ਸ਼ੁਕਰਗੁਜ਼ਾਰੀ
ਰਵੀਸ਼ ਕੁਮਾਰ ਸੰਵੇਦਨਸ਼ੀਲ ਪੱਤਰਕਾਰ ਹੈ। ਉਹ ਸੱਚ-ਪ੍ਰਸਤ ਅਤੇ ਬੇਬਾਕ ਪੱਤਰਕਾਰੀ ਵਿਚ ਆਪਣਾ ਨਿਵੇਕਲਾ ਰੁਤਬਾ ਬਣਾ ਚੁੱਕਾ ਹੈ। ਰਵੀਸ਼ ਸਮਾਜ ਦੀ ਸੁਚੇਤ ਅੱਖ ਹੈ। ਉਸ ਨੇ ਸ਼ਬਦਾਂ ਦੀ ਅਜ਼ਮਤ ਦਾ ਮਾਣ ਬਰਕਰਾਰ ਰੱਖਿਆ ਹੈ। ਆਪਣੇ ਟੀ.ਵੀ. ਚੈਨਲ ਰਾਹੀਂ ‘ਪ੍ਰਾਈਮ ਟਾਈਮ’ ਵਿਚ ਉਹ ਸੱਚੀਆਂ ਗੱਲਾਂ ਕਰਦਾ ਹੈ। ਉਸਨੂੰ ਕਰੋੜਾਂ ਲੋਕ ਦੇਸ-ਵਿਦੇਸ਼ ਵਿਚ ਬਹੁਤ ਹੀ ਧਿਆਨ ਨਾਲ ਸੁਣਦੇ ਅਤੇ ਦੇਖਦੇ ਹਨ। ਉਸ ਦੇ ਸ਼ਬਦਾਂ ਵਿੱਚੋਂ ਧਰਤੀ ਦਾ ਦਰਦ ਬੋਲਦਾ ਹੈ । ਸੱਚ ਸੁਣਨਾ ਵੀ ਸੌਖਾ ਨਹੀਂ ਤੇ ਕਹਿਣਾ ਉਸ ਤੋਂ ਵੀ ਕਿਤੇ ਔਖਾ ਹੈ। ਰਵੀਸ਼ ਕੁਮਾਰ ਸਾਡੇ ਆਲੇ ਦੁਆਲੇ ਰਾਜਨੀਤਕ ਅਤੇ ਹੋਰ ਖੇਤਰਾਂ ਵਿਚ ਕਦਰਾਂ ਕੀਮਤਾਂ ਦੀ ਜਦ ਦੁਰਗਤੀ ਹੁੰਦੀ ਵੇਖਦਾ ਹੈ, ਤਾਂ ਫਿਰ ਉਸੇ ਵਿਸ਼ੇ ਨੂੰ ਆਪਣੀ ਬੁਲੰਦ ਆਵਾਜ਼, ਅੰਦਾਜ਼ ਤੇ ਲੇਖਣੀ ਵਿਚ ਬਿਆਨ ਕਰਕੇ, ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦਾ ਹੈ। ਉਸ ਕੋਲ ਤੱਥਾਂ ਦੇ ਆਧਾਰ ‘ਤੇ ਗੱਲ ਕਰਨ ਦੀ ਕਲਾ ਹੈ। ਰਵੀਸ਼ ਲੋਕ ਹੱਕਾਂ ਲਈ ਗੱਲ ਕਰਨ ਵਾਲਾ ਵੱਡਾ ਪੱਤਰਕਾਰ ਹੈ। ਰਵੀਸ਼ ਲੋਕਾਂ ਦਾ ਯਕੀਨ ਹੋ ਨਿਬੜਿਆ ਹੈ। ਭਾਰਤ ਵਿਚ ਹੋਏ ਦੁਨੀਆਂ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਲਈ ਸੱਠ ਤੋਂ ਵੱਧ ਪ੍ਰਾਈਮ ਟਾਈਮ ਪ੍ਰੋਗਰਾਮ ਕਰਕੇ, ਰਵੀਸ਼ ਕੁਮਾਰ ਨੇ ਆਪਣੀ ਪੱਤਰਕਾਰੀ ਦੇ ਸਿਹਤਮੰਦ ਪੈਂਤੜੇ ਦੀ ਬੇਮਿਸਾਲ ਛਾਪ ਛੱਡੀ ਹੈ। ਉਸਦੀ ਮਿਹਨਤ ਤੇ ਘਾਲਣਾ ਨੂੰ ਸਾਡਾ ਸਲਾਮ!
ਉਸ ਦੇ ਦੇਸ-ਵਿਦੇਸ਼ ਵਿਚ ਬਹੁਤ ਸਾਰੇ ਚਾਹਵਾਨ ਅਤੇ ਸ਼ੁਭਚਿੰਤਕ ਹਨ; ਉਨ੍ਹਾਂ ਵਿੱਚੋਂ ਹੀ ਭੁਪਿੰਦਰ ਸਿੰਘ ਮੱਲ੍ਹੀ, ਸੁੱਚਾ ਸਿੰਘ ਦੀਪਕ, ਲਵਪ੍ਰੀਤ ਸਿੰਘ ਸੰਧੂ ਅਤੇ ਅਨੇਕਾਂ ਹੋਰ ਸੱਜਣ ਹਨ, ਜੋ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਰਹਿੰਦੇ ਹੋਏ ਵੀ, ਦੇਸ਼ ਲਈ ਦਰਦ ਰੱਖਦੇ ਹਨ। ਇਹ ਭਾਵੇਂ ਕਈ ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਹੇ ਹਨ, ਪਰ ਆਪਣੀ ਜਨਮ ਭੂਮੀ ਅਤੇ ਉਸ ਦੀ ਸਮਾਜਿਕ ਰਾਜਨੀਤਕ ਅਤੇ ਭੂਗੋਲਿਕ ਦਸ਼ਾ ਨੂੰ ਦੂਰੋਂ ਬਹਿ ਕੇ ਵੇਖਦੇ ਰਹਿੰਦੇ ਹਨ। ਸਮੇਂ ਸਮੇਂ ਆਪਣੇ ਮੁਲਕ ਅਤੇ ਆਪਣੀ ਜਨਮ ਭੂਮੀ ਦਾ ਕਰਜ਼ ਚੁਕਾਉਣ ਵਾਸਤੇ ਕੁਝ ਨਾ ਕੁਝ ਉਪਰਾਲੇ ਕਰਦੇ ਰਹਿੰਦੇ ਹਨ। ਬਹੁਤ ਸਾਰੀਆਂ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਅਤੇ ਸਮਾਜ ਵਿਚ ਜਾਗਰੂਕਤਾ ਦੀ ਲਹਿਰ ਵਿਚ ਹਿੱਸਾ ਪਾਉਂਦੇ ਰਹਿੰਦੇ ਹਨ ।
ਕੁਝ ਸਮਾਂ ਪਹਿਲਾਂ ਰਵੀਸ਼ ਕੁਮਾਰ ਨੇ ਆਪਣੇ ਜਜ਼ਬਾਤ ਨੂੰ ਕਲਮ ਰਾਹੀਂ ਸੰਵੇਦਨਾ ਭਰੀ ਪੁਸਤਕ ‘ਦ ਫ੍ਰੀ ਵਾਇਸ’ ਦੇ ਰੂਪ ਵਿਚ ਕਹਿਣ ਦਾ ਯਤਨ ਕੀਤਾ ਹੈ। ਉਹ ਕਿਤਾਬ ਅੰਗਰੇਜ਼ੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋ ਕੇ ਲੋਕਾਂ ਤੱਕ ਪਹੁੰਚੀ ਅਤੇ ਬਹੁਤ ਮਕਬੂਲ ਹੋਈ ਹੈ। ਰਵੀਸ਼ ਦੱਸਦਾ ਹੈ ਕਿ ਤੁਹਾਡੇ ਹੱਕਾਂ ਦੀ ਕੋਈ ਦੂਸਰਾ ਤਰਜ਼ਮਾਨੀ ਨਹੀਂ ਕਰ ਸਕਦਾ। ਉਸ ਲਈ ਤੁਹਾਨੂੰ ਆਪ ਨੂੰ ਹੀ ਬੋਲਣਾ ਹੋਵੇਗਾ। ਉਹ ਦੱਸਦਾ ਹੈ ਕਿ ਬੇਇਨਸਾਫੀ, ਝੂਠ ਅਤੇ ਲਾਲਚ ਵਿਰੁਧ, ਇਮਾਨਦਾਰੀ, ਸੱਚ ਅਤੇ ਦਇਆ ਲਈ ਆਪਣੀ ਆਵਾਜ਼ ਬੁਲੰਦ ਕਰਨ ਤੋਂ ਕਦੇ ਵੀ ਪਿਛਾਂਹ ਨਾ ਹਟੋ। ਜੇ ਦੁਨੀਆਂ ਦੇ ਸਭ ਲੋਕ ਅਜਿਹਾ ਕਰਨਗੇ, ਤਾਂ ਯਕੀਨਨ ਦੁਨੀਆਂ ਬਦਲ ਜਾਵੇਗੀ। ਇਤਿਹਾਸ ਗਵਾਹ ਹੈ, ਲੋਕ ਹਮੇਸ਼ਾਂ ਸੱਚ ਤੇ ਬੇ-ਇਨਸਾਫੀ ਖਿਲਾਫ ਖੜਦੇ ਹਨ, ਤੇ ਸਥਾਪਤੀਆਂ ਲੋਕਾਂ ਨੂੰ ਹਮੇਸ਼ਾਂ ਗੁਮਰਾਹ ਕਰਕੇ ਵੰਡੀਆਂ ਪਾ ਕੇ ਮਾਯੂਸ ਕਰਦੀਆਂ ਹਨ।
ਕਿਤਾਬ ਦਾ ਮੂਲ ਪ੍ਰਕਾਸ਼ਨ, ਜੋ ਕਿ ਅੰਗਰੇਜ਼ੀ ਵਿੱਚ ਹੈ ‘ਦ ਫ੍ਰੀ ਵਾਇਸ’ ਦਾ ਪੰਜਾਬੀ ਰੂਪਾਂਤਰ ਦਲਜੀਤ ਅਮੀ ਨੇ ‘ਬੋਲ ਬੰਦਿਆ’ ਨਾਂ ਤੇ ਕੀਤਾ ਹੈ। ਦਲਜੀਤ ਅਮੀ ਸੁਲਝਿਆ ਹੋਇਆ ਪੱਤਰਕਾਰ ਹੈ । ਉਹ ਸ਼ਬਦਾਂ ਦੀ ਨਬਜ਼ ਨੂੰ ਪਛਾਣਦਾ ਹੈ । ‘ਬੋਲ ਬੰਦਿਆ’ ਜਿੱਥੇ ‘ਦ ਫ੍ਰੀ ਵਾਇਸ’ ਦਾ ਪੰਜਾਬੀ ਰੂਪ ਹੈ, ਉਥੇ ਇਹ ਪੰਜਾਬੀ ਭਾਸ਼ਾ ਵਿਚ ਆਪਣੀ ਮਿਸਾਲ ਕਾਇਮ ਕਰ ਗਿਆ ਹੈ। ਅਸੀਂ ਇਸ ਨੇਕ ਕਾਰਜ ਲਈ ਦਲਜੀਤ ਅਮੀ ਦਾ ਬਹੁਤ ਧੰਨਵਾਦ ਕਰਦੇ ਹਾਂ।
ਵਿਜ਼ਡਮ ਕੁਲੈਕਸ਼ਨ, ਸਾਊਥ ਏਸ਼ੀਅਨ ਰੀਵੀਊ ਅਤੇ ਨਵਰੋਜ਼ ਗੁਰਬਾਜ਼ ਇੰਟਰਟੇਨਮੈਂਟ ਨੇ ਮਿਲ ਕੇ ਇਸ ਕਿਤਾਬ ਨੂੰ ਜਨਤਾ ਦੀ ਕਚਹਿਰੀ ਵਿਚ ਭੇਜਣ ਦਾ ਯਤਨ ਕੀਤਾ ਹੈ। ਅਸੀਂ ਸਭ ਸੰਸਥਾਵਾਂ ਅਤੇ ਦੋਸਤਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੋਚ ਪੁਸਤਕ ਜਾਮਾ ਧਾਰ ਸਕੀ ਹੈ। ‘ਸਪੀਕਿੰਗ ਟਾਈਗਰ’ ਵਾਲੇ ਰਵੀ ਸਿੰਘ, ਸ਼ਬਦ ਜੋੜ ਸੁਧਾਈ ਵਿਚ ਗੁਰਭਜਨ ਗਿੱਲ ਅਤੇ ਗੁਰਵਿੰਦਰ ਸਿੰਘ ਦੀ ਮਿਹਨਤ ਦੇ ਨਾਲ ਪ੍ਰਿੰਟਵੈਲ ਨੇ ਕਿਤਾਬ ਦੀ ਛਪਾਈ ਕਰਕੇ ਇਸਦੀ ਖੂਬਸੂਰਤੀ ਵਿਚ ਵਾਧਾ ਕੀਤਾ ਹੈ। ਉਨ੍ਹਾ ਦਾ ਵਿਸ਼ੇਸ਼ ਧੰਨਵਾਦ!
ਸਾਨੂੰ ਉਮੀਦ ਹੈ ਕਿ ਇਹ ਪੁਸਤਕ ਸਾਡੇ ਸਮਾਜ ਨੂੰ ਨਵੀਂ ਸੇਧ ਦੇਣ ਵਿਚ ਯਕੀਨਨ ਕਾਮਯਾਬ ਹੋਵੇਗੀ!
ਇਸੇ ਹੀ ਆਸ ਅਤੇ ਉਮੀਦ ਨਾਲ ਕਿਤਾਬ ਹਾਜ਼ਰ ਹੈ!
ਪ੍ਰਕਾਸ਼ਕ
13 ਅਪ੍ਰੈਲ , 2022
ਹੁਣ ਬੋਲਣ ਦੀ ਵਾਰੀ ਤੁਹਾਡੀ ਹੈ!
ਇਕ ਮੰਦਰ ਦੇ ਸਾਹਮਣੇ ਇਕ ਮੁਸਲਮਾਨ ਤਰਬੂਜ਼ ਵੇਚ ਰਿਹਾ ਹੈ । ਕੁਝ ਲੋਕ ਤਰਬੂਜ਼ ਵੇਚਣ ਵਾਲੇ ਕੋਲ ਪਹੁੰਚ ਕੇ ਉਸਨੂੰ ਕੁੱਟਦੇ ਹਨ ਅਤੇ ਉਸਦੇ ਤਰਬੂਜ਼ ਭੁੰਜੇ ਸੁੱਟ ਦਿੰਦੇ ਹਨ।.. ਕਰਨਾਟਕ ਦੇ ਧਾਰਵਾੜ ਇਲਾਕੇ ਦੀ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਚਾਰੇ ਪਾਸੇ ਫ਼ੈਲੀਆਂ ਹੋਈਆਂ ਹਨ। ਚਾਰੇ ਪਾਸੇ ਲੋਕ ਚੁੱਪ ਚਾਪ ਹਨ । ਰਾਮ ਨੌਮੀ ਦੇ ਸ਼ੁਭ ਮੌਕੇ ‘ਤੇ ਕੱਢੀਆਂ ਗਈਆਂ ਸ਼ੋਭਾ ਯਾਤਰਾਵਾਂ ਹੁਣ ਸਿਆਸੀ ਜਲੂਸ ਵਿਚ ਬਦਲ ਚੁਕੀਆਂ ਹਨ। ਇਸ ਜਲੂਸ ਵਿਚ ਤਲਵਾਰਾਂ ਲਿਸ਼ਕ ਰਹੀਆਂ ਹਨ। ਗਾਏ ਜਾ ਰਹੇ ਗੀਤ, ਭਜਨ ਘੱਟ ਪਰ ਲਲਕਾਰੇ ਜ਼ਿਆਦਾ ਹਨ। ਮਸਜਿਦ ਦੀ ਮੀਨਾਰ ‘ਤੇ ਚੜ੍ਹ ਕੇ ਭਗਵਾ ਲਹਿਰਾਉਣ ਵਾਲੇ ਨੌਜਵਾਨ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ ਅਤੇ ਕਿਸ ਦੇ ਇਸ਼ਾਰੇ ‘ਤੇ ਕਰ ਰਹੇ ਹਨ? ਹਰ ਦੂਜੇ ਦਿਨ ਧਰਮ ਦੇ ਨਾਂ ‘ਤੇ ਇਕ ਵਰਗ ਨੂੰ ਇਸੇ ਤਰ੍ਹਾਂ ਜ਼ਲੀਲ ਕੀਤਾ ਜਾ ਰਿਹਾ ਹੈ। ਹਰ ਰੋਜ਼ ਇਹ ਦੇਸ਼ ਅਜਿਹੀਆਂ ਘਟਨਾਵਾਂ ‘ਤੇ ਚੁੱਪੀ ਧਾਰੀ ਬੈਠਾ ਹੈ। ਲੋਕ ਦੂਸਰੇ ਦੇ ਧਰਮ ਦੇ ਖ਼ਿਲਾਫ਼ ਤਾਂ ਬੋਲਦੇ ਹਨ, ਪਰ ਅਧਰਮ ਦੇ ਖ਼ਿਲਾਫ਼ ਕੋਈ ਨਹੀਂ ਬੋਲਦਾ । ਇਹ ਧਰਮ ਦੇ ਨਾਂ ‘ਤੇ ਹੋ ਰਹੇ ਅਧਰਮ ਵਿਰੁੱਧ ਬੋਲਣ ਦੀ ਜਾਚ ਹੀ ਭੁੱਲ ਗਏ ਹਨ।
ਜਿਸ ਸਮੇਂ ਇਹ ਕਿਤਾਬ ‘ਬੋਲਨਾ ਹੀ ਹੈ’ ਹਿੰਦੀ ਅਤੇ ਅੰਗਰੇਜ਼ੀ ‘ਚ ਆਈ ਸੀ, ਉਸ ਸਮੇਂ ਇਹ ਸਿਰਲੇਖ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਦੇਖਣ ਵਿਚ ਆ ਰਿਹਾ ਸੀ ਕਿ ਆਉਣ ਵਾਲੇ ਸਮੇਂ ‘ਚ ਇਸ ਦੇਸ਼ ‘ਚ ਬੋਲਣਾ ‘ਮਹਿੰਗਾ’ ਪਵੇਗਾ । ਬੋਲਣ ਦੀ ਕੀਮਤ ਬਹੁਤ ਜ਼ਿਆਦਾ ਤਾਰਨੀ ਪਵੇਗੀ ਅਤੇ ਬੋਲਣ ਵਾਲੇ ਵੀ ਘੱਟ ਹੋਣਗੇ। ਹਿੰਸਾ ਦਾ ਦਬਦਬਾ ਏਨਾ ਵਧ ਜਾਵੇਗਾ ਕਿ ਆਪਣੇ ਨਾਗਰਿਕਾਂ ਨੂੰ ਲਗਾਤਾਰ ਜ਼ਲੀਲ ਹੁੰਦੇ ਦੇਖ ਕੇ, ਕੌਮ ਦੀ ਮਾਨਸਿਕ ਸਿਹਤ ਵਿਗੜ ਜਾਵੇਗੀ। ਮਾਮਲਾ ਬੋਲਣ ਦੀ ਬਹਾਦਰੀ ਦਾ ਨਹੀਂ ਹੈ। ਅਸੀਂ ਇੱਕ ਅਜਿਹੀ ਅੰਨ੍ਹੀ ਸੁਰੰਗ ਵਿਚ ਪਹੁੰਚ ਗਏ ਹਾਂ ਜਿੱਥੇ ਬੋਲਣ ‘ਤੇ ਕੋਈ ਆਵਾਜ਼ ਨਹੀਂ ਗੂੰਜਦੀ । ਲੱਗਦਾ ਹੀ ਨਹੀਂ ਕਿ ਇਹ ਉਹੀ ਦੇਸ਼ ਹੈ, ਜਿੱਥੇ ਕਿਸੇ ਵੇਲੇ ਏਨੀਆਂ ਆਵਾਜ਼ਾਂ ਉੱਠੀਆਂ ਸਨ ਕਿ ਦੋ ਸੌ ਸਾਲਾਂ ਤੋਂ ਕਬਜ਼ਾ ਕਰੀ ਬੈਠੀ ਅੰਗਰੇਜ਼ ਹਕੂਮਤ ਦੀਆਂ ਨੀਹਾਂ ਹਿੱਲ ਗਈਆਂ ਸਨ। ਅੱਜ ਧਰਮ ਦੀ ਨਫਰਤ ਦੇ ਨਾਂ ‘ਤੇ ਏਨੀ ਵੱਡੀ ਫੌਜ ਤਿਆਰ ਹੋ ਗਈ ਹੈ ਕਿ ਜਿੰਨੇ ਲੋਕ ਸੜਕਾਂ ‘ਤੇ ਹੰਗਾਮਾ ਕਰਦੇ ਦੇਖੇ ਜਾਂਦੇ ਹਨ, ਉਸ ਤੋਂ ਕਈ ਗੁਣਾਂ ਜ਼ਿਆਦਾ ਵਿਦੇਸ਼ ਤੋਂ ਲੈ ਕੇ ਦੇਸ਼ ਦੇ ਕੋਨੇ-ਕੋਨੇ ਤੱਕ, ਘਰਾਂ ‘ਚ ਬੈਠੇ ਹਨ। ਫਿਰਕਾਪ੍ਰਸਤੀ ਨੇ ਹੁਣ ਸਮਾਜਿਕ ਪਛਾਣ ਦਾ ਰੂਪ ਧਾਰ ਲਿਆ ਹੈ। ਹਰ ਫਿਰਕਾਪ੍ਰਸਤ ਬੰਦਾ ਸਿਰ ਉੱਚਾ ਕਰਕੇ ਸਮਾਜ ਵਿਚ ਘੁੰਮ ਰਿਹਾ ਹੈ ਅਤੇ ਇਨ੍ਹਾਂ ਗੱਲਾਂ ਨੂੰ ਗਲਤ ਸਮਝਣ ਵਾਲਾ ਨੀਵੀਂ ਪਾ ਕੇ ਸ਼ਰਮ ਮਹਿਸੂਸ ਕਰ ਰਿਹਾ ਹੈ।
ਤੁਹਾਨੂੰ ਇਸ ਦੇਸ਼ ਦੀਆਂ ਸੰਸਥਾਵਾਂ ਵਲੋਂ ਬੋਲਣ ਦੀ ਕੋਈ ਗਾਰੰਟੀ ਨਹੀਂ ਹੈ। ਜੇ ਤੁਸੀਂ ਜੀ ਹਜ਼ੂਰੀ ਵਿਚ ਬੋਲਣਾ ਚਾਹੁੰਦੇ ਹੋ, ਤਾਂ ਫਿਰ ਕੋਈ ਦਿੱਕਤ ਨਹੀਂ ਹੈ। ਜੇਕਰ ਤੁਸੀਂ ਗਲਤ ਦਾ ਵਿਰੋਧ ਕਰਨਾ ਹੈ, ਤਾਂ ਬੋਲਣ ਦੀ ਖੁੱਲ ਨਹੀਂ ਹੈ। ਇਕ ਪਾਸੜ ਬੋਲਿਆ ਜਾ ਰਿਹਾ ਹੈ। ਇਕ ਪਾਸੜ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਦਾ ਇਕ ਪਾਸੜ ਨਿਰਮਾਣ ਕੀਤਾ ਜਾ ਰਿਹਾ ਹੈ, ਪਰ ਨਾਅਰਿਆਂ ਵਿਚ ਲਿਖਿਆ ਜਾ ਰਿਹਾ ਹੈ ਕਿ ਸਭ ਦਾ ਭਾਰਤ ਬਣਾਇਆ ਜਾ ਰਿਹਾ ਹੈ।
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਪੁਸਤਕ ਦੇ ਪੰਜਾਬੀ ਵਿਚ ਆਉਣ ਨਾਲ, ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਵੱਸਦੇ ਪੰਜਾਬੀ ਜਾਣਨ ਵਾਲੇ ਅਜਿਹੇ ਪਾਠਕ ਵੀ ਹੋਣਗੇ ਜੋ ਦੁਨੀਆਂ ਦੇ ਵੱਖ ਵੱਖ ਹਿੱਸਿਆਂ ‘ਚ ਰਹਿੰਦੇ ਹੋਣਗੇ । ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਅਜਿਹੇ ਹਾਲਾਤ ਉਨ੍ਹਾਂ ਦੇ ਸਾਹਮਣੇ ਹੁੰਦੇ ਤਾਂ ਕੀ ਉਹ ਤਰੱਕੀ ਕਰ ਸਕਦੇ ਸੀ? ਮੈਂ ਉਨ੍ਹਾਂ ਤੋਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਜਦੋਂ ਦੂਜੇ ਦੇਸ਼ਾਂ ਦੀਆਂ ਬਿਹਤਰ ਸਹੂਲਤਾਂ ਦੇ ਸਹਾਰੇ ਤੁਸੀਂ ਅੱਗੇ ਵਧ ਰਹੇ ਹੋ ਤਾਂ ਤੁਸੀਂ ਭਾਰਤ ਲਈ ਅਜਿਹੀ ਪ੍ਰਣਾਲੀ ਦੀ ਮੰਗ ਕਿਉਂ ਨਹੀਂ ਕਰਦੇ? ਕਿਉਂ ਅੱਜ ਵੀ ਪੁਲਿਸ ਧਰਮ ਅਤੇ ਜ਼ਾਤ ਨੂੰ ਦੇਖ ਕੇ ਫ਼ੈਸਲਾ ਲੈਂਦੀ ਹੈ? ਜਦੋਂ ਕਿਸੇ ਗਰੀਬ ਠੇਲੇ ਵਾਲੇ ਦਾ ਠੇਲਾ ਪਲਟਾ ਦਿੱਤਾ ਜਾਂਦਾ ਹੈ ਤਾਂ ਅਦਾਲਤ ਚੁੱਪ ਕਿਉਂ ਰਹਿੰਦੀ ਹੈ? ਕਿਉਂ ਜ਼ਮਾਨਤ ਦੇ ਕੇਸ ਦੀ ਸੁਣਵਾਈ ਲਈ ਅਦਾਲਤ ਨੂੰ ਕਈ ਕਈ ਹਫ਼ਤੇ ਲੱਗ ਜਾਂਦੇ ਹਨ?
ਕੀ ਤੁਸੀਂ ਸਾਰੇ ਇਕ ਅਜਿਹੇ ਦੇਸ਼ ਵਿਚ ਰਹਿਣਾ ਚਾਹੋਗੇ, ਜਿੱਥੇ ਰਾਜ ਪ੍ਰਬੰਧ ਸਿਰਫ ਉਨ੍ਹਾਂ ਲਈ ਹੈ, ਜੋ ਸਰਕਾਰ ਦੇ ਜੀ ਹਜੂਰੀਏ ਹਨ ਅਤੇ ਸਰਕਾਰ ਲਗਾਤਾਰ ਉਨ੍ਹਾਂ ਤਾਕਤਾਂ ਨੂੰ ਸ਼ਹਿ ਦਿੰਦੀ ਹੈ, ਜੋ ਦੂਜਿਆਂ ਦੀ ਆਵਾਜ਼ ਨੂੰ ਦਬਾਉਂਦੇ ਹਨ।
ਧਰਮ ਦੇ ਆਧਾਰ ‘ਤੇ ਫ਼ੈਲਾਈ ਜਾ ਰਹੀ ਇਹ ਨਫ਼ਰਤ ਦੀ ਹਵਾ ਭਾਰਤ ਦੇ ਨੌਜਵਾਨਾਂ ਨੂੰ ਦੰਗਾਕਾਰੀ ਬਣਾਏਗੀ ਜਾਂ ਫਿਰ ਡਾਕਟਰ ਤੇ ਇੰਜਨੀਅਰ? ਇਸ ਗਰਮ ਹਵਾ ਨੂੰ ਸ਼ਾਂਤ ਕਰਨ ਵਿਚ ਤੁਹਾਡੀ ਕੀ ਭੂਮਿਕਾ ਹੈ? ਇਹਨਾਂ ਸਵਾਲਾਂ ‘ਤੇ ਹੁਣ ਬੋਲਣ ਦੀ ਵਾਰੀ ਤੁਹਾਡੀ ਹੈ। ਜੇ ਤੁਸੀਂ ਅੱਜ ਵੀ ਚੁੱਪ ਰਹੇ, ਤਾਂ ਕੱਲ੍ਹ ਨੂੰ ਇਹ ਚੁੱਪ ਤੁਹਾਨੂੰ ਬਹੁਤ ਮਹਿੰਗੀ ਪਵੇਗੀ। ਇਹ ਦੇਸ਼ ਉਦੋਂ ਤੱਕ ਹੀ ਸਲਾਮਤ ਹੈ, ਜਦੋਂ ਤੱਕ ਕੋਈ ਕਿਸੇ ਦੂਸਰੇ ਲਈ ਬੋਲ ਰਿਹਾ ਹੈ। ਜਿਵੇਂ ਕੋਈ ਆਪਣੇ ਲਈ ਬੋਲ ਰਿਹਾ ਹੈ। ਜੇ ਸੱਤਾ ਦੇ ਜੋਰ ‘ਤੇ ਸੱਤਾਧਾਰੀ ਕਿਸੇ ਇਕ ਧਰਮ ਦੀ ਮੱਤ ਤੁਹਾਡੇ ਤੇ ਥੋਪਣ ਅਤੇ ਇਕ ਧਰਮ ਦੇ ਖਾਣ-ਪੀਣ ਵਰਤਾਉਣ ‘ਚ ਕਾਮਯਾਬ ਹੋ ਜਾਣ ਤੇ ਦੂਸਰੇ ਲੋਕ ਚੁੱਪ ਰਹਿਣ, ਫਿਰ ਕਿੱਥੇ ਰਹੇਗਾ ਉਹ ਭਾਰਤ, ਜਿਹੜਾ ਵੱਖ-ਵੱਖ ਸੂਬਿਆਂ ‘ਚੋਂ ਬੋਲਦਾ ਸੀ। ਅਸੀਂ ਭਾਸ਼ਾ, ਧਰਮ ਅਤੇ ਸੱਭਿਆਚਾਰ ਵੱਲੋਂ ਭਾਵੇਂ ਵੱਖਰੇ- ਵੱਖਰੇ ਹਾਂ, ਪਰ ਅੰਦਰੋਂ ਫਿਰ ਵੀ ਇਕ ਹਾਂ । ਇਸ ਲਈ ਹੁਣ ਸਾਨੂੰ ਸਾਰਿਆਂ ਨੂੰ ਹੀ ਬੋਲਣਾ ਪੈਣਾ ਹੈ।
ਦਲਜੀਤ ਅਮੀ ਜੀ ਦਾ ਧੰਨਵਾਦ, ਜਿਨ੍ਹਾਂ ਨੇ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਕੀਤਾ ਹੈ। ਇਸ ਤੋਂ ਪਹਿਲਾਂ ਇਹ ਕਿਤਾਬ ਮਰਾਠੀ, ਕੰਨੜ, ਨੇਪਾਲੀ, ਗੁਜਰਾਤੀ ਅਤੇ ਅੰਗਰੇਜ਼ੀ ਵਿਚ ਵੀ ਛਪ ਚੁੱਕੀ ਹੈ। ਮੈਨੂੰ ਯਕੀਨ ਹੈ ਕਿ ਇਸ ਕਿਤਾਬ ਨੂੰ ਤੁਹਾਡਾ ਸਭ ਦਾ ਪਿਆਰ ਮਿਲੇਗਾ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਇਸ ਕਿਤਾਬ ਨੂੰ ਪੜ੍ਹ ਕੇ ਚੁੱਪ ਨਹੀਂ ਰਹੋਗੇ, ਜ਼ਰੂਰ ਬੋਲੋਗੇ।
ਰਵੀਸ਼ ਕੁਮਾਰ
13 ਅਪ੍ਰੈਲ 2022
“ਬਹੁਤ ਬੁਝਾਉਣ ਦੀ ਕੋਸਸ਼ਿ ਕੀਤੀ ਗਈ ਹੈ, ਪਰ ਇਹ ਦੀਵਾ (ਰਵੀਸ਼ ਕੁਮਾਰ) ਜਗਮਗਾਉਂਦਾ ਰਿਹਾ ਹੈ”
ਸੰਕਟਾਂ ਵਿਚੋਂ ਗੁਜ਼ਰ ਰਹੀ ਭਾਰਤੀ ਜਮਹੂਰੀਅਤ ਲਈ ਇਕ ਆਸ-ਰਵੀਸ਼ ਕੁਮਾਰ
ਮੈਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਮੇਰੇ ਦੋਸਤ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਦੇਸ਼ ਦੇ ਉੱਘੇ ਲੋਕ-ਪੱਖੀ ਪੱਤਰਕਾਰ ਰਵੀਸ਼ ਕੁਮਾਰ ਦੀ ਪੁਸਤਕ ‘ਦ ਫਰੀ ਵਾਇਸ’ ਨੂੰ ਪੰਜਾਬੀ ਵਿਚ ਪ੍ਰਕਾਸ਼ਿਤ ਕਰ ਰਹੇ ਹਨ। ਰਵੀਸ਼ ਕੁਮਾਰ ਦੀ ਇਹ ਪੁਸਤਕ ਭਾਰਤੀ ਜਮਹੂਰੀਅਤ, ਸੱਭਿਆਚਾਰ ਅਤੇ ਦੇਸ਼ ਦੇ ਹੋਰ ਸਰੋਕਾਰਾਂ ਬਾਰੇ ਹੈ। ਇਸ ਪੁਸਤਕ ਦੇ ਅੰਗਰੇਜ਼ੀ ਅਤੇ ਹਿੰਦੀ ਐਡੀਸ਼ਨ ਪ੍ਰਕਾਸ਼ਿਤ ਹੋਣ ਨੂੰ ਸਮੇਂ ਵੀ ਇਸ ਦੀ ਖੂਬ ਚਰਚਾ ਹੋਈ ਸੀ। ਇਸ ਦਾ ਹੁਣ ਪੰਜਾਬੀ ਵਿਚ ਛਪਣਾ ਪੰਜਾਬੀ ਪਾਠਕਾਂ ਲਈ ਬੇਹੱਦ ਫਾਇਦੇਮੰਦ ਰਹੇਗਾ। ਉਹ ਰਵੀਸ਼ ਕੁਮਾਰ ਦੇ ਵਿਚਾਰਾਂ ਨੂੰ ਹੋਰ ਵਧੇਰੇ ਸਮਝ ਸਕਣਗੇ, ਭਾਵੇਂ ਕਿ ਐਨ.ਡੀ.ਟੀ.ਵੀ. ਦੇ ‘ਪ੍ਰਾਈਮ ਟਾਈਮ’ ਅਤੇ ‘ਦੇਸ ਕੀ ਬਾਤ’ ਆਦਿ ਪ੍ਰੋਗਰਾਮਾਂ ਵਿਚ ਉਹ ਉਸ ਨੂੰ ਅਕਸਰ ਸੁਣਦੇ ਰਹਿੰਦੇ ਹਨ ਅਤੇ ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਸਰੋਕਾਰਾਂ ਬਾਰੇ ਉਸ ਦੀਆਂ ਤਿੱਖੀਆਂ, ਸਟੀਕ ਅਤੇ ਵਿਅੰਗਾਤਮਕ ਟਿੱਪਣੀਆਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ। ਫਿਰ ਵੀ ਉਨ੍ਹਾਂ ਨੂੰ ਇਸ ਪੁਸਤਕ ਵਿਚੋਂ ਬਹੁਤ ਕੁਝ ਹੋਰ ਜਾਨਣ ਲਈ ਮਿਲੇਗਾ।
ਜੇਕਰ ਐਨ.ਡੀ.ਟੀ.ਵੀ. ਦੇ ਮੈਨੇਜਿੰਗ ਐਡੀਟਰ ਅਤੇ ਐਂਕਰ ਵਜੋਂ ਰਵੀਸ਼ ਕੁਮਾਰ ਦੀ ਪੱਤਰਕਾਰੀ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਚਰਚਾ ਕਰਨੀ ਹੋਵੇ ਤਾਂ ੲਹ ਇਕ ਬਹੁਤ ਵੱਡਾ ਕਾਰਜ ਹੈ। ਦੇਸ਼ ਦੀਆਂ ਅਜੋਕੀਆਂ ਰਾਜਨੀਤਕ, ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਸਥਿਤੀਆਂ ਵਿਚ ਉਸ ਨੇ ਆਪਣੀ ਨਿਧੜਕ ਪੱਤਰਕਾਰੀ ਨਾਲ ਆਪਣੀ ਬੁਲੰਦ ਸ਼ਖ਼ਸੀਅਤ ਦਾ ਪ੍ਰਗਟਾਵਾ ਕੀਤਾ ਹੈ। ਇਹ ਸਭ ਕੁਝ ਉਸ ਦੇ ਹੌਸਲੇ, ਦ੍ਰਿੜ੍ਹਤਾ ਅਤੇ ਉਸ ਦੀ ਦੇਸ਼ ਪ੍ਰਤੀ ਪ੍ਰਤੀਬੱਧਤਾ ਦਾ ਵੀ ਪ੍ਰਮਾਣ ਹੈ।
ਸਾਡੇ ਵਿਚੋਂ ਬਹੁਤੇ ਲੋਕ ਜਾਣਦੇ ਹਨ ਕਿ 2014 ਵਿਚ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਜਮਹੂਰੀਅਤ ਦਾ ਘੇਰਾ ਸੁੰਗੜਿਆ ਹੈ, ਪ੍ਰੈੱਸ ਦੀ ਆਜ਼ਾਦੀ ਘਟੀ ਹੈ। ਅਤੇ ਨਿਊਜ਼ ਟੈਲੀਵਿਜ਼ਨਾਂ ਦਾ ਇਕ ਵੱਡਾ ਹਿੱਸਾ ਸਰਕਾਰ ਦੀ ਗੋਦੀ ਵਿਚ ਜਾ ਬੈਠਿਆ ਹੈ (ਜਿਸ ਦਾ ਨਾਮਕਰਨ ਰਵੀਸ਼ ਕੁਮਾਰ ਨੇ ‘ਗੋਦੀ ਮੀਡੀਆ’ ਵਜੋਂ ਕੀਤਾ ਸੀ ਅਤੇ ਇਹ ਸ਼ਬਦ ਹੁਣ ਸਰਕਾਰ ਦੇ ਆਗਿਆਕਾਰੀ ਮੀਡੀਏ ਲਈ ਆਮ ਵਰਤਿਆ ਤੇ ਸਮਝਿਆ ਜਾਣ ਲੱਗਾ ਹੈ)। ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਦਲਿਤਾਂ ਅਤੇ ਘੱਟ-ਗਿਣਤੀਆਂ ‘ਤੇ ਹਮਲੇ ਵਧੇ ਹਨ। ਕਦੇ ਗਊ ਹੱਤਿਆ ਦੇ ਬਹਾਨੇ ਇਕ ਵੱਡੀ ਘੱਟ-ਗਿਣਤੀ ਨਾਲ ਸਬੰਧਿਤ ਲੋਕਾਂ ‘ਤੇ ਭੀੜਾਂ ਨੂੰ ਉਕਸਾ ਕੇ ਹਮਲੇ ਕਰਵਾਏ ਗਏ ਹਨ, ਕਦੇ ਕੋਰੋਨਾ ਮਹਾਂਮਾਰੀ ਨੂੰ ਫੈਲਾਉਣ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਨੂੰ ਤਰ੍ਹਾਂ- ਤਰ੍ਹਾਂ ਨਾਲ ਜਲੀਲ ਕੀਤਾ ਗਿਆ ਹੈ ਅਤੇ ਕਦੇ ਲਵ-ਜੇਹਾਦ ਦਾ ਅਖੌਤੀ ਮੁੱਦਾ ਉਠਾ ਕੇ ਦੇਸ਼ ਵਿਚ ਉਨ੍ਹਾਂ ਨੂੰ ਨਫ਼ਰਤ ਦੇ ਪਾਤਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ । ਹੁਣ ਤਾਂ ਇਸ ਸਬੰਧੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਹੋਰ ਭਾਜਪਾ ਰਾਜਾਂ ਵਿਚ ਲਵ ਜੇਹਾਦ ਵਰਗੇ ਕਾਨੂੰਨ ਬਣਾ ਕੇ ਲੋਕਾਂ ਵਿਚਕਾਰ ਵੰਡੀਆਂ ਪਾਉਣ ਲਈ ਪੱਕੀਆਂ ਦੀਵਾਰਾਂ ਖਿੱਚੀਆਂ ਜਾ ਰਹੀਆਂ ਹਨ। ਹੋਰ ਤਾਂ ਹੋਰ ਕੇਂਦਰ ਤੋਂ ਲੈ ਕੇ ਭਾਜਪਾ ਦੀਆਂ ਰਾਜ ਸਰਕਾਰਾਂ ਤੱਕ ਹਰ ਪੱਧਰ ‘ਤੇ ਦੇਸ਼ ਦੀ ਇਸ ਵੱਡੀ ਘੱਟ-ਗਿਣਤੀ ‘ਤੇ ਝੂਠੇ ਕੇਸ ਦਰਜ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਵਿਰੋਧੀ ਗਰਦਾਨਣਾਂ ਆਮ ਗੱਲ ਹੋ ਗਈ ਹੈ।
ਇਹ ਸਭ ਕੁਝ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਜਪਾ ਵਲੋਂ ਇਕ ਨਿਸਚਤ ਏਜੰਡੇ ਤਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਹੌਲੀ-ਹੌਲੀ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘਵਾਦ ਨੂੰ ਖ਼ਤਮ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਦੀ ਕੁਠਾਲੀ ਵਿਚ ਢਾਲਿਆ ਜਾ ਸਕੇ। ਇਸ ਮਕਸਦ ਲਈ ਆਜ਼ਾਦ ਪ੍ਰੈੱਸ ਅਤੇ ਆਜ਼ਾਦ ਖ਼ਿਆਲ ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਡਰਾ-ਧਮਕਾ ਕੇ ਖ਼ਾਮੋਸ਼ ਕੀਤਾ ਜਾ ਰਿਹਾ ਹੈ। ਦੇਸ਼ ‘ਤੇ ਦੋ ਕੌਮੀ ਸਿਧਾਂਤ ਲਾਗੂ ਕਰਕੇ ਭਾਰਤ ਨੂੰ ‘ਹਿੰਦੂ ਪਾਕਿਸਤਾਨ’ ਬਣਾਉਣ ਦੇ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਨਾਲ ਇਕ ਅਜਿਹੀ ਵਿਵਸਥਾ ਹੋਂਦ ਵਿਚ ਆ ਜਾਏਗੀ ਜਿਸ ਵਿਚ ਘੱਟ ਗਿਣਤੀਆਂ ‘ਤੇ ਲਗਾਤਾਰ ਪਾਕਿਸਤਾਨ ਵਾਂਗ ਜ਼ੁਲਮ ਤੇ ਜ਼ਿਆਦਤੀਆਂ ਹੁੰਦੀਆਂ ਰਹਿਣਗੀਆਂ।
ਇਸ ਏਜੰਡੇ ਵਿਚੋਂ ਹੀ ਭਾਜਪਾ ਤੇ ਉਸ ਦੀ ਸਰਕਾਰ ਦੀ ਘੱਟ-ਗਿਣਤੀਆਂ ਪ੍ਰਤੀ ਦੁਸ਼ਮਣੀ ਨਿਕਲਦੀ ਹੈ। ਪਾਰਲੀਮੈਂਟ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚੋਂ ਲਗਾਤਾਰ ਘੱਟ-ਗਿਣਤੀਆਂ ਦੀ ਨੁਮਾਇੰਦਗੀ ਭਾਜਪਾ ਦੀ ਇਸੇ ਨੀਤੀ ਦੇ ਸਿੱਟੇ ਵਜੋਂ ਘਟਦੀ ਜਾ ਰਹੀ ਹੈ। ਰਾਜਪਾਲਾਂ, ਕੇਂਦਰੀ ਯੂਨੀਵਰਸਿਟੀਆਂ ਅਤੇ ਹੋਰ ਅਕਾਦਮਿਕ ਅਦਾਰਿਆਂ ਵਿਚੋਂ ਵੀ ਸੁਚੇਤ ਰੂਪ ਵਿਚ ਘੱਟ-ਗਿਣਤੀਆਂ ਨਾਲ ਸਬੰਧਿਤ ਲੋਕਾਂ ਨੂੰ ਬਾਹਰ ਰੱਖਿਆ ਜਾ ਰਿਹਾ ਹੈ। ਸਪੱਸ਼ਟ ਰੂਪ ਵਿਚ ਇਹ ਨਜ਼ਰ ਆ ਰਿਹਾ ਹੈ ਕਿ ਚੋਣ ਕਮਿਸ਼ਨ ਅਤੇ ਨਿਆਂਪਾਲਿਕਾ ਵੀ ਸਰਕਾਰ ਦੇ ਦਬਾਅ ਅਧੀਨ ਕੰਮ ਕਰਨ ਲਈ ਮਜਬੂਰ ਹੈ। ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਹਟਾ ਕੇ ਰਾਜ ਨੂੰ ਦੋ ਕੇਂਦਰ ਪ੍ਰਸ਼ਾਸਿਤ ਖੇਤਰਾਂ ਵਿਚ ਵੰਡਣ ਤੋਂ ਲੈ ਕੇ ਮਨੁੱਖੀ ਅਧਿਕਾਰਾਂ ਅਤੇ ਸ਼ਹਿਰੀ ਆਜ਼ਾਦੀਆਂ ਸਬੰਧੀ ਸੈਂਕੜੇ ਕੇਸ ਉੱਚ ਅਦਾਲਤਾਂ ਵਿਚ ਸੁਣਵਾਈ ਅਧੀਨ ਪਏ ਹਨ, ਜਿਨ੍ਹਾਂ ਦੇ ਫ਼ੈਸਲੇ ਸਰਕਾਰਾਂ ਦੇ ਖ਼ਿਲਾਫ਼ ਜਾ ਸਕਦੇ ਹਨ ਪਰ ਨਿਆਂਪਾਲਕਾ ਉਨ੍ਹਾਂ ਦੀ ਸੁਣਵਾਈ ਕਰਨ ਦੀ ਜੁਰਅਤ ਨਹੀਂ ਕਰ ਰਹੀ। ਉਨ੍ਹਾਂ ਨੂੰ ਟਾਲਦੀ ਜਾ ਰਹੀ ਹੈ।
ਕੇਂਦਰੀ ਏਜੰਸੀਆਂ ਸੀ.ਬੀ.ਆਈ., ਇਨਕਮ ਟੈਕਸ ਵਿਭਾਗ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਐਨ. ਆਈ. ਏ. ਆਦਿ ਨੂੰ ਬੜੀ ਦਰੇਗੀ ਨਾਲ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਖਿਆਲ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਡਰਾਉਣ-ਧਮਕਾਉਣ ਅਤੇ ਉਨ੍ਹਾਂ ਦੀ ਜ਼ਬਾਨ ਬੰਦ ਕਰਵਾਉਣ ਲਈ ਵਰਤਿਆ ਜਾ ਰਿਹਾ ਹੈ। ਮੋਦੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਸਮੇਂ ਵਿਦਿਆਰਥੀਆਂ ਅਤੇ ਫਿਰ ‘ਟੂਲ ਕਿੱਟ’ ਦਸਤਾਵੇਜ਼ ਬਣਾ ਕੇ ਕਿਸਾਨ ਅੰਦੋਲਨ ਲਈ ਸਮਰਥਨ ਜੁਟਾਉਣ ਵਾਲੇ ਨੌਜਵਾਨਾਂ ਨਾਲ ਭਾਜਪਾ ਸਰਕਾਰਾਂ ਨੇ ਕੀ ਸਲੂਕ ਕੀਤਾ ਹੈ, ਇਹ ਸਾਡੇ ਸਾਹਮਣੇ ਹੈ।
ਦਰਜਨਾਂ ਹੀ ਪੱਤਰਕਾਰਾਂ ਅਤੇ ਵਿਰੋਧੀ ਆਗੂਆਂ ‘ਤੇ ਦੇਸ਼-ਧ੍ਰੋਹ ਅਤੇ ਹੋਰ ਕਾਲੇ ਕਾਨੂੰਨਾਂ ਅਧੀਨ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਸਭ ਕੁਝ ਦਾ ਹੀ ਇਹ ਸਿੱਟਾ ਨਿਕਲਿਆ ਹੈ ਕਿ ਅਮਰੀਕਾ ਦੇ ਥਿੰਕ ਟੈਂਕ ਫਰੀਡਮ ਹਾਊਸ ਨੇ ਭਾਰਤ ਨੂੰ ‘ਅੰਸ਼ਕ ਆਜ਼ਾਦ’ ਦੇਸ਼ ਅਤੇ ਸਵੀਡਨ ਦੀ ਵੀ-ਡੈਮ ਸੰਸਥਾ ਨੇ ‘ਚੁਣਿਆ ਹੋਇਆ ਨਿਰੰਕੁਸ਼ ਸ਼ਾਸਨ’ ਕਰਾਰ ਦੇ ਦਿੱਤਾ ਹੈ। ਹੁਣੇ-ਹੁਣੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਵੀ ਇਕ ਰਿਪੋਰਟ ਵਿਚ ਭਾਰਤ ‘ਚ ਸਰਕਾਰ ਵਿਰੋਧੀ ਪ੍ਰੈੱਸ ਨੂੰ ਦਬਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਘੋਰ ਉਲੰਘਣਾ ਅਤੇ ਇਸ ਸਬੰਧੀ ਪੁਲਿਸ ਵਿਵਸਥਾ ਅਤੇ ਨਿਆਂਪਾਲਿਕਾ ਤੋਂ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਦੇ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਉਠਾਇਆ ਹੈ। ਪਰ ਇਸ ਤਰ੍ਹਾਂ ਦੇ ਸਾਰੇ ਦੋਸ਼ਾਂ ਨੂੰ ਮੋਦੀ ਸਰਕਾਰ ਲਗਾਤਾਰ ਝੁਠਲਾਉਂਦੀ ਆ ਰਹੀ ਹੈ ਅਤੇ ਉਹ ਆਪਣੀਆਂ ਦਮਨਕਾਰੀ ਨੀਤੀਆਂ ਨੂੰ ਨਿਰੰਤਰ ਅੱਗੇ ਵਧਾ ਰਹੀ ਹੈ।
ਦੂਜੇ ਪਾਸੇ ਮੋਦੀ ਸਰਕਾਰ ਵਲੋਂ ਆਪਣੇ ਪਹਿਲੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਅਤੇ ਨਵੇਂ ਕਾਰਜਕਾਲ ਦੌਰਾਨ ਦੇਸ਼ ਦੀ ਆਰਥਿਕਤਾ ਦਾ ਬਹੁਤ ਵੱਡਾ ਨੁਕਸਾਨ ਵੀ ਕੀਤਾ ਗਿਆ ਹੈ। ਪਹਿਲੇ ਕਾਰਜਕਾਲ ਦੌਰਾਨ ਅਚਾਨਕ ਨੋਟਬੰਦੀ ਕਰਕੇ ਅਤੇ ਉਸ ਤੋਂ ਬਾਅਦ ਨੁਕਸਦਾਰ ਜੀ.ਐਸ.ਟੀ. ਲਾਗੂ ਕਰਕੇ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਕਾਰਨ ਛੋਟੇ ਸਨਅਤਕਾਰਾਂ, ਵਪਾਰੀਆਂ, ਮੁਲਾਜ਼ਮਾਂ, ਕਿਰਤੀਆਂ ਅਤੇ ਕਿਸਾਨਾਂ ਨੂੰ ਬੇਹੱਦ ਔਖੇ ਦਿਨ ਦੇਖਣੇ ਪਏ ਹਨ। 100 ਤੋਂ ਵੱਧ ਲੋਕ ਨੋਟਬੰਦੀ ਸਮੇਂ ਬੈਂਕਾਂ ਅੱਗੇ ਲਾਈਨਾਂ ਵਿਚ ਖੜ੍ਹੇ ਮਰ ਗਏ। ਦੂਜੇ ਕਾਰਜਕਾਲ ਵਿਚ ਫਿਰ ਇਕ ਵੱਡੀ ਗ਼ਲਤੀ ਕਰਦਿਆਂ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਨਾਂਅ ‘ਤੇ ਇਕਦਮ ਤਾਲਾਬੰਦੀ ਕਰ ਦਿੱਤੀ ਗਈ। ਇਸ ਕਾਰਨ ਹਜ਼ਾਰਾਂ ਕਿਲੋਮੀਟਰਾਂ ਤੱਕ ਪ੍ਰਵਾਸੀ ਕਾਮਿਆਂ ਨੂੰ ਪੈਦਲ ਤੁਰਨਾ ਪਿਆ। ਸੜਕਾਂ ਤੇ ਰੇਲਵੇ ਲਾਈਨਾਂ ‘ਤੇ ਦਰਜਨਾਂ ਮਜ਼ਦੂਰ ਅਣਆਈ ਮੌਤੇ ਮਾਰੇ ਗਏ। ਇਸ ਤੋਂ ਬਾਅਦ ਹੁਣ ਤੇਜ਼ੀ ਨਾਲ ਆਰਥਿਕਤਾ ਦੇ ਸਭ ਖੇਤਰਾਂ ਦਾ ਕਾਰਪੋਰੇਟਰੀਕਰਨ ਕੀਤਾ ਜਾ ਰਿਹਾ ਹੈ । ਹਵਾਈ ਅੱਡੇ, ਬੰਦਰਗਾਹਾਂ, ਰੇਲਵੇ ਅਤੇ ਸੈਂਕੜੇ ਸਰਕਾਰੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਆਪਣੇ ਪਸੰਦੀਦਾ ਕਾਰਪੋਰੇਟਰਾਂ ਨੂੰ ਸੰਭਾਲਿਆ ਜਾ ਰਿਹਾ ਹੈ। ਹੋਰ ਤਾਂ ਹੋਰ ਹੁਣ ਖੇਤੀ, ਵਪਾਰ ਅਤੇ ਖੇਤੀ ਦੇ ਕਾਰੋਬਾਰ ਨੂੰ ਵੀ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟਰਾਂ ਦੇ ਹਵਾਲੇ ਕਰਨ ਲਈ ਪਿਛਲੇ ਸਾਲ ਤਿੰਨ ਖੇਤੀ ਕਾਨੂੰਨ ਬਣਾਏ ਗਏ ਸਨ, ਜਿਨ੍ਹਾਂ ਵਿਰੁੱਧ ਪਿਛਲੇ 8 ਮਹੀਨਿਆਂ ਤੋਂ ਕਿਸਾਨ ਸਖ਼ਤ ਸੰਘਰਸ਼ ਕਰ ਰਹੇ ਹਨ। ਪਰ ਕਿਸਾਨਾਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਹਰ ਖੇਤਰ ਵਿਚ ਕਾਰਪੋਰੇਟ ਵਿਕਾਸ ਮਾਡਲ ਨੂੰ ਲਾਗੂ ਕਰਨ ਲਈ ਢੀਠਤਾਈ ਨਾਲ ਅੱਗੇ ਵਧ ਰਹੀ ਹੈ। ਖੇਤੀ ਦੀ ਤਰ੍ਹਾਂ ਹੀ ਸਨਅਤੀ ਮਜ਼ਦੂਰਾਂ ਸਬੰਧੀ ਵੀ ਤਿੰਨ ਕਾਲੇ ਕਾਨੂੰਨ ਬਣਾ ਕੇ 80 ਫ਼ੀਸਦੀ ਸਨਅਤੀ ਕਾਮਿਆਂ ਦੀ ਰੁਜ਼ਗਾਰ ਸੁਰੱਖਿਆ ਖ਼ਤਮ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰੀਆਂ ਨੀਤੀਆਂ ਨਾਲ ਹੇਠਲੀ ਤੇ ਦਰਮਿਆਨੀ ਸ਼੍ਰੇਣੀ ਦੀ ਆਬਾਦੀ ਦੇ ਰੁਜ਼ਗਾਰ ਦੇ ਮੌਕੇ ਬੇਹੱਦ ਘਟੇ ਹਨ ਅਤੇ ਉਨ੍ਹਾਂ ਲਈ ਜਿਊਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ।
ਦੇਸ਼ ਵਿਚ ਅੱਜ ਜੋ ਕੁਝ ਹੋ ਬੀਤ ਰਿਹਾ ਹੈ। ਇਸ ਦੀ ਪਸ਼ੀਨਗੋਈ ਰਵੀਸ਼ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ। ਉਸ ਨੇ ਵਾਰ-ਵਾਰ ਇਹ ਕਿਹਾ ਹੈ ਕਿ ਦੇਸ਼ ਵਿਚ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੁਣ ਬਹੁਤਾ ਸਮਾਂ ਨਹੀਂ ਰਹੇਗੀ। ਉਸ ਨੇ ਲੋਕਾਂ ਨੂੰ ਵਾਰ- ਵਾਰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਮੀਡੀਆ ਦਾ ਇਕ ਵੱਡਾ ਹਿੱਸਾ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਲਈ ਹੁਣ ਆਜ਼ਾਦ ਅਤੇ ਨਿਰਪੱਖ ਰੋਲ ਅਦਾ ਨਹੀਂ ਕਰ ਰਿਹਾ ਸਗੋਂ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਮਿਲ ਗਿਆ ਹੈ ਅਤੇ ਲਗਾਤਾਰ ਆਮ ਲੋਕਾਂ ਅਤੇ ਜਮਹੂਰੀ ਪ੍ਰਣਾਲੀ ਦੇ ਖਿਲਾਫ਼ ਕੰਮ ਕਰ ਰਿਹਾ ਹੈ।
ਇਹ ਮੀਡੀਆ ਸਰਕਾਰ ਦੀ ਜਵਾਬਦੇਹੀ ਕਰਨ ਦੀ ਥਾਂ ‘ਤੇ ਵਿਰੋਧੀ ਪਾਰਟੀਆਂ ਵਲੋਂ ਸਰਕਾਰ ‘ਤੇ ਸਵਾਲ ਚੁੱਕਣ ਕਾਰਨ ਹੀ ਉਨ੍ਹਾਂ ‘ਤੇ ਰਾਸ਼ਟਰ ਵਿਰੋਧੀ ਜਾਂ ਭਾਰਤ ਦੇ ਦੁਸ਼ਮਣਾਂ ਨਾਲ ਰਲੇ ਹੋਣ ਤਕ ਦੇ ਦੋਸ਼ ਲਾਉਣ ਤੱਕ ਚਲਾ ਜਾਂਦਾ ਹੈ। ਉਸ ਨੇ ਹਿੰਦੂ ਭਾਈਚਾਰੇ ਨੂੰ ਵੀ ਵਾਰ-ਵਾਰ ਚੌਕਸ ਕੀਤਾ ਹੈ ਕਿ ਆਪਣੇ ਸਿਆਸੀ ਮੰਤਵ ਲਈ ਫ਼ਿਰਕਾਪ੍ਰਸਤ ਤਾਕਤਾਂ ਵਲੋਂ ਹਿੰਦੂ ਨੌਜਵਾਨਾਂ ਨੂੰ ਅਸਹਿਣਸ਼ੀਲ ਅਤੇ ਕੱਟੜਪੰਥੀ ਬਣਾਇਆ ਜਾ ਰਿਹਾ ਹੈ, ਜਿਸ ਨਾਲ ਭਾਜਪਾ ਅਤੇ ਹੋਰ ਹਿੰਦੂਤਵੀ ਸੰਗਠਨਾਂ ਦੇ ਆਗੂ ਤਾਂ ਸੱਤਾ ਦਾ ਅਨੰਦ ਮਾਨਣਗੇ ਜਦੋਂ ਕਿ ਉਨ੍ਹਾਂ ਦੇ ਉਕਸਾਵੇ ਵਿਚ ਕੇ ਨੌਜਵਾਨ ਗੰਭੀਰ ਜੁਰਮ ਕਰ ਬੈਠਣਗੇ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਜਾਣਾ ਪਵੇਗਾ ਅਤੇ ਉਹ ਅਪਰਾਧੀ ਬਣ ਕੇ ਸਜ਼ਾਵਾਂ ਭੁਗਤਣ ਲਈ ਮਜਬੂਰ ਹੋਣਗੇ। ਅਜਿਹੇ ਨੌਜਵਾਨਾਂ ਦਾ ਭਵਿੱਖ ਚੌਪਟ ਹੋ ਜਾਵੇਗਾ । ਉਸ ਨੇ ਲੋਕਾਂ ਨੂੰ ਵਾਰ-ਵਾਰ ਇਹ ਅਪੀਲਾਂ ਕੀਤੀਆਂ ਹਨ ਕਿ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਫ਼ਿਰਕਾਪ੍ਰਸਤ ਸ਼ਕਤੀਆਂ ਤੋਂ ਦੂਰ ਰੱਖਣ। ਸਿੱਖਿਆ ਦੇ ਕੀਤੇ ਜਾ ਰਹੇ ਭਗਵੇਂਕਰਨ ਬਾਰੇ ਵੀ ਉਸ ਨੇ ਦੇਸ਼ ਨੂੰ ਕਈ ਵਾਰ ਚੌਕਸ ਕੀਤਾ ਹੈ। ਰਮਨ ਮੈਗਾਸਾਸੇ ਐਵਰਾਡ ਹਾਸਲ ਕਰਨ ਦੇ ਅਵਸਰ ‘ਤੇ ਜਿਹੜਾ ਉਸ ਨੇ ਲੰਬਾ ਭਾਸ਼ਣ ਦਿੱਤਾ ਸੀ, ਉਸ ਵਿਚ ਉਸ ਨੇ ਵਿਸਥਾਰ ਪੂਰਬਕ ਦੇਸ਼ ਦੇ ਵਿੱਦਿਅਕ ਅਦਾਰਿਆਂ ਵਿਚ ਸਰਕਾਰੀ ਦਖ਼ਲ ਅਤੇ ਮੀਡੀਆ ਦੇ ਵੱਡੇ ਹਿੱਸੇ ਦੇ ਸਰਕਾਰ ਪੱਖੀ ਰੋਲ ਅਤੇ ਸਰਕਾਰ ਨਾਲ ਅਸਹਿਮਤ ਪੱਤਰਕਾਰਾਂ ਵਿਰੁੱਧ ਕੀਤੇ ਜਾ ਰਹੇ ਦਮਨ ਦੇ ਮੁੱਦੇ ਉਠਾਏ ਸਨ। ਵਿੱਦਿਅਕ ਅਦਾਰਿਆਂ ਸਬੰਧੀ ਉਸ ਨੇ ਕਿਹਾ ਸੀ ਕਿ ਨੌਜਵਾਨਾਂ ਨੂੰ ਮਿਆਰੀ ਗਿਆਨ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸਮੇਂ ਦੀ ਹਾਣੀ ਅਤੇ ਚੰਗੀ ਸਿੱਖਿਆ ਨਹੀਂ ਦਿੱਤੀ ਜਾ ਰਹੀ। ਆਪਣੇ ਉਕਤ ਯਾਦਗਾਰੀ ਭਾਸ਼ਣ ਵਿਚ ਉਸ ਨੇ ਇਹ ਵੀ ਦੁੱਖ ਪ੍ਰਗਟ ਕੀਤਾ ਸੀ ਕਿ ਲੋਕਾਂ ਦੇ ਮੁੱਦੇ ਉਠਾਉਣ ਅਤੇ ਵੱਖ-ਵੱਖ ਅਹਿਮ ਮਸਲਿਆਂ ‘ਤੇ ਆਜ਼ਾਦ ਰਾਏ ਪ੍ਰਗਟ ਕਰਨ ਕਾਰਨ ਉਸ ਨੂੰ ਸੱਤਾਧਾਰੀ ਪਾਰਟੀ ਭਾਜਪਾ ਦੇ ਆਈ.ਟੀ. ਸੈੱਲ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਸ ਦੇ ਖਿਲਾਫ਼ ਰਾਸ਼ਟਰ ਵਿਰੋਧੀ ਹੋਣ ਤੱਕ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸੇ ਕਾਰਨ ਉਸ ਨੂੰ ਅਕਸਰ ਬਹੁਤ ਸਾਰੀਆਂ ਧਮਕੀਆਂ ਵੀ ਮਿਲਦੀਆਂ ਰਹਿੰਦੀਆਂ ਹਨ।
ਇਸ ਤਰ੍ਹਾਂ ਦੀਆਂ ਗੰਭੀਰ ਅਤੇ ਚਿੰਤਾਜਨਕ ਸਥਿਤੀਆਂ, ਜਿਨ੍ਹਾਂ ਵਿਚ ਦੇਸ਼ ਦੀ ਜਮਹੂਰੀਅਤ, ਧਰਮ-ਨਿਰਪੱਖਤਾ ਅਤੇ ਸੰਘਵਾਦ ਲਈ ਵੱਡੇ ਖ਼ਤਰੇ ਉੱਭਰ ਰਹੇ ਹਨ ਅਤੇ ਲੋਕਾਂ ਦੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਸਬੰਧੀ ਸਰੋਕਾਰਾਂ ਨੂੰ ਨਿਰੰਤਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਵਿਚ ਰਵੀਸ਼ ਕੁਮਾਰ ਨੇ ਆਪਣੇ ਐਨ.ਡੀ.ਟੀ.ਵੀ. ਦੇ ਪ੍ਰੋਗਰਾਮ ‘ਪ੍ਰਾਈਮ ਟਾਈਮ’ ਰਾਹੀਂ ਅਤੇ ‘ਦੇਸ ਕੀ ਬਾਤ’ ਰਾਹੀਂ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਉਸ ਨੇ ਘੱਟ-ਗਿਣਤੀਆਂ ਉੱਪਰ ਹੋ ਰਹੇ ਹਮਲਿਆਂ ਅਤੇ ਖ਼ਾਸ ਕਰਕੇ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਵਿਚ ਪਾੜਾ ਪਾਉਣ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ ‘ਤੇ ਹੋ ਰਹੇ ਯਤਨਾਂ ਨੂੰ ਬੇਬਾਕੀ ਨਾਲ ਨੰਗੇ ਕੀਤਾ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨਾਂ ਦੇ ਰੁਜ਼ਗਾਰ ਨਾਲ ਜੁੜੇ ਸਰੋਕਾਰਾਂ ਅਤੇ ਖ਼ਾਸ ਕਰਕੇ ਸਰਕਾਰੀ ਅਦਾਰਿਆਂ ਵਲੋਂ ਲੰਮੇ ਸਮੇਂ ਤੱਕ ਅਸਾਮੀਆਂ ਖਾਲੀ ਰੱਖਣ ਅਤੇ ਫਿਰ ਅਸਾਮੀਆਂ ਭਰਨ ਲਈ ਇਮਤਿਹਾਨ ਲੈਣ ਤੋਂ ਬਾਅਦ ਵੀ ਨਤੀਜੇ ਨਾ ਐਲਾਨਣ ਵਰਗੇ ਮੁੱਦਿਆਂ ਅਤੇ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਮਾੜੀ ਕਾਰਗੁਜ਼ਾਰੀ ਆਦਿ ਨੂੰ ਬੇਨਕਾਬ ਕਰਨ ਲਈ ਦਰਜਨਾਂ ਪ੍ਰੋਗਰਾਮ ਲੜੀਵਾਰ ਕੀਤੇ ਹਨ। ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਕੇ ਰਾਜ ਨੂੰ ਦੋ ਕੇਂਦਰ ਪ੍ਰਸ਼ਾਸਤ ਇਕਾਈਆਂ ਵਿਚ ਵੰਡਣ ਅਤੇ ਉਥੇ ਲਗਪਗ ਇਕ ਸਾਲ ਤੱਕ ਇੰਟਰਨੈੱਟ ਬੰਦ ਕਰਕੇ ਲੋਕਾਂ ਨੂੰ ਇਕ ਤਰ੍ਹਾਂ ਨਾਲ ਖੁੱਲ੍ਹੀ ਜੇਲ੍ਹ ਵਿਚ ਰੱਖਣ ਦੇ ਮੋਦੀ ਸਰਕਾਰ ਦੇ ਕਾਰਨਾਮਿਆਂ, ਨਾਗਰਿਕਤਾ ਸੋਧ ਵਰਗੇ ਕਾਨੂੰਨ ਬਣਾ ਕੇ ਘੱਟ-ਗਿਣਤੀਆਂ ਨੂੰ ਅਸੁਰੱਖਿਅਤ ਕਰਨ ਅਤੇ ਨਾਗਰਿਕਤਾ ਦੇਣ ਦੇ ਮਾਮਲੇ ਵਿਚ ਉਨ੍ਹਾਂ ਨਾਲ ਬੇਇਨਸਾਫ਼ੀ ਕਰਨ ਆਦਿ ਦੇ ਮਸਲਿਆਂ ਨੂੰ ਵੀ ਉਸ ਨੇ ਬੜੀ ਦਲੇਰੀ ਨਾਲ ਆਪਣੇ ਪ੍ਰੋਗਰਾਮਾਂ ਵਿਚ ਉਠਾਇਆ ਹੈ। ਪਿਛਲੇ 8 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਸਬੰਧੀ ਵੀ ‘ਪ੍ਰਾਈਮ ਟਾਈਮ’ ਅਧੀਨ ਉਸ ਨੇ ਦਰਜਨਾਂ ਪ੍ਰੋਗਰਾਮ ਕੀਤੇ ਹਨ।
ਬਿਨਾਂ ਸ਼ੱਕ ਇਸ ਸਮੇਂ ਦੇਸ਼ ਵਿਚ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ ਲਈ ਵੱਡੀਆਂ ਚੁਣੌਤੀਆਂ ਉੱਭਰ ਰਹੀਆਂ ਹਨ ਅਤੇ ਦੇਸ਼ ਦੀ ਆਰਥਿਕਤਾ ਦੇ ਸਾਰੇ ਖੇਤਰ ਕਾਰਪੋਰੇਟਰਾਂ ਦੇ ਹਵਾਲੇ ਕਰ ਕੇ ਲੋਕਾਂ ਦੀ ਲੁੱਟ- ਖਸੁੱਟ ਦੇ ਵੱਡੇ ਬਾਨਣੂ ਬੰਨ੍ਹੇ ਜਾ ਰਹੇ ਹਨ। ਲੋਕਾਂ ਨੂੰ, ਇਸ ਦੇਸ਼ ਨੂੰ ਅਤੇ ਇਸ ਦੇਸ਼ ਦੀ ਜਮਹੂਰੀ ਵਿਵਸਥਾ ਨੂੰ ਬਚਾਉਣ ਲਈ ਆਜ਼ਾਦੀ ਦੀ ਦੂਜੀ ਲੜਾਈ ਲੜਨੀ ਪਵੇਗੀ, ਜਿਸ ਦੀ ਸ਼ੁਰੂਆਤ ਆਮ ਲੋਕਾਂ ਵਲੋਂ ਤਾਂ ਕੀਤੀ ਜਾ ਚੁੱਕੀ ਹੈ ਪਰ ਸਿਆਸੀ ਪਾਰਟੀਆਂ ਦੇਸ਼ ਵਿਚ ਹੋ ਰਹੀਆਂ ਇਨ੍ਹਾਂ ਵੱਡੀਆਂ ਨਾਂਹਪੱਖੀ ਤਬਦੀਲੀਆਂ ਨੂੰ ਅਜੇ ਵੀ ਸਮਝਣ ਤੋਂ ਜਾਂ ਤਾਂ ਅਸਮਰੱਥ ਹਨ ਅਤੇ ਜਾਂ ਫਿਰ ਆਪਣੀਆਂ ਕਮਜ਼ੋਰੀਆਂ ਕਾਰਨ ਅੱਖਾਂ ਮਿੱਟੀ ਬੈਠੀਆਂ ਹਨ। ਅਜਿਹੀਆਂ ਸਥਿਤੀਆਂ ਵਿਚ ਰਵੀਸ਼ ਕੁਮਾਰ ਵਰਗੇ ਪ੍ਰਤੀਬੱਧ ਪੱਤਰਕਾਰ ਦੇਸ਼ ਲਈ ਅਤੇ ਦੇਸ਼ ਦੇ ਆਮ ਲੋਕਾਂ ਲਈ ਪ੍ਰੇਰਣਾਦਾਇਕ ਕੰਮ ਕਰ ਰਹੇ ਹਨ। ਉਨ੍ਹਾਂ ਦਾ ਵੱਧ ਤੋਂ ਵੱਧ ਸਮਰਥਨ ਕਰਨ ਦੀ ਜ਼ਰੂਰਤ ਹੈ।
ਇਸ ਸਮੁੱਚੇ ਸੰਦਰਭ ਵਿਚ ਰਵੀਸ਼ ਕੁਮਾਰ ਦੀ ‘ਫ੍ਰੀ ਵਾਇਸ’ ਪੁਸਤਕ ਦੇ ਪੰਜਾਬੀ ਐਡੀਸ਼ਨ ਦਾ ਇਕ ਪੱਤਰਕਾਰ ਵਜੋਂ ਮੈਂ ਭਰਪੂਰ ਸਵਾਗਤ ਕਰਦਾ ਹਾਂ ਅਤੇ ਇਸ ਦੇ ਨਾਲ ਹੀ ਇਸ ਉੱਦਮ ਲਈ ਸ੍ਰੀ ਭੁਪਿੰਦਰ ਸਿੰਘ ਮੱਲ੍ਹੀ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਇਸ ਦੇ ਨਾਲ ਹੀ ਮੈਂ ਦਲਜੀਤ ਅੰਮੀ ਜਿਨ੍ਹਾਂ ਨੇ ਇਸ ਪੁਸਤਕ ਦਾ ਬਹੁਤ ਹੀ ਖ਼ੂਬਸੂਰਤ ਅਤੇ ਸਟੀਕ ਅਨੁਵਾਦ ਕੀਤਾ ਹੈ, ਨੂੰ ਵੀ ਇਸ ਵੱਡੇ ਉੱਦਮ ਲਈ ਵਧਾਈ ਦਿੰਦਾ ਹਾਂ। ਆਸ ਹੈ ਕਿ ਉਹ ਇਸੇ ਤਰ੍ਹਾਂ ਦੂਜੀਆਂ ਜ਼ਬਾਨਾਂ ਦੀਆਂ ਬਹਿਤਰੀਨ ਪੁਸਤਕਾਂ ਅਤੇ ਰਚਨਾਵਾਂ ਨੂੰ ਪੰਜਾਬੀ ਪਾਠਕ ਜਗਤ ਤੱਕ ਪਹੁੰਚਾਉਣ ਲਈ ਅਜਿਹੇ ਯਤਨ ਜਾਰੀ ਰੱਖੇਗਾ।
-ਸਤਨਾਮ ਸਿੰਘ ਮਾਣਕ
ਬੋਲ ਬੰਦਿਆ
ਹਰ ਯੁਗ ਦਾ ਆਪਣਾ ਨੇਹਰ ਅਤੇ ਨੂਰ ਹੁੰਦਾ ਹੈ, ਆਪਣੀ ਰੌਸ਼ਨੀ ਤੇ ਅੰਧਕਾਰ ਹੁੰਦਾ ਹੈ। ਹਰ ਯੁਗ ਵਿਚ ਮਨੁਖੀ ਚੇਤਨਾ ਨੂੰ ਇਸ ਅੰਧਕਾਰ ਅਤੇ ਰੌਸ਼ਨੀ ਦੇ ਸੰਘਰਸ਼ ਵਿੱਚੋਂ ਲੰਘਣਾ ਪੈਂਦਾ ਹੈ। ਮਨੁੱਖੀ ਚੇਤਨਾ ਦੇ ਵਿਕਾਸ ਦਾ ਇਹੀ ਮਾਰਗ ਹੈ ਹੋਰ ਕੋਈ ਦੂਸਰਾ ਰਸਤਾ ਨਹੀ।
ਹਰ ਯੁਗ ਵਿਚ ਬੁਧ ਨੂੰ ਕਿਸੇ ਉਂਗਲਮਾਰ ਡਾਕੂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਨਾਨਕ ਨੂੰ ਬਾਬਰ ਦਾ ਜ਼ੁਲਮ ਸਹਿਣਾ ਪੈਂਦਾ ਹੈ ਤੇ ਬਾਬਰਬਾਣੀ ਰਚਣੀ ਪੈਂਦੀ ਹੈ। ਹਰ ਭਗਤ ਸਿੰਘ ਨੂੰ ਫਾਂਸੀ ਚੁੰਮਣੀ ਪੈਂਦੀ ਹੈ। ਹਰ ਗਾਂਧੀ ਨੂੰ ਗੌਡਸੇ ਦਾ ਸਾਹਮਣਾ ਕਰਨਾ ਪੈਂਦਾ ਹੈ, ਗੱਲ ਕੀ ਹਰ ਯੁਗ ਦੇ ਮਸੀਹਾ ਨੂੰ ਆਪਣੀ ਸਲੀਬ ਆਪ ਚੁੱਕਣੀ ਪੈਂਦੀ ਹੈ। ਅੰਧਕਾਰ ਹਰ ਯੁਗ ਦੀ ਚੇਤਨਾ ਦਾ ਇਮਿਤਿਹਾਨ ਲੈਂਦਾ ਹੈ। ਇਸੇ ਵਿਚੋਂ ਨਵੀ ਚੇਤਨਾ ਵਿਗਸਦੀ ਹੈ। ਇਹ ਸਿਲਸਿਲਾ ਬਦਸਤੂਰ ਜਾਰੀ ਰਹਿੰਦਾ ਹੈ, ਅੰਧਕਾਰ ਨਵਾਂ ਰੂਪ ਧਾਰਕੇ, ਹੋਰ ਤਕੜਾ ਹੋ ਕੇ, ਨਵੀਆਂ ਚਨੌਤੀਆਂ ਲੈ ਕੇ ਆਉਂਦਾ ਹੈ ਤੇ ਮਨੁੱਖੀ ਚੇਤਨਾ ਹੋਰ ਤੇਜ ਹੋਕੇ, ਹੋਰ ਵਿਆਪਕ ਤੇ ਗਹਿਰੀ ਹੋਕੇ ਇਸਨੂੰ ਸਰ ਕਰਦੀ ਹੈ।
ਮਿਥਿਹਾਸ ਤੇ ਇਤਿਹਾਸ ਵਿਚ ਜ਼ਿਕਰ ਹੈ ਕਿ ਜਦ ਕੋਈ ਅੰਨਾ ਰਾਜਾ ਬਣ ਜਾਂਦਾ ਹੈ, ਜਾਂ ਰਾਜਾ ਅੰਨਾ ਬਣ ਜਾਂਦਾ ਹੈ ਤਾਂ ਉਸਦੇ ਫੈਸਲਿਆਂ ਦਾ ਫਲ ਬੜਾ ਭਿਆਨਕ ਹੁੰਦਾ ਹੈ। ਜਦੋਂ ਪ੍ਰਾਸ਼ਟਰ ਦੇ ਅੰਧਰਾਜ ਦਾ ਅੰਤ ਨੇੜੇ ਆਇਆ ਤਾਂ ਉਸ ਵੇਲੇ ਦੇ ਚੇਤੰਨ ਸਰੂਪ ਕ੍ਰਿਸ਼ਨ ਮਹਾਰਾਜ ਨੇ ਉਸਨੂੰ ਕਿਹਾ ਕਿ ‘ਤੇਰੇ ਫੈਸਲਿਆਂ ਦੇ ਫਲਸਰੂਪ ਲੱਗਣ ਵਾਲੇ ਯੁਧ ਨੂੰ ਦੇਖਣ ਲਈ ਤੈਨੂੰ ਦਿੱਬ ਦ੍ਰਿਟੀ ਬਖਸ਼ੀ ਜਾ ਸਕਦੀ ਹੈ’। ਉਹ ਕਹਿਣ ਲੱਗਿਆ ਕਿ ‘ਮੈ ਇਹ ਸਭ ਕੁਝ ਦੇਖਕੇ ਕੀ ਕਰਾਂਗਾ, ਮੇਰੇ ਸਾਰਥੀ ਸੰਜੇ ਨੂੰ ਦੇ ਦਿਉ, ਉਹ ਮੈਨੂੰ ਰਣਭੂਮੀ ਦੀ ਖਬਰ ਸੁਣਾਉਂਦਾ ਰਹੇਗਾ’। ਇਹ ਵੀ ਇਕ ਦਿਲਚਸਪ ਤੱਥ ਹੈ ਕੋਈ ਵੀ ਅੰਧਕਾਰੀ ਰਾਜਾ ਆਪਣੇ ਫੈਸਲਿਆਂ ਦੇ ਨਤੀਜੇ ਨਹੀਂ ਦੇਖਣਾ ਚਾਹੁੰਦਾ ਤੇ ਨਾ ਹੀ ਸਵੀਕਾਰ ਕਰਨਾ ਚਾਹੁੰਦਾ ਹੈ ਕਿ ਸਭ ਤਬਾਹੀ ਉਸੇ ਦੀ ਅੰਧਕਾਰੀ ਬਿਰਤੀ ਦੀ ਬਦੌਲਤ ਹੈ।
ਖੈਰ ਸੰਜੇ ਨੇ ਜੋ ਰਣਭੂਮੀ ਵਿੱਚ ਦੇਖਿਆ ਸੱਚੋ ਸੱਚ ਬਿਆਨ ਕੀਤਾ, ਚਾਹੇ ਰਾਜੇ ਨੂੰ ਚੰਗਾ ਲੱਗਿਆ ਜਾਂ ਬੁਰਾ ਲੱਗਿਆ।
ਇਸ ਵਾਰ ਅੰਧਕਾਰ ਹੋਰ ਗਹਿਰਾ ਹੋਕੇ ਆਇਆ ਹੈ ਉਸਨੇ ਸਭ ਤੋ ਪਹਿਲਾਂ ਸੰਜੇ ਨੂੰ ਗੁੱਸਿਆ ਹੈ। ਉਸਨੇ ਸੰਜੇ ਨੂੰ ਕਿਹਾ ਕਿ ‘ ਮੈ ਜੋ ਸੁਣਨਾ ਚਾਹੁੰਦਾ ਹਾਂ, ਉਹੀ ਸੁਣਾ। ਜੋ ਦੇਖਣਾ ਚਾਹੁੰਦਾ ਹਾਂ ਉਹੀ ਦਿਖਾ।’ ਗੋਦੀ ਮੀਡੀਆ ਰੂਪੀ ਡਰ ਅਤੇ ਲਾਲਚ ਨਾਲ ਸਿਆਸੰਜੇ ਇਹੀ ਕਰ ਰਿਹਾ ਹੈ, ਉਹ ਸਿੰਘਾਸਨ ਲਈ ਸ਼ੀਸ਼ੇ ਦੀ ਥਾਂ ਸਿੰਘਾਸਨ ਦਾ ਪੌਡਾ ਬਣ ਗਿਆ ਹੈ।
ਰਵੀਸ਼ ਕੁਮਾਰ ਦੀ ਇਹੀ ਪੀੜਾ ਹੈ, ਉਸਦੇ ਅੰਦਰ ਅਸਲੀ ਸੰਜੇ ਜਾਗਦਾ ਹੈ, ਉਸਦੀ ਦਿੱਬ ਦਸ਼ੀ ਉਸਨੂੰ ਉਹ ਦਿਖਾਉਂਦੀ ਹੈ, ਜੋ ਸਿੰਘਾਸਨ ਤੇ ਸਜਿਆ ਅੰਧਕਾਰ ਨਹੀਂ ਦੇਖਣਾ ਚਾਹੁੰਦਾ।
ਐਸੇ ਸਮਿਆਂ ਵਿੱਚ ਨਾ ਡਰਨਾ ਤੇ ਮਾਨਸਿਕ ਤਵਾਜਨ ਕਾਇਮ ਰੱਖ ਸਕਣਾ ਬਹੁਤ ਮੁਸ਼ਕਿਲ ਕੰਮ ਹੈ। ਐਸੇ ਸ਼ੋਰੀਲੇ ਸਨਾਟੇ ਵਿਚ ਬੋਲਾਂ ਦੀ ਪਤ ਤੇ ਅਦਬ ਕਾਇਮ ਰੱਖਣਾ ਬਹੁਤ ਵੱਡਾ ਇਮਿਤਿਹਾਨ ਹੈ। ਰਵੀਸ਼ ਨੇ ਇਸ ਕਿਤਾਬ ਰਾਹੀਂ ਆਪਣੇ ਅੰਦਰਲੇ ਡਰਾਂ, ਸੰਸਿਆਂ ਤੇ ਖੌਫਨਾਕ ਮੰਜ਼ਰਾਂ ਨੂੰ ਸਾਹਮਣੇ ਲੈ ਆਂਦਾ ਹੈ ਤੇ ਇਹਨਾਂ ਦੇ ਰੂਬਰੂ ਹੋਕੇ ਇਹਨਾਂ ਤੇ ਜਿੱਤ ਪਰਾਪਤ ਕੀਤੀ ਹੈ। ਇਹ ਡਰ, ਸੰਸੇ ਤੇ ਖੌਫਨਾਕ ਮੰਜ਼ਰ ਸਾਡੇ ਸਭ ਦੇ ਸਾਂਝੇ ਹਨ, ਅਸੀਂ ਸਾਰੇ ਇਹਨਾਂ ਨੂੰ ਹਰ ਰੋਜ਼ ਦੇਖ ਰਹੇ ਹਾਂ ਤੇ ਹੰਢਾ ਰਹੇ ਹਾਂ। ਇਹਨਾਂ ਨਾਲ ਦੋ ਚਾਰ ਹੋਣਾ ਕਿਸੇ ਕਿਸੇ ਦੇ ਹਿਸੇ ਆਉਂਦਾ ਹੈ। ਰਵੀਸ਼ ਕੁਮਾਰ ਉਹਨਾਂ ਵਿਚੋਂ ਇਕ ਹੈ।
ਉਸਦੇ ਬੋਲ ਆਉਣ ਵਾਲੇ ਸਮਿਆਂ ਵਿੱਚ ਸੱਚ ਬੋਲਣ ਵਾਲਿਆਂ ਲਈ ਚਾਨਣ ਮੁਨਾਰੇ ਬਣਨਗੇ, ਜਦ ਜਦ ਇਸ ਰਾਤ ਦਾ ਜ਼ਿਕਰ ਹੋਵੇਗਾ, ਇਸਦੀ ਕਾਲਖ ਨੂੰ ਰੁਸ਼ਨਾਉਣ ਵਾਲੇ ਚਿਰਾਗਾਂ ਦਾ ਜ਼ਿਕਰ ਵੀ ਜਰੂਰ ਹੋਵੇਗਾ।
ਵਾਸੀਮ ਬਰੇਲਵੀ ਦਾ ਸ਼ੇਅਰ ਹੈ, ‘ਘਰ ਢੂੰਡ ਰਹੇ ਹੈਂ ਮੇਰਾ ਰਾਤੋਂ ਕੇ ਪੁਜਾਰੀ, ਮੈ ਹੂੰ ਕਿ ਚਿਰਾਗੋਂ ਕੋ ਬੁਝਾ ਵੀ ਨਹੀਂ ਸਕਤਾ’
ਰਵੀਸ਼ ਕੁਮਾਰ ਨੇ ਨਾ ਸਿਰਫ ਇਸ ਸਮੇ ਵਿਚ ਚਿਰਾਗ ਜਗਾਈ ਰੱਖੇ, ਸਗੋਂ ਖੁਦ ਚਿਰਾਗ ਬਣਕੇ, ਜਗਦੇ ਰਹਿਣ ਦਾ ਫੈਸਲਾ ਕੀਤਾ। ਇਹ ਕਿਤਾਬ ਉਸੇ ਚਿਰਾਗ ਦੀ ਲੋਅ ਹੈ।
ਡਾ. ਹਰਵਿੰਦਰ ਸਿੰਘ ਭੱਟੀ
ਡਰੇ ਸਹਿਮੇ ਅਤੇ ਚੁੱਪ ਹੋ ਚੁੱਕੇ ਮਨੁੱਖ ਨੂੰ ਵੰਗਾਰ ਹੈ-ਬੋਲ ਬੰਦਿਆ
ਇਹ ਗੱਲ ਹੁਣ ਕਿਸੇ ਤੋਂ ਲੁਕੀ ਛਿਪੀ ਨਹੀਂ, ਕਿ ਭਾਰਤ ਦਾ ਮੀਡੀਆ, ਕਿਵੇਂ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਪੂੰਜੀਪਤੀਆਂ ਅਤੇ ਸੱਤਾ ਸਹੂਲਤਾਂ ਦਾ ਨਿੱਘ ਮਾਣਦਾ, ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਬਣਾ ਕੇ ਪੇਸ਼ ਕਰ ਰਿਹਾ ਹੈ। ਕਦੇ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਸੀ, ਪਰੰਤੂ ਭਾਰਤ ਵਿੱਚ ਹੁਣ, ਲੋਕਤੰਤਰ ਦਾ ਇਹ ਚੌਥਾ ਪਾਵਾ ਟੁੱਟ ਕੇ ਚਰਮਰਾ ਗਿਆ ਹੈ। ਲੋਕਤੰਤਰ ਬੁਰੀ ਤਰ੍ਹਾਂ ਡਗਮਗਾ ਰਿਹਾ ਹੈ। ਸਤਾ ਦਾ ਦੈਂਤ ਦਨਦਨਾਂਦਾ ਫਿਰ ਰਿਹਾ ਹੈ, ਜੇ ਕੋਈ ਇਸ ਦੇ ਖਿਲਾਫ ਬੋਲਦਾ ਹੈ ਤਾਂ ਚੁੱਪ ਕਰਵਾ ਦਿੱਤਾ ਜਾਂਦਾ ਹੈ। ਤੁਹਾਨੂੰ ਚੇਤਾ ਹੋਵੇਗਾ, ਕਿਵੇਂ ਲੇਖਕਾਂ, ਪੱਤਰਕਾਰਾਂ ਅਤੇ ਸਤਾ ਵਿਰੋਧੀਆਂ ਦੇ ਕਤਲ ਹੁੰਦੇ ਰਹੇ ਨੇ। ਇਹ ਪ੍ਰਕਿਰਿਆ ਕੋਈ ਅੱਜ ਹੀ ਸ਼ੁਰੂ ਨਹੀਂ ਹੋਈ, ਮੀਡੀਆ ਦੇਸ਼ ਵੰਡ ਤੋਂ ਬਾਅਦ ਹੀ ਸਰਕਾਰਾਂ ਦਾ ਭੌਂਪੂ ਬਣਨਾ ਸ਼ੁਰੂ ਹੋ ਗਿਆ ਸੀ। ਉਸ ਨੇ ਕਦੇ ਦੇਸ਼ ਵੰਡ ਦੇ ਜਿੰਮੇਵਾਰ ਲੋਕਾਂ ਤੇ ਉਂਗਲ ਨਹੀਂ ਚੁੱਕੀ ਤੇ ਫਿਰਕਾਪ੍ਰਸਤ ਧਿਰਾਂ, ਦੰਗਿਆਂ ਦੇ ਜਿੰਮੇਵਾਰਾਂ ਨੂੰ ਕਦੇ ਵੀ ਨੰਗਿਆ ਨਹੀਂ ਕੀਤਾ।
ਉਦੋਂ ਭਾਵੇ ਇਹ ਗਿਣਤੀ ਦੇ ਹੀ ਪ੍ਰਚਾਰ ਸਾਧਨ ਸਨ, ਪਰ ਸਰਕਾਰਾ ਇਸ ਨੂੰ ਚੋਣ ਪ੍ਰਚਾਰ ਹਿੱਤ, ਸਰਕਾਰਾਂ ਨੂੰ ਵਡਿਆਉਣ ਅਤੇ ਵਿਰੋਧੀਆਂ ਨੂੰ ਦਬਾਉਣ ਖਾਤਰ ਵਰਤਦੀਆਂ ਰਹੀਆਂ। ਆਜ਼ਾਦ ਭਾਰਤ ਵਿੱਚ ਲੋਕਾਂ ਦੀ ਆਵਾਜ਼ ਬਣਨ ਦੀ ਕਦੇ ਕਿਸੇ ਟੀ ਵੀ ਚੈਨਲ ਜਾਂ ਅਖ਼ਬਾਰ ਨੇ ਕੋਸ਼ਿਸ਼ ਵੀ ਨਹੀਂ ਕੀਤੀ, ਜੇ ਕਿਸੇ ਨੇ ਕੀਤੀ ਵੀ ਤਾਂ ਉਸ ਨੂੰ ਜ਼ਬਰੀ ਬੰਦ ਕਰਵਾ ਦਿੱਤਾ ਗਿਆ, ਤੇ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਗਿਆ।
ਇਹ ਕਾਂਗਰਸ ਦੇ ਰਾਜ ਵਿੱਚ ਵੀ ਹੁੰਦਾ ਸੀ ਤੇ ਹੁਣ ਭਾਜਪਾ ਦੇ ਰਾਜ ਵਿੱਚ ਤਾਂ ਇਹ ਰੁਝਾਨ ਹੱਦਾਂ ਬੰਨੇ ਹੀ ਟੱਪ ਗਿਆ ਏ। ਘੱਟ ਗਿਣਤੀ ਧਰਮਾਂ ਨੂੰ, ਦਾਨਵ, ਅਛੂਤ ਜਾਂ ਦੇਸ਼ ਵਿਰੋਧੀ ਬਣਾ ਕੇ ਪੇਸ਼ ਕਰਨਾ, ਧਰਮ ਦੀ ਰਾਜਨੀਤੀ ਕਰਨਾ, ਦੰਗੇ ਭੜਕਾਉਣਾ ਤੇ ਚੀਖ਼ ਚੀਖ਼ ਕੇ, ਝੂਠ ਨੂੰ ਸੱਚ ਵਾਂਗ ਜਚਾਉਣਾ। ਇਹ ਮੀਡੀਆ ਨੌਟੰਕੀ ਇੱਕ ਕਾਰਗਰ ਟੂਲ ਸਾਬਤ ਹੋਇਆ ਹੈ। ਇਸੇ ਕਰਕੇ ਭਾਰਤ ਦੇ ਬਹੁਤੇ ਟੀ ਵੀ ਚੈਨਲ, ਸਤਾ ਸੰਚਾਲਕ ਪੂੰਜੀਪਤੀਆਂ ਦੀ ਮਲਕੀਅਤ ਹਨ ਤੇ ਉਨ੍ਹਾਂ ਦੇ ਅੱਗੇ ਪਿੱਛੇ ਦੁੱਮ ਹਿਲਾਉਂਦੇ ਕਿਸੇ ਬੁਰਕੀ ਦੀ ਉਡੀਕ ਵਿੱਚ ਰਹਿੰਦੇ ਹਨ।
ਇਸ ਨਿਰਾਸ਼ਾਭਰਪੂਰ ਦੌਰ ਵਿੱਚ ਇੱਕਾ ਦੁੱਕਾ ਯੋਧੇ, ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਪੱਤਰਕਾਰੀ ਧਰਮ ਦਾ ਪਾਲਣ ਕਰਦੇ ਰਹੇ ਨੇ, ਜਿਨ੍ਹਾਂ ਵਿੱਚ ਐੱਨ ਡੀ ਟੀ ਵੀ ਵਾਲਾ ਰਵੀਸ਼ ਕੁਮਾਰ ਵੀ ਇੱਕ ਹੈ। ਇਨ੍ਹਾਂ ਦੀ ਗਿਣਤੀ ਹਨੇਰੇ ਦੌਰ ਵਿੱਚ, ਉਂਗਲਾਂ ਤੇ ਗਿਣੀ ਜਾਣ ਵਾਲੀ ਹੈ। ਨੱਬੇ ਪ੍ਰਤੀਸ਼ਤ ਮੀਡੀਆ ਤਾਂ ਟੀ ਆਰ ਪੀ, ਸਕਰਾਰੀ ਮਸ਼ਹੂਰੀਆਂ ਕਾਰਨ ਮਿਲੀ ਆਮਦਨ ਜਾਂ ਸਤਾ ਸੁੱਖ ਦੇ ਭੋਗਣ ਵਰਗੇ ਆਨੰਦ ਨੂੰ ਤਿਆਗਣ ਦੀ ਸੋਚ ਵੀ ਨਹੀਂ ਸਕਦਾ। ਤੇ ਕਈ ਡਰਦੇ ਆਪਣੀ ਜਾਨ ਜ਼ੋਖਮ ਵਿੱਚ ਨਹੀਂ ਪਾਉਣਾ ਚਾਹੁੰਦੇ। ਇਸੇ ਕਰਕੇ ਮੀਡੀਆ ਆਪਣੀ ਪ੍ਰਤੀਤ ਗੁਆ ਚੁੱਕਾ ਹੈ। ਤੇ ਰਵੀਸ਼ ਕੁਮਾਰ ਨੇ ਇਸੇ ਕਰਕੇ ਇਸ ਨੂੰ ਗੋਦੀ ਮੀਡੀਆਂ ਦਾ ਨਾਂ ਦੇ ਦਿੱਤਾ, ਜੋ ਕਿ ਆਮ ਲੋਕਾਂ ਵਿੱਚ ਵੀ ਪ੍ਰਚੱਲਤ ਹੋ ਗਿਆ। ਸਰਕਾਰਾਂ ਤੇ ਧਨਾਡਾਂ ਦੀ ਗੋਦੀ ਵਿੱਚ ਬੈਠਾ ਮੀਡੀਆ।
ਰਵੀਸ਼ ਕੁਮਾਰ ਇੱਕ ਅਜਿਹਾ ਪੱਤਰਕਾਰ ਹੈ ਜਿਸ ਤੇ ਲੋਕ ਯਕੀਨ ਕਰਦੇ ਨੇ ਕਿ ਉਹ ਸੱਚ ਬੋਲਦਾ ਹੋਵੇਗਾ। ਉਹ ਆਪਣੇ ਸਾਰੇ ਡਰ ਉਤਾਰ ਕੇ ਸਿਰ ਤੇ ਕੱਫਣ ਬੰਨਕੇ ਸਰਕਾਰ ਦੇ ਖਿਲਾਫ ਨੰਗੇ ਧੜ ਜੂਝ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਭਾਜਪਾਈ ਤੇ ਸੰਘੀ ਗੁੰਡਾ ਗਰੋਹਾਂ ਵਲੋਂ, ਵਿਰੋਧੀ ਆਵਾਜ਼ਾਂ ਵਿੱਚ ਦਹਿਸ਼ਤ ਫੈਲਾਉਣ ਲਈ ਕੁੱਝ ਨਾਮੀ ਲੋਕਾਂ ਦੇ ਕਤਲ ਕੀਤੇ ਸਨ ਤਾਂ ਪੰਜਾਬ ਦੇ ਕੁੱਝ ਲੇਖਕਾਂ ਤੇ ਖਿਡਾਰੀਆਂ ਨੇ ਆਪਣੇ ਮਾਨ-ਸਨਮਾਨ ਵਾਪਿਸ ਕਰਕੇ ਰੋਸ ਜਤਾਇਆ ਸੀ। ਆਵਾਮ ਨੇ ਸਰਕਾਰੀ ਭੈਅ ਅਧੀਨ ਉਦੋਂ ਵੀ ਚੁੱਪ ਹੀ ਧਾਰ ਰੱਖੀ ਸੀ । ਲੋਕਾਂ ਦੀ ਇਹ ਚੁੱਪ ਵੇਖ ਕੇ ਪਾਸ਼ ਦੀਆਂ ਉਹ ਸਤਰਾਂ ਮਨ ਵਿੱਚ ਗੂੰਜਦੀਆਂ ਨੇ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਤੀ ਨਾਲ ਭਰ ਜਾਣਾ। ਇਹ ਪੁਸਤਕ ਉਸ ਡਰ ਨੂੰ ਤੋੜਨ ਦਾ ਹੀ ਇੱਕ ਉਪਰਾਲਾ ਹੈ। ਲੱਗਦਾ ਹੈ ਮਨੁੱਖਤਾ ਨੂੰ ਜਿਵੇਂ ਦੰਦਲ ਪੈ ਗਈ ਹੋਵੇ ਤੇ ਰਵੀਸ਼ ਕੁਮਾਰ ਕਹਿ ਰਿਹਾ ਹੈ ਕੁੱਝ ਤਾਂ ਬੋਲ ਬੰਦਿਆ।
ਲਿੰਚਿੰਗ ਹੁੰਦੀ ਰਹੀ ਮੀਡੀਆ ਫੇਰ ਵੀ ਸਰਕਾਰੀ ਕੁਪ੍ਰਬੰਧਾਂ ਦਾ ਗੁਣਗਾਨ ਕਰਦਾ ਰਿਹਾ। 1984 ਦੇ ਦਿੱਲੀ ਕਤਲੇਆਮ ਵੇਲੇ ਵੀ ਮੀਡੀਆਂ ਨੇ ਜਨਤਾਂ ਨੂੰ ਭੜਕਾਉਣ ਅਤੇ ਇੱਕ ਵਿਸ਼ੇਸ਼ ਧਰਮ ਨੂੰ ਅੱਤਵਾਦੀ ਕਹਿ ਕਹਿ ਕੇ ਲੋਕਾਂ ਨੂੰ ਭੜਕਾਇਆ ਸੀ। ਗੁਜਰਾਤ ਕਤਲੇਆਮ ਤੋਂ ਬਾਅਦ ਜਿਸ ਪੱਤਰਕਾਰ ਰਾਣਾ ਯਾਕੂਬ, ਨੇ ਇਹ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਚੁੱਪ ਕਰਵਾਉਣ ਲਈ ਹਰ ਹੀਲਾ ਵਸੀਲਾ ਵਰਤਿਆ ਗਿਆ। ਸਰਕਾਰਾਂ ਪਾਸ ਬਹੁਤ ਸਾਰੇ ਹੱਥ ਕੰਡੇ ਹੁੰਦੇ ਨੇ। ਗੁਜਰਾਤ ਫਾਈਲਾਂ ਨਾਂ ਦੀ ਪੁਸਤਕ ਵਿੱਚ ਇਹ ਸਭ ਬਿਆਨਿਆ ਗਿਆ ਹੈ। ਫੇਰ ਇਹ ਤਲਵਾਰ ਤਹਿਲਕਾ ਦੇ ਅਤੇ ਹੋਰ ਪੱਤਰਕਾਰਾਂ ਤੇ ਵੀ ਡਿੱਗਦੀ ਰਹੀ। ਹੌਲੀ ਹੌਲੀ ਡਰ ਨਾਲ ਲੋਕ ਚੁੱਪ ਹੁੰਦੇ ਗਏ। ਇਸ ਮਹੌਲ ਨੂੰ ਰਵੀਸ਼ ਕੁਮਾਰ ਬੜੀ ਖੂਬਸੂਰਤੀ ਨਾਲ ਇਸ ਪੁਸਤਕ ਵਿੱਚ ਚਿਤਰਦਾ ਹੈ।
ਇਹ ਡਰ ਉਸ ਦੇ ਅੱਗੇ ਵੀ ਜੁਬਾੜੇ ਅੱਡੀ ਖੜਾ ਸੀ ਤੇ ਹੁਣ ਵੀ ਖੜਾ ਹੈ। ਭਾਵੇਂ ਸ਼ਹੀਨ ਬਾਗ ਦਾ ਮੋਰਚਾ ਹੋਵੇ, ਜਾਂ ਸਰਜੀਕਲ ਸਟਰਾਈਕ ਦਾ ਸੱਚ, ਰਵੀਸ਼ ਕੁਮਾਰ ਨੇ ਪੱਤਰਕਾਰੀ ਧਰਮ ਨਿਭਾਇਆ ਅਤੇ ਇਹ ਸਿੱਧ ਕੀਤਾ ਕਿ ਸੱਚ ਪੂਰੀ ਤਰ੍ਹਾਂ ਕਦੇ ਵੀ ਖਤਮ ਨਹੀਂ ਹੁੰਦਾ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਮਾਨਸਿਕ ਤਸ਼ੱਦਦ, ਕਨ੍ਹਈਆਂ ਕੁਮਾਰ ਨੂੰ ਚੁੱਪ ਕਰਵਾਉਣ ਲਈ ਵਰਤੇ ਹੀਲੇ ਵਸੀਲੇ, ਜਾਮਾ ਮਸਜਿਦ ਨੂੰ ਅੱਤਵਾਦੀਆਂ ਦੀ ਫੈਕਰਟਰੀ ਕਹਿ ਕੇ, ਮੁਸਲਿਮ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ। ਏਥੋਂ ਤੱਕ ਕਿ ਕੋਵਿਡ ਮਹਾਂਮਾਰੀ ਦਾ ਜਿੰਮੇਵਾਰ ਵੀ ਇੱਕ ਧਰਮ ਨੂੰ ਦੱਸ ਕੇ, ਉਸ ਖਿਲਾਫ ਨਫਰਤ ਪੈਦਾ ਕਰਨੀ, ਇਹ ਸਭ ਕਾਸੇ ਵਿੱਚ ਗੋਦੀ ਮੀਡੀਆ ਦਾ ਵੱਡਾ ਰੋਲ ਰਿਹਾ ਹੈ। ਲੋਕਾਂ ਨੂੰ ਬੇਹੱਦ ਡਰਾ ਕੇ ਚੁੱਪ ਕਰਾਇਆ ਗਿਆ।
ਫਿਰਕੂ ਰਾਜਨੀਤੀ ਚੋਂ ਜੰਮਦੀ ਵੋਟਾਂ ਦੀ ਫਸਲ ਤੇ ਇਨ੍ਹਾਂ ਖਿਲਾਫ ਡਟਣ ਵਾਲੇ, ਬੱਸ ਕੁੱਝ ਕੁ ਪੱਤਰਕਾਰ ਹੀ ਬਚੇ ਨੇ। ਜਿਨ੍ਹਾਂ ਵਿੱਚੋਂ ਰਵੀਸ਼ ਕੁਮਾਰ ਦਾ ਨਾਂ ਸਭ ਤੋਂ ਉੱਪਰ ਹੈ। ਹੁਣ ਜਦੋਂ ਮੀਡੀਏ ਨੂੰ ਕੰਟਰੋਲ ਕਰਕੇ, ਕਾਰਪੋਰੇਟ ਘਰਾਣਿਆਂ ਨੂੰ ਪੂਰਾ ਦੇਸ਼ ਵੇਚਿਆ ਜਾ ਰਿਹਾ ਏ, ਮਨੁੱਖੀ ਖੁਰਾਕ ਦਾ ਵੱਡੇ ਪੱਧਰ ਵਾਪਾਰੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਘਰ ਜ਼ਮੀਨਾਂ ਖੋਹਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਕਾਲ਼ੇ ਕਨੂੰਨ ਬਣਾ ਕੇ ਦਲੀਲ ਅਪੀਲ ਦੇ ਹੱਕ ਖੋਹੇ ਜਾ ਰਹੇ ਨੇ ਅਤੇ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਜੇਲਾਂ ਵਿੱਚ ਤੁੰਨਿਆ ਜਾ ਰਿਹਾ ਹੈ। ਸਵਿਧਾਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਸਰਕਾਰੀ ਡਰ ਅਧੀਨ ਆਵਾਮ ਅਜੇ ਵੀ ਚੁੱਪ ਹੈ। ਕਿਉਂ? ਇਹ ਸਾਰੇ ਸਵਾਲ ਰਵੀਸ਼ ਕੁਮਾਰ ਇਸ ਪੁਸਤਕ ਵਿੱਚ ਖੜੇ ਕਰਦਾ ਹੈ।
ਸਰਕਾਰ ਨੇ ਅਚਨਚੇਤ ਨੋਟਬੰਦੀ ਕਰ ਦਿੱਤੀ। ਅਮੀਰ ਬੰਦੇ ਤੇ ਸਰਦੇ ਪੁੱਜਦੇ ਲੋਕ ਸਭ ਨੋਟ ਬਦਲੀ ਕਰਵਾ ਗਏ, ਪਰ ਆਮ ਬੰਦਾ ਲਾਈਨਾਂ ਵਿੱਚ ਖੜ੍ਹਾ ਹੀ ਮਾਰਿਆ ਗਿਆ। ਉਦੋਂ ਵੀ ਲੋਕ ਸੜਕਾਂ ਤੇ ਨਹੀਂ ਆਏ। ਧੱਕੇਸ਼ਾਹੀ ਕਰਨ ਵਾਲੀ ਸਰਕਾਰ, ਮੁਸਲਿਮ ਤੇ ਦਲਿਤਾਂ ਨੂੰ ਮਾਰਨ ਜਾਂ ਉਨ੍ਹਾਂ ਦਾ ਖਾਣਪੀਣ ਪਹਿਰਾਵਾ ਨਿਸਚਿਤ ਕਰਨ ਵਾਲੀ ਸਰਕਾਰ ਨੂੰ ਪੂਰਨ ਬਹੁਮੱਤ ਨਾਲ ਫੇਰ ਜਿਤਾ ਦਿੱਤਾ ਗਿਆ। ਕੀ ਭਾਰਤ ਦੇ ਵੋਟਰਾਂ ਦੀ ਜ਼ਮੀਰ ਮਰ ਗਈ ਹੈ? ਜਾਂ ਇਹ ਈ ਵੀ ਐੱਮ ਮਸ਼ੀਨਾਂ ਦਾ ਘਪਲਾ ਸੀ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਫਿਰਕੂ ਛੜਯੰਤਰ ਬਣ ਗਿਆ ਤੇ ਡੈਮੋਕਰੇਸੀ ਡਾਂਗੋਕਰੇਸੀ ਬਣ ਗਈ। ਹੁਣ ਤਾਂ ਗੋਦੀ ਮੀਡੀਆਂ ਭੰਡਾਂ ਦਾ ਰੂਪ ਧਾਰ ਗਿਆ ਹੈ।
ਕਿਸੇ ਨੂੰ ਪੈਸੇ ਨਾਲ ਖਰੀਦ ਕੇ, ਕਿਸੇ ਨੂੰ ਐਡਾਂ ਤੇ ਕੁੱਝ ਕੁ ਨੂੰ ਰਾਜਸਭਾ ਦੀਆਂ ਮੈਂਬਰੀਆਂ ਜਾਂ ਮਹੱਤਵਪੂਰਨ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਹੁਣ ਤਾਂ ਹੱਦ ਈ ਹੋ ਗਈ ਕਿਸੇ ਬੇਇਨਸਫੀ ਖਿਲਾਫੀ ਆਵਾਜ਼ ਚੁੱਕਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਿਹਾ ਜਾ ਰਿਹਾ ਹੈ ਤੇ ਦੇਸ਼ ਧ੍ਰੋਹ ਦੇ ਕੇਸ ਪਾਏ ਜਾ ਰਹੇ ਹਨ। ਪਾਕਿਸਤਾਨ ਭੇਜਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਲਤਾਂ ਦੇ ਜੱਜ, ਆਈ ਬੀ ਤੇ ਰਾਅ ਵਰਗੀਆਂ ਏਜੰਸੀਆਂ ਦੇ ਬੰਦੇ ਤੇ ਫੌਜਾਂ ਦੇ ਜਨਰਲ ਤੱਕ ਆਪਣੀ ਜੀ ਹਜ਼ੂਰੀ ਕਰਨ ਵਾਲੇ ਲਗਾਏ ਜਾ ਰਹੇ ਹਨ। ਦੇਸ਼ ਦੇ ਅਰਬਾਂ ਖਰਬਾਂ ਰੁਪਏ ਲੁੱਟਣ ਵਾਲੇ ਲੋਕਾਂ ਨੂੰ ਸਜਿਸ਼ ਅਧੀਨ ਪੈਸੇ ਸਮੇਤ ਦੇਸ਼ੋਂ ਕੱਢਿਆ ਜਾ ਰਿਹਾ ਹੈ ਤਾਂ ਕਿ ਭਵਿੱਖ ਵਿੱਚ ਇਹ ਪੈਸਾ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਵਰਤਿਆ ਜਾ ਸਕੇ। ਪਰ ਦਹਿਸ਼ਤ ਕਾਰਨ ਜਨਤਾ ਚੁੱਪ ਹੈ।
ਕਸ਼ਮੀਰ ਦੇ ਲੋਕਾਂ ਤੋਂ ਪੁੱਛੇ ਬਗੈਰ ਧਾਰਾ 370 ਨੂੰ ਖਤਮ ਕਰਕੇ ਕਸ਼ਮੀਰੀਆਂ ਦੇ ਵਿਸ਼ੇਸ਼ ਅਧਿਕਾਰ ਖੋਹ ਲਏ ਗਏ ਨੇ, ਤੇ ਕਸ਼ਮੀਰ ਨੂੰ ਕੇਂਦਰੀ ਯੂਨੀਅਨ ਟੈਰੇਟਰੀ ਬਣਾ ਕੇ ਵੰਡ ਦਿੱਤਾ ਗਿਆ, ਪਰ ਮੀਡੀਆ ਚੁੱਪ ਰਿਹਾ। ਆਪਣੇ ਨਿਯੁਕਤ ਕੀਤੇ ਜੱਜਾਂ ਰਾਹੀਂ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਿਰ ਬਣਾਉਣ ਦਾ ਫੈਸਲਾ ਹੋ ਗਿਆ ਤਾਂ ਵੀ ਕਿਸੇ ਨੇ ਘੱਟ ਗਿਣਤੀਆਂ ਨਾਲ ਖੜ੍ਹਨ ਦਾ ਹੀਆਂ ਨਾ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਬੇਇਜੱਤ ਇਸ ਕਰਕੇ ਕੀਤਾ ਗਿਆ, ਕਿ ਉਹ ਸਿੱਖ ਫਿਰਕੇ ਦੇ ਨੇੜੇ ਕਿਉਂ ਹੈ। ਸਾਰੇ ਪੰਜਾਬੀ ਮੂਲ ਦੇ ਸਿਅਸਤਦਾਨਾਂ ਨੂੰ ਖਾਲਿਸਤਾਨੀ ਤੱਕ ਆਖਿਆ ਗਿਆ। ਭੰਡ ਮੀਡੀਆ, ਸਰਕਾਰੀ ਗੋਦ ਦਾ ਨਿੱਘ ਮਾਣਦਾ ਬਾਂਦਰ ਟਪੂਸੀਆਂ ਲਾਉਂਦਾ, ਉੱਛਲ ਕੁਦ ਕਰਦਾ ਰਿਹਾ। ਲੋਕਾਂ ਨੂੰ ਭੜਕਾਉਂਦਾ ਤੇ ਮੂਰਖ ਬਣਾਉਂਦਾ ਰਿਹਾ।
ਇਹ ਪੁਸਤਕ ਸਾਰੇ ਵਰਤਾਰੇ ਤੋਂ ਪਰਦੇ ਚੁੱਕਦੀ ਹੈ। ਭਾਰਤ ਦੀ ਮੌਜੂਦਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਤੋਂ ਪੈਸਾ ਬਟੋਰ ਕੇ ਸਾਂਝੀ ਸੱਭਿਅਤਾ ਵਾਲੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਜੋ ਤਹਈਆ ਕੀਤਾ ਹੋਇਆ ਹੈ, ਉਸ ਸਾਜਿਸ਼ ਨੂੰ ਬੇਨਕਾਬ ਕਰਦੀ ਹੈ। ਸਰਕਾਰੀ ਸੰਪਤੀ ਤੇਜ਼ੀ ਨਾਲ ਵੇਚੀ ਜਾ ਰਹੀ ਹੈ। ਕੌਮੀ ਸੰਪਤੀ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਰੇਲਵੇ, ਹਵਾਈ ਸੇਵਾ, ਵਿਦਿਆ ਦੇ ਨਾਲ ਨਾਲ ਹੁਣ ਫੂਡ ਚੇਨ ਵੀ ਪੂੰਜੀਪਤੀਆਂ ਨੂੰ ਸੌਂਪੀ ਜਾ ਰਹੀ ਹੈ। ਦੇਸ਼ ਦਾ ਕਿਸਾਨ ਨਿਹੱਥਾ ਹੋ ਜਾਵੇਗਾ ਤੇ ਉਸਦੀ ਮਰਜ਼ੀ ਵੀ ਕੋਈ ਨਹੀਂ ਰਹੇਗੀ। ਏਹੋ ਡਰ ਕਿਸਾਨਾਂ ਨੂੰ ਸੜਕਾਂ ਤੇ ਲੈ ਆਇਆ ਹੈ। ਆਮ ਲੋਕ ਮਨੁੱਖ ਨਹੀਂ, ਸਗੋਂ ਮੋਹਰੇ ਜਾਂ ਵੋਟ ਬੈਂਕ ਬਣ ਗਏ ਨੇ, ਜਿਨਾਂ ਦੀਆਂ ਜ਼ੁਬਾਨਾਂ ਕੱਟੀਆਂ ਹੋਈਆਂ ਨੇ ਤੇ ਧੜਾਂ ਤੋਂ ਸੋਚਣ ਵਾਲੇ ਸਿਰ ਉਤਾਰ ਦਿੱਤੇ ਗਏ ਨੇ।
ਦਿੱਲੀ ਦੀਆਂ ਹੱਦਾਂ ਤੇ ਲੱਗੇ ਸਯੁਕਤ ਮੋਰਚੇ ਨੂੰ ਨੌ ਮਹੀਨੇ ਦਾ ਸਮਾਂ ਹੋਣ ਵਾਲਾ ਹੈ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨ ਮਰ ਰਹੇ ਨੇ, ਮੌਸਮਾਂ ਦੀ ਮਾਰ ਝੱਲ ਰਹੇ ਨੇ ਪਰ ਸਰਕਾਰ ਨੂੰ ਕੋਈ ਪਰਵਾਹ ਨਹੀਂ। ਜਿਵੇਂ ਨੋਟਬੰਦੀ, ਧਾਰਾ 370, ਬਾਬਰੀ ਮਸਜਿਦ ਵਾਲੇ ਫੈਸਲੇ ਠੋਸ ਦਿੱਤੇ ਗਏ ਸਨ। ਇਹ ਤਿੰਨੋ ਕਨੂੰਨ ਵੀ ਤਾਲਾਬੰਦੀ ਦੌਰਾਨ ਇਸੇ ਤਰ੍ਹਾਂ ਲਿਆਂਦੇ ਗਏ। ਤੇ ਹੁਣ ਸਰਕਾਰ ਇਹ ਖੇਤੀ ਕਨੂੰਨ ਧੱਕੇ ਨਾਲ ਲਾਗੂ ਕਰਨਾ ਚਾਹੁੰਦੀ ਹੈ ਤੇ ਇਹ ਵੀ ਚਾਹੁੰਦੀ ਹੈ ਕਿ ਲੋਕ ਚੁੱਪ ਰਹਿਣ।
ਜੇ ਇਹ ਚੁੱਪ ਨਾ ਤੋੜੀ ਤਾਂ ਅੱਗੇ ਹੋਰ ਵੀ ਲੋਕ ਮਾਰੂ ਕਨੂੰਨ ਆਉਣਗੇ । ਏਹੋ ਫਿਕਰ ਇਸ ਪੁਸਤਕ ਦੇ ਲੇਖਕ ਨੂੰ ਹੈ। ਇਹ ਆਪਸੀ ਭਾਈਚਾਰਾ ਜਿੰਦਾ ਰੱਖਣ ਦੀ ਗੱਲ ਹੈ। ਇਹ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਬਹਾਲ ਰੱਖਣ ਦੀ ਗੱਲ ਹੈ। ਇਹ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਬਣਾਉਣ ਦੀ ਇੱਛਾ ਹੈ। ਇਹ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਕਦਰ ਕਰਨ ਦੀ ਪ੍ਰੇਰਨਾ ਹੈ। ਜੇ ਬੰਦਾ ਅਜੇ ਵੀ ਨਾ ਬੋਲਿਆ ਤਾਂ ਪਿਛਲੇ ਦਰਵਾਜਿਉਂ ਜਾਂ ਮਹਾਂਮਾਰੀਆਂ ਦੀ ਓਟ ਵਿੱਚ ਮਾਰੂ ਕਨੂੰਨ ਹੋਰ ਵੀ ਸਿਰਜੇ ਜਾਣਗੇ, ਮਰਿਯਾਦਾਵਾਂ ਦੇ ਉਲੰਘਣ ਹੋਵੇਗਾ, ਅਹੁਦਿਆਂ ਦੀ ਖਰੀਦੋ ਫਰੋਖਤ ਹੋਵੇਗੀ। ਸੰਵਿਧਾਨ ਦਾ ਨਾਸ਼ ਹੋਵੇਗਾ। ਚੋਣਾ ਮਹਿਜ਼ ਇੱਕ ਡਰਾਮਾ ਸਾਬਤ ਹੋਣਗੀਆਂ ਤੇ ਦੇਸ਼ ਮੁੜ ਤੋਂ ਈਸਟ ਇੰਡੀਆ ਵਰਗੀਆਂ ਕੰਪਨੀਆਂ ਤੇ ਮੰਡੀ ਮਾਲਕਾਂ ਦੀ ਗ਼ੁਲਾਮੀ ਭੋਗੇਗਾ।
ਡਰ ਤਾਂ ਇਹ ਵੀ ਹੈ ਕਿ ਚੋਣਾ ਜਿੱਤਣ ਲਈ ਤੇ ਇੱਕ ਧਰਮ ਦੀ ਭੀੜ ਨੂੰ ਵੋਟਾਂ ਵਿੱਚ ਬਦਲਣ ਲਈ, ਦੇਸ਼ ਨੂੰ ਬਲਦੀ ਦੇ ਬੁੱਥੇ ਵੀ ਦਿੱਤਾ ਜਾ ਸਕਦਾ ਹੈ। ਅਜਿਹੇ ਹਾਲਾਤ ਪੈਦਾ ਕਰਨ ਲਈ, ਸਰਜੀਕਲ ਸਟਰਾਈਕਾਂ, ਬੰਬ ਧਮਾਕੇ, ਦੰਗੇ, ਜੰਗ, ਕਤਲੋਗਾਰਤ ਤੇ ਹੋਰ ਕੋਈ ਵੀ ਚਾਲ ਖੇਡੀ ਜਾ ਸਕਦੀ ਹੈ। ਵਿਕਾਊ ਗੋਦੀ ਮੀਡੀਆ ਚੀਖ਼ ਚੀਖ਼ ਕੇ ਸੱਤਾ ਪੱਖ ਵਿੱਚ ਉੱਛਲ ਕੂਦ ਕਰਦਾ ਰਹੇਗਾ।
ਭਾਰਤ ਦੇ ਅਵਾਮ ਨੂੰ ਇਸ ਚੌਥੇ ਥੱਮ ਤੋਂ ਹੁਣ ਕੋਈ ਆਸ ਨਹੀਂ ਰਹੀ। ਜੇ ਲੋਕ ਅਜੇ ਵੀ ਨਾ ਬੋਲੇ ਤਾਂ ਇਹ ਚੁੱਪ ਪੂਰੇ ਏਸ਼ੀਆ ਲਈ ਮਾਰੂ ਸਾਬਤ ਹੋਵੇਗੀ। ਫਿਰਕਾਪ੍ਰਤੀ ਤੇ ਸੱਤਾ ਲੋਕਾਂ ਨੂੰ ਪਰਮਾਣੂ ਜੰਗ ਵਿੱਚ ਵੀ ਝੋਕ ਸਕਦੀ ਹੈ। ਇਹ ਇੱਕੀਵੀ ਸਦੀ ਹੈ, ਲੋਕਾਂ ਨੂੰ ਸਨਮਾਨ ਯੋਗ ਸ਼ਹਿਰੀ ਬਣਾਉਣਾ, ਸਤਾ ਦਾ ਧਰਮ ਹੈ ਨਾਂ ਕਿ ਪਾਲਤੂ ਬਣਾਉਣਾ ਤੇ ਸ਼ਤਰੰਜ ਦੇ ਮੋਹਰੇ ਬਣਾਉਣਾ।
ਰਵੀਸ਼ ਕੁਮਾਰ ਇਹ ਸੱਭ ਕਾਸੇ ਲਈ ਫਿਕਰਮੰਦ ਹੈ। ਜਿਵੇਂ ਇਸ ਹਨੇਰਗਰਦੀ ਦਾ ਮੁਕਾਬਲਾ ਉਹ ਪਹਿਲਾਂ ਕਰਦਾ ਰਿਹਾ ਹੁਣ ਵੀ ਕਰ ਰਿਹਾ ਹੈ। ਉਹ ਕੂਕ ਕੂਕ ਕੇ ਕਹਿ ਰਿਹਾ ਹੈ ਬੰਦਿਆ ਹੁਣ ਤਾਂ ਬੋਲ ਪੈ। ਬੋਲਣਾ ਤੇਰੇ ਜਿੰਦੇ ਹੋਣ ਦੀ ਨਿਸ਼ਾਨੀ ਹੋਵੇਗੀ।
ਮੈਂ ਰਵੀਸ਼ ਕੁਮਾਰ ਦੇ ਇਸ ਸਾਰਥਿਕ ਯਤਨ ਦਾ, ਵਿਰਾਸਤ ਫਾਉਂਡੇਸ਼ਨ, ਖਾਸ ਕਰਕੇ ਭੁਪਿੰਦਰ ਮੱਲੀ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦੀ ਹਾਂ, ਜਿਨ੍ਹਾਂ ਇੰਗਲਿਸ਼ ਤੋਂ ਇਹ ਪੁਸਤਕ ਨੂੰ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਅਤੇ ਪਾਠਕਾਂ ਤੱਕ ਪਹੁੰਚਾਇਆ ਹੈ ਤਾਂ ਕਿ ਆਮ ਬੰਦੇ ਨੂੰ ਬੋਲਣ ਦਾ ਸਾਹਸ ਦਿੱਤਾ ਜਾ ਸਕੇ। ਉਮੀਦ ਕਰਦਾ ਹਾਂ ਇਹ ਯਤਨ ਆਮ ਬੰਦੇ ਨੂੰ ਜ਼ੁਬਾਨ ਦੇਣ ਲਈ ਬਹੁਤ ਸਾਰਥਿਕ ਹੋਣਗੇ।
ਮੇਜਰ ਮਾਂਗਟ ਬਰੈਂਪਟਨ (ਕੈਨੇਡਾ)
ਰਵੀਸ਼ ਕੁਮਾਰ ਦੀ ਸਾਹਿਤਕ ਪੱਤਰਕਾਰੀ
ਕੌਮਾਂਤਰੀ ਪੱਧਰ ਦਾ ‘ਰੇਮਨ ਮੈਗਸੇਸੇਅ’ ਸਨਮਾਨ ਹਾਸਲ ਕਰਨ ਵਾਲਾ ਪੱਤਰਕਾਰ ਰਵੀਸ਼ ਕੁਮਾਰ ਸੰਸਾਰ ਪ੍ਰਸਿੱਧ ਟੈਲੀਵਿਜ਼ਨ ਸੰਚਾਲਕ ਹੀ ਨਹੀਂ, ਸਗੋਂ ਚੰਗਾ ਸਾਹਿਤਕ ਪੱਤਰਕਾਰ ਵੀ ਹੈ। ਇਸ ਦਾ ਸਬੂਤ ਉਸ ਨੇ ਸਾਹਿਤਕ ਪੱਤਰਕਾਰੀ ਦੀ ਕਿਤਾਬ ‘ਬੋਲ ਬੰਦਿਆ’ ਰਾਹੀਂ ਦਿੱਤਾ ਹੈ, ਜਿਸ ਵਿਚ ਸ਼ਾਮਲ ਹਰੇਕ ਲੇਖ ਵਿਸ਼ਾ- ਵਸਤੂ ਅਤੇ ਪੇਸ਼ਕਾਰੀ ਪੱਖੋਂ ਭਾਵਪੂਰਤ ਹੈ। ਅੱਜ ਦੇ ਗੋਦੀ ਮੀਡੀਆ ਦੀ ਹਨੇਰਗਰਦੀ ਵਿੱਚ ਰਵੀਸ਼ ਕੁਮਾਰ ਬੇਬਾਕ ਪੱਤਰਕਾਰੀ ਦਾ ਚਾਨਣ ਮੁਨਾਰਾ ਕਿਹਾ ਜਾ ਸਕਦਾ ਹੈ, ਜੋ ਫਾਸ਼ੀਵਾਦੀ ਇੰਡੀਅਨ ਸਟੇਟ ਦੀ ਹਰ ਧੱਕੇਸ਼ਾਹੀ ਖ਼ਿਲਾਫ਼ ਬੇਖ਼ੌਫ਼ ਹੋ ਕੇ ਅਵਾਜ਼ ਬੁਲੰਦ ਕਰਦਾ ਹੈ। ਅੱਜ ਭਾਰਤ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਨੂੰ ਸੰਘਰਸ਼ ਕਰਦਿਆਂ ਇਕ ਸਾਲ ਗੁਜ਼ਰ ਚੁੱਕਿਆ ਹੈ। ਸੱਤ ਸੌ ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਦੇ ਬਾਵਜੂਦ ਇੰਡੀਅਨ ਸਟੇਟ ਅਜਿਹੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ। ਅਜਿਹੇ ਹਾਲਾਤ ਵਿੱਚ ਰਵੀਸ਼ ਕੁਮਾਰ ਵਰਗੇ ਦਲੇਰ ਪੱਤਰਕਾਰ ਦੀ ਆਵਾਜ਼ ਸਮੇਂ ਦੀ ਲੋੜ ਹੈ।
‘ਬੋਲ ਬੰਦਿਆ’ ਵਿਚਲੇ ਲੇਖਾਂ ਰਾਹੀਂ ਰਵੀਸ਼ ਕੁਮਾਰ ਨੇ ਭਾਰਤ ਵਿੱਚ ਫੈਲੇ ਫਾਸ਼ੀਵਾਦ ਦੇ ਖੂੰਖਾਰ ਰੂਪ ਨੂੰ ਬੇਬਾਕੀ ਨਾਲ ਬਿਆਨ ਕੀਤਾ ਹੈ। ਬਹੁਸੰਖਿਆਵਾਦ ਦੀ ਦਹਿਸ਼ਤਗਰਦੀ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ ‘ਤੇ ਤੁਲੀ ਹੋਈ ਹੈ। ਦੇਸ਼ ਦੇ ਸੈਂਕੜੇ ਬੁੱਧੀਜੀਵੀ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ ‘ਚ ਡੱਕੇ ਹੋਏ ਹਨ। ਇਨ੍ਹਾਂ ਹਾਲਤਾਂ ਵਿੱਚ ਭਗਵੇਂ ਨਸਲਵਾਦੀਆਂ ਵੱਲੋਂ ਪੱਤਰਕਾਰਾ ਗੌਰੀ ਲੰਕੇਸ਼ ਦੇ ਕਤਲ ਨੂੰ ਰਵੀਸ਼ ਕੁਮਾਰ ਵਲੋਂ ਆਪਣਾ ਹਿਰਦਾ ਛਲਣੀ ਹੋਣਾ ਮਹਿਸੂਸ ਕਰਨਾ, ਗਹਿਰੇ ਦਰਦਾ ਪ੍ਰਗਟਾਵਾ ਹੈ। ਰਵੀਸ਼ ਕੁਮਾਰ ਦੀ ਸਾਹਿਤਕ ਪੱਤਰਕਾਰੀ ਦੀ ਵਧੀਆ ਮਿਸਾਲ ਉਸਦੇ ਲੇਖ ‘ਆਜ਼ਾਦੀ ਦਿਹਾੜੇ ‘ਤੇ ਆਈਸ ਕਰੀਮ ਦੀ ਦਾਅਵਤ ਕਰੀਏ’ ਦੇ ਤਿੱਖੇ ਵਿਅੰਗ ‘ਚੋਂ ਮਿਲਦੀ ਹੈ, ਜਿਸ ਵਿੱਚ ਉਸ ਨੇ ਅਖੌਤੀ ਆਜ਼ਾਦੀ ਦੇ ਮਾਅਨੇ ਬਿਆਨ ਕੀਤੇ ਹਨ। ਰਵੀਸ਼ ਕੁਮਾਰ ਦਾ ਕਥਨ ਸੌ ਫ਼ੀਸਦੀ
ਸਹੀ ਹੈ ਕਿ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦਾ ਭਗਵਾਂਕਰਨ ਹੋ ਚੁੱਕਿਆ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ‘ਕਿਸੇ ਮੁਲਕ ਦੀ ਮੁਸ਼ਤਰਕਾ ਯਾਦਾਸ਼ਤ ਵਿੱਚੋਂ ਵਾਕਿਆਤ ਅਤੇ ਸ਼ਖ਼ਸੀਅਤਾਂ ਨੂੰ ਉਸੇ ਸਹਿਜ ਨਾਲ ਮਿਟਾਇਆ ਜਾ ਸਕਦਾ ਹੈ, ਜਿਸ ਤਰ੍ਹਾਂ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਮਿਟਾਇਆ ਜਾ ਸਕਦਾ ਹੈ।’
ਵਿਚੋਂ, ਅੱਜ ਘੱਟ ਗਿਣਤੀਆਂ ਨੂੰ ਆਪਣੀ ‘ਦੇਸ਼ ਭਗਤੀ’ ਦਾ ਸਬੂਤ ਦੇਣ ਲਈ ਕਿਹਾ ਜਾ ਰਿਹਾ ਹੈ। ਸਭ ਦੀ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ ‘ਇਕ ਦੇਸ਼ ਇਕ ਭਾਸ਼ਾ’ ਵਰਗੇ ਨਾਅਰੇ ਦਿੱਤੇ ਜਾ ਰਹੇ ਹਨ। ਬਹੁ- ਗਿਣਤੀਵਾਦ ਦੀ ਆੜ ‘ਚ ਘੱਟ ਗਿਣਤੀ ਭਾਈਚਾਰੇ ਨੂੰ ‘ਪਾਕਿਸਤਾਨ ਚਲੇ ਜਾਣ’ ਤੱਕ ਦੇ ਤਾਅਨੇ ਮਾਰੇ ਜਾ ਰਹੇ ਹਨ। ਪੀੜਤ ਧਿਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੇ ਇਵਜ਼ ‘ਚ ਰਵੀਸ਼ ਕੁਮਾਰ ਨੂੰ ਫੋਨ ਰਾਹੀਂ ਜੋ ਬੋਲ ਸੁਣਨ ਨੂੰ ਮਿਲਦੇ ਹਨ, ਇਸ ਤਰ੍ਹਾਂ ਹਨ, “ਇਹ ਪਾਕਿਸਤਾਨੀ ਰਵੀਸ਼ ਕੁਮਾਰ ਦਾ ਨੰਬਰ ਹੈ। ਕ੍ਰਿਪਾ ਕਰਕੇ ਇਸ ਨੂੰ ਫੋਨ ਕਰੋ ਅਤੇ ਰਾਸ਼ਟਰਵਾਦ ਦਾ ਪਾਠ ਪੜ੍ਹਾਓ।”
ਸੱਤਾ ਦੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ, ਤਾਂ ਰਵੀਸ਼ ਕੁਮਾਰ ਦਾ ਗੁਜਰਾਤ ਦੇ ਮੁਸਲਿਮ ਵਿਰੋਧੀ ਕਤਲੇਆਮ ਬਾਰੇ ਲੇਖ ਗਹੁ ਨਾਲ ਪੜ੍ਹਿਆ ਜਾ ਸਕਦਾ ਹੈ। ‘ਝੂਠ ਦਾ ਜਾਲ ਵਿਛਾਉਣ ਦਾ ਕੰਮ, ਤੱਥਾਂ ਦੀ ਮਿਥ ਕੇ ਤੋੜ-ਮਰੋੜ ਅਤੇ ਝੂਠੇ ਬਿਰਤਾਂਤ ਦੀ ਉਸਾਰੀ ਰਾਤੋ ਰਾਤ ਨਹੀਂ ਹੁੰਦੀ। ਇਹ ਕੰਮ ਮਹੀਨਿਆਂ ਬੱਧੀ ਅਤੇ ਸਾਲਾਂ ਬੱਧੀ ਵੱਡੀ ਪੱਧਰ ਉੱਤੇ ਕੀਤਾ ਜਾਂਦਾ ਹੈ। ਇਹ ਸਿਖ਼ਰਲੇ ਡੰਡੇ ਤੋਂ ਸ਼ੁਰੂ ਹੁੰਦਾ ਹੈ, ਹਕੂਮਤੀ ਗਲਿਆਰਿਆਂ ਵਿੱਚੋਂ। ਇਸਦੇ ਨਤੀਜੇ ਗਲੀਆਂ ਵਿੱਚੋਂ ਨਜ਼ਰ ਆਉਂਦੇ ਹਨ। ਗਾਂ-ਹੱਤਿਆ ਦਾ ਮਹੀਨਿਆਂ ਬੱਧੀ ਦਵੈਸ਼ ਭਰਿਆ ਪ੍ਰਾਪੋਗੰਡਾ ਕਰਨ ਤੋਂ ਬਾਅਦ, ਇਕ ਜਣੇ ਨੂੰ ਉਸਦੇ ਘਰੋਂ ਧੂਹ ਕੇ ਕੱਢਿਆ ਜਾਂਦਾ ਹੈ ਅਤੇ ਸੈਂਕਡ਼ਿਆਂ ਦਾ ਹਜੂਮ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੰਦਾ ਹੈ।’
ਰਵੀਸ਼ ਕੁਮਾਰ ਦੀ ਸਾਹਿਤਕ ਪੱਤਰਕਾਰੀ ਦਾ ਸਿਖਰ ਉਸ ਦੇ ਲੇਖ ‘ਖ਼ੌਫ਼ ਭਰਨ ਦਾ ਕੌਮੀ ਮਨਸੂਬਾ’ ਉਜਾਗਰ ਕਰਦਾ ਹੈ, ਜਿਸ ਵਿਚ ਪੱਤਰਕਾਰ ਦੇਸ਼ ਦੇ ਪ੍ਰਧਾਨ-ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ, ਪੱਤਰਕਾਰਾ ਗੌਰੀ ਲੰਕੇਸ਼ ਦੇ ਕਤਲ ਨੂੰ ‘ਕੁੱਤੀ ਦੇ ਮਰਨ ਅਤੇ ਕਤੂਰਿਆਂ ਦੇ ਵਿਲਕਣ’ ਕਹਿਣ ਅਤੇ ਘਟੀਆ ਟਵੀਟ ਕਰਨ ਵਾਲਿਆ ਦੇ ਪ੍ਰਧਾਨ ਮੰਤਰੀ ਵੱਲੋਂ ਫਾਲੋ ਕਰਨ ‘ਤੇ ਲੱਖ ਲਾਅਨਤਾਂ ਪਾਉਂਦਾ वै।
‘ਬੋਲ ਬੰਦਿਆ’ ਰਾਹੀਂ ਰਵੀਸ਼ ਕੁਮਾਰ ਨੇ ਮੁੱਖ ਧਾਰਾ ਮੀਡੀਆ ਦੀ ਅਸਲੀਅਤ ਨੂੰ ਬਿਆਨ ਕਰਦਿਆਂ ਸਹੀ ਕਿਹਾ ਹੈ ਕਿ ਹੁਣ ਖੌਫ ਤੋਂ ਆਜ਼ਾਦੀ ਦਾ ਮਾਅਨਾ ਮੁੱਖਧਾਰਾ ਦੇ ਮੀਡੀਆ ਤੋਂ ਆਜ਼ਾਦੀ ਹੈ। ਵਿਕਾਉ ਤੇ ਗੋਦੀ ਮੀਡੀਏ ਦੀ ਦਿਸ਼ਾ ਅਤੇ ਦਸ਼ਾ ਬਾਰੇ ਪੱਤਰਕਾਰ ਨੇ ਕਰਾਰੀ ਚੋਟ ਕੀਤੀ ਹੈ। ਦੇਸ਼ ਅੰਦਰ ਫੈਲੇ ਪਾਖੰਡਵਾਦ ਅਤੇ ਬਾਬਾਵਾਦ ਬਾਰੇ ਪੱਤਰਕਾਰ ਵਿਅੰਗ ਭਰਪੂਰ ਟਿੱਪਣੀ ਕਰਦਾ ਆਖਦਾ ਹੈ – “ਸਾਡੇ ਦੌਰ ‘ਚ ਕਈ ਤਰ੍ਹਾਂ ਦੇ ਗੁਰਮੀਤ ਰਾਮ ਰਹੀਮ ਕਈ ਤਰ੍ਹਾਂ ਦੀ ਅਤਰ ਫੁਲੇਲਾਂ ਵਿੱਚ ਲਿਪਟੇ ਹੋਏ ਮਿਲ ਜਾਂਦੇ ਹਨ। ਇਸ ਨੂੰ ਦਿਲ ਉੱਤੇ ਲਗਾਉਣ ਦੀ ਲੋੜ ਨਹੀਂ। ਇਹ ਇੰਡੀਆ ਹੈ।” ਰਵੀਸ਼ ਕੁਮਾਰ ਦੀ ਸਾਹਿਤ ਪੱਤਰਕਾਰੀ ਦੇ ਇਸ ਸ਼ਾਹਕਾਰ ਨੂੰ ਅਨੁਵਾਦ ਰੂਪ ਵਿੱਚ ਪੰਜਾਬੀ ਪਾਠਕਾਂ ਤਕ ਪਹੁੰਚਾਉਣ ਲਈ, ਦਲਜੀਤ ਅਮੀ ਦੀ ਸਖ਼ਤ ਮਿਹਨਤ ਅਤੇ ਹਰਜੀਤ ਸਿੰਘ ਦੀ ਲਿਖਤ ਵਿਉਂਤ ਦੀ ਪ੍ਰਸੰਸਾ ਕਰਨੀ ਬਣਦੀ ਹੈ। ਰਵੀਸ਼ ਕੁਮਾਰ ਦੀ ਰਵੀ ਸਿੰਘ ਨਾਲ ਹੋਈ ਗੱਲਬਾਤ ‘ਚੋਂ ਨਿਕਲੀ ਇਹ ਕਿਤਾਬ ਮੀਡੀਆ ਜਗਤ ਲਈ ਵਰਦਾਨ ਹੈ। ਪੰਜਾਬੀ ਪੱਤਰਕਾਰੀ ਲਈ ਇਹ ਲਿਖਤ ਬੇਹੱਦ ਲਾਹੇਵੰਦ ਸਾਬਤ ਹੋਏਗੀ, ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ।
ਡਾ ਗੁਰਵਿੰਦਰ ਸਿੰਘ ਸਾਬਕਾ ਪ੍ਰਧਾਨ, ਪੰਜਾਬੀ ਪ੍ਰੈੱਸ ਕਲੱਬ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ।
‘ਬੋਲ ਬੰਦਿਆ’
ਰਵੀਸ਼ ਕੁਮਾਰ ਦੀ ਪੁਸਤਕ ‘ਦ ਫ੍ਰੀ ਵਾਇਸ : ਔਨ ਡੈਮੋਕਰੇਸੀ, ਕਲਚਰ ਐਂਡ ਦਾ ਨੇਸ਼ਨ’ ਦਾ ਪੰਜਾਬੀ ਅਨੁਵਾਦ ਬੌਧਕ ਜਗਤ ਲਈ ਇਕ ਮਾਅਰਕੇ ਦੀ ਖ਼ਬਰ ਹੈ। ਆਪਣੇ ਦਲੇਰ ਅਤੇ ਨਾਬਰ ਸੁਭਾਅ ਕਾਰਨ ਰਵੀਸ਼ ਕੁਮਾਰ ਪੰਜਾਬੀਆਂ ਦਾ ਰੋਲ ਮਾਡਲ ਪੱਤਰਕਾਰ ਹੈ। ਪੰਜਾਬ ਅਤੇ ਖਾਸ ਕਰਕੇ ਕਿਸਾਨ ਸੰਘਰਸ਼ ਦੌਰਾਨ ਉਸ ਵਲੋਂ ਨਿਭਾਈ ਸਾਕਾਰਾਤਮਕ ਭੂਮਿਕਾ ਕਰਕੇ ਹਰ ਪੰਜਾਬੀ ਉਸਦਾ ਸ਼ੁਦਾਈ ਹੈ।
ਮੰਦੇ ਭਾਗਾਂ ਨਾਲ ਅਸੀਂ ਭਾਰਤੀ ਅਜਿਹੇ ਦੌਰ ਵਿਚੋਂ ਲੰਗ ਰਹੇ ਹਾਂ ਜਿਥੇ ਲੋਕਤੰਤਰ ਅਤੇ ਬੋਲਣ ਦੀ ਅਜ਼ਾਦੀ ਦੋਹੇਂ ਗੰਭੀਰ ਖਤਰੇ ਵਿੱਚ ਹਨ। ਇੱਕ ਪਾਸੇ ਪੱਤਰਕਾਰਿਤਾ ਨੂੰ ਖ਼ਰੀਦ ਕੇ ਅਤੇ ਦੂਜੇ ਪਾਸੇ ਡਰਾ ਕੇ ਉਸਨੂੰ ਚੁੱਪ ਰਹਿਣ ਦੀ ਆਦਤ ਪਾਈ ਜਾ ਰਹੀ ਹੈ। ਰਵੀਸ਼ ਕੁਮਾਰ ਵਰਗੇ ਬਹੁੱਤ ਘੱਟ ਪੱਤਰਕਾਰ ਹਨ, ਜਿਨ੍ਹਾਂ ਅੰਦਰ ਇਸ ਅਣ-ਐਲਾਨੀ ਸਿਆਸੀ ਐਮਰਜੈਂਸੀ ਵਿੱਚ ਵੀ ਬੋਲਣ ਦੀ ਜੁਰਅਤ ਹੈ। ਇਸ ਪੁਤਸਕ ਵਿੱਚ ਰਵੀਸ਼ ਕੁਮਾਰ ਨੇ ਧਰੁਵੀਕਰਨ ਦੀ ਸਿਆਸਤ ਵਲੋਂ ਸਾਡੇ ਜੀਵਨ, ਸੱਭਿਆਚਾਰ ਅਤੇ ‘ਰਾਸ਼ਟਰ’ ਦੇ ਸੰਕਲਪ ਵਿੱਚ ਫੈਲਾਈ ਜਾ ਰਹੀ ਕੁੜਤਣ ਦਾ ਗੰਭੀਰ ਪੱਧਰ ਉਤੇ ਚਿੱਤਰਨ ਕੀਤਾ ਹੈ। ਚਿੰਤਾਜਨਕ ਹੈ ਕਿ ਅਸੀਂ ਭਾਰਤੀ ਇਸ ਕੁੜਤਣ ਨੂੰ ਚੁੱਪ-ਚਾਪ ਪੀਣ ਲੱਗੇ ਹੋਏ ਹਾਂ। ਇਸ ਪੁਸਤਕ ਵਿੱਚ ਰਵੀਸ਼ ਕੁਮਾਰ ਉਨ੍ਹਾਂ ਸਾਰੇ ਪੱਖਾਂ ਉੱਤੇ ਵਿਚਾਰ ਕਰਦਾ ਹੈ, ਜਿੰਨ੍ਹਾਂ ਕਰਕੇ ਇਹ ਸਥਿਤੀ ਬਣੀ ਅਤੇ ਲਗਾਤਾਰ ਵਿਕਰਾਲ ਹੁੰਦੀ ਜਾ ਰਹੀ ਹੈ। ਨਿਰਸੰਦੇਹ, ਇਹ ਸਿਆਸੀ ਧੁੰਦੂਕਾਰੇ ਵਿੱਚ ਇੱਕ ਚਾਨਣ ਮੁਨਾਰਾ ਪੁਸਤਕ ਹੈ, ਜਿਸਨੂੰ ਹਰ ਭਾਰਤੀ ਅਤੇ ਹਰ ਪੰਜਾਬੀ ਨੂੰ ਲਾਜਮੀ ਤੌਰ ‘ਤੇ ਪੜ੍ਹਨਾ ਚਾਹੀਦਾ ਹੈ।
ਪ੍ਰਸ਼ੰਸਾਯੋਗ ਗੱਲ ਹੈ ਕਿ ਇਸ ਅਨੁਵਾਦ ਦੀ ਪ੍ਰਕਿਰਿਆ ਵਿੱਚ ਭਾਸ਼ਾ ਨੂੰ ਆਮ-ਵਰਤੀਂਦੇ ਪੱਧਰ ਤੱਕ ਰੱਖਿਆ ਗਿਆ ਹੈ ਤਾਂ ਕਿ ਇਹ ਆਮ ਲੋਕਾਂ ਲਈ ਸੰਚਾਰ ਦਾ ਸੰਕਟ ਨਾ ਖੜਾ ਕਰੇ, ਜਿਵੇਂ ਕਿ ਅਨੁਵਾਦ ਵੇਲੇ ਆਮ ਹੁੰਦਾ ਹੈ। ਮੈਂ ਇਕ ਵਾਰ ਫੇਰ ਇਸ ਪੁਸਤਕ ਨੂੰ ਪੰਜਾਬੀ ਵਿੱਚ ਪੇਸ਼ ਕਰਨ ਵਾਲੀ ਸਾਰੀ ਟੀਮ ਨੂੰ ਮੁਬਾਰਕ ਅਤੇ ਸ਼ੁਭ-ਕਾਮਨਾਵਾਂ ਭੇਂਟ ਕਰਦਾ ਹਾਂ।
ਪਾਲੀ ਭੁਪਿੰਦਰ ਸਿੰਘ ਚੰਡੀਗੜ੍ਹ : 30 ਮਾਰਚ, 2021
ਬੋਲ ਬੰਦਿਆ ਰਵੀਸ਼ ਕੁਮਾਰ
ਹੁਣ 2019 ਵਿੱਚ ਨਵੀਂ ਦੁਨੀਆਂ ਸਾਡੇ ਸਾਹਮਣੇ ਹੈ। ਜਦੋਂ ਮੈਂ ਇਹ ਸੁਨੇਹਾ ਲਿਖਣਾ ਸ਼ੁਰੂ ਕਰ ਰਿਹਾ ਹਾਂ ਤਾਂ ਮੈਨੂੰ ਵੱਟਸਐੱਪ ਉੱਤੇ ਸੁਨੇਹਾ ਮਿਲਿਆ ਹੈ ਜੋ ਹਿੰਦੀ ਬੋਲੀ ਅਤੇ ਰੋਮਨ ਹਰਫ਼ਾਂ ਵਿੱਚ ਲਿਖਿਆ ਹੋਇਆ ਹੈ। “Aaj teri leanching [sic] ki jayegi” “ਆਜ ਤੇਰੀ ਲੀਨਚਿੰਗ [ਜਿਉਂ ਇਬਾਰਤ ਤਿਉਂ ਉਤਾਰਾ] ਕੀ ਜਾਏਗੀ।” ਸਾਡੇ ਵਿੱਚੋਂ ਕੁਝ ਲੋਕ ਜਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਜ਼ਿਆਦਾਤਰ ਲੋਕ ਲਿੰਚਿੰਗ ਤੋਂ ਖ਼ੌਫ਼ਜ਼ਦਾ ਹੋ ਜਾਂਦੇ ਹਨ ਪਰ ਕੁਝ ਹੋਰਾਂ ਲਈ ਇਹ ਆਮ ਕਾਰਜ ਹੋ ਗਿਆ ਹੈ। ਹੁਣ ਇਹ ਸੋਚਣਾ ਸੁਖਾਲਾ ਹੋ ਗਿਆ ਹੈ ਕਿ ਤੁਸੀਂ ਆਪਣੇ ਨਾਲ ਨਾ-ਇਤਫ਼ਾਕ ਰੱਖਣ ਵਾਲੇ ਅਤੇ ਘੱਟ-ਗਿਣਤੀ ਵਿੱਚ ਰਹਿ ਜਾਣ ਵਾਲੇ ਦੀ ਲਿੰਚਿੰਗ ਕਰ ਦਿਓ। ਝਾਰਖੰਡ ਵਿੱਚ 17 ਜੂਨ ਨੂੰ ਤਬਰੇਜ਼ ਅੰਸਾਰੀ ਨਾਮ ਦੇ ਨੌਜਵਾਨ ਨੂੰ ਅੱਧੀ ਰਾਤ ਨੂੰ ਖੰਭੇ ਨਾਲ ਬੰਨ੍ਹ ਲਿਆ ਗਿਆ ਅਤੇ ਉਸ ਨੂੰ ਹਜੂਮ ਨੇ ਸਵੇਰੇ ਛੇ ਵਜੇ ਤੱਕ ਕੁੱਟਿਆ। ਅਮੂਮਨ ਹੀ ਪੁਲਿਸ ਪਛੜ ਕੇ ਆਈ। ਤਬਰੇਜ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਬਲੱਡ ਪ੍ਰੈਸ਼ਰ ਤੱਕ ਵੀ ਦਰਜ ਨਹੀਂ ਕੀਤਾ ਗਿਆ। ਉਹ ਚਾਰ ਦਿਨਾਂ ਬਾਅਦ ਫ਼ੌਤ ਹੋ ਗਿਆ।
ਦਿੱਲੀ ਦੇ ਬਾਹਰ-ਬਾਰ ਬੁਲੰਦਸ਼ਹਿਰ ਵਿੱਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਇਹੋ ਜਿਹੇ ਹਜੂਮ ਨੇ ਹੀ ਪਿੱਛਾ ਕੀਤਾ ਅਤੇ ਘੇਰ ਕੇ ਕਤਲ ਕੀਤਾ ਸੀ। ਉਹ ਉਸ ਭੀੜ
ਨੂੰ ਕਾਬੂ ਕਰਨ ਦਾ ਤਰਦੱਦ ਕਰ ਰਿਹਾ ਸੀ ਜਿਸ ਨੇ ਲਾਗਲੇ ਜੰਗਲ ਵਿੱਚ ਗਾਂਵਾਂ ਦੇ ਪਿੰਜਰ ਮਿਲਣ ਕਾਰਨ ਖਰੂਦ ਕੀਤਾ ਹੋਇਆ ਸੀ। ਇਹ 2018 ਦਾ ਦਸੰਬਰ ਮਹੀਨਾ ਸੀ । ਉਸ ਵੇਲੇ ਇਹ ਕਾਰੇ ਗਾਂਵਾਂ ਦੇ ਨਾਮ ਉੱਤੇ ਕੀਤੇ ਜਾ ਰਹੇ ਸਨ। ਜਦੋਂ ਸਰਕਾਰੀ ਗਊਸ਼ਾਲਾਵਾਂ ਵਿੱਚ ਗਾਂਵਾਂ ਦੇ ਭੁੱਖੇ ਮਰਨ, ਆਵਾਰਾ ਗਾਂਵਾਂ ਦੇ ਫ਼ਸਲਾਂ ਦਾ ਖ਼ਰਾਬਾ ਕਰਨ ਅਤੇ ਕਿਸਾਨਾਂ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਨਸ਼ਰ ਹੋਣ ਲੱਗੀਆਂ ਤਾਂ ਸਿਆਸਤ ਨੇ ਗਾਂ ਦਾ ਖਹਿੜਾ ਛੱਡ ਦਿੱਤਾ। ਗਾਂ ਦੇ ਨਾਮ ਉੱਤੇ ਸ਼ੁਰੂ ਕੀਤੇ ਗਏ ਖ਼ੌਫ਼ ਅਤੇ ਹਿੰਸਾ ਦੀ ਤਰਕੀਬ ਜਾਰੀ ਹੈ। ਹੁਣ ‘ਗਾਂ ਦੀ ਥਾਂ ‘ਜੈ ਸ੍ਰੀ ਰਾਮ’ ਦੇ ਜੈਕਾਰੇ ਨੇ ਸਾਂਭ ਲਈ ਹੈ। ਜਦੋਂ ਤਬਰੇਜ਼ ਅੰਸਾਰੀ ਨੂੰ ਕੋਹਿਆ ਜਾ ਰਿਹਾ ਸੀ ਤਾਂ ਉਸ ਨੂੰ ‘ਜੈ ਸ੍ਰੀ ਰਾਮ’ ਕਹਿਣ ਲਈ ਬੋਲਿਆ ਗਿਆ ਸੀ। ਉਹ ਬੋਲਿਆ ਸੀ। ਇਸ ਜੈਕਾਰੇ ਨੇ ਉਸ ਦੀ ਜਾਨ ਨਹੀਂ ਬਚਾਈ।
‘ਹਜੂਮ’ ਮਹਿਜ਼ ਲਫ਼ਜ਼ ਨਹੀਂ ਹੈ। ਇਹ ਦਸਾਂ, ਸੈਂਕੜਿਆਂ ਅਤੇ ਹਜ਼ਾਰਾਂ ਲੋਕਾਂ ਦੇ ਜਮ੍ਹਾਂ-ਜੋੜ ਨਾਲ ਬਣਦਾ ਹੈ। ਇਹ ਲੋਕ ਹਨ ਜੋ ਕੁੱਟ-ਮਾਰ ਅਤੇ ਕਤਲ ਕਰਦੇ ਹਨ; ਜੋ ਕੁੱਟ-ਮਾਰ ਅਤੇ ਕਤਲ ਦੇ ਮੰਜ਼ਰ ਆਪਣੇ ਫੋਨਾਂ ਵਿੱਚ ਰਿਕਾਰਡ ਕਰਦੇ ਹਨ; ਜੋ ਸਭ ਕੁਝ ਵਾਪਰਦਾ ਦੇਖਦੇ ਹਨ ਪਰ ਚੁੱਪ ਰਹਿੰਦੇ ਹਨ। ਇਹ ਲੋਕ ਤਾਂ ਉਸ ਵੇਲੇ ਵੀ ਨਹੀਂ ਬੋਲਦੇ ਜਦੋਂ ਉਨ੍ਹਾਂ ਦੀ ਆਪਣੀ ਬਰਾਦਰੀ ਦੇ ਦਰਜਣਾਂ ਨੌਜਵਾਨ ਕਾਤਲ ਬਣ ਜਾਂਦੇ ਹਨ, ਉਸ ਮੌਕੇ ਵੀ ਜ਼ੁਬਾਨ ਨਹੀਂ ਖੋਲ੍ਹਦੇ ਜਦੋਂ ਇਹ ਨੌਜਵਾਨ ਹਿੰਸਾ ਦੇ ਵਰਤਾਵਿਆਂ ਵਜੋਂ ਹੰਢ-ਵਰਤ ਜਾਂਦੇ ਹਨ ਅਤੇ ਜੇਲ੍ਹਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ; ਉਸ ਵੇਲੇ ਵੀ ਖਾਮੋਸ਼ ਰਹਿੰਦੇ ਹਨ ਜਦੋਂ ਇਹ ਨੌਜਵਾਨ ਹਮਲੇ ਅਤੇ ਕਤਲ ਦੇ ਮੁਕੱਦਮੇ ਭੁਗਤਦੇ ਹਨ। ਫੇਰੀ ਲਗਾਉਣ ਵਾਲੇ ਇਸ ਹਜੂਮ ਦੀ ਪੈਦਾਵਾਰ ਬਹੁਤ ਰਫ਼ਤਾਰ ਨਾਲ ਵਧ ਰਹੀ ਹੈ। ਹੁਣ ਇਹ ਅੰਦਾਜ਼ਾ ਲਗਾਉਣਾ ਨਾਮੁਮਕਿਨ ਹੈ ਕਿ ਇਹ ਹਜੂਮ ਕਦੋਂ ਜੁੜ ਸਕਦਾ ਹੈ, ਜਾਂ ਕਿੱਥੇ ਜੁੜ ਸਕਦਾ ਹੈ।
ਜਦੋਂ ਅਸਾਦੁਦੀਨ ਓਵੈਸੀ ਸੰਸਦ ਦੇ ਚੁਣੇ ਹੋਏ ਮੈਂਬਰ ਵਜੋਂ ਲੋਕ ਸਭਾ ਵਿੱਚ ਸਹੁੰ ਚੁੱਕਣ ਆਇਆ ਸੀ ਤਾਂ ‘ਜੈ ਸ੍ਰੀ ਰਾਮ’ ਦੇ ਜੈਕਾਰਾ ਕੋਈ ਆਮ ਵਾਕਿਆ ਨਹੀਂ ਸੀ।
ਇਹ ਜੈਕਾਰਾ ਰਾਮ ਦੀ ਵਡਿਆਈ ਲਈ ਨਹੀਂ ਲਗਾਇਆ ਗਿਆ ਸੀ। ਇਹ ਓਵੈਸੀ ਨੂੰ ਡਰਾਉਣ ਅਤੇ ਚਿੜਾਉਣ ਲਈ ਲਗਾਇਆ ਗਿਆ ਸੀ ਅਤੇ ਉਸ ਨੇ ‘ਅੱਲਾ ਹੂ ਅਕਬਰ’ ਦੇ ਬੋਲੇ ਨਾਲ ਜੁਆਬ ਦਿੱਤਾ ਸੀ । ਲੋਕ ਸਭਾ ਦੀ ਕਾਰਵਾਈ ਵਿੱਚੋਂ ਇਸ ਭੜਕਾਹਟ ਅਤੇ ਰੱਦਿ-ਅਮਲ ਨੂੰ ਮਿਟਾ ਦਿੱਤਾ ਗਿਆ ਸੀ ਪਰ ਇਹ ਵਾਕਿਆ ਗ਼ਲੀਆਂ ਵਿੱਚ ਹੁੰਦੀਆਂ ਕਾਰਵਾਈਆਂ ਦੀ ਹਾਮੀ ਭਰਨ ਅਤੇ ਉਨ੍ਹਾਂ ਨੂੰ ਜਾਰੀ ਰੱਖਣ ਦਾ ਸੱਦਾ ਹੋ
ਨਿਬੜਿਆ। ਦੇਸ਼-ਭਗਤੀ ਦੇ ਬਾਣੇ ਵਿੱਚ ਫ਼ਿਰਕਾਪ੍ਰਸਤੀ ਜਾਇਜ਼ ਹੋ ਗਈ ਹੈ। ਫ਼ਿਰਕਾਪ੍ਰਸਤੀ ਸਫ਼ੇਦਪੋਸ਼ ਤਬਕੇ ਦੀਆਂ ਦਾਅਵਤਾਂ ਵਾਲੇ ਦੀਵਾਨ-ਖ਼ਾਨਿਆਂ ਵਿੱਚ ਲਜ਼ੀਜ਼ ਖਾਣੇ ਤੋਂ ਬਾਅਦ ਮਿੱਠੇ ਵਰਗੀ ਸ਼ੈਅ ਵਜੋਂ ਸਜ ਗਈ ਹੈ। ਕੱਟੜਪੁਣਾ ਹਮੇਸ਼ਾਂ ਭੱਦੇ ਲਿਬਾਸ ਵਿੱਚ ਨਹੀਂ ਆਉਂਦਾ; ਇਹ ਵੀ ਸੱਭਿਆਚਾਰ ਦੀਆਂ ਸ਼ਾਹਾਨਾ ਪੌਸ਼ਾਕਾਂ ਪਹਿਨਦਾ ਹੈ। ਠੀਕ-ਠਾਕ ਪੜ੍ਹੇ-ਲਿਖੇ, ਬੇਰੋਜ਼ਗਾਰ ਅਤੇ ਨੀਮ-ਰੋਜ਼ਗਾਰ ਲੋਕ ਅਸਰਦਾਰ ਜੁਮਲੇ ਅਤੇ ਦਲੀਲਾਂ ਘੜਨ ਦੇ ਹੁਨਰ ਤੋਂ ਅਣਜਾਣ ਹਨ। ਉਹ ਸ਼ਰਿ-ਆਮ ਡਾਂਗਾਂ ਚਲਾਉਂਦੇ ਹਨ।
ਚੰਗੇ ਰੋਜ਼ਗਾਰ ਵਿੱਚ ਲੱਗੇ ਪੜ੍ਹੇ-ਲਿਖਿਆਂ ਵਾਂਗ ਇਹ ਨਹੀਂ ਜਾਣਦੇ ਕਿ ਲੋਕਾਂ ਨੂੰ ਆਪ ਕੁੱਟਣਾ ਅਤੇ ਕਤਲ ਕਰਨਾ ਕਦੇ-ਕਦਾਈਂ ਨੁਕਸਾਨਦੇਹ ਹੋ ਸਕਦਾ ਹੈ। ਪੜ੍ਹਿਆ- ਲਿਖਿਆ ਤਬਕਾ ਹਲੀਮੀ ਵਾਲੀ ਸੁਰ ਵਿੱਚ ਨਫ਼ਾਸਤ ਨਾਲ ਜੁਮਲੇ ਘੜਦਾ ਹੈ। ਇਨ੍ਹਾਂ ਜੁਮਲਿਆਂ ਨੂੰ ਕਿਸੇ ਨੂੰ ਠੀਕ ਕਰਨ ਵਾਲੀ ਜਾਂ ਕਿਸੇ ਬਰਾਦਰੀ ਨੂੰ ਸਬਕ ਸਿਖਾਉਣ ਵਾਲੀ ਸਿਆਸਤ ਦੇ ਪੱਖ ਵਿੱਚ ਬੀੜਿਆ ਜਾਂਦਾ ਹੈ। ਅਸੀਂ ਇਨ੍ਹਾਂ ਨੂੰ ਭਲੇ ਅਤੇ ਸੁਘੜ ਲੋਕ ਕਹਿੰਦੇ ਹਾਂ।
ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਇਹ ਸਭ ਕੁਝ ਇੰਡੀਆ ਵਿੱਚ ਪਹਿਲਾਂ ਵੀ ਹੋਇਆ ਹੈ ਅਤੇ ਹੋਰ ਥਾਂਵਾਂ ਉੱਤੇ ਵੀ ਹੋਇਆ ਹੈ। ਇਸ ਦੇ ਬਾਵਜੂਦ ਮੌਜੂਦਾ ਸਿਲਸਿਲੇ ਵਿੱਚ ਤਰੀਕੇ ਪੱਖੋਂ ਕਈ ਕੁਝ ਨਿਵੇਕਲਾ ਹੈ। ਇੱਕ ਟੈਲੀਵਿਜ਼ਨ ਚੈਨਲ ਨਸ਼ਰ ਕਰਦਾ ਹੈ ਕਿ ਇੰਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਮਤ ਕਾਰਨ 2019 ਦਾ ਕ੍ਰਿਕਟ ਵਰਲਡ ਕੱਪ ਜਿੱਤੇਗਾ। ਨਿਊਜ਼ ਐਂਕਰ ਦੀ ਉੱਚੀ ਆਵਾਜ਼ ਲੱਖਾਂ ਲੋਕਾਂ ਦੇ ਘਰਾਂ ਵਿੱਚ ਗੂੰਜਦੀ ਹੈ ਅਤੇ ਇਹ ਅਸ਼ਰਾਫ਼ੀਆ ਤਕੀਆ-ਕਲਾਮ ਬਣ ਜਾਂਦੀ ਹੈ। ਉਸ ਵੇਲੇ ਖ਼ਬਰਾਂ ਹੋਰ ਵੀ ਸਨ: ਆਰਥਿਕ ਮੰਦੀ ਦੀ ਮਾਰ ਵਧਣ ਨਾਲ ਬੇਰੋਜ਼ਗਾਰੀ ਨਵੀਂਆਂ ਸਿਖ਼ਰਾਂ ਉੱਤੇ ਪਹੁੰਚ ਗਈ ਸੀ; ਬਿਹਾਰ ਦੇ ਮੁਜ਼ੱਫ਼ਰਾਬਾਦ ਵਿੱਚ ਦਿਮਾਗ਼ੀ ਬੁਖ਼ਾਰ ਨਾਲ 140 ਬੱਚੇ ਮਰ ਗਏ ਸਨ; ਗੁਜਰਾਤ ਵਿੱਚ ਨਾਲ਼ਾ ਸਾਫ਼ ਕਰਦੇ ਹੋਏ ਸੱਤ ਮਜ਼ਦੂਰ ਮਾਰੇ ਗਏ ਸਨ। ਨਿਊਜ਼ ਚੈਨਲ ਪ੍ਰਧਾਨ ਮੰਤਰੀ ਦੀ ਕਿਸਮਤ ਬਾਰੇ ਚੁੱਪ ਧਾਰ ਲੈਂਦੇ ਹਨ, ਜਾਂ ਦਰਅਸਲ ਇਨ੍ਹਾਂ ਮਾਮਲਿਆਂ ਵਿੱਚ ਉਨ੍ਹਾਂ ਦੀ ਦਖ਼ਲ-ਅੰਦਾਜ਼ੀ ਬਾਬਤ ਖ਼ਾਮੋਸ਼ ਹੋ ਜਾਂਦੇ ਹਨ। ਇਨ੍ਹਾਂ ਚੈਨਲਾਂ ਨੂੰ ਦੇਖਣ ਵਾਲੇ ਕਰੋੜਾਂ ਲੋਕਾਂ ਨੂੰ ਚੰਗੀ ਪੱਤਰਕਾਰੀ ਬਾਬਤ ਪਤਾ ਹੈ ਪਰ ਉਨ੍ਹਾਂ ਨੇ ਆਪਣੇ-ਆਪ ਨੂੰ ਬੇਮਾਅਨਾ ਪੱਤਰਕਾਰੀ ਵਾਲੇ ਪਾਸੇ ਖੜ੍ਹਾ ਕਰ ਲਿਆ ਹੈ।
ਆਖ਼ਰ ਪ੍ਰਧਾਨ ਮੰਤਰੀ ਦੀ ਕਿਸਮਤ ਵਰਲਡ ਕੱਪ ਵਿੱਚ ਇੰਡੀਆ ਨੂੰ ਹਾਰ ਤੋਂ ਨਹੀਂ ਬਚਾ ਸਕੀ। ਇਸ ਨਾਲ ਮਕਬੂਲ ਟੈਲੀਵਿਜ਼ਨ ਚੈਨਲਾਂ ਦੇ ਐਂਕਰਾਂ ਨੇ ਚੰਗਾ ਸ਼ੁਗ਼ਲ- ਮੇਲਾ ਲਗਾਇਆ। ਟੈਲੀਵਿਜ਼ਨ ਉੱਤੇ ਇਨ੍ਹਾਂ ਮੂਰਤਾਂ ਦੇ ਕੀਤੇ-ਧਰੇ ਦਾ ਪੱਤਰਕਾਰੀ ਨਾਲ ਦੂਰ-ਦੂਰ ਤੱਕ ਦਾ ਵੀ ਵਾਸਤਾ ਨਹੀਂ ਹੈ ਪਰ ਇੰਡੀਆ ਦੀ ਪੱਤਕਰਾਰੀ ਦੀ ਸ਼ਨਾਖ਼ਤ ਇਨ੍ਹਾਂ ਨਾਲ ਹੀ ਜੁੜ ਗਈ ਹੈ। ਉਹ ਹਕੂਮਤ ਦੇ ਗਲਿਆਰਿਆਂ ਤੋਂ ਬਾਹਰ ਕਿਸੇ ਲਈ ਜੁਆਬਦੇਹ ਨਹੀਂ ਹਨ। ਉਨ੍ਹਾਂ ਦਾ ਕੰਮ ਆਥਣ ਵੇਲੇ ਟੈਲੀਵਿਜ਼ਨ ਉੱਤੇ ਨਗਾਰ-ਖ਼ਾਨਾ ਸਜਾ ਕੇ ਵੱਖ-ਵੱਖ ਧਿਰਾਂ ਦੇ ਬੁਲਾਰਿਆਂ ਦਾ ਮੁਕਾਬਲਾ ਕਰਵਾਉਣਾ ਅਤੇ ਖ਼ਬਰਾਂ ਨੂੰ ਧੁੰਧਲਾ ਕਰ ਦੇਣਾ ਹੈ। ਇਸ ਬੇਕਾਇਦਗੀ ਦਾ ਆਲਮ ਇੰਨਾ ਮੂੰਹ-ਜ਼ੋਰ ਹੈ ਕਿ ਇਖ਼ਲਾਕ ਜਾਂ ਭਰੋਸੇਯੋਗਤਾ ਦੇ ਭਵਿੱਖ ਬਾਬਤ ਸੋਚਣਾ ਬੇਮਾਅਨਾ ਜਾਪਦਾ ਹੈ। ਬੁਰੀ ਪੱਤਰਕਾਰੀ ਦੀ ਮੌਜੂਦਾ ਦੌਰ ਵਰਗੀ ਭਰੋਸੇਯੋਗਤਾ ਕਦੇ ਨਹੀਂ ਸੀ। ਨਿਊਜ਼ ਚੈਨਲਾਂ ਨੇ ਇੰਡੀਆ ਦੇ ਜਮਹੂਰੀ ਅਸੂਲਾਂ ਦਾ ਕਤਲ ਕਰਨ ਲਈ ਅਣਥਕ ਮਿਹਨਤ ਕੀਤੀ ਹੈ। ਨਤੀਜੇ ਵਜੋਂ ਇਨ੍ਹਾਂ ਚੈਨਲਾਂ ਨੂੰ ਦੇਖਣ ਵਾਲੇ ਇੰਡੀਆ ਦੇ ਲੋਕ ਸਰਕਾਰ ਤੋਂ ਕੋਈ ਸੁਆਲ ਨਹੀਂ ਪੁੱਛਦੇ। ਇਨ੍ਹਾਂ ਚੈਨਲਾਂ ਨੇ ਆਪਣੇ ਦਰਸ਼ਕਾਂ ਨੂੰ ਅਜਿਹਾ ਟੈਲੀਵਿਜ਼ਨ ਦੇਖਣ ਲਈ ਸੀਲ ਕਰ ਲਿਆ ਹੈ ਜਿਸ ਵਿੱਚ ਉਨ੍ਹਾਂ ਤੋਂ ਕੋਈ ਮੰਗ ਨਹੀਂ ਕੀਤੀ ਜਾਂਦੀ। ਦਰਸ਼ਕ ਤੋਂ ਇਹ ਇੱਕ ਮੰਗ ਕਰਦੇ ਹਨ ਕਿ ਉਹ ਆਪਣੀ ਮਰਜ਼ੀ ਨਾਲ ਯਕੀਨ ਤੋਂ ਮੁਕੰਮਲ ਤੌਰ ਉੱਤੇ ਕਿਨਾਰਾ ਕਰ ਲੈਣ। ਨੇਕ ਚਲਣੀ ਤੋਂ ਮੁਕੰਮਲ ਕਿਨਾਰਾਕੁਸ਼ੀ।
ਚੁਣੇ ਹੋਏ ਨੁਮਾਇੰਦੇ ਕਾਤਲਾਂ ਦੇ ਗਲ਼ਾਂ ਵਿੱਚ ਹਾਰ ਸਜਾ ਸਕਦੇ ਹਨ, ਮੰਤਰੀ ਝੂਠ ਬੋਲ ਸਕਦੇ ਹਨ, ਨਿਊਜ਼ ਐਂਕਰ ਖ਼ਬਰ ਵਜੋਂ ਸਰਕਾਰੀ ਪ੍ਰੈਸ ਨੋਟ ਪੜ੍ਹ ਸਕਦੇ ਹਨ। ਇਸ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਜਦੋਂ ਭਾਜਪਾ ਦੀ ਦੂਜੀ ਵਾਰ ਚੁਣੀ ਹੋਈ ਸਰਕਾਰ ਨੇ ਪਹਿਲਾਂ ਬਜਟ ਪੇਸ਼ ਕੀਤਾ। ਤਾਂ ਵਿੱਤ ਮੰਤਰੀ ਨੇ ਅਗਾਊਂ ਇਜਾਜ਼ਤ ਲੈਣ ਤੋਂ ਬਿਨਾਂ ਪੱਤਰਕਾਰਾਂ ਦੇ ਵਿੱਤ-ਮੰਤਰਾਲੇ ਦੇ ਸਰਕਾਰੀ ਦਫ਼ਤਰਾਂ ਵਿੱਚ ਜਾਣ ਉੱਤੇ ਪਾਬੰਦੀ ਲਗਾ ਦਿੱਤੀ । ਇਸ ਹੁਕਮ ਤੋਂ ਪਹਿਲਾਂ ਪ੍ਰੈਸ ਇੰਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਦੇ ਸ਼ਨਾਖ਼ਤੀ ਕਾਰਡ ਵਾਲਾ ਕੋਈ ਵੀ ਪੱਤਰਕਾਰ ਮੰਤਰਾਲੇ ਵਿੱਚ ਜਾ ਸਕਦਾ ਸੀ ਅਤੇ ਕਿਸੇ ਨੂੰ ਵੀ ਮਿਲ ਸਕਦਾ ਸੀ ਅਤੇ ਬਾਹਰ ਆ ਕੇ ਆਪਣੀ ਖ਼ਬਰ ਬਣਾ ਸਕਦਾ ਸੀ। ਇਸੇ ਤਰ੍ਹਾਂ ਤਾਂ ਬਿਜਨਸ ਸਟੈਂਡਰਡ ਦੇ ਸੋਮੇਸ਼ ਝਾਅ ਨੇ ਸਰਕਾਰ ਦੀ ਦੱਬੀ ਹੋਈ ਮਿਸਲ ਕੱਢ ਲਿਆਂਦੀ ਸੀ ਕਿ 2017-18 ਵਿੱਚ ਇੰਡੀਆ ਵਿੱਚ ਬੇਰੋਜ਼ਗਾਰੀ ਦਾ ਪੱਧਰ ਪਿਛਲੇ ਪੰਤਾਲੀ ਸਾਲਾਂ ਵਿੱਚ ਸਭ ਤੋਂ ਜ਼ਿਆਦਾ ਸੀ। ਹੁਣ ਅਜਿਹੀ ਕੋਈ ਖ਼ਬਰ ਆਉਣੀ ਨਾਮੁਮਕਿਨ ਹੈ। ਵਿੱਤ ਮੰਤਰੀ ਨੇ ਦੱਸਿਆ ਹੈ ਕਿ ਪੱਤਰਕਾਰਾਂ ਦੇ ਉਡੀਕ ਕਰਨ ਵਾਲੀ ਥਾਂ ਬਿਹਤਰ ਬਣਾ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਇਤਮਿਨਾਨ-ਬਖ਼ਸ਼ੀ ਦਾ ਧਿਆਨ ਰੱਖਿਆ ਜਾਵੇਗਾ। ਉਹ ਆਹਲਾ ਅਫ਼ਸਰਾਂ ਨਾਲ ਮੁਲਾਕਾਤ ਤੈਅ ਕਰਨ ਤੋਂ ਬਾਅਦ ਹੀ ਲੋੜੀਂਦੇ ਦਫ਼ਤਰ ਵਿੱਚ ਜਾ ਸਕਦੇ ਹਨ। ਐਡੀਟਰ ਗਿਲਡ ਨੇ ਇਸ ਹਰਕਤ ਦੀ ਤਨਕੀਦ ਕੀਤੀ ਹੈ। ਇੰਡੀਆ ਦੇ ਲੋਕਾਂ ਨੇ ਮੂੰਹ ਫੇਰ ਲੈਣ ਨੂੰ ਤਰਜੀਹ ਦਿੱਤੀ ਹੈ। ਇਸ ਤਰ੍ਹਾਂ ਉਹ 2019 ਦੀਆਂ ਚੋਣਾਂ ਦੌਰਾਨ ਵੀ ਬੇਪਰਵਾਹ ਸਨ ਜਦੋਂ ਮੁੱਖਧਾਰਾ ਦਾ ਮੀਡੀਆ ਕਿਸੇ ਸਿਆਸੀ ਧਿਰ ਅਤੇ ਇੱਕ ਆਗੂ ਦੀਆਂ ਸਿਫ਼ਤਾਂ ਨਾਲ ਉਲਰਿਆ ਪਿਆ ਸੀ। ਜਦੋਂ ਇੰਡੀਆ ਦੀ ਵਿਸ਼ਾਲ, ਵੰਨ-ਸਵੰਨੀ ਅਤੇ ਮਹਾਨ ਜਮਹੂਰੀਅਤ ਦੀ ਦੂਜੀ ਸਿਆਸੀ ਧਿਰ ਨਜ਼ਰਾਂ ਤੋਂ ਓਹਲੇ ਕਰ ਦਿੱਤੀ ਗਈ ਤਾਂ ਕੋਈ ਸੁਆਲ ਨਹੀਂ ਪੁੱਛਿਆ ਗਿਆ। ਤੁਸੀਂ ਚੋਣ ਕਮਿਸ਼ਨ ਤੋਂ ਕੋਈ ਆਸ ਨਹੀਂ ਕਰ ਸਕਦੇ ਕਿਉਂਕਿ ਇਸ ਖ਼ਿਲਾਫ਼ ਪੱਖਪਾਤ ਦੇ ਇਲਜ਼ਾਮ ਆਮ ਹੀ ਲਗਦੇ ਰਹਿੰਦੇ ਹਨ। ਜਦੋਂ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੇ ਚੋਣ ਜਾਬਤਿਆਂ ਦੇ ਵਾਰ-ਵਾਰ ਉਲੰਘਣ ਦਾ ਕੋਈ ਧਿਆਨ ਨਹੀਂ ਧਰਿਆ ਤਾਂ ਸਾਬਤ ਹੋ ਗਿਆ ਕਿ ਇਸ ਨੇ ਸਮੇਂ ਦੀ ਕੰਧ ਉੱਤੇ ਲਿਖਿਆ ਪੜ੍ਹ ਲਿਆ ਹੈ: ਨਿਰਪੱਖਤਾ ਦਾ ਧੇਲਾ ਮੁੱਲ ਨਹੀਂ ਹੈ। ਅਸੀਂ ਇਸ ਤਰ੍ਹਾਂ ਦੇ ਕੀਤੇ-ਧਰੇ ਦੀ ਕੀਮਤ ਪਹਿਲਾਂ ਵੀ ਉਤਾਰੀ ਹੈ ਪਰ ਹੁਣ ਇਤਿਹਾਸ ਤੋਂ ਕੋਈ ਨਹੀਂ ਡਰਦਾ। ਇਤਿਹਾਸ ਨੂੰ ਤਾਂ ਬਦਲਣਾ ਸੁਖਾਲਾ ਹੈ। ਕਿਸੇ ਮੁਲਕ ਦੀ ਮੁਸ਼ਤਰਕਾ ਯਾਦਦਾਸ਼ਤ ਵਿੱਚੋਂ ਵਾਕਿਆਤ ਅਤੇ ਸ਼ਖ਼ਸੀਅਤਾਂ ਨੂੰ ਉਸੇ ਸਹਿਜ ਨਾਲ ਮਿਟਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਮਿਟਾਇਆ ਜਾ ਸਕਦਾ ਹੈ।
ਇਹ ਸਾਡੇ ਜਮਹੂਰੀ ਨਿਜ਼ਾਮ ਦਾ ਨੰਗਾ ਚਿੱਟਾ ਤੱਥ ਹੈ ਕਿ ਪ੍ਰੈਸ ਸਰਕਾਰੀ ਪ੍ਰਾਪੇਗੰਡੇ ਦਾ ਸੰਦ ਹੈ। ਖ਼ਬਰ ਦੱਬੀ ਜਾਂਦੀ ਹੈ, ਤੋੜੀ-ਮਰੋੜੀ ਜਾਂਦੀ ਹੈ ਅਤੇ ਮੂੰਹ-ਜ਼ੋਰੀ ਨਾਲ ਘੜੀ ਜਾਂਦੀ ਹੈ। ਇੰਡੀਆ ਦੇ ਲੋਕਾਂ ਦੀ ਕਦੇ ਕੋਈ ਹੈਸੀਅਤ ਨਹੀਂ ਸੀ ਪਰ ਹੁਣ ਰਹਿੰਦੀ- ਖੂੰਹਦੀ ਵੀ ਹਕੂਮਤ ਦੇ ਸਾਹਮਣੇ ਗੋਡੇ ਟੇਕ ਗਈ ਹੈ ਜਿਸ ਦੇ ਇਰਾਦਿਆਂ ਬਾਬਤ ਉਨ੍ਹਾਂ ਨੂੰ ਨਾ ਦੇ ਬਰਾਬਰ ਜਾਣਕਾਰੀ ਹੈ। ਆਜ਼ਾਦ ਇੰਡੀਆ ਦੇ ਇਤਿਹਾਸ ਵਿੱਚ ਲੋਕਾਂ ਦਾ ਸਿਆਸੀ ਹਕੂਮਤ ਵਿੱਚ ਇਸ ਪੱਧਰ ਦਾ ਯਕੀਨ ਕਦੇ ਨਹੀਂ ਰਿਹਾ ਅਤੇ ਨਾ ਹੀ ਲੋਕਾਂ ਨੂੰ ਕਦੇ ਇਸ ਪੱਧਰ ਦਾ ਨਾ-ਖ਼ਬਰਾਂ ਅਤੇ ਮਸਨੂਈ ਖ਼ਬਰਾਂ ਦਾ ਭੁੱਸ ਰਿਹਾ ਹੈ। ਦੁਨੀਆ ਦੇ ਪ੍ਰੈਸ ਫਰੀਡਮ ਇੰਡੈਕਸ ਵਿੱਚ ਇੰਡੀਆ ਦਾ ਦਰਜਾ 180 ਮੁਲਕਾਂ ਵਿੱਚ 140ਵਾਂ ਹੈ। ਇਸ ਲਈ ਸਮੁੱਚੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੈ। ਦਰਸ਼ਕਾਂ ਅਤੇ ਪਾਠਕਾਂ ਨੇ ਸਾਨੂੰ ਇਸ ਥਾਂ ਪਹੁੰਚਾਇਆ ਹੈ: ਸਰਕਾਰਾਂ ਦੇ ਦਿਨ-ਰਾਤ ਕਸੀਦੇ ਪੜ੍ਹਨ ਵਾਲੇ ਚੈਨਲਾਂ ਦੀ ਦਰਜਾਬੰਦੀ ਸਭ ਤੋਂ ਉੱਚੀ ਹੈ ਅਤੇ ਉਨ੍ਹਾਂ ਦਾ ਚੰਦਾ ਵੀ ਸਭ ਤੋਂ ਜ਼ਿਆਦਾ ਹੈ।
ਇੰਡੀਆ ਦੀ ਸਿੱਖਿਆ ਨੀਤੀ ਦਾ ਖਰੜਾ ਦਰਸਾਉਂਦਾ ਹੈ ਕਿ ਨੈਸ਼ਨਲ ਅਸੈੱਸਮੈਂਟ ਐਂਡ ਐਕਰੈਡੀਟੇਸ਼ਨ ਕਾਊਂਸਿਲ (ਐੱਨ.ਏ.ਏ.ਸੀ.) ਸਾਡੀਆਂ ਅਠਾਹਟ ਫ਼ੀਸਦ ਯੂਨੀਵਰਸਿਟੀਆਂ ਨੂੰ ਔਸਤ ਜਾਂ ਔਸਤ ਦਰਜੇ ਤੋਂ ਹੇਠਾਂ ਮੰਨਦੀ ਹੈ। ਇਕਾਨਵੇਂ ਫ਼ੀਸਦ ਕਾਲਜ ਔਸਤ ਜਾਂ ਔਸਤ ਦਰਜੇ ਤੋਂ ਹੇਠਾਂ ਹਨ। ਇਨ੍ਹਾਂ ਦੂਜੇ-ਤੀਜੇ ਦਰਜੇ ਦੇ ਕਾਲਜਾਂ ਨੇ ਔਸਤ ਜਾਂ ਔਸਤ ਤੋਂ ਹੇਠਲੇ ਦਰਜੇ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀਆਂ ਪੀੜ੍ਹੀਆਂ ਪੈਦਾ ਕੀਤੀਆਂ ਹਨ। ਉਨ੍ਹਾਂ ਦੀ ਹਰ ਜਗਿਆਸਾ ਦੇ ਨਾਲ-ਨਾਲ ਗਿਆਨ ਅਤੇ ਜਾਣਕਾਰੀ ਦੀ ਭੁੱਖ ਨੂੰ ਖ਼ਤਮ ਕਰਨ ਉੱਤੇ ਬੇਇੰਤਹਾ ਮੁਸ਼ੱਕਤ ਕੀਤੀ ਗਈ ਹੋਵੇਗੀ। ਇੰਡੀਆ ਦੀ ਮੌਜੂਦਾ ਨੌਜਵਾਨ ਪੀੜ੍ਹੀ ਦੀ ਸਾਜਣਾ ਕਰਨ ਵਿੱਚ ਦਹਾਕੇ ਲੱਗੇ ਹਨ। ਹੁਣ ਇਲਜ਼ਾਮ ਨੌਜਵਾਨ ਪੀੜ੍ਹੀ ਸਿਰ ਨਹੀਂ ਧਰਿਆ ਜਾ ਸਕਦਾ। ਉਨ੍ਹਾਂ ਦਾ ਕਸੂਰ ਇਹੋ ਹੈ ਕਿ ਜਦੋਂ ਇਸ ਫੌਂਗ ਦੀ ਇਬਾਰਤ ਲਿਖੀ ਜਾ ਰਹੀ ਸੀ ਤਾਂ ਉਹ ਸੁੱਤੇ ਪਏ ਸਨ ਅਤੇ ਉਹ ਹੁਣ ਵੀ ਸੁੱਤੇ ਪਏ ਹਨ ਜਦੋਂ ਉਨ੍ਹਾਂ ਨੂੰ ਬੇਤਾਣ ਅਤੇ ਗ਼ੁਲਾਮ ਕਰਨ ਦੀ ਤਰਕੀਬ ਮੁਕੰਮਲ ਕਰ ਲਈ ਗਈ ਹੈ। ਨੌਜਵਾਨ ਇਹ ਸਮਝਣ ਵਿੱਚ ਦਿਲਚਸਪੀ ਨਹੀਂ ਲੈਂਦੇ ਕਿ ਮੌਜੂਦਾ ਨਿਜ਼ਾਮ ਉਨ੍ਹਾਂ ਤੋਂ ਲੱਖਾਂ ਰੁਪਏ ਖ਼ਰਚ ਕੇ ਇੰਜੀਨੀਅਰ ਬਣਨ ਦੀ ਪੜ੍ਹਾਈ ਕਿਉਂ ਕਰਵਾਉਂਦਾ ਹੈ ਜਦੋਂ ਕਿ ਬਾਅਦ ਵਿੱਚ ਉਨ੍ਹਾਂ ਨੂੰ ਭਾਲਿਆਂ ਵੀ ਦਸ ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਨਹੀਂ ਮਿਲਣੀ। ਇੰਡੀਆ ਦੇ ਨੌਜਵਾਨ ਇਹ ਨਹੀਂ ਪੁੱਛਦੇ ਕਿ ਪਹਿਲਾਂ ਇੰਜੀਨੀਅਰਿੰਗ ਦੇ ਇੰਨੇ ਕਾਲਜ ਖੋਲ੍ਹੇ ਕਿਉਂ ਗਏ ਅਤੇ ਬਾਅਦ ਵਿੱਚ ਬੰਦ ਕਿਉਂ ਕੀਤੇ ਗਏ। ਉਨ੍ਹਾਂ ਨੇ ਹੁਨਰਮੰਦ ਕਰਨ ਅਤੇ ਨੌਕਰੀਆਂ ਦਿਵਾਉਣ ਦੇ ਵਾਅਦੇ ਕਰਨ ਵਾਲੇ ਕਾਲਜਾਂ ਵਿੱਚ ਦਾਖ਼ਲੇ ਲੈਣ ਅਤੇ ਪੜ੍ਹਾਈ ਕਰਨ ਲਈ ਕਰਜ਼ੇ ਲਏ। ਹੁਣ ਉਹ ਕਾਲਜ ਨਹੀਂ ਰਹੇ ਪਰ ਉਹ ਕਰਜ਼ੇ ਖੜ੍ਹੇ ਹਨ। ਇਸੇ ਦੌਰਾਨ ਸੌਫ਼ਟਵੇਅਰ ਇੰਜੀਨੀਅਰਾਂ ਦੇ ਚੱਤੇ- ਪਹਿਰ ਘੱਟ ਤਨਖ਼ਾਹਾਂ ਉੱਤੇ ਧੰਦ ਪਿੱਟਣ ਵਾਲੇ ਲਸ਼ਕਰ ਨਵੇਂ ਹੁਕਮਰਾਨ ਦੇ ਆਈ.ਟੀ.ਸੈੱਲ ਦੇ ਕਿੱਲਿਆਂ ਨਾਲ ਬੰਨ੍ਹੇ ਹੋਏ ਹਨ। ਇਨ੍ਹਾਂ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਨੇ ਕਦੇ ਉਸ ਸ਼ਾਨਾਮੱਤੇ ਕੌਮੀ ਇਤਿਹਾਸ ਨਾਲ ਜਿਊਂ ਨਹੀਂ ਸਕਣਾ ਜਿਸ ਦੀ ਸਾਜਣਾ ਲਈ ਉਹ ਝੂਠ, ਨਫ਼ਰਤ, ਗ਼ਾਲ਼ਾਂ ਅਤੇ ਕਿਰਦਾਰਕੁਸ਼ੀ ਦੀਆਂ ਇੱਟਾਂ ਚਿਣ ਰਹੇ ਹਨ। ਜਿਸ ਤਰ੍ਹਾਂ ਉਨ੍ਹਾਂ ਦੇ ਕਾਲਜ ਰਾਤੋ-ਰਾਤ ਲਾਪਤਾ ਹੋ ਗਏ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਇਸ ਅਖਾਉਤੀ ਸ਼ਾਨਾਮੱਤੇ ਇਤਿਹਾਸ ਦੇ ਹਨੇਰੇ ਤਹਿ-ਖ਼ਾਨਿਆਂ ਵਿੱਚ ਸੁੱਟ ਦਿੱਤਾ ਜਾਵੇਗਾ।
ਜਮਹੂਰੀਅਤਾਂ ਦੀ ਸਾਜਣਾ ਅਤੇ ਸਲਾਮਤੀ ਅਸੂਲਪ੍ਰਸਤ ਕਰਦੇ ਹਨ ਜੋ ਆਪਣੇ ਦੁਆਲੇ ਦੀ ਦੁਨੀਆ ਨੂੰ ਸਮਝਣਾ ਚਾਹੁੰਦੇ ਹਨ; ਜੋ ਜਾਣਕਾਰੀ ਦੀ ਮੰਗ ਕਰਦੇ ਹਨ ਅਤੇ ਹਸਬਿ-ਹਾਲ ਉੱਤੇ ਸੁਆਲ ਕਰਦੇ ਹਨ। ਕੀ ਅਸੀਂ ਉਸ ਮੁਲਕ ਦੇ ਨੌਜਵਾਨ ਤੋਂ ਅਜਿਹੇ ਜਮਹੂਰੀ ਅਸੂਲਾਂ ਦੀ ਆਸ ਕਰ ਸਕਦੇ ਹਾਂ ਜਿਸ ਦੇ ਇਕਾਨਵੇਂ ਫ਼ੀਸਦ ਕਾਲਜ ਔਸਤ ਜਾਂ ਔਸਤ ਤੋਂ ਹੇਠਲੇ ਦਰਜੇ ਦੇ ਹੋਣ? ਭਾਵੇਂ ਇੰਡੀਆ ਦੀ ਪੈਂਹਠ ਫ਼ੀਸਦ ਆਬਾਦੀ ਪੈਂਤੀ ਸਾਲਾਂ ਦੀ ਉਮਰ ਤੋਂ ਹੇਠਾਂ ਹੈ ਪਰ ਇਸ ਦੀ ਸੋਚ ਵਿੱਚ ਤਾਜ਼ਗੀ ਦਾ ਨਾਮੋ-ਨਿਸ਼ਾਨ ਨਹੀਂ ਹੈ। ਉਨ੍ਹਾਂ ਦੇ ਦਿਮਾਗ਼ ਜਵਾਨ ਨਹੀਂ ਹਨ। ਪਹਿਲਾਂ ਇਨ੍ਹਾਂ ਨੂੰ ਅਗਿਆਨਤਾ ਦਾ ਬੋਝਾ ਚੁਕਵਾਇਆ ਗਿਆ ਅਤੇ ਹੁਣ ਫ਼ਿਰਕਾਪ੍ਰਸਤੀ ਨੇ ਇਨ੍ਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਹਨ। ਅਸੀਂ ਆਰਥਿਕ ਅਤੇ ਸਮਾਜਿਕ ਨਾਬਰਾਬਰੀ ਦੀਆਂ ਗੱਲਾਂ ਕਰਦੇ ਹਾਂ ਪਰ ਇੰਡੀਆ ਵਿੱਚ ਸਾਨੂੰ ਗਿਆਨ ਦੀ ਨਾਬਰਾਬਰੀ ਦੀ ਥਾਹ ਪਾਉਣੀ ਚਾਹੀਦੀ ਹੈ। ਗਿਆਨ ਦੀ ਨਾਬਰਾਬਰੀ ਇੰਨੀ ਡੂੰਘੀ ਹੈ ਕਿ ਇੱਕ ਚੰਗੀ ਕਿਤਾਬ ਜਾਂ ਇੱਕ ਚੰਗੀ ਬਹਿਸ ਨਾਲ ਇਸ ਦਾ ਕੁਝ ਵੀ ਨਹੀਂ ਹੋਣ ਵਾਲਾ। ਸਾਡੇ ਨੌਜਵਾਨ ਤਬਕੇ ਦਾ ਵੱਡਾ ਹਿੱਸਾ ਹੁਣ ਸਿਰਫ਼ ਪਾਵਰਪੁਆਇੰਟ ਅਤੇ 140-ਹਰਫ਼ੀ ਟਵੀਟਜ਼ ਦੀ ਬੋਲੀ ਹੀ ਸਮਝਦਾ ਹੈ; ਉਨ੍ਹਾਂ ਦੀ ਸਮਝ ਨੂੰ ਇਸ ਤੋਂ ਵੱਧ ਵਿਗਸਣ ਹੀ ਨਹੀਂ ਦਿੱਤਾ ਗਿਆ।
ਜਦੋਂ ਮੁਲਕ ਦੇ ਇਕਾਨਵੇਂ ਫ਼ੀਸਦ ਕਾਲਜ ਦੂਜੇ ਜਾਂ ਤੀਜੇ ਦਰਜੇ ਦੇ ਹੋਣ ਤਾਂ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਗਿਆਨ ਦੀ ਦੁਨੀਆ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੋਣਾ ਅਟੱਲ ਸੀ। ਇਹੋ ਕਾਰਨ ਹੈ ਕਿ ਇੰਡੀਆ ਵਿੱਚ ਵੱਟਸਐੱਪ ਯੂਨੀਵਰਸਿਟੀ ਇੰਨੀ ਮਕਬੂਲ ਹੋ ਗਈ ਹੈ। ਟੋਟਕਿਆਂ ਦੀ ਲਿਸ਼ਕੋਰ ਭਰੇ ਪੰਨਿਆਂ ਵਾਲੀ ਨਵੀਂ ਕਿਤਾਬ ਉਨ੍ਹਾਂ ਨੂੰ ਸਨਸਨੀਖੇਜ਼ ਮੂਰਤਾਂ ਅਤੇ ਘੱਟ ਤੋਂ ਘੱਟ ਲਫ਼ਜ਼ਾਂ ਵਿੱਚ ਦੁਨੀਆ ਸਮਝਾਉਂਦੀ ਹੈ ਪਰ ਉਨ੍ਹਾਂ ਦੀ ਤਵੱਜੋ ਤਲਬ ਨਹੀਂ ਕਰਦੀ। ਵੱਡਿਆਂ ਸ਼ਹਿਰਾਂ ਦੇ ਆਲਿਮ ਅਤੇ ਦਾਨਿਸ਼ਵਰ ਇਸ ਠੋਸ ਨਾਇਨਸਾਫ਼ੀ ਦੇ ਖ਼ਿਲਾਫ਼ ਜ਼ਾਬਤਾ ਪੂਰਤੀ ਕਰਨ ਲਈ ਮੂੰਹ ਖੋਲ੍ਹਦੇ ਹਨ ਪਰ ਇਸ ਦੌਰਾਨ ਪੂਰੇ ਮੁਲਕ ਅੰਦਰ ਕਰੋੜਾਂ ਨੌਜਵਾਨਾਂ ਨਾਲ ਇਹ ਨਾਇਨਸਾਫ਼ੀ ਲਗਾਤਾਰ ਹੋ ਰਹੀ ਹੈ। ਇਸ ਨਾਇਨਸਾਫ਼ੀ ਖ਼ਿਲਾਫ਼ ਬੋਲਣ ਵਾਲੇ ਗਿਣਤੀ ਦੇ ਆਲਿਮਾਂ ਨੂੰ ਸਮਾਜਵਾਦੀ ਅਤੇ ਮੁਲਕ-ਵਿਰੋਧੀ ਗਰਦਾਨ ਦਿੱਤਾ ਗਿਆ ਹੈ। ਨੌਜਵਾਨ ਤਾਂ ਸਿੱਖਣ ਲਈ ਬੇਸਬਰੇ ਸਨ ਅਤੇ ਉਨ੍ਹਾਂ ਨੂੰ ਕੁਝ ਹੀਣਤਾ ਦਾ ਅਹਿਸਾਸ ਸੀ ਪਰ ਗਿਆਨ ਹਾਸਿਲ ਕਰਨ ਦਾ ਹਰ ਵਸੀਲਾ ਖ਼ਤਮ ਕਰ ਦਿੱਤਾ ਗਿਆ ਸੀ। ਪਹਿਲੀ ਵਾਰ ਵੱਟਸਐੱਪ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਕੁਝ ਗਿਆਨਵਾਨ ਹੋਣ ਦੇ ਮਾਣ ਨਾਲ ਨਿਵਾਜਿਆ ਹੈ। ਉਨ੍ਹਾਂ ਨੂੰ ਬਦਗੁਮਾਨ ਬਣਾਉਣ ਅਤੇ ਹਿੰਸਾ ਲਈ ਉਕਸਾਉਣ ਦੇ ਇਰਾਦੇ ਨਾਲ ਘੜੇ ਗਏ ਝੂਠ ਅਤੇ ਗ਼ਲਤ-ਬਿਆਨੀ ਨਿੱਜੀ ਸੁਨੇਹਿਆਂ ਵਜੋਂ ਉਨ੍ਹਾਂ ਦੇ ਸਮਾਰਟ ਫੋਨਾਂ ਉੱਤੇ ਆਉਣ ਲੱਗੀ ਹੈ। ਇਹ ਘਰ ਆ ਕੇ ਗਿਆਨ ਦੇ ਗੱਫ਼ੇ ਵਰਤਾਉਣ ਵਾਲੀ ਗੱਲ ਸੀ । ਆਖ਼ਰਕਾਰ ਇਸ ਗਿਆਨ ਦੇ ਨੌਜਵਾਨ ਹਾਸਿਲਕਰਤਾ ਨੂੰ ਕੁਝ ਤਾਣ ਦਾ ਅਹਿਸਾਸ ਹੋਣ ਲੱਗਿਆ। ਉਸ ਨੂੰ ਮਾਣ ਕਰਨ ਲਈ ਕਿਸੇ ਸੱਚ ਦੀ ਪ੍ਰਾਪਤੀ ਤਾਂ ਨਹੀਂ ਹੋਈ ਪਰ ਉਸ ਨੇ ਕੱਚ-ਕੂੜ ਉੱਤੇ ਹੀ ਮਾਣ ਕਰਨਾ ਸ਼ੁਰੂ ਕਰ ਦਿੱਤਾ । ਉਸ ਨੂੰ ਧੁਰ ਅੰਦਰੋਂ ਆਪਣੇ ਕੱਚ-ਕੂੜ ਦਾ ਪਤਾ ਸੀ ਕਿ ਇਹ ਪਹਿਲਾਂ ਉਸ ਦੇ ਸਿਰ ਮੜ੍ਹੀ ਗਈ ਅਗਿਆਨਤਾ ਤੋਂ ਬਿਹਤਰ ਨਹੀਂ ਹੈ। ਇਨ੍ਹਾਂ ਹਾਲਾਤ ਵਿੱਚ ਉਸ ਦਾ ਮਾਣ ਬੇਦਲੀਲਾ ਹੋ ਗਿਆ। ਉਸ ਨੂੰ ਆਪਣੀ ਤਨਕੀਦ ਕਰਨ ਵਾਲੇ ਚੁਭਣ ਲੱਗੇ ਅਤੇ ਉਸ ਦਾ ਮਾਣ ਸੁਆਲ ਕਰਨ ਵਾਲਿਆਂ ਉੱਤੇ ਸੁਹਾਗਾ ਫੇਰਨ ਵਾਲਾ ਹਥਿਆਰ ਬਣ ਗਿਆ।
ਹਕੂਮਤ ਦੇ ਸਾਹਮਣੇ ਸੱਚ ਬੋਲਣ ਅਤੇ ਸਹੀ ਮਾਅਨਿਆਂ ਵਿੱਚ ਸ਼ਹਿਰੀ ਬਣਨ ਲਈ ਤੁਹਾਨੂੰ ਗਿਆਨ ਦਰਕਾਰ ਹੈ। ਜਦੋਂ ਜਾਣਕਾਰੀ ਦੇ ਵਹਿਣ ਰੋਕ ਕੇ ਅਤੇ ਝੂਠ ਫੈਲਾ ਕੇ ਸੱਚ ਤੱਕ ਪਹੁੰਚਣ ਦੇ ਰਾਹ ਬੰਦ ਕੀਤੇ ਜਾਂਦੇ ਹਨ ਤਾਂ ਹੌਲੀ-ਹੌਲੀ ਬੋਲਣ ਦਾ ਰੋਜ਼ਾਨਾ ਅਮਲ ਰੁਕ ਜਾਂਦਾ ਹੈ। ਸੰਜੀਦਾ ਖੋਜ ਅਤੇ ਜਾਂਚ ਤੋਂ ਬਾਅਦ ਲਿਖੀ ਹੋਈ ਖ਼ਬਰ ਹੋਰ ਜਾਣਨ ਦੀ ਜਗਿਆਸਾ ਨੂੰ ਜਗਾਉਂਦੀ ਹੈ। ਕੁਝ ਸਾਲ ਪਹਿਲਾਂ ਇੰਡੀਆ ਦੇ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਵਿੱਚੋਂ ਅਜਿਹੀਆਂ ਖ਼ਬਰਾਂ ਲਾਪਤਾ ਹੋਣੀਆਂ ਸ਼ੁਰੂ ਹੋ ਗਈਆਂ। ਖ਼ਸੂਸੀ ਤੌਰ ਉੱਤੇ ਹਿੰਦੀ ਅਖ਼ਬਾਰਾਂ ਨੇ ਨੌਜਵਾਨਾਂ ਨੂੰ ਉਸੇ ਪੱਧਰ ਉੱਤੇ ਕਾਇਮ ਰੱਖਣ ਦਾ ਜਬਰਦਸਤ ਤਰਦੱਦ ਕੀਤਾ ਜਿੱਥੇ ਉਨ੍ਹਾਂ ਨੂੰ ਇਕਾਨਵੇਂ ਫ਼ੀਸਦ ਔਸਤ ਅਤੇ ਔਸਤ ਤੋਂ ਹੇਠਲੇ ਕਾਲਜਾਂ ਨੇ ਪਹੁੰਚਾਇਆ ਸੀ। ਲੋਕਾਂ ਨੂੰ ਲਗਦਾ ਹੈ ਕਿ ਪ੍ਰੈਸ ਉਨ੍ਹਾਂ ਨੂੰ ਜਾਣਕਾਰੀ ਮੁਹੱਈਆ ਕਰਦੀ ਹੈ ਪਰ ਮੁੱਖਧਾਰਾ ਦੇ ਜ਼ਿਆਦਾਤਰ ਮੀਡੀਆ ਅਦਾਰੇ ਉਹੋ ਦੱਸਦੇ ਹਨ ਜੋ ਉਨ੍ਹਾਂ ਨੂੰ ਦੱਸਣ ਦੀ ਹਦਾਇਤ ਹੁੰਦੀ ਹੈ। ਹਕੂਮਤ ਜਾਣਦੀ ਹੈ ਕਿ ਜਦੋਂ ਜਾਣਕਾਰੀ ਹੁੰਦੀ ਹੈ ਤਾਂ ਲੋਕ ਬੋਲਦੇ ਹਨ। ਇਸ ਲਈ ਮੀਡੀਆ ਨੂੰ ਖ਼ਰੀਦ ਲਿਆ ਗਿਆ ਹੈ ਜਾਂ ਝੂਠ ਅਤੇ ਚੋਣਵੀਂ ਜਾਣਕਾਰੀ ਨਸ਼ਰ ਕਰਨ ਦੀ ਤਰਕੀਬ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਤਾਂ ਜੋ ਲੋਕਾਂ ਦੀ ਹਕੂਮਤ ਦੇ ਸਾਹਮਣੇ ਡੱਟ ਜਾਣ ਜਾਂ ਸੁਆਲ ਕਰਨ ਦੀ ਯੋਗਤਾ ਹੀ ਖੁਰ ਜਾਵੇ। ਮਾਪੇ ਬੱਚਿਆਂ ਨੂੰ ਜ਼ਿਆਦਾ ਨਾ ਬੋਲਣ ਅਤੇ ਨਾ ਲਿਖਣ ਦੀ ਤਾਕੀਦ ਕਰਦੇ ਹਨ। ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਨ ਅਤੇ ‘ਸਿਆਸਤ ਨਾ ਕਰਨ’ ਦੀ ਸਲਾਹ ਦਿੰਦੇ ਹਨ। ਇੰਡੀਆ ਦੀ ਮਹਾਨ ਜਮਹੂਰੀਅਤ ਨੂੰ ਡਾਵਾਂਡੋਲ ਕਰਨ ਅਤੇ ਫ਼ਿਕਰਮੰਦੀ ਵਿੱਚ ਪਾਉਣ ਲਈ ਸਮੁੱਚਾ ਸਮਾਜ ਇੱਕ ਹੋ ਗਿਆ ਹੈ।
ਚੋਣਾਂ ਰਾਹੀਂ ਦੂਜੀ ਵਾਰ ਆਪਣੀ ਦਾਅਵੇਦਾਰੀ ਪੇਸ਼ ਕਰਨ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਈ 2019 ਦੌਰਾਨ ਇੰਡੀਅਨ ਐਕਸਪ੍ਰੈਸ ਦੇ ਰਾਜ ਕਮਲ ਝਾਅ ਅਤੇ ਰਵੀਸ਼ ਤਿਵਾੜੀ ਨਾਲ ਵੀ ਮੁਲਾਕਾਤ ਕੀਤੀ। ਅਜਿਹੇ ਮੌਕੇ ਵਿਰਲੇ ਹੀ ਜੁੜਦੇ ਹਨ। ਉਨ੍ਹਾਂ ਨੂੰ ਇੱਕ ਸੁਆਲ ਕੀਤਾ ਗਿਆ ਕਿ ਕੀ ਉਹ ਨਾਇਤਫ਼ਾਕ ਰਾਇ ਬਰਦਾਸ਼ਤ ਕਰਦੇ ਹਨ, ਅਤੇ ਕਦੇ ਕਿਸੇ ਨੇ ਮੰਤਰੀ ਮੰਡਲ ਜਾਂ ਪਾਰਟੀ ਦੀਆਂ ਬੈਠਕਾਂ ਵਿੱਚ ਉਨ੍ਹਾਂ ਤੋਂ ਇਖ਼ਤਲਾਫ਼ ਰਾਇ ਦਿੱਤੀ ਹੈ।
ਮਨਮੋਹਨ ਸਿੰਘ ਸਰਕਾਰ ਦੀ ਬੈਠਕਾਂ ਦੇ ਸਮੇਂ ਦੀ ਔਸਤ ਦੇਖ ਲਓ। ਉਨ੍ਹਾਂ ਦਾ ਔਸਤ ਸਮਾਂ ਵੀਹ ਮਿੰਟ ਸੀ। ਮੇਰੇ ਮੰਤਰੀ ਮੰਡਲ ਦੀਆਂ ਬੈਠਕਾਂ ਦਾ ਔਸਤ ਸਮਾਂ ਤਿੰਨ ਘੰਟੇ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਬੈਠਕਾਂ ਵਿੱਚ ਕੀ ਹੁੰਦਾ ਹੈ? ਮੰਤਰੀ ਮੰਡਲ ਦੀਆਂ ਕਈ ਤਜਵੀਜ਼ਾਂ ਰੱਦ ਹੋਈਆਂ ਹਨ। ਕਈ ਤਜਵੀਜ਼ਾਂ ਨੂੰ ਮੰਤਰੀਆਂ ਦੇ ਆਰਜ਼ੀ ਗਰੁੱਪ ਦੇ ਵਿਚਾਰ ਲਈ ਭੇਜਿਆ ਗਿਆ ਹੈ। ਇਸ ਤੋਂ ਬਿਨਾਂ ਮੇਰੇ ਸਮੁੱਚੇ ਮੰਤਰੀ ਮੰਡਲ ਦੀਆਂ ਬੈਠਕਾਂ ਵਿੱਚ ਹਰ ਮੰਤਰੀ ਨੂੰ ਬੋਲਣ ਅਤੇ ਵਿਚਾਰ ਦੇਣ ਦਾ ਸੱਦਾ ਦਿੱਤਾ ਜਾਂਦਾ ਹੈ। ਉਹ ਆਪਣੀਆਂ ਤਜਵੀਜ਼ਾਂ ਪੇਸ਼ ਕਰਦੇ ਹਨ ਪਰ ਇਹ ਸਭ ਕੁਝ ਮੀਡੀਆ ਲਈ ਨਹੀਂ ਹੈ।
ਪਰ ਸਾਨੂੰ ਖ਼ਬਰ ਵਜੋਂ ਕੀ ਮਿਲਦਾ ਹੈ?
ਇਹ ਤੁਹਾਡਾ ਮਸਲਾ ਹੈ। ਮੈਂ ਗ਼ੈਰ-ਜਮਹੂਰੀ ਨਹੀਂ ਹਾਂ। ਮੈਂ ਦਿੱਲੀ ਵਿੱਚ 250 ਲੋਕਾਂ ਨੂੰ ਮਿਲਿਆ ਅਤੇ ਤਿੰਨ ਘੰਟੇ ਤੱਕ ਖੁੱਲ੍ਹ ਕੇ ਚਰਚਾ ਕੀਤੀ। ਮੇਰਾ ਮੰਨਣਾ ਹੈ ਕਿ ਸਰਕਾਰ ਅਤੇ ਮੀਡੀਆ ਦੇ ਲੋਕਾਂ ਦੀ ਸੋਚ ਪਾਰਦਰਸ਼ੀ ਹੋਣੀ ਚਾਹੀਦੀ ਹੈ। ਖ਼ਬਰ ਦਾ ਛਪਣਾ ਜਾਂ ਨਾ ਨਸ਼ਰ ਹੋਣਾ ਹੀ ਜਮਹੂਰੀਅਤ ਨਹੀਂ ਹੈ।
ਇੰਡੀਆ ਦੇ ਪ੍ਰਧਾਨ ਮੰਤਰੀ ਪ੍ਰੈਸ ਅਤੇ ਸਰਕਾਰ ਨੂੰ ਬਦਲਣ ਦੀ ਗੱਲ ਕਰ ਰਹੇ ਸਨ। ਸ਼ਾਇਦ ਪ੍ਰਧਾਨ ਮੰਤਰੀ ਦੀ ਸੋਚ ਦਾ ਪਹਿਲਾ ਇਸ਼ਾਰਾ ਵਿੱਤ ਮੰਤਰਾਲੇ ਦਾ ਪੱਤਰਕਾਰਾਂ ਨੂੰ ਆਉਣ ਦੀ ਆਜ਼ਾਦੀ ਤੋਂ ਵਰਜਣ ਵਾਲਾ ਹੁਕਮ ਸੀ। ‘ਖ਼ਬਰ ਦਾ ਛਪਣਾ ਜਾਂ ਨਾ ਨਸ਼ਰ ਹੋਣਾ ਹੀ ਜਮਹੂਰੀਅਤ ਨਹੀਂ ਹੈ। ‘ ਮੈਂ ਹੈਰਾਨ ਸਾਂ ਕਿ ਇੰਡੀਅਨ ਐਕਸਪ੍ਰੈਸ ਤੋਂ ਇਸ ਫ਼ਿਕਰੇ ਦੀ ਅਹਿਮੀਅਤ ਨਜ਼ਰਅੰਦਾਜ਼ ਹੋ ਗਈ ਸੀ ਜੋ ਦਰਅਸਲ ਅੱਠ ਕਾਲਮੀ ਸੁਰਖ਼ੀ ਬਣਦੀ ਸੀ। ਸ਼ਾਇਦ ਇਸ ਤਰ੍ਹਾਂ ਨਜ਼ਰਅੰਦਾਜ਼ ਹੋ ਜਾਣ ਦਾ ਮਸਲਾ ਕੋਈ ਅਲੋਕਾਰੀ ਗੱਲ ਨਹੀਂ ਹੈ।
ਹੁਣ ਤੱਕ ਸੂਚਨਾ ਦੇ ਹਕੂਕ ਦਾ ਕਾਨੂੰਨ ਸ਼ਹਿਰੀ ਸਮਾਜ ਦੀ ਵੱਡਮੁੱਲੀ ਪ੍ਰਾਪਤੀ ਵਜੋਂ ਤਸਲੀਮ ਕੀਤਾ ਜਾਂਦਾ ਸੀ। ਇਸ ਐਕਟ ਵਿੱਚ ਤਬਦੀਲੀ ਕਰ ਕੇ ਮੁੱਖ ਸੂਚਨਾ ਕਮਿਸ਼ਨਰ ਅਤੇ ਸੂਚਨਾ ਕਮਿਸ਼ਨਰਾਂ—ਸੂਬਾਈ ਅਤੇ ਕੇਂਦਰੀ, ਦੋਵਾਂ—ਦੀ ਆਜ਼ਾਦ ਹੈਸੀਅਤ ਨੂੰ ਖ਼ਤਮ ਕਰ ਕੇ ਸਿੱਧਾ ਕੇਂਦਰੀ ਸਰਕਾਰ ਹੇਠ ਕਰ ਲਿਆ ਗਿਆ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਲੋਕਾਂ ਦੀ ਮੰਗੀ ਹੋਈ ਜਾਣਕਾਰੀ ਉਨ੍ਹਾਂ ਨੂੰ ਮਿਲੇ ਜਾਂ ਨਾ ਪਰ ਇਹੋ ਤਾਂ ਜਮਹੂਰੀਅਤ ਨਹੀਂ ਹੈ।
ਲੋਕ ਸਭਾ ਨੇ ਗ਼ੈਰ-ਕਾਨੂੰਨੀ ਸਰਗਰਮੀ ਰੋਕੂ ਐਕਟ ਵਿੱਚ ਸੋਧਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਤਹਿਤ ਕਿਸੇ ਵੀ ਬੰਦੇ ਨੂੰ ‘ਦਹਿਸ਼ਤਗਰਦ’ ਕਰਾਰ ਦਿੱਤਾ ਜਾ ਸਕਦਾ ਹੈ। ਇਸ ਕਾਨੂੰਨ ਵਿੱਚ ਪਹਿਲਾਂ ਵੀ ਦਹਿਸ਼ਤਗਰਦੀ ਜਥੇਬੰਦੀ ਨਾਲ ਜੁੜੇ ਲੋਕਾਂ ਨਾਲ ਸਿੱਝਣ ਦੀਆਂ ਤਜਵੀਜ਼ਾਂ ਸਨ ਭਾਵੇਂ ਮੁਲਜ਼ਮ ਖ਼ਿਲਾਫ਼ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਹਮਦਰਦੀ ਵਾਲਾ ਸਾਹਿਤ ਰੱਖਣ ਦਾ ਹੀ ਇਲਜ਼ਾਮ ਹੋਵੇ। ਇਨ੍ਹਾਂ ਹਾਲਾਤ ਵਿੱਚ ਸੋਧ ਕੀਤੇ ਗਏ ਨਵੇਂ ਕਾਨੂੰਨ ਦੇ ਕੀ ਮਾਅਨੇ ਹਨ ਜਿਸ ਬਾਬਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਿੱਕ ਥਾਪੜ ਰਹੇ ਹਨ? ਜਦੋਂ ਇਹ ਲਾਜ਼ਮੀ ਨਹੀਂ ਕਿ ਦਹਿਸ਼ਤਗਰਦ ਕਰਾਰ ਦਿੱਤਾ ਗਿਆ ਬੰਦਾ ਮੁਜਰਿਮ ਸਾਬਤ ਹੋਵੇ ਜਾਂ ਉਸ ਨੂੰ ਸਜ਼ਾ ਹੋਵੇ ਤਾਂ ਇਸ ਦੇ ਕੀ ਮਾਅਨੇ ਹਨ? ਇਸ ਬਾਬਤ ਇਸ਼ਾਰਾ livelaw.in ਉੱਤੇ ਲਿਖੇ ਮਨੂ ਸੇਬਸਤੀਅਨ ਦੇ ਲੇਖ ਤੋਂ ਮਿਲਦਾ ਹੈ: “ਸਰਕਾਰੀ ਤੌਰ ਉੱਤੇ ਦਹਿਸ਼ਤਗਰਦ ਕਰਾਰ ਦਿੱਤੇ ਜਾਣਾ ‘ਸ਼ਹਿਰੀ ਦੀ ਮੌਤ’ ਦੇ ਤੁੱਲ ਹੋਵੇਗਾ; ਇਸ ਤਰ੍ਹਾਂ ਉਸ ਨੂੰ ‘ਸਮਾਜਿਕ ਬਾਈਕਾਟ, ਨੌਕਰੀ ਤੋਂ ਕੱਢਣ, ਮੀਡੀਆ ਦੀ ਚਾਂਦਮਾਰੀ ਦਾ ਸ਼ਿਕਾਰ ਹੋਣ ਦੇ ਜੋਖਿਮਾਂ’ ਨਾਲ ਦੋਚਾਰ ਹੋਣਾ ਪੈ ਸਕਦਾ ਹੈ । ਉਸ ਨੂੰ ਗ਼ੈਰ- ਅਦਾਲਤੀ ਸਜ਼ਾ ਲਈ ‘ਹਜੂਮ’ ਦੇ ਸਾਹਮਣੇ ਸੁੱਟਿਆ ਜਾ ਸਕਦਾ ਹੈ। ” ਖ਼ੈਰ, ਇਸ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ। ਜਮਹੂਰਆਤ ਸਿਰਫ਼ ਇਹੋ ਤਾਂ ਨਹੀਂ ਹੈ ਕਿ ਕੋਈ ਬੇਖ਼ੌਫ਼ ਹੋ ਕੇ ਆਜ਼ਾਦਾਨਾ ਸੋਚ ਰੱਖ ਸਕੇ, ਬੋਲ ਸਕੇ ਅਤੇ ਜ਼ਿੰਦਗੀ ਗੁਜ਼ਾਰ ਸਕੇ।
ਜੌਰਜ ਓਰਵੈੱਲ ਨੇ 1949 ਵਿੱਚ ਸ਼ਾਹਕਾਰ ਨਾਵਲ 1984 ਲਿਖਿਆ ਸੀ ਜੋ ਆਉਣ ਵਾਲੇ ਸਮੇਂ ਉੱਤੇ ਨਜ਼ਰ ਮਾਰਦਾ ਹੈ। ਮੈਂ ਇਹ ਨਾਵਲ 2019 ਵਿੱਚ ਪੜ੍ਹਿਆ ਸੀ।
ਮੈਂ ਵੀ ਉਸ ਵਾਂਗ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਦਾ ਜੰਮ-ਪਲ ਹਾਂ। ਹੁਣ ਮੈਂ ਨਾਵਲ ਪੜ੍ਹਨ ਤੋਂ ਬਾਅਦ ਉਸ ਨਾਲ ਜ਼ਿਆਦਾ ਨੇੜਤਾ ਮਹਿਸੂਸ ਕਰਦਾ ਹਾਂ ਕਿਉਂਕਿ ਉਸ ਦੇ ਨਾਵਲ ਦੀ ਹਰ ਕੰਨੀ ਅਤੇ ਤਫ਼ਸੀਲ ਮੌਜੂਦਾ ਦੌਰ ਦੀ ਹਕੀਕਤ ਨਾਲ ਮੇਲ ਖਾਂਦੀ ਹੈ ਜਿਸ ਵਿੱਚ ਅਸੀਂ ਵਸਦੇ ਹਾਂ। ਉਸ ਦੇ ਨਾਵਲ ਦੇ ਇੱਕ ਕਿਰਦਾਰ ਦਾ ਕੰਮ ਲਿਖਤਾਂ ਵਿੱਚੋਂ ਪੁਰਾਣੀਆਂ ਕਹਾਵਤਾਂ ਅਤੇ ਨਾਅਰੇ ਮਿਟਾਉਣਾ ਹੈ। ਇਹ ਬਿਲਕੁਲ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਸਾਡੇ ਮੁਲਕ ਵਿੱਚ ਨਹਿਰੂ ਅਤੇ ਗਾਂਧੀ ਨਾਲ ਜੁੜੀਆਂ ਯਾਦਾਂ ਅਤੇ ਹਵਾਲੇ ਮਿਟਾਉਣ ਦਾ ਉਪਰਾਲਾ ਹੋ ਰਿਹਾ ਹੈ। ਨਵਾਲ ਵਿੱਚ ਹਰ ਥਾਂ ਟੈਲੀਸਕਰੀਨ ਲੱਗੇ ਹੋਏ ਹਨ ਜਿਸ ਦਾ ਮਤਲਬ ਹੈ ਕਿ ਵੱਡਾ ਭਾਈ ਆਮ ਸ਼ਹਿਰੀਆਂ ਉੱਤੇ ਨਜ਼ਰ ਰੱਖਦਾ ਹੈ। ਇਨ੍ਹਾਂ ਸਾਰੇ ਪਰਦਿਆਂ ਤੋਂ ਖ਼ਬਰਾਂ ਸਿੱਧੀਆਂ ਨਸ਼ਰ ਹੁੰਦੀਆਂ ਹਨ। ਇਹ ਵੀ ਸਭ ਕੁਝ ਜਾਣਿਆ- ਪਛਾਣਿਆ ਹੈ। ਟੈਲੀਫੋਨ ਅਤੇ ਸਕਰੀਨ ਸਾਨੂੰ ਕਾਬੂ ਵਿੱਚ ਰੱਖਣ ਦਾ ਸੰਦ ਬਣੇ ਹੋਏ ਹਨ ਜਿਨ੍ਹਾਂ ਦੇ ਤਰੀਕੇ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੀਆਂ ਖ਼ਿਆਲੀ ਉਡਾਰੀਆਂ ਤੋਂ ਵੀ ਪਾਰ ਹਨ। ਸਾਡੇ ਦੁਆਲੇ ਸੈਂਕੜੇ ਟੈਲੀਵਿਜ਼ਨ ਚੈਨਲ ਹਨ ਜਿਨ੍ਹਾਂ ਉੱਤੇ ਇੱਕੋ ਐਲਾਨ ਹੁੰਦਾ ਹੈ ਅਤੇ ਯਕਸਾਂ’ ਖ਼ਬਰਾਂ ਨਸ਼ਰ ਹੁੰਦੀਆਂ ਹਨ। ਖ਼ਬਰਾਂ ਦਾ ਸਮੁੱਚਾ ਨਿਜ਼ਾਮ ਚੱਤੇ-ਪਹਿਰ ਸ਼ਹਿਰੀਆਂ ਨੂੰ ਗੁੱਡਿਆਂ ਵਿੱਚ ਤਬਦੀਲ ਕਰਨ ਦੇ ਆਹਰ ਲੱਗਿਆ ਹੋਇਆ ਹੈ।
ਪ੍ਰਧਾਨ ਮੰਤਰੀ ਨੂੰ ਇਹ ਯਕੀਨ ਹੋ ਸਕਦਾ ਹੈ ਕਿ ਖ਼ਬਰ ਦਾ ਨਸ਼ਰ ਹੋਣਾ ਜਾਂ ਨਾ ਹੋਣਾ ਮਾਅਨੇ ਨਹੀਂ ਰੱਖਦਾ ਪਰ ਜਾਣਕਾਰੀ ਅਤੇ ਇਸ ਦੀ ਮਰਿਆਦਾ ਜਮਹੂਰੀਅਤ ਦਾ ਮਰਕਜ਼ੀ ਖ਼ਿਆਲ ਹੈ। ਲੋਕ ਵੀ ਪ੍ਰਧਾਨ ਮੰਤਰੀ ਨਾਲ ਇਤਫ਼ਾਕ ਰੱਖ ਸਕਦੇ ਸਨ ਪਰ ਜਦੋਂ ਉਨ੍ਹਾਂ ਦੇ ਆਪਣੇ ਸ਼ੰਕੇ ਅਤੇ ਫ਼ਿਕਰ ਸਾਹਮਣੇ ਆਉਂਦੇ ਹਨ ਤਾਂ ਉਹ ਜੁਆਬਾਂ ਅਤੇ ਜੁਆਬਦੇਹੀ ਤੈਅ ਕਰਨ ਲਈ ਉਸੇ ਤਰ੍ਹਾਂ ਦੇ ਮੀਡੀਆ ਦੀ ਤਵੱਕੋ ਕਰਦੇ ਹਨ ਜਿਸ ਤਰ੍ਹਾਂ ਦੀ ਦਾਅਵੇਦਾਰੀ ਕੁਝ ਪੱਤਰਕਾਰ ਕਰਨਾ ਲੋਚਦੇ ਹਨ। ਮੀਡੀਆ ਕਦੇ ਵੀ ਦੁੱਧ ਧੋਤਾ ਨਹੀਂ ਸੀ। ਹੁਣ ਤਾਂ ਇਹ ਆਪਣੇ ਬੀਤੇ ਦਾ ਪਰਛਾਵਾਂ ਵੀ ਨਹੀਂ ਹੈ। ਇਹ ਆਪਣੀ ਸਮਰੱਥਾ ਦੇ ਸਾਹਮਣੇ ਬੌਣਾ ਹੈ। ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਸਭ ਕੁਝ ਠੀਕ-ਠਾਕ ਲਗਦਾ ਹੈ ਅਤੇ ਕੋਈ ਤ੍ਰਾਸਦੀ ਨਜ਼ਰ ਨਹੀਂ ਆਉਂਦੀ। ਜਦੋਂ ਤੁਹਾਡੀ ਪੈਨਸ਼ਨ ਸਮੇਂ ਸਿਰ ਨਹੀਂ ਆਉਂਦੀ, ਜਾਂ ਬੱਚੇ ਦੀ ਸਕੂਲ ਦੀ ਫ਼ੀਸ ਵਿੱਚ ਮਣਾਂ-ਮੂੰਹੀ ਵਾਧਾ ਹੁੰਦਾ ਹੈ, ਜਾਂ ਤੁਸੀਂ ਆਪ ਕਿਸੇ ਨਾਇਨਸਾਫ਼ੀ ਦਾ ਸ਼ਿਕਾਰ ਹੁੰਦੇ ਹੋ ਤਾਂ ਤੁਸੀਂ ਸ਼ਰਿ-ਬਾਜ਼ਾਰ ਤੋਹਮਤਾਂ ਲਗਾਉਂਦੇ ਹੋ ਕਿ ਮੀਡੀਆ ਵਿਕ ਗਿਆ ਹੈ।
ਟੈਲੀਵਿਜ਼ਨ ਚੈਨਲਾਂ ਅਤੇ ਅਖ਼ਬਾਰਾਂ ਦੇ ਨਿਊਜ਼ਰੂਮ ਵਿੱਚ ਸਰਕਾਰ ਦਾ ਪਰਛਾਵਾਂ ਪੈਂਦਾ ਹੈ। ਕੁਝ ਸਾਲਾਂ ਤੋਂ ਇਨ੍ਹਾਂ ਨੇ ਸਰਕਾਰਾਂ ਦੀ ਪੁੱਛ-ਪੜਤਾਲ ਅਤੇ ਜੁਆਬਦੇਹੀ ਤੈਅ ਕਰਨੀ ਬੰਦ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੂੰ ਪੁੱਛੇ ਜਾ ਰਹੇ ਸੁਆਲਾਂ ਕਾਰਨ ਸਾਡੇ ਵਿੱਚੋਂ ਕਈਆਂ ਨੂੰ ਹਾਲੇ ਵੀ ਹਾਸਾ ਆ ਜਾਂਦਾ ਹੈ। ਸਾਡੀ ਆਬਾਦੀ ਦੇ ਜ਼ਿਆਦਾਤਰ ਲੋਕਾਂ ਨੇ ਇਨ੍ਹਾਂ ਸੁਆਲਾਂ ਨੂੰ ਵਾਜਿਬ ਸੁਆਲ ਮੰਨ ਲਿਆ ਹੈ: ਤੁਸੀਂ ਅੰਬ ਕਿਵੇਂ ਖਾਂਦੇ ਹੋ? ਤੁਸੀਂ ਬਟੂਆ ਰੱਖਦੇ ਹੋ? ਤੁਹਾਡੇ ਸੁਭਾਅ ਵਿੱਚ ਫ਼ਕੀਰੀ ਕਿਵੇਂ ਆਈ? ਉਨ੍ਹਾਂ ਤੋਂ ਇਹ ਸੁਆਲ 2019 ਦੀ ਲੋਕ ਸਭਾ ਚੋਣ ਮੁਹਿੰਮ ਦੌਰਾਨ ਨਸ਼ਰ ਕੀਤੀ ਗਈ ਮੁਲਾਕਾਤ ਵਿੱਚ ਇੱਕ ਫ਼ਿਲਮ ਸਿਤਾਰੇ ਨੇ ਪੁੱਛੇ ਸਨ ਜਦੋਂ ਕਿ ਮੁਲਕ ਵਿੱਚ ਹਜ਼ਾਰਾਂ ਕਿਸਮ ਦੀ ਨਾਬਰਾਬਰੀ ਦੇ ਸੁਆਲ ਮੂੰਹ ਅੱਡੀ ਖੜ੍ਹੇ ਸਨ, ਲੱਖਾਂ ਰੀਝਾਂ ਪੂਰੀਆਂ ਹੋਣ ਲਈ ਇਮਦਾਦ ਦੀ ਤਵੱਕੋ ਕਰ ਰਹੀਆਂ ਸਨ। “ਤੁਸੀਂ ਅੰਬ ਕਿਵੇਂ ਖਾਂਦੇ ਹੋ?” ਇਸੇ ਨੂੰ ਪੱਤਰਕਾਰੀ ਮੰਨ ਲਿਆ ਗਿਆ। ਇਸ ਖ਼ਿਲਾਫ਼ ਕੋਈ ਰੋਹ ਨਹੀਂ ਜਾਗਿਆ। ਇਸ ਲਈ ਹੈਰਾਨੀ ਨਹੀਂ ਹੁੰਦੀ ਕਿ ਜਦੋਂ ਪੱਤਰਕਾਰਾਂ ਨੂੰ ਕਿਸੇ ਮੰਤਰਾਲੇ ਵਿੱਚ ਜਾਣ ਦੀ ਮਨਾਹੀ ਹੁੰਦੀ ਹੈ, ਜਦੋਂ ਸ਼ਹਿਰੀਆਂ ਤੋਂ ਸੂਚਨਾ ਦੇ ਹਕੂਕ ਵਾਲਾ ਕਾਨੂੰਨ ਹਕੀਕੀ ਤੌਰ ਉੱਤੇ ਖੋਹ ਲਿਆ ਜਾਂਦਾ ਹੈ, ਜਦੋਂ ਸ਼ਹਿਰੀਆਂ ਨੂੰ ਖ਼ੌਫ਼ ਵਿੱਚ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਕਰਨ ਵਾਲਾ ਕਾਨੂੰਨ ਬਣ ਜਾਂਦਾ ਹੈ ਤਾਂ ਇਨ੍ਹਾਂ ਦੇ ਖ਼ਿਲਾਫ਼ ਕੋਈ ਆਵਾਜ਼ ਬੁਲੰਦ ਨਹੀਂ ਹੁੰਦੀ।
ਜੇ ਤੁਹਾਨੂੰ ਹਾਲੇ ਸਹਿਮਤ ਹੋਣ ਲਈ ਹੋਰ ਸਬੂਤ ਦਰਕਾਰ ਹਨ ਤਾਂ ਇੱਕ ਮਸ਼ਕ ਕਰ ਦੇ ਦੇਖੋ। ਇੰਡੀਆ ਦੇ ਟੈਲੀਵਿਜ਼ਨ ਚੈਨਲਾਂ ਦੇ ਐਂਕਰਾਂ ਅਤੇ ਨੁਮਾਇਸ਼ੀ ਅਹੁਦਿਆਂ ਵਾਲੇ ਸੰਪਾਦਕਾਂ ਦੇ ਟਵਿੱਟਰ ਹੈਂਡਲ ਦੇਖੋ। ਉਨ੍ਹਾਂ ਦੇ ਸ਼ੋਆਂ ਅਤੇ ਸੰਪਾਦਕੀਆਂ ਦੇ ਸਿਰਲੇਖ ਦੇਖੋ। ਤੁਸੀਂ ਦੇਖੋਂਗੇ ਕਿ ਉਨ੍ਹਾਂ ਨੇ ਮਹੀਨਿਆਂ ਬੱਧੀ ਸਰਕਾਰਾਂ ਤੋਂ ਕੋਈ ਸੁਆਲ ਨਹੀਂ ਪੁੱਛਿਆ। ਉਹ ਹਰ ਰੋਜ਼ ਆਥਣ-ਸਵੇਰ ਸਰਕਾਰੀ ਮਨਸੂਬਿਆਂ ਵਿੱਚ ਕੁਝ ਨਾ ਕੁਝ ਨਵਾਂ ਗੁਣ ਲੱਭ ਲੈਂਦੇ ਹਨ ਅਤੇ ਇਸ ਗੁਣ ਨੂੰ ਪ੍ਰਧਾਨ ਮੰਤਰੀ ਦੇ ਖ਼ਾਤੇ ਪਾ ਕੇ ਮੁਬਾਰਕਾਂ ਦਿੰਦੇ ਹਨ। ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਇਨ੍ਹਾਂ ਐਂਕਰਾਂ ਅਤੇ ਸੰਪਾਦਕਾਂ ਨੂੰ ਟਵਿੱਟਰ ਉੱਤੇ ਫੌਲੋ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇਹ ਉਸੇ ਦੀ ਨੁਮਾਇਸ਼ ਆਪਣੀ ਪੇਸ਼ੇਵਰ ਪ੍ਰਾਪਤੀ ਵਜੋਂ ਪੇਸ਼ ਕਰਦੇ ਹਨ। ਇੱਥੇ ਵੀ ਬੱਸ ਨਹੀਂ ਹੁੰਦੀ। ਦੂਜੇ ਪੱਤਰਕਾਰ ਪ੍ਰਧਾਨ ਮੰਤਰੀ ਨੂੰ ਟਵੀਟ ਕਰਨ ਲਗਦੇ ਹਨ ਕਿ ਉਨ੍ਹਾਂ ਦੇ ਬਰਾਬਰ ਦੇ ਆਗਿਆਕਾਰੀ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਫੌਲੋ ਕਿਉਂ ਨਹੀਂ ਕਰਦੇ। ਇਸ ਤਰ੍ਹਾਂ ਸਰਕਾਰ ਅਤੇ ਪੱਤਰਕਾਰਾਂ ਵਿੱਚ ‘ਲਾਇਕ’ ਅਤੇ ‘ਫੌਲੋ’ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ। ਸਾਡੀ ਨਵੀਂ ਦਲੇਰਾਨਾ ਦੁਨੀਆਂ ਵਿੱਚ ਤੋਹਫ਼ਿਆਂ ਅਤੇ ਮਿੱਠੀਆਂ ਗੋਲੀਆਂ ਦਾ ਜਸ਼ਨਮਈ ਵਟਾਂਦਰਾ ਇੰਝ ਚਲਦਾ ਹੈ।
ਸਾਡੇ ਮਕਬੂਲ ਅਤੇ ਸਰਵ-ਸ਼ਕਤੀਮਾਨ ਪ੍ਰਧਾਨ ਮੰਤਰੀ ਰਾਹੀਂ ਟਵਿੱਟਰ ਉੱਤੇ, ਫੌਲੋ ਕੀਤੇ ਜਾਣ ਦੀ ਤਮੰਨਾ ਪੱਤਰਕਾਰੀ ਦੇ ਰੌਸ਼ਨ ਸਿਤਾਰਿਆਂ ਦਾ ਮਹਾਨ ਪੇਸ਼ੇਵਰ ਟੀਚਾ ਹੋ ਨਿਬੜੀ ਹੈ। ਜੇ ਅਸੀਂ ਇਨ੍ਹਾਂ ਪੱਤਰਕਾਰਾਂ ਦੀ 2014 ਤੋਂ ਬਾਅਦ ਕੀਤੀ ਪੱਤਰਕਾਰੀ ਨੂੰ ਕੁਝ ਸੁਆਲਾਂ ਦੇ ਹਵਾਲੇ ਨਾਲ ਦੇਖੀਏ ਤਾਂ ਇਹ ਮਸ਼ਕ ਸਾਡੀ ਸਮਝ ਸਾਫ਼ ਕਰਨ ਵਿੱਚ ਸਹਾਈ ਹੋਵੇਗੀ: ਉਨ੍ਹਾਂ ਦਾ ਸਮਾਜਿਕ ਕਾਰਕੁੰਨ ਵਜੋਂ ਕੀ ਪਿਛੋਕੜ ਹੈ, ਜਾਂ ਉਨ੍ਹਾਂ ਨੇ ਜਮਹੂਰੀਅਤ ਦੀ ਰਾਖੀ, ਜਾਂ ਜ਼ਮੀਨੀ ਹਕੀਕਤ ਬਿਆਨ ਕਰਨ ਲਈ ਕਿਹੋ ਜਿਹੀਆਂ ਖ਼ਬਰਾਂ ਨਸ਼ਰ ਕੀਤੀਆਂ ਹਨ? ਉਨ੍ਹਾਂ ਦੀਆਂ ਕਿਸ ਤਰ੍ਹਾਂ ਦੀਆਂ ਰਪਟਾਂ ਅਤੇ ਕਿਸ ਤਰ੍ਹਾਂ ਦੀ ਪੜਚੋਲ ਨੇ ਪ੍ਰਧਾਨ ਮੰਤਰੀ ਨੂੰ ਟਵਿੱਟਰ ਉੱਤੇ ਉਨ੍ਹਾਂ ਦਾ ਫੌਲੋਅਰ ਬਣਨ ਦਾ ਸਬੱਬ ਬਣਾਇਆ ਹੈ? ਸਾਡੇ ਪ੍ਰਧਾਨ ਮੰਤਰੀ ਤਾਂ ਕਈ ਗਾਲ਼ੀ-ਗਲੋਚ ਕਰਨ ਵਾਲੇ ਟਰੋਲ ਨੂੰ ਵੀ ਫੌਲੋ ਕਰਦੇ ਹਨ ਤਾਂ ਫਿਰ ਹੈਰਾਨੀ ਕਿਸ ਗੱਲ ਦੀ ਹੈ। ਆਖ਼ਰ ਇਹ ਐਂਕਰ ਅਤੇ ਸੰਪਾਦਕ ਵੀ ਤਾਂ ਟਰੋਲ ਹੀ ਹਨ। ਉਹ ਆਪਣੇ ਪ੍ਰੋਗਰਾਮਾਂ ਵਿੱਚ ਇਖ਼ਤਲਾਫ਼ ਧਿਰਾਂ ਨੂੰ ਲਲਕਾਰੇ ਮਾਰਦੇ ਹਨ ਅਤੇ ਉਨ੍ਹਾਂ ਉੱਤੇ ਹਮਲੇ ਕਰਦੇ ਹਨ। ਉਹ ਰੋਜ਼ ਆਜ਼ਾਦ ਖ਼ਿਆਲ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਹ ਗੁੰਡਿਆਂ ਅਤੇ ਧੂਸਾਂ ਵਾਲੀ ਬੋਲੀ ਬੋਲਦੇ ਹਨ।
ਹੁਣ ਨਿਊਜ਼ਰੂਮ ਵਿੱਚ ਇਹ ਪੁੱਛਣ ਵਾਲਾ ਕੋਈ ਨਹੀਂ ਹੈ ਕਿ ਅਖ਼ਬਾਰ ਅਤੇ ਟੈਲੀਵਿਜ਼ਨ ਦੀਆਂ ਨਸ਼ਰਾਤ ਵਿੱਚ ਖ਼ਬਰ ਕਿਉਂ ਨਹੀਂ ਹੈ। ਪੱਤਰਕਾਰਾਂ ਨਾਲ ਚੱਲਣ ਵਾਲੀ ਪੱਤਰਕਾਰੀ ਖ਼ਤਮ ਹੋ ਗਈ ਹੈ। ਸੰਪਾਦਕ ਹੀ ਬਚੇ ਹਨ। ਸੀਨੀਅਰ ਗਰੁੱਪ ਐਡੀਟਰ, ਗਰੁੱਪ ਐਡੀਟਰ, ਸੀਨੀਅਰ ਮੈਨੇਜਿੰਗ ਐਡੀਟਰ, ਮੈਨੇਜਿੰਗ ਐਡੀਟਰ, ਨੈਸ਼ਨਲ ਐਡੀਟਰ, ਪੋਲੀਟੀਕਲ ਐਡੀਟਰ, ਐਸੋਸੀਏਟ ਐਡੀਟਰ। ਹੋਰ ਵੀ ਕਈ ਤਰ੍ਹਾਂ ਦੇ ਐਡੀਟਰ। ਹੁਣ ਇੱਕ ਸੰਪਾਦਕ ਦੂਜੇ ਸੰਪਾਦਕ ਨੂੰ ਕਿਵੇਂ ਪੁੱਛ ਸਕਦਾ ਹੈ, “ਖ਼ਬਰ ਕਿੱਥੇ ਹੈ? ਤੁਸੀਂ ਇੰਨੇ ਦਿਨਾਂ ਤੋਂ ਕੋਈ ਖ਼ਬਰ ਕਿਉਂ ਨਹੀਂ ਦਿੱਤੀ?” ਬਹੁਤ ਸਾਰੇ ਚੈਨਲਾਂ ਦੇ ਨਿਊਜ਼ਰੂਮ ਵਿੱਚ ਸਿਰਫ਼ ਬਹਿਸ ਦੇ ਮੁੱਦਿਆਂ ਬਾਬਤ ਹੀ ਫ਼ੈਸਲਾ ਹੁੰਦਾ ਹੈ। ਬਹੁਤ ਸਾਰੇ ਸ਼ਹਿਰੀਆਂ ਨੂੰ ਇਹੋ ਪੱਤਰਕਾਰੀ ਲੱਗਣ ਲੱਗੀ ਹੈ। ਉਹ ਕਹਿੰਦੇ ਹਨ, “ਸਾਡੇ ਗੁਆਂਢ ਵਿੱਚ ਵਾਰਦਾਤ ਹੋ ਗਈ, ਕੀ ਤੁਸੀਂ ਇਸ ਉੱਤੇ ਬਹਿਸ ਕਰਵਾ ਸਕਦੇ ਹੋ?” ਉਨ੍ਹਾਂ ਦੀ ਮੰਗ ਉਸ ਵਾਰਦਾਤ ਦੀ ਖ਼ਬਰ ਲਗਾਉਣ ਬਾਬਤ ਨਹੀਂ ਹੈ। ਲੋਕਾਂ ਨੂੰ ਇਸ ਨਾਲ ਕੋਈ ਔਖ ਵੀ ਨਹੀਂ ਹੈ। ਜਦੋਂ ਤੱਕ ਉਨ੍ਹਾਂ ਉੱਤੇ ਇਸ ਦਾ ਨਿੱਜੀ ਅਸਰ ਨਹੀਂ ਹੁੰਦਾ, ਉਹ ਬੇਪਰਵਾਹ ਹਨ। ਜਦੋਂ ਉਨ੍ਹਾਂ ਦੀ ਅਪਣੀ ਬਾਂਹ ਘੁਲਾੜੀ (ਬੇਲਣੇ) ਵਿੱਚ ਆਉਂਦੀ ਹੈ ਤਾਂ ਉਹ ਲਾਪਤਾ ਰਿਪੋਟਰ ਨੂੰ ਭਾਲਦੇ ਫਿਰਦੇ ਹਨ। ਜੁਲਾਈ 2019 ਵਿੱਚ ਰੇਲਵੇ ਮਹਿਕਮੇ ਨੇ ਕਈ ਜ਼ੋਨਾਂ ਵਿੱਚ ਹੜਤਾਲ ਕੀਤੀ ਸੀ। ਹਜ਼ਾਰਾਂ ਰੇਲਵੇ ਮੁਲਾਜ਼ਮਾਂ ਨੇ ਇਸ ਵਿੱਚ ਸ਼ਿਰਕਤ ਕੀਤੀ। ਜਦੋਂ ਮੀਡੀਆ ਨੇ ਇਨ੍ਹਾਂ ਮੁਲਾਜ਼ਮਾਂ ਦੀ ਹੜਤਾਲ ਨੂੰ ਨਜ਼ਰਅੰਦਾਜ਼ ਕੀਤਾ ਤਾਂ ਇਨ੍ਹਾਂ ਮੁਲਾਜ਼ਮਾਂ ਨੇ ਆਪਣੇ ਮੁਜ਼ਾਹਰਿਆਂ ਦੇ ਵੀਡੀਓ ਬਣਾ ਕੇ ਵੱਟਸਐੱਪ ਉੱਤੇ ਵਰਤਾਉਣੇ ਸ਼ੁਰੂ ਕਰ ਦਿੱਤੇ । ਸਾਰੇ ਸੁਨੇਹਿਆਂ ਵਿੱਚ ਲਿਖਿਆ ਗਿਆ ਸੀ ਕਿ ਮੀਡੀਆ ਵਿਕ ਗਿਆ ਹੈ। ਉਸ ਵੇਲੇ ਤੱਕ ਇਹ ਮੁਲਾਜ਼ਮ ਉਸੇ ਮੀਡੀਆ ਦੇ ਪੱਕੇ ਅਤੇ ਸ਼ਰਧਾਮਈ ਖਪਤਕਾਰ ਸਨ। ਜਦੋਂ ਉਨ੍ਹਾਂ ਦੇ ਜਨਤਕ ਮੁਜ਼ਾਹਰੇ ਮੀਡੀਆ ਦੀਆਂ ਨਜ਼ਰਾਂ ਵਿੱਚੋਂ ਨਦਾਰਦ ਹੋ ਗਏ ਤਾਂ ਇਨ੍ਹਾਂ ਨੂੰ ਨਜ਼ਰ ਆਇਆ ਕਿ ਮੀਡੀਆ ਵਿਕ ਗਿਆ ਹੈ। ਸਚਾਈ ਇਹ ਹੈ ਕਿ ਮੁੱਖਧਾਰਾ ਦੇ ਮੀਡੀਆ ਨੇ ਆਮ ਲੋਕਾਂ ਨੂੰ ਆਪਣੀਆਂ ਤ੍ਰਾਸਦੀਆਂ ਦੇ ਵੀਡੀਓ ਆਪ ਬਣਾਉਣ ਅਤੇ ਆਪ ਦੇਖਣ ਵਾਲੇ ਦਰਸ਼ਕਾਂ ਤੱਕ ਮਹਿਦੂਦ ਕਰ ਦਿੱਤਾ ਹੈ।
ਮੈਨੂੰ ਤਕਰੀਬਨ ਹਰ ਰੋਜ਼ ਅਜਿਹੇ ਫੋਨ ਆਉਂਦੇ ਹਨ ਜਿਨ੍ਹਾਂ ਵਿੱਚ ਫੋਨ ਕਰਨ ਵਾਲੇ ਕਹਿੰਦੇ ਹਨ ਕਿ ਉਹ ਆਪ, ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਦੂਜੇ ਚੈਨਲ ਦੇਖਣਾ ਪਸੰਦ ਕਰਦੇ ਹਨ। ਉਹ ਮੇਰਾ ਚੈਨਲ ਦੇਖਣਾ ਪਸੰਦ ਨਹੀਂ ਕਰਦੇ ਪਰ ਪੁੱਛਦੇ ਹਨ ਕਿ ਕੀ ਮੈਂ ਉਨ੍ਹਾਂ ਦਾ ਮੁੱਦਾ ਮੇਰੇ ਸ਼ੋਅ ਵਿੱਚ ਲੈ ਸਕਦਾ ਹਾਂ? ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੱਤਰਕਾਰੀ ਕੀ ਹੁੰਦੀ ਹੈ ਅਤੇ ਕੀ ਨਹੀਂ। ਇਸ ਦੇ ਬਾਵਜੂਦ ਉਹ ਉਹੀ ਚੈਨਲ ਦੇਖਦੇ ਹਨ ਜੋ ਉਨ੍ਹਾਂ ਮੁਤਾਬਕ ਪੱਤਰਕਾਰੀ ਨਹੀਂ ਕਰਦੇ। ਆਵਾਮ ਦੇ ਵੱਡੇ ਤਬਕੇ ਨੂੰ ਗ਼ੈਰ- ਮਿਆਰੀ ਚੈਨਲਾਂ ਨੂੰ ਦੇਖਣ ਦਾ ਭੁੱਸ ਪੈ ਗਿਆ ਹੈ ਜੋ ਖ਼ਬਰਾਂ ਦੀ ਥਾਂ ਪ੍ਰਾਪੇਗੰਡਾ ਨਸ਼ਰ ਕਰਦੇ ਹਨ, ਆਪਣੇ ਦਰਸ਼ਕਾਂ ਨੂੰ ਖ਼ਸੂਸੀ ਤਰ੍ਹਾਂ ਦੀ ਸਿਆਸਤ ਦਾ ਪਰੋਸਾ ਦਿੰਦੇ ਹਨ ਅਤੇ ਇੱਕ ਸਿਆਸੀ ਪਾਰਟੀ ਦੇ ਲੜ ਲਗਾਉਂਦੇ ਹਨ।
ਇੱਕ ਵੇਲਾ ਹੁੰਦਾ ਸੀ ਕਿ ਪੱਤਰਕਾਰ ਕਹਿੰਦੇ ਸਨ ਕਿ ਉਨ੍ਹਾਂ ਨੇ ਨੌਂ ਤੋਂ ਪੰਜ ਵਾਲੀ ਨੌਕਰੀ ਨਾ ਕਰਨ ਲਈ ਇਹ ਪੇਸ਼ਾ ਚੁਣਿਆ ਹੈ। ਹੁਣ ਇਹ ਪੇਸ਼ਾ ਬਿਲਕੁਲ ਉਹੀ ਹੋ ਗਿਆ ਹੈ, ਸਗੋਂ ਉਸ ਤੋਂ ਬਦਤਰ ਹੋ ਗਿਆ ਹੈ। ਹੁਣ ਤਾਂ ਇਸ ਵਿੱਚ ਨੌਂ ਤੋਂ ਪੰਜ ਵਾਲੀ ਨੌਕਰੀ ਵਰਗੀ ਇਮਾਨਦਾਰੀ ਅਤੇ ਦਿਆਨਤ ਵੀ ਨਹੀਂ ਬਚੀ। ਨਿਊਜ਼ਰੂਮ ਵਿੱਚ ਇਖ਼ਲਾਕ ਅਤੇ ਦਲੇਰੀ ਖ਼ਤਮ ਹੋ ਗਈ ਹੈ। ਆਪਣੇ ਪੇਸ਼ੇ ਵਿੱਚ ਯਕੀਨ ਕਰਨ ਵਾਲੇ ਅਤੇ ਪੁਰਾਣੇ ਅਸੂਲਾਂ ਨਾਲ ਖੜ੍ਹਨ ਦਾ ਜੇਰਾ ਕਰਨ ਵਾਲੇ ਪੱਤਰਕਾਰਾਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੂੰ ਗ਼ੁਜ਼ਰ-ਬਸਰ ਦੇ ਸੰਸਿਆਂ ਨੇ ਘੇਰ ਲਿਆ ਹੈ। ਜੇ ਕੋਈ ਇੱਕਾ- ਦੁੱਕਾ ਚੈਨਲ ਆਜ਼ਾਦੀ ਨਾਲ ਖ਼ਬਰਾਂ ਕਰਨ ਦਾ ਜੇਰਾ ਕਰਦਾ ਹੈ ਤਾਂ ਸਰਕਾਰ ਉਨ੍ਹਾਂ ਦਾ ਇਸ਼ਤਿਹਾਰ ਬੰਦ ਕਰ ਕੇ ਸਜ਼ਾ ਦਿੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਅਖ਼ਬਾਰਾਂ ਨੂੰ ਸਰਕਾਰ ਨੇ ਇਹ ਸਜ਼ਾ ਦਿੱਤੀ ਹੈ, ਉਹ ਵੀ ਤੱਥ ਉਜਾਗਰ ਕਰਨ ਤੋਂ ਗੁਰੇਜ਼ ਕਰਦੇ ਹਨ। ਸਾਨੂੰ ਉਨ੍ਹਾਂ ਖ਼ਿਲਾਫ਼ ਸ਼ਿਕੰਜਾ ਕਸੇ ਜਾਣ ਅਤੇ ਉਨ੍ਹਾਂ ਦੇ ਸੀਲ ਹੋ ਜਾਣ ਦੀਆਂ ਖ਼ਬਰਾਂ ਕੁਝ ਵੈੱਬਸਾਇਟਾਂ ਤੋਂ ਹੀ ਮਿਲਦੀਆਂ ਹਨ ਜੋ ਮੁੱਖਧਾਰਾ ਮੀਡੀਆ ਦੇ ਮੁੱਤਬਾਦਿਲ ਵਜੋਂ ਸਤਿਕਾਰ ਕਮਾਉਣ ਵਿੱਚ ਕਾਮਯਾਬ ਹੋਈਆਂ ਹਨ। ਇਨ੍ਹਾਂ ਵੈੱਬਸਾਇਟਾਂ ਤੋਂ ਬਿਨਾਂ ਸਾਨੂੰ ਇਹ ਪਤਾ ਨਹੀਂ ਲੱਗਣਾ ਸੀ ਕਿ ਜਿਵੇਂ ਤਰਬਾਂ ਉੱਤੇ ਗਜ਼ ਲਹਿਰਾਉਣ ਨਾਲ ਸਾਜ ਛਿੜਦਾ ਹੈ, ਉਸੇ ਤਰ੍ਹਾਂ ਜਦੋਂ ਕਿਸੇ ਦੀ ਗਰਦਨ ਉੱਤੇ ਚਾਕੂ ਟਿਕਦਾ ਹੈ ਤਾਂ ਕਾਤਲ ਦੇ ਕਸੀਦਿਆਂ ਵਾਲਾ ਸੰਗੀਤ ਸ਼ੁਰੂ ਹੋ ਜਾਂਦਾ ਹੈ।
ਕੀ 2019 ਦੀਆਂ ਚੋਣਾਂ ਦੇ ਨਤੀਜੇ ਆਜ਼ਾਦ ਅਤੇ ਨਿਰਪੱਖ ਮੀਡੀਆ ਦੀ ਮੰਗ ਦੇ ਖ਼ਿਲਾਫ਼ ਫਤਵਾ ਸਨ? ਇਸ ਸੁਆਲ ਦਾ ਕੋਈ ਫ਼ੈਸਲਾਕੁੰਨ ਜੁਆਬ ਨਹੀਂ ਹੈ। ਉੱਝ ਇਹ ਲਗਦਾ ਹੈ ਕਿ ਇੰਡੀਆ ਦੇ ਲੋਕ-ਬਿਨਾਂ ਸ਼ੱਕ ਇੱਕ ਵੱਡਾ ਤਬਕਾ-ਪ੍ਰੈਸ ਦੀ ਆਜ਼ਾਦੀ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ। ਇਸ ਵੱਡੇ ਤਬਕੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਮੀਡੀਆ ਵਿਕ ਗਿਆ ਹੈ ਜਾਂ ਪੱਤਰਕਾਰੀ ਮਰ ਗਈ ਹੈ। ਕਿਸੇ ਜਮਹੂਰੀਅਤ ਵਿੱਚ ਹਕੂਮਤ ਕੋਲ ਵਿਕ ਚੁੱਕੇ ਮੀਡੀਆ ਦੇ ਮਿਆਰ ਮੁਤਾਬਕ ਸਰਕਾਰਾਂ ਦੀ ਕਾਰਗੁਜ਼ਾਰੀ ਦਾ ਫ਼ੈਸਲਾ ਨਹੀਂ ਕੀਤਾ ਜਾ ਸਕਦਾ। ਉਂਝ ਇੰਡੀਆ ਵਿੱਚ ਇਹੋ ਹੋ ਰਿਹਾ ਹੈ। ਸਿਆਸਤ, ਵੱਡੇ ਕਾਰੋਬਾਰੀਆਂ ਅਤੇ ਵਿਕਾਊ ਮੀਡੀਆ ਦਾ ਗੱਠ-ਜੋੜ ਸਾਡੀ ਜਮਹੂਰੀਅਤ ਨੂੰ ਖੋਖਲਾ ਕਰ ਰਿਹਾ ਹੈ।
ਇਸ ਸਭ ਦੇ ਬਾਵਜੂਦ ਮੇਰਾ ਯਕੀਨ ਹੈ ਕਿ ਤਬਦੀਲੀ ਆਏਗੀ। ਸੱਤਾ ਦੇ ਗ਼ਲਿਆਰਿਆਂ ਵਿੱਚ ਪ੍ਰੈਸ ਦੀ ਆਜ਼ਾਦੀ ਅਤੇ ਨਿਰਪੱਖਤਾ ਦਾ ਸੁਆਲ ਮਰ ਚੁੱਕਿਆ ਹੋ ਸਕਦਾ ਹੈ ਪਰ ਇੱਕ ਦਿਨ ਇਹ ਆਵਾਮ ਦੀ ਜ਼ਿੰਦਗੀ ਅਤੇ ਗ਼ੁਜ਼ਰ-ਬਸਰ ਦੇ ਮਸਲੇ ਵਜੋਂ ਉੱਠ ਕੇ ਖੜ੍ਹਾ ਹੋ ਜਾਵੇਗਾ। ਜਦੋਂ ਤੱਕ ਕਿਸੇ ਜੀਅ ਨੂੰ ਵੀ ਭੁੱਖ ਦਾ ਅਹਿਸਾਸ ਹੈ, ਜਦੋਂ ਤੱਕ ਕਿਸੇ ਅੰਦਰ ਬੋਲਣ ਦੀ ਲਲ੍ਹਕ ਬਾਕੀ ਹੈ, ਉਦੋਂ ਤੱਕ ਸੱਚ ਜਾਣਨ ਦੀ ਤਾਂਘ ਕਾਇਮ ਰਹੇਗੀ। ਅੱਜ ਮੁਰਦਾ ਸ਼ਾਂਤੀ ਪਸਰ ਗਈ ਹੈ ਪਰ ਭਲਕੇ ਲੋਕ ਚੇਤਨਾ ਮੁੜ ਜਾਗੇਗੀ। ਇਹ ਜਦੋਂ ਵੀ ਹੋਇਆ ਤਾਂ ਲੋਕ ਪੁੱਛਣਗੇ ਕਿ ਜੇ ਮੀਡੀਆ ਹਕੂਮਤ ਦਾ ਗ਼ੁਲਾਮ ਹੈ ਅਤੇ, ਜੇ ਨਿਊਜ਼ ਐਂਕਰ ਨਿਜ਼ਾਮ ਦੇ ਜ਼ਰਖ਼ਰੀਦ ਠੱਗਾਂ ਵਾਲੀ ਬੋਲੀ ਬੋਲਦੇ ਹਨ ਤਾਂ ਇੰਡੀਆ ਦੀ ਜਮਹੂਰੀਅਤ ਮਹਾਨ ਕਿਵੇਂ ਹੋ ਸਕਦੀ ਹੈ।
ਕਿਸੇ ਕਿਤਾਬ ਦੇ ਮੁੱਢਲੇ ਸ਼ਬਦ ਖ਼ਬਰੀਆਂ ਰਪਟ ਵਾਂਗ ਕਿਉਂ ਲਿਖੇ ਜਾਣੇ ਚਾਹੀਦੇ ਹਨ? ਜਦੋਂ ਰਪਟਾਂ ਉਸ ਥਾਂ ਛਾਇਆ ਨਹੀਂ ਹੁੰਦੀਆਂ ਜਿੱਥੇ ਇਨ੍ਹਾਂ ਦੇ ਹੋਣ ਦੀ ਆਸ ਕੀਤੀ ਜਾਂਦੀ ਹੈ ਤਾਂ ਕਿਤਾਬ ਨੂੰ ਤਾਜ਼ਾਦਮ ਕਰਨ ਲਈ ਲਿਖੇ ਮੁੱਢਲੇ ਸ਼ਬਦ ਵੀ ਵਾਜਿਬ ਮੰਚ ਹੋ ਸਕਦੇ ਹਨ। ਭੂਮਿਕਾਵਾਂ ਅਤੇ ਮੁੱਢਲੇ ਸ਼ਬਦ ਉਨ੍ਹਾਂ ਲੋਕਾਂ ਦੀ ਨਜ਼ਰ ਤੋਂ ਬਚ ਜਾਂਦੇ ਹਨ ਜੋ ਕਿਤਾਬਾਂ ਨੂੰ ਅੰਗੀਠਿਆਂ ਵਿੱਚ ਚਿਣ ਦਿੰਦੇ ਹਨ। ਮੈਂ ਆਸ ਕਰਦਾ ਹਾਂ ਕਿ ਉਨ੍ਹਾਂ ਵਿੱਚੋਂ ਕੁਝ ਲੋਕ ਇਸ ਕਿਤਾਬ ਨੂੰ ਖੋਲ੍ਹਣਗੇ ਅਤੇ ਪੜ੍ਹਨਗੇ। ਇਹ ਮਾਅਨੇ ਨਹੀਂ ਰੱਖਦਾ ਕਿ ਉਹ ਮੇਰੇ ਨਾਲ ਇਤਫ਼ਾਕ ਰੱਖਦੇ ਹਨ ਜਾਂ ਨਾਇਤਫ਼ਾਕ ਰੱਖਦੇ ਹਨ। ਮੈਂ ਚਾਹੁੰਦਾ ਹਾਂ ਕਿ ਉਹ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ। ਦਰਅਸਲ, ਮੈਂ ਚਾਹੁੰਦਾ ਹਾਂ ਕਿ ਉਹ ਕੋਈ ਵੀ ਕਿਤਾਬ ਪੜ੍ਹਨ। ਉਸ ਦੀ ਕਿਤਾਬ ਜ਼ਰੂਰ ਪੜ੍ਹਨ ਜਿਸ ਦਾ ਉਹ ਇਖ਼ਤਲਾਫ਼ ਕਰਦੇ ਹਨ।
ਮੈਂ ਉਨ੍ਹਾਂ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਦ ਫਰੀ ਵੁਆਇਸ ਦੀ ਪਹਿਲੀ ਜਿਲਦ ਨੂੰ ਖ਼ਰੀਦਿਆ ਅਤੇ ਅੰਗਰੇਜ਼ੀ, ਮਰਾਠੀ ਅਤੇ ਕੰਨੜਾ ਵਿੱਚ ਪੜ੍ਹਿਆ। ਹੁਣ ਇਹ ਕਿਤਾਬ ਹਿੰਦੀ ਵਿੱਚ ਵੀ ਆ ਗਈ ਹੈ। ਇਹ ਕਿਤਾਬ ਰਵੀ ਸਿੰਘ ਨਾਲ ਹੋਈ ਗੱਲਬਾਤ ਵਿੱਚੋਂ ਨਿਕਲੀ ਹੈ। ਮੈਂ ਉਨ੍ਹਾਂ ਦੇ ਨਾਲ-ਨਾਲ ਹਰ ਉਸ ਜੀਅ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਇਸ ਕਿਤਾਬ ਨੂੰ ਇਸ ਰੂਪ ਵਿੱਚ ਲਿਆਉਣ ਵਿੱਚ ਹਿੱਸਾ ਪਾਇਆ ਹੈ।
ਰਵੀਸ਼ ਕੁਮਾਰ ਨਵੀਂ ਦਿੱਲੀ, ਜੁਲਾਈ 2019
ਹਰਕਤ ਤੋਂ ਹਰਾਰਤ ਤੱਕ: ਸ਼ਹਿਰੀ ਦੀ ਜ਼ਬਾਨਬੰਦੀ
ਕੋਰੋਨਾਵਾਇਰਸ ਦੌਰ ਵਿੱਚ ਤਰਜ਼ਿ-ਜ਼ਿੰਦਗੀ ਵਿੱਚ ਹਰ ਪਖੋਂ ਵੱਡੀਆਂ ਤਬਦੀਲੀਆਂ ਆਈਆਂ ਹਨ ਅਤੇ ਹਾਲੇ ਇਨ੍ਹਾਂ ਤਬਦੀਲੀਆਂ ਦੀ ਥਾਹ ਪਾਉਣੀ ਮੁਸ਼ਕਲ ਹੈ। ਇਨ੍ਹਾਂ ਤਬਦੀਲੀਆਂ ਦਾ ਖ਼ਾਸਾ ਮੁਕਾਮੀ ਹੈ ਪਰ ਮੁਕਾਮੀਅਤ ਦਾ ਜਮ੍ਹਾਂਜੋੜ ਆਲਮੀ ਹੈ। ਪਹਿਲੀ ਲਹਿਰ ਵਿੱਚ ਜਿੱਥੇ ਕੋਰੋਨਾਵਾਇਰਸ ਦੀ ਮਰਜ਼ ਨਹੀਂ ਪਹੁੰਚੀ, ਉੱਥੇ ਇਸ ਜਰਾਸੀਮ ਦਾ ਸੇਕ ਮੰਦੀ ਵਜੋਂ ਪਹੁੰਚ ਗਿਆ। ਦੂਜੀ ਲਹਿਰ ਵਿੱਚ ਕੋਈ ਮੁਲਕ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਇਸ ਜਰਾਸੀਮ ਜਾਂ ਮਰਜ਼ ਦੀ ਮਾਰ ਦੇ ਘੇਰੇ ਤੋਂ ਬਾਹਰ ਹੈ। ਇੱਕੀਵੀਂ ਸਦੀ ਦੇ ਇਤਿਹਾਸ ਵਿੱਚ ਕੋਰੋਨਾਵਾਇਰਸ ਦੌਰ ਦਾ ਵੱਡੀ ਘਟਨਾ ਵਜੋਂ ਦਰਜ ਹੋਣਾ ਤੈਅ ਹੈ ਕਿਉਂਕਿ ਇੱਕ ਪਾਸੇ ਨਵੇਂ ਵਿਗਸੇ ਜਰਾਸੀਮ ਨੇ ਆਪਣੀ ਮਾਰ ਨਾਲ ਦਰਸਾ ਦਿ’ਤਾ ਹੈ ਕਿ ਮਨੁੱਖ ਦੀਆਂ ਹਿਫ਼ਾਜ਼ਤ ਲਈ ਕੀਤੀਆਂ ਸਭ ਪੇਸ਼ਬੰਦੀਆਂ ਨੂੰ ਕੁਦਰਤ ਬੇਮਾਅਨਾ ਕਰ ਸਕਦੀ ਹੈ ਅਤੇ ਦੂਜੇ ਪਾਸੇ ਆਲਮੀ ਅਰਥਚਾਰੇ ਉੱਤੇ ਲਾਮਿਸਾਲ ਅਸਰ ਪਿਆ ਹੈ। ਕਈ ਕਾਰੋਬਾਰ ਤਕਰੀਬਨ ਮੂਧੇ ਮੂੰਹ ਗਿਰ ਪਏ ਹਨ। ਸਮਾਜਿਕ ਵਿਹਾਰ ਦੀ ਲਗਾਤਾਰ ਨਵੇਂ ਸਿਰੇ ਤੋਂ ਵਿਓਂਤਬੰਦੀ ਹੋ ਰਹੀ ਹੈ। ਪੇਸ਼ੇਵਰ ਥਾਂਵਾਂ ਦੀ ਪਹੁੰਚ ਨਵੀਂਆਂ ਪਾਬੰਦੀਆਂ ਅਤੇ ਨਵੀਂ ਕਿਸਮ ਦੀ ਨਿਗਰਾਨੀ ਹੇਠ ਆ ਗਈ ਹੈ। ਇਨ੍ਹਾਂ ਹਾਲਾਤ ਵਿੱਚ ਜਾਪਦਾ ਹੈ ਕਿ ਕੋਰੋਨਾਵਾਇਰਸ ਦਾ ਅਸਰ ਵਕਤੀ ਨਹੀਂ ਹੈ ਸਗੋਂ ਕਿਸੇ ਨਾ ਕਿਸੇ ਰੂਪ ਵਿੱਚ ਇਸ ਨੇ ਤਰਜ਼ੇ-ਜ਼ਿੰਦਗੀ ਵਿੱਚ ਪੱਕੀ ਥਾਂ ਬਣਾ ਲੈਣੀ ਹੈ। ਕੋਰੋਨਾਵਾਇਰਸ ਨੂੰ ਮੁਨਾਫ਼ੇ, ਸਰਮਾਏਦਾਰੀ ਦੇ ਸੰਕਟ ਅਤੇ ਕੰਪਨੀਆਂ ਦੀ ਘਾੜਤ ਕਰਾਰ ਦੇਣ ਵਾਲੀ ਦਲੀਲ ਜੇ ਸੱਚੀ ਸਾਬਿਤ ਹੋ ਵੀ ਜਾਵੇ ਤਾਂ ਵੀ ਇਸ ਦੇ ਅਸਰ ਘੱਟ ਹੋਣ ਵਾਲੇ ਨਹੀਂ ਹਨ।
ਕੋਰੋਨਾਵਾਇਰਸ ਦੇ ਦੂਜੀ ਲਹਿਰ ਵਿੱਚ ਰੋਜ਼ਮਰ੍ਹਾਂ ਜ਼ਿੰਦਗੀ ਨਵੇਂ ਸਿਰਿਓਂ ਸੁਰਤ ਕਾਇਮ ਰੱਖਣ ਵਿੱਚ ਰੁਝੀ ਹੋਈ ਹੈ ਅਤੇ ਜਾਣੂ ਦੁਨੀਆਂ ਵਿੱਚ ਅਣਜਾਣ ਬੰਧੇਜੀ ਸਲੀਕੇ ਨਾਲ ਚਾਲ ਬਣਾਈ ਰੱਖਣ ਲਈ ਜੂਝ ਰਹੀ ਹੈ। ਕੋਰੋਨਾਵਾਇਰਸ ਸਿਹਤ ਸੰਕਟ ਵਜੋਂ ਆਇਆ ਸੀ ਪਰ ਇਹ ਮਾਮਲਾ ਸਿਹਤ ਤੋਂ ਵਡੇਰਾ ਹੈ। ਇਸ ਮਰਜ਼ ਅਤੇ ਜਰਾਸੀਮ ਦੇ ਹਵਾਲੇ ਨਾਲ ਜ਼ਿੰਦਗੀ, ਰਿਆਸਤ, ਹਕੂਮਤ, ਵਿਗਿਆਨ, ਫ਼ਲਸਫ਼ੇ ਅਤੇ ਸਮਾਜ ਵਿਗਿਆਨ ਨਾਲ ਜੁੜੇ, ਪੁਰਾਣੇ ਅਤੇ ਨਵੇਂ, ਅਣਗਿਣਤ ਸੁਆਲ ਸਾਡੇ ਸਾਹਮਣੇ ਹਨ।
ਬਹੁਤ ਸਾਰੇ ਸੋਚਵਾਨ ਇਸ ਮਰਜ਼ ਨੂੰ ਮੌਕੇ ਵਜੋਂ ਵੇਖਦੇ ਹਨ ਜਿਸ ਨਾਲ ਪਹਿਲਾਂ ਸੁਆਲਾਂ ਦੇ ਘੇਰੇ ਵਿੱਚ ਆਈ ਅਜੋਕੀ ਤਰਜ਼ਿ-ਜ਼ਿੰਦਗੀ ਨੂੰ ਦਰੁਸਤ ਕੀਤਾ ਜਾ ਸਕਦਾ। ਹੈ-ਮਨੁੱਖ ਅਤੇ ਕੁਦਰਤ ਦੇ ਰਿਸ਼ਤਿਆਂ ਦੀ ਨਵੀਂ ਅਤੇ ਸਾਜ਼ਗਾਰ ਵਿਓਂਤਬੰਦੀ ਕੀਤੀ ਜਾ ਸਕਦੀ ਹੈ। ਇਸੇ ਹਵਾਲੇ ਨਾਲ ਆਵਾਮ ਅਤੇ ਨਿਜ਼ਾਮ ਦੇ ਰਿਸ਼ਤਿਆਂ ਅਤੇ ਜ਼ਿੰਮੇਵਾਰੀਆਂ ਬਾਬਤ ਵੀ ਸੁਆਲ ਕੀਤੇ ਜਾ ਰਹੇ ਹਨ ਕਿ ਅਜਿਹੇ ਹਾਲਾਤ ਲਈ ਰਿਆਸਤਾਂ ਕਿੰਨੀ ਤਿਆਰੀ ਕਰ ਸਕਦੀਆਂ ਸਨ ਜਾਂ ਇਨ੍ਹਾਂ ਹਾਲਾਤ ਵਿੱਚ ਫਸੇ ਆਵਾਮ ਦੀ ਰਾਹਤ ਲਈ ਕੀ ਪੇਸ਼ਬੰਦੀਆਂ ਦਰਕਾਰ ਸਨ । ਸੁਆਲ ਕੀਤਾ ਜਾ ਰਿਹਾ ਹੈ ਕਿ ਕੀ ਰਿਆਸਤ ਇਨ੍ਹਾਂ ਤਿਆਰੀਆਂ ਅਤੇ ਪੇਸ਼ਬੰਦੀਆਂ ਵਿੱਚ ਅੱਭੜਵਾਹੇ ਆ ਪਏ ਜਰਾਸੀਮ ਕਾਰਨ ਨਾਕਾਮਯਾਬ ਹੋਈ ਹੈ ਜਾਂ ਇਹ ਨਾਕਾਮਯਾਬੀ ਰਿਆਸਤ ਦੀ ਬਣਤਰ ਵਿੱਚ ਨਿਹਿਤ ਸੀ। ਰਿਆਸਤ ਬਾਰੇ ਪੁੱਛੇ ਜਾ ਰਹੇ ਸਾਰੇ ਸੁਆਲ ਹਕੂਮਤ ਅਤੇ ਹੁਕਮਰਾਨ ਉੱਤੇ ਵੀ ਲਾਗੂ ਹੁੰਦੇ ਹਨ। ਰਿਆਸਤ ਦੇ ਖ਼ਾਸੇ ਬਾਬਤ ਸੁਆਲ ਕਰ ਕੇ ਆਵਾਮੀ ਸਿਆਸਤ ਦਾ ਚੌਖਟਾ ਉਸਾਰਨ ਵਾਲੇ ਰੁਝਾਨ ਵੀ ਕੋਰੋਨਾਵਾਇਰਸ ਦੌਰ ਦੇ ਸੁਆਲਾਂ ਦੇ ਘੇਰੇ ਵਿੱਚ ਹਨ।
ਕੋਰੋਨਾਵਾਇਰਸ ਦੇ ਦੌਰ ਵਿੱਚ ਰਿਆਸਤ ਅਤੇ ਸਰਕਾਰ ਲਗਾਤਾਰ ਸਰਗਰਮ ਹਨ। ਜਦੋਂ ਆਵਾਮ ਦੀ ਜੂਹਬੰਦੀ ਤੋਂ ਬਾਅਦ ਨਵੇਂ ਹਾਲਾਤ ਵਿੱਚ ਅਵਾਜ਼ਾਰੀ, ਕਾਰੋਬਾਰ ਦੀ ਤਾਲਾਬੰਦੀ ਤੋਂ ਬਾਅਦ ਖੜ੍ਹੋਤ ਅਤੇ ਰੁਜ਼ਗਾਰ ਉੱਤੇ ਛਾਂਟੀਆਂ ਤੋਂ ਬਾਅਦ ਮਰਜ਼ ਦੀ ਮਾਰ ਗੌਣ ਤੋਂ ਜ਼ਾਹਿਰ ਹੋ ਰਹੀ ਹੈ ਤਾਂ ਰਿਆਸਤ ਦੀ ਕਾਰਗੁਜ਼ਾਰੀ ਦੀ ਪੜਚੋਲ ਲਾਜ਼ਮੀ ਹੈ। ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚ ਰਿਆਸਤ ਸਾਹਮਣੇ ਪੇਸ਼ ਮਾਮਲੇ ਜ਼ਿਆਦਾ ਪੇਚੀਦਾ ਹੋ ਗਏ। ਦੂਜੀ ਲਹਿਰ ਵਿੱਚ ਸੁਆਲ ਇਹ ਬਣ ਗਿਆ ਕਿ ਪਿਛਲੇ ਸਾਲ ਵਾਲੀਆਂ ਪਾਬੰਦੀਆਂ ਨੂੰ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇ ਜਾਂ ਜਰਾਸੀਮ ਨਾਲ ਸਿੱਝਣ ਦਾ ਨਵਾਂ ਪੈਂਤੜਾ ਅਖ਼ਤਿਆਰ ਕੀਤਾ ਜਾਵੇ। ਰਿਆਸਤ ਅਤੇ ਸਰਕਾਰ ਕੋਲ ਦਲੀਲ ਹੈ ਕਿ ਮੌਜੂਦਾ ਦੌਰ ਹਰ ਜੀਅ ਅਤੇ ਅਦਾਰੇ ਲਈ ਅਣਕਿਆਸਿਆ ਹੈ ਜਿਸ ਕਾਰਨ ਆਵਾਮ ਦੀਆਂ ਲੋੜਾਂ ਦੇ ਸਾਹਮਣੇ ਰਿਆਸਤ ਦੇ ਵਸੀਲੇ ਥੁੜ੍ਹ ਗਏ ਹਨ। ਮੋੜਵਾਂ ਸੁਆਲ ਬਣਦਾ ਹੈ ਕਿ ਰਿਆਸਤ ਨੇ ਆਪਣੇ ਸਦੀਆਂ ਦੇ ਤਜਰਬੇ ਨੂੰ ਕਿੰਨਾ ਅਤੇ ਕਿਵੇਂ ਇਸਤੇਮਾਲ ਕੀਤਾ ਹੈ ਅਤੇ ਨਵੇਂ ਮਾਹੌਲ ਵਿੱਚ ਆਪਣੇ ਵਸੀਲਿਆਂ ਨੂੰ ਆਵਾਮ ਦੀ ਰਾਹਤ ਜਾਂ ਨਵੀਂ ਵਿਓਂਤਬੰਦੀ ਵਿੱਚ ਕਿਵੇਂ ਲਾਮਬੰਦ ਕੀਤਾ ਹੈ। ਇਹ ਵੇਖਣਾ ਦਿਲਚਸਪ ਹੈ ਕਿ ਨਵੇਂ ਮਾਹੌਲ ਵਿੱਚ ਰਿਆਸਤ ਦੀ ਸਰਗਰਮੀ ਦਾ ਮੁਹਾਣ ਕਿਸ ਪਾਸੇ ਨੂੰ ਰਿਹਾ ਹੈ ਅਤੇ ਇਸ ਨੇ ਆਪਣੇ ਤਜਰਬੇ ਨੂੰ ਕਿੰਝ ਅਤੇ ਕਿਸ ਲੇਖੇ ਲਗਾਇਆ ਹੈ।
ਇਸ ਸਮੇਂ ਦੌਰਾਨ ਰਿਆਸਤ ਦੇ ਅਦਾਰਿਆਂ ਦੀ ਕਾਰਗੁਜ਼ਾਰੀ ਨਾਲ ਹੀ ਉਨ੍ਹਾਂ ਦਾ ਖ਼ਾਸਾ ਤੈਅ ਹੋਣਾ ਹੈ। ਇਹ ਕਾਰਗੁਜ਼ਾਰੀ ਪੁਰਾਣੇ ਖ਼ਦਸ਼ਿਆਂ ਦੀ ਤਸਦੀਕ ਵੀ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਖ਼ਾਰਜ ਵੀ ਕਰ ਸਕਦੀ ਹੈ। ਇਸ ਮਰਜ਼ ਦੀ ਮੌਕੇ ਵਜੋਂ ਸ਼ਨਾਖ਼ਤ ਕਰਨ ਵਾਲੇ ਸੋਚਵਾਨ ਹੀ ਪੜਚੋਲ ਕਰਦੇ ਹਨ ਕਿ ਰਿਆਸਤ ਨੇ ਇਨ੍ਹਾਂ ਹਾਲਾਤ ਦੀ ਵਰਤੋਂ ਕਿੰਝ ਕੀਤੀ ਹੈ। ਜਮਹੂਰੀ ਮੁਲਕ ਦੇ ਨਿਜ਼ਾਮ ਦਾ ਖ਼ਾਸਾ ਸਮਝਣ ਲਈ ਇਹ ਸੁਆਲ ਅਹਿਮ ਹਨ। ਇਹ ਸੁਆਲ ਅਤੇ ਹਾਲਾਤ ਪੂਰੀ ਦੁਨੀਆ ਦੇ ਸਾਹਮਣੇ ਹਨ ਪਰ ਇਨ੍ਹਾਂ ਆਲਮੀ ਹਾਲਾਤ ਵਿੱਚੋਂ ਉਪਜਦੇ ਸਰੋਕਾਰ ਬਾਬਤ ਰੱਦਿ-ਅਮਲ ਮੁਕਾਮੀ ਪੱਧਰ ਉੱਤੇ ਹੋਣਾ ਹੈ। ਇਹ ਸੁਆਲ ਭਾਵੇਂ ਸਾਰੀ ਦੁਨੀਆ ਵਿੱਚ ਇੱਕੋ ਜਿਹੇ ਰਹਿਣ ਪਰ ਜੁਆਬਦੇਹੀ ਹਰ ਥਾਂ ਮੁਕਾਮੀ ਇੰਤਜ਼ਾਮੀਆ ਰਾਹੀਂ ਸਰਕਾਰਾਂ ਦੀ ਹੋਣੀ ਹੈ।
ਇੰਡੀਆ ਵਿੱਚ ਕੋਰੋਨਾਵਾਇਰਸ ਤੋਂ ਪਹਿਲਾਂ ਕਈ ਮਸਲਿਆਂ ਉੱਤੇ ਰਿਆਸਤ ਅਤੇ ਸਰਕਾਰ ਦੀ ਜੁਆਬਤਲਬੀ ਹੋ ਰਹੀ ਸੀ। ਸਰਕਾਰ ਇਸ ਜੁਆਬਤਲਬੀ ਦਾ ਜੁਆਬ ਆਪਣੇ ਪੱਖ ਵਿੱਚ ਆਏ ਚੋਣ ਨਤੀਜਿਆਂ ਵਿੱਚੋਂ ਵਿਖਾਉਣਾ ਚਾਹੁੰਦੀ ਸੀ ਅਤੇ ਆਵਾਮ ਜਮਹੂਰੀਅਤ ਦੇ ਤਕਾਜ਼ੇ ਉੱਤੇ ਤਵੱਜੋ ਦੇਣ ਦੀ ਮੰਗ ਕਰ ਰਿਹਾ ਸੀ। ਸਰਕਾਰ ਉੱਤੇ ਇਹ ਇਲਜ਼ਾਮ ਲੱਗ ਰਹੇ ਸਨ ਕਿ ਰਿਆਸਤ ਦੇ ਅਦਾਰਿਆਂ ਦਾ ਨਾਜਾਇਜ਼ ਇਸਤੇਮਾਲ ਕੀਤਾ ਜਾ ਰਿਹਾ ਹੈ। ਇਲਜ਼ਾਮ ਇਹ ਵੀ ਸਨ ਕਿ ਸਰਕਾਰ ਨੇ ਮੀਡੀਆ ਨੂੰ ਆਪਣਾ ਤੋਤਾ ਬਣਾ ਲਿਆ ਹੈ ਅਤੇ ਮੀਡੀਆ ਆਵਾਮ ਨੂੰ ਸ਼ਹਿਰੀ ਵਜੋਂ ਤਸਲੀਮ ਕਰਨ ਦੀ ਥਾਂ ਗੁੱਡਾ- ਫ਼ਿਰਕਾ ਬਣਾ ਰਿਹਾ ਹੈ ਜਿਸ ਦਾ ਇਸਤੇਮਾਲ ਹਜੂਮ ਵੱਲੋਂ ਬੇਕਿਰਕੀ ਵਰਤਾਉਣ ਲਈ ਕੀਤਾ ਜਾ ਰਿਹਾ ਹੈ। ਜੇ ਇਸ ਬੇਕਿਰਕੀ ਦੇ ਨਿਸ਼ਾਨੇ ਉੱਤੇ ਆਉਣ ਵਾਲੇ ਅਕਲੀਅਤ’ ਤਬਕੇ ਜਾਂ ਇਨਸਾਫ਼ਪਸੰਦ ਜਾਂ ਹਕੂਕਬਰਦਾਰ ਸਨ ਤਾਂ ਇਸ ਬੇਕਿਰਕੀ ਨੂੰ ਵਰਤਾਉਣ ਵਾਲੇ ਬੇਮੁਹਾਰ ਨੌਜਵਾਨ ਅਕਸਰੀਅਤ ਦੇ ਨਸ਼ੇ ਵਿੱਚ ਗੁੱਡਾ-ਫ਼ਿਰਕਾ ਬਣ ਰਹੇ ਸਨ। ਮਨੁੱਖ ਤੋਂ ਗੁੱਡਾ ਬਣਿਆ ਨੌਜਵਾਨ ਸੋਚਣ ਦੀ ਥਾਂ ਸੁਆਲਾਂ ਨੂੰ ਹੀ ਨਹੀਂ ਸਗੋਂ ਜਗਿਆਸ ਨੂੰ ਵੀ ਹਿਕਾਰਤ ਨਾਲ ਵੇਖਣਾ ਸਿੱਖ ਰਿਹਾ ਸੀ ਅਤੇ ਆਪਣੇ ‘ਆਗੂ’ ਦੀ ਹਰ ਨਾਪਸੰਦੀ ਦਾ ਧਿਆਨ ਕਰ ਕੇ ਦੂਜਿਆਂ ਨੂੰ ‘ਮੁਲਕ ਵਿਰੋਧੀ’ ਜਾਂ ‘ਹਿੰਦੂ ਵਿਰੋਧੀ’ ਕਰਾਰ ਦੇ ਰਿਹਾ ਸੀ। ਨਾਬਰੀ ਦੇ ਹਰ ਇਜ਼ਹਾਰ ਨੂੰ ਦੇਸ਼-ਧਰੋਹੀ, ਟੁਕੜੇ-ਟੁਕੜੇ ਗੈਂਗ, ਖ਼ਾਨ ਮਾਰਕਿਟ ਗੈਂਗ, ਅਰਬਨ ਨਕਸਲ ਅਤੇ ਪਾਕਿਸਤਾਨੀ ਵਰਗੇ ਲਕਬ ਵਰਤਾਉਣਾ ਦੇਸ਼ ਭਗਤੀ ਦਾ ਸਬੂਤ ਹੋ ਗਿਆ ਸੀ।
ਮੀਡੀਆ ਦੀ ਭਰੋਸੇਯੋਗਤਾ ਨੂੰ ਖੋਰਾ ਇਸ ਹੱਦ ਤੱਕ ਲੱਗਿਆ ਹੋਇਆ ਸੀ ਕਿ ਮਸਨੂਈ ਖ਼ਬਰਾਂ ਅਤੇ ਅਫ਼ਵਾਹਾਂ ਫੈਲਾਉਣ ਦੇ ਮਾਮਲੇ ਤਕਰੀਬਨ ਰੋਜ਼ਾਨਾ ਸਾਹਮਣੇ ਆ ਰਹੇ ਸਨ—ਬੇਪਰਦ ਹੋ ਰਹੇ ਸਨ। ਕੁਝ ਟੈਲੀਵਿਜ਼ਨ ਚੈਨਲਾਂ ਉੱਤੇ ਚੋਣਵੇਂ ਮਸਲਿਆਂ ਉੱਤੇ ਸਰਕਾਰ ਪੱਖੀ ਪ੍ਰਚਾਰ ਕਰਨ ਦਾ ਇਲਜ਼ਾਮ ਸੀ। ਇਹ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸੁਆਲ ਪੁੱਛਣ ਵਾਲਿਆਂ ਨੂੰ ਨਫ਼ਰਤ ਦੇ ਪਾਤਰ ਬਣਾ ਕੇ ਪੇਸ਼ ਕਰ ਰਹੇ ਹਨ। ਮੁਲਕ ਦੀ ਸਭ ਤੋਂ ਵੱਡੀ ਅਕਲੀਅਤ ਇਨ੍ਹਾਂ ਦੇ ਚੋਟ ਨਿਸ਼ਾਨੇ ਉੱਤੇ ਸੀ । ਕੋਰੋਨਾਵਾਇਰਸ ਦੌਰ ਦੀ ਪੜਚੋਲ ਲਈ ਇਸ ਸਮੁੱਚੇ ਰੁਝਾਨ ਦੀਆਂ ਪਰਤਾਂ ਨੂੰ ਸਮਝਣਾ ਅਹਿਮ ਹੈ—ਮਹਾਂਮਾਰੀ ਦੇ ਦੌਰ ਵਿੱਚ ਇਸ ਰੁਝਾਨ ਨੂੰ ਠੱਲ੍ਹ ਪਈ ਹੈ ਜਾਂ ਇਹ ਪਹਿਲਾਂ ਵਾਂਗ ਆਪਣੀ ਚਾਲ ਚੱਲ ਰਿਹਾ ਹੈ ਜਾਂ ਮੂੰਹਜ਼ੋਰ ਹੋਇਆ ਹੈ। ਇਸ ਨਾਲ ਹੀ ਪਤਾ ਲੱਗ ਸਕਦਾ ਹੈ ਕਿ ਸਰਕਾਰ ਅਤੇ ਰਿਆਸਤ ਨੇ ਮਰਜ਼ ਜਮ੍ਹਾਂ ਮੰਦੀ ਦੀ ਮਾਰ ਵਿੱਚ ਫਸੀ ਹੋਈ ਖ਼ਲਕਤ ਦੀ ਨਬਜ਼ ਪਛਾਣਨ ਦਾ ਤਰੱਦਦ ਕੀਤਾ ਹੈ ਜਾਂ ਕੋਰੋਨਾਵਾਇਰਸ ਦੀ ਮਹਾਂਮਾਰੀ ਰਾਹੀਂ ਪਹਿਲਾਂ ਤੋਂ ਤੈਅ ਮਨੋਰਥ ਪੂਰੇ ਕਰਨ ਦਾ ਮੌਕਾ ਤਾੜਿਆ ਹੈ।
ਕੋਰੋਨਾਵਾਇਰਸ ਦੇ ਫੈਲਾਅ ਤੋਂ ਪਹਿਲਾਂ ਸਰਕਾਰ ਦੇ ਬਣਾਏ ਤਿੰਨ ਨਵੇਂ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰੇ ਚਲ ਰਹੇ ਸਨ ਜਿਨ੍ਹਾਂ ਦਾ ਮਰਕਜ਼ ਸ਼ਾਹੀਨ ਬਾਗ਼ ਬਣਿਆ ਹੋਇਆ ਸੀ। ਸ਼ਾਹੀਨ ਬਾਗ਼ ਦੀ ਤਰਜ਼ ਉੱਤੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਮੋਰਚੇ ਲੱਗੇ ਹੋਏ ਸਨ। ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਦੀ ਤਿਕੜੀ ਖ਼ਿਲਾਫ਼ ਸਰਕਾਰੀ ਅਹੁਦਿਆਂ ਉੱਤੇ ਬਿਰਾਜਮਾਨ ਭਾਜਪਾਈਆਂ ਦੇ ਬਿਆਨ ਆ ਰਹੇ ਸਨ। ਵਿੱਤ ਅਤੇ ਕਾਰਪੋਰੇਟ ਮਾਮਲਿਆਂ ਵਿੱਚ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਦੀ ਤਕਰੀਰ ‘ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ’ ਹੋ ਚੁੱਕੀ ਸੀ। ਕੇਂਦਰੀ ਗ੍ਰਹਿ ਮੰਤਰੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਟਨ ਦਬ ਕੇ ‘ਸ਼ਾਹੀਨ ਬਾਗ਼ ਤੱਕ ਕਰੰਟ’ ਲਗਾਉਣ ਦੀ ਮੰਗ ਕਰ ਚੁੱਕੇ ਸਨ। ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਆਏ ਕਪਿਲ ਮਿਸ਼ਰਾ ਕੇਂਦਰੀ ਮੰਤਰੀਆਂ ਦੀ ਤਰਜ਼ ਉੱਤੇ ਸ਼ਹਿਰੀਅਤ ਨਾਲ ਜੁੜੇ ਕਾਨੂੰਨਾਂ ਖ਼ਿਲਾਫ਼ ਮੁਜ਼ਾਹਰਿਆਂ ਨੂੰ ਹਟਾਉਣ ਲਈ ਦਿੱਲੀ ਪੁਲਿਸ ਨੂੰ ‘ਤਿੰਨ ਦਿਨਾਂ ਦਾ ਮੌਕਾ ਦੇਣ’ ਅਤੇ ਬਾਅਦ ਵਿੱਚ ਆਪ ਮੁਜ਼ਾਹਰਿਆਂ ਨੂੰ ਹਟਾ ਦੇਣ ਵਾਲੀ ਤਕਰੀਰ 23 ਫਰਵਰੀ ਨੂੰ ਕਰ ਚੁੱਕੇ ਸਨ। ਇਸ ਤੋਂ ਬਾਅਦ ‘ਜੈ ਸ਼੍ਰੀ ਰਾਮ’ ਅਤੇ ‘ਹਰ ਹਰ ਮੋਦੀ’ ਦੇ ਨਾਅਰਿਆਂ ਦੀ ਗੂੰਜ ਵਿੱਚ ਉੱਤਰੀ- ਪੂਰਬੀ ਦਿੱਲੀ ਵਿੱਚ ਫ਼ਿਰਕੂ ਤਸ਼ੱਦਦ ਵਰਤਿਆ ਸੀ ਅਤੇ ਤਸ਼ੱਦਦ ਵਰਤਾਉਣ ਵਾਲਿਆਂ ਨੋ ‘ਆਜ ਤੁਮਹੇ ਆਜ਼ਾਦੀ ਦੇਂਗੇ’ ਅਤੇ ‘ਮੋਦੀ ਜੀ ਕਾਟ ਦੋ ਇਨ ਮੁੱਲੋਂ ਕੋ’ ਵਰਗੇ ਬੋਲਿਆਂ ਨਾਲ ਆਪਣਾ ਖ਼ਾਸਾ ਬਿਆਨ ਕੀਤਾ ਸੀ। ਕੁਝ ਇਲਾਕਿਆਂ ਵਿੱਚ ਮੁਕਾਮੀ ਲੋਕਾਂ ਨੇ ਤਸ਼ੱਦਦ ਵਰਤਾਵਿਆਂ ਦਾ ਮੁਕਾਬਲਾ ਕੀਤਾ ਸੀ । ਇਸ ਤਸ਼ੱਦਦ ਵਿੱਚ 53 ਲੋਕਾਂ ਦੀ ਜਾਨ ਗਈ ਸੀ, 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ ਅਤੇ ਮਾਲੀ ਨੁਕਸਾਨ ਵੱਖਰਾ ਸੀ। ਨਿਸ਼ਾਨੇ ਉੱਤੇ ਆਏ ਘਰ ਅਤੇ ਕਾਰੋਬਾਰ ਫੂਕ ਦਿੱਤੇ ਗਏ ਸਨ। ਇਸ ਦੌਰਾਨ ਦਿੱਲੀ ਪੁਲਿਸ ਉੱਤੇ ਤਸ਼ੱਦਦ ਵਰਤਾਉਣ ਵਾਲਿਆਂ ਦੀ ਹਮਾਇਤ ਕਰਨ ਦੇ ਇਲਜ਼ਾਮ ਲੱਗੇ ਸਨ ਅਤੇ ਸਬੂਤ ਵਜੋਂ ਕਈ ਵੀਡੀਓ ਸਾਹਮਣੇ ਆਏ ਸਨ।
ਸੰਸਦ ਦੇ ਇਜਲਾਸ ਦੌਰਾਨ 11 ਮਾਰਚ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਦੰਗਿਆਂ ਬਾਰੇ ਬਿਆਨ ਦਿੱਤਾ ਸੀ। ਇਸ ਬਿਆਨ ਵਿੱਚ ਉਨ੍ਹਾਂ ਨੇ ਦੰਗਿਆਂ ਦਾ ਪਿਛੋਕੜ ਸਮਝਾਉਣ ਲਈ ਕੁਝ ਤਕਰੀਰਾਂ, ਤਾਰੀਖ਼ਾਂ ਅਤੇ ਹਾਲਾਤ ਦਾ ਬਿਆਨੀਆ ਦਿੱਤਾ ਸੀ ਜਿਸ ਵਿੱਚੋਂ ‘ਦੰਗਿਆਂ ਦੀ ਸਾਜ਼ਸ਼’ ਅਤੇ ਜਾਂਚ ਦੀ ਸੇਧ ਦਾ ਚੌਖਟਾ ਉਭਰਦਾ ਸੀ । ਉਨ੍ਹਾਂ ਨੇ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਵਾਲੇ ਕਾਨੂੰਨ ਬਣਨ ਅਤੇ ਇਨ੍ਹਾਂ ਦੇ ਖ਼ਿਲਾਫ਼ ਮੁਜ਼ਾਹਰਿਆਂ ਤੋਂ ਸ਼ਾਹੀਨ ਬਾਗ਼ ਦੇ ਮੋਰਚੇ ਰਾਹੀਂ ਦੰਗਿਆਂ ਤੱਕ ਦਾ ਨਕਸ਼ਾ ਪੇਸ਼ ਕੀਤਾ ਸੀ। ਅਮਿਤ ਸ਼ਾਹ ਨੇ ਕਾਂਗਰਸ ਦੇ ਨਾਲ-ਨਾਲ ਯੁਨਾਇਟਿਡ ਅਗੇਂਸਟ ਹੇਟ (United Against Hate) ਵਰਗੀਆਂ ਜਥੇਬੰਦੀਆਂ, ਸੋਸ਼ਲ ਮੀਡੀਆ ਅਤੇ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਖ਼ਿਲਾਫ਼ ਮੁਹਿੰਮ ਨੂੰ ਵਿੱਤੀ ਇਮਦਾਦ ਦੇਣ ਵਾਲਿਆਂ ਰਾਹੀਂ ਅਕਲੀਅਤ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਦੰਗਿਆਂ ਤੱਕ ਦੀ ਲੜੀ ਬਣਾਈ ਸੀ। ਉਨ੍ਹਾਂ ਨੇ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਜ਼ਾਹਿਰ ਕੀਤੀ ਸੀ ਅਤੇ ‘ਵਿਗਿਆਨਕ ਜਾਂਚ’ ਰਾਹੀਂ ਸਭ ਕਸੂਰਵਾਰਾਂ ਨੂੰ ਫੜਨ ਦਾ ਵਾਅਦਾ ਕੀਤਾ ਸੀ। ਗ੍ਰਹਿ ਮੰਤਰੀ ਦੀ ਤਕਰੀਰ ਵਿੱਚ ਪੇਸ਼ ਤੱਥਾਂ ਦੀ ਤਸਦੀਕ ਕਰਨ ਅਤੇ ਉਨ੍ਹਾਂ ਦੇ ਬਿਆਨੀਏ ਵਿੱਚੋਂ ਉਭਰਦੇ ਨਕਸ਼ਾਂ ਬਾਬਤ ਖ਼ਦਸ਼ੇ ਜ਼ਾਹਿਰ ਕੀਤੇ ਗਏ ਸਨ ਕਿ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਖ਼ਿਲਾਫ਼ ਮੁਹਿੰਮ ਦੇ ਮੁਜ਼ਹਰਾਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਹ ਖ਼ਦਸ਼ੇ ਟੈਲੀਵਿਜ਼ਨ ਦੀਆਂ ਬਹਿਸਾਂ ਵਿੱਚੋਂ ਗ਼ੈਰ- ਹਾਜ਼ਰ ਰਹੇ ਸਨ ਅਤੇ ਟੈਲੀਵਿਜ਼ਨ ਐਂਕਰਾਂ ਨੇ ਗ੍ਰਹਿ ਮੰਤਰੀ ਦੇ ਦਾਅਵਿਆਂ ਨੂੰ ਬਿਨਾਂ ਕਿਸੇ ਸੁਆਲ/ਪੜਚੋਲ ਤੋਂ ਜਿਉਂ ਦਾ ਤਿਉਂ ਅੰਤਿਮ ਸੱਚ ਵਜੋਂ ਪੇਸ਼ ਕੀਤਾ ਸੀ।
ਇਨ੍ਹਾਂ ਹਾਲਾਤ ਵਿੱਚ ਇੱਕ ਦਿਨ ਦੇ ਜਨਤਾ ਕਰਫ਼ਿਊ ਤੋਂ ਬਾਅਦ ਆਵਾਮ ਦੀ ਜੂਹਬੰਦੀ ਅਤੇ ਕਾਰੋਬਾਰ ਦੀ ਤਾਲਾਬੰਦੀ ਸ਼ੁਰੂ ਹੋਈ। ਕੋਰੋਨਾਵਾਇਰਸ ਕਾਰਨ ਪੈਦਾ ਹੋਏ । ਹਾਲਾਤ ਵਿੱਚ ਸ਼ਾਹੀਨ ਬਾਗ਼ ਦਾ ਮੋਰਚਾ 24 ਮਾਰਚ ਨੂੰ ਵਾਪਸ ਲੈ ਲਿਆ ਗਿਆ। ਇਸ ਦੌਰਾਨ ਟੈਲੀਵਿਜ਼ਨ ਐਂਕਰਾਂ ਨੇ ਲਗਾਤਾਰ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਖ਼ਿਲਾਫ਼ ਮੋਰਚਿਆਂ ਅਤੇ ਮੁਜ਼ਾਹਰਿਆਂ ਨੂੰ ‘ਮੁਲਕ ਵਿਰੋਧੀ’, ‘ਹਿੰਦੂ ਵਿਰੋਧੀ’ ਅਤੇ ‘ਮੁਲਕ ਦਾ ਅਕਸ ਵਿਗਾੜਨ ਦੀ ਸਾਜ਼ਸ਼’ ਕਰਾਰ ਦਿੱਤਾ। ਕੋਰੋਨਾਵਾਇਰਸ ਦੇ ਹਵਾਲੇ ਨਾਲ ਇਨ੍ਹਾਂ ਉੱਤੇ ਆਵਾਮ ਦੀ ਸਿਹਤ ਨਾਲ ਖੇਡਣ ਦੇ ਇਲਜ਼ਾਮ ਵੀ ਲਗਾਏ ਗਏ। ਇਨ੍ਹਾਂ ਹਾਲਾਤ ਵਿੱਚ ਸ਼ਾਹੀਨ ਬਾਗ਼ ਦਾ ਮੋਰਚਾ ਵਾਪਸ ਲੈ ਲਿਆ ਗਿਆ ਅਤੇ ਲੋਕਾਂ ਨੂੰ ਦਰਬੰਦ ਹੋਣ ਦਾ ਹੁਕਮ ਜਾਰੀ ਹੋ ਗਿਆ। ਮੋਰਚੇ ਦੇ ਪੱਖ ਵਿੱਚ ਕੰਧਾਂ ਉੱਤੇ ਕੀਤੀ ਗਈ ਕਲਾਕਾਰੀ ਮਿਟਾਉਣ ਵਾਲਿਆਂ ਉੱਤੇ ਇਹ ਹੁਕਮ ਲਾਗੂ ਨਹੀਂ ਸੀ। ਜੂਹਬੰਦੀ/ਤਾਲਾਬੰਦੀ ਦੇ ਐਲਾਨ ਦੇ ਨਾਲ ਆਵਾਜਾਈ ਦੇ ਵਸੀਲੇ ਬੰਦ ਹੋ ਗਏ।
ਮਜ਼ਦੂਰਾਂ ਦੇ ਹਜੂਮ ਪੈਦਲ ਹੀ ਆਪਣੇ ਘਰਾਂ ਨੂੰ ਤੁਰ ਪਏ। ਇੰਡੀਆ ਵਿੱਚ ਘਰਾਂ ਵਿੱਚ ਜੂਹਬੰਦੀ ਅਤੇ ਕਾਰੋਬਾਰ ਦੀ ਤਾਲਾਬੰਦੀ 24 ਮਾਰਚ 2020 ਨੂੰ ਲਾਗੂ ਕੀਤੀ ਗਈ।
ਜਦੋਂ ਬਾਹਰ ਹਰ ਤਰ੍ਹਾਂ ਦੇ ਇਕੱਠ ਕਰਨ ਦੀ ਮਨਾਹੀ ਲਾਗੂ ਕੀਤੀ ਗਈ ਤਾਂ ਪਿੰਡਾਂ ਤੋਂ ਸ਼ਹਿਰਾਂ ਅਤੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਰੁਜ਼ਗਾਰ ਲਈ ਆਏ ਮਜ਼ਦੂਰਾਂ ਨੂੰ ਵਿਸਾਰ ਦਿ’ਤਾ ਗਿਆ। ਨਤੀਜੇ ਵਜੋਂ ਤਾਲਾਬੰਦੀ ਦੇ ਹੁਕਮ ਨਾਲ ਬੇਰੁਜ਼ਗਾਰ ਹੋਏ ਮਜ਼ਦੂਰ ਸੜਕਾਂ ਉੱਤੇ ਸਨ। ਬੱਸਾਂ ਅਤੇ ਰੇਲਗੱਡੀਆਂ ਦੇ ਬੰਦ ਹੋਣ ਕਾਰਨ ਇਨ੍ਹਾਂ ਨੇ ਹਜ਼ਾਰਾਂ ਮੀਲਾਂ ਦੀ ਦੂਰੀ ਪੈਰਾਂ ਨਾਲ ਨਾਪਣੀ ਸ਼ੁਰੂ ਕਰ ਦਿੱਤੀ । ਤਾਲਾਬੰਦੀ ਦੀ ਦਲੀਲ ਕੋਰੋਨਾਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਮਨੁੱਖ ਦੀ ਮਨੁੱਖ ਨਾਲੋਂ ਸਮਾਜਿਕ ਵਿੱਥ ਯਕੀਨੀ ਬਣਾਉਣਾ ਸੀ। ਕਾਰਖ਼ਾਨੇ ਚਲਾਉਣ, ਉਸਾਰੀਆਂ ਕਰਨ ਅਤੇ ਸ਼ਹਿਰੀ ਜ਼ਿੰਦਗੀ ਦੀ ਚਾਲ ਕਾਇਮ ਕਰਨ ਵਾਲੇ ਮਜ਼ਦੂਰਾਂ ਨੇ ਆਪਸ ਵਿੱਚ ਸਮਾਜਿਕ ਵਿੱਥ ਕਿਵੇਂ ਕਾਇਮ ਕਰਨੀ ਸੀ? ਉਨ੍ਹਾਂ ਨੂੰ ਭੁੱਖ-ਪਿਆਸ ਤੋਂ ਵਿੱਥ ਕਾਇਮ ਕਰਨੀ ਮੁਸ਼ਕਲ ਹੋ ਗਈ-ਰੋਟੀ-ਪਾਣੀ ਦੀ ਬੁਝ ਕਾਰਨ ਜ਼ਿੰਦਗੀ-ਮੌਤ ਵਿਚਕਾਰ ਵਿੱਥ ਕਾਇਮ ਰੱਖਣੀ ਔਖੀ ਹੋ ਗਈ। ਸੜਕਾਂ ਉੱਤੇ ਮਜ਼ਦੂਰਾਂ ਦਾ ਮੰਜ਼ਰ ਆਵਾਮ ਨੂੰ ਇੰਡੀਆ-ਪਾਕਿਸਤਾਨ ਦੀ ਵੰਡ ਦੌਰਾਨ ਹੋਈ ਇਤਿਹਾਸਕ ਹਿਜਰਤ ਯਾਦ ਕਰਵਾ ਰਿਹਾ ਸੀ। ਬਹੁਤ ਸਾਰੇ ਲੋਕਾਂ ਦੇ ਚੇਤਿਆਂ ਵਿੱਚ ਸੰਤਾਲੀ ਦਾ ਸਦਮਾ ਤਾਜ਼ਾ ਹੋ ਗਿਆ ਸੀ। ਸੰਤਾਲੀ ਦੇ ਇਸ ਸਦਮੇ ਦੀ ਚਰਚਾ ਪਹਿਲਾਂ ਸ਼ਹਿਰੀਅਤ ਬਾਰੇ ਬਣੇ ਕਾਨੂੰਨਾਂ ਦੇ ਹਵਾਲੇ ਨਾਲ ਹੋ ਰਹੀ ਸੀ ਜੋ ਮਜ਼ਦੂਰਾਂ ਦੀ ਹਿਜਰਤ ਦੇ ਨਜ਼ਾਰਿਆਂ ਰਾਹੀਂ ਖ਼ਿਆਲ ਤੋਂ ਮੰਜ਼ਰ ਤੱਕ ਪਹੁੰਚ ਗਈ। ਇਸ ਮੰਜ਼ਰ ਨੂੰ ਨਜ਼ਰਅੰਦਾਜ਼ ਕਰਨਾ ਮੀਡੀਆ ਲਈ ਮੁਸ਼ਕਲ ਸੀ ਕਿਉਂਕਿ ਇਹ ਹੌਲਨਾਕ ਮੰਜ਼ਰ ਮੀਡੀਆ ਦੀ ਕਾਮਯਾਬੀ ਦੀ ਅਲਗੋਰਿਥਮ ਖੇਡ ਉੱਤੇ ਤਾਰੀ ਹੋ ਗਿਆ ਸੀ। ਸਰਕਾਰ ਨੇ ਇਸੇ ਦੌਰਾਨ ਮੀਡੀਆ ਨੂੰ ਨਵਾਂ ਨਜ਼ਾਰਾ ਪਰੋਸ ਦਿੱਤਾ ਕਿ ਲੋਕ ਕੋਰੋਨਾਵਾਇਰਸ ਦੇ ਖ਼ਿਲਾਫ਼ ਲੜਾਈ ਵਿੱਚ ਲੱਗੇ ਸਿਹਤ ਕਰਮੀਆਂ ਦੀ ਹੌਸਲਾਅਫ਼ਜਾਈ ਲਈ ਤਾਲੀਆਂ ਵਜਾ ਰਹੇ ਹਨ, ਥਾਲੀਆਂ ਖੜਕਾ ਰਹੇ ਹਨ। ਮੀਡੀਆ ਵਿੱਚ ਮਜ਼ਦੂਰਾਂ ਦੇ ਜਥਿਆਂ ਨੂੰ ਘੇਰ ਕੇ ਉਨ੍ਹਾਂ ਉੱਤੇ ਲਾਗ- ਮੁਕਤੀ ਦਵਾਈਆਂ ਦੀ ਵਾਛੜ ਕੀਤੇ ਜਾਣ ਦੇ ਨਜ਼ਾਰੇ ਪੇਸ਼ ਹੋਏ। ਇਸ ਦੌਰਾਨ ਸਰਕਾਰ ਨੇ ਬਦਹਾਲੀ ਵਿੱਚ ਘਿਰੇ ਮਜ਼ਦੂਰਾਂ ਦੀ ਰਾਹਤ ਦਾ ਪੁਖ਼ਤਾ ਇੰਤਜ਼ਾਮ ਕਰਨ ਦੀ ਥਾਂ ਲਗਾਤਾਰ ਆਪਣੇ ਉਪਰਾਲਿਆਂ ਦੀ ਕਾਮਯਾਬੀ ਦੇ ਦਾਅਵੇ ਕੀਤੇ। ਸਰਕਾਰੀ ਨੁਮਾਇੰਦੇ ਮੀਡੀਆ ਸਾਹਮਣੇ ਅੰਕੜਾ ਖੇਡ ਖੇਡਦੇ ਰਹੇ।
ਇਨ੍ਹਾਂ ਮਜ਼ਦੂਰਾਂ ਦੀਆਂ ਹੌਲਨਾਕ ਤਸਵੀਰਾਂ ਨੇ ਮੀਡੀਆ ਦਾ ਧਿਆਨ ਖਿੱਚਿਆ ਪਰ ਜਲਦੀ ਹੀ ਮੀਡੀਆ ਨੂੰ ਨਵਾਂ ਮੁੱਦਾ ਮਿਲ ਗਿਆ। ਨਿਜ਼ਾਮੂਦੀਨ ਮਰਕਜ਼ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਲੋਕਾਂ ਵਿੱਚੋਂ ਕਈ ਲੋਕਾਂ ਨੂੰ ਕੋਰੋਨਾਵਾਇਰਸ ਹੋਣ ਦੀ ਤਸਦੀਕ ਹੋਈ ਤਾਂ ਟੈਲੀਵਿਜ਼ਨ ਨੂੰ ਨਵੇਂ ਦੌਰ ਵਿੱਚ ਪੁਰਾਣੇ ਹੁਨਰ ਦੇ ਇਸਤੇਮਾਲ ਦਾ ਮੌਕਾ ਮਿਲ ਗਿਆ। ਨਿਜ਼ਾਮੂਦੀਨ ਮਰਕਜ਼ ਵਿੱਚ ਸ਼ਾਮਿਲ ਲੋਕ ਮੁਸਲਮਾਨ ਸਨ ਤਾਂ ਟੈਲੀਵਿਜ਼ਨ ਦੇ ਪਰਦਿਆਂ ਉੱਤੇ ਐਂਕਰਾਂ ਦੀਆਂ ਆਵਾਜ਼ਾਂ ਨਾਲ ਸੁਰਖ਼ੀਆਂ ਲਹਿਰਾਉਣ ਲੱਗੀਆਂ-‘ਧਰਮ ਦੇ ਨਾਮ ਉੱਤੇ ਜਾਨਲੇਵਾ ਅਧਰਮ’, ‘ਕੋਰੋਨਾ ਜੱਹਾਦ’, ‘ਆਖ਼ਰ ਨਿਜ਼ਾਮੂਦੀਨ ਦਾ ਖਲਨਾਇਕ ਕੌਣ?’, ‘ਕੋਰੋਨਾ ਜੱਹਾਦ ਤੋਂ ਦੇਸ਼ ਬਚਾਓ!’, ‘ਦੇਵਬੰਦ ਵਿੱਚ 500 ਕੋਰੋਨਾ ਬੰਬ’, ਅਤੇ ‘ਨਿਜ਼ਾਮੂਦੀਨ ਵਿੱਚ ਕੋਰੋਨਾ ਵਾਲਿਆਂ ਦੀ ਜਮਾਤ’। ਟਵਿੱਟਰ ਉੱਤੇ ਹੈਸ਼ਟੈਗ ਟਰੈਂਡ ਕਰਨ ਲੱਗੇ—‘ਬੈਨਤਬਲੀਗੀਜਮਾਤ’ ‘ਕੋਰੋਨਾਜੱਹਾਦ’ ‘ਜੱਹਾਦੀ_ਕੋਰੋਨਾ_ਵਾਇਰਸ’ ਅਤੇ ‘ਮਸਜਿਦਾਂ_ਵਿੱਚ_ਸਰਕਾਰੀ_ਜਿੰਦੇ_ਲਗਾਓ’। ਟੈਲੀਵਿਜ਼ਨ ਚੈਨਲਾਂ ਅਤੇ ਸੋਸ਼ਲ ਮੀਡੀਆ ਦੇ ਇਸ ਰੁਝਾਨ ਦੀ ਸਰਕਾਰ ਨੇ ਹਮਾਇਤ ਕੀਤੀ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕੋਰੋਨਾਵਾਇਰਸ ਦੇ ਅੰਕੜੇ ਪੇਸ਼ ਕਰਨ ਵੇਲੇ ਤਬਲੀਗੀ ਜਮਾਤ ਦਾ ਜ਼ਿਕਰ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ ਦੀ ਵੱਖਰੀ ਤਫਸੀਲ ਪੇਸ਼ ਕਰਨੀ ਸ਼ੁਰੂ ਕੀਤੀ। ਪੰਜਾਬ ਸਰਕਾਰ ਦੇ ਰੋਜ਼ਾਨਾ ਕੋਰੋਨਾਵਾਇਆ। ਬੁਲੇਟਿਨ ਵਿੱਚ ਤਬਲੀਗੀ ਜਮਾਤ ਦਾ ਵੱਖਰਾ ਜ਼ਿਕਰ ਹੋਣ ਲੱਗਿਆ।
ਉਸ ਵੇਲੇ ਸਿਹਤ ਕਰਮੀਆਂ ਨੂੰ ਮਰੀਜ਼ਾਂ ਦੀ ਪਛਾਣ ਗੁੱਝੀ ਰੱਖਣ ਅਤੇ ਮਰੀਜ਼ ਨੂੰ ਪੀੜਤ ਵਜੋਂ ਪੇਸ਼ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਸਨ ਪਰ ਸਰਕਾਰੀ ਪ੍ਰਚਾਰ ਤੰਤਰ ਤਬਲੀਗੀ ਜਮਾਤ ਦੀ ਸ਼ਨਾਖ਼ਤ ਕਰ ਰਿਹਾ ਸੀ। ਤਬਲੀਗੀ ਜਮਾਤ ਦੇ ਖ਼ਿਲਾਫ ਪ੍ਰਚਾਰ ਵਿੱਚ ਸਰਕਾਰ ਅਤੇ ਮੀਡੀਆ ਇੱਕਸੁਰ ਨਜ਼ਰ ਆਏ। ਡਾਕਟਰ ਮਰੀਜ਼ ਨੂੰ ਮੁਲਜ਼ਮ ਬਣਾ ਕੇ ਪੇਸ਼ ਕਰਨ ਵਾਲੀ ਸੋਚ ਦਾ ਵਿਰੋਧ ਕਰਦੇ ਹੋਏ ਦਲੀਲ ਦੇ ਰਹੇ ਸਨ ਕਿ ਮਰੀਜ਼ ਮਰਜ਼ ਦਾ ਸ਼ਿਕਾਰ ਹੋਇਆ ਹੈ ਅਤੇ ਮਰੀਜ਼ਾਂ ਨੂੰ ਹਮਦਰਦੀ ਦਰਕਾਰ ਹੈ। ਮਰੀਜ਼ ਦੀ ਤੰਦਰੁਸਤੀ ਅਤੇ ਮਰਜ਼ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਹਮਦਰਦੀ ਦੀ ਅਹਿਮੀਅਤ ਨੂੰ ਉਘਾੜਿਆ ਜਾ ਰਿਹਾ ਸੀ। ਸਿਹਤ ਮਾਹਿਰਾਂ ਦਾ ਕਹਿਣਾ ਸੀ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੋ ਗਜ਼ ਦਾ ਫ਼ਾਸਲਾ ਅਤੇ ਦਿਲਾਂ ਦੀ ਸਾਂਝ ਲਾਜ਼ਮੀ ਹੈ। ਸਰਕਾਰੀ ਪ੍ਰਚਾਰ ਅਤੇ ਮੀਡੀਆ ਦਾ ਰੁਝਾਨ ਤਬਲੀਗੀ ਜਮਾਤ ਨੂੰ ਮੁਲਜ਼ਮ ਤੋਂ ਵੀ ਵਧ ਕੇ ਦੋਸ਼ੀ ਵਜੋਂ ਪੇਸ਼ ਕਰਨ ਵਾਲਾ ਸੀ। ਇਸ ਨਾਲ ਨਾ ਸਿਰਫ਼ ਮਰੀਜ਼ ਨੂੰ ਮੁਲਜ਼ਮ ਬਣਾਇਆ ਜਾ ਰਿਹਾ ਸੀ ਸਗੋਂ ਉਸ ਦਾ ਅਕਸ ਨਫ਼ਰਤ ਦੇ ਪਾਤਰ ਵਜੋਂ ਉਭਾਰਿਆ ਜਾ ਰਿਹਾ ਸੀ। ਇੱਕ ਪਾਸੇ ਮਰੀਜ਼ ਦੀ ਸ਼ਨਾਖ਼ਤ ਜਨਤਕ ਕਰ ਕੇ ਉਸ ਦੀ ਪੋਸ਼ੀਦਗੀ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਸਦਮਾਜ਼ਦਾ ਕੀਤਾ ਜਾ ਰਿਹਾ ਸੀ ਅਤੇ ਦੂਜੇ ਪਾਸੇ ਮਜ਼ਹਬੀ ਨਫ਼ਰਤ ਵਿੱਚ ਕੋਰੋਨਾਵਾਇਰਸ ਦਾ ਖ਼ੌਫ਼ ਭਰਿਆ ਜਾ ਰਿਹਾ ਸੀ। ਇਸ ਤਰ੍ਹਾਂ ਮਰਜ਼ ਦੀ ਸ਼ਨਾਖ਼ਤ ਲਈ ਕੀਤੀ ਗਈ ਪਰਖ ਦੇ ਨਤੀਜੇ ਇਲਾਜ ਦੀ ਥਾਂ ਨਫ਼ਰਤ ਭੜਕਾਉਣ ਦੇ ਕੰਮ ਆ ਰਹੇ ਸਨ। ਮਨੁੱਖੀ ਸਰੀਰ ਅੰਦਰਲੀ ਹਰਕਤ ਬਾਰੇ ਜਾਣਕਾਰੀ ਫ਼ਿਰਕਾਪ੍ਰਸਤ ਸੋਚ ਨੂੰ ਵਧਾਉਣ ਲਈ ਵਰਤੀ ਜਾ ਰਹੀ ਸੀ। ਇਸ ਤਰ੍ਹਾਂ ਸਰਕਾਰ ਅਤੇ ਮੀਡੀਆ ਨਵੇਂ ਹਾਲਾਤ ਨੂੰ ਨਫ਼ਰਤ ਵਾਲੀ ਸਿਆਸਤ ਨੂੰ ਅੱਗੇ ਵਧਾਉਣ ਦੇ ਮੌਕੇ ਵਜੋਂ ਵਰਤ ਰਹੇ ਸਨ।
ਇਸ ਰੁਝਾਨ ਦੀਆਂ ਕੜੀਆਂ ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਹੋ ਰਹੀਆਂ ਘਟਨਾਵਾਂ ਨਾਲ ਜੁੜਦੀਆਂ ਜਾਪਦੀਆਂ ਹਨ। ਉੱਤਰ ਪ੍ਰਦੇਸ਼ ਦੇ ਇੱਕ ਹਸਪਤਾਲ ਨੇ ਮੁਸਲਮਾਨ ਮਰੀਜ਼ਾਂ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਕਿਸੇ ਵੀ ਮਰਜ਼ ਦੇ ਇਲਾਜ ਲਈ ਉਨ੍ਹਾਂ ਨੂੰ ਕੋਰੋਨਾਵਾਇਰਸ ਨਾ ਹੋਣ ਦੀ ਰਪਟ ਲਿਆਉਣੀ ਲਾਜ਼ਮੀ ਹੈ। ਇਹ ਸ਼ਰਤ ਕਿਸੇ ਹੋਰ ਮਜ਼ਹਬ ਦੇ ਮਰੀਜ਼ ਲਈ ਨਹੀਂ ਸੀ। ਗੁਜਰਾਤ ਦੇ ਇੱਕ ਹਸਪਤਾਲ ਨੇ ਮਰੀਜ਼ਾਂ ਨੂੰ ਭਰਤੀ ਕਰਨ ਲਈ ਵਾਰਡ ਅਤੇ ਵੈਂਟੀਲੇਟਰ ਦੀ ਵੰਡ ਜਾਤ ਮੁਤਾਬਕ ਤੈਅ ਕੀਤੀ ਸੀ। ਦਲੀਲ ਇਹ ਦਿੱਤੀ ਜਾ ਸਕਦੀ ਹੈ ਕਿ ਇਨ੍ਹਾਂ ਹਸਪਤਾਲਾਂ ਦੇ ਮਾਮਲਿਆਂ ਦਾ ਸਰਕਾਰ ਨਾਲ ਕੋਈ ਸੰਬੰਧ ਨਹੀਂ । ਜਮਹੂਰੀਅਤ ਦੇ ਪੱਖ ਤੋਂ ਦਲੀਲ ਇਹ ਬਣਦੀ ਹੈ ਕਿ ਜਿਸ ਸਮਾਜਿਕ ਵਿਤਕਰੇ/ਨਫ਼ਰਤ ਦਾ ਇਜ਼ਹਾਰ ਸਰਕਾਰੀ ਬਿਆਨਾਂ ਅਤੇ ਮੀਡੀਆ ਵਿੱਚ ਹੁੰਦਾ ਹੈ, ਉਸੇ ਵਿਹਾਰ ਦੀ ਖੁੱਲ੍ਹ ਬਾਕੀ ਅਦਾਰਿਆਂ ਜਾਂ ਜਥੇਬੰਦੀਆਂ ਨੂੰ ਮਿਲ ਜਾਂਦੀ ਹੈ। ਇਹ ਰੁਝਾਨ ਕਾਨੂੰਨੀ ਅਤੇ ਇਨਸਾਨੀ ਪੱਖੋਂ ਨਾਜਾਇਜ਼ ਹੋਣ ਦੇ ਬਾਵਜੂਦ ਆਪਣੀ ਚਾਲ ਬਣਾਈ ਰਖਦਾ ਹੈ।
ਤਬਲੀਗੀ ਜਮਾਤ ਦੇ ਮਰਕਜ਼ ਵਿੱਚ ਜਾਣ ਵਾਲੇ ਜੀਆਂ ਨੂੰ ਮਹਾਂਮਾਰੀ ਦੇ ਦੌਰ ਵਿੱਚ ਮੀਡੀਆ ਅਤੇ ਸਰਕਾਰੀ ਪ੍ਰਚਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਉੱਤੇ ਮੁਕੱਦਮੇ ਦਰਜ ਕੀਤੇ ਗਏ ਅਤੇ ਗ੍ਰਿਫ਼ਤਾਰੀਆਂ ਹੋਈਆਂ। ਵਿਦੇਸ਼ਾਂ ਤੋਂ ਆਉਣ ਵਾਲੇ ਜੀਆਂ ਖ਼ਿਲਾਫ਼ ਵੀਜ਼ਾ ਸ਼ਰਤਾਂ ਦਾ ਉਲੰਘਣ ਕਰਨ ਦੇ ਮੁਕੱਦਮੇ ਦਰਜ ਹੋਏ ਅਤੇ ਸਫ਼ਰ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਇਨ੍ਹਾਂ ਮਾਮਲਿਆਂ ਦੇ ਅਦਾਲਤੀ ਫ਼ੈਸਲੇ ਆਏ ਤਾਂ ਹੋਰ ਪੱਖ ਸਾਹਮਣੇ ਆਏ। ਤਬਲੀਗੀ ਜਮਾਤ ਦੇ ਮਾਮਲੇ ਵਿੱਚ 21 ਅਗਸਤ 2020 ਨੂੰ ਬੰਬੇ ਹਾਈ ਕੋਰਟ ਦਾ ਫ਼ੈਸਲਾ ਦਰਜ ਕਰਦਾ ਹੈ, “ਦਿੱਲੀ ਦੇ ਮਰਕਜ਼ ਦੇ ਸਮਾਗਮ ਵਿੱਚ ਆਏ ਵਿਦੇਸ਼ੀ ਸ਼ਹਿਰੀਆਂ ਦੇ ਖ਼ਿਲਾਫ਼ ਟੈਲੀਵਿਜ਼ਨ ਅਤੇ ਪ੍ਰਿੰਟ ਮੀਡੀਆ ਵਿੱਚ ਪ੍ਰਾਪੇਗੰਡਾ ਚੱਲਿਆ ਅਤੇ ਇਹ ਅਕਸ ਬਣਾਉਣ ਦਾ ਤਰੱਦਦ ਕੀਤਾ ਗਿਆ ਕਿ ਇਹ ਵਿਦੇਸ਼ੀ ਭਾਰਤ ਵਿੱਚ ਕੋਵਿਡ-19 ਦੇ ਪਸਾਰੇ ਲਈ ਜ਼ਿੰਮੇਵਾਰ ਹਨ। ਜਿੱਥੇ ਵੀ ਮਹਾਂਮਾਰੀ ਜਾਂ ਆਫ਼ਤ ਆਉਂਦੀ ਹੈ, ਸਿਆਸੀ ਸਰਕਾਰ ਬਲੀ ਦਾ ਬੱਕਰਾ ਲੱਭਦੀ ਹੈ। ਤਮਾਮ ਹਾਲਾਤ ਇਸ ਗੁੰਜਾਇਸ਼ ਵੱਲ ਇਸ਼ਾਰਾ ਕਰਦੇ ਹਨ ਕਿ ਵਿਦੇਸ਼ੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਚੁਣਿਆ ਗਿਆ। ਇੰਡੀਆ ਵਿੱਚ ਲਾਗ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਇਸਤਿਗ਼ਾਸਾ ਪੱਖ ਦੇ ਖ਼ਿਲਾਫ਼ ਅਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ। ਸਮਾਂ ਆ ਗਿਆ ਹੈ ਕਿ ਵਿਦੇਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਵਾਲੇ ਪਸ਼ਚਾਤਾਪ ਕਰਨ ਅਤੇ ਇਸ ਨਾਲ ਜੋ ਨੁਕਸਾਨ ਹੋਇਆ ਹੈ ਉਸ ਨੂੰ ਦਰੁਸਤ ਕਰਨ ਲਈ ਉਸਾਰੂ ਕਦਮ ਚੁੱਕਣ। ਸਾਡਾ ਸੱਭਿਆਚਾਰ ‘ਅਤਿਥੀ ਦੇਵੋ ਭਵ’ ਵਾਲਾ ਹੈ। ਕੀ ਸੱਚਮੁੱਚ ਅਸੀਂ ਮੌਜੂਦਾ ਮਾਮਲੇ ਵਿੱਚ ਆਪਣੀ ਮਹਾਨ ਪਰੰਪਰਾ ਮੁਤਾਬਕ ਕੰਮ ਕਰ ਰਹੇ ਹਾਂ? ਇਨ੍ਹਾਂ ਉੱਤੇ ਲਗਾਏ ਇਲਜ਼ਾਮ ਦਰਸਾਉਂਦੇ ਹਨ ਕਿ ਅਸੀਂ ਇਨ੍ਹਾਂ ਦੀ ਇਮਦਾਦ ਕਰਨ ਦੀ ਥਾਂ ਇਨ੍ਹਾਂ ਨੂੰ ਇਲਜ਼ਾਮ ਲਗਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਕਿ ਇਹ ਸਫ਼ਰੀ ਦਸਤਾਵੇਜ਼ਾਂ ਦੀ ਉਲੰਘਣ ਕਰ ਰਹੇ ਸੀ, ਕੋਰੋਨਾਵਾਇਰਸ ਦੇ ਪਸਾਰੇ ਲਈ ਜ਼ਿੰਮੇਵਾਰ ਸਨ।
ਇਸ ਫ਼ੈਸਲੇ ਵਿੱਚ ਦਰਜ ਹੈ, “ਮਹਾਂਰਾਸ਼ਟਰ ਪੁਲਿਸ ਨੇ ਇਸ ਮਾਮਲੇ ਵਿੱਚ ਮਸ਼ੀਨੀ ਢੰਗ ਨਾਲ ਕੰਮ ਕੀਤਾ। ਜਾਪਦਾ ਹੈ ਕਿ ਪੁਲਿਸ ਨੇ ਸੂਬਾ ਸਰਕਾਰ ਦੇ ਦਬਾਅ ਹੇਠ ਕੰਮ ਕੀਤਾ। ਸੀ.ਆਰ.ਪੀ.ਸੀ. ਤਹਿਤ ਮਿਲੇ ਹਕੂਕ ਦਾ ਇਸਤੇਮਾਲ ਕਰਨ ਦਾ ਹੌਸਲਾ ਪੁਲਿਸ ਨਹੀਂ ਕਰ ਸਕੀ। ਰਿਕਾਰਡ ਤੋਂ ਲਗਦਾ ਹੈ ਕਿ ਪੁਲਿਸ ਨੇ ਕੋਈ ਦਿਮਾਗ ਨਹੀਂ ਲਗਾਇਆ। ਇਹੋ ਕਾਰਨ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਸੁਣਵਾਈ ਸ਼ੁਰੂ ਕਰਨ ਲਈ ਕੋਈ ਸਬੂਤ ਨਹੀਂ ਹੈ। ਸਰਕਾਰ ਦੂਜੇ ਮੁਲਕ ਅਤੇ ਦੂਜੇ ਮਜ਼ਹਬ ਦੇ ਲੋਕਾਂ ਦੇ ਨਾਲ ਵੱਖਰਾ ਵਿਵਹਾਰ ਨਹੀਂ ਕਰ ਸਕਦੀ। ” ਤਬਲੀਗੀ ਜਮਾਤ ਖ਼ਿਲਾਫ਼ ਪ੍ਰਚਾਰ ਕਰਨ ਵਾਲੇ ਮੀਡੀਆ ਨੇ ਇਸੇ ਮਾਮਲੇ ਦੇ ਅਦਾਲਤੀ ਫ਼ੈਸਲਿਆਂ ਨੂੰ ਖ਼ਬਰ ਬਣਾਉਣ ਦੇ ਲਾਇਕ ਨਹੀਂ ਸਮਝਿਆ। ਜੇ ਇਹ ਅਦਾਲਤੀ ਫ਼ੈਸਲੇ ਨਿਗੂਣੀਆਂ ਖ਼ਬਰਾਂ ਵਜੋਂ ਸ਼ਾਮਿਲ ਕੀਤੇ ਗਏ ਤਾਂ ਇਸ ਵਿੱਚ ਮੀਡੀਆ ਜਾਂ ਸਰਕਾਰ ਦੀ ਗ਼ਲਤੀ ਦਾ ਅਹਿਸਾਸ ਮਨਫ਼ੀ ਸੀ।
ਸਰਕਾਰ ਅਤੇ ਮੀਡੀਆ ਦੇ ਫ਼ਿਰਕਾਪ੍ਰਸਤ ਗੱਠਜੋੜ ਦਾ ਅੰਦਾਜ਼ਾ ਮਹਾਂਮਾਰੀ ਦੌਰਾਨ ਹੀ ਹੋਏ ਦੂਜੇ ਮਜ਼ਹਬੀ ਸਮਾਗਮਾਂ ਦੀਆਂ ਰਪਟਾਂ ਵਿੱਚੋਂ ਨਜ਼ਰ ਆਉਂਦਾ ਹੈ। ਪਹਿਲਾਂ ਅਯੋਧਿਆ ਵਿੱਚ ‘ਰਾਮ ਮੰਦਰ’ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਪ੍ਰਧਾਨ ਮੰਤਰੀ ਉਦਘਾਟਨ ਸਮਾਗਮ ਵਿੱਚ ਸ਼ਾਮਿਲ ਹੋਏ ਪਰ ਕੋਰੋਨਾਵਾਇਰਸ ਤੋਂ ਪੀੜਤ ਹੋਣ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਹੀਂ ਜਾ ਸਕੇ। ਪੰਜ ਅਗਸਤ ਦੇ ਉਦਘਾਟਨ ਵਾਲੇ ਦਿਨ ਤੱਕ ਇੰਡੀਆ ਵਿੱਚ ਕੋਰੋਨਾਵਾਇਰਸ ਦੇ ਕਾਰਨ ਉੱਨੀ ਲੱਖ ਤੋਂ ਜ਼ਿਆਦਾ ਮਾਮਲੇ ਆ ਚੁੱਕੇ ਸਨ ਅਤੇ ਚਾਲੀ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਸਨ। ਉੱਤਰ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਇੱਕ ਲੱਖ ਤੋਂ ਜ਼ਿਆਦਾ ਮਾਮਲਿਆਂ ਦੀ ਤਸਦੀਕ ਹੋ ਚੁੱਕੀ ਸੀ। ਇਸ ਸਮਾਗਮ ਬਾਬਤ ਟੈਲੀਵਿਜ਼ਨ ਚੈਨਲਾਂ ਦੇ ਮੁਖੀਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਹਲਫ਼ਨਾਮਾ ਮੰਗਿਆ ਕਿ ‘ਕਿਸੇ ਵਿਵਾਦਿਤ ਟਿੱਪਣੀਕਾਰ ਨੂੰ ਨਹੀਂ ਬੁਲਾਇਆ’ ਜਾਵੇਗਾ, ‘ਕਿਸੇ ਮਜ਼ਹਬ ਜਾਂ ਵਿਅਕਤੀ ਵਿਸ਼ੇਸ਼ ਉੱਤੇ ਟਿੱਪਣੀ ਨਹੀਂ ਕੀਤੀ ਜਾਵੇਗੀ। ਇਸ ਹਲਫ਼ਨਾਮੇ ਦਾ ਆਖ਼ਰੀ ਫਿਕਰਾ ਸੀ, “ਕਾਨੂੰਨ ਵਿਵਸਥਾ ਕੋ ਬਨਾਏ ਰਖਾ ਜਾਏਗਾ ਤਥਾ ਅਗਰ ਕਿਸੀ ਪ੍ਰਕਾਰ ਸੇ ਕੋਈ ਗੜਬੜੀ ਹੋਗੀ ਤੋ ਇਸਕੀ ਜ਼ਿੰਮੇਦਾਰੀ ਮੇਰੀ ਵਿਅਕਤੀਗਤ ਰੂਪ ਸੇ ਹੋਗੀ।” ਸਾਰੇ ਮੀਡੀਆ ਨੇ ਇਸ ਸਮਾਗਮ ਦਾ ਪਲ-ਪਲ ਦਾ ਅੱਖੀਂ ਦੇਖਿਆ ਹਾਲ ਪੇਸ਼ ਕੀਤਾ ਅਤੇ ਖ਼ਸੂਸੀ ਤਰ੍ਹਾਂ ਦੀ ਪੇਸ਼ਕਾਰੀ ਨਾਲ ਜਸ਼ਨ ਅਤੇ ਜਿੱਤ ਦਾ ਮਾਹੌਲ ਪੈਦਾ ਕੀਤਾ।
ਇਸ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਸਰਕਾਰੀ ਵਿਹਾਰ ਹੋਰ ਵੀ ਉਘੜਵੇਂ ਰੂਪ ਵਿੱਚ ਪੇਸ਼ ਹੋਇਆ। ਇੰਦੌਰ ਵਿੱਚ ਮੁਹੱਰਮ ਦੇ ਮੌਕੇ ਉੱਤੇ ਤਾਜੀਆ ਕੱਢਣ ਵਾਲੇ ਆਗੂ ਖ਼ਿਲਾਫ਼ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਪਰ ਦਸ ਦਿਨਾਂ ਤੱਕ ਗਣੇਸ਼ ਚਤੁਰਥੀ ਦੇ ਜਸ਼ਨ ਮਨਾਉਣ ਵਾਲੇ ਭਾਜਪਾ ਵਿਧਾਇਕ ਦੇ ਮਾਮਲੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੋਰੋਨਾਵਾਇਰਸ ਦੇ ਨਾਮ ਉੱਤੇ ਕੀਤੀ ਗਈ ਜਾਂ ਨਾ ਕੀਤੀ ਗਈ ਕਾਰਵਾਈ ਸਰਕਾਰ ਦੇ ਫ਼ਿਰਕੂ ਰੁਝਾਨ ਨੂੰ ਉਘੜਵੇਂ ਰੂਪ ਵਿੱਚ ਪੇਸ਼ ਕਰਦੀ ਹੈ। ਇਸ ਤਰ੍ਹਾਂ ਕੋਰੋਵਾਇਰਸ ਨੂੰ ਵਿਤਕਰਾ ਕਰਨ ਦੇ ਮੌਕੇ ਵਜੋਂ ਇਸਤੇਮਾਲ ਕੀਤਾ ਗਿਆ ਪਰ ਮੀਡੀਆ ਇਸ ਰੁਝਾਨ ਦੀ ਸ਼ਨਾਖ਼ਤ ਕਰਨ ਤੋਂ ਪਾਸਾ ਵੱਟ ਗਿਆ। ਇਸੇ ਦੌਰ ਵਿੱਚ ਆਵਾਮੀ ਅਦਾਰਿਆਂ ਅਤੇ ਆਮ ਸ਼ਹਿਰੀਆਂ ਨੇ ਆਪਣੀ ਸਮਰੱਥਾ ਮੁਤਾਬਕ ਲੋੜਵੰਦਾਂ ਦੀ ਇਮਦਾਦ ਕੀਤੀ। ਇਨ੍ਹਾਂ ਆਵਾਮੀ ਪਹਿਲਕਦਮੀਆਂ ਨੇ ਸਾਫ਼ ਕਰ ਦਿੱਤਾ ਕਿ ਆਮ ਸ਼ਹਿਰੀਆਂ ਨੇ ਬਿਪਤਾ ਦੇ ਮੌਕੇ ਆਪਣੇ ਮਨੁੱਖੀ ਫ਼ਰਜ਼ ਨੂੰ ਤਰਜੀਹ ਦਿੱਤੀ ਹੈ।
ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚ ਲਾਗ ਦਾ ਖ਼ਦਸ਼ਾ ਜ਼ਿਆਦਾ ਸੀ ਕਿਉਂਕਿ ਪਹਿਲੀ ਲਹਿਰ ਤੋਂ ਬਾਅਦ ਨਾ ਤਾਂ ਲੋਕਾਂ ਵਿੱਚ ਪੁਰਾਣਾ ਖ਼ੌਫ਼ ਸੀ ਅਤੇ ਨਾ ਸਰਕਾਰੀ ਸਖ਼ਤੀ ਸੀ ਪਰ ਲਾਗ ਦਾ ਪਸਾਰਾ ਹਰ ਇਲਾਕੇ ਵਿੱਚ ਸੀ। ਇਸ ਦੇ ਨਾਲ ਹੀ ਜਰਾਸੀਮ ਨੇ ਆਪਣੇ ਕਈ ਰੂਪ ਅਖ਼ਤਿਆਰ ਕਰ ਲਏ ਸਨ ਅਤੇ ਇਸ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਸੀ। ਸ਼ੁਰੂ ਵਿੱਚ ਕੋਰੋਨਾਵਾਇਰਸ ਦੀ ਪਹੁੰਚ ਘੱਟ ਸੀ ਪਰ ਦੂਜੀ ਲਹਿਰ ਦੇ ਸ਼ੁਰੂ ਤੱਕ ਇਲਾਕੇ ਅਤੇ ਤਬਕੇ ਪੱਖੋਂ ਸਾਰੀ ਆਬਾਦੀ ਇਸ ਦੀ ਪਹੁੰਚ ਵਿੱਚ ਸੀ। ਇਨ੍ਹਾਂ ਹਾਲਾਤ ਵਿੱਚ ਹਰਿਦਵਾਰ ਵਿਖੇ ਕੁੰਭ ਦਾ ਮੇਲਾ ਲੱਗਿਆ ਜਿਸ ਵਿੱਚ ਇਸ਼ਨਾਨ ਦੇ ਨੌਂ ਦਿਨ ਚੌਦਾਂ ਤੋਂ ਸਤਾਈ ਅਪਰੈਲ ਵਿਚਕਾਰ ਸਨ। ਇਸ ਕੁੰਭ ਦੇ ਮੇਲੇ ਦੇ ਹਵਾਲੇ ਨਾਲ ਮੀਡੀਆ ਅਤੇ ਸਰਕਾਰ ਨੇ ਕੋਰੋਨਾਵਾਇਰਸ ਰੋਕਣ ਲਈ ਕੋਈ ਖ਼ਬਰਾਂ ਨਸ਼ਰ ਨਹੀਂ ਕੀਤੀਆਂ। ਸੂਬਾ ਅਤੇ ਕੇਂਦਰ ਸਰਕਾਰ ਦੇ ਕੁੰਭ ਦੇ ਮੇਲੇ ਬਾਰੇ ਇਸ਼ਤਿਹਾਰ ਮੀਡੀਆ ਵਿੱਚ ਲਗਾਤਾਰ ਨਸ਼ਰ ਹੁੰਦੇ ਰਹੇ। ਮੀਡੀਆ ਦੀਆਂ ਜ਼ਿਆਦਾ ਖ਼ਬਰਾਂ ਸ਼ਰਧਾਲੂਆਂ ਦੀ ਸ਼ਰਧਾ ਬਾਰੇ ਰਹੀਆਂ। ਰਾਸ਼ਟਰੀ ਸਵੈਮ ਸੇਵਕ ਸੰਘ ਦੇ 1553 ਕਾਰਕੁੰਨਾਂ ਨੂੰ ਪੁਲਿਸ ਦੀਆਂ ਵਰਦੀਆਂ ਵਿੱਚ ਸ਼ਨਾਖ਼ਤੀ ਕਾਰਡ ਦੇ ਕੇ ਰਜ਼ਾਕਾਰ ਬਣਾਇਆ ਗਿਆ ਤਾਂ ਜੋ ਇੰਤਜ਼ਾਮ ਬਿਹਤਰ ਹੋ ਸਕੇ। ਇਹ ਰਜ਼ਾਕਾਰ ਸਪੈਸ਼ਲ ਪੁਲਿਸ ਅਫ਼ਸਰ ਵਜੋਂ ਤਾਇਨਾਤ ਸਨ ਅਤੇ ਆਵਾਜਾਈ ਦੇ ਨਾਲ-ਨਾਲ ਭੀੜ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ।
ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਜ਼ਿਆਰਤੀਆਂ ਨੂੰ ਮਾਸਕ ਪਹਿਨਣ ਜ਼ਰੂਰੀ ਕੀਤਾ ਗਿਆ। ਇਸ ਇੰਤਜ਼ਾਮ ਲਈ ਪੁਲਿਸ ਨੇ ਆਰਟੀਫੀਸ਼ੀਅਲ ਇੰਟੈਲੀਜ ਦਾ ਇਸਤੇਮਾਲ ਕੀਤਾ। ਮਾਸਕ ਯਕੀਨੀ ਬਣਾਉਣ ਲਈ 350 ਕੈਮਰੇ ਲਗਾਏ ਗਏ । ਸਨ। ਇਨ੍ਹਾਂ ਵਿੱਚੋਂ 22 ਕੈਮਰੇ ਖੱਬੇ-ਸੱਜੇ ਅਤੇ ਉੱਤੇ-ਹੇਠਾਂ ਘੁੰਮ ਕੇ ਨਿਗਰਾਨੀ ਕਰ ਸਕਦੇ ਸਨ ਅਤੇ ਬਾਕੀਆਂ ਦੀ ਨਜ਼ਰ ਦਾ ਘੇਰਾ ਪੱਖਾ ਸੀ। ਇਸੇ ਤਰ੍ਹਾਂ 100 ਕੈਮਰੇ ਸੈਂਸਰ ਵਾਲੇ ਹਨ ਜੋ ਬਿਨਾਂ ਮਾਸਕ ਵਾਲੇ ਬੰਦਿਆਂ ਦੀ ਤਸਵੀਰ ਖਿੱਚਦੇ ਹਨ, ਭਗਦੜ ਦੀ ਗੁੰਜਾਇਸ਼ ਦਾ ਅੰਦਾਜ਼ਾ ਲਗਾਉਂਦੇ ਹਨ ਅਤੇ ਦਸ ਮਿੰਟ ਤੋਂ ਜ਼ਿਆਦਾ ਦੇਰ ਤੱਕ ਪਈਆਂ ਲਾਵਾਰਿਸ ਵਸਤਾਂ ਦੀ ਜਾਣਕਾਰੀ ਤਸਵੀਰਾਂ ਸਮੇਤ ਦਿੰਦੇ ਹਨ।
ਇਹ ਕੁੰਭ ਸਰਕਾਰ ਅਤੇ ਅਖਿਲ ਭਾਰਤੀਆ ਅਖਾੜਾ ਪ੍ਰੀਸ਼ਦ (ਕੁੰਭ ਵਿੱਚ ਸ਼ਾਮਿਲ ਹੋਣ ਵਾਲੇ ਤੇਰਾਂ ਅਖਾੜਿਆਂ ਦੀ ਸਾਂਝੀ ਪ੍ਰੀਸ਼ਦ) ਦੀ ਸਲਾਹ ਨਾਲ ਇੱਕ ਸਾਲ ਅੱਗੇ ਪਾਇਆ ਗਿਆ ਕਿਉਂਕਿ ਕੁਝ ‘ਗ੍ਰਹਿਆਂ ਦਾ ਮੇਲ਼’ ਅਜਿਹੀ ਮੰਗ ਕਰਦਾ ਸੀ।
‘ਗ੍ਰਹਿਆਂ ਦੇ ਮੇਲ਼’ ਦੀਆਂ ਗਿਣਤੀਆਂ-ਮਿਣਤੀਆਂ ਕਿਸੇ ਵਿਗਿਆਨ ਦੀ ਸਮਝ ਅਤੇ ਮਨੁੱਖਾ ਦਲੀਲ ਦੇ ਘੇਰੇ ਤੋਂ ਬਾਹਰ ਹਨ ਪਰ ਇਸ ਕੁੰਭ ਅਤੇ ਕੋਰੋਨਾਵਾਇਰਸ ਦੇ ਆਪਸੀ ਰਿਸ਼ਤਿਆਂ ਵਿੱਚ ਸਰਕਾਰ ਦੀ ਹਿੱਸੇਦਾਰੀ ਨੂੰ ਸਮਝਣ ਲਈ ਕਿਸੇ ਦਾ ਤਾਰਾ ਵਿਗਿਆਨੀ ਹੋਣਾ ਜ਼ਰੂਰੀ ਨਹੀਂ। ਇਸੇ ਤਰ੍ਹਾਂ ਸ਼ਾਹੀ ਇਸ਼ਨਾਨ ਮੌਕੇ ਕੋਰੋਨਾਵਾਇਰਸ ਦੀ ਰੋਕਥਾਮ ਲਈ ਕੈਮਰਿਆਂ ਅਤੇ ਰਜ਼ਾਕਾਰਾਂ ਦੇ ‘ਪੁਖ਼ਤਾ ਇੰਤਜ਼ਾਮ’ ਦਾ ਅੰਦਾਜ਼ਾ ਲਗਾਉਣ ਲਈ ਮਾਹਿਰ ਹੋਣ ਦੀ ਜ਼ਰੂਰਤ ਨਹੀਂ। ਕੁੰਭ ਦੇ ਮੇਲੇ ਦਾ ਬੀਮਾਰੀਆਂ ਦੇ ਫੈਲਾਅ ਵਿੱਚ ਸਹਾਈ ਹੋਣ ਦਾ ਲੰਮਾ ਇਤਿਹਾਸ ਹੈ ਜਿਸ ਬਾਰੇ ਬਹੁਤ ਸਾਰੀ ਖੋਜ ਹੋਈ ਹੈ ਜੋ ਸੁਹਿਰਦ ਇੰਤਜ਼ਾਮੀਆ ਲਈ ਲਾਹੇਵੰਦ ਹੋ ਸਕਦੀ ਸੀ। ਜੁਲਾਈ 2020 ਵਿੱਚ ਉੱਤਰਾਖੰਡ ਦੇ ਤਤਕਾਲੀ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਅਖਿਲ ਭਾਰਤੀਆ ਅਖਾੜਾ ਪ੍ਰੀਸ਼ਦ ਨੂੰ ਕੁੰਭ ਲਈ ਸਾਰੇ ਇੰਤਜ਼ਾਮ ਕਰਨ ਅਤੇ ਦਸਤੂਰ ਨਿਭਾਉਣ ਦਾ ਯਕੀਨ ਦਿਵਾਇਆ ਸੀ। ਉਸ ਵੇਲੇ ਕੋਰੋਨਾਵਾਇਰਸ ਦੀ ਪਹਿਲੀ ਲਹਿਰ ਆਪਣੇ ਸਿਖ਼ਰ ਨੂੰ ਪਹੁੰਚੀ ਹੋਈ ਸੀ ਅਤੇ ਆਉਣ ਵਾਲੇ ਸਮੇਂ ਬਾਰੇ ਕੁਝ ਵੀ ਯਕੀਨ ਨਾਲ ਕਹਿ ਸਕਣਾ ਮੁਸ਼ਕਲ ਸੀ। ਇਸ ਤੋਂ ਬਾਅਦ ਸਰਕਾਰ ਨੇ ਕੁੰਭ ਮੌਕੇ ਕੋਰੋਨਾਵਾਇਰਸ ਦੇ ਫੈਲਣ ਦੇ ਖ਼ਦਸ਼ੇ ਬਾਬਤ ਹਰ ਖ਼ਬਰ ਦਾ ਖੰਡਨ ਕੀਤਾ ਅਤੇ ਆਪਣੇ ਹੀ ‘ਅਫ਼ਸਰਾਂ ਦੀਆਂ ਸਲਾਹਾਂ’ ਨੂੰ ਝੂਠੀਆਂ ਖ਼ਬਰਾਂ ਕਰਾਰ ਦਿੱਤਾ। ਇਸ ਦੌਰਾਨ ਅਖਾੜਿਆਂ ਦੀ ਦਲੀਲ ਸੀ ਕਿ ‘ਮੌਤ ਅਟੱਲ’ ਹੈ ਪਰ ‘ਦਸਤੂਰ ਜਾਰੀ’ ਰਹਿਣਾ ਚਾਹੀਦਾ ਹੈ। ਮੌਤ ਭਾਵੇਂ ਅਟੱਲ ਹੈ ਪਰ ਇਸ ਅਟੱਲਤਾ ਲਈ ਜਾਨ ਖ਼ਤਰੇ ਵਿੱਚ ਪਾਉਣਾ ਨਾ ਤਾਂ ਦਸਤੂਰ ਹੈ ਅਤੇ ਨਾ ‘ਅਟਲ’ ਮਜ਼ਹਬੀ ਅਮਲ ਹੈ।
ਕੁੰਭ ਦੇ ਮੇਲੇ ਵਿੱਚ ਕੋਰੋਨਾਵਾਇਰਸ ਦੇ ਸੈਂਕੜੇ ਮਾਮਲਿਆਂ ਦੀ ਤਸਦੀਕ ਹੋਣ ਤੋਂ ਬਾਅਦ ਵੀ ਨਾ ਕੋਈ ਪਾਬੰਦੀ ਲਗਾਈ ਅਤੇ ਨਾ ਹੀ ਕੋਈ ਹੋਰ ਪੇਸ਼ਬੰਦੀ ਕੀਤੀ ਗਈ।
ਨਿਰਵਾਣੀ ਅਖਾੜਾ ਦੇ ਮਹਾਂਮੰਡਲੇਸ਼ਵਰ ਕਪਿਲ ਦੇਵ ਦਾਸ ਦੀ ਕੋਰੋਨਾਵਾਇਰਸ ਦੀ ਲਾਗ ਹੋਣ ਤੋਂ ਬਾਅਦ ਮੌਤ ਹੋ ਗਈ ਪਰ ਸਰਕਾਰ ਸਾਰੇ ਅਖਾੜਿਆਂ ਨੂੰ ਮਨਾਉਣ ਵਿੱਚ ਨਾਕਾਮਯਾਬ ਰਹੀ ਕਿ ਕੁੰਭ ਦੇ ਮੇਲੇ ਦਾ ਸਿਹਤ ਲਈ ਕਿੰਨਾ ਵੱਡਾ ਖ਼ਤਰਾ ਹੋ ਸਕਦਾ ਹੈ। ਸਰਕਾਰ ਨੇ ਆਪ ਪਾਬੰਦੀਆਂ ਲਗਾਉਣ ਤੋਂ ਗੁਰੇਜ਼ ਕੀਤਾ ਅਤੇ ਨਾ ਕੋਈ ਕਾਰਗਰ ਪੇਸ਼ਬੰਦੀ ਕੀਤੀ। ਅਖ਼ਬਾਰਾਂ ਨੇ ਅੰਦਾਜ਼ਾ ਲਗਾਇਆ ਕਿ ਸਿਰਫ਼ ਬਾਰਾਂ ਅਤੇ ਚੌਦਾਂ ਅਪਰੈਲ ਦੇ ਸ਼ਾਹੀ ਇਸ਼ਨਾਨ ਵਿੱਚ ਅਠਤਾਲੀ ਲੱਖ ਲੋਕਾਂ ਨੇ ਇਸ਼ਨਾਨ ਕੀਤਾ। ਕਾਰਵਾਂ ਨਾਮ ਦੇ ਰਸਾਲੇ ਨੇ ਹਿਸਾਬ ਲਗਾਇਆ ਕਿ ਕੁੰਭ ਦੇ ਸਮਾਗਮਾਂ ਦੌਰਾਨ ਤਕਰੀਬਨ 91 ਲੱਖ ਲੋਕਾਂ ਨੇ ਇਸ਼ਨਾਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨਮਨੇ ਮਨ ਨਾਲ ਕੁੰਭ ਨੂੰ ‘ਸੰਕੇਤਕ’ ਰੱਖਣ ਦੀ ਬੇਨਤੀ ਕੀਤੀ ਪਰ ਆਪ ਪੱਛਮੀ ਬੰਗਾਲ ਦੀਆਂ ਚੋਣ ਰੈਲੀਆਂ ਵਿੱਚ ਰੁਝੇ ਰਹੇ। ਜਦੋਂ ਦਿੱਲੀ ਅਤੇ ਮਹਾਂਰਾਸ਼ਟਰ ਸਮੇਤ ‘ਤਾਲਾਬੰਦੀ’ ਲਗਾ ਕੇ ਕੋਰੋਨਾਵਾਇਰਸ ਖ਼ਿਲਾਫ਼ ਪੇਸ਼ਬੰਦੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਦਿਨ ਵਿੱਚ ਕਈ-ਕਈ ਰੈਲੀਆਂ ਕਰ ਰਹੇ ਸਨ। ਪ੍ਰਧਾਨ ਮੰਤਰੀ ਆਪਣੀਆਂ ਰੈਲੀਆਂ ਦੀ ਭੀੜ ਨੂੰ ਕਾਮਯਾਬੀ ਬਣਾ ਕੇ ਪੇਸ਼ ਕਰ ਰਹੇ ਸਨ ਅਤੇ ਕੋਰੋਨਾਵਾਇਰਸ ਦੇ ਮਾਮਲੇ ਵਿੱਚ ‘ਬੰਧੇਜਾਂ’ ਦੀ ਸਲਾਹ ਦਿੰਦੇ ਹੋਏ ਲਾਬੰਧੇਜੀ ਦੀ ਮਿਸਾਲ ਬਣੇ ਰੈਲੀਆਂ ਕਰ ਰਹੇ ਸਨ।
ਇਨ੍ਹਾਂ ਹਾਲਾਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਵਧੇਰੇ ਘਾਤਕ ਸਾਬਿਤ ਹੋਈ। ਪਹਿਲੀ ਲਹਿਰ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਅਨੋਖਾ ਤਜਰਬਾ ਸੀ, ਦੂਜੀ ਲਹਿਰ ਵਿੱਚ ਭਾਵੇਂ ਜਿੰਨਾ ਵੀ ਅਨੋਖਾਪਣ ਹੋਵੇ ਪਰ ਇਸ ਦੀ ਮਾਰ ਵਿੱਚੋਂ ਸਰਕਾਰੀ ਬਦਇੰਤਜ਼ਾਮੀ ਵਿਓਂਤ ਵਜੋਂ ਉਘੜਦੀ ਹੈ। ਪਿਛਲੇ ਸਾਲ ਦੇ ਤਜਰਬੇ ਅਤੇ ਪੁਰਾਣੀਆਂ ਮਹਾਂਮਾਰੀਆਂ ਦੇ ਇਤਿਹਾਸ ਨੇ ਦੋ ਚੀਜ਼ਾਂ ਸਾਫ਼ ਕਰ ਦਿੱਤੀਆਂ ਸਨ। ਇੱਕ ਤਾਂ ਸਿਹਤ ਸਹੂਲਤਾਂ ਮਿਆਰੀ ਅਤੇ ਮਿਕਦਾਰੀ ਪੱਖੋਂ ਮਹਾਂਮਾਰੀ ਦੇ ਭਾਰ ਝੱਲਣ ਦੀ ਹਾਲਤ ਵਿੱਚ ਨਹੀਂ ਹਨ ਅਤੇ ਦੂਜਾ, ਮਹਾਂਮਾਰੀ ਦੀ ਦੂਜੀ ਲਹਿਰ ਦਾ ਪਹਿਲੀ ਨਾਲੋਂ ਮਾਰੂ ਹੋਣਾ ਤਹਿ ਸੀ। ਸਰਕਾਰ ਨੇ ਸਰਕਾਰੀ ਸਿਹਤ ਸਹੂਲਤਾਂ ਨੂੰ ਸੁਧਾਰਨ ਅਤੇ ਸਮੁੱਚੇ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਮੌਕਾ ਖੁੰਝਾ ਦਿੱਤਾ ਅਤੇ ਇਸ ਕੰਮ ਲਈ ਮਿਲਿਆ ਸਮਾਂ ਆਪਣੀਆਂ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਕੋਰੋਨਾਵਾਇਰਸ ਉੱਤੇ ਜਿੱਤ ਪਾਉਣ ਦੇ ਦਮਗਜੇ ਮਾਰਦਿਆਂ ਲੰਘਾ ਦਿੱਤਾ। ਦੁਨੀਆ ਨੂੰ ਕੋਰੋਨਾਵਾਇਰਸ ਦੇ ਕਹਿਰ ਤੋਂ ਬਚਾਉਣ ਦਾ ਦਾਅਵਾ ਪ੍ਰਧਾਨ ਮੰਤਰੀ ਨੇ ਵਰਲਡ ਸੋਸ਼ਲ ਫੋਰਮ ਵਿੱਚ ਕੀਤਾ ਅਤੇ ਬਾਕੀ ਮੰਤਰੀਆਂ ਨੇ ਹਰ ਮੌਕਾ ਨਰਿੰਦ ਮੋਦੀ ਦੀ ਇਸ ਦਾਅਵੇਦਾਰੀ ਦੇ ਮਹਿਮਾਗਾਨ ਲਈ ਵਰਤਿਆ।
ਕੋਰੋਨਾਵਾਇਰਸ ਦੇ ਦੌਰ ਵਿੱਚ ਸਰਕਾਰ ਨੇ ਝੁੱਗੀ-ਝੌਂਪੜੀ ਤੋੜਨ ਦੀਆਂ ਤਜਵੀਜ਼ਾਂ ਉੱਤੇ ਬੇਕਿਰਕੀ ਨਾਲ ਅਮਲ ਕੀਤਾ ਪਰ ਮੀਡੀਆ ਨੇ ਅੱਖਾਂ ਫੇਰ ਲਈਆਂ ਅਤੇ ਸ਼ਹਿਰੀ ਹਕੂਕ ਦੀ ਵਕਾਲਤ ਕਰਨ ਵਾਲਿਆਂ ਨੂੰ ਕੋਰੋਨਾਵਾਇਰਸ ਦੇ ਨਾਮ ਉੱਤੇ ਦਰਬੰਦ ਕਰ ਦਿੱਤਾ ਗਿਆ। ਖੋਜੀ ਪੱਤਰਕਾਰੀ ਨੇ ਸਾਹਮਣੇ ਲਿਆਂਦਾ ਕਿ ਸਰਕਾਰ ਨੇ ਹਕੂਕਬਰਦਾਰਾਂ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕੀਤੀ ਜਿਸ ਤਹਿਤ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ। ਭੀਮਾ ਕੋਰੇਗਾਓਂ ਅਤੇ ਦਿੱਲੀ ਦੇ ਦੰਗਿਆਂ ਦੇ ਮਾਮਲਿਆਂ ਵਿੱਚ ਦਰਜ ਬੇਨਾਮੀ ਸ਼ਿਕਾਇਤਾਂ ਵਿੱਚ ਨਾਮ ਭਰੇ ਗਏ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇੱਕ ਪਾਸੇ ਜੇਲ੍ਹਾਂ ਵਿੱਚ ਭੀੜ ਘੱਟ ਕਰਨ ਲਈ ਕੈਦੀਆਂ ਨੂੰ ਛੱਡਣ ਜਾਂ ਛੁੱਟੀ ਦੇਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਅਤੇ ਦੂਜੇ ਪਾਸੇ ਹਕੂਕਬਰਦਾਰਾਂ ਦੀਆਂ ਗ੍ਰਿਫ਼ਤਾਰੀਆਂ ਹੁੰਦੀਆਂ ਰਹੀਆਂ। ਝੁੱਗੀ- ਝੌਂਪੜੀ ਤੋੜਨ ਦੀਆਂ ਖ਼ਬਰਾਂ ਤਾਂ ਮੀਡੀਆ ਵਿੱਚੋਂ ਤਕਰੀਬਨ ਗ਼ੈਰ-ਹਾਜ਼ਰ ਰਹੀਆਂ ਪਰ ਹਕੂਕਬਰਦਾਰਾਂ ਦੀਆਂ ਖ਼ਬਰਾਂ ਸਰਕਾਰੀ ਪ੍ਰਚਾਰ ਨਾਲ ਸੁਰ ਮਿਲਾ ਕੇ ਨਸ਼ਰ ਕੀਤੀਆਂ ਗਈਆਂ। ਭੀਮਾ ਕੋਰੇਗਾਓਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਾਰਕੁੰਨ ਰੋਨਾ ਵਿਲਸਨ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਸਬੂਤਾਂ ਦੀ ਵਿਗਿਆਨਕ ਜਾਂਚ ਰਾਹੀਂ ਦਲੀਲ ਪੇਸ਼ ਹੋਈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦੇ ਕੰਪਿਊਟਰ ਨਾਲ ਛੇੜ-ਛਾੜ ਕੀਤੀ ਗਈ। ਇਨ੍ਹਾਂ ਖ਼ਬਰਾਂ ਵਿੱਚ ਕੁਝ ਮੀਡੀਆ ਅਦਾਰਿਆਂ ਤੋਂ ਬਿਨਾਂ ਕਿਸੇ ਨੇ ਦਿਲਚਸਪੀ ਨਹੀਂ ਦਿਖਾਈ। ਇਸ ਦੌਰਾਨ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨੂੰ ਮੁਲਕ ਦੀ ਸਭ ਤੋਂ ਵੱਡੀ ਖ਼ਬਰ ਵਜੋਂ ਪੇਸ਼ ਕੀਤਾ ਗਿਆ। ਵੀਹ-ਵੀਹ ਸਾਲਾਂ ਦੇ ਤਜਰਬੇ ਵਾਲੇ ਪੱਤਰਕਾਰ ਟੈਲੀਵਿਜ਼ਨ ਦੇ ਪਰਦਿਆਂ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਜਾਂਚ ਵਿੱਚ ਸ਼ਾਮਿਲ ਹੋਣ ਲਈ ਸੱਦੇ ਗਏ ਫ਼ਿਲਮੀ ਸਿਤਾਰਿਆਂ ਦੀਆਂ ਕਾਰਾਂ ਦਾ ਪਿੱਛਾ ਕਰਦੇ ਦਿਖਾਈ ਦਿੰਦੇ ਰਹੇ।
ਕੋਰੋਨਾਵਾਇਰਸ ਦੀ ਦੂਜੀ ਲਹਿਰ ਜਿਉਂ ਹੀ ਤਿੱਕੀ ਹੋਈ ਤਾਂ ਸਿਹਤ ਸਹੂਲਤਾਂ ਅਤੇ ਤਿਆਰੀਆਂ ਦੀ ਪੋਲ ਖੁੱਲ੍ਹ ਗਈ। ਹਸਪਤਾਲਾਂ ਵਿੱਚ ਨਾ ਸਿਰਫ਼ ਮਰੀਜ਼ਾਂ ਲਈ ਥਾਂ ਘਟ ਪਈ ਸਗੋਂ ਦਾਖ਼ਲ ਮਰੀਜ਼ਾਂ ਲਈ ਲੋੜੀਂਦੀਆਂ ਸਹੂਲਤਾਂ ਵੀ ਥੁੜ੍ਹ ਗਈਆਂ। ਆਕਸੀਜਨ ਦੀ ਘਾਟ ਸਾਰੇ ਮੁਲਕ ਵਿੱਚ ਦਰਜ ਹੋਈ ਅਤੇ ਹਸਪਤਾਲਾਂ ਵਿੱਚ ਵੱਡੇ ਹਾਦਸੇ ਆਕਸੀਜਨ ਦੀ ਜ਼ਰੂਰਤ ਪੂਰੀ ਨਾ ਹੋਣ ਕਾਰਨ ਵਾਪਰੇ। ਹਸਪਤਾਲਾਂ, ਸ਼ਮਸਾਨ ਘਾਟਾਂ ਅਤੇ ਕਬਰਸਤਾਨਾਂ ਦੇ ਬਾਹਰ ਦਾ ਨਜ਼ਾਰਾ ਸਰਕਾਰੀ ਬਦਇੰਤਜ਼ਾਮੀ ਨੂੰ ਉਘਾੜ ਰਿਹਾ ਸੀ ਜਦਕਿ ਹੁਕਮਰਾਨ ਪਾਰਟੀ ਦੇ ਵਜ਼ੀਰਾਂ ਸਮੇਤ ਪ੍ਰਧਾਨ ਮੰਤਰੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਸਰੂਫ਼ ਸੀ। ਜਿੰਨੀ ਦੇਰ ਤੱਕ ਮਰੀਜ਼ਾਂ ਦੀਆਂ ਮੌਤਾਂ ਅਤੇ ਮਰੀਜ਼ਾਂ ਦੇ ਸਾਕ-ਸਬੰਧੀਆਂ ਦੀ ਕੁਰਲਾਹਟ ਦੇ ਨਜ਼ਾਰੇ ਨੇ ਲੋਕਾਂ ਨੂੰ ਸੁੰਨ ਨਹੀਂ ਕੀਤਾ, ਮੀਡੀਆ ਸਰਕਾਰ ਦੀ ਬੋਲੀ ਬੋਲਦਾ ਰਿਹਾ।
ਕੋਰੋਨਾਵਾਇਰਸ ਨੇ ਵਿਗਿਆਨ ਸਾਹਮਣੇ ਨਵੇਂ ਸੁਆਲ ਪੇਸ਼ ਕੀਤੇ ਹਨ। ਜਰਾਸੀਮ ਦੀ ਪਛਾਣ ਅਤੇ ਮਰੀਜ਼ ਅੰਦਰ ਜਰਾਸੀਮ ਦੀ ਸ਼ਨਾਖ਼ਤ ਦੇ ਬੁਨਿਆਦੀ ਸੁਆਲ ਨਵੇਂ ਹੋਣ
ਦੇ ਬਾਵਜੂਦ ਵਿਗਿਆਨੀਆਂ ਨੇ ਦਿਨਾਂ ਵਿੱਚ ਹੀ ਪੁਖ਼ਤਾ ਢੰਗ ਨਾਲ ਸੁਲਝਾ ਲਏ ਹਨ। ਬਹੁਤ ਹੀ ਘੱਟ ਸਮੇਂ ਵਿੱਚ ਨਵੇਂ ਜਰਾਸੀਮ ਦੀ ਸ਼ਨਾਖ਼ਤ ਕਰ ਲਈ ਗਈ ਸੀ ਅਤੇ ਇਸ ਨਾਲ ਜੁੜੇ ਮਰਜ਼ ਦੀ ਜਾਂਚ ਕਰਨ ਲਈ ਮਿਆਰੀ ਤਰੀਕਾ ਬਣਾ ਲਿਆ ਗਿਆ ਸੀ।
ਰੋਕਥਾਮ ਅਤੇ ਇਲਾਜ ਨਾਲ ਜੁੜੇ ਸੁਆਲਾਂ ਉੱਤੇ ਖੋਜ ਹੋ ਰਹੀ ਹੈ, ਅਜ਼ਮਾਇਸ਼ਾਂ ਹੋ ਰਹੀਆਂ ਹਨ। ਰੋਕਥਾਮ ਨਹੀਂ ਤਾਂ ਘੱਟੋ-ਘੱਟ ਮਰਜ਼ ਦੀ ਮਾਰ ਘਟਾਉਣ ਵਾਲੇ ਕਈ ਤਰ੍ਹਾਂ ਦੇ ਟੀਕੇ ਬਣ ਗਏ ਹਨ। ਇਸ ਦੌਰਾਨ ਮਰਜ਼ ਦੇ ਲੱਛਣ, ਮਰੀਜ਼ਾਂ ਦੇ ਤੋਰੇ-ਫੇਰੇ ਅਤੇ ਮੇਲ-ਜੋਲ ਬਾਰੇ ਜਾਣਕਾਰੀ ਅਹਿਮ ਮੰਨੀ ਗਈ ਅਤੇ ਇਸ ਨੂੰ ਜੁਟਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਅਤੇ ਨਿਗਰਾਨੀ ਦੇ ਇੰਤਜ਼ਾਮ ਕੀਤੇ ਗਏ। ਕੋਰੋਨਾਵਾਇਰਸ ਦੀ ਰੋਕਥਾਮ ਦੇ ਇਨ੍ਹਾਂ ਇੰਤਜ਼ਾਮਾਤ ਵਿੱਚ ਸਮੁੱਚੀ ਜਾਣਕਾਰੀ ਓਨਲਾਇਨ ਲੈਣ-ਦੇਣ ਅਤੇ ਮੋਬਾਇਲ ਫੋਨ ਉੱਤੇ ਖ਼ਸੂਸੀ ਐਪਲੀਕੇਸ਼ਨਜ਼ (ਆਰੋਗਯਾ ਸੇਤੂ) ਡਾਊਨਲੋਡ ਕਰਨ ਦੀ ਵਕਾਲਤ ਕੀਤੀ ਗਈ। ਇਹ ਵਕਾਲਤ ਉਸ ਵੇਲੇ ਮਜਬੂਰੀ ਬਣਦੀ ਨਜ਼ਰ ਆਈ ਜਦੋਂ ਕੁਝ ਥਾਂਵਾਂ, ਇਮਾਰਤਾਂ ਅਤੇ ਦਫ਼ਤਰਾਂ ਵਿੱਚ ਇਨ੍ਹਾਂ ਐਪਲੀਕੇਸ਼ਨਜ਼ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ।
ਇਸ ਤਰ੍ਹਾਂ ਦੇ ਸਾਰੇ ਉਪਰਾਲਿਆਂ ਵਿੱਚ ਸਿਹਤ ਸਹੂਲਤਾਂ, ਬੀਮਾਰੀ ਦੀ ਰੋਕਥਾਮ ਅਤੇ ਮਰੀਜ਼ ਦੀ ਨਿਗਰਾਨੀ ਮਰਕਜ਼ੀ ਨੁਕਤੇ ਸਨ। ਇਸ ਮਕਸਦ ਲਈ ਵਰਤੀ ਜਾ ਰਹੀ ਤਕਨਾਲੋਜੀ ਕੋਰੋਨਾਵਾਇਰਸ ਤੋਂ ਪਹਿਲਾਂ ਵੀ ਚਰਚਾ ਵਿੱਚ ਸੀ। ਇਸ ਚਰਚਾ ਦਾ ਇੱਕ ਸਿਰਾ ਮਨੁੱਖੀ ਪੋਸ਼ੀਦਗੀ ਨਾਲ ਜੁੜਦਾ ਹੈ ਅਤੇ ਦੂਜਾ ਸਿਰਾ ਹਕੂਮਤ ਦੀ ਆਵਾਮ ਉੱਤੇ ਨਿਗਰਾਨੀ ਰਾਹੀਂ ਕਾਬੂ ਪਾਉਣ ਦੇ ਤਰ’ਦਦ ਨਾਲ ਜੁੜਦਾ ਹੈ। ਹਕੂਕਬਰਦਾਰ ਅਤੇ ਆਵਾਮੀ ਵਿਦਵਾਨ ਮਨੁੱਖੀ ਆਜ਼ਾਦੀ ਉੱਤੇ ਇਨ੍ਹਾਂ ਦੋਵੇਂ ਸਿਰਿਆਂ ਤੋਂ ਪਾਬੰਦੀਆਂ ਲਗਾਉਣ ਅਤੇ ਹਕੂਮਤ ਦਾ ਸੂਹੀਆਤੰਤਰ ਮਜ਼ਬੂਤ ਕਰਨ ਦੇ ਉਪਰਾਲਿਆਂ ਨੂੰ ਬੇਪਰਦ ਕਰਨ ਵਿੱਚ ਲੱਗੇ ਹੋਏ ਸਨ। ਜਦੋਂ ਕੋਰੋਨਾਵਾਇਰਸ ਦੀ ਰੋਕਥਾਮ ਅਤੇ ਮਰੀਜ਼ਾਂ ਦੀ ਨਿਗਰਾਨੀ ਲਈ ਉਹੋ ਤਕਨਾਲੋਜੀ ਵਰਤੀ ਜਾਂਦੀ ਹੈ ਤਾਂ ਸਿਹਤ ਅਤੇ ਸੂਹੀਆਤੰਤਰ ਦਾ ਗੱਠਜੋੜ ਬਣਦਾ। ਹੈ। ਮਨੁੱਖ ਦੀ ਆਪਣੀ ਹੀ ਸਿਹਤ ਦੇ ਸਰੋਕਾਰ ਨੂੰ ਸੂਹੀਅਤੰਤਰ ਦਾ ਹਿੱਸਾ ਬਣਾ ਲਏ।
ਜਾਣ ਦਾ ਖ਼ਦਸ਼ਾ ਖੜ੍ਹਾ ਹੋ ਜਾਂਦਾ ਹੈ। ਸੂਹੀਆਤੰਤਰ ਮਨੁੱਖ ਦੀ ਹਰਕਤ ਉੱਤੇ ਨਜ਼ਰ ਰੱਖ ਕੇ ਜਾਣਕਾਰੀ ਜੁਟਾਉਂਦਾ ਹੈ ਪਰ ਕੋਰੋਨਾਵਾਇਰਸ ਦੀਆਂ ਪੇਸ਼ਬੰਦੀਆਂ ਨਾਲ ਮਿਲ ਕੇ ਮਨੁੱਖੀ ਸਰੀਰ ਦੀ ਹਰਾਰਤ ਵੀ ਇਸ ਦੇ ਘੇਰੇ ਵਿੱਚ ਆ ਜਾਂਦੀ ਹੈ। ਮਨੁੱਖੀ ਸਿਹਤ ਦੇ ਸਰੋਕਾਰ ਨਾਲ ਜੁੜ ਕੇ ਆਵਾਮ ਦੇ ਸਿਰ ਉੱਤੇ ਮੰਡਰਾਉਣ ਵਾਲਾ ਸੂਹੀਆ ਬਿਨਾਂ ਕੋਈ ਸੂਈ ਲਗਾਏ ਮਨੁੱਖ ਦੀ ਚਮੜੀ ਹੇਠਾਂ ਹੁੰਦੀ ਹਰਕਤ ਨਾਪ ਸਕੇਗਾ ਅਤੇ ਇਸ ਤਰ੍ਹਾਂ ਇਕੱਠੀ ਕੀਤੀ ਜਾਣਕਾਰੀ ਆਪਣੇ ਤਸ਼ੱਦਦਖ਼ਾਨਿਆਂ ਵਿੱਚ ਤਾਇਨਾਤ ਪੜਤਾਲੀਆਂ ਤੱਕ ਪਹੁੰਚਾ ਸਕੇਗਾ। ਹਕੂਮਤ ਨੇ ਸੂਹੀਏ ਦੀ ਹੋਂਦ ਮਨੁੱਖ ਦੀ ਹਿਫ਼ਾਜ਼ਤ ਨਾਲ ਜੋੜ ਕੇ ਜਾਇਜ਼ ਕਰਾਰ ਦਿ’ਤੀ ਹੈ ਅਤੇ ਹੁਣ ਮਨੁੱਖੀ ਸਰੀਰ ਦੀ ਹਰਾਰਤ ਨੂੰ ਇਸੇ ਤੰਤਰ ਦੇ ਘੇਰੇ ਵਿੱਚ ਲਿਆਉਣ ਲਈ ਸਿਹਤ ਦਾ ਸਹਾਰਾ ਲਿਆ ਗਿਆ ਹੈ। ਤਬਲੀਗੀ ਜਮਾਤ ਦੇ ਅੰਕੜਿਆਂ ਦਾ ਸਰਕਾਰ ਦੇ ਅੰਕੜਿਆਂ ਵਿੱਚ ਖ਼ਸੂਸੀ ਜ਼ਿਕਰ ਇਸੇ ਰੁਝਾਨ ਨੂੰ ਜ਼ਾਹਿਰ ਕਰਦਾ ਹੈ। ਜਦੋਂ ਮਨੁੱਖੀ ਸਰੀਰ ਅੰਦਰਲੀ ਹਰਾਰਤ ਦੇ ਨਕਸ਼ ਡਾਕਟਰ ਦੀ ਨਜ਼ਰ ਵਿੱਚ ਬਣਦੇ ਹਨ। ਤਾਂ ਮਰਜ਼ ਦੀ ਸ਼ਨਾਖ਼ਤ ਹੁੰਦੀ ਹੈ ਅਤੇ ਦਵਾਈਆਂ/ਪਰਹੇਜ਼ਾਂ ਦੀਆਂ ਸਿਫ਼ਾਰਿਸ਼ਾਂ ਹੁੰਦੀਆਂ ਹਨ। ਜਦੋਂ ਹਰਾਰਤ ਦੀ ਇਹੋ ਜਾਣਕਾਰੀ ਖ਼ੁਫ਼ੀਆਤੰਤਰ ਦੇ ਪੜਤਾਲੀਆ ਮੁਲਾਜ਼ਮਾਂ ਕੋਲ ਪਹੁੰਚੇਗੀ ਤਾਂ ਇਸ ਨੂੰ ਮਨਫ਼ੀ-ਜਮ੍ਹਾਂ ਅਤੇ ਜ਼ਰਬ-ਤਕਸੀਮ ਕਰਨ ਦਾ ਮੰਤਰ ਮਨੁੱਖੀ ਹਰਕਤ, ਸਿਆਸਤ, ਹਾਲਾਤ, ਜਾਤ, ਜਮਾਤ, ਰੰਗ, ਨਸਲ, ਲਿੰਗ ਅਤੇ ਮਜ਼ਹਬ ਦੇ ਹਵਾਲੇ ਨਾਲ ਬਣੇਗਾ। ਮੀਡੀਆ ਨੇ ਇਸੇ ਜਾਣਕਾਰੀ ਦੇ ਹਵਾਲੇ ਨਾਲ ਤਬਲੀਗੀ ਜਮਾਤ ਦੁਆਲੇ ‘ਕੋਰੋਨਾ ਜੱਹਾਦ’ ਦਾ ਹਊਆ ਖੜ੍ਹਾ ਕੀਤਾ ਸੀ ਜੋ ਗੁੱਡਾ-ਤਬਕੇ ਦੀ ਜ਼ਬਾਨ ਉੱਤੇ ਚੜ੍ਹ ਕੇ ਨਫ਼ਰਤ ਫੈਲਾਉਣ ਦੇ ਹੁਨਰ ਦਾ ਮੁਜ਼ਾਹਰਾ ਕਰਦਾ ਰਿਹਾ।
ਇਸ ਦੌਰ ਵਿੱਚ ਅਦਾਲਤਾਂ ਨੇ ਆਪਣੀ ਭਰੋਸੇਯੋਗਤਾ ਨੂੰ ਵਧਾਉਣ/ਬਹਾਲ ਕਰਨ ਜਾਂ ਲੋਕਾਂ ਦੇ ਪੱਖ ਤੋਂ ਸਰਕਾਰੀ ਕੰਮ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਸਰਬਉੱਚ ਅਦਾਲਤ ਦੇ ਮੁੱਖ ਜੱਜ ਦੀ ਪੰਜਾਹ ਲੱਖੀ ਮੋਟਰਸਾਈਕਲ ਉੱਤੇ ਕੋਰੋਨਾਵਾਇਰਸ ਸਾਬਤ ਜਾਰੀ ਹੋਈਆਂ ਹਿਦਾਇਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਨੰਗੇ ਮੂੰਹ ਵਾਲੀ ਫੋਟੋ ਉੱਤੇ ਨਾਮੀ ਵਕੀਲ ਪ੍ਰਸ਼ਾਤ ਭੂਸ਼ਨ ਨੇ ਟਵਿੱਟਰ ਰਾਹੀਂ ਟਿੱਪਣੀ ਕੀਤੀ ਤਾਂ ਉਨ੍ਹਾਂ ਉੱਤੇ ਅਦਾਲਤ ਦੀ ਮਾਣ-ਹਾਨੀ ਦਾ ਮਾਮਲਾ ਦਰਜ ਕੀਤਾ ਗਿਆ। ਜਦੋਂ ਸਾਰੇ ਤੱਥ ਫੋਟੋ ਵਿੱਚ ਦਰਜ ਹੋਣ ਅਤੇ ਫੋਟੋ ਦੇ ਸੱਚ ਹੋਣ ਦੀ ਤਸਦੀਕ ਫੋਟੋ ਵਿਚਲਾ ਸ਼ਖ਼ਸ ਕਰਦਾ ਹੋਵੇ ਤਾਂ ਉਨ੍ਹਾਂ ਤੱਥਾਂ ਨੂੰ ਹਾਲਾਤ ਨਾਲ ਜੋੜ ਕੇ ਬਿਆਨ ਕਰਨਾ ਅਦਾਲਤ ਦੀ ਮਾਣ-ਹਾਨੀ ਹੋ ਗਿਆ। ਇਸ ਮਾਮਲੇ ਵਿੱਚ ਅਦਾਲਤ ਦੀ ਕਾਰਵਾਈ ਦੇ ਨਾਲ-ਨਾਲ ਮੀਂਡੀਆ ਦੀ ਪੇਸ਼ਕਾਰੀ ਮੁਲਕ ਦੇ ਭਾਰੂ ਰੁਝਾਨ ਨੂੰ ਉਘਾੜ ਕੇ ਪੇਸ਼ ਕਰਦੀ ਹੈ ਕਿ ਸਰਕਾਰ ਜਾਂ ਜ਼ਿੰਮੇਵਾਰ ਅਹੁਦਿਆਂ ਉੱਤੇ ਬੈਠੇ ਲੋਕਾਂ ਉੱਤੇ ਸੁਆਲ ਕਰਨ ਵਾਲਿਆਂ ਦੀ ‘ਮੁਲਕ ਵਿਰੋਧੀ’ ਵਜੋਂ ਸ਼ਨਾਖ਼ਤ ਕਿਵੇਂ ਕੀਤੀ ਜਾਂਦੀ ਹੈ। ਇਹੋ ਅਦਾਲਤ ਕਸ਼ਮੀਰ ਦੀ ਧਾਰਾ 370 ਤੋੜਨ ਅਤੇ ਸੂਬੇ ਦਾ ਰੁਤਬਾ ਖ਼ਤਮ ਕਰਨ ਦੇ ਨਾਲ-ਨਾਲ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਦੇ ਮਾਮਲਿਆਂ ਨੂੰ ਲਗਾਤਾਰ ਲਟਕਾ ਰਹੀ ਹੈ। ਇੰਝ ਮਹਾਂਮਾਰੀ ਦੇ ਦੌਰ ਵਿੱਚ ਮੀਡੀਆ ਅਤੇ ਸਰਕਾਰ ਦਾ ‘ਰਾਸ਼ਟਰਵਾਦ’ ਦੇ ਨਾਮ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦਾ ਰੁਝਾਨ ਹੋਰ ਮੂੰਹਜ਼ੋਰ ਹੋ ਗਿਆ ਹੈ। ਮਹਾਂਮਾਰੀ ‘ਰਾਸ਼ਟਰਵਾਦ’ ਦੇ ਨਾਮ ਉੱਤੇ ਸ਼ਹਿਰੀਆਂ ਨੂੰ ‘ਗੁੱਡਾ ਫ਼ਿਰਕਾ’ ਬਣਾਉਣ ਅਤੇ ਪੜਚੋਲੀਆਂ ਸੋਚ ਉੱਤੇ ਹਮਲਾ ਕਰਨ ਦਾ ਵੀ ਮੌਕਾ ਬਣ ਗਈ ਅਤੇ ਇਸ ਮੌਕੇ ਨੂੰ ਸਰਕਾਰ ਅਤੇ ਮੀਡੀਆ ਨੇ ਬੋਚ ਲਿਆ ਹੈ।
ਇਸੇ ਮਾਹੌਲ ਵਿੱਚ ਖੇਤੀ ਬਾਰੇ ਤਿੰਨ ਨਵੇਂ ਕਾਨੂੰਨ ਆਰਡੀਨੈਂਸ ਵਜੋਂ ਲਾਗੂ ਕੀਤੇ ਗਏ ਜਿਨ੍ਹਾਂ ਦਾ ਸੰਬੰਧ ਜਿਣਸਾਂ ਦੀ ਸਰਕਾਰੀ ਖ਼ਰੀਦ, ਠੇਕਾ ਖੇਤੀ ਅਤੇ ਲਾਜ਼ਮੀ ਵਸਤਾਂ ਦੇ ਭੰਡਾਰਨ ਨਾਲ ਹੈ। ਕੋਰੋਨਾਵਾਇਰਸ ਦੌਰਾਨ ਲੱਗੀਆਂ ਪਾਬੰਦੀਆਂ ਦੌਰਾਨ ਇਹ ਕਾਨੂੰਨ ਲਾਗੂ ਕੀਤੇ ਗਏ ਤਾਂ ਕਿਸਾਨ ਯੂਨੀਅਨ ਨੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਲਾਮਬੰਦੀ ਦਾ ਸਿਲਸਿਲਾ ਘਰਾਂ ਦੀਆਂ ਛੱਤਾਂ ਉੱਤੇ ਰੋਸ ਮੁਜ਼ਾਹਰਿਆਂ ਰਾਹੀਂ ਸ਼ੁਰੂ ਕੀਤਾ। ਇਨ੍ਹਾਂ ਕਾਨੂੰਨਾਂ ਬਾਬਤ ਦਲੀਲ ਇਹ ਦਿੱਤੀ ਗਈ ਕਿ ਇਹ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕਿਸਾਨੀ ਸੰਕਟ ਨੂੰ ਹੱਲ ਕਰਨ ਦੇ ਉਪਰਾਲੇ ਹਨ। ਕਿਸਾਨ ਆਗੂਆਂ ਅਤੇ ਵਿਦਵਾਨਾਂ ਨੇ ਦਲੀਲ ਦਿੱਤੀ ਕਿ ਖੇਤੀ ਵਿੱਚ ਸੁਧਾਰ ਲੋੜੀਂਦੇ ਹਨ ਪਰ ਇਹ ਕਾਨੂੰਨ ਹਾਲਾਤ ਨੂੰ ਬਦ ਤੋਂ ਬਦਤਰ ਕਰਨ ਵਿੱਚ ਸਹਾਈ ਹੋਣ ਵਾਲੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਨੂੰਨ ਕੰਪਨੀਆਂ ਦਾ ਮੁਨਾਫ਼ਾ ਵਧਾਉਣਗੇ, ਕਿਸਾਨਾਂ ਦਾ ਉਜਾੜਾ ਕਰਨਗੇ ਅਤੇ ਮੁਲਕ ਦੀ ਅੰਨਤ ਕੰਪਨੀਆਂ ਦਾ ਮਨਾਰਾ ਪੈਦਾ ਕਰਨਗੇ। ਲਾਗੂ ਕਰਨ ਲਈ ਆਰਡੀਨੈਂਸ ਦਾ ਰਾਹ ਅਖ਼ਤਿਆਰ ਕਰਨ ਦੀ ਕੀ ਲੋੜ ਸੀ। ਕਿਸਾਨ ਤੋਂ ਤਾਂ ਬਚ ਸਕਦੇ ਹਨ ਪਰ ਕਾਨੂੰਨਾਂ ਦੀ ਮਾਰ ਤੋਂ ਬਚਣਾ ਮੁਸ਼ਕਲ ਹੈ। ਉਨ੍ਹਾਂ ਦੀ ਦਲੀਲ ਹੈ ਕਿ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਉਹ ਕਾਨੂੰਨ ਬਣਾਏ। ਹਨ ਜੋ ਉਹ ਆਮ ਹਾਲਾਤ ਵਿੱਚ ਬਣਾਉਣ ਜਾਂ ਲਾਗੂ ਕਰਨ ਦਾ ਜੇਰਾ ਨਹੀਂ ਕਰ ਸਕਦੀ ਹੈ। ਇੱਕ ਪਾਸੇ ਸਰਕਾਰ ਲੋਕਾਂ ਨੂੰ ਮਹਾਂਮਾਰੀ ਦੇ ਨਾਮ ਉੱਤੇ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀ ਜ਼ਿੰਦਗੀ ਅਤੇ ਰੋਜ਼ੀ ਨਾਲ ਜੁੜੇ ਕਾਨੂੰਨ ਲਾਗੂ ਕਰ ਰਹੀ ਹੈ। ਨਤੀਜੇ ਵਜੋਂ ਕਿਸਾਨ ਜਥੇਬੰਦੀਆਂ ਨੇ ਪਾਬੰਦੀਆਂ ਤੋੜ ਕੇ ਧਰਨੈ- ਮੁਜ਼ਾਹਰਿਆਂ ਦਾ ਸਿਲਸਿਲਾ ਸ਼ੁਰੂ ਕੀਤਾ। ਵਧ ਰਹੇ ਰੋਸ ਦੇ ਬਾਵਜੂਦ ਸਰਕਾਰ ਨੇ ਸੰਸਦ ਵਿੱਚ ਕਾਨੂੰਨ ਪਾਸ ਕਰ ਦਿੱਤੇ। ਪੰਜਾਬ ਵਿੱਚੋਂ ਸ਼ੁਰੂ ਹੋਇਆ ਧਰਨੇ-ਮੁਜ਼ਾਹਰਿਆਂ ਦਾ ਸਿਲਸਿਲਾ ਦਿੱਲੀ ਦੀਆਂ ਸਰਹੱਦਾਂ ਉੱਤੇ ਨਵੰਬਰ 2020 ਤੋਂ ਲਗਾਤਾਰ ਜਾਰੀ ਹੈ। ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਪੱਖੀ ਕਰਾਰ ਦੇਣ ਲਈ ਆਪਣਾ ਸਰਕਾਰੀ, ਸਿਆਸੀ ਅਤੇ ਮੀਡੀਆ ਤੰਤਰ ਲਗਾ ਦਿੱਤਾ। ਸਰਕਾਰ ਅਤੇ ਮੀਡੀਆ ਨੇ ਮੁਜ਼ਾਹਰਾਕਾਰੀ ਕਿਸਾਨਾਂ ਖ਼ਿਲਾਫ਼ ਆਪਣੇ ਤਜਰਬੇ ਦਾ ਹਰ ਤਰੀਕਾ ਵਰਤਿਆ। ਕਿਸਾਨਾਂ ਨੂੰ ‘ਮੁਲਕ ਵਿਰੋਧੀ’, ‘ਕਿਸਾਨਾਂ ਦੇ ਭੇਸ ਵਿੱਚ ਨਕਸਲੀ’, ‘ਪਾਕਿਸਤਾਨੀ’, ‘ਵਿਦੇਸ਼ੀ’ ਅਤੇ ‘ਖ਼ਾਲਿਸਤਾਨੀ’ ਕਰਾਰ ਦਿੱਤਾ ਗਿਆ । ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਖ਼ਿਲਾਫ਼ ਮੁਜ਼ਾਹਰਿਆਂ ਨੂੰ ਬਦਨਾਮ ਕਰਨ ਵਾਲਾ ਸਮੁੱਚਾ ਚੌਖਟਾ ਖੇਤੀ ਕਾਨੂੰਨਾਂ ਖ਼ਿਲਾਫ਼ ਹੋ ਰਹੇ ਧਰਨੇ-ਮੁਜ਼ਾਹਰਿਆਂ ਉੱਤੇ ਵੀ ਲਾਗੂ ਕੀਤਾ ਗਿਆ।
ਕਾਨੂੰਨਾਂ ਦੀਆਂ ਇਹ ਦੋ ਤਿਕੜੀਆਂ ਅਤੇ ਇਨ੍ਹਾਂ ਨਾਲ ਜੁੜੇ ਸੁਆਲ ਕੋਰੋਨਾਵਾਇਰਸ ਤੋਂ ਪਹਿਲਾਂ ਵਾਲੇ ਦੌਰ ਅਤੇ ਮੌਜੂਦਾ ਦੌਰ ਦੇ ਸਰਕਾਰੀ-ਸਿਆਸੀ-ਰਿਆਸਤੀ ਅਮਲ ਨੂੰ ਸਮਝਣ ਦੇ ਅਹਿਮ ਬੰਨੇ ਹਨ। ਪਹਿਲੀ ਤਿਕੜੀ ਸਰਕਾਰ ਨੇ ਆਪਣੀ ਗਿਣਤੀ ਦੀ ਧੌਂਸ ਨਾਲ ਅਕਸਰੀਅਤ ਅਤੇ ਅਕਲੀਅਤ ਦੀ ਵੰਡੀ ਪਾ ਲਾਗੂ ਕੀਤੀ ਸੀ। ਦੂਜੀ ਤਿਕੜੀ ਖੇਤੀ ਨਾਲ ਜੁੜੀ ਮੁਲਕ ਦੀ ਬਹੁਗਿਣਤੀ ਦੇ ਖ਼ਿਲਾਫ਼ ਨਿੱਜੀ ਮੁਨਾਫ਼ੇ ਨੂੰ ਵਧਾਉਣ ਲਈ ਲਾਗੂ ਕੀਤੀ ਹੈ। ਪਹਿਲੀ ਤਿਕੜੀ ਲਾਗੂ ਕਰਨ ਲਈ ਅਕਸਰੀਅਤ ਦੀ ਤਾਕਤ ਨਾਲ ਰਿਆਸਤ ਦਾ ਰਸੂਖ ਜੋੜਿਆ ਗਿਆ। ਦੂਜੀ ਤਿਕੜੀ ਲਾਗੂ ਕਰਨ ਲਈ ਸਰਕਾਰੀ- ਸਿਆਸੀ-ਮੀਡੀਆ ਤੰਤਰ ਦੇ ਨਾਲ ਕੋਰੋਨਾਵਾਇਰਸ ਨੂੰ ਵਰਤਿਆ ਗਿਆ। ਕਸ਼ਮੀਰ ਦਾ ਖ਼ਸੂਸੀ ਰੁਤਬਾ ਖ਼ਤਮ ਕਰਨ ਲਈ ਕਰਫ਼ਿਊ ਦਾ ਸਹਾਰਾ ਲਿਆ ਗਿਆ ਸੀ ਅਤੇ ਕਿਸਾਨੀ ਦੀਆਂ ਖ਼ਸੂਸੀ ਸਹੂਲਤਾਂ ਖ਼ਤਮ ਕਰਨ ਲਈ ਕੋਰੋਨਾਵਾਇਰਸ ਕਾਰਨ ਲੱਗੇ ਕਰਫ਼ਿਊ ਉਰਫ਼ ਤਾਲਾਬੰਦੀ ਦਾ ਆਸਰਾ ਲਿਆ ਗਿਆ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਮੀਡੀਆ ਨੇ ਸਰਕਾਰੀ ਦਰਬਾਨ ਦਾ ਕੰਮ ਪੂਰੇ ਧੜੱਲੇ ਨਾਲ ਕੀਤਾ।
ਬਾਕੀ ਅਦਾਰਿਆਂ ਵਾਂਗ ਮੀਡੀਆ ਅਦਾਰਿਆਂ ਉੱਤੇ ਵੀ ਕੋਰੋਨਾਵਾਇਰਸ ਦੇ ਦੌਰ ਵਿੱਚ ਛੁੱਟੀਆਂ ਜਾਂ ਤਨਖ਼ਾਹ ਦੀਆਂ ਕਟੌਤੀਆਂ ਦੀ ਗਾਜ਼ ਗਿਰੀ। ਇਸੇ ਦੌਰਾਨ ਕੋਰੋਨਾਵਾਇਰਸ ਦੀਆਂ ਪਾਬੰਦੀਆਂ ਜਾਂ ਰੋਕਾਂ ਕਾਰਨ ਇੱਕ ਪਾਸੇ ਪੱਤਰਕਾਰਾਂ ਦੀ ਹਰਕਤ ਘਟ ਗਈ ਅਤੇ ਦੂਜੇ ਪਾਸੇ ਲੋਕ ਸੰਪਰਕ ਮਹਿਕਮੇ ਦੀ ਸਰਗਰਮੀ ਵਧ ਗਈ। ਹੁਣ ਟੈਲੀਵਿਜ਼ਨ ਨੂੰ ਲੋੜੀਂਦੇ ਦ੍ਰਿਸ਼ਾਂ ਦਾ ਚੋਖਾ ਹਿੱਸਾ ਪੱਤਰਕਾਰਾਂ ਦੇ ਕੰਮ ਦੀ ਪੈਦਾਵਾਰ ਨਹੀਂ ਹੈ ਸਗੋਂ ਸਰਕਾਰੀ, ਗ਼ੈਰ-ਸਰਕਾਰੀ, ਸਿਆਸੀ ਅਤੇ ਨਿੱਜੀ-ਉਦਮੀਆਂ ਦੇ ਲੋਕ ਸੰਪਰਕ ਅਮਲੇ ਦੀ ਪੈਦਾਵਾਰ ਹੈ । ਉਨ੍ਹਾਂ ਦੇ ਭੇਜੇ ਦ੍ਰਿਸ਼ ਅਤੇ ਬਿਆਨ ਖ਼ਬਰ ਵਜੋਂ ਨਸ਼ਰ ਹੁੰਦੇ ਹਨ। ਉਨ੍ਹਾਂ ਨੇ ਆਪਣੇ ਕੈਮਰੇ ਰਾਹੀਂ ਰਿਕਾਰਡ ਕਰ ਕੇ ਉੱਚ-ਮਿਆਰੀ ਦ੍ਰਿਸ਼ ਅਤੇ ਵੀਡੀਓ ਬਿਆਨ ਭੇਜਣ ਦਾ ਹੁਨਰ ਸਿੱਖ ਲਿਆ ਹੈ। ਇਸ ਹੁਨਰ ਤੋਂ ਵਿਹੂਣਾ ਤਬਕਾ ਪਹਿਲਾਂ ਵੀ ਖ਼ਬਰਾਂ ਵਿੱਚ ਜ਼ਿਆਦਾ ਥਾਂ ਨਹੀਂ ਘੇਰਦਾ ਸੀ ਪਰ ਹੁਣ ‘ਡਿਜੀਟਲ ਵੰਡੀ’ ਨੇ ਇਹ ਰੁਝਾਨ ਹੋਰ ਪੱਖਾ ਕਰ ਦਿੱਤਾ ਹੈ।
ਇਸ ਰੁਝਾਨ ਨੇ ਮੀਡੀਆ ਦੇ ਦਰਬਾਨ ਵਾਲੇ ਕਿਰਦਾਰ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਡਿਜੀਟਲ ਤਕਨਾਲੋਜੀ ਦਾ ਨਵਾਂ ਝਰਨਾ ਸਕਾਇਪ, ਚੂੰਮ ਅਤੇ ਵੀ-ਟਰਾਂਸਫਰ ਦੇ ਰੂਪ ਵਿੱਚ ਲੱਗ ਗਿਆ ਹੈ। ਕੋਰੋਨਾਵਾਰਿਸ ਦੇ ਪਰਦੇ ਹੇਠ ਇਹ ਤਜਰਬਾ ਕਿਸੇ ਪੜਚੋਲ ਦਾ ਵਿਸ਼ਾ ਨਹੀਂ ਬਣਿਆ। ਮੀਡੀਆ ਦੀ ਹਾਲਤ ਦੀ ਥਾਹ ਪਾਉਣ ਲਈ ਰਿਪੋਰਟਰਜ਼ ਸਾਨ ਫਰੰਟੀਅਰਜ਼ ਦੀ ਸਾਲਾਨਾ ਰਪਟ ਅਹਿਮ ਹੈ। ਇਸ ਰਪਟ ਮੁਤਾਬਕ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿੱਚ ਇੰਡੀਆ 2019 ਵਿੱਚ 140ਵੇਂ ਤੋਂ 2020 ਵਿੱਚ ਖਿਸਕ ਕੇ 142ਵੇਂ ਥਾਂ ਉੱਤੇ ਆ ਗਿਆ। ਕੁੱਲ 180 ਮੁਲਕਾਂ ਦੀ ਇਸ ਰਪਟ ਵਿੱਚ ਇੰਡੀਆ ਤੋਂ ਹੇਠਾਂ ਦੱਖਣੀ ਏਸ਼ੀਆ ਦਾ ਇੱਕੋ-ਇੱਕ ਮੁਲਕ ਪਾਕਿਸਤਾਨ (145ਵਾਂ) ਹੈ।
ਮਰਜ਼ ਦੀ ਦਹਿਸ਼ਤ ਬਾਰੇ ਪੇਸ਼ਕਾਰੀ ਦਹਿਸ਼ਤਗਰਦੀ ਜਾਂ ਸਮਾਜ ਦੇ ਕਿਸੇ ਤਬਕੇ ਨੂੰ ਪਰਾਇਆ ਕਰਾਰ ਦਿੱਤੇ ਜਾਣ ਵਾਲੇ ਮੂੰਹਜ਼ੋਰ ਮੀਡੀਆ ਰੁਝਾਨ ਵਿੱਚ ਹੋਈ। ਪੁਰਾਣੀ। ਮੂੰਹਜ਼ੋਰੀ ਅਤੇ ਮਰਜ਼ ਦੀ ਨਵੀਂ ਦਹਿਸ਼ਤ ਨੇ ਨਫ਼ਰਤ ਦੀ ਦੋਗਲੀ ਨਸਲ ਤਿਆਰ ਕਰੋ। ਦਿੱਤੀ ਜੋ ਪੁਰਾਣੇ ਤਜਰਬੇ ਅਤੇ ਨਵੀਂ ਬੋਲੀ ਨਾਲ ਜ਼ਿਆਦਾ ਬੇਕਿਰਕੀ ਵਰਤਾਉਣ ਲੱਗੀ। ਦੁਸ਼ਮਣ ਦੇ ਪੁਰਾਣੇ ਅਕਸ ਵਿੱਚ ਜਰਾਸੀਮ ਅਤੇ ਮਰਜ਼ ਰੂਪੀ ਨਵੇਂ ਨਕਸ਼ ਨਿਕਲ ਆਏ। ਜਾਰੀ ਕੀਤੇ ਜਾ ਰਹੇ ਫ਼ਤਵਿਆਂ ਲਈ ਕੋਈ ਦਲੀਲ ਦਰਕਾਰ ਨਹੀਂ ਸੀ। ਇਸ ਮਾਹੌਲ ਵਿੱਚ ਮਨੁੱਖ ਦੇ ਬਿਹਤਰੀਨ ਰਿਸ਼ਤੇ ਤਿੜਕਣ ਲੱਗੇ ਤਾਂ ਦਲੀਲਮੰਦੀ ਦਾ ਸਮੁੱਚਾ ਘੇਰਾ ਪਸ਼ੂਬਲ ਨੇ ਆਣ ਮੱਲਿਆ। ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦੌਰਾਨ ਮਰਜ਼ ਦਾ ਸ਼ਿਕਾਰ ਹੋਣ ਵਾਲਿਆਂ ਦੇ ਪਰਿਵਾਰਾਂ ਨੇ ਲਾਸ਼ਾਂ ਕਿਓਂਟਣ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਕਈ ਥਾਈਂ ਤਾਂ ਲੋਕਾਂ ਨੇ ਮਰੀਜ਼ਾਂ ਦੀਆਂ ਲਾਸ਼ਾਂ ਤੋਂ ਮਸਾਣਾਂ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ । ਕੋਰੋਨਾਵਾਇਰਸ ਦੇ ਦੂਜੀ ਲਹਿਰ ਵਿੱਚ ਮਸਾਣਾਂ ਵਿੱਚ ਲਾਸ਼ਾਂ ਲਈ ਥਾਂ ਘਟ ਗਈ ਅਤੇ ਗੰਗਾ ਦੇ ਦੁਆਲੇ ਲਾਵਾਰਿਸ ਲਾਸ਼ਾਂ ਦਫ਼ਨਾਉਣ ਦਾ ਮੰਜ਼ਰ ਬੇਮੌਤ ਮਰੇ ਲੋਕਾਂ ਦੀਆਂ ਲਾਸ਼ਾਂ ਦੀ ਬੇਕਦਰੀ ਬਿਆਨ ਕਰਦਾ ਹੈ।
ਇਸ ਸਮੁੱਚੇ ਦੌਰ ਵਿੱਚ ਮੀਡੀਆ, ਰਿਆਸਤ ਅਤੇ ਸਰਕਾਰ ਨੇ ਆਪਣਾ ਮੌਕਾ ਤਾੜਿਆ ਪਰ ਬੇਗ਼ਰਜ਼ ਸੇਵਾ ਕਰਨ ਵਾਲਿਆਂ ਨੇ ਵੀ ਆਪਣਾ ਕੰਮ ਕੀਤਾ। ਇੱਕ ਪਾਸੇ ਹਕੂਮਤ ਨੇ ਆਪਣੇ ਦਾਮਨ ਉੱਤੇ ਲੱਗੇ ਦਾਗ਼ ਧੋਣ ਦੇ ਮੌਕੇ ਦਾ ਲਾਹਾ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਦੂਜੇ ਪਾਸੇ ਦਰਦਮੰਦ ਆਵਾਮ ਨੇ ਆਪਣੇ ਦਾਮਨ ਨੂੰ ਬੇਦਾਗ਼ ਰੱਖਣ ਦਾ ਤਰੱਦਦ ਬੇਗ਼ਰਜ਼ ਸੇਵਾ ਰਾਹੀਂ ਕੀਤਾ। ਹੁਕਮਰਾਨ ਧਿਰ ਦੇ ਬੁਲਾਰਿਆਂ, ਟਰੋਲਾਂ ਅਤੇ ਗੁੰਡਾ-ਫ਼ਿਰਕੇ ਨੇ ਮਨਸੂਈ ਖ਼ਬਰਾਂ ਫੈਲਾਈਆਂ ਅਤੇ ਮੀਡੀਆ ਨੇ ਇਨ੍ਹਾਂ ‘ਖ਼ਬਰਾਂ’ ਉੱਤੇ ਹੀ ‘ਨਗਾਰਖ਼ਾਨਾ’ ਬਹਿਸਾਂ ਕੀਤੀਆਂ।
ਕੋਰੋਨਾਵਾਇਰਸ ਜਰਾਸੀਮ ਵਜੋਂ ਨਵਾਂ ਹੈ ਪਰ ਦੌਰ ਵਜੋਂ ਪੁਰਾਣਾ ਰੁਝਾਨ ਕਾਇਮ ਹੈ। ਇਸ ਦੌਰ ਨੇ ਆਪਣਾ ਹਿੱਸਾ ਪਾਇਆ ਹੈ ਅਤੇ ਡਿਜੀਟਲ ਪਾੜਾ ਹੋਰ ਉਘਾੜ ਦਿੱਤਾ। ਹੈ। ਵੈਕਸੀਨ ਦੀ ਪਹੁੰਚ ਦੇ ਹਵਾਲੇ ਨਾਲ ਹਰ ਤਰ੍ਹਾਂ ਦਾ ਸਮਾਜਿਕ ਪਾੜਾ ਹੋਰ ਪੁਖ਼ਤਾ ਹੋ ਗਿਆ ਹੈ। ਸਿਹਤ ਲਈ ਲਾਜ਼ਮੀ ਸਮਝੀ ਜਾ ਰਹੀ ਦਵਾਈ ਇੰਟਰਨੈੱਟ ਦੀ ਰਫ਼ਤਾਰ ਦੇ ਹਵਾਲੇ ਨਾਲ ਸ਼ਹਿਰੀ ਅਤੇ ਅਮੀਰ ਤਬਕੇ ਦੇ ਖ਼ਸੂਸੀ ਹਕੂਕ ਵਿੱਚ ਸ਼ਾਮਿਲ ਹੋ ਗਈ ਹੈ। ਸ਼ਹਿਰੀ ਤਬਕਾ ਪੇਂਡੂ ਤਬਕੇ ਦੇ ਖ਼ਾਤੇ ਪਾਈ ਗਈ ਦਵਾਈ ਉੱਤੇ ਵੀ ਇੰਟਰਨੈੱਟ ਦੇ ਜ਼ੋਰ ਨਾਲ ਪਹਿਲ ਲੈ ਜਾਂਦਾ ਹੈ ਅਤੇ ਪਿੰਡਾਂ ਵਿੱਚੋਂ ਦਰਜ ਹੋ ਰਿਹਾ ਵੈਕਸੀਨ ਦਾ ਅੰਕੜਾ ਵੀ ਸ਼ਹਿਰੀ ਆਬਾਦੀ ਦੇ ਖ਼ਾਤੇ ਪੈ ਰਿਹਾ ਹੈ।
ਰਵੀਸ਼ ਕੁਮਾਰ ਦੀ ਇਸ ਕਿਤਾਬ ਵਿੱਚ ਕੋਰੋਨਾਵਾਇਰਸ ਤੋਂ ਪਹਿਲਾਂ ਦਾ ਦੌਰ ਦਰਜ ਹੈ। ਉਨ੍ਹਾਂ ਨੇ ਨੋਟਬੰਦੀ, ਜ਼ਬਾਨਬੰਦੀ ਅਤੇ ‘ਗੁੱਡਾ ਫ਼ਿਰਕੇ ਦੀ ਬਣਤਰ ਬਾਰੇ – ਮਿਸਾਲਾਂ ਸਮੇਤ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਹਨ। ਕਿਤਾਬ ਦਰਜ ਕਰਦੀ ਹੈ ਕਿ ਸਰਕਾਰ ਹਰ ਸੁਆਲ ਨੂੰ ਹਕਾਰਤ ਨਾਲ ਵੇਖਦੀ ਹੈ ਅਤੇ ਸੁਆਲ ਕਰਨ ਵਾਲਿਆਂ ਖ਼ਿਲਾਫ਼ ‘ਟਰੋਲ ਲਸ਼ਕਰਾਂ’ ਦੀ ਪੁਸ਼ਤਪਨਾਹੀ ਕਰਦੀ ਹੈ। ਇਸ ਸਮੁੱਚੇ ਮੀਡੀਆ ਰੁਝਾਨ ਵਿੱਚ ਮਨੁੱਖ ਦੇ ਸ਼ਹਿਰੀ ਹੋਣ ਦੀ ਪਛਾਣ ਨੂੰ ਖੋਰਾ ਲਗਦਾ ਹੈ ਅਤੇ ਇਨਸਾਫ਼ਪਸੰਦੀ ਦਾ ਹਰ ਮਾਮਲਾ ਰਾਸ਼ਟਰਵਾਦ ਦੀ ਅੱਗ ਵਿੱਚ ਫ਼ਨਾਹ ਹੋ ਜਾਂਦਾ ਹੈ। ਕੋਰੋਨਾਵਾਇਰਸ ਨੇ ਰਵੀਸ਼ ਕੁਮਾਰ ਦੇ ਸੁਆਲਾਂ ਦੀ ਅਹਿਮੀਅਤ ਵਧਾ ਦਿੱਤੀ ਹੈ ਪਰ ਨਾਲ ਹੀ ਇਸ ਦੌਰ ਦੇ ਸਰਕਾਰੀ-ਸਿਆਸੀ-ਸੂਹੀਆ ਅਮਲਾਂ ਨੇ ਇਨ੍ਹਾਂ ਸੁਆਲਾਂ ਨੂੰ ਪੁੱਛਣ ਵਾਲਿਆਂ ਦੁਆਲੇ ਰੋਕਾਂ ਦੀਆਂ ਪੇਸ਼ਬੰਦੀਆਂ ਮਜ਼ਬੂਤ ਕਰ ਦਿੱਤੀਆਂ ਹਨ। ਰਵੀਸ਼ ਨੇ ਕੋਰੋਨਾਵਾਇਰਸ ਦੇ ਦੌਰ ਵਿੱਚ ਆਪਣੀ ਪੱਤਰਕਾਰਾ ਰੀਤ ਨੂੰ ਤਮਾਮ ਮੁਸ਼ਕਲਾਂ ਦੇ ਬਾਵਜੂਦ ਕਾਇਮ ਰੱਖਿਆ ਹੈ। ਉਨ੍ਹਾਂ ਨੇ ਲਗਾਤਾਰ ਕਿਸਾਨ ਮੋਰਚੇ ਬਾਰੇ ਦਲੀਲਮੰਦ ਅਤੇ ਤੱਥ ਮੂਲਕ ਪੱਤਰਕਾਰੀ ਕੀਤੀ ਹੈ। ਕੋਰੋਨਾਵਾਇਰਸ ਨੇ ਯੂਨੀਵਰਸਿਟੀਆਂ-ਕਾਲਜਾਂ ਦੇ ਕੰਮਾਂ ਵਿੱਚ ਵਿਘਨ ਪਾਇਆ ਹੈ ਪਰ ਵੱਟਸਐਪ ਯੂਨੀਵਰਸਿਟੀ ਦੇ ਗਿਆਨ ਦੀ ਖ਼ਪਤ ਵਿੱਚ ਵਾਧਾ ਕਰ ਦਿੱਤਾ ਹੈ। ਕੋਰੋਨਵਾਇਰਸ ਦੇ ਦੌਰ ਵਿੱਚ ਇਹ ਕਿਤਾਬ ਅਹਿਮ ਹੈ ਕਿਉਂਕਿ ਨਵੇਂ ਜਰਾਸੀਮ ਦੀ ਮਾਰ ਪੁਰਾਣੇ ਮਰਜ਼ਾਂ ਉੱਤੇ ਪਰਦਾ ਪਾ ਰਹੀ ਹੈ। ਸ਼ਹਿਰੀ ਦਾ ਰੁਤਬਾ ਕਾਇਮ ਰੱਖਣ ਅਤੇ ਸਮਾਜ ਵਿੱਚ ਜਮਹੂਰੀਅਤ ਬਹਾਲ ਰੱਖਣ ਲਈ ਜੇ ਤੰਦਰੁਸਤ ਸਰੀਰ ਦਰਕਾਰ ਹਨ ਤਾਂ ਪੜਚੋਲੀਆ ਦਿਮਾਗ਼ ਵੀ ਦਰਕਾਰ ਹਨ।
ਇਹ ਕਿਤਾਬ ‘ਦ ਸਪੀਕਿੰਗ ਟਾਈਗਰ’ ਵਾਲੀ ਰਾਧਿਕਾ ਸ਼ਿਨੋਏ ਅਤੇ ਵੈਨਕੂਵਰ ਵਾਸੀ ਭੁਪਿੰਦਰ ਸਿੰਘ ਮੱਲ੍ਹੀ ਅਤੇ ਲਵਪ੍ਰੀਤ ਸਿੰਘ ਸੰਧੂ ਦੀ ਟੀਮ ਦੀ ਬਲੌਦਤ ਆਪ ਜੀ ਦੇ ਹੱਥਾਂ ਵਿੱਚ ਹੈ। ਇਸ ਤੋਂ ਬਿਨਾਂ ਜਿਨ੍ਹਾਂ ਨੇ ਇਸ ਕਿਤਾਬ ਦੀ ਬੇਸਬਰੀ ਨਾਲ ਉਡੀਕ ਕੀਤੀ ਅਤੇ ਸਾਡੇ ਉੱਤੇ ਯਕੀਨ ਕਾਇਮ ਰੱਖਿਆ, ਉਨ੍ਹਾਂ ਦਾ ਸ਼ੁਕਰਾਨਾ ਇਸ ਕਿਤਾਬ ਦੀ ਹੋਂਦ ਵਿੱਚ ਨਿਹਿਤ ਹੈ। ਆਪ ਜੀ ਦੇ ਹੁੰਗਾਰੇ ਦੀ ਉਡੀਕ ਰਹੇਗੀ।
ਦਲਜੀਤ ਅਮੀ
ਬੋਲ ਬੰਦਿਆ ਰਵੀਸ਼ ਕੁਮਾਰ
“ਇੱਕ ਜੱਜ ਫੋਤ ਹੋ ਗਿਆ। ਉਸ ਦਾ ਪੁੱਤ ਅਤੇ ਪਤਨੀ ਆਪਣੇ ਮਨ ਦੀ ਗੱਲ ਨਹੀਂ ਕਹਿ ਸਕਦੇ। ਕੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਨੂੰ ਉਨ੍ਹਾਂ ਦੀ ਹਿਫਾਜ਼ਤ ਦਾ ਯਕੀਨ ਨਹੀਂ ਦਿਵਾਉਣਾ ਚਾਹੀਦਾ ਤਾਂ ਜੋ ਉਹ ਆਪਣੇ ਮਨ ਦੀ ਗੱਲ ਕਹਿ ਸਕਣ? ਜੇ ਕਿਸੇ ਖ਼ੌਫ਼ਜ਼ਦਾ ਸ਼ਹਿਰੀ ਦੀ ਬੋਲਣ ਵੇਲੇ ਹਿੰਮਤ ਜੁਆਬ ਦੇ ਜਾਂਦੀ ਹੈ ਅਤੇ ਜਿਉਂਣ ਦੀ ਤਾਂਘ ਖੁਰ ਜਾਂਦੀ ਹੈ ਤਾਂ ਉਸ ਦਾ ਹੌਸਲਾ ਕਿਸ ਨੇ ਬਨ੍ਹਾਉਣਾ ਹੈ? ਜੇ ਸੰਵਿਧਾਨ ਦੇ ਰਾਖੇ ਹੋਣ ਦੇ ਬਾਵਜੂਦ ਸਰਵਉੱਚ ਅਦਾਲਤ ਦੇ ਮੁੱਖ ਜੱਜ ਅਤੇ ਪ੍ਰਧਾਨ ਮੰਤਰੀ ਇਹ ਯਕੀਨ ਨਹੀਂ ਬਨ੍ਹਾ ਸਕਦੇ ਤਾਂ ਇਹ ਕੰਮ ਹੋਰ ਕਿਸ ਨੇ ਕਰਨਾ ਹੈ? ਕੀ ਅਸੀਂ ਹਕੂਮਤ ਨੂੰ ਖ਼ੌਫ ਦੀ ਅਜਿਹੀ ਚਾਦਰ ਵਾਂਗ ਬੁਣ ਲਿਆ ਹੈ ਜੋ ਸਾਨੂੰ ਖ਼ੌਫ਼ਜ਼ਦਾ ਕਰਦੀ ਹੈ ਅਤੇ ਅਸੀਂ ਆਪਣੀ ਹਿਫ਼ਾਜ਼ਤ ਲਈ ਇਸੇ ਨੂੰ ਆਪਣੇ ਉੱਤੇ ਤਾਣ ਰਹੇ ਹਾਂ, ਅਤੇ ਉਸੇ ਖੌਫ ਹੇਠ ਨਿਤਾਣੇ ਜਿਹੇ ਰਹਿੰਦੇ ਹਾਂ ਜਿਸ ਨੇ ਸਾਨੂੰ ਕਾਂਬਾ ਚਾੜ੍ਹਿਆ ਹੋਇਆ ਹੈ? ਹਰ ਆਮ ਸ਼ਹਿਰੀ ਨੂੰ ਇਨ੍ਹਾਂ ਸੁਆਲਾਂ ਦੇ ਜੁਆਬ ਲੋੜੀਂਦੇ ਹਨ ਜਾਂ ਫਿਰ ਹਰ ਕਿਸੇ ਨੂੰ ਯਕੀਨ ਹੋ ਜਾਵੇਗਾ ਕਿ ਜੇ ਜੱਜ ਨਾਲ ਅਜਿਹਾ ਹੋ ਸਕਦਾ ਤਾਂ ਕੋਈ ਮਹਿਫੂਜ਼ ਨਹੀਂ ਹੈ।
ਮੈਂ ਤੁਹਾਡੇ ਸਾਹਮਣੇ ਇਕਬਾਲ ਕਰਨਾ ਚਾਹੁੰਦਾ ਹਾਂ। ਜਦੋਂ ਮੈਂ ਇਹ ਖ਼ਬਰ ਪੜ੍ਹੀ ਤਾਂ ਮੈਨੂੰ ਡਰ ਦਾ ਅਹਿਸਾਸ ਹੋਇਆ ਸੀ। ਇਸ ਦੇ ਬਾਵਜੂਦ ਮੈਂ ਆਪਣਾ ਪ੍ਰਾਈਮ ਟਾਈਮ ਅਨੁਰਾਧਾ ਬਿਆਨੀ ਦੇ ਨਾਮ ਕਰਨਾ ਹੈ ਤਾਂ ਕਿ ਉਸ ਨੂੰ ਇਹ ਨਾ ਲੱਗੇ ਕਿ ਜਦੋਂ ਉਸ ਦੇ ਜੱਜ ਲੱਗੇ ਹੋਏ ਭਰਾ ਦੀ ਮੌਤ ਵਿੱਚ ਕਤਲ ਦੀ ਗੁੰਜਾਇਸ਼ ਸੀ ਤਾਂ ਅਸੀਂ ਬੋਲੇ ਨਹੀਂ ਸਾਂ। ਜੱਜ ਲੋਯਾ ਦੇ ਪੁੱਤ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਜਦੋਂ ਉਸ ਦੇ ਪਿਓ ਦਾ ਕਤਲ ਹੋਇਆ ਸੀ ਤਾਂ ਉਸ ਦੇ ਮੁਲਕ ਦੇ ਸ਼ਹਿਰੀ ਬੋਲੇ ਨਹੀਂ ਸਨ। ਅਜਿਹਾ ਨਹੀਂ ਕਿ ਅਸੀਂ ਡਰੇ ਹੋਏ ਨਹੀਂ ਹਾਂ, ਅਸੀਂ ਡਰੇ ਹੋਏ ਹਾਂ। ਖ਼ੌਫ਼ ਦੀ ਇਸ ਚਾਦਰ ਨੂੰ ਚਾਕ ਕਰਨ ਦਾ ਇੱਕੋ ਤਰੀਕਾ ਸੀ ਕਿ ਇਹ ਖ਼ਬਰ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ। ਹੁਣ ਜੋ ਹੋਣਾ ਹੈ, ਉਹ ਹੋਵੇ।”
“ਹੁਣ ਜੋ ਹੋਣਾ ਹੈ, ਉਹ ਹੋਵੇ।” 23 ਨਵੰਬਰ 2017 ਨੂੰ ਪ੍ਰਾਈਮ ਟਾਈਮ ਦਾ ਇਹ ਆਖ਼ਰੀ ਫ਼ਿਕਰਾ ਸੀ ਜੋ ਮੇਰੇ ਸਾਹਮਣੇ ਜੁੜੀ ਸੰਗਤ ਲਈ ਸੀ ਅਤੇ ਮੇਰੇ ਆਪਣੇ ਲਈ ਵੀ ਸੀ। ਇਸ ਨਾਲ ਮੈਂ ਦੋ ਦਿਨਾਂ ਦੇ ਖ਼ੌਫ਼ ਦੀ ਗਲਘੋਟੂ ਜਕੜ ਵਿੱਚੋਂ ਛੁੱਟ ਗਿਆ ਸਾਂ। ਇਸ ਪੂਰੇ ਸ਼ੋਅ ਦੌਰਾਨ ਇਹ ਅਹਿਸਾਸ ਮੇਰੇ ਉੱਤੇ ਤਾਰੀ ਰਿਹਾ ਸੀ ਕਿ ਹਰ ਲਫ਼ਜ਼ ਮੈਨੂੰ ਪਿੱਛੇ ਨੂੰ ਖਿੱਚ ਰਿਹਾ ਸੀ, ਜਿਵੇਂ ਮੈਨੂੰ ਖ਼ਬਰਦਾਰ ਕਰ ਰਿਹਾ ਹੋਵੇ: “ਬਹੁਤ ਹੋ ਗਿਆ। ਹੋਰ ਅੱਗੇ ਨਾ ਜਾ। ਆਪਣੇ ਖ਼ੌਫ਼ ਵਿੱਚੋਂ ਬਾਹਰ ਨਿਕਲਣ ਲਈ ਤੂੰ ਆਪਣੀ ਅਤੇ ਆਪਣਿਆਂ ਦੀ ਜ਼ਿੰਦਗੀ ਦਾਅ ਉੱਤੇ ਨਹੀਂ ਲਗਾ ਸਕਦਾ। ਬੋਲਣ ਨਾਲ ਖ਼ੌਫ਼ ਖ਼ਤਮ ਨਹੀਂ ਹੋ ਜਾਂਦਾ। ਜਦੋਂ ਤੁਸੀਂ ਬੋਲ ਹਟਦੇ ਹੋ ਤਾਂ ਖ਼ੌਫ਼ ਆਪਣਾ ਮਕੜ-ਜਾਲ਼ ਵਿਛਾ ਕੇ ਅਤੇ ਫਾਹੀਆਂ ਲਗਾ ਕੇ ਤੁਹਾਡੀ ਉਡੀਕ ਕਰਦਾ ਹੈ।”
ਮੈਂ ਤਾਂ ਬੋਲ ਪਿਆ ਸਾਂ, ਅਤੇ ਆਜ਼ਾਦ ਹੋ ਗਿਆ ਸਾਂ ।
ਮੈਂ ਨਵੰਬਰ ਦੀ ਉਸ ਸ਼ਾਮ ਨੂੰ ਜਦੋਂ ਅਮੂਮਨ ਆਪਣਾ ਪ੍ਰਾਈਮ ਟਾਈਮ ਸ਼ੋਅ ਕਰਨ ਲਈ ਐੱਨ.ਡੀ.ਟੀ.ਵੀ. ਦੇ ਸਟੂਡੀਓ ਜਾ ਰਿਹਾ ਸਾਂ ਤਾਂ ਮੈਂ ਸ਼ੱਕੀ ਹਾਲਾਤ ਵਿੱਚ ਹੋਈ ਜੱਜ ਦੀ ਮੌਤ ਨਾਲ ਜੁੜੇ ਇਲਜ਼ਾਮਾਤ ਬਾਬਤ ਪਸਰੀ ਚੁੱਪ ਨਾਲ ਘੁਲ਼ ਰਿਹਾ ਸਾਂ। ਖ਼ਬਰ ਦੇ ਨਸ਼ਰ ਹੋਣ ਤੋਂ ਤਿੰਨ ਦਿਨ ਬਾਅਦ ਵੀ ਇਸ ਚੁੱਪ ਦੀ ਚਾਦਰ ਤਣੀ ਹੋਈ ਸੀ। ਕਾਰਵਾਂ ਨਾਮ ਦੇ ਰਸਾਲੇ ਨੇ ਜੱਜ ਬ੍ਰਿਜਗੋਪਾਲ ਹਰਿਕ੍ਰਿਸ਼ਨ ਲੋਯਾ ਦੀ ਮੌਤ ਬਾਬਤ ਸੁਆਲ ਕੀਤੇ ਸਨ। ਉਹ ਜੱਜ ਵਜੋਂ ਸੀ.ਬੀ.ਆਈ ਦੀ ਅਦਾਲਤ ਵਿੱਚ ਸੋਹਰਾਬੁਦੀਨ ਸ਼ੇਖ਼ ਦਾ ਮਾਮਲਾ ਸੁਣ ਰਿਹਾ ਸੀ ਜਿਸ ਵਿੱਚ ਮੁੱਖ ਮੁਲਜ਼ਮ ਭਾਜਪਾ ਦਾ ਪ੍ਰਧਾਨ ਅਮਿਤ ਸ਼ਾਹ ਸੀ। ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਅਦ ਜੱਜ ਦੀ ਪਤਨੀ ਅਤੇ ਪੁੱਤਰ ਦਾ ਕੋਈ ਬਿਆਨ ਨਹੀਂ ਆਇਆ ਸੀ। ਕੀ ਕਿਸੇ ਤਰ੍ਹਾਂ ਦੀ ਦਹਿਸ਼ਤ ਕਾਰਨ ਉਹ ਪਰਿਵਾਰ ਕੁਝ ਨਹੀਂ ਕਹਿ ਸਕਿਆ ਸੀ? ਕੀ ਲੋਕ ਇੰਨੇ ਵੀ ਖ਼ੌਫ਼ਜ਼ਦਾ ਹੋ ਸਕਦੇ ਹਨ ਕਿ ਉਨ੍ਹਾਂ ਦਾ ਯਕੀਨ ਹਰ ਕਿਸੇ ਤੋਂ ਉੱਠ ਜਾਵੇ? ਆਪਣੇ-ਆਪ ਤੋਂ ਯਕੀਨ ਖ਼ਤਮ ਹੋ ਜਾਵੇ? ਮੈਂ ਆਪ ਉਸੇ ਖ਼ੌਫ਼ ਹੇਠ ਜਿਊਂ ਰਿਹਾ ਸੀ ਜਿਹੜਾ ਉਨ੍ਹਾਂ ਦੇ ਅੰਦਰ ਘਰ ਕਰ ਗਿਆ ਸੀ। ਮੈਂ ਫ਼ਿਕਰਮੰਦ ਸਾਂ ਕਿ ਹੋ ਸਕਦਾ ਹੈ ਕਿ ਕਾਰਵਾਂ ਦੀ ਖ਼ਬਰ ਗ਼ਲਤ ਹੋਵੇ। ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੈਂ ਆਪਣੇ-ਆਪ ਨੂੰ ਦਾਅ ਉੱਤੇ ਲਗਾ ਦਿੱਤਾ ਸੀ। ਇਹ ਖ਼ਬਰ ਮੇਰੀ ਨਹੀਂ ਸੀ ਪਰ ਹੁਣ ਮੇਰੀ ਵੀ ਹੋ ਗਈ ਸੀ।
ਮੈਂ ਕਾਰਵਾਂ ਦੀ ਖ਼ਬਰ ਬਾਬਤ ਤਾਂ ਦਾਅਵਾ ਨਹੀਂ ਕਰ ਸਕਦਾ ਪਰ ਇਸ ਦੇ ਦੁਆਲੇ ਪਸਰੀ ਚੁੱਪ ਅਤੇ ਖ਼ੌਫ਼ ਨੇ ਮੇਰੇ ਅੰਦਰ ਕਾਂਬਾ ਛੇੜ ਦਿੱਤਾ ਸੀ। ਸ਼ਾਇਦ ਖ਼ੌਫ਼ ਢੁਕਵਾਂ ਸ਼ਬਦ ਨਹੀਂ ਪਰ ਸ਼ੱਕ ਹੋ ਸਕਦਾ ਸੀ। ਸ਼ੱਕ ਬੰਦੇ ਅੰਦਰ ਹਰ ਤਰ੍ਹਾਂ ਦੀ ਬੇਚੈਨੀ ਜਗਾਉਂਦੇ ਹਨ। ਇਹ ਬੰਦੇ ਨੂੰ ਅੰਦਰੋਂ ਤੋੜਦੇ ਹਨ ਜਿਵੇਂ ਕੋਈ ਹਥੌੜੇ ਛੈਣੀ ਨਾਲ ਕੰਧ ਤੋੜ ਰਿਹਾ ਹੋਵੇ। ਆਪਣੇ ਟੁੱਟ ਜਾਣ ਜਾਂ ਖੰਡਰ ਹੋ ਜਾਣ ਤੋਂ ਪਹਿਲਾਂ ਮੈਂ ਜੱਜ ਲੋਯਾ ਦੀ ਖ਼ਬਰ ਪ੍ਰਾਈਮ ਟਾਈਮ ਵਿੱਚ ਨਸ਼ਰ ਕਰਨ ਦਾ ਫ਼ੈਸਲਾ ਕੀਤਾ।
ਸ਼ਾਮ ਦੇ ਨੌਂ ਵੱਜੇ ਸਨ। ਖ਼ੌਫ਼ ਮੇਰੇ ਉੱਤੇ ਭਾਰੂ ਪੈਣ ਲਈ ਤਹੂ ਸੀ। ਮੇਰੇ ਲਾਗੇ ਕੋਈ ਨਹੀਂ ਸੀ ਜਿਸ ਨਾਲ ਮੈਂ ਆਪਣੇ ਖ਼ਦਸ਼ੇ ਸਾਂਝੇ ਕਰ ਸਕਦਾ। ਮੈਂ ਆਪਣੇ ਅੰਦਰ ਨਜ਼ਰ ਮਾਰੀ ਅਤੇ ਵੇਖਿਆ ਕਿ ਨਿਊਜ਼ ਐਂਕਰ ਕਿਸੇ ਹਨੇਰੇ ਖੂਹ ਵਿੱਚ ਡਿੱਗ ਰਿਹਾ ਸੀ। ਉਸ ਕੋਲ ਆਪਣੇ ਬਚਾਅ ਲਈ ਸਿਰਫ਼ ਆਵਾਜ਼ ਬਚੀ ਸੀ ਅਤੇ ਇਸੇ ਦੀ ਬੁਲੰਦੀ ਰਾਹੀਂ ਉਹ ਆਵਾਮ ਤੱਕ ਪਹੁੰਚ ਕਰਨੀ ਚਾਹੁੰਦਾ ਸੀ। ਮੈਂ ਹਰ ਲਫ਼ਜ਼ ਦਾ ਇਸਤੇਮਾਲ ਪੌੜੀ ਦੇ ਡੰਡਿਆਂ ਵਾਂਗ ਕਰ ਰਿਹਾ ਸਾਂ ਅਤੇ ਖ਼ੌਫ਼ ਦੀਆਂ ਗਹਿਰਾਈਆਂ ਵਿੱਚੋਂ ਬਾਹਰ ਨਿਕਲਣ ਲੱਗਿਆ ਸਾਂ । ਜਦੋਂ ਪ੍ਰਾਈਮ ਟਾਈਮ ਦੀ ਉਹ ਕੜੀ ਨਸ਼ਰ ਹੋ ਗਈ ਤਾਂ ਮੈਨੂੰ ਲੱਗਿਆ ਕਿ ਮੈਂ ਜੱਜ ਲੋਯਾ ਦੀ ਪਤਨੀ ਨਾਲ ਕੀਤਾ ਵਾਅਦਾ ਵਫ਼ਾ ਕੀਤਾ ਸੀ। ਮੈਂ ਆਪਣੇ ਦੁਆਲੇ ਲਿਪਟੀ ਖ਼ੌਫ਼ ਦੀ ਚਾਦਰ ਵੀ ਚਾਕ ਕਰ ਦਿੱਤੀ ਸੀ।
ਦਰਅਸਲ, ਇਸ ਤੋਂ ਅੱਗੇ ਕਈ ਹੋਰ ਖ਼ੌਫ਼ ਮੇਰੀ ਉਡੀਕ ਕਰ ਰਹੇ ਸਨ। ਮੇਰਾ ਫੋਨ ਲਗਾਤਾਰ ਵਜ ਰਿਹਾ ਸੀ। ਦੂਜੇ ਪਾਸਿਓਂ ਠੰਢੀਆਂ ਯਖ਼ ਆਵਾਜ਼ਾਂ ਆਉਂਦੀਆਂ ਸਨ। ਮੈਨੂੰ ਲੱਗ ਰਿਹਾ ਸੀ ਕਿ ਅੱਜ ਤਾਂ ਘਰ ਵੀ ਨਹੀਂ ਪਹੁੰਚਿਆ ਜਾਣਾ। ਹਰ ਗੱਲਬਾਤ ਵਿੱਚ ਅਣਸੁਖਾਵੇਂ ਸ਼ੱਕ ਪੁੰਗਰ ਆਉਂਦੇ ਸਨ। ਇਕੱਲਤਾ ਹੌਲੀ-ਹੌਲੀ ਮੇਰੀ ਘੇਰਾ-ਬੰਦੀ ਕਰਨ ਲੱਗੀ। ਇੰਝ ਲੱਗ ਰਿਹਾ ਸੀ ਕਿ ਜਾਣ ਤੋਂ ਪਹਿਲਾਂ ਹਰ ਜੀਅ ਮੈਨੂੰ ਆਖ਼ਰੀ ਵਾਰ ਖ਼ਬਰਦਾਰ ਕਰ ਰਿਹਾ ਸੀ। ਇਸ ਗੱਲ ਦੀ ਗੁੰਜਾਇਸ਼ ਸੀ ਕਿ ਕਾਰਵਾਂ ਦੀ ਖ਼ਬਰ ਗ਼ਲਤ ਹੋਵੇ, ਇਸ ਖ਼ਦਸ਼ੇ ਤੋਂ ਬਿਨਾਂ ਮਾਮਲਾ ਇਹ ਵੀ ਸੀ ਕਿ ਕਿਤੇ ਮੈਂ ਉਹ ਲਕੀਰ ਪਾਰ ਤਾਂ ਨਹੀਂ ਕਰ ਲਈ ਜਿਸ ਨੂੰ ਪਾਰ ਕਰ ਕੇ ਕੁਝ ਲੋਕਾਂ ਅਤੇ ਖ਼ਬਰਾਂ ਦੇ ਕੁਝ ਪੱਖਾਂ ਉੱਤੇ ਸੁਆਲ ਕਰਨ ਦੀ ਮਨਾਹੀ ਹੈ? ਕੀ ਲੋਕ ਸੱਚਮੁੱਚ ਉਸ ਸ਼ਖ਼ਸ ਤੋਂ ਡਰਦੇ ਸਨ ਜਾਂ ਕੀ ਉਨ੍ਹਾਂ ਦਾ ਉਸ ਸ਼ਖ਼ਸ ਤੋਂ ਡਰ ਵਾਜਿਬ ਸੀ, ਜੱਜ ਲੋਯਾ ਦੀ ਖ਼ਬਰ ਦੀਆਂ ਤੰਦਾਂ ਜਿਸ ਦੇ ਘਰ ਦੀਆਂ ਬਰੂਹਾਂ ਤੱਕ ਲੈ ਜਾਂਦੀਆਂ ਸਨ।
ਖ਼ੌਫ਼ ਹਕੀਕੀ ਹੋ ਸਕਦਾ ਹੈ। ਇਹ ਖ਼ਿਆਲੀ ਵੀ ਹੋ ਸਕਦਾ ਹੈ; ਪਰ ਖ਼ਿਆਲੀ ਖ਼ੌਫ਼ ਨੂੰ ਪੈਦਾ ਅਤੇ ਕਾਬੂ ਕਰਨ ਵਾਲੇ ਤੱਤ ਹਕੀਕੀ ਹੁੰਦੇ ਹਨ। ਇਸ ਲਈ ਬੋਲਣਾ ਕਦੇ ਵੀ ਸੁਖਾਲਾ ਨਹੀਂ ਹੁੰਦਾ। ਇਹ ਬਹਾਦਰੀ ਵੀ ਹੋ ਸਕਦੀ ਹੈ ਪਰ ਦਰਅਸਲ ਜ਼ਿਆਦਾ ਮਾਅਨੇਖ਼ੇਜ਼ ਕੁਝ ਹੋਰ ਹੈ। ਜਦੋਂ ਤੁਸੀਂ ਬੋਲਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਸੁਆਲ ਦੇ ਘੇਰੇ ਵਿੱਚ ਖੜ੍ਹਾ ਕਰੋ । ਦੂਜਿਆਂ ਨੂੰ ਸੁਆਲ ਕਰਨ ਤੋਂ ਪਹਿਲਾਂ ਆਪਣੇ-ਆਪ ਨੂੰ ਕਟਹਿਰੇ ਵਿੱਚ ਖੜ੍ਹਾ ਕਰੋ। ਜੇ ਤੁਸੀਂ ਪਾਕ-ਸਾਫ਼ ਹੋ ਅਤੇ ਭ੍ਰਿਸ਼ਟਾਚਾਰ ਤੋਂ ਬਚੇ ਹੋਏ ਹੋ ਤਾਂ ਤੁਹਾਡੀ ਆਵਾਜ਼ ਵਿੱਚੋਂ ਸੱਚ ਦੀ ਟੁਣਕ ਪਵੇਗੀ। ਬੋਲਣ ਲਈ ਪੂੰਜੀ ਜੋੜਨੀ ਪੈਂਦੀ । ਹੈ ਕਿਉਂਕਿ ਇਹ ਬਿਨਾਂ ਤਰੱਦਦ ਤੋਂ ਹੋਣ ਵਾਲੀ ਜਾਂ ਇੱਕ ਪਲ ਵਿੱਚ ਹੋਣ ਵਾਲੀ ਕਿਰਿਆ ਨਹੀਂ ਹੈ। ਤੁਸੀਂ ਆਪਣੀ ਮੁਕੰਮਲ ਹਸਤੀ ਦਾ ਤਾਣ ਜੋੜਦੇ ਹੋ। ਇਹ ਉਸੇ ਤਰ੍ਹਾਂ ਹੈ ਜਿਵੇਂ ਆਖ਼ਰੀ ਲਕੀਰ ਉੱਤੇ ਉਸੈਨ ਬੋਲਟ ਆਪਣੇ ਜਿਸਮ ਨੂੰ ਹਵਾ ਵਿੱਚ ਅੱਗੇ ਝੁਕਾਉਂਦਾ ਹੈ। ਬੋਲਣ ਵੇਲੇ ਤੁਸੀਂ ਆਪਣੇ ਜਿਸਮ ਨੂੰ ਆਖ਼ਰੀ ਲਕੀਰ ਲਾਗੇ ਜਿੰਨਾ ਹਵਾ ਵਿੱਚ ਅੱਗੇ ਨੂੰ ਝੁਕਾ ਸਕਦੇ ਹੋ ਓਨਾ ਹੀ ਸੱਚ ਦੇ ਲਾਗੇ ਪਹੁੰਚ ਸਕਦੇ ਹੋ। ਸੱਚ ਆਸਾਨੀ ਨਾਲ ਜੋੜੇ ਅਤੇ ਬਿਆਨ ਕੀਤੇ ਗਏ ਤੱਥਾਂ ਦਾ ਕੋਈ ਜਮ੍ਹਾਂ-ਜੋੜ ਨਹੀਂ ਹੈ। ਸੱਚ ਆਪਣੇ ਸਮੇਂ, ਤਤਕਾਲੀ ਮਾਹੌਲ ਅਤੇ ਉਸ ਮਾਹੌਲ ਵਿੱਚ ਅਦਾਰਿਆਂ ਨੂੰ ਚਲਾ ਰਹੇ ਨਿਜ਼ਾਮ ਦੇ ਹਵਾਲੇ ਨਾਲ ਤਾਮੀਰ ਹੁੰਦਾ ਹੈ। ਆਖ਼ਰੀ ਲਕੀਰ ਉੱਤੇ ਰਿਬਨ, ਬੋਲਟ ਦੀ ਉਡੀਕ ਕਰਦਾ • ਹੈ ਪਰ ਸਾਡੇ ਵਰਗੇ ਲੋਕਾਂ ਦੇ ਸਾਹਮਣੇ ਪੱਕੀ ਕੰਧ ਹੈ। ਜਦੋਂ ਤੁਸੀਂ ਆਖ਼ਰੀ ਲਕੀਰ ਉੱਤੇ ਪਹੁੰਚਦੇ ਹੋ ਤਾਂ ਸਿੱਧੀ ਟੱਕਰ ਕੰਧ ਨਾਲ ਹੁੰਦੀ ਹੈ। ਤੁਹਾਡੀ ਨੌਕਰੀ, ਭਰੋਸੇਯੋਗਤਾ ਅਤੇ ਜ਼ਿੰਦਗੀ ਸਮੇਤ ਸਭ ਕੁਝ ਦਾਅ ਉੱਤੇ ਲੱਗਿਆ ਹੁੰਦਾ ਹੈ।
ਜਿੱਥੇ ਤੁਹਾਡਾ ਖ਼ੌਫ਼ ਖ਼ਤਮ ਹੁੰਦਾ ਹੈ, ਉੱਥੇ ਸੱਤਾ ਦੀ ਪੌੜੀ ਦੇ ਉੱਚੇ ਡੰਡਿਆਂ ਉੱਤੇ ਬੈਠੇ ਡਾਢਿਆਂ ਦੀ ਖੇਡ ਸ਼ੁਰੂ ਹੁੰਦੀ ਹੈ। ਤੁਸੀਂ ਇੱਕ ਖ਼ੌਫ਼ ਤੋਂ ਨਿਜਾਤ ਪਾਉਂਦੇ ਹੋ ਤਾਂ ਉਹ ਤੁਹਾਡੇ ਦੁਆਲੇ ਦਸਾਂ ਕੁੜਿੱਕੀਆਂ ਦਾ ਜਾਲ ਵਿਛਾ ਦਿੰਦੇ ਹਨ। ਹੌਸਲਾ ਖ਼ੌਫ਼ ਦੇ ਇੱਕ ਘੇਰੇ ਨੂੰ ਤੋੜ ਅਗਲੇ—ਦੂਜੇ, ਤੀਜੇ, – ਘੇਰੇ ਵਿੱਚ ਜਾਣ ਦਾ ਨਾਮ ਹੈ, ਇਹ ਖ਼ੌਫ਼ ਤੋਂ ਆਜ਼ਾਦ ਹੋਣ ਦੀ ਲਗਾਤਾਰ ਜੱਦੋ-ਜਹਿਦ ਹੈ। ਹੁਣ ਮੈਂ ਜਦੋਂ ਕੁਝ ਲਿਖਦਾ ਹਾਂ ਜਾਂ ਬੋਲਦਾ ਹਾਂ ਤਾਂ ਲੋਕ ਨਵੇਂ ਤਰ੍ਹਾਂ ਦੇ ਖ਼ੌਫ਼ ਅਤੇ ਉਸ ਦੀਆਂ ਵੱਖ-ਵੱਖ ਵੰਨਗੀਆਂ ਨਾਲ ਮੇਰੀ ਜਾਣ-ਪਛਾਣ ਕਰਵਾਉਂਦੇ ਹਨ। ਜੇ ਮੇਰੀ ਕਹੀ ਗੱਲ ਆਮ ਵੀ ਹੋਵੇ ਅਤੇ ਗ਼ੈਰ-ਵਿਵਾਦਿਤ ਹੋਵੇ ਤਾਂ ਵੀ ਲੋਕ ਸਾਵਧਾਨ ਕਰਦੇ ਹਨ: “ਤੁਹਾਨੂੰ ਡਰ ਨਹੀਂ ਲਗਦਾ? ਧਿਆਨ ਰੱਖਿਆ ਕਰੋ। ” ਮੈਂ ਜਦੋਂ ਇਹ ਅਲਫ਼ਾਜ਼ ਸੁਣਦਾ ਹਾਂ ਤਾਂ ਬੋਲਣ ਵਾਲਿਆਂ ਦੇ ਚਿਹਰਿਆਂ ਉੱਤੇ ਪਸਰੀ ਖ਼ੌਫ਼ ਦੀ ਦੁਨੀਆ ਵੀ ਨਜ਼ਰੀਂ ਪੈਂਦੀ ਹੈ। ਇਨ੍ਹਾਂ ਸੰਕੋਚ ਦੀਆਂ ਸਲਾਹਾਂ ਨੇ ਲੋਕਾਂ ਨੂੰ ਡਰਪੋਕ ਬਣਾ ਦਿੱਤਾ ਹੈ। ਇਹ ਤੁਹਾਨੂੰ ਧਿਆਨ ਨਾਲ ਬੋਲਣ ਲਈ ਚੌਕਸ ਨਹੀਂ ਕਰਦੇ ਸਗੋਂ ਚੁੱਪ। ਰਹਿਣ ਲਈ ਖ਼ਬਰਦਾਰ ਕਰਦੇ ਹਨ।
ਜਦੋਂ ਮੈਨੂੰ ਕੋਈ ਪੁੱਛਦਾ ਹੈ ਕਿ ਕੀ ਮੈਨੂੰ ਬੋਲਣ ਤੋਂ ਡਰ ਲਗਦਾ ਹੈ ਤਾਂ ਖ਼ੌਫ਼ ਮੇਰੇ ਅੰਦਰ ਖੰਭ ਖਿਲਾਰਨ ਲਗਦਾ ਹੈ। ਮੈਂ ਆਪਣੇ ਬਚਪਨ ਦੇ ਦਿਨਾਂ ਵਾਲੇ ਰਵੀਸ਼ ਕੋਲ ਪਰਤ ਜਾਂਦਾ ਹਾਂ ਜੋ ਬਿੱਲ ਦੇ ਦਰੱਖ਼ਤ ਹੇਠੋਂ ਨਿਕਲਣ ਵੇਲੇ ਹਨੂਮਾਨ ਚਾਲੀਸਾ ਦਾ ਪਾਠ ਕਰਨ ਲਗਦਾ ਸੀ ਜਾਂ ‘ਜੈ ਬਜਰੰਗ ਬਲੀ’ ਦਾ ਜਾਪ ਸ਼ੁਰੂ ਕਰ ਦਿੰਦਾ ਸੀ। ਮੈਂ ਕਿਸੇ ਤੋਂ ਸੁਣਿਆ ਸੀ ਕਿ ਬਿੱਲ ਦੇ ਦਰੱਖ਼ਤ ਉੱਤੇ ਭੂਤਾਂ ਦਾ ਵਾਸਾ ਹੁੰਦਾ ਹੈ। ਜੇ ਕੋਈ ਸੜਕ ਉੱਤੇ ਨਾ ਹੁੰਦਾ ਤਾਂ ਚੱਪਲਾਂ ਹੱਥ ਵਿੱਚ ਫੜ ਕੇ ਸਿਰਤੋੜ ਭੱਜਦਾ ਸਾਂ। ਭੱਜਣ ਨਾਲ ਮੇਰਾ ਜੁੱਸਾ ਫੁਰਤੀਲਾ ਅਤੇ ਮਜ਼ਬੂਤ ਹੋ ਗਿਆ ਅਤੇ ਭੂਤ ਵੀ ਭੁੱਲ-ਭੁਲਾ ਗਿਆ। ਮੈਂ ਭੱਜਦਾ-ਭੱਜਦਾ ਹੌਲੀ ਹੋ ਜਾਂਦਾ ਸੀ। ਬਹੁਤ ਦੇਰ ਤੱਕ ਮੈਂ ਇਹੋ ਸੋਚਦਾ ਰਿਹਾ ਕਿ ਬਾਅਦ ਦੇ ਸਾਲਾਂ ਦੌਰਾਨ ਮੇਰਾ ਡਰ ਘਟ ਗਿਆ ਸੀ ਕਿਉਂਕਿ ਮੈਂ ਬਿੱਲ ਦਾ ਦਰੱਖ਼ਤ ਪਿੱਛੇ ਛੱਡ ਆਇਆ ਸਾਂ। ਹੁਣ ਮੈਨੂੰ ਸਮਝ ਆਈ ਕਿ ਫੁਰਤੀਲਾ ਅਤੇ ਤਕੜਾ ਹੋਣ ਦੀ ਕਿਰਿਆ ਵਿੱਚ ਮੇਰਾ ਡਰ ਖ਼ਤਮ ਹੋ ਗਿਆ ਸੀ । ਜੇ ਅਸੀਂ ਡਰ ਦੇ ਸਾਹਮਣੇ ਆਪਣੀ ਮਾਨਸਿਕ ਅਤੇ ਜਿਸਮਾਨੀ ਤਾਕਤ ਨਾ ਦਿਖਾਈਏ ਤਾਂ ਇਹ ਸਦਾ ਬਿੱਲ ਦੇ ਦਰਖ਼ਤ ਹੇਠ ਖੜ੍ਹਾ ਰਹਿੰਦਾ ਹੈ।
ਇਸੇ ਤਰ੍ਹਾਂ ਮੇਰੇ ਨਾਲ ਸਿਨੇਮਾ ਹਾਲ ਵਿੱਚ ਹੁੰਦਾ ਸੀ। ਜਿਉਂ ਹੀ ਬੱਤੀਆਂ ਮੱਧਮ ਹੁੰਦੀਆਂ ਸਨ ਤਾਂ ਮੈਂ ਡਰ ਜਾਂਦਾ ਸਾਂ ਅਤੇ ਹਿੰਸਾ ਵਾਲੇ ਦ੍ਰਿਸ਼ਾਂ ਦੌਰਾਨ ਆਪਣੀਆਂ ਅੱਖਾਂ ਘੁੱਟ ਕੇ ਮੀਚ ਲੈਂਦਾ ਸਾਂ । ਬਲਾਤਕਾਰ ਦੇ ਦ੍ਰਿਸ਼ ਦੌਰਾਨ ਮੈਂ ਕਦੇ ਵੀ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖ ਕੇ ਨਹੀਂ ਬੈਠ ਸਕਿਆ।
ਸਕੂਲ ਦੀ ਪੜ੍ਹਾਈ ਦੌਰਾਨ ਇਮਤਿਹਾਨ ਦੇ ਦਿਨਾਂ ਵਿੱਚ ਨਾਕਾਮਯਾਬੀ ਦਾ ਖ਼ੌਫ਼ ਮੇਰਾ ਸਾਹ ਸੂਤ ਲੈਂਦਾ ਸੀ। ਮੈਂ ਆਮ ਜਿਹਾ ਵਿਦਿਆਰਥੀ ਸਾਂ। ਵਿਗਿਆਨ ਦੇ ਮਜ਼ਮੂਨ ਉੱਤੇ ਮੇਰੀ ਪਕੜ ਨਹੀਂ ਸੀ ਜਿਸ ਕਾਰਨ ਮਾਰਚ-ਅਪਰੈਲ ਦੇ ਮਹੀਨਿਆਂ ਵਿੱਚ ਉਦਾਸੀ ਮੇਰੇ ਉੱਤੇ ਤਾਰੀ ਹੋ ਜਾਂਦੀ ਸੀ। ਅਜਿਹੇ ਡਰ ਦੇ ਪਲਾਂ ਦੌਰਾਨ ਹੀ ਕਦੇ ਮੇਰੇ ਬਾਬੂ ਜੀ ਨੇ ਕਿਹਾ ਸੀ, “ਜੇ ਸਾਰਾ ਸਾਲ ਹੌਲੀ-ਹੌਲੀ ਪੜ੍ਹੇਗਾ ਤਾਂ ਇਮਤਿਹਾਨਾਂ ਦੌਰਾਨ ਰੱਟਾ ਮਾਰਨ ਦੀ ਲੋੜ ਨਹੀਂ ਪਵੇਗੀ। ਇਸ ਨਾਲ ਡਰਨ ਦੀ ਵੀ ਲੋੜ ਨਹੀਂ ਪਵੇਗੀ।”
ਮੈਂ ਘਰੋਂ ਹਿਸਾਬ ਦਾ ਬੋਰਡ ਦਾ ਇਮਤਿਹਾਨ ਦੇਣ ਜਾ ਰਿਹਾ ਸਾਂ। ਮੈਂ ਇੰਨਾ ਰੋਇਆ ਕਿ ਬਾਬੂ ਜੀ ਨੂੰ ਮੇਰੇ ਨਾਲ ਜਾਣਾ ਪਿਆ। ਪਾਣੀ ਦੀ ਭਰੀ ਹੋਈ ਬਾਲਟੀ ਵਿੱਚ ਗੁਲਾਬ ਤੈਰ ਰਿਹਾ ਸੀ, ਜਿਵੇਂ ਕੁੜੀ ਦੇ ਵਿਆਹ ਤੋਂ ਬਾਅਦ ਪਹਿਲੇ ਦਿਨ ਪੇਕਿਆਂ ਦਾ ਘਰ ਛੱਡਣ ਮੌਕੇ ਕੀਤਾ ਜਾਂਦਾ ਹੈ। ਮੈਂ ਘਰ ਛੱਡ ਕੇ ਜਾਂਦਾ ਹੀ ਨਹੀਂ ਸੀ। ਮੈਨੂੰ ਹਾਲੇ ਤੱਕ ਨਹੀਂ ਪਤਾ ਕਿ ਉਸ ਦਿਨ ਬਾਬੂ ਜੀ ਮੇਰੇ ਨਾਲ ਕਿਉਂ ਗਏ ਸੀ। ਆਮ ਤੌਰ ਉੱਤੇ ਤਾਂ ਉਹ ਪਰਵਾਹ ਨਹੀਂ ਕਰਦੇ ਸਨ ਕਿ ਮੈਂ ਕਿਹੜੀ ਜਮਾਤ ਵਿੱਚ ਪੜ੍ਹਦਾ ਸਾਂ ਅਤੇ ਕਿਹੜੇ ਮਜ਼ਮੂਨ ਵਿੱਚ ਹੁਸ਼ਿਆਰ ਸਾਂ ਅਤੇ ਕਿਹੜੇ ਵਿੱਚ ਮੇਰਾ ਹੱਥ ਤੰਗ ਸੀ। ਜਦੋਂ ਸਾਡੇ ਵੱਖ ਹੋਣ। ਦਾ ਵੇਲਾ ਆਇਆ ਤਾਂ ਮੇਰਾ ਚਿੱਤ ਕੀਤਾ ਕਿ ਮੈਂ ਉਨ੍ਹਾਂ ਨਾਲ ਚਿੰਬੜ ਕੇ ਇੱਕ ਵਾਰ ਹੋਰ। ਰੋਵਾਂ। ਜਦੋਂ ਬਾਬੂ ਜੀ ਮੈਨੂੰ ਸਕੂਲ ਦੇ ਦਰਵਾਜ਼ੇ ਉੱਤੇ ਛੱਡ ਕੇ ਮੁੜਨ ਲੱਗੇ ਤਾਂ ਉਨ੍ਹਾਂ ਕਿਹਾ, “ਤੈਨੂੰ ਡਰਨ ਦੀ ਲੋੜ ਨ੍ਹੀਂ। ਤੈਨੂੰ ਡਰ ਲੱਗਦਾ ਕਿਉਂ ਐ? ਤੂੰ ਤਾਂ ਚੋਖੀ ਤਿਆਰੀ ਕੀਤੀ भै, वि ठीं?”
ਬਾਬੂ ਜੀ ਦੇ ਅਲਫ਼ਾਜ਼ ਮੈਨੂੰ ਸਦਾ ਯਾਦ ਰਹਿੰਦੇ ਹਨ। ਜਦੋਂ ਮੈਂ ਦਿੱਲੀ ਆ ਕੇ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਮੈਂ ਪੜ੍ਹਾਈ ਵਿੱਚ ਨਾਕਾਮਯਾਬ ਹੋਣ ਦੇ ਡਰ ਉੱਤੇ ਕਾਬੂ ਪਾ ਲਿਆ। ਜਦੋਂ ਮੇਰੇ ਸਾਰੇ ਦੋਸਤ ਛੁੱਟੀਆਂ ਵਿੱਚ ਪਟਨੇ ਘਰਾਂ ਨੂੰ ਜਾਂਦੇ ਸਨ ਤਾਂ ਮੈਂ ਲਾਇਬਰੇਰੀ ਵਿੱਚ ਬੈਠ ਕੇ ਆਪਣੇ ਡਰ ਉੱਤੇ ਕਾਬੂ ਪਾਉਂਦਾ ਸਾਂ। ਬੀ.ਏ. ਵਿੱਚ ਇਮਤਿਹਾਨਾਂ ਨਾਲ ਮੇਰੀ ਦੋਸਤੀ ਹੋ ਗਈ।
ਮੇਰੀ ਮਾਂ ਉੱਤੇ ਹਾਲਾਤ ਦਾ ਕੋਈ ਅਸਰ ਨਹੀਂ ਪੈਂਦਾ ਸੀ। ਉਹ ਹੱਸ ਕੇ ਨੈਨਾ ਨੂੰ ਦੱਸਦੀ ਹੈ, “ਇਹ ਕੁਸ਼ ਹੋਣ ਤੋਂ ਪਹਿਲਾਂ ਹੀ ਰੋਣ ਲਗਦਾ ਸੀ । ਇਮਤਿਹਾਨਾਂ ਦਾ ਨਾਂ ਸੁਣ ਕੇ ਏਸ ਦਾ ਰੋਣਾ ਸ਼ੁਰੂ ਹੋ ਜਾਂਦਾ ਸੀ।” ਇਹ ਨੈਨਾ ਹੀ ਹੈ ਜਿਸ ਦੀ ਬਦੌਲਤ ਮੈਂ ਜ਼ਿੰਦਗੀ ਦੇ ਹਰ ਤਰ੍ਹਾਂ ਦੇ ਡਰ-ਭੈਅ ਤੋਂ ਮੁਕਤ ਹੋ ਗਿਆ ਹਾਂ। ਉਹ ਕਹਾਣੀ ਕਦੇ ਫੇਰ ਸੁਣਾਵਾਂਗਾ।
ਜਿਸ ਬੰਦੇ ਨੂੰ ਲੋਕ ਸਾਵਧਾਨ ਰਹਿਣ ਅਤੇ ਮਹਿਫ਼ੂਜ਼ ਰਹਿਣ ਦੀਆਂ ਸਲਾਹਾਂ ਦਿੰਦੇ ਹਨ, ਉਹ ਆਪਣੀ ਜ਼ਿੰਦਗੀ ਵਿੱਚ ਜ਼ਿਆਦਾਤਰ ਸਮਾਂ ਡਰਪੋਕ ਰਿਹਾ ਹੈ।
ਹੁਣ ਵੀ ਮੈਨੂੰ ਬਹੁਤ ਡਰ ਲਗਦਾ ਹੈ। ਮੈਨੂੰ ਗ਼ਲਤੀ ਕਰਨ ਤੋਂ ਡਰ ਲਗਦਾ ਹੈ। ਮੈਂ ਰੋਜ਼ਾਨਾ ਡਰ ਤੋਂ ਹਿੰਮਤ ਦਾ ਸਫ਼ਰ ਕਰਦਾ ਹਾਂ। ਮੇਰਾ ਦਿਨ ਟਰੋਲਾਂ ਦੀਆਂ ਧਮਕੀਆਂ ਅਤੇ ਗਾਲ਼ਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਇਸ ਖ਼ਿਆਲ ਨਾਲ ਖ਼ਤਮ ਹੁੰਦਾ ਹੈ ਕਿ ਮੈਨੂੰ ਨੌਕਰੀ ਖ਼ਾਤਰ ਖ਼ਬਰਦਾਰ ਰਹਿਣਾ ਚਾਹੀਦਾ ਹੈ। ਤਿੰਨ ਸਾਲਾਂ ਦੌਰਾਨ ਇੱਕ ਦਿਨ ਵੀ ਅਜਿਹਾ ਨਹੀਂ ਆਇਆ ਜਦੋਂ ਮੈਂ ਲੋਕਾਂ ਨੂੰ ਆਪਣੀ ਨੌਕਰੀ ਖੁੱਸ ਜਾਣ ਦੇ ਖ਼ਦਸ਼ਿਆਂ ਦੀਆਂ ਗੱਲਾਂ ਕਰਦੇ ਨਾ ਸੁਣਿਆ ਹੋਵੇ। ਡਰ ਹੀ ਬੇਪਰਵਾਹੀ ਤੋਂ ਬਚਾਉਂਦਾ ਹੈ। ਇਹ ਹਿੰਮਤ ਅਤੇ ਬੇਪਰਵਾਹੀ ਦੇ ਵਿਚਕਾਰ ਕਿਆਮ ਕਰਦਾ ਹੈ। ਇਸੇ ਮੋੜ ਉੱਤੇ ਤੁਸੀਂ ਆਪਣੀਆਂ ਮੰਜ਼ਿਲਾਂ ਨਾਲ ਵਾਅਦੇ ਕਰਦੇ ਹੋ।
ਹਕੂਮਤ ਜਾਣਦੀ ਹੈ ਕਿ ਕਿਸ ਨੂੰ ਅਤੇ ਕਿਸ ਵੇਲੇ ਅੱਗੇ ਵਧਣ ਤੋਂ ਰੋਕਣਾ ਹੈ। ਇਹ ਆਪਣੀਆਂ ਜੰਤਰੀਆਂ ਅਤੇ ਰੋਜ਼ਨਾਮਚੇ ਕਾਇਮ ਰੱਖਦੀ ਹੈ। ਇਸ ਦੇ ਬਾਵਜੂਦ ਆਵਾਮ ਜਮਹੂਰੀਅਤ ਵਿੱਚ ਬੋਲਣ ਦੀ ਰੀਤ ਪਾਲ਼ਦਾ ਹੈ। ਡਰ ਅਤੇ ਹਿੰਮਤ ਦੇ ਵਿਚਕਾਰ ਦੇ ਇਸ ਦਿਲਕਸ਼ ਸਫ਼ਰ ਨੇ ਮੇਰੀ ਨੀਂਦ ਉਡਾ ਦਿੱਤੀ ਹੈ, ਅਤੇ ਇਸੇ ਨੇ ਮੈਨੂੰ ਗਾਲ਼ਾਂ ਦੀ ਸੋਗਾਤ ਦਿੱਤੀ ਹੈ। ਕਦੇ-ਕਦਾਈਂ ਮੇਰੇ ਕੰਨਾਂ ਵਿੱਚ ਹੌਸਲਾ-ਅਫ਼ਜ਼ਾਈ ਮੈਨੂੰ ਗੂੰਜ ਪੈਂਦੀ ਹੈ।
ਬੰਦੇ ਨੂੰ ਆਪਣੇ ਬੋਲਣ ਦੀ ਕਈ ਤਰ੍ਹਾਂ ਦੀ ਕੀਮਤ ਉਤਾਰਨੀ ਪੈਂਦੀ ਹੈ। ਜਿਨ੍ਹਾਂ ਨਾਲ ਮੈਂ ਵੀਹ ਸਾਲ ਇਕੱਠੇ ਕੰਮ ਕੀਤਾ ਹੈ, ਜਦੋਂ ਉਨ੍ਹਾਂ ਨੂੰ ਕੰਪਨੀ ਤੋਂ ਨੌਕਰੀਆਂ ਛੱਡਣੀਆਂ ਪਈਆਂ ਤਾਂ ਉਨ੍ਹਾਂ ਵਿੱਚੋਂ ਕਈਆਂ ਦੀਆਂ ਨਜ਼ਰਾਂ ਮੇਰੇ ਉੱਤੇ ਸਨ। ਉਨ੍ਹਾਂ ਦੀਆਂ ਅੱਖਾਂ ਹੋਰ ਹੋ ਗਈਆਂ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਮੇਰੇ ਕਾਰਨ ਸਰਕਾਰ ਨੇ ਸਾਡੇ ਅਦਾਰੇ ਨੂੰ ਸਜ਼ਾ ਦਿੱਤੀ ਸੀ।
ਇਸੇ ਦੌਰਾਨ ਵਾਸ਼ਰੂਮ ਵਿੱਚ ਮੇਰੀ ਮੁਲਾਕਾਤ ਇੱਕ ਪੁਰਾਣੇ ਕੰਮ-ਬੇਲੀ ਨਾਲ ਹੋ ਗਈ। ਉਸ ਨੇ ਸਿਰਫ਼ ਇੱਕੋ ਸੁਆਲ ਕੀਤਾ: “ਕੀ ਸਾਨੂੰ ਆਪਣੇ ਕੰਮ ਦਾ ਤਰੀਕਾ ਬਦਲ ਨਹੀਂ ਲੈਣਾ ਚਾਹੀਦਾ?” ਮੇਰਾ ਜੁਆਬੀ ਸੁਆਲ ਸੀ: “ਕੀ ਸਾਨੂੰ ਪੱਤਰਕਾਰ ਨਹੀਂ ਹੋਣਾ ਚਾਹੀਦਾ ਸੀ?” ਮੇਰਾ ਸੁਆਲ ਉਸ ਦੇ ਸੁਆਲ ਦਾ ਜੁਆਬ ਨਹੀਂ ਸੀ, ਅਤੇ ਮੇਰੇ ਕੋਲ ਦੂਜਾ ਜੁਆਬ ਨਹੀਂ ਸੀ। ਮੈਂ ਸੋਚਿਆ ਕਿ ਨੌਕਰੀ ਖੁੱਸ ਜਾਣ ਦਾ ਤਜਰਬਾ ਬਹੁਤ ਕੌੜਾ ਹੁੰਦਾ ਹੈ। ਅਜਿਹੇ ਮੌਕੇ ਸਾਨੂੰ ਕਿਸੇ ਦੇ ਸ਼ਬਦਾਂ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ ਅਤੇ ਨਾ ਹੀ ਦਿਲ ਉੱਤੇ ਲੈਣਾ ਚਾਹੀਦਾ ਹੈ। ਮੈਂ ਉਸ ਕੋਲ ਲੰਘ ਚੁੱਕੇ ਵਕਤ ਵਾਂਗ ਖੜ੍ਹਾ ਰਿਹਾ। ਉਸ ਨਾਲੋਂ ਵੱਖ ਹੋਣ ਦੇ ਦੁੱਖ ਨੂੰ ਇਜ਼ਹਾਰ ਕਰਨਾ ਬੇਮਾਅਨਾ ਸੀ। ਮੈਂ ਉਸ ਦੇ ਸਾਹਮਣੇ ਅਜਿਹੇ ਕਿਨਾਰੇ ਉੱਤੇ ਖੜ੍ਹਾ ਸਾਂ ਜੋ ਅੰਦਰੋਂ ਖੋਖਲਾ ਹੋ ਚੁੱਕਿਆ ਸੀ। ਮੈਂ ਆਸ ਕਰਦਾ ਹਾਂ ਕਿ ਮੇਰੇ ਕੰਮ-ਬੇਲੀ ਦੀਆਂ ਨਜ਼ਰਾਂ ਵਿੱਚ ਉਹ ਲੋਕ ਵੀ ਓਨੇ ਹੀ ਗੁਨਾਹਗਾਰ ਹੋਣਗੇ— ਜੋ ਨਹੀਂ ਚਾਹੁੰਦੇ ਕਿ ਪੱਤਰਕਾਰ ਬੋਲਣ-ਜਿੰਨਾ ਕਿ ਮੈਂ ਹਾਂ।
“ਕੀ ਸਾਨੂੰ ਆਪਣੇ ਕੰਮ ਦਾ ਤਰੀਕਾ ਬਦਲ ਨਹੀਂ ਲੈਣਾ ਚਾਹੀਦਾ?” ਇਸ ਬਿਆਨ ਨੇ ਆਪਣੀਆਂ ਨਹੁੰਦਰਾਂ ਮੇਰੇ ਅੰਦਰ ਡੂੰਘੀਆਂ ਗੱਡ ਦਿੱਤੀਆਂ ਹਨ। ਕੀ ਮੈਂ ਇਸ ਦੀ ਬਜਾਇ ਉਸ ਹਜੂਮ ਦਾ ਹਿੱਸਾ ਬਣ ਜਾਂਦਾ ਜੋ ਕਿਸੇ ਨੂੰ ਚਲਦੀ ਰੇਲ-ਗੱਡੀ ਵਿੱਚ ਮਾਰ ਦਿੰਦਾ ਹੈ, ਜਿਹੜਾ ਕਿਸੇ ਫ਼ਿਲਮ ਦੀ ਪਰਦਾਪੇਸ਼ੀ ਰੋਕ ਦਿੰਦਾ ਹੈ, ਜਿਹੜਾ ਕਿਸੇ ਬੰਦੇ ਨੂੰ ਉਸੇ ਦੇ ਘਰ ਵਿੱਚ ਘੇਰ ਕੇ ਕਤਲ ਕਰ ਦਿੰਦਾ ਹੈ, ਜਿਹੜਾ ਅਦਾਲਤ ਦੀ ਛੱਤ ਉੱਤੇ ਭਗਵਾ ਝੰਡਾ ਫਹਿਰਾ ਦਿੰਦਾ ਹੈ? ਵਾਸ਼ਰੂਮ ਵਿੱਚੋਂ ਹੌਲੀ-ਹੌਲੀ ਬਾਹਰ ਆਉਂਦੇ ਹੋਏ ਇਨ੍ਹਾਂ ਖ਼ਿਆਲਾਂ ਦੀ ਫ਼ਿਰਕੀ ਮੇਰੇ ਦਿਮਾਗ਼ ਵਿੱਚ ਘੁੰਮ ਰਹੀ ਸੀ। ਬੋਲਣ ਦੀ ਕਿਰਿਆ ਤੁਹਾਨੂੰ ਇਕੱਲਾ ਕਰ ਦਿੰਦੀ ਹੈ। ਮੇਰੇ ਪੇਸ਼ੇ ਵਿੱਚ ਕੋਈ ਮੇਰਾ ਦੋਸਤ ਨਹੀਂ ਹੈ। ਮੈਂ ਜਿਸ ਨਾਲ ਵੀ ਗੱਲ ਕਰਦਾ ਹਾਂ ਉਸੇ ਤੋਂ ਚੁੱਪ ਰਹਿਣ ਦੀ ਸਲਾਹ ਮਿਲਦੀ ਹੈ।
ਮੈਨੂੰ ਅਹਿਸਾਸ ਹੁੰਦਾ ਹੈ ਕਿ ਜਿਵੇਂ ਮੈਂ ਹੁਣ ਵੀ ਹਕੂਮਤ ਦੇ ਬਿੱਲ ਦੇ ਦਰੱਖ਼ਤ ਹੇਠ ਦੜੰਗੀਂ ਹੋ ਰਿਹਾ ਹੋਵਾਂ। ਫ਼ਰਕ ਸਿਰਫ਼ ਇੱਕੋ ਹੈ ਕਿ ਮੈਂ ਹਨੂਮਾਨ ਚਾਲੀਸਾ ਨਹੀਂ ਪੜ੍ਹਦਾ। ਮੈਂ ਆਪਣੀ ਜ਼ਿੰਦਗੀ ਬਚਾਉਣ ਲਈ ਰੱਬ ਦੇ ਤਰਲੇ ਨਹੀਂ ਕਰਦਾ। ਮੈਂ ਤਾਂ ਸਗੋਂ ਉਸ ਦਾ ਸ਼ੁਕਰਗੁਜ਼ਾਰ ਹਾਂ, ਉਸ ਨੇ ਮੈਨੂੰ ਜੋ ਕੁਝ ਵੀ ਦਿੱਤਾ ਹੈ। ਮੈਂ ਤੱਥਾਂ ਦੀ ਧਿਆਨ ਨਾਲ ਪੜਚੋਲ ਕਰਦਾ ਹਾਂ, ਕਲਮ ਸਿੱਧੀ ਰੱਖਦਾ ਹਾਂ, ਅਤੇ ਜ਼ੁਬਾਨ ਸਾਫ਼ ਰੱਖਦਾ ਹਾਂ। ਇਸ ਤੋਂ ਬਾਅਦ ਬੋਲਣ ਦਾ ਕਾਰਜ ਸਹਿਜ ਸੁਭਾਅ ਹੋ ਜਾਂਦਾ ਹੈ।
ਮੇਰੇ ਬੋਲਣ ਦੇ ਕਾਰਜ ਨੂੰ ਹੌਸਲੇ ਦੇ ਚੌਖਟੇ ਵਿੱਚ ਰੱਖ ਕੇ ਦੇਖਿਆ ਜਾਂਦਾ ਹੈ। ਇਸ ਵਿੱਚ ਵੱਡਾ ਹਿੱਸਾ 2014 ਤੋਂ ਬਾਅਦ ਦੇ ਹਾਲਾਤ ਨੇ ਪਾਇਆ ਹੈ। ਸੰਨ 2014 ਤੋਂ ਬਾਅਦ ਸਿਆਸੀ ਹਵਾਵਾਂ ਨੇ ਰੁਖ਼ ਬਦਲਣਾ ਸ਼ੁਰੂ ਕਰ ਦਿੱਤਾ। ਸਰਕਾਰ ਦੀ ਪੜਚੋਲ ਨੂੰ ਮੁਲਕ ਦੀ ਪੜਚੋਲ ਵਜੋਂ ਵੇਖਿਆ ਜਾਣ ਲੱਗਿਆ। ‘ਆਈ.ਟੀ. ਸੈੱਲ’ ਨਾਮ ਦਾ ਕਾਰਖ਼ਾਨਾ ਬਣ ਗਿਆ ਸੀ ਜਿਸ ਦੇ ਤਹਿ-ਖ਼ਾਨਿਆਂ ਵਿੱਚ ਕਈ ਵੰਨਗੀਆਂ ਦੇ ਖ਼ੌਫ਼ ਦੀ ਪੈਦਾਵਾਰ ਹੋਣ ਲੱਗ ਪਈ ਸੀ।‘ਆਈ.ਟੀ. ਸੈੱਲ ਦੇ ਟਰੋਲਾਂ ਨੇ ਸੁਆਲ ਪੁੱਛਣ ਦਾ ਹੌਸਲਾ ਕਰਨ ਵਾਲਿਆਂ ਉੱਤੇ ਬੇਕਿਰਕ ਹਮਲੇ ਵਿੱਢ ਦਿੱਤੇ। ਉਨ੍ਹਾਂ ਨੂੰ ਦੇਸ਼-ਧ੍ਰੋਹੀ ਤੋਂ ਧਰਮ-ਵਿਰੋਧੀ ਤੱਕ ਦੇ ਲਕਬ ਦਿੱਤੇ ਜਾਣ ਲੱਗੇ ਅਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਦੱਲੇ ਕਰਾਰ ਦਿੱਤਾ ਜਾਣ ਲੱਗਿਆ। ਬਹੁਤ ਸਾਰੇ ਪੱਤਰਕਾਰਾਂ ਨੂੰ ਵਿਰੋਧੀ ਦੇ ਚੌਖਟੇ ਵਿੱਚ ਪਾ ਦਿੱਤਾ ਗਿਆ। ਉਨ੍ਹਾਂ ਨੂੰ ‘ਮੋਦੀ-ਵਿਰੋਧੀ’ ਸੱਦਿਆ ਜਾਣ ਲੱਗਿਆ। ਮੰਤਰੀਆਂ ਨੇ ਪੱਤਰਕਾਰਾਂ ਖ਼ਿਲਾਫ਼ ਹਮਲੇ ਵਿੱਢ ਦਿੱਤੇ। ‘ਆਈ.ਟੀ. ਸੈੱਲ’ ਨੇ ਮੀਡੀਆ ਨੂੰ ‘ਗੋਦੀ ਮੀਡੀਆ’ ਵਿੱਚ ਤਬਦੀਲ ਕਰ ਦਿੱਤਾ। ਬਹੁਤ ਸਾਰੇ ਪੱਤਰਕਾਰ ਅਤੇ ਐਂਕਰ ਹਕੂਮਤ ਦੀ ਗੋਦੀ ਚੜ੍ਹ ਗਏ ਅਤੇ ਮੋਦੀ ਚਾਲੀਸਾ ਦਾ ਗਾਇਨ ਕਰਨ ਲੱਗੇ।
‘ਆਈ.ਟੀ. ਸੈੱਲ’ ਕਿਸੇ ਸਿਆਸੀ ਪਾਰਟੀ ਦੀ ਇਕਾਈ ਮਾਤਰ ਨਹੀਂ ਹੈ। ਇਹ ਮਾਨਸਿਕਤਾ ਹੈ ਜੋ ਸਮਾਜ ਦੇ ਵੱਡੇ ਹਿੱਸੇ ਵਿੱਚ ਘਰ ਕਰ ਗਈ ਹੈ। ਇਸ ਮਾਨਸਿਕਤਾ ਅਤੇ ਇਸ ਮਾਨਸਿਕਤਾ ਨਾਲ ਸਾਂਝ ਰੱਖਣ ਵਾਲੇ ਸਾਰੇ ਲੋਕਾਂ ਨੂੰ ਮੈਂ ‘ਆਈ.ਟੀ. ਸੈੱਲ’ ਕਹਿੰਦਾ ਹਾਂ। ਇਸ ‘ਆਈ.ਟੀ. ਸੈੱਲ ਨੇ ਸ਼ਹਿਰੀਆਂ ਦੇ ਵੱਡੇ ਤਬਕੇ ਨੂੰ ਟਰੋਲ ਬਣਾ ਦਿੱਤਾ ਹੈ। ਬਹੁਤ ਸਾਰੇ ਲੋਕਾਂ ਨੂੰ ਮੇਰਾ ‘ਆਈ.ਟੀ. ਸੈੱਲ’ ਵਾਲਾ ਖ਼ਿਆਲ ਲਤੀਫ਼ਾ ਲਗਦਾ ਹੈ ਪਰ ਇਹ ਮੁਕੰਮਲ ਸਮਰੱਥਾ ਵਾਲਾ ਮਨੁੱਖੀ ਵਸੀਲਾ ਹੈ
ਜਿਹੜਾ ਮਹਾਂਨਗਰਾਂ ਤੋਂ ਲੈ ਕੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਿਰਫ਼ ਇਹੋ ਕੰਮ ਕਰਦਾ ਹੈ। ਇਸ ਵੇਲੇ ਇੰਡੀਆ ਵਿੱਚ ਚਲਦੇ ਕਈ ਟੈਲੀਵਿਜ਼ਨ ਚੈਨਲ ਇਸ ‘ਆਈ.ਟੀ. ਸੈੱਲ’ ਦੇ ਬਾਂਹ-ਬੇਲੀ ਹਨ।
‘ਆਈ.ਟੀ. ਸੈੱਲ’ ਦੀ ਆਪਣੀ ਪ੍ਰਯੋਗਸ਼ਾਲਾ ਹੈ: ਵੱਟਸਐੱਪ ਯੂਨੀਵਰਸਿਟੀ। ਜਿੰਨਾ ਇਤਿਹਾਸ ਵੱਟਸਐੱਪ ਯੂਨੀਵਰਸਿਟੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਪੜ੍ਹਾਇਆ ਹੈ, ਓਨਾ ਆਜ਼ਾਦੀ ਬਾਅਦ ਤੋਂ ਸਾਰੇ ਇਤਿਹਾਸਕਾਰਾਂ ਨੇ ਰਲ਼ ਕੇ ਸੱਤਰ ਸਾਲਾਂ ਵਿੱਚ ਨਹੀਂ ਪੜ੍ਹਾਇਆ ਹੋਣਾ। ਫ਼ਰਕ ਸਿਰਫ਼ ਇੰਨਾ ਹੈ ਕਿ ਵੱਟਸਐੱਪ ਯੂਨੀਵਰਸਿਟੀ ਦਾ ਪੜ੍ਹਾਇਆ ਇਤਿਹਾਸ ਝੂਠਾ ਅਤੇ ਜ਼ਹਿਰੀਲਾ ਹੈ। ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਵੀ ਵੱਟਸਐੱਪ ਯੂਨੀਵਰਸਿਟੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦਾ ਘਰਾਣਾ, ਧਰਮ ਅਤੇ ਨਾਮ ਤੱਕ ਤਬਦੀਲ ਕਰ ਕੇ ਅਤੇ ਤੋੜ-ਮਰੋੜ ਕੇ ਪੇਸ਼ ਕੀਤੇ ਗਏ। ਉਨ੍ਹਾਂ ਨੂੰ ਜਿਨਾਹ ਤੋਂ ਵੱਡਾ ‘ਬਦਮਾਸ਼’ ਬਣਾਇਆ ਗਿਆ। ‘ਆਈ.ਟੀ. ਸੈੱਲ’ ਅਤੇ ਇਸ ਦੇ ਸਰਪ੍ਰਸਤ ਪਰਿਵਾਰ ਲਈ ਉਨ੍ਹਾਂ ਤੋਂ ਵੱਡਾ ਬਦਕਾਰ ਬੰਦਾ ਕੋਈ ਨਹੀਂ ਹੈ। ਗਾਂਧੀ ਨੂੰ ਵੀ ਨਹੀਂ ਬਖ਼ਸ਼ਿਆ ਗਿਆ; ਇਸ ਮਾਮਲੇ ਵਿੱਚ ‘ਆਈ.ਟੀ. ਸੈੱਲ’ ਦੀ ਪ੍ਰਯੋਗਸ਼ਾਲਾ ਉਹ ਕਰਦੀ ਹੈ ਜੋ ਸਿਆਸੀ ਆਗੂਆਂ ਦੀ ਜਨਤਕ ਤੌਰ ਉੱਤੇ ਕਰਨ ਦੀ ਔਕਾਤ ਨਹੀਂ ਹੈ। ਉਂਝ ਭਾਵੇਂ ਨਿੱਜੀ ਤੌਰ ਉੱਤੇ ਇੰਝ ਹੀ ਗੱਲ ਕਰਦੇ ਹਨ ਜਿਵੇਂ ਗਾਂਧੀ ਨਾਮ ਦਾ ਕੋਈ ਜੀਅ ਇਤਿਹਾਸ ਵਿੱਚ ਹੋਇਆ ਹੀ ਨਾ ਹੋਵੇ।
ਵੱਟਸਐੱਪ ਯੂਨੀਵਰਸਿਟੀ ਨੇ ਰਾਜਦੀਪ ਸਰਦੇਸਾਈ, ਰਾਣਾ ਅਯੂਬ, ਸਾਗਾਰਿਕਾ ਘੋਸ਼, ਬਰਖਾ ਦੱਤ ਅਤੇ ਮੇਰੇ ਵਰਗੇ ਪੱਤਰਕਾਰ ਨੂੰ ਬਦਨਾਮ ਕਰਨ, ਗਾਲ਼ਾਂ ਦੇਣ ਅਤੇ ਛੁਟਿਆਉਣ ਦੀਆਂ ਵੱਡੀਆਂ ਮੁਹਿੰਮਾਂ ਚਲਾਈਆਂ ਹਨ। ਸਾਡੇ ਵਰਗੇ ਮੁੱਠੀ ਭਰ ਪੱਤਰਕਾਰਾਂ ਨੂੰ ਆਪਣਾ ਕੰਮ ਕਰਨ ਬਦਲੇ ਹੀ ਦੇਸ਼-ਧ੍ਰੋਹੀ ਕਰਾਰ ਦਿੱਤਾ ਗਿਆ ਹੈ। ਇੰਡੀਆ ਵਿੱਚ ਹੋਈ ਹਰ ਨਾਇਨਸਾਫ਼ੀ ਦਾ ਇਲਜ਼ਾਮ ਸਾਡੇ ਸਿਰ ਮੜਿਆ ਗਿਆ ਹੈ। ਵੱਟਸਐੱਪ ਯੂਨੀਵਰਸਿਟੀ ਨੇ ਬੋਲਣ ਵਾਲਿਆਂ ਲਈ ਆਪਣਾ ਹੀ ਮਿਆਰ ਤੈਅ ਕਰ ਲਿਆ ਹੈ: “ਤੁਸੀਂ ਉਸ ਵੇਲੇ ਕਿਉਂ ਨਹੀਂ ਬੋਲੇ, ਅਤੇ ਤੁਸੀਂ ਸਿਰਫ਼ ਇਸੇ ਵੇਲੇ ਕਿਉਂ ਬੋਲਦੇ ਹੋ?” ਇਸ ਸ਼ੈਤਾਨੀ-ਭਰਪੂਰ ਬਿਆਨ ਰਾਹੀਂ ਜਨਤਾ ਦੇ ਹੱਥ ਵਿੱਚ ਹਥਿਆਰ ਦੇ ਦਿੱਤਾ ਗਿਆ ਹੈ। ਆਵਾਮ ਨੂੰ ਦੱਸਿਆ ਗਿਆ ਹੈ, “ਜਦੋਂ ਇਹ ਸੁਆਲ ਪੁੱਛਣ ਤਾਂ ਜੁਆਬੀ ਸੁਆਲ ਕਰਨਾ ਹੈ, ‘ਜਦੋਂ ਉਹ ਹੋਇਆ ਤਾਂ ਤੁਸੀਂ ਕਿੱਥੇ ਸੀ?”
ਮੈਂ ਬਹੁਤ ਦੇਰ ਤੱਕ ਇਨ੍ਹਾਂ ਸੁਆਲਾਂ ਵਿੱਚ ਉਲਝਿਆ ਰਿਹਾ। ਮੈਂ ਸੋਚਦਾ ਰਿਹਾ, ‘ਮੈਂ ਪੱਤਰਕਾਰ ਹਾਂ, ਮੈਂ ਕੋਈ ਅਖ਼ਬਾਰ ਨਹੀਂ ਹਾਂ। ਮੈਂ ਹਰ ਕਾਸੇ ਉੱਤੇ ਟਿੱਪਣੀ ਨਹੀਂ ਕਰ ਸਕਦਾ। ਚੁੱਪ ਰਹਿਣ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਨਾਇਨਸਾਫ਼ੀਆਂ ਦੀ ਧਿਰ ਬਣ ਗਏ ਹੋ।’ ਤੁਸੀਂ ਉਦੋਂ ਕਿਉਂ ਨਹੀਂ ਬੋਲੇ?— ਇਹ ਜੁਗਤ ਹੈ ਜਿਸ ਰਾਹੀਂ ਸੁਆਲ ਪੁੱਛਣ ਵਾਲੇ ਦੇ ਅੰਦਰ ਗੁਨਾਹ ਦਾ ਅਹਿਸਾਸ ਭਰਿਆ ਜਾਂਦਾ ਹੈ। ਚਾਲਾਕੀ ਨਾਲ ਇਹ ਸੁਆਲ ਪੁੱਛਣ ਵਾਲੇ ਦੂਜਾ ਸੁਆਲ ਆਸਾਨੀ ਨਾਲ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਕਿ ਜਿਹੜੇ ਚੁੱਪ ਰਹੇ ਸਨ ਉਹ ਬੋਲ ਕਿਉਂ ਨਹੀਂ ਰਹੇ।
ਸੰਨ 2014 ਤੋਂ ਬਾਅਦ ਮੈਂ ਸਿਰਫ਼ ਸਰਕਾਰ ਨਾਲ ਦਲੀਲਾਂ ਵਿੱਚ ਨਹੀਂ ਪਿਆ ਹੋਇਆ ਸਗੋਂ ਆਪਣੇ ਸਮਾਜ ਵਿੱਚ ਇਸ ਦੇ ਪੈਦਾ ਕੀਤੇ ਨਵੇਂ ਲਸ਼ਕਰਾਂ ਨਾਲ ਸਿੱਝਣ ਲੱਗਿਆ ਹੋਇਆ ਹਾਂ। ਵੱਟਸਐੱਪ ਯੂਨੀਵਰਸਿਟੀ ਤੋਂ ਪੜ੍ਹੀ ਹੋਈ ਪੀੜ੍ਹੀ ਸਰਕਾਰ ਦੀ ਰਾਖੀ ਕਰਨ ਲਈ ਨਿੱਜੀ ਫ਼ੌਜ ਬਣ ਗਈ ਹੈ ਜੋ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਨਾਮ ਅਤੇ ਪਤੇ ਮੰਗਦੀ ਫਿਰਦੀ ਹੈ। ਹੁਣ ਉਹ ਜਲਦੀ ਹੀ ਸਾਡੇ ਆਧਾਰ ਕਾਰਡ ਦਾ ਨੰਬਰ ਪੁੱਛ ਕੇ ਇਜਾਜ਼ਤ ਦਿਆ ਕਰਨਗੇ ਕਿ ਕੀ ਅਸੀਂ ਮੋਦੀ ਸਰਕਾਰ ਨੂੰ ਕੋਈ ਸੁਆਲ ਪੁੱਛ ਸਕਦੇ ਹਾਂ ਜਾਂ ਨਹੀਂ। ਅਜਿਹਾ ਹਜੂਮ ਜੋੜ ਲਿਆ ਗਿਆ ਹੈ ਜੋ ਹਕੂਮਤ ਦੀ ਬਿਨਾਅ ਉੱਤੇ ਸਾਨੂੰ ਪਰੇਸ਼ਾਨ ਕਰੇਗਾ ਅਤੇ ਡਰਾਏਗਾ। ਜਿੰਨੀ ਦੇਰ ਤੱਕ ਇਹ ਹਜੂਮ ਹਕੂਮਤ ਦੇ ਪੱਖ ਵਿੱਚ ਬਾਘੀਆਂ ਪਾਉਂਦਾ ਹੈ, ਇਸ ਦੀ ਜੁਆਬਦੇਹੀ ਕਰਨ ਵਾਲਾ ਕੋਈ ਨਹੀਂ ਹੈ। ਜਦੋਂ ਅਸੀਂ ਸਰਕਾਰ ਦੀ ਜੁਆਬਦੇਹੀ ਕਰਦੇ ਹਾਂ ਤਾਂ ਹਜੂਮ ਨੂੰ ਛੁੱਟੀ ਮਿਲ ਜਾਂਦੀ ਹੈ।
ਇਹ ਹਜੂਮ ਹਰ ਰੋਜ਼ ਨਵੇਂ ਝੂਠ ਅਤੇ ਅਫ਼ਵਾਹਾਂ ਨਸ਼ਰ ਕਰਦਾ ਹੈ। ਇਹ ਝੂਠ ਖ਼ਲਾਅ ਵਿੱਚ ਸਮਾ ਨਹੀਂ ਜਾਂਦੇ। ਮੈਂ ਦੇਖਿਆ ਹੈ ਕਿ ਜੇ ਕਰੋੜਾਂ ਨਹੀਂ ਤਾਂ ਲੱਖਾਂ ਲੋਕਾਂ ਦੇ ਦਿਮਾਗ਼ਾਂ ਉੱਤੇ ਇਹ ਝੂਠ ਅਸਰ-ਅੰਦਾਜ਼ ਹੁੰਦੇ ਹਨ। ਹਕੂਮਤ ਨੇ ਆਪਣੀ ਤਾਕਤ ਇਸ ਅਣਥੱਕ ਹਜੂਮ ਦੇ ਹੱਥਾਂ ਵਿੱਚ ਦੇ ਦਿੱਤੀ ਹੈ ਅਤੇ ਇਹ ਕਿਸੇ ਨੂੰ ਵੀ, ਕਿਸੇ ਵੀ ਥਾਂ ਅਤੇ ਕਿਸੇ ਵੀ ਸਮੇਂ ਘੇਰ ਸਕਦਾ ਹੈ। ਹਰ ਰੋਜ਼ ਨਵਾਂ ਝੂਠ ਮੇਰਾ ਪਿੱਛਾ ਕਰਦਾ ਹੈ। ਇਹ ਸਭ ਕੁਝ ਥਕਾ ਦੇਣ ਵਾਲਾ ਹੈ। ਇਹ ਥਕਾਵਟ ਕੁਝ ਦੇਰ ਭਾਰੂ ਵੀ ਪੈ ਸਕਦੀ ਹੈ ਪਰ ਇਹ ਲੜਾਈ ਅਜਾਈਂ ਨਹੀਂ ਜਾਵੇਗੀ।
ਜਨਵਰੀ 2018 ਦੌਰਾਨ ਮੈਂ ਪ੍ਰਾਈਮ ਟਾਈਮ ਵਿੱਚ ਮੁਲਕ ਵਿੱਚ ਨੌਕਰੀਆਂ ਬਾਬਤ ਇੱਕ ਲੜੀ ਪੇਸ਼ ਕਰ ਰਿਹਾ ਸਾਂ । ਸਰਕਾਰੀ ਅਦਾਰੇ ਇੱਕ ਅਸਾਮੀ ਨੂੰ ਭਰਨ ਲਈ ਚਾਰ ਸਾਲ ਲਗਾਉਂਦੇ ਹਨ ਜਦੋਂ ਕਿ ਮੁਲਕ ਵਿੱਚ ਕਰੋੜਾਂ ਲੋਕਾਂ ਨੂੰ ਨੌਕਰੀ ਦਰਕਾਰ ਹੈ— ਅਤੇ ਅਸਾਮੀਆਂ ਦੀ ਗਿਣਤੀ ਪਹਿਲਾਂ ਹੀ ਨਿਗੂਣੀ ਜਿਹੀ ਹੈ। ਇਸ ਲੜੀ ਦੀਆਂ ਕੁਝ ਕੜੀਆਂ ਨਸ਼ਰ ਹੋਣ ਤੋਂ ਬਾਅਦ ਬਿਹਾਰ ਦੇ ਕਸਬੇ ਆਰਾ ਤੋਂ ਰਾਹੁਲ ਨਾਮ ਦੇ ਨੌਜਵਾਨ ਨੇ ਮੈਨੂੰ ਫੋਨ ਕੀਤਾ। ਉਹ ਮੈਨੂੰ ਬਿਹਾਰ ਦੀਆਂ 2015 ਦੀਆਂ ਬੇਹੱਦ ਗਰਮਜੋਸ਼ੀ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਕਵਰੇਜ ਕਰਨ ਦੌਰਾਨ ਮਿਲਿਆ ਸੀ। ਉਹ ਪਹਿਲੀ ਮੁਲਾਕਾਤ ਤੋਂ ਦੋ ਸਾਲਾਂ ਬਾਅਦ ਫੋਨ ਕਰ ਰਿਹਾ ਸੀ ਕਿਉਂਕਿ ਉਹ ਮੁਆਫ਼ੀ ਮੰਗਣੀ ਚਾਹੁੰਦਾ ਸੀ। ਉਸ ਨੇ ਕਿਹਾ ਕਿ ਮੈਂ ਆਪਣੀ ਨੌਕਰੀ ਲੜੀ ਵਿੱਚ ਉਸ ਵਰਗੇ ਨੌਜਵਾਨਾਂ ਦੀਆਂ ਨੌਕਰੀਆਂ ਬਾਰੇ ਗੱਲ ਕਰ ਰਿਹਾ ਹਾਂ ਜਿਨ੍ਹਾਂ ਦੀ ਕੋਈ ਹੋਰ ਸਾਰ ਨਹੀਂ ਲੈਂਦਾ ਜਦੋਂ ਕਿ ਉਹ ਅਤੇ ਉਸ ਦੇ ਦੋਸਤ ਮੈਨੂੰ ਬਹੁਤ ਚਿਰ ਤੋਂ ਨਫ਼ਰਤ ਕਰਦੇ ਸਨ ਅਤੇ ਗਾਲ਼ਾਂ ਕੱਢਦੇ ਸਨ। ਉਸ ਨੇ ਦੱਸਿਆ ਕਿ ਬਜਰੰਗ ਦਲ ਦੇ ਮੁਕਾਮੀ ਕਾਰਕੁੰਨਾਂ ਨੇ ਉਸ ਨੂੰ ਜਚਾ ਦਿੱਤਾ ਸੀ ਕਿ ਮੈਂ ਹਿੰਦੂ-ਵਿਰੋਧੀ ਅਤੇ ਮੋਦੀ-ਵਿਰੋਧੀ ਸਾਂ। ਮੈਂ ਦੋਸ਼-ਧ੍ਰੋਹੀ ਸਾਂ। ਮੈਂ ਕਮਿਊਨਿਸਟ ਸਾਂ ਅਤੇ ਮੇਰੀ ਸਾਲਾਨਾ ਤਨਖ਼ਾਹ ਇੱਕ ਕਰੋੜ ਤੋਂ ਜ਼ਿਆਦਾ ਸੀ, ਅਤੇ ਭੱਤੇ ਵੱਖਰੇ ਸਨ। ਜੇ ਅਜਿਹਾ ਹੁੰਦਾ ਤਾਂ ਮੈਂ ਤਾਂ ਇੰਡੀਆ ਦਾ ਨਿਰਾਲਾ ਕਮਿਊਨਿਸਟ ਬਣ ਜਾਣਾ ਸੀ। ਰਾਹੁਲ ਨੇ ਅੱਗੇ ਇਹ ਵੀ ਦੱਸਿਆ ਕਿ ਉਸ ਨੂੰ ਮੁਸਲਮਾਨਾਂ ਨਾਲ ਨਫ਼ਰਤ ਸਿਖਾਈ ਗਈ ਸੀ ਅਤੇ ਉਸ ਦੇ ਸਿਰ ਵਿੱਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਭਰਿਆ ਗਿਆ ਸੀ। ਉਸ ਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਸੀ। ਉਹ ਆਪਣੇ ਆਪ ਨੂੰ ਜ਼ਹਿਰ ਮੁਕਤ ਕਰਨ ਦਾ ਆਹਰ ਕਰ ਰਿਹਾ ਸੀ।
ਮੈਂ ਨਫ਼ਰਤ ਦੇ ਇਸ ਜ਼ਹਿਰ ਖ਼ਿਲਾਫ਼ ਵੀ ਲੜ ਰਿਹਾ ਹਾਂ। ਇਹ ਮੇਰੇ ਚਾਰੇ ਪਾਸੇ ਫੈਲਿਆ ਹੈ। ਇਸ ਨੇ ਬਹੁਤ ਸਾਰੇ ਨੌਜਵਾਨਾਂ ਦੇ ਦਿਮਾਗ਼ ਬਰਬਾਦ ਕਰ ਦਿੱਤੇ ਹਨ। ਇਹ ਨੌਜਵਾਨ ਆਪਣੇ ਅੰਦਰ ਨਫ਼ਰਤ ਦਾ ਲਾਵਾ ਚੁੱਕੀ ਬੇਚੈਨ ਘੁੰਮਦੇ ਹਨ। ਉਹ ਇਸ ਜਹਨਮ ਵਿੱਚੋਂ ਨਿਕਲਣ ਲਈ ਰਾਹ ਭਾਲ ਰਹੇ ਹਨ ਜਿਸ ਵਿੱਚ ਉਨ੍ਹਾਂ ਨੂੰ ਸੁੱਟ ਦਿੱਤਾ ਗਿਆ ਹੈ। ਇਸ ਹਨੇਰੇ ਖੂਹ ਵਿੱਚੋਂ ਇਨ੍ਹਾਂ ਨੂੰ ਬਾਹਰ ਕੱਢਣ ਲਈ ਬਾਂਹ ਫੜਨ ਵਾਲਾ ਕੋਈ ਵਿਰਲਾ ਹੀ ਨਜ਼ਰੀਂ ਪੈਂਦਾ ਹੈ। ਚੰਗੇ ਦਿਨਾਂ ਵਿੱਚ ਜਾਪਦਾ ਹੈ ਕਿ ਮੈਂ ਉਨ੍ਹਾਂ ਵਿਰਲਿਆਂ ਵਿੱਚੋਂ ਇੱਕ ਹੋ ਸਕਦਾ ਹਾਂ।
ਇਹ ਇੱਕ ਚੀਜ਼ ਹੈ ਜੋ ਗਾਲ਼ਾਂ ਦੀ ਲਗਾਤਾਰ ਬੁਛਾੜ ਦੇ ਬਾਵਜੂਦ ਮੇਰੀ ਬਿਰਤੀ ਜੋੜੀ ਰਖਦੀ ਹੈ। ਇਹ ਗਾਲ਼ਾਂ ਉਦੋਂ ਵੀ ਵਰ੍ਹਦੀਆਂ ਰਹਿੰਦੀਆਂ ਹਨ ਜਦੋਂ ਮੈਂ ਮੌਸਮ ਵਰਗੇ ਨਿਰਪੱਖ ਵਿਸ਼ੇ ਉੱਤੇ ਲਿਖਦਾ ਹਾਂ। ਇਹ ਲੋਕਾਂ ਦੀਆਂ ਦਿੱਤੀਆਂ ਜਾਣ ਵਾਲੀਆਂ ਆਮ ਗਾਲ਼ਾਂ ਨਹੀਂ ਹਨ। ਇਹ ਹਕੂਮਤ ਦੇ ਮਾਰੇ ਇੱਟਾਂ ਅਤੇ ਪੱਥਰ ਹਨ ਜੋ ਚਾਰੇ ਪਾਸੇ ਡਿੱਗਦੇ ਰਹਿੰਦੇ ਹਨ ਅਤੇ ਨਾਖ਼ੁਸ਼ੀ ਦੀਆਂ ਕੰਧਾਂ ਉਸਾਰ ਦਿੰਦੇ ਹਨ। ਇਹ ਗਾਲ਼ਾਂ ਖਾਂਦੇ-ਖਾਂਦੇ ਜਾਪਦਾ ਹੈ ਕਿ ਮੈਨੂੰ ਹਕੂਮਤ ਦੇ ਅਸਲੀ ਖ਼ਾਸੇ ਦੀ ਥਾਹ ਪੈਣ ਲੱਗੀ ਹੈ।
ਗਾਲ਼ਾਂ ਭਾਰਤੀ ਸੱਭਿਆਚਾਰ ਦਾ ਹਿੱਸਾ ਹਨ। ਵਿਆਹਾਂ ਉੱਤੇ ਗਾਲ਼ਾਂ ਕੱਢੀਆਂ ਜਾਂਦੀਆਂ ਹਨ ਅਤੇ ਕੁਝ ਰਿਸ਼ਤਿਆਂ ਵਿੱਚ ਗਾਲ਼ਾਂ ਕੱਢਣ ਦੀ ਸਮਾਜਿਕ ਪ੍ਰਵਾਨਗੀ ਹੈ। ਇਸ ਦੇ ਬਾਵਜੂਦ ਹੁਣ ਤੱਕ ਕਦੇ ਵੀ ਗਾਲ਼ਾਂ ਹਕੂਮਤ ਦੇ ਹੱਥ ਦਾ ਹਥਿਆਰ ਨਹੀਂ ਰਹੀਆਂ। ਜਦੋਂ ਹਕੂਮਤ ਦਾ ਹੱਥਠੋਕਾ ਹਜੂਮ ਗਾਲ਼ਾਂ ਕੱਢ ਰਿਹਾ ਹੋਵੇ ਤਾਂ ਇਹ ਇਸ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ। ਇਹ ਹਜੂਮ ਤੁਹਾਨੂੰ ਦਹਿਸ਼ਤਜ਼ਦਾ ਕਰਨਾ ਚਾਹੁੰਦਾ ਹੈ। ਇਸ ਹਾਲਤ ਵਿੱਚ ਤੁਹਾਨੂੰ ਇਹ ਫ਼ੈਸਲਾ ਕਰਨਾ ਪੈਂਦਾ ਹੈ ਕਿ ਕੀ ਤੁਸੀਂ ਦਹਿਸ਼ਤਜ਼ਦਾ ਹੋਣਾ ਚਾਹੁੰਦੇ ਹੋ? ਉਸ ਵੇਲੇ ਵੀ ਫ਼ੈਸਲਾ ਕਰਨਾ ਪੈਂਦਾ ਹੈ, ਜਦੋਂ ਸਮੁੱਚਾ ਨਿਜ਼ਾਮ ਗਾਲ਼ਾਂ ਰਾਹੀਂ ਮੁਕੰਮਲ ਹੁੰਦਾ ਹੋਵੇ, ਅਤੇ ਤੁਹਾਡੇ ਨਾਲ ਖੜ੍ਹਾ ਹੋਣ ਲਈ ਕੋਈ ਨਾ ਹੋਵੇ?
ਮੈਨੂੰ ਇਹ ਸਮਝ ਨਹੀਂ ਆਉਂਦਾ: ਕੋਈ ਅਜਿਹਾ ਕੀ ਕਰ ਰਿਹਾ ਹੈ ਜੋ ਇਸ ਹੱਦ ਤੱਕ ਗ਼ਲਤ ਹੈ? ਅਜਿਹਾ ਕਿਉਂ ਹੈ ਕਿ ਕੁਝ ਸੁਆਲ ਪੁੱਛਣ ਕਾਰਨ ਹੀ ਕਿਸੇ ਨੂੰ ਏਨੀ ਸਖ਼ਤ ਸਜ਼ਾ ਦਿੱਤੀ ਜਾ ਸਕਦੀ ਹੈ ਕਿ ਉਸ ਖ਼ਿਲਾਫ਼ ਹਜੂਮ ਨੂੰ ਛੁੱਟੀ ਦੇ ਦਿੱਤੀ ਜਾਵੇ? ਮੈਂ ਬਹੁਤ ਥਾਂਵਾਂ ਉੱਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਇਆ ਹਾਂ। ਡਾਂਗਾਂ-ਸੋਟਿਆਂ ਵਾਲੇ ਮਰਦਾਂ ਨੇ ਮੇਰਾ ਪਿੱਛਾ ਕੀਤਾ ਹੈ ਅਤੇ ਕਈ ਵਾਰ ਲੋਕਾਂ ਨੇ ਮੇਰੇ ਗਿਰੇਬਾਨ ਨੂੰ ਹੱਥ ਪਾਇਆ ਹੈ। ਧੱਕਾ ਅਤੇ ਕੂਹਣੀਆਂ ਮਾਰਨ ਦੀਆਂ ਕਈ ਵਾਰਦਾਤ ਹੋਈਆਂ ਹਨ। ਮੈਂ ਇਸੇ ਹਾਲਾਤ ਵਿੱਚ ਵਧਿਆ-ਫੁੱਲਿਆ ਹਾਂ। ਮੈਂ ਆਪਣੀ ਇਕੱਲਤਾ ਦੀ ਚਾਦਰ ਚਾਕ ਕਰਨ ਲਈ ਹੀ ਬੋਲਣਾ ਸ਼ੁਰੂ ਕੀਤਾ ਸੀ। ਇਹ ਇੱਕੋ-ਇੱਕ ਕਿਰਿਆ ਸੀ ਜੋ ਮੇਰੀ ਇਕੱਲਤਾ ਦੀ ਘੇਰਾ-ਬੰਦੀ ਤੋੜਦੀ ਸੀ।
ਇਨ੍ਹਾਂ ਸਾਰੀਆਂ ਘਟਨਾਵਾਂ ਨੇ ਲਗਾਤਾਰ ਮੇਰੇ ਪੇਸ਼ੇ ਵਿੱਚ ਮੇਰੀ ਜ਼ਰੂਰਤ ਘਟਾਈ ਹੈ। ਪੱਤਰਕਾਰੀ ਬਾਰੇ ਦੋਸਤਾਂ ਨਾਲ ਹਰ ਗੱਲਬਾਤ ਵਿੱਚ ਇਹ ਆਮ ਹੋ ਗਿਆ ਹੈ ਕਿ ਹੋਰ ਕਿਸੇ ਤੋਂ ਵੀ ਪਹਿਲਾਂ ਮੇਰੀ ਨੌਕਰੀ ਜਾਵੇਗੀ ਅਤੇ ਮੁੜ ਨੌਕਰੀ ਮਿਲੇਗੀ ਵੀ ਨਹੀਂ। ਇੱਕ ਪਾਸੇ ਪੇਸ਼ੇਵਰ ਮੌਕਿਆਂ ਅਤੇ ਜ਼ਿੰਦਗੀ ਦੇ ਬੂਹੇ ਭੀੜੇ ਜਾਣ ਦੀਆਂ ਸਲਾਹਾਂ ਆਉਂਦੀਆਂ ਰਹੀਆਂ ਹਨ ਅਤੇ ਦੂਜੇ ਪਾਸੇ ਬੋਲਣ ਵਾਲੀ ਬਾਰੀ ਨੂੰ ਹੀ ਮੈਂ ਆਪਣਾ ਮੌਕਾ ਸਮਝਿਆ ਹੈ ਜਿਸ ਵਿੱਚੋਂ ਹਵਾ ਅਤੇ ਰੌਸ਼ਨੀ ਆਉਂਦੀ ਰਹੀ ਹੈ-ਇਨ੍ਹਾਂ ਦੀ ਮਿਕਦਾਰ ਭਾਵੇਂ ਸੀਮਤ ਰਹੀ ਹੈ।
ਆਮੀਰ ਖ਼ਾਨ ਨੇ ਬਹੁਤ ਹੀ ਸੰਕੋਚੀ ਢੰਗ ਨਾਲ ਜਦੋਂ 2015 ਵਿੱਚ ਆਪਣੇ ਅਤੇ ਆਪਣੇ ਪਰਿਵਾਰ ਦੇ ਸ਼ੰਕੇ ਜ਼ਾਹਿਰ ਕੀਤੇ ਕਿ ਉਹ ਇੰਡੀਆ ਵਿੱਚ ਕਿੰਨਾ ਸੰਸਿਆਂ ਵਾਲੇ ਮਾਹੌਲ ਵਿੱਚ ਜਿਊਂ ਰਹੇ ਹਨ ਤਾਂ ਆਈ.ਟੀ.ਸੈੱਲ ਦੇ ਹਜੂਮ ਨੇ ਉਨ੍ਹਾਂ ਉੱਤੇ ਹੱਲਾ ਬੋਲ ਦਿੱਤਾ। ਜਦੋਂ ਕਰਨੀ ਸੈਨਾ ਨੇ ਪਦਮਾਵਤੀ ਫ਼ਿਲਮ ਦੇ ਪਰਦਾਪੇਸ਼ ਹੋਣ ਦੇ ਖ਼ਿਲਾਫ਼ ਖੱਤਰੀ ਮੁਲਾਜ਼ਮਾਂ ਨੂੰ ਆਪਣੀਆਂ ਮੈੱਸਾਂ ਵਿੱਚੋਂ ਖਾਣਾ ਖਾਣਾ ਬੰਦ ਕਰਨ ਦਾ ਸੱਦਾ ਦਿੱਤਾ ਤਾਂ ਇਹ ਹਜੂਮ ਚੁੱਪ ਰਿਹਾ। ਇੱਕ ਬੰਦੇ ਨੇ ਸ਼ਰਿ-ਆਮ ਫ਼ੌਜ ਵਿੱਚ ਫ਼ਿਰਕਾਨਾ ਬਗ਼ਾਵਤ ਭੜਕਾਉਣ ਦੀਆਂ ਗੱਲਾਂ ਕੀਤੀਆਂ ਤਾਂ ਸਾਰੀ ਸਰਕਾਰ ਉਹ ਬੰਦੇ ਪਿੱਛੇ ਸਿਰ ਝੁਕਾ ਕੇ ਖੜ੍ਹੀ ਹੋ ਗਈ।
ਹਜੂਮ ਨੇ ਖ਼ੌਫ਼ ਦੀ ਸਰਕਾਰ ਬਣਾ ਦਿੱਤੀ ਹੈ। ਇਹ ਹਜੂਮ ਆਮੀਰ ਖ਼ਾਨ ਨੂੰ ਇਹ ਦਾਅਵਾ ਕਰਦਾ ਹੋਇਆ ਖ਼ੌਫ਼ਜ਼ਦਾ ਕਰ ਸਕਦਾ ਹੈ ਕਿ ਉਹ ਕਿਸੇ ਹੋਰ ਦੇ ਇਸ਼ਾਰਿਆਂ ਉੱਤੇ ਬੋਲ ਰਿਹਾ ਹੈ ਕਿਉਂਕਿ ਉਸ ਦਾ ਅਕੀਦਾ ਹਜੂਮ ਦੇ ਮਜ਼ਹਬ ਨਾਲੋਂ ਵੱਖਰੇ ਮਜ਼ਹਬ ਨਾਲ ਜੁੜਿਆ ਹੋਇਆ ਹੈ। ਜਦੋਂ ਹਜੂਮ ਚਾਹੁੰਦਾ ਹੈ ਤਾਂ ਇਹ ਸੰਜੇ ਲੀਲਾ ਭੰਸਾਲੀ ਦੇ ਦਿਲ ਵਿੱਚ ਦਹਿਸ਼ਤ ਬੈਠਾ ਸਕਦਾ ਹੈ, ਭਾਵੇਂ ਉਹ ਉਨ੍ਹਾਂ ਦਾ ਹਮ-ਮਜ਼ਹਬ ਹੋਵੇ। ਇਸ ਤਰ੍ਹਾਂ ਸਿਰਫ਼ ਇੱਕੋ ਕਾਨੂੰਨ ਉੱਤੇ ਅਮਲ ਹੁੰਦਾ ਹੈ, ਕਾਨੂੰਨਿ-ਖ਼ੌਫ਼।
ਹਰ ਹਜੂਮ ਦੇ ਜੁੜਨ ਦੀ ਬੁਨਿਆਦ ਖ਼ੌਫ਼ ਨਾਲ ਜੁੜੀ ਹੋਈ ਹੈ। ਬਾਹਰਲੇ ਡਰਾਂ ਨੂੰ ਹੁੰਗਾਰਾ ਦਿੰਦੇ ਬਹੁਤ ਸਾਰੇ ਲੋਕ ਹਜੂਮ ਦਾ ਹਿੱਸਾ ਬਣ ਰਹੇ ਹਨ। ਪਹਿਲਾਂ ਇਹ ਲੋਕ ਆਪਣੇ ਹਮ-ਸ਼ਹਿਰੀਆਂ ਤੋਂ ਉਨ੍ਹਾਂ ਦਾ ਮਜ਼ਹਬ ਵੱਖਰਾ ਹੋਣ ਕਾਰਨ ਖ਼ੌਫ਼ ਖਾਂਦੇ ਸਨ ਅਤੇ ਮੁੜ ਕੇ ਹਜੂਮ ਵਿੱਚ ਸ਼ਾਮਿਲ ਹੋ ਜਾਣ ਤੋਂ ਬਾਅਦ ਆਪਣੇ ਮਾਲਕਾਂ ਅਤੇ ਮਦਾਰੀਆਂ ਤੋਂ ਭੈਅ ਖਾਣ ਲੱਗ ਗਏ। ਉਨ੍ਹਾਂ ਦੀ ਚੁੱਪ ਦਾ ਕਾਰਨ ਬਹੁਤ ਸਾਦਾ ਜਿਹਾ ਸੀ। ਉਹ ਸਮਝਦੇ ਹਨ. “ਜੇ ਹਜੂਮ ਇਨ੍ਹਾਂ ਲੋਕਾਂ ਨਾਲ ਇਹ ਕਰ ਸਕਦਾ ਹੈ ਤਾਂ ਇਹ ਮੇਰੇ ਨਾਲ ਵੀ ਇਹੋ ਕਰ ਸਕਦਾ ਹੈ।” ਲੋਕ ਦੂਜਿਆਂ ਨੂੰ ਚੁੱਪ ਕਰਵਾਉਣ ਲਈ ਹਜੂਮ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਸੇ ਅਮਲ ਦੌਰਾਨ ਉਹ ਆਪ ਚੁੱਪ ਰਹਿਣਾ ਸਿੱਖ ਜਾਂਦੇ ਹਨ ਅਤੇ ਚੁੱਪ ਰਹਿੰਦੇ ਹਨ।
ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਆਈ.ਟੀ.ਸੈੱਲ ਦੇ ਖ਼ੌਫ਼ ਕਾਰਨ ਬੋਲਣਾ ਬੰਦ ਕਰ ਦਿੱਤਾ ਹੈ। ਖ਼ਸੂਸੀ ਤੌਰ ਉੱਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸਿਆਸੀ ਮਾਮਲਿਆਂ ਉੱਤੇ ਟਿੱਪਣੀ ਕਰਨੀ ਬੰਦ ਕਰ ਦਿੱਤੀ ਹੈ। ਉਹ ਆਪਣੀ ਰਾਇ ‘ਕਮੈਂਟ’ ਵਾਲੇ ਖ਼ਾਨੇ ਵਿੱਚ ਲਿਖਣ ਦੀ ਥਾਂ ‘ਇਨਬਾਕਸ’ ਵਿੱਚ ਸੁਨੇਹਾ ਭੇਜਦੀਆਂ ਹਨ। ਸਿਰਫ਼ ਔਰਤਾਂ ਹੀ ਨਹੀਂ ਸਗੋਂ ਬਹੁਤ ਸਾਰੇ ਮਰਦ ਵੀ ਹੁਣ ਅਜਿਹਾ ਹੀ ਕਰਦੇ ਹਨ।
ਜਦੋਂ ਮੈਂ ਫੇਸਬੁੱਕ ਉੱਤੇ ਰਵੀਸ਼ ਕਾ ਪੇਜ ਸ਼ੁਰੂ ਕੀਤਾ ਤਾਂ ਬਹੁਤ ਸਾਰੀਆਂ ਔਰਤਾਂ ਨੇ ਇਨਬਾਕਸ ਸੁਨੇਹੇ ਭੇਜੇ ਕਿ ਮੇਰੀਆਂ ਪੋਸਟਜ਼ ਉੱਤੇ ਟਿੱਪਣੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕੀਤਾ ਗਿਆ ਸੀ। ਟਰੋਲ ਉਨ੍ਹਾਂ ਨੂੰ ਦੱਸਦੇ ਸਨ ਕਿ ਕਿਸ-ਕਿਸ ਤਰ੍ਹਾਂ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕਦਾ ਹੈ ਅਤੇ ਵਧੀਕੀ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਆਮ ਤੌਰ ਉੱਤੇ ਮੇਰੀਆਂ ਪੋਸਟਾਂ ਉੱਤੇ ਹਜ਼ਾਰਾਂ ਕਮੈਂਟਸ ਹੁੰਦੇ ਹਨ ਪਰ ਉਨ੍ਹਾਂ ਵਿੱਚ ਔਰਤਾਂ ਦੇ ਸੌ ਵੀ ਨਹੀਂ ਹੁੰਦੇ। ਗਾਲ਼ਾਂ ਤਾਂ ਕੱਢਣ ਵਾਲੇ ਦੀ ਤਾਕਤ ਨਾਲ ਜੁੜੀਆਂ ਹੋਈਆਂ ਹਨ ਅਤੇ ਗੋਲੀ ਵਰਗਾ ਅਸਰ ਕਰਦੀਆਂ ਹਨ। ਹਰ ਕੋਈ ਗੋਲੀਆਂ ਤੋਂ ਖ਼ੌਫ਼ ਖਾਂਦਾ ਹੈ। ਬਹੁਤ ਸਾਰੇ ਮੁੰਡੇ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਮੇਰੀ ਪੋਸਟਜ਼ ਉੱਤੇ ਕਮੈਂਟ ਕਰਨ ਤੋਂ ਮਨ੍ਹਾ ਕੀਤਾ ਹੈ। ਖ਼ੌਫ਼ ਦਾ ਮੁਕੰਮਲ ਸਮਾਜੀਕਰਨ ਹੋ ਗਿਆ ਹੈ। ਖ਼ਸਤਾਹਾਲ ਜਮਹੂਰੀਅਤ ਦੇ ਨਵੇਂ ਦੌਰ ਵਿੱਚ ਡਰ ਜਾਣਾ ਹੀ ਸਲੀਕਾ ਹੋ ਗਿਆ ਹੈ। ਮੈਨੂੰ ਇਹ ਬੇਸਲੀਕਾ ਅਤੇ ਬਦਤਮੀਜ਼ੀ ਜਾਪਦੀ ਹੈ।
ਵਹਿਸ਼ੀਆਨਾ ਬਾਰੀਕੀ ਅਤੇ ਹੁਨਰਮੰਦੀ ਨਾਲ ਆਈ.ਟੀ.ਸੈੱਲ ਨੇ ਖ਼ੌਫ਼ ਦਾ ਮਾਹੌਲ ਸਿਰਜ ਲਿਆ ਹੈ। ਸਰਕਾਰ ਦੇ ਮੰਤਰੀਆਂ ਅਤੇ ਹਮਾਇਤੀਆਂ ਦੀ ਬੋਲੀ ਆਈ.ਟੀ.ਸੈੱਲ ਵਾਲੀ ਹੋ ਗਈ ਹੈ। ਪਹਿਲਾਂ ਸਰਕਾਰ ਸ਼ਹਿਰੀਆਂ ਦੇ ਦਿਲਾਂ ਵਿੱਚ ਖ਼ੌਫ਼ ਬਿਠਾਉਂਦੀ ਸੀ; ਹੁਣ ਇਸ ਮਾਮਲੇ ਵਿੱਚ ਮੁੱਖ ਧਾਰਾ ਅਤੇ ਸੋਸ਼ਲ ਮੀਡੀਆ ਸਰਕਾਰ ਦੇ ਬਾਂਹ-ਬੇਲੀ ਹੋ ਗਏ ਹਨ।
ਮੇਰਾ ਫੋਨ ਨੰਬਰ ਵੱਟਸਅੱਪ ਅਤੇ ਫੇਸਬੁੱਕ ਉੱਤੇ ਵਾਰ-ਵਾਰ ਨਸ਼ਰ ਕੀਤਾ ਜਾਂਦਾ ਹੈ। ਮੇਰੇ ਫੋਨ ਨੰਬਰ ਦੇ ਨਾਲ ਭੜਕਾਊ ਸਤਰਾਂ ਲਿਖੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਬੋਲੀ ਵੱਖਰੇ ਅਧਿਐਨ ਦਾ ਵਿਸ਼ਾ ਹੋ ਸਕਦੀ ਹੈ। ਇਹ ਫ਼ਿਕਰੇ ਏਨੀ ਚਾਲਾਕੀ ਨਾਲ ਲਿਖੇ ਜਾਂਦੇ ਹਨ ਕਿ ਇਹ ਸਾਫ਼ ਨਹੀਂ ਹੁੰਦਾ ਕਿ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਜਾਂ ਮੈਨੂੰ ਗਾਲ਼ਾਂ ਕੱਢਣ ਲਈ ਹੁਕਮ ਸੁਣਾਇਆ ਜਾ ਰਿਹਾ ਹੈ। “ਇਹ ਪਾਕਿਸਤਾਨੀ ਰਵੀਸ਼ ਕੁਮਾਰ ਦਾ ਨੰਬਰ ਹੈ। ਕਿਰਪਾ ਕਰ ਕੇ ਇਸ ਨੂੰ ਫੋਨ ਕਰੋ ਅਤੇ ਰਾਸ਼ਟਰਵਾਦ ਦਾ ਪਾਠ ਪੜ੍ਹਾਓ।” ਇਨ੍ਹਾਂ ਪੋਸਟਾਂ ਦਾ ਇਹੋ ਲਹਿਜਾ ਹੈ। ਕਿਸੇ ਬੰਦੇ ਨੂੰ ਖ਼ੌਫ਼ਜ਼ਦਾ ਕਰਨ ਲਈ ਇਹ ਬਹੁਤ ਹੈ। ਚੰਗੀ ਗੱਲ ਇਹ ਸੀ ਕਿ ਜਿਉਂ ਹੀ ਮੇਰਾ ਨੰਬਰ ਨਸ਼ਰ ਹੋਇਆ ਤਾਂ ਕੁਝ ਲੋਕ ਬਹੁਤ ਖ਼ੁਸ਼ ਹੋ ਗਏ। ਉਨ੍ਹਾਂ ਨੇ ਮੈਨੂੰ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਨੰਬਰ ਕਿੱਥੋਂ ਮਿਲਿਆ ਹੈ ਅਤੇ ਉਹ ਟਰੋਲ ਨਹੀਂ ਹਨ ਸਗੋਂ ਮੇਰੇ ਪ੍ਰਸੰਸਕ ਹਨ। ਇਨ੍ਹਾਂ ਹੀ ਲੋਕਾਂ ਨੇ ਬਾਅਦ ਵਿੱਚ ਮੈਨੂੰ ਨਫ਼ਰਤ ਦਾ ਇਜ਼ਹਾਰ ਕਰਨ ਵਾਲੇ ਪੇਜਿਜ਼ ਦੇ ਸਕਰੀਨ ਸ਼ੌਟਜ਼ ਭੇਜੇ।
ਇਹ ਜਾਪਦਾ ਹੈ ਕਿ ਅਸੀਂ ਸ਼ੱਕ ਅਤੇ ਖ਼ੌਫ਼ ਦੇ ਨਿਜ਼ਾਮ ਵਿੱਚ ਰਹਿੰਦੇ ਹਾਂ। “ਹੈਂਗ ਓਨ, ਫੋਨ ਉੱਤੇ ਨ੍ਹੀਂ। ਮੈਂ ਵੱਟਸਅੱਪ ਉੱਤੇ ਕਰਦੈਂ।” ਕਿਸੇ ਵੀ ਅਫ਼ਸਰ ਨਾਲ ਫੋਨ ਉੱਤੇ ਗੱਲ ਕਰੋ ਤਾਂ ਪਤਾ ਲਗਦਾ ਹੈ ਕਿ ਅਫ਼ਸਰਾਂ ਨੂੰ ਖ਼ਦਸ਼ਾ ਹੈ ਕਿ ਕੋਈ ਮੰਤਰੀ ਉਸ ਦਾ ਫੋਨ ਰਿਕਾਰਡ ਕਰਵਾ ਰਿਹਾ ਹੈ। ਮੰਤਰੀਆਂ ਨੂੰ ਲਗਦਾ ਹੈ ਕਿ ਕੋਈ ਵੱਡਾ ਮੰਤਰੀ ਉਨ੍ਹਾਂ ਦੇ ਫੋਨ ਰਿਕਾਰਡ ਕਰਵਾ ਰਿਹਾ ਹੈ। ਪੱਤਰਕਾਰਾਂ ਨੂੰ ਲੱਗਦਾ ਹੈ ਕਿ ਕੋਈ ਉਨ੍ਹਾਂ ਦੀ ਗੱਲਬਾਤ ਸੁਣ ਰਿਹਾ ਹੈ। ਰਿਪੋਟਰਾਂ ਦੀ ਹਰ ਦੂਜੀ ਗੱਲ ਵਿੱਚ ਫੋਨ ਟੈਪ ਕੀਤੇ ਜਾਣ ਦਾ ਜ਼ਿਕਰ ਹੋ ਰਿਹਾ ਹੈ। ਇਸ ਖ਼ੌਫ਼ ਦਾ ਪਸਾਰਾ ਏਨਾ ਜ਼ਿਆਦਾ ਹੈ ਕਿ ਅਮੂਮਨ ਜਿਹੀਆਂ ਬੈਠਕਾਂ ਸ਼ੱਕ ਦੇ ਘੇਰੇ ਵਿੱਚ ਆ ਗਈਆਂ ਹਨ। ਸ਼ੱਕ ਅਤੇ ਖ਼ੌਫ਼ ਦਾ ਜਮ੍ਹਾਂ-ਜੋੜ ਬੈਠਕਾਂ ਉੱਤੇ ਅਸਰ- ਅੰਦਾਜ਼ ਹੋਇਆ ਹੈ। ਇਹੋ ਅਸਰ ਬੋਲਣ ਦੀ ਕਿਰਿਆ ਉੱਤੇ ਵੀ ਹੋਇਆ ਹੈ।
ਆਪਣੇ ਆਪ ਨੂੰ ਪੁੱਛੋ: ਕੀ ਬੋਲਣ ਨਾਲ ਜੁੜੇ ਖ਼ਤਰਿਆਂ ਦੀ ਮਿਕਦਾਰ ਵਧ ਗਈ ਹੈ? ਕੀ ਸਰਕਾਰ ਬਾਰੇ ਗੱਲ ਕਰਨ ਤੋਂ ਤੁਹਾਨੂੰ ਡਰ ਲਗਦਾ ਹੈ? ਤੁਸੀਂ ਕਿਸ ਤੋਂ ਖ਼ੌਫ਼ ਖਾਂਦੇ ਹੋ: ਸਰਕਾਰ ਤੋਂ ਜਾਂ ਵੱਖ-ਵੱਖ ਅਵਤਾਰ ਧਾਰ ਕੇ ਤੁਹਾਡੇ ਦੁਆਲੇ ਹਾਜ਼ਰ ਹਜੂਮ ਤੋਂ? ਕੀ ਤੁਸੀਂ ਕਿਸੇ ਹੱਦ ਤੱਕ ਬੋਲ ਕੇ ਚੁੱਪ ਕਰ ਜਾਂਦੇ ਹੋ ਜਾਂ ਤੁਸੀਂ ਆਪਣੀ ਗੱਲ ਮੁਕੰਮਲ ਕਰਦੇ ਹੋ? ਕੀ ਤੁਸੀਂ ਅਜਿਹਾ ਸਮਾਜ ਬਣਾਉਣਾ ਚਾਹੁੰਦੇ ਹੋ ਜਿਸ ਵਿੱਚ ਬਿਨਾਂ ਕਿਸੇ ਕਾਰਨ ਤੋਂ ਦਹਿਸ਼ਤਜ਼ਦਾ ਲੋਕ ਸਰਕਾਰ ਅਤੇ ਹਜੂਮ ਅੱਗੇ ਗੋਡਿਆਂ ਭਾਰ ਹੋਏ ਹੋਣ ਅਤੇ ਦਿਨ-ਰਾਤ ਸਰਕਾਰ ਦੇ ਸੋਹਲੇ ਗਾਉਣ ਵਾਲੇ ਸੀਨਾ ਤਾਣ ਕੇ ਘੁੰਮਦੇ ਹੋਣ? ਇਹ ਕਿਉਂ ਹੈ ਕਿ ਸਰਕਾਰ ਦੀ ਪੜਚੋਲ ਕਰਨ ਵਾਲਿਆਂ ਦੇ ਦੁਆਲੇ ਖ਼ੌਫ਼ ਅਤੇ ਸ਼ੱਕ ਦੀ ਚਾਦਰ ਤਣੀ ਰਹੇ? ਸਿਰਫ਼ ਇਸੇ ਕਾਰਨ ਕਿ ਕਿਸੇ ਅਦਾਰੇ ਵਿੱਚ ਕੋਈ ਭਰੋਸਾ ਨਹੀਂ ਬਚਿਆ? ਕਿਸੇ ਨੂੰ ਨਹੀਂ ਪਤਾ ਕਿ ਉਸ ਨੂੰ ਕਿਸ ਮਾਮਲੇ ਵਿੱਚ ਫਸਾ ਦਿੱਤਾ ਜਾਵੇ ਅਤੇ ਫਿਰ ਤੁਸੀਂ ਸਾਲਾਂ-ਬੱਧੀ ਅਦਾਲਤਾਂ ਦੇ ਚੱਕਰ ਕੱਢਣ ਵਿੱਚ ਲੱਗੇ ਰਹੋ। ਇੰਡੀਆ ਵਿੱਚ ਇਹ ਸੌਖਿਆਂ ਹੀ ਹੋ ਜਾਂਦਾ ਹੈ।
ਇੰਡੀਆ ਦੀ ਹਕੂਮਤ ਦਾ ਧੁਰਾ ਦਿੱਲੀ ਹੈ ਅਤੇ ਇਸ ਸ਼ਹਿਰ ਵਿੱਚ ਸ਼ੱਕ ਅਤੇ ਸ਼ੰਕਿਆਂ ਨੇ ਲੋਕਾਂ ਦੀ ਗੱਲਬਾਤ ਦਾ ਦਸਤੂਰ ਬਦਲ ਦਿੱਤਾ ਹੈ। ਕੁਝ ਲੋਕ ਆਪਣੀਆਂ ਫੋਟੋਆਂ ਫੇਸਬੁੱਕ ਉੱਤੇ ਪਬਲਿਕ ਨਹੀਂ ਕਰਦੈ ਅਤੇ ਕੁਝ ਵੱਟਸਐੱਪ ਰਾਹੀਂ ਗੱਲਬਾਤ ਨਹੀਂ ਕਰਦੇ ਤਾਂ ਜੋ ਲਿਖਤ ਨੂੰ ਸਬੂਤ ਵਜੋਂ ਪੇਸ਼ ਨਾ ਕੀਤਾ ਜਾ ਸਕੇ। ਮੈਂ ਜਦੋਂ ਵੀ ਲੋਕਾਂ ਨੂੰ ਮਿਲਦਾ ਹਾਂ ਤਾਂ ਕੋਈ ਨਾ ਕੋਈ ਨਵਾਂ ਸੰਕੇਤਕ ਸ਼ਬਦ ਮਿਲ ਜਾਂਦਾ ਹੈ ਜਿਸ ਦਾ ਇੱਕੋ ਮਕਸਦ ਹੁੰਦਾ ਹੈ ਕਿ ਸਰਕਾਰ ਦੇ ਖੁਫ਼ੀਆ ਕੰਨ ਨੂੰ ਇਸ ਦੀ ਸਮਝ ਨਾ ਆਵੇ। ਇਹ ਬਿਆਨ ਆਮ ਹੁੰਦਾ ਜਾ ਰਿਹਾ ਹੈ: ” ਇਹ ਗੱਲ ਫੋਨ ਉੱਤੇ ਨ੍ਹੀਂ ਕਰਨੀ ਚਾਹੀਦੀ। ” ਜੇ ਸਰਕਾਰ ਸਮਾਜ ਵਿੱਚ ਅਜਿਹੀ ਤਬਦੀਲੀ ਲਿਆ ਦੇਵੇ ਕਿ ਹਰ ਨਾਇਤਫ਼ਾਕ ਜਣੇ/ਜਣੀ ਨੂੰ ਗ਼ੱਦਾਰ ਸੱਦਿਆ ਜਾਵੇ-ਸਰਕਾਰ ਅਤੇ ਸ਼ਹਿਰੀਆਂ ਦੇ ਵਿਚਕਾਰ ਖ਼ੌਫ਼ ਦੀ ਕੰਡਿਆਲੀ ਤਾਰ ਲਗਾ ਦਿੱਤੀ ਜਾਵੇ ਤਾਂ ਇਹ ਵੀ ਹਿੰਸਾ ਦਾ ਰੂਪ ਹੈ।
ਦਿੱਲੀ ਦੇ ਅਸਰ-ਰਸੂਖ਼ ਵਾਲੇ ਸਰਕਾਰੀ ਕੰਮਾਂ ਨਾਲ ਜੁੜੇ ਲੋਕਾਂ ਦਾ ਕੰਮ ਚਲਦਾ ਹੈ ਪਰ ਜਿਹੜੇ ਸਰਕਾਰੀ ਕੰਮ ਦੀ ਪਰਖ-ਪੜਚੋਲ ਕਰਦੇ ਹਨ ਉਨ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਸੈੱਲ ਫੋਨ ਵੀ ਉਨ੍ਹਾਂ ਦੀ ਗ਼ੈਰ-ਮਹਿਫ਼ੂਜ਼ੀਅਤ ਦਾ ਸਬੱਬ ਬਣੇ ਹੋਏ ਹਨ। ਉਹ ਆਪਣੇ ਫੋਨ ਚੁੱਕੀ ਫਿਰਦੇ ਹਨ ਪਰ ਉਨ੍ਹਾਂ ਦਾ ਭਰੋਸਾ ਨਹੀਂ ਕਰਦੇ। ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਜਦੋਂ ਹੁਕਮਰਾਨ ਧਿਰ ਦੇ ਸਿਆਸੀ ਆਗੂ ਫੋਨ ਕਰਦੇ ਹਨ ਤਾਂ ਫੋਨ ਦੀ ਸਕਰੀਨ ਉੱਤੇ ‘ਬੇਪਛਾਣ’ ਨੰਬਰ ਆਉਂਦਾ ਹੈ। ਸਿਆਸੀ ਆਗੂ ਬੇਹੱਦ ਸੁਚੇਤ ਹਨ ਕਿ ਕਿਤੇ ਆਲੋਚਨਾ ਦਾ ਕੋਈ ਲਫ਼ਜ਼ ਉਨ੍ਹਾਂ ਦੀ ਜ਼ੁਬਾਨ ਤੋਂ ਫਿਸਲ ਨਾ ਜਾਵੇ।
“ਜੇ ਕੋਈ ਉਂਗਲੀ ਉਸ ਉੱਤੇ ਚੁੱਕੀ ਜਾਵੇਗੀ, ਜੇ ਕੋਈ ਹੱਥ ਉਸ ਦੇ ਖ਼ਿਲਾਫ਼ ਉੱਠੇਗਾ ਤਾਂ ਅਸੀਂ ਇੱਕਜੁੱਟ ਹੋ ਕੇ ਉਸ ਦਾ ਹੱਥ ਤੋੜ ਦਿਆਂਗੇ ਜਾਂ ਜੇ ਲੋੜ ਪਈ ਤਾਂ ਇਸ ਨੂੰ ਵੱਢ ਦਿਆਂਗੇ।”
ਇਹ ਸ਼ਬਦ ਭਾਜਪਾ ਦੀ ਬਿਹਾਰ ਇਕਾਈ ਦੇ ਸਕੱਤਰ ਅਤੇ ਸੰਸਦ ਦੇ ਮੈਂਬਰ ਨਿਤਿਆਨੰਦ ਰਾਏ ਦੇ ਮੂੰਹੋਂ ਨਿਕਲੇ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰਨਾ ਨਵਾਂ ਦਸਤੂਰ ਬਣ ਗਿਆ ਹੈ। ਇੰਡੀਆ ਦੀ ਸਿਆਸਤ ਵਿੱਚ ਇਸ ਤਰ੍ਹਾਂ ਦਾ ਇਹ ਕੋਈ ਪਹਿਲਾ ਬਿਆਨ ਨਹੀਂ ਹੈ। ਨਾ ਹੀ ਇਹ ਕੋਈ ਆਖ਼ਰੀ ਬਿਆਨ ਹੈ। ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਬਿਆਨ ਸਾਡੇ ਕੰਨੀਂ ਪੈਣਗੇ। ਤੁਸੀਂ ਇਹੋ ਕਰ ਸਕਦੇ ਹੋ ਕਿ ਆਪਣੀ ਉਂਗਲੀਆਂ ਦੇ ਨਾਲ-ਨਾਲ ਗਰਦਨ ਨੂੰ ਲੋਹੇ ਵਿੱਚ ਮੜ੍ਹਾ ਲਵੋ ਕਿਉਂਕਿ ਹੁਣ ਮਾਮਲਾ ਅੱਗੇ ਵਧ ਗਿਆ ਹੈ—ਇਹ ਉਂਗਲੀ ਵੱਢਣ ਤੋਂ ਵਧ ਕੇ ਗਰਦਨ ਵੱਢ ਦੇਣ ਤੱਕ ਪਹੁੰਚ ਗਿਆ ਹੈ।
ਫ਼ਿਲਮ ਪਦਮਾਵਤੀ-ਜਿਸ ਦਾ ਨਾਮ ਤਬਦੀਲ ਕਰ ਕੇ ਪਦਮਾਵਤ ਕਰ ਦਿੱਤਾ ਗਿਆ-ਦੇ ਪਰਦਾਪੇਸ਼ ਹੋਣ ਮੌਕੇ ਹੋਏ ਵਿਵਾਦ ਦੌਰਾਨ ਹਰਿਆਣਾ ਤੋਂ ਭਾਜਪਾ ਦੇ ਅਹੁਦੇਦਾਰ ਸੂਰਜਪਾਲ ਨੇ ਐਲਾਨ ਕੀਤਾ ਸੀ ਕਿ ਦੀਪੀਕਾ ਪਾਦੂਕੋਨ ਅਤੇ ਸੰਜੇ ਲੀਲਾ ਭੰਸਾਲੀ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਦਸ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੇਰਠ ਦੇ ਕਿਸੇ ਬੰਦੇ ਨੇ ਪਹਿਲਾਂ ਪੰਜ ਕਰੋੜ ਰੁਪਏ ਦਾ ਇਨਾਮ ਰੱਖਿਆ ਸੀ।
ਜਿਸ ਨੂੰ ਵਧਾ ਕੇ ਸੂਰਜਪਾਲ ਨੇ ਦਸ ਕਰੋੜ ਕਰ ਦਿੱਤਾ ਜਿਵੇਂ ਮੁਸਾਫ਼ਰ ਦਰਜੇ ਦੇ ਟਿਕਟ ਨੂੰ ਕਾਰੋਬਾਰੀ ਦਰਜੇ ਦਾ ਰੁਤਬਾ ਦੇ ਦਿੱਤਾ ਗਿਆ ਹੋਵੇ। ਬਹੁਜਨ ਸਮਾਜ ਪਾਰਟੀ ਨਾਲ ਜੁੜੇ ਮੇਰਠ ਦੇ ਹੀ ਯਾਕੂਬ ਕੁਰੈਸ਼ੀ ਨੇ 2006 ਵਿੱਚ ਡੈਨਮਾਰਕ ਦੇ ਕਾਰਟੂਨ-ਨਵੀਸ ਦਾ ਸਿਰ ਕਲਮ ਕਰਨ ਵਾਲੇ ਨੂੰ ਗਿਆਰਾਂ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਜਿਸ ਨੂੰ ਕੁਝ ਮੀਡੀਆ ਘਰਾਣਿਆਂ ਨੇ ਇਕਵੰਜਾ ਕਰੋੜ ਵਜੋਂ ਪੇਸ਼ ਕੀਤਾ ਸੀ। (ਮੈਂ ਆਸ ਕਰਦਾ ਹਾਂ ਕਿ ਮੇਰਠ ਵਿੱਚ ਕੋਈ ਅਜਿਹਾ ਬੈਂਕ ਨਹੀਂ ਹੈ ਜਿਹੜਾ ਸਿਰ ਕਲਮ ਕਰਨ ਲਈ ਕਿਸ਼ਤਾਂ ਉੱਤੇ ਕਰਜ਼ਾ ਦਿੰਦਾ ਹੋਵੇ !) ਉਸ ਵੇਲੇ ਅਜਿਹੀ ਫ਼ੌਜਦਾਰੀ ਬਿਰਤੀ ਆਮ ਨਹੀਂ ਸੀ। ਹੁਣ ਇਹ ਆਮ ਹੈ। ਭਾਜਪਾ ਯੁਵਾ ਮੋਰਚਾ ਦੇ ਸਿਆਸੀ ਆਗੂ ਯੋਗੇਸ਼ ਵਰਸ਼ਨੇਅ ਨੇ 12 ਅਪਰੈਲ 2017 ਨੂੰ ਐਲਾਨ ਕੀਤਾ ਸੀ ਕਿ ਜੇ ਕੋਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਿਰ ਵੱਢ ਕੇ ਲਿਆਵੇਗਾ ਤਾਂ ਉਹ ਉਸ ਨੂੰ ਗਿਆਰਾਂ ਲੱਖ ਰੁਪਏ ਇਨਾਮ ਦੇਵੇਗਾ। ਇਹ ਸਮੇਂ ਦਾ ਤਕਾਜ਼ਾ ਹੈ ਕਿ ਇਹ ਰਕਮ ਨਿਗੂਣੀ ਜਿਹੀ ਲਗਦੀ ਹੈ। ਕੀ ਇਹ ਵੀ ਹੋ ਸਕਦਾ ਹੈ ਕਿ ਇਸ ਉੱਤੇ ਨਵੰਬਰ 2017 ਦੀ ਨੋਟ-ਬੰਦੀ ਦਾ ਅਸਰ ਪਿਆ ਹੋਵੇ? ਸ਼ਾਇਦ ਇਸ ਬੰਦੇ ਕੋਲ ਨਕਦੀ ਦੀ ਘਾਟ ਆ ਗਈ ਹੋਵੇ।
ਜੇ ਤੁਹਾਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਖ਼ਿਲਾਫ਼ ਬੋਲਣ ਵਾਲੇ ਨੂੰ ਹੱਥ ਵੱਢ ਦੇਣ ਦੀ ਧਮਕੀ ਦੇਣਾ ਆਮ ਨਹੀਂ ਹੈ ਤਾਂ ਮੈਂ ਤੁਹਾਡਾ ਧਿਆਨ ਗੂਗਲ ਤੋਂ ਇਕੱਠੇ ਕੀਤੇ ਗਏ ਤੱਥਾਂ ਵੱਲ ਦਿਵਾਉਣਾ ਚਾਹੁੰਦਾ ਹਾਂ । ਸੰਨ 2014 ਤੋਂ ਨਵੰਬਰ 2017 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਾਨਾਥ ਦੀ ਆਲੋਚਨਾ ਕਰਨ ਕਾਰਨ ਗ੍ਰਿਫ਼ਤਾਰ ਕੀਤੇ ਗਏ ਜਾਂ ਦਰਜ ਕੀਤੇ ਗਏ ਮਾਮਲਿਆਂ ਦੀ ਗਿਣਤੀ ਚਾਲੀ ਤੋਂ ਜ਼ਿਆਦਾ ਹੈ।
ਹਕੂਮਤ ਦੇ ਖ਼ਿਲਾਫ਼ ਬੋਲਣਾ ਸੁਖਾਲਾ ਨਹੀਂ ਹੈ। ਬੋਲਣ ਤੋਂ ਪਹਿਲਾਂ ਤੁਹਾਨੂੰ ਜੇਲ੍ਹ ਜਾਣ ਅਤੇ ਬੰਦ ਕਟਵਾਉਣ ਵਿੱਚ ਚੋਣ ਕਰਨੀ ਪੈਣੀ ਹੈ। ਜਾਂ ਹਜੂਮ ਦੀ ਹਿੰਸਾ। ਹਜੂਮ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।
ਕਈ ਤਰ੍ਹਾਂ ਦੇ ਹਜੂਮ ਹਨ: ਇੱਕ ਹਜੂਮ ਗਾਂ ਨੂੰ ਵੱਢੇ ਜਾਣ ਤੋਂ ਰੋਕਣ ਦਾ ਮਸਲਾ ਸੁਲਝਾਉਂਦਾ ਹੈ; ਦੂਜਾ ਹਜੂਮ ਇਸੇ ਤਰ੍ਹਾਂ ਦੇ ਫ਼ਰਜ਼ੀ ਮਾਮਲੇ ਲਵ ਜਿਹਾਦ ਨਾਲ ਨਿਪਟਦਾ ਹੈ; ਇਸੇ ਤਰ੍ਹਾਂ ਕੋਈ ਹੋਰ ਹਜੂਮ ਜੁੜ ਜਾਂਦਾ ਹੈ ਕਿਉਂਕਿ ਕੋਈ ਫ਼ਿਲਮ ਬਣਾਈ ਗਈ ਸੀ। ਇਨ੍ਹਾਂ ਸਾਰੇ ਹਜੂਮਾਂ ਦੀ ਸਮਾਜਿਕ ਬਣਤਰ ਵੱਖਰੀ ਹੈ ਪਰ ਇੱਕ ਤੰਦ ਸਾਂਝੀ ਹੈ: ਇਨ੍ਹਾਂ ਨੇ ਚੋਗਾ ਮਜ਼ਹਬ ਦਾ ਪਾਇਆ ਹੋਇਆ ਹੈ। ਇਨ੍ਹਾਂ ਹਜੂਮ ਦੇ ਖ਼ੌਫ਼ ਕਾਰਨ ਬਹੁਤ ਸਾਰੇ ਨੌਜਵਾਨ ਚੁੱਪ ਕਰ ਗਏ ਹਨ ਜੋ ਦਰਅਸਲ ਸਿਆਸਤ ਬਾਰੇ ਬੋਲਣਾ ਚਾਹੁੰਦੇ ਹਨ ਪਰ ਹੁਣ ਫੇਸਬੁੱਕ ਤੋਂ ਵੀ ਹਟ ਗਏ ਹਨ। ਇਸ ਤਰ੍ਹਾਂ ਜ਼ੁਬਾਨ-ਬੰਦੀ ਦਾ ਮਾਹੌਲ ਤਿਆਰ ਕੀਤਾ ਗਿਆ ਹੈ। ਤੁਸੀਂ ਉਸ ਵੇਲੇ ਨਹੀਂ ਬੋਲਦੇ ਜਦੋਂ ਬੋਲਣਾ ਚਾਹੀਦਾ ਹੈ।
ਬੋਲਣ ਬਾਬਤ ਸਮਾਜਿਕ ਪ੍ਰਵਾਨਗੀ ਦਾ ਘੇਰਾ ਸੁੰਗੜ ਰਿਹਾ ਹੈ। ਇਹ ਸਿਰਫ਼ ਸਰਕਾਰਾਂ ਜਾਂ ਹਜੂਮ ਦੇ ਖ਼ੌਫ਼ ਕਾਰਨ ਨਹੀਂ ਹੋ ਰਿਹਾ ਸਗੋਂ ਇਸ ਦਾ ਕਾਰਨ ਸ਼ਹਿਰੀਆਂ ਦੇ ਵੱਡੇ ਤਬਕੇ ਵਿੱਚ ਮਜ਼ਹਬੀ ਸ਼ਰਧਾ ਦਾ ਘਰ ਕਰ ਜਾਣਾ ਹੈ। ਇਹ ਸ਼ਰਧਾ ਅਕਸਰੀਅਤ ਲਈ ਚੁੱਪ ਰਹਿਣ ਦੀ ਜ਼ਮੀਨ ਤਿਆਰ ਕਰਦੀ ਹੈ। ਇਸੇ ਸ਼ਰਧਾ ਦੇ ਨਤੀਜੇ ਵਜੋਂ ਉਹ ਮਜ਼ਹਬ ਦੇ ਨਾਮ ਉੱਤੇ ਜਮਹੂਰੀਅਤ ਨੂੰ ਮਸ਼ਕਰੀ ਬਣਾ ਦਿੱਤੇ ਜਾਣ ਨਾਲ ਸਹਿਜ ਹਨ। ਜੇ ਹੋਰ ਸਾਫ਼ ਕਰਨਾ ਹੋਵੇ ਤਾਂ ਮੌਜੂਦਾ ਹਕੂਮਤ ਦੇ ਬਿਰਤਾਂਤ ਅਤੇ ਵਿਹਾਰ ਮੁਤਾਬਕ ਇਹ ਸ਼ਰਧਾ ਹਿੰਦੂ ਧਰਮ ਨਾਲ ਜੁੜੀ ਹੋਈ ਹੈ। ਮੰਦੇਭਾਗੀਂ ਇਸ ਸ਼ਰਧਾ ਦੀਆਂ ਜੜ੍ਹਾਂ ਹਿੰਦੂਵਾਦ ਦੀਆਂ ਵਿਸ਼ਾਲ ਰੀਤਾਂ ਵਿੱਚ ਨਹੀਂ ਸਗੋਂ ਕੁਝ ਮੁੱਠੀ ਭਰ ਗੁੰਡਾ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਜਥੇਬੰਦੀਆਂ ਦੇ ਖ਼ੌਫ਼ ਦੀ ਘੇਰਾ-ਬੰਦੀ ਵਿੱਚ ਫਸਿਆ ਹੋਇਆ ਬੰਦਾ ਸੰਵਿਧਾਨ ਨਾਲ ਵਫ਼ਾਦਾਰੀ—ਚਾਹੇ ਕਾਗ਼ਜ਼ੀ ਹੀ—ਦੇ ਭਾਵੇਂ ਕਿੰਨੇ ਦਾਅਵੇ ਕਰੇ ਪਰ ਵਿਹਾਰ ਪੱਖੋਂ ਉਹ ਸੰਵਿਧਾਨ ਦੀਆਂ ਸਮੁੱਚੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ।
ਜੇ ਇੰਡੀਆ ਦੀ ਜਮਹੂਰੀਅਤ ਨੂੰ ਅਜੋਕੇ ਦੌਰ ਦੇ ਹਾਣ ਦੀ ਕਰਨਾ ਹੈ ਤਾਂ ਇਹ ਅਹਿਮ ਹੋ ਜਾਂਦਾ ਹੈ ਕਿ ਲੋਕਾਂ ਵਿੱਚ ਸੰਵਿਧਾਨ ਦੀ ਸ਼ਰਧਾ ਜਗਾਈ ਜਾਵੇ। ਕਿਸੇ ਵੀ ਧਰਮ ਦੀ ਅੰਨ੍ਹੀ ਸ਼ਰਧਾ ਸੰਵਿਧਾਨ ਦੀ ਸ਼ਰਧਾ ਨੂੰ ਛੁੱਟਿਆ ਕੇ ਵੀ ਵੇਖੇਗੀ ਅਤੇ ਇਸ ਨੂੰ ਹੇਠਲੇ ਦਰਜੇ ਦੀ ਕਰਾਰ ਦੇਵੇਗੀ। ਇਹੋ ਕਾਰਨ ਹੈ ਕਿ ਜਦੋਂ ਸ਼੍ਰੀ ਰਾਜਪੂਤ ਕਰਨੀ ਸੈਨਾ ਦੇ ਸਕੱਤਰ ਮਹਿਪਾਲ ਸਿੰਘ ਮਕਰਾਨਾ ਨੇ ਖੱਤਰੀ ਫ਼ੌਜੀਆਂ ਨੂੰ ਪਦਮਾਵਤ ਫ਼ਿਲਮ ਦੇ ਖ਼ਿਲਾਫ਼ ਆਪਣੀਆਂ ਮੈੱਸਾਂ ਵਿੱਚੋਂ ਖਾਣਾ ਖਾਣ ਤੋਂ ਇਨਕਾਰ ਕਰਨ ਦਾ ਸੱਦਾ ਦਿੱਤਾ। ਤਾਂ ਆਮ ਲੋਕਾਂ ਨੂੰ ਇਸ ਦਾ ਮਾਅਨਾ ਸਮਝ ਨਹੀਂ ਆਇਆ ਅਤੇ ਕਿਸੇ ਸਿਆਸੀ ਪਾਰਟੀ ਦੀ ਇਸ ਸੱਦੇ ਦਾ ਹਿੱਕ ਠੋਕ ਕੇ ਵਿਰੋਧ ਕਰਨ ਦੀ ਹਿੰਮਤ ਨਹੀਂ ਹੋਈ। ਫ਼ਿਲਮ ਦਾ ਵਿਰੋਧ ਕਰ ਰਹੇ ਰਾਜਪੂਤਾਂ ਨੂੰ ਆਪਣਾ ਰੋਸ ਸੰਵਿਧਾਨਕ ਤਰੀਕੇ ਨਾਲ ਦਰਜ ਕਰਵਾਉਣਾ ਚਾਹੀਦਾ ਸੀ। ਉਹ ਤਾਂ ਉਲਟਾ ਗਲੀਆਂ ਵਿੱਚ ਆ ਕੇ ਹਿੰਸਾ ਕਰ ਰਹੇ ਸਨ। ਆਖ਼ਰ ਉਨ੍ਹਾਂ ਨੂੰ ਕਿਸ ਚੀਜ਼ ਨੇ ਏਨਾ ਉਕਸਾਇਆ ਸੀ ਕਿ ਉਨ੍ਹਾਂ ਵਿੱਚ ਕੁਝ ਨੇ ਤਾਂ ਸਕੂਲ ਦੇ ਬੱਚਿਆਂ ਨਾਲ ਭਰੀ ਹੋਈ ਬਸ ਉੱਤੇ ਪਥਰਾ ਕਰ ਦਿੱਤਾ? ਇਸ ਮਾਮਲੇ ਵਿੱਚ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਇੱਕਸੁਰ ਹੋ ਕੇ ਨਿੰਦਾ ਕਿਉਂ ਨਹੀਂ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਯਕੀਨੀ ਕਿਉਂ ਨਹੀਂ ਬਣਾਈ? ਇਸ ਦੇ ਖ਼ਿਲਾਫ਼ ਆਵਾਮੀ ਰੋਹ ਕਿਉਂ ਨਹੀਂ ਜਾਗਿਆ? ਬਹੁਗਿਣਤੀ ਆਬਾਦੀ ਨੇ ਇਸ ਕਾਰਵਾਈ ਦੀ ਮੰਗ ਨਹੀਂ ਕੀਤੀ। ਕੀ ਹਿੰਦੂਵਾਦੀ ਸ਼ਰਧਾ ਉਨ੍ਹਾਂ ਨੂੰ ਰੋਕਦੀ ਸੀ? ਜੇ ਕਿਸੇ ਹੋਰ ਮਜ਼ਹਬ ਦੇ ਲੋਕਾਂ ਨੇ ਬੱਸ ਉੱਤੇ ਪਥਰਾਅ ਕੀਤਾ ਹੁੰਦਾ ਤਾਂ ਕੀ ਉਹ ਇਸੇ ਤਰ੍ਹਾਂ ਚੁੱਪ ਰਹਿੰਦੇ? ਹਮ- ਮਜ਼ਹਬੀ ਪਛਾਣ ਦੇ ਇਹ ਮਾਅਨੇ ਕਿਵੇਂ ਹੋ ਗਏ?
ਇਸ ਅੰਨ੍ਹੀ ਮਜ਼ਹਬੀਅਤ ਨੇ ਹੀ ਤਾਂ ਹਜੂਮ ਨੂੰ ਅਖ਼ਤਿਆਰ ਦਿੱਤੇ ਹਨ। ਇਹ ਹਜੂਮ ਸੰਵਿਧਾਨ ਤੋਂ ਉੱਤੇ ਹੋ ਗਏ ਹਨ।
ਟੈਲਵਿਜ਼ਨ ਚੈਨਲਾਂ ਉੱਤੇ ਇੱਕ-ਦੂਜੇ ਦੇ ਵਾਲ-ਪੁੱਟਣ ਵਾਲੀਆਂ ਬਹਿਸਾਂ ਵਿੱਚ ਮੂੰਹ-ਜ਼ੋਰ ਖ਼ੌਫ਼ ਪੈਦਾ ਕੀਤਾ ਜਾਂਦਾ ਹੈ। ਕੁਝ ਨਿਊਜ਼ ਐਂਕਰ ਤਾਂ ਸੁਆਲ ਪੁੱਛਣ ਵਾਲਿਆਂ ਉੱਤੇ ਬੇਖ਼ੌਫ਼ ਹਮਲਾਵਰਾਂ ਦੇ ਝੁੰਡਾਂ ਵਾਂਗ ਟੁੱਟ-ਟੁੱਟ ਪੈਂਦੇ ਹਨ। ਜਦੋਂ ਆਮ ਦਰਸ਼ਕ ਟੈਲੀਵਿਜ਼ਨ ਉੱਤੇ ਇਹ ਸਭ ਕੁਝ ਦੇਖਦਾ ਹੈ ਤਾਂ ਉਸ ਦਾ ਇਤਮਾਦ! ਡੋਲਣ ਲਗਦਾ ਹੈ। ਉਸ ਦੇ ਸਾਹਮਣੇ ਸੁਆਲ ਪੁੱਛਣ ਵਾਲਿਆਂ ਦੀ ਹੋਣੀ ਦੀ ਨੁਮਾਇਸ਼ ਹੁੰਦੀ ਹੈ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਹਜੂਮ ਤੋਂ ਵੱਖ ਖੜ੍ਹਾ ਹੋਣ ਵਿੱਚ ਖ਼ਤਰਾ ਹੈ। ਇਸ ਤਰ੍ਹਾਂ ਉਹ ਚੁੱਪ ਰਹਿੰਦਾ ਹੈ ਅਤੇ ਆਪਣੀ ਚੁੱਪ ਰਾਹੀਂ ਹਜੂਮ ਦਾ ਹਿੱਸਾ ਬਣ ਜਾਂਦਾ ਹੈ । ਖ਼ੌਫ਼ ਲੋਕਾਂ ਦੇ ਮਨਾਂ ਵਿੱਚ ਵਸੇਬਾ ਕਰ ਲੈਂਦਾ ਹੈ।
ਇਸ ਦਾ ਸਭ ਤੋਂ ਵੱਡਾ ਅਸਰ ਅਕਲੀਅਤ ਉੱਤੇ ਪੈਂਦਾ ਹੈ। ਇਸ ਨੂੰ ਆਪਣੇ- ਆਪ ਨੂੰ ਹਰ ਤਰ੍ਹਾਂ ਦੀ ਬਹਿਸ ਵਿੱਚੋਂ ਬਾਹਰ ਰੱਖਣਾ ਪੈਂਦਾ ਹੈ। ਇਸ ਬਰਾਦਰੀ ਦੀ ਖ਼ਾਲੀ ਕੀਤੀ ਹੋਈ ਥਾਂ ਮੌਲਾਣਿਆਂ ਨੇ ਮੱਲ੍ਹ ਲਈ ਹੈ ਜੋ ਦਾਅਵਾ ਤਾਂ ਮੁਸਲਮਾਨਾਂ ਦੀ ਨੁਮਾਇੰਦਗੀ ਦਾ ਕਰਦੇ ਹਨ ਪਰ ਬੋਲੀ ਉਨ੍ਹਾਂ ਅਕਸਰੀਅਤ ਦੇ ਅਦਾਰਿਆਂ ਵਾਲੀ ਬੋਲਦੇ ਹਨ ਜਿਨ੍ਹਾਂ ਦੇ ਫ਼ਿਰਕਾਨਾ ਮੁਫ਼ਾਦ ਵਿੱਚ ਇਹ ਮੁਲਾਣੇ ਆਪ ਫਸੇ ਹੋਏ ਹਨ। ਇਨ੍ਹਾਂ ਮੁਲਾਣਿਆਂ ਨੇ ਮੁਸਲਮਾਨਾਂ ਨੂੰ ਜ਼ਿਆਦਾ ਗ਼ੈਰ-ਮਹਿਫ਼ੂਜ਼ ਕੀਤਾ ਹੈ। ਹਾਲਤ ਇਹੋ ਜਿਹੇ ਹਨ ਕਿ ਮੇਰੇ ਮੁਸਲਮਾਨ ਦੋਸਤ ਸਲਾਹ ਦਿੰਦੇ ਹਨ ਕਿ ਮੈਨੂੰ ਉਨ੍ਹਾਂ ਮੰਚਾਂ ਉੱਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿੱਥੇ ਉਨ੍ਹਾਂ ਦੀ ਬਰਾਦਰੀ ਦੇ ਮਸਲੇ ਵਿਚਾਰੇ ਜਾ ਰਹੇ ਹਨ। ਉਨ੍ਹਾਂ ਨੂੰ ਆਪਣੀ ਸਿਆਸੀ ਅਹਿਮੀਅਤ ਦੇ ਇਸ ਹੱਦ ਤੱਕ ਘਟ ਜਾਣ ਦਾ ਅਹਿਸਾਸ ਹੋ ਰਿਹਾ ਹੈ। ਇਸ ਵੇਲੇ ਜ਼ਿਆਦਾਤਰ ਮੁਸਲਮਾਨਾਂ ਨੂੰ ਜਾਪਦਾ ਹੈ ਕਿ ਜੇ ਉਨ੍ਹਾਂ ਨੂੰ ਆਪਣੀ ਮੰਗਾਂ-ਮਸਲਿਆਂ ਲਈ ਗਲੀਆਂ ਵਿੱਚ ਆਉਣਾ ਪਿਆ ਤਾਂ ਮੀਡੀਆ ਨੂੰ ਉਨ੍ਹਾਂ ਦੀਆਂ ਦਾੜ੍ਹੀਆਂ ਅਤੇ ਸ਼ੇਰਵਾਨੀਆਂ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਣਾ ਅਤੇ ਉਨ੍ਹਾਂ ਦੇ ਮੁੱਦਿਆਂ ਦੀ ਚਰਚਾ ਨਹੀਂ ਹੋਣੀ। ਆਪਣੇ-ਆਪ ਨੂੰ ਦੂਜੇ ਦਰਜੇ ਦਾ ਸ਼ਹਿਰੀ ਮੰਨ ਲੈਣ ਦੇ ਇਹੋ ਮਾਅਨੇ ਹਨ।
ਇਹ ਦੋਇਮ ਦਰਜੇ ਦੇ ਸ਼ਹਿਰੀ ਹੋਣ ਦੀ ਗਾਜ ਅਕਲੀਅਤ ਵਾਲੀ ਬਿਰਾਦਰੀ ਉੱਤੇ ਹੀ ਨਹੀਂ ਸਗੋਂ ਅਕਸਰੀਅਤ ਵਾਲੀ ਬਿਰਾਦਰੀ ਉੱਤੇ ਵੀ ਡਿੱਗੀ ਹੈ। ਖ਼ੌਫ਼ ਵਾਲੀ ਜਮਹੂਰੀਅਤ ਵਿੱਚ ਅਕਲੀਅਤ ਵਾਲਾ ਦਰਜਾ ਸਿਰਫ਼ ਮਜ਼ਹਬ ਨਾਲ ਹੀ ਨਹੀਂ ਮਿਲਦਾ ਸਗੋਂ ਸਰਕਾਰ ਉੱਤੇ ਸੁਆਲ ਕਰ ਕੇ ਵੀ ਤੁਸੀਂ ਅਕਲੀਅਤ ਵਿੱਚ ਤਬਦੀਲ ਹੋ ਜਾਂਦੇ ਹੋ।
“ਰਵੀਸ਼-ਜੀ ਤੁਹਾਨੂੰ ਬੋਲਣ ਤੋਂ ਡਰ ਨਹੀਂ ਲਗਦਾ?” “ਤੁਸੀਂ ਅਜਿਹੇ ਮਾਹੌਲ ਵਿੱਚ ਕਿਵੇਂ ਬੋਲਦੇ ਹੋ?” “ਤੁਹਾਡਾ ਪਰਿਵਾਰ ਤੁਹਾਨੂੰ ਰੋਕਦਾ ਨਹੀਂ?” ਇਨ੍ਹਾਂ ਸੁਆਲਾਂ ਦਾ ਮੇਰੇ ਕੋਲ ਕੋਈ ਠੋਸ ਜੁਆਬ ਨਹੀਂ ਹੈ। ਮੈਂ ਅਜਿਹਾ ਕੀ ਬੋਲ ਰਿਹਾ ਹਾਂ ਕਿ ਜਿਸ ਕਾਰਨ ਮੇਰੀ ਸਿਫ਼ਤ ਹੋਣੀ ਚਾਹੀਦੀ ਹੈ? ਮੈਂ ਤਾਂ ਲੋਕਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਮਾਤਰ ਕਰ ਰਿਹਾ ਹਾਂ। ਕੋਈ ਅਜਿਹਾ ਕਿਉਂ ਸੋਚਦਾ ਹੈ ਕਿ ਮੇਰੇ ਵਿੱਚ ਹੌਸਲੇ ਦਾ ਮਾਦਾ ਜ਼ਿਆਦਾ ਹੈ ਅਤੇ ਲੋਕ ਵਾਰ-ਵਾਰ ਪੁੱਛ ਰਹੇ ਹਨ ਕਿ ਮੈਂ ਆਪਣਾ ਕੰਮ ਕਿਵੇਂ ਕਰਦਾ ਹਾਂ? ਕੀ ਲੋਕ ਡਰੇ ਹੋਏ ਹਨ?
ਮੈਨੂੰ ਇਹ ਸੁਆਲ ਪੁੱਛਣ ਵਾਲੇ ਸੋਚਦੇ ਹਨ ਕਿ ਰਵੀਸ਼ ਕੋਈ ਢੁਕਵਾਂ ਜੁਆਬ ਦੇਵੇਗਾ: ਉਹ ਕਹੇਗਾ ਕਿ ਮੈਂ ਘਰ ਤੋਂ ਚੱਲਣ ਵੇਲੇ ਬੌਰਨਵੀਟਾ ਦਾ ਗਲਾਸ ਪੀਂਦਾ ਹਾਂ। ਜਾਂ ਮੈਂ ਹਨੂਮਾਨ ਨੂੰ ਲੱਡੂ ਚੜ੍ਹਾਉਂਦਾ ਹਾਂ। ਜਿੱਥੇ ਤੱਕ ਬੋਲਣ ਦਾ ਸੁਆਲ ਹੈ ਤਾਂ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ। ਮੈਂ ਜਾਣਦਾ ਹਾਂ ਕਿ ਹਕੂਮਤ ਮੇਰੀ ਜ਼ਿੰਦਗੀ ਮੁਹਾਲ ਕਰ ਸਕਦੀ ਹੈ ਅਤੇ ਮੇਰੇ ਲਈ ਆਪਣੇ ਪੇਸ਼ੇ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ। ਬਹੁਤ ਸਾਰੇ ਹਿੰਦੀ ਦੇ ਅਖ਼ਬਾਰ ਹਨ ਜੋ ਹੁਣ ਵੀ ਮੇਰੇ ਲੇਖ ਨਹੀਂ ਛਾਪਦੇ। ਜਦੋਂ ਕਿ 2014 ਤੋਂ ਪਹਿਲਾਂ ਇਹੋ ਅਖ਼ਬਾਰਾਂ ਵਾਲੇ ਫੋਨ ਕਰ-ਕਰ ਕੇ ਲੇਖ ਲਿਖਣ ਦਾ ਇਸਰਾਰ ਕਰਦੇ ਹੋਏ ਮੇਰਾ ਸਿਰ ਖਾ ਜਾਂਦੇ ਸਨ।
ਮੈਂ ਜੋ ਕਹਿ ਰਿਹਾ ਹੈ ਇਹ ਕੋਈ ਬਹਾਦਰੀ ਨਹੀਂ ਹੈ। ਮੈਂ ਜੋ ਕਹਿ ਰਿਹਾ ਹਾਂ, ਉਸ ਨੂੰ ਸੁਣਨ ਵਾਲੇ ਇੰਨੇ ਦਹਿਸ਼ਤਜ਼ਦਾ ਹਨ ਕਿ ਉਨ੍ਹਾਂ ਨੂੰ ਮੇਰਾ ਬੋਲਣਾ ਹੌਸਲੇ ਦਾ ਕੰਮ ਲੱਗਣ ਲੱਗਦਾ ਹੈ। ਉਹ ਪੁੱਛਦੇ ਹਨ ਕਿ ਮੈਂ ਕਿਵੇਂ ਬੋਲਦਾ ਹਾਂ ਜਦੋਂ ਕਿ ਖ਼ੌਫ਼ ਨੇ ਉਨ੍ਹਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਹੈ। ਬਹੁਤ ਲੋਕ ਹਨ ਜੋ ਤਨਜ਼ ਕਸਦੇ ਹਨ ਕਿ ਬਿਹਾਰੀਆਂ ਨੂੰ ਡਰ ਨਹੀਂ ਲਗਦਾ। ਕਿਹੜੇ ਬਿਹਾਰੀ ਨੂੰ ਆਪਣੇ ਵਤਨ ਬਾਰੇ ਚੰਗਾ ਸੁਣਨਾ ਪਸੰਦ ਨਹੀਂ ਹੋਵੇਗਾ? ਦਰਅਸਲ ਇਹ ਬਿਹਾਰੀ ਹੋਣ ਦਾ ਸੁਆਲ ਨਹੀਂ ਹੈ। ਮਰਾਠੀ ਬੋਲਦੇ ਹਨ, ਬੰਗਾਲੀ ਬੋਲਦੇ ਹਨ। ਗੁਜਰਾਤੀ ਵੀ ਬੋਲਦੇ ਹਨ। ਜਿਹੜੇ ਗੁਜਰਾਤ ਵਿੱਚ ਬੋਲਦੇ ਹਨ ਉਨ੍ਹਾਂ ਨੇ ਜ਼ਿਆਦਾ ਕੁਝ ਸੁਣਿਆ ਅਤੇ ਭੋਗਿਆ ਹੈ। ਬੋਲਣ ਵਾਲਾ ਮੈਂ ਇਕੱਲਾ ਨਹੀਂ ਹਾਂ। ਬਹੁਤ ਸਾਰੇ ਹੋਰ ਪੱਤਰਕਾਰ ਲਿਖ ਰਹੇ ਹਨ। ਹੁਣ ਉਨ੍ਹਾਂ ਦੀਆਂ ਬੋਲੀਆਂ ਦੇ ਅਖ਼ਬਾਰ ਵੀ ਉਨ੍ਹਾਂ ਦਾ ਲਿਖਿਆ ਨਹੀਂ ਛਾਪਦੇ।
ਬੋਲਣਾ ਮੁਸ਼ਕਲ ਨਹੀਂ ਹੈ। ਸਭ ਤੋਂ ਔਖਾ ਬੋਲਣ ਤੋਂ ਪਹਿਲਾਂ ਖ਼ੌਫ਼ ਦੀ ਸੁਰੰਗ ਵਿੱਚੋਂ ਨਿਕਲਣਾ ਹੈ। ਇਹ ਖ਼ੌਫ਼ ਹਮੇਸ਼ਾ ਹਕੂਮਤ ਦਾ ਨਹੀਂ ਹੁੰਦਾ। ਬੰਦੇ ਨੂੰ ਗ਼ਲਤੀ ਕਰਨ ਦਾ ਵੀ ਡਰ ਹੁੰਦਾ ਹੈ। ਆਪਣੇ ਕਹੇ ਨਾਲ ਸ਼ੁਰੂ ਹੋਣ ਵਾਲੇ ਰੱਦਿ-ਅਮਲ ਦਾ ਖ਼ੌਫ਼ ਵੀ ਬੰਦੇ ਨੂੰ ਸਤਾਉਂਦਾ ਹੈ। ਖ਼ੌਫ਼ ਨਾਲ ਜੰਗ ਉਸੇ ਵੇਲੇ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਤੁਸੀਂ ਚਾਹੁੰਦੇ ਕੀ ਹੋ। ਇਹ ਸਮਝ ਤੁਹਾਨੂੰ ਉਸੇ ਵੇਲੇ ਆ ਜਾਂਦੀ ਹੈ ਕਿ ਤੁਸੀਂ ਜੋ ਕਿਹਾ ਹੈ, ਕੀ ਉਸ ਨੂੰ ਕਰਨ ਦਾ ਹੌਸਲਾ ਹੈ: ਜਦੋਂ ਦੋਸਤ ਫੋਨ ਕਰ ਕੇ ਸਾਵਧਾਨ ਰਹਿਣ ਦਾ ਇਸਰਾਰ ਕਰਦੇ ਹਨ। ਚੁੱਪ ਰਹਿਣ ਨੂੰ ਕਹਿੰਦੇ ਹਨ। ਸਮਾਂ ਬੁਰਾ ਹੈ। ਦਸਾਂ ਵਿੱਚੋਂ ਕੋਈ ਇੱਕ ਫੋਨ ਹੁੰਦਾ ਹੈ ਜਦੋਂ ਕੋਈ ਕਹਿੰਦਾ ਹੈ, “ਕੋਈ ਪਰਵਾਹ ਨਹੀਂ ਕਰਨੀ। ਤੂੰ ਚਿੰਤਾ ਨਾ ਕਰ। ਬੋਲਦਾ ਰਹਿ। ” ਬਾਕੀਆਂ ਵਿੱਚੋਂ ਜ਼ਿਆਦਾ ਦਾ ਨਾ ਤਾਂ ਇਸ ਸਰਜ਼ਮੀਨ ਦੇ ਅਦਾਰਿਆਂ ਵਿੱਚ ਯਕੀਨ ਹੈ ਅਤੇ ਨਾ ਸਮਾਜ ਵਿੱਚ। ਹਰ ਕੋਈ ਇਹੋ ਸੋਚਦਾ ਹੈ ਕਿ ਦੁਨੀਆ ਵਿੱਚ ਕਿਸੇ ਨੂੰ, ਕਿਸੇ ਦੀ ਕੋਈ ਪਰਵਾਹ ਨਹੀਂ।
ਦੋਸਤਾਂ ਅਤੇ ਪਰਿਵਾਰ ਦੀਆਂ ਸਲਾਹਾਂ ਵੀ ਤਾਂ ਤੁਹਾਡੇ ਅੰਦਰ ਖ਼ੌਫ਼ ਪੈਦਾ ਕਰਦੀਆਂ ਹਨ। ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਮੈਂ ਪ੍ਰੈਸ ਕਲੱਬ ਵਿੱਚ ਤਕਰੀਰ ਕਰ ਰਿਹਾ ਸਾਂ। ਉੱਥੇ ਹਾਜ਼ਰ ਬਹੁਤ ਸਾਰੇ ਲੋਕ ਮੈਨੂੰ ਇੰਝ ਦੇਖ ਰਹੇ ਸਨ ਜਿਵੇਂ ਉਨ੍ਹਾਂ ਗੌਰੀ ਲੰਕੇਸ਼ ਨੂੰ ਦੇਖਿਆ ਹੁੰਦਾ। ਉਨ੍ਹਾਂ ਦੀਆਂ ਨਜ਼ਰਾਂ ਖ਼ਬਰਦਾਰ ਰਹਿਣ ਦੇ ਅਹਿਸਾਸ ਨਾਲ ਲਬਰੇਜ਼ ਸਨ। ਉਹ ਜਾਂਦੇ ਹੋਏ ਮੇਰੇ ਮੋਢਿਆਂ ਉੱਤੇ ਹੱਥ ਰੱਖ ਕੇ ਜਾਂਦੇ ਸਨ ਜਿਵੇਂ ਕਹਿ ਰਹੇ ਹੋਣ, “ਅਗਲੀ ਵਾਰੀ ਤੇਰੀ ਹੈ।” ਉਹ ਆਪਣੇ ਖ਼ੌਫ਼ ਦਾ ਬੋਝਾ ਮੇਰੇ ਉੱਤੇ ਲੱਦੀ ਜਾ ਰਹੇ ਸਨ। ਪ੍ਰੈਸ ਕਲੱਬ ਵਾਲੀ ਤਕਰੀਰ ਦੇਖਣ ਤੋਂ ਬਾਅਦ ਕਈ ਦਰਸ਼ਕਾਂ ਨੇ ਮੈਨੂੰ ਫੋਨ ਕੀਤੇ ਸਨ। ਮੈਂ ਕਈ ਦਿਨਾਂ ਤੱਕ ਜਿਊਂਦੀ ਲਾਸ਼ ਵਾਂਗ ਫਿਰਦਾ ਰਿਹਾ ਸਾਂ। ਮੇਰੇ ਮੋਬਾਈਲ ਫੋਨ ਦੇ ਇਨਬਾਕਸ ਵਿੱਚ ‘ਆਪਣਾ ਧਿਆਨ ਰੱਖਣ’ ਦੇ ਸੁਨੇਹੇ ਆ ਰਹੇ ਸਨ। ਕੁਝ ਸੁਰੱਖਿਆ ਗਾਰਦ ਲੈਣ ਦੀ ਸਲਾਹ ਦੇ ਰਹੇ ਸਨ ਜਾਂ ਘੱਟੋ-ਘੱਟ ਥਾਣੇ ਸ਼ਿਕਾਇਤ ਦਰਜ ਕਰਵਾਉਣ ਦਾ ਇਸਰਾਰ ਕਰ ਰਹੇ ਸਨ। ਮੈਨੂੰ ਦੇਖਣ ਵਾਲੇ ਦਰਸ਼ਕ ਤਣਾਅ ਵਿੱਚ ਸਨ। ਆਈ.ਟੀ.ਸੈੱਲ ਨੇ ਖ਼ੌਫ਼ ਫੈਲਾਉਣ ਦਾ ਕੰਮ ਕਾਮਯਾਬੀ ਨਾਲ ਕਰ ਲਿਆ ਸੀ।
ਤੁਸੀਂ ਸ਼ੁਭਚਿੰਤਕਾਂ ਦੀਆਂ ਸਲਾਹਾਂ ਵਿੱਚ ਰਹੋ ਤਾਂ ਬਹੁਤ ਹੈ। ਮੌਜੂਦਾ ਦੌਰ ਵਿੱਚ ਅਸੀਂ ਆਪੋ-ਆਪਣੇ ਖ਼ੌਫ਼ ਦੂਜਿਆਂ ਉੱਤੇ ਲੱਦਣ ਲੱਗੇ ਹੋਏ ਹਾਂ। ਲੋਕ ਸਰਕਾਰ ਦੇ ਹਮਾਇਤੀ ਬਣ ਕੇ ਵੀ ਆਪਣੇ ਖ਼ੌਫ਼ ਦਾ ਇਜ਼ਹਾਰ ਕਰ ਰਹੇ ਹਨ। ਮੈਨੂੰ ਅਕਸਰ ਅਜਿਹੇ ਲੋਕ ਮਿਲਦੇ ਹਨ ਜੋ ਕਹਿੰਦੇ ਹਨ, “ਮੋਦੀ ਜੀ ਦੀਆਂ ਜੜ੍ਹਾਂ ਪੁੱਟਣੀਆਂ ਬੰਦ ਕਰੋ। ਆਪਣੇ-ਆਪ ਨੂੰ ਸੁਧਾਰ ਲਓ।” ਕੀ ਸਾਡੇ ਦੁਆਲੇ ਪਸਰਿਆ ਸਾਰਾ ਖ਼ੌਫ਼ ਮੋਦੀ-ਜੀ ਕਾਰਨ ਹੈ? ਸੁੱਚਮੁੱਚ? ਜੇ ਅਸੀਂ ਮੋਦੀ-ਜੀ ਦੀ ਆਲੋਚਨਾ ਬੰਦ ਕਰ ਦੇਈਏ ਤਾਂ ਕੀ ਇਹ ਚਲਿਆ ਜਾਵੇਗਾ? ਮੈਨੂੰ ਇੰਝ ਨਹੀਂ ਲਗਦਾ। ਹੁਣ ਤਾਂ ਜਿੰਨ ਬੋਤਲ ਵਿੱਚੋਂ ਬਾਹਰ ਨਿਕਲ ਚੁੱਕਿਆ ਹੈ।
ਮੈਂ ਆਪਣੇ ਪ੍ਰੋਗਰਾਮ ਵਿੱਚ ਜੋ ਵੀ ਨਸ਼ਰ ਕਰਾਂ ਜਾਂ ਕੁਝ ਵੀ ਲਿਖਾਂ, ਕੀ ਸਰਕਾਰ ਦੇ ਕਿਸੇ ਹਮਾਇਤੀ ਨੂੰ ਡਰ ਲਗਦਾ ਹੈ? ਭਲਾਂ! ਇਸ ਨਾਲ ਹਕੂਮਤ ਦੀ ਕੋਈ ਖੇਡ ਖ਼ਰਾਬ ਹੋ ਜਾਵੇਗੀ? ਘੱਟੋ-ਘੱਟ ਮੈਂ ਆਪਣੇ ਬਾਰੇ ਇਹ ਭੁਲੇਖਾ ਨਹੀਂ ਪਾਲ਼ਦਾ। ਕਦੇ ਮੀਡੀਆ ਨੂੰ ਚਲਾਉਣ ਵਾਲੇ ਸਾਰੇ ਨੇਮ ਹੁਣ ਛਿੱਕੇ ਟੰਗ ਦਿੱਤੇ ਗਏ ਹਨ। ਨੱਬੇ ਫ਼ੀਸਦ ਮੀਡੀਆ ਕਸੀਦਾਕਾਰੀ ਨਾਲ ਭਰਿਆ ਪਿਆ ਹੈ। ਜਿੱਥੇ ਵੀ ਆਲੋਚਕ ਹਨ, ਉੱਥੇ ਹੀ ਹਮਲੇ ਹੋ ਰਹੇ ਹਨ। ਉਨ੍ਹਾਂ ਉੱਤੇ ਨਿਰਪੱਖ ਹੋਣ ਦੀਆਂ ਸਖ਼ਤ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਪੱਤਰਕਾਰੀ ਦੇ ਸਾਰੇ ਨੇਮ ਤੋੜ ਕੇ ਹਕੂਮਤ ਦੀ ਗੋਦੀ ਵਿੱਚ ਬੈਠਣ ਵਾਲਿਆਂ ਲਈ ਨਿਰਪੱਖਤਾ ਦਾ ਕੋਈ ਪੈਮਾਨਾ ਨਹੀਂ ਹੈ।
ਜਿਵੇਂ ਕੋਈ ਜਣਾ-ਜਣੀ ਆਪਣੇ-ਆਪ ਨੂੰ ਖ਼ੌਫ਼ ਵਿੱਚੋਂ ਆਜ਼ਾਦ ਕਰਨ ਦਾ ਤਰੱਦਦ ਕਰਦਾ ਹੈ ਉਸੇ ਤਰ੍ਹਾਂ ਜਿਊਂਦਾ ਅਤੇ ਚੇਤਨ ਸਮਾਜ ਆਪਣੇ ਖ਼ੌਫ਼ ਵਿੱਚੋਂ ਬਾਹਰ ਆਉਣ ਦੀ ਜੰਗ ਲੜਦਾ ਹੈ। ਜੇ ਤੁਸੀਂ ਮਾਰੇ ਜਾਣ ਦੇ ਖ਼ੌਫ਼ ਵਿੱਚ ਰਹਿੰਦੇ ਹੋ ਤਾਂ ਤੁਸੀਂ ਜਿਸਮਾਨੀ ਤੌਰ ਉੱਤੇ ਤੁਰਦੇ-ਫਿਰਦੇ ਹੋਏ ਵੀ ਦਰਅਸਲ ਜਿਊਂਦੇ ਨਹੀਂ ਹੋ। ਤੁਸੀਂ ਜਦੋਂ ਬੋਲਦੇ ਹੋ ਤਾਂ ਆਪਣੇ ਜਿਊਂਦੇ ਹੋਣ ਦਾ ਯਕੀਨ ਬੰਨ੍ਹਾਉਂਦੇ ਹੋ। ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਗ਼ੈਰ- ਹਾਜ਼ਰ ਨਹੀਂ ਹੋ ਸਕਦੇ। ਇਸ ਲਈ ਹਰ ਕਿਸੇ ਨੂੰ ਬੋਲਣਾ ਚਾਹੀਦਾ ਹੈ। ਇਹ ਬਹੁਤ ਅਹਿਮ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਘਰ ਵਿੱਚ ਬੋਲਣਾ ਸਿਖਾਈਏ। ਉਨ੍ਹਾਂ ਨੂੰ ਰੋਕੀਏ ਨਾ । ਅਸੀਂ ਬੱਚਿਆਂ ਨੂੰ ਘਰਾਂ ਵਿੱਚ ਰੋਕਦੇ ਰਹਿੰਦੇ ਹਾਂ ਅਤੇ ਉਹ ਜਿਸ ਡਰ ਨੂੰ ਘਰ ਵਿੱਚ ਹੰਢਾਉਂਦੇ ਹਨ ਉਸੇ ਦਾ ਪਸਾਰਾ ਦੁਨੀਆ ਵਿੱਚ ਹੁੰਦਾ ਹੈ। ਜ਼ਿਆਦਾਤਰ ਡਰ ਸਾਡੇ ਆਪਣੇ ਪੈਦਾ ਕੀਤੇ ਹੋਏ ਹਨ ਜੋ ਸਾਡੇ ਘਰਾਂ ਵਿੱਚ ਪਲ਼ੇ ਹਨ ਜਿੱਥੇ ਸਾਨੂੰ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ।
ਆਪਣੇ ਆਪ ਨੂੰ ਸੁਆਲ ਕਰੋ: ਤੁਸੀਂ ਬੋਲਣ ਤੋਂ ਡਰਦੇ ਹੋ, ਹਕੂਮਤ ਦੀ ਆਲੋਚਨਾ ਕਰਨ ਤੋਂ? ਤੁਸੀਂ ਕਿਉਂ ਡਰਦੇ ਹੋ? ਕੀ ਤੁਸੀਂ ਇਹ ਨਿਜ਼ਾਮ ਆਪਣੇ ਉੱਤੇ ਖ਼ੌਫ਼ ਦਾ ਗ਼ਲਬਾ ਕਾਇਮ ਕਰਨ ਲਈ ਚੁਣਿਆ ਹੈ? ਕੀ ਤੁਸੀਂ ਮਾਰੇ ਜਾਣ ਤੋਂ ਡਰਦੇ ਹੋ ਜਾਂ ਛੇਕੇ ਜਾਣ ਤੋਂ ਡਰਦੇ ਹੋ ਜਾਂ ਇਕੱਲੇ ਪੈ ਜਾਣ ਤੋਂ ਡਰਦੇ ਹੋ? ਜੇ ਤੁਸੀਂ ਮਾਰੇ ਜਾਣ ਤੋਂ ਨਹੀਂ ਡਰਦੇ ਤਾਂ ਦੋਸਤਾਂ ਵਿੱਚ ਇਕੱਲੇ ਰਹਿ ਜਾਣ ਦਾ ਖ਼ੌਫ਼ ਆਪਣੇ-ਆਪ ਛਟ ਜਾਵੇਗਾ। ਘੱਟੋ-ਘੱਟ ਇੰਨਾ ਜੋਖਿਮ ਤਾਂ ਉਠਾਇਆ ਜਾ ਸਕਦਾ ਹੈ। ਜੇ ਤੁਹਾਡੇ ਦੋਸਤਾਂ ਦੀ ਸ਼ਰਧਾ ਕਿਸੇ ਅਜਿਹੀ ਥਾਂ ਟਿਕੀ ਹੈ ਜਿਸ ਨੂੰ ਤੁਸੀਂ ਗ਼ਲਤ ਸਮਝਦੇ ਹੋ ਤਾਂ ਉਨ੍ਹਾਂ ਨੂੰ ਦੱਸ ਦੇਣਾ ਚਾਹੀਦਾ ਹੈ। ਜੇ ਤੁਸੀਂ ਦੋਸਤਾਂ ਸਾਹਮਣੇ ਨਹੀਂ ਬੋਲ ਸਕਦੇ ਤਾਂ ਤੁਸੀਂ ਸਰਕਾਰਾਂ ਦੀ ਆਲੋਚਨਾ ਕਰਨ ਦਾ ਤਾਅ ਕਿਵੇਂ ਝੱਲ ਸਕਦੇ ਹੋ? ਤੁਹਾਨੂੰ ਬੋਲਣ ਦੀ ਮਸ਼ਕ ਕਿਤੋਂ ਤਾਂ ਸ਼ੁਰੂ ਕਰਨੀ ਪੈਣੀ ਹੈ। ਹਾਲੇ ਹਾਲਾਤ ਏਨੇ ਖ਼ਰਾਬ ਨਹੀਂ ਹੋਏ ਕਿ ਕੋਈ ਬੋਲ ਨਾ ਸਕੇ।
ਜੇ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਤੋਂ ਖ਼ੌਫ਼ ਖਾਂਦੇ ਹੋ ਤਾਂ ਤੁਸੀਂ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਖ਼ਿਲਾਫ਼ ਜੋ ਕਹਿਣਾ ਚਾਹੁੰਦੇ ਹੋ, ਕਹੋ। ਤੁਹਾਡੇ ਕਹੇ ਨਾਲ ਨਹਿਰੂ ਉੱਤੇ ਕੋਈ ਅਸਰ ਨਹੀਂ ਪਵੇਗਾ ਪਰ ਇਸ ਮਸ਼ਕ ਰਾਹੀਂ ਤੁਸੀਂ ਪ੍ਰਧਾਨ ਮੰਤਰੀ ਵਰਗੇ ਅਦਾਰੇ ਸਾਹਮਣੇ ਖੜ੍ਹਾ ਹੋਣਾ ਸਿੱਖ ਜਾਵੋਗੇ ਅਤੇ ਸੁਆਲ ਕਰ ਸਕੋਗੇ। ਪਹਿਲਾਂ ਇਹ ਪੱਕਾ ਕਰ ਲੈਣਾ ਕਿ ਤੁਸੀਂ ਠੀਕ ਸੁਆਲ ਕਰਨ ਵਾਲੇ ਹੋ। ਆਪਣੇ ਤੱਥਾਂ ਦੀ ਤਸਦੀਕ ਕਰ ਲਓ। ਕਿਸੇ ਵਿਅਕਤੀ ਖ਼ਿਲਾਫ਼ ਨਫ਼ਰਤ ਨੂੰ ਆਪਣੇ ਸੁਆਲਾਂ ਵਿੱਚ ਨਾ ਆਉਣ ਦਿਓ। ਜੋ ਵੱਡੇ ਅਹੁਦੇ ਉੱਤੇ ਬੈਠਾ ਹੈ ਉਹ ਨੈਤਿਕਤਾ ਦੇ ਨੇਮ ਤੈਅ ਕਰਦਾ ਹੈ। ਉਹ ਆਪ ਭਾਵੇਂ ਬਦਚਲਣ ਹੋਵੇ ਪਰ ਤੁਹਾਨੂੰ ਨੇਕ-ਚਲਣੀ ਅਤੇ ਇਖ਼ਲਾਕੀ ਨੇਮਾਂ ਵਿੱਚ ਰਹਿਣ ਦੀ ਬੇਨਤੀ ਕਰੇਗਾ। ਇਹ ਵੀ ਬੋਲਣ ਦੀ ਸ਼ਰਤ ਹੈ ਕਿ ਨੇਕ-ਚਲਣੀ ਦੀ ਪੂੰਜੀ ਲਗਾਤਾਰ ਜੋੜਦੇ ਰਹੋ। ਸਦਾ ਇਖ਼ਲਾਕੀ ਨੇਮਾਂ ਨਾਲ ਜੁੜੇ ਰਹੋ। ਆਪਣੀ ਜ਼ਿੰਦਗੀ ਨੂੰ ਸਾਫ਼-ਸੁਥਰਾ ਰੱਖੋ। ਅਤੇ ਬੋਲਦੇ ਰਹੋ।
ਗੁਜਰਾਤ ਦੀਆਂ ਦੋ ਗੇੜਾਂ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪੈਣੀਆਂ ਹਾਲੇ ਸ਼ੁਰੂ ਹੋਈਆਂ ਸਨ। ਜ਼ਮੀਨੀ ਪੱਧਰ ਤੋਂ ਆਉਂਦੀਆਂ ਖ਼ਬਰਾਂ ਇਸ਼ਾਰਾ ਕਰਦੀਆਂ ਸਨ ਕਿ ਵੀਹ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਹਕੂਮਤ ਕਰ ਰਹੀ ਭਾਜਪਾ ਦੀ ਗੁਜਰਾਤੀ ਜਨਤਾ ਵਿੱਚ ਸਾਖ ਨੂੰ ਖੋਰਾ ਲੱਗਿਆ ਸੀ ਅਤੇ ਇਸ ਦਾ ਫਾਇਦਾ ਵਿਰੋਧੀ ਧਿਰ ਕਾਂਗਰਸ ਨੂੰ ਮਿਲ ਸਕਦਾ ਸੀ। ਪ੍ਰਧਾਨ ਮੰਤਰੀ ਆਪਣੇ ਸੂਬੇ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਹੁਣ ਇੱਕ ਵੱਡੇ ਜਲਸੇ ਨੂੰ ਮੁਖ਼ਾਤਬ ਹੋਣ ਪਾਲਨਪੁਰ ਪੁੱਜੇ ਸਨ। ਆਪਣੀ ਤਕਰੀਰ ਦੇ ਤਕਰੀਬਨ ਵਿਚਕਾਰ ਉਨ੍ਹਾਂ ਨੇ ਜੋ ਕਿਹਾ ਉਸ ਦੀਆਂ ਤੁਕਾਂ ਮੀਡੀਆ ਵਿੱਚ ਖੁੱਲ੍ਹ-ਦਿਲੀ ਨਾਲ ਨਸ਼ਰ ਕੀਤੀਆਂ ਗਈਆਂ, ਉਨ੍ਹਾਂ ਕਿਹਾ ਸੀ:
ਮਣੀ ਸ਼ੰਕਰ ਅਈਅਰ ਦੇ ਘਰ ਪਾਕਿਸਤਾਨ ਦੇ ਹਾਈ ਕਮਿਸ਼ਨਰ, ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ, ਭਾਰਤ ਦੇ ਸਾਬਕਾ ਉੱਪ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੈਠਕ ਸੀ … ਅਗਲੇ ਦਿਨ ਮਣੀ ਸ਼ੰਕਰ ਅਈਅਰ ਨੇ ਕਿਹਾ ਕਿ ਮੋਦੀ ‘ਨੀਚ’ ਹੈ … ਮੇਰੇ ਭਰਾਵੋ ਅਤੇ ਭੈਣੋ, ਇਹ ਸੰਜੀਦਾ ਮਾਮਲਾ ਹੈ। ਪਾਕਿਸਤਾਨ ਅਹਿਮ ਮਸਲਾ ਹੈ; ਜਦੋਂ ਗੁਜਰਾਤ ਦੀਆਂ ਚੋਣਾਂ ਚੱਲ ਰਹੀਆਂ ਹੋਣ ਤਾਂ ਹਾਈ ਕਮਿਸ਼ਨਰ ਨਾਲ ਅਜਿਹੀ ਖ਼ੁਫ਼ੀਆ ਬੈਠਕ ਦਾ ਕੀ ਕਾਰਨ ਸੀ? ਇੱਕ ਹੋਰ ਗੱਲ: ਪਾਕਿਸਤਾਨੀ ਫ਼ੌਜ ਦੇ ਸਾਬਕਾ ਡਾਇਰੈਕਟਰ ਜਨਰਲ ਅਰਸ਼ਦ ਰਫ਼ੀਕ ਨੇ ਕਿਹਾ ਹੈ ਕਿ ਉਹ ਅਹਿਮਦ ਪਟੇਲ ਦੀ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਹਮਾਇਤ ਕਰਦੇ ਹਨ।
ਨਰਿੰਦਰ ਮੋਦੀ ਦਾ ਇਹ 9 ਦਸੰਬਰ 2017 ਨੂੰ ਦਿੱਤਾ ਬਿਆਨ ਮਸਨੂਈ ਖ਼ਬਰ ਦੀ ਸ਼ਾਹਕਾਰ ਮਿਸਾਲ ਹੈ। ਇਹ ਪੱਤਰਕਾਰੀ ਦੀਆਂ ਜਮਾਤਾਂ ਵਿੱਚ ਪੜ੍ਹਾਈ ਜਾਣੀ ਚਾਹੀਦੀ ਹੈ। ਇਸ ਬਿਆਨ ਵਿੱਚ ਇੱਕੋ ਤੱਥ ਸੱਚ ਹੈ—ਕੁਝ ਲੋਕ ਕਾਂਗਰਸ ਦੇ ਆਗੂ ਮਣੀ ਸ਼ੰਕਰ ਅਈਅਰ ਦੇ ਘਰ ਇਕੱਠੇ ਹੋਏ ਸਨ। ਬਾਕੀ ਸਾਰੇ ਤੱਥ ਨਾਮੁਕੰਮਲ ਹਨ ਜਾਂ ਮਸਨੂਈ ਹਨ। ਕੋਈ ਖ਼ੁਫ਼ੀਆ ਬੈਠਕ ਨਹੀਂ ਹੋਈ ਸੀ, ਇਹ ਰਾਤ ਦੇ ਖਾਣੇ ਉੱਤੇ ਸੱਦਿਆ ਗਿਆ ਇਕੱਠ ਸੀ ਜਿਸ ਦਾ ਰਸਮੀ ਸੱਦਾ ਈਮੇਲ ਰਾਹੀਂ ਕਈ ਲੋਕਾਂ ਨੂੰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਪੱਤਰਕਾਰ ਵੀ ਸ਼ਾਮਿਲ ਸਨ । ਪ੍ਰਧਾਨ ਮੰਤਰੀ ਨੇ ਨਾਮ ਲੈ ਕੇ ਕੁਝ ਲੋਕਾਂ ਦੀ ਸਹੀ ਸ਼ਨਾਖ਼ਤ ਕੀਤੀ ਸੀ ਪਰ ਉਨ੍ਹਾਂ ਨੇ ਮੁਕੰਮਲ ਫ਼ਹਿਰਿਸਤ ਸਾਂਝੀ ਨਹੀਂ ਕੀਤੀ। ਉਨ੍ਹਾਂ ਨੂੰ ਮੁਕੰਮਲ ਜਾਣਕਾਰੀ ਸੀ ਜਿਹੜੀ ਆਵਾਮ ਨੂੰ ਬਿਆਨ ਤੋਂ ਅਗਲੇ ਦਿਨ ਪੱਤਰਕਾਰਾਂ ਦੇ ਨਸ਼ਰ ਕਰਨ ਤੋਂ ਬਾਅਦ ਮਿਲੀ: ਇੰਡੀਆ ਦੀ ਫ਼ੌਜ ਦਾ ਸਾਬਕਾ ਮੁਖੀ ਦੀਪਕ ਕਪੂਰ ਵੀ ਉਹ ਬੈਠਕ ਵਿੱਚ ਹਾਜ਼ਰ ਸੀ ਅਤੇ ਉਨ੍ਹਾਂ ਨਾਲ ਇੱਕ ਸਾਬਕਾ ਵਿਦੇਸ਼ ਸਕੱਤਰ ਅਤੇ ਭਾਰਤੀ ਸਫ਼ਾਰਤੀ ਅਮਲੇ ਦੇ ਆਹਲਾ ਅਫ਼ਸਰ ਸ਼ਾਮਿਲ ਸਨ ਜਿਨ੍ਹਾਂ ਦੀ ਭਰੋਸੇਯੋਗਤਾ ਸੁਆਲਾਂ ਦੇ ਘੇਰੇ ਤੋਂ ਬਾਹਰ ਹੈ। ਇਨ੍ਹਾਂ ਸਭਨਾਂ ਨੇ ਪੱਤਰਕਾਰਾਂ ਸਾਹਮਣੇ ਬਿਆਨ ਦਿੱਤਾ ਕਿ ਉੱਥੇ ਗੁਜਰਾਤ ਬਾਬਤ ਕੋਈ ਚਰਚਾ ਨਹੀਂ ਹੋਈ ਸੀ ਪਰ ਪ੍ਰਧਾਨ ਮੰਤਰੀ ਨੇ ਜੋ ਕਹਿਣਾ ਸੀ ਉਹ ਕਹਿ ਦਿੱਤਾ ਸੀ ਅਤੇ ਉਸ ਮਹਿਫ਼ਿਲ ਦੀ ਚਰਚਾ ਪੂਰੇ ਗੁਜਰਾਤ ਵਿੱਚ ਹੋਈ ਸੀ।
ਇੱਕ-ਦੋ ਮੀਡੀਆ ਅਦਾਰਿਆਂ ਤੋਂ ਬਿਨਾਂ ਸਮੁੱਚੇ ਮੁੱਖ ਧਾਰਾ ਮੀਡੀਆ ਵਿੱਚੋਂ ਕਿਸੇ ਨੇ ਪ੍ਰਧਾਨ ਮੰਤਰੀ ਦੇ ਬਿਆਨ ਦੇ ਸੱਚ ਦੀ ਤਸਦੀਕ ਕਰਨ ਦਾ ਤਰੱਦਦ ਨਹੀਂ ਕੀਤਾ। ਜ਼ਿਆਦਾਤਰ ਨੇ ਪ੍ਰਧਾਨ ਮੰਤਰੀ ਦਾ ਬਿਆਨ ਹੂਬਹੂ ਨਸ਼ਰ ਕਰ ਦਿੱਤਾ। ਅਗਲੇ ਦਿਨ 10 ਦਸੰਬਰ 2017 ਨੂੰ ਅਖ਼ਬਾਰਾਂ ਅਤੇ ਵੈੱਬਸਾਇਟਜ਼ ਉੱਤੇ ਨਸ਼ਰ ਹੋਈਆਂ।
ਸੁਰਖ਼ੀਆਂ ਦੇ ਕੁਝ ਨਮੂਨੇ ਪੇਸ਼ ਹਨ:
ਗੁਜਰਾਤ ਚੋਣਾਂ: ਪਾਕਿਸਤਾਨੀ ਫ਼ੌਜ ਦਾ ਸਾਬਕਾ ਡੀ.ਜੀ. ਅਹਿਮਦ ਪਟੇਲ ਨੂੰ ਮੁੱਖ ਮੰਤਰੀ ਕਿਉਂ ਬਣਾਉਣਾ ਚਾਹੁੰਦਾ ਹੈ, ਪ੍ਰਧਾਨ ਮੰਤਰੀ ਦਾ ਸੁਆਲ (ਐਤਵਾਰ ਦਾ ਮਿੰਟ)
ਪ੍ਰਧਾਨ ਮੰਤਰੀ ਨੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਕਿਸਤਾਨ ਦੇ ਦਖ਼ਲ ਦਾ ਇਲਜ਼ਾਮ ਲਗਾਇਆ; ਕਾਂਗਰਸ ਤੋਂ ਪਾਰਟੀ ਆਗੂਆਂ ਦੇ ਪਾਕਿਸਤਾਨੀ ਆਗੂਆਂ ਨਾਲ ਮਿਲਣ ਦਾ ਮੰਗਿਆ ਜੁਆਬ (ਮਿੱਡ ਡੇਅ)
ਨਰਿੰਦਰ ਮੋਦੀ ਨੇ ਪਾਕਿਸਤਾਨ ਉੱਤੇ ਗੁਜਰਾਤ ਦੀਆਂ ਚੋਣਾਂ ਵਿੱਚ ਦਖ਼ਲ-ਅੰਦਾਜ਼ੀ ਦਾ ਲਗਾਇਆ ਇਲਜ਼ਾਮ, ਅਹਿਮਦ ਪਟੇਲ ਦੀ ਮੁੱਖ ਮੰਤਰੀ ਦੀ ਉਮੀਦਵਾਰੀ ਵਿੱਚ ਪਾਕਿਸਤਾਨ ਦੀ ਦਿਲਚਸਪੀ ਦਾ ਦਾਅਵਾ (ਫਸਟ ਪੋਸਟ)
ਪਾਕਿਸਤਾਨ ਕਰ ਰਿਹਾ ਹੈ ਗੁਜਰਾਤ ਚੋਣਾਂ ਵਿੱਚ ਦਖ਼ਲ-ਅੰਦਾਜ਼ੀ, ਪਾਲਨਪੁਰ ਰੈਲੀ ਵਿੱਚ ਪ੍ਰਧਾਨ ਮੰਤਰੀ ਦਾ ਦਾਅਵਾ (ਨਿਉ ਇੰਡੀਅਨ ਐਕਸਪ੍ਰੈਸ)
ਮੀਡੀਆ ਨੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮਜ਼ਬੂਤ ਬੁਨਿਆਦ ਉੱਤੇ ਸੁਰਖ਼ੀਆਂ ਦੀ ਵਡੇਰੀ ਖੇਡ ਖੇਡੀ। ਪ੍ਰਧਾਨ ਮੰਤਰੀ ਨੇ ਗ਼ਲਤ-ਬਿਆਨੀ ਕੀਤੀ ਸੀ, ਇਹ ਤੱਥ ਗੌਣ ਕਰ ਦਿੱਤਾ ਗਿਆ ਜਾਂ ਚਰਚਾ ਤੋਂ ਬਾਹਰ ਰੱਖਿਆ ਗਿਆ ਕਿ ਉਨ੍ਹਾਂ ਨੇ ਗ਼ਲਤ-ਬਿਆਨੀ ਕੀਤੀ ਸੀ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ। ਪ੍ਰਧਾਨ ਮੰਤਰੀ ਤੁਹਮਤਾਂ ਅਤੇ ਤਾਅਨਿਆਂ ਦੀ ਖੇਡ ਦੇ ਹੰਢੇ ਹੋਏ ਖਿਡਾਰੀ ਹਨ। ਉਹ ਹਮੇਸ਼ਾਂ ਮਾਸੂਮ ਬਣੇ ਰਹਿੰਦੇ ਹਨ ਅਤੇ ਕਦੇ ਆਪਣੇ ਹੱਥੀਂ ਅੱਗ ਨਹੀਂ ਲਗਾਉਂਦੇ। ਇਸ ਮਾਮਲੇ ਵਿੱਚ ਉਨ੍ਹਾਂ ਨੇ ਇਸ਼ਾਰਾ ਕੀਤਾ ਅਤੇ ਮੀਡੀਆ ਨੇ ਉਨ੍ਹਾਂ ਦੀ ਤਮੰਨਾ ਮੁਤਾਬਕ ਬਿਰਤਾਂਤ ਸਿਰਜ ਦਿੱਤਾ। ਮੀਡੀਆ ਦਾ ਵਿਹਾਰ ਇੰਝ ਸੀ ਜਿਵੇਂ ਸਮੁੱਚੇ ਹਜੂਮ ਦੀਆਂ ਤਾਰਾਂ ਕਿਸੇ ਇੱਕੋ ਦਿਮਾਗ਼ ਨਾਲ ਜੁੜੀਆਂ ਹੋਣ। ਉਨ੍ਹਾਂ ਨੇ ਪਾਲਨਪੁਰ ਦੇ ਜਲਸੇ ਵਿੱਚ ਲੋਕਾਂ ਨੂੰ ‘ਖ਼ੁਫ਼ੀਆ ਬੈਠਕ’ ਦੀ ਜਾਣਕਾਰੀ ਦਿੱਤੀ, ਹਾਜ਼ਰੀਨ ਦਾ ਧਿਆਨ ਉਸ ਬੈਠਕ ਦੇ ਸਮੇਂ ਉੱਤੇ ਲਿਆ ਕੇ ਉਨ੍ਹਾਂ ਨੇ ਵਿੱਚ ਇਹ ਜੋੜ ਦਿੱਤਾ ਕਿ ਪਾਕਿਸਤਾਨੀ ਫ਼ੌਜ ਦਾ ਇੱਕ ਸਾਬਕਾ ਅਫ਼ਸਰ ਗੁਜਰਾਤ ਦਾ ਮੁੱਖ ਮੰਤਰੀ ਕਾਂਗਰਸ ਦੇ ਕਿਸੇ ਮੁਸਲਮਾਨ ਬੰਦੇ ਨੂੰ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਸਾਫ਼ ਤੌਰ ਉੱਤੇ ਕੁਝ ਨਹੀਂ ਕਿਹਾ। ਉਨ੍ਹਾਂ ਨੂੰ ਇਹ ਲੋੜ ਹੀ ਨਹੀਂ ਸੀ। ਉਨ੍ਹਾਂ ਦਾ ਜੀ-ਹਜ਼ੂਰ ਮੀਡੀਆ ਸ਼ਰਿ-ਬਾਜ਼ਾਰ ਸੁਰਖ਼ੀਆਂ ਦਾ ਹੋਕਾ ਦੇ ਰਿਹਾ ਸੀ ਕਿ ਮੁਲਕ ਦੇ ਪ੍ਰਧਾਨ ਮੰਤਰੀ ਮੁਤਾਬਕ ਗੁਜਰਾਤ ਦੀਆਂ ਚੋਣਾਂ ਵਿੱਚ ਪਾਕਿਸਤਾਨ ਦਖ਼ਲ-ਅੰਦਾਜ਼ੀ ਕਰ ਰਿਹਾ ਸੀ ਅਤੇ ਕਾਂਗਰਸ ਉਸ ਦੇ ਨਾਲ ਰਲ਼ੀ ਹੋਈ ਸੀ। ਇੱਕ ਵਾਰ ਦਖ਼ਲ-ਅੰਦਾਜ਼ੀ ਦਾ ਸ਼ਗੁਫ਼ਾ ਛੱਡ ਦਿੱਤਾ ਤਾਂ ਜਦੋਂ-ਜਦੋਂ ਭਾਜਪਾ ਦੇ ਵਿਕਾਸ ਦੇ ਦਾਅਵਿਆਂ ਉੱਤੇ ਕਾਂਗਰਸ ਸੁਆਲ ਕਰਦੀ ਸੀ, ਭਾਜਪਾ ਦਖ਼ਲ-ਅੰਦਾਜ਼ੀ ਨੂੰ ਸੱਚ ਕਰਾਰ ਦਿੰਦੀ ਹੋਈ ਮੋੜਵਾਂ ਹਮਲਾ ਕਰਦੀ ਸੀ। ਖ਼ਬਰਾਂ ਦੇ ਆਮ ਰਸੀਏ ਨੂੰ ਕਿਤੇ ਨਾ ਕਿਤੇ ਇਹ ਲੱਗਣ ਲਗ ਗਿਆ ਕਿ ਜੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਜਾਂ ਜੇ ਉਨ੍ਹਾਂ ਦੀ ਪਾਰਟੀ ਏਨਾ ਰੌਲ਼ਾ ਪਾ ਰਹੀ ਹੈ ਤਾਂ ਦਾਲ਼ ਵਿੱਚ ਕੁਝ ਤਾਂ ਕਾਲਾ ਹੋਵੇਗਾ।
ਕੁੱਲ ਮਿਲਾ ਕੇ‘ਦਾਲ਼ ਵਿੱਚ ਕੁਝ ਤਾਂ ਕਾਲਾ ਹੋਵੇਗਾ’—ਵਾਲਾ ਨੁਕਤਾ ਹੀ ਮਸਨੂਈ ਖ਼ਬਰ ਦੀ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰਦਾ ਹੈ। ਜਦੋਂ ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ ਝੂਠ ਬੋਲਣ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ ਤਾਂ ਵਿੱਤ ਮੰਤਰੀ ਅਰੁਨ ਜੇਤਲੀ ਨੇ ਪੂਰੀ ਧੌਂਸ ਨਾਲ ਜੁਆਬ ਦਿੱਤਾ ਸੀ ਕਿ ਕਾਂਗਰਸ ਕਿਸ ਗੱਲ ਲਈ ਮੁਆਫ਼ੀ ਦੀ ਮੰਗ ਕਰ ਰਹੀ ਹੈ ਜਦੋਂ ਕਿ ਇਸ ਨੂੰ ਇੰਡੀਆ ਦੇ ਸ਼ਹਿਰੀਆਂ ਸਾਹਮਣੇ ‘ਖ਼ੁਫ਼ੀਆ ਬੈਠਕ’ ਦੀ ਜਾਣਕਾਰੀ ਨਸ਼ਰ ਕਰਨੀ ਚਾਹੀਦੀ ਹੈ।
ਚੋਣਾਂ ਦੇ ਖ਼ਤਮ ਹੋਣ ਤੋਂ ਬਾਅਦ ਹਾਲਾਤ ਬਿਲਕੁਲ ਬਦਲ ਗਏ ਅਤੇ ਭਾਜਪਾ ਡਿੱਗਦੀ-ਢਹਿੰਦੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ। ਜਦੋਂ ਕਾਂਗਰਸ ਨੇ ਰਾਜ ਸਭਾ ਦਾ ਕੰਮ-ਕਾਜ ਠੱਪ ਕਰ ਦਿੱਤਾ—ਉਸ ਵੇਲੇ ਭਾਜਪਾ ਦੀ ਰਾਜ ਸਭਾ ਵਿੱਚ ਬਹੁਗਿਣਤੀ ਨਹੀਂ ਸੀ-ਅਤੇ ਪ੍ਰਧਾਨ ਮੰਤਰੀ ਤੋਂ ਗ਼ਤਲਬਿਆਨੀ ਕਰਨ ਦੀ ਮੁਆਫ਼ੀ ਮੰਗਣ ਦਾ ਇਸਰਾਰ ਕੀਤਾ ਤਾਂ ਅਰੁਨ ਜੇਤਲੀ ਨੇ ਆਪਣੀ ਵਿਆਖਿਆ ਦੇ ਲਿਹਾਫ਼ ਵਿੱਚ ਲਪੇਟ ਕੇ ਮੁਆਫ਼ੀ ਮੰਗੀ:
ਪ੍ਰਧਾਨ ਮੰਤਰੀ ਨੇ ਆਪਣੀ ਤਕਰੀਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਾਂ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਵਚਨਬੱਧਤਾ ਉੱਤੇ ਸੁਆਲ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦਾ ਅਜਿਹਾ ਇਰਾਦਾ ਸੀ। ਅਜਿਹਾ ਸਮਝਣਾ ਬਿਲਕੁਲ ਗ਼ਲਤ ਹੈ; ਅਸੀਂ ਇਨ੍ਹਾਂ ਆਗੂਆਂ ਅਤੇ ਇਨ੍ਹਾਂ ਦੀ ਮੁਲਕ ਨਾਲ ਵਚਨਬੱਧਤਾ ਦਾ ਬੇਹੱਦ ਸਤਿਕਾਰ ਕਰਦੇ ਹਾਂ।
ਉਨ੍ਹਾਂ ਦੇ ਬਿਆਨ ਵਿੱਚ ‘ਖ਼ੁਫ਼ੀਆ ਬੈਠਕ’ ਦਾ ਜ਼ਿਕਰ ਤੱਕ ਨਹੀਂ ਸੀ। ਇੰਝ ਲੱਗਦਾ ਸੀ ਜਿਵੇਂ ਪ੍ਰਧਾਨ ਮੰਤਰੀ ਨੇ ਸ਼ਹਿਰੀਆਂ ਨੂੰ ਮੂਰਖ ਬਣਾਉਣ ਵਾਲਾ ਮਸਨੂਈ ਮੁੱਦਾ ਉਛਾਲ ਕੇ ਭੂਚਾਲ ਨਾ ਮਚਾਇਆ ਹੋਵੇ ਅਤੇ ਇਸ ਅਮਲ ਰਾਹੀਂ ਸਾਬਕਾ ਪ੍ਰਧਾਨ ਮੰਤਰੀ, ਸਾਬਕਾ ਉੱਪ ਰਾਸ਼ਟਰਪਤੀ ਅਤੇ ਇੰਡੀਆ ਦੀ ਫ਼ੌਜ ਦੇ ਸਾਬਕਾ ਮੁਖੀ ਉੱਤੇ ਗ਼ੱਦਾਰੀ ਦਾ ਇਲਜ਼ਾਮ ਨਾ ਲਗਾਇਆ ਹੋਵੇ।
ਅਰੁਨ ਜੇਤਲੀ ਦੇ ਬਿਆਨ ਅਤੇ ਪ੍ਰਧਾਨ ਮੰਤਰੀ ਦੇ ਗੁਜਰਾਤ ਚੋਣਾਂ ਦੌਰਾਨ ਦਿੱਤੇ ਗਏ ਬਿਆਨ ਦਾ ਅੱਖਰ-ਅੱਖਰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਪਤਾ ਲੱਗ ਜਾਂਦਾ ਹੈ ਕਿ ਮਸਨੂਈ ਖ਼ਬਰ ਦਾ ਪਸਾਰਾ ਸਿਰਫ਼ ਚੋਣਾਂ ਦੀ ਖੇਡ ਨਹੀਂ ਹੈ ਸਗੋਂ ਇਹ ਅਜਿਹਾ ਰੁਝਾਨ ਹੈ ਜਿਸ ਤਹਿਤ ਬਿਆਨਾਂ ਨੂੰ ਪੂਰੀ ਹੁਸ਼ਿਆਰੀ ਨਾਲ ਬੀੜਿਆ ਜਾਂਦਾ ਹੈ ਅਤੇ ਜੁਗਤ ਵਜੋਂ ਵਰਤਿਆ ਜਾਂਦਾ ਹੈ। ਆਪਣੇ ਖ਼ਸੂਸੀ ਕੋਝੇ ਮਕਸਦਾਂ ਦੀ ਪੂਰਤੀ ਲਈ ਮੂਰਤਾਂ ਦੀ ਪੈਦਾਇਸ਼ ਹੁੰਦੀ ਹੈ ਅਤੇ ਪ੍ਰਭਾਵ ਸਿਰਜੇ ਜਾਂਦੇ ਹਨ।
ਮਸਨੂਈ ਖ਼ਬਰ ਦੀ ਘਾੜਤ ਬਹੁਤ ਹੁਨਰਮੰਦੀ ਵਾਲੀ ਖੇਡ ਹੈ। ਇਹ ਦੇਖਣ ਨੂੰ ਸਿੱਧ-ਪਧਰੀ ਲੱਗਦੀ ਹੈ ਪਰ ਇਸ ਦੀ ਬੁਨਿਆਦ ਆਮ ਆਵਾਮ ਦੀ ਮਾਨਸਿਕਤਾ ਦੀ ਡੂੰਘੀ ਸਮਝ ਉੱਤੇ ਟਿਕੀ ਹੋਈ ਹੈ। ਆਮ ਤੌਰ ਉੱਤੇ ਮਸਨੂਈ ਖ਼ਬਰਾਂ ਉਨ੍ਹਾਂ ਮਾਮਲਿਆਂ ਬਾਬਤ ਹੁੰਦੀਆਂ ਹਨ ਜਿਨ੍ਹਾਂ ਦੀ ਆਮ ਲੋਕਾਂ ਨੂੰ ਜਾਣਕਾਰੀ ਘੱਟ ਹੁੰਦੀ ਹੈ-ਜਾਣਕਾਰੀ ਘੱਟ ਪਰ ਪ੍ਰਭਾਵ ਵਧੇਰੇ ਹੁੰਦਾ ਹੈ। ਮਿਸਾਲ ਵਜੋਂ ਲੋਕਾਂ ਦੇ ਮਨਾਂ ਵਿੱਚ ਮੁਲਕ ਦੀ ਵੰਡ ਬਾਰੇ ਬਹੁਤ ਤਰ੍ਹਾਂ ਦੇ ਪ੍ਰਭਾਵ ਹਨ, ਜਦੋਂ ਕਿ ਇਸ ਵੇਲੇ ਵੰਡ ਨੂੰ ਹੱਡੀਂ ਹੰਢਾਉਣ ਵਾਲੇ ਬਹੁਤ ਘੱਟ ਲੋਕ ਜਿਊਂਦੇ ਹਨ। ਵੰਡ ਨਾਲ ਜੁੜੀਆਂ ਮਨਘੜਤ ਮਸਨੂਈ ਖ਼ਬਰਾਂ ਅਤੇ ਪੋਸਟਾਂ ਨਾ ਤਸਦੀਕ ਕੀਤੇ ਜਾ ਸਕਣ ਵਾਲੇ ਤੱਥਾਂ ਦੇ ਪ੍ਰਭਾਵ ਨਾਲ ਸਿਰਜੀਆਂ ਜਾਂਦੀਆਂ ਹਨ। ਇਸ ਤਰ੍ਹਾਂ ਮਸਨੂਈ ਪ੍ਰਭਾਵਾਂ ਦੀ ਲਗਾਤਾਰਤਾ ਬਣੀ ਰਹਿੰਦੀ ਹੈ ਜਿਸ ਕਾਰਨ ਮਸਨੂਈ ਖ਼ਬਰਾਂ ਦਾ ਝੂਠ ਸ਼ੱਕ ਦੇ ਘੇਰੇ ਵਿੱਚ ਨਹੀਂ ਆਉਂਦਾ। ਮਣੀ ਸ਼ੰਕਰ ਅਈਅਰ ਦੇ ਘਰ ਹੋਈ ‘ਖ਼ੁਫ਼ੀਆ ਬੈਠਕ’ ਵੀ ਇਸ ਤਰ੍ਹਾਂ ਦੀ ਲਗਾਤਾਰਤਾ ਵਿੱਚ ਹੈ। ਮਣੀ ਸ਼ੰਕਰ ਅਈਅਰ ਨੇ ਪਹਿਲਾਂ ਲਗਾਤਾਰ ਨਰਿੰਦਰ ਮੋਦੀ ਅਤੇ ਭਾਜਪਾ ਬਾਰੇ ਤਿੱਖੇ ਅਤੇ ਵਿਵਾਦਮਈ ਬਿਆਨ ਦਿੱਤੇ ਹਨ। ਉਹ ਪਾਕਿਸਤਾਨ ਨਾਲ ਲਗਾਤਾਰ ਗੱਲਬਾਤ ਰਾਹੀਂ ਅਮਨ ਦੇ ਹਾਮੀ ਹਨ ਅਤੇ ਇਹ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਖਲਨਾਇਕ ਬਣਾਉਣ ਲਈ ਬਹੁਤ ਹੈ।
ਇਨ੍ਹਾਂ ਹਾਲਾਤ ਵਿੱਚ ਮੇਰੇ ਲਈ ਪ੍ਰਧਾਨ ਮੰਤਰੀ ਦੇ ਬਿਆਨ ਅਤੇ ਕੁਝ ਹਫ਼ਤਿਆਂ ਤੋਂ ਬਾਅਦ ਦਿੱਤੀ ਅਰੁਨ ਜੇਤਲੀ ਦੀ ਸਫ਼ਾਈ ਨਾਲੋਂ ਜ਼ਿਆਦਾ ਅਹਿਮ ਉਹ ਮਨੋਵਿਗਿਆਨਕ ਕਿਰਿਆ ਹੈ ਜਿਸ ਰਾਹੀਂ ਮਸਨੂਈ ਖ਼ਬਰ ਦੀ ਪੈਦਾਇਸ਼ ਅਤੇ ਪਸਾਰਾ ਹੁੰਦਾ ਹੈ। ਇਨ੍ਹਾਂ ਬਿਆਨਾਂ ਦਾ ਹਰ ਲਫ਼ਜ਼ ਝੂਠ ਤਾਮੀਰ ਕਰਨ ਦੀ ਸ਼ਾਹਕਾਰ ਮਿਸਾਲ ਹੁੰਦਾ ਹੈ। ਜੇ ਮਸਨੂਈ ਖ਼ਬਰ ਦਾ ਜਨਮਦਾਤਾ ਪ੍ਰਧਾਨਮੰਤਰੀ ਹੈ ਤਾਂ ਫ਼ੌਰੀ ਤੌਰ ਉੱਤੇ ਇਹ ਵਾਜਿਬ ਸ਼ੈਅ ਹੋ ਜਾਂਦੀ ਹੈ ਅਤੇ ਆਵਾਮ ਵਿੱਚ ਵਰਤ ਜਾਂਦੀ ਹੈ ਜਾਂ ਵਰਤਾਈ ਜਾਂਦੀ ਹੈ। ਇਸ ਤੋਂ ਬਾਅਦ ਸਾਰੀ ਸਿਆਸਤ ਕੁਫ਼ਰ ਹੋ ਜਾਂਦੀ ਹੈ।
ਕੋਈ ਖੋਜ ਇਹ ਨਿਚੋੜ ਕੱਢਦੀ ਹੈ ਕਿ ਮਸਨੂਈ ਖ਼ਬਰ ਦਾ ਜਮਹੂਰੀਅਤ ਉੱਤੇ ਕੋਈ ਅਸਰ ਨਹੀਂ ਪੈਂਦਾ। ਦਰਅਸਲ ਇਹ ਅਸਰ ਪੈਂਦਾ ਹੈ, ਇਸੇ ਲਈ ਹੀ ਤਾਂ ਪ੍ਰਧਾਨ ਮੰਤਰੀ ਦੀ ‘ਖ਼ੁਫ਼ੀਆ ਬੈਠਕ’ ਵਾਲੀ ਤਕਰੀਰ ਗੁਜਰਾਤ ਦੀਆਂ ਚੋਣਾਂ ਦੌਰਾਨ ਬਹਿਸ ਦਾ ਭਖਵਾਂ ਮਸਲਾ ਬਣੀ ਰਹਿੰਦੀ ਹੈ। ਜਦੋਂ ਅਰੁਨ ਜੇਤਲੀ ਨੇ ਰਾਜ ਸਭਾ ਵਿੱਚ ਵਿਆਖਿਆ ਦੇ ਲਿਹਾਫ਼ ਵਿੱਚ ਲਪੇਟ ਨੇ ਮੁਆਫ਼ੀ ਮੰਗੀ ਤਾਂ ਇਹ ਕਬੂਲ ਨਹੀਂ ਕੀਤਾ ਕਿ ਪ੍ਰਧਾਨ ਮੰਤਰੀ ਨੇ ਆਵਾਮ ਨੂੰ ਗੁੰਮਰਾਹ ਕੀਤਾ ਹੈ। ਇਸ ਤੋਂ ਬਾਅਦ ਮੁਲਕ ਦੇ ਸ਼ਹਿਰੀਆਂ ਕੋਲ ਭਾਜਪਾ ਅਤੇ ਇਸ ਦੇ ਆਗੂਆਂ ਦੀ ਇਹ ਜੁਆਬ-ਤਲਬੀ ਕਰਨ ਦਾ ਕੋਈ ਰਾਹ ਨਹੀਂ ਬਚਦਾ ਕਿ ਝੂਠ ਰਾਹੀਂ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਸੀ। ਇਹ ਗੁੰਜਾਇਸ਼ ਹੈ ਕਿ ਗੁਜਰਾਤ ਦੇ ਬਹੁਤ ਸਾਰੇ ਵਾਸੀਆਂ ਨੇ ਇਸ ਕੂੜ ਦੇ ਪ੍ਰਚਾਰ ਦਾ ਬੋਝਾ ਹਾਲੇ ਤੱਕ ਵੀ ਆਪਣੇ ਮੋਢਿਆਂ ਉੱਤੇ ਲੱਦਿਆ ਹੋਇਆ ਹੋਵੇ। ਜੇ ਕੁਝ ਜ਼ਿਆਦਾ ਨਹੀਂ ਤਾਂ ਘੱਟੋ-ਘੱਟ ਇਹ ਤਾਂ ਹੋਇਆ ਹੈ ਕਿ ਪ੍ਰਧਾਨ ਮੰਤਰੀ ਆਵਾਮ ਦੀ ਚੇਤਨਾ ਵਿੱਚੋਂ ਵਾਜਿਬ ਅਤੇ ਹਕੀਕੀ ਮੁੱਦੇ ਕੱਢਣ ਵਿੱਚ ਵਕਤੀ ਤੌਰ ਉੱਤੇ ਕਾਮਯਾਬ ਹੋ ਗਏ।
ਮਸਨੂਈ ਖ਼ਬਰ ਨਾਲ ਮਸਨੂਈ ਬਹਿਸਾਂ ਜਨਮ ਲੈਂਦੀਆਂ ਹਨ, ਅਤੇ ਮਸਨੂਈ ਬਹਿਸਾਂ ਨਾਲ ਨਾਲ ਮਸਨੂਈ ਸਿਆਸਤ ਦਾ ਪਸਾਰਾ ਹੁੰਦਾ ਹੈ। ਇਹ ਸਭ ਕੁਝ ਆਵਾਮ ਦਾ ਧਿਆਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਦੁਸ਼ਵਾਰੀਆਂ ਦੇ ਮੁੱਦਿਆਂ ਤੋਂ ਲਾਂਭੇ ਕਰਨ। ਦਾ ਜ਼ਰੀਆ ਬਣਦਾ ਹੈ। ਲੋਕ ਆਪਣੇ ਮੁੱਦਿਆਂ ਦੀ ਸੁਣਵਾਈ ਲਈ ਭਟਕਦੇ ਰਹਿੰਦੇ ਹਨ। ਅਤੇ ਸਿਆਸੀ ਆਗੂ ਉਨ੍ਹਾਂ ਦੀ ਝੋਲੀ ਵਿੱਚ ਮਸਨੂਈ ਖ਼ਬਰਾਂ ਅਤੇ ਸਾਜਿਸ਼ ਦੇ ਸਿਧਾਂਤ ਪਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਹਨ। ਇਹ ਰੁਝਾਨ ਸਿਰਫ਼ ਚੋਣਾਂ ਦੌਰਾਨ ਪੈਦਾ ਨਹੀਂ ਹੁੰਦਾ ਸਗੋਂ ਇਹ ਲੰਮਾ ਗੇੜ ਹੈ, ਇਸ ਜੁਗਤ ਤਹਿਤ ਹਰ ਸ਼ੈਅ/ਖ਼ਿਆਲ ਦੇ ਦੁਆਲੇ ਧੁੰਧਲਕੇ ਦੀਆਂ ਪਰਤਾਂ ਚੜ੍ਹਾਈਆਂ ਜਾਂਦੀਆਂ ਹਨ। ਤੁਸੀਂ ਇੱਕ ਝੂਠ ਜਾਂ ਨੀਮ- ਸੱਚ ਵਿੱਚੋਂ ਨਿਕਲਦੇ ਹੋ ਅਤੇ ਦੂਜੇ ਦੇ ਚਿੱਕੜ ਵਿੱਚ ਫਸ ਜਾਂਦੇ ਹੋ। ਮਸਨੂਈ ਖ਼ਬਰ ਦੇ ਖ਼ਿਲਾਫ਼ ਲੜਾਈ ਆਪਣੇ-ਆਪ ਨਾਲ ਜੰਗ ਹੈ ਅਤੇ ਤੁਹਾਨੂੰ ਜਾਣਕਾਰੀ ਲਈ ਸਦਾ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਅਜਿਹਾ ਬਹੁਤ ਘੱਟ ਲੋਕ ਕਰ ਪਾਉਂਦੇ ਹਨ।
ਮਸਨੂਈ ਖ਼ਬਰ ਹਕੂਮਤ ਦਾ ਅਜਿਹਾ ਸੰਦ ਹੈ ਜਿਸ ਨਾਲ ਸ਼ਹਿਰੀ ਅਜਿਹੀ ਖ਼ਿਆਲੀ ਹਕੀਕਤ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਉਨ੍ਹਾਂ ਤੋਂ ਆਪਣੀਆਂ ਹਕੀਕੀ ਅਤੇ ਜ਼ਰੂਰੀ ਸਮੱਸਿਆਵਾਂ ਵਿਸਰ ਜਾਂਦੀਆਂ ਹਨ ਅਤੇ ਉਹ ਕੌਮੀ ਪੱਧਰ ਦੇ ਮਸਨੂਈ ਫ਼ਿਕਰਾਂ ਨਾਲ ਮੱਥਾ ਲਗਾਉਂਦੇ ਹਨ। ਇਸ ਤਰ੍ਹਾਂ ਦੇ ਵਹਿਣ ਵਿੱਚ ਵਹਿ ਜਾਣ ਵਾਲੇ ਸ਼ਹਿਰੀ ਆਪਣਾ ਹੀ ਨੁਕਸਾਨ ਕਰਦੇ ਹਨ। ਉਹ ਆਪਣੀ ਹੀ ਮਾਲੀ, ਜ਼ਹਿਨੀ ਅਤੇ ਇਖ਼ਲਾਕੀ ਗ਼ੁਰਬਤ ਕਾਇਮ ਰੱਖਣ ਵਿੱਚ ਸ਼ਰੀਕ ਹੋ ਜਾਂਦੇ ਹਨ। ਆਪਣੀ ਹੀ ਹਕੀਕਤ ਨਾਲੋਂ ਟੁੱਟੇ ਲੋਕ ਬਹੁਤ ਖ਼ਤਰਨਾਕ ਹੁੰਦੇ ਹਨ। ਉਹ ਅਜਿਹਾ ਹਜੂਮ ਬਣ ਜਾਂਦੇ ਹਨ ਜੋ ਕਿਸੇ ਅਹਿਮ ਮੁੱਦੇ ਦੀ ਗ਼ਲਤ ਜਾਣਕਾਰੀ ਉੱਤੇ ਸਵਾਰ ਹੋ ਕੇ ਬੇਕਿਰਕੀ ਵਰਤਾ ਸਕਦਾ ਹੈ।
ਹੁਣ ਜ਼ਿਆਦਾਤਰ ਮੀਡੀਆ ਇੱਕੋ ਬੋਲੀ ਬੋਲਦਾ ਹੈ। ਮੀਡੀਆ ਦੇ ਅਸਰ ਹੇਠ ਆਉਣ ਵਾਲੇ ਸਮਾਜਿਕ ਤਬਕੇ ਕੋਲ ਤੱਥਾਂ ਦੀ ਪੜਤਾਲ ਕਰਨ ਲਈ ਜ਼ਿਆਦਾ ਮੌਕੇ ਨਹੀਂ। ਹਨ। ਸਰਕਾਰਾਂ ਅਤੇ ਵੱਡੇ ਕਾਰੋਬਾਰੀਆਂ ਦੇ ਮਕਸਦਾਂ ਨੂੰ ਧੁਰਾ ਬਣਾ ਕੇ ਤਕਰੀਬਨ ਹਰ ਚੈਨਲ ਦੇ ਹਰ ਪ੍ਰੋਗਰਾਮ ਵਿੱਚ ਖੋਖਲੇ ਮਸਲਿਆਂ ਅਤੇ ਮਸਨੂਈ ਮਨੋਰਥਾਂ ਦੀ ਬੁਨਿਆਦ ਰੱਖੀ ਜਾਂਦੀ ਹੈ ਅਤੇ ਇਸ ਉੱਤੇ ਮਸਨੂਈ ਹਕੀਕਤ ਤਾਮੀਰ ਕੀਤੀ ਜਾਂਦੀ ਹੈ। ਇਹ ਰੋਜ਼ਾਨਾ ਹੁੰਦਾ ਹੈ। ਹਕੂਮਤ ਨੇ ਮੀਡੀਆ ਦੀ ਇਮਦਾਦ ਨਾਲ ਹਕੀਕਤ ਹੀ ਬਦਲ ਦਿੱਤੀ ਹੈ। ਮਿਸਾਲ ਵਜੋਂ ਫ਼ਿਰਕਾਪ੍ਰਸਤੀ ਨੂੰ ਰਾਸ਼ਟਰਵਾਦ ਦਾ ਚੋਗਾ ਪਹਿਨਾ ਦਿੱਤਾ ਗਿਆ ਹੈ। ਮੀਡੀਆ ਨੇ ਫ਼ਿਰਕਾਪ੍ਰਸਤ ਸੋਚ ਨੂੰ ਵਾਜਿਬ ਅਤੇ ਜਾਇਜ਼ ਕਰਾਰ ਦਿੰਦੇ ਹੋਏ ਰਾਸ਼ਟਰਵਾਦ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਸ਼ਕਾਂ ਅਤੇ ਪਾਠਕਾਂ ਕੋਲ ਜਾਣਕਾਰੀ ਨੂੰ ਖੰਘਾਲਣ ਦੇ ਸਰੋਤ ਸੀਮਤ ਹਨ ਅਤੇ ਇਨ੍ਹਾਂ ਹਾਲਾਤ ਵਿੱਚ ਉਨ੍ਹਾਂ ਨੂੰ ਸਰਕਾਰ ਦੀ ਤਾਮੀਰ ਕੀਤੀ ਸਹਿਮਤੀ ਵਿੱਚ ਮੜ੍ਹ ਲਿਆ ਜਾਂਦਾ ਹੈ। ਇਹ ਸਹਿਮਤੀ ਸਰਕਾਰ ਦਾ ਲੋਕ ਸੰਪਰਕ ਮਹਿਕਮਾ ਅਤੇ ਸਰਮਾਏਦਾਰਾ ਮੀਡੀਆ ਰਲ਼ ਕੇ (ਹੁਣ ਇਨ੍ਹਾਂ ਨੂੰ ਵੱਖ ਕਰ ਕੇ ਦੇਖਣ ਦੀ ਗੁੰਜਾਇਸ਼ ਬਹੁਤ ਘਟ ਗਈ ਹੈ।) ਸਿਰਜਦਾ ਹੈ। ਗ਼ਲਤ-ਬਿਆਨੀ ਅਤੇ ਮੂਰਤਾਂ ਦੇ ਜਾਲ਼ ਵਿੱਚੋਂ ਨਿਕਲਣਾ ਸੁਖਾਲਾ ਨਹੀਂ ਹੈ। ਅਸਲ ਵਿੱਚ ਬਹੁਤ ਘੱਟ ਲੋਕ ਅਜਿਹਾ ਕਰ ਪਾਉਂਦੇ ਹਨ।
ਹਕੂਮਤ ਨਾਲ ਮੱਥਾ ਲੈਣ ਲਈ ਸ਼ਹਿਰੀਆਂ ਕੋਲ ਸਿਰਫ਼ ਸੱਚ ਦਾ ਸਹਾਰਾ ਹੁੰਦਾ ਹੈ—ਇਹ ਸੱਚ ਰੋਜ਼ਾਨਾ ਜ਼ਿੰਦਗੀ ਦੇ ਹਾਲਾਤ ਵਿੱਚੋਂ ਪੁੰਗਰਦਾ ਹੈ। ਇਸ ਲਈ ਸਰਕਾਰ ਲੋਕਾਂ ਦੀ ਜ਼ਿੰਦਗੀ ਦੀ ਅਸਲੀਅਤ ਦੇ ਸਾਹਮਣੇ ਮਸਨੂਈ ਹਕੀਕਤ ਦੀ ਕੰਧ ਖੜ੍ਹੀ ਕਰਦੀ ਹੈ। ਇੰਡੀਆ ਦੀ ਮੌਜੂਦਾ ਹਕੂਮਤ ਸਮਝਦੀ ਹੈ ਕਿ ਜ਼ਿੰਦਗੀ ਦੇ ਹਾਲਾਤ ਤੇਜ਼ੀ ਨਾਲ ਨਹੀਂ ਬਦਲ ਸਕਦੇ ਅਤੇ ਨਾ ਹੀ ਹਕੂਮਤ ਕੋਲ ਇਨ੍ਹਾਂ ਨੂੰ ਬਦਲਣ ਲਈ ਲੋੜੀਂਦੇ ਵਸੀਲੇ ਹਨ। ਇਨ੍ਹਾਂ ਹਾਲਾਤ ਵਿੱਚ ਕੋਈ ਅਜਿਹਾ ਸ਼ਗੁਫ਼ਾ ਲਗਾਤਾਰ ਦਰਕਾਰ ਹੈ ਜਿਹੜਾ ਲੋਕਾਂ ਸਾਹਮਣੇ ਲਗਾਤਾਰ ‘ਦੂਜੇ ਹਾਲਾਤ’ ਤਾਮੀਰ ਕਰ ਸਕੇ। ਮਸਨੂਈ ਖ਼ਬਰਾਂ ਇਸ ਤਰ੍ਹਾਂ ਦੇ ਦੂਜੇ ਹਾਲਾਤ ਤਾਮੀਰ ਕਰਨ ਵਾਲੇ ਰੁਝਾਨ ਦਾ ਬੁਨਿਆਦੀ ਤੱਤ ਹਨ। ਇਹ ਰੁਝਾਨ ਮੂੰਹ- ਜ਼ੋਰੀ ਨਾਲ ਲਗਾਤਾਰ ਚਲਦਾ ਹੈ।
ਮਸਨੂਈ ਖ਼ਬਰਾਂ ਅਤੇ ਮਸਨੂਈ ਬਹਿਸ ਸਿਰਫ਼ ਖ਼ਬਰਾਂ ਦਾ ਮੁੱਤਬਾਦਿਲ ਹੀ ਨਹੀਂ ਬਣਦੀਆਂ ਸਗੋਂ ਇਹ ਦੂਜੀ ਤਰ੍ਹਾਂ ਦੇ ਸ਼ਹਿਰੀ ਬਣਾਉਣ ਦਾ ਵਸੀਲਾ ਹਨ—ਗ਼ਲਤ ਜਾਣਕਾਰੀ ਅਤੇ ਵੰਡ-ਪਾਊ ਪ੍ਰਭਾਵ ਰਾਹੀਂ ਸ਼ਹਿਰੀਆਂ ਦੀ ਤੰਗਨਜ਼ਰੀ ਵਧਾਈ ਅਤੇ ਜਾਇਜ਼ ਕਰਾਰ ਦਿੱਤੀ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਆਪਣੇ ਹੀ ਸਰੋਕਾਰਾਂ ਬਾਬਤ ਸੋਚਣ ਤੋਂ ਆਜ਼ਾਦੀ ਮਿਲ ਜਾਂਦੀ ਹੈ; ਉਹ ਹਜੂਮ ਬਣ ਜਾਂਦੇ ਹਨ ਅਤੇ ਉਨ੍ਹਾਂ ਦਾ ਸਿਆਸੀ ਵਿਹਾਰ ਗੁੱਡੀ-ਪਟੋਲਿਆਂ ਵਰਗਾ ਹੋ ਜਾਂਦਾ ਹੈ। ਮੈਂ ਇਸ ਨੂੰ ਰੋਬੋ-ਪਬਲਿਕ (ਗੁੱਡਾ-ਫ਼ਿਰਕਾ) ਕਹਿੰਦਾ ਹਾਂ। ਇਸ ਗੁੱਡਾ-ਫ਼ਿਰਕੇ ਵਿੱਚ ਜੁੜੇ ਲੋਕਾਂ ਨੂੰ ਦਲੀਲ ਨਾਲ ਬਦਲਿਆ ਨਹੀਂ ਜਾ ਸਕਦਾ। ਗੁੱਸੇ ਜਾਂ ਅੱਚੋਤਾਣੀ ਵਿੱਚ ਆ ਕੇ ਤੁਸੀਂ ਇਨ੍ਹਾਂ ਨੂੰ ‘ਭਗਤ’ ਕਹਿ ਸਕਦੇ ਹੋ ਜਿਨ੍ਹਾਂ ਦੇ ਪੈਰਾਂ ਨੂੰ ਕਿਸੇ ਹੋਰ ਦਾ ਜੂੜ੍ਹ ਲੱਗਿਆ ਹੋਇਆ ਹੈ। ਗੁੱਡਾ-ਫ਼ਿਰਕਾ ਆਪਣੇ ਹੀ ਮਸਨੂਈ ਹਾਲਾਤ ਵਿੱਚ ਰਹਿਣਾ ਗਿੱਝ ਗਿਆ ਹੈ। ਇਨ੍ਹਾਂ ਦਾ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਨ੍ਹਾਂ ਦਾ ਹੌਲੀ-ਹੌਲੀ ਗੁੱਡਾਕਰਨ ਕੀਤਾ ਗਿਆ ਹੈ ਅਤੇ ਸੂਈ। ਟਿਕਾ ਦਿੱਤੀ ਗਈ ਹੈ ਜੋ ਦਲੀਲਮੰਦੀ ਦੀ ਥਾਂ ਮਨਮੱਤੀਆਂ ਨਾਲ ਚਲਦੀ ਹੈ—ਦਰਅਸਲ ਗ਼ਲਤ ਜਾਣਕਾਰੀ ਦਾ ਪ੍ਰਵਾਹ ਬੇਰੋਕ ਅਤੇ ਜਿੰਨੀ ਹੋ ਸਕੇ ਓਨਾ ਉੱਚੀ ਆਵਾਜ਼ ਵਿੱਚ ਚਲਦਾ ਹੈ ਤਾਂ ਕਿ ਕਿਸੇ ਕਿਸਮ ਦੀ ਰਮਜ਼ ਅਤੇ ਦਲੀਲ ਦੀ ਗੁੰਜਾਇਸ਼ ਬਚੀ ਨਾ ਰਹੇ। ਮਸਨੂਈ ਖ਼ਬਰਾਂ ਅਜਿਹੀ ਸੰਕੇਤਕ ਬੋਲੀ ਹੈ ਜੋ ਗੁੱਡਾ-ਫ਼ਿਰਕੇ ਨੂੰ ਵਰਤਣ ਅਤੇ ਕਾਬੂ ਕਰਨ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।
ਵਾਜਿਬ ਜਮਹੂਰੀਅਤ ਦੀ ਉਸਾਰੀ ਵਿੱਚ ਲੱਗਿਆ ਆਵਾਮ ਨਾ ਨਿਰਜੀਵ ਸ਼ੈਅ ਹੁੰਦਾ ਹੈ ਅਤੇ ਨਾ ਹੀ ਬੇਜਾਨ। ਆਵਾਮ ਦੀ ਨਬਜ਼ ਲਗਾਤਾਰ ਚਲਦੀ ਹੈ ਅਤੇ ਇਹ ਜਾਣਕਾਰੀ ਨਾਲ ਸੁਰਤ ਸੰਭਾਲਦਾ ਹੋਇਆ ਤਬਦੀਲ ਹੁੰਦਾ ਹੈ। ਤੁਸੀਂ ਅਜਿਹੇ ਹਾਲਾਤ ਦਾ ਅੰਦਾਜ਼ਾ ਲਗਾਓ ਜਿੱਥੇ ਜਾਣਕਾਰੀ ਦੇ ਸਾਰੇ ਵਹਿਣ ਕਾਬੂ ਵਿੱਚ ਹੋਣ ਅਤੇ ਉਨ੍ਹਾਂ ਰਾਹੀਂ ਇੱਕੋ ਤਰ੍ਹਾਂ ਦੀ ਜਾਣਕਾਰੀ ਵਗਣ ਦਿੱਤੀ ਜਾਵੇ—ਝੂਠੀ ਜਾਣਕਾਰੀ ਜਿਸ ਉੱਤੇ ਸੁਆਲ ਨਾ ਕੀਤਾ ਜਾ ਸਕਦਾ ਹੋਵੇ। ਇੰਝ ਕਿਸ ਤਰ੍ਹਾਂ ਦੇ ਸ਼ਹਿਰੀਆਂ ਦੀ ਸਿਰਜਣਾ ਹੋਵੇਗੀ? ਸੁਆਲ ਇਹ ਨਹੀਂ ਕਿ ਉਨ੍ਹਾਂ ਸ਼ਹਿਰੀਆਂ ਦਾ ਇੱਕ ਜਾਂ ਦੋ ਦਹਾਕਿਆਂ ਵਿੱਚ ਕੀ ਹੋਵੇਗਾ, ਸੁਆਲ ਇਹ ਹੈ ਕਿ ਉਨ੍ਹਾਂ ਦਸ ਜਾਂ ਵੀਹ ਸਾਲਾਂ ਦੌਰਾਨ ਇਹ ਸ਼ਹਿਰੀ ਕਿਸ ਤਰ੍ਹਾਂ ਦੇ ਲੋਕ ਹੋਣਗੇ। ਜਿਨ੍ਹਾਂ ਲੋਕਾਂ ਕੋਲ ਜਾਣਕਾਰੀ ਦਾ ਦੂਜਾ ਪਾਸਾ ਨਹੀਂ ਹੋਵੇਗਾ ਉਨ੍ਹਾਂ ਨੂੰ ਸਿਆਸਤ ਦਾ ਵੀ ਦੂਜਾ ਨਜ਼ਰੀਆ ਵਿਖਾਈ ਨਹੀਂ ਦੇਵੇਗਾ। ਆਖ਼ਰ ਗੁੱਡਾ-ਫ਼ਿਰਕਾ ਕਿਸ ਤਰ੍ਹਾਂ ਦੀ ਜਮਹੂਰੀਅਤ ਦੀ ਉਸਾਰੀ ਕਰੇਗਾ।
ਮੈਂ ਬਹੁਤ ਸਾਰੇ ਲੋਕ ਦੇਖੇ ਹਨ ਜੋ ਗੁੱਡਿਆਂ ਵਾਂਗ ਵਿਹਾਰ ਕਰਦੇ ਹਨ। ਉਹ ਹਰ ਤਰ੍ਹਾਂ ਅਤੇ ਕਿਸੇ ਵੀ ਤਰੀਕੇ ਨਾਲ ਕੀਤੀ ਗਈ ਦਲੀਲ ਨੂੰ ਖਾਰਜ ਕਰਦੇ ਹਨ। ਉਹ ਉਸੇ ਪ੍ਰਭਾਵ ਦੀ ਲੋਰ ਵਿੱਚ ਹੁੰਦੇ ਹਨ ਜਿਸ ਰਾਹੀਂ ਉਨ੍ਹਾਂ ਦੀ ਸੂਈ ਫਸਾਈ ਗਈ ਹੈ ਅਤੇ ਉਹ ਨਾ ਸਿਰਫ਼ ਦੂਜੇ ਪੱਖ ਦੀ ਦਲੀਲ ਸੁਣਨ ਤੋਂ ਇਨਕਾਰੀ ਹੁੰਦੇ ਹਨ ਸਗੋਂ ਕਿਸੇ ਵਿਚਾਰ- ਚਰਚਾ ਨੂੰ ਹੀ ਮੂਲੋਂ ਰੱਦ ਕਰਦੇ ਹਨ। ਉਹ ਕੁਝ ਨਹੀਂ ਸੁਣਦੇ, ਕੁਝ ਨਹੀਂ ਪੜ੍ਹਦੇ, ਉਹ ਸਿਰਫ਼ ਇੱਕੋ ਸ਼ਕਲ ਦੇਖਦੇ ਹਨ ਜਿਸ ਉੱਤੇ ਉਨ੍ਹਾਂ ਦੀ ਸੂਈ ਟਿਕਾ ਦਿੱਤੀ ਗਈ ਹੈ। ਵੱਖਰੇ ਨਜ਼ਰੀਏ ਵਾਲੇ ਦੁਸ਼ਮਣ ਅਤੇ ਗ਼ੱਦਾਰ ਹਨ—ਇੰਡੀਆ ਵਿੱਚ ਉਹ ਮੋਦੀ-ਵਿਰੋਧੀ, ਹਿੰਦੂ- ਵਿਰੋਧੀ ਅਤੇ ਦੇਸ਼-ਵਿਰੋਧੀ ਹਨ। ਇਸ ਗੁੱਡਾ-ਫਿਰਕੇ ਦੀ ਤਾਦਾਦ ਥੋੜ੍ਹੀ ਨਹੀਂ ਹੈ ਸਗੋਂ ਇਨ੍ਹਾਂ ਦੀ ਗਿਣਤੀ ਹਰ ਬਹਿਸ ਨੂੰ ਲੀਹੋਂ ਉਤਾਰਨ ਅਤੇ ਆਪਣੇ ਹਮਲਾਵਰ ਰੱਦਿ-ਅਮਲ ਰਾਹੀਂ ਸਮਾਜ ਵਿੱਚ ਖ਼ੌਫ਼ ਪੈਦਾ ਕਰਨ ਲਈ ਬਹੁਤ ਹੈ। ਸਾਡੇ ਕੋਲ ਇਨ੍ਹਾਂ ਨਾਲ ਸਿੱਝਣ ਦਾ ਕੋਈ ਤਰੀਕਾ ਨਹੀਂ ਹੈ। ਸਾਡੇ ਘਰਾਂ ਵਿੱਚ ਇਸ ਗੁੱਡਾ ਫ਼ਿਰਕੇ ਦਾ ਮੁਕਾਬਲੇ ਕਰਦੇ ਹੋਏ ਰਿਸ਼ਤੇ ਬਦਲ ਜਾਂਦੇ ਹਨ, ਅਸੀਂ ਆਪ ਬੋਲਣਾ ਬੰਦ ਕਰ ਦਿੰਦੇ ਹਾਂ ਅਤੇ ਥਕਾਵਟ ਘੇਰਾ ਪਾ ਲੈਂਦੀ ਹੈ। ਅਸੀਂ ਗੁੱਡਾ-ਫ਼ਿਰਕੇ ਨਾਲ ਬੈਠ ਕੇ ਗੱਲ ਨਹੀਂ ਕਰ ਸਕਦੇ; ਅਸੀਂ ਉਨ੍ਹਾਂ ਨਾਲ ਬੈਠ ਕੇ ਚੰਦ ਅਤੇ ਤਾਰਿਆਂ ਦੀਆਂ ਗੱਲਾਂ ਨਹੀਂ ਕਰ ਸਕਦੇ, ਕਾਇਨਾਤ ਦੇ ਰਹੱਸਾਂ ਬਾਬਤ ਹੈਰਾਨ ਨਹੀਂ ਹੋ ਸਕਦੇ; ਅਸੀਂ ਉਨ੍ਹਾਂ ਦਾ ਧੀਰਜ ਨਹੀਂ ਬਨ੍ਹਾ ਸਕਦੇ ਅਤੇ ਉਹ ਸਾਡਾ ਧੀਰਜ ਨਹੀਂ ਬਨ੍ਹਾ ਸਕਦੇ।
ਗੁੱਡਾ-ਫ਼ਿਰਕੇ ਵਿੱਚ ਭਗਤ ਸਭ ਤੋਂ ਉਲਾਰ ਤਬਕਾ ਹਨ। ਹਾਲੇ ਤੱਕ ਕਿਸੇ ਸੰਜੀਦਾ ਖੋਜ ਨਾਲ ਇਹ ਸਾਹਮਣੇ ਨਹੀਂ ਆਇਆ ਕਿ ਸਿਆਸਤ ਵਿੱਚ ਹਮਾਇਤੀਆਂ ਨੂੰ ਭਗਤ ਕਿਵੇਂ ਬਣਾਇਆ ਜਾਂਦਾ ਹੈ। ਜ਼ਿਆਦਾਤਰ ਲੋਕ ਇਸ ਤਰਕੀਬ ਨੂੰ ਹਲਕਾ ਸਮਝਦੇ ਹਨ ਅਤੇ ਉਨ੍ਹਾਂ ਦਾ ਯਕੀਨ ਹੈ ਕਿ ਭਗਤਾਂ ਦਾ ਰੁਝਾਨ ਵਕਤੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਹਰ ਰਿਵਾਜ਼ ਵਾਂਗ ਇਸ ਰੁਝਾਨ ਨੇ ਵਕਤ ਨਾਲ ਬਦਲ ਜਾਣਾ ਹੈ। ਕੁਝ ਭਗਤ ਤਾਂ ਸਮੇਂ ਨਾਲ ਸੱਚਮੁੱਚ ਬਦਲ ਜਾਣਗੇ ਪਰ ਉਨ੍ਹਾਂ ਦੀ ਗਿਣਤੀ ਨਿਗੂਣੀ ਹੀ ਹੋਵੇਗੀ। ਗੁੱਡਾ-ਫ਼ਿਰਕੇ, ਸੰਭਾਵੀ ਭਗਤਾਂ ਦੀ ਗਿਣਤੀ ਇੰਨੀ ਥੋੜ੍ਹੀ ਨਹੀਂ ਹੈ ਕਿ ਉਨ੍ਹਾਂ ਨੂੰ ਦਰਕਿਨਾਰ ਜਾਂ ਨਜ਼ਰ- ਅੰਦਾਜ਼ ਕਰ ਦਿੱਤਾ ਜਾਵੇ। ਇਹ ਇੱਕ ਖ਼ਸੂਸੀ ਤਰ੍ਹਾਂ ਦੀ ਵਿਚਾਰਧਾਰਾ ਹੈ ਜੋ ਇਨ੍ਹਾਂ ਦੀ ਸੂਈ ਟਿਕਾਉਂਦੀ ਹੈ ਅਤੇ ਉਨ੍ਹਾਂ ਦੀ ਇਹ ਖੇਡ ਮਿਕਦਾਰੀ ਪੱਖੋਂ ਬਹੁਤ ਵੱਡੀ ਹੈ। ਇੱਕ ਨਿਵੇਕਲੀ ਵਿਚਾਰਧਾਰਾ ਦੀ ਬੁਨਿਆਦ ਉੱਤੇ ਨਵੇਂ ਮੁੱਦੇ ਘੜੇ ਜਾਂਦੇ ਹਨ, ਹੋਰ ਮਸਨੂਈ ਖ਼ਬਰਾਂ ਅਤੇ ਰੋਹ ਪੈਦਾ ਕੀਤਾ ਜਾਂਦਾ ਹੈ ਤਾਂ ਜੋ ਗੁੱਡਾ-ਫ਼ਿਰਕੇ ਵਿੱਚ ਦੂਣ-ਸਵਾਇਆ ਵਾਧਾ ਹੋਵੇ ਅਤੇ ਉਹ ਗੁੱਡਾ ਚਾਲ ਫੜੀ ਰੱਖੇ-ਸਦਾ ਉਸੇ ਵਿਚਾਰਧਾਰਾ ਵਿੱਚ ਵਿਸ਼ਵਾਸ ਦੀ ਨੁਮਾਇਸ਼ ਕਰਦਾ ਰਹੇ ਜੋ ਹੁਣ ਉਸ ਦੀ ਇੱਕੋ-ਇੱਕ ਪਛਾਣ ਬਣ ਗਈ ਹੈ।
ਭਗਤਾਂ ਦਾ ਅਹਿਮ ਕਾਰਜ ਤੁਹਾਡੇ ਆਲੇ-ਦੁਆਲੇ ਹਰ ਥਾਂ ਅਤੇ ਹਰ ਵੇਲੇ ਜੁੜੇ ਹਜੂਮ ਦੇ ਪ੍ਰਭਾਵ ਨੂੰ ਕਾਇਮ ਰੱਖਣਾ ਹੈ। ਜਿਹੜੇ ਲੋਕ ਗੁੱਡਾ-ਫ਼ਿਰਕੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਉਹ ਹਜੂਮ ਦੇ ਖ਼ੌਫ਼ ਕਾਰਨ ਲਿਖਣਾ ਅਤੇ ਬੋਲਣਾ ਬੰਦ ਕਰ ਦਿੰਦੇ ਹਨ। ਹਰ ਜਣੇ/ਜਣੀ ਨੂੰ ਜ਼ਬਾਨ-ਬੰਦੀ ਪਸੰਦ ਨਹੀਂ ਹੁੰਦੀ; ਕੁਝ ਵਿਰਲੇ ਹੀ ਹੁੰਦੇ ਹਨ ਜਿਹੜੇ ਖ਼ੌਫ਼ ਦੀ ਚਾਦਰ ਚਾਕ ਕਰ ਦਿੰਦੇ ਹਨ ਅਤੇ ਬੋਲਦੇ ਹਨ ਅਤੇ ਹਿੱਕ ਥਾਪੜ ਕੇ ਮਸਨੂਈ ਖ਼ਬਰਾਂ ਦੇ ਖ਼ਿਲਾਫ਼ ਖੜ੍ਹੇ ਹੁੰਦੇ ਹਨ। ਅ-ਸੱਚ (ਕੁਫ਼ਰ) ਨੂੰ ਬੇਪਰਦ ਕਰਨ ਵਾਲੇ ਇਨ੍ਹਾਂ ਅਨੋਖੇ ਜੀਆਂ ਦੇ ਖ਼ਿਲਾਫ਼ ਗੁੱਡਾ-ਫ਼ਿਰਕੇ ਨੂੰ ਤੋਤਾ-ਰਟਨ ਕਰਵਾਇਆ ਜਾਂਦਾ ਹੈ ਕਿ ‘ਮਸਨੂਈ ਖ਼ਬਰ’ ਦਾ ਸਿਲਸਿਲਾ ਇਨ੍ਹਾਂ ਨਾਲ ਹੀ ਚਲਦਾ ਹੈ। ਇਸ ਤਰ੍ਹਾਂ ਗੁੱਡਾ-ਫ਼ਿਰਕੇ ਦੀ ਸੂਈ ਇਨ੍ਹਾਂ ਅਨੋਖੇ ਜੀਆਂ ਖ਼ਿਲਾਫ਼ ਬੀਤ ਦਿੱਤੀ ਜਾਂਦੀ ਹੈ। ਇਹ ਗੁੱਡਾ-ਫ਼ਿਰਕਾ ਸਜਾਉਣ ਵਾਲੀ ਵਿਚਾਰਧਾਰਾ ਦੀ ਧੋਖਾ-ਧੜੀ ਦਾ ਅਖੀਰ ਹੈ। ਮਨੁੱਖਤਾ, ਜ਼ਿੰਦਗੀ ਅਤੇ ਸਮੁੱਚੀ ਹੋਂਦ ਦਾ ਇਸ ਤੋਂ ਜ਼ਿਆਦਾ ਨਿਰਾਦਰ ਕੀ ਹੋ ਸਕਦਾ ਹੈ ਕਿ ਸੱਚ ਅਤੇ ਕੁਫ਼ਰ, ਸਹੀ ਅਤੇ ਗ਼ਲਤ ਵਿੱਚ ਇਤਫ਼ਰਕੇ ਮਿਟਾ ਦਿੱਤੇ ਜਾਣ।
ਮਸਨੂਈ ਖ਼ਬਰ ਰ ਨੇ ਪਹਿਲਾਂ ਖ਼ਬਰ ਅਤੇ ਪੱਤਰਕਾਰੀ ਨੂੰ ਝੂਠਾ ਕੀਤਾ ਹੈ ਅਤੇ ਹੁਣ ਸ਼ਹਿਰੀਆਂ ਨੂੰ ਮਸਨੂਈ ਬਣਾ ਰਹੀ ਹੈ। ਗੁੱਡਾ-ਫ਼ਿਰਕਾ ਦਰਅਸਲ ਮਸਨੂਈ ਜਨਤਾ ਹੈ। ਮਸਨੂਈ ਜਨਤਾ, ਗਣਤੰਤਰ ਨੂੰ ਮਸਨੂਈ ਕਰਦੀ ਹੈ, ਮਸਨੂਈ ਸਿਆਸੀ ਚੇਤਨਾ ਪੈਦਾ ਕਰਦੀ ਹੈ ਅਤੇ ਜਮਹੂਰੀਅਤ ਨੂੰ ਮਸਨੂਈ ਕਰਦੀ ਹੈ।
ਵੱਟਸਐੱਪ ਯੂਨੀਵਰਸਿਟੀ ਮਸਨੂਈ ਖ਼ਬਰ ਦੀ ਸਭ ਤੋਂ ਵੱਡੀ ਪ੍ਰਯੋਗਸ਼ਾਲਾ ਹੈ। ਇਸ ਪ੍ਰਯੋਗਸ਼ਾਲਾ ਵਿੱਚ ਭਗਤਾਂ ਦੇ ਖ਼ਿਲਾਫ਼ ਖੜ੍ਹੇ ਹੋਣ ਵਾਲੇ ਸ਼ਖ਼ਸ ਦੇ ਖ਼ਿਲਾਫ਼ ਬਦਨਾਮੀ ਮੁਹਿੰਮ ਲਗਾਤਾਰ ਚਲਾਈ ਜਾਂਦੀ ਹੈ ਤਾਂ ਜੋ ਗੁੱਡਾ-ਫ਼ਿਰਕੇ ਨੂੰ ਆਪਣੀ ਵਫ਼ਾਦਾਰੀ ਬਦਲਣ ਦਾ ਮੌਕਾ ਨਾ ਮਿਲੇ। ਦੂਜੀ ਤਰ੍ਹਾਂ ਦੇ ਹਰ ਨਜ਼ਰੀਏ ਨੂੰ ਛੁਟਿਆਇਆ ਜਾਂਦਾ ਹੈ ਅਤੇ ਗ਼ਲਤ ਕਰਾਰ ਦਿੱਤਾ ਜਾਂਦਾ ਹੈ। ਇਸ ਯੂਨੀਵਰਸਿਟੀ ਵਿੱਚ ਤੁਹਾਡੀ ਤਸਵੀਰ ਨੂੰ ਸ਼ੱਕੀ ਬਣਾਉਣ ਲਈ ਸੁਰਖ਼ ਘੇਰਾ ਬਣਾਇਆ ਜਾਂਦਾ ਹੈ ਅਤੇ ਵਾਇਰਲ ਕੀਤਾ ਜਾਂਦਾ ਹੈ। ਸਮਾਜ ਵਿੱਚ ਤੁਹਾਨੂੰ ਮੁਜਰਮ ਵਜੋਂ ਪੇਸ਼ ਕੀਤਾ ਜਾਵੇਗਾ।
ਮੈਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰੋਡ-ਸ਼ੋਅ ਕਵਰ ਕਰ ਰਿਹਾ ਸਾਂ। ਆਪਣੇ ਕੈਮਰੇ ਵਾਲੇ ਕੰਮ-ਬੇਲੀ ਸਮੇਤ ਮੈਂ ਅਰਵਿੰਦ ਕੇਜਰੀਵਾਲ ਵਾਲੀ ਖੁੱਲ੍ਹੀ ਜੀਪ ਵਿੱਚ ਸਫ਼ਰ ਕਰ ਰਿਹਾ ਸਾਂ—ਉਹ ਆਪ ਇਸ ਦੇ ਅਗਲੇ ਪਾਸੇ ਸੀ। ਛੱਤ ਉੱਤੇ ਖੜ੍ਹੇ ਇੱਕ ਫੋਟੋਗ੍ਰਾਫ਼ਰ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਉੱਤੇ ਦੇਖਣ ਲਈ ਕਹਾਂ ਤਾਂ ਜੋ ਉਹ ਉਪਰੋਂ ਤਸਵੀਰ ਖਿੱਚ ਸਕੇ। ਮੈਂ ਇਹੋ ਕੀਤਾ ਅਤੇ ਫੋਟੋਗ੍ਰਾਫ਼ਰ ਨੇ ਤਸਵੀਰ ਖਿੱਚੀ। ਇਹ ਤਸਵੀਰ ਇਸ ਸੁਰਖ਼ੀ ਨਾਲ ਵਾਇਰਲ ਕੀਤੀ ਗਈ ਕਿ ਮੈਂ ਅਰਵਿੰਦ ਕੇਜਰੀਵਾਲ ਦਾ ਅਹਿਲਕਾਰ ਬਣਿਆ ਹੋਇਆ ਸਾਂ ਅਤੇ ਉਸ ਦੀ ਚੋਣ ਪ੍ਰਚਾਰ ਵਿੱਚ ਇਮਦਾਦ ਕਰ ਰਿਹਾ ਸਾਂ। ਉਸ ਫੋਟੋਗ੍ਰਾਫ਼ਰ ਨੇ ਬਹੁਤ ਦਿਨਾਂ ਬਾਅਦ ਮੈਨੂੰ ਵੱਟਸਐੱਪ ਉੱਤੇ ਸੰਪਰਕ ਕੀਤਾ। ਉਸ ਨੇ ਮੇਰਾ ਧੰਨਵਾਦ ਕੀਤਾ ਕਿ ਭਾਵੇਂ ਮੈਨੂੰ ਤਾਂ ਬਹੁਤ ਕੁਝ ਸੁਣਨਾ ਪਿਆ ਸੀ ਪਰ ਉਸ ਦੀ ਖਿੱਚੀ ਹੋਈ ਫੋਟੋ ਨੂੰ ਬਹੁਤ ਸਾਰੇ ‘ਹਿੱਟ’ ਮਿਲੇ ਸਨ। ‘ਗ਼ਲਤ-ਬਿਆਨੀਏ’ ਨੇ ਉਸ ਨੂੰ ਮਸ਼ਹੂਰ ਕਰ ਦਿੱਤਾ ਸੀ। ਸ਼ਾਇਦ ਇਸ ਨਾਲ ਉਸ ਦਾ ਪੇਸ਼ੇਵਰ ਜੀਵਨ ਅੱਗੇ ਵਧਿਆ ਹੋਵੇ।
ਆਸ ਕਰਦਾ ਹਾਂ ਕਿ ਇਹ ਛੋਟੀ ਜਿਹੀ ਮਿਸਾਲ ਤੁਹਾਨੂੰ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੀ ਪਾਲਨਪੁਰ ਵਿੱਚ ਕੀਤੀ ਤਕਰੀਰ ਸਮਝਣ ਵਿੱਚ ਸਹਾਈ ਹੋਵੇਗੀ। ਇਹ ਸੋਚਣ ਵੇਲੇ ਯਾਦ ਰੱਖਣਾ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਚੋਣ ਕਿਉਂ ਕਰਦੇ ਹੋ। ਇਹ ਯਾਦ ਰੱਖਣਾ ਹੈ ਕਿ ਤੁਸੀਂ ਸਾਰਾ ਮੁਲਕ ਉਨ੍ਹਾਂ ਦੇ ਹਵਾਲੇ ਕਰਦੇ ਹੋ। ਮੁਲਕ ਦੀ ਸ਼ਾਨ ਅਤੇ ਰੁਤਬਾ ਵੀ ਸ਼ੁਮਾਰ ਹੁੰਦਾ ਹਨ। ਤੁਸੀਂ ਉਨ੍ਹਾਂ ਉੱਤੇ ਯਕੀਨ ਕਰਦੇ ਹੋ।
ਪੂਰੀ ਦੁਨੀਆ ਵਿੱਚ ਜਮਹੂਰੀਅਤ ਨੂੰ ਢਾਹ ਲਗਾਉਣ ਲਈ ਮਸਨੂਈ ਖ਼ਬਰ ਨੂੰ ਪਹਿਲ ਮਿਲ ਰਹੀ ਹੈ। ਇਸ ਤਰ੍ਹਾਂ ਤਾਨਾਸ਼ਾਹੀ ਹਕੂਮਤਾਂ ਆਪਣੀਆਂ ਮਨਮਰਜ਼ੀਆਂ ਕਰਦੀਆਂ ਹਨ। ਮਸਨੂਈ ਖ਼ਬਰ ਦੀ ਪੈਦਾਇਸ਼ ਅਤੇ ਪਸਾਰੇ ਲਈ ਰਾਜਧਾਨੀਆਂ ਤੋਂ ਲੈ ਕੇ ਛੋਟੇ ਜ਼ਿਲ੍ਹਿਆਂ ਤੱਕ ਪੇਚੀਦਾ ਤੰਤਰ ਉਸਾਰਿਆ ਗਿਆ ਹੈ। ਸਰਕਾਰਾਂ ਅਤੇ ਉਨ੍ਹਾਂ ਦੇ ਚਹੇਤੇ ਕਾਰੋਬਾਰੀ ਇਹ ਕੰਮ ਰਲ਼ ਕੇ ਕਰਦੇ ਹਨ। ਹਕੂਮਤਾਂ ਦੇ ਮੁਹਤਬਰਾਂ ਦੇ ਗੁੰਮਰਾਹਕੁਨ ਬਿਆਨਾਂ ਨੂੰ ਪਹਿਲੇ ਪੰਨੇ ਉੱਤੇ ਛਾਪਿਆ ਜਾਂਦਾ ਹੈ, ਟੈਲੀਵਿਜ਼ਨ ਉੱਤੇ ਸਭ ਤੋਂ ਅਹਿਮ ਸਮੇਂ ਉੱਤੇ ਲਿਸ਼ਕਾਇਆ ਜਾਂਦਾ ਹੈ। ਜਦੋਂ ਇਸ ਗੁੰਮਰਾਹਕੁਨ ਗ਼ਲਤ-ਬਿਆਨੀ ਉੱਤੇ ਉਂਗਲ ਚੁੱਕੀ ਜਾਂਦੀ ਹੈ ਤਾਂ ਇਨ੍ਹਾਂ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਹਿੰਮਤ ਨਹੀਂ ਹੁੰਦੀ ਕਿ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਦੀ ਕਾਰਗੁਜ਼ਾਰੀ ਉੱਤੇ ਰਪਟ ਨਸ਼ਟ ਕਰਨ। ਬੇਸਰਹੱਦ ਪੱਤਰਕਾਰਾਂ (ਰਿਪੋਟਰਜ਼ ਵਿਦਾਉਟ ਬੌਰਡਰਜ਼) ਨੇ ਮਾਰਚ 2017 ਨੂੰ ਵੱਖ-ਵੱਖ ਮੁਲਕਾਂ ਵਿੱਚ ਪੱਤਰਕਾਰਾ ਆਜ਼ਾਦੀ ਬਾਬਤ ਰਪਟ ਜਾਰੀ ਕੀਤੀ ਜਿਸ ਵਿੱਚ ਇੰਡੀਆ ਦਾ 180 ਮੁਲਕਾਂ ਵਿੱਚ 136ਵਾਂ ਦਰਜਾ ਸੀ। ਜਦੋਂ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਕੀਤੀ ਜਾਂਦੀ ਹੈ ਤਾਂ ਇਹ ਮਸਲਾ ਹੋਣਾ ਚਾਹੀਦਾ ਹੈ ਕਿ ਇਸ ਦੇ ਰਾਜ ਦੌਰਾਨ ਜ਼ਮੀਨੀ ਪੱਧਰ ਉੱਤੇ ਪੱਤਰਕਾਰੀ ਦੀ ਕਿੰਨੀ ਖੁੱਲ੍ਹ ਸੀ-ਇਹ ਮਾਮਲਾ ਸਿਰਫ਼ ਇੰਨਾ ਨਹੀਂ ਹੈ ਕਿ ਸਰਕਾਰਾਂ ਨੇ ਸ਼ਰਿ-ਬਾਜ਼ਾਰ ਕਿੰਨੀਆਂ ਪਾਬੰਦੀਆਂ ਲਗਾਈਆਂ ਸਨ ਸਗੋਂ ‘ਗੋਦੀ ਮੀਡੀਆ’ ਦਾ ਰੁਝਾਨ ਵੀ ਅਹਿਮ ਹੈ ਜੋ ਸਰਕਾਰੀ ਲੋਕ ਸੰਪਰਕ ਮਹਿਕਮੇ ਦਾ ਬਾਂਹ-ਬੇਲੀ ਹੈ। ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਨੇ 4 ਮਾਰਚ 2017 ਨੂੰ ਇੱਕ ਬਿਆਨ ਰਾਹੀਂ ਤਾੜਨਾ ਕੀਤੀ ਸੀ ਕਿ ਸੰਵਿਧਾਨਕ ਅਹੁਦਿਆਂ ਉੱਤੇ ਬਿਰਾਜਮਾਨ ਸ਼ਖ਼ਸ ਆਜ਼ਾਦ ਮੀਡੀਆ ਨੂੰ ਝੂਠਾ ਜਾਂ ਵਿਰੋਧੀ ਕਰਾਰ ਦਿੰਦੇ ਹਨ। ਮਸਨੂਈ ਖ਼ਬਰ ਪਾਬੰਦੀਆਂ ਲਗਾਉਣ ਦੀ ਨਵੀਂ ਜੁਗਤ ਹੈ। ਪੜਚੋਲੀਆ ਖ਼ਿਆਲ ਨੂੰ ਦਰੜਿਆ ਜਾ ਰਿਹਾ ਹੈ।
ਅਮਰੀਕਾ ਵਿੱਚ ਇਸ ਵੇਲੇ ਡੈਮੋਕਰੇਟ ਵਿਰੋਧੀ ਧਿਰ ਵਿੱਚ ਹਨ, ਉਨ੍ਹਾਂ ਨੇ ਮਾਰਚ 2017 ਨੂੰ ਇੱਕ ਬਿੱਲ ਦੀ ਤਜਵੀਜ਼ ਪੇਸ਼ ਕੀਤੀ ਕਿ ਹਾਲਾਤ ਇਸ ਹੱਦ ਤੱਕ ਵਿਗੜ ਗਏ ਹਨ ਕਿ ਰਾਸ਼ਟਰਪਤੀ ਆਪ ਅਤੇ ਉਨ੍ਹਾਂ ਦੇ ਬੁਲਾਰੇ ਅਮਰੀਕੀ ਸ਼ਹਿਰੀਆਂ ਵਿੱਚ ਮਸਨੂਈ ਖ਼ਬਰਾਂ ਫੈਲਾ ਰਹੇ ਹਨ। ਦੁਨੀਆ ਭਰ ਦੀਆਂ ਸਰਕਾਰਾਂ, ਅਦਾਰੇ ਅਤੇ ਯੂਨੀਵਰਸਿਟੀਆਂ ਇਸ ਵੇਲੇ ਮਸਨੂਈ ਖ਼ਬਰਾਂ ਬਾਬਤ ਚਰਚਾ ਕਰ ਰਹੀਆਂ ਹਨ। ਫਿਲੀਪਾਈਨਜ਼ ਵਿੱਚ ਇਹ ਬਹੁਤ ਵੱਡੀ ਸਮੱਸਿਆ ਹੈ। ਰਾਸ਼ਟਰਪਤੀ ਰੌਡਰੀਗੋ ਦੂਤਰਤੇ ਉੱਤੇ ਇਲਜ਼ਾਮ ਹੈ ਕਿ ਆਪਣੀ ਹਕੂਮਤ ਕਾਇਮ ਰੱਖਣ ਲਈ ਉਹ ਮਸਨੂਈ ਖ਼ਬਰਾਂ ਦੇ ਰੁਝਾਨ ਨੂੰ ਸ਼ਹਿ ਦਿੰਦੇ ਹਨ। ਫਿਲੀਪਾਈਨਜ਼ ਦੇ ਇੱਕ ਸੈਨੇਟਰ ਨੇ ਸੈਨਟ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਕਿ ਮਸਨੂਈ ਖ਼ਬਰ ਫੈਲਾਉਣ ਵਾਲੇ ਸਰਕਾਰੀ ਅਹੁਦੇਦਾਰਾਂ ਅਤੇ ਮੀਡੀਆ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਖ਼ਿਲਾਫ਼ ਭਾਰੀ ਜੁਰਮਾਨਿਆਂ ਦੇ ਨਾਲ-ਨਾਲ ਪੰਜ ਤੋਂ ਵੀਹ ਸਾਲ ਦੀ ਕੈਦ ਤੱਕ ਦੀ ਤਜਵੀਜ਼ ਕੀਤੀ ਜਾਵੇ।
ਯੂਨੀਵਰਸਿਟੀ ਆਫ਼ ਫਿਲੀਪਾਈਨਜ਼ ਨੇ ਮਸਨੂਈ ਖ਼ਬਰ ਦੇ ਰੁਝਾਨ ਨੂੰ ਉਲਟਾ ਗੇੜਾ ਦੇਣ ਲਈ ਨਵੰਬਰ 2016 ਵਿੱਚ ਆਪਣਾ ਚੈਨਲ ਟੀ.ਵੀ.ਯੂ.ਪੀ. ਸ਼ੁਰੂ ਕੀਤਾ ਸੀ। ਉਸ ਵੇਲੇ ਯੂਨੀਵਰਸਿਟੀ ਦੇ ਕਾਰਜਕਾਰੀ ਨਿਰਦੇਸ਼ਕ ਨੇ ਬਿਆਨ ਜਾਰੀ ਕੀਤਾ ਸੀ ਕਿ ਇਹ ਚੈਨਲ ਇਸ ਆਸ ਨਾਲ ਸ਼ੁਰੂ ਕੀਤਾ ਗਿਆ ਹੈ ਕਿ ਔਨਲਾਈਨ ਪਰੋਸੇ ਜਾ ਰਹੇ ਕੂੜ-ਕਬਾੜ ਦਾ ਤੋੜ ਕੀਤਾ ਜਾ ਸਕੇ ਅਤੇ ਮੁਲਕ ਦੇ ਸ਼ਹਿਰੀਆਂ ਨੂੰ ਪੜ੍ਹਨ ਲਈ ਵਾਜਿਬ ਲੇਖ ਅਤੇ ਸਹੀ ਖ਼ਬਰਾਂ ਮਿਲ ਸਕਣ। ਬਰਤਾਨਵੀ ਸੰਸਦ ਦੀ ‘ਦ ਸਪੋਰਟਸ ਮੀਡੀਆ ਐਂਡ ਕਲਚਰਲ ਕਮੇਟੀ’ ਨੇ ਜਮਹੂਰੀਅਤ ਉੱਤੇ ਮਸਨੂਈ ਖ਼ਬਰਾਂ ਦੇ ਅਸਰਾਤ ਬਾਬਤ ਜਾਂਚ ਸ਼ੁਰੂ ਕੀਤੀ ਹੈ।
ਦੂਜੇ ਪਾਸੇ ਸਿਆਸੀ ਆਗੂਆਂ ਅਤੇ ਸਿਆਸੀ ਪਾਰਟੀਆਂ ਦੇ ਮਸਨੂਈ ਖ਼ਬਰਾਂ ਨਸ਼ਰ ਕਰਨ ਵਾਲੇ ਅਦਾਰਿਆਂ ਨੇ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀ.ਐੱਨ.ਐੱਨ. ਨਾਮ ਦੇ ਖ਼ਬਰੀਆ ਚੈਨਲ ਉੱਤੇ ਮਸਨੂਈ ਖ਼ਬਰਾਂ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ। ਜਿਹੜਾ ਵੀ ਮੀਡੀਆ ਅਦਾਰਾ ਉਨ੍ਹਾਂ ਦੀ ਤਨਕੀਦ ਕਰਦਾ ਹੈ, ਉਹ ਉਸ ਨਾਲ ਇੰਝ ਹੀ ਕਰਦੇ ਹਨ। ਤੁਰਕੀ ਦੇ ਰਾਸ਼ਟਰਪਤੀ ਰੀਸੈਪ ਐਰਡੋਗਨ ਨੇ ਬਹੁਤ ਸਾਰੇ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ। ਅਤੇ ਦਲੀਲ ਦਿੱਤੀ ਹੈ ਕਿ ਉਹ ਮਸਨੂਈ ਖ਼ਬਰਾਂ ਦੇ ਕਾਰੋਬਾਰ ਖ਼ਿਲਾਫ਼ ਕਾਰਵਾਈ ਕਰ ਰਹੇ ਹਨ। ਕੰਬੋਡੀਆ ਦੇ ਰਾਸ਼ਟਰਪਤੀ ਨੇ ਮੀਡੀਆ ਨੂੰ ਅਰਾਜਕ ਕਰਾਰ ਦਿੱਤਾ ਹੈ। ਉਹ ਕਹਿੰਦਾ ਹੈ ਕਿ ਕੰਬੋਡੀਆ ਵਿੱਚ ਕੰਮ ਕਰ ਰਿਹਾ ਵਿਦੇਸ਼ੀ ਮੀਡੀਆ ਮੁਲਕ ਦੇ ਅਮਨ ਅਤੇ ਇਸਤਿਕਾਮ ਲਈ ਖ਼ਤਰਾ ਹੈ। ਕੰਬੋਡੀਆ ਦੀ ਸਰਵਉੱਚ ਅਦਾਲਤ ਨੇ ਆਪਣੇ ਮੁਲਕ ਦੀ ਮੁੱਖ ਵਿਰੋਧੀ ਸਿਆਸੀ ਪਾਰਟੀ ਨੂੰ ਭੰਗ ਕਰ ਦਿੱਤਾ ਹੈ। ਮੌਜੂਦਾ ਦੌਰ ਵਿੱਚ ਮੀਡੀਆ ਅਤੇ ਹਕੂਮਤ ਦੀਆਂ ਅਜਿਹੀਆਂ ਬਹੁਤ ਮਿਸਾਲਾਂ ਹਨ।
ਇੰਡੀਆ ਵਿੱਚ ਬਹੁਤ ਸਾਰੀਆਂ ਵੈੱਬਸਾਇਟਾਂ ਆਪਣੇ ਪੱਧਰ ਉੱਤੇ ਮਸਨੂਈ ਖ਼ਬਰਾਂ ਖ਼ਿਲਾਫ਼ ਕੰਮ ਕਰ ਰਹੀਆਂ ਹਨ। ਸੰਨ 2014 ਤੋਂ 2017 ਦੇ ਦਰਮਿਆਨ ਮਸਨੂਈ ਖ਼ਬਰਾਂ ਦੀਆਂ ਕਈ ਕਿਸਮਾਂ ਅਤੇ ਵਾਕਿਆਤ ਸਮਾਜਿਕ ਤਣਾਅ ਦਾ ਕਾਰਨ ਬਣੇ।
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਕੈਅਰਾਨਾ ਪਿੰਡ ਦੀ ਹਿਜਰਤ ਨੂੰ ਭਾਜਪਾ ਅਤੇ ਇਸ ਦੀਆਂ ਭਰਾਤਰੀ ਤਨਜ਼ੀਮਾਂ ਨੇ ਫ਼ਿਰਕੂ ਰੰਗਤ ਦਿੱਤੀ। ਟੈਲੀਵਿਜ਼ਨ ਉੱਤੇ ਇਹ ਬਹਿਸਾਂ ਕੀਤੀਆਂ ਗਈਆਂ ਕਿ ਕੈਅਰਾਨਾ ਪਿੰਡ ਹੁਣ ਕਸ਼ਮੀਰ ਬਣ ਗਿਆ ਹੈ ਅਤੇ ‘ਮੁਸਲਿਮ ਦਹਿਸ਼ਤ’ ਨੇ ਹਿੰਦੂਆਂ ਨੂੰ ਉਵੇਂ ਹੀ ਹਿਜਰਤ ਕਰਨ ਲਈ ਮਜਬੂਰ ਕਰ ਦਿੱਤਾ ਹੈ ਜਿਵੇਂ ਕਦੇ ਕਸ਼ਮੀਰੀ ਪੰਡਿਤਾਂ ਨੂੰ ਕੀਤਾ ਗਿਆ ਸੀ। ਇਸ ਖ਼ਤਰਨਾਕ ਖੇਡ ਵਿੱਚ ਨਾਮੀ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਨੇ ਸ਼ਿਰਕਤ ਕੀਤੀ। ਇਸੇ ਦੌਰਾਨ altnews.in, indiaspend.com, boomlive.com, www.hoaxslayer.net भडे विंरी हिँस mediavigil.com ਵਰਗੀਆਂ ਵੈੱਬਸਾਇਟਾਂ ਨੇ ਮਨਸੂਈ ਖ਼ਬਰਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਪ੍ਰਤੀਕ ਸਿਨਹਾ ਨੇ altnews.in ਵਿੱਚ ਕਈ ਮੰਤਰੀਆਂ, ਸਰਕਾਰਾਂ ਅਤੇ ਵੈੱਬਸਾਇਟਾਂ ਨੂੰ ਮਸਨੂਈ ਖ਼ਬਰ ਪੈਦਾ ਕਰਨ ਕਾਰਨ ਬੇਪਰਦ ਕੀਤਾ ਹੈ। ਇਹ ਕੰਮ ਬਹੁਤ ਛੋਟੇ ਪੱਧਰ ਉੱਤੇ ਹੋ ਰਿਹਾ ਹੈ। ਮੁੱਖਧਾਰਾ ਮੀਡੀਆ ਦੀ ਬਹੁਗਿਣਤੀ ਰਾਹੀਂ ਫੈਲ ਰਹੀਆਂ ਮਨਸੂਈ ਖ਼ਬਰਾਂ ਦੇ ਰੁਝਾਨ ਦੇ ਸਾਹਮਣੇ ਬਹਾਦਰੀ ਨਾਲ ਕੀਤੇ ਗਏ ਇਹ ਉਪਰਾਲੇ ਨਿਗੂਣੇ ਹਨ।
ਇਸ ਵੇਲੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਮਸਨੂਈ ਖ਼ਬਰ ਦੀ ਸ਼ਨਾਖ਼ਤ ਸਾਫ਼ ਕਰੀਏ। ਆਮ ਆਦਮੀ ਨੂੰ ਹਾਲੇ ਤੱਕ ਇਹ ਸਮਝ ਨਹੀਂ ਹੈ ਕਿ ਇਹ ਕਿੰਨੇ ਤਰੀਕਿਆਂ ਨਾਲ ਫੈਲਦੀ ਹੈ। ਪੱਤਰਕਾਰੀ ਵਿੱਚ ਗ਼ਲਤੀਆਂ ਹੁੰਦੀਆਂ ਹਨ ਅਤੇ ਹਰ ਗ਼ਲਤੀ ਮਸਨੂਈ ਖ਼ਬਰ ਨਹੀਂ ਹੁੰਦੀ। ਮੌਜੂਦਾ ਦੌਰ ਵਿੱਚ ਲਗਾਤਾਰ ਫੈਲ ਰਹੀਆਂ ਮਸਨੂਈ ਖ਼ਬਰਾਂ ਦੀ ਪੈਦਾਇਸ਼ ਕਿਤੇ ਹੋਰ ਹੁੰਦੀ ਹੈ ਅਤੇ ਬਾਅਦ ਵਿੱਚ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨੂੰ ਪਰੋਸ ਦਿੱਤੀ ਜਾਂਦੀ ਹੈ ਜਿੱਥੋਂ ਉਹ ਤਮਾਮ ਲੋਕਾਂ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਸੰਵਿਧਾਨਕ ਅਹੁਦਿਆਂ ਉੱਤੇ ਬੈਠੇ ਲੋਕ ਆਪਣੇ ਬਿਆਨਾਂ ਰਾਹੀਂ ਇਨ੍ਹਾਂ ਨੂੰ ਜਾਇਜ਼ ਕਰਾਰ ਦਿੰਦੇ ਹਨ। ਮਸਨੂਈ ਖ਼ਬਰ ਦੀ ਪੈਦਾਇਸ਼ ਦਾ ਹੋਰ ਵੀ ਰਾਹ ਹੈ: ਸਾਰੀਆਂ ਸਰਕਾਰਾਂ ਜਾਣਕਾਰੀ ਲੋਕਾਂ ਤੱਕ ਪਹੁੰਚਣ ਤੋਂ ਰੋਕ ਰਹੀਆਂ ਹਨ। ਕਿਸੇ ਕੋਲ ਪੜਚੋਲੀਆ ਜਾਣਕਾਰੀ ਨਹੀਂ ਹੈ। ਇਸ ਦੀ ਥਾਂ ਗ਼ਲਤ ਜਾਣਕਾਰੀ ਹੈ, ਝੂਠੇ ਮਸਲੇ ਹਨ ਅਤੇ ਨਾਲ ਹੀ ਸਰਕਾਰ ਦੀ ਉਲਾਰ ਬਿਆਨਬਾਜ਼ੀ ਹੈ ਜੋ ਗ਼ਲਤ-ਬਿਆਨੀ ਅਤੇ ਪ੍ਰੋਪੇਗੰਡਾ ਦੀ ਚੱਕੀ ਚਾਲੂ ਰੱਖਦੀ ਹੈ। ਉਹ ਮਸਲੇ ਉਭਾਰੇ ਜਾਂਦੇ ਹਨ ਜਿਨ੍ਹਾਂ ਦਾ ਹਕੀਕਤ ਨਾਲ ਕੋਈ ਵਾਸਤਾ ਨਹੀਂ ਹੈ ਜਾਂ ਹਕੀਕਤ ਨਾਲ ਜ਼ਿਆਦਾ ਵਾਸਤਾ ਨਹੀਂ ਹੈ ਅਤੇ ਜਿਨ੍ਹਾਂ ਦਾ ਜ਼ਿਆਦਾ ਅਸਰ ਨਹੀਂ ਹੈ ਪਰ ਇਨ੍ਹਾਂ ਦੀ ਅਹਿਮੀਅਤ ਬਾਬਤ ਦਾਅਵਾ ਕੀਤਾ ਜਾ ਰਿਹਾ ਹੈ।
ਵੱਡੀਆਂ ਪਾਰਟੀਆਂ ਛੋਟੀਆਂ ਪਾਰਟੀਆਂ ਨੂੰ ਖ਼ਤਮ ਕਰਨ ਲਈ ਮਸਨੂਈ ਖ਼ਬਰ ਦਾ ਸਹਾਰਾ ਲੈਂਦੀਆਂ ਹਨ। ਛੋਟੀਆਂ ਪਾਰਟੀਆਂ ਆਪਣੇ ਨਿਗੂਣੇ ਵਸੀਲਿਆਂ ਕਾਰਨ ਲਾਚਾਰ ਹਨ ਅਤੇ ਝੂਠ ਦੇ ਜਾਲ਼ ਵਿੱਚ ਫਸ ਜਾਂਦੀਆਂ ਹਨ। ਤਾਕਤਵਰ ਪਾਰਟੀਆਂ ਦੇ ਆਈ.ਟੀ.ਸੈੱਲ ਅਤੇ ਉਨ੍ਹਾਂ ਦੇ ਹਮਾਇਤੀ ਝੂਠੀ ਜਾਣਕਾਰੀ ਦੇ ਪਸਾਰੇ ਵਿੱਚ ਲੱਗੇ ਰਹਿੰਦੇ ਹਨ। ਇਸ ਨੂੰ ਤੁਸੀਂ ਸੁਹਾਗਾਫੇਰ ਬੰਬਾਰੀ ਦੇ ਤੁੱਲ ਕਹਿ ਸਕਦੇ ਹੋ। ਹੁਣ ਕੁਝ ਪਾਰਟੀਆਂ ਨੇ ਆਪਣੀਆਂ ਟੀਮਾਂ ਬਣਾਈਆਂ ਹਨ ਜੋ ਉਨ੍ਹਾਂ ਦੀ ਪਾਰਟੀ ਬਾਰੇ ਦੂਜੀਆਂ ਪਾਰਟੀਆਂ ਦੀਆਂ ਫੈਲਾਈਆਂ ਮਸਨੂਈ ਖ਼ਬਰਾਂ ਦਾ ਪਰਦਾਫਾਸ਼ ਕਰਦੀਆਂ ਹਨ। ਮਿਸਾਲ ਵਜੋਂ ਫਰਾਂਸ ਦੀਆਂ ਚੋਣਾਂ ਦੌਰਾਨ ਨੈਸ਼ਨਲ ਫਰੰਟ ਨੇ ਆਪਣੀ ਫੇਕ ਨਿਊਜ਼ ਅਲਰਟ ਟੀਮ ਬਣਾਈ ਸੀ। ਇੰਡੀਆ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਦੇਰ-ਸਵੇਰ ਆਪਣੀਆਂ ਟੀਮਾਂ ਬਣਾਉਣੀਆਂ ਪੈਣੀਆਂ ਹਨ।
ਚੌਣਾਂ ਦੌਰਾਨ ਮਸਨੂਈ ਖ਼ਬਰਾਂ ਦੀ ਲਗਾਤਾਰਤਾ ਅਤੇ ਮਿਕਦਾਰ ਵਿੱਚ ਵਾਧਾ ਹੋ ਜਾਂਦਾ ਹੈ। ਜਦੋਂ ਇਟਲੀ ਨੇ 2016 ਵਿੱਚ ਸੰਵਿਧਾਨ ਨੂੰ ਬਦਲਣ ਦੀ ਮਸ਼ਕ ਅਤੇ ਪ੍ਰਧਾਨ ਮੰਤਰੀ ਨੂੰ ਜ਼ਿਆਦਾ ਸ਼ਕਤੀਆਂ ਦੇਣ ਬਾਰੇ ਰਾਏਸ਼ੁਮਾਰੀ ਕਰਵਾਈ ਤਾਂ ਫੇਸਬੁੱਕ ਉੱਤੇ ਨਸ਼ਰ ਹੋਈਆਂ ਖ਼ਬਰਾਂ ਝੂਠੀਆਂ ਸਨ ਅਤੇ ਉਨ੍ਹਾਂ ਦਾ ਖ਼ਾਸਾ ਜਨਮਤ ਉੱਤੇ ਅਸਰ-ਅੰਦਾਜ਼ ਹੋਣ ਵਾਲਾ ਸੀ। ਰੂਸ ਸਰਕਾਰੀ ਪੈਸੇ ਨਾਲ ਚਲਦੇ ਮਸਨੂਈ ਖ਼ਬਰਾਂ ਦੇ ਕਾਰਖ਼ਾਨਿਆਂ ਲਈ ਬਦਨਾਮ ਹੈ। ਰੂਸ ਤੋਂ ਆ ਰਹੀਆਂ ਮਸਨੂਈ ਖ਼ਬਰਾਂ ਨਾਲ ਸਿੱਝਣ ਲਈ ਯੂਰਪੀਅਨ ਯੂਨੀਅਨ ਨੇ ਆਪਣੀ ਟਾਸਕ ਫੋਰਸ, East StratCom Team ਬਣਾਈ ਹੈ। ਇਸ ਟੀਮ ਨੂੰ ਫਰਾਂਸ ਅਤੇ ਨੀਦਰਲੈਂਡ ਦੀਆਂ ਚੋਣਾਂ ਦੌਰਾਨ ਰੂਸੀ ਪ੍ਰੋਪੇਗੰਡਾ ਨੂੰ ਠੱਲ੍ਹ ਪਾਉਣ ਲਈ ਬੇਇੰਤਹਾ ਸਰਮਾਇਆ ਅਤੇ ਵਸੀਲੇ ਮੁਹੱਈਆ ਕੀਤੇ ਗਏ ਸਨ। ਅਮਰੀਕਾ ਸਮੇਤ ਕਈ ਮੁਲਕਾਂ ਨੇ ਰੂਸ ਉੱਤੇ ਇਲਜ਼ਾਮ ਲਗਾਏ ਹਨ ਕਿ ਉਹ ਚੋਣਾਂ ਦੇ ਨਤੀਜਿਆਂ ਉੱਤੇ ਅਸਰ-ਅੰਦਾਜ਼ ਹੋਣ ਲਈ ਮਸਨੂਈ ਖ਼ਬਰਾਂ ਉੱਤੇ ਚੋਖਾ ਸਰਮਾਇਆ ਲਗਾਉਂਦਾ ਹੈ।
ਇੰਡੀਆ ਵਿੱਚ ਚੋਣਾਂ ਦੌਰਾਨ ਮਸਨੂਈ ਖ਼ਬਰਾਂ ਦੀ ਮਿਕਦਾਰ ਵਧ ਜਾਂਦੀ ਹੈ। ਇਸ ਵਹਿਣ ਨੂੰ ਠੱਲ੍ਹ ਪਾਉਣ ਲਈ ਚੋਣ ਕਮਿਸ਼ਨ ਕੋਲ ਲੋੜੀਂਦੇ ਵਸੀਲੇ ਨਹੀਂ ਹਨ।
ਕਮਿਸ਼ਨ ਕੋਲ ਇਸ ਰੁਝਾਨ ਦਾ ਠੋਸ ਬਿਆਨੀਆ ਵੀ ਨਹੀਂ ਹੈ। ਕਮਿਸ਼ਨ ਮੁੱਲ ਦੀ ਖ਼ਬਰ ਵਾਲੇ ਰੁਝਾਨ ਦੀ ਹੋਂਦ ਕਬੂਲ ਕਰਦਾ ਹੈ ਪਰ ਉਸ ਨਾਲ ਸਿੱਝਣ ਲਈ ਵੀ ਕੋਈ ਕਾਨੂੰਨ ਨਹੀਂ ਹੈ। ਚੋਣ ਕਮਿਸ਼ਨ ਹਰ ਚੋਣਾਂ ਦੌਰਾਨ ਸੂਬੇ ਅਤੇ ਜ਼ਿਲ੍ਹਾ ਪੱਧਰ ਉੱਤੇ ਮੀਡੀਆ ਸਰਟੀਫਿਕੇਸ਼ਨ ਐਂਡ ਮੌਨੀਟਰਿੰਗ ਕਮੇਟੀਜ਼ ਬਣਾਉਂਦਾ ਹੈ ਤਾਂ ਜੋ ਮੁੱਲ ਦੀਆਂ ਖ਼ਬਰਾਂ ਦੀ ਸ਼ਨਾਖ਼ਤ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਫੜਿਆ ਜਾ ਸਕੇ ਤਾਂ ਜੋ ਉਮੀਦਵਾਰ ਨੂੰ ਸਫ਼ਾਈ ਮੰਗਣ ਲਈ ਚਿੱਠੀਆਂ ਜਾਰੀ ਕੀਤੀਆਂ ਜਾ ਸਕਣ। ਆਪਣੀ 2013 ਦੀ ਰਪਟ ਵਿੱਚ ਕਮਿਸ਼ਨ ਨੇ ਲਿਖਿਆ ਹੈ ਕਿ 2010 ਤੋਂ 2013 ਦੀਆਂ ਸੱਤ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਲ ਦੀਆਂ ਖ਼ਬਰਾਂ ਦੇ 1400 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੁੱਲ ਦੀਆਂ ਖ਼ਬਰਾਂ ਦੇ 787 ਮਾਮਲੇ ਸਾਹਮਣੇ ਆਏ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਮੁੱਲ ਦੀ ਖ਼ਬਰ ਬਾਬਤ ਉਮੀਦਵਾਰਾਂ ਨੂੰ 3100 ‘ਕਾਰਨ ਦੱਸੋ’ ਚਿੱਠੀਆਂ ਕੱਢੀਆਂ ਗਈਆਂ।
ਚੋਣ ਕਮਿਸ਼ਨ ਤੋਂ ਮੁੱਲ ਦੀਆਂ ਖ਼ਬਰਾਂ ਦਾ ਰੁਝਾਨ ਤਾਂ ਨਹੀਂ ਰੋਕਿਆ ਗਿਆ ਪਰ ਇਸ ਨੇ ਇੱਕ ਅਦਾਰਾ ਬਣਾਇਆ ਹੈ ਜਿਹੜਾ ਹਰ ਚੋਣ ਦੇ ਐਲਾਨ ਤੋਂ ਬਾਅਦ ਸਰਗਰਮ ਹੋ ਜਾਂਦਾ ਹੈ। ਹੁਣ ਤਾਂ ਸਾਰੀਆਂ ਖੇਡਾਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਕਮਿਸ਼ਨ ਕੁਝ ਨਹੀਂ ਕਰ ਸਕਦਾ।
ਚੋਣ ਕਮਿਸ਼ਨ ਨੇ ਮੁੱਲ ਦੀ ਖ਼ਬਰ ਦਾ ਬਿਆਨੀਆ ਦਿੱਤਾ ਹੈ ਕਿ ‘ਪੈਸੇ ਜਾਂ ਜਿਣਸ ਦੇ ਬਦਲੇ ਵਿੱਚ ਮੀਡੀਆ (ਛਾਪਾ ਜਾਂ ਨਸ਼ਰੀਆ) ਵਿੱਚ ਨਸ਼ਰ ਕੀਤੀ ਗਈ ਖ਼ਬਰ ਜਾਂ ਪੜਚੋਲ’ ਇਸ ਘੇਰੇ ਵਿੱਚ ਆਉਂਦੀ ਹੈ ਜੋ ‘ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਮਾਹੌਲ ਵਿੱਚ ਗੰਦ ਪਾਉਂਦੀ ਹੈ … ਖ਼ਬਰਾਂ ਦੇ ਰੂਪ ਵਿੱਚ ਇਸ਼ਤਿਹਾਰ (ਨਸ਼ਰ ਹੁੰਦੇ ਹਨ) ਵੋਟਾਂ ਪਾਉਣ ਵਾਲਿਆਂ ਨੂੰ ਗੁੰਮਰਾਹ ਕਰਦੇ ਹਨ। ਹੁਣ ਇਹ ਦਰਿੰਦਾ ਜ਼ਿਆਦਾ ਵਿਗਸ ਗਿਆ ਹੈ ਅਤੇ ਇਸ ਤੋਂ ਵੱਡਾ ਹੋ ਗਿਆ ਹੈ। ਹੁਣ ਮਾਮਲਾ ਸਿਰਫ਼ ਇੰਨਾ ਹੀ ਨਹੀਂ ਕਿ ਇਸ਼ਤਿਹਾਰ ਨੂੰ ਖ਼ਬਰ ਵਜੋਂ ਨਸ਼ਰ ਕੀਤਾ ਜਾਂਦਾ ਹੈ। ਹੁਣ ਮਸਨੂਈ ਖ਼ਬਰ ਦਾ ਦੌਰ ਹੈ ਜਿਸ ਨੂੰ ਲਿਹਾਫ਼ ਵਿੱਚ ਲਪੇਟਣ ਦੀ ਲੋੜ ਹੀ ਨਹੀਂ ਕਿਉਂਕਿ ਝੂਠ ਹੀ ਇਸ ਦੌਰ ਦਾ ਸੱਚ ਹੋ ਗਿਆ ਹੈ। ਮਸਨੂਈ ਖ਼ਬਰ ਦਾ ਪਸਾਰਾ ਇੰਨਾ ਵੱਡਾ ਹੋ ਗਿਆ ਹੈ ਕਿ ਜੇ ਸਰਕਾਰਾਂ ਜਮਹੂਰੀ ਕਦਰਾਂ- ਕੀਮਤਾਂ ਦਾ ਕੋਈ ਸਤਿਕਾਰ ਕਰਦੀਆਂ ਹਨ ਤਾਂ ਚੋਣ ਕਮਿਸ਼ਨ ਦੀ ਤਰਜ਼ ਉੱਤੇ ਵੱਖਰਾ ਕਮਿਸ਼ਨ ਹੋਣਾ ਚਾਹੀਦਾ ਹੈ—ਰੈਗੁਲੇਟਰੀ ਅਥਾਰਿਟੀ—ਜਿਸ ਕੋਲ ਸੰਵਿਧਾਨਕ ਅਖ਼ਤਿਆਰ ਅਤੇ ਖ਼ੁਦ-ਮੁਖ਼ਤਿਆਰੀ ਹੋਵੇ। ਸਾਡੇ ਗਣਰਾਜ ਦੇ ਛੋਟੇ ਜਿਹੇ ਇਤਿਹਾਸ ਵਿੱਚ ਅਸੀਂ ਨਾ ਸਿਰਫ਼ ਮੌਜੂਦਾ ਸਗੋਂ ਸਾਰੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਵੇਖਦੇ ਹੋਏ ਕਹਿ ਸਕਦੇ ਹਾਂ ਕਿ ਅਜਿਹਾ ਹੋਣ ਦੀ ਕੋਈ ਫ਼ੌਰੀ ਆਸ ਨਹੀਂ ਕੀਤੀ ਜਾ ਸਕਦੀ ਹੈ। ਸ਼ਾਇਦ ਕਦੇ ਇਸ ਖ਼ਿਆਲ ਨੂੰ ਬੂਰ ਪੈ ਜਾਵੇ।
ਮਸਨੂਈ ਖ਼ਬਰ ਨੇ ਸਮਾਜ ਦਾ ਖ਼ਾਸਾ ਬਦਲ ਦਿੱਤਾ ਹੈ। ਜੇ ਅਜਿਹਾ ਸਦਾ ਲਈ ਨਹੀਂ ਹੋਇਆ ਤਾਂ ਇਸ ਦਾ ਅਸਰ ਚੋਖੇ ਸਮੇਂ ਲਈ ਤਾਂ ਰਹਿਣਾ ਹੈ। ਤੁਹਾਨੂੰ 2001 ਦਾ ਦਿੱਲੀ ਵਾਲਾ ਮੰਕੀ ਮੈਨ (ਛਲੇਡੇ) ਵਾਲਾ ਮਾਮਲਾ ਯਾਦ ਹੋਵੇਗਾ। ਛਲੇਡੇ ਦੀਆਂ ਰਪਟਾਂ ਥਾਂ-ਥਾਂ ਆਈਆਂ ਸਨ: ਇਹ ਚਾਰ ਕੁ ਫੁੱਟ ਦਾ ਵਾਲਾਂ ਵਾਲਾ ਜਾਨਵਰ ਹੈ ਜਿਸ ਦੇ ਪੰਜੇ ਲੋਹੇ ਦੇ ਹਨ; ਇਹ ਅੱਠ ਫੁੱਟ ਦਾ ਸੁੰਡ ਵਾਲਾ ਦਿਓ ਕੱਦ ਜਿਸ ਦੀਆਂ ਸੁਰਖ਼ ਅੱਖਾਂ ਲਿਸ਼ਕਦੀਆਂ ਹਨ; ਕੋਈ ਲੋਹੇ ਦੇ ਹੈਲਮਟ ਵਾਲਾ ਅਜਨਬੀ ਹੈ ਜਿਸ ਦੀ ਛਾਤੀ ਉੱਤੇ ਤਿੰਨ ਬਟਨ ਜਗਮਗ ਕਰਦੇ ਹਨ। ਇਹ ਜੋ ਵੀ ਸੀ, ਕਦੇ-ਕਦਾਈਂ ਬਿੱਲੀ ਬਣ ਜਾਂਦਾ ਸੀ ਜਾਂ ਗਾਇਬ ਹੋ ਜਾਂਦਾ ਸੀ। ਮਰਦ ਅਤੇ ਔਰਤਾਂ, ਨਾਬਾਲਗ਼ ਅਤੇ ਬੱਚੇ ਇਸ ਦੇ ਖ਼ਿਆਲਾਂ ਵਿੱਚ ਗੁਆਚ ਗਏ ਸਨ। ਉਹ ਰਾਤਾਂ ਨੂੰ ਜਾਗਦੇ ਸਨ, ਖ਼ੌਫ਼ਜ਼ਦਾ ਰਹਿੰਦੇ ਸਨ ਜਾਂ ਹਥਿਆਰਾਂ ਨਾਲ ਲੈਸ ਰਹਿੰਦੇ ਸਨ। ਹਮਲਾ ਕਰਨ ਲਈ ਤਿਆਰ ਰਹਿੰਦੇ ਸਨ ਅਤੇ ਸ਼ੈਤਾਨ ਨੂੰ ਮਾਰਨ ਲਈ ਤਿਆਰ-ਬਰ-ਤਿਆਰ। ਇੱਕ ਦਹਿਸ਼ਤਜ਼ਦਾ ਔਰਤ ਨੂੰ ਗੁਆਂਢੀਆਂ ਦੀਆਂ ਚੀਕਾਂ ਨੇ ਜਗਾਇਆ ਤਾਂ ਉਹ ਪੌੜੀਆਂ ਤੋਂ ਹੇਠਾਂ ਗਿਰ ਕੇ ਮਰ ਗਈ। ਇੱਕ ਬੰਦੇ ਨੇ ਚੁਬਾਰੇ ਤੋਂ ਛਾਲ ਮਾਰ ਦਿੱਤੀ ਅਤੇ ਮਰ ਗਿਆ। ਇੱਕ ਖ਼ਾਨਾਬਦੋਸ਼ ਅਤੇ ਇੱਕ ਵੈਨ ਡਰਾਈਵਰ ਨੂੰ ਹਜੂਮ ਨੇ ਪਿੱਛਾ ਕਰ ਕੇ ਘੇਰ ਲਿਆ ਅਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਦੋਵੇਂ ਮੱਧਰੇ ਕੱਦ ਦੇ ਬੰਦੇ ਸਨ। ਮਸਨੂਈ ਖ਼ਬਰ ਵੀ ਸਾਡੇ ਨਾਲ ਇਹੋ ਕੁਝ ਕਰ ਰਹੀ ਹੈ। ਇਹ ਸਾਡੇ ਵਿਹਾਰ ਨੂੰ ਇਸ ਤਰ੍ਹਾਂ ਕਾਬੂ ਕਰ ਲੈਂਦੀ ਹੈ ਕਿ ਅਸੀਂ ਮਹਿਜ਼ ਗੁੱਡੇ ਹੋਣ ਤੱਕ ਮਹਿਦੂਦ ਹੋ ਜਾਂਦੇ ਹਾਂ। ਸ਼ਹਿਰੀ, ਸੋਚਣ-ਸਮਝਣ ਵਾਲੇ ਦਲੀਲਮੰਦ ਮਨੁੱਖ ਵਜੋਂ ਸਾਡੀ ਹੋਂਦ ਖ਼ਤਮ ਹੋ ਜਾਂਦੀ ਹੈ। ਦਿੱਲੀ ਪੁਲਿਸ ਨੇ ਪੂਰੇ ਜ਼ੋਰ ਅਤੇ ਜੋਸ਼ ਨਾਲ ਲੋਕਾਂ ਨੂੰ ਸਮਝਾਉਣ ਦੇ ਉਪਰਾਲੇ ਕੀਤੇ ਕਿ ਛਲੇਡੇ ਵਰਗੀ ਕੋਈ ਸ਼ੈਅ ਨਹੀਂ ਹੈ ਪਰ ਆਖ਼ਰ ਨੂੰ ਉਨ੍ਹਾਂ ਨੇ ਵੀ ਹਾਰ ਮੰਨ ਲਈ ਅਤੇ ਛਲੇਡੇ ਨੂੰ ਜਿਊਂਦਾ ਜਾਂ ਮੁਰਦਾ ਪੇਸ਼ ਕਰਨ ਵਾਲੇ ਨੂੰ ਪੰਜਾਹ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਗ੍ਰਹਿ ਮੰਤਰਾਲੇ ਤੋਂ ਰੈਪਿਡ ਐਕਸ਼ਨ ਫੋਰਸ ਦੇ ਰੂਪ ਵਿੱਚ ਇਮਦਾਦ ਦੀ ਮੰਗ ਕੀਤੀ ਗਈ।
ਮਸਲੇ ਦੀ ਸੰਜੀਦਗੀ ਨੂੰ ਵੇਖਦੇ ਹੋਏ ਜਾਂਚ ਲਈ ਇੱਕ ਖ਼ਸੂਸੀ ਟੀਮ ਬਣਾਈ ਗਈ। ਸਮੁੱਚਾ ਇੰਤਜ਼ਾਮੀਆ ਅ-ਸੱਚ ਦੀ ਭਾਲ ਵਿੱਚ ਜੁੱਟ ਗਿਆ। ਕੁਝ ਲੋਕਾਂ ਨੂੰ ਇਸ ਵਿੱਚ ਪਾਕਿਸਤਾਨ ਦਾ ਹੱਥ ਦਿਖਾਈ ਦਿੰਦਾ ਸੀ ਅਤੇ ਕੁਝ ਦਾ ਦਾਅਵਾ ਸੀ ਕਿ ਇਹ ਮੁਕਾਮੀ ਗੁੰਡਾ-ਢਾਣੀਆਂ ਦਾ ਕੀਤਾ-ਧਰਿਆ ਸੀ।
ਇਸ ਤੋਂ ਬਾਅਦ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਪਾਕਿਸਤਾਨ ਮੁੜ ਕੇ ਛਲੇਡਾ ਬਣ ਕੇ ਵਾਪਸ ਆ ਗਿਆ।
ਪਹਿਲਾਂ ਇੱਕ ਵਾਰ 2001 ਦੀ ਦਿੱਲੀ ਉੱਤੇ ਵਾਪਸ ਆਉਂਦੇ ਹਾਂ। ਦਿੱਲੀ ਪੁਲਿਸ ਨੇ ਆਖ਼ਰ ਜੂਨ ਵਿੱਚ ਰਾਜ਼ ਬੁੱਝ ਲਿਆ। ਪੁਲਿਸ ਦੀ ਖ਼ਸੂਸੀ ਟੀਮ ਵਿੱਚ ਇੰਸਟੀਟਿਊਟ ਆਫ਼ ਹਿਊਮਨ ਬਿਹੇਵੀਅਰ ਅਤੇ ਸੈਂਟਰਲ ਫੋਰੈਂਸਿਕ ਲੈਬਰਾਟਰੀ ਦਾ ਅਮਲਾ ਸ਼ਾਮਿਲ ਸੀ ਅਤੇ ਇਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਕੋਈ ਛਲੇਡਾ ਨਹੀਂ ਸੀ। ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਸੁਰੇਸ਼ ਰਾਏ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਬਾਂਦਰ ਜਾਂ ਕੋਈ ਹੋਰ ਜਾਨਵਰ ਗੁਨਾਹਗਾਰ ਨਹੀਂ ਸੀ। ਪੁਲਿਸ ਨੇ ਅੱਗੇ ਕਿਹਾ ਕਿ ਇਸ ਛਲੇਡਾ ਦਹਿਸ਼ਤ ਮਾਮਲੇ ਵਿੱਚ ਪਾਕਿਸਤਾਨ ਦਾ ਕੋਈ ਹੱਥ ਨਹੀਂ ਸੀ ਅਤੇ ਇਸ ਪਿੱਛੇ ਕੋਈ ਗੁੰਡਾ-ਢਾਣੀ ਨਹੀਂ ਸੀ। ਪੁਲਿਸ ਨੇ ਕਬੂਲ ਕੀਤਾ ਕਿ ਮੀਡੀਆ ਦੀ ਬੇਪਰਵਾਹੀ ਵਾਲੀ ਕਾਰਗੁਜ਼ਾਰੀ ਨੇ ਇਸ ਪਾਗ਼ਲਪਣ ਨੂੰ ਫੈਲਾਇਆ ਸੀ । ਉਸ ਵੇਲੇ ਟੈਲੀਵਿਜ਼ਨ ਚੈਨਲਾਂ ਨੇ ਪੰਜ-ਪੰਜ ਪੱਤਰਕਾਰਾਂ ਦੀਆਂ ਖ਼ਸੂਸੀ ਟੀਮਾਂ ਬਣਾਈਆਂ ਸਨ ਜੋ ਹਨੇਰਾ ਹੋਣ ਤੋਂ ਬਾਅਦ ਛਲੇਡੇ ਦਾ ਬਿਆਨ ਲੈਣ ਲਈ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਸਨ । ਲੋਕਾਂ ਨੇ ਇਨ੍ਹਾਂ ਸ਼ੇਰ-ਦਿਲ ਪੱਤਰਕਾਰਾਂ ਨੂੰ ਰਾਤ-ਦਰ-ਰਾਤ ਸ਼ਿਕਾਰ ਮੁਹਿੰਮਾਂ ਵਿੱਚ ਸ਼ਾਮਿਲ ਹੁੰਦੇ ਹੋਏ ਆਪਣੇ ਟੈਲੀਵਿਜ਼ਨਾਂ ਉੱਤੇ ਦੇਖਿਆ ਸੀ। ਉਨ੍ਹਾਂ ਵਿੱਚੋਂ ਕਈ ਹੁਣ ਟੈਲੀਵਿਜ਼ਨ ਚੈਨਲਾਂ ਉੱਤੇ ਪ੍ਰਾਈਮ ਟਾਈਮ ਐਂਕਰ ਹਨ। ਬਿਨਾਂ ਸ਼ੱਕ ਉਨ੍ਹਾਂ ਦੇ ਆਪ ਸਿਰਜੇ ਛਲੇਡੇ ਦੇ ਪਸਾਰੇ ਵਾਲਾ ਤਜਰਬਾ ਹੁਣ ਕੰਮ ਆ ਰਿਹਾ ਹੈ।
ਜਦੋਂ ਛਲੇਡਾ ਦਿੱਲੀ ਦੀਆਂ ਸੜਕਾਂ ਉੱਤੇ ਘੁੰਮਦਾ ਸੀ ਤਾਂ ਅਸੀਂ ਸਿਆਣੇ ਨਹੀਂ ਹੋਏ ਸਾਂ। ਇਸੇ ਲਈ ਤਾਂ ਅਸੀਂ ਸਾਰੀ-ਸਾਰੀ ਰਾਤ ਹੜਬੜਾਉਂਦੇ ਹੋਏ ਬਿਨਾਂ ਕਿਸੇ ਮਕਸਦ ਤੋਂ ਛਾਲਾਂ ਮਾਰ ਰਹੇ ਸਾਂ। ਉਸ ਤੋਂ ਬਾਅਦ ਅਸੀਂ ਬਹੁਤ ਤਰੱਕੀ ਕੀਤੀ ਹੈ। ਮਸਨੂਈ ਖ਼ਬਰਾਂ ਦੇ ਦੌਰ ਵਿੱਚ ਅਸੀਂ ਜ਼ਿਆਦਾ ਤਜਰਬੇਕਾਰ ਹੋ ਗਏ ਹਾਂ। ਅਸੀਂ ਕਦੇ ਸ਼ੱਕ ਵਿੱਚ ਨਹੀਂ ਹੁੰਦੇ। ਅਸੀਂ ਬਿਨਾਂ ਕਿਸੇ ਸੁਆਲ ਤੋਂ ਸਭ ਹਜ਼ਮ ਕਰ ਜਾਂਦੇ ਹਾਂ ਅਤੇ ਆਪਣੇ ਪ੍ਰਭਾਵ ਕਬੂਲ ਕਰਨ ਵਾਲੇ ਆਪੇ ਅਤੇ ਪੱਕੇ ਹੋਏ ਖ਼ਿਆਲਾਂ ਨਾਲ ਜਿਊਂਣ ਲਗਦੇ ਹਾਂ। ਸਾਡਾ ਮਸਨੂਈ ਖ਼ਬਰਾਂ ਨੂੰ ਹਜ਼ਮ ਕਰਨ ਦਾ ਹਾਜ਼ਮਾ ਵਧ ਗਿਆ ਹੈ ਅਤੇ ਹੁਣ ਸਾਨੂੰ ਸੁਆਦ ਪੈ ਗਿਆ ਹੈ।
ਇਸੇ ਲਈ ਨਵੰਬਰ 2016 ਵਿੱਚ ਇੰਡੀਆ ਦੇ ਕਈ ਸੂਬਿਆਂ ਵਿੱਚ ਦੁਕਾਨਾਂ ਦੇ ਬਾਹਰ ਚੀਨੀ ਅਤੇ ਲੂਣ ਲਈ ਲੰਮੀਆਂ ਕਤਾਰਾਂ ਲੱਗੀਆਂ ਸਨ। ਵੱਟਸਐੱਪ ਉੱਤੇ ਐਲਾਨ ਹੋਇਆ ਸੀ ਕਿ ਚੀਨੀ ਅਤੇ ਲੂਣ ਦੀ ਥੋੜ ਪੈਣ ਵਾਲੀ ਹੈ। ਇਸ ਨਾਟਕ ਦੀ ਕਾਮਯਾਬੀ ਵਿੱਚ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਨਾਲ ਦਿੱਲੀ, ਲਖਨਊ, ਕੋਲਕਾਤਾ ਅਤੇ ਹੈਦਰਾਬਾਦ ਦੇ ਲੋਕ ਜੁੜੇ ਸਨ। ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਖਿਲੇਸ਼ ਯਾਦਵ ਕਹਿੰਦਾ ਰਿਹਾ ਸੀ ਕਿ ਇਹ ਅਫ਼ਵਾਹਾਂ ਹਨ ਅਤੇ ਉਸ ਨੇ ਆਪਣੇ ਇੰਤਜ਼ਾਮੀਆ ਨੂੰ ਹਦਾਇਤ ਕੀਤੀ ਸੀ . ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਕਿੰਨੀ ਚੰਗੀ ਗੱਲ ਹੈ ਕਿ ਅਫ਼ਵਾਹਾਂ ਫੈਲਾਉਣ ਵਾਲੇ ਨੂੰ ਸਜ਼ਾ ਮਿਲ ਸਕਦੀ ਹੈ ਅਤੇ ਉਨ੍ਹਾਂ ਦਾ ਕੁਝ ਨਹੀਂ ਹੋ ਸਕਦਾ ਜੋ ਇਨ੍ਹਾਂ ਅਫ਼ਵਾਹਾਂ ਦਾ ਯਕੀਨ ਕਰਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਬਿਆਨ ਦਿੱਤੇ ਸਨ ਕਿ ਲੂਣ ਦੀ ਕੋਈ ਘਾਟ ਨਹੀਂ ਹੈ। ਅਫ਼ਵਾਹਾਂ ਦਾ ਤਾਂ ਵੱਟਸਐੱਪ ਜਗਤ- ਪਸਾਰੀ ਖ਼ਜ਼ਾਨਾ ਹੈ-ਦੋ ਸਿਰਿਆਂ ਉੱਤੇ ਇਨਕਰਿਪਟਿਡ ਹੈ—ਅਤੇ ਮੁੰਬਈ ਵਿੱਚ ਲੂਣ 200 ਰੁਪਏ ਕਿੱਲੋ ਹੋ ਗਿਆ। ਮੁੰਬਈ ਪੁਲਿਸ ਵੀ ਇਹ ਟਵੀਟ ਕਰਨ ਲਈ ਮਜਬੂਰ ਹੋਈ ਸੀ ਕਿ ਇਹ ਅਫ਼ਵਾਹ ਹੈ। ਕੁਝ ਵੀ ਕੰਮ ਨਹੀਂ ਆਇਆ। ਕਈ ਥਾਂਵਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਦੁਕਾਨਦਾਰ 600 ਰੁਪਏ ਕਿੱਲੋ ਤੱਕ ਲੂਣ ਵੇਚ ਰਹੇ ਸਨ। ਕਾਨਪੁਰ ਤੋਂ ਖ਼ਬਰ ਆਈ ਕਿ ਇੱਕ ਦੁਕਾਨ ਦੇ ਬਾਹਰ ਭਗਦੜ ਮੱਚ ਜਾਣ ਕਾਰਨ ਇੱਕ ਬੀਬੀ ਦੀ ਮੌਤ ਹੋ ਗਈ ਸੀ।
ਮਸਨੂਈ ਖ਼ਬਰ ਦਾ ਇਸਤੇਮਾਲ ਇਤਿਹਾਸ ਨੂੰ ਝੂਠਾ ਕਰਨ ਲਈ ਵੀ ਕੀਤਾ ਜਾਂਦਾ ਹੈ। ਸਿਆਸੀ ਨਿਜ਼ਾਮ ਵਿੱਚ ਗ਼ਾਲਬ ਤਬਕਾ ਇਤਿਹਾਸ ਦੀਆਂ ਗ਼ਲਤ ਧਾਰਨਾਵਾਂ ਜਾਂ ਤੋੜੇ-ਮਰੋੜੇ ਹੋਏ ਤੱਥ ਨਸ਼ਰ ਕਰਦਾ ਰਹਿੰਦਾ ਹੈ। ਇਸ ਕੰਮ ਵਿੱਚ ਪੂਰੇ-ਪੂਰੇ ਅਦਾਰੇ ਲੱਗੇ ਹੋਏ ਹਨ ਜਿਸ ਕਾਰਨ ਇਕੱਲੇ-ਇਕੱਲੇ ਇਤਿਹਾਸਕਾਰ ਲਈ ਇਨ੍ਹਾਂ ਦੇ ਤੱਥਾਂ ਨੂੰ ਲਲਕਾਰਨਾ ਅਤੇ ਖਾਰਜ ਕਰਨਾ ਨਾਮੁਮਕਿਨ ਹੈ। ਮਈ 2014 ਤੋਂ ਬਾਅਦ ਕਈ ਸੂਬਿਆਂ ਵਿੱਚ ਪਾਠ ਪੁਸਤਕਾਂ ਨਵੇਂ ਸਿਰਿਓਂ ਲਿਖੀਆਂ ਗਈਆਂ ਹਨ। ਇਤਿਹਾਸ ਨਾਲ ਸਭ ਤੋਂ ਜ਼ਿਆਦਾ ਸ਼ਰਾਰਤ ਸੋਸ਼ਲ ਮੀਡੀਆ ਉੱਤੇ ਹੁੰਦੀ ਹੈ ਜਿੱਥੇ ਝੂਠੇ ਇਤਿਹਾਸ ਦਾ ਹੜ੍ਹ ਆਇਆ ਹੋਇਆ ਹੈ। ਇਨ੍ਹਾਂ ਮੁਹਿੰਮਾਂ ਵਿੱਚ ਸਭ ਤੋਂ ਅਹਿਮ ਤੱਤ ਦਵੈਸ਼ ਹੈ ਜੋ ਪੜਚੋਲ ਦੀ ਮੰਗ ਕਰਦਾ ਹੈ।
ਮਸਨੂਈ ਇਤਿਹਾਸ ਬਣਾਉਣ ਵਾਲੇ ਮੌਜੂਦਾ ਹਕੂਮਤ ਦੇ ਅਲੰਬਰਦਾਰ ਹਨ ਅਤੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਇੰਡੀਆ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਹੈ।
ਟਾਇਮਜ਼ ਆਫ਼ ਇੰਡੀਆ ਦੇ ਅਮੁੱਲਯਾ ਗੋਪਾਲਾਕ੍ਰਿਸ਼ਨਨ ਨੇ 15 ਮਈ 2016 ਨੂੰ ਨਹਿਰੂ ਬਾਰੇ ਫੈਲਾਏ ਜਾ ਰਹੇ ਝੂਠਾਂ ਬਾਰੇ ਰਪਟ ਲਿਖੀ ਸੀ:
ਜਵਾਹਰ ਅਰਬੀ ਬੋਲੀ ਤੋਂ ਲਿਆ ਗਿਆ ਲਫ਼ਜ਼ ਹੈ; ਕੋਈ ਕਸ਼ਮੀਰੀ ਪੰਡਿਤ ਆਪਣੇ ਮੁੰਡੇ ਦਾ ਅਰਬੀ ਨਾਮ ਨਹੀਂ ਰੱਖ ਸਕਦਾ।
ਨਹਿਰੂ ਦੇ ਦਾਦੇ ਦਾ ਨਾਮ ਗਿਆਸੂਦੀਨ ਗ਼ਾਜ਼ੀ ਸੀ ਜੋ ਮੁਗ਼ਲਾਂ ਦੇ ਜ਼ਮਾਨੇ ਵਿੱਚ ਪੁਲਿਸ ਅਫ਼ਸਰ ਸੀ ਅਤੇ ਉਸ ਨੇ ਆਪਣਾ ਨਾਮ ਬਦਲ ਕੇ ਗੰਗਾਧਰ ਨਹਿਰੂ ਰੱਖ ਲਿਆ ਸੀ।
ਨਹਿਰੂ ਦਾ ਜਨਮ ਇਲਾਹਾਬਾਦ ਦੇ ਵੇਸਵਾਵਾਂ ਵਾਲੇ ਇਲਾਕੇ ਵਿੱਚ ਹੋਇਆ मी।
ਨਹਿਰੂ ਨੇ ਕਿਸੇ ਕੈਥੋਲਿਕ ਸਾਧਵੀ ਨੂੰ ਗਰਭਵਤੀ ਕਰ ਦਿੱਤਾ ਸੀ। ਚਰਚ ਨੇ ਉਸ ਸਾਧਵੀ ਨੂੰ ਇੰਡੀਆ ਤੋਂ ਬਾਹਰ ਭੇਜ ਦਿੱਤਾ ਸੀ ਜਿਸ ਲਈ ਨਹਿਰੂ ਤਾਉਮਰ ਚਰਚ ਦਾ ਅਹਿਸਾਨਮੰਦ ਰਿਹਾ।
ਨਫ਼ਰਤ ਭਰੀ ਇਸ ਗ਼ਲਤ-ਬਿਆਨੀ ਨੂੰ ਖ਼ਬਰ ਬਣਾ ਵਰਤਾਇਆ ਗਿਆ ਤਾਂ ਜੋ ਲੱਖਾਂ ਲੋਕ ਇਸ ਨੂੰ ਛਕ ਲੈਣ ਅਤੇ ਨਹਿਰੂ ਦੇ ਖ਼ਿਲਾਫ਼ ਨਫ਼ਰਤ ਦਾ ਪਸਾਰਾ ਹੋ ਸਕੇ। ਇੱਕ ਵੀਡੀਓ ਵਿੱਚ ਦਰਸਾਇਆ ਗਿਆ ਕਿ ਉਸ ਦੀ ਮੌਤ ਏਡਜ਼ ਨਾਲ ਹੋਈ ਸੀ । ਉਸ ਨੂੰ ਕਮੀਨੇ ਵਿਲਾਸੀ ਸਖ਼ਸ਼ ਵਜੋਂ ਪੇਸ਼ ਕਰਨ ਲਈ ਉਸ ਦੀਆਂ ਫੋਟੋਆਂ ਨਾਲ ਛੇੜਛਾੜ ਕੀਤੀ ਗਈ। ਇਨ੍ਹਾਂ ਮਸਨੂਈ ਫੋਟੋਆਂ ਵਿੱਚ ਉਸ ਨੂੰ ਜੈਕਯੂਲਿਨ ਕੈਨੇਡੀ ਅਤੇ ਮਿਨਾਲਿਨੀ ਸਾਰਾਭਾਈ ਨਾਲ ਦਰਸਾਇਆ ਗਿਆ। ਇਸ ਕੰਮ ਲਈ ਫੋਟੋਸ਼ੌਪ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਵਿਕੀਪੀਡੀਆ ਉੱਤੇ ਜਵਾਹਰਲਾਲ ਨਹਿਰੂ ਅਤੇ ਉਸ ਦੇ ਪਿਤਾ ਮੋਤੀਲਾਲ ਨਹਿਰੂ ਬਾਰੇ ਜਾਣਕਾਰੀ ਦਾ ਸੰਪਾਦਨ ਕੀਤਾ ਗਿਆ ਅਤੇ ਤਬਦੀਲ ਕੀਤਾ ਗਿਆ। ਆਪਣੀ ਰਪਟ ਵਿੱਚ ਟਾਈਮਜ਼ ਆਫ਼ ਇੰਡੀਆ ਨੇ ਸੈਂਟਰ ਆਫ਼ ਇੰਟਰਨੈੱਟ ਐਂਡ ਸੁਸਾਇਟੀ ਦੇ ਪਰਨੇਸ਼ ਪ੍ਰਕਾਸ਼ ਦੇ ਹਵਾਲੇ ਨਾਲ ਲਿਖਿਆ ਕਿ ਵਿਕੀਪੀਡੀਆ ਦਾ ਇਹ ਸੰਪਾਦਨ ਇੰਡੀਆ ਸਰਕਾਰ ਦੇ ਆਈ.ਪੀ. ਵਾਲੇ ਕੰਪਿਊਟਰ ਤੋਂ ਹੋਇਆ ਸੀ।
ਜਨਵਰੀ 2016 ਨੂੰ ਨਰਿੰਦਰ ਮੋਦੀ ਸਰਕਾਰ ਨੇ ਸੁਭਾਸ਼ ਚੰਦਰ ਬੋਸ ਨਾਲ ਜੁੜੇ ਦਸਤਾਵੇਜ਼ਾਂ ਨੂੰ ਜਾਰੀ ਕਰ ਦਿੱਤਾ ਜਿਨ੍ਹਾਂ ਨੂੰ ਪਹਿਲਾਂ ਖ਼ੁਫ਼ੀਆ ਰੱਖਿਆ ਗਿਆ ਸੀ। ਇਸ ਵਿੱਚ ਕੋਈ ਜ਼ਿਕਰਗੋਚਰਾ ਖ਼ੁਲਾਸਾ ਨਹੀਂ ਹੋਇਆ ਸੀ ਪਰ ਇਸ ਦੌਰਾਨ ਵੱਟਸਐੱਪ ਉੱਤੇ ਇੱਕ ਚਿੱਠੀ ਗਸ਼ਤ ਕਰਨ ਲੱਗੀ ਜਿਸ ਬਾਬਤ ਦਾਅਵਾ ਕੀਤਾ ਗਿਆ ਕਿ ਇਹ ਚਿੱਠੀ ਜਵਾਹਰਲਾਲ ਨਹਿਰੂ ਨੇ 1945 ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਐਟਲੀ ਨੂੰ ਲਿਖੀ ਸੀ। ਚਿੱਠੀ ਵਿੱਚ ਨਹਿਰੂ ਨੇ ਬੋਸ ਨੂੰ ‘ਜੰਗੀ ਮੁਜਰਮ’ ਕਰਾਰ ਦਿੱਤਾ ਸੀ। ਇਹ ਚਿੱਠੀ ਜਾਅਲੀ ਸੀ—ਇਸ ਉੱਤੇ ਕੋਈ ਦਸਤਖ਼ਤ ਨਹੀਂ ਸਨ ਅਤੇ ਇਸ ਵਿੱਚ ਸ਼ਬਦ-ਜੋੜ੍ਹਾਂ ਅਤੇ ਤੱਥਾਂ ਦੀਆਂ ਗ਼ਲਤੀਆਂ ਦੀ ਭਰਮਾਰ ਸੀ—ਪਰ ਬਹੁਤ ਸਾਰੇ ਪੱਤਰਕਾਰ ਮੂਰਖ ਬਣ ਗਏ। ਮੁਲਕ ਦੀਆਂ ਅਹਿਮ ਅਖ਼ਬਾਰਾਂ ਅਤੇ ਰਸਾਲਿਆਂ ਦੇ ਨਾਲ-ਨਾਲ ਬਹੁਤ ਸਾਰੀਆਂ ਵੈੱਬਸਾਇਟਾਂ ਨੇ ਇਹ ਚਿੱਠੀ ਛਾਪ ਦਿੱਤੀ—ਜਿਨ੍ਹਾਂ ਵਿੱਚ ਮਜ਼ਮੂਨ ਵੱਖਰਾ ਸੀ, ਮਿਤੀਆਂ ਵੱਖਰੀਆਂ ਸਨ ਅਤੇ ਗ਼ਲਤੀਆਂ ਵੱਖਰੀਆਂ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਚਿੱਠੀ ਮਸਨੂਈ ਹੈ—ਜੋ ਕਿਸੇ ਵੀ ਸੰਜੀਦਾ ਪੱਤਰਕਾਰ ਨੂੰ ਪਹਿਲੀ ਨਜ਼ਰ ਵਿੱਚ ਪਤਾ ਲੱਗ ਜਾਣਾ ਚਾਹੀਦਾ ਸੀ—ਤਾਂ ਸਭ ਨੇ ਚਿੱਠੀ ਨੂੰ ਗਾਇਬ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੁਆਫ਼ੀਆਂ ਮੰਗਣ ਲੱਗੇ ।
ਇੰਟਰਨੈੱਟ ਉੱਤੇ ਨਹਿਰੂ ਬਾਰੇ ਗ਼ਲਤ-ਬਿਆਨੀ ਦੀ ਹਨੇਰੀ ਝੁੱਲ ਰਹੀ ਹੈ। ਜਦੋਂ ਤੁਹਾਡੀ ਬੱਚੀ ਇਸੇ ਜਾਣਕਾਰੀ ਦਾ ਉਤਾਰਾ ਕਰ ਕੇ ਆਪਣੇ ਸਕੂਲ ਦਾ ਕੰਮ ਕਰੇਗੀ ਜਾਂ ਇਮਤਿਹਾਨ ਲਿਖੇਗੀ ਤਾਂ ਉਹ ਗ਼ਲਤ ਜੁਆਬ ਲਿਖੇਗੀ। ਇਹ ਮੁਮਕਿਨ ਹੈ ਕਿ ਕਿਸੇ ਖ਼ਸੂਸੀ ਵਿਚਾਰਧਾਰਾ ਵਾਲੀ ਅਧਿਆਪਕ ਉਸ ਨੂੰ ਗ਼ਲਤ ਜੁਆਬ ਦੇ ਚੰਗੇ ਨੰਬਰ ਵੀ ਦੇ ਦੇਵੇ। ਉਹ ਤਾਂ ਇਹੋ ਸਮਝਦੀ ਹੋਈ ਵੱਡੀ ਹੋਵੇਗੀ ਕਿ ਉਸ ਦਾ ਗਿਆਨ ਸੱਚਾ ਹੈ ਜੋ ਦਰਅਸਲ ਨਹੀਂ ਹੈ। ਜਦੋਂ ਤੱਕ ਭਾਜਪਾ ਦੀ ਹਕੂਮਤ ਹੈ ਉਹ ਮਿਸਾਲੀ ਸ਼ਹਿਰੀ ਵੀ ਹੋ ਸਕਦੀ ਹੈ। ਉਹ ਉਸ ਹਾਲਾਤ ਦਾ ਸਾਹਮਣਾ ਕਿਵੇਂ ਕਰੇਗੀ ਜਦੋਂ ਦੂਜੀ ਕਿਸਮ ਦੇ ਝੂਠ ਸਰਕਾਰੀ ਬਿਰਤਾਂਤ ਬਣ ਜਾਣਗੇ? ਉਹ ਕਿਸੇ ਵੀ ਤਰ੍ਹਾਂ ਦੇ ਸੱਚ ਦਾ ਸਾਹਮਣਾ ਕਿਵੇਂ ਕਰੇਗੀ? ਕੀ ਉਹ ਸਦਾ ਹਕੀਕਤ ਨਾਲੋਂ ਨਿਖੇੜੇ ਗਏ ਗ਼ੁਬਾਰੇ ਵਿੱਚ ਹੀ ਕੈਦ ਰਹੇਗੀ?
ਮਸਨੂਈ ਖ਼ਬਰ ਦੀ ਇਮਦਾਦ ਨਾਲ ਹੀ ਮਨੁੱਖੀ ਇਤਿਹਾਸ ਦੀ ਸਭ ਤੋਂ ਘਿਣਾਉਣੀ ਹਿੰਸਾ ਨੂੰ ਮਿਟਾਉਣ ਦਾ ਉਪਰਾਲਾ ਕੀਤਾ ਗਿਆ ਸੀ। ਹਿਟਲਰ ਨੇ ਗੈਸ- ਚੈਂਬਰਾਂ ਵਿੱਚ ਦਹਿ-ਲੱਖਾਂ ਯਹੂਦੀਆਂ ਦਾ ਕਤਲਿ-ਆਮ ਕੀਤਾ ਸੀ ਜਿਸ ਨੂੰ ਅਸੀਂ ਹੌਲੋਕਾਸਟ (ਨਸਲਕੁਸ਼ੀ) ਕਹਿੰਦੇ ਹਾਂ। ਇਸ ਸੱਚ ਨੂੰ ਇੰਟਰਨੈੱਟ ਉੱਤੋਂ ਮਿਟਾਉਣ ਦਾ ਮਨਸੂਬਾ ਬਣਾਇਆ ਅਤੇ ਲਾਗੂ ਕਰ ਦਿੱਤਾ ਗਿਆ ਸੀ। ਚੰਗੇ ਭਾਗੀਂ ਦ ਗਾਰਡੀਅਨ ਅਖ਼ਬਾਰ ਦੀ ਪੱਤਰਕਾਰ ਕੈਰੋਲ ਕਾਡਵਾਲਾਡਰ ਦੇ ਧਿਆਨ ਵਿੱਚ ਆ ਗਿਆ। ਜਦੋਂ ਕੈਰੋਲ ਨੇ ਗੂਗਲ ਦੇ ਸੁਆਲੀਆ ਖ਼ਾਨੇ ਵਿੱਚ ਲਿਖਿਆ ਕਿ ‘ਕੀ ਹੌਲੋਕਾਸਟ ਹੋਇਆ ਸੀ?’ ਤਾਂ ਇਸ ਦਾ ਜੁਆਬ ਆਇਆ ਕਿ ਅਜਿਹਾ ਨਹੀਂ ਹੋਇਆ। ਗੂਗਲ ਦਾ ਸਰਚ ਇੰਜਨ ਉਸ ਨੂੰ ‘ਨਵ-ਨਾਜ਼ੀ’ ਵੈੱਬਸਾਇਟ www.stormfront.org ਉੱਤੇ ਲੈ ਗਿਆ। ਇਸ ਵੈੱਬਸਾਇਟ ਉੱਤੇ ਹੌਲੋਕਾਸਟ ਦੇ ਨਾ ਹੋਣ ਦੇ ਦਸ ਕਾਰਨ ਦਰਜ ਸਨ।
ਕੈਰੋਲ ਨੇ 11 ਦਸੰਬਰ 2016 ਨੂੰ ਦ ਗਾਰਡੀਅਨ ਵਿੱਚ ਲੰਮਾ ਲੇਖ ਲਿਖਿਆ। ਉਸ ਨੇ ਖ਼ੁਲਾਸਾ ਕੀਤਾ ਕਿ ਯੂਟਿਊਬ ਉੱਤੇ ਬਹੁਤ ਸਾਰੇ ਵੀਡੀਓ ਹਨ ਜੋ ਹੌਲੋਕਾਸਟ ਦੀ ਹੋਂਦ ਤੋਂ ਇਨਕਾਰੀ ਹਨ। ਇਹ ਸਭ ਉਸ ਵੇਲੇ ਹੋ ਰਿਹਾ ਹੈ ਜਦੋਂ ਇਤਿਹਾਸਕ ਦਸਤਾਵੇਜ਼ਾਂ ਅਤੇ ਕਿਤਾਬਾਂ ਵਿੱਚ ਇਹ ਤੱਥ ਦਰਜ ਹਨ ਕਿ ਹਿਟਲਰ ਨੇ ਸੱਠ ਲੱਖ ਯਹੂਦੀਆਂ ਦਾ ਕਤਲ ਕਰਵਾਇਆ। ਨਾਜ਼ੀਆਂ ਦੇ ਕੌਨਸਨਟਰੇਸ਼ਨ ਕੈਂਪਾਂ ਦੇ ਜਿਊੜੇ 2013 ਤੱਕ ਜਿਊਂਦੇ ਸਨ। ਜਦੋਂ ਕੈਰੋਲ ਨੇ ਸੁਆਲ ਕੀਤੇ ਤਾਂ ਗੂਗਲ ਨੇ ਦਰੁਸਤੀਆਂ ਕੀਤੀਆਂ ਪਰ ਅੰਦਾਜ਼ਾ ਲਗਾਓ ਕਿ ਇਸੇ ਤਰ੍ਹਾਂ ਕਿੰਨੇ ਸਾਰੇ ਇਤਿਹਾਸਕ ਤੱਥਾਂ ਨੂੰ ਬਦਲਿਆ ਗਿਆ ਹੋਵੇਗਾ ਅਤੇ ਜਦੋਂ ਤੁਸੀਂ ਇਹ ਕਿਤਾਬ ਪੜ੍ਹ ਰਹੇ ਹੋਵੋਗੇ ਤਾਂ ਕਿੰਨਾ ਇਤਿਹਾਸ ਮਿਟਾ ਦਿੱਤਾ ਗਿਆ ਹੋਵੇਗਾ। ਇਸ ਤਰ੍ਹਾਂ ਸਾਡੀਆਂ ਅੱਖਾਂ ਦੇ ਸਾਹਮਣੇ ਟੈਲੀਵਿਜ਼ਨ ਚੈਨਲ ਇਤਿਹਾਸ ਬਦਲ ਰਹੇ ਹਨ।
ਇੱਕ ਹੋਰ ਦਿਲਚਸਪ ਮਿਸਾਲ ਹੈ: ਦ ਸੰਨ ਦੇ ਟੌਮ ਰੀਲੀ ਨੇ 29 ਜੂਨ 2017 ਨੂੰ ਸੰਪਾਦਕੀ ਲਿਖਿਆ ਸੀ ਕਿ ਦ ਐਸੋਸੀਏਟ ਪ੍ਰੈਸ ਵਰਗਾ ਵੱਡਾ ਮੀਡੀਆ ਅਦਾਰਾ ਕਿਸ ਤਰ੍ਹਾਂ ਮਸਨੂਈ ਖ਼ਬਰ ਦਾ ਸ਼ਿਕਾਰ ਹੋਇਆ ਸੀ। ਇਹ 171 ਸਾਲ ਪੁਰਾਣਾ ਮੀਡੀਆ ਅਦਾਰਾ ਹੈ ਜਿਸ ਦੇ 120 ਮੁਲਕਾਂ ਵਿੱਚ 243 ਦਫ਼ਤਰ ਹਨ। ਇਸ ਅਦਾਰੇ ਤੋਂ ਦੁਨੀਆ ਭਰ ਦੇ 1700 ਅਖ਼ਬਾਰ ਅਤੇ 5000 ਟੈਲੀਵਿਜ਼ਨ ਅਤੇ ਰੇਡੀਓ ਚੈਨਲ ਖ਼ਬਰਾਂ ਲੈਂਦੇ ਹਨ। ਦ ਐਸੋਸੀਏਟ ਪ੍ਰੈਸ ਨੇ ਕਬੂਲ ਕੀਤਾ ਕਿ ਹਾਲੀਆ ਵਿੱਚ ਜਾਰੀ ਕੀਤੀਆਂ ਗਈਆਂ ਕੁਝ ਖ਼ਬਰਾਂ ਮਸਨੂਈ ਸਨ। ਇਸ ਅਦਾਰੇ ਨੇ ਹੁਣ ਨਵਾਂ ਫੀਚਰ ਸ਼ੁਰੂ ਕੀਤਾ ਹੈ ‘ਨੌਟ ਰੀਅਲ ਨਿਊਜ਼’ (ਖ਼ਬਰ ਖ਼ਰੀ ਨਹੀਂ)। ਇਹ ਫੀਚਰ ਉਨ੍ਹਾਂ ਝੂਠੀਆਂ ਖ਼ਬਰਾਂ ਦਾ ਸੱਚ ਬੇਪਰਦ ਕਰੇਗਾ ਜੋ ਟਵਿੱਟਰ ਅਤੇ ਹੋਰ ਪਲੇਟਫਾਰਮਾਂ ਉੱਤੇ ਵਾਇਰਲ ਹੁੰਦੀਆਂ ਹਨ। ਇਹ ਕੰਮ ਛਾਨਣੀ ਨਾਲ ਝੀਲ ਸਾਫ਼ ਕਰਨ ਦੇ ਤੁੱਲ ਹੈ।
ਅਫ਼ਵਾਹਾਂ ਅਤੇ ਮਸਨੂਈ ਖ਼ਬਰਾਂ ਫ਼ਾਸੀਵਾਦੀਆਂ ਅਤੇ ਜਮਹੂਰੀਅਤ ਵਿੱਚ ਅਕਸਰੀਅਤਵਾਦੀ ਫ਼ਿਰਕਾਪ੍ਰਸਤਾਂ ਦਾ ਪਸੰਦੀਦਾ ਹਥਿਆਰ ਹਨ। ਆਪਣੇ ਮਨਸੂਬਿਆਂ ਦੀ ਪੂਰਤੀ ਲਈ ਇਹ ਹਜੂਮ ਨੂੰ ਉਕਸਾਉਂਦੇ ਹਨ ਅਤੇ ਜਮਹੂਰੀਅਤ ਨੂੰ ਇਸਤੇਮਾਲ ਕਰਦੇ ਜਮਹੂਰੀਅਤ ਨੂੰ ਬਰਬਾਦ ਅਤੇ ਤਬਾਹ ਕਰਦੇ ਹਨ। ਉਨ੍ਹਾਂ ਦੀ ਬਦਖੋਹਾਨਾ ਦਲੀਲ ਹੈ: ਜੇ ਜਮਹੂਰੀਅਤ ਅਕਸਰੀਅਤ ਦੀ ਪਸੰਦ ਹੈ ਤਾਂ ਕੀ ਹਜੂਮ ਅਕਸਰੀਅਤ ਨਹੀਂ ਹੈ? ਕਿਹੜੀ ਸਿਆਸੀ ਪਾਰਟੀ ਜਮਹੂਰੀਅਤ ਦੀ ਤਨਕੀਦ ਕਰਨ ਦੀ ਵਿੱਥ ਰੱਖਦੀ ਹੈ? ਉਹ ਜਾਣਦੇ ਹਨ ਕਿ ਹਜੂਮ ਦਾ ਕੋਈ ਨਾਮ ਨਹੀਂ ਅਤੇ ਇਸ ਨੂੰ ਗ੍ਰਿਫ਼ਤਾਰ ਕਰ ਕੇ ਨਾ ਤਾਂ ਮੁਕੱਦਮਾ ਚਲਾਇਆ ਜਾ ਸਕਦਾ ਅਤੇ ਨਾ ਹੀ ਮੁਜਰਮ ਸਾਬਤ ਕੀਤਾ ਜਾ ਸਕਦਾ ਹੈ- ਇਸ ਲਈ ਕਤਲ ਅਤੇ ਡਰਾਉਣ-ਧਮਕਾਉਣ ਦਾ ਕੰਮ ਬੇਰੋਕ ਚਲ ਸਕਦਾ ਹੈ।
ਝੂਠਾਂ ਦਾ ਜਾਲ਼ ਵਿਛਾਉਣ ਦਾ ਕੰਮ, ਤੱਥਾਂ ਦੀ ਮਿੱਥ ਕੇ ਤੋੜ-ਮਰੋੜ ਅਤੇ ਝੂਠੇ ਬਿਰਤਾਂਤ ਦੀ ਉਸਾਰੀ ਰਾਤੋ-ਰਾਤ ਨਹੀਂ ਹੁੰਦੀ। ਇਹ ਕੰਮ ਮਹੀਨਿਆਂ-ਬੱਧੀ ਅਤੇ ਸਾਲਾਂ-ਬੱਧੀ ਵੱਡੇ ਪੱਧਰ ਉੱਤੇ ਕੀਤਾ ਜਾਂਦਾ ਹੈ। ਇਹ ਸਿਖ਼ਰਲੇ ਡੰਡੇ ਤੋਂ ਸ਼ੁਰੂ ਹੁੰਦਾ ਹੈ, ਹਕੂਮਤ ਦੇ ਗ਼ਲਿਆਰਿਆਂ ਵਿੱਚੋਂ। ਇਸ ਦੇ ਨਤੀਜੇ ਗਲੀਆਂ ਵਿੱਚ ਨਜ਼ਰ ਆਉਂਦੇ ਹਨ। ਗਾਂ-ਹੱਤਿਆ ਦਾ ਮਹੀਨਿਆਂ-ਬੱਧੀ ਦਵੈਸ਼ ਭਰਿਆ ਪ੍ਰੋਪੇਗੰਡਾ ਕਰਨ ਤੋਂ ਬਾਅਦ ਇੱਕ ਜਣੇ ਨੂੰ ਉਸ ਦੇ ਘਰੋਂ ਧੂਹ ਕੇ ਕੱਢਿਆ ਜਾਂਦਾ ਹੈ ਅਤੇ ਸੈਂਕੜਿਆਂ ਦਾ ਹਜੂਮ ਉਸ ਨੂੰ ਕੁੱਟ- ਕੁੱਟ ਕੇ ਮਾਰ ਦਿੰਦਾ ਹੈ। ਕਾਤਲਾਂ ਵਿੱਚ ਸ਼ਾਮਿਲ ਜ਼ਿਆਦਾਤਰ ਬੰਦੇ ਮਕਤੂਲ’ ਦੇ ਸਾਲਾਂ- ਬੱਧੀ ਗੁਆਂਢੀ ਰਹੇ ਸਨ।
ਮੁੰਹਮਦ ਇਖ਼ਲਾਕ ਦੇ 28 ਸਤੰਬਰ 2015 ਨੂੰ ਕਤਲ ਤੋਂ ਦੋ ਦਿਨ ਬਾਅਦ ਮੈਂ ਉੱਤਰ ਪ੍ਰਦੇਸ਼ ਦੇ ਦਾਦਰੀ ਜ਼ਿਲ੍ਹੇ ਵਿੱਚ ਉਸ ਦੇ ਪਿੰਡ ਬੀਸਾਦਾ ਵਿੱਚ ਸਾਂ। ਮੈਨੂੰ ਉਸ ਦੇ ਕਮਰੇ ਦਾ ਦਰਵਾਜ਼ਾ ਯਾਦ ਹੈ। ਹਜੂਮ ਨੇ ਉਸ ਦਾ ਦਰਵਾਜ਼ਾ ਤੋੜਨ ਲਈ ਇੰਨਾ ਪਸ਼ੂ- ਬਲ ਲਗਾਇਆ ਸੀ ਕਿ ਇਸ ਦੇ ਕਬਜ਼ੇ ਖੁੱਲ੍ਹਣ ਦੀ ਥਾਂ ਇਹ ਵਿਚਕਾਰੋਂ ਪਾਟ ਗਿਆ ਸੀ। ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਸ਼ਰਿ-ਆਮ ਕੁੱਟਣ ਲਈ ਧੂਹ ਕੇ ਬਾਹਰ ਲਿਜਾਣ ਤੋਂ ਪਹਿਲਾਂ ਉਸ ਦਾ ਸਿਰ ਕੱਪੜੇ ਸਿਊਣ ਵਾਲੀ ਮਸ਼ੀਨ ਨਾਲ ਭੰਨ੍ਹਿਆ ਸੀ। ਇਖ਼ਲਾਕ ਦੀ ਕੁੱਟ ਕੇ ਮਿੱਝ ਕੱਢ ਦਿੱਤੀ ਗਈ ਸੀ ਅਤੇ ਉਸ ਨੂੰ ਕੁਝ ਮਿੰਟਾਂ ਵਿੱਚ ਹੀ ਮਾਰ ਦਿੱਤਾ ਗਿਆ ਸੀ। ਉਸ ਦੇ ਪੁੱਤਰ ਦੇ ਸਿਰ ਵਿੱਚ ਇੱਟਾਂ ਮਾਰੀਆਂ ਗਈਆਂ ਸਨ, ਉਸ ਨੂੰ ਕਈ ਹਫ਼ਤਿਆਂ ਬਾਅਦ ਕਈ ਅਪਰੇਸ਼ਨਾਂ ਤੋਂ ਬਾਅਦ ਹੋਸ਼ ਆਈ ਸੀ।
ਇਖ਼ਲਾਕ ਦੀ ਬਿਆਸੀ ਸਾਲ ਦੀ ਮਾਂ ਨੂੰ ਵੀ ਕੁੱਟਿਆ ਗਿਆ ਸੀ। ਜਦੋਂ ਮੈਂ ਉਸ ਨੂੰ ਮਿਲਿਆ ਸਾਂ ਤਾਂ ਉਸ ਦੀਆਂ ਅੱਖਾਂ ਦੇ ਦੁਆਲੇ ਡੂੰਘੇ ਜ਼ਖ਼ਮ ਸਨ।
ਕੀ ਇਸ ਤਰ੍ਹਾਂ ਦਾ ਗੁੱਸਾ, ਇਸ ਤਰ੍ਹਾਂ ਦੀ ਖੂਨ-ਖ਼ੁਆਰੀ, ਇਸ ਤਰ੍ਹਾਂ ਦੀ ਦਰਿੰਦਗੀ ਦਾ ਕਾਰਨ ਮਹਿਜ਼ ਅਫ਼ਵਾਹ ਹੋ ਸਕਦੀ ਹੈ ਕਿ ਇਖ਼ਲਾਕ ਨੇ ਗਾਂ ਦਾ ਗੋਸ਼ਤ ਖਾਧਾ ਸੀ? ਬੀਸਾਦਾ ਪਿੰਡ ਦੇ ਇਤਿਹਾਸ ਵਿੱਚ ਫ਼ਿਰਕਾਪ੍ਰਸਤੀ ਵਾਲੇ ਤਣਾਅ ਦੀ ਮਿਸਾਲ ਨਹੀਂ ਸੀ ਜਿਸ ਦੇ ਹਵਾਲੇ ਨਾਲ ਇਸ ਕਤਲ ਨੂੰ ਸਮਝਿਆ ਜਾ ਸਕੇ। ਇਖ਼ਲਾਕ ਦਾ ਪਰਿਵਾਰ ਪਿੰਡ ਦਾ ਇੱਕੋ-ਇੱਕ ਮੁਸਲਮਾਨ ਪਰਿਵਾਰ ਸੀ ਜੋ ਸੱਠ ਸਾਲ ਤੋਂ ਜ਼ਿਆਦਾ ਸਮੇਂ ਤੋਂ ਪਿੰਡ ਵਿੱਚ ਰਹਿੰਦਾ ਸੀ। ਉਨ੍ਹਾਂ ਦਾ ਘਰ ਰਾਜਪੂਤਾਂ ਦੇ ਘਰਾਂ ਦੇ ਵਿਚਕਾਰ ਸੀ। ਇਸ ਦਾ ਮਤਲਬ ਹੈ ਕਿ ਪਿੰਡ ਵਿੱਚ ਇਤਫ਼ਾਕ ਸੀ। ਇਹ ਕਿਵੇਂ ਹੋ ਸਕਦਾ ਹੈ ਕਿ ਮੰਦਿਰ ਵਿੱਚੋਂ ਬੱਛੇ ਦੇ ਕਤਲ ਦਾ ਰਹੱਸਮਈ ਐਲਾਨ ਪੰਦਰ੍ਹਾਂ-ਵੀਹ ਮਿੰਟਾਂ ਵਿੱਚ ਹੀ ਹਜੂਮ ਦੀ ਖ਼ੌਫ਼ਨਾਕ ਦਰਿੰਦਗੀ ਦੀ ਮੰਜ਼ਰ ਬਣ ਜਾਵੇ?
ਉਸ ਤੋਂ ਬਾਅਦ ਮੁਸਲਮਾਨਾਂ ਅਤੇ ਦਲਿਤਾਂ ਖ਼ਿਲਾਫ਼ ਹਜੂਮੀ ਤਸ਼ੱਦਦ ਅਤੇ ਸ਼ਰਿ- ਆਮ ਕੁੱਟਮਾਰ ਦੇ ਮਾਮਲੇ ਬਾਕਾਇਦਾ ਸਾਹਮਣੇ ਆ ਰਹੇ ਹਨ। ਹਰ ਥਾਂ ਦੀ ਇੱਕੋ ਕਹਾਣੀ ਹੈ ਜੋ ਪਲਾਂ ਵਿੱਚ ਸਾਡੇ ਮੁਲਕ ਨੂੰ ਅੱਗ ਲਗਾ ਸਕਦੀ ਹੈ। ਲਾਊਡਸਪੀਕਰ ਤੋਂ ਇੱਕ ਐਲਾਨ ਕੀਤਾ ਜਾਂਦਾ ਹੈ। ਵੱਟਸਐੱਪ ਉੱਤੇ ਤੋੜ-ਮਰੋੜ ਕੇ ਬਣਾਏ ਹੋਏ ਗਾਂ- ਹੱਤਿਆ ਦੇ ਵੀਡੀਓ ਗਸ਼ਤ ਕਰਦੇ ਹਨ। ਕੋਈ ਬੱਛਾ ਲਾਪਤਾ ਹੈ। ਲੋਕ ਗੁੱਸੇ ਵਿੱਚ ਹਨ। ਇਸ ਤੋਂ ਬਾਅਦ ਗੋਸ਼ਤ ਦੇ ਟੁਕੜੇ ਬਰਾਮਦ ਹੁੰਦੇ ਹਨ, ਕਦੇ ਮੰਦਿਰ ਦੇ ਬਾਹਰ ਅਤੇ ਕਦੇ ਮੁਸਲਮਾਨਾਂ ਦੇ ਘਰ ਦੇ ਬਾਹਰ। ਸਿਆਸੀ ਆਗੂ ਜ਼ਹਿਰ ਉਗਲਦੇ ਹਨ, ਫ਼ਿਰਕਾਪ੍ਰਸਤ ਹੋ ਚੁੱਕਿਆ ਮੀਡੀਆਂ ਸਾਜਿਸ਼ਾਂ ਵਾਲਾ ਨਜ਼ਰੀਆ ਨਸ਼ਰ ਕਰਦਾ ਹੈ
ਮਸਨੂਈ ਖ਼ਬਰ ਨਾਲ ਸਿਰਫ਼ ਲਾਚਾਰ ਅਕਲੀਅਤ ਖ਼ਿਲਾਫ਼ ਹੀ ਹਜੂਮ ਲਾਮਬੰਦ ਨਹੀਂ ਕੀਤੇ ਜਾ ਸਕਦੇ ਸਗੋਂ ਨਾਮੀ ਵਿਚਾਰਧਾਰਕ ਵਿਰੋਧੀਆਂ ਖ਼ਿਲਾਫ਼ ਵੀ ਕੀਤੇ ਜਾ ਸਕਦੇ ਹਨ। ਜਦੋਂ ਤੱਕ ਨਿਸ਼ਾਨੇ ਉੱਤੇ ਆਇਆ ਸ਼ਖ਼ਸ ਖ਼ਬਰ ਨੂੰ ਰੱਦ ਕਰੇਗਾ, ਉਸ ਵੇਲੇ ਤੱਕ ਤਾਂ ਦਵੈਸ਼ੀ ਅਫ਼ਵਾਹਾਂ ਦੀ ਬੁਨਿਆਦ ਉੱਤੇ ਹਜੂਮ ਉਸ ਦੇ ਘਰ ਨੂੰ ਖ਼ਾਕ ਕਰ ਦੇਵੇਗਾ। ਅਰੁੰਧਤੀ ਰਾਏ ਲੰਮੀ ਦੇਰ ਤੋਂ ਸੱਜੇ-ਪੱਖੀ ਸਿਆਸਤ ਅਤੇ ਕਸ਼ਮੀਰ ਵਿੱਚ ਫ਼ੌਜੀ ਤਾਇਨਾਤੀ ਦੀ ਤਨਕੀਦ ਕਰਦੀ ਹੈ। ਕਲਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਪਰੇਸ਼ ਰਾਵਲ ਨੇ 17 ਮਈ 2017 ਨੂੰ ਟਵੀਟ ਕਰ ਦਿੱਤਾ ਕਿ ਅਰੁੰਧਤੀ ਰਾਏ ਨੇ ਸ਼੍ਰੀਨਗਰ ਵਿੱਚ ਕਿਸੇ ਪਾਕਿਸਤਾਨੀ ਪੱਤਰਕਾਰ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ‘ਭਾਰਤੀ ਫ਼ੌਜ ਦੀ ਸੱਤਰ ਲੱਖ ਨਫ਼ਰੀ ਕਸ਼ਮੀਰ ਦੀ ਆਜ਼ਾਦੀ ਗੈਂਗ ਨੂੰ ਹਰਾ ਨਹੀਂ ਸਕਦੀ।’ ਇਸ ਤੋਂ ਅਗਲੇ ਟਵੀਟ ਵਿੱਚ ਉਸ ਨੇ ਲਿਖਿਆ, ‘ਸੰਗਬਾਜ਼ਾਂ ਨੂੰ ਫ਼ੌਜੀ ਜੀਪ ਨਾਲ ਬੰਨ੍ਹਣ ਦੀ ਥਾਂ ਅਰੁੰਧਤੀ ਰਾਏ ਨੂੰ ਬੰਨ੍ਹਣਾ ਚਾਹੀਦਾ ਹੈ। ‘ ਉਹ ਇੰਡੀਆ ਦੀ ਫ਼ੌਜ ਦੇ ਜਵਾਨਾਂ ਵੱਲੋਂ ਇੱਕ ਕਸ਼ਮੀਰੀ ਸ਼ਹਿਰੀ ਨੂੰ ਮੁਜ਼ਾਹਰਾਕਾਰੀ ਸੰਗਬਾਜ਼ਾਂ ਦੇ ਖ਼ਿਲਾਫ਼ ਮਨੁੱਖਾ ਢਾਲ ਬਣਾ ਕੇ ਜੀਪ ਦੇ ਅੱਗੇ ਬੰਨ੍ਹੇ ਜਾਣ ਦਾ ਹਵਾਲਾ ਦੇ ਰਿਹਾ ਸੀ।
ਇਹ ਬਹੁਤ ਖ਼ਤਰਨਾਕ ਕਾਰਵਾਈ ਸੀ । ਸੰਸਦ ਦੇ ਮੌਜੂਦਾ ਮੈਂਬਰ ਦਾ ਅਜਿਹਾ ਕਰਨਾ ਹੋਰ ਵੀ ਖ਼ਤਰਨਾਕ ਹੈ। ਇਹ ਅਰੁੰਧਤੀ ਰਾਏ ਉੱਤੇ ਹਮਲੇ ਲਈ ਉਕਸਾਉਣ ਦਾ ਮਾਮਲਾ ਸੀ, ਜਾਂ ਅਜਿਹਾ ਕਿਸੇ ਦੇ ਖ਼ਿਲਾਫ਼ ਵੀ ਹੋ ਸਕਦਾ ਹੈ ਜੋ ਸਰਕਾਰ ਅਤੇ ਉਲਾਰ ਅੰਨ੍ਹੇ ਰਾਸ਼ਟਰਵਾਦੀਆਂ ਨਾਲ ਇਤਫ਼ਾਕ ਨਹੀਂ ਰੱਖਦਾ। ਕਈ ਵੱਡੇ ਖ਼ਬਰੀਆ ਚੈਨਲਾਂ ਨੇ ਇਸ ਨੂੰ ਬਹਿਸ ਦਾ ਮੁੱਦਾ ਬਣਾਇਆ। ਇਹ ਉਸ ਵੇਲੇ ਹੋ ਰਿਹਾ ਸੀ ਜਦੋਂ ਨਾ ਤਾਂ ਅਰੁੰਧਤੀ ਰਾਏ ਨੇ ਸ਼੍ਰੀਨਗਰ ਦਾ ਹਾਲੀਆ ਦੌਰਾ ਕੀਤਾ ਸੀ ਅਤੇ ਨਾ ਹੀ ਕਿਸੇ ਅਖ਼ਬਾਰ ਨਾਲ ਕਸ਼ਮੀਰ ਬਾਬਤ ਗੱਲਬਾਤ ਕੀਤੀ ਸੀ। ਉਸ ਨੇ ਦਰਅਸਲ ਇੱਕ ਸਾਲ ਪਹਿਲਾਂ ਆਊਟਲੁੱਕ ਰਸਾਲੇ ਨੂੰ ਇੰਟਰਵਿਊ ਦਿੱਤਾ ਸੀ ਪਰ ਪਰੇਸ਼ ਰਾਵਲ ਦਾ ਟਵੀਟ ਇਸ ਬਾਰੇ ਵੀ ਨਹੀਂ ਸੀ। ਅਰੁੰਧਤੀ ਰਾਏ ਦੇ ਮੂੰਹ ਵਿੱਚ ਪਾਏ ਪਰੇਸ਼ ਰਾਵਲ ਦੇ ਅਲਫ਼ਾਜ਼ ਉਸ ਦੇ ਨਹੀਂ ਸਨ। ਜਦੋਂ thewire.in ਨੇ ਇਹ ਲੱਭ ਲਿਆ ਕਿ ਗ਼ਲਤ ਜਾਣਕਾਰੀ ਪਰੇਸ਼ ਰਾਵਲ ਤੱਕ ਕਿਵੇਂ ਪਹੁੰਚੀ ਸੀ ਤਾਂ ਮਸਨੂਈ ਖ਼ਬਰ ਦਾ ਮਾਰੂ ਪੱਖ ਸਾਹਮਣੇ ਆਇਆ।
ਪਰੇਸ਼ ਰਾਵਲ ਦਾ ਟਵੀਟ ਫੇਸਬੁੱਕ ਦੇ ਪੰਨੇ ਦੀ ਇੰਡੀਅਨ ਨੈਸ਼ਨਲਿਸਿਟ ਦੀ ਪੋਸਟ ਵਿੱਚ ਅਰੁੰਧਤੀ ਰਾਏ ਦੇ ਅਖਾਉਤੀ ਇੰਟਰਵਿਊ ਦੇ ਲਿੰਕ ਬਾਰੇ ਸੀ। ਉਸ ਪੰਨੇ ਤੱਕ ਇਹ ‘ਖ਼ਬਰ’ ਪੋਸਟਕਾਰਡ ਨਿਊਜ਼ ਨਾਮ ਦੀ ਵੈੱਬਸਾਇਟ ਤੋਂ ਪਹੁੰਚੀ ਸੀ—ਉਸ ਵੈੱਬਸਾਇਟ ਦੇ ਬਹੁਤ ਸਾਰੇ ਲੇਖ ਵਿਵਾਦ ਵਿੱਚ ਰਹੇ ਹਨ ਕਿਉਂਕਿ ਉਹ ਮਸਨੂਈ ਸਾਬਤ ਹੋਏ ਸਨ। ‘ਐਸ਼ਵਰਿਆ ਐੱਸ’ ਨੇ postcard.news ਉੱਤੇ 17 ਮਈ ਨੂੰ ਲਿਖਿਆ ਸੀ ਕਿ ਅਰੁੰਧਤੀ ਰਾਏ ਨੇ ‘ਪਾਕਿਸਤਾਨ ਦੇ ਅਖ਼ਬਾਰ ਦ ਟਾਈਮਜ਼ ਆਫ਼ ਇਸਲਾਮਾਬਾਦ’ ਨੂੰ ਇੰਟਰਵਿਊ ਦਿੱਤਾ ਹੈ। ਇਸ ਲੇਖ ਵਿੱਚ ਇੰਟਰਵਿਊ ਦਾ ਕੋਈ ਲਿੰਕ ਨਹੀਂ ਦਿੱਤਾ ਹੋਇਆ ਸੀ। ਬਾਅਦ ਵਿੱਚ thewire.in ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ‘ਉਸੇ ਦਿਨ ਇਹ ਖ਼ਬਰ ਹੂਬਹੂ “ਆਨੰਦ” ਨਾਮ ਦੇ ਪੱਤਰਕਾਰ ਨੇ ਹਿੰਦੂਤਵ ਪੱਖੀ ਮਸਨੂਈ ਖ਼ਬਰੀਆ ਵੈੱਬਸਾਇਟ satyavijayi.com ਉੱਤੇ ਵੀ ਲਿਖੀ ਸੀ। ਇਸ ਤਰ੍ਹਾਂ “ਅੰਕਿਤਾ ਕੇ.” ਨਾਮ ਦੀ ਪੱਤਰਕਾਰ ਦੇ ਨਾਮ ਨਾਲ ਹਿੰਦੂਤਵ ਪੱਖੀ ਮਸਨੂਈ ਖ਼ਬਰੀਆ ਵੈੱਬਸਾਇਟ the indianvoice.com ਉੱਤੇ ਵੀ ਲਿਖੀ ਸੀ।
ਇਸੇ ਤਰ੍ਹਾਂ ਮਸਨੂਈ ਖ਼ਬਰੀਆ ਵੈੱਬਸਾਇਟਾਂ theresurgentindia.com, revoltpress.com अडे virathindurashtra.com ਨੇ ਵੀਂ ਹੁਬਹੂ ਉਤਾਰ ਛਾਪਿਆ ਸੀ। ਇਨ੍ਹਾਂ ਤੋਂ ਬਿਨਾਂ ਇੱਕ ਮਸਨੂਈ ਖ਼ਬਰੀਆ ਵੈੱਬਸਾਇਟ theinternethindu.in ਨੇ ਕੁਝ ਤਬਦੀਲੀ ਕੀਤੀ ਸੀ ਅਤੇ ਉਨ੍ਹਾਂ ਨੇ ਦ ਟਾਇਮਜ਼ ਆਫ਼ ਇਸਲਾਮਾਬਾਦ’ ਦਾ ਲਿੰਕ ਦਿੱਤਾ ਸੀ ਜੋ ਬਾਅਦ ਵਿੱਚ ਜਾਂਚ ਦੌਰਾਨ ਸਹਾਈ ਹੋਇਆ।
‘ਦ ਟਾਇਮਜ਼ ਆਫ਼ ਇਸਲਾਮਾਬਾਦ’ ਕੋਈ ਅਖ਼ਬਾਰ ਨਹੀਂ ਸਗੋਂ ਵੈੱਬਸਾਇਟ ਸੀ। ਇਸ ਵੈੱਬਸਾਇਟ ਨੇ ਖ਼ਬਰ ਨੂੰ ‘ਨਿਊਜ਼ ਡੈਸਕ’ ਦੇ ਨਾਮ ਲਗਾਇਆ ਹੋਇਆ ਸੀ ਪਰ thewire.in ਨੇ ਪਤਾ ਕੀਤਾ ਕਿ ਇਹੋ ਖ਼ਬਰ ਪਾਕਿਸਤਾਨ ਦੇ ਜੀਓ ਟੀ.ਵੀ. ਉੱਤੇ ਵੀ ਨਸ਼ਰ ਹੋਈ ਸੀ ਅਤੇ ਉਨ੍ਹਾਂ ਨੇ ਕਸ਼ਮੀਰ ਮੀਡੀਆ ਸਰਵਿਸ ਦੇ ਹਵਾਲੇ ਨਾਲ ਇਹ ਖ਼ਬਰ ਨਸ਼ਰ ਕੀਤੀ ਸੀ ਜੋ ਕੋਈ ਮੀਡੀਆ ਅਦਾਰਾ ਨਹੀਂ ਹੈ ਸਗੋਂ ‘ਇਹ ਮਕਬੂਜ਼ਾ ਕਸ਼ਮੀਰ ਵਿੱਚ ਸਰਗਰਮ ਇੱਕ ਖਾੜਕੂ ਜਥੇਬੰਦੀ ਦਾ ਪ੍ਰੋਪੇਗੰਡਾ ਕਰਨ ਵਾਲਾ ਅਦਾਰਾ ਹੈ। ਇਹ ਆਪਣੀ ਵੈੱਬਸਾਇਟ ਚਲਾਉਂਦਾ ਹੈ ਪਰ ਅਰੁੰਧਤੀ ਰਾਏ ਦੀ ਕੋਈ ਇੰਟਰਵਿਊ ਉੱਥੇ ਨਹੀਂ ਹੈ।’ ਇਹ ਸਾਫ਼ ਹੋ ਗਿਆ ਕਿ ਅਜਿਹਾ ਕੋਈ ਇੰਟਰਵਿਊ ਨਹੀਂ ਸੀ।
ਇਸ ਤਰ੍ਹਾਂ ਇੱਕ ਮਸਨੂਈ ਮੁਲਾਕਾਤ ਅਤੇ ਪਾਕਿਸਤਾਨ ਦੀ ਇੱਕ ਮਸਨੂਈ ਖ਼ਬਰੀਆ ਵੈੱਬਸਾਇਟ ਤੋਂ ਮਸਨੂਈ ਖ਼ਬਰ ਇੰਡੀਆ ਦੇ ਮੈਂਬਰ ਪਾਰਲੀਮੈਂਟ ਦੇ ਟਵਿੱਟਰ ਉੱਤੇ ਪਹੁੰਚ ਗਈ ਅਤੇ ਅਰੁੰਧਤੀ ਰਾਏ ਬਾਰੇ ਰੋਹ ਭਰੀ ਬਹਿਸ ਟੈਲੀਵਿਜ਼ਨ ਚੈਨਲਾਂ ਉੱਤੇ ਪਹੁੰਚ ਗਈ। ਦਿਲਕਸ਼ ਮਾਮਲਾ ਇਹ ਹੈ ਕਿ ਇਨ੍ਹਾਂ ਵਿੱਚੋਂ ਕੁਝ ਚੈਨਲਾਂ ਨੇ ਪਾਕਿਸਤਾਨ ਖ਼ਿਲਾਫ਼ ਪ੍ਰੋਪੇਗੰਡਾ ਨੂੰ ਹੀ ਆਪਣਾ ਹਾਸਿਲ ਬਣਾਇਆ ਹੋਇਆ ਹੈ।
ਕੁਝ ਦਿਨਾਂ ਬਾਅਦ ਪਰੇਸ਼ ਰਾਵਲ ਨੇ ਹਿਚਕਚਾਉਂਦੇ ਹੋਏ ਉਸ ਟਵੀਟ ਨੂੰ ਮਿਟਾ ਦਿੱਤਾ। ਉਸ ਮਸਨੂਈ ਖ਼ਬਰ ਨੂੰ ਚਲਾਉਣ ਵਾਲੀਆਂ ਵੈੱਬਸਾਇਟਾਂ ਨੇ ਫ਼ੌਰੀ ਤੌਰ ਉੱਤੇ ਉਸ ਨੂੰ ਨਹੀਂ ਮਿਟਾਇਆ। ਜ਼ਰਾ ਸੋਚੋ ਕਿ ਇਹ ਕਿੰਨਾ ਖ਼ਤਰਨਾਕ ਹੈ। ਇੰਡੀਆ ਅਤੇ ਪਾਕਿਸਤਾਨ ਦੀਆਂ ਵੈੱਬਸਾਇਟਾਂ ਮਸਨੂਈ ਖ਼ਬਰ ਦੀ ਪੈਦਾਇਸ਼ ਵਿੱਚ ਇੱਕ-ਦੂਜੇ ਦੀਆਂ ਹਿੱਸੇਦਾਰ ਹੋ ਸਕਦੀਆਂ ਹਨ। ਕੋਈ ਤੁਹਾਡੇ ਨਾਮ ਉੱਤੇ ਪਾਕਿਸਤਾਨੀ ਵੈੱਬਸਾਇਟ ਉੱਤੇ ਮਸਨੂਈ ਇੰਟਰਵਿਊ ਛਾਪ ਦਿੰਦਾ ਹੈ, ਜਦੋਂ ਤੱਕ ਤੁਸੀਂ ਸਫ਼ਾਈ ਪੇਸ਼ ਕਰੋਗੇ ਉਦੋਂ ਤੱਕ ਤਾਂ ਟੈਲੀਵਿਜ਼ਨ ਚੈਨਲ, ਸਿਆਸੀ ਆਗੂ ਅਤੇ ਇਹੋ ਜਿਹੀ ਵੈੱਬਸਾਇਟਾਂ ਰਲ਼ ਕੇ ਤੁਹਾਡਾ ਬੇਹੱਦ ਨੁਕਸਾਨ ਕਰ ਸਕਦੀਆਂ ਹਨ, ਕੋਈ ਹਿੰਸਕ ਹਜੂਮ ਤੁਹਾਡੇ ਦਰਵਾਜ਼ੇ ਉੱਤੇ ਲਿਆ ਸਕਦੇ ਹਨ। ਹੁਣ ਤੱਕ ਇਹ ਤਰਕੀਬ ਅਸਹਿਮਤੀ ਦੀ ਆਵਾਜ਼ ਬਣਨ ਵਾਲੇ ਲੋਕਾਂ ਨੂੰ ਫਜ਼ਲਾ ਕਰਣ ਲਈ ਇਸਤੇਮਾਲ ਹੋਈ ਹੈ, ਨਿਤਾਣੀ ਅਤੇ ਡਰਪੋਕ ਜਿਹੀ ਵਿਰੋਧੀ ਸਿਆਸੀ ਧਿਰ ਨੂੰ ਦਹਿਸ਼ਤਜ਼ਦਾ ਕਰਨ ਲਈ ਵਰਤੀ ਗਈ ਹੈ ਪਰ ਜਲਦੀ ਹੀ ਇਹ ਜੁਗਤ ਸਾਡੇ ਵਰਗੇ ਸਾਰਿਆਂ ਨੂੰ ਠੀਕ ਕਰਨ ਲਈ ਵਰਤੀ ਜਾਵੇਗੀ। ਦਰਅਸਲ ਤਾਂ ਇਹ ਹਥਿਆਰ ਅਜ਼ਮਾਇਆ ਜਾ ਰਿਹਾ ਹੈ। ਇਸ ਦੇ ਸਬੂਤ ਸਾਡੇ ਚਾਰੇ ਪਾਸੇ ਪਏ ਹਨ।
ਇਸ ਤਰ੍ਹਾਂ ਸਿਆਸੀ ਮਨਸੂਬਾ-ਬੰਦੀ ਵਾਲੀ ਮਸਨੂਈ ਖ਼ਬਰ ਨਾ ਸਿਰਫ਼ ਸ਼ਹਿਰੀਆਂ ਨੂੰ ਹਕੀਕਤ ਤੋਂ ਲਾਂਭੇ ਕਰਦੀ ਹੈ ਸਗੋਂ ਇਹ ਸ਼ਹਿਰੀਆਂ ਅਤੇ ਉਸ ਦੀ ਧਿਰ ਬਣ ਕੇ ਸੁਆਲ ਪੁੱਛਣ ਵਾਲਿਆਂ ਦੇ ਵਿਚਕਾਰ ਵੰਡੀਆਂ ਪਾਉਂਦੀ ਹੈ। ਇਹ ਖ਼ੌਫ਼, ਪਰੇਸ਼ਾਨੀ ਅਤੇ ਪਸ਼ੇਮਾਨੀ ਪੈਦਾ ਕਰਨ ਵਾਲੇ ਤੰਤਰ ਦੀ ਲਗਾਤਾਰ ਉਸਾਰੀ ਕਰਦੀ ਹੈ ਤਾਂ ਜੋ ਇਨ੍ਹਾਂ ਲੋਕਾਂ ਦਾ ਕਾਫ਼ਲਾ ਸੁੰਗੜਦਾ ਅਤੇ ਖਿੰਡਦਾ ਰਹੇ। ਸਿਆਸੀ ਆਗੂ ਅਤੇ ਫ਼ਿਰਕਾਪ੍ਰਸਤ ਨਜ਼ਰੀਆਸਾਜ਼ ਰਲ਼ ਕੇ ਪੂਰੀ ਹੁਸ਼ਿਆਰੀ ਨਾਲ ਸਾਨੂੰ ਸੀਲ ਕਰ ਰਹੇ ਹਨ। ਜੇ ਅਸੀਂ ਪਰੋਸੀ ਜਾ ਰਹੀ ਹਰ ਮੂਰਤ ਅਤੇ ਹਰ ਅਖਾਉਤੀ ਸੱਚ ਦੀ ਪੜਚੋਲ ਲਈ ਆਪਣੇ-ਆਪ ਨੂੰ ਤਿਆਰ ਨਾ ਕੀਤਾ ਤਾਂ ਮਸਨੂਈ ਖ਼ਬਰ ਉਨ੍ਹਾਂ ਲਈ ਬਹੁਤ ਕੰਮ ਦੀ ਸ਼ੈਅ ਰਹੇਗੀ। ਉਹ ਤਾਂ ਜਮਹੂਰੀਅਤ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਗ਼ੈਰ-ਮਹਿਫ਼ੂਜ਼ ਰੱਖਣਾ ਚਾਹੁੰਦੇ ਹਨ। ਇਹ ਚੋਣ ਅਸੀਂ ਕਰਨੀ ਹੈ—ਸ਼ਹਿਰੀ ਬਣਨਾ ਹੈ ਜਾਂ ਗੁੱਡੇ; ਜਮਹੂਰੀਅਤ ਜਾਂ ਜਾਬਰਾਨਾ ਹਕੂਮਤ।
ਖ਼ੌਫ਼ ਭਰਨ ਦਾ ਕੌਮੀ ਮਨਸੂਬਾ
ਆਪਣੇ ਕੰਮ-ਬੇਲੀਆਂ ਖ਼ਿਲਾਫ਼ ਹੋਈ ਹਿੰਸਾ ਦੀ ਤਨਕੀਦ ਕਰਨ ਲਈ 2017 ਦੌਰਾਨ ਕੁਝ ਹੀ ਮਹੀਨਿਆਂ ਵਿੱਚ ਸਾਨੂੰ ਦੋ ਵਾਰ ਜੁੜਨਾ ਪਿਆ। ਮੇਰਾ ਇਹ ਲੇਖ ਉਨ੍ਹਾਂ ਦੋ ਤਕਰੀਰਾਂ ਦੁਆਲੇ ਘੁੰਮਦਾ ਹੈ ਜੋ ਮੈਂ ਬੇਹੁਰਮਤੀ ਅਤੇ ਅਫ਼ਸੋਸ ਦਾ ਇਜ਼ਹਾਰ ਕਰਨ ਲਈ ਦਿੱਤੀਆਂ ਸਨ। ਪਹਿਲਾਂ ਬਾਸਿਤ ਮਲਿਕ ਨੂੰ ਪੁਲਿਸ ਨੇ ਕੁੱਟਿਆ ਅਤੇ ਦੂਜਾ ਬੈਂਗਲੁਰੂ ਵਿੱਚ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ।
***
ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਨੇ ਦਿੱਲੀ ਵਿੱਚ ਜੂਨ 2017 ਦੌਰਾਨ ਸਾਨੂੰ ਪੱਤਰਕਾਰਾਂ ਨੂੰ ‘ਨਾਰਦ ਵਰਗੇ’ ਬਣ ਜਾਣ ਦੀ ਸਲਾਹ ਦਿੱਤੀ ਸੀ। ਉਸ ਨੇ ਕਿਹਾ ਕਿ ਨਾਖ਼ੁਸ਼ਗਵਾਰ ਸੱਚ ਨਸ਼ਰ ਨਾ ਕਰੋ। ਜੇ ਤੁਸੀਂ ਸਰਕਾਰ ਨਾਲ ਗੱਲ ਕਰਨੀ ਹੈ ਤਾਂ ਖ਼ੂਬਸੂਰਤ ਬੋਲੀ ਵਿੱਚ ਕਰੋ।
. ਇੰਡੀਆ ਦੇ ਮਿਥਿਹਾਸ ਵਿੱਚ ਰਿਸ਼ੀ ਨਾਰਦ ਨੂੰ ਉਸ ਦੇ ਬੋਲੇ ‘ਨਾਰਾਇਣ, ਨਾਰਾਇਣ’ ਲਈ ਜਾਣਿਆ ਜਾਂਦਾ ਹੈ ਜੋ ਵਿਸ਼ਨੂੰ ਦਾ ਪੱਕਾ ਭਗਤ ਹੈ ਅਤੇ ਮੁਸਾਫ਼ਰ ਵਜੋਂ ਹਰ ਜਹਾਨ ਦੀ ਖ਼ਬਰ ਲਿਆਉਂਦਾ ਹੈ। ਮੈਂ ਮੋਹਤਰਮਾ ਸਪੀਕਰ ਨੂੰ ਦੱਸਣਾ ਚਾਹੁੰਦਾ ਹਾਂ ਹੈਕਿ ‘ਜੇ ਤੁਸੀਂ ਸਾਥੋਂ ਪੱਤਰਕਾਰਾਂ ਤੋਂ ਨਾਰਦ ਹੋਣ ਦੀ ਤਵੱਕੋ ਕਰਦੇ ਹੋ’ ਤਾਂ ‘ਰਾਜੇ ਦੇ ਦਰਬਾਰ ਵਿੱਚ ਰੂਹਾਨੀ ਚਿਹਰਿਆਂ ਦੀ ਝਲਕ ਵੀ ਦਿਖਾਓ। ਉਨ੍ਹਾਂ ਵਿੱਚੋਂ ਕਿਹੜਾ ਰੱਬ ਹੋਣ ਦਾ ਪਾਤਰ ਹੈ ਜਿਸ ਦਾ ਸਾਨੂੰ ਨਾਰਦ ਹੋਣਾ ਚਾਹੀਦਾ ਹੈ ਅਤੇ ਨਾਖ਼ੁਸ਼ਗਵਾਰ ਸੱਚ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।’ ਮੈਂ ਇਹ ਵੀ ਪੁੱਛਣਾ ਚਾਹੁੰਦਾ ਹਾਂ, ‘ਤੁਸੀਂ ਕਿਵੇਂ ਫ਼ੈਸਲਾ ਕਰੋਗੇ ਕਿ ਕਿਹੜਾ ਸੱਚ ਖ਼ੁਸ਼ਗਵਾਰ ਹੈ ਅਤੇ ਕਿਹੜਾ ਨਹੀਂ?’
ਪਿਛਲੇ ਕੁਝ ਸਾਲਾਂ ਵਿੱਚ ਪੱਤਰਕਾਰਾਂ ਨੂੰ ਧਮਕਾ ਕੇ ਸੀਲ ਕਰਨ ਦਾ ਰੁਝਾਨ ਤੇਜ਼ ਹੋਇਆ ਹੈ। ਤਰ ਸਾਲਾਂ ਵਿੱਚ ਪੱਤਰਕਾਰਾਂ ਮੁਸਕਲ ਹੋ ਗਿਆ ਹੈ ਕਿ ਕੌਣ ਅਤੇ ਕਿਉਂ ਨਿਸ਼ਾਨੇ ਉੱਤੇ ਹੈ। ਗਲੀਆਂ ਤੋਂ ਚੌਰਾਹਿਆਂ ਤੱਕ ਹਜੂਮ ਉਡੀਕ ਕਰ ਰਿਹਾ ਹੈ ਜੋ ਸਾਡੀਆਂ ਸ਼ਕਲਾਂ ਪਛਾਣਦਾ ਹੈ। ਇਹ ਮਾਅਨੇ ਨਹੀਂ ਰੱਖਦਾ ਕਿ ਕੋਈ ਆਪਣਾ ਕੰਮ ਕਰ ਰਹੀ/ਰਿਹਾ ਹੈ। ਹਜੂਮ ਪਹਿਲਾਂ ਉਸ ਸ਼ਖ਼ਸ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦਾ ਹੈ ਅਤੇ ਫਿਰ ਹਮਲਾ ਕਰਦਾ ਹੈ।
ਕਾਰਵਾਂ ਦੇ ਪੱਤਰਕਾਰ ਬਾਸਿਤ ਮਲਿਕ ਨੂੰ 9 ਜੂਨ 2017 ਨੂੰ ਦਿੱਲੀ ਦੇ ਸੋਨੀਆ ਵਿਹਾਰ ਇਲਾਕੇ ਵਿੱਚ ਹਜੂਮ ਨੇ ਘੇਰ ਲਿਆ-ਜਦੋਂ ਉਸ ਦੇ ਨਾਮ ਕਾਰਨ ਉਸ ਦੀ ਮੁਸਲਮਾਨ ਵਜੋਂ ਸ਼ਨਾਖ਼ਤ ਹੋਈ-ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਕੰਮ ਕਰਦੇ ਹੋਏ ਪੱਤਰਕਾਰ ਉੱਤੇ ਇਲਜ਼ਾਮ ਇਹ ਲਗਾਇਆ ਕਿ ਇਹ ‘ਪਾਕਿਸਤਾਨੀ’ ਹੈ ਅਤੇ ਇਸ ਨੂੰ ‘ਬਿਨਾਂ ਕਾਗ਼ਜ਼ਾਂ’ ਤੋਂ ਫੜਿਆ ਗਿਆ ਹੈ। ਉਸ ਨੇ ਆਪਣੀ ਹੋਣੀ ਬਾਰੇ ਕਾਰਵਾਂ ਵਿੱਚ ਲਿਖਿਆ ਹੈ। ਬਾਸਿਤ ਦੀ ਦਹਿਸ਼ਤਨਾਕ ਤਫ਼ਸੀਲ ਵਿੱਚ ਇੱਕ ਵਕੀਲ ਦਾ ਕਿਰਦਾਰ ਉਭਰ ਕੇ ਸਾਹਮਣੇ ਆਉਂਦਾ ਹੈ। ਇਹ ਕਿਰਦਾਰ ਹਜੂਮ ਦੀ ਹਿੰਸਾ ਵਾਲੀਆਂ ਜ਼ਿਆਦਾਤਰ ਵਾਰਦਾਤ ਵਿੱਚ ਸਾਹਮਣੇ ਆਉਂਦਾ ਹੈ। ਇਸ ਦਾ ਬਿਆਨਿਆ ਹਜੂਮ ਦੇ ‘ਕਾਨੂੰਨੀ ਅਖ਼ਤਿਆਰ ਸੈੱਲ’ ਵਾਲਾ ਬਣਦਾ ਹੈ। ਹਾਲੀਆ ਦੌਰ ਦੇ ਵਕੀਲਾਂ ਦੀ ਸ਼ਮੂਲੀਅਤ ਵਾਲੇ ਅਜਿਹੇ ਕਈ ਵਾਕਿਆਤ ਯਾਦ ਆਉਂਦੇ ਹਨ।
ਮਿਸਾਲ ਵਜੋਂ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਅਲੋਕ ਸਿੰਘ ਅਤੇ ਕਾਉਨੈਨ ਸ਼ਰੀਫ਼ ਫਰਵਰੀ 2016 ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦਾ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਵਾਲਾ ਦੇਸ਼ਧ੍ਰੋਹ ਦਾ ਮਾਮਲਾ ਕਵਰ ਕਰ ਰਹੇ ਸਨ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਵਕੀਲਾਂ ਨੇ ਇਨ੍ਹਾਂ ਪੱਤਰਕਾਰਾਂ ਨੂੰ ‘ਰਾਸ਼ਟਰ-ਵਿਰੋਧੀ’ ਕਰਾਰ ਦਿੰਦੇ ਹੋਏ ਹਮਲਾ ਕੀਤਾ। ਸਾਨੂੰ ਇਹ ਕਦੇ ਪਤਾ ਨਹੀਂ ਲੱਗਣਾ ਕਿ ਅਸਲ ਵਿੱਚ ਉੱਥੇ ਕੀ ਹੋਇਆ। ਇਸ ਤੋਂ ਬਾਅਦ ਜੁਲਾਈ 2016 ਦੌਰਾਨ ਕੋਚੀ ਦੀ ਕੇਰਲਾ ਹਾਈਕੋਰਟ ਵਿੱਚ ਵਕੀਲਾਂ ਦੇ ਹਿੰਸਕ ਹਜੂਮ ਨੇ ਪੱਤਰਕਾਰਾਂ ਨੂੰ ਕਿਸੇ ਸਰਕਾਰੀ ਮਾਮਲੇ ਦੀ ਪੈਰਵਾਈ ਕਰਨ ਵਾਲੇ ਦੀ ਕਵਰੇਜ ਕਰਨ ਤੋਂ ਰੋਕਿਆ।
ਕਰਨਾਟਕਾ ਵਿਧਾਨ ਸਭਾ ਦੇ ਸਪੀਕਰ ਕੇ.ਬੀ.ਕੋਲੀਵਾਡ ਨੇ ਜੂਨ 2017 ਨੂੰ ਯੇਲਾਹੰਕਾ ਵੁਆਇਸ ਅਤੇ ਹਾਏ ਬੈਂਗਲੋਰ ਦੇ ਸੰਪਾਦਕਾਂ ਨੂੰ ਵਿਧਾਇਕਾਂ ਨੂੰ ਬਦਨਾਮ ਕਰਨ ਵਾਲੇ ਲੇਖ ਛਾਪਣ ਲਈ ਇੱਕ ਸਾਲ ਦੀ ਕੈਦ ਅਤੇ ਦੋਵਾਂ ਨੂੰ ਦਸ-ਦਸ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ। ਇਹ ਪੱਤਰਕਾਰਾਂ ਨੂੰ ਧਮਕਾਉਣ ਵਾਲੇ ਰੁਝਾਨ ਦੀ ਇੱਕ ਮਿਸਾਲ ਹੈ
ਜ਼ਰਾ ਧਿਆਨ ਦਿਓ ਕਿ ਬਜਰੰਗ ਦਲ ਦੀ ਹਥਿਆਰਾਂ ਦੀ ਸਿਖਲਾਈ ਵਾਲੇ ਕੈਂਪਾਂ ਦੀ ਜਾਂਚ ਕਰ ਰਹੇ ਪੱਤਰਕਾਰਾਂ ਅਸਦ ਅਸ਼ਰਫ਼, ਅਨੁਪਮ ਪਾਂਡੇ ਅਤੇ ਵਿਨੇ ਪਾਂਡੇ ਨਾਲ ਉਨ੍ਹਾਂ ਦੀ ਹਨੁਮਾਨਗੜ੍ਹ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਕੀ ਹੋਇਆ ਹੋਵੇਗਾ। ਉਨ੍ਹਾਂ ਨਾਲ ਰਾਜਸਥਾਨ ਵਿੱਚ ਕੀ ਬੀਤੀ ਹੋਵੇਗੀ? ਜਿਹੜਾ ਪੁਲਿਸ ਮੁਲਾਜ਼ਮ ਕਹਿੰਦਾ ਹੈ ਕਿ ‘ਭਾਵੇਂ ਮੈਨੂੰ ਨੌਕਰੀ ਤੋਂ ਅੱਜ ਹੀ ਮੁਅੱਤਲ ਕੀਤਾ ਜਾਵੇ ਪਰ ਤੈਨੂੰ ਤਾਂ ਜੁੱਤੀਆਂ ਨਾਲ ਮਾਰਾਂਗਾ। ‘ ਉਹ ਇੰਨਾ ਧੜੱਲੇਦਾਰ ਕਿਉਂ ਹੈ? ਉਹ ਜਾਣਦਾ ਹੈ ਕਿ ਖ਼ੌਫ਼ ਭਰਨ ਦਾ ਕੌਮੀ ਮਨਸੂਬਾ ਬਣਾਉਣ ਵਾਲੇ ਸਿਆਸੀ ਗੁਰੂਆਂ ਅਤੇ ਮਾਲਕਾਂ ਦਾ ਹੱਥ ਉਸ ਦੀ ਪਿੱਠ ਉੱਤੇ ਹੈ। ਇਹ ਮਨਸੂਬਾ ਉਸ ਨੂੰ ਅਖ਼ਤਿਆਰ ਦਿੰਦਾ ਹੈ।
ਇੰਡੀਆ ਵਿੱਚ ਖ਼ੌਫ਼ ਭਰਨ ਦਾ ਕੌਮੀ ਮਨਸੂਬਾ ਮੁਕੰਮਲ ਹੋ ਗਿਆ ਹੈ। ਲੋਕਾਂ ਨੂੰ ਨਵੀਂਆਂ ਸੜਕਾਂ ਅਤੇ ਨੌਕਰੀਆਂ ਤੋਂ ਪਹਿਲਾਂ ਇੱਕ ਸ਼ੈਅ ਮਿਲ ਗਈ ਹੈ—ਖ਼ੌਫ਼। ਭਾਵੇਂ ਕੋਈ ਪੱਤਰਕਾਰ ਹੋਵੇ ਜਾਂ ਕੋਈ ਹੋਰ—ਖ਼ੌਫ਼ ਹਰ ਜੀਅ ਦੀ ਰੋਜ਼ਾਨਾ ਜ਼ਿੰਦਗੀ ਦੀ ਹਕੀਕਤ ਬਣ ਗਿਆ ਹੈ। ਇਸ ਖ਼ੌਫ਼ ਨੂੰ ਅਸੀਂ ਸਾਰੇ ਵੱਖ-ਵੱਖ ਤਰ੍ਹਾਂ ਅਤੇ ਤਰੀਕਿਆਂ ਨਾਲ ਹੱਡੀਂ- ਹੰਢਾ ਰਹੇ ਹਾਂ। ਜਦੋਂ ਹੀ ਅਸੀਂ ਆਪਣੇ ਘਰਾਂ ਤੋਂ ਬਾਹਰ ਪੈਰ ਪਾਉਂਦੇ ਹਾਂ ਤਾਂ ਕੰਨਾਂ ਵਿੱਚ ਖ਼ਤਰੇ ਦੀ ਘੰਟੀ ਖੜਕ ਜਾਂਦੀ ਹੈ: ਸਾਵਧਾਨ, ਇਧਰ ਦੇਖੋ, ਉਧਰ ਦੇਖੋ।
ਇਹ ਜੱਗ-ਜ਼ਾਹਿਰ ਹੈ ਕਿ ਮੀਡੀਆ ਵਿੱਚੋਂ ਸਿਰਫ਼ ‘ਗੋਦੀ ਮੀਡੀਆ’ ਹੀ ਇੰਡੀਆ ਵਿੱਚ ਮਹਿਫ਼ੂਜ਼ ਹੈ। ਜੇ ਤੁਸੀਂ ਛਾਲ ਮਾਰ ਕੇ ਹਕੂਮਤ ਦੀ ਗੋਦੀ ਚੜ੍ਹ ਜਾਵੇਂ ਅਤੇ ਆਲਣਾ ਪਾ ਲਵੋਂ ਤਾਂ ਕਿਸੇ ਦੀ ਕਿਤੇ ਵੀ ਤੁਹਾਨੂੰ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਹੋਵੇਗੀ। ਤੁਹਾਨੂੰ ਟੈਲੀਵਿਜ਼ਨ ਦੇ ਪਰਦੇ ਉੱਤੇ ਨਾਰਦ ਵਾਂਗ ਸ਼ੋਖ਼ੀ ਨਾਲ ਤਾਨਪੁਰੇ ਦੀ ਤਾਨ ਉੱਤੇ ਸ਼ਰਧਾਮਈ ਗੀਤ ਗਾਉਣੇ ਹੋਣਗੇ ਅਤੇ ‘ਨਾਰਾਇਣ ਨਾਰਾਇਣ’ ਦਾ ਜਾਪ ਕਰਨਾ ਹੋਵੇਗਾ।
ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੀ ਇੱਕ ਦੋਸਤ ਆਪਣੀ ਮਾਂ ਨਾਲ ਰੇਲਗੱਡੀ ਵਿੱਚ ਸਫ਼ਰ ਕਰ ਰਹੀ ਸੀ। ਉਸ ਰਵਾਇਤੀ ਖ਼ਿਆਲਾਤ ਵਾਲੀ ਬੀਬੀ ਨੇ ਬੁਰਕਾ ਪਾਇਆ ਹੋਇਆ ਸੀ। ਚਲਦੀ ਗੱਡੀ ਵਿੱਚ ਹਜੂਮ ਜੁੜ ਗਿਆ ਅਤੇ ਤਨਜ਼ੀਆ ਬੋਲੇ ਮਾਰਨ ਲੱਗਿਆ। ਸਫ਼ਰ ਦੇ ਪਹਿਲੇ ਦੋ ਘੰਟਿਆਂ ਵਿੱਚ ਹੀ ਇਨ੍ਹਾਂ ਦਾ ਇਤਮਾਦ ਡੋਲ ਗਿਆ। ਖੌਫ਼ ਭਰਨ ਦੇ ਮਨਸੂਬੇ ਨੂੰ ਹੁਣ ਕਾਮਯਾਬੀ ਨਾਲ ਪੂਰੇ ਮੁਲਕ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਇਸ ਵਿੱਚ ਸਭ ਤੋਂ ਛੋਟੀਆਂ ਅਤੇ ਗ਼ੈਰ-ਮਹਿਫ਼ੂਜ਼ ਇਕਾਈਆਂ ਨਿਸ਼ਾਨੇ ਉੱਤੇ ਹਕ ਹੁਣ ਇਹ ਮਨਸੂਬਾ ਪੱਤਰਕਾਰਾ ਅਦਾਰਿਆਂ ਅਤੇ ਇਨ੍ਹਾਂ ਵਿੱਚ ਕੰਮ ਕਰਦੇ ਜੀਆਂ ਤੱਕ ਪਹੁੰਚ ਗਿਆ ਹੈ। ਮੈਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਇਨ੍ਹਾਂ ਹਾਲਾਤ ਨੂੰ ਮੋੜਾ ਕਿਵੇਂ ਪਵੇਗਾ। ਸ਼ਾਇਦ ਅਸੀਂ ਕੁੱਟ ਦਾ ਸ਼ਿਕਾਰ ਹੋਏ ਜਾਂ ਮਾਰੇ ਗਏ ਜੀਆਂ ਦੇ ਪਰਿਵਾਰਾਂ ਲਈ ਹੈਲਪਲਾਇਨ ਸ਼ੁਰੂ ਕਰ ਸਕਦੇ ਹਾਂ।
ਮੁੱਖ-ਧਾਰਾ ਦਾ ਇੱਕ ਤਬਕਾ ਤਾਂ ਹਮੇਸ਼ਾਂ ਹੀ ਨਫ਼ਰਤ ਵਰਤਾਉਣ ਵਾਲਿਆਂ ਦੇ ਨਿਸ਼ਾਨੇ ਉੱਤੇ ਸੀ ਅਤੇ ਹੁਣ ਸਾਡੇ ਉਨ੍ਹਾਂ ਕੰਮ-ਬੇਲੀਆਂ ਦੀ ਵਾਰੀ ਆ ਗਈ ਹੈ ਜੋ ਅਮਲੀ ਤੌਰ ਉੱਤੇ ਮੁੱਤਬਾਦਲ ਪੱਤਰਕਾਰੀ ਕਰਦੇ ਹਨ-ਮੁੱਠੀ ਭਰ ਪੱਤਰਕਾਰਾਂ ਨਾਲ ਛੋਟੀਆਂ ਵੈੱਬਸਾਇਟਾਂ ਚਲਾਉਂਦੇ ਹਨ। ਇਹ ਉਹ ਵੈੱਬਸਾਇਟਾਂ ਹਨ ਜਿਨ੍ਹਾਂ ਨੂੰ ਲੱਖ, ਦੋ ਲੱਖ ਜਾਂ ਸ਼ਾਇਦ ਪੰਜ ਲੱਖ ਹਿੱਟ ਮਿਲਦੇ ਹਨ। ਜਦੋਂ ਮੁੱਖ-ਧਾਰਾ ਦੀ ਜ਼ੁਬਾਨ-ਬੰਦੀ ਹੋ ਜਾਂਦੀ ਹੈ ਤਾਂ ਇਹੋ ਘਟਨਾਵਾਂ ਦੀਆਂ ਰਪਟਾਂ ਨਸ਼ਰ ਕਰਦੇ ਹਨ। ਇਨ੍ਹਾਂ ਪੱਤਰਕਾਰਾਂ ਉੱਤੇ ਵੀ ਬੇਕਿਰਕੀ ਨਾਲ ਮਾਰ ਪੈਣ ਵਾਲੀ ਹੈ। ਇਹ ਸਭ ਕੁਝ ਸਿਆਸੀ ਖੇਡ ਵਜੋਂ ਪੂਰੀ ਵਿਓਂਤ- ਬੰਦੀ ਨਾਲ ਹੋ ਰਿਹਾ ਹੈ।
ਬਹੁਤ ਸਾਰੇ ਮੁਕਾਮੀ ਸਿਆਸੀ ਦਲਾਲ ਵਿਚੋਲਿਆਂ ਦਾ ਕੰਮ ਕਰਨ ਦੇ ਨਾਲ ਵੱਟਸਐੱਪ ਰਾਹੀਂ ਜਾਣਕਾਰੀ ਵੀ ਮੁਹੱਈਆ ਕਰਦੇ ਹਨ ਅਤੇ ਹੁਣ ਮਾਰ-ਮਰਾਈ ਦੇ ਧੰਦੇ ਵਿੱਚ ਵੀ ਆ ਗਏ ਹਨ। ਪਹਿਲਾਂ ਕਿਸੇ ਨੂੰ ਕੁੱਟ ਕੇ ਮਾਰਨ ਲਈ ਦਸ ਬੰਦੇ ਇਕੱਠੇ ਕਰਨ ਲਈ ਸਮਾਂ ਲਗਦਾ ਸੀ। ਬਾਸਿਤ ਮਲਿਕ ਦੇ ਮਾਮਲੇ ਵਿੱਚ ਹਜੂਮ ਇਕੱਠਾ ਕਰਨ ਲਈ ਕੋਈ ਸਮਾਂ ਨਹੀਂ ਲੱਗਿਆ ਕਿਉਂਕਿ ਉਨ੍ਹਾਂ ਕੋਲ ਬਹੁਤ ਪੁਖ਼ਤਾ ਸੰਦ ਹੈ—ਵੱਟਸਐੱਪ- ਇਸੇ ਕਾਰਨ ਬਹੁਤ ਸਾਰੇ ਪੱਤਰਕਾਰਾਂ ਨੂੰ ਕਾਰਿ-ਮੈਦਾਨ ਵਿੱਚ ਜਾਣਾ ਨਾਮੁਮਕਿਨ ਹੋ ਗਿਆ ਹੈ।
ਮੈਂ ਆਪਣੇ ਤਜਰਬੇ ਨਾਲ ਦੱਸ ਸਕਦਾ ਹਾਂ ਕਿ ਨੋਟ-ਬੰਦੀ ਤੋਂ ਬਾਅਦ ਦੇ ਦਿਨਾਂ ਵਿੱਚ ਰਪਟ ਕਰਨ ਲਈ ਬਾਹਰ ਕਿਤੇ ਵੀ ਜਾਣਾ ਬਹੁਤ ਮੁਸ਼ਕਲ ਹੋ ਗਿਆ ਸੀ। ਹੁਣ ਤੁਸੀਂ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਗਾਰਦ ਨਾਲ ਤਾਂ ਹਰ ਥਾਂ ਸਫ਼ਰ ਨਹੀਂ ਕਰ ਸਕਦੇ। ਕੀ ਮੁਮਕਿਨ ਹੈ ਕਿ ਇਨ੍ਹਾਂ ਹਾਲਾਤ ਵਿੱਚ ਬੰਦਾ ਕਿਤੇ ਜਾਵੇ ਅਤੇ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਬੰਦਿਆਂ ਨਾਲ ਗੱਲ ਕਰ ਕੇ ਕੰਮ ਮੁਕੰਮਲ ਕਰੇ? ਹੁਣ ਇਹ ਸਾਡੇ ਸਿਰ ਆ ਪਿਆ ਹੈ ਕਿ ਅਸੀਂ ਇਸ ਖ਼ੌਫ਼ ਨਾਲ ਕਿਵੇਂ ਸਿੱਝਣਾ ਹੈ।
ਲੋਕਾਂ ਨੂੰ ਇਹ ਦੱਸਣਾ ਲਾਜ਼ਮੀ ਹੈ, “ਤੁਸੀਂ ਟੈਲੀਵਿਜ਼ਨ ਉੱਤੇ ਕੂੜ-ਕਬਾੜਾ ਦੇਖ ਰਹੇ ਹੋ! ਤੁਹਾਨੂੰ ਸਿਰਫ਼ ਮੁਸਲਮਾਨਾਂ ਨੂੰ ਮਾਰਨ ਲਈ ਹੀ ਤਿਆਰ ਨਹੀਂ ਕੀਤਾ ਜਾ ਰਿਹਾ ਸਗੋਂ ਇੱਕ ਦਿਨ ਤੁਹਾਨੂੰ ਕਿਸੇ ਨੂੰ ਵੀ ਕਤਲ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ।”
ਹਰ ਜੀਅ ਨੂੰ ਹਜੂਮ ਦਾ ਹਿੱਸਾ ਬਣਾ ਕੇ ਕਾਤਲਾਨਾ ਜਜ਼ਬੇ ਨਾਲ ਭਰ ਦੇਣਾ—ਇਹ ਵੀ ਲਾਗੂ ਹੋ ਰਹੀ ਮਨਸੂਬਾ-ਬੰਦੀ ਦਾ ਹਿੱਸਾ ਹੈ।
ਅਸੀਂ ਇਸ ਵੇਲੇ ਸਿਰਫ਼ ਜਮਹੂਰੀਅਤ ਲਈ ਲਾਜ਼ਮੀ ਬਹਿਸ ਦੀ ਸੰਘੀ ਨੱਪਣ ਦੇ ਖ਼ਿਲਾਫ਼ ਹੀ ਨਹੀਂ ਲੜ ਰਹੇ। ਸਾਡੀ ਸਮੱਸਿਆ ਇਹ ਹੈ ਕਿ ਬਹੁਤ ਜਲਦੀ ਹੀ ਅਸੀਂ ਆਪਣੇ ਆਂਢ-ਗੁਆਂਢ ਵਿੱਚ ਵੀ ਪੈਰ ਨਹੀਂ ਰੱਖ ਸਕਾਂਗੇ। ਤੁਸੀਂ ਸੋਚ ਸਕਦੇ ਹੋ ਕਿ ਕੋਈ ਜਾਣਿਆ-ਪਛਾਣਿਆ ਚਿਹਰਾ ਜ਼ਿਆਦਾ ਖ਼ਤਰੇ ਵਿੱਚ ਹੋਵੇਗਾ। ਕੀ ਬਾਸਿਤ ਮਲਿਕ ਜਾਣਿਆ-ਪਛਾਣਿਆ ਚਿਹਰਾ ਸੀ? ਅਸੀਂ ਉਸ ਹਾਲਤ ਵਿੱਚ ਪਹੁੰਚ ਗਏ ਹਾਂ ਕਿ ਉਰਦੂ ਲਿਪੀ ਨਜ਼ਰ ਆਉਂਦੀ ਸਾਰ ਹੀ ਕਿਸੇ ਨੂੰ ਖ਼ਾਰਜ ਕਰਨ ਲਈ ਬੋਲ ਸਕਦੇ ਹਾਂ ਕਿ ਇਹ ‘ਪਾਕਿਸਤਾਨੀ’ ਬੋਲੀ ਹੈ।
ਬਾਸਿਤ ਮਲਿਕ ਦੀ ਹਮਾਇਤ ਵਿੱਚ ਹੋਏ ਸਮਾਗਮ ਵਿੱਚ ਬਹੁਤ ਸਾਰੇ ਪੱਤਰਕਾਰ ਸ਼ਾਮਿਲ ਨਹੀਂ ਹੋਏ ਜੋ ਉੱਥੇ ਇਕੱਠੇ ਹੋਏ ਸਾਰਿਆਂ ਲਈ ਚਿੰਤਾ ਦਾ ਸਬੱਬ ਬਣਿਆ। ਉਨ੍ਹਾਂ ਦੇ ਅਜਿਹੇ ਹੁੰਗਾਰੇ ਨਾਲ ਸਮਝ ਆਇਆ ਕਿ ਅਜਿਹੇ ਮਾਮਲਿਆਂ ਬਾਰੇ ਖ਼ਾਮੋਸ਼ੀ ਕਿਸੇ ਸਮਝ ਵਿੱਚੋਂ ਨਿਕਲਦੀ ਹੈ। ਮੈਨੂੰ ਬਹੁਤ ਵਾਰ ਅਜਿਹੇ ਪੱਤਰਕਾਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਨੂੰ ਅਜਿਹੇ ਮਾਮਲਾਤ ਤੋਂ ਕੋਈ ਔਖ ਨਹੀਂ ਹੈ। ਉਨ੍ਹਾਂ ਨੂੰ ਕੋਈ ਬੇਚੈਨੀ ਨਹੀਂ ਹੁੰਦੀ। ਇਹ ਆਪਣੇ ਆਪ ਵਿੱਚ ਖ਼ਬਰਦਾਰ ਰਹਿਣ ਦਾ ਮਾਮਲਾ ਹੈ ਕਿ ਕੰਮ-ਬੇਲੀ ਉੱਤੇ ਹੋਏ ਹਮਲੇ ਦਾ ਤੁਹਾਡੇ ਉੱਤੇ ਕੋਈ ਅਸਰ ਨਹੀਂ ਪੈਂਦਾ। ਇਸ ਦਾ ਮਤਲਬ ਹੈ ਕਿ ਸਾਡੇ ਅੰਦਰੋਂ ਇਤਹਾਦ ਦਾ ਜਜ਼ਬਾ ਖ਼ਤਮ ਹੋ ਗਿਆ ਹੈ।
ਜਦੋਂ ਬਾਸਿਤ ਮਲਿਕ ਉੱਤੇ ਹਮਲਾ ਹੋਇਆ ਸੀ ਤਾਂ ਲਗਦਾ ਸੀ ਕਿ ਸਾਨੂੰ ਪੱਤਰਕਾਰਾਂ ਉੱਤੇ ਹਮਲਿਆਂ ਖ਼ਿਲਾਫ਼ ਮੁਜ਼ਾਹਰਿਆਂ ਦਾ ਹਫ਼ਤਾਵਾਰੀ ਸਿਲਸਿਲਾ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਇਹ ਹਮਲੇ ਬਹੁਤ ਬਾਕਾਇਦਗੀ ਨਾਲ ਹੋ ਰਹੇ ਸਨ। ਸਾਡੇ ਅੰਦਰ ਇਹ ਖ਼ੌਫ਼ ਘਰ ਕਰ ਗਿਆ ਸੀ ਕਿ ਅਸੀਂ ਇੱਕ-ਦੂਜੇ ਨੂੰ ਜਲਦੀ ਹੀ ਸ਼ਰਧਾਂਜਲੀ ਸਮਾਗਮਾਂ ਉੱਤੇ ਮਿਲਿਆ ਕਰਾਂਗੇ।
ਇਸ ਤੋਂ ਬਾਅਦ 5 ਸਤੰਬਰ 2017 ਨੂੰ ਕੰਨੜਾ ਦੇ ਹਫ਼ਤਾਵਾਰੀ ਲੰਕੇਸ਼ ਪੱਤ੍ਰਿਕਾ ਦੀ ਸੰਪਾਦਕ, ਸਮਾਜਿਕ ਕਾਰਕੁੰਨ ਅਤੇ ਪੱਤਰਕਾਰ ਗੌਰੀ ਲੰਕੇਸ਼ ਦਾ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਘਰ ਦੇ ਬਾਹਰ ਬੰਗਲੁਰੂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਉਸ ਕਤਲ ਦਾ ਇਰਾਦਾ ਕਿਸੇ ਨੂੰ ਪਤਾ ਨਹੀਂ ਲੱਗਿਆ, ਸ਼ਾਇਦ ਕਦੇ ਪਤਾ ਨਾ ਲੱਗੇ। ਜਦੋਂ ਤੋਂ ਉਹ ਖ਼ਬਰ ਆਈ ਹੈ, ਮੈਂ ਇਹ ਧਿਆਨ ਦੇਣਾ ਸ਼ੁਰੂ ਕੀਤਾ ਹੈ ਕਿ ਸਾਡੇ ਆਲੇ- ਦੁਆਲੇ ਹੀ ਕਿੰਨੇ ਕਾਤਲ ਘੁੰਮਦੇ ਫਿਰਦੇ ਹਨ। ਸੋਸ਼ਲ ਮੀਡੀਆ ਦੀਆਂ ਟਾਇਮਲਾਇਨਜ਼ ਅਤੇ ਟਵਿੱਟਰ ਉੱਤੇ ਕਾਤਲਾਂ ਦੇ ਲਸ਼ਕਰ ਤਾਇਨਾਤ ਹਨ—ਅਤੇ ਉਹ ਲੋਕ ਵੀ ਹਨ ਜਿਹੜੇ ਅਜਿਹੀ ਸੋਚ ਅਤੇ ਕਤਲਾਂ ਦੀ ਹਮਾਇਤ ਕਰਦੇ ਹਨ। ਇਨ੍ਹਾਂ ਨੇ ਬੇਸ਼ਰਮੀ ਨਾਲ ਅਤੇ ਬਿਨਾਂ ਕਿਸੇ ਪਸ਼ੋ-ਪੇਸ਼ ਵਿੱਚ ਪਏ ਜਾਂ ਕਿਸੇ ਹੱਦ-ਬੰਨੇ ਦੀ ਪ੍ਰਵਾਹ ਕੀਤੇ ਵਗੈਰ ਉਸ ਦੇ ਕਤਲ ਨੂੰ ਸ਼ਰਤਾਂ ਵਿੱਚ ਪਾ ਕੇ ਕਈ ਸੁਆਲ ਕੀਤੇ ਅਤੇ ਇਸ ਨੂੰ ਜਾਇਜ਼ ਕਰਾਰ ਦਿੱਤਾ। ਇਸ ਡਾਰ ਨੇ ਕਸ਼ਮੀਰ ਵਿੱਚ ਪੰਡਿਤਾਂ ਅਤੇ ਕੇਰਲਾ ਵਿੱਚ ਆਰ.ਐੱਸ.ਐੱਸ. ਦੇ ਕਾਰਕੁੰਨਾਂ ਦੇ ਸੁਆਲ ਸਾਹਮਣੇ ਲਿਆਂਦੇ—ਇਹ ਲਸ਼ਕਰ ਕਤਲ ਬਾਬਤ ਕਿਸੇ ਸੁਆਲ ਦਾ ਜੁਆਬ ਦੇਣ ਤੋਂ ਪਹਿਲਾਂ ਸਾਰੇ ਸੁਆਲਾਂ ਦੇ ਜੁਆਬ ਦੀ ਮੰਗ ਕਰਦੇ ਹਨ।
ਜਦੋਂ ਇਸ ਮਸਲੇ ਤੋਂ ਧਿਆਨ ਭਟਕਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਸੀ ਤਾਂ ਸਾਡੇ ਲਈ ਸਭ ਤੋਂ ਅਹਿਮ ਸੀ ਕਿ ਏਕਾ ਕਾਇਮ ਰੱਖੀਏ ਅਤੇ ਗੌਰੀ ਲੰਕੇਸ਼ ਦੇ ਕਤਲ ਬਾਬਤ ਹਕੂਮਤ ਨੂੰ ਸੁਆਲ ਪੁੱਛੀਏ ਅਤੇ ਆਪਣੀਆਂ ਮੰਗਾਂ ਉਨ੍ਹਾਂ ਅੱਗੇ ਰੱਖੀਏ।
ਕੀ ਇਸ ਜੁਰਮ ਦੀ ਜਾਂਚ ਹੋਵੇਗੀ? ਕੀ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਾਮਈਆ ਅਜਿਹਾ ਕਰਨਗੇ? ਉਨ੍ਹਾਂ ਨੇ ਐੱਮ.ਐੱਮ. ਕਲਬੁਰਗੀ ਦੇ ਮਾਮਲੇ ਵਿੱਚ ਤਾਂ ਅਜਿਹਾ ਨਹੀਂ ਕੀਤਾ—ਉਹ ਨਾਮੀ ਦਾਨਿਸ਼ਵਰ ਅਤੇ ਅਕਾਦਮਿਕ ਹੋਣ ਦੇ ਨਾਲ-ਨਾਲ ਕੰਨੜਾ ਯੂਨੀਵਰਸਿਟੀ ਦੇ ਉੱਪ-ਕੁਲਪਤੀ ਰਹੇ ਸਨ ਅਤੇ ਹਿੰਦੂਵਾਦ ਦੇ ਅੰਦਰ ਅੰਧਵਿਸ਼ਵਾਸ ਦੇ ਖ਼ਿਲਾਫ਼ ਬੁਲੰਦ ਆਵਾਜ਼ ਸਨ। ਜੇ ਸਿੱਧਾਰਾਮਈਆ ਚਾਹੁੰਦੇ ਤਾਂ ਉਹ ਪਹਿਲੀਆਂ ਸਫ਼ਾਂ ਵਿੱਚ ਖੜ੍ਹੋ ਕੇ ਸ਼ਰਿ-ਆਮ ਇਹ ਲੜਾਈ ਕਰ ਸਕਦੇ ਸਨ ਅਤੇ ਇਹ ਯਕੀਨੀ ਬਣਾ ਸਕਦੇ ਸਨ ਕਿ ਕਲਬੁਰਗੀ ਮਾਮਲੇ ਦੀ ਪੇਸ਼ੇਵਰ ਜਾਂਚ ਹੋਵੇ ਅਤੇ ਇਹ ਕਿਸੇ ਤਣ-ਪਤਣ ਲੱਗੇ। ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੇ ਗੁਆਂਢੀ ਸੂਬੇ ਮਹਾਂਰਾਸ਼ਟਰ ਨੂੰ ਨਾਮੀ ਤਰਕਸ਼ੀਲ ਅਤੇ ਹਿੰਦੂ ਧਰਮ ਵਿੱਚ ਸੁਧਾਰ ਦੀ ਵਕਾਲਤ ਕਰਨ ਵਾਲੇ ਨਰਿੰਦਰ ਦਾਭੋਲਕਰ ਅਤੇ ਗੋਬਿੰਦ ਪਾਨਸਰੇ ਦੇ ਮਾਮਲਿਆਂ ਵਿੱਚ ਕੁਝ ਬਿਹਤਰ ਕੀਤਾ ਹੈ। ਇਹ ਅਫ਼ਸੋਸਨਾਕ ਸਾਫ਼ਗੋਈ ਹੈ ਕਿ ਸਰਕਾਰ ਚਾਹੇ ਕਿੰਨੀਆਂ ਵੀ ਸਿਆਸੀਆਂ ਪਾਰਟੀਆਂ ਵਿੱਚ ਵੰਡੀ ਹੋਵੇ—ਸਾਡੇ ਖ਼ਿਲਾਫ਼ ਹੈ।
ਮੈਨੂੰ ਨਹੀਂ ਪਤਾ ਕਿ ਪਹਿਲਾਂ ਵੀ ਕਿਤੇ ਇਸ ਤਰ੍ਹਾਂ ਹੋਇਆ ਹੈ ਕਿ ਇੰਨੇ ਲੋਕਾਂ ਨੇ ਕਿਸੇ ਕਤਲ ਨੂੰ ਸ਼ਰਿ-ਬਾਜ਼ਾਰ ਇੰਨੇ ਧੜੱਲੇ ਨਾਲ ਜ਼ਹਿਰੀਲੀ ਬੁਲੰਦ ਸੁਰ ਵਿੱਚ ਜਾਇਜ਼ ਕਰਾਰ ਦਿੱਤਾ ਹੋਵੇ ਜਿਵੇਂ ਗੌਰੀ ਬਾਬਤ ਕੀਤਾ ਗਿਆ ਹੈ। ਸਭ ਤੋਂ ਅਫ਼ਸੋਸ ਦੀ ਗੱਲ ਇਹ ਹੈ ਕਿ ਜਿਸ ਬੰਦੇ ਨੂੰ ਲੋਕਾਂ ਨੇ ਹਕੂਮਤ ਦੀ ਸਭ ਤੋਂ ਉੱਚੀ ਕੁਰਸੀ ਉੱਤੇ ਬਿਠਾਇਆ ਹੈ। ਉਹ ਟਵਿੱਟਰ ਉੱਤੇ ਨਿਖ਼ਲ ਦਾਦਹਿੱਚ ਨੂੰ ਫੌਲੋ ਕਰਦਾ ਹੈ ਜਿਸ ਨੇ ਮਕਤੂਲਾ ਨੂੰ ‘ਕੁੱਤੀ’ ਸੱਦਿਆ ਸੀ। ਦਾਦਹਿੱਚ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ‘ਹੁਣ ਇਹ ਕੁੱਤੀ ਕੁੱਤੇ ਦੀ ਮੌਤ ਮਰੀ ਹੈ ਅਤੇ ਸਾਰੇ ਕਤੂਰੇ ਇੱਕ ਸੁਰ ਵਿੱਚ ਵਿਲਕ ਰਹੇ ਹਨ।” ਮੈਨੂੰ ਪ੍ਰਧਾਨ ਮੰਤਰੀ ਤੋਂ ਨਿਰਾਸ਼ਾ ਹੋਈ ਸੀ।
ਸਾਡੇ ਪ੍ਰਧਾਨ ਮੰਤਰੀ ਨੂੰ ਇਸ ਮੁਲਕ ਬਾਬਤ ਕਿੰਨੀਆਂ ਵੀ ਸ਼ਿਕਾਇਤਾਂ ਹੋਰ ਸਕਦੀਆਂ ਹਨ ਪਰ ਉਹ ਇਹ ਸ਼ਿਕਾਇਤ ਨਹੀਂ ਕਰ ਸਕਦੇ ਕਿ ਇੰਡੀਆ ਦੇ ਸ਼ਹਿਰੀਆਂ ਨੇ ਉਨ੍ਹਾਂ ਨੂੰ ਹਕੂਮਤ ਦੇਣ ਲਈ ਕੋਈ ਕਸਰ ਛੱਡੀ ਹੈ। ਸ਼ਹਿਰੀਆਂ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਬਹੁਗਿਣਤੀ ਦਿੱਤੀ ਹੈ ਜਿਸ ਤਰ੍ਹਾਂ ਦੀ ਉਨ੍ਹਾਂ ਨੇ ਮੰਗੀ ਸੀ, ਸਗੋਂ ਮੰਗ ਤੋਂ ਜ਼ਿਆਦਾ ਦਿੱਤੀ ਹੈ। ਹਰ ਸੂਬੇ ਵਿੱਚ ਅਤੇ ਹਰ ਥਾਂ ਉੱਤੇ। ਮੈਂ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਸਾਨੂੰ ਦੱਸਣ ਕਿ ਉਨ੍ਹਾਂ ਨੂੰ ਦਾਦਹਿੱਚ ਵਰਗੇ ਬੰਦਿਆਂ ਨੂੰ ਟਵਿੱਟਰ ਉੱਤੇ ਫੌਲੋ ਕਰਨ ਦਾ ਸਮਾਂ ਕਦੋਂ ਮਿਲਦਾ ਹੈ? ਉਨ੍ਹਾਂ ਦੀ ਪ੍ਰਚਾਰ ਕਰਨ ਵਾਲੀ ਟੀਮ ਤਾਂ ਸਾਨੂੰ ਦੱਸਦੀ ਹੈ ਕਿ ਮੁਲਕ ਦੀ ਸੇਵਾ ਕਰਦਿਆਂ ਆਪ ਨੂੰ ਤਾਂ ਸੌਣ ਦਾ ਵਕਤ ਹੀ ਕੁਝ ਘੰਟਿਆਂ ਦਾ ਮਿਲਦਾ ਹੈ। ਮੈਂ ਉਸ ਵੇਲੇ ਆਸ ਕਰਦਾ ਸਾਂ ਕਿ ਉਹ ਜਦੋਂ ਵੀ ਵਿਦੇਸ਼ੀ ਦੌਰੇ ਤੋਂ ਪਰਤਣਗੇ ਤਾਂ ਦਾਦਹਿੱਚ ਨੂੰ ਟਵਿੱਟਰ ਉੱਤੇ ਅਨਫੌਲੋ ਕਰ ਦੇਣਗੇ। ਉਨ੍ਹਾਂ ਅਜਿਹਾ ਨਹੀਂ ਕੀਤਾ।
ਸਾਨੂੰ ਇਸ ਮੁਲਕ ਦੇ ਸ਼ਹਿਰੀ ਹੋਣ ਦੇ ਨਾਤੇ ਆਪਣੇ ਪ੍ਰਧਾਨ ਮੰਤਰੀ ਤੋਂ ਇਹ ਸੁਆਲ ਪੁੱਛਣੇ ਚਾਹੀਦੇ ਹਨ: ‘ਤੁਸੀਂ ਦਾਦਹਿੱਚ ਨੂੰ ਫੌਲੋ ਕਿਉਂ ਕਰਦੇ ਹੋ? ਉਨ੍ਹਾਂ ਨੇ ਅਜਿਹਾ ਕੀ ਯੋਗਦਾਨ ਦਿੱਤਾ ਹੈ ਜਿਹੜਾ ਤੁਹਾਨੂੰ ਵੋਟਾਂ ਪਾਉਣ ਵਾਲੀ ਤੀਹ ਫ਼ੀਸਦ ਆਬਾਦੀ ਨਹੀਂ ਦੇ ਸਕਦੀ? ਕੀ ਇਹ ਬੰਦਾ ਜਾਂ ਇਸ ਵਰਗਾ ਕੋਈ ਤੁਹਾਨੂੰ ਜੇਤੂ ਬਣਾਉਂਦਾ ਹੈ? ਕੀ ਤੁਹਾਡੇ ਲਈ ਹਕੂਮਤ ਦੀ ਕੁਰਸੀ ਤੱਕ ਪਹੁੰਚਣ ਲਈ ਅਜਿਹਾ ਬੰਦਾ ਜ਼ਰੂਰੀ ਹੈ? ਹੁਣ ਦਾਦਹਿੱਚ ਅਤੇ ਉਸ ਵਰਗੇ 1700 ਬੰਦਿਆਂ ਨੂੰ ਤੁਸੀਂ ਟਵਿੱਟਰ ਉੱਤੇ ਫੌਲੋ ਕਰਦੇ ਹੋ, ਕੀ ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ, “ਤੁਹਾਨੂੰ ਮੇਰੀ ਮਾਣ-ਮਰਿਆਦਾ ਦਾ ਕੋਈ ਖ਼ਿਆਲ ਨਹੀਂ, ਮੈਂ ਇਸ ਮੁਲਕ ਦਾ ਪ੍ਰਧਾਨ ਮੰਤਰੀ ਹਾਂ।””
ਜੇ ਉਨ੍ਹਾਂ ਨੂੰ ਟਵਿੱਟਰ ਉੱਤੇ ਫੌਲੋ ਕਰਨ ਲਈ ਕੋਈ ਹੋਰ ਨਹੀਂ ਮਿਲਦਾ ਤਾਂ ਮੈਂ ਉਨ੍ਹਾਂ ਨੂੰ ਆਪਣੇ ਟਵਿੱਟਰ ਹੈਂਡਲ ਨੂੰ ਫੋਲੋ ਕਰਨ ਦਾ ਸੁਝਾਅ ਦਿੰਦਾ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਉਨ੍ਹਾਂ ਦੀ ਬਾਇੱਜ਼ਤ ਤਨਕੀਦ ਕਰਾਂਗਾ। ਉਨ੍ਹਾਂ ਨੂੰ ਕਦੇ ਅਹਿਸਾਸ ਨਹੀਂ ਹੋਵੇਗਾ ਕਿ ਮੈਂ ਉਨ੍ਹਾਂ ਨੂੰ ਬੇਇੱਜ਼ਤ ਕੀਤੀ ਹੈ। ਮੈਂ ਉਨ੍ਹਾਂ ਨੂੰ ਖ਼ੂਬਸੂਰਤ ਕਵਿਤਾਵਾਂ ਅਤੇ ਹਿੰਦੂ ਗ੍ਰੰਥਾਂ ਵਿੱਚੋਂ ਸ਼ਲੋਕਾਂ ਦੀਆਂ ਤੁਕਾਂ ਦੇ ਹਵਾਲੇ ਦੇਵਾਂਗਾ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋਵੇਗਾ ਕਿ ਉਹ ਇੰਡੀਆ ਵਿੱਚ ਰਹਿੰਦੇ ਹਨ ਜਿੱਥੇ ਉਨ੍ਹਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ।
ਗੌਰੀ ਲੰਕੇਸ਼ ਦੇ ਸ਼ਰਧਾਂਜਲੀ ਸਮਾਗਮ ਉੱਤੇ ਮੈਨੂੰ ਕਿਸੇ ਨੇ ਪੁੱਛਿਆ, “ਤੁਸੀਂ ਇੱਥੇ ਕੀ ਕਰ ਰਹੇ ਹੋ?”
ਅਸੀਂ ਉੱਥੇ ਆਪਣੇ-ਆਪ ਲਈ ਨਹੀਂ ਜੁੜੇ ਸਾਂ। ਅਸੀਂ ਉੱਥੇ ਇਸ ਲਈ ਸਾਂ ਕਿਉਂਕਿ ਗੌਰੀ ਲੰਕੇਸ਼ ਦੇ ਕਤਲ ਨਾਲ ਸਾਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਸੀ ਕਿ ਸਾਨੂੰ ਸਾਰਿਆਂ ਨੂੰ ਚੁੱਪ ਰਹਿਣਾ ਚਾਹੀਦਾ ਹੈ ਜਾਂ ਸਾਡੀ ਹੋਣੀ ਵੀ ਉਸੇ ਵਰਗੀ ਹੋਵੇਗੀ। ਅਸੀਂ ਉਸ ਸਮਾਜ ਦੀ ਮੁਜੱਮਤ’ ਕਰਨ ਲਈ ਜੁੜੇ ਸਾਂ ਜੋ ਸਾਹਮਣੇ ਪਈ ਲਾਸ਼ ਦੇਖੇਗਾ ਅਤੇ ਮਸ਼ਕਰੀ ਕਰੇਗਾ। ਅਸੀਂ ਇਹ ਦੱਸਣ ਲਈ ਜੁੜੇ ਸਾਂ ਕਿ ਇਹ ਸਾਡਾ ਰਾਹ ਨਹੀਂ ਹੈ, ਇਸ ਰਾਹ ਉੱਤੇ ਪੈਣ ਵਾਲੇ ਇੰਡੀਆ ਨੂੰ ਅਸੀਂ ਨਹੀਂ ਜਾਣਦੇ। ਅਸੀਂ ਇਹ ਤਹੱਈਆ ਕਰਨ ਲਈ ਜੁੜੇ ਸਾਂ ਕਿ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ ਪਰ ਸਾਡਾ ਸੁਨੇਹਾ ਸਾਫ਼ਗੋਈ ਨਾਲ ਜਾਣਾ ਚਾਹੀਦਾ ਹੈ। ਆਪਣੇ ਆਪ ਨੂੰ ਇਹ ਦੱਸਣ ਲਈ ਜੁੜੇ ਸਾਂ ਕਿ ਇਹ ਉਨ੍ਹਾਂ ਨੂੰ ਸੁਣਨਾ ਪਵੇਗਾ ਅਤੇ ਸਮਝਣਾ ਹੋਵੇਗਾ। ਅਸੀਂ ਕੋਈ ਰਾਹ ਪੈਣ ਲਈ ਜੁੜੇ ਸਾਂ ਤਾਂ ਜੋ ਸਾਨੂੰ ਵਾਰ-ਵਾਰ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਸ਼ਰਧਾਂਜਲੀਆਂ ਦੇਣ ਨਾ ਆਉਣਾ ਪਵੇ। ਅਸੀਂ ਆਪਣੇ ਫ਼ਿਕਰਾਂ ਅਤੇ ਡਰਾਂ ਨੂੰ ਸਾਂਝੇ ਕਰਨ ਲਈ ਇਕੱਠੇ ਹੋਏ ਸਾਂ। ਅਸੀਂ ਇਹ ਪੜਚੋਲ ਕਰਨ ਲਈ ਜੁੜੇ ਸਾਂ ਕਿ ਅਸੀਂ ਕਿਉਂ ਖਿੰਡੇ ਹੋਏ ਸਾਂ ਅਤੇ ਸਾਡੀ ਗ਼ੈਰ- ਇਤਫ਼ਾਕੀ ਕਾਰਨ ਕੀ ਨੁਕਸਾਨ ਹੋ ਸਕਦਾ ਹੈ। ਅਸੀਂ ਇਹ ਸਮਝਣ ਲਈ ਇਕੱਤਰ ਹੋਏ ਸਾਂ ਕਿ ਆਪਣੀਆਂ ਸਿਆਸੀ ਅਤੇ ਵਿਚਾਰਧਾਰਕ ਵਫ਼ਾਦਾਰੀਆਂ ਕਾਰਨ ਸਰਕਾਰ ਦੇ ਕੀਤੇ-ਧਰੇ ਉੱਤੇ ਪਰਦਾ ਪਾਉਣਾ ਠੀਕ ਨਹੀਂ ਹੈ। ਅਸੀਂ ਉੱਥੇ ਉਨ੍ਹਾਂ ਨੂੰ ਗੁਨਾਹਗਾਰ ਕਰਾਰ ਦੇਣ ਲਈ ਜੁੜੇ ਸਾਂ ਜੋ ਨਾਮਨਿਹਾਦ ਰੋਸ-ਮੁਜ਼ਾਹਰੇ ਕਰਦੇ ਹਨ ਅਤੇ ਹਮਾਇਤ ਕਰਨ ਲਈ ਹੀ ਹਮਾਇਤ ਕਰਦੇ ਹਨ। ਅਸੀਂ ਆਪਣੇ ਆਪ ਨੂੰ ਇਹ ਯਾਦ ਕਰਵਾਉਣ ਲਈ ਜੁੜੇ ਸਾਂ ਕਿ ਖ਼ੌਫ਼ ਭਰਨ ਦੇ ਕੌਮੀ ਮਨਸੂਬੇ ਨੂੰ ਲਾਗੂ ਕਰਨ ਲਈ ਵਰਤੇ ਜਾ ਰਹੇ ਹਰ ਹਰਬੇ ਦੇ ਬਾਵਜੂਦ ਅਸੀਂ ਚੁੱਪ ਕਰ ਕੇ ਬੈਠਣ ਵਾਲੇ ਨਹੀਂ ਹਾਂ।
ਗੌਰੀ ਦੇ ਕਤਲ ਤੋਂ ਕਈ ਦਿਨ ਬਾਅਦ ਤੱਕ ਦਹਿਸ਼ਤ ਮੇਰੇ ਉੱਤੇ ਤਾਰੀ ਸੀ। ਇੰਝ ਅਹਿਸਾਸ ਹੁੰਦਾ ਸੀ ਕਿ ਜਿਵੇਂ ਕਿਸੇ ਨੇ ਮੇਰਾ ਜੁੱਸਾ ਗੋਲੀਆਂ ਨਾਲ ਛਲਣੀ ਕਰ ਦਿੱਤਾ ਹੋਵੇ ਅਤੇ ਲੋਕ ਮੇਰੀ ਲਾਸ਼ ਦੇ ਕੋਲੋਂ ਲੰਘ ਰਹੇ ਹੋਣ। ਪੂਰੇ ਮੁਲਕ ਵਿੱਚੋਂ ਮੇਰੇ ਸ਼ੁਭ-ਚਿੰਤਕਾਂ, ਪਾਠਕਾਂ ਅਤੇ ਦਰਸ਼ਕਾਂ ਨੇ ਸੁਨੇਹੇ ਘੱਲੇ ਕਿ ਮੈਂ ਇਕੱਲਾ ਨਾ ਬੋਲਦਾ ਰਹਾਂ। “ਤੁਹਾਡੀ ਵੀ ਉਹੋ ਹੋਣੀ ਹੋਵੇਗੀ। ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਲਿਖੋ ਅਤੇ ਸੁਰੱਖਿਆ ਦੀ ਮੰਗ ਕਰੋ।” ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਸਾਂ ਕਿ ਮੇਰੇ ਭਰਾਵੋ, ਜਦੋਂ ਉਹ ਆਪਣੇ ਟੋਡੀਆਂ ਨੂੰ ਸੁਰੱਖਿਆ ਮੁਹੱਈਆ ਨਹੀਂ ਕਰ ਸਕਦੇ ਤਾਂ ਮੈਨੂੰ ਕਿੱਥੋਂ ਮਿਲ ਜਾਵੇਗੀ?
ਖ਼ੌਫ਼ ਭਰਨ ਦੇ ਕੌਮੀ ਮਨਸੂਬੇ ਰਾਹੀਂ ਖ਼ਸੂਸੀ ਤਰ੍ਹਾਂ ਦਾ ਸਿਆਸੀ ਮਾਹੌਲ ਬਣਾ ਲਿਆ ਗਿਆ ਹੈ ਜਿਹੜਾ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਦੀ ਹਮਾਇਤ ਕਰਦਾ ਹੈ। ਗੌਰੀ ਲੰਕੇਸ਼ ਦੇ ਕਤਲ ਉੱਤੇ ਮਸ਼ਕਰੀਆਂ ਕਰਨ ਵਾਲੇ ਇਸੇ ਮਾਹੌਲ ਦੀ ਪੈਦਾਵਾਰ ਹਨ। ਇਹ ਸ਼ਰਮਨਾਕ ਰੁਝਾਨ ਹੈ। ਇਹ ਹਿੰਦੂਤਵ ਦਾ ਕਿਹੜਾ ਚਿਹਰਾ ਹੈ, ਕਿਹੜਾ ਪਹਿਲੂ ਹੈ? ਇੱਕ ਬਹਾਦਰ, ਆਦਰਸ਼ਵਾਦੀ ਅਤੇ ਅਮਨ-ਪਸੰਦ ਜਣੀ ਦਾ ਕਤਲ ਹੋਇਆ ਹੈ ਅਤੇ ਅਸੀਂ ਮਸ਼ਕਰੀਆਂ ਕਰ ਰਹੇ ਹਾਂ—ਕਿ ਉਹ ਕੁੱਤੀ ਸੀ ਅਤੇ ਕਤਲ ਹੋਣ ਦੀ ਹੱਕਦਾਰ ਸੀ। ਇਹ ਸਮਾਜ ਦਾ ਉਹੋ ਤਬਕਾ ਹੈ ਜੋ ਉਨ੍ਹਾਂ ਦੋ ਬੀਬੀਆਂ ਦੇ ਪੱਖ ਵਿੱਚ ਕੁਝ ਨਹੀਂ ਬੋਲਿਆ ਸੀ ਜਿਨ੍ਹਾਂ ਨੇ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਕੀ ਅਸੀਂ ਕਿਸੇ ਵੁਮਨ ਕਮਿਸ਼ਨ ਦੀ ਸਕੱਤਰ ਦਾ ਨਾਮ ਦੱਸ ਸਕਦੇ ਹਾਂ ਜਿਸ ਨੇ ਉਨ੍ਹਾਂ ਦੋਵਾਂ ਬੀਬੀਆਂ ਦੀ ਹਮਾਇਤ ਕੀਤੀ ਹੋਵੇ? ਕੀ ਅਸੀਂ ਕਿਸੇ ਮੰਤਰੀ, ਫ਼ੌਜੀ, ਸਿਪਾਹੀ, ਜਨਰਲ ਸਕੱਤਰ ਜਾਂ ਸਕੱਤਰ ਦਾ ਨਾਮ ਦੱਸ ਸਕਦੇ ਹਾਂ ਜਿਸ ਨੇ ਉਨ੍ਹਾਂ ਬੀਬੀਆਂ ਦੇ ਹੱਕ ਵਿੱਚ ਟਵੀਟ ਕੀਤਾ ਹੋਵੇ? ਇਹ ਤਾਂ ਉਨ੍ਹਾਂ ਦੀ ਜੱਦੋ-ਜਹਿਦ ਦਾ ਨਤੀਜਾ ਸੀ ਕਿ ਉਸ ਤਾਕਤਵਰ ਬਾਬੇ ਦਾ ਸਾਮਰਾਜ ਢਹਿ-ਢੇਰੀ ਹੋ ਗਿਆ। ਸਾਡਾ ਸਮਾਜ ਅਤੇ ਇਸ ਦੇ ਮੁਹਤਬਰ ਬੰਦੇ ‘ਬੇਟੀ ਪੜ੍ਹਾਓ ਅਤੇ ਬੇਟੀ ਬਚਾਓ’ ਦੇ ਨਾਅਰੇ ਹੀ ਲਗਾ ਸਕਦੇ ਹਨ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਤਲ ਹੋਣ ਵਾਲੀ ਪੱਤਰਕਾਰ ਔਰਤ ਵੀ ਸੀ। ਸਾਡੇ ਮੁਲਕ ਵਿੱਚ ਗਿਣਤੀ ਦੀਆਂ ਬੀਬੀਆਂ ਹੀ ਉਹ ਰੁਤਬਾ ਹਾਸਲ ਕਰ ਸਕਦੀਆਂ ਹਨ ਜਿੱਥੇ ਉਹ ਆਪਣੇ ਖਿਆਲਾਂ ਦੇ ਤੇਜ ਨਾਲ ਸਮਾਜ ਅਤੇ ਸਰਕਾਰ ਨੂੰ ਸ਼ੀਸ਼ਾ ਦਿਖਾ ਸਕਦੀਆਂ ਹਨ। ਗੋਰੀ ਦਾ ਲੰਮੀ ਜੱਦੋ-ਜਹਿਦ ਤੋਂ ਬਾਅਦ ਉਸ ਰੁਤਬੇ ਤੱਕ ਪਹੁੰਚਣਾ ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਕਤਲ ਹੋਣਾ ਸਹਿਜੇ ਹੀ ਜ਼ਹਾਨਤ ਦੀ ਬਹੁਤ ਵੱਡੀ ਬਰਬਾਦੀ ਹੈ।
ਜਦੋਂ ਪ੍ਰਧਾਨ ਮੰਤਰੀ ਦੇ ਹਮਾਇਤੀ ਅਤੇ ਉਨ੍ਹਾਂ ਨੂੰ ਫੌਲੋ ਕਰਨ ਵਾਲੇ—ਜਿਨ੍ਹਾਂ ਨੂੰ ਉਹ ਆਪ ਜੁਆਬੀ ਹਮਾਇਤ ਦਿੰਦੇ ਹਨ—ਉਨ੍ਹਾਂ ਦੀ ਮਾਣ-ਮਰਿਆਦਾ ਦੀ ਪਰਵਾਹ ਨਹੀਂ ਕਰਦੇ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮਸਨੂਈ ਖ਼ਬਰਾਂ ਦੇ ਗਿਆਨ ਵਾਲੇ ਮਸਨੂਈ ਖ਼ਿਆਲਪ੍ਰਸਤਾਂ ਅਤੇ ਪਾਗ਼ਲਾਂ ਦਾ ਹਜੂਮ ਸਾਡੇ ਵਿਚਕਾਰ ਫਣ ਫੈਲਾ ਚੁੱਕਿਆ ਹੈ। ਇਹ ਹਜੂਮ ਸਾਨੂੰ ਘੇਰ ਕੇ ਕਤਲ ਕਰੇਗਾ-ਅਸੀਂ ਇੱਕਲੇ ਹੋਈਏ ਜਾਂ ਬੇਸ਼ੱਕ ਸਾਡੀ ਗਿਣਤੀ ਸੈਂਕੜਿਆਂ ਵਿੱਚ ਹੋਵੇ।
ਇਹ ਸੁਆਲ ਨਿੱਜੀ ਹੋਂਦ ਨੂੰ ਕਾਇਮ ਰੱਖਣ ਦਾ ਨਹੀਂ ਹੈ—ਉਂਝ ਬਿਨਾਂ ਸ਼ੱਕ ਇਹ ਵੀ ਹੈ—ਸਗੋਂ ਉਨ੍ਹਾਂ ਸ਼ਹਿਰੀਆਂ ਦਾ ਹੈ ਜੋ ਰੋਜ਼ਾਨਾ ਸੰਘਰਸ਼ ਕਰਦੇ ਹਨ ਤਾਂ ਜੋ, ਉਨ੍ਹਾਂ ਦੀ ਪ੍ਰਾਈਮ ਟਾਈਮ ਵਿੱਚ ਆਵਾਜ਼ ਸੁਣੀ ਜਾ ਸਕੇ, ਉਨ੍ਹਾਂ ਦੇ ਸੁਆਲ ਪੁੱਛੇ ਜਾ ਸਕਣ, ਉਨ੍ਹਾਂ ਦੇ ਤਸਾਵੁੱਰ ਨੂੰ ਦ੍ਰਿੜ੍ਹਾਇਆ ਜਾ ਸਕੇ। ਮਸਨੂਈ ਖ਼ਬਰਾਂ ਅਤੇ ਜਾਅਲੀ ਮੁੱਦਿਆਂ ਦੇ ਦੌਰ ਵਿੱਚ ਕਿਸ ਦੀ ਆਵਾਜ਼ ਸੰਘੀ ਵਿੱਚ ਨੱਪੀ ਜਾਂਦੀ ਹੈ, ਕਿਸ ਦੇ ਸੁਆਲ ਨਜ਼ਰ-ਅੰਦਾਜ਼ ਕੀਤੇ ਜਾਂਦੇ ਹਨ ਅਤੇ ਕਿਸ ਦੀ ਬੇਚੈਨੀ ਦਬਾਈ ਜਾ ਰਹੀ ਹੈ। ਆਵਾਮ ਦੀਆਂ ਹਸਰਤਾਂ ਅਤੇ ਸੱਧਰਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਸਬੱਬ ਨਾਲ ਗੌਰੀ ਲੰਕੇਸ਼ ਦਾ ਲਿਖਿਆ ਸੰਪਾਦਕੀ ਮਸਨੂਈ ਖ਼ਬਰਾਂ ਬਾਰੇ ਸੀ। ਉਸ ਸੰਪਾਦਕੀ ਵਿੱਚ ਦਰਜ ਸੀ ਕਿ ਕਿਸ ਤਰ੍ਹਾਂ ਮਸਨੂਈ ਖ਼ਬਰਾਂ ਦਾ ਰੁਝਾਨ ਸਿਰਫ਼ ਦਿੱਲੀ-ਮੁਖੀ ਨਹੀਂ ਹੈ ਸਗੋਂ ਇਹ ਸੂਬਿਆਂ ਵਿੱਚ ਵੱਖਰਾ ਕਹਿਰ ਵਰਤਾ ਰਿਹਾ ਹੈ ਜਿੱਥੇ ਇਹ ਲਗਾਤਾਰ ਲੋਕਾਂ ਨੂੰ ਹਿੰਦੂ ਅਤੇ ਮੁਸਲਮਾਨ ਦੀਆਂ ਵੰਡੀਆਂ ਵਿੱਚ ਪਾੜ ਰਿਹਾ ਹੈ।
ਸਾਨੂੰ ਆਪਣੇ ਸਾਰਿਆਂ ਦੇ ਆਲੇ-ਦੁਆਲੇ ਬੁਣੇ ਜਾ ਰਹੇ ਖ਼ੌਫ਼, ਹਿੰਸਾ ਅਤੇ ਨਫ਼ਰਤ ਦੇ ਮਾਰੂ ਰੁਝਾਨ ਨੂੰ ਸਮਝਣਾ ਪਵੇਗਾ ਜਿਨ੍ਹਾਂ ਦਾ ਸ਼ਿਕਾਰ ਬਹਾਦਰ ਪੱਤਰਕਾਰ ਗੋਰੀ ਲੰਕੇਸ਼ ਹੋਈ ਹੈ।
ਜਦੋਂ ਹਜੂਮ ਜੁੜਦਾ ਹੈ ਤਾਂ ਹਰ ਥਾਂ ਹਿਟਲਰ ਦਾ ਜਰਮਨ ਹੈ
ਇਹ ਲੇਖ ਮੈਂ 4 ਜੁਲਾਈ 2017 ਨੂੰ ਲਿਖਿਆ ਸੀ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰਾਇਲ ਦੇ ਯਾਦ ਵਾਸ਼ਿਮ ਹੌਲੋਕਾਸਟ ਮੈਮੋਰੀਅਲ ਦਾ ਦੌਰਾ ਕੀਤਾ ਸੀ। ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਜਿਹਾ ਕੀਤਾ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਕਤਲਿ-ਆਮ ਦਾ ਸ਼ਿਕਾਰ ਹੋਏ ਯਹੂਦੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸਗੋਂ ਉਨ੍ਹਾਂ ਦੇ ਕਾਤਲ ਹਿਟਲਰ ਦੀ ਵਿਰਾਸਤ ਨੂੰ ਵੀ ਰੱਦ ਕੀਤਾ।
ਜਦੋਂ ਮੁਲਕਾਂ ਦੇ ਮੁਹਤਬਰ ਦੂਜੇ ਮੁਲਕਾਂ ਦੇ ਦੌਰੇ ਕਰਦੇ ਹਨ ਤਾਂ ਇਹ ਉਨ੍ਹਾਂ ਦੇ ਆਪਣੇ ਲਈ ਨਹੀਂ ਹੁੰਦੇ ਸਗੋਂ ਅਜਿਹੇ ਮੌਕਿਆਂ ਉੱਤੇ ਸ਼ਹਿਰੀਆਂ ਨੂੰ ਵੀ ਬਹੁਤ ਕੁਝ ਸਿੱਖਣ ਦੇ ਮੌਕੇ ਮਿਲਦੇ ਹਨ। ਇਸ ਦੌਰੇ ਤੋਂ ਬਾਅਦ ਮੈਂ ਖ਼ਸੂਸੀ ਤੌਰ ਉੱਤੇ ਉਨ੍ਹਾਂ ਦਾ ਸ਼ੁਕਰਗੁਜ਼ਾਰ ਸਾਂ ਕਿ ਮੈਂ ਅਜੋਕੇ ਇਤਿਹਾਸ ਦੇ ਅਹਿਮ ਪਾਠ ਨੂੰ ਤਫ਼ਸੀਲ ਨਾਲ ਪੜ੍ਹਿਆ। ਇਸ ਵਿੱਚ ਵੀ ਮੈਂ ਇੱਕ ਵਾਕਿਆ ਨੂੰ ਖ਼ਸੂਸੀ ਤੌਰ ਉੱਤੇ ਨੀਝ ਨਾਲ ਪੜ੍ਹਿਆ ਅਤੇ ਇਸ ਨੂੰ ਸਮਕਾਲੀ ਇੰਡੀਆ ਅਤੇ ਦੁਨੀਆ ਨੂੰ ਖ਼ਬਰਦਾਰ ਕਰਨ ਵਾਲੀ ਕਹਾਣੀ ਵਜੋਂ ਸਮਝਿਆ। ਇਸ ਪਾਠ ਨੂੰ ਪੜ੍ਹਨਾ ਅਤੇ ਸਮਝਣਾ ਨੌਜਵਾਨ ਪੀੜ੍ਹੀ ਲਈ ਬਹੁਤ ਅਹਿਮ ਨੌਜਵਾਨ ਪੀੜੀ ਦੇ ਨਾਲ ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਜਿਹੜੇ ਹੈ ਕਿਉਂਕਿ ਇਹ ਸਭ ਕੁਝ ਉਨ੍ਹਾਂ ਦੇ ਜਨਮ ਤੋਂ ਬਹੁਤ ਸਮਾਂ ਪਹਿਲਾਂ ਵਾਪਰਿਆ ਸੀ। ਇਤਿਹਾਸ ਤੋਂ ਸਬਕ ਨਹੀਂ ਲੈਂਦੇ, ਉਹ ਆਉਣ ਵਾਲੇ ਸਮੇਂ ਦੇ ਇਤਿਹਾਸ ਵਿੱਚ ਕਾਤਲ ਵਜੋਂ ਦਰਜ ਹੋਣਗੇ।
ਜਰਮਨ ਦੇ ਕਾਲੇ ਇਤਿਹਾਸ ਦੀਆਂ ਕਾਲੀਆਂ ਰਾਤਾਂ ਵਿੱਚੋਂ ਨੌਂ ਅਤੇ ਦਸ ਨਵੰਬਰ 1938 ਦੇ ਵਿਚਕਾਰਲੀ ਰਾਤ ਬਹੁਤ ਵਹਿਸ਼ੀਆਨਾ ਸੀ—ਦ ‘ਕ੍ਰਿਸਟਲ ਨਾਇਟ’ ਜਾਂ ਦੇ ‘ਨਾਇਟ ਆਫ਼ ਬਰੋਕਨ ਗਲਾਸ’। ਇਸ ਰਾਤ ਨੂੰ ਯਹੂਦੀਆਂ ਦੀ ਨਸਲਕੁਸ਼ੀ ਦੀ ਮਨਸੂਬਾਬੰਦ ਮੁਹਿੰਮ ਨੂੰ ਹਕੀਕੀ ਤੌਰ ਉੱਤੇ ਲਾਗੂ ਕੀਤਾ ਗਿਆ; ਇਸ ਮੁਹਿੰਮ ਤਹਿਤ ਉਨ੍ਹਾਂ ਦਾ ਕਤਲਿ-ਆਮ ਕੀਤਾ ਗਿਆ, ਉਨ੍ਹਾਂ ਦੀ ਮਲਕੀਅਤ ਦੀ ਹਰ ਸ਼ੈਅ ਖੋਹ ਲਈ ਗਈ ਅਤੇ ਉਨ੍ਹਾਂ ਨੂੰ ਜਬਰੀ ਮੁਲਕਬਦਰ ਕੀਤਾ ਗਿਆ।
ਇਸ ਤੋਂ ਪਹਿਲਾਂ 1938 ਦਾ ਸਾਲ ਆਉਣ ਤੱਕ ਅਜਿਹੇ ਮਨਸੂਬੇ ਬਣਾਏ ਗਏ।
ਜਿਨ੍ਹਾਂ ਰਾਹੀਂ ਯਹੂਦੀ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਜਰਮਨੀ ਤੋਂ ਬਾਹਰ ਕੱਢਿਆ ਜਾ ਸਕੇ। ਯਹੂਦੀ ਡਾਕਟਰਾਂ ਅਤੇ ਵਕੀਲਾਂ ਨੂੰ ਵਿੱਤੀ ਪੱਖੋਂ ਛੇਕ ਦਿੱਤਾ ਗਿਆ। ਯਹੂਦੀਆਂ ਲਈ ਆਪਣੇ ਪਾਸਪੋਰਟ ਉੱਤੇ ‘ਜੇ ਲਿਖਣਾ ਲਾਜ਼ਮੀ ਕਰ ਦਿੱਤਾ ਗਿਆ। ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਮਰਦ ਆਪਣੇ ਨਾਮ ਨਾਲ ‘ਇਸਰਾਇਲ’ ਅਤੇ ਬੀਬੀਆਂ ‘ਸਾਰਾਹ’ ਜੋੜਨਗੀਆਂ ਤਾਂ ਜੋ ਉਨ੍ਹਾਂ ਦੀ ਯਹੂਦੀ ਵਜੋਂ ਸ਼ਨਾਖ਼ਤ ਸੁਖਾਲੀ ਹੋ ਸਕੇ। ਜਰਮਨੀ ਦੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੇ ਨਫ਼ਤਰ ਦੇ ਵਧਾਰੇ ਵਿੱਚ ਸਰਗਰਮ ਹਿੱਸਾ ਪਾਇਆ। ਉਨ੍ਹਾਂ ਨੇ ਆਪਣੀਆਂ ਜਮਾਤਾਂ ਵਿੱਚ ਯਹੂਦੀਆਂ ਦੇ ਕਿਰਦਾਰ ਅਤੇ ਮਨੋਦਸ਼ਾ ਦੀ ਅਜਿਹੀ ਪੜਚੋਲ ਪੜ੍ਹਾਈ ਜੋ ਉਨ੍ਹਾਂ ਨੂੰ ਬਦੀ ਦੇ ਨੁਮਾਇੰਦੇ ਬਣਾ ਕੇ ਪੇਸ਼ ਕਰਦੀ ਸੀ। ਨੌਕਰਸ਼ਾਹੀ ਅਜਿਹੇ ਕਾਨੂੰਨ ਬਣਾਉਣ ਵਿੱਚ ਰੁੱਝੀ ਰਹੀ ਜੋ ਯਹੂਦੀਆਂ ਦੀ ਸ਼ਨਾਖ਼ਤ ਕਰਦੇ ਸਨ, ਜਾਂ ਉਨ੍ਹਾਂ ਦੇ ਬੁਨਿਆਦੀ ਹਕੂਕ ਨੂੰ ਖ਼ਤਮ ਕਰਦੇ ਸਨ। ਪੁਲਿਸ ਯਹੂਦੀਆਂ ਦੇ ਪੱਖ ਵਿੱਚ ਬੋਲਣ ਵਾਲੇ ਕਿਸੇ ਨੂੰ ਵੀ ਗ੍ਰਿਫ਼ਤਾਰ ਕਰ ਲੈਂਦੀ ਸੀ। ਯਹੂਦੀਆਂ ਨੂੰ ਸ਼ਹਿਰ ਦੇ ਬਾਗ਼-ਬਗ਼ੀਚਿਆਂ ਵਿੱਚ ਜਾਣ ਦੀ ਮਨਾਹੀ ਸੀ। ਲੋਕਾਂ ਨੇ ਯਹੂਦੀਆਂ ਦੀਆਂ ਦੁਕਾਨਾਂ ਤੋਂ ਸੌਦਾ ਖ਼ਰੀਦਣਾ ਬੰਦ ਕਰ ਦਿੱਤਾ। ਰੇਲਗੱਡੀਆਂ ਦੇ ਡੱਬੇ ਵੱਖ-ਵੱਖ ਕਰ ਦਿੱਤੇ ਗਏ। ਜਰਮਨੀ ਦਾ ਸਮਾਜ ਸਦਾ ਹੀ ਮਿੱਸਾ ਰਿਹਾ ਸੀ ਜਿਸ ਵਿੱਚ ਯਹੂਦੀ ਵੀ ਬਾਕੀਆਂ ਦੇ ਨਾਲ ਰਹਿੰਦੇ ਸਨ। ਉਨ੍ਹਾਂ ਨੂੰ ਉਜਾੜ ਕੇ ਸ਼ਹਿਰ ਦੇ ਬਾਹਰ- ਬਾਰ ਬਣੇ ਘੁਰਨਿਆਂ ਵਿੱਚ ਭੇਜਣ ਦੇ ਮਨਸੂਬੇ ਬਣਾਏ ਗਏ। ਤ੍ਰਾਸਦੀ ਦਾ ਦੂਜਾ ਜ਼ਾਲਮਾਨਾ ਪੱਖ ਇਹ ਸੀ ਕਿ ਅਮੀਰ ਯਹੂਦੀਆਂ ਸਿਰ ਇਨ੍ਹਾਂ ਘੁਰਨਿਆਂ ਦਾ ਬੋਝ ਪਾਇਆ ਜਾਂਦਾ ਸੀ। ਬੀਮਾ ਕੰਪਨੀਆਂ ਨੂੰ ਹੁਕਮ ਕੀਤਾ ਗਿਆ ਕਿ ਉਹ ਯਹੂਦੀਆਂ ਦੇ ਘਰਾਂ, ਦੁਕਾਨਾਂ ਅਤੇ ਗਦਾਮਾਂ ਦੇ ਨੁਕਸਾਨ ਦਾ ਮੁਆਵਜ਼ਾ ਨਾ ਦੇਣ। ਉਨ੍ਹਾਂ ਦਾ ਨਿਖੇੜਾ ਕਰਨ ਦਾ ਹਰ ਉਪਰਾਲਾ ਕੀਤਾ ਗਿਆ ਤਾਂ ਜੋ ਉਨ੍ਹਾਂ ਦਾ ਸ਼ਿਕਾਰ ਕਰਨ ਲਈ ਘੁੰਮਦੇ ਹਜੂਮ ਦਾ ਕੰਮ ਸੁਖਾਲਾ ਹੋ ਜਾਵੇ।
ਸਾਲ 1938 ਤੱਕ ਘਾਤਕ ਹਿੰਸਾ ਦੇ ਵੰਨ-ਸਵੰਨੇ ਅਤੇ ਬਿਖਰੇ-ਬਿਖਰੇ ਬਹੁਤ ਸਾਰੇ ਵਾਕਿਆਤ ਹੋਏ ਸਨ। ਕੁਝ ਲੋਕਾਂ ਨੇ ਇਨ੍ਹਾਂ ਵਾਕਿਆਤ ਦੀ ਹਮਾਇਤ ਕੀਤੀ ਸੀ ਅਤੇ ਕੁਝ ਨੇ ਇਨ੍ਹਾਂ ਦਾ ਵਿਰੋਧ ਕੀਤਾ ਸੀ। ਹਮਾਇਤ ਅਤੇ ਵਿਰੋਧ ਦੇ ਇਸ ਰੁਝਾਨ ਵਿੱਚ ਆਵਾਮ ਹਿੰਸਾ ਬਾਬਤ ਸੁੰਨ ਹੁੰਦਾ ਚਲਿਆ ਗਿਆ। ਇਸ ਤਰ੍ਹਾਂ ਆਵਾਮ ਜ਼ਹਿਨੀ ਤੌਰ ਉੱਤੇ ਆਉਣ ਵਾਲੇ ਦੌਰ ਦਾ ਕਾਤਲ ਬਣਨ ਲਈ ਤਿਆਰ ਹੋ ਗਿਆ ਅਤੇ ਉਸੇ ਪ੍ਰਚਾਰ ਦੇ ਵਹਿਣ ਵਿੱਚ ਵਹਿ ਗਿਆ ਜੋ ਉਸ ਨੂੰ ਵਰਤਾਇਆ ਜਾ ਰਿਹਾ ਸੀ। ਉਸ ਵੇਲੇ ਤੱਕ ਬਹੁਤ ਸਾਰੇ ਜਰਮਨ ਤਰ੍ਹਾਂ-ਤਰ੍ਹਾਂ ਦੀਆਂ ਫ਼ੌਜਾਂ ਅਤੇ ਜਥੇਬੰਦੀਆਂ ਵਿੱਚ ਸ਼ਾਮਿਲ ਹੋਣ ਦਾ ਮਾਣ ਮਹਿਸੂਸ ਕਰਨ ਲੱਗੇ ਸਨ ਅਤੇ ‘ਹੇਲ ਹਿਟਲਰ’ ਦੇ ਨਾਅਰੇ ਮਾਰ ਰਹੇ ਸਨ। ਉਹ ਹਿਟਲਰ ਦੇ ਭਗਤ ਹੋ ਗਏ ਸਨ ਅਤੇ ਉਨ੍ਹਾਂ ਦੇ ਦਿਮਾਗਾਂ ਵਿੱਚ ਹਿੰਸਾ ਨਾਮੀ ਜ਼ਹਿਰ ਦੇ ਟੀਕੇ ਲਗਾ ਦਿੱਤੇ ਗਏ ਸਨ। ਹਿਟਲਰ ਦੀ ਖ਼ਬਤ ਲੋਕਾਂ ਦੀ ਖ਼ਬਤ ਹੋ ਗਈ ਸੀ। ਹਿਟਲਰ ਨੂੰ ਕੁਝ ਕਰਨ ਦੀ ਲੋੜ ਨਹੀਂ ਸੀ; ਜਰਮਨ ਲੋਕ ਸਭ ਕੁਝ ਕਰ ਰਹੇ ਸਨ।
ਹਿਟਲਰ ਅਤੇ ਉਸ ਦੀ ਸਰਕਾਰ ਨੇ ਤਾਂ ਸਿਰਫ਼ ਇੰਨਾ ਹੀ ਕਰਨਾ ਸੀ ਕਿ ਆਪਣੀ ਖ਼ੁਸ਼ੀ ਦੀ ਪੂਰਤੀ ਲਈ ਲੋਕਾਂ ਨੂੰ ਹਰਕਤ ਕਰਨ ਦੀ ਖੁੱਲ੍ਹ ਦੇਣੀ ਸੀ।
“ਸਾਨੂੰ ਇਹ ਸਾਫ਼ ਪਤਾ ਹੋਣਾ ਚਾਹੀਦਾ ਹੈ ਕਿ ਅਗਲੇ ਦਹਾਕੇ ਵਿੱਚ ਸਾਡਾ ਸਾਹਮਣਾ ਅਜਿਹੇ ਟਕਰਾਅ ਨਾਲ ਹੋਣ ਜਾ ਰਿਹਾ ਹੈ ਜਿਸ ਦੇ ਅਸਰਾਤ ਵੱਡੇ ਹੋਣਗੇ।
ਅਜਿਹਾ ਟਕਰਾਅ ਕਿਸੇ ਨੇ ਸੁਣਿਆ ਨਹੀਂ ਹੈ। ਇਹ ਮੁਲਕਾਂ ਦਾ ਹੀ ਟਕਰਾਅ ਨਹੀਂ ਹੋਵੇਗਾ ਸਗੋਂ ਯਹੂਦੀਆਂ, ਅੰਦਰਮੁਖੀ-ਬਰਾਦਰੀਆਂ, ਮਾਰਕਸਵਾਦੀਆਂ ਅਤੇ ਇਬਾਦਤਗਾਹਾਂ ਦੀਆਂ ਵਿਚਾਰਧਾਰਾਵਾਂ ਦੀ ਜੱਦੋ-ਜਹਿਦ ਵੀ ਹੋਵੇਗੀ। ਮੈਂ ਸਮਝਦਾ ਹਾਂ ਕਿ ਇਨ੍ਹਾਂ ਤਾਕਤਾਂ ਦੀ ਆਤਮਾ ਯਹੂਦੀਆਂ ਵਿੱਚ ਵਾਸ ਕਰਦੀ ਹੈ ਜਿਹੜੇ ਹਰ ਪੱਖੋਂ ਮਨਫ਼ੀਅਤ ਦੀ ਜੜ੍ਹ ਹਨ। ਯਹੂਦੀਆਂ ਦਾ ਮੰਨਣਾ ਹੈ ਕਿ ਜੇ ਜਰਮਨ ਅਤੇ ਇਟਲੀ ਤਬਾਹ ਨਾ ਹੋਏ ਤਾਂ ਉਨ੍ਹਾਂ ਦਾ ਆਪਣਾ ਖ਼ਾਤਮਾ ਹੋ ਜਾਵੇਗਾ। ਇਹ ਸੁਆਲ ਬਹੁਤ ਸਾਲਾਂ ਤੋਂ ਮਨੁੱਖਤਾ ਦੇ ਅੰਗ- ਸੰਗ ਹੈ। ਅਸੀਂ ਯਹੂਦੀਆਂ ਨੂੰ ਜਰਮਨੀ ਤੋਂ ਬਾਹਰ ਕੱਢ ਦੇਵਾਂਗੇ। ਅਸੀਂ ਉਨ੍ਹਾਂ ਉੱਤੇ ਉਹ ਜ਼ੁਲਮ ਕਰਾਂਗੇ ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ।” ਐੱਸ.ਐੱਸ. ਦੇ ਆਗੂਆਂ ਸਾਹਮਣੇ ਤਕਰੀਰ ਕਰਦੇ ਹੋਏ ਹੈਨਰਿਕ ਹਿਮਲਰ ਨੇ ਇਹ ਸ਼ਬਦ ਬੋਲੇ ਸਨ।
ਐੱਸ.ਐੱਸ. ਦੇ ਆਗੂਆਂ ਵਿੱਚ ਸ਼ੁਮਾਰ ਹੋਣ ਦੇ ਨਾਤੇ ਹੈਨਰਿਕ ਹਿਮਲਰ 9-10 ਨਵੰਬਰ 1938 ਤੋਂ ਕੁਝ ਦਿਨ ਪਹਿਲਾਂ ਆਪਣੀ ਜਥੇਬੰਦੀ ਨੂੰ ਯਹੂਦੀਆਂ ਖ਼ਿਲਾਫ਼ ਤਸ਼ੱਦਦ ਵਰਤਾਉਣ ਲਈ ਤਿਆਰ ਕਰ ਰਹੇ ਸਨ।
ਹਿਟਲਰ ਦੇ ਤੀਖਣ-ਜ਼ਬਾਨ ਅਤੇ ਖੂੰਖ਼ਾਰ ਪ੍ਰਚਾਰ ਇੰਤਜ਼ਾਮੀਆ ਜੋਸਫ਼ ਗੋਇਬੈੱਲਜ਼ ਨੇ ਹਿੰਸਾ ਦੀ ਖ਼ਬਰ ਹਿਟਲਰ ਨੂੰ ਦੇਣੀ ਸੀ। ਹਿਟਲਰ ਦੀ ਚੁੱਪ ਅਤੇ ਕਦੇ-ਕਦਾਈਂ ਮੁਹਿੰਮ ਪ੍ਰਚੰਡ ਕਰਨ ਦੇ ਜ਼ਬਾਨੀ ਹੁਕਮਾਂ ਨੇ ਯਕੀਨੀ ਬਣਾਉਣਾ ਸੀ ਕਿ ਸਰਕਾਰੀ ਮਸ਼ੀਨਰੀ ਕਤਲਿ-ਆਮ ਨੂੰ ਵਰਤਣ ਦੀ ਖੁੱਲ੍ਹ ਦੇਈ ਰੱਖੇ। ਇਸ ਮੁਹਿੰਮ ਦੇ ਵਰਤਾਉਣਹਾਰੇ ਹਜੂਮ ਅਤੇ ਐੱਸ.ਐੱਸ.—ਸ਼ਕਟ ਸਟਾਫ਼ੈਲ ਦੇ ਨੌਜਵਾਨ ਫ਼ੌਜੀ ਸਨ ਜਿਨ੍ਹਾਂ ਨੂੰ ਮਹਾਨ ਜਰਮਨੀ, ਮਹਾਂਸ਼ਕਤੀ ਜਰਮਨੀ ਅਤੇ ਯੂਰਪ ਦੇ ਸਾਮਰਾਜ ਜਰਮਨੀ ਦੇ ਸੁਫ਼ਨੇ ਦਿਖਾਏ ਗਏ ਸਨ।
ਸੱਤ ਨਵੰਬਰ 1938 ਦੀ ਰਾਤ ਨੂੰ ਫਰਾਂਸ ਵਿੱਚ ਜਰਮਨੀ ਦੀ ਥਰਡ ਲੀਗੇਸ਼ਨ ਦੇ ਸਕੱਤਰ ਅਰਨਸਟ ਵੋਮ ਰਾਥ ਦਾ ਕਤਲ ਕਰ ਦਿੱਤਾ ਗਿਆ। ਕਾਤਲ ਹਰਸ਼ੇਲ ਗਰਾਈਨਜ਼ਪਾਨ ਨਾਮ ਦਾ ਪੌਲਿਸ਼ ਮੂਲ ਦਾ ਯਹੂਦੀ ਸੀ। ਗੋਇਬੈੱਲਜ਼ ਦੇ ਭਾਣੇ ਤਾਂ ਉਸ ਦੀ ਰੱਬੀ ਦਰਗਾਹ ਵਿੱਚ ਸੁਣੀ ਗਈ ਸੀ। ਅੱਗ ਤਾਂ ਅੰਦਰ ਸੁਲਘ ਹੀ ਰਹੀ ਸੀ ਅਤੇ ਇਸ ਨੂੰ ਭਾਂਬੜ ਬਣਾਉਣ ਲਈ ਹਵਾ ਦਰਕਾਰ ਸੀ ਜੋ ਮਿਲ ਗਈ ਸੀ।
ਉਸ ਰਾਤ ਨੂੰ ਗੋਇਬੈੱਲਜ਼ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ: “ਮੈਂ ਓਲਡ ਟਾਊਨ ਵਿੱਚ ਪਾਰਟੀ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਉੱਥੇ ਵੱਡੀ ਭੀੜ ਜਮ੍ਹਾਂ ਸੀ। ਮੈਂ ਹਿਟਲਰ ਦੀ ਸੋਚ ਦਾ ਬਿਆਨੀਆ ਪੇਸ਼ ਕੀਤਾ। ਉਸ ਨੇ ਫ਼ੈਸਲਾ ਕੀਤਾ ਹੈ ਕਿ ਯਹੂਦੀਆਂ ਖ਼ਿਲਾਫ਼ ਮੁਜ਼ਾਹਰੇ ਜਾਰੀ ਰਹਿਣੇ ਚਾਹੀਦੇ ਹਨ। ਇਸ ਦਾ ਮਤਲਬ ਹੈ ਪੁਲਿਸ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ ਅਤੇ ਯਹੂਦੀਆਂ ਨੂੰ ਲੋਕ ਰੋਹ ਦਾ ਸੇਕ ਲੱਗਣਾ ਚਾਹੀਦਾ ਹੈ। ਮੈਂ ਪਾਰਟੀ ਅਤੇ ਪੁਲਿਸ ਨੂੰ ਫੌਰੀ ਹੁਕਮ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਮੈਂ ਕੁਝ ਸਮਾਂ ਪਾਰਟੀ ਸਮਾਗਮ ਉੱਤੇ ਬੋਲਿਆ। ਹਾਜ਼ਰੀਨ ਵਿੱਚ ਪੂਰਾ ਜੋਸ਼ ਸੀ। ਇਸ ਤੋਂ ਬਾਅਦ ਮੈਂ ਤੁਰੰਤ ਫ਼ੋਨ ਕੀਤਾ । ਹੁਣ ਲੋਕ ਆਪਣਾ ਕੰਮ ਕਰਨਗੇ। ”
ਉਨ੍ਹਾਂ ਨੇ ਹਜੂਮ ਨੂੰ ਖੁੱਲ੍ਹਾ ਛੱਡ ਦਿੱਤਾ। ਪੁਲਿਸ ਨੂੰ ਨਾ ਸਿਰਫ਼ ਇੱਕ ਪਾਸੇ ਹੋਣ ਦਾ ਹੁਕਮ ਸੀ ਸਗੋਂ ਜਿਸ ਇਲਾਕੇ ਵਿੱਚ ਯਹੂਦੀਆਂ ਦੀਆਂ ਦੁਕਾਨਾਂ ਨੂੰ ਫੂਕਣਾ ਹੁੰਦਾ ਸੀ ਉੱਥੇ ਦੇ ਮਾਲਕਾਨ ਨੂੰ ਪੁਲਿਸ ‘ਹਿਫ਼ਾਜ਼ਤੀ ਹਿਰਾਸਤ’ ਵਿੱਚ ਲੈ ਲੈਂਦੀ ਸੀ ਤਾਂ ਜੋ ਅੱਗਜ਼ਨੀ ਦਾ ਕੰਮ ਪੁਖ਼ਤਾ ਢੰਗ ਨਾਲ ਹੋ ਸਕੇ। ਇਸ ਤਰ੍ਹਾਂ ਪੁਲਿਸ ਕਤਲਿ-ਆਮ ਦੀ ਨੋਡਲ ਏਜੰਸੀ ਦਾ ਕਿਰਦਾਰ ਨਿਭਾ ਰਹੀ ਸੀ। ਅੱਗ ਬੁਝਾਉਣ ਵਾਲੇ ਮਹਿਕਮੇ ਨੂੰ ਯਹੂਦੀਆਂ ਦੇ ਬਲ਼ਦੇ ਘਰਾਂ ਨੂੰ ਨਜ਼ਰ-ਅੰਦਾਜ਼ ਕਰਨ ਅਤੇ ਉਨ੍ਹਾਂ ਦੇ ਨਾਲ ਲਗਦੇ ਆਰੀਅਨ ਨਸਲ ਦੇ ਘਰਾਂ ਨੂੰ ਅੱਗ ਤੋਂ ਬਚਾਉਣ ਲਈ ਪਾਣੀ ਦੇ ਇਸਤੇਮਾਲ ਦਾ ਹੁਕਮ ਸੀ।
ਸਭ ਕੁਝ ਇਸ ਤਰ੍ਹਾਂ ਵਿਓਂਤਬੰਦ ਕੀਤਾ ਗਿਆ ਸੀ, ਜਿਵੇਂ ਲੋਕਾਂ ਦਾ ਰੋਹ ਆਪਣੇ-ਆਪ ਕੁਦਰਤੀ ਵਹਿਣ ਵਿੱਚ ਵਹਿ ਤੁਰਿਆ ਹੋਵੇ। ਇਸ ਤਰ੍ਹਾਂ ਕਰਨ ਦਾ ਮਕਸਦ ਸੀ ਕਿ ਸਰਕਾਰ ਜਾਂ ਪੁਲਿਸ ਖ਼ਿਲਾਫ਼ ਕੋਈ ਇਲਜ਼ਾਮ ਦੀ ਗੁੰਜਾਇਸ਼ ਨਾ ਰਹੇ। ‘ਲੋਕ ਰੋਹ’ ਦੇ ਨਾਮ ਉੱਤੇ ਖੇਡੀ ਗਈ ਉਸ ਖੇਡ ਨੇ ਇਤਿਹਾਸ ਦੇ ਮੂੰਹ ਉੱਤੇ ਉਹ ਖ਼ੂਨੀ ਦਾਗ਼ ਲਗਾਇਆ ਸੀ ਜਿਸ ਨੂੰ ਅੱਜ ਤੱਕ ਮਿਟਾਇਆ ਨਹੀਂ ਜਾ ਸਕਿਆ। ਇਹ ਸਭ ਕੁਝ ਉਸ ਵੇਲੇ ਹੋਇਆ ਸੀ ਜਦੋਂ ਯੂਰਪ ਵਿੱਚ ਆਧੁਨਿਤਕਾ ਦਾ ਪਰਚਮ ਬੁਲੰਦ ਸੀ ਅਤੇ ਜਮਹੂਰੀਅਤ ਦੇ ਖ਼ਿਆਲਾਤ ਦਾ ਪੁਰਜ਼ੋਰ ਦਿਖਾਵਾ ਹੋ ਰਿਹਾ ਸੀ।
ਉਸ ਰਾਤ ਸੈਂਕੜੇ ਯਹੂਦੀਆਂ ਦਾ ਕਤਲ ਕਰ ਦਿੱਤਾ ਗਿਆ। ਬੀਬੀਆਂ ਅਤੇ ਬੱਚਿਆਂ ਨੂੰ ਡੂੰਘੀਆਂ ਸੱਟਾਂ ਮਾਰੀਆਂ ਗਈਆਂ ਸਨ। ਤਕਰੀਬਨ ਸੌ ਇਬਾਦਤਗਾਹਾਂ ਢਾਹ ਦਿੱਤੀਆਂ ਗਈਆਂ ਸਨ। ਮਿਉਨਿਖ਼ ਦੇ ਸਿਨੇਗੌਗ ਨੂੰ ਨਾਜ਼ੀ ਫ਼ੌਜ ਨੇ ਨੌਂ ਨਵੰਬਰ ਦੀ ਰਾਤ ਨੂੰ ਫੂਕ ਦਿੱਤਾ ਸੀ। ਦਲੀਲ ਦਿੱਤੀ ਗਈ ਸੀ ਕਿ ਸਿਨੇਗੌਗ ਆਵਾਜਾਈ ਵਿੱਚ ਵਿਘਨ ਬਣਦਾ ਸੀ। ਬਰਲਿਨ ਵਿੱਚ ਪੰਦਰਾਂ ਸਿਨੇਗੌਗ ਫੂਕ ਦਿੱਤੇ ਗਏ ਸਨ। ਕਬਰਸਤਾਨਾਂ ਉੱਤੇ ਹਮਲੇ ਹੋਏ ਸਨ। ਹਜ਼ਾਰਾਂ ਦੁਕਾਨਾਂ ਅਤੇ ਗੁਦਾਮ ਸਾੜ ਦਿੱਤੇ ਗਏ ਸਨ। ਅਣਗਿਣਤ ਰਿਹਾਇਸ਼ੀ ਇਮਾਰਤਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ ਸੀ। ਜਰਮਨੀ ਦੇ ਵੱਡੇ ਸ਼ਹਿਰਾਂ ਦੀਆਂ ਸੜਕਾਂ ਦੀਆਂ ਬੰਨੀਆਂ ਸ਼ੀਸ਼ੇ ਦੇ ਟੁਕੜਿਆਂ ਨਾਲ ਭਰੀਆਂ ਪਈਆਂ ਸਨ। ਇਹੋ ਹਾਲ ਦੁਕਾਨਾਂ ਦੇ ਸਾਹਮਣੇ ਵਾਲੀਆਂ ਬੀਹੀਆਂ ਦਾ ਸੀ। ਯਹੂਦੀਆਂ ਦੀ ਯਾਦਾਸ਼ਤ ਨਾਲ ਜੁੜੀ ਹੋਈ ਹਰ ਸ਼ੈਅ, ਹਰ ਵਸਤ ਤਬਾਹ ਕੀਤੀ ਗਈ ਸੀ ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਤੱਕ ਸ਼ਾਮਿਲ ਸਨ। ਬਹੁਤ ਸਾਰੇ ਜਣਿਆਂ ਅਤੇ ਜਣੀਆਂ ਨੇ ਖ਼ੁਦਕੁਸ਼ੀ ਕਰ ਲਈ। ਬਹੁਤ ਸਾਰੇ ਜ਼ਖ਼ਮੀ ਹੋਏ ਅਤੇ ਬਾਅਦ ਵਿੱਚ ਦਮ ਤੋੜ ਗਏ। ਪੁਲਿਸ ਨੇ ਤੀਹ ਹਜ਼ਾਰ ਯਹੂਦੀ ਮਰਦਾਂ ਨੂੰ ਜਬਰਦਸਤੀ ਮੁਲਕ ਤੋਂ ਬਾਹਰ ਬੰਦੀ-ਖ਼ਾਨਿਆਂ ਵਿੱਚ ਲੱਗ ਦਿੱਤਾ। ਲੋੜੀਂਦੀ ਥਾਂ ਨਾ ਹੋਣ ਕਾਰਨ ਸਿਰਫ਼ ਮਰਦਾਂ ਅਤੇ ਅਮੀਰ ਯਹੂਦੀਆਂ ਨੂੰ ਚੁੱਕਿਆ ਗਿਆ ਸੀ। ਉਸ ਬਾਲਾ ਨੂੰ ਸਦਾ ਗੋ ਇਕੱਲਜ਼ ਆਪਣੇ ਹੋਟਲ ਦੇ ਕਮਰੇ ਵਿੱਚ ਪਰਤਿਆ ਸੀ ਤਾਂ ਖਿੜਕੀਆਂ ਦੇ ਟੁੱਟਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ: “ਬਾਕਮਾਲ ! ਬਾਕਮਾਲ!” ਉਸ ਨੇ ਇਹ ਵੀ ਲਿਖਿਆ: “ਜਰਮਨ ਦੇ ਲੋਕ ਸਦਾ ਯਾਦ ਰੱਖਣਗੇ ਕਿ ਕਿਸੇ ਜਰਮਨ ਡਿਪਲੋਮੇਟ ਨੂੰ ਕਤਲ ਕਰਨ ਦੇ ਕੀ ਮਾਅਨੇ ਹੁੰਦੇ ਹਨ।”
ਜੋ ਹਕੂਮਤ ਨੇ ਹੁਕਮ ਨਹੀਂ ਵੀ ਦਿੱਤਾ ਸੀ, ਉਹ ਵੀ ਹੋ ਗਿਆ ਸੀ ਅਤੇ ਜੋ ਹੋਇਆ ਸੀ ਉਸ ਬਾਬਤ ਕੁਝ ਨਹੀਂ ਕਿਹਾ ਗਿਆ ਸੀ। ਧਰਤੀ ਉੱਤੇ ਚੁੱਪ ਦੀ ਚਾਦਰ ਤਾਣ ਦਿੱਤੀ ਗਈ ਸੀ ਜੋ ਕਿਸੇ ਦਮਘੋਟੂ ਕੰਬਲ ਵਰਗੀ ਸੀ। ਇਸ ਸਭ ਕੁਝ ਮੀਡੀਆ ਦੇ ਇੰਤਜ਼ਾਮ ਦੀ ਬਦੌਲਤ ਹੋਇਆ ਸੀ। ਸਭ ਇਸ ਸਮਝੌਤੇ ਦੇ ਪਾਬੰਦ ਸਨ ਕਿ ਹਿਟਲਰ ਜਿੱਥੇ ਵੀ ਜਾਵੇਗਾ, ਉਸ ਤੋਂ ਪੱਤਰਕਾਰ ਯਹੂਦੀਆਂ ਖ਼ਿਲਾਫ਼ ਹੋਈ ਹਿੰਸਾ ਬਾਬਤ ਸੁਆਲ ਨਹੀਂ ਪੁੱਛਣਗੇ। ਹਿਟਲਰ ਨੇ ਚੁੱਪ ਧਾਰ ਕੇ ਰੱਖਣੀ ਸੀ ਤਾਂ ਕਿ ਦੁਨੀਆ ਵਿੱਚ ਉਸ ਦਾ ਅਕਸ ਧੁੰਧਲਾ ਨਾ ਹੋਵੇ।
ਜਰਮਨੀ ਦਾ ਹਜੂਮ ਹਿਟਲਰ ਤੋਂ ਬਲਿਹਾਰੇ ਜਾਂਦਾ ਸੀ। ਹਜੂਮ ਉਸ ਦੇ ਇਸ਼ਾਰਿਆਂ ਉੱਤੇ ਨੱਚਦਾ ਸੀ। ਹਜੂਮ ਤੋਂ ਮੁਤਾਸਿਰ ਹੋ ਕੇ ਹਿਟਲਰ ਨੇ ਕੁਝ ਨਿਰਾਲੇ ਕਾਨੂੰਨ ਪਾਸ ਕਰ ਦਿੱਤੇ—ਯਹੂਦੀਆਂ ਨੂੰ ਹੋਏ ਨੁਕਸਾਨ ਦਾ ਹਰਜ਼ਾਨਾ ਭਰਨਾ ਪਵੇਗਾ। ਇੰਝ ਜਤਾਇਆ ਗਿਆ ਕਿ ਯਹੂਦੀਆਂ ਨੇ ਆਪਣੀਆਂ ਦੁਕਾਨਾਂ ਅਤੇ ਘਰਾਂ ਨੂੰ ਆਪ ਹੀ ਅੱਗ ਲਗਾਈ ਸੀ। ਜਦੋਂ ਹਜੂਮ ਆਪਣਾ ਸਾਮਰਾਜ ਸਿਰਜ ਲੈਂਦਾ ਹੈ ਤਾਂ ਬਦਕਾਰੀ ਦੇ ਅਸੂਲਾਂ ਦਾ ਦਿਲੋ- ਦਿਮਾਗ਼ ਉੱਤੇ ਰਾਜ ਹੋ ਜਾਂਦਾ ਹੈ।
ਨਾਜ਼ੀ ਹਕੂਮਤ ਦੀਆਂ ਕਾਤਲਾਨਾ ਮੁਹਿੰਮਾਂ ਦੀ ਕਾਮਯਾਬੀ ਵਿੱਚ ਵੱਡਾ ਹਿੱਸਾ ਪ੍ਰੋਪੇਗੰਡਾ ਨੇ ਪਾਇਆ ਸੀ। ਇੱਕੋ ਕਿਸਮ ਦਾ ਬਿਰਤਾਂਤ ਹਰ ਪੱਧਰ ਉੱਤੇ ਹਰ ਹੀਲੇ ਵਰਤਾਇਆ ਗਿਆ ਸੀ। ਬਾਕੀ ਦੇ ਹਰ ਬਿਰਤਾਂਤ ਦੀ ਹੋਂਦ ਮਿਟਾ ਦਿੱਤੀ ਗਈ ਸੀ। ਪ੍ਰੋਪੇਗੰਡਾ ਨੇ ਲੋਕਾਂ ਨੂੰ ਆਪਣੇ ਹਿਸਾਬ ਨਾਲ ਢਾਲਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਉਹ ਕਿਸ ਵੇਲੇ ਹਥਿਆਰ ਬਣ ਗਏ। ਪ੍ਰੋਪੇਗੰਡਾ ਦਾ ਇੱਕ ਮਸਕਦ ਹੈ—ਹਜੂਮ ਪੈਦਾ ਕਰਨਾ। ਹਜੂਮ ਕਤਲਿ-ਆਮ ਨੂੰ ਅੰਜਾਮ ਦਿੰਦਾ ਹੈ ਅਤੇ ਖੂਨ ਦੇ ਛਿੱਟੇ ਸਿਰਫ਼ ਉਨ੍ਹਾਂ ਦੇ ਕੱਪੜਿਆਂ ਉੱਤੇ ਪੈਂਦੇ ਹਨ ਜਿਨ੍ਹਾਂ ਦੇ ਜਮ੍ਹਾਂ-ਜੋੜ ਨਾਲ ਹਜੂਮ ਬਣਦਾ ਹੈ। ਸਰਕਾਰ ਅਤੇ ਆਗੂ ਇਲਜ਼ਾਮ ਤੋਂ ਬਚ ਜਾਂਦੇ ਹਨ। ਕੋਈ ਹਜੂਮ ਨੂੰ ਜੋੜਨ ਵਾਲੇ ਪ੍ਰੋਪੇਗੰਡਾ ਉੱਤੇ ਸੁਆਲ ਨਹੀਂ ਕਰਦਾ। ਕੋਈ ਇਹ ਜਾਂਚ ਨਹੀਂ ਕਰਦਾ ਕਿ ਹਜੂਮ ਵਿੱਚ ਜੁੜੇ ਲੋਕਾਂ ਦੇ ਦਿਮਾਗ਼ਾਂ ਵਿੱਚ ਕਿਹੋ-ਜਿਹਾ ਜ਼ਹਿਰ ਭਰਿਆ ਜਾਂਦਾ ਹੈ।
“ਇੰਤਹਾ-ਪਸੰਦੀ ਦੇ ਪਸਾਰੇ ਨੂੰ ਕਿਸੇ ਪਾਸਿਓਂ ਕੋਈ ਠੋਸ ਮੁਕਾਬਲਾ ਨਹੀਂ ਮਿਲਿਆ।” ਕ੍ਰਿਸਟਲ ਨਾਈਟ ਬਾਬਤ ਪੜ੍ਹੀਆਂ ਕਿਤਾਬਾਂ ਵਿੱਚ ਮੈਨੂੰ ਇਹ ਖ਼ੌਫ਼ਨਾਕ ਅਤੇ ਡੂੰਘਾ ਫ਼ਿਕਰਾ ਮਿਲਿਆ। ਮੈਨੂੰ ਇੰਝ ਲੱਗਿਆ ਕਿ ਇਹ ਵੀ ਇੱਕ ਤਰੀਕਾ ਹੈ ਜਿਸ ਰਾਹੀਂ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਕਿਸੇ ਨੇ ਹਿਟਲਰ ਦੀ ਹਜੂਮ ਫ਼ੌਜ ਦਾ ਕਿਸੇ ਤਰ੍ਹਾਂ ਵੀ ਵਿਰੋਧ ਨਹੀਂ ਕੀਤਾ। ਇਸ ਤਰ੍ਹਾਂ ਵਰਤੇ ਕਹਿਰ ਉੱਤੇ ਆਮ ਲੋਕ ਲਗਾਤਾਰ ਸ਼ਰਮ ਅਤੇ ਅਫ਼ਸੋਸ ਦਾ ਇਜ਼ਹਾਰ ਕਰਦੇ ਰਹੇ ਪਰ ਨਾਲ ਹੀ ਉਹ ਆਪਣੇ-ਆਪ ਨੂੰ ਨਿਤਾਣੇ ਬਿਆਨ ਕਰਦੇ ਰਹੇ। ਜੋ ਬੋਲ ਸਕਦੇ ਸਨ ਉਨ੍ਹਾਂ ਨੇ ਚੁੱਪ ਧਾਰ ਲਈ। ‘ਤੇਰੀਆਂ ਰਹਿਮਤਾਂ ਨਾਲ ਗੁਆਂਢੀ ਨੂੰ ਪਿਆਰ ਦੀ ਬਖ਼ਸ਼ਿਸ਼’ ਦੇਣ ਦੀ ਸਿੱਖਿਆ ਦੇਣ ਵਾਲਾ ਗਿਰਜਾਘਰ ਚੁੱਪ ਰਿਹਾ। ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੇ ਜਰਮਨੀ ਤੋਂ ਭੱਜ ਰਹੇ ਯਹੂਦੀਆਂ ਨੂੰ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ। ਕੀ ਇਹ ਸਾਰਾ ਕੁਝ ਹੁਣ ਨਹੀਂ ਹੋ ਰਿਹਾ?
ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਅਸੀਂ ਹਿੰਸਾ ਦੇ ਖ਼ਾਸੇ ਬਾਰੇ ਸੋਚਣਾ ਬੰਦ ਕਰੀਏ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸਰਾਇਲ ਦਾ ਮੁਲਕ ਵਜੋਂ ਇਸ ਵੇਲੇ ਜੋ ਵੀ ਅਕਸ ਹੋਵੇ ਪਰ ਦੁਨੀਆ ਯਹੂਦੀਆਂ ਦੀ ਹੋਣੀ ਲਈ ਹੁਣ ਵੀ ਕਸੂਰਵਾਰ ਹੈ ਜਦੋਂ ਕਿ ਫਲਸਤੀਨ ਹੁਣ ਇਸਰਾਇਲ ਉੱਤੇ ਜ਼ੁਲਮ ਅਤੇ ਕਤਲਿ-ਆਮ ਦਾ ਇਲਜ਼ਾਮ ਲਗਾਉਂਦਾ ਹੈ। ਜੇ ਅਸੀਂ ਧਿਆਨ ਨਾਲ ਸੋਚੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਜਿਸ ਸਮਾਜ ਨੇ ਅਕਹਿ ਹਿੰਸਾ ਆਪਣੇ ਪਿੰਡੇ ਉੱਤੇ ਹੰਢਾਈ ਹੈ ਅਤੇ ਹੁਣ ਉਸੇ ਤਰ੍ਹਾਂ ਦੀ ਜਾਂ ਉਸ ਤੋਂ ਜ਼ਿਆਦਾ ਬੇਕਿਰਕੀ ਨਾਲ ਦੂਜਿਆਂ ਉੱਤੇ ਹਿੰਸਾ ਵਰਤਾ ਰਿਹਾ ਹੈ। ਸਾਨੂੰ ਇਹ ਦਿੱਤਾ ਸੀ। ਸ਼ਾਇਦ ਇਹ ਮੌਜੂਦਾ ਦੌਰ ਤੋਂ ਬਿਹਤਰ ਕਦੇ ਸਮਝ ਨਹੀਂ ਆ ਸਕਦਾ ਸੀ। ਵੀ ਵਿਖਾਈ ਦੇਣ ਲੱਗੇਗਾ ਕਿ ਮਹਾਤਮਾ ਗਾਂਧੀ ਨੇ ਅਹਿੰਸਾ ਉੱਤੇ ਇੰਨਾ ਜ਼ੋਰ ਕਿਉਂ ਇੱਕੋ ਰਾਹ ਹੈ ਜਿਸ ਉੱਤੇ ਚਲਦੇ ਹੋਏ ਅਸੀਂ ਦੁਨੀਆ ਨੂੰ ਪਿਆਰ ਦੇ ਰੰਗ ਵਿੱਚ ਰੰਗੀ ਨਫ਼ਰਤ ਦੇ ਕਾਲੇ ਕਚੱਕਰ ਵਿੱਚੋਂ ਨਿਕਲਣ ਦਾ ਇੱਕੋ-ਇੱਕ ਰਾਹ ਅਹਿੰਸਾ ਹੈ। ਇਹ ਹੋਈ ਵੇਖ ਸਕਦੇ ਹਾਂ।
ਸਾਨੂੰ ਹਜੂਮ ਦਾ ਖ਼ਾਸਾ ਸਮਝਣ ਦਾ ਉਪਰਾਲਾ ਵੀ ਕਰਨਾ ਚਾਹੀਦਾ ਹੈ। ਹਜੂਮ ਦਾ ਆਪਣਾ ਕਾਇਦਾ-ਕਾਨੂੰਨ ਹੁੰਦਾ ਹੈ। ਇਸ ਦਾ ਆਪਣਾ ਹੀ ਮੁਲਕ ਹੁੰਦਾ ਹੈ। ਇਹ ਆਪਣੇ ਹੁਕਮ ਅਤੇ ਹਦਾਇਤਾਂ ਆਪ ਜਾਰੀ ਕਰਦਾ ਹੈ ਅਤੇ ਆਪ ਹੀ ਆਪਣੇ ਸ਼ਿਕਾਰ ਦੀ ਸ਼ਨਾਖ਼ਤ ਕਰਦਾ ਹੈ। ਹਜੂਮ ਦੇ ਖ਼ਾਸੇ ਨੂੰ ਸਮਝਦੇ ਹੋਏ ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਅਦਾਰੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਾਂਚ ਮੁਕੰਮਲ ਕਰਨ ਅਤੇ ਜਵਾਬਦੇਹ ਹੋਣ। ਸਾਨੂੰ ਪੂਰੇ ਸੰਜਮ ਅਤੇ ਯਕੀਨ ਨਾਲ ਮੰਨਣਾ ਪਵੇਗਾ ਕਿ ਮੁਲਜ਼ਮਾਂ ਖ਼ਿਲਾਫ਼ ਜਾਂਚ ਹੋਵੇਗੀ ਅਤੇ ਉਨ੍ਹਾਂ ਨੂੰ ਸਜ਼ਾ ਮਿਲੇਗੀ। ਕਿਤੇ ਵੀ ਅਤੇ ਕਿਸੇ ਵੀ ਵੇਲੇ ਹਜ਼ਮ ਬਣਨ ਦਾ ਮਤਲਬ ਹਿਟਲਰ ਦਾ ਜਰਮਨੀ ਹੋ ਜਾਣਾ ਹੈ।
ਲੋਕਾ ਤੇਰੇ ਹੋਣ ਦਾ ਮਤਲਬ
ਸੰਨ 2014 ਤੋਂ ਕੌਮੀ ਪੱਧਰ ਉੱਤੇ ਸਕੂਲਾਂ ਦਾ ਨਵਾਂ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੈ ਅਤੇ ਗੋਦੀ ਮੀਡੀਆ ਇਸ ਨੂੰ ਲਾਗੂ ਕਰਵਾਉਣ ਵਿੱਚ ਚੱਤੇ-ਪਹਿਰ ਸਰਗਰਮ ਹੈ। ਇਸ ਦਾ ਮਰਕਜ਼ੀ ਖ਼ਿਆਲ ਇੱਕੋ ਹੈ ਪਰ ਸਬਕ ਵੱਖ-ਵੱਖ ਹਨ। ਹਰ ਰੋਜ਼ ਦੀ ਸ਼ਾਮ ਕਿਸੇ ਇੱਕ ਜਾਂ ਦੂਜੇ ਦੇ ਲੇਖੇ ਲਗਦੀ ਹੈ: ਖਿਚੜੀ-ਬਿਰਿਆਨੀ, ਤਾਜ ਮਹਿਲ-ਮੰਦਿਰ, ਨਹਿਰੂ ਬਨਾਮ ਪਟੇਲ, ਬੋਸ ਬਨਾਮ ਨਹਿਰੂ, ਤੀਹਰਾ ਤਲਾਕ, ਅਕਬਰ, ਔਰੰਗਜ਼ੇਬ, ਸ਼ਾਹ ਜਹਾਂਨ, ਅਸ਼ੋਕ, ਟੀਪੂ ਸੁਲਤਾਨ, ਰਾਣੀ ਪਦਮਾਵਤੀ, ਦੁਨੀਆ ਦਾ ਸਭ ਤੋਂ ਉੱਚਾ ਬੁੱਤ, ਅਤੇ ਭਾਂਤ-ਭਾਂਤ ਦੇ ਮਹਾਨ ਲੋਕਾਂ ਨੂੰ ਧੂਹ ਲਿਆ ਜਾਂਦਾ ਹੈ ਅਤੇ ਜਦੋਂ ਖ਼ਿਆਲੀ ਕੰਗਾਲੀ ਪੈ ਜਾਂਦੀ ਹੈ ਤਾਂ ਉਨ੍ਹਾਂ ਨੂੰ ਪਾਠਕ੍ਰਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ।
ਇੰਝ ਜਾਪਦਾ ਹੈ ਕਿ ਸਾਰਾ ਮੁਲਕ ਇਤਿਹਾਸ ਦੀ ਜਮਾਤ ਵਿੱਚ ਬੈਠਾ ਹੋਵੇ ਅਤੇ ਅਸੀਂ ਪਹਿਲੀ ਵਾਰ ਇਤਿਹਾਸ ਪੜ੍ਹ ਰਹੇ ਹੋਈਏ। ਟਰੋਲ, ‘ਭਗਤ’ ਅਤੇ ਨਿਊਜ਼ ਐਂਕਰ ਸਾਡੇ ਨਵੇਂ ਇਤਿਹਾਸਕਾਰ ਹਨ-ਨਿਊਜ਼ ਐਂਕਰ ਮੋਹਰੀ ਹਨ। ਨਿਊਜ਼ ਐਂਕਰਾਂ ਦੀਆਂ ਕੌਮੀ ਪੱਧਰੀ ‘ਤਕਰੀਰਾਂ’ ਦਾ ਬੁਨਿਆਦੀ ਨੁਕਤਾ ਇੱਕੋ ਹੈ—ਉਹ ਸਾਰੇ ਇਸ ਧਾਰਨਾ ਤਹਿਤ ਕੰਮ ਕਰਦੇ ਹਨ ਕਿ ਕੋਈ ‘ਮਹਾਨ ਮਰਦਾਨਾ ਸ਼ਖ਼ਸੀਅਤ’ ਨਜ਼ਰ-ਅੰਦਾਜ਼ ਕਰ ਦਿੱਤੀ ਗਈ ਹੈ ਜਾਂ ਇਤਿਹਾਸ ਵਿੱਚੋਂ ਬਾਹਰ ਕਰ ਦਿੱਤੀ ਗਈ ਹੈ। ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਉਸ ਮਰਦਾਨਾ ਸ਼ਖ਼ਸੀਅਤ—ਇਹ ਸਦਾ ਮਰਦਾਨਾ ਹੀ ਹੁੰਦੀ ਹੈ, ਜਨਾਨਾ ਨਹੀਂ—ਨੂੰ ਬਣਦੀ ਪਛਾਣ ਦਿਵਾਉਣੀ ਹੈ ਜਿਸ ਤੋਂ ਉਸ ਨੂੰ ਨਕਾਰਿਆ ਗਿਆ ਹੈ। ਉਸ ਦੇ ਸੁਫ਼ਨਿਆਂ ਨੂੰ ਆਖ਼ਰ ਬੂਰ ਪੈਣ ਦਾ ਵੇਲਾ ਆ ਗਿਆ ਹੈ ਪਰ ਉਹ ਤਾਂ ਕਦੋਂ ਦਾ ਜਹਾਨੋਂ ਕੂਚ ਕਰ ਚੁੱਕਿਆ ਹੈ। ਹੁਣ ਤਾਂ ਉਹ ਉਨ੍ਹਾਂ ਦੇ ਸੁਫ਼ਨਿਆਂ ਦੀ ਪੂਰਤੀ ਦਾ ਸਬੱਬ ਬਣਿਆ ਹੈ ਜਿਨ੍ਹਾਂ ਨੇ ਨਵਾਂ ਪਾਠਕ੍ਰਮ ਬਣਾਇਆ ਹੈ ਅਤੇ ਇਸ ਨੂੰ ਵਰਤਾ ਰਹੇ ਹਨ।
ਜਿਉਂ ਹੀ ਅਸੀਂ ਸੋਚਣਾ ਸ਼ੁਰੂ ਕਰਦੇ ਹਾਂ ਕਿ ਕੀ ਹੋ ਰਿਹਾ ਹੈ ਤਾਂ ਝੱਟ ਵੱਟਸਐੱਪ ਉੱਤੇ ਚਾਣਕਿਆ ਦਾ ਹਵਾਲਾ ਆ ਜਾਂਦਾ ਹੈ। ਉਹ ਨਵੇਂ ਕੌਮੀ ਪਾਠਕ੍ਰਮ ਵਿੱਚ ਪ੍ਰੋਫ਼ੈਸਰੀ ਦਾ ਨਵਾਂ ਪੈਮਾਨਾ ਹੋ ਗਿਆ ਹੈ ਜਿਸ ਉੱਤੇ ਆ ਕੇ ਹਰ ਗੱਲ ਖ਼ਤਮ ਹੋ ਜਾਂਦੀ ਹੈ। ਉਸ ਦੇ ਨਾਮ ਉੱਤੇ ਕੁਝ ਵੀ ਚਲਦਾ ਹੈ। ਇਤਿਹਾਸ, ਜੰਗ, ਹੁਨਰਿ-ਹਕੂਮਤ ਅਤੇ ਸਿਆਸਤ ਬਾਬਤ ਤਾਂ ਉਸ ਦਾ ਸ਼ਬਦ ਆਖ਼ਰੀ ਹੈ। ਜੇ ਤੁਸੀਂ ਤੱਥਾਂ ਦੀ ਹਮਾਇਤ ਤੋਂ ਬਿਨਾਂ ਕੁਝ ਵੀ ਕਹਿਣਾ ਚਾਹੁੰਦੇ ਹੋ ਤਾਂ ਉਸ ਨੂੰ ਚਾਣੱਕਿਆ ਦੇ ਨਾਮ ਲਗਾ ਦਿਓ। ਲੋਕ ਇਸ ਕੁੰਡੀ ਵਿੱਚ ਫਸ ਜਾਣਗੇ, ਇਸ ਜਾਲ਼ ਵਿੱਚ ਉਲਝ ਜਾਣਗੇ। ਇਸ ਕੰਮ ਲਈ ਕੁਝ ‘ਦੇਸ਼’ ਵਰਗੇ ਸ਼ਬਦਾਂ ਦਾ ਤੜਕਾ ਲਗਾਉਣਾ ਲਾਜ਼ਮੀ ਹੈ ਅਤੇ ਜੇ ਜਿਸਮਾਨੀ ਬਹਾਦਰੀ ਅਤੇ ਇਹੋ ਜਿਹੇ ਖ਼ਿਆਲਾਤ ਨਾਲ ਜੁੜੇ ਹੋਰ ਮਿੱਸੇ ਜਿਹੇ ਸ਼ਬਦ ਤਰਕਾਰੀ ਵਿੱਚ ਧੂੜ ਦਿੱਤੇ ਜਾਣ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਸ ਤੋਂ ਬਾਅਦ ਆਪਣਾ ਨੁਸਖ਼ਾ ਸਾਂਝਾ ਕਰਨਾ ਸ਼ੁਰੂ ਕਰ ਦਿਓ।
ਸਾਡੀ ਸਾਰੀ ਸਿਆਸੀ ਬਹਿਸ ਇਸੇ ਕੌਮੀ ਪਾਠਕ੍ਰਮ ਦੁਆਲੇ ਘੁੰਮ ਰਹੀ ਹੈ। ਸਾਨੂੰ ਇਤਿਹਾਸ ਨਾਲ ਜੋੜਨ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਜਦ ਕਿ ਅਸਲ ਵਿੱਚ ਸਾਨੂੰ ਧੋਖੇ ਨਾਲ ਇਤਿਹਾਸ ਤੋਂ ਵਿਯੋਗਿਆ ਜਾ ਰਿਹਾ ਹੈ। ਸਾਨੂੰ ਇਤਿਹਾਸ ਤੋਂ ਵਿਰਵੇ ਕੀਤਾ ਜਾ ਰਿਹਾ ਹੈ। ਇਤਿਹਾਸ ਲੇਖਣੀ ਦਾ ਕੰਮ ਸਿੱਧੀ ਲਕੀਰ ਵਾਹੁਣ ਵਾਂਗ ਨਹੀਂ ਹੁੰਦਾ ਅਤੇ ਨਾ ਹੀ ਇਹ ਇੱਕ ਦਿਸ਼ਾ ਨੂੰ ਚਲਦਾ ਹੈ। ਇਹ ਪ੍ਰਕਿਰਿਆ ਕਿਸੇ ਖ਼ਸੂਸੀ ਟਿਕਾਣੇ ਉੱਤੇ ਪਹੁੰਚ ਕੇ ਖ਼ਤਮ ਨਹੀਂ ਹੋ ਜਾਂਦੀ ਸਗੋਂ ਇਹ ਕੰਮ ਸਦੀਵੀ ਚਾਲ ਤੁਰਦਾ ਹੈ—ਇੱਕ ਕਿਤਾਬ ਨਾਲ ਦਸ ਹੋਰ ਇਸ਼ਾਇਤ ਦੀ ਗੁੰਜਾਇਸ਼ ਖੁੱਲ੍ਹਦੀ ਹੈ, ਕਿਸੇ ਖੋਜੀ ਲੇਖ ਉੱਤੇ ਨਵੇਂ ਖੋਜੀ ਲੇਖ ਸੁਆਲ ਕਰਦੇ ਹਨ। ਦੁਨੀਆ ਵਿੱਚ ਕੋਈ ਅਜਿਹਾ ਸਿੱਧੀ ਲਕੀਰ ਉੱਤੇ ਲਿਖਿਆ ਮਾਰਕਸਵਾਦੀ ਅਤੇ ਖੱਬੇ ਪੱਖੀ ਇਤਿਹਾਸ ਨਹੀਂ ਹੈ ਜਿਹੜਾ ਪਾਰਟੀ ਹੈੱਡਕੁਆਟਰ ਤੋਂ ਉਘੜਵੇਂ ਅੱਖਰਾਂ ਵਿੱਚ ਲਿਖ ਕੇ ਵਰਤਾ ਦਿੱਤਾ ਜਾਵੇ । ਦੂਜੇ ਪਾਸੇ ਦੱਖਣ-ਪੰਥੀ ਇਤਿਹਾਸ ਸਾਫ਼ ਤੌਰ ਉੱਤੇ ਇੱਕੋ ਸੋਮੇ ਵਿੱਚੋਂ ਨਿਕਲਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਲਿਖੇ ਨੂੰ ਸਾਬਤ ਕਰਨ ਲਈ ਮੈਂ ਤੁਹਾਡੇ ਨਾਲ ਕਿਤਾਬ ਘਰ ਜਾਵਾਂ ਤਾਂ ਮੈਂ ਤਿਆਰ ਹਾਂ।
ਇਤਿਹਾਸ ਲੇਖਣੀ ਦਾ ਕੰਮ ਲਗਾਤਾਰ ਹੁੰਦੀ ਤਬਦੀਲੀ ਅਤੇ ਸੋਚਾਂ ਦੇ ਰਿੜਕਣ ਨਾਲ ਬੱਝਿਆ ਹੋਇਆ ਹੈ। ਇਤਿਹਾਸ ਲੇਖਣੀ ਆਵਾਮ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਬਾਕਾਇਦਾ ਰਮਜ਼ਾਂ ਅਤੇ ਰੋਜ਼ਮਰ੍ਹਾ ਦੀਆਂ ਪ੍ਰਾਪਤੀਆਂ ਨੂੰ ਸਮਝਣ ਲਈ ਰਾਜਿਆਂ, ਰਾਣੀਆਂ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਜ਼ਿੰਦਗੀਆਂ ਦੀ ਜੂਹਬੰਦੀ ਤੋੜ ਆਈ ਹੈ। ਇਹ ਸਾਡੀ ਤਰਜ਼ਿ-ਜ਼ਿੰਦਗੀ ਅਤੇ ਜ਼ਿੰਦਗੀ ਬਾਬਤ ਸਾਡੇ ਨਜ਼ਰੀਏ ਦੇ ਹਵਾਲੇ ਨਾਲ ਇਤਿਹਾਸ ਨੂੰ ਸਮਝਣ ਦਾ ਉਪਰਾਲਾ ਕਰਦੀ ਹੈ। ਦਸਤਾਵੇਜ਼ਾਂ ਅਤੇ ਮਿਸਲ-ਖ਼ਾਨਿਆਂ ਵਿੱਚ ਸਾਂਭੇ ਖੋਜ ਸਰੋਤਾਂ ਦੇ ਹਵਾਲੇ ਨਾਲ ਅਜਿਹਾ ਇਤਿਹਾਸ ਲਿਖਣ ਦੀ ਕਵਾਇਦ ਹੋ ਰਹੀ ਹੈ ਜੋ ਹਰ ਪੱਖ ਨੂੰ ਸਮਝਣ ਵਿੱਚ ਸਹਾਈ ਹੋ ਸਕੇ।
ਹੁਣ ਦੁਬਾਰਾ ਇਤਿਹਾਸ-ਲੇਖਣੀ ਨੂੰ ਰਾਜਿਆਂ-ਰਾਣੀਆਂ ਦੀ ਕਸੀਦਾਕਾਰੀ ਦੇ ਲੇਖੇ ਲਗਾਉਣ ਦੀ ਚਾਲ ਚੱਲੀ ਜਾ ਰਹੀ ਹੈ। ਇਹ ਮਿਥਿਹਾਸ-ਸਿਰਜਣਾ ਦੀ ਗ਼ੈਰ- ਜ਼ਿੰਮੇਵਾਰਾਨਾ ਚਾਲ ਹੈ ਜਿਸ ਦੇ ਪਿੱਛੇ ਬਦਲਾਖ਼ੋਰੀ ਦਾ ਖ਼ਿਆਲ ਸਰਗਰਮ ਹੈ— ‘ਸ਼ਰਧਾਲੂ’ ਅਤੇ ‘ਸੱਚੇ ਹਿੰਦੂ’ ਉਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਕਾਰਿਆਂ ਦੀ ਕੀਮਤ ਵਸੂਲ ਕਰਨਗੇ ਜੋ ਫ਼ਾਨੀ ਸੰਸਾਰ ਵਿੱਚ ਨਹੀਂ ਹਨ। ਇਹ ਕਾਰੇ ਕੁਝ ਹਕੀਕੀ ਹਨ ਅਤੇ ਕੁਝ ਸ਼ਰਧਾਲੂਆਂ ਦੇ ਆਪਣੇ ਦਿਮਾਗ਼ ਦੀ ਪੈਦਾਇਸ਼ ਹਨ। ਬਦਲਾਖ਼ੋਰੀ ਦਾ ਖ਼ਿਆਲ ਇਸ ਦੇ ਬਾਵਜੂਦ ਕਾਇਮ ਹੈ ਕਿ ਸਮਕਾਲੀ ਦੌਰ ਦੇ ਲੋਕਾਂ ਦਾ ਕਰਨਹਾਰਿਆਂ ਦੇ ਇਤਿਹਾਸ ਨਾਲ ਕੋਈ ਰਿਸ਼ਤਾ ਨਹੀਂ ਹੈ ਅਤੇ ਉਹ ਕਿਸੇ ਕਾਰੇ ਲਈ ਜ਼ਿੰਮੇਵਾਰ ਨਹੀਂ ਹਨ।
ਨਵਾਂ ਕੌਮੀ ਪਾਠਕ੍ਰਮ ਇਸ ਤਰ੍ਹਾਂ ਦੇ ਬਿਰਤਾਂਤ ਰਾਹੀਂ ਨੌਜਵਾਨ ਦਿਲਾਂ ਵਿੱਚ ਨਫ਼ਤਰ ਦੀ ਅੱਗ ਭਰਦਾ ਹੈ; ਉਨ੍ਹਾਂ ਨੂੰ ਸਾਡੇ ਵਿਚਕਾਰ ਤੁਰਦੇ-ਫਿਰਦੇ ਮਨੁੱਖੀ-ਬੰਬ ਬਣਾਇਆ ਜਾ ਰਿਹਾ ਹੈ। ਫ਼ਿਰਕਾਪ੍ਰਸਤੀ ਮਨੁੱਖਾ ਜੀਆਂ ਨੂੰ ਬੰਬ ਵਿੱਚ ਤਬਦੀਲ ਕਰਦੀ ਹੈ—ਅਸੀਂ ਇਹ ਤਬਦੀਲੀ ਸਿਰਫ਼ ਆਪਣੇ ਗੁਆਂਢੀਆਂ ਦੇ ਬੱਚਿਆਂ ਵਿੱਚ ਹੀ ਨਹੀਂ ਦੇਖਾਂਗੇ ਸਗੋਂ ਆਪਣੇ ਬੱਚਿਆਂ ਵਿੱਚ ਵੀ ਵੇਖਾਂਗੇ। ਜਦੋਂ ਨਿਰੋਲ ਨਫ਼ਰਤ ਨਾਲ ਭਰੇ ਕਿਸੇ ਨੌਜਵਾਨ ਨੂੰ ਕਿਤੇ ਦੋ ਜੀਆਂ ਦੀ ਆਮ ਜਿਹੀ ਸਬੱਬੀ ਤਕਰਾਰ ਵਿੱਚੋਂ ਫ਼ਿਰਕਾਪ੍ਰਸਤੀ ਨਜ਼ਰ ਆਉਣ ਲਗਦੀ ਹੈ ਕਿਉਂਕਿ ਤਕਰਾਰ ਵਿੱਚ ਸ਼ਾਮਿਲ ਜੀਅ ਵੱਖ-ਵੱਖ ਮਜ਼ਹਬਾਂ ਦੇ ਪੈਰੋਕਾਰ ਹਨ। ਉਸ ਨੌਜਵਾਨ ਨੂੰ ਇਹ ਵਾਰਦਾਤ ਫ਼ਿਰਕਾਪ੍ਰਸਤੀ ਦੀ ਅੱਖ ਨਾਲ ਹੀ ਵਿਖਾਈ ਦਿੰਦੀ ਹੈ ਅਤੇ ਪਹਿਲਾਂ ਹੀ ਮਨੁੱਖੀ ਬੰਬ ਬਣਿਆ ਫਿਰਦਾ ਨੌਜਵਾਨ ਫਟ ਜਾਂਦਾ ਹੈ। ਉਹ ਕਤਲ ਦੇ ਕਾਰਜ ਵਿੱਚ ਸ਼ਰੀਕ ਹੋ ਗਿਆ: ਉਹ ਉਸ ਹਜੂਮ ਦਾ ਹਿੱਸਾ ਹੋ ਗਿਆ ਜਿਹੜਾ ਕਿਸੇ ਪਹਿਲੂ ਖ਼ਾਨ ਜਾਂ ਮੁਹੰਮਦ ਇਖ਼ਲਾਕ ਜਾਂ ਜੂਨੈਦ ਖ਼ਾਨ ਦਾ ਕਤਲ ਕਰਦਾ ਹੈ ਅਤੇ ਜਾਣਦਾ ਹੈ ਕਿ ਉਸ ਨੂੰ ਮੌਕੇ ਦੀ ਹਕੂਮਤ ਨੇ ਕਦੇ ਸਜ਼ਾ ਨਹੀਂ ਦੇਣੀ। ਇਸ ਤਰ੍ਹਾਂ ਦੇ ਮਨੁੱਖੀ ਬੰਬ ਹੁਣ ਸਾਡੇ ਵਿਚਕਾਰ ਘੁੰਮਦੇ ਹਨ। ਅਸੀਂ ਹੁਣ ਕਮਜ਼ੋਰ-ਦਿਲ ਲੋਕ ਨਹੀਂ ਹਾਂ: ਹੁਣ 1200 ਸਾਲਾਂ ਦੀ ਗੁਲਾਮੀ ਅਤੇ ਸੱਠ ਸਾਲ ਦੀ ਬੇਮਾਅਨਾ ਧਰਮ ਨਿਰਪੱਖਤਾ ਅਤੇ ਸਰਕਾਰੀ ਬਦਇੰਤਜ਼ਾਮੀ ਸਾਡੇ ਪਿੱਛੇ ਹੈ। ਅਸੀਂ ਆਪਣੀ ਕਿਸਮ ਦਾ ਜੱਹਾਦੀ ਜੌਨ ਘੜ ਲਿਆ ਹੈ ਜੋ ਕਿਸੇ ਬੰਦੇ ਨੂੰ ਕਲਮ ਕਰਦਾ ਹੈ ਅਤੇ ਜਲ਼ਾ ਕੇ ਕਤਲ ਕਰਦਾ ਹੈ ਅਤੇ ਇਸ ਸਾਰੇ ਕਾਰੇ ਦਾ ਵੀਡੀਓ ਇੰਟਰਨੈੱਟ ਉੱਤੇ ਨਸ਼ਰ ਕਰਦਾ ਹੈ।
ਅਜਿਹੇ ਮਨੁੱਖੀ ਬੰਬਾਂ ਦੀ ਸਮਾਜ ਵਿੱਚ ਜਾਂ ਮੁਲਕ ਵਿੱਚ ਗਿਣਤੀ ਵਧਦੀ ਹੈ ਤਾਂ ਸਿਰਫ਼ ਹਕੂਮਤ ਦੀ ਹੀ ਪਿੱਠ ਨਹੀਂ ਲਗਦੀ ਸਗੋਂ ਅਸੀਂ ਸਾਰੇ ਚਿੱਤ ਹੋ ਜਾਂਦੇ ਹਾਂ—ਇਸੇ ਹਿਸਾਬ ਨਾਲ ਸ਼ਹਿਰੀਆਂ ਵਜੋਂ ਸਾਡੇ ਰੁਤਬੇ ਅਤੇ ਮੁਖ਼ਤਿਆਰੀ ਨੂੰ ਖ਼ੋਰਾ ਲਗਦਾ ਹੈ। ਜਦੋਂ ਅਸੀਂ ਟੈਲੀਵਿਜ਼ਨ ਉੱਤੇ ਹਜੂਮ ਨੂੰ ਕੁੱਟ-ਕੁੱਟ ਕੇ ਕਿਸੇ ਦੀ ਮਿੱਝ ਕੱਢਦਿਆਂ ਹੋਇਆਂ ਦੇਖਦੇ ਹਾਂ ਤਾਂ ਸਾਨੂੰ ਘਰਾਂ ਦੀਆਂ ਮਹਿਫ਼ੂਜ਼ ਕੰਧਾਂ ਦੇ ਅੰਦਰ ਖ਼ਬਰਾਂ ਦੇਖਦਿਆਂ ਨੂੰ ਕਾਂਬਾ ਛਿੜ ਜਾਂਦਾ ਹੈ ਅਤੇ ਖ਼ੌਫ਼ ਸਾਡੀਆਂ ਨਸਾਂ ਵਿੱਚ ਦਾਖ਼ਲ ਹੋ ਜਾਂਦਾ ਹੈ। ਅਸੀਂ ਫੇਸਬੁੱਕ ਉੱਤੇ ਆਪਣੇ ਅਹਿਸਾਸ ਦਾ ਇਜ਼ਹਾਰ ਕਰਨ ਤੋਂ ਚੌਕਸ ਹੋ ਜਾਂਦੇ ਹਾਂ ਅਤੇ ਕੁਝ ਮੌਕਿਆਂ ਉੱਤੇ ਘਰੋਂ ਨਿਕਲਣ ਤੋਂ ਝਿਜਕਦੇ ਹਾਂ। ਸਾਨੂੰ ਖ਼ੌਫ਼ ਦਾ ਅਹਿਸਾਸ ਹੁੰਦਾ ਹੈ ਅਤੇ ਸ਼ਹਿਰੀ ਵਜੋਂ ਸਾਡੇ ਹਕੂਕ ਨੂੰ ਖ਼ੋਰਾ ਲਗ ਜਾਂਦਾ ਹੈ।
ਸਾਡੇ ਮਨਾਂ ਵਿੱਚ ਨਫ਼ਰਤ ਭਰਨ ਦਾ ਇੱਕੋ-ਇੱਕ ਕਾਰਨ ਸਿਰਫ਼ ਇੱਕ ਸਿਆਸੀ ਜਥੇਬੰਦੀ ਜਾਂ ਵਿਚਾਰਧਾਰਾ ਦਾ ਹਕੂਮਤ ਉੱਤੇ ਕਬਜ਼ਾ ਮਜ਼ਬੂਤ ਕਰਨਾ ਨਹੀਂ ਹੈ ਸਗੋਂ ਇਸ ਨਾਲ ਉਨ੍ਹਾਂ ਸਾਰੀਆਂ ਸ਼ਕਤੀਆਂ ਨੂੰ ਖ਼ਤਮ ਕਰਨਾ ਹੈ ਜੋ ਜਮਹੂਰੀਅਤ ਵਿੱਚ ਸ਼ਹਿਰੀ ਹੋਣ ਕਾਰਨ ਮਿਲਦੀਆਂ ਹਨ। ਮੈਂ ਪੂਰੀ ਸੰਜੀਦਗੀ ਨਾਲ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਅਤੇ ਪ੍ਰਾਈਮ ਟਾਈਮ ਟੈਲੀਵਿਜ਼ਨ ਉੱਤੇ ਚੱਲ ਰਹੇ ਨਵੇਂ ਕੌਮੀ ਪਾਠਕ੍ਰਮ ਦੇ ਮਾੜੇ ਅਸਰਾਤ ਤੋਂ ਬਚਾ ਕੇ ਰੱਖੋ ਅਤੇ ਆਪਣੇ-ਆਪ ਨੂੰ ਇਸ ਦੀ ਪਹੁੰਚ ਤੋਂ ਬਾਹਰ ਰੱਖੋ। ਨਵਾਂ ਕੌਮੀ ਪਾਠਕ੍ਰਮ ਮਜ਼ਮੂਨ ਪੱਖੋਂ ਜ਼ਹਿਰੀਲਾ ਅਤੇ ਬੇਕਿਰਕ ਹੈ। ਇਸ ਦਾ ਰੁਝਾਨ ਇੱਕੋ ਢਹੇ ਉੱਤੇ ਚਲਦਾ ਹੈ-ਜਦੋਂ ਚੋਣਾਂ ਹੁੰਦੀਆਂ ਹਨ ਤਾਂ ਇਹ ਹਾਜ਼ਰੀ ਦਰਜ ਕਰਵਾਉਂਦਾ ਹੈ। ਸਾਡੇ ਸਾਰਿਆਂ ਵਿੱਚ ਇਹ ਇਤਮਾਦ ਹੋਣਾ ਚਾਹੀਦਾ ਹੈ ਕਿ ਮਜ਼ਬੂਤ ਸੱਭਿਅਤਾ ਦੇ ਨਾਤੇ ਅਸੀਂ ਅਮੀਰ ਅਤੇ ਵੰਨ-ਸਵੰਨੇ ਵਿਰਸੇ ਦੇ ਵਾਰਿਸ ਹਾਂ। ਜਿਸ ਤਰ੍ਹਾਂ ਇਨਸਾਫ਼ ਅਤੇ ਨਾਇਨਸਾਫ਼ੀ ਸਾਡੇ ਸਮਕਾਲੀ ਦੌਰ ਦਾ ਹਿੱਸਾ ਹਨ ਇਸ ਤਰ੍ਹਾਂ ਇਹ ਲੰਘੇ ਦੌਰ ਦਾ ਹਿੱਸਾ ਰਹੇ ਸਨ। ਸਾਨੂੰ ਇਸ ਨਾਲ ਸਿੱਝਣ ਦਾ ਤਰੀਕਾ ਸਿੱਖਣਾ ਹੋਵੇਗਾ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਤਿਹਾਸ ਨਾਲ ਰਾਬਤਾ ਕਿਵੇਂ ਅਤੇ ਕਿਸ ਤਰ੍ਹਾਂ ਦੇ ਸੰਵਾਦ ਰਾਹੀਂ ਕਾਇਮ ਰੱਖਣਾ ਹੈ। ਇਹ ਸਾਰੀਆਂ ਬਹਿਸਾਂ ਸਾਨੂੰ ਦੂਜੇ ਸਿਰੇ ਉੱਤੇ ਧੱਕ ਰਹੀਆਂ ਹਨ ਅਤੇ ਨਤੀਜੇ ਵਜੋਂ ਸਾਡਾ ਫ਼ਿਰਕਾਪ੍ਰਸਤੀ ਦੇ ਰਾਹੇ ਪੈ ਜਾਣਾ ਤਕਰੀਬਨ ਅਟੱਲ ਜਾਪਦਾ ਹੈ—ਅਤੇ ਇੱਕ ਖ਼ਸੂਸੀ ਬਰਾਦਰੀ ਨਾਲ ਬੇਯਕੀਨੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ।
ਜਰਮਨੀ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਹਿਟਲਰ ਅਤੇ ਨਾਜ਼ੀ ਹਕੂਮਤ ਦੀ ਕਾਲਖ਼ ਨਾਲ ਕਿਵੈਂ ਸਿੱਝਣਾ ਹੈ ਜੋ ਕਿ ਇਤਿਹਾਸ ਵਿੱਚ ਬਦੀ ਦੀ ਬਦਤਰੀਨ ਮਿਸਾਲ ਵਜੋਂ ਦਰਜ ਹੈ। ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਪਾੜ ਕੇ ਜਾਂ ਜਲਾ ਕੇ ਦਾਮਨ ਉੱਤੇ ਲੱਗੇ ਦਾਗ਼ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਅਤੇ ਨਾ ਹੀ ਇਸ ਤੋਂ ਕਿਨਾਰਾ ਕਰ ਕੇ ਜਾਂ ਲੁਕਾ ਕੇ ਖਹਿੜਾ ਛੁਡਾਇਆ ਜਾ ਸਕਦਾ ਹੈ। ਮੈਂ ਇੱਕ ਵਾਰ ਕਿਸੇ ਜਰਮਨ ਪੱਤਰਕਾਰ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ ਨੇ ਗੁਨਾਹ ਦੇ ਅਹਿਸਾਸ ਤੋਂ ਪਾਰ ਪਾ ਲਿਆ ਹੈ। ਮੈਂ ਇਹ ਵੇਰਵਾ ਪਾ ਕੇ ਪੁੱਛਿਆ ਸੀ ਕਿ ਮੇਰੇ ਮੁਲਕ ਦੇ ਸਿਆਸੀ ਆਗੂ ਕਿਸੇ ਨੂੰ ਵੀ ਸਰਸਰੀ ਲਹਿਜ਼ੇ ਵਿੱਚ ਹਿਟਲਰ ਕਰਾਰ ਦੇ ਦਿੰਦੇ ਹਨ, ਕੀ ਉਸ ਦੇ ਮੁਲਕ ਵਿੱਚ ਵੀ ਅਜਿਹਾ ਹੁੰਦਾ ਹੈ। ਉਹ ਬੋਲੀ ਸੀ, “ਅਸੀਂ ਇਸ ਗੱਲ ਦਾ ਉਚੇਚਾ ਧਿਆਨ ਰੱਖਦੇ ਹਾਂ ਕਿ ਹਿਟਲਰ ਦਾ ਜ਼ਿਕਰ ਕਿਸੇ ਬਹਿਸ ਵਿੱਚ ਕਿਵੇਂ ਆਉਣਾ ਹੈ; ਜਦੋਂ ਕੋਈ ਜਣਾ/ਜਣੀ ਤਰਕ ਦਾ ਪੱਲਾ ਛੱਡ ਦੇਵੇ ਅਤੇ ਮਨੁੱਖਾ ਦਲੀਲ ਤੋਂ ਕਿਨਾਰਾ ਕਰ ਲਵੇ ਤਾਂ ਸਮਝਿਆ ਜਾਂਦਾ ਹੈ ਕਿ ਉਸ ਦਾ ਰੁਖ਼ ਹਿਟਲਰਾਨਾ ਹੈ।”
ਉਸ ਨੇ ਯਾਦ ਕੀਤਾ ਸੀ ਕਿ ਜਦੋਂ ਨਾਜ਼ੀ ਜਰਮਨੀ ਦੇ ਦੌਰ ਬਾਬਤ ਸ਼ਿੰਡਲਰ ਲਿਸਟ ਨਾਮ ਦੀ ਫ਼ਿਲਮ ਪਰਦਾਪੇਸ਼ ਹੋਈ ਸੀ ਤਾਂ ਉਨ੍ਹਾਂ ਦੀ ਅਧਿਆਪਕ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਦੀ ਅਧਿਆਪਕ ਨੇ ਕਿਹਾ ਸੀ, “ਇਹ ਫ਼ਿਲਮ ਸਾਡੇ ਮੁਲਕ ਦੇ ਇਤਿਹਾਸ ਦੇ ਕਾਲਖ਼ ਨਾਲ ਲਿਬੜੇ ਪੰਨੇ ਨਾਲ ਸੰਵਾਦ ਕਰਦੀ ਹੈ। ਇਹ ਸਭ ਕੁਝ ਹੋਇਆ ਹੈ ਪਰ ਅਸੀਂ ਇਸ ਦੇ ਇਲਜ਼ਾਮ ਦੇ ਭਾਗੀਦਾਰ ਨਹੀਂ ਹਾਂ—ਨਾ ਤੁਹਾਡੇ ਮਾਪੇ ਨਾ ਮੇਰੇ ਮਾਪੇ। ਸਾਨੂੰ ਆਪਣੇ ਇਤਿਹਾਸ ਦੇ ਇਸ ਬਦਨੁਮਾ ਦਾਗ਼ ਤੋਂ ਸ਼ਰਮਿੰਦਾ ਹੋਣਾ ਚਾਹੀਦਾ ਹੈ ਅਤੇ ਅਸੀਂ ਸ਼ਰਮਿੰਦਾ ਹਾਂ ਪਰ ਜਦੋਂ ਅਸੀਂ ਇਹ ਫ਼ਿਲਮ ਦੇਖਣੀ ਹੈ ਤਾਂ ਸਾਨੂੰ ਗੁਨਾਹ ਜਾਂ ਗੁੱਸੇ ਨਾਲ ਕਿਸੇ ਤਬਾਹੀ ਦਾ ਸਬੱਬ ਨਹੀਂ ਬਣਨਾ ਚਾਹੀਦਾ। ਸਾਨੂੰ ਤਾਂ ਇਸ ਗੱਲ ਦਾ ਇਤਮਾਦ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਦੌਰ ਵਿੱਚ ਨਹੀਂ ਹਾਂ; ਅਸੀਂ ਉਸ ਦੌਰ ਤੋਂ ਬਹੁਤ ਅੱਗੇ ਲੰਘ ਆਏ ਹਾਂ ਅਤੇ ਨਵੇਂ ਯੁੱਗ ਵਿੱਚ ਰਹਿ ਰਹੇ ਹਾਂ।”
ਅਸੀਂ ਇੰਡੀਆ ਵਿੱਚ ਆਪਣੇ ਸ਼ਹਿਰੀਆਂ ਨੂੰ ਇਤਿਹਾਸ ਨਾਲ ਸਿੱਝਣਾ ਨਹੀਂ ਸਿਖਾਇਆ। ਇਸ ਦੇ ਉਲਟ ਸਾਡਾ ਬਿਰਤਾਂਤ ‘ਦਸਤੂਰ’ ਵਜੋਂ ਸਿਰਜਿਆ ਜਾ ਰਿਹਾ ਹੈ ਜੋ ਗੈਰ-ਮਨੁੱਖੀ ਹੈ, ਸਾਡੇ ਟੈਲੀਵਿਜ਼ਨ ਚੈਨਲਾਂ ਰਾਹੀਂ ਤਾਂ ਖ਼ਸੂਸੀ ਤੌਰ ਉੱਤੇ ਅਜਿਹਾ ਕੀਤਾ ਜਾ ਰਿਹਾ ਹੈ। ਸ਼ਾਇਦ ਬਹੁਤ ਸਾਰੇ ਲੋਕ ਮੇਰੇ ਹੁਸ਼ਿਆਰ ਹੋਣ ਦੀ ਤਾਕੀਦ ਕਰਨ ਵਾਲੇ ਇਨ੍ਹਾਂ ਸ਼ਬਦਾਂ ਨੂੰ ਰੱਦ ਕਰਨਗੇ ਅਤੇ ਮੈਨੂੰ ਅਫ਼ਵਾਹ ਫੈਲਾਉਣ ਵਾਲਾ ਕਰਾਰ ਦੇਣਗੇ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਨ੍ਹਾਂ ਸ਼ਬਦਾਂ ਨੂੰ ਰੰਜ ਨਾਲ ਯਾਦ ਕਰਾਂਗੇ-ਜੇ ਆਪਣੇ- ਆਪ ਲਈ ਨਹੀਂ ਤਾਂ ਆਪਣੇ ਬੱਚਿਆਂ ਲਈ ਕਰਾਂਗੇ। ਸਾਡੇ ਵਿੱਚੋਂ ਕੋਈ ਨਹੀਂ ਚਾਹੇਗਾ ਕਿ ਸਾਡਾ ਬੱਚਾ ਸਾਡੇ ਹੀ ਗੁਆਂਢੀਆਂ ਦੇ ਕਤਲ ਲਈ ਕਿਰਪਾਨ ਚੁੱਕੇ। ਇਹ ਹੋ ਸਕਦਾ ਹੈ ਕਿ ਸਾਡੇ ਬੱਚੇ ਨੂੰ ਵਫ਼ਾਦਾਰੀ ਕਾਰਨ ਉਸ ਦੀ ਸਿਆਸੀ ਪਾਰਟੀ ਬਚਾ ਲਏ ਪਰ ਸਾਨੂੰ ਇੱਕ ਪਲ਼ ਵੀ ਚੈਨ ਦੀ ਨੀਂਦ ਨਹੀਂ ਆ ਸਕੇਗੀ ਕਿਉਂਕਿ ਸਾਨੂੰ ਪਤਾ ਹੋਵੇਗਾ ਕਿ ਸਾਡਾ ਬੱਚਾ ਕਾਤਲ ਹੈ।
ਜਦੋਂ ਅਲਵਰ ਵਿੱਚ ਪਹਿਲੂ ਖ਼ਾਨ ਦਾ ਕਤਲ ਹੋਇਆ ਤਾਂ ਸਮਾਜ ਵਿੱਚ ਬਹੁਤ ਘੱਟ ਰੱਦਿ-ਅਮਲ ਹੋਇਆ ਅਤੇ ਸਰਕਾਰੀ ਪੱਧਰ ਉੱਤੇ ਤਾਂ ਕੁਝ ਨਹੀਂ ਹੋਇਆ। ਜਦੋਂ ਜੂਨੈਦ ਖ਼ਾਨ ਦਾ ਭੀੜ ਨਾਲ ਭਰੇ ਹੋਏ ਰੇਲਗੱਡੀ ਦੇ ਪਲੇਟਫਾਰਮ ਉੱਤੇ ਕਤਲ ਹੋਇਆ ਤਾਂ ਉਸ ਦੀ ਇਮਦਾਦ ਲਈ ਕੋਈ ਨਹੀਂ ਆਇਆ ਅਤੇ ਬਾਅਦ ਵਿੱਚ ਕੋਈ ਮੌਕੇ ਦਾ ਗਵਾਹ ਨਹੀਂ ਮਿਲਿਆ। ਸਭ ਦਾ ਦਾਅਵਾ ਸੀ ਕਿ ਉਹ ਉਸ ਮੌਕੇ ਕਿਤੇ ਹੋਰ ਸੀ ਜਾਂ ਇਨ੍ਹਾਂ ਰੁਝਿਆ ਹੋਇਆ ਸੀ ਕਿ ਕੋਹੇ ਜਾ ਰਹੇ ਬੰਦੇ ਅਤੇ ਉਸ ਦੇ ਭਰਾਵਾਂ ਦੀਆਂ ਚੀਕਾਂ ਉਸ ਨੂੰ ਸੁਣਾਈ ਨਹੀਂ ਦਿੱਤੀਆਂ। ਅੰਦਾਜ਼ਾ ਲਗਾਓ ਕਿ ਇਸ ਨਾਲ ਕਿੰਨਾ ਨੁਕਸਾਨ ਹੋਇਆ ਹੈ: ਦੋ ਜੀਆਂ ਦੀ ਦਹਿਸ਼ਤ ਅਤੇ ਅਕਹਿ ਤਸ਼ੱਦਦ ਦੀ ਤਾਬ ਨਾਲ ਜਾਨ ਚਲੀ ਗਈ। ਜੇ ਇਹ ਸਾਡੇ ਲਈ ਮਾਅਨੇ ਨਹੀਂ ਰੱਖਦਾ ਤਾਂ ਕੀ ਅਸੀਂ ਉਨ੍ਹਾਂ ਬਾਰੇ ਸੋਚ ਸਕਦੇ ਹਾਂ ਜਿਨ੍ਹਾਂ ਨੇ ਕਤਲ ਕੀਤੇ ਅਤੇ ਉਨ੍ਹਾਂ ਨੂੰ ਸਜ਼ਾ ਵੀ ਨਹੀਂ ਮਿਲਣੀ? ਉਹ ਕਿੰਨੇ ਸਨ? ਅੱਠ? ਦੱਸ? ਵੀਹ? ਸਾਨੂੰ ਪਤਾ ਨਹੀਂ ਅਤੇ ਅਸੀਂ ਪਤਾ ਕਰਨ ਦਾ ਉਪਰਾਲਾ ਨਹੀਂ ਕੀਤਾ? ਜਿਨ੍ਹਾਂ ਬੰਦਿਆਂ ਨੇ ਕਤਲ ਕੀਤਾ, ਉਹ ਕਤਲ ਕਰਨ ਤੋਂ ਬਾਅਦ ਆਪਣੇ ਘਰ ਗਏ ਹੋਣਗੇ। ਉਨ੍ਹਾਂ ਨੇ ਉਸ ਰਾਤ ਕੀ ਖਾਧਾ ਹੋਵੇਗਾ? ਉਨ੍ਹਾਂ ਲਈ ਖਾਣਾ ਕਿਸ ਨੇ ਬਣਾਇਆ ਹੋਵੇਗਾ? ਅਗਲੀ ਸਵੇਰ ਮੁਹੱਲੇ ਵਿੱਚ ਉਨ੍ਹਾਂ ਨਾਲ ਕਿੰਨੇ ਲੋਕਾਂ ਨੇ ਦੁਆ-ਸਲਾਮ ਕੀਤੀ ਹੋਵੇਗੀ? ਸਾਡੇ ਸਮਾਜ ਵਿੱਚ ਅੱਠ, ਦੱਸ, ਵੀਹ ਕਾਤਲ ਖੁੱਲ੍ਹੇ ਘੁੰਮਦੇ ਹਨ। ਇੱਕ ਸਾਲ ਨੂੰ ਅੱਠ ਸੌ ਜਾਂ ਵੀਹ ਹਜ਼ਾਰ ਹੋਣਗੇ। ਉਸ ਵੇਲੇ ਕਤਲ ਕਰਨਾ ਆਮ ਹੋ ਜਾਵੇਗਾ। ਇਹ ਕਿਸੇ ਹੋਰ ਕੰਮ ਵਰਗਾ ਕੰਮ ਹੋ ਜਾਵੇਗਾ-ਜਿਵੇਂ ਖੂਬਸੂਰਤ ਕਾਲੀਨ ਜਾਂ ਸਾੜੀ ਬੁਣਨਾ, ਕਾਰ ਚਲਾਉਣਾ, ਬਾਗ਼ਬਾਨੀ ਕਰਨਾ, ਸੌਫ਼ਟਵੇਅਰ ਬਣਾਉਣਾ ਜਾਂ ਬੀਮਾਰ ਦੀ ਤਿਮਾਰਦਾਰੀ ਕਰਨਾ। ਸਾਡੇ ਵਿੱਚੋਂ ਹੀ ਕਾਤਲ ਬਣ ਜਾਣਗੇ ਜੋ ਦਿਨ ਭਰ ਦੇ ਕੰਮ ਵਜੋਂ ਕਤਲ ਕਰ ਕੇ ਘਰ ਆ ਜਾਣਗੇ। ਉਹ ਸਾਡੇ ਬੱਚੇ ਹੋ ਸਕਦੇ ਹਨ, ਸਾਡੇ ਹਮਸਾਏ-ਹਮਸਾਈਆਂ, ਸਾਡੇ ਪਤੀ ਜਾਂ ਪਤਨੀਆਂ। ਕੀ ਅਸੀਂ ਇਸ ਬਾਬਤ ਹਾਮੀ ਭਰ ਦਿੱਤੀ ਹੈ? ਜਦੋਂ ਅਸੀਂ ਵੋਟ ਪਾਈ ਸੀ ਤਾਂ ਕੀ ਅਸੀਂ ਇਸ ਤਰ੍ਹਾਂ ਦੀ ਦੁਨੀਆ ਦੀ ਚੋਣ ਕੀਤੀ ਸੀ?
ਆਓ! ਅਸੀਂ ਆਪਣੇ ਆਲੇ-ਦੁਆਲੇ ਦੇ ਸਿਲਸਿਲੇ ਤੋਂ ਕਿਨਾਰਾ ਨਾ ਕਰੀਏ। ਸਾਡਾ ਭਵਿੱਖ ਭਿਆਨਕ ਹੈ। ਹਿੰਦੂ-ਮੁਸਲਮਾਨ ਦੀਆਂ ਵੰਡੀਆਂ ਵਾਲੇ ਜ਼ਹਿਰੀਲੇ ਬਿਰਤਾਂਤ ਦੀ ਬਦੌਲਤ ਮਨੁੱਖਾ ਬੰਬਾਂ ਦੀ ਪੈਦਾਇਸ਼ ਹੋ ਰਹੀ ਹੈ, ਹਿੰਦੂ ਨਫ਼ਤਰ ਵਿੱਚੋਂ ਅਤੇ ਮੁਸਲਮਾਨ ਖ਼ੌਫ਼ ਵਿੱਚੋਂ ਇਸ ਰਾਹ ਪੈ ਗਏ ਹਨ। ਜ਼ਹਿਰ ਪਿਲਾ ਕੇ ਸਾਡੇ ਸਮਾਜ ਨੂੰ ਰਸਾਤਲ ਵੱਲ ਧੱਕਿਆ ਜਾ ਰਿਹਾ ਹੈ। ਸੰਘਣੀ ਆਬਾਦੀ ਵਾਲੀਆਂ ਥਾਂਵਾਂ ਉੱਤੇ ਤਾਂ ਫ਼ਿਰਕਾਪ੍ਰਸਤੀ ਨੂੰ ਮਨੁੱਖੀ ਬੰਬਾਂ ਦਾ ਸੂਆ ਪਿਆ ਰਹਿਣਾ ਹੈ।
ਇਤਿਹਾਸ ਦੀ ਗ਼ਲਤ-ਬਿਆਨੀ ਦੇ ਕਈ ਤਰੀਕੇ ਹਨ। ਪੱਛਮੀ ਬੰਗਾਲ ਦੀਆਂ 2016 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੌਮੀ ਪਾਠਕ੍ਰਮ ਕ੍ਰਮ ਦੇ ਨਵੇਂ ਅਜੂਬੇ ਵੇਖਣ ਨੂੰ ਮਿਲੇ। ਇੱਕ ਹੱਥ ਕੇਂਦਰੀ ਸਰਕਾਰ ਦੇ ਮਿਸਲ-ਖ਼ਾਨੇ ਵਿੱਚੋਂ ‘ਨੇਤਾਜੀ ਫਾਈਲਜ਼’ ਕੱਢੀਆਂ ਗਈਆਂ ਅਤੇ ਲੱਗਦੇ ਹੱਥ ਹੀ ਨਸ਼ਰ ਕਰ ਦਿੱਤੀਆਂ ਗਈਆਂ। ਇਹ ਜਤਾਇਆ ਗਿਆ ਕਿ ਸਾਡੀ ਕੌਮੀ ਮੁਕਤੀ ਲਹਿਰ ਦੇ ਸਿਰਕੱਢ ਆਗੂ ਸੁਬਾਸ਼ ਚੰਦਰ ਬੋਸ ਨੂੰ ਹੁਣ ਤੱਕ ਇਤਿਹਾਸ ਵਿੱਚ ਉਨ੍ਹਾਂ ਦੀ ਬਣਦੀ ਥਾਂ ਨਹੀਂ ਦਿੱਤੀ ਗਈ ਅਤੇ ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਬਣਦੀ ਬਾਕਾਇਦਾ ਥਾਂ ਦਿੱਤੀ ਜਾਵੇਗੀ। ਇਹ ਮਾਅਨੇ ਨਹੀਂ ਰੱਖਦਾ ਕਿ ਇੰਡੀਆ ਦਾ ਹਰ ਬੱਚਾ ਉਨ੍ਹਾਂ ਨੂੰ ਜਾਣਦਾ ਹੈ ਕਿ ਉਨ੍ਹਾਂ ਦਾ ਕੌਮੀ ਇਤਿਹਾਸ ਵਿੱਚ ਅਹਿਮ ਥਾਂ ਹੈ ਅਤੇ ਉਨ੍ਹਾਂ ਬਾਬਤ ਦਹਾਕਿਆਂ ਤੋਂ ਸਕੂਲਾਂ-ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਲੱਖਾਂ ਘਰਾਂ ਅਤੇ ਦਫ਼ਤਰਾਂ ਦੀਆਂ ਕੰਧਾਂ ਦਾ ਸ਼ਿੰਗਾਰ ਬਣੀਆਂ ਹਨ। ਕਈ ਦਿਨਾਂ ਤੱਕ ਅਸੀਂ ਨੇਤਾਜੀ ਦੇ ਨਵੇਂ ਬਣੇ ਅਲੰਬਰਦਾਰਾਂ ਦਾ ਰਾਗ ਸੁਣਦੇ ਰਹੇ-ਜਿਨ੍ਹਾਂ ਵਿੱਚ ਜ਼ਿਆਦਾਤਰ ਨੇ ਪਹਿਲਾਂ ਕਦੇ ਉਨ੍ਹਾਂ ਦੀ ਸਾਰ ਨਹੀਂ ਲਈ ਸੀ। ਕਦੇ ਉਨ੍ਹਾਂ ਨੂੰ ਨਹਿਰੂ ਦੇ ਖ਼ਿਲਾਫ਼ ਖੜ੍ਹਾ ਕੀਤਾ ਗਿਆ ਅਤੇ ਕਦੇ ਕਿਸੇ ਹੋਰ ਆਗੂ ਦੇ ਖ਼ਿਲਾਫ਼ ਪੇਸ਼ ਕੀਤਾ ਗਿਆ। ਕਈ ਦਿਨਾਂ ਤੱਕ ਨੇਤਾਜੀ ਦੇ ਫ਼ਿਕਰਾਂ ਦਾ ਸਮੂਹਗਾਣ ਹੁੰਦਾ ਰਿਹਾ ਪਰ ਜਦੋਂ ਭਾਜਪਾ ਸੂਬਾਈ ਚੋਣਾਂ ਹਾਰ ਗਈ ਤਾਂ ਉਨ੍ਹਾਂ ਨੂੰ ਨਾਲ ਹੀ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ।
ਹਰ ਕੀਮਤ ਉੱਤੇ ਇਤਿਹਾਸ ਦੀ ਦੁਰਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਦੋਂ ਮੌਕਾ ਲੱਗੇ ਤਾਂ ਨਹਿਰੂ ਅਤੇ ਬੋਸ ਦੇ ਰਿਸ਼ਤਿਆਂ ਦੇ ਉਚਾਣ ਅਤੇ ਨਿਮਾਣ ਨੂੰ ਸਮਝਣ ਲਈ ਕਿਤਾਬ ਘਰ ਜਾਣਾ ਚਾਹੀਦਾ ਹੈ। ਜੇ ਤੁਸੀਂ ਸਿੱਖਣ ਲਈ ਕਿਸੇ ਟੈਲੀਵਿਜ਼ਨ ਦੀ ਬਹਿਸ ਉੱਤੇ ਟੇਕ ਰੱਖੀ ਬੈਠੇ ਹੋ ਤਾਂ ਇਸ ਰਾਹ ਵਿੱਚ ਰੋੜੇ ਤੁਹਾਡੀ ਉਡੀਕ ਕਰ ਰਹੇ ਹਨ—ਇਨ੍ਹਾਂ ਵਿੱਚ ਸਭ ਤੋਂ ਵੱਡਾ ਰੋੜਾ ਟੈਲੀਵਿਜ਼ਨ ਦਾ ਐਂਕਰ ਹੈ ਜਿਸ ਨੂੰ ਦਿਨ ਵਿੱਚ ਦੋ ਅਖ਼ਬਾਰ ਅਤੇ ਸਾਲ ਵਿੱਚ ਇੱਕ ਕਿਤਾਬ ਪੜ੍ਹਨ ਦਾ ਸਮਾਂ ਨਹੀਂ ਮਿਲਦਾ ਅਤੇ ਰਾਤੋ-ਰਾਤ ਇਤਿਹਾਸਕਾਰ ਬਣ ਜਾਂਦਾ ਹੈ ਅਤੇ ਰੋਜ਼ਾਨਾ ਤੁਹਾਡਾ ਦਿਮਾਗ਼ ਖ਼ਰਾਬ ਕਰਦਾ ਹੈ।
ਇਸ ਮਸਲੇ ਦਾ ਘੇਰਾ ਸਾਡੇ ਸਮਿਆਂ ਤੱਕ ਸੀਮਤ ਨਹੀਂ ਹੈ ਸਗੋਂ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਫ਼ਿਕਰਾਂ ਵੀ ਜੁੜੀਆਂ ਹੋਈਆਂ ਹਨ। ਅਸੀਂ ਮੌਜੂਦਾ ਹਾਲਾਤ ਤੱਕ ਤਾਂ ਕਿਸੇ ਵੱਡੇ ਹਾਦਸੇ ਦੀ ਮਾਰ ਵਿੱਚ ਨਾ ਆਇਆਂ ਪਹੁੰਚ ਗਏ ਹਾਂ। ਮੈਂ ਇਹ ਨਹੀਂ ਕਹਿ ਸਕਦਾ ਕਿ ਸਾਡੇ ਚਾਰੇ ਪਾਸੇ ਪੁੱਟੇ ਜਾ ਰਹੇ ਟੋਇਆਂ ਵਿੱਚ ਕਿੰਨੇ ਲੋਕ ਡਿੱਗਣਗੇ। ਮੈਂ ਇਹ ਕਹਿ ਸਕਦਾ ਹਾਂ ਕਿ ਇਸ ਕੁੜੱਕੀ ਵਿੱਚ ਤੁਸੀਂ ਅਤੇ ਮੈਂ ਹੀ ਨਹੀਂ ਫਸਣਾ ਸਗੋਂ ਅਸੀਂ ਆਪਣੇ ਬੱਚਿਆਂ ਨੂੰ ਇਸ ਵਿੱਚ ਫਸਦੇ ਅਤੇ ਜ਼ਖ਼ਮੀ ਹੁੰਦੇ ਹੋਏ ਦੇਖਣ ਲਈ ਸਰਾਪੇ ਹੋਏ ਹਾਂ—ਉਹ ਬੱਚੇ ਜਿਨ੍ਹਾਂ ਨੂੰ ਅਸੀਂ ਗੋਦੀ ਚੁੱਕ ਖਿਡਾਉਂਦੇ ਹਾਂ ਅਤੇ ਜਿਨ੍ਹਾਂ ਦੇ ਚੰਗੇ ਮੁਸਤਕਬਿਲ ਦੀ ਖ਼ੈਰ ਮਨਾਉਂਦੇ ਹਾਂ।
ਅੱਜ-ਕੱਲ੍ਹ ਨਵੇਂ-ਨਵੇਂ ਨਾਇਕ ਅਵਤਾਰ ਧਾਰਦੇ ਹਨ ਜਿਨ੍ਹਾਂ ਦੀ ਬਣਤਰ ਵਿੱਚ ਜਿਸਮਾਨੀ ਬਹਾਦਰੀ ਅਤੇ ਕਾਮਯਾਬੀ ਦਾ ਨਿਰੋਲ ਮਿਥਿਹਾਸ ਪਿਆ ਹੈ। ਇਹ ਕਾਤਲਾਨਾ ਤਿਆਰੀ ਨਾਲ ਪੂਰੇ ਸ਼ਾਹੀ ਅੰਦਾਜ਼ ਵਿੱਚ ਸਿਆਸੀ ਮੰਚ ਉੱਤੇ ਆ ਰਹੇ ਹਨ। ਇਹ ਲੰਘੇ ਦੌਰ ਉੱਤੇ ਪੋਚਾ ਫੇਰ ਦੇਣਾ ਚਾਹੁੰਦੇ ਹਨ ਅਤੇ ਆਪਣੇ ਅਕਸ ਦੁਆਲੇ ਇਤਿਹਾਸ ਲਿਖਣਾ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਉਹ ਮੌਜੂਦਾ ਦੌਰ ਵਿੱਚ ਇਤਿਹਾਸ ਲਿਖ ਰਹੇ ਹਨ ਜਦੋਂ ਕਿ ਇਤਿਹਾਸ ਨੇ ਬਹੁਤ ਪਹਿਲਾਂ ਉਨ੍ਹਾਂ ਵਰਗਿਆਂ ਦੇ ਸਮਕਾਲੀ ਦੌਰ ਦੀ ਪਟਕਥਾ ਲਿਖ ਦਿੱਤੀ ਹੈ। ਉਹ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਇਹ ਤਬਦੀਲ ਨਹੀਂ ਹੋਣੀ। ਜੇ ਅਸੀਂ ਸਿਰਫ਼ ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖੀਏ ਤਾਂ ਉਹ ਬਹੁਤ ਜਲਦੀ ਹੀ ਬੇਪਰਦ ਹੋ ਜਾਣਗੇ।
ਜੇ ਅਸੀਂ ਆਪਣੇ ਲੰਘ ਚੁੱਕੇ ਸਮੇਂ ਨਾਲ ਸਿੱਝਣਾ ਸਿੱਖ ਗਏ ਤਾਂ ਮੌਜੂਦਾ ਦੌਰ ਸਾਨੂੰ ਪਰੇਸ਼ਾਨ ਨਹੀਂ ਕਰ ਸਕੇਗਾ ਜਾਂ ਮੂਰਖ ਨਹੀਂ ਬਣਾ ਸਕੇਗਾ। ਮਿਸਾਲ ਵਜੋਂ ਗੁਜਰਾਤ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਦਾਰ ਪਟੇਲ ਦਾ ਨਾਮ ਲੈਣ ਦੀ ਲੋੜ ਨਹੀਂ ਸੀ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਦਾ ਨਾਮ ਵਰਤ ਲਿਆ ਗਿਆ ਸੀ। ਫ਼ਰਕ ਸਿਰਫ਼ ਇੰਨਾ ਸੀ ਕਿ ਦੂਜੀ ਵਾਰ ਉਸ ਦੇ ਨਾਮ ਦੀ ਖੁੱਲ੍ਹ-ਦਿਲੀ ਨਾਲ ਵਰਤੋਂ ਪਟੇਲ ਭਾਈਚਾਰੇ ਨੂੰ ਪਤਿਆਉਣ ਲਈ ਸੀ। ਕੀ ਇਹ ਕੰਮ ਆਇਆ? ਸਰਦਾਰ ਦਾ ਕੱਦ ਕਿਸੇ ਇੱਕ ਬਰਾਦਰੀ ਤੋਂ ਕਿਤੇ ਉੱਚਾ ਹੈ ਜਾਂ ਉਸ ਨੂੰ ਸਨਕੀ ਸਿਆਸਤ ਦੇ ਦਲਦਲ ਵਿੱਚ ਘੜੀਸਿਆ ਨਹੀਂ ਜਾ ਸਕਦਾ।
ਸਰਦਾਰ ਪਟੇਲ ਅਤੇ ਜਵਾਹਰਲਾਲ ਨਹਿਰੂ ਦੀ ਦੁਸ਼ਮਣੀ ਦੇ ਦੁਆਲੇ ਬਿਰਤਾਂਤ ਸਿਰਜਿਆ ਗਿਆ ਹੈ ਜਿਸ ਵਿੱਚ ਖਲਨਾਇਕ ਦੇ ਨਾਮ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ। ਜੇ ਆਪਣੇ ਮੁਲਕ ਦੇ ਨਵੇਂ ਨਾਇਕ ਕੰਨ ਕਰਨ ਤਾਂ ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗਾ: ਜੇ ਤੁਸੀਂ ਨਹਿਰੂ ਅਤੇ ਸਰਦਾਰ ਦੀ ਖ਼ਤੋ-ਖ਼ਤਾਬਤ ਪੜ੍ਹੋ ਤਾਂ ਉਨ੍ਹਾਂ ਦਾ ਇਤਮਿਨਾਨ ਵਾਲਾ ਰਿਸ਼ਤਾ ਵੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ। ਜੇ ਅਜਿਹੇ ਦੋਸਤ, ਅਜਿਹੇ ਸਫ਼ਰ ਦੇ ਸਾਂਝੀ ਤੁਹਾਡੀ ਜ਼ਿੰਦਗੀ ਵਿੱਚ ਆ ਜਾਣ ਤਾਂ ਤੁਸੀਂ ਵੱਡਭਾਗੀ ਹੋਵੋਗੇ। ਜੇ ਤੁਸੀਂ ਕਿਸੇ ਲਈ ਨਹਿਰੂ ਬਣ ਸਕੋਂ ਅਤੇ ਉਹ ਤੁਹਾਡੇ ਲਈ ਪਟੇਲ ਬਣ ਸਕੇ ਤਾਂ ਸਮਝ ਲਓ ਕਿ ਦੁਨੀਆ ਭਰ ਦੀਆਂ ਖ਼ੁਸ਼ੀਆਂ ਤੁਹਾਡੀ ਝੋਲੀ ਵਿੱਚ ਆ ਪਈਆਂ ਹਨ। ਜੇ ਤੁਸੀਂ ਆਪਣੇ ਕੰਮਾਂ ਵਿੱਚ ਉਸੇ ਸਰਦਾਰ ਤੋਂ ਇਨਕਾਰੀ ਹੋ ਜਿਸ ਦੀ ਤੁਸੀਂ ਜੈ ਜੈ ਕਾਰ ਕਰਦੇ ਹੋ ਤਾਂ ਤੁਸੀਂ ਸਭ ਕੁਝ ਗੁਆ ਚੁੱਕੇ ਹੋ। ਤੁਸੀਂ ਉਸ ਨੂੰ ਛਾਂਗ ਰਹੇ ਹੋ ਅਤੇ 182 ਮੀਟਰ ਦੇ ਬੁੱਤ ਤੱਕ ਮਹਿਦੂਦ ਕਰ ਰਹੇ ਹੋ।
ਸਰਦਾਰ ਪਟੇਲ ਤੋਂ ਕੋਈ ਪੰਤਾਲੀ ਸਾਲ ਬਾਅਦ ਅਸੀਂ ਭਾਰਤੀ ਸਿਆਸਤ ਵਿੱਚ ਆਉਂਦੇ ਅਤੇ ਜਾਂਦੇ ਹੋਏ ਇੱਕ ਹੋਰ ‘ਸਰਦਾਰ’ ਨੂੰ ਦੇਖਿਆ ਹੈ। ਇਸ ਦੌਰਾਨ ਉਸ ਨੇ ਰੱਥ ਦੀ ਸਵਾਰੀ ਵੀ ਕੀਤੀ। ਉਹ ਵੀ ‘ਲੋਹ ਪੁਰਸ਼’ ਸਦਾਇਆ। ਉਹ ਵੀ ਇੰਡੀਆ ਉੱਤੇ ਕਾਬੂ ਕਰਨਾ ਅਤੇ ਇਸ ਨੂੰ ਤਬਦੀਲ ਕਰਨ ਲਈ ਤੁਰਿਆ ਸੀ ਪਰ ਅੱਜਕੱਲ੍ਹ ਉਸ ਦੇ ਮੂੰਹੋਂ ਜ਼ਬਾਨ ਨਹੀਂ ਨਿਕਲਦੀ। ਇਤਿਹਾਸ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ।
ਵਾਪਸ ਨਹਿਰੂ ਅਤੇ ਪਟੇਲ ਦੀ ਗੱਲ ਕਰਦੇ ਹਾਂ, ਉਨ੍ਹਾਂ ਦਾ ਇੱਕ-ਦੂਜੇ ਪ੍ਰਤੀ ਸਤਿਕਾਰ ਅਤੇ ਦੋਸਤੀ ਸਿਆਸਤ ਦਾ ਅਧਿਐਨ ਕਰਨ ਵਾਲਿਆਂ ਵਾਸਤੇ ਪੜ੍ਹਾਈ ਦਾ ਲਾਜ਼ਮੀ ਮਜ਼ਮੂਨ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਨਜ਼ਰੀਏ ਵੱਖ ਹੋਣ ਦੇ ਬਾਵਜੂਦ ਉਹ ਇੱਕ ਦੂਜੇ ਦਾ ਬੇਇੰਤਹਾ ਸਤਿਕਾਰ ਕਰਦੇ ਸਨ। ਜਮਾਤਾਂ ਵਿੱਚ ਇਹੋ ਪੜ੍ਹਾਇਆ ਜਾਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੇ ਇੱਕ-ਦੂਜੇ ਦੀ ਜ਼ਿੰਦਗੀ ਕਿਵੇਂ ਬਰਬਾਦ ਕੀਤੀ ਅਤੇ ਇੱਕ- ਦੂਜੇ ਦੀਆਂ ਤਮੰਨਾਵਾਂ ਨੂੰ ਕਿਵੇਂ ਖੂੰਜੇ ਲਗਾਇਆ। ਅਜਿਹਾ ਨਹੀਂ ਸੀ। ਇੰਡੀਆ ਦੀ ਸਿਆਸਤ ਵਿੱਚ ਦੋ ਸਿਆਸਤਦਾਨਾਂ, ਦੋ ਸ਼ਖ਼ਸੀਅਤਾਂ ਦੀ ਇਸ ਤੋਂ ਵੱਡੀ ਮਿਸਾਲ ਨਹੀਂ ਮਿਲ ਸਕਦੀ ਕਿ ਇਤਫ਼ਰਕਿਆਂ ਦੇ ਬਾਵਜੂਦ ਇੱਕ ਰਾਹ ਕਿਵੇਂ ਅਖ਼ਤਿਆਰ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਦੇ ਇਤਿਹਾਸ ਉੱਤੇ ਪੋਚਾ ਫੇਰਨ ਦਾ ਉਪਰਾਲਾ ਹੋ ਰਿਹਾ ਹੈ। ਇਹ ਉਪਰਾਲਾ ਕਾਮਯਾਬ ਤਿਹਾਸ ਉੱਤੇ ਪਰ ਬਹੁਤ ਸਾਦਾ ਜਿਹਾ ਹੈ ਕਿ ਕਿਸੇ ਨੇ ਉਹ ਇਤਿਹਾਸ ਹੱਡੀਂ ਹੰਢਾਇਆ ਹੈ। ਜੋ ਵਰਤਿਆ ਹੈ ਉਹ ਮਿਟ ਕਿਵੇਂ ਸਕਦਾ ਹੈ?
ਉੱਪਰ ਦਿੱਤੀਆਂ ਮਿਸਾਲਾਂ ਦੋ ਪਾਰਟੀਆਂ ਦੀ ਲੜਾਈ ਵਿੱਚ ਆਪਣੀ ਸੂਈ ਨੂੰ ਸ਼ਤੀਰ ਕਰਾਰ ਦੇਣ ਦੀਆਂ ਜੁਗਤਾਂ ਮਾਤਰ ਨਹੀਂ ਹਨ। ਇਹ ਸਾਡੀਆਂ ਸੋਚਾਂ ਦੀ ਘੇਰਾ- ਬੰਦੀ ਕਰਨ ਅਤੇ ਇਨ੍ਹਾਂ ਉੱਤੇ ਕਬਜ਼ਾ ਕਰਨ ਦੀਆਂ ਮਹੀਨ ਚਾਲਾਂ ਹਨ। ਜਿਉਂ ਹੀ ਅਸੀਂ ਉਨ੍ਹਾਂ ਦੀ ਨਜ਼ਰ ਨਾਲ ਲੰਘੇ ਦੌਰ ਅਤੇ ਮੌਜੂਦਾ ਦੌਰ ਨੂੰ ਵੇਖਣਾ ਸ਼ੁਰੂ ਕਰ ਦੇਵਾਂਗੇ ਤਾਂ ਅਸੀਂ, ਅਸੀਂ ਨਹੀਂ ਹੋਵਾਂਗੇ। ਸਾਨੂੰ ਹੌਲੀ-ਹੌਲੀ ਪਰ ਤਸੱਲੀ ਨਾਲ ਅਜਿਹੇ ਸਾਂਚਿਆਂ ਵਿੱਚ ਢਾਲ ਦਿੱਤਾ ਜਾਵੇਗਾ ਜਿਨ੍ਹਾਂ ਉੱਤੇ ਹਕੂਮਤੀ ਪੁਰਜ਼ਿਆਂ ਦੀ ਰੋਜ਼ਮੱਰਾ ਚਾਲ ਸਹਿਜੇ ਹੀ ਕਾਬਜ਼ ਹੋ ਜਾਵੇਗੀ—ਗੋਦੀ ਮੀਡੀਆ, ਪੱਖਪਾਤੀ ਪਾਠ ਪੁਸਤਕਾਂ, ਆਈ.ਟੀ.ਸੈੱਲ, ਆਧਾਰ ਕਾਰਡ …।
ਜਾਤ, ਮਜ਼ਹਬ ਅਤੇ ਗ਼ੈਰ-ਰਵਾਦਾਰੀ ਵਾਲੀ ਸਿਆਸਤ ਦੀ ਬੁਨਿਆਦੀ ਸਮਝ ਨਾਲ ਜੁੜੀਆਂ ਜਥੇਬੰਦੀਆਂ ਦਾ ਇਤਿਹਾਸ ਉੱਤੇ ਜਕੜ-ਪੰਜਾ ਮਜ਼ਬੂਤ ਹੋ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਇਤਿਹਾਸਕਾਰ ਬਣਨ ਲਈ ਕੁਝ ਪੋਸਟਰ ਪਾੜਨ, ਕਿਤਾਬ ਘਰਾਂ ਅਤੇ ਸਿਨੇਮਾ ਘਰਾਂ ਦੀ ਤੋੜ-ਭੰਨ੍ਹ ਕਰਨਾ ਲਾਜ਼ਮੀ ਹੈ। ਕਿਤਾਬਾਂ ਸਾੜਨਾ ਉਨ੍ਹਾਂ ਲਈ ਇਤਿਹਾਸ ਦਾ ਹਿੱਸਾ ਬਣ ਜਾਣ ਦਾ ਅਮਲ ਹੈ ਜਿਵੇਂ ਕਿਸੇ ਲੇਖਕ ਦੇ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਨ ਦਾ ਕੰਮ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਆਪਣੇ ਪੜ੍ਹਾਉਣ ਵਾਲੇ ਦੇ ਘਰ ਜਾਣ ਵਾਲਾ ਰਾਹ ਜਾਣਦੇ ਹੋ ਅਤੇ ਅੱਖਾਂ ਵਿੱਚ ਅੰਗਿਆਰ ਲੈ ਕੇ ਅਤੇ ਹੱਥ ਵਿੱਚ ਡਾਂਗ ਫੜ ਕੇ ਉਸ ਨੂੰ ‘ਪਰਾਇਆ’ ਕਰਾਰ ਦਿੰਦੇ ਹੋਏ, ਉਸ ਦੇ ਘਰ ਤੱਕ ਜਾ ਸਕਦੇ ਹੋ ਤਾਂ ਤੁਸੀਂ ਇਤਿਹਾਸ ਵਿੱਚ ਦਰਜ ਹੋ ਗਏ ਹੋ ਅਤੇ ਇਤਿਹਾਸਕਾਰ ਬਣ ਗਏ ਹੋ।
ਇਹ ਅਜੂਬਿਆਂ ਦਾ ਅਜੂਬਾ ਇੰਡੀਆ ਵਿੱਚ ਹੀ ਬਣ ਸਕਦਾ ਹੈ, ਕਿਤੇ ਹੋਰ ਨਹੀਂ। ਹੋਰ ਮੁਲਕਾਂ ਵਿੱਚ ਤੁਸੀਂ ਕਿਸੇ ਖ਼ਸੂਸੀ ਮਜ਼ਮੂਨ ਦੇ ਕਿਸੇ ਛੋਟੇ ਜਿਹੇ ਹਿੱਸੇ ਉੱਤੇ ਖੋਜ ਕਰਦੇ ਹੋਏ ਪੰਜ ਤੋਂ ਦੱਸ ਸਾਲ ਲਗਾ ਕੇ ਇਤਿਹਾਸਕਾਰ ਹੋਣ ਦਾ ਰੁਤਬਾ ਹਾਸਿਲ ਕਰਦੇ ਹੋ। ਸਾਡੇ ਨਵੇਂ ਅਤੇ ਬੇਚੈਨ ਇੰਡੀਆ ਵਿੱਚ ਤੁਸੀਂ ਚੋਰਾਹੇ ਉੱਤੇ ਦੋ ਪੋਸਟਰ ਪਾੜ ਕੇ ਵੀ ਇਤਿਹਾਸਕਾਰ ਬਣ ਜਾਂਦੇ ਹੋ।
ਇਨ੍ਹਾਂ ਦਿਨਾਂ ਵਿੱਚ ਹਰ ਜੀਅ ਨੂੰ ਅੱਚਵੀ ਲੱਗੀ ਰਹਿੰਦੀ ਹੈ-ਜੇ ਕਿਸੇ ਦੇ ਅੰਦਰ ਵੀ ਇਤਿਹਾਸਕਾਰ ਬਣਨ ਦੀ ਤਾਂਘ ਕੁਲਬੁਲਾ ਰਹੀ ਹੈ ਤਾਂ ਉਹ ਬੁਰਾ ਮੰਨ ਸਕਦਾ ਹੈ। ਕੋਈ ਅਮੀਰ ਹੋਵੇ ਜਾਂ ਤਾਕਤਵਰ, ਸਿਆਸੀ ਆਗੂ ਹੋਵੇ ਜਾਂ ਸਨਅਤਕਾਰ, ਸਭ ਕੰਨਾਂ ਦੇ ਕੱਚੇ ਹਨ। ਸਭ ਦੀ ਚਮੜੀ ਪਤਲੀ ਹੈ। ਮੇਰੇ ਬਹੁਤ ਸਾਰੇ ਸ਼ੁਭਚਿੰਤਕ ਮੈਨੂੰ ਸ਼ਬਦ ਬੋਚ ਕੇ ਬੋਲਣ ਦੀ ਤਾਕੀਦ ਕਰਦੇ ਹਨ। ਆਮ ਤੌਰ ਉੱਤੇ ਇਹ ਸਲਾਹ ਮੈਥੋਂ ਨਜ਼ਰ- ਅੰਦਾਜ਼ ਹੋ ਜਾਂਦੀ ਹੈ। ਉਂਝ ਮੈਂ ਹਾਲੇ ਤੱਕ ਅਜਿਹਾ ਕੁਝ ਨਹੀਂ ਬੋਲਿਆ ਜਿਸ ਨਾਲ ਕੋਈ ਸਰਕਾਰੀ ਜਾਂ ਗ਼ੈਰ-ਸਰਕਾਰੀ ਵਕੀਲ ਇੰਨਾ ਮੁਸਤੈਦ ਹੋ ਜਾਵੇ ਕਿ ਮੇਰੇ ਖ਼ਿਲਾਫ਼ ਜ਼ੁਬਾਨ-ਬੰਦੀ ਦਾ ਹੁਕਮ ਜਾਰੀ ਕਰਵਾਉਣ ਦੀ ਜ਼ਰੂਰਤ ਮਹਿਸੂਸ ਕਰੇ। ਮੈਂ ਉਨ੍ਹਾਂ ਬਾਰੇ ਕੁਝ ਨਹੀਂ ਬੋਲਣ ਵਾਲਾ ਜਿਨ੍ਹਾਂ ਦੀ ਆਮਦਨ ਵਿੱਚ ਸਾਲਾਨਾ 16000 ਗੁਣਾ ਵਾਧਾ ਹੁੰਦਾ ਹੈ-ਕੌਣ ਕਹਿ ਸਕਦਾ ਹੈ ਕਿ ਮੈਂ ਜਿੰਨੀ ਰਕਮ ਤਾਉਮਰ ਕਮਾਉਣੀ ਹੈ, ਮੈਨੂੰ ਉਸ ਦੀ 16000 ਗੁਣਾ ਕੀਮਤ ਅਦਾ ਕਰਨੀ ਪਵੇ। ਮੈਂ ਆਮ ਤੌਰ ਉੱਤੇ ਇਹ ਯਕੀਨੀ ਬਣਾਉਣ ਦਾ ਉਪਰਾਲਾ ਕਰਦਾ ਹਾਂ ਕਿ ਮੇਰੇ ਬੋਲਣ ਨਾਲ ਕਿਸੇ ਵੱਡੀ ਮੱਛੀ ਦੀ ਸਾਖ਼ ਨੂੰ ਖ਼ੋਰਾ ਨਹੀਂ ਲੱਗਣਾ ਅਤੇ ਮੈਨੂੰ ਉਸ ਰਕਮ ਦਾ ਨੁਕਸਾਨ ਨਹੀਂ ਹੋਣਾ ਜੋ ਕਦੇ ਮੇਰੀ ਮਲਕੀਅਤ ਨਹੀਂ ਹੋਣੀ।
ਇਸ ਦੇ ਬਾਵਜੂਦ ਜੇ ਕੋਈ ਵੱਡੀ ਮੱਛੀ ਮੇਰੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰਨਾ ਚਾਹੁੰਦੀ ਹੈ ਤਾਂ ਮੇਰੀ ਛੋਟੀ ਜਿਹੀ ਗੁਜ਼ਾਰਿਸ਼ ਹੈ: ਮੇਰੇ ਖ਼ਿਲਾਫ਼ ਮਾਣਹਾਨੀ ਦਾ 100 ਕਰੋੜ ਰੁਪਏ ਦਾ ਮੁਕੱਦਮਾ ਨਾ ਕੀਤਾ ਜਾਵੇ। ਮੇਰੇ ਖ਼ਿਲਾਫ਼ ਰੱਜ-ਰੱਜ ਮੁਕੱਦਮਾ ਕਰੋ ਪਰ ਸਵਾ ਰੁਪਏ ਦਾ ਕਰਨਾ ਕਿਉਂਕਿ ਰੱਬ ਨੂੰ ਖ਼ੁਸ਼ ਕਰਨ ਲਈ ਇੰਨਾ ਚੜ੍ਹਾਵਾ ਬਥੇਰਾ ਹੁੰਦਾ ਹੈ। ਮੈਂ ਅਜਿਹੇ ਇੰਡੀਆ ਦੀ ਕਲਪਨਾ ਕਰਦਾ ਹਾਂ ਜਿੱਥੇ ਕਿਸੇ ਦੀ ਮਾਣਹਾਨੀ ਦਾ ਦਾਅਵਾ ਸਵਾ ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗਾ। ਅਮੀਰਾਂ ਅਤੇ ਗ਼ਰੀਬਾਂ ਦੀ ਨਾਬਰਾਬਰੀ ਭਾਵੇਂ ਪਹਾੜੋਂ ਵਡੇਰੀ—ਇੱਕ ਪਾਸੇ ਦੋ ਟੁਕੜ ਅਤੇ ਦੂਜੇ ਪਾਸੇ ਵੀਹ ਪਕਵਾਨ—ਹੋ ਜਾਵੇ ਪਰ ਮਾਣਹਾਨੀ ਦੇ ਦਾਅਵੇ ਵਿੱਚ ਨਾਬਰਾਬਰੀ ਨਹੀਂ ਹੋਣੀ ਚਾਹੀਦੀ। ਹਰ ਜੀਅ ਦੀ ਮਾਣਹਾਨੀ ਦਾ ਇੱਕੋ ਨਾਪ ਹੋਣਾ ਚਾਹੀਦਾ ਹੈ, ਸਵਾ ਰੁਪਈਆ। ਇੱਕ ਪਾਸੇ ਤਾਂ ਵਕੀਲਾਂ ਦਾ ਕੰਮ ਸੁਖਾਲਾ ਹੋ ਜਾਵੇਗਾ ਅਤੇ ਦੂਜੇ ਪਾਸੇ ਕਾਨੂੰਨ ਮੰਤਰੀ ਨੂੰ ਵੀ ਹੋਰ ਕੰਮ ਕਰਨ ਦਾ ਮੌਕਾ ਮਿਲ ਜਾਵੇਗਾ।
ਜਮਹੂਰੀਅਤ ਅਤੇ ਆਜ਼ਾਦੀ ਦੇ ਹਿੱਤ ਵਿੱਚ ਨਵਾਂ ਨਾਅਰਾ ਘੜਿਆ ਹੈ:
ਇੱਕ ਸਾਖ਼ ਇੱਕ ਖ਼ਾਕ ਇੱਕ ਮੁਲਕ ਇੱਕ ਸਾਖ਼
ਸਵਾ ਰੁਪਈਏ ਦਾ ਚੜ੍ਹਾਵਾ ਚਾੜ੍ਹ।
ਮਾਣਹਾਨੀ ਵਾਲਾ ਮੌਜੂਦਾ ਕਾਨੂੰਨ ਬਹੁਤ ਜਗੀਰੂ ਹੈ। ਤਾਕਤਵਰਾਂ ਅਤੇ ਅਮੀਰਾਂ ਨੇ ਇਸ ਕਾਨੂੰਨ ਦਾ ਇਸਤੇਮਾਲ ਖੁੱਲ੍ਹ-ਦਿਲੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਕਦੇ ਕਿਸੇ ਗ਼ਰੀਬ ਦਾ ਦਾਅਵਾ ਸੁਣਿਆ ਹੈ ਕਿ ਉਸ ਦੀ ਮਾਣਹਾਨੀ ਕੀਤੀ ਗਈ ਹੈ? ਤੁਸੀਂ ਕਦੇ ਕਿਸੇ ਗ਼ਰੀਬ ਨੂੰ ਕਹਿੰਦੇ ਸੁਣਿਆ ਹੈ, “ਤੁਸੀਂ ਮੈਨੂੰ ਘੱਟੋ-ਘੱਟ ਸਮਰਥਨ ਮੁੱਲ ਨਹੀਂ ਦਿੱਤਾ ਜਿਸ ਕਾਰਨ ਮੈਂ ਆਪਣਾ ਕਰਜ਼ਾ ਵਾਪਸ ਨਹੀਂ ਕਰ ਸਕਿਆ ਅਤੇ ਹੁਣ ਮੇਰੇ ਕੋਲ ਖ਼ੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਸ ਲਈ ਮੈਂ ਫਾਹਾ ਲੈਣ ਜਾ ਰਿਹਾ ਹਾਂ। ਤੁਸੀਂ ਕਰਜ਼ੇ ਦੇ ਨਾਮ ਉੱਤੇ ਮੈਨੂੰ ਸ਼ਰਮਸਾਰ ਕੀਤਾ ਹੈ ਅਤੇ ਮੇਰੀ ਬਦਨਾਮੀ ਕੀਤੀ ਹੈ ਕਿ ਮੈਂ ਆਪਣੇ ਪਰਿਵਾਰ ਦਾ ਖ਼ਿਆਲ ਰੱਖਣ ਵਿੱਚ ਨਾਕਾਮਯਾਬ ਰਿਹਾ ਹਾਂ। ਮੈਂ ਤੁਹਾਡੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਂਗਾ।” ਸਾਨੂੰ ਸ਼ਹਿਰੀਆਂ ਨੂੰ ਡਰਾਉਣ/ਧਮਕਾਉਣ ਲਈ ਅਮੀਰ ਅਤੇ ਤਾਕਤਵਰ ਲੋਕ ਪੂਰੀ ਬੇਹਯਾਈ ਨਾਲ ਮਾਣਹਾਨੀ ਵਾਲੇ ਕਾਨੂੰਨ ਦਾ ਇਸਤੇਮਾਲ ਕਰਦੇ ਹਨ। ਇਹ ਕਾਨੂੰਨ ਜਮਹੂਰੀਅਤ ਵਿੱਚ ਲੋਕਾਂ ਦੇ ਰੁਤਬੇ ਨੂੰ ਖ਼ੋਰਾ ਲਗਾਉਂਦਾ ਹੈ।
ਸਭ ਤੋਂ ਪਹਿਲਾਂ ਤਾਂ ਇਹ ਡਾਢਿਆਂ ਦਾ ਲਾਣਾ ਇਤਿਹਾਸ ਦਾ ਇਸੇਤਮਾਲ ਕਰਕੇ ਸਾਨੂੰ ਜਰਕਾਉਂਦਾ ਹੈ। ਇਸ ਤੋਂ ਬਾਅਦ ਮਾਣਹਾਨੀ ਦੇ ਕਾਨੂੰਨ ਦੇ ਇਸਤੇਮਾਲ ਰਾਹੀਂ ਉਹ ਇਹੋ ਕੰਮ ਕਰਦੇ ਹਨ। ਦੂਜੀ ਜੁਗਤ ਦਾ ਆਪਣਾ ਫਾਇਦਾ ਹੈ—ਇਸ ਤਰ੍ਹਾਂ ਕੋਈ ਰੌਸ਼ਨੀ ਉਸ ਹਨੇਰੀ ਸੁਰੰਗ ਵਿੱਚ ਕਦੇ ਨਹੀਂ ਪਹੁੰਚਣੀ ਜਿਸ ਵਿੱਚ ਉਨ੍ਹਾਂ ਦੇ ਭੇਦ ਲੁਕੇ ਹਨ ਕਿਉਂਕਿ ਕਿੰਨੇ ਕੁ ਲੋਕ ਹਨ ਜੋ 100 ਕਰੋੜ ਰੁਪਏ ਦੇ ਮਾਣਹਾਨੀ ਦੇ ਦਾਅਵੇ ਸਾਹਮਣੇ ਖੜ੍ਹੇ ਹੋਣ ਦਾ ਜੇਰਾ ਕਰ ਸਕਦੇ ਹਨ?
ਜਿਸ ਤਰ੍ਹਾਂ ਵੱਡੀਆਂ ਕੰਪਨੀਆਂ ਆਪਣੇ-ਆਪ ਨੂੰ ਮੀਡੀਆ ਦੀ ਪਹੁੰਚ ਤੋਂ ਬਾਹਰ ਰੱਖਣ ਲਈ ਇਸ ਕਾਨੂੰਨ ਦਾ ਇਸਤੇਮਾਲ ਕਰਦੀਆਂ ਹਨ। ਅਮਲੀ ਤੌਰ ਉੱਤੇ ਉਨ੍ਹਾਂ ਖ਼ਿਲਾਫ਼ ਕੋਈ ਨਹੀਂ ਬੋਲਦਾ। ਜੇ ਤੁਸੀਂ ਉਨ੍ਹਾਂ ਖ਼ਿਲਾਫ਼ ਲੱਗੇ ਇਲਜ਼ਾਮ ਬਾਬਤ ਉਨ੍ਹਾਂ ਦਾ ਪੱਖ ਜਾਣਨ ਲਈ ਈਮੇਲ ਲਿਖੋ ਤਾਂ ਕੋਈ ਜੁਆਬ ਨਹੀਂ ਆਉਂਦਾ। ਆਖ਼ਰ ਉਨ੍ਹਾਂ ਦੀ ਮਾਣਹਾਨੀ ਦੇ ਮੁਕੱਦਮੇ ਵਾਲੀ ਕਾਨੂੰਨੀ ਇਤਲਾਹ ਹੀ ਤੁਹਾਡੇ ਹਿੱਸੇ ਆਉਂਦੀ ਹੈ।
ਹੁਣ ਸਿਆਸੀ ਪਾਰਟੀਆਂ ਵੀ ਜਾਇਜ਼ ਸੁਆਲਾਂ ਤੋਂ ਇਸੇ ਤਰ੍ਹਾਂ ਦਾ ਛੁਟਕਾਰਾ ਚਾਹੁੰਦੀਆਂ ਹਨ। ਇਸ ਵੇਲੇ ਤਾਕਤਵਰਾਂ ਦੀ ਸਾਖ਼ ਅਤੇ ਰੁਤਬੇ ਨੂੰ ਇੰਨਾ ਖ਼ੋਰਾ ਲਗਦਾ ਹੈ ਕਿ ਉਹ ਹਰ ਛੋਟੇ ਤੋਂ ਛੋਟੇ ਮਾਮਲੇ ਉੱਤੇ ਮਾਣਹਾਨੀ ਦਾ ਦਾਅਵਾ ਕਰਨ ਦੀ ਜ਼ਰੂਰਤ ਮਹਿਸੂਸ ਕਰਦੇ ਹਨ। ਉਹ ਆਪਣੇ-ਆਪ ਨੂੰ ਜਮਹੂਰੀਅਤ ਦੇ ਰੌਸ਼ਨ ਮਿਨਾਰ ਕਹਾਉਂਦੇ ਹਨ। ਇਹ ਲੋਕਾਂ ਨੂੰ ਮੁੱਖ-ਧਾਰਾ ਦੇ ਮੀਡੀਆ, ਵੱਡੀਆਂ ਕੰਪਨੀਆਂ ਅਤੇ ਸਿਆਸੀ ਆਗੂਆਂ ਦੀ ਗੂੜ੍ਹੀ ਹੁੰਦੀ ਜੁੰਡਲੀ ਦੇ ਸਾਹਮਣੇ ਨਿਤਾਣੇ ਅਤੇ ਸੀਲ ਕਰਨ ਦੀ ਤਰਕੀਬ ਤੋਂ ਜ਼ਿਆਦਾ ਕੁਝ ਨਹੀਂ ਹੈ।
ਹਾਲੀਆ ਦੌਰ ਵਿੱਚ ਰਾਜਸਥਾਨ ਵਿੱਚ ਖ਼ਤਰਨਾਕ ਕਾਨੂੰਨ ਬਣਾਉਣ ਦਾ 1 ਬਾਨਣੂੰ ਬੰਨ੍ਹਿਆ ਗਿਆ ਸੀ—ਫ਼ੌਜਦਾਰੀ ਕਾਨੂੰਨ ਦਾ ਖਰੜਾ (ਰਾਜਸਥਾਨ ਸੋਧ) ਬਿੱਲ-2017- ਜਿਸ ਤਹਿਤ ਸਰਕਾਰੀ ਮੁਲਾਜ਼ਮਾਂ, ਮੈਜਿਸਟਰੇਟਾਂ ਅਤੇ ਜੱਜਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮ ਬਾਬਤ ਪੱਤਰਕਾਰੀ ਉੱਤੇ ਪਾਬੰਦੀ ਲਗਾਉਣ ਦੀ ਤਜਵੀਜ਼ ਸੀ। ਖ਼ੁਸ਼ਕਿਸਮਤੀ ਨਾਲ ਸੂਬੇ ਦੇ ਸ਼ਹਿਰੀ ਅਤੇ ਪੱਤਰਕਾਰ ਇਸ ਸੋਧ ਦੇ ਖ਼ਿਲਾਫ਼ ਖੜ੍ਹੇ ਹੋ ਗਏ ਕਿ ਜੇ ਉਹ ਹੁਣ ਨਾ ਬੋਲੇ ਤਾਂ ਕਦੇ ਵੀ ਬੋਲ ਨਹੀਂ ਸਕਣਗੇ। ਖ਼ਸੂਸੀ ਤੌਰ ਉੱਤੇ ਰਾਜਸਥਾਨ ਪਤ੍ਰਿਕਾ ਨੇ ਬਹੁਤ ਜੇਰੇ ਵਾਲਾ ਪੈਂਤੜਾ ਮੱਲਿਆ ਅਤੇ ਇਸ ਦੇ ਸੰਪਾਦਕ ਗ਼ੁਲਾਬ ਕੋਠਾਰੀ ਨੇ ਸ਼ਬਦਾਂ ਨੂੰ ਬੋਚਣ ਦਾ ਕੋਈ ਉਪਰਾਲਾ ਨਾ ਕਰਦੇ ਹੋਏ ਪਹਿਲੇ ਸਫ਼ੇ ਉੱਤੇ ਸੰਪਾਦਕੀ ਲਿਖਿਆ ਕਿ ਜਦੋਂ ਤੱਕ ਇਸ ਖਰੜੇ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਅਖ਼ਬਾਰ ਮੁੱਖ ਮੰਤਰੀ ਦਾ ਬਾਈਕਾਟ ਕਰੇਗਾ। ਕੁਝ ਦਿਨਾਂ ਬਾਅਦ ਗ਼ੁਲਾਬ ਕੋਠਾਰੀ ਨੇ ਸੰਪਾਦਕੀ ਕਾਲਮ ਖ਼ਾਲੀ ਛੱਡ ਦਿੱਤਾ। ਇਹ ਜਬਰਦਸਤ ਅਲਾਮਤੀ ਕਾਰਵਾਈ ਸੀ ਜਿਸ ਪਿੱਛੇ ਐਮਰਜੈਂਸੀ ਦੀ ਗੂੰਜ ਪੈਂਦੀ ਸੀ। ਇਸ ਗੂੰਜ ਦਾ ਸਿੱਧਾ ਜਿਹਾ ਮਤਲਬ ਹੈ ਸਾਨੂੰ ਸਭ ਨੂੰ ਖ਼ਬਰਦਾਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਇਤਿਹਾਸ ਦਾ ਕਾਲਾ ਦੌਰ ਸੀ ਜਿਸ ਨੂੰ ਕਦੇ ਵੀ ਦੁਹਰਾਇਆ ਨਹੀਂ ਜਾਣਾ ਚਾਹੀਦਾ। ਜੇ ਉਹ ਦੌਰ ਦੁਹਰਾਇਆ ਜਾਂਦਾ ਹੈ ਤਾਂ ਇਹ ਹੋ ਸਕਦਾ ਹੈ ਕਿ ਆਵਾਮ ਵਜੋਂ ਸਾਡੀ ਚੇਤਨਾ ਅਤੇ ਕਣੀ ਦੀ ਫੱਟੀ ਪੋਚ ਦਿੱਤੀ ਜਾਵੇ। ਕਈ ਵਾਰ ਅਜਿਹਾ ਹੁੰਦਾ ਜਾਪਦਾ ਹੈ।
ਲੋਕਾਂ ਦੀ ਤਾਕਤ ਨੂੰ ਸਿਰਫ਼ ਇੰਡੀਆ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਖੋਰਾ ਲੱਗ ਰਿਹਾ ਹੈ। ਸੈਂਕੜੇ ਪੱਤਰਕਾਰ ਜੇਲ੍ਹਾਂ ਵਿੱਚ ਬੰਦ ਹਨ। ਅਜਿਹਾ ਸਿਰਫ਼ ਚੀਨ ਅਤੇ ਸਾਉਦੀ ਅਰਬ ਵਰਗੇ ਬਦਨਾਮ ਮੁਲਕਾਂ ਵਿੱਚ ਹੀ ਨਹੀਂ ਹੋ ਰਿਹਾ ਸਗੋਂ ਰੂਸ, ਤੁਰਕੀ, ਇਸਰਾਇਲ, ਮਿਸਰ, ਫਿਲੀਪੀਨ, ਅਰਜਨਟੀਨਾ, ਯੂਕਰੇਨ, ਮੈਕਸੀਕੋ ਅਤੇ ਅਮਰੀਕਾ ਵਿੱਚ ਵੀ ਹੋ ਰਿਹਾ ਹੈ ਕਿਉਂਕਿ ਸਰਕਾਰਾਂ ਖ਼ਬਰ-ਰਾਸਾਨੀ ਉੱਤੇ ਆਪਣਾ ਕਬਜ਼ਾ ਮਜ਼ਬੂਤ ਕਰ ਰਹੀਆਂ ਹਨ। ਰਾਜਸਥਾਨ ਦੀ ਸਰਕਾਰ ਵੀ ਇਹੋ ਕਰਨ ਦਾ ਉਪਰਾਲਾ ਕਰ ਰਹੀ ਸੀ । ਜੇ ਉਹ ਕਾਨੂੰਨ ਬਣ ਜਾਂਦਾ ਤਾਂ ਪੱਤਰਕਾਰਾਂ ਨੇ ਬੰਧੂਆ ਮਜ਼ਦੂਰ ਬਣ ਜਾਣਾ ਸੀ। ਖ਼ੈਰ ! ਹੁਣ ਗੋਦੀ ਮੀਡੀਆ ਦਾ ਦੌਰ ਹੈ ਅਤੇ ਜ਼ਿਆਦਾਤਰ ਮੀਡੀਆ ਬਣ ਜਾ ਖੁਸ਼ੀ-ਖ਼ੁਸ਼ੀ ਹਕੂਮਤਾਂ ਦੀ ਗੋਦੀ ਚੜ੍ਹ ਗਏ ਹਨ। ਨਿਜ਼ਾਮ ਬੇਕਿਰਕ ਹੈ ਅਤੇ ਸਭ ਤੋਂ ਆਗਿਆਕਾਰ ਬੱਚੇ ਦੀ ਸੰਘੀ ਨੱਪਣ ਵੇਲੇ ਵੀ ਇਸ ਦੇ ਦਿਲ ਦੀ ਧੜਕਣ ਨਹੀਂ घिइररी।
ਹੁਣ ਜਮਹੂਰੀਅਤ ਵਿੱਚ ਸਿਆਸੀ ਨਿਜ਼ਾਮ ਸ਼ਹਿਰੀਆਂ ਉੱਤੇ ਗ਼ਲਬਾ ਮਜ਼ਬੂਤ ਕਰ ਰਿਹਾ ਹੈ ਅਤੇ ਸਾਡੀ ਤਾਕਤ ਖੁਰ ਰਹੀ ਹੈ। ਨਤੀਜੇ ਵਜੋਂ ਇੱਕ ਪਾਸੇ ਸਿਆਸੀ ਆਗੂਆਂ ਨੂੰ ਅਵਤਾਰੀ ਰੁਤਬੇ ਨਿਵਾਜ਼ੇ ਜਾ ਰਹੇ ਹਨ ਅਤੇ ਦੂਜੇ ਪਾਸੇ ਸ਼ਹਿਰੀਆਂ ਨੂੰ ਮੁਜਰਮ ਸਜਾਇਆ ਜਾ ਰਿਹਾ ਹੈ। ਜੇ ਤੁਸੀਂ ਸੁਆਲ ਕਰਦੇ ਹੋ ਤਾਂ ਤੁਹਾਨੂੰ ਦੇਸ਼-ਧ੍ਰੋਹੀ ਕਰਾਰ ਦਿੱਤਾ ਜਾਂਦਾ ਹੈ ਅਤੇ ਤੁਹਾਡੀ ਸ਼ਾਮਤ ਆ ਜਾਂਦੀ ਹੈ—ਤੁਸੀਂ ਮਹਾਂਬਲੀ ਅਕਾਲ ਪੁਰਖ ਦੇ ਅਵਤਾਰ ਮਹਾਂਪੁਰਖਾਂ ਨੂੰ ਸੁਆਲ ਕਰਨ ਦੀ ਹਿਮਾਕਤ’ ਕਰਦੇ ਹੋ? ਤੁਹਾਡੇ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਮੁਹਿੰਮਾਂ ਵਿੱਢ ਦਿੱਤੀਆਂ ਜਾਂਦੀਆਂ ਹਨ ਅਤੇ ਤੁਹਾਡੀ ਮੁਕੰਮਲ ਘੇਰਾ-ਬੰਦੀ ਅਤੇ ਟਰੋਲਿੰਗ ਹੁੰਦੀ ਹੈ। ਇਸ ਤਰਕੀਬ ਨਾਲ ਤੁਸੀਂ ਖ਼ੌਫ਼ਜ਼ਦਾ ਹੋ ਜਾਂਦੇ ਹੋ ਅਤੇ ਆਪਣੇ ਬੱਚਿਆਂ ਨੂੰ ਦੱਸਦੇ ਹੋ ਕਿ ਉਹ ਫੇਸਬੁੱਕ ਉੱਤੇ ਜ਼ਿਆਦਾ ਸਰਗਰਮ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਬੋਲਣਾ ਨਹੀਂ ਚਾਹੀਦਾ। ਇਸ ਤਰ੍ਹਾਂ ਅਸੀਂ ਸ਼ਹਿਰੀਆਂ ਵਜੋਂ ਆਪਣੀ ਵਿੱਥ ਚੱਪਾ-ਚੱਪਾ ਕਰ ਕੇ ਹਰਦੇ ਜਾਂਦੇ ਹਾਂ। ਅਸੀਂ ਜਿੰਨੀ-ਜਿੰਨੀ ਵਿੱਥ ਛੱਡਦੇ ਜਾਂਦੇ ਹਾਂ, ਉਸੇ ਲਿਹਾਜ਼ ਨਾਲ ਨਿਤਾਣੇ ਹੁੰਦੇ ਜਾਂਦੇ ਹਾਂ। ਇਹ ਫਾਇਦੇਮੰਦਾ ਨਹੀਂ ਹੈ ਕਿ ਸਾਰੇ ਕਿਸੇ ਇੱਕੋ ਸਿਆਸੀ ਪਾਰਟੀ ਜਾਂ ਵਿਚਾਰਧਾਰਾ ਦੀ ਹਮਾਇਤ ਕਰਨ। ਇਹ ਬਹੁਤ ਅਹਿਮ ਹੈ ਕਿ ਵੰਨ-ਸਵੰਨੀਆਂ ਸਿਆਸੀ ਪਾਰਟੀਆਂ ਹੋਣ ਅਤੇ ਇਸੇ ਤਰ੍ਹਾਂ ਵੰਨ-ਸਵੰਨੀਆਂ ਵਿਚਾਰਧਾਰਾਵਾਂ ਹੋਣ ਅਤੇ ਸ਼ਹਿਰੀਆਂ ਵਜੋਂ ਸਾਡੇ ਕੋਲ ਉਨ੍ਹਾਂ ਨਾਲ ਸਿੱਝਣ ਦਾ ਇਤਮਾਦ ਹੋਵੇ।
ਜਮਹੂਰੀਅਤ ਦੇ ਵਿਚਾਰ ਦਾ ਲਾਜ਼ਮੀ ਤੱਤ ਆਵਾਮ ਵਜੋਂ ਸਾਡੀ ਸਮਝ ਅਤੇ ਜਮਹੂਰੀਅਤ ਉੱਤੇ ਸਾਡੀ ਦਾਅਵੇਦਾਰੀ ਹੈ। ਜਦੋਂ ਆਗੂਆ ਦੀ ਚੇਤਨਾ ਲੋਕਾਂ ਦੇ ਖ਼ੌਫ਼ ਵਿੱਚ ਤਬਦੀਲ ਹੋ ਜਾਵੇ ਤਾਂ ਉਹ ਮਹਿਜ਼ ਨੌਕਰ ਰਹਿ ਜਾਂਦੇ ਹਨ। ਜਮਹੂਰੀਅਤ ਦੌਰਾਨ ਗੁਰ ਮਾਮਲੇ ਵਿੱਚ ਆਵਾਮ ਨੂੰ ਤਰਜੀਹ ਮਿਲਦੀ ਰਹਿ ਜਾਂਦੇ ਹਨ। ਜਮਹੂਆਨਾ ਹੀ ਲੋਕ ਸੇਵਾ ਉਸ ਬਣਦਾ ਹੈ ਅਤੇ ਇਹ ਉਨ੍ਹਾਂ ਲਈ ਜੁਆਬਦੇਹ ਹੈ। ਜਿਸ ਤਰ੍ਹਾਂ ਦੇ ਨਿਜ਼ਾਮ ਦੀ ਉਸਾਰੀ ਹੁਣ ਹੋ ਰਹੀ ਹੈ ਉਸ ਨਾਲ ਤਾਂ ਸਭ ਕੁਝ ਮੂਧੇ-ਮੂੰਹ ਹੋ ਜਾਣਾ ਹੈ ਅਤੇ ਨਿਜਾਮ ਨੇ ਸਾਡੇ ਉੱਤੇ ਗ਼ਲਬਾ ਪਾ ਲੈਣਾ ਹੈ। ਇਸ ਦਾ ਅੰਤਿਮ ਟੀਚਾ ਤਾਂ ਇਹੋ ਹੈ ਕਿ ਉਹ ਜੋ ਵੀ ਕਰਨ, ਅਸੀਂ ਹਰ ਅਵਾ-ਤਵਾ ਹਜ਼ਮ ਕਰ ਜਾਈਏ। ਉਨ੍ਹਾਂ ਦਾ ਨਿਸ਼ਾਨਾ ਬੇਓੜਕ ਸਦੀਵੀ ਤਾਕਤ ਹਥਿਆਉਣਾ ਹੈ।
ਇਸੇ ਨਿਸ਼ਾਨੇ ਦੀ ਪ੍ਰਾਪਤੀ ਲਈ ਟੈਲੀਵਿਜ਼ਨ ਚੈਨਲਾਂ ਦੀਆਂ ਤਲਖ਼ੀ ਭਰੀਆਂ ਬਹਿਸਾਂ ਦੀ ਰੋਜ਼ਾਨਾ ਖ਼ੁਰਾਕ ਰਾਹੀਂ ਸਾਡੀ ਬਿਰਤੀ ਉਖਾੜਨ ਦਾ ਕੰਮ ਕਰਦੀ ਹੈ। ਸਾਨੂੰ ਇਹ ਜਚਾਇਆ ਜਾਂਦਾ ਹੈ ਕਿ ਦੋ ਬਰਾਦਰੀਆਂ ਵਿੱਚ ਸ਼ਰਿ-ਆਮ ਜੰਗ ਚੱਲ ਰਹੀ ਹੈ। ਇਸ ਤਰ੍ਹਾਂ ਸਮਾਜ ਵਿੱਚ ਸ਼ੱਕ ਅਤੇ ਦੁਸ਼ਮਣੀ ਦਾ ਵਧਾਰਾ ਹੁੰਦਾ ਹੈ। ਇਹ ਸਮਾਜ ਵਿੱਚ ਜਬਰਦਸਤੀ ਸੁਹਾਗਾ ਫੇਰਨ ਦਾ ਕੰਮ ਕਰਦਾ ਹੈ ਅਤੇ ਹਰ ਕਿਸੇ ਨੂੰ ਇੱਕੋ ਸਾਂਚੇ ਵਿੱਚ ਢਾਲਣ ਦਾ ਕਾਰਜ ਅੱਗੇ ਤੋਰਦਾ ਹੈ—ਜੇ ਕੋਈ ਵੱਖਰਾ ਲਿਬਾਸ ਪਾਉਂਦਾ ਹੋਵੇ, ਕੋਈ ਵੱਖਰੀ ਖ਼ੁਰਾਕ ਖਾਂਦਾ ਹੋਵੇ ਜਾਂ ਵੱਖਰਾ ਨਾਅਰਾ ਲਗਾਉਂਦਾ ਹੋਵੇ, ਵੱਖਰੇ ਇਸ਼ਟ ਨੂੰ ਧਿਆਉਂਦਾ ਹੋਵੇ ਤਾਂ ਉਸ ਦੀ ਸ਼ਨਾਖ਼ਤ ਕਰ ਲਈ ਜਾਂਦੀ ਹੈ। ਇਸ ਤਰ੍ਹਾਂ ਸਾਡੀ ਜ਼ੁਬਾਨ-ਬੰਦੀ ਕੀਤੀ ਜਾਂਦੀ ਹੈ।
ਕਿਸੇ ਨੂੰ ਬੋਲਣ ਤੋਂ ਰੋਕਣਾ ਦਹਿਸ਼ਤਗਰਦੀ ਦਾ ਵੀ ਰੂਪ ਹੈ। ਖ਼ੌਫ਼ ਅਤੇ ਸ਼ੱਕ ਦਾ ਮਾਹੌਲ ਪੈਦਾ ਕਰਨਾ ਵੀ ਦਹਿਸ਼ਤਗਰਦੀ ਦਾ ਹੀ ਰੂਪ ਹੈ।
ਹਾਲੀਆ ਦੌਰ ਵਿੱਚ ਸ਼ਹਿਰੀਆਂ ਵਿੱਚ ਇੱਕ ਨਵਾਂ ਰੁਝਾਨ ਚੱਲਿਆ ਹੈ। ਉਹ ਬਿਨਾਂ ਕਿਸੇ ਯੋਗਤਾ ਤੋਂ ਆਗੂਆਂ ਉੱਤੇ ਯਕੀਨ ਕਰਦੇ ਹਨ ਅਤੇ ਆਪਣੇ-ਆਪ ਦੇ ਨਾਲ- ਨਾਲ ਆਪਣੀਆਂ ਇੱਛਾਵਾਂ ਵੀ ਉਸੇ ਉੱਤੋਂ ਵਾਰ ਦਿੰਦੇ ਹਨ। ਇਹ ਕੋਈ ਚੰਗੀ ਗੱਲ ਨਹੀਂ। ਜਦੋਂ ਕੋਈ ਵੋਟਰ ਆਗੂ ਵਿੱਚ ਸਮਾ ਜਾਂਦਾ ਹੈ ਤਾਂ ਉਹ ਨਾ ਤਾਂ ਆਵਾਮ ਰਹਿੰਦਾ ਹੈ ਅਤੇ ਨਾ ਹੀ ਵੋਟਰ। ਉਹ ਕਿਸੇ ਝੱਖੜ ਦੀ ਉਡਾਈ ਧੂੜ ਜਿਹਾ ਰਹਿ ਜਾਂਦਾ ਹੈ।
ਜਿਹੜੀ ਤਾਕਤ ਦਾ ਵਾਸਾ ਆਵਾਮ ਵਿੱਚ ਹੋਣਾ ਹੈ ਉਸ ਨੂੰ ਅਜਾਈ ਨਹੀਂ ਜਾਣ ਦਿੱਤਾ ਜਾ ਸਕਦਾ। ਕ੍ਰਿਕਟ ਖਿਡਾਰੀ ਦੇ ਪ੍ਰੇਮੀ ਹੋ ਜਾਵੋ, ਕਿਸੇ ਫ਼ਿਲਮ ਸਿਤਾਰੇ ਦੇ ਪ੍ਰੇਮੀ ਹੋ ਜਾਵੇ ਪਰ ਕਿਸੇ ਸਿਆਸੀ ਆਗੂ ਦੇ ਪ੍ਰੇਮੀ ਨਾ ਬਣੋ। ਉਸ ਦਾ ਸਤਿਕਾਰ ਕਰੋ ਪਰ ਉਸ ਦੇ ਸ਼ਬਦਾਂ ਦੇ ਤਲਿੱਸਮ ਵਿੱਚ ਨਾ ਆਓ ਕਿ ਉਸ ਦੇ ਕੰਮ ਦੀ ਪੜਚੋਲ ਹੀ ਨਾ ਕਰ ਸਕੇਂ ਅਤੇ ਉਸ ਦੇ ਕੀਤੇ ਵਾਅਦਿਆਂ ਦਾ ਹਿਸਾਬ ਨਾ ਕਰ ਸਕੋਂ। ਤੁਸੀਂ ਕਿਸੇ ਨੂੰ ਜਬਰਦਸਤ ਤਕਰੀਰਾਂ ਕਰਨ ਲਈ ਤਾਂ ਨਹੀਂ ਚੁਣਿਆ। ਤੁਸੀਂ ਉਸ ਦਾ ਮਨੋਰਥ ਸਮਾਜਿਕ ਅਤੇ ਆਰਥਿਕ ਕਲਿਆਣ ਮਿਥਿਆ ਸੀ। ਤੁਹਾਡੀ ਆਪਣੀ ਵਫ਼ਾਦਾਰੀ ਕਿਸੇ ਵੀ ਸਿਆਸੀ ਆਗੂ ਜਾਂ ਪਾਰਟੀ ਨਾਲ ਹੋ ਸਕਦੀ ਹੈ। ਜੇ ਤੁਸੀਂ ਕਿਸੇ ਪਾਰਟੀ ਦੇ ਕਾਰਕੁੰਨ ਹੋ ਤਾਂ ਵੀ ਕੋਈ ਸਮੱਸਿਆ ਨਹੀਂ ਹੈ। ਜਦੋਂ ਤੱਕ ਤੁਸੀਂ ਆਪਣੇ-ਆਪ ਨੂੰ ਇਸ ਮੁਲਕ ਦਾ ਸ਼ਹਿਰੀ ਮੰਨਦੇ ਹੋ, ਉਦੋਂ ਤੱਕ ਤਾਂ ਤੁਹਾਡਾ ਵਿਵਹਾਰ ਸ਼ਹਿਰੀ ਵਾਲਾ ਹੀ ਹੋਣਾ ਚਾਹੀਦਾ ਹੈ। ਨਿਰਪੱਖਤਾ ਨਾਲ ਅਤੇ ਬਦਗੁਮਾਨੀ’ ਦੇ ਘੇਰੇ ਵਿੱਚ ਬਾਹਰ ਰਹਿ ਕੇ ਜੁਆਬ ਮੰਗਣ ਦਾ ਕੰਮ ਤੁਹਾਡਾ ਹੈ ਅਤੇ ਇਹ ਕਾਰਜ ਜਥੇਬੰਦੀ ਦੀਆਂ ਜ਼ਿੰਮੇਵਾਰੀਆਂ ਤੋਂ ਵਡੇਰਾ ਹੈ। ਜੇ ਤੁਹਾਡਾ ਵਿਵਹਾਰ ਕਿਸੇ ਸਿਆਸੀ ਪਾਰਟੀ ਜਾਂ ਧਰਮ ਜਾਂ ਸੱਭਿਆਚਾਰਕ ਜਥੇਬੰਦੀ ਦੇ ਰੁਕਨ ਵਰਗਾ ਹੀ ਰਹਿਣਾ ਹੈ ਤਾਂ ਤੁਸੀਂ ਇਸ ਜਮਹੂਰੀਅਤ ਨੂੰ ਤਬਾਹ ਕਰ ਦੇਵੋਗੇ। ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਵੋਟਾਂ ਰਾਹੀਂ ਕਿਸੇ ਸਿਆਸੀ ਪਾਰਟੀ ਨੂੰ ਹਕੂਮਤ ਸੰਭਾਲਣ ਤੋਂ ਬਾਅਦ ਤੁਸੀਂ ਪੈਰ ਪਿੱਛੇ ਖਿੱਚ ਕੇ ਦੁਬਾਰਾ ਨਿਰਪੱਖ ਹੋ ਜਾਵੋ। ਜੇ ਤੁਹਾਨੂੰ ਲਗਦਾ ਹੈ ਕਿ ਕੁਝ ਠੀਕ ਹੈ ਤਾਂ ਹਾਮੀ ਭਰੋ; ਅਤੇ ਜੇ ਤੁਹਾਨੂੰ ਲਗਦਾ ਹੈ ਕਿ ਕੁਝ ਗ਼ਲਤ ਹੈ ਤਾਂ ਇਸ ਨੂੰ ਗ਼ਲਤ ਕਹਿਣ ਦਾ ਜੇਰਾ ਕਰੋ।
ਸ਼ਹਿਰੀਆਂ ਵਜੋਂ ਸਾਡੇ ਰੁਤਬੇ ਨੂੰ ਲੱਗੇ ਖ਼ੋਰੇ ਦਾ ਖ਼ਮਿਆਜ਼ਾ ਅਸੀਂ ਭੁਗਤ ਰਹੇ ਹਾਂ ਅਤੇ ਅਸੀਂ ਆਪ ਕਸੂਰਵਾਰਾਂ ਵਿੱਚ ਸ਼ਰੀਕ ਹਾਂ। ਅਸੀਂ ਸਦੀਵੀ ਬੇਯਕੀਨੀ ਦੇ ਦੌਰ ਵਿੱਚ ਜਿਊਂ ਰਹੇ ਹਾਂ ਅਤੇ ਹੈਰਾਨ ਹਾਂ ਕਿ ਹਕੂਮਤ ਨਾਲ ਇਤਫ਼ਰਕਿਆਂ ਦਾ ਕਿਸ ਹੱਦ ਤੱਕ ਬਿਆਨ ਕਰਨਾ ਮਹਿਫ਼ੂਜ਼ ਹੈ ਕਿ ਤੁਸੀਂ ‘ਇਖ਼ਤਲਾਫ਼’ ਨਾ ਬਣੋਂ ਅਤੇ ਨਾ ਹੀ ਤੁਹਾਨੂੰ ਅਜਿਹਾ ਕਰਾਰ ਦਿੱਤਾ ਜਾਵੇ । ਇਹ ਤਾਂ ਰੁਝਾਨ ਹੋ ਗਿਆ ਹੈ ਕਿ ਬੋਲਣ ਵਾਲਾ ਲਗਾਤਾਰ ਸਫ਼ਾਈ ਦੇਣ ਦਾ ਬੋਝਾ ਚੁੱਕੀ ਫਿਰਦਾ ਹੈ ਕਿ ਨਹੀਂ, ਮੈਂ ਇਖ਼ਤਲਾਫ਼ ਨਹੀਂ ਹਾਂ। ਮੇਰਾ ਰੱਦਿ-ਅਮਲ ਹੈ ਕਿ ਜੇ ਤੁਸੀਂ ਹੋ ਤਾਂ ਕੀ ਆਫ਼ਤ ਆ ਗਈ। ਜੇ ਤੁਸੀਂ ਕਹੋ ਕਿ ਮੈਂ ਕਰੋਧੀ ਨਹੀਂ ਹਾਂ ਤਾਂ ਮੈਨੂੰ ਸਮਝ ਆਉਂਦਾ ਹਾਂ ਅਤੇ ਮੈਂ ਇਸ ਦਾ ਸਤਿਕਾਰ ਕਰਦਾ ਹਾਂ ਪਰ ਇਖ਼ਤਲਾਫ਼ (ਵਿਰੋਧੀ) ਹੋਣ ਵਿੱਚ ਸ਼ਰਮ ਵਾਲੀ ਜੀ ਅੱਸ ਦਾ ਸਾਡੇ ਸ਼ਾਸਤਰਾਂ ਵਿੱਚ ਇਹ ਕਿੱਥੇ ਲਿਖਿਆ ਹੋਇਆ ਹੈ ਕਿ ਇਤਫ਼ਰਕ ਨਜ਼ਰੀਏ ਉੱਤੇ ਪਾਬੰਦੀ ਹੈ? ਸੱਚ ਦਾ ਬਿਆਨ ਲਾਜ਼ਮੀ ਹੈ ਅਤੇ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਤਰਾਜ ਕਰਨ ਵਾਲੇ ਨਹੀਂ ਹੋ ਤਾਂ ਤੁਸੀਂ ਜਮਹੂਰੀਅਤ ਦੇ ਖ਼ਿਲਾਫ਼ ਪੈਂਤੜਾ ਮੱਲ ਚੁੱਕੇ ਹੋ। ਰੋਜ਼ਾਨਾ ਫੇਸਬੁੱਕ ਉੱਤੇ ਦਸ ਚੀਜ਼ਾਂ ਲਿਖੋ ਅਤੇ ਸ਼ਰਿ-ਆਮ ਦਾਅਵਾ ਕਰੋ, “ਹਾਂ, ਮੇਰਾ ਨਜ਼ਰੀਆ ਵੱਖਰਾ ਹੈ ਇਤਰਾਜ਼ ਕਰਨਾ ਕੋਈ ਮੁਜਰਮਾਨਾ ਕੰਮ ਨਹੀਂ ਹੈ।
ਜੇ ਅਸੀਂ ਜਮਹੂਰੀਅਤ ਵਿੱਚ ਆਪਣੇ ਹਕੂਕ ਬਾਬਤ ਸਚੇਤ ਨਹੀਂ ਹਾਂ ਤਾਂ ਇਹ ਮਾਅਨਾ ਨਹੀਂ ਰੱਖਦਾ ਕਿ ਅਸੀਂ ਕਿੰਨਾ ਬੌਰਨਵੀਟਾ ਪੀਂਦੇ ਹਾਂ ਜਾਂ ਚਵਨਪ੍ਰਾਸ਼ ਖਾਂਦੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ‘ਨਿਤਾਣੇ’ ਜਾਂ ਬੇਤਾਣ ਹੋਣ ਦੇ ਬਹਾਨੇ ਬਣਾਉਣਾ ਬੰਦ ਕਰੀਏ ਅਤੇ ਇਸ ਹਕੀਕਤ ਦਾ ਸਾਹਮਣਾ ਕਰੀਏ ਕਿ ਸ਼ਹਿਰੀਆਂ ਵਜੋਂ ਸਾਡੀ ਨਾਮਰਦਾਨਗੀ ਦਾ ਕਾਰਨ ਸਾਡਾ ਇਖ਼ਤਲਾਫ਼ ਤੋਂ ਪੱਲਾ ਝਾੜ ਲੈਣਾ ਅਤੇ ਜੀ- ਹਜ਼ੂਰੀਏ ਹੋ ਜਾਣਾ ਹੈ। ਇਨ੍ਹਾਂ ਦੋਵਾਂ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਜੀ- ਹਜ਼ੂਰੀਆ ਬਣਨ ਦੀ ਤਰਕੀਬ ਭਗਤ ਵਾਲੀ ਬੁਣਤੀ ਵਿੱਚ ਹੀ ਬੁਣੀ ਜਾਂਦੀ ਹੈ—ਰੱਬ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਰਿਝਾਉਣਾ ਜ਼ਰੂਰੀ ਹੈ; ਆਖ਼ਰ ਉਨ੍ਹਾਂ ਨੇ ਸਾਡੀ ਸੁਣ ਲੈਣੀ ਹੈ ਅਤੇ ਸਾਡਾ ਕੰਮ ਆਪਣੇ-ਆਪ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਾ ਹੈ।
ਮਿਸਾਲ ਵਜੋਂ ਸੂਰਤ ਦੇ ਵਪਾਰੀਆਂ-ਕਾਰੋਬਾਰੀਆਂ ਦੇ ਭਾਈਚਾਰੇ ਨੂੰ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ 2017 ਵਿੱਚ ਨੋਟ-ਬੰਦੀ ਅਤੇ ਜੀ.ਐੱਸ.ਟੀ. ਦੇ ਖ਼ਿਲਾਫ਼ ਛੇ ਮਹੀਨੇ ਰੋਸ-ਮੁਜ਼ਾਹਰੇ ਕੀਤੇ ਅਤੇ ਇਸ ਦੌਰਾਨ ਚੋਖਾ ਨੁਕਸਾਨ ਬਰਦਾਸ਼ਤ ਕੀਤਾ। ਮੈਂ ਉਨ੍ਹਾਂ ਉੱਤੇ ਕਰੀਬੀ ਨਜ਼ਰ ਬਣਾ ਕੇ ਰੱਖੀ। ਹਰ ਥਾਂ ਅਤੇ ਹਰ ਵਾਰ ਉਨ੍ਹਾਂ ਦੇ ਮੁਜ਼ਾਹਰਿਆਂ ਵਿੱਚ ਮੁਜ਼ਹਰਾਕਾਰੀਆਂ ਦੀ ਗਿਣਤੀ ਅਸਰ-ਅੰਗੇਜ਼ ਸੀ। ਇਨ੍ਹਾਂ ਮੁਜ਼ਾਹਰਿਆਂ ਦੇ ਬਾਵਜੂਦ ਉਨ੍ਹਾਂ ਦੀ ਦਿਲਚਸਪ ਗੱਲ ਇਹ ਸੀ ਕਿ ਉਹ ਹਮੇਸ਼ਾਂ ਅਰਜ਼ੋਈਆਂ ਕਰ ਰਹੇ ਸਨ । ਸੂਰਤ ਦੇ ਵਪਾਰੀ ਆਪਣੀਆਂ ਮੰਗਾਂ ਨੂੰ ਭਗਤਾਂ/ਸ਼ਰਧਾਲੂਆਂ ਵਜੋਂ ਪੇਸ਼ ਕਰ ਰਹੇ ਸਨ ਅਤੇ ਪੂਰੀ ਲੈਅ ਨਾਲ ‘ਸਾਂਈ ਦੇ ਭਜਨ’ ਗਾ ਰਹੇ ਸਨ। ਉਨ੍ਹਾਂ ਨੇ ਕਿਤੇ ਵੀ ਕੋਈ ਨਾਅਰਾ ਨਹੀਂ ਲਗਾਇਆ। ਜਮਹੂਰੀਅਤ ਵਿੱਚ ‘ਜ਼ਿੰਦਾਬਾਦ’, ‘ਮੁਰਦਾਬਾਦ’ ਅਤੇ ‘ਹੋ ਬਰਬਾਦ’ ਦੇ ਬੋਲੇ ਆਮ ਹਨ ਅਤੇ ਕਿਸੇ ਵੀ ਵੇਲੇ ਇੱਕ ਪਲ ਦੀ ਦੇਰੀ ਕੀਤੇ ਬਿਨਾਂ ਇਹ ਸਿਆਸੀ ਆਗੂਆਂ ਖ਼ਿਲਾਫ਼ ਮਾਰੇ ਜਾਂਦੇ ਹਨ। ਸੂਰਤ ਦੀਆਂ ਗਲ਼ੀਆਂ ਅਤੇ ਬਾਜ਼ਾਰਾਂ ਵਿੱਚ ਅਜਿਹੇ ਨਾਅਰੇ ਸੁਣਾਈ ਨਹੀਂ ਦਿੱਤੇ। ਹਾਜ਼ਰ ਬੁੱਤਾਂ ਦੀ ਗਿਣਤੀ ਦਰਸਾਉਂਦੀ ਸੀ ਕਿ ਮੁਜ਼ਾਹਰਾ ਹੋ ਰਿਹਾ ਹੈ। ਜਦੋਂ ਅਸੀਂ ਆਵਾਮ ਨਹੀਂ ਰਹਿੰਦੇ ਤਾਂ ਅਸੀਂ ਸਿਰਫ਼ ਹਿੰਦਸਾ ਹੋਣ ਤੱਕ ਮਹਿਦੂਦ ਹੋ ਜਾਂਦੇ ਹਾਂ। ਉਸ ਲਹਿਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਇਆ।
ਵਪਾਰੀ ਸਮਝਦੇ ਸਨ ਕਿ ਕੇਂਦਰੀ ਵਿੱਤ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਦੀ ਹਾਮੀ ਨਹੀਂ ਭਰੀ ਜਿਸ ਕਾਰਨ ਉਨ੍ਹਾਂ ਦੀ ਲਹਿਰ ਨਾਕਾਮਯਾਬ ਹੋ ਗਈ। ਹਕੀਕਤ ਵਿੱਚ ਉਨ੍ਹਾਂ ਦੀ ਆਪਣੇ-ਆਪ ਨੂੰ ਸ਼ਹਿਰੀਆਂ ਵਜੋਂ ਪਛਾਣ ਸਕਣ ਦੀ ਨਾਕਾਬਲੀਅਤ ਹੀ ਉਨ੍ਹਾਂ ਦੀ ਮੁਹਿੰਮ ਦੀ ਨਾਕਾਮਯਾਬੀ ਦਾ ਇੱਕੋ-ਇੱਕ ਕਾਰਨ ਸੀ।
ਕੁਝ ਸਮਾਂ ਪਹਿਲਾਂ ਮੈਨੂੰ ਇੱਕ ਬੀਬੀ ਦਾ ਟੈਲੀਫੋਨ ਆਇਆ ਕਿ ਸ਼ਹਿਰ ਵਿੱਚ ਵਧ ਰਹੇ ਪ੍ਰਦੂਸ਼ਣ ਨੇ ਉਸ ਨੂੰ ਹੁਸ਼ਿਆਰ ਕੀਤਾ ਸੀ ਅਤੇ ਉਸ ਨੂੰ ਕੁਝ ਕਰਨ ਲਈ ਝੰਜੋੜਿਆ ਸੀ। ਹੁਣ ਉਹ ਚਾਹੁੰਦੀ ਸੀ ਕਿ ਮੈਂ ਪ੍ਰਦੂਸ਼ਣ ਦੇ ਮੁੱਦੇ ਨੂੰ ਆਪਣੇ ਸ਼ੋਅ ਰਾਹੀਂ ਨਸ਼ਰ ਕਰਾਂ ਅਤੇ ਉਸ ਦੇ ਕੰਮ ਦਾ ਵੀ ਜ਼ਿਕਰ ਕਰਾਂ। ਉਸ ਨੂੰ ਯਕੀਨ ਸੀ ਕਿ ਜੇ ਦਸ ਜਾਂ ਪੰਦਰਾਂ ਖ਼ਬਰੀਆ ਟੈਲੀਵਿਜ਼ਨ ਚੈਨਲ ਸਕੂਲ ਦੇ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਉਸ ਦੇ ਕੰਮ ਦਾ ਜ਼ਿਕਰ ਕਰਨ ਤਾਂ ਕੁਝ ਅਸਰ ਹੋ ਸਕਦਾ ਸੀ। ਮੈਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਪ੍ਰਦੂਸ਼ਣ ਦੇ ਸੰਜੀਦਾ ਮਾਮਲੇ ਨੂੰ ਤਾਂ ਪਹਿਲਾਂ ਹੀ ਲਗਾਤਾਰ ਥਾਂ ਮਿਲ ਰਹੀ ਸੀ। ਜੇ ਉਸ ਦੇ ਉਦਮ ਦਾ ਲੋੜੀਂਦਾ ਅਸਰ ਨਹੀਂ ਹੋ ਰਿਹਾ ਤਾਂ ਉਸ ਨੂੰ ਆਪਣੀ ਸਮਝ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਉਸ ਬੀਬੀ ਨੇ ਸੋਚਿਆ ਕਿ ਮੈਂ ਨਿਰਾਸ਼ਾਵਾਦੀ ਆਦਮੀ ਹਾਂ। ਮੈਂ ਉਸ ਨੂੰ ਆਪਣੇ ਉਪਰਾਲੇ ਜਾਰੀ ਰੱਖਣ ਦੀ ਗੁਜ਼ਾਰਿਸ਼ ਕੀਤੀ ਅਤੇ ਕਦੇ ਹਾਰ ਨਾ ਮੰਨਣ ਦੀ ਤਾਕੀਦ ਕੀਤੀ। ਇਸ ਦੇ ਜੁਆਬ ਵਿੱਚ ਉਸ ਨੇ ਕਿਹਾ, “ਅਸੀਂ ਇੰਨਾ ਜਬਰਦਸਤ ਮੁਜ਼ਾਹਰਾ ਕਰ ਰਹੇ ਹਾਂ। ਮੈਂ ਸਿਰਫ਼ ਇੰਨਾ ਚਾਹੁੰਦੀ ਹਾਂ ਕਿ ਕਿਸੇ ਤਰ੍ਹਾਂ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਆ ਜਾਵੇ।”
ਇਹ ਵੀ ਉਹੀ ਮਾਮਲਾ ਸੀ—ਅਰਜ਼ੋਈਆਂ; ਗਿੜਗਿੜਾਉਣਾ। ਹਕੂਮਤਿ-ਆਲ੍ਹਾ ਦੇ ਦਰ ਉੱਤੇ ਭਜਨ ਗਾਉਂਦੇ ਰਹੋ ਤਾਂ ਜੋ ਉਸ ਦੀ ਸਵੱਲੀ ਨਜ਼ਰ ਤੁਹਾਡੇ ਉੱਤੇ ਪੈ ਜਾਵੇ ਅਤੇ ਜੇ ਅਜਿਹਾ ਹੋ ਜਾਵੇ ਤਾਂ ਜੇ ਉਹ ਕਰ ਸਕਦਾ ਹੋਵੇ ਤਾਂ ਤੁਹਾਡੀ ਮੁਸ਼ਕਲ ਦੂਰ ਕਰ ਦੇਵੇ। ਮੈਂ ਉਸ ਨੂੰ ਦੱਸਣਾ ਚਾਹੁੰਦਾ ਸਾਂ ਕਿ ਪ੍ਰਧਾਨ ਮੰਤਰੀ ਨੂੰ ਸ਼ਹਿਰੀ ਵਜੋਂ ਪਹੁੰਚ ਕਰੋ। ਜੇ ਤੁਸੀਂ ਭਗਤ ਹੀ ਹੋਣਾ ਚਾਹੁੰਦੇ ਹੋ ਤਾਂ ਹਿੰਦੂ ਧਰਮ ਵਿੱਚ ਤੇਤੀ ਕਰੋੜ ਦੇਵਤਿਆਂ ਦਾ ਸਿਲਸਿਲਾ ਹੈ। ਜੇ ਕਿਤੇ ਸਬੱਬ ਨਾਲ ਕੋਈ ਨੇੜੇ-ਤੇੜੇ ਦੇਵੀ-ਦੇਵਤਾ ਨਾ ਮਿਲੇ ਤਾਂ ਕਿਸੇ ਦਰਖ਼ਤ ਦੀ ਪੂਜਾ ਕਰ ਲਵੋ। ਇਸ ਮਾਮਲੇ ਵਿੱਚ ਹਿੰਦੂ ਧਰਮ ਬਹੁਤ ਖੁੱਲ੍ਹ-ਦਿਲਾ ਹੈ।
ਆਖ਼ਰ, ਮੈਂ ਉਸ ਬੀਬੀ ਨੂੰ ਚਿੱਠੀ ਲਿਖੀ;
ਤੁਸੀਂ ਜੋ ਕਰ ਰਹੇ ਹੋ, ਉਹ ਨਾ ਤਾਂ ਨਾਵਾਜਬ ਹੈ ਅਤੇ ਨਾ ਹੀ ਗ਼ਲਤ। ਦਰਅਸਲ ਤੁਸੀਂ ਆਪਣੇ ਹਿੱਸੇ ਵਿੱਚ ਆਏ ਕੰਮ ਤੋਂ ਜ਼ਿਆਦਾ ਕਰ ਰਹੇ ਹੋ। ਤੁਹਾਡੇ ਵਾਂਗ ਹੀ ਹੋਰ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਮੁੱਦਿਆਂ ਬਾਬਤ ਫ਼ਿਕਰ ਪਾਲ਼ਦੇ ਹਨ, ਉਨ੍ਹਾਂ ਮੁੱਦਿਆਂ ਉੱਤੇ ਅਜਿਹੇ ਹੀ ਉਪਰਾਲਿਆਂ ਵਿੱਚ ਰੁਝੇ ਹੋਏ ਹਨ। ਉਨ੍ਹਾਂ ਦੇ ਸੁਆਲ ਵੀ ਵਾਜਬ ਹਨ ਕਿਉਂਕਿ ਇਹ ਜ਼ਿੰਦਗੀ ਅਤੇ ਮੌਤ ਨਾਲ ਜੁੜੇ ਹੋਏ ਹਨ। ਇਨ੍ਹਾਂ ਸਾਰੇ ਉਪਰਾਲਿਆਂ ਦਾ ਕੋਈ ਅਸਰ ਵਿਖਾਈ ਨਹੀਂ ਦਿੰਦਾ। ਸ਼ਹਿਰੀਆਂ ਦੀਆਂ ਨਾਕਾਮਯਾਬ ਲਹਿਰਾਂ ਦੀ ਫ਼ਹਿਰਿਸਤ ਦਿਨੋ-ਦਿਨ ਲੰਮੀ ਹੁੰਦੀ ਜਾ ਰਹੀ ਹੈ। ਜੇ ਇਹ ਫ਼ਹਿਰਿਸਤ ਵਿੱਚ ਹੋਰ ਲਹਿਰਾਂ ਵੀ ਜੁੜ ਜਾਣ ਤਾਂ ਵੀ ਨਿਜ਼ਾਮ ਜਾਂ ਸਰਕਾਰ ਜਾਂ ਮੰਤਰੀਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਗਿਣਤੀ ਦੇ ਮੌਕਿਆਂ ਉੱਤੇ ਉਹ ਕੁਝ ਮੰਗਾਂ ਮੰਨ ਵੀ ਲੈਂਦੇ ਹਨ ਪਰ ਇੱਕ ਹੱਦ ਤੋਂ ਬਾਅਦ ਉਨ੍ਹਾਂ ਦੇ ਕੰਨ ਉੱਤੇ ਜੂੰ ਨਹੀਂ ਸਰਕਦੀ। ਪਿਛਲੇ ਚਾਰ ਸਾਲਾਂ ਤੋਂ ਦਿੱਲੀ ਸਿਹਤ ਦੀਆਂ ਅਲਾਮਤਾਂ ਦੇ ਖ਼ਤਰੇ ਵਿੱਚ ਘਿਰਿਆ ਹੋਇਆ ਹੈ—ਬੱਚੇ ਅਤੇ ਬਜ਼ੁਰਗ ਇਨ੍ਹਾਂ ਖ਼ਦਸ਼ਿਆਂ ਵਿੱਚ ਘਿਰੇ ਹੋਏ ਹਨ ਅਤੇ ਉਨ੍ਹਾਂ ਦੇ ਫੇਫੜਿਆਂ ਦਾ ਨੁਕਸਾਨ ਹੋ ਰਿਹਾ ਹੈ। ਇਹ ਆਪਣੇ-ਆਪ ਵਿੱਚ ਮੁੱਦਾ ਹੈ ਜਿਸ ਨੂੰ ਮੁੱਦਾ ਬਣਾਉਣ ਦੀ ਲੋੜ ਨਹੀਂ।
ਬੀਬਾ ਜੀ, ਇਹ ਸਭ ਹੋ ਰਿਹਾ ਹੈ ਕਿਉਂਕਿ ‘ਆਵਾਮ’ ਦੀ ਤਾਕਤ ਹੁਣ ਹਕੀਕਤ ਵਿੱਚ ਤੁਹਾਡੇ ਕੋਲ ਨਹੀਂ ਹੈ। ਜੇ ਬਾਕੀਆਂ ਵਾਂਗ ਤੁਸੀਂ ਪ੍ਰੇਮੀ ਜਾਂ ਅੰਨ੍ਹੇ ਹਮਾਇਤੀ ਵਜੋਂ ਬੇਤਕੱਲਫ਼ੀ’ ਨਾਲ ਆਪਣਾ ਯਕੀਨ ਕਿਸੇ ਇੱਕ ਆਗੂ ਉੱਤੇ ਟਿਕਾਇਆ ਹੋਇਆ ਹੈ ਤਾਂ ਤੁਸੀਂ ਕਿਸੇ ਜਮਹੂਰੀਅਤ ਦੇ ਸ਼ਹਿਰੀ ਨਹੀਂ ਹੋ। ਜਦੋਂ ਤੁਸੀਂ ਸ਼ਹਿਰੀ ਦਾ ਚੋਗਾ ਉਤਾਰ ਕੇ ਕਿਸੇ ਆਗੂ ਦਾ ਮਖੌਟਾ ਪਾ ਲੈਂਦੇ ਹੋ ਅਤੇ ਆਪਣੀ ਗੱਲ੍ਹ ਉੱਤੇ ਉਸੇ ਦਾ ਟੈਟੂ ਬਣਵਾ ਲੈਂਦੇ ਹੋ ਤਾਂ ਤੁਸੀਂ ਉਸੇ ਦਾ ਅਕਸ ਬਣ ਜਾਂਦੇ ਹੋ। ਆਵਾਮ ਵਜੋਂ ਤੁਹਾਡੀ ਤਾਕਤ ਖੁੱਸ ਜਾਂਦੀ ਹੈ। ਇਸੇ ਕਰ ਕੇ ਤੁਹਾਨੂੰ ਅਤੇ ਹੋਰਾਂ ਨੂੰ ਇਹ ਸਮਝਣਾ ਮੁਸ਼ਕਲ ਹੁੰਦਾ ਹੈ ਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਤੁਹਾਡੇ ਉਪਰਾਲੇ ਕਿਸੇ ਤਣ-ਪਤਣ ਕਿਉਂ ਨਹੀਂ ਲਗਦੇ। ਦਿੱਲੀ ਵਿੱਚ ਹਵਾ ਦਾ ਮਿਆਰ ਬੁਰੇ ਤੋਂ ਖ਼ਤਰਨਾਕ ਹੋ ਗਿਆ ਹੈ ਅਤੇ ਇਸ ਦੇ ਬਾਵਜੂਦ ਕਿਸੇ ਲਹਿਰ ਦਾ ਰੱਤੀ ਭਰ ਵੀ ਅਸਰ ਨਹੀਂ ਹੋਇਆ। ਆਗੂ ਦਾ ਅਕਸ ਅਤੇ ਵਿਚਾਰਧਾਰਾ ਤੁਹਾਡੇ ਅੰਦਰ ਘਰ ਕਰ ਗਈ ਹੈ ਅਤੇ ਜਦੋਂ ਤੱਕ ਤੁਸੀਂ ਆਪਣੇ-ਆਪ ਨੂੰ ਉਸ ਸ਼ਖ਼ਸ ਤੋਂ ਵੱਖ ਕਰ ਕੇ ਵੇਖਣ ਦਾ ਉਪਰਾਲਾ ਨਹੀਂ ਕਰਦੇ, ਉਦੋਂ ਤੱਕ ਤੁਸੀਂ ਆਵਾਮ ਦਾ ਹਿੱਸਾ ਨਹੀਂ ਹੋ ਸਕਦੇ। ਇਹੋ ਕਾਰਨ ਹੈ ਕਿ ਤੁਸੀਂ ਆਪਣੇ ਉਪਰਾਲਿਆਂ ਦੇ ਬੇਅਸਰ ਹੋ ਜਾਣ ਦਾ ਕਾਰਨ ਨਹੀਂ ਸਮਝ ਰਹੇ।
ਕਿਸਾਨ ਗੋਲੀਆਂ ਸਾਹਮਣੇ ਹਿੱਕਾਂ ਡਾਹੁੰਦੇ ਹਨ, ਆਪਣੇ-ਆਪ ਨੂੰ ਫਾਹੇ ਟੰਗ ਲੈਂਦੇ ਹਨ—ਉਨ੍ਹਾਂ ਦਾ ਤੁਹਾਡੇ ਉੱਤੇ ਕੋਈ ਅਸਰ ਪੈਂਦਾ ਹੈ? ਹਰੇਕ ਸੂਬੇ ਦੇ ਕਿਸਾਨ ਰੋਜ਼ਾਨਾ ਬਰਬਾਦ ਹੋ ਰਹੇ ਹਨ—ਇਸ ਨਾਲ ਤੁਹਾਡੇ ਖੂਨ ਨੇ ਕਦੇ ਉਬਾਲਾ ਖਾਧਾ ਹੈ? ਕਾਲਜ ਦਰ ਕਾਲਜ ਅਧਿਆਪਕਾਂ ਤੋਂ ਬਗ਼ੈਰ ਹਨ—ਤੁਸੀਂ ਇਸ ਦੀ ਪਰਵਾਹ ਕਰਦੇ ਹੋ? ਜਦੋਂ ਅਸੀਂ ਆਵਾਮ ਵਜੋਂ ਇੱਕ-ਦੂਜੇ ਦਾ ਹੱਥ ਨਹੀਂ ਫੜਦੇ ਅਤੇ ਆਪਣੀਆਂ ਹੀ ਮੁਸ਼ਕਲਾਂ ਦੀ ਚਿੰਤਾ ਨਹੀਂ ਕਰਦੇ ਤਾਂ ਸਾਡੇ ਸ਼ਬਦਾਂ ਦਾ ਕੋਈ ਅਸਰ ਕਿਉਂ ਹੋਵੇਗਾ? ਜਿਸ ਤਰ੍ਹਾਂ ਤੁਸੀਂ ਕਿਸੇ ਦੀ ਲੋੜ ਵੇਲੇ ਚੁੱਪ ਸੀ ਤਾਂ ਕੋਈ ਤੁਹਾਡੀ ਲੋੜ ਦੇ ਮੌਕੇ ਮੌਨ ਧਾਰ ਗਿਆ ਹੈ। ਇਸੇ ਲਈ ਮੈਂ ਕਹਿੰਦਾ ਹਾਂ ਕਿ ਆਪਣੇ ਬੋਲਣ ਦੇ ਹੱਕ ਦਾ ਇਸਤੇਮਾਲ ਕਰੋ। ਜੇ ਹੋਰ ਬੋਲ ਰਹੇ ਹਨ ਤਾਂ ਉਨ੍ਹਾਂ ਦੀ ਆਵਾਜ਼ ਵਿੱਚ ਆਵਾਜ਼ ਮਿਲਾਓ। ਜਦੋਂ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਅਤੇ ਇਤਿਹਾਦ ਦਾ ਇਜ਼ਹਾਰ ਕਰਦੇ ਹੋ ਤਾਂ ਆਵਾਮ ਬਣ ਜਾਂਦੇ ਹੋ। ਜਦੋਂ ਦੂਜੇ ਆਵਾਜ਼ ਬੁਲੰਦ ਕਰਦੇ ਹਨ ਤਾਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰੋ। ਜੇ ਤੁਸੀਂ ਉਨ੍ਹਾਂ ਦੀ ਜੱਦੋ-ਜਹਿਦ ਨਾਲ ਸਹਿਮਤ ਨਹੀਂ ਹੋ ਤਾਂ ਵੀ ਉਨ੍ਹਾਂ ਦੀ ਬੇਇੰਤਹਾ ਹਿਮਾਇਤ ਤਾਂ ਕਰੋ ਕਿ ਉਹ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਦੂਜੇ ਉਨ੍ਹਾਂ ਨੂੰ ਸੁਣ ਰਹੇ ਹਨ।
ਇਸ ਦੌਰ ਵਿੱਚ ਹਰ ਕੋਈ ਆਪੋ-ਆਪਣੀ ਲੜਾਈ ਲੜ ਰਿਹਾ ਹੈ। ਕਿਸੇ ਵੀ ਲੜਾਈ ਨੂੰ ਇੱਕ ਹੱਦ ਤੋਂ ਅੱਗੇ ਲਿਜਾਣਾ ਮੁਸ਼ਕਲ ਹੋ ਰਿਹਾ ਹੈ। ਸ਼ਹਿਰੀ ਆਪਣੇ ਨਾਲ ਦੇ ਸ਼ਹਿਰੀਆਂ ਨਾਲ ਦਗ਼ਾ ਕਰ ਰਹੇ ਹਨ। ਗੁੰਮਰਾਹ ਕਰਨਾ ਨਿਜ਼ਾਮ ਦੀ ਬੁਨਿਆਦੀ ਬਣਤਰ ਵਿੱਚ ਨਿਹਿਤ ਹੈ। ਅਸੀਂ ਸ਼ਹਿਰੀ ਵਜੋਂ ਆਪਣੇ ਰੁਤਬੇ ਦਾ ਇਸਤੇਮਾਲ ਨਾ ਕਰ ਕੇ ਨਿਜ਼ਾਮ ਦਾ ਕੰਮ ਸੁਖਾਲਾ ਕਰ ਰਹੇ ਹਾਂ। ਇਹ ਅਨੋਖੀ ਗੱਲ ਹੈ ਕਿ ਨਿਜ਼ਾਮ ਤੁਹਾਨੂੰ ਹਿੰਦੂ-ਮੁਸਲਮਾਨ ਦੀ ਪਾਲਾ-ਬੰਦੀ ਵਿੱਚ ਘੜੀਸ ਰਿਹਾ ਹੈ। ਪਹਿਲੂ ਖ਼ਾਨ, ਅਖ਼ਲਾਕ ਅਤੇ ਜੂਨੈਦ ਦੇ ਕਤਲ ਕੀਤੇ ਗਏ—ਇਹ ਸਿਰਫ਼ ਮੁਸਲਮਾਨ ਨਹੀਂ ਸਨ ਸਗੋਂ ਸ਼ਹਿਰੀ ਵੀ ਸਨ। ਜਦੋਂ ਕੇਰਲਾ ਵਿੱਚ ਆਰ.ਐੱਸ.ਐੱਸ. ਦੇ ਕਾਰਕੁੰਨਾਂ ਦੇ ਕਤਲ ਹੁੰਦੇ ਹਨ ਤਾਂ ਬਦਲੇ ਵਿੱਚ ਸੀ.ਪੀ.ਐੱਮ. ਦੇ ਕਾਰਕੁੰਨਾਂ ਦੇ ਕਤਲ ਕੀਤੇ ਜਾਂਦੇ ਹਨ ਜਾਂ ਇਹ ਸਭ ਕੁਝ ਕਿਸੇ ਹੋਰ ਤਰਤੀਬ ਵਿੱਚ ਹੁੰਦਾ ਹੈ ਤਾਂ ਮਰਨ ਵਾਲੇ ਮਹਿਜ਼ ਹਿੰਦੂ ਜਾਂ ਕਮਿਊਨਿਸਟ ਹੀ ਨਹੀਂ ਹੁੰਦੇ ਸਗੋਂ ਸ਼ਹਿਰੀ ਵੀ ਹੁੰਦੇ ਹਨ। ਇਸ ਲਈ ਬੋਲੋ; ਆਪਣੇ ਨਾਲ ਦਿਆਂ ਸ਼ਹਿਰੀਆਂ ਦੀ ਹਮਾਇਤ ਕਰੋ। ਸਿਆਸਤ ਦੀ ਇੰਤਹਾ ਦਾ ਇਜ਼ਹਾਰ ਵੰਡੀਆਂ ਅਤੇ ਸਮਾਜਿਕ ਬੇਯਕੀਨੀ ਉੱਤੇ ਟਿਕਿਆ ਹੋਇਆ ਹੈ ਜੋ ਸ਼ਹਿਰੀਆਂ ਦੀ ਹੈਸੀਅਤ ਨੂੰ ਖ਼ੋਰਾ ਲਗਾਉਂਦਾ ਹੈ। ਅੰਤ ਨੂੰ ਇਹ ਲੋਕਾਂ ਨੂੰ ਉਨ੍ਹਾਂ ਦੀ ਚੇਤਨਾ ਅਤੇ ਉਨ੍ਹਾਂ ਦੀ ਹਸਤੀ ਤੋਂ ਮਹਿਰੂਮ ਕਰ ਦਿੰਦਾ ਹੈ।
ਬੀਬਾ ਜੀ, ਇਸ ਕਾਰਨ ਮੈਂ ਕਹਿੰਦਾ ਹੈ ਕਿ ਤੁਹਾਡਾ ਉਪਰਾਲਾ ਇਮਾਨਦਾਰ ਪਰ ਬੇਅਸਰ ਹੈ।
ਬਹੁਤ ਜਲਦੀ ਹੀ ਦਿੱਲੀ ਦੇ ਮੀਡੀਆ ਦਾ ਧਿਆਨ ਰਾਣੀ ਪਦਮਾਵਤੀ ਦੇ ਮੁੱਦੇ ਉੱਤੇ ਤਬਦੀਲ ਹੋ ਗਿਆ ਜਿਸ ਦੀ ਇਤਿਹਾਸਕ ਹੋਂਦ ਤਾਂ ਸੁਆਲਾਂ ਦੇ ਘੇਰੇ ਵਿੱਚ ਹੈ ਪਰ ਉਸ ਬਾਬਤ ਫ਼ਿਲਮ ਬਣ ਗਈ। ਪੰਜ ਸੌ ਪਚਾਸੀ ਸਾਲਾਂ ਦਾ ਸਾਹੋ-ਸਾਹ ਹੋਇਆ ਸਮਾਂ ਭੁਲਾ ਦਿੱਤਾ ਗਿਆ ਸੀ। ਗੱਲ ਮੁੜ ਕੇ ਇਤਿਹਾਸ ਦੀ ਘਾੜਤ ਉੱਤੇ ਆ ਚੁੱਕੀ ਸੀ, ਮੁਸਲਮਾਨਾਂ ਨੂੰ ਸ਼ੈਤਾਨ ਅਤੇ ਹਿੰਦੂਆਂ ਨੂੰ ਬਹਾਦਰ ਬਣਾਉਣ ਲਈ ਔਰਤਾਂ ਦਾ ਸਾੜਿਆ ਜਾਣਾ ਜ਼ਰੂਰੀ ਸੀ।
ਹੁਣ ਹਰੇਕ ਅਤੇ ਕਿਸੇ ਵੀ ਮਸਲੇ ਦਾ ਫ਼ੈਸਲਾ ਕਰਨ ਲਈ ਹਿੰਦੂ-ਮੁਸਲਮਾਨ ਵਾਲਾ ਇੱਕੋ-ਇੱਕ ਚੌਖਟਾ ਹੈ। ਇਹ ਚੌਖਟਾ ਇੰਨਾ ਪੱਕਾ ਹੋ ਗਿਆ ਹੈ ਕਿ ਇਸ ਵਿੱਚੋਂ ਬਾਹਰ ਨਿਕਲਣਾ ਸੁਖਾਲਾ ਨਹੀਂ ਹੈ; ਸਾਨੂੰ ਅਜਿਹਾ ਕਰਨ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ। ਅਸੀਂ ਸੋਚਦੇ ਹਾਂ ਕਿ ਜਮਹੂਰੀਅਤ ਵਿੱਚ ਆਵਾਮ ਦਾ ਹੋਣਾ ਹਵਾ ਦੇ ਠੰਢੇ ਬੁੱਲੇ ਵਰਗਾ ਹੈ।
ਹਕੂਮਤ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਦੇ ਸੈਂਕੜੇ ਤਰੀਕੇ ਜਾਣਦੀ ਹੈ। ਸਭ ਤੋਂ ਸੁਖਾਲਾ ਤਰੀਕਾ ਤਾਂ ਦੇਸ਼-ਧ੍ਰੋਹੀ ਦਾ ਮਾਮਲਾ ਦਰਜ ਕਰਨਾ ਹੈ, ਜਾਂ ਕੁਝ ਬੋਲਣ, ਲਿਖਣ ਜਾਂ ਸੋਸ਼ਲ ਮੀਡੀਆ ਉੱਤੇ ਕੁਝ ‘ਇਤਰਾਜ਼ਯੋਗ’ ਸਾਂਝਾ ਕਰਨ—ਹੁਣ ਇਹ ਵਧ ਰਿਹਾ ਹੈ—ਲਈ ਗ੍ਰਿਫ਼ਤਾਰ ਕਰਨਾ ਹੈ। ਇਹ ਸਭ ਕੁਝ ਸਮੁੱਚੇ ਮੁਲਕ ਦੇ ਤਕਰੀਬਨ ਹਰ ਸੂਬੇ ਵਿੱਚ ਹੋ ਰਿਹਾ ਹੈ। ਜਦੋਂ ਤੋਂ ਮੌਜੂਦਾ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਇਹ ਰੁਝਾਨ ਮਹਾਂਮਾਰੀ ਦਾ ਰੂਪ ਧਾਰਨ ਕਰ ਗਿਆ ਹੈ ਪਰ ਨਾ ਤਾਂ ਇਹ ਰੁਝਾਨ ਨਵਾਂ ਹੈ ਅਤੇ ਨਾ ਹੀ ਭਾਜਪਾ ਤੱਕ ਮਹਿਦੂਦ ਹੈ। ਕਈ ਸਾਲਾਂ ਤੋਂ ਤਾਮਿਲਨਾਡੂ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਆਮ ਸ਼ਹਿਰੀਆਂ ਨੂੰ ਬੇਹਿਫ਼ਾਜ਼ਤ ਕਰਨ ਦੇ ਆਹਰ ਲੱਗੀਆਂ ਹੋਈਆਂ ਹਨ। ਪਹਿਲਾਂ ਤਾਂ ਇਹ ਤੁਹਾਡੇ ਖ਼ਿਲਾਫ਼ ਹਜੂਮ ਲਾਮਬੰਦ ਕਰਦੀਆਂ ਹਨ ਅਤੇ ਮੁੜ ਕੇ ਪੁਲਿਸ ਅਤੇ ਵਕੀਲਾਂ ਦਾ ਆਸਰਾ ਲੈਂਦੀਆਂ ਹਨ ਅਤੇ ਆਖ਼ਰ ਨੂੰ ਤੁਹਾਨੂੰ ਉਸ ਦਰਵਾਜ਼ੇ ਵੱਲ ਧੱਕ ਦਿੰਦੀਆਂ ਹਨ ਜੋ ਜੇਲ੍ਹ ਵਿੱਚ ਖੁੱਲ੍ਹਦਾ ਹੈ।
ਕੌਮੀ ਮੁਕਤੀ ਲਹਿਰ ਵਿੱਚ ਗਾਂਧੀ ਜੀ ਦਾ ਸਭ ਤੋਂ ਵੱਡਾ ਯੋਗਦਾਨ ਇਹੋ ਸੀ ਕਿ ਉਨ੍ਹਾਂ ਨੇ ਨਿਮਾਣੇ-ਨਿਤਾਣੇ ਇੰਡੀਅਨਾਂ ਦੇ ਦਿਲਾਂ ਵਿੱਚ ਬਰਤਾਨਵੀ ਜੇਲ੍ਹਾਂ ਦਾ ਡਰ ਕੱਢ ਦਿੱਤਾ। ਜੇਲ੍ਹਾਂ ਦੇ ਡਰ ਨੂੰ ਕਾਇਮ ਰੱਖਣ ਲਈ ਬਰਤਾਨਵੀਆਂ ਨੇ ਅੰਡੇਮਾਨ ਦੇ ਕਾਲੇ ਪਾਣੀਆਂ ਵਿੱਚ ਖ਼ੌਫ਼ਜ਼ਦਾ ਕਰਨ ਵਾਲੀ ਸੈਲੂਲਰ ਜੇਲ੍ਹ ਬਣਾਈ-ਕਾਲੇ ਪਾਣੀ ਦੀ ਜੇਲ੍ਹ। ਗਾਂਧੀ ਜੀ ਨੇ ਲੋਕਾਂ ਦੇ ਦਿਲਾਂ ਵਿੱਚੋਂ ਜੇਲ੍ਹਾਂ ਦੇ ਡਰ ਨੂੰ ਅਜਿਹਾ ਹੂੰਝਾ ਮਾਰਿਆ ਸੀ ਕਿ ਉਹ ਡਰੇ ਨਹੀਂ ਸਗੋਂ ਉੱਥੇ ਵੀ ਚਲੇ ਗਏ। ਕੁਝ ਨੇ ਆਪਣੀ ਬੰਦਖ਼ਲਾਸੀ ਕਰਵਾਉਣ ਲਈ ਬਰਤਾਨਵੀ ਹੁਕਮਰਾਨ ਤੋਂ ਮੁਆਫ਼ੀਆਂ ਵੀ ਮੰਗੀਆਂ ਪਰ ਮੈਂ ਉਨ੍ਹਾਂ ਦੇ ਇਨਕਲਾਬੀ ਹੋਣ ਦੋ ਦਾਅਵਿਆਂ ਨੂੰ ਖਾਰਜ ਨਹੀਂ ਕਰਦਾ। ਜੇਲ੍ਹਾਂ ਅਜਿਹੀਆਂ ਹੀ ਹੁੰਦੀਆਂ ਹਨ ਕਿ ਇਹ ਤੁਹਾਡਾ ਹੌਸਲਾ ਤੋੜ ਦਿੰਦੀਆਂ ਹਨ। ਹੁਣ ਸਾਡੀਆਂ ਸਰਕਾਰਾਂ ਇਹ ਚੰਗੀ ਤਰ੍ਹਾਂ ਜਾਣਦੀਆਂ ਹਨ।
ਇਸੇ ਲਈ ਤਾਂ ਮੈਂ ਕਹਿੰਦਾ ਹਾਂ ਕਿ ਜਿਵੇਂ ਅਗਾਊਂ ਜ਼ਮਾਨਤ ਦਾ ਇੰਤਜ਼ਾਮ ਹੈ ਉਸੇ ਤਰ੍ਹਾਂ ਅਗਾਊਂ ਜੇਲ੍ਹ ਦਾ ਵੀ ਬੰਦੋਬਸਤ ਹੋਣਾ ਚਾਹੀਦਾ ਹੈ। ਇਸ ਨਾਲ ਕੋਈ ਆਪਣੀ ਰਜ਼ਾ ਨਾਲ ਅਦਾਲਤ ਨੂੰ ਦਰਖ਼ਾਸਤ ਕਰ ਸਕੇਗਾ, “ਮਾਈ ਲਾਰਡ, ਮੇਰੀਆਂ ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ ਅਤੇ ਆਪਣੇ ਖ਼ਦਸ਼ਿਆਂ ਨੂੰ ਧਿਆਨ ਵਿੱਚ ਰੱਖ ਕੇ ਮੈਂ ਦੋ ਮਹੀਨੇ ਜੇਲ੍ਹ ਵਿੱਚ ਗੁਜ਼ਾਰਨਾ ਚਾਹੁੰਦਾ ਹਾਂ। ਜੇ ਬਾਅਦ ਵਿੱਚ ਸਰਕਾਰ ਨੇ ਮੇਰੇ ਖ਼ਿਲਾਫ਼ ਝੂਠਾ ਮਾਮਲਾ ਦਰਜ ਕਰ ਕੇ ਮੈਨੂੰ ਸਜ਼ਾ ਕਰਵਾ ਦਿੱਤੀ ਤਾਂ ਮੇਰੀ ਸਜ਼ਾ ਵਿੱਚੋਂ ਪਹਿਲਾਂ ਕੱਟੀ ਹੋਈ ਜੇਲ੍ਹ ਦਾ ਸਮਾਂ ਘਟਾਉਣ ਦੀ ਕ੍ਰਿਪਾਲਤਾ ਕਰਨਾ ਜੀ।”
ਹੁਣ ਤੱਕ ਸਾਡੇ ਵਿੱਚੋਂ ਕਈਆਂ ਨੇ ਜੇਲ੍ਹ ਜਾਣ ਦੇ ਡਰ ਕਾਰਨ ਬੋਲਣ ਤੋਂ ਗੁਰੇਜ਼ ਕੀਤਾ ਹੈ। ਕਿਉਂ ਨਾ ਇੱਕ ਮੁਹਿੰਮ ਸ਼ੁਰੂ ਕੀਤੀ ਜਾਵੇ: “ਅਸੀਂ ਫਲਾਣੀ ਤਾਰੀਕ ਨੂੰ ਉਂਝ ਹੀ ਜੇਲ੍ਹ ਜਾਣਾ ਚਾਹੁੰਦੇ ਹਾਂ। ਆਪਣੇ ਨਾਲ ਦੋ ਦਿਨਾਂ ਦਾ ਗੁਜ਼ਾਰਾ ਕਰਨ ਜਿੰਨੇ ਸੁੱਕੇ ਪਰੌਂਠੇ ਬੰਨ੍ਹ ਲਏ ਜਾਣ ਅਤੇ ਦੋ ਜਾਂ ਤਿੰਨ ਦਿਨ ਜੇਲ੍ਹ ਵਿੱਚ ਗੁਜ਼ਾਰੇ ਜਾਣ ਤਾਂ ਜੋ ਸਮਾਜ ਵਿੱਚ ਘਰ ਕਰ ਚੁੱਕੇ ਝੂਠੇ ਮਾਮਲਿਆਂ ਅਤੇ ਜੇਲ੍ਹ-ਬੰਦੀਆਂ ਦੇ ਖ਼ੌਫ਼ ਨੂੰ ਜੜ੍ਹਾਂ ਤੋਂ ਪੁੱਟਿਆ ਜਾ ਸਕੇ। ਖ਼ੌਫ਼ ਮੁਰਦਾਵਾਦ!”
ਜੇ ਅਸੀਂ ਆਪਣੇ-ਆਪ ਨੂੰ ਗਾਂਧੀ ਦੇ ਮੁਰੀਦ ਸਮਝਦੇ ਹਾਂ ਤਾਂ ਸਾਨੂੰ ਅਗਾਊਂ ਜੇਲ੍ਹ- ਬੰਦੀ ਦੇ ਬੰਦੋਬਸਤ ਦਾ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਜੇਲ੍ਹ ਦੇ ਖ਼ੌਫ਼ ਤੋਂ ਆਪਣੀ ਬੰਦਖ਼ਲਾਸੀ ਕਰ ਸਕੀਏ।
ਭਲਾਂ ਮੇਰੀ ਸਲਾਹ ਜ਼ਿਆਦਾ ਇਨਕਲਾਬੀ ਹੈ? ਕੀ ਮੇਰੀ ਸਲਾਹ ਉੱਤੇ ਅਮਲ ਕੀਤੇ ਜਾਣ ਦਾ ਵਕਤ ਗੁਜ਼ਰ ਗਿਆ ਹੈ? ਜੇ ਤੁਹਾਨੂੰ ਅਜਿਹਾ ਲਗਦਾ ਹੈ ਤਾਂ ਮੈਨੂੰ ਆਪ ਜੀ ਨਾਲ ਕੁਝ ਮਾਮਲਿਆਂ ਦੀ ਫ਼ਹਿਰਿਸਤ ਸਾਂਝੀ ਕਰਨ ਦੀ ਇਜਾਜ਼ਤ ਦਿਓ। ਇਹ ਕੁਝ ਨੀਰਸ ਕੰਮ ਹੈ ਪਰ ਮੈਨੂੰ ਕੁਝ ਸਮਾਂ ਬਰਦਾਸ਼ਤ ਕਰੋ। ਤੁਹਾਨੂੰ ਇਹ ਸਾਰੇ ਮਾਮਲੇ ਯਾਦ ਹੋਣਗੇ ਅਤੇ ਇਨ੍ਹਾਂ ਬਾਰੇ ਸੁਣਿਆ ਹੋਵੇਗਾ ਪਰ ਇਨ੍ਹਾਂ ਨੂੰ ਇਕੱਠੇ ਪੜ੍ਹਨ ਨਾਲ ਕੁਝ ਇਸ਼ਾਰੇ ਮਿਲਦੇ ਹਨ। ਇਸ ਮਸ਼ਕ ਦੀ ਬੀੜ ਵਿੱਚੋਂ ਤਰਤੀਬ ਉਘੜ ਆਉਂਦੀ ਹੈ।
ਅਪਰੈਲ 2012 ਦੌਰਾਨ ਪੱਛਮੀ ਬੰਗਾਲ ਦੇ ਇੱਕ ਪ੍ਰੋਫ਼ੈਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਨਕੀਦ ਕਰਨ ਵਾਲਾ ਕਾਰਟੂਨ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਸੀ।
ਮਈ 2012 ਦੌਰਾਨ ਏਅਰ ਇੰਡੀਆ ਦੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖ਼ਿਲਾਫ਼ ਕੋਈ ਇਤਰਾਜ਼ਯੋਗ ਪੋਸਟ ਸੋਸ਼ਲ ਮੀਡੀਆ ਉੱਤੇ ਪਾਈ ਸੀ।
ਨਵੰਬਰ 2012 ਦੌਰਾਨ ਸ਼ਾਹੀਨ ਅਤੇ ਰੇਨੂ ਨਾਮ ਦੀਆਂ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਦੀਆਂ ਅੰਤਿਮ ਰਸਮਾਂ ਮੌਕੇ ਮੁੰਬਈ ਨੂੰ ਬੰਦ ਕਰ ਦੇਣ ਬਾਬਤ ਸੋਸ਼ਲ ਮੀਡੀਆ ਉੱਤੇ ਸੁਆਲੀਆ ਪੋਸਟ ਪਾਈ ਸੀ।
ਮਈ 2014 ਵਿੱਚ ਗੋਆ ਦੇ ਇੱਕ ਬੰਦੇ ਨੂੰ ਹਿਰਾਸਤ ਵਿੱਚ ਲਿਆ ਗਿਆ ਕਿਉਂਕਿ ਉਸ ਨੇ ਫੇਸਬੁੱਕ ਉੱਤੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਬਤ ਟਿੱਪਣੀ ਕੀਤੀ ਸੀ । (ਉਸ ਦੇ ਖ਼ਿਲਾਫ਼ ‘ਸਮਾਜ ਅਤੇ ਬਰਾਦਰੀ ਵਿੱਚ ਬਦਇਤਫ਼ਾਕੀ ਫੈਲਾਉਣ ਦਾ ਇਲਜ਼ਾਮ ਸੀ’ ਜਦ ਕਿ ਚੱਤੇ-ਪਹਿਰ ਇਹੋ ਕਰਨ ਵਾਲੇ ਸਿਆਸੀ ਆਗੂ ਅਤੇ ਨਿਊਜ਼ ਐਂਕਰਾਂ ਖ਼ਿਲਾਫ਼ ਨਾ ਮਾਮਲਾ ਦਰਜ ਹੁੰਦਾ ਹੈ ਅਤੇ ਨਾ ਉਨ੍ਹਾਂ ਦੀ ਤਫ਼ਤੀਸ਼ ਹੁੰਦੀ ਹੈ।)
ਮਾਰਚ 2015 ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਸ ਨੇ ਹੁਕਮਰਾਨ ਸਮਾਜਵਾਦੀ ਪਾਰਟੀ ਦੇ ਬਜ਼ੁਰਗ ਆਗੂ ਆਜ਼ਮ ਖ਼ਾਨ ਖ਼ਿਲਾਫ਼ ਟਿੱਪਣੀ ਕੀਤੀ ਸੀ।
ਨਵੰਬਰ 2016 ਦੌਰਾਨ ਮੱਧ ਪ੍ਰਦੇਸ਼ ਵਿੱਚ ਇੱਕ ਉੱਨੀ ਸਾਲਾ ‘ਸੂਚਨਾ ਦਾ ਅਧਿਕਾਰ ਕਾਰਕੁੰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਸ ਨੇ ਨੋਟ- ਬੰਦੀ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਖ਼ਿਲਾਫ਼ ਟਿੱਪਣੀ ਕੀਤੀ ਸੀ।
ਮਾਰਚ 2017 ਦੌਰਾਨ ਉੱਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਯਾਨਾਥ ਦੀ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਤੋਂ ਬਾਅਦ ਕੁਝ ਘੰਟਿਆਂ ਦੌਰਾਨ ਹੀ ਸੱਤ ਜਣਿਆਂ ਦੀ ਉਨ੍ਹਾਂ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ‘ਇਤਰਾਜ਼ਯੋਗ’ ਪੋਸਟਾਂ ਪਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰੀ ਕੀਤੀ ਗਈ।
ਮਈ 2017 ਦੌਰਾਨ ਕਰਨਾਟਕ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੰਪਿਊਟਰ ਰਾਹੀਂ ਬਣਾਈ ਗਈ ਹਮਸ਼ਕਲੀਆ ਜਿਹੀ ਤਸਵੀਰ ਵਾਲੀ ਪੋਸਟ ਸੋਸ਼ਲ ਮੀਡੀਆ ਉੱਤੇ ਪਾਈ ਹੈ। ਪ੍ਰਧਾਨ ਮੰਤਰੀ ਨਾਲ ਕੋਈ ਰਿਸ਼ਤਾ ਨਾ ਹੋਣ ਦਾ ਦਾਅਵਾ ਕਰਨ ਵਾਲੇ ਸ਼ਿਕਾਇਤ-ਕਰਤਾ ਦਾ ਇਲਜ਼ਾਮ ਸੀ ਕਿ ਇਸ ਵਿੱਚ ਉਹ ‘ਅਸ਼ਲੀਲ ਅਤੇ ਭੱਦੇ ਨਜ਼ਰ ਆਉਂਦੇ ਹਨ। (ਇਸ ਤੋਂ ਫੌਰੀ ਬਾਅਦ ਪ੍ਰਧਾਨ ਮੰਤਰੀ ਦੇ ਹਲਕੇ ਵਾਰਾਣਸੀ ਵਿੱਚ ਪ੍ਰਸ਼ਾਸਨ ਨੇ ਹੁਕਮ ਜਾਰੀ ਕਰ ਦਿੱਤਾ ਕਿ ਸੋਸ਼ਲ ਮੀਡੀਆ ਰਾਹੀਂ ਅਫ਼ਵਾਹਾਂ ਅਤੇ ਗ਼ਲਤ-ਬਿਆਨੀਆ ਫੈਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇੰਡੀਆ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਖ਼ਿਲਾਫ਼ ਗ਼ਲਤ-ਬਿਆਨੀਆ ਫੈਲਾਉਣ ਕਾਰਨ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਭਾਜਪਾ ਦੇ ਆਈ.ਟੀ. ਸੈੱਲ ਦੇ ਅਮਿਤ ਮਾਲਵੀਆ ਨੇ ਕੁਝ ਸਮਾਂ ਪਹਿਲਾਂ ਹੀ ਨਹਿਰੂ ਦੀ ਕਈ ਔਰਤਾਂ ਨੂੰ ਜੱਫ਼ੀ ਪਾਉਣ ਦੀ ਤਸਵੀਰ ਟਵੀਟ ਕੀਤੀ ਸੀ। ਔਰਤਾਂ ਨੂੰ ਜੱਫ਼ੀ ਪਾਉਣਾ ਕਦੋਂ ਤੋਂ ਗ਼ਲਤ ਹੋ ਗਿਆ? ਬਾਅਦ ਵਿੱਚ ਪਤਾ ਲੱਗਿਆ ਕਿ ਇਨ੍ਹਾਂ ਔਰਤਾਂ ਵਿੱਚੋਂ ਇੱਕ ਨਹਿਰੂ ਦੀ ਭੈਣ ਸੀ ਅਤੇ ਇੱਕ ਉਸ ਦੀ ਭਾਣਜੀ ਜਾਂ ਭਤੀਜੀ ਸੀ।)
ਅਕਤੂਬਰ 2017 ਦੌਰਾਨ ਕਾਨਪੁਰ ਦੇ ਬਾਈ ਕਾਰੋਬਾਰੀਆਂ ਖ਼ਿਲਾਫ਼ ਪਰਚੇ
ਦਰਜ ਕੀਤੇ ਗਏ ਅਤੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਾ ਜੁਰਮ ਆਪਣੇ ਪ੍ਰਧਾਨ ਮੰਤਰੀ ਦੀ ਤਸਵੀਰ ਉੱਤਰੀ ਕੋਰੀਆ ਦੇ ਆਹਲਾ ਆਗੂ ਕਿੰਮ ਜੌਂਗ-ਉਨ—ਜਿਸ ਨੂੰ ਖ਼ਬਤੀ ਕਿਆਸ ਕੀਤਾ ਜਾਂਦਾ ਹੈ—ਦੀ ਤਸਵੀਰ ਦੇ ਨਾਲ ਸੋਸ਼ਲ ਮੀਡੀਆ ਉੱਤੇ ਪਾਉਣਾ ਸੀ।
ਅਕਤੂਬਰ 2017 ਦੌਰਾਨ ਤਮਿਲ ਫ਼ਿਲਮ ਅਦਾਕਾਰ ਵਿਜੇ ਦੇ ਕਿਸੇ ਮੁਰੀਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿ ਉਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ‘ਹਿਕਾਰਤ ਵਾਲੀ ਟਿੱਪਣੀ ਕੀਤੀ ਹੈ।
ਅਕਤੂਬਰ 2017 ਦੌਰਾਨ ਹੀ ਉੱਤਰ ਪ੍ਰਦੇਸ਼ ਦੇ ਅਠਾਰਾਂ ਸਾਲਾ ਜ਼ਾਕਿਰ ਅਲੀ ਤਿਆਗੀ ਨੂੰ ਫੇਸਬੁੱਕ ਉੱਤੇ ਪਾਈ ਇੱਕ ਪੋਸਟ ਕਾਰਨ ਹੰਢੇ ਹੋਏ ਮੁਜਰਮਾਂ ਨਾਲ ਬਿਆਲੀ ਦਿਨ ਹਿਰਾਸਤ ਵਿੱਚ ਰੱਖਿਆ ਗਿਆ। ਉਸ ਨੇ ਆਪਣੀ ਪੋਸਟ ਵਿੱਚ ਗੰਗਾ ਨੂੰ ‘ਕਾਨੂੰਨੀ ਹਸਤੀ’ ਵਜੋਂ ਮਾਨਤਾ ਦੇਣ ਵਾਲੇ ਅਦਾਲਤੀ ਹੁਕਮ ਬਾਬਤ ਮਸ਼ਕਰੀ ਕੀਤੀ ਸੀ ਅਤੇ ਭਾਜਪਾ ਦੇ ਰਾਮ ਮੰਦਿਰ ਬਣਾਉਣ ਦੇ ਵਾਅਦੇ ਨੂੰ ‘ਫੋਕੀ ਚਾਲ’ ਦੱਸਿਆ ਸੀ।
ਦਸੰਬਰ 2018 ਦੌਰਾਨ ਮਨੀਪੁਰ ਦੇ ਪੱਤਰਕਾਰ ਕਿਸ਼ੋਰਚੰਦਰ ਵਾਂਗਖੇਮਚਾ ਨੂੰ ਨੈਸ਼ਨਲ ਸਿਕਿਉਰਿਟੀ ਐਕਟ (ਨਸਾ) ਤਹਿਤ ਜੇਲ੍ਹਬੰਦ ਕੀਤਾ ਗਿਆ ਕਿਉਂਕਿ ਉਸ ਨੇ ਭਾਜਪਾ ਦੀ ਸੂਬਾ ਅਤੇ ਕੇਂਦਰ ਸਰਕਾਰ ਦੀ ਤਨਕੀਦ ਕੀਤੀ ਸੀ।
ਜਨਵਰੀ 2019 ਦੌਰਾਨ ਤਮਿਲ ਸਿਆਸੀ ਆਗੂ ਸਾਥੀਯਾਰਾਜ ਬਾਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿ ਉਸ ਨੇ ਫੇਸਬੁੱਕ ਉੱਤੇ ਨਰਿੰਦਰ ਮੋਦੀ ਦੀ ਮੁਜੱਮਤ ਕੀਤੀ ਹੈ।
ਮਈ 2019 ਦੌਰਾਨ ਬੰਗਾਲ ਵਿੱਚ ਭਾਜਪਾ ਦੀ ਕਾਰਕੁੰਨ ਪ੍ਰਿਅੰਕਾ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿ ਉਸ ਨੇ ਸੋਸ਼ਲ ਮੀਡੀਆ ਉੱਤੇ ਮਮਤਾ ਬੈਨਰਜੀ ਦੀ ਮਜ਼ਾਹੀਆ ਤਸਵੀਰ ਪੋਸਟ ਕੀਤੀ ਹੈ।
ਇਹ ਸੰਖੇਪ ਜਿਹੀ ਫ਼ਹਿਰਿਸਤ ਹੈ। ਸਿਆਸੀ ਜ਼ਿੰਦਗੀ ਵਿੱਚ ਲੋਕ ਲਗਾਤਾਰ ਤਨਕੀਦ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੇ ਮੂੰਹ ਉੱਤੇ ਚੁਣ-ਚੁਣ ਕੇ ਗੱਲਾਂ ਕਹਿੰਦੇ ਹਨ। ਉਹ ਇੱਕ-ਦੂਜੇ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਨ ਲਈ ਗ੍ਰਿਫ਼ਤਾਰ ਨਹੀਂ ਕਰਦੇ। ਹਮੇਸ਼ਾਂ ਪੁਲਿਸ ਹਮਾਤੜਾਂ ਵਿੱਚੋਂ ਹੀ ਕਿਸੇ ਨੂੰ ਫੜਨ ਆਉਂਦੀ ਹੈ।
ਮੇਰੀ ਗਿਣਤੀ ਮੁਤਾਬਕ 2014 ਤੋਂ 2017 ਦੇ ਆਖ਼ਰੀ ਦੌਰ ਤੱਕ ਬਿਆਲੀ ਸ਼ਹਿਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਖ਼ਿਲਾਫ਼ ਪ੍ਰਧਾਨ ਮੰਤਰੀ ਜਾਂ ਭਾਜਪਾ ਦੇ ਕਿਸੇ ਮੁੱਖ ਮੰਤਰੀ ਜਾਂ ਆਗੂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ ਹਨ। ਮੁਸਲਮਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਪਰ ਇਸ ਫ਼ਹਿਰਿਸਤ ਵਿੱਚ ਹਿੰਦੂ, ਸਿੱਖ ਅਤੇ ਈਸਾਈ ਵੀ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਸਾਰੇ ਸ਼ਹਿਰੀ ਹਨ।
ਜਮਹੂਰੀਅਤ ਦਾ ਅਮਲ ਜ਼ਿਆਦਾ ਹੌਸਲੇ ਦੀ ਮੰਗ ਕਰਦਾ ਹੈ। ਇਸ ਲਈ ਲਗਾਤਾਰ ਅਮਲ ਲਾਜ਼ਮੀ ਹੈ। ਤੁਸੀਂ ਇੱਕ ਦਿਨ ਇਸ ਅਮਲ ਦੀ ਮਸ਼ਕ ਨਾ ਕਰੋ ਤਾਂ ਤੁਹਾਡੀ ਜਮਹੂਰੀ ਕਾਬਲੀਅਤ ਨੂੰ ਖ਼ੋਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਨਵੇਂ ਇੰਡੀਆ ਵਿੱਚ ਅਜਿਹੀਆਂ ਬਹੁਤ ਸਾਰੀਆਂ ਭਟਕਾਉਣੀਆਂ ਹਨ ਜੋ ਸਾਨੂੰ ਇਸ ਅਮਲ ਦੀ ਲਾਜ਼ਮੀ ਮਸ਼ਕ ਤੋਂ ਦੂਰ ਕਰਦੀਆਂ ਹਨ।
ਇੰਡੀਆ ਵਿੱਚ ਨਿੱਜੀਕਰਨ ਦੇ ਰਫ਼ਤਾਰ ਫੜਨ ਨਾਲ ਕਾਰਪੋਰੇਟ ਸੱਭਿਆਚਾਰ ਦਾ ਵਧਾਰਾ ਹੋਇਆ ਹੈ ਅਤੇ ਜਮਹੂਰੀ ਸ਼ਮੂਲੀਅਤ ਵਾਲੇ ਹਰ ਅਮਲ ਵਿੱਚੋਂ ਕਾਰਪੋਰੇਟ ਜਗਤ ਲਾਪਤਾ ਹੋ ਗਿਆ ਹੈ। ਇਸ ਮਾਮਲੇ ਵਿੱਚ ਅਪਵਾਦ ਨਿਗੂਣੇ ਹਨ। ਕੋਈ ਵਿਰਲਾ ਜਾਂ ਵਿਰਲੀ ਹੀ ਆਪਣੀ ਫਰਮ ਦੀ ਦੁਨੀਆ ਵਿੱਚੋਂ ਬਾਹਰ ਵਿਚਰਦੀ ਹੈ। ਇੰਝ ਜਾਪਦਾ ਹੈ ਕਿ ਕਾਰਪੋਰੇਟ ਜਗਤ ਵਿੱਚ ਵਿਚਰਨ ਦਾ ਮਤਲਬ ਹੀ ਜਮਹੂਰੀ ਕਦਰਾਂ-ਕੀਮਤਾਂ ਦੇ ਘੇਰੇ ਵਿੱਚੋਂ ਬਾਹਰ ਹੋ ਜਾਣਾ ਹੈ ਅਤੇ ਅਜਿਹੀ ਤਰਜ਼ਿ-ਜ਼ਿੰਦਗੀ ਵਿੱਚ ਢਲ ਜਾਣਾ ਹੈ ਜਿਸ ਵਿੱਚ ਜਮਹੂਰੀਅਤ ਦੀ ਕਦਰ ਲਗਾਤਾਰ ਘਟਦੀ ਚਲੀ ਜਾਂਦੀ ਹੈ। ਉਹ ਕਿਆਸ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਇੰਡੀਆ ਨੂੰ ਸਿਰਫ਼ ਤਾਨਾਸ਼ਾਹੀ ਬਚਾ ਸਕਦੀ ਹੈ—ਸਹਿਵਨ ਹੀ ਇਹ ਤਾਨਾਸ਼ਾਹੀ ਦਾ ਬਾਜ਼ਾਰ ਨਾਲ ਰਿਸ਼ਤਾ ਦੋਸਤਾਨਾ ਹੈ।
ਭਾਵੇਂ ਨਿੱਜੀਕਰਨ ਨੂੰ ਜਮਹੂਰੀਅਤ ਦੀਆਂ ਮਰਜ਼ਾਂ ਦੇ ਇਲਾਜ ਵਜੋਂ ਪੇਸ਼ ਕੀਤਾ ਗਿਆ ਸੀ ਪਰ ਇਸ ਨੇ ਤਾਂ ਜਮਹੂਰੀਅਤ ਦੇ ਤਸਵੁੱਰ ਨੂੰ ਹੀ ਖੋਖਲਾ ਕਰ ਦਿੱਤਾ ਹੈ।
ਕਾਰਪੋਰੇਟ ਜਗਤ ਨੇ ਜਮਹੂਰੀਅਤ ਦਾ ਕੋਈ ਮੁੱਤਬਾਦਲ ਮੁਹੱਈਆ ਨਹੀਂ ਕੀਤਾ ਕਿਉਂਕਿ ਇਸ ਨੇ ਸਿਆਸੀ ਜਮਾਤ ਨਾਲ ਜੁੰਡਲੀ ਬਣਾ ਲਈ ਹੈ ਅਤੇ ਇਹ ਮਿਲ ਕੇ ਲੋਕ ਹਿੱਤਾਂ ਦੇ ਖ਼ਿਲਾਫ਼ ਕੰਮ ਕਰ ਰਹੇ ਹਨ। ਇੱਕ ਪਾਸੇ ਸਿਆਸੀ ਨਿਜ਼ਾਮ ਸ਼ਹਿਰੀ ਨੂੰ ਨਿਤਾਣਾ ਕਰਦਾ ਹੈ ਅਤੇ ਦੂਜੇ ਪਾਸੇ ਕਾਰਪੋਰੇਟ ਜਗਤ ਸ਼ਹਿਰੀਆਂ ਨੂੰ ਜਮਹੂਰੀ ਅਮਲਾਂ ਵਿੱਚ ਸ਼ਮੂਲੀਅਤ ਕਰਨ ਤੋਂ ਵਰਜਦਾ ਹੈ। ਇਸ ਤੋਂ ਬਾਅਦ ਇਹ ਰਲ਼ ਕੇ ਕੁਝ ਵੀ ਕਰ ਸਕਦੇ ਹਨ—ਇਸ ਜ਼ਮੀਨ ਉੱਤੇ ਕਬਜ਼ਾ ਕਰ ਲਵੋ, ਉਸ ਪਹਾੜ ਨੂੰ ਪੱਧਰਾ ਕਰ ਦਿਓ, ਅਜਿਹੇ ਹਾਲਾਤ ਪੈਦਾ ਕਰੋ ਜਿਸ ਵਿੱਚ ਕਿਸਾਨ ਆਪਣੀਆਂ ਜਿਣਸਾਂ ਦੇ ਵਾਜਿਬ ਭਾਅ ਦੀ ਮੰਗ ਮਨਵਾਉਣ ਲਈ ਟੋਏ ਪੁੱਟ ਕੇ ਹਫ਼ਤਿਆਂ-ਬੱਧੀ ਪਾਣੀ ਵਿੱਚ ਖੜ੍ਹਨ ਲਈ ਮਜਬੂਰ ਹੋ ਜਾਣ ਪਰ ਕੁਝ ਵੀ ਉਨ੍ਹਾਂ ਦੇ ਹੱਥ ਨਾ ਆਵੇ।
ਜਿੰਨਾ ਨਿੱਜੀਕਰਨ ਦਾ ਪਸਾਰਾ ਹੁੰਦਾ ਹੈ, ਓਨਾ ਹੀ ਜਮਹੂਰੀਅਤ ਦੀ ਵਿੱਥ ਸੁੰਗੜਦੀ ਜਾਂਦੀ ਹੈ। ਕਾਰਪੋਰੇਟ ਦੀ ਜਮਹੂਰੀਅਤ ਵਿੱਚ ਕਦੇ ਕੋਈ ਦਿਲਚਸਪੀ ਨਹੀਂ ਹੁੰਦੀ। ਅਸੀਂ ਸਰਕਾਰ ਅਤੇ ਕਾਰਪੋਰੇਟ ਦੇ ਰਿਸ਼ਤਿਆਂ ਦੀ ਪੜਚੋਲ ਨਹੀਂ ਕਰਦੇ ਅਤੇ ਨਾ ਹੀ ਇਨ੍ਹਾਂ ਬਾਬਤ ਸੁਆਲ ਪੁੱਛਦੇ ਹਾਂ। ਅਸੀਂ ਸਰਕਾਰ ਦੀ ਇਲੈਕਟੋਰਲ ਬੌਡ ਵਾਲੀ ਤਜਵੀਜ਼ ਦੀ ਮੁਖ਼ਾਲਫ਼ਤ ਨਹੀਂ ਕੀਤੀ ਜਿਸ ਨਾਲ ਸਿਆਸੀ ਚੰਦਾ ਉਗਰਾਹੁਣ ਦਾ ਅਮਲ ਮੁਕੰਮਲ ਤੌਰ ਉੱਤੇ ਗ਼ੈਰ-ਸ਼ਫ਼ਾਫ਼ਾ ਹੋ ਜਾਵੇਗਾ। ਇਸ ਤਰ੍ਹਾਂ ਵੱਡੇ ਕਾਰੋਬਾਰ ਲਈ ਚੋਣ ਅਮਲ ਉੱਤੇ ਕਬਜ਼ਾ ਕਰਨਾ ਸੁਖਾਲਾ ਹੋ ਜਾਵੇਗਾ ਅਤੇ ਆਵਾਮ ਲਈ ਇਹ ਜਾਣਨਾ ਮੁਸ਼ਕਲ ਹੋ ਜਾਵੇਗਾ ਕਿ ਵੱਡੇ ਇਮਦਾਦੀਆਂ ਦੇ ਲਾਹੇ ਲਈ ਕਿਵੇਂ ਅਤੇ ਕਿੰਨੀ ਹਿਕਮਤਿ-ਅਮਲੀ ਕੀਤੀ ਗਈ ਹੈ।
ਅਜਿਹਾ ਬਹੁਤ ਕੁਝ ਹੈ ਜਿਸ ਬਾਬਤ ਅਸੀਂ ਸੁਆਲ ਨਹੀਂ ਕਰਦੇ ਅਤੇ ਅਜਿਹਾ ਵੀ ਬਹੁਤ ਕੁਝ ਹੈ ਜਿਸ ਨੂੰ ਅਸੀਂ ਦੇਖ ਕੇ ਨਜ਼ਰਾਂ ਫੇਰ ਲੈਂਦੇ ਹਾਂ।
ਦਸੰਬਰ 2017 ਵਿੱਚ ਲੋਕ ਸਭਾ ਦਾ ਸਰਦ ਰੁੱਤ ਇਜਲਾਸ ਅੱਗੇ ਪਾ ਦਿੱਤਾ ਗਿਆ ਕਿਉਂਕਿ ਵੱਕਾਰ ਦਾ ਸੁਆਲ ਬਣੀਆਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਮੋਦੀ ਦਾ ਲੰਬਾ-ਚੌੜਾ ਰੁਝੇਵਾਂ ਸੀ। ਪੂਰੇ ਮੁਲਕ ਨੂੰ ਇੱਕ ਸੂਬੇ ਦੀਆਂ ਚੋਣਾਂ ਦੇ ਹੇਠਾਂ ਕਰ ਦਿੱਤਾ ਗਿਆ ਸੀ। ਕੁਝ ਅਖ਼ਬਾਰਾਂ ਵਿੱਚ ਇਸ ਮਾਮਲੇ ਬਾਬਤ ਬਹਿਸ ਛਿੜੀ ਸੀ ਪਰ ਟੈਲੀਵਿਜ਼ਨ ਚੈਨਲਾਂ ਉੱਤੇ ਇਹ ਮਾਮਲਾ ਤਕਰੀਬਨ ਨਦਾਰਦ! ਰਿਹਾ। ਉਂਝ ਸਾਡੇ ਵਿੱਚੋਂ ਕਿੰਨੇ ਲੋਕਾਂ ਨੇ ਇਸ ਮਾਮਲੇ ਉੱਤੇ ਜੁਆਬ-ਤਲਬੀ ਕੀਤੀ? ਆਖ਼ਰ, ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਮੁਹਿੰਮ ਸ਼ੁਰੂ ਕਰਨਾ ਮੁਮਕਿਨ ਹੈ ਅਤੇ ਚੋਖਾ ਰੌਲ਼ਾ ਪਾਇਆ ਜਾ ਸਕਦਾ ਹੈ।
ਜਿਨ੍ਹਾਂ ਨੇ ਲੋਕ ਸਭਾ ਦੇ ਇਜਲਾਸ ਨੂੰ ਅੱਗੇ ਪਾਏ ਜਾਣ ਦਾ ਸੁਆਲ ਕੀਤਾ, ਉਨ੍ਹਾਂ ਨੇ ਵੀ ਵਡੇਰੇ ਰੁਝਾਨ ਦਾ ਧਿਆਨ ਨਹੀਂ ਧਰਿਆ। ਪਿਛਲੇ ਤੀਹ ਸਾਲਾਂ ਦੌਰਾਨ ਸੂਬਾ ਦਰ ਸੂਬਾ ਵਿਧਾਨ ਸਭਾਵਾਂ ਦੇ ਇਜਲਾਸ ਛੋਟੇ ਹੁੰਦੇ ਗਏ। ਨਤੀਜੇ ਵਜੋਂ ਸੂਬਾ ਸਰਕਾਰਾਂ ਨੂੰ ਚਲਾਉਣ ਵਿੱਚ ਵਿਧਾਨ ਸਭਾ ਦੇ ਇਜਲਾਸਾਂ ਦੀ ਅਹਿਮੀਅਤ ਘਟਦੀ ਗਈ। ਇਜਲਾਸ ਹੀ ਤਾਂ ਉਹ ਮੰਚ ਹਨ ਜਿਨ੍ਹਾਂ ਵਿੱਚ ਵਿਧਾਇਕ ਆਪਣੇ ਹਲਕਿਆਂ ਦੇ ਮਸਲੇ ਵਿਚਾਰਦੇ ਹਨ ਅਤੇ ਆਗੂਆਂ ਵਜੋਂ ਉਭਰਦੇ ਹਨ। ਵਿਧਾਇਕ ਹੁਣ ਜੇ ਮੰਤਰੀ ਨਾ ਹੋਣ ਤਾਂ ਉਨ੍ਹਾਂ ਦੀ ਕੋਈ ਪਛਾਣ ਨਹੀਂ ਹੁੰਦੀ। ਉਹ ਆਪਣੇ ਕੰਮ ਕਰਦੇ ਹਨ, ਚੋਣਾਂ ਜਿੱਤਦੇ ਅਤੇ ਹਾਰਦੇ ਹਨ ਪਰ ਉਨ੍ਹਾਂ ਲੋਕਾਂ ਦੇ ਕਿਸੇ ਕੰਮ ਨਹੀਂ ਆਉਂਦੇ ਜੋ ਉਨ੍ਹਾਂ ਦੀ ਚੋਣ ਕਰਦੇ ਹਨ।
ਅਸੀਂ ਇਨ੍ਹਾਂ ਅਦਾਰਿਆਂ ਤੋਂ ਆਸ ਕਰਨੀ ਛੱਡ ਦਿੱਤੀ ਹੈ। ਅਸੀਂ ਇਹ ਸੁਆਲ ਕਰਨ ਦੀ ਖੇਚਲ ਨਹੀਂ ਕਰਦੇ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਵਿਧਾਨ ਸਭਾ ਜਾਂ ਲੋਕ ਸਭਾ ਦਾ ਇਜਲਾਸ ਬਣਦੇ ਸਮੇਂ ਉੱਤੇ ਕਿਉਂ ਨਹੀਂ ਬੁਲਾਇਆ ਜਾਂ ਮਹਿਜ਼ ਜਾਬਤਾ ਪੂਰਤੀ ਕੀਤੀ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਸਾਡਾ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਇਤਮਾਦ ਨਹੀਂ ਰਿਹਾ? ਮੈਂ ਇਹ ਮੰਨਣ ਤੋਂ ਇਨਕਾਰ ਕਰਦਾ ਹਾਂ। ਜੇ ਸਾਡਾ ਇਨ੍ਹਾਂ ਅਦਾਰਿਆਂ ਵਿੱਚ ਇਤਮਾਦ ਨਾ ਹੁੰਦਾ ਤਾਂ ਹਰ ਵਾਰ ਦੀਆਂ ਚੋਣਾਂ ਵਿੱਚ ਸੱਤਰ ਫ਼ੀਸਦ ਜਾਂ ਇਸ ਤੋਂ ਜ਼ਿਆਦਾ ਲੋਕ ਵੋਟਾਂ ਨਾ ਪਾਉਂਦੇ। ਮੈਨੂੰ ਲਗਦਾ ਹੈ ਕਿ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਜਮਹੂਰੀਅਤ ਦੇ ਮੁੱਖ ਹੱਕ ਅਤੇ ਮੁੱਖ ਜ਼ਿੰਮੇਵਾਰੀ ਨੂੰ ਵੋਟਿੰਗ ਮਸ਼ੀਨਾਂ ਦਾ ਬਟਣ ਦੱਬਣ ਤੱਕ ਮਹਿਦੂਦ ਕਰ ਲਿਆ ਹੈ। ਅਸੀਂ ਵੋਟ ਪਾ ਕੇ ਆਉਂਦੇ ਹਾਂ ਅਤੇ ਆਪਣੇ ਆਪ ਨੂੰ ਜੇਤੂ ਆਗੂ ਦੇ ਅਕਸ ਵਿੱਚ ਮਗ਼ਲੂਬ ਕਰ ਲੈਂਦੇ ਹਾਂ।
ਬਿਨਾਂ ਸ਼ੱਕ, ਯਕੀਨ ਹੋਣਾ ਚੰਗੀ ਗੱਲ ਹੈ। ਇਸ ਯਕੀਨ ਦੀ ਬੁਨਿਆਦ ਅਹਿਸਾਸ ਉੱਤੇ ਨਹੀਂ ਸਗੋਂ ਤੱਥਾਂ ਉੱਤੇ ਟਿਕੀ ਹੋਣੀ ਚਾਹੀਦੀ ਹੈ।
ਅਮਰੀਕਾ ਦੇ ਇੱਕ ਅਦਾਰੇ ਪਿਊ ਰਿਸਰਚ ਸੈਂਟਰ ਨੇ 2017 ਦੇ ਅਖ਼ੀਰ ਵਿੱਚ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਇੰਡੀਆ ਵਿੱਚ ਕੀਤਾ ਸਰਵੇਖਣ ਜਾਰੀ ਕੀਤਾ। ਇਸ ਸਰਵੇਖਣ ਲਈ ਇੰਡੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਿਆਂ ਦੇ 2464 ਲੋਕਾਂ ਨਾਲ ਸੰਪਰਕ ਕੀਤਾ ਗਿਆ। (ਹਾਂ ਜੀ, ਜੇ ਇਹ ਭੁਲਾ ਦਿੱਤਾ ਜਾਵੇ ਕਿ ਸਰਵੇਖਣ ਕੀਤੇ ਜਾਣ ਵਾਲੇ ਮੁਲਕ ਦੀ ਆਬਾਦੀ ਸੌ ਕਰੋੜ ਤੋਂ ਜ਼ਿਆਦਾ ਹੈ ਤਾਂ ਵੀ ਇਹ 2464 ਦਾ ਹਿੰਦਸਾ ਨਿਰਾਲਾ ਜਾਪਦਾ ਹੈ। ਉਨ੍ਹਾਂ ਨੇ ਇਸ ਵਿੱਚ ਚੌਂਹਟ ਹੋਰ ਲੋਕ ਜੋੜ ਕੇ ਇਹ ਹਿੰਦਸਾ 2500 ਕਿਉਂ ਨਹੀਂ ਕੀਤਾ? ਸ਼ਾਇਦ ਉਨ੍ਹਾਂ ਨੂੰ ਕਿਸੇ ਨਜੂਮੀ ਨੇ ਸਲਾਹ ਦਿੱਤੀ ਹੋਵੇ।)
ਇਸ ਸਰਵੇਖਣ ਵਿੱਚ ਦਰਜ ਕੀਤਾ ਗਿਆ ਕਿ ਜੁਆਬੀਆਂ ਵਿੱਚੋਂ 88 ਫ਼ੀਸਦ ਦੀ ਰਾਇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ ਪੱਖ ਵਿੱਚ ਸੀ-ਸਰਵੇਖਣ ‘ਹਰ ਦਸਾਂ ਪਿੱਛੇ ਨੌਂ’ ਦਾ ਦਾਅਵਾ ਕਰਦਾ ਸੀ। ਇਹ ਆਪਣੇ ਆਪ ਵਿੱਚ ਨਾ ਤਾਂ ਸਨਸਨੀਖ਼ੇਜ਼ ਹੈ ਅਤੇ ਨਾ ਹੀ ਨਵੀਂ ਗੱਲ ਹੈ; ਇਸ ਤੋਂ ਇਲਾਵਾ ਮੌਜੂਦਾ ਦੌਰ ਦੇ ਹੋਰ ਸਰਵੇਖਣਾਂ ਨੇ ਵੀ ਅਜਿਹੇ ਨਤੀਜੇ ਪੇਸ਼ ਕੀਤੇ ਹਨ। ਦਰਅਸਲ ਕੁਝ ਸੁਆਲਾਂ ਦੇ ਜੁਆਬ ਸਰੋਕਾਰ ਦਾ ਸਬੱਬ ਬਣਦੇ ਹਨ।
ਇਮਾਨਦਾਰੀ ਨਾਲ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਸਭ ਤੋਂ ਮਕਬੂਲ ਆਗੂ ਨਾ ਮੰਨਣ ਵਾਲੇ ਹਰ ਦਸਵੇਂ ਜੁਆਬੀ ਬਾਬਤ ਚਿੰਤਾ ਕਰ ਰਿਹਾ ਸਾਂ। ਮੈਂ ਤਾਂ ਉਸ ਨੂੰ ਪੁੱਛਣਾ ਚਾਹੁੰਦਾ ਸਾਂ ਕਿ ਭਾਈ ਜੇ ਬਾਕੀ ਨੌਂ ਜੁਆਬੀਆਂ ਨੇ ਇੱਕੋ ਰਾਹ ਅਖ਼ਤਿਆਰ ਕੀਤਾ ਹੈ ਤਾਂ ਆਪ ਜੀ ਵੱਖਰੇ ਕਿਉਂ ਖੜ੍ਹੇ ਹੋ? ਇਸ ਤੋਂ ਬਾਅਦ ਮੈਨੂੰ ਅਹੁੜਿਆ ਕਿ ਇਹ ਇੱਕੋ ਬੰਦਾ ਤਾਂ ਅਸਲੀ ਜਮਹੂਰੀ ਜੀਅ ਹੈ। ਬਾਕੀਆਂ ਤੋਂ ਵੱਖਰਾ ਖੜ੍ਹਾ ਹੋ ਕੇ ਇਹ ਇਕੱਲਾ ਹੀ ਤਾਂ ਇੰਡੀਅਨ ਜਮਹੂਰੀਅਤ ਦੀ ਮਹਾਨ ਸੇਵਾ ਕਰ ਰਿਹਾ ਸੀ। ਇਹ ਵੀ ਹੋ ਸਕਦਾ ਸੀ ਕਿ ਬਾਕੀ ਨੌਂਆਂ ਦੇ ਇੱਕ ਪਾਸੇ ਹੋਣ ਦੀ ਅਚਵੀ ਵਸ ਹੀ ਦਸਵਾਂ ਵੀ ਆਪਣਾ ਪਾਲ਼ਾ ਬਦਲ ਲੈਂਦਾ ਅਤੇ ਦਾਹਾ ਮੁਕੰਮਲ ਹੋ ਜਾਂਦਾ । ਉਸ ਨੇ ਆਪਣਾ ਪੈਰ ਮਜ਼ਬੂਤੀ ਨਾਲ ਟਿਕਾਈ ਰੱਖਿਆ ਹੈ। ਉਹ ਜੋ ਵੀ ਹੈ, ਉਸ ਨੂੰ ਸਲਾਮ ਕਰਨਾ ਬਣਦਾ ਹੈ। ਉਸ ਨੇ ਜਮਹੂਰੀਅਤ ਦੀ ਸ਼ਾਨ ਬਹਾਲ ਰੱਖੀ ਹੈ—ਵੱਖਰਾ ਖੜ੍ਹੋ ਕੇ ਅਤੇ ਮਜ਼ਬੂਤੀ ਨਾਲ ਖੜ੍ਹੋ ਕੇ ਉਸ ਨੇ ਯਕੀਨੀ ਬਣਾਇਆ ਹੈ ਕਿ ਆਗੂ ਦਾ ਘੱਟੋ-ਘੱਟ ਇੱਕ ਮੁਖ਼ਾਲਫ਼ ਬਾਕੀ ਹੈ।
ਪੇਸ਼ਾਨਗੋਈ ਮੁਤਾਬਕ ਆਹਲਾ ਆਗੂ ਦੇ 2464 ਲੋਕਾਂ ਵਿੱਚ 88 ਫ਼ੀਸਦ ਮਕਬੂਲੀਅਤ ਦਰਜੇ ਦਾ ਟਵਿੱਟਰ ਉੱਤੇ ਜਸ਼ਨ ਮਨਾਇਆ ਗਿਆ। ਮੈਨੂੰ ਹੈਰਾਨੀ ਹੋਵੇਗੀ ਜੇ ਖ਼ੁਸ਼ੀ ਵਿੱਚ ਖੀਵੇ ਹੋਣ ਵਾਲੇ ਲੋਕਾਂ ਨੇ ਸਰਵੇਖਣ ਦੇ ਸਾਰੇ ਨਤੀਜਿਆਂ ਨੂੰ ਪੜ੍ਹਿਆ ਹੋਵੇ । ਜੁਆਬੀਆਂ ਵਿੱਚੋਂ 53 ਫ਼ੀਸਦ ਮੁਲਕ ਵਿੱਚ ਫ਼ੌਜੀ ਤਾਨਾਸ਼ਾਹੀ ਦੇ ਪੱਖ ਵਿੱਚ ਸਨ। ਦਸਾਂ ਵਿੱਚੋਂ ਨੌਂ ਜੁਆਬੀਆਂ ਨੇ ਜਮਹੂਰੀ ਤਰਕੀਬ ਰਾਹੀਂ ਮੁੱਖ ਮੰਤਰੀ ਦੇ ਅਹੁਦੇ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਵਾਲੇ ਸ਼ਖ਼ਸ ਵਿੱਚ ਯਕੀਨ ਦਰਸਾਇਆ ਸੀ। ਇਸ ਆਗੂ ਦੇ ਸਿਆਸੀ ਜੀਵਨ ਦਾ ਚੜ੍ਹਾਅ ਜਮਹੂਰੀ ਖਾਹਸ਼ਾਂ ਦੀ ਨੁਮਾਇੰਦਗੀ ਕਰਦਾ ਹੈ। ਇਸ ਆਗੂ ਦੀ ਹਮਾਇਤ ਕਰਨ ਵਾਲੇ ਨੌਂਆਂ ਵਿੱਚੋਂ ਪੰਜ ਜੀਅ ਫ਼ੌਜੀ ਤਾਨਾਸ਼ਾਹੀ ਦੇ ਹਮਾਇਤੀ ਕਿਉਂ ਹਨ? ਕੀ ਉਨ੍ਹਾਂ ਨੂੰ ਉਸ ਆਗੂ ਉੱਤੇ ਪੂਰਾ ਯਕੀਨ ਨਹੀਂ ਹੈ ਜਿਸ ਦੀ ਉਨ੍ਹਾਂ ਨੇ ਸਭ ਤੋਂ ਮਕਬੂਲ ਆਗੂ ਵਜੋਂ ਹਾਮੀ ਭਰੀ ਹੈ?
ਇਨ੍ਹਾਂ ਜੁਆਬੀਆਂ ਨੂੰ ਇੱਕ ਸੁਆਲ ਪੁੱਛਿਆ ਜਾਣਾ ਚਾਹੀਦਾ ਸੀ: ਕੀ ਤੁਹਾਨੂੰ ਲਗਦਾ ਹੈ ਕਿ ਫ਼ੌਜੀ ਰਾਜ ਚੰਗਾ ਹੁੰਦਾ ਹੈ? ਅੱਧੇ ਤੋਂ ਜ਼ਿਆਦਾ ਲੋਕਾਂ ਨੇ ਹਾਂ ਵਿੱਚ ਜੁਆਬ ਦੇਣਾ ਸੀ। ਮੈਂ ਉਨ੍ਹਾਂ ਨੂੰ ਦੂਜਾ ਸੁਆਲ ਪੁੱਛਣਾ ਸੀ: “ਕੀ ਤੁਸੀਂ ਅਜਿਹੇ ਫ਼ੌਜੀ ਰਾਜ ਦੀ ਹਮਾਇਤ ਕਰਦੇ ਹੋ ਜਿਸ ਵਿੱਚ ਕੋਈ ਰਾਤ ਨੂੰ ਦੋ ਵਜੇ ਤੁਹਾਡਾ ਦਰਵਾਜ਼ਾ ਖੜਕਾਵੇ ਅਤੇ ਤੁਹਾਨੂੰ ਤੁਹਾਡੇ ਬਾਪ ਸਮੇਤ ਚੁੱਕ ਕੇ ਲੈ ਜਾਵੇ ਅਤੇ ਬਿਨਾਂ ਕਿਸੇ ਅਪੀਲ, ਦਲੀਲ ਅਤੇ ਵਕੀਲ ਤੋਂ ਦਸਾਂ ਸਾਲਾਂ ਲਈ ਕੈਦ-ਖ਼ਾਨੇ ਵਿੱਚ ਬੰਦ ਕਰ ਦੇਵੇ?” ਕੀ ਉਨ੍ਹਾਂ ਹੀ ਜੁਆਬੀਆਂ ਨੇ ਇਸ ਸੁਆਲ ਦਾ ਜੁਆਬ ਹਾਂ ਵਿੱਚ ਦਿੱਤਾ ਹੁੰਦਾ? ਮੈਨੂੰ ਇੰਝ ਨਹੀਂ ਲਗਦਾ।
ਜੇ ਉਨ੍ਹਾਂ ਨੂੰ ਕਿਸੇ ਨੇ ਫ਼ੌਜੀ ਰਾਜ ਦੇ ਮੁਖੀ ਦਾ ਨਾਮ ਪੁੱਛਿਆ ਹੁੰਦਾ ਤਾਂ ਉਨ੍ਹਾਂ ਨੇ ਕਿਸ ਦਾ ਨਾਮ ਲੈਣਾ ਸੀ? ਕੀ ਉਨ੍ਹਾਂ ਨੇ ਜਮਹੂਰੀ ਤਰਕੀਬ ਨਾਲ ਚੁਣੇ ਗਏ ਕਿਸੇ ਆਗੂ ਦਾ ਨਾਮ ਲੈਣਾ ਸੀ? ਕੀ ਉਨ੍ਹਾਂ ਨੇ ਕਿਸੇ ਸਾਬਕਾ ਫ਼ੌਜੀ ਜਰਨੈਲ ਦਾ ਨਾਮ ਲੈਣਾ ਸੀ ਜੋ ਹੁਣ ਮੰਤਰੀ ਹੈ? ਆਖ਼ਰ ਇਹ ਕੁਝ ਦਲੀਲ ਵਾਲੀ ਗੱਲ ਹੋਣੀ ਸੀ।
ਅਸੀਂ ਜਮਹੂਰੀਅਤ ਅਤੇ ਆਗੂ ਦੇ ਮਾਮਲੇ ਵਿੱਚ ਕਿੰਨੇ ਭੰਬਲਭੂਸੇ ਵਿੱਚ ਫਸੇ ਹੋਏ ਹਾਂ? ਅਸੀਂ ਇੰਨੀ ਦੋਚਿੱਤੀ ਵਿੱਚ ਕਿਉਂ ਹਾਂ? ਸਾਡੀ ਦੋਚਿੱਤੀ ਦਾ ਕਾਰਨ ਸਾਡੇ ਅਦਾਰਿਆਂ ਵਿੱਚ ਹੁੰਦਾ ਜਮਹੂਰੀਅਤ ਦਾ ਰੋਜ਼ਾਨਾ ਅਮਲ ਹੈ, ਮੀਡੀਆ ਤੋਂ ਲੈ ਕੇ ਹੋਰ ਅਦਾਰਿਆਂ ਵਿੱਚ ਜਮਹੂਰੀਅਤ ਬੀਤੇ ਸਮੇਂ ਦੀ ਦਾਸਤਾਨ ਹੋ ਗਈ ਹੈ। ਰੋਜ਼ਾਨਾ ਪੜਚੋਲ ਅਤੇ ਤਫ਼ਤੀਸ਼ ਦੀਆਂ ‘ਮਸ਼ਕਾਂ’ ਕਦੋਂ ਦੀਆਂ ਬੰਦ ਹੋ ਗਈਆਂ ਹਨ। ਜੇ ਅਸੀਂ ਇਸ ਨਿਘਾਰ ਦਾ ਠੀਕਰਾ ਮੌਜੂਦਾ ਸਰਕਾਰ ਸਿਰ ਭੰਨ੍ਹਦੇ ਹਾਂ ਤਾਂ ਅਸੀਂ ਗ਼ਲਤ ਹੋਵਾਂਗੇ। ਇਸ ਦਾ ਮਤਲਬ ਇਹ ਹੋਵੇਗਾ ਕਿ ਸਾਨੂੰ ਆਪਣੇ ਦੌਰ ਦੀ ਸਮਝ ਨਹੀਂ ਹੈ। ਇਹ ਨਿਘਾਰ ਪੱਚੀ-ਤੀਹ ਸਾਲਾਂ ਵਿੱਚ ਉਲਾਰ ਪੂੰਜੀਵਾਦ ਅਤੇ ਇਸ ਦੀ ਤਕਨਾਲੋਜੀ ਨਾਲ ਜੁੜ ਕੇ ਸਾਡੀਆਂ ਜ਼ਿੰਦਗੀਆਂ ਵਿੱਚ ਤਾਰੀ ਹੋਇਆ ਹੈ। ਇੱਕ ਪਾਸੇ ਨਾਬਰਾਬਰੀ ਨਾਟਕੀ ਢੰਗ ਨਾਲ ਵਧੀ ਹੈ ਅਤੇ ਦੂਜੇ ਪਾਸੇ ਮੂਲਵਾਦ ਦਾ ਪਸਾਰਾ ਹੋਇਆ ਹੈ। ਇਸੇ ਦੌਰਾਨ ਅਦਾਰਿਆਂ ਨੂੰ ਤੋੜਿਆ ਗਿਆ ਹੈ ਜਾਂ ਖੋਖਲਾ ਕਰ ਦਿੱਤਾ ਗਿਆ ਹੈ। ਅਦਾਰਿਆਂ ਨੂੰ ਲੱਗ ਰਹੇ ਖ਼ੋਰੇ ਦਾ ਅਹਿਸਾਸ ਇਸ ਵੇਲੇ ਜ਼ਿਆਦਾ ਲੋਕਾਂ ਨੂੰ ਹੈ ਕਿਉਂਕਿ ਇਸ ਦੀ ਰਫ਼ਤਾਰ ਵਿੱਚ ਬਹੁਤ ਤੇਜ਼ੀ ਆਈ ਹੈ।
ਪਿਊ ਦੇ ਸਰਵੇਖਣ ਵਿੱਚ ਦਰਜ ਹੈ ਕਿ 55 ਫ਼ੀਸਦ ਜੁਆਬੀ ਅਜਿਹਾ ‘ਤਾਕਤਵਰ ਆਗੂ’ ਚਾਹੁੰਦੇ ਹਨ ਜਿਹੜਾ ‘ਲੋਕ ਸਭਾ/ਰਾਜ ਸਭਾ ਅਤੇ ਅਦਾਲਤ ਦੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਫ਼ੈਸਲੇ ਕਰ ਸਕਦਾ ਹੋਵੇ’। ਸਰਵੇਖਣ ਦੀ ਰਪਟ ਨੇ ਦਰਜ ਕੀਤਾ ਹੈ ਕਿ ‘ਇੰਡੀਆ ਵਿੱਚ ਤਾਨਾਸ਼ਾਹੀ ਰਾਜ ਦੀ ਹਮਾਇਤ ਕਿਸੇ ਹੋਰ ਮੁਲਕ ਨਾਲੋਂ ਜ਼ਿਆਦਾ ਹੈ।’
ਸਾਨੂੰ ਤਾਕਤਵਰ ਆਗੂ ਦੀ ਜ਼ਰਰੂਤ ਕਿਉਂ ਹੈ? ਕੀ ਸੰਵਿਧਾਨ ਦੇ ਕਾਨੂੰਨੀ ਢਾਂਚੇ ਵਿੱਚ ਆਗੂ ਜਾਂ ਮੁੱਖ ਮੰਤਰੀ ਨੂੰ ਮਿਲਦੀਆਂ ਤਾਕਤਾਂ ਨਾਕਾਫ਼ੀ ਹਨ ਕਿ ਉਸ ਰੁਤਬੇ ਉੱਤੇ ਬੈਠਣ ਲਈ ਕੋਈ ਧੂਸ ਦਰਕਾਰ ਹੈ? ਕੀ ਆਹਲਾ ਆਗੂ ਨੇ ਕੈਬਨਿਟ ਸਕੱਤਰਾਂ ਨਾਲ ਕੁਸ਼ਤੀ ਕਰਨੀ ਹੈ ਅਤੇ ਉਨ੍ਹਾਂ ਦੇ ਟਿਕਾ ਕੇ ਹੂਰੇ ਮਾਰਨੇ ਹਨ? ਫਿਰ ਇਹ ਤਾਕਤਵਰ ਆਗੂ ਦੀ ਲਾਲਸਾ ਕਿਉਂ ਹੈ? ਜੇ ਇਹ ਲਾਲਸਾ ਆਵਾਮ ਦੀ ਮਜ਼ਬੂਤ ਇੱਛਾ ਸ਼ਕਤੀ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਬਾਬਤ ਹੋਵੇ ਤਾਂ ਗੱਲ ਸਮਝ ਆਉਂਦੀ ਹੈ। ਸ਼ਾਇਦ ਇਹੋ ਸੀ। ਅਜਿਹੇ ਸਰਵੇਖਣਾਂ ਵਿੱਚ ਪੁੱਛੇ ਜਾਣ ਵਾਲੇ ਸੁਆਲਾਂ ਵਿੱਚ ਅਜਿਹੀ ਰਮਜ਼ ਦੀ ਗੁੰਜਾਇਸ਼ ਕਿੱਥੇ ਹੁੰਦੀ ਹੈ? ਕੀ ਅਜਿਹੇ ਸਰਵੇਖਣਾਂ ਦੇ ਨਤੀਜਿਆਂ ਦਾ ਜਸ਼ਨ ਮਨਾਉਣ ਵਾਲਿਆਂ ਕੋਲ ਰਮਜ਼ ਸਮਝਣ ਦਾ ਸਮਾਂ ਹੈ?
ਇੱਕ ਪਾਸੇ ਤਾਂ ਚੁਣੇ ਹੋਏ ਤਾਕਤਵਰ ਆਗੂ ਦਾ ਮਿਥਿਹਾਸਿਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਅਤੇ ਇਸ ਦੇ ਬਰਾਬਰ ਹੀ ਫ਼ੌਜੀ ਰਾਜ ਦੀ ਪਟਕਥਾ ਲਿਖੀ ਜਾ ਰਹੀ ਹੈ। ਇਸ ਦਾ ਕੋਈ ਕਾਰਨ ਤਾਂ ਹੋਵੇਗਾ।
ਹੁਣ ਤੱਕ ਸਾਡੇ ਜਮਹੂਰੀ ਅਦਾਰੇ ਆਪਣੀ ਬਿਹਤਰੀਨ ਕਾਰਗੁਜ਼ਾਰੀ ਦੇ ਦਿਨਾਂ ਵਿੱਚ ਲੋਕਾਂ ਦੀਆਂ ਆਸਾਂ ਦੇ ਹਾਣ ਦਾ ਹੋਣ ਵਿੱਚ ਨਾਕਾਮਯਾਬ ਰਹੇ ਹਨ। ਇਸ ਦੇ ਉਲਟ ਇਨ੍ਹਾਂ ਅਦਾਰਿਆਂ ਰਾਹੀਂ ਹੀ ਜਨਤਕ ਵਸੀਲਿਆਂ ਅਤੇ ਨਿਜ਼ਾਮ ਉੱਤੇ ਸੌੜੇ ਹਿੱਤਾਂ ਦਾ ਗ਼ਲਬਾ ਤਕਰੀਬਨ ਮੁਕੰਮਲ ਹੋ ਗਿਆ ਹੈ। ਇਹ ਸਿਰਫ਼ ਇੰਡੀਆ ਬਾਬਤ ਹੀ ਨਹੀਂ ਸਗੋਂ ਉਨ੍ਹਾਂ ਸਾਰੇ ਮੁਲਕਾਂ ਬਾਬਤ ਸੱਚ ਹੈ ਜਿੱਥੇ ਮੁਲਕ ਦੀ ਕੁੱਲ ਦੌਲਤ ਦਾ ਨੱਬੇ-ਪਚਾਂਨਵੇ ਫ਼ੀਸਦ ਹਿੱਸੇ ਉੱਤੇ ਇੱਕ ਜਾਂ ਦੋ ਫ਼ੀਸਦ ਆਬਾਦੀ ਕਾਬਜ਼ ਹੈ। ਇਹ ਜਾਣਕਾਰੀ ਕਿਸੇ ਕਮਿਊਨਿਸਟ ਪਾਰਟੀ ਦੇ ਦਫ਼ਤਰ ਵਿੱਚੋਂ ਨਹੀਂ ਆਈ ਸਗੋਂ ਇਹ ਪੂੰਜੀਵਾਦੀ ਨਿਜ਼ਾਮ ਵਿੱਚ ਯਕੀਨ ਰੱਖਣ ਵਾਲੇ ਅਰਥਸ਼ਾਸਤਰੀਆਂ ਦੇ ਸਰਵੇਖਣ ਵਿੱਚ ਉਜਾਗਰ ਹੋਈ ਹੈ।
ਮਿਸਾਲ ਵਜੋਂ ਕੁਝ ਮੁਲਕਾਂ ਦੀ ਤਮਾਮ ਦੌਲਤ ਉੱਤੇ ਇੱਕ ਜਾਂ ਦੋ ਫ਼ੀਸਦ ਆਬਾਦੀ ਦੇ ਕਬਜ਼ੇ ਵਾਲੀ ਜਾਣਕਾਰੀ ਔਕਸਫਾਮ ਦੀ ਰਪਟ ਵਿੱਚ ਸਾਹਮਣੇ ਆਈ ਹੈ।
ਇਹ ਸਭ ਕੁਝ ਸਿਆਸੀ ਜਮਾਤ ਨੂੰ ਪਰੇਸ਼ਾਨ ਕਰ ਰਿਹਾ ਹੈ। ਨੱਬੇ ਫ਼ੀਸਦ ਜਾਂ ਇਸ ਤੋਂ ਜ਼ਿਆਦਾ ਆਬਾਦੀ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਖ਼ੁਦਕੁਸ਼ੀਆਂ ਕਰ ਰਹੇ ਹਨ। ਜਿਸ ਦਿਨ ਉਹ ਆਪਣੀਆਂ ਹੀ ਜਾਨਾਂ ਲੈਣ ਤੋਂ ਥੱਕ ਗਏ ਤਾਂ ਉਨ੍ਹਾਂ ਨੇ ਬਗ਼ਾਵਤ ਕਰ ਦੇਣੀ ਹੈ। ਮਰਨ ਦੀ ਹੱਦ ਹੁੰਦੀ ਹੈ ਅਤੇ ਮਾਰਨ ਦੀ ਵੀ ਹੱਦ ਹੁੰਦੀ ਹੈ। ਇਤਿਹਾਸ ਕਾਤਲ ਜਾਬਰਾਂ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ; ਆਖ਼ਰ ਨੂੰ ਉਹ ਵੀ ਫ਼ਨਾਹ ਹੋ ਗਏ ਅਤੇ ਮਨੁੱਖਤਾ ਜਿਊਂਦੀ ਰਹੀ।
ਸਿਆਸੀ ਆਗੂਆਂ ਨੂੰ ਇਸੇ ਗੱਲ ਦੀ ਸਭ ਤੋਂ ਜ਼ਿਆਦਾ ਅਚਵੀ ਲੱਗੀ ਹੋਈ ਹੈ। ਜੋ ਹਕੂਮਤ ਉੱਤੇ ਕਾਬਜ਼ ਹੁੰਦਾ ਹੈ, ਉਸ ਨੂੰ ਇਹੋ ਡਰ ਸਤਾਉਂਦਾ ਹੈ। ਕੱਲ੍ਹ ਨੂੰ ਜੇ ਸਾਡੇ ਵਿੱਚੋਂ ਕੋਈ ਸੱਤਾਨਸ਼ੀਂ ਹੋਵੇਗਾ ਤਾਂ ਇਹੋ ਡਰ ਉਸ ਦਾ ਵੀ ਮਾਰੂ ਮਰਜ਼ ਬਣ ਜਾਵੇਗਾ। ਇਹ ਡਰ ਵਾਜਿਬ ਹੈ ਅਤੇ ਸਿਆਸੀ ਆਗੂਆਂ ਕੋਲ ਪੁਰਾਣਾ ਮੰਤਰ ਹੀ ਬਚਿਆ ਹੈ; ਪ੍ਰਚਾਰ ਅਤੇ ਹੁਨਰਿ-ਇੰਤਜ਼ਾਮ। ਜਮਹੂਰੀਅਤ ਵਿੱਚ ਇਹ ਇੰਤਜ਼ਾਮ ਕਾਰਗਰ ਨਹੀਂ ਹੈ। ਇਸ ਤਰ੍ਹਾਂ ਉਸ ਨਾਟਕੀ ਪੇਸ਼ਕਾਰੀ ਦਾ ਪਾਜ਼ ਉਘੜਦਾ ਹੈ ਜਿਸ ਤਹਿਤ ਅਜਿਹੇ ਸਰਵੇਖਣਾਂ ਦੇ ਕੂਟਨੀਤਕ ਸੁਆਲਾਂ ਰਾਹੀਂ ਲਗਾਤਾਰ ਬਾਦਸ਼ਾਹਿ-ਖ਼ੁਦਮੁਖ਼ਤਿਆਰ ਅਤੇ ਫ਼ੌਜੀ ਰਾਜ ਵਰਗੇ ਖ਼ਿਆਲਾਂ ਦਾ ਮਹਿਮਾ ਮੰਡਲ ਉਸਾਰਿਆ ਜਾਂਦਾ ਹੈ। ਇਹ ਲੋਕਾਂ ਦੀਆਂ ਰੀਝਾਂ ਅਤੇ ਉਮੀਦਾਂ ਨੂੰ ਲਤਾੜ ਦੇਣ ਦਾ ਸਭ ਤੋਂ ਸੁਖਾਲਾ ਤਰੀਕਾ ਹੈ ਕਿ ਉਨ੍ਹਾਂ ਨੂੰ ਆਪਣੇ ਹਕੂਕ ਤੋਂ ਮਹਿਰੂਮ ਕਰਨ ਵਾਲੀ ਹਿਕਮਤਿ-ਅਮਲੀ ਵਿੱਚ ਸ਼ਰੀਕ ਬਣਾ ਲਵੋ। ਜਦੋਂ ਅਸੀਂ ਸ਼ਹਿਰੀਆਂ ਵਜੋਂ ਆਪਣੀ ਹੈਸੀਅਤ ਤੋਂ ਮਹਿਰੂਮ ਹੋ ਜਾਵਾਂਗੇ ਤਾਂ ਕਿਸੇ ਦਿਨ ਸਾਡੇ ਦਰਵਾਜ਼ੇ ਦੇ ਬਾਹਰ ਕੋਈ ਬੰਦੂਕਧਾਰੀ ਖੜ੍ਹਾ ਹੋਵੇਗਾ ਅਤੇ ਅਸੀਂ ਅਗਲੇ ਦਸਾਂ-ਵੀਹਾਂ ਸਾਲਾਂ ਲਈ ਜ਼ਬਾਨ ਖੋਲ੍ਹਣ ਦੇ ਕਾਬਲ ਨਹੀਂ ਰਹਾਂਗੇ। ਅਸੀਂ ਆਪਣੀ ਬੋਲੀ ਅਤੇ ਬੋਲਣ ਦੀ ਤਾਕਤ ਤੋਂ ਮਹਿਰੂਮ ਹੋ ਜਾਵਾਂਗੇ।
ਇਸ ਮੰਜ਼ਰ ਦੀ ਉਸਾਰੀ ਲਈ ਤਾਕਤਵਰ ਆਗੂ ਅਤੇ ਫ਼ੌਜੀ ਰਾਜ ਵਰਗੇ ਬਿਰਤਾਂਤ ਦੇ ਦੋ ਬੂਟਿਆਂ ਦੀ ਟਹਿਲ-ਸੇਵਾ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਇਤਿਹਾਸ ਦੇ ਸਭ ਤੋਂ ਘਿਸੇ-ਪਿਟੇ ਜੁਮਲੇ ਜਾਂ ਮੰਤਰ ਹਨ। ਜਿਨ੍ਹਾਂ ਨੇ ਇਤਿਹਾਸ ਦੇ ਸਮੁੰਦਰ ਵਿੱਚ ਚੁੱਭੀਆਂ ਨਹੀਂ ਮਾਰੀਆਂ, ਇਹ ਉਨ੍ਹਾਂ ਦੀ ਸਮਝ ਵਿੱਚ ਨਹੀਂ ਆਉਣਾ। ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੈ, ਇਹ ਉਨ੍ਹਾਂ ਦੀ ਸਮਝ ਵਿੱਚ ਜ਼ਿਆਦਾ ਆਵੇਗਾ। ਪੋਸਟਰ ਪਾੜਨ ਵਾਲੇ ਲਸ਼ਕਰਾਂ ਨੂੰ ਤਾਂ ਇਹ ਮੰਤਰ ਤਾਂ ਹੀ ਸਮਝ ਆਵੇਗਾ ਜੇ ਉਹ ਉਸ ਸੋਚ ਤੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰਨਗੇ।
ਜੇ ਸਾਡੀ ਰੀਝ ਤਾਕਤਵਰ ਆਗੂ ਦੀ ਹੈ ਤਾਂ ਅਸੀਂ ਗਾਂਧੀ, ਮੰਡੇਲਾ, ਲਿੰਕਨ, ਮਾਰਟਿਨ ਲੂਥਰ ਕਿੰਗ ਅਤੇ ਵਿਨੋਬਾ ਭਾਵੇ ਬਾਬਤ ਕੀ ਸੋਚਦੇ ਹਾਂ? ਕੀ ਤੁਸੀਂ ਇਨ੍ਹਾਂ ਨੂੰ ਤਾਕਤਵਰ ਆਗੂ ਨਹੀਂ ਮੰਨੋਗੇ? ਪਤਲੇ ਜਿਹੇ ਜੁੱਸੇ ਵਾਲੇ ਸਿਰਫ਼ ਧੋਤੀ ਪਾਉਣ ਵਾਲੇ ਨੇ ਬਰਤਾਨਵੀ ਸਾਮਰਾਜ ਦੀ ਤਾਕਤ ਨੂੰ ਵੰਗਾਰਿਆ—ਉਹ ਕਮਜ਼ੋਰ ਸੀ ਜਾਂ ਤਾਕਤਵਰ? ਤਾਕਤਵਰ ਆਗੂ ਹੋਣ ਲਈ ਸ਼ਾਹਾਨਾ ਚਮਕ ਵਾਲੇ ਲਿਬਾਸ ਅਤੇ ਉੱਚੇ ਮੰਚ ਦਾ ਨੁਮਾਇਸ਼ੀ ਮੰਜ਼ਰ ਲਾਜ਼ਮੀ ਨਹੀਂ ਹੈ। ਅੱਧ-ਨੰਗਾ ਅਤੇ ਨਰਮੀ ਨਾਲ ਬੋਲਣ ਵਾਲਾ ਫ਼ਕੀਰ ਤਾਕਤਵਰ ਆਗੂ ਹੋ ਸਕਦਾ ਹੈ। ਇਸ ਮਾਮਲੇ ਵਿੱਚ ਸਾਡੇ ਦਿਮਾਗ਼ ਵਿੱਚ ਰੱਤੀ ਭਰ ਵੀ ਉਲਝਣ ਨਹੀਂ ਹੋਣੀ ਚਾਹੀਦੀ। ਅਹਿਸਾਸਿ-ਮਕਸਦ ਨਾਲ ਲਬਰੇਜ਼ ਅੱਧ-ਨੰਗਾ ਫ਼ਕੀਰ ਵੀ ਤਾਕਤਵਰ ਆਗੂ ਹੋ ਸਕਦਾ ਹੈ, ਉਹ ਆਪਣੀ ਲਾਠੀ ਲੈ ਕੇ ਨਿਕਲਿਆ ਅਤੇ ਤੀਹ ਸਾਲਾਂ ਦੌਰਾਨ ਉਸ ਨੇ ਲੋਕਾਂ ਦੇ ਮਨਾਂ ਵਿੱਚ ਬਿਠਾਇਆ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਦਾ ਖ਼ੌਫ਼ ਕੱਢ ਦਿੱਤਾ ਅਤੇ ਉਨ੍ਹਾਂ ਦੀ ਬਰਤਾਨਵੀ ਸਾਮਰਾਜ ਵਰਗੀ ਤਾਕਤ ਦੇ ਖ਼ਿਲਾਫ਼ ਹਿੱਕ ਤਾਣ ਕੇ ਖੜ੍ਹਨ ਲਈ ਹੌਸਲਾ-ਅਫ਼ਜ਼ਾਈ ਕੀਤੀ। ਇਹ ਸਭ ਉਸ ਦੇ ਅਕੀਦਿਆਂ ਅਤੇ ਬਹਾਦਰੀ ਦੀ ਸ਼ਾਹਦੀ ਭਰਦਾ ਹੈ। ਅਕੀਦਿਆਂ ਅਤੇ ਬਹਾਦਰੀ ਦੀ ਕੂਲ੍ਹਾ ਵਿੱਚੋਂ ਭਗਤ ਸਿੰਘ, ਚੰਦਰਸ਼ੇਖ਼ਰ ਅਤੇ ਬੋਸ ਵਰਗਿਆਂ ਦੀ ਧਾਰ ਪੈਂਦੀ ਹੈ। ਇਸੇ ਲਈ ਮੈਂ ਕਹਿੰਦਾ ਹਾਂ ਕਿ ਤਾਕਤਵਰ ਆਗੂ ਸਦਾ ਬਹੁਰੰਗੀ ਫੀਤੀਆਂ ਲਗਾ ਕੇ ਨਹੀਂ ਆਉਂਦਾ। ਤਾਕਤਵਰ ਆਗੂ ਉਸ ਵੇਲੇ ਤਾਮੀਰ ਨਹੀਂ ਹੁੰਦਾ ਜਦੋਂ ਤੁਸੀਂ ਹਫ਼ਤਾ ਰੱਬ ਦੇ ਨਾਮ ਉੱਤੇ ਲੜਦੇ ਹੋ ਅਤੇ ਵਜੇ ਹਫ਼ਤੇ ਗਾਂਧੀ ਦੇ ਕਾਤਲ ਗੌਡਸੇ ਦੇ ਨਾਮ ਉੱਤੇ ਮੰਦਿਰ ਦੀ ਉਸਾਰੀ ਸ਼ੁਰੂ ਕਰਦੇ ਹੋ।
ਦੂਜੀ ਆਲਮੀ ਜੰਗ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਿੰਨਸਟਨ ਚਰਚਿਲ ਦੀ ਮਕਬੂਲੀਅਤ ਬੇਇੰਤਹਾ ਸੀ—ਹੁਣ ਵੀ ਲੋਕ ਉਸ ਦੀਆਂ ਟੂਕਾਂ ਦੇ ਹਵਾਲੇ ਦਿੰਦੇ ਹਨ ਅਤੇ ਉਸ ਦੇ ਨਾਮ ਲਗਦੇ ਲਫ਼ਜ਼ਾਂ ਦਾ ਯਕੀਨ ਕਰਦੇ ਹਨ। ਉਹ ਆਪਣੇ ਦੌਰ ਦਾ ਸਭ ਤੋਂ ਕੱਦਾਵਰ ਆਗੂ ਜਾਪਦਾ ਸੀ ਅਤੇ ਲੋਕ ਉਸ ਦੇ ਬੋਲੇ ਹਰ ਲਫ਼ਜ਼ ਉੱਤੇ ਬਲਿਹਾਰੇ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਯਕੀਨ ਸੀ ਕਿ ਉਹ ਦੂਰ ਦੀ ਸੋਚ ਰੱਖਦਾ ਸੀ। ਉਹ ਲੋਕਾਂ ਦੀ ਅੰਨ੍ਹੀ ਸ਼ਰਧਾ ਦਾ ਬੁੱਤ ਸੀ । ਜੰਗ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਉਹੀ ਚਰਚਿਲ ਦੂਜੇ ਆਗੂ ਕਲੈਮੈਂਟ ਐਟਲੀ ਹੱਥੋਂ ਹਾਰ ਗਿਆ ਸੀ। ਤਾਕਤਵਰ ਆਗੂ ਵੀ ਹਾਰਦਾ ਹੈ।
ਜਮਹੂਰੀਅਤ ਵਿੱਚ ਰਹਿੰਦੇ ਹੋਏ ਜੇ ਅਸੀਂ ਆਵਾਮ ਦੀ ਹੈਸੀਅਤ ਨੂੰ ਘਟਾ ਕੇ ਵਖਦੇ ਹਾਂ ਤਾਂ ਅਸੀਂ ਕੌਮੀ ਮੁਕਤੀ ਲਹਿਰ ਨਾਲ ਦਗਾ ਕਮਾਉਂਦੇ ਹਾਂ। ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਨੂੰ ਸੇਵਾਮੁਕਤੀ ਭੱਤੇ ਦਿੰਦੇ ਹਾਂ ਪਰ ਅਸੀਂ ਸਾਲਾਂ-ਬੱਧੀ ਜੇਲ੍ਹਾਂ ਕੱਟਣ ਵਾਲੇ ਆਜ਼ਾਦੀ ਦੇ ਗੁੰਮਨਾਮ ਆਸ਼ਕਾਂ ਵਿੱਚੋਂ ਕਿੰਨਿਆਂ ਨੂੰ ਜਾਣਦੇ ਹਾਂ? ਉਨ੍ਹਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਨੇ ਗ਼ੁਰਬਤ ਹੰਢਾਈ ਹੈ। ਉਹ ਸੇਵਾਮੁਕਤੀ ਭੱਤਿਆਂ ਉੱਤੇ ਗੁਜ਼ਾਰਾ ਕਰਦੇ ਹੋਏ ਗ਼ਰੀਬੀ ਦੀ ਦਲਦਲ ਵਿੱਚ ਧਸਦੇ ਚਲੇ ਗਏ। ਉਨ੍ਹਾਂ ਆਜ਼ਾਦੀ ਘੁਲਾਟੀਆਂ ਨੇ ਆਪਣੇ ਪਰਿਵਾਰਾਂ ਦੀਆਂ ਅਗਲੀਆਂ ਕਈ ਪੀੜ੍ਹੀਆਂ ਦਾਅ ਉੱਤੇ ਲਗਾਈਆਂ ਸਨ ਤਾਂ ਜੋ ਆਜ਼ਾਦ ਮੁਲਕ ਵਿੱਚ ਸ਼ਹਿਰੀ ਹੋਣ ਦਾ ਹੱਕ ਹਾਸਿਲ ਕੀਤਾ ਜਾ ਸਕੇ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਾਨੂੰ ਘੱਟੋ-ਘੱਟ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਮਹਾਨ ਜਮਹੂਰੀਅਤ ਦੀ ਭਾਵਨਾ ਅਤੇ ਆਵਾਮ ਹੋਣ ਦੇ ਹੱਕ ਨੂੰ ਮੇਰਾ ਨਹੀਂ ਲੱਗਣ ਦਿਆਂਗੇ।
ਜਿੱਥੇ ਤੱਕ ਤਾਕਤਵਰ ਆਗੂ ਵਾਲੇ ਬਿਰਤਾਂਤ ਦਾ ਸੁਆਲ ਹੈ, ਇਹ ਸਮਾਂ ਲੰਘਾਉਣ ਤੂੰ ਜਿਆਦਾ ਕੁਝ ਨਹੀਂ ਹੈ। ਆਗੂ ਉਹ ਹੈ ਜਿਹੜਾ ਸਭ ਨੂੰ ਨਾਲ ਲੈ ਕੇ ਚਲਦਾ ਹੈ। ਉਹ ਆਗੂ ਨਹੀਂ ਹੈ ਜਿਸ ਦੇ ਪਿੱਛੇ ਲੋਕਾਂ ਦਾ ਹਜੂਮ ਚਲਦਾ ਹੈ। ਗਾਂਧੀ ਦੇ ਨਾਲ ਕਈ ਕਦਾਵਰ ਆਗੂ ਸਨ- ਰਾਜਿੰਦਰ ਪ੍ਰਸਾਦ, ਅੰਬੇਦਕਰ, ਨਹਿਰੂ, ਬੋਸ, ਸਰਦਾਰ ਪਟੇਲ ਅਤੇ ਹੋਰ ਕਿਨੇ ਹੀ ਸਨ। ਇਸਜਿੰਦਰ ਪ੍ਰਸਾਦ ਜਮਹੂਰੀਅਤ ਦੇ ਹਾਲਾਤ ਬਣਦੇ ਹਨ। ਜਿੱਥੇ ਇੱਕ ਆਗੂ ਨਾਲ ਹੀ ਸਾਰਾ ਮੰਜ਼ਰ ਤਾਮੀਰ ਹੁੰਦਾ ਹੈ, ਉੱਥੇ ਲੋਕ ਨਹੀਂ ਹੁੰਦਾ ਮਹਿਜ਼ ਤੰਤਰ ਹੁੰਦਾ ਹੈ। ਕੋਈ ਆਵਾਮ ਨਹੀਂ ਹੁੰਦਾ ਸਗੋਂ ਖੋਖਲਾ ਨਿਜ਼ਾਮ ਹੁੰਦਾ ਹੈ। ਇਨ੍ਹਾਂ ਹਾਲਾਤ ਵਿੱਚ ਗ਼ਲਤ-ਫ਼ਹਿਮੀਆਂ ਦੀ ਇਬਾਦਤਗਾਹ ਤੋਂ ਬਿਨਾਂ ਕੁਝ ਵੀ ਸਬੂਤਾ ਨਹੀਂ ਬਚਦਾ। ਸਾਡਾ ਫ਼ਰਜ਼ ਬਣਦਾ ਹੈ ਕਿ ਸਾਡੇ ਅੰਦਰ ਜਮਹੂਰੀ ਚੇਤਨਾ ਦਾ ਪਸਾਰਾ ਹੋਵੇ ਅਤੇ ਅਸੀਂ ਆਵਾਮ ਹੋਣ ਦੀ ਹਕੂਕੀ ਦਾਅਵੇਦਾਰੀ ਮਜ਼ਬੂਤ ਕਰੀਏ।
ਇੰਡੀਆ ਦੇ ਬਾਬਿਆਂ ਨੇ ਇੱਥੇ ਹੀ ਰਹਿਣਾ ਹੈ
ਅਮੂਮਨ ਇਹ ਹੁੰਦਾ ਹੈ ਕਿ ਜਦੋਂ ਔਰਤਾਂ ਨੂੰ ਮਾਹਵਾਰੀ ਆਉਣ ਨਾਲ ਖ਼ੂਨ ਵਗਣਾ ਸ਼ੁਰੂ ਹੁੰਦਾ ਹੈ ਤਾਂ ਉਹ ਆਪਣੇ ਘਰ ਦੀਆਂ ਸਭ ਤੋਂ ਪਾਕੀਜ਼ਾ ਅਤੇ ਮੁਕੱਦਸ ਥਾਂਵਾਂ ਉੱਤੇ ਹੁੰਦੀਆਂ ਹਨ। ਆਮ ਤੌਰ ਉੱਤੇ ਔਰਤਾਂ ਨੂੰ ਇਨ੍ਹਾਂ ਥਾਂਵਾਂ ਉੱਤੇ ਜਾਣ ਦੀ ਮਨਾਹੀ ਹੁੰਦੀ ਹੈ—ਮਿਸਾਲ ਵਜੋਂ ਖਾਣਾ ਬਣਾਉਣ ਲਈ ਬਾਵਰਚੀ-ਖ਼ਾਨਾ, ਸਫ਼ਾਈ ਲਈ ਇਬਾਦਤ- ਖ਼ਾਨਾ ਜਾਂ ਹੋਰ ਅਜਿਹੀਆਂ ਪਾਕੀਜ਼ਾ ਥਾਂਵਾਂ ਉੱਤੇ ਮਹੀਨੇ ਦੇ ਉਨ੍ਹਾਂ ਦਿਨਾਂ ਵਿੱਚ ਔਰਤਾਂ ਦੇ ਹੋਣ ਦੀ ਤਵੱਕੋ ਨਹੀਂ ਕੀਤੀ ਜਾਂਦੀ। ਮਾਹਵਾਰੀ ਦੇ ਮੁੱਢਲੇ ਦਿਨਾਂ ਵਿੱਚ ਉਹ ਬਾਵਰਚੀ-ਖ਼ਾਨੇ ਦੀ ਕਿਸੇ ਚੀਜ਼ ਨੂੰ ਹੱਥ ਨਹੀਂ ਲਗਾ ਸਕਦੀਆਂ। ਇਹ ਚੱਕਰ ਹਰ ਮਹੀਨੇ ਆਉਂਦਾ ਹੈ ਅਤੇ ਇਹ ਕਿਸੇ ਦੇ ਹੱਥ ਵਿੱਚ ਵੀ ਨਹੀਂ ਹੈ। ਜੇ ਕਿਸੇ ਨਾਲ ਅਜਿਹਾ ਕੁਝ ਹੋ ਗਿਆ ਹੈ ਤਾਂ ‘ਪਾਪ ਬੋਧ’ ਤੋਂ ਮੁਕਤੀ ਦਾ ਮੌਕਾ ਸਾਲ ਵਿੱਚ ਇੱਕੋ ਦਿਨ ਮਿਲਦਾ ਹੈ, ਉਹ ਦਿਨ ਹੈ ਰਿਸ਼ੀ ਪੰਚਮੀ
ਇੱਕ ਬਾਬੇ ਦੇ ਇਸ ਬਿਆਨ ਵਾਲੀ ਵੀਡੀਓ ਮੈਂ ਹਿੰਦੀ ਦੇ ਤਿੰਨ ਨਿਊਜ਼ ਚੈਨਲਾਂ ਉੱਤੇ ਨਸ਼ਰ ਹੁੰਦੀ ਦੇਖੀ ਹੈ। ਮੈਂ ਬਾਬੇ ਦੀ ਇਸ ਵੀਡੀਓ ਤੋਂ ਇਲਾਵਾ ਉਸ ਦੇ ਯੂਟਿਊਬ ਉੱਤੇ ਹੋਰ ਵੀਡੀਓ ਵੀ ਦੇਖੇ ਹਨ। ਇਨ੍ਹਾਂ ਨਿਊਜ਼ ਚੈਨਲਾਂ ਦੇ ਨਾਮ ਮਾਅਨੇ ਨਹੀਂ ਰੱਖਦੇ ਕਿਉਂਕਿ ਐੱਨ.ਡੀ.ਟੀ.ਵੀ. ਇੰਡੀਆ ਤੋਂ ਇਲਾਵਾ ਸਾਰੇ ਹੀ ਇਸ ਤਰ੍ਹਾਂ ਦੇ ਪ੍ਰੋਗਰਾਮ- ਨਜੂਮੀਆਂ ਦੇ ਪੱਤਰੀਆਂ ਪੜ੍ਹਨ ਤੋਂ ਲੈ ਕੇ ‘ਤਾਲੀਮੀ’ ਵੀਡੀਓ ਨਸ਼ਰ ਕਰਦੇ ਹਨ। ਮੇਰੀ ਮਨਸ਼ਾ ਇਨ੍ਹਾਂ ਪ੍ਰੋਗਰਾਮਾਂ ਦੀ ਪੜਚੋਲ ਕਰਨਾ ਅਤੇ ਇਹ ਸਮਝਣਾ ਹੈ ਕਿ ਸਮੇਂ ਨਾਲ ਇਨ੍ਹਾਂ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਆਈ ਹੈ ਅਤੇ ਇਹ ਸਾਡੇ ਦੌਰ ਦੀਆਂ ਕਿਨ੍ਹਾਂ ਤਕਲੀਫ਼ਾਂ ਦੀ ਤਰਜ਼ਮਾਨੀ ਕਰਦੇ ਹਨ। ਮੈਂ ਬਾਬੇ—ਵੀਡੀਓ ਵਿਚਲਾ ਸੰਤ—ਦੇ ਵਿਖਿਆਨ ਵਿੱਚ ਆਈਆਂ ਦੀਨੀ ਇਲਮ ਦੀਆਂ ਟੂਕਾਂ ਅਤੇ ਸਿਫ਼ਾਰਿਸ਼ਾਂ ਨੂੰ ਉਨ੍ਹਾਂ ਬੀਬੀਆਂ ਦੀ ਨਜ਼ਰ ਨਾਲ ਸਮਝਣ ਦਾ ਉਪਰਾਲਾ ਕਰ ਰਿਹਾ ਹਾਂ ਜੋ ਮਾਹਵਾਰੀ ਨਾਲ ਜੁੜੀਆਂ ਰੂੜੀਵਾਦੀ ਧਾਰਨਾਵਾਂ ਉੱਤੇ ਕਾਟਾ ਫੇਰ ਰਹੀਆਂ ਹਨ।
ਇਹ ਸਮਝਣਾ ਸੁਖਾਲਾ ਹੈ ਕਿ ਨਿਊਜ਼ ਚੈਨਲਾਂ ਰਾਹੀਂ ਟੈਲੀਵਿਜ਼ਨ ਉੱਤੇ ਦਿਖਣ ਵਾਲੇ ਇਹ ਰੰਗੀਨ ਮਿਜਾਜ਼ ਬਾਬੇ ਪੁਰਾਣੇ ਅੰਧ-ਵਿਸ਼ਵਾਸਾਂ ਨੂੰ ਖੂੰਜਿਆਂ-ਖੋਲ਼ਿਆਂ ਵਿੱਚੋਂ ਪੁੱਟ-ਪੁੱਟ ਕੇ ਲਿਆ ਰਹੇ ਹਨ ਅਤੇ ਅਜੋਕੇ ਦੌਰ ਵਿੱਚ ਮੁੜ ਸਥਾਪਿਤ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਬਹੁਤ ਚਾਲਾਕ ਅਤੇ ਜ਼ਹੀਨ ਲੋਕ ਹਨ। ਉਹ ਸਾਡੇ ਵਿੱਚ ਕਿਸੇ ਇਨਕਲਾਬ ਦੀ ਜਾਗ ਲਗਾਉਣ ਲਈ ਨਹੀਂ ਆਏ ਜਿਨ੍ਹਾਂ ਨੇ ਭੂਤ-ਕਾਲ ਵਿੱਚ ਜਾ ਕੇ ‘ਸੁਨਹਿਰੀ ਯੁੱਗ ਦੇ ਯੋਗਾ ਜਾਂ ਆਯੁਰਵੇਦ’ ਦੀ ਦਾਅਵੇਦਾਰੀ ਕਰਨੀ ਹੈ; ਇਹ ਬਾਬੇ ਤਾਂ ਹੁਨਰਮੰਦ ਸੌਦਾਗਰ ਹਨ ਜੋ ਮਨੁੱਖ ਨੂੰ ਲੱਗੀਆਂ ਇੱਕ ਸੌ ਅੱਠ ਮਰਜ਼ਾਂ ਦਾ ਇੱਕੋ ਇਲਾਜ ਪੇਸ਼ ਕਰਦੇ ਹਨ—ਅਤੇ, ਇਸੇ ਤਰਕੀਬ ਵਿੱਚ ਆਪਣਾ ਦੌਲਤ ਦਾ ਸਾਮਰਾਜ ਖੜ੍ਹਾ ਕਰਦੇ ਹਨ। ਦਸਤੂਰ ਦੀ ਇੱਕ-ਮਨ ਹੋ ਕੇ ਕੀਤੀ ਸ਼ਰਧਾ ਇਨ੍ਹਾਂ ਦਾ ਟੀਚਾ ਪੂਰਾ ਨਹੀਂ ਕਰਦੀ। ਇਹ ਬਾਬੇ ਇੱਕ ਪਾਸੇ ਆਧੁਨਿਕਤਾ ਨੂੰ ਦਿਲ ਖੋਲ੍ਹ ਕੇ ਥਾਂ ਦਿੰਦੇ ਹਨ ਅਤੇ ਦੂਜੇ ਪਾਸੇ ਆਧੁਨਿਕਤਾ ਦੇ ਅੰਦਰ ਦਸਤੂਰ ਦੇ ਨਾਮ ਉੱਤੇ ਬੇਤੁਕੇ ਖ਼ਿਆਲਾਂ ਦਾ ਸਹਾਰਾ ਲੈਂਦੇ ਹਨ। ਇਸ ਮਾਮਲੇ ਵਿੱਚ ਬਾਕੀ ਵਿਚਾਰ ਬਾਅਦ ਵਿੱਚ ਕਰਦੇ ਹਾਂ।
ਟੈਲੀਵਿਜ਼ਨ ਦੇ ਪੜਚੋਲੀਆਂ ਨੇ ਆਪਣੀ ਸਾਰੀ ਊਰਜਾ ਪਰਾਈਮ ਟਾਈਮ ਦੇ ਨਿਊਜ਼ ਪ੍ਰੋਗਰਾਮ ਦੀਆਂ ਘਾਟਾਂ ਦਰਸਾਉਣ ਉੱਤੇ ਲਗਾ ਦਿੱਤੀ ਹੈ ਜੋ ਸ਼ਾਮ ਨੂੰ ਨਸ਼ਰ ਹੁੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਇੱਕ ਪੱਖ ਵਜੋਂ ਔਰਤਾਂ ਦੀ ‘ਹਿਫ਼ਾਜ਼ਤ’ ਦਾ ਸੁਆਲ ਅਹਿਮ ਰੂਪ ਵਿੱਚ ਸਾਹਮਣੇ ਆਉਂਦਾ ਹੈ ਅਤੇ ਇਹ ਸਰੋਕਾਰ ਰਹਿੰਦਾ ਹੈ ਕਿ ਔਰਤਾਂ ਦੀ ‘ਬੰਦਖ਼ਲਾਸੀ’ ਲਈ ਸਾਡੀਆਂ ਸ਼ਹਿਰੀ ਥਾਂਵਾਂ ਉੱਤੇ ਕੀ ਕੀਤਾ ਜਾ ਸਕਦਾ ਹੈ। ਪੜਚੋਲੀਆਂ ਤੋਂ ਸਵੇਰ ਦੇ ਪਰਾਈਮ ਟਾਈਮ ਵਿੱਚ ਬੈਠੇ ਨਜੂਮੀ-ਐਂਕਰਾਂ ਦਾ ਪ੍ਰਵਾਭਸ਼ਾਲੀ ਹਜੂਮ ਨਜ਼ਰ-ਅੰਦਾਜ਼ ਹੋ ਗਿਆ ਹੈ ਜੋ ਮੌਕੇ ਲਈ ਸਜੇ ਹੋਏ ਲਿਬਾਸਾਂ ਅਤੇ ਮਾਹੌਲ ਵਿੱਚ ਨਮੂਦਾਰ ਹੁੰਦਾ ਹੈ। ਇਹ ਲਾਣਾ ਸਮਾਜ ਦੇ ਵੱਡੇ ਹਿੱਸੇ ਦੀ ਪਸਰੀ ਅਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਇਸੇ ਦਾ ਲਾਹਾ ਲੈਣ ਲਈ ਜੁੜਦਾ ਹੈ। ਔਰਤਾਂ ਖ਼ਸੂਸੀ ਤੌਰ ਉੱਤੇ ਇਨ੍ਹਾਂ ਦੇ ਨਿਸ਼ਾਨੇ ਉੱਤੇ ਹੁੰਦੀਆਂ ਹਨ।
ਇਲਮਿ-ਨਜੂਮ ਦੇ ਦਰੁਸਤ ਜਾਂ ਨਾ ਦਰੁਸਤ ਹੋਣ ਦੀ ਬਹਿਸ ਹੁਣ ਲੰਘੇ ਦੌਰ ਦੀ ਬਾਤ ਹੋ ਚੁੱਕੀ ਹੈ। ਮੈਂ ਇੱਕ ਜਾਂ ਦੋ ਜੀਆਂ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦਾ ਜੋ ਡਾਕਟਰ ਵਾਂਗ ਨਜੂਮੀਆਂ ਤੋਂ ਲਗਾਤਾਰ ਮਸ਼ਵਰਾ ਨਹੀਂ ਲੈਂਦਾ। ਇਸ ਦਾ ਜਕੜ-ਪੰਜਾ ਬਹੁਤ ਮਜ਼ਬੂਤ ਹੈ।
ਹਿੰਦੀ ਵਿੱਚ ਨਸ਼ਰਾਤ ਕਰਨ ਵਾਲਿਆਂ ਦੇ ਮੁਕਾਬਲੇ ਅੰਗਰੇਜ਼ੀ ਵਿੱਚ ਨਸ਼ਰਾਤ ਕਰਨ ਵਾਲੇ ਬਾਬਿਆਂ ਦਾ ‘ਮਿਆਰ’ ਬਹੁਤ ਹੀ ਉੱਚਾ ਹੈ। ਇਨ੍ਹਾਂ ਦਾ ਕੰਮ ਰੋਜ਼ਾਨਾ ਪੱਤਰੀਆਂ ਪੜ੍ਹਨ ਤੋਂ ਅੱਗੇ ਵਧ ਗਿਆ ਹੈ। ਇਹ ਆਪਣੇ ਗਾਹਕਾਂ ਦੀਆਂ ਜੇਬਾਂ ਕੱਟਣ ਲਈ ਇੰਤਜ਼ਾਮਿ-ਜ਼ਿੰਦਗੀ ਦੀਆਂ ਗੋਲੀਆਂ ਦੀਆਂ ਰੇੜ੍ਹੀਆਂ ਕਰਦੇ ਹਨ। ਅੰਗਰੇਜ਼ੀ ਬੋਲਣ ਵਾਲੇ ਬਾਬਿਆਂ ਨਾਲ ਬੜੇ ਸਤਿਕਾਰ ਨਾਲ ਮੁਲਾਕਾਤਾਂ ਕੀਤੀਆਂ ਜਾਂਦੀਆਂ ਹਨ ਅਤੇ ਅੰਗਰੇਜ਼ੀ-ਬੋਲਣ ਵਾਲੇ ਬਾਬੇ ਹਿੰਦੀ-ਬੋਲਣ ਵਾਲੇ ਬਾਬਿਆਂ ਨੂੰ ਹਕਾਰਤ ਨਾਲ ਵੇਖਦੇ ਹਨ। ਜਦੋਂ ਕੋਈ ਗ਼ਰੀਬ ਬੰਦਾ ਰੂਹਾਨੀਅਤ ਲਈ ਕਿਸੇ ਬਾਬੇ ਦਾ ਸਹਾਰਾ ਲੈਂਦਾ ਹੈ ਤਾਂ ਇਹ ਅੰਧ-ਵਿਸ਼ਵਾਸ ਹੁੰਦਾ ਹੈ ਅਤੇ ਜਦੋਂ ਕੋਈ ਅਮੀਰ ਰੂਹਾਨੀਅਤ ਲਈ ਕਿਸੇ ਬਾਬੇ ਦਾ ਸਹਾਰਾ ਲੈਂਦਾ ਹੈ ਤਾਂ ਇਹ ਇੰਤਜ਼ਾਮਿ-ਤਣਾਅ ਦਾ ਰਾਹ ਹੋ ਜਾਂਦਾ ਹੈ।
ਜਦੋਂ ਹਰਿਆਣਾ ਵਿੱਚ ਸਿਰਸਾ ਵਾਲੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਨਸਾਂ ਨੂੰ ਬਲਾਤਕਾਰ ਦੇ ਦੋ ਮਾਮਲਿਆਂ ਵਿੱਚ ਸਜ਼ਾ ਹੋਈ ਤਾਂ ਇਹ ਕਈ ਥਾਂਈਂ ਲਿਖਿਆ ਹੋਇਆ ਸੀ ਕਿ ਬਾਬਿਆਂ ਦੇ ਅਸਰ ਹੇਠ ਸਿਰਫ਼ ਗ਼ਰੀਬ ਤਬਕਾ ਆਉਂਦਾ ਹੈ। ਇਹ ਮੁਕੰਮਲ ਬਕਵਾਸ ਹੈ। ਅਮੀਰ ਅਤੇ ਮੱਧ-ਵਰਗੀ ਤਬਕੇ ਨੇ ਗੁਰਮੀਤ ਵਰਗੇ ਬਾਬਿਆਂ ਦੀਆਂ ਆਪਣੀਆਂ ਵੰਨਗੀਆਂ ਪੇਸ਼ ਕੀਤੀਆਂ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਇਹ ਅੰਗਰੇਜ਼ੀ ਬੋਲਦੇ ਹਨ ਅਤੇ ਇਹ ਘੀਅ-ਕੁਆਰ ਨੂੰ ਐਲੋਵੇਰਾ ਕਹਿ ਕੇ ਵੇਚਣ ਵਾਲੀ ਰੇੜ੍ਹੀ ਕਰਦੇ ਹਨ।
ਇੰਡੀਆ ਵਿੱਚ ਸਾਡੇ ਦੌਰ ਦੇ ਸਿਆਸੀ ਆਗੂ ਅਤੇ ਮੰਤਰੀ ਖ਼ੁਫ਼ੀਆ ਝਾੜ-ਫੂਕ ਕਰਵਾਉਣ ਉੱਤੇ ਲੱਖਾਂ ਰੁਪਏ ਖ਼ਰਚ ਕਰਦੇ ਹਨ। ਆਮਦਨ-ਟੈਕਸ ਖ਼ਾਤਿਆਂ ਜਾਂ ਆਧਾਰ ਨੰਬਰਾਂ ਵਿੱਚ ਦਰਜ ਨਾ ਹੋਣ ਵਾਲੇ ਖ਼ਰਚਿਆਂ ਬਾਬਤ ਕੋਈ ਸੁਆਲ ਨਹੀਂ ਕਰਦਾ। ਸਾਡੀ ਸਿਆਸੀ ਜਮਾਤ ਅੰਧ-ਵਿਸ਼ਵਾਸ ਦੀ ਸਭ ਤੋਂ ਵੱਡੀ ਸਰਪ੍ਰਸਤ ਹੈ। ਕ੍ਰਿਕਟ ਖਿਡਾਰੀਆਂ ਤੋਂ ਲੈ ਕੇ ਸਮਾਜ ਦੇ ਨੁਮਾਇਆ ਲੋਕਾਂ ਤੱਕ, ਸਭ ਅੰਧ-ਵਿਸ਼ਵਾਸ ਦੀ ਸਰਪ੍ਰਸਤੀ ਕਰਦੇ ਹਨ। ਕਿਸੇ ਨੂੰ ਵੀ ਸਿਰਸਾ ਦੇ ਡੇਰੇ ਵਾਲੇ ਰਾਮ ਰਹੀਮ ਸਿੰਘ ਦੇ ਹਮਾਇਤੀਆਂ ਨੂੰ ਜਾਹਿਲਾਂ ਦਾ ਲਸ਼ਕਰ ਨਹੀਂ ਕਹਿਣਾ ਚਾਹੀਦਾ।
ਇਹ ਵੀ ਬਕਵਾਸ ਹੈ ਕਿ ਬਾਬਿਆਂ ਦੀ ਪੈਦਾਇਸ਼ ਅਤੇ ਪਸਾਰੇ ਲਈ ਨਿਊਜ਼ ਚੈਨਲ ਜ਼ਿੰਮੇਵਾਰ ਹਨ। ਇਹ ਕਹਿਣਾ ਜ਼ਿਆਦਾ ਦਰੁਸਤ ਹੋਵੇਗਾ ਕਿ ਬਾਬਿਆਂ ਦੇ ਆਪਣੇ ਚੈਨਲ ਹਨ ਜਿਨ੍ਹਾਂ ਰਾਹੀਂ ਉਹ ਲੋਕਾਂ ਨਾਲ ਰਾਬਤਾ ਕਰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਸੂਚਨਾ ਚੈਨਲ ਹਨ ਜਿਨ੍ਹਾਂ ਰਾਹੀਂ ਨਵੇਂ-ਨਵੇਂ ਬਾਬੇ ਸਾਹਮਣੇ ਆਉਂਦੇ ਰਹਿੰਦੇ ਹਨ। ਬਾਬਿਆਂ ਦੀਆਂ ਆਪਣੀਆਂ ਵੈੱਬਸਾਇਟਾਂ ਅਤੇ ਸੋਸ਼ਲ ਮੀਡੀਆ ਟੀਮਾਂ ਹਨ। ਸਾਰੇ ਬਾਬੇ ਨਜੂਮੀ ਹਨ ਜਾਂ ਸਾਰੇ ਨਜੂਮੀ ਬਾਬੇ ਹਨ ਜਿਸ ਨਾਲ ਉਨ੍ਹਾਂ ਨੂੰ ਹੋਰ ਬਥੇਰੇ ਮੰਚ ਮਿਲਦੇ ਰਹਿੰਦੇ ਹਨ। ਹਿੰਦੀ ਚੈਨਲਾਂ ਉੱਤੇ ਇਲਮਿ-ਨਜੂਮੀ ਦੇ ਪ੍ਰੋਗਰਾਮਾਂ ਦਾ ਜਬਰਦਸਤ ਮੁਕਾਬਲਾ ਹੈ। ਹਰ ਪ੍ਰੋਗਰਾਮ ਆਪਣੇ-ਆਪ ਵਿੱਚ ਬਰਾਂਡ ਹੋਣ ਦਾ ਰੁਤਬਾ ਰੱਖਦਾ ਹੈ।
ਵਾਪਸ ਯੂਟਿਊਬ ਵਾਲੇ ਵੀਡੀਓ ਅਤੇ ਮਾਹਵਾਰੀ ਬਾਬਤ ਔਰਤਾਂ ਨੂੰ ਮਸ਼ਵਰੇ ਤਕਸੀਮ ਕਰਨ ਵਾਲੇ ਬਾਬੇ ਉੱਤੇ ਆਉਂਦੇ ਹਾਂ। ਬਾਬੇ ਦੀ ਮਹਿਮਾਨਨਵਾਜ਼ੀ ਵਾਲੇ ਉਸ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਕੜੀਆਂ ਦੇ ਪਰਦੇ ਉੱਤੇ ਹੇਠਾਂ ਇਹ ਫ਼ਿਕਰੇ ਦੀ ਫਿਰਕੀ ਘੁੰਮਦੀ ਰਹਿੰਦੀ ਸੀ: “ਸੱਤ ਜਨਮਾਂ ਤੱਕ ਚੱਲਣ ਵਾਲੀ ਦੌਲਤ ਹਾਸਲ ਕਰਨ ਦੀ ਚਾਬੀ ਹਾਸਲ ਕਰੋ। ” ਇੰਡੀਆ ਦੇ ਕਰੋੜਾਂ ਲੋਕ ਤਾਉਮਰ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਗ਼ਰੀਬੀ ਰੇਖਾ ਤੋਂ ਉਪਰਲੇ ਪਾਸੇ ਵਾਲੇ ਵੀ ਤਾਉਮਰ ਅੱਡੀਆਂ ਘਸਾਉਂਦੇ ਹਨ। ਇਸ ਸਾਰੇ ਤਬਕੇ ਨੂੰ ਸੱਤ ਜਨਮਾਂ ਤੱਕ ਚੱਲਣ ਵਾਲੀ ਦੌਲਤ ਦੀਆਂ ਚਾਬੀਆਂ ਦੇਣ ਲਈ ਤਾਰਾ-ਵਿਗਿਆਨ ਦਰਕਾਰ ਨਹੀਂ—ਇਸ ਨੂੰ ਦੇਖਣ ਦੀ ਲਾਲਸਾ ਕਿਸ ਵਿੱਚ ਨਹੀਂ ਹੋਵੇਗੀ?
ਬਾਬੇ ਨੇ ਆਪਣੇ ਪ੍ਰੋਗਰਾਮ ਵਿੱਚ ਦਾਅਵਾ ਕੀਤਾ ਸੀ ਕਿ ਜੇ ਕੋਈ ਮਹਾਂਲਕਸ਼ਮੀ ਦੇ ਲਗਾਤਾਰ ਸੋਲਾਂ ਸਾਲ ਸੋਲਾਂ ਵਰਤ ਰੱਖੇਗਾ ਤਾਂ ਉਸ ਲਈ ਬੇਸ਼ੁਮਾਰ ਦੌਲਤ ਦੇ ਖ਼ਜ਼ਾਨੇ ਖੁੱਲ੍ਹ ਜਾਣਗੇ। ਉਸ ਦਾ ਕਹਿਣਾ ਸੀ ਕਿ ਮੁਸ਼ਕਲ ਹਾਲਾਤ ਵਿੱਚ ਉਸ ਨੇ ਵੀ ਇਹੋ ਵਰਤ ਰੱਖੇ ਸਨ। ਮੈਨੂੰ ਇਹ ਸਮਝ ਨਹੀਂ ਆਈ ਕਿ ਉਸ ਕੋਲ ਟੈਲੀਵਿਜ਼ਨ ਉੱਤੇ ਆਉਣ ਨਾਲ ਬੇਸ਼ੁਮਾਰ ਦੌਲਤ ਆਈ ਹੈ ਜਾਂ ਉਸ ਦੇ ਵਰਤ ਰੱਖਣ ਕਾਰਨ ਆਈ ਹੈ। ਇਸ ਤੋਂ ਬਾਅਦ ਉਸ ਨੇ ਅਮੀਰ ਲੋਕਾਂ ਦਾ ਬਿਆਨੀਆ ਦਿੱਤਾ ਕਿ ਉਹ ਕਿਸ-ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਅਤੇ ਫਿਰ ਵੀ ਖ਼ੁਸ਼ਹਾਲ ਹਨ। ਇਸ ਤੋਂ ਬਾਅਦ ਉਸ ਨੇ ਚਲਾਕ ਫ਼ਿਕਰਿਆਂ ਨਾਲ ਅਮੀਰਾਂ ਨੂੰ ਭ੍ਰਿਸ਼ਟ ਕਹਿਣ ਤੋਂ ਗੁਰੇਜ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਜਨਮ ਵਿੱਚ ਮਹਾਂਲਕਸ਼ਮੀ ਦੇ ਵਰਤ ਰੱਖੇ ਹੋਣਗੇ ਜਿਸ ਕਾਰਨ ਉਹ ਆਪਣੀ ਮੌਜੂਦਾ ਜ਼ਿੰਦਗੀ ਵਿੱਚ ਖ਼ੁਸ਼ਹਾਲ ਹਨ। ਬਾਬਾ ਸਾਫ਼ ਤੌਰ ਉੱਤੇ ਜਾਣਦਾ ਸੀ ਕਿ ਲੋਕ ਇਸ ਮੁਲਕ ਵਿੱਚ ਅਮੀਰ ਅਤੇ ਖ਼ੁਸ਼ਹਾਲ ਕਿਵੇਂ ਬਣਦੇ ਹਨ। ਆਖ਼ਰ ਸਭ ਦੀ ਅੱਖ ਉਨ੍ਹਾਂ ਲਾਹਿਆਂ ਉੱਤੇ ਹੈ ਜੋ ਅਮੀਰ ਲੋਕਾਂ ਤੋਂ ਖੱਟੇ ਜਾ ਸਕਦੇ ਹਨ।
ਮੈਨੂੰ ਇਹ ਪਸੰਦ ਆਇਆ ਕਿ ਬਾਬਾ ਆਪਣੀਆਂ ਪੇਸ਼ਬੀਨੀਆਂ ਦੇ ਐਲਾਨ ਤੋਂ ਪਹਿਲਾਂ ਮਰਦਾਂ ਅਤੇ ਔਰਤਾਂ ਲਈ ਇੱਕ ਦੂਜੇ ਨੂੰ ਇਤਰ-ਲਿੰਗੀ ‘ਇਜ਼ਹਾਰ ਕਰਨ ਦੇ ਢੁਕਵੇਂ ਸਮੇਂ ਦਾ ਜ਼ਿਕਰ ਕਰਦਾ ਸੀ। ਉਹ ਲੋਕਾਂ ਉੱਤੇ ਦਸਤੂਰ ਅਤੇ ਸੱਭਿਆਚਾਰ ਦੀ ਮਜ਼ਬੂਤ ਜਕੜ ਨੂੰ ਸਮਝਦਾ ਹੈ। ਉਹ ਜਾਣਦਾ ਹੈ ਕਿ ਲੋਕਾਂ ਨੂੰ ਪਿਆਰ ਕਰਨ ਦੀ ਰਿਆਇਤ ਮਿਲਣੀ ਚਾਹੀਦੀ ਹੈ ਅਤੇ ਇਸ ਮਕਸਦ ਲਈ ਉਸੇ ਦਸਤੂਰ ਦਾ ਸਹਾਰਾ ਲੈ ਕੇ ‘ਇਜ਼ਹਾਰ’ ਕਰਨ ਦੇ ਸਭ ਤੋਂ ਬਿਹਤਰ ਸਮੇਂ ਦਾ ਐਲਾਨ ਕਰਦਾ ਹੈ। ਕਈ ਸਾਰੇ ਵੀਡੀਓਜ਼ ਵਿੱਚ ਸਹੀ ਸਮਾਂ ਸਵੇਰੇ ਪੰਜ ਵਜੇ ਹੈ। ਜੇ ਕਿਸੇ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਤਾਂ ਉਸ ਨੂੰ ਸੌਣ ਤੋਂ ਪਹਿਲਾਂ ਅਲਾਰਮ ਲਗਾਉਣਾ ਪਵੇਗਾ।
ਬਾਬੇ ਨੇ ਨਵਾਂ ਲਫ਼ਜ਼ ਵੀ ਘੜ ਲਿਆ: ‘ਲਵਮੇਟ’ (ਪਿਆਰ-ਮੇਲੀ)। ਇਹ ਲਫ਼ਜ਼ ਬਹੁਤ ਵੱਖਰਾ ਹੈ ਅਤੇ ਕਦੀਮੀ-ਸੁਰ ਵਾਲੇ ‘ਰੋਮੀਓ’ ਅਤੇ ‘ਲਵ-ਜਿਹਾਦ’ ਵਰਗੇ ਅਲਫ਼ਾਜ਼ ਦੇ ਮੁਕਾਬਲੇ ਅਜੋਕਾ ਹੈ । ਬਾਬਾ ਆਮ ਤੌਰ ਉੱਤੇ ਇਸ ਲਫ਼ਜ਼ ਦਾ ਇਸਤੇਮਾਲ ਇੱਕ ਵਚਨ ਵਿੱਚ ਕਰਦਾ ਹੈ। ਇਸ ਲਫ਼ਜ਼ ਦੇ ਇਸਤੇਮਾਲ ਤੋਂ ਜਾਪਦਾ ਹੈ ਕਿ ਬਾਬਾ ਦੋ ਜੀਆਂ ਦੀ ਗੱਲ ਕਰ ਰਿਹਾ ਹੈ ਪਰ ਦਰਅਸਲ ਉਹ ਰਾਸ਼ੀ ਮੁਤਾਬਕ ਇੱਕ-ਇੱਕ ਜੀਅ ਬਾਬਤ ਗੱਲ ਕਰ ਰਿਹਾ ਸੀ। ਬਾਬੇ ਨੇ ਕੋਈ ਸਿਫ਼ਾਰਿਸ਼ ਨਹੀਂ ਕੀਤੀ ਕਿ ਸਿੰਘ ਰਾਸ਼ੀ ਵਾਲੇ ਨੂੰ ਧਨੁ ਰਾਸ਼ੀ ਵਾਲੇ ਨਾਲ ਮੁਹੱਬਤ ਕਰਨ ਲਈ ਮੁਲਾਕਾਤ ਵਾਸਤੇ ਕਿੱਥੇ ਜਾਣਾ ਚਾਹੀਦਾ ਹੈ। ਉਸ ਨੇ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਪਿਆਰ-ਮੇਲੀਆਂ ਨੂੰ ਕਿਹੜੇ ਵੇਲੇ ਮੰਦਿਰ ਜਾਣਾ ਚਾਹੀਦਾ ਹੈ ਅਤੇ ਕਦੋਂ ਬ੍ਰਾਹਮਣਾਂ ਅਤੇ ਪੁਜਾਰੀਆਂ ਦੀ ਮਹਿਮਾਨਨਵਾਜ਼ੀ ਕਰਨੀ ਚਾਹੀਦੀ ਹੈ ਅਤੇ ਕਿਸ ਵੇਲੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸਾਡੇ ਸਮਾਜ ਵਿੱਚ ਆਪਣੇ ਪ੍ਰੇਮੀ/ਪ੍ਰੇਮਿਕਾ ਦੀ ਆਪ ਚੋਣ ਕਰਨ ਵਾਲਿਆਂ/ ਵਾਲੀਆਂ ਨੂੰ ਗ਼ਾਲਿਬ ਸੱਭਿਆਚਾਰ ਦੇ ਬਰਖ਼ਿਲਾਫ਼ ਸਮਝਿਆ ਜਾਂਦਾ ਹੈ, ਉਨ੍ਹਾਂ ਨੇ ਜੋੜੇ ਵਜੋਂ ਆਪਣੇ ਮਾਪਿਆਂ ਦੀਆਂ ਰੀਝਾਂ ਦਾ ਖ਼ਿਆਲ ਨਹੀਂ ਕੀਤਾ। ਬਾਬੇ ਨੇ ਇਨ੍ਹਾਂ ਜੋੜਿਆਂ ਦੀ ਪਿਆਰ-ਮੇਲੀਆਂ ਵਜੋਂ ਪੁਰਾਣੀ ਘੇਰਾ-ਬੰਦੀ ਵਿੱਚ ਬਗ਼ਲ ਲਿਆ। ਉਸ ਨੇ ਨਾ ਸਿਰਫ਼ ਉਨ੍ਹਾਂ ਲਈ ਪਿਆਰ ਦੇ ਮੁਕੱਦਸ ਸਮੇਂ ਦੀ ਸਿਫ਼ਾਰਿਸ਼ ਕਰ ਦਿੱਤੀ ਸਗੋਂ ਉਨ੍ਹਾਂ ਨੂੰ ਮਾਪਿਆਂ ਦੀ ਸੇਵਾ ਦੀ ਹਦਾਇਤ ਵੀ ਜਾਰੀ ਕਰ ਦਿੱਤੀ। ਦਸਤੂਰ ਅਤੇ ਅਜੋਕੇ ਖ਼ਿਆਲ ਨੂੰ ਸੁਥਰੇ ਜੋੜ ਨਾਲ ਬੰਨ੍ਹ ਦਿੱਤਾ ਹੈ।
ਮੈਨੂੰ ਇਹ ਲਫ਼ਜ਼, ‘ਲਵਮੇਟ’ (ਪਿਆਰ-ਮੇਲੀ) ਪਸੰਦ ਹੈ। ਹੁਣ ਘੱਟੋ-ਘੱਟ ਔਰਤਾਂ ਅਤੇ ਮਰਦਾਂ ਨੂੰ ਸ਼ਰਿ-ਬਾਜ਼ਾਰ ਮਿਲਣ ਤੋਂ ਰੋਕਣ ਵਾਲੇ ਐਂਟੀ ਰੋਮੀਓ ਸਕੂਐਡ ਦੀ ਘੇਰਾ-ਬੰਦੀ ਵਿੱਚ ਆਏ ਬਗ਼ਲਗੀਰ ਜੋੜੇ ਕਹਿ ਸਕਦੇ ਹਨ: “ਅਸੀਂ ਪਿਆਰ-ਮੇਲੀ ਹਾਂ। ਟੈਲੀਵਿਜ਼ਨ ਉੱਤੇ ਬਾਬੇ ਦੀ ਦਿੱਤੀ ਹਦਾਇਤ ਮੁਤਾਬਕ ਅਸੀਂ ਇੱਥੇ ਬਜ਼ੁਰਗਾਂ ਦੀ ਸੇਵਾ ਕਰਨ ਆਏ ਹਾਂ। ਆਪਣੀਆਂ ਡਾਗਾਂ ਰੱਖ ਕੇ ਇਹ ਪ੍ਰਸਾਦ ਲਵੋ ਅਤੇ ਦਫ਼ਾ ਹੋ ਜਾਓ।” ਜੇ ਪਿਆਰ-ਬੇਲੀਆਂ ਦਾ ਕੰਮ ਬਜ਼ੁਰਗਾਂ ਦੀ ਸੇਵਾ ਕਰਨਾ ਹੀ ਹੈ ਤਾਂ ਸਿਰਫ਼ ਪ੍ਰਮਾਤਮਾ ਹੀ ਜਾਣਦਾ ਹੈ ਕਿ ਉਹ ਕਿਸ ਵੇਲੇ ‘ਪਿਆਰ’ ਜਾਂ ‘ਮੇਲ’ ਕਰਨਗੇ।
ਇੱਕ ਪ੍ਰੋਗਰਾਮ ਵਿੱਚ ਬਾਬੇ ਨੇ ਕਿਹਾ ਕਿ ਮੀਨ ਰਾਸ਼ੀ ਦੇ ਪਿਆਰ-ਮੇਲੀਆਂ ਨੂੰ ਉਸ ਦਿਨ ਮਜ਼ਹਬੀ ਅਹਿਮੀਅਤ ਵਾਲੇ ਅਸਥਾਨ ਦੀ ਯਾਤਰਾ ਕਰਨੀ ਚਾਹੀਦੀ ਹੈ। ਮੈਂ ਚਾਹੁੰਦਾ ਸਾਂ ਕਿ ਮੈਂ ਬਾਬੇ ਦੇ ਪੇਸ਼ ਕੀਤੇ ਹੋਏ ਹੋਰ ਪ੍ਰੋਗਰਾਮ ਦੇਖ ਕੇ ਇਹ ਪਤਾ ਕਰਾਂ ਕਿ ਪਿਆਰ-ਮੇਲੀਆਂ ਨੂੰ ਕਦੇ ਉਸ ਨੇ ਸਿਨੇਮਾ ਜਾਂ ਰੈਸਟੋਰੈਂਟ, ਜਾਂ ਕਿਸੇ ਨਹਿਰੂ, ਲੋਹੀਆ ਜਾਂ ਦੀਨਦਿਆਲ ਵਰਗੀਆਂ ਤਫ਼ਰੀਹਗਾਹਾਂ ਵਿੱਚ ਜਾਣ ਦੀ ਵੀ ਸਲਾਹ ਦਿੱਤੀ ਹੈ। ਉਸ ਨੇ ਇੱਕ ਪ੍ਰੋਗਰਾਮ ਵਿੱਚ ਧਨੁ ਰਾਸ਼ੀ ਦੇ ਪਿਆਰ-ਮੇਲੀਆਂ ਨੂੰ ਸਲਾਹ ਦਿੱਤੀ ਕਿ ਉਹ ਉਨ੍ਹਾਂ ਨੂੰ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਸ਼ਿਵ ਨੂੰ ਧਤੂਰਾ ਚੜ੍ਹਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਮਹਿਫ਼ੂਜ਼ ਹੋ ਜਾਵੇਗਾ। ਮੈਨੂੰ ਪੂਰਾ ਯਕੀਨ ਹੈ ਕਿ ਬਾਬਾ ਪਿਆਰ-ਮੇਲੀਆਂ ਨੂੰ ਇਹ ਵੀ ਦਸਦਾ ਹੋਵੇਗਾ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਸ ਤਰ੍ਹਾਂ ਸਿਰ ਧੋਣਾ ਚਾਹੀਦਾ ਹੈ। ਇੱਕ ਪ੍ਰੋਗਰਾਮ ਵਿੱਚ ਬਾਬੇ ਨੇ ਸਿੰਘ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਸੰਗੀ ਨਾਲ ਰਾਤ ਦੇ ਰੂਮਾਨਵੀ ਖਾਣੇ ਲਈ ਜਾਣਾ ਚਾਹੀਦਾ ਹੈ। ਮੈਂ ਖ਼ੁਸ਼ੀ ਵਿੱਚ ਕੁੱਦ ਪਿਆ। ਮੈਂ ਆਪਣੇ-ਆਪ ਨੂੰ ਕਿਹਾ, ਦੇਖਿਆ, ਇਹ ਟੈਲੀਵਿਜ਼ਨ ਉੱਤੇ ਆਉਣ ਵਾਲੇ ਬਾਬੇ ਆਧੁਨਿਕਤਾ ਦੇ ਖ਼ਿਲਾਫ਼ ਨਹੀਂ ਹੋ ਸਕਦੇ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਗਾਹਕਾਂ ਨੇ ਤਾਂ ਦਰਅਸਲ ਰਾਤ ਦੇ ਰੂਮਾਨਵੀ ਖਾਣੇ ਉੱਤੇ ਜਾਣਾ ਹੈ—ਭਾਵੇਂ ਰਾਤ ਦੇ ਰੂਮਾਨਵੀ ਖਾਣੇ ਇੰਡੀਆ ਦੇ ਮੁਆਸ਼ਰੇ ਦਾ ਅਮੂਮਨ ਹਿੱਸਾ ਨਹੀਂ ਹਨ। ਮੈਂ ਸੋਚਿਆ ਕਿ ਇਹ ਉਸ ਦਾ ਦਸਤੂਰ ਅਤੇ ਅਜੋਕੇ ਨੂੰ ਇੱਕ-ਦੂਜੇ ਦੇ ਲੜ ਬੰਨ੍ਹਣ ਦਾ ਇੱਕ ਹੋਰ ਬੇਹਤਰੀਨ ਤਰੀਕਾ ਸੀ। ਇਹ ਚਾਰੇ ਉਂਗਲਾਂ ਘਿਓ ਅਤੇ ਸਿਰ ਕੜਾਹੀ ਵਿੱਚ ਰੱਖਣ ਦਾ ਤਰੀਕਾ ਸੀ।
ਬਾਬੇ ਨੇ ਸਿੰਘ ਰਾਸ਼ੀ ਦੇ ਲੋਕਾਂ ਨੂੰ ਮਰਜ਼ਾਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਵਿਟਾਮਿਨ ਖਾਣ ਦੀ ਸਿਫ਼ਾਰਿਸ਼ ਕੀਤੀ ਸੀ। ਮੈਂ ਬਜਰੰਗ ਵਲੀ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਇਹ ਫ਼ਿਕਰਾ ਮੈਂ ਆਪਣੇ ਕੰਨੀਂ ਸੁਣਿਆ ਹੈ ਅਤੇ ਆਪਣੀਆਂ ਉਂਗਲੀਆਂ ਨਾਲ ਟਾਇਪ ਕੀਤਾ ਹੈ। ਮੈਨੂੰ ਨਹੀਂ ਪਤਾ ਸੀ ਕਿ ਸਾਡੇ ਮਹਾਨ ਗ੍ਰੰਥਾਂ ਵਿੱਚ ਸ਼ੁਮਾਰ ਇਲਮਿ- ਨਜੂਮੀ ਦੀਆਂ ਪੋਥੀਆਂ ਵਿੱਚ ਦਸਅਸਲ ਐਂਟੀ ਬਾਇਓਟਿਕ ਅਤੇ ਵਿਟਾਮਿਨ ਖਾਣ ਦੀ ਸਿਫ਼ਾਰਿਸ਼ ਕੀਤੀ ਗਈ ਹੈ! ਆਪਣੇ ਮੈਡੀਕਲ ਕਾਲਜ ਬੰਦ ਕਰ ਦਿਓ ! ਆਪਣੇ ਹਰ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਉਹ ਸੀਜ਼ੇਰੀਅਨ ਸੈਕਸ਼ਨ ਕਰਨ ਦਾ ਸ਼ੁੱਭ ਸਮਾਂ ਦੱਸਦਾ ਸੀ-ਸ਼ਾਇਦ ਸੀਜ਼ੇਰੀਅਨ ਸੈਕਸ਼ਨ ਲਈ ਸ਼ੁੱਭ ਸਮੇਂ ਦਾ ਵੱਡਾ ਬਾਜ਼ਾਰ ਹੈ। ਆਖ਼ਰ ਹਰ ਕੋਈ ਆਪਣੇ ਘਰ ਵਿੱਚ ਅਜਿਹਾ ਬੱਚਾ ਚਾਹੁੰਦਾ ਜਾਂ ਚਾਹੁੰਦੀ ਹੈ ਜੋ ਵੱਡਾ ਹੋ ਕੇ ਮਸ਼ਹੂਰ ਹੋ ਜਾਵੇ ਤਾਂ ਜੋ ਜਦੋਂ ਉਨ੍ਹਾਂ ਦਾ ਸੈਲਫ਼ੀ ਲੈਣ ਦਾ ਮਨ ਹੋਵੇ ਤਾਂ ਘਰ ਵਿੱਚ ਹੀ ਨਾਮਵਰ ਸ਼ਖ਼ਸੀਅਤ ਹਾਜ਼ਰ ਹੋਵੇ—ਇਸ ਕੰਮ ਲਈ ਕੋਈ ਹਰ ਵਾਰ ਹਵਾਈ ਅੱਡਿਆਂ ਉੱਤੇ ਅਤੇ ਹੋਟਲਾਂ ਵਿੱਚ ਕਿਉਂ ਘੁੰਮਦਾ ਫਿਰੇ? ਆਪਣੇ ਇੱਕ ਪ੍ਰੋਗਰਾਮ ਵਿੱਚ ਬਾਬੇ ਨੇ ਕੁੰਭ ਰਾਸ਼ੀ ਵਾਲੇ ਡਾਕਟਰਾਂ ਨੂੰ ਉਸ ਦਿਨ ਆਪਣੇ ਮਰੀਜ਼ਾਂ ਦਾ ਇਲਾਜ ਮੁਫ਼ਤ ਕਰਨ ਦੀ ਸਲਾਹ ਦਿੱਤੀ; ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਪੇਸ਼ੇਵਰ ਕਾਮਯਾਬੀ ਮਿਲਣੀ ਸੀ।
ਬਾਬਾ ਆਪਣੀਆਂ ਪੇਸ਼ੀਨਗੋਈਆਂ ਵਿੱਚ ਦਫ਼ਤਰਾਂ ਦੀ ਸਿਆਸਤ ਅਤੇ ਤਰੱਕੀਆਂ ਵਰਗੀਆਂ ਚੀਜ਼ਾਂ ਉੱਤੇ ਵੀ ਬਹੁਤ ਜ਼ੋਰ ਦਿੰਦਾ ਹੈ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਇੰਡੀਆ ਦਾ ਆਮ ਬੰਦਾ ਆਪਣੇ ਦਫ਼ਤਰ ਅਤੇ ਕੰਮ ਦੀ ਥਾਂ ਨੂੰ ਕਿੰਨੇ ਤੰਗਨਜ਼ਰ ਅਤੇ ਬੇਕਾਰ ਜ਼ਾਵੀਏ ਤੋਂ ਵੇਖਦਾ ਹੈ। ਜਾਪਦਾ ਹੈ ਕਿ ਤਰੱਕੀਆਂ, ਨਿੱਜੀ ਮਾਣ ਅਤੇ ਹਊਮੈਂ ਦੇ ਹੀ ਖ਼ਾਨਿਆਂ ਵਿੱਚ ਸਭ ਕੁਝ ਪੈ ਜਾਂਦਾ ਹੈ। ਇਸ ਤੋਂ ਬਾਅਦ ਉਸ ਨੇ ਇੱਕ ਪ੍ਰੋਗਰਾਮ ਵਿੱਚ ‘ਸ਼ਿਫ਼ਟ ਬਦਲੀ’ ਦਾ ਨਵਾਂ ਖ਼ਾਨਾ ਬਣਾ ਦਿੱਤਾ । ਉਸ ਨੇ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਸ਼ਿਫ਼ਟ ਦਾ ਸਮਾਂ ਬਦਲਣ ਨਾਲ ਉਨ੍ਹਾਂ ਨੂੰ ਕੁਝ ਦਿੱਕਤ ਹੋ ਸਕਦੀ ਹੈ। ਉਂਝ ਇੰਡੀਆ ਦੇ ਲੱਖਾਂ ਮੁਲਾਜ਼ਮਾਂ ਦੀ ਸ਼ਿਫ਼ਟ ਦਾ ਸਮਾਂ ਬਦਲਦਾ ਰਹਿੰਦਾ ਹੈ । ਲੋਕਾਂ ਨੇ ਇਲਮਿ-ਨਜੂਮੀ ਨੂੰ ਵੀ ਇਸ ਮਾਮਲੇ ਵਿੱਚ ਲਿਆਂਦਾ ਹੈ। ਉਹ ਕਿਸੇ ਦਿਨ ਇਹ ਵੀ ਕਹਿ ਸਕਦਾ ਹੈ ਕਿ ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੇ ਕਾਰੋਬਾਰ ਦੇ ਮਨਸੂਬੇ ਨੂੰ ਭੇਦ ਵਿੱਚ ਰੱਖਣਾ ਚਾਹੀਦਾ ਹੈ। ਉਸੇ ਦਿਨ ਉਹ ਇਹ ਵੀ ਕਹਿ ਸਕਦਾ ਹੈ ਕਿ ਧਨੁ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿੱਚ ਹਿੱਸੇਦਾਰੀ ਕਰਨੀ ਲਾਹੇਬੰਦ ਹੋਵੇਗੀ। ਮੈਨੂੰ ਇਹ ਸਮਝ ਨਹੀਂ ਆਈ ਕਿ ਜੇ ਉਸੇ ਦਿਨ ਧਨੁ ਰਾਸ਼ੀ ਵਾਲਿਆਂ ਨੇ ਮਿਥੁਨ ਰਾਸ਼ੀ ਵਾਲਿਆਂ ਨਾਲ ਕਾਰੋਬਾਰ ਹਿੱਸੇਦਾਰੀ ਦਾ ਫ਼ੈਸਲਾ ਕਰ ਲਿਆ ਤਾਂ ਕੀ ਹੋਵੇਗਾ ਕਿਉਂਕਿ ਬਾਬੇ ਨੇ ਤਾਂ ਮਿਥੁਨ ਵਾਲਿਆਂ ਨੂੰ ਆਪਣੇ ਕਾਰੋਬਾਰ ਦੇ ਮਨਸੂਬੇ ਦਾ ਭੇਦ ਰੱਖਣ ਦਾ ਨੁਸਖ਼ਾ ਸੁਝਾਇਆ ਹੈ।
ਇੱਕ ਦਿਨ ਬਾਬੇ ਨੇ ਮੈਨੂੰ ਉਲਝਣ ਵਿੱਚ ਪਾ ਦਿੱਤਾ । ਉਸ ਨੇ ਐਲਾਨ ਕਰ ਦਿੱਤਾ ਕਿ 27 ਅਗਸਤ ਨੂੰ ਸਵੇਰੇ 2:18 ਤੋਂ 12 ਮਿੰਟ ਪਹਿਲਾਂ ਅਤੇ 12 ਮਿੰਟ ਬਾਅਦ ਵਿੱਚ ਕੋਈ ਸ਼ੁੱਭ ਕੰਮ ਨਹੀਂ ਕਰਨਾ ਚਾਹੀਦਾ। ਉਸ ਨੇ ਚੌਕਸ ਕਰ ਦਿੱਤਾ ਕਿ ਇਹ ਅਸ਼ੁੱਭ ਸਮਾਂ ਹੈ। ਮੈਂ ਬਹੁਤ ਦਿਨਾਂ ਤੱਕ ਇਹ ਸੋਚਦਾ ਰਿਹਾ ਹੈ ਕਿ ਉਸ ਪਹਿਰ ਦੇ ਤੜਕੇ ਕਿਸੇ ਨੇ ਕਿਹੜਾ ਸ਼ੁੱਭ ਕੰਮ ਕਰਨਾ ਹੋਵੇਗਾ। ਕੀ ਬਾਬਾ ਸੇਜ -ਸੰਗੀ ਬਾਬਤ ਇਸ਼ਾਰਾ ਕਰ ਰਿਹਾ ਸੀ? ਨਹੀਂ, ਨਹੀਂ, ਇਹ ਨਹੀਂ ਹੋ ਸਕਦਾ। ਜਦੋਂ ਕਿਸੇ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਨਹੀਂ ਕਿਹਾ ਤਾਂ ਇਹ ਕਿਉਂ ਸੋਚਣਾ ਚਾਹੀਦਾ ਹੈ? ਮੇਰੇ ਸਾਹਮਣੇ ਇੱਕੋ ਸੁਆਲ ਸੀ ਕਿ ਪਹਿਰ ਦੇ ਤੜਕੇ 2:18 ਮਿੰਟ ਉੱਤੇ ਕੋਈ ਕਿਹੜਾ ਸ਼ੁੱਭ ਕੰਮ ਕਰੇਗਾ—ਜਦੋਂ ਬਾਬੇ ਨੇ ਅੱਜ ਕਿਹਾ ਕਿ ਤੁਹਾਨੂੰ ਜਨੂਬੀ-ਮਸ਼ਰਿਕੀ ਰੁਖ਼ ਨੂੰ ਮੂੰਹ ਕਰ ਕੇ ਆਪਣੇ ਮਨ ਵਿੱਚ ਸ਼ੱਕ-ਸ਼ੁਬਾਹ ਮਿਟਾਉਣ ਦੀ ਸਹੁੰ ਖਾਣੀ ਚਾਹੀਦੀ ਹੈ। ਇਹ ਫ਼ੈਸਲਾ ਕਰ ਲਵੋ ਕਿ ਤੁਸੀਂ ਕੋਈ ਸ਼ੱਕ- ਸ਼ੁਬਾਹ ਨਹੀਂ ਰੱਖੋਗੇ। ਜਦੋਂ ਇਹ ਮੈਂ ਇਹ ਸਹੁੰ ਖਾਧੀ ਤਾਂ ਮੈਂ ਇਸ ਸੁਆਲ ਤੋਂ ਮੁਕਤ ਹੋ ਗਿਆ ਕਿ 27 ਅਗਸਤ ਨੂੰ ਸਵੇਰੇ 2:18 ਤੋਂ 12 ਮਿੰਟ ਪਹਿਲਾਂ ਅਤੇ 12 ਮਿੰਟ ਬਾਅਦ ਵਿੱਚ ਕਿਹੜਾ ਸ਼ੁੱਭ ਕੰਮ ਨਹੀਂ ਕਰਨਾ ਚਾਹੀਦਾ।
ਮੈਨੂੰ ਉਸ ਦੀ ਸਵੇਰ ਦੀ ਰੋਜ਼ਾਨਾ ਪੇਸ਼ੀਨਗੋਈ ਵਿੱਚ ਇੱਕ ਪੱਖ ਸਭ ਤੋਂ ਅਹਿਮ ਲੱਗਦਾ ਹੈ—
‘ਯਾਈ ਜ਼ਾਯਦ ਯੋਗ’। ਅਸੀਂ ਸਭ ਜਾਣਦੇ ਹਾਂ ਕਿ ਇੰਡੀਆ ਵਿੱਚ ਕਾਨੂੰਨੀ ਮਾਮਲੇ ਬਹੁਤ ਲੰਮੇ ਲਟਕ ਜਾਂਦੇ ਹਨ। ਸਭ ਦੀ ਕਿਸਮਤ ਗੁਰਮੀਤ ਸਿੰਘ ਵਰਗੀ ਨਹੀਂ ਹੁੰਦੀ ਜਿਨ੍ਹਾਂ ਨੂੰ ਪੰਦਰ੍ਹਾਂ ਸਾਲਾਂ ਦੇ ਵਕਫ਼ੇ ਤੋਂ ਬਾਅਦ ਅਦਾਲਤੀ ਫ਼ੈਸਲਾ ਨਸੀਬ ਹੁੰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਤਾਉਮਰ ਅਦਾਲਤਾਂ ਦੇ ਫ਼ੈਸਲੇ ਨਸੀਬ ਨਹੀਂ ਹੁੰਦੇ ਅਤੇ ਉਹ ਇਨਸਾਫ਼ ਹਾਸਿਲ ਕਰਨ ਦੀ ਮਸ਼ਕ ਦੌਰਾਨ ਹੁੰਦੀਆਂ ਬੇਇਨਸਾਫ਼ੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇੰਡੀਆ ਵਿੱਚ ਅਦਾਲਤਾਂ ਵਿੱਚ ਮਾਮਲੇ ਦਰਜ ਕਰਵਾਉਣ ਅਤੇ ਕਾਨੂੰਨੀ ਲੜਾਈਆਂ ਲੜਣ ਤੋਂ ਵੱਡੀ ਨਾਇਨਸਾਫ਼ੀ ਕੋਈ ਨਹੀਂ ਹੈ। ਇਹ ਬਾਬਾ ਹੈ ਕਿ ‘ਯਾਈ ਜ਼ਾਯਦ ਯੋਗ’ ਦੀ ਪਨਾਹ ਵਿੱਚ ਅਰਜ਼ੀਆਂ ਦੇਣ ਦੇ ਸ਼ੁੱਭ ਸਮੇਂ ਬਾਬਤ ਹਦਾਇਤਾਂ ਜਾਰੀ ਕਰਦਾ ਹੈ ਅਤੇ ਇਹ ਦੱਸਦਾ ਹੈ ਕਿ ਕਦੋਂ ਵਕੀਲ ਨੂੰ ਮਿਲਣਾ ਚਾਹੀਦਾ ਹੈ ਅਤੇ ਕਦੋਂ ਅਦਾਲਤ ਵਿੱਚ ਆਪਣਾ ਪੱਖ ਰੱਖਣਾ ਚਾਹੀਦਾ ਹੈ। ਅਦਾਲਤਾਂ ਦੇ ਚੱਕਰ ਲਗਾਉਣ ਵਾਲਾ ਸ਼ਾਇਦ ਹੀ ਕੋਈ ਬੰਦਾ ਹੋਵੇਗਾ ਜਿਹੜਾ ਅਦਾਲਤ ਜਾਣ ਦੇ ਸਹੀ ਸਮੇਂ ਦੀ ਸਿਫ਼ਾਰਿਸ਼ ਸੁਣਨ ਲਈ ਬਾਬੇ ਦੀ ਗੱਲ ਨੂੰ ਕੰਨ ਨਹੀਂ ਧਰੇਗਾ। ਜੇ ਅਦਾਲਤ ਜਾਣ ਲਈ ਕੋਈ ਘੰਟਿਆਂ-ਬੱਧੀ ਬਸ ਅੱਡੇ ਉੱਤੇ ਖੜ੍ਹ ਕੇ ਸਵਾਰੀ ਉਡੀਕ ਸਕਦਾ ਹੈ ਤਾਂ ਕੁਝ ਪਲਾਂ ਲਈ ਟੈਲੀਵਿਜ਼ਨ ਸਾਹਮਣੇ ਰੁਕ ਜਾਣਾ ਕਿੰਨਾ ਕੁ ਮੁਸ਼ਕਲ ਕੰਮ ਹੈ? ਆਖ਼ਰ ਇਹ ਇੰਡੀਆ ਹੈ ਜਿੱਥੇ ਅਦਾਲਤਾਂ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਦੀ ਮੰਗ ਕਰਦਾ ਹੋਇਆ, ਮੁੱਖ ਜੱਜ ਕੈਮਰਿਆਂ ਦੇ ਸਾਹਮਣੇ ਰੋ ਪੈਂਦਾ ਹੈ। ਜੇ ਜੱਜ ਰੋਂਦੇ ਪਏ ਹਨ ਤਾਂ ਅਦਾਲਤਾਂ ਵਿੱਚ ਜਾਂਦੇ ਫ਼ਰਿਆਦੀ ਕਿਉਂ ਨਹੀਂ ਰੋਣਗੇ? ਬਾਬੇ ਨੇ ਮੌਕਾ ਤਾੜ ਕੇ ਆਪਣਾ ਬਾਜ਼ਾਰ ਮੋਕਲਾ ਕਰ ਲਿਆ। ਬਾਬੇ ਨੇ ਇੱਕ ਪ੍ਰੋਗਰਾਮ ਵਿੱਚ ਹਦਾਇਤ ਕੀਤੀ ਕਿ ‘ਯਾਈ ਜ਼ਾਯਦ ਯੋਗ’ ਦਾ ਸਮਾਂ ਰਾਤ ਦੇ 8:10 ਵਜੇ ਤੋਂ ਤੜਕੇ 12:37 ਮਿੰਟ ਤੱਕ ਹੈ। ਮੈਨੂੰ ਨਵੀਂ ਪਰੇਸ਼ਾਨੀ ਨੇ ਘੇਰ ਲਿਆ ਕਿ ਉਸ ਵੇਲੇ ਤਾਂ ਅਦਾਲਤਾਂ ਬੰਦ ਹੋਣਗੀਆਂ! ਬਾਬੇ ਨੇ ਅਗਲੇ ਫ਼ਿਕਰੇ ਵਿੱਚ ਹੀ ਮੇਰੀ ਪਰੇਸ਼ਾਨੀ ਦੂਰ ਕਰ ਦਿੱਤੀ, “ਮੈਂ ਜਾਣਦਾ ਹਾਂ ਕਿ ਇਸ ਵੇਲੇ ਅਦਾਲਤਾਂ ਬੰਦ ਹੁੰਦੀਆਂ ਹਨ ਪਰ ਤੁਸੀਂ ਇਸ ਵੇਲੇ ਆਪਣੇ ਵਕੀਲਾਂ ਨੂੰ ਮਿਲ ਸਕਦੇ ਹੋ। ਉਨ੍ਹਾਂ ਨਾਲ ਆਪਣੇ ਮਾਮਲੇ ਬਾਰੇ ਚਰਚਾ ਕਰ ਸਕਦੇ ਹੋ।” ਤੁਸੀਂ ਅੰਦਾਜ਼ਾ ਲਗਾਓ ਕਿ ਜੇ ‘ਯਾਈ ਜ਼ਾਯਦ ਯੋਗ’ ਦਾ ਸਮਾਂ ਸਵੇਰੇ 12 ਵਜੇ ਤੋਂ ਪੰਜ ਵਜੇ ਤੱਕ ਹੁੰਦਾ ਤਾਂ ਅਗਲੇ ਦਿਨ ਤਾਂ ਵਕੀਲਾਂ ਨੇ ਅਧਸੁੱਤੀ ਹਾਲਤ ਵਿੱਚ ਆਪਣੇ ਮੁਕੱਦਮਿਆਂ ਦੀ ਪੈਰਵੀ ਕਰਨੀ ਸੀ।
ਰੋਜ਼ਾਨਾ ਇਲਮਿ-ਨਜੂਮੀ ਦਾ ਘੇਰਾ ਮੋਕਲਾ ਹੁੰਦਾ ਜਾ ਰਿਹਾ ਹੈ ਅਤੇ ਇਹ ਇੰਡੀਆ ਦੇ ਸਮਾਜ ਦੀਆਂ ਬੇਸ਼ੁਮਾਰ ਸਮੱਸਿਆਵਾਂ ਉੱਤੇ ਅਸਰ-ਅੰਦਾਜ਼ ਹੋ ਰਿਹਾ ਹੈ— ਹੋਇਆ ਇਹ ਹੋਣਾ ਹੈ ਕਿ ਇਨ੍ਹਾਂ ਸਮੱਸਿਆਵਾਂ ਨੇ ਕਿਸੇ ਲੰਘੇ ਯੁੱਗ ਵਿੱਚ ਕੋਈ ਸੰਜੀਵਨੀ ਕਾਹੜਾ ਪੀਤਾ ਹੋਣਾ ਹੈ ਅਤੇ ਇਹ ਅਜ਼ਲੀ’ ਹੋ ਗਈਆਂ। ਭਾਵੇਂ ਹਕੂਮਤ ਉੱਤੇ ਮਨਮੋਹਨ ਸਿੰਘ ਹੋਵੇ ਜਾਂ ਨਰਿੰਦਰ ਮੋਦੀ, ਇਨ੍ਹਾਂ ਸਮੱਸਿਆਵਾਂ ਨੇ ਕਦੇ ਨਹੀਂ ਸੁਲਝਣਾ। ਸਾਫ਼ ਤੌਰ ਉੱਤੇ ਇਲਮਿ-ਨਜੂਮੀ ਹੀ ਇੱਕੋ-ਇੱਕ ਤਰੀਕਾ ਹੈ ਜੋ ਲੋਕਾਂ ਦਾ ਧਿਆਨ ਇਨ੍ਹਾਂ ਸਮੱਸਿਆਵਾਂ ਤੋਂ ਦੂਜੇ ਪਾਸਿਆਂ ਨੂੰ ਭਟਕਾ ਸਕਦਾ ਹੈ।
ਟੈਲੀਵਿਜ਼ਨ ਉੱਤੇ ਇਲਮਿ-ਨਜੂਮੀ ਦੇ ਪ੍ਰੋਗਰਾਮਾਂ ਦੇ ਪਸਾਰੇ ਨਾਲ ਮੈਂ ਹੱਕਾ-ਬੱਕਾ ਰਹਿ ਗਿਆ ਹਾਂ। ਜਿਸ ਤਰ੍ਹਾਂ ਔਰਤ ਐਂਕਰਾਂ ਦੀ ਵਧੇਰੇ ਹਾਜ਼ਰੀ ਵਾਲੇ ਮੌਸਮ ਦੇ ਬੁਲਿਟਨ ‘ ਇੰਡੀਆ ਦੇ ਵੱਖ-ਵੱਖ ਸ਼ਹਿਰਾਂ ਦੇ ਮੌਸਮ ਦੀ ਤਫ਼ਸੀਲ ਪੇਸ਼ ਕਰਦੇ ਹਨ, ਉਸੇ ਤਰ੍ਹਾਂ ਇਨ੍ਹਾਂ ਬਾਬਿਆਂ ਦੇ ਪ੍ਰੋਗਰਾਮਾਂ ਵਿੱਚ ਤਫ਼ਸੀਲ ਹੁੰਦੀ ਹੈ ਕਿ ਕਿਸ ਵੇਲੇ ਸ਼ਨੀ ਦਾ ਪ੍ਰਕੋਪ ਦਿੱਲੀ, ਮੁੰਬਈ, ਭੁਪਾਲ, ਲਖਨਊ, ਕੋਲਕਾਤਾ, ਚੰਡੀਗੜ੍ਹ ਅਤੇ ਅਹਿਮਦਾਬਾਦ ਉੱਤੇ ਨਾਜ਼ਲ ਹੋਵੇਗਾ। ਮੈਂ ਹੈਰਾਨ ਹੁੰਦਾ ਹਾਂ ਕਿ ਉਹ ਪਟਨਾ ਅਤੇ ਜੈਪੁਰ ਨੂੰ ਛੱਡ ਕਿਉਂ ਦਿੰਦੇ ਹਨ।
ਆਉਣ ਵਾਲੇ ਦਿਨ ਦੀ ਇਲਮਿ-ਨਜੂਮੀ ਦੇ ਹਿਸਾਬ ਨਾਲ ਖ਼ਾਨਾ-ਬੰਦੀ ਕਰ ਦਿੱਤੀ ਜਾਂਦੀ ਹੈ—ਸ਼ਾਨਦਾਰ ਦਿਨ; ਕਮਾਲ ਦਾ ਦਿਨ; ਚੰਗੀ ਸ਼ੁਰੂਆਤ ਦੇ ਆਸਾਰ ਹਨ; ਆਮ ਦਿਨ, ਮਿਹਰਬਾਨ ਦਿਨ; ਇਸ ਦਿਨ ਵਿੱਚ ਕੁਝ ਸੁਨਹਿਰੀ ਪਲ ਹੋਣਗੇ; ਦਿਨ ਨਵੀਂਆਂ ਸੌਗਾਤਾਂ ਲੈ ਕੇ ਆਵੇਗਾ; ਇੱਕ ਖ਼ਾਸ ਦਿਨ।
ਇੰਡੀਆ ਅਜਿਹਾ ਮੁਲਕ ਹੈ ਜਿੱਥੇ ਲੋਕ ਬਹੁਤ ਹੱਦ ਤੱਕ ਇਲਮਿ-ਨਜੂਮੀ ਉੱਤੇ ਟੇਕ ਰੱਖਦੇ ਹਨ—ਜਿਵੇਂ ਅਰਥਚਾਰਾ ਬਹੁਤ ਹੱਦ ਤੱਕ ਖੇਤੀਬਾੜੀ ਉੱਤੇ ਟੇਕ ਰੱਖਦਾ ਹੈ। ਇਹੋ ਸਾਡੀ ਹਕੀਕਤ ਹੈ। ਅਜਿਹੇ ਵੀ ਲੋਕ ਹਨ ਜੋ ਇਲਮਿ-ਨਜੂਮੀ ਵਿੱਚ ਯਕੀਨ ਨਹੀਂ ਕਰਦੇ ਪਰ ਉਨ੍ਹਾਂ ਦੀ ਗਿਣਤੀ ਨਿਗੂਣੀ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਸਾਰੇ ਇੱਕ-ਦੂਜੇ ਨੂੰ ਨਿੱਜੀ ਤੌਰ ਉੱਤੇ ਜਾਣਦੇ ਹੋਣ। ਇਨ੍ਹਾਂ ਬਾਬਿਆਂ ਦਾ ਅਧਿਐਨ ਕਰੋ। ਕੋਈ ਗੁਰਮੀਤ ਸਿੰਘ ਸਿਰਫ਼ ਸਿਰਸਾ ਵਿੱਚ ਹੀ ਬਾਬਾ ਰਾਮ ਰਹੀਮ ਨਹੀਂ ਬਣਦਾ ਸਗੋਂ ਉਹ ਇੰਡੀਆ ਵਿੱਚ ਕਿਤੇ ਵੀ ਬਣ ਸਕਦਾ ਹੈ। ਕਦੇ ਵੀ । ਇਸ ਲਈ ਤਾਂ ਕਾਲ-ਚੱਕਰ ਵਾਲਾ ਪ੍ਰੋਗਰਾਮ ਇਜਾਦ ਕਰਨਾ ਪੈਂਦਾ ਹੈ ਜਾਂ ਵਾਲ ਉਗਾਉਣ ਵਾਲਾ ਤੇਲ ਬਣਾਉਣਾ ਪੈਣਾ ਹੈ ਜਾਂ ਕਿਸੇ ਨੂੰ ਕਾਮਯਾਬ ਹੋਣ ਦੀ ਕੂੰਜੀ ਵਾਲੀ ਕਿਤਾਬ ਲਿਖਣੀ ਅਤੇ ਲਿਖਣ ਤੋਂ ਬਾਅਦ ਇਸ ਦੀ ਇਸ਼ਤਿਹਾਰਬਾਜ਼ੀ ਕਰਨੀ ਪੈਣੀ ਹੈ ਤਾਂ ਜੋ ਉਹ ਹਿੱਟ ਹੋ ਜਾਵੇ। ਸਾਡੇ ਦੌਰ ਵਿੱਚ ਕਈ ਤਰ੍ਹਾਂ ਦੇ ਗੁਰਮੀਤ ਰਾਮ ਰਹੀਮ, ਕਈ ਤਰ੍ਹਾਂ ਦੇ ਅਤਰ-ਫੁਲੇਲਾਂ ਵਿੱਚ ਲਿਪਟੇ ਹੋਏ ਮਿਲ ਜਾਂਦੇ ਹਨ। ਇਸ ਨੂੰ ਦਿਲ ਉੱਤੇ ਲਗਾਉਣ ਦੀ ਲੋੜ ਨਹੀਂ। ਇਹ ਇੰਡੀਆ ਹੈ। ਇਹ ਬਾਬੇ ਸਾਡੇ ਵਿੱਚੋਂ ਹੀ ਹਨ-ਜਿਵੇਂ ਤੁਸੀਂ ਅਤੇ ਮੈਂ।
ਅਸੀਂ ਪਿਆਰ ਕਿਵੇਂ ਕਰਦੇ ਹਾਂ
ਪਿਆਰ ਕਰਨ ਦੀ ਥਾਂ
ਹਰ ਕਿਸੇ ਨੂੰ ਪਿਆਰ ਨਹੀਂ ਹੁੰਦਾ। ਨਾ ਹੀ ਹਰ ਕਿਸੇ ਵਿੱਚ ਪਿਆਰ ਕਰਨ ਦਾ ਜੇਰਾ ਹੁੰਦਾ ਹੈ। ਸਾਡੇ ਮੁਲਕ ਦੇ ਜ਼ਿਆਦਾਤਰ ਲੋਕ ਆਪਣੀਆਂ ਖ਼ਿਆਲੀ ਉਡਾਰੀਆਂ ਵਿੱਚ ਹੀ ਪਿਆਰ ਕਰਦੇ ਹਨ। ਬਾਕੀਆਂ ਦਾ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਇੰਡੀਆ ਵਿੱਚ ਪਿਆਰ ਕਰਨ ਦਾ ਮਤਲਬ ਸਮਾਜ ਅਤੇ ਮਜ਼ਹਬ ਦੀਆਂ ਥੋਪੀਆਂ ਹੋਈਆਂ ਅਣਗਿਣਤ ਪਾਬੰਦੀਆਂ ਖ਼ਿਲਾਫ਼ ਜੰਗ ਕਰਨਾ ਹੈ। ਸਾਡੇ ਘਰਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਵੀ ਪਿਆਰ ਕਰਨ ਦੀ ਮਨਾਹੀ ਹੈ। ਕਿੰਨੇ ਕੁ ਮਾਪੇ ਆਪਣੇ ਬੱਚਿਆਂ ਨੂੰ ਸੁਆਲ ਕਰਦੇ ਹਨ, “ਤੇਰੀ ਜ਼ਿੰਦਗੀ ਵਿੱਚ ਕੋਈ ਖ਼ਾਸ ਹੈ?” ਕਿੰਨੇ ਕੁ ਆਪਣੀਆਂ ਧੀਆਂ ਨੂੰ ਪੁੱਛਦੇ ਹਨ, “ਤੈਨੂੰ ਕੋਈ ਪਸੰਦ ਹੈ? ਤੈਨੂੰ ਪਿਆਰ ਹੋਇਐ?” ਮਹਿਜ਼ ਨਿਗੂਣੀ ਜਿਹੀ ਹਮਾਇਤ ਨਾਲ ਪਿਆਰ ਸਿਰਫ਼ ਤਿੰਨ ਲਫ਼ਜ਼ਾਂ ਦਾ ਉਚਾਰਨ ਵਰਗਾ ਸਿੱਧਾ ਜਿਹਾ ਮਸਲਾ ਨਹੀਂ ਹੈ, “ਆਈ ਲਵ ਯੂ।”
ਸਿਨੇਮਾ ਰਾਹੀਂ ਅਸੀਂ ਪਿਆਰ ਦੀਆਂ ਖ਼ਿਆਲੀ ਉਡਾਰੀਆਂ ਭਰਨਾ ਸਿੱਖਦੇ ਹਾਂ। ਫ਼ਿਲਮਾਂ ਸਾਡੇ ਇਲਾਹੀ ਸ਼ੱਦਾਅ ਦੇ ਬੁੱਤ ਹਨ। ਫ਼ਿਲਮਸਾਜ਼ਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੀਆਂ ਪੀੜ੍ਹੀਆਂ ਨੇ ਸਾਨੂੰ ਪਿਆਰ ਕਰਨਾ ਸਿਖਾਉਣ ਲਈ ਆਪਣੀਆਂ ਖ਼ਿਆਲੀ ਉਡਾਰੀਆਂ ਦੇ ਦੀਵੇ ਬਾਲ਼ੇ ਹਨ। ਉਨ੍ਹਾਂ ਨੇ ਸਾਨੂੰ ਕਿਸੇ ਨੂੰ ਪਹਿਲੀ ਨਜ਼ਰ ਨਾਲ ਦੇਖਣ ਵਾਲੀ ਤੱਕਣੀ ਦਾ ਹੁਨਰ ਸਿਖਾਇਆ ਹੈ ਅਤੇ ਗ਼ਲਤੀ ਨਾਲ ਕਿਸੇ ਨਾਲ ਜਾ ਟਕਰਾਉਣ ਦਾ ਫ਼ਰੇਬ ਸਿਖਾਇਆ ਹੈ। ਇਸ ਤਰਕੀਬ ਰਾਹੀਂ ਫ਼ਿਲਮਾਂ ਨੇ ਕਦੇ ਸਾਨੂੰ ਆਸ਼ਿਕ ਅਤੇ ਕਦੇ ਲਫ਼ੰਗੇ ਬਣਾਇਆ ਹੈ।
ਏਕ ਦੂਜੇ ਕੇ ਲੀਏ (1981) ਬਹੁਤ ਜਬਰਦਸਤ ਫ਼ਿਲਮ ਸੀ। ਹਿੰਦੀ ਸਿਨੇਮਾ ਵਿੱਚ ਪਹਿਲੀ ਵਾਰ ਪ੍ਰੇਮੀਆਂ ਨੇ ਬੋਲੀ ਅਤੇ ਬੋਲੀ-ਸੱਭਿਆਚਾਰ ਦੀਆਂ ਹੱਦਾਂ ਪਾਰ ਕਰ ਕੇ ਮਹਾਨ ਇੰਡੀਆ ਦੇ ਖ਼ਿਆਲ ਉੱਤੇ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ ਹਾਲਾਂਕਿ ਉਂਝ ਇਸ ਖ਼ਿਆਲ ਨੂੰ ਦਿਨ-ਰਾਤ ਸ਼ਰਿ-ਆਮ ਮਹਿਜ਼ ਦਿਖਾਵਾ ਕਰਾਰ ਦਿੱਤਾ ਜਾਂਦਾ ਹੈ। ਰਤੀ ਅਗਨੀਹੋਤਰੀ ਅਤੇ ਕਮਲ ਹਸਨ ਦੀ ਨਾਕਾਬਿਲਿ-ਫ਼ਰਾਮੋਸ਼ ਜੋੜੀ ਅੱਜ ਵੀ ਅੱਖਾਂ ਵਿੱਚ ਅੱਥਰੂ ਲਿਆ ਦਿੰਦੀ ਹੈ। ਸ਼ਾਇਦ ਪਹਿਲੀ ਵਾਰ ਕਿਸੇ ਮਕਬੂਲ ਫ਼ਿਲਮ ਨੇ ਇੰਡੀਆ ਵਿੱਚ ਲੰਮੀ ਦੇਰ ਤੋਂ ਰਸਾਈ ਗਈ ਸਾਂਝ ਦੀ ਪੇਤਲੀ ਅਤੇ ਮਸਨੂਈ ਜਿਹੀ ਧਾਰਨਾ ਨੂੰ ਵੰਗਾਰਿਆ ਸੀ। ‘ਮੇਰੇ ਜੀਵਨ ਸਾਥੀ/ਪਿਆਰ ਕੀਏ ਜਾ …’ ਵਰਗਾ ਹਿੰਦੀ ਫ਼ਿਲਮਾਂ ਦੇ ਨਾਵਾਂ ਨਾਲ ਸਿਰਜਿਆ ਗਿਆ ਗੀਤ ਮਹਿਜ਼ ਸਮਰੱਥਾ ਦੀ ਨੁਮਾਇਸ਼ ਨਹੀਂ ਸੀ ਸਗੋਂ ਇਹ ਕਹਿਣ ਦੀ ਜੁਗਤ ਸੀ ਕਿ ਹਿੰਦੀ ਵਾਲੀ ਦਾ ਤਮਿਲ ਵਾਲੇ ਨਾਲ ਇਸ਼ਕ ਕਰਨਾ ਮੁਮਕਿਨ ਹੈ। ਜਣਾ ਹਿੰਦੀ ਫ਼ਿਲਮਾਂ ਦੇ ਨਾਮਾਂ ਰਾਹੀਂ ਹੀ ਆਪਣੀ ਬੋਲੀ ਸਿਰਜ ਸਕਦਾ ਹੈ। ਜਣੀ ਜਣੇ ਨੂੰ ਤਮਿਲ ਨਾਡੂ ਦੇ ਜ਼ਿਲ੍ਹਿਆਂ ਅਤੇ ਸ਼ਹਿਰਾਂ ਦੇ ਨਾਮਾਂ ਨਾਲ ਸੱਦਾਂ ਮਾਰ ਸਕਦੀ ਹੈ। ਜਣੀ ਜਣੇ ਨਾਲ ਗੱਲਾਂ ਕਰ ਸਕਦੀ ਹੈ ਅਤੇ ਉਸ ਨਾਲ ਗਾ ਸਕਦੀ ਹੈ।
ਉਂਝ ਫ਼ਿਲਮਾਂ ਨੇ ਸਾਨੂੰ ਸਦਾ ਚੰਗਾ ਆਸ਼ਿਕ ਨਹੀਂ ਬਣਾਇਆ। ਮੁੰਬਈਆ ਫ਼ਿਲਮਾਂ ਅਮੀਰ ਅਤੇ ਗ਼ਰੀਬ ਵਿਚਕਾਰਲੀ ਕੰਧ ਤੋੜਨ ਦਾ ਉਪਰਾਲਾ ਕਰਦੀਆਂ ਰਹੀਆਂ— ਇਹ ਉਨ੍ਹਾਂ ਦੇ ਇਨਕਲਾਬ ਦਾ ਟੀਚਾ ਸੀ। “ਚਾਂਦੀ ਕੀ ਦੀਵਾਰ ਨਾ ਤੋੜੀ, ਪਿਆਰ ਭਰਾ ਦਿਲ ਤੋੜ ਦੀਆ/ਇੱਕ ਧਨਵਾਨ ਕੀ ਬੇਟੀ ਨੇ ਨਿਰਧਨ ਕਾ ਦਾਮਨ ਛੋੜ ਦੀਆ।” (ਵਿਸ਼ਵਾਸ, 1969) ਪਿਆਰ ਦਾ ਦਰਦ! ਅਮੀਰ ਔਰਤਾਂ ਸਦਾ ਦਿਲ ਤੋੜਦੀਆਂ ਹਨ ਅਤੇ ਬੇਵਫ਼ਾ ਹੁੰਦੀਆਂ ਹਨ। ਕੁਝ ਫ਼ਿਲਮਾਂ ਵਿੱਚ ਅਮੀਰ ਔਰਤਾਂ ਆਪਣੇ ਪਿਆਰ ਦੀ ਖ਼ਾਤਰ ਸਭ ਕੁਝ ਕੁਰਬਾਨ ਕਰ ਦਿੰਦੀਆਂ ਹਨ ਪਰ ਗ਼ਾਲਿਬ ਬਿਰਤਾਂਤ ਇਹੋ ਰਹਿੰਦਾ ਹੈ ਕਿ ਪਿਆਰ ਦੀ ਦੁਨੀਆ ਵਿੱਚ ਦੌਲਤ ਵੀ ਜਾਤ ਹੁੰਦੀ ਹੈ। ਸਭ ਨੂੰ ਆਪਣੀ ਜਾਤ ਦੀਆਂ ਹੱਦਾਂ ਵਿੱਚ ਮੁਮਕਿਨ ਪਿਆਰ ਦੀ ਗੁੰਜਾਇਸ਼ ਫਰੋਲਣੀ ਚਾਹੀਦੀ ਹੈ।
ਅਣਗਿਣਤ ਪ੍ਰੇਮੀਆਂ ਨੇ ਹਿੰਦੀ ਫ਼ਿਲਮਾਂ ਦੇ ਪਰਦੇ ਨੂੰ ਰੌਸ਼ਨਾਇਆ ਹੈ। ਆਖ਼ਰ ਉਹ ਮਹਿਜ਼ ਦੋ ਖੂਬਸੂਰਤ ਜਿਸਮ ਹੀ ਹਨ। ਉਨ੍ਹਾਂ ਦੀ ਨਾ ਕੋਈ ਜਾਤ ਹੈ ਅਤੇ ਨਾ ਮਜ਼ਹਬ। ਫ਼ਿਲਮਸਾਜ਼ਾਂ ਦੇ ਪਰੀ-ਜਗਤ ਵਿੱਚ ਪਿਆਰ ਵੀ ਉਸੇ ਜਗਤ ਦੀ ਖ਼ਿਆਲੀ ਉਡਾਰੀ ਹੈ। ਗੀਤਕਾਰਾਂ ਨੇ ਕਦੇ ਉਹ ਗੀਤ ਨਹੀਂ ਲਿਖਿਆ ਜਿਸ ਵਿੱਚ ਨੌਜਵਾਨ ਆਸ਼ਿਕ ਆਪਣੀ ਮਾਸ਼ੂਕ ਦੇ ਸਮਾਜਿਕ ਪਿਛੋਕੜ ਨੂੰ ਸੁਆਲ ਕਰ ਰਿਹਾ ਹੋਵੇ। ਸਾਰੇ ਤਾਇਕ ਉੱਚੀ ਜਾਤ ਦੇ ਹਨ-ਕਪੂਰ, ਮਾਥੁਰ ਅਤੇ ਸਕਸੈਨਾ। ਨਾਇਕਾਵਾਂ ਬੌਬੀ, ਰੌਬੀ ਜਾਂ ਨਿਰੋਲ ਬੌਂਗੀ ਹਨ। ਨਾਇਕਾਵਾਂ ਅਸਮਾਨੋਂ ਉਤਰੀਆਂ ਹੂਰਾਂ ਹਨ ਜਿਨ੍ਹਾਂ ਨੂੰ ਕਿਸੇ ਸਾਂਚੇ ਵਿੱਚ ਪਾ ਕੇ ਮੁਕੰਮਲ ਕੀਤਾ ਗਿਆ ਹੈ। “ਕਿਸੀ ਸ਼ਾਇਰ ਕੀ ਗ਼ਜ਼ਲ, ਡ੍ਰੀਮ ਗਰਲ/ ਕਿਸੀ ਝੀਲ ਕਾ ਕਮਲ, ਡ੍ਰੀਮ ਗਰਲ । ” (ਡ੍ਰੀਮ ਗਰਲ, 1977)
ਹਿੰਦੀ ਸਿਨੇਮਾ ਦੀਆਂ ਅਣਗਿਣਤ ਕਹਾਣੀਆਂ ਨੇ ਪਿਆਰ ਨੂੰ ਬਾਦਸਤੂਰੀ ਦੀ ਸੇਵਾ ਵਿੱਚ ਭੁਗਤਾਇਆ ਹੈ ਜਦ ਕਿ ਪਿਆਰ ਦਸਤੂਰ ਦੀ ਪਰਵਾਹ ਨਹੀਂ ਕਰਦਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਿਆਰ ਦੀ ਕੰਧ ਪਾਰ ਕਰਨੀ ਪੈਂਦੀ ਹੈ। ਹਿੰਦੂ-ਮੁਸਲਿਮ ਏਕਤਾ ਦਾ ਪ੍ਰਚਾਰ ਕਰਨ ਵਾਲੀਆਂ ਫ਼ਿਲਮਾਂ ਨੇ ਹਿੰਦੂ-ਮੁਸਲਮਾਨ ਪਿਆਰ ਕਹਾਣੀਆਂ ਤੋਂ ਕੰਨੀ ਖਿਸਕਾ ਕੇ ਰੱਖੀ ਹੈ। ਮੈਨੂੰ ਕੋਈ ਫ਼ਿਲਮ ਯਾਦ ਨਹੀਂ ਜਿਸ ਵਿੱਚ ਕਿਸੇ ਹਿੰਦੂ ਕੁੜੀ ਨੇ ਮੁਸਲਮਾਨ ਮੁੰਡੇ ਦਾ ਹੱਥ ਫੜ ਕੇ ਕਿਹਾ ਹੋਵੇ, “ਮੈਂ ਤੈਨੂੰ ਪਿਆਰ ਕਰਦੀ ਆਂ।” ਕਿਸੇ ਨਾਇਕ ਨੇ ਦਲਿਤ ਕੁੜੀ ਨਾਲ ਇਸ਼ਕ ਦੀ ਖ਼ਾਤਰ ਆਪਣੇ ਕਪੂਰ ਖ਼ਾਨਦਾਨ ਨੂੰ ਨਹੀਂ ਛੱਡਿਆ। ਲਓ ਜੀ ! ਹੁਣ ਮੈਂ ਫ਼ਿਲਮਾਂ ਰਾਹੀਂ ਸਮਾਜਿਕ ਤਬਦੀਲੀ ਦੀ ਆਸ ਕਰਨ ਲੱਗਿਆ ਹਾਂ। ਪਾਗ਼ਲ ਹੋ ਗਿਐਂ, ਰਵੀਸ਼!
ਦਰਅਸਲ, ਪਿਆਰ ਦੇ ਮਾਮਲੇ ਵਿੱਚ ਸਾਡੀ ਸਿਆਸਤ ਦੀ ਖ਼ਿਆਲੀ ਉਡਾਰੀ ਵੀ ਜਾਤ ਅਤੇ ਮਜ਼ਹਬ ਦੀਆਂ ਹੱਦਾਂ ਤੋੜਨ ਤੱਕ ਨਹੀਂ ਜਾਂਦੀ। ਕੁਝ ਮੁਸਲਮਾਨ ਆਗੂਆਂ ਦੀਆਂ ਬੀਵੀਆਂ ਹਿੰਦੂ ਹਨ। ਕੁਝ ਹਿੰਦੂ ਆਗੂਆਂ ਦੀਆਂ ਬੀਵੀਆਂ ਮੁਸਲਮਾਨ ਹਨ। ਇਨ੍ਹਾਂ ਨੇ ਪਿਆਰ ਵਿਆਹ ਕੀਤੇ ਹਨ ਪਰ ਇਹ ਆਪਣੇ ਪਿਆਰ ਦਾ ਇਜ਼ਹਾਰ ਸ਼ਰਿ- ਆਮ ਨਹੀਂ ਕਰਦੇ। ਉਨ੍ਹਾਂ ਨੂੰ ਆਪਣੇ ਵੋਟਰ ਦੀ ਨਾਰਾਜ਼ਗੀ ਦਾ ਡਰ ਖਾਂਦਾ ਰਹਿੰਦਾ ਹੈ। ਉਂਝ, ਕੀ ਸਾਡਾ ਸਮਾਜ ਸੱਚਮੁੱਚ ਅਜਿਹਾ ਹੀ ਹੈ? ਹਾਂ, ਇਹ ਹੈ ਤਾਂ ਅਜਿਹਾ ਹੀ, ਪਰ ਅਜਿਹੇ ਸਮਾਜ ਵਿੱਚ ਇਨਕਲਾਬੀ ਪਿਆਰ ਮੁਮਕਿਨ ਹੈ। ਲੋਕ ਜਾਤ ਅਤੇ ਮਜ਼ਹਬ ਦੀਆਂ ਕੰਧਾਂ ਤੋੜ ਦਿੰਦੇ ਹਨ। ਕਈ ਵਾਰ ਉਹ ਅਜਿਹਾ ਕਰ ਕੇ ਜਿਊਂਦੇ ਵੀ ਰਹਿੰਦੇ ਹਨ।
ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਮੈਂ ਕਿੰਨੀ ਵਾਰ ‘ਕੰਧ’ ਲਫ਼ਜ਼ ਦਾ ਇਸਤੇਮਾਲ ਕੀਤਾ ਹੈ। ਦਰਅਸਲ ਇਹੋ ਤ੍ਰਾਸਦੀ ਹੈ। ਇੰਡੀਆ ਵਿੱਚ ਕੋਈ ਪਿਆਰ ਕੰਧ ਤੋਂ ਸੱਖਣਾ ਨਹੀਂ ਹੈ। ਪਿਆਰ ਮਹਿਬੂਬ ਅਤੇ ਆਸ਼ਿਕ-ਮਾਸ਼ੂਕ ਤੋਂ ਬਿਨਾਂ ਤਾਂ ਮੁਮਨਿਕ ਹੈ ਪਰ ਕੰਧ ਤੋਂ ਬਿਨਾਂ ਮੁਮਕਿਨ ਨਹੀਂ ਹੈ! ਪਿਆਰ ਦਾ ਮਾਮਲਾ ਹੀ ਪੇਚੀਦਾ ਹੈ। ਇਹ ਤੁਹਾਨੂੰ ਬਾਗ਼ੀ ਬਣਾ ਦਿੰਦਾ ਹੈ, ਪਾਗਲ ਕਰ ਦਿੰਦਾ ਹੈ—ਬੌਰਾ, ਬੌਰੀ। ਪਿਆਰ ਵਿੱਚ ਬਹੁਤ ਤਣਾਅ ਹੁੰਦਾ ਹੈ ਅਤੇ ਹਿੰਦੀ ਸਿਨੇਮਾ ਇਸ ਤਣਾਅ ਵਿੱਚੋਂ ਨਿਕਲਣ ਲਈ ਸੁਫ਼ਨਿਆਂ ਦੀ ਚੋਰ-ਮੋਰੀ ਦਾ ਇਸਤੇਮਾਲ ਕਰਦਾ ਹੈ ਅਤੇ ਅਚਾਨਕ ਹੀ ਪ੍ਰੇਮੀਆਂ ਦੀਆਂ ਪਤਲੂਨਾਂ ਅਤੇ ਜੁੱਤੀਆਂ ਦੂਧੀਆ ਅਤੇ ਚਮਕਦਾਰ ਹੋ ਜਾਂਦੀਆਂ ਹਨ। ਤੁਹਾਡਾ ਮਹਿਬੂਬ ਦੂਧੀਆ ਚੋਗਾ ਪਾ ਕੇ ਸਲੋ ਮੋਸ਼ਨ ਵਿੱਚ ਤੁਹਾਡੇ ਵੱਲ ਆਉਂਦਾ ਹੈ। ਤੁਸੀਂ ਇੱਕ-ਦੂਜੇ ਨਾਲ ਲਿਪਟ ਜਾਂਦੇ ਹੋ ਅਤੇ ਗੀਤ ਸ਼ੁਰੂ ਹੋ ਜਾਂਦਾ ਹੈ। “ਮੈਅ ਸੇ ਮੀਨਾ ਸੇ ਨਾ ਸਾਕੀ ਸੇ ਨਾ ਪੈਮਾਨੇ ਸੇ/ਦਿਲ ਬਹਿਲਤਾ ਹੈ ਮੇਰਾ ਆਪ ਕੇ ਆ ਜਾਨੇ ਸੇ। ” ਅਸੀਂ ਖ਼ੁਦਗ਼ਰਜ਼ (1987) ਫ਼ਿਲਮ ਦੇ ਇਸ ਗੀਤ ਤੋਂ ਸਿੱਖਿਆ ਸੀ ਕਿ ਕਿਸੇ ਦਾ ਮਹਿਬੂਬ ਤਾਂ ਦਿਲ-ਪ੍ਰਚਾਵੇ ਦਾ ਬਦਲ ਵੀ ਹੋ ਸਕਦਾ ਹੈ। ਟੈਲੀਵਿਜ਼ਨ ਉੱਤੇ ਕੋਈ ਚੰਗਾ ਗੀਤ ਨਹੀਂ ਚਲਦਾ। ਤੁਹਾਡੀ ਆਪਣੇ ਬਾਪ ਨਾਲ ਲੜਾਈ ਹੋ ਗਈ। ਸਭ ਕੁਝ ਭੁੱਲ ਜਾਓ ਅਤੇ ਗੀਤ ਗਾਓ। ਇਹ ਗੀਤ ਗ਼ੁਲਜ਼ਾਰ ਜਾਂ ਆਨੰਦ ਬਖ਼ਸ਼ੀ ਤੋਂ ਲਿਖਵਾ ਲੈਂਦੇ ਹਾਂ। ਇੰਡੀਆ ਵਿੱਚ ਪਿਆਰ ਦੀ ਨਿਗੂਣੀ ਜਿਹੀ ਥਾਂ ਨਿਜਾਤ ਪਾਉਣ ਦੇ ਸਬੱਬ ਵਜੋਂ ਸਿਰਜੀ ਜਾਂਦੀ ਹੈ।
ਸਾਡੇ ਸ਼ਹਿਰਾਂ ਵਿੱਚ ਪਿਆਰ ਕਰਨ ਦੀ ਕੋਈ ਥਾਂ ਨਹੀਂ ਹੈ। ਸਾਡੇ ਲਈ ਤਫ਼ਰੀਹਗਾਹਾਂ ਬੁਨਿਆਦੀ ਤੌਰ ਉੱਤੇ ਗੇਂਦੇ ਅਤੇ ਬੋਗਨਵਿਲੀਆ ਦੇ ਫੁੱਲਾਂ ਦੇ ਖਿੜਨ ਦੀਆਂ ਥਾਂਵਾਂ ਹਨ। ਜਿੱਥੇ ਕੁਝ ਸੇਵਾਮੁਕਤ ਬਜ਼ੁਰਗ ਲੋਕ ਟਹਿਲ-ਕਦਮੀ ਕਰਨ ਆਉਂਦੇ ਹਨ। ਜੇ ਉੱਥੇ ਇੱਕ ਜਾਂ ਦੋ ਜੋੜੇ ਪ੍ਰੇਮੀਆਂ ਦੇ ਆਉਣਗੇ ਤਾਂ ਉਨ੍ਹਾਂ ਨੂੰ ਤਾੜਿਆ ਜਾਵੇਗਾ। ਪਿਆਰ ਨੂੰ ਕੋਈ ਵਾਜਿਬ ਥਾਂ ਦਰਕਾਰ ਹੈ ਜੋ ਸਿਰਫ਼ ਪਿਆਰ ਲਈ ਹੋਵੇ। ਸਾਡੇ ਸ਼ਹਿਰਾਂ ਵਿੱਚ ਪ੍ਰੇਮੀ ਜੋੜੇ ਘੰਟਿਆਂ ਬੱਧੀ ਸੁਪਰ-ਮਾਲਾਂ ਦੇ ਥਮ੍ਹਲਿਆਂ ਪਿੱਛੇ ਖੜ੍ਹੇ-ਖੜ੍ਹੇ ਥੱਕ ਜਾਂਦੇ ਹਨ। ਜੇ ਉਹ ਕਾਰਾਂ ਦੀਆਂ ਖਿੜਕੀਆਂ ਵਿੱਚ ਚਾਦਰਾਂ ਅਤੇ ਤੌਲੀਆਂ ਦੇ ਪਰਦੇ ਕਰ ਕੇ ਪਿਆਰ ਕਰਨ ਦਾ ਜੇਰਾ ਕਰਦੇ ਹਨ ਤਾਂ ਆਪਣੇ ਲਈ ਖ਼ਤਰਾ ਸਹੇੜਦੇ ਹਨ। ਉਹ ਸਿਨੇਮਾ ਦੇ ਹਨੇਰੇ ਵਿੱਚ ਇੱਕ-ਦੂਜੇ ਦਾ ਹੱਥ ਫੜਦੇ ਹਨ ਅਤੇ ਰੌਸ਼ਨੀ ਹੁੰਦੇ ਹੀ ਝੱਟ ਦੇਣੇ ਹੱਥ ਛੱਡ ਦਿੰਦੇ ਹਨ। ਪ੍ਰੇਮੀਆਂ ਨੇ ਕਦੇ ਆਪਣੀ ਵਿਥਿਆ ਨਹੀਂ ਸੁਣਾਈ। ਉਨ੍ਹਾਂ ਨੇ ਇਸ ਬਾਬਤ ਕਦੇ ਫੇਸਬੁੱਕ ਉੱਤੇ ਵੀ ਨਹੀਂ ਲਿਖਿਆ। “ਮਿਲੋ ਨਾ ਤੁਮ ਤੋ ਹਮ ਘਬਰਾਏਂ, ਮਿਲੋ ਤੋ ਆਂਖ ਚੁਰਾਏਂ, ਹਮੇਂ ਕਯਾ ਹੋ ਗਯਾ ਹੈ?” ਜਦੋਂ ਤੁਸੀਂ ਹੀਰ-ਰਾਂਝਾ (1979) ਫ਼ਿਲਮ ਦਾ ਇਹ ਗੀਤ ਸੁਣਦੇ ਹੋ ਤਾਂ ਪਹਿਲਾਂ ਸੁਆਲ ਦਿਲ ਵਿੱਚ ਇਹੋ ਆਉਂਦਾ ਹੈ—ਪਹਿਲਾਂ ਇਹ ਤਾਂ ਦੱਸੋ ਕਿ ਅਸੀਂ ਮਿਲੀਏ ਕਿੱਥੇ?
ਇੰਡੀਆ ਦੇ ਸਾਰੇ ਪ੍ਰੇਮੀਆਂ ਨੂੰ ਸਲਾਮ ਕਰਨਾ ਬਣਦਾ ਹੈ। ਮਿਲਣ ਦੀ ਕੋਈ ਥਾਂ ਨਹੀਂ ਪਰ ਇਸ ਦੇ ਬਾਵਜੂਦ ਉਹ ਹੌਸਲਾ ਨਹੀਂ ਹਾਰਦੇ ਅਤੇ ਕੋਈ ਨਾ ਕੋਈ ਰਾਹ ਕੱਢ ਲੈਂਦੇ ਹਨ। ਤੁਸੀਂ ਆਟੋ-ਰਿਕਸ਼ੇ ਦੇ ਪਲਾਸਟਿਕ ਵਾਲੇ ਪਰਦੇ ਕਰ ਲੈਂਦੇ ਹੋ ਅਤੇ ਆਪਣਾ ਸਾਰਾ ਜੇਬ ਖ਼ਰਚ ਆਟੋ ਦੇ ਕਿਰਾਏ ਵਜੋਂ ਉਡਾ ਦਿੰਦੇ ਹੋ। ਖ਼ਾਲੀ ਸਿਨੇਮਾ ਘਰ ਦੀ ਭਾਲ ਵਿੱਚ ਤੁਸੀਂ ਰੱਦੀ ਫ਼ਿਲਮਾਂ ਦੀ ਆਮਦਨ ਵਿੱਚ ਵਾਧਾ ਕਰਦੇ ਹੋ। ਆਉਣ-ਜਾਣ ਵਾਲਿਆਂ ਦੀਆਂ ਤਾੜਵੀਆਂ ਨਜ਼ਰਾਂ ਦੇ ਬਾਵਜੂਦ ਤੁਸੀਂ ਆਪਣਾ ਸਿਰ ਇੱਕ-ਦੂਜੇ ਦੇ ਮੋਢੇ ਉੱਤੇ ਟਿਕਾਈ ਰੱਖਦੇ ਹੋ। ਮਹਿਬੂਬ ਨਾਲ ਕੁਝ ਪਲ ਗੁਜ਼ਾਰਨ ਦੀ ਜੱਦੋ-ਜਹਿਦ ਤੁਹਾਨੂੰ ਕਾਰਕੁੰਨ ਬਣਾ ਦਿੰਦੀ ਹੈ। ਹਰ ਪਿਆਰ ਕਰਨ ਵਾਲਾ ਇਨ੍ਹਾਂ ਔਕੜਾਂ ਤੋਂ ਜਾਣੂੰ ਹੈ। ਜੇ ਮੈਂ ਸਿਆਸੀ ਆਗੂ ਹੁੰਦਾ ਤਾਂ ਮੈਂ ਹਰ ਸ਼ਹਿਰ ਵਿੱਚ ਪਿਆਰ ਦੀਆਂ ਤਫ਼ਰੀਹਗਾਹਾਂ ਬਣਾ ਦੇਣੀਆਂ ਸਨ ਅਤੇ ਅਗਲੀਆਂ ਚੋਣਾਂ ਸ਼ਾਨ ਨਾਲ ਹਾਰ ਜਾਣੀਆਂ ਸਨ। ਸਮਾਜ ਨੇ ਇਸ ਪਹਿਲ-ਕਦਮੀ ਨੂੰ ਸਹਿਵਨ ਹੀ ਮਨਜ਼ੂਰੀ ਨਹੀਂ ਦੇਣੀ ਸੀ।
ਆਪਣੀ “ਇਸ਼ਕ ਕੋਈ ਰੋਗ ਨਹੀਂ” ਵਾਲੀ ਮਦਹੋਸ਼ੀ ਵਿੱਚੋਂ ਜਾਗੋ। ਬਿਨਾਂ ਸ਼ੱਕ ਇਸ ਤਰ੍ਹਾਂ ਦਾ ਪਿਆਰ ਕਿਸੇ ਮਰਜ਼ ਦਾ ਨਾਮ ਹੀ ਹੋ ਸਕਦਾ ਹੈ। ਪਿਆਰ ਕਰਨ ਦੀ ਥਾਂ ਦੀ ਮੰਗ ਕਰੋ। ਪੈਂਤੀ ਸਾਲਾਂ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਦੀ ਗਿਣਤੀ ਕੁੱਲ ਆਬਾਦੀ ਦਾ ਸੱਠ ਫ਼ੀਸਦ ਹੈ। ਤੁਸੀਂ ਸਿਰਫ਼ ਮਸ਼ੀਨਾਂ ਦੇ ਪੁਰਜ਼ੇ ਬਣਾਉਣ ਜਾਂ ਦੁਕਾਨਾਂ ਖੋਲ੍ਹਣ ਜਾਂ ਪਕੌੜੇ ਵੇਚਣ ਲਈ ਤਾਂ ਧਰਤੀ ਉੱਤੇ ਨਹੀਂ ਆਏ। ਤੁਹਾਡੀ ਜਵਾਨੀ ਕਦੇ ਤੁਹਾਨੂੰ ਸੁਆਲ ਪੁੱਛੇਗੀ ਕਿ ਦੱਸੋ: ਤੁਸੀਂ ਆਪਣੀ ਜ਼ਿੰਦਗੀ ਵਿੱਚ ਪਿਆਰ ਨੂੰ ਕਿੰਨਾ ਸਮਾਂ ਦਿੱਤਾ ਅਤੇ ਕਿੰਨਾ ਸਮਾਂ ਕੰਮ ਕੀਤਾ? ਜੇ ਤੁਸੀਂ ਸਿਰਫ਼ ਕੰਮ ਨੂੰ ਹੀ ਪਿਆਰ ਕੀਤਾ ਤਾਂ ਜ਼ਿੰਦਗੀ ਕਿਸ ਕੰਮ ਆਈ? ਜੇ ਤੁਸੀਂ ਇੱਕ-ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਘੰਟਿਆਂ ਬੱਧੀ ਦੇਖਣ ਦਾ ਝੱਲ ਨਹੀਂ ਹੰਢਾਇਆ ਤਾਂ ਤੁਸੀਂ ਦੇਖਿਆ ਹੀ ਕੀ ਹੈ? ਤੁਸੀਂ ਆਪਣੀ ਮਰਜ਼ੀ ਜਿੰਨਾ ਦਹੇਜ ਵਸੂਲ ਕਰ ਸਕਦੇ ਹੋ ਪਰ ਇਸ ਵਿੱਚੋਂ ਮਹਿਬੂਬ ਦੇ ਦੀਦਾਰ ਨਹੀਂ ਹੋਣੇ। ਸਮਾਜ ਦਹੇਜ ਦੇ ਅਰਥਚਾਰੇ ਤੋਂ ਆਪਣਾ ਕਬਜ਼ਾ ਢਿੱਲਾ ਨਹੀਂ ਕਰਨਾ ਚਾਹੁੰਦਾ ਜਿਸ ਕਾਰਨ ਇਹ ਪਿਆਰ ਵਿਆਹ ਨੂੰ ਕੋਈ ਥਾਂ ਦੇਣ ਲਈ ਰਾਜ਼ੀ ਨਹੀਂ ਹੁੰਦਾ। ਔਰਤ ਸਿਰਫ਼ ਇੱਕੋ-ਇੱਕ ਜਿਣਸ ਹੈ ਜਿਸ ਦੀ ਕੀਮਤ ਮਰਦ ਦੇ ਮੁੱਲ ਨਾਲ ਤੈਅ ਹੁੰਦੀ ਹੈ। ਆਖ਼ਰ, ਦੁਲਹਨ ਵੀ ਤਾਂ ਦਹੇਜ ਹੀ ਹੈ। ਇੰਡੀਆ ਦੇ ਨੌਜਵਾਨੋ! ਚੱਪਣੀ ਵਿੱਚ ਪਾਣੀ ਪਾ ਕੇ ਡੁੱਬ ਮਰੋ।
ਪਿਆਰ ਸਾਨੂੰ ਮਨੁੱਖ ਬਣਾਉਂਦਾ ਹੈ। ਇਹੋ ਇਸ਼ਕ ਹੈ। ਇਹ ਸਾਨੂੰ ਜ਼ਿਆਦਾ ਜ਼ਿੰਮੇਵਾਰ ਅਤੇ ਬਿਹਤਰ ਮਨੁੱਖ ਬਣਾਉਂਦਾ ਹੈ। ਸਾਰੇ ਪ੍ਰੇਮੀ ਤਸਾਵੁੱਰੀ ਮਨੁੱਖ ਨਹੀਂ ਹੁੰਦੇ, ਨਾ ਹੀ ਸਦਾ ਚੰਗੇ ਮਨੁੱਖ ਹੁੰਦੇ ਹਨ ਪਰ ਜਦੋਂ ਕੋਈ ਪਿਆਰ ਵਿੱਚ ਨਿਤਰਦਾ ਹੈ ਤਾਂ ਉਸ ਵਿੱਚ ਬਿਹਤਰ ਦੁਨੀਆ ਵੇਖਣ ਦੀ ਚਿਣਗ ਜਾਗ ਪੈਂਦੀ ਹੈ। ਜਦੋਂ ਤੁਸੀਂ ਪਿਆਰ ਵਿੱਚ ਹੁੰਦੇ ਹੋ ਤਾਂ ਤੁਸੀਂ ਆਪਣੇ ਸ਼ਹਿਰ ਦੇ ਖੱਲਾਂ-ਖੂੰਜੇ ਅਤੇ ਭੇਦ ਫਰੋਲਦੇ ਹੋ। ਕੁਝ ਥਾਂਵਾਂ ਉੱਤੇ ਤੁਸੀਂ ਹੱਥ ਵਿੱਚ ਹੱਥ ਫੜ ਕੇ ਤੁਰਦੇ ਹੋ। ਕਈ ਥਾਂਵਾਂ ਉੱਤੇ ਤੁਸੀਂ ਨਾਲ-ਨਾਲ ਤੁਰਦੇ ਹੋਏ ਵੀ ਕੁਝ ਵਿੱਥ ਕਾਇਮ ਰੱਖਦੇ ਹੋ। ਪ੍ਰੇਮੀ ਆਪਣੇ ਸ਼ਹਿਰ ਨੂੰ ਆਪਣੀ ਖ਼ਿਆਲੀ ਉਡਾਰੀ ਦੇ ਹਾਣ ਦਾ ਸ਼ਹਿਰ ਬਣਾਉਣ ਦੀ ਲੋਚਾ ਪਾਲ਼ਦੇ ਹਨ। ਉਨ੍ਹਾਂ ਦੀਆਂ ਯਾਦਾਂ ਦਾ ਸ਼ਹਿਰ ਗ਼ਾਲਿਬ ਦੀ ਸ਼ਾਇਰੀ ਵਾਲਾ ਸ਼ਹਿਰ ਨਹੀਂ ਹੈ। ਦਰਅਸਲ ਪ੍ਰੇਮੀ ਸ਼ਹਿਰ ਦੇ ਜਾਣੂੰ ਹਨ ਅਤੇ ਇਸ ਨੂੰ ਜਿਊਂਦੇ ਹਨ। ਇਸ ਦੇ ਮੌਸਮਾਂ ਦੀ ਲੈਅ ਉਨ੍ਹਾਂ ਦੇ ਦਿਲਾਂ ਵਿੱਚ ਤਾਲ ਬੰਨ੍ਹਦੀ ਹੈ। ਜਿਹੜੇ ਪਿਆਰ ਨਹੀਂ ਕਰਦੇ, ਉਹ ਆਪਣੇ ਸ਼ਹਿਰ ਵਿੱਚ ਨਹੀਂ ਵਸਦੇ।
“ਜਿਸ ਤਨ ਕੋ ਛੂਆ ਤੁਨੇ, ਉਸ ਤਨ ਕੋ ਛੁਪਾਉਂ/ਜਿਸ ਮਨ ਕੋ ਲਗੇ ਨੈਨਾ, ਵੋਹ ਕਿਸ ਕੋ ਦਿਖਾਊਂ?” (ਰੂਦਾਲੀ, 1993) ਓ ਹੋ! ਅਸੀਂ ਤਾਂ ਪਿਆਰ ਦੇ ਅਹਿਸਾਸ ਦਾ ਇੱਥੇ ਇਜ਼ਹਾਰ ਵੀ ਨਹੀਂ ਕਰ ਸਕਦੇ । ਮੀਰਾ, ਤੂੰ ਤਾਂ ਪਿਆਰ ਵਿੱਚ ਗਾਇਆ ਸੀ ਅਤੇ ਰਕਸ ਕੀਤਾ ਸੀ, ਤੂੰ ਇਸ ਮੁਲਕ ਵੀ ਵਸੀ ਸੈਂ, ਕਿ ਨਹੀਂ?
ਪਿਆਰ ਸਾਡੇ ਵਿੱਚ ਕੁਝ ਕਮਜ਼ੋਰੀ ਅਤੇ ਕੁਝ ਹਿਚਕਚਾਹਟ ਪੈਦਾ ਕਰ ਦਿੰਦਾ ਹੈ। ਜੇ ਕੋਈ ਮਨੁੱਖ ਇਨ੍ਹਾਂ ਦੋ ਅਹਿਸਾਸ ਤੋਂ ਮਨਫ਼ੀ ਹੈ ਤਾਂ ਉਹ ਸ਼ੈਤਾਨ ਬਣ ਸਕਦਾ ਹੈ। ਪਿਆਰ ਕਰਨ ਦਾ ਮਤਲਬ ਮਹਿਜ਼ ‘ਮੈਂ ਤੈਨੂੰ ਪਿਆਰ ਕਰਦਾ ਹਾਂ’ (ਆਈ ਲਵ ਯੂ) ਕਹਿਣਾ ਨਹੀਂ ਹੈ। ਪਿਆਰ ਕਰਨ ਦਾ ਮਤਲਬ ਕਿਸੇ ਨੂੰ ਸਮਝਣਾ ਹੈ ਅਤੇ ਉਸ ਲਈ ਆਪਣੇ ਆਪ ਦੀ ਥਾਹ ਪਾਉਣਾ ਹੈ। ਇਹ ਫਰਵਰੀ ਦਾ ਮਹੀਨਾ ਹੈ, ਆਪਣੀ ਸਾਰੀ ਤਾਕਤ ਪ੍ਰੇਮੀ ਦੀ ਭਾਲ ਵਿੱਚ ਬਰਬਾਦ ਨਾ ਕਰੋ। ਆਪਣੇ-ਆਪ ਅਤੇ ਆਪਣੇ ਸ਼ਹਿਰ ਦਾ ਧਿਆਨ ਰੱਖੋ ਜਿੱਥੇ ਪਿਆਰ ਮੁਮਕਿਨ ਹੈ। ਉਹ ਸੁਫ਼ਨੇ ਦੇਖੋ ਜੋ ਤੁਸੀਂ ਕਿਸੇ ਹੋਰ ਲਈ ਹਕੀਕਤ ਵਿੱਚ ਉਤਾਰ ਦੇਣਾ ਚਾਹੁੰਦੇ ਹੋ।
ਸਾਨੂੰ ਆਪਣੇ ਸ਼ਹਿਰਾਂ ਨੂੰ ਸਿਰਫ਼ ਚੌਗਿਰਦਾ-ਸਾਰ ਹੀ ਨਹੀਂ ਸਗੋਂ ਇਸ਼ਕ-ਸਾਰ ਵੀ ਬਣਾਉਣਾ ਹੈ। ਅਸੀਂ ਅਜਿਹੀਆਂ ਥਾਂਵਾਂ ਦੀ ਸਿਰਜਣਾ ਕਰਨੀ ਹੈ ਜਿਸ ਵਿੱਚ ਕੁਝ ਪੁਰਸਕੂਨ ਪਲ ਗੁਜ਼ਾਰੇ ਜਾ ਸਕਣ। ਜਿੱਥੇ ਪਿਆਰ ਦੇ ਦੀਦਾਰ ਕਰਨ ਤੋਂ ਬਾਅਦ ਪੁਲਿਸ ਡਾਗਾਂ ਉਲਾਰਦੀ ਹੋਈ ਨਾ ਆ ਪਹੁੰਚੇ। ਜਿੱਥੇ ਇੱਜ਼ਤਾਂ, ਮਜ਼ਹਬਾਂ ਅਤੇ ਖ਼ਾਨਦਾਨੀਆਂ ਦੇ ਰਾਖੇ ਬੰਦੂਕਾਂ ਅਤੇ ਚਾਕੂਆਂ ਨਾਲ ਨਾ ਆ ਧਮਕਣ। ਜਿੱਥੇ ਗੱਲਬਾਤ ਸ਼ੁਰੂ ਹੁੰਦੀ ਸਾਰ ਹੀ ਕੋਈ ਮੂੰਗਫਲੀ ਵੇਚਣ ਵਾਲਾ ਨਾ ਆ ਜਾਵੇ। ਇਹ ਚੰਗੀ ਗੱਲ ਹੈ ਕਿ ਸਾਡੇ ਸੁਫ਼ਨਿਆਂ ਵਿੱਚ ਪਿਆਰ ਦੀ ਥਾਂ ਕਾਇਮ ਹੈ। ਸਾਡੀਆਂ ਫ਼ਿਲਮਾਂ ਵਿੱਚ ਹੈ। ਇਹ ਕਿਉਂ ਹੈ ਕਿ ਸਾਡੇ ਸ਼ਹਿਰਾਂ ਵਿੱਚ ਅਜਿਹੀ ਕੋਈ ਥਾਂ ਨਹੀਂ ਹੈ? ਇਹ ਠੀਕ ਨਹੀਂ ਹੈ।
ਦਿੱਲੀ ਵਿੱਚ ਇੱਕ ਮੌਤ’
ਇੱਕ ਮੁੰਡੇ ਦੀ ਮੌਤ ਹੋਈ ਹੈ, ਉਸ ਦੀ ਮੁਹੱਬਤ ਦੇ ਪਰਿਵਾਰ ਨੇ ਭਰੀ ਸੜਕ ਉੱਤੇ ਉਸ ਦਾ ਕਤਲ ਕੀਤਾ ਹੈ। ਚੁੰਮਣ ਲੈਂਦੇ ਪ੍ਰੇਮੀਆਂ ਨੂੰ ਦੇਖਣ ਲਈ ਸਮਾਜ ਝਾੜੀਆਂ ਵਿੱਚ ਘਾਤ ਲਗਾ ਕੇ ਬੈਠਦਾ ਹੈ। ਅੰਕਿਤ ਸਕਸੈਨਾ ਦੀ ਮੌਤ ਕੋਈ ਆਖ਼ਰੀ ਮਾਮਲਾ ਨਹੀਂ ਹੈ।
ਮੈਂ ਉਸ ਦੇ ਖ਼ੁਸ਼ਗਵਾਰ ਦਿਨਾਂ ਦੀਆਂ ਤਸਵੀਰਾਂ ਨੂੰ ਚੁੱਪ-ਚਾਪ ਦੇਖਦਾ ਹਾਂ। ਉਹ ਸਿਰਫ਼ ਤੇਈ ਸਾਲਾਂ ਦਾ ਸੀ । ਸ਼ੋਖ ਰੰਗਾਂ ਦੇ ਗੁਲਦਸਤੇ ਵਰਗੀ ਜ਼ਿੰਦਗੀ ਅਜਾਈਂ ਗਈ ਸੀ। ਉਸ ਮੁਲਕ ਵਿੱਚ ਬੇਦਿਲੀ ਦਾ ਆਲਮ ਕਿੰਨਾ ਗੂੜ੍ਹਾ ਹੋਵੇਗਾ ਜਿਸ ਵਿੱਚ ਪਿਆਰ ਕਰਨ ਵਾਲਿਆਂ ਨੂੰ ਤਲਵਾਰਾਂ ਅਤੇ ਚਾਕੂਆਂ ਨਾਲ ਕੋਹਿਆ ਜਾਂਦਾ ਹੈ।
ਮਨੁੱਖੀ ਖੂਨ ਪੀਣ ਦੇ ਆਦੀ ਕੁਝ ਲੋਕ, ਗ਼ਮਗ਼ੀਨੀ ਦੇ ਇਸ ਆਲਮ ਵਿੱਚ ਕਿਸੇ ਦੇ ਇਸ ਵਾਰਦਾਤ ਬਾਬਤ ਕੁਝ ਲਿਖਣ ਦੀ ਉਡੀਕ ਕਰ ਰਹੇ ਹਨ। ਉਹ ਕਿਸੇ ਖ਼ਸੂਸੀ ਤਰ੍ਹਾਂ ਦੇ ਸ਼ਖ਼ਸ ਦੀਆਂ ਲਿਖਤਾਂ ਦਾ ਸਿਲਸਿਲਾ ਦਰਜ ਕਰਨ ਲਈ ਦ੍ਰਿੜ੍ਹ ਹਨ ਅਤੇ ਹੱਥਾਂ ਵਿੱਚ ਉਸ ਦਾ ਬਹੀ-ਖ਼ਾਤਾ ਚੁੱਕੀ ਫਿਰਦੇ ਹਨ—ਹੁਣ ਉਹ ਕੀ ਲਿਖੇਗਾ, ਕੀ ਉਹ ਇਸ ਬਾਬਤ ਲਿਖੇਗਾ? ਮੁਰਦਾਰ-ਖ਼ੋਰਾਂ ਦੇ ਸਮਾਜ ਵਿੱਚ ਲਿਖਣ ਦਾ ਹਰ ਉਪਰਾਲਾ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਦਿੱਤੇ ਸੱਦੇ ਦਾ ਹੁੰਗਾਰਾ ਮਾਤਰ ਜਾਪਦਾ ਹੈ।
ਕੋਈ ਇਹ ਅਸੀਸ ਕਿਵੇਂ ਦੇ ਸਕਦਾ ਹੈ ਕਿ ਉਹ ਅੰਕਿਤ ਦੇ ਪਿਆਰ ਨੂੰ ਫਲਦਾ ਦੇਖਣਾ ਲੋਚਦਾ ਹੈ। ਉਸ ਦੇ ਕਤਲ ਤੋਂ ਪਹਿਲਾਂ ਪ੍ਰੇਮੀਆਂ ਨੂੰ ਪਤਾ ਸੀ ਕਿ ਉਹ ਮੌਤ ਦੇ ਪਰਛਾਵਿਆਂ ਵਿੱਚ ਪਿਆਰ ਦੇ ਕੌਲ ਕਰ ਰਹੇ ਹਨ। ਅੰਕਿਤ ਨੂੰ ਪਿਆਰ ਕਰਨ ਵਾਲੀ ਕੁੜੀ ਨੇ ਆਖ਼ਰ ਸਦਾ ਲਈ ਭੱਜ ਜਾਣ ਦਾ ਫ਼ੈਸਲਾ ਕਿਉਂ ਕੀਤਾ ਅਤੇ ਆਪਣਿਆਂ ਮਾਪਿਆਂ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਤਾਲਾਬੰਦ ਕਰ ਗਈ—ਕੀ ਇੰਡੀਆ ਵਿੱਚ ਬਗ਼ਾਵਤ ਤੋਂ ਬਿਨਾਂ ਪਿਆਰ ਕਰਨਾ ਮੁਮਕਿਨ ਹੈ? ਹੁਣ ਵੀ ਮੁਟਿਆਰ ਕੁੜੀਆਂ ਨੂੰ ਪਿਆਰ ਨਾਲ ਨਿਭਣ ਲਈ ਆਪਣੇ ਘਰਾਂ ਤੋਂ ਭੱਜਣਾ ਪੈਂਦਾ ਹੈ। ਉਨ੍ਹਾਂ ਦੇ ਮਾਪੇ ਜਾਤ ਅਤੇ ਮਜ਼ਹਬ ਦੀਆਂ ਤੇਜ਼ਧਾਰ ਤਲਵਾਰਾਂ ਲਹਿਰਾਉਂਦੇ ਹੋਏ ਉਨ੍ਹਾਂ ਦਾ ਪਿੱਛਾ ਕਰਦੇ ਹਨ।
ਪਿਆਰ ਕਰਨ ਵਾਲੀ ਉਸ ਕੁੜੀ ਦੇ ਮਨ ਦੀ ਹਾਲਤ ਕਿਹੋ-ਜਿਹੀ ਹੋਵੇਗੀ ਜਿਸ ਦੀ ਅੰਕਿਤ ਨਾਲ ਰਹਿਣ ਦੀ ਤਮੰਨਾ ਨੇ ਉਸ ਨੂੰ ਆਪਣੇ ਘਰ ਕਦੇ ਵਾਪਿਸ ਨਾ ਆਉਣ ਦਾ ਫ਼ੈਸਲਾ ਕਰਨ ਲਈ ਮਜਬੂਰ ਕਰ ਦਿੱਤਾ? ਉਹ ਉੱਥੇ ਮੈਟਰੋ ਰੇਲ ਸਟੇਸ਼ਨ ਵੱਲ ਭੱਜੀ ਹੋਵੇਗੀ ਜਿਸ ਦੀਆਂ ਆਵਾਜ਼ਾਂ ਇੰਡੀਆ ਵਿੱਚ ਆਧੁਨਿਕਤਾ ਦੀ ਆਮਦ ਦੀ ਬਿੜਕ ਜਾਪਦੀਆਂ ਹਨ। ਦੂਜੇ ਪਾਸੇ ਅੰਤਿਕ ਦੀ ਮਾਂ ਆਪਣੇ ਰਘੂਬੀਰ ਨਗਰ ਦੇ ਘਰ ਵਿੱਚ ਦਿਲ ਦਹਿਲਾ ਦੇਣ ਵਾਲੇ ਵੈਣ ਪਾਉਂਦੀ ਹੋਈ ਮਾਤਮ ਕਰ ਰਹੀ ਸੀ । ਦੋਵੇਂ ਪਾਸੇ ਧੀਆਂ ਹੀ ਤਕਲੀਫ਼ਾਂ ਝੱਲ ਰਹੀਆਂ ਸਨ। ਪਿਆਰ ਕਰਨ ਵਾਲਾ ਦੁਲਾਰਾ ਪੁੱਤ ਕਤਲ ਹੋਇਆ ਸੀ।
ਅੰਕਿਤ ਵੀ ਵਾਹੋਦਾਹੀ ਮੈਟਰੋ ਰੇਲ ਸਟੇਸ਼ਨ ਵੱਲ ਨੂੰ ਜਾ ਰਿਹਾ ਸੀ ਜਿੱਥੇ ਉਹ ਉਸ ਦੀ ਉਡੀਕ ਕਰ ਰਹੀ ਸੀ। ਕੋਈ ਇਹ ਦੁਆ ਕਿਵੇਂ ਕਰੇ ਕਿ ਉਹ ਮਿੱਥੀ ਹੋਈ ਥਾਂ ਪਹੁੰਚ ਜਾਂਦਾ। ਉਹ ਇਕੱਠੇ ਬਸ ਚੜ੍ਹ ਜਾਂਦੇ ਅਤੇ ਨਫ਼ਰਤਜ਼ਦਾ ਸਮਾਜ ਤੋਂ ਲਾਪਤਾ ਹੋ ਜਾਂਦੇ ਅਤੇ ਆਪਣੀ ਪਛਾਣ ਦੀ ਹਰ ਨਿਸ਼ਾਨੀ ਉਤਾਰ ਦਿੰਦੇ । ਅੰਕਿਤ ਦੀ ਬਦਨਸੀਬ ਕਾਰ ਨੇ ਤਾਂ ਉਸ ਦੀ ਮਾਂ ਦੀ ਸਕੂਟੀ ਨਾਲ ਟਕਰਾਉਣਾ ਸੀ। ਅਖ਼ਬਾਰਾਂ ਦੀਆਂ ਖ਼ਬਰਾਂ ਦਰਸਾਉਂਦੀਆਂ ਹਨ ਕਿ ਉਸ ਦੀ ਮਾਂ ਨੇ ਜਾਣਬੁੱਝ ਕੇ ਟੱਕਰ ਮਾਰੀ ਸੀ-ਅੰਕਿਤ ਨੂੰ ਘੇਰਾ ਪੈ ਗਿਆ ਸੀ। ਕਾਤਲਾਨਾ ਚਾਕੂ ਦਾ ਟੱਕ ਉਸ ਦੀ ਗਰਦਨ ਉੱਤੇ ਲੱਗਿਆ ਸੀ।
ਅੰਕਿਤ ਸਕਸੈਨਾ ਹਿੰਦੂ ਸੀ। ਉਸ ਨਾਲ ਪਿਆਰ ਕਰਦੀ ਕੁੜੀ ਮੁਸਲਮਾਨ ਸੀ। ਮਾਮਲਾ ਹੋਰ ਸਾਫ਼ ਕਰਨ ਲਈ ਕੁਝ ਤੱਥ: ਕੁੜੀ ਦੀ ਮਾਂ ਮੁਸਲਮਾਨ ਸੀ, ਕੁੜੀ ਦਾ ਭਾਈ ਮੁਸਲਮਾਨ ਸੀ, ਕੁੜੀ ਦਾ ਬਾਪ ਮੁਸਲਮਾਨ ਸੀ, ਕੁੜੀ ਦਾ ਚਾਚਾ ਮੁਸਲਮਾਨ ਸੀ। ਮੈਨੂੰ ਕਿਸੇ ਦੀ ਮਜ਼ਹਬੀ ਪਛਾਣ ਦੱਸਣ ਵਿੱਚ ਕੋਈ ਤੌਖਲਾ ਨਹੀਂ। ਜੇ ਮੈਂ ਇਸ ਤੱਥ ਦਾ ਹਵਾਲਾ ਦੇਣ ਤੋਂ ਕੰਨੀ ਖਿਸਕਾਉਣੀ ਹੁੰਦੀ ਤਾਂ ਇਸ ਨਾਲ ਨਫ਼ਰਤ ਰਸੀਆ ਟਰੋਲ ਸਮਾਜ ਨੂੰ ਕੀ ਫ਼ਰਕ ਪੈਣਾ ਸੀ—ਉਨ੍ਹਾਂ ਨੇ ਜੋ ਦੇਖਣਾ ਹੈ, ਆਪਣੀ ਮਰਜ਼ੀ ਨਾਲ ਦੇਖਣਾ ਹੈ, ਇੱਕ ਹਿੰਦੂ ਸੀ ਅਤੇ ਇੱਕ ਮੁਸਲਮਾਨ ਸੀ, ਇਨ੍ਹਾਂ ਵਿੱਚੋਂ ਹਿੰਦੂ ਦਾ ਕਤਲ ਹੋਇਆ ਸੀ।
ਜੇ ਇਸ ਕਹਾਣੀ ਦੀਆਂ ਧਿਰਾਂ ਬਦਲ ਜਾਂਦੀਆਂ ਤਾਂ ਕੀ ਹੋਣਾ ਸੀ—ਜੇ ਉਹ ਹਿੰਦੂ ਹੁੰਦੀ ਅਤੇ ਉਹ ਮੁਸਲਮਾਨ ਹੁੰਦਾ ਅਤੇ ਦੋਵਾਂ ਦੇ ਮਾਪੇ ਰਾਜ਼ੀ ਹੁੰਦੇ? ਜੇ ਅਜਿਹਾ ਹੁੰਦਾ ਤਾਂ ਜੋ ਗਿਰੋਹ ਹੁਣ ਅੰਕਿਤ ਦੇ ਕਤਲ ਦਾ ਸਿਆਸੀ ਲਾਹਾ ਖੱਟਣ ਲੱਗੇ ਹੋਏ ਹਨ ਤਾਂ ਬਿਨਾਂ ਸ਼ੱਕ ਇਨ੍ਹਾਂ ਨੇ ਹੀ ਉਨ੍ਹਾਂ ਦੇ ਘਰਾਂ ਦੇ ਬਾਹਰ ਹੰਗਾਮਾ ਕਰਨਾ ਸੀ। ਟਰੋਲਜ਼ਾਦੇ ਤਾਂ ਇਸ ਵੇਲੇ ਇੰਝ ਦਰਸਾ ਰਹੇ ਹਨ ਕਿ ਜਿਵੇਂ ਇਨ੍ਹਾਂ ਨੇ ਕੈਦੋਂ ਦੀਆਂ ਅੱਖਾਂ ਵਿੱਚ ਰੜਕ ਪਾਉਣ ਵਾਲੇ ਪ੍ਰੇਮੀਆਂ ਦੇ ਵਿਆਹ ਦੇ ਮੇਲ ਵਿੱਚ ਮੇਲੀਆਂ ਵਜੋਂ ਜਾਣਾ ਸੀ। ਸਾਨੂੰ ਇਹ ਸੁਆਲ ਤਾਂ ਆਪਣੇ-ਆਪ ਨੂੰ ਪੁੱਛਣਾ ਚਾਹੀਦਾ ਹੈ—ਉਹ ਕੌਣ ਲੋਕ ਹਨ ਜੋ ਮਜ਼ਹਬੀ ਵੰਡੀਆਂ ਦੇ ਆਰ-ਪਾਰ ਹੁੰਦੇ ਵਿਆਹਾਂ ਖ਼ਿਲਾਫ਼ ਨਫ਼ਰਤ ਦਾ ਜ਼ਹਿਰ ਫੈਲਾਉਂਦੇ ਹਨ?
ਇਸ ਦੇ ਨਾਲ ਹੀ ਦਸੰਬਰ 2016 ਦੀਆਂ ਗਾਜ਼ੀਆਬਾਦ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਉਸ ਵੇਲੇ ਇੱਕ ਹਿੰਦੂ ਕੁੜੀ ਅਤੇ ਮੁਸਲਮਾਨ ਮੁੰਡੇ ਦੇ ਵਿਆਹ ਉੱਤੇ ਹੰਗਾਮਾ ਕਰਨ ਦਾ ਤਹੱਈਆ ਕਰ ਕੇ ਆਏ ਅਜਨਬੀ ਲੋਕਾਂ ਦਾ ਕੁੜੀ ਦੇ ਬਾਪ ਨੇ ਪੂਰੀ ਬਹਾਦਰੀ ਨਾਲ ਸਾਹਮਣਾ ਕੀਤਾ ਸੀ। ਆਖ਼ਰ ਇਸੇ ਸ਼ਹਿਰ ਵਿੱਚ, ਅੰਜਾਮ ਦੀ ਪਰਵਾਹ ਕੀਤੇ ਬਿਨਾਂ ਕੁੜੀ ਦੇ ਬਾਪ ਨੇ ਯਕੀਨੀ ਬਣਾਇਆ ਕਿ ਵਿਆਹ ਨਿਰਵਿਘਨ ਸਿਰੇ ਚੜ੍ਹ ਜਾਵੇ। ਕਿਸੇ ਸਿਆਸੀ ਪਾਰਟੀ ਦੇ ਜ਼ਿਲ੍ਹਾ ਮੁਖੀ ਨੇ ਵਿਆਹ ਵਿੱਚ ਵਿਘਨ ਪਾਉਣ ਦੇ ਇਰਾਦੇ ਨਾਲ ਕੁੜੀ ਦੇ ਘਰ ਦੇ ਬਾਹਰ ਹਜੂਮ ਇਕੱਠਾ ਕਰ ਲਿਆ ਸੀ। ਉਹ ਨਾ ਸਿਰਫ਼ ਆਪਣਾ ਇਰਾਦਾ ਪੂਰਾ ਕਰਨ ਵਿੱਚ ਨਾਕਾਮਯਾਬ ਰਿਹਾ ਸਗੋਂ ਉਸ ਦੀ ਪਾਰਟੀ ਨੇ ਉਸ ਨੂੰ ਅਹੁਦੇ ਤੋਂ ਵੀ ਲਾਂਭੇ ਕਰ ਦਿੱਤਾ।
ਇਹ ਨੇਮ ਤੈਅ ਕਰਨ ਵਾਲੀ ਕਿਹੜੀ ਤਾਕਤ ਹੈ ਕਿ ਕੌਣ ਕਿਸ ਨਾਲ ਪਿਆਰ ਕਰ ਸਕਦਾ ਹੈ? ਇਹ ਨੇਮ ਸਾਡੇ ਸਮਾਜ ਦੀ ਕੀ ਹਾਲਤ ਕਰ ਰਹੇ ਹਨ? ਕਿਸ ਦੇ ਅੰਦਰ ਨਫ਼ਰਤ ਭਰੀ ਜਾ ਰਹੀ ਹੈ ਅਤੇ ਕੌਣ ਕਤਲ ਦਾ ਮਨਸੂਬਾ ਬਣਾ ਰਿਹਾ ਹੈ? ਤੁਸੀਂ ਇਨ੍ਹਾਂ ਸੁਆਲਾਂ ਦਾ ਜੁਆਬ ਆਪ ਦੇ ਸਕਦੇ ਹੋ। ਜੇ ਅਸੀਂ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਤੋਂ ਗੁਰੇਜ਼ ਕਰਾਂਗੇ ਤਾਂ ਇਹੋ ਹੁੰਦਾ ਰਹੇਗਾ। ਆਖ਼ਰ ਇਹ ਕੋਈ ਸਿੱਧੀ-ਸਿੱਧੀ ਗੱਲ ਨਹੀਂ ਹੈ। ਬੰਦੇ ਦੇ ਅੰਦਰ ਹਿੰਸਾ ਦੀਆਂ ਮਹੀਨ ਪਰਤਾਂ ਹਨ ਅਤੇ ਜੇ ਬੰਦਾ ਆਪਣੇ-ਆਪ ਉੱਤੇ ਕਾਬੂ ਨਾ ਪਾਵੇ ਤਾਂ ਆਪਣੇ-ਆਪ ਨੂੰ ਨਫ਼ਰਤ ਦੇ ਹਵਾਲੇ ਕਰ ਦਿੰਦਾ ਹੈ।
ਮੌਜੂਦਾ ਮਾਹੌਲ ਨੇ ਹਰ ਬੰਦੇ ਨੂੰ ਨਿਤਾਣਾ ਕੀਤਾ ਹੈ। ਬਹੁਤ ਘੱਟ ਲੋਕ ਹਨ ਜੋ ਗਾਜ਼ੀਆਬਾਦ ਵਾਲੀ ਕੁੜੀ ਦੇ ਬਾਪ ਵਾਂਗ ਇਨ੍ਹਾਂ ਕਮਜ਼ੋਰੀਆਂ ਦੇ ਕਾਬੂ ਵਿੱਚ ਆਉਣ ਤੋਂ ਇਨਕਾਰ ਕਰਦੇ ਹਨ। ਕਈ ਖ਼ਾਯਾਲਾ ਵਾਲੀ ਮੁਸਲਮਾਨ ਕੁੜੀ ਦੇ ਮਾਪਿਆਂ ਵਾਂਗ ਕਾਤਲ ਬਣ ਜਾਂਦੇ ਹਨ। ਕੋਈ ਇਹ ਖ਼ਾਹਸ਼ ਕਿਵੇਂ ਪਾਲ਼ੇ ਕਿ ਅੰਕਿਤ ਨੂੰ ਪਿਆਰ ਕਰਨ ਵਾਲੀ ਕੁੜੀ ਦੇ ਮਾਪਿਆਂ ਨੇ ਆਪਣੀ ਧੀ ਅਤੇ ਉਸ ਦੇ ਭਰਾਵਾਂ ਨੇ ਆਪਣੀ ਭੈਣ ਨੂੰ ਆਪਣੀ ਜਿਣਸ ਨਾ ਸਮਝਿਆ ਹੁੰਦਾ। ਉਨ੍ਹਾਂ ਨੂੰ ਹੀ ਨਹੀਂ ਸਗੋਂ ਸਾਰੇ ਮਜ਼ਹਬਾਂ ਵਾਲਿਆਂ ਨੂੰ ਕੋਈ ਇਹ ਕਿਵੇਂ ਸਮਝਾਵੇ? ਨਫ਼ਰਤ ਨੇ ਸਾਡੇ ਦੁਆਲੇ ਕਿੰਨੀਆਂ ਕੰਧਾਂ ਉਸਾਰ ਦਿੱਤੀਆਂ ਹਨ, ਸਾਡੇ ਮਨਾਂ ਦੇ ਅੰਦਰ ਹਿੰਸਾ ਦੀਆਂ ਕਿੰਨੀਆਂ ਪਰਤਾਂ ਚੜ੍ਹਾ ਦਿੱਤੀਆਂ ਹਨ ਜਿਨ੍ਹਾਂ ਖ਼ਿਲਾਫ਼ ਲਗਾਤਾਰ ਜੱਦੋ-ਜਹਿਦ ਕਰਨੀ ਪੈਂਦੀ ਹੈ। ਅਸੀਂ ਇਹ ਜੰਗ ਜਿੱਤ ਵੀ ਸਕਦੇ ਹਾਂ—ਜਾਂ ਹਾਰ ਸਕਦੇ ਹਾਂ ਅਤੇ ਕਾਤਲ ਬਣ ਸਕਦੇ ਹਾਂ।
ਕੋਇੰਬਾਟੋਰ ਦੇ ਜੋੜੇ ਕੌਸ਼ਲਿਆ ਅਤੇ ਸੰਕਰ ਬਾਰੇ ਸੋਚੋ। ਉਹ ਤਾਂ ਦੋਵੇਂ ਹਿੰਦੂ ਸਨ। ਇਸ ਦੇ ਬਾਵਜੂਦ ਸੰਕਰ ਦਾ ਗਲ਼ ਤੇਜ਼ਧਾਰ ਹਥਿਆਰ ਨਾਲ ਸਿਖ਼ਰ ਦੁਪਹਿਰੇ ਕਿਉਂ ਵੱਢਿਆ ਗਿਆ ਸੀ? ਕੌਸ਼ਲਿਆ ਦੇ ਮਾਪਿਆਂ ਨੇ ਉਸ ਨਾਲ ਪਿਆਰ ਕਰਨ ਵਾਲੇ ਮੁੰਡੇ ਦਾ ਕਤਲ ਕਰਨ ਦੀ ਸਾਜਿਸ਼ ਕਿਉਂ ਕੀਤੀ? ਉਹ ਦਲਿਤਾਂ ਦਾ ਮੁੰਡਾ ਸੀ ਅਤੇ ਉਹ ਉੱਚੀ ਜਾਤ’ ਦੀ ਕੁੜੀ ਸੀ। ਉਨ੍ਹਾਂ ਨੂੰ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ। ਜਦੋਂ ਉਹ ਬਾਜ਼ਾਰ ਤੋਂ ਵਾਪਸ ਆ ਰਹੇ ਸਨ ਤਾਂ ਕੌਸ਼ਲਿਆ ਦੇ ਮਾਪਿਆਂ ਦੇ ਭਾੜੇ ਦੇ ਗੁੰਡਿਆਂ ਨੇ ਸੰਕਰ ਦਾ ਕਤਲ ਕਰ ਦਿੱਤਾ। ਇਹ 2016 ਦਾ ਮਾਮਲਾ ਹੈ। ਉਸ ਮੌਕੇ ਦਾ ਵੀਡੀਓ ਖ਼ੌਫ਼ਜ਼ਦਾ ਕਰਨ ਵਾਲਾ ਹੈ।
ਪਹਿਲੇ ਦਿਨ ਤੋਂ ਕੌਸ਼ਲਿਆ ਦਾ ਕਹਿਣਾ ਸੀ ਕਿ ਸੰਕਰ ਦੇ ਕਤਲ ਲਈ ਉਸ ਦੇ ਮਾਪੇ ਕਸੂਰਵਾਰ ਹਨ। ਸਾਲ ਜਾਂਚ ਚੱਲੀ ਅਤੇ ਬਾਅਦ ਵਿੱਚ ਅਦਾਲਤ ਵਿੱਚ ਮੁਲਜ਼ਮਾਂ ਨੂੰ ਮੁਜਰਮ ਕਰਾਰ ਦਿੱਤਾ ਗਿਆ। ਇਹ ਇੱਜ਼ਤ ਦੇ ਨਾਂ ਉੱਤੇ ਕੀਤੇ ਕਤਲ ਦੇ ਉਨ੍ਹਾਂ ਕੁਝ ਕੁ ਮਾਮਲਿਆਂ ਵਿੱਚ ਸ਼ੁਮਾਰ ਹੋਵੇਗਾ ਜਿਨ੍ਹਾਂ ਵਿੱਚ ਅਦਾਲਤਾਂ ਨੇ ਜਲਦੀ ਫ਼ੈਸਲਾ ਕੀਤਾ। ਇਸ ਮਾਮਲੇ ਦੀ ਔਨਲਾਇਨ ਤਫ਼ਸੀਲ ਨੂੰ ਪੜ੍ਹਨਾ ਸਿੱਖਿਆਦਾਇਕ ਸਾਬਤ ਹੋ ਸਕਦਾ ਹੈ। ਪ੍ਰਮਾਤਮਾ ਅੰਕਿਤ ਨਾਲ ਪਿਆਰ ਕਰਨ ਵਾਲੀ ਕੁੜੀ ਨੂੰ ਕੌਸ਼ਲਿਆ ਦਾ ਕੀਤਾ ਦੁਹਰਾਉਣ ਦਾ ਬਲ ਬਖ਼ਸ਼ੇ। ਉਸ ਨੇ ਬਿਆਨ ਤਾਂ ਦੇ ਦਿੱਤਾ ਹੈ ਕਿ ਉਸ ਦੇ ਮਾਪਿਆਂ ਨੇ ਅੰਕਿਤ ਦਾ ਕਤਲ ਕੀਤਾ ਹੈ।
ਤੁਸੀਂ ਹਰ ਨਾਮ ਦੇ ਨਾਲ ਹਰ ਵਾਰ ‘ਹਿੰਦੂ’ ਜਾਂ ‘ਮੁਸਲਮਾਨ’ ਹੋਣ ਦਾ ਅਗੇਤਰ ਲਗਾ ਸਕਦੇ ਹੋ ਪਰ ਇਸ ਨਾਲ ਸਾਡੇ ਸਮਾਜ ਦੀਆਂ ਰਗਾਂ ਵਿੱਚ ਵਗਦੀ ਹਿੰਸਾ ਦਾ ਬਿਆਨੀਆ ਮੁਕੰਮਲ ਨਹੀਂ ਹੋ ਜਾਣਾ। ਕੁਝ ਦਿਨ ਪਹਿਲਾਂ ਹੀ ਤਾਂ ਫ਼ਿਰਕਾਪ੍ਰਸਤੀ ਦੀ ਫ਼ਸਲ ਵੱਢਣ ਵਾਲੇ ਸ਼ੰਭੂਲਾਲ ਰਿਗਰ ਵਾਸਤੇ ਚੰਦਾ ਇਕੱਠਾ ਕਰ ਰਹੇ ਸਨ। ਸ਼ੰਬੂਲਾਲ ਰਿਗਰ ਨੇ ਰਾਜਸਥਾਨ ਵਿੱਚ ਮੁਹੰਮਦ ਅਫ਼ਰਾਜ਼ਲ ਨੂੰ ਕੋਹਿਆ ਸੀ ਅਤੇ ਜਿਊਂਦਾ ਜਲ਼ਾ ਦਿੱਤਾ ਸੀ ਅਤੇ ਆਪਣੇ ਭਤੀਜੇ ਤੋਂ ਕਤਲ ਦਾ ਫੋਨ ਉੱਤੇ ਵੀਡੀਓ ਬਣਵਾਇਆ ਸੀ। ਇਹ ਉਹ ਲੋਕ ਹਨ ਜੋ ਸਮਾਜ ਨੂੰ ਲਗਾਤਾਰ ਅੱਗ ਦੇ ਭਾਂਬੜ ਉੱਤੇ ਰੱਖਣ ਲਈ ਬਾਲਣ ਦਾ ਇੰਤਜ਼ਾਮ ਕਰਨ ਵਿੱਚ ਲੱਗੇ ਹੋਏ ਹਨ।
ਇਮਤਿਆਜ਼, ਨਫ਼ਰਤ ਅਤੇ ਔਰਤ ਦੋਖੀ ਸੋਚ ਦਾ ਕਾਹੜਾ ਇੱਜ਼ਤ ਦੇ ਨਾਮ ਉੱਤੇ ਕੀਤੇ ਕਤਲ ਦੇ ਰੂਪ ਵਜੋਂ ਸਾਹਮਣੇ ਆਉਂਦਾ ਹੈ ਜਿਸ ਵਿੱਚ ਮੌਕੇ ਮੁਤਾਬਕ ਮਜ਼ਹਬ, ਜਾਤ, ਬਾਪ ਜਾਂ ਭਰਾ ਰੱਤ-ਰੰਗੀਆ ਹਿੱਸਾ ਪਾਉਂਦੇ ਹਨ। ਪਿਆਰ ਕਰਨ ਦਾ ਕਾਰਜ ਹੀ ਇੱਜ਼ਤ ਦੇ ਨਾਮ ਉੱਤੇ ਕਤਲ ਕਰਨ ਦੀ ਸੱਦ ਨਹੀਂ ਬਣਦਾ। ਜਦੋਂ ਧੀਆਂ ਭਰੂਣ ਰੂਪ ਵਿੱਚ ਕੁੱਖ ਵਿੱਚ ਹੁੰਦੀਆਂ ਹਨ ਤਾਂ ਉਨ੍ਹਾਂ ਦਾ ਖ਼ਾਨਦਾਨ ਅਤੇ ਇੱਜ਼ਤ ਦੇ ਨਾਮ ਉੱਤੇ ਗਰਭਪਾਤ ਕੀਤਾ ਜਾਂਦਾ ਹੈ। ਇਹ ਬਰਾਦਰੀ ਅਤੇ ਮਜ਼ਹਬ ਦੀ ਸੱਚਾਈ ਹੈ—ਕੀ ਅਸੀਂ ਇਸ ਨੂੰ ਕਬੂਲ ਕਰਨ ਲਈ ਤਿਆਰ ਹਾਂ? ਇਹ ਮੁਲਕ ਅਤੇ ਇਸ ਦੇ ਸਮਾਜ ਦੀ ਸੱਚਾਈ ਹੈ। ਅਜਿਹੇ ਮੁਲਕ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਦੇ ਕੀ ਮਾਅਨੇ ਹਨ? ਅਸੀਂ ਆਪਣੀਆਂ ਧੀਆਂ ਨੂੰ ਕਿਸ ਤੋਂ ਮਹਿਫ਼ੂਜ਼ ਰੱਖਣਾ ਹੈ? ਸਾਡੀਆਂ ਧੀਆਂ ਦਾ ਸਾਹਮਣਾ ਕਿੰਨੇ ਕਾਤਲਾਂ ਨਾਲ ਹੋਇਆ ਹੈ—ਸਭ ਤੋਂ ਡਾਢੇ ਅਤੇ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਦੇ ਆਪਣੇ ਮਾਪੇ ਹਨ।
ਮਜ਼ਹਬ ਅਤੇ ਜਾਤ ਨੇ ਸਾਡੇ ਦੁਆਲੇ ਤਾਉਮਰ ਦੇ ਖ਼ੌਫ਼ ਦਾ ਘੇਰਾ ਘੱਤਿਆ ਹੈ। ਪਿਆਰ ਦੇ ਕੁਝ ਦਸਤੂਰੀ ਪਲਾਂ ਵਿੱਚ ਅਸੀਂ ਪਰਿੰਦਿਆਂ ਵਾਂਗ ਖੰਭ ਲੱਗਣ ਦੇ ਗੀਤਾਂ ਦੀਆਂ ਇੱਕ-ਦੋ ਸਤਰਾਂ ਗੁਣਗੁਣਾ ਸਕਦੇ ਹਾਂ ਪਰ ਦਰਅਸਲ ਅਸੀਂ ਮਜ਼ਹਬ ਅਤੇ ਜਾਤ ਦੇ ਪਿੰਜਰੇ ਵਿੱਚ ਲਗਾਤਾਰ ਕੈਦ ਹੁੰਦੇ ਚਲੇ ਜਾਂਦੇ ਹਾਂ। ਇੰਡੀਆ ਵਿੱਚ ਪਿਆਰ ਕਰਨ ਵਾਲੇ ਜੋੜਿਆਂ ਦੇ ਹਿੱਸੇ ਅਮੂਮਨ ਕਦੇ-ਕਦਾਈਂ ਮਾਸਾ ਜਿਹਾ ਪਿਆਰ ਆਉਂਦਾ ਹੈ ਪਰ ਜ਼ਿਆਦਾਤਰ ਨਫ਼ਰਤ ਹੀ ਪੱਲੇ ਪੈਂਦੀ ਹੈ। ਇਸ ਦੇ ਬਾਵਜੂਦ ਉਹ ਪਿਆਰ ਕਰਨ ਦਾ ਜੇਰਾ ਕਰਦੇ ਹਨ ਜਿਸ ਕਾਰਨ ਉਹ ਸਲਾਮ ਕੀਤੇ ਜਾਣ ਦੇ ਕਾਬਲ ਹਨ।
ਸਾਡੇ ਸਮਾਜ ਦਾ ਤਰਕਸ਼ ਪਿਆਰ ਦੇ ਬਰਖ਼ਿਲਾਫ਼ ਦਲੀਲਾਂ ਨਾਲ ਭਰਿਆ ਪਿਆ ‘ਹੈ ਜਿਸ ਕਾਰਨ ਅੰਕਿਤ ਦੇ ਕਤਲ ਦਾ ਮਾਤਮ ਕਰਨਾ ਤਾਂ ਇੱਕ ਪਾਸੇ ਰਿਹਾ ਪਰ ਇਸ ਤ੍ਰਾਸਦੀ ਦਾ ਲਾਹਾ ਖੱਟਣ ਦੀਆਂ ਵਿਓਂਤਾਂ ਬਣਨੀਆਂ ਸ਼ੁਰੂ ਵੀ ਹੋ ਗਈਆਂ ਹਨ। ਇਨ੍ਹਾਂ ਹਾਲਾਤ ਵਿੱਚ ਅੰਕਿਤ ਦੇ ਬਾਪ ਦੇ ਅਲਫ਼ਾਜ਼ ਬੇਇੰਤਹਾ ਅਹਿਮ ਹਨ—ਉਨ੍ਹਾਂ ਨੂੰ ਆਪਣੇ ਗੁਆਂਢ ਵਿੱਚ ਕੋਈ ਤਣਾਅ ਨਹੀਂ ਚਾਹੀਦਾ। ਉਨ੍ਹਾਂ ਨੂੰ ਅੰਕਿਤ ਲਈ ਇਨਸਾਫ਼ ਚਾਹੀਦਾ ਹੈ ਪਰ ਉਹ ਇਸ ਨੂੰ ਮਜ਼ਹਬ ਦਾ ਮੁੱਦਾ ਨਹੀਂ ਬਣਾਉਣਾ ਚਾਹੁੰਦਾ।
ਇਸ ਦੇ ਬਾਵਜੂਦ ਤਣਾਅ ਤਾਂ ਬਣਿਆ ਰਹੇਗਾ। ਸਰਗੋਸ਼ੀਆਂ ਦੇ ਬਾਜ਼ਾਰ ਨੂੰ ਠੰਢਾ ਹੋਣ ਦਾ ਮੌਕਾ ਨਹੀਂ ਮਿਲਣਾ। ‘ਲਵ-ਜਿਹਾਦ’ ਖ਼ਿਲਾਫ਼ ਬਣਾਏ ਗਏ ਐਂਟੀ-ਰੋਮੀਓ ‘ਗਰੋਹ’ ਸਾਡੀਆਂ ਧੀਆਂ ਦੀ ਨਜ਼ਰ-ਬੰਦੀ ਕਰਦੇ ਹੋਏ ਸ਼ਰਿ-ਬਾਜ਼ਾਰ ਦਨਦਨਾਉਂਦੇ ਘੁੰਮਣਗੇ। ਇੱਕ ਕਤਲ ਨਾਲ ਦੂਜੇ ਕਤਲ ਲਈ ਧਾਰ ਤੇਜ਼ ਹੋ ਜਾਂਦੀ ਹੈ। ਇਹੋ ਕਾਤਲ ਹੀ ਟਰੋਲ ਵਜੋਂ ਤੁਹਾਨੂੰ ਪੁੱਛਣਗੇ ਕਿ ਤੁਸੀਂ ਆਪਣੇ ‘ਮੁਸਲਮਾਨ ਪਿਆਰ’ ਨੂੰ ਖ਼ਾਰਜ ਕਰਨ ਲਈ ‘ਹਿੰਦੂ ਕਤਲ’ ਬਾਬਤ ਕਦੋਂ ਲਿਖੋਗੇ।
ਅੰਕਿਤ ਦੇ ਕਤਲ ਤੋਂ ਬਾਅਦ ਟਰੋਲ ਮੇਰੇ ਪਿੱਛੇ ਪੈ ਗਏ। ਮੇਰੇ ਉੱਤੇ ਨਜ਼ਰ ਰੱਖੀ ਗਈ: ਕੀ ਮੈਂ ਲਿਖਾਂਗਾ? ਕੀ ਮੈਂ ਬਾਪਰਵਾਹ ਹਾਂ? ਦੂਜੇ ਪਾਸੇ ਉਹ ਆਪ ਹਨ ਜੋ ਨਾ ਤਾਂ ਕਿਸੇ ਦੀ ਜ਼ਿੰਦਗੀ ਅਤੇ ਨਾ ਹੀ ਕਿਸੇ ਦੇ ਪਿਆਰ ਦੀ ਪਰਵਾਹ ਕਰਦੇ ਹਨ।
ਮੈਂ ਉਨ੍ਹਾਂ ਨੂੰ ਸਿਰਫ਼ ਇਹੋ ਕਹਿਣਾ ਹੈ: “ਜ਼ਰਾ! ਆਪਣੇ ਅੰਦਰ ਨਜ਼ਰ ਮਾਰੋ, ਤੁਸੀਂ ਕੀ ਕਰ ਰਹੇ ਹੋ। ਕੀ ਤੁਸੀਂ ਉਨ੍ਹਾਂ ਵਿੱਚੋਂ ਨਹੀਂ ਹੋ ਜੋ ਤਫ਼ਰੀਹਗਾਹਾਂ ਵਿੱਚ ਜੋੜਿਆਂ ਉੱਤੇ ਹਮਲੇ ਕਰਦੇ ਹੋ ਅਤੇ ਉਨ੍ਹਾਂ ਨੂੰ ਪੋਟਾ-ਪੋਟਾ ਕੋਂਹਦੇ ਹੋ? ਤੁਸੀਂ ਕਤਲ ਹੋਏ ਮੁੰਡੇ ਵਾਸਤੇ ਫ਼ਿਕਰਮੰਦ ਨਹੀਂ ਸੀ। ਉਹ ਪਿਆਰ ਕਰਦਾ ਸੀ। ਤੁਹਾਡਾ ਇਰਾਦਾ ਤਾਂ ਪਿਆਰ ਦਾ ਕਤਲ ਕਰਨਾ ਹੈ, ਕਿ ਨਹੀਂ? ਤੁਸੀਂ ਇੱਜ਼ਤ ਦੇ ਨਾਮ ਉੱਤੇ ਕਤਲ ਕਰਨ ਲਈ ਤਫ਼ਰੀਹਗਾਹਾਂ ਉੱਤੇ ਨੁਮਾਇਸ਼ੀ ਸ਼ਿਕਾਰ ਮੁਹਿੰਮ ਚਲਾਉਂਦੇ ਹੋ। ਤੁਹਾਨੂੰ ਇਨਸਾਫ਼ ਦੀ ਗੱਲ ਨਹੀਂ ਕਰਨੀ ਚਾਹੀਦੀ।
“ਤੁਸੀਂ ਇਹ ਦੱਸੋ ਕਿ ਮੇਰੇ ਨਾਮ ਦੇ ਨਾਲ ਮੌਲਾਨਾ ਜਾਂ ਮੁੱਲਾਂ ਦਾ ਅਗੇਤਰ ਲਗਾ ਕੇ ਤੁਸੀਂ ਕੀ ਕਰ ਰਹੇ ਹੋ? ਤੁਸੀਂ ਉਸੇ ਬੁਰਾਈ ਦਾ ਅਕਸ ਬਣਦੇ ਹੋ ਜਿਸ ਦੇ ਖ਼ਿਲਾਫ਼ ਕੁਝ ਲਿਖਣ ਦੀ ਤਵੱਕੋ ਮੇਰੇ ਤੋਂ ਕਰਦੇ ਹੋ। ਤੁਹਾਡੀ ਨਫ਼ਰਤ ਦੀ ਸਿਆਸਤ ਅਤੇ ਹਰ ਘਰ ਵਿੱਚੋਂ ਪਿਆਰ ਦੀ ਸੁੰਘ ਲੈਂਦੇ ਰਹਿਣ ਦਾ ਖ਼ਿਆਲ ਹੀ ਮਾਰੂ ਸਾਬਤ ਹੋ ਰਿਹਾ ਹੈ। ਖ਼ਰੂਦੀ ਜਨੂਨ ਲਗਾਤਾਰ ਵਧ ਰਿਹਾ ਹੈ। ਇਸ ਅੱਗ ਦਾ ਲਾਂਬੂ ਤੁਹਾਨੂੰ ਵੀ ਆਪਣੇ ਲਪੇਟੇ ਵਿੱਚ ਲੈ ਲਵੇਗਾ। ਤੁਸੀਂ ਇਸ ਮੁਲਕ ਨੂੰ ਸੁੱਖ ਦਾ ਸਾਹ ਕਿਉਂ ਨਹੀਂ ਆਉਣ ਦਿੰਦੇ, ਨੌਜਵਾਨ ਦਿਲਾਂ ਦੇ ਸੁਫ਼ਨਿਆਂ ਨੂੰ ਉਡਾਰੀ ਕਿਉਂ ਨਹੀਂ ਭਰਨ ਦਿੰਦੇ?”
ਪਿਆਰ ਸਾਨੂੰ ਬਚਾ ਸਕਦਾ ਹੈ। ਅਸੀਂ ਇਸ ਨੂੰ ਆਪਣੇ ਸਮਾਜ ਵਿੱਚ ਖਿੜਨ ਦਾ ਮੌਕਾ ਨਹੀਂ ਦਿੰਦੇ। ਹੁਣ ਅਸੀਂ ਪਿਆਰ ਦੀ ਨਜ਼ਰਸਾਨੀ ਅਤੇ ਕਤਲ ਲਈ ਪੁਲਿਸ ਦੇ ਲਸ਼ਕਰ ਬਣਾ ਲਏ ਹਨ। ਜਿਨ੍ਹਾਂ ਨੌਜਵਾਨਾਂ ਨੂੰ ਇਹ ਪਤਾ ਹੀ ਨਹੀਂ ਕਿ ਪਿਆਰ ਕਰਨ ਅਤੇ ਆਪਣੀ ਪਸੰਦ ਦਾ ਵਿਆਹ ਕਰਨ ਦਾ ਅਹਿਸਾਸ ਕੀ ਹੁੰਦਾ ਹੈ, ਉਹ ਸਦਾ ਡਰਪੋਕ ਹੀ ਬਣੇ ਰਹਿੰਦੇ ਹਨ, ਤਾਉਮਰ ਬੁਜ਼-ਦਿਲੀ ਹੰਢਾਉਂਦੇ ਹਨ। ਕਰੋੜਾਂ ਨਾਕਾਮਯਾਬ ਅਤੇ ਬੁਜ਼-ਦਿਲ ਆਸ਼ਕਾਂ ਦੇ ਸਮਾਜ ਵਿੱਚ ਰਹਿੰਦੇ-ਰਹਿੰਦੇ ਅਸੀਂ ਕਾਤਲ ਬਣ ਗਏ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਅੰਦਰੋਂ ਪਿਆਰ ਦੀ ਚਿਣਗ ਜਾਗਣ ਦੀ ਗੁੰਜਾਇਸ਼ ਖ਼ਤਮ ਕਰ ਦਿੰਦੇ ਹਾਂ-ਅਸੀਂ ਆਪਣੇ ਪਿਆਰ ਦਾ ਕਤਲ ਕਰਦੇ ਹਾਂ। ਇਸ ਤੋਂ ਬਾਅਦ ਅਸੀਂ ਦੂਜਿਆਂ ਦੇ ਪਿਆਰ ਨੂੰ ਨਿਸ਼ਾਨਾ ਬਣਾਉਂਦੇ ਹਾਂ।
ਪੋਸ਼ੀਦਗੀ’ ਦਾ ਬੁਨਿਆਦੀ ਹੱਕ
ਤੁਸੀਂ ਜ਼ਰਾ ਪਿੱਛੇ ਝਾਤ ਮਾਰ ਕੇ ਸੋਚੋ ਕਿ 22 ਅਗਸਤ 2017 ਨੂੰ ਕੀ ਹੋ ਰਿਹਾ ਸੀ: ਸਰਕਾਰੀ ਸਫ਼ਾਂ ਵਿੱਚ ਜ਼ੋਰ-ਅਜ਼ਮਾਈ ਹੋ ਰਹੀ ਸੀ ਕਿ ਕੌਣ ਦਾਅਵਾ ਕਰੇ ਕਿ ਸਰਵਉੱਚ ਅਦਾਲਤ ਦਾ ਤੀਹਰੇ ਤਲਾਕ ਨੂੰ ਨਾਵਾਜਿਬ ਕਰਾਰ ਦੇਣ ਦਾ ਫ਼ੈਸਲਾ ਉਨ੍ਹਾਂ ਦੀ ਪ੍ਰਾਪਤੀ ਹੈ। ਇਸ ਦੇ ਉਲਟ ਜਦੋਂ ਦੋ ਦਿਨਾਂ ਬਾਅਦ ਨੌਂ ਜੱਜਾਂ ਦੇ ਬੈਂਚ ਨੇ ਪੋਸ਼ੀਦਗੀ ਦੇ ਬੁਨਿਆਦੀ ਹੱਕ ਬਾਬਤ ਇਸ ਤੋਂ ਜ਼ਿਆਦਾ ਇਤਿਹਾਸਕ ਫ਼ੈਸਲਾ ਸੁਣਾਇਆ ਤਾਂ ਅੰਦਰ ਆ ਰਹੇ ਗੁਲਦਸਤਿਆਂ ਵਾਸਤੇ ਕੋਈ ਹਫ਼ੜਾ-ਦਫ਼ੜੀ ਨਹੀਂ ਮੱਚੀ। ਸਰਕਾਰ ਇੱਕ ਤਰ੍ਹਾਂ ਦੇ ਲਪੇਟੇ ਵਿੱਚ ਆ ਗਈ ਸੀ ਅਤੇ ਇਹ ਸੱਚ ਦੇ ਦੁਆਲੇ ਬਦ-ਸਲੀਕਾ ਟਪੂਸੀਆਂ ਮਾਰ ਰਹੀ ਸੀ।
ਜਦੋਂ 2014 ਵਿੱਚ ਐੱਨ.ਡੀ.ਏ. ਦੀ ਸਰਕਾਰ ਸੱਤਾ ਵਿੱਚ ਆਈ ਤਾਂ ਅਟਾਰਨੀ ਜਰਨਲ ਨੇ ਲਗਾਤਾਰ ਇਹ ਦਲੀਲ ਦਿੱਤੀ ਕਿ ਪੋਸ਼ੀਦਗੀ ਕੋਈ ਬੁਨਿਆਦੀ ਹੱਕ ਨਹੀਂ ਹੈ। ਇਸ ਦੇ ਬਾਵਜੂਦ 24 ਅਗਸਤ ਨੂੰ ਅਦਾਲਤੀ ਫ਼ੈਸਲੇ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪ੍ਰੈਸ ਕਾਨਫਰੰਸ ਵਿੱਚ ਸਰਕਾਰ ਦੀ ਸਰਵਉੱਚ ਅਦਾਲਤ ਵਿੱਚ ਹੋਈ ਹਾਰ ਨੂੰ ਜਿੱਤ ਵਜੋਂ ਪੇਸ਼ ਕਰਨ ਦੀ ਦਲੀਲ ਦਿੱਤੀ। “ਸਰਕਾਰ ਅਦਾਲਤੀ ਫ਼ੈਸਲੇ ਦਾ ਸੁਆਗਤ ਕਰਦੀ ਹੈ।” ਉਨ੍ਹਾਂ ਅੱਗੇ ਕਿਹਾ, “ਸਰਕਾਰ ਦਾ ਮੰਨਣਾ ਹੈ ਕਿ ਪੋਸ਼ੀਦਗੀ ਦਾ ਹੱਕ ਬੁਨਿਆਦੀ ਹੱਕ ਹੈ ਜੋ ਖ਼ਸੂਸੀ ਤੌਰ ਉੱਤੇ ਆਧਾਰ ਦੇ ਮਾਮਲੇ ਵਿੱਚ ਸਾਫ਼ ਹੈ। ਸਰਵਉੱਚ ਅਦਾਲਤ ਨੇ ਸਰਕਾਰ ਦੀ ਆਧਾਰ ਬਿੱਲ ਪੇਸ਼ ਕਰਨ ਵੇਲੇ ਸੰਸਦ ਵਿੱਚ ਦਿੱਤੀ ਗਈ ਦਲੀਲ ਦੀ ਤਸਦੀਕ ਕੀਤੀ ਹੈ।”
ਉਹ ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਦੇ ਰਾਜ ਸਭਾ ਵਿੱਚ 16 ਮਾਰਚ 2016 ਨੂੰ ਦਿੱਤੇ ਬਿਆਨ ਦਾ ਹਵਾਲਾ ਦੇ ਰਹੇ ਸਨ ਜੋ ਉਨ੍ਹਾਂ ਨੇ ਆਧਾਰ ਬਿੱਲ ਉੱਤੇ ਹੋਈ ਬਹਿਸ ਦੌਰਾਨ ਦਿੱਤਾ ਸੀ। ਜੇਤਲੀ ਦਾ ਬਿਆਨ ਸੀ, “ਸ਼ਾਇਦ, ਪੋਸ਼ੀਦਗੀ ਬੁਨਿਆਦੀ ਹੱਕ ਹੈ; ਹੁਣ ਉਹ ਦੌਰ ਲੰਘ ਗਿਆ ਹੈ ਜਦੋਂ ਇਹ ਕਿਹਾ ਜਾਂਦਾ ਸੀ ਕਿ ਅਜਿਹਾ ਨਹੀਂ ਹੈ।” ਜੇਤਲੀ ਦੇ ਬਿਆਨ ਦਾ ਲਹਿਜ਼ਾ ਸੰਵਿਧਾਨਕ ਬੈਂਚ ਦੇ ਫ਼ੈਸਲੇ ਨਾਲ ਮੇਲ ਖਾਂਦਾ ਸੀ ਪਰ ਸੁਆਲ ਇਹ ਹੈ ਕਿ ਅਟੌਰਨੀ ਜਰਨਲ ਨੇ ਇਹ ਐਲਾਨ ਅਦਾਲਤ ਵਿੱਚ ਕਿਉਂ ਨਹੀਂ ਕੀਤਾ? ਸਰਕਾਰ ਦੇ ਕਾਨੂੰਨੀ ਸਲਾਹਕਾਰ ਨੇ ਪੁਰਜ਼ੋਰ ਢੰਗ ਨਾਲ ਲਗਾਤਾਰ ਇਹ ਦਲੀਲ ਦਿੱਤੀ ਸੀ ਕਿ ਪੋਸ਼ੀਦਗੀ ਦਾ ਹੱਕ ਬੁਨਿਆਦੀ ਹਕੂਕ ਵਿੱਚ ਸ਼ਾਮਿਲ ਨਹੀਂ ਹੈ। ਜਦੋਂ ਕੇਂਦਰੀ ਕਾਨੂੰਨ ਮੰਤਰੀ ਸਰਵਉੱਚ ਅਦਾਲਤ ਦੇ ਫ਼ੈਸਲੇ ਨੂੰ ਆਪਣੀ ਜਿੱਤ ਕਰਾਰ ਦੇ ਰਹੇ ਸਨ ਤਾਂ ਉਨ੍ਹਾਂ ਨੂੰ ਘੱਟੋ-ਘੱਟ ਇਹ ਦੱਸਣਾ ਚਾਹੀਦਾ ਸੀ ਕਿ ਸਰਵਉੱਚ ਅਦਾਲਤ ਦੇ ਫ਼ੈਸਲੇ ਵਿੱਚ ਅਟੌਰਨੀ ਜਰਨਲ ਦੀ ਕਿਹੜੀ ਦਲੀਲ ਸ਼ਾਮਿਲ ਕੀਤੀ ਗਈ ਹੈ।
ਰਵੀ ਸ਼ੰਕਰ ਪ੍ਰਸਾਦ ਦੀ ਪ੍ਰੈਸ ਕਾਨਫਰੰਸ ਦੇ ਲਹਿਜ਼ੇ ਤੋਂ ਜ਼ਾਹਿਰ ਸੀ ਕਿ 24 ਅਗਸਤ 2017 ਵਾਲੇ ਅਦਾਲਤੀ ਫ਼ੈਸਲੇ ਦੀ ਅਹਿਮੀਅਤ ਸਰਕਾਰ ਦੇ ਸਿਰ ਚੜ੍ਹ ਕੇ ਬੋਲ ਰਹੀ ਸੀ। ਇਹ ਫ਼ੈਸਲਾ ਤਾਂ ਪੋਸ਼ੀਦਗੀ ਬਾਰੇ ਸੀ ਪਰ ਪ੍ਰਸਾਦ ਆਧਾਰ ਕਾਰਡ ਵਾਲੀ ਗੱਲ ਕਰ ਰਿਹਾ ਸੀ ਜਿਸ ਬਾਬਤ ਪੰਜ ਜੱਜਾਂ ਨੇ ਹਾਲੇ ਵੱਖਰਾ ਫ਼ੈਸਲਾ ਸੁਣਾਉਣਾ ਹੈ। ਪ੍ਰਸਾਦ ਸਾਨੂੰ ਆਪਣੇ ਮੰਤਰੀ-ਬੇਲੀ ਦੇ ਪੋਸ਼ੀਦਗੀ ਦੇ ਪੱਖ ਵਿੱਚ ਦਿੱਤੇ ਅਖੌਤੀ ਬਿਆਨ ਦਾ ਚੇਤਾ ਕਰਵਾ ਰਿਹਾ ਸੀ। ਜੇ ਸਰਕਾਰ ਦੀ ਸਮਝ ਜੇਤਲੀ ਦੇ ਆਧਾਰ ਬਿੱਲ ਦੀ ਬਹਿਸ ਦੌਰਾਨ ਮਾਰਚ 2016 ਵਿੱਚ ਦਿੱਤੇ ਬਿਆਨ ਨਾਲ ਮੇਲ਼ ਖਾਂਦੀ ਸੀ ਤਾਂ ਸਰਵਉੱਚ ਅਦਾਲਤ ਵਿੱਚ ਆਧਾਰ ਵਾਲੇ ਮਾਮਲੇ ਦੌਰਾਨ ਅਟੌਰਨੀ ਜਰਨਲ ਮੁਕਲ ਰਸਤੋਗੀ ਨੇ ਵੱਖਰਾ ਬਿਆਨ ਕਿਉਂ ਦਿੱਤਾ ਸੀ? ਮੁਕਲ ਰਸਤੋਗੀ ਨੇ ਐਲਾਨ ਕੀਤਾ ਸੀ ਕਿ ਅੰਨੇਵਾਹ ਬਾਇਓਮੈਟਰਿਕ ਡੈਟਾ ਇਕੱਠਾ ਕਰਨ ਨੂੰ ਜਿਸਮਾਨੀ ਘੁਸਪੈਠ ਕਰਾਰ ਦੇਣ ਵਾਲੀਆਂ ਦਲੀਲਾਂ ‘ਝੂਠੀਆਂ’ ਹਨ—ਅਤੇ ਸ਼ਹਿਰੀਆਂ ਦਾ ਆਪਣੇ ਜਿਸਮ ਉੱਤੇ ਕੋਈ ਖ਼ੁਦ-ਮੁਖ਼ਤਿਆਰੀ ਹੱਕ ਨਹੀਂ ਹੈ। ਮੁਕਤ ਰਸਤੋਗੀ ਦੇ ਉਸ ਖ਼ੌਫ਼ਜ਼ਦਾ ਕਰਨ ਵਾਲੇ ਦਾਅਵੇ ਤੋਂ ਬਾਅਦ ਸਰਕਾਰ ਕੋਲ ਮੌਕਾ ਸੀ ਕਿ ਉਹ ਸੰਵਿਧਾਨਕ ਬੈਂਚ ਦੇ ਸਾਹਮਣੇ ਆਪਣੀ ਸਮਝ ਵਿੱਚ ਸੋਧ ਕਰੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਸਰਵਉੱਚ ਅਦਾਲਤ ਵਿੱਚ ਸਰਕਾਰ ਦੀ ਕਰਾਰੀ ਹਾਰ ਤੋਂ ਬਾਅਦ ਉਹ ਜੇਤਲੀ ਦੇ ਬਿਆਨ ਦੀ ਆੜ ਵਿੱਚ ਕੀ ਸਾਬਤ ਕਰਨਾ ਚਾਹੁੰਦੀ ਸੀ? ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਨਾ ਮਹਿਜ਼ ਸਰਕਾਰੀ ਰਸਮ ਹੈ।
ਸਰਕਾਰ ਦੀ ਗ਼ਲਤੀ ਦਾ ਇਕਬਾਲ ਕਰਨ ਤੋਂ ਬਿਨਾਂ ਤਾਂ ਇਹ ਮਹਿਜ਼ ਮਜਬੂਰੀ ਹੀ ਸੀ। ਇੰਡੀਆ ਦੇ ਆਵਾਮ ਲਈ ਇਹ ਅਦਾਲਤੀ ਫ਼ੈਸਲਾ ਇਤਿਹਾਸਕ ਸੀ ਪਰ ਇੰਡੀਆ ਦੀ ਸਰਕਾਰ ਲਈ ਇਹ ਅਜਿਹਾ ਨਹੀਂ ਜਾਪਦਾ ਸੀ।
ਜਲਦੀ ਨਾਲ ਬੁਲਾਈ ਗਈ ਪ੍ਰੈਸ ਕਾਨਫਰੰਸ ਵਿੱਚ ਮੰਤਰੀ ਨੂੰ ਇੱਕ ਪੱਤਰਕਾਰ ਨੇ ਕਹਿ ਦਿੱਤਾ ਕਿ ਉਹ ਤੱਥਾਂ ਦਾ ਹੇਰ-ਫੇਰ ਅਤੇ ਗ਼ਲਤ-ਬਿਆਨੀ ਕਰ ਰਹੇ ਹਨ ਤਾਂ ਉਨ੍ਹਾਂ ਦੇ ਚਿਹਰੇ ਉੱਤੇ ਸ਼ਿਕਨ ਤਾਰੀ ਹੋ ਗਈ। ਇੱਕ ਹੋਰ ਪੱਤਰਕਾਰ ਨੇ ਇਹ ਸੁਆਲ ਪੁੱਛ ਲਿਆ ਕਿ ਸਰਵਉੱਚ ਅਦਾਲਤ ਦੇ ਫ਼ੈਸਲੇ ਦੀ ਰੌਸ਼ਨੀ ਵਿੱਚ ਲਿੰਗ-ਪਸੰਦੀ ਬੁਨਿਆਦੀ ਹਕੂਕ ਵਿੱਚ ਸ਼ੁਮਾਰ ਹੋ ਗਿਆ ਹੈ ਤਾਂ ਸਰਕਾਰ ਇੱਕੋ ਲਿੰਗ ਦੇ ਜੋੜਿਆਂ ਨੂੰ ਵਿੱਤੀ ਕੁੱਖ ਉਧਾਰ ਜ਼ਰੀਏ ਬੱਚੇ ਪੈਦਾ ਕਰਨ ਤੋਂ ਰੋਕਣ ਲਈ ਹਾਲੀਆ ਹੀ ਬਣਾਏ ਗਏ ਕਾਨੂੰਨ ਦਾ ਕੀ ਕਰੇਗੀ। ਮੰਤਰੀ ਨੇ ਅੱਖ ਦੇ ਫੋਰ ਵਿੱਚ ਜੁਆਬ ਦਿੱਤਾ ਕਿ ਇਸ ਸੁਆਲ ਦਾ ਪ੍ਰੈਸ ਕਾਨਫਰੰਸ ਦੇ ਮਜ਼ਮੂਨ ਨਾਲ ਕੋਈ ਸੰਬੰਧ ਨਹੀਂ ਹੈ। ਅਰੁਨ ਜੇਤਲੀ ਨੇ ਵੀ ਇਸ ਮਸਲੇ ਨੂੰ ਜ਼ਿਆਦਾ ਖ਼ੁਸ਼-ਇਖ਼ਲਾਕੀ ਨਾਲ ਹਾਂ-ਪੱਖੀ ਮੋੜ ਦੇਣ ਦਾ ਉਪਰਾਲਾ ਕੀਤਾ। ਇਹ ਦੋਵੇਂ ਆਵਾਮ ਨੂੰ ਮੂਰਖ ਬਣਾਉਣ ਦਾ ਤਰੱਦਦ ਕਰ ਰਹੇ ਸਨ ਤਾਂ ਜੋ ਸਰਕਾਰ ਦੀ ਜੱਗ ਹਸਾਈ ਨਾ ਹੋਵੇ। ਇਸੇ ਕਾਰਨ ਹਰ ਚੌਕਸ ਅਤੇ ਸੂਝਵਾਨ ਸ਼ਹਿਰੀ ਨੂੰ ਇਹ ਅਦਾਲਤੀ ਫ਼ੈਸਲਾ ਕਈ ਵਾਰ ਪੜ੍ਹਨਾ ਚਾਹੀਦਾ ਹੈ।
ਇੰਡੀਆ ਦੀ ਸਰਵਉੱਚ ਅਦਾਲਤ ਦਾ ਫ਼ੈਸਲਾ ਪੂਰੀ ਦੁਨੀਆ ਵਿੱਚ ਮਿਸਾਲ ਵਜੋਂ ਵੇਖਿਆ ਜਾਵੇਗਾ। ਇਸ ਫ਼ੈਸਲੇ ਨਾਲ ਇੰਡੀਆ ਨੂੰ ਨਵੀਂ ਪਛਾਣ ਮਿਲੇਗੀ। ਸੰਵਿਧਾਨਕ ਬੈਂਚ ਨੂੰ ਮੁਖ਼ਾਤਬ ਹੁੰਦੇ ਹੋਏ ਅਟੌਰਨੀ ਜਰਨਲ ਕੇ.ਕੇ.ਵੇਨੂਗੋਪਾਲ ਨੇ ਇਹ ਦਲੀਲਾਂ ਦਿੱਤੀਆਂ ਸਨ: ਪੋਸ਼ੀਦਗੀ ਦਾ ਮਾਮਲਾ ਇੰਡੀਆ ਦੇ ਸਰਦੇ-ਪੁੱਜਦੇ ਤਬਕੇ ਨਾਲ ਹੀ ਜੁੜਿਆ ਹੋਇਆ ਹੈ। ਇਸ ਤਬਕੇ ਦਾ ਬਹੁਗਿਣਤੀ ਆਬਾਦੀ ਦੀਆਂ ਜ਼ਰੂਰਤਾਂ ਅਤੇ ਰੀਝਾਂ ਨਾਲ ਕੋਈ ਰਾਬਤਾ ਨਹੀਂ ਹੈ। ਗ਼ਰੀਬ ਤਬਕੇ ਨੂੰ ਸਮਾਜ ਕਲਿਆਣ ਯੋਜਨਾਵਾਂ ਤਹਿਤ ਦਿੱਤੀਆਂ ਜਾਂਦੀਆਂ ਸਰਕਾਰੀ ਸਹੂਲਤਾਂ ਦੀ ਪੁਖ਼ਤਾ ਪਹੁੰਚ ਯਕੀਨੀ ਬਣਾਉਣ ਲਈ ਪੋਸ਼ੀਦਗੀ ਦੇ ਹੱਕ ਨੂੰ ਪਾਸੇ ਰੱਖਿਆ ਜਾ ਸਕਦਾ ਹੈ। ਜ਼ਿੰਦਗੀ ਦਾ ਹੱਕ ਸਰਵੋਤਮ ਹੈ, ਪੋਸ਼ੀਦਗੀ ਦਾ ਹੱਕ ਅਜਿਹਾ ਨਹੀਂ ਹੈ। ਇਹ ਕਹਿੰਦੇ ਹੋਏ ਉਹ ਸਰਕਾਰ ਅਤੇ ਸਰਕਾਰੀ ਹਮਾਇਤੀਆਂ ਦੀਆਂ ਦਲੀਲਾਂ ਦਾ ਬਿਆਨੀਆ ਹੀ ਪੇਸ਼ ਕਰ ਰਹੇ ਸਨ-ਕਿ ਪੋਸ਼ੀਦਗੀ ਦੇ ਪੱਖ ਵਿੱਚ ਦਿੱਤੀਆਂ ਦਲੀਲਾਂ ਅਮੀਰਾਂ ਦੇ ਚੋਂਚਲੇ ਹਨ ਅਤੇ ਸਫ਼ੇਦਪੋਸ਼ ਤਬਕਾ ਬੌਧਿਕ ਜੁਗਾਲ਼ੀ ਕਰ ਰਿਹਾ ਹੈ। ਬਾਅਦ ਵਿੱਚ ਸਰਵਉੱਚ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਸਰਕਾਰੀ ਦਲੀਲਾਂ ਥੋਥੀਆਂ ਹਨ। ਅਦਾਲਤ ਨੇ ਤਾਂ ਇਸ ਤੋਂ ਵੀ ਅੱਗੇ ਜਾ ਕੇ ਦਰਜ ਕੀਤਾ ਕਿ ਇਸ ਤਰ੍ਹਾਂ ਦੀ ਸਮਝ ਸੰਵਿਧਾਨ ਦੀ ਰੂਹ ਨਾਲ ਦਗ਼ਾ ਕਮਾਉਣ ਦੇ ਤੁੱਲ ਹੈ। ਸਾਡਾ ਸੰਵਿਧਾਨ ਸ਼ਖ਼ਸ ਨੂੰ ਕਿਸੇ ਹੋਰ ਸ਼ੈਅ ਨਾਲੋਂ ਜ਼ਿਆਦਾ ਤਰਜੀਹ ਦਿੰਦਾ ਹੈ। ਇਹ ਸਮਝ ਆਪਣੇ ਆਪ ਵਿੱਚ ਗ਼ਲਤ ਅਤੇ ਖ਼ਤਰਨਾਕ ਹੈ ਕਿ ਗ਼ਰੀਬ ਤਬਕੇ ਨੂੰ ਸ਼ਹਿਰੀ ਅਤੇ ਸਿਆਸੀ ਹਕੂਕ ਦੀ ਥਾਂ ਸਿਰਫ਼ ਆਰਥਿਕ ਵਿਕਾਸ ਦੀ ਜ਼ਰੂਰਤ ਹੈ।
ਸੁਆਲ ਇਹ ਹੈ ਕਿ ਜਦੋਂ ਸਰਕਾਰ ਚੁਣੀ ਹੋਣ ਕਾਰਨ ਸਾਰੇ ਆਵਾਮ ਦੀ ਚੋਣ ਹੈ। ਅਤੇ ਸਭ ਦੀ ਨੁਮਾਇੰਦਗੀ ਕਰਦੀ ਹੈ ਤਾਂ ਉਸ ਦੀ ਇਸ ਸੋਚ ਪਿੱਛੇ ਕੀ ਮਨਸ਼ਾ ਨਜ਼ਰ ਆਉਂਦੀ ਹੈ? ਇਹ ਸਰਕਾਰ ਸਰਵਉੱਚ ਅਦਾਲਤ ਵਿੱਚ ਬਿਆਨ ਦਿੰਦੀ ਹੈ ਕਿ ਅਮੀਰ ਤਬਕੇ ਲਈ ਤਾਂ ਸ਼ਹਿਰੀ ਅਤੇ ਸਿਆਸੀ ਹਕੂਕ ਠੀਕ ਹਨ ਪਰ ਇਹ ਗ਼ਰੀਬ ਤਬਕੇ ਦੀ ਅਣਸਰਦੀ ਲੋੜ ਨਹੀਂ ਹਨ। ਸਰਕਾਰ ਗਰੀਬ ਤਬਕੇ ਨੂੰ ਇਮਦਾਦ (ਸਬਸਿਡੀ) ਦੇਣ ਵੇਲੇ ਕੋਈ ਪਰਉਪਕਾਰ ਕਰਨ ਵਾਲਾ ਦਾਨ ਨਹੀਂ ਦਿੰਦੀ। ਇਮਦਾਦ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਸਰਕਾਰ ਆਵਾਮ ਲਈ ਜੁਆਬਦੇਹ ਹੈ ਅਤੇ ਲੋਕ ਕਲਿਆਣ ਲਈ ਜ਼ਿੰਮੇਵਾਰ ਹੈ। ਇਸ ਦੇ ਬਦਲੇ ਵਿੱਚ ਸਰਕਾਰ ਆਵਾਮ ਦੇ ਦੂਜੇ ਹਕੂਕ ਉੱਤੇ ਡਾਕਾ ਨਹੀਂ ਮਾਰ ਸਕਦੀ। ਇਹ ਮਾਅਨੇ ਨਹੀਂ ਰੱਖਦਾ ਕਿ ਲੋਕਾਂ ਦੇ ਢਿੱਡ ਭਰੇ ਹੋਏ ਹਨ ਜਾਂ ਉਹ ਭੁੱਖਮਰੀ ਦਾ ਸ਼ਿਕਾਰ ਹਨ। ਉਨ੍ਹਾਂ ਦਾ ਨਜ਼ਰੀਆ ਸਰਕਾਰ ਦੇ ਬਰਖ਼ਿਲਾਫ਼ ਹੋ ਸਕਦਾ ਹੈ ਅਤੇ ਉਹ ਲਾਮਬੰਦ ਹੋ ਸਕਦੇ ਹਨ ਜਾਂ ਸੜਕਾਂ ਉੱਤੇ ਆ ਕੇ ਮੁਜ਼ਾਹਰਾ ਕਰ ਸਕਦੇ ਹਨ। ਸਰਵਉੱਚ ਅਦਾਲਤ ਦੇ ਨੌਂ ਜੱਜਾਂ ਦੇ ਬੈਂਚ ਨੇ ਇਹ ਤੱਥ ਇੰਨੀ ਸਾਫ਼ਗੋਈ ਨਾਲ ਬਿਆਨ ਕਰ ਦਿੱਤਾ ਹੈ ਕਿ ਬੋਲ਼ੇ ਕੰਨਾਂ ਨੂੰ ਵੀ ਸੁਣਾਈ ਦੇ ਸਕਦਾ ਹੈ। ਇਸ ਫ਼ੈਸਲੇ ਵਿੱਚ ਦਰਜ ਹੈ: “ਇਤਿਹਾਸ ਵਿੱਚ ਇਸ ਦਲੀਲ ਦੀ ਵਰਤੋਂ ਇਨਸਾਨੀ ਹਕੂਕ ਦੇ ਬੇਕਿਰਕ ਘਾਣ ਨੂੰ ਜਾਇਜ਼ ਕਰਾਰ ਦੇਣ ਲਈ ਕੀਤੀ ਗਈ ਹੈ ਕਿ ਗ਼ਰੀਬ ਤਬਕਾ ਸਿਰਫ਼ ਆਰਥਿਕ ਲੋੜਾਂ ਬਾਬਤ ਚਿੰਤਾ ਕਰਦਾ ਹੈ ਅਤੇ ਇਸ ਨੂੰ ਸ਼ਹਿਰੀ ਅਤੇ ਸਿਆਸੀ ਹਕੂਕ ਦਰਕਾਰ ਨਹੀਂ ਹਨ। ਇਹ ਸਾਫ਼ ਹੋਣਾ ਚਾਹੀਦਾ ਹੈ ਕਿ ਸੁਆਲ ਪੁੱਛਣ, ਪੜਤਾਲ ਕਰਨ ਅਤੇ ਇਖ਼ਤਲਾਫ਼ ਕਰਨ ਦੇ ਹਕੂਕ ਨਾਲ ਸੂਝਵਾਨ ਸ਼ਹਿਰੀਅਤ ਦੀ ਤਾਮੀਰ ਹੁੰਦੀ ਹੈ ਜੋ ਸਰਕਾਰ ਦੀ ਕਾਰਗੁਜ਼ਾਰੀ ਦੀ ਪੜਤਾਲ ਕਰਨ ਦੇ ਕਾਬਲ ਹੁੰਦੀ ਹੈ। ਮਹਿਕੂਮ ਨੂੰ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਲਈ ਬਣੀ ਹਕੂਮਤ ਨੂੰ ਸੁਆਲ ਕਰਨ ਦਾ ਹੱਕ ਹੈ …” ”
ਪੋਸ਼ੀਦਗੀ ਦੇ ਹੱਕ ਵਾਲਾ ਫ਼ੈਸਲਾ ਸ਼ਹਿਰੀ ਨੂੰ ਆਪਣੇ ਹਕੂਕ ਦੇ ਸਮੁੱਚੇ ਪਨ੍ਹੇ ਬਾਬਤ ਜਾਗਰੂਕ ਕਰਦਾ ਹੈ। ਇਹ ਹਕੂਕ ਜਮਹੂਰੀਅਤ ਦੀ ਰੂਹ ਅਤੇ ਬੁੱਤ ਨੂੰ ਜਿਊਂਦਾ ਰੱਖਣ ਲਈ ਫ਼ੈਸਲਾਕੁੰਨ ਹਨ। ਸਰਵਉੱਚ ਅਦਾਲਤ ਨੇ ਦਰਜ ਕੀਤਾ ਹੈ ਕਿ ਜੇ ਸਰਕਾਰੀ ਕਾਰਗੁਜ਼ਾਰੀ ਦੀ ਪੜਤਾਲ ਕਰਨ, ਸੁਆਲ ਕਰਨ ਅਤੇ ਉਨ੍ਹਾਂ ਨਾਲ ਇਖ਼ਤਲਾਫ਼ ਰੱਖਣ ਦੇ ਹਕੂਕ ਮਹਿਫ਼ੂਜ਼ ਹੋਣ ਤਾਂ ਜਮਹੂਰੀਅਤ ਵਿੱਚ ਸ਼ਹਿਰੀ ਮਜ਼ਬੂਤ ਹੁੰਦੇ ਹਨ ਅਤੇ ਉਹ ਆਪਣੀ ਸਿਆਸੀ ਚੋਣ ਕਰਨ ਦੇ ਕਾਬਲ ਹੁੰਦੇ ਹਨ। ਸੰਵਿਧਾਨਕ ਬੈਂਚ ਨੇ ਪ੍ਰੋਫੈਸਰ ਅਮ੍ਰਿਤਯਾ ਸੈਨ ਦੀ ਖੋਜ ਦੇ ਹਵਾਲੇ ਨਾਲ ਦੱਸਿਆ ਹੈ ਕਿ ਬੇਲਗਾਮ ਸਰਕਾਰਾਂ ਕੀ ਕਰਦੀਆਂ ਹਨ—ਇਹ ਥੁੜ੍ਹਾਂ ਅਤੇ ਅਕਾਲ ਦੇ ਹਾਲਾਤ ਵਿੱਚ ਵੀ ਗ਼ੈਰ-ਜ਼ਿੰਮੇਵਾਰ ਹੋ ਜਾਂਦੀਆਂ ਹਨ। ਇੰਡੀਆ ਵਿੱਚ ਪ੍ਰੈਸ ਉੱਤੇ ਪਾਬੰਦੀਆਂ ਲੱਗੀਆਂ ਹੋਣ ਕਾਰਨ ਬਰਤਾਨਵੀ ਰਾਜ ਦੌਰਾਨ ਬੰਗਾਲ ਦੇ ਕਾਲ਼ ਦੀਆਂ ਨਾਮਾਤਰ ਖ਼ਬਰਾਂ ਨਸ਼ਰ ਹੋਈਆਂ ਸਨ। ਸਰਕਾਰ ਉੱਤੇ ਜਵਾਬਦੇਹੀ ਦਾ ਕੁੰਡਾ ਨਹੀਂ ਸੀ ਅਤੇ ਲੱਖਾਂ ਲੋਕ ਭੁੱਖਮਰੀ ਨਾਲ ਮਾਰੇ ਗਏ ਸਨ।
ਇਹੋ ਕਾਰਨ ਹੈ ਕਿ ਪੋਸ਼ੀਦਗੀ ਵਾਲਾ ਫ਼ੈਸਲਾ ਸਾਡੇ ਸਾਰਿਆਂ ਲਈ ਬੇਹੱਦ ਅਹਿਮ ਹੈ। ਪੋਸ਼ੀਦਗੀ ਦਾ ਹੱਕ ਆਪਣੇ-ਆਪ ਵਿੱਚ ਜਿਊਂਣ ਦਾ ਹੱਕ ਹੈ: ਬੇਖ਼ੌਫ਼ ਜਿਊਂਣ ਦਾ ਹੱਕ; ਸਰਕਾਰਾਂ ਤੋਂ ਇਨਸਾਫ਼, ਸਤਿਕਾਰ ਅਤੇ ਹਿਫ਼ਾਜ਼ਤ ਮੰਗਣ ਦਾ ਹੱਕ; ਆਪਣੇ-ਆਪ ਨੂੰ ਮਹਿਕੂਮ ਦੀ ਥਾਂ ਸ਼ਹਿਰੀ ਵਜੋਂ ਤਸਲੀਮ ਕਰਵਾਉਣ ਦਾ ਹੱਕ। ਹੁਣ 2014 ਤੋਂ ਬਾਅਦ ਸਿਆਸੀ ਹਾਲਾਤ ਇਹ ਹਨ ਕਿ ਸਰਕਾਰ ਦੀ ਹਰ ਤਨਕੀਦ ਨੂੰ ਹਕਾਰਤ ਨਾਲ ਵੇਖਿਆ ਜਾਂਦਾ ਹੈ। ਜੇ ਤੁਸੀਂ ਹਕੂਮਤ ਨਾਲ ਅਸਹਿਮਤ ਹੋ ਤਾਂ ਤੁਸੀਂ ਆਗੂ ਦੇ ਖ਼ਿਲਾਫ਼ ਹੋ, ਸਰਕਾਰ ਦੇ ਖ਼ਿਲਾਫ਼ ਹੋ, ਮੁਲਕ ਦੇ ਖ਼ਿਲਾਫ਼ ਹੋ ਅਤੇ ਵਿਕਾਸ ਦੇ ਖ਼ਿਲਾਫ਼ ਹੋ। ਸਰਵਉੱਚ ਅਦਾਲਤ ਦੇ ਸੰਵਿਧਾਨਕ ਬੈਂਚ ਨੇ ਸ਼ਹਿਰੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਸਰਕਾਰ ਦੀ ਤਨਕੀਦ ਕਰਨਾ ਅਤੇ ਸੁਆਲ ਕਰਨਾ ਨਾ ਸਿਰਫ਼ ਤੁਹਾਡਾ ਹੱਕ ਹੈ ਸਗੋਂ ਇਸ ਦੇ ਇਸਤੇਮਾਲ ਰਾਹੀਂ ਤੁਸੀਂ ਇੰਡੀਆ ਦੀ ਜਮਹੂਰੀਅਤ ਨੂੰ ਮਜ਼ਬੂਤ ਕਰਦੇ ਹੋ। ਮੈਂ ਸਮਝਦਾ ਹਾਂ ਕਿ ਸਰਵਉੱਚ ਅਦਾਲਤ ਨੇ ਇੱਕ ਪਾਸੇ ਤਾਂ ਪੋਸ਼ੀਦਗੀ ਦਾ ਬਿਆਨੀਆ ਦਿੱਤਾ ਹੈ ਅਤੇ ਦੂਜੇ ਪਾਸੇ ਬਿਆਨ ਕੀਤਾ ਹੈ ਕਿ ਸ਼ਹਿਰੀਆਂ ਦੀਆਂ ਜਮਹੂਰੀ ਜ਼ਿੰਮੇਵਾਰੀਆਂ ਕੀ ਹਨ ਅਤੇ ਸੰਵਿਧਾਨ ਉਨ੍ਹਾਂ ਦੀ ਰਾਖੀ ਕਿਵੇਂ ਕਰਦਾ ਹੈ।
ਇਸ ਫ਼ੈਸਲੇ ਰਾਹੀਂ ਸਰਵਉੱਚ ਅਦਾਲਤ ਨੇ ਇੱਕ ਪਾਸੇ ਸਰਕਾਰ ਦੀ ਲੋਕ ਦੋਖੀ ਦਲੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਆਪਣੇ ਪਹਿਲੇ ਫ਼ੈਸਲਿਆਂ ਵਿੱਚ ਰਹਿ ਗਈ ਤਰਦੀਦ ਅਤੇ ਕਾਣ ਕੱਢ ਦਿੱਤੀ ਹੈ। ਅਦਾਲਤ ਨੇ ਆਪਣੇ ਦੋ ਪੁਰਾਣੇ ਫ਼ੈਸਲਿਆਂ ਨੂੰ ਪਲਟਾ ਦਿੱਤਾ ਹੈ—1958 ਦੇ ਐੱਮ.ਪੀ.ਸ਼ਰਮਾ ਅਤੇ 1961 ਦੇ ਖੜਕ ਸਿੰਘ ਦੇ ਮਾਮਲਿਆਂ ਵਿੱਚ ਅਦਾਲਤ ਨੇ ਫ਼ੈਸਲੇ ਦਿੱਤੇ ਸਨ ਕਿ ਇੰਡੀਆ ਦੇ ਸੰਵਿਧਾਨ ਵਿੱਚ ਪੋਸ਼ੀਦਗੀ ਦੇ ਹੱਕ ਦੀ ਰਾਖੀ ਸ਼ਾਮਿਲ ਨਹੀਂ ਹੈ। ਹੁਣ ਅਦਾਲਤ ਨੇ ਇਹ ਕੰਮ ਪੁਰਜ਼ੋਰ ਅਤੇ ਯਾਦਗਾਰੀ ਲਫ਼ਜ਼ਾਂ ਵਿੱਚ ਕੀਤਾ ਹੈ—ਜੱਜ ਚੈਲਮੇਸ਼ਵਰ ਨੇ ਕਿਹਾ, ‘ਪੋਸ਼ੀਦਗੀ ਦੇ ਹੱਕ ਵਿੱਚ ਸਕੂਨ, ਇਬਾਦਤਗਾਹ ਅਤੇ ਸੰਗ-ਸੇਜੀ ਦੇ ਫ਼ੈਸਲੇ ਸ਼ਾਮਿਲ ਹਨ’; ਜੱਜ ਚੰਦਰਚੂੜ੍ਹ ਨੇ ਲਿਖਿਆ, ‘ਵਿਕਾਸ ਦਾ ਮਾਅਨਾ ਲੋਕਾਂ ਦੀ ਆਜ਼ਾਦੀ ਦਾ ਪਸਾਰਾ’ ਅਤੇ ‘ਜਿਊਂਣ ਦਾ ਮਾਅਨਾ ਸ਼ਾਨ ਨਾਲ ਜਿਊਂਣਾ ਹੈ’; ਜੱਜ ਨਾਰੀਮੈਨ ਨੇ ਪੋਸ਼ੀਦਗੀ ਦਾ ਬਿਆਨੀਆ ਦਿੱਤਾ ਕਿ ‘ਹਰ ਸ਼ਖ਼ਸ ਦਾ ਮਨੁੱਖ ਹੋਣ ਵਜੋਂ ਗ਼ੈਰ-ਮੂਫ਼ੀਕ ਇਨਸਾਨੀ ਹੱਕ ਹੈ’। ਨੌਂ ਜੱਜਾਂ ਦੀ ਸਰਵਸੰਮਤੀ ਨਾਲ ਲਿਖੇ ਇਸ ਅਦਾਲਤੀ ਫ਼ੈਸਲੇ ਵਿੱਚ ਪੋਸ਼ੀਦਗੀ ਦਾ ਬਿਆਨੀਆ ਨਸਰ ਦੀ ਕਾਨੂੰਨੀ ਕਿਤਾਬ ਵਿੱਚ ਲਿਖੀ ਉਮਦਾ ਨਜ਼ਮ ਹੈ।
ਸੰਵਿਧਾਨ ਦੀ ਧਾਰਾ 19 ਤਹਿਤ ਸ਼ਹਿਰੀਆਂ ਨੂੰ ਬੋਲਣ, ਅਮਨ-ਪਸੰਦੀ ਨਾਲ ਇਕੱਠੇ ਹੋਣ, ਬੇਰੋਕ ਤੋਰੇ-ਫੇਰੇ ਅਤੇ ਕਿਤੇ ਵੀ ਰਹਿਣ ਦੀ ਆਜ਼ਾਦੀ ਹੈ। ਸੰਵਿਧਾਨ ਦੀ ਧਾਰਾ 21 ਸ਼ਹਿਰੀਆਂ ਦੀ ਜ਼ਿੰਦਗੀ ਦੇ ਹੱਕ ਅਤੇ ਸ਼ਖ਼ਸੀ ਆਜ਼ਾਦੀ ਦੀ ਰਾਖੀ ਕਰਦੀ ਹੈ। ਕਿਸੇ ਸ਼ਹਿਰੀ ਦੀ ਜਾਨ ਕਾਨੂੰਨ ਦੇ ਦਸਤੂਰਿ-ਅਮਲ ਰਾਹੀਂ ਹੀ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਦੀ ਜਾਨ ਨਹੀਂ ਲਈ ਜਾ ਸਕਦੀ। ਸੰਵਿਧਾਨਕ ਬੈਂਚ ਨੇ ਇਸ ਮਾਮਲੇ ਵਿੱਚ ਅਹਿਮ ਨੁਕਤਾ ਉਜਾਗਰ ਕੀਤਾ ਹੈ-ਪੋਸ਼ੀਦਗੀ ਦੇ ਹੱਕ ਦਾ ਜ਼ਾਹਿਰਾ ਜ਼ਿਕਰ ਤਾਂ ਇਨ੍ਹਾਂ ਧਾਰਾਵਾਂ ਵਿੱਚ ਨਹੀਂ ਹੈ ਪਰ ਇਹ ਕਹਿਣਾ ਨਾਵਾਜਿਬ ਹੋਵੇਗਾ ਕਿ ਇਹ ਹੱਕ ਇਨ੍ਹਾਂ ਵਿੱਚ ਨਿਹਿਤ ਨਹੀਂ ਹੈ। ਇਨ੍ਹਾਂ ਹਕੂਕ ਵਿੱਚੋਂ ਪੋਸ਼ੀਦਗੀ ਦੇ ਹੱਕ ਦੀ ਮਹਿਕ ਆਉਂਦੀ ਹੈ। ਕਿਸੇ ਸ਼ਖ਼ਸ ਦੀ ਸ਼ਖ਼ਸੀਅਤ ਨਾਲ ਜੋੜ ਕੇ ਪੋਸ਼ੀਦਗੀ ਦਾ ਹੱਕ ਸੰਵਿਧਾਨ ਦਾ ਬੁਨਿਆਦੀ ਤੱਤ ਹੈ; ਇਸ ਤੋਂ ਬਿਨਾਂ ਕਿਸੇ ਸ਼ਖ਼ਸ ਲਈ ਸ਼ਾਨ ਨਾਲ ਜ਼ਿੰਦਗੀ ਜਿਊਣਾ ਨਾਮੁਮਕਿਨ ਹੈ। ਕਿਸੇ ਸ਼ਖ਼ਸ ਦੀ ਸਤਿਕਾਰ, ਬਰਾਬਰੀ ਅਤੇ ਆਜ਼ਾਦੀ ਦੀ ਰੀਝ ਇੰਡੀਆ ਦੇ ਸੰਵਿਧਾਨ ਦੇ ਬੁਨਿਆਦੀ ਥੰਮ੍ਹ ਹਨ। ਸੰਵਿਧਾਨ ਨੇ ਸਾਨੂੰ ਜ਼ਿੰਦਗੀ ਅਤੇ ਆਜ਼ਾਦੀ ਨਹੀਂ ਦਿੱਤੀ ਕਿਉਂਕਿ ਇਨ੍ਹਾਂ ਦੀ ਹੋਂਦ ਅਜ਼ਲਾਂ ਤੋਂ ਕਾਇਮ ਸੀ ਪਰ ਸੰਵਿਧਾਨ ਇਨ੍ਹਾਂ ਦੀ ਰਾਖੀ ਦਾ ਜ਼ਿੰਮਾ ਓਟਦਾ ਹੈ।
ਸਰਵਉੱਚ ਅਦਾਲਤ ਨੇ ਪੋਸ਼ੀਦਗੀ ਦੇ ਘੇਰੇ ਨੂੰ ਮੁਕੱਰਰ ਕਰਨ ਵਾਲੇ ਤੱਤਾਂ ਦੀ ਫ਼ਹਿਰਿਸਤ ਤਾਂ ਨਹੀਂ ਬਣਾਈ ਪਰ ਸਾਫ਼ਗੋਈ ਨਾਲ ਦਰਜ ਕੀਤਾ ਹੈ-ਕਿ ਕਿਸੇ ਸ਼ਖ਼ਸ ਦੀ ਕਿਸ ਨਾਲ ਨੇੜਤਾ ਹੈ, ਕਿਸ ਨੇ ਕਿਸ ਨੇ ਸੰਗਸੇਜੀ ਕਰਨੀ ਹੈ, ਕਿਸੇ ਨੇ ਕਿਸ ਨਾਲ ਵਿਆਹ ਕਰਨਾ ਹੈ, ਕਿਸ ਨੇ ਕਿਸ ਨਾਲ ਬੱਚੇ ਪੈਦਾ ਕਰਨੇ ਹਨ, ਕਿਸ ਨੇ ਕਿਸ ਤਰ੍ਹਾਂ ਦਾ ਘਰ ਅਤੇ ਪਰਿਵਾਰ ਵਸਾਉਣਾ ਹੈ—ਕਿ ਇਹ ਸਭ ਕੁਝ ਪੋਸ਼ੀਦਗੀ ਦੇ ਘੇਰੇ ਵਿੱਚ ਆਉਂਦਾ ਹੈ। ਪੋਸ਼ੀਦਗੀ ਦਾ ਹੱਲ ਇਹ ਤਸਲੀਮ ਕਰਦਾ ਹੈ ਕਿ ਹਰ ਸ਼ਖ਼ਸ ਦਾ ਆਪਣੀ ਜ਼ਿੰਦਗੀ ਦੇ ਜ਼ਰੂਰੀ ਪੱਖਾਂ ਉੱਤੇ ਅਖ਼ਤਿਆਰ ਹੋਣਾ ਉਸ ਦੀ ਹਸਤੀ ਲਈ ਅਹਿਮ ਹੈ। ਅਜਿਹਾ ਕਰਨ ਨਾਲ ਸਾਡੀ ਸੱਭਿਆਚਾਰਕ ਵੰਨ-ਸਵੰਨਤਾ ਅਤੇ ਗੋਨਾ-ਗੋਈ ਦੀ ਰਾਖੀ ਹੁੰਦੀ ਹੈ।
ਪੋਸ਼ੀਦਗੀ ਵਾਲਾ ਫ਼ੈਸਲਾ ਸਿਰਫ਼ ਸਿਆਸੀ ਨਿਜ਼ਾਮ ਬਾਬਤ ਨਹੀਂ ਹੈ। ਅਨੰਤ ਤਰੀਕਿਆਂ ਨਾਲ ਸਾਡੀ ਜ਼ਿੰਦਗੀ ਵਿੱਚ ਹੋ ਰਿਹਾ ਕਾਰਪੋਰੇਟ ਸੈਕਟਰ ਦਾ ਦਖ਼ਲ ਵੀ ਲਗਾਤਾਰ ਵਧ ਰਿਹਾ ਹੈ, ਅਤੇ ਇਹ ਸਭ ਕੁਝ ਸਰਕਾਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਸੰਵਿਧਾਨਕ ਬੈਂਚ ਨੇ ਇਸ ਪੱਖ ਉੱਤੇ ਡੂੰਘੀ ਸੋਚ-ਵਿਚਾਰ ਕਰਦੇ ਹੋਏ ਜਾਰਜ ਓਰਵੈੱਲ ਵੇ ਪੇਸ਼ੀਨਗੋਈਆਨਾ ਨਾਵਲ 1984 ਦਾ ਖੁੱਲ੍ਹ-ਦਿਲੀ ਨਾਲ ਜ਼ਿਕਰ ਕੀਤਾ ਹੈ। ਜਾਰਜ ਓਰਵੈੱਲ ਨੂੰ ਤਾਨਾਸ਼ਾਹਾਨਾ ਅਤੇ ਜਾਬਰਾਨਾ ਹੁਕਮਰਾਨ ਦੀ ਖ਼ਸਲਤ ਬਾਬਤ ਲਾਸਾਨੀ ਸਮਝ ਵਾਲੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਇਹ ਹਵਾਲੇ ਉਨ੍ਹਾਂ ਦੇ ਮੂੰਹ ਉੱਤੇ ਕਰਾਰੀ ਚਪੇੜ ਹਨ ਜੋ ਪੋਸ਼ੀਦਗੀ ਦੇ ਹੱਕ ਦੇ ਬਰਖ਼ਿਲਾਫ਼ ਸਨ ਜਾਂ ਇਸ ਦੀ ਮੰਗ ਨੂੰ ਛੁਟਿਆਉਂਦੇ ਸਨ। ਸੰਵਿਧਾਨਕ ਬੈਂਚ ਨੇ ਸਾਫ਼ ਲਿਖਿਆ ਹੈ ਕਿ 1984 ਤਾਂ ਕਾਲਪਨਿਕ ਜਗਤ ਦੀ ਪੇਸ਼ਕਾਰੀ ਹੈ ਜੋ ਸਾਡੇ ਮੌਜੂਦਾ ਦੌਰ ਦੀ ਹਕੀਕਤ ਦੀ ਤਸਵੀਰ ਪੇਸ਼ ਕਰਦੀ ਜਾਪਦੀ ਹੈ। ਤਕਨਾਲੋਜੀ ਦੇ ਮੌਜੂਦਾ ਵਿਕਾਸ ਨਾਲ ਸਿਰਫ਼ ਸਰਕਾਰਾਂ ਕੋਲ ਹੀ ਨਹੀਂ ਸਗੋਂ ਵੱਡੀਆਂ ਕਾਰਪੋਰੇਸ਼ਨਾਂ ਅਤੇ ਨਿੱਜੀ ਅਦਾਰਿਆਂ ਦੇ ਹੱਥ ਵੀ ‘ਵੱਡੇ ਭਾਈ’ ਵਾਲੇ ਕੰਮ ਕਰਨ ਦੀ ਸਮਰੱਥਾ ਆ ਗਈ ਹੈ। ਇੱਕ ਥਾਂ ਉੱਤੇ ਸੰਵਿਧਾਨਕ ਬੈਂਚ ਨੇ ਇਹ ਨੁਕਤਾ ਉਭਾਰਿਆ ਹੈ ਕਿ ਕਿਸੇ ਸ਼ਖ਼ਸ ਦੀ ਜ਼ਿੰਦਗੀ ਬਾਬਤ ਡੈਟਾ ਇਕੱਠਾ ਕਰਨਾ ਉਸ ਦੀ ਜ਼ਿੰਦਗੀ ਉੱਤੇ ਗ਼ਲਬਾ ਪਾਉਣਾ ਹੈ। ਹੁਣ ਡੈਟਾ ਇਕੱਠਾ ਕਰਨ ਤੋਂ ਬਾਅਦ ਇਸ ਦਾ ਇਸਤੇਮਾਲ ਅਸਹਿਮਤੀ ਨੂੰ ਦਬਾਉਣ ਲਈ ਕਰਨ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਇਹ ਡੈਟਾ ਕਿੱਥੇ ਰੱਖਿਆ ਜਾਵੇ ਅਤੇ ਇਸ ਨੂੰ ਰੱਖਣ ਦੀਆਂ ਸ਼ਰਤਾਂ ਕੀ ਹੋਣੀਆਂ ਚਾਹੀਦੀਆਂ ਹਨ, ਅਤੇ ਇਸ ਦੇ ਇਸਤੇਮਾਲ ਦੀ ਜੁਆਬਦੇਹੀ ਤੈਅ ਕਰਨਾ ਅਜਿਹੇ ਸੁਆਲ ਹਨ ਜਿਨ੍ਹਾਂ ਬਾਬਤ ਸਖ਼ਤ ਨੇਮ ਦਰਕਾਰ ਹਨ।
ਮੁੱਤਬਾਦਿਲ ਕਾਮੁਕਤਾ ਨਾਲ ਜੁੜੇ ਲੋਕ ਆਪਣੇ ਹਕੂਕ ਲਈ ਜਬਰਦਸਤ ਜੱਦੋ- ਜਹਿਦ ਕਰ ਰਹੇ ਹਨ। ਪੋਸ਼ੀਦਗੀ ਨਾਲ ਜੁੜੇ ਅਦਾਲਤੀ ਫ਼ੈਸਲੇ ਨਾਲ ਇਨ੍ਹਾਂ ਦੀ ਜੱਦੋ- ਜਹਿਦ ਨੂੰ ਜਾਰੀ ਰੱਖਣ ਦਾ ਬਲ ਮਿਲੇਗਾ। ਹਰ ਦੂਜੇ ਦਿਨ ਗੁੰਡੇ ਇਕੱਠੇ ਹੋ ਕੇ ਖਰੂਦ ਪਾਉਂਦੇ ਹਨ ਕਿ ਕਿਸੇ ਮਜ਼ਹਬ ਦੀ ਕੁੜੀ ਨੇ ਦੂਜੇ ਮਜ਼ਹਬ ਦੇ ਮੁੰਡੇ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਆਸ ਕੀਤੀ ਜਾ ਸਕਦੀ ਹੈ ਕਿ ਆਖ਼ਰ ਇਹ ਬਦਤਮੀਜ਼ੀ ਖ਼ਤਮ ਹੋਵੇਗੀ—ਮੁਲਕ ਦੀ ਸਭ ਤੋਂ ਵੱਡੀ ਅਦਾਲਤ ਨੇ ਪਿਆਰ ਨੂੰ ਸਰਕਾਰਾਂ, ਪੰਚਾਇਤਾਂ ਅਤੇ ਪੁਲਿਸ ਦੀ ਕੱਟੜਤਾ ਅਤੇ ਹਿੰਸਾ ਖ਼ਿਲਾਫ਼ ਰਾਖੀ ਦਾ ਜ਼ਰੀਆ ਮੁਹੱਈਆ ਕੀਤਾ ਹੈ।
ਸੰਵਿਧਾਨਕ ਬੈਂਚ ਨੇ ਲੋਕਾਂ ਦੀ ਖਾਣੇ ਅਤੇ ਲਿਬਾਸ ਦੀ ਵੰਨ-ਸਵੰਨੀ ਪਸੰਦ ਦੀ ਸ਼ਨਾਖ਼ਤ ਪੋਸ਼ੀਦਗੀ ਦੇ ਘੇਰੇ ਵਿੱਚ ਕੀਤੀ ਹੈ। ਇਹ ਵੀ ਸਾਫ਼ ਕੀਤਾ ਹੈ ਕਿ ਕੋਈ ਵੀ ਹੱਕ ਖ਼ੁਦ- ਮੁਖ਼ਤਿਆਰ ਨਹੀਂ ਹੈ। ਇਨ੍ਹਾਂ ਉੱਤੇ ਵਾਜਿਬ ਪਾਬੰਦੀਆਂ ਸਦਾ ਰਹਿਣਗੀਆਂ। ਸ਼ਹਿਰੀਆਂ ਨੂੰ ਇਹ ਯਕੀਨ ਦਿਵਾਇਆ ਗਿਆ ਹੈ ਕਿ ਕਿਸੇ ਦੇ ਰੋਜ਼ਮਰ੍ਹਾ ਦੇ ਮਾਮਲਿਆਂ ਵਿੱਚ ਕੋਈ ਦਖ਼ਲ ਨਹੀਂ ਦੇ ਸਕਦਾ ਕਿਉਂਕਿ ਪੋਸ਼ੀਦਗੀ ਦਾ ਹੱਕ ਸਾਡਾ ਬੁਨਿਆਦੀ ਹੱਕ ਹੈ। ਜਨੂਨੀਆਂ, ਗੁੰਡਿਆਂ, ਜ਼ੋਰਾਵਰਾਂ, ਵੱਡੇ ਕਾਰੋਬਾਰੀਆਂ ਅਤੇ ਹਕੂਮਤ ਖ਼ਿਲਾਫ਼ ਘੱਟੋ-ਘੱਟ ਕਾਨੂੰਨੀ ਪੱਖੋਂ ਇਸ ਹੱਕ ਦੀ ਰਾਖੀ ਕੀਤੀ ਜਾ ਸਕਦੀ ਹੈ।
ਇੰਡੀਆ ਦੇ ਉਮਦਾ ਵਿਦਵਾਨਾਂ ਵਿੱਚ ਸ਼ਾਮਿਲ ਫ਼ੈਜ਼ਾਨ ਮੁਸਤਫ਼ਾ ਨੇ ਗ਼ੌਰ ਕੀਤਾ ਹੈ ਕਿ ਬੁਨਿਆਦੀ ਹਕੂਕ ਸ਼ਹਿਰੀਆਂ ਉੱਤੇ ਸਰਕਾਰ ਨੂੰ ਨਹੀਂ ਸਗੋਂ ਸ਼ਹਿਰੀਆਂ ਨੂੰ ਸਰਕਾਰ ਉੱਤੇ ਕੁੰਡਾ ਰੱਖਣ ਦਾ ਮੁਖ਼ਤਿਆਰ ਬਣਾਉਂਦੇ ਹਨ। ਇਸ ਲਈ ਪੋਸ਼ੀਦਗੀ ਵਾਲਾ ਫ਼ੈਸਲਾ ਇੰਡੀਆ ਦੇ ਹਰ ਸ਼ਹਿਰੀ ਦੀ ਜਿੱਤ ਹੈ। ਅਸਲ ਵਿੱਚ ਇਸ ਫ਼ੈਸਲੇ ਨੇ ਸਰਵਉੱਚ ਅਦਾਲਤ ਨੂੰ ਕਤਾਰ ਦੇ ਅਖ਼ੀਰ ਵਿੱਚ ਖੜ੍ਹੇ ਸ਼ਖ਼ਸ ਦੀ ਅਦਾਲਤ ਬਣਾਇਆ ਹੈ।
ਅਦਾਰਿਆਂ ਨੇ ਅਮੂਮਨ ਸਾਡੇ ਨਾਲ ਦਗ਼ਾ ਕਮਾਇਆ ਹੈ। ਹੁਣ ਇੱਕੀਵੀਂ ਸਦੀ ਵਿੱਚ ਜਮਹੂਰੀਅਤ ਨੂੰ ਖ਼ੋਰਾ ਲਗਾਉਣ ਵਾਲੇ ਤਰੀਕੇ ਬਾਕਾਇਦਾ ਹੋ ਗਏ ਹਨ। ਪਹਿਲਾਂ ਇੰਝ ਜਾਪਦਾ ਸੀ ਕਿ ਦੁਨੀਆ ਵਿੱਚ ਸ਼ਖ਼ਸੀ ਆਜ਼ਾਦੀ ਦਾ ਬੇਮਿਸਾਲ ਪਸਾਰਾ ਹੋਵੇਗਾ ਪਰ ਹੁਣ ਸਾਡੀ ਹੈਸੀਅਤ ਨੂੰ ਖ਼ੋਰਾ ਲਗਾਉਣਾ ਜ਼ਿਆਦਾ ਸੁਖਾਲਾ ਹੋ ਗਿਆ ਹੈ। ਇਨ੍ਹਾਂ ਹਾਲਾਤ ਵਿੱਚ ਸਾਡਾ ਸ਼ਾਨਦਾਰ ਸੰਵਿਧਾਨ ਹੀ ਸਬੱਬ ਬਣਦਾ ਹੈ ਜਿਸ ਰਾਹੀਂ ਅਸੀਂ ਆਪਣੀ ਆਜ਼ਾਦੀ ਅਤੇ ਸ਼ਾਨ ਉੱਤੇ ਦਾਅਵੇਦਾਰੀ ਕਰ ਸਕਦੇ ਹਾਂ। ਸਰਵਉੱਚ ਅਦਾਲਤ ਨੇ ਸਾਨੂੰ ਇਹੋ ਦਰਸਾਇਆ ਹੈ ਕਿ ਜੇ ਪੋਸ਼ੀਦਗੀ ਬਾਬਤ ਅਦਾਲਤੀ ਫ਼ੈਸਲੇ ਨੇ ਕਦੇ ਸਾਨੂੰ ਨਾਕਾਮਯਾਬ ਕੀਤਾ ਸੀ ਤਾਂ ਹੁਣ ਇਹ ਯਕੀਨ ਦਵਾਇਆ ਹੈ ਕਿ ਜੇ ਸੰਵਿਧਾਨ ਘਾੜਿਆਂ ਦੇ ਸੁਝਾਏ ਨਕੇਲ ਅਤੇ ਤਵਾਜ਼ਨ ਕਾਰਗਰ ਰੂਪ ਵਿੱਚ ਥਾਂਵੇਂ ਹੋਣਗੇ ਤਾਂ ਸੰਵਿਧਾਨ ਮਜ਼ਬੂਤ ਹੋ ਸਕਦਾ ਹੈ। ਇਹੋ ਆਸ ਹੈ।
ਹੁਣ ਖ਼ੌਫ਼ ਤੋਂ ਆਜ਼ਾਦੀ ਦਾ ਮਾਅਨਾ ਮੁੱਖ-ਧਾਰਾ ਦੇ ਮੀਡੀਆ ਤੋਂ ਆਜ਼ਾਦੀ ਹੈ
ਇੰਡੀਆ ਦੇ ਮੀਡੀਆ ਦੀ ਮੁੱਖ-ਧਾਰਾ ਦਾ ਪਨ੍ਹਾ ਵਸੀਹ ਹੋਣ ਦੇ ਬਾਵਜੂਦ ਇਸ ਦੇ ਇਤਫ਼ਰਕੇ ਅਤੇ ਵੰਨ-ਸਵੰਨਤਾ ਖ਼ਤਮ ਹੋ ਗਈ ਹੈ। ਮੀਡੀਆ ਦੀ ਬੋਲੀ, ਮਲਕੀਅਤ ਅਤੇ ਖਿੱਤਾ ਮਾਅਨੇ ਨਹੀਂ ਰੱਖਦਾ ਕਿਉਂਕਿ ਦਿਨ-ਬ-ਦਿਨ, ਰਾਤ ਦਰ ਰਾਤ ਸਾਡੇ ਸਾਹਮਣੇ ਇੱਕੋ ਖਰੜਾ ਪੜ੍ਹਿਆ-ਚੀਕਿਆ-ਜਾ ਰਿਹਾ ਹੈ। ਪ੍ਰਚਾਰ ਖ਼ਬਰ ਹੈ ਅਤੇ ਗਾਲ਼ੀ-ਗਲੋਚ ਬਹਿਸ ਹੈ।
ਜਿਹੜਾ ਕਿਸੇ ਵੇਲੇ ਨਾਕਬੂਲ ਸੀ ਅਤੇ ਆਵਾਮੀ ਜ਼ਿੰਦਗੀ ਵਿੱਚ ਗ਼ੈਰ-ਇਖ਼ਲਾਕੀ ਮੰਨਿਆ ਜਾਂਦਾ ਸੀ, ਹੁਣ ਉਸੇ ਨੂੰ ਕਬੂਲ ਕਰ ਲਿਆ ਗਿਆ ਹੈ ਅਤੇ ਇਖ਼ਲਾਕੀ ਬਣਾ ਦਿੱਤਾ ਗਿਆ ਹੈ। ਇਸ ਵੇਲੇ ਮੀਡੀਆ ਇੱਕ ਪਾਸੇ ਬਦਚਲਣੀਆਂ ਦਾ ਜਸ਼ਨ ਮਨਾ ਰਿਹਾ ਹੈ ਅਤੇ ਦੂਜੇ ਪਾਸੇ ਹਰ ਦਿਨ ਗ਼ੈਰ-ਮੌਜ਼ੂਨੀਅਤ ਅਤੇ ਭੌਂਡੇਪਣ ਦੀਆਂ ਨਵੀਂਆਂ ਸਿਖ਼ਰਾਂ ਸਰ ਕਰ ਰਿਹਾ ਹੈ। ਮੁੱਖ-ਧਾਰਾ ਦੇ ਮੀਡੀਆ ਦੀ ਲੱਚਰਤਾ ਨੇ ਇੰਡੀਆ ਦੀ ਜਮਹੂਰੀਅਤ ਦਾ ਹਰ ਨੇਮ ਤੋੜ ਦਿੱਤਾ ਹੈ। ਹੁਣ ਲੱਚਰ ਅਤੇ ਤੰਗ-ਦਿਲੀ ਗ਼ਲਤ ਨਹੀਂ, ਇਹ ਗਲੀ- ਮੁਹੱਲੇ ਵਿੱਚ ਗ਼ਲਤ ਨਹੀਂ ਅਤੇ ਨਿਊਜ਼ ਚੈਨਲ ਦੇ ਸਟੂਡੀਓ ਵਿੱਚ ਗ਼ਲਤ ਨਹੀਂ। ਇਹ ਕਿਸੇ ਇਕੱਲੇ-ਕਾਰੇ ਚੈਨਲ ਜਾਂ ਐਂਕਰ ਦਾ ਮਾਮਲਾ ਨਹੀਂ ਹੈ ਸਗੋਂ ਰੋਜ਼ਾਨਾ ਚੱਤੇ-ਪਹਿਰ ਸੈਂਕੜਿਆਂ ਦਾ ਲਸ਼ਕਰ ਸਾਡੀ ਸ਼ਹਿਰੀਅਤ ਦੀਆਂ ਜੜ੍ਹਾਂ ਪੁੱਟਣ ਲੱਗਿਆ ਹੋਇਆ ਹੈ।
ਇਹ ਤਬਦੀਲੀ ਮੁੱਖ-ਧਾਰਾ ਦੇ ਮੀਡੀਆ ਅਤੇ ਸਿਆਸੀ ਤਾਕਤ ਦੇ ਮੁਕੰਮਲ ਘਿਓ-ਖਿਚੜੀ ਹੋ ਜਾਣ ਨਾਲ ਮੁਮਕਿਨ ਹੋਈ ਹੈ। ਮੀਡੀਆ ਹੁਣ ਆਪਣੇ ਦਰਸ਼ਕ ਨੂੰ ਮਹਿਜ਼ ਸਿਆਸੀ ਹਮਾਇਤੀ ਵਜੋਂ ਪਛਾਣਦਾ ਹੈ। ਇਸ ਮੀਡੀਆ ਦੇ ਖ਼ਪਤਕਾਰ ਅਤੇ ਹਮਾਇਤੀ ਹੁਕਮਰਾਨ ਵਿਚਾਰਧਾਰਾ ਅਤੇ ਸਿਆਸੀ ਪਾਰਟੀ ਦੇ ਪੈਰੋਕਾਰ ਹਨ ਜਿਸ ਕਾਰਨ ਦਰਸ਼ਕ ਅਤੇ ਪਾਰਟੀ ਹਮਾਇਤੀ ਵਿਚਕਾਰਲਾ ਹਰ ਫ਼ਰਕ ਮਿਟ ਗਿਆ ਹੈ। ਖ਼ਬਰਾਂ ਵਿੱਚੋਂ ਜਾਣਕਾਰੀ ਦੀ ਵੰਨ-ਸਵੰਨਤਾ ਨੂੰ ਖ਼ਤਮ ਕਰ ਕੇ ਇਸ ਸਿਆਸੀ ਹਮਾਇਤੀਆਂ ਦੇ ਵਰਗ ਨੂੰ ਦਰਸ਼ਕ ਸਾਜਿਆ ਗਿਆ ਹੈ। ਮੈਂ ਇਨ੍ਹਾਂ ਨੂੰ ‘ਬੇਜਾਣਕਾਰ’ ਇੱਜੜ ਵਜੋਂ ਵੇਖਦਾ ਹਾਂ। ਇਹ ਇੱਜੜ ਬਹੁਤ ਵੱਡਾ ਹੋ ਗਿਆ ਹੈ ਅਤੇ ਹਰ ਥਾਂ ਫੈਲ ਗਿਆ ਹੈ। ਇਸੇ ਕਾਰਨ ਮੈਂ ਇਸ ਨੂੰ ਸੰਜੀਦਗੀ ਨਾਲ ਵੇਖਦਾ ਹਾਂ ਅਤੇ ਇਸ ਦੀਆਂ ਬੇਵਕੂਫ਼ੀਆਂ ਦਾ ਮਜ਼ਾਕ ਉਡਾਉਣ ਤੋਂ ਗੁਰੇਜ਼ ਕਰਦਾ ਹਾਂ। ਜਦੋਂ ਗਿਆਨ ਦੀ ਥਾਂ ਅਗਿਆਨਤਾ ਭਾਰੂ ਹੋ ਜਾਵੇ ਤਾਂ ਇਹ ਮਜ਼ਾਕ ਦਾ ਮਸਲਾ ਨਹੀਂ ਹੁੰਦਾ।
ਸਮੇਂ-ਸਮੇਂ ਉੱਤੇ ਇਸ ਇੱਜੜ ਦਾ ਇਮਤਿਹਾਨ ਜਾਣਕਾਰੀ ਦੀ ਅਨੂਠੀ ਅਣਹੋਂਦ ਰਾਹੀਂ ਲਿਆ ਜਾਂਦਾ ਹੈ। ਮਿਸਾਲ ਵਜੋਂ ਪੁਲਵਾਮਾ ਦੀ ਵਾਰਦਾਤ ਤੋਂ ਬਾਅਦ ਬਹਿਸ ਇਸ ਮਸਲੇ ਉੱਤੇ ਨਹੀਂ ਸੀ ਕਿ ਪ੍ਰਧਾਨ ਮੰਤਰੀ ਮੀਡੀਆ ਜਾਂ ਮੁਲਕ ਨੂੰ ਮੁਖ਼ਾਤਬ (ਉਨ੍ਹਾਂ ਨੇ ਆਪਣੇ ਲਫ਼ਜ਼ਾਂ ਦੇ ਤੁਫ਼ਾਨ ਨੂੰ ਜਲਦੀ ਸੁਰੂ ਹੋਣ ਵਾਲੇ ਚੋਣ ਪ੍ਰਚਾਰ ਵਾਸਤੇ ਸਾਂਭ ਕੇ ਰੱਖਿਆ ਹੋਇਆ ਸੀ।) ਕਿਉਂ ਨਹੀਂ ਹੋਏ ਸਗੋਂ ਇਸ ਮਸਲੇ ਉੱਤੇ ਸੀ ਕਿ ਸਚਿਨ ਤੇਂਦੁਲਕਰ ਕਿਉਂ ਨਹੀਂ ਬੋਲੇ! ਤੱਥ ਇਹ ਸੀ ਕਿ ਤੇਂਦੁਲਕਰ ਨੇ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਇੰਡੀਆ ਨੂੰ ਵਿਸ਼ਵ ਕੱਪ ਪਾਕਿਸਤਾਨ ਖ਼ਿਲਾਫ਼ ਆਪਣਾ ਮੈਚ ਛੱਡਣਾ ਨਹੀਂ ਚਾਹੀਦਾ ਕਿਉਂਕਿ ਉਸ ਨੂੰ ਆਪਣੇ ਦੁਸ਼ਮਣ ਨੂੰ ਦੋ ਨੰਬਰ ਦੇਣਾ ਗਵਾਰਾ ਨਹੀਂ। ਉਸ ਦੇ ਲਫ਼ਜ਼ਾਂ ਦੀ ਗ਼ਲਤ-ਬਿਆਨੀ ਕੀਤੀ ਗਈ। ਅਸੀਂ ਇਹ ਮੰਨ ਕੇ ਭਿਆਨਕ ਗ਼ਲਤੀ ਕੀਤੀ ਹੈ ਕਿ ਸੰਚਾਰ ਮੀਡੀਆ ਦੇ ਪਸਾਰੇ ਨਾਲ ਆਪਣੇ-ਆਪ ਹੀ ਜਾਣਕਾਰੀ ਦਾ ਪਸਾਰਾ ਹੋਵੇਗਾ। ਅਜਿਹਾ ਨਹੀਂ ਹੋਇਆ। ਮਸਲਿਆਂ ਦੀ ਵੰਨ-ਸਵੰਨਤਾ ਨੂੰ ਮਿਟਾ ਕੇ ਜਾਣਕਾਰੀ ਦੀ ਥੁੜ੍ਹ ਪੈਦਾ ਕੀਤੀ ਗਈ ਹੈ-ਨਿਜ਼ਾਮਿ-ਬੇਜਾਣਕਾਰੀ। ਲਗਾਤਾਰ ਵਧ ਰਹੇ ਮੁੱਖ-ਧਾਰਾ ਮੀਡੀਆ ਦੇ ਵਸੀਹ ਪਨ੍ਹੇ ਨਾਲ ਇਹੋ ਹੋਇਆ ਹੈ।
ਜ਼ਿਆਦਾਤਰ ਨਿਊਜ਼ ਚੈਨਲਾਂ ਰਾਹੀਂ 2014 ਤੋਂ ਅੱਗੇ ਵਧਾਏ ਜਾ ਰਹੇ ‘ਕੌਮੀ ਪਾਠਕ੍ਰਮ’ ਦੇ ਮਨਸੂਬੇ ਦਾ ਮਨਸ਼ਾ ਪਹਿਲੇ ਦਿਨ ਤੋਂ ਸਾਫ਼ ਸੀ: ਬੰਦੇ ਅੰਦਰੋਂ ਜਾਗਰੂਕ ਅਤੇ ਮਸ਼ਗੂਲ ਦਰਸ਼ਕ ਨੂੰ ਖ਼ਤਮ ਕਰ ਦੇਣਾ। ਇਸ ਨਾਲ ਹੀ ਜਮਹੂਰੀਅਤ ਨੂੰ ਕਤਲ ਕੀਤੇ ਬਿਨਾਂ ਇਸ ਉੱਤੇ ਕਬਜ਼ਾ ਕਰਨ ਦੀ ਤਰਕੀਬ ਨੇਪਰੇ ਚੜ੍ਹ ਸਕਦੀ ਹੈ। ਇਹ ਵੱਖਰੀ ਗੱਲ ਹੈ ਕਿ ਇਸ ਤਰਕੀਬ ਨੇ ਅਮਲੀ ਰੂਪ ਹਾਸਿਲ ਕਰਨ ਲਈ ਗਲ਼ੀਆਂ ਵਿੱਚ ਖ਼ੂਨ ਵਹਾਇਆ ਹੈ—ਆਖ਼ਰ ਹਜੂਮਿ-ਬੇਜਾਣਕਾਰ ਕਿਸੇ ਨੂੰ ਨਹੀਂ ਬਖ਼ਸ਼ਦਾ, ਚਾਹੇ ਉਹ ਸਬੋਧ ਕੁਮਾਰ ਸਿੰਘ ਹੋਵੇ ਜਾਂ ਮੁਹੰਮਦ ਇਖ਼ਲਾਕ। ਮੌਜੂਦਾ ਹਕੂਮਤ, ਇਸ ਦੇ ਮੀਡੀਆ ਅਤੇ ਆਈ.ਟੀ.ਸੈੱਲ ਦਾ ਸ਼ੁਰੂ ਕੀਤਾ ਗਿਆ ‘ਕੌਮੀ ਪਾਠਕ੍ਰਮ’ ਇਸੇ ਤਰ੍ਹਾਂ ਅਸਰ-ਅੰਦਾਜ਼ ਹੋਇਆ ਹੈ। ਇਸ ਨੇ ਸਾਡੀ ਜਮਹੂਰੀਅਤ ਅਤੇ ਸ਼ਹਿਰੀਆਂ ਵਜੋਂ ਸਾਡੀ ਚੇਤਨਾ, ਅਤੇ ਆਵਾਮ ਵਜੋਂ ਸਾਡੀ ਹਸਤੀ ਦੀ ਬੁਨਿਆਦ ਹਿਲਾ ਦਿੱਤੀ ਹੈ।
ਜਦੋਂ ਮੋਦੀ ਸਰਕਾਰ ਨੇ 2014 ਵਿੱਚ ਸੱਤਾ ਸੰਭਾਲੀ ਤਾਂ ਨਾਲ ਹੀ ਮੁੱਖ-ਧਾਰਾ ਮੀਡੀਆ ਨੇ ‘ਕੌਮੀ ਪਾਠਕ੍ਰਮ’ ਸ਼ੁਰੂ ਕਰ ਦਿੱਤਾ। ਇਸ ਦਾ ਧੁਰਾ ਹਿੰਦੂ-ਮੁਸਲਿਮ ਵੰਡੀ ਨਾਲ ਜੁੜੀ ਤਰਕੀਬ ਨੂੰ ਹਵਾ ਦੇਣਾ ਸੀ। ਲਾਜ਼ਮੀ ਸੀ ਕਿ ਸ਼ਹਿਰੀਆਂ ਵਿੱਚ ਇਸ ਵੰਡੀ ਦਾ ਖ਼ਿਆਲ ਘਰ ਕਰ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਇਹ ਵੰਡੀ ਵਧਦੀ ਜਾਵੇ। ਇਸ ਤਰ੍ਹਾਂ ਮੀਡੀਆ ਸ਼ਹਿਰੀਅਤ ਦੇ ਮੁਸ਼ਤਰਕਾ! ਖ਼ਿਆਲ ਨੂੰ ਚਕਨਾਚੂਰ ਕਰਨ ਦੇ ਆਹਰ ਲੱਗਿਆ ਹੈ। ਸ਼ਹਿਰੀਅਤ ਅਤੇ ਇਤਹਾਦ ਦੀ ਬੁਨਿਆਦ ਜਾਣਕਾਰੀ ਅਤੇ ਪੜਤਾਲ ਉੱਤੇ ਟਿਕੀ ਹੋਈ ਹੈ ਜਿਨ੍ਹਾਂ ਦੀ ਗੁੰਜਾਇਸ਼ ਬੇਕਿਰਕੀ ਨਾਲ ਘਟਾ ਦਿੱਤੀ ਗਈ ਹੈ। ਸਾਡਾ ਮੁੱਖ-ਧਾਰਾ ਦਾ ਮੀਡੀਆ ਸਰਕਾਰ ਨੂੰ ਸੁਆਲ ਨਹੀਂ ਕਰਦਾ ਸਗੋਂ ਇਸ ਦੇ ਉਲਟ ਸਰਕਾਰ ਦੀ ਜਾਨਿਬ ਲੋਕਾਂ ਦੀ ਤਫ਼ਤੀਸ਼ ਕਰਦਾ ਹੈ! ਇਨ੍ਹਾਂ ਚੈਨਲਾਂ ਦੀ ਸਿਆਸੀ ਸਮਝ ਪੁਲਬਾਮਾ ਧਮਾਕੇ ਤੋਂ ਬਾਅਦ ਮੂੰਹ-ਜ਼ੋਰੀ ਨਾਲ ਜੱਗ-ਜ਼ਾਹਿਰ ਹੋਈ ਸੀ।
ਇਸ ਵੇਲੇ ਸ਼ਹਿਰੀਆਂ ਦੀਆਂ ਸਫ਼ਾਂ ਵਿੱਚੋਂ ਹੀ ਦੁਸ਼ਮਣ ਘੜੇ ਜਾ ਰਹੇ ਹਨ। ਇਸੇ ਮਕਸਦ ਲਈ ਅੱਧਪਕੀ ਜਾਣਕਾਰੀ ਨਾਲ ਸਾਡੇ ਸਾਰਿਆਂ ਵਿੱਚ ‘ਹਿੰਦੂ ਮਾਯੂਸੀ’ ਅਤੇ ‘ਮੁਸਲਿਮ ਮਾਯੂਸੀ’ ਦਾ ਜਜ਼ਬਾ ਭੜਕਾਇਆ ਜਾ ਰਿਹਾ ਹੈ। ਮਾਯੂਸੀ ਤਾਂ ਪਹਿਲਾਂ ਵੀ ਸੀ ਪਰ ਹੁਣ ਮੀਡੀਆ ਰਾਹੀਂ ਇਸ ਨੂੰ ਕਈ ਗੁਣਾ ਵਧਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ‘ਭਰਿਆ’ ਜਾ ਰਿਹਾ ਹੈ। ਇਸੇ ਕਾਰਨ ਮੌਜੂਦਾ ਮੁੱਖ-ਧਾਰਾ ਮੀਡੀਆ ਆਵਾਮ ਦਾ ਮੀਡੀਆ ਨਹੀਂ ਹੈ—ਇਹ ਖਾੜਕੂ ਹਿੰਦੂ ਮੀਡੀਆ ਹੈ। ਜੇ ਹੋਰ ਪੁਖ਼ਤਾ ਬਿਆਨੀਆ ਦੇਣਾ ਹੋਵੇ ਤਾਂ ਇਹ ਹਿੰਦੂ ਮਜ਼ਹਬ ਦੇ ਨਾਮ ਉੱਤੇ ਹੋ ਰਹੀ ਸਿਆਸਤ ਦਾ ਬੁਲਾਰਾ ਹੈ; ਇਹ ਹਿੰਦੂਵਾਦ ਦਾ ਨਹੀਂ ਸਗੋਂ ਹਿੰਦੂਤਵ ਦਾ ਝੰਡਾ-ਬਰਦਾਰ ਹੈ। ਪੰਜ ਸਾਲ ਪਹਿਲਾਂ ਕਿਸ ਨੇ ਸੋਚਿਆ ਸੀ ਕਿ ਹਿੰਦੂਤਵੀ ਲਸ਼ਕਰ ਮੁੱਖ-ਧਾਰਾ ਮੀਡੀਆ ਦੀ ਨੱਬੇ ਫ਼ੀਸਦ ਥਾਂ ਉੱਤੇ ਕਬਜ਼ਾ ਕਰ ਲੈਣਗੇ? ਹੁਣ ਇਹ ਹਕੀਕਤ ਹੈ। ਸਾਡੇ ਵਿੱਚੋਂ ਬਹੁਤ ਸਾਰੇ, ਸ਼ਾਇਦ, ਅਜੋਕੀ ਦੁਨੀਆ ਦੇ ਸਭ ਤੋਂ ਵੰਨ-ਸਵੰਨੇ ਮੁਲਕ ਦੇ ਵਾਸੀ ਹੋਣ ਦੇ ਬਾਵਜੂਦ, ਇਹ ਅਹਿਸਾਸ ਹੰਢਾ ਰਹੇ ਹਨ ਕਿ ਸਾਡੇ ਅਕੀਦਿਆਂ ਉੱਤੇ ਹਮਲਾ ਹੋ ਰਿਹਾ ਹੈ ਅਤੇ ਅਸੀਂ ਗ਼ੈਰ-ਮਹਿਫ਼ੂਜ਼ ਹਾਂ।
ਇਹ ਕਹਿਣਾ ਗ਼ਲਤ ਹੋਵੇਗਾ ਕਿ ਇੰਡੀਆ ਦੇ ਸ਼ਹਿਰੀਆਂ ਦੀ ਵੱਡੀ ਬਹੁਗਿਣਤੀ ਆਪਣੇ-ਆਪ ਨੂੰ ਹਿੰਦੂ ਨਹੀਂ ਮੰਨਦੀ ਸੀ। ਹੁਣ ਉਹ ਤਰੱਦਦਹੀਣ ਅਤੇ ਸਹਿਜ ਜਿਹੀ ਸਮਝ ਤਬਦੀਲ ਹੋ ਕੇ ਹਿੰਦੂ ਹੋਣ ਦੀ ਨਵੀਂ ਸੋਚ ਨਾਲ ਜੁੜ ਗਈ ਹੈ—ਜੋ ਬੇਹਿੰਮਤਾ ਹੈ ਅਤੇ ਆਪਣੇ ਨਾਲ ਖੜ੍ਹੇ ਲੋਕਾਂ ਤੋਂ ਖ਼ੌਫ਼ਜ਼ਦਾ ਹੈ। ਇਹ ਹਿੰਦੂ ਆਪਣੇ ਨਾਲ ਖੜ੍ਹੇ ਬੰਦੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੈ ਜੋ ਹਿੰਦੂ ਹੋਣ ਦੇ ਬਾਵਜੂਦ ਹਿੰਦੁ-ਵਿਰੋਧੀ ਹੈ। ਇਸੇ ਕਾਰਨ ਉਹ ਮੁਲਕ-ਵਿਰੋਧੀ ਹੈ। ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਕਿ ਕੋਈ ਹਿੰਦੂ ਦੂਜੇ ਹਿੰਦੂਆਂ ਤੋਂ ਭੈਅ ਖਾਂਦਾ ਹੈ। ਇਨ੍ਹਾਂ ਹਾਲਾਤ ਨੂੰ ਮੌਜੂਦਾ ਦੌਰ ਦੇ ਮੁੱਖ-ਧਾਰਾ ਮੀਡੀਆ ਦੀ ਦਿੱਤੀ ਸੌਗਾਤ ਵਜੋਂ ਵੇਖਣਾ ਚਾਹੀਦਾ ਹੈ। ਇਨ੍ਹਾਂ ਦਾ ਵਿਹਾਰ ਉਨ੍ਹਾਂ ਹਿੰਦੂ ਰੀਤਾਂ ਦੇ ਬਰਖ਼ਿਲਾਫ਼ ਹੈ ਜਿਨ੍ਹਾਂ ਦੇ ਬਿਹਤਰ ਹੋਣ ਦੀ ਦਾਅਵੇਦਾਰੀ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਦਾ ਲਗਾਤਾਰ ਗੁਣ-ਗਾਣ ਕੀਤਾ ਜਾਂਦਾ ਹੈ। ਗੀਤਾ ਵਿੱਚ ਲਿਖਿਆ ਹੈ ਕਿ ਗੁੱਸੇ ਨਾਲ ਬੰਦਾ ਨੇਕੀ-ਬਦੀ ਦਾ ਨਿਖੇੜਾ ਕਰਨਾ ਭੁੱਲ ਜਾਂਦਾ ਹੈ ਪਰ ਨਿਊਜ਼ ਐਂਕਰ ਇਸੇ ਦਾ ਨਾਮ ਲੈ ਕੇ ਲਗਾਤਾਰ ਇੱਕੋ ਸਾਹ ਵਿੱਚ ਲੰਬੀਆਂ-ਚੌੜੀਆਂ ਗੱਲਾਂ ਕਰਦੇ ਹਨ ਅਤੇ ਸਿਰਫ਼ ਗੁੱਸੇ ਦਾ ਇਜ਼ਹਾਰ ਕਰਦੇ ਹਨ।
ਮੁੱਖ-ਧਾਰਾ ਖ਼ਬਰ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਨਵੀਂ ਕਿਸਮ ਦਾ ਭਗਤ ਪੈਦਾ ਕੀਤਾ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਨਵੀਂ ਕਿਸਮ ਦੇ ਭਗਤ ਨੇ ਮੀਡੀਆ ਨੂੰ ਮੌਜੂਦਾ ਮੁਕਾਮ ਉੱਤੇ ਪਹੁੰਚਾਇਆ ਹੈ। ਮੈਨੂੰ ਲਗਦਾ ਹੈ ਕਿ ਸਾਰੇ ਸ਼ਹਿਰੀਆਂ ਨੂੰ ਕਬੀਰ ਜਾਂ ਰਵਿਦਾਸ ਵਰਗਾ ਹੋਣਾ ਚਾਹੀਦਾ ਹੈ ਅਤੇ ਆਪਣੇ ਦੌਰ ਦੇ ਮਜ਼ਹਬੀ ਅਦਾਰਿਆਂ ਦੇ ਅਮਲ ਅਤੇ ਹਕੂਮਤ ਦੀ ਕਾਰਗੁਜ਼ਾਰੀ ਨੂੰ ਵੰਗਾਰਨਾ ਚਾਹੀਦਾ ਹੈ। ਗੁਰੂ ਰਵਿਦਾਸ ਦੀ ਮਿਸਾਲ ਤੋਂ ਬਗੈਰ ਦਿਲ ਅਤੇ ਦਿਮਾਗ਼ ਦੀ ਨਿਰਛਲਤਾ ਨੂੰ ਸਮਝਣਾ ਮੁਸ਼ਕਲ ਹੈ। ਆਪਣੇ ਸੱਚ ਦਾ ਇਮਤਿਹਾਨ ਦੇਣ ਲਈ ਗੰਗਾ ਵਿੱਚ ਡੁਬਕੀ ਲਗਾਉਣ ਦਾ ਰਾਹ ਸੀ, ਅਤੇ ਤੇਂਦੁਲਕਰ ਨੂੰ ਆਪਣੀ ਦੇਸ਼-ਭਗਤੀ ਸਾਬਤ ਕਰਨ ਲਈ ਕਿਸੇ ਨਿਊਜ਼ ਚੈਨਲ ਉੱਤੇ ਜਾਣਾ ਪਵੇਗਾ। ਮੁੱਖ-ਧਾਰਾ ਦਾ ਮੌਜੂਦਾ ਮੀਡੀਆ ਇੰਡੀਆ ਦੇ ਹਰ ਦਸਤੂਰ ਦੇ ਖ਼ਿਲਾਫ਼ ਹੈ। ਇਸ ਨੇ ਨਿਰੋਲ ਬੇਜਾਣਕਾਰ ਭਗਤ ਦਾ ਬੁੱਤ ਤਰਾਸ਼ਿਆ ਹੈ, ਇਹ ਇਹੋ ਕਰਨਾ ਚਾਹੁੰਦਾ ਸੀ ਅਤੇ ਇਸ ਨੇ ਇਹੋ ਕੀਤਾ ਹੈ। ਜੋ ਬੇਜਾਣਕਾਰ ਹੈ ਉਹ ਬੇਪਿਆਰ ਵੀ ਹੈ। ਇਸ ਮਾਦੇ ਨਾਲ ਪਿਆਦੇ ਦਾ ਮੁਕੰਮਲ ਅਕਸ ਤਾਮੀਰ ਹੁੰਦਾ ਹੈ।
ਹੁਣ ਇਹ ਸਾਡੇ ਜਮਹੂਰੀ ਨਿਜ਼ਾਮ ਦੀ ਬੁਨਿਆਦੀ ਬੁਰਜੀ ਹੈ। ਇਸ ਦੀ ਬੁਨਿਆਦ ਤਬਦੀਲ ਹੋ ਗਈ ਹੈ ਅਤੇ ਇਸ ਦੇ ਹਵਾਲੇ ਬਦਲ ਗਏ ਹਨ। ਜੇ ਤੁਸੀਂ ਸੁਆਲ ਪੁੱਛਦੇ ਹੋ ਤਾਂ ਕਾਂਗਰਸ ਦੇ ਦਲਾਲ ਕਰਾਰ ਦਿੱਤੇ ਜਾਂਦੇ ਹੋ, ਨਕਸਲ ਕਰਾਰ ਦਿੱਤੇ ਜਾਂਦੇ ਹੋ, ਅਤੇ ਮੋਦੀ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਸ਼ਹਿਰੀ ਨਕਸਲੀ, ਹਿੰਦੂ ਨਾਲ ਨਫ਼ਰਤ ਕਰਨ ਵਾਲੇ ਅਤੇ ਮੁਲਕ ਵਿਰੋਧੀ ਕਰਾਰ ਦਿੱਤੇ ਜਾਂਦੇ ਹੋ। ਇਨ੍ਹਾਂ ਸਾਰੇ ਇਲਜ਼ਾਮਾਤ ਦਾ ਸਿਖ਼ਰ ਮੋਦੀ-ਵਿਰੋਧੀ ਹੋਣਾ ਹੈ। ਇਹ ਆਖ਼ਰੀ ਨੁਕਤਾ ਉਨ੍ਹਾਂ ਦੇ ਬਚਾਅ ਦਾ ਸਭ ਤੋਂ ਵੱਡਾ ਹਮਲਾਵਰ ਪੱਖ ਹੈ—ਤੁਸੀਂ ਮੋਦੀ ਦੇ ਬਰਖ਼ਿਲਾਫ਼ ਕਿਉਂ ਹੋ ਜੋ ਇੰਡੀਆ ਹੈ—ਇਹੋ ਉਹ ਨੁਕਤਾ ਹੈ ਜਿਸ ਤੋਂ ਸਾਡੇ ਨਿਜ਼ਾਮ ਦੀ ਜਮਹੂਰੀਅਤ ਦਾ ਅੰਤ ਸ਼ੁਰੂ ਹੋ ਜਾਂਦਾ ਹੈ।
‘ਹਿੰਦੂ ਮਾਯੂਸੀ’ ਦੇ ਅਹਿਸਾਸ ਨੂੰ ਮਜ਼ਬੂਤ ਕਰਨ ਲਈ ਮੀਡੀਆ ਨੇ ਮੁਸਲਮਾਨਾਂ ਦੇ ਖ਼ੌਫ਼ ਦਾ ਹਊਆ ਖੜ੍ਹਾ ਕੀਤਾ ਹੈ—ਦਰਅਸਲ ਹਿੰਦੂ ਗੁੱਸੇ ਦੇ ਵਧਣ ਦੇ ਸਮੁੱਚੇ ਮਨਸੂਬੇ ਦਾ ਧੁਰਾ ਇਸੇ ਨੁਕਤੇ ਨੂੰ ਬਣਾਇਆ ਗਿਆ ਹੈ। ਗ਼ੌਰ-ਤਲਬ ਹੈ ਕਿ ਇਹ ਨੁਕਤਾ ਜਿਸ ਤਰ੍ਹਾਂ ਹਿੰਦੂਆਂ ਉੱਤੇ ਅਸਰ-ਅੰਦਾਜ਼ ਹੋਇਆ ਹੈ, ਉਸੇ ਤਰ੍ਹਾਂ ਇਸ ਨੇ ਮੁਸਲਮਾਨਾਂ ਉੱਤੇ ਅਸਰ ਕੀਤਾ ਹੈ। ਜਿਸ ਤਰ੍ਹਾਂ ਹਿੰਦੂਆਂ ਨੇ ਸਰਕਾਰ ਨੂੰ ਸੁਆਲ ਪੁੱਛਣੇ ਬੰਦ ਕਰ ਦਿੱਤੇ ਹਨ ਠੀਕ ਉਸੇ ਤਰ੍ਹਾਂ ਮੁਸਲਾਮਾਨਾਂ ਨੇ ਖ਼ੌਫ਼ਜ਼ਦਾ ਹੋ ਕੇ ਸੁਆਲ ਪੁੱਛਣ ਤੋਂ ਕੰਨੀ ਖਿਸਕਾ ਲਈ ਹੈ। ਦਰਅਸਲ ਉਨ੍ਹਾਂ ਨੇ ਸਿਰਫ਼ ਸੁਆਲ ਪੁੱਛਣੇ ਹੀ ਬੰਦ ਨਹੀਂ ਕੀਤੇ ਸਗੋਂ ਉਨ੍ਹਾਂ ਨੇ ਨੁਮਾਇੰਦਗੀ ਦੇ ਆਪਣੇ ਸਿਆਸੀ ਹਕੂਕ ਵੀ ਛੱਡਣੇ ਸ਼ੁਰੂ ਕਰ ਦਿੱਤੇ ਹਨ। ਸਮਾਜ ਵਿੱਚ ਵੰਡੀਆਂ ਨੂੰ ਮੋਕਲਾ ਹੋਣ ਤੋਂ ਰੋਕਣ ਲਈ ਉਨ੍ਹਾਂ ਨੇ ਆਵਾਮੀ ਅਤੇ ਸਿਆਸੀ ਥਾਂਵਾਂ ਤੋਂ ਕੰਨੀ ਖਿਸਕਾਉਣੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਤੋਂ ਇਲਾਵਾ ਬਾਕੀ ਸਿਆਸੀ ਪਾਰਟੀਆਂ ਉੱਤੇ ਇਸ ਖ਼ੌਫ਼ਜ਼ਦਾ ਕਰਨ ਵਾਲੇ ਮਾਹੌਲ ਦਾ ਅਸਰ ਪਿਆ ਹੈ—ਉਨ੍ਹਾਂ ਨੇ ਵੀ ਵੋਟਾਂ ਦਾ ਨੁਕਸਾਨ ਹੋਣ ਦੇ ਡਰ ਕਾਰਨ ਸੁਆਲ ਪੁੱਛਣ ਤੋਂ ਕੰਨੀ ਖਿਸਕਾ ਲਈ ਹੈ। ਆਪਣੇ ਮੁਕੰਮਲ ਬੇਮੁਨਾਸਿਬ ਹੋ ਜਾਣ ਦੇ ਖ਼ਦਸ਼ਿਆਂ ਦੇ ਬਾਵਜੂਦ ਵਿਰੋਧੀ ਧਿਰ ਦੀ ਮੁੱਖ ਪਾਰਟੀ ਆਪਣੇ ਪੁਰਾਣੇ ਬੁਨਿਆਦੀ ਅਸੂਲਾਂ ਦੀ ਪਨਾਹ ਵਿੱਚ ਜਾਣ ਦਾ ਹੌਸਲਾ ਨਹੀਂ ਕਰਦੀ। ਇਹ ‘ਹਿੰਦੂ ਵਿਰੋਧੀ’ ਕਰਾਰ ਦਿੱਤੇ ਜਾਣ ਤੋਂ ਡਰਦੀ ਹੈ।
ਮੇਰੇ ਸਾਹਮਣੇ ਅਜਿਹੇ ਬੁਜ਼-ਦਿਲ ਇੰਡੀਆ ਦਾ ਅਕਸ ਉਭਰਦਾ ਹੈ ਜਿਸ ਦਾ ਹਰ ਜੀਅ ਆਪੋ-ਆਪਣੇ ਡਰਾਂ ਦੇ ਪਿੱਛੇ ਮੂੰਹ ਲੁਕਾ ਰਿਹਾ ਹੈ। ਇਹ ਲਾਜ਼ਮੀ ਹੈ ਕਿ ਅਸੀਂ ਸ਼ਹਿਰੀ ਵਜੋਂ ਮੁੜ ਕੇ ਹੋਸ਼ ਸੰਭਾਲੀਏ ਅਤੇ ਜਾਂ ਇੱਕ ਸਦੀ ਦੀ ਜੱਦੋ-ਜਹਿਦ ਨਾਲ ਹਾਸਿਲ ਕੀਤੇ ਇੰਡੀਆ ਦੀ ਹਾਰ ਦੇ ਭਾਗੀਦਾਰ ਬਣਨ ਲਈ ਤਿਆਰ ਰਹੀਏ। ਇਸ ਵੇਲੇ ਹਿੰਦੂਆਂ ਅਤੇ ਮੁਸਲਮਾਨਾਂ, ਦੋਵਾਂ ਨੂੰ ਖ਼ੌਫ਼ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ। ਇਸ ਲਈ ਇਨ੍ਹਾਂ ਦੋਵਾਂ ਨੂੰ ਮੁੱਖ-ਧਾਰਾ ਦੇ ਮੀਡੀਆ ਤੋਂ ਮੁਕਤੀ ਹਾਸਿਲ ਕਰਨੀ ਹੋਵੇਗੀ।
ਜੇ ਅਸੀਂ ਸਿਆਸੀ ਆਗੂਆਂ ਦੀਆਂ ਤਕਰੀਰਾਂ, ਨਿਊਜ਼ ਐਂਕਰਾਂ ਦੇ ਗੁੱਸੇਖ਼ੋਰ ਹਾਵ-ਭਾਵ, ਟੈਲੀਵਿਜ਼ਨ ਦੇ ਪਰਦਿਆਂ ਦੇ ਨਾਅਰਿਆਂ ਭਰੇ ਪਰਦੇ ਅਤੇ ਵੱਟਸਐੱਪ ਸੁਨੇਹਿਆਂ ਦੀ ਬੋਲੀ ਦੀ ਪੜਚੋਲ ਕਰੀਏ ਤਾਂ ਜ਼ਿਹਨੀ ਗੁੰਝਲਾਂ ਦਾ ਸ਼ਿਕਾਰ ਹੋਣਾ ਕੁਦਰਤੀ ਹੈ। ਤੇਂਦੂਲਕਰ ਦੀ ਬੋਲੀ ਕਿਸੇ ਅਜਿਹੀ ਗੁੰਝਲ ਦੀ ਨੁਮਾਇੰਦਗੀ ਨਹੀਂ ਕਰਦੀ ਪਰ ਉਸ ਨੂੰ ਮੁਲਕ-ਵਿਰੋਧੀ ਕਰਾਰ ਦਿੱਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੰਗੀ ਤਮਗਿਆਂ ਦੇ ਜੇਤੂ ਲੈਫਟੀਨੈਂਟ ਜਰਨਲ ਸਈਅਦ ਅਤਾ ਹਸਨੈਨ ਨਾਲ ਵੀ ਕੀਤਾ ਜਾ ਸਕਦਾ ਹੈ। ਮੌਜੂਦਾ ਦੌਰ ਦੇ ਮੁੱਖ-ਧਾਰਾ ਮੀਡੀਆ ਨੇ ਇਸ ਮੂਰਖਤਾ, ਲੱਚਰਤਾ ਅਤੇ ਬੇਸ਼ਰਮੀ ਨੂੰ ਮੁਨਾਫ਼ੇ ਦੀ ਕਾਰੋਬਾਰੀ ਜੁਗਤ ਬਣਾ ਲਿਆ ਹੈ।
ਇੰਝ ਵੀ ਨਹੀਂ ਕਿ ਇਹ ਸਾਰੀ ਤਰਕੀਬ ਸੁਆਲਾਂ ਦੇ ਨਿਸ਼ਾਨੇ ਉੱਤੇ ਨਹੀਂ ਆਈ। ਆਮ ਲੋਕ ਸਰਕਾਰ ਨੂੰ ਯੂਟਿਊਬ ਰਾਹੀਂ ਸੁਆਲ ਪੁੱਛ ਰਹੇ ਹਨ। ਨਵੇਂ ਪੋਚ ਦਾ ਮੀਡੀਆ ਉਭਰ ਰਿਹਾ ਹੈ ਜਿਵੇਂ ਕਿ ਦ ਵਾਇਰ, ਸਕਰੋਲ, ਦ ਕਾਰਵਾਂ। ਇਸ ਤੋਂ ਇਲਾਵਾ ਟੈਲੀਗ੍ਰਾਫ਼ ਵਰਗੇ ਅਖ਼ਬਾਰ ਹਨ। ਅਸੀਂ ਵੀ ਆਪਣੇ ਚੈਨਲ ਉੱਤੇ ਉਪਰਾਲੇ ਕਰਦੇ ਹਾਂ। ਜਿਨ੍ਹਾਂ ਲੋਕਾਂ ਨੂੰ ਇਹ ਪਤਾ ਹੈ ਕਿ ਮੀਡੀਆ ਨੂੰ ਕੀ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਗਿਣਤੀ ਹੌਲੀ-ਹੌਲੀ ਵਧ ਰਹੀ ਹੈ। ਬੇਖ਼ੌਫ਼ ਪੱਤਰਕਾਰ ਬੀਬੀਆਂ ਨਿਜ਼ਾਮ ਖ਼ਿਲਾਫ਼ ਲੜ ਰਹੀਆਂ ਹਨ। ਉਹ ਆਸ ਜਗਾਉਂਦੀਆਂ ਹਨ। ਜੇ ਇਹ ਵੇਖਣਾ ਹੋਵੇ ਕਿ ਅਸੀਂ ਕਿੰਨੀ ਵੱਡੀ ਤਾਕਤ ਖ਼ਿਲਾਫ਼ ਲੜ ਰਹੇ ਹਾਂ ਤਾਂ ਇਹ ਉਪਰਾਲੇ ਨਿਗੂਣੇ ਜਿਹੇ ਜਾਪਦੇ ਹਨ। ਮੈਨੂੰ ਯਕੀਨ ਹੈ ਕਿ ਉਮੀਦ ਦੀਆਂ ਕਿਰਨਾਂ ਦਾ ਕਾਫ਼ਲਾ ਸਮੇਂ ਨਾਲ ਵੱਡਾ ਹੋਵੇਗਾ।
ਉਦੋਂ ਤੱਕ ਸਾਡੇ ਕੋਲ ਜਿਹੜਾ ਮੀਡੀਆ ਹੈ, ਇਹ ਜਮਹੂਰੀਅਤ ਦਾ ਚੌਥਾ ਪਾਵਾ ਅਖਵਾਉਣ ਦਾ ਹੱਕ ਨਹੀਂ ਰੱਖਦਾ। ਇਹ ਸਿਆਸੀ ਪਾਰਟੀ ਦਾ ਪਹਿਲਾ ਪਾਵਾ ਹੈ। ਭਾਜਪਾ ਅਤੇ ਮੋਦੀ ਜੀ ਦੀ ਬਦੌਲਤ ਮੁਲਕ ਨੂੰ ਰੀੜ ਦੀ ਹੱਡੀ ਵਿਹੂਣੇ ਮੁੱਖ-ਧਾਰਾ ਦੇ ਮੀਡੀਆ ਦੀ ਬਖ਼ਸ਼ਿਸ਼ ਹੋਈ ਹੈ। ਮੋਦੀ ਜੀ! ਆਪ ਜੀ ਦੇ ਪਸੰਦੀਦਾ ਫ਼ਿਲਮੀ ਸਿਤਾਰੇ ਵਾਂਗ ਮੈਨੂੰ ਵੀ ਇਹ ਪੁੱਛਣ ਦੀ ਲਾਲਸਾ ਹੈ ਕਿ ਤੁਹਾਡਾ ਸੁਭਾਅ ਫ਼ਕੀਰੀ ਕਿਵੇਂ ਹੋ ਗਿਆ? ਸਿਰਫ਼ ਉਹ ਸ਼ਖ਼ਸ ਹੀ ਅਜਿਹੇ ਮੀਡੀਆ ਦੀ ਸਰਪ੍ਰਸਤੀ ਕਰ ਸਕਦਾ ਹੈ ਜਿਸ ਨੂੰ ਦੁਨੀਆ ਦੀ ਫ਼ਿਕਰ ਨਾ ਹੋਵੇ।
ਮੈਂ ਅਕਸਰ ਸੋਚਦਾ ਹਾਂ ਕਿ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਨਿਊਜ਼ ਚੈਨਲਾਂ ਉੱਤੇ ਦੇਖ ਕੇ ਕੀ ਸੋਚਦੇ ਹੋਣਗੇ ਜਿੱਥੇ ਉਨ੍ਹਾਂ ਨੂੰ ਚੱਤੇ-ਪਹਿਰ ਸਿਰਫ਼ ਸ਼ਰਧਾ ਸੁਮਨ ਭੇਟ ਕੀਤੇ ਜਾਂਦੇ ਹਨ। ਕੀ ਉਹ ਖ਼ੁਸ਼ ਹਨ? ਕੀ ਉਹ ਹੈਰਾਨ ਹਨ? ਕੀ ਉਹ ਕਦੇ ਸਾਡੀ ਜਮਹੂਰੀਅਤ ਬਾਬਤ ਸੋਚਦੇ ਹਨ? ਪਰ ਉਹ ਤਾਂ ਫ਼ਕੀਰ ਹਨ। ਕੋਈ ਫ਼ਕੀਰ ਇਨ੍ਹਾਂ ਸ਼ੈਆਂ ਦੀ ਚਿੰਤਾ ਕਿਉਂ ਕਰੇਗਾ?
2019 ਵਿੱਚ 1984 ਦੀ ਪੜ੍ਹਤ
ਜੇ ਤੁਸੀਂ ਨਾਜ਼ੀਆਂ ਦੇ ਦੌਰ ਉੱਤੇ ਨਜ਼ਰ ਮਾਰੋ ਤਾਂ ਤੁਹਾਡਾ ਵਾਹ ‘ਸਫ਼ਾਇਆ’ (ਕਲੀਨਜ਼ਿੰਗ) ਨਾਮ ਦੇ ਲਫ਼ਜ਼ ਨਾਲ ਪਵੇਗਾ। ਇਸ ਸ਼ਬਦ ਦਾ ਇਸਤੇਮਾਲ ਯਹੂਦੀਆਂ ਦੇ ਖ਼ਾਤਮੇ ਲਈ ਕੀਤਾ ਗਿਆ ਸੀ—ਉਨ੍ਹਾਂ ਨੂੰ ਰਿਹਾਇਸ਼ੀ ਆਬਾਦੀਆਂ ਵਿੱਚੋਂ ਜਬਰਦਸਤੀ ਹਟਾਇਆ ਗਿਆ, ਯਹੂਦੀਆਂ ਦੀ ਨਸਲਕੁਸ਼ੀ ਕੀਤੀ ਗਈ। ਆਬਾਦੀ ਦੇ ਕਿਸੇ ਤਬਕੇ ਨੂੰ ਇਸ ਤਰ੍ਹਾਂ ਵਿਓਂਤਬੰਦ ਢੰਗ ਨਾਲ ਨਿਸ਼ਾਨਾ ਬਣਾਉਣਾ ਅਤੇ ਖ਼ਾਤਮਾ ਕਰਨਾ ਸਫ਼ਾਇਆ ਕਹਾਉਂਦਾ ਹੈ।
ਜਦੋਂ ਤੁਸੀਂ ਆਪਣੇ-ਆਪ ਨੂੰ ਨਾਜ਼ੀ ਹਕੂਮਤ ਦੇ ਉਸ ਪ੍ਰਸੰਗ ਨਾਲ ਜਾਣੂੰ ਕਰਵਾਉਂਦੇ ਹੋ ਜਿਸ ਵਿੱਚ ‘ਸਫ਼ਾਇਆ’ ਲਫ਼ਜ਼ ਦਾ ਇਸਤੇਮਾਲ ਕੀਤਾ ਗਿਆ, ਅਤੇ ਸਫ਼ਾਇਆ ਕਰਨ ਦਾ ਮਨਸੂਬਾ ਲਾਗੂ ਕੀਤਾ ਗਿਆ ਤਾਂ ਤੁਸੀਂ ਜਾਰਜ ਓਰਵੈੱਲ ਦੇ ਨਾਵਲ 1984 ਦੇ ਵੀ ਇੱਕ-ਦੋ ਪੰਨੇ ਫਰੋਲਣਾ ਚਾਹੋਗੇ। ਇਸ ਵਿੱਚ ਇਹ ਪੁਲਿਸਿ-ਖ਼ਿਆਲਾਂ (ਥੌਟ ਪੁਲਿਸ) ਨਾਮ ਦੀ ਹਸਤੀ ਦਾ ਜ਼ਿਕਰ ਆਉਂਦਾ ਹੈ। ਓਰਵੈੱਲ ਨੇ ਅਜਿਹੇ ਅਦਾਰੇ ਦੀ ਕਲਪਨਾ ਕੀਤੀ ਹੈ ਜੋ ਸ਼ਹਿਰੀਆਂ ਦੇ ਦਿਮਾਗ਼ ਵਿੱਚ ਚਲ ਰਹੀ ਹਰ ਸੋਚ ਪੜ੍ਹ ਲੈਂਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਨਿਗਰਾਨੀ ਹੇਠ ਰੱਖਦਾ ਹੈ। ਕੋਈ ਵੀ ਸ਼ਹਿਰੀ ਨਾ ਪਾਰਟੀ ਦੇ ਖ਼ਿਲਾਫ਼ ਸੋਚ ਸਕਦਾ ਹੈ, ਨਾ ਲਿਖ ਸਕਦਾ ਹੈ ਅਤੇ ਨਾ ਬੋਲ ਸਕਦਾ ਹੈ। ਇਧਰ-ਉਧਰ ਚਾਰੇ ਪਾਸੇ ਮਾਇਕਰੋਫੋਨ ਲਗਾ ਦਿੱਤੇ ਗਏ ਹਨ ਅਤੇ ਵੱਡੇ-ਵੱਡੇ ਸਕਰੀਨ ਲੱਗੇ ਹੋਏ ਹਨ। ਇਨ੍ਹਾਂ ਪਰਦਿਆਂ ਦੇ ਪਿੱਛੋਂ ਕੋਈ ਤੁਹਾਡੇ ਉੱਤੇ ਨਜ਼ਰ ਰੱਖਦਾ ਹੈ। ਕੋਈ ਤੁਹਾਡੀਆਂ ਗੱਲਾਂ ਸੁਣ ਰਿਹਾ ਹੈ। ਪੁਲਿਸਿ-ਖ਼ਿਆਲਾਂ ਨਹੀਂ ਚਾਹੁੰਦੀ ਕਿ ਸ਼ਹਿਰੀਆਂ ਵਿੱਚ ਕਿਸੇ ਕਿਸਮ ਦਾ ਮਨੁੱਖਾ ਅਹਿਸਾਸ ਜਾਗਦਾ ਬਚੇ-ਲਾਬੰਧੇਜੀ! ਵਾਲੀ ਖ਼ੁਸ਼ੀ ਦਾ ਅਹਿਸਾਸ ਵੀ ਨਹੀਂ। ਸਾਰੇ ਸ਼ਹਿਰੀਆਂ ਦੇ ਅਹਿਸਾਸ ਉੱਤੇ ਵੀ ਪਾਰਟੀ ਦਾ ਕਾਬੂ ਹੈ।
ਓਰਵੈੱਲ ਦਾ ਨਾਵਲ 1984, 1949 ਵਿੱਚ ਛਪਿਆ ਸੀ। ਇਨ੍ਹਾਂ ਦਿਨਾਂ ਵਿੱਚ ਇਹ ਨਾਵਲ ਅਮਰੀਕਾ ਵਿੱਚ ਨਵੇਂ ਸਿਰੇ ਤੋਂ ਪੜ੍ਹਿਆ ਜਾ ਰਿਹਾ ਹੈ। ਉਸ ਬੰਦੇ ਨੂੰ ਸਾਡੇ ਦੌਰ ਦੀ ਇੰਨੀ ਸਾਫ਼ ਸਮਝ ਕਿਵੇਂ ਆ ਗਈ ਕਿ ਉਸ ਨੇ ਸੱਤਰ ਸਾਲ ਪਹਿਲਾਂ ਇਹ ਸਭ ਕੁਝ ਨਕਸ਼-ਦਰ-ਨਕਸ਼ ਬਿਆਨ ਕਰ ਦਿੱਤਾ? ਹੁਣ ਤੁਸੀਂ ਇੰਡੀਆ ਵਿੱਚ 2019 ਦੌਰਾਨ ਕਿਸੇ ਕਲੀਨ ਦ ਨੇਸ਼ਨ (ਸੀ.ਟੀ.ਐੱਨ.) ਨਾਮ ਦੀ ਜਥੇਬੰਦੀ ਬਣਨ ਬਾਬਤ ਸੋਚੋ। ਇਹ ਇੰਝ ਹੋਇਆ: ਪੁਲਬਾਮਾ ਹਮਲੇ ਤੋਂ ਇੱਕ ਦਿਨ ਬਾਅਦ, 15 ਫਰਬਰੀ 2019 ਨੂੰ ਨੌਂ ਨੌਜਵਾਨਾਂ ਨੇ ਫੇਸਬੁੱਕ ਉੱਤੇ ਸੀ.ਟੀ.ਐੱਨ. ਨਾਮ ਦਾ ਪੰਨਾ ਬਣਾਇਆ। ਅਗਲੇ ਦੋ ਦਿਨਾਂ ਦੌਰਾਨ ਉਨ੍ਹਾਂ ਨੇ ਪੁਲਬਾਮਾ ਹਮਲੇ ਉੱਤੇ ਸੁਆਲ ਕਰਨ ਵਾਲੇ ਜੀਆਂ ਦੀ ਸ਼ਨਾਖ਼ਤ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ। ਜਿਨ੍ਹਾਂ ਦੀ ਸ਼ਨਾਖ਼ਤ ਹੋਈ, ਉਨ੍ਹਾਂ ਦੀ ਟਰੋਲਿੰਗ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ‘ਦੇਸ਼ਧ੍ਰੋਹ’ ਸਮੇਤ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ। ਨਤੀਜੇ ਵਜੋਂ ਉਨ੍ਹਾਂ ਨੂੰ ਯੂਨੀਵਰਸਿਟੀਆਂ ਅਤੇ ਨੌਕਰੀਆਂ ਤੋਂ ਮੁਅੱਤਲ ਕਰ ਦਿੱਤਾ ਗਿਆ। ਇਸ ਪੰਨੇ ਦੇ ਚਾਲੀ ਐਡਮਨਿਸਟਰੇਟਰ ਨੌਇਡਾ ਅਤੇ ਦਿੱਲੀ ਦੇ ਇਲਾਕੇ ਵਿੱਚ ਸੂਚਨਾ ਤਕਨਾਲੋਜੀ ਨਾਲ ਜੁੜੇ ਪੇਸ਼ੇਵਰ ਬੰਦੇ ਹਨ। ਜ਼ਿਆਦਾਤਰ ਉਮਰ ਪੱਖੋਂ ਵੀਹਵਿਆਂ ਵਿੱਚ ਹਨ। ਉਨ੍ਹਾਂ ਦੀ ਸਾਂਝ ਦਾ ਸਬੱਬ ਇਹ ਹੈ; ‘ਮੁਲਕ-ਵਿਰੋਧੀ ਅਨਸਰਾਂ ਦਾ ਸਫ਼ਾਇਆ ਕਰਨਾ ਅਤੇ ਉਨ੍ਹਾਂ ਨੂੰ ਉਖਾੜ ਸੁੱਟਣਾ। ‘ ਫੇਸਬੁੱਕ ਨੇ ਸੀ.ਟੀ.ਐੱਨ. ਦੇ ਪੰਨੇ ਉੱਤੇ ਪਾਬੰਦੀ , ਲਗਾ ਦਿੱਤੀ ਅਤੇ ਟਵਿੱਟਰ ਨੇ ਇਸ ਦਾ ਹੈਂਡਲ ਰੱਦ ਕਰ ਦਿੱਤਾ। ਦਰਅਸਲ ਸੀ.ਟੀ.ਐੱਨ. ਤਾਂ ਕੋਈ ਮੋਹਰਾ ਜਥੇਬੰਦੀ ਜਾਪਦੀ ਸੀ ਅਤੇ ਜਲਦੀ ਹੀ ਦੋਵਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਦੁਬਾਰਾ ਆ ਗਈ ਅਤੇ ਇਸ ਦੀ ਸ਼ਿਕਾਰ ਮੁਹਿੰਮ ਜਾਰੀ ਹੈ।
ਸੀ.ਟੀ.ਐੱਨ. ਦੇ ਮਨਸੂਬੇ ਦੀ ਘੁੰਢ-ਚੁਕਾਈ ਇੱਕ ਵੀਡੀਓ ਜਾਰੀ ਕਰ ਕੇ ਕੀਤੀ ਗਈ ਸੀ ਜਿਸ ਵਿੱਚ ਮਧੁਰ ਸਿੰਘ ਨਾਮ ਦੇ ਰੁਕਨ ਨੇ ‘ਇੰਡੀਆ ਆਰਮੀ’ ਦੀ ਇਬਾਰਤ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਲੋਕਾਂ ਨੂੰ ਸੀ.ਟੀ.ਐੱਨ. ਸੱਦਾ ਦੇ ਰਿਹਾ ਸੀ ਕਿ ‘ਲੱਭੋ ਉਨ੍ਹਾਂ ਨੂੰ ਜੋ ਅੱਜ ਸਾਡੇ ਫ਼ੌਜੀਆਂ ਉੱਤੇ ਹਸਦੇ ਹਨ ਉਨ੍ਹਾਂ ਦੇ ਦਫ਼ਤਰਾਂ ਨਾਲ ਰਾਬਤਾ ਕਰੋ ਅਤੇ ਜਿਨ੍ਹਾਂ ਯੂਨੀਵਰਸਿਟੀਆਂ ਵਿੱਚ ਉਹ ਪੜ੍ਹਦੇ ਹਨ, ਉੱਥੇ ਸੰਪਰਕ ਕਰੋ
ਉਨ੍ਹਾਂ ਨੂੰ ਇੰਝ ਠੋਕੋ। ਉਨ੍ਹਾਂ ਨੂੰ ਨੌਕਰੀਆਂ ਤੋਂ ਬਰਖ਼ਾਸਤ ਕਰਵਾਓ, ਉਨ੍ਹਾਂ ਨੂੰ ਯੂਨੀਵਰਸਿਟੀਆਂ ਤੋਂ ਮੁਅੱਤਲ ਕਰਵਾਓ। ‘
ਇੰਡੀਅਨ ਐਕਸਪ੍ਰੈਸ ਦੀ ਕ੍ਰਿਸ਼ਮਾ ਮਹਿਰੋਤਰਾ ਨੇ ਮਧੁਰ ਸਿੰਘ ਸਮੇਤ ਸੀ.ਟੀ.ਐੱਨ. ਦੇ ਮੋਹਰੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ‘ਇੰਡੀਆ ਵਿਰੋਧੀਆਂ’ ਬਾਰੇ ਫੇਸਬੁੱਕ ਤੋਂ ਜਾਣਕਾਰੀ ਇਕੱਠੀ ਕੀਤੀ ਕਿਉਂਕਿ ਇਸ ਉੱਤੇ ਸਭ ਦੀ ਪਤਿਆਂ ਸਮੇਤ ਨਿੱਜੀ ਜਾਣਕਾਰੀ ਦਰਜ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਤਕਰੀਬਨ ਪੰਤਾਲੀ ਮਾਮਲਿਆਂ ਵਿੱਚ ਮੁਲਕ-ਵਿਰੋਧੀਆਂ ਦੇ ਖਿਲਾਫ਼ ਵੱਖ-ਵੱਖ ਤਰ੍ਹਾਂ ਦੀਆਂ ਕਾਰਵਾਈਆਂ ਹੋਈਆਂ ਹਨ: ਗੋਹਾਟੀ ਵਿੱਚ ਇੱਕ ਅਸਿਸਟੈਂਟ ਪ੍ਰੋਫ਼ੈਸਰ ਨੂੰ ਮੁਅੱਤਲ ਕੀਤਾ; ਰਾਜਸਥਾਨ ਯੂਨੀਵਰਸਿਟੀ ਨੇ ਚਾਰ ਕਸ਼ਮੀਰੀ ਵਿਦਿਆਰਥਣਾਂ ਨੂੰ ਮੁਅੱਤਲ ਕੀਤਾ; ਇੱਕ ਟਵਿੱਟਰ ਪੋਸਟ ਕਾਰਨ ਜੈਪੁਰ ਵਿੱਚ ਇੱਕ ਗ੍ਰਿਫ਼ਤਾਰੀ ਹੋਈ; ਗਰੇਟਰ ਨੌਇਡਾ ਦੇ ਇੱਕ ਇੰਜੀਨੀਅਰਿੰਗ ਕਾਲਜ ਨੇ ਇੱਕ ਕਸ਼ਮੀਰੀ ਵਿਦਿਆਰਥੀ ਨੂੰ ਮੁਅੱਤਲ ਕੀਤਾ; ਬਿਹਾਰ ਦੇ ਕਟੀਹਾਰ ਵਿੱਚ ਫੇਸਬੁੱਕ ਪੋਸਟ ਕਾਰਨ ਇੱਕ ਗ੍ਰਿਫ਼ਤਾਰੀ ਹੋਈ। ਕਈ ਅਦਾਰਿਆਂ ਨੇ ਤਾਂ ਆਪਣੇ ਜਾਰੀ ਕੀਤੇ ਮੁਅੱਤਲੀ ਦੇ ਹੁਕਮਾਂ ਦੀਆਂ ਨਕਲਾਂ ਸੀ.ਟੀ.ਐੱਨ. ਨੂੰ ਭੇਜੀਆਂ ਸਨ।
ਇਸ ਤੋਂ ਬਾਅਦ 29 ਜੂਨ 2019 ਨੂੰ ਸੀ.ਟੀ.ਐੱਨ. ਨੂੰ ਸੋਸ਼ਲ ਮੀਡੀਆ ਪੱਤਰਕਾਰੀ ਲਈ ਸਨਮਾਨ ਦਿੱਤਾ ਗਿਆ। ਇੰਦਰਪ੍ਰਸਤ ਵਿਸ਼ਵ ਸੰਵਾਦ ਕੇਂਦਰ (ਆਈ.ਵੀ.ਐੱਸ.ਕੇ.) ਨਾਮ ਦੇ ਅਦਾਰੇ ਨੇ ਸੀ.ਟੀ.ਐੱਨ. ਨੂੰ ਸੋਸ਼ਲ ਮੀਡੀਆ ਪੱਤਰਕਾਰੀਤਾ ਨਾਰਦ ਸਨਮਾਨ ਦਿੱਤਾ। ਉਸ ਮੌਕੇ ਮੰਚ ਉੱਤੇ ਆਰ.ਐੱਸ.ਐੱਸ. ਦੇ ਮਨਮੋਹਨ ਵੈਦਿਆ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਬੈਠੇ ਸਨ।
ਇੰਦਰਪ੍ਰਸਤ ਵਿਸ਼ਵ ਸੰਵਾਦ ਕੇਂਦਰ ਦੇ ਸਕੱਤਰ ਵਗੀਸ਼ ਇੱਸਰ ਨੇ ਇੰਡੀਅਨ ਐਕਸਪ੍ਰੈਸ ਨੂੰ ਕਿਹਾ, “ਇਸ ਗਰੁੱਪ ਨੂੰ ਸਨਮਾਨ ਦੇਣ ਦਾ ਸਿੱਧਾ ਜਿਹਾ ਕਾਰਨ ਸਾਨੂੰ ਇਨ੍ਹਾਂ ਵਿੱਚ ਨਜ਼ਰ ਆਇਆ ਮੁਲਕ ਦਾ ਪਿਆਰ ਹੈ। ਉਂਝ ਤਾਂ ਅਜਿਹਾ ਬਹੁਤ ਸਾਰੇ ਲੋਕ ਕਰਦੇ ਹਨ ਪਰ ਕੁਝ ਲੋਕ ਮੁਲਕ ਨੂੰ ਸਰਗਰਮੀ ਨਾਲ ਪਿਆਰ ਕਰਦੇ ਹਨ।”
ਗੋਹਾਟੀ ਦੇ ਕਾਲਜ ਵਿੱਚੋਂ ਮੁਅੱਤਲ ਕੀਤੀ ਗਈ ਅਸਿਸਟੈਂਟ ਪ੍ਰੋਫ਼ੈਸਰ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਮੀਡੀਆ ਨੇ ਉਸ ਦਾ ਲਗਾਤਾਰ ਪਿੱਛਾ ਕੀਤਾ ਤਾਂ ਉਸ ਨੂੰ ਘਰੋਂ ਭੱਜਣਾ ਪਿਆ। ਜਦੋਂ ਉਹ ਇੱਕ ਮਹੀਨੇ ਬਾਅਦ ਵਾਪਸ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਮੁਅੱਤਲ ਕੀਤੇ ਜਾਣ ਬਾਬਤ ਕੋਈ ਫ਼ੈਸਲਾ ਨਹੀਂ ਹੋਇਆ ਸੀ। ਜੈਪੁਰ ਵਿੱਚ ਕਸ਼ਮੀਰ ਦੀਆਂ ਚਾਰ ਕੁੜੀਆਂ ਖ਼ਿਲਾਫ਼ ਅਦਾਲਤ ਵਿੱਚ ਮਾਮਲਾ ਦਰਜ ਕਰਵਾਇਆ ਗਿਆ-ਉਨ੍ਹਾਂ ਦੇ ਵੱਟਸਐੱਪ ਉੱਤੇ ਦਿੱਤੇ ਗਏ ਸੁਨੇਹੇ ਨੂੰ ਪੁਲਬਾਮਾ ਹਮਲੇ ਬਾਬਤ ਖ਼ੁਸ਼ੀ ਦੇ ਇਜ਼ਹਾਰ ਵਜੋਂ ਪੜ੍ਹਿਆ ਗਿਆ। ਉਨ੍ਹਾਂ ਨੂੰ ਕਾਲਜ ਅਤੇ ਹੋਸਟਲ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ। ਕੁਝ ਮੁਕਾਮੀ ਲੋਕਾਂ ਨੇ ਉਨ੍ਹਾਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਉਨ੍ਹਾਂ ਖ਼ਿਲਾਫ਼ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਸੀ ਪਰ ਤਰਸ ਕਰਦੇ ਹੋਈ ਗ੍ਰਿਫ਼ਤਾਰੀ ਨਹੀਂ ਕੀਤੀ। ਉਸ ਥਾਣੇ ਦੇ ਥਾਣੇਦਾਰ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਕੁੜੀਆਂ ਦੇ ਖ਼ਿਲਾਫ਼ ਕੋਈ ਮਾਮਲਾ ਨਹੀਂ ਬਣਦਾ।
ਇਹ ਤਾਂ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਾਰਦਾਤ ਨੇ ਮੁਕਾਮੀ ਪੱਧਰ ਉੱਤੇ, ਆਂਢ-ਗੁਆਂਢ, ਦਫ਼ਤਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਿੱਚ ਬਹਿਸ ਛੇੜੀ ਹੋਵੇਗੀ। ਅੰਨ੍ਹੀ-ਦੇਸ਼-ਭਗਤੀ ਭੜਕਾਉਣ ਲਈ ਝੂਠੀ ਜਾਣਕਾਰੀ ਦਾ ਸਹਾਰਾ ਲਿਆ ਗਿਆ ਹੋਵੇਗਾ। ਮੀਡੀਆ ਵੀ ਨਗਾਰ-ਖ਼ਾਨੇ ਵਿੱਚ ਚੱਲਦੀ ਇਸ ਬਹਿਸ ਵਿੱਚ ਕੁੱਦ ਪਿਆ ਹੋਵੇਗਾ। ਹੁਣ ਇਹ ਮਾਮਲਾ ਠੰਢਾ ਪੈ ਗਿਆ ਹੈ ਪਰ ਇਸ ਬਾਬਤ ਨਾ ਤਾਂ ਮੀਡੀਆ ਅਤੇ ਨਾ ਹੀ ਸਮਾਜ ਨੂੰ ਅਫ਼ਸੋਸ ਹੋਇਆ ਹੈ। ਬਦਮਿਜਾਜ਼ ਬਹਿਸਾਂ ਛੇੜਨ ਲਈ ਹਰ ਕਿਤੇ ਅਜਿਹੇ ਮੁੱਦੇ ਬਣਾਏ ਜਾਂਦੇ ਹਨ। ਹਰ ਦੂਜੇ ਦਿਨ ਮੁਲਕ-ਵਿਰੋਧੀ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਘਾਣ ਕੀਤਾ ਜਾਂਦਾ ਹੈ। ਹਰ ਰੋਜ਼ ਨਵਾਂ ਮਾਮਲਾ ਲੱਭ ਲਿਆ ਜਾਂਦਾ ਹੈ ਤਾਂ ਜੋ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਹੋ ਜਾਵੇ; ਜਿਨ੍ਹਾਂ ਮੁੱਦਿਆਂ ਬਾਰੇ ਸਰਕਾਰ ਨੂੰ ਜੁਆਬ ਦੇਣਾ ਪੈ ਸਕਦਾ ਹੈ। ਇਹ ਹੁਣ ਰੋਜ਼ਾਨਾ ਕਵਾਇਦ ਬਣ ਗਈ ਹੈ। ਹੁਣ ਲੋਕ 1984 ਦੇ ਸ਼ਹਿਰੀ ਹੋ ਗਏ ਹਨ—ਉਹ ਓਰਵੈੱਲ ਦੀ ਦੁਨੀਆ ਵਿੱਚ ਵਸੇਬ ਕਰਦੇ ਹਨ। ਉਨ੍ਹਾਂ ਦਾ ਆਪਣਾ ਕੋਈ ਦਿਮਾਗ਼ ਨਹੀਂ ਹੈ, ਕੋਈ ਸੂਝ ਨਹੀਂ ਹੈ। ਹਾਲਤ ਇਹ ਹੈ ਕਿ ਉਹ ਆਪਣੀ ਮਰਜ਼ੀ ਨਾਲ ਹਸਦੇ ਵੀ ਨਹੀਂ—ਉਹ ਓਨਾ ਹੀ ਹਸਦੇ ਹਨ ਜਿੰਨਾ ਉਨ੍ਹਾਂ ਨੂੰ ਆਗੂ ਅਤੇ ਸਰਕਾਰ ਕਹਿੰਦੇ ਹਨ।
ਸਾਡੇ ਦੁਆਲੇ ‘ਪੁਲਿਸ’ ਵਜੋਂ ਸਿਰਫ਼ ਸੀ.ਟੀ.ਐੱਨ. ਹੀ ਨਹੀਂ ਹੈ, ਹੋਰ ਵੀ ਹਨ। ਜੇ ਉਹ ਇਸ ਵੇਲੇ ਤੱਕ ਤੁਹਾਡੀਆਂ ਬਰੂਹਾਂ ਉੱਤੇ ਨਹੀਂ ਆਏ ਤਾਂ ਉਨ੍ਹਾਂ ਦੇ ਕਿਸੇ ਵੀ ਵੇਲੇ ਆ ਧਮਕਣ ਦਾ ਖ਼ਦਸ਼ਾ ਤਾਂ ਬਣਿਆ ਹੋਇਆ ਹੈ। ਤੁਸੀਂ ਖੁੱਲ੍ਹ ਕੇ ਲਿਖਣ ਵੇਲੇ ਅਤੇ ਲਿਖਤ ਨੂੰ ਜਨਤਕ ਕਰਨ ਵੇਲੇ ਸਹਿਮ ਵਿੱਚ ਰਹਿੰਦੇ ਹੋ। ਟਰੋਲ ਹਮਲੇ ਦੇ ਖ਼ੌਫ਼ ਕਾਰਨ ਤੁਸੀਂ ਬੇਝਿਜਕ ਬੋਲਣ ਤੋਂ ਝਕਦੇ ਹੋ। ਸੀ.ਟੀ.ਐੱਨ. ਵਰਗੀਆਂ ਢਾਣੀਆਂ ਤੁਹਾਡੀ ਨਜ਼ਰਸਾਨੀ ਕਰ ਰਹੀਆਂ ਹਨ। ਵੱਡਾ ਭਾਈ ਤੁਹਾਡੇ ਉੱਤੇ ਨਜ਼ਰ ਰੱਖ ਰਿਹਾ ਹੈ। ਸੀ.ਟੀ.ਐੱਨ. ਵਰਗੀਆਂ ਢਾਣੀਆਂ ਵੱਡੇ ਭਾਈ ਦੇ ਸੀ.ਸੀ.ਟੀ.ਵੀ. ਕੈਮਰੇ ਹਨ।
ਨਵੇਂ ਗਣਰਾਜ ਵਿੱਚ ਆਪ ਜੀ ਦਾ ਸੁਆਗਤ ਹੈ। ਤੁਸੀਂ ਹੁਣ ਸ਼ਹਿਰੀ ਨਹੀਂ ਹੋ; ਤੁਸੀਂ ਪਾਰਟੀ ਬਣ ਗਏ ਹੋ। ਜਿਨ੍ਹਾਂ ਨੇ ਪਾਰਟੀ ਹੋਣ ਤੋਂ ਇਨਕਾਰ ਕੀਤਾ ਹੈ, ਉਹ ਆਪ ਜੀ ਦਾ ਮਸਲਾ ਨਹੀਂ ਹਨ, ਉਨ੍ਹਾਂ ਨੂੰ ਕੀਮਤ ਅਦਾ ਕਰਨੀ ਪਵੇਗੀ।
ਮੁੜ ਕੇ ਮੇਰੇ ਦਿਮਾਗ਼ ਵਿੱਚ ‘ਸਫ਼ਾਇਆ’ ਲਫ਼ਜ਼ ਆ ਗਿਆ ਹੈ ਜਿੱਥੋਂ ਮੈਂ ਇਹ ਗੱਲ ਸ਼ੁਰੂ ਕੀਤੀ ਸੀ। ਨਾਜ਼ੀਆਂ ਦਾ ਸਫ਼ਾਏ ਦਾ ਮਨਸੂਬਾ ਯਹੂਦੀਆਂ ਨਾਲ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਦੂਜੇ ਤਬਕਿਆਂ ਨੂੰ ਇਸ ਫ਼ਹਿਰਿਸਤ ਵਿੱਚ ਸ਼ੁਮਾਰ ਕਰ ਲਿਆ ਗਿਆ। ਇਹ ਫ਼ਹਿਰਿਸਤ ਲੰਬੀ ਹੋ ਗਈ ਅਤੇ ਲਗਾਤਾਰ ਵਧਦੀ ਚਲੀ ਗਈ। ਇਨਾ ਆਰ. ਫਰੀਡਮੈਨ ਨੇ ਆਪਣੇ ਲੇਖ ‘ਨਾਜ਼ੀ ਹਕੂਮਤ ਦੇ ਦੂਜੇ ਮਜ਼ਲੂਮ’ (ਦ ਅਦਰ ਵਿਕਟਿਮਜ਼ ਆਫ਼ ਦ ਨਾਜ਼ੀਜ) ਵਿੱਚ ਸਾਨੂੰ ਯਾਦ ਕਰਵਾਇਆ ਹੈ ਕਿ ਨਾਜ਼ੀ ਹਕੂਮਤ ਨੇ ਸੱਠ ਲੱਖ ਯਹੂਦੀਆਂ ਦੇ ਨਾਲ ਪੰਜਾਹ ਲੱਖ ਹੋਰਾਂ ਦਾ ਵੀ ਕਤਲਿ-ਆਮ ਕੀਤਾ ਜਿਨ੍ਹਾਂ ਨੂੰ ਉਹ ਨਸਲੀ ਤੌਰ ਉੱਤੇ ਨਾਪਾਕ, ਜਰਮਨ-ਵਿਰੋਧੀ, ਬੀਮਾਰ, ਬੇਕਾਰ ਅਤੇ ਗ਼ੈਰ- ਇਖ਼ਲਾਕੀ ਮੰਨਦੀ ਸੀ। ਇਨ੍ਹਾਂ ਲੋਕਾਂ ਵਿੱਚ ਜਿਪਸੀ, ਸਿਆਹਫ਼ਾਮ, ਜੀਹੋਵਾ’ਜ਼ ਵਿਟਨੈੱਸਜ਼ (ਈਸਾਈਆਂ ਦੀ ਇੱਕ ਫਾਂਟ), ਜਿਸਮਾਨੀ ਅਤੇ ਜ਼ਿਹਨੀ ਪੱਖੋਂ ਬੇਅਖ਼ਤਿਆਰ ਜੀਅ, ਕਮਿਊਨਿਸਟ, ਸੋਸ਼ਲ ਡੈਮੋਕਰੇਟ ਅਤੇ ਨਾਜ਼ੀਆਂ ਦੇ ਹਰ ਤਰ੍ਹਾਂ ਦੇ ਸਿਆਸੀ ਵਿਰੋਧੀ, ਇਖ਼ਤਲਾਫ਼ ਪਾਦਰੀ ਤਬਕਾ, ਹਮਜਿਨਸੀ, ਹੀਜੜੇ, ਜੰਗੀ ਕੈਦੀ, ਕੋਹੜੀ, ਸ਼ਰਾਬੀ, ਸਲਾਵਿਕ ਲੋਕ, ਚਿੱਤਰਕਾਰ, ਲੇਖਕ, ਸੰਗੀਤਕਾਰ ਅਤੇ ਹੋਰ ਸਾਰੇ ਕਲਾਕਾਰ ਜਿਨ੍ਹਾਂ ਦੀ ਰਾਇ ਅਤੇ ਕੰਮ ਹਿਲਟਰ ਨੂੰ ਨਾਪਸੰਦ ਸਨ …।
ਫਰੀਡਮੈਨ ਨੇ ਲਿਖਿਆ ਹੈ, “‘ਦ ਲਾਅ ਟੂ ਰਿਮੂਵ ਸਟਰੈੱਸ ਫਰੌਮ ਪੀਪਲ ਐਂਡ मटेट’ (The law to remove stress from people and state) लाभ से वार्तुत ਰਾਹੀਂ ਨਾਜ਼ੀਆਂ ਨੇ ਉਹ ਸਾਰੇ ਸ਼ਹਿਰੀ ਅਤੇ ਇਨਸਾਨੀ ਹਕੂਕ ਖ਼ਤਮ ਕਰ ਦਿੱਤੇ ਜਿਨ੍ਹਾਂ ਦੀ ਜ਼ਾਮਨੀ ਜਰਮਨੀ ਦਾ ਪਹਿਲਾ ਸੰਵਿਧਾਨ ਭਰਦਾ ਸੀ। ਇਨਸਾਨੀ ਹਕੂਕ ਤੋਂ ਨਾਫ਼ੀ ਲਈ ਕਾਨੂੰਨ ਬਣਾਉਣ ਦੇ ਨਾਲ-ਨਾਲ ਨਾਜ਼ੀਆਂ ਨੇ ਪ੍ਰੈਸ ਵਿੱਚ ਅਤੇ ਰੇਡੀਓ ਉੱਤੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਮੁਹਿੰਮ ਵਿੱਚ ਆਪਣੇ ਸ਼ਿਕਾਰ ਲਈ ਟਿੱਕੇ ਗਏ ਲੋਕਾਂ ਨੂੰ ਚੂਹਿਆਂ, ਕਿਰਮਾਂ ਅਤੇ ਨੀਮ-ਮਨੁੱਖਾਂ ਵਜੋਂ ਪੇਸ਼ ਕੀਤਾ ਜਾਂਦਾ ਸੀ।”
ਇਸ ਤੋਂ ਬਾਅਦ ਉਹ ਆਪਣਾ ਨਜ਼ਰੀਆ ਪੇਸ਼ ਕਰਦੀ ਹੋਈ ਇਤਿਹਾਸ ਨੂੰ ਸਾਡੀਆਂ ਬਰੂਹਾਂ ਉੱਤੇ ਖੜ੍ਹਾ ਕਰ ਦਿੰਦੀ ਹੈ। ਉਸ ਦੀ ਦਲੀਲ ਹੈ ਕਿ ਨਿਰੋਲ ‘ਮਾਸਟਰ ਨਸਲ’ ਦੀ ਧਾਰਨਾ ਵਿੱਚ ਯਕੀਨ ਦਾ ਮਾਮਲਾ ਹਿਟਲਰ ਅਤੇ ਨਾਜ਼ੀਆਂ ਲਈ ਕੋਈ ਨਿਰਾਲਾ ਨਹੀਂ ਸੀ। ਸਭ ਤੋਂ ਨਿਰਾਲੀ ਗੱਲ ਇਹ ਸੀ ਕਿ ਜਰਮਨ ਸਮਾਜ ਦੇ ਵੱਖ-ਵੱਖ ਤਬਕਿਆਂ ਨੇ ਕਿੰਨੀ ਪੁਰਜੋਸ਼ੀ ਨਾਲ ‘ਬੇਲੋੜੇ ਤਬਕਿਆਂ’ ਦੀ ਸ਼ਨਾਖ਼ਤ ਅਤੇ ਖ਼ਾਤਮੇ ਦੀ ਤਰਕੀਬ ਵਿੱਚ ਸ਼ਮੂਲੀਅਤ ਕੀਤੀ। ਇਸ ਤਰਕੀਬ ਵਿੱਚ ਹੱਥ ਵੰਡਾਉਣ ਵਾਲੇ ਲੋਕਾਂ ਵਿੱਚ ਵਿਗਿਆਨੀ, ਡਾਕਟਰ, ਮਾਨਵ-ਵਿਗਿਆਨੀ, ਇੰਜੀਨੀਅਰ ਅਤੇ ਵਿਦਿਆਰਥੀ ਸ਼ਾਮਿਲ ਸਨ। ਉਹ ਆਪਣੀ ਪਿਤਰੀ-ਭੂਮੀ ਨੂੰ ਸਾਫ਼ ਕਰਨ ਲਈ ਅਤੇ ਮੁਲਕ- ਵਿਰੋਧੀਆਂ ਦੀ ਕਾਂਗਿਆਰੀ ਖ਼ਤਮ ਕਰਨ ਦੇ ਕੰਮ ਲੱਗੇ ਹੋਏ ਸਨ।
ਜਦੋਂ ਤੁਸੀਂ ਓਰਵੈੱਲ ਦਾ 1984 ਪੜ੍ਹੋ ਤਾਂ ਫਰੀਡਮੈਨ ਦਾ ਇਹ ਲੇਖ ਵੀ ਜ਼ਰੂਰ ਪੜ੍ਹਨਾ। ਇਹ ਲੇਖ ਔਨਲਾਇਨ ਮਿਲਦਾ ਹੈ।
ਚਲੋ ਇਸ ਆਜ਼ਾਦੀ ਦਿਹਾੜੇ ਉੱਤੇ ਆਈਸ ਕਰੀਮ ਦੀ ਦਾਅਵਤ ਕਰੀਏ
ਜਿਉਂ ਹੀ ਪੰਦਰਾਂ ਅਗਸਤ ਦਾ ਦਿਹਾੜਾ ਨੇੜੇ ਆਉਂਦਾ ਹੈ ਤਾਂ ਬਹੁਤ ਸਾਰੇ ਲੋਕ ਸੁਆਲ ਕਰਦੇ ਹਨ ਕਿ ਮੁਲਕ ਨੇ ਆਜ਼ਾਦੀ ਤੋਂ ਬਾਅਦ ਕੀ ਹਾਸਿਲ ਕੀਤਾ ਹੈ। ਉਨ੍ਹਾਂ ਨੂੰ ‘ਅਗਸਤ ਦਾ ਪੰਦਰ੍ਹਵਾਂ’ ਬਹੁਤ ਖੋਖਲਾ ਜਾਪਦਾ ਹੈ ਕਿ ਅਸੀਂ ਕੁਝ ਵੀ ਹਾਸਿਲ ਨਹੀਂ ਕੀਤਾ। ਅਸੀਂ ਕੀ ਹਾਸਿਲ ਕੀਤਾ ਅਤੇ ਕੀ ਹਾਸਿਲ ਨਹੀਂ ਕੀਤਾ, ਇਸ ਸੁਆਲ ਅਤੇ ਸਾਡੀਆਂ ਪ੍ਰਾਪਤੀਆਂ ਦਾ ਸਫ਼ਰ ਅਨੰਤ ਹੈ।
ਇੰਡੀਆ ਨੇ ਸੱਤਰ ਸਾਲਾਂ ਦੀ ਆਜ਼ਾਦੀ ਦੌਰਾਨ ਲੰਬਾ ਸਫ਼ਰ ਤੈਅ ਕੀਤਾ ਹੈ। ਅਸੀਂ ਦੁਨੀਆ ਦੇ ਕਿਸੇ ਵੀ ਇਲਾਕੇ ਵਿੱਚ ਹੋਈਏ, ਅਸੀਂ ਮੁਲਕ ਦੀਆਂ ਪ੍ਰਾਪਤੀਆਂ ਦਾ ਮਾਣ ਕਰ ਸਕਦੇ ਹਾਂ। ਅਸੀਂ ਲੋਕਾਂ ਨੇ ਮੁਲਕ ਨੂੰ ਮਾਣ ਕਰਨ ਯੋਗ ਬਣਾਇਆ ਹੈ ਅਤੇ ਅਸੀਂ ਇਹ ਕਰਦੇ ਰਹਾਂਗੇ। ਬਿਹਤਰੀ ਦੀ ਗੁੰਜਾਇਸ਼ ਹਮੇਸ਼ਾਂ ਰਹਿੰਦੀ ਹੈ ਪਰ ਬਿਹਤਰੀ ਦੀ ਗੁੰਜਾਇਸ਼ ਨੂੰ ਸਮੂਰਤ ਕਰਨ ਲਈ ਕੀਤੇ ਉਪਰਾਲੇ ਇੰਡੀਆ ਦੇ ਲੋਕਾਂ ਨੂੰ ਇੰਡੀਅਨ ਬਣਾਉਂਦੇ ਹਨ। ਸਾਨੂੰ ਇਹ ਸੁਆਲ—ਕੀ ਹਾਸਿਲ ਹੋਇਆ ਹੈ—ਦੀ ਥਾਂ ਇਹ ਸੁਆਲ ਪੁੱਛਣਾ ਚਾਹੀਦਾ ਹੈ ਕਿ ਅਸੀਂ ਕੀ ਹਾਸਿਲ ਕਰ ਸਕਦੇ ਹਾਂ। ਸਾਨੂੰ ਕੁਝ ਵੱਡਾ ਕਰਨ ਦੀ ਥਾਂ ਕੁਝ ਛੋਟੀ ਜਿਹੀ ਸ਼ੁਰੂਆਤ ਕਰਨੀ ਚਾਹੀਦੀ ਹੈ।
ਸਾਨੂੰ ਸੁਆਲ ਦਾ ਜੁਆਬ ਤਾਂ ਨਹੀਂ ਮਿਲਣਾ ਪਰ ਕੁਝ ਕਰਨ ਦੀ ਚਿਣਗ ਤਾਂ ਜਾਗ ਸਕਦੀ ਹੈ। ਅਸੀਂ ਆਪਣੇ-ਆਪ ਲਈ ਜੋ ਵੀ ਰਾਹ ਤੈਅ ਕਰੀਏ, ਉੱਥੇ ਵੀ ਇਹੋ ਚਿਣਗ ਮਿਲੇਗੀ। ਕੀ ਅਸੀਂ ਉਨ੍ਹਾਂ ਵਿੱਤੀ ਅਤੇ ਸਿਆਸੀ ਨਿਜ਼ਾਮ ਦੀ ਪੜਚੋਲ ਕਰਨ ਦਾ ਕੰਮ ਕਰੀਏ ਜਿਸ ਦਾ ਦਾਅਵਾ ਸਰਬਤ ਦਾ ਭਲਾ ਰਿਹਾ ਹੈ? ਕੀ ਅਸੀਂ ਜਮਹੂਰੀਅਤ ਨੂੰ ਜਮਹੂਰੀ ਕਦਰਾਂ-ਕੀਮਤਾਂ ਤੋਂ ਮਨਫੀ ਕਰਨ ਵਾਲੇ ਰੁਝਾਨ ਦੀ ਸ਼ਨਾਖ਼ਤ ਕਰੀਏ? ਕੀ ਅਸੀਂ ਇਹ ਮੰਗ ਕਰੀਏ ਕਿ ਵਿੱਤੀ ਵਿਕਾਸ ਦਾ ਮਾਅਨਾ ਸ਼ੇਅਰ ਬਾਜ਼ਾਰ ਦਾ ਮੁਨਾਫ਼ਾ ਨਹੀਂ ਸਗੋਂ ਹਰ ਸ਼ਹਿਰੀ ਦੀ ਆਰਥਿਕ ਹਿਫ਼ਾਜ਼ਤ ਹੋਣੀ ਚਾਹੀਦੀ ਹੈ?
ਵਿੱਤੀ ਨਾਬਰਾਬਰੀ ਦਾ ਖ਼ਾਤਮਾ ਤਾਂ ਉਹ ਮੁਲਕ ਵੀ ਨਹੀਂ ਕਰ ਸਕੇ ਜੋ ਆਪਣੇ- ਆਪ ਨੂੰ ਵਿਕਾਸ ਦੇ ਰੱਬ ਮੰਨਦੇ ਹਨ। ਆਪਣੇ ਦੌਰ ਦੀ ਤਕਨਾਲੋਜੀ ਦੀਆਂ ਸਹੂਲਤਾਂ ਜੋੜ ਲੈਣ ਤੋਂ ਬਾਅਦ ਵੀ ਸਾਡੀਆਂ ਜ਼ਿੰਦਗੀਆਂ ਦਾ ਤਣਾਅ ਘਟ ਨਹੀਂ ਸਕਿਆ। ਇਸ ਲਈ ਅਸੀਂ ਸਾਰਿਆਂ ਨੇ ਤਕਰੀਬਨ ਸਰਵਸੰਮਤੀ ਨਾਲ ਸੁਖਾਲਾ ਰਾਹ ਅਖ਼ਤਿਆਰ ਕੀਤਾ ਹੈ: ਅਸੀਂ ਨਵਾਂ ਨਿਜ਼ਾਮ ਸਿਰਜਣ ਦਾ ਉਪਰਾਲਾ ਨਹੀਂ ਕੀਤਾ ਸਗੋਂ ਉਸ ਨਿਜ਼ਾਮ ਦੀ ਹਮਾਇਤ ਕੀਤੀ ਹੈ ਜੋ ਕੁਝ ਲੋਕਾਂ ਲਈ ਲਾਹੇਵੰਦ ਹੈ। ਜਦੋਂ ਅਸੀਂ ਇੱਕ ਵਾਰ ਇਹ ਫ਼ੈਸਲਾ ਕਰ ਲਿਆ ਤਾਂ ਅਸੀਂ ਉਨ੍ਹਾਂ ਕੁਝ ਕੁ ਚੋਣਵੇਂ ਲੋਕਾਂ ਵਿੱਚ ਸ਼ਾਮਿਲ ਹੋ ਜਾਂਦੇ ਹਾਂ ਜਾਂ ਆਪਣੇ ਹੁਨਰ ਨੂੰ ਲਗਾਤਾਰ ਤਰਾਸ਼ਦੇ ਹਾਂ ਤਾਂ ਜੋ ਸਾਨੂੰ ਉਨ੍ਹਾਂ ਗ਼ਲਿਆਰਿਆਂ ਵਿੱਚ ਕਬੂਲ ਕੀਤਾ ਜਾ ਸਕੇ।
ਬਹੁਤ ਵਾਰ ਅਸੀਂ ਵਿੱਤੀ ਪ੍ਰਾਪਤੀਆਂ ਨਾਲ ਰੂਹਾਨੀਅਤ ਨੂੰ ਵੀ ਜੋੜ ਲੈਂਦੇ ਹਾਂ ਜਦ ਕਿ ਸੱਚ ਇਹ ਹੈ ਕਿ ਇਹ ਦੋਵੇਂ ਰਾਹ ਆਪਸ ਵਿੱਚ ਕਿਤੇ ਵੀ ਨਹੀਂ ਮਿਲਦੇ। ਅਸੀਂ ਭੋਗਵਾਦੀ ਹੋਣ ਤੋਂ ਬਿਨਾਂ ਆਰਥਿਕ ਤਰੱਕੀ ਨਹੀਂ ਕਰ ਸਕਦੇ ਅਤੇ ਭੋਗਵਾਦੀ ਹੁੰਦੇ ਹੋਏ ਰੂਹਾਨੀ ਨਹੀਂ ਹੋ ਸਕਦੇ। ਬਿਨਾਂ ਸ਼ੱਕ ਅਸੀਂ ਇਨ੍ਹਾਂ ਵਿੱਚ ਕੋਈ ਤਵਾਜ਼ਨ ਜ਼ਰੂਰ ਬਣਾ ਸਕਦੇ ਹਾਂ।
ਇੰਡੀਆ ਦੀ ਆਜ਼ਾਦੀ ਆਲਮੀ ਇਤਿਹਾਸ ਦਾ ਸ਼ਾਨਾਮੱਤਾ ਦਸਤਾਵੇਜ਼ ਹੈ। ਨੱਬੇ ਸਾਲਾਂ ਤੋਂ ਜ਼ਿਆਦਾ ਸਮਾਂ ਅਸੀਂ ਆਜ਼ਾਦੀ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਜੱਦੋ-ਜਹਿਦ ਕਰਦੇ ਰਹੇ। ਮੁਲਕ ਵਾਸਤੇ ਚੱਲ ਰਹੀ ਇਸ ਜੰਗ ਵਿੱਚ ਹਰ ਬਰਾਦਰੀ ਅਤੇ ਮਜ਼ਹਬ- ਭਾਵੇਂ ਕਿ ਉਹ ਆਪਸ ਵਿੱਚ ਲੜ ਰਹੇ ਸਨ—ਦੇ ਲੋਕ ਸ਼ਾਮਿਲ ਸਨ। ਅਸੀਂ ਸਮਝਦੇ ਸੀ ਕਿ ਆਜ਼ਾਦ ਇੰਡੀਆ ਵਿੱਚ ਜਮਾਤੀ ਇਤਫ਼ਰਕਿਆਂ ਲਈ ਕੋਈ ਥਾਂ ਨਹੀਂ ਹੋਵੇਗੀ। ਅਸੀਂ ਇਸ ਅਸੂਲ ਉੱਤੇ ਜ਼ੋਰ ਦੇ ਰਹੇ ਸਾਂ ਕਿ ਉੱਥੇ ਮਜ਼ਹਬੀ ਨਫ਼ਰਤ ਲਈ ਵੀ ਕੋਈ ਥਾਂ ਨਹੀਂ ਹੋਵੇਗੀ। ਅਸੀਂ ਨਰਮ-ਦਿਲੀ ਅਤੇ ਪਿਆਰ ਦੇ ਅਸੂਲਾਂ ਨੂੰ ਸਿਰਮੌਰ ਕਬੂਲ ਕੀਤਾ ਸੀ।
ਅਸੀਂ ਆਜ਼ਾਦੀ ਹਾਸਿਲ ਕਰਨ ਦੀ ਜੁਗਤ ਬਾਬਤ ਲਗਾਤਾਰ ਬਹਿਸ ਕਰਦੇ ਰਹੇ, ਅਤੇ ਇਹ ਤਾਂਘ ਪਾਲ਼ਦੇ ਰਹੇ ਕਿ ਆਜ਼ਾਦ ਇੰਡੀਆ ਵਿੱਚ ਸਭ ਨੂੰ ਬਰਾਬਰੀ ਅਤੇ ਸ਼ਾਨ ਵਾਲੀ ਜ਼ਿੰਦਗੀ ਨਸੀਬ ਹੋਵੇਗੀ। ਜਦੋਂ ਵੀਹਵੀਂ ਸਦੀ ਵਿੱਚ ਰਾਸ਼ਟਰਵਾਦ ਦੇ ਹਵਾਲੇ ਨਾਲ ਇੰਡੀਆ ਆਪਣੀ ਭੂਗੋਲਿਕ ਅਤੇ ਸਿਆਸੀ ਹਸਤੀ ਦੇ ਨਕਸ਼ ਨਿਖਾਰ ਰਿਹਾ ਸੀ ਤਾਂ ਕੋਈ ਮੁੱਦਾ ਅਣਛੋਹਿਆ ਨਹੀਂ ਛੱਡਿਆ ਗਿਆ ਅਤੇ ਕੋਈ ਸੁਆਲ ਅਣਪੁੱਛਿਆ ਨਹੀਂ ਰੱਖਿਆ ਗਿਆ।
ਫ਼ਿਰਕੂ ਫ਼ਸਾਦਾਂ ਦਾ ਪੁਰਾਣਾ ਰੋਗ ਕੌਮੀ ਮੁਕਤੀ ਲਹਿਰ ਦੌਰਾਨ ਵੀ ਜਾਰੀ ਰਿਹਾ ਜਦ ਕਿ ਮੁਲਕ ਦੀ ਖ਼ਾਤਰ ਜ਼ਿਆਦਾਤਰ ਲੋਕ ਸਾਂਝ ਵਿੱਚ ਬੱਝ ਗਏ ਸਨ। ਫ਼ਸਾਦ ਬਰਤਾਨਵੀ ਰਾਜ ਦੀ ਵਿਰਾਸਤ ਹਨ। ਜੇ ਤੁਸੀਂ ਲਾਊਡਸਪੀਕਰ ਦੀ ਸਿਆਸਤ ਨਾਲ ਜੁੜੇ ਵਾਕਿਆਤ ਦੀ ਪੜਚੋਲ ਕਰੋ ਤਾਂ ਇਸ ਦੀ ਖ਼ੌਫ਼ਨਾਕ ਲਗਾਤਾਰਤਾ ਅਜੋਕੇ ਇੰਡੀਆ ਵਿੱਚ ਆਜ਼ਾਦੀ ਦੇ ਆਰ-ਪਾਰ ਨਜ਼ਰ ਆਉਂਦੀ ਹੈ। ਇਹ ਵਿਵਾਦ ਨਾ ਕਦੇ ਮੁੱਕਦਾ ਹੈ ਅਤੇ ਕਦੇ ਵੀ ਛੇੜਿਆ ਜਾ ਸਕਦਾ ਹੈ ਕਿ ਮਸਜਿਦ ਵਿੱਚ ਮੌਲਵੀ ਕਿੰਨੀ ਆਵਾਜ਼ ਵਿੱਚ ਆਜ਼ਾਨ ਦੇਵੇਗਾ। ਇਸ ਤਰ੍ਹਾਂ ਮਜ਼ਹਬੀ ਜਲੂਸ ਹਨ ਜੋ ਹਿੰਦੂ ਭੜਕਾਉਣ ਦੇ ਇਰਾਦੇ ਨਾਲ ਮੁਸਲਮਾਨਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚੋਂ ਕੱਢਦੇ ਹਨ ਅਤੇ ਮੁਲਸਮਾਨ ਇਹੋ ਕੰਮ ਹਿੰਦੂਆਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਕਰਦੇ ਹਨ। ਸ਼ਾਇਦ ਇਸੇ ਪਾਗ਼ਲਪਣ ਦੇ ਖ਼ਿਲਾਫ਼ ਭਗਤ ਸਿੰਘ ਨੇ ਆਪਣੇ ਨਾਸਤਿਕ ਹੋਣ ਦਾ ਐਲਾਨ ਕੀਤਾ ਸੀ ਅਤੇ ਕਾਨਪੁਰ ਵਿੱਚ ਫ਼ਿਰਕੂ ਫ਼ਸਾਦ ਨੂੰ ਰੋਕਦਾ ਹੋਇਆ ਸੰਪਾਦਕ ਅਤੇ ਪੱਤਰਕਾਰ ਗਣੇਸ਼ ਸ਼ੰਕਰ ਵਿਦਿਆਰਥੀ ਸ਼ਹੀਦ ਹੋਇਆ ਸੀ । ਹੁਣ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ ਜੋ ਕਿਸੇ ਨਾ ਕਿਸੇ ਬਹਾਨੇ ਨਫ਼ਰਤ ਫੈਲਾਉਂਦੇ ਹਨ ਜਾਂ ਚੁਫੇਰੇ ਫੈਲੀਆਂ ਨਾਬਰਾਬਰੀਆਂ ਦਾ ਲਾਹਾ ਲੈਂਦੇ ਹਨ। ਉਹ ਸਾਰਾ ਕੁਝ ਫ਼ੌਰੀ ਹਾਸਿਲ ਕਰ ਲੈਣਾ ਚਾਹੁੰਦੇ ਹਨ। ਕਿਸੇ ਇਕ ਵਾਕਿਆ ਨੂੰ ਸਾਰੀ ਬਰਾਦਰੀ ਦੇ ਨਾਮ ਲਗਾਉਂਦੇ ਹਨ—ਇਹ ਦੋਵੇਂ ਪਾਸਿਓਂ ਕੀਤਾ ਜਾਂਦਾ ਹੈ ਅਤੇ ਨਫ਼ਰਤ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ।
ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਪਿੰਡ ਸਾਰਾਵਾ ਤੋਂ 2014 ਵਿੱਚ ਖ਼ਬਰ ਆਈ ਸੀ। ਇੱਕ ਇੱਕੀ ਸਾਲ ਦੀ ਬੀਬੀ ਦਾ ਇਲਜ਼ਾਮ ਸੀ ਕਿ ਉਹ ਮੁਕਾਮੀ ਮਦਰਸੇ ਵਿੱਚ ਹਿੰਦੀ ਪੜ੍ਹਾਉਂਦੀ ਸੀ ਅਤੇ ਪਿੰਡ ਦੇ ਮੁਖੀਆ ਨੇ ਉਸ ਨੂੰ ਉਧਾਲ ਕੇ ਜਬਰਦਸਤੀ ਉਸ ਨੂੰ ਇਸਲਾਮ ਕਬੂਲ ਕਰਵਾਇਆ ਅਤੇ ਸਮੂਹਿਕ ਬਲਾਤਕਾਰ ਕੀਤਾ। ਇਸ ਨਾਲ ਸੋਸ਼ਲ ਮੀਡੀਆ ਉੱਤੇ ਹਮਲਾਵਰ ਲਾਮ-ਬੰਦੀ ਸ਼ੁਰੂ ਹੋ ਗਈ ਅਤੇ ਮੇਰਠ ਵਿੱਚ ਕਈ ਦਿਨ ਤਣਾਅ ਬਣਿਆ ਰਿਹਾ। ਹਾਲੇ ਮੁਕਾਮੀ ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਸੀ ਕਿ ਇਸ ਵਾਕਿਆ ਦੇ ਹਵਾਲੇ ਨਾਲ ਉਨ੍ਹਾਂ ਸਾਰੇ ਮਾਮਲਿਆਂ ਨੂੰ ਜਾਇਜ਼ ਕਰਾਰ ਦਿੱਤਾ ਗਿਆ ਜਿਨ੍ਹਾਂ ਵਿੱਚ ਕਿਸੇ ਮੁਸਲਮਾਨ ਖ਼ਿਲਾਫ਼ ਕਾਮੁਕ-ਹਿੰਸਾ ਹੋਈ ਸੀ ਜਾਂ ਕਤਲ ਕੀਤਾ ਗਿਆ ਸੀ।
ਇਹ ਸਭ ਕੁਝ ਉਹੀ ਕਰ ਸਕਦੇ ਹਨ ਜੋ ਕਿਸੇ ਵੀ ਫ਼ੌਜਦਾਰੀ ਮਾਮਲੇ ਦੇ ਹਵਾਲੇ ਨਾਲ ਨਫ਼ਰਤ ਫੈਲਾਉਂਦੇ ਹਨ ਅਤੇ ਇਸ ਮਜ਼ਹਬੀ ‘ਮਾਣ’ ਦੀ ‘ਜੰਗ’ ਬਣਾਉਂਦੇ ਹਨ।
ਪੁਲਿਸ ਦੀ ਤਫ਼ਤੀਸ਼ ਨਾਲ ਉਸ ਔਰਤ ਦੀਆਂ ਦਾਅਵੇਦਾਰੀਆਂ ਸੁਆਲ ਦੇ ਘੇਰੇ ਵਿੱਚ ਆ ਗਈਆਂ ਤਾਂ ਮਾਮਲਾ ਸ਼ੱਕੀ ਹੋ ਗਿਆ। ਇਨ੍ਹਾਂ ਸੁਆਲਾਂ ਦੇ ਸਾਹਮਣੇ ਆਉਂਦੇ ਹੀ ਨਫ਼ਰਤ ਫੈਲਾਉਣ ਵਾਲੇ ਲਸ਼ਕਰ ਮੈਦਾਨ ਛੱਡ ਕੇ ਭੱਜ ਗਏ।
ਜਦੋਂ ਇਹ ਮਾਮਲਾ ਭਖਿਆ ਹੋਇਆ ਸੀ ਤਾਂ ਮੈਨੂੰ ਇਹ ਪੁੱਛਣ ਲਈ ਫੋਨ ਆਉਂਦੇ ਸਨ ਕਿ ਮੈਂ ਇਸ ਮਾਮਲੇ ਵਿੱਚ ਆਵਾਜ਼ ਕਿਉਂ ਨਹੀਂ ਉਠਾਉਂਦਾ ਅਤੇ ਇਸ ਉੱਤੇ ਚਰਚਾ ਕਿਉਂ ਨਹੀਂ ਕਰਦਾ। ਮੈਨੂੰ ਯਾਦ ਹੈ ਅਤੇ ਹੈਰਾਨ ਹਾਂ ਕਿ ਜ਼ਿਆਦਾਤਰ ਫੋਨ ਉਨ੍ਹਾਂ ਲੋਕਾਂ ਦੇ ਆਉਂਦੇ ਸਨ ਜੋ ਹਰ ਮਾਮਲੇ ਨੂੰ ਮਜ਼ਹਬੀ ਰੰਗਤ ਦੇਣਾ ਚਾਹੁੰਦੇ ਹਨ ਅਤੇ ਪਾਗ਼ਲਪਣ ਦਾ ਖਿਲਾਰਾ ਪਾਉਣਾ ਚਾਹੁੰਦੇ ਹਨ। ਆਖ਼ਰ ਮੈਨੂੰ ਕੋਈ ਬੰਦਾ ਇਹ ਕਿਉਂ ਨਹੀਂ ਕਹਿੰਦਾ ਕਿ ਇਹ ਮਸਨੂਈ ਮਾਮਲੇ ਹਨ ਅਤੇ ਇਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨਾ ਚਾਹੀਦਾ ਹੈ ਜਾਂ ਸਾਡੇ ਸਮਾਜ ਵਿੱਚ ਜ਼ਹਿਰ ਫੈਲਣ ਦਾ ਖ਼ਦਸ਼ਾ ਹੈ? ਆਖ਼ਰ ਇਹ ਲੋਕ ਕਦੇ ਜ਼ਿੰਦਗੀ ਨਾਲ ਜੁੜੇ ਅਤੇ ਜ਼ਿੰਦਗੀ ਉੱਤੇ ਅਸਰ ਪਾਉਣ ਵਾਲੇ ਸੁਆਲਾਂ ਉੱਤੇ ਚਰਚਾ ਕਰਨ ਦੀ ਸਲਾਹ ਦੇਣ ਲਈ ਫੋਨ ਕਿਉਂ ਨਹੀਂ ਕਰਦੇ? ਇੱਕ ਹੋਰ ਪੱਖ ਹੈ ਕਿ ਬਹੁਤ ਸਾਰੇ ਫ਼ੋਨ ਕਰਨ ਵਾਲੇ ਧਮਕੀਆਂ ਦਿੰਦੇ ਸਨ ਕਿ ਜੇ ਮੈਂ ਇਹ ਮਸਲੇ ਉੱਤੇ ਗੱਲ ਨਹੀਂ ਕਰਾਂਗਾ ਤਾਂ ਇਹ ਜਾਂ ਉਹ ਹੋ ਜਾਵੇਗਾ। ਇਸ ਦੇ ਬਾਵਜੂਦ ਇਹੋ ਲੋਕ ਦਾਅਵਾ ਕਰਦੇ ਸਨ ਕਿ ਮਜ਼ਹਬ ਦੇ ਮਾਮਲੇ ਵਿੱਚ ਤਾਂ ਉਹ ਬਹੁਤ ਦਰਿਆ-ਦਿਲ ਅਤੇ ਖੁੱਲ੍ਹ-ਨਜ਼ਰ ਹਨ। ਦਰਿਆ-ਦਿਲ ਅਤੇ ਖੁੱਲ੍ਹ-ਨਜ਼ਰ ਲੋਕ ਨਫ਼ਰਤ ਅਤੇ ਹਿੰਸਾ ਦੀਆਂ ਧਮਕੀਆਂ ਦੇਣ ਵਾਲੀਆਂ ਗੱਲਾਂ ਕਿਵੇਂ ਕਰ ਸਕਦੇ ਹਨ?
ਇਹ ਫ਼ੈਸਲਾ ਸਾਨੂੰ ਰਲ਼ ਕੇ ਕਰਨਾ ਹੋਵੇਗਾ। ਕੀ ਅਸੀਂ ਨਿਗੂਣੇ ਕਾਰਨਾਂ—ਉਹ ਹਕੀਕੀ ਹੋਣ ਜਾਂ ਖ਼ਿਆਲੀ—ਨਾਲ ਨਫ਼ਰਤ ਦਾ ਪਸਾਰਾ ਕਰਨਾ ਚਾਹੁੰਦੇ ਹਾਂ ਜਾਂ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ? ਜਿਹੜਾ ਨਫ਼ਰਤ ਵਿੱਚ ਯਕੀਨ ਕਰਦਾ ਹੈ, ਉਸ ਨੂੰ ਕਿਸੇ ਕਾਰਨ ਦੀ ਜ਼ਰੂਰਤ ਨਹੀਂ। ਉਹ ਨਫ਼ਰਤ ਦਾ ਪਾਤਰ ਬਣਾਉਣ ਲਈ ਕਿਸੇ ਨਾ ਕਿਸੇ ਬਰਾਦਰੀ ਨੂੰ ਨਿਸ਼ਾਨਾ ਬਣਾ ਹੀ ਲੈਂਦਾ ਹੈ। ਸਾਡੇ ਲਈ ਲਾਜ਼ਮੀ ਹੈ ਕਿ ਅਜਿਹੇ ਲੋਕਾਂ ਨੂੰ ਹਾਸ਼ੀਏ ਵਿੱਚ ਧੱਕ ਦਿੱਤਾ ਜਾਵੇ।
ਕੀ ਕਦੇ, ਕਿਸੇ ਵੀ ਦਲੀਲ ਨਾਲ ਨਫ਼ਰਤ ਨੂੰ ਜਾਇਜ਼ ਕਰਾਰ ਦਿੱਤਾ ਜਾ ਸਕਦਾ ਹੈ? ਮੁਲਕ ਵਿੱਚ ਕਾਨੂੰਨ ਰਾਹੀਂ ਇਨਸਾਫ਼ ਨਾ ਮਿਲਣ ਦੀਆਂ ਅਨੇਕ ਖ਼ਬਰਾਂ ਆਉਂਦੀਆਂ ਹਨ: ਕੀ ਇਨ੍ਹਾਂ ਖ਼ਬਰਾਂ ਨੂੰ ਸਮਾਜ ਵਿੱਚ ਜ਼ਹਿਰ ਫੈਲਾਉਣ ਲਈ ਇਸਤੇਮਾਲ ਕਰਨਾ ਚਾਹੀਦਾ ਹੈ? ਇਹ ਸੁਆਲ ਤਾਂ ਪੁੱਛਿਆ ਹੀ ਜਾਣਾ ਚਾਹੀਦਾ ਹੈ ਕਿ ਮੀਡੀਆ ਕਿਸੇ ਖ਼ਾਸ ਬੰਦੇ ਜਾਂ ਮਸਲੇ ਨੂੰ ਪੇਸ਼ ਕਰਦਾ ਹੈ ਜਾਂ ਨਹੀਂ? ਕੀ ਇਹ ਸੁਆਲ ਇਸ ਲਹਿਜ਼ੇ ਵਿੱਚ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਸ ਦਾ ਮਕਸਦ ਮਹਿਜ਼ ਨਫ਼ਰਤ ਫੈਲਾਉਣਾ ਜਾਪਦਾ ਹੋਵੇ। ਜੇ ਸਾਡੇ ਦਿਲਾਂ ਵਿੱਚ ਰਹਿਮ ਦਾ ਵਾਸਾ ਨਹੀਂ ਤਾਂ ਅਸੀਂ ਨਹੀਂ ਸਮਝ ਸਕਦੇ ਕਿ ਹਿੰਦੂ, ਜਾਂ ਮੁਸਲਮਾਨ ਜਾਂ ਬੋਧੀ ਹੋਣ ਦੇ ਕੀ ਮਾਅਨੇ ਹਨ। ਰਹਿਮ ਵਿਹੂਣਾ ਬੰਦਾ ਤਾਂ ਮਜ਼ਹਬੀਅਤ ਅਤੇ ਖ਼ੁਦਾ-ਤਰਸੀ ਦੀ ਝਾਲ ਹੇਠ ਲੁਕਿਆ ਹੋਇਆ ਵਹਿਸ਼ੀ ਹੈ। ਉਸ ਦਾ ਮਜ਼ਹਬ ਮਹਿਜ਼ ਗ਼ਲਬਾ ਕਾਇਮ ਕਰਨ ਦਾ ਜ਼ਰੀਆ ਹੈ। ਮਜ਼ਹਬ ਤਾਂ ਬੰਦੇ ਨੂੰ ਨਰਮ- ਦਿਲੀ ਸਿਖਾਉਂਦਾ ਹੈ।
ਕੁਝ ਲੋਕ-ਸ਼ਾਇਦ ਜਿਨ੍ਹਾਂ ਨੂੰ ਆਪਣੇ ਅੰਦਰ ‘ਅਗਸਤ ਦੇ ਪੰਦਰ੍ਹਵੇਂ ਦਾ ਖੋਖਲਾਪਣ ਨਜ਼ਰ ਆਉਂਦਾ ਹੈ—ਮੈਨੂੰ ਪੁੱਛਦੇ ਹਨ ਕਿ ਅਸੀਂ ਆਜ਼ਾਦੀ ਦਿਹਾੜਾ ਕਿਉਂ ਮਨਾਈਏ। ਉਨ੍ਹਾਂ ਮੁਤਾਬਕ, ਆਖ਼ਰਕਾਰ ਕੁਝ ਵੀ ਤਾਂ ਨਹੀਂ ਬਦਲਿਆ।
ਮੈਂ ਉਨ੍ਹਾਂ ਨੂੰ ਦੱਸਦਾਂ ਹਾਂ ਕਿ ਜੇ ਉਨ੍ਹਾਂ ਨੇ ਆਪਣੀ ਨਫ਼ਰਤ ਉੱਤੇ ਗ਼ਲਬਾ ਪਾਇਆ ਹੈ ਅਤੇ ਤੁਹਾਡੀ ਨਰਮ-ਦਿਲੀ ਦਾ ਘੇਰਾ ਵਸੀਹ ਹੋਇਆ ਹੈ ਤਾਂ ਤੁਹਾਨੂੰ ਇੰਡੀਆ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਦਾ ਪੂਰਾ ਹੱਕ ਹੈ। ਜੇ ਤੁਸੀਂ ਕਿਸੇ ਦੂਜੇ ਮਜ਼ਹਬ ਜਾਂ ਬਰਾਦਰੀ ਨੂੰ ਨਫ਼ਰਤ ਨਹੀਂ ਕਰਦੇ ਤਾਂ ਤੁਸੀਂ ਅਗਸਤ ਦੇ ਪੰਦਰ੍ਹਵੇਂ ਦਾ ਜਸ਼ਨ ਮਨਾ ਸਕਦੇ ਹੋ। ਜੇ ਤੁਸੀਂ ਨਫ਼ਰਤ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ ਅਤੇ ਆਪਣੇ-ਆਪ ਨਾਲ ਜੰਗ, ਲੜਾਈ ਦਾ ਅਹਿਸਾਸ ਹੋਇਆ ਹੈ ਤਾਂ ਤੁਸੀਂ ਅਗਸਤ ਦੇ ਪੰਦਰ੍ਹਵੇਂ ਦਾ ਜਸ਼ਨ ਮਨਾ ਸਕਦੇ ਹੋ। ਜੇ ਤੁਹਾਨੂੰ ਲਗਦਾ ਹੈ ਕਿ ਭਗਤ ਸਿੰਘ ਤੁਹਾਡੇ ਲਈ ਸ਼ਹੀਦ ਹੋਇਆ, ਖ਼ੁਦੀਰਾਮ ਬੋਸ ਨੇ ਤੁਹਾਡੇ ਲਈ ਫਾਂਸੀ ਦਾ ਰੱਸਾ ਚੁੰਮਿਆ, ਅਤੇ ਗਾਂਧੀ ਨੇ ਤੁਹਾਡੇ ਲਈ ਹਿੱਕ ਵਿੱਚ ਗੋਲੀਆਂ ਖਾਧੀਆਂ ਤਾਂ ਤੁਹਾਨੂੰ ਅਗਸਤ ਦੇ ਪੰਦਰ੍ਹਵੇਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ।
। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਇੱਕ ਪਾਸੇ ਤਾਂ ਤੁਸੀਂ ਕਿਸੇ ਬਰਾਦਰੀ ਨਾਲ ਨਫਰਤ ਕਰੋ ਅਤੇ ਦੂਜੇ ਪਾਸੇ ਆਪਣੇ ਸਿਰ ਉੱਤੇ ਭਗਤ ਸਿੰਘ ਦੀ ਸ਼ਹਾਦਤ ਦਾ ਸਿਹਰਾ ਸਜਾ ਕੇ ਦੇਸ਼-ਭਗਤੀ ਦੇ ਐਲਾਨ ਕਰਦੇ ਹੋਵੋਂ ਤਾਂ ਇਹ ਕਬੂਲ ਨਹੀਂ ਕੀਤਾ ਜਾ ਸਕਦਾ।
ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਇੰਡੀਆ ਦੇ ਉਨ੍ਹਾਂ ਸੁਫ਼ਨਿਆਂ ਨੂੰ ਜਿਊਂਦਾ ਰੱਖਣ ਦਾ ਆਹਰ ਕਰ ਰਹੇ ਹੋ ਜਿਨ੍ਹਾਂ ਨੂੰ ਪੂਰੇ ਕਰਨ ਲਈ ਲੱਖਾਂ ਲੋਕਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਜ਼ਾਦੀ ਦਿਹਾੜਾ ਤੁਹਾਡਾ ਹੈ।
ਹਾਲੇ ਤਾਂ ਬਹੁਤ ਕੁਝ ਕਰਨਾ ਬਾਕੀ ਹੈ, ਬਹੁਤ ਖੇਤਰਾਂ ਵਿੱਚ ਕੰਮ ਹੋਣਾ ਬਾਕੀ ਹੈ। ਜੇ ਅਸੀਂ ਜਾਗਰੂਕ ਹਾਂ ਕਿ ਕਿਨ੍ਹਾਂ ਖੇਤਰਾਂ ਵਿੱਚ ਕੰਮ ਹੋਣਾ ਦਰਕਾਰ ਹੈ ਤਾਂ ਅਸੀਂ ਇੱਕ ਦਿਨ ਆਰਾਮ ਫ਼ਰਮਾ ਸਕਦੇ ਹਾਂ ਅਤੇ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਸਕਦੇ ਹਾਂ। ਅਸੀਂ ਆਪਣੇ-ਆਪ ਨੂੰ ਆਈਸ ਕਰੀਮ, ਗ਼ੁਲਾਬ ਜਾਮਣ ਅਤੇ ਦੋ ਜਲੇਬੀਆਂ ਖਾਣ ਦੀ ਦਾਅਵਤ ਦੇ ਸਕਦੇ ਹਾਂ। ਅਸੀਂ ਮਠਿਆਈ ਖ਼ਰੀਦ ਕੇ ਉਨ੍ਹਾਂ ਲੋਕਾਂ ਨੂੰ ਵੰਡ ਸਕਦੇ ਹਾਂ ਜੋ ਸਾਡੇ ਤੋਂ ਜ਼ਿਆਦਾ ਮੰਦਭਾਗੇ ਹਨ। ਸਾਡੇ ਤੋਂ ਪਹਿਲਾਂ ਕਈ ਪੀੜ੍ਹੀਆਂ ਲੰਘੀਆਂ ਹਨ ਜਿਨ੍ਹਾਂ ਨੇ ਇੰਡੀਆ ਦਾ ਉਹ ਸੁਫ਼ਨਾ ਦੇਖਿਆ ਜਿਸ ਦੀ ਬਦੌਲਤ ਸਾਡੇ ਵਿੱਚ ਕੁਝ ਚੰਗਿਆਈ ਅਤੇ ਕੁਝ ਠੀਕ ਹੈ ਜੋ ਕਿਸੇ ਖ਼ੂਬਸੂਰਤ ਸਵੈਟਰ ਵਾਂਗ ਬੁਣਿਆ ਹੋਇਆ ਹੈ। ਇਸੇ ਸਵੈਟਰ ਦਾ ਨਰਮ ਜਿਹਾ ਨਿੱਘ ਸਾਡੇ ਦਿਲਾਂ ਨੂੰ ਵੱਡਾ ਅਤੇ ਖੁੱਲ੍ਹਾ ਬਣਾਉਂਦਾ ਹੈ। ਇਸੇ ਨਾਲ ਸਾਨੂੰ ਆਜ਼ਾਦੀ ਦੇ ਇਤਿਹਾਸਕ ਮੌਕੇ ਦਾ ਜਸ਼ਨ ਮਨਾਉਣ ਦਾ ਹੌਸਲਾ ਮਿਲਦਾ ਹੈ।
ਜਮਹੂਰੀਅਤ ਨੂੰ ਅੱਗੇ ਵਧਾਉਣ ਲਈ ਸ਼ਹਿਰੀ ਪੱਤਰਕਾਰੀ ਦੀ ਤਾਕਤ
ਇਹ ਰਵੀਸ਼ ਕੁਮਾਰ ਦੀ 2019 ਦਾ ਰੇਮਨ ਮੈਗਸੇਸੇਅ ਸਨਮਾਨ ਹਾਸਿਲ ਕਰਨ ਵੇਲੇ ਮਨੀਲਾ ਵਿੱਚ ਕੀਤੀ ਤਕਰੀਰ ਦਾ ਉਤਾਰਾ ਹੈ। ਇਹ ਸਨਮਾਨ ਉਨ੍ਹਾਂ ਨੂੰ ‘ਬੇਜ਼ੁਬਾਨਿਆਂ ਦੀ ਜ਼ੁਬਾਨ ਬਣਨ ਵਾਲੀ ਪੱਤਰਕਾਰੀ ਨੂੰ ਅੱਗੇ ਵਧਾਉਣ’ ਅਤੇ ‘ਬੇਦਾਗ਼ ਜ਼ਿੰਮੇਵਾਰੀ ਨਾਲ ਅਤੇ ਮਿਆਰ ਦੀ ਪੇਸ਼ੇਵਰ ਅਤੇ ਇਖ਼ਲਾਕੀ ਪੱਤਰਕਾਰੀ’ ਲਈ ਦਿੱਤਾ ਗਿਆ।
ਨਮਸਤੇ
ਇੰਡੀਆ ਨੇ ਚੰਦ ਉੱਤੇ ਪੈਰ ਪਾਇਆ ਹੈ। ਇਸ ਮਾਣਮੱਤੇ ਮੌਕੇ ਉੱਤੇ ਮੈਂ ਚੰਦ ਅਤੇ ਆਪਣੇ ਪੈਰਾਂ ਹੇਠਲੀ ਜ਼ਮੀਨ ਨੂੰ ਇੱਕੋ ਵੇਲੇ ਦੇਖ ਰਿਹਾ ਹਾਂ। ਮੇਰੀਆਂ ਗ਼ਲੀਆਂ ਦੇ ਟੋਏ ਅਤੇ ਖੁੱਲ੍ਹੇ ਗਟਰ ਚੰਦ ਨੂੰ ਚੁੰਧਿਆ ਦਿੰਦੇ ਹਨ। ਪੂਰੀ ਦੁਨੀਆ ਵਿੱਚ ਦਿਨ-ਦਿਹਾੜੇ ਅੱਗ ਦੀ ਲਪੇਟ ਵਿੱਚ ਆਈਆਂ ਜਮਹੂਰੀਅਤਾਂ ਚੰਦ ਦੀ ਠੰਢਕ ਦੀਆਂ ਸ਼ਦੀਦ ਖ਼ਾਹਸ਼ਾਂ ਪਾਲ਼ ਰਹੀਆਂ ਹਨ। ਇਸ ਅੱਗ ਨੂੰ ਬੁਝਾਉਣ ਦਾ ਕੰਮ ਸਿਰਫ਼ ਹੌਸਲੇ ਨਾਲ ਦਿੱਤੀ ਪਾਕੀਜ਼ਾ ਜਾਣਕਾਰੀ ਹੀ ਕਰ ਸਕਦੀ ਹੈ, ਇਹ ਕੰਮ ਲਫ਼ਜ਼ਾਂ ਦੀ ਜਾਦੂਗਰੀ ਨਾਲ ਨਹੀਂ ਹੋਣਾ। ਜਾਣਕਾਰੀ ਜਿੰਨੀ ਪਾਕੀਜ਼ਾ ਹੋਵੇਗੀ, ਸਾਡੇ ਸ਼ਹਿਰੀਆਂ ਦਾ ਵਿਸਾਹ ਓਨਾ ਹੀ ਮਜ਼ਬੂਤ ਹੋਵੇਗਾ। ਜਾਣਕਾਰੀ ਮੁਲਕਾਂ ਦੀ ਉਸਾਰੀ ਵਿੱਚ ਸਹਾਈ ਹੁੰਦੀ ਹੈ। ਦੂਜੇ ਪਾਸੇ ਮਸਨੂਈ ਖ਼ਬਰਾਂ, ਪ੍ਰਚਾਰ ਅਤੇ ਇਤਿਹਾਸ ਦੀ ਗ਼ਲਤ-ਬਿਆਨੀ ਹਜੂਮ ਪੈਦਾ ਕਰਦੀ ਹੈ।
ਮੈਂ ਰੇਮਨ ਮੈਗਸੇਸੇਅ ਦਾ ਸ਼ੁਕਰਗੁਜ਼ਾਰ ਹਾਂ ਕਿ ਇਨ੍ਹਾਂ ਨੇ ਮੈਨੂੰ ਦੁਨੀਆ ਦੇ ਦੂਜੇ ਹਿੱਸਿਆਂ ਦੇ ਸਾਹਮਣੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਹੈ। ਤੁਸੀਂ ਜਾਣਦੇ ਹੋ ਕਿ ਮੈਂ ਨਿਰੋਲ ਹਿੰਦੀ ਵਾਲਾ ਹਾਂ ਪਰ ਆਪ ਦੀ ਸਹੂਲਤ ਲਈ ਮੇਰੇ ਦੋਸਤਾਂ ਨੇ ਮੇਰੀ ਤਕਰੀਰ ਦਾ ਅੰਗਰੇਜ਼ੀ ਵਿੱਚ ਤਰਜਮਾ ਕੀਤਾ ਹੈ। ਮੈਂ ਸ਼ੁਰੂ ਵਿੱਚ ਹੀ ਆਪਣੇ ਉਚਾਰਨ ਦੀਆਂ ਤਰੁਟੀਆਂ ਅਤੇ ਕੁਥਾਂਵੇਂ ਲੱਗੇ ਆਰਟੀਕਲਜ਼ ਲਈ ਖ਼ਿਮਾ ਦਾ ਜਾਚਕ ਹਾਂ।
ਦੋ ਮਹੀਨੇ ਪਹਿਲਾਂ ਮੈਂ ਆਪਣੇ ਦਫ਼ਤਰ ਦੇ ਖੂੰਜੇ ਵਿੱਚ ਬੈਠਾ ਕੰਮ ਕਰ ਰਿਹਾ ਸਾਂ ਤਾਂ ਮੇਰੇ ਸੈੱਲ ਫੋਨ ਦੀ ਘੰਟੀ ਵੱਜੀ। ਮੇਰੇ ਫ਼ੋਨ ਉੱਤੇ ਫਿਲੀਪੀਨਜ਼ ਦਾ ਬੇਪਛਾਣ ਨੰਬਰ ਲਿਸ਼ਕਿਆ। ਮੈਨੂੰ ਯਕੀਨ ਸੀ ਕਿ ਇਹ ਕਿਸੇ ਟਰੋਲ ਦਾ ਫੋਨ ਹੈ। ਪਤਾ ਨਹੀਂ ਕਿਉਂ ਮੈਨੂੰ ਜ਼ਿਆਦਾਤਰ ਟਰੋਲ ਫਿਲੀਪੀਨਜ਼ ਦੇ ਨੰਬਰ ਤੋਂ ਫੋਨ ਕਰਦੇ ਹਨ। ਜੇ ਉਹ ਸਾਰੇ ਫਿਲੀਪੀਨਜ਼ ਦੇ ਵਾਸੀ ਹਨ ਤਾਂ ਮੈਂ ਇਸ ਮੌਕੇ ਉਨ੍ਹਾਂ ਦਾ ਸੁਆਗਤ ਕਰਦਾ ਹਾਂ: ਲਓ ਜੀ ਮੈਂ ਆ ਗਿਆ ਹਾਂ! ਖ਼ੈਰ ਉਸ ਦਿਨ ਉੱਤੇ ਵਾਪਸ ਆਉਂਦਾ ਹਾਂ; ਮੈਂ ਆਪਣੀ ਕੰਮ-ਬੇਲੀ ਨੂੰ ਪੁੱਛਿਆ ਕਿ ਕੀ ਉਹ ਮੈਨੂੰ ਆਉਂਦੇ ਟਰੋਲ ਦੇ ਫ਼ੋਨਾਂ ਦੀ ਬੋਲੀ ਸੁਣਨਾ ਚਾਹੇਗੀ। ਮੈਂ ਆਪਣਾ ਫ਼ੋਨ ਲਾਊਡਸਪੀਕਰ ਉੱਤੇ ਪਾ ਦਿੱਤਾ ਤਾਂ ਦੂਜੇ ਪਾਸਿਓਂ ਕਿਸੇ ਬੀਬੀ ਦੀ ਆਵਾਜ਼ ਆਈ, “ਜੀ ਮੈਂ ਰਵੀਸ਼ ਕੁਮਾਰ ਨਾਲ ਗੱਲ ਕਰ ਸਕਦੀ ਆਂ?” ਮੈਂ ਆਪਣੀ ਜ਼ਿੰਦਗੀ ਵਿੱਚ ਟਰੋਲ ਦੇ ਹਜ਼ਾਰਾਂ ਫ਼ੋਨ ਸੁਣੇ ਹਨ ਪਰ ਕਦੇ ਟਰੋਲ ਦੀ ਜ਼ਨਾਨਾ ਜਾਤ ਨਾਲ ਵਾਹ ਨਹੀਂ ਪਿਆ। ਮੈਂ ਜਲਦੀ ਨਾਲ ਲਾਊਡਸਪੀਕਰ ਬੰਦ ਕਰ ਦਿੱਤਾ ਅਤੇ ਫ਼ੋਨ ਕੰਨ ਨਾਲ ਲਗਾ ਲਿਆ। ਮੈਨੂੰ ਬਹੁਤ ਹੀ ਨਫ਼ਾਸਤ ਵਾਲੀ ਅੰਗਰੇਜ਼ੀ ਵਿੱਚ ਦੱਸਿਆ ਗਿਆ ਕਿ ਮੈਨੂੰ ਰੇਮਨ ਮੈਗਸੇਸੇਅ ਸਨਮਾਨ ਦਿੱਤਾ ਜਾ ਰਿਹਾ ਹੈ।
ਹੁਣ ਮੈਂ ਉਸ ਤੋਂ ਸਿੱਧਾ ਇਸ ਮੌਕੇ ਉੱਤੇ ਆਉਂਦਾ ਹਾਂ ਜਦੋਂ ਮੈਂ ਆਪ ਜੀ ਦੇ ਸਾਹਮਣੇ ਖੜ੍ਹਾ ਹਾਂ। ਮੈਂ ਇੱਥੇ ਇਕੱਲਾ ਨਹੀਂ ਖੜ੍ਹਾ। ਮੈਂ ਆਪਣੇ ਨਾਲ ਹਿੰਦੀ ਪੱਤਰਕਾਰੀ ਦੇ ਪੂਰੇ ਜਗਤ ਸਮੇਤ ਆਇਆ ਹਾਂ ਜਿਸ ਵਿੱਚ ਗਣੇਸ਼ ਚੰਦਰ ਵਿਦਿਆਰਥੀ ਤੋਂ ਲੈ ਕੇ ਪੀਰ ਮੁਨੀਸ਼ ਮੁਹੰਮਦ ਵਰਗੇ ਜੀਅ ਸ਼ਾਮਿਲ ਹਨ।
ਅਸੀਂ ਅਜਿਹੇ ਦੌਰ ਵਿੱਚੋਂ ਲੰਘ ਰਹੇ ਹਾਂ ਜੋ ਸਾਨੂੰ ਪੱਤਰਕਾਰ ਅਤੇ ਸ਼ਹਿਰੀ ਵਜੋਂ ਅਜ਼ਮਾ ਰਿਹਾ ਹੈ। ਇਸ ਵੇਲੇ ਸਾਡੀ ਸ਼ਹਿਰੀਅਤ ਦਾਅ ਉੱਤੇ ਲੱਗੀ ਹੋਈ ਹੈ—ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ਸਾਨੂੰ ਲੜਨ ਦੀ ਸਖ਼ਤ ਜ਼ਰੂਰਤ ਹੈ। ਸਾਨੂੰ ਸ਼ਹਿਰੀਆਂ ਵਜੋਂ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਬਾਬਤ ਨਵੇਂ ਸਿਰੇ ਤੋਂ ਸੋਚ-ਵਿਚਾਰ ਕਰਨ ਦੀ ਲੋੜ ਹੈ। ਮੇਰਾ ਯਕੀਨ ਹੈ ਕਿ ਇਸ ਵੇਲੇ ਸਾਡੀ ਸ਼ਹਿਰੀਅਤ ਉੱਤੇ ਚਹੁੰ-ਪਾਸਿਓਂ ਹਮਲਾ ਹੋ ਰਿਹਾ ਹੈ ਅਤੇ ਨਿਜ਼ਾਮ ਦੇ ਸੂਹੀਆ-ਜਾਲ ਦਾ ਪਰਛਾਵਾਂ ਪਹਿਲਾਂ ਨਾਲੋਂ ਕਿਤੇ ਵਡੇਰਾ ਹੈ, ਇਸ ਹੱਲੇ ਖ਼ਿਲਾਫ਼ ਜਿਹੜੇ-ਜੀਅ ਜਾਂ ਧੜੇ-ਖੜ੍ਹੇ ਰਹਿ ਸਕਣਗੇ ਉਹ ਹੀ ਬਿਹਤਰ ਸ਼ਹਿਰੀਅਤ ਦੀ ਬੁਨਿਆਦ ਬਣ ਸਕਣਗੇ। ਸ਼ਾਇਦ ਇਸੇ ਕਾਰਨ ਉਹ ਆਉਣ ਵਾਲੇ ਦੌਰ ਦੀਆਂ ਬਿਹਤਰ ਸਰਕਾਰਾਂ ਦਾ ਮੁੱਢ ਬੰਨ੍ਹ ਸਕਣਗੇ।
ਸਾਡੀ ਦੁਨੀਆ ਵਿੱਚ ਸਿਦਕ-ਦਿਲੀ ਵਾਲੇ ਬਹੁਤ ਸ਼ਹਿਰੀ ਹਨ ਜੋ ਨਫ਼ਤਰ ਦੇ ਘੋਰ ਹਨੇਰੇ ਅਤੇ ਜਾਣਕਾਰੀ ਦੀ ਮਸਨੂਈ ਘਾਟ ਦੇ ਬਾਵਜੂਦ ਲੜਨ ਦਾ ਤਹੱਈਆ ਕਰ ਚੁੱਕੇ ਹਨ। ਇਹ ਲੋਕ ਬੰਜਰ ਅਤੇ ਨਾਉਮੀਦ ਰੇਗਿਸਤਾਨ ਦੇ ਵਿੱਚ ਕੰਡਿਆਲੀ ਥੋਹਰ ਵਾਂਗ ਉੱਗ ਆਏ ਹਨ। ਦੁਮੇਲ ਤੱਕ ਪਸਰੇ ਰੇਗਿਸਤਾਨ ਵਿੱਚ ਇਕੱਲਾ ਖੜ੍ਹਾ ਥੋਹਰ ਆਪਣੀ ਹੋਂਦ ਦੇ ਮਾਅਨਿਆਂ ਬਾਬਤ ਨਹੀਂ ਸੋਚਦਾ ਸਗੋਂ ਇਹ ਦੱਸਣ ਲਈ ਕਾਇਮ ਰਹਿੰਦਾ ਹੈ ਕਿ ਇਹ ਮੁਮਕਿਨ ਹੈ। ਜਿੱਥੇ ਵੀ ਜਮਹੂਰੀਅਤ ਦੀ ਜ਼ਰਖ਼ੇਜ਼ ਜ਼ਮੀਨ ਨੂੰ ਬੰਜਰ ਬਣਾਉਣ ਦੀ ਕਵਾਇਦ ਚੱਲ ਰਹੀ ਹੈ, ਉੱਥੇ ਹੀ ਸ਼ਹਿਰੀਅਤ ਦੀ ਮਸ਼ਕ ਅਤੇ ਜਾਣਕਾਰੀ ਉੱਤੇ ਦਾਅਵੇਦਾਰੀ-ਅਤੇ ਹੱਕ-ਜਤਾਉਣ ਦਾ ਕੰਮ ਖ਼ਤਰਨਾਕ ਹੋ ਗਿਆ ਹੈ ਪਰ ਇਹ ਨਾਮੁਮਕਿਨ ਨਹੀਂ ਹੈ।
ਸ਼ਹਿਰੀਅਤ ਨੂੰ ਕਾਬਲਿ-ਤਸਦੀਕ ਜਾਣਕਾਰੀ ਦਾ ਖੁੱਲ੍ਹਾ ਵਹਿਣ ਦਰਕਾਰ ਹੈ। ਇਸ ਵੇਲੇ ਮੀਡੀਆ ਕਾਰਪੋਰੇਸ਼ਨਾਂ ਉੱਤੇ ਨਿਜ਼ਾਮ ਦਾ ਮੁਕੰਮਲ ਕਬਜ਼ਾ ਹੋ ਗਿਆ ਹੈ। ਮੀਡੀਆ ਉੱਤੇ ਇਸ ਕਬਜ਼ੇ ਦਾ ਨਤੀਜਾ ਹੈ ਕਿ ਜਾਣਕਾਰੀ ਦਾ ਵਹਿਣ ਤੰਗ ਹੋ ਗਿਆ ਹੈ ਅਤੇ ਇਸ ਨਾਲ ਸ਼ਹਿਰੀਅਤ ਦੀ ਰਸਾਈ ਪੇਤਲੀ ਹੋ ਗਈ ਹੈ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜੂੜ ਬੱਝਿਆ ਮੀਡੀਆ ਖ਼ਬਰਾਂ ਦੀ ਵੰਨ-ਸਵੰਨਤਾ ਨੂੰ ਛਾਂਗ ਦਿੰਦਾ ਹੈ, ਅਤੇ ਇਹ ਤੈਅ ਕਰਦਾ ਹੈ ਕਿ ਖ਼ਬਰ ਬਣੀਆਂ ਵਾਰਦਾਤ ਦਾ ਕਿਹੜਾ ਬਿਆਨੀਆ ਅਤੇ ਕਿਹੜੀ ਤਫ਼ਸੀਲ ਮਨਜ਼ੂਰ ਹੈ। ਮੀਡੀਆ ਤਾਂ ਇਸ ਵੇਲੇ ਸੂਹੀਆ ਤੰਤਰ ਦਾ ਪੁਰਜਾ ਬਣ ਗਿਆ ਹੈ। ਇਹ ਹੁਣ ਚੌਥਾ ਨਹੀਂ ਸਗੋਂ ਪਹਿਲਾ ਪਾਵਾ ਹੈ।
ਨਿਊਜ਼ ਚੈਨਲਾਂ ਦੀਆਂ ਬਹਿਸਾਂ ਗ਼ੈਰ-ਸ਼ਮੂਲੀਅਤ ਵਾਲੇ ਰਾਸ਼ਟਰਵਾਦ ਦੇ ਸੌੜੇ ਘੇਰੇ ਦੀ ਬੋਲੀ ਵਿੱਚ ਹੁੰਦੀਆਂ ਹਨ ਜਿਨ੍ਹਾਂ ਵਿੱਚ ਉਹ ਸਾਂਝੇ ਇਤਿਹਾਸ ਅਤੇ ਮੁਲਕ ਦੀ ਯਾਦਦਾਸ਼ਤ ਨੂੰ ਹੁਕਮਰਾਨ ਪਾਰਟੀ ਦੀ ਸਿਆਸੀ ਸੋਚ (ਉਨ੍ਹਾਂ ਦੇ ਦਰਸ਼ਕਾਂ ਦੀ ਸੋਚ) ਵਿੱਚ ਤਬਦੀਲ ਕਰਨ ਦਾ ਕੰਮ ਕੀਤਾ ਜਾਂਦਾ ਹੈ। ਖ਼ਬਰਾਂ ਦੀ ਦੁਨੀਆ ਦੇ ਬਿਰਤਾਂਤ ਵਿੱਚ ਮਹਿਜ਼ ਦੋ ਤਰ੍ਹਾਂ ਦੇ ਲੋਕ ਹਨ: ਇੱਕ ਮੁਲਕ-ਵਿਰੋਧੀ ਹਨ ਅਤੇ ਦੂਜੇ ਬਾਕੀ ਸਾਰੇ ਹਨ। ਇਹ ‘ਅਸੀਂ’ ਅਤੇ ‘ਉਹ’ ਦੀ ਵੰਡੀ ਪਾਉਣ ਵਾਲੀ ਰਵਾਇਤੀ ਜੁਗਤ ਹੈ। ਉਹ ਦੱਸਦੇ ਹਨ ਕਿ ਇਨ੍ਹਾਂ ਮੁਲਕ-ਵਿਰੋਧੀਆਂ ਦੀ ਸਮੱਸਿਆ ਹੈ ਕਿ ਇਹ ਸੁਆਲ ਪੁੱਛਦੇ ਹਨ, ਅਸਹਿਮਤ ਹੁੰਦੇ ਹਨ ਅਤੇ ਇਖ਼ਤਲਾਫ਼ ਰਾਇ ਰੱਖਦੇ ਹਨ। ਨਾ-ਇਤਫ਼ਾਕ ਰਾਇ ਤਾਂ ਜਮਹੂਰੀਅਤ ਅਤੇ ਸ਼ਹਿਰੀਅਤ ਦੀ ਆਤਮਾ ਹੈ। ਹੁਣ ਜਮਹੂਰੀ ਆਤਮਾ ਲਗਾਤਾਰ ਹੋ ਰਹੇ ਹਮਲਿਆਂ ਦੀ ਮਾਰ ਵਿੱਚ ਆਈ ਹੋਈ ਹੈ। ਜਦੋਂ ਸ਼ਹਿਰੀਅਤ ਉੱਤੇ ਖ਼ਤਰਾ ਮੰਡਰਾ ਰਿਹਾ ਹੈ, ਜਦੋਂ ਇਸ ਦਾ ਮਾਅਨਾ ਹੀ ਬਦਲ ਦਿੱਤਾ ਗਿਆ ਹੈ ਤਾਂ ਸ਼ਹਿਰੀ ਦੀ ਪੱਤਰਕਾਰੀ ਦਾ ਖ਼ਾਸਾ ਕਿਹੋ ਜਿਹਾ ਹੋਵੇਗਾ? ਦੋਵੇਂ ਸ਼ਹਿਰੀ ਹਨ: ਜਿਹੜੇ ਮੁਲਕ ਵਜੋਂ ਬੋਲਣ ਦਾ ਦਾਅਵਾ ਕਰਦੇ ਹਨ ਅਤੇ ਜਿਹੜੇ ਉਨ੍ਹਾਂ ਦੀ ਹਿਕਾਰਤ ਦਾ ਸ਼ਿਕਾਰ ਹੋ ਰਹੇ ਹਨ।
ਦੁਨੀਆ ਵਿੱਚ ਅਜਿਹੇ ਅਨੇਕ ਮੁਲਕ ਹਨ ਜਿੱਥੇ ਅਦਾਲਤਾਂ ਨੂੰ ਨਿਜ਼ਾਮ ਨੇ ਆਪਣੇ ਨਾਲ ਰਲ਼ਾ ਲਿਆ ਹੈ ਅਤੇ ਲੋਕਾਂ ਦੀ ਸਦਾਕਤ ਹਾਸਿਲ ਕਰ ਲਈ ਹੈ। ਇਸ ਦੇ ਬਾਵਜੂਦ ਜਦੋਂ ਅਸੀਂ ਹੌਂਗ ਕੌਂਗ ਅਤੇ ਕਸ਼ਮੀਰ ਨੂੰ ਦੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਲੋਕ ਆਪਣੀ ਸ਼ਹਿਰੀਅਤ ਲਈ ਲੜ ਰਹੇ ਹਨ। ਕੀ ਤੁਹਾਨੂੰ ਪਤਾ ਹੈ ਕਿ ਹੌਂਗ ਕੌਂਗ ਵਿੱਚ ਜਮਹੂਰੀਅਤ ਲਈ ਲੜ ਰਹੇ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ ਛੱਡ ਦਿੱਤਾ ਹੈ? ਉਨ੍ਹਾਂ ਨੂੰ ਇਹ ਸਮਝ ਆ ਗਈ ਕਿ ਜਿਹੜੀ ਬੋਲੀ ਉਨ੍ਹਾਂ ਦੀ ਸਰਕਾਰ ਉਨ੍ਹਾਂ ਤੋਂ ਬਿਹਤਰ ਬੋਲਦੀ ਹੈ, ਉਹ ਕਾਬਲਿ-ਯਕੀਨ ਨਹੀਂ ਹੈ। ਉਨ੍ਹਾਂ ਨੇ ਆਪਣੀ ਬੋਲੀ ਸਿਰਜ ਲਈ ਹੈ ਅਤੇ ਆਪਣੇ ਰੋਸ- ਮੁਜ਼ਾਹਰਿਆਂ ਦੀਆਂ ਜੁਗਤਾਂ ਅਤੇ ਚਾਲਾਂ ਨਵੀਂ ਸਿਰਜੀ ਮੁਹਾਰਨੀ ਵਿੱਚ ਨਸ਼ਰ ਕਰਦੇ ਹਨ। ਸ਼ਹਿਰੀਅਤ ਲਈ ਲੜਨ ਦਾ ਇਹ ਨਵਾਂ ਨਜ਼ਰੀਆ ਇਜਾਦ ਹੋਇਆ ਹੈ।
ਆਪਣੇ ਹਕੂਕ ਦੀ ਰਾਖੀ ਲਈ ਹੌਂਗ ਕੌਂਗ ਦੇ ਸ਼ਹਿਰੀਆਂ ਨੇ ਮੁੱਤਬਾਦਿਲ ਥਾਂਵਾਂ ਸਿਰਜ ਲਈਆਂ ਹਨ ਜਿੱਥੇ ਲੱਖਾਂ ਲੋਕ ਨਵੀਂ ਮੁਹਾਰਨੀ ਵਿੱਚ ਸੰਵਾਦ ਕਰਦੇ ਹਨ। ਉਹ ਨਵੇਂ ਇਜਾਦੀ ਤਰੀਕਿਆਂ ਨਾਲ ਲੜਾਈ ਕਰ ਰਹੇ ਹਨ, ਉਹ ਮੁਜ਼ਾਹਰਿਆਂ ਵਾਲੀਆਂ ਥਾਂਵਾਂ ਉੱਤੇ ਮਿੰਟਾਂ ਵਿੱਚ ਇਕੱਠੇ ਹੁੰਦੇ ਹਨ ਅਤੇ ਉਸੇ ਤਰ੍ਹਾਂ ਖਿੰਡ ਜਾਂਦੇ ਹਨ। ਉਨ੍ਹਾਂ ਨੇ ਆਪਣੀਆਂ ਐਪ ਬਣਾ ਲਈਆਂ ਹਨ ਅਤੇ ਇਲੈਕਟਰੌਨਿਕ ਮੈਟਰੋ ਕਾਰਡਾਂ ਵਿੱਚ ਤਰਮੀਮ ਕਰ ਲਈਆਂ ਹਨ। ਉਨ੍ਹਾਂ ਨੇ ਆਪਣੇ ਫੋਨਾਂ ਦੇ ਸਿਮ ਕਾਰਡਾਂ ਵਿੱਚ ਵੀ ਤਰਮੀਮਾਂ ਕਰ ਲਈਆਂ ਹਨ। ਇਸ ਤਰ੍ਹਾਂ ਹੌਂਗ ਕੌਂਗ ਦੇ ਸ਼ਹਿਰੀਆਂ ਨੇ ਸ਼ਹਿਰੀਅਤ ਨੂੰ ਖੋਖਲਾ ਕਰਨ ਵਾਲੀ ਸਰਕਾਰ ਨੂੰ ਵੰਗਾਰਿਆ ਹੈ ਅਤੇ ਆਪਣੀਆਂ ਇਜਾਦੀ ਤਰਮੀਮਾਂ ਰਾਹੀਂ ਕਬਜ਼ੇ ਦੀਆਂ ਸ਼ੈਆਂ ਨੂੰ ਬੰਦਖ਼ਲਾਸੀ ਦੀਆਂ ਸ਼ੈਆਂ ਵਿੱਚ ਬਦਲ ਲਿਆ ਹੈ। ਹੌਂਗ ਕੌਂਗ ਦੇ ਸ਼ਹਿਰੀ ਜਾਣਕਾਰੀ ਦੇ ਤਾਨਾਸ਼ਾਹੀ ਤੰਦੂਆ ਜਾਲ਼ ਤੋਂ ਬੰਦਖ਼ਲਾਸੀ ਚਾਹੁੰਦੇ ਸਨ ਅਤੇ ਅਜਿਹਾ ਕਰਨ ਵਿੱਚ ਕਾਮਯਾਬ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਨਿਜ਼ਾਮ ਹਾਲੇ ਤੱਕ ਆਵਾਮ ਨੂੰ ਹਰਾ ਨਹੀਂ ਸਕਿਆ।
ਕਸ਼ਮੀਰ ਵੱਖਰੀ ਕਹਾਣੀ ਹੈ। ਉੱਥੇ ਕਈ ਹਫ਼ਤਿਆਂ ਤੋਂ ਖ਼ਬਰ ਰਸਾਨੀ ਅਤੇ ਜਾਣਕਾਰੀ ਉੱਤੇ ਪਾਬੰਦੀਆਂ ਆਇਦ ਹਨ। ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਜਾਣਕਾਰੀ-ਬਦਰ ਕਰ ਦਿੱਤਾ ਗਿਆ ਹੈ। ਇੰਟਰਨੈੱਟ ਬੰਦ ਹੈ। ਮੋਬਾਈਲ ਫ਼ੋਨ ਬੇਕਾਰ ਹਨ। ਕੀ ਤੁਸੀਂ ਜਾਣਕਾਰੀ ਤੋਂ ਵਿਹੂਣੀ ਸ਼ਹਿਰੀਅਤ ਦਾ ਕਿਆਸ ਕਰ ਸਕਦੇ ਹੋ? ਜਦੋਂ ਜਾਣਕਾਰੀ ਇਕੱਠੀ ਕਰਨ, ਉਸ ਦੀ ਤਰਕੀਬ ਕਰਨ ਅਤੇ ਨਸ਼ਰ ਕਰਨ ਵਾਲਾ ਮੀਡੀਆ ਹੀ ਜਾਣਕਾਰੀ ਦੇ ਹਰ ਵਸੀਲੇ ਉੱਤੇ ਪਾਬੰਦੀਆਂ ਲਗਾਉਣ ਦੀ ਵਕਾਲਤ ਕਰਨ ਲੱਗ ਜਾਵੇ ਤਾਂ ਕੀ ਹੋਵੇਗਾ? ਇਸ ਤਰ੍ਹਾਂ ਕਰ ਰਿਹਾ ਮੀਡੀਆ ਸ਼ਹਿਰੀ ਦੇ ਖ਼ਿਲਾਫ਼ ਹੈ ਜਿਸ ਨੇ ਜਾਣਕਾਰੀ ਰਾਹੀਂ ਆਪਣੇ ਆਲੇ-ਦੁਆਲੇ ਦੀ ਦੁਨੀਆ ਦੀ ਸੁੱਧ-ਬੁੱਧ ਹਾਸਿਲ ਕਰਨੀ ਹੈ। ਸ਼ਹਿਰੀ ਲਈ ਜਾਣਕਾਰੀ ਦਾ ਮਾਮਲਾ ਮਹਿਜ਼ ਜਗਿਆਸਾ ਨਹੀਂ ਸਗੋਂ ਉਸ ਦੀ ਹੋਂਦ ਅਤੇ ਘਰ-ਪਰਿਵਾਰ ਦੀ ਸੁੱਖ-ਸਾਂਦ ਨਾਲ ਵੀ ਜੁੜਿਆ ਹੋਇਆ ਹੈ।
ਇਹ ਹੋਰ ਵੀ ਮੰਦਭਾਗਾ ਇਤਫ਼ਾਕ ਹੈ ਇੰਡੀਆ ਦੇ ਸਰਹੱਦੀ ਗੁਆਂਢੀ ਪ੍ਰੈਸ ਦੀ ਆਜ਼ਾਦੀ ਦੀ ਫ਼ਹਿਰਿਸਤ ਵਿੱਚ ਵੀ ਗੁਆਂਢੀ ਹਨ: ਰਿਪੋਰਟਰਜ਼ ਵਿਦਾਊਟ ਬੌਰਡਰਜ਼ ਦੀ ਕੌਮਾਂਤਰੀ ਪ੍ਰੈਸ ਆਜ਼ਾਦੀ ਬਾਰੇ ਜਾਰੀ ਕੀਤੀ ਫ਼ਹਿਰਿਸਤ ਵਿੱਚ ਇੰਡੀਆ, ਪਾਕਿਸਤਾਨ, ਚੀਨ, ਸ਼੍ਰੀ ਲੰਕਾ ਅਤੇ ਬੰਗਲਾਦੇਸ਼ ਕੁਝ ਪਾਇਦਾਨ ਦੇ ਫ਼ਰਕ ਨਾਲ ਹੇਠਲੇ ਥਾਂਵਾਂ ਉੱਤੇ ਆਉਂਦੇ ਹਨ। ਆਜ਼ਾਦੀ ਦੇ ਕਈ ਤਰ੍ਹਾਂ ਦੇ ਇਜ਼ਹਾਰ ਹੋ ਸਕਦੇ ਹਨ। ਬੋਲਣ ਦੀ ਆਜ਼ਾਦੀ ਹੈ। ਬੋਲਣ ਤੋਂ ਇਨਕਾਰ ਕਰਨ ਦੀ ਆਜ਼ਾਦੀ ਹੈ। ਬੋਲਣ ਦਾ ਵਹਿਣ ਅਤੇ ਖ਼ਿਆਲ ਬਾਬਤ ਫ਼ੈਸਲਾ ਕਰਨ ਦੀ ਆਜ਼ਾਦੀ ਹੈ। ਇੱਥੇ ਮੈਂ ਖ਼ਸੂਸੀ ਤੌਰ ਉੱਤੇ ਮੀਡੀਆ ਦੇ ਹਵਾਲੇ ਨਾਲ ਗੱਲ ਕਰ ਰਿਹਾ ਹਾਂ।
ਇਹ ਗ਼ੌਰਤਲਬ ਹੈ ਕਿ ਮੈਂ ਬਰਿ-ਸੰਗੀਰ ਹਿੰਦ ਦੇ ਦੋ ਅਹਿਮ ਮੁਲਕਾਂ ਬਾਬਤ ਗੱਲ ਕਰ ਰਿਹਾ ਹਾਂ। ਕੁਝ ਦਿਨ ਪਹਿਲਾਂ ਟਵਿੱਟਰ ਫੀਡ ਵਿੱਚ ਇੱਕ ਨੋਟੀਫਿਕੇਸ਼ਨ ਮੇਰੀ ਨਜ਼ਰ ਪਈ ਜੋ ਪਾਕਿਸਤਾਨ ਦੇ ਇਲੈਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਨੇ ਨਿਊਜ਼ ਚੈਨਲਾਂ ਨੂੰ ਕਸ਼ਮੀਰ ਦੇ ਹਾਲਾਤ ਦੀ ਨਸ਼ਰਾਤ ਬਾਬਤ ਹਦਾਇਤਾਂ ਵਜੋਂ ਜਾਰੀ ਕੀਤੀ ਸੀ। ਇਸ ਦਾ ਸਿਰਲੇਖ ਬਹੁਤ ਢੁਕਵਾਂ-ਕੋਈ ਤਨਜ ਨਹੀਂ-ਅਡਵਾਈਜ਼ (ਸਲਾਹ) ਸੀ। ਇਸ ਵਿੱਚ ਜਾਰੀ ਹਦਾਇਤਾਂ ਵਿੱਚ ਈਦ ਦੇ ਜਸ਼ਨਾਂ ਨੂੰ ਮਾਤਮ ਵਜੋਂ ਮੁਅੱਤਲ ਕਰਨਾ; ਇੰਡੀਆ ਦੇ ਨਿਜ਼ਾਮ ਦੀਆਂ ਅਕਲੀਅਤ ਖ਼ਿਲਾਫ਼ ਤਸ਼ੱਦਦ ਦੀਆਂ ਖ਼ਬਰਾਂ ਨਸ਼ਰ ਕਰਨਾ: ਕਸ਼ਮੀਰੀਆਂ ਨਾਲ ਇਤਹਾਦ ਦੀਆਂ ਖ਼ਬਰਾਂ ਨਸ਼ਰ ਕਰਨਾ; ਅਤੇ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਣਾ। ਇਸ ਨੋਟੀਫ਼ਿਕੇਸ਼ਨ ਵਿੱਚ ਬਹੁਤ ਬਾਰੀਕੀ ਨਾਲ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਸਨ ਜਿਵੇਂ ਕਿ 15 ਅਗਸਤ ਨੂੰ ਟੈਲੀਵਿਜ਼ਨ ਚੈਨਲਾਂ ਦੇ ਲੋਗੋ ਸਿਰਫ਼ ਬਲੈਕ ਐਂਡ ਵਾਈਟ (ਦੋ ਰੰਗੀ) ਰੰਗਾਂ ਵਿੱਚ ਹੀ ਰੱਖਣਾ। ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ 15 ਅਗਸਤ ਇੰਡੀਆ ਦਾ ਆਜ਼ਾਦੀ ਦਿਵਸ ਹੈ।
ਕੋਈ ਹੈਰਾਨ ਹੋ ਸਕਦਾ ਹੈ ਕਿ ਅਜਿਹੀਆਂ ਹਦਾਇਤਾਂ ਨੂੰ ਲਾਗੂ ਕਿਵੇਂ ਕੀਤਾ ਜਾਵੇਗਾ। ਟੈਲੀਵਿਜ਼ਨ ਦੇ ਪਰਦਿਆਂ ਦਾ ਨਾਟਕੀ ਜਲਬਾ ਤਾਂ ਰੰਗਾਂ ਨਾਲ ਹੀ ਬਿਖੇਰਿਆ ਜਾਂਦਾ ਹੈ—ਸ਼ੋਖ ਸੁਰਖ਼, ਸਬਜ਼ ਅਤੇ ਸਰੋਂਫੁੱਲਾ। ਮੈਂ ਹੈਰਾਨ ਸਾਂ ਕਿ ਪਾਕਿਸਤਾਨ ਦੇ ਨਿਊਜ਼ ਚੈਨਲਾਂ ਨੇ 15 ਅਗਸਤ ਨੂੰ ਰੰਗਾਂ ਦੇ ਇਸ ਤੰਗ-ਪਨ੍ਹੇ ਨਾਲ ਕਿਵੇਂ ਕੰਮ ਚਲਾਇਆ ਹੋਵੇਗਾ। ਆਪਣੇ ਮੁਲਕ ਦੇ ਚੈਨਲਾਂ ਬਾਬਤ ਤਾਂ ਮੈਂ ਸੋਚ ਵੀ ਨਹੀਂ ਸਕਦਾ ਕਿ ਦਿਨ ਵਿੱਚ ਕਿਸੇ ਵੇਲੇ ਉਨ੍ਹਾਂ ਦੇ ਲੋਗੋ ਅਤੇ ਗ੍ਰਾਫ਼ਿਕਸ ਦਸ ਤੋਂ ਘੱਟ ਰੰਗਾਂ ਜਾਂ ਤਰਤੀਬਾਂ ਵਿੱਚ ਚਲਦੇ ਹੋਣਗੇ।
ਇੰਡੀਆ ਦੇ ਟੈਲੀਵਿਜ਼ਨ ਚੈਨਲਾਂ ਉੱਤੇ ਪਾਕਿਸਤਾਨ ਬਾਬਤ ਚਲਦੀਆਂ ਸੁਰਖ਼ੀਆਂ ਵੇਖਣ ਵਾਲੀਆਂ ਹੁੰਦੀਆਂ ਹਨ। ਰੋਜ਼ ਸ਼ਾਮ ਨੂੰ ਅੱਠ ਤੋਂ ਨੌਂ ਵਜੇ ਤੱਕ ਦੇ ਨਿਊਜ਼ ਸ਼ੋਅ ਵਿੱਚ ਇਲਹਾਮੀ ਸੁਰਖ਼ੀਆਂ ਜਗਮਗਾਉਂਦੀਆਂ ਹਨ ਅਤੇ ਹਰ ਨਿਗੂਣੀ ਤੋਂ ਨਿਗੂਣੀ ਜਿਹੀ ਖ਼ਬਰ ਨੂੰ ਪਾਕਿਸਤਾਨ ਖ਼ਿਲਾਫ਼ ਬੇਇੱਜ਼ਤ ਕਰਨ ਲਈ ਵਰਤਿਆ ਜਾਂਦਾ ਹੈ। ਐਂਕਰਾਂ ਦੇ ਨਗ਼ਾਰ-ਖ਼ਾਨਿਆਂ ਵਿੱਚ ਮਾਹਿਰ ਮਹਿਮਾਨ ਇੱਕ-ਦੂਜੇ ਨਾਲ ਚੀਕ-ਚਿਹਾੜੇ ਦਾ ਮੁਕਾਬਲਾ ਕਰਦੇ ਹਨ ਅਤੇ ਦਰਸ਼ਕ ਰਾਤ ਦੀ ਰੋਟੀ ਖਾਂਦੇ ਹੋਏ ਟੈਲੀਵਿਜ਼ਨ ਦੇ ਪਰਦੇ ਉੱਤੇ ਅੱਖਾਂ ਟਿਕਾਈ ਰੱਖਦੇ ਹਨ। ਪਿਛਲੇ ਦਿਨੀਂ ਪ੍ਰੈਸ ਕਾਊਂਸਿਲ ਆਫ਼ ਇੰਡੀਆ ਨੇ ਇੰਡੀਆ ਦੀ ਸਰਵਉੱਚ ਅਦਾਲਤ ਵਿੱਚ ਕਸ਼ਮੀਰ ਘਾਟੀ ਵਿੱਚ ਮੀਡੀਆ ਉੱਤੇ ਪਾਬੰਦੀ ਲਗਾਉਣ ਦੀ ਹਮਾਇਤ ਵਿੱਚ ਹਲਫ਼ਨਾਮਾ ਦਿੱਤਾ ਸੀ ਅਤੇ ਆਪਣੀ ਦਲੀਲ ਦੇ ਪੱਖ ਵਿੱਚ ‘ਕੌਮੀ ਹਿੱਤਾਂ’ ਦੇ ਪਾਬੰਦ ਹੋਣ ਅਤੇ ‘ਆਵਾਮੀ ਸੁਹਜ ਦੇ ਉੱਚੇ ਮਿਆਰ’ ਕਾਇਮ ਰੱਖਣ ਦਾ ਹਵਾਲਾ ਦਿੱਤਾ ਸੀ। ਐਡੀਟਰ ਗਿਲਡ ਨੇ ਪ੍ਰੈਸ ਕਾਊਂਸਿਲ ਦੀ ਕਾਰਵਾਈ ਦਾ ਨੋਟਿਸ ਲਿਆ ਸੀ ਅਤੇ ਲਿਖਤੀ ਬਿਆਨ ਰਾਹੀਂ ਪ੍ਰੈਸ ਕਾਊਂਸਿਲ ਦੀ ਤਨਕੀਦ ਕੀਤੀ ਸੀ ਕਿ ਇਹ ਕਾਰਵਾਈ ਪੱਤਰਕਾਰਾਂ ਦੇ ਬਰਖ਼ਿਲਾਫ਼ ਹੈ।
ਇਸ ਤੋਂ ਬਾਅਦ ਪ੍ਰੈਸ ਕਾਊਂਸਿਲ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਅਤੇ ਬਿਆਨ ਜਾਰੀ ਕੀਤਾ ਕਿ ਉਹ ਮੀਡੀਆ ਉੱਤੇ ਪਾਬੰਦੀਆਂ ਦੀ ਹਮਾਇਤ ਨਹੀਂ ਕਰਦੇ।
ਇਹ ਵਾਕਿਆਤ ਤਾਂ ਹਾਸੋਹੀਣੇ ਹਨ ਪਰ ਸ਼ਹਿਰੀਆਂ ਅਤੇ ਦਰਸ਼ਕਾਂ ਵਜੋਂ ਇਨ੍ਹਾਂ ਦਾ ਸਾਡੀ ਆਜ਼ਾਦੀ ਉੱਤੇ ਮਾਰੂ ਅਸਰ ਪੈਂਦਾ ਹੈ। ਇੱਥੇ ਆਜ਼ਾਦੀ ਲੌਂਗ ਹੈ। ਜਿਨ੍ਹਾਂ ਨੇ ਪੱਤਰਕਾਰ ਦੇ ਪੱਤਰਕਾਰੀ ਕਰਨ ਦੇ ਹਕੂਕ ਦੀ ਰਾਖੀ ਕਰਨੀ ਹੈ, ਜੇ ਉਹ ਇਸ ਤਰ੍ਹਾਂ ਢੀਠ ਹੋ ਕੇ ਸ਼ਰਿ-ਆਮ ਆਜ਼ਾਦੀ ਦੀ ਖਿੱਲੀ ਉਡਾਉਣ ਲੱਗ ਜਾਣ ਤਾਂ ਇਹ ਦਰਸ਼ਕਾਂ ਵਜੋਂ ਸਾਡੀ ਸੂਝ ਦਾ ਅਪਮਾਨ ਹੀ ਨਹੀਂ ਹੈ ਸਗੋਂ ਇਹ ਸ਼ਹਿਰੀ ਪੱਤਰਕਾਰੀ ਦੇ ਬੁਨਿਆਦੀ ਖ਼ਿਆਲ ਨੂੰ ਖ਼ੋਰਾ ਲਗਾਉਂਦਾ ਹੈ।
ਜਦੋਂ ਮੁੱਖ-ਧਾਰਾ ਦੇ ਪੱਤਰਕਾਰ ਨਾ ਤਾਂ ਆਪਣੇ ਹਕੂਕ ਦੀ ਰਾਖੀ ਕਰ ਸਕਦੇ ਹਨ ਅਤੇ ਨਾ ਹੀ ਪੱਤਰਕਾਰੀ ਦੇ ਬੁਨਿਆਦੀ ਖ਼ਿਆਲ ਦੀ ਹਮਾਇਤ ਕਰ ਸਕਦੇ ਹਨ ਤਾਂ ਸ਼ਹਿਰੀ ਪੱਤਰਕਾਰ ਅਤੇ ਪੱਤਰਕਾਰੀ ਦੀ ਹੋਂਦ ਦੁਆਲੇ ਖ਼ਤਰਾ ਡੂੰਘਾ ਅਤੇ ਪੱਕਾ ਹੋ ਜਾਂਦਾ ਹੈ। ਇਹ ਖ਼ਤਰਾ ਪੱਤਰਕਾਰੀ ਦੀਆਂ ਜ਼ਮੀਨੀ ਮੁਸ਼ਕਲਾਂ, ਨਾਜ਼ਰੀਨ ਜਾਂ ਵਿੱਤੀ ਗੁਜ਼ਰ ਦਾ ਹੀ ਨਹੀਂ ਸਗੋਂ ਪੂਰੀ ਫ਼ਿਜ਼ਾ ਦਾ ਉਸਾਰਾ ਹੈ ਜਿਸ ਵਿੱਚ ਇਹ ਪਖੰਡ ਅਤੇ ਬੌਧਿਕ-ਕੰਗਾਲੀ ਪਲਦੀ ਹੈ। ਇਹ ਉਸਾਰਾ ਨਹੀਂ ਹੋਣਾ ਚਾਹੀਦਾ। ਇਹ ਮੀਡੀਆ-ਮੈਂ ਤਾਂ ਇਸ ਤੋਂ ਅੱਗੇ ਵਧ ਕੇ ਇਸ ਮੀਡੀਆ ਦੇ ਦਰਸ਼ਕਾਂ ਬਾਰੇ ਵੀ ਕਹਿ ਸਕਦਾ ਹਾਂ-ਦੁਨੀਆ ਵਿੱਚ ਕਿਤੇ ਵੀ ਪਾਕੀਜ਼ਾ ਜਾਣਕਾਰੀ ਅਤੇ ਠੋਸ ਤੱਥਾਂ ਦਾ ਸਾਹਮਣਾ ਨਹੀਂ ਕਰ ਸਕਦਾ। ਮੁੱਖ-ਧਾਰਾ ਦਾ ਮੀਡੀਆ ਆਪਣੇ ਬੁਨਿਆਦੀ ਖ਼ਿਆਲਾਂ ਅਤੇ ਅਸੂਲਾਂ ਤੋਂ ਨਿਖੜ ਚੁੱਕਿਆ ਹੈ।
ਦਰਅਸਲ ਇਹ ਉੱਪਰ ਦਿੱਤੀ ਮਾਮਲਿਆਂ ਦੀ ਫ਼ਹਿਰਿਸਤ ਦੇ ਹਵਾਲੇ ਨਾਲ ਹਾਲਾਤ ਦਾ ਤਨਜ਼ੀਆ ਅਤੇ ਤ੍ਰਾਸਦੀਮਈ ਖ਼ਾਸਾ ਸਮਝਣ ਵਿੱਚ ਨਾਕਾਮਯਾਬ ਸਾਬਤ ਹੋਇਆ ਹੈ।
ਇਹ ਉਹੀ ਮੀਡੀਆ ਹੈ ਜਿਸ ਨੇ ਆਪਣੇ ਖ਼ਰਚ ਘੱਟ ਕਰਨ ਲਈ ‘ਸ਼ਹਿਰੀ ਪੱਤਰਕਾਰੀ’ ਦੀ ਹੌਸਲਾ-ਅਫ਼ਜ਼ਾਈ ਕੀਤੀ ਸੀ। ਇਸ ਨੇ ਆਪਣੇ ਖ਼ਤਰੇ ਤੁਹਾਡੇ ਖ਼ਾਤੇ ਪਾ ਦਿੱਤੇ ਸਨ !
ਮੁੱਖ-ਧਾਰਾ ਦੇ ਮੀਡੀਆ ਅੰਦਰ ਸ਼ਹਿਰੀ ਪੱਤਰਕਾਰੀ ਵੱਖਰੀ ਹੈ ਅਤੇ ਮੁੱਖ-ਧਾਰਾ ਦੇ ਮੀਡੀਆ ਦੇ ਬਾਹਰ ਸ਼ਹਿਰੀ ਪੱਤਰਕਾਰੀ ਵੱਖਰੀ ਹੈ। ਜਦੋਂ ਸੋਸ਼ਲ ਮੀਡੀਆ ਦੇ ਮੁੱਢਲੇ ਦਿਨਾਂ ਵਿੱਚ ਲੋਕਾਂ ਨੇ ਸਖ਼ਤ ਸੁਆਲ ਪੁੱਛਣੇ ਸ਼ੁਰੂ ਕੀਤੇ ਸਨ ਤਾਂ ਸਨਾਤਨੀ ਮੀਡੀਆ ਘਰਾਣਿਆਂ ਨੇ ਸੋਸ਼ਲ ਮੀਡੀਆ ਦਾ ਵਿਰੋਧ ਕੀਤਾ ਸੀ ਅਤੇ ਤਨਕੀਦ ਕੀਤੀ ਸੀ।
ਪੱਤਰਕਾਰੀ ਅਦਾਰਿਆਂ ਦੇ ਅੰਦਰ ਬਲੌਗ ਅਤੇ ਵੈੱਬਸਾਇਟ ਉੱਤੇ ਪਾਬੰਦੀ ਲਗਾਈ ਗਈ ਸੀ। ਹੁਣ ਵੀ ਬਹੁਤ ਸਾਰੇ ਅਦਾਰੇ ਆਪਣੇ ਪੱਤਰਕਾਰਾਂ ਨੂੰ ਨਿੱਜੀ ਰਾਇ ਦਾ ਇਜ਼ਹਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਇਹ ਬਿਲਕੁਲ ਵੱਖਰੀ ਗੱਲ ਹੈ ਕਿ ਜਦੋਂ ਇੱਕ ਚੌਵੀ ਸਾਲਾ ਔਰਤ ਨੇ ‘ਰਿਵਰਬੈਂਡ’ ਦੇ ਕਲਮੀ ਨਾਮ ਨਾਲ ਰੋਜ਼ਾਨਾ ਬਲੌਗ ਵਜੋਂ ਈਰਾਕ ਜੰਗ ਅਤੇ ਇਸ ਦੀ ਤਬਾਹੀ ਦਾ ਰੋਜ਼ਨਾਮਚਾ (ਇਹ ਦਸਤਾਵੇਜ਼ੀ ਲਿਖਤਾਂ ਬਗਦਾਦ ਬਰਨਿੰਗ : ਗਰਲ ਬਲੌਗ ਫਰੌਮ ਈਰਾਕ ਦੇ ਨਾਮ ਦੀ ਕਿਤਾਬ ਵਜੋਂ 2005 ਵਿੱਚ ਛਪੀਆਂ) ਲਿਖਣਾ ਸ਼ੁਰੂ ਕੀਤਾ ਤਾਂ ਕਈ ਨਾਮੀ ਮੀਡੀਆ ਘਰਾਣਿਆਂ ਨੇ ਕਬੂਲ ਕੀਤਾ ਕਿ ਉਨ੍ਹਾਂ ਦੇ ਪੱਤਰਕਾਰ ਉਹ ਕੰਮ ਨਹੀਂ ਕਰ ਸਕਦੇ ਸਨ ਜੋ ਇਸ ਬੇਨਾਮ ਔਰਤ ਨੇ ਸੋਸ਼ਲ ਮੀਡੀਆ ਰਾਹੀਂ ਕਰ ਦਿੱਤਾ ਸੀ।
ਜੇ ਕੋਈ ਕਸ਼ਮੀਰੀ ਕੁੜੀ ਹੁਣ ਬਗਦਾਦ ਬਰਨਿੰਗ ਦੀ ਤਰਜ਼ ਉੱਤੇ ਬਲੌਗ ਲਿਖਣਾ ਸ਼ੁਰੂ ਕਰ ਦੇਵੇ ਤਾਂ ਸਾਡਾ ਮੁੱਖ-ਧਾਰਾ ਮੀਡੀਆ ਇਸ ਨੂੰ ਮੁਲਕ-ਵਿਰੋਧੀ ਕਰਾਰ ਦੇਵੇਗਾ। ਮੌਜੂਦਾ ਮੀਡੀਆ ਲਗਾਤਾਰ ਸ਼ਹਿਰੀ ਪੱਤਰਕਾਰੀ ਨੂੰ ਰੱਦ ਕਰਦਾ ਹੈ ਕਿਉਂਕਿ ਇਸ ਦੀ ਪੱਤਰਕਾਰੀ ਵਿੱਚ ਨਾ ਤਾਂ ਆਪਣੀ ਦਿਲਚਸਪੀ ਹੈ ਅਤੇ ਨਾ ਹੀ ਇਸ ਲਈ ਪੱਤਰਕਾਰੀ ਕੋਈ ਸਰਮਾਇਆ ਹੈ। ਹੁਣ ਪੱਤਰਕਾਰੀ ਦੇ ਲਿਹਾਫ਼ ਵਿੱਚ ਮੀਡੀਆ ਨਿਜ਼ਾਮ ਦਾ ਧੁਤੂ ਬਣਿਆ ਹੋਇਆ ਹੈ।
ਮੇਰਾ ਖ਼ਿਆਲ ਹੈ ਕਿ ਜਦੋਂ ਮੀਡੀਆ ਅਤੇ ਮੁੱਖ-ਧਾਰਾ ਦੇ ਪੱਤਰਕਾਰ ਮੁਖ਼ਾਲਿਫ਼ ਬਣੇ ਹੋਏ ਹਨ ਤਾਂ ਸ਼ਹਿਰੀ ਪੱਤਰਕਾਰੀ ਸਮੇਂ ਦੀ ਲੋੜ ਬਣਦੀ ਹੈ। ਜਦੋਂ ਜਾਣਕਾਰੀ ਹਾਸਿਲ ਕਰਨ ਦਾ ਤਰੱਦਦ ਹੀ ਮੁਲਕ-ਵਿਰੋਧੀ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਨਾਇਤਫ਼ਾਕੀ ਵਾਲੇ ਖ਼ਿਆਲ ਨੂੰ ਦੇਸ਼-ਧ੍ਰੋਹ ਕਰਾਰ ਦਿੱਤਾ ਗਿਆ ਹੈ ਤਾਂ ਮੌਜੂਦਾ ਹਾਲਾਤ ਨੂੰ ‘ਆਜ਼ਮਾਇਸ਼ੀ ਦੌਰ’ ਕਹਿਣਾ ਖ਼ੁਸ਼-ਕਲਾਮੀ ਜਾਪਦੀ ਹੈ। ਜਦੋਂ ਮੀਡੀਆ ਸ਼ਹਿਰੀ ਦੇ ਖ਼ਿਲਾਫ਼ ਹੋ ਗਿਆ ਹੈ ਤਾਂ ਵਕਤ ਆ ਗਿਆ ਹੈ ਕਿ ਸ਼ਹਿਰੀ ਹੀ ਮੀਡੀਆ ਹੋਣ ਦੀ ਜ਼ਿੰਮੇਵਾਰੀ ਓਟ ਲਵੇ। ਸ਼ਹਿਰੀਆਂ ਨੂੰ ਇਹ ਕੰਮ ਇਹ ਜਾਣਦੇ ਹੋਏ ਕਰਨਾ ਚਾਹੀਦਾ ਹੈ ਕਿ ਮੌਜੂਦਾ ਹਾਲਾਤ ਵਿੱਚ ਵਹਿਸ਼ੀ ਨਿਜ਼ਾਮ ਅਤੇ ਚਹੁੰ-ਪਾਸਿਓਂ ਹੁੰਦੀ ਨਜ਼ਰਸਾਨੀ ਦੌਰਾਨ ਗੁੰਜਾਇਸ਼ ਬਹੁਤ ਘੱਟ ਬਚੀ ਹੈ। ਨਿਜ਼ਾਮ ਇਸ ਵੇਲੇ ਆਪਣੇ-ਆਪ ਨੂੰ ਗ਼ੈਰ-ਸ਼ਫ਼ਾਫ਼ ਕਰ ਰਿਹਾ ਹੈ ਅਤੇ ਜਾਣਕਾਰੀ ਦਾ ਹਰ ਲਾਂਘਾ ਮੁੰਦਣ ਲੱਗਿਆ ਹੋਇਆ ਹੈ।
ਮੁੱਖ-ਧਾਰਾ ਮੀਡੀਆ ਦੀ ਤਰਜੀਹ ਸਿਰਫ਼ ਮੁਨਾਫ਼ਾ ਵਧਾਉਣਾ ਹੈ ਅਤੇ ਇਹ ਮਕਸਦ ਇਸ ਨੂੰ ਨਜ਼ਾਮ ਦਾ ਲੋਕ ਸੰਪਰਕ ਤੰਤਰ ਬਣ ਜਾਣ ਲਈ ਮਜਬੂਰ ਕਰ ਦਿੰਦਾ ਹੈ। ਹੁਣ ਸਰਕਾਰੀ ਇਸ਼ਤਿਹਾਰ ਮੀਡੀਆ ਦੀ ਆਮਦਨ ਦਾ ਵੱਡਾ ਹਿੱਸਾ ਹਨ। ਦੂਜੇ ਪਾਸੇ ਸ਼ਹਿਰੀ ਪੱਤਰਕਾਰੀ ਸਰਕਾਰੀ ਅਤੇ ਇਸ਼ਤਿਹਾਰੀ ਸਰਪ੍ਰਸਤੀ ਦੇ ਜੰਜਾਲ ਤੋਂ ਬਾਹਰ ਰਹਿ ਕੇ ਨਿਰੋਲ ਲੋਕਾਂ ਦੀ ਹਮਾਇਤ ਨਾਲ ਡੰਗ-ਟਪਾਉਣ ਵਿੱਚ ਲੱਗੀ ਹੋਈ ਹੈ।
ਇੰਡੀਆ ਦਾ ਮੁੱਖ-ਧਾਰਾ ਮੀਡੀਆ ਚੱਤੇ-ਪਹਿਰ ਸ਼ਹਿਰੀਆਂ ਨੂੰ ‘ਉੱਤਰ-ਅਨਪੜ੍ਹ’ ਬਣਾਉਣ ਵਿੱਚ ਲੱਗਿਆ ਹੋਇਆ ਹੈ। ਇਸ ਨੇ ਅੰਧ-ਵਿਸ਼ਵਾਸੀ ਬੰਦੇ ਨੂੰ ਤਰਕਸ਼ੀਲ ਸੋਚ ਵਾਲਾ ਸ਼ਖ਼ਸ ਬਣਾਉਣ ਦੀ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਲਿਆ ਹੈ। ਇਸ ਦਾ ਪਾਠਕ੍ਰਮ ਸੋਚ ਵਿਹੂਣਾ ‘ਰਾਸ਼ਟਰਵਾਦ’ ਅਤੇ ਫ਼ਿਰਕੂਵਾਦ ਹੈ। ਮੁੱਖ-ਧਾਰਾ ਮੀਡੀਆ ਨੇ ਨਿਜ਼ਾਮ ਦੇ ਬਿਰਤਾਂਤ ਨੂੰ ਪਾਕੀਜ਼ਾ ਜਾਣਕਾਰੀ ਮੰਨ ਲਿਆ ਹੈ। ਖ਼ਬਰਾਂ ਦੇ ਅਣਗਿਣਤ ਚੈਨਲ ਹਨ ਪਰ ਉਨ੍ਹਾਂ ਦੀ ਪੇਸ਼ਕਾਰੀ ਦਾ ਤਰੀਕਾ ਅਤੇ ਵਿਸ਼ਾ-ਵਸਤੂ ਇੱਕੋ ਹੈ। ਇਸ ਮੀਡੀਆ ਵਿੱਚ ਵਿਰੋਧੀ ਨੂੰ ਹਿਕਾਰਤ ਨਾਲ ਵੇਖਿਆ ਜਾਂਦਾ ਹੈ।
ਇੰਡੀਆ ਮਹਾਨ ਮੁਲਕ ਹੈ ਅਤੇ ਦੁਨੀਆ ਵਿੱਚ ਇਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਵੀ ਧਾਕ ਹੈ। ਇਸ ਦਾ ਜ਼ਿਆਦਾਤਰ ਮੁੱਖ-ਧਾਰਾ ਅਤੇ ਟੈਲੀਵਿਜ਼ਨ ਮੀਡੀਆ ਚਵਲ਼ਾਂ ਦੇ ਵਸ ਪੈ ਗਿਆ ਹੈ। ਇੰਡੀਆ ਦੇ ਸ਼ਹਿਰੀ ਜਮਹੂਰੀਅਤ ਦੇ ਸ਼ੁਦਾਈ ਹਨ ਪਰ ਹਰ ਰੋਜ਼ ਰਾਤ ਨੂੰ ਟੈਲੀਵਿਜ਼ਨ ਚੈਨਲ ਇਸੇ ਸ਼ੁਦਾਅ ਦਾ ਘਾਣ ਕਰਨ ਆ ਧਮਕਦੇ ਹਨ। ਇੰਡੀਆ ਵਿੱਚ ਸ਼ਾਮ ਤਾਂ ਭਾਵੇਂ ਸੂਰਜ ਦੇ ਛਿਪਾਅ ਨਾਲ ਹੀ ਪੈਂਦੀ ਹੈ ਪਰ ਨਿਊਜ਼ ਮੀਡੀਆ ਦੀ ਨਸ਼ਰਾਤ ਨਾਲ ਰਾਤ ਦੇ ਹਨੇਰੇ ਦਾ ਪਸਾਰਾ ਹੁੰਦਾ ਹੈ।
ਹਾਲੇ ਇੰਡੀਆ ਦੇ ਸ਼ਹਿਰੀਆਂ ਵਿੱਚ ਜਮਹੂਰੀਅਤ ਜਿਊਂਦੀ ਅਤੇ ਧੜਕਦੀ ਹੈ। ਹਰ ਰੋਜ਼ ਸਰਕਾਰ ਦੇ ਖ਼ਿਲਾਫ਼ ਬੁਲੰਦ ਆਵਾਜ਼ ਵਾਲੇ ਰੋਸ-ਮੁਜ਼ਾਹਰੇ ਹੁੰਦੇ ਹਨ ਪਰ ਮੀਡੀਆ ਦੇ ਲਗਾਏ ਝਾਰਿਆਂ ਕਾਰਨ ਇਨ੍ਹਾਂ ਮੁਜ਼ਾਹਰਿਆਂ ਨੂੰ ਨਿਊਜ਼ ਬੁਲਿਟਨਾਂ ਵਿੱਚੋਂ ਬਾਹਰ ਕੱਢਣ ਦਾ ਫ਼ੈਸਲਾ ਹੋ ਗਿਆ ਹੈ। ਇਨ੍ਹਾਂ ਮੁਜ਼ਾਹਰਿਆਂ ਦੀ ਕੋਈ ਰਪਟ ਮੀਡੀਆ ਪੇਸ਼ ਨਹੀਂ ਕਰਦਾ ਕਿਉਂਕਿ ਉਨ੍ਹਾਂ ਨੂੰ ਇਹ ਬੇਕਾਰ ਲਗਦੇ ਹਨ।
ਜਨਤਕ ਮੁਜ਼ਾਹਰਿਆਂ ਤੋਂ ਬਿਨਾਂ ਕੋਈ ਜਮਹੂਰੀਅਤ, ਜਮਹੂਰੀਅਤ ਨਹੀਂ ਹੋ ਸਕਦੀ। ਨਤੀਜੇ ਵਜੋਂ ਇਨ੍ਹਾਂ ਮੁਜ਼ਾਹਰਿਆਂ ਵਿੱਚ ਸ਼ਾਮਿਲ ਕਾਰਕੁੰਨਾਂ ਨੇ ਆਪ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਆਪਣੇ ਫੋਨ ਉੱਤੇ ਬਣਾਏ ਇਨ੍ਹਾਂ ਵੀਡੀਓਜ਼ ਰਾਹੀਂ ਉਹ ਪੱਤਰਕਾਰੀ ਵਾਲੀ ਜ਼ਿੰਮੇਵਾਰੀ ਆਪਣੇ ਸਿਰ ਓਟ ਲੈਂਦੇ ਹਨ ਅਤੇ ਮੰਜ਼ਰ ਬਿਆਨ ਕਰਦੇ ਹਨ। ਬਾਅਦ ਵਿੱਚ ਉਹ ਇਹੋ ਵੀਡੀਓ ਸ਼ਾਮਿਲ ਹੋਏ ਮੁਜ਼ਾਹਰਾਕਾਰੀਆਂ ਦੇ ਵੱਟਸਐੱਪ ਗਰੁੱਪਾਂ ਵਿੱਚ ਪਾ ਦਿੰਦੇ ਹਨ। ਉਨ੍ਹਾਂ ਨੇ ਆਪਣੇ ਵੀਡੀਓ ਯੂਟਿਊਬ ਉੱਤੇ ਅਪਲੋਡ ਕਰ ਕੇ ਸ਼ਹਿਰੀ ਪੱਤਰਕਾਰਾ ਅਮਲ ਸ਼ੁਰੂ ਕਰ ਦਿੱਤਾ ਹੈ। ਮੁਜ਼ਾਹਰਾਕਾਰੀ ਆਪਣੇ ਵੀਡੀਓਜ਼ ਨੂੰ ਯੂਟਿਊਬ ਉੱਤੇ ਪਾ ਕੇ ਸ਼ਹਿਰੀ ਪੱਤਰਕਾਰ ਹੋ ਗਏ ਹਨ।
ਜਦੋਂ ਨਿਜ਼ਾਮ ਅਤੇ ਮੀਡੀਆ ਸ਼ਹਿਰੀਆਂ ਉੱਤੇ ਕਬਜ਼ਾ ਕਰਨ ਲਈ ਇੱਕ ਹੋ ਜਾਣ ਤਾਂ ਕੀ ਕਿਸੇ ਸ਼ਹਿਰੀ ਲਈ ਪੱਤਰਕਾਰ ਹੋਣਾ ਮੁਮਕਿਨ ਹੈ? ਸ਼ਹਿਰੀ ਹੋਣ ਅਤੇ ਇਸ ਨਾਲ ਜੁੜੇ ਹਕੂਕ ਨੂੰ ਅਮਲ ਵਿੱਚ ਲਿਆਉਣ ਲਈ ਮੁਕੰਮਲ ਇੰਤਜ਼ਾਮ ਦਰਕਾਰ ਹੈ ਜੋ ਉਹ ਜਮਹੂਰੀਅਤ ਮੁਹੱਈਆ ਕਰ ਸਕਦੀ ਹੈ ਜਿਸ ਨਾਲ ਸ਼ਹਿਰੀ ਤਾਅਲੁੱਕ ਰੱਖਦਾ ਹੈ। ਜੇ ਅਦਲੀਆ, ਪੁਲਿਸ ਅਤੇ ਮੀਡੀਆ ਸ਼ਹਿਰੀ ਦੇ ਬਰਖ਼ਿਲਾਫ਼ ਹੋ ਜਾਣ, ਅਤੇ ਸਮਾਜ ਵਿੱਚ ਇਨ੍ਹਾਂ ਦੇ ਪੱਖ ਦਾ ਤਬਕਾ ਨਿਜ਼ਾਮ ਨਾਲ ਇੱਕ-ਮਿੱਕ ਹੋ ਜਾਵੇ ਤਾਂ ਨਿਜ਼ਾਮ ਸ਼ਹਿਰੀ ਨੂੰ ਮਹਿਰੂਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਨ੍ਹਾਂ ਹਾਲਾਤ ਵਿੱਚ ਬੇਹਿਫ਼ਾਜ਼ਤ ਸ਼ਹਿਰੀ ਤੋਂ ਕਿੰਨਾ ਕੁ ਲੜਨ ਦੀ ਤਵੱਕੋ ਕੀਤੀ ਜਾ ਸਕਦੀ ਹੈ? ਇਸ ਦੇ ਬਾਵਜੂਦ ਸ਼ਹਿਰੀ ਲੜ ਰਹੇ ਹਨ। ਥੋਹਰ ਵਿੱਚ ਜ਼ਿੰਦਗੀ ਧੜਕ ਰਹੀ ਹੈ। ਮੈਨੂੰ ਹਰ ਰੋਜ਼ 500 ਤੋਂ 1000 ਸੁਨੇਹੇ ਆਉਂਦੇ ਹਨ, ਕਦੇ-ਕਦਾਈਂ ਜ਼ਿਆਦਾ ਵੀ ਆਉਂਦੇ ਹਨ। ਹਰ ਦੂਜੇ ਸੁਨੇਹੇ ਵਿੱਚ ਲੋਕ ਆਪਣੀਆਂ ਮੁਸ਼ਕਲਾਂ ਦੇ ਨਾਲ ਇਹ ਵੀ ਲਿਖਦੇ ਹਨ ਕਿ ਪੱਤਰਕਾਰੀ ਦੇ ਉਨ੍ਹਾਂ ਲਈ ਕੀ ਮਾਅਨੇ ਹਨ। ਮੁੱਖ-ਧਾਰਾ ਦੇ ਮੀਡੀਆ ਨੂੰ ਭਾਵੇਂ ਇਹ ਭੁੱਲ ਗਿਆ ਹੈ ਕਿ ਮੀਡੀਆ ਕੀ ਹੁੰਦਾ ਹੈ ਪਰ ਲੋਕਾਂ ਨੂੰ ਯਾਦ ਹੈ ਕਿ ਇਸ ਦਾ ਬਿਆਨੀਆ ਕੀ ਹੋਣਾ ਚਾਹੀਦਾ ਹੈ।
ਮੈਂ ਆਪਣੇ ਦਫ਼ਤਰ ਦੀ ਅਪਡੇਟ ਦੇਖਣ ਲਈ ਜਦੋਂ ਵੀ ਵੱਟਸਐੱਪ ਖੋਲ੍ਹਦਾ ਹਾਂ ਤਾਂ ਮੈਂ ਉਸ ਗਰੁੱਪ ਤੱਕ ਕਦੇ ਸਿੱਧਾ ਨਹੀਂ ਪਹੁੰਚਦਾ। ਮੈਂ ਲੋਕਾਂ ਦੇ ਉਨ੍ਹਾਂ ਹਜ਼ਾਰਾਂ ਸੁਨੇਹਿਆਂ ਵਿੱਚ ਹੀ ਗੁਆਚ ਜਾਂਦਾ ਹਾਂ ਜੋ ਉਨ੍ਹਾਂ ਨੇ ਆਪਣੀਆਂ ਖ਼ਬਰਾਂ ਦੇਣ ਲਈ ਭੇਜੇ ਹੁੰਦੇ ਹਨ। ਟਰੋਲਾਂ ਨੇ ਗਾਲ਼ਾਂ ਦਾ ਮੁਹਾਣ ਮੇਰੇ ਵੱਲ ਮੋੜਨ ਲਈ ਮੇਰਾ ਨੰਬਰ ਨਸ਼ਰ ਕੀਤਾ ਸੀ। ਉਨ੍ਹਾਂ ਦੀਆਂ ਗਾਲ਼ਾਂ ਵੀ ਆਈਆਂ ਅਤੇ ਧਮਕੀਆਂ ਵੀ ਆਈਆਂ। ਇਹ ਹੁਣ ਵੀ ਆਉਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਦੇ ਸੁਨੇਹੇ ਵੀ ਆਉਂਦੇ ਹਨ ਜੋ ਆਪਣੀਆਂ ਕਹਾਣੀਆਂ ਦੱਸਦੇ ਹਨ ਅਤੇ ਆਪਣੇ ਇਲਾਕਿਆਂ ਦੀਆਂ ਖ਼ਬਰਾਂ ਦਿੰਦੇ ਹਨ। ਨਿਊਜ਼ ਚੈਨਲਾਂ ਦੀ ਸਮਝ ਵਾਲੀਆਂ ਕਹਾਣੀਆਂ ਅਤੇ ਖ਼ਬਰਾਂ ਉਨ੍ਹਾਂ ਲਈ ਖ਼ਤਮ ਹੋ ਗਈਆਂ ਹਨ ਜਾਂ ਬੇਮਾਅਨਾ ਹਨ। ਜਦੋਂ ਇਨ੍ਹਾਂ ਮੁੱਖ-ਧਾਰਾ ਨਿਊਜ਼ ਚੈਨਲਾਂ ਦੇ ਦਰਸ਼ਕਾਂ ਨੂੰ ਕੋਈ ਸਮੱਸਿਆ ਦਰਪੇਸ਼ ਹੁੰਦੀ ਹੈ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਪੱਤਰਕਾਰੀ ਦੇ ਕੀ ਮਾਅਨੇ ਹਨ। ਹਾਲੇ ਤੱਕ ਉਨ੍ਹਾਂ ਦੇ ਦਿਲ-ਦਿਮਾਗ਼ ਵਿੱਚੋਂ ਪੱਤਰਕਾਰੀ ਦੇ ਮਾਅਨੇ ਮਨਫ਼ੀ ਨਹੀਂ ਹੋਏ।
ਜਦੋਂ ਹੁਕਮਰਾਨ ਪਾਰਟੀ ਨੇ ਮੇਰੇ ਸ਼ੋਅ ਦਾ ਬਾਈਕਾਟ ਕਰ ਦਿੱਤਾ ਤਾਂ ਮੇਰੇ ਲਈ ਸਾਰੇ ਦਰਵਾਜ਼ੇ ਬੰਦ ਹੋ ਗਏ। ਉਸ ਵੇਲੇ ਇਨ੍ਹਾਂ ਲੋਕਾਂ ਨੇ ਆਪਣੇ ਮੁੱਦਿਆਂ ਨਾਲ ਮੇਰਾ ਸ਼ੋਅ ਜਾਰੀ ਰੱਖਿਆ। ਇੱਕ ਪਾਸੇ ਮੁੱਖ-ਧਾਰਾ ਮੀਡੀਆ ਪੱਤਰਕਾਰੀ ਦੇ ਖ਼ਿਲਾਫ਼ ਅਖਾਉਤੀ ਮਾਹਿਰਾਂ ਅਤੇ ਹਕੂਮਤ ਨਾਲ ਰਲ਼ ਕੇ ਸ਼ਹਿਰੀ ਪੱਤਰਕਾਰੀ ਕਰਨ ਦਾ ਭਰਮ ਪਾਲ਼ਦਾ ਹੈ ਕਿ ਇਹ ਮੀਡੀਆ ਵਜੋਂ ਲੋਕਾਂ ਵਿੱਚ ਕੰਮ ਕਰਦਾ ਹੈ ਪਰ ਦੂਜੇ ਪਾਸੇ ਇਨ੍ਹਾਂ ਸ਼ਹਿਰੀਆਂ ਨੇ ਮੈਨੂੰ ਮੁੱਖ- ਧਾਰਾ ਦੇ ਅੰਦਰ ਹੀ ਸ਼ਹਿਰੀ ਪੱਤਰਕਾਰ ਬਣਾ ਦਿੱਤਾ। ਇਹ ਮੀਡੀਆ ਦਾ ਭਵਿੱਖ ਹੈ। ਪੱਤਰਕਾਰਾਂ ਨੂੰ ਸ਼ਹਿਰੀ ਪੱਤਰਕਾਰ ਬਣਨਾ ਹੋਵੇਗਾ ਤਾਂ ਕਿ ਲੋਕ ਸ਼ਹਿਰੀ ਹੋ ਸਕਣ।
ਜਦੋਂ ਨਿਊਜ਼ ਚੈਨਲਾਂ ਵਿੱਚੋਂ ਆਮ ਲੋਕਾਂ ਨੂੰ ਮਿਟਾਇਆ ਜਾ ਰਿਹਾ ਸੀ ਅਤੇ ਇੱਕੋ ਸਿਆਸੀ ਅਮਲ ਦੀ ਨਾਲ਼ ਆਵਾਮ ਦੀ ਸੰਘੀ ਵਿੱਚ ਦਿੱਤੀ ਜਾ ਰਹੀ ਸੀ ਤਾਂ ਕੁਝ ਲੋਕਾਂ ਨੇ ਇਸ ਗੱਠ-ਜੋੜ ਤੋਂ ਨਿਜਾਤ ਪਾਉਣ ਦਾ ਉਪਰਾਲਾ ਜਾਰੀ ਰੱਖਿਆ। ਗਾਲ਼ਾਂ ਅਤੇ ਧਮਕੀਆਂ ਦੇ ਨਗ਼ਾਰ-ਖ਼ਾਨੇ ਵਿੱਚ ਉਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਗਈ ਜੋ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਪੇਸ਼ ਕਰਨੀਆਂ ਚਾਹੁੰਦੇ ਸਨ । ਲੋਕਾਂ ਨੇ ਆਪਣੇ ਮਸਲਿਆਂ ਰਾਹੀਂ ਮੇਰੀ ਟਰੋਲਿੰਗ ਸ਼ੁਰੂ ਕਰ ਦਿੱਤੀ। ਉਹ ਲਗਾਤਾਰ ਪੁੱਛਦੇ ਸਨ, “ਕੀ ਮੈਂ ਉਨ੍ਹਾਂ ਲਈ ਬੋਲਾਂਗਾ? ਕੀ ਮੈਂ ਸਰਕਾਰ ਤੋਂ ਡਰਦਾ ਹਾਂ?”
ਮੈਂ ਉਨ੍ਹਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ। ਮੇਰੇ ਪ੍ਰਾਈਮ ਟਾਈਮ ਸ਼ੋਅ ਦਾ ਖ਼ਾਸਾ ਬਦਲ ਗਿਆ। ਹਜ਼ਾਰਾਂ ਬੰਦਿਆਂ-ਬੀਬੀਆਂ ਨੇ ਸੁਨੇਹੇ ਭੇਜ ਕੇ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਨੌਕਰੀਆਂ ਦੇ ਇਮਤਿਹਾਨਾਂ ਦਾ ਅਮਲ ਦੋ-ਤਿੰਨ ਸਾਲ ਵਿੱਚ ਵੀ ਮੁਕੰਮਲ ਨਹੀਂ ਕੀਤਾ। ਨਤੀਜਿਆਂ ਦੀ ਫ਼ਹਿਰਿਸਤ ਛਾਪਣ ਤੋਂ ਬਾਅਦ ਵੀ ਨੌਕਰੀਆਂ ਦੀਆਂ ਤਾਇਨਾਤੀਆਂ ਦੀਆਂ ਚਿੱਠੀਆਂ ਜਾਰੀ ਨਹੀਂ ਹੋਈਆਂ। ਜੇ ਮੈਂ ਇਨ੍ਹਾਂ ਇਮਤਿਹਾਨਾਂ ਵਿੱਚ ਬੈਠਣ ਵਾਲੇ ਨੌਜਵਾਨਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਇਹ ਤਕਰੀਬਨ ਇੱਕ ਕਰੋੜ ਹੋਵੇਗੀ। ਮੇਰੇ ਆਪਣੇ ਸੂਬੇ ਬਿਹਾਰ ਵਿੱਚ 2014 ਵਿੱਚ ਇਮਤਿਹਾਨ ਹੋਏ ਸਨ ਪਰ 2018 ਤੱਕ ਨਤੀਜੇ ਛਾਇਆ ਨਹੀਂ ਹੋਏ ਸਨ। ਮੈਂ ਪ੍ਰਾਈਮ ਟਾਈਮ ਉੱਤੇ ‘ਨੌਕਰੀ ਲੜੀ’ ਨਸ਼ਰ ਕੀਤੀ ਤਾਂ ਇਸ ਦਾ ਫ਼ੌਰੀ ਅਸਰ ਹੋਇਆ। ਕਈ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਅਤੇ ਨੌਕਰੀਆਂ ਦੇ ਤਾਇਨਾਤੀ ਪੱਤਰ ਜਾਰੀ ਕੀਤੇ ਗਏ।
ਮੇਰਾ ਵੱਟਸਐੱਪ ਨੰਬਰ ਹੀ ਮੇਰਾ ਨਿਊਜ਼ ਰੂਮ ਬਣ ਗਿਆ। ਜਦੋਂ ਸਿਆਸੀ ਪਾਰਟੀਆਂ ਅਤੇ ਸਰਕਾਰ ਵਿਚਲੇ ਖ਼ੁਫ਼ੀਆ ਸਰੋਤਾਂ ਨੇ ਮੇਰੇ ਨਾਲ ਫ਼ਾਸਲਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਲੋਕ ਹੀ ਮੇਰੇ ਲਈ ਖ਼ਬਰਾਂ ਦਾ ਆਵਾਮੀ ਸਰੋਤ ਬਣ ਗਏ। ਪ੍ਰਾਈਮ ਟਾਈਮ ਦੀ ਟੇਕ ਲੋਕਾਂ ਦੇ ਭੇਜੇ ਵੱਟਸਐੱਪ ਸੁਨੇਹਿਆਂ ਉੱਤੇ ਵਧਦੀ ਚਲੀ ਗਈ। ਮੇਰੇ ਖ਼ਿਲਾਫ਼ ਡਾਢਿਆਂ ਦੀ ਸ਼ੁਰੂ ਕੀਤੀ ਵੱਟਸਐੱਪ ਮੁਹਿੰਮ ਨੂੰ ਅਸੀਂ ਇਸ ਤਰ੍ਹਾਂ ਆਪਣੇ ਪੱਖ ਵਿੱਚ ਭੁਗਤਾ ਲਿਆ। ਇੱਕ ਪਾਸੇ ਪਾਰਟੀ ਦੇ ‘ਆਈ.ਟੀ.ਸੈੱਲ’ ਆਪਣੀਆਂ ਬਰਾਡਕਾਸਟ ਲਿਸਟਾਂ ਅਤੇ ਗਰੁੱਪਾਂ ਰਾਹੀਂ ਫ਼ਿਰਕੂ ਨਫ਼ਰਤ ਅਤੇ ਖ਼ੌਫ਼ਿ-ਅਜਨਬੀ’ ਫੈਲਾਉਣ ਲਈ ਲੱਖਾਂ ਸੁਨੇਹੇ ਭੇਜਦੀਆਂ ਹਨ ਅਤੇ ਦੂਜੇ ਪਾਸੇ ਇਨਾਂ ਹੀ ਵਸੀਲਿਆਂ ਰਾਹੀਂ ਮੇਰੇ ਕੋਲ ਅਸਲ ਖ਼ਬਰਾਂ ਪਹੁੰਚਦੀਆਂ ਹਨ।
ਮੇਰਾ ਨਿਊਜ਼ਰੂਮ ਐੱਨ.ਡੀ.ਟੀ.ਵੀ. ਦੇ ਨਿਊਜ਼ਰੂਮ ਤੋਂ ਤਬਾਦਲਾ ਕਰਵਾ ਕੇ ਆਵਾਮੀ ਹੋ ਗਿਆ। ਇੰਡੀਆ ਵਿੱਚ ਜਮਹੂਰੀਅਤ ਦੀ ਆਸ ਕਾਇਮ ਹੈ ਕਿਉਂਕਿ ਲੋਕਾਂ ਨੇ ਸਰਕਾਰ ਤੋਂ ਉਮੀਦਾਂ ਕਾਇਮ ਰੱਖੀਆਂ ਹਨ ਅਤੇ ਸਰਕਾਰਾਂ ਨੂੰ ਸੁਆਲ ਪੁੱਛਣੇ ਜਾਰੀ ਰੱਖੇ ਹਨ। ਇਸੇ ਕਾਰਨ ਉਹ ਮੁੱਖ-ਧਾਰਾ ਮੀਡੀਆ ਵਿੱਚ ਗੁੰਜਾਇਸ਼ ਫਰੋਲਦੇ ਰਹਿੰਦੇ ਹਨ।
ਜਦੋਂ ਮੁੱਖ-ਧਾਰਾ ਦਾ ਮੀਡੀਆ ਇੰਡੀਆ ਦੀਆਂ ਯੂਨੀਵਰਸਿਟੀਆਂ ਦੀ ਵਧ ਰਹੀ ਆਲਮੀ ਦਰਜਾ-ਬੰਦੀ ਦਾ ਤੋਤਾ-ਰਟਣ ਕਰ ਰਿਹਾ ਸੀ ਤਾਂ ਅਣਗਿਣਤ ਵਿਦਿਆਰਥੀਆਂ ਨੇ ਆਪਣੀਆਂ ਜਮਾਤਾਂ ਵਿੱਚ ਵਿਦਿਆਰਥੀਆਂ ਅਤੇ ਆਪਣੇ ਕਾਲਜਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਦੀ ਗਿਣਤੀ ਦੇ ਵੇਰਵੇ ਭੇਜੇ। ਜੇ ਇਹ ਵਿਦਿਆਰਥੀ ਪਹੁੰਚ ਨਾ ਕਰਦੇ ਤਾਂ ਮੈਂ ਉਨ੍ਹਾਂ ਕਾਲਜਾਂ ਤੱਕ ਕਿਵੇਂ ਪਹੁੰਚਣਾ ਸੀ ਜਿਨ੍ਹਾਂ ਵਿੱਚ ਦਸ ਹਜ਼ਾਰ ਵਿਦਿਆਰਥੀ ਹਨ ਅਤੇ ਦਸ ਜਾਂ ਵੀਹ ਅਧਿਆਪਕ ਹਨ। ਸ਼ਹਿਰੀਆਂ ਅਤੇ ਸ਼ਹਿਰੀਅਤ ਤੋਂ ਬਿਨਾਂ ਪੱਤਰਕਾਰੀ ਨਹੀਂ ਹੋ ਸਕਦੀ। ਪੱਤਰਕਾਰੀ ਤਾਂ ਸ਼ਹਿਰੀਅਤ ਰਾਹੀਂ ਸ਼ਹਿਰੀ ਦੀ ਸੇਵਾ ਦਾ ਅਮਲ ਹੈ। ਜਿਸ ਦੌਰ ਵਿੱਚ ਮੀਡੀਆ ਸ਼ਹਿਰੀ ਦਾ ਬਿਆਨੀਆ ਨਿਜ਼ਾਮ ਦੀਆਂ ਐਨਕਾਂ ਵਿੱਚੋਂ ਦੇਖ ਰਿਹਾ ਸੀ, ਉਸੇ ਦੌਰ ਵਿੱਚ ਸ਼ਹਿਰੀਆਂ ਨੇ ਮੇਰਾ ਬਿਆਨੀਆ ਆਪਣੇ ਨਜ਼ਰੀਏ ਨਾਲ ਤਾਮੀਰ ਕਰ ਲਿਆ। ਜਮਹੂਰੀਅਤ ਵਿੱਚ ਥੋਹਰ ਨੇ ਆਸ ਦੇ ਫੁੱਲ ਖਿੜਾ ਦਿੱਤੇ।
ਮੈਨੂੰ ਚੰਡੀਗੜ੍ਹ ਦੀ ਇੱਕ ਕੁੜੀ ਦਾ ਸੁਨੇਹਾ ਹਾਲੇ ਤੱਕ ਯਾਦ ਹੈ। ਉਹ ਪ੍ਰਾਈਮ ਟਾਈਮ ਸ਼ੋਅ ਦੇਖ ਰਹੀ ਸੀ ਤਾਂ ਉਸ ਦੇ ਬਾਪ ਨੇ ਟੈਲੀਵਿਜ਼ਨ ਬੰਦ ਕਰ ਦਿੱਤਾ । ਉਸ ਨੇ ਆਪਣੇ ਬਾਪ ਦੀ ਪਰਵਾਹ ਨਹੀਂ ਕੀਤੀ ਅਤੇ ਪ੍ਰਾਈਮ ਟਾਈਮ ਦੇਖਦੀ ਰਹੀ। ਉਹ ਇੰਡੀਆ ਦੀ ਜਮਹੂਰੀਅਤ ਦੀ ਸ਼ਹਿਰੀ ਹੈ। ਜਦੋਂ ਤੱਕ ਇਹ ਕੁੜੀ ਹੈ, ਜਮਹੂਰੀਅਤ ਆਪਣੇ ਸਾਹਮਣੇ ਦਰਪੇਸ਼ ਵੰਗਾਰਾਂ ਦਾ ਮੁਕਾਬਲਾ ਕਰਦੀ ਰਹੇਗੀ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਮੇਰੀ ਟਰੋਲਿੰਗ ਕਰਨ ਤੋਂ ਬਾਅਦ ਜਾਂ ਮੈਨੂੰ ਗਾਲ਼ਾਂ ਕੱਢਣ ਤੋਂ ਬਾਅਦ ਆਪਣੇ ਕੀਤੇ ਦੀ ਮੁਆਫ਼ੀ ਵੀ ਮੰਗੀ ਹੈ। ਜੇ ਮੈਨੂੰ ਲੱਖਾਂ ਨੇ ਗਾਲ਼ਾਂ ਕੱਢੀਆਂ ਹਨ ਤਾਂ ਹਜ਼ਾਰਾਂ ਨੇ ਅਜਿਹੇ ਸੁਨੇਹੇ ਵੀ ਘੱਲੇ ਹਨ।
ਮੈਨੂੰ ਮਹਾਰਾਸ਼ਟਰ ਦਾ ਉਹ ਮੁੰਡਾ ਵੀ ਯਾਦ ਹੈ ਜੋ ਆਪਣੀ ਦੁਕਾਨ ਉੱਤੇ ਚਲਦੇ ਟੈਲੀਵਿਜ਼ਨ ਉੱਤੇ ਹੁੰਦੀ ਬਹਿਸ ਰਾਹੀਂ ਫੈਲਾਈ ਜਾ ਰਹੀ ਨਫ਼ਤਰ ਤੋਂ ਪਰੇਸ਼ਾਨ ਸੀ। ਉਹ ਚੈਨ ਦੀ ਭਾਲ ਵਿੱਚ ਫਿਰਦਾ ਸੀ। ਜਦੋਂ ਉਹ ਆਪਣੇ ਘਰ ਵਿੱਚ ਬੈਠ ਕੇ ਪ੍ਰਾਈਮ ਟਾਈਮ ਦੇਖਣ ਲੱਗਿਆ ਤਾਂ ਉਸ ਦੇ ਬਾਪ ਅਤੇ ਭਰਾ ਨੇ ਇਸ ਨੂੰ ਬੰਦ ਕਰਨ ਦਾ ਇਸਰਾਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਮੁਲਕ-ਵਿਰੋਧੀ ਹਾਂ। ਮੁੱਖ-ਧਾਰਾ ਦੇ ਮੀਡੀਆ ਅਤੇ ਆਈ.ਟੀ.ਸੈੱਲ ਨੇ ਇਹੋ ਮੁਹਿੰਮ ਮੇਰੇ ਖ਼ਿਲਾਫ਼ ਚਲਾਈ ਹੈ। ਉਨ੍ਹਾਂ ਨੇ ਸ਼ਹਿਰੀਆਂ ਦੀ ਫ਼ਰਮਾਂ-ਬਰਦਾਰੀ ਰਾਹੀਂ ਇਹ ਮੁਹਿੰਮ ਬਾਖ਼ੂਬੀ ਚਲਾਈ ਹੈ ਅਤੇ ਉਨ੍ਹਾਂ ਲਈ ਕਾਬਲਿ- ਰਾਸਾਈ ਜਾਣਕਾਰੀ ਉੱਤੇ ਪਾਬੰਦੀ ਆਇਦ ਹੋ ਗਈ ਹੈ। ਇਸ ਤਰ੍ਹਾਂ ਮਗਲੂਬੀ ਨੂੰ ਸਦਾਕਤ ਬਣਾ ਦੇਣ ਅਤੇ ਬੰਦੇ ਨੂੰ ਜਗਿਆਸਾ ਤੋਂ ਅਲਹਿਦਾ ਕਰ ਦੇਣ ਦਾ ਕੰਮ ਨੇਪਰੇ ਚੜ੍ਹਦਾ ਹੈ।
ਮੈਂ ਇਹ ਕਹਿ ਰਿਹਾ ਹਾਂ ਕਿਉਂਕਿ ਸ਼ਹਿਰੀ ਪੱਤਰਕਾਰ ਹੋਣ ਲਈ ਇੱਕ ਪਾਸੇ ਨਿਜ਼ਾਮ ਨਾਲ ਜੱਦੋ-ਜਹਿਦ ਕਰਨੀ ਪੈਂਦੀ ਹੈ ਅਤੇ ਦੂਜੇ ਪਾਸੇ ਨਿਜ਼ਾਮ ਦੀਆਂ ਰੀਝਾਂ ਵਿੱਚ ਢਲੇ ਸ਼ਹਿਰੀ ਦੇ ਵਿਹਾਰ ਨਾਲ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਸ ਮਾਮਲੇ ਵੀ ਸਭ ਤੋਂ ਵੱਡੀ ਵੰਗਾਰ ਅਮੂਮਨ ਸਿਰਫ਼ ਨਿਜ਼ਾਮ ਨਹੀਂ ਹੁੰਦਾ ਸਗੋਂ ਨਿਜ਼ਾਮ ਦੀਆਂ ਰੀਝਾਂ ਦੇ ਟੁੱਕੜਬੋਚ ਵੀ ਹੁੰਦੇ ਹਨ: ਇਹ ਉਹ ਲੋਕ ਹੁੰਦੇ ਹਨ ਜੋ ਸਮਾਜ ਵਿੱਚ ਉਹ ਬੇਕਿਰਕੀ ਵਰਤਾਉਂਦੇ ਹਨ ਜਿਸ ਨੂੰ ਨਿਜ਼ਾਮ ਕਾਨੂੰਨੀ ਬੰਧੇਜ ਕਾਰਨ ਆਪ ਅੰਜਾਮ ਦੇਣ ਤੋਂ ਕਤਰਾਉਂਦਾ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਸ਼ਹਿਰੀਆਂ ਨੂੰ ਖ਼ੌਫ਼ਜ਼ਦਾ ਕਰਨ, ਚੁੱਪ ਕਰਵਾਉਣ ਅਤੇ ਅਲਹਿਦਗੀ ਦਾ ਅਹਿਸਾਸ ਪੈਦਾ ਕਰਨ ਵਿੱਚ ਹਿੱਸਾ ਪਾਉਂਦਾ ਹੈ ਅਤੇ ਉਨ੍ਹਾਂ ਨੂੰ ਹਜੂਮ—ਹਕੀਕੀ ਜਾਂ ਖ਼ਿਆਲੀ—ਦੇ ਵਿਚਕਾਰ ਸੁੱਟ ਦਿੰਦਾ ਹੈ। ਜੋਖਿਮ ਦਾ ਖ਼ਿਆਲ ਘਰ ਕਰੀ ਜਾਂਦਾ ਹੈ—ਅਤੇ ਖ਼ੌਫ਼ ਦਾ ਅਹਿਸਾਸ ਲਕਵਾ ਮਾਰ ਦਿੰਦਾ ਹੈ। ਇਸ ਵੇਲੇ ਸ਼ਹਿਰੀਆਂ ਉੱਤੇ ਬਹੁਤ ਦਬਾਅ ਹੈ। ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਵੰਗਾਰ ਇਹੋ ਹੈ ਕਿ ਮੀਡੀਆ ਦੇ ਖ਼ਿਲਾਫ਼ ਲੜਾਈ ਕਿਵੇਂ ਵਿੱਢੀ ਜਾਵੇ ਜੋ ਉਨ੍ਹਾਂ ਦੇ ਨਾਮ ਉੱਤੇ ਆਪਣਾ ਕਾਰੋਬਾਰ ਚਲਾਉਂਦਾ ਹੈ।
ਅਸੀਂ ਅਜਿਹੇ ਦੌਰ ਵਿੱਚ ਪਹੁੰਚ ਗਏ ਹੈ ਜਿੱਥੇ ਸ਼ਹਿਰੀਆਂ ਨੂੰ ਸਰਕਾਰ ਤੱਕ ਪਹੁੰਚ ਕਰਨ ਲਈ ਮੀਡੀਆ ਦੇ ਨਾਕੇ ਤੋੜਨੇ ਪੈਣਗੇ। ਇਸ ਤੋਂ ਬਿਨਾਂ ਤਾਂ ਉਨ੍ਹਾਂ ਦੀ ਆਵਾਜ਼ ਵੱਟਸਐੱਪ ਦੇ ਇਨਬੌਕਸ ਵਿੱਚ ਘੁੰਮਣ-ਘੇਰੀਆਂ ਖਾਂਦੀ ਰਹੇਗੀ । ਲੋਕਾਂ ਨੂੰ ਆਪ ਪਹਿਲਾਂ ਸ਼ਹਿਰੀ ਬਣਨਾ ਹੋਵੇਗਾ ਅਤੇ ਬਾਅਦ ਵਿੱਚ ਇਹ ਯਾਦ ਕਰਵਾਉਣਾ ਹੋਵੇਗਾ ਕਿ ਸ਼ਹਿਰੀਅਤ ਦੇ ਵਧਣ-ਫੁੱਲਣ ਲਈ ਬੇਖ਼ੌਫ਼ ਮਾਹੌਲ ਪੈਦਾ ਕਰਨਾ ਅਤੇ ਉਸ ਮਾਹੌਲ ਦੀ ਰਾਖੀ ਕਰਨੀ ਨਿਜ਼ਾਮ ਦੀ ਜ਼ਿੰਮੇਵਾਰੀ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਜਿਹਾ ਮਾਹੌਲ ਪੈਦਾ ਕਰੇ ਜਿੱਥੇ ਨਿਜ਼ਾਮ ਤੋਂ ਸੁਆਲ ਪੁੱਛੇ ਜਾ ਸਕਣ, ਸਰਕਾਰਾਂ ਦੀ ਪੜਚੋਲ ਕਰਨ ਲਈ ਮੀਡੀਆ ਆਜ਼ਾਦ ਅਤੇ ਖ਼ੁਦਮੁਖ਼ਤਿਆਰ ਹੋਵੇ।
ਜਾਣਕਾਰੀ ਤੋਂ ਬਾਅਦ ਹਮਲੇ ਦਾ ਦੂਜਾ ਨਿਸ਼ਾਨਾ ਸਾਡਾ ਇਤਿਹਾਸ ਹੈ ਜਿਸ ਤੋਂ ਅਸੀਂ ਤਾਕਤ ਹਾਸਿਲ ਕਰਦੇ ਹਾਂ ਅਤੇ ਪ੍ਰੇਰਣਾ ਲੈਂਦੇ ਹਾਂ। ਸਾਥੋਂ ਸਾਡਾ ਇਤਿਹਾਸ ਹੀ ਖੋਹਿਆ ਜਾ ਰਿਹਾ ਹੈ। ਕੌਮੀ ਮੁਕਤੀ ਲਹਿਰ ਦੌਰਾਨ ਵੀ ਇਹੋ ਹੋ ਰਿਹਾ ਸੀ। ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ, ਡਾ. ਅੰਬੇਦਕਰ, ਗਣੇਸ਼ ਸ਼ੰਕਰ ਵਿਦਿਆਰਥੀ ਅਤੇ ਪੀਰ ਮੁਹੰਮਦ ਯੂਨਿਸ ਵਰਗਿਆਂ ਦੀ ਫ਼ਹਿਰਿਸਤ ਬਹੁਤ ਲੰਬੀ ਹੈ। ਇਹ ਸਾਰੇ ਸ਼ਹਿਰੀ ਪੱਤਰਕਾਰ ਸਨ। ਸੰਨ 1917 ਦੇ ਚੰਪਾਰਨ ਸੱਤਿਆਗ੍ਰਹਿ ਦੌਰਾਨ ਮਹਾਤਮਾ ਗਾਂਧੀ ਨੇ ਚਿੱਠੀ ਲਿਖ ਕੇ ਮੀਡੀਆ ਨੂੰ ਸਲਾਹ ਦਿੱਤੀ ਸੀ ਕਿ ਉਹ ਕੁਝ ਦਿਨ ਚੰਪਾਰਨ ਨਾ ਆਵੇ ਅਤੇ ਜੇ ਹੋ ਸਕੇ ਤਾਂ ਕੁਝ ਦਿਨਾਂ ਲਈ ਇਲਾਕੇ ਤੋਂ ਹੀ ਬਾਹਰ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨਾਲ ਮੁਲਾਕਾਤਾਂ ਕਰ ਕੇ ਉਨ੍ਹਾਂ ਦੀਆਂ ਕਹਾਣੀਆਂ ਸੁਣਨੀਆਂ ਸ਼ੁਰੂ ਕੀਤੀਆਂ । ਚੰਪਾਰਨ ਦੇ ਲੋਕਾਂ ਨੇ ਗਾਂਧੀ ਦੇ ਦੁਆਲੇ ਹੀ ਨਿਊਜ਼ਰੂਮ ਤਾਮੀਰ ਕਰ ਦਿੱਤਾ। ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸੁਣਾਈਆਂ ਅਤੇ ਸਬੂਤ ਪੇਸ਼ ਕੀਤੇ। ਇਸ ਤੋਂ ਬਾਅਦ ਕੌਮੀ ਮੁਕਤੀ ਲਹਿਰ ਦਾ ਇਤਿਹਾਸ ਸਾਡੇ ਸਭ ਦੇ ਸਾਹਮਣੇ ਹੈ।
ਕੋਈ ਮੁਲਕ ਖ਼ਬਰਾਂ ਤੋਂ ਬਿਨਾਂ ਨਾ ਕੱਲ੍ਹ ਕਾਇਮ ਰਹਿ ਸਕਦਾ ਸੀ ਅਤੇ ਨਾ ਅੱਜ ਰਹਿ ਸਕਦਾ ਹੈ। ਕੋਈ ਮੁਲਕ ਆਪਣੇ ਲੋਕਾਂ ਦੀਆਂ ਅਸਲ ਕਹਾਣੀਆਂ ਨਾਲ ਹੀ ਖ਼ਿਆਲਾਂ ਦੀਆਂ ਉਡਾਰੀਆਂ ਭਰਦਾ ਹੈ ਅਤੇ ਬਰਾਦਰੀ ਵਜੋਂ ਵਿਗਸਦਾ ਹੈ। ਹਰ ਮੁਲਕ ਵੱਖਰਾ ਹੁੰਦਾ ਹੈ। ਦੂਜਿਆਂ ਦੇ ਫ਼ਿਕਰ ਅਤੇ ਸਰੋਕਾਰਾਂ ਬਾਬਤ ਜਗਿਆਸਾ ਨੇ ਹੀ ਸਾਡੀ ਕੌਮੀ ਮੁਕਤੀ ਲਹਿਰ ਨੂੰ ਖ਼ਾਸ ਬਣਾਇਆ ਹੈ। ਇਸ ਵਿੱਚ ਵੀ ਗ਼ੁਰਬਤ ਦੀ ਕਤਾਰ ਦੇ ਆਖ਼ਿਰ ਵਿੱਚ ਖੜ੍ਹੇ ਨਿਮਾਣੇ ਬੰਦੇ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਹਰ ਮੁਲਕ ਲਈ ਲਾਜ਼ਮੀ ਹੈ ਕਿ ਜਾਣਕਾਰੀ ਦੀ ਬੁਨਿਆਦ ਤੱਥ ਹੋਣ। ਜੇ ਜਾਣਕਾਰੀ ਸੱਚੀ ਨਾ ਹੋਵੇ ਅਤੇ ਤੱਥਾਂ ਦੀ ਗ਼ਲਤ-ਬਿਆਨੀ ਹੋਵੇ ਤਾਂ ਸ਼ਹਿਰੀਆਂ ਦਾ ਵਿਸਾਹ ਡੋਲ ਜਾਂਦਾ ਹੈ। ਇਸ ਲਈ ਤਾਂ ਹੁਣ ਸ਼ਹਿਰੀ ਪੱਤਰਕਾਰੀ ਦੀ ਲੋੜ ਬਹੁਤ ਜ਼ਿਆਦਾ ਹੈ: ਉਹ ਪੱਤਰਕਾਰੀ ਜਿਹੜੀ ਮੁੱਖ-ਧਾਰਾ ਮੀਡੀਆ ਦੀਆਂ ਕਾਰੋਬਾਰੀ ਜੁਗਤਾਂ ਤੋਂ ਆਜ਼ਾਦ ਹੋਵੇ।
ਨਿਰਾਸ਼ਾ ਦੇ ਇਸ ਦੌਰ ਵਿੱਚ ਵੀ ਬਹੁਤ ਸਾਰੇ ਲੋਕ ਹਨ ਜੋ ਇਸ ਖੱਪੇ ਨੂੰ ਪੂਰਨ ਦੇ ਉਪਰਾਲੇ ਕਰ ਰਹੇ ਹਨ। ਕਾਮੇਡੀ ਰੂਟੀਨ ਤੋਂ ਲੈ ਕੇ ਯੂਟਿਊਬ ਚੈਨਲਾਂ ਨੇ ਪੱਤਰਕਾਰੀ ਦੀ ਹੈਸੀਅਤ ਨੂੰ ਕਾਇਮ ਰੱਖਣ ਦੇ ਉਪਰਾਲੇ ਕੀਤੇ ਹਨ। ਇਸ ਦੀ ਹਸਤੀ ਹੀ ਸ਼ਹਿਰੀਆਂ ਦੀ ਸੇਵਾ ਵਿੱਚ ਲੱਗੀ ਸ਼ਹਿਰੀਅਤ ਨਾਲ ਜੁੜੀ ਹੋਈ ਹੈ। ਇਨ੍ਹਾਂ ਦੀ ਤਾਕਤ ਅਤੇ ਸਿਦਕ-ਦਿਲੀ ਕਾਰਨ ਹੀ ਇੰਡੀਆ ਦੀ ਜਮਹੂਰੀਅਤ ਵਿੱਚ ਸਭ ਕੁਝ ਇੱਕ-ਪਾਸੜ ਨਹੀਂ ਹੋਇਆ। ਹਾਲਾਂਕਿ ਇਨ੍ਹਾਂ ਨੇ ਲੜਾਈ ਜਿੱਤ ਨਹੀਂ ਲਈ ਪਰ ਲੋਕਾਂ ਨੇ ਜੰਗ ਜਾਰੀ ਰੱਖੀ ਹੈ।
ਮਹਾਤਮਾ ਗਾਂਧੀ ਨੇ 12 ਅਪਰੈਲ 1947 ਨੂੰ ਆਪਣੀ ਆਰਤੀ ਵਾਲੀ ਬੈਠਕ ਵਿੱਚ ਅਖ਼ਬਾਰਾਂ ਦੀ ਚਰਚਾ ਕੀਤੀ ਸੀ। ਫ਼ਿਰਕੂ ਤਕਸੀਮਾਂ ਕਰਨ ਵਾਲੇ ਮੌਜੂਦਾ ਮੀਡੀਆ ਦੇ ਹਵਾਲੇ ਨਾਲ ਗਾਂਧੀ ਦੀਆਂ ਟਿੱਪਣੀਆਂ ਅਹਿਮ ਹੋ ਜਾਂਦੀਆਂ ਹਨ। ਗਾਂਧੀ ਨੇ ਕਿਸੇ ਅਹਿਮ ਅਖ਼ਬਾਰ ਦੀ ਖ਼ਬਰ ਦਾ ਹਵਾਲਾ ਦਿੱਤਾ ਸੀ ਜਿਸ ਦਾ ਇਲਜ਼ਾਮ ਸੀ ਕਿ ਕਾਂਗਰਸ ਦੀ ਕਾਰਜਕਾਰੀ ਕਮੇਟੀ ਵਿੱਚ ਗਾਂਧੀ ਦੀਆਂ ਗੱਲਾਂ ਉੱਤੇ ਕੋਈ ਕੰਨ ਨਹੀਂ ਧਰਦਾ। ਇਸ ਰਪਟ ਬਾਬਤ ਗਾਂਧੀ ਦਾ ਰੱਦਿ-ਆਮਲ ਸੀ ਕਿ ਜੇ ਅਖ਼ਬਾਰ ਹੀ ਸੱਚੇ ਨਹੀਂ ਹੋਣਗੇ ਤਾਂ ਇੰਡੀਆ ਦੀ ਆਜ਼ਾਦੀ ਕਿਸੇ ਲੇਖੇ ਨਹੀਂ ਲੱਗਣ ਵਾਲੀ।
ਹੁਣ ਅਖ਼ਬਾਰ ਡਰੇ ਹੋਏ ਹਨ। ਹੁਣ ਹਰ ਤਨਕੀਦ ਨੂੰ ਮੁਲਕ ਨੂੰ ਕੱਢੀ ਗਾਲ਼ ਸਮਝਿਆ ਜਾਂਦਾ ਹੈ। ਮੇਰੀ ਮੁੱਖ-ਧਾਰਾ ਦੇ ਮੀਡੀਆ ਅਤੇ ਖ਼ਾਸ ਤੌਰ ਉੱਤੇ ਨਿਊਜ਼ ਚੈਨਲ ਦੀ ਤਨਕੀਦ ਦਾ ਇੱਕੋ-ਇੱਕ ਮਕਸਦ ਆਪਣੇ ਮਹਾਨ ਮੁਲਕ ਇੰਡੀਆ ਦੀ ਬਿਹਤਰੀ ਨਾਲ ਜੁੜਿਆ ਹੋਇਆ ਹੈ। ਇੰਡੀਆ ਦੇ ਅਖ਼ਬਾਰ ਅਤੇ ਟੈਲੀਵਿਜ਼ਨ ਚੈਨਲ ਇਸ ਵੇਲੇ ਵੱਖ-ਵੱਖ ਤਬਕਿਆਂ ਵਿੱਚ ਤਕਰਾਰ ਪੈਦਾ ਕਰਨ ਦੇ ਆਹਰ ਲੱਗੇ ਹੋਏ ਹਨ। ਗਾਂਧੀ ਨੇ ਕਿਹਾ ਸੀ: ਇਨ੍ਹਾਂ ਬਦਬਖ਼ਤ ਅਖ਼ਬਾਰਾਂ ਨੂੰ ਰੱਦੀ ਦੀ ਟੋਕਰੀ ਵਿੱਚ ਪਾ ਦੇਣਾ ਚਾਹੀਦਾ ਹੈ। ਜੇ ਤੁਹਾਡੀ ਖ਼ਬਰਾਂ ਵਿੱਚ ਦਿਲਚਸਪੀ ਹੈ ਤਾਂ ਇੱਕ-ਦੂਜੇ ਤੋਂ ਪੁੱਛੋ। ਜੇ ਤੁਸੀਂ ਅਖ਼ਬਾਰ ਪੜ੍ਹਨਾ ਚਾਹੁੰਦੇ ਹੋ ਤਾਂ ਉਹੀ ਅਖ਼ਬਾਰ ਪੜ੍ਹੋ ਜਿਹੜਾ ਇੰਡੀਆ ਦੇ ਸ਼ਹਿਰੀਆਂ ਦੀ ਸੇਵਾ ਵਿੱਚ ਲੱਗਿਆ ਹੋਵੇ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਰਲ਼-ਮਿਲ ਕੇ ਰਹਿਣਾ ਚਾਹੀਦਾ ਹੈ।
ਜੇ ਗਾਂਧੀ ਜਿਊਂਦੇ ਹੁੰਦੇ ਤਾਂ ਉਨ੍ਹਾਂ ਨੇ ਆਪਣੀ 12 ਅਪਰੈਲ 1947 ਵਾਲੀ ਗੱਲ ‘ਹੀ ਦੁਹਰਾਉਣੀ ਸੀ, ਅਤੇ ਹੁਣ ਮੈਂ ਉਸੇ ਨੂੰ ਦੁਹਰਾ ਰਿਹਾ ਹਾਂ।
ਇਸ ਦੌਰ ਵਿੱਚ ਸਾਨੂੰ ਸ਼ਹਿਰੀ ਪੱਤਰਕਾਰਾਂ ਦੀ ਫ਼ੌਰੀ ਲੋੜ ਹੈ। ਜਮਹੂਰੀਅਤ- ਪਸੰਦ ਸ਼ਹਿਰੀਆਂ ਦੀ ਇਸ ਤੋਂ ਵੀ ਜ਼ਿਆਦਾ ਲੋੜ ਹੈ।
ਮੈਂ ਐੱਨ.ਡੀ.ਟੀ.ਵੀ. ਦੇਖਣ ਵਾਲੇ ਲੱਖਾਂ ਦਰਸ਼ਕਾਂ ਦਾ ਸ਼ੁਕਰਗੁਜ਼ਾਰ ਹਾਂ। ਮੈਂ ਇਸ ਵੇਲੇ ਆਪਣੇ ਐੱਨ.ਡੀ.ਟੀ.ਵੀ. ਦੇ ਕੰਮ-ਬੇਲੀਆਂ ਨੂੰ ਯਾਦ ਕਰਦਾ ਹਾਂ। ਮੈਂ ਡਾ. ਪ੍ਰੋਨੌਏ ਰਾਏ ਅਤੇ ਰਾਧਿਕਾ ਰਾਏ ਨੂੰ ਯਾਦ ਕਰਦਾ ਹਾਂ।
ਮੈਂ ਪੱਤਰਕਾਰੀ ਤਾਂ ਹਿੰਦੀ ਵਿੱਚ ਕਰਦਾ ਹਾਂ ਪਰ ਮੈਨੂੰ ਇੰਡੀਆ ਦੀਆਂ ਸਾਰੀਆਂ ਬੋਲੀਆਂ ਤੋਂ ਪਿਆਰ ਮਿਲਿਆ ਹੈ—ਮਰਾਠੀ, ਗੁਜਰਾਤੀ, ਮਲਿਆਲੀ, ਬੰਗਲਾ। ਮੈਂ ਸਮੁੱਚੇ ਮੁਲਕ ਨਾਲ ਤਾਅਲੁੱਕ ਰੱਖਦਾ ਹਾਂ। ਇੰਡੀਆ ਨੇ ਮੈਨੂੰ ਸ਼ਹਿਰੀ ਬਣਾਇਆ ਹੈ।
ਮੈਂ ਸਦਾ ਆਪਣੇ ਇਤਿਹਾਸ ਦੇ ਪ੍ਰੋਫ਼ੈਸਰਾਂ ਨੂੰ ਯਾਦ ਕਰਦਾ ਹਾਂ। ਮੈਂ ਆਪਣੇ ਰਾਹਦਰਸਾਵੇ ਅਨੁਪਮ ਮਿਸ਼ਰਾ ਨੂੰ ਯਾਦ ਕਰਦਾ ਹਾਂ ਜੋ ਚੰਡੀ ਪ੍ਰਸਾਦ ਭੱਟ ਨਾਲ ਮਨੀਲਾ ਆਏ ਸਨ। ਮੈਂ ਅਨੁਪਮ ਜੀ ਦੀ ਕਮੀ ਨੂੰ ਮਹਿਸੂਸ ਕਰਦਾ ਹਾਂ। ਮੇਰਾ ਦੋਸਤ ਅਨੁਰਾਗ ਮੇਰੇ ਨਾਲ ਆਇਆ ਹੈ। ਮੇਰੀਆਂ ਧੀਆਂ ਅਤੇ ਮੇਰੀ ਜੀਵਨ-ਸਾਥੀ ਨੈਨਾ ਮੇਰੇ ਨਾਲ ਆਈਆਂ ਹਨ। ਮੈਂ ਇੱਥੇ ਤੱਕ ਦਾ ਸਫਰ ਨੈਨਾ ਦੇ ਨਕਸ਼ਿ-ਕਦਮ ਉੱਤੇ ਤੁਰਦਿਆਂ ਪੂਰਾ ਕੀਤਾ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਵੀ ਜ਼ਹੀਨ ਔਰਤਾਂ ਦੇ ਨਕਸ਼ਿ-ਕਦਮ ਉੱਤੇ ਚੱਲੋਂਗੇ। ਮੈਂ ਆਸ ਕਰਦਾ ਹਾਂ ਕਿ ਤੁਸੀਂ ਚੰਗੇ ਸ਼ਹਿਰੀ ਬਣੋਗੇ।