਦਾ ਸਾਥ ਦੇਹ। ਇਹ ਘਟਨਾ ਸ਼ਾਇ ਦ ਉਦੋਂ ਦੀ ਹੈ ਜਦੋਂ ਗੁਰੂ ਬਾਬੇ ਨੇ ਆਪਣਾ ਡੇਰਾ ਲੁਟਾ ਦਿੱਤਾ ਸੀ ਤੇ ਜਗਤ ਜਲੰਦੇ ਦੀ ਕਲਿਆਣ ਲਈ ਉਦਾਸੀਆਂ ਧਾਰਨ ਦਾ ਵਿਚਾਰ ਮਨ ਵਿਚ ਪੱਕਾ ਬਣਾ ਲਿਆ ਸੀ। ਕਈਆਂ ਲੇਖਕਾਂ ਨੇ ਇਸੇ ਤੱਥ ਨੂੰ ਰਤਾ ਬਦਲਾ ਕੇ ਵੀ ਲਿਖਿਆ ਹੈ ਕਿ ਜਦੋਂ ਰਬਾਬ ਦੀ ਲੋੜ ਪਈ ਤਾਂ ਬਾਬਾ ਨਾਨਕ ਨੇ ਮਰਦਾਨੇ ਨੂੰ ਆਪਣੀ ਵੱਡੀ ਭੈਣ ਬੇਬੇ ਨਾਨਕੀ ਕੋਲ ਭੇਜਿਆ ਕਿ ਰਬਾਬ ਲਈ ਮਾਇਆ ਦਿਉ। ਮਰਦਾਨੇ ਨੇ ਬੇਬੇ ਨਾਨਕੀ ਕੋਲੋਂ ਪੈਸੇ ਲਿਆ ਕੇ ਸੁਲਾਤਨਪੁਰ ਵਿਖੇ ਰਬਾਬ ਖਰੀਦੀ। ਇਸ ਤੱਥ ਦੀ ਪ੍ਰੋੜ੍ਹਤਾ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਕੀਤੀ ਹੈ। ਡਾ. ਤ੍ਰਿਲੋਚਨ ਸਿੰਘ ਦੇ ਅਨੁਸਾਰ ਬਾਬਾ ਨਾਨਕ ਆਪਣੀ ਭੈਣ ਬੇਬੇ ਨਾਨਕੀ ਦੇ ਘਰ ਰਹੇ। ਫੇਰ ਉਹਨਾਂ ਨੂੰ ਦਰਬਾਰ ਵਲੋਂ ਵਖਰਾ ਮਕਾਨ ਰਿਹਾਇਸ਼ ਲਈ ਮਿਲ ਗਿਆ ਜੋ ਬਾਬੇ ਨਾਨਕ ਦਾ ਡੇਰਾ ਕਰਕੇ ਪ੍ਰਸਿੱਧ ਹੋਇਆ। ਕੁਝ ਮਹੀਨਿਆਂ ਬਾਦ ਗੁਰੂ ਸਾਹਿਬ ਨੇ ਮਾਤਾ ਸੁਲੱਖਣੀ ਤੇ ਮਰਦਾਨੇ ਨੂੰ ਆਪਣੇ ਪਾਸ ਬੁਲਾ ਲਿਆ। ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਜੀ ਬੜੀ ਰੀਝ ਤੇ ਮੇਹਨਤ ਨਾਲ ਕੰਮ ਕਰਦੇ। ਅੰਮ੍ਰਿਤ ਵੇਲੇ ਵੇਈਂ ਨਦੀ ਤੇ ਗੁਰੂ ਜੀ ਇਸ਼ਨਾਨ ਕਰਨ ਜਾਂਦੇ । ਨਾਲ ਮਰਦਾਨਾ ਜਾਂ ਕੋਈ ਹੋਰ ਨਫ਼ਰ ਜਾਂਦਾ। ਇਸ਼ਨਾਨ ਕਰਕੇ ਨਦੀ ਕਿਨਾਰੇ ਖੁਲ੍ਹੇ ਮੈਦਾਨ ਵਿਚ ਸਹਿਜ ਸਮਾਧ ਵਿਚ ਲਿਵਲੀਨ ਰਹਿੰਦੇ। ਘਰ ਆ ਕੇ ਕੀਰਤਨ ਕਰਦੇ ਤੇ ਫੇਰ ਪ੍ਰਸ਼ਾਦ ਛੱਕ ਕੇ ਦਰਬਾਰ ਜਾਂਦੇ। ”” ਜੋ ਕਿਛੁ ਅਲੂਫਾ ਗੁਰੂ ਜੋਗ ਮਿਲੇ ਸੋ ਖਾਵੇ, ਹੋਰ ਪਰਮੇਸਰ ਦੇ ਅਰਥ ਦੇਵੇ ਅਤੇ ਨਿਤਾਪ੍ਰਤੀ ਰਾਤ ਕਉ ਕੀਰਤਨ ਹੋਵੇ। ਵਲਾਇਤ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਜੀ ਹਰ ਰੋਜ ਰਾਤ ਨੂੰ ਕੀਰਤਨ ਕਰਦੇ ਸਨ। ਮਿਹਰਬਾਨ ਵਾਲੀ ਜਨਮਸਾਖੀ ਵੀ ਇਸੇ ਤੱਥ ਦੀ ਪੁਸ਼ਟੀ ਕਰਦੀ ਹੈ। ਸੰਝ ਵੇਲੇ ਬਾਬੇ ਦੇ ਡੇਰੇ ਤੇ ਕੀਰਤਨ ਹੁੰਦਾ। ਗਿਆਨ ਗੋਸ਼ਟ ਹੁੰਦੀ। ਆਏ ਜਗਿਆਸੂਆਂ ਨੂੰ ਬਾਬਾ ਨਾਨਕ ਆਪ ਉਪਦੇਸ਼ ਦਿੰਦੇ। ਅੱਜ-ਕਲ ਮਰਦਾਨਾ ਬੜਾ ਖੁਸ਼ ਸੀ। ਉਸਨੂੰ ਹੁਣ ਦਰ ਦਰ ਤੇ ਮੰਗਣਾ ਨਹੀਂ ਪੈਂਦਾ। ਕਿਸੇ ਦੀ ਖੁਸ਼ਾਮਦ ਨਹੀਂ ਕਰਨੀ ਪੈਂਦੀ। ਝੂਠੇ ਸੱਚੇ ਰਈਸਾਂ ਦੇ ਸੋਹਲੇ ਨਹੀਂ ਗਾਣੇ ਪੈਂਦੇ। ਉਹ ਤਾਂ ਅਜਕਲ ਬਾਬਾ ਨਾਨਕ ਦੇ ਪਰਿਵਾਰ ਦਾ ਅੰਗ ਸੀ। ਉਸ ਦੀਆਂ ਤੇ ਉਸ ਦੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਗੁਰੂ ਮਹਾਰਾਜ ਆਪ ਪੂਰੀਆਂ ਕਰੀ ਜਾਂਦੇ । ਉਸਨੂੰ ਹੁਣ ਕਿਸੇ ਗੱਲ ਦੀ ਥੋੜ੍ਹ ਨਹੀਂ ਸੀ। ਉਹ ਜਦ ਕਦੀ ਵੀ ਬੇਬੇ ਨਾਨਕੀ ਦੇ ਘਰ ਜਾਂਦਾ । ਬੇਬੇ ਨੂੰ ਚਾਅ ਚੜ੍ਹ ਜਾਂਦਾ ਉਹ ਮਰਦਾਨੇ ਨੂੰ ਕਦੀ ਖਾਲੀ ਹੱਥ ਨਾ ਆਉਣ ਦਿੰਦੀ। ਰਬਾਬੀ ਮਰਦਾਨਾ ਸਚਮੁਚ ਹੀ ਬਾਬਾ ਜੀ ਦੇ ਪਰਿਵਾਰ ਦਾ ਜੀਅ ਬਣ ਗਿਆ । ਮਾਲੂਮ ਹੁੰਦਾ ਹੈ, ਭਾਈ ਮਰਦਾਨੇ ਦਾ ਜਦੋਂ ਗੁਰੂ ਬਾਬੇ ਨਾਲ ਮੇਲ ਤਲਵੰਡੀ ਵਿਖੇ 1480 ਈ. ਵਿਚ ਹੋਇਆ, ਉਸ ਵੇਲੇ ਉਹਨਾਂ ਪਾਸ ਰਬਾਬ ਸੀ। ਉਹ ਉਸੇ ਰਬਾਬ ਨਾਲ ਬਾਬਾ ਜੀ ਦੀ ਸੰਗਤ ਕਰਦਾ ਰਿਹਾ। ਗੁਰੂ ਨਾਨਕ ਸਾਹਿਬ ਦੀ ਸ਼ਾਦੀ ਸੰਨ 1487 ਈ. ਵਿਚ ਹੋਈ। ਇਸ ਮੌਕੇ ਤੇ ਭਾਈ ਮਰਦਾਨਾ ਵੀ ਮੌਜੂਦ ਸੀ। ਬਹੁਤ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਵਿਆਹ ਦੇ ਮੌਕੇ ਤੇ ਗੁਰੂ ਬਾਬੇ ਨੇ ਉਸਨੂੰ ਰਬਾਬ ਤੁਹਫੇ ਵਜੋਂ ਦਿੱਤਾ। ਤੇ ਨਾਲ ਹੀ ਹੁਕਮ ਕੀਤਾ, ਇੰਤਜ਼ਾਰ ਕਰੀਂ, ਮੈਂ ਤੈਨੂੰ ਬੁਲਵਾ ਲਵਾਂਗਾ। ਬਾਬਾ ਜੀ ਸ਼ਾਦੀ ਤੋਂ ਬਾਦ ਲਗਭਗ 4 ਵਰ੍ਹੇ ਤਲਵੰਡੀ ਹੀ ਰਹੇ। ਇਸ ਤਰ੍ਹਾਂ 1491 ਈ. ਵਿਚ ਉਹ ਸੁਲਤਾਨਪੁਰ ਆਏ ਤੇ ਇਕ ਸਾਲ ਬਾਦ 1492 ਈ. ਵਿਚ ਮਰਦਾਨਾ ਜੀ ਮਾਤਾ ਸੁਲੱਖਣੀ ਸਮੇਤ ਸੁਲਤਾਨਪੁਰ ਪਹੁੰਚ ਗਏ। ਉਸ ਸਮੇਂ ਤਕ ਮਰਦਾਨਾ ਜੀ ਪਾਸ ਉਹ ਰਬਾਬ ਮੌਜੂਦ ਸੀ ਜੋ ਬਾਬੇ ਨਾਨਕ ਨੇ ਉਹਨਾਂ ਨੂੰ 1487 ਈ. ਵਿਚ ਦਿੱਤੀ ਸੀ। ਇਹ ਉਹੀ ਰਬਾਬ ਹੈ ਜੋ ਸ਼ਾਦੀ ਦੇ ਤੁਹਫੇ ਵਜੋਂ ਮਿਲੀ ਸੀ । ਹੁਣ ਉਹਨਾਂ ਨੂੰ ਨਵੀਂ (ਤੀਜੀ) ਰਬਾਬ ਦੀ ਲੋੜ ਸੀ ਜੋ ਉਹਨਾਂ ਭਾਈ ਫਿਰੰਦੇ ਪਾਸੋਂ ਖਰੀਦੀ। ਗੱਲ ਨੂੰ ਸਾਫ਼ ਕਰਨ ਲਈ ਨਿਮਨ ਅੰਕਿਤ ਵੇਰਵੇ ਨੂੰ ਜਾਨਣਾ ਸੰਗਤ ਹੈ : 1480 ਈ.-ਵਿਚ ਭਾਈ ਮਰਦਾਨੇ ਦਾ ਬਾਬੇ ਨਾਨਕ ਨਾਲ ਪਹਿਲਾ ਮੇਲ ਹੋਇਆ। ਉਸ ਸਮੇਂ ਭਾਈ ਮਰਦਾਨੇ ਪਾਸ ਰਬਾਬ ਸੀ।
1487 ਈ . – ਸ਼ਾਦੀ ਦੇ ਸਮੇਂ ਬਾਬਾ ਜੀ ਨੇ ਨਵੀਂ ਰਬਾਬ ਸ਼ਾਦੀ ਦੇ ਤੁਹਫੇ ਵਜੋਂ ਕੀਤੀ ।
1491 ਈ . ਬਾਬਾ ਨਾਨਕ 4 ਸਾਲ ਤਲਵੰਡੀ ਰਹਿਣ ਤੋਂ ਬਾਦ ਸੁਲਤਾਨਪੁਰ ਆਏ।
1492 ਈ . – ਅਨੁਮਾਨ ਹੈ ਭਾਈ ਮਰਦਾਨਾ ਮਾਤਾ ਸੁਲੱਖਣੀ ਸਮੇਤ ਸੁਲਤਾਨਪੁਰ ਆਏ।
1494 ਈ . – ਬਾਬਾ ਸ੍ਰੀ ਚੰਦ ਜੀ ਜਨਮੇ।
1496 ਈ . – ਬਾਬਾ ਲਖਮੀਦਾਸ ਜੀ ਪੈਦਾ ਹੋਏ।
1499 ਈ . – ਗੁਰੂ ਬਾਬਾ ਨੇ ‘ਨਾ ਹਿੰਦੂ ਨਾ ਮੁਸਲਮਾਨ’ ਦਾ ਐਲਾਨ ਕੀਤਾ। ਹੁਣ ਇਹ ਸਮਾਂ ਬਣਿਆ ਜਦੋਂ ਮਰਦਾਨਾ ਜੀ ਨੂੰ ਨਵੀਂ ਰਬਾਬ ਚਾਹੀਦੀ ਸੀ ਤੇ ਇਹ ਭਾਈ ਫਿਰੰਦੇ ਪਾਸੋਂ ਪ੍ਰਾਪਤ ਕੀਤੀ। ਇਸ ਤਰ੍ਹਾਂ ਇਹ ਤੀਸਰੀ ਰਬਾਬ ਹੈ। ਹੁਣ ਗੁਰੂ ਪਾਤਸ਼ਾਹ ਦੇ ਮਨ ਵਿਚ ਜਗਤ ਕਲਿਆਣ ਲਈ ਪ੍ਰਚਾਰ-ਫੇਰੀਆਂ ਕੀਤੀਆਂ ਜਾਣ ਦਾ ਵਿਚਾਰ ਸੀ। ਜਦੋਂ ਇਸ ਗੱਲ ਦਾ ਪਤਾ ਉਹਨਾਂ ਦੇ ਸਹੁਰੇ ਨੂੰ ਲੱਗਾ ਕਿ ਉਹਨਾਂ ਦੇ ਜੁਆਈ ਘਰ ਬਾਰ ਤਿਆਗ ਕੇ ਪ੍ਰਚਾਰ ਕਰਨ ਜਾ ਰਿਹਾ ਹੈ ਤਾਂ ਉਹ ਚਿੰਤਾਵਾਨ ਹੋ ਕੇ ਆਪਣੇ ਨਾਲ ਇਕ ਪੰਡਿਤ ਸਾਮਾ ਲੈ ਕੇ ਆਇਆ ਜੋ ਗੁਰੂ ਸਾਹਿਬ ਨੂੰ ਅਜੇਹਾ ਕਰਨ ਤੋਂ ਹਟਾਕੇ, ਸਾਮੇ ਨੇ ਗੁਰੂ ਸਾਹਿਬ ਨੂੰ ਪ੍ਰਭਾਵਿਤ ਕਰਨ ਲਈ ਚਰਚਾ ਕੀਤੀ। ਪਰ ਗੁਰੂ ਬਾਬੇ ਨੇ ਆਪਣਾ ਉਦੇਸ਼ ਸਪਸ਼ਟ ਕਰਦਿਆਂ ਕਿਹਾ “ਮੈਂ ਨਾ ਸੰਨਿਆਸੀ ਬਣਿਆ ਹਾਂ, ਨਾ ਯੋਗੀ, ਨਾ ਅਉਧੂਤ। ਮੈਨੂੰ ਸੱਚੇ ਸਾਹਿਬ ਦਾ ਹੁਕਮ ਮਿਲਿਆ ਹੈ-ਮੈਂ ਉਸਦਾ ਪੈਗਾਮ ਸ੍ਰਿਸ਼ਟੀ ਦੇ ਕੋਨੇ ਕੋਨੇ ਵਿਚ ਪਹੁੰਚਾਣਾ ਹੈ। ਮੇਰੀ ਇਸਤ੍ਰੀ ਤੇ ਬੱਚਿਆਂ ਨੂੰ ਪ੍ਰਭੂ ਨੇ ਬਹੁਤ ਕੁਝ ਦਿੱਤਾ ਹੈ। ਜਦੋਂ ਮੇਰਾ ਮਿਸ਼ਨ ਪੂਰਾ ਹੋ ਗਿਆ ਮੁੜ ਮੈਂ ਇਥੇ ਹੀ ਆਉਣਾ ਹੈ। ਮੁੜ ਇਹਨਾਂ ਦੀ ਹੀ ਸੇਵਾ ਕਰਨੀ ਹੈ। ਜ਼ਾਹਿਰ ਹੈ, ਗੁਰੂ ਨਾਨਕ ਸਾਹਿਬ ਜਦੋਂ ਮਰਦਾਨੇ ਨੂੰ ਨਾਲ ਲੈ ਕੇ ਜਗਤ ਦਾ ਉਧਾਰ ਕਰਨ ਲਈ ਘਰੋਂ ਨਿਕਲੇ ਤਾਂ ਉਹਨਾਂ ਦਾ ਸਭ ਤੋਂ ਵੱਡਾ ਹਥਿਆਰ ਕੀਰਤਨ ਹੀ ਸੀ। ਰਬਾਨੀ ਕੀਰਤਨ ਰਾਹੀਂ ਪੱਥਰ ਦਿਲ ਲੋਕਾਂ ਨੂੰ ਦ੍ਰਵਿਤ ਕਰਨਾ ਸੀ। ਇਸ ਕੰਮ ਲਈ ਰਬਾਬ ਚਾਹੀਦੀ ਸੀ। ਜਿਸ ਦੀ ਅਵਾਜ਼ ਸੁਰੀਲੀ, ਮਿੱਠੀ ਤੇ ਆਕਰਸ਼ਣ ਵਾਲੀ ਹੋਵੇ । ਲੋਕਾਂ ਉਪਰ ਅਸਰ ਬਾਬੇ ਦੀ ਬਾਣੀ ਵੀ ਪਾਵੇ ਤੇ ਬਾਣੀ ਜਿਸ ਮਾਧਿਅਮ ਰਾਹੀਂ ਲੋਕਾਂ ਤਕ ਪਹੁੰਚਾਣੀ ਹੋਵੇ—ਅਥਵਾ ਰਬਾਬ ਵੀ ਅਤਿ ਸੋਹਣੀ, ਸੁਰੀਲੀ ਤੇ ਪੁਰਕਸ਼ਿਸ਼ ਹੋਵੇ। ਏਸੇ ਲਈ ਭਾਈ ਫਿਰੰਦੇ ਤੋਂ ਅਦੁੱਤੀ ਰਬਾਬ ਖਰੀਦ ਕੇ ਨਾਲ ਲੈ ਗਏ। ਇਹ ਰਬਾਬ ਭਾਈ ਫਿਰੰਦੇ-ਰਬਾਬ ਸਾਜ਼ ਨੇ ਸਤਿਗੁਰੂ ਜੀ ਦੀ ਭੇਟਾ ਕੀਤਾ। ” ਭਾਈ ਕਾਹਨ ਸਿੰਘ ਜੀ ਭਾਈ ਫਿਰੰਦੇ ਦੇ ਪਿੰਡ ਬਾਰੇ ਵੀ ਮਹੱਤਵਪੂਰਣ ਸੂਚਨਾ ਅੰਕਿਤ ਕਰਦੇ ਹਨ। ਉਹਨਾਂ ਦੇ ਅਨੁਸਾਰ ਭਾਈ ਫਿਰੰਦਾ ‘ਭੈਰੋਆਣਾ’ ਦਾ ਨਿਵਾਸੀ ਸੀ। ਇਹ ਰਿਆਸਤ ਕਪੂਰਥਲਾ, ਤਹਸੀਲ ਥਾਣਾ ਸੁਲਤਾਨਪੁਰ ਦਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ ‘ਗਿਦੜਪਿੰਡੀ’ ਤੋਂ ਦੋ ਮੀਲ ਉੱਤਰ ਵਿਚ ਹੈ। ਇਸ ਪਿੰਡ ਦੇ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਅਜਕਲ ਵੀ ਹੈ। ਸਤਿਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਇਥੇ ਭਾਈ ਫਿਰੰਦੇ ਰਬਾਬੀ ਪਾਸੋਂ ਰਬਾਬ ਲੈਣ ਆਏ ਸਨ। ਇਥੇ ਮੰਜੀ ਸਾਹਿਬ ਦਾ ਅਸਥਾਨ ਬਣਿਆ ਹੋਇਆ ਹੈ ਅਤੇ ਸਰਾਧਾਂ ਦੀ ਦਸਵੀਂ ਨੂੰ ਮੇਲਾ ਹੁੰਦਾ ਹੈ। ਗੁਰਦੁਆਰੇ ਨਾਲ ਤਿੰਨ ਘੁੰਮਾ ਜ਼ਮੀਨ ਹੈ। ਪੁਜਾਰੀ ਕੋਈ ਨਹੀਂ। ਪਿੰਡ ਵਾਸੀ ਧੂਪ ਦੀਪ ਦੀ ਸੇਵਾ ਕਰਦੇ ਹਨ। ਜ਼ਮੀਨ ਦੀ ਜੋ ਆਮਦਨ ਹੈ ਉਹ ਦਸਮੀ ਦੇ ਮੇਲੇ ਉਪਰ ਖਰਚ ਕਰ ਲੈਂਦੇ ਹਨ।”
ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਕ ਬਰੌਸ਼ਰ ਵੇਖਣ ਦਾ ਅਵਸਰ ਮਿਲਿਆ ਜੋ ਉਹਨਾਂ ਗੁਰਮਤਿ ਸੰਗੀਤ ਚੇਅਰ ਦੀ ਸਥਾਪਤੀ ਸਮੇਂ ਪ੍ਰਕਾਸ਼ਿਤ ਕੀਤਾ ਸੀ। ਇਸ ਵਿਚ ਉਹਨਾਂ ਗੁਰਮਤਿ ਸੰਗੀਤ ਨਾਲ ਸੰਬੰਧਿਤ ਕਈ ਕਾਰਜਾਂ ਦਾ ਵੇਰਵਾ ਦਿੱਤਾ। ਉਹਨਾਂ ਵਿਚੋਂ ਹੀ ਇੱਕ ਵੇਰਵਾ ਤੰਤੀ ਸਾਜ਼ਾਂ ਦੀ ਪੂਰਨ ਸਥਾਪਤੀ ਨਾਲ ਵੀ ਸੰਬੰਧਿਤ ਹੈ। ਇਸ ਵਿਚ ਵਿਭਾਗ ਨੇ ਗੁਰੂ ਕਾਲ ਦੇ ਸਮੇਂ ਤੋਂ ਪ੍ਰਚਲਿਤ ਤੰਤੀ ਸਾਜ਼ ਜੇਹਾ ਕਿ ਰਬਾਬ, ਸਿਰੰਦਾ, ਤਾਊਸ, ਇਸਰਾਜ ਅਤੇ ਦਿਲਰੁਬਾ ਆਦਿ ਦਾ ਜ਼ਿਕਰ ਕੀਤਾ ਹੈ। ਧਿਆਨਯੋਗ ਹੈ, ਵਿਭਾਗ ਨੇ ਰਬਾਬ ਵਰਗਾ ਇਕ ਉਚੇਚਾ ਡਿਜ਼ਾਇਨ ਕਰਵਾਇਆ ਜੋ ਗਰੂ ਗੋਬਿੰਦ ਸਿੰਘ ਜੀ ਦੇ ‘ਫਿਰੰਦਾ ਰਬਾਬ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਸੰਦਰਭ ਵਿਚ ਵਿਭਾਗ ਨੇ ਤਿੰਨ ਚਾਰ ਰਬਾਬ ਦੇ ਹੋਰ ਨਮੂਨੇ ਵੀ ਬਣਵਾਏ ਤਾਂ ਜੁ ‘ਫਿਰੰਦਾ ਰਬਾਬ’ ਨਾਲ ਪੂਰੀ ਤਰ੍ਹਾਂ ਮੇਲਿਆ ਜਾ ਸਕੇ। ਇਹ ਫਿਰੰਦੇ ਵਾਲਾ ਰਬਾਬ ਉਹੋ ਹੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਫਿਰੰਦੇ ਨੇ ਭੇਟਾ ਕੀਤਾ ਸੀ। ਮਾਲੂਮ ਹੁੰਦਾ ਹੈ, ਇਹ ਰਬਾਬ ਗੁਰੂ ਬਾਬੇ ਨੇ ਖੁਦ ਆਪ ਡਿਜ਼ਾਇਨ ਕੀਤਾ ਸੀ ਤੇ ਉਹਨਾਂ ਦੇ ਦਸਣ ਅਨੁਸਾਰ ਭਾਈ ਫਿਰੰਦੇ ਨੇ ਤਿਆਰ ਕੀਤਾ ਸੀ। ਜਦੋਂ ਇਹ ਤਿਆਰ ਹੋ ਗਿਆ ਤਾਂ ਭਾਈ ਫਿਰੰਦੇ ਨੇ ਹੀ ਰਬਾਬ ਗੁਰੂ ਬਾਬੇ ਨੂੰ ਭੇਟਾ ਕਰ ਦਿੱਤਾ। ਦਸਮ ਗੁਰੂ ਜੀ ਨੇ ਜਦੋਂ ਰਬਾਬ ਬਣਵਾਇਆ ਤਾਂ ਉਸਦਾ ਨਮੂਨਾ ਭਾਈ ਫਿਰੰਦੇ ਦੀ ਰਬਾਬ ਵਾਲਾ ਹੀ ਸੀ। ਏਸੇ ਕਰਕੇ ਇਸਦਾ ਨਾਮ ‘ਫਿਰੰਦੀਆ ਰਬਾਬ’ ਹੀ ਰੱਖਿਆ। ਇਸ ਰਬਾਬ ਦੀ ਫੋਟੋ ਗੁਰਮਤਿ ਸੰਗੀਤ ਵਿਭਾਗ ਨੇ ਸਾਂਭ ਲਈ ਹੈ ਤੇ ਇਸ ਦੇ ਥਲੇ ਅੰਗ੍ਰੇਜ਼ੀ ਵਿਚ ਇਕ ਨੋਟ ਦਿੱਤਾ ਹੈ:
An old sikh version of Rabab related to the period of Guru Gobind Singh Ji, Which is placed at Gurdwara Sahib, Mandi, Himachal Pardesh (India)
ਜ਼ਾਹਿਰ ਹੈ, ਰਬਾਬ ਗੁਰੂ ਸਾਹਿਬਾਨ ਦਾ ਹਰਮਨ ਪਿਆਰਾ ਸਾਜ਼ ਰਿਹਾ ਹੈ ਤੇ ਇਸਦੀ ਵਰਤੋਂ ਗੁਰੂ ਕਾਲ ਵਿਚ ਕੀਰਤਨੀ-ਸਾਜ਼ਾਂ ਨਾਲ ਹੁੰਦੀ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਰਬਾਬ ਖਰੀਦੀ ਨਹੀਂ ਸੀ ਸਗੋਂ ਭਾਈ ਫਿਰੰਦੇ ਨੇ ਸ਼ਰਧਾ-ਭਾਵ ਨਾਲ ਭੇਟ ਕੀਤੀ ਸੀ। ਇਸ ਬਾਰੇ ਮਤਭੇਦ ਹੈ।
ਗੁਰੂ ਬਾਬਾ ਦੇ ਸੁਲਤਾਨਪੁਰ ਵੱਲ ਚਾਲੇ
ਉਪਰ ਅੰਕਿਤ ਵੇਰਵੇ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਗੁਰੂ ਬਾਬੇ ਦੀ ਸ਼ਾਦੀ 1487 ਈ. ਵਿਚ ਹੋਈ ਉਹ ਇਸ ਵੇਲੇ ਸੁਲਤਾਨਪੁਰ ਹੀ ਸਨ ਪਰ ਸ਼ਾਦੀ ਤੋਂ ਬਾਅਦ ਕੁਝ ਸਮਾਂ ਉਹ ਤਲਵੰਡੀ ਵੀ ਰਹੇ ਆਪਣੇ ਮਾਤਾ ਪਿਤਾ ਦੀ ਖੁਸ਼ੀ ਲਈ । ਉਹਨਾਂ ਦੇ ਘਰ ਦੀ ਰੌਣਕ ਜੁ ਸੀ । ਡਾ. ਤ੍ਰਿਲੋਚਨ ਸਿੰਘ ਅਨੁਸਾਰ ਸ਼ਾਦੀ ਤੋਂ ਬਾਅਦ ਉਹ ਤਕਰੀਬਨ ਚਾਰ ਸਾਲ ਤਲਵੰਡੀ ਹੀ ਰਹੇ। ਅੰਮ੍ਰਿਤ ਵੇਲੇ ਅਤੇ ਸੰਝ ਨੂੰ ਉਹ ਕੀਰਤਨ ਕਰਦੇ ਮਰਦਾਨਾ ਰਬਾਬ ਵਜਾਉਂਦਾ। ਤਲਵੰਡੀ ਅਤੇ ਨੇੜੇ ਤੇੜੇ ਦੇ ਲੋਕ ਸਤਿਸੰਗ ਲਈ ਆਉਂਦੇ। ਆਪਣੀ ਖੇਤੀ ਬਾੜੀ ਦੀ ਸੰਭਾਲ ਕਰਦੇ। ਬਾਹਰੋਂ ਆਏ ਜਗਿਆਸੂ ਉਹਨਾਂ ਦੇ ਘਰ ਹੀ ਲੰਗਰ ਆਦਿ ਛੱਕਦ।’ ਜਿਸਦਾ ਅਰਥ ਹੈ, 1487 ਤੋਂ 1491 ਤਕ ਉਹ ਤਲਵੰਡੀ ਹੀ ਰਹੇ। ਇਕ ਦਿਨ ਪ੍ਰਭਾਤ ਵੇਲੇ ਗੁਰੂ ਸਾਹਿਬ ਬਾਹਰ ਨਿਕਲੇ । ਉਹਨਾਂ ਨੂੰ ਅਗੋਂ ਇਕ ਸੰਨਿਆਸੀ ਮਿਲਿਆ। ਗੁਰੂ ਜੀ ਨੇ ਆਪਣਾ ਲੋਟਾ ਤੇ ਸੋਨੇ ਦੀ ਮੁੰਦਰੀ ਉਸਨੂੰ ਦੇ ਦਿਤੀ। ਜਦੋਂ ਮਹਿਤਾ ਕਾਲੂ ਨੂੰ ਪਤਾ ਲਗਾ ਤੇ ਉਸਨੇ ਗੁਰੂ ਸਾਹਿਬ ਨਾਲ ਬੜੀਆਂ ਵਧ ਘਟ ਗੱਲਾਂ ਕੀਤੀਆਂ। ਰਾਇ ਬੁਲਾਰ ਨੂੰ ਇਸ ਗੱਲ ਦਾ ਬੜਾ ਦੁਖ ਹੋਇਆ ਉਸਨੇ ਮਹਿਸੂਸ ਕੀਤਾ ਕਿ ਗੁਰੂ ਸਾਹਿਬ ਸੁਲਤਾਨਪੁਰ ਹੀ ਚਲੇ ਜਾਣ। ਗੁਰੂ ਪਾਤਸ਼ਾਹ ਨੇ ਸੁਲਤਾਨਪੁਰ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਹੁਣ ਲੰਮੇ ਅਰਸੇ ਵਾਸਤੇ ਜਾਣਾ ਸੀ। ਪਿਤਾ ਨੇ ਘਰ ਬੰਨ੍ਹਣ ਲਈ ਪੂਰਾ ਸਮਾਨ ਨਾਲ ਦਿੱਤਾ। “ਜੋੜੇ ਸਿਵਾਇ, ਘੋੜੇ ਪਹੁੰਚਾਏ ਜਿ, ਘੋੜੇ ਦੁਇ ਕੋਤਲ ਇਕ ਹੇਠਿ ਦੁਇ ਉਠ ਅਸਬਾਬ ਕੋ, ਤੰਬੂ ਸਰਾਇਚੇ (ਛੋਟਾ ਤੰਬੂ) ਵਿਛਾਵਣੇ, ਕਨਾਤਾਂ, ਅਸਬਾਬ, ਕਪੜੇ, ਹੰਡਵਾਈਆਂ (ਤੁਲਾਈਆਂ) ਲਦਣੇ ਨੋ ਨਫ਼ਰ (ਨੌਕਰ) ਸਾਥ ਮਿਲੇ, ਖਰਚੀ ਰੁਪਏ ਦੰਮ ਸਾਥ ਮਿਲੇ। ਦਸ ਅਸਵਾਰ ਸਾਥ ਚਲੇ। ਮਰਦਾਨਾ ਗੁਰੂ ਜੀ ਦੇ ਨਾਲ ਨਹੀਂ ਗਿਆ। ਮਰਦਾਨੇ ਨੂੰ ਬਾਬੇ ਨੇ ਆਖਿਆ “ਮਰਦਾਨਿਆ, ਮੈਂ ਛੇਤੀ ਤੈਨੂੰ ਸੁਲਤਾਨਪੁਰ ਬੁਲਾ ਲਵਾਂਗਾ।” ਮਾਤਾ ਸੁਲੱਖਣੀ ਜੀ ਚਰਨੀ ਲਗੇ, ਵਿਛੋੜੇ ਦਾ ਖਿਆਲ ਕਰਕੇ ਉਹਨਾਂ ਦੇ ਅਥਰੂ ਵਹਿ ਤੁਰੇ ਤਾਂ ਬਾਬੇ ਨੇ ਕਿਹਾ “ਏ ਪਰਮੇਸਰ ਦੀ ਪਿਆਰੀ ਤੂੰ ਬੈਰਾਗ ਕਿਉਂ ਕਰਦੀ ਹੈਂ, ਅਸੀਂ ਫਿਰ ਝੱਬ ਹੀ ਆਵਾਂਗੇ। ” ਤਾਂ ਮਾਤਾ ਜੀ ਨੇ ਕਿਹਾ, “ਜੀ ਜਾ ਤੂੰ ਐਥੇ ਸਾਹਿ ਤਾਂ ਹਉ ਜਾਣਦੀ ਸਾਂ ਕਿ ਦੀਨ ਦੁਨੀਆਂ ਦੀ ਪਾਤਸ਼ਾਹੀ ਮੈਨੂੰ ਹੀ ਮਿਲੀ ਹੈ। ਹੁਣ ਮੇਰੇ ਭਾਣੇ ਸਾਰਾ ਸੰਸਾਰ ਉਜਾੜ ਹੈ। ਮੇਰੇ ਸੰਸਾਰ ਕਿਤ ਕੰਮ ਹੈ, ਤੁਧ ਬਿਨ ਜੀ ਮੇਰਾ ਕੋਈ ਨਹੀਂ”। ਤਬ ਇਤਨੇ ਕਹਿਣੇ ਸਿਉ ਗੁਰੂ ਬਾਬਾ ਨਾਨਕ ਜੀ ਮਿਹਰਬਾਨ ਹੋਆ। ਤਬ ਗੁਰੂ ਬਾਬੇ ਜੀ ਕਹਿਆ ਜਿ, “ਜਾਹ ਘੁੰਮੀਏ, ਦੀਨ ਦੁਨੀਆਂ ਦੀ ਪਾਤਸ਼ਾਹੀ ਤੁਧਨੋ ਹੋਈ”। ਮਾਤਾ ਸੁਲੱਖਣੀ ਜੀ ਨੇ ਫਿਰ ਕਿਹਾ, “ਜੀ ਮੈ ਦੀਨ ਅਤੇ ਦੁਨੀਆਂ ਕਿਆ ਕਰਣੈ ਹੈਨਿ, ਮੇਰੇ ਕੰਮ ਕੇਵਲ ਤੂੰ ਹੈਂ । ਨਾ ਹਉ ਦੀਨ ਦੀ ਭੁੱਖੀ ਹਾਂ ਨਾ ਦੁਨੀਆਂ ਦੀ ਭੁੱਖੀ ਹਾਂ, ਮੈਂ ਤੇਰੇ ਦਰਸਨ ਦੀ ਭੁੱਖੀ ਹਾਂ, ਮੈਨੂੰ ਜੀ ਤੂੰ ਨਾਲ ਲੈ ਚਲ”। ਤਬ ਗੁਰੂ ਬਾਬੇ ਕਹਿਆ, ਜਾਹਿ ਮੂਲੇ ਧੀਏ, ਮੇਰਾ ਵਚਨ ਹੈ, ਤੈਨੂੰ! ਸਦਾਇ ਲਵਾਂਗਾ ਜਾਂ ਮੈ ਆਪ ਆਵਾਂਗਾ। ਗੁਰੂ ਬਾਬੇ ਨੇ ਪਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਘੋੜੇ ਤੇ ਸਵਾਰ ਹੋ ਕੇ ਸੁਲਤਾਨਪੁਰ ਤੋਂ ਵਿਦਾ ਹੋਏ। ਮੰਜਲ ਦਰ ਮੰਜਲ ਚਲਦੇ ਪੰਜਵੇਂ ਦਿਨ ਗੁਰੂ ਨਾਨਕ ਜੀ ਸੁਲਤਾਨਪੁਰ ਪਹੁੰਚੇ। 4 ਜਨਮ ਸਾਖੀ ਭਾਈ ਮਨੀ ਸਿੰਘ ਇਸ ਤੱਥ ਦੀ ਪ੍ਰੋੜਤਾ ਕਰਦੀ ਹੈ।’
ਏਨੀ ਲੰਮੀ ਵਿਚਾਰ ਕਰਨ ਦਾ ਮਕਸਦ ਸੀ ਕਿ ਇਹ ਪਤਾ ਲਗ ਸਕੇ ਕਿ ਜਦੋਂ ਬਾਬਾ ਨਾਨਕ ਤਲਵੰਡੀ ਤੋਂ ਸੁਲਤਾਨਪੁਰ ਆਏ ਤਾਂ ਮਰਦਾਨਾ ਨਾਲ ਸੀ ਜਾਂ ਨਹੀਂ? ਹਾਂ ਉਹਨਾਂ ਬਚਨ ਜ਼ਰੂਰ ਕੀਤਾ ਸੀ ਕਿ ਗੁਰੂ ਜੀ ਉਸਨੂੰ ਜਲਦੀ ਬੁਲਵਾ ਲੈਣਗੇ । ਅਨੁਮਾਨ ਹੈ, ਮਾਤਾ ਸੁਲੱਖਣੀ ਜੀ ਤੇ ਭਾਈ ਮਰਦਾਨਾ 1492-1493 ਇਹਨਾਂ ਦੋ ਸਾਲਾਂ ਦੇ ਵਿਚ ਹੀ ਤਲਵੰਡੀ ਤੋਂ ਸੁਲਤਾਨਪੁਰ ਆਏ। ਜਦੋਂ ਭਾਈ ਮਰਦਾਨਾ ਜੀ ਤਲਵੰਡੀ ਆਏ ਤਾਂ ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਡੇਰੇ ਤੇ ਸੰਝ-ਸਵੇਰ ਸਤਿਸੰਗ ਅਥਵਾ ਕੀਰਤਨ ਦਾ ਪ੍ਰਵਾਹ ਚਲਦਾ ਸੀ। ਮਰਦਾਨੇ ਦੀ ਆਮਦ ਨਾਲ ਹੀ ਰਬਾਬ ਦੀ ਲੋੜ ਮਹਿਸੂਸ ਹੋਈ। ਗੁਰੂ ਸਾਹਿਬ ਦੇ ਹੁਕਮ ਨਾਲ ਹੀ ਪਹਿਲਾਂ ਉਸਨੇ ਸੁਲਤਾਨਪੁਰ ਵਿਚ ਹੀ ਢੂੰਢ ਭਾਲ ਕੀਤੀ ਪਰ ਜਦੋਂ ਨਾ ਮਿਲੀ ਤਾਂ ਵੇਈਂ ਪਾਰ ਇਕ ਫਿਰੰਦਾ ਨਾਮੀ ਸਾਜ਼ਗਾਰ ਜਿਸਦਾ ਅਸਲ ਨਾਮ ਇੰਦਰ ਸੈਨ ਸੀ, ਰਹਿੰਦਾ ਸੀ। ਉਸ ਜੈਸੇ ਸਾਜ਼ ਹੋਰ ਕੋਈ ਨਹੀਂ ਸੀ ਬਣਾਉਂਦਾ। ਮਰਦਾਨਾ ਜੀ ਨੂੰ ਉਸ ਪਾਸੋਂ ਰਬਾਬ ਖਰੀਦ ਕੇ ਲਿਆਉਣ ਲਈ ਕਿਹਾ ਗਿਆ। ਜਦੋਂ ਫਿਰੰਦੇ ਨੂੰ ਇਹ ਗੱਲ ਪਤਾ ਲਗੀ ਕਿ ਗੁਰੂ ਜੀ ਨੇ ਉਸਦੇ ਹਥਾਂ ਦੀ ਬਣੀ ਹੋਈ ਰਬਾਬ ਮੰਗਵਾਈ ਹੈ। ਉਹ ਬਹੁਤ ਖੁਸ਼ ਹੋਇਆ।
ਹੁਣ ਭਾਈ ਮਰਦਾਨਾ ਭਾਈ ਫਿਰੰਦੇ ਕੋਲ ਗਿਆ ਤੇ ਨਾਲ ਹੀ ਦਸਿਆ, ਮੈਨੂੰ ਗੁਰੂ ਨਾਨਕ ਦੇਵ ਜੀ ਨੇ ਭੇਜਿਆ ਹੈ। ਉਸਨੇ ਇਕ ਰਬਾਬ ਜਿਸਤੇ ਬਹੁਤ ਮੇਹਨਤ ਕੀਤੀ ਹੋਈ ਸੀ, ਮਰਦਾਨਾ ਜੀ ਨੂੰ ਦਿੱਤੀ। ਇਹੀ ਉਹ ਰਬਾਬ ਹੈ ਜੋ ਮਰਦਾਨਾ ਗੁਰੂ ਸਾਹਿਬ ਨਾਲ ਉਦਾਸੀਆਂ ਦੇ ਸਮੇਂ ਨਾਲ ਰੱਖਦਾ ਸੀ।
ਗੁਰੂ ਬਾਬਾ ਜੀ ਹੁਣ ਇਕ ਨਵੇਂ ਮਜ਼ਹਬ ਦੀ ਨੀਂਹ ਰੱਖਣ ਜਾ ਰਹੇ ਸਨ ਜਿਸ ਦਾ ਮੂਲ ਆਧਾਰ ਕੀਰਤਨ ਹੋਵੇਗਾ। ਇਸ ਵਿਚ ਬਾਣੀ ਦਾ ਗਾਇਨ ਹੋਵੇਗਾ। ਬਾਣੀ ਵਿਚ ਕਾਵਿ ਅਤੇ ਦਰਸ਼ਨ ਦਾ ਸੁਮੇਲ ਹੋਵੇਗਾ। ਬਾਣੀ ਵਿਚ ਧਰਮ ਅਤੇ ਦਰਸ਼ਨ ਹੋਵੇਗਾ। ਬਾਣੀ ਧਰਮ ਵਿਸ਼ੇਸ਼ ਦੇ ਸਿਧਾਂਤਾਂ ਨਾਲ ਓਤਪ੍ਰੋਤ ਹੋਵੇਗੀ। ਇਸ ਵਿਚ ਸੰਕਲਪ, ਸਰਲ ਸੁਖੈਨ ਢੰਗ ਨਾਲ, ਲੋਕ ਰੂਪ ਸ਼ੈਲੀਆਂ ਰਾਹੀਂ ਰੂਪਮਾਨ ਹੋਣਗੇ। ਇਸ ਵਿਚ ਭਾਵਾਂ (emotions) ਦੀ ਭਰਮਾਰ ਤਾਂ ਹੋਵੇਗੀ ਪਰ ਇਹ ਭਾਵ ਬ੍ਰਹਮ-ਮੁਖ ਹੋਣਗੇ ਜਿਸ ਵਿਚ ਰਬੀ ਤੀਬਰ ਲੋਚਾ, ਵੰਨਸਵੰਨ ਅਲੰਕਾਰਾਂ ਤੇ ਰੂਪਕਾਂ ਰਾਹੀਂ ਪ੍ਰਗਟ ਹੋਣਗੇ। ਮਨੁੱਖ ਅੰਦਰ ਵਸਦੀ ਤ੍ਰਿਸ਼ਨਾ, ਲੋਭ, ਲਾਲਚ, ਕਾਮ ਕ੍ਰੋਧ ਆਦਿ ਨੂੰ ਸਮਝਕੇ ਰਬ ਦੇ ਰਾਹ ਤੇ ਤੁਰਨ ਦਾ ਸੰਦੇਸ਼ ਹੋਵੇਗਾ। ਰਾਜਾ ਸ਼੍ਰੇਣੀ ਜਾਂ ਹਾਕਮ ਜਮਾਤ ਦੀ ਬਰਬਰਤਾ ਦੇ ਖਿਲਾਫ਼ ਅਵਾਜ਼ ਉੱਚੀ ਕਰਕੇ ਇਲਾਹੀ ਹੁਕਮ ਦਾ ਜੈਗਾਨ ਹੋਵੇਗਾ। ਜ਼ਾਹਿਰ ਹੈ, ਅਜੇਹੇ ਅਨੇਕ ਮੁਖ ਕਾਰਜਾਂ ਨੂੰ ਸੰਪੂਰਣ ਕਰਨ ਲਈ ਗੁਰੂ ਬਾਬੇ ਦੀ ਬਾਣੀ ਤੇ ਰਬਾਬ ਦੀਆਂ ਤਰਬਾਂ ਮਿਲਕੇ ਕਾਟ ਕਰਨਗੀਆਂ। ਇਸੇ ਲਈ ਰਬਾਬ ਵੀ ਉੱਤਮੋ ਉਤਮ ਚਾਹੀਦੀ ਸੀ, ਜੋ ਬੜੀ ਤੈਲਾਸ਼ ਤੋਂ ਬਾਅਦ ਪ੍ਰਾਪਤ ਕੀਤੀ ਗਈ।
ਗੁਰੂ ਬਾਬੇ ਨਾਲ ਬਿਤਾਏ ਸਾਲ
ਭਾਈ ਮਰਦਾਨੇ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਪਹਿਲਾ ਮੇਲ 1480 ਈ. ਵਿਚ ਹੋਇਆ। ਇਸ ਮਤ ਨਾਲ ਸਾਰੇ ਗੁਰ-ਇਤਿਹਾਸਕਾਰ, ਸਾਖੀਕਾਰ ਸਹਿਮਤ ਹਨ। ਮਰਦਾਨਾ ਜੀ ਨੇ ਪ੍ਰਲੋਕ ਗਮਨ 1534 ਈ. ਵਿਚ ਕੀਤਾ। ਇਸ ਹਿਸਾਬ ਉਹਨਾਂ ਨੇ 54 ਸਾਲ ਗੁਰੂ ਬਾਬੇ ਦੀ ਸੰਗਤ ਕੀਤੀ। ਇਹਨਾਂ ਸਾਲਾਂ ਵਿਚ ਅਨੇਕ ਘਟਨਾਵਾਂ ਵਾਪਰੀਆਂ ਜਿਹਨਾਂ ਦਾ ਸੰਬੰਧ ਗੁਰੂ ਸਾਹਿਬ ਦੇ ਜ਼ਾਤੀ ਜੀਵਨ ਨਾਲ ਵੀ ਹੈ ਤੇ ਮਰਦਾਨੇ ਦੇ ਜੀਵਨ ਨਾਲ ਵੀ। ਮਸਲਨ ਗੁਰੂ ਸਾਹਿਬ ਦਾ ਤਲਵੰਡੀ ਤੋਂ ਆ ਕੇ ਸੁਲਤਾਨਪੁਰ ਵਸਣਾ। ਇਥੇ ਮੋਦੀਖਾਨਾ ਚਲਾਉਣਾ, ਉਹਨਾਂ ਦੀ ਸ਼ਾਦੀ ਹੋਣੀ ਜਿਸ ਵਿਚ ਮਰਦਾਨੇ ਦਾ ਵੀ ਸ਼ਰੀਕ ਹੋਣਾ। ਮਰਦਾਨੇ ਦਾ ਬਾਰ ਬਾਰ ਸੁਲਤਾਨਪੁਰ ਤੋਂ ਤਲਵੰਡੀ ਤੇ ਤਲਵੰਡੀ ਤੋਂ ਸੁਲਤਾਨਪੁਰ ਆਉਣਾ ਜਾਣਾ। ਏਸੇ ਤਰ੍ਹਾਂ ਮਰਦਾਨੇ ਦੀ ਧੀ ਦਾ ਵਿਆਹ ਹੋਣਾ ਤੇ ਬਾਬੇ ਨਾਨਕ ਦੁਆਰਾ ਦਾਜ ਦਾ ਪ੍ਰਬੰਧ ਕਰਾਉਣਾ, ਬਾਬੇ ਨਾਨਕ ਦੇ ਘਰ ਸਪੁੱਤਰਾਂ ਦੀ ਜੋੜੀ ਦਾ ਜੰਮਣਾ ਆਦਿ ਘਟਨਾਵਾਂ ਵਿਸ਼ੇਸ਼ ਹਨ।
ਦੂਸਰੀ ਤਰ੍ਹਾਂ ਦੀਆਂ ਘਟਨਾਵਾਂ ਦਾ ਸੰਬੰਧ ਬਾਬੇ ਨਾਨਕ ਦੀਆਂ ਪ੍ਰਚਾਰ-ਉਦਾਸੀਆਂ ਨਾਲ ਹੈ। ਜਿਨ੍ਹਾਂ ਵਿਚ ਮਰਦਾਨਾ ਜੀ ਨਾਲ ਹੀ ਵਿਚਰੇ। ਇਸ ਸਾਰੀ ਜੀਵਨ-ਯਾਤਰਾ ਨੂੰ ਦੋ ਤਰ੍ਹਾਂ ਸਮੇਟਿਆ ਜਾ ਸਕਦਾ ਹੈ। ਇਕ ਤਾਂ ਖਾਲੀ ਮਰਦਾਨੇ ਜੀ ਦੇ ਜ਼ਾਤੀ ਜੀਵਨ ਨਾਲ ਸੰਬੰਧਿਤ ਘਟਨਾਵਾਂ ਨਾਲ ਪਰ ਉਹਨਾਂ ਤਾਂ ਜੀਵਨ ਦੇ 54 ਵਰ੍ਹੇ ਬਿਤਾਏ ਹੀ ਬਾਬੇ ਗੁਰੂ ਦੇ ਸੰਗ ਸਾਥ ਵਿਚ ਹਨ ਫਿਰ ਉਹਨਾਂ ਦਾ ਵਰਣਨ ਕਰਨਾ ਵੀ ਲਾਜ਼ਮੀ ਹੋ ਜਾਂਦਾ ਹੈ। ਇਸਦਾ ਇਕ ਹਲ ਇਹ ਵੀ ਹੋ ਸਕਦਾ ਹੈ, ਨਾਲੋਂ ਨਾਲ ਦੋਹਾਂ ਤਰ੍ਹਾਂ ਦੀਆਂ ਘਟਨਾਵਾਂ ਦੀ ਕੇਵਲ ਝਲਕੀ ਮਾਂਤ੍ਰ ਪੇਸ਼ ਕੀਤੀ ਜਾਏ। ਮਰਦਾਨਾ ਜੀ ਦਾ ਜਦੋਂ ਸਰਬ ਪ੍ਰਥਮ ਮੇਲ ਤਲਵੰਡੀ ਵਿਚ ਹੋਇਆ ਤਾਂ ਉਦੋਂ ਉਹ ਅਜੇ ਕਿਸੇ ਨਿਸਚਿਤ ਕਾਰੋਬਾਰ ਨਾਲ ਨਹੀਂ ਸਨ ਜੁੜੇ ਹੋਏ। ਉਮਰ ਭਾਵੇਂ 20 ਕੁ ਸਾਲ ਦੀ ਹੋ ਗਈ ਸੀ ਪਰ ਕਿੱਤਾ ਤਾਂ ਓਹੋ ਖਾਨਦਾਨੀ ਮੰਗ ਪਿੰਨ ਕੇ ਖਾਣ ਵਾਲਾ ਹੀ ਸੀ। ਅਮੀਰ ਰਈਸਾਂ ਦੇ ਘਰ ਕਿਸੇ ਸ਼ਗਨ-ਸੁਆਰਥ ਦੇ ਦਿਨ ਉਹਨਾਂ ਦੀ ਸ਼ਾਨ ਵਿਚ ਗੀਤ ਆਦਿ ਰਚ ਕੇ ਸੁਨਾਉਣਾ ਤੇ ਆਪਣੀ ਮਧੁਰ ਅਵਾਜ਼ ਦੇ ਸਦਕਾ ਜੋ ਵੀ ਪ੍ਰਾਪਤ ਹੋਣਾ, ਉਸ ਨਾਲ ਆਪਣੇ ਪਰਿਵਾਰ ਦਾ ਨਿਰਬਾਹ ਕਰਨਾ। ਗਰੀਬੀ ਦਾ ਦੌਰ ਦੌਰਾ ਸੀ, ਬਦਰਾ ਮਰਦਾਨੇ ਦਾ ਪਿਤਾ ਅਮੀਰ ਘਰਾਂ ਵਿਚ ਜਾ ਕੇ ਆਪਣੇ ਟੁੱਟੇ-ਫੁੱਟੇ ਗੀਤਾਂ ਰਾਹੀਂ ਉਹਨਾਂ ਲੋਕਾਂ ਦੀਆਂ ਹੋਰ ਉਚੀਆਂ ਪੁਲਾਂਘਾਂ ਦੀ ਅਰਦਾਸ ਕਰਦਾ। ਪਿੰਡ ਦਾ ਕਮੀਨ ਸਮਝ ਕੇ ਲੋਕ ਉਸਨੂੰ ਥੋੜਾ ਬਹੁਤ ਨਿਰਬਾਹ ਕਰਨ ਲਈ ਦੇ ਦੇਂਦੇ ਤੇ ਮਾਈ ਲੱਖੋ ਜਨਾਨੀਆਂ ਨਾਲ ਹੱਥ ਵਟਾ ਕੇ ਚੂਨ ਭੂਨ ਇਕੱਠਾ ਕਰ ਲਿਆਉਂਦੀ। ਬੱਸ ਇਸ ਤਰ੍ਹਾਂ ਉਹਨਾਂ ਦਾ ਗੁਜ਼ਾਰਾ ਚਲਦਾ ਰਹਿੰਦਾ ਤੇ ਇੰਜ ਮਿਰਾਸੀ ਪਰਿਵਾਰ ਵੱਡਿਆਂ ਘਰਾਂ ਦੀ ਛੱਤਰ ਛਾਇਆ ਹੇਠ ਵਕਤ ਕਟੀ ਕਰੀ ਜਾਂਦਾ। ਮਰਦਾਨਾ ਜੀ ਇਸੇ ਗੁਰਬਤ ਵਿਚ ਹੀ ਜੰਮੇ ਪਲੇ ਪਰ ਇਹਨਾਂ ਦੀ ਡੀਲ ਡੌਲ ਬਹੁਤ ਸੋਹਣੀ ਸੀ। ਇਕ ਦਿਨ ਲਖੋ ਮਰਦਾਨੇ ਦੀ ਮਾਤਾ ਨੇ ਇਸਦੇ ਪਿਤਾ ਬਦਰੇ ਨੂੰ ਕਿਹਾ ਸੀ, ‘ਪ੍ਰਭਾ! ਮੈਨੂੰ ਲਗਦੈ ਆਪਣਾ ਪੁੱਤਰ ਕਿਸੇ ਦਿਨ ਔਲੀਆ ਲੋਕਾਂ ਦੀ ਕਦਮਬੋਸੀ ਕਰੇਗਾ । ਮੈਨੂੰ ਇਸ ਵਿੱਚ ਵਧੀਆ ਮਨੁੱਖ (ਮਰਦ) ਬਣਨ ਦੇ ਆਸਾਰ ਨਜ਼ਰ ਆਉਂਦੇ ਨੇ। ’’
ਮਰਦਾਨੇ ਦੀ ਮਾਤਾ ਨੇ ਸਿਆਣਿਆਂ ਵਾਂਗ ਜੋ ਭਵਿੱਖ ਬਾਣੀ ਕੀਤੀ ਸੀ ਉਹ ਸੱਚੀ ਹੋਈ। ਇਸ ਨੂੰ ਮਾਤਾ ਪਿਤਾ ਦੇ ਅਨੁਭਵ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਜੋ ਮਰਦਾਨਾ ਜੀ ਦੇ ਵਰਤ-ਵਿਹਾਰ ਦੇ ਆਸਾਰਾਂ ਤੋਂ ਪ੍ਰਤੱਖ ਹੋ ਰਿਹਾ ਸੀ। ਜ਼ਾਹਿਰ ਹੈ, ਮਰਦਾਨਾ ਜੀ ਨੂੰ ਗੁਰੂ ਨਾਨਕ ਵਰਗੇ ਸ਼ਾਹ ਫ਼ਕੀਰ ਦੀ ਨਾ ਕੇਵਲ ਕਦਮਬੋਸੀ ਹੀ ਪ੍ਰਾਪਤ ਹੋਈ ਸਗੋਂ 54 ਵਰ੍ਹੇ ਦੀ ਸੰਗਤ ਵੀ ਨਸੀਬ ਹੋਈ। ਸਤਿਗੁਰ ਨਾਨਕ ਮਰਦਾਨੇ ਦੇ ਕੀਰਤਨ ਤੇ ਰੀਝਦੇ ਸਨ। ਤਲਵੰਡੀ ਵਿਚ ਮਰਦਾਨਾ ਗੁਰੂ ਬਾਬੇ ਦਾ ਚੰਗਾ ਸਾਥੀ ਤੇ ਮਿਤਰ ਸੀ। ਇਹ ਅਦਬ ਵੀ ਰੱਖਦਾ ਸੀ ਤੇ ਮਿਤਰਾਂ ਵਾਲਾ ਲਾਡ ਤੇ ਲਾਡਵਾਲੀ ਬਰਾਬਰੀ ਵੀ ਕਰ ਲੈਂਦਾ ਸੀ। ਇਹ ਪ੍ਰੇਮੀ ਤੇ ਹਾਸੇ ਮਖੌਲ ਦੇ ਸੁਭਾਉ ਵਾਲਾ ਸੀ । ਜਦੋਂ ਗੁਰੂ ਬਾਬੇ ਦਾ ਵਿਆਹ ਹੋਇਆ ਤੇ ਗੁਰੂ ਸਾਹਿਬ ਦਾ ਜੋੜਾ-ਜਾਮਾ ਬੜੀ ਸ਼ਾਨੋ-ਸ਼ੌਕਤ ਵਾਲਾ ਸੀ । ਗੁਰੂ ਸਾਹਿਬ ਮਰਦਾਨੇ ਦੀਆਂ ਅੱਖਾਂ ਤੋਂ ਹੀ ਪਛਾਣ ਗਏ ਸਨ ਕਿ ਏਹਦਾ ਵੀ ਜੀਅ ਅਜੇਹੇ ਕਪੜੇ ਪਾਉਣ ਨੂੰ ਕਰਦਾ ਹੈ। ਗੁਰੂ ਸਾਹਿਬ ਨੇ ਉਸ ਵੇਲੇ ਤਾਂ ਭਾਵੇਂ ਕੁਝ ਨਹੀਂ ਸੀ ਕਿਹਾ ਪਰ ਸ਼ਾਦੀ ਤੋਂ ਬਾਅਦ ਦਿਲਦਾਰ ਬਾਬਾ ਨਾਨਕ ਲੋਕਾਂ ਨੂੰ ਦਾਨ ਪੁੰਨ ਕਰ ਰਹੇ ਸਨ ਤੇ ਬਾਬਾ ਜੀ ਨੂੰ ਮਰਦਾਨੇ ਦੀ ਤੱਕਣੀ ਯਾਦ ਸੀ। ਉਹਨਾਂ ਨੇ ਆਪਣੇ ਵਿਆਹ ਵਾਲਾ ਜੋੜਾ ਮਰਦਾਨੇ ਨੂੰ ਖੁਸ਼ੀ ਖੁਸ਼ੀ ਦੇ ਦਿੱਤਾ। ਇਹ ਵੇਖ ਗੁਰੂ ਜੀ ਦੀ ਮਾਸੀ ਲਖੋ ਆਪਣੀ ਭੈਣ ਨੂੰ ਮਿਲਣ ਆਈ ਹੋਈ ਸੀ ਤੇ ਗੁਰੂ ਜੀ ਦਾ ਹਾਲ ਵੇਖਕੇ ਬੋਲੀ : ਭੈਣ ਤੇਰਾ ਪੁੱਤਰ ਤਾਂ ਕਮਲਾ ਜੇਹਾ ਹੈ ਜੋ ਕੁਝ ਘਰ ਵਿਚ ਲੱਭਦਾ ਹੈ, ਲੋਕਾਂ ਨੂੰ ਦੇ ਦਿੰਦਾ ਹੈ। ਇਹ ਗੱਲ ਸੁਣਕੇ ਗੁਰੂ ਸਾਹਿਬ ਬੋਲੇ ਮਾਸੀ ਤੇਰਾ ਪੁੱਤਰ ਮੇਰੇ ਨਾਲੋਂ ਵੀ ਕਮਲਾ ਹੋਵੇਗਾ।
ਜਦੋਂ ਮਰਦਾਨੇ ਨੇ ਗੁਰੂ ਜੀ ਦਾ ਚੋਲਨਾ ਆਪਣੇ ਗਲ ਵਿਚ ਪਾਇਆ ਤਾਂ ਫਿਰ ਗੁਰੂ ਜੀ ਨੇ ਕਹਿਆ-“ਮਰਦਾਨਿਆ ਤੂ ਇਕ ਸਾਡਾ ਬਚਨ ਮੰਨ ਤਾਂ ਮਰਦਾਨੇ ਕਹਿਆ ਫੁਰਮਾਈਐ” ਤਾਂ ਨਾਨਕ ਕਿਹਾ ਸੁਨ ਮਰਦਾਨਿਆ ਤੂ ਬੇਦੀਆਂ ਦਾ ਮਿਰਾਸੀ ਹੈ। ਹੋਰਸ ਪਾਸੋਂ ਮੰਗਨਾ ਨਹੀਂ ।” ਭਾਈ ਮਨੀ ਸਿੰਘ ਦੀ ਜਨਮ ਸਾਖੀ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਤਿੰਨ ਉਪਦੇਸ਼ ਦਿੱਤੇ ਸਨ।
- ਅੰਮ੍ਰਿਤ ਵੇਲੇ ਸਤਿਨਾਮ ਦਾ ਜਾਪ ਕਰਨਾ।
- ਕੇਸ ਨਹੀਂ ਮੁੰਨਵਾਉਣੇ।
- ਲੋੜਵੰਦ ਦੀ ਮਦਦ ਕਰਨੀ।
ਉਹਨਾਂ ਦਾ ਦੁਹਰਾਉ ਕਰਕੇ ਪੱਕਾ ਕੀਤਾ ਕਿ ਜੋ ਵੀ ਮੰਗਣਾ ਹੈ, ਰਬ ਤੋਂ ਮੰਗ:
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ (ਅੰਗ ੯੫੮)
ਜ਼ਾਹਿਰ ਹੈ, ਗੁਰੂ ਬਾਬਾ ਉਦਾਸੀਆਂ ਤੇ ਜਾਣ ਤੋਂ ਬਹੁਤ ਪਹਿਲਾਂ ਮਰਦਾਨਾ ਜੀ ਦੀ ਤਰਬੀਅਤ ਕਰ ਰਹੇ ਸਨ ਤਾਂ ਜੁ ਪ੍ਰਚਾਰ ਫੇਰੀਆਂ ਸਮੇਂ ਉਸਦਾ ਮਨ ਬਹੁਤ ਚੰਚਲ ਹੋ ਕੇ ਕਾਹਲਾ ਨਾ ਪਵੇ ਤੇ ਨਾ ਹੀ ਲਾਲਚ ਵਿਚ ਆਵੇ।
ਗੁਰੂ ਬਾਬੇ ਦੀਆਂ ਉਦਾਸੀਆਂ ਤੇ ਮਰਦਾਨਾ
ਗੁਰੂ ਪਾਤਸ਼ਾਹ ਮਨੁੱਖ ਜਾਤੀ ਦੇ ਉਧਾਰ ਲਈ ਦੇਸ਼ ਦੇਸ਼ਾਤਰਾਂ ਵਿਚ ਗਏ। ਇਸ ਉਦੇਸ਼ ਲਈ ਉਹਨਾਂ ਲੰਮੀਆਂ ਉਦਾਸੀਆਂ ਕੀਤੀਆਂ। ਇਹ ਉਦਾਸੀਆਂ ਦਰਅਸਲ, ਪ੍ਰਚਾਰ ਫੇਰੀਆਂ ਹੀ ਸਨ ਜੋ ਸਮੇਂ ਸਮੇਂ ਉਹ ਕਰਦੇ ਸਨ। ਗੁਰੂ ਇਤਿਹਾਸਕਾਰਾਂ ਨੇ ਇਹਨਾਂ ਪ੍ਰਚਾਰ ਫੇਰੀਆਂ ਨੂੰ ਉਦਾਸੀਆਂ ਦਾ ਨਾਮ ਦਿੱਤਾ ਹੈ। ਉਦਾਸੀਆਂ ਦਾ ਭਾਵ ਹੈ— ਉਦਾਸ ਬਿਰਤੀ ਜਾਂ ਵਿਰਕਤ ਬਿਰਤੀ। ਗੁਰੂ ਜੀ ਸੰਸਾਰਕ ਵਿਹਾਰ ਤੋਂ ਮੁਕਤ ਹੋ ਕੇ ਕੇਵਲ ਤੇ ਕੇਵਲ ਗੁਰੂ ਘਰ ਦਾ ਪ੍ਰਚਾਰ ਕਰ ਰਹੇ ਸਨ ਜੋ ਲੋਕ ਕਲਿਆਣ ਮੁਖ ਸੀ। ਇਸ ਪਹਿਲੀ ਉਦਾਸੀ ਵੇਲੇ ਗੁਰੂ ਸਾਹਿਬ ਦੀ ਆਯੂ 31 ਸਾਲਾਂ ਦੀ ਸੀ ਤੇ ਮਰਦਾਨਾ ਜੀ ਦੀ 41 ਵਰ੍ਹੇ ਦੀ। ਮਰਦਾਨੇ ਸਮੇਤ ਚਾਰ ਉਦਾਸੀਆਂ ਧਾਰੀਆਂ। ਇਹ ਉਦਾਸੀਆਂ ਇਕ ਨਿਸਚਿਤ ਸੋਚ-ਵਿਚਾਰ ਦੇ ਅਧੀਨ ਵਿਉਂਤੀਆਂ ਗਈਆਂ ਮਸਲਨ :
ਪਹਿਲੀ ਉਦਾਸੀ : ਹਿੰਦੂ ਧਰਮ ਕੇਂਦਰਾਂ ਵਲ ਕੀਤੀ ਗਈ।
ਦੂਸਰੀ ਉਦਾਸੀ : ਬੁਧ ਧਰਮ ਕੇਂਦਰਾਂ ਨੂੰ ਮੁਖ ਰੱਖਕੇ ਕੀਤੀ।
ਤੀਸਰੀ ਉਦਾਸੀ : ਯੋਗੀਆਂ ਨਾਥਾਂ ਦੇ ਡੇਰਿਆਂ ਵਲ ਕੀਤੀ ਗਈ।
ਚੌਥੀ ਉਦਾਸੀ : ਇਸਲਾਮੀ ਧਰਮ-ਅਸਥਾਨਾਂ ਨਾਲ ਸੰਬੰਧਿਤ ਸੀ।
ਜ਼ਾਹਿਰ ਹੈ, ਇਹ ਉਦਾਸੀਆਂ ਦੂਜੀਆਂ ਧਾਰਮਿਕ ਰਵਾਇਤਾਂ ਨਾਲ ਸੰਵਾਦ ਰਚਾਉਣ ਲਈ ਕੀਤੀਆਂ ਗਈਆਂ ਜਿਸਦਾ ਉਦੇਸ਼ ਮਨੁੱਖਤਾ ਦੀ ਭਲਾਈ ਸੀ। “ਚੜ੍ਹਿਆ ਸੋਧਣਿ ਧਰਤਿ ਲੋਕਾਈ” ਦਾ ਸੰਕੇਤ ਭਾਈ ਗੁਰਦਾਸ ਜੀ ਨੇ ਵੀ ਦਿੱਤਾ ਹੈ।
ਇਥੇ ਇਹ ਸੰਕੇਤ ਕਰਨਾ ਉਚਿਤ ਹੈ ਉਦਾਸੀਆਂ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਬਿਆਸ ਪਾਰ ਕਰਕੇ ਹੌਲੀ ਹੌਲੀ ਫ਼ਿਰਦੇ ਟਿਕਦੇ ਲਾਹੌਰ ਥਾਣੀਂ ਹੁੰਦੇ ਹੋਏ ਸੰਡਿਆਲੀ (ਜਿਸ ਥਾਂ ਹੁਣ ਏਮਨਾਬਾਦ ਹੈ) ਲਾਲੋ ਤਖਾਣ ਪਾਸ ਆ ਟਿਕੇ। ਮਰਦਾਨਾ ਇਥੋਂ ਵਿਦਾ ਹੋ ਕੇ ਕੁਝ ਦਿਨਾਂ ਲਈ ਤਲਵੰਡੀ ਆ ਗਿਆ ਤੇ ਫਿਰ ਮਿਥੇ ਸਮੇਂ ਮੁਤਾਬਕ ਪਰਤ ਆਇਆ। ਰਾਇ ਬੁਲਾਰ ਨੇ ਮਰਦਾਨੇ ਹੱਥ ਸੁਨੇਹਾ ਭੇਜਿਆ ਸੀ ਕਿ ਮੈਨੂੰ ਦਰਸ਼ਨ ਦੇ ਕੇ ਪਰਦੇਸਾਂ ਦੀ ਯਾਤਰਾ ਕਰਨੀ। ਇਸ ਤਰ੍ਹਾਂ ਗੁਰੂ ਜੀ ਤੇ ਮਰਦਾਨਾ ਦੋਵੇਂ ਫ਼ਿਰ ਤਲਵੰਡੀ ਆਏ। ਇਥੇ ਲਾਲ਼ੋ ਪਾਸ ਆ ਕੇ ਫ਼ੇਰ ਟੁਰ ਪਏ ਆਪਣੇ ਉਦੇਸ਼ ਦੇ ਮੁਤਾਬਕ। ਭਾਈ ਗੁਰਦਾਸ ਜੀ ਨੇ ਸੰਕੇਤ ਕੀਤਾ ਹੈ :
ਇਕੁ ਬਾਬਾ ਅਕਾਲ ਰੁਪੂ ਦਜਾ ਰਬਾਬੀ ਮਰਦਾਨਾ॥ (ਵਾਰ ੧)
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਦੇ ਸਮੇਂ ਦੇ ਸਿੱਖਾਂ ਦੀ ਸੂਚੀ ਵਿਚ ਮਰਦਾਨਾ ਜੀ ਦਾ ਵਰਣਨ ਇਕ ਮਾਹਿਰ ਰਬਾਬੀ ਵਾਂਗ ਕੀਤਾ ਹੈ :
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥ (ਵਾਰ ੧੨) ਗੁਰੂ ਇਤਿਹਾਸਕਾਰਾਂ ਤੇ ਸਾਖੀਕਾਰਾਂ ਨੇ ਮਰਦਾਨਾ ਜੀ ਦਾ ਨਾਮ ਆਦਰ ਨਾਲ ਅੰਕਿਤ ਕੀਤਾ ਹੈ। ਉਦਾਸੀਆਂ ਦੀ ਸ਼ੁਰੂਆਤ 1500 ਈ. ਵਿਚ ਆਰੰਭ ਹੋਈ। ਇਸ ਤੋਂ ਪਹਿਲਾਂ ਸਤਿਗੁਰੂ ਜੀ ‘ਨਾ ਹਿੰਦੂ ਨਾ ਮੁਸਲਮਾਨ’ ਦਾ ਐਲਾਨ ਕਰ ਚੁੱਕੇ ਸਨ। ਨਵਾਬ ਦੌਲਤ ਖਾਨ ਆਪਣੀ ਭੁੱਲ ਤੇ ਬਹੁਤ ਪਛਤਾਇਆ ਵੀ ਸੀ ਪਰ ਗੁਰੂ ਜੀ ਆਪਣੇ ਇਰਾਦੇ ਤੋਂ ਨਹੀਂ ਬਦਲੇ। ਉਹਨਾਂ ਨੇ ਤਾਂ ਆਪਣਾ ਡੇਰਾ ਵੀ ਲੁਟਾ ਦਿੱਤਾ । ਉਹ ਤਾਂ ਰਬੀ ਰੰਗ ਵਿਚ ਰਤੇ ਜਗਤ ਕਲਿਆਣ ਲਈ ਕੇਵਲ ਮਰਦਾਨੇ ਨੂੰ ਨਾਲ ਲੈ ਕੇ ਹੀ ਘਰੋਂ ਨਿਕਲ ਤੁਰੇ। ਪਰ ਸਭ ਤੋਂ ਪਹਿਲਾਂ ਸੈਦਪੁਰ ਏਮਨਾਬਾਦ ਭਾਈ ਲਾਲੋ ਦੇ ਕੋਲ ਰਹਿਕੇ ਕਰੜੀ ਘਾਲ ਘਾਲੀ। ਇਸਦਾ ਸੰਕੇਤ ਭਾਈ ਗੁਰਦਾਸ ਜੀ ਨੇ ਕੀਤਾ ਹੈ :
ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇਂ ਫਿਰਿ ਘਾਲਿ ਕਮਾਈ।
ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕਰੀ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ।
ਬਾਬਾ ਪੈਧਾ ਸਚ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ।
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ।
(ਵਾਰ ਪਹਿਲੀ ਪਉੜੀ ੨੪) ਸੁਆਲ ਹੋ ਸਕਦਾ ਹੈ, ਜਦੋਂ ਬਾਬਾ ਨਾਨਕ ਸੁਲਤਾਨਪੁਰ ਤੋਂ ਏਮਨਾਬਾਦ ਆਏ ਤਾਂ ਕੀ ਮਰਦਾਨਾ ਨਾਲ ਸੀ? ਮਾਲੂਮ ਹੁੰਦਾ ਹੈ ਜਦੋਂ ਬਾਬਾ ਜੀ ਕਠਿਨ ਤਪੱਸਿਆ ਕਰਨ ਲਗ ਗਏ ਤਾਂ ਉਹਨੀ ਦਿਨੀਂ ਮਰਦਾਨਾ ਜੀ ਤਲਵੰਡੀ ਆਏ ਹੋਏ ਸਨ। ਮਰਦਾਨਾ ਜੀ ਪਰਿਵਾਰਕ ਜ਼ਿੰਮੇਵਾਰੀਆਂ ਦਾ ਸਹੀ ਬਾਨਣੂੰ ਬੰਨ੍ਹ ਕੇ ਹੀ ਬਾਬਾ ਜੀ ਨਾਲ ਯਾਤਰਾ ਤੇ ਟੁਰਨਾ ਚਾਹੁੰਦੇ ਸਨ । ਉਧਰ ਬਾਬਾ ਜੀ ਨੇ ਤਪੱਸਿਆ ਕਰਨ ਦਾ ਮਨ ਬਣਾਇਆ ਹੋਇਆ ਸੀ। ਉਹ ਜਦੋਂ ਭਾਰੀ ਤਪੱਸਿਆ ਵਿਚ ਲੀਨ ਹੋ ਗਏ ਤਾਂ ਕਿਸੇ ਹੋਰਸ ਦੀ ਲੋੜ ਹੀ ਨਹੀਂ ਸੀ। ਉਹਨਾਂ ਕੋਲ ਭਾਈ ਲਾਲੋ ਤਾਂ ਸੀ ਹੀ। ਜਦੋਂ ਬਾਬਾ ਜੀ ਆਪਣੀ ਕਠਿਨ ਤਪੱਪਿਸਆ ਕਰ ਰਹੇ ਤਾਂ ਭਾਈ ਮਰਦਾਨਾ ਵੀ ਤਲਵੰਡੀਉਂ ਆ ਗਿਆ। ਉਸਨੇ ਰਾਇ ਬੁਲਾਰ ਦਾ ਸੁਨੇਹਾ ਆਣ ਦਿੱਤਾ ਤੇ ਬਾਬਾ ਜੀ ਮਰਦਾਨੇ ਸਮੇਤ ਇਕ ਵਾਰ ਫਿਰ ਤਲਵੰਡੀ ਆਏ ਤੇ ਇਥੋਂ ਫ਼ਿਰ ਏਮਨਾਬਾਦ ਪੁੱਜੇ। ਮਰਦਾਨਾ ਜੀ ਦੀ ਭੂਮਿਕਾ ਨੂੰ ਵਿਚਾਰਨ ਲਈ ਇਥੇ ਗੁਰੂ ਸਾਹਿਬ ਵਲੋਂ ਕੀਤੀਆਂ ਗਈਆਂ ਪਰਚਾਰ ਯਾਤਰਾਵਾਂ ਦਾ ਵੇਰਵਾ ਜਾਣਨਾ ਉਚਿਤ ਰਹੇਗਾ। ਕਾਰਨ ਬੜਾ ਸਪਸ਼ਟ ਹੈ, ਇਹਨਾਂ ਯਾਤਰਵਾਂ ਵਿਚ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਹੀ ਰਹੇ ਹਨ। ਇਕ ਸਾਥੀ ਦੀ ਹੈਸੀਅਤ ਵਿਚ ਉਹਨਾਂ ਦੀ ਭੂਮਿਕਾ ਹਰ ਹਾਲ ਵਿਚ ਮਹੱਤਵਪੂਰਣ ਸੀ। ਇਥੇ ਇਹਨਾਂ ਉਦਾਸੀਆਂ ਦਾ ਵੇਰਵਾ ਹਾਜ਼ਰ ਹੈ :
ਪਹਿਲੀ ਉਦਾਸੀ’
- ਏਮਨਾਬਾਦ : ਭਾਈ ਲਾਲੋ ਦੇ ਘਰ ਠਹਿਰਕੇ ਖਾਣ ਪੀਣ ਦੀ ਛੁਹਛਾਤ ਦਾ ਭਰਮ ਮਿਟਾਇਆ।
- ਹਰਦੁਆਰ : ਜਾ ਕੇ ਪਿਤਰਾਂ ਨੂੰ ਜਲ ਦੇਣਾ ਨਿਰਾਰਥਕ ਕਰਮ ਸਿੱਧ ਕੀਤਾ।
- ਤੁਲੰਬਾ : (ਮੁਲਤਾਨ) ਸ਼ੇਖ ਸਜਣ ਠੱਗ) ਨਾਲ ਵਿਚਾਰ ਕਰਕੇ, ਉਧਾਰ ਕੀਤਾ।
- ਪਾਣੀਪਤ : ਸ਼ੇਖ ਸ਼ਰਫ਼ ਨਾਲ ਸੰਵਾਦ ਰਚਾਇਆ।
- हिँली : ਮੋਇਆ ਹਾਥੀ ਜੀਵਾਇਆ-ਸੁਲਤਾਨ ਬ੍ਰਹਮ ਬੇਗ ਨੂੰ ਮਿਲੇ ।
- ਬਨਾਰਸ : ਪੰਡਿਤ ਚਤੁਰਦਾਸ ਨਾਲ ਵਿਚਾਰ ਕੀਤੀ।
- ਨਾਨਕ ਮਤੇ : ਜੋਗੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।
- गजा : ਪਿੰਡ ਦਾਨ ਆਦਿ ਕਰਮਾਂ ਦਾ ਨਿਖੇਧ ਕਰਨਾ
- ਕਾਮਰੂਪ : ਅਸਾਮ ਨੂਰਸ਼ਾਹ ਦਾ ਨਿਸਤਾਰਾ-ਜਾਦੂ ਟੂਣੇ ਦੀ ਭੰਡੀ रीडी।
- ਗੋਇੰਦਵਾਲ : ਕੋਹੜੀ ਦਾ ਦੁਖ ਦੂਰ ਕੀਤਾ।
- ਲਾਹੌਰ : ਦੁਨੀਚੰਦ ਦਾ ਨਿਸਤਾਰਾ ਕੀਤਾ।
- ਤਲਵੰਡੀ : 12 ਸਾਲਾਂ ਬਾਅਦ ਆਏ।
ਦੂਸਰੀ ਉਦਾਸੀ
ਇਹ ਉਦਾਸੀ ਦਖਣੀ ਭਾਰਤ ਦੀ ਕੀਤੀ। ਜਗਨ ਨਾਥ ਪੁਰੀ ਤੋਂ ਲੰਕਾ ਤਕ ਜਾ ਅੱਪੜੇ। ਇਸ ਉਦਾਸੀ ਵਿਚ ਮਰਦਾਨਾ ਜੀ ਦੇ ਨਾਲ ਦੋ ਹੋਰ ਜਟ ਭਾਈ ਸੀਹਾਂ, ਅਤੇ ਸੈਦਾ ਵੀ ਸੀ। ਇਸ ਉਦਾਸੀ ਦੀਆਂ ਦੋ ਮਹੱਤਵਪੂਰਣ ਘਟਨਾਵਾਂ-ਜਗਨਨਾਥ ਪੁਰੀ ਦੀ ਆਰਤੀ ਅਤੇ ਲੰਕਾ ਦੇ ਰਾਜਾ ਸ਼ਿਵਨਾਭ ਦਾ ਗੁਰੂ ਜੀ ਦਾ ਸਿਦਕੀ ਸਿੱਖ ਬਣ ਜਾਣਾ ਹੈ।
ਤੀਸਰੀ ਉਦਾਸੀ
ਇਹ ਉਦਾਸੀ ਉੱਤਰੀ ਭਾਰਤ ਦੇ ਇਲਾਕਿਆਂ ਨਾਲ ਸੰਬੰਧਿਤ ਹੈ। ਸੁਮੇਰ ਪਰਬਤ ਤੇ ਗੁਰੂ ਜੀ ਨੇ ਇਥੇ ਯੋਗੀਆਂ ਖ਼ਾਸ ਕਰਕੇ ਗੋਰਖ ਨਾਥ ਤੇ ਮਛੰਦਰਨਾਥ ਨਾਲ ਸੰਵਾਦ ਰਚਾਇਆ ‘ਸ਼ਬਦ ਗੁਰੂ’ ਬਾਰੇ ਗੋਸਟਿ ਇਥੇ ਹੀ ਹੋਈ ਸੀ। ਇਹ ਸਿਰਮੌਰ, ਗੜਵਾਲ, ਹੇਮਕੁੰਟ, ਗੋਰਖਪੁਰ, ਸਿਕਮ, ਭੂਟਾਨ, ਤਿੱਬਤ ਦੇ ਇਲਾਕਿਆਂ ਦੀ ਫੇਰੀ ਸੀ। ਇਸ ਤੋਂ ਇਲਾਵਾ ਇਸ ਫੇਰੀ ਵਿਚ ਅਚਲ ਵਟਾਲਾ ਤੇ ਕਸ਼ਮੀਰ ਆਦਿ ਇਲਾਕੇ ਸ਼ਾਮਲ ਹਨ। ਕਸ਼ਮੀਰ ਵਿਚ ਪੰਡਿਤ ਬ੍ਰਹਮਦਾਸ ਨਾਲ ਵਿਚਾਰ-ਵਟਾਂਦਰਾ ਹੋਇਆ।
ਗੋਰਖ ਹਟੀ ਤੇ ਪਿਸ਼ਾਵਰ ਵਿਚ ਵਸਦੇ ਯੋਗੀ ਵੀ ਇਸ ਸੰਵਾਦ ਤੋਂ ਪਿੱਛੇ ਨਹੀਂ ਰਹੇ। ਇਥੋਂ ਹੀ ਉਹ ਮਾਨਸਰੋਵਰ ਤਿੱਬਤ ਵੀ ਗਏ।
ਚੌਥੀ ਉਦਾਸੀ
ਇਹ ਉਦਾਸੀ ਪੱਛਮੀ ਭਾਰਤ ਵਲ ਕੀਤੀ ਗਈ। ਗੁਰੂ ਸਾਹਿਬ ਨੇ ਇਸ ਵਿਚ ਹਾਜੀ ਦਾ ਭੇਸ ਬਣਾਇਆ। ਇਥੋਂ ਹੀ ਬਗਦਾਦ ਕਾਜ਼ੀ ਰੁਕਨਦੀਨ ਨਾਲ ਬਹਿਸ ਹੋਈ। ਬਲੋਚਿਸਤਾਨ ਤੋਂ ਹੁੰਦੇ ਹੋਏ ਮੱਕੇ ਪਹੁੰਚੇ। ਰੂਮ, ਬਗਦਾਦ, ਈਰਾਨ ਹੁੰਦੇ ਹੋਏ ਕੰਧਾਰ ਕਾਬਲ ਵਿਚ ਪਹੁੰਚੇ। ਇਥੇ ਹੀ ਹਸਨ ਅਬਦਾਲ ਦੇ ਨਿਵਾਸੀ ਵਲੀ ਕੰਧਾਰੀ ਦਾ ਅਭਿਮਾਨ ਦੂਰ ਕੀਤਾ। ਧਿਆਨ ਜੋਗ ਨੁਕਤਾ ਤਾਂ ਇਹ ਹੈ ਕਹਿਣ ਨੂੰ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਉਦਾਸੀਆਂ ਧਾਰੀਆਂ ਤੇ ਮਰਦਾਨਾ ਜੀ ਵੀ ਨਾਲ ਹੀ ਰਹੇ। ਪਰ ਮਰਦਾਨਾ ਇਹੋ ਜੇਹਾ ਸੁਭਾਗਾ ਜੀਉੜਾ ਹੈ ਜਿਸਦੇ ਬਚਨ ਬਿਲਾਸਾਂ ਰਾਹੀਂ, ਸ਼ੰਕਿਆਂ ਰਾਹੀਂ, ਕਦੀ ਕਿਧਰੇ ਅੜ ਜਾਣ ਦੀ ਘਟਨਾ ਰਾਹੀਂ ਜਾਂ ਕਿਧਰੇ ਖਾਣ ਦੇ ਆਹਰ ਦੀਆਂ ਘਟਨਾਵਾਂ ਰਾਹੀਂ ਗੁਰੂ ਨਾਨਕ ਮਿਸ਼ਨ ਦੀਆਂ ਸੂਖਮ ਗੰਢਾਂ ਖੁਲ੍ਹਦੀਆਂ ਹਨ। ਉਹ ਰਹੱਸ ਜੋ ਉਂਞ ਸਮਝ ਵਿਚ ਨਹੀਂ ਆਉਂਦੇ ਗੁਰੂ ਸਾਹਿਬ ਘਟਿਤ ਘਟਨਾਵਾਂ ਰਾਹੀਂ ਜਿਨ੍ਹਾਂ ਦਾ ਨਾਇਕ ਮਰਦਾਨਾ ਹੁੰਦਾ ਸੀ, ਨੂੰ ਸਪਸ਼ਟ ਕਰਕੇ ਖਾਸ ਕਰਕੇ ਸਮਝਾਉਂਦੇ ਸਨ । ਬਾਬਾ ਨਾਨਕ ਜਦੋਂ ਪਹਿਲੋਂ ਪਹਿਲ ਯਾਤਰਾ ਤੇ ਟੁਰੇ ਤਾਂ ਕਾਫ਼ੀ ਸਾਰੀ ਉਜਾੜ ਇਲਾਕੇ ਨੂੰ ਲੰਘਕੇ ਆਏ ਤਾਂ ਇਕ ਸ਼ਹਿਰ ਨਜ਼ਰੀਂ ਪਿਆ। ਉਸਦਾ ਨਾਮ ਸੀ ਹੜੱਪਾ। ਸ਼ਹਿਰ ਅਜੇ ਕੁਝ ਦੂਰ ਹੀ ਸੀ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਪੁਛਿਆ-ਤੈਨੂੰ ਭੁੱਖ ਤਾਂ ਨਹੀਂ ਲਗੀ? ਮਰਦਾਨਾ ਜੀ ਦਾ ਕਹਿਣਾ ਕਿ ਤੁਸੀਂ ਜਾਣੀ ਜਾਣ ਹੋ। ਗੁਰੂ ਸਾਹਿਬ ਦਾ ਉਸਨੂੰ ਉਪਲ ਖੱਤਰੀਆਂ ਦੇ ਘਰ ਜਾਣ ਦਾ ਆਦੇਸ਼ ਦੇਣਾ। ਉਥੇ ਸਾਰਾ ਨਗਰ ਹੀ ਮਰਦਾਨੇ ਦੀ ਸੇਵਾ ਲਈ ਟੁੱਟ ਪਿਆ ਭੋਜਨ ਵਸਤ੍ਰ ਤੇ ਮਾਇਆ ਬਹੁਤ ਆਈ। ਮਰਦਾਨੇ ਨੇ ਰੱਜ ਰੱਜ ਕੇ ਖਾਧਾ ਤੇ ਸੰਧਿਆ ਵੇਲੇ ਸਾਰਾ ਸਮਾਨ ਬੰਨ੍ਹ, ਕੇ ਬਾਬੇ ਗੁਰੂ ਕੋਲ ਆ ਗਿਆ। ਮਰਦਾਨਾ ਬਹੁਤਾ ਖੁਸ਼ ਸੀ। ਗੁਰੂ ਜੀ ਸਾਰੀ ਗੱਲ ਸੁਣਕੇ ਕਹਿੰਦੇ ਹਨ ਇਹ ਸਾਰਾ ਸਮਾਨ ਸਾਡੇ ਕਿਸੇ ਕੰਮ ਨਹੀਂ। ਇਹਨਾਂ ਨੂੰ ਸੁੱਟ ਘੱਤ। ਮਰਦਾਨਾ ਸੁਆਲ-ਜੁਆਬ ਕਰਦਾ ਹੈ। ਗੁਰੂ ਜੀ ਸਮਝਾਉਂਦੇ ਹਨ। ਅਸੀਂ ਉਸ ਰਬ ਦੀ ਰਜ਼ਾ ਵਿਚ ਰਾਜ਼ੀ ਹਾਂ। ਅਸੀਂ ਤਾਂ ਜਗਤ ਜਲੰਦੇ ਦੇ ਉਧਾਰ ਲਈ ਘਰੋਂ ਨਿਕਲੇ ਹਾਂ। ਅਸੀਂ ਮਾਇਆ ਅੰਗੀਕਾਰ ਕਰਨ ਲਈ ਘਰੋਂ ਨਹੀਂ ਟੁਰੇ। ਸਰੀਰ ਅੰਨ ਨਾਲ ਜੀਉਂਦਾ ਹੈ, ਅੰਨ ਛੱਡਣਾ ਪਾਖੰਡ ਹੈ। ਪਰ ਮਨੁੱਖ ਨਿਰਾ ਅਨਾਜ ਨਾਲ ਨਹੀਂ ਜੀਉਂਦਾ। ਜੀਵਨ ਨਾਮ ਦੇ ਆਸਰੇ ਵੀ ਹੈ।
ਇਹ ਘਟਨਾ ਇਕ ਪਾਸੇ, ਰਬੀ ਰਜ਼ਾ ਵਿਚ ਰਹਿਣਾ ਦ੍ਰਿੜ ਕਰਾਉਂਦੀ ਹੈ। ਹੁਕਮ ਮੰਨਣਾ ਸਿਖਾਉਂਦੀ ਹੈ। ਲੋੜ ਤੋਂ ਵੱਧ ਮਾਇਆ ਤੋਂ ਛੁਟਕਾਰਾ ਕਰਨਾ ਸਿਖਾਉਂਦੀ ਹੈ ਤੇ ਸਰੀਰ ਦਾ ਆਧਾਰ ਜਿਥੇ ਅਨਾਜ ਹੈ ਉਥੇ ਨਾਮ ਵੀ ਹੈ। ਇਸ ਤੱਥ ਨੂੰ ਦ੍ਰਿੜ ਕਰਾਉਂਦੀ ਹੈ। ਜ਼ਾਹਿਰ ਹੈ, ਗੁਰੂ ਜੀ ਮਰਦਾਨੇ ਦੇ ਸੁਭਾਵਕ ਪ੍ਰਸ਼ਨਾਂ ਰਾਹੀਂ ਬੜੀਆਂ ਸਾਰੀਆਂ ਗੁੰਝਲਾਂ ਖੋਹਲਦੇ ਹਨ। ਤੇ ਕਈ ਅਧਿਆਤਮਕ ਨੁਕਤੇ ਸਪਸ਼ਟਤਾ ਨੂੰ ਗ੍ਰਹਿਣ ਕਰਦੇ ਹਨ।
ਭਾਈ ਲਾਲੋ ਦੇ ਘਰ ਰਹਿੰਦਿਆਂ ਹੀ ਜਦੋਂ ਮਲਿਕ ਭਾਗੋ ਦੇ ਘਰ ਬ੍ਰਹਮ ਭੋਜ ਦਾ ਸੱਦਾ ਆਉਣਾ। ਗੁਰੂ ਸਾਹਿਬ ਦਾ ਉਸ ਵਿਚ ਨਾ ਜਾਣਾ। ਮਲਿਕ ਭਾਗੋ, ਜ਼ਾਲਮ ਖਾਨ ਏਮਨਾਬਾਦ ਦਾ ਫ਼ੌਜਦਾਰ ਸੀ। ਇਹ ਜਾਤ ਦਾ ਖੱਤਰੀ ਸੀ। ਬੜਾ ਲੋਭੀ, ਵੱਢੀ ਖੋਰ, ਦੁਸ਼ਟ ਰੁਚੀਆਂ ਵਾਲਾ ਅਹਿਲਕਾਰ ਸੀ। ਇਸਨੇ ਗਰੀਬਾਂ ਦਾ ਖੂਨ ਨਿਚੋੜ ਕੇ ਬੇਸ਼ੁਮਾਰ ਦੌਲਤ ਇਕੱਠੀ ਕੀਤੀ ਹੋਈ ਸੀ। ਇਸ ਨੇ ਆਪਣੇ ਲੜਕੇ ਦੀ ਸ਼ਾਦੀ ਦੀ ਖੁਸ਼ੀ ਵਿਚ, ਬ੍ਰਹਮ ਭੋਜ ਕੀਤਾ ਸੀ ਤੇ ਜਸ਼ਨ ਮਨਾਇਆ ਸੀ। ਇਸਨੇ ਨੇੜੇ ਤੇੜੇ ਦੇ ਸਾਰੇ ਬ੍ਰਾਹਮਣ ਤੇ ਖਤ੍ਰੀ ਸੱਦੇ। ਜਿੰਨੇ ਸਾਧ ਸੰਤ ਫ਼ਕੀਰ ਉਥੇ ਸਨ, ਸਭ ਨੂੰ ਨਿਉਂਦਾ ਭੇਜਿਆ। ਬਾਬੇ ਨਾਨਕ ਵੱਲ ਤਾਂ ਉਚੇਚੇ ਬੰਦੇ ਭੇਜਕੇ ਨਿਉਂਦਾ ਦਿੱਤਾ। ਮਲਿਕ ਭਾਗੋ ਨੇ ਉਨ੍ਹਾਂ ਸਾਧਾਂ, ਫ਼ਕੀਰਾਂ ਨੂੰ ਬ੍ਰਹਮ ਭੋਜ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜੋ ਨੀਵੀਆਂ ਜਾਤਾਂ ਦੇ ਸਨ। ਜਦ ਉਸਨੂੰ ਇਹ ਪਤਾ ਲਗਾ ਕਿ ਗੁਰੂ ਜੀ ਨੇ ਉਸਦਾ ਨਿਉਂਦਾ ਠੁਕਰਾ ਦਿੱਤਾ ਹੈ ਤਾਂ ਭੜਕ ਉਠਿਆ। ਉਸਨੇ ਹੋਰ ਬ੍ਰਾਹਮਣਾਂ ਤੇ ਖਤ੍ਰੀਆਂ ਨੂੰ ਵੀ ਭੜਕਾਇਆ ਕਿ ਗੁਰੂ ਨਾਨਕ ਸਾਹਿਬ ਨੇ ਸਭ ਦਾ ਅਪਮਾਨ ਕੀਤਾ ਹੈ। ਉਸਨੇ ਭਾਈ ਲਾਲੋ ਨੂੰ ਧਮਕੀ ਦਿੱਤੀ ਤੇਰਾ ਘਰ ਉਜਾੜ ਦਿਆਂਗੇ। ਧੱਕੇ ਮਾਰਕੇ ਸ਼ਹਿਰੋਂ ਬਾਹਰ ਕੱਢ ਦਿਆਂਗੇ। ਨਾਲ ਹੀ ਚਾਰ ਪਿਆਦੇ ਭੇਜੇ ਕਿ ਹੁਕਮਨ ਬਾਬੇ ਨਾਨਕ ਤੇ ਭਾਈ ਲਾਲੋ ਨੂੰ ਫ਼ੜਕੇ ਲਿਆਉ।
ਗੁਰੂ ਨਾਨਕ ਸਾਹਿਬ ਮਰਦਾਨੇ ਸਮੇਤ ਪਹੁੰਚ ਗਏ। ਮਲਿਕ ਭਾਗੋ ਨੇ ਕ੍ਰੋਧ ਵਿਚ ਪੁੱਛਿਆ “ਤਪਾ ਨਾਨਕ ਤੂੰ ਬੇਦੀ ਕੁਲ ਦਾ ਖਤਰੀ ਹੈ। ਤੂੰ ਇਸ ਸ਼ਗਨਾਂ ਤੇ ਉਤਸ਼ਾਹਾਂ ਭਰੇ ਬ੍ਰਹਮ-ਭੋਜ ਦਾ ਅਪਮਾਨ ਕਿਉਂ ਕੀਤਾ ਹੈ। ਇਸ ਤੋਂ ਉਲਟ ਇਨ੍ਹਾਂ ਨੀਵੀਂ ਜਾਤੀ ਤੇ ਤ੍ਰਖਾਣਾਂ, ਮਰਾਸੀਆਂ, ਜਟਾਂ ਦੇ ਹੱਥ ਦੀ ਰੋਟੀ ਖਾ ਕੇ ਆਪਣਾ ਧਰਮ ਭ੍ਰਿਸ਼ਟ ਕੀਤਾ ਹੈ ਤੇ ਸਾਡੀ ਬਰਾਦਰੀ ਦਾ ਨੱਕ ਵੱਢਿਆ ਹੈ।”
ਗੁਰੂ ਨਾਨਕ ਸਾਹਿਬ ਨੇ ਮਲਿਕ ਭਾਗੋ ਨੂੰ ਕਿਹਾ ਲਿਆ ਆਪਣੇ ਪਕਵਾਨ ਤੇ ਨਾਲ ਹੀ ਭਾਈ ਲਾਲੋ ਨੂੰ ਕਿਹਾ ਲਿਆ ਆਪਣੀ ਕੋਧਰੇ ਦੀ ਰੋਟੀ। ਮੈਂ ਦਸਦਾਂ ਹਾਂ ਦੋਹਾਂ ਵਿਚ ਕੀ ਫ਼ਰਕ ਹੈ। ਮਲਿਕ ਭਾਗੋ ਦੇ ਪਕਵਾਨਾਂ ਦਾ ਪਰੋਸਾ ਉਹਨਾਂ ਦੇ ਸਾਹਮਣੇ, ਰੱਖਿਆ। ਗੁਰੂ ਸਾਹਿਬ ਨੇ ਇਕ ਹੱਥ ਵਿਚ ਪਕਵਾਨ ਫ਼ੜਕੇ ਨਿਚੋੜੇ ਤਾਂ ਲਹੂ ਦੀ ਧਾਰ ਵਗਣ ਲਗ ਪਈ। ਦੂਜੇ ਹੱਥ ਵਿਚ ਕੋਧਰੇ ਦੀ ਰੋਟੀ ਤਾਂ ਵਿਚੋਂ ਤ੍ਰਿਪ-ਤ੍ਰਿਪ ਟੇਪਾ ਦੁੱਧ ਦਾ ਟਪਕਣ ਲਗਾ। ਗੁਰੂ ਜੀ ਬੋਲ ਦੇਖ ਮਲਿਕ ਕਿੰਨਿਆ ਦੀ ਮੇਹਨਤ ਮਾਰੀ, ਕਿੰਨਿਆ ਦਾ ਤੂੰ ਖੂਨ ਪੀਤਾ, ਦੌਲਤ ਇੱਕਠੀ ਕੀਤੀ ਹੈ ਤੇ ਉਸ ਪਾਪ ਦੀ ਕਮਾਈ ਨਾਲ ਇਹ ਬ੍ਰਹਮ ਭੋਜ ਤਿਆਰ ਕੀਤਾ। ਇਹ ਬ੍ਰਹਮ ਭੋਜ ਨਹੀਂ, ਪਾਪ ਦੇ ਪਕਵਾਨ ਹਨ। ਕੌਣ ਸਤਵਾਦੀ ਇਸ ਨੂੰ ਖਾ ਕੇ ਹਜ਼ਮ ਕਰ ਸਕਦਾ ਹੈ। ਆਹ ਵੇਖ ਲਾਲੋ ਦੀ ਰੋਟੀ ਇਸ ਵਿਚ ਨੇਕ ਕਮਾਈ, ਸਚਾਈ ਤੇ ਪਵਿੱਤਰ ਦੁੱਧ ਚੋਂਦਾ ਹੈ, ਇਹ ਕ੍ਰਿਸ਼ਮਾ ਵੇਖ ਕੇ ਸਭ ਲੋਕ ਹਰਾਨ ਹੋ ਗਏ।
ਇਸ ਘਟਨਾ ਰਾਹੀਂ ਗੁਰੂ ਸਾਹਿਬ ਨੇ ਨੇਕ ਕਮਾਈ ਦਾ ਪੱਖ ਪੂਰਿਆ ਹੈ। ਜ਼ੁਲਮੀਆਂ ਨੂੰ ਪਾਪ ਦੀ ਕਮਾਈ ਕਰਨ ਤੋਂ ਵਰਜਿਆ ਹੈ। ਗੱਲਾਂ ਨਾਲ ਨਹੀਂ। ਸਾਹਮਣੇ ਮਿਸਾਲ ਰੱਖਕੇ। ਅਜੇਹਾ ਕ੍ਰਿਸ਼ਮਾ ਵੇਖਕੇ ਹਰ ਇਕ ਬੰਦੇ ਦਾ ਦਿਲ ਦਹਿਲ ਜਾਂਦਾ ਹੈ। ਹਰ ਕੋਈ ਆਪਣੇ ਅੰਦਰ ਝਾਕਣ ਲਗਦਾ ਹੈ। ਇਹੋ ਜੇਹੀਆਂ ਸਿਖਿਆਦਾਇਕ ਗੱਲਾਂ ਗੁਰੂ ਨਾਨਕ ਦੇਵ ਦੇ ਉਪਦੇਸ਼ ਦਾ ਅੰਗ ਹਨ। ਗੁਰੂ ਸਾਹਿਬ ਏਥੋਂ ਟੁਰਕੇ ਜਦੋਂ ਹਰਦੁਆਰ ਪੁੱਜੇ ਤਾਂ ਭਾਈ ਮਰਦਾਨਾ ਨਾਲ ਸੀ ਉਥੇ ਵੇਖਿਆ ਲੋਕ ਚੜ੍ਹਦੇ ਸੂਰਜ ਨੂੰ ਪਾਣੀ ਦੇ ਰਹੇ ਸਨ । ਬਾਬਾ ਨਾਨਕ ਦੇ ਸਮਝਾਉਣ ਦਾ ਅੰਦਾਜ ਨਾਟਕੀ ਵੀ ਸੀ। ਆਪ ਪੱਛਮ ਵੱਲ ਮੂੰਹ ਕਰਕੇ ਪਾਣੀ ਦੇਣ ਲਗੇ। ਇਹ ਵੇਖ ਝੱਟ ਹੀ ਇਕ ਬ੍ਰਾਹਮਣ ਬੋਲ ਪਿਆ ਤੁਸੀਂ ਪਾਣੀ ਕਿਸ ਨੂੰ ਦੇ ਰਹੇ ਹੋ? ਆਪਣੇ ਖੇਤਾਂ ਨੂੰ। ਉਸ ਮਖੌਲ ਕੀਤਾ ਇਹ ਪਾਣੀ ਤੇਰੇ ਖੇਤਾਂ ਨੂੰ ਕਿਵੇਂ ਪੁੱਜੇਗਾ ਜਿਵੇਂ ਤੁਹਾਡਾ ਪਾਣੀ ਤੁਹਾਡੇ ਪਿਤੱਰਾਂ ਨੂੰ ਪੁਜੇਗਾ। ਹੈਰਾਨ ਹੋ ਉਹ ਸੋਚਣ ਲਗਾ । ਨਾਨਕ ਤਪਾ ਠੀਕ ਕਹਿੰਦਾ ਹੈ। ਏਹੋ ਜੇਹੇ ਵੇਲੇ ਭਾਈ ਮਰਦਾਨਾ ਉਸ ਤਰਕ ਨੂੰ ਧਿਆਨ ਨਾਲ ਸਮਝ ਰਿਹਾ ਹੁੰਦਾ। ਅੰਦਰੋਂ ਅਸ਼ ਅਸ਼ ਕਰ ਉਠਦਾ । ਬਾਬਾ ਨਾਨਕ ਤਾਂ ਆਮ ਅਵਾਮ ਦੇ ਦਿਮਾਗੀ ਜਾਲੇ ਸਾਫ਼ ਕਰ ਰਹੇ ਸਨ। ਤੇ ਉਹ ਵੀ ਅਮਲੀ ਉਦਾਹਰਣ ਦੇ ਕੇ। ਲੋਕਾਂ ਦਾ ਬਾਬੇ ਨਾਨਕ ਦੀਆਂ ਦਲੀਲਾਂ ਵਿਚ ਵਿਸ਼ਵਾਸ ਬੱਝ ਜਾਂਦਾ। ਸਭ ਨੇਕ-ਨੀਅਤ ਦੀ ਕਮਾਈ ਵਲ ਰੁਚਿਤ ਹੋਏ। ਸਭ ਵਾਧੂ ਕਰਮ ਪਾਖੰਡ ਦਾ ਤਿਆਗ ਕਰਨ ਲਗੇ।
ਦੂਸਰੀ ਉਦਾਸੀ ਦਾ ਰੁੱਖ ਗੁਰੂ ਜੀ ਨੇ ਹਿੰਦੂਆਂ ਦੇ ਤੀਰਥ ਸਥਾਨਾਂ ਵਲ ਕੀਤਾ। ਖ਼ਾਸ ਕਰਕੇ ਦੱਖਣੀ ਭਾਰਤ ਦੇ ਤਰੀਥ ਅਸਥਾਨਾਂ। ਹਿੰਦੂਆਂ ਦੇ ਤੀਰਥਾਂ ਵਿਚੋਂ ਜਗਨਨਾਥ ਪੁਰੀ ਨੂੰ ਸਿਰਮੌਰ ਸਥਾਨ ਪ੍ਰਾਪਤ ਹੈ। ਇਥੇ ਜਗਨਨਾਥ ਦਾ ਜ਼ਾਹਿਰਾ ਪ੍ਰਤੱਖ ਦੀਦਾਰ ਹੋ ਜਾਂਦਾ ਹੈ, ਬਸ਼ਰਤੇ ਕੋਈ ਉਤਨੀ ਉੱਚੀ ਭਾਵਨਾ ਨਾਲ ਆਵੇ। ਇਸ ਅਸਥਾਨ ਦੀ ਆਰਤੀ ਮਸ਼ਹੂਰ ਹੈ। ਜੋ ਸੰਧਿਆ ਵੇਲੇ ਕੀਤੀ ਜਾਂਦੀ ਹੈ। ਜਗਨਨਾਥ ਪੁਰੀ ਉੜੀਸਾ ਰਾਜ ਵਿਚ ਸਥਿਤ ਹੈ। ਪ੍ਰਤਾਪ ਰੁਦਰ ਦੇਵ (1504-1532) ਉੜੀਸਾ ਦਾ ਰਾਜਾ ਸੀ। ਇਸ ਦੇ ਰਾਜ ਵਿਚ ਬੋਧੀਆਂ ਤੇ ਵੈਸ਼ਨਵ ਹਿੰਦੂਆਂ ਦਾ ਰਾਜ ਧਰਮ ਬਣਨ ਲਈ ਆਪਸ ਵਿਚ ਜ਼ਬਰਦਸਤ ਜਦੋ ਜਹਿਦ ਚਲ ਰਹੀ ਸੀ। ਕਦੀ ਬੋਧੀ ਹਾਵੀ ਹੋ ਜਾਂਦੇ ਤੇ ਕਦੀ ਵੈਸ਼ਨਵ। ਜਦੋਂ ਬਾਬਾ ਨਾਨਕ ਇਥੇ ਪੁੱਜੇ ਤਾਂ ਪ੍ਰਤਾਪ ਰੁਦਰ ਪੂਰੀ ਤਰ੍ਹਾਂ ਵੈਸ਼ਨਵ ਮਹਾਂਪੁਰਖ ਦੇ ਪ੍ਰਭਾਵ ਥਲੇ ਆ ਚੁੱਕਾ ਸੀ। ਸ੍ਰੀ ਚੈਤੰਨਯ 1520 ਈ. ਤੋਂ ਉਪਰੰਤ ਪੁਰੀ ਵਿਚ ਹੀ ਟਿਕੇ ਹੋਏ ਸਨ । ਰਾਜਾ ਪ੍ਰਤਾਪ ਰੁਦਰ ਦੇਵ ਵਿਦਵਾਨਾਂ ਤੇ ਮਹਾਂਪੁਰਸ਼ਾਂ ਦਾ ਬੜਾ ਵੱਡਾ ਕਦਰਦਾਨ ਸੀ। ਜਗਨਨਾਥ ਪੁਰੀ ਕ੍ਰਿਸ਼ਨ ਜੀ ਦੀ ਜੀਵਨ ਕਥਾ ਨਾਲ ਸੰਬੰਧਿਤ ਹੈ। ਕ੍ਰਿਸ਼ਨ ਜੀ ਦੁਆਰਕਾ ਦਾ ਰਾਜ ਭਾਗ ਤਿਆਗ ਕੇ ਜੰਗਲਾਂ ਵਿਚ ਆ ਗਏ ਸਨ। ਉਥੇ ਉਹ ਲੇਟੇ ਹੋਏ ਸਨ ਕਿ “ਕ੍ਰਿਸ਼ਨ ਜੀ ਦੇ ਪੈਰ ਵਿਚ ਪਦਮ ਚਮਕ ਰਿਹਾ ਸੀ। ਕਿਸੇ ਸ਼ਿਕਾਰੀ ਨੇ ਭੁਲੇਖੇ ਨਾਲ ਤੀਰ ਮਾਰਿਆ ਤੇ ਕ੍ਰਿਸ਼ਨ ਜੀ ਪ੍ਰਾਣ ਤਿਆਗ ਗਏ। ਉਹਨਾਂ ਦੀ ਦੇਹ ਉਥੇ ਪਈ ਪਈ ਇਤਨੀ ਖੇਰੂੰ ਖੇਰੂੰ ਹੋ ਗਈ ਕਿ ਕਵਲ ਹੱਡੀਆਂ ਹੀ ਰਹਿ ਗਈਆਂ। ਕੁਝ ਸ਼ਰਧਾਲੂਆਂ ਨੇ ਉਹਨਾਂ ਦੀਆਂ ਹੱਡੀਆਂ ਇਕੱਠੀਆਂ ਕਰਕੇ ਇਕ ਸੰਦੂਕੜੀ ਵਿਚ ਬੰਦ ਕਰਕੇ ਸਾਂਭ ਲਈਆਂ।
ਰਾਜਾ ਇੰਦਰ ਦਿਉਮਨ ਨੂੰ ਵਿਸ਼ਨੂੰ ਜੀ ਨੇ ਸੁਪਨੇ ਵਿਚ ਹੁਕਮ ਕੀਤਾ ਕਿ ਕ੍ਰਿਸ਼ਨ ਜੀ ਦੀ ਇਕ ਮੂਰਤੀ ਬਣਾ ਕੇ, ਉਸ ਵਿਚ ਕ੍ਰਿਸ਼ਨ ਜੀ ਦੀਆਂ ਅਸਥੀਆਂ ਰੱਖੀਆਂ ਜਾਣ। ਇਹ ਕੰਮ ਵਿਸ਼ਕਰਮਾਂ ਨੂੰ ਸੌਂਪ ਦਿੱਤਾ ਗਿਆ। ਉਸਨੇ ਇਕ ਸ਼ਰਤ ਰੱਖੀ ਕਿ ਜਿੰਨੀ ਦੇਰ ਮੂਰਤੀ ਨੂੰ ਤਿਆਰ ਕਰ ਰਿਹਾ ਹੋਵੇ, ਉਸ ਵਿਚ ਕੋਈ ਵਿਘਨ ਨਾ ਪਾਵੇ।
ਕਹਿੰਦੇ ਨੇ ਰਾਜਾ ਇੰਦਰ ਦਿਉਮਨ 15 ਦਿਨਾਂ ਵਿਚ ਹੀ ਉਤਾਵਲਾ ਹੋ ਗਿਆ। ਉਹ ਵਿਸ਼ਕਰਮਾ ਨੂੰ ਪੁੱਛ ਬੈਠਾ-ਦੇਰ ਕਿਉਂ ਲਗ ਰਹੀ ਹੈ। ਮੂਰਤੀ ਕਦ ਤਕ ਤਿਆਰ ਹੋ ਜਾਏਗੀ। ਵਿਸ਼ਕਰਮਾ ਨੇ ਮੂਰਤੀ ਘੜਨੀ ਵਿਚੇ ਹੀ ਬੰਦ ਕਰ ਦਿੱਤੀ। ਇਸ ਮੂਰਤੀ ਦੇ ਨਾ ਅਜੇ ਹਥ ਪੈਰ ਹੀ ਬਣੇ ਸਨ ਤੇ ਨਾ ਹੋਰ ਅੰਗ ਹੀ। ਰਾਜੇ ਨੇ ਬ੍ਰਹਮਾ ਅਗੇ ਮੂਰਤੀ ਨੂੰ ਪੂਰਾ ਕਰਨ ਦਾ ਤਰਲਾ ਲਿਆ। ਬ੍ਰਹਮਾ ਨੇ ਇਸ ਬੁੱਤ ਨੂੰ ਅੱਖਾਂ ਦਿੱਤੀਆਂ ਤੇ ਨਾਲ ਹੀ ਆਤਮਾ। ਉਸਨੇ ਵਰ ਦਿੱਤਾ ਬਿਨਾ ਹੱਥ ਪੈਰ ਦੇ ਹੀ ਇਹ ਮੂਰਤੀ ਪ੍ਰਸਿਧ ਹੋਵੇਗੀ। 4 ਧਿਆਨ ਯੋਗ ਗੱਲ ਇਹ ਹੈ, ਕੇਵਲ ਇਕੋ ਇਕ ਮੂਰਤੀ ਅਜੇ ਵੀ ਹੈ ਜੋ ਲਕੜੀ ਦੀ
ਬਣਾਈ ਜਾਂਦੀ ਹੈ। ਬਾਕੀ ਦੀਆਂ ਸਾਰੀਆਂ ਮੂਰਤੀਆਂ ਪੱਥਰ ਦੀਆਂ ਹੁੰਦੀਆਂ ਹਨ। ਰਥ ਯਾਤਰਾ ਹਾੜ ਦੀ ਦੂਜ ਨੂੰ ਹੁੰਦੀ ਹੈ। ਰਥ ਵਿਚ ਚਾਰ ਮੂਰਤੀਆਂ ਦਾ ਸੱਜ ਧਜ ਨਾਲ ਜਲੂਸ ਕੱਢਿਆ ਜਾਂਦਾ ਹੈ। ਤਿੰਨ ਰਥਾਂ ਵਿਚ ਚਾਰ ਮੂਰਤੀਆਂ ਹੁੰਦੀਆਂ ਹਨ: ਜਗਨਨਾਥ (ਕ੍ਰਿਸ਼ਨ), ਬ੍ਰਹਮਾ, ਸੁਭੱਦਰਾ, ਬਲਰਾਮ। ਲਖਾਂ ਦੀ ਗਿਣਤੀ ਵਿਚ ਯਾਤਰੀ ਭਾਰਤ ਦੇ ਕੋਨੇ ਕੋਨੇ ਤੋਂ ਆਉਂਦੇ ਹਨ। ਹਰ ਸਾਲ ਰਥ ਨਵੇਂ ਬਣਾਏ ਜਾਂਦੇ ਹਨ। ਫੁਲਾਂ ਨਾਲ ਸਜਾਏ ਜਾਂਦੇ ਹਨ। ਯਾਤਰੀ ਇਹਨਾਂ ਨੂੰ ਖਿਚੱਦੇ ਹਨ। ਪੁਰੀ ਦਾ ਰਾਜਾ ਅਗੇ ਅਗੇ ਝਾੜੂ ਦੇਂਦਾ ਜਾਂਦਾ ਹੈ। ਅਠਵੇਂ ਦਿਨ ਇਹ ਰਥ ਇਸੇ ਧੂਮ ਧਾਮ ਨਾਲ ਵਾਪਸ ਆਉਂਦੇ ਹਨ।
ਗੁਰੂ ਨਾਨਕ ਸਾਹਿਬ ਕੁਦਰਤੀ ਉਹਨਾਂ ਦਿਨਾਂ ਵਿਚ ਉਥੇ ਪਹੁੰਚੇ ਜਦੋਂ ਰਥ ਦਾ ਮੇਲਾ ਹੁੰਦਾ ਹੈ। ਬਾਬਾ ਨਾਨਕ ਨੂੰ ਮੌਕਾ ਲਗ ਗਿਆ ਕਿ ਉਹ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾ ਸਕਣ। ਗੁਰੂ ਜੀ ਜਦੋਂ ਸ਼ਾਮ ਪਈ ਵੇਖਿਆ ਇਹ ਲੋਕ ਮੰਦਰ ਵਿਚ ਆਰਤੀਂ, ਉਤਾਰਨ ਲਗੇ। ਗੁਰੂ ਜੀ ਮੰਦਰ ਦੇ ਦੁਆਰੇ ਅਗੇ ਜਾ ਬੈਠੇ। ਸਭ ਲੋਕ ਖੜੇ ਹੋ ਕੇ ਆਰਤੀ ਕਰਦੇ ਰਹੇ ਪਰ ਬਾਬਾ ਜੀ ਸਮਾਧੀ ਲਾ ਕੇ ਬੈਠੇ ਰਹੇ। ਜਦੋਂ ਆਰਤੀ ਸਮਾਪਤ ਹੋਈ ਤਾਂ ਪਾਂਡੇ ਗੁਰੂ ਜੀ ਕੋਲ ਆਣ ਬੈਠੇ ਤੇ ਪੁੱਛਿਆ ਤੁਸੀਂ ਆਰਤੀ ਵਿਚ ਖੜੇ ਹੋ ਕੇ ਸ਼ਾਮਲ ਕਿਉਂ ਨਹੀਂ ਹੋਏ ਤਾਂ ਗੁਰੂ ਜੀ ਨੇ ਕਿਹਾ—ਇਕ ਜੀਵ ਦੀ ਆਰਤੀ ਹੈ
(ਜਗਨਨਾਥ ਦੀ ਮੂਰਤੀ ਵਿਚ ਬ੍ਰਹਮਾ ਜੀ ਨੇ ਆਤਮਾ ਪਾਈ ਸੀ) ਦੂਸਰੀ ਪਰਮਾਤਮਾ ਦੀ ਆਰਤੀ ਹੈ। ਤੁਸੀਂ ਜੀਵ ਦੀ ਆਰਤੀ ਕਰ ਰਹੇ ਸੀ ਮੈਂ ਪਰਮ ਪਿਤਾ ਦੀ ਆਰਤੀ ਕਰ ਰਿਹਾ ਸਾਂ। ਪਾਂਡੇ ਹੈਰਾਨ ਹੋ ਕੇ ਪੁੱਛਣ ਲਗੇ ਉਹ ਕਿਹੜੀ ਆਰਤੀ ਹੈ। ਤਾਂ ਗੁਰੂ ਜੀ ਨੇ ਧਨਾਸਰੀ ਰਾਗ ਵਿਚ ਆਪਣੀ ਆਰਤੀ ਗਾਈ :
ਰਾਗੁ ਧਨਾਸਰੀ ਮਹਲਾ ॥੧॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ ॥ ਰਹਾਉ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ
ਸਹਸ ਮੂਰਤਿ ਨਨਾ ਏਕ ਤੋਹੀ
ਸਹਸ ਪਦ ਬਿਮਲ ਨਨ ਏਕ ਪਦ
ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ
ਅਨਦਿਨੋੁ ਮੋਹਿ ਆਹੀ ਪਿਆਸਾ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ
ਹੋਇ ਜਾ ਤੇ ਤੇਰੈ ਨਾਇ ਵਾਸਾ॥੪॥੩॥
(ਅੰਗ ੬੬੩)
ਗੁਰੂ ਸਾਹਿਬ ਦੀ ਆਰਤੀ ਨੇ ਇਹਨਾਂ ਦੇ ਸਾਹਵੇਂ ਇਕ ਐਸਾ ਚਿੱਤਰ ਖਿੱਚ ਦਿੱਤਾ ਜਿਸ ਵਿਚ ਚੰਦ ਸੂਰਜ, ਦੀਵੇ ਬਣ ਗਏ। ਤਾਰਕਾ ਮੰਡਲ ਇਕ ਚਮਕਦਾ ਥਾਲ ਬਣ ਗਿਆ ਤੇ ਪਵਨ ਚੌਰ ਕਰਦੀ ਲਗੀ। ਇਹ ਆਰਤੀ ਕੁਦਰਤ ਦੀ ਹਰ ਵੇਲੇ ਨਿਰੰਤਰ ਹੋ ਰਹੀ ਹੈ। ਬੜਾ ਹੀ ਖੂਬਸੂਰਤ ਬਿੰਬ ਅੱਖਾਂ ਵਿਚ ਆ ਗਿਆ । ਹੁਣ ਬਾਬਾ ਜੀ ਅਦਵੈਤ ਦਾ ਇਕ ਸੂਖਮ ਨੁਕਤਾ ਬਹੁਤ ਹੀ ਸਰਲ ਸੌਖੇ ਢੰਗ ਨਾਲ ਸਮਝਾਉਣ ਲਗੇ ਉਹ ਜਿਸਦੇ ਸ਼ਬਦ ਦੀ ਭੇਰੀ ਅਨਾਹਤ ਵਜ ਰਹੀ ਹੈ ਉਸਦੇ ਹਜ਼ਾਰਾਂ ਹੀ ਨੈਨ ਹਨ ਤੇ ਇਕ ਵੀ ਨਹੀਂ। ਉਸ ਦੇ ਹਜ਼ਾਰਾਂ ਹੀ ਚਰਣ ਹਨ ਪਰ ਇਕ ਵੀ ਨਹੀਂ। ਇਸੇ ਤਰ੍ਹਾਂ ਹਜ਼ਾਰਾਂ ਹੀ ਉਸ ਦੀਆਂ ਨਾਸਕਾਂ ਹਨ ਪਰ ਇਕ ਵੀ ਨਹੀਂ। ਉਹ ਸਾਰਿਆਂ ਵਿਚ ਜੋਤ ਰੂਪ ਕਰਕੇ ਵਿਆਪਕ ਹੈ। ਉਸਦੇ ਕਰਕੇ ਹੀ ਸਾਰੀ ਕਾਇਨਾਤ ਵਿਚ ਜੋਤ ਰੂਪ ਵਿਗਾਸਮਾਨ ਹੈ। ਪਾਂਡੇ ਬਾਬਾ ਨਾਨਕ ਦੇ ਮੁਖੋਂ ਅਜੇਹੇ ਬਚਨ ਸੁਣਕੇ ਮਾਨੋਂ ਸੁਧ ਬੁਧ ਗੁਆ ਬੈਠੇ। ਇਕ ਅਕਹਿ ਰਸ-ਸੁਆਦ ਛਾ ਗਿਆ। ਇਕ ਬੇਸੁਧੀ ਦਾ ਆਲਮ। ਹਰ ਕੋਈ ਅਵਾਕ ਉਸ ਰਬੀ ਰੰਗ ਵਿਚ ਗੜੂੰਦ ਬਾਬੇ ਨਾਨਕ ਦਾ ਮੁਖੜਾ ਨਿਹਾਰ ਰਿਹਾ ਸੀ। ਪਾਂਡੇ ਖਾਮੋਸ਼ ਵੈਰਾਗੀ ਹੋਏ ਗੁਰੂ ਬਾਬੇ ਦੇ ਚਰਨਾਂ ਤੇ ਆਣ ਡਿਗੇ। ਜਗਨਨਾਥ ਪੁਰੀ ਦੇ ਰਾਜੇ ਕ੍ਰਿਸ਼ਨ ਲਾਲ ਨੇ ਜਗਨਨਾਥ ਦੇ ਮੰਦਰ ਦੇ ਬਿਲਕੁਲ ਸਾਹਮਣੇ ਬਾਬੇ ਨਾਨਕ ਦੀ ਧਰਮਸਾਲ ਬਣਵਾਈ ਜੋ ਹੁਣ ਤਕ ਕਾਇਮ ਹੈ। ਜ਼ਾਹਿਰ ਹੈ, ਬਾਬਾ ਨਾਨਕ ਦੀਆਂ ਫੇਰੀਆਂ ਬੜੀਆਂ ਅਰਥ ਭਰਪੂਰ ਸਨ। ਉਹ ਗਹਿਰੇ ਦਾਰਸ਼ਨਿਕ ਨੁਕਤੇ ਸਰਲ ਸੌਖੇ ਢੰਗ ਨਾਲ ਸਮਝਾ ਲੈਂਦੇ ਸਨ। ਉਤੋਂ ਮਰਦਾਨੇ ਦੀਆਂ ਸੁਰਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦੀਆਂ। ਉਹ ਖੁਦ ਵੀ ਖੀਵਾ ਹੋ ਸ਼ਬਦ-ਰਸ ਵਿਚ ਮਗਨ ਹੋ ਜਾਂਦਾ।
ਜਗਨਨਾਥ ਪੁਰੀ ਅਜਕਲ ਵੈਸ਼ਨਵਾਂ ਦਾ ਕੇਂਦਰ ਸੀ। ਕੁਝ ਸਮਾਂ ਪਹਿਲਾਂ ਇਹ ਬੋਧੀਆਂ ਦਾ ਸਭ ਤੋਂ ਵੱਡਾ ਕੇਂਦਰ ਸੀ। ਅਜਕਲ ਜਿਸ ਦਿਨ ਰਥ ਦਾ ਜਲੂਸ ਨਿਕਲਦਾ ਹੈ, ਰਾਜਾ ਅਸ਼ੋਕ ਦੇ ਜ਼ਮਾਨੇ ਤੋਂ ਬਹੁਤ ਕਾਲ ਪਿਛੋਂ ਵੀ ਮਹਾਤਮਾ ਬੁੱਧ ਦੇ ਇਕ ਦੰਦ ਦਾ ਜਲੂਸ ਨਿਕਲਦਾ ਸੀ। ਚੀਨੀ ਯਾਤਰੀ ਫਾਹਨਸੇਨ ਨੇ ਸਤਵੀਂ ਸਦੀ ਵਿਚ ਇਹ ਮਹਾਤਮਾ ਬੁੱਧ ਦੇ ਦੰਦ ਦਾ ਜਲੂਸ ਅੱਖੀਂ ਡਿਠਾ ਸੀ। ਉਸਨੇ ਇਸ ਜਲੂਸ ਦਾ ਬੜਾ ਯਥਾਰਥ ਚਿੱਤਰ ਦਿੱਤਾ ਹੈ। ਜਾਪਦਾ ਹੈ, ਜਦੋਂ ਵੈਸ਼ਨਵ ਰਾਜਿਆਂ ਨੇ ਜ਼ਬਰਦਸਤੀ ਇਸ ਥਾਂ ਉਪਰ ਕਬਜ਼ਾ ਕੀਤਾ ਤਾਂ ਮਹਾਤਮਾ ਬੁੱਧ ਦੇ ਬੁੱਤ ਨੂੰ ਹੀ ਤੋੜ ਭੰਨ ਕੇ ਕ੍ਰਿਸ਼ਨ ਦੀ ਅਧੂਰੀ ਮੂਰਤੀ ਬਣਾ ਲਈ ਤੇ ਇਸਨੂੰ ਪੂਜ ਬਨਾਉਣ ਲਈ ਇਕ ਮਿਥਿਹਾਸਕ ਕਹਾਣੀ ਘੜ ਲਈ। ਮਹਾਤਮਾ ਬੁੱਧ ਦੇ ਬੁੱਤ ਦੀ ਥਾਂ ਕ੍ਰਿਸ਼ਨ ਦੇ ਅਧੂਰੇ ਬੁਤ ਦੀ ਪੂਜਾ ਹੋਣ ਲਗ ਪਈ। ਜਿਸ ਦਿਨ ਮਹਾਤਮਾ ਬੁੱਧ ਦੇ ਦੰਦ ਦਾ ਜਲੂਸ ਕੱਢਿਆ ਜਾਂਦਾ ਸੀ ਉਸੇ ਦਿਨ ਤੇ ਕ੍ਰਿਸ਼ਨ ਦੀ ਮੂਰਤੀ ਦਾ ਜਲੂਸ ਨਿਕਲਣ ਲਗ ਪਿਆ। ਇਸ ਅਸਥਾਨ ਤੇ ਰਮਾਨੁਜ ਰਾਮਾਨੰਦ ਤੇ ਕਬੀਰ ਜੀ ਆਂਦੇ ਰਹੇ। ਸਮੇਂ ਦੇ ਚੱਕਰ ਨੇ ਬੁੱਧ ਮਤ ਦੇ ਕੇਂਦਰ ਨੂੰ ਵੈਸ਼ਨਵ ਮਤ ਦਾ ਕੇਂਦਰ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਦੀ ਧਰਮਸਾਲ ਉਦਾਸੀਆਂ ਦੀ ਸੰਤਾਨ ਦੇ ਕਬਜ਼ੇ ਵਿਚ ਹੈ। ਇਨ੍ਹਾਂ ਨੇ ਅਜਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਾਬਾ ਸ੍ਰੀ ਚੰਦ ਤੇ ਉਦਾਸੀ ਮਹੰਤਾਂ ਦੇ ਬੁੱਤ ਵੀ ਰੱਖੇ ਹੋਏ ਹਨ। ‘
ਭਾਈ ਮਰਦਾਨਾ ਤੇ ਬਾਬਾ ਨਾਨਕ ਹੁਣ ਤੁਰਦੇ ਤੁਰਦੇ ਲੰਕਾ ਵਿਚ ਪੁੱਜੇ। ਸਿੰਘਲਾਦੀਪ ਲਈ ਸਭ ਤੋਂ ਪਹਿਲਾਂ ਲੰਕਾ ਸ਼ਬਦ ਰਾਮਾਇਣ ਵਿਚ ਵਰਤਿਆ ਗਿਆ। ਗੁਰੂ ਨਾਨਕ ਦੇਵ ਜੀ ਦੇ ਪਹੁੰਚਣ ਤੋਂ ਪਹਿਲਾਂ ਗੁਰੂ ਸਾਹਿਬ ਦਾ ਬਾਣੀਆ ਸਿੱਖ ਜਿਸ ਦਾ ਨਾਮ ਭਾਗੀਰਥ ਸੀ (ਦੂਸਰੀਆਂ ਜਨਮ ਸਾਖੀਆਂ ਵਿਚ ਮਨਸੁਖ ਲਿਖਿਆ ਹੈ) ਪਹੁੰਚ ਚੁੱਕਾ ਸੀ। ਇਹ ਇਥੇ ਵਪਾਰ ਕਰਨ ਲਈ ਆਇਆ ਸੀ। ਇਹ ਨਾ ਦੇਵੀ ਦੇਵਤਿਆਂ ਦੀ ਉਪਾਸਨਾ ਕਰਦਾ ਸੀ ਨਾ ਹੀ ਵਰਤ ਨੇਮ ਰੱਖਦਾ। ਇਸਦੀ ਸ਼ਿਕਾਇਤ ਰਿਆਸਤ ਦੀ ਰਾਜਧਾਨੀ ਵਿਚ ਵਸਦੇ ਸ਼ਿਵਨਾਭ ਪਾਸ ਜਾ ਪੁੱਜੀ। ਰਾਜੇ ਸ਼ਿਵਨਾਭ ਨੇ ਇਸ ਬਾਣੀਏ ਸਿੱਖ ਨੂੰ ਬੁਲਾਇਆ ਉਸਨੇ ਦਸਿਆ ਨਾ ਉਹ ਹਿੰਦੂ ਹੈ, ਨਾ ਮੁਸਲਮਾਨ ਤੇ ਨਾ ਹੀ ਬੋਧੀ।
ਉਹ ਗੁਰੂ ਨਾਨਕ ਦਾ ਸਿੱਖ ਹੈ ਤੇ ਉਸਦੇ ਹੁਕਮਾਂ ਤੇ ਚਲਦਾ ਹੈ। ਇਸ ਤਰ੍ਹਾਂ ਰਾਜਾ ਸ਼ਿਵਨਾਭ ਬਾਬਾ ਨਾਨਕ ਜੀ ਬਾਰੇ ਕੁਝ ਸੁਣਦਾ ਜਾਣਦਾ ਸੀ। ਜਦੋਂ ਬਾਬਾ ਨਾਨਕ ਨੇ ਇਸ ਸ਼ਹਿਰ ਦੇ ਇਕ ਉਜੜੇ ਪੁਜੜੇ ਬਾਗ ਵਿਚ ਵਿਸ਼ਰਾਮ ਕੀਤਾ ਤੇ ਇਥੇ ਸਤਿਸੰਗ ਜਾਰੀ ਹੋ ਗਿਆ। ਇਹ ਸੁੱਕਾ ਬਾਗ ਹੁਣ ਹਰਾ ਭਰਾ ਹੋ ਗਿਆ। ਉਸਨੇ ਗੁਰੂ ਜੀ ਨੂੰ ਪਰਖਣ ਲਈ ਆਪਣੇ ਮੁਖ ਮੰਤਰੀ ਪਰਸ ਰਾਮ ਨੂੰ ਬੁਲਾਇਆ। ਉਸਨੇ ਉਸੇ ਰਾਤ ਅੱਧ ਨੰਗੀਆਂ ਅੱਧ ਸ਼ਿੰਗਾਰੀਆਂ ਸੁੰਦਰੀਆਂ ਨਾਚ ਰੰਗ ਨਾਲ ਭਰਮਾਉਣ ਲਈ ਭੇਜ ਦਿੱਤੀਆਂ। ਗੁਰੂ ਸਾਹਿਬ ਨੂੰ ਇਹਨਾਂ ਤੇ ਬਹੁਤ ਹੀ ਤਰਸ ਆਇਆ। ਉਹਨਾਂ ਕਿਹਾ “ਜਾਉ ਰਾਜ ਕੁਮਾਰੀਓ, ਜਾਓ ਪੁਤ੍ਰੀਓ, ਤੁਹਾਡੀ ਇਹ ਰੂਪਮਤੀ ਦੇਹ ਸਚੇ ਨਾਮ ਬਿਨਾ ਸੁੰਞੀ ਹੈ। ਜਦ ਰਾਜੇ ਸ਼ਿਵਨਾਭ ਨੂੰ ਪਤਾ ਲਗਾ ਤਾਂ ਉਸਨੇ ਵਜੀਰ ਨੂੰ ਭੇਜਿਆ। ਉਹ ਕੀਮਤੀ ਭੇਟਾ ਲੈ ਕੇ ਆਇਆ ਪਰ ਗੁਰੂ ਜੀ ਨੇ ਇਕ ਵੀ ਪ੍ਰਵਾਨ ਨਹੀਂ ਕੀਤੀ। ਸ਼ਿਵਨਾਭ ਸਮਝ ਗਿਆ ਕਿ ਇਹ ਗੁਰੂ ਨਾਨਕ ਦੇਵ ਹੀ ਹਨ। ਰਾਜਾ ਸ਼ਿਵਨਾਭ ਜਨਮ ਸਾਖੀਆਂ ਦੇ ਅਨੁਸਾਰ ਬੜਾ ਧਰਮੀ, ਨੇਮੀ ਤੇ ਬਚਨ. ਦਾ ਪੂਰਾ ਸੀ। ਇਥੇ ਬੋਧੀ, ਬ੍ਰਾਹਮਣਾਂ ਦਾ ਆਪਸੀ ਮਤਭੇਦ ਵੀ ਸੀ ਤੇ ਕਿਸੇ ਬਾਹਰਲੀ ਤਾਕਤ ਨੂੰ ਉਥੇ ਅਬਾਦ ਵੀ ਨਹੀਂ ਸੀ ਹੋਣ ਦੇਣਾ ਚਾਹੁੰਦੇ। ਇਸ ਕਾਰਣ ਇਹ ਬਾਹਰੋਂ ਆਏ ਧਾਰਮਿਕ ਮਹਾਂਪੁਰਖਾਂ ਨਾਲ ਵਿਚਾਰ-ਗੋਸ਼ਟੀ ਦਾ ਮਾਹੌਲ ਬਣਾਈ ਰੱਖਦੇ। ਇਥੇ ਹੁਣ ਬੋਧੀਆਂ ਦੇ ਸ਼੍ਰੋਮਣੀ ਭਿਖੂ ਤੇ ਵਿਦੇਸ਼ ਤੋਂ ਆਏ ਧਾਰਮਿਕ ਨੇਤਾ ਨਾਨਕਾਚਾਰੀਆ ਦੇ ਵਿਚਕਾਰ ਬਹਿਸ ਹੋਵੇਗੀ। ਵਿਚਾਰ ਦਾ ਵਿਸ਼ਾ ਸੀ. “ਪਰਮਾਤਮਾ ਤੇ ਅਮਰ ਆਤਮਾ ਦੀ ਹੋਂਦ” ਗੰਭੀਰ ਚਰਚਾ ਤੋਂ ਬਾਅਦ ਬਾਬਾ ਨਾਨਕ ਨੇ ਧਰਮਾ-ਕੀਰਤੀ-ਸਥਾਵੀਰਾ ਨੂੰ ਨਿਰਉੱਤਰ ਤੇ ਚੁੱਪ ਕਰਾ ਦਿਤਾ। ਹੁਣ ਪੰਡਿਤਾਂ ਨੂੰ ਇਕ ਹੋਰ ਫ਼ਿਕਰ ਵੀ ਪਿਆ। ਨਾਨਕ ਆਚਾਰੀਆ ਰਬ ਤੇ ਆਤਮਾ ਵਿਚ ਤਾਂ ਵਿਸ਼ਵਾਸ ਰੱਖਦਾ ਹੈ ਪਰ ਉਹ ਮੂਰਤੀ ਪੂਜਾ ਤੇ ਬੁੱਤ ਪੂਜਾ ਦੇ ਖਿਲਾਫ਼ ਹੈ। ਨਾਲੇ, ਉਹ ਬ੍ਰਾਹਮਣਾਂ ਨੂੰ ਦੂਸਰੀਆਂ ਜਾਤੀਆਂ ਨਾਲੋਂ ਸ੍ਰੇਸ਼ਟ ਨਹੀਂ ਮੰਨਦਾ। ਚਿੰਤਾ ਇਹ ਸੀ ਜੇ ਰਾਜੇ ਨੇ ਬਾਬਾ ਨਾਨਕ ਦਾ ਧਰਮ ਅਖਤਿਆਰ ਕਰ ਲਿਆ ਤਾਂ ਬ੍ਰਾਹਮਣਾਂ ਨੂੰ ਵੀ ਆਪਣਾ ਧਰਮ ਤਿਆਗਣਾ ਪਵੇਗਾ। ਉਹਨਾਂ ਚਾਲ ਨਾਲ ਇਕ ਹੋਰ ਬਹਿਸ ਦਾ ਮੁੱਦਾ ਖੜਾ ਕੀਤਾ ਤੇ ਇਸ ਲਈ ਧਰਮ ਧਵਜ ਪੰਡਿਤ ਜੋ ਪਹਿਲਾਂ ਭਿਖੂ ਵੀ ਸੀ ਤੇ ਪਾਲੀ ਤੇ ਸੰਸਕ੍ਰਿਤ ਦਾ ਬੜਾ ਪ੍ਰਬੀਨ ਵਿਦਵਾਨ ਸੀ। ਇਸ ਬਹਿਸ ਵਿਚ ਵੀ ਬਾਬਾ ਨਾਨਕ ਦਿਗਵਿਜਈ ਹੋ ਕੇ ਉਭਰੇ। ਰਾਜਾ ਸ਼ਿਵਨਾਭ ਤਾਂ ਗੁਰੂ ਜੀ ਦਾ ਸ਼ਰਧਾਲੂ ਸਿੱਖ ਬਣ ਹੀ ਗਿਆ ਸੀ। ਮਰਦਾਨਾ ਗੁਰੂ ਸਾਹਿਬ ਦੇ ਵਿਚਾਰ ਵਟਾਂਦਰੇ ਵੇਖਦਾ ਸੁਣਦਾ ਮਨ ਹੀ ਮਨ ਅਨੰਦ ਤਰੰਗਤ ਹੁੰਦਾ ਤੇ ਗੁਰੂ ਜਸ ਨੂੰ ਹੋਰ ਗਹਿਰੇ ਉੱਤਰ ਕੇ ਪ੍ਰਵਾਨ ਕਰਦਾ। ਗੁਰੂ ਬਾਬੇ ਦੀ ਜਿਤ ਦਾ ਡੰਕਾ ਮਰਦਾਨੇ ਲਈ ਸਭ ਤੋਂ ਵੱਡੀ ਪ੍ਰਾਪਤੀ ਸੀ। ਬਾਬਾ ਨਾਨਕ ਨੇ ਹੁਣ ਤੀਸਰੀ ਉਦਾਸੀ ਉੱਤਰੀ ਭਾਰਤ ਦੀ ਕੀਤੀ। ਅਨੇਕ ਮਤ ਮਤਾਂਤਰਾਂ ਦੇ ਲੋਕ ਆਪ ਦੇ ਸੰਪਰਕ ਵਿਚ ਆਏ। ਗੁਰੂ ਬਾਬੇ ਦਾ ਉਦੇਸ਼ ਤਾਂ ਮਨੁੱਖੀ ਮਨਾਂ ਵਿਚ ਵਿਆਪਕ ਵਿਕਾਰਾਂ ਤੇ ਕਲਾ-ਕਲੇਸ਼ਾਂ ਦਾ ਨਿਪਟਾਰਾ ਕਰਨਾ ਸੀ। ਧਾਰਮਿਕ ਕਰਮ ਪਾਖੰਡ ਹੀ ਲੋਕਾਂ ਨੂੰ ਘੁਣ ਵਾਂਗੂੰ ਅੰਦਰੋਂ ਖਾਈ ਜਾ ਰਿਹਾ ਸੀ। ਬਾਬਾ ਨਾਨਕ ਨੇ ਲੋਕਾਂ ਦਾ ਅੰਤਿਮ ਸਤ ਵਲ ਧਿਆਨ ਮੋੜਿਆ।
ਇਕ ਸਾਖੀ ਹੈ ‘ਸਹੁ ਸੁਹਾਗਣ’ ਦੀ। ਇਕ ਪਾਖੰਡੀ ਫ਼ਕੀਰ ਨੇ ਇਹ ਧੁਮਾ ਰੱਖਿਆ ਸੀ ਕਿ ਜਿਸ ਦਿਨ ਚੰਦ ਚੜੇ ਉਹ ਕਿਸੇ ਨੂੰ ਮਿਲਦਾ ਨਹੀਂ ਤੇ ਫੁਲਾਂ ਦੀ ਸੇਜ ਵਿਛਾਕੇ ਆਪਣੇ ਸ਼ਹੁ ਨਾਲ ਹੀ ਰਹਿੰਦਾ ਹੈ। ਅੰਦਰ ਕਿਸੇ ਨੂੰ ਜਾਣ ਨਹੀਂ ਦੇਂਦਾ। ਬਾਬਾ ਨਾਨਕ ਉਸਦੇ ਪਾਖੰਡ ਦਾ ਪਾਜ ਉਘੇੜਨ ਲਈ ਉਸ ਦੇ ਡੇਰੇ ਤੇ ਜਾ ਕੇ ਉਸਦੇ ਦਰਸ਼ਨਾਂ ਲਈ ਇੱਛਾ ਜ਼ਾਹਿਰ ਕੀਤੀ ਪਰ ਉਸ ਸੰਦੇਸ਼ਾ ਦਿੱਤਾ ਉਹ ਅਜ ਦੇ ਦਿਨ ਕਿਸੇ ਨੂੰ ਨਹੀ ਮਿਲਦਾ ਕਿਉਂਕਿ ਉਹ ਅਜ ਦੇ ਦਿਨ ਆਪਣੇ ਸ਼ਹੁ ਦਾ ਦਿਦਾਰ ਕਰਦਾ ਹੈ। ਬਾਬੇ ਨਾਨਕ ਨੇ ਮਰਦਾਨੇ ਨੂੰ ਆਖਿਆ ਇਥੇ ਕੁਝ ਨਹੀਂ। ਇਹ ਸਭ ਝੂਠਾ ਸਾਂਗ ਹੈ। ਬਾਬਾ ਨਾਨਕ ਉਥੋਂ ਇਕ ਪਹਾੜੀ ਉੱਤੇ ਜਾਇ ਟਿਕੇ। ਮੇਲੇ ਵਿਚ ਦੋ ਧਿਰਾਂ ਦਾ ਝਗੜਾ ਛਿੜ ਪਿਆ। ਮੇਲਾ ਉਸ ਫ਼ਕੀਰ ਦਾ ਲਗਣੋਂ ਰਹਿ ਗਿਆ। ਲੋਕ ਬੋਲ ਉਠੇ ਇਹ ਫ਼ਕੀਰ ਝੂਠਾ ਹੈ, ਝੂਠ ਦਾ ਸਾਂਗ ਕਰਦਾ ਹੈ। ਫ਼ਕੀਰ ਸ਼ਰਮ ਦਾ ਮਾਰਾ ਬਾਹਰ ਨਾ ਨਿਕਲੇ ਤੇ ਲੋਕਾਂ ਵੀ ਉਸ ਪਾਸ ਜਾਣਾ ਛੱਡ ਦਿੱਤਾ।
ਮਹੀਨੇ ਬਾਅਦ ਗੁਰੂ ਜੀ ਫ਼ਿਰ ਉਸ ਮਾਈ ਦੇ ਘਰ ਆਏ। ਪੁੱਛਣ ਤੇ ਪਤਾ ਲਗਾ. ਹੁਣ ਉਹ ਫ਼ਕੀਰ ਸ਼ਰਮ ਦਾ ਮਾਰਿਆ ਬਾਹਰ ਨਹੀਂ ਨਿਕਲਦਾ ਉਸਦਾ ਬੁਰਾ ਹਾਲ ਹੈ। ਇਕ ਦਿਨ ਇਕ ਰੋਗੀ ਗੁਰੂ ਬਾਬੇ ਦੀ ਸ਼ਰਣ ਵਿਚ ਆਇਆ ਬਾਬੇ ਦੇ ਰਹਿਮ ਨਾਲ ਉਹ ਠੀਕ ਹੋ ਗਿਆ। ਬਾਬੇ ਨੇ ਉਸਨੂੰ ਕਿਹਾ ਜੇ ਤੈਨੂੰ ਕੋਈ ਪੁੱਛੇ ਕਿਸ ਠੀਕ ਕੀਤਾ ਹੈ—ਤਾਂ ਕਹੀਂ ਸਹੁ ਸੁਹਾਗਣ ਨੇ, ਸ਼ਹਿਰ ਵਿਚ ਸਹੁ ਸੁਹਾਗਣ ਦੀ ਫੇਰ ਚਰਚਾ ਹੋਣ ਲਗੀ। ਉਸਨੇ ਇਸ ਬੰਦੇ ਨੂੰ ਪੁੱਛਿਆ ਜਿਸ ਬੰਦੇ ਨੇ ਤੈਨੂੰ ਰਾਜੀ ਕੀਤਾ ਹੈ, ਉਹ ਕਿਥੇ ਰਹਿੰਦਾ ਹੈ। ਉਸਨੇ ਦਸਿਆ-ਮਾਈ ਦੇ ਘਰ। ‘ਸਹੁ ਸੁਹਾਗਣ’ ਗੁਰੂ ਜੀ ਦੀ ਚਰਨੀਂ ਆਣ ਡਿਗਾ। ਕਹਿਣ ਲਗਾ-ਗੁਰੂ ਜੀ ਮੈ ਭੁੱਲਾ ਹਾਂ—ਮੈਨੂੰ ਮਾਫ਼ ਕਰ। ਮੈਂ ਤੁਹਾਨੂੰ ਜਾਣਿਆ ਨਹੀਂ। ਤਾਂ ਗੁਰੂ ਬਾਬੇ ਨੇ ਕਿਹਾ “ਸੁਣ ਭਾਈ ਤੂੰ ਸ਼ਹੁ ਨੂੰ ਹਰ ਬੁਰਕੇ ਅੰਦਰ ਜਾਣਿਆ ਕਰ ਅਤੇ ਸਭ ਨੂੰ ਦਿਦਾਰ ਦਿੱਤਾ ਕਰ। ਤੇ ਅਗਲੇ ਦਾ ਦੀਦਾਰ ਵੀ ਕੀਤਾ ਕਰ-ਤਾਂ ਤੈਨੂੰ ਸ਼ਹੁ ਦਾ ਦਿਦਾਰ ਹੋਵੇਗਾ। ਜੇ ਤੂੰ ਸਭਨਾਂ ਵਿਚ ਇਕ ਸ਼ਹੁ ਨੂੰ ਜਾਣੇਗਾ ਤਾਂ ਪਰਮੇਸ਼ਰ ਦੀ ਬੰਦਗੀ ਕਰੇਂਗਾ ਤਾਂ ਸ਼ਹੁ ਨੂੰ ਮਿਲੇਗਾ । ਸ਼ਹੁ ਸੁਹਾਗਣ ਫ਼ਕੀਰ ਗੁਰੂ ਬਾਬੇ ਦੀ ਮੇਹਰ ਸਦਕਾ ਆਪਣੇ ਡੇਰੇ ਆਣ ਬੈਠਾ । ਫਿਰ ਉਸੇ ਤਰ੍ਹਾਂ ਨਜ਼ਰ ਨਿਆਜ਼ ਨਿਆਮਤਾਂ ਆਣ ਲਗੀਆਂ । ਸ਼ਹੁ ਸੁਹਾਗਣ ਗੁਰੂ ਨਾਨਕ ਜੀ ਦਾ ਮੁਰੀਦ ਹੋਇਐ। ਅਜੇਹੇ ਮੌਕਿਆਂ ਤੇ ਮਰਦਾਨਾ ਗੁਰੂ ਜੀ ਤੋਂ ਬਲਿਹਾਰੇ ਜਾਂਦਾ । ਉਸ ਨੂੰ ਸਮਝ ਆ ਗਈ ਗੁਰੂ ਦੀ ਦ੍ਰਿਸ਼ਟੀ ਕਿੰਨੀ ਵੱਡੀ ਹੈ। ਕਿਸੇ ਨੂੰ ਇਸ ਤਰ੍ਹਾਂ ਵੀ ਸੱਚ ਦੇ ਰਾਹ ਤੇ ਤੋਰਿਆ ਜਾ ਸਕਦੈ। ਕੋਈ ਬੁਰਾ ਭੱਲਾ ਨਹੀਂ ਕਿਹਾ ਪਰ ਅਜੇਹਾ ਵਿਹਾਰ ਕੀਤਾ ਜੋ ਅੰਦਰੋਂ ਹੀ ਉਹ ਆਪਣੀ ਭੁੱਲ ਨੂੰ ਸਮਝ ਕੇ, ਪਛਤਾਵਾ ਕਰਕੇ ਸਿੱਧੇ ਰਾਹ ਤੇ ਟੁਰ ਪਿਆ।
ਇਥੋਂ ਬਾਬਾ ਨਾਨਕ ਜੰਮੂ ਕਸ਼ਮੀਰ ਦੀ ਸੜਕ ਤੇ ਟੁਰੇ ਤਾਂ ਰਾਹ ਵਿਚ ਇਕ ਰਮਣੀਕ ਥਾਂ ਆ ਗਈ। ਇਥੇ ਪਹਾੜ ਦੀ ਚੋਟੀ ਤੇ ਇਕ ਬਾਬਾ ਵਲੀ ਕੰਧਾਰੀ ਰਹਿੰਦਾ ਸੀ ਜੋ ਬਾਬਾ ਹਸਨ ਅਬਦਾਲ ਦਾ ਚੇਲਾ ਸੀ। ਉਸਨੂੰ ਆਪਣੀ ਸ਼ਕਤੀ ਤੇ ਬੜਾ ਮਾਣ ਸੀ। ਸਹਿਵਨ ਹੀ ਮਰਦਾਨੇ ਨੂੰ ਪਿਆਸ ਲਗੀ। ਪਰ ਵਲੀ ਕੰਧਾਰੀ ਨੇ ਚਸ਼ਮੇ ਦਾ ਪਾਣੀ ਨਹੀਂ ਪੀਣ ਦਿੱਤਾ ਤੇ ਕਿਹਾ ਅਸੀਂ ਇਹ ਚਸ਼ਮਾ ਆਪਣੀ ਕਰਾਮਾਤ ਨਾਲ ਪੈਦਾ ਕੀਤਾ ਹੈ। ਬਾਬਾ ਨਾਨਕ ਵਿਚ ਜੇ ਕੋਈ ਸ਼ਕਤੀ ਹੈ ਤਾਂ ਕਿਤਿਓਂ ਪਾਣੀ ਕੱਢਕੇ ਦਿਖਾਣ।
ਹੁਣ ਬਾਬਾ ਜੀ ਪਹਾੜ ਦੀ ਵਖੀ ਤੋਂ ਇਕ ਚਸ਼ਮਾ ਪੁਟਣ ਲਈ ਮਰਦਾਨੇ ਨੂੰ ਆਖਿਆ। ਅਜੇ ਥੋੜ੍ਹਾ ਕੁ ਹੀ ਪੁਟਿਆ ਸੀ ਤਾਂ ਪਾਣੀ ਸਿੰਮਣ ਲਗ ਪਿਆ। ਪਲਾਂ ਵਿਚ ਹੀ ਪਾਣੀ ਦੀ ਧਾਰ ਹੜ੍ਹ ਵਾਂਗ ਵਗਣ ਲਗੀ। ਸਭ ਨੇ ਸ਼ੁੱਕਰ ਕਰਦਿਆਂ ਰੱਜਕੇ ਪਾਣੀ ਪੀਤਾ। ਵਲੀ ਕੰਧਾਰੀ ਨੇ ਥਲੇ ਨਿਗਾਹ ਮਾਰੀ ਨਵੇਂ ਚਸ਼ਮੇ ਵਿਚੋਂ ਪਾਣੀ ਨਿਕਲਕੇ ਤਲਾਬ ਦੀ ਸ਼ਕਲ ਧਾਰੀ ਜਾਂਦਾ ਸੀ । ਵਲੀ ਕੰਧਾਰੀ ਨੇ ਕ੍ਰੋਧ ਵਿਚ ਇਕ ਵੱਡਾ ਪੱਥਰ ਇਸ ਤਰ੍ਹਾਂ ਸੁਟਿਆ ਕਿ ਬਾਬਾ ਨਾਨਕ ਤੇ ਸਾਥੀ ਕੁਚਲੇ ਜਾਣ। ਪਥਰ ਦੇ ਧੜ ਧੜ ਡਿਗਣ ਦੀ ਅਵਾਜ਼ ਸੁਣਕੇ ਬਾਬੇ ਨਾਨਕ ਨੇ ਹੱਥ ਚੁੱਕਿਆ ਕਿ ਪਥਰ ਨੂੰ ਰੋਕਿਆ ਜਾਏ, ਪਥਰ ਉਥੇ ਹੀ ਰੁਕ ਗਿਆ ਤੇ ਗੁਰੂ ਬਾਬੇ ਦੇ ਪੰਜੇ ਦਾ ਨਿਸ਼ਾਨ ਉਸ ਵਿਚ ਇਸ ਤਰ੍ਹਾਂ ਖੁਹਬ ਗਿਆ ਜਿਵੇਂ ਮੋਮ ਵਰਗੀ ਨਰਮ ਮਿਟੀ ਵਿਚ ਖੁਭਦਾ ਹੈ।
ਇਸ ਸਾਖੀ ਵਿਚ ਮਰਦਾਨਾ ਗੁਰੂ ਸਾਹਿਬ ਦੀ ਸਹਿਜ ਸਾਧਾਰਣ ਸ਼ਕਤੀ ਦਾ ਚਮਤਕਾਰ ਵੇਖਕੇ ਅਚੰਭੇ ਵਿਚ ਆ ਜਾਂਦਾ ਹੈ। ਇਕ ਪਾਸੇ, ਨਵੇਂ ਚਸ਼ਮੇ ਦਾ ਨਿਕਲਣਾ। ਦੂਜੇ ਪਾਸੇ, ਹੰਕਾਰੀ ਦਾ ਹੰਕਾਰ ਟੁੱਟਣਾ। ਤੀਜੇ ਗੁਰੂ ਜੀ ਦੀ ਕਰਾਮਾਤ ਨਿਰਜਤਨ ਉੱਭਰ ਕੇ ਸਾਹਵੇਂ ਆ ਗਈ।
ਗੁਰੂ ਜੀ ਅਜੇਹੇ ਅਨੇਕ ਪ੍ਰਾਣੀਆਂ ਦਾ ਉਧਾਰ ਕਰਨ ਲਈ ਸੁਮੇਰ ਪਰਬਤ ਗਏ ਉਥੇ ਗੋਰਖਨਾਥ ਤੇ ਮਛੰਦਰ ਨਾਥ ਨਾਲ ਗੋਸਟਿ ਕੀਤੀ ‘ਸ਼ਬਦ ਗੁਰੂ’ ਦੀ ਨਿਹਾਇਤ ਸੁੰਦਰ ਵਿਆਖਿਆ ਇਸ ਗੋਸਟਿ ਵਿਚੋਂ ਸਾਹਮਣੇ ਆਈ। ਅਤਿ ਸੂਖਮ ਦਾਰਸ਼ਨਿਕ ਨੁਕਤਾ ਆਪਣੇ ਸਹਿਜ ਸਰਲਤਾ ਰਾਹੀਂ ਰੂਪਮਾਨ ਹੋਇਆ ਹੈ। ਇਥੋਂ ਹੀ ਗੁਰੂ ਜੀ ਤਿੱਬਤ ਮਾਨਸਰੋਵਰ ਦੀ ਯਾਤਰਾ ਕਰਦੇ ਹੋਏ ਅਨੇਕ ਜੀਵਾਂ ਦਾ ਉਧਾਰ ਕੀਤਾ। ਇਥੋਂ ਗੁਰੂ ਜੀ ਸਿਕਮ ਵੀ ਗਏ ਤੇ ਭੂਟਾਨ ਵੀ।
ਗੁਰੂ ਨਾਨਕ ਸਾਹਿਬ ਪੂਰਬ, ਉੱਤਰ ਤੇ ਦੱਖਣ ਦੀਆਂ ਉਦਾਸੀਆਂ ਕਰਨ ਤੋਂ ਬਾਅਦ ਪੱਛਮੀ ਪਾਸੇ ਦੀ ਯਾਤਰਾ ਲਈ ਤਿਆਰੀ ਕਰ ਰਹੇ ਸਨ। ਸੁਮੇਰ ਪਰਬਤ ਤੋਂ ਸ਼ਿਵਾਲਕ ਪਹਾੜੀਆਂ ਵਿਚੋਂ ਮੁੜਦੇ ਹੋਏ ਗੁਰੂ ਨਾਨਕ ਰਾਵੀ ਦੇ ਕਿਨਾਰੇ ਇਕ ਥਾਂ ਰੁਕੇ ਜੋ ਬਟਾਲੇ ਤੋਂ 21 ਮੀਲ ਦੂਰ ਸੀ। ਇਥੇ ਉਹਨਾਂ ‘ਕਰਤਾਰਪੁਰ’ ਨਗਰ ਦੀ ਨੀਂਹ ਰੱਖੀ। ਹਰ ਸਾਲ ਜਦੋਂ ਭਾਰਤ ਤੋਂ ਲੋਕ ਮੱਕੇ ਨੂੰ ਹੱਜ ਲਈ ਜਾਂਦੇ ਤਾਂ ਉਹ ਦੁਆਰਕਾ ਦੇ ਨੇੜੇ ਪੋਰਬੰਦਰ ਤੋਂ ਜਹਾਜ਼ ਚੜ੍ਹਦੇ ਸਨ । ਦੁਆਰਕਾ ਨੂੰ ਜਾਂਦੇ ਹੋਏ ਉਹ ਗੁਜਰਾਤ ਵਿਚ ਅਨੇਕ ਥਾਈਂ ਗਏ।
ਮੱਕੇ ਜਾਣ ਤੋਂ ਪਹਿਲਾਂ ਗੁਰੂ ਬਾਬੇ ਨੇ ਹਾਜੀ ਪੀਰਾਂ ਵਾਲੇ ਨੀਲੇ ਬਸਤ੍ਰ ਪਹਿਨੇ। ਹੱਥ ਵਿਚ ਆਸਾ ਲਿਆ ਤੇ ਕੱਛ ਵਿਚ ਕਿਤਾਬ ਰਖੀ। ਮਰਦਾਨੇ ਨੇ ਵੀ ਨੀਲੇ ਬਸਤ੍ਰ ਪਹਿਨੇ। ਉਹ ਗੁਜਰਾਤ ਤੋਂ ਹੁੰਦੇ ਹੋਏ ਸੂਰਤ ਤ ਉਥੋਂ ਸਮੁੰਦਰੀ ਜਹਾਜ਼ ਰਾਹੀਂ ਅਰਬ ਦੇ ਕੰਢੇ ਪੁੱਜੇ ਤੇ ਉਥੋਂ ਤੁਰਕੇ ਮੱਕੇ ਚਲੇ ਗਏ। ਫ਼ਿਰ ਯੋਰੋਸ਼ਲਿਮ, ਦਮਿਸ਼ਕ, ਮਿਸਰ ਤੇ ਸੁਡਾਨ ਹੁੰਦੇ ਹੋਏ ਬਗਦਾਦ ਪੁਜ ਗਏ ਤੇ ਉਥੋਂ ਈਰਾਨ ਹੁੰਦੇ ਹੋਏ ਬੁਖਾਰਾ, ਤਾਸ਼ਕੰਦ, ਸਮਰਕੰਦ ਦੀ ਸੈਰ ਕਰਦੇ ਹੋਏ ਅਫਗਾਨਿਸਤਾਨ ਦੇ ਸ਼ਹਿਰ ਕਾਬਲ ਆ ਗਏ। ਗੁਰੂ ਜੀ ਅਰਬੀ ਫਾਰਸੀ ਭਾਸ਼ਾ ਤੇ ਮੁਸਲਮਾਨਾਂ ਦੀਆਂ ਰਵਾਇਤਾਂ ਦੇ ਜਾਣੂ ਹੀ ਨਹੀਂ, ਪ੍ਰਬੀਨ ਗਿਆਤਾ ਸਨ। ਆਪਣੇ ਪਹਿਰਾਵੇ ਕਰਕੇ ਉਹ ਸੂਫ਼ੀ ਦਰਵੇਸ਼ ਲਗਦੇ ਸਨ। ਦੁਆਰਕਾ ਤੋਂ ਹੱਜ ਕਰਨ ਵੇਲੇ ਮੁਸਲਮਾਨਾਂ ਨਾਲ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਕੇ ਗੁਰੂ ਜੀ ਅਰਬ ਦੇਸ਼ ਦੀ ਬੰਦਰਗਾਹ ਜੱਦਾ ਵਿਚ ਪਹੁੰਚੇ। ਜੱਦਾ ਨਾਲ ਸਮੁੰਦਰ ਵਿਚ ਅਰਬ ਦੀ ਸਭ ਤੋਂ ਵਡੀ ਬੰਦਰਗਾਹ ਹੈ। ਲਾਲ ਸਮੁੰਦਰ ਦੇ ਨਾਲ ਨਾਲ ਇਕ 875 ਮੀਲ ਲੰਬੀ ਮੈਦਾਨੀ ਧਰਤੀ ਹੈ। ਜਿਸਦੇ ਇਕ ਪਾਸੇ ਲਾਲ ਸਮੁੰਦਰ ਹੈ ਤੇ ਦੂਸਰੇ ਪਾਸੇ ਸਿਰਾਤ ਪਹਾੜ ਹੈ। ਮੈਦਾਨੀ ਧਰਤੀ ਨੂੰ ਹਿਜਾਜ ਕਹਿੰਦੇ ਹਨ। ਸਿਰਾਤ ਪਹਾੜ ਦੀਆਂ ਵਾਦੀਆਂ ਤੇ ਢਲਾਨਾਂ ਵਿਚ ਅਨੇਕ ਵਸੋਂ ਲੋਕਾ ਦੀ ਹੈ। ਇਹਨਾਂ ਵਿਚੋਂ ਇਕ ਮੱਕਾ ਹੈ ਜਿਥੇ ਕਾਬਾ ਸਸ਼ੋਭਤ ਹੈ। ১
ਮੱਕੇ ਵਿਚ ਕਾਇਮ ਕਾਅਬਾ (ਇਕ ਮੁਤਬਰਕ ਪਥਰ) ਹੈ ਇਸਦੀ ਅਜੀਬ ਕਹਾਣੀ ਹੈ। ਬਾਬਾ ਆਦਮ ਲਈ ਇਹ ਉਸਦੀ ਆਤਮਾ ਦਾ ਚਿੰਨ੍ਹ ਮੰਨਿਆ ਜਾਂਦਾ ਸੀ। ਯਹੂਦੀਆਂ ਦੇ ਪੈਗੰਬਰ ਇਬਰਾਹੀਮ ਲਈ ਇਹ ਇਕ ਰਬ ਦਾ ਚਿੰਨ੍ਹ ਸੀ। ਜਿਸ ਤਰ੍ਹਾਂ ਰੇਗਿਸਤਾਨ ਤੇ ਉਹਨਾਂ ਪਹਾੜਾਂ ਵਿਚ ਇਹ ਆਪਣੀ ਕਿਸਮ ਦਾ ਇਕੋ ਇਕ ਪਥਰ ਸੀ ਇਸੇ ਤਰ੍ਹਾਂ ਰੱਬ ਵੀ ਇਕੋ ਹੈ। ਇਬਰਾਹੀਮ ਨੇ ਇਸ ਕਾਅਬੇ ਨੂੰ ਸੁਰਖਿਅਤ ਕਰਨ ਲਈ ਇਕ ਤਿੰਨ ਕੋਣੀ ਪਥਰਾਂ ਦੀ ਚਾਰ ਦਿਵਾਰੀ ਬਣਾਈ ਕਿਉਂਕਿ ਇਹ ਦੀਵਾਰ ਤਿਕੋਣੀ ਸੀ ਇਸਦਾ ਨਾਮ ਕਾਅਬਾ ਰੱਖਿਆ। ਉਸਨੂੰ ਇਲਹਾਮ ਹੋਇਆ ਤੇ ਇਕ ਗੈਬੀ ਅਵਾਜ਼ ਆਈ ਇਹ ਅਸਥਾਨ ਪੂਜਾ ਦਾ ਕੇਂਦਰ ਬਣੇਗਾ। ਇਸ ਨੂੰ ਪਾਕ ਰੱਖਿਆ ਜਾਵੇ। ਜਾਂ ਇਸ ਨੂੰ ਆ ਕੇ ਡੰਡਉਤ ਕਰਨਗੇ ਉਹ ਰਬ ਦੇ ਪਰਵਾਨ ਬੰਦੇ ਸਮਝੇ ਜਾਣਗੇ।
ਇਸੇ ਕਾਅਬੇ ਦੀ ਯਾਤਰਾ ਉੱਤੇ ਗੁਰੂ ਸਾਹਿਬ ਤੇ ਮਰਦਾਨਾ ਜ਼ਿਆਰਤ ਕਰਨ ਆਏ। ਰਾਤ ਜਦ ਸੁੱਤੇ ਤਾਂ ਚਰਨ ਕਾਅਬੇ ਵਲ ਕਰ ਦਿੱਤੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ :
ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜ਼ਾਰੀ।
ਜਾ ਬਾਬਾ ਸੁਤਾ ਰਾਤਿ ਨੋਂ ਵਲਿ ਮਹਰਾਬੇ ਪਾਇ ਪਸਾਰੀ
ਜੀਵਣਿ ਮਾਰੀ ਲਤਿ ਕੇਹੜਾ ਸੁਤਾ ਕੁਫਰ ਕੁਫਾਰੀ
ਲਤਾ ਵਲਿ ਖੁਦਾਇ ਦੇ ਕਿਉ ਕਰਿ ਪਾਇਆ ਹੋਇ ਬਜਿਗਾਰੀ।
ਟੰਗੋ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ।
ਹੋਇ ਹੈਰਾਨੁ ਕਰੇਨਿ ਜੁਹਾਰੀ ।੩੨।
(ਭਾਈ ਗੁਰਦਾਸ ੧)
ਇਸ ਘਟਨਾ ਨੂੰ ਵੇਖਕੇ ਮੁਲਾਂ ਜੀਵਨ ਵੀ ਤੇ ਸੂਫੀ ਪੀਰ ਜਿਨ੍ਹਾਂ ਦਾ ਉਸ ਮਸੀਤ ਵਿਚ ਟਿਕਾਣਾ ਸੀ। ਗੁਰੂ ਸਾਹਿਬ ਦੇ ਚਰਨਾਂ ਤੇ ਡਿਗ ਪਏ। ਖਿਮਾਂ ਮੰਗੀ। ਗੁਰੂ ਨਾਨਕ ਚੁਪ ਚੁਪੀਤੇ ਉਠੇ ਵੁਜ਼ੂ ਕੀਤਾ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਿਸਨੇ ਮੱਕੇ ਨੂੰ ਫੇਰ ਕੇ ਜ਼ਾਹਰੀ ਕਲਾ ਦਿਖਾ ਕੇ, ਉਹਨਾਂ ਦੀ ਲਾਜ ਰੱਖੀ। ਮੱਕੇ ਦੇ ਉੱਘੇ ਕਾਜ਼ੀ ਰੁਕਨਦੀਨ ਨੇ ਬਾਬੇ ਨਾਨਕ ਨੂੰ ਅਨੇਕ ਪ੍ਰਸ਼ਨ ਪੁੱਛਕੇ ਆਪਣੀ ਤਸੱਲੀ ਕੀਤੀ। ਸ਼ੰਕਿਆਂ ਦਾ ਨਿਵਾਰਣ ਕੀਤਾ।
ਕੁਲ ਮਿਲਾ ਕੇ, ਗੁਰੂ ਬਾਬੇ ਨੇ ਪੂਰੇ ਭਾਰਤ ਦੀਆਂ ਚਾਰੋ ਦਿਸ਼ਾਵਾਂ ਵਿਚ ਜਾ ਕੇ ਜਿਥੇ ਕਿਤੇ ਵੀ ਧਰਮ-ਕੇਂਦਰ ਸਨ। ਚਾਹੇ ਉਥੇ ਹਿੰਦੂ ਮਤ ਨਾਲ ਸੰਬੰਧਿਤ ਬੰਦੇ ਸਨ ਜਾਂ ਇਸਲਾਮ ਨਾਲ, ਬਾਬਾ ਨਾਨਕ ਸਭ ਨਾਲ ਵਿਚਾਰ-ਵਟਾਂਦਰਾ ਕਰਕੇ ਉਹਨਾਂ ਨੂੰ ਸਿੱਧੇ ਰਾਸਤੇ ਪਾਇਆ ਅਥਵਾ ਅਸਲ ਮਾਰਗ ਦਿਖਲਾਇਆ। ਭਾਈ ਮਰਦਾਨਾ ਜੋ ਇਹਨਾਂ ਯਾਤਰਾਵਾਂ ਵਿਚ ਗੁਰੂ ਜੀ ਦੇ ਨਾਲ ਰਿਹਾ ਉਸਨੇ ਵੀ ਅਨੇਕ ਕੌਤਕ ਵੇਖੇ, ਅਨੇਕ ਘਟਨਾਵਾਂ ਉਹਨਾਂ ਨਾਲ ਵਾਪਰੀਆਂ, ਉਹਨਾਂ ਦਾ ਸਮਾਧਾਨ ਬਾਬਾ ਜੀ ਨੇ ਕੀਤਾ। ਇਹ ਸਾਰਾ ਵਰਤ ਵਿਹਾਰ ਮਰਦਾਨੇ ਲਈ ਨਵਾਂ ਵੀ ਸੀ ਤੇ ਸਾਰ ਗਰਭਿਤ ਵੀ। ਉਸਦੇ ਮਨ ਦੇ ਵੀ ਅਨੇਕ ਸ਼ੰਕੇ ਸਨ, ਉਹਨਾਂ ਦੀ ਨਵਿਰਤੀ ਵੀ ਨਾਲੋ ਨਾਲ ਹੋਈ। ਉਸ ਵਿਚ ਵੀ ਬਾਬੇ ਪ੍ਰਤੀ ਅਥਾਧ ਸ਼ਰਧਾ ਜਾਗੀ। ਉਹ ਵੀ ਆਤਮ ਕਲਿਆਣ ਨੂੰ ਪ੍ਰਾਪਤ ਹੋਇਆ। ਉਹ ਵੀ ਆਪਣੇ ਆਪ ਵਿਚ ਗੌਰਵ ਮਹਿਸੂਸ ਕਰਨ ਲਗਾ। ਹੁਣ ਉਹ ਭਰਿਆ ਪੂਰਾ ਨਿਮਰਤਾਵਾਨ ਸੰਤ ਬਣ ਗਿਆ ਸੀ। ਭਾਈ ਮਰਦਾਨੇ ਨੇ ਗੁਰੂ ਬਾਬੇ ਦੇ ਸੰਗ ਸਾਥ ਵਿਚ ਲੰਮਾ ਸਮਾਂ ਬਿਤਾਇਆ ਹੈ। ਇਸ ਲੰਮੇ ਸਮੇਂ ਵਿਚ ਮਰਦਾਨਾ ਜੀ ਦੀ ਭੂਮਿਕਾ ਦੇ ਕਈ ਰੰਗ ਹਨ ਜੋ ਉਹਨਾਂ ਦੇ ਵਰਤ ਵਿਹਾਰ ਵਿਚੋਂ ਉੱਭਰਦੇ ਹਨ। ਇਹਨਾਂ ਉੱਤੇ ਕ੍ਰਮਵਾਰ ਵਿਚਾਰ ਕਰਨੀ ਸੰਗਤ ਹੈ।
ਇਹ ਤਾਂ ਸਪਸ਼ਟ ਹੀ ਹੈ ਭਾਈ ਮਰਦਾਨਾ ਦਾ ਵਿਅਕਤੀਗਤ ਇਤਿਹਾਸ ਬਹੁਤ ਵਿਸਤ੍ਰਿਤ ਨਹੀਂ ਕਿਉਂਕਿ ਉਸਦਾ ਸਾਰਾ ਜੀਵਨ ਬਾਬਾ ਨਾਨਕ ਦੀ ਤਾਬਿਆ ਵਿਚ ਹੀ ਗੁਜ਼ਰਿਆ ਤਾਂ ਵੀ ਉਸਦੀ ਕਾਰਗੁਜ਼ਾਰੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੋਸ਼ਿਸ਼ ਕੀਤੀ ਗਈ ਕਿ ਹਰ ਉਦਾਸੀ ਦੇ ਸਮੇਂ ਵਾਪਰੀਆਂ ਕੋਈ ਦੋ-ਦੋ ਘਟਨਾਵਾਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਵਿਚਾਰ, ਭੂਮਿਕਾ, ਵਰਤ ਵਿਹਾਰ ਤੇ ਉਹਨਾਂ ਦੇ ਵਿਅਕਤੀਗਤ ਚਲਨ ਨੂੰ ਸਮਝ ਲਿਆ ਜਾਵੇ। ਇਸ ਕਾਰਜ ਲਈ ਪਹਿਲੀ ਉਦਾਸੀ ਦੇ ਸਮੇਂ ਮਲਕ ਭਾਗੋ, ਉਪਲ ਖਤਰੀਆਂ ਦੀ ਸੇਵਾ ਅਤੇ ਦੂਸਰੀ ਉਦਾਸੀ ਦੇ ਸਮੇਂ ਜਗਨ ਨਾਥ ਪੁਰੀ ਤੇ ਰਾਜਾ ਸ਼ਿਵਨਾਭ ਨੂੰ ਕੇਂਦਰਤ ਕੀਤਾ ਹੈ। ਤੀਸਰੀ ਉਦਾਸੀ ਵੇਲੇ ਸ਼ਹੁ ਸੁਹਾਗਣ, ਵਲੀ ਕੰਧਾਰੀ ਤੇ ਸੁਮੇਰ ਪਰਬਤ ਵਾਲੀਆਂ ਸਾਖੀਆਂ ਰਾਹੀਂ ਮਰਦਾਨਾ ਜੀ ਦੀ ਭੂਮਿਕਾ ਨੂੰ ਵਿਚਾਰਿਆ ਗਿਆ ਹੈ। ਚੌਥੀ ਉਦਾਸੀ ਵੇਲੇ ਮੱਕੇ ਤੇ ਜੀਵਣ ਦੇ ਵਾਰਤਾਲਾਪ ਰਾਹੀਂ ਤੇ ਰਬਾਬ ਦੇ ਵਾਦਨ ਰਾਹੀਂ ਪਏ ਪ੍ਰਭਾਵ ਨੂੰ ਵਿਚਾਰਧੀਨ ਰੱਖਕੇ ਮਰਦਾਨਾ ਜੀ ਦਾ ਵਰਤ-ਵਿਹਾਰ ਸਾਹਮਣੇ ਲਿਆਣ ਦਾ ਜਤਨ ਕੀਤਾ ਗਿਆ ਹੈ। ਉਂਞ ਤਾਂ ਉਹ ਸਭ ਥਾਂਈ ਹਾਜ਼ਰ ਰਹੇ ਪਰ ਉਥੇ ਉਹਨਾਂ ਦੀ ਭੂਮਿਕਾ ਪ੍ਰਮੁੱਖ ਨਹੀਂ ਸੀ। ਏਸੇ ਕਰਕੇ ਇਹਨਾਂ ਸਾਖੀਆਂ ਰਾਹੀਂ ਉਹਨਾਂ ਦੇ ਵਿਚਾਰਾਂ ਨੂੰ ਸਮਝਣ ਦਾ ਜਤਨ ਕੀਤਾ ਗਿਆ ਹੈ।
ਆਗਿਆਕਾਰ : ਭਾਈ ਮਰਦਾਨਾ
ਭਾਈ ਮਰਦਾਨਾ ਵਿਚ ਜਿਥੇ ਮਿੱਤਰਾਂ ਵਾਲੀ ਖੁਲ੍ਹ ਸੀ ਉਥੇ ਅਗਿਆਕਾਰਤਾ ਵਿਚ ਵੀ ਨਿਪੁੰਨ ਸਨ। ਬਚਪਨ ਦੇ ਦਿਨਾਂ ਵਿਚ ਗੁਰੂ ਸਾਹਿਬ ਤੇ ਬੱਚੇ ਖੇਡ ਕੇ ਆ ਰਹੇ ਸਨ। ਰਾਹ ਵਿਚ ਬੱਚਿਆਂ ਨੇ ਕਿਹਾ ਸਾਨੂੰ ਭੁੱਖ ਲਗੀ ਹੈ। ਗੁਰੂ ਸਾਹਿਬ ਨੇ ਮਰਦਾਨੇ ਨੂੰ ਆਗਿਆ ਕੀਤੀ ਦਰਖਤ ‘ਤੇ ਚੜ੍ਹਕੇ ਇਸਨੂੰ ਝੂਣ ਦੇ। ਮਰਦਾਨੇ ਨੇ ਇਸੇ ਤਰ੍ਹਾਂ ਹੀ ਕੀਤਾ। ਦਰਖਤ ਤੋਂ ਵੰਨ ਸੁਵੰਨੀਆਂ ਮਠਿਆਈਆਂ ਡਿਗਣ ਲਗ ਪਈਆਂ। ਬੱਚਿਆਂ ਨੇ ਰੱਜ ਰੱਜ ਖਾਧੀਆਂ। ਮਰਦਾਨਾ ਜਾਣਦਾ ਸੀ ਦਰਖਤਾਂ ਨੂੰ ਫ਼ਲ ਲਗਦੇ ਹਨ, ਮਠਿਆਈਆਂ ਨਹੀਂ। ਪਰ ਸਿਦਕਵਾਨ ਨੇ ਹੁਕਮ ਮੰਨਿਆ।
ਇਕ ਵੇਰਾਂ ਮਰਦਾਨੇ ਨੂੰ ਪਿਆਸ ਬਹੁਤ ਲਗੀ ਸੀ । ਪਹਾੜੀ ਇਲਾਕਾ ਤੇ ਆਸੇ ਪਾਸੇ ਨਾ ਕੋਈ ਨਦੀ ਨਾ ਨਾਲਾ ਤੇ ਨਾ ਹੀ ਕੋਈ ਚਸ਼ਮਾ । ਗੁਰੂ ਜੀ ਨੇ ਹਸਨ ਅਬਦਾਲ ਵਿਚ ਰਹਿੰਦੇ ਵਲੀ ਕੰਧਾਰੀ ਕੋਲੋਂ ਪਾਣੀ ਮੰਗਣ ਲਈ ਕਿਹਾ। ਉਹ ਵਲੀ ਹੰਕਾਰੀ ਸੀ ਤੇ ਗੁਰੂ ਜੀ ਦੀ ਅਜਮਤ ਵੇਖਣਾ ਚਾਹੁੰਦਾ ਸੀ । ਪਾਣੀ ਨਹੀਂ ਦਿੱਤਾ ਸਗੋਂ ਕਿਹਾ ਜੇ ਏਨਾ ਹੀ ਤਾਕਤਵਰ ਹੈ ਤਾਂ ਆਪ ਚਸ਼ਮਾ ਕੱਢ ਲਵੇ। ਵਲੀ ਕੰਧਾਰੀ ਪਹਾੜ ਤੇ ਰਹਿੰਦਾ ਸੀ। ਪਿਆਸਾ ਮਰਦਾਨਾ ਦੋ ਤਿੰਨ ਵਾਰ ਪਹਾੜੀ ਚੜ੍ਹਾਈ ਚੜ੍ਹਕੇ ਉਪਰ ਜਾਂਦਾ ਹੈ। ਉਸਤੋਂ ਪਾਣੀ ਲੈਣ ਲਈ ਬੇਨਤੀ ਕਰਦਾ ਹੈ ਪਰ ਉਹ ਪੀਣ ਲਈ ਪਾਣੀ ਨਹੀਂ ਦੇਂਦਾ। ਬਾਬਾ ਨਾਨਕ ਨੇ ਪਹਾੜੀ ਦੇ ਪੈਰਾਂ ਵਿਚੋਂ ਥੋੜ੍ਹੀ ਜੇਹੀ ਥਾਂ ਪੁਟਵਾਈ ਕਿ ਹੇਠੋਂ ਚਸ਼ਮਾ ਨਿਕਲ ਆਇਆ। ਵੇਖਦਿਆਂ ਵੇਖਦਿਆਂ ਪਾਣੀ ਦੀ ਨਿਰਮਲ ਧਾਰ ਵਹਿਣ ਲਗੀ। ਹੁਣ ਵਲੀ ਕੰਧਾਰੀ ਨੇ ਉਤੋਂ ਵੇਖਿਆ ਕਿ ਪਾਣੀ ਤਾਂ ਥਲਿਉਂ ਨਿਕਲ ਆਇਆ ਹੈ। ਉਸਨੇ ਗੁੱਸੇ ਨਾਲ ਇਕ ਪੱਥਰ ਇਸ ਮਨਸ਼ਾ ਨਾਲ ਵਗਾਹ ਕੇ ਮਾਰਿਆ ਕਿ ਬਾਬਾ ਨਾਨਕ ਤੇ ਮਰਦਾਨਾ ਇਸ ਹੇਠ ਕੁਚਲੇ ਜਾਣ। ਇਹ ਪੱਥਰ ਜੋ ਧੜ ਧੜ ਕਰਦਾ ਰਿੜਦਾ ਆ ਰਿਹਾ ਸੀ। ਜਿਵੇਂ ਹੀ ਨੇੜੇ ਆਇਆ ਗੁਰੂ ਪਾਤਸ਼ਾਹ ਨੇ ਸੱਜਾ ਹੱਥ ਉਸਨੂੰ ਰੋਕਣ ਲਈ ਵਧਾਇਆ। ਉਹ ਉਥੇ ਹੀ ਰੁਕ ਗਿਆ ਤੇ ਗੁਰੂ ਜੀ ਦਾ ਪੰਜਾ ਉਸ ਤੇ ਇਸ ਤਰ੍ਹਾਂ ਛਪਿਆ ਗਿਆ ਜਿਵੇਂ ਢਿੱਲੀ ਮੋਮ ਦੀ ਮਿੱਟੀ ਹੋਵੇ । ਉਹ ਪੰਜਾ ਲਗਣ ਨਾਲ ਹੀ ਪੰਜਾ ਸਾਹਿਬ ਤੀਰਥ ਅਸਥਾਨ ਪ੍ਰਗਟ ਹੋਇਆ ਹੈ। ‘ਤੇ ਪੰਜੇ ਵਿਚੋਂ ਪਾਣੀ ਦੀਆਂ ਧਾਰਾਂ ਵਗਣ ਲਗੀਆਂ। ਮਰਦਾਨੇ ਨੇ ਸੀਤਲ ਜਲ ਨਾਲ ਪਿਆਸ ਬੁਝਾਈ ਤੇ ਨਾਲ ਹੀ ਸਮਝ ਗਿਆ ‘ਹਰਿ ਜੀ ਹੰਕਾਰ ਨਾ ਭਾਵਈ’।
ਇਕ ਵੇਰਾਂ ਮਰਦਾਨੇ ਨੂੰ ਬਹੁਤ ਭੁੱਖ ਲਗ ਆਈ। ਕਈ ਦਿਨ ਹੋ ਗਏ ਸਨ ਫ਼ਾਕੇ ਕਟਦਿਆਂ। ਜੰਗਲ ਬੀਆਬਾਨ ਕੁਛ ਖਾਣ ਨੂੰ ਵਿਖਾਈ ਨਾ ਦੇਵੇ । ਸਾਹਮਣੇ ਹੀ ਅੱਕ ਦਾ ਬੂਟਾ ਦਿਸਿਆ। ਗੁਰੂ ਬਾਬੇ ਨੇ ਮਰਦਾਨੇ ਨੂੰ ਆਗਿਆ ਕੀਤੀ ਅੱਕ ਦੀਆਂ ਕੱਕੜੀਆਂ ਤੋੜਕੇ ਖਾ ਲਵੇ। ਮਰਦਾਨਾ ਜਾਣਦਾ ਹੈ, ਅੱਕ ਜ਼ਹਿਰੀਲੀ ਬੂਟੀ ਹੁੰਦੀ ਹੈ ਪਰ ਆਗਿਆ ਮੰਨ ਕੇ ਜਦੋਂ ਖਾਣ ਲਗਦਾ ਹੈ ਤਾਂ ਉਸਦਾ ਸੁਆਦ ਮਿੱਠਾ ਹੋ ਜਾਂਦਾ ਹੈ। ਉਹੋ ਅੰਮ੍ਰਿਤ ਵਤ ਸੁਆਦਲਾ ਲਗਦਾ ਹੈ । ਏਸੇ ਤਰ੍ਹਾਂ ਕੋੜਾ ਰੀਠਾ ਮਿੱਠਾ ਹੋ ਜਾਂਦਾ ਹੈ। ਇਹੋ ਹੈ, ਗੁਰੂ ਦੀ ਮੇਹਰ ਦੀ ਨਿਸ਼ਾਨੀ । ਮਰਦਾਨੇ ਨੇ ਬੜਾ ਕਰੜਾ ਸਮਾਂ, ਕਠਿਨਾਈਆਂ ਭਰਿਆ ਗੁਰੂ ਜੀ ਨਾਲ ਬਿਤਾਇਆ ਹੈ। ਕਈ ਕਈ ਦਿਨ ਫ਼ਾਕੇ ਕਟਣੇ ਪਏ ਹਨ। ਸਰਦੀ, ਗਰਮੀ, ਮੀਂਹ ਕਣੀ ਵਿਚ ਭੂਮੀ ਆਸਣ। ਖੂੰਖਾਰ ਜੰਗਲਾਂ ਦੇ ਡਰਾਉਣੇ ਰਾਹ, ਖੱਡਾਂ ਪਗਡੰਡੀਆਂ, ਨੌਕੀਲੇ ਪਥਰਾਂ ਦੇ ਰਾਹ, ਕੰਡਿਆਂ ਭਰੇ ਭਿਆਨਕ ਜਾਣੇ, ਅਨਜਾਣੇ ਰਾਹਾਂ ‘ਤੇ ਸਦਾ ਆਗਿਆ ਮੰਨ ਕੇ ਤੁਰਦਾ ਰਿਹਾ ਹੈ।
ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ॥
ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ॥ (ਅੰਗ ੧੨੫੦)
ਭਾਈ ਮਰਦਾਨਾ ਜਾਣਦਾ ਸੀ :
ਸਤਿਗੁਰ ਕੀ ਸੇਵਾ ਗਾਖੜੀ, ਸਿਰੁ ਦੀਜੈ ਆਪੁ ਗਵਾਇ॥
ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਇ॥
(ਅੰਗ ੬੪੯)
ਸਾਦਿਕ : ਭਾਈ ਮਰਦਾਨਾ
ਜਦੋਂ ਮਰਦਾਨੇ ਦਾ ਗੁਰੂ ਬਾਬੇ ਨਾਲ ਮੇਲ ਹੋਇਆ ਤਾਂ ਉਸ ਵੇਲੇ ਉਹ ਵਿਆਹਿਆ ਵਰ੍ਹਿਆ, ਗ੍ਰਹਿਸਤੀ ਸੀ। ਬਾਬਾ ਨਾਨਕ ਉਸਨੂੰ ਕਹਿੰਦੇ ਹਨ ਅਸੀਂ ਤੇਰਾ ਭਲਾ ਕਰਾਂਗੇ। ਇਹ ਵੀ ਆਖਿਆ ਸੀ ਤੇਰਾ ਅਸੀਂ ਦੋਹਾਂ ਲੋਕਾਂ ਵਿਚ ਭਲਾ ਕਰਾਂਗੇ ਤਾਂ ਮਰਦਾਨਾ ਭੋਲੇ ਭਾਅ ਹੀ ਕਹਿਣ ਲਗਾ ਆਪਣੇ ਦੀਨ ਮੁਤਾਬਕ ਮੈਂ ਪੰਜ ਵੇਲੇ ਨਮਾਜ਼ ਪੜ੍ਹਦਾ ਹਾਂ, ਰੋਜ਼ੇ ਵੀ ਰੱਖਦਾ ਹਾਂ। ਇਸ ਦੇ ਅਨੁਸਾਰ ਮੇਰਾ ਭਲਾ ਤਾਂ ਹੋ ਹੀ ਜਾਵੇਗਾ। ਇਸ ਤੋਂ ਸਾਫ਼ ਹੈ, ਉਹ ਬਾਬੇ ਗੁਰੂ ਨੂੰ ਮਿਲਣ ਤੋਂ ਪਹਿਲਾਂ ਆਪਣੇ ਮੁਸਲਮਾਨੀ ਦੀਨ ਦੇ ਅਨੁਸਾਰ ਆਪਣੇ ਨੇਮ-ਕਰਮ ਵਿਚ ਪੂਰਾ ਹੀ ਨਹੀਂ ਸੀ ਦ੍ਰਿੜ ਵਿਸ਼ਵਾਸੀ ਵੀ ਸੀ ਕਿ ਜੋ ਕੁਝ ਵੀ ਉਸਦੇ ਮਜ਼ਹਬ ਵਿਚ ਆਪਣਾ ਜਨਮ ਸੁਆਰਨ ਲਈ ਬੰਦੇ ਨੂੰ ਕਰਨਾ ਚਾਹੀਦਾ ਹੈ, ਉਹ ਉਸ ਤੋਂ ਨਾਬਰ ਨਹੀਂ ਸਗੋਂ ਸੱਚਾ ਮੁਸਲਮਾਨ ਹੈ।
ਗੁਰੂ ਬਾਬੇ ਨੇ ਮਰਦਾਨੇ ਨੂੰ ਸ਼ੁਰੂ ਵਿਚ ਹੀ ਤਿੰਨ ਗੱਲਾਂ ਕਰਨ ਲਈ ਸਮਝਾਈਆਂ ਸਨ।
- ਪਿਛਲੀ ਰਾਤੀਂ ਸਤਿਨਾਮ ਦਾ ਜਾਪ ਕਰਨਾ
- ਕੇਸ ਨਹੀਂ ਮੁੰਨਵਾਉਣੇ
- ਆਏ ਗਏ ਲੋੜਵੰਦ ਦੀ ਮਦਦ ਕਰਨੀ
ਜਦੋਂ ਤਕ ਉਹ ਬਾਬਾ ਜੀ ਨੂੰ ਨਹੀਂ ਮਿਲਿਆ ਸੱਚੇ ਸਾਦਿਕ ਵਾਂਗ ਆਪਣਾ ਨੇਮ ਕਰਮ ਕਰਦਾ ਸੀ। ਜਦੋਂ ਬਾਬਾ ਨਾਨਕ ਪਾਸ ਆ ਗਿਆ ਤਾਂ ਜੋ ਗੁਰੂ ਬਾਬੇ ਨੇ ਉਸਨੂੰ ਕਿਹਾ ਉਸਦੀ ਦ੍ਰਿੜਤਾ ਨਾਲ ਕਮਾਈ ਕੀਤੀ। ਸਾਖੀਕਾਰਾਂ ਮੁਤਾਬਕ ਉਹਨੂੰ ਪਾਹੁਲ ਪ੍ਰਾਪਤ ਸੀ। ਉਹ ਕੇਵਲ ‘ਪਾਹੁਲ ਪ੍ਰਾਪਤ’ ਗੁਰੂ ਨਾਨਕ ਦਾ ਸਿੱਖ ਹੀ ਨਹੀਂ ਸੀ ਸਗੋਂ ਉਸਦੇ ਸੰਪਰਕ ਵਿਚ ਆਉਣ ਵਾਲੇ ਹੋਰ ਲੋਕਾਂ ਨੂੰ ਵੀ ਉਹ ਇਹੋ ਤਿੰਨੇ ਨੇਮ ਦ੍ਰਿੜ ਕਰਵਾਉਂਦੇ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਟੀਕਾ ਜੋ ਭਾਈ ਮਨੀ ਸਿੰਘ ਜੀ ਦੀ ਗਿਆਨ ਰਤਨਾਵਲੀ ਵਿਚ ਕੀਤਾ-ਉਸਦੀ 47 ਨੰਬਰ ਪਉੜੀ ਇਸ ਤੱਥ ਦਾ ਪੁਸ਼ਟ ਪਰਿਮਾਣ ਹੈ ਕਿ ਜਦੋਂ ਭਾਈ ਮਰਦਾਨਾ ਜੀ ਨੇ ਭਾਈ ਨੀਰੂ ਨੂੰ ਸਿੱਖੀ ਵਿਚ ਪ੍ਰਵੇਸ਼ ਕਰਵਾਇਆ ਤਾਂ ਇਹੋ ਤਿੰਨ ਉਪਦੇਸ਼ ਉਸਨੂੰ ਦ੍ਰਿੜ ਕਰਵਾਏ ਜੋ ਉਸਨੂੰ ਬਾਬਾ ਨਾਨਕ ਨੇ ਦਿੱਤੇ ਸਨ।
ਇਥੇ ਇਕ ਗੱਲ ਤਾਂ ਸਪਸ਼ਟ ਹੈ, ਭਾਈ ਮਰਦਾਨੇ ਨੇ ਗੁਰੂ ਪਾਤਸ਼ਾਹ ਦੀ ਸੰਗਤ ਸੱਚੇ ਦਿਲੋਂ ਕਬੂਲ ਕੀਤੀ ਸੀ। ਉਸਨੇ ਆਪਣਾ ਸੁਖ ਅਰਾਮ ਤਿਆਗਿਆ, ਬਾਲ ਬੱਚੇ ਦੀ ਰੋਟੀ ਗੁਜ਼ਰਾਨ ਦੀ ਫ਼ਿਕਰ ਨਹੀਂ ਕੀਤੀ-
‘ਜਿਨ ਤਕਵਾ ਰਬ ਦਾ ਤਿਨਾ ਰਿਜਕ ਹਮੇਸ਼’
ਦੀ ਪੰਕਤੀ ਉਪਰ ਵਿਸ਼ਵਾਸ ਰੱਖਿਆ। ਉਹ ਜੰਗਲਾਂ, ਬੀਆਬਾਨ, ਰੇਗਿਸਤਾਨਾਂ ਤੇ ਮਾਰੂਥਲਾਂ ਵਿਚ ਘੁੰਮਦਾ ਰਿਹਾ ਪਰ ਸਿਦਕ ਨਹੀਂ ਹਾਰਿਆ। ਉਹ ਬਾਬਾ ਨਾਨਕ ਦੇ ਬਚਨ ਕੇਵਲ ਸੁਣਦਾ ਹੀ ਨਹੀਂ ਸੀ। ਉਹਨਾਂ ਦੀ ਕਮਾਈ ਵੀ ਕਰਦਾ ਸੀ। ਬਾਬੇ ਨਾਨਕ ਦੀ ਸੰਗਤ ਨੇ ਉਸਨੂੰ ਇਹ ਪੱਕਾ ਵਿਸ਼ਵਾਸ ਕਰਵਾ ਰੱਖਿਆ ਸੀ :
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ॥
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ॥੨॥ (ਅੰਗ ੭੨੪)
ਇਸ ਲਈ ਉਸਦਾ ਨਿਰੰਕਾਰ ਵਿਚ ਪੂਰਣ ਭਰੋਸਾ ਸੀ । ਅੰਤ ਸਮੇਂ, ਜਦੋਂ ਬਾਬਾ ਨਾਨਕ ਨੇ ਉਸ ਕੋਲੋਂ ਉਸਦੀ ਇੱਛਾ ਪੁੱਛੀ ਤਾਂ ਉਸਦੇ ਉੱਤਰ ਸੱਚੇ ਸਿਦਕੀ ਜੀਉੜੇ ਵਾਲੇ ਹੀ ਸਨ। ਉਹ ਭਟਕਣਾ ਮੁਕਤ ਹੋ ਚੁੱਕਾ ਸੀ। ਭਾਈ ਮਰਦਾਨਾ ਤਅੱਸਬੀ ਨਹੀਂ ਸੀ। ਉਸਨੇ ਜਦੋਂ ਦਾ ਬਾਬੇ ਨਾਨਕ ਦਾ ਲੜ ਫੜਿਆ ਫ਼ਿਰ ਕਦੀ ਆਪਣੇ ਦੀਨ ਬਾਰੇ ਨਹੀਂ ਸੋਚਿਆ। ਨਮਾਜ਼ਾਂ ਦੇ ਵੇਲੇ ਵੀ ਆਉਂਦੇ ਰਹੇ ਤੇ ਰੋਜ਼ੇ ਵੀ ਪਰ ਸਿਦਕਵਾਨ ਮਰਦਾਨਾ ਤਨੋਂ ਮਨੋਂ ਬਾਬਾ ਨਾਨਕ ਦਾ ਹੋ ਚੁੱਕਿਆ ਸੀ। ਉਸਨੂੰ ਜਦੋਂ ਵੀ ਬਾਬਾ ਨਾਨਕ ਨੇ ਅਵਾਜ਼ ਮਾਰੀ-ਮਰਦਾਨਿਆ ਰਬਾਬ ਸੰਭਾਲ। ਉਹ ਫੌਰਨ ਉਠ ਬੈਠਾ ਤੇ ਰਬਾਬ ਸੰਭਾਲ ਲਈ। ਬਾਬਾ ਜੀ ਦੇ ਕੀਰਤਨ ਨੂੰ ਉਹਨਾਂ ਦੇ ਨਾਲ ਮਿਲਕੇ ਗਾਇਨ ਕਰਨ ਲਗਾ। ਸਾਖੀਕਾਰਾਂ ਦੇ ਅਨੁਸਾਰ ਜਦੋਂ ਨੂਰਸ਼ਾਹ ਨੇ ਅਸਾਮ ਦੇਸ ਵਿਚ ਮਰਦਾਨਾ ਜੀ ਨੂੰ ਭੇਡੂ ਬਣਾ ਦਿੱਤਾ ਤਾਂ ਮਰਦਾਨਾ ਘਬਰਾਇਆ ਨਹੀਂ। ਜਾਣਦਾ ਸੀ ਗੁਰੂ ਬਾਬਾ ਉਸਤੇ ਮੇਹਰ ਕਰਨਗੇ ਤੇ ਉਹ ਫ਼ਿਰ ਬੰਦੇ ਦੀ ਸ਼ਕਲ ਵਿਚ ਆ ਜਾਏਗਾ। ਮਰਦਾਨੇ ਦੇ ਸੁਭਾਉ ਵਿਚ ਕਾਹਲ ਨਹੀਂ ਸੀ। ਉਹ ਹਾਲਤ ਵਸ ਧੀਰਜ ਨਾਲ ਹਰ ਮੁਆਮਲੇ ਨੂੰ ਨਜਿਠੱਦਾ। ਭੇਡੂ ਬਣਿਆ ਮਰਦਾਨਾ ਬਾਬਾ ਨਾਨਕ ਨੂੰ ਉਡੀਕ ਰਿਹਾ ਸੀ ਕਿ ਕਦੋਂ ਉਹ ਆਣ ਕੇ ਉੱਸਨੂੰ ਫ਼ਿਰ ਮਨੁਖੀ ਜਾਮਾ ਬਖਸ਼ਣਗੇ। ਉਸਨੂੰ ਪੂਰਨ ਭਰੋਸਾ ਹੈ ਕਿ ਗੁਰੂ ਸਾਹਿਬ ਉਸਦੀ ਮਦਦ ਲਈ ਆਉਣਗੇ। ਭਾਈ ਮਰਦਾਨਾ ਜੀਵਨ ਵਿਚ ਇਕ ਵਾਰੀ ਨਹੀਂ, ਅਨੇਕ ਵਾਰ ਸੰਕਟ-ਗ੍ਰਸਤ ਹੁੰਦਾ ਹੈ ਪਰ ਸਿਦਕ ਨਹੀਂ ਹਾਰਦਾ। ਸੱਚੇ ਸਾਦਿਕ ਵਾਂਗ ਉਡੀਕ ਕਰਦਾ ਹੈ ਤੇ ਸੰਕਟ ਤੋਂ ਉਬਰ ਜਾਂਦਾ ਹੈ।
ਪਹਿਲਾ ਸ੍ਰੋਤਾ, ਪਹਿਲਾ ਵਾਦਕ ਤੇ ਪਹਿਲਾ
ਗਾਇਕ : ਭਾਈ ਮਰਦਾਨਾ
ਗੁਰਬਾਣੀ ਸਿਰਜਣਾ ਦੀ ਮੁੱਖ ਜੁਗਤ ਵਕਤਾ-ਸ੍ਰੋਤਾ ਦੀ ਹੈ । ਬਾਣੀਕਾਰ ਉਚਾਰਦੇ .ਹਨ ਤੇ ਸ੍ਰੋਤਾ ਸੁਣਦਾ ਹੈ। ਮਰਦਾਨਾ ਉਹ ਪਹਿਲਾ ਸ੍ਰੋਤਾ ਹੈ ਜਿਸਨੇ ਬਾਬਾ ਨਾਨਕ ਦੇ ਮੁਖੋਂ ਉਚਰਿਤ ਬਾਣੀ ਸੁਣੀ। ਜਦੋਂ ਬਾਬਾ ਜੀ ਭਾਈ ਮਰਦਾਨੇ ਨੂੰ ਕਹਿੰਦੇ ਸਨ। “ਮਰਦਾਨਿਆ-ਰਬਾਬ ਵਜਾਇ ਬਾਣੀ ਆਈ ਏ” ਇਹੋ ਉਹ ਸਿਰਜਣਾ ਦੇ ਪਲ ਹੁੰਦੇ ਸਨ। ਗੁਰੂ ਨਾਨਕ ਬਾਣੀ ਸਿਰਜ ਰਹੇ ਹੁੰਦੇ ਸਨ । ਭਾਈ ਮਰਦਾਨਾ ਜੀ ਪਹਿਲੇ ਪ੍ਰਮਾਣਿਕ ਸ੍ਰੋਤਾ ਹਨ ਜਿਹਨਾਂ ਬਾਬੇ ਨਾਨਕ ਦੇ ਮੁਖੋਂ ਬਾਣੀ ਸੁਣੀ। ਉਹ ਕਿੰਨੇ ਗਰਭਿਤ ਪਲ ਹੁੰਦੇ ਸਨ ਜਦੋਂ ਬਾਬਾ ਜੀ ਨੇ ਉਚਾਰਿਆ :
(ੳ) ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ॥ ਕਉਣੁ ਜਾਣੈ ਪੀਰ ਪਰਾਈ॥ ਹਮ ਨਾਹੀ ਚਿੰਤ ਪਰਾਈ ॥੧॥ ਰਹਾਉ॥
(ਅ). ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ॥੨॥
(ੲ) ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ॥ ਕਿਸੁ ਪਹਿ ਖੋਲੁਉ ਗੰਠੜੀ ਦੁਖੀ ਭਰਿ ਆਇਆ॥ ਦੂਖੀ ਭਰ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ॥
(ਸ) ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥ ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥੨॥ ਤੇਰੇ ਗੁਣ ਗਾਵਾ ਦੇਹਿ ਬੁਝਾਈ॥
(ਹ) ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ॥ ਅਛਲ ਅਛੇਦੁ ਅਭੇਦ ਪ੍ਰਭ ਐਸੇ ਭਗਵਾਨ॥੧॥
ਭਾਈ ਮਰਦਾਨਾ ਬਾਬੇ ਨਾਨਕ ਦਾ ਪ੍ਰਥਮ ਸ੍ਰੋਤਾ ਸੀ। ਉਹ ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਤੋਂ ਪਹਿਲਾਂ ਸੁਣਦਾ ਫਿਰ ਸੁਰਬੱਧ ਕਰਦਾ, ਰਬਾਬ ਵਜਾਉਂਦਾ। ਨਹੀਂ ਉਹ ਰਬਾਬ ‘ਤੇ ਸੁਰਬੱਧ ਕਰਦਾ, ਭਲੀ ਰਬਾਬ ਵਜਾਉਂਦਾ, ਰਸ ਝਰਨ ਲਗਦਾ ਤੇ ਫ਼ਿਰ ਅਨੰਦ ਤਰੰਗਤ ਹੋ ਗਾਉਂਦਾ। ਕੀ ਉਹ ਇਕੱਲਾ ਗਾਉਂਦਾ? ਨਹੀਂ ਬਾਬੇ ਨਾਨਕ ਦੇ ਸੰਗ-ਸਾਥ ਵਿਚ ਗਾਉਂਦਾ। ਜਦੋਂ ਦੋ ਰਸੀਲੇ ਗਲੇ ਰਬਾਬ ਦੀ ਮਿਲਤ ਨਾਲ ਗਾਉਂਦੇ ਤਾਂ ਕਾਇਨਾਤ ਸਰਸ਼ਾਰ ਹੋਈ ਝੂੰਮਣ ਲਗ ਪੈਂਦੀ। ਰਬੀ ਰਸ, ਰਾਗ, ਨਾਦ ਆਪਣਾ ਪ੍ਰਭਾਵ ਸਿਰਜਦਾ। ਕੁਲ ਆਲਮ ਵਿਸਮਾਦਿਤ ਹੋਇਆ, ਅਵਾਕ, ਅਨਹਤ ਵਿਚ ਗੁਆਚ ਜਾਂਦਾ । ਪ੍ਰਕ੍ਰਿਤੀ ਰਾਗ-ਰਸ ਨਾਲ ਭਰਪੂਰ ਅਗੰਮੀ ਖੇੜੇ ਵਿਚ ਵਿਗਾਸਮਾਨ ਹੋ ਜਾਂਦੀ । ਉਹ ਕੇਹਾ ਸੁਭਾਗਾ
ਵੇਲਾ ਹੁੰਦਾ ਹੋਵੇਗਾ :
(ੳ) ਝਿੰਮਿ ਝਿੰਮਿ ਅੰਮ੍ਰਿਤ ਵਰਸਦਾ॥
(ਅੰਗ ੭੪)
ਬੋਲਾਇਆ ਬੋਲੀ ਖਸਮ ਦਾ॥
(ਅ) ਭਿੰਨੀ ਰੈਨੜੀਐ ਚਮਕਨਿ ਤਾਰੇ॥
(ੲ) ਝਿਲਮਿਲਿ ਝਿਲਕੈ ਚੰਦੁ ਨ ਤਾਰਾ ਸੂਰਜ ਕਿਰਣਿ ਨ ਬਿਜੁਲਿ ਗੈਣਾਰਾ॥
ਬਾਬਾ ਨਾਨਕ ਆਪਣੇ ਪਰਮ ਪਿਆਰੇ ਵਾਦਕ ਰਬਾਬੀ ਮਰਦਾਨੇ ਨਾਲ ਮਿਲਕੇ, ਬਾਣੀ ਰਾਗਬੱਧ ਕਰਕੇ ਗਾਉਂਦੇ ਹੋਣਗੇ। ਪ੍ਰਥਮ ਸ੍ਰੋਤਾ, ਪ੍ਰਥਮ ਵਾਦਕ ਤੇ ਪ੍ਰਥਮ ਗਵਈਆ ਹੋਣ ਦਾ ਮਾਣ ਕੇਵਲ ਮਰਦਾਨਾ ਜੀ ਨੂੰ ਪ੍ਰਾਪਤ ਹੋਇਆ। ਗੁਰਮਤਿ ਸੰਗੀਤ ਦੀਆਂ ਬਰੀਕੀਆਂ, ਸੂਖਮ ਤਰੰਗਾਂ ਦਾ ਸੁਮੇਲ ਸੰਗੀਤ ਤੇ ਬਾਣੀ ਦੀ ਇਕਸੁਰਤਾ ਦੀ ਟਰੇਨਿੰਗ ਪ੍ਰਾਪਤ ਕਰਨ ਦਾ ਪਹਿਲਾ ਅਵਸਰ ਭਾਈ ਮਰਦਾਨਾ ਨੂੰ ਮਿਲਿਆ। ਉਹ ਕਰਤਾਰੀ ਸਮਰੱਥਾ ਤੇ ਕਾਢਾਂ ਦੇ ਸੁਆਮੀ ਸਨ । ਮਰਦਾਨਾ ਤਾਂ ਸਿੱਖਣਹਾਰ ਸੀ। ਪਹਿਲਾ ਵਾਦਕ ਤੇ ਗਾਇਕ। ਹੈਰਾਨੀ ਤਾਂ ਉਦੋਂ ਹੁੰਦੀ ਹੈ, ਜਦੋਂ ਲੋਕ-ਸ਼ੈਲੀਆਂ ਦੀ ਵਿਸ਼ੇਸ਼ ਧੁਨ ਤੇ ਗਾਇਨ ਦਾ ਤਰੀਕਾ, ਰਾਗ ਦੀ ਮਿਲਤ ਨਾਲ ਗਾਉਣ ਦਾ ਵਲ ਮਰਦਾਨਾ ਜੀ ਨੇ ਗੁਰੂ ਜੀ ਤੋਂ ਸਿੱਖਿਆ। ਪਹਰੇ, ਥਿਤੀ ਤੇ ਬਾਰਾਂਮਾਹ ਤਿੰਨੇ ਰੂਪ ਕਾਲ-ਚੇਤਨਾ ਨਲ ਓਤਪ੍ਰੋਤ ਹਨ। ਤਿੰਨਾਂ ਦੀ ਗਾਇਨ ਸ਼ੈਲੀ ਆਪਣੀ ਹੀ ਹੈ। ਇਸੇ ਤਰ੍ਹਾਂ ਛੰਤ, ਸੋਹਿਲਾ, ਅਲਾਹੁਣੀਆਂ, ਕੁਚੱਜੀ, ਸੁਚੱਜੀ ਅਸਲੋਂ ਘਰੋਗੀ ਮੁਹਾਵਰੇ ਦੀਆਂ ਰਚਨਾਵਾਂ ਹਨ। ਇਹਨਾਂ ਨੂੰ ਵਿਸ਼ੇਸ਼ ਰਾਗ-ਬੰਦਿਸ਼ ਨਾਲ ਮਿਲਾਕੇ ਵਿਧੀ ਵੀ ਕੇਵਲ ਬਾਬਾ ਨਾਨਕ ਹੀ ਸਿਖਾ ਸਕਦੇ ਸਨ। ਪਟੀ, ਸਿਧਗੋਸਟਿ, ਦਖਣੀ ਓਅੰਕਾਰ ਇਹ ਤਿੰਨੇ ਬਾਣੀਆਂ ਸਿਧਾਂਤਕ ਹਨ ਪਰ ਰਾਗ ਵਿਸ਼ੇਸ਼ ਦੀ ਬੰਦਿਸ਼ ਵਿਚ ਗਾਉਣ ਵੇਲੇ ਕਿਸ ਤਰ੍ਹਾਂ ਦੀ ਵਿਧੀ ਅਪਨਾਈ ਜਾਏਗੀ? ਕੁਲ ਮਿਲਾਕੇ, ਗੁਰੂ ਸਾਹਿਬ ਦੀ ਮੌਲਿਕਤਾ ਤੇ ਕਲਾਤਮਿਕਤਾ ਆਪਸ ਵਿਚ ਇਸ ਤਰ੍ਹਾਂ ਘੁਲੀਆਂ ਮਿਲੀਆਂ ਹਨ ਜਿਹਨਾਂ ਨੂੰ ਗਾਉਣ ਲਈ ਨਵੇਕਲਾ ਅੰਦਾਜ਼ ਸਿਖਣਾ ਪਵੇਗਾ।
ਕਲਾਕਾਰ ਰਬਾਬੀ : ਭਾਈ ਮਰਦਾਨਾ
ਭਾਈ ਮਰਦਾਨੇ ਦਾ ਰੋਮ ਰੋਮ ਸੰਗੀਤ ਨਾਲ ਜੁੜਿਆ ਹੋਇਆ ਸੀ। ਉਸਦੀ ਅਵਾਜ਼ ਇਤਨੀ ਪੁਰਕਸ਼ਿਸ਼ ਸੀ ਕਿ ਸੁਣਨ ਵਾਲਾ ਇਕ ਵੇਰਾਂ ਤਾਂ ਠਠੰਬਰ ਜਾਂਦਾ ਸੀ । ਬਾਬਾ ਨਾਨਕ ਉਸਦੀ ਅਵਾਜ਼ ਤੇ ਤਾਂ ਰੀਝੇ ਹੀ ਸਨ ਪਰ ਨਾਲ ਹੀ ਉਸਦੀ ਵਾਦਨ-ਕਲਾ ਵੀ ਆਪਣਾ ਜੌਹਰ ਵਿਖਾਉਣ ਵਿੱਚ ਪਿੱਛੇ ਨਹੀਂ ਰਹਿੰਦੀ ਸੀ। ਪਹਿਲੋਂ ਪਹਿਲ ਬਾਬਾ ਜੀ ਦੇ ਆਕਰਸ਼ਣ ਦੇ ਦੋ ਹੀ ਕਾਰਣ ਸਨ। ਪਹਿਲਾ, ਮਰਦਾਨੇ ਦੀ ਸਾਧੀ ਹੋਈ ਅਵਾਜ਼, ਦੂਜੀ ਰਬਾਬ ਦੀ ਅਦਾਇਗੀ। ਵੇਖਿਆ ਜਾਏ ਤਾਂ ਉਸਨੂੰ ਇਹ ਦੋਵੇਂ ਵਸਤਾਂ ਕੁਦਰਤ ਵਲੋਂ ਹੀ ਮਿਲੀਆਂ ਹੋਈਆਂ ਸਨ। ਇਹਨਾਂ ਦੋਹਾਂ ਵਸਤਾਂ ਨੂੰ ਹੀ ਬਾਬਾ ਨਾਨਕ ਨੇ ਇਲਾਹੀ ਸਿਫ਼ਤਾਂ ਵਲ ਮੋੜ ਦਿੱਤਾ। ਮਰਦਾਨਾ ਧੁਰੋਂ ਹੀ ਰਾਗ ਦਾ ਵਰੋਸਾਇਆ ਹੋਇਆ ਜੀਊੜਾ ਸੀ। ਬਾਬੇ ਨਾਨਕ ਦੀ ਸੰਗਤ ਵਿਚ ਉਸਨੇ 19 ਰਾਗ ਗਾਏ। ਬਾਬਾ ਨਾਨਕ ਜੀ ਨੂੰ ਜਦੋਂ ਧੁਰੋਂ ਬਾਣੀ ਆਉਂਦੀ ਸੀ ਤਾਂ ਮਰਦਾਨਾ ਜੀ ਨਾਲੋ ਨਾਲ ਉਸਨੂੰ ਸੁਰਬੱਧ ਕਰ ਲੈਂਦੇ ਸਨ। ਇਹੋ ਤਾਂ ਇਲਾਹੀ ਬਖਸ਼ਿਸ਼ ਸੀ। ਗੁਰੂ ਬਾਬੇ ਨੇ 19 ਰਾਗ ਮੁਖਾਂ ਵਿਚ ਬਾਣੀ ਰਸ-ਸਿਰਜਣ ਕੀਤਾ। ਆਪ ਜੀ ਨੇ ਬਹੁਤੇ ਰਾਗ ਉਹ ਗਾਏ ਜੋ ਸਮੇਂ ਅਨੁਸਾਰ ਸਵੇਰੇ-ਸ਼ਾਮ ਗਾਏ ਜਾਂਦੇ ਹਨ। ਮਰਦਾਨਾ ਰਬਾਬੀ ਇਹਨਾਂ ਰਾਗਾਂ ਦਾ ਪਾਰੰਗਤ ਕਲਾਕਾਰ ਸੀ। ਉਹ ਜਦੋਂ ਅਵਾਜ਼ ਲਾਉਂਦਾ ਤਾਂ ਗਜ਼ਬ ਕਰ ਦੇਂਦਾ। ਗਾਇਕੀ ਦੇ ਸੂਖਮ ਭੇਦ ਟੁੰਬ, ਮੁਰਕੀ ਆਦਿ ਤਾਂ ਉਸਦੇ ਅਸਲੋਂ ਨਿਵੇਕਲੇ ਅੰਦਾਜ਼ ਵਿਚ ਹੁੰਦੇ । ਬਾਬਾ ਨਾਨਕ ਉਸਦੀ ਕਲਾਕਾਰੀ ਤੇ ਬੜਾ ਰੀਝਦੇ। ਉਹ ਜਦ ਰਾਗ ਤੇ ਬਾਣੀ ਦਾ ਸੁਮੇਲ ਕਰਕੇ ਸੰਗੀਤਕ ਟੁੰਬ ਦੇਂਦਾ ਤਾਂ ਹਿਰਦੇ ਪ੍ਰਫੁਲਿਤ ਹੋ ਵਿਸਮਾਦੀ ਰੰਗ ਵਿਚ ਰੰਗੇ ਜਾਂਦੇ । ਹਰ ਪਾਸੇ ਮਸਤੀ ਛਾ ਜਾਂਦੀ। ਗੁਰੂ ਗ੍ਰੰਥ ਸਾਹਿਬ ਵਿਚਲੇ ਰਾਗ ਪ੍ਰਬੰਧ ਨੂੰ ਗੁਰੂ ਨਾਨਕ ਦੇਵ ਨੇ ਦਿਸ਼ਾ ਪ੍ਰਦਾਨ ਕੀਤੀ। ਗਾਇਕੀ ਵਿਚ ਸਰਸਤਾ ਕਿਵੇਂ ਭਰੀ ਜਾਂਦੀ ਹੈ । ਰਾਗ, ਰਾਗਾਂ ਦੀਆਂ ਕਿਸਮਾਂ, ਰਹਾਉ, ਘਰ, ਲੋਕ ਗਾਇਨ ਸ਼ੈਲੀਆਂ ਨੂੰ ਰਾਗ ਵਿਸ਼ੇਸ਼ ਦੇ ਆਧੀਨ ਰੱਖਕੇ ਕਿਵੇਂ ਗਾਇਆ ਜਾਣਾ ਚਾਹੀਦਾ ਹੈ? ਬਾਬਾ ਨਾਨਕ ਨੇ ਭਾਈ ਮਰਦਾਨਾ ਨੂੰ ਸੁਰੁਚੀਪੂਰਣ ਕਲਾਕਾਰ ਤੇ ਸੁਸਿਖਿਅਤ ਕਲਾਕਾਰ ਦੇ ਰੂਪ ਵਿਚ ਉਭਾਰਿਆ। ਗੁਰਮਤਿ ਸੰਗੀਤ ਦਾ ਆਪਣਾ ਨਿਵੇਕਲਾ ਮੁਹਾਂਦਰਾ ਸਿਰਜਣ ਵਿਚ ਭਾਈ ਮਰਦਾਨੇ ਦਾ ਯੋਗਦਾਨ ਬੇਜੋੜ ਹੈ। ਗੁਰਮਤਿ ਸੰਗੀਤ ਕੇਵਲ ਰਾਗ-ਪ੍ਰਬੰਧ ਨਹੀਂ। ਇਸਦੀ . ਸ਼ਾਸਤਰੀ ਸੰਗੀਤ ਪੱਧਤੀ ਨਾਲੋਂ ਖਾਸੀ ਭਿੰਨਤਾ ਹੈ। ਗੁਰੂ ਸਾਹਿਬ ਦੀ ਸੂਖਮ ਦ੍ਰਸ਼ਤਾ ਆਪਣੀ ਚਰਮ ਸੀਮਾਂ ਨੂੰ ਪ੍ਰਾਪਤ ਹੁੰਦੀ ਹੈ ਜਦੋਂ ਉਹ ਨਾ ਕੇਵਲ ਰਾਗ, ਰਾਗਾਂ ਦੀਆਂ ਕਿਸਮਾਂ ਦੇ ਸੰਕੇਤ ਹੀ ਦੇਂਦੇ ਹਨ ਸਗੋਂ ਰਾਗ ਦੀ ਪਰਧਾਨ ਸੁਰ (ਘਰ-ਪ੍ਰਬੰਧ) ਅਥਵਾ ਰਾਗ-ਮੁਰਕੀ ਦਾ ਸੰਕੇਤ ਵੀ ਰਾਗ ਮਤ ਅਨੁਸਾਰ ਦੇਂਦੇ ਹਨ। ਪੜਤਾਲ ਗਾਇਕੀ ਇਸ – ਦੀ ਅਗਲੀ ਵਿਸ਼ੇਸ਼ਤਾ ਹੈ।
ਗੁਰੂ ਘਰ ਵਿਚ ਗੁਰਮਤਿ ਸੰਗੀਤ ਦਾ ਪਹਿਲਾ (ਗੁਰੂ ਸਾਹਿਬਾਨ ਨੂੰ ਛੱਡਕੇ) ਗਵਈਆ ਤੇ ਵਾਦਕ ਭਾਈ ਮਰਦਾਨਾ ਹੀ ਹੈ। ਇਸਦੀ ਕਲਾਕਾਰੀ ਨੂੰ ਬਾਬਾ ਨਾਨਕ ਨੇ ਖੁਦ ਮਾਂਜਿਆ, ਲਿਸ਼ਕਾਇਆ, ਰਾਗ ਦੀਆਂ ਬਰੀਕੀਆਂ ਨੂੰ ਭਾਈ ਮਰਦਾਨੇ ਰਾਹੀਂ ਹੀ ਉਸਦੀ ਗਾਇਨ ਜਾਂ ਵਾਦਨ ਸ਼ੈਲੀ ਰਾਹੀਂ ਸਮਝਾਇਆ। ਰਾਗ ਵਿਚ ਕਾਵਿ ਦਾ ਸੁਮੇਲ, ਕਾਵਿ ਵਿਚ ਤੁਕ (ਲੈਅ) ਦਾ ਸੁਮੇਲ, ਕਰਕੇ ਗਾਇਨ ਵਿਧੀ ਨੂੰ ਉਜਾਗਰ ਕਰਨ ਦਾ ਸੇਹਰਾ ਭਾਈ ਮਰਦਾਨੇ ਦਾ ਹੈ। ਜਿਸਨੂੰ ਉਸਤਾਦ ਮੁਰਸ਼ਦ ਨੇ ਕਾਮਿਲ ਮੁਰੀਦ ਭਾਈ ਮਰਦਾਨਾ ਪੈਦਾ ਕਰ ਦਿੱਤਾ। ਗੁਰੂ ਸਾਹਿਬ ਦੀ ਦੂਰ ਦਰਸ਼ਿਤਾ ਨੇ ਦੋ ਕੋਮਲ ਹੁਨਰਾਂ ਕਵਿਤਾ ਤੇ ਰਾਗ ਨੂੰ ਇਕ ਇਕਾਈ ਵਿਚ ਬੰਨ੍ਹਕੇ ਕੀਰਤਨ ਦਾ ਨਾਮ ਦੇ ਦਿੱਤਾ। ਫ਼ਲਸਰੂਪ ਗੁਰੂ ਘਰ ਵਿਚ ਕੀਰਤਨ ਦੀ ਪ੍ਰਧਾਨਤਾ ਰਹੀ।
(ਓ) ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥
(ਅ) ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਦਲੇਰ : ਭਾਈ ਮਰਦਾਨਾ
ਇਹ ਤਾਂ ਠੀਕ ਹੈ, ਭਾਈ ਮਰਦਾਨਾ ਗੁਰੂ ਜੀ ਦੇ ਸੰਗ ਸਾਥ ਵਿਚ ਹੀ ਉਦਾਸੀਆਂ ਦੇ ਰਾਹ ਪਿਆ। ਪਰ ਉਸਨੂੰ ਅਨੇਕ ਵਾਰ ਇਕੱਲਿਆਂ ਤਲਵੰਡੀ ਤੋਂ ਸੁਲਤਾਨਪੁਰ ਤੇ ਸੁਲਤਾਨਪੁਰ ਤੋਂ ਏਮਨਾਬਾਦ ਤੇ ਏਮਨਾਬਾਦ ਤੋਂ ਤਲਵੰਡੀ ਆਣਾ ਜਾਣਾ ਪਿਆ ਹੈ। ਉਦੋਂ ਆਉਣ ਜਾਣ ਦੇ ਵਸੀਲੇ ਬਹੁਤੇ ਨਹੀਂ ਸਨ ਤੇ ਲੋਕ ਪੈਦਲ ਹੀ ਸਫ਼ਰ ਕਟੀ ਕਰਦੇ ਸਨ। ਮਰਦਾਨਾ ਬੜਾ ਚੰਗਾ, ਸੁਚੇਤ ਯਾਤਰੀ ਸੀ। ਜੇ ਉਸਨੂੰ ਇਕੱਲਿਆਂ ਜਾਣਾ ਪਿਆ ਤਾਂ “ਗੁਰੂ ਮੇਰੇ ਸੰਗੁ ਸਦਾ ਹੈ ਨਾਲੇ” ਦੇ ਆਸਰੇ ਸਫ਼ਰ ਕਰਦਾ ਰਿਹਾ। ਉਹ ਦਰਅਸਲ, ਬਾਬੇ ਨਾਨਕ ਦਾ ਸੱਚਾ ਵਫ਼ਾਦਾਰ ਸਾਥੀ ਸੀ । ਬਾਬਾ ਨਾਨਕ ਤਾਂ ਟੁਰੇ ਹੀ ਲੋਕ ਕਲਿਆਣ ਦੇ ਉਦੇਸ਼ ਨਾਲ ਸਨ। ਉਹਨਾਂ ਪਾਪੀਆਂ ਨੂੰ ਵੀ ਤਾਰਿਆ। ਚਾਹੇ ਉਹ ਸੱਜਣ ਠਗ ਸੀ, ਭੂਮੀਆ ਚੋਰ ਸੀ, ਜਾਂ ਕੌਡਾ ਰਾਖਸ਼ ਸੀ। ਬਾਬਾ ਨਾਨਕ ਉਹਨਾਂ ਪਾਸ ਜਾਂਦੇ ਰਹੇ ਹਨ। ਪਰ ਪਹਿਲੀ ਮੁਲਾਕਾਤ ਉਹਨਾਂ ਨਾਲ ਭਾਈ ਮਰਦਾਨੇ ਦੀ ਹੀ ਹੁੰਦੀ ਸੀ। ਜੇ ਮਰਦਾਨਾ ਉਹਨਾਂ ਦੇ ਕਾਬੂ ਆ ਗਿਆ ਤਾਂ ਬਚਾਉਣਾ ਵੀ ਬਾਬੇ ਨਾਨਕ ਨੇ ਹੀ ਹੁੰਦਾ ਸੀ। ਦਰਅਸਲ, ਮਰਦਾਨਾ ਬਹੁਤ ਰਸੀਲੀ ਤਬੀਅਤ ਦਾ ਬੰਦਾ ਸੀ। ਉਹ ਕੋਈ ਨਾ ਕੋਈ ਦਿਲਚਸਪ ਗੱਲ ਨੂੰ ਘੜ ਹੀ ਲੈਂਦਾ । ਉਹ ਤਾਂ ਸੱਜਣ ਠਗ ਦੀ ਕਤਲ ਗਾਹ ਵੀ ਪਹੁੰਚ ਗਿਆ ਤੇ ਸੁਮੇਰ ਪਰਬਤ ਦੀਆਂ ਬਰਫ਼ ਢੱਕੀਆਂ ਚੋਟੀਆਂ ਤੇ ਵੀ। ਉਸਨੇ ਕਦੇ ਹਿੰਮਤ ਨਹੀਂ ਹਾਰੀ ਸਗੋਂ ਦਲੇਰੀ ਨਾਲ ਹਰ ਥਾਂ, ਹਰ ਘਟਨਾ ਦਾ ਕੇਂਦਰ-ਬਿੰਦੂ ਬਣਕੇ ਸਾਹਮਣੇ ਆਇਆ।
ਮਰਦਾਨਾ ਨਿਰਾ ਦਲੇਰ ਹੀ ਨਹੀਂ ਸਗੋਂ ਦਲੀਲਬਾਜ਼ ਵੀ ਸੀ। ਇਕ ਵੇਰਾਂ ਗੁਰੂ ਜੀ ਇਕ ਪਿੰਡ ਗਏ ਉਥੋਂ ਦੇ ਲੋਕਾਂ ਨੇ ਇਹਨਾਂ ਦੀ ਕੋਈ ਆਉ ਭਗਤ ਨਹੀਂ ਕੀਤੀ। ਗੁਰੂ ਸਾਹਿਬ ਨੇ ਬਚਨ ਕੀਤਾ “ਇਹ ਪਿੰਡ ਵਸਦਾ ਰਹੇ”। ਇਹ ਕਹਿਕੇ ਉਥੋਂ ਆ ਗਏ। ਇਸ ਤੋਂ ਕੁਛ ਮੀਲ ਅਗੇ ਪਹੁੰਚੇ । ਉਥੋਂ ਦੇ ਲੋਕਾਂ ਨੇ ਗੁਰੂ ਜੀ ਦਾ ਬਹੁਤ ਸੁਆਗਤ ਕੀਤਾ । ਚੰਗੀ ਟਹਿਲ ਸੇਵਾ ਕੀਤੀ। ਕਈ ਪ੍ਰਕਾਰ ਦੇ ਪਦਾਰਥ ਤੇ ਭੋਜਨ ਅਗੇ ਲਿਆ ਰੱਖੇ। ਮਰਦਾਨਾ ਛੱਕ ਕੇ ਬਹੁਤ ਪ੍ਰਸੰਨ ਹੋਇਆ। ਕੁਛ ਦੇਰ ਬਾਅਦ ਗੁਰੂ ਜੀ ਟੁਰਨ ਲਗਿਆਂ ਕਿਹਾ “ਇਹ ਨਗਰ ਉਜੜ ਜਾਵੇ।” ਗੁਰੂ ਜੀ ਦੇ ਅਨੋਖੇ ਵਰ ਸਰਾਪ ਨੂੰ ਸੁਣਕੇ ਮਰਦਾਨਾ • ਦਲੇਰੀ ਨਾਲ ਬੋਲਿਆ। ਮਹਾਰਾਜ! ਆਪ ਚੰਗਾ ਇਨਸਾਫ਼ ਕਰਦੇ ਹੋ? ਜਿਥੇ ਲੋਕਾਂ ਨੇ ਟਹਿਲ ਸੇਵਾ ਨਹੀਂ ਕੀਤੀ ਉਥੇ ਤਾਂ ਤੁਸੀਂ ਕਿਹਾ ਇਹ ਪਿੰਡ ਵਸਦਾ ਰਹੇ। ਜਿਥੇ ਲੋਕਾਂ ਨੇ ਜੀਅ ਭਰਕੇ ਟਹਿਲ ਸੇਵਾ ਕੀਤੀ ਤੁਸੀਂ ਸਰਾਪ ਦੇ ਦਿੱਤਾ। ਇਹ ਪਿੰਡ ਉਜੜ ਜਾਵੇ। ਅਜੇਹਾ ਕਿਉਂ? ਗੁਰੂ ਜੀ ਨੇ ਇਸ ਰਹੱਸ ਦਾ ਖੁਲਾਸਾ ਕੀਤਾ। ਜਿਨ੍ਹਾਂ ਲੋਕਾਂ ਨੇ ਆਦਰ ਭਾਉ ਨਹੀਂ ਕੀਤਾ-ਜੇ ਉਹ ਲੋਕ ਇਥੇ ਹੀ ਵਸਦੇ ਰਹਿਣ ਤਾਂ ਚੰਗਾ ਹੈ। ਨਹੀਂ ਤਾਂ ਉਹ ਜਿਥੇ ਵੀ ਜਾਣਗੇ ਆਪਣੇ ਮੰਦੇ ਵਿਹਾਰ ਦਾ ਗੰਦ ਖਿਲੇਰਨਗੇ। ਹੁਣ ਰਹੀ ਗੱਲ ਜਿਥੇ ਲੋਕਾਂ ਨੇ ਸਤਿਕਾਰ ਤੇ ਟਹਿਲ ਸੇਵਾ ਕੀਤੀ ਹੈ ਉਸ ਪਿੰਡ ਦਾ ਉਜੜ ਜਾਣਾ ਹੀ ਦੇਸ਼ ਕੌਮ ਲਈ ਫਾਇਦੇਮੰਦ ਹੈ ਕਿਉਂਕਿ ਉਹ ਲੋਕ ਜਿਥੇ ਵੀ ਜਾਣਗੇ ਨੇਕੀ ਦਾ ਪ੍ਰਚਾਰ ਕਰਨਗੇ। ਭਾਈ ਮਰਦਾਨੇ ਦੀ ਦਲੀਲ ਬਾਜ਼ੀ ਨਿਰਉੱਤਰ ਹੋ ਗਈ। ਉਹ ਗੁਰੂ ਸਾਹਿਬ ਦੇ ਖੁਲਾਸੇ ਅਰਥ ਨਾਲ ਪ੍ਰਸੰਨ ਹੋ ਗਿਆ ਤੇ ਕਾਫੀ ਦੇਰ ਗੁਰੂ ਸਾਹਿਬ ਦੀ ਗਹਿਰਾਈ ਤੇ ਅਸ਼ ਅਸ਼ ਕਰਦਾ ਰਿਹਾ। ਮਰਦਾਨਾ ਗੁਰੂ ਸਾਹਿਬ ਦਾ ਸਾਥੀ ਸੀ-ਉਸਦੇ ਮਨ ਵਿਚ ਜਦੋਂ ਵੀ ਕੋਈ ਸ਼ੰਕਾ ਜਾਗਦਾ ਬੜੀ ਦਲੇਰੀ ਨਾਲ ਬਾਬਾ ਜੀ ਤੋਂ ਸਪਸ਼ਟੀਕਰਣ ਲੈਂਦਾ। ਉਸਦੀ ਦਲੀਲ ਹਮੇਸ਼ਾ ਹੀ ਦੰਮਦਾਰ ਹੁੰਦੀ ਪਰ ਉੱਤਰ ਕਰਤਾ ਵੀ ਤਾਂ ਅਚਾਰੀਆਂ ਦੇ ਅਚਾਰੀ ਗੁਰੂ ਨਾਨਕ ਸਾਹਿਬ ਹੁੰਦੇ ਸਨ। ਭਲਾ ਜੇ ਮਰਦਾਨੇ ਦੀ ਨਿਸ਼ਾ ਨਾ ਹੋਵੇ ਤਾਂ ਦੁਬਾਰਾ ਪ੍ਰਸ਼ਨ ਕਰਨੋਂ ਸ਼ਰਮਾਉਂਦਾ ਨਹੀਂ ਸੀ ਸਗੋਂ ਬੇਬਾਕੀ ਨਾਲ ਅਨੇਕ ਸ਼ੰਕਿਆਂ ਦਾ ਸਮਾਧਾਨ ਕੀਤਾ।
ਇਕ ਗੱਲ ਜੋ ਬਹੁਤ ਹੀ ਮਹੱਤਵਪੂਰਣ ਹੈ, ਮਰਦਾਨਾ ਜੀ ਜਦ ਵੀ ਮੰਗਦੇ “ਦੂਜੇ ਭਾਵ ਦਾ ਝਗੜਾ ਮੇਰੇ ਮੰਨ ਤੇ ਤੁਟੇ, ਹੀ ਮੰਗਦੇ ਜਾਂ ਧੀਰਜ ਦੀ ਰਹਿਮਤ ਲਈ ਝੋਲੀ ਪਸਾਰਦੇ, ਮਰਦਾਨਾ ਜੀ ਦੀ ਜੁਰੱਅਤ ਵੇਖਣ ਵਾਲੀ ਹੈ। ਉਸਨੇ ਹੱਥ ਜੋੜ ਇਕ ਵਾਰ ਕਿਹਾ “ਬਾਬਾ ਤੇਰਾ ਅੰਤਰ ਨਾਹੀ, ਤੂੰ ਖੁਦਾਇ ਦਾ ਡੂੰਮ ਹਉ ਤੇਰਾ ਡੂੰਮ । ” ਤੋਂ ਖੁਦਾਇ ਪਾਇਆ ਹੈ, ਤੈਂ ਖੁਦਾਇ ਦੇਖਿਆ ਹੈ, ਤੇਰਾ ਕਹਿਆ ਖੁਦਾਇ ਕਰਦਾ ਹੈ, ਮੇਰੀ ਬੇਨਤੀ ਹੈ, ਇਕ ਮੈਨੂੰ ਵਿਛੋੜਨਾ ਨਾਹੀ, ਆਪ ਨਾਲਹੁ, ਨਾ ਐਥੇ, ਨਾ ਓਥੈ,” ਬਾਬੇ ਗੁਰੂ ਨੇ ਉਸੇ ਵੇਲੇ ਰਹਿਮ ਕਰਦੇ ਫੁਰਮਾਇਆ “ਮਰਦਾਨਿਆ ਤੁਧ ਉਪਰ ਮੇਰੀ ਖੁਸ਼ੀ ਹੈ। ਜਿੱਥੇ ਤੇਰਾ ਵਾਸਾ, ਉਥੇ ਮੇਰਾ ਵਾਸਾ”।
ਜ਼ਾਹਿਰ ਹੈ, ਮਰਦਾਨਾ ਜੀ ਨਿੰਮਰਤਾ ਦੇ ਪੁੰਜ ਹੋਣ ਦੇ ਬਾਵਜੂਦ ਬਾਦਲੀਲ ਸੁਆਲ-ਜੁਆਬ ਕਰ ਲੈਂਦੇ ਸਨ । ਖੂਬਸੂਰਤੀ ਇਹ, ਮੰਗਦੇ ਹਰ ਵੇਲੇ ਕੋਈ ਉਚੇਰੀ ਵਸਤ ਹੀ ਸੀ ਜਿਸ ਨਾਲ ਦੋਹਾਂ ਜਹਾਨਾਂ ਵਿਚ ਸੁਰਖਰੂ ਹੋ ਸਕਣ। ਇਹੋ ਉਚੇਰੀ ਸੁਰਤ ਦਾ ਕਮਾਲ ਹੈ-ਮੈਨੂੰ ਵਿਛੋੜਨਾ ਨਾਹੀਂ, ਆਪ ਨਾਲਹੁ, ਨ ਐਥੇ ਨਾ ਉਥੈ। ਮਰਦਾਨਾ ਜੀ ਜਾਣਦੇ ਸਨ “ਵਿਛੋੜਾ ਸੁਣੇ ਡੁਖ ਵਿਣੁ ਡਿਠੇ ਮਰਿਓਦ” ਉਹ ਤਾਂ ਮਿਲਣਾ ਚਾਹੁੰਦੇ ਸਨ। “ਮਿਲਬੇ ਕੀ ਮਹਿਮਾ ਬਰਨ ਨ ਸਾਕਉ” ਦਾ ਅਲਾਪ ਉਹਨਾਂ ਹਰ ਵੇਲੇ ਗਾਇਆ। ਗੁਰੂ ਬਾਬੇ ਦੀ ਬਾਣੀ ਦਾ ਮੂਲ ਸੁਰ ਤਾਂ ਹੈ ਵੀ ਪ੍ਰਭੂ ਨੂੰ ਮਿਲਣ ਦੀ ਤੀਬਰ ਲੋਚਾ ।
ਭਾਈ ਮਰਦਾਨਾ ਜੀ ਦੇ ਨਾਲ ਗੁਰੂ ਬਾਬੇ ਨੇ ਅਨੇਕ ਬਚਨ ਬਿਲਾਸ ਕੀਤੇ ਹਨ। ਅਨੇਕ ਪ੍ਰਸ਼ਨ-ਉੱਤਰ ਕਰਕੇ ਕਈ ਗੁਹਜ ਭਾਵ ਖੋਹਲੇ ਹਨ। ਮਸਲਨ-ਰਾਗਾਂ ਦੀ ਮਹੱਤਤਾ, ਸਮਾਂ ਕਿਹੜਾ ਚੰਗਾ ਦਰਿਆ ਤੇ ਤਾਂ ਬੇੜਾ ਹੁੰਦਾ ਹੈ, ਮਲਾਹ ਪਾਰ ਲੰਘਾਂਦਾ ਹੈ। ਇਹ ਸੰਸਾਰ ਮਾਨੋ ਦਰਿਆ ਹੈ, ਇਸ ਦਰਿਆ ਦਾ ਬੇੜਾ ਕੇਉਨ ਹੈ, ਲੰਘਾਵਣ ਵਾਲਾ ਕੌਨ ਹੈ। ਮਨੁੱਖ ਖੁਦਾ ਨਾਲ ਮਿਲਦਾ ਕਿਵੇਂ ਹੈ ਤੇ ਵਿਛੜਦਾ ਕਿਵੇਂ । ਜਿਸਨੇ ਉਸਨੂੰ ਪਾ ਲਿਆ, ਉਸਨੂੰ ਕਿਵੇਂ ਜਾਣੀਏ? ਆਦਿ ਕਿਤਨੇ ਹੀ ਸੁਆਲ ਪੁੱਛੇ ਹਨ। ਇਹਨਾਂ ਪ੍ਰਸ਼ਨਾਂ ਤੋਂ ਮਰਦਾਨਾਂ ਜੀ ਦੀ ਲਗਨ ਤੇ ਤੀਖਣ ਬੁਧੀ ਦਾ ਪਤਾ ਲਗਦਾ ਹੈ।’
ਸੰਸਾਰ ਦੇ ਭਲੇ ਲਈ ਗੁਰੂ ਸਾਹਿਬ ਹਰ ਪ੍ਰਸ਼ਨ ਦਾ ਉੱਤਰ ਦੇਂਦੇ ਹਨ। ਰਾਗ ਤਾਂ ਸਭ ਭਲੇ ਹਨ, ਪਰ ਸਭ ਤੋਂ ਭਲਾ ਉਹ ਹੀ ਹੈ ਜਿਸ ਦੁਆਰਾ ਉਹ ਚਿਤ ਆਵੇ। ਸਭ ਰੁਤੀ ਅਰੁ ਸਭੇ ਮਾਹ ਉਸੇ ਨੂੰ ਭਲੇ ਹੈ ਕਿ ਜਿਨ੍ਹਾਂ ਨੂੰ ਪਰਮੇਸਰ ਚਿੱਤ ਆਂਵਦਾ ਹੈ। ਬਾਣੀ ਬੋਰਥ ਹੈ, ਗੁਰੂ ਲੰਘਾਵਣਹਾਰ ਮਲਾਹ ਹੈ।
ਏਹ ਮਰਦਾਨੇ ਦੀ ਜੁਰੱਅਤ ਦਾ ਹੀ ਕਮਾਲ ਹੈ ਕਿ ਉਹਨਾਂ ਨੇ ਇਸਲਾਮੀ ਦੇਸ਼ਾਂ ਵਿਚ ਰਬਾਬ ਨਾਲ ਕੀਰਤਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ : “ਸੁੰਨ ਮੁਨ ਨਗਰੀ ਭਈ ਦੇਖ ਪੀਰ ਹੋਆ ਹੈਰਾਨਾ”
ਏਹਨਾਂ ਮੁਲਕਾਂ ਵਿਚ “ਪਾਤਾਲਾ ਪਾਤਾਲ ਲਖ ਆਗਾਸਾ ਅਗਾਸ” ਦੇ ਕੀਰਤਨੀ ਸ਼ਬਦ ਗਾਏ। ਪੀਰ ਦੇ ਪੁੱਤਰ ਨੇ ਕਿਹਾ “ਜਾਂ ਇਹ ਕਾਫ਼ਰ ਹੈ ਜਾਂ ਬਾਉਲਾ” ਮਰਦਾਨੇ ਉੱਤਰ ਦਿੱਤਾ। “ਮੈ ਬਾਵਲਾ ਨਹੀਂ ਮੁਰਸ਼ਦ ਦੀ ਅਵਾਜ਼ ਸੁਣਾ ਰਿਹਾ ਹਾਂ” ਜਦੋਂ 4. ਉਹਨਾਂ ਕਿਹਾ ਆਪਣੇ ਮੁਰਸ਼ਦ ਨੂੰ ਬੁਲਾਓ “ਪੀਰ ਉਹ ਕਦੇ ਕਿਸੇ ਦੇ ਸਦਿਆ ਨਹੀਂ ਆਉਂਦਾ, ਬੇਪ੍ਰਵਾਹ ਹੈ। ਆਪ ਭਾਵੇਂ ਕਿਸੇ ਥਾਂ ਚਲਿਆ ਜਾਵੇ। ਸਮੇਂ ਦੇ ਹਾਕਮ ਸਾਹਵੇਂ ਇਹ ਗੱਲ ਕਰ ਦੇਣੀ ਮਰਦਾਨੇ ਜੀ ਦੀ ਦਲੇਰੀ ਦੀ ਸਾਖ ਭਰਦੀ ਹੈ ਤੇ ਉਹ ਵੀ ਕਿਸੇ ਦੂਸਰੇ ਮੁਲਕ ਵਿਚ ਗੁਰੂ ਨਾਨਕ ਸਾਹਿਬ ਸੱਚ ਦਾ ਹੋਕਾ ਦੇ ਰਹੇ ਸਨ । ਭਾਈ ਮਰਦਾਨਾ ਉਹਨਾਂ ਦੇ ਨਾਲ ਰਹਿਕੇ ਸੱਚਾ-ਸੁੱਚਾ ਤਾਂ ਬਣਿਆ ਹੀ ਪਰ ਉਸ ਵਿਚ ਜੁਰੱਅਤ ਪੈਦਾ ਹੋ ਗਈ ਸੀ। ਉਹ ਨਿਰਭੈਅ ਹੋ ਕੇ ਠੀਕ ਗੱਲ ਸਭ ਨੂੰ ਕਹਿ ਸਕਦਾ ਸੀ, ਚਾਹੇ ਕੋਈ ਬਾਦਸ਼ਾਹ ਜਾਂ ਉੱਚ ਦਰਜੇ ਦਾ ਵਲੀ, ਪੀਰ ਜਾਂ ਸੰਤ ਅਥਵਾ ਯੋਗੀ ਹੋਵੇ।
ਸਿਰੜੀ : ਭਾਈ ਮਰਦਾਨਾ
ਮਰਦਾਨਾ ਆਪਣੇ ਸਿਰੜ ਵਿਚ ਪੱਕਾ ਸੀ। ਉਸਨੇ ਬਾਬੇ ਨਾਨਕ ਦਾ ਸਾਥ ਮਨੋਂ ਕਬੂਲ ਕਰ ਲਿਆ। ਇਸ ਲਈ ਉਸਨੂੰ ਪੈਂਡੇ ਦੇ ਬੜੇ ਕਸ਼ਟ ਸਹਾਰਨੇ ਪਏ। ਕਈ ਕਈ ਦਿਨ ਭੁਖਾ ਰਹਿਣਾ ਪਿਆ। ਉਜਾੜਾ, ਥਲਾਂ ਵਿਚ ਦੀ ਭੁੱਖੇ ਪਿਆਸੇ ਰਹਿਣਾ ਪਿਆ। ਮਰਦਾਨਾ ਜੀ ਦੇ ਆਪਣੇ ਸ਼ਬਦਾਂ ਵਿਚ “ਘੱਟ (ਗਲਾ) ਮਿਲ ਗਿਆ ਹੈ ਤਬਕ (ਜ਼ੁਬਾਨ ਜੁੜਿ ਗਏ ਹੈਨਿ, ਹਉ ਮਰਦਾ ਹਾਂ” ਪਰ ਸਿਰੜੀ ਭਾਈ ਮਰਦਾਨਾ ਗੁਰੂ ਬਾਬੇ ਦਾ ਸਾਥ ਨਹੀਂ ਛੱਡਦਾ। ‘ ਉਸਨੇ ਬਾਬੇ ਨਾਨਕ ਨਾਲ ਚਾਰ ਉਦਾਸੀਆਂ ਦਾ ਸਫ਼ਰ ਕੀਤਾ ਤੇ ਇਹ ਸਫ਼ਰ ਲਗਭਗ 39000 ਮੀਲ ਦਾ ਲੰਮਾ ਸਫ਼ਰ ਸੀ। ਇਸ ਦਾ ਉਦੇਸ਼ ਤਾਂ ਲੋਕ ਭਲਾਈ ਹੀ ਸੀ। ਭਾਈ ਮਰਦਾਨੇ ਨੇ ਉਹ ਸਾਰੇ ਤਸੀਹੇ ਝਲੇ ਜੋ ਉਸਦੇ ਮੁਰਸ਼ਦ ਬਾਬੇ ਨੇ ਸਹੇ।
ਇਕ ਵਾਰੀ ਕਲਜੁਗ ਗੁਰੂ ਨਾਨਕ ਸਾਹਿਬ ਨੂੰ ਮਿਲਣ ਆਇਆ “ਤਬਿ ਬਾਬਾ ਦੇਖੈ ਤਾਂ ਅੰਧੇਰੀ ਬਹੁਤ ਆਈ। ਦਰਖਤ ਲਗੇ ਉਡਣ।” ਤਬਿ ਮਰਦਾਨਾ ਬਹੁਤ ਭੈਮਾਨ ਹੋਇਆ, ਅਖਿਓਸ : “ਜੀਉ ਪਾਤਸ਼ਾਹ, ਆਣ ਉਜਾੜ ਵਿਚ ਪਾਇ ਮਾਰਿਓ, ਗੋਰ ਖਫਣਹੁ ਭੀ ਗਏ” ਤਬ ਗੁਰੂ ਬਾਬੇ ਕਹਿਆ, “ਮਰਦਾਨਿਆ ਕਾਹਲਾ ਹੋਹੁ ਨਾਹੀ” ਤਬ ਮਰਦਾਨੇ ਆਖਿਆ, “ਅਜ ਤੋੜੀ ਏਡਾ ਹੋਇਆ ਹਾਂ, ਇਹ ਬਲਾ ਤਾਂ ਨਾਹੀ ਡਿੱਠੀ, ਜੁ ਏਹ ਕੀ ਆਇਆ ਹੈ ਅਸਾਡੇ ਜੀਅੜੇ ਤਾਂਈ । ਤਬ ਅਗਨਿ ਕਾ ਰੂਪ ਦਿਖਾਲਿਆ। ਜੋ ਧੂੰਆਂ ਚਉਹਾ ਧਿਰਾ ਤੋਂ ਉਠਿਆ, ਚਾਰੇ ਕੁੰਡਾਂ ਅਗਨਿ ਹੋਈਆਂ। ਤਬ ਮਰਦਾਨਾ ਮੂੰਹ ਢੱਕ ਕੇ ਪੈ ਰਿਹਾ। ਆਖਿਉਸ : ‘ਜੀਵਨਾ ਰਹਿਆ’ ਬਾਬੇ ਕਿਹਾ ‘ਰਬਾਬ ਸੰਭਾਲ’। ਮਰਦਾਨੇ ਰਬਾਬ ਸੰਭਾਲੀ ਤੇ ਗੁਬਾਰ ਉਡ ਗਏ। ਅਜੇਹੇ ਡਰਾਉਣੇ ਨਜ਼ਾਰੇ ਵੇਖਕੇ ਵੀ ਮਰਦਾਨਾ ਬਾਬੇ ਦੇ ਨਾਲ ਹੀ ਟਿਕਿਆ ਰਹਿੰਦਾ ਹੈ।
ਕਮਾਲ ਤਾਂ ਇਹ ਹੈ, ਜਦ ਵੀ ਕੋਈ ਭਿਆਨਕ ਘਟਨਾ ਵਾਪਰਦੀ ਹੈ, ਮਰਦਾਨਾ ਬੇਹਾਲ ਹੋਇਆ ਮੌਤ ਨੂੰ ਚਿਤਾਰਦਾ ਹੈ ਪਰ ਹਰ ਹਾਲ ਵਿਚ ਉਹ ਸੰਕਟ ਨਵਿਰਤ ਹੋ ਜਾਂਦਾ ਹੈ। ਉਸਦਾ ਹਾਰਿਆ ਹੌਂਸਲਾ ਫ਼ਿਰ ਬੁਲੰਦ ਹੋ ਜਾਂਦਾ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਲਜੁਗ ਜਿਤਿਆ ਗਿਆ। ਇਥੇ ਇਕ ਸੂਖਮ ਨੁਕਤਾ ਉਜਾਗਰ ਹੁੰਦਾ ਹੈ। ਭਿਆਨਕ ਤੋਂ ਭਿਆਨਕ ਸੀਨ, ਵਸਤੂ ਜਾਂ ਕੋਈ ਹੋਂਦ ਕੇਵਲ ਤੇ ਕੇਵਲ ਨਾਮ ਦੇ ਆਸਰੇ ਨਾਲ ਹੀ ਜਿਤੀ ਜਾ ਸਕਦੀ ਹੈ।
ਮਰਦਾਨੇ ਦੇ ਸੁਭਾਓ ਦੇ ਦੋ ਮੀਰੀ ਗੁਣ ਹਨ : ਸੰਸਾ ਤੇ ਵਿਸ਼ਵਾਸ। ਉਹ ਅਨੇਕ ਵਾਰ ਸ਼ੰਕਾਗ੍ਰਸਤ ਹੋ ਜਾਂਦਾ ਹੈ ਪਰ ਉਸਦੇ ਅੰਦਰਲਾ ਵਿਸ਼ਵਾਸ ਉਸ ਵਿਚ ਦ੍ਰਿੜਤਾ ਬਣਾਈ ਰੱਖਦਾ ਹੈ। ਕਰਤਾਰਪੁਰ ਦਾ ਇਕ ਦ੍ਰਿਸ਼ਟਾਤ ਹੈ। ਇਕ ਇਸਤ੍ਰੀ ਗਹਿਣੇ, ਕਪੜਿਆਂ ਨਾਲ ਲੱਦੀ, ਸੱਜੀ ਫ਼ਬੀ ਦੂਰ ਮੱਥਾ ਟੇਕ ਕੇ ਬਹਿ ਗਈ। ਗੁਰੂ ਬਾਬੇ ਨੇ ਉਸ ਵਲ ਦੇਖਿਆ ਹੀ ਨਹੀਂ। ਮਰਦਾਨੇ ਨੂੰ ਹੈਰਾਨੀ ਹੋਈ। ਉਸ ਜਗਿਆਸਾ ਵਸ ਪੁੱਛਿਆ- ਇਹ ਕੌਣ ਹੈ? ਜੋ ਤੁਹਾਡੇ ਵਲ ਆਉਣਾ ਤਾਂ ਚਹੁੰਦੀ ਹੈ ਪਰ ਡਰਦੀ ਆਉਂਦੀ ਨਹੀਂ। ਇਹ ਮਾਇਆ ਹੈ। ਇਸਨੇ ਵੱਡੇ ਵੱਡੇ ਦੇਵਤੇ, ਰਿਖੀ, ਅਵਤਾਰ, ਪੀਰ, ਪੈਗੰਬਰ ਆਪਣੇ ਵਸ ਕਰਕੇ ਬਾਂਦਰ ਵਾਂਗ ਨਚਾਏ ਹਨ। ਇਹ ਪਹਿਲਾਂ ਆਪ ਜਪੀ ਤਪੀ ਮਹਾਂ ਪੁਰਖਾਂ ਦੇ ਪੈਰੀਂ ਲਗਦੀ ਹੈ ਫੇਰ ਉਹਨਾਂ ਨੂੰ ਆਪਣੇ ਪੈਰੀਂ ਲਾ ਲੈਂਦੀ ਹੈ। ਇਹ ਸਾਡੇ ਵਲ ਨਹੀਂ ਆਉਂਦੀ। ਮਰਦਾਨਾ ਬੋਲਿਆ ਬਾਬਾ ਇਹ ਮੈਨੂੰ ਦੇ ਦੇਹ। ਮਰਦਾਨਾ ਜੀ ਤੇ ਹੁਣ ਮਾਇਆ ਦੀ ਸਵਾਰੀ ਹੋ ਗਈ। ਉਹ ਲਗੀ ਮਰਦਾਨਾ ਜੀ ਨੂੰ ਨਚਾਉਣ ਟਪਾਉਣ। ਮਰਦਾਨਾ ਜੀ ਪਰੇਸ਼ਾਨ ਹੋ ਗਏ। ਉਹਨਾਂ ਮਾਇਆ ਰੂਪੀ ਇਸਤ੍ਰੀ ਨੂੰ ਥੱਲੇ ਸੁੱਟ ਮਾਰਿਆ। ਇਹੋ ਸੀ ਮਰਦਾਨੇ ਦਾ ਸਿਰੜ। ਉਸਦੀ ਸਾਰੀ ਉਮਰ ਦੀ ਭਲੀ ਕਮਾਈ, ਨੇਕੀ, ਸਤਿਸੰਗ ਨਾਲ ਜੁੜੀ ਚੇਤਨਾ, ਗੁਰਬਤ ਦਾ ਮਾਰੂ ਅਹਿਸਾਸ ਵੀ ਵਿਚ ਵਿਚ ਸਿਰ ਚੁੱਕਦਾ। ਪਰ ਹੱਥ ਆਈ ਮਾਇਆ ਦਾ ਤਿਆਗ ਕੋਈ ਵਿਰਲਾ ਸਿਰੜੀ ਹੀ ਕਰ ਸਕਦਾ ਹੈ। ਜੋ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੋਵੇ। ਅੰਦਰੋਂ ਗਹਿਰ ਗੰਭੀਰ ਹੋਵੇ ਅੰਦਰੋਂ ਖੋਖਲਾ ਸਿਰੜੀ ਨਹੀਂ ਹੋ ਸਕਦਾ। ਮਰਦਾਨਾ ਤਾਂ ਪੱਕਾ ਸਿਰੜੀ ਹੈ। ਆਪਣੇ ਸਿਰੜ ਕਾਰਣ ਹੀ ਉਹ ਬਾਬੇ ਗੁਰੂ ਦੇ ਕਹਿਣ ‘ਤੇ ‘ਰਬ ਆਪ ਹੀ ਸਭ ਦੀ ਪਾਲਣਾ ਕਰਦਾ ਹੈ’ ਆਪਣੀ ਮਿਰਾਸਣ ਤੇ ਬਾਲ ਬੱਚੇ ਛੱਡ ਬਾਬਾ ਜੀ ਦੇ ਨਾਲ ਹੋ ਤੁਰਦਾ ਹੈ। ਉਸਦਾ ਸਿਰੜ ਹੀ ਉਸ ਤੋਂ ਏਨੀਆਂ ਲੰਮੀਆਂ ਯਾਤਰਾਵਾਂ ਕਰਾਉਂਦਾ ਹੈ। ਉਹ ਵਿਚ ਵਿਚ ਪਰੇਸ਼ਾਨ ਹੋ ਕੇ ਬਾਬਾ ਜੀ ਨੂੰ ਪ੍ਰਸ਼ਨ ਵੀ ਪੁੱਛਦਾ ਹੈ। ਪਰ ਬਾਬਾ ਜੀ “ਸਭ ਦੀ ਪ੍ਰਤਿਪਾਲਣਾ ਰਬ ਆਪ ਹੀ ਕਰਦਾ ਹੈ। ਨਮਾਜ਼ ਤੇ ਰੋਜ਼ਾ ਖੁਦਾ ਦੇ ਘਰੋਂ ਬਖਸ਼ਿਸ਼ ਹੈ। ਖੁਦਾ ਦਾ ਘਰ ਮਹਾਂਪੁਰਖਾਂ ਦਾ ਰਿਦਾ ਹੈ। ਮਰਦਾਨਿਆ ਜੇ ਹੁਣ ਤੂੰ ਸੂਰਮਾ ਹੋਵੇਂ, ਸ਼ਬਦ ਪਾਇਕੈ ਰਾਗ ਨੂੰ ਗਾਵੇਂ ਤਾਂ ਤੇਰਾ ਦੋਹਾਂ ਲੋਕਾਂ ਦਾ ਕਾਰਜ ਹੋਵੇਗਾ।” ਮਰਦਾਨੇ ਨੂੰ ਬਾਬੇ ਦੇ ਬਚਨਾਂ ‘ਤੇ ਅਨਿੰਨ ਭਰੋਸਾ ਹੈ। ਉਹ ਜਦੋਂ ਵੀ ਡੋਲਦਾ ਹੈ, ਬਾਬੇ ਦੇ ਬਚਨ ਉਸਨੂੰ ਦ੍ਰਿੜਤਾ ਦੇ ਦੇਂਦੇ ਹਨ।
ਮਰਦਾਨਾ ਜੀ ਪ੍ਰਖਰ ਬੁੱਧੀ ਦੇ ਮਾਲਕ ਸਨ । ਕਦੀ ਕਦੀ ਉਹ ਬਾਬਾ ਨਾਨਕ ਤੋਂ ਪ੍ਰਸ਼ਨ ਪੁੱਛਕੇ ਆਪਣੀ ਤਸੱਲੀ ਵੀ ਕਰਦੇ। ਇਕ ਦਿਨ ਮਰਦਾਨਾ ਪੁੱਛ ਹੀ ਬੈਠਾ- ‘ਬਾਬਾ, ਇਹ ਜੋ ਕੀਰਤਨ ਹਮ ਗਾਵਤੇ ਹੈਂ, ਇਹ ਹੀ ਸ਼ਬਦ ਹੈ, ਇਸੀ ਮਾਹਿ ਮੁਕਤ ਹੈ ਕਿ ਨਾ, ਉਹ ਸ਼ਬਦ ਕਿਛ ਅਵਰ ਤਾਂ ਨਹੀਂ। ਗੁਰੂ ਬਾਬੇ ਨੇ ਸਮਝਾਇਆ ਹੈ, ਰਬ ਦੀ ਮਹਿਮਾ ਰੂਪੀ ਕੀਰਤਨ ਹੀ ਸ਼ਬਦ ਹੈ। ਸ਼ਬਦ, ਬਾਣੀ, ਨਾਮ, ਸਭ ਇਕੋ ਹੀ ਹੈ। ਇਹਨਾਂ ਦਾ ਗਾਇਨ ਹੀ ਮੁਕਤੀ ਦਾ ਸਾਧਨ ਹੈ। ਉਹ ਮਰਦਾਨਾ ਜਿਸਨੂੰ ਟੱਬਰ ਦੀ ਪਾਲਣਾ ਦਾ ਫ਼ਿਕਰ ਸੀ, ਜਿਸਨੂੰ ਮਾਇਆ ਰੂਪੀ ਇਸਤ੍ਰੀ ਚੰਗੀ ਲਗੀ ਸੀ। ਮਨ ਕਰਕੇ ਦ੍ਰਿੜ ਵਿਸ਼ਵਾਸੀ ਸੀ। ਏਸੇ ਕਰਕੇ, ਜੀਵਨ ਦੀਆਂ ਅਨੇਕ ਵਿਪਰੀਤ ਪਰਿਸਥਤੀਆਂ ਵਿਚ ਵੀ ਉਹ ਬਾਬੇ ਨਾਨਕ ਦਾ ਪੱਕਾ ਮੁਰੀਦ ਹੀ ਰਿਹਾ ਹੈ। ਦਰਅਸਲ, ਇਹ ਉਸਦੇ ਸਿਰੜ ਦਾ ਹੀ ਕਮਾਲ ਸੀ।
(ੳ) ਗੁਰ ਕੀ ਸੇਵਾ ਸੋ ਕਰੇ ਪਿਆਰੇ
ਜਿਸ ਨੋ ਹੋਇ ਦਇਆਲਾ॥
(ਅੰਗ ੮੦੨)
ਭਾਈ ਮਰਦਾਨਾ ਦਾ ਸਿਰੜ ਆਹਲਾ ਦਰਜੇ ਦਾ ਹੈ। ਪਿਤਾ ਕਾਲੂ ਉਸਨੂੰ ਸੁਲਤਾਨਪੁਰ ਬਾਬੇ ਨਾਨਕ ਦੀ ਖਬਰ-ਸੁਰਤ ਲੈਣ ਲਈ ਭੇਜਦਾ ਹੈ । ਉਸਨੂੰ ਪਤਾ ਹੈ, ਉਹ ਬੇਦੀਆਂ ਦਾ ਮਿਰਾਸੀ ਹੈ ਤੇ ਪਿਤਾ ਕਾਲੂ ਜੀ ਦੇ ਸੁਭਾਉ ਤੋਂ ਜਾਣੂ ਵੀ ਹੈ। ਉਹਨਾਂ ਦੀ ਸਖਤੀ ਦਾ ਉਸਦੇ ਪਰਵਾਰ ਨੂੰ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਉਸਦਾ ਸਿਰੜ ਉਸਨੂੰ ਆਪਣੇ ਮਿੱਤਰ ਕੋਲ ਬੰਨ੍ਹ ਬਹਾਉਂਦਾ ਹੈ। ਉਹ ਬਾਬੇ ਨਾਨਕ ਕੋਲ ਰਹਿਣਾ ਹੀ ਮਨਜ਼ੂਰ ਕਰ ਲੈਂਦਾ ਹੈ।। ਵਿਚ ਵਿਚ ੳਸੁ ਨੂੰ ਉਸਦੀ ਮਿਰਾਸਣ ਯਾਦ ਵੀ ਆਉਂਦੀ ਹੈ। ਬੱਚਿਆਂ ਦਾ ਮੋਹ ਵੀ ਸਤਾਉਂਦਾ ਹੈ। ਪਰ ਉਸਦਾ ਸਿਰੜ ਉਸਨੂੰ ਵਾਪਸ ਨਹੀਂ ਜਾਣ ਦੇਂਦਾ। ਤੇ ਉਹ ਬਾਬਾ ਜੀ ਦੀ ਸੇਵਾ ਵਿਚ ਹੀ ਰਹਿਣਾ ਕਬੂਲ ਕਰਦਾ ਹੈ :
ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ।
ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ॥੨॥
(ਅੰਗ ੨੪੩)
ਬਾਣੀਕਾਰ : ਭਾਈ ਮਰਦਾਨਾ
ਬਿਹਾਗੜੇ ਦੀ ਵਾਰ ਮਹਲਾ 4 ਦੀ ਬਾਰਵੀਂ ਪਉੜੀ ਦੇ ਨਾਲ ਤਿੰਨ ਸਲੋਕ ਦਰਜ ਹਨ। ਇਸ ਤੋਂ ਪਹਿਲਾਂ ਕਿ ਇਹਨਾਂ ਸਲੋਕਾਂ ਦੀ ਮੂਲ ਬਾਣੀ ਬਾਰੇ ਵਿਚਾਰ ਕੀਤੀ ਜਾਵੇ ਇਹਨਾਂ ਸਲੋਕਾਂ ਦੇ ਸਿਰਲੇਖ ਉਪਰ ਵਿਚਾਰ ਕਰਨੀ ਲਾਜ਼ਮੀ ਹੈ। ਇਹ ਸਿਰਲੇਖ ਹੈ :
ਸਲੋਕੁ ਮਰਦਾਨਾ ੧
ਇਸ ਬਾਣੀ ਦੇ ਸਿਰਲੇਖ ਤੋਂ ਇਕ ਸੁਆਲ ਪੈਦਾ ਹੁੰਦਾ ਹੈ ਕਿ ਇਸਦਾ ਅਸਲ ਰਚੈਤਾ ਕੌਣ ਹੈ? ਸਲੋਕ ਤਾਂ ਕਾਵਿ-ਰੂਪ ਦਾ ਸੰਕੇਤਕ ਹੈ । ਬਾਣੀ-ਅੰਕਣ ਦੇ ਪ੍ਰਬੰਧ ਅਨੁਸਾਰ ਰਚੈਤਾ ਵਿਸ਼ੇਸ਼ ਦਾ ਨਾਮ ਰਚਨਾ-ਵਿਸ਼ੇਸ਼ ਦੇ ਸਭ ਤੋਂ ਉਪਰ ਅੰਕਿਤ ਦਰਜ ਹੁੰਦਾ ਹੈ। ਧਿਆਨ ਜੋਗ ਨੁਕਤਾ ਇਹ ਹੈ, ਗੁਰੂਜਨਾਂ ਦੇ ਨਾਮ ਦਾ ਸੰਕੇਤ ਮਹਲਾ-ਅੰਕ ਨਾਲ ਦਿੱਤਾ ਜਾਂਦਾ ਹੈ ਤੇ ਸੰਤਾਂ-ਭਗਤਾਂ ਦੇ ਨਾਮ ਉਹਨਾਂ ਦੀਆਂ ਰਚੀਆਂ ਬਾਣੀਆਂ ਉਪਰ ਦਰਜ ਹੁੰਦਾ ਹੈ ਜਿਵੇਂ :-
-ਬਾਣੀ ਭਗਤ ਕਬੀਰ ਜੀ
-ਸਲੋਕ ਸ਼ੇਖ ਫਰੀਦ ਜੀ ਆਦਿ-ਇਸੇ ਤਰ੍ਹਾਂ
-ਸਲੋਕ ਮਰਦਾਨਾ ੧ ਦਰਜ ਹੈ
ਇਸ ਨੇਮ ਦੇ ਅਨੁਸਾਰ ਤਾਂ ‘ਮਰਦਾਨਾ’ ਰਚੈਤਾ ਵਿਸ਼ੇਸ਼ ਦਾ ਸੂਚਕ ਹੈ। ਪਰ. ਨਾਲ ਹੀ ਏਕਾ (੧) ਦਰਜ ਹੈ ਇਸ ਦਾ ਕੀ ਅਰਥ ਹੈ ? ਅਨੁਮਾਨ ਹੈ, ਬਾਣੀ-ਪਾਠ ਕਰਦੇ ਸਮੇਂ ਜਦੋਂ ਵੀ ਕਿਧਰੇ ਕਿਸੇ ਭੁਲੇਖਾ ਉਪਜਣ ਦਾ ਸੰਦੇਹ ਹੋਇਆ ਜਾਂ ਕੋਈ ਕਥਨ ਵਿਚਾਰ ਪਖੋਂ ਹਉਲਾ ਪ੍ਰਤੀਤ ਹੋਇਆ ਤਾਂ ਗੁਰੂ ਸਾਹਿਬਾਨ ਨੇ ਕਦੀ ਤਾਂ ਕੁਝ ਸ਼ਬਦਾਂ ਦੀ ਅਦਲਾ ਬਦਲੀ ਕਰਕੇ ਉਸ ਪਦ ਨੂੰ ਪੂਰਾ ਕਰ ਦਿੱਤਾ ਤੇ ਕਈ ਵਾਰੀ ਜੁਆਬੀ ਬੰਦ ਰਚ ਦਿੱਤਾ । ਉਦਾਹਰਣ ਵਜੋਂ ਮਹਲਾ ੩ ਨੇ ਸਲੋਕ ਫਰੀਦ ਵਿਚ ਸ਼ੰਕਾ ਸਮਾਧਾਨ ਕਰਦਿਆਂ ਹੋਇਆਂ ਜਵਾਬੀ ਸਲੋਕ ਰਚੇ ਹਨ :
ਸਲੋਕ ਅੰਕ 23, 52, 104 ਇਹ ਸਲੋਕ ਕ੍ਰਮਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1378, 1380, 1383 ਪੰਨੇ ਉਪਰ ਦਰਜ ਹਨ। ਹੁਣ ਵਿਚਾਰ ਕਰੀਏ ‘ਮਰਦਾਨਾ’ ੧ ਉਪਰ-ਇਥੇ ‘ਮਰਦਾਨਾ’ ਸ਼ਬਦ ਇਹ ਸੰਕੇਤ ਕਰਦਾ ਹੈ ਕਿ ਇਸ ਸਲੋਕ ਦੇ ਰਚੈਤਾ ਭਾਈ ਮਰਦਾਨਾ ਜੀ ਹਨ ਪਰ ਏਕਾ ਵੀ ਇਸ ਥਾਂ ਅਣਗੌਲਿਆ ਨਹੀਂ ਜਾ ਸਕਦਾ। ਮਾਲੂਮ ਹੁੰਦਾ ਹੈ, ਮਰਦਾਨੇ ਜੀ ਨੂੰ ਅੱਖਰ ਗਿਆਨ ਨਹੀਂ ਸੀ ਕਿਉਂਕਿ ਇਸਦੇ ਬਾਰੇ ਕੋਈ ਸੰਕੇਤ ਪ੍ਰਾਪਤ ਨਹੀਂ ਕਿ ਉਹਨਾਂ ਨੂੰ ਗੁਰਮੁਖੀ ਅੱਖਰ ਬੋਧ ਸੀ। ਹੁਣ ਸੁਆਲ ਹੈ, ਇਸ ਗੁੰਝਲ ਨੂੰ ਕਿਵੇਂ ਹਲ ਕੀਤਾ ਜਾਏ। ਇਸ ਸੰਬੰਧ ਵਿਚ ਸ਼੍ਰੋਮਣੀ ਕਮੇਟੀ ਦਾ ਸ਼ਬਦਾਰਥ ਸਾਡੀ ਮਦਦ ਕਰਦਾ ਹੈ। ਸ਼ਬਦਾਰਥ ਦੇ ਟੀਕਾਕਾਰ ਪ੍ਰਿੰਸੀਪਲ ਤੇਜਾ ਸਿੰਘ ਨੇ ‘ਸਲੋਕ ਮਰਦਾਨਾ 1’ ਗੁਰੂ ਨਾਨਕ ਸਾਹਿਬ ਮਰਦਾਨਾ ਵਲੋਂ ਹੋ ਕੇ ਲਿਖਦੇ ਹਨ। ਕਾਰਣ ਸਪਸ਼ਟ ਹੈ ਸ਼ਾਇਦ ਮਰਦਾਨਾ ਜੀ ਨੂੰ ਗੁਰਮੁਖੀ ਅੱਖਰ ਗਿਆਨ ਨਹੀਂ ਸੀ। ਗੁਰੂ ਨਾਨਕ ਸਾਹਿਬ ਆਪ ਰਬਾਬੀ ਦੇ ਕਦਰਦਾਨ ਸਨ। ਉਹਨਾਂ ਨੇ ਮਰਦਾਨਾ ਉਚਰਿਤ ਬਾਣੀ ਦਾ ਮੂਲ ਬਰਕਰਾਰ ਰੱਖਿਆ ਤੇ (੧) ਏਕਾ ਨਾਲ ਪਾ ਦਿੱਤਾ ਕਿ ਮਰਦਾਨਾ ਜੀ ਦੀ ਬਾਣੀ ਨੂੰ ਖ਼ੁਦ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ। ਅਰਥਾਤ ‘ਗੁਰੂ ਨਾਨਕ ਦੇਵ ਜੀ ਮਰਦਾਨੇ ਵਲੋਂ ਹੋ ਕੇ ਲਿਖਦੇ ਹਨ।” ਜ਼ਾਹਿਰ ਹੈ, ਏਕਾ ਕਿਸੇ ਸੰਦੇਹ ਤੋਂ ਬਚਾਉਂਦਾ ਹੈ। ਤੇ ਇਹ ਗੱਲ ਵੀ ਸਪਸ਼ਟ ਰਹੇ ਕਿ ਭਾਈ ਮਰਦਾਨੇ ਦੀ ਰਚਨਾ ਦੀ ਲਿਖਾਈ ਗੁਰੂ ਬਾਬੇ ਨੇ ਖ਼ੁਦ ਆਪ ਕੀਤੀ ਸੀ। ਹੁਣ ਸੁਆਲ ਰਹਿ ਗਿਆ ਕਿ ਇਹ ਬਾਣੀ ਮਰਦਾਨਾ ਜੀ ਨੂੰ ਸੰਬੋਧਿਤ ਹੈ। ਭਾਈ ਕਾਨ੍ਹ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਇਹ ਸਲੋਕ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਲਿਖੇ ਹਨ। ਤੇ ਇਸ ਰਾਹੀਂ ਉਪਦੇਸ਼ ਦਿੱਤਾ ਹੈ। ਇਸੇ ਤੱਥ ਦੀ ਪ੍ਰੋੜਤਾ ਭਾਈ ਰਤਨ ਸਿੰਘ, ਸਾਹਿਬ ਸਿੰਘ ਨੇ ‘ਗੁਰੂ ਗ੍ਰੰਥ ਜੀ ਵਿਚਲੀ ਭਗਤ ਬਾਣੀ ਤੇ ਉਸਦੇ ਗੁਰਸਿੱਖ” (ਗੁਰਮਤਿ ਟਰੱਸਟ, ਪਟਿਆਲਾ) ਵਿਚ ਕੀਤੀ ਹੈ। ਅਨੁਮਾਨ ਹੈ, ਗੁਰੂ ਸਾਹਿਬ ਨੇ ਇਹਨਾਂ ਸਲੋਕਾਂ ਨੂੰ ਆਪਣੀ ਬਾਣੀ ਦੇ ਨਾਲ ਹੀ ਸਾਂਭ ਲਿਆ। ਪ੍ਰੋ: ਜੋਧ ਸਿੰਘ ਇਸ ਤੱਥ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਬਾਬੇ ਨੇ ਆਪਣੀਆਂ ਰਚਨਾਵਾਂ ਦੀ ਤਰ੍ਹਾਂ ਸਾਂਭ ਕੇ ਪੂਰੀ ਇਮਾਨਦਾਰੀ ਦੇ ਨਾਲ ਸਲੋਕ ਮਰਦਾਨਾ ੧ ਦਾ ਸਿਰਲੇਖ ਦਿੱਤਾ ਹੋਵੇਗਾ। ਭੱਲਾ ਜੇ ਨਿਰਾ ਉਪਦੇਸ਼ ਕੀਤਾ ਹੁੰਦਾ ਤਾਂ ਮਰਦਾਨੇ ਦਾ ਨਾਮ ਸਿਰਲੇਖ ਵਜੋਂ ਲਿਖਣ ਦੀ ਲੋੜ ਨਹੀਂ ਸੀ। ਇਸ ਤੱਥ ਨੂੰ ਇਕ ਹੋਰ ਉਦਾਰਹਣ ਰਾਹੀਂ ਸਪਸ਼ਟ ਕੀਤਾ ਜਾ ਸਕਦਾ ਹੈ।
ਰਾਮਕਲੀ ਦੀ ਵਾਰ ਮਹਲਾ ੩ ਵਿਚ ਗੁਰੂ ਨਾਨਕ ਦੇਵ ਜੀ ਰਚਿਤ ਕੁਝ ਸਲੋਕ ਹਨ ਜੋ ਜੋਗੀਆਂ ਪ੍ਰਤੀ ਉਚਾਰੇ ਗਏ ਹਨ:
ਬੋਲੈ ਈਸਰੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥੨॥
ਬੋਲੈ ਗੋਰਖੁ ਸਤਿ ਸਰੂਪ॥ ਪਰਮ ਤੰਤ ਮਹਿ ਰੇਖ ਨ ਰੂਪੁ॥੩॥
ਬੋਲੈ ਗੋਪੀ ਚੰਦੁ ਸਤਿ ਸਰੂਪੁ॥ ਪਰਮ ਤੰਤੁਮਹਿ ਰੇਖ ਨ ਰੂਪੁ॥੪॥
ਬੋਲੈ ਚਰਪਟੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥੫॥
ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪ॥੬॥
ਰਾਮਕਲੀ ਦੀ ਵਾਰ ਵਿਚ ਇਹ ਪੰਜ ਸਲੋਕ ਉਹ ਹਨ ਜੋ ਮਹਲਾ ੧ ਦੇ ਨਾਲ ਆਰੰਭ ਹੁੰਦੇ ਹਨ ਤੇ ਅੰਤ ਵਿਚ ਜੋਗੀ ਦਾ ਨਾਮ ਹੈ। ਇਹ ਜੋਗੀ ਪ੍ਰਸ਼ਨ ਪੁੱਛਣ ਵਾਲਾ ਹੈ ਕੁਝ ਲੋਕ ਭੁਲੇਖੇ ਵਿਚ ਪੈ ਜਾਂਦੇ ਹਨ ਕਿ ਇਹ ਪੰਜ ਸਲੋਕ ਸਿਧਾਂ ਨੇ ਉਚਾਰੇ ਹੋਏ ਹਨ। ਵਾਸਤਵ ਵਿਚ ਇਹ ਸਲੋਕ ਮਹਲਾ ੧ ਦੁਆਰਾ ਉਚਰਿਤ ਹੀ ਹਨ। ਦੂਜੇ ਮਤ ਅਨੁਸਾਰ ਪ੍ਰਸ਼ਨ ਪੁੱਛਣ ਵਾਲੇ ਜੋਗੀਆਂ ਦੇ ਸ਼ਬਦਾਂ ਵਿਚ ਅਦਲਾ-ਬਦਲੀ ਕਰਕੇ, ਉਹਨਾਂ ਦੇ ਹੀ ਭਾਵ ਨੂੰ ਮਹਲਾ ੧ ਨੇ ਸਿਰਜਿਆ ਹੈ। ਇਸਦਾ ਕਾਰਣ, ਗੁਰੂ ਗ੍ਰੰਥ ਸਾਹਿਬ ਦੀ ਲੇਖਨ-ਵਿਧੀ ਅਨੁਸਾਰ ਜਿਨ੍ਹਾਂ ਨੂੰ ਵੀ ਸੰਬੋਧਨ ਕੀਤਾ ਜਾਂਦਾ ਹੈ ਉਹਨਾਂ ਦਾ ਨਾਮ ਬਾਣੀ-ਰਚਨਾ ਵਿਚ ਤਾਂ ਹੋ ਸਕਦਾ ਹੈ, ਸਿਰਲੇਖ ਵਜੋਂ ਨਹੀਂ। ਜ਼ਾਹਿਰ ਹੈ, ਮਹਲਾ ੧ ਦੇ ਰਚਿਤ ਬਹੁਤ ਸਾਰੇ ਅਜੇਹੇ ਪਦੇ ਉਪਦੇਸ਼ਾਤਮਕ ਵੀ ਹਨ। ਸਾਫ਼ ਹੈ, ਇਹ ਤਿੰਨ ਸਲੋਕ ਮਹਲਾ ੧ ਦੁਆਰਾ ਰਚਿਤ ਨਹੀਂ। ਦੁਹਰਾਉ ਦਾ ਦੋਸ਼ ਲੈ ਕੇ ਵੀ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਸਲੋਕਾਂ ਨਾਲ ਜੋੜਿਆ ਗਿਆ ਵਿਵਾਦ ਨਿਰਮੂਲ ਹੈ।
ਬਿਹਾਗੜੇ ਦੀ ਵਾਰ ਮਹਲਾ ੪ ਵਿਚ 12ਵੀਂ ਪਉੜੀ ਦੇ ਨਾਲ ਤਿੰਨ ਸਲੋਕ ਭਾਈ ਮਰਦਾਨਾ ਜੀ ਦੇ ਰਚਿਤ ਹਨ। ਇਹਨਾਂ ਨੂੰ ਇਸ ਕ੍ਰਮ ਵਿਚ ਦਰਜ ਕੀਤਾ ਗਿਆ ਹੈ :
(1) ਸਲੋਕੁ ਮਰਦਾਨਾ ।੧। (ਅੰਗ ੫੫੩)
(2) ਮਰਦਾਨਾ ।੧। (ਅੰਗ ੫੫੩)
(3) ਸਿਰਲੇਖ ਤੋਂ ਬਗੈਰ (ਅੰਗ ੫੫੩)
ਮੂਲ ਬਾਣੀ ਇਸ ਪ੍ਰਕਾਰ ਹੈ :
ਸਲੋਕੁ ਮਰਦਾਨਾ ।੧। (ਪੰਨਾ ੫੫੩) ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥੧॥
ਸੁਆਲ ਪੈਦਾ ਹੁੰਦਾ ਹੈ, ਰਚਨਾ ਦੇ ਅਖੀਰ ‘ਨਾਨਕ’ ਪਦ ਹੈ ਜੋ ਨਾਨਕ-ਜੋਤ ਦੇ ਅਧਿਕਾਰੀ ਪੁਰਖ ਹੀ ਵਰਤ ਸਕਦੇ ਹਨ ਅਥਵਾ ਗੁਰੂ ਸਾਹਿਬਾਨ ਹੀ। ਕੋਈ ਹੋਰ ਸੰਤ-ਭਗਤ ‘ਨਾਨਕ’ ਪਦ ਵਰਤਣ ਦਾ ਅਧਿਕਾਰੀ ਹੀ ਨਹੀਂ ਹੈ। ਸਪਸ਼ਟ ਹੈ, ਗਿਆਨੀ ਬਦਨ ਸਿੰਘ ਦਾ ਇਹ ਕਹਿਣਾ ਕਿ ਅਖੀਰ ਵਿਚ ‘ਮਰਦਾਨੇ’ ਦਾ ਨਾਮ ਦਰਜ ਨਹੀਂ, ਇਸ ਲਈ ਇਹ ਸਲੋਕ ਮਰਦਾਨੇ ਦੇ ਨਹੀਂ, ਨਿਰਮੂਲ ਹੈ। ਨਿਰਣੈ ਇਹ ਹੋਇਆ ‘ਮਰਦਾਨਾ ੧’ ਸਿਰਲੇਖ ਦੇ ਅਧੀਨ ਲਿਖੀ ਗਈ ਬਾਣੀ ਇਸ ਦਾ ਮੂਲ ਤਾਂ ਮਰਦਾਨਾ ਉਚਰਿਤ ਹੀ ਹੈ। ਗੁਰੂ ਨਾਨਕ ਸਾਹਿਬ ਨੇ ਇਹ ਬਾਣੀ ਮਰਦਾਨੇ ਵਲੋਂ ਹੋ ਕੇ ਲਿਖੀ ਹੈ। ਇਸ ਤਰ੍ਹਾਂ ਇਹ ਵੀ ਹੋ ਗਿਆ ਕਿ ਇਸ ਰਚਨਾ ਦਾ ਮੂਲ-ਕਰਤਾ ਭਾਈ ਮਰਦਾਨਾ ਹੈ ਪਰ ‘ਇਕ’ ਅੰਕ ਤੇ ‘ਨਾਨਕ’ ਪਦ ਦੋਵੇਂ ਇਸ ਤੱਥ ਦੇ ਪੂਰਕ ਹਨ ਕਿ ਮਹਲਾ ੧ ਨੇ ਇਹ ਬਾਣੀ ‘ਮਰਦਾਨੇ ਵਲੋਂ ਹੋ ਕੇ ਲਿਖੀ ਹੈ” ਇਸ ਲਈ ਮਰਦਾਨੇ ਦਾ ਨਾਮ ਰਹਿਣ ਦਿੱਤਾ ਹੈ। ਇਹ ਤਾਂ ਇਕ ਤਰ੍ਹਾਂ ਮਰਦਾਨਾ ਜੀ ਦੀ ਉਚੇਰੀ ਸੰਗਤ ਤੇ ਸੁਰਤਿ ਨੂੰ ਪ੍ਰਵਾਨਗੀ ਦੇਣੀ ਹੈ। 54 ਵਰ੍ਹਿਆਂ ਦੀ ਸੰਗਤ ਨੇ ਭਾਈ ਮਰਦਾਨਾ ਨੂੰ ਵੀ ਬਾਣੀ ਦੀ ਜਾਗ ਲਾਈ ਤੇ ਉਹ ਵੀ ਇਸ ਕਤਾਰ ਵਿਚ ਸ਼ਾਮਲ ਹੋ ਸਕਿਆ ਪਰ ਹੈਰਾਨੀ ਤਾਂ ਉਦੋਂ ਹੁੰਦੀ ਹੈ ਕਿ 1604 ਈ. ਤੋਂ ਲੈ ਕੇ ਅਜ ਤਕ ਸਾਰੇ ਪਰੰਪਰਕ ਅਤੇ ਆਧੁਨਿਕ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ 15 ਸੰਤਾਂ-ਭਗਤਾਂ ਦੀ ਬਾਣੀ ਸਵੀਕਾਰ ਕੀਤੀ ਹੈ। ਮਰਦਾਨਾ ਜੀ ਦੀ ਗਣਨਾ ਇਹਨਾਂ ਭਗਤਾਂ ਦੀ ਬਾਣੀ ਵਿਚ ਨਹੀਂ ਕੀਤੀ ਗਈ। ਇਤਿਹਾਸਕ ਤੱਥਾਂ ਦੇ ਅਨੁਸਾਰ ਪਰੰਪਰਾ ਤੋਂ ਹੀ ਚਾਰ ਸਿੱਖ ਵੀ ਬਾਣੀਕਾਰ ਦੇ ਤੌਰ ਤੇ ਪ੍ਰਵਾਨ ਕੀਤੇ ਜਾਂਦੇ ਰਹੇ ਹਨ : ਭਾਈ ਮਰਦਾਨਾ, ਬਾਬਾ ਸੁੰਦਰ (ਸੱਦ ਦੇ ਕਰਤਾ) ਭਾਈ ਸਤਾ ਅਤੇ ਭਾਈ ਬਲਵੰਡ ਜਿਨ੍ਹਾਂ ਰਾਮਕਲੀ ਦੀ ਵਾਰ ਦਾ ਉਚਾਰਨ ਕੀਤਾ। ਇਹਨਾਂ ਚਾਰ ਸਿੱਖਾਂ ਦੀ ਗਿਣਤੀ ਵਿਚ ਭਾਈ ਮਰਦਾਨਾ ਜੀ ਇਕ ਨੰਬਰ ਤੇ ਆਉਂਦੇ ਹਨ। ਇਥੇ ਇਕ ਹੋਰ ਨੁਕਤਾ ਵੀ ਵਿਚਾਰਨ ਜੋਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕਣ-ਪ੍ਰਬੰਧ ਨੂੰ ਜੇ ਧਿਆਨ ਵਿਚ ਰਖਿਆ ਜਾਏ ਤਾਂ ਇਕ ਹੋਰ ਭਗਤ ਸੂਰਦਾਸ ਜੀ ਹਨ। ਜਿਹਨਾਂ ਦੀ ਇਕੋ ਪੰਕਤੀ 1253 ਪੰਨਾ ਉਪਰ ਅੰਕਿਤ वै :
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥
ਸਾਰੰਗ ਮਹਲਾ ੫ ਸੂਰਦਾਸ॥
ਠੀਕ, ਇਸੇ ਤਰ੍ਹਾਂ, ਇਸੇ ਤਰੀਕੇ ਨਾਲ ਇਹ ਬੀੜ ਦਮਦਮੀ ਤੇ ਬੀੜ ਫਰੀਦਕੋਟ ਵਿਚ ਵੀ ਅੰਕਿਤ ਹੈ।
ਸੁਆਲ ਹੈ, ਜੇ ਸੂਰਦਾਸ ਦੀ ਇਕ ਪੰਕਤੀ ਕਰਕੇ ਉਸਨੂੰ ਬਾਣੀਕਾਰਾਂ ਦੀ ਕੋਟੀ ਵਿਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਧਿਆਨ ਰਹੇ, ਸੂਰਦਾਸ ਦੀ ਸ਼ਮੂਲੀਅਤ ਨਾਲ ਹੀ ਸੰਤਾਂ-ਭਗਤਾਂ ਦੀ ਗਿਣਤੀ ਪੰਦਰਾਂ ਬਣਦੀ ਹੈ। ਫ਼ਿਰ ਭਾਈ ਮਰਦਾਨਾ ਜੀ ਨੂੰ ਇਸ ਕੋਟੀ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਉੱਤਰ ਹੈ, ਭਾਈ ਮਰਦਾਨਾ ਜੀ ਦੀ ਗਣਨਾ ਸਿੱਖਾਂ ਵਿਚ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚਾਰ ਸਿੱਖਾਂ ਦੀ ਬਾਣੀ ਤਸਲੀਮ ਕੀਤੀ ਗਈ ਹੈ। ਇਹ ਚਾਰ ਸਿੱਖ ਹਨ : ਭਾਈ ਮਰਦਾਨਾ, ਬਾਬਾ ਸੁੰਦਰ, ਭਾਈ ਸਤਾ ਤੇ ਬਲਵੰਡ। ਕੁਲ ਮਿਲਾਕੇ,
ਗੁਰੂ ਸਾਹਿਬਾਨ – 6
ਸੰਤ-ਭਗਤ – 15
ਗੁਰੂ ਦੇ ਸਿੱਖ – 4
ਭੱਟ – 11
ਕੁੱਲ = 36
ਛੱਤੀ ਬਾਣੀਕਾਰਾਂ ਦੀ ਬਾਣੀ ਦਾ ਸੰਕਲਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੰਨਿਆ ਤੇ ਸਵੀਕਾਰਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਟੀਕਾ ਫਰੀਦ ਕੋਟ (ਜੋ 1925 ਵਿਚ ਪ੍ਰਕਾਸ਼ਿਤ ਹੋਇਆ) ਤੋਂ ਹੀ ਇਹ ਵਿਵਾਦ ਸ਼ੁਰੂ ਹੋ ਗਿਆ ਕਿ ਭਾਈ ਮਰਦਾਨਾ ਨੇ ਸਲੋਕਾਂ ਦੀ ਰਚਨਾ ਨਹੀਂ ਕੀਤੀ। ਇਸੇ ਗੱਲ ਦਾ ਅਨੁਸਰਣ ਟੀਕਾਕਾਰ ਤੇ ਵਿਦਵਾਨ ਜਨ ਕਰੀ ਤੁਰੀ ਗਏ। ਕਮਾਲ ਤਾਂ ਇਹ ਹੋਇਆ ਹੁਣ ਨਵੇਂ ਵਿਚਾਰਕ ਉਠੇ ਤੇ ਉਹਨਾਂ ਨੇ ਟੀਕਾ ਫਰੀਦਕੋਟ ਦੀ ਗੱਲ ਨੂੰ ਹੀ ਦ੍ਰਿੜ ਕਰਦਿਆਂ ਚਾਰ ਸਿੱਖਾਂ ਦੀ ਬਜਾਇ ਤਿੰਨ ਸਿੱਖਾਂ ਦੀ ਬਾਣੀ ਮੰਨਣੀ ਸ਼ੁਰੂ ਕਰ ਦਿੱਤੀ।
ਦਲੀਲ ਇਹ ਸੀ ਕਿ ਇਹ ਸਲੋਕ ਭਾਈ ਮਰਦਾਨਾ ਜੀ ਨੂੰ ਸੰਬੋਧਿਤ ਕੀਤੇ ਗਏ ਹਨ। ਇਥੋਂ ਜੋਗੀਆਂ ਦੇ ਸਲੋਕਾਂ ਦੇ ਉਦਾਹਰਣ ਰਾਹੀਂ ਇਹ ਵੀ ਸਪਸ਼ਟ ਹੋ ਗਿਆ ਕਿ ਇਹ ਸਲੋਕ ਮਰਦਾਨਾ ਜੀ ਨੂੰ ਸੰਬੋਧਿਤ ਨਹੀਂ ਸਗੋਂ ਗੁਰੂ ਜੀ ਨੇ ‘ਸਲੋਕ ਮਰਦਾਨਾ ੧’ ਮਰਦਾਨਾ ਜੀ ਵਲੋਂ ਹੋ ਕੇ ਲਿਖਿਆ ਹ। ਮਰਦਾਨਾ ਜੀ ਨੂੰ ਗੁਰਮੁਖੀ ਅੱਖਰਾਂ ਦਾ ਬੋਧ ਹੋਵੇ ਇਸ ਦਾ ਕੋਈ ਸੰਕੇਤ ਪ੍ਰਾਪਤ ਨਹੀਂ। ਧਿਆਨ ਰਹੇ, ਮਰਦਾਨਾ ਜੀ ਦੀ ਗਿਣਤੀ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 36 ਬਾਣੀਕਾਰਾਂ ਦੀ ਗਿਣਤੀ ਪੂਰੀ ਹੁੰਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਭਾਗ ਪਹਿਲਾ ਪੰਨਾ 415 ਸੰਨ 1962 ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪਿਆ ਗਿਆ ਸੀ ਇਸ ਵਿਚ ਭਾਈ ਕਾਨ੍ਹ ਸਿੰਘ ਭਾਈ ਮਰਦਾਨਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ 36 ਬਾਣੀਕਾਰਾਂ ਵਿਚੋਂ ਇਕ ਮੰਨਦੇ ਹਨ। ਹੋਰ ਤਾਂ ਹੋਰ ਮਹਾਨ ਕੋਸ਼ ਵਿਚਲੇ ਅੰਦਰਾਜ ਵਿਚ ਵੀ ਉਹ ਮਰਦਾਨਾ ਜੀ ਨੂੰ ਬਾਣੀਕਾਰ ਮੰਨਦੇ ਹੋਏ, ਉਹਨਾਂ ਦੇ ਤਿੰਨ ਸਲੋਕਾਂ ਦੀ ਰਚਨਾ ਮੰਨਦੇ ਹਨ। (955 ਅੰਕ) ਪ੍ਰੋ: ਪਿਆਰਾ ਸਿੰਘ ਪਦਮ, ‘ਗੁਰੂ ਗ੍ਰੰਥ ਰਤਨਾਵਲੀ’ ਪੰਨਾ 140 ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ. ਵਿਭਾਗ ਦੇ ਸਾਬਕਾ ਮੁਖੀ ਡਾ: ਤਾਰਨ ਸਿੰਘ ਸਮੇਤ 36 ਬਾਣੀਕਾਰ ਮੰਨਦੇ ਹੋਏ ਲਿਖਦੇ ਹਨ:-
“ਭਾਈ ਮਰਦਾਨਾ ਕੇਵਲ ਵਜੰਤ੍ਰੀ ਹੀ ਨਹੀਂ ਸੀ, ਸਗੋਂ ਬਹੁਤ ਉੱਚੀ ਅਵਸਥਾ ਵਾਲਾ ਪੁਰਸ਼ ਹੋ ਗਿਆ ਸੀ ਤੇ ਸਤਿਗੁਰੂ ਇਸਨੂੰ ਭਾਈ ਕਹਿ ਕੇ ਯਾਦ ਕਰਦੇ ਸਨ। ਬਿਹਾਗੜੇ ਦੀ ਵਾਰ ਵਿਚ ਮਰਦਾਨੇ ਦੇ ਨਾਂ ਤੇ ਤਿੰਨ ਸਲੋਕ ਦਰਜ ਹਨ ਜਿਨ੍ਹਾਂ ਵਿਚ ਵਿਕਾਰ ਪੈਦਾ ਕਰਨ ਵਾਲੀ ਸ਼ਰਾਬ ਨੂੰ ਕੱਢ ਕੇ ਸੱਚੇ ਨਸ਼ੇ ਦੀ ਸਿਖਿਆ ਦਿੱਤੀ ਗਈ ਹੈ।” ਇਸ ਬਾਣੀ ਦਾ ਮੁਖ ਵਿਸ਼ਾ ਸ਼ਰਾਬ ਦਾ ਨਿਖੇਧ ਹੈ। ਇਸ ਦਾ ਪ੍ਰਤੀਕ ਆਤਮਕ ਪ੍ਰਗਟਾਵਾ ਇਸਨੂੰ ਹੋਰ ਸਪਸ਼ਟ ਤੇ ਸੁਖੈਨ ਬਣਾ ਦੇਂਦਾ ਹੈ। ਕਲਜੁਗ ਭਾਵ ਇਹ ਜ਼ਮਾਨਾ ਸ਼ਰਾਬ ਦੀ ਮਟਕੀ ਹੈ। ਜਿਸ ਵਿਚ ਕਾਮ ਦੀ ਸ਼ਰਾਬ ਹੈ ਤੇ ਮਨ ਪੀਵਣ ਵਾਲਾ ਹੈ।. ਕਲਜੁਗ ਕਰਕੇ ਇਸ ਯੁਗ ਦੇ ਲੋਕਾਂ ਦੇ ਸੁਭਾਉ ਜਾਂ ਵਰਤੋਂ ਅਜੇਹੀ ਹੀ ਬਣ ਗਈ ਹੈ। ਗੁੱਸਾ ਕਟੋਰੀ ਹੈ ਜੋ ਮੋਹ ਨੇ ਭਰ ਰੱਖੀ ਹੈ ਤੇ ਹੰਕਾਰ ਵਰਤਾਵਾ ਹੈ। ਮੋਹ ਭਰਕੇ ਦੇਣ ਵਾਲ਼ਾ ਹੈ ਤੇ ਹੰਕਾਰ ਵਰਤਾਉਣ ਵਾਲਾ ਹੈ। ਮਹਿਫ਼ਲ ਝੂਠੇ ਲਾਲਚ ਦੀ ਹੈ। ਇਹ ਮਜਲਸ ਅਜੇਹੇ ਨਸ਼ੇ ਪੀਕੇ ਖੁਆਰ ਹੁੰਦੀ ਹੈ। ਇਹ ਰੂਪਕ ਸ਼ਰਾਬੀ-ਨਸ਼ਈ ਬਾਰੇ ਹੈ।
ਇਸੇ ਸਲੋਕ ਵਿਚ ਹੁਣ ਦੂਸਰਾ ਰੂਪਕ ਸਿਰਜਿਆ ਹੈ ਸ਼ੁਭ ਕਰਣੀ ਦੀ ਮਟਕੀ * ਬਣਾਕੇ ਉਸ ਵਿਚ ਸੱਚ ਦਾ ਗੁੜ ਪਾਉ। ਸੱਚੇ ਵਾਹਿਗੁਰੂ (ਸੱਚੇ ਨਾਮ) ਦੀ ਅਸਲੀ ਸ਼ਰਾਬ ਬਣਾਉ ਗੁਣਾਂ ਦੇ ਮੰਡੇ ਬਣਾ ਇਹਨਾਂ ਨੂੰ ਸੀਲ ਰੂਪੀ ਘਿਓ ਨਾਲ ਚੋਪੜੋ ਤੇ ਹਯਾ ਨੂੰ ਮਾਸ ਦਾ ਖਾਣਾ ਬਣਾਉ। ਇਹੋ ਜੇਹੀ ਸ਼ਰਾਬ ਗੁਰੂ ਰਾਹੀਂ ਮਿਲਦੀ ਹੈ। ਇਸ ਦੇ ਪੀਣ ਨਾਲ ਮਨ ਦੇ ਵਿਕਾਰ (ਮਾੜੇ ਭਾਵ) ਦੂਰ ਹੋ ਜਾਂਦੇ ਹਨ।
(2) ਮਰਦਾਨਾ ।੧।
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥॥
ਗਿਆਨ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰ॥੨॥
ਇਸ ਰਚਨਾ ਵਿਚਲਾ ਰੂਪਕ ਵੀ ਪਹਿਲੇ ਵਰਗਾ ਹੀ ਹੈ। ਸਰੀਰ ਸ਼ਰਾਬ ਦੀ ਮਟਕੀ ਹੈ। ਆਪਾ ਭਾਵ ਹੰਕਾਰ ਦਾ ਮਾਨੋ ਨਸ਼ਾ ਹੈ। ਤ੍ਰਿਸ਼ਨਾ ਦੀ ਦੌੜ ਭੱਜ ਮਾਨੋ ਮਜਲਸ ਜਾਂ ਸੱਭਾ ਹੈ। ਵਾਸ਼ਨਾ ਦੀ ਕਟੋਰੀ ਹੈ। ਤੇ ਝੂਠ ਨੇ ਇਸ ਨੂੰ ਭਰਿਆ ਹੈ। ਜਮਕਾਲ ਇਸਨੂੰ ਪਿਲਾਉਣ ਵਾਲਾ ਹੈ। ਹੇ ਨਾਨਕ, ਇਸ ਸ਼ਰਾਬ ਦੇ ਪੀਤਿਆਂ ਵਿਕਾਰ ਬਹੁਤੇ ਪੈਦਾ ਹੁੰਦੇ ਹਨ।
ਇਸ ਦੇ ਮੁਕਾਬਲੇ ‘ਤੇ ਵਿਕਾਰਾਂ ਨੂੰ ਕਟਣ ਵਾਲੀ ਸ਼ਰਾਬ ਵੀ ਹੈ ਇਸਨੂੰ ਬਣਾਉਣ ਦਾ ਢੰਗ ਇਹਨਾਂ ਅਗਲੀਆਂ ਪੰਕਤੀਆਂ ਵਿਚ ਹੈ। ਰਬੀ ਗਿਆਨ ਦਾ ਗੁੜ ਹੋਵੇ ਤੇ ਇਸਦੀ ਸ਼ਰਾਬ ਬਣੇ ਇਸ ਦੇ ਨਾਲ ਖਾਣ ਵਾਸਤੇ ਰਬ ਦੀ ਸਿਫ਼ਤ ਸਲਾਹ ਹੋਵੇ। ਹੇ ਨਾਨਕ, ਇਹ ਭੋਜਨ ਸੱਚਾ ਹੈ ਜਿਸ ਵਿਚ ਸੱਚੇ ਨਾਮ ਦਾ ਅਧਾਰ ਹੁੰਦਾ ਹੈ।
(3)
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥
ਸਤ ਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ
ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ॥੩॥
ਹੁਣ ਇਸ ਦੇ ਉਲਟ ਉਹ ਸ਼ਰਾਬ ਕਿਵੇਂ ਬਣਾਈਦੀ ਹੈ ਜਿਸ ਦੇ ਪੀਣ ਨਾਲ ਸਾਰੇ ਵਿਕਾਰ ਕਟੇ ਜਾਂਦੇ ਹਨ। ਇਹ ਸਰੀਰ ਮਟੱਕੀ ਬਣ ਜਾਏ। ਆਪੇ ਦੀ ਲੱਖਤਾ ਭਾਵ ਨਿੱਜ ਸਰੂਪ ਦੀ ਸੋਝੀ, ਸ਼ਰਾਬ, ਜਿਸ ਦੀ ਧਾਰਾ ਅੰਮ੍ਰਿਤ ਹੈ ਅਥਵਾ ਅਮਰ ਕਰ ਦੇਣ ਵਾਲੀ ਹੈ। ਕੂੜੀ ਮਜਲਸ ਦੀ ਥਾਵੇਂ ਸਤਿ ਸੰਗਤਿ ਨਾਲ ਮਿਲਾਪ ਹੋ ਜਾਵੇ। ਕਟੋਰੀ ਲਿਵ ਬਣ ਜਾਏ। ਇਸ ਵਿਚ ਅੰਮ੍ਰਿਤ ਰੂਪੀ ਸ਼ਰਾਬ ਪਾਕੇ ਪੀਤੀ ਜਾਏ। ਜਿਸਦੇ ਪੀਣ ਨਾਲ ਮਨ ਦੇ ਸਾਰੇ ਵਿਕਾਰ, ਪਾਪ, ਆਦਿ ਖਤਮ ਹੋ ਜਾਂਦੇ ਹਨ।
ਇਸ ਸਲੋਕ ਵਿਚ ਵਿਕਾਰਾਂ ਦਾ ਨਸ਼ਾ, ਜੋ ਸਮੇਂ ਦੇ ਪ੍ਰਭਾਵ ਨਾਲ ਸਾਰੇ ਜ਼ਮਾਨੇ ਨੂੰ ਚੜ੍ਹ ਰਿਹਾ ਹੈ। ਹਰ ਬੰਦਾ ਇਸਦੀ ਪਕੜ ਵਿਚ ਹੈ, ਉਸਦੇ ਸਾਰੇ ਪੱਖ ਇਸ ਬਾਣੀ ਬੰਦ ਵਿਚ ਖੋਲ੍ਹੇ ਗਏ ਹਨ।
ਇਹਨਾਂ ਤਿੰਨਾਂ ਸਲੋਕਾਂ ਨੂੰ ਪੜ੍ਹਨ ਉਪਰੰਤ ਇਹ ਅਭਾਸ ਹੁੰਦਾ ਹੈ, ਮਰਦਾਨਾ ਜੀ ਬਾਬਾ ਨਾਨਕ ਦੀ ਸੰਗਤ ਵਿਚ ਆਉਣ ਤੋਂ ਪਹਿਲਾਂ ਗਾਣ-ਵਜਾਣ ਵਾਲੀਆਂ ਮਹਿਫ਼ਲਾਂ ਆਦਿ ਵਿਚ ਜਾਇਆ ਕਰਦਾ ਸੀ। ਇਹ ਮਹਿਫ਼ਲਾਂ ਆਮ ਤੌਰ ਤੇ ਰਈਸ ਆਦਮੀ ਹੀ ਕਰਵਾਉਂਦੇ ਸਨ। ਉਥੇ ਉਹ ਲੋਕ ਸ਼ਰਾਬ ਆਦਿ ਦੀ ਵਰਤੋਂ ਵੀ ਕਰਦੇ ਹੋਣਗੇ। ਸ਼ਾਇਦ, ਉਹੀ ਬਿੰਬ ਉਹਨਾਂ ਨੂੰ ਸੋਚਣ ਲਈ ਮਜ਼ਬੂਰ ਕਰਦਾ ਰਿਹਾ। ਜਦੋਂ ਬਾਬੇ ਗੁਰੂ ਦੀ ਸੰਗਤ ਵਿਚ ਆਏ ਤਾਂ ਮਹੌਲ ਬਿਲਕੁਲ ਬਦਲ ਗਿਆ।
ਜਦੋਂ ਵੇਲਾ ਆਇਆ ਬਾਣੀ ਉਚਾਰਨ ਦਾ ਤਾਂ ਜੋ ਅਖਾਂ ਨਾਲ ਵੇਖਿਆ ਜਾਂ ਹਡਾਂ ਨਾਲ ਬੀਤਿਆਂ ਸੀ। ਉਸੇਦਾ ਅਨੁਭਵ ਇਸ ਬਾਣੀ ਵਿਚ ਉਤਾਰ ਦਿੱਤਾ। ਉਂਞ ਹੈ ਇਹ ਬੜਾ ਹੀ ਖੂਬਸੂਰਤ ਰੂਪਕ। ਸਰੀਰ ਦੀ ਮਟਕੀ, ਤ੍ਰਿਸ਼ਨਾ ਦੀ ਬਹੁਰੰਗੀ ਮਜਲਸ, ਜਿਸ ਦੀ ਪੂਰਤੀ ਲਈ ਝੂਠ ਦਾ ਸਹਾਰਾ, ਜੋ ਸਾਰੇ ਆਸੁਰੀ ਗੁਣਾਂ ਦੀ ਜੜ੍ਹ ਹੈ-ਸ਼ਰਾਬ। ਜਮਕਾਲ ਬੰਦੇ ਨੂੰ ਆਪਣੇ ਕਾਲਚੱਕਰ ਵਿਚ ਫ਼ਸਾ ਕੇ ਇਹ ਨਸ਼ਾ ਅਥਵਾ ਸ਼ਰਾਬ ਨਿੱਤ ਪਿਲਾਈ ਜਾ ਰਿਹਾ ਹੈ। ਮਨੁੱਖੀ ਵਾਸਨਾਵਾਂ ਕਿਸ ਤਰ੍ਹਾਂ ਕਾਲ-ਚੱਕਰ ਵਿਚ ਪਾ ਕੇ ਬੰਦੇ ਨੂੰ ਘੁੰਮਾਈ ਰੱਖਦੀਆਂ ਹਨ ਤੇ ਇਸ ਤੋਂ ਛੁਟਣ ਨਹੀਂ ਦੇਂਦੀਆਂ।
ਕਮਾਲ ਤਾਂ ਇਹ ਹੈ, ਇਸ ਰੂਪਕ ਨੂੰ ਉਲਟਾ ਲਿਆ ਗਿਆ ਹੈ। ਵਸਤੂ -ਸਾਮਗ੍ਰੀ ਉਹੋ ਹੈ। ਸ਼ਰਾਬ, ਕਟੋਰੀ, ਮਟਕੀ ਮਜਲਸ ਅਤੇ ਮਨੋਰਥ। ਹੁਣ ਮਨੁਖੀ ਦੇਹੀ ਮਟਕੀ ਹੈ। ਵਖੋ ਵਖ ਤ੍ਰਿਸ਼ਨਾਵਾਂ ਦੀ ਸੱਭਾ ਲਗੀ ਹੈ। ਜਿਸਦੀ ਸਾਜ ਸਜਾਵਟ ਵਿਚ ਕੂੜ ਦੀ ਪੂਰੀ ਸਹਾਇਤਾ ਹੈ। ਕਟੋਰੀ ਇਸ ਵਿਚਲਾ ਨਸ਼ਾ ਹੈ ਜਿਸ ਦੇ ਲੋਰ ਵਿਚ ਜੀਵਾਤਮਾ ਘੁੰਮਦੀ ਹੀ ਰਹਿੰਦੀ ਹੈ ਤੇ ਸਮੇਂ ਦਾ ਕਾਲ-ਚਕਰ ਇਸਨੂੰ ਆਪਣੀ ਗ੍ਰਿਫ਼ਤ ਤੋਂ ਮੁਕਤ ਨਹੀਂ ਕਰਦਾ। ਇਹ ਸਾਰਾ ਕੁਝ ਜਿਵੇਂ ਕੁਦਰਤ ਵਲੋਂ ਹੀ ਕਲਜੁਗ ਦੇ ਪ੍ਰਭਾਵ ਕਾਰਣ ਇਸ ਤਰ੍ਹਾਂ ਵਰਤ ਰਿਹਾ ਹੈ। ਜੀਵਾਤਮਾ ਲਾਚਾਰ ਇਸ ਭ੍ਰਮਜਾਲ ਤੋਂ ਛੁੱਟਦੀ ਨਹੀਂ।
ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਮਰਦਾਨੇ ਜੀ ਦੇ ਤਿੰਨ ਸਲੋਕ ਪ੍ਰਗੀਤ ਰਾਹੀਂ ਪ੍ਰਵਾਨ ਚੜ੍ਹਦੇ ਹਨ। ਸਲੋਕ ਕਾਵਿ ਛੰਦਾਂ ਦੇ ਅਨੁਸਾਰੀ ਹਨ। ਲਗਭਗ ਸਾਰੀਆਂ ਕਾਵਿ ਜੁਗਤਾਂ ਇਸ ਵਿਚ ਆਪੋ ਆਪਣਾ ਸੀਰ ਪਾਉਂਦੀਆਂ ਹਨ। ਰੂਪਕ, ਅਲੰਕਾਰ, ਪ੍ਰਤੀਕ, ਇਸਦੇ ਵਿਸ਼ੇਸ਼ ਅੰਗ ਹਨ। ਬਾਣੀ ਸੁਭਾਓ ਦੇ ਅਨੁਸਾਰ ਇਸ ਵਿਚ ਬਲ ਸਾਰੇ ਦਾ ਸਾਰੇ ਅਧਿਆਤਮਕ ਪ੍ਰਾਪਤੀ ਵਲ ਹੈ। ਜਦ ਤਕ ਮਨੁਖੀ ਮਨੋਵਿਕਾਰ ਸਮਾਪਤ ਨਹੀਂ ਹੁੰਦੇ ਮਨ ਸ਼ਾਂਤ ਹੋ ਕੇ ਅੰਮ੍ਰਿਤ ਰਸ ਦੀ ਭਰੀ ਕਟੋਰੀ ਪੀ ਨਹੀਂ ਸਕਦਾ। ਜਿਸਨੂੰ ਨਾਮ ਰਸ ਦਾ ਨਸ਼ਾ ਚੜ੍ਹ ਗਿਆ ਉਸ ਲਈ ਬਾਕੀ ਦੇ ਸਾਰੇ ਨਸ਼ੇ ਬੇਕਾਰ ਹੋ ਜਾਣਗੇ। ਇਕ ਸਾਰ ਗਰਭਿਤ ਪ੍ਰੇਰਣਾ ਇਸ ਬਾਣੀ ਦਾ ਲਾਜ਼ਮੀ ਅੰਗ ਹੈ। ਕੁਲ ਮਿਲਾਕੇ, ਆਦਿ ਕਾਲ ਤੋਂ ਹੀ ਸੰਗੀਤ ਅਤੇ ਕਾਵਿ ਦਾ ਬੜਾ ਗਹਿਰਾ ਸੰਬੰਧ ਰਿਹਾ ਹੈ। ਇਸ ਲਈ ਸਾਰੇ ਢਾਢੀ ਤੇ ਰਬਾਬੀ ਇਸ ਹੁਨਰ ਨਾਲ ਮੁੱਢ ਤੋਂ ਹੀ ਜੁੜੇ ਰਹੇ ਹਨ। ਸ਼ਾਇਦ ਏਹੋ ਕਾਰਣ ਹੈ, ਮਰਦਾਨਾ ਜੀ ਜਿਥੇ ਰਬਾਬ ਵਿਚ ਅਤਿ ਦਰਜੇ ਦੇ ਮਾਹਿਰ ਸਨ ਉਥੇ ਕਾਵਿ ਕਲਾ ਵਿਚ ਵੀ ਪ੍ਰਬੀਨ ਸਨ। ਬਾਣੀ ਦੇ ਇਹ ਤਿੰਨੇ ਸਲੋਕ ਕਾਵਿ ਕਲਾ ਦੇ ਪਖੋਂ ਕਾਫ਼ੀ ਉਚੇਰਾ ਸਥਾਨ ਰੱਖਦੇ ਹਨ। ਇਹਨਾਂ ਵਿਚ ਕਾਵਿ ਜੁਗਤਾਂ ਦੀ ਸੁਚੱਜੀ ਵਰਤੋਂ ਨੇ ਇਹਨਾਂ ਸਲੋਕਾਂ ਵਿਚ ਹੋਰ ਨਿਖਾਰ ਪੈਦਾ ਕੀਤਾ ਹੈ । ਧਾਰਮਿਕ ਕਾਵਿ ਦੀ ਤਰ੍ਹਾਂ ਇਹ ਸਲੋਕ ਉਪਦੇਸ਼ਮੁਖ ਵੀ ਹਨ ਤੇ ਉਸ ਕਰਮ ਕਾਂਡ ਨੂੰ ਦ੍ਰਿੜ ਕਰਾਉਂਦੇ ਹਨ ਜੋ ਜੀਵਨ ਨੂੰ ਸਹੀ ਮਾਰਗ ਤੇ ਲਿਜਾਣ ਲਈ ਸੇਧ ਵੀਂ ਦੇਂਦੇ ਹਨ। ਇਸ ਵਿਚ ਅਧਿਆਤਮਕ ਵਿਕਾਸ ਵਿਚ ਸਤਿ ਸੰਗਤ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਗਿਆ ਹੈ :
ਸਤਸੰਗਤਿ ਸਿਉ ਮੇਲਾਪੁ ਹੋਇ
ਲਿਵ ਕਟੋਰੀ ਅੰਮ੍ਰਿਤ ਭਰੀ
ਪੀ ਪੀ ਕਟਹਿ ਬਿਕਾਰ ॥੩॥
(ਅੰਗ (੫੫੩)
ਜ਼ਾਹਿਰ ਹੈ, ਬਾਣੀਕਾਰ ਮਰਦਾਨਾ ਗੁਰਮਤਿ ਸਕੂਲ ਦੇ ਸਾਰੇ ਗੁਣ-ਲੱਛਣਾਂ ਨਾਲ ਭਰੀਪੂਰੀ ਬਾਣੀ-ਸਿਰਜਣਾ ਕਰਮ ਵਿਚ ਪੂਰੇ ਉਤਰਦੇ ਹੋਏ, ਇਕ ਵਿਲੱਖਣ ਰੂਪਕ ਦੀ ਸਿਰਜਣਾ ਕਰਕੇ ਪ੍ਰਬੀਨ ਬਾਣੀਕਾਰ ਦੇ ਰੂਪ ਵਿਚ ਸਾਹਮਣੇ ਆਏ ਹਨ। ਇਸਦਾ ਸਿਰਲੇਖ ‘ਮਰਦਾਨਾ ੧’ ਇੰਜ ਜਾਪਦਾ ਹੈ ਜਿਵੇਂ ਗੁਰੂ ਬਾਬੇ ਨੇ ਭਾਈ ਮਰਦਾਨੇ ਨੂੰ ਬਾਣੀ ਰੂਪੀ ਸਿਰੋਪਾਉ ਦੇ ਕੇ ਆਪਣੇ ਨਜ਼ਦੀਕ ਆਪਣੀ ਕਤਾਰ ਵਿਚ ਖੜਾ ਕਰ ਲਿਆ ਹੈ। ਬਾਣੀਕਾਰ ਗੁਰੂ ਨਾਨਕ ਨੇ ਆਪਣੇ ਰਬਾਬੀ ਨੂੰ ਬਾਣੀ ਦਾ ਹੀ ਸਿਰੋਪਾਉ ਪਹਿਨਾਇਆ ਹੈ ਜਿਸ ਨਾਲ ਉਹ ਬਾਣੀਕਾਰਾਂ ਦੀ ਕਤਾਰ ਵਿਚ ਖਲੋਣ ਜੋਗ ਹੋ ਗਿਆ ਹੈ।
ਅੰਤ ਵਿਚ, ਖੇਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਹੋਰ ਬਾਣੀਕਾਰ ਦੇ ਬਾਰੇ ਕਿੰਤੂ ਨਹੀਂ ਕੀਤਾ ਗਿਆ। ਕੇਵਲ ਤੇ ਕੇਵਲ ਇਹ ਕਿੰਤੂ ਭਾਈ ਮਰਦਾਨਾ ਜੀ ਬਾਰੇ ਹੋਇਆ ਹੈ। ਇਸੇ ਤਰ੍ਹਾਂ ਇਹਨਾਂ ਸਲੋਕਾਂ ਦੀ ਗਿਣਤੀ ਬਾਰੇ ਤਿੰਨ ਹਨ, ਦੋ ਹਨ ਜਾਂ ਇਕ। ਆਪਣੇ ਤੌਰ ਤੇ ਇਹਨਾਂ ਸ਼ੰਕਿਆਂ ਦਾ ਸਮਾਧਾਨ ਬਹੁਤਾ ਕਰਕੇ ਪੂਰਬਲੇ ਸਥਾਪਿਤ ਵਿਦਵਾਨਾਂ ਦੇ ਕਥਨ ਨੂੰ ਮੱਦੇ ਨਜ਼ਰ ਰੱਖਕੇ ਹੀ ਕੀਤਾ ਹੈ ਪਰ ਫ਼ਿਰ ਵੀ ਕੁਝ ਵਿਦਵਾਨ ਵਖਰੀ ਰਾਇ ਰੱਖ ਸਕਦੇ ਹਨ।
ਧਿਆਨ ਜੋਗ ਨੁਕਤਾ ਤਾਂ ਇਹ ਹੈ, ਪਹਿਲੇ ਦੋ ਸਲੋਕਾਂ ਨਾਲ ਤਾਂ ਮਰਦਾਨੇ ਜੀਅ ਦਾ ਨਾਮ ਸਿਰਲੇਖ ਵਜੋਂ ਦਿੱਤਾ ਗਿਆ ਹੈ :
ਸਲੋਕ ਮਰਦਾਨਾ ੧
ਮਰਦਾਨਾ ੧
ਬਿਨਾ ਸਿਰਲੇਖ
= ਜੋ ਕਿਸੇ ਸ਼ੰਕੇ ਦੇ ਮੁਹਤਾਜ ਨਹੀਂ।
ਗੁਰੂ ਗ੍ਰੰਥ ਸਾਹਿਬ ਵਿਚ ਸਲੋਕ ਅੰਕਣ-ਵਿਧੀ ਅਨੁਸਾਰ ਮਹਲਾ-ਸੰਕੇਤ ਹੈ ਵੀ ਤੇ ਨਹੀਂ ਵੀ। ਪਰ ਜੇ ਸਲੋਕ ਦੀ ਵਸਤੂ-ਸਾਮਗ੍ਰੀ ਉਪਰ ਧਿਆਨ ਕੇਂਦਰਿਤ ਕੀਤਾ ਜਾਏ ਤਾਂ ਇਹ ਤੀਸਰਾ ਸਲੋਕ ਪਹਿਲੇ ਦੋ ਸਲੋਕਾਂ ਦੀ ਕੜੀ ਹੀ ਜਾਪਦਾ ਹੈ। ਨਾਲੇ ਪਰੰਪਰਾ ਤੋਂ ਭਾਈ ਕਾਨ੍ਹ ਸਿੰਘ ਨਾਭਾ, ਸ੍ਰ. ਪਿਆਰਾ ਸਿੰਘ ਪਦਮ ਤੇ ਡਾ. ਤਾਰਨ ਸਿੰਘ ਆਦਿ ਇਹ ਤਿੰਨੇ ਸਲੋਕ ਮਰਦਾਨਾ ਜੀ ਉਚਰਿਤ ਹੀ ਮੰਨਦੇ ਹਨ ਤੇ ਮੇਰੀ ਅਦਨਾ ਜੇਹੀ ਰਾਇ ਉਹਨਾਂ ਦੀ ਪੁਸ਼ਟੀ ਕਰਦੀ ਹੈ।
ਭਾਈ ਮਰਦਾਨਾ ਪਹਿਲਾ ਕੀਰਤਨੀਆ
ਭਾਈ ਮਰਦਾਨਾ ਉਹ ਭਾਗਸ਼ੀਲ ਜੀਉੜਾ ਹੈ ਜਿਸਨੇ ਗੁਰਮਤਿ ਸੰਗੀਤ ਗੁਰੂ ਬਾਬੇ ਦੇ ਸਨਮੁਖ ਬੈਠਕੇ ਸਿੱਖਿਆ। ਇਸੇ ਤੋਂ ਹੀ ਇਹ ਧਾਰਣਾ ਵੀ ਬਣ ਗਈ ਕਿ ਗੁਰਮਤਿ ਸੰਗੀਤ ਸਨਮੁਖ ਸੰਗੀਤ ਹੈ। ਇਸਦੀ ਗਾਇਕੀ ਸ਼ੈਲੀ ਸਨਮੁਖ ਬੈਠ ਕੇ ਹੀ ਸਿਖੀ ਜਾ ਸਕਦੀ ਹੈ। ਜਦ ਕਿ ਹੋਰ ਸ਼ਾਸਤਰੀ ਸੰਗੀਤ ਦੇ ਲਿਖਤੀ ਸਿਧਾਂਤ ਮੌਜੂਦ ਹਨ। ਗੁਰਮਤਿ ਸੰਗੀਤ ਦੀ ਸਿੱਖਿਆ ਗੁਰੂ ਘਰ ਦੇ ਰਾਗੀਆਂ, ਰਬਾਬੀਆਂ ਨੂੰ ਗੁਰੂ ਸਾਹਿਬਾਨ ਤੋਂ ਪ੍ਰਾਪਤ ਹੋਈ। ਇਹੀ ਸਿੱਖਿਆ ਸੀਨਾ-ਬ-ਸੀਨਾ ਅਗੇ ਤੁਰਦੀ ਆਈ।
ਗੁਰਮਤਿ ਸੰਗੀਤ ਨੇ ਕੁਝ ਆਪਣੇ ਨਿੱਜੀ ਸ਼ਬਦ ਪਰਿਭਾਸ਼ਿਤ ਕੀਤੇ। ਮਸਲਨ ਪ੍ਰਾਚੀਨ ਸਮੇਂ ਗਾਉਣ ਵਾਲੇ ਨੂੰ ਗੰਧਰਬ ਤੇ ਸਾਜ਼ ਵਜਾਉਣ ਵਾਲੇ ਨੂੰ ਕਿੰਨਰ ਕਿਹਾ ਜਾਂਦਾ ਸੀ। ਗੁਰੂ ਸਾਹਿਬ ਨੇ ਗੁਰਮਤਿ ਸੰਗੀਤ ਵਿਚ ਗਾਂਧਰਵ ਨੂੰ ਗਾਵਣਹਾਰਾ ਤੇ ਕਿੰਨਰ ਨੂੰ ਵਾਵਨਹਾਰ ਕਰ ਦਿੱਤਾ ਜਿਸਨੂੰ ਅੱਜ ਅਸੀ ਗਵਈਆ ਗਾਇਕ ਜਾਂ ਰਾਗੀ ਕਹਿੰਦੇ ਹਾਂ। ਗੁਰਮਤਿ ਸੰਗੀਤ ਨੇ ਕੁਝ ਹੋਰ ਗਾਇਨ-ਪਦਾਂ (terminology) ਦੀ ਕਾਢ ਕੱਢੀ। ਜੇਹਾ ਕਿ ਘਰ, ਰਹਾਉ ਆਦਿ। ਇਹਨਾਂ ਦੀ ਵਰਤੋਂ ਗਾਇਨ ਸਮੇਂ ਕਿਵੇਂ ਕਰਨੀ ਹੈ ਇਸਦੀ ਮੁਹਾਰਤ ਭਾਈ ਮਰਦਾਨਾ ਜੀ ਨੇ ਬਾਬੇ ਨਾਨਕ ਪਾਸੋਂ ਲਈ। ਇਸੇ ਤਰ੍ਹਾਂ ਬਾਣੀ ਬੋਹਿਥ ਵਿਚ ਰਾਗ ਦੀ ਸਿਰਮੌਰਤਾ ਹੈ। ਕਾਵਿ (ਪਦੇ) ਰਾਗ ਦੇ ਆਧੀਨ ਹਨ। ਇਸੇ ਤਰ੍ਹਾਂ ਲੈਅਕਾਰੀ (ਤੁਕ) ਕਾਵਿ ਦੇ ਅਧੀਨ ਹੈ। ਇਸੇ ਤਰ੍ਹਾਂ ਉਸ ਤੋਂ ਬਾਅਦ ਲੋਕ ਰੂਪ-ਸ਼ੈਲੀਆਂ ਜਾਂ ਲੋਕ ਧੁਨਾਂ ਉਦਾਹਰਣ ਵਜੋਂ :
ਸੋਰਠ ਮਹਲਾ 5 ਚਉਪਦੇ ਚਉਤਕੇ
ਗਾਉਣ ਲਗੇ ਰਾਗ-ਬੰਦਿਸ਼ ਦੇ ਨਾਲ ਪਦਿਆਂ ਅਤੇ ਤੁਕਾਂ ਦਾ ਧਿਆਨ ਕਿਵੇਂ ਰੱਖਣਾ ਹੈ? ਅਜੇਹੀ ਤਕਨੀਕ ਬਾਬਾ ਜੀ ਹੀ ਸਿਖਾ ਸਕਦੇ ਸਨ। ਵਾਰਾਂ ਗਾਉਂਦੇ ਸਮੇਂ ਧੁੰਨਾਂ ਨੂੰ ਨਾਲ ਕਿਵੇਂ ਜੋੜਨਾ ਹੈ? ਇਸੇ ਤਰ੍ਹਾਂ ਗਾਇਨ ਸ਼ੈਲੀਆਂ ਮਸਲਨ :
ਪਹਿਰੇ
ਥਿਤੀ
ਬਾਰਾਂਮਾਹ
ਛੰਤ
ਆਲਹੁਣੀਆ
ਕੁਚੱਜੀ ਸੁਚੱਜੀ
ਪਟੀ
ਇਕ ਗੱਲ ਬਹੁਤ ਹੀ ਸਪਸ਼ਟ ਹੈ, ਉਪਰ ਸੰਕੇਤਕ ਬਾਣੀਆਂ ਸਿਧਾਂਤਕ ਤੇ ਲੋਕ ਰੂਪ ਸ਼ੈਲੀਆਂ ਵੀ ਹਨ। ਇਹ ਸਾਰੀਆਂ ਰਾਗ ਵਿਸ਼ੇਸ਼ ਦੀ ਅਧੀਨਗੀ ਸਵੀਕਾਰ ਕਰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿਚ ਰਾਗ ਵਿਸ਼ੇਸ਼ ਦੀ ਪ੍ਰਧਾਨਤਾ ਹੈ। ਸੁਆਲ ਹੈ, ਇਹ ਮਹਿਜ਼ ਸਿਰਲੇਖ ਹੀ ਹਨ ਜਾਂ ਇਹਨਾਂ ਦੀ ਕੋਈ ਆਪਣੀ ਗਾਇਨ ਸ਼ੈਲੀ ਵੀ ਹੈ। ਜੇ ਬਾਣੀ ਵਿਸ਼ੇਸ਼, ਸ਼ੈਲੀ ਵਿਸ਼ੇਸ਼ ਦੀ ਧਾਰਨੀ ਹੈ, ਤਾਂ ਰਾਗ ਦੀ ਪ੍ਰਮੁਖਤਾ ਵਿਚ ਸ਼ੈਲੀ ਵਿਸ਼ੇਸ਼ ਦੀ ਗੌਣਤਾ ਗਾਇਨ ਵਿਚ ਕਿਸ ਤਰ੍ਹਾਂ ਪੇਸ਼ ਕੀਤੀ ਜਾਏਗੀ। ਮਿਸਾਲ ਵਜੋਂ ‘ਪਹਿਰੇ’ ਇਹ ਸ੍ਰੀ ਰਾਗ ਦੇ ਅੰਤਰਗਤ ਦਰਜ ਹਨ। ਸ੍ਰੀ ਰਾਗ ਵਿਚ ਦਰਜ ਬਾਣੀ ਗਾਇਨ ਕਰਦੇ ਸਮੇਂ ‘ਪਹਿਰੇ’ ਕਿਸ ਤਰ੍ਹਾਂ ਵਿਚ ਸ਼ਾਮਲ ਹੋਣਗੇ-ਅਨੁਮਾਨ ਹੈ, ਅਜੇਹੀਆਂ ਤਕੀਨੀਕੀ ਸੇਧਾਂ ਗੁਰੂ ਬਾਬੇ ਨੇ ਭਾਈ ਮਰਦਾਨੇ ਨੂੰ ਦਿੱਤੀਆਂ ਹੋਣਗੀਆਂ। ਹੁਣ ਦੂਸਰਾ ਪ੍ਰਸ਼ਨ ਹੈ, ਰਾਗ ਬੱਧ ਬਾਣੀ ਦੇ ਅਧੀਨ ਸਿਧਾਂਤਕ ਬਾਣੀਆਂ ਵੀ ਦਰਜ ਹਨ। ਮਸਲਨ:
ਸਿਧ ਗੋਸਟਿ
ਪਟੀ
ਦੱਖਣੀ ਓਅੰਕਾਰ
ਅਜੇਹੀਆਂ ਬਾਣੀਆਂ ਰਾਗ ਵਿਸ਼ੇਸ਼ ਵਿਚ ਗੌਣ ਹਨ ਤੇ ਗਾਣ ਸਮੇਂ ਇਹਨਾਂ ਦੀ ਕੀ ਭੂਮਿਕਾ ਹੋਵੇਗੀ? ਅਜੇਹੇ ਪ੍ਰਸ਼ਨਾਂ ਦਾ ਸਮਾਧਾਨ ਗੁਰੂ ਬਾਬੇ ਨੇ ਕੀਤਾ ਹੋਵੇਗਾ ਜੋ ਸਾਡੇ ਪਾਸ ਨਹੀਂ ਪਹੁੰਚਿਆ ਜਾਂ ਫ਼ਿਰ ਮੌਖਿਕ ਗਾਇਨ ਸ਼ੈਲੀ ਦੇ ਦੌਰ ਵਿਚ ਹੀ ਗੁਆਚ ਗਿਆ। ਜਿਸ ਤਰ੍ਹਾਂ ਸਮੇਂ ਨਾਲ ਗੁਰੂ ਘਰ ਦੀ ਪ੍ਰਫੁਲਤਾ ਹੋਈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਤਕ ਪੁੱਜਦੇ ਪੁੱਜਦੇ ਗੁਰਮਤਿ ਸੰਗੀਤ ਦਾ ਤਕਨੀਕੀ ਪੱਖ ਵੀ ਪੁਖਤਾ ਹੋ ਗਿਆ ਹੋਵੇਗਾ ਪਰ ਇਸਦੀ ਲਿਖਤ ਥਿਊਰੀ ਨਾ ਹੋਣ ਕਰਕੇ ਇਹ ਮੌਖਿਕਤਾ ਦੇ ਦੌਰ ਵਿਚ ਹੀ ਰਿਹਾ ਤੇ ਸਮੇਂ ਨਾਲ ਹੌਲੀ ਹੌਲੀ ਅਲੋਪ ਹੋ ਗਿਆ। ਕੁਲ ਮਿਲਾ ਕੇ ਭਾਈ ਮਰਦਾਨਾ ਜੀ ਪਹਿਲੇ ਗਾਇਕ ਹਨ ਜਿਨ੍ਹਾਂ ਨੇ ਗੁਰੂ ਬਾਬੇ ਦੇ ਸਨਮੁਖ ਬੈਠਕੇ ਗੁਰਮਤਿ ਸੰਗੀਤ ਦਾ ਤਕਨੀਕੀ ਪੱਖ ਸਿੱਖਿਆ ਤੇ ਅਮਲੀ ਰੂਪ ਦਿੱਤਾ।
ਤੀਸਰਾ ਸੁਆਲ ਹੋ ਸਕਦਾ ਹੈ, ਗੁਰੂ ਸਾਹਿਬ ਨੇ ਸਾਜ਼ ਵਜੋਂ ਰਬਾਬ ਨੂੰ ਹੀ ਕਿਉਂ ਚੁਣਿਆ? ਰਬਾਬ ਇਕ ਤਾਂ ਸਾਈਜ਼ ਵਿਚ ਛੋਟਾ ਹੈ, ਚੁੱਕਣ ਵਿਚ ਥੋੜ੍ਹਾ ਅਸਾਨ ਹੈ । ਦੂਜਾ ਇਸ ਵਿਚੋਂ ਨਿਕਲਦੀ ਧੁਨੀ ਅਤੀ ਰਸੀਲੀ, ਮਿੱਠੀ ਤੇ ਪੁਰ ਕਸ਼ਿਸ਼ ਹੈ। ਏਸੇ ਰਬਾਬ ਦੀ ਸੱਦ ਸੁਣਕੇ ਬਗਦਾਦ ਵਿਚਲਾ ਸਾਰਾ ਸ਼ਹਿਰ ਸੁੰਨ ਹੋ ਗਿਆ ਸੀ। ਭਾਈ ਗੁਰਦਾਸ ਜੀ ਨੇ ਇਸ ਤੱਥ ਦੀ ਸਾਖ ਭਰੀ ਹੈ :
ਫਿਰ ਬਾਬਾ ਗਾਇਆ ਬਗਦਾਦਿ ਨੋ
ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੁਪੂ ਦੂਜਾ ਰਬਾਬੀ ਮਰਦਾਨਾ
ਦਿਤੀ ਬਾਂਗ ਨਿਵਾਜਿ ਕਰਿ, ਸੁੰਨਿ ਸਮਨ ਹੋਆ ਜਹਾਨਾ॥
(ਭਾਈ ਗੁਰਦਾਸ, ਵਾਰ ਪਹਿਲੀ, ਪਉੜੀ ੩੫)
ਬਗਦਾਦ ਦਾ ਪੀਰ ਦਸਤਗੀਰ ਰਾਗ ਦੇ ਪ੍ਰਭਾਵ ਤੋਂ ਜਾਣੂ ਸੀ । ਹਾਲਾਂਕਿ ਇਹ ਜ਼ਮਾਨਾ ਤੁਅੱਸਬ ਦਾ ਸੀ। ਸ਼ਰ੍ਹਾ ਕਰੜੀ ਸੀ ਤੇ ਰਾਗ ਹੁਕਮਨ ਬੰਦ ਸੀ । ਪਰ ਪੀਰ ਨੂੰ ਆਪਣੇ ਵਡੇਰਿਆਂ, ਅਰਬੀ ਸੂਫੀਆਂ ਦੇ ਸ਼ਬਦ ਯਾਦ ਸਨ :
ਰਾਗ ਸਦ ਹੈ, ਅਲਾਹ ਵਲੋ ਰੂਹ ਨੂੰ । ਰੂਹ ਦਾ ਜਵਾਬ ਵਜਦ ਵਿਚ ਆ ਜਾਣਾ ਹੈ। ਗਸ਼ ਆ ਜਾਣਾ, ਰੂਹ ਦਾ ਅਲਾਹ ਵਿਚ ਸਮਾ ਜਾਣਾ ਹੀ ਹੈ।
music is a call from God to the souls and ecstacy to the answer of the souls to the call. While swooning means the merging of souls in God.
ਸਿਮੂਨ ਮੋਹਿਬ ਨੇ ਇਸਦਾ ਅਰਬੀ ਤੋਂ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਹੈ।’ ਗੁਰੂ ਨਾਨਕ ਸਾਹਿਬ ਦੇ ਰਾਗ ਵਿਚ ਅਲਾਹ ਦੀ ਸੱਦ ਸੀ। ਇਹ ਰਬਾਬ ਦੇ ਚੌਥੇ ਪਰਦੇ ਦੀ ਖੇਡ ਸੀ1 (ਕਹਿੰਦੇ ਨੇ ਰਬਾਬ ਦੇ ਵਿਚ ਤਿੰਨ ਪੜਦੇ ਹੁੰਦੇ ਹਨ ਜਿਨ੍ਹਾਂ ਨੂੰ ਹਟਾਕੇ ਜਾਂ ਅਗਾਂਹ-ਪਿਛਾਂਹ ਕਰਕੇ ਰਾਗਾਂ ਦੀਆਂ ਤਰੰਗਾਂ ਨਿਕਲਦੀਆਂ ਹਨ ਜਿਸਦਾ ਸ਼ਾਇਦ ਮਰਦਾਨੇ ਨੂੰ ਪਤਾ ਸੀ। ਇਸ ਚੌਥੇ ਦੀ ਮੀਂਡ ਨਿਆਰੀ ਹੁੰਦੀ ਸੀ।? ਇਸ ਦੀ ਸੁਰ ਹੋਰ, ਲੈਅ ਹੋਰ। ਇਸੇ ਦੇ ਵਾਦਨ ਨਾਲ ਗੁਰੂ ਸਾਹਿਬ ਪਥਰਾਂ ਨੂੰ ਮੋਮ ਕਰੀ ਜਾਂਦੇ । ਪਥਰ ਦਿਲ ਦ੍ਰਵਿਤ ਹੋ ਬਾਬੇ ਨਾਨਕ ਦੇ ਚਰਨਾਂ ਤੇ ਢਹਿ ਪੈਂਦੇ। ਗੁਰੂ ਨਾਨਕ ਦੇ ਅਲਾਪ ਵਿਚ ਨਿਰੇ ਸੁਰਾਂ ਦੇ ਪੜਦੇ ਨਹੀਂ ਸਨ ਹੁੰਦੇ ਇਹਨਾਂ ਦੇ ਹੇਠਾਂ ਤਾਂ ਤਰਬਾਂ ਹੁੰਦੀਆਂ ਸਨ । ਤਰਬਾਂ ਦੀ ਛਾਇਆ ਥਲੇ ਉਸ ਦਾ ਪਰਛਾਵਾਂ ਸੀ। ਜਿਸ ਦੀ ਪਸਰੀ ਹੋਈ ਵਿਆਪਕ ਹੋਂਦ ਵਿਚ ਅਨਾਹਦ ਸ਼ਬਦ ਦੀ ਝੁਨਕਾਰ ਹੈ । ਗੁਰੂ ਜੀ ਨੂੰ ਪਤਾ ਸੀ ਕਿ ਉਹ ਕਿਸ ਕਲਾ ਦੇ ਸੁਆਮੀ ਸਨ ਤਾਹਿਉਂ ਤਾਂ ਉਹਨਾਂ ਇਸ ਤੱਥ ਨੂੰ ਸਪਸ਼ਟ ਕੀਤਾ :
ਸਬਦਿ ਅਨਾਹਦਿ ਸੋ ਸਹੁ ਰਾਤਾ
ਨਾਨਕੁ ਕਹੈ ਵਿਚਾਰਾ।।
(ਆਸਾ ਮਹਲਾ ੧, ਪੰਨਾ ੩੫੧) ਰੂਹਾਨੀਅਤ ਦੇ ਆਲਮ ਵਿਚ ਜਗਤ ਰਚਨਾ ਇਕ ਲੈਅ ਵਿਚ ਚਲ ਰਹੀ ਹੈ। ਉਸਦੀ ਗਤੀ ਅਖੰਡ ਹੈ। ਉਸਦੀ ਲੈਅ ਅਟੁੱਟ ਹੈ। ਜਿਸਨੂੰ ਵੀ ਇਸਦੀ ਸਮਝ ਹੈ, ਉਸਦਾ ਰਾਗ-ਗਾਇਨ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ। ਉਹਨਾਂ ਦੇ ਸਾਜ਼ ਦੀਆਂ ਸੁਰਾਂ ਉਪਰਲੀਆਂ ਤਾਰਾਂ ਨਹੀਂ ਰਹਿੰਦੀਆਂ, ਉਹ ਤਰਬ ਰੂਪ ਹੋ ਜਾਂਦੀਆਂ ਹਨ। ਉਹਨਾਂ ਨੂੰ ਥਰਾਉਣ ਲਈ ਉਸ ਅਟੁੱਟ ਨਾਦ ਦਾ ਪ੍ਰਤੀਬਿੰਬ ਕੰਮ ਕਰਦਾ ਹੈ। ਇਹੋ ਅਖੰਡ ਸੁਰ ਵਿਚ ਬ੍ਰਹਿਮੰਡ ਦੀ ਗਤੀ ਦੇ ਨਾਲ ਸਫ਼ਰਤ ਹੈ। ਉਹਨਾਂ ਅਨਾਹਤ ਸੁਰ ਨੂੰ ਅਥਾਹ ਜਲ ਤਰੰਗ ਵਿਚ, ਪਵਨ ਦੇ ਹਿਲੋਰਾਂ ਵਿਚ ਪਛਾਣਿਆ ਹੈ। ਗੁਰੂ ਨਾਨਕ ਦੇਵ ਉਚ ਪਾਏ ਦੇ ਬਾਣੀਕਾਰ ਸਨ, ਗਾਇਕ ਸਨ ਤੇ ਵਾਦਕ ਸਨ । ਏਸੇ ਕਰਕੇ ਰਬਾਬ ਵਰਗੇ ਸਾਜ਼ ਤੇ ਮਰਦਾਨੇ ਵਰਗੇ ਮਾਹਿਰ ਵਜੰਤ੍ਰੀ ਦੀ ਚੋਣ ਕਰਨੀ ਉਹਨਾਂ ਲਈ ਸਹਿਜ ਸੀ । ਕਮਾਲ ਤਾਂ ਇਹ ਹੈ ਜਿਸ ਮਰਦਾਨੇ ਦੀ ਉਹਨਾਂ ਚੋਣ ਕੀਤੀ ਉਹ ਵੀ ਬਾਣੀਕਾਰ ਸੀ, ਗਾਇਕ ਸੀ ਤੇ ਵਾਦਕ ਵੀ। ਮਰਦਾਨਾ ਹਰ ਥਾਂ ਗੁਰੂ ਬਾਬੇ ਦੇ ਨਾਲ ਹੀ ਗਿਆ। ਮਰਦਾਨਾ ਉਹਨਾਂ ਦੀ ਹੀ ਯਾਤਰਾ ਦਾ ਇਕ ਹਿੱਸਾ ਹੈ, ਇਕ ਵਖ ਨਾ ਹੋਣ ਵਾਲਾ ਜੁਜ਼। ਕੀ ਮਰਦਾਨਾ ਗੁਰ ਜੀ ਦਾ ਭਗਤ ਸੀ, ਸਿੱਖ ਸੀ ਜਾਂ ਸਿਖਿਆਰਥੀ। ਉਹ ਹੋਰ ਕੁਝ ਵੀ ਹੋਵੇ ਉਹਨਾਂ ਦਾ ‘ਸਖਾ’ ਜ਼ਰੂਰ ਸੀ। ਉਹਨਾਂ ਨਾਲ ਦੋਸਤਾਂ ਵਾਂਗ ਹੱਸ ਖੇਡ ਵੀ ਸਕਦਾ ਸੀ, ਰੁਸ ਵੀ ਜਾਂਦਾ ਸੀ । ਗੁਰੂ ਜੀ ਉਹਨੂੰ ਦੋਸਤਾਂ ਵਾਂਗ ਮਨਾ ਵੀ ਲੈਂਦੇ ਸਨ। ਇਹਨਾਂ ਦੋਹਾਂ ਦੀ ਦੋਸਤੀ ਸੰਸਾਰਕ ਨਹੀਂ ਸੀ। ਉਹਨਾਂ ਦੀ ਮਿਤ੍ਰਤਾ ਦਾ ਪੱਧਰ ਹੋਰ ਸੀ। ਉਹ ਕਲਾ ਦੇ ਘਰ ਵਿਚ ਇਕਸੁਰ ਹੋ ਜਾਂਦਾ। ਉਹਨਾਂ ਦੋਹਾਂ ਦਾ ਸੰਬੰਧ ਅਸਲ ਵਿਚ ਸੁਰ-ਸੰਬੰਧ ਸੀ। ਉਹ ਹੁਨਰ ‘ਚ ਵਿੰਨ੍ਹੇ ਇਕ ਦੂਜੇ ਦੇ ਗੂੜ੍ਹੇ ਸਾਥੀ ਸਨ। ਜਦੋਂ ਦੋਵੇਂ ਰਲਕੇ ਗਾਉਂਦੇ ਤਾਂ ਬਾਬਾ ਨਾਨਕ ਸੁਰ ਤੋਂ ਉਪਰ ਉਠ ਜਾਂਦੇ। ਸ਼ਬਦ ਤੋਂ ਅਨਾਹਤ ਸ਼ਬਦ ਵਿਚ ਚਲੇ ਜਾਂਦੇ। ਉਹ ਹੁਨਰ ਤੋਂ ਉਠਕੇ ਅਨਾਹਤ ਸੁੰਨ ਵਿਚ ਪ੍ਰਵੇਸ਼ ਕਰ ਜਾਂਦੇ। ਇਸ ਤਰ੍ਹਾਂ:
ਅਨਹਤ ਸੁੰਨਿ ਰਤੇ ਸੇ ਕੈਸੇ॥
ਜਿਸ ਤੇ ਉਪਜੇ ਤਿਸ ਹੀ ਜੈਸੇ॥
(ਅੰਗ ੯੪੩)
ਮਰਦਾਨਾ ਹੁਨਰ ਦੀ ਪਕੜ ਵਿਚ ਆਇਆ ਕਈ ਵੇਰਾਂ ਭੁੱਲ ਜਾਂਦਾ ਸੀ। ਗੁਰ ਇਤਿਹਾਸ ਸਾਖੀ ਹੈ, ਜਦੋਂ ਕਲਜੁਗ ਸਾਹਵੇਂ ਆਇਆ ਤਾਂ ਮਰਦਾਨਾ ਭੁੱਲ ਗਿਆ ਕਿ ਕਲਜੁਗ ਦਾ ਇਲਾਜ ਕੀ ਹੈ? ਹਾਲਾਂਕਿ ਉਸਨੇ ਅਨੇਕ ਵਾਰ ਗਾਵਿਆ ਸੀ :
ਕਲਜੁਗ ਮਹਿ ਕੀਰਤਨੁ ਪਰਧਾਨਾ॥
(ਅੰਗ ੧੦੭੫)
ਗੁਰੂ ਬਾਬਾ ਜਗਤ ਨੂੰ ਇਹੋ ਗੱਲ ਤਾਂ ਦ੍ਰਿੜ ਕਰਵਾਉਣ ਆਏ ਸਨ। ਇਸੇ ਦਾ ਅਭਿਆਸ ਕਰਾਉਣ ਲਈ ਆਏ ਸਨ। ਗਹੁ ਨਾਲ ਵੇਖਿਆ ਗੁਰੂ ਬਾਬੇ ਤੇ ਮਰਦਾਨੇ ਦੀ ਮਿੱਤਰਤਾ ਇਕ ਪ੍ਰਤੀਕ ਸੀ : ਸੁਰਤ ਅਤੇ ਸ਼ਬਦ ਦੇ ਮਿਲਾਪ ਦਾ । ਬਾਬਾ ਸ਼ਬਦ ਰੂਪ ਸੀ। ਮਰਦਾਨਾ ਸੁਰਤ ਰੂਪ ਸੀ। ਸੁਰਤ ਜਦੋਂ ਭੁੱਲ ਜਾਂਦੀ ਤਾਂ ਕਲਜੁਗ ਪ੍ਰਗਟ ਹੋ ਜਾਂਦਾ। ਸੁਰਤ ਡਰ ਜਾਂਦੀ। ਸ਼ਬਦ ਦੀ ਤਾਰ ਤੋਂ ਟੁੱਟ ਜਾਂਦੀ । ਬਾਬਾ ਜੀ ਨੇ ਬਾਰੰਬਾਰ ਮਰਦਾਨੇ ਨੂੰ ਇਹ ਮਤ ਦਿੱਤੀ ਸੀ ਕਿ ‘ਡਰਨਾ ਨਹੀਂ” ਡਰ ਤੋਂ ਸ਼ੋਰ ਪ੍ਰਾਪਤ ਹੁੰਦਾ ਹੈ। ਸ਼ੋਰ ਤਾਂ ਬੇਸੁਰਾਪਨ (Disharmony) ਹੈ। ਇਸਦੇ ਉਲਟ ਸੁਰੀਲਾਪਨ (Harmony) ਹੈ। ਏਹੋ ਕੀਰਤਨ ਹੈ, ਸੰਗੀਤ ਹੈ। ਜਦੋਂ ਅੰਤਰ ਆਤਮੇ ਸੁਰਤ, ਸ਼ਬਦ ਵਿਚ ਜੁੜ ਜਾਏ ਇਸੇ ਦਾ ਨਾਮ ਹੈ ਕੀਰਤਨ :
ਨਾਨਕ ਦਾਸੁ ਹਰਿ ਕੀਰਤਨਿ ਰਾਤਾ
ਸਬਦੁ ਸੁਰਤਿ ਸਚੁ ਸਾਖੀ॥
(ਅੰਗ ੧੨੨੭)
ਏਂਸੇ ਨੂੰ ਅੰਦਰ ਦੀ Harmony ਕਿਹਾ ਜਾਂਦਾ ਹੈ। ਇਹ ਹੁਨਰ ਹੈ, ਰੂਹਾਨੀਅਤ ਦਾ ਜੋ ਨਾਦ-ਬ੍ਰਹਮ ਨੂੰ ਸਾਖੀ ਕਰ ਲੈਂਦੀ ਹੈ। ਮਰਦਾਨਾ ਪਹਿਲਾ ਇਨਸਾਨ ਹੈ ਜਿਸ ਦਾ ਮਨ ਗੁਰੂ ਨੇ ਬ੍ਰਹਮੀ ਨਾਦ ਨਾਲ ਇਕਸੁਰ ਕਰ ਦਿੱਤਾ। ਉਹ ਉਸ ਅਗੰਮੀ ਨਾਦ ਨਾਲ ਇਕਸੁਰ ਹੋ ਗਿਆ :
ਕੀਰਤਨ ਨਾਮੁ ਸਿਮਰਤ ਰਹਉ
ਜਬ ਲਗੁ ਘਟਿ ਸਾਸੁ॥1॥ ਰਹਾਉ॥
(ਅੰਗ ੮੧੮)
ਰੂਹ ਦੇ ਮਰਮ ਅਸਥਾਨਾਂ ਵਿਚ ਜੇ ਕੋਈ ਚੀਜ਼ ਪਹੁੰਚ ਸਕਦੀ ਹੈ ਤਾਂ ਉਹ ਸੰਗੀਤਕ ਸੁਰ ਅਤੇ ਲੈਅ ਹੀ ਹੈ। ਏਸੇ ਕਰਕੇ ਜਦੋਂ ਗੁਰੂ ਬਾਬੇ ਨੇ ਬਾਣੀ ਉਚਾਰੀ ਤਾਂ ਉਸਦਾ ਅੰਦਰਲਾ ਰੂਪ ਸੰਗੀਤਕ ਹੀ ਸੀ। ਮਰਦਾਨਾ ਸੰਕੇਤ ਸੀ, ਉਸ ਹੁਨਰ ਦਾ ਜਿਸਨੇ ਕਲਜੁਗ ਉੱਤੇ ਵਿਜੈ ਪਾਉਣੀ ਸੀ ਕੀਰਤਨ ਦੇ ਸਹਾਰੇ।
ਮਰਦਾਨਾ ਸੇਵਕ ਸੀ, ਸਿਖ ਸੀ, ਚੇਲਾ ਸੀ, ਰਾਗੀ ਸੀ, ਰਬਾਬੀ ਸੀ ਪਰ ਇਸ ਗੱਲ ਦਾ ਉਸਨੂੰ ਫ਼ਖਰ ਸੀ ਕਿ ਉਹ ਗੁਰੂ ਬਾਬੇ ਦਾ ਕੀਰਤਨੀਆ ਸੀ ਜਿਸਦਾ ਗੁਰੂ ਬਾਬੇ ਨਾਲ ਦਿਲ ਮਿਲ ਗਿਆ ਸੀ :
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ॥
(ਅੰਗ ੭੨੫)
ਗੁਰੂ ਨਾਨਕ ਦੇਵ ਜੀ ਨੇ ਮਿੱਤਰ ਚੁਣਿਆ, ਉਹ ਵੀ ਨੀਵੀਂ ਜਾਤ ਦਾ ਡੂੰਮ ਮਿਰਾਸੀ, ਅਜੇਹਾ ਕਿਉਂ? ਇਸ ਸ਼ੰਕੇ ਦਾ ਸਮਾਧਾਨ ਅੰਜੀਲ ਦੇ ਸ਼ਬਦਾਂ ਰਾਹੀਂ ਕੀਤਾ ਜਾ ਸਕਦਾ ਹੈ :
But God chose the foolish things of the world, that he might put to shame them that are wise, and god chose the weak things of the world that he might put to shame the things that are strong.
(Bible, 26-27)
ਰਬ ਨੇ ਮੂਰਖਾਂ ਨੂੰ ਚੁਣ ਲਿਆ ਕਿ ਅਕਲਮੰਦਾਂ ਨੂੰ ਸ਼ਰਮਿੰਦਾ ਕਰੇ। ਖੁਦਾ ਨੇ ਦੁਨੀਆਂ ਦੇ ਕਮਜ਼ੋਰਾਂ ਨੂੰ ਚੁਣ ਲਿਆ ਕਿ ਦੁਨੀਆਂ ਦੇ ਤਾਕਤਵਰਾਂ ਨੂੰ ਸ਼ਰਮਿੰਦਾ ਕਰੇ ਤਾਂ ਕਿ ਕੋਈ ਬਸ਼ਰ ਖੁਦਾ ਦੇ ਸਾਹਮਣੇ ਫ਼ਖਰ ਨਾ ਕਰੇ।
‘ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥੨॥
(ਅੰਗ ੧੧੦੬)
ਬਾਬਾ ਜੀ ਨੀਚੋਂ ਉੱਚਾ ਕਰਨ ਵਾਲੇ ਸਨ। ਬਾਬਾ ਜੀ ਦਾ ਅਦੁੱਤੀ ਕਰਿਸ਼ਮਾ ਇਹ ਸੀ ਕਿ ਉਨ੍ਹਾਂ ਮਿਰਾਸੀ ਰਾਹੀਂ ਰਬੀ ਬਾਣੀ ਦਾ ਕੀਰਤਨ ਸੁਰਜੀਤ ਕੀਤਾ ਤੇ ਸ਼ੂਦਰਾਂ ਦਾ ਉਧਾਰ ਕਰਕੇ, ਉਸਨੂੰ ਭਾਈ ਬਣਾਕੇ, ਬਾਣੀਕਾਰਾਂ ਦੀ ਕਤਾਰ ਵਿਚ ਖਲੋਣ ਦਾ ਸਿਰੋਪਾਉ ਬਖਸ਼ ਦਿੱਤਾ। ਗੁਰੂ ਬਾਬੇ ਨੇ ਮਰਦਾਨੇ ਜੀ ਦੇ ਤਿੰਨ ਸਲੋਕਾਂ ਨਾਲ 1 ਲਾਕੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਖੁਦ ਭਾਈ ਮਰਦਾਨੇ ਨੂੰ ਆਪਣੀ ਕਤਾਰ ਵਿਚ ਸ਼ਾਮਲ ਕਰ ਲਿਆ ਹੈ। ਉਹਨਾਂ ਮਰਦਾਨੇ ਦੀ ਗਾਇਕੀ ਵਿਚ ਉਹ ਗੁਣ ਭਰ ਦਿੱਤੇ ਹਨ ਜੋ ਉਹ ਨਿਰਭਉ ਹੋ ਕੇ ਕੀਰਤਨ ਕਰੇ। ਬਾਬਾ ਜੀ ਨੇ ਮਰਦਾਨੇ ਨੂੰ ਸੁਚੇਤ ਕਰ ਦਿੱਤਾ :
(ਅੰਗ ੧੫੮)
‘ਹਉਮੈ ਵਿਚਿ ਗਾਵਹਿ ਬਿਰਥਾ ਜਾਇ’॥
ਹਉ ਵਿਚ ਗਾਏ ਜਾਣ ਵਾਲੇ ਸ਼ਬਦਾਂ ਵਿਚ ਅੰਤਰ ਆਤਮਾ ਰਸਲੀਨ ਨਹੀਂ ਹੁੰਦੀ। ਉਸ ਵਿਚ ਅੰਤ੍ਰੀਵਤਾ ਨਹੀਂ ਆਉਂਦੀ। ਖਾਲੀ ਤਾਨ ਪਲਟੇ ਦਾ ਵਿਖਾਲਾ ਹੀ ਹੁੰਦਾ ਹੈ। ਏਸੇ ਕਰਕੇ ਉਸਦਾ ਪ੍ਰਭਾਵ ਨਹੀਂ ਪੈਂਦਾ :
‘ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ॥
ਹਉਮੈ ਵਿਚਿ ਗਾਵਹਿ ਬਿਰਥਾ ਜਾਇ’॥ (ਅੰਗ ੪੫੮)
ਅਸਲੀ ਰਾਗੀ ਜਿਸ ਵੇਲੇ ਗਾਉਂਦਾ ਹੈ ਤਾਂ ਉਸਦਾ ਰਾਗ ਕਈ ਰੂਪ ਬਦਲਦਾ ਸੂਖਮ ਤੋਂ ਸੂਖਮਤਰ ਤੋਂ ਸੂਖਮਤਮ ਹੋ ਜਾਂਦਾ ਹੈ । ਉਸਦੀ ਅਵਾਜ਼ ਕੇਵਲ ਹਵਾ ਵਿਚ ਨਹੀਂ ਲਰਜ਼ਦੀ ਉਸ ਵਿਚ ਰਸ ਤੇ ਸੀਤਲਤਾ ਆ ਜਾਂਦੀ ਹੈ। ਇਹ ਰਸ ਭਿੰਨੀ ਹੋ ਜਾਂਦੀ ਹੈ। ਇਸ ਵਿਚ “ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ-(ਅੰਗ 442)” ਵਾਲੀ ਤ੍ਰਾਵਟ ਆ ਜਾਂਦੀ ਹੈ ਜਿਵੇਂ ਅੰਮ੍ਰਿਤ ਵੇਲੇ ਤ੍ਰੇਲ ਫੁਹਾਰ ਜੋ ਬਿਨਾਂ ਸ਼ੋਰ ਚੁਪ ਚੁਪੀਤੇ ਵਸ ਪੈਂਦੀ ਹੈ। ਸਾਰਾ ਵਾਯੂ ਮੰਡਲ ਸਹਿਜ ਸੁੱਭਾ ਰਸ-ਭਿੰਨੜਾ ਹੋ ਜਾਂਦਾ ਹੈ। ਗੁਰੂ ਬਾਬੇ ਨੇ ਅਜੇਹੇ ਵਾਯੂ ਮੰਡਲ ਦਾ ਚਿਤ੍ਰਣ ਕੀਤਾ ਹੈ :
ਰਾਗ ਰਤਨ ਪਰੀਆ ਪਰਵਾਰ॥
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ॥
ਨਾਨਕ ਕਰਤੇ ਕਾ ਇਹੁ ਧਨੁ ਮਾਲੁ॥
ਜੇ ਕੋ ਬੂਝੈ ਏਹੁ ਬੀਚਾਰੁ॥ (ਅੰਗ ੩੫੧) ਗੁਰੂ ਨਾਨਕ ਸਾਹਿਬ ਨੇ ਮਰਦਾਨੇ ਮੁਰੀਦ ਵਿਚ ਗਾਇਨ ਦੇ ਅਜੇਹੇ ਗੁਣ ਭਰੇ ਕਿ ਸ੍ਰੋਤਾ ਗਣ ਜਾਂ ਸੰਗਤ ਵਿਚ ਰਾਗ ਦੀ ਤ੍ਰਾਵਤ, ਰਾਗ ਦੀ ਸ਼ਬਨਮ ਸਹਿਜ ਸੁਭਾਅ ਵਸਣ ਲਗ ਪਵੇ। ਮਾਇਆ ਦੀ ਗ੍ਰਿਫ਼ਤ ਵਿਚ ਫ਼ਸੇ ਜਗਿਆਸੂ ਜਿਨ੍ਹਾਂ ਦਾ ਮਨ ਮਾਰੂਥਲ ਵਾਂਗ ਸੁੱਕ ਜਾਏ ਫਿਰ ਉਹਨਾਂ ਦੇ ਮਨ ਤੇ ਤਨ ਹਰੇ ਹੋ ਜਾਣ। ਖੇੜੇ ਵਿਚ ਖਿੜ ਜਾਣ ਜਿਵੇਂ ਫੁਲਾਂ ਦੇ ਬਗੀਚੇ ਖਿੜ ਖਿੜ ਹੱਸਦੇ ਹਨ। ਆਖਰਕਾਰ ਇਹ ਸੰਗੀਤ ਰਸ ਵਿਚ ਡੁਬਾ, ਭਿੱਜਿਆ ਮਾਹੌਲ ਹੀ ਸੀ, ਜਿਸ ਦਾ ਸੰਕੇਤ ਗੁਰੂ ਸਾਹਿਬ ਨੇ ਕੀਤਾ ਹੈ :
ਹਰਿ ਉਤਮੁ ਹਰਿ ਪ੍ਰਭੁ ਗਾਵਿਆ
ਕਰਿ ਨਾਦੁ ਬਿਲਾਵਲੁ ਰਾਗ॥
ਸਭੁ ਤਨੁ ਮਨੁ ਹਰਿਆ ਹੋਇਆ
ਮਨੁ ਖਿੜਿਆ ਹਰਿਆ ਬਾਗੁ॥
ਅਗਿਆਨੁ ਅੰਧੇਰਾ ਮਿਟਿ ਗਇਆ
ਗੁਰ ਚਾਨਣੁ ਗਿਆਨੁ ਚਰਾਗੁ॥
(ਅੰਗ ੮੪੯)
ਇਹ ਪੰਕਤੀਆਂ ਜਿਵੇਂ ਟੂਣਾ ਕਰ ਜਾਣ। ਸੁੱਕੇ ਦਿਲ ਵਿਚ ਠੰਡ ਵਰਤਾ ਜਾਣ। ਮਨ ਹਰਿਆ ਹੋ ਜਾਵੇ ਤੇ ਬਾਗ ਵਾਂਗ ਖਿੜ ਜਾਵੇ। ਅਜੇਹੇ ਬਿਲਾਵਲ ਰਾਗ ਦਾ ਮੁੱਲ ਕੌਣ ਪਾ ਸਕਦਾ ਹੈ? ਅਜੇਹਾ ਸੁਭਾਗਾ ਹੀ ਸੀ ਭਾਈ ਮਰਦਾਨਾ ਜਿਸ ਆਪਣੇ ਕੀਰਤਨ ਰਾਹੀਂ ਪਹਿਲਾਂ ਤਾਂ ਆਪਣੀ ਤ੍ਰਿਖਾ ਬੁਝਾਈ ਤੇ ਫ਼ਿਰ ਸੁਣਨ ਹਾਰਿਆਂ ਦੇ ਮਨ ਨੂੰ ਤ੍ਰਿਪਤ ਕਰਨ ਦਾ ਵਲ ਆਪਣੇ ਮੁਰਸ਼ਦ ਬਾਬੇ ਨਾਨਕ ਪਾਸੋਂ ਸਿਖ ਕੇ, ਹਸਤਾਖਰੀ ਮੁਰੀਦ ਤੇ ਕੀਰਤਨੀਏ ਬਣ ਨਿਤਰੇ।
ਭਾਈ ਮਰਦਾਨਾ : ਅੰਤਿਮ ਸਮਾਂ
ਭਾਈ ਮਰਦਾਨਾ ਗੁਰੂ ਬਾਬੇ ਦੇ ਸੰਗ ਰਹਿੰਦਿਆਂ ਰਹਿੰਦਿਆਂ ਬਹੁਤ ਉਚੇਰੀ ਅਵਸਥਾ ਨੂੰ ਪ੍ਰਾਪਤ ਹੋ ਗਿਆ ਸੀ। ਇਕ ਦਿਨ ਸਹਿਵਨ ਹੀ ਗੁਰੂ ਬਾਬੇ ਨੇ ਮਰਦਾਨੇ ਦਾ ਅੰਤਮ ਸਮਾਂ ਨੇੜੇ ਜਾਣਕੇ ਮਰਦਾਨੇ ਨੂੰ ਪੁੱਛਿਆ। ਮਰਦਾਨਿਆ! ਜੇ ਚਾਹੇਂ ਤਾਂ ਤੇਰੀ ਦੇਹ ਨੂੰ ਬ੍ਰਾਹਮਣ ਵਾਂਗੂੰ ਦਰਿਆ ਵਿਚ ਸੁਟ ਦੇਈਏ। ਜੇ ਤੇਰੀ ਖਾਹਿਸ਼ ਹੋਵੇ ਤਾਂ ਖੱਤਰੀ ਵਾਂਗ ਸਾੜ ਦੇਈਏ। ਮਰਦਾਨਿਆ ਜੇ ਤੇਰੀ ਇੱਛਾ ਹੋਵੇ ਤਾਂ ਵੈਸ਼ ਵਾਂਗੂੰ ‘ਹਵਾ’ ਵਿਚ ਸੁਟਵਾ ਦੇਈਏ, ਜੇ ਤੇਰਾ ਚਿੱਤ ਹੋਵੇ ਤਾਂ ਦਬਵਾ ਦੇਈਏ। ਮਰਦਾਨਾ ਜੀ ਨੇ ਉੱਤਰ ਦੇਂਦਿਆਂ ਕਿਹਾ “ਵਾਹ, ਬਾਬਾ ਵਾਹ! ਅਜੇ ਵੀ ਸਰੀਰ ਦੇ ਚੱਕਰਾਂ ਵਿਚ। ਤੁਹਾਡੇ ਉਪਦੇਸ਼ ਕਰਕੇ ਤਾਂ ਦੇਹੀ ਦਾ ਖਿਆਲ ਹੀ ਮੁੱਕ ਗਿਆ ਹੈ। ਮੈਂ ਤਾਂ ਆਪਣੀ ਆਤਮਾਂ ਨੂੰ ਹੀ ਕੇਵਲ ਆਪਣਾ ਸਾਥੀ ਸਮਝਦਾ ਹਾਂ।” ਬਾਬਾ ਨਾਨਕ ਅੱਜ ਮੇਹਰ ਦੇ ਘਰ ਆਏ ਹੋਏ ਸਨ ਫ਼ਿਰ ਬੋਲੇ “ਮਰਦਾਨਿਆ ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿਚ ਪ੍ਰਸਿੱਧ ਕਰੀਏ।” ਮਰਦਾਨਾ ਜੀ ਨੇ ਕੁਝ ਗੰਭੀਰ ਹੋ ਕੇ ਕਿਹਾ “ਬਾਬਾ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿਚੋਂ ਨਿਕਲਣ ਲਗਾ ਹਾਂ ਇਸ ਨੂੰ ਫ਼ਿਰ ਪਥਰ ਦੀ ਸਮਾਧ ਵਿਚ ਕਿਉਂ ਪਾਂਵਦੇ ਹੋ।” ਬਾਬੇ ਨੇ ਅਗਾਂਹ ਵਧ ਮਰਦਾਨੇ ਨੂੰ ਛਾਤੀ ਨਾਲ ਲਗਾ ਲਿਆ ਤੇ ਕਿਹਾ ਮਰਦਾਨਿਆ ‘ਤੂੰ ਬ੍ਰਹਮ ਨੂੰ ਪਛਾਣ ਲਿਆ ਹੈ, ਤੂੰ ਬ੍ਰਹਮ ਗਿਆਨੀ ਹੋਇਆ’ ਅਸੀਂ ਤੈਨੂੰ ਅਗ ਦਾ ਦਾਗ ਦੇਵਾਂਗੇ ਅਰ ਰਾਵੀ ਨਦੀ ਵਿਚ ਤੈਨੂੰ ਪ੍ਰਵਾਹ ਦੇਵਾਂਗੇ। ਤੂੰ ਰਾਵੀ ਦੇ ਕੰਢੇ ਆਸਣ ਮਾਰ ਕੇ ਪਰਮੇਸਰ ਦਾ ਧਿਆਨ ਧਰਕੇ ਵਾਹਿਗੁਰੂ ਵਾਹਿਗੁਰੂ ਜਪ ਇਉਂ ਮਰਦਾਨੇ ਨੇ ਸਰੀਰ ਤਿਆਗਿਆ। ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਦੀ ਪਉੜੀ ਨੰਬਰ 45 ਵਿਚ ਲਿਖਿਆ ਹੈ, ਮਰਦਾਨੇ ਜੀ ਦੀ ਆਪਣੀ ਇੱਛਾ ਅਨੁਸਾਰ ਸਾਹਿਬਾਂ ਨੇ ਆਪਣੇ ਹਸਤ ਕਮਲਾਂ ਨਾਲ ਉਸਦਾ ਸੰਸਕਾਰ ਕੀਤਾ । ਸੰਸਕਾਰ ਉਪਰੰਤ ਗੁਰਦੇਵ ਨੇ ਅੰਮ੍ਰਿਤ ਵੇਲੇ ਕੜਾਹ ਪ੍ਰਸਾਦਿ ਤਿਆਰ ਕਰਕੇ ਸੰਗਤਾਂ ਵਿਚ ਵਰਤਾਇਆ। ਇਸ ਮੌਕੇ ਤੇ ਮਰਦਾਨੇ ਜੀ ਦਾ ਪੁੱਤਰ ਸ਼ਹਜਾਦਾ ਮੌਜੂਦ ਸੀ, ਉਸਨੂੰ ਕਿਹਾ ਜੋ ਆਪਣੇ ਘਰ ਜਾਂਦੇ ਹਨ, ਉਨ੍ਹਾਂ ਦਾ ਸ਼ੋਕ ਨਹੀਂ ਕਰਨਾ । ਸੋ ਤੁਸੀਂ ਪਿਤਾ ਮਰਦਾਨੇ ਦਾ ਸ਼ੋਕ ਨਹੀਂ ਕਰਨਾ। ‘
ਕੁਝ ਇਤਿਹਾਸਕਾਰਾਂ ਨੂੰ ਟਪਲਾ ਲਗਾ ਹੈ। ਮੁਹੰਮਦ ਲਤੀਫ਼ ਨੇ ਲਿਖਿਆ ਹੈ :
While on his travels to Afganistan, he lost his faithful servant Mardana, the harper who was originally a mohamdan, but who had become a convert to Nanak’s new doctrine and was burnt to his own wish in khuram where he died.
(The history of Punjab, Page 245)
ਪਰ ਖੋਜ ਅਨੁਸਾਰ ਇਹ ਠੀਕ ਨਹੀਂ ਜਾਪਦਾ। ਭਾਈ ਮਰਦਾਨੇ ਦਾ ਦਿਹਾਂਤ 13 ਮੱਘਰ 1591 ਨੂੰ ਕਰਤਾਰਪੁਰ ਵਿਖੇ ਹੋਇਆ। ਡਾ. ਰਤਨ ਸਿੰਘ ਜੱਗੀ ਨੇ ਮਰਦਾਨਾ ਜੀ ਦਾ ਦਿਹਾਂਤ 15342 ਈ ਵਿਚ ਹੋਇਆ ਮੰਨਿਆ ਹੈ। ਪਰ ਇਹ ਵਿਵਾਦ ਜਨਕ ਹੈ। ਮਰਦਾਨਾ ਜੀ ਖੁਰਮ ਨਹੀਂ, ਕਰਤਾਰਪੁਰ ਹੀ ਪ੍ਰਾਣ ਤਿਆਗੇ ਤੇ ਉਹਨਾਂ ਦਾ ਸੰਸਕਾਰ ਗੁਰੂ ਬਾਬੇ ਨੇ ਆਪਣੇ ਹਥੀਂ ਕੀਤਾ।
ਮਰਦਾਨਾ ਜੀ ਦੇ ਦੋ ਪੁੱਤਰ ਤੇ ਇਕ ਲੜਕੀ ਸੀ । ਉਹਨਾਂ ਦੇ ਚਲਾਣੇ ਤੋਂ ਬਾਅਦ ਉਹਨਾਂ ਦਾ ਪੁੱਤਰ ਕਰਤਾਰਪੁਰ ਹੀ ਰਿਹਾ। ਦੂਸਰਾ ਪੁੱਤਰ ਰਜਾਦਾ ਤਲਵੰਡੀ ਚਲਾ `ਗਿਆ। ਮਰਦਾਨਾ ਜੀ ਦੇ ਦੋਹਾਂ ਪੁੱਤਰਾਂ ਨੇ ਰਾਗ ਵਿੱਦਿਆ ਨੂੰ ਅਗੇ ਤੋਰੀ ਰੱਖਿਆ ਤੇ ਗੁਰੂ ਘਰ ਵਿਚ ਰਾਗ ਦੇ ਮਾਹਿਰ ਸਦਵਾਏ। ਭਾਈ ਮਰਦਾਨਾ ਜੀ ਰਾਗ ਦੇ ਪਾਰੰਗਤ ਵਿਦਵਾਨ ਸਨ। ਕਿਹਾ ਜਾਂਦਾ ਹੈ ਕਿ ਰਾਗ ਦੇ ਧਨੀ ਪੰਡਿਤ ਹਰੀ ਦਾਸ ਮਰਦਾਨਾ ਜੀ ਦੇ ਸ਼ਿਸ਼ ਸਨ ਜਿਨ੍ਹਾਂ ਤੋਂ ਅਗੇ ਤਾਨਸੇਨ ਤੇ ਬੈਜੂ ਬਾਵਰਾ ਜੇਹੇ ਜਗਤ ਪ੍ਰਸਿੱਧ ਗਾਇਕਾਂ ਨੇ ਸੰਗੀਤ ਵਿਦਿਆ ਪ੍ਰਾਪਤ ਕੀਤੀ। ਜਿਨ੍ਹਾਂ ਪਿਛੋਂ ਭਾਈ, ਮੋਤੀ, ਭਾਈ ਤਾਬਾ, ਭਾਈ ਚਾਂਦ ਆਦਿ ਸਾਰੇ ਭਾਈ ਮਰਦਾਨੇ ਦੀ ਸ਼ੈਲੀ ਨੂੰ ਹੀ ਅਗੇ ਤੋਰਦੇ ਰਹੇ ਹਨ।
ਗੁਰੂ ਨਾਨਕ ਸਾਹਿਬ ਦਾ ਲਾਇਆ ਬੂਟਾ ਮੁਰਝਾਇਆ ਨਹੀਂ ਸਗੋਂ ਮਰਦਾਨਾ ਜੀ ਦੇ ਬੰਸੀ ਅਜਕਲ ਵੀ ਕੀਰਤਨ ਨਾਲ ਸੰਗਤਾਂ ਨੂੰ ਸਰਸ਼ਾਰ ਕਰ ਰਹੇ ਹਨ। ਪਿਛੇ ਜੇਹੇ ਭਾਈ ਲਾਲ ਜੀ ਦਿੱਲੀ ਆਏ ਸਨ। ਉਹਨਾਂ ਨੇ ਆਪਣੇ ਕੀਰਤਨ ਰਾਹੀਂ ਜੋ ਮਹੌਲ ਬੱਧਾ, ਸੰਗਤਾਂ ਸੁਣਕੇ ਵਿਸਮਾਦਿਤ ਹੋਈਆਂ ਬਾਣੀ ਰਸ ਦੇ ਝੂਟੇ ਮਾਣਨ ਲਗ ਗਈਆਂ। ਇਕ ਅਕਹਿ ਆਨੰਦ ਦਾ ਸਿਰਜਨ ਸੀ ਉਹਨਾਂ ਦੀ ਅਵਾਜ਼, ਸ਼ੈਲੀ ਤੇ ਗਾਇਨ ਵਿਚ। ਭੱਲਾ! ਮਰਦਾਨਾ ਜੀ ਦੀ ਰਾਗ-ਮਧੁਰਤਾ ਕੈਸੀ ਹੋਵੇਗੀ?
ਬੰਸਾਵਲੀ
ਮਰਦਾਨਾ ਜੀ ਦੀ ਬੰਸਾਵਲੀ ਦੀ ਜਿੰਨੀ ਕੁ ਸੂਚਨਾ ਪ੍ਰਾਪਤ ਹੋਈ ਹੈ। ਉਸਨੂੰ ਜਾਣਨਾ ਸੰਗਤ ਪ੍ਰਤੀਤ ਹੁੰਦਾ ਹੈ :
ਬੰਸਾਵਲੀ > ਮੀਰ ਬਾਦਰਾ (ਪਿਤਾ) ਭਾਈ ਮਰਦਾਨਾ (ਪੁੱਤਰ) ਇਹਨਾਂ ਦੇ ਅਗੋਂ ਦੋ ਪੁੱਤਰ > ਰਜਾਦਾ, ਸਜਾਦਾ (ਦੇ ਦੋ ਪੁੱਤਰ) > ਬਾਦੂ, ਸਾਦੂ > ਇਕ ਪੁੱਤਰ) ਗੁਲਾਬਾ, ਭਾਈ ਗਾਮੂ ਭਾਈ ਰਹਿਮਤ ਅਲੀ, ਭਾਈ ਆਸ਼ਕ ਅਲੀ (ਲਾਲ ਜੀ), ਮੁਹੰਮਦ ਹੁਸੈਨ, ਕਰਮ ਹੁਸੈਨ
ਕੁਲ ਮਿਲਾਕੇ, ਮਰਦਾਨਾ ਪਰਿਵਾਰ ਦੀਆਂ ਪੁਸ਼ਤਾਂ ਦਰ ਪੁਸ਼ਤਾਂ ਨੇ ਅਤੁੱਟ ਕੀਰਤਨ ਦੀ ਸੇਵਾ ਕਰਕੇ, ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਨੇ ਆਪਣੇ ਸਿਦਕ ਤੇ ਕਲਾ ਨੂੰ ਅਮਰ ਕਰ ਲਿਆ। ਭਾਈ ਮਰਦਾਨਾ ਬਾਬੇ ਨਾਨਕ ਦਾ ਕੀਰਤਨੀਆ ਖੁਦ ਆਪ ਕੀਰਤਨ ਰੂਪ ਹੀ ਹੋ ਗਿਆ।
Credit – ਮਹਿੰਦਰ ਕੌਰ ਗਿੱਲ (ਡਾ.)