ਭਾਈ ਗੁਰਦਾਸ ਜੀ (1551-1629 ਈ : )
ਗੁਰੂ ਵਿਅਕਤੀਆਂ ਨੇ ਪੰਜਾਬ ਦੇ ਲੋਕਾਂ ਵਿਚ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਕਰ ਕੇ ਉਨ੍ਹਾਂ ਨੂੰ ਜਿਸ ਗੰਭੀਰ ਤੇ ਸੰਗਠਤ ਜੀਵਨ ਦੇ ਸਮਰੱਥ ਬਣਾਇਆ ਸੀ, ਉਸ ਦੇ ਕੁਝ ਪੱਖਾਂ ਦਾ ਖ਼ਾਕਾ ਭਾਈ ਗੁਰਦਾਸ ਦੀ ਕਵਿਤਾ ਵਿੱਚੋਂ ਮਿਲਦਾ ਹੈ । ਇਹ ਪੰਜਾਬੀ ਇਕ ਤਰ੍ਹਾਂ ਨਾਲ ਉਨ੍ਹਾਂ ਸਭ ਪੰਜਾਬੀਆਂ ਦੀ ਪ੍ਰਤੀਨਿਧਤਾ ਕਰਦਾ ਹੈ ਜਿਨ੍ਹਾਂ ਨੇ ਗੁਰੂਆਂ ਦਾ ਅਸਰ ਡੂੰਘੀ ਤਰ੍ਹਾਂ ਕਬੂਲਿਆ। ਭਾਈ ਗੁਰਦਾਸ ਤੀਸਰੇ ਤੇ ਛੇਵੇਂ ਗੁਰੂ ਸਾਹਿਬਾਨ ਦਾ ਸਮਕਾਲੀ ਰਿਹਾ ਇਸ ਲਈ ਉਸ ਨੂੰ ਸਿੱਖ ਲਹਿਰ ਦੇ ਮੁੱਖ ਝੁਕਾਵਾਂ ਨੂੰ ਸਮਝਣ ਤੇ ਜੀਉਣ ਦਾ ਕਾਫ਼ੀ ਅਵਸਰ ਮਿਲਦਾ ਰਿਹਾ । ਉਸ ਸਮੇਂ ਦੇ ਸਿੱਖ ਗੁਰੂ-ਵਿਅਕਤੀਆਂ ਨੂੰ ਕਿਸੇ ਦ੍ਰਿਸ਼ਟੀ ਨਾਲ ਦੇਖਦੇ ਤੇ ਉਨ੍ਹਾਂ ਦੇ ਉਪਦੇਸ਼ਾਂ ਦੀ ਸਪਿਰਿਟ ਨੂੰ ਕਿੰਨਾ ਕੁ ਸਹੀ ਰੂਪ ਵਿਚ ਕਬੂਲਦੇ ਸਨ, ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲਈ ਇਸ ਲਿਖਾਰੀ ਦਾ ਸਾਹਿਤ ਕਾਫ਼ੀ ਸਹਾਇਤਾ ਕਰਦਾ ਹੈ । ਸਿੱਖ ਰਵਾਇਤ ਭਾਈ ਗੁਰਦਾਸ ਨੂੰ ਗੁਰੂਆਂ ਦੀ ਕਵਿਤਾ ਦਾ ਵਿਆਖਿਆਕਾਰ ਮੰਨਦੀ ਹੈ ਪਰ ਉਸਦੀ ਵਿਆਖਿਆ ਤੋਂ ਉਸਦੇ ਸਮਕਾਲੀ ਸਿੱਖਾਂ ਦੇ ਗੁਰੂਆਂ ਵੱਲ ਪ੍ਰਤੀਕਰਮ ਬਾਬਤ ਵਧੇਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਗੁਰੂ ਨਾਨਕ ਨੇ ਬ੍ਰਾਹਮਣ ਸ਼੍ਰੇਣੀ, ਜੋ ਜਗਤ-ਗੁਰੂ ਮੰਨੀ ਜਾਂਦੀ ਸੀ, ਦੀ ਥਾਂ ਤੇ ਗੈਰ ਬ੍ਰਾਹਮਣ ਵਿਅਕਤੀਆਂ ਨੂੰ ਜਗਤ-ਗੁਰੂ ਸਥਾਪਤ ਕਰਨ ਦੇ ਯਤਨ ਆਰੰਭੇ ਸਨ। ਭਾਈ ਗੁਰਦਾਸ ਦੀ ਕਵਿਤਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੀ ਗੈਰ-ਮੁਸਲਮ ਜਨਤਾ ਨੇ ਗੁਰੂਆਂ ਨੂੰ ਬ੍ਰਾਹਮਣਾਂ, ਜੋਗੀਆਂ ਆਦਿ ਤੋਂ ਉਚੇਰੇ ਸਤਿਕਾਰ ਦੇ ਪਾਤਰ ਸਵੀਕਾਰ ਕਰ ਲਿਆ ਸੀ । ਜਿਸ ਭਰਪੂਰ ਲਹਿਜੇ ਨਾਲ ਇਸ ਗੁਰੂ-ਪ੍ਰੇਮੀ ਨੇ ਪਹਿਲੀ ਵਾਰ ਵਿਚ ਗੁਰੂ ਨਾਨਕ ਦੀਆਂ ਭੇਖੀ ਜੋਗੀਆਂ ਪੀਰਾਂ ਉੱਤੇ ਜਿੱਤਾਂ ਦਾ ਵਹਣਨ ਕੀਤਾ ਹੈ, ਉਸ ਤੋਂ ਸਿੱਧ ਹੈ ਕਿ ਉਸ ਦੇ ਭਾਵ ਨਿੱਜੀ ਨਹੀਂ, ਸਮੂਹਕ ਹਨ ਤੇ ਉਸ ਦੇ ਸ੍ਰੋਤੇ ਵੀ ਗੁਰੂ ਨਾਨਕ ਨੂੰ ਪੂਜ ਬ੍ਰਾਹਮਣ ਦੇ ਇਸਟਾਂ, ਅਵਤਾਰਾਂ, ਦੇਵਤਿਆਂ, ਰਿਸ਼ੀਆਂ ਆਦਿਕ ਤੇ ਤੁੱਲ ਮੰਨਣ ਲੱਗ ਪਏ ਸਨ । ਗੁਰੂ-ਕੇਂਦਰ ਦੁਆਲੇ ਇਕਾਗਰ ਹੋਣ ਕਰਕੇ ਸਿੱਖਾਂ ਵਿਚ ਜੋ ਸਮੂਹਕ ਚੇਤਨਤਾ ਪੈਦਾ ਹੋ ਰਹੀ ਸੀ, ਉਸ ਦੀਆਂ ਕਈ ਨਿਸ਼ਾਨੀਆਂ ਇਸ ਕਵਿਤਾ ਵਿਚ ਮਿਲ ਜਾਂਦੀਆਂ ਹਨ। ਭਾਈ ਗੁਰਦਾਸ ਨੇ ਨਾ ਕੇਵਲ ਕਾਫੀ ਗਿਣਤੀ ਦੇ ਸਿੱਖਾਂ ਜਾਂ ਗੁਰਮੁਖਾਂ ਦੇ ਨਾਵਾਂ ਨੂੰ ਹੀ ਡੂੰਘੇ ਸਤਿਕਾਰ ਨਾਲ ਯਾਦ ਕੀਤਾ ਹੈ, ਬਲਕਿ ਉਨ੍ਹਾਂ ਦੇ ਸਮਸਤ ਸਰੂਪ, ਗੁਰਮੁਖ ਪੰਥ ਦੀ ਵੀ ਬਹੁਤ ਵਡਿਆਈ ਕੀਤੀ ਹੈ । ਇਸ ਤੋਂ ਅਨੁਮਾਨ ਬਣਦਾ ਹੈ ਕਿ ਪੰਜਵੇਂ, ਛੇਵੇਂ ਗੁਰੂ ਦੇ ਸਮੇਂ ਤੱਕ ਗੁਰੂ ਸਾਹਿਬਾਂ ਦੇ ਪੈਰੋਕਾਰਾਂ ਵਿਚ ਬ੍ਰਾਹਮਣੀ ਸਮਾਜ ਤੋਂ ਵੱਖਰੀ ਇਕ ਨਵੀਂ ਸਮਾਜਕ ਇਕਾਈ ਦੇ ਮੈਂਬਰ ਹੋਣ ਦਾ ਤਿੱਖਾ ਅਹਿਸਾਸ ਪੈਦਾ ਹੋ ਚੁੱਕਾ ਸੀ । ਭਾਈ ਗੁਰਦਾਸ ਨੇ ਗੁਰੂ ਨਾਨਕ ਦੀ ਮਿਸਾਲ ਨੂੰ ਕਾਇਮ ਰੱਖਦੇ ਹੋਏ ਪੁਰਾਤਨ ਸਮਾਜ ਤੇ ਬੁਨਿਆਦੀ ਵਰਤਾਰਿਆ, ਸੁਭਾਵਾਂ, ਰੀਤਾਂ, ਵਹਿਮਾਂ, ਸਿਧਾਂਤਾਂ, ਗ੍ਰੰਥਾਂ ਤੇ ਇਸ਼ਟਾਂ ਦੀ ਬੜੀ ਕਰੜੀ ਪੜਚੋਲ ਤੇ ਆਲੋਚਨਾ ਕੀਤੀ ਤੇ ਉਸ ਨਾਲ ਗੁਰਮੁਖ ਪੰਥ ਦੀ ਤੁਲਨਾ ਕਰ ਕੇ ਨਵੇਂ ਸਮਾਜ ਦੇ ਅੰਗਾਂ ਨੂੰ ਸੱਚੇ ਦਿਲੋਂ ਸਲਾਹਿਆ। ਹੇਠਲੀਆਂ ਦੋ ਪਉੜੀਆਂ ਵਿਚ ਗੁਰਮੁਖ ਪੰਥ ਦੇ ਇਕ ਸੁਤੰਤਰ ਹਸਤੀ ਧਾਰਨ ਕਰਨ ਦੇ ਯਤਨਾਂ ਦਾ, ਬੜਾ ਸਪਸ਼ਟ ਵਰਣਨ ਹੈ :-
(ੳ) ਗੁਰਮੁਖ ਹੋਵੇ ਸਾਧ ਸੰਗ ਹੋਰਤ ਸੰਗ ਕੁਸੰਗ ਨ ਰਚੈ । ।
ਗੁਰਮੁਖ ਪੰਥ ਸੋਹੇਲੜਾ ਬਾਰਹ ਪੰਥ ਨਾ ਖੇਚਲ ਖਚੈ । ।
ਗੁਰਮੁਖ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ਪਰਚੈ । ।
ਗੁਰਮੁਖ ਨਿਹਚਲ ਮਤਿ ਹੈ ਦੂਜੈ ਭਾਇ ਲੁਭਾਇ ਨ ਪਚੈ । ।
- ਗੁਰਮੁਖ ਭਾਇ ਭਗਤਿ ਚਹਿ ਮਚੈ । 1੧ । । (ਵਾਰ ੫)
(ਅ) ਜਤ ਸਤ ਸੰਜਮ ਹੋਮ ਜੱਗ, ਜਪ ਤਪ ਦਾਨ ਪੁੰਨ ਬਹੁਤੇਰੇ । ।
ਰਿਧ ਸਿਧ ਨਿਧ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ । ।
ਵੀਰਾਰਾਧਣ ਜੋਗਣੀ ਮੜੀ ਮਸਾਣ ਵਿਡਾਣ ਘਨੇਰੇ । ।
ਪੂਰਕ ਕੁੰਭਕ ਰੇਚਕਾ ਨਿਵਲੀ ਕਰਮ ਭੁਇਅੰਗਮ ਘੇਰੇ । ।
ਸਿੱਧਾਸਨ ਪਰਚੇ ਘਨੇ ਹਠ ਨਿਗ੍ਰਹ ਕਉਤਕ ਲਖ ਹੇਰੇ । ।
ਪਾਰਸ ਮਣੀ ਰਸਾਇਣਾ ਕਰਾਮਾਤ ਕਾਲਖ ਆਨ੍ਹੇਰੇ । ।
ਪੂਰਾ ਵਰਤ ਉਪਾਰਣੇ ਵਰ ਸਰਾਪ ਸ਼ਿਵ ਸ਼ਕਤਿ ਲਾਵੇਰੇ ।।
ਸਾਧ ਸੰਗਤ ਗੁਰ ਸ਼ਬਦ ਵਿਣ ਥਾਉ ਨ ਪਾਇਨ ਭਲੇ ਭਲੇਰੇ । ।
ਕੂੜ ਇਕ ਗੰਢੀਂ ਸਉ ਫੇਰੇ । 1੭ । । (ਵਾਰ ੫)
ਉਪਰੋਕਤ ਪ੍ਰਕਾਰ ਦੀ ਕਵਿਤਾ ਤੋਂ ਪੰਜਾਬ ਦੇ ਲੋਕਾਂ ਦਾ ਇਕ ਸਰਬੋਤਮ, ਸੁਤੰਤਰ ਤੇ ਸਭ ਜੀਵਨ ਔਕੜਾਂ ਦਾ ਹੱਲ ਕਰਨ ਵਾਲੀ ਸਮਾਜਕ ਜਥੇਬੰਦੀ ਵਿਚ ਪੱਕ ਰਿਹਾ ਵਿਸ਼ਵਾਸ਼ ਟਪਕਦਾ ਹੈ। ਇਸ ਦ੍ਰਿੜ੍ਹ ਵਿਸ਼ਵਾਸ ਤੇ ਸਮੂਹਕ ਸ਼ਕਤੀ ਦੇ ਅਹਿਸਾਸ ਦਾ ਸਦਕਾ ਉਹ ਆਪਣੇ ਅੰਦਰ ਸਮਾਜ ਦੀਆਂ ਪ੍ਰਧਾਨ ਸ੍ਰੇਣੀਆਂ ਨਾਲ ਟੱਕਰ ਲੈਣ ਦੀ ਸਮਰੱਥਾ ਪੈਦਾ ਕਰ ਚੁੱਕੇ ਸਨ । ਗੁਰੂ ਅਰਜਨ ਦੇ ਵੇਲੇ ਤੱਕ ਬ੍ਰਾਹਮਣਾਂ ਤੇ ਜੋਗੀਆ ਦਾ ਰਸੂਖ ਕਾਫ਼ੀ ਘੱਟ ਗਿਆ ਲਗਦਾ ਹੈ ਤੇ ਸਿੱਖ ਸੰਗਤਾਂ ਦੇ ਹੌਂਸਲੇ ਕਾਫ਼ੀ ਵਧੇ ਹੋਏ ਹਨ। ਭਾਈ ਗੁਰਦਾਸ ਗੁਰੂ-ਵਿਰੋਧੀਆਂ ਦੀ ਅਸਫਲਤਾ ਬਿਆਨ ਕਰਨ ਉਪਰੰਤ ਉਨ੍ਹਾਂ ਦੇ ਸਿੱਖਾਂ ਦੀ ਦਿਨ ਬਦਿਨ ਵਧ ਰਹੀ ਗਿਣਤੀ ਵੇਖ ਕੇ ਪ੍ਰਸੰਨਤਾ ਦੇ ਭਾਵ ਪ੍ਰਗਟ ਕਰਦਾ ਹੈ ;
(ੳ) ਗੁਰ ਸਿਖ ਸਾਸ ਅਸੰਖ ਜਗ । ।
ਧਰਮਸਾਲ ਥਾਇ ਥਾਇ ਸੁਹਾਇਆ । ।
(ਅ) ਇਕ ਸਿਖ ਦੁਇ ਸਾਧ ਸੰਗ ਪੰਜੀ ਪਰਮੇਸਰ । ।
ਨਗਰ ਨਗਰ ਮਹਿ ਸਹੰਸ ਸਿਖ ਦੇਸ ਦੇਸ ਲਖੇਸਰ । ।
ਗੁਰੂ ਦੀ ਮਹੱਤਤਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਹੈ ਤੇ ਗੁਰਮੁਖ ਦਾ ਦਰਜਾ ਵੀ ਉੱਥੇ ਬਹੁਤ ਉਚਿਆ ਕੇ ਦੱਸਿਆ ਗਿਆ ਹੈ । ਭਾਈ ਗੁਰਦਾਸ ਨੇ ਵੀ ਗੁਰੂ ਤੇ ਗੁਰਮੁਖ ਦੀ ਬਹੁਤ ਵਡਿਆਈ ਕੀਤੀ ਹੈ ਪਰ ਗੁਰਮੁਖਾਂ ਦੀ ਸਮੂਹਕ ਹਸਤੀ ਦਾ ਜਸ ਜਿਸ ਤੀਬਰਤਾ ਨਾਲ ਇਸ ਕਵੀ ਦੀ ਲੇਖਣੀ ਵਿਚ ਆਇਆ ਹੈ, ਉਸ ਤੋਂ ਪਹਿਲਾਂ ਉਸ ਤਰ੍ਹਾਂ ਦਾ ਨਹੀਂ ਆਇਆ। ਭਾਰਤ ਵਿਚ ਪੁਰਾਣੇ ਸਮੇਂ ਤੋਂ ਅਵਤਾਰਾਂ ਨੂੰ ਰੱਬ ਦਾ ਸਰੂਪ ਮੰਨਿਆ ਜਾਂਦਾ ਸੀ ਤੇ ਧਾਰਮਕ ਗ੍ਰੰਥ ਵੀ ਰੱਬੀ ਬਾਣੀ ਮੰਨ ਕੇ ਪੂਜੇ ਜਾਂਦੇ ਸਨ । ਗੁਰੂ ਤੇ ਗੁਰਬਾਣੀ ਦੇ ਸਤਿਕਾਰ ਰਾਹੀਂ ਇਹ ਦੋਵੇਂ ਰਵਾਇਤਾਂ ਨਵਾਂ ਰੂਪ ਧਾਰ ਕੇ ਸਿੱਖਾਂ ਵਿਚ ਪ੍ਰਚਲਿਤ ਹੋ ਗਈਆਂ ਸਨ ਪਰ ਗੁਰਮੁਖਾਂ ਦੀ ਸੰਗਤ ਨੂੰ ਰੱਬ ਦਾ ਸਰੂਪ ਜਾਂ ਰੱਬ ਦਾ ਸਥਾਨ ਮੰਨਣ ਦਾ ਵਿਚਾਰ ਨਵੇਂ ਸਮੇਂ ਵਿਚ ਉਪਜ ਰਹੇ ਲੋਕਵਾਦੀ ਝੁਕਾਵਾਂ ਦਾ ਸੂਚਕ ਸੀ । ਭਾਈ ਗੁਰਦਾਸ ਨੇ ਇਸ ਵਿਚਾਰ ਨੂੰ ਚੰਗੀ ਤਰ੍ਹਾਂ ਦ੍ਰਿੜ੍ਹ ਕਰਵਾਇਆ ਹੈ :-
(ੳ) ਸਾਧ ਸੰਗਤ ਸਚੁ ਖੰਡ ਹੈ ਭਾਉ ਭਗਤਿ ਅਭਿਆਸੀ । ।
ਚਹੁ ਵਰਨਾਂ ਉਪਦੇਸ਼ ਕਰਿ ਗੁਰਮਤਿ ਪਰਗਾਸੀ। ।
(ਅ) ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਸਾਧ ਸੰਗਤ ਵਿਚ ਵਸੇ । ।
ਸਬਦ ਸੁਰਤਿ ਆਰਾਧੀਐ ਭਾਇ ਭਗਤਿ ਭੈ ਸਹਜ ਵਿਗਸੈ । ।
ਨਾ ਉਹ ਮਰੈ ਨ ਸੋਗ ਹੋਇ ਦੇਂਦਾ ਰਹੇ ਨ ਭੋਗ ਵਿਣਸੈ । ।
ਗੁਰੂ ਸਮਾਣਾ ਆਖੀਐ ਸਾਧ ਸੰਗਤਿ ਅਬਨਾਸੀ ਹਸੇ । ।
ਛਿਅਵੀਂ ਪੀੜੀ ਗੁਰੂ ਦੀ ਗੁਰ ਸਿਖਾਂ ਪੀੜੀ ਕੋ ਦਸੇ । ।
ਸਚੁ ਨਾਉ ਸਚ ਦਰਸ਼ਨੋ ਸੱਚ ਖੰਡ ਸਤਿਸੰਗ ਸਰਸੈ। ।
ਪਿਰਮ ਪਿਆਲਾ ਸਾਧ ਸੰਗਿ ਭਗਤ ਵਛਲ ਪਾਰਸ ਪਰਸੈ। ।
ਨਿਰੰਕਾਰ ਅਕਾਰ ਕਰ ਹੋਇ ਅਕਾਲ ਅਜੋਨੀ ਜਸੈ । ।
ਸਚਾ ਸਚ ਕਸਉਟੀ ਕਸੈ । ।੧੨। (ਵਾਰ ੩੯)
ਗੁਰੂ ਹਰਿਗੋਬਿੰਦ ਦੇ ਸਮੇਂ ਦੇ ਸਿੱਖ ਆਪਣੀ ਸਮੂਹਕ ਹਸਤੀ ਦੇ ਮਾਨ ਨਾਲ ਭਰੇ, ਪੁਰਾਣੇ ਲੀਡਰਾਂ ਤੋਂ ਸੁਤੰਤਰਤਾ ਪ੍ਰਾਪਤ ਕਰ ਚੁੱਕੇ ਤੇ ਨਵੇਂ ਜੀਵਨ ਦੀ ਉੱਤਮਤਾ ਨੂੰ ਮਹਿਸੂਸ ਕਰ ਰਹੇ ਗੁਰੂ ਨਾਨਕ ਦੇ ਵਿਸ਼ਵਾਰਥੀ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਸਨ ਜਾਂ ਇਕ ਵੱਖਰੀ ਸੰਪ੍ਰਦਾ ਵਿਚ ਸੀਮਤ ਹੋਣ ਤੇ ਹੋਰਨਾਂ ਸੰਪ੍ਰਦਾਵਾਂ ਪ੍ਰਤੀ ਵਿਰੋਧ ਭਾਵ ਰੱਖਣ ਵਾਲੇ ਰਾਹ ਤੇ ਚਲ ਰਹੇ ਸਨ, ਇਹ ਜਾਚਣ ਲਈ ਵੀ ਭਾਈ ਗੁਰਦਾਸ ਦੀ ਕਵਿਤਾ ਕੁਝ ਮਦਦ ਕਰਦੀ ਹੈ । ਇਹ ਲਿਖਾਰੀ ਸਿੱਖਾਂ ਨੂੰ ਨਿਮਰਤਾ ਦੇ ਗੁਣ ਧਾਰਨ ਦੀ ਬਹੁਤ ਤਾਕੀਦ ਕਰਦਾ ਹੈ ਤੇ ਹਿੰਦੂ ਮੁਸਲਮਾਨ ਨੂੰ ਸਮ-ਦ੍ਰਿਸ਼ਟੀ ਨਾਲ ਦੇਖਣਾ ਵੀ ਉਨ੍ਹਾਂ ਦਾ ਇਕ ਕਰਤੱਵ ਗਿਣਦਾ ਹੈ । ਪਰ ਬਾਵਜੂਦ ਅਜਿਹੇ ਅੰਗਾਂ ਦੇ ਉਸ ਦੀ ਕਵਿਤਾ ਤੋਂ ਸਮੁੱਚਾ ਪ੍ਰਭਾਵ ਇਹ ਪੈਂਦਾ ਹੈ ਕਿ ਉਹ ਗੁਰੂ ਸਾਹਿਬਾਂ ਦੀਆਂ ਸ਼ਖਸੀਅਤਾਂ, ਉਨ੍ਹਾਂ ਦੀ ਬਾਣੀ ਤੇ ਉਨ੍ਹਾਂ ਦੇ ਧਰਮ ਦੀ, ਬਾਕੀ ਧਰਮਾਂ, ਉਨ੍ਹਾਂ ਦੇ ਗ੍ਰੰਥਾਂ ਤੇ ਉਨ੍ਹਾਂ ਦੇ ਮੋਢੀਆਂ ਤੋਂ ਉੱਤਮਤਾ ਦਾ ਪੱਕਾ ਵਿਸ਼ਵਾਸੀ ਸੀ ਤੇ ਇਸ ਵਿਸ਼ਵਾਸ਼ ਅਧੀਨ ਕਈ ਵਾਰੀ ਹੋਰਨਾਂ ਮਤਾਂ ਦਾ ਜ਼ਿਕਰ ਕੁਝ ਵਧੇਰੇ ਹੀ ਤਿੱਖੇ ਢੰਗ ਨਾਲ ਕਰ ਜਾਂਦਾ ਸੀ :
(ੳ) ਮਨ ਬਚ ਕਰਮ ਸਿ ਭਰਮਦੇ ਸਾਧ ਸੰਗਤ ਸਤਿਗੁਰ ਨ ਸਿਞਾਣੈ । ।
ਫਕੜ ਹਿੰਦੂ ਮੁਸਲਮਾਣੈ । ॥੧੬ । । (ਵਾਰ ੨੩)
(ਅ) ਸੁਖ ਸਾਗਰ ਗੁਰ ਛਡ ਕੈ ਭਵਜਲ ਅੰਦਰ ਭੰਭਲ ਭੂਸੇ । ।
ਲਹਰੀ ਨਾਲ ਪਛਾੜੀਅਨਿ ਹਉਮੈਂ ਅਗਨੀ ਅੰਦਰ ਲੁਸੇ । ।
ਜਮ ਦਰ ਬਧੇ ਮਾਰੀਅਨਿ ਜਮਦੂਤਾਂ ਦੇ ਧਕੇ ਧੂਸੇ । ।
ਗੋਇਲ ਵਾਸਾ ਚਾਰ ਦਿਨ ਨਾਉ ਧਰਾਇਨਿ ਈਸੇ ਮੂਸੇ । ।
ਘਟ ਨ ਕੋਇ ਅਖਾਇੰਦਾ ਆਪੋ ਧਾਪੀ ਹੋਰਤ ਹੂਸੇ। ।
ਸਾਇਰ ਦੇ ਮਰਜੀਵੜੇ ਕਰਨਿ ਮਜੂਰੀ ਖੇਚਲ ਖੂਸੇ । ।
ਗੁਰੁ ਪੂਰੇ ਵਿਣ ਡਾਂਗ ਡੰਗੂਸੇ । ।੧੩ । । (ਵਾਰ ੧੫)
ਸ਼ਾਇਦ ਇਸ ਤਿੱਖੇਪਣ ਦਾ ਕਾਰਨ ਇਹ ਸੀ ਕਿ ਉਸ ਸਮੇਂ ਸਿੱਖ ਪੰਥ ਦਿਨ ਬਦਿਨ ਅੱਗੇ ਵਧਣ ਦੇ ਬਾਵਜੂਦ ਦੁਸ਼ਮਣਾਂ ਨਾਲ ਘਿਰਿਆ ਹੋਇਆ ਸੀ ਤੇ ਆਪਣੀ ਹਸਤੀ ਨੂੰ ਕਾਇਮ ਰੱਖਣ ਲਈ ਬੜੀ ਕਠਿਨ ਜਦੋ ਜਹਿਦ ਕਰ ਰਿਹਾ ਸੀ । ਜਦੋ-ਜਹਿਦ ਦੇ ਵਾਯੂਮੰਡਲ ਵਿਚ ਵਿਰੋਧੀਆਂ ਪ੍ਰਤੀ ਕਠੋਰ ਸ਼ਬਦ ਵਰਤੇ ਜਾਣੇ ਕੁਝ ਸੁਭਾਵਕ ਹੁੰਦੇ ਹਨ। ਵੈਸੇ ਵੀ ਉਸ ਸਮੇਂ ਪੰਜਾਬੀਆ ਦੀਆਂ ਆਮ ਧਾਰਮਕ ਸੰਪ੍ਰਦਾਵਾਂ ਮਨੁੱਖੀ ਗੁਣਾਂ ਤੋਂ ਇੰਨੀਆਂ ਕੋਰੀਆਂ ਸਨ ਕਿ ਹਰ ਮਨੁੱਖਵਾਦੀ ਨੂੰ ਉਨ੍ਹਾਂ ਦਾ ਖੋਲ੍ਹ ਕੇ ਖੰਡਨ ਕਰਨਾ ਪੈਂਦਾ ਸੀ । ਗੁਰੂ ਨਾਨਕ ਦੀ ਤਰ੍ਹਾਂ ਭਾਈ ਗੁਰਦਾਸ ਦੇ ਖੰਡਨ ਦਾ ਮੰਤਵ ਤਾਂ ਦੰਭੀ ਕੱਟੜਪੰਥੀ ਤੇ ਆਚਾਰਹੀਣ ਧਾਰਮਕ ਆਗੂਆਂ ਦੇ ਅਸਰ ਹੇਠੋਂ ਪੰਜਾਬ ਦੀ ਜਨਤਾ ਨੂੰ ਆਜ਼ਾਦ ਕਰ ਕੇ ਸਾਂਝੀ ਕੌਮੀਅਤ ਲਈ ਉਨ੍ਹਾਂ ਨੂੰ ਤਿਆਰ ਕਰਨਾ ਹੀ ਸੀ ਪਰ ਪਹਿਲੇ ਗੁਰੂ ਵਰਗੀ ਸੰਭਲੀ ਹੋਈ ਸਬਦਾਵਲੀ ਨਾ ਵਰਤ ਸਕਣ ਕਰਕੇ ਭਾਈ ਗੁਰਦਾਸ ਗੁਰੂਆਂ ਦੇ ਸਮਾਜਕ ਮੰਤਵਾਂ ਦੀ ਪੂਰੀ ਤਰ੍ਹਾਂ ਪ੍ਰਤੀਨਿਧਤਾ ਨਹੀਂ ਕਰ ਸਕਿਆ । ਗੁਰੂ ਸਾਹਿਬਾਂ ਦੀ ਸਪਿਰਿਟ ਨੂੰ ਪੂਰਨ ਰੂਪ ਵਿਚ ਸਭ ਸਿੱਖ ਨਹੀਂ ਧਾਰ ਸਕਦੇ ਸਨ । ਆਪੋ ਆਪਣੇ ਵਿੱਤ ਤੇ ਯਤਨ ਅਨੁਸਾਰ ਕੋਈ ਉਨ੍ਹਾਂ ਦੇ ਆਦਰਸ਼ਾਂ ਨੂੰ ਬਹੁਤ ਹੱਦ ਤੀਕ ਆਪਣੇ ਜੀਵਨ ਵਿਚ ਢਾਲ ਲੈਂਦਾ ਸੀ, ਕੋਈ ਘੱਟ । ਭਾਈ ਗੁਰਦਾਸ ਵਧੀਆ ਸਿੱਖਾਂ ਵਿਚੋਂ ਸੀ ਪਰ ਗੁਰੂਆਂ ਜਿੰਨਾ ਪੂਰਨ ਨਹੀਂ ਸੀ । ਉਸ ਦੀ ਸਿੱਧੀ ਤੇ ਕਈ ਵਾਰੀ ਖੁਲ੍ਹੀ-ਡੁਲ੍ਹੀ ਬੋਲੀ ਪੰਜਾਬੀ ਜਨਤਾ ਦੇ ਤੇਜ਼ ਤੇ ਨਿਰਸੰਕੋਚ ਸੁਭਾਅ ਦੀ ਯਾਦ ਕਰਵਾ ਦੇਂਦੀ ਹੈ, ਭਾਵੇਂ ਸਿੱਖ ਆਦਰਸ਼ਾਂ ਦੀ ਵਿਆਖਿਆ ਦੇ ਸਬੰਧ ਵਿਚ ਭੁਲੇਖਾ ਉਪਜਾਉਣ ਦਾ ਕਾਰਨ ਵੀ ਬਣ ਜਾਂਦੀ ਹੋਵੇ ।
(ੳ) ਕਿਆ ਨੀਸਾਣੀ ਮੀਣਿਆ ਖੋਟਸਾਲੀ ਸਿਕੈ । ।
ਸਿਰੋ ਸਿਰ ਪਾਹਣੀ ਮਾਰੀਅਨ ਓਇ ਪੀਰ ਫਿਟਿਕੈ । 18 1 1 (ਵਾਰ 36)
(ਅ) ਜਿਉ ਮੁਹ ਭੰਨੇ ਗਰੀ ਦੇ ਨਲੀਏਰ ਨੀਸਾਣੀ । ।
ਬੇਮੁਖ ਲੋਹਾ ਸਾਧੀਐ ਵਗਦੀ ਵਾਦਾਣੀਂ । 113 । । (ਵਾਰ 34)
ਗੁਰੂ ਨਾਨਕ ਦੀਆਂ ਸਤਰਾਂ ‘ਮੂਰਖ ਗੰਢੁ ਪਵੈ ਮੁਹਿ ਸਾਰ’ ਜਾਂ ‘ਫਿਕਾ ਮੂਰਖੁ ਆਖੀਐ ਪਾਣਾ ਲਹੇ ਸਜਾਇ’ ਜਾਂ ਗੁਰੂ ਅਰਜਨ ਦੀ ‘ਸੰਤ ਕੇ ਨਿੰਦਕ’ ਦੀ ਨਿਖੇਧੀ ਦੀ ਤਰ੍ਹਾਂ ਉਪਰੋਕਤ ਸਤਰਾਂ ਵਿਚਲੀ ਤੁਰਸ਼ੀ ਦਾ ਅਸਲ ਮੰਤਵ ਤਾਂ ਔਗੁਣਹਾਰਿਆਂ ਨੂੰ ਝੰਜੋੜ ਕੇ ਸਿੱਧੇ ਰਾਹ ਪਾਉਣਾ ਜਾਂ ਸਿੱਖਾਂ ਨੂੰ ਉਨ੍ਹਾਂ ਦੀ ਸੰਗਤ ਤੋਂ ਵਰਜਣਾ ਹੈ ਪਰ ਇਨ੍ਹਾਂ ਤੋਂ ਗੁਰੂ-ਆਕੀਆ ਨਾਲ ਤਸ਼ੱਦਦ ਵਰਤਣ ਦੀ ਉਕਸਾਹਟ ਮਿਲਣੀ ਵੀ ਐਨ ਸੰਭਵ ਹੈ । ਮੁਗ਼ਲ ਸਾਮਰਾਜ ਦੀ ਕਰੋਪੀ ਦੇ ਸ਼ਿਕਾਰ ਬਣ ਰਹੇ ਸਿੱਖਾਂ ਵਿਚ ਆਪਣੀਆਂ ਸਫ਼ਾਂ ਨੂੰ ਮਜ਼ਬੂਤ ਰੱਖਣ ਦੀ ਲਾਲਸਾ ਬਹੁਤ ਤੀਬਰ ਸੀ ਤੇ ਇਨ੍ਹਾਂ ਵਿਚ ਤੇੜਾਂ ਪਾਉਣ ਵਾਲਿਆਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਸੀ ਕੀਤਾ ਜਾ ਸਕਦਾ । ਗੁਰੂ ਅਰਜਨ ਨੇ ਆਪਣੇ ਵੱਡੇ ਭਰਾ ਦੀ ਦੁਸ਼ਮਣੀ ਨੂੰ ਜਿਸ ਸਬਰ, ਸ਼ਾਂਤੀ ਤੇ ਅਹਿੰਸਾ ਦੀ ਸਪਿਰਿਟ ਨਾਲ ਨਜਿੱਠਿਆ ਸੀ, ਉਹ ਉਨ੍ਹਾਂ ਦੇ ਆਪਣੇ ਆਦਰਸ਼ਾ ਦੇ ਬਿਲਕੁਲ ਅਨੁਕੂਲ ਸੀ ਪਰ ਸਮਾਜਕ ਸੂਝ ਵਿਚ ਦਿਨ-ਬਦਿਨ ਪੱਕੇ ਹੋ ਰਹੇ ਸਿੱਖ ਪ੍ਰਿਥੀ ਚੰਦ ਆਦਿਕਾਂ ਦੀਆਂ ਮੁਗ਼ਲਾਂ ਨਾਲ ਸਾਜ਼ਸ਼ਾਂ ਨੂੰ ਆਪਣੀ ਸਮੂਹਕ ਹਸਤੀ ਲਈ ਚੈਲੰਜ ਸਮਝਦੇ ਸਨ ਤੇ ਉਨ੍ਹਾਂ ਪ੍ਰਤੀ ਬੜੇ ਕਠੋਰ ਭਾਵਾਂ ਨਾਲ ਭਰੇ ਹੋਏ ਸਨ । ਭਾਈ ਗੁਰਦਾਸ ਦੀ ਕਵਿਤਾ ਵਿੱਚੋਂ ਉਸ ਸਮਾਜਕ ਸੂਝ ਦੀ ਕਿਤੇ ਕਿਤੇ ਝਲਕ ਮਿਲ ਜਾਂਦੀ ਹੈ ਚਾਹੇ ਉਸ ਦੇ ਲਫ਼ਜ਼ ਗੁਰੂ ਸਾਹਿਬ ਦੀਆਂ ਕਸੌਟੀਆਂ ਉੱਤੇ ਪੂਰੇ ਨਹੀਂ ਉਤਰਦੇ ਜਾਪਦੇ । ਪਰ ਬਾਵਜੂਦ ਗੁਰੂ-ਆਕੀਆਂ ਜਾਂ ਅਨਮਤੀਆਂ ਪ੍ਰਤੀ ਖਰ੍ਹਵੇਂ ਸ਼ਬਦ ਵਰਤਣ ਦੇ, ਭਾਈ ਗੁਰਦਾਸ ਅਜਿਹੇ ਵਿਸ਼ਿਆਂ ਵਿਚ ਓਨੀ ਡੂੰਘੀ ਦਿਲਚਸਪੀ ਨਹੀਂ ਲੈਂਦਾ ਜਿੰਨੀ ਸਿੱਖਾਂ ਦੇ ਸਦਾਚਾਰਕ ਤੇ ਰਹੱਸਵਾਦੀ ਜੀਵਨ ਨੂੰ ਉਚਿਆਉਣ ਵਿਚ । ਉਸ ਦੀ ਕਵਿਤਾ ਦਾ ਵੀ ਬਹੁਤ ਘੱਟ ਭਾਗ ਸਿੱਧੇ ਤੌਰ ਤੇ ਸਿੱਖ ਜੀਵਨ ਦੇ ਸਮਾਜਕ ਪੱਖਾਂ ਨਾਲ ਸਬੰਧਤ ਹੈ । ਉਸ ਦਾ ਸਭ ਤੋਂ ਪ੍ਰਧਾਨ ਵਿਸ਼ਾ ਸ਼ਾਇਦ ਸ਼ਬਦ ਸੁਰਤਿ ਦਾ ਸੰਜੋਗ ਹੈ। ਜਿਸ ਸੂਖਮਤਾ ਤੇ ਸੁਗਮਤਾ ਨਾਲ ਉਹ ਆਤਮਕ ਵਿਕਾਸ ਦੇ ਕਈ ਅੰਗ ਇੱਕੋ ਕਵਿਤਾ ਵਿਚ ਦਸ ਜਾਂਦਾ ਹੈ ਉਸ ਤੋਂ ਇਸ਼ਾਰਾ ਮਿਲਦਾ ਹੈ ਕਿ ਉਸ ਦੀ ਕਵਿਤਾ ਦਾ ਆਧਾਰ ਕੇਵਲ ਗੁਰਬਾਣੀ ਦੀ ਬੌਧਕ ਸਮਝ ਹੀ ਨਹੀਂ, ਕਿਸੇ ਚੰਗੇ ਪੱਧਰ ਦਾ ਆਤਮਕ ਅਨੁਭਵ ਵੀ ਸੀ।
ਰਾਗ ਨਾਦ ਵਿਸਮਾਦ ਹੋਇ ਗੁਣ ਗਹਿਰ ਗੰਭੀਰਾ । ।
ਸ਼ਬਦ ਸੁਰਤ ਲਿਵ ਲੀਨ ਹੋਇ, ਅਨਹਦ ਧੁਨ ਧੀਰਾ।।
ਜੰਤ੍ਰੀ ਜੰਤ੍ਰ ਵਜਾਇੰਦਾ ਮਨ ਉਨਮਨ ਚੀਰਾ। ।
ਵਜ ਵਜਾਇ ਸਮਾਇ ਲੈ ਗੁਰ ਸ਼ਬਦ ਵਜੀਰਾ । ।
ਅੰਤਰਯਾਮੀ ਜਾਣੀਐ ਅੰਤਰਿ ਗਤਿ ਪੀਰਾ । ।
ਗੁਰ ਚੇਲਾ ਚੇਲਾ ਗੁਰੂ, ਬੇਧ ਹੀਰੇ ਹੀਰਾ । ।੮। । (ਵਾਰ ੯)
ਉਹ ਭਾਵੇਂ ਸਿੱਖ ਲਹਿਰ ਦੇ ਵਿਕਾਸ ਵਿਚ ਇਕ ਬੜੇ ਮਹੱਤਵਪੂਰਨ ਮੋੜ (ਰਾਜਸੀ ਝੁਕਾਵਾਂ ਦੀ ਉਤਪਤੀ) ਦਾ ਦਰਸ਼ਕ ਸੀ ਤੇ ਉਸ ਦਾ ਸਹਾਈ ਵੀ ਪਰ ਉਸ ਨੂੰ ਇਹ ਡੂੰਘਾ ਯਕੀਨ ਸੀ ਕਿ ਇਸ ਲਹਿਰ ਦੀਆਂ ਬੁਨਿਆਦਾਂ ਰਹੱਸਵਾਦੀ ਜੀਵਨ ਵਿਚ ਹਨ ਤੇ ਉਨ੍ਹਾਂ ਨੂੰ ਪੱਕਿਆਂ ਕੀਤੇ ਬਗੈਰ ਇਸ ਦਾ ਸਮਾਜਕ ਅਥਵਾ ਰਾਜਸੀ ਰੋਲ ਨਿਭ ਨਹੀਂ ਸਕੇਗਾ । ਰਾਜਸੀ ਸਰਗਰਮੀਆਂ ਦੇ ਭਖੇ ਹੋਏ ਵਾਤਾਵਰਣ ਵਿਚ ਲਿਖਦਾ ਤੇ ਆਪਣੀ ਸ਼ੈਲੀ ਰਾਹੀਂ ਇਸ ਵਾਤਾਵਰਣ ਨੂੰ ਪ੍ਰਤੀਬਿੰਬਦਾ ਵੀ, ਉਹ ਆਪਣੇ ਧਿਆਨ ਦਾ ਕੇਂਦਰ ਵਧ ਤੋਂ ਵਧ ਪੰਜਾਬੀਆਂ ਦੀ ਰੱਬ ਨਾਲ ਅਭੇਦਤਾ ਨੂੰ ਰੱਖਦਾ ਹੈ ਤੇ ਗੁਰੂਆਂ ਦਾ ਸਭ ਤੋਂ ਵਧ ਕ੍ਰਿਤੱਗ ਇਸ ਲਈ ਹੁੰਦਾ ਹੈ ਕਿ ਉਹ ਇਸ ਮਨੋਰਥ ਦੀ ਪੂਰਤੀ ਲਈ ਪੰਜਾਬੀਆਂ ਨੂੰ ਸੁਚੱਜੀ ਅਗਵਾਈ ਦੇ ਰਹੇ ਹਨ :-
ਨਮਸਕਾਰ ਗੁਰਦੇਵ ਕੋ ਸਤਿਨਾਮੁ ਜਿਸ ਮੰਤ੍ਰ ਸੁਣਾਯਾ । ।
ਭਉਜਲ ਵਿਚੋਂ ਕਢ ਕੇ ਮੁਕਤਿ ਪਦਾਰਥ ਮਾਹਿ ਸਮਾਯਾ । ।
ਜਨਮ ਮਰਨ ਭਉ ਕਟਿਆ ਸੰਸਾ ਰੋਗ ਵਿਜੋਗ ਮਿਟਾਯਾ । ।
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦੁਖੁ ਸਬਾਯਾ । ।
ਜਮਦੰਡ ਸਿਰੋਂ ਨ ਉਤਰੇ ਸਾਕਤ ਦੁਰਜਨ ਜਨਮ ਗਵਾਯਾ । ।
ਚਰਨ ਗਹੇ ਗੁਰਦੇਵ ਕੇ ਸਤਿ ਸਬਦ ਦੇ ਮੁਕਤ ਕਰਾਯਾ । ।
ਭਾਉ ਭਗਤਿ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਯਾ । ।
ਜੇਹਾ ਬੀਉ ਤੇਹਾ ਫਲ ਪਾਯਾ । ।੧ । । (ਵਾਰ ੧)
ਗੁਰੂਆਂ ਦੇ ਰੂਹਾਨੀ ਪ੍ਰਭਾਵ ਨੂੰ ਡੂੰਘਾਈ ਨਾਲ ਕਬੂਲਣ ਕਰਕੇ ਭਾਈ ਗੁਰਦਾਸ ਨੂੰ ਪੰਜਾਬ ਦੇ ਸੰਤ-ਕਵੀਆਂ ਵਿਚ ਸਤਿਕਾਰ ਦਾ ਦਰਜਾ ਪ੍ਰਾਪਤ ਹੈ।