ਬੁੱਲ੍ਹੇ ਸ਼ਾਹ

ਬੁੱਲ੍ਹੇ ਸ਼ਾਹ (1680-1758 ਈ:)

ਬੁੱਲ੍ਹੇ ਸ਼ਾਹ

ਅਕਬਰ ਦੇ ਸਮੇਂ ਸੰਸਕ੍ਰਿਤ ਗ੍ਰੰਥਾਂ ਦੇ ਫ਼ਾਰਸੀ ਅਨੁਵਾਦਾਂ ਨੇ ਮੁਸਲਮਾਨ ਵਿਚਾਰਵਾਨਾਂ ਲਈ ਭਾਰਤੀ ਸਭਿਆਚਾਰ ਤੋਂ ਪ੍ਰਭਾਵਿਤ ਹੋਣ ਦਾ ਜੋ ਰਾਹ ਤਿਆਰ ਕੀਤਾ ਸੀ, ਉਹ ਆਉਣ ਵਾਲੇ ਸਮੇਂ ਵਿਚ ਬਹੁਤ ਚੌੜਾ ਹੁੰਦਾ ਰਿਹਾ ਹੈ। ਦਾਰਾਸ਼ਿਕੋਹ ਵਰਗੇ ਵਿਦਵਾਨਾਂ ਨੇ ਇਸਲਾਮ ਨੂੰ ਦੁਨੀਆ ਦਾ ਇੱਕੋ ਇਕ ਸੱਚਾ ਮਜ਼ਹਬ ਕਹਿਣ ਵਾਲੇ ਮੁਸਲਮਾਨਾਂ ਨੂੰ ਝੂਠਾ ਸਾਬਤ ਕਰਨ ਲਈ ਸੰਸਕ੍ਰਿਤ ਸਾਹਿਤ ਦਾ ਡੂੰਘਾ ਅਧਿਐਨ ਕਰ ਕੇ ਇਸਲਾਮ ਦੇ ਮੁੱਖ ਸਿਧਾਂਤਾਂ ਨਾਲ ਮਿਲਦੇ ਸਿਧਾਂਤ ਹਿੰਦੂ ਗ੍ਰੰਥਾਂ ਵਿਚ ਮੌਜੂਦ ਦਸ ਦਿੱਤੇ । ਇਸ ਰਵਾਇਤ ਨੂੰ ਜਾਰੀ ਰੱਖਣ ਵਾਲਾ ਇਕ ਹੋਰ ਵਿਦਵਾਨ ਸ਼ਾਹ ਅਨਾਇਤ ਕਾਦਰੀ ਸੀ, ਜਿਸ ਤੋਂ ਬੁਲ੍ਹੇ ਸ਼ਾਹ ਨੇ ਸੂਫੀ ਜੀਵਨ ਦੀ ਸਿਖਲਾਈ ਲਈ। ਬੁਲ੍ਹੇ ਸ਼ਾਹ ਦੇ ਰਹੱਸਵਾਦੀ ਅਨੁਭਵ ਨੇ ਜੋ ਮਨੁੱਖਵਾਦੀ ਭਾਵ ਉਸ ਦੇ ਹਿਰਦੇ ਵਿਚ ਪੈਦਾ ਕੀਤੇ ਉਨ੍ਹਾਂ ਦੀ ਪ੍ਰੋੜ੍ਹਤਾ ਕਰਨ ਲਈ ਵਿਦਵਾਨਾਂ ਦੀ ਇਹ ਰਵਾਇਤ ਉਸ ਨੂੰ ਬੜੀ ਮੁਫ਼ੀਦ ਲੱਗੀ । ਇਸ ਰਵਾਇਤ ਦੀ ਉਪਜ ਵਿਚ ਗੁਰੂ ਨਾਨਕ ਦੀ ਮਿਸਾਲ ਦਾ ਵੀ ਅਸਰ ਸੀ, ਇਹ ਮੰਨਣਾ ਅਵੱਸ਼ ਹੈ। ਗੁਰੂ ਸਾਹਿਬ ਨੇ ਰੱਬ ਦੀ ਵਿਆਪਕਤਾ ਦੇ ਸਿਧਾਂਤ ਦੇ ਆਧਾਰ ਉਤੇ ਸੰਪ੍ਰਦਾਇਕ ਵਿਤਕਰਿਆਂ ਦੀ ਚੇਤਨਤਾ ਨੂੰ ਮੱਧਮ ਪਾਉਣ ਦੇ ਯਤਨ ਕੀਤੇ ਸਨ । ਬੁਲ੍ਹੇ ਸਾਹ ਨੇ ਇਸ ਢੰਗ ਨੂੰ ਬੜੀ ਸਫਲਤਾ ਨਾਲ ਵਰਤਿਆ ਲਗਦਾ ਹੈ । ਹਿੰਦੂ ਮੁਸਲਮ ਭਿੰਨ-ਭੇਦਾਂ ਨੂੰ ਮਿਟਾ ਕੇ ਇਕ ਰੱਬ ਦੇ ਪ੍ਰਕਾਸ਼ ਦੀਆਂ ਵੰਨਗੀਆਂ ਦ੍ਰਿੜ੍ਹ ਕਰਾਉਣ ਵਾਲੀਆਂ ਉਸ ਦੀਆਂ ਕਾਫ਼ੀਆਂ ਗੁਰੂ ਗੋਬਿੰਦ ਸਿੰਘ ਦੇ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਵਰਗੀਆਂ ਸਤਰਾਂ ਦੀ ਗੂੰਜ ਜਾਪਦੀਆਂ ਹਨ। ਜਿਸ ਤਰ੍ਹਾਂ ਸ਼ਾਹ ਹੁਸੈਨ ਦੀ ਕਵਿਤਾ ਉੱਤੇ ਗੁਰੂਆਂ ਦੇ ਸਾਹਿਤ ਦਾ ਪ੍ਰਭਾਵ ਪ੍ਰਤੱਖ ਹੈ, ਉਸ ਤਰ੍ਹਾਂ ਬੁਲ੍ਹੇ ਸ਼ਾਹ ਦੀ ਕਵਿਤਾ ਉਤੇ ਨਹੀਂ ਪਰ ਉਸ ਦੇ ਲਹਿਜੇ ਦੀ ਸਮਾਨਤਾ ਗੁਰੂ ਗੋਬਿੰਦ ਸਿੰਘ ਨਾਲ ਇੰਨੀ ਸਪਸ਼ਟ ਹੈ ਕਿ ਦੋਹਾਂ ਨੂੰ ਇਕੱਠਿਆਂ ਸੋਚਣਾ ਬਹੁਤ ਸੁਭਾਵਕ ਲੱਗਦਾ ਹੈ। ਲਹਿਜੇ ਤੋਂ ਛੁੱਟ ਉਸ ਦੀ ਸਪਿਰਿਟ ਵਿਚ ਕੱਟੜਪੰਥੀਆਂ ਦੇ ਨਿਧੜਕ ਖੰਡਨ ਦੀ ਜੋ ਸ਼ਕਤੀ ਹੈ, ਉਹ ਵੀ ਗੁਰੂ ਗੋਬਿੰਦ ਸਿੰਘ ਦੀ ਯਾਦ ਤਾਜ਼ਾ ਕਰਦੀ ਹੈ। ਫਰੀਦ ਤੇ ਸ਼ਾਹ ਹੁਸੈਨ ਨਾਲੋਂ ਮੁਰਸ਼ਦ ਦੀ ਪ੍ਰਸੰਸਾ ਅਤੇ ਸ਼ੁਕਰਾਨੇ ਦਾ ਬਹੁਤ ਜਿਆਦਾ ਪ੍ਰਗਟਾਅ ਭਾਈ ਗੁਰਦਾਸ ਨਾਲ ਉਸਦੀ ਸਾਂਝ ਪ੍ਰਗਟ ਕਰਦਾ ਹੈ ਜਿਸ ਨਾਲ ਉਸ ਦੀ ਸ਼ੈਲੀ ਦਾ ਤਿੱਖਾਪਣ ਵੀ ਮਿਲਦਾ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਸਿੱਖ ਲਹਿਰ ਨਾਲ ਬੇਵਫਾਈ ਕਰਨ ਵਾਲੇ ਗੈਰ ਮੁਸਲਮਾਨ ਮਨੁੱਖਾਂ ਉੱਤੇ ਰੋਹ ਵਿਚ ਆ ਜਾਂਦਾ ਸੀ ਉਸ ਤਰ੍ਹਾਂ ਬੁੱਲ੍ਹਾ ਸ਼ਾਹ ਵੀ ਇਸਲਾਮੀ ਸਮਾਜਕ ਆਦਰਸ਼ਾਂ ਤੋਂ ਬੇਮੁਖ ਹੋਣ ਵਾਲੇ ਮੁਸਲਮਾਨਾਂ ਨਾਲ ਬੇਸਬਰਾ ਹੁੰਦਾ ਰਿਹਾ। ਕਈ ਵਾਰੀ ਤਾਂ ਇਹ ਸ਼ੱਕ ਪੈਣ ਲੱਗ ਜਾਂਦਾ ਹੈ ਕਿ ਬੁੱਲ੍ਹਾ ਅਜਿਹੇ ਮੁਸਲਮਾਨਾਂ ਦੇ ਕੁਕਰਮਾਂ ਤੋਂ ਕੌੜ ਖਾ ਕੇ ਮੁਸਲਮਾਨ ਕਹਾਉਣ ਤੋਂ ਇਨਕਾਰ ਕਰਨ ਦੀ ਹੱਦ ਤਕ ਪੁੱਜ ਗਿਆ ਹੋਵੇਗਾ ਪਰ ਸੂਫ਼ੀਆਂ ਦੀ ਮੱਧਮ ਪੈ ਰਹੀ, ਲੇਕਿਨ ਹਾਲੇ ਤਕ ਜੀਉਂਦੀ, ਲਹਿਰ ਨੇ ਉਸ ਨੂੰ ਇਸਲਾਮੀ ਘੇਰੇ ਤੋਂ ਬਾਹਰ ਜਾਣ ਦੀ ਮਜਬੂਰੀ ਮਹਿਸੂਸ ਨਾ ਹੋਣ ਦਿੱਤੀ । ਕੁਰਾਨ ਦੀ ਮੁਤਬੱਰਕਤਾ ਤੋਂ ਮੂੰਹ ਫੇਰੇ ਬਗੈਰ ਉਹ ਇਸ ਵਿੱਚੋਂ ਐਸੇ ਸਿਧਾਂਤ ਲੱਭ ਲੈਂਦਾ ਰਿਹਾ ਜੋ ਉਸ ਦੇ ਭਾਵਾਂ ਦੀ ਪ੍ਰੋੜ੍ਹਤਾ ਕਰ ਸਕਣ । ਇਸ ਢੰਗ ਨਾਲ ਉਹ ਇਸਲਾਮੀ ਦਾਇਰਿਆਂ ਵਿਚ ਮਨੁੱਖਵਾਦੀ ਪ੍ਰਭਾਵ ਪਾਉਣ ਦੇ ਵਧੇਰੇ ਕਾਬਲ ਬਣਦਾ ਰਿਹਾ ਤੇ ਆਪਣੇ ਸਮੇਂ ਦੀ ਇਕ ਮਹਾਨ ਸਮੱਸਿਆ ਦੇ ਹੱਲ ਵਿਚ ਪ੍ਰਸੰਸਾ-ਯੋਗ ਹਿੱਸਾ ਪਾ ਗਿਆ ।

ਬੁੱਲ੍ਹੇ ਸ਼ਾਹ (1680-1758 ਈ:)

 

Leave a comment

error: Content is protected !!