ਬਾਬਾ ਬੰਦਾ ਸਿੰਘ ਬਹਾਦੁਰ | Baba Banda Singh Bahadur |

ਬਚਪਣ ਅਤੇ ਸਾਧ-ਜੀਵਨ

Contents hide

ਬਚਪਣ ਵਿਚ ਬੰਦਾ ਸਿੰਘ ਦਾ ਨਾਉਂ ਲਛਮਨ ਦੇਵ ਸੀ । ਇਸ ਦਾ ਜਨਮ ਕੱਤਕ ਸੁਦੀ 13 ਸੰਮਤ 1727 ਬਿਕ੍ਰਮੀ, ਐਤਵਾਰ, 16 ਅਕਤੂਬਰ ਸੰਨ 1670 ਈਸਵੀ ਨੂੰ ਪੁਣਛ (ਕਸ਼ਮੀਰ) ਦੇ ਪਿੰਡ ਰਾਜੌੜੀ ਵਿਚ ਹੋਇਆ । ਇਸਦਾ ਪਿਓ ਰਾਮ ਦੇਵ ਭਾਰਦੁਆਜ ਗੋਤ ਦਾ ਰਾਜਪੂਤ ਸੀ ਤੇ ਵਾਹੀ ਦਾ ਕੰਮ ਕਰਦਾ ਸੀ । ਉਨ੍ਹਾਂ ਮਨੁੱਖਾਂ ਦੀ ਤਰ੍ਹਾਂ ਜਿਨ੍ਹਾਂ ਨੇ ਗਰੀਬ ਘਰਾਣਿਆਂ ਵਿਚ ਜਨਮ ਲਿਆ। ਅਤੇ ਜੀਵਨ ਦੇ ਆਖਰੀ ਦਿਨੀਂ ਮਸ਼ਹੂਰੀ ਪਾਈ, ਲਛਮਨ ਦੇਵ ਦੇ ਬਾਲਪਨ ਦਾ ਕੁਝ ਪਤਾ ਨਹੀਂ। ਪਿੰਡਾਂ ਦੇ ਹਲ-ਵਾਹਾਂ ਦੇ ਆਮ ਮੁੰਡਿਆਂ ਵਾਂਗ ਇਸ ਦੇ ਹੱਡ ਨਰੋਏ, ਜੁੱਸਾ ਛੋਹਲਾ ਤੇ ਆਦਤ ਮਿਹਨਤੀ ਸੀ। ਸ਼ਿਕਾਰ ਅਤੇ ਘੋੜ ਸਵਾਰੀ ਦਾ ਸ਼ੁਕੀਨ ਸੀ ।

ਕਸ਼ਮੀਰ ਵਿਚ ਉਨੀਂ ਦਿਨੀਂ ਵਿੱਦਿਆ ਦਾ ਬਹੁਤਾ ਪ੍ਰਚਾਰ ਨਹੀਂ ਸੀ ਹੁੰਦਾ । ਪ੍ਰਾਚੀਨ ਸਮਿਆਂ ਤੋਂ ਇਹ ਕੇਵਲ ਬ੍ਰਾਹਮਣਾਂ ਦੀ ਹੀ ਰੱਖ ਸੀ। ਵੀਹਵੀਂ ਸਦੀ ਵਿਚ ਭੀ ਆਮ ਕਸ਼ਮੀਰੀਆਂ ਦੀ ਵਿੱਦਿਅਕ ਹਾਲਤ ਵਿਚ ਕੋਈ ਬਹੁਤੀ ਤਬਦੀਲੀ ਨਹੀਂ ਆਈ। ਪੰਡਤਾਂ ਤੋਂ ਬਿਨਾਂ ਸ਼ਾਇਦ ਹੀ ਕਿਧਰੇ ਕੋਈ ਉੱਘਾ ਕਸ਼ਮੀਰੀ ਵਿਦਵਾਨ ਨਜ਼ਰੀ ਪੈਂਦਾ ਹੋਵੇ । ਪੁਣਛ ਦਾ ਇਲਾਕਾ ਤਾਂ ਖ਼ਾਸ ਤੌਰ ਤੇ ਪਛੜਿਆ ਹੋਇਆ ਸੀ । ਇਸ ਲਈ ਲਛਮਨ ਦੇਵ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਕੋਈ ਮੌਕਾ ਨਹੀਂ ਸੀ ਮਿਲਿਆ। ਉਨ੍ਹੀਂ ਦਿਨੀਂ ਨੌਜਵਾਨਾਂ ਲਈ ਹਲਵਾਹੀ ਤੋਂ ਬਿਨਾਂ ਸ਼ਿਕਾਰ, ਘੋੜ-ਸਵਾਰੀ, ਤੀਰ-ਚਲਾਈ ਆਦਿ ਦੇ ਹੀ ਸ਼ੌਕ ਹੁੰਦੇ ਸਨ । ਇਸ ਲਈ ਲਛਮਨ ਦੇਵ ਦਾ ਝੁਕਾਓ ਭੀ ਇਨੀਂ ਪਾਸੀਂ ਹੀ ਸੀ। ਪਰ ਉਹ ਕੁਝ ਬਹੁਤਾ ਕਰੜੇ ਦਿਲ ਵਾਲਾ ਨਹੀਂ ਸੀ। ਮਾਤਾ ਜਾਂ ਪਿਤਾ ਵੱਲੋਂ ਕੁਝ ਇਹੋ ਜਿਹੇ ਸੰਸਕਾਰ ਮਿਲੇ ਹੋਏ ਸਨ ਜਿਨ੍ਹਾਂ ਕਰਕੇ ਉਹ ਕੁਝ ਨਰਮ ਦਿਲ ਤੇ ਜਜ਼ਬਾਤੀ ਜਿਹਾ ਹੋ ਗਿਆ ਸੀ । ਉਹ ਅਜੇ ਅਲ੍ਹੜ ਜਵਾਨ ਹੀ ਸੀ ਕਿ ਉਸ ਦੇ ਜੀਵਨ ਵਿਚ ਪਹਿਲਾ ਨਾਟਕੀ ਪਲਟਾ ਆਇਆ।

ਕਹਿੰਦੇ ਹਨ ਕਿ ਇਕ ਵਾਰੀ ਸ਼ਿਕਾਰ ਵਿਚ ਲਛਮਨ ਦੇਵ ਨੇ ਇਕ ਹਰਨੀ ਨੂੰ ਤੀਰ ਮਾਰਿਆ । ਉਹ ਘਾਇਲ ਹੋ ਕੇ ਭੋਂਇ ਡਿੱਗ ਪਈ । ਜਦ ਲਛਮਣ ਦੇਵ ਲਾਗੇ ਪੁੱਜਾ ਤਾਂ ਮਰ ਰਹੀ ਹਰਨੀ ਨੂੰ ਦੇਖ ਕੇ ਉਸ ਦੇ ਦਿਲ ਵਿਚ ਕੁਝ ਤਰਸ ਜਿਹਾ ਆ ਗਿਆ । ਪਰ ਇਸ ਤੋਂ ਬਾਅਦ ਇਕ ਹੋਰ ਨਜ਼ਾਰੇ ਨੇ ਉਸ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਕੀਤਾ । ਆਪਣੇ ਮਨ ਨੂੰ ਕਰੜਾ ਕਰ ਕੇ ਜਦ ਉਸ ਨੇ ਮਾਰੀ ਹੋਈ ਹਰਨੀ ਨੂੰ ਸਾਫ਼ ਕਰਨ ਲਈ ਉਸ ਦਾ ਪੇਟ ਚੀਰਿਆ ਤਾਂ ਵਿਚੋਂ ਦੋ ਬੱਚੇ ਨਿਕਲੇ ਜੋ ਲਛਮਣ ਦੇਵ ਦੀਆਂ ਅੱਖੀਆਂ ਦੇ ਸਾਮ੍ਹਣੇ ਤੜਫ ਤੜਫ ਕੇ ਮਰ ਗਏ। ਇਸ ਨਾਲ ਉਸ ਦੇ ਨਰਮ ਦਿਲ ਨੂੰ ਇਕ ਕੰਬਣੀ ਜਿਹੀ ਛਿੜ ਪਈ ਅਤੇ ਮਨ ਸ਼ਿਕਾਰ ਤੋਂ ਖੱਟਾ ਹੋ ਗਿਆ । ਮਨ ਨੂੰ ਕੁਝ ਐਸਾ ਪਛਤਾਵਾ ਲੱਗਾ ਅਤੇ ਵੈਰਾਗ ਆਇਆ ਕਿ ਦਿਲ ਇਕ ਦਮ ਸੰਸਾਰ ਅਤੇ ਸੰਸਾਰੀ ਜੀਵਨ ਤੋਂ ਉਚਾਟ ਹੋ ਗਿਆ।

ਹੁਣ ਲਛਮਣ ਦੇਵ ਰਾਜਪੂਤ ਨਹੀਂ ਸੀ ਰਿਹਾ । ਰੁਚੀ ਸੰਸਾਰ-ਤਿਆਗੀ ਸਾਧੂਆਂ ਵੱਲ ਮੋੜਾ, ਖਾ ਗਈ ਸੀ। ਉਮਰ ਤਾਂ ਭਾਵੇਂ ਪੰਦਰਾਂ ਕੁ ਵਰ੍ਹਿਆਂ ਦੀ ਹੀ ਸੀ, ਪਰ ਉਹ ਘਰ ਦੇ ਕੰਮ ਕਾਜ ਛਡ ਕੇ ਰਮਤੇ ਸਾਧੂਆਂ ਦੀ ਸੰਗਤ ਕਰਨ ਲਗ ਪਿਆ ਜੋ ਕਸ਼ਮੀਰ ਦੇ ਤੀਰਥਾਂ ਦੀ ਯਾਤਰਾ ਲਈ ਰਸਤੇ ਵਿਚ ਰਾਜੋੜੀ ਆ ਟਿਕਦੇ ਸਨ । ਛੇਤੀ ਹੀ ਇਨ੍ਹੀਂ ਦਿਨੀਂ ਜਾਨਕੀ ਪਰਸਾਦ ਨਾਮੀ ਇਕ ਬੈਰਾਗੀ ਯਾਤਰਾ ਕਰਦਾ ਹੋਇਆ ਰਾਜੋੜੀ ਆ ਗਿਆ। ਉਸ ਦੇ ਉਪਦੇਸ਼ਾਂ ਨੇ ਲਛਮਣ ਦੇਵ ਨੂੰ ਕੁਝ ਐਸਾ ਕੀਲਿਆ ਕਿ ਉਹ ਘਰ ਘਾਟ ਛਡ ਕੇ ਬੈਰਾਗੀ ਦਾ ਚੇਲਾ ਬਣ ਗਿਆ ਅਤੇ ਮੰਡਲੀ ਵਿਚ ਰਲ ਕੇ ਉਸ ਦੇ ਨਾਲ ਹੀ ਤੁਰ ਗਿਆ। ਬੈਰਾਗੀਆਂ ਦੀ ਪ੍ਰਥਾ ਅਨੁਸਾਰ ਜਾਨਕੀ ਪਰਸਾਦ ਨੇ ਇਸ ਦਾ ਨਾਉਂ ਬਦਲ ਕੇ ਮਾਧੋ ਦਾਸ ਰਖ ਦਿੱਤਾ ।

ਬੈਰਾਗੀ ਮੰਡਲੀ ਵਿਚ ਇਹ ਅਨੇਕ ਥਾਈਂ ਭੰਵਿਆ । ਸੰਨ 1686 ਈਸਵੀ ਮੁਤਾਬਕ ਸੰਮਤ 1743 ਬਿਕ੍ਰਮੀ ਦੀ ਵਸਾਖੀ ਦੇ ਮੇਲੇ ਤੇ ਇਨ੍ਹਾਂ ਦੀ ਮੰਡਲੀ ਕਸੂਰ ਦੇ ਲਾਗੇ ਬਾਬਾ ਰਾਮ ਥੰਮਣ ਦੇ ਡੇਰੇ ਆ ਪੁੱਜੀ। ਇਥੇ ਹੋਰ ਕਈ ਸਾਧੂ ਮੰਡਲੀਆਂ ਭੀ ਆਈਆਂ ਹੋਈਆਂ ਸਨ । ਇਨ੍ਹਾਂ ਵਿਚ ਹੀ ਇਕ ਰਾਮ ਦਾਸ ਬੈਰਾਗੀ ਭੀ ਸੀ । ਮਾਧੋ ਦਾਸ ਇਥੇ ਰਾਮ ਦਾਸ ਦੀ ਮੰਡਲੀ ਵਿਚ ਰਲ ਗਿਆ। ਕਈ ਵਰ੍ਹੇ ਇਨ੍ਹਾਂ ਦੇ ਨਾਲ ਇਹ ਤੀਰਥਾਂ ਦੀ ਯਾਤਰਾ ਕਰਦਾ ਰਿਹਾ । ਇਕ ਵਾਰੀ ਜਦ ਗੁਦਾਵਰੀ ਦੇ ਕੰਢੇ ਨਾਸਕ ਦੇ ਦਰਸ਼ਨ ਕੀਤੇ ਤਾਂ ਇਹ ਇਥੇ ਹੀ ਟਿਕ ਗਿਆ । ਪੰਚ-ਵਟੀ ਦਾ ਅਸਥਾਨ ਇਕਾਂਤ ਵਾਸੀ ਸਾਧੂਆਂ ਲਈ ਖ਼ਾਸ ਖਿੱਚ ਦਾ ਸੋਮਾ ਸੀ । ਕੇਵਲ ਇਥੇ ਦੀ ਇਕਾਂਤ ਅਤੇ ਸੁਹਾਵਣੇ ਕੁਦਰਤੀ ਨਜਾਰੇ ਹੀ ਲੁਭਾਇਮਾਨ ਨਹੀਂ ਸਨ ਬਲਕਿ ਸ੍ਰੀ ਰਾਮ ਚੰਦਰ ਅਤੇ ਸੀਤਾ ਜੀ ਦਾ ਅਸਥਾਨ ਹੋਣ ਕਰਕੇ ਤਪੱਸਵੀ ਲੋਕਾਂ ਲਈ ਇਕ ਖ਼ਾਸ ਮਹੱਤਾ ਵਾਲਾ ਧਰਮ-ਅਸਥਾਨ ਭੀ ਸੀ।

ਇਥੇ ਹੀ ਮਾਧੋ ਦਾਸ ਦਾ ਮੇਲ ਜੋਗੀ ਔਘੜ ਨਾਥ ਨਾਲ ਹੋਇਆ ਜੋ ਆਪਣੀਆਂ ਰਿਧੀਆਂ ਸਿੱਧੀਆਂ ਅਤੇ ਤਾਂਤਰਿਕ ਵਿੱਦਿਆ ਲਈ ਬੜਾ ਪ੍ਰਸਿੱਧ ਸੀ । ਮਾਧੋ ਦਾਸ ਨੂੰ ਯੋਗ ਵਿੱਦਿਆ ਅਤੇ ਜੰਤਰ ਮੰਤਰ ਸਿੱਖਣ ਦਾ ਇੰਨਾ ਸ਼ੌਕ ਪੈਦਾ ਹੋਇਆ ਕਿ ਇਹ ਔਘੜ ਨਾਥ ਦਾ ਅਨਿੰਨ ਭਗਤ ਅਤੇ ਸਿਰਲੱਥ ਸੇਵਕ ਬਣ ਗਿਆ । ਉਹ ਜਾਣਦਾ ਸੀ ਕਿ ਸੇਵਾ ਨਾਲ ਹੀ ਮੇਵਾ ਮਿਲਦਾ ਹੈ। ਖ਼ਾਸ ਕਰਕੇ ਪ੍ਰਾਚੀਨ ਸਾਧੂਆਂ ਪਾਸੋਂ ਕੁਝ ਗੁਣ ਜਾਂ ਕੋਈ ਗੋਝ-ਵਿੱਦਿਆ ਪ੍ਰਾਪਤ ਕਰਨ ਵਾਸਤੇ ਚੇਲੇ ਲਈ ਗੁਰੂ ਦੀ ਸੇਵਾ ਹੀ ਇਕ ਵਿਸ਼ੇਸ਼ ਸਾਧਨ ਸਮਝਿਆ ਜਾਂਦਾ ਸੀ । ਅੰਤ ਮਾਧੋ ਦਾਸ ਦੀ ਸੇਵਾ ਉੱਤੇ ਔਘੜ ਨਾਥ ਦਾ ਮਨ ਪਸੀਜ ਗਿਆ ਅਤੇ ਉਸ ਨੇ ਯੋਗ ਦੇ ਗੁੱਝੇ ਸਾਧਨ ਅਤੇ ਜਾਦੂ ਦੇ ਭੇਤ ਉਸ ਨੂੰ ਬਖ਼ਸ਼ ਦਿੱਤੇ । ਹੁਣ ਔਘੜ ਨਾਥ ਬਹੁਤ ਬਿਰਧ ਹੋ ਚੁੱਕਾ ਸੀ । ਉਸ ਦੇ ਜੀਵਨ ਦੇ ਅੰਤਲੇ ਦਿਨ ਨੇੜੇ ਸਨ । ਮਾਧੋ ਦਾਸ ਦੀ ਸੇਵਾ ਉੱਤੇ ਉਹ ਬਹੁਤ ਪ੍ਰਸੰਨ ਸੀ । ਇਸ ਲਈ ਅੰਤ ਸਮੇਂ ਉਸ ਨੇ ਯੋਗ-ਵਿੱਦਿਆ ਦਾ ਆਪਣਾ ਇਕ ਬਹੁ-ਮੁੱਲਾ ਗ੍ਰੰਥ ਭੀ ਉਸ ਨੂੰ ਦੇ ਦਿੱਤਾ । ਇਹ ਗੱਲ ਸੰਮਤ 1748 (ਸੰਨ 1691 ਈ.) ਦੀ ਹੈ। ਇਸ ਤੋਂ ਛੇਤੀ ਹੀ ਬਾਅਦ ਜੋਗੀ ਔਘੜ ਨਾਥ ਦਾ ਦੇਹਾਂਤ ਹੋ ਗਿਆ।

ਇਸ ਤਰ੍ਹਾਂ ਨਿਪੁੰਨ ਹੋ ਜਾਣ ਪਰ ਮਾਧੋ ਦਾਸ ਨੇ ਆਪਣਾ ਇਕ ਨਿਜੀ ਮਠ ਥਾਪਣ ਦੀ ਧਾਰ ਲਈ ਅਤੇ ਪੰਚਵਟੀ ਤੋਂ ਚੜ੍ਹਦੀ ਵੱਲ ਗੋਦਾਵਰੀ ਦੇ ਕੰਢੇ ਕੰਢੇ ਤੁਰ ਪਿਆ। ਨਾਂਦੇੜ ਦੇ ਨਜ਼ਦੀਕ ਦੀ ਰਮਣੀਕ ਥਾਂ ਮਾਧੋ ਦਾਸ ਨੂੰ ਭਾ ਗਈ ਅਤੇ ਉਸ ਨੇ ਇਥੇ ਹੀ ਟਿਕ ਜਾਣ ਲਈ ਮਨ ਬਣਾ ਲਿਆ । ਸ਼ਹਿਰੋਂ ਬਾਹਰ ਕੁਝ ਵਿੱਥ ਉੱਤੇ ਦਰਿਆ ਦੇ ਕੰਢੇ ਸੰਘਣੇ ਬਿਰਛਾਂ ਵਿਚ ਇਕ ਉੱਚੀ ਥਾਂ ਉੱਤੇ ਉਸ ਨੇ ਆਪਣੀ ਕੁਟੀਆ ਬਣਾ ਲਈ ਅਤੇ ਇਕਾਂਤ ਵਿਚ ਤਪਸਵੀ ਦਾ ਜੀਵਨ ਬਤੀਤ ਕਰਨ ਲਗ ਪਿਆ। ਹੌਲੀ ਹੌਲੀ ਦੁਖੀਆਂ ਅਤੇ ਲੋੜਵੰਦਾਂ ਦੀ ਆਵਾਜਾਈ ਸ਼ੁਰੂ ਹੋ ਗਈ ਅਤੇ ਮੰਤਰਾਂ ਤੰਤਰਾਂ ਕਰਕੇ ਛੇਤੀ ਹੀ ਸ਼ਹਿਰ ਅਤੇ ਇਰਦ ਗਿਰਦ ਵਿਚ ਉਸ ਦੀ ਪ੍ਰਸਿੱਧੀ ਫੈਲ ਗਈ। ਕੁਝ ਚੇ ਲੇ ਭੀ ਆ ਜਮਾ ਹੋਏ ਅਤੇ ਇਸ ਤਰ੍ਹਾਂ ਮਾਧੋ ਦਾਸ ਦੀ ਕੁਟੀਆ ਇਕ ਚੰਗੇ ਭਲੇ ਮਠ ਦਾ ਰੂਪ ਧਾਰ ਗਈ ਅਤੇ ਉਸ ਦੀ ਪੂਜਾ ਪ੍ਰਤਿਸ਼ਠਾ ਦਿਨੋ ਦਿਨ ਵਧਣ ਲਗ ਪਈ। ਤੁਲਸੀ ਦਾਸ ਦੇ ਕਥਨ ਅਨੁਸਾਰ ‘ਕੋ ਜਨਮਿਓ ਐਸੋ ਜਗ ਮਾਹਿ, ਪ੍ਰਭਤਾ ਪਾਇ ਜਾਸਿ ਮਨਿ ਮਦ ਨਾਹਿ’, ਅਰਥਾਤ ਸ਼ਾਇਦ ਹੀ ਕੋਈ ਵਿਰਲਾ ਵਡਭਾਗੀ ਸੰਸਾਰੀ ਹੋਵੇ ਜਿਸ ਨੂੰ ਪ੍ਰਭਤਾ ਮਿਲ ਜਾਏ ਜਾਂ ਹੁਕਮ ਹਾਸਲ ਹੋ ਜਾਏ ਤਾਂ ਉਸ ਦੇ ਮਨ ਵਿਚ ਕੁਝ ਹਉਮੈ ਅਤੇ ਹੰਕਾਰ ਪੈਦਾ ਨਾ ਹੋਵੇ । ਮਾਧੋ ਦਾਸ ਦੀ ਇਕ ਸਿੱਧ ਯੋਗੀ ਦੇ ਤੌਰ ਤੇ ਥਾਂ ਥਾਂ ਉਸਤਤ ਹੋ ਰਹੀ ਸੀ, ਸੇਵਾ ਲਈ ਆਲੇ ਦੁਆਲੇ ਚੇਲੇ ਚਾਟੇ ਭੀ ਬਹੁਤ ਸਨ, ਦਰਸ਼ਨ ਅਭਿਲਾਖੀ ਸ਼ਰਧਾਲੂ ਅਨਗਿਣਤ ਆਉਂਦੇ, ਮੱਥਾ ਟੇਕਦੇ ਅਤੇ ਭੇਟਾ ਚੜ੍ਹਾਉਂਦੇ ਸਨ। ਇਸ ਨਾਲ ਉਸ ਦੀ ਹਉਮੈ ਨੂੰ ਪੱਠੇ ਪੈਂਦੇ ਸਨ । ਉਹ ਵਧਣ ਫੁਲਣ ਲਗ ਪਈ । ਬਾਹਰੋਂ ਸਾਧੂ ਦਾ ਭੇਖ ਜ਼ਰੂਰ ਸੀ, ਪਰ ਮਨ ਸਾਧੂ ਨਹੀਂ ਸੀ ਹੋਇਆ। ਉਸ ਵਿਚ ਨਿਮਰਤਾ ਨਹੀਂ ਸੀ ਆਈ। ਹੰਕਾਰ ਦੇ ਨਾਲ ਹੀ ਕੁਝ ਚੰਚਲਤਾ ਭੀ ਵਧ ਗਈ ਸੀ । ਨਿਰਮਾਣਤਾ ਨਾਲ ਅਤਿਥੀ-ਸੇਵਾ ਦੀ ਥਾਂ ਅਭਿਆਗਤ ਸਾਧੂਆਂ ਦੀ ਹੇਠੀ ਕਰਨਾ ਉਸ ਦਾ ਇਕ ਸ਼ੁਗਲ ਹੋ ਗਿਆ ਸੀ ਅਤੇ ਕਈ ਵਾਰੀ ਉਨ੍ਹਾਂ ਦੀ ਖਿੱਲੀ ਉਡਾਉਣ ਤੋਂ ਭੀ ਉਹ ਸੰਕੋਚ ਨਹੀਂ ਸੀ ਕਰਦਾ। ਉਸ ਵਿਚ ਸ਼ਕਤੀ ਅਤੇ ਹਿੰਮਤ ਮੌਜੂਦ ਸਨ, ਪਰ ਉਹ ਕੁਰਾਹੇ ਪਏ ਹੋਏ ਸਨ । ਕੱਚੀ ਧਾਤ ਦੀ ਉਹ ਇਕ ਅਥਾਹ ਖਾਣ ਸੀ, ਜੋ ਇਕ ਐਸੇ ਰਸਾਇਣੀ ਦੀ ਉਡੀਕ ਵਿਚ ਸੀ ਜੋ ਉਸ ਨੂੰ ਭੱਠੀ ਵਿਚ ਗਾਲ ਕੇ ਜਾਂ ਕੀਮੀਆਈ ਦੁਆਈਆਂ ਦੀ ਘੋਲ ਨਾਲ ਸੋਨੇ ਨੂੰ ਮੈਲ ਤੋਂ ਵੱਖ ਕਰ ਦੇਵੇ ਅਤੇ ਉਸ ਨੂੰ ਧੋ ਮਾਂਜ ਕੇ ਚਮਕਾ ਦੇਵੇ । ਇਸੇ ਉਡੀਕ ਵਿਚ ਉਸ ਦੇ ਸੋਲ੍ਹਾਂ ਵਰ੍ਹੇ ਨਾਂਦੇੜ ਵਿਚ ਗੁਜ਼ਰ ਗਏ। ਅੰਤ ਸੰਮਤ 1765 ਬਿਕਰਮੀ (ਸੰਨ 1708 ਈ.) ਦੀ ਪਤਝੜ ਦੀ ਰੁੱਤੇ ਇਕ ਸ਼ਸਤਰ-ਧਾਰੀ ਘੋੜ-ਚੜ੍ਹੇ ਸੰਤ-ਸਿਪਾਹੀ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਉਥੇ ਆ ਪੁੱਜੇ ਜਿਨ੍ਹਾਂ ਨੇ ਇਸ ਬੈਰਾਗੀ ਸਾਧੂ ਦੀਆਂ ਕੁਰਾਹੇ ਅਤੇ ਵਿਅਰਥ ਜਾ ਰਹੀਆਂ ਮਾਨਸਕ ਅਤੇ ਸਰੀਰਕ ਸ਼ਕਤੀਆਂ ਦਾ ਰੁਖ ਮੋੜ ਕੇ ਪੰਥ ਖਾਲਸਾ ਰਾਹੀਂ ਉਨ੍ਹਾਂ ਨੂੰ ਜ਼ਮਾਨੇ ਦੀ ਸਤਾਈ ਹੋਈ ਦੁਖੀ ਜਨਤਾ ਦੀ ਸੇਵਾ ਵੱਲ ਲਾ ਦਿੱਤਾ ।

ਬਾਬਾ ਬੰਦਾ ਸਿੰਘ ਬਹਾਦੁਰ | Baba Banda Singh Bahadur |

ਗੁਰੂ ਦੇ ਚਰਨਾਂ ਵਿਚ

ਜਿਨ੍ਹੀਂ ਦਿਨੀਂ ਮਾਧੋ ਦਾਸ ਬੈਰਾਗੀ ਯੋਗ ਅਤੇ ਤੰਤਰਾਂ ਮੰਤਰਾਂ ਵਿਚ ਰੁੱਝਾ ਹੋਇਆ ਦੱਖਣ ਵਿਚ ਸਾਧੂ ਦਾ ਜੀਵਨ ਬਤੀਤ ਕਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਪੰਜਾਬ ਵਿਚ ਧਾਰਮਕ ਪੱਖ-ਪਾਤ ਅਤੇ ਰਾਜਸੀ ਜ਼ੋਰ ਜਬਰ ਦੇ ਵਿਰੁੱਧ ਧਰਮ-ਯੁੱਧ ਕਰ ਰਹੇ ਸਨ । ਦੇਸ਼ ਨੂੰ ਇਕ ਮੁਢੋਂ ਮੁਸਲਮਾਨ ਬਣਾ ਦੇਣ ਦੀ ਔਰੰਗਜ਼ੇਬ ਦੀ ਨੀਤੀ ਸਫ਼ਲ ਨਹੀਂ ਸੀ ਹੋ ਸਕੀ। ਹਿੰਦੂ ਜਨਤਾ ਦੀ ਰਾਖੀ ਲਈ ਦੱਖਣ ਵਿਚ ਮਰਾਠੇ ਅਤੇ ਪੰਜਾਬ ਵਿਚ ਸਿੱਖ ਉੱਠ ਖੜੋਤੇ ਸਨ । ਜ਼ਿੰਦਗੀ ਦੇ ਅੰਤਲੇ ਦਿਨਾਂ ਵਿਚ ਬਾਦਸ਼ਾਹ ਨੂੰ ਜਾਂ ਤਾਂ ਆਪਣੀ ਸਖਤੀ ਦੀ ਨੀਤੀ ਦੇ ਭੈੜੇ ਨਤੀਜਿਆਂ ਦਾ ਕੁਝ ਝਲਕਾਰਾ ਪੈਣ ਲਗ ਪਿਆ ਸੀ ਜਾਂ ਉਂਜ ਹੀ ਉਮਰ ਨਾਲ ਹਠ ਮੱਠਾ ਪੈ ਗਿਆ ਸੀ । ਕਾਰਣ ਕੁਝ ਭੀ ਹੋਵੇ, ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਨੂੰ ਸਮਾਈ ਦੀ ਇਕ ਚਿੱਠੀ ਲਿਖੀ ਅਤੇ ਉਨ੍ਹਾਂ ਨੂੰ ਗੱਲਬਾਤ ਲਈ ਦੱਖਣ ਆਉਣ ਦਾ ਸੱਦਾ ਦਿੱਤਾ । ਗੁਰੂ ਜੀ ਨੇ ਉਸ ਦੇ ਉੱਤਰ ਵਿਚ ਆਪਣਾ ਜਗਤ-ਪ੍ਰਸਿੱਧ ਪੱਤਰ ‘ਜ਼ਫਰਨਾਮਾ’ ਲਿਖ ਭੇਜਿਆ ਜਿਸ ਵਿਚ ਉਨ੍ਹਾਂ ਨੇ ਬਾਦਸ਼ਾਹ ਦਾ ਧਿਆਨ ਦੇਸ਼ ਦੀ ਪਰਜਾ ਨਾਲ ਚੰਗਾ ਵਰਤਾਓ ਨਾ ਹੋਣ ਵੱਲ ਦਿਵਾਇਆ ਅਤੇ ਕਿਹਾ ਕਿ ਮੈਂ ਤਾਂ ਹੋਰ ਕੋਈ ਰਾਹ ਹੀ ਨਾ ਰਹਿ ਜਾਣ ਕਰਕੇ ਅੰਤ ਆ ਕੇ ਤਲਵਾਰ ਚੁੱਕੀ ਹੈ ਅਤੇ ਜੇ ਬਾਦਸ਼ਾਹ ਕਾਂਗੜ ਦੇ ਪਰਗਣੇ ਵਿਚ ਦਰਸ਼ਨ ਦੇਵੇ ਤਾਂ ਮੈਂ ਹੁਣ ਭੀ ਗੱਲ-ਬਾਤ ਲਈ ਹਾਜਰ ਹੋ ਜਾਵਾਂਗਾ। ਪਰ ਬਾਦਸ਼ਾਹ ਇਸ ਵੇਲੇ ਬਹੁਤ ਬੁੱਢਾ ਅਤੇ ਕਮਜ਼ੋਰ ਹੋ ਚੁੱਕਾ ਹੋਇਆ ਸੀ ਅਤੇ ਉਸ ਦੀ ਸਿਹਤ ਦਿਨੋ ਦਿਨ ਡਿਗਦੀ ਜਾ ਰਹੀ ਸੀ । ਨਾਲੇ ਚੂੰਕਿ ਗੁਰੂ ਸਾਹਿਬ ਜੀ ਦੀ ਚਿੱਠੀ ਲਿਜਾਣ ਵਾਲਾ ਭਾਈ ਦਇਆ ਸਿੰਘ ਆਪਣੇ ਸਮੇਂ ਸਿਰ ਬਾਦਸ਼ਾਹ ਵੱਲੋਂ ਮੁੜ ਵਾਪਿਸ ਨਹੀਂ ਸੀ ਆਇਆ ਅਤੇ ਪਤਾ ਨਹੀਂ ਸੀ ਲਗਾ ਕਿ ਉਹ ਬਾਦਸ਼ਾਹ ਨੂੰ ਮਿਲ ਕੇ ਚਿੱਠੀ ਪਹੁੰਚਾ ਭੀ ਸਕਿਆ ਹੈ ਕਿ ਨਹੀਂ, ਇਸ ਲਈ ਗੁਰੂ ਸਾਹਿਬ ਨੇ ਗੱਲ-ਬਾਤ ਕਰਨ ਲਈ ਆਪ ਹੀ ਦੱਖਣ ਜਾਣ ਦਾ ਇਰਾਦਾ ਕਰ ਲਿਆ।

ਗੁਰੂ ਗੋਬਿੰਦ ਸਿੰਘ ਜੀ ਅਜੇ ਰਾਜਪੂਤਾਨੇ ਵਿਚ ਬਘੋਰ ਦੇ ਲਾਗੇ ਹੀ ਸਨ ਕਿ ਉਨ੍ਹਾਂ ਨੂੰ ਬਾਦਸ਼ਾਹ ਦੀ 20 ਫਰਵਰੀ, 1707 ਈ. ਨੂੰ ਹੋ ਗਈ ਮੌਤ ਦੀ ਖ਼ਬਰ ਲਗ ਗਈ । ਅੱਗੇ ਜਾਣ ਦਾ ਹੁਣ ਕੋਈ ਪਰਯੋਜਨ ਨਹੀਂ ਸੀ ਰਿਹਾ। ਇਸ ਲਈ ਉਹ ਉਥੋਂ ਹੀ ਉੱਤਰ ਨੂੰ ਮੁੜ ਪਏ । ਆਪ ਦਿੱਲੀ ਦੇ ਨਜ਼ਦੀਕ ਪੁੱਜੇ ਸਨ ਕਿ ਬਾਦਸ਼ਾਹ ਔਰੰਗਜ਼ੇਬ ਦੇ ਵੱਡੇ ਪੁੱਤਰ ਸ਼ਾਹਜ਼ਾਦਾ ਮੁਹੰਮਦ ਮੁਅੱਜ਼ਮ ਨੇ ਸਹਾਇਤਾ ਲਈ ਬੇਨਤੀ ਕੀਤੀ। ਪਿਓ ਦੀ ਮੌਤ ਵੇਲੇ ਸ਼ਾਹਜਾਦਾ ਉੱਤਰ-ਲਹਿੰਦੀ ਸਰਹੱਦ ਉੱਤੇ ਸੀ । ਇਸ ਦਾ ਛੋਟਾ ਭਾਈ ਸ਼ਹਿਜਾਦਾ ਮੁਹੰਮਦ ਆਜ਼ਮ ਲਾਗੇ ਹੋਣ ਕਰਕੇ ਵੱਡੇ ਭਰਾ ਦੇ ਹੱਕ ਦੀ ਪਰਵਾਹ ਨਾ ਕਰਦਾ ਹੋਇਆ ਤਖ਼ਤ ਉੱਤੇ ਬੈਠ ਗਿਆ ਅਤੇ ਬਾਦਸ਼ਾਹ ਬਣ ਗਿਆ ਸੀ । ਬਾਦਸ਼ਾਹ ਔਰੰਗਜੇਬ ਖੁਦ ਅਤੇ ਉਸ ਦੇ ਬਾਪ ਦਾਦਾ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਬਜ਼ੁਰਗਾਂ ਅਤੇ ਧਰਮ ਦੇ ਕੱਟੜ ਵਿਰੋਧੀ ਅਤੇ ਜਾਨ ਦੇ ਵੈਰੀ ਰਹੇ ਸਨ । ਗੁਰੂ ਅਰਜਨ ਅਤੇ ਗੁਰੂ ਤੇਗ਼ ਬਹਾਦਰ ਦੀ ਸ਼ਹੀਦੀ ਉਨ੍ਹਾਂ ਦੇ ਜ਼ੁਲਮ ਦਾ ਹੀ ਨਤੀਜਾ ਸੀ । ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪੁਰਾਣੇ ਸਾਰੇ ਵੈਰ ਭੁਲਾ ਦਿੱਤੇ । ਪਿਓ ਦਾਦੇ ਦੇ ਜ਼ੁਲਮਾਂ ਦਾ ਬਦਲਾ ਉਹ ਉਨ੍ਹਾਂ ਦੇ ਮੁਸੀਬਤ ਫਾਥੇ ਸ਼ਹਿਜ਼ਾਦੇ ਤੋਂ ਨਹੀਂ ਸਨ ਲੈਣਾ ਚਾਹੁੰਦੇ । ਉਹ ਇਨਸਾਫ਼ ਦੇ ਨਾਉਂ ਤੇ ਸ਼ਾਹਜ਼ਾਦਾ ਮੁਹੰਮਦ ਮੁਅੱਜ਼ਮ ਦੀ ਸਹਾਇਤਾ ਲਈ ਤਿਆਰ ਹੋ ਗਏ ਅਤੇ ਦੋ ਤਿੰਨ ਸੋ ਘੋੜ-ਚੜ੍ਹੇ ਆਗਰੇ ਅਤੇ ਧੌਲਪੁਰ ਦੇ ਵਿਚਕਾਰ ਜਾਜੋ ਕੋਲ 8 ਜੂਨ, 1707 ਨੂੰ ਹੋਈ ਲੜਾਈ ਵਿਚ ਭੇਜ ਦਿੱਤੇ । ਇਸ ਲੜਾਈ ਵਿਚ ਮੁਅੱਜ਼ਮ ਦੀ ਫ਼ਤਿਹ ਹੋ ਗਈ ਅਤੇ ਉਹ ਸ਼ਾਹ-ਆਲਮ ਬਹਾਦਰ ਸ਼ਾਹ ਦੇ ਨਾਉਂ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ।

ਨਵੇਂ ਬਾਦਸ਼ਾਹ ਬਹਾਦੁਰ ਸ਼ਾਹ ਨੇ ਆਪਣੇ ਵਜ਼ੀਰ-ਖ਼ਾਨਿ-ਖ਼ਾਨਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ । 23 ਜੁਲਾਈ ਨੂੰ ਮੁਲਾਕਾਤ ਹੋਈ । ਸ਼ਾਹੀ ਦਸਤੂਰ ਅਨੁਸਾਰ ਕਿਸੇ ਨੂੰ ਹਥਿਆਰ ਬੰਨ੍ਹ ਕੇ ਬਾਦਸ਼ਾਹ ਦੇ ਹਜ਼ੂਰ ਜਾਣ ਦੀ ਆਗਿਆ ਨਹੀਂ ਸੀ ਹੁੰਦੀ, ਪਰ ਬਹਾਦੁਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਖੁਲ੍ਹ ਦੇ ਦਿੱਤੀ ਅਤੇ ਭੇਟ ਵਜੋਂ ਸੱਠ ਹਜ਼ਾਰ ਦੀ ਜੜਾਊ ਧੁਖਧੁਖੀ, ਕਲਗ਼ੀ ਅਤੇ ਸਿਰੋਪਾਓ ਦਿੱਤੇ । ਆਮ ਰਿਵਾਜ ਅਨੁਸਾਰ ਸਿਰੋਪਾਓ ਦਰਬਾਰ ਵਿਚ ਹੀ ਪਹਿਨਣਾ ਹੁੰਦਾ ਸੀ ਅਤੇ ਕੇਵਲ ਹਕੂਮਤ ਦੇ ਧਾਰਮਕ ਆਗੂ ਸ਼ੈਖ਼ੁਲ-ਹਿੰਦ ਨੂੰ ਹੀ ਆਗਿਆ ਸੀ ਕਿ ਉਹ ਬਾਦਸ਼ਾਹੀ ਖ਼ਿਲਅਤ ਨਫ਼ਰ ਕੋਲੋਂ ਚੁਕਵਾ ਕੇ ਲੈ ਜਾਏ । ਬਹਾਦੁਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੀ ਇਕ ਧਾਰਮਕ ਆਗੂ ਦੇ ਤੌਰ ਤੇ ਬੜੇ ਸਤਿਕਾਰ ਨਾਲ ਵਿਦਾ ਕੀਤਾ। ਗੁਰੂ ਸਾਹਿਬ ਨੇ ਦਰਬਾਰ ਵਿਚ ਬਾਦਸ਼ਾਹ ਦੇ ਪਾਸ ਹੀ ਇਕ ਸਿੰਘ ਨੂੰ ਅੰਦਰ ਬੁਲਾ ਲਿਆ ਅਤੇ ਸਿਰੋਪਾਓ ਉਠਾ ਲੈ ਜਾਣ ਦੀ ਆਗਿਆ ਕੀਤੀ।

ਗੁਰੂ ਗੋਬਿੰਦ ਸਿੰਘ ਜੀ ਦੇ ਧਉਲ ਦੀ ਸੰਗਤ ਦੇ ਨਾਉਂ ਪਹਿਲੀ ਕੱਤਕ ਸੰਮਤ 1764 (2 ਅਕਤੂਬਰ, ਸੰਨ 1707) ਦੇ ਹੁਕਮਨਾਮੇ ਤੋਂ ਪਤਾ ਲਗਦਾ ਹੈ ਕਿ ਬਾਦਸ਼ਾਹ ਨਾਲ ਹੋ ਰਹੀ ਗੱਲ-ਬਾਤ ਦੇ ਸਿਰੇ ਚੜ੍ਹ ਜਾਣ ਦੀ ਆਸ ਬੱਝ ਰਹੀ ਸੀ ਅਤੇ ਗੁਰੂ ਸਾਹਿਬ ਦਾ ਵਿਚਾਰ ਸੀ ਕਿ ਉਹ ਛੇਤੀ ਹੀ ਦੇਸ਼ ਨੂੰ ਮੁੜ ਪੈਣਗੇ । ਕੁਝ ਇੰਜ ਜਾਪਦਾ ਹੈ ਕਿ ਉਨ੍ਹਾਂ ਨੂੰ ਕਹਿਲੂਰ ਦੇ ਇਲਾਕੇ ਵਿਚ, ਜਿਸ ਵਿਚ ਕਿ ਅਨੰਦਪੁਰ ਦੀ ਨਗਰੀ ਸੀ, ਪਹੁੰਚਣ ਪਰ ਹਥਿਆਰ-ਬੰਦ ਖ਼ਾਲਸੇ ਦੀ ਲੋੜ ਪੈ ਜਾਣ ਦਾ ਖ਼ਿਆਲ ਸੀ, ਇਸੇ ਲਈ ਇਸ ਹੁਕਮਨਾਮੇ ਵਿਚ ਲਿਖਿਆ ਸੀ ਕਿ “ਅਸੀਂ ਭੀ ਥੋੜ੍ਹੇ ਹੀ ਦਿਨਾਂ ਨੋ ਆਵਤੇ ਹਾਂ, ਸ੍ਰਬਤ ਖਾਲਸੇ ਕੋ ਮੇਰਾ ਹੁਕਮ ਹੈ ਆਪਸ ਮੇਂ ਮੇਲ ਕਰਣਾ ਜਦਿ ਅਸੀਂ ਕਹਲੂਰ

ਆਵਂਤੇ ਤਦਿ ਸ੍ਰਬਤ ਖਾਲਸੇ ਹਥਿਆਰ ਬਨਿ ਕੇ ਹਜ਼ੂਰ ਆਵਣਾ ਜੋ ਆਵੈਗਾ ਸੋ ਨਿਹਾਲ ਹੋਵੈਗਾ।” ਪਰ ਗੁਰੂ ਸਾਹਿਬ ਦੀ ਬਾਦਸ਼ਾਹ ਨਾਲ ਗੱਲ-ਬਾਤ ਹਾਲੇ ਪੂਰੀ ਤਰ੍ਹਾਂ ਸਿਰੇ ਨਹੀਂ ਸੀ ਚੜ੍ਹੀ ਕਿ ਬਾਦਸ਼ਾਹ ਨੂੰ ਪਹਿਲਾਂ ਰਾਜਪੂਤਾਨੇ ਵੱਲ ਅਤੇ ਉੱਥੋਂ ਦੱਖਣ ਵੱਲ ਜਾਣਾ ਪੈ ਗਿਆ । ਦੱਖਣ ਵਿਚ ਉਸ ਦੇ ਛੋਟੇ ਭਰਾ ਕਾਮ ਬਖ਼ਸ਼ ਨੇ ਬਗ਼ਾਵਤ ਦਾ ਝੰਡਾ ਖੜਾ ਕਰ ਦਿੱਤਾ ਸੀ । ਗੱਲ-ਬਾਤ ਨੂੰ ਕਿਸੇ ਨਤੀਜੇ ਸਿਰ ਪਹੁੰਚਾਣ ਲਈ ਗੁਰੂ ਸਾਹਿਬ ਭੀ ਉਸ ਦੇ ਨਾਲ ਹੀ ਦੱਖਣ ਵੱਲ ਨੂੰ ਤੁਰ ਪਏ ਤਾਂ ਕਿ ਜਿੱਥੇ ਭੀ ਮੌਕਾ ਲਗ ਸਕੇ ਗੱਲ ਹੁੰਦੀ ਜਾਏ। ਇਸ ਲੰਬੇ ਸਫ਼ਰ ਵਿਚ ਦਸ ਮਹੀਨੇ ਲਗ ਗਏ । ਭਰਾ ਦੀ ਬਗ਼ਾਵਤ ਦੇ ਕਾਰਣ ਬਾਦਸ਼ਾਹ ਨੂੰ ਆਪਣੀ ਹਕੂਮਤ ਪੱਕਿਆਂ ਪੈਰਾਂ ਤੇ ਚੰਗੀ ਤਰ੍ਹਾਂ ਜੰਮ ਗਈ

ਨਹੀਂ ਸੀ ਦਿਸਦੀ। ਇਸ ਲਈ ਉਸ ਵਾਸਤੇ ਬੜੀ ਮੁਸ਼ਕਲ ਸੀ ਕਿ ਉਹ ਗੁਰੂ ਸਾਹਿਬ ਦੀ ਕੋਈ ਐਸੀ ਗੱਲ ਪਰਵਾਣ ਕਰ ਲਏ ਜਿਸ ਨਾਲ ਉੱਤਰ-ਲਹਿੰਦੇ ਵੱਲ ਪੰਜਾਬ ਵਿਚ ਭੀ ਉਸ ਦਾ ਕੋਈ ਹਾਕਮ ਆਕੀ ਹੋ ਖੜੋਵੇ ਅਤੇ ਰੌਲਾ ਪੈ ਜਾਏ । ਉਧਰ ਗੁਰੂ ਸਾਹਿਬ ਲਈ ਭੀ ਬਾਦਸ਼ਾਹੀ ਕੈਂਪ ਦੇ ਨਾਲ ਨਾਲ ਅਨੰਤ ਸਮੇਂ ਲਈ ਤੁਰੀ ਜਾਣਾ ਮੁਸ਼ਕਲ ਸੀ। ਇਸ ਲਈ ਨਾਂਦੇੜ ਦੇ ਮੁਕਾਮ ਤੇ ਗੱਲ-ਬਾਤ ਟੁੱਟ ਗਈ ਅਤੇ ਹੁਣ ਤਕ ਕੀਤੇ ਜਾ ਰਹੇ ਸਾਰੇ ਜਤਨ ਨਿਸਫਲ ਹੋ ਗਏ । ਹੁਣ ਮੁੜ ਤਲਵਾਰ ਦੇ ਮੁੱਠੇ ਤੇ ਹੱਥ ਰੱਖਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਰਹਿ ਗਿਆ । ਜਦ ਬਾਦਸ਼ਾਹ ਨੇ ਗੋਦਾਵਰੀ ਪਾਰ ਕਰਕੇ ਹੈਦਰਾਬਾਦ ਵੱਲ ਨੂੰ ਵਧਣ ਦੀ ਤਿਆਰੀ ਕਰ ਲਈ ਤਾਂ ਗੁਰੂ ਸਾਹਿਬ ਨੇ ਕੁਝ ਚਿਰ ਲਈ ਨਾਂਦੇੜ ਹੀ ਡੇਰਾ ਲਾ ਦਿੱਤਾ। ਇਹ ਗੱਲ ਸਤੰਬਰ 1708 ਈਸਵੀ ਦੇ ਆਖ਼ਰੀ ਹਫ਼ਤੇ ਦੀ ਹੈ। ਇਥੇ ਹੀ ਆਪ ਦਾ ਬੈਰਾਗੀ ਮਾਧੋ ਦਾਸ ਨਾਲ ਮੇਲ ਹੋਇਆ ।

ਦੱਖਣ ਦੇ ਸਫ਼ਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਰਾਇਣਾ ਨਗਰ ਰਿਆਸਤ ਜੈਪੁਰ ਵਿਚ ਦਾਦੂ-ਪੰਥੀ ਮਹੰਤ ਜੈਤ ਰਾਮ ਪਾਸੋਂ ਨਾਂਦੇੜ ਵਿਚ ਟਿਕੇ ਹੋਏ ਬੈਰਾਗੀ ਮਾਧੋ ਦਾਸ ਦਾ ਪਤਾ ਲਗ ਗਿਆ ਸੀ, ਜੋ ਜੰਤਰਾਂ-ਮੰਤਰਾਂ ਨਾਲ ਅਭਿਆਗਤ ਸਾਧੂਆਂ ਅਤੇ ਅਤਿਥੀਆਂ ਦੀ ਹੇਠੀ ਕਰ ਕੇ ਖ਼ੁਸ਼ ਹੁੰਦਾ ਸੀ। ਖ਼ੁਦ ਮਹੰਤ ਜੈਤ ਰਾਮ ਨਾਲ ਭੀ ਉਸ ਨੇ ਕੋਝਾ ਵਰਤਾਓ ਕੀਤਾ ਸੀ । ਇਸ ਲਈ ਮਹੰਤ ਜੈਤ ਰਾਮ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਨਾਂਦੇੜ ਪੁੱਜਣ ਪਰ ਮਾਧੋ ਦਾਸ ਦੇ ਡੇਰੇ ਨਾ ਜਾਣ । ਪਰ ਗੁਰੂ ਗੋਬਿੰਦ ਜੀ ਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ । ਉਹ ਸਨ ਗੁਰੂ ਨਾਨਕ ਦੀ ਗੱਦੀ ਉੱਤੇ, ਜੋ ਭੁੱਲਿਆਂ, ਕੁਰਾਹੀਆਂ ਅਤੇ ਠੱਗਾਂ ਨੂੰ ਸਿੱਧੇ ਰਾਹੇ ਪਾਉਣ ਲਈ ਬਲ ਪਾ ਕੇ ਭੀ ਉਚੇਚਾ ਪੁੱਜਦੇ ਸਨ । ਗੁਰੂ ਗੋਬਿੰਦ ਸਿੰਘ ਜੀ ਭੀ ਇਕ ਸਵੇਰੇ ਮਾਧੋ ਦਾਸ ਦੇ ਅਸਥਾਨ ਤੇ ਜਾ ਪੁੱਜੇ । ਉਸ ਵੇਲੇ ਮਾਧੋ ਦਾਸ ਮਠ ਵਿਚ ਨਹੀਂ ਸੀ । ਗੁਰੂ ਸਾਹਿਬ ਉਸ ਦੀ ਉਡੀਕ ਵਿਚ ਉਸ ਦੇ ਪਲੰਘ ਪਰ ਜਾ ਬਿਰਾਜੇ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਆਪਣੇ ਲੰਗਰ ਲਈ ਮਾਸ ਦੀਆਂ ਦੇਸ਼ਾਂ ਚੁਲ੍ਹਿਆਂ ਉੱਤੇ ਚੜ੍ਹਾ ਦਿੱਤੀਆਂ । ਵੈਸ਼ਨੋ ਬੈਰਾਗੀ ਦੇ ਚੇਲਿਆਂ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ। ਉਹ ਉਸ ਅਨੋਖੇ ਪਰਾਹੁਣੇ ਦੀ ਸ਼ਿਕਾਇਤ ਕਰਨ ਲਈ ਮਾਧੋ ਦਾਸ ਪਾਸ ਭੱਜੇ ਗਏ । ਮਾਧੋ ਦਾਸ ਨੂੰ ਆਪਣੀਆਂ ਸਿੱਧੀਆਂ ਉੱਤੇ ਬੜਾ ਮਾਣ ਸੀ । ਉਹ ਹਰ ਕਿਸੇ ਨੂੰ ਨੀਚ ਸਮਝਦਾ ਸੀ। ਉਸ ਨੇ ਬੜੇ ਬੜੇ ਸਾਧੂਆਂ ਨੂੰ ਠਿੱਠ ਕੀਤਾ ਹੋਇਆ ਸੀ । ਇਸ ਲਈ ਚੇਲਿਆਂ ਦੀਆਂ ਗੱਲਾਂ ਸੁਣ ਕੇ ਉਸ ਨੂੰ ਗੁੱਸਾ ਚੜ੍ਹ ਗਿਆ ਅਤੇ ਲਾਲ ਪੀਲਾ ਹੋਇਆ ਹੋਇਆ ਆਪਣੇ ਡੇਰੇ ਵੱਲ ਆਇਆ। ਉਹ ਉਸ ਮਠ ਦਾ ਮਾਲਕ ਸੀ ਅਤੇ ਇਲਾਕੇ ਵਿਚ ਉਸ ਦੀ ਬੜੀ ਮਾਨਤਾ ਸੀ । ਉਸ ਨੇ ਆਪਣੇ ਪਲੰਘ ਉੱਤੇ ਕਿਸੇ ਹੋਰ ਦੇ ਬੈਠ ਜਾਣ ਨਾਲ ਆਪਣੀ ਨਿਰਾਦਰੀ ਹੋ ਗਈ ਸਮਝੀ ਅਤੇ ਆਪਣੇ ਡੇਰੇ ਵਿਚ ਮਾਸ ਦੀਆਂ ਦੇਗਾਂ ਚੜ੍ਹ ਜਾਣ ਨਾਲ ਧਰਮ ਭੰਗ । ਆਪਣੀ ਪੁਰਾਣੀ ਆਦਤ ਅਨੁਸਾਰ ਉਸ ਨੇ ਯੋਗ ਬਲ ਅਤੇ ਵੱਸ ਕੀਤੇ ਹੋਏ ਅਦਿੱਖ ਬੀਰਾਂ ਦੀ ਸਹਾਇਤਾ ਨਾਲ ਪਲੰਘ ਨੂੰ ਉਲਟਾ ਦੇਣ ਦਾ ਜਤਨ ਕੀਤਾ । ਪਰ ਕੋਈ ਪੇਸ਼ ਨਾ ਗਈ, ਸਾਰੇ ਜੰਤਰ ਮੰਤਰ ਨਿਸਫ਼ਲ ਹੋ ਗਏ ਅਤੇ ਮਾਧੋ ਦਾਸ ਘਬਰਾ ਉੱਠਿਆ । ਇਸ ਪ੍ਰਕਾਰ ਦੇ ਨਾਟਕ ਚੇਟਕ ਕਮਜ਼ੋਰ ਮਨਾਂ ਉੱਤੇ ਤਾਂ ਭਾਵੇਂ ਕੁਝ ਅਸਰ ਪਾ ਜਾਣ ਪਰ ਇਨ੍ਹਾਂ ਦੀ ਡਾਢਿਆਂ ਨਾਲ ਕੋਈ ਵਾਹ ਨਹੀਂ ਚਲਦੀ । ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਆਤਮਾ ਸਨ, ਜਿਨ੍ਹਾਂ ਦੇ ਤੇਜ ਦੇ ਸਾਹਮਣੇ ਹੰਕਾਰੀ ਸਾਧੂ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਅਜ ਤਕ ਉਸ ਦੇ ਸਾਹਮਣੇ ਕੋਈ ਨਹੀਂ ਸੀ ਅੜਿਆ, ਪਰ ਇੱਥੇ ਹੁਣ ਉਹ ਆਪ ਝੜ ਗਿਆ। ਆਇਆ ਸੀ ਉਹ ਬੜੇ ਰੋਹ ਤੇ ਹੰਕਾਰ ਨਾਲ, ਘਰ ਆਏ ਪਰਾਹੁਣੇ ਉੱਤੇ ਆਪਣਾ ਦਬਦਬਾ ਜਮਾਉਣ, ਪਰ ਦਰਸ਼ਨ ਕਰਦਿਆਂ ਹੀ ਮੋਹਿਆ ਗਿਆ । ਹੰਕਾਰ ਨਾਲ ਭਰਿਆ ਹੋਇਆ ਉਸ ਦਾ ਸਿਰ ਨਿੰਮਰਤਾ ਨਾਲ ਝੁਕ ਗਿਆ ਅਤੇ ਅੱਗੇ ਵੱਧ ਕੇ ਉਸ ਨੇ ਸਤਿਗੁਰੂ ਜੀ ਦੀ ਹਜੂਰੀ ਵਿਚ ਸਤਿਕਾਰ ਨਾਲ ਬੇਨਤੀ ਕੀਤੀ :

ਮਾਧੋ ਦਾਸ : (ਮਹਾਰਾਜ) ਆਪ ਕੋਣ ਹੋ?

ਗੁਰੂ ਸਾਹਿਬ : ਉਹ ਜਿਸ ਨੂੰ ਤੂੰ ਜਾਣਦਾ ਹੈਂ ।

ਮਾਧੋ ਦਾਸ : ਮੈਂ ਕੀ ਜਾਣਦਾ ਹਾਂ?

ਗੁਰੂ ਸਾਹਿਬ ਆਪਣੇ ਮਨ ਵਿਚ ਚੰਗੀ ਤਰ੍ਹਾਂ ਸੋਚ।

ਮਾਧੋ ਦਾਸ : (ਸੋਚ ਕੇ) ਆਪ ਗੁਰੂ ਗੋਬਿੰਦ ਸਿੰਘ ਹੋ।

ਗੁਰੂ ਸਾਹਿਬ : ਹਾਂ।

ਮਾਧੋ ਦਾਸ : ਆਪ ਇੱਥੇ ਕਿਸ ਤਰ੍ਹਾਂ ਪਧਾਰੇ ਹੋ?

ਗੁਰੂ ਸਾਹਿਬ : ਮੈਂ ਏਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੰਘ ਸਜਾਵਾਂ ।

ਮਾਧੋ ਦਾਸ : ਮੈਂ ਹਾਜਰ ਹਾਂ, ਹਜੂਰ ! ਮੈਂ ਆਪ ਦਾ ਬੰਦਾ (ਗੁਲਾਮ) ਹਾਂ ।

ਇਹ ਵਾਰਤਾਲਾਪ ਅਹਿਮਦਸ਼ਾਹ ਬਟਾਲੀਏ ਦੀ ਫ਼ਾਰਸੀ ਕਿਤਾਬ ‘ਇਬਤਿਦਾਇ ਸਿੰਘਾਂ ਵਾ ਮਜ਼ਹਬਿ ਏਸ਼ਾਂ’ ਵਿਚ ਦਿੱਤਾ ਹੋਇਆ ਹੈ।

ਗੁਰੂ ਗੋਬਿੰਦ ਸਿੰਘ ਦੇ ਇਸ ਵਚਨ ਵਿਚ ਕਿ “ਮੈਂ ਏਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੰਘ ਸਜਾਵਾਂ” ਕੋਈ ਐਸੀ ਕਰਾਮਾਤ ਸੀ ਕਿ ਇਹ ਕੱਟੜ ਅਤੇ ਹੰਕਾਰੀ ਬੈਰਾਗੀ ਬੜੀ ਅਧੀਨਗੀ ਨਾਲ ਉਨ੍ਹਾਂ ਦੇ ਚਰਨੀਂ ਢਹਿ ਪਿਆ ਅਤੇ ਬਿਨਾਂ ਹੀਲ ਹੁੱਜਤ ਦੇ ਸਿੰਘ ਸਜਣ ਨੂੰ ਤਿਆਰ ਹੋ ਗਿਆ । ਅਸਲ ਵਿਚ ਮਾਧੋ ਦਾਸ ਦਰਸ਼ਨ ਕਰਦਿਆਂ ਹੀ ਗੁਰੂ ਕਾ ਹੋ ਚੁੱਕਾ ਸੀ । ਹੁਣ ਚਰਨਾਂ ਦੀ ਛੋਹ ਨਾਲ ਬਿਜਲੀ ਦੀ ਰੌ ਜਿਹੀ ਉਸ ਦੇ ਤਨ ਮਨ ਵਿਚ ਰੁਮਕ ਗਈ ਅਤੇ ਉਹ ਪਾਰਸ ਨਾਲ ਸਪਰਸ਼ ਹੁੰਦਿਆਂ ਹੀ ਕੱਚੇ ਲੋਹੇ ਤੋਂ ਸੁੱਚਾ ਸੋਨਾ ਬਣ ਗਿਆ ।

ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੌਜਵਾਨ ਸਾਧੂ ਦੇ ਅੰਤਰ-ਆਤਮੇ ਇਕ ਚਮਕਦੀ ਚਿਣਗ ਵੇਖੀ ਜਿਸ ਨੂੰ ਆਪ ਨੇ ਆਪਣੀ ਮਿਹਰ ਨਾਲ ਜੋਤ ਬਣਾ ਕੇ ਜਗਾ ਦਿੱਤਾ । ਮਾਧੋ ਦਾਸ ਦੀ ਬਦਲੀ ਹੋਈ ਮਾਨਸਕ ਹਾਲਤ ਵਿਚ ਉਸ ਨੂੰ ਇਕ ਨਵੇਂ ਸੱਚੇ ਵਿਚ ਢਾਲ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵੇਲੇ ਉਸ ਨੂੰ ਸ਼ਸਤਰ-ਧਾਰੀ ਸਿੰਘਾਂ ਵਾਲਾ ਬਾਣਾ ਧਾਰਨ ਕਰਾ ਦਿੱਤਾ ਅਤੇ ਸਿੱਖ ਰਹੁ-ਰੀਤ ਅਨੁਸਾਰ ਅੰਮ੍ਰਿਤ ਛਕਾ ਕੇ ਸਜਾ ਦਿੱਤਾ ਅਤੇ ਉਸ ਦਾ ਨਾਉਂ ਬਦਲ ਕੇ ‘ਬੰਦਾ ਸਿੰਘ’ ਰਖ ਦਿੱਤਾ । ਪ੍ਰਸਿੱਧ ਉਹ ਬਹੁਤਾ ਆਪਣੇ ਲਈ ਪਹਿਲਾਂ ਆਪੇ ਵਰਤੇ ਪਦ ‘ਬੰਦਾ’ ਨਾਲ ਰਿਹਾ ਤੇ ਇਹ ਪਦ ਹੀ ਬਹੁਤੇ ਇਤਿਹਾਸਕਾਰਾਂ ਨੇ ਉਸ ਦੇ ਨਾਉਂ ਦੇ ਤੌਰ ਤੇ ਵਰਤਿਆ।

ਇਸ ਤਰ੍ਹਾਂ ਮਾਧੋ ਦਾਸ ਬੈਰਾਗੀ ਅੱਖ ਦੇ ਫੋਰ ਵਿਚ ਉਹ ਹੋਰ ਦਾ ਹੋਰ ਹੋ ਗਿਆ । ਹੁਣ ਉਹ ਬੈਰਾਗੀ ਸਾਧ ਨਹੀਂ ਸੀ ਰਿਹਾ । ਉਹ ਤਿਆਰ ਬਰ ਤਿਆਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਤ ਸਿਪਾਹੀ ਖ਼ਾਲਸਾ ਬਣ ਗਿਆ ਸੀ | ਸੋ ਉਹ ਗੁਰੂ ਸਾਹਿਬ ਦੇ ਨਾਲ ਉਨ੍ਹਾਂ ਦੇ ਡੇਰੇ ਜਾ ਕੇ ਆਪਣੇ ਨਵੇਂ ਕੰਮੀ ਤੇ ਜੰਗੀ ਜੀਵਨ ਦੀ ਤਿਆਰੀ ਕਰਨ ਲਗ ਪਿਆ ।

ਕਈ ਲਿਖਾਰੀਆਂ ਨੂੰ ਚੂੰਕਿ ਮਾਧੋਦਾਸ ਦੇ ਸਿੰਘ ਸਜਣ ਸੰਬੰਧੀ ਹਾਲ ਤਕ ਭੀ ਭੁਲੇਖਾ ਚਲਿਆ ਆ ਰਿਹਾ ਹੈ, ਇਸ ਲਈ ਇਥੇ ਕੁਝ ਕੁ ਇਤਿਹਾਸਕ ਹਵਾਲੇ ਦੇ ਦੇਣੇ ਜਰੂਰੀ ਸਮਝੇ ਗਏ। ਹਨ। ਦੇਖੋ

  1. ਅਹਿਮਦ ਸ਼ਾਹ ਬਟਾਲੀਆ: ਫੇਰ ਉਥੇ ਹੀ ਉਸ ਨੂੰ ਪਾਹੁਲ ਦੇ ਕੇ ਸਿੰਘ ਬਣਾ ਦਿੱਤਾ। ਅਤੇ ਆਪਣੇ ਨਾਲ ਡੇਰੇ ਲੈ ਆਂਦਾ (ਪਸ ਹਮਾਂਗਾਹ ਓ ਰਾ ਪਾਹੁਲ ਦਾਦਾ ਸਿੰਘ ਕਰਦ ਵਾ ਬਾ-ਖੁਦ ਬ-ਡੇਰਾ ਆਵੁਰਦ)-ਜਿਕਰਿ ਗੁਰੂਆਂ ਇਬਤਿਦਾਇ ਸਿੰਘਾਂ, ਆਦਿ, ਪੰਨਾ 11।
  2. ਅਲੀ-ਉ-ਦੀਨ ਮੁਫਤੀ: ਬੰਦਾ ਇਹ ਕੁਝ ਸੁਣ ਕੇ ਤਨ ਮਨ ਨਾਲ ਚੇਲਾ ਬਣ ਗਿਆ ਅਤੇ ਪਾਹੁਲ ਲੈ ਕੇ ਜੰਗ ਲਈ ਤਿਆਰ-ਬਰ-ਤਿਆਰ ਹੋ ਗਿਆ (ਬੰਦਾ ਬ-ਇਸਤਮਾਇ-ਈਂ ਮਾਅਨੀ ਅਜ਼ ਦਿਲੋ ਜਾਨ ਇਰਾਦਤਮੰਦ ਸ਼ੁਦ ਵ ਪਾਹੁਲ ਗਰਿਫ਼ਤਾ ਮੁਸਤਾਦ ਹੰਗਾਮਾ ਓ ਮੁਹਾਰਕਾ ਗੁਰਦੀਦ)—ਇਬਰਤ ਨਾਮਾ, 39
  3. ਮੁਹੰਮਦ ਅਲੀ ਖ਼ਾਨ ਅਨੁਸਾਰੀ : ਬਾਦਸ਼ਾਹ ਨੇ ਸ਼ੱਵਾਲ ਦੇ ਮਹੀਨੇ ਅਜਮੇਰ ਵੱਲ ਨੂੰ ਕੂਚ ਕੀਤਾ, ਇਸੇ ਵੇਲੇ ਗੁਰੂ ਗੋਬਿੰਦ ਸਿੰਘ ਦੇ ਖ਼ਾਸ ਚੇਲਿਆਂ ਵਿਚੋਂ ਇਕ ਬੰਦਾ ਨਾਮੀ ਦੇ ਲੜਾਈ ਫਸਾਦ ਅਤੇ ਬਗ਼ਾਵਤ ਦੀ ਖ਼ਬਰ ਬਾਦਸ਼ਾਹ ਦੇ ਕੰਨੀਂ ਪਈ । (ਆਂ ਹਜਰਤ ਦਰ ਮਾਹਿ ਸ਼ੱਵਾਲ ਰਹਿਗਰਾਈ-ਇ ਅਜਮੇਰ ਸ਼ੁਦ ਕਿ ਦਰ ਹਮੀਂ ਇਸ਼ਤਿਆਕ ਹਰਬ-ਗ਼ਾਰਤ ਵਾ ਸ਼ੋਰਸ਼ਿ ਬੰਦਾ ਕਿ ਯਕੇ ਅਜ ਮੁਰੀਦਾਨਿ ਗੁਰੂ ਗੋਬਿੰਦ ਸਿੰਘ ਬ-ਸਮਾਇ ਜਾਹੋ ਜਲਾਲ ਰਸੀਦ) – ਤਵਾਰੀਖ਼ਿ ਮੁਜ਼ੱਫ਼ਰੀ, 85
  4. ਗਣੇਸ਼ ਦਾਸ ਬਡੇਹਰਾ: ਰਾਹ ਵਿਚ ਇਕ ਗੁਮਨਾਮ ਤੇ ਨਾਮਾਲੂਮ ਖ਼ਾਨਦਾਨ ਦੇ ਆਦਮੀ ਨੂੰ ਆਪਣੇ ਨਾਲ ਮਿਲਾ ਕੇ ਆਪਣੇ ਧਰਮ ਵਿਚ ਲੈ ਆਂਦਾ ਅਤੇ ਆਪਣਾ ਨਾਇਬ ਬਣਾ ਕੇ ਮਾਖੋਵਾਲ (ਅਨੰਦਪੁਰ) ਵੱਲ ਨੂੰ ਭੇਜ ਦਿੱਤਾ (ਦਰ ਅਸਨਾਇ ਰਾਹ ਸ਼ਖ਼ਸੇ ਮਜਹੂਲ-ਲ-ਇਸਮ ਵਾ ਨਸਬ ਰਾ ਮੁਸਤਮਾਲ ਬ-ਮਜਹਬਿ ਖ਼ੁਦ ਆਵਰਦ ਵਾ ਬਰ ਤਰਫ਼ਿ ਮਾਖੋਵਾਲ ਬ-ਨਿਆਬਤਿ ਖ਼ੁਦ ਰਵਾਨਾ ਕਰਦ) ਰਿਸਾਲਾ ਸਾਹਿਬ-ਨੁਮਾ, 186-7
  5. ਕਨ੍ਹਈਆ ਲਾਲ : ਬਾਵਜੂਦ ਕਿ ਅੱਵਲ ਵੁਹ ਖਾਨਦਾਨਿ ਬੈਰਾਗ ਕਾ ਚੇਲਾ ਥਾ, ਇਸ ਸਿਲਸਿਲੇ ਸੇ ਅਲਹਿਦਾ ਹੋ ਕਰ ਗੁਰੂ ਗੋਬਿੰਦ ਸਿੰਘ ਦਾ ਚੇਲਾ ਬਣ ਗਿਆ ਔਰ ਪਾਹੁਲ ਲੇ ਕਰ ਗੁਰੂ ਕਾ ਸਿਖ ਹੂਆ–ਤਾਰੀਖਿ ਪੰਜਾਬ, 56

ਇਸ ਤਰ੍ਹਾਂ ਬਖਤ ਮੱਲ, ਜਕਾਉੱਲਾ, ਗੁਲਾਮ ਹੁਸੈਨ ਖ਼ਾਨ, ਇਰਾਦਤ ਖ਼ਾਨ, ਫਾਰਸਟਰ, ਜੇਮਜ਼ ਬਰਾਊਨ, ਮੈਗ੍ਰੈਗਰ, ਮੁਹੰਮਦ ਲਤੀਫ਼, ਸਰਧਾ ਰਾਮ ਫਲੋਰੀ ਆਦਿ ਅਠਾਰ੍ਹਵੀਂ ਤੇ ਉਨ੍ਹੀਵੀਂ ਸਦੀ ਦੇ ਲਿਖਾਰੀਆਂ ਨੇ ਇਸ ਗੱਲ ਦੀ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਹੈ।

ਭਾਈ ਕਾਨ੍ਹ ਸਿੰਘ ਆਦਿ ਕੁਝ ਲਿਖਾਰੀਆਂ ਨੇ ਉਸ ਦਾ ਨਵਾਂ ਨਾਉਂ ਗੁਰਬਖਸ਼ ਸਿੰਘ ਲਿਖਿਆ ਹੈ ਜੋ ਠੀਕ ਨਹੀਂ। ਵੇਰਵੇ ਲਈ ਦੇਖੋ ‘ਸਿੱਖ ਇਤਿਹਾਸ ਬਾਰੇ’ ।

ਬੰਦਾ ਸਿੰਘ ਦਾ ਪੰਜਾਬ ਨੂੰ ਕੂਚ

ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕ ਕੇ ਜਦ ਪੁਰਾਣਾ ਬੈਰਾਗੀ ਮਾਧੋ ਦਾਸ ਗਾਤਰੇ . ਫੁਲਾਦੀ ਕਿਰਪਾਨ ਅਤੇ ਹੱਥ ਸਰਬ-ਲੋਹ ਦਾ ਕੜਾ ਪਹਿਣ ਕੇ ਬੰਦਾ ਸਿੰਘ ਨਾਉਂ ਦਾ ਇਕ ਨਵਾਂ ਮਨੁੱਖ ਬਣ ਗਿਆ ਤਾਂ ਉਸ ਦੀਆਂ ਸੁੱਤੀਆਂ ਕਲਾਂ ਜਾਗ ਪਈਆਂ । ਉਹ ਜੋ ਜਿਊਂਦੇ ਜੀਵਨ ਦੇ ਕਰਮ-ਖੇਤਰ ਤੋਂ ਡਰਦਾ ਹਰਿ-ਹਰਿ ਕਰਦਾ ਨਿਕਲਿਆ ਸੀ, ਸਤਿਗੁਰੂ ਦੀ ਕਿਰਪਾ ਨਾਲ ਹੁਣ ਮੁੜ ਕੌਮੀ ਸੇਵਾ ਦੇ ਸੰਗਰਾਮ ਵਿਚ ਆ ਨਿੱਤਰਿਆ । ਸਿੱਖੀ ਦੇ ਸਿੱਧਾਂਤਾਂ ਅਤੇ ਢਹਿੰਦੀਆਂ ਕਲਾਂ ਵਿਚ ਜਾ ਰਹੀ ਪੰਜਾਬ ਦੀ ਜਨਤਾ ਵਿਚੋਂ ਸੂਰਬੀਰਾਂ ਦੀ ਕੌਮ ਬਣਾ ਦੇਣ ਲਈ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਜਤਨਾਂ ਤੋਂ ਜਾਣੂ ਹੋਣ ਲਈ ਬੰਦਾ ਸਿੰਘ ਨੂੰ ਕੋਈ ਬਹੁਤਾ ਸਮਾਂ ਨਾ ਲੱਗਾ । ਸਿੱਖ ਧਰਮ ਦੇ ਪ੍ਰਚਾਰ ਬਦਲੇ ਕਿਵੇਂ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਕਿਵੇਂ ਔਰੰਗਜ਼ੇਬ ਦੇ ਹੁਕਮ ਨਾਲ ਧਰਮ-ਮੂਰਤ ਗੁਰੂ ਤੇਗ਼ ਬਹਾਦਰ ਨੂੰ ਕਤਲ ਕਰ ਦਿੱਤਾ ਗਿਆ ਸੀ, ਸੁਣ ਸੁਣ ਕੇ ਬੰਦਾ ਸਿੰਘ ਕੰਬ ਉਠਿਆ ਅਤੇ ਉਸ ਦੇ ਲੂੰ ਕੰਡਿਆਂ ਵਾਂਗੂੰ ਖੜੇ ਹੋ ਗਏ । ਮੁਗ਼ਲਾਂ ਦੇ ਜ਼ੁਲਮ ਨਾਲ ਲਤਾੜੀ ਜਾ ਰਹੀ ਹਿੰਦੂ ਜਨਤਾ ਦੀ ਤਰਸ ਯੋਗ ਹਾਲਤ ਤਾਂ ਉਸ ਨੇ ਥਾਉਂ ਥਾਈਂ ਆਪਣੀਆਂ ਅੱਖਾਂ ਨਾਲ ਡਿੱਠੀ ਹੋਈ ਸੀ, ਪਰ ਗੁਰੂ ਗੋਬਿੰਦ ਸਿੰਘ ਦੇ ਮਾਸੂਮ ਬੱਚਿਆਂ ਨੂੰ ਧਰਮ ਤਿਆਗਣ ਤੋਂ ਨਾਂਹ ਕਰਨ ਪੁਰ ਜਿਊਂਦੇ ਜੀ ਕੰਧ ਵਿਚ ਚਿਣ ਦੇਣ ਅਤੇ ਫੇਰ ਛੁਰਿਆਂ ਨਾਲ ਬਕਰਿਆਂ ਵਾਂਗ ਕੋਹ ਕੇ ਕਤਲ ਕਰ ਦੇਣ ਦੀ ਦੁਖ ਭਰੀ ਵਿੱਥਿਆ ਨੂੰ ਸੁਣ ਕੇ ਬੰਦਾ ਸਿੰਘ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ ਅਤੇ ਮੁਗ਼ਲ ਰਾਜ ਦੇ ਵਿਰੁੱਧ ਉਸ ਦਾ ਹੀਆ ਭੜਕ ਉੱਠਿਆ।

ਇਨ੍ਹਾਂ ਦਿਨਾਂ ਵਿਚ ਹੀ ਸਰਹੰਦ ਦੇ ਇਕ ਪਠਾਣ ਨੇ ਗੁਰੂ ਗੋਬਿੰਦ ਸਿੰਘ ਉੱਤੇ ਛੁਰੇ ਨਾਲ ਕਾਫ਼ੀ ਵਾਰ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ । ਜਦ ਬਾਦਸ਼ਾਹ ਬਹਾਦੁਰ ਸ਼ਾਹ ਨਾਲ ਗੁਰੂ ਦੀ ਚਲ ਰਹੀ ਮਿੱਤਰਾਨਾ ਗੱਲ-ਬਾਤ ਅਤੇ ਜਾਜੋ ਦੀ ਰਣਭੂਮੀ ਵਿਚ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਫ਼ੌਜੀ ਸਹਾਇਤਾ ਦੇ ਸ਼ੁਕਰਾਨੇ ਵਜੋਂ ਬਾਦਸ਼ਾਹ ਵੱਲੋਂ ਭੇਟ ਕੀਤੇ ਗਏ ਬਹੁ-ਮੁੱਲੇ ਸਿਰਪਾਓ ਦੀਆਂ ਖ਼ਬਰਾਂ ਸਰਹੰਦ ਦੇ ਹਾਕਮ ਵਜ਼ੀਰ ਖ਼ਾਨ ਨੂੰ ਪੁੱਜੀਆਂ ਤਾਂ ਉਹ ਘਬਰਾ ਗਿਆ । ਉਹ ਗੁਰੂ ਸਾਹਿਬ ਅਤੇ ਸਿੱਖਾਂ ਦਾ ਸਭ ਤੋਂ ਵੱਡਾ ਦੋਖੀ ਸੀ । ਉਸੇ ਦੇ ਹੁਕਮ ਨਾਲ ਅਨੰਦਪੁਰ ਦਾ ਅੰਤਮ ਘੇਰਾ ਪਿਆ ਅਤੇ ਉਜਾੜਾ ਹੋਇਆ ਅਤੇ ਉਸੇ ਦੇ ਹੁਕਮ ਨਾਲ ਹੀ ਮਾਸੂਮ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ । ਹੁਣ ਉਸ ਨੂੰ ਉਸ ਦੇ ਆਪਣੇ ਪਾਪ ਡਰਾਉਣ ਲੱਗ ਪਏ ਕਿ ਜੇ ਕਿਧਰੇ ਗੁਰੂ ਸਾਹਿਬ ਅਤੇ ਬਾਦਸ਼ਾਹ ਦੀ ਗੱਲ-ਬਾਤ ਸਫ਼ਲਤਾ ਨਾਲ ਸਿਰੇ ਚੜ੍ਹ ਗਈ ਤਾਂ ਉਸ ਦੀ ਖ਼ੈਰ ਨਹੀਂ । ਇਸ ਲਈ ਮਾਲੂਮ ਹੁੰਦਾ ਹੈ, ਉਸ ਨੇ ਗੁਰੂ ਸਾਹਿਬ ਦੇ ਪੰਜਾਬ ਨੂੰ ਮੁੜਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਤਲ ਕਰਵਾ ਦੇਣ ਲਈ ਦੋ ਬੰਦੇ ਉਨ੍ਹਾਂ ਦੇ ਮਗਰ ਲਾ ਦਿੱਤੇ । ‘ਚਤੁਰ ਜੁਗੀ’ ਗਰੰਥ ਦਾ ਕਰਤਾ ਦੱਸਦਾ ਹੈ ਕਿ ਪਹਿਲੇ ਇਹ ਮਾਤਾ ਸੁੰਦਰੀ ਜੀ ਪਾਸ ਦਿੱਲੀ ਗਏ ਅਤੇ ਉਥੋਂ ਪਤਾ ਲੈ ਕੇ ਦੱਖਣ ਜਾ ਪੁੱਜੇ । ਇਹ ਗੁਰੂ ਸਾਹਿਬ ਦੇ ਪਹਿਲੋਂ ਦੇ ਜਾਣੂੰ ਮਾਲੂਮ ਹੁੰਦੇ ਹਨ, ਇਸੇ ਕਰਕੇ ਹੀ ਦਿੱਲੀ ਤੋਂ ਇਨ੍ਹਾਂ ਨੂੰ ਗੁਰੂ ਸਾਹਿਬ ਦੇ ਦੱਖਣ ਜਾਣ ਦਾ ਪਤਾ ਮਿਲ ਗਿਆ ਅਤੇ ਨਾਂਦੇੜ ਗੁਰੂ ਸਾਹਿਬ ਦੇ ਡੇਰੇ ਵਿਚ ਇਨ੍ਹਾਂ ਦੀ ਨੀਅਤ ਉੱਤੇ ਕੋਈ ਸ਼ੱਕ ਨਾ ਪਿਆ। ਇਹ ਖੁੱਲ੍ਹੇ ਡੁੱਲ੍ਹੇ ਸ਼ਾਮ ਨੂੰ ਰਹਰਾਸਿ ਦੇ ਪਾਠ ਵੇਲੇ ਦੀਵਾਨ ਵਿਚ ਆਉਂਦੇ ਰਹੇ ਅਤੇ ਆਪਣੇ ਮੰਦ ਕਾਰੇ ਲਈ ਵੇਲੇ ਦੀ ਤਾੜ ਵਿਚ ਰਹੇ। ਇਕ ਦਿਨ ਸ਼ਾਮ ਦੇ ਪਾਠ ਤੋਂ ਬਾਅਦ ਗੁਰੂ ਸਾਹਿਬ ਦੀ ਅੱਖ ਲਗ ਗਈ ਅਤੇ ਕੋਲ ਦੇ ਸੇਵਾਦਾਰ ਨੂੰ ਭੀ ਊਂਘ ਆ ਗਈ। ਇਸ ਵੇਲੇ ਮੌਕੇ ਦੀ ਤਾੜ ਵਿਚ ਲਗੇ ਹੋਏ ਇਨ੍ਹਾਂ ਵਿਚੋਂ ਇਕ ਨੇ ਗੁਰੂ ਸਾਹਿਬ ਉੱਤੇ ਛੁਰੇ ਦਾ ਭਰਵਾਂ ਵਾਰ ਕੀਤਾ ਅਤੇ ਦਿਲ ਤੋਂ ਜ਼ਰਾ ਕੁ ਹੇਠਾਂ ਬੜਾ ਡੂੰਘਾ ਜ਼ਖ਼ਮ ਕਰ ਦਿੱਤਾ । ਆਪਣੀ ਵੱਲੋਂ ਉਸ ਨੇ ਵਾਰ ਤਾਂ ਐਨ ਦਿਲ ਉੱਤੇ ਕੀਤਾ ਸੀ ਪਰ ਉਹ ਜਰਾ ਹੇਠਾਂ ਜਾ ਲੱਗਾ। ਦੂਸਰਾ ਵਾਰ ਕਰ ਸਕਣ ਤੋਂ ਪਹਿਲਾਂ ਹੀ ਕੋਲ ਪਈ ਕਿਰਪਾਨ ਨਾਲ ਗੁਰੂ ਸਾਹਿਬ ਨੇ ਕਾਤਲ ਨੂੰ ਝਟਕਾ ਦਿੱਤਾ ਅਤੇ ਉਸ ਦਾ ਦੂਸਰਾ ਸਾਥੀ ਭੱਜਾ ਜਾਂਦਾ ਸਿੰਘਾਂ ਨੇ ਥਾਇ ਰਖਿਆ ।

ਇਸ ਵਿਸਾਹ-ਘਾਤੀ ਵਾਰ ਦੀ ਖ਼ਬਰ ਨੇ ਬੰਦਾ ਸਿੰਘ ਨੂੰ ਹੋਰ ਰੋਹ ਚਾੜ੍ਹ ਦਿੱਤਾ । ਉਸ ਦਾ ਲਹੂ ਉਬਲਨ ਲਗ ਪਿਆ । ਹੁਣ ਉਸ ਲਈ ਚੁੱਪ ਕਰਕੇ ਬਹਿ ਰਹਿਣਾ ਬੜਾ ਔਖਾ ਹੋ ਗਿਆ । ਉਸ ਨੇ ਗੁਰੂ ਸਾਹਿਬ ਪਾਸੋਂ ਪੰਜਾਬ ਜਾਣ ਦੀ ਆਗਿਆ ਮੰਗੀ ਤਾਕਿ ਜੁਲਮੀ ਮੁਗ਼ਲਾਂ ਦੇ ਰਾਜ-ਮਹੱਲ ਨੂੰ ਢਾ ਢੇਰੀ ਕਰ ਦੇਵੇ ਅਤੇ ਦੋਖੀਆਂ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਦੇਵੇ ।

ਇਥੇ ਇਹ ਗੱਲ ਲਿਖ ਦੇਣੀ ਜ਼ਰੂਰੀ ਜਾਪਦੀ ਹੈ ਕਿ ਜੇ ਕਿਧਰੇ ਗੁਰੂ ਗੋਬਿੰਦ ਸਿੰਘ ਜੀ ਬਹੁਤੇ ਜ਼ਖ਼ਮੀ ਨਾ ਹੋ ਗਏ ਹੁੰਦੇ ਤਾਂ ਵੀਹ ਬਿਸਵੇ ਖੁਦ ਉਨ੍ਹਾਂ ਨੇ ਭੀ ਇਸ ਵੇਲੇ ਪੰਜਾਬ ਨੂੰ ਮੁੜ ਪੈਣਾ ਸੀ। ਇਸ ਗੱਲ ਦਾ ਉਨ੍ਹਾਂ ਨੇ ਧਉਲ ਦੀ ਸੰਗਤ ਦੇ ਨਾਉਂ ਆਪਣੇ 1 ਕੱਤਕ ਸੰਮਤ 1764 (2 ਅਕਤੂਬਰ, ਸੰਨ 1707) ਦੇ ਹੁਕਮਨਾਮੇ ਵਿਚ ਸਾਫ਼ ਜਿਕਰ ਕੀਤਾ ਹੋਇਆ ਹੈ । ਜੇ ਬਾਦਸ਼ਾਹ ਨਾਲ ਹੋ ਰਹੀ ਗੱਲ-ਬਾਤ ਲੰਬੀ ਨਾ ਪੈ ਜਾਂਦੀ ਤਾਂ ਪਿਛਲੇ ਸਾਲ ਉਨ੍ਹਾਂ ਨੇ ਆਗਰੇ ਤੋਂ ਹੀ ਦੇਸ ਨੂੰ ਮੁੜ ਜਾਣਾ ਸੀ । ਹੁਣ ਇਸ ਵੇਲੇ ਸਖ਼ਤ ਜ਼ਖ਼ਮੀ ਹੋਣ ਦੀ ਹਾਲਤ ਵਿਚ ਉਨ੍ਹਾਂ ਵਾਸਤੇ ਹੋਰ ਕੋਈ ਚਾਰਾ ਹੀ ਨਹੀਂ ਸੀ। ਰਹਿ ਗਿਆ ਕਿ ਉਹ ਬੰਦਾ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਣ ਅਤੇ ਖਾਲਸੇ ਦੀ ਫ਼ੌਜੀ ਕਮਾਨ ਉਸ ਨੂੰ ਬਖ਼ਸ਼ ਦੇਣ ।

ਇਸ ਬਹੁ-ਰੰਗੇ ਸੰਸਾਰ ਵਿਚ ਆਦਮੀ ਨੂੰ ਸਦਾ ਸੰਤਾਂ, ਹੀ ਵਾਹ ਨਹੀਂ ਪੈਂਦਾ । ਕਈ ਵਾਰੀ—ਬਲਕਿ ਬਹੁਤ ਵਾਰੀ ਮਹਾਤਮਾਂ ਅਤੇ ਫ਼ਲਾਸਫ਼ਰਾਂ ਨਾਲ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜੋ ਰਾਜ-ਮਦ ਜਾਂ ਤਾਕਤ ਦੇ ਨਸ਼ੇ ਵਿਚ ਅੰਨ੍ਹੇ ਬੋਲੇ ਹੋ ਗਏ ਹੁੰਦੇ ਹਨ। ਨਿੱਤ ਨਿੱਤ ਦੇ ਅਨਿਆਏ ਅਤੇ ਅੱਤਿਆਚਾਰਾਂ ਨਾਲ ਇਨ੍ਹਾਂ ਦੀ ਮੱਤ ਅਤੇ ਆਤਮਾ ਉੱਤੇ ਐਸਾ ਪਰਦਾ ਪੈ ਜਾਂਦਾ ਹੈ ਕਿ ਇਨ੍ਹਾਂ ਨੂੰ ਆਪਣੇ ਨਿਜੀ ਸੁਆਰਥਾਂ ਅਤੇ ਪੱਖ-ਪਾਤਾਂ ਤੋਂ ਪਰੇ ਕੁਝ ਦਿਸਦਾ ਹੀ ਨਹੀਂ ਭਾਵੇਂ ਉਹ ਕੌਮੀ ਹੋਣ ਜਾਂ ਰਾਜਸੀ ਜਾ ਧਾਰਮਕ। ਅਮਨ ਦੇ ਸੁਨੇਹੇ ਅਤੇ ਧਾਰਮਕ ਫ਼ਿਲਾਸਫ਼ੀਆਂ ਇਨ੍ਹਾਂ ਲਈ ਕੋਈ ਅਰਥ ਨਹੀਂ ਰਖਦੀਆਂ ਅਤੇ ਨਾ ਹੀ ਇਨ੍ਹਾਂ ਨੂੰ ਸਿੱਧੇ ਰਾਹੇ ਲਿਆ ਸਕਦੀਆਂ ਹਨ। ਇਹ ਕੇਵਲ ਖੜਕਦੇ ਖੰਡੇ ਦੀ ਬੋਲੀ ਹੀ ਸਮਝਦੇ ਹਨ। ਕਿਰਪਾਨ ਦੀ ਤੇਜ ਧਾਰ ਹੀ ਇਨ੍ਹਾਂ ਦੀ ਮੈਲ ਕੱਟ ਸਕਦੀ ਹੈ ।

ਇਹ ਗੱਲ ਸਤਾਰ੍ਹਵੀਂ ਅਠਾਰਵੀਂ ਸਦੀ ਦੇ ਹਿੰਦੁਸਤਾਨ ਦੇ ਹਾਕਮਾਂ ਉੱਤੇ ਐਨ ਠੀਕ ਢੁੱਕਦੀ ਹੈ, ਖ਼ਾਸ ਕਰਕੇ ਸਿੱਖਾਂ ਅਤੇ ਮੁਗਲਾਂ ਦੇ ਸੰਬੰਧ ਵਿਚ । ਗੁਰੂ ਗੋਬਿੰਦ ਸਿੰਘ ਵੱਲੋਂ ਸਲਾਹ ਮਸ਼ਵਰਿਆਂ ਦੇ ਸਾਧਨ ਵਰਤੇ ਗਏ, ਪਰ ਇਹ ਕਾਮਯਾਬ ਨਾ ਹੋਏ, ਬਲਕਿ ਇਨ੍ਹਾਂ ਯਤਨਾਂ ਵਿਚ ਉਨ੍ਹਾਂ ਨੂੰ ਆਪਣੀ ਜਾਨ ਤਕ ਭੀ ਦੇਣੀ ਪੈ ਗਈ। ਅੰਤ ਤਲਵਾਰ ਤੋਂ ਬਿਨਾਂ ਉਨ੍ਹਾਂ ਪਾਸ ਹੋਰ ਕੋਈ ਚਾਰਾ ਹੀ ਨਾ ਰਹਿ ਗਿਆ ਜੋ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਹੇਠਾਂ ਖ਼ਾਲਸੇ ਨੂੰ ਤਲਵਾਰ ਚੁੱਕਣ ਪਰ ਮਜਬੂਰ ਹੋਣਾ ਪਿਆ।

ਪੰਜਾਬ ਨੂੰ ਤੋਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਆਪਣੇ ਪਾਸ ਬੁਲਾ ਕੇ ‘ਬਹਾਦੁਰੀ’ ਦਾ ਥਾਪੜਾ ਦਿੱਤਾ, ਪੰਜ ਤੀਰ ਆਪਣੇ ਭੱਥੇ ਵਿਚੋਂ ਬਖ਼ਸ਼ੇ ਅਤੇ ਉਸ ਦੀ ਸਹਾਇਤਾ ਲਈ ਭਾਈ ਬਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਦਇਆ ਸਿੰਘ ਅਤੇ ਰਣ ਸਿੰਘ ਪੰਜ ਪਿਆਰੇ ਥਾਪੇ ਅਤੇ ਵੀਹ ਕੁ ਹੋਰ ਸੂਰਬੀਰ ਸਿੰਘ ਨਾਲ ਦਿੱਤੇ । ਇਕ ਨਿਸ਼ਾਨ ਸਾਹਿਬ ਅਤੇ ਨਗਾਰਾ ਭੀ ਬਖਸ਼ਿਆ ਜੋ ਉਸ ਦੀ ਸੰਸਾਰਕ ਸੱਤਾ ਦੀਆਂ ਬਾਹਰਮੁਖੀ ਨਿਸ਼ਾਨੀਆਂ ਸਨ । ਨਾਲ ਹੀ ਉਸ ਨੂੰ ਹੁਕਮ ਕੀਤਾ ਗਿਆ ਕਿ ਪ੍ਰਭਤਾ ਪ੍ਰਾਪਤ ਹੋ ਜਾਣ ਪਰ ਉਹ ਆਪੇ ਨੂੰ ਨਾ ਭੁੱਲੇ, ਜਤ-ਸਤ ਕਾਇਮ ਰਖੇ ਅਤੇ ਗੁਰੂ-ਰੂਪ ਖ਼ਾਲਸੇ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਸਮਝੇ, ਇਸੇ ਵਿਚ ਹੀ ਉਸ ਦੀ ਸਫ਼ਲਤਾ ਦਾ ਭੇਦ ਲੁਕਿਆ ਪਿਆ ਹੈ। ਇਸ ਤਰ੍ਹਾਂ ਗੁਰੂ ਦੀਆਂ ਖੁਸ਼ੀਆਂ ਅਤੇ ਬਖ਼ਸ਼ਸ਼ਾਂ ਨਾਲ ਵਰੁਸਾਏ ਹੋਏ ਪੰਜਾਬ ਦੇ ਸਿੱਖਾਂ ਦੇ ਨਾਉਂ ਹੁਕਮਨਾਮੇ ਲੈ ਕੇ ਬੰਦਾ ਸਿੰਘ ਨੇ ਖ਼ਾਲਸੇ ਦਾ ਜੱਥੇਦਾਰ ਬਣ ਕੇ ਪੰਜਾਬ ਨੂੰ ਚਾਲੇ ਪਾਏ ।

ਆਮ ਤੌਰ ਤੇ ਇਤਿਹਾਸਕਾਰ ਬੰਦਾ ਸਿੰਘ ਦੇ ਪੰਜਾਬ ਆਉਣ ਦੇ ਮੰਤਵ ਨੂੰ ਕੁਝ ਚੰਗੀ ਤਰ੍ਹਾਂ ਨਹੀਂ ਸਮਝ ਸਕੇ । ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਕਈਆਂ ਨੇ ਗ਼ਲਤ ਅੰਦਾਜ਼ੇ ਲਾ ਕੇ ਇਹ ਲਿਖਿਆ ਹੈ ਕਿ ਸ਼ੁਰੂ ਸ਼ੁਰੂ ਵਿਚ ਗੁਰੂ ਜੀ ਨੂੰ ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰੇਰਨਾ ਆਪਣੇ ਪਿਤਾ ਗੁਰੂ ਤੇਗ਼ ਬਹਾਦੁਰ ਦੇ ਕਤਲ ਦਾ ਬਦਲਾ ਲੈਣ ਦੀ ਇੱਛਾ ਤੋਂ ਹੋਈ ਸੀ, ਤਿਵੇਂ ਹੀ ਕੁਝ ਲੇਖਕਾਂ ਨੇ ਲਿੱਖਿਆ ਹੈ ਕਿ ਬੰਦਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚਿਆਂ ਦਾ ਬਦਲਾ ਲੈਣ ਲਈ ਪੰਜਾਬ ਨੂੰ ਭੇਜਿਆ ਸੀ । ਪਰ ਸਾਰੇ ਇਤਿਹਾਸ ਵਿਚ ਕੋਈ ਗੱਲ ਨਹੀਂ ਜਿਸ ਤੋਂ ਇਹ ਨਤੀਜਾ ਕੱਢਿਆ ਜਾ ਸਕੇ । ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਔਰੰਗਜ਼ੇਬ ਜਾਂ ਉਸ ਦੇ ਕਿਸੇ ਨਾਇਬ ਕਰਮਚਾਰੀ ਵਿਰੁੱਧ ਕੋਈ ਮੁਹਿੰਮ ਖੜੀ ਕਰਨ ਦੀ ਪਹਿਲ ਨਹੀਂ ਕੀਤੀ। ਉਨ੍ਹਾਂ ਦੇ ਸਾਰੇ ਜੰਗ, ਭੰਗਾਣੀ, ਅਨੰਦਪੁਰ, ਚਮਕੌਰ ਜਾਂ ਕਿਸੇ ਭੀ ਹੋਰ ਥਾਂ, ਭਾਵੇਂ ਉਹ ਪਹਾੜੀ ਰਾਜਿਆਂ ਨਾਲ ਹੋਏ ਜਾਂ ਬਾਦਸ਼ਾਹੀ ਫ਼ੌਜਾਂ ਨਾਲ, ਆਪਣੇ ਬਚਾਓ ਲਈ ਹੀ ਲੜੇ ਗਏ ਸਨ ਅਤੇ ਤਲਵਾਰ ਉੱਤੇ ਉਨ੍ਹਾਂ ਦਾ ਹੱਥ ਅਤਿ ਮਜਬੂਰੀ ਵੇਲੇ ਗਿਆ ਸੀ ਜਦ ਕਿ ਸ੍ਵੈ-ਰੱਖਿਆ ਲਈ ਹੋਰ ਕੋਈ ਭੀ ਸਾਧਨ ਨਹੀਂ ਸੀ ਰਹਿ ਗਿਆ। ਚੁਨਾਂਚ ਬਾਦਸ਼ਾਹ ਔਰੰਗਜੇਬ ਦੇ ਨਾਉਂ ਆਪਣੀ ਚਿੱਠੀ ਜਫ਼ਰਨਾਮੇ ਵਿਚ ਆਪ ਨੇ ਲਿਖਿਆ ਭੀ ਹੈ ਕਿ :

ਚੂੰ ਕਾਰ ਅਜ ਹਮਹ ਹੀਲਤੇ ਦਰਗੁਜਸ਼ਤ

ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ

ਅਰਥਾਤ

ਜਦ ਕੋਈ ਕਾਰਜ ਸਾਰੇ ਹੀਲਿਆਂ ਤੋਂ ਲੰਘ ਜਾਏ ਅਰਥਾਤ, ਕਿਸੇ ਕਾਰਜ ਨੂੰ ਸਿੱਧ ਕਰਨ

ਲਈ ਹੋਰ ਕੋਈ ਭੀ ਸਾਧਨ ਨਾ ਰਹਿ ਜਾਏ, ਤਾਂ ਤਲਵਾਰ ਹੱਥ ਲੈ ਲੈਣੀ ਠੀਕ ਹੈ।

ਬਦਲਾ ਲੈਣ ਦੇ ਖ਼ਿਆਲ ਨਾਲ ਭਰੇ ਪਏ ਮਨੁੱਖ ਪਾਸੋਂ ਇਹ ਕਦੀ ਆਸ ਨਹੀਂ ਹੋ ਸਕਦੀ ਕਿ ਉਹ ਆਪਣੇ ਅਤਿ ਦੇ ਦੋਖੀ ਵੈਰੀਆਂ ਜਾਂ ਆਪਣੇ ਪਿਤਾ ਦੇ ਕਾਤਲ ਦੇ ਯੁਵਰਾਜ ਨੂੰ ਵੇਲੇ ਸਿਰ ਸਹਾਇਤਾ ਦੇਣ ਲਈ ਤਿਆਰ ਹੋ ਜਾਏ । ਪਰ ਗੁਰੂ ਗੋਬਿੰਦ ਸਿੰਘ ਜੀ ਇਸ ਪ੍ਰਕਾਰ ਦੀਆਂ ਨਿਜੀ ਦੁਸ਼ਮਣੀਆਂ ਤੋਂ ਬਹੁਤ ਉਚੇਰੇ ਸਨ । ਜੋ ਲੋਕ ਸਿੱਖੀ ਦੇ ਉਪਦੇਸ਼ਾਂ, ਗੁਰੂ ਜੀ ਦੀਆਂ ਲਿਖਤਾਂ ਅਤੇ ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਉਹ ਕਦੀ ਭੀ ਇਸ ਗੱਲ ਮੰਨਣ ਨੂੰ ਤਿਆਰ ਨਹੀਂ ਹੋ ਸਕਦੇ ਕਿ ਗੁਰੂ ਸਾਹਿਬ ਕੇਵਲ ਆਪਣੇ ਪੁੱਤਰਾਂ ਦਾ ਬਦਲਾ ਲੈਣ ਲਈ ਕਿਸੇ ਨੂੰ ਨਿਯਤ ਕਰਨ ਦਾ ਖ਼ਿਆਲ ਭੀ ਕਰ ਸਕਦੇ ਸਨ । ਜੇ ਕੇਵਲ ਇਹੋ ਹੀ ਮੰਤਵ ਬੰਦਾ ਸਿੰਘ ਨੂੰ ਪੰਜਾਬ ਭੇਜਣ ਦਾ ਹੁੰਦਾ ਤਾਂ ਸਰਹੰਦ ਦੇ ਹਾਕਮ ਵਜ਼ੀਰ ਖ਼ਾਨ ਦੀ ਹਾਰ ਅਤੇ ਮੌਤ ਅਤੇ ਸ਼ਹਿਰ ਸਰਹੰਦ ਦੀ ਤਬਾਹੀ ਤੋਂ ਬਾਅਦ ਉਸ ਦਾ ਕੰਮ ਖ਼ਤਮ ਹੋ ਗਿਆ ਹੁੰਦਾ ਅਤੇ ਉਹ ਸਹਾਰਨਪੁਰ, ਨਾਨੌਤਾ ਅਤੇ ਜਲਾਲਾਬਾਦ ਦੇ ਹਾਕਮਾਂ, ਘੁੜਾਣੀ ਦੇ ਰਾਮਰਾਈਆਂ ਅਤੇ ਬਟਾਲਾ ਅਤੇ ਸੁਲਾਤਨਪੁਰ ਲੋਧੀ ਦੇ ਫ਼ੌਜਦਾਰਾਂ ਉੱਤੇ ਕੋਈ ਚੜ੍ਹਾਈ ਨਾ ਕਰਦਾ । ਅਸਲ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਉਸ ਸਮੇਂ ਦੇ ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਧਰਮ-ਜੁਧ ਲਈ ਪੰਜਾਬ ਵੱਲ ਭੇਜਿਆ ਸੀ । ਇਸ ਮੰਤਵ ਦੀ ਪੂਰਤੀ ਵਿਚ ਹੀ ਬੰਦਾ ਸਿੰਘ ਨੇ ਮਾਸੂਮ ਸਾਹਿਬਜ਼ਾਦਿਆਂ ਦੇ ਦੋਖੀਆਂ ਅਤੇ ਕਾਤਲਾਂ ਨੂੰ ਭੀ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇ ਦਿੱਤੀ ।

ਨਾਂਦੇੜੋਂ ਚਾਲੇ ਪਾਉਣ ਤੋਂ ਕੁਝ ਚਿਰ ਪਿਛੋਂ ਬੰਦਾ ਸਿੰਘ ਨੂੰ ਕੁਝ ਕੁ ਮਾਇਕ ਔਕੜਾਂ ਦਾ ਸਾਹਮਣਾ ਕਰਨਾ ਪੈ ਗਿਆ । ਇਨ੍ਹਾਂ ਦੀ ਨਵਿਰਤੀ ਲਈ ਉਸ ਨੇ ਅਰਦਾਸ ਕੀਤੀ ਅਤੇ ਪਰਮਾਤਮਾ ਨੇ ਉਸ ਦੀ ਅਰਦਾਸ ਸੁਣ ਲਈ । ਉਹ ਜਦ ਭਰਤਪੁਰ ਦੇ ਲਾਗੇ ਪੁੱਜਾ ਤਾਂ ਇਕ ਵਪਾਰੀ ਸਿੱਖ ਦਰਸ਼ਨ ਨੂੰ ਆਇਆ ਅਤੇ ਦਸਵੰਧ ਦੀ ਬਹੁਤ ਸਾਰੀ ਰਕਮ ਆ ਚੜ੍ਹਾਈ । ਇਸ ਨਾਲ ਉਹ ਸੋਖੇ ਹੀ ਪੰਜਾਬ ਵੱਲ ਨੂੰ ਧਾਈ ਕਰ ਸਕਿਆ।

ਦਿੱਲੀ ਦੀ ਸਰਹੱਦ ਉੱਤੇ ਪੁੱਜ ਕੇ ਉਸ ਦੀ ਤੋਰ ਕੁਝ ਮੱਠੀ ਪੈ ਗਈ। ਹੁਣ ਵੈਰੀਆਂ ਦਾ ਇਲਾਕਾ ਨੇੜੇ ਆ ਰਿਹਾ ਸੀ ਇਥੇ ਚੌਕਸੀ ਦੀ ਲੋੜ ਸੀ । ਸ਼ਾਇਦ ਕਿਸੇ ਪਾਸਿਓਂ ਕੋਈ ਵਾਹਰ ਆ ਪਵੇ ਜਾਂ ਮੁਗ਼ਲ ਫ਼ੌਜਾਂ ਨਾਲ ਟਾਕਰਾ ਹੋ ਪਵੇ । ਹਾਲ ਤਕ ਉਸ ਪਾਸ ਨਾ ਤਾਂ ਫ਼ੌਜ ਹੀ ਸੀ ਅਤੇ ਨਾ ਹੀ ਰੁਪਇਆ ਪੈਸਾ ਅਤੇ ਜੰਗੀ ਸਾਮਾਨ । ਇਸ ਲਈ ਉਹ ਸਿੱਧੀ ਟੱਕਰ ਲੈਣ ਲਈ ਤਿਆਰ ਨਹੀਂ ਸੀ । ਜਿਉਂ ਜਿਉਂ ਹੁਣ ਉਹ ਅੱਗੇ ਨੂੰ ਵਧਣ ਲੱਗਾ, ਲੋਕਾਂ ਵਿਚ ਹਰਮਨ-ਪਿਆਰਾ ਹੁੰਦਾ ਗਿਆ ਉਹ ਸੰਤ ਭੀ ਸੀ ਅਤੇ ਖੁਲ੍ਹ-ਦਿਲਾ ਦਾਨੀ ਭੀ । ਕੋਈ ਸਵਾਲੀ ਭੀ ਉਸ ਦੇ ਦਰੋਂ ਖਾਲੀ ਨਾ ਮੁੜਦਾ । ਆਮ ਸਿੱਖ ਸੰਗਤਾਂ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੀਨਿਧ ਸਮਝਦੀਆਂ ਸਨ ਅਤੇ ਹੁਮ ਹੁਮਾ ਕੇ ਦਰਸ਼ਨ ਲਈ ਆਉਣ ਲਗ ਪਈਆਂ। ਉਹ ਸਰਬਤ ਦੇ ਭਲੇ ਲਈ ਅਰਦਾਸਾ ਕਰਦਾ ਅਤੇ ਆਈਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ ਭੀ ਉਸ ਦੇ ਮੰਤਵ ਦੀ ਸਫ਼ਲਤਾ ਲਈ ਅਰਦਾਸ ਕਰਨ । ਹਰ ਵੇਲੇ ਮੋਹਰਾਂ ਦਾ ਢੇਰ ਉਸ ਪਾਸ ਲੱਗਾ ਰਹਿੰਦਾ ਅਤੇ ਉਹ ਬੜੀ ਉਦਾਰਤਾ ਨਾਲ ਬਖ਼ਸ਼ਸ਼ ਕਰਦਾ । ਮੋਹਰ ਤੋਂ ਘੱਟ ਉਹ ਕਿਸੇ ਨੂੰ ਭੀ ਕੁਝ ਨਾ ਦਿੰਦਾ । ਇਸ ਤਰ੍ਹਾਂ ਉਸ ਦੀ ਪ੍ਰਤੀਤ ਅਤੇ ਸੋਭਾ ਥਾਉਂ ਥਾਈਂ ਪਸਰ ਗਈ ਅਤੇ ਲੋਕੀਂ ਉਸ ਦੇ ਨਾਲ ਰਲਣੇ ਅਰੰਭ ਹੋ ਗਏ। ਭਾਈ ਰਤਨ ਸਿੰਘ ਭੰਗੂ ਨੇ ਇਸ ਵੇਲੇ ਬੰਦਾ ਸਿੰਘ ਦੀ ਵਧ ਰਹੀ ਪ੍ਰਭਤਾ ਅਤੇ ਉਦਾਰਤਾ ਦਾ ਇਸ ਤਰ੍ਹਾਂ ਵਰਨਣ ਕੀਤਾ ਹੈ :

ਯੌ ਕਰ ਬੰਦੇ ਭਈ ਪ੍ਰਤੀਤ। ਤਬ ਬੰਦਾ ਭਯੋ ਨਿਸਚਲ ਚੀਤ।

ਪੁਤ ਮੰਗੈ ਤਿਸ ਦਿਵਾਏ ਪੂਤ । ਦੁਧ ਮੰਗੈ ਦੇ ਦੁਧ ਬਹੂਤ ।੮।

ਜੇ ਕਰ ਕੋਈ ਦੁਖੀਆ ਆਵੈ। ਕਰ ਅਰਦਾਸ ਤਿਸ ਦੁਖ ਮਿਟਾਵੈ।

ਵਾਹਿਗੁਰੂ ਦਾ ਜਾਪ ਜਪਾਵੈ। ਜੋ ਮਾਂਗੈ ਤਿਸ ਸੋਊ ਦਿਵਾਵੈ ॥੯।

ਐਸੀ ਜਗ ਮੈਂ ਪਰ ਗਈ ਧਾਂਕ । ਆਇ ਮਿਲੈ ਰਾਣਾ ਔ ਰਾਕ।

ਦੁਰਹਿ ਤੇ ਜੋ ਨਿੰਦਕ ਆਵੈ। ਹੋਇ ਨੇੜੇ ਵਹੁ ਚਰਨੀ ਪਾਵੈ ।੧੦।

ਜਹਾਂ ਬੰਦਾ ਆਇ ਡੇਰਾ ਕਰੈ। ਕਾਢ ਮੋਹਰ ਸੁ ਤਹਿ ਬਹੁ ਧਰੈ।

ਦੀਵੈ ਪਾਵੈ ਤੇਲੀ ਤੇਲ। ਇਕ ਮੋਹਰ ਤਿਹ ਦੇਵੈ ਮੇਲ ।੧੧।

ਠੂਠੀ ਭਾਂਡਾ ਲਿਆਵੈ ਘੁਮਿਆਰ । ਦੇਵੈ ਮੋਹਰ ਕਢ ਖੀਸਯੋਂ ਡਾਰ ।

ਲਕੜੀ ਚੂਹੜੋ ਲਯਾਵੈ ਜੋਈ। ਮੋਹਰ ਖੀਸਯੋਂ ਦੇਵੈ ਓਈ।੧੨।

ਦੋਹਰਾ

ਖਾਲੀ ਕਿਸੇ ਸੁ ਨਹਿ ਛਡੇ ਮੋਹਰ ਸੁ ਦਏ ਫੜਾਇ।

ਜੋ ਆਵੈ ਸਜੂਦ ਹੋਇ ਤਹ ਸੰਗ ਲਏ ਚੜ੍ਹਾਇ ।੧੩।   (ਪ੍ਰਾਚੀਨ ਪੰਥ ਪ੍ਰਕਾਸ਼, ੯੪ )

ਉਨ੍ਹੀਂ ਦਿਨੀਂ ਚੋਰ ਅਤੇ ਧਾੜਵੀ ਆਮ ਸਨ । ਬੰਦਾ ਸਿੰਘ ਦੇ ਧਨ ਦੀ ਚੂੰਕਿ ਸਾਰੇ ਇਲਾਕੇ ਵਿਚ ਧਾਂਕ ਪੈ ਰਹੀ ਸੀ, ਇਹ ਧਾੜਵੀ ਲੋਕ ਵੀ ਉਸ ਦੇ ਡੇਰੇ ਦੇ ਆਲੇ ਦੁਆਲੇ ਆ ਚੱਕਰ ਲਾਉਣ ਲਗ ਪਏ । ਪਰ ਜਦ ਕਦੀ ਭੀ ਉਨ੍ਹਾਂ ਨੇ ਮੰਦੀ ਨੀਯਤ ਨਾਲ ਕਿੱਧਰੇ ਹੱਥ ਪਾਉਣ ਦਾ ਜਤਨ ਕੀਤਾ ਤਾਂ ਬੰਦਾ ਸਿੰਘ ਦੇ ਸਾਥੀਆਂ ਸੰਗੀਆਂ ਨੇ ਉਨ੍ਹਾਂ ਨੂੰ ਐਸੀ ਮਾਰ ਮਾਰੀ ਕਿ ਉਨ੍ਹਾਂ ਨੇ ਮੁੜ ਕਦੀ ਇਧਰ ਮੂੰਹ ਨਾ ਕੀਤਾ । ਇਸ ਤਰ੍ਹਾਂ ਉਹ ਸੌਖੇ ਹੀ ਬਾਂਗੜ ਦੇ ਇਲਾਕੇ ਵਿਚ ਪੁੱਜ ਗਿਆ। ਇਸ ਵੇਲੇ ਤਕ ਉਹ ਚੁੱਪ ਚਾਪ ਚਲਿਆ ਆ ਰਿਹਾ ਸੀ ਅਤੇ ਕਿਸੇ ਦੇ ਮਾਮਲੇ ਵਿਚ ਦਖ਼ਲ ਨਹੀਂ ਸੀ ਦੇ ਰਿਹਾ। ਪਰ ਇਹ ਗੱਲ ਬਹੁਤੀ ਦੇਰ ਤਕ ਨਹੀਂ ਸੀ ਚਲ ਸਕਦੀ। ਆਖ਼ਰ ਉਹ ਦੱਖਣ ਤੋਂ ਆਇਆ ਹੀ ਲੋਕਾਂ ਦੇ ਕਸ਼ਟ ਨਿਵਾਰਣ ਲਈ ਸੀ । ਇਸ ਲਈ ਉਨ੍ਹਾਂ ਦੇ ਦੁਖ ਨੂੰ ਸਾਹਮਣੇ ਦੇਖ ਕੇ ਨਾ ਉਹ ਹੁਣ ਅੱਖੀਆਂ ਮੀਟ ਸਕਦਾ ਸੀ ਅਤੇ ਨਾ ਹੀ ਚੁੱਪ ਰਹਿ ਸਕਦਾ ਸੀ।

ਇਕ ਦਿਨ ਉਸ ਨੂੰ ਪਤਾ ਲੱਗਾ ਕਿ ਜਿਸ ਪਿੰਡ ਵਿਚ ਉਸ ਦਾ ਡੇਰਾ ਹੈ ਉਸ ਉੱਤੇ ਧਾੜਵੀਆਂ ਦੀ ਇਕ ਵਾਹਰ ਚੜ੍ਹੀ ਆ ਰਹੀ ਹੈ ਅਤੇ ਲੋਕ ਡਰਦੇ ਮਾਰੇ ਪਿੰਡ ਖ਼ਾਲੀ ਕਰਕੇ ਜੰਗਲ ਵੱਲ ਨੂੰ ਭੱਜੇ ਜਾ ਰਹੇ ਹਨ। ਬੰਦਾ ਸਿੰਘ ਨੇ ਉਨ੍ਹਾਂ ਨੂੰ ਧਾੜਵੀਆਂ ਦਾ ਡਟ ਕੇ ਟਾਕਰਾ ਕਰਨ ਦਾ ਉਤਸਾਹ ਦਿੱਤਾ, ਪਰ ਪਿੰਡ ਦੇ ਡਰਾਕਲ ਪੰਚਾਂ ਦਾ ਹੌਸਲਾ ਉੱਕਾ ਹੀ ਮਰ ਚੁੱਕਾ ਹੋਇਆ ਸੀ । ਉਹ ਹੀਆ ਨਹੀਂ ਸੀ ਧਰਦੇ ਅਤੇ ਥਰ ਥਰ ਕੰਬਦੇ ਸਨ । ਇਸ ਖ਼ਿਆਲ ਨਾਲ ਕਿ ਕਿਧਰੇ ਬੁਜ਼ਦਿਲ ਪੰਚਾਂ ਦੀ ਬਿਮਾਰੀ ਦੀ ਛੂਤ ਪਿੰਡ ਦੀ ਸਾਰੀ ਵਸੋਂ ਨੂੰ ਹੀ ਨਾ ਲਗ ਜਾਏ, ਬੰਦਾ ਸਿੰਘ ਨੇ ਪੰਚਾਂ ਨੂੰ ਤਾਂ ਇਕ ਕੋਠੇ ਵਿਚ ਡੱਕ ਦਿੱਤਾ ਅਤੇ ਆਪ ਸਿੰਘਾਂ ਦੇ ਛੋਟੇ ਜਿਹੇ ਜੱਥੇ ਨੂੰ ਨਾਲ ਲੈ ਕੇ ਧਾੜਵੀਆਂ ਦੇ ਟਾਕਰੇ ਲਈ ਤੁਰ ਪਿਆ । ਬੰਦਾ ਸਿੰਘ ਦਾ ਅਚਾਨਕ ਹੱਲਾ ਇੰਨਾ ਦਲੇਰਾਨਾ ਅਤੇ ਸਖ਼ਤ ਸੀ ਕਿ ਧਾੜਵੀਆਂ ਵਿਚ ਘਬਰਾਹਟ ਨਾਲ ਭਗਦੜ ਮਚ ਗਈ, ਉਨ੍ਹਾਂ ਦੇ ਪੈਰ ਹਿੱਲ ਗਏ ਅਤੇ ਉਹ ਪਿਛਲੀਆਂ ਲੁੱਟਾਂ ਦਾ ਭੀ ਮਾਲ, ਜੋ ਉਨ੍ਹਾਂ ਪਾਸ ਸੀ, ਉਥੇ ਹੀ ਛੱਡ ਕੇ ਭੱਜ ਨਿਕਲੇ । ਉਨ੍ਹਾਂ ਦਾ ਆਗੂ ਫੜ ਲਿਆ ਗਿਆ ਅਤੇ ਜਿਹੜਾ ਭੀ ਕੋਈ ਉਸ ਨੂੰ ਛੁਡਾਉਣ ਲਈ ਆਇਆ ਉਹ ਜਾਂ ਤਾਂ ਲੜਾਈ ਵਿਚ ਮਾਰਿਆ ਗਿਆ ਜਾਂ ਦੌੜ ਗਿਆ। ਇਹ ਦੇਖ ਕੇ ਪਿੰਡਾਂ ਦੇ ਲੋਕਾਂ ਨੂੰ ਭੀ ਹੌਂਸਲਾ ਹੋ ਗਿਆ ਅਤੇ ਆਪਣੇ ਪਿੰਡ ਦੇ ਬਚਾਓ ਲਈ ਉਹ ਭੀ ਤਿਆਰ ਹੋ ਗਏ । ਹੁਣ ਬੰਦਾ ਸਿੰਘ ਨੇ ਪੰਚਾਂ ਨੂੰ ਕੋਠੇ ਵਿਚੋਂ ਛੱਡ ਦਿੱਤਾ। ਅਤੇ ਡਾਕੂਆਂ ਦਾ ਪਿੱਛਾ ਕਰਨ ਲਈ ਹੁਕਮ ਦਿੱਤਾ । ਬਸ ਫੇਰ ਕੀ ਸੀ, ਗਿੱਦੜ ਭੀ ਸ਼ੇਰ ਹੋ ਗਏ ਅਤੇ ਭੱਜੇ ਜਾਂਦੇ ਧਾੜਵੀਆਂ ਨੂੰ ਨਾਲ ਦੇ ਪਿੰਡ ਤਕ ਧੱਕ ਕੇ ਲੈ ਗਏ ਅਤੇ ਉਥੋਂ ਭੀ ਭਜਾ ਦਿੱਤਾ।

ਸੂਰਮਗਤੀ ਦਾ ਇਹ ਨੇਕ ਕੰਮ ਇਸ ਸੂਰਬੀਰ ਦੇ ਚਮਕਦਾਰ ਅਤੇ ਸੰਸਾਰ ਪ੍ਰਸਿੱਧ ਜੀਵਨ ਦਾ ਆਰੰਭ ਸੀ। ਇਸ ਨਾਲ ਸਾਰੇ ਆਲੇ ਦੁਆਲੇ ਵਿਚ ਬੰਦਾ ਸਿੰਘ ਦੀ ਵਾਹ ਵਾਹ ਹੋਣ ਲਗ ਪਈ ਅਤੇ ਜਿਥੇ ਕਿਧਰੇ ਭੀ ਕਿਸੇ ਪਿੰਡ ਨੂੰ ਲੁਟੇਰਿਆਂ ਤੋਂ ਰਾਖੀ ਅਤੇ ਬਚਾਓ ਦੀ ਲੋੜ ਹੁੰਦੀ, ਲੋਕੀਂ ਆ ਇਨ੍ਹਾਂ ਪਾਸ ਫ਼ਰਿਆਦ ਕਰਦੇ । ਉਧਰ ਇਸ ਨੇ ਭੀ ਇਲਾਕੇ ਵਿਚ ਪੱਲੂ ਫਿਰਾ ਕੇ ਆਮ ਐਲਾਨ ਕਰ ਦਿੱਤਾ ਕਿ ਪੇਸ਼ਾਵਰ ਧਾੜਵੀਆਂ ਅਤੇ ਜ਼ਾਲਮ ਹਾਕਮਾਂ ਦੇ ਅੱਤਿਆਚਾਰਾਂ ਤੋਂ ਗ਼ਰੀਬ ਨਿਤਾਣੀ ਜਨਤਾ ਦੀ ਰਾਖੀ ਅਤੇ ਹਮਾਇਤ ਲਈ ਸਾਡੀ ਸੇਵਾ ਹਾਜ਼ਰ ਹੈ। ਖਾਣ ਪੀਣ ਦੀਆਂ ਵਸਤਾਂ ਦੁੱਧ, ਦਹੀਂ, ਘਿਓ ਤੋਂ ਬਿਨਾਂ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਆਓ, ਤੁਸੀਂ ਭੀ ਖ਼ਾਲਸੇ ਹੋ ਜਾਓ ਅਤੇ ਅਸੀਂ ਤੁਹਾਨੂੰ ਭੀ ਮੁਲਕ ਦੇ ਵਾਲੀ ਬਣਾ ਦਿਆਂਗੇ । ਪਰ ਇਹ ਗੱਲ ਸਰਕਾਰੀ ਚੌਧਰੀਆਂ ਨੂੰ ਕਦ ਭਾ ਸਕਦੀ ਸੀ? ਉਹ ਕਈ ਵਾਰੀ ਇਕ ਪਾਸੇ ਤਾਂ ਸਰਕਾਰ ਦੀ ਸੇਵਾ ਦਾ ਦਮ ਭਰਿਆ ਕਰਦੇ ਹਨ ਅਤੇ ਦੂਸਰੇ ਪਾਸੇ ਲੁੱਚਿਆਂ ਲੰਡਿਆਂ ਦੀ ਪਿੱਠ ਪਨਾਹ ਬਣੇ ਹੋਏ ਹੁੰਦੇ ਹਨ। ਉਹ ਗ਼ਰੀਬ ਜਨਤਾ ਦੇ ਭਲੇ ਦੀ ਕਦੇ ਘੱਟ ਹੀ ਸੋਚਦੇ ਹਨ। ਉਨ੍ਹਾਂ ਦੀ ਆਪਣੀ ਚੌਧਰ ਦੇਸ਼ ਵਿਚ ਰੋਲਾ ਰੱਪਾ ਰੱਖਣ ਨਾਲ ਹੀ ਬਣੀ ਹੁੰਦੀ ਅਤੇ ਕਾਇਮ ਰਹਿੰਦੀ ਹੈ। ਇਸ ਲਈ ਇਲਾਕੇ ਦੇ ਚੌਧਰੀ ਖ਼ਾਲਸੇ ਨਾਲ ਰਲ ਕੇ ਦੇਸ਼ ਦੀ ਸੇਵਾ ਕਰਨ ਦੀ ਥਾਂ ਉਨ੍ਹਾਂ ਦੇ ਵਿਰੋਧੀ ਬਣ ਗਏ ਅਤੇ ਸਰਕਾਰੀ ਆਮਿਲਾਂ ਪਾਸ ਜਾ ਸ਼ਿਕਾਇਤ ਕੀਤੀ। ਇਤਨੇ ਨੂੰ ਬੰਦਾ ਸਿੰਘ ਪਰਖੌਡੇ ਦੇ ਪਰਗਣੇ ਵਿਚ ਜਾ ਪੁੱਜਾ ਅਤੇ ਸਿਹਰੀ ਅਤੇ ਖੰਡਾ ਪਿੰਡਾਂ ਪਾਸ ਜਾ ਡੇਰਾ ਲਾਇਆ।

ਇਥੋਂ ਉਸ ਨੇ ਮਾਲਵੇ, ਦੁਆਬੇ ਅਤੇ ਮਾਝੇ ਦੇ ਸਿੰਘਾਂ ਦੇ ਨਾਉਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ ਅਤੇ ਉਨ੍ਹਾਂ ਨੂੰ ਬੁਲਾ ਭੇਜਿਆ ਤਾਂ ਕਿ ਸਰਬਤ ਖ਼ਾਲਸਾ ਇਕਤਰ ਹੋ ਕੇ ਨਿਰਦਈ ਮੁਗ਼ਲਾਂ ਦੇ ਜੁਲਮੀ ਰਾਜ ਦਾ ਖ਼ਾਤਮਾ ਕਰ ਦੇਵੇ। ਨਾਂਦੇੜ ਤੋਂ ਉਸ ਦੇ ਨਾਲ ਆਏ ਸਿੰਘਾਂ ਨੇ ਭੀ ਬਹੁਤ ਸਾਰੀਆਂ ਚਿੱਠੀਆਂ ਦੇਸ਼ ਦੇ ਮੁਖੀ ਮੁਖੀ ਸਿੰਘਾਂ ਦੇ ਨਾਉਂ ਭੇਜੀਆਂ ਜਿਨ੍ਹਾਂ ਵਿਚ ਉਨ੍ਹਾਂ ਨੇ ਲਿੱਖਿਆ ਕਿ ਖ਼ੁਦ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਨੂੰ ਖ਼ਾਲਸੇ ਦਾ ਜੱਥੇਦਾਰ ਥਾਪ ਕੇ ਭੇਜਿਆ ਹੈ। ਅਤੇ ਖ਼ਾਲਸੇ ਦਾ ਫ਼ਰਜ਼ ਹੈ ਕਿ ਉਹ ਆਉਣ ਵਾਲੇ ਧਰਮ-ਜੁੱਧ ਲਈ ਉਸ ਦੇ ਝੰਡੇ ਹੇਠ ਆ ਇਕੱਠਾ ਹੋਵੇ । ਇਸ ਤਰ੍ਹਾਂ ਨਵਾਬ ਵਜੀਰ ਖ਼ਾਨ ਅਤੇ ਉਸ ਦੇ ਪੇਸ਼ਕਾਰ ਸੁੱਚਾ ਨੰਦ ਵੱਲੋਂ ਸਰਹੰਦ ਵਿਚ ਹੋਏ ਸਾਹਿਬਜ਼ਾਦਿਆਂ ਦੇ ਕਤਲਾਂ ਦੀ ਯਾਦ ਇਕ ਵਾਰ ਮੁੜ ਤਾਜਾ ਹੋ ਗਈ ਅਤੇ ਸਿੰਘਾਂ ਦੇ ਅੰਦਰੋਂ

ਸੁਲਗ ਰਹੀ ਅੱਗ ਭੜਕ ਉੱਠੀ । ਬੱਸ ਫੇਰ ਕੀ ਸੀ। ਥਾਓਂ ਥਾਈਂ ਸਿੰਘਾਂ ਵਿਚ ਤਿਆਰੀ ਸ਼ੁਰੂ ਹੋ ਗਈ, ਇਸ ਦਾ ਜ਼ਿਕਰ ਕਰਦਾ ਹੋਇਆ ਭਾਈ ਰਤਨ ਸਿੰਘ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦਾ ਹੈ :

ਐਸੀ ਭੇਜੀ ਲਿਖ ਅਰਦਾਸ । ਭੇਜੀ ਖਾਲਸੇ ਖਾਲਸੇ ਪਾਸ।

ਸੋ ਸੁਨ ਖਾਲਸੇ ਸਿਰ ਪਰ ਧਰੀ । ਤੁਰਤ ਰਲਨ ਕੀ ਤਿਆਰੀ ਕਰੀ ॥੯॥

ਜਿਸੇ ਸਿਖ ਪਹਿ ਖਰਚ ਨ ਹੋਇ। ਬਿਨਾ ਖਰਚ ਬੰਡ ਖਾਵੈ ਸੋਇ।

ਅਸਿਖ ਸਿਖਨ ਦੇਵੈ ਸੁ ਨਾਹੀ। ਕਹੈਂ ਸਿਖ ਸਭ ਊਹਾਂ ਮਰਾਹੀਂ 190 ।

ਦੋਹਰਾ

ਹੱਥੀਂ ਪੈਰੀਂ ਪੈ ਲਵੇਂ ਕਰ ਦੁਨੋ ਚੌਨੋਂ ਕਰਾਰ।

ਜੀਵਤ ਆਵੈਂ ਆਇ ਦਿਵੈਂ ਮੋਇ ਅਗਲੇ ਸੰਸਾਰ 1੧੧ ।

ਦੇਸ਼ ਵਿਚ ਹੋ ਰਹੀਆਂ ਤਿਆਰੀਆਂ ਦਾ ਪਤਾ ਜਦ ਮੁਗ਼ਲ ਕਰਮਚਾਰੀਆਂ ਨੂੰ ਲੱਗਾ ਤਾਂ ਪਿੱਸੂ ਪੈ ਗਏ । ਸਭ ਤੋਂ ਜਿਆਦਾ ਡਰ ਸਰਹੰਦ ਦੇ ਹਾਕਮ ਵਜ਼ੀਰ ਖ਼ਾਨ ਨੂੰ ਸੀ । ਉਸ ਨੇ ਸਾਰੀਂ ਪਾਸੀਂ ਸੂਹੀਏ ਦੁੜਾ ਦਿੱਤੇ, ਸੜਕਾਂ ਦੀ ਰਾਖੀ ਹੋਣ ਲਗ ਪਈ ਅਤੇ ਸਤਲੁਜ ਦਰਿਆ ਦੇ ਪੱਤਣ ਰੋਕਣ ਲਈ ਹੁਕਮ ਚੜ੍ਹ ਗਏ ਤਾਂਕਿ ਮਾਝੇ ਅਤੇ ਦੁਆਬੇ ਦੇ ਸਿੰਘ ਇਧਰ ਨਾ ਆ ਸਕਣ । ਪਰ ਮਾਲਵੇ ਦੇ ਸਿੰਘਾਂ ਦੇ ਰਾਹਾਂ ਵਿਚ ਕੋਈ ਰੋਕਾਂ ਨਹੀਂ ਸਨ ਪੈ ਸਕਦੀਆਂ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਦੀਆਂ ਵਹੀਰਾਂ ਆ ਇਕੱਠੀਆਂ ਹੋਈਆਂ। ਛੇਤੀ ਹੀ ਵਣਜਾਰਿਆਂ ਦਾ ਇਕ ਟਾਂਡਾ ਆ ਗਿਆ ਜਿਸ ਨਾਲ ਬੰਦਾ ਸਿੰਘ ਨੂੰ ਲੰਗਰ ਵੱਲੋਂ ਬੇਫ਼ਿਕਰੀ ਹੋ ਗਈ । ਇਸ ਤੋਂ ਬਾਅਦ ਭਾਈ ਭਗਤੂ ਕਿਆਂ ਚੋਂ ਭਾਈ ਫਤਹਿ ਸਿੰਘ, ਭਾਈ ਰੂਪੇ ਦੇ ਕਰਮ ਸਿੰਘ ਅਤੇ ਧਰਮ ਸਿੰਘ ਅਤੇ ਨਿਗਾਹੀਆ ਸਿੰਘ ਅਤੇ ਚੂਹੜ ਸਿੰਘ ਸੰਗੀਆਂ ਸਾਥੀਆਂ ਨੂੰ ਨਾਲ ਲੈ ਕੇ ਆ ਪੁੱਜੇ। ਇਸ ਤਰ੍ਹਾਂ ਸਿੰਘਾਂ ਦੇ ਇਕੱਠੇ ਹੋਣ ਦੀਆਂ ਖ਼ਬਰਾਂ ਸੁਣ ਕੇ ਬਾਂਗੜ ਦੇ ਬਹੁਤ ਸਾਰੇ ਜੱਟ ਅਤੇ ਉੱਤਰ ਵੱਲੋਂ ਬਰਾੜ ਸਿੰਘ ਆ ਰਲੇ।

ਫੂਲਕੇ ਚੋਧਰੀਆਂ ਵਿਚੋਂ ਆਪ ਤਾਂ ਭਾਵੇਂ ਕੋਈ ਨਾ ਪੁੱਜ ਸਕਿਆ ਪਰ ਉਨ੍ਹਾਂ ਨੇ ਧਨ ਆਦਿ ਨਾਲ ਚੋਖੀ ਸੇਵਾ ਕੀਤੀ ਅਤੇ ਲਬੇ ਲੌਣੇ ਦੇ ਕਾਫ਼ੀ ਬੰਦੇ ਆ ਗਏ । ਗੁਰੂ-ਮਾਰੀ ਸਰਹੰਦ ਦੀ ਲੁੱਟ ਦੀਆਂ ਆਸਾਂ ਨਾਲ ਬਹੁਤ ਸਾਰੇ ਡਾਕੂ ਅਤੇ ਧਾੜਵੀ ਭੀ ਆ ਜਮਾਂ ਹੋਏ।

ਸਰਹੰਦ ਦੇ ਲਾਗੇ ਇਕ ਪਿੰਡ ਸਲੌਦੀ ਹੈ ਉਥੇ ਦਾ ਇਕ ਸਿੰਘ, ਆਲੀ ਸਿੰਘ, ਨਵਾਬ ਵਜ਼ੀਰ ਖ਼ਾਨ ਦਾ ਨੌਕਰ ਸੀ । ਸਿੰਘਾਂ ਦੀ ਸਰਹੰਦ ਵਿਰੁੱਧ ਤਿਆਰੀ ਦਾ ਗੋਗਾ ਸੁਣ ਕੇ ਵਜ਼ੀਰ ਖ਼ਾਨ ਨੇ ਇਕ ਦਿਨ ਆਲੀ ਸਿੰਘ ਨੂੰ ਬੁਲਾਇਆ ਅਤੇ ਮਖੌਲ ਨਾਲ ਕਹਿਣ ਲਗਾ : ‘ਸੁਣਿਆ ਹੈ। ਤੁਹਾਡਾ ਇਕ ਹੋਰ ਗੁਰੂ ਆਇਆ ਹੈ, ਤੁਹਾਨੂੰ ਚਾਹੀਦਾ ਹੈ ਉਸ ਪਾਸ ਜਾਓ ਤੇ ਉਸ ਨੂੰ ਇਥੇ ਲਿਆਓ । ਇਥੇ ਆਏ ਦੀ ਅਲਖ ਮਿਟਾ ਦਿਆਂਗਾ, ਤਾਂ ਕਿ ਪਿਛਲੇ ਗੁਰੂ ਦੇ ਪੁੱਤਰਾਂ ਨੂੰ ਛੇਤੀ ਜਾ ਮਿਲੇ ।’ ਆਲੀ ਸਿੰਘ ਨੇ ਇਸ ਚੋਭ ਦਾ ਕੀ ਜਵਾਬ ਦੇਣਾ ਸੀ? ਇੰਨਾ ਹੀ ਕਿਹਾ ਕਿ ਜੇ ਉਹ ਪੂਰਾ ਗੁਰੂ ਹੋਊ ਤਾਂ ਆਪੇ ਹੀ ਆ ਜਾਊ, ਤੁਹਾਨੂੰ ਸੱਦਣ ਦੀ ਲੋੜ ਨਹੀਂ । ਬਾਕੀ ਰਹੀ ਮੇਰੀ ਗੱਲ, ਮੈਨੂੰ ਛੁੱਟੀ ਦੇ ਦਿਓ ਅਤੇ ਹਿਸਾਬ ਚੁਕਾ ਦਿਓ । ਨਵਾਬ ਇਹ ਜਵਾਬ ਕਦ ਜਰ ਸਕਦਾ ਸੀ । ਝਟ ਹੁਕਮ ਚਾੜ੍ਹ ਦਿੱਤਾ ਕਿ ਆਲੀ ਸਿੰਘ ਅਤੇ ਉਸ ਦੇ ਹੋਰ ਸਾਥੀ ਸਿੰਘਾਂ ਨੂੰ ਬੇੜੀਆਂ ਲਾ ਕੇ ਭੋਰਿਆਂ ਵਿਚ ਕੈਦ ਕਰ ਦਿੱਤਾ ਜਾਏ । ਪਰ ਮਾਲੂਮ ਹੁੰਦਾ ਹੈ ਉਨ੍ਹੀਂ ਦਿਨੀਂ ਕੈਦ ਚੋਂ ਨਿਕਲਣਾ ਭੀ ਉਤਨਾ ਹੀ ਸੌਖਾ ਸੀ ਜਿਤਨਾ ਕੈਦ ਵਿਚ ਸੁੱਟੇ ਜਾਣਾ । ਸਿੰਘ ਕਿਸੇ ਨਾ ਕਿਸੇ ਤਰ੍ਹਾਂ ਜੇਲ ਵਿਚੋਂ ਖਿਸਕ ਕੇ ਪੱਤਰਾ ਵਾਚ ਗਏ ਅਤੇ ਬੰਦਾ ਸਿੰਘ ਪਾਸ ਜਾ ਪਹੁੰਚੇ । ਉਹ ਇਸ ਵੇਲੇ ਖਰਖੋਡੇ ਦੇ ਪਰਗਣੇ ਵਿਚ ਸਿਹਰੀ ਖੰਡੇ ਪਿੰਡਾਂ ਦੀ ਜੂਹ ਵਿਚ ਸੀ । ਸਿੰਘਾਂ ਨੇ ਬੇਨਤੀ ਕੀਤੀ ਕਿ ਹੁਣ ਦੇਰ ਕਿਸ ਗੱਲ ਦੀ ਹੈ; ਕੂਚ ਦਾ ਨਗਾਰਾ ਬਜਾਓ ਅਤੇ ਕਾਰਜ ਸਾਧਣ ਦੀ ਕਰੋ । ਬੰਦਾ ਸਿੰਘ ਨੇ ਅਗਿਓਂ ਉੱਤਰ ਦਿੱਤਾ ਕਿ ਸਿੰਘਾਂ ਵੱਲ ਹੁਕਮਨਾਮੇ ਅਤੇ ਚਿੱਠੀਆਂ ਗਈਆਂ ਹੋਈਆਂ ਹਨ, ਉਹ ਦੂਰੋਂ ਧਾਈ ਕਰ ਕੇ ਆ ਰਹੇ ਹਨ, ਉਨ੍ਹਾਂ ਨੂੰ ਸੰਗ ਰਲਾ ਲੈਣਾ ਚਾਹੁੰਦਾ ਹਾਂ, ਇਸੇ ਉਡੀਕ ਵਿਚ ਹਾਂ।

ਇਨ੍ਹਾਂ ਦਿਨਾਂ ਵਿਚ ਹੀ ਖ਼ਬਰ ਪੁੱਜੀ ਕਿ ਮਾਝੇ ਅਤੇ ਦੁਆਬੇ ਤੋਂ ਆ ਰਹੇ ਚੋਖੀ ਗਿਣਤੀ ਵਿਚ ਸਿੰਘ ਸਤਲੁਜੋਂ ਪਾਰ ਕੀਰਤਪੁਰ ਪੁੱਜ ਗਏ ਹਨ, ਪਰ ਅੱਗੋਂ ਮਲੇਰ-ਕੋਟਲੇ ਅਤੇ ਰੋਪੜ ਦੇ ਪਠਾਣਾਂ ਨੇ ਪੱਤਣ ਰੋਕਿਆ ਹੋਇਆ ਹੈ। ਇਹ ਸਿੰਘ ਦੂਰ ਦੂਰ ਦੇ ਪੰਧ ਕੱਟ ਕੇ ਇਥੇ ਪੁੱਜੇ ਹਨ ਅਤੇ ਹੁਣ ਕੀਰਤਪੁਰ ਰੁਕ ਜਾਣ ਨਾਲ ਰਾਹ ਦੇ ਖਰਚ ਖੁਣੋ ਔਖੇ ਹੋ ਰਹੇ ਹਨ । ਪਰ ਇਥੇ ਪਿਸ਼ੋਰਾ ਸਿੰਘ ਤੇ ਕਿਸ਼ੋਰਾ ਸਿੰਘ ਅਰੋੜੇ ਵਪਾਰੀਆਂ ਨੇ ਲੰਗਰ ਲਾਇਆ ਹੋਇਆ ਹੈ ਅਤੇ ਕੁਝ ਖਰਚ ਆਦਿ ਭੀ ਦੇ ਰਹੇ ਹਨ। ਇਹ ਸੁਣ ਕੇ ਬੰਦਾ ਸਿੰਘ ਨੇ ਉਨ੍ਹਾਂ ਨੂੰ ਕਹਿ ਭੇਜਿਆ ਕਿ ਜਿੰਨੀ ਦੇਰ ਤਕ ਤੁਹਾਨੂੰ ਹੋਰ ਕੋਈ ਸੁਨੇਹਾ ਇਧਰੋਂ ਨਾ ਪੁੱਜੇ ਤੁਸੀਂ ਉਥੇ ਹੀ ਟਿਕੇ ਰਹੋ।

ਸਮਾਣਾ ਅਤੇ ਸਢੌਰਾ

ਕੁਝ ਮਹੀਨਿਆਂ ਵਿਚ ਹੀ ਬੰਦਾ ਸਿੰਘ ਪਾਸ ਚੋਖੀ ਗਿਣਤੀ ਵਿਚ ਅਜਿਹੇ ਸਿਰਲੱਥ ਸੂਰੇ ਆ ਇਕੱਠੇ ਹੋਏ, ਜਿਨ੍ਹਾਂ ਦੇ ਮਨਾਂ ਵਿਚ ਧਰਮ-ਜੁੱਧ ਦਾ ਚਾਉ ਠਾਠਾਂ ਮਾਰ ਰਿਹਾ ਸੀ ਅਤੇ ਆਪਣੀ ਜਿੱਤ ਅਤੇ ਸ਼ਹੀਦੀਆਂ ਦੇ ਚਾਉ ਨਾਲ ਜਿਨ੍ਹਾਂ ਦੇ ਚਿਹਰੇ ਲਾਲੀ ਨਾਲ ਭਖ ਰਹੇ ਸਨ । ਸਰਹੰਦੋਂ ਆਏ ਆਲੀ ਸਿੰਘ ਅਤੇ ਮਾਲੀ ਸਿੰਘ ਨੇ ਇਕ ਦਿਨ ਬੇਨਤੀ ਕੀਤੀ ਕਿ ਜਿਨ੍ਹਾਂ ਸਿੰਘਾਂ ਨੇ ਆਉਣਾ ਸੀ ਆ ਗਏ ਹਨ, ਇਸ ਲਈ ਹੁਣ ਮੁਹਿੰਮ ਚਾੜ੍ਹਨ ਵਿਚ ਹੋਰ ਦੇਰ ਨਹੀਂ ਕਰਨੀ ਚਾਹੀਦੀ । ਬੰਦਾ ਸਿੰਘ ਨੇ ਉੱਤਰ ਦਿੱਤਾ ਇਸ ਵੇਲੇ ਕੇਵਲ ਉਨ੍ਹਾਂ ਸਿੰਘਾਂ ਦੀ ਉਡੀਕ ਹੋ ਰਹੀ ਹੈ ਜਿਨ੍ਹਾਂ ਨੂੰ ਉਚੇਚਾ ਸੱਦਿਆ ਹੋਇਆ ਹੈ ਅਤੇ ਜੋ ਦੂਰ ਦੁਰੇਡੇ ਇਲਾਕਿਆਂ ਤੋਂ ਆ ਰਹੇ ਹਨ । ਕੁਝ ਵਿਚਾਰ ਤੋਂ ਬਾਅਦ ਅੰਤ ਇਹ ਫ਼ੈਸਲਾ ਹੋਇਆ ਕਿ ਬਹੁਤੀ ਦੇਰ ਕਰਨੀ ਭੀ ਠੀਕ ਨਹੀਂ ਅਤੇ ਖ਼ਾਲਸੇ ਨੂੰ ਆਪਣਾ ਕਾਰਜ ਆਰੰਭ ਕਰਨ ਲਈ ਚੜ੍ਹਾਈ ਕਰ ਦੇਣੀ ਚਾਹੀਦੀ ਹੈ। ਜਿਉਂ ਜਿਉਂ ਚੜ੍ਹਾਈ ਦੀਆਂ ਖ਼ਬਰਾਂ ਸਿੰਘਾਂ ਨੂੰ ਲੱਗਣਗੀਆਂ, ਸਿੰਘ ਲੰਮੀਆਂ ਤੇ ਤਿੱਖੀਆਂ ਧਾਈਆਂ ਕਰ ਕੇ ਆ ਪੁੱਜਣਗੇ । ਸੋ ਬੰਦਾ ਸਿੰਘ ਨੇ ਪੰਜ ਸੋ ਸਿੰਘਾਂ ਨਾਲ ਸੋਨੀਪਤ ਵੱਲ ਧਾਵਾ ਬੋਲ ਦਿੱਤਾ।

ਸੋਨੀਪਤ ਇਕ ਬੜਾ ਪੁਰਾਣਾ ਨਗਰ ਹੈ। ਉਸ ਵੇਲੇ ਇਹ ਕਾਫ਼ੀ ਮਜ਼ਬੂਤ ਸੀ ਅਤੇ ਬੰਦਾ ਸਿੰਘ ਦੇ ਸਾਥੀਆਂ ਨਾਲੋਂ ਜ਼ਿਆਦਾ ਗਿਣਤੀ ਵਿਚ ਫ਼ੌਜ ਦਾ ਟਾਕਰਾ ਕਰ ਸਕਦਾ ਸੀ ਪਰ ਸਿੰਘਾਂ ਦੀ ਬਹਾਦੁਰੀ ਦੀਆਂ ਗੱਲਾਂ ਸੁਣ ਸੁਣ ਕੇ ਉਥੇ ਦੇ ਫੌਜਦਾਰ ਨੂੰ ਕਾਂਬਾ ਛਿੜ ਪਿਆ ਅਤੇ ਉਹ ਅਜੇਹਾ ਡਰਿਆ ਕਿ ਵਧਦੇ ਚਲੇ ਆ ਰਹੇ ਸਿੰਘਾਂ ਦੇ ਟਾਕਰੇ ਦੀ ਪੂਰੀ ਤਰ੍ਹਾਂ ਤਿਆਰੀ ਭੀ ਨਾ ਕਰ ਸਕਿਆ। ਉਧਰੋਂ ਬੰਦਾ ਸਿੰਘ ਨੇ ਅਜਿਹੇ ਜ਼ੋਰ ਨਾਲ ਹੱਲਾ ਬੋਲਿਆ ਕਿ ਪਹਿਲੀ ਸੱਟੇ ਹੀ ਡਰਾਕਲ ਕਾਇਰਾਂ ਦੇ ਪੈਰ ਨਿਕਲ ਗਏ ਅਤੇ ਉਹ ਮੈਦਾਨ ਛੱਡ ਕੇ ਭੱਜ ਨਿਕਲੇ ਅਤੇ ਫੌਜਦਾਰ ਦਿੱਲੀ ਵੱਲ ਨੂੰ ਦੌੜ ਗਿਆ।

ਇਸ ਜਿੱਤ ਨੇ ਸਿੰਘਾਂ ਦੇ ਹੌਂਸਲੇ ਵਧਾ ਦਿੱਤੇ। ਮਾਲਵੇ ਦੇ ਇਲਾਕੇ ਵਿਚ ਬੰਦਾ ਸਿੰਘ ਦਾ ਮੁਖ ਮਨਸ਼ਾ ਸਰਹੰਦ ਨੂੰ ਮਾਰਨਾ ਸੀ । ਪਰ ਸਰਹੰਦ ਇਕ ਬੜਾ ਵੱਡਾ ਅਤੇ ਉੱਘਾ ਅਸਥਾਨ ਸੀ। ਇਥੇ ਦਾ ਫ਼ੌਜਦਾਰ ਵਜ਼ੀਰ ਖਾਨ ਇਕ ਸਿਰ-ਕੱਢ ਮੁਗ਼ਲ ਸਰਦਾਰ ਸੀ । ਸਰਹੰਦ ਵਿਚ ਇਸ ਦੀ ਆਪਣੀ ਫ਼ੌਜ ਵੀ ਚੋਖੀ ਸੀ ਅਤੇ ਆਲੇ ਦੁਆਲੇ ਤੋਂ ਸਹਾਇਤਾ ਭੀ ਕਾਫ਼ੀ ਢੋਈ ਜਾ ਸਕਦੀ ਸੀ । ਬੰਦਾ ਸਿੰਘ ਦੀ ਇਸ ਲਈ ਸਲਾਹ ਇਹ ਬਣੀ ਕਿ ਸਰਹੰਦ ਉੱਤੇ ਧਾਵਾ ਕਰਨ ਤੋਂ ਪਹਿਲਾਂ ਉਸ ਦੀਆਂ ਸੱਜੇ ਖੱਬੇ ਦੀਆਂ ਬਾਹਾਂ ਭੰਨ ਦਿੱਤੀਆਂ ਜਾਣ ਤਾਂਕਿ ਉਸ ਨੂੰ ਕਿਸੇ ਪਾਸਿਓਂ ਸਹਾਇਤਾ ਨਾ ਪੁੱਜ ਸਕੇ । ਇਸ ਖ਼ਿਆਲ ਨੂੰ ਮੁਖ ਰਖ ਕੇ ਬੰਦਾ ਸਿੰਘ ਨੇ ਸਭ ਤੋਂ ਪਹਿਲਾਂ ਸਮਾਣੇ ਨੂੰ ਸੋਧਣਾ ਠੀਕ ਸਮਝਿਆ।

18 ਜਿਸ ਵੇਲੇ ਸਿੰਘ ਕੈਥਲ ਦੇ ਲਾਗੇ ਪੁੱਜੇ ਤਾਂ ਉਨ੍ਹਾਂ ਨੂੰ ਸੂਹ ਲਗੀ ਕਿ ਇਸ ਇਲਾਕੇ ਦਾ ਉਗਰਾਹਿਆ ਹੋਇਆ ਮਾਮਲਾ ਲੈ ਕੇ ਦਿੱਲੀ ਨੂੰ ਜਾ ਰਿਹਾ ਇਕ ਫ਼ੌਜੀ ਦਸਤਾ ਭੂਣੇ ਪਿੰਡ ਠਹਿਰਿਆ। ਹੋਇਆ ਹੈ। ਖਰਚ ਪੱਠੇ ਦੀ ਲੋੜ ਪੂਰਾ ਕਰਨ ਲਈ ਇਹ ਇਕ ਚੰਗਾ ਮੌਕਾ ਬਣਾ ਗਿਆ ਅਤੇ ਬੰਦਾ ਸਿੰਘ ਨੇ ਇਸ ਦਾ ਪੂਰਾ ਫਾਇਦਾ ਉਠਾਇਆ । ਉਹ ਝਟ ਭੂਣੇ ਪੁੱਜਾ ਅਤੇ ਖ਼ਜਾਨੇ ਦੀ ਗਾਰਦ ਪਾਸੋਂ ਮਾਲ ਜਾ ਖੋਹਿਆ । ਬੰਦਾ ਸਿੰਘ ਦੇ ਇਸ ਧਾੜੇ ਦਾ ਪਤਾ ਜਦ ਕੈਥਲ ਦੇ ਹਿੰਦੂ ਆਮਿਲ ਨੂੰ ਲੱਗਾ ਤਾਂ ਉਹ ਰਿਸਾਲੇ ਦਾ ਇਕ ਤੁਰਪ ਅਤੇ ਘੋੜ-ਚੜ੍ਹੀ ਪੁਲਸ ਦਾ ਦਸਤਾ ਲੈ ਕੇ ਮੌਕੇ ਉੱਤੇ ਆ ਪੁੱਜਾ । ਬੰਦਾ ਸਿੰਘ ਦੇ ਸਾਥੀ ਬਹੁਤੇ ਪਿਆਦੇ ਹੀ ਸਨ । ਇਸ ਲਈ ਉਹ ਚੰਗੇ ਮੌਕੇ ਦੀ ਤਾੜ ਵਿਚ ਪੁਰਾਣੇ ਖੋਲਿਆਂ ਦੀਆਂ ਕੰਧਾਂ ਪਿਛੇ ਲੁੱਕ ਗਏ। ਜਦ ਦਾਉ ਫਬਿਆ ਤਾਂ ਉਹ ਖੋਲਿਆਂ ਵਿਚੋਂ ਛਾਲਾਂ ਮਾਰਦੇ ਬਾਹਰ ਨਿਕਲੇ ਅਤੇ ਘੋੜਿਆਂ ਉੱਤੇ ਟੁੱਟ ਪਏ । ਪਲੋ ਪਲੀ ਵਿਚ ਕਈ ਕਾਠੀਆਂ ਖਾਲੀ ਕਰ ਦਿੱਤੀਆਂ । ਆਮਿਲ ਸਿੰਘਾਂ ਦੇ ਹੱਥ ਆ ਗਿਆ ਅਤੇ ਉਸ ਦੇ ਸਾਥੀ ਭੱਜ ਨਿਕਲੇ । ਬੰਦਾ ਸਿੰਘ ਨੇ ਉਸ ਨੂੰ ਇਸ ਸ਼ਰਤ ਉੱਤੇ ਛੱਡ ਦੇਣਾ ਪਰਵਾਨ ਕਰ ਲਿਆ ਕਿ ਉਹ ਆਪਣੇ ਸਾਰੇ ਘੋੜੇ ਸਿੰਘਾਂ ਦੇ ਹਵਾਲੇ ਕਰ ਦੇਵੇ। ਉਸ ਨੇ ਇਹ ਗੱਲ ਖੁਸ਼ੀ ਨਾਲ ਮੰਨ ਲਈ । ਬੰਦਾ ਸਿੰਘ ਨੇ ਉਸ ਨੂੰ ਖ਼ਾਲਸੇ ਵੱਲੋਂ ਉਥੇ ਹੀ ਆਮਿਲ ਟਿੱਕ ਦਿੱਤਾ ਅਤੇ ਮਾਮਲੇ ਦੀ ਉਗਰਾਹੀ ਲਈ ਸਿੰਘਾਂ ਦਾ ਇਕ ਦਸਤਾ ਉਥੇ ਨਿਯੁਕਤ ਕਰ ਦਿੱਤਾ । ਲੁੱਟ ਵਿਚ ਜੋ ਕੁਝ ਹੱਥ ਆਇਆ ਸੀ ਉਹ ਬੰਦਾ ਸਿੰਘ ਨੇ ਬੜੀ ਖੁਲ੍ਹੀ ਹੱਥੀਂ ਆਪਣੇ ਸੰਗੀ ਸਾਥੀਆਂ ਵਿਚ ਵੰਡ ਦਿੱਤਾ । ਇਸ ਨਾਲ ਸਭ ਨੂੰ ਯਕੀਨ ਹੋ ਗਿਆ ਕਿ ਇਸ ਕਾਰਜ ਵਿਚ ਉਨ੍ਹਾਂ ਦੇ ਸੂਰਬੀਰ ਆਗੂ ਦਾ ਨਿਜੀ ਕੋਈ ਸੁਆਰਥ ਨਹੀਂ ਹੈ ।

ਬੰਦਾ ਸਿੰਘ ਦੀਆਂ ਸ਼ੁਰੂ ਸ਼ੁਰੂ ਦੀਆਂ ਇਹ ਮੱਲਾਂ ਮਾਰਾਂ ਭਾਵੇਂ ਸਨ ਤਾਂ ਬੜੀਆਂ ਛੋਟੀਆਂ ਅਤੇ ਮਾਮੂਲੀ ਪਰ ਸਨ ਬੜੀਆਂ ਹੌਂਸਲਾ ਵਧਾਉਣ ਵਾਲੀਆਂ । ਹੁਣ ਉਹ ਸਿੱਧਾ ਸਮਾਣੇ ਵੱਲ ਨੂੰ ਚੜ੍ਹ ਪਿਆ । ਗੁਰੂ ਤੇਗ਼ ਬਹਾਦੁਰ ਨੂੰ ਦਿੱਲੀ ਵਿਚ ਸ਼ਹੀਦ ਕਰਨ ਵਾਲਾ ਸੱਯਦ ਜਲਾਲੁਦੀਨ ਸਮਾਣੇ ਦਾ ਰਹਿਣ ਵਾਲਾ ਸੀ ਅਤੇ ਸਰਹੰਦ ਵਿਚ ਸਾਹਿਬਜ਼ਾਦਿਆਂ ਨੂੰ ਜਿਬਾਹ ਕਰਨ ਅਰਥਾਤ ਕੋਹ ਕੋਹ ਕੇ ਮਾਰਨ ਵਾਲੇ ਜੱਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਭੀ ਸਮਾਣੀਏ ਹੀ ਸਨ। ਇਸਲਾਮ ਕਬੂਲਣ ਤੋਂ ਨਾਂਹ ਕਰਨ ਵਾਲਿਆਂ ਦਾ ਕਤਲ ਚੂੰਕਿ ਇਸਲਾਮ ਦੀ ਇਕ ਧਾਰਮਕ ਖ਼ਿਦਮਤ ਸਮਝੀ ਜਾਂਦੀ, ਇਸ ਲਈ ਇਸ ਸੇਵਾ ਦੇ ਮਾਨ ਦੇ ਹੱਕਦਾਰ ਸੱਯਦਾਂ ਨੂੰ ਹੀ ਸਮਝਿਆ ਜਾਂਦਾ ਸੀ । ਇਸੇ ਕਰਕੇ ਹੀ ਧਾਰਮਕ ਜੱਲਾਦ ਸੱਯਦ ਹੁੰਦੇ ਸਨ । ਸਮਾਣਾ ਇਸ ਇਲਾਕੇ ਦਾ ਬੜਾ ਧਨਾਢ ਸ਼ਹਿਰ ਸੀ ਅਤੇ ਖ਼ਿਆਲ ਸੀ ਕਿ ਇਥੋਂ ਦੀ ਲੁੱਟ ਨਾਲ ਇਕ ਤਾਂ ਸਾਰੇ ਇਲਾਕੇ ਵਿਚ ਦਹਿਲ ਪੈ ਜਾਏਗਾ ਅਤੇ ਕਿਸੇ ਹੋਰ ਮਾੜੇ ਮੋਟੇ ਸ਼ਹਿਰ ਨੂੰ ਟਾਕਰਾ ਕਰਨ ਦਾ ਹੌਂਸਲਾ ਨਹੀਂ ਪਏਗਾ ਅਤੇ ਦੂਸਰੇ ਇਥੋਂ ਇਤਨਾ ਧਨ ਮਿਲ ਜਾਏਗਾ ਜਿਸ ਨਾਲ ਅਗਲੀਆਂ ਮੁਹਿੰਮਾਂ ਦੇ ਖ਼ਰਚ ਵਿਚ ਸੌਖ ਹੋ ਜਾਏਗਾ। ਸਮਾਣੇ ਵਿਚ ਵੱਡੇ ਵੱਡੇ ਧਨਾਢ ਅਤੇ ਉੱਚੇ ਅਹੁਦਿਆਂ ਉੱਤੇ ਰਹੇ ਹੋਏ ਖ਼ਾਨਦਾਨੀ ਸੱਯਦ ਅਤੇ ਮੁਗ਼ਲ ਵਸਦੇ ਸਨ । ਇਨ੍ਹਾਂ ਵਿਚੋਂ ਬਾਈਸ ਤਾਂ ਅਜਿਹੇ ਉੱਚ-ਨਾਮਦਾਰ ਅਮੀਰ ਸਨ। ਜਿਨ੍ਹਾਂ ਨੂੰ ਬਾਹਰ ਪਾਲਕੀਆਂ ਵਿਚ ਆਉਣ ਜਾਣ ਦਾ ਅਖਤਿਆਰ ਸੀ। ਇਸ ਦੇ ਚੁਗਿਰਦੇ ਦਾ ਕੋਟ ਕਿਲੇ ਵਰਗਾ ਸੀ ਅਤੇ ਅੰਦਰ ਹੀ ਹਰ ਵੱਡੀ ਹਵੇਲੀ ਇਕ ਗੜ੍ਹੀ ਸੀ । ਇਥੇ ਦੇ ਫ਼ੌਜਦਾਰ ਨੂੰ ਯਕੀਨ ਅਤੇ ਹੌਂਸਲਾ ਸੀ ਕਿ ਉਹ ਕਿਸੇ ਵੀ ਬਾਹਰੋਂ ਆ ਪਈ ਵਾਹਰ ਨੂੰ ਕੋਟੋਂ ਬਾਹਰ ਹੀ ਭਾਂਜ ਦੇ ਸਕੇਗਾ ਅਤੇ ਜੇ ਘੇਰਾ ਭੀ ਪੈ ਗਿਆ ਤਾਂ ਕੋਟ ਦੀ ਮਜ਼ਬੂਤੀ ਦੇ ਕਾਰਣ ਕੋਈ ਭੀ ਵੈਰੀ ਅੰਦਰ ਨਹੀਂ ਵੜ ਸਕੇਗਾ ਅਤੇ ਨਾਕਾਮ ਡੇਰਾ ਡੰਡਾ ਚੁੱਕ ਲੈ ਜਾਣ ਪਰ ਮਜਬੂਰ ਹੋ ਜਾਏਗਾ । ਇਸ ਲਈ ਸਿੰਘਾਂ ਦੀ ਸਮਾਣੇ ਵੱਲ ਚੜ੍ਹਾਈ ਦੀਆਂ ਖ਼ਬਰਾਂ ਵੱਲ ਉਸ ਨੇ ਕੋਈ ਧਿਆਨ ਨਾ ਦਿੱਤਾ । ਉਸ ਨੂੰ ਖ਼ਿਆਲ ਸੀ ਕਿ ਬੰਦਾ ਸਿੰਘ ਦੇ ਅਨਾੜੀ ਸਾਥੀਆਂ ਨੇ ਸਮਾਣੇ ਦੇ ਰੜ੍ਹੇ ਹੋਏ ਸੂਰਮੇ ਮੁਗ਼ਲਾਂ ਦੀ ਇਕ ਸੱਟ ਵੀ ਨਹੀਂ ਸਹਿਣੀ, ਪਰ ਪਤਾ ਉਸ ਨੂੰ ਉਸ ਵੇਲੇ ਲੱਗਾ ਜਦ 11 ਮੱਘਰ ਸੰਮਤ 1766 ਬਿ., 11 ਨਵੰਬਰ ਸੰਨ 1809, ਦਿਨ ਸ਼ੁਕਰਵਾਰ ਨੂੰ ਸਵੇਰੇ ਹੀ ਅਚਾਨਕ ਦਸਾਂ ਕੋਹਾਂ ਤੋਂ ਸ਼ੂਟ ਮਾਰ ਕੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਸਾਰੇ ਪਾਸਿਆਂ ਤੋਂ ਸ਼ਹਿਰ ਉੱਤੇ ਟੁੱਟ ਪਏ ਅਤੇ ਦਰਵਾਜ਼ੇ ਬੰਦ ਕਰ ਸਕਣ ਤੋਂ ਪਹਿਲਾਂ ਪਹਿਲਾਂ ਹੀ ਅੰਦਰ ਵੜ ਗਏ।

ਕਈ ਘੰਟਿਆਂ ਤਕ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿਚ ਤਲਵਾਰ ਚਲਦੀ ਰਹੀ ਅਤੇ ਨਾਲੀਆਂ ਵਿਚ ਦੀ ਲਹੂ ਵਗ ਤੁਰਿਆ। ਇਸ ਹੱਲੇ ਵੇਲੇ ਕੁਝ ਲੁਟੇਰੇ ਭੀ ਸਿੰਘਾਂ ਦੇ ਪਿੱਛੇ ਪਿੱਛੇ ਸ਼ਹਿਰ ਵਿਚ ਆ ਦਾਖ਼ਲ ਹੋਏ । ਜਿਸ ਵੇਲੇ ਸਿੰਘ ਸੱਯਦ ਜਲਾਲਦੀਨ ਅਤੇ ਸ਼ਾਸ਼ਲ ਬੇਗ਼, ਬਾਸ਼ਲ ਬੇਗ ਆਦਿ ਦੇ ਘਰ ਸੋਧ ਰਹੇ ਸਨ ਅਤੇ ਸਮਾਣੇ ਦੇ ਫ਼ੌਜਦਾਰ ਅਤੇ ਹੋਰ ਵੱਡੇ ਵੱਡੇ ਮੁਗ਼ਲਾਂ ਦੇ ਖ਼ਜ਼ਾਨਿਆਂ ਦੀ ਭਾਲ ਵਿਚ ਲੱਗੇ ਹੋਏ ਸਨ, ਲੁਟੇਰੇ ਲੋਕ ਆਪਣੀ ਕਾਰੇ ਰੁੱਝ ਗਏ । ਬਹੁਤ ਸਾਰੇ ਵੱਡੇ ਵੱਡੇ ਮੁਗ਼ਲ ਅਮੀਰਾਂ ਨੇ ਆਪਣੀਆਂ ਹਵੇਲੀਆਂ ਦੇ ਫਾਟਕ ਬੰਦ ਕਰ ਲਏ ਅਤੇ ਅੰਦਰੋਂ ਅੱਗ ਵਰ੍ਹਾਉਣ ਲੱਗ ਪਏ, ਪਰ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਗੁੱਸੇ ਦੀ ਅੱਗ ਨਾਲ ਭੜਕੇ ਹੋਏ ਮਨਚਲੇ ਕਿਸਾਨਾਂ ਦੇ ਸਾਹਮਣੇ ਬਹੁਤੀ ਦੇਰ ਟਿਕ ਨਾ ਸਕੇ। ਇਹ ਅਮੀਰ ਲੋਕ ਜ਼ਮੀਨਾਂ ਦੇ ਮਾਲਕ ਸਨ ਅਤੇ ਪਿੰਡਾਂ ਦੇ ਕਿਸਾਨ ਕੇਵਲ ਇਨ੍ਹਾਂ ਦੇ ਹਲ-ਵਾਹਕ ਮੁਜ਼ਾਰੇ, ਜੋ ਇਨ੍ਹਾਂ ਦੇ ਨਿੱਤ ਦੇ ਅੱਤਿਆਚਾਰਾਂ ਤੋਂ ਦੁਖੀ ਸਨ । ਇਸ ਲਈ ਇਹ ਆਪਣੀਆਂ ਨਵੀਆਂ ਪੁਰਾਣੀਆਂ ਕਿਰੜਾਂ ਕੱਢਣ ਲਈ ਵੱਧ ਵੱਧ ਕੇ ਹੱਥ ਮਾਰ ਰਹੇ ਸਨ । ਅਤੇ ਇਨ੍ਹਾਂ ਨੇ ਹਵੇਲੀਆਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਜਿਸ ਦਾ ਅੰਦਰ ਲੁਕਿਆ ਹੋਇਆਂ ਲਈ ਟਾਕਰਾ ਕਰ ਸਕਣਾ ਬੜਾ ਮੁਸ਼ਕਲ ਸੀ। ਉਨ੍ਹਾਂ ਵਾਸਤੇ ਅੰਦਰ ਦੋਜਖ਼ ਦੀ ਅੱਗ ਸੀ ਅਤੇ ਬਾਹਰ ਵੈਰੀਆਂ ਦੇ ਨੇਜੇ, ਅਤੇ ਹਰ ਪਾਸਿਉਂ ਉਨ੍ਹਾਂ ਦੇ ਆਪਣੇ ਮਹਾਂਬਲੀ ਪਾਪਾਂ ਨੇ ਘੇਰ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ । ਇਸ ਤਰ੍ਹਾਂ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਸਾਮਾਣੇ ਦੇ ਉੱਚੇ ਉੱਚੇ ਧੌਲਰ ਅਤੇ ਮਹਿਲ ਮਾੜੀਆਂ ਢਹਿ ਢੇਰੀ ਹੋ ਗਏ ਜੋ ਹੁਣ ਤਕ ਮੁੜ ਆਪਣੀ ਪੁਰਾਣੀ ਸ਼ਾਨ ਵਿਚ ਨਹੀਂ ਬਸ ਸਕੇ । ਇਸ ਝੱਖੜ ਵਿਚ ਦਸ ਕੁ ਹਜ਼ਾਰ ਬੰਦੇ ਮਰਨ ਦਾ ਅੰਦਾਜ਼ਾ ਹੈ ਜਿਨ੍ਹਾਂ ਵਿਚੋਂ ਬਹੁਤ ਸਾਰੇ ਸੱਯਦ ਅਤੇ ਮੁਗ਼ਲ ਸਨ, ਅਤੇ ਜੋ ਬਚੇ ਉਨ੍ਹਾਂ ਵਿਚੋਂ ਬਹੁਤ ਸਾਰੇ ਸਦਾ ਲਈ ਸਮਾਣਾ ਛੱਡ ਗਏ।

ਇਸ ਹੱਲੇ ਵਿਚ ਜੋ ਦਲੇਰੀ ਅਤੇ ਬਹਾਦੁਰੀ ਭਾਈ ਫ਼ਤਿਹ ਸਿੰਘ ਨੇ ਵਿਖਾਈ ਉਸ ਨੇ ਬੰਦਾ ਸਿੰਘ ਦੇ ਮਨ ਉੱਤੇ ਬੜਾ ਅਸਰ ਕੀਤਾ। ਸਮਾਣੇ ਦੀ ਜਿੱਤ ਦਾ ਸਿਹਰਾ ਬਹੁਤਾ ਉਸੇ ਦੇ ਸਿਰ ਸੀ । ਬੰਦਾ ਸਿੰਘ ਨੇ ਪ੍ਰਸੰਨ ਹੋ ਕੇ ਭਾਈ ਫ਼ਤਿਹ ਸਿੰਘ ਨੂੰ ਸਾਮਾਣੇ ਅਤੇ ਉਸ ਦੇ ਅਧੀਨ ਨੌਂ ਪ੍ਰਗਣਿਆਂ ਦਾ ਫ਼ੌਜਦਾਰ ਨਿਯਤ ਕਰ ਦਿੱਤਾ । ਭਾਵੇਂ ਇਸ ਤੋਂ ਪਹਿਲਾਂ ਕੈਥਲ ਦੀ ਜਿੱਤ ਪ੍ਰਾਪਤ ਹੋ ਚੁੱਕੀ ਸੀ, ਪਰ ਇਤਿਹਾਸਕਾਰਾਂ ਨੇ ਸਮਾਣੇ ਨੂੰ ਹੀ ਬੰਦਾ ਸਿੰਘ ਦੀ ਪਹਿਲੀ ਜਿੱਤ ਕਿਹਾ ਹੈ। ਇਹ ਹੈ ਭੀ ਠੀਕ । ਕੈਥਲ ਨਾ ਤਾਂ ਕੋਈ ਬਹੁਤ ਉੱਘਾ ਅਤੇ ਮਜਬੂਤ ਥਾਂ ਹੀ ਸੀ ਅਤੇ ਨਾ ਹੀ ਉਥੇ ਕੋਈ ਅਜਿਹਾ ਟਾਕਰਾ ਹੋਇਆ ਜਿਸ ਨੂੰ ਇਤਿਹਾਸਕ ਵਿਸ਼ੇਸ਼ਤਾ ਦਿੱਤੀ ਜਾ ਸਕੇ । ਸਮਾਣਾ ਮੁਗ਼ਲਾਂ ਦਾ ਅਤੇ ਸੱਯਦਾਂ ਦਾ ਇਕ ਤਕੜਾ ਗੜ੍ਹ ਸੀ ਜਿਸ ਨੂੰ ਤੋੜ ਕੇ ਸਿੰਘਾਂ ਨੇ ਮਾਲਵੇ ਵਿਚ ਮੁਗ਼ਲ ਰਾਜ ਦੀ ਪਿੱਠ ਦੀ ਹੱਡੀ ਜਰਜਰੀ ਕਰ ਦਿੱਤੀ ।

ਬੰਦਾ ਸਿੰਘ ਨੇ ਇਸ ਜਿੱਤ ਪਰ ਆਪਣੇ ਸਾਥੀ ਸਿੰਘਾਂ ਨੂੰ ਬੜੇ ਖੁਲ੍ਹੇ ਦਿਲ ਨਾਲ ਮਾਇਆ ਅਤੇ ਮਾਲ ਦੇ ਤਰੋ ਤਰੀ ਗੱਫੇ ਬਖ਼ਸ਼ੇ। ਇਸ ਵੇਲੇ ਸਿੰਘਾਂ ਦੀ ਕੋਈ ਤਨਖਾਹਦਾਰ ਫ਼ੌਜ ਨਹੀਂ ਸੀ । ਬਹੁਤੇ ਗੁਰੂ-ਪੰਥ ਦੀ ਪ੍ਰੇਮ-ਸੇਵਾ ਦੀ ਭਾਵਨਾ ਨਾਲ ਹੀ ਇਕੱਤਰ ਹੋਏ ਹੋਏ ਸਨ, ਕਿਸੇ ਲਾਲਚ ਦੀ ਇੱਛਾ ਨਾਲ ਨਹੀਂ। ਪਰ ਸਮਾਣੇ ਦੀ ਲੁੱਟ ਵਿਚ ਜਿਥੇ ਸਿੰਘਾਂ ਦੇ ਹਿੱਸੇ ਚੋਖਾ ਮਾਲ ਆਇਆ ਉਥੇ ਅਗਲੀਆਂ ਮੁਹਿੰਮਾਂ ਲਈ ਵੀ ਉਨ੍ਹਾਂ ਪਾਸ ਖ਼ਰਚ ਖਜਾਨਾ ਜਮ੍ਹਾ ਹੋ ਗਿਆ ।

ਸਮਾਣੇ ਪਰ ਸਿੰਘਾਂ ਦਾ ਕਬਜ਼ਾ ਹੋ ਜਾਣ ਦੀਆਂ ਖਬਰਾਂ ਜਦ ਸਰਹੰਦ ਪੁੱਜੀਆਂ ਤਾਂ ਸਰਹੰਦ ਦਾ ਹਾਕਮ ਵਜ਼ੀਰ ਖ਼ਾਨ ਘਬਰਾਇਆ । ਖਬਰਾਂ ਉਡ ਰਹੀਆਂ ਸਨ ਕਿ ਸਿੰਘ ਇਧਰ ਨੂੰ ਵਾਗਾਂ ਮੋੜਨ ਵਾਲੇ ਹਨ। ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘਾਂ ਦੇ ਸਰਹੰਦ ਪੁੱਜਣ ਪਰ ਇਸ ਸ਼ਹਿਰ ਉੱਤੇ ਕੀ ਭਾਣਾ ਵਰਤੇਗਾ, ਇਸ ਦਾ ਖ਼ਿਆਲ ਆ ਜਾਣ ਨਾਲ ਹੀ ਉਸ ਦਾ ਸਾਰਾ ਸਰੀਰ ਕੰਬ ਉਠਦਾ ਸੀ ਅਤੇ ਉਸ ਦੇ ਆਪਣੇ ਪਾਪ ਉਸ ਨੂੰ ਡਰਾ ਰਹੇ ਸਨ । ਪਰ ਆਖਰ ਪਠਾਣ ਬੱਚਾ ਅਤੇ ਸਿਪਾਹੀ- ਪੇਸ਼ਾ ਬੰਦਾ ਸੀ । ਉਸ ਨੇ ਸਰਹੰਦ ਨੂੰ ਮਜ਼ਬੂਤ ਕਰਨ ਲਈ ਪੂਰੀ ਪੂਰੀ ਤਿਆਰੀ ਆਰੰਭ ਦਿੱਤੀ ਅਤੇ ਬੰਦਾ ਸਿੰਘ ਦੀ ਤਾਕਤ ਦਾ ਪਤਾ ਕਰਨ ਲਈ ਸੂਹੀਏ ਭੇਜ ਦਿੱਤੇ ਤਾਕਿ ਜਿਸ ਤਰ੍ਹਾਂ ਵੀ ਹੋ ਸਕੇ, ਆ ਰਹੀ ਬਲਾ ਨੂੰ ਟਾਲਣ ਦੇ ਜਤਨ ਕੀਤੇ ਜਾ ਸਕਣ । ਦੂਸਰੇ ਪਾਸੇ ਬੰਦਾ ਸਿੰਘ ਭੀ ਕੋਈ ਘੱਟ ਚੌਕਸ ਨਹੀਂ ਸੀ । ਉਸ ਨੇ ਹੁਕਮ ਦੇ ਰਖਿਆ ਸੀ ਕਿ ਜਦ ਭੀ ਕਿਸੇ ਖੁਫ਼ੀਆ ਸੂਹੀਏ ਦਾ ਪਤਾ ਲਗੇ, ਫੜ ਕੇ ਪੇਸ਼ ਕੀਤਾ ਜਾਏ । ਦੋ ਸੂਹੀਏ ਫੜੇ ਗਏ । ਇਕ ਕਾਣਾ ਤੇ ਦੂਸਰਾ ਲੁੰਞਾ । ਦੋਹਾਂ ਦੀ ਕਾਫ਼ੀ ਛਿਤਰਾੜ ਹੋਈ ਅਤੇ ਇਹ ਕਹਿ ਕੇ ਬੰਦਾ ਸਿੰਘ ਦੇ ਹੁਕਮ ਨਾਲ ਛੱਡ ਦਿੱਤੇ ਗਏ ਕਿ ਜਾਓ, ਵਜ਼ੀਰ ਖ਼ਾਨ ਨੂੰ ਸੁਨੇਹਾ ਦੇ ਦਿਓ ਕਿ ਤਿਆਰ ਹੋ ਜਾਏ ।

ਬੰਦਾ ਸਿੰਘ ਸਮਾਣੇ ਥੋੜ੍ਹੇ ਜਿਹੇ ਦਿਨ ਹੀ ਠਹਿਰਿਆ। ਉਸ ਦੀ ਮਨਸ਼ਾ ਛੇਤੀ ਤੋਂ ਛੇਤੀ ਸਰਹੰਦ ਜਾਣ ਦੀ ਸੀ । ਪਰ ਉਸ ਨੂੰ ਇਹ ਭੀ ਪਤਾ ਸੀ ਕਿ ਉਥੋਂ ਦੇ ਫੌਜਦਾਰ ਨਵਾਬ ਵਜ਼ੀਰ ਖ਼ਾਨ ਪਾਸ ਬੜੀ ਤਕੜੀ ਫ਼ੌਜ ਹੈ, ਉਸ ਨੇ ਖਾਣਾ ਦਾਣਾ ਅਤੇ ਲੜਾਈ ਦਾ ਸਾਮਾਨ ਚੋਖਾ ਜਮਾ ਕੀਤਾ ਹੋਇਆ ਹੈ ਅਤੇ ਉਸ ਦੇ ਪਾਸ ਤੋਪਾਂ ਦੀ ਇਕ ਲੰਮੀ ਲੜਵੰਦੀ ਹੈ ਜਿਸ ਵਿਚ ਜੰਬੂਰੇ ਅਤੇ ਰਹਿਕਲਿਆਂ ਤੋਂ ਬਿਨਾਂ ਬੜੀਆਂ ਤੋਪਾਂ ਭੀ ਹਨ। ਸ਼ਹਿਰ ਦੀ ਕੋਟ-ਬੰਦ ਭੀ ਬੜੀ ਮਜ਼ਬੂਤ ਕੀਤੀ ਹੋਈ ਹੈ। ਦੂਸਰੇ ਪਾਸੇ ਸਿੰਘਾਂ ਪਾਸ ਤਲਵਾਰਾਂ ਅਤੇ ਬਰਛੇ ਹੀ ਸਨ । ਰਾਮ-ਜੰਗੇ ਬੜੇ ਹੀ ਥੋੜ੍ਹਿਆਂ ਪਾਸ ਸਨ । ਸਿੰਘਾਂ ਨੂੰ ਇਸ ਵੇਲੇ ਜੰਗ ਦੇ ਲੋੜੀਂਦੇ ਸਾਜ ਸਮਾਨ ਨਾਲ ਲੈਸ ਕਰ ਸਕਣਾ, ਜਦ ਕਿ ਉਨ੍ਹਾਂ ਦੇ ਵਸੀਲੇ ਬੜੇ ਹੀ ਥੋੜ੍ਹੇ ਸਨ ਤੇ ਆਲੇ ਦੁਆਲੇ ਸਾਰੇ ਵੈਰੀ ਹੀ ਵੈਰੀ ਸਨ, ਅਸੰਭਵ ਸੀ । ਇਸ ਹਾਲਤ ਵਿਚ ਬੰਦਾ ਸਿੰਘ ਦੀ ਸਫ਼ਲਤਾ ਇਸੇ ਗੱਲ ਵਿਚ ਸੀ ਕਿ ਉਸ ਪਾਸ ਐਸੇ ਸਿਰ-ਲੱਥ ਸੂਰਿਆਂ ਦੀ ਵੱਧ ਤੋਂ ਵੱਧ ਗਿਣਤੀ ਹੋਵੇ ਜੋ ਚਮਕੌਰ ਦੇ ਬਹਾਦਰਾਂ ਵਾਂਗੂ ਸਿਰ ਧੜ ਦੀ ਬਾਜ਼ੀ ਲਾ ਦੇਣ । ਪਰ ਇਹ ਤਾਂ ਹੀ ਹੋ ਸਕਦਾ ਸੀ ਜੇ ਮਲੇਰ-ਕੋਟਲੀਏ ਅਤੇ ਰੋਪੜੀਏ ਪਠਾਣਾਂ ਦੇ ਸਤਲੁਜੋਂ ਪਾਰ ਰੋਕੇ ਹੋਏ ਮਝੈਲ ਅਤੇ ਦੁਆਬੀਏ ਸਿੰਘ ਆ ਰਲਣ। ਇਨ੍ਹਾਂ ਤੋਂ ਇਲਾਵਾ ਦੱਖਣ ਤੋਂ ਬੰਦਾ ਸਿੰਘ ਦੇ ਨਾਲ ਆਏ ਸਿੰਘ ਅਤੇ ਖ਼ਾਸ ਕਰਕੇ ਪੰਜ ਕੌਂਸਲੀਏ, ਜੋ ਬਹੁਤ ਮਝੈਲ ਸਨ, ਕੁਦਰਤੀ ਤੌਰ ਤੇ ਹੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਭਾਈ-ਬੰਦ ਜੋ ਦੂਰ ਦੇ ਪੰਧ ਕੱਟ ਕੇ ਗੁਰੂ ਹੁਕਮ ਨਾਲ ਦੇਸ਼ ਅਤੇ ਧਰਮ ਦੇ ਸਦੀਆ ਤੋਂ ਵੈਰੀਆਂ ਦੇ ਵਿਰੁੱਧ ਧਰਮ-ਯੁੱਧ ਅਤੇ ਸਰਹੰਦ ਦੀ ਲੁੱਟ ਵਿਚ ਸ਼ਾਮਲ ਹੋਣ ਲਈ ਸਤਲੁਜ ਤਕ ਆ ਪੁੱਜੇ ਸਨ, ਨਾਲ ਰਲ ਸਕਣ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰਖ ਕੇ ਬੰਦਾ ਸਿੰਘ ਨੇ ਚੜ੍ਹਦੀ ਵੱਲ ਨੂੰ ਬੜਾ ਲੰਮਾ ਵਲ ਪਾ ਕੇ ਕੀਰਤਪੁਰ ਵੱਲ ਨੂੰ ਕੂਚ ਕਰ ਦਿੱਤਾ ।

ਘੁੜਾਮ ਅਤੇ ਠਸਕਾ

ਰਸਤੇ ਵਿਚ ਪਹਿਲੀ ਥਾਂ ਘੁੜਾਮ ਸੀ ਜਿਥੇ ਦੇ ਪਠਾਣਾਂ ਨੇ ਬੰਦਾ ਸਿੰਘ ਦਾ ਰਾਹ ਰੋਕਣ ਦਾ ਜਤਨ ਕੀਤਾ ਅਤੇ ਟਾਕਰੇ ਲਈ ਬਾਹਰ ਆ ਨਿਕਲੇ । ਪਰ ਇਹ ਕੈਥਲ ਅਤੇ ਸਮਾਣੇ ਦੇ ਵਿਜਈਆਂ ਦੇ ਸਾਹਮਣੇ ਠਹਿਰ ਨਾ ਸਕੇ ਅਤੇ ਛੇਤੀ ਹੀ ਮੈਦਾਨ ਛੱਡ ਗਏ । ਘੁੜਾਮ ਦਾ ਕਸਬਾ ਲੁੱਟ ਪੁਟ ਕੇ ਬਰਬਾਦ ਕਰ ਦਿੱਤਾ ਗਿਆ।

ਠਸਕੇ ਵਿਚ ਕੋਈ ਟਾਕਰਾ ਨਹੀਂ ਹੋਇਆ । ਲੋਕਾਂ ਨੇ ਚੁਪ ਚਾਪ ਈਨ ਮੰਨ ਲਈ । ਇਥੋਂ ਅਗੇ ਲੰਘ ਕੇ ਸਿੰਘਾਂ ਨੇ ਸ਼ਾਹਾਬਾਦ ਜਾ ਮਾਰਿਆ । ਇਹ ਮੁਗ਼ਲਾਂ, ਸੱਯਦਾਂ ਅਤੇ ਸ਼ੇਖਾਂ ਦੀ ਘੁੱਗ ਵਸੋਂ ਦਾ ਕਸਬਾ ਸੀ । ਪਰ ਕਿਸੇ ਨੂੰ ਭੀ ਸਿੰਘਾਂ ਦਾ ਮੁਕਾਬਲਾ ਕਰਨ ਦਾ ਹੌਂਸਲਾ ਨਾ ਪਿਆ। ਇਥੇ ਦਾ ਹਾਕਮ ਕਸਬੇ ਦੇ ਦੱਖਣ ਨੂੰ ਆਪਣੀ ਕਿਲੇਬੰਦ ਸਰਾਇ ਵਿਚ ਦੌੜ ਬੈਠਾ । ਆਪਣੀ ਵੱਲੋਂ ਤਾਂ ਇਸ ਨੇ ਬੜਾ ਡਟਵਾਂ ਜ਼ੋਰ ਲਾਇਆ ਪਰ ਸਿੰਘਾਂ ਦੀ ਬਹਾਦੁਰੀ ਦੇ ਸਾਹਮਣੇ ਟਿਕ ਨਾ ਸਕਿਆ ਅਤੇ ਇਹ ਅਸਥਾਨ ਭੀ ਸਿੰਘਾਂ ਦੇ ਹੱਥ ਆ ਗਿਆ।

ਮੁਸਤਫਾਬਾਦ

ਇਥੋਂ ਬੰਦਾ ਸਿੰਘ ਉੱਤਰ-ਚੜ੍ਹਦੀ ਵੱਲ ਨੂੰ ਹੋ ਪਿਆ । ਜਦ ਮੁਸਤਫ਼ਾਬਾਦ ਦੇ ਲਾਗੇ ਪੁੱਜਾ ਤਾਂ ਡਰਦੇ ਮਾਰੇ ਲੋਕਾਂ ਵਿਚ ਭਾਜੜ ਮਚ ਗਈ ਅਤੇ ਉਹ ਫ਼ੌਜਦਾਰ ਪਾਸ ਪੁੱਜੇ । ਉਸ ਪਾਸ ਦੋ ਕੁ ਹਜ਼ਾਰ ਸ਼ਾਹੀ ਫ਼ੌਜੀ ਹਰ ਵੇਲੇ ਤਿਆਰ ਰਹਿੰਦੇ ਸਨ । ਫੌਜਦਾਰ ਨੇ ਦੋ ਤੋਪਾਂ ਦੇ ਕੇ ਉਨ੍ਹਾਂ ਨੂੰ ਸਿੰਘਾਂ ਦੇ ਵਿਰੁੱਧ ਜਾਣ ਦਾ ਹੁਕਮ ਦੇ ਦਿੱਤਾ । ਤੋਪਾਂ ਦੇਖ ਕੇ ਟਕਾ-ਪੰਥੀ ਸੂਰਮਿਆਂ ਅਤੇ ਲੁਟੇਰਿਆਂ ਦੀਆਂ ਧਾੜਾਂ, ਜੋ ਕੇਵਲ ਲੁੱਟ ਦੀ ਇੱਛਾ ਨਾਲ ਹੀ ਸਿੰਘਾਂ ਨਾਲ ਰਲੀਆਂ ਹੋਈਆਂ ਸਨ, ਹਰਨ ਹੋ ਗਈਆਂ । ਪਰ ਇਸ ਦਾ ਬੰਦਾ ਸਿੰਘ ਪਰ ਕੋਈ ਅਸਰ ਨਾ ਪਿਆ । ਉਸ ਨੇ ਆਪਣੇ ਸਾਥੀ ‘ਧਰਮ ਜੁਧ ਕੇ ਚਾਇ’ ਵਾਲੇ ਸਿੰਘਾਂ ਨੂੰ ਹੱਲਾ-ਸ਼ੇਰੀ ਦਿੱਤੀ ਅਤੇ ਅਜੇਹਾ ਜੁੜਵਾਂ ਅਤੇ ਜ਼ੋਰਦਾਰ ਰੋਕੂ ਹੱਲਾ ਮਾਰਿਆ ਕਿ ਫ਼ੌਜਦਾਰ ਦੇ ਆਦਮੀ ਦੌੜ ਨਿਕਲੇ ਅਤੇ ਇਕ ਤੋਪ ਭੀ ਪਿਛੇ ਛੱਡ ਗਏ । ਖ਼ਾਲਸੇ ਦੀ ਜਿੱਤ ਹੋ ਗਈ ਦੇਖ ਕੇ ਬਹੁਤ ਸਾਰੇ ਭਗੋੜੇ ਮੁੜ ਆਏ ਅਤੇ ਸ਼ਾਹਾਬਾਦ ਵਿਚ ਲੁੱਟ ਮਚਾ ਦਿੱਤੀ ।

ਕਪੂਰੀ

ਬੰਦਾ ਸਿੰਘ ਸਢੌਰੇ ਵੱਲ ਨੂੰ ਜਾ ਰਿਹਾ ਸੀ ਕਿ ਉਸ ਨੂੰ ਪਤਾ ਲੱਗਾ ਕਿ ਕਪੂਰੀ ਦੇ ਹਾਕਮ ਕਦਮੁੱਦੀਨ ਨੇ ਆਲੇ ਦੁਆਲੇ ਦੇ ਇਲਾਕੇ ਉੱਤੇ ਜ਼ੁਲਮ ਦੀ ਅੱਤ ਚੁੱਕੀ ਹੈ। ਇਹ ਅਮਾਨੁੱਲਾ ਦਾ ਪੁੱਤਰ ਸੀ ਜੋ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਗੁਜਰਾਤ ਦਾ ਹਾਕਮ ਹੁੰਦਾ ਸੀ ਅਤੇ ਜਿਸ ਨੇ ਬਿਅੰਤ ਦੌਲਤ ਇਕੱਠੀ ਕੀਤੀ ਹੋਈ ਸੀ । ਪਿਓ ਦੀ ਜੁਲਮ ਨਾਲ ਇਕੱਠੀ ਕੀਤੀ ਹੋਈ ਮਾਇਆ ਨੇ ਪੁੱਤਰ ਨੂੰ ਬਿਗਾੜ ਛੱਡਿਆ ਸੀ ਅਤੇ ਉਹ ਮਾਰਖੰਡੇ ਡੰਗਰਾਂ ਵਾਂਗ ਭੂਤਰਿਆ ਹੋਇਆ ਸੀ । ਢਾਈ ਸੌ ਸਾਲ ਗੁਜ਼ਰ ਜਾਣ ਪਰ ਹਾਲੇ ਤਕ ਭੀ ਉਸ ਦੇ ਲੁੱਚਪੁਣੇ ਦੀਆਂ ਕਹਾਣੀਆਂ ਇਸ ਇਲਾਕੇ ਵਿਚ ਮਸ਼ਹੂਰ ਹਨ। ਹਿੰਦੂਆਂ ਦੀ ਸ਼ਾਇਦ ਹੀ ਕੋਈ ਸੁਣੱਖੀ ਇਸਤਰੀ ਹੋਵੇ ਜਿਸ ਦੀ ਪਤ ਉੱਤੇ ਉਸ ਨੇ ਹੱਥ ਪਾਉਣ ਦਾ ਜਤਨ ਨਾ ਕੀਤਾ ਹੋਵੇ । ਉਸ ਦੇ ਘੋੜ-ਚੜ੍ਹੇ ਸਵਾਰ ਇਲਾਕੇ ਵਿਚ ਘੁੰਮਦੇ ਫਿਰਦੇ ਅਤੇ ਜਿੱਥੇ ਕਿਧਰੇ ਭੀ ਹਿੰਦੂਆਂ ਦੀ ਜੰਜ ਦਿਸਦੀ, ਬਹੂ ਖੋਹ ਲਿਆਉਂਦੇ ਅਤੇ ਕਦਮੁੱਦੀਨ ਦੇ ਪੇਸ਼ ਕਰ ਦਿੰਦੇ । ਉਸ ਦੀਆਂ ਇਹ ਸ਼ਿਕਾਰੀ ਮੁਹਿੰਮਾਂ ਉਸ ਦੇ ਆਪਣੇ ਇਲਾਕੇ ਤਕ ਹੀ ਸੀਮਤ ਨਹੀਂ ਸਨ । ਸਢੌਰੇ ਦੇ ਸ਼ਾਹਵਾਨੀ ਸੱਯਦਾਂ ਵਿਚ ਇਕ ਕਹਾਣੀ ਪ੍ਰਚੱਲਤ ਸੀ ਕਿ ਇਕ ਵਾਰੀ ਉਹ ਸਿੱਖ ਦਾ ਭੇਸ ਬਣਾ ਕੇ ਸ਼ਹਿਰ ਅੰਮ੍ਰਿਤਸਰ ਵਿਚੋਂ ਇਕ ਸਿੱਖ ਜਨਾਨੀ ਜ਼ੋਰੀਂ ਚੁੱਕ ਲਿਆਇਆ ਸੀ । ਹੋ ਸਕਦਾ ਹੈ ਕਿ ਕਪੂਰੀ ਉੱਤੇ ਸਿੱਖਾਂ ਦੇ ਹੱਲੇ ਤੋਂ ਬਾਅਦ ਕਿਸੇ ਚਾਲਾਕ ਸੱਯਦ ਨੇ ਇਹ ਕਹਾਣੀ ਘੜ ਕੇ ਪ੍ਰਚਲਤ ਕਰ ਦਿੱਤੀ ਹੋਵੇ । ਪਰ ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਕਦਮੁੱਦੀਨ ਉਨ੍ਹੀਂ ਦਿਨੀਂ ਇਸ ਇਲਾਕੇ ਵਿਚ ਇਕ ਜ਼ੁਲਮੀ ਹਊਆ ਬਣਿਆ ਹੋਇਆ ਸੀ । ਇਹ ਇਕ ਐਸੀ ਗੱਲ ਸੀ ਜਿਸ ਨੂੰ ਬੰਦਾ ਸਿੰਘ ਵਰਗਾ ਗ਼ੈਰਤਦਾਰ ਸਿੱਖ ਆਈ ਗਈ ਨਹੀਂ ਸੀ ਕਰ ਸਕਦਾ ਜਦ ਕਿ ‘ਕਦਮੁੱਦੀਨ ਦੇ ਵਿਰੁੱਧ ਸਾਰਿਆਂ ਪਾਸਿਆਂ ਤੋਂ ਉਸ ਪਾਸ ਸ਼ਿਕਾਇਤਾਂ ਪੁੱਜ ਰਹੀਆਂ ਸਨ। ਇਸ ਲਈ ਬੰਦਾ ਸਿੰਘ ਨੇ ਫ਼ੈਸਲਾ ਕਰ ਲਿਆ ਕਿ ਸਭ ਤੋਂ ਪਹਿਲਾਂ ਕਪੂਰੀ ਦੇ ਇਸ ਦੈਂਤ ਨੂੰ ਸੋਧ ਦੇਣਾ ਚਾਹੀਦਾ ਹੈ। ਮੁਸਤਫ਼ਾਬਾਦੋਂ ਰਾਹ ਵਿਚ ਬਰਾੜੇ ਦੀ ਸੜਕ ਉੱਤੇ ਸਢੌਰਿਓਂ ਚਾਰ ਮੀਲ ਉੱਤੇ ਦਲੌੜ ਪਿੰਡ ਹੈ। ਬੰਦਾ ਸਿੰਘ ਨੇ ਰਾਤ ਇਥੇ ਕੱਟੀ ਤਾਂ ਕਿ ਇਥੇ ਦੇ ਲਬਾਣਿਆਂ ਪਾਸੋਂ ਲੋੜੀਂਦੀ ਵਾਕਫ਼ੀ ਪ੍ਰਾਪਤ ਕਰ ਲਈ ਜਾਏ। ਦਿਨ ਚੜ੍ਹਦੇ ਸਾਰ ਸਿੰਘ ਕਪੂਰੀ ਉੱਤੇ ਟੁੱਟ ਪਏ । ਪਲੋ ਪਲੀ ਵਿਚ ਜੋ ਅੜਿਆ ਸੋ ਝੜਿਆ, ਅਤੇ ਦੁਰਾਚਾਰੀ ਕਦਮੁੱਦੀਨ ਦੀ ਹਵੇਲੀ ਨੂੰ ਅੱਗ ਲਾ ਦਿੱਤੀ ਅਤੇ ਉਸ ਦੀ ਦੌਲਤ ਉਡਾ ਕੇ ਰਖ ਦਿੱਤੀ। ਖ਼ੁਦ ਕਦਮੁੱਦੀਨ ਨਾਲ ਕੀ ਬੀਤੀ, ਇਹ ਪਤਾ ਨਹੀਂ । ਵੀਹ ਵਿਸਵੇ ਅਨੁਮਾਨ ਇਹ ਹੀ ਹੈ ਕਿ ਉਹ ਇਸ ਭਾਂਬੜ ਵਿਚ ਆਪਣੇ ਮਾਲ ਮਤਾਹ ਦੇ ਨਾਲ ਹੀ ਸੜ ਬਲ ਕੇ ਸੁਆਹ ਹੋ ਗਿਆ ਹੋਵੇਗਾ।

ਸਢੌਰਾ

ਬੰਦਾ ਸਿੰਘ ਦਾ ਅਗਲਾ ਨਿਸ਼ਾਨਾ ਸਢੌਰਾ ਸੀ । ਇਥੇ ਦਾ ਹਾਕਮ ਉਸਮਾਨ ਖ਼ਾਨ ਆਪਣੇ ਨਿੱਤ ਦੇ ਅਤਿਆਚਾਰਾਂ ਲਈ ਬੜਾ ਬਦਨਾਮ ਸੀ। ਇਹ ਉਹ ਹੀ ਸੀ ਜਿਸ ਨੇ ਸਢੌਰੇ ਦੇ ਨਾਮਵਰ ਮੁਸਲਮਾਨ ਪੀਰ ਸੱਯਦ ਬਦਰੁੱਦੀਨ ਸ਼ਾਹ ਨੂੰ (ਜੋ ਇਤਿਹਾਸ ਵਿਚ ਸੱਯਦ ਪੀਰ ਬੁਧੂ ਸ਼ਾਹ ਦੇ ਨਾਉਂ ਨਾਲ ਪ੍ਰਸਿੱਧ ਹੈ) ਕੇਵਲ ਇਸ ਕਰਕੇ ਤਸੀਹੇ ਦੇ ਦੇ ਕੇ ਮਰਵਾ ਦਿੱਤਾ ਸੀ ਕਿ ਉਸ ਨੇ ਭੰਗਾਣੀ ਦੇ ਜੁੱਧ ਵਿਚ ਗੁਰੂ ਗੋਬਿੰਦ ਸਿੰਘ ਦੀ ਸਹਾਇਤਾ ਕੀਤੀ ਸੀ । ਇਹ ਉਸਮਾਨ ਖ਼ਾਨ ਹਿੰਦੂਆਂ ਦਾ ਬੜਾ ਵੈਰੀ ਸੀ ਅਤੇ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਬੇਪੱਤੀ ਕਰਦਾ ਸੀ । ਇਥੋਂ ਤਕ ਕਿ ਉਨ੍ਹਾਂ ਨੂੰ ਆਪਣੇ ਮੁਰਦੇ ਫੂਕਣ ਦੀ ਭੀ ਖੁੱਲ੍ਹ ਨਹੀਂ ਸੀ । ਇਥੇ ਇਹ ਇਕ ਆਮ ਵਹਿਮ ਸੀ ਕਿ ਜੇ ਹਿੰਦੂ ਦਾ ਮੁਰਦਾ ਕੁਤਬੁਲ-ਅਕਤਾਬ ਦੀ ਮਜ਼ਾਰ ਦੇ ਕੋਲ ਦੀ ਲੰਘ ਜਾਏ, ਉਸ ਨੂੰ ਅੱਗ ਨਹੀਂ ਸਾੜਦੀ । ਸ਼ਾਹਵਾਨੀ ਮਹੱਲੇ ਦੇ ਲੋਕਾਂ ਲਈ ਇਸ ਮਜਾਰ ਦੇ ਪਾਸ ਦੀ ਲੰਘਣ ਤੋਂ ਬਿਨਾਂ ਚੂੰਕਿ ਹੋਰ ਕੋਈ ਰਾਹ ਹੀ ਨਹੀਂ ਸੀ ਇਸ ਲਈ ਇਸ ਮਹੱਲੇ ਦੇ ਬਹੁਤ ਸਾਰੇ ਹਿੰਦੂ ਤੰਗ ਆ ਕੇ ਸ਼ਹਿਰ ਹੀ ਛੱਡ ਗਏ ਸਨ।

ਇਸ ਵੇਲੇ ਰਾਜ ਅਤੇ ਜੋਰ ਮੁਸਲਮਾਨਾਂ ਦਾ ਹੋਣ ਕਰਕੇ ਹਿੰਦੂ ਹਰ ਥਾਂ ਮੁਸਲਮਾਨਾਂ ਵੱਲੋਂ ਸਤਾਏ ਜਾ ਰਹੇ ਸਨ ਅਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘ ਹਰ ਥਾਂ ਉਨ੍ਹਾਂ ਦੀ ਬਾਹੁੜੀ ਅਤੇ ਸਹਾਇਤਾ ਕਰਨ ਲਈ ਪੁੱਜ ਜਾਂਦੇ ਸਨ, ਇਸ ਲਈ ਹਰ ਪਾਸਿਓਂ ਲੋਕ ਉਨ੍ਹਾਂ ਪਾਸ ਆਪਣੀਆਂ ਸ਼ਿਕਾਇਤਾ ਲੈ ਕੇ ਪੁੱਜਣ ਲਗ ਪਏ ਸਨ । ਇੱਥੇ ਹਿੰਦੂਆਂ ਨੇ ਆ ਕੇ ਅਰਜ਼ ਕੀਤੀ ਕਿ ਮੁਸਲਮਾਨਾਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ ਹੈ, ਅਤੇ ਆਮ ਗਲੀ ਬਾਜਾਰਾਂ ਵਿਚ ਹੀ ਨਹੀਂ ਸਗੋਂ ਸਾਡੇ ਘਰਾਂ ਦੇ ਸਾਹਮਣੇ ਗਊ-ਬਧ ਕਰਦੇ ਹਨ ਅਤੇ ਲਹੂ, ਆਂਦਰਾਂ ਆਦਿ ਉਥੇ ਹੀ ਪਈਆਂ ਛੱਡ ਜਾਂਦੇ ਹਨ ਅਤੇ ਸਾਨੂੰ ਆਪਣੇ ਧਰਮ ਕਰਮ ਦੀਆਂ ਰਸਮਾਂ ਭੀ ਨਹੀਂ ਕਰਨ ਦਿੰਦੇ । ਇਹ ਗੱਲਾਂ ਸੁਣ ਕੇ ਬੰਦਾ ਸਿੰਘ ਨੂੰ ਬਹੁਤ ਰੋਹ ਚੜ੍ਹਿਆ ਅਤੇ ਉਸ ਨੇ ਸਢੌਰੇ ਉੱਤੇ ਹੱਲਾ ਕਰਨ ਦਾ ਹੁਕਮ ਦੇ ਦਿੱਤਾ ।

ਸਢੌਰਾ ਨਾਉਂ ‘ਸਾਧੂ-ਵਾੜਾ” ਦੇ ਸਮੇਂ ਦਾ ਫੇਰ ਨਾਲ ਬਦਲਿਆ ਹੋਇਆ ਰੂਪ ਹੈ । ਪ੍ਰਾਚੀਨ ਸਮਿਆਂ ਵਿਚ ਇਹ ਬੁਧ ਭਿੱਖੂਆਂ ਅਤੇ ਹਿੰਦੂ ਸਾਧੂਆਂ ਦਾ ਪਵਿੱਤਰ ਧਾਰਮਕ ਅਸਥਾਨ ਸੀ। ਮੁਸਲਮਾਨੀ ਰਾਜ ਹੋਣ ਵੇਲੇ ਕੁਝ ਚਿਰ ਏਥੇ ਤੁਸੀ ਪਠਾਣ ਵਸਦੇ ਰਹੇ, ਜਿਨ੍ਹਾਂ ਨੂੰ ਇਥੋਂ ਸਿਆਣਾ ਜ਼ਿਲ੍ਹਾ ਕਰਨਾਲ ਦੇ ਸੱਯਦ ਨਿਜ਼ਾਮੁੱਦੀਨ ਨੇ ਬਾਹਰ ਕੱਢ ਦਿੱਤਾ ਸੀ । ਉਸ ਵਰ੍ਹੇ ਸੰਨ 1414 ਵਿਚ ਜਦ ਸੱਯਦ ਖ਼ਿਜ਼ਰ ਖ਼ਾਨ ਦਿੱਲੀ ਤੇ ਤਖ਼ਤ ਉੱਤੇ ਬੈਠਾ ਤਾਂ ਉਸ ਨੇ ਸਢੌਰਾ ਨਿਜਾਮੁੱਦੀਨ ਨੂੰ ਦਿੱਤੀ ਸੱਠ ਹਜ਼ਾਰ ਸਾਲਾਨਾ ਜਾਗੀਰ ਵਿਚ ਸ਼ਾਮਲ ਕਰ ਦਿੱਤਾ । ਗੰਜਿ-ਇਲਮ ਅਤੇ ਕੁਤਬੁਲ-ਅਕਤਾਬ ਦੇ ਮਜ਼ਾਰ ਸੱਯਦ ਨਿਜ਼ਾਮੁੱਦੀਨ ਦੇ ਦੂਸਰੇ ਪੁੱਤਰ ਸ਼ਾਹ ਅਬਦੁਲ ਹਮੀਦ ਅਤੇ ਪੋਤਰੇ ਸ਼ਾਹ ਅਬਦੁਲ ਵਹਾਬ ਦੇ ਮਜ਼ਾਰ ਹਨ ਜੋ ਆਪਣੀ ਵਿੱਦਿਆ ਅਤੇ ਧਾਰਮਕ ਰੁਚੀਆਂ ਕਰਕੇ ਇਨ੍ਹਾਂ ਖ਼ਿਤਾਬਾਂ ਨਾਲ ਪ੍ਰਸਿੱਧ ਸਨ। ਉਪਰ ਦਿੱਤੇ ਵਹਿਮ ਦੀ ਰਵਾਇਤ ਸ਼ਾਹ ਅਬਦੁਲ-ਵਹਾਬ ਦੇ ਮਜ਼ਾਰ ਨਾਲ ਸੰਬੰਧ ਰਖਦੀ ਹੈ। ਸੱਯਦ ਬਦਰੁੱਦੀਨ ਸ਼ਾਹ (ਸੱਯਦ ਬੁਧੂ ਸ਼ਾਹ) ਸੱਯਦ ਨਿਜਾਮੁੱਦੀਨ ਤੋਂ ਨੌਵੀਂ ਪੁਸ਼ਤੋਂ ਸੀ । ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੇ ਸਢੌਰੇ ਵੱਲ ਨੂੰ ਵਧਣ ਦੀ ਖਬਰ ਉਡਣ ਦੀ ਦੇਰ ਹੀ ਸੀ ਸਢੌਰੇ ਦੇ ਇਰਦ ਗਿਰਦ ਦੀ ਦੁਖੀ ਜਨਤਾ ਅਤੇ ਹੋਰ ਲੋਕ, ਜੋ ਕੇਵਲ ਇਸੇ ਮੌਕੇ ਦੀ ਤਾੜ ਵਿਚ ਹੀ ਸਨ, ਹੱਲਾ ਕਰਨ ਵਾਲੇ ਸਿੰਘਾਂ ਨਾਲ ਆ ਰਲੇ ਅਤੇ ਸ਼ਹਿਰ ਵਿਚ ਧਸ ਗਏ । ਗੁੱਸੇ ਨਾਲ ਭਰੇ ਪਏ ਇਨ੍ਹਾਂ ਆਪ ਮੁਹਾਰੇ ਲੋਕਾਂ ਨੇ ਜਿਨ੍ਹਾਂ ਉੱਤੇ ਬੰਦਾ ਸਿੰਘ ਦਾ ਭੀ ਕੋਈ ਕਾਬੂ ਨਹੀਂ ਸੀ । ਸ਼ਹਿਰ ਵਿਚ ਵੜਦੇ ਸਾਰ ਸਭ ਤੋਂ ਪਹਿਲਾਂ ਕੁਤਬੁਲ-ਅਕਤਾਬ ਦੇ ਮਜ਼ਾਰ ਨੂੰ ਅੱਗ ਲਾਉਣ ਦੀ ਕੀਤੀ ਜਿਸ ਨਾਲ ਬਾਜ਼ਾਰਾਂ ਵਿਚ ਇਕ ਖੂਨੀ ਲੜਾਈ ਸ਼ੁਰੂ ਹੋ ਪਈ । ਡਰਦੇ ਮਾਰੇ ਸੱਯਦ ਅਤੇ ਸ਼ੇਖ ਪਨਾਹ ਲਈ ਸੱਯਦ ਬੁਧੂ ਸ਼ਾਹ ਦੀ ਹਵੇਲੀ ਵਿਚ ਜਾ ਲੁਕੇ, ਸ਼ਾਇਦ ਇਸ ਖ਼ਿਆਲ ਨਾਲ ਕਿ ਚੂੰਕਿ ਸ਼ਹੀਦ ਪੀਰ ਬੁਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਮਿੱਤਰ ਸਨ ਇਸ ਲਈ ਸਿੰਘ ਉਨ੍ਹਾਂ ਦੀ ਜਾਨ ਬਖ਼ਸ਼ ਦੇਣਗੇ । ਜੇ ਇਹ ਗੱਲ ਇਕੱਲੇ ਸਿੰਘਾਂ ਤੇ ਹੱਥ ਵਿਚ ਹੀ ਹੁੰਦੀ ਤਾ ਸ਼ਾਇਦ ਕੋਈ ਭੀ ਸਿੰਘ ਪੀਰ ਬੁਧੂ ਸ਼ਾਹ ਦੇ ਮਜ਼ਾਰ ਦੀ ਬੇਪੱਤੀ ਨਾ ਹੋਣ ਦਿੰਦਾ, ਪਰ ਇਸ ਵੇਲੇ ਉਹ ਬੇ-ਬੱਸ ਸਨ । ਉਨ੍ਹਾਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਸੀ ਅਤੇ ਉਹ ਥਾਂ ਦੇ ਭੀ ਨਾ-ਵਾਕਿਫ਼ ਸਨ । ਇਹ ਬਹੁਤ ਕਰਕੇ ਚੁਗਿਰਦੇ ਦਾ ਦੁਖੀ ਮਲੱਖਈਆ ਸੀ ਜਿਨ੍ਹਾਂ ਨੇ ਬਦਲੇ ਦੇ ਅੱਗ ਨਾਲ ਭੜਕ ਕੇ ਇਕ ਭੜਥੂ ਮਚਾ ਦਿੱਤਾ । ਉਹ ਮੁਦਤਾਂ ਤੋਂ ਚੁੱਪ ਕਰੀਤੇ ਬੇਬਸੀ ਦੀ ਹਾਲਤ ਵਿਚ ਜ਼ੁਲਮ ਸਹਾਰਦੇ ਚਲੇ ਆ ਰਹੇ ਸਨ । ਹੁਣ ਜਦ ਉਨ੍ਹਾਂ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਦਿਲ ਖੋਲ੍ਹ ਕੇ ਆਪਣੇ ਦੋਖੀਆਂ ਪਾਸੋਂ ਗਿਣ ਗਿਣ ਕੇ ਬਦਲੇ ਲਏ ਅਤੇ ਹਰ ਪਾਸੇ ਕਤਲਿ-ਆਮ ਮਚਾ ਦਿੱਤੀ। ਹਵੇਲੀ ਵਿਚ ਲੁਕੇ ਹੋਏ ਸਭ ਲੋਕ ਇਕ ਦਮ ਕਤਲ ਕਰ ਦਿੱਤੇ । ਇਸੇ ਕਰਕੇ ਇਸ ਥਾਂ ਦਾ ਨਾਉਂ ਹੀ ਕਤਲ-ਗੜ੍ਹੀ ਪੈ ਗਿਆ ।

ਪੁਰਾਤਨ ਲਿਖਤਾਂ ਵਿਚ ਕਿਧਰੇ ਕੋਈ ਐਸੀ ਗੱਲ ਨਹੀਂ ਮਿਲਦੀ ਜਿਸ ਤੋਂ ‘ਪ੍ਰਾਚੀਨ ਪੰਥ ਪ੍ਰਕਾਸ਼’ ਜਾਂ ‘ਸ਼ਮਸ਼ੇਰ ਖ਼ਾਲਸਾ’ ਵਿਚ ਦਿੱਤੇ ਬਿਆਨਾਂ ਦੀ ਪੁਸ਼ਟੀ ਹੁੰਦੀ ਹੋਵੇ ਕਿ ਪੀਰਾਂ ਦੇ ਮਜ਼ਾਰਾਂ ਦੀ ਬੇਹੁਰਮਤੀ ਕੀਤੀ ਗਈ, ਜਾਂ ਕਬਰਾਂ ਪੁੱਟ ਕੇ ਮੁਰਦਿਆਂ ਨੂੰ ਅੱਗ ਵਿਚ ਸਾੜਿਆ ਗਿਆ । ਅਸਲੀਅਤ ਇਹ ਹੈ ਕਿ ਗੰਜਿ-ਇਲਮ ਅਤੇ ਕੁਤਬੁਲ-ਅਕਤਾਬ ਦੇ ਮਜ਼ਾਰ ਸੰਨ 1946 ਵਿਚ ਜਦ ਕਿ ਇਸ ਪੁਸਤਕ ਦੇ ਲਿਖਾਰੀ ਨੇ ਉਹ ਮਜ਼ਾਰ ਦੇਖੇ ਸਨ) ਉਸੇ ਹਾਲਤ ਵਿਚ ਖੜੋਤੇ ਸਨ ਜਿਸ ( ਹਾਲਤ ਵਿਚ ਕਿ ਉਹ ਬੰਦਾ ਸਿੰਘ ਦੇ ਹੱਲੇ ਤੋਂ ਪਹਿਲਾਂ ਸਨ। ਕੇਵਲ ਕੁਤਬੁਲ-ਅਕਤਾਬ ਦਾ ਮਜ਼ਾਰ (ਜੋ ਬੰਦਾ ਸਿੰਘ ਵੇਲੇ ਹਿੰਦੂਆਂ ਲਈ ਖਾਸ ਦੁਖ ਦਾ ਕਾਰਣ ਸੀ) ਲੋਕਾਂ ਵੱਲੋਂ ਲਾਈ ਗਈ ਅੱਗ ਨਾਲ ਕੇਵਲ ਧੁੰਆਂਖਿਆ ਹੋਇਆ ਹੀ ਸੀ ।

ਰੋਪੜ ਦੀ ਲੜਾਈ

ਜਿਵੇਂ ਪਿੱਛੇ ਜ਼ਿਕਰ ਕੀਤਾ ਜਾ ਚੁੱਕਾ ਹੈ, ਬਹੁਤ ਸਾਰੇ ਮਝੈਲ ਅਤੇ ਦੁਆਬੀਏ ਸਿੱਖ ਸਤਲੁਜੋਂ ਪਾਰ ਕੀਰਤਪੁਰ ਦੇ ਸੌਂਹੇ ਰੁਕੇ ਹੋਏ ਸਨ ਅਤੇ ਬੰਦਾ ਸਿੰਘ ਦੀ ਆਗਿਆ ਉਡੀਕ ਰਹੇ ਸਨ । ਇਸ ਲਈ ਹੁਣ ਉਸ ਨੇ ਉੱਤਰ-ਲਹਿੰਦੇ ਵੱਲ ਨੂੰ ਬਾਗਾਂ ਮੋੜੀਆਂ। ਰਸਤੇ ਵਿਚ ਛੱਤ ਦੇ ਹਿੰਦੂਆਂ ਨੇ ਬੇਨਤੀ ਕੀਤੀ ਕਿ ਇੱਥੇ ਦੇ ਮੁਸਲਮਾਨ ਸਾਨੂੰ ਤੰਗ ਕਰਦੇ ਹਨ ਇਸ ਲਈ ਸਾਡੀ ਰੱਖਿਆ ਕੀਤੀ ਜਾਏ; ਆਚਰਨ-ਹੀਨ ਮਜ਼ਹਬੀ ਕੱਟੜਾ ਦੇ ਸਾਹਮਣੇ ਸਾਡੀ ਇੱਜ਼ਤ ਅਤੇ ਧਰਮ ਖ਼ਤਰੇ ਵਿਚ ਹਨ। ਬੰਦਾ ਸਿੰਘ ਨੂੰ ਹਿੰਦੂਆਂ ਦੀ ਨਿਤਾਣੀ ਹਾਲਤ ਦੇਖ ਕੇ ਬੜਾ ਤਰਸ ਆਇਆ, ਅਤੇ ਉਸ ਨੇ ਛੱਤ ਦੇ ਕਸਬੇ ਉੱਤੇ ਕਬਜ਼ਾ ਕਰ ਕੇ ਉਥੇ ਇਕ ਸਿੱਖ ਆਮਿਲ ਨਿਯਤ ਕਰ ਦਿੱਤਾ ।

ਇਸ ਵੇਲੇ ਮੌਕਾ ਤਾੜ ਕੇ ਰੁਕੇ ਹੋਏ ਸਿੰਘ ਦੱਬ ਮਾਰ ਕੇ ਸਤਲੁਜੋਂ ਪਾਰ ਹੋ ਆਏ ਅਤੇ ਕੀਰਤਪੁਰ ਪੁੱਜ ਗਏ । ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੱਸ ਆਏ ਹਾਂ, ਸਰਹੰਦ ਦੇ ਇਲਾਕੇ ਵਿਚ ਬੰਦਾ ਸਿੰਘ ਦੀਆਂ ਮੱਲਾਂ ਮਾਰਾਂ ਦੀਆਂ ਖ਼ਬਰਾਂ ਅਤੇ ਸਰਹੰਦ ਸ਼ਹਿਰ ਉੱਤੇ ਸਿੰਘਾਂ ਦੇ ਹੱਲੇ ਦੀਆਂ ਹਵਾਈਆਂ ਨੇ ਨਵਾਬ ਵਜ਼ੀਰ ਖ਼ਾਨ ਨੂੰ ਕਾਂਬਾ ਛੇੜ ਰੱਖਿਆ ਸੀ । ਹੁਣ ਪਾਰਲੇ ਸਿੰਘਾਂ ਦੇ ਸਤਲੁਜ ਲੰਘ ਆਉਣ ਦੀਆਂ ਖ਼ਬਰਾਂ ਨੇ ਉਸ ਨੂੰ ਹੋਰ ਜ਼ਿਆਦਾ ਘਬਰਾਹਟ ਪੈਦਾ ਕਰ ਦਿੱਤੀ ਕਿਉਂਕਿ ਇਨ੍ਹਾਂ ਦਾ ਮੁਖ ਨਿਸ਼ਾਨਾ ਹੀ ਸਰਹੰਦ ਉੱਤੇ ਚੜ੍ਹਾਈ ਸੀ । ਹੁਣ ਤਕ ਦੀ ਥੋੜ੍ਹੀ ਜਿਹੀ ਸਿੰਘਾਂ ਦੀ ਫੌਜ ਨਾਲ ਬੰਦਾ ਸਿੰਘ ਨੇ ਬੜੀਆਂ ਅਹਿਮ ਜਿੱਤਾਂ ਪ੍ਰਾਪਤ ਕਰ ਲਈਆਂ ਸਨ । ਵਜ਼ੀਰ ਖ਼ਾਨ ਨੂੰ ਡਰ ਸੀ ਕਿ ਤਾਜ਼ਾ ਦਮ ਮਝੈਲਾਂ ਅਤੇ ਦੁਆਬੀਆਂ ਦੇ ਆ ਰਲਣ ਨਾਲ ਉਸ ਦੀ ਤਾਕਤ ਇੰਨੀ ਵੱਧ ਜਾਏਗੀ ਕਿ ਸਰਹੰਦ ਦੀ ਕੋਈ ਫੌਜ ਭੀ ਉਨ੍ਹਾਂ ਦਾ ਟਾਕਰਾ ਨਹੀਂ ਕਰ ਸਕੇਗੀ। ਇਸ ਲਈ ਵਜ਼ੀਰ ਖ਼ਾਨ ਸਮਝਦਾ ਸੀ ਕਿ ਉਸ ਦਾ ਬਚਾਓ ਇਸੇ ਗੱਲ ਵਿਚ ਹੈ ਕਿ ਇਨ੍ਹਾਂ ਦੋਹਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਏ । ਇਸ ਲਈ ਵਜੀਰ ਖ਼ਾਨ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਮਲੇਰ-ਕੋਟਲੀਏ ਨੂੰ ਨਿਯਤ ਕੀਤਾ ਕਿ ਉਹ ਉੱਤਰ ਵੱਲੋਂ ਆ ਰਹੇ ਨਵੇਂ ਸਿੰਘਾਂ ਨੂੰ ਬੰਦਾ ਸਿੰਘ ਦੇ ਨਾਲ ਰਲਣ ਤੋਂ ਪਹਿਲਾਂ ਪਹਿਲਾਂ ਹੀ ਟਿਕਾਣੇ ਲਾ ਦੇਵੇ।

ਸ਼ੇਰ ਮੁਹੰਮਦ ਖ਼ਾਨ ਨੇ ਆਪਣੇ ਭਰਾ ਖਿਜਰ ਖ਼ਾਨ ਅਤੇ ਭਤੀਜੇ ਨਸ਼ਤਰ ਖ਼ਾਨ ਅਤੇ ਵਲੀ ਮੁਹੰਮਦ ਖ਼ਾਨ ਨੂੰ ਨਾਲ ਲਿਆ ਅਤੇ ਸਿੰਘਾਂ ਦੇ ਵਿਰੁੱਧ ਕੂਚ ਕਰ ਦਿੱਤਾ । ਇੰਨੇ ਚਿਰ ਵਿਚ ਮਝੈਲ ਅਤੇ ਦੁਆਬੀਏ ਸਤਲੁਜ ਦੇ ਨਾਲ ਨਾਲ ਰੋਪੜ ਪੁੱਜ ਗਏ। ਸ਼ੇਰ ਮੁਹੰਮਦ ਖ਼ਾਨ ਨੇ ਉਨ੍ਹਾਂ ਉੱਤੇ ਹੱਲਾ ਬੋਲ ਦਿੱਤਾ ਅਤੇ ਲੜਾਈ ਸ਼ੁਰੂ ਹੋ ਗਈ । ਪਰ ਇਹ ਬਰਾਬਰ ਦਾ ਮੁਕਾਬਲਾ ਨਹੀਂ ਸੀ। ਸ਼ੇਰ ਮੁਹੰਮਦ ਖ਼ਾਨ ਦੀ ਜਮੀਅਤ ਬਹੁਤ ਜ਼ਿਆਦਾ ਸੀ । ਮਲੇਰ-ਕੋਟਲੀਏ ਪਠਾਣਾਂ ਤੋਂ ਬਿਨਾਂ ਰੋਪੜੀਏ ਰੰਘੜਾਂ ਅਤੇ ਸਰਹੰਦੀਆਂ ਦੇ ਕੁਝ ਦਸਤੇ ਭੀ ਉਨ੍ਹਾਂ ਨਾਲ ਸਨ । ਬਹੁਤ ਸਾਰੇ ਦਾਰੂ ਸਿੱਕੇ ਦੇ ਨਾਲ ਉਨ੍ਹਾਂ ਪਾਸ ਦੋ ਤੋਪਾਂ ਭੀ ਸਨ । ਦੂਸਰੇ ਪਾਸੇ ਸਿੰਘਾਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਸੀ ਅਤੇ ਰਾਮ-ਜੰਗੇ ਭੀ ਪੂਰੇ ਨਹੀਂ ਸਨ । ਕਈਆਂ ਪਾਸ ਤਾਂ ਕੇਵਲ ਤਲਵਾਰ ਜਾਂ ਨੇਜਾ ਹੀ ਸੀ । ਪਰ ਉਹ ਗੁਰੂ ਦੇ ਹੁਕਮ ਨਾਲ ਆਏ ਹੀ ਧਰਮ-ਜੁੱਧ ਦੇ ਚਾਓ ਨਾਲ ਸਨ । ਇਸ ਲਈ ਉਹ ਵਿਤੋਂ ਵੱਧ ਬਹਾਦੁਰੀ ਨਾਲ ਛਾਲਾਂ ਮਾਰਦੇ ਵੈਰੀਆਂ ਉੱਤੇ ਟੁੱਟ ਪਏ ਅਤੇ ਸਾਰਾ ਦਿਨ ਗਹਿਗੱਚ ਲੜਾਈ ਹੁੰਦੀ ਰਹੀ। ਪਰ ਜੰਗੀ ਸਾਮਾਨ ਦੀ ਥੁੜ੍ਹ ਉਨ੍ਹਾਂ ਦੀ ਕੋਈ ਪੇਸ਼ ਨਹੀਂ ਸੀ ਜਾਣ ਦਿੰਦੀ ਅਤੇ ਜੇ ਕਿਧਰੇ ਛੇਤੀ ਹੀ ਰਾਤ ਨਾ ਪੈ ਜਾਂਦੀ ਤਾਂ ਸ਼ਾਇਦ ਉਨ੍ਹਾਂ ਦੇ ਪੈਰ ਹੀ ਹਿੱਲ ਜਾਂਦੇ । ਦੂਸਰੇ ਦਿਨ ਸਵੇਰੇ ਸ਼ੇਰ ਮੁਹੰਮਦ ਖ਼ਾਨ ਨੂੰ ਜਿੱਤ ਦੀ ਪੂਰੀ ਪੂਰੀ ਆਸ ਸੀ । ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ । ਰਾਤ ਦੇ ਅਨ੍ਹੇਰੇ ਨੇ ਸਿੰਘਾਂ ਦੀ ਗ਼ੈਬੀ ਸਹਾਇਤਾ ਕੀਤੀ । ਇਕ ਤਾਂ ਉਹ ਜ਼ਰਾ ਤਾਜ਼ਾ ਦਮ ਹੋ ਗਏ ਅਤੇ ਵੈਰੀ ਦੇ ਲੜਾਈ ਦੇ ਢੰਗਾਂ ਦੇ ਵਾਕਫ਼ ਹੋ ਗਏ, ਦੂਸਰੇ, ਰਾਤ ਨੂੰ ਅਨ੍ਹੇਰੇ-ਅਨ੍ਹੇਰੇ ਉੱਤਰ-ਚੜ੍ਹਦੇ ਵੱਲੋਂ ਹੋਰ ਸਿੰਘ ਉਨ੍ਹਾਂ ਨਾਲ ਆ ਰਲੇ । ਭਾਵੇਂ ਉਨ੍ਹਾਂ ਦੀ ਗਿਣਤੀ ਹਾਲ ਤਕ ਮੁਕਾਬਲੇ ਵਿਚ ਬਹੁਤ ਥੋੜ੍ਹੀ ਸੀ ਅਤੇ ਸਾਮਾਨ ਦੀ ਥੁੜ੍ਹ ਵਿਚ ਕੋਈ ਫ਼ਰਕ ਨਹੀਂ ਸੀ ਪਿਆ, ਪਰ ਉਨ੍ਹਾਂ ਦੇ ਹੌਸਲੇ ਦੂਣੇ ਚੌਣੇ ਹੋ ਗਏ ਸਨ।

ਸੂਰਜ ਚੜ੍ਹਦੇ ਸਾਰ ਹੀ ਖ਼ਿਜ਼ਰ ਖ਼ਾਨ ਨੇ ਹੱਲਾ ਕਰ ਦਿੱਤਾ । ਆਪਣੀ ਜਿੱਤ ਹੋ ਜਾਣ ਦੇ ਯਕੀਨ ਨਾਲ ਉਹ ਅਗਾਂਹ ਅਗਾਂਹ ਵਧਦਾ ਗਿਆ ਅਤੇ ਇਤਨਾ ਲਾਗੇ ਹੋ ਗਿਆ ਕਿ ਹੱਥੋ ਹੱਥ ਲੜਾਈ ਸ਼ੁਰੂ ਹੋ ਗਈ । ਸਿੱਖਾਂ ਨੂੰ ਲਲਕਾਰ ਕੇ ਕਹਿਣ ਲੱਗਾ ਤੁਸੀਂ ਹੁਣ ਜੀਊਂਦੇ ਬਚ ਕੇ ਨਹੀਂ ਜਾ ਸਕਦੇ, ਤੁਹਾਡਾ ਬਚਾਓ ਇਸੇ ਵਿਚ ਹੀ ਰਹਿ ਗਿਆ ਕਿ ਚੁੱਪ ਕਰ ਕੇ ਹਥਿਆਰ ਸੁਟ ਦਿਓ ਅਤੇ ਈਨ ਮੰਨ ਲਓ। ਇਸ ਲਲਕਾਰ ਦਾ ਜਵਾਬ ਸਿੰਘਾਂ ਨੇ ਤੀਰਾਂ ਦੀ ਬਾਛੜ ਨਾਲ ਦਿੱਤਾ ਅਤੇ ਸ਼ਾਇਦ ਹੀ ਉਨ੍ਹਾਂ ਦਾ ਕੋਈ ਤੀਰ ਨਿਸ਼ਾਨਿਉਂ ਖੁੰਝਿਆ ਹੋਵੇ । ਇਸ ਵੇਲੇ ਇਕ ਮਾਰੂ ਗੋਲੀ ਖਿਜ਼ਰ ਖ਼ਾਨ ਨੂੰ ਜਾ ਲੱਗੀ ਅਤੇ ਸੂਰਬੀਰ ਪਠਾਣ ਲੁੜ੍ਹਕ ਕੇ ਭੋਇੰ ਉੱਤੇ ਜਾ ਡਿਗਿਆ । ਖ਼ਿਜ਼ਰ ਖ਼ਾਨ ਦੇ ਡਿਗਣ ਦੀ ਦੇਰ ਸੀ ਕਿ ਉਸ ਦੇ ਸਾਥੀ ਪਠਾਣਾਂ ਵਿਚ ਭਗਦੜ ਮਚ ਗਈ ਅਤੇ ਉਹ ਪਿੱਛੇ ਨੂੰ ਭੱਜਣੇ ਸ਼ੁਰੂ ਹੋ ਗਏ। ਤਦ ਆਪਣੇ ਆਦਮੀਆਂ ਨੂੰ ਹੌਂਸਲਾ ਅਤੇ ਹੱਲਾ-ਸ਼ੇਰੀ ਦੇਣ ਲਈ ਸ਼ੇਰ ਮੁਹੰਮਦ ਖ਼ਾਨ ਆਪ ਅੱਗੇ ਪੁੱਜਾ, ਪਰ ਉਸ ਨੂੰ ਭੀ ਸਫ਼ਲਤਾ ਨਾ ਹੋਈ। ਹੁਣ ਸਿੰਘ ਤਲਵਾਰਾਂ ਸੂਤ ਕੇ ਪੈਰੋਂ ਨਿਕਲੇ ਹੋਏ ਵੈਰੀ ਉੱਤੇ ਟੁੱਟ ਪਏ ਅਤੇ ਪਠਾਣਾਂ ਅਤੇ ਰੰਘੜਾਂ ਨੂੰ ਅਗੇ ਧਰ ਲਿਆ । ਖ਼ਿਜ਼ਰ ਖ਼ਾਨ ਦੀ ਲੋਥ ਲੈਣ ਲਈ ਸ਼ੇਰ ਮੁਹੰਮਦ ਖ਼ਾਨ ਅਤੇ ਉਸ ਦੇ ਭਤੀਜੇ ਝੁੰਜਲਾ ਝੁੰਜਲਾ ਕੇ ਅੱਗੇ ਨੂੰ- ਵਧੇ। ਇਸ ਜਤਨ ਵਿਚ ਨਸ਼ਤਰ ਖ਼ਾਨ ਅਤੇ ਵਲੀ ਮੁਹੰਮਦ ਖ਼ਾਨ ਦੋਨੋਂ ਮਾਰੇ ਗਏ ਅਤੇ ਸ਼ੇਰ ਮੁਹੰਮਦ ਖੁਦ ਭੀ ਸਖ਼ਤ ਫੱਟੜ ਹੋ ਗਿਆ ਅਤੇ ਬੜੀ ਮੁਸ਼ਕਲ ਨਾਲ ਭਰਾ ਅਤੇ ਭਤੀਜਿਆਂ ਦੀਆਂ ਲੋਥਾਂ ਲਿਜਾ ਸਕਿਆ । ਸਿੰਘਾਂ ਦੀ ਜਿੱਤ ਹੋ ਗਈ, ਪਰ ਗਿਣਤੀ ਥੋੜ੍ਹੀ ਹੋਣ ਕਰਕੇ ਉਹ ਬਹੁਤ ਦੂਰ ਤਕ ਵੈਰੀ ਦਾ ਪਿੱਛਾ ਨਾ ਕਰ ਸਕੇ, ਅਤੇ ਉਨ੍ਹਾਂ ਹਥਿਆਰਾਂ ਅਤੇ ਜੰਗੀ ਸਾਮਾਨ ਨਾਲ ਹੀ ਸਬਰ ਸ਼ੁਕਰ ਕੀਤਾ ਜੋ ਭੱਜੇ ਜਾਂਦੇ ਦੁਸ਼ਮਣ ਛੱਡ ਅਤੇ ਸੁੱਟ ਗਏ ਸਨ ।

ਹੁਣ ਸਿੰਘਾਂ ਨੇ ਇਕ ਪਲ ਭੀ ਵਿਅਰਥ ਗੁਆਉਣਾ ਚੰਗਾ ਨਾ ਸਮਝਿਆ ਅਤੇ ਬੰਦਾ ਸਿੰਘ ਨਾਲ ਰਲਣ ਲਈ ਛੇਤੀ ਨਾਲ ਦੱਖਣ ਨੂੰ ਚਾਲੇ ਪਾਏ। ਜਿਸ ਵੇਲੇ ਇਹ ਸਿੰਘ ਪਠਾਣਾਂ ਅਤੇ ਰੰਘੜਾਂ ਨਾਲ ਜੁੱਟੇ ਹੋਏ ਸਨ, ਬੰਦਾ ਸਿੰਘ ਨੇ ਬਨੂੜ ਜਾ ਮਾਰਿਆ। ਬਨੂੜੀਆਂ ਨੇ ਕੋਈ ਟਾਕਰਾ ਨਾ ਕੀਤਾ ਅਤੇ ਬਿਨਾਂ ਗੋਲੀ ਦਾਗਣ ਦੇ ਹੀ ਹੱਥ ਜੋੜ ਦਿੱਤੇ । ਜਦ ਬੰਦਾ ਸਿੰਘ ਨੂੰ ਸਿੰਘਾਂ ਦੀ ਰੋਪੜ ਵਿਚ ਜਿੱਤ ਦਾ ਪਤਾ ਲੱਗਾ ਤਾਂ ਉਹ ਬੜਾ ਪ੍ਰਸੰਨ ਹੋਇਆ ਅਤੇ ਉਨ੍ਹਾਂ ਦਾ ਸੁਆਗਤ ਕਰਨ ਲਈ ਅੱਗੇ ਗਿਆ । ਇਹ ਯਾਦਗਾਰੀ ਮਿਲਨੀ ਅੰਬਾਲਿਓਂ ਰੋਪੜ ਨੂੰ ਜਾ ਰਹੀ ਸੜਕ ਉੱਤੇ ਬਨੂੜ ਅਤੇ ਖਰੜ ਦੇ ਵਿਚਕਾਰ ਹੋਈ।

ਚੱਪੜ-ਚਿੜੀ (ਸਰਹੰਦ) ਦੀ ਲੜਾਈ

ਮਝੈਲਾਂ ਅਤੇ ਦੁਆਬੀਆਂ ਦੇ ਆ ਰਲਣ ਪਰ ਬੰਦਾ ਸਿੰਘ ਦੇ ਕੰਪੂ ਵਿਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਵਾਹਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸਾਦ ਦੇ ਖੁਲ੍ਹੇ ਗੱਫੇ ਵਰਤਾਏ ਗਏ । ਸਿੰਘਾਂ ਨੂੰ ਹੁਣ ਗੁਰੂ-ਮਾਰੀ ਸਰਹੰਦ ਅਤੇ ਉਸ ਦੇ ਫੌਜਦਾਰ ਵਜ਼ੀਰ ਖ਼ਾਨ ਦੇ ਵਿਰੁੱਧ ਧਰਮ-ਯੁਧ ਦੇ ਚਾਓ ਨਾਲ ਲਾਲੀਆਂ ਚੜ੍ਹ ਰਹੀਆਂ ਸਨ ਅਤੇ ਉਹ ਉਤਾਵਲੇ ਹੋ ਰਹੇ ਸਨ । ਇਸ ਦੇ ਨਾਲ ਹੀ ਲੁਟੇਰਿਆਂ ਅਤੇ ਧਾੜਵੀਆਂ ਦੀ ਗਿਣਤੀ ਭੀ ਵਧਦੀ ਜਾ ਰਹੀ ਸੀ ਜੋ ਸਦੀਆਂ ਤੋਂ ਇਕੱਠੀ ਹੋ ਰਹੀ ਇਥੇ ਦੀ ਦੌਲਤ ਦੀ ਲੁੱਟ ਵੱਲ ਅੱਖਾਂ ਲਾਈ ਬੈਠੇ ਸਨ ਅਤੇ ਬੰਦਾ ਸਿੰਘ ਦੇ ਕੰਪੂ ਦੇ ਪਿੱਛੇ ਪਿੱਛੇ ਤੁਰੇ ਆ ਰਹੇ ਸਨ । ਇਹ ਦੇਖ ਕੇ ਬੰਦਾ ਸਿੰਘ ਨੇ ਸਰਹੰਦ ਉੱਤੇ ਚੜ੍ਹਾਈ ਦੀ ਤਿਆਰੀ ਦਾ ਹੁਕਮ ਦੇ ਦਿੱਤਾ । ਇਸ ਨਾਲ ਸਿੰਘਾਂ ਦੇ ਡੋਲੇ ਹੋਰ ਫਰਕਣ ਲਗ ਪਏ ਅਤੇ ਆਸਮਾਨ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉਠਿਆ।

ਇਸ ਵੇਲੇ ਸਰਹੰਦ ਦਾ ਇਕ ਹਿੰਦੂ ਅਫ਼ਸਰ, ਜੋ ‘ਬੰਦਾ ਦੀ ਬੇਵ’ ਦਾ ਕਰਤਾ ਅਨੁਸਾਰ ਨਵਾਬ ਵਜ਼ੀਰ ਖ਼ਾਨ ਦੇ ਪੇਸ਼ਕਾਰ ਸੁੱਚਾ ਨੰਦ ਦਾ ਭਤੀਜਾ ਸੀ, ਇਕ ਹਜ਼ਾਰ ਆਦਮੀ ਨਾਲ ਲੈ ਕੇ ਬੰਦਾ ਸਿੰਘ ਦੇ ਕੰਪੂ ਵਿਚ ਆ ਗਿਆ ਅਤੇ ਕਹਿਣ ਲੱਗਾ ਕਿ ਮੈਂ ਆਪਣੇ ਅਤੇ ਆਪਣੇ ਟੱਬਰ ਕਬੀਲੇ ਉੱਤੇ ਹੋਏ ਵਜ਼ੀਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਕੇ ਸਰਹੰਦ ਛੱਡ ਆਇਆ ਹਾਂ ਅਤੇ ਬਦਲਾ ਲੈਣ ਲਈ ਖਾਲਸੇ ਦੀ ਸ਼ਰਨ ਆਇਆ ਹਾਂ ਅਤੇ ਆਪਣੇ ਵਫ਼ਾਦਾਰ ਆਦਮੀਆਂ ਨੂੰ ਨਾਲ ਲੈ ਆਇਆ ਹਾਂ । ਅਸਲ ਵਿਚ ਇਹ ਸਭ ਕੁਝ ਬੰਦਾ ਸਿੰਘ ਨੂੰ ਧੋਖਾ ਦੇਣ ਲਈ ਇਕ ਬਣੋਟ ਸੀ ਅਤੇ ਉਸ ਨੂੰ ਵਜ਼ੀਰ ਖ਼ਾਨ ਅਤੇ ਸੁੱਚਾ ਨੰਦ ਨੇ ਇਸ ਲਈ ਭੇਜਿਆ ਸੀ ਕਿ ਉਹ ਸਿੰਘਾਂ ਦੇ ਕੰਪੂ ਵਿਚ ਜਾ ਕੇ ਆਪਣਾ ਇਤਬਾਰ ਜਮਾਵੇ ਅਤੇ ਜਦ ਦਾਉ ਲੱਗੇ ਤਾਂ ਬੰਦਾ ਸਿੰਘ ਨੂੰ ਪਾਰ ਬੁਲਾਵੇ, ਪਰ ਜੇ ਉਸ ਨੂੰ ਮੌਕਾ ਨਾ ਮਿਲੇ ਤਾਂ ਸਰਹੰਦ ਉੱਤੇ ਸਿੰਘਾਂ ਦੇ ਹੱਲੇ ਵੇਲੇ ਕੋਈ ਅਜਿਹੀ ਚਾਲ ਚਲੇ ਕਿ ਸਿਘਾਂ ਨੂੰ ਭਾਂਜ ਪੈ ਜਾਏ । ਅਜਿਹੀਆਂ ਧੋਖਾਬਾਜ਼ੀਆਂ ਓਦੋਂ ਕੋਈ ਅਣਹੋਣੀਆਂ ਨਹੀਂ ਸਨ । ਪਰ ਬੰਦਾ ਸਿੰਘ ਨੇ ਸਾਧੂਆਂ ਦੀ ਸੰਗਤ ਵਿਚ ਜੀਵਨ ਬਤੀਤ ਕੀਤਾ ਸੀ । ਉਸ ਨੇ ਸਰਹੰਦੀ ਹਿੰਦੂ ਅਫ਼ਸਰ ਦੀ ਕਹਾਣੀ ਉੱਤੇ ਇਤਬਾਰ ਕਰ ਲਿਆ ਅਤੇ ਉਸ ਨੂੰ ਆਪਣੇ ਕੰਪੂ ਨਾਲ ਰਲ ਜਾਣ ਦੀ ਆਗਿਆ ਦੇ रिंडी।

ਸਰਹੰਦ ਪੰਜ ਸਾਢੇ ਪੰਜ ਸਾਲ ਤੋਂ ਖਾਲਸਿਆਂ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ। ਇਸ ਨਿਰਦਈ ਧਰਤੀ ਵਿਚ ਦਸੰਬਰ ਸੰਨ 1704 ਈ., ਪੋਹ ਸੰਮਤ 1761 ਬਿ., ਵਿਚ ਗੁਰੂ ਗੋਬਿੰਦ ਸਿੰਘ ਦੇ ਦੋ ਮਾਸੂਮ ਸਾਹਿਬਜ਼ਾਦੇ ਜੀਉਂਦੇ ਕੰਧ ਵਿਚ ਚਿਣੇ ਅਤੇ ਫੇਰ ਕੋਹ ਕੇ ਕਤਲ ਕੀਤੇ ਗਏ ਸਨ । ਇਸ ਭਿਆਨਕ ਸਾਕੇ ਦਾ ਇਸ਼ਾਰੇ ਮਾਤਰ ਇੱਥੇ ਜਿਕਰ ਕਰ ਦੇਣਾ ਜਰੂਰੀ ਜਾਪਦਾ ਹੈ। ਦਸੰਬਰ ਸੰਨ 1704 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਛੱਡ ਦੇਣ ਤੋਂ ਬਾਅਦ ਜਦ ਵਿਸਾਹ-ਘਾਤੀ ਪਹਾੜੀ ਰਾਜਿਆਂ ਅਤੇ ਸ਼ਾਹੀ ਫ਼ੌਜਾਂ ਨੇ ਸਰਸਾ ਦੇ ਸੱਜੇ ਕੰਢੇ ਹੱਲਾ ਕਰ ਦਿੱਤਾ ਅਤੇ ਅਗੋਂ ਪਾਰਲੇ ਰੋਪੜੀਏ ਰੰਘੜਾਂ ਨੇ ਰੋਕ ਪਾਉਣ ਦਾ ਯਤਨ ਕੀਤਾ ਤਾਂ ਉਸ ਵੇਲੇ ਦੀ ਗੜਬੜ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਵਿਛੜ ਗਏ। ਇਨ੍ਹਾਂ ਨੂੰ ਉਨ੍ਹਾਂ ਦੇ ਇਕ ਸੇਵਾਦਾਰ ਪਿੰਡ ਸਹੇੜੀ ਦੇ ਗੰਗੂ ਨਾਮੀ ਬ੍ਰਾਹਮਣ ਨੇ ਮੁਰਿੰਡੇ ਦੇ ਰੰਘੜ ਹਾਕਮਾਂ ਦੇ ਹਵਾਲੇ ਕਰ ਦਿੱਤਾ ਅਤੇ ਮੁਰਿੰਡੀਆਂ ਨੇ ਉਨ੍ਹਾਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਪਾਸ ਪਹੁੰਚਾ ਦਿੱਤਾ । ਵਜ਼ੀਰ ਖ਼ਾਨ ਗੁਰੂ ਗੋਬਿੰਦ ਸਿੰਘ ਜੀ ਦਾ ਵੈਰੀ ਬਣ ਬੈਠਾ ਸੀ । ਉਸ ਨੇ ਇਨ੍ਹਾਂ ਮਾਸੂਮਾਂ ਨੂੰ ਤਸੀਹੇ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਕਿਹਾ ਕਿ ਜੇ ਉਹ ਮੁਸਲਮਾਨ ਹੋ ਜਾਣ ਤਾਂ ਉਨ੍ਹਾਂ ਦੀ ਜਾਨ ਬਖ਼ਸ਼ੀ ਜਾ ਸਕਦੀ ਹੈ। ਪਰ ਸਾਹਿਬਜ਼ਾਦਿਆਂ ਨੇ ਧਰਮ ਤਿਆਗਣਾ ਪਰਵਾਨ ਨਾ ਕੀਤਾ ਅਤੇ ਜਾਨ ਦੇ ਦੇਣੀ ਕਬੂਲ ਕਰ ਲਈ । ਨਵਾਬ ਵਜ਼ੀਰ ਖ਼ਾਨ ਦੇ ਹੁਕਮ ਨਾਲ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਅਤੇ ਡਰ ਦਿੱਤੇ ਗਏ ਪਰ ਜਦ ਉਨ੍ਹਾਂ ਨੂੰ ਕੋਈ ਗੱਲ ਭੀ ਡੁਲਾ ਨਾ ਸਕੀ ਤਾਂ ਇਕ ਕੰਧ ਬਣਾ ਕੇ ਉਨ੍ਹਾਂ ਨੂੰ ਜੀਉਂਦੇ ਜੀ ਵਿਚ ਚਿਣ ਦੇਣ ਦਾ ਹੁਕਮ ਦੇ ਦਿੱਤਾ । ਪਰ ਇਸ ਦਾ ਭੀ ਉਨ੍ਹਾਂ ਪਰ ਕੋਈ ਅਸਰ ਨਾ ਹੋਇਆ । ਦੋ ਮਾਸੂਮ ਬੱਚਿਆਂ ਨੂੰ ਮੁਸਲਮਾਨ ਬਣਾਉਣ ਵਿਚ ਅਸਫ਼ਲਤਾ ਨਾਲ ਨਵਾਬ ਵਜ਼ੀਰ ਖ਼ਾਨ ਨਿਰਾਸ ਜਿਹਾ ਹੋ ਗਿਆ, ਅਤੇ ਮਾਲੂਮ ਹੁੰਦਾ ਹੈ ਕਿ ਸ਼ਾਇਦ ਉਹ ਇਨ੍ਹਾਂ ਨੂੰ ਛੱਡ ਦੇਣ ਦਾ ਖ਼ਿਆਲ ਕਰ ਰਿਹਾ ਸੀ ਕਿ ਕਚਹਿਰੀ ਵਿਚ ਮੌਜੂਦ ਨਵਾਬ ਦੇ ਪੇਸ਼ਕਾਰ ਸੁੱਚਾ’ ਨੰਦ ਨੇ ਸ਼ੇਖ਼ ਸਾਦੀ ਦਾ 1 ਇਹ ਕਥਨ ਸੁਣਾ ਕੇ ਕਿ ‘ਅਫ਼ਈ ਕੁਸ਼ਤਨ ਵਾ ਬੱਚਾ-ਸ਼ ਨਿਗਾਹ ਦਾਸ਼ਤਨ ਕਾਰਿ ਖ਼ਿਰਦ ਮੰਦਾਂ ਨੀਸਤ, ਆਕਬਤਿ ਗੁਰਗਜ਼ਾਦਾ ਗੁਰਗ ਸ਼ਵਦ (ਅਰਥਾਤ ਸੱਪ ਨੂੰ ਮਾਰਨਾ ਅਤੇ ਸਪੋਲੀਆਂ ਨੂੰ ਪਾਲਣਾ ਅਕਲਮੰਦਾਂ ਦਾ ਕੰਮ ਨਹੀਂ, ਬਘਿਆੜ ਦਾ ਬੱਚਾ ਆਖਰ ਬਘਿਆੜ ਹੀ ਹੁੰਦਾ ਹੈ), ਨਵਾਬ ਨੂੰ ਰੋਹ ਚੜ੍ਹਾ ਦਿੱਤਾ । ਉਸ ਨੇ ਉਥੇ ਬੈਠੇ ਨਵਾਬ ਸ਼ੇਰ ਮੁਹੰਮਦ ਖ਼ਾਨ ਮਲੇਰ-ਕੋਟਲੀਏ ਨੂੰ ਕਿਹਾ ਕਿ ਮੈਂ ਇਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦਿੰਦਾ ਹਾਂ, ਤੁਸੀਂ ਇਨ੍ਹਾਂ ਨੂੰ ਕਤਲ ਕਰ ਕੇ ਚਮਕੌਰ ਦੀ ਲੜਾਈ ਵਿਚ ਮਾਰੇ ਗਏ ਆਪਣੇ ਭਰਾ ਅਤੇ ਭਤੀਜਿਆਂ ਦਾ ਬਦਲਾ ਲੈ ਲਓ । ਪਰ ਸ਼ੇਰ ਮੁਹੰਮਦ ਖ਼ਾਨ ਰਹਿਮ-ਦਿਲ ਪਠਾਣ ਪੁੱਤਰ ਸੀ । ਉਸ ਨੇ ਜੰਗ ਵਿਚ ਲੜ ਕੇ ਮੋਏ ਭਰਾ ਭਤੀਜਿਆਂ ਦਾ ਬਦਲਾ ਨਿਤਾਣੇ ਮਾਸੂਮ ਬੱਚਿਆਂ ਤੋਂ ਲੈਣਾ ਅਯੋਗ ਸਮਝਿਆ ਅਤੇ ਇਸ ਜ਼ੁਲਮ ਦੇ ਵਿਰੁੱਧ ਆਵਾਜ ਉਠਾਈ, ਪਰ ਨਵਾਬ ਵਜ਼ੀਰ ਖ਼ਾਨ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਜੱਲਾਦਾਂ ਨੂੰ ਹੁਕਮ ਦੇ ਦਿੱਤਾ ਕਿ ਸਾਹਿਬਜ਼ਾਦਿਆਂ ਨੂੰ ਸਰਿ-ਦਰਬਾਰ ਕਤਲ ਕਰ ਦਿੱਤਾ ਜਾਏ। ਬਸ ਫੇਰ ਕੀ ਸੀ । ਛੁਰਿਆਂ ਵਾਲੇ ਜੱਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਜ਼ਮੀਨ ਉੱਤੇ ਢਾਹ ਲਿਆ ਅਤੇ ਗੋਡਿਆਂ ਹੇਠ ਦੇ ਕੇ ਕੋਹ ਸੁੱਟਿਆ। ਇਹ ਸੁਣ ਕੇ ਗੁਰੂ ਜੀ ਦੀ ਮਾਤਾ ਨੇ ਠੰਢੇ ਬੁਰਜ ਦੀ ਕੈਦ ਵਿਚ ਪਰਾਣ ਤਿਆਗ ਦਿੱਤੇ । ਇਹ ਸੀ 27 ਦਸੰਬਰ ਸੰਨ 1704 ਈ. (ਨਵੇਂ ਢੰਗ ਅਨੁਸਾਰ) ਦੀ ਸਰਹੰਦ ਦੀ ਜੁਲਮੀ ਕਥਾ ਜੋ ਬੰਦਾ ਸਿੰਘ ਅਤੇ ਸਿੰਘਾਂ ਨੂੰ ਸਰਹੰਦ ਉੱਤੇ ਚੜ੍ਹਾਈ ਕਰਨ ਲਈ ਪ੍ਰੇਰਨਾ ਕਰ ਰਹੀ ਸੀ । ਜੇਮਜ ਬਰਾਉਨ ਲਿਖਦਾ ਹੈ। ਕਿ “ਨਵੇਂ ਧਾਰਮਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉੱਤੇ ਢਾਏ ਗਏ ਜ਼ੁਲਮ ਦੀਆਂ ਸਾਰੀਆਂ ਮਿਸਾਲਾਂ ਵਿਚੋਂ ਇਹ ਸਭ ਤੋਂ ਜਿਆਦਾ ਕਠੋਰ ਉਪੱਦਰ ਅਤੇ ਨਿਰਦਈ ਅੱਤਿਆਚਾਰ ਹੈ। ਨਿਰਬਲ ਅਤੇ ਨਿਹੱਥੀਆਂ ਇਸਤਰੀਆਂ ਅਤੇ ਬੱਚੇ ਆਮ ਤੌਰ ਤੇ ਧਾਰਮਕ ਕਰੋਧ ਤੋਂ ਭੀ ਬਚ ਰਹਿੰਦੇ ਰਹੇ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਜੇ ਸਿੱਖਾਂ ਦਾ ਗੁੱਸਾ ਇਤਨਾ ਸਖ਼ਤ ਸੀ।”

ਇਨ੍ਹਾਂ ਬੇ-ਗੁਨਾਹਾਂ ਦੇ ਕਤਲਾਂ ਦੇ ਬਦਲੇ ਦਾ ਡਰ ਵਜ਼ੀਰ ਖ਼ਾਨ ਨੂੰ ਸਭ ਤੋਂ ਜਿਆਦਾ ਭੈ-ਭੀਤ ਕਰ ਰਿਹਾ ਸੀ । ਇਸ ਲਈ ਉਸ ਨੇ ਆਪਣੇ ਅਤੇ ਸਰਹੰਦ ਦੇ ਬਚਾਓ ਲਈ ਪੂਰਾ ਪੂਰਾ ਟਿੱਲ ਲਾਇਆ ਅਤੇ ਸਾਰੇ ਸਾਧਨ ਵਰਤੇ। ਚਾਰ ਪੰਜ ਆਪਣੇ ਮਿੱਤਰ ਫ਼ੌਜਦਾਰਾਂ ਅਤੇ ਵੱਡੇ ਵੱਡੇ ਜਿਮੀਂਦਾਰਾਂ ਨੂੰ ਮਦਦ ਲਈ ਸੱਦ ਬੁਲਾਇਆ ਅਤੇ ਮੁਸਲਮਾਨ ਹਮਾਇਤੀਆਂ ਦੀ ਵੱਧ ਤੋਂ ਵੱਧ ਜਮਾਤ ਜਮਾਂ ਕਰਨ ਲਈ ਸਿੱਖਾਂ ਦੇ ਵਿਰੁੱਧ ਇਸਲਾਮੀ ਜਹਾਦ ਦਾ ਐਲਾਨ ਕਰ ਦਿੱਤਾ । ਜਹਾਦ ਦਾ ਡਗਾ ਵੱਜਣ ਦੀ ਦੇਰ ਸੀ ਕਿ ਆਲੇ ਦੁਆਲਿਓਂ ਦੂਰ ਨੇੜਿਓਂ ਆ ਰਹੀਆਂ ਸਰਕਾਰੀ ਫ਼ੌਜਾਂ ਦੇ ਨਾਲੋ ਨਾਲ ਗਾਜ਼ੀਆਂ ਦੇ ਝੁਰਮਟ ਵਜ਼ੀਰ ਖ਼ਾਨ ਪਾਸ ਆ ਇਕੱਠੇ ਹੋਏ । ਉਸ ਨੇ ਸਿੱਕੇ ਅਤੇ ਬਰੂਦ ਦੇ ਕੋਠੇ ਭਰ ਲਏ ਅਤੇ ਸਿੰਘਾਂ ਦਾ ਟਾਕਰਾ ਕਰਨ ਲਈ ਤੋਪਾਂ ਦੀ ਲਾਮ ਡੋਰੀ ਅਤੇ ਹਾਥੀ ਲੈ ਆਂਦੇ । ਖ਼ਾਫ਼ੀ ਖ਼ਾਨ ‘ਮੁਤੰਖੱਬੁਲ-ਲੁਬਾਬ’ ਵਿਚ ਵਜ਼ੀਰ ਖ਼ਾਨ ਦੀ ਸਾਰੀ ਫ਼ੌਜ ਦੀ ਗਿਣਤੀ ਪੰਦਰਾਂ ਹਜ਼ਾਰ ਦੱਸਦਾ ਹੈ ਜਿਸ ਵਿਚ ਸੱਤ ਅੱਠ ਹਜ਼ਾਰ ਬੰਦੂਕਚੀ ਬਰਕੰਦਾਜ਼, ਪੰਜ ਛੇ ਹਜ਼ਾਰ ਘੋੜ-ਚੜ੍ਹੇ ਅਤੇ ਇਨ੍ਹਾਂ ਨਾਲ ਤੋਪਚੀ, ਤੋਪਾਂ ਅਤੇ ਹਾਥੀ ਸਨ। ਮੁਹੰਮਦ ਹਾਰਿਸੀ ‘ਇਬਰਤਨਾਮੇ’ ਵਿਚ ਇਹ ਗਿਣਤੀ ਬਾਰਾਂ ਹਜਾਰ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਇਨ੍ਹਾਂ ਨੂੰ ਉਚੇਚਾ ਇਸ ਮੁਹਿੰਮ ਲਈ ਇਕੱਠਾ ਕੀਤਾ ਗਿਆ ਸੀ।

ਦੂਸਰੇ ਪਾਸੇ ਬੰਦਾ ਸਿੰਘ ਪਾਸ ਤਿੰਨ ਕਿਸਮ ਦੇ ਆਦਮੀ ਸਨ । ਪਹਿਲੇ ਉਹ ਸੱਚੇ ਸੁੱਚੇ ਅਤੇ ਆਗਿਆਕਾਰ ਦਰਿੜ੍ਹ ਸਿੰਘ ਸਨ ਜਿਨ੍ਹਾਂ ਨੂੰ ਗੁਰੂ-ਚਰਨਾਂ ਦੀ ਛੋਹ ਪ੍ਰਾਪਤ ਹੋ ਚੁੱਕੀ ਸੀ ਅਤੇ ਜਿਨ੍ਹਾਂ ਦੇ ਅੰਦਰ ਗੁਰੂ ਮਹਾਰਾਜ ਦੀ ਜਗਾਈ ਹੋਈ ਧਰਮ ਅਤੇ ਦੇਸ਼ ਲਈ ਕੁਰਬਾਨੀ ਦੀ ਜੋਤ ਜਗ ਰਹੀ ਸੀ । ਇਨ੍ਹਾਂ ਵਿਚੋਂ ਕੁਝ ਤਾਂ ਬੰਦਾ ਸਿੰਘ ਦੇ ਨਾਲ ਦੱਖਣ ਤੋਂ ਆਏ ਸਨ ਅਤੇ ਬਾਕੀ ਸਤਿਗੁਰੂ ਦੇ ਹੁਕਮਨਾਮੇ ਪੁੱਜਣ ਪਰ ਧਰਮ-ਜੁਧ ਲਈ ਸਿਰ ਤਲੀ ਤੇ ਰਖ ਕੇ ਆਏ ਸਨ। ਇਨ੍ਹਾਂ ਸਿਰ-ਲੱਥ ਸੂਰਿਆਂ ਦੇ ਸਾਹਮਣੇ ਇਕੋ ਨਿਸ਼ਾਨਾ ਸੀ, ਗੁਰੂ ਦੇ ਹੁਕਮ ਅਨੁਸਾਰ ਦੇਸ਼ ਅਤੇ ਧਰਮ ਦੀ ਸੇਵਾ। ਇਨ੍ਹਾਂ ਦਾ ਨਾ ਕੋਈ ਨਿਜੀ ਸੁਆਰਥ ਸੀ ਅਤੇ ਨਾ ਧਨ ਜਾਂ ਲੁੱਟ ਦਾ ਲਾਲਚ । ਬਲਕਿ ਇਨ੍ਹਾਂ ਵਿਚੋਂ ਸੈਂਕੜੇ ਹਥਿਆਰ ਖਰੀਦਣ ਲਈ ਘਰ ਦਾ ਮਾਲ ਮਤਾਹ ਵੇਚ ਕੇ ਬੰਦਾ ਸਿੰਘ ਨਾਲ ਰਲੇ ਸਨ।

ਦੂਸਰੀ ਕਿਸਮ ਦੇ ਉਹ ਲੋਕ ਸਨ ਜਿਨ੍ਹਾਂ ਨੂੰ ਫੂਲਕਿਆਂ ਆਦਿ ਉਨ੍ਹਾਂ ਸਰਦਾਰਾਂ ਨੇ ਤਨਖਾਹਾਂ ਉੱਤੇ ਭਰਤੀ ਕਰਕੇ ਭੇਜਿਆ ਸੀ ਜੋ ਆਪ ਤਾਂ ਕੁਝ ਕਾਰਣਾਂ ਕਰਕੇ ਬੰਦਾ ਸਿੰਘ ਦੀ ਫ਼ੌਜ ਵਿਚ ਸ਼ਾਮਲ ਨਹੀਂ ਸਨ ਹੋ ਸਕੇ ਪਰ ਉਨ੍ਹਾਂ ਦੀ ਹਮਦਰਦੀ ਸਿੰਘਾਂ ਦੇ ਨਾਲ ਸੀ ਅਤੇ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦੇ ਚਾਹਵਾਨ ਸਨ ।

ਤੀਸਰੇ ਉਹ ਆਜਾਦ ਮਨਚਲੇ ਸਨ ਜੋ ਕੇਵਲ ਲੁੱਟ ਅਤੇ ਮਾਲ ਦੇ ਲਾਲਚ ਨਾਲ ਬੰਦਾ ਸਿੰਘ ਦੇ ਕੰਪੂ ਵਿਚ ਰਲੇ ਹੋਏ ਸਨ । ਇਨ੍ਹਾਂ ਵਿਚ ਬਹੁਤ ਸਾਰੇ ਪੇਸ਼ਾਵਰ ਧਾੜਵੀ ਅਤੇ ਲੁਟੇਰੇ ਸਨ ਜੋ ਇਕੱਲੇ ਰਾਹੀਆਂ ਜਾਂ ਵਪਾਰੀਆਂ ਦੇ ਟਾਂਡਿਆਂ ਨੂੰ ਲੁੱਟਣ ਦੀ ਥਾਂ ਸ਼ਹਿਰਾਂ ਅਤੇ ਕਸਬਿਆਂ ਨੂੰ ਲੁੱਟ ਸਕਣ ਦਾ ਮੌਕਾ ਦੇਖਕੇ ਆ ਇਕੱਠੇ ਹੋਏ ਸਨ । ਇਨ੍ਹਾਂ ਦੇ ਨਾਲ ਹੀ ਕੁਝ ਕੁ ਉਹ ਦੁਖੀ ਕਿਸਾਨ ਜਾਂ ਦੂਸਰੇ ਲੋਕ ਸਨ ਜੋ ਆਪਣੀਆਂ ਨਿਜੀ ਕਿਰੜਾਂ ਅਤੇ ਰੰਜਸ਼ਾਂ ਕੱਢਣ ਲਈ ਕਿਸੇ ਵੇਲੇ ਦੀ ਤਾੜ ਵਿਚ ਸਨ। ਵਿਸ਼ੇਸ਼ ਕਰਕੇ ਇਹ ਲੋਕ ਸਨ ਜੋ ਸਿੰਘਾਂ ਦੀਆਂ ਇਸ ਵੇਲੇ ਦੀਆਂ ਮੁਹਿੰਮਾਂ ਵਿਚ ਲੁੱਟ ਮਾਰ ਅਤੇ ਕਈ ਥਾਈਂ ਅੰਨ੍ਹੇ ਵਾਹ ਕਤਲਾਂ ਦੇ ਜ਼ਿੰਮੇਵਾਰ ਸਨ । ਇਹ ਕੋਈ ਨਵੀਂ ਗੱਲ ਨਹੀਂ ਸੀ । ਹੋਰ ਤਾਂ ਹੋਰ, ਖ਼ੁਦ ਬਾਬਰ ਬਾਦਸ਼ਾਹ ਆਪਣੀ ਤੁਜ਼ੁਕ ਵਿਚ ਇਸ ਕਿਸਮ ਦੇ ਲੁਟੇਰਿਆਂ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ : “ਜਦ ਭੀ ਮੈਂ ਹਿੰਦੁਸਤਾਨ ਵਿਚ ਦਾਖ਼ਲ ਹੋਇਆ, ਅਣਗਿਣਤ ਜੱਟ ਅਤੇ ਗੁੱਜਰ ਬਲਦ ਅਤੇ ਮੱਝਾਂ ਲੁੱਟਣ ਲਈ ਆਪਣੇ ਜੰਗਲਾਂ ਅਤੇ ਪਹਾੜਾਂ ਵਿਚੋਂ ਨਿਕਲ ਆਉਂਦੇ। ਇਹ ਬਦਮਾਸ਼ ਸਨ ਜਿਹੜੇ ਕਿ ਅਸਲ ਵਿਚ ਲੋਕਾਂ ਉੱਤੇ ਸਖ਼ਤੀਆਂ ਕਰਦੇ ਸਨ ਅਤੇ ਦੇਸ਼ ਵਿਚ ਅੱਤਿਆਚਾਰ ਦੇ ਗੁਨਾਹਗਾਰ ਸਨ । ਇਸ ਕਮਾਸ਼ ਦੇ ਬੰਦੇ ਬੜੇ ਖ਼ਤਰਨਾਕ ਅਤੇ ਵਿਸਾਹਘਾਤੀ ਹੁੰਦੇ ਹਨ ਅਤੇ ਬੰਦਾ ਸਿੰਘ ਦੀਆਂ ਲੜਾਈਆਂ ਵਿਚ ਭੀ ਕਈ ਵਾਰੀ ਦੇਖਿਆ ਗਿਆ ਕਿ ਜਦ ਕਦੇ ਭੀ ਹਾਰ ਹੋਣ ਦਾ ਡਰ ਲੱਗਾ, ਇਹ ਲੋਕ ਗਹਿ-ਗਚ ਲੜਾਈ ਵਿਚੋਂ ਭੱਜ ਨਿਕਲੇ ।

ਬੰਦਾ ਸਿੰਘ ਪਾਸ ਨਾ ਤਾਂ ਕੋਈ ਤੋਪਖ਼ਾਨਾ ਸੀ ਅਤੇ ਨਾ ਹੀ ਹਾਥੀ, ਬਲਕਿ ਉਸ ਦੇ ਸਾਰੇ ਆਦਮੀਆਂ ਲਈ ਘੋੜੇ ਭੀ ਪੂਰੇ ਨਹੀਂ ਸਨ । ਲੰਮੇ ਨੇਜ਼ੇ, ਤੀਰ ਕਮਾਨ ਅਤੇ ਤਲਵਾਰਾਂ ਹੀ ਸਿੰਘਾਂ ਪਾਸ ਸਾਰਾ ਲੜਾਈ ਦਾ ਸਮਾਨ ਸੀ । ਪਰ ਬੰਦਾ ਸਿੰਘ ਅਤੇ ਉਸ ਦੇ ਸ਼ਰਧਾਲੂ ਸਿੰਘਾਂ ਦੀ ਅਜਿੱਤ ਦਲੇਰੀ ਅਤੇ ਅਠੱਲ੍ਹ ਫੁਰਤੀ ਬਹੁਤ ਹੱਦ ਤਕ ਸਾਮਾਨ ਦੇ ਘਾਟੇ ਨੂੰ ਪੂਰਾ ਕਰ ਰਹੀ ਸੀ । ਉਸ ਨੂੰ ਜੇ ਸਭ ਤੋਂ ਵੱਧ ਭਰੋਸਾ ਸੀ ਤਾਂ ਉਹ ਸੀ ਧਰਮ-ਯੁਧ ਲਈ ਉਸ ਉਤਸਾਹ ਅਤੇ ਸਾਹਸ ਦਾ ਜੋ ਸਰਹੰਦ ਨੂੰ ਦੇਖਦੇ ਸਾਰ ਸਾਹਿਬਜ਼ਾਦਿਆਂ ਉੱਤੇ ਹੋਏ ਜ਼ੁਲਮ ਦਾ ਧਿਆਨ ਕਰਕੇ ਸਿੰਘਾਂ ਦੇ ਮਨਾਂ ਵਿਚ ਪੈਦਾ ਹੋ ਜਾਣਾ ਸੀ । ਸਰਹੰਦ ਉੱਤੇ ਹੱਲੇ ਵੇਲੇ ਸਿੰਘਾਂ ਦੀ ਤਾਕਤ ਕਿੰਨੀ ਕੁ ਹੋ ਗਈ ਸੀ, ਇਸ ਦਾ ਸਹੀ ਅਨੁਮਾਨ ਨਹੀਂ ਲਾਇਆ ਜਾ ਸਕਦਾ । ਖ਼ਾਫ਼ੀ ਖ਼ਾਨ ਕਹਿੰਦਾ ਹੈ ਕਿ ਸਿੱਖਾਂ ਦੀ ਗਿਣਤੀ ਤੀਹ ਚਾਲੀ ਹਜ਼ਾਰ ਹੋ ਗਈ ਸੀ । ਪਰ ਇਹ ਗਿਣਤੀ ਮੁਸਲਮਾਨਾਂ ਦੀ ਗਿਣਤੀ ਨਾਲੋਂ ਬਹੁਤ ਵੱਧ ਦੱਸਣ ਲਈ ਬਹੁਤ ਵਧਾ ਕੇ ਦਿੱਤੀ ਹੋਈ ਜਾਪਦੀ ਹੈ।

ਬੰਦਾ ਸਿੰਘ ਦੀਆਂ ਸਰਹੰਦ ਉੱਤੇ ਹੱਲਾ ਕਰਨ ਦੀ ਤਿਆਰੀ ਦੀਆਂ ਖਬਰਾਂ ਪੁੱਜਦੇ ਸਾਰ ਫ਼ੌਜਦਾਰ ਵਜ਼ੀਰ ਖ਼ਾਨ ਘੋੜ-ਚੜ੍ਹਿਆਂ, ਬਰਕੰਦਾਜ਼ਾਂ, ਤੀਰ-ਕਮਾਨੀਆ ਅਤੇ ਤੋਪਚੀਆਂ ਆਦਿ ਦੀ ਵੀਹ ਕੁ ਹਜ਼ਾਰ ਦੀ ਫ਼ੌਜ ਅਤੇ ਹਾਥੀਆਂ ਦੀ ਲਾਮ ਡੋਰੀ ਲੈ ਕੇ ਸਿੰਘਾਂ ਦਾ ਅੱਗਾ ਰੋਕਣ ਲਈ ਆਪ ਸਰਹੰਦੋਂ ਚੜ੍ਹ ਪਿਆ । ਉਧਰ ਬੰਦਾ ਸਿੰਘ ਨੂੰ ਭੀ ਵਜੀਰ ਖ਼ਾਨ ਦੀ ਚੜ੍ਹਾਈ ਦੀ ਸੂਹ ਲੱਗ ਗਈ ਅਤੇ ਉਹ ਭੀ ਟਾਕਰੇ ਲਈ ਤੁਰ ਪਿਆ । ਉਸ ਨੇ ਭਾਈ ਬਾਜ ਸਿੰਘ, ਭਾਈ ਫਤਿਹ ਸਿਘ ਅਤੇ ਆਦਿ ਸਿਰ-ਕੱਢ ਆਗੂਆਂ ਨੂੰ ਹੁਕਮ ਦਿੱਤਾ ਕਿ ਜਿਵੇਂ ਹੋ ਸਕੇ ਵਜ਼ੀਰ ਖ਼ਾਨ ਨੂੰ ਫੜ ਲਿਆ ਜਾਵੇ ਅਤੇ ‘ਜਿਊਂਦਾ ਬਚ ਕੇ ਨਾ ਜਾਣ ਦਿੱਤਾ ਜਾਵੇ; ਉਨ੍ਹਾਂ ਸਾਰੇ ਮੁਸਲਮਾਨਾਂ ਨੂੰ ਜੋ ਚੁਪ ਚਾਪ ਈਨ ਮੰਨ ਲੈਣ ਅਤੇ ਹਿੰਦੂਆਂ ਨੂੰ, ਜੋ ਬੋਦੀ ਵਿਖਾ ਦੇਣ, ਕੁਝ ਨਾ ਕਿਹਾ ਜਾਏ । ਬਾਕੀ ਜੋ ਅੜੇ ਸੋ ਝੜੇ। ਚੱਪੜ-ਚਿੜੀ ਦੀ ਜੂਹ ਵਿਚ 24 ਰਬੀ-ਉਲ ਅੱਵਲ 1122 ਹਿਜਰੀ, 12 ਮਈ ਸਨ 1710 ਈ. ਨੂੰ ਜੁਮੇ ਦੇ ਦਿਨ ਦੋਹਾਂ ਦਲਾਂ ਦਾ ਭੇੜ ਹੋ ਗਿਆ।

ਬੰਦਾ ਸਿੰਘ ਨੇ ਸਿੰਘ ਦਲ ਦੀ ਕਮਾਨ ਭਾਈ ਫਤਿਹ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਅਤੇ ਸ਼ਾਮ ਸਿੰਘ ਦੇ ਹਵਾਲੇ ਕਰ ਦਿੱਤੀ ਅਤੇ ਆਪ ਵਿਚਕਾਰ ਲਾਗੇ ਦੇ ਇਕ ਟਿੱਬੇ ਉੱਤੇ ਹੋ ਕੇ ਫ਼ੌਜ ਦੀ ਚਾਲ ਵੇਖਣ ਅਤੇ ਲੋੜ ਅਨੁਸਾਰ ਹੁਕਮ ਦੇਣ ਲਈ ਚੜ੍ਹ ਖੜੋਤਾ । ਲੜਾਈ ਲਗਦੇ ਸਾਰ ਜਦ ਨਵਾਬ ਦੀਆਂ ਤੋਪਾਂ ਨੇ ਅੱਗ ਵਰ੍ਹਾਉਣੀ ਸ਼ੁਰੂ ਕੀਤੀ ਤਾਂ ਧਾੜਵੀ ਅਤੇ ਲੁਟੇਰੇ ਜਿਨ੍ਹਾਂ ਦੀ ਕੋਈ ਸਾਂਝੀ ਕਮਾਨ ਨਹੀਂ ਸੀ ਅਤੇ ਜੋ ਆਏ ਹੀ ਲੁੱਟ ਦੇ ਲਾਲਚ ਨਾਲ ਸਨ, ਪੱਤਰਾ ਵਾਚ ਗਏ। ਇਨ੍ਹਾਂ ਦੀ ਭਾਂਜ ਦਾ ਹੀ ਜਿਕਰ ਕਰਦਾ ਹੋਇਆ ਅਰਵਿਨ ਕਹਿੰਦਾ ਹੈ ਕਿ ਪਹਿਲੀ ਸੱਟੇ ਹੀ ਥੋੜ੍ਹਾ ਜਿਹਾ ਹੀ ਅੜਨ ਮਗਰੋਂ ਸਿੱਖ ਪਿੱਛੇ ਨੂੰ ਮੁੜ ਕੇ ਦੌੜ ਗਏ। ਇਨ੍ਹਾਂ ਤੋਂ ਛੇਤੀ ਬਾਅਦ ਸੁੱਚਾ ਨੰਦ ਪੇਸ਼ਕਾਰ ਦਾ ਭਤੀਜਾ ਆਪਣੇ ਸਾਥੀਆਂ ਸਣੇ ਭੱਜ ਨਿਕਲਿਆ। ਉਹ ਤਾਂ ਖੈਰ ਰਲਿਆ ਹੀ ਇਸੇ ਬਦਨੀਅਤ ਨਾਲ ਸੀ ਕਿ ਉਸ ਨੂੰ ਭਜਦੇ ਦੇਖ ਕੇ ਸਿੱਖਾਂ ਵਿਚ ਵੀ ਭਗਦੜ ਮੱਚ ਜਾਏਗੀ ਅਤੇ ਉਹ ਮੈਦਾਨ ਖ਼ਾਲੀ ਕਰ ਜਾਣਗੇ। ਇਸ ਦੀ ਇਹ ਚਾਲ ਕੁਝ ਕੁ ਸਫ਼ਲ ਭੀ ਹੋ ਗਈ ਅਤੇ ਸਿੰਘਾਂ ਵਿਚ ਹਿਲ-ਜੁਲ ਪੈ ਗਈ। ਇਹ ਦੇਖ ਕੇ ਬਾਜ ਸਿੰਘ ਘੋੜਾ ਭਜਾ ਕੇ ਬੰਦਾ ਸਿੰਘ ਪਾਸ ਪੁੱਜਾ। ਉਹ ਇਕ ਸੂਰਬੀਰ ਜਰਨੈਲ ਦੀ ਤਰ੍ਹਾਂ ਇਕ ਦਮ ਆਪਣੀ ਫ਼ੌਜ ਦੇ ਅੱਗੇ ਆ ਪੁੱਜਾ, ਅਤੇ ਬੜੀ ਦਲੇਰੀ ਅਤੇ ਨਿਰਭੈਤਾ ਨਾਲ ਸਿੰਘਾਂ ਨੂੰ ਜੋੜ ਕੇ ਵੈਰੀ ਉੱਤੇ ਟੁੱਟ ਪਿਆ। ਹੁਣ ਸਿੰਘਾਂ ਦੇ ਹੌਸਲੇ ਵੱਧ ਗਏ ਅਤੇ ਉਨ੍ਹਾਂ ਦੇ ਪੈਰ ਮੁੜ ਜੰਮ ਗਏ । ‘ਵਾਹਿਗੁਰੂ ਜੀ ਕੀ ਫਤਹਿ’ ਅਤੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਉਹ ਲੋਹੇ ਦੀ ਇੰਜਨਦਾਰ ਦੀਵਾਰ ਵਾਂਗ ਵੈਰੀ ਉੱਤੇ ਜਾ ਪਏ ਅਤੇ ਅਗਲੀ ਕਤਾਰ ਦੇ ਕੁਝ ਸਿੰਘ ਭਗਉਤੀਆਂ ਸੂਤ ਕੇ ਹਾਥੀਆਂ ਨੂੰ ਜਾ ਟੱਕਰੇ । ਦੋਂਹ ਨੂੰ ਭੋਇੰ ਡੇਗ ਲਿਆ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ । ਚੰਗਿਆੜਾਂ ਮਾਰਦੇ ਜ਼ਖ਼ਮੀ ਹਾਥੀ ਪਿੱਛੇ ਨੂੰ ਮੁੜ ਪਏ ਅਤੇ ਲਗ ਪਏ ਆਪਣੀ ਹੀ ਫ਼ੌਜ ਨੂੰ ਦਰੜਨ । ਮੁਸਲਮਾਨ ਫ਼ੌਜੀ ਸਿੰਘਾਂ ਦੇ ਲਗਾਤਾਰ ਖੂੰਖ਼ਾਰ ਹੱਲਿਆਂ ਦੇ ਸਾਹਮਣੇ ਖੜੋ ਨਾ ਸਕੇ ਅਤੇ ਬਹੁਤ ਸਾਰੇ ਸ਼ਹੀਦੀਆਂ ਪਾ ਗਏ । ਸ਼ੇਰ ਮੁਹੰਮਦ ਖ਼ਾਨ ਅਤੇ ਖੁਆਜਾ ਅਲੀ ਮਲੇਰ-ਕੋਟਲੀਏ ਭੀ ਮਾਰੇ ਗਏ। ‘ਅਹਿਵਾਲਿ ਸਲਾਤੀਨਿ-ਹਿੰਦ’ ਦਾ ਕਰਤਾ ਲਿਖਦਾ ਹੈ ਕਿ “ਸਿੱਖਾਂ ਨੇ ਮੁਸਲਮਾਨੀ ਫ਼ੌਜ ਦੇ ਰੂਬਰੂ ਆ ਕੇ ਬੜੀ ਤੇਜੀ ਨਾਲ ਬੰਦੂਕਾਂ ਦੀ ਵਾੜ ਝਾੜੀ ਅਤੇ ਲੜਾਈ ਨੂੰ ਹੱਥੋਂ ਹੱਥੀ ਅਤੇ ਹੂਰੇ ਮੁੱਕੀ ਉੱਤੇ ਲੈ ਆਂਦਾ । ਮੁਸਲਮਾਨਾਂ ਦਾ ਸਰਦਾਰ [ਵਜ਼ੀਰ ਖ਼ਾਨ] ਅਤੇ ਉਸ ਦੇ ਕੁਝ ਆਦਮੀ ਇਸ ਬਹਾਦੁਰੀ ਨਾਲ ਲੜੇ ਕਿ ਕਾਫ਼ਰਾਂ ਦੇ ਮੁਰਦਿਆਂ ਦੇ ਢੇਰਾਂ ਦੇ ਢੇਰ ਜ਼ਮੀਨ ਉੱਤੇ ਲੱਗ ਗਏ ਅਤੇ ਜੰਗ ਦੇ ਮੈਦਾਨ ਵਿਚ ਚੌਹੀਂ ਪਾਸੀਂ ਕਿਆਮਤ ਦੇ ਦਿਨ ਵਾਲਾ ਸ਼ੋਰ ਮਚ ਗਿਆ । ਆਖ਼ਰ ਮੁਸਲਮਾਨਾਂ ਦੀ ਸਾਰੀ ਫ਼ੌਜ ਮਾਰੀ ਗਈ ਅਤੇ ਵਜ਼ੀਰ ਖ਼ਾਨ ਇਕੱਲਾ ਹੀ ਰਹਿ ਗਿਆ। ਉਸ ਨੇ ਬਾਜ ਸਿੰਘ ਦੇ ਰੂ-ਬਰੂ ਹੋ ਕੇ ਉਸ ਨੂੰ ਲਲਕਾਰਿਆ ਅਤੇ ਨੇਜਾ ਹੱਥ ਲੈ ਕੇ ਉਸ ਨੂੰ ਮਾਰਿਆ । ਬਾਜ ਸਿੰਘ ਨੇ ਨੇਜਾ ਵਜ਼ੀਰ ਖ਼ਾਨ ਦੇ ਹੱਥੋਂ ਖੋਹ ਲਿਆ ਅਤੇ ਉਸ ਦੇ ਘੋੜੇ ਦੇ ਸਿਰ ਵਿਚ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ । ਕੁਝ ਚਿਰ ਪਿੱਛੋਂ ਵਜ਼ੀਰ ਖ਼ਾਨ ਨੇ ਇਕ ਤੀਰ ਆਪਣੇ ਭੱਥੇ ਵਿਚੋਂ ਕੱਢ ਕੇ ਬਾਜ ਸਿੰਘ ਦੀ ਬਾਂਹ ਉੱਤੇ ਮਾਰਿਆ ਅਤੇ ਤਲਵਾਰ ਸੂਤ ਕੇ ਉਸ ਵੱਲ ਨੂੰ ਵਧਿਆ ਕਿ ਉਸ ਨੂੰ ਮਾਰ ਮੁਕਾਏ । ਇਸ ਵੇਲੇ ਫਤਿਹ ਸਿੰਘ ਨੇ, ਜੋ ਪਿਛਲੇ ਪਾਸੇ ਖੜੋਤਾ ਸੀ, ਆਪਣੀ ਕਿਰਪਾਨ ਮਿਆਨ ‘ਚੋਂ ਧੂ ਕੇ ਇੰਨੀ ਬਹਾਦੁਰੀ ਅਤੇ ਜ਼ੋਰ ਨਾਲ ਵਜ਼ੀਰ ਖ਼ਾਨ ਦੀ ਪੇਟੀ ਉੱਤੇ ਮਾਰੀ ਕਿ ਉਹ ਮੋਢੇ ਤੋਂ ਲੈ ਕੇ ਕਮਰ ਤਕ ਚੀਰਦੀ ਸਾਫ਼ ਨਿਕਲ ਗਈ ਅਤੇ ਨਵਾਬ ਦਾ ਸਿਰ ਭੋਇੰ ਤੇ ਜਾ ਡਿੱਗਿਆ।” ਹੁਣ ਬਾਕੀ ਬਚੇ ਮੁਸਲਮਾਨੀ ਲਸ਼ਕਰ ਵਿਚ ਗੜਬੜ ਮੱਚ ਗਈ ਅਤੇ ਰੋਲਾ ਪੈ ਗਿਆ । ਇਸ ਵੇਲੇ ਸਿੰਘ ਝੁੰਜਲਾ ਕੇ ਉਨ੍ਹਾਂ ਉੱਤੇ ਟੁੱਟ ਪਏ ਅਤੇ ਖ਼ਾਫ਼ੀ ਖ਼ਾਨ ਦੇ ਕਥਨ ਅਨੁਸਾਰ, ਇਸਲਾਮੀ ਲਸ਼ਕਰ ਦਾ ਇਕ ਬੰਦਾ ਭੀ ‘ਸਿਵਾਏ ਆਪਣੀ ਜਾਨ ਅਤੇ ਤਨ ਦੇ ਕਪੜਿਆਂ ਤੋਂ ਬਗ਼ੈਰ ਕੁਝ ਹੋਰ ਨਾ ਬਚਾ ਸਕਿਆ। ਅਣਗਿਣਤ ਘੋੜ-ਚੜ੍ਹੇ ਅਤੇ ਪਿਆਦੇ ਸਿੰਘਾਂ ਦੀਆਂ ਤਲਵਾਰਾਂ ਹੇਠ ਸ਼ਹੀਦ ਹੋ ਗਏ । ਵਜ਼ੀਰ ਖ਼ਾਨ ਦੀ ਫ਼ੌਜ ਨੂੰ ਪੂਰੀ ਤਰ੍ਹਾਂ ਹਾਰ ਹੋ ਗਈ ਅਤੇ ਉਹ ਮੈਦਾਨ ਛੱਡ ਕੇ ਹਰਨ ਹੋ ਗਈ। ਵਿਜਈ ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘ ਹੁਣ ਮੈਦਾਨ ਦੇ ਮਾਲਕ ਸਨ ਅਤੇ ਇਸ ਫਤਿਹ ਨੂੰ ਉਹ ਵਾਹਿਗੁਰੂ ਦੀ ਬਖ਼ਸ਼ਸ ਸਮਝਦੇ ਸਨ ਅਤੇ ਉਨ੍ਹਾਂ ਦੇ ‘ਵਾਹਿਗੁਰੂ ਜੀ ਕੀ ਫਤਿਹ’ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ । ਸਰਹੰਦ ਇਥੋਂ ਦਸ ਕੁ ਮੀਲ ਦੀ ਵਿੱਥ ਉੱਤੇ ਸੀ । ਸਿੰਘਾਂ ਨੇ ਉਥੇ ਨੂੰ ਕੂਚ ਕੀਤਾ। ਸ਼ਹਿਰ ਨੇ ਵਿਜਈਆਂ ਦਾ ਬਹੁਤ ਟਾਕਰਾ ਨਹੀਂ ਕੀਤਾ, ਪਰ ਕਿਲੇ ਦੀ ਇਕ ਤੋਪ ਚੋਖਾ ਚਿਰ ਅੱਗ ਵਰ੍ਹਾਉਂਦੀ ਰਹੀ ਜਿਸ ਨਾਲ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ । ਬੰਦਾ ਸਿੰਘ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਇਸ ਤੋਪ ਨੂੰ ਚੁਪ ਕਰਾਉਣ। ਕੁਝ ਸਿੰਘਾਂ ਨੇ ਚੋ ਦੇ ਲਾਗੇ ਇਕ ਭੱਠੇ ਦੀ ਥੇਹ ਉੱਤੇ ਚੜ੍ਹ ਕੇ ਬੰਦੂਕਾਂ ਦੀ ਇਕ ਅਜਿਹੀ ਵਾੜ ਝਾੜੀ ਕਿ ਉਸ ਦੇ ਤੋਪਚੀ ਉੜਾ ਦਿੱਤੇ ਅਤੇ ਤੋਪ ਨਿਕੰਮੀ ਕਰ ਦਿੱਤੀ । ਫਿਰ ਕਿਲੇ ਉੱਤੇ ਹੱਲਾ ਕੀਤਾ ਗਿਆ । ਇਸ ਵਿਚ ਕੋਈ ਪੰਜ ਕੁ ਸੋ ਸਿੰਘ ਸ਼ਹੀਦ ਹੋਏ । ਜਿਥੇ ਇਨ੍ਹਾਂ ਦਾ ਸੰਸਕਾਰ ਕੀਤਾ ਗਿਆ ਸੀ ਉਥੇ ਸ਼ਹੀਦ ਗੰਜ ਬਣਿਆ ਹੋਇਆ ਹੈ।

26 ਰਬੀ-ਉਲ-ਅੱਵਲ ਸਨ 1122 ਹਿਜਰੀ, 14 ਮਈ ਸੰਨ 1710 ਈ. ਨੂੰ ਸਿੰਘ ਸਰਹੰਦ ਵਿਚ ਦਾਖ਼ਲ ਹੋ ਗਏ। ਸਾਹਿਬਜ਼ਾਦਿਆਂ ਦੇ ਕਤਲ ਦੀ ਯਾਦ ਤਾਜ਼ਾ ਹੋ ਜਾਣ ਨਾਲ ਸਿੰਘਾਂ ਦਾ ਰੋਹ ਜਾਗ ਉੱਠਿਆ। ਇਸ ਹਾਲਤ ਵਿਚ ਉਨ੍ਹਾਂ ਨੂੰ ਰੋਕ ਸਕਣਾ ਕੋਈ ਸੌਖੀ ਗੱਲ ਨਹੀਂ ਸੀ। ਮੁਸਲਮਾਨੀ ਮਹੱਲਿਆਂ ਵਿਚ ਮਾਰੋ ਮਾਰ ਸ਼ੁਰੂ ਹੋ ਗਈ। ਇਸ ਵੇਲੇ ਲੁਟੇਰਿਆਂ ਦੀਆਂ ਧਾੜਾਂ ਦੀ ਭੀ ਚੜ੍ਹ ਮਚ ਗਈ ਅਤੇ ਸ਼ਹਿਰ ਵਿਚ ਆਮ ਲੁੱਟ ਪੈ ਗਈ। ਕਈਆਂ ਨੂੰ ਆਪਣੇ ਨਿਜੀ ਵੈਰ ਕੱਢਣ ਦਾ ਮੌਕਾ ਮਿਲ ਗਿਆ ਅਤੇ ਉਨ੍ਹਾਂ ਨੇ ਊਧਮ ਮਚਾ ਦਿੱਤਾ ।

ਆਪਣੇ ਪਿਓ ਦੇ ਮਾਰੇ ਜਾਣ ਅਤੇ ਫ਼ੌਜ ਦੀ ਹਾਰ ਦੀ ਖ਼ਬਰ ਸੁਣਦੇ ਸਾਰ ਵਜ਼ੀਰ ਖ਼ਾਨ ਦਾ ਸਭ ਤੋਂ ਵੱਡਾ ਪੁੱਤਰ ਦੌਲਤ ਮਲ ਸਭ ਕੁਝ ਛੱਡ ਛੱਡਾ ਕੇ ਆਪਣੇ ਖਾਨਦਾਨ ਦੇ ਬੰਦੇ ਲੈ ਕੇ ਦਿੱਲੀ ਨੂੰ ਭੱਜ ਗਿਆ ਸੀ । ਇਸੇ ਤਰ੍ਹਾਂ ਹੋਰ ਕਈ ਧਨਾਢ ਲੋਕ ਭੀ ਜੋ ਕੁਝ ਨਾਲ ਚੁੱਕ ਸਕੇ, ਲੈ ਕੇ ਨਿਕਲ ਗਏ ਸਨ। ਕੇਵਲ ਉਹ ਮੁਸਲਮਾਨ ਹੀ ਮਾਰ ਜਾਂ ਲੁੱਟ ਤੋਂ ਬਚ ਸਕੇ ਜਿਨ੍ਹਾਂ ਨੇ ਜਾਂ ਤਾਂ ਭੇਸ ਵਟਾ ਲਿਆ ਜਾਂ ਹਿੰਦੂਆਂ ਦੇ ਘਰਾਂ ਵਿਚ ਲੁਕ ਛੁਪ ਗਏ । ਇਹ ਮਾਰ ਉਨ੍ਹਾਂ ਨੂੰ ਇਸ ਕਰਕੇ ਨਹੀਂ ਸੀ ਪਈ ਕਿ ਉਹ ਮੁਸਲਮਾਨ ਸਨ ਬਲਕਿ ਇਸੇ ਕਰਕੇ ਕਿ ਉਨ੍ਹਾਂ ਨੇ ਆਪਣੇ ਮੁਸਲਮਾਨੀ ਰਾਜ ਦੇ ਘੁਮੰਡ ਵਿਚ ਗ਼ਰੀਬ ਹਿੰਦੂ ਜਨਤਾ ਉੱਤੇ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ । ਇਹ ਕੋਈ ਵੱਡੀ ਗੱਲ ਨਹੀਂ ਕਿ ਕਿਧਰੇ ਕਿਧਰੇ ਕੋਈ ਬੇਗੁਨਾਹ ਮੁਸਲਮਾਨ ਭੀ ਦਰੜੇ ਗਏ ਹੋਣ। ਅਜਿਹੇ ਵੇਲੇ ਬਹੁਤੀ ਬਰੀਕ ਤਮੀਜ਼ ਹੋ ਸਕਣੀ ਮੁਸ਼ਕਲ ਹੁੰਦੀ ਹੈ। ਹਾਕਮਾਂ ਦੀ ਸ਼ਹਿ ਨਾਲ ਜੁਲਮ ਕਮਾਉਣ ਵਾਲੇ ਹਿੰਦੂਆਂ ਨੂੰ ਭੀ ਨਾਲ ਹੀ ਲਪੇਟ ਲਿਆ ਗਿਆ । ਖ਼ਾਸ ਕਰ ਸੁੱਚਾ ਨੰਦ ਪੇਸ਼ਕਾਰ ਦੇ ਵਿਰੁੱਧ ਲੋਕਾਂ ਨੂੰ ਬਹੁਤ ਗੁੱਸਾ ਸੀ । ਇਸ ਨੇ ਹੀ ਸ਼ੇਖ ਸਾਦੀ ਦਾ ਕਥਨ ਸੁਣਾ ਕੇ ਵਜ਼ੀਰ ਖ਼ਾਨ ਨੂੰ ਅੰਤ ਵੇਲੇ ਹੋਰ ਜ਼ਿਆਦਾ ਭੜਕਾ ਦਿੱਤਾ ਸੀ । ਪਰ ਇਹ ਚਲਾਕ ਬੰਦਾ ਸੀ । ਬਚ ਕੇ ਨਿਕਲ ਗਿਆ । ਪਰ ਇਸ ਦਾ ਘਰ ਘਾਟ ਲੁੱਟ ਪੁੱਟ ਕੇ ਬਰਬਾਦ ਕਰ ਦਿੱਤਾ ਗਿਆ । ‘ਇਬਰਤ ਨਾਮੇ’ ਦਾ ਕਰਤਾ ਮੁਹੰਮਦ ਕਾਸਿਮ ਲਿਖਦਾ ਹੈ ਕਿ ‘ਖ਼ਾਸ ਕਰਕੇ ਵਜ਼ੀਰ ਖ਼ਾਨ ਦੇ ਪੇਸ਼ਕਾਰ ਸੁੱਚਾ ਨੰਦ ਦੀ ਹਵੇਲੀ ਅਤੇ ਮਾਲ ਦੌਲਤ ਜਿਵੇਂ ਇਸੇ ਦਿਨ ਲਈ ਹੀ ਬਣੇ ਅਤੇ ਜਮਾਂ ਕੀਤੇ ਹੋਏ ਸਨ ਕਿ ਸੁਰਗਾਂ ਵਰਗੇ ਮਹੱਲ ਕਾਵਾਂ ਦੇ ਅੱਡੇ ਬਣਨ। ਧੰਨ ਹੈ ਉਹ ਰੱਬ ਕਿ ਜਿਸ ਸੱਚੇ ਅਦਾਲਤੀ ਦੀ ਦਰਗਾਹ ਵਿਚੋਂ ਬਲ ਲੈ ਕੇ ਇਕ ਨਿਰਬਲ ਕੀੜੀ ਮਨੁੱਖਾਂ ਦੇ ਦੋਖੀ ਸੱਪ ਨੂੰ ਇਕ ਨਿੱਕਾ ਜਿਹਾ ਕਮਜ਼ੋਰ ਮੱਛਰ ਖੂੰਖਰ ਹਾਥੀ ਨੂੰ ਮਾਰ ਦੇਣ ਦਾ ਕਾਰਨ ਬਣ ਜਾਂਦੇ ਹਨ । ਮੈਂ ਆਲੇ ਦੁਆਲੇ ਦੇ ਭਰੋਸੇ ਯੋਗ ਲੋਕਾਂ ਤੋਂ ਸੁਣਿਆ ਹੈ ਕਿ ਸ਼ਹੀਦ [ਨਵਾਬ ਵਜੀਰ] ਖ਼ਾਨ ਦੀ ਹਕੂਮਤ ਦੇ ਦਿਨੀਂ ਕਿਹੜਾ ਜ਼ੁਲਮ ਸੀ ਜੋ ਇਸ ਅਨਿਆਈਂ [ਸੁੱਚਾ ਨੰਦ] ਨੇ ਗ਼ਰੀਬਾਂ ਉੱਤੇ ਨਾ ਕੀਤਾ ਹੋਵੇ ਅਤੇ ਫਸਾਦ ਦਾ ਕਿਹੜਾ ਬੀਜ ਸੀ ਜੋ ਇਸ ਨੇ ਆਪਣੇ ਲਈ ਨਾ ਬੀਜਿਆ ਹੋਵੇ ਕਿ ਜਿਸ ਦਾ ਫਲ ਇਸ ਨੂੰ ਪ੍ਰਾਪਤ ਹੋਇਆ ।” ਵਜ਼ੀਰ ਖ਼ਾਨ ਦੀ ਲੁੱਟ ਵਿਚ ਜੋ ਧਨ ਮਾਲ ਵਿਜੱਈਆਂ ਦੇ ਹੱਥ ਆਇਆ ਉਸ ਦਾ ਅੰਦਾਜ਼ਾ ਦੋ ਕਰੋੜ ਦਾ ਲਾਇਆ ਜਾਂਦਾ ਹੈ ਅਤੇ ਹੋਰਨਾਂ ਕੋਲੋਂ ਕੁਝ ਲੱਖ।

ਥੋਰਨਟਨ ਕਹਿੰਦਾ ਹੈ ਕਿ “ਸੀਅਰੁਲ-ਮਤਾਖ਼ਰੀਨ [ਅਤੇ ਮੁੰਤਖਬੁਲ-ਲੁਬਾਬ] ਦੇ ਕਰਤਾ ਨੇ ਸਿੱਖਾਂ ਵੱਲੋਂ ਜ਼ੁਲਮਾਂ ਦਾ ਬੜਾ ਵੇਰਵਾ ਦਿੱਤਾ ਹੋਇਆ ਹੈ, ਪਰ ਇਸ ਗੱਲ ਵਿਚ ਕਿਸੇ ਮੁਸਲਮਾਨ ਲਿਖਾਰੀ ਉੱਤੇ ਪੱਕਾ ਭਰੋਸਾ ਨਹੀਂ ਕੀਤਾ ਜਾ ਸਕਦਾ ।” ਸਿੱਖਾਂ ਦੇ ਨਾਉਂ ਹਰ ਕਿਸਮ ਦੇ ਜ਼ੁਲਮ ਮੜ੍ਹਨ ਲਈ ਬੜੀ ਕਾਮਯਾਬ ਘੜਨ-ਸ਼ਕਤੀ ਵਰਤੋਂ ਵਿਚ ਲਿਆਂਦੀ ਗਈ ਹੈ । ਸਿਵਾਏ ਇਕ ਵਾਕੇ ਦੇ ਜਿਸ ਵਿਚ ਕਿ ਸਿੰਘਾਂ ਨੂੰ ਇਕ ਕਬਰ ਪੁੱਟਣੀ ਪਈ ਸੀ ਅਤੇ ਉਹ ਭੀ ਇਕ ਸਿੱਖ ਇਸਤਰੀ ਬੀਬੀ ਅਨੂਪ ਕੌਰ ਦੀ, ਜਿਸ ਨੂੰ ਸ਼ੇਰ ਮੁਹੰਮਦ ਖ਼ਾਨ ਮਲੇਰ-ਕੋਟਲੀਆ ਫੜ ਕੇ ਲੈ ਗਿਆ ਸੀ ਅਤੇ ਜਿਸ ਨੇ ਆਪਣਾ ਸਤ ਬਚਾਉਣ ਲਈ ਆਤਮ-ਘਾਤ ਕਰ ਲਿਆ ਸੀ ਅਤੇ ਜਿਸ ਨੂੰ ਸ਼ੇਰ ਮੁਹੰਮਦ ਖ਼ਾਨ ਦੇ ਹੁਕਮ ਨਾਲ ਕਬਰ ਵਿਚ ਦਬਵਾ ਦਿੱਤਾ ਗਿਆ ਸੀ, ਸਾਰੇ ਸਿੱਖ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ ਜਿਸ ਤੋਂ ਖਾਫੀ ਖ਼ਾਨ ਆਦਿ ਦੇ ਦੂਖਣਾਂ ਦੀ ਪੁਸ਼ਟੀ ਹੋ ਸਕੇ । ਮੁਸਲਮਾਨ ਮਸੀਤਾਂ ਦੀ ਬੇਹੁਰਮਤੀ ਦਾ ਦੂਖਣ ਭੀ ਉੱਕਾ ਹੀ ਨਿਰਮੂਲ ਹੈ। ਸਰਹੰਦ ਵਿਚ ਸਭ ਤੋਂ ਪ੍ਰਸਿੱਧ ਮੁਸਲਮਾਨੀ ਮਜ਼ਾਰ ਸ਼ੇਖ ਅਹਿਮਦ ਮੁਜੱਦਦ ਅਲਫ਼-ਸਾਨੀ ਦਾ ਹੈ । ਡਾਕਟਰ ਗੋਕਲ ਚੰਦ ਨਾਰੰਗ ਨੇ ਸਰਹੰਦ ਦੀ ਬਰਬਾਦੀ ਤੋਂ 202 ਵਰ੍ਹੇ ਪਿਛੋਂ ਸਨ 1912 ਈ. ਵਿਚ ਲਿਖਿਆ ਸੀ ਕਿ ਸਾਰੀਆਂ ਇਮਾਰਤਾਂ ਵਿਚੋਂ ਜ਼ਿਆਦਾ ਸ਼ਾਨਦਾਰ ਅਹਿਮਦ ਸ਼ਾਹ ਦਾ ਮਜ਼ਾਰ ਹੁਣ ਤਕ ਉਸੇ ਤਰ੍ਹਾਂ ਖੜਾ ਹੈ ਜਿਵੇਂ ਕਿ ਲੜਾਈ ਤੋਂ ਪਹਿਲਾਂ ਸੀ ਅਤੇ ਇਹ [ਮੁਹੰਮਦ] ਲਤੀਫ਼ ਦੇ [ਹਿਸਟਰੀ ਔਫ਼ ਦੀ ਪੰਜਾਬ] ਬਿਆਨ ਵਿਚ ਜਿਸ ਦੀ ਭਾਵੇਂ ਖ਼ਾਫੀ ਖ਼ਾਨ ਨੇ ਪੁਸ਼ਟੀ ਕੀਤੀ ਹੋਈ ਹੈ, ਬਹੁਤ ਹੀ ਵਧਾਇਆ ਹੋਇਆ ਹੈ।

ਸਰਹੰਦ ਇਕ ਬਹੁਤ ਵੱਡਾ ਅਤੇ ਧਨਾਢ ਸ਼ਹਿਰ ਹੁੰਦਾ ਸੀ, ਪਰ ਇਸ ਬਰਬਾਦੀ ਤੋਂ ਬਾਅਦ ਇਸ ਦੀ ਪੁਰਾਣੀ ਸ਼ਾਨ ਮੱਧਮ ਪੈ ਗਈ । ਜਦ ਇਸ ਸ਼ਹਿਰ ਦੇ ਹਿੰਦੂਆਂ ਨੇ ਬੰਦਾ ਸਿੰਘ ਪਾਸ ਰਹਿਮ ਲਈ ਬੇਨਤੀ ਕੀਤੀ ਅਤੇ ਇਕ ਵੱਡੀ ਰਕਮ ਛੁੜੋਤੀ ਵਜੋਂ ਭਰ ਦਿੱਤੀ ਤਾਂ ਉਸ ਨੇ ਜਾਨ ਬਖ਼ਸ਼ੀ ਕਰ ਦਿੱਤੀ ਅਤੇ ਸ਼ਹਿਰ ਨੂੰ ਉੱਕਾ ਹੀ ਬਰਬਾਦ ਹੋਣੋਂ ਬਚਾ ਲਿਆ। ਇਸ ਦੀ ਅੰਤਿਮ ਬਰਬਾਦੀ ਜਨਵਰੀ ਸਨ 1764 ਈ. ਵਿਚ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਏ ਦੀ ਅਗਵਾਈ ਹੇਠ ਸਿੱਖ ਮਿਸਲਦਾਰਾਂ ਦੇ ਹੱਥੋਂ ਹੋਈ । ਪਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਈ ਹੋਈ ਕਹੀ-ਜਾਂਦੀ ਭਵਿੱਖ ਬਾਣੀ ਪਿਛੋਂ ਪੂਰੀ ਹੋ ਗਈ ਜਦ ਕਿ ਰੇਲਵੇ ਦਾ ਇਕ ਠੇਕੇਦਾਰ ਇਥੇ ਆ ਪੁੱਜਾ ਅਤੇ ਉਸ ਨੇ ਪੁਰਾਣੇ ਸਰਹੰਦ ਦੇ ਮਕਾਨਾਂ ਦੀਆਂ ਇੱਟਾਂ ਦਾ ਮਲਬਾ ਰੇਲ ਦੀਆਂ ਲੀਹਾਂ ਹੇਠ ਬਿਛਾ ਦਿੱਤਾ । ਹੁਣ ਤਕ ਭੀ ਕਈ ਸ਼ਰਧਾਲੂ ਸਿੱਖ ਉੱਤਰ ਜਾਂ ਦੱਖਣ ਨੂੰ ਸਫ਼ਰ ਕਰਦੇ ਹੋਏ ਇਥੋਂ ਇਕ ਅੱਧੀ ਇੱਟ ਚੁੱਕ ਕੇ ਸਤਲੁਜ ਜਾਂ ਜਮਨਾ ਵਿਚ ਲਿਜਾ ਸੁੱਟਦੇ ਹਨ।

ਸਰਹੰਦ ਉੱਤੇ ਕਬਜੇ ਤੋਂ ਬਾਅਦ ਬੰਦਾ ਸਿੰਘ ਨੇ ਜਿੱਤੇ ਹੋਏ ਇਲਾਕਿਆਂ ਦੇ ਪ੍ਰਬੰਧ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਨੰਦੇੜ ਤੋਂ ਆਪਣੇ ਨਾਲ ਆਏ ਬਾਜ ਸਿੰਘ ਨੂੰ ਸਰਹੰਦ ਦਾ ਹਾਕਮ ਨਿਯਤ ਕੀਤਾ ਅਤੇ ਆਲੀ ਸਿੰਘ ਨੂੰ ਉਸ ਦਾ ਨਾਇਬ ਬਣਾਇਆ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਹਾਕਮ ਪੱਕਾ ਕਰ ਦਿੱਤਾ ਅਤੇ ਬਾਜ ਸਿੰਘ ਦੇ ਭਰਾ ਰਾਮ ਸਿੰਘ ਨੂੰ ਥਾਨੇਸਰ ਦਾ ਹਾਕਮ ਨੀਯਤ ਕਰ ਦਿੱਤਾ ਅਤੇ ਬਾਬਾ ਬਿਨੋਦ ਸਿੰਘ ਨੂੰ ਉਸ ਦਾ ਸਾਥੀ ਥਾਪਿਆ। ਸਰਹੰਦ ਨੂੰ ਆਪਣਾ ਕੇਂਦਰੀ ਅੱਡਾ ਬਣਾ ਕੇ ਦੱਖਣ, ਚੜ੍ਹਦੇ ਅਤੇ ਲਹਿੰਦੇ ਨੂੰ ਮੱਲਾਂ ਮਾਰਨ ਲਈ ਫੌਜੀ ਦਸਤੇ ਭੇਜੇ ਗਏ। ਸਿੰਘਾਂ ਦਾ ਕੁਝ ਐਸਾ ਡਰ ਅਤੇ ਰੁਹਬ ਪੈ ਗਿਆ ਕਿ ਕੀ ਮੁਸਲਮਾਨ ਅਤੇ ਕੀ ਹਿੰਦੂ, ਸਭ ਸਰਕਾਰੀ ਅਫ਼ਸਰ ਸਿੰਘਾਂ ਦੇ ਪੁੱਜਦੇ ਸਾਰ ਈਨ ਮੰਨ ਲੈਣ ਵਿਚ ਹੀ ਸੁਖ ਸਮਝਦੇ। ਇਸ ਤਰ੍ਹਾਂ ਥੋੜ੍ਹੇ ਦਿਨਾਂ ਵਿਚ ਹੀ ਛੱਤੀ ਲੱਖ ਸਾਲਾਨਾ ਦੇ ਸਾਰੇ ਛੋਟੇ ਮੋਟੇ ਪਰਗਣੇ ਸਿੰਘਾਂ ਦੇ ਤਹਿਤ ਵਿਚ ਆ ਗਏ।

ਸਰਹੰਦ ਵਿਚ ਸਿੰਘਾਂ ਦੇ ਤਹਿਤ ਵੇਲੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੰਘ ਸਜਣ ਲਗ ਪਏ। ਨਵਾਬ ਅਮੀਨ-ਦੌਲਾ ਦੇ ਰੁੱਕਾਤ (ਦਸਤੂਰੁਲ-ਇਨਸ਼ਾ) ਦੇ ਛੇਵੇਂ ਰੁੱਕੇ ਵਿਚ ਇਉਂ ਲਿਖਿਆ ਹੋਇਆ ਹੈ :

ਇਸ ਭੈੜੇ ਫ਼ਿਰਕੇ ਦੇ ਤਾਕਤ ਵਿਚ ਆਉਣ ਦਾ ਇਸ ਹੱਦ ਤਕ ਅਸਰ ਹੋਇਆ ਕਿ ਤਮਾਮ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦੀ ਤਾਬੇ-ਦਾਰੀ ਅਤੇ ਈਨ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਾ ਰਿਹਾ ਅਤੇ ਇਨ੍ਹਾਂ ਨੇ ਉਨ੍ਹਾਂ ਦੀ ਰਹਿਤ ਬਹਿਤ ਧਾਰਨ ਕਰ ਲਈ। ਉਨ੍ਹਾਂ ਦਾ ਸਰਦਾਰ ਅਜਿਹਾ ਪੀਰ ਅਤੇ ਮਨ ਨੂੰ ਮੋਹ ਲੈਣ ਵਾਲਾ ਜਾਦੂਗਰ ਸੀ ਕਿ ਆਪਣੇ ਆਪ ਨੂੰ ਬਹਾਦਰਾਂ ਅਤੇ ਦਲੇਰਾਂ ਦਾ ਮੋਹਰੀ ਜ਼ਾਹਰ ਕਰਦਾ ਸੀ ਅਤੇ ਉਸ ਵਿਚ ਕੁਝ ਅਜਿਹਾ ਜਾਦੂ ਸੀ ਕਿ ਹਰ ਕਿਸੇ ਦੇ ਮਨ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਸੀ । ਕੀ ਹਿੰਦੂ ਅਤੇ ਕੀ ਮੁਸਲਮਾਨ, ਜੋ ਕੋਈ ਭੀ ਉਸ ਕੋਲ ਜਾਂਦਾ ਇਹ ਉਸ ਨੂੰ ਸਿੰਘ ਕਰਕੇ ਬੁਲਾਉਂਦਾ । ਚੁਨਾਂਚਿ ਇਸ ਇਲਾਕੇ ਦੇ ਲਾਗੇ ਦਾ ਹਾਕਮ ਦੀਨਦਾਰ ਖ਼ਾਨ, ਦੀਨਦਾਰ ਸਿੰਘ ਹੋ ਗਿਆ। ਅਤੇ ਸਰਹੰਦ ਦਾ ਅਖ਼ਬਾਰ-ਨਵੀਸ ਮੀਰ ਨਸੀਰੁੱਦੀਨ, ਮੀਰ ਨਸੀਰ ਸਿੰਘ ਬਣ ਗਿਆ। ਇਸ ਤਰ੍ਹਾਂ ਮੁਸਲਮਾਨਾਂ ਦੀ ਵੱਡੀ ਗਿਣਤੀ ਇਸਲਾਮ ਦਾ ਧਰਮ ਤਿਆਗ ਕੇ ਕੁਰਾਹੇ [ਸਿੱਖਾਂ ਦੇ ਪੰਥ ਵਿਚ] ਪੈ ਗਈ ਅਤੇ ਉਸ [ਬੰਦਾ ਸਿੰਘ] ਦੇ ਮਿੱਤਰ ਅਤੇ ਸਾਥੀ ਬਣਨ ਲਈ ਉਨ੍ਹਾਂ ਨੇ ਪੱਕੇ ਵਾਅਦੇ ਅਤੇ ਇਕਰਾਰ ਕਰ ਲਏ ।

ਬਾਬਾ ਬੰਦਾ ਸਿੰਘ ਬਹਾਦੁਰ | Baba Banda Singh Bahadur |

ਘੁੜ੍ਹਾਣੀ ਅਤੇ ਮਲੇਰ ਕੋਟਲਾ

ਹੁਣ ਬੰਦਾ ਸਿੰਘ ਅਤੇ ਸਿੰਘਾਂ ਦੇ ਧਰਮ-ਰੱਖਕ ਹੋਣ ਦੀ ਦੋਹੀ ਫਿਰ ਗਈ ਅਤੇ ਇਹ ਰਿਵਾਜ ਹੀ ਪੈ ਗਿਆ ਕਿ ਜਿਸ ਕਿਸੇ ਨੂੰ ਕੋਈ ਛੋਟੀ ਜਿਹੀ ਭੀ ਸ਼ਿਕਾਇਤ ਹੁੰਦੀ, ਇਨਸਾਫ਼ ਅਤੇ ਸਹਾਇਤਾ ਲਈ ਆ ਇਨ੍ਹਾਂ ਪਾਸ ਬੇਨਤੀ ਕਰਦਾ । ਇਹ ਭੀ ਅੱਗਿਓਂ ਦੀਨ ਦੁਖੀਆਂ ਦਾ ਦਰਦ ਵੰਡਾਉਣ ਲਈ ਹਰ ਵੇਲੇ ਤਤਪਰ ਰਹਿੰਦੇ । ਇਕ ਦਿਨ ਬੁਲਾਕਾ ਸਿੰਘ ਨਾਮੀ ਇਕ ਰਾਗੀ ਸਿੰਘ ਨੇ, ਜੋ ਕੁਝ ਚਿਰ ਆਲੀ ਸਿੰਘ ਹੋਰਾਂ ਪਾਸ ਰਿਹਾ ਹੋਇਆ ਸੀ, ਖਲ੍ਹੇ ਦੀਵਾਨ ਵਿਚ ਥਾਣਾ ਪਾਇਲ ਦੇ ਘੁੜ੍ਹਾਣੀ ਪਿੰਡ ਦੇ ਰਾਮ-ਰਾਈਆਂ ਵਿਰੁੱਧ ਆ ਨਾਲਸ਼ ਕੀਤੀ ਕਿ ਘੁੜਾਣੀਏ ਮਸੰਦ ਗੁਰੂ ਦੀ ਨਿੰਦਿਆ ਕਰਦੇ ਹਨ ਅਤੇ ਖਾਲਸੇ ਨੂੰ ਮਸ਼ਕਰੀਆਂ ਕਰਦੇ ਅਤੇ ਖਿਝਾਉਂਦੇ ਹਨ । ਇਸ ਪਿੰਡ ਵਿਚ ਬਹੁਤ ਸਾਰੇ ਖਤਰੀ ਵਸਦੇ ਸਨ ਜੋ ਸ੍ਰੀ ਰਾਮਰਾਇ ਦੇ ਡੇਰੇ ਦੇ ਮਸੰਦ ਸਨ । ਇਕ ਦਿਨ ਬੁਲਾਕਾ ਸਿੰਘ ਉਥੇ ਗਿਆ ਹੋਇਆ ਸੀ । ਗੁਰੂ ਹਰਿਗੋਬਿੰਦ ਦੇ ਗੁਰਦੁਆਰੇ ਵਿਚ ਸ਼ਾਮ ਨੂੰ ਰਹਿਰਾਸ ਦੇ ਪਾਠ ਪਿਛੋਂ ਅਰਦਾਸ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਨਾਉਂ ਤੋਂ ਬਾਅਦ ਜਦ ਬੁਲਾਕਾ ਸਿੰਘ ਨੇ ‘ਖ਼ਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ’ ਕਿਹਾ ਤਾਂ ਰਾਮ-ਰਾਈਏ ਗੁੱਸੇ ਨਾਲ ਲੋਹੇ ਲਾਖੇ ਹੋਏ ਹੋਏ ਭੜਕ ਉੱਠੇ ਅਤੇ ਬਕਣ ਲਗੇ :

ਪੁੱਤਰ ਮੁਏ ਆਪੈ ਮੁਯੋ

ਅਬਿ ਮੁਯੋ ਨਾ ਵਾਹਿਗੁਰੂ ਬੋਲ।     (५. ५. ५. ११४)

ਅਤੇ ਬੁਲਾਕਾ ਸਿੰਘ ਦਾ ਦੁਤਾਰਾ ਭੰਨ ਦਿੱਤਾ, ਉਸ ਨੂੰ ਮਾਰਿਆ ਕੁੱਟਿਆ ਅਤੇ ਕਈ ਅਯੋਗ ਬੋਲ ਬੋਲੇ । ਬੰਦਾ ਸਿੰਘ ਲਈ ਇਸ ਤਰ੍ਹਾਂ ਗੁਰੂ ਅਤੇ ਸਿੰਘ ਦੀ ਨਿਰਾਦਰੀ ਸਹਿ ਜਾਣਾ ਮੁਸ਼ਕਲ ਸੀ। ਉਸ ਨੇ ਪਹਿਲੀ ਗੱਲ ਇਹ ਕੀਤੀ ਕਿ ਪਾਇਲ ਸਿੰਘਾਂ ਦਾ ਠਾਣਾ ਪਾ ਦਿੱਤਾ ਅਤੇ ਬੁਲਾਕਾ ਸਿੰਘ ਨੂੰ ਉਸ ਇਲਾਕੇ ਦਾ, ਜਿਸ ਵਿਚ ਘੁੜਾਣੀ ਪਿੰਡ ਸੀ, ਠਾਣੇਦਾਰ ਨਿਯੁਕਤ ਕਰ ਦਿੱਤਾ ਅਤੇ ਘੁੜ੍ਹਾਣੀ ਪੁੱਜ ਕੇ ਗੁਰ-ਨਿੰਦਕ ਰਾਮ-ਰਾਈਆਂ ਨੂੰ ਸਜ਼ਾ ਦਿੱਤੀ ਅਤੇ ਦੋਖੀਆਂ ਨੂੰ ਮਾਰ ਕੁੱਟ ਕੇ ਪਿੰਡੋਂ ਕੱਢ ਦਿੱਤਾ । ਇਥੇ ਘੜੋਟੀ, ਧਮੋਟ ਆਦਿ ਅਨੇਕ ਪਿੰਡਾਂ ਦੇ ਚੌਧਰੀਆਂ ਨੇ ਆ ਨਜ਼ਰਾਂ ਪੇਸ਼ ਕੀਤੀਆਂ ਅਤੇ ਸਿੰਘਾਂ ਦੀ ਅਮਲਦਾਰੀ ਪਰਵਾਣ ਕਰ ਲਈ।

ਇਥੋਂ ਬੰਦਾ ਸਿੰਘ ਨੇ ਮਲੇਰਕੋਟਲੇ ਨੂੰ ਚਾਲੇ ਪਏ । ਜਿਵੇਂ ਪਿੱਛੇ ਇਕ ਥਾਂ ਇਸ਼ਾਰੇ ਮਾਤਰ ਜਿਕਰ ਕੀਤਾ ਗਿਆ ਹੈ, ਸੰਨ 1704 ਵਿਚ ਦਸੰਬਰ ਦੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਛੱਡਣ ਤੋਂ ਬਾਅਦ ਜਦ ਵਿਸਾਹੁਘਾਤੀਆਂ ਨੇ ਸਰਸਾ ਦੇ ਕੰਢੇ ਉਨ੍ਹਾਂ ਉੱਤੇ ਹੱਲਾ ਆ ਕੀਤਾ ਤਾਂ ਗੜਬੜ ਵਿਚ ਉਸ ਵੇਲੇ ਗੁਰੂ ਘਰ ਦੀ ਇਕ ਟਹਿਲਣ ਬੀਬੀ ਅਨੂਪ ਕੌਰ ਸ਼ੇਰ ਮੁਹੰਮਦ ਖ਼ਾਨ ਦੇ ਹੱਥ ਆ ਗਈ ਅਤੇ ਉਹ ਉਸ ਨੂੰ ਜੋਰੀ ਮਲੇਰ-ਕੋਟਲੇ ਲੈ ਗਿਆ । ਸੂਰਬੀਰ ਬੀਬੀ ਨੇ ਆਪਣੇ ਧਰਮ ਅਤੇ ਸਤ ਦੀ ਰੱਖਿਆ ਲਈ ਜਾਨ ਕੁਰਬਾਨ ਕਰ ਦਿੱਤੀ ਅਤੇ ਕਟਾਰੀ ਮਾਰ ਕੇ ਆਤਮਘਾਤ ਕਰ ਲਿਆ। ਸ਼ੇਰ ਮੁਹੰਮਦ ਖ਼ਾਨ ਨੇ ਉਸ ਨੂੰ ਚੁੱਪ ਚਾਪ ਇਕ ਕਬਰ ਵਿਚ ਦਬਵਾ ਦਿੱਤਾ । ਅਨੂਪ ਕੌਰ ਨੇ ਇਸਲਾਮ ਧਾਰਣ ਨਹੀਂ ਸੀ ਕੀਤਾ ਅਤੇ ਸਿੱਖ ਹੀ ਮਰੀ ਸੀ । ਇਸ ਲਈ ਉਸ ਨੂੰ ਦਬਵਾਉਣਾ ਨਹੀਂ ਸੀ ਚਾਹੀਦਾ ਬਲਕਿ ਸਿੱਖ ਮਰਯਾਦਾ ਅਨੁਸਾਰ ਉਸ ਦਾ ਸੰਸਕਾਰ ਹੋਣਾ ਚਾਹੀਦਾ ਸੀ। ਅਨੂਪ ਕੌਰ ਦੀ ਵਿੱਥਿਆ ਸੁਣ ਕੇ ਬੰਦਾ ਸਿੰਘ ਦਾ ਮਨ ਭਰ ਆਇਆ ਅਤੇ ਉਸ ਨੇ ਕਿਹਾ ਕਿ ਉਸ ਵਿਚਾਰੀ ਦੀਆਂ ਹੱਡੀਆਂ ਹੁਣ ਹੋਰ ਜ਼ਿਆਦਾ ਕਬਰ ਵਿਚ ਸੜਨ ਨਹੀਂ ਦੇਣੀਆਂ ਚਾਹੀਦੀਆਂ । ਬੰਦਾ ਸਿੰਘ ਮਲੇਰ-ਕੋਟਲੇ ਪੁੱਜਾ । ਅੱਗਿਓਂ ਕਿਸੇ ਨੇ ਕੀ ਰੋਕਣਾ ਸੀ । ਸ਼ੇਰ ਮੁਹੰਮਦ ਖ਼ਾਨ ਦਾ ਪੁੱਤਰ ਆਪਣੇ ਟੱਬਰ ਅਤੇ ਮਾਲ ਮਤਾਹ ਲੈ ਕੇ ਭੱਜ ਗਿਆ । ਪਰ ਬੰਦਾ ਸਿੰਘ ਦੀ ਮਨਸ਼ਾ ਮਲੇਰ-ਕੋਟਲੇ ਨੂੰ ਲੁੱਟਣ ਮਾਰਨ ਦੀ ਹੈ ਹੀ ਨਹੀਂ ਸੀ । ਉਸ ਨੂੰ ਇਹ ਪਤਾ ਸੀ ਕਿ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਨਵਾਬ ਵਜ਼ੀਰ ਖ਼ਾਨ ਦੇ ਕਹਿਣ ਦੇ ਬਾਵਜੂਦ ਭੀ ਸਹਿਬਜ਼ਾਦਿਆਂ ਨੂੰ ਮਾਰਨਾ ਪਰਵਾਣ ਨਹੀਂ ਸੀ ਕੀਤਾ ਬਲਕਿ ਇਸ ਅਨਿਆਇ ਦੇ ਵਿਰੁੱਧ ‘ਹਾਹ’ ਦਾ ਨਾਹਰਾ ਮਾਰ ਕੇ ਵਜ਼ੀਰ ਖ਼ਾਨ ਦੀ ਕਚਿਹਿਰੀਓਂ ਉਠ ਆਇਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅਸੀਸ ਦਿੱਤੀ ਸੀ। ਭਾਵੇਂ ਸ਼ੇਰ ਮੁਹੰਮਦ ਖ਼ਾਨ ਨੇ ਸਿੰਘਾਂ ਦੇ ਵਿਰੁੱਧ ਬਹੁਤ ਕੁਝ ਕੀਤਾ ਹੋਇਆ ਸੀ ਪਰ ਸਾਹਿਬਜ਼ਾਦਿਆਂ ਨਾਲ ਕੀਤੀ ਹਮਦਰਦੀ ਕਰਕੇ ਸਿੰਘਾਂ ਨੇ ਸਭ ਕੁਝ ਭੁਲਾ ਦਿੱਤਾ । ਸਿੱਖ ਦਾ ਇਹ ਇਕ ਖਾਸਾ ਹੈ ਕਿ ਜੇ ਉਸ ਨਾਲ ਕੋਈ ਨਿੱਕੀ ਜਿਹੀ ਭੀ ਭਲਾਈ ਕਰੇ ਤਾਂ ਉਹ ਉਸ ਦੇ ਵੱਡੇ ਵੱਡੇ ਜ਼ੁਲਮਾਂ ਅਤੇ ਪਾਪਾਂ ਨੂੰ ਭੀ ਮਾਫ਼ ਕਰ ਦਿੰਦਾ ਅਤੇ ਭੁਲ ਜਾਂਦਾ ਹੈ । ਇਸੇ ਜਜ਼ਬੇ ਦੇ ਹੇਠਾਂ ਸਿੰਘਾਂ ਨੇ ਮਲੇਰ-ਕੋਟਲੇ ਦਾ ਕਦੀ ਬਾਲ ਵਿੰਗਾ ਨਹੀਂ ਹੋਣ ਦਿੱਤਾ ਭਾਵੇਂ ਆਲੇ ਦੁਆਲੇ ਦਾ ਸਾਰਾ ਇਲਾਕਾ ਸਿੰਘਾਂ ਦੇ ਘੋੜਿਆਂ ਦੇ ਪੌੜਾਂ ਨੇ ਦਰੜ ਛੱਡਿਆ ਸੀ ਅਤੇ ਸਰਹੰਦ ਵਰਗੇ ਸ਼ਹਿਰ ਦੀਆਂ ਮਹਿਲ ਮਾੜੀਆ ਭੋਇੰ ਨਾਲ ਮਿਲਾ ਛੱਡੀਆਂ ਸਨ । 1947 ਦੇ ਘਲੂਘਾਰੇ ਵੇਲੇ ਭੀ ਕਿਸੇ ਨੇ ਮਲੇਰ-ਕੋਟਲੀਆਂ ਉੱਤੇ ਕੋਈ ਹੱਥ ਨਹੀਂ ਚੁੱਕਿਆ ਅਤੇ ਹੋਰ ਭਾਵੇਂ ਸਾਰਾ ਪੰਜਾਬ ਮੁਸਲਮਾਨ ਖ਼ਾਲੀ ਕਰ ਗਏ ਹਨ ਪਰ ਮਲੇਰ-ਕੋਟਲੀਏ ਮੁਸਲਮਾਨ ਪਹਿਲੇ ਵਾਂਗ ਹੀ ਅਮਨ ਚੈਨ ਨਾਲ ਆਪਣੇ ਘਰਾਂ ਵਿਚ ਰਸਦੇ ਵਸਦੇ ਹਨ।

ਜਦ ਬੰਦਾ ਸਿੰਘ ਮਲੇਰ ਕੋਟਲੇ ਸ਼ਹਿਰ ਪੁੱਜਾ ਤਾਂ ਇਥੇ ਦੇ ਇਕ ਹਿੰਦੂ ਵਪਾਰੀ ਕਿਸ਼ਨ ਦਾਸ ਬਾਣੀਏ ਨੇ ਉਸ ਨੂੰ ਪਛਾਣ ਲਿਆ । ਸਾਧੂ-ਪਣੇ ਦੀ ਪਹਿਲੀ ਜ਼ਿੰਦਗੀ ਵਿਚ ਇਕ ਵਾਰੀ ਇਹ ਕੁਝ ਦਿਨ ਇਸ ਦੇ ਘਰ ਠਹਿਰਿਆ ਸੀ । ਕ੍ਰਿਸ਼ਨ ਦਾਸ ਨੇ ਇਥੇ ਦੇ ਸ਼ਾਹੂਕਾਰਾਂ ਅਤੇ ਹਟਵਾਣੀਆਂ ਪਾਸੋਂ ਕੁਝ ਰਕਮ ਇਕੱਠੀ ਕੀਤੀ ਅਤੇ ਬੰਦਾ ਸਿੰਘ ਦੇ ਸਾਹਮਣੇ ਭੇਟ ਰਖ ਕੇ ਬੇਨਤੀ ਕੀਤੀ ਕਿ ਸ਼ਹਿਰ ਨੂੰ ਬਖ਼ਸ਼ ਦਿੱਤਾ ਜਾਏ। ਉਸ ਦੀ ਤਾਂ ਅੱਗੇ ਹੀ ਇਸ ਨੂੰ ਲੁੱਟਣ, ਮਾਰਨ ਦੀ ਕੋਈ ਨੀਅਤ ਨਹੀਂ ਸੀ । ਉਹ ਤਾਂ ਇਥੇ ਕੇਵਲ ਬੀਬੀ ਅਨੂਪ ਕੌਰ ਦੇ ਅੰਤਿਮ ਸੰਸਕਾਰ ਲਈ ਹੀ ਆਇਆ ਸੀ, ਇਸ ਲਈ ਸ਼ਹਿਰ ਨੂੰ ਕੁਝ ਨਾ ਆਖਿਆ ਗਿਆ । ਬੀਬੀ ਅਨੂਪ ਕੋਰ ਦੀ ਕਬਰ ਖੋਹਲੀ ਅਤੇ ਉਸ ਦਾ ਸਰੀਰ ਕੱਢ ਕੇ ਸਿੱਖ ਮਰਯਾਦਾ ਅਨੁਸਾਰ ਅਗਨ-ਭੇਟ ਕੀਤਾ ਗਿਆ।

ਅਨੂਪ ਕੌਰ ਦੀ ਕਬਰ ਦੀ ਪੁਟਾਈ ਅਤੇ ਉਸ ਦੇ ਸਰੀਰ ਨੂੰ ਅੱਗ ਦੇ ਹਵਾਲੇ ਕਰਨ ਨੂੰ ਜਾਂ ਤਾਂ ਸ਼ਾਹੀ ਅਖ਼ਬਾਰ ਨਵੀਸ ਸਮਝ ਨਹੀਂ ਸਕੇ ਜਾਂ ਉਨ੍ਹਾਂ ਨੇ ਜਾਣ ਬੁੱਝ ਕੇ ਇਸ ਨੂੰ ਕੋਝੇ ਗ਼ਲਤ ਢੰਗ ਨਾਲ ਪੇਸ਼ ਕੀਤਾ ਅਤੇ ਖ਼ਾਫ਼ੀ ਖ਼ਾਨ, ਸੱਯਦ ਮੁਹੰਮਦ ਲਤੀਫ਼, ਆਦਿਕਾਂ ਦੇ ਗ਼ਲਤ ਬਿਆਨਾਂ ਦਾ ਮੁੱਢ ਬੰਨ੍ਹ ਦਿੱਤਾ ਹੈ।

ਮਲੇਰ-ਕੋਟਲਿਓਂ ਬੰਦਾ ਸਿੰਘ ਰਾਇ ਕੋਟ ਨੂੰ ਗਿਆ। ਇਥੇ ਦੇ ਹਾਕਮ ਨੇ ਅੱਗੋਂ ਕੋਈ ਹੱਤ ਨਾ ਕੀਤੀ, ਪੰਜ ਹਜ਼ਾਰ ਰੁਪਈਆ ਨਜ਼ਰ ਭੇਟ ਕੀਤੀ ਅਤੇ ਈਨ ਮੰਨ ਲਈ ।

ਰਾਜਧਾਨੀ ਵਿਚ

ਰਾਇਕੋਟ ਤੋਂ ਬੰਦਾ ਸਿੰਘ ਸਰਹੰਦ ਨੂੰ ਮੁੜ ਗਿਆ। ਇਸ ਵੇਲੇ ਸਾਰੇ ਇਲਾਕੇ ਵਿਚ ਕੋਈ ਉਸ ਦਾ ਵਿਰੋਧ ਕਰਨ ਜੋਗਾ ਨਹੀਂ ਸੀ । ਆਲੇ ਦੁਆਲੇ ਦੇ ਪਿੰਡਾਂ ਦੇ ਚੌਧਰੀਆਂ ਨੇ ਈਨ ਮੰਨ ਲਈ ਸੀ ਅਤੇ ਸਰਹੰਦ ਦੇ ਨਵੇਂ ਹਾਕਮ ਸਰਦਾਰ ਬਾਜ ਸਿੰਘ ਨੇ ਪ੍ਰਬੰਧ ਵਿਚ ਗੜਬੜ ਮਚਾ ਸਕਣ ਜੋਗਾ ਕੋਈ ਨਹੀਂ ਸੀ ਛੱਡਿਆ । ਸਰਹੰਦ ਤੋਂ ਉੱਤਰ, ਲਹਿੰਦੇ-ਉੱਤਰ ਅਤੇ ਦੱਖਣ-ਲਹਿੰਦੇ ਨੂੰ ਛੋਟੇ ਛੋਟੇ ਦਸਤੇ ਮੁਹਿੰਮਾਂ ਉੱਤੇ ਭੇਜੇ ਗਏ ਅਤੇ ਥੋੜ੍ਹੇ ਦਿਨਾਂ ਵਿਚ ਹੀ ਸਢੌਰੇ ਤੋਂ ਰਾਏ ਕੋਟ ਅਤੇ ਮਾਛੀਵਾੜੇ ਅਤੇ ਲੁਧਿਆਣੇ ਤੋਂ ਕਰਨਾਲ ਦੀ ਦੱਖਣੀ ਹੱਦ ਤਕ ਸਾਰਾ ਇਲਾਕਾ ਸਿੰਘਾਂ ਦੇ ਅਧੀਨ ਹੋ ਗਿਆ।

ਰਾਜਸੀ ਤਾਕਤ ਬਣ ਜਾਣ ਨਾਲ ਬੰਦਾ ਸਿੰਘ ਨੇ ਰਾਜਸੀ ਠਾਠ ਬਣਾਉਣਾ ਸ਼ੁਰੂ ਕਰ ਦਿੱਤਾ । ਉਸ ਨੇ ਮੁਖ਼ਲਸ ਗੜ੍ਹ ਦੇ ਕਿਲੇ ਨੂੰ ਆਪਣੀ ਰਾਜਧਾਨੀ ਥਾਪਿਆ ਅਤੇ ਇਸ ਅਸਥਾਨ ਨੂੰ ਆਪਣੀਆਂ ਅਗਲੀਆਂ ਮੁਹਿੰਮਾਂ ਲਈ ਆਧਾਰ-ਕੇਂਦਰ ਬਣਾਇਆ। ਇਸ ਮਤਲਬ ਲਈ ਪਹਿਲੋਂ ਉਸ ਦੀ ਅੱਖ ਸਰਹੰਦ ਉੱਤੇ ਪਈ ਸੀ ਅਤੇ ਪ੍ਰਤੀਤ ਹੁੰਦਾ ਹੈ ਕਿ ਇਸੇ ਗੱਲ ਨੂੰ ਮੁੱਖ ਰਖ ਕੇ ਉਸ ਨੇ ਇਸ ਸ਼ਹਿਰ ਨੂੰ ਤਬਾਹੀ ਤੋਂ ਬਚਾ ਲਿਆ ਸੀ । ਪਰ ਚੂੰਕਿ ਇਹ ਮੈਦਾਨ ਵਿਚ ਅਤੇ ਵੱਡੀ ਸ਼ਾਹੀ ਸੜਕ ਉੱਤੇ ਸੀ, ਇਸ ਲਈ ਇਹ ਬਾਦਸ਼ਾਹੀ ਫ਼ੌਜਾਂ ਦੀ ਮਾਰ ਹੇਠਾਂ ਛੇਤੀ ਹੀ ਆ ਜਾਣ ਵਾਲਾ ਸੀ, ਜਦ ਭੀ ਉਹ ਆਪਣੀ ਖੁੱਸੀ ਹੋਈ ਤਾਕਤ ਨੂੰ ਮੁੜ ਬਹਾਲ ਕਰਨ ਲਈ ਆਈਆਂ। ਇਸ ਕਰਕੇ ਸਰਹੰਦ ਦਾ ਖ਼ਿਆਲ ਛੱਡ ਦਿੱਤਾ ਗਿਆ।

ਮੁਖ਼ਲਿਸ-ਗੜ੍ਹ ਦਾ ਕਿਲਾ ਬਾਦਸ਼ਾਹ ਸ਼ਾਹਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖ਼ਾਨ ਨੇ ਬਣਵਾਇਆ ਸੀ ਅਤੇ ਬਾਦਸ਼ਾਹ ਕਦੀ ਕਦੀ ਇੱਥੇ ਗਰਮੀਆਂ ਕੱਟਣ ਆ ਜਾਂਦਾ ਸੀ । ਇਹ ਸਢੌਰੇ ਅਤੇ ਨਾਹਣ ਦੇ ਵਿਚਕਾਰ ਆਮੂਵਾਲ ਪਿੰਡ ਦੀ ਹੱਦ ਵਿਚ ਹਿਮਾਲਾ ਪਰਬਤ ਦੀਆਂ ਸਿੱਧੀਆਂ ਚੜ੍ਹਾਈਆਂ ਵਿਚ ਇਕ ਉੱਚੀ ਠੇਰੀ ਉੱਤੇ ਖੜਾ ਸੀ ਅਤੇ ਇਥੇ ਜਾਣ ਲਈ ਖੜਬੜ ਟੀਲਿਆਂ ਅਤੇ ਖੱਡਾਂ ਵਿਚ ਦੀ ਲੰਘਣਾ ਪੈਂਦਾ ਸੀ । ਇਸ ਦੇ ਦੋਹੀਂ ਪਾਸੀਂ ਡਸਕੇ ਵਾਲੀਆਂ ਦੋ ਖੱਡਾਂ ਸਨ ਜੋ ਅਸਲ ਵਿਚ ਤਾਂ ਭਾਵੇਂ ਇਕ ਹੀ ਨਦੀ ਸੀ ਪਰ ਇਸ ਕਿਲੇ ਦੀ ਪਹਾੜੀ ਨੂੰ ਕਲਾਵੇ ਵਿਚ ਲੈਣ ਲਈ ਪਾਟ ਗਈ ਹੋਈ ਸੀ।

ਜਿਸ ਵੇਲੇ ਬੰਦਾ ਸਿੰਘ ਨੇ ਇਸ ਕਿਲੇ ਉੱਤੇ ਕਬਜਾ ਕੀਤਾ ਤਾਂ ਇਹ ਬੜੀ ਟੁੱਟੀ ਭੱਜੀ ਹਾਲਤ ਵਿਚ ਸੀ । ਛੇਤੀ ਛੇਤੀ ਇਸ ਦੀ ਮੁਰੰਮਤ ਕੀਤੀ ਗਈ ਅਤੇ ਇਸ ਦਾ ਨਾਂ ਲੋਹਗੜ੍ਹ ਧਰਿਆ ਗਿਆ। ਸਰਹੰਦ ਦਾ ਖ਼ਜ਼ਾਨਾ, ਸਾਰੀਆਂ ਮੁਹਿੰਮਾਂ ਵਿਚ ਪ੍ਰਾਪਤ ਹੋਇਆ ਮਾਲ ਅਸਬਾਬ ਅਤੇ ਜੰਗੀ ਸਾਮਾਨ ਅਤੇ ਕਬਜੇ ਹੇਠ ਆਏ ਇਲਾਕਿਆਂ ਤੋਂ ਉਗਰਾਹਿਆ ਹੋਇਆ ਮਾਮਲਾ ਸਭ ਇਥੇ ਇਕੱਠੇ ਕੀਤੇ ਗਏ। ਗੱਲ ਕੀ, ਅਸਲੀ ਅਰਥਾਂ ਵਿਚ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ । ਸਤਲੁਜੋਂ ਆਰ ਅਤੇ ਪਾਰ ਦੇ ਇਲਾਕਿਆਂ ਤੋਂ ਸਿੰਘ ਚੋਖੀ ਗਿਣਤੀ ਵਿਚ ਇੱਥੇ ਆ ਇਕੱਤਰ ਹੋਏ ਖਾਲਸੇ ਦੇ ਦਲ ਵਿਚ ਸ਼ਾਮਲ ਹੋ ਗਏ । ਇਨ੍ਹਾਂ ਵਿਚੋਂ ਕਈ ਤਾਂ ਖ਼ਾਲਸੇ ਦੇ ਰਾਜ ਲਈ ਧਰਮ-ਜੁੱਧ ਦੇ ਚਾਉ ਨਾਲ ਆਏ ਸਨ ਅਤੇ ਕਈ ਖਾਲਸੇ ਦੀ ਬੜੇ ਜ਼ੋਰਾਂ ਨਾਲ ਵਧ ਰਹੀ ਪ੍ਰਭਤਾ ਵਿਚ ਉੱਚ ਪਦਵੀਆਂ ਨਾਮਵਰੀਆਂ ਪ੍ਰਾਪਤ ਕਰਨ ਦੀ ਧਾਰਨਾ ਨਾਲ ।

ਬੰਦਾ ਸਿੰਘ ਹੁਣ ਇਕ ਛੋਟਾ ਜਿਹਾ ਬਾਦਸ਼ਾਹ ਬਣ ਗਿਆ ਸੀ। ਇਸ ਨੇ ਕਈ ਇਲਾਕੇ ਜਿੱਤ ਲਏ ਸਨ ਅਤੇ ਆਪਣੇ ਪ੍ਰਤਿਨਿਧਾਂ ਰਾਹੀਂ ਉਨ੍ਹਾਂ ਦਾ ਪ੍ਰਬੰਧ ਕਰ ਲੈਣ ਲਈ ਉਸ ਦੇ ਪਾਸ ਸ਼ਰਧਾਲੂ ਸਿੰਘਾਂ ਦੀ ਫੌਜ ਭੀ ਹੋ ਗਈ ਸੀ । ਰਾਜ ਕਾਜ ਲਈ ਰਾਜਧਾਨੀ ਭੀ ਬਣ ਗਈ ਸੀ ਅਤੇ ਰਹਿਣ ਲਈ ਮਹਿਲ ਮਾੜੀਆਂ ਭੀ । ਹੁਣ ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਉਂ ਤੇ ਸਿੱਕਾ ਭੀ ਜਾਰੀ ਕਰ ਦਿੱਤਾ ਜਿਸ ਉੱਤੇ ਉਸ ਵੇਲੇ ਦੇ ਰਿਵਾਜ ਅਨੁਸਾਰ ਇਨ੍ਹਾਂ ਫ਼ਾਰਸੀ ਸ਼ਬਦਾਂ ਦਾ ਠੱਪਾ ਲਾਇਆ ਗਿਆ :

سینگه زد بر هر دو حالم شیخ نانک واجب است زور پر دو فتح گویند سنگه شاه شاهان فضل بچا مان است

ਸਿੱਕਾ ਜਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਬ ਅਸਤ ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ

ਅਰਥਾਤ :

ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੋਰ ਨੇ ਜੀ। ਫਤਿਹ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।

ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ

ਸ਼ਬਦ ਸਨ :

خرب به امان الر پر حضرت شهر زینت التمت مبارک نخت

ਜ਼ਰਬ ਬ-ਆਮਨੁ-ਦਹਿਰ, ਮੁਸੱਵਰਤ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ ਅਰਥਾਤ : ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ।

ਇਹ ਸਨ ਸ਼ਬਦ ਜੋ ਲੋਹਗੜ੍ਹ ਦੀ ਉਸਤਤਿ ਵਿਚ ਵਰਤੇ ਗਏ ਸਨ । ਇਸ ਤੋਂ ਬਾਅਦ ਉਸ ਨੇ ਸਰਕਾਰੀ ਦਸਤਾਵੇਜਾਂ, ਸਨਦਾਂ, ਪਰਵਾਨਿਆਂ ਆਦਿ ਲਈ ਮੋਹਰ ਬਣਵਾਈ ਜਿਸ ਦੇ ਇਹ ਸ਼ਬਦ ਸਨ :

عظمت نانک گورو هم ظاهر هم باطل است پادشاه دین و دنیا آپ پنچا صاحب است

ਅਜ਼ਮਤਿ ਨਾਨਕ ਗੁਰੂ ਹਮ ਜਾਹਿਰੋ ਹਮ ਬਾਤਨ ਅਸਤ ਪਾਦਸ਼ਾਹਿ ਦੀਨੋ ਦੁਨੀਆ ਆਪ ਸੱਚਾ ਸਾਹਬ ਅਸਤ

ਅਰਥਾਤ:

ਗੁਰੂ ਨਾਨਕ ਦੀ ਵਡਿਆਈ ਹੈ ਬਾਹਰ ਅੰਦਰ ਸਾਰੇ। ਦੀਨ ਦੁਨੀ ਦਾ ਵਾਲੀ ਹੈ ਉਹ ਆਪੇ ਰੱਬ ਸੱਚਾ ਰੇ।

ਇਸ ਨੂੰ ਬਦਲ ਕੇ ਬਾਅਦ ਵਿਚ ਇਸ ਤਰ੍ਹਾਂ ਕਰ ਦਿੱਤਾ ਗਿਆ ਅਤੇ ਜਿੱਥੇ ਕਿਧਰੇ ਭੀ ਬੰਦਾ ਸਿੰਘ ਦੀਆਂ ਮੋਹਰਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਦੇ ਇਹ ਹੀ ਸ਼ਬਦ ਹਨ :

دیگ تاج و فتح و نصرت سید زنگ یافت از نانک گورو گوبند سنگھ

ਦੇਗੋ ਤੇਗੋ ਫ਼ਤਿਹ ਓ ਨੁਸਰਤਿ ਬੇ-ਦਿਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ

ਅਰਥਾਤ :

ਦੇਗ ਤੇਗ ਜਿੱਤ ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।

ਮੁਗ਼ਲ ਬਾਦਸ਼ਾਹਾਂ ਦੇ ਸੰਨਿ-ਜਲੂਸ ਅਰਥਾਤ ਰਾਜ-ਸੰਮਤ ਦੀ ਤਰ੍ਹਾਂ ਬੰਦਾ ਸਿੰਘ ਨੇ ਭੀ ਸਰਹੰਦ ਦੀ ਫ਼ਤਿਹ ਤੋਂ ਇਕ ਨਵਾਂ ਸੰਮਤ ਆਰੰਭ ਕੀਤਾ ਜੋ ਉਸ ਦੇ ਰਾਜ ਦੇ ਅੰਤ ਦੇ ਨਾਲ ਹੀ ਸਮਾਪਤ ਹੋ ਗਿਆ । ਬੰਦਾ ਸਿੰਘ ਨੇ ਇਹ ਸਭ ਕੁਝ ਮੁਗ਼ਲ ਬਾਦਸ਼ਾਹਾਂ ਦੀ ਨਕਲ ਦੇ ਤੌਰ ਤੇ ਇਸ ਲਈ ਕੀਤਾ ਕਿ ਸਿੰਘਾਂ ਵਿਚ ਮੁਗ਼ਲਾਂ ਦੀ ਬਰਾਬਰੀ ਦੀ ਸਪਿਰਟ ਪੈਦਾ ਹੋ ਜਾਏ ਅਤੇ ਉਨ੍ਹਾਂ ਦੇ ਮਨਾਂ ਉੱਤੇ ਇਹ ਗੱਲ ਉੱਕਰੀ ਜਾਏ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਜੇ ਮੁਗ਼ਲ ਬਾਦਸ਼ਾਹ ਦੀ ਰਾਜਧਾਨੀ, ਸਿੱਕੇ, ਮੋਹਰਾਂ ਅਤੇ ਸੰਨਿ-ਜਲੂਸ ਹਨ ਤਾਂ ਉਨ੍ਹਾਂ ਦੇ ਭੀ ਹਨ। ਮੁਗ਼ਲ ਬਾਦਸ਼ਾਹ ਦਾ ਰਾਜ, ਸਿੱਕੇ ਅਤੇ ਮੋਹਰਾਂ ਉਨ੍ਹਾਂ ਦੇ ਨਿਜੀ ਨਾਉਂ ਉੱਤੇ ਚਲਦੇ ਸਨ, ਪਰ ਖ਼ਾਲਸੇ ਦਾ ਰਾਜ- ਨੇਤਾ ਬੰਦਾ ਸਿੰਘ ਆਪਣੇ ਨਿਜੀ ਨਾਉਂ ਉੱਤੇ ਕੁਝ ਨਹੀਂ ਸੀ ਕਰਦਾ। ਉਹ ਰਾਜ ਦੀ ਪ੍ਰਾਪਤੀ ਸੱਚੇ ਸਾਹਿਬ ਵਾਹਿਗੁਰੂ ਦੀ ਮਿਹਰ ਨਾਲ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤੋਂ ਪ੍ਰਾਪਤ ਹੋਈ ਕਹਿੰਦਾ ਹੈ। ਅਤੇ ਆਪ ਦੇਗ ਅਤੇ ਤੇਗ਼ ਰਾਹੀਂ ਕੇਵਲ ਸੇਵਾਦਾਰ ਹੈ। ਉਸ ਲਈ ਬਖ਼ਸ਼ਸ਼ ਗੁਰੂ ਨਾਨਕ ਦੀ ਹੈ, ਫਤਿਹ ਗੁਰੂ ਗੋਬਿੰਦ ਸਿੰਘ ਦੀ ਅਤੇ ਪਾਤਸ਼ਾਹੀ ਅਕਾਲ ਪੁਰਖ ਵਾਹਿਗੁਰੂ ਦੀ । ਇਹ ਸੰਸਾਰ ਦੇ ਇਤਿਹਾਸ ਵਿਚ ਇਕ ਅਦੁੱਤੀ ਮਿਸਾਲ ਹੈ।

ਧਾਰਮਕ ਮਾਮਲਿਆਂ ਵਿਚ ਬੰਦਾ ਸਿੰਘ ਦੇ ਨਾਉਂ ਲਾਹੀ ਜਾਂਦੀ ਗੱਲ ਭੀ ਉਸ ਦੇ ਕਿਸੇ ਬਹੁਤੇ ਜੋਸ਼ੀਲੇ ਭਗਤ ਨੇ ਹੀ ਘੜ ਲਈ ਜਾਪਦੀ ਹੈ। ‘ਰਿਸਾਲਾ-ਇ-ਸਾਹਿਬ-ਨੁਮਾ ਚਹਾਰ ਬਾਗ਼ ਪੰਜਾਬ’ ਦਾ ਕਰਤਾ ਲਿਖਦਾ ਹੈ ਕਿ ਬੰਦਾ ਸਿੰਘ ਆਪਣੇ ਆਪ ਨੂੰ ਗੁਰੂ ਦਾ ਬੰਦਾ ਹੀ ਕਹਿੰਦਾ ਸੀ, ਪਰ ਖ਼ਾਲਸਾ ਉਸ ਨੂੰ ਗੁਰੂ ਵਾਂਗ ਸਮਝ ਕੇ ਉਸ ਦੀ ਤਾਬੇਦਾਰੀ ਕਰਦਾ ਸੀ । ਉਸ ਦੀ ਕੋਈ ਐਸੀ ਲਿਖਤ ਹਾਲ ਤਕ ਨਹੀਂ ਮਿਲੀ ਜਿਸ ਵਿਚ ਉਸ ਨੇ ਆਪਣੇ ਆਪ ਨੂੰ ਗੁਰੂ ਕਿਹਾ ਹੋਵੇ। ਸਿੱਖ ਸੰਗਤਾਂ ਦੇ ਨਾਉਂ ਉਸ ਦੀਆਂ ਜਿਤਨੀਆਂ ਭੀ ਚਿੱਠੀਆਂ ਮਿਲਦੀਆਂ ਹਨ ਉਨ੍ਹਾਂ ਵਿਚ ‘ਸੱਚਾ ਸਾਹਿਬ’ ਵਾਹਿਗੁਰੂ ਲਈ ਵਰਤਿਆ ਹੋਇਆ ਹੈ, ਆਪਣੇ ਲਈ ਨਹੀਂ । ਇਹ ਠੀਕ ਹੈ ਉਸ ਨੇ ‘ਫ਼ਤਿਹ ਦਰਸ਼ਨ’ ਜਾਰੀ ਕਰਨ ਦਾ ਯਤਨ ਕੀਤਾ ਸੀ ਪਰ ਚੂੰਕਿ ਇਹ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ ਵਰਤ ਹੋਣ ਲੱਗ ਪਈ ਸੀ, ਇਸ ਲਈ ਖ਼ਾਲਸੇ ਨੇ ਇਸ ਨੂੰ ਅਪਰਵਾਣ ਕਰ ਦਿੱਤਾ ਅਤੇ ਇਸ ਦੀ ਵਰਤੋਂ ਸਿੰਘਾਂ ਵਿਚ ਬੰਦ ਹੋ ਗਈ।

ਬੰਦਾ ਸਿੰਘ ਅਤੇ ਉਸ ਦੇ ਨਿਯਤ ਕੀਤੇ ਹਾਕਮਾਂ ਨੇ ਮੁਲਕੀ ਪ੍ਰਬੰਧ ਲਈ ਕੀ ਰਾਜ-ਬਣਤਰ ਸਾਜੀ ਸੀ? ਇਸ ਦਾ ਕੁਝ ਪਤਾ ਨਹੀਂ। ਅਨੁਮਾਨ ਇਹ ਹੀ ਹੈ ਕਿ ਉਨ੍ਹਾਂ ਨੇ ਕੋਈ ਖ਼ਾਸ ਨਵੀਂ ਰਾਜ-ਬਣਤਰ ਜਾਰੀ ਨਹੀਂ ਸੀ ਕੀਤੀ। ਇਸ ਲਈ ਕੋਈ ਸਮਾਂ ਹੀ ਨਹੀਂ ਮਿਲਿਆ । ਉਨ੍ਹਾਂ ਦਾ ਰਾਜ ਕੇਵਲ ਥੋੜ੍ਹੇ ਜਿਹੇ ਸਮੇਂ ਲਈ ਹੀ ਟਿਕ ਸਕਿਆ ਸੀ ਅਤੇ ਇਹ ਕੇਵਲ ਫੌਜੀ ਕਬਜ਼ਾ ਹੀ ਸੀ। ਇਕੋ ਖ਼ਾਸ ਗੱਲ ਜੋ ਬੰਦਾ ਸਿੰਘ ਕਰ ਸਕਿਆ, ਉਹ ਸੀ ਮੁਗ਼ਲਾਂ ਦੇ ਜ਼ਿਮੀਂਦਾਰੀ ਢੰਗ ਦਾ ਉੜਾ ਦੇਣਾ। ਨਿਜੀ ਅਮਲੀ ਤਜਰਬੇ ਤੋਂ ਸਿੰਘਾਂ ਨੂੰ ਪਤਾ ਸੀ ਕਿ ਰਈਅਤ ਇਸ ਤੋਂ ਬਹੁਤ ਦੁਖੀ ਹੈ ਅਤੇ ਉਨ੍ਹਾਂ ਨੂੰ ਸੁਖ ਕੇਵਲ ਇਸ ਦੇ ਮਿਟਾ ਦੇਣ ਨਾਲ ਹੀ ਹੋ ਸਕਦਾ ਹੈ। ਸਹੀ-ਉਲ-ਅਖ਼ਬਾਰ ਦਾ ਕਰਤਾ ਲਿਖਦਾ ਹੈ ਕਿ ‘ਬਾਦਸ਼ਾਹਾਂ ਦੇ ਵੇਲੇ ਹਰ ਉਹ ਆਦਮੀ ਜੋ ਪੁਰਾਣੇ ਸਮੇਂ ਤੋਂ ਕਈ ਪ੍ਰਗਣਿਆਂ ਦਾ ਮਾਲਕ ਚਲਾ ਆਉਂਦਾ ਸੀ, ਜਿਮੀਂਦਾਰ ਕਹਾਉਂਦਾ ਸੀ ।’ ਇਹ ਆਪਣੀ ਮਨ-ਮਰਜੀ ਨਾਲ ਕਿਸਾਨਾਂ ਨੂੰ ਰਖ ਅਤੇ ਕੱਢ ਸਕਦਾ ਸੀ । ਇਹ ਜ਼ਿਮੀਂਦਾਰ ਆਮ ਤੌਰ ਤੇ ਵੱਡੇ ਸਰਕਾਰੀ ਅਫ਼ਸਰ ਹੁੰਦੇ ਸਨ ਜੋ ਆਪਣੇ ਆਪ ਵਿਚ ਹੀ ਮਨ-ਮੌਜੀ ਬਾਦਸ਼ਾਹਾਂ ਵਾਂਗ ਹੁੰਦੇ ਸਨ ਅਤੇ ਕਿਸੇ ਦੀ ਘੱਟ ਹੀ ਪ੍ਰਵਾਹ ਕਰਦੇ ਸਨ । ਸਰਕਾਰੀ ਹਾਕਮ ਭੀ ਉਦੋਂ ਤਕ ਇਨ੍ਹਾਂ ਦੇ ਅੰਦਰੂਨੀ ਪ੍ਰਬੰਧ ਵਿਚ ਦਖ਼ਲ ਨਹੀਂ ਸੀ ਦਿੰਦੇ ਜਦੋਂ ਤਕ ਕਿ ਇਹ ਨਿਯਤ ਸਰਕਾਰੀ ਮਾਮਲਾ ਤਾਰਦੇ ਰਹਿੰਦੇ ਸਨ । ਸਰਕਾਰ ਇਸ ਗੱਲ ਦੀ ਪ੍ਰਵਾਹ ਹੀ ਨਹੀਂ ਕਰਦੀ ਸੀ ਕਿ ਇਹ ਜਿਮੀਂਦਾਰ ਲੋਕ ਆਪ ਕਿੰਨੀ ਤੇ ਕਿਵੇਂ ਉਗਰਾਹੀ ਕਰਦੇ ਹਨ। ਨਤੀਜਾ ਇਹ ਹੁੰਦਾ ਸੀ ਕਿ ਹਲਵਾਹਕ ਲੋਕਾਂ ਦੀ ਦਸ਼ਾ ਹੌਲੀ ਹੌਲੀ ਪ੍ਰਾਧੀਨ ਦਾਸਾਂ ਵਰਗੀ ਹੋ ਜਾਂਦੀ ਸੀ । ਉਸੇ ਲਿਖਾਰੀ ਦੇ ਕਥਨ ਅਨੁਸਾਰ ‘ਸਾਰੇ ਹੀ ਸੂਬਿਆਂ ਵਿਚ ਹਾਲਾਤ ਬੜੇ ਬਿਗੜੇ ਹੋਏ ਸਨ ਅਤੇ ਸਰਕਾਰੀ ਅਫ਼ਸਰਾਂ ਅਤੇ ਜਿਮੀਂਦਾਰਾਂ ਉੱਤੇ ਕੋਈ ਕੁੰਡਾ ਨਹੀਂ ਸੀ । ਸਾਰੇ ਸਰਕਾਰੀ ਅਫ਼ਸਰਾਂ ਨੇ ਖੋਹ ਖਿੰਜ ਅਤੇ ਵੱਢੀ ਉੱਤੇ ਲੱਕ ਬੱਧਾ ਹੋਇਆ ਸੀ ਅਤੇ ਸਰਕਾਰੀ ਪ੍ਰਬੰਧ ਅਤੇ ਅਮਨ ਅਮਾਨ ਉਲਟ ਪੁਲਟ ਹੋਇਆ ਹੋਇਆ ਸੀ ।” ਸਿੱਖ ਬਹੁਤੇ ਚੂੰਕਿ ਪੇਂਡੂ ਕਿਸਾਨਾਂ ਵਿਚੋਂ

ਬਣੇ ਹੋਏ ਸਨ ਇਸ ਲਈ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਪੀੜ ਕਿੱਥੇ ਅਤੇ ਕਿੱਥੋਂ ਹੋ ਰਹੀ ਹੈ। ਜਿਮੀਂਦਾਰ ਪ੍ਰਬੰਧ ਹੇਠ ਲੋਕਾਂ ਉੱਤੇ ਹੋ ਰਹੇ ਜੁਲਮ ਵੱਲ ਕੋਈ ਭੀ ਧਿਆਨ ਨਹੀਂ ਸੀ ਦੇ ਰਿਹਾ । ਇਸ ਲਈ ਹੱਥ ਵਿਚ ਤਾਕਤ ਆ ਜਾਣ ਨਾਲ ਜੋ ਕੰਮ ਕੁਦਰਤੀ ਤੌਰ ਉੱਤੇ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ। ਜਾਂ ਉਨ੍ਹਾਂ ਨੇ ਕੀਤਾ ਉਹ ਸੀ ਇਸ ਜਿਮੀਂਦਾਰੀ ਨਿਜਾਮ ਨੂੰ ਜੜੋਂ ਪੁੱਟ ਦੇਣਾ । ਸਿੱਖ ਇਸ ਵਡਿਆਈ ਦੇ ਸਭ ਤੋਂ ਵੱਧ ਭਾਗੀ ਹਨ ਕਿ ਉਨ੍ਹਾਂ ਨੇ ਆਪਣੇ ਥੋੜ੍ਹੇ ਜਿਹੇ ਦਿਨਾਂ ਦੇ ਰਾਜ ਦੇ ਸਮੇਂ ਵਿਚ ਇਕ ਬੜਾ ਵੱਡਾ ਸੁਧਾਰ ਕਰਕੇ ਰਖ ਦਿੱਤਾ । ਅਸਲੀ ਹਲਵਾਹਕ ਭੋਇੰ ਦੇ ਮਾਲਕ ਬਣ ਗਏ ਅਤੇ ਉਨ੍ਹਾਂ ਦੇ ਇਲਾਕੇ ਵਿਚੋਂ ਇਹ ਸਦਾ ਵਗਦਾ ਮੋਗਲੀ ਫੋੜਾ ਹੱਟ ਗਿਆ । ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਸੁਧਾਰ ਆਖਰੀ ਅਤੇ ਪੂਰੀ ਹੱਦ ਤਕ ਪਹੁੰਚਾ ਦਿੱਤਾ ਗਿਆ । ਇਹ ਹੀ ਕਾਰਣ ਹੈ ਕਿ ਪੰਜਾਬ ਦਾ ਕਿਸਾਨ ਆਪਣੀ ਕਮਾਈ ਦਾ ਪੂਰਾ ਪੂਰਾ ਮਾਲਕ ਹੈ ਅਤੇ ਹੁਣ ਹੋਏ ਨਵੇਂ ਸੁਧਾਰ ਤੋਂ ਪਹਿਲਾਂ ਉਸ ਦੀ ਮਾਲੀ ਹਾਲਤ ਬੰਗਾਲੀ ਅਤੇ ਪੂਰਬੀਏ ਕਿਸਾਨਾਂ ਨਾਲੋਂ ਬਹੁਤ ਚੰਗੀ मी।

ਇਸ ਵੇਲੇ ਸਿੰਘਾਂ ਦਾ ਰਾਜ ਭਾਵੇਂ ਛੋਟਾ ਜਿਹਾ ਹੀ ਸੀ ਪਰ ਇਸ ਦੇ ਕਾਇਮ ਹੋ ਜਾਣ ਨਾਲ ਉਨ੍ਹਾਂ ਦੇ ਨਜ਼ਰੀਏ ‘ਚ ਬੜੀ ਭਾਰੀ ਤਬਦੀਲੀ ਆ ਗਈ। ਜਿਵੇਂ ਗ਼ੈਰ-ਮੁਸਲਿਮ ਲੋਕ ਉਨ੍ਹਾਂ ਨੂੰ ਖ਼ਿਆਲ ਕਰਦੇ ਸਨ, ਉਹ ਭੀ ਆਪਣੇ ਆਪ ਨੂੰ ਦੇਸ਼ ਅਤੇ ਧਰਮ ਦੇ ਰਾਖੇ ਸਮਝਣ ਲੱਗ ਪਏ। ਜਦ ਭੀ ਕਦੀ ਕਿਸੇ ਉੱਤੇ ਹੁੰਦੇ ਜ਼ੁਲਮ ਦਾ ਪਤਾ ਉਨ੍ਹਾਂ ਨੂੰ ਲੱਗਾ ਜਾਂ ਇਸ ਦੀ ਫ਼ਰਿਆਦ ਉਨ੍ਹਾਂ ਪਾਸ ਆਈ ਉਹ ਸਰਕਾਰੀ ਅਫ਼ਸਰਾਂ ਅਤੇ ਹੰਕਾਰੀ ਕਰਮਚਾਰੀਆਂ ਦੇ ਵਿਰੁੱਧ ਉਠ ਖੜੋਤੇ । ਦੁਖੀ ਦੇਸ਼ ਵਾਸੀਆਂ ਦੀ ਸੇਵਾ ਅਤੇ ਸਹਾਇਤਾ ਉਨ੍ਹਾਂ ਨੇ ਆਪਣਾ ਧਾਰਮਕ ਫਰਜ਼ ਬਣਾ ਲਿਆ ਅਤੇ ਇਹ ਚੂੰਕਿ ਮੁਗ਼ਲ ਕਰਮਚਾਰੀਆਂ ਨੂੰ ਜੁਮੇਵਾਰ ਅਹੁਦਿਆਂ ਤੋਂ ਹਟਾਉਣ ਨਾਲ ਹੀ ਪੂਰਾ ਹੋ ਸਕਦਾ ਸੀ, ਇਸ ਲਈ ਉਨ੍ਹਾਂ ਨੇ ਥਾਉਂ ਥਾਈਂ ਇਸ ਨੂੰ ਆਪਣੇ ਢੰਗ ਨਾਲ ਸਿਰੇ ਚਾੜ੍ਹਣ ਲਈ ਇਰਦ ਗਿਰਦ ਫ਼ੌਜੀ ਮੁਹਿੰਮਾਂ ਚਾੜ੍ਹ ਦਿੱਤੀਆਂ । ਇਸ ਧਾਰਮਕ ਪ੍ਰੇਰਨਾ ਨਾਲ ਉਨ੍ਹਾਂ ਨੇ ਉਹ ਸੂਰਮਗਤੀ ਦੇ ਕਾਰਨਾਮੇ ਕਰ ਵਿਖਾਏ ਜਿਨ੍ਹਾਂ ਨੇ ਦੋ ਕੁ ਮਹੀਨਿਆਂ ਵਿਚ ਹੀ ਸਦੀਆਂ ਦੇ ਅਸਥਾਪਤ ਹੋਏ ਰਾਜ ਕਾਜ ਅਤੇ ਦਸਤੂਰ ਨੂੰ ਬਦਲ ਦੇ ਰਖ ਦਿੱਤਾ ।

ਸਿੰਘਾਂ ਦਾ ਕੁਝ ਐਸਾ ਦਬ-ਦਬਾ ਬੈਠਾ ਕਿ ਇਕੱਲੇ ਸਿੱਖ ਦੇ ਦਿਖਾਲੀ ਦੇ ਜਾਣ ਨਾਲ ਹੀ ਪੁਰਾਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਹਿਮਾਇਤੀਆਂ ਦੀ ਭੀੜ ਦੇ ਪਰਾਣ ਸੁੱਕਣ ਲਗ ਜਾਂਦੇ । ਮਾਮੂਲੀ ਸਿੰਘ ਭੀ ਆਪਣੇ ਆਪ ਨੂੰ ਵਾਹਿਗੁਰੂ ਦਾ ਰੋਸਾਇਆ ਹੋਇਆ ਹਾਕਮ ਬਣਨ ਦਾ ਹੱਕਦਾਰ ਸਮਝਦਾ ਸੀ । ਸਮਕਾਲੀ ਲਿਖਤਾਂ ਦੇ ਆਧਾਰ ਤੇ ਵਿਲੀਅਮ ਅਰਵਿਨ ਦੱਸਦਾ ਹੈ ਕਿ ਸਿੱਖਾਂ ਦੇ ਕਬਜ਼ੇ ਹੇਠ ਆਏ ਸਾਰੇ ਪਰਗਣਿਆਂ ਵਿਚ ਪੁਰਾਣੇ ਰਿਵਾਜਾਂ ਦਾ ਉਲਟ ਪੁਲਟ ਹੋ ਜਾਣਾ ਹੈਰਾਨ ਕਰ ਦੇਣ ਵਾਲਾ ਅਤੇ ਮੁਕੰਮਲ ਸੀ । ਇਕ ਨੀਚ ਭੰਗੀ ਜਾਂ ਚਮਾਰ ਲਈ, ਜਿਸ ਨੂੰ ਹਿੰਦੁਸਤਾਨੀਆਂ ਦੇ ਖ਼ਿਆਲ ਵਿਚ ਅਤਿ ਨੀਵਾਂ ਸਮਝਿਆ ਜਾਂਦਾ ਹੈ, ਸਿਰਫ਼ ਘਰ ਛੱਡ ਕੇ ਗੁਰੂ [ਬੰਦਾ ਸਿੰਘ ਵੱਲ ਇਸ਼ਾਰਾ ਹੈ| ਪਾਸ ਕੇਵਲ ਪਹੁੰਚਣਾ ਹੀ ਹੁੰਦਾ ਸੀ ਕਿ ਥੋੜ੍ਹੇ ਚਿਰ ਵਿਚ ਹੀ ਉਹ ਆਪਣੀ ਨਿਯੁਕਤੀਆਂ ਦਾ ਹੁਕਮ ਹੱਥੀ ਲੈ ਕੇ ਆਪਣੇ ਜਨਮ ਅਸਥਾਨ ਦਾ ਹਾਕਮ ਬਣ ਆਉਂਦਾ ਸੀ । ਜਦੋਂ ਉਹ ਆਪਣੀ ਸਰਹੱਦ ਉੱਤੇ ਪੈਰ ਆ ਧਰਦਾ, ਉੱਚੇ ਜਨਮ ਵਾਲੇ ਕੁਲੀਨ ਅਤੇ ਧਨਾਢ ਲੋਕ ਉਸ ਦਾ ਸੁਆਗਤ ਕਰਨ ਲਈ ਜਾਂਦੇ ਅਤੇ ਉਸ ਨੂੰ ਨਾਲ ਲਿਆਉਂਦੇ । ਉਥੇ ਪੁੱਜਣ ਪਰ, ਇਹ ਲੋਕ ਹੱਥ ਬੰਨ੍ਹੀਂ ਉਸ ਦੇ ਸਾਹਮਣੇ ਖੜੇ ਜਾਂਦੇ ਅਤੇ ਉਸ ਦੇ ਹੁਕਮ ਦੀ ਉਡੀਕ ਕਰਦੇ ਕੀ ਮਜਾਲ ਕੋਈ ਉਸ ਦੀ ਹੁਕਮ-ਅਦੂਲੀ ਕਰ ਸਕਦਾ ਅਤੇ ਉਹ ਆਦਮੀ ਜੋ ਕਈ ਵਾਰੀ ਰਣਭੂਮੀ ਦੀ ਜੋਖੋ ਵਿਚ ਪੈਣ ਨੂੰ ਤਿਆਰ ਹੋ ਜਾਂਦੇ ਸਨ ਇਸ ਤਰ੍ਹਾਂ ਗਊਆਂ ਬਣ ਕਿ ਅੱਗਿਓਂ ਗੱਲ ਕਰਨੋ ਭੀ ਡਰਦੇ ਸਨ । ਇਸ ਵੇਲੇ ਦੇਸ਼ ਵਿਚ ਸਿੱਖਾਂ ਵਿਚ ਆਮ ਜਾਗ੍ਰਤੀ ਪੈਦਾ ਹੋ ਗਈ ਸੀ । ਉਨ੍ਹਾਂ ਦੀਆਂ ਮੱਲਾਂ ਮਾਰਾਂ ਕੇਵਲ ਦੱਖਣ ਦੇ ਇਲਾਕੇ ਤਕ ਹੀ ਸੀਮਤ ਨਹੀਂ ਸਨ, ਉੱਤਰ ਵਿਚ ਭੀ ਉਸੇ ਬਲਕਿ ਜ਼ਿਆਦਾ ਸਾਹਸ ਨਾਲ ਹੋ ਰਹੀਆਂ ਸਨ। ਚੂੰਕਿ ਉਨ੍ਹਾਂ ਦੀਆਂ ਜਮਨ-ਗੰਗ ਦੁਆਬ ਦੀਆਂ ਚੜ੍ਹਾਈਆਂ ਉਸੇ ਵੇਲੇ ਹੋਈਆਂ ਸਨ ਜਿਸ ਵੇਲੇ ਕਿ ਬਿਸਤ-ਜਲੰਧਰ ਅਤੇ ਬਾਰੀ ਦੁਆਬਿਆਂ ਵਿਚ, ਇਸ ਲਈ ਇਨ੍ਹਾਂ ਦਾ ਤਾਰੀਖੀ ਕ੍ਰਮ ਅਨੁਸਾਰ ਵਰਨਣ ਕਰ ਸਕਣਾ ਔਖਾ ਹੈ, ਇਸ ਲਈ ਅਸੀਂ ਇਨ੍ਹਾਂ ਦਾ ਜ਼ਿਕਰ ਇਕ ਦੂਸਰੇ ਤੋਂ ਬਾਅਦ ਕਰਾਂਗੇ ।

ਜਮਨ-ਗੰਗ ਦੁਆਬ ਵਿਚ ਚੜ੍ਹਾਈਆਂ

ਜਿਵੇਂ ਪਿੱਛੇ ਦੱਸਿਆ ਜਾ ਚੁੱਕਾ ਹੈ ਸਿੰਘਾਂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨਾਂ ਨੇ ਖੰਡੇ ਦਾ ਅੰਮ੍ਰਿਤ ਛੱਕ ਲਿਆ ਅਤੇ ਖ਼ਾਲਸੇ ਸਜ ਗਏ। ਅਜਿਹੇ ਬਹੁਤ ਸਾਰੇ ਸਿੰਘ ਦਿਉਬੰਦ ਦੇ ਪ੍ਰਗਣੇ ਦੇ ਉਨਾਰਸਾ ਪਿੰਡ ਵਿਚ ਸਜੇ ਸਨ । ਇਸ ਇਲਾਕੇ ਦਾ ਫੌਜਦਾਰ ਜਲਾਲ ਖ਼ਾਨ ਸੀ । ਉਸ ਦੇ ਹੁਕਮ ਨਾਲ ਇਹ ਸਿੰਘ ਕੈਦ ਕਰ ਦਿੱਤੇ ਗਏ ਅਤੇ ਇਨ੍ਹਾਂ ਨੂੰ ਤਸੀਹੇ ਦੇਣੇ ਸ਼ੁਰੂ ਹੋ ਗਏ। ਇਨ੍ਹਾਂ ਵਿਚੋਂ ਇਕ ਸਿੰਘ ਕਪੂਰ ਸਿੰਘ ਉਥੇ ਪ੍ਰਚਾਰਕ ਨਿਯਤ ਕੀਤਾ ਹੋਇਆ ਸੀ । ਉਸ ਨੇ ਬੰਦਾ ਸਿੰਘ ਨੂੰ ਦੱਸਿਆ ਕਿ ਉਨਾਰਸੇ ਦੇ ਸਿੰਘ ਬੜੀ ਤਕਲੀਫ਼ ਵਿਚ ਹਨ ਅਤੇ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਚੁਨਾਂਚਿ ਬੰਦਾ ਸਿੰਘ ਨੇ ਸੁਣਦੇ ਸਾਰ ਸਿੰਘਾਂ ਦਾ ਇਕ ਦਲ ਵੈਰੀਆਂ ਨੂੰ ਸੋਧਨ ਲਈ ਤੋਰ ਦਿੱਤਾ ਅਤੇ ਆਪ ਭੀ ਓਧਰ ਨੂੰ ਤੁਰ ਪਿਆ ।

ਸਹਾਰਨਪੁਰ ਭੀ ਕੱਟੜ ਮੁਸਲਮਾਨਾਂ ਦਾ ਇਕ ਤਕੜਾ ਗੜ੍ਹ ਸੀ । ਅਲੀ ਹਾਮਿਦ ਖ਼ਾਨ ਕਨੌਜੀ ਸੱਯਦ ਇਥੇ ਦਾ ਫ਼ੌਜਦਾਰ ਸੀ । ਸਿੰਘਾਂ ਨੇ ਉਸ ਨੂੰ ਚਿੱਠੀ ਲਿਖੀ ਕਿ ਜੇ ਉਹ ਈਨ ਮੰਨ ਲਏ ਤਾਂ ਉਸ ਨੂੰ ਕੁਝ ਨਹੀਂ ਕਿਹਾ ਜਾਏਗਾ। ਪਰ ਉਹ ਸਿੰਘਾਂ ਦੇ ਜਮੁਨਾ ਟੱਪ ਆਉਣ ਦੀ ਖ਼ਬਰ ਸੁਣ ਕੇ ਇਤਨਾ ਡਰਿਆ ਕਿ ਭਾਵੇਂ ਸ਼ਹਿਰ ਦੇ ਵੱਡੇ ਵੱਡੇ ਆਦਮੀਆਂ ਅਤੇ ਅਫ਼ਗਾਨਾਂ ਨੇ ਉਸ ਨੂੰ ਕਿਹਾ ਕਿ ਉਹ ਤਕੜਾ ਰਹੇ ਅਤੇ ਸ਼ਹਿਰ ਦੀ ਰਾਖੀ ਦਾ ਪ੍ਰਬੰਧ ਪੱਕਾ ਕਰੇ, ਉਸ ਉੱਤੇ ਕੋਈ ਅਸਰ ਨਾ ਹੋਇਆ । ਉਸ ਨੇ ਆਪਣਾ ਮਾਲ ਮਤਾਹ ਇਕੱਠਾ ਕੀਤਾ ਅਤੇ ਆਪਣੇ ਟੱਬਰ ਨੂੰ ਨਾਲ ਲੈ ਕੇ ਉਸੇ ਰਾਤੀਂ ਵਾਹੋ ਦਾਹੀ ਦਿੱਲੀ ਨੂੰ ਦੌੜ ਗਿਆ । ਪਰ ਸ਼ਹਿਰ ਦੇ ਲੋਕ ਅਤੇ ਹੋਰ ਕਰਮਚਾਰੀ ਕੁਝ ਚੰਗੀ ਮਿੱਟੀ ਦੇ ਬਣੇ ਹੋਏ ਸਨ ਅਤੇ ਇਕ ਮੁੱਠ ਅਤੇ ਇਕ-ਸਲਾਹ ਹੋ ਕੇ ਕੰਮ ਕਰਨ ਵਾਲੇ ਸਨ । ਉਨ੍ਹਾਂ ਨੇ ਸ਼ਹਿਰ ਦੇ ਆਲੇ ਦੁਆਲੇ ਮੋਰਚੇ ਬਣਾ ਲਏ ਅਤੇ ਸਿੰਘਾਂ ਦੀ ਰੋਕ ਦਾ ਪ੍ਰਬੰਧ ਕਰਕੇ ਉਨ੍ਹਾਂ ਦਾ ਤੀਰਾਂ ਅਤੇ ਗੋਲੀਆਂ ਨਾਲ ਸੁਆਗਤ ਕੀਤਾ, ਪਰ ਇਹ ਜਤਨ ਸਫ਼ਲ ਨਾ ਹੋ ਸਕਿਆ। ਸਿੰਘ ਉਨ੍ਹਾਂ ਨਾਲੋਂ ਡਾਢੇ ਸਨ । ਇਕੋ ਜ਼ੋਰਦਾਰ ਹੱਲੇ ਨਾਲ ਉਹ ਇਨ੍ਹਾਂ ਨੂੰ ਧੱਕ ਕੇ ਲੈ ਗਏ ਅਤੇ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਉੱਤੇ ਕਾਬਜ ਹੋ ਗਏ । ਸ਼ਹਿਰ ਵਿਚ ਲੁੱਟ ਪੈ ਗਈ । ਲੜਾਈ ਵਿਚ ਬਹੁਤ ਸਾਰੇ ਬੰਦੇ ਮਾਰੇ ਗਏ ਅਤੇ ਚੋਖਾ ਮਾਲ ਸਿੰਘਾਂ ਦੇ ਹੱਥ ਆਇਆ। ਸਿੰਘਾਂ ਨੇ ਸਹਾਰਨਪੁਰ ਦਾ ਨਾਉਂ ਬਦਲ ਕੇ ਭਾਗ-ਨਗਰ ਰਖ ਦਿੱਤਾ।

ਜਮਨਾ ਪਾਰ ਦੇ ਇਲਾਕੇ ਵਿਚ ਚੋਖੀ ਵਸੋਂ ਗੁੱਜਰਾਂ ਦੀ ਹੈ, ਜੋ ਲੁੱਟ ਮਾਰ ਵਿਚ ਕਾਫ਼ੀ ਤਾਕ ਹਨ। ਹਲ-ਵਾਹਕ ਹੋਣ ਕਰਕੇ ਇਹ ਭੀ ਸਰਕਾਰੀ ਕਰਮਚਾਰੀਆਂ ਤੋਂ ਤੰਗ ਆਏ ਹੋਏ ਸਨ ਅਤੇ ਬਦਲੇ ਲੈਣ ਲਈ ਮੌਕੇ ਦੀ ਤਾੜ ਵਿਚ ਸਨ । ਜਦ ਸਿੰਘਾਂ ਦੇ ਦਰਿਆ ਪਾਰ ਕਰ ਆਉਣ ਨਾਲ ਰਾਜ-ਰੌਲਾ ਮਚ ਗਿਆ ਤਾਂ ਇਨ੍ਹਾਂ ਦਾ ਭੀ ਦਾਉ ਲੱਗ ਗਿਆ । ਇਨ੍ਹਾਂ ਵਿਚੋਂ ਕੁਝ ਸਿੰਘਾਂ ਨਾਲ ਰਲ ਗਏ, ਪਰ ਬਹੁਤ ਸਾਰੇ ਟੋਲੇ ਖੁਲ੍ਹੇ ਹੀ ਵਿਚਰਨ ਲੱਗ ਪਏ ਅਤੇ ਧਾੜੇ ਮਾਰਨ ਲੱਗ ਪਏ ।

ਆਲੇ ਦੁਆਲੇ ਦੇ ਸਾਰੇ ਇਲਾਕੇ ਵਿਚ ਥਲਕਾ ਮਚ ਗਿਆ । ਸਰਦੇ ਪੁੱਜਦੇ ਲੋਕ, ਜਾਂ ਜਿਨ੍ਹਾਂ ਪਾਸ ਸਵਾਰੀ ਦਾ ਕੋਈ ਪ੍ਰਬੰਧ ਸੀ, ਆਪਣਾ ਮਾਲ ਅਤੇ ਟੱਬਰ ਲੱਦ ਕੇ ਨਿਕਲ ਗਏ। ਦੂਸਰੇ ਆਪਣੇ ਇਸਤਰੀ ਬੱਚਿਆਂ ਨੂੰ ਲੈ ਕੇ ਪੈਰੀਂ ਤੁਰ ਗਏ । ਕਈ ਜ਼ਨਾਨੀਆਂ ਨੂੰ ਜਿਨ੍ਹਾਂ ਕਦੀ ਆਪਣੇ ਵਿਹੜਿਆਂ ਤੋਂ ਬਾਹਰ ਪੈਰ ਨਹੀਂ ਸੀ ਧਰਿਆ ਅਤੇ ਬਾਹਰ ਕਦੀ ਪੈਦਲ ਨਹੀਂ ਸੀ ਤੁਰੀਆਂ, ਮੀਲਾਂ ਦੇ ਪੰਧ ਪੈਦਲ ਕਰਨੇ ਪੈ ਗਏ।

ਇਸ ਭਗਦੜ ਦੀ ਹਾਲਤ ਵਿਚ ਸਹਾਰਨਪੁਰ ਦਾ ਅੱਧਾ ਇਲਾਕਾ ਖ਼ਾਲੀ ਹੋ ਗਿਆ ਅਤੇ ਸੌਖੇ ਹੀ ਸਿੰਘਾਂ ਦੇ ਹੱਥ ਆ ਗਿਆ । ਬੰਦਾ ਸਿੰਘ ਆਪ ਤਾਂ ਸਹਾਰਨਪੁਰ ਟਿਕ ਗਿਆ ਅਤੇ ਛੋਟੇ ਛੋਟੇ ਜੱਥੇ ਇਲਾਕੇ ਵਿਚ ਫਿਰ ਨਿਕਲੇ । ਇਕ ਜੱਥਾ ਸਹਾਰਨਪੁਰ ਦੇ ਉੱਤਰ ਨੂੰ ਬਿਹਤ ਵੱਲ ਗਿਆ। ਇਹ ਕਸਬਾ ਬੜਾ ਬਦਨਾਮ ਸੀ ਅਤੇ ਇਥੇ ਦੇ ਹਿੰਦੂ ਬੜੇ ਦੁਖੀ ਸਨ । ਇਥੇ ਪੀਰਜਾਦਿਆਂ ਦਾ ਇਕ ਬੜਾ ਧਨਾਢ ਟੱਬਰ ਵਸਦਾ ਸੀ ਜਿਸ ਦੀ ਸ਼ਹਿ ਨਾਲ ਇਥੇ ਖੁਲ੍ਹੇ ਬਾਜ਼ਾਰਾਂ ਵਿਚ ਗਲੀਆਂ ਵਿਚ ਗਊ-ਬਧ ਹੁੰਦਾ ਸੀ । ਇਥੇ ਦੀ ਦੁਖੀ ਹਿੰਦੂ ਪਰਜਾ ਦੀ ਪੁਕਾਰ ਸੁਣ ਕੇ ਸਿੰਘਾਂ ਨੇ ਬਿਹਤ ਨੂੰ ਸੋਧ ਕੱਢਿਆ ਅਤੇ ਪੀਰਜ਼ਾਦਿਆਂ ਨੂੰ ਉਨ੍ਹਾਂ ਦੇ ਜੁਲਮਾਂ ਦੀ ਸਜ਼ਾ ਦਿੱਤੀ । ਇਨ੍ਹਾਂ ਵਿਚੋਂ ਕੇਵਲ ਇਕ ਬੰਦਾ ਹੀ ਬਚਿਆ ਦੱਸੀਦਾ ਹੈ, ਜੋ ਉਸ ਦਿਨ ਬੁਲੰਦ ਸ਼ਹਿਰ ਗਿਆ ਹੋਇਆ ਸੀ ।, ਜੀ. ਆਰ. ਸੀ. ਵਿਲੀਅਮਜ਼ ਦੇ ਕਥਨ ਅਨੁਸਾਰ ਇਨ੍ਹਾਂ ਨੂੰ ਗਾਈਆਂ ਮਾਰਨ ਦੀ ਸਜ਼ਾ ਦੇ ਤੌਰ ਤੇ ਮੌਤ ਦੀ ਸਜ਼ਾ ਦਿੱਤੀ ਜਿਹੜਾ ਜ਼ੁਰਮ ਕਿ ਇਨ੍ਹਾਂ ਦੇ ਵਿਰੁੱਧ ਸੌਖੇ ਹੀ ਸਾਬਤ ਹੋ ਗਿਆ ਜਿਸ ਜ਼ੁਰਮ ਦੀ ਮਨਾਹੀ ਦਾ, ਜਿਤਨੀ ਦੇਰ ਕਿ ਸਾਨੂੰ ਆਪਣੀ ਤਾਕਤ ਦਾ ਪਤਾ ਨਹੀਂ ਸੀ ਲੱਗਾ, ਸਾਡੀ ਸਰਕਾਰ ਨੇ ਭੀ ਐਲਾਨ ਕੀਤਾ ਹੋਇਆ ਸੀ ।

ਇਸ ਜੱਥੇ ਦੇ ਸਹਾਰਨਪੁਰ ਨੂੰ ਮੁੜਨ ਪਰ ਸਿੰਘਾਂ ਦੇ ਇਕ ਛੋਟੇ ਜਿਹੇ ਦਸਤੇ ਨੇ ਗੜ੍ਹੀ ਜਲਾਲ ਖ਼ਾਨ ਵੱਲ ਨੂੰ ਧਾਈ ਕਰ ਦਿੱਤੀ । ਇਹ ਗੜ੍ਹੀ ਸਹਾਰਨਪੁਰ ਦੇ ਲਾਗੇ ਹੀ ਸੀ ਅਤੇ ਜਲਾਲ ਖ਼ਾਨ ਨੇ ਇੱਥੇ ਕਾਫ਼ੀ ਜੰਗੀ ਸਾਮਾਨ ਅਤੇ ਆਦਮੀ ਰੱਖੇ ਹੋਏ ਸਨ ਜਿਨ੍ਹਾਂ ਦਾ ਸਿੰਘਾਂ ਨੂੰ ਕੋਈ ਪਤਾ ਨਹੀਂ ਸੀ । ਸਿੰਘਾਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਸੀ, ਇਸ ਲਈ ਇਹ ਬਿਨਾਂ ਕਿਸੇ ਟੱਕਰ ਲੈਣ ਤੋਂ ਹੀ ਵਾਪਸ ਮੁੜ ਆਏ। ਇਨ੍ਹਾਂ ਦਾ ਆਗੂ ਅਮਰ ਸਿੰਘ ਥਾਨੇਦਾਰ ਸੁਲਤਾਨਪੁਰ ਸੀ । ਇਹ ਗੱਲ ਲਗ ਭਗ 10-12 नृठ, 1710 ਦੀ ਹੈ ।

ਇਨ੍ਹੀਂ ਦਿਨੀਂ ਬੂੜੀਏ ਉੱਤੇ ਸਿੰਘਾਂ ਦਾ ਕਬਜ਼ਾ ਹੋ ਚੁੱਕਾ ਹੋਇਆ ਸੀ ਅਤੇ ਉਸ ਦਾ ਨਾਉਂ ਬਦਲ ਕੇ ਗੁਲਾਬ-ਨਗਰ ਰਖ ਦਿੱਤਾ ਹੋਇਆ ਸੀ । ਇਥੇ ਗੁਰਬਖ਼ਸ਼ ਸਿੰਘ ਫੌਜਦਾਰ ਅਤੇ ਅਮੀਨ ਸੀ । ਇਸ ਨੇ ਬੂੜੀਏ (ਗੁਲਾਬ-ਨਗਰ) ਦੇ ਕਾਜੀ ਸ਼ਾਹ ਮੁਹੰਮਦ ਨੂੰ ਕੈਦ ਕਰ ਕੇ ਅਤੇ ਮਾਲ ਜਬਤ ਕਰ ਕੇ ਲੋਹਗੜ੍ਹ ਭੇਜ ਦਿੱਤਾ ਹੋਇਆ ਸੀ ਜਿਥੇ ਉਹ ਮੀਹਾਂ ਸਿੰਘ ਦੇ ਹਵਾਲੇ ਸੀ । ਬੰਦਾ ਸਿੰਘ ਨੂੰ ਸ਼ੱਕ ਸੀ ਕਿ ਗੁਰਬਖ਼ਸ਼ ਸਿੰਘ ਅਤੇ ਮੀਹਾਂ ਸਿੰਘ ਨੇ ਕਾਜੀ ਸ਼ਾਹ ਮੁਹੰਮਦ ਦੇ ਕੁਝ ਮਾਲ ਨੂੰ ਹੇਠ ਉੱਤੇ ਕਰ ਦਿੱਤਾ ਹੈ, ਇਸ ਲਈ ਉਸ ਨੇ ਬੂੜੀਏ ਦੇ ਕੁਲ ਅਖ਼ਤਿਆਰ ਕਿਸ਼ੋਰ ਸਿੰਘ ਨੂੰ ਦੇ ਦਿੱਤੇ।

23 ਜੁਲਾਈ ਸੰਨ 1710 (7 ਜਮਾਦੀਉ-ਸਾਨੀ, 4 ਬਹਾਦੁਰ ਸ਼ਾਹੀ) ਦੀ ਸ਼ਾਹੀ ਦਰਬਾਰ ਦੀ ਖ਼ਬਰ ਵਿਚ ਲਿਖਿਆ ਹੋਇਆ ਹੈ ਕਿ ਲੋਕੀ ਕਹਿ ਰਹੇ ਨੇ ਕਿ ਦਾਬੜ (ਕਿਲਾ ਲੋਹਗੜ੍ਹ) ਤੋਂ ਸਹਾਰਨਪੁਰ ਜਾਣ ਲਈ ਜਦ ਗੁਰੂ [ਬੰਦਾ ਸਿੰਘ] ਜਮਨਾ ਨਦੀ ਉੱਤੇ ਪੁੱਜਾ ਤਾਂ ਉਹ ਬੜੇ ਜੋਰ ਵਿਚ ਚਲ ਰਹੀ ਸੀ। ਉਹ ਸੋਟੀ ਹੱਥ ਲੈ ਕੇ ਦਰਿਆ ਦੇ ਕੰਢੇ ਪੁੱਜਾ ਅਤੇ ਕਹਿਣ ਲਗਾ ਕਿ ਮੈਨੂੰ ਅਤੇ ਮੇਰੀ ਫ਼ੌਜ ਨੂੰ ਰਾਹ ਦੇ ਦੇ । ਕਹਿੰਦੇ ਹਨ ਕਿ ਪਾਣੀ ਉਤਰ ਗਿਆ ਅਤੇ ਸਾਰੇ ਲੋਕ ਦਰਿਆਓਂ ਪਾਰ ਹੋ ਗਏ।

ਜਦ ਬੰਦਾ ਸਿੰਘ 10-12 ਜੂਨ 1710 ਨੂੰ ਬੂੜੀਏ ਦੇ ਪੱਤਣੋਂ ਜਮੁਨਾ ਪਾਰ ਕਰ ਕੇ ਸਹਾਰਨਪੁਰ ਪੁੱਜਾ ਤਾਂ ਅਮਰ ਸਿੰਘ ਥਾਨੇਦਾਰ ਸੁਲਤਾਨਪੁਰ ਪੇਸ਼ ਹੋਇਆ । ਬੰਦਾ ਸਿੰਘ ਉਸ ਨੂੰ ਬੜਾ ਗੁੱਸੇ। ਹੋਇਆ ਅਤੇ ਦੋ ਵਾਰੀ ਨੇਜਾ ਚੁੱਕ ਕੇ ਉਸ ਨੂੰ ਘੁਰਿਆ ਕਿ ਅਫ਼ਗਾਨ ਨਾਲ ਜੰਗੋਂ ਕਿਉਂ ਦੌੜ ਆਇਆ ਹੈਂ? ਉਸ ਨੇ ਅੱਗੋਂ ਉੱਤਰ ਦਿੱਤਾ ਕਿ ਕਸੂਰ ਖ਼ਾਲਸਿਆਂ ਦਾ ਹੈ ਅਤੇ ਲਾਲ ਕੁੰਵਰ ਗੁੱਜਰ ਨੇ ਧੋਖਾ ਕੀਤਾ ਹੈ ਜਿਸ ਕਰਕੇ ਸਾਨੂੰ ਭਾਂਜ ਪੈ ਗਈ । ਬੰਦਾ ਸਿੰਘ ਨੇ ਕਿਹਾ ਮੈਂ ਧਰਮ ਲਈ ਇਹ ਕੰਮ ਚੁੱਕਿਆ ਹੈ, ਕੀ ਗੁਜਰ ਅਤੇ ਕੀ ਹਿੰਦੂ, ਆਪਣੇ ਆਪ ਆ ਕੇ ਨੌਕਰ ਹੋਇਆ ਕਰਨਗੇ । ਬੰਦਾ ਸਿੰਘ ਨੇ ਬੂੜੀਏ ਦੇ ਜਿਮੀਦਾਰ ਜਾਨ ਮੁਹੰਮਦ ਨੂੰ ਕਿਹਾ ਕਿ ਮੈਂ ਤੈਨੂੰ ਸਾਰੇ ਪਰਗਣੇ ਦਾ ਜ਼ਿਮੀਂਦਾਰ ਬਣਾ ਦਿੱਤਾ ਹੈ ਅਤੇ ਤੇਰਾ ਕਸੂਰ ਮਾਫ਼ ਕਰ ਦਿੱਤਾ ਹੈ। ਤੂੰ ਆਪਣੇ ਬੰਦੇ ਲੈ ਜਾ ਅਤੇ ਚੂੰਡਲੇ ਦੇ

ਜਿਮੀਂਦਾਰ ਸਰਦਾਰ ਖ਼ਾਨ ਨੂੰ ਲੈ ਆ ਅਤੇ ਫੇਰ ਜਲਾਲ ਖ਼ਾਨ ਨੂੰ ਸੋਧਣ ਲਈ ਸਾਡੇ ਨਾਲ ਚਲੀਂ । ਸਹਾਰਨਪੁਰੋਂ ਜਲਾਲਾਬਾਦ ਨੂੰ ਸਿੱਧੇ ਰਸਤੇ ਵਿਚ ਨਾਨੋਤਾ ਆਉਂਦਾ ਸੀ । ਪਰ ਇਥੇ ਹੱਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਅੰਬੇਹਤਾ ਮਾਰ ਲੈਣਾ ਚੰਗਾ ਸਮਝਿਆ ਤਾਂ ਕਿ ਉਨ੍ਹਾਂ ਦਾ ਇਸ ਮੁਹਿੰਮ ਉੱਤੇ ਹੋ ਰਿਹਾ ਖ਼ਰਚ ਕੁਝ ਪੂਰਾ ਹੋ ਜਾਏ । ਇਥੇ ਧਨਾਢ ਪਠਾਣਾਂ ਦੀ ਵਸੋਂ ਸੀ । ਪ੍ਰਸਿੱਧ ਮੁਸਲਮਾਨ ਪੀਰ ਸ਼ੇਖ ਅਬਦੁਲ ਅਲੀ ਮੁਆਲੀ ਕਰਕੇ ਇਥੇ ਧਨਾਢ ਲੋਕ ਬਹੁਤ ਆ ਵਸੇ ਹੋਏ ਸਨ । ਇਨ੍ਹਾਂ ਨੇ ਸਿੰਘਾਂ ਦਾ ਕੋਈ ਟਾਕਰਾ ਨਾ ਕੀਤਾ ਅਤੇ ਉਹ ਸੌਖੇ ਹੀ ਸ਼ਹਿਰ ਦੇ ਮਾਲਕ ਹੋ ਗਏ ।

ਇਸ ਤੋਂ ਬਾਅਦ ਸਿੰਘਾਂ ਦੇ ਛੋਟੇ ਛੋਟੇ ਦਲ ਇਲਾਕੇ ਵਿਚ ਫਿਰ ਨਿਕਲੇ ਅਤੇ ਆਲੇ ਦੁਆਲੇ ਕਈ ਥਾਈਂ ਕਬਜ਼ੇ ਕਰ ਲਏ । 4 ਜਮਾਦੀ-ਉਲ-ਅੱਵਲ 1122 ਹਿਜਰੀ (20 ਜੂਨ, 1710) ਨੂੰ ਪਿੰਡ ਰੜ੍ਹ ਦੇ ਲਾਗੇ, ਜਿਥੇ ਕਿ ਧਿਰਾਣੇ ਅਤੇ ਆਲੇ ਦੁਆਲੇ ਦੇ ਮੁਸਲਮਾਨ ਇਕ ਦਿਨ ਪਹਿਲਾਂ 19 ਜੂਨ ਨੂੰ ਸਿੰਘਾਂ ਵਿਰੁੱਧ ਜਹਾਦ ਲਈ ਜਮ੍ਹਾਂ ਹੋਏ ਸਨ ਅਤੇ ਜਲਾਲ ਖ਼ਾਨ ਆਪਣੇ ਪੋਤਰੇ ਗ਼ੁਲਾਮ ਮੁਹੰਮਦ ਅਤੇ ਪੀਰ ਮੁਹੰਮਦ ਨੂੰ ਨਾਲ ਲੈ ਕੇ ਆਇਆ ਹੋਇਆ ਸੀ, ਟੱਕਰ ਹੋ ਗਈ ਜਿਸ ਵਿਚ ਜਹਾਦੀਆਂ ਦਾ ਜੋਰ ਪੈ ਗਿਆ ਅਤੇ ਸਿੰਘਾਂ ਨੂੰ ਪਿੱਛੇ ਹਟਣਾ ਪੈ ਗਿਆ। ਸਿੰਘਾਂ ਦੀਆਂ ਦੋ ਤੋਪਾਂ, ਪੰਜ ਰਹਿਕਲੇ, 60 ਰਾਮ-ਜੰਗੇ, ਦੋ ਤਲਵਾਰਾਂ ਅਤੇ ਚਾਰ ਤੰਬੋਈਆਂ ਮੁਸਲਮਾਨਾਂ ਦੇ ਹੱਥ ਆ ਗਈਆਂ।

25 ਜਮਾਦੀ-ਉਲ-ਅੱਵਲ, 11 ਜੁਲਾਈ, 1710 ਨੂੰ ਬੰਦਾ ਸਿੰਘ ਅਤੇ ਸਿੰਘ ਨਾਨੌਤੇ ਪੁੱਜੇ । ਇਸ ਵੇਲੇ ਤਕ ਗੁੱਜਰਾਂ ਦੀ ਚੋਖੀ ਗਿਣਤੀ ਆਪਣੇ ਪੁਰਾਣੇ ਬਦਲੇ ਕੱਢਣ ਲਈ ਸਿੰਘਾਂ ਨਾਲ ਆ ਰਲੀ ਸੀ। ਇਹ ਚਾਹੁੰਦੇ ਸਨ ਕਿ ਮੁਸਲਮਾਨੀ ਰਾਜ ਤੋਂ ਆਜਾਦ ਹੋਣ ਲਈ ਕੋਈ ਮੌਕਾ ਲੱਭ ਜਾਏ । ਇਨ੍ਹਾਂ ਗੁੱਜਰਾਂ ਨੇ ਐਲਾਨ ਕੀਤਾ ਕਿ ਅਸੀਂ ਸਾਰੇ ਗੁਰੂ ਨਾਨਕ ਦੇ ਸਿੱਖ ਸੇਵਕ ਨਾਨਕ-ਪੰਥੀ ਹਾਂ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਬੰਗਾਲ, ਉੜੀਸਾ ਵਿਚ ਉਸ ਵੇਲੇ ਬੜੀ ਭਾਰੀ ਗਿਣਤੀ ਨਾਨਕ-ਪੰਥੀਆਂ ਦੀ ਸੀ ਅਤੇ ਹੁਣ ਤਕ ਚਲੀ ਆ ਰਹੀ ਸੀ। ਪਰ ਸਿੱਖੀ ਦਾ ਕੋਈ ਪ੍ਰਚਾਰ ਨਾ ਹੋਣ ਕਰਕੇ ਥੋੜ੍ਹੇ ਚਿਰ ਤੋਂ ਘਟਦੀ ਜਾ ਰਹੀ ਹੈ।

ਮੁਜ਼ੱਫ਼ਰ ਨਗਰ ਦੇ ਗੈਜਿਟੀਅਰ ਵਿਚ ਨੈਵਿਲ ਲਿਖਦਾ ਹੈ ਕਿ ‘ਕੁਝ ਕੁ ਧਰਮ ਅਤੇ ਮੁਸਲਮਾਨਾਂ ਵਿਰੁੱਧ) ਨਫ਼ਰਤ ਦੀ ਸਾਂਝ ਨੇ ਵੇਲੇ ਦੀ ਤਾਕਤ ਨੂੰ ਉਖੇੜਨ ਲਈ ਗੁੱਜਰਾਂ ਨੂੰ ਸਿੱਖਾਂ ਦੇ ਸਹਾਇਕ ਬਣਾ ਦਿੱਤਾ, ਪਰ ਸ਼ਾਇਦ ਇਸ ਵਿਚ ਉਨ੍ਹਾਂ ਦਾ ਪਿਤਾ ਪੁਰਖੀ ਅਤੇ ਸੁਭਾਵਕ ਲੁੱਟ ਮਾਰ ਦਾ ਪਿਆਰ ਕੰਮ ਕਰਦਾ ਸੀ ਜਾਂ ਸ਼ਾਇਦ ਆਪਣੇ ਪਿੰਡਾਂ ਨੂੰ ਬਚਾਉਣ ਦਾ ਖ਼ਿਆਲ ।’

ਨਾਨੋਤੇ ਦੇ ਸ਼ੇਖ-ਜਾਦੇ ਤੀਰ ਚਲਾਉਣ ਵਿਚ ਬੜੇ ਮਾਹਰ ਪ੍ਰਸਿੱਧ ਸਨ ਅਤੇ ਉਨ੍ਹਾਂ ਨੇ ਸਿੰਘਾਂ ਨੂੰ ਰੋਕਣ ਲਈ ਆਪਣਾ ਪੂਰਾ ਜੋਰ ਲਾਇਆ ਪਰ ਇਸ ਨਾਲ ਹੋਏ ਸਿੰਘਾਂ ਦੇ ਨੁਕਸਾਨ ਨੇ ਉਨ੍ਹਾਂ ਨੂੰ ਹੋਰ ਗੁੱਸਾ ਚੜ੍ਹਾ ਦਿੱਤਾ। ਗਲੀਆਂ ਅਤੇ ਹਵੇਲੀਆਂ ਵਿਚ ਗਹਿ ਗੱਚ ਲੜਾਈ ਹੋ ਪਈ ਅਤੇ ਅਜਿਹੀ ਤਬਾਹੀ ਹੋਈ ਕਿ ਇਕ ਸਮਕਾਲੀ ਲਿਖਾਰੀ ਮੁਹੰਮਦ ਜਫ਼ਰੁੱਦੀਨ ਦੇ ਰੋਜਨਾਮਚੇ ਅਨੁਸਾਰ, ਜਿਸ ਦਾ ਜ਼ਿਕਰ ਜੀ. ਆਰ. ਸੀ. ਵਿਲੀਅਮਜ਼ ਨੇ ਕੀਤਾ ਹੈ, ਤਿੰਨ ਸੌ ਸ਼ੇਖਜ਼ਾਦੇ ਇਕੱਲੇ ਸ਼ੇਖ ਮੁਹੰਮਦ ਅਫ਼ਜ਼ਲ ਦੇ ਵਿਹੜੇ ਵਿਚ ਹੀ ਮਾਰੇ ਗਏ। ਨਾਨੌਤਾ ਥੋੜ੍ਹੇ ਚਿਰ ਵਿਚ ਹੀ ਧੁਖਦੇ ਖੋਲਿਆਂ ਦੀ ਇਕ ਥੇਹ ਬਣ ਗਿਆ। ਵਿਲੀਅਮਜ਼ ਦਸਦਾ ਹੈ ਕਿ 25 ਜਮਾਦੀ-ਉਲ-ਅੱਵਲ (11 ਜੁਲਾਈ, 1710) ਦਾ ਦਿਨ ਹਾਲ ਤਕ ਲੋਕਾਂ ਨੂੰ ਯਾਦ ਹੈ ਅਤੇ ਇਸ ਦਿਨ ਤੋਂ ਇਸ ਮੰਦਭਾਗੇ ਸ਼ਹਿਰ ਦਾ ਨਾਉਂ ‘ਫੂਟਾ ਸ਼ਹਿਰ’ ਪੈ ਗਿਆ ਜਿਸ ਨੇ ਇਸ ਦਾ ਅਸਲ ਨਾਉਂ ਲੋਕਾਂ ਦੀ ਬੋਲੀ ਵਿਚੋਂ ਬਿਲਕੁਲ ਕੱਢ ਕੇ ਰਖ ਦਿੱਤਾ ਹੈ।

ਨਾਨੌਤੇ ਤੋਂ ਬਾਅਦ ਬੰਦਾ ਸਿੰਘ, ਮਾਲੂਮ ਹੁੰਦਾ ਹੈ, ਸਹਾਰਨਪੁਰ ਨੂੰ ਮੁੜ ਗਿਆ ਅਤੇ ਸਿੰਘਾਂ ਦਾ ਇਕ ਜੱਥਾ ਜਲਾਲਾਬਾਦ ਵੱਲ ਨੂੰ ਵਧਿਆ । ਇਨ੍ਹਾਂ ਨੇ ਜਲਾਲ ਖ਼ਾਨ ਨੂੰ ਚਿੱਠੀ ਲਿਖੀ ਕਿ ਉਹ ਉਨਾਰਸੇ ਦੇ ਕੈਦ ਕੀਤੇ ਹੋਏ ਸਿੰਘ ਛੱਡ ਦੇਵੇ ਅਤੇ ਖਾਲਸੇ ਦੀ ਈਨ ਮੰਨ ਲਵੇ । ਪਰ ਜਲਾਲ ਖ਼ਾਨ ਸਹਾਰਨਪੁਰੀਏ ਅਲੀ ਹਾਮਿਦ ਖ਼ਾਨ ਨਾਲੋਂ ਵੱਖਰੀ ਕਿਸਮ ਦਾ ਬੰਦਾ ਸੀ ਅਤੇ ਦਲੇਰੀ ਤੇ ਬਹਾਦੁਰੀ ਵਿਚ ਕਾਫ਼ੀ ਪ੍ਰਸਿੱਧ ਸੀ। ਇਸ ਨੇ ਤਿਆਰੀ ਭੀ ਕਾਫ਼ੀ ਕੀਤੀ ਹੋਈ ਸੀ । ਇਸ ਨੂੰ ਸਿੰਘਾਂ ਦੇ ਜਲਾਲਬਾਦ ਉੱਤੇ ਚੜ੍ਹਾਈ ਦੀ ਮਨਸ਼ਾ ਦੀ ਖਬਰ ਦੇਰ ਦੀ ਲਗ ਚੁੱਕੀ ਹੋਈ ਸੀ ਅਤੇ ਸਰਹੰਦ, ਸਹਾਰਨਪੁਰ ਆਦਿ ਉੱਤੇ ਬੀਤੇ ਹਾਲਾਤ ਦਾ ਭੀ ਪਤਾ ਸੀ । ਇਸ ਲਈ ਇਸ ਨੇ ਜਲਾਲਾਬਾਦ ਦਾ ਕੋਟ ਮਜ਼ਬੂਤ ਕਰ ਲਿਆ ਸੀ ਅਤੇ ਫੌਜ ਅਤੇ ਜੰਗੀ ਸਾਮਾਨ ਭੀ ਚੋਖਾ ਇਕੱਠਾ ਕੀਤਾ ਹੋਇਆ ਸੀ । ਜਦ ਸਿੰਘਾਂ ਦੀ ਚਿੱਠੀ ਇਸ ਨੂੰ ਪੁੱਜੀ ਤਾਂ ਇਸ ਨੇ ਚਿੱਠੀ ਲਿਜਾਣ ਵਾਲੇ ਏਲਚੀ ਸਿੰਘਾਂ ਨੂੰ ਗਧਿਆਂ ਉੱਤੇ ਚੜ੍ਹਾ ਕੇ ਸ਼ਹਿਰ ਵਿਚ ਦੀ ਫੇਰ ਕੇ ਬਾਹਰ ਕੱਢ ਦੇਣ ਦਾ ਹੁਕਮ ਦੇ ਦਿੱਤਾ ।

ਬਾਦਸ਼ਾਹ ਬਹਾਦੁਰ ਸ਼ਾਹ ਨੂੰ ਬੰਦਾ ਸਿੰਘ ਦੇ ਸਹਾਰਨਪੁਰ ਦੇ ਪਰਗਣੇ ਵਿਚ ਦਾਖ਼ਲ ਹੋਣ ਦੀ ਖ਼ਬਰ 7 ਜਮਾਦੀ-ਉਲ-ਅੱਵਲ ਸਨ 4 ਬਹਾਦੁਰ ਸ਼ਾਹੀ (23 ਜੂਨ, ਸੰਨ 1710) ਨੂੰ ਲਗੀ ਅਤੇ ਅੱਠ ਦਿਨ ਪਿਛੋਂ । ਜੁਲਾਈ, (15 ਜਮਾਦੀ-ਉਲ-ਅੱਵਲ) ਨੂੰ ਪਿੰਡ ਗੜ੍ਹੇ ਵਿਚ 20 ਜੂਨ ਨੂੰ ਹੋਈ ਟੱਕਰ ਦੀ ਖ਼ਬਰ ਮਿਲਣ ਪਰ ਬਾਦਸ਼ਾਹ ਨੇ ਇਕ ਖਿੱਲਤ, ਫ਼ਰਮਾਨ ਅਤੇ ਇਕ ਘੋੜਾ ਜਲਾਲ ਖ਼ਾਨ ਨੂੰ ਭੇਜਿਆ । ਜਿਉਂ ਜਿਉਂ ਸਿੰਘਾਂ ਦੇ ਜਲਾਲਬਾਦ ਵੱਲ ਵਧਣ ਅਤੇ ਉਥੇ ਘੇਰਾ ਜਾ ਪਾਉਣ ਦੀਆਂ ਖ਼ਬਰਾਂ ਪੁੱਜਦੀਆਂ ਗਈਆਂ, ਬਾਦਸ਼ਾਹ ਜਲਾਲ ਖ਼ਾਨ ਦੀ ਸਹਾਇਤਾ ਲਈ ਹੁਕਮ ਦਿੰਦਾ ਗਿਆ। ਇਸ ਵੇਲੇ ਬਾਦਸ਼ਾਹ ਪਾਸ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਪੁੱਜ ਰਹੀਆਂ ਸਨ ਜਿਨ੍ਹਾਂ ਵਿਚ ਲਿਖਿਆ ਹੋਇਆ ਹੁੰਦਾ ਸੀ ਕਿ ਜਲਾਲ ਖ਼ਾਨ ਰੁਹੇਲੇ ਅਤੇ ਬਾਰੇ ਦੇ ਸੱਯਦਾਂ ਨੇ ਛੇ ਹਜਾਰ ਸਵਾਰ ਅਤੇ ਇੰਨੇ ਹੀ ਪਿਆਦੇ ਜਮ੍ਹਾਂ ਕਰ ਕੇ ਜੰਗ ਵਿਚ ਬੰਦਾ ਸਿੰਘ ਨੂੰ ਮਾਰ ਮੁਕਾਇਆ ਹੈ, ਸਿੰਘ ਦੌੜ ਗਏ ਹਨ, ਅੱਠ ਕੁ ਸੌ ਮਾਰੇ ਗਏ ਹਨ, ਬੰਦਾ ਸਿੰਘ ਸਹਾਰਨਪੁਰ ਨੂੰ ਭੱਜ ਗਿਆ ਹੈ ਅਤੇ ਜਲਾਲ ਖ਼ਾਨ ਨੇ ਸਿੰਘਾਂ ਦੇ ਦੋ ਤਿੰਨ ਠਾਣੇ ਉਠਾ ਦਿੱਤੇ ਹਨ, ਸਿੰਘਾਂ ਨੂੰ ਛੇਤੀ ਹੀ ਹਾਰ ਹੋ ਜਾਏਗੀ, ਆਦਿ, ਆਦਿ।

25-26 ਜੁਲਾਈ ਨੂੰ ਫੀਰੋਜ ਖ਼ਾਨ ਮੇਵਾਤੀ, ਮੁਆਰਿਫ ਖ਼ਾਨ, ਸ਼ਿਕਾਰ ਖ਼ਾਨ ਅਤੇ ਨਿਜਾਮ ਖ਼ਾਨ ਨੂੰ ਹੁਕਮ ਹੋਇਆ ਕਿ ਉਹ ਸਿੰਘਾਂ ਦੇ ਵਿਰੁੱਧ ਜਾਣ। 14 ਅਗਸਤ ਨੂੰ ਬਾਰ੍ਹੇ ਦਾ ਸੱਯਦ ਵਜੀਹ-ਉ-ਦੀਨ ਖ਼ਾਨ ਭੀ ਤੋਰਿਆ ਗਿਆ। 26 ਅਗਸਤ ਨੂੰ ਅਬੂ ਮੁਹੰਮਦ ਖ਼ਾਨ ਨੂੰ ਹੁਕਮ ਹੋਇਆ ਕਿ ਕਮਾਊਂ ਦੇ ਰਾਜੇ ਨੂੰ ਨਾਲ ਲੈ ਜਾਏ। ਰ ਅਤੇ ਬਿਰਜ ਰਾਜ ਨੂੰ ਨਾਲ ਤੋਰਿਆ ਗਿਆ । ਇਸੇ ਤਰ੍ਹਾਂ ਸਿਰੀ ਨਗਰ (ਗੜ੍ਹਵਾਲ) ਅਤੇ ਸਿਰਮੌਰ (ਨਾਹਣ) ਦੇ ਰਾਜਪੂਤ ਰਾਜਿਆਂ ਦੇ ਨਾਉਂ 28 ਅਗਸਤ ਨੂੰ ਫ਼ਰਮਾਨ ਜਾਰੀ ਹੋਏ ਕਿ ਉਹ ਭੀ ਸਿੰਘਾਂ ਨੂੰ ਮਾਰ ਮੁਕਾਉਣ ਵਿਚ ਬਾਦਸ਼ਾਹੀ ਫ਼ੌਜਾਂ ਦੀ ਸਹਾਇਤਾ ਕਰਨ।

ਸ਼ੁਰੂ ਜੁਲਾਈ ਵਿਚ ਇਕ ਦਿਨ ਬਾਦਸ਼ਾਹ ਬਹਾਦੁਰ ਸ਼ਾਹ ਨੇ ਗੱਲਾਂ ਗੱਲਾਂ ਵਿਚ ਸਹਿਜ-ਸੁਭਾਓ ਹੀ ਕਿਹਾ ਸੀ ਕਿ ਵਜ਼ੀਰ ਖ਼ਾਨ ਸਰਹੰਦੀ ਨੇ ਫਜ਼ੂਲ ਹੀ ਜਾਨ ਗਵਾਈ ਜਿਸ ਨਾਲ ਬਾਦਸ਼ਾਹੀ ਕੰਮ ਬਿਗੜ ਗਿਆ ਹੈ। ਜੇ ਉਸ ਵਿਚ ਗੁਰੂ (ਬੰਦਾ ਸਿੰਘ) ਦੇ ਟਾਕਰੇ ਤੇ ਲੜਾਈ ਕਰਨ ਦੀ ਹਿੰਮਤ ਨਹੀਂ ਸੀ ਤਾਂ ਉਸ ਨੂੰ ਲੜਾਈ ਵਿਚ ਜਾਣਾ ਹੀ ਨਹੀਂ ਸੀ ਚਾਹੀਦਾ। ਇਸ ਵੇਲੇ ਜਲਾਲ ਖ਼ਾਨ ਰੁਹੇਲੇ ਨੂੰ ਕੁਝ ਸਿੰਘਾਂ ਨੇ ਗੜ੍ਹੀ ਵਿਚ ਘੇਰਿਆ ਹੋਇਆ ਸੀ ਅਤੇ ਬਾਕੀ ਜਥਿਆਂ ਨੇ ਆਲੇ ਦੁਆਲੇ ਦੇ ਪਿੰਡਾਂ ਉੱਤੇ ਧਾਵੇ ਬੋਲਣੇ ਸ਼ੁਰੂ ਕੀਤੇ ਹੋਏ ਸਨ । ਜਲਾਲ ਖ਼ਾਨ ਆਪ ਤਾਂ ਜਲਾਲਾਬਾਦ ਹੀ ਦੜਿਆ ਰਿਹਾ ਅਤੇ ਆਪਣੇ ਪੋਤਰੇ ਗ਼ੁਲਾਮ ਮੁਹੰਮਦ ਖ਼ਾਨ ਅਤੇ ਭਤੀਜੇ ਹੱਯਬਰ ਖ਼ਾਨ ਦੇ ਤਹਿਤ ਇਕ ਹਜ਼ਾਰ ਬੰਦੂਕੀਏ ਅਤੇ ਤੀਰਦਾਰਾਂ ਦੀ ਫ਼ੌਜ ਅਤੇ ਚਾਰ ਸੌ ਘੋੜ-ਚੜ੍ਹੇ ਸਿੰਘਾਂ ਤੋਂ ਪਿੰਡ ਛੁਡਾਉਣ ਲਈ ਭੇਜੇ । ਫੌਜਦਾਰ ਦੀ ਫ਼ੌਜ ਪੁੱਜ ਜਾਣ ਪਰ ਪਿੰਡਾਂ ਦੇ ਲੋਕਾਂ ਦੇ ਹੌਸਲੇ ਵੱਧ ਗਏ। ਚਾਰ ਪੰਜ ਹਜ਼ਾਰ ਪੇਂਡੂ ਅਤੇ ਅਣਗਿਣਤ ਮੁਲਖੱਈਆ ਤਰ੍ਹਾਂ ਤਰ੍ਹਾਂ ਦੇ ਹਥਿਆਰ ਲੈ ਕੇ, ਜਿਨ੍ਹਾਂ ਵਿਚ ਕਈਆਂ ਪਾਸ ਗੋਪੀਏ ਅਤੇ ਪੱਥਰ ਹੀ ਸਨ, ਸਿੰਘਾਂ ਦੇ ਟਾਕਰੇ ਲਈ ਆ ਜਮਾਂ ਹੋਏ ਅਤੇ ਲੜਾਈ ਛੇੜ ਦਿੱਤੀ । ਸਿੰਘ ਬੜੀ ਦਲੇਰੀ ਅਤੇ ਹੌਂਸਲੇ ਨਾਲ ਲੜੇ। ਬਹੁਤ ਸਾਰੇ ਮੁਸਲਮਾਨ ਅਤੇ ਸਹਾਈ ਕਿਸਾਨ ਸਣੇ ਹੱਯਬਰ ਖ਼ਾਨ ਦੇ ਮਾਰੇ ਗਏ ।

ਇਸ ਵੇਲੇ ਸਿੰਘਾਂ ਅਤੇ ਅਫ਼ਗਾਨਾਂ ਵਿਚਕਾਰ ਕਈ ਝੜਫ਼ਾਂ ਹੋਈਆਂ। ਜਲਾਲ ਖ਼ਾਨ ਆਪ ਜਲਾਲਾਬਾਦੋਂ ਨਿਕਲ ਕੇ ਤਾਂ ਨਾ ਆਇਆ ਪਰ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਉਸ ਦੇ ਪੁੱਤਰ ਪੋਤਰਿਆਂ ਨੇ ਰੁਹੇਲਿਆਂ ਦੀ ਸਹਾਇਤਾ ਨਾਲ ਰਾਤ ਬਰਾਤੀਂ ਸਿੰਘਾਂ ਦੇ ਡੇਰਿਆਂ ਉੱਤੇ ਹੱਲੇ ਕਰਕੇ ਚੋਖਾ ਨੁਕਸਾਨ ਕੀਤਾ । ਜਲਾਲ ਖ਼ਾਨ ਦੇ ਭਤੀਜਿਆਂ ਜਮਾਲ ਖ਼ਾਨ ਅਤੇ ਪੀਰ ਖ਼ਾਨ ਨੇ ਸਿੰਘਾਂ ਦਾ ਅੱਗਾ ਰੋਕਣ ਲਈ ਜਤਨ ਕੀਤੇ, ਪਰ ਲੜਾਈ ਵਿਚ ਮਾਰੇ ਗਏ। ਜਲਾਲ ਖ਼ਾਨ ਦਾ ਪੁੱਤਰ ਦੀਨਦਾਰ ਅਲੀ ਖ਼ਾਨ ਬੜੀ ਮੁਸ਼ਕਲ ਨਾਲ ਇਨ੍ਹਾਂ ਦੀਆ ਲੋਥਾਂ ਲੈ ਕੇ ਜਲਾਲਾਬਾਦ ਦੇ ਕਿਲੇ ਵਿਚ ਜਾ ਸਕਿਆ।

ਹੁਣ ਸਿੰਘਾਂ ਨੇ ਜਲਾਲਾਬਾਦ ਜਾ ਘੇਰਾ ਪਾਇਆ । ਪਰ ਉਸ ਨੂੰ ਛੇਤੀ ਹੀ ਸਰ ਕਰ ਲੈਣਾ ਸੌਖਾ ਨਹੀਂ ਸੀ । ਬਰਸਾਤ ਸ਼ੁਰੂ ਹੋ ਚੁੱਕੀ ਸੀ ਅਤੇ ਜਲਾਲਾਬਾਦ ਦੇ ਆਲੇ ਦੁਆਲੇ ਕੇਵਲ ਵਰਖਾ ਦਾ ਹੀ ਪਾਣੀ ਨਹੀਂ ਸੀ ਖੜਾ, ਬਲਕਿ ਕਰਿਸ਼ਨੀ ਨਦੀ ਦੇ ਹੜ੍ਹ ਦਾ ਪਾਣੀ ਸ਼ਹਿਰ ਅਤੇ ਕਿਲੇ ਦੀ ਕੰਧਾਂ ਨਾਲ ਖਹਿ ਰਿਹਾ ਸੀ। ਇਸ ਹਾਲਤ ਵਿਚ ਸਿੰਘਾਂ ਲਈ ਕਿਲੇ ਦੇ ਲਾਗੇ ਪੁੱਜਣਾ ਬੜਾ ਮੁਸ਼ਕਲ ਸੀ। ਉਨ੍ਹਾਂ ਨੇ ਲਕੜੀ ਦੇ ਫੱਟਿਆਂ ਦੇ ਦੋ ਤਿੰਨ ਸੋ ਮੋਰਚੇ ਬਣਾ ਕੇ ਗੱਡਿਆਂ ਉੱਤੇ ਧਰ ਲਏ ਅਤੇ ਹੌਲੀ ਹੌਲੀ ਵੱਡੇ ਦਰਵਾਜ਼ੇ ਦੇ ਲਾਗੇ ਦੀ ਦੀਵਾਰ ਵੱਲ ਨੂੰ ਸਿਰਕਦੇ ਗਏ । ਲਾਗੇ ਪੁੱਜ ਕੇ ਚਾਰ ਪੰਜ ਸੌ ਗੇਂਤੀਆਂ ਅਤੇ ਹੋਰ ਹਥਿਆਰਾਂ ਵਾਲੇ ਜੈਕਾਰੇ ਲਾਉਂਦੇ ਹੋਏ ਬੜੀ ਦਲੇਰੀ ਨਾਲ ਕੰਧ ਵਿਚ ਪਾੜ ਲਾ ਕੇ ਪੌੜੀਆਂ ਨਾਲ ਉਪਰ ਚੜ੍ਹ ਗਏ ਅਤੇ ਦਰਵਾਜ਼ੇ ਨੂੰ ਅੱਗ ਲਾਉਣ ਦੇ ਜਤਨ ਕੀਤੇ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਵੀਹ ਕੁ ਦਿਨ ਘੇਰਾ ਪਿਆ ਰਿਹਾ ਪਰ ਜਲਾਲਾਬਾਦੀ ਅਫ਼ਗਾਨਾਂ ਨੇ ਬੜਾ ਦਮ ਰਖਿਆ ਅਤੇ ਖੂਬ ਡਟ ਕੇ ਸਿੰਘਾਂ ਦਾ ਟਾਕਰਾ ਕੀਤਾ । ਦੋਹੀਂ ਪਾਸੀਂ ਚੋਖਾ ਨੁਕਸਾਨ ਹੋਇਆ। ਜਦ ਸਿੰਘਾਂ ਨੇ ਦੇਖਿਆ ਕਿ ਛੇਤੀ ਹੀ ਕਿਲਾ ਸਰ ਹੋਣ ਦੀ ਆਸ ਨਹੀਂ ਅਤੇ ਪੰਜਾਬ ਵੱਲੋਂ ਛੇਤੀ ਦੇ ਸੁਨੇਹੇ ਆ ਰਹੇ ਹਨ ਤਾਂ ਉਨ੍ਹਾਂ ਨੇ ਘੇਰਾ ਛੱਡ ਦਿੱਤਾ ਅਤੇ ਸੁਲਤਾਨਪੁਰ ਅਤੇ ਜਲੰਧਰ ਦੇ ਪਰਗਣਿਆਂ ਨੂੰ ਸਰ ਕਰਨ ਲਈ ਤੁਰ ਗਏ ।

ਮਾਝੇ ਦੀ ਚੜ੍ਹਤ ਅਤੇ ਹੈਦਰੀ ਝੰਡਾ

ਸਰਹੰਦ ਦੀ ਫ਼ਤਿਹ ਦੀਆਂ ਖ਼ਬਰਾਂ ਪੁੱਜਦੇ ਸਾਰ ਸਾਰੇ ਦੇਸ਼ ਵਿਚ ਸਿੰਘਾਂ ਦੇ ਹੌਂਸਲੇ ਵੱਧ ਗਏ ਅਤੇ ਆਜ਼ਾਦੀ ਦੀ ਸਪਿਰਿਟ ਜਾਗ ਪਈ । ਸਨ 1709 ਦੀਆਂ ਗਰਮੀਆਂ ਵਿਚ ਸਰਕਾਰ ਲਾਹੌਰ (ਨਾਇਬ ਸੂਬੇਦਾਰ ਅਸਲਮ ਖ਼ਾਨ) ਦੀ ਸ਼ਹਿ ਨਾਲ ਜਦ ਚੂਹੜ ਮੱਲ ਉਹਰੀ ਦੇ ਕਹੇ ਕਹਾਏ ਪੱਟੀ ਦੇ ਅਮੀਨ ਹਰਿ ਸਹਾਇ ਨੇ ਅੰਮ੍ਰਿਤਸਰ ਦੇ ਸਿੰਘਾਂ ਉੱਤੇ ਆ ਹੱਲਾ ਬੋਲਿਆ ਸੀ ਤਾਂ ਤਿੰਨਾਂ ਪਹਿਰਾਂ ਦੀ ਡਟਵੀਂ ਲੜਾਈ ਵਿਚ ਸਿੰਘਾਂ ਨੇ ਪੱਟੀ ਦੀ ਵਾਰ੍ਹਾਂ ਭਜਾ ਦਿੱਤੀਆਂ ਸਨ ਅਤੇ ਰਹਿ ਸਹਾਇ ਦੇ ਮਾਰੇ ਜਾਣ ਪਰ ਉਨ੍ਹਾਂ ਦੀ ਫ਼ਤਿਹ ਹੋ ਗਈ ਸੀ। ਇਸ ਤੋਂ ਬਾਅਦ ਜਦ ਅਸਲਮ ਖ਼ਾਨ ਦੇ ਹੁਕਮ ਨਾਲ ਨੁਸ਼ਹਿਰਾਂ ਪੰਨੂਆਂ ਦੀ ਚੌਧਰੀ ਦੇਵਾ ਜੱਟ ਸਰਕਾਰੀ ਫ਼ੌਜ ਅਤੇ ਮੁਲਖੱਈਆ ਲੈ ਕੇ ਆ ਚੜ੍ਹਿਆ ਤਾਂ ਭੀ ਥੋੜ੍ਹੇ ਜਿਹੇ ਸਿੰਘਾਂ ਨੇ ਉਸ ਨੂੰ ਅਜਿਹੀ ਹਾਰ ਦਿੱਤੀ ਕਿ ਉਸਨੇ ਭੱਜ ਕੇ ਆਪਣੀ ਜਾਨ ਬਚਾਈ । ਇਨ੍ਹਾਂ ਜਿੱਤਾਂ ਨੇ ਜਿਥੇ ਸਿੰਘਾਂ ਦੇ ਹੌਂਸਲੇ ਦੂਣੇ ਕਰ ਦਿੱਤੇ ਹੋਏ ਸਨ ਉਥੇ ਸਰਕਾਰ ਲਾਹੌਰ ਦੀ ਧੋਣ ਨਮੋਸ਼ੀ ਨਾਲ ਨੀਵੀਂ ਪੈ ਗਈ ਹੋਈ ਸੀ, ਸਰਕਾਰੀ ਕਰਮਚਾਰੀ ਸਿੰਘਾਂ ਪਾਸੋਂ ਭੈ ਖਾਂਦੇ ਸਨ ਅਤੇ ਕਿਸੇ ਨੂੰ ਮੋਹਰੇ ਹੋਣ ਦਾ ਹੌਸਲਾ ਨਹੀਂ ਸੀ ਪੈਂਦਾ।

ਸਿੰਘ ਹੁਣ ਇਹ ਸਮਝਣ ਲੱਗ ਪਏ ਕਿ ਕਰਤਾਰ ਆਪ ਉਨ੍ਹਾਂ ਨੂੰ ਜਿੱਤਾਂ ਅਤੇ ਰਾਜ ਬਖ਼ਸ਼ ਰਿਹਾ ਹੈ ਅਤੇ ਮੁਗ਼ਲਾਂ ਦਾ ਇਕਬਾਲ ਢਹਿ ਢੇਰੀ ਹੋਣ ਵਾਲਾ ਹੈ, ਬੰਦਾ ਸਿੰਘ ਬਹਾਦੁਰ ਨੂੰ ਸਤਿਗੁਰੂ ਨੇ ਆਪ ਭੇਜਿਆ ਹੈ ਅਤੇ ਉਸ ਦੇ ਸਾਮ੍ਹਣੇ ਜੋ ਅੜੇਗਾ ਸੋ ਝੜੇਗਾ । ਇਸ ਵੇਲੇ ਬੰਦਾ ਸਿੰਘ ਦੇ ਪਰਵਾਨੇ ਅਤੇ ਸਿੰਘਾਂ ਦੀਆਂ ਅਰਦਾਸਾਂ ਭੀ ਥਾਂ ਥਾਂ ਦੇਸ਼ ਵਿਚ ਪੁੱਜ ਗਈਆਂ ਅਤੇ ਰਿਆੜਕੀ ਦੇ ਸਿੰਘਾਂ ਨੇ ਭੀ ਕਮਰਕੱਸੇ ਕਰ ਲਏ । ਮਾਂਝੇ ਅਤੇ ਇਰਦ ਗਿਰਦ ਦਾ ਸਰਬਤ ਖਾਲਸਾ ਅੱਠ ਕੁ ਹਜਾਰ ਦੀ ਗਿਣਤੀ ਵਿਚ ਅੰਮ੍ਰਿਸਤਰ ਇਕੱਠਾ ਹੋਇਆ ਅਤੇ ਗੁਰਮਤਾ ਸੋਧ ਕੇ ਦੇਸ਼ ਵਿਚ ਫਿਰ ਨਿਕਲਿਆ। ਸਿੰਘਾਂ ਦੀ ਇਸ ਵੇਲੇ ਦੀ ਚੜ੍ਹਤ ਇਕ ਅਚਾਨਕ ਫਟੇ ਜੁਆਲਾ ਮੁਖੀ ਪਹਾੜ ਵਾਂਗੂ ਸੀ, ਜਿਸ ਦੀ ਪਿਘਲ ਇਤਨੀ ਤੇਜ਼ ਅਤੇ ਜੋਰ ਨਾਲ ਵਗੀ ਕਿ ਸਭ ਕੁਝ ਰੋੜ੍ਹ ਕੇ ਲੈ ਗਈ।

ਲਾਹੌਰ ਅਤੇ ਕਸੂਰ ਦੇ ਪਰਗਣੇ ਉਨ੍ਹਾਂ ਪਹਿਲੋਂ ਪਹਿਲ ਛੇੜਨੇ ਉਚਿਤ ਨਾ ਸਮਝੇ। ਲਾਹੌਰ ਤਾਂ ਸੂਬੇ ਦੀ ਰਾਜਧਾਨੀ ਅਤੇ ਸਰਕਾਰੀ ਤਾਕਤ ਦਾ ਕੇਂਦਰ ਸੀ ਅਤੇ ਕਸੂਰ ਖ਼ੇਸ਼ਗੀ ਪਠਾਣਾਂ ਦਾ ਗੜ੍ਹ ਸੀ । ਸ਼ੁਰੂ ਸ਼ੁਰੂ ਵਿਚ ਹੀ ਇਨ੍ਹਾਂ ਉੱਤੇ ਚੜ੍ਹਾਈ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਸੀ । ਇਸ ਲਈ ਸਿੰਘਾਂ ਨੇ ਪਹਿਲ ਰਿਆੜਕੀ ਵੱਲੋਂ ਕੀਤੀ । ਬਟਾਲੇ ਅਤੇ ਕਲਾਨੌਰ ਉੱਤੇ ਕਬਜਾ ਕਰ ਲਿਆ। ਇਨ੍ਹੀਂ ਥਾਈਂ ਆਪਣੇ ਠਾਣੇ ਬਿਠਾ ਦਿੱਤੇ । ਇਹ ਸ਼ਹਿਰ ਉਨ੍ਹੀਂ ਦਿਨੀਂ ਬੜੇ ਧਨਾਢ ਗਿਣੇ ਜਾਂਦੇ ਸਨ । ਕਲਾਨੌਰ ਵਿਚ ਅਕਬਰ ਬਾਦਸ਼ਾਹ ਤਖ਼ਤ ਉੱਤੇ ਬੈਠਾ ਸੀ ਅਤੇ ਇਥੇ ਬੜੇ ਬੜੇ ਬਾਦਸ਼ਾਹੀ ਅਮੀਰ ਵਸਦੇ ਸਨ । ਬਟਾਲਾ ਕਸ਼ਮੀਰ ਅਤੇ ਕਾਬੂਲ ਦੇ ਮਾਲ ਦੀ ਇਕ ਬੜੀ ਵੱਡੀ ਮੰਡੀ ਸੀ। ਇਨ੍ਹਾਂ ਸ਼ਹਿਰਾਂ ਦੀ ਫ਼ਤਿਹ ਨਾਲ ਸਿੰਘਾਂ ਨੂੰ ਚੋਖਾ ਮਾਲ ਮਿਲ ਗਿਆ ਅਤੇ ਉਨ੍ਹਾਂ ਨੇ ਲਾਹੌਰ ਵੱਲ ਨੂੰ ਮੂੰਹ ਮੋੜ ਲਿਆ। ਇਨ੍ਹਾਂ ਵਿਚੋਂ ਕੁਝ ਨੇ, ਜਿਨ੍ਹਾਂ ਦੇ ਮੁਰੈਲ ਸਿਠਾਲੇ ਬੁਤਾਲੇ ਦੇ ਸਿੰਘ ਸਨ, ਉੱਤਰ ਵੱਲ ਨੂੰ ਧਾਈ ਕਰ ਦਿੱਤੀ ਅਤੇ ਵੱਧਦੇ ਵੱਧਦੇ ਪਠਾਨਕੋਟ ਤਕ ਜਾ ਪੁੱਜੇ ਅਤੇ ਇਲਾਕੇ ਉੱਤੇ ਕਬਜਾ ਕਰ ਲਿਆ।

ਜਿਹੜੇ ਜੱਥੇ ਲਾਹੌਰ ਵੱਲ ਨੂੰ ਗਏ ਉਨ੍ਹਾਂ ਸ਼ਾਲਾਮਾਰ ਬਾਗ਼ ਤਕ ਜਾ ਮੱਲਾਂ ਮਾਰੀਆਂ ਅਤੇ ਸ਼ਹਿਰ ਦੀ ਫਸੀਲ ਤਕ ਜਾ ਖੰਡਾ ਖੜਕਾਇਆ । ਸਿੰਘਾਂ ਦੇ ਇਸ ਵੇਲੇ ਦੇ ਧੱਕੇ ਦੀ ਲਪੇਟ ਵਿਚ ਬਹੁਤੇ ਉਹ ਮੁੱਲਾਂ ਤੇ ਮੁਲਾਣੇ ਜਾਂ ਸਰਕਾਰੀ ਕਰਮਚਾਰੀ ਹੀ ਆਏ ਜਿਨ੍ਹਾਂ ਦੇ ਹੱਥੋਂ ਲੋਕੀ ਦੁਖੀ ਸਨ । ਇਹ ਲੋਕ ਬਾਹਰੋਂ ਭੱਜ ਕੇ ਲਾਹੌਰ ਆ ਗਏ ਅਤੇ ਸ਼ਹਿਰ ਵਿਚ ਸਹਿਮ ਛਾ ਗਿਆ। ਇਸ ਵੇਲੇ ਲਾਹੌਰ ਦਾ ਹਾਕਮ ਕਾਬੁਲ ਦਾ ਮੌਲਵੀ-ਜ਼ਾਦਾ ਸੱਯਦ ਅਸਲਮ ਖ਼ਾਨ ਬਹਾਦੁਰ-ਸ਼ਾਹ ਬਾਦਸ਼ਾਹ ਦੇ ਵੱਡੇ ਪੁੱਤਰ ਸ਼ਾਹਜ਼ਾਦਾ ਮੁਇਜ਼-ਦੀਨ ਦਾ ਨਾਇਬ ਸੀ । ਇਹ ਕੁਝ ਤਾਂ ਪਿਛਲੇ ਸਾਲ ਦਾ ਹੀ ਡਰਿਆ ਹੋਇਆ ਸੀ । ਹੁਣ ਸਾਰੇ ਦੇਸ਼ ਵਿਚ ਸਿੰਘਾਂ ਦੀ ਚੜ੍ਹਤ ਦੀਆਂ ਖ਼ਬਰਾਂ ਸੁਣ ਸੁਣ ਕੇ ਹੋਰ ਭੀ ਘਾਬਰ ਗਿਆ। ਉਸ ਵਿਚ ਹੌਂਸਲਾ ਹੀ ਨਾ ਪਵੇ ਕਿ ਲਾਹੌਰ ਸ਼ਹਿਰੋਂ ਨਿਕਲ ਕੇ ਸਿੰਘਾਂ ਦਾ ਟਾਕਰਾ वते।

ਸੱਯਦ ਅਸਲਮ ਖ਼ਾਨ ਨੂੰ ਹੀਆ ਨਾ ਧਰਦਾ ਦੇਖ ਕੇ ਲਾਹੌਰ ਦੇ ਮੁਲਾਣਿਆਂ ਨੇ ਅਗਵਾਈ ਆਪਣੇ ਹੱਥ ਲੈ ਲਈ ਅਤੇ ਮੁਸਲਮਾਨਾਂ ਦੇ ਧਾਰਮਕ ਜਜ਼ਬੇ ਨੂੰ ਭੜਕਾ ਕੇ ਸਿੰਘਾਂ ਵਿਰੁੱਧ ਜਹਾਦ ਦਾ ਇਲਾਨ ਕਰ ਦਿੱਤਾ ਅਤੇ ਲੋਕਾਂ ਨੂੰ ਇਕੱਠਾ ਕਰਨ ਲਈ ਈਦਗਾਹ ਮਸੀਤ ਦੇ ਲਾਗੇ ਹਰਾ ਹੈਦਰੀ ਝੰਡਾ ਗੱਡ ਦਿੱਤਾ । ਸ਼ਾਹ ਜਹਾਨ ਬਾਦਸ਼ਾਹ ਦੇ ਵੱਡੇ ਵਜ਼ੀਰ ਸਾਦੁੱਲਾ ਖਾਨ ਅੱਲਾਮੀ ਦਾ ਇਕ ਰਿਸ਼ਤੇਦਾਰ ਮੁਹੰਮਦ ਤਕੀ ਅਤੇ ਖੁਦਾ-ਵਰਦੀ ਖ਼ਾਨ ਅਗਰਖਾਨੀ ਦਾ ਪੁੱਤਰ ਮੂਸਾ ਬੇਗ਼ ਇਸ ਜਹਾਦ ਦੇ ਵੱਡੇ ਆਗੂ ਸਨ । ਇਨ੍ਹਾਂ ਨੇ ਆਪਣੇ ਘਰਾਂ ਦਾ ਸਭ ਮਾਲ ਮਤਾਹ ਵੇਚ ਕੇ ਸਾਰੀ ਵਟਕ ਜਹਾਦ ਲਈ ਬੰਦੇ, ਘੋੜੇ ਅਤੇ ਫ਼ੌਜੀ ਸਾਮਾਨ ਇਕੱਠੇ ਕਰਨ ਉੱਤੇ ਲਾ ਦਿੱਤੀ । ਕਈ ਖੋਜੀਆਂ ਅਤੇ ਵਪਾਰੀਆਂ ਨੇ, ਜੋ ਪੰਜਾਬ ਵਿਚ ਲੱਖੀ ਅਤੇ ਦਹਿ-ਲੱਖੀ ਕਰਕੇ ਪ੍ਰਸਿੱਧ ਸਨ, ਬੜੀਆਂ ਵੱਡੀਆਂ ਵੱਡੀਆਂ ਰਕਮਾਂ ਜਹਾਦ ਲਈ ਦਿੱਤੀਆਂ। ਹਾਜੀ ਸੱਯਦ ਇਸਮਾਈਲ, ਹਾਜੀ ਯਾਰ ਬੇਗ, ਸ਼ਾਹ ਇਨਾਇਤ ਅਤੇ ਮੁੱਲਾਂ ਪੀਰ ਮੁਹੰਮਦ ਪ੍ਰਚਾਰਕ ਆਦਿ ਕਈ ਦੂਸਰੇ ਮੁਸਲਮਾਨ ਆਗੂ ਵਡੇਰੀਆਂ ਉਮਰਾਂ ਵਾਲੇ ਅਤੇ ਜੰਗੀ ਤਜਰਬੇ ਤੋਂ ਸੱਖਣੇ ਹੁੰਦੇ ਹੋਏ ਭੀ ਲੱਕ ਬੰਨ੍ਹ ਕੇ ਆਪਣੇ ਆਪਣੇ ਮੁਰੀਦਾਂ ਸਮੇਤ, ਜਿਨ੍ਹਾਂ ਵਿਚ ਕਈ ਹਿੰਦੂ ਸਰਕਾਰੀ ਅਫ਼ਸਰ ਭੀ ਸਨ, ਜਹਾਦ ਵਿਚ ਸ਼ਾਮਲ ਹੋਣ ਲਈ ਈਦਗਾਹ ਪਾਸ ਆ ਇਕੱਠੇ ਹੋਏ। ਹਿੰਦੂਆਂ ਵਿਚੋਂ ਵੱਡਾ ਆਗੂ ਟੋਡਰ ਮਲ ਦਾ ਇਕ ਪੋਤਰਾ ਅਤੇ ਪਹਾੜਾ ਮੱਲ ਦਾ ਪੁੱਤਰ ਸੀ । ਉਸ ਨੇ ਆਪਣੀ ਰਾਜ-ਭਗਤੀ ਦੱਸਣ ਲਈ ਕਹਿ ਸੁਣਾਇਆ ਕਿ ਜਿਸ ਕਿਸੇ ਵਿਚ ਜਾਣ ਦੀ ਹਿੰਮਤ ਹੋਵੇ ਉਹ ਬੇਸ਼ੱਕ ਜਹਾਦੇ ਚੜ੍ਹ ਜਾਵੇ, ਜੇ ਖਰਚ ਪੱਠੇ ਲਈ ਪੈਸੇ ਨਾ ਹੋਣ, ਉਹ ਮੇਰੇ ਪਾਸੋਂ ਲੈ ਲਵੇ ਅਤੇ ਮੇਰੀ ਵੱਲੋਂ ਨੌਕਰ ਹੋ ਕੇ ਜਹਾਦੀਆਂ ਨਾਲ ਰਲ ਜਾਏ। ਨਵਾਬ ਅਸਲਮ ਖ਼ਾਨ ਦੀ ਖਾਤਰ ਉਸ ਨੇ ਕੁਝ ਤੋਪਾਂ ਅਤੇ ਜੰਬੂਰੇ ਵੀ ਆਪਣੀ ਵੱਲੋਂ ਦਿੱਤੇ। ਆਖ਼ਰ ਜਦ ਸੱਯਦ ਅਸਲਮ ਖ਼ਾਨ ਨੇ ਸੁਣਿਆ ਕਿ ਲੋਕਾਂ ਵਿਚ ਉਸ ਦੀ ਬੜੀ ਬਦਨਾਮੀ ਹੋ ਰਹੀ ਹੈ ਤਾਂ ਉਸ ਨੇ ਚੜ੍ਹਦੇ ਵੱਲ ਦੇ ਇਕ ਮੁਰੈਲ ਮੀਰ ਅਤਾ-ਉਲਾ (ਤਰਾਵੜੀਆ ਰਾਜਪੂਤ ਇਨਾਇਤੁਲਾ) ਅਤੇ ਫ਼ਰੀਦਾਬਾਦ ਦੇ ਜਿਮੀਂਦਾਰ ਮੁਹਿੱਬ ਖ਼ਾਨ ਖਰਲ ਨੂੰ ਪੰਜ ਸੋ ਸਵਾਰ ਅਤੇ ਇਕ ਹਜਾਰ ਪਿਆਦਿਆਂ ਦੀ ਫ਼ੌਜ ਦੇ ਕੇ ਗਾਜੀਆਂ ਦੀ ਸਹਾਇਤਾ ਲਈ ਨਿਯਤ ਕੀਤਾ। ਇਸ ਤਰ੍ਹਾਂ ਜਹਾਦੀ ਗਾਜ਼ੀਆਂ, ਮੁਲਖਈਏ, ਸੂਬੇ ਦੀ ਫ਼ੌਜ ਅਤੇ ਸਰਕਾਰੀ ਹਿੰਦੂਆਂ ਦੀ ਅਣਗਿਣਤ ਧਾੜ ਸਿੰਘਾਂ ਦੇ ਵਿਰੁੱਧ ਇਕੱਠੀ ਹੋ ਗਈ ਅਤੇ ਝੰਡੇ, ਨਿਸ਼ਾਨ ਲੈ ਕੇ ‘ਯਾ ਅਲੀ’ ਦੇ ਨਾਹਰੇ ਲਾਉਂਦੀ ਹੋਈ ਤੁਰ ठिवली।

ਦੂਸਰੇ ਪਾਸੇ ਸਿੰਘਾਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਸੀ । ਸਿੰਘ ਉਂਜ ਹੀ ਦੇਸ਼ ਵਿਚ ਥੋੜ੍ਹੇ ਸਜੇ * ਹੋਏ ਸਨ ਅਤੇ ਜੋ ਸਨ ਭੀ, ਉਹ ਭੀ ਜਥਿਆਂ ਵਿਚ ਖਿੰਡਰੇ ਪੁੰਡਰੇ ਹੋਏ ਸਨ । ਜਹਾਦੀਆਂ ਦੇ ਟਾਕਰੇ ਉਹ ਆਟੇ ਵਿਚ ਲੂਣ ਭੀ ਨਹੀਂ ਸਨ । ਇਸ ਲਈ ਸਿੱਧੀ ਟੱਕਰ ਲਾ ਸਕਣਾ ਉਨ੍ਹਾਂ ਲਈ ਬੜਾ ਔਖਾ ਸੀ । ਉਨ੍ਹਾਂ ਨੇ ਟਲ ਕੇ ਵੇਲਾ ਲੰਘਾ ਲੈਣਾ ਜਿਆਦਾ ਚੰਗਾ ਸਮਝਿਆ ਅਤੇ ਪਿੰਡਾਂ ਤੋਂ ਖਿਸਕ ਕੇ ਕਾਹਨੂਵਾਣ ਦੇ ਛੰਭ ਵਿਚ ਜਾ ਵੜੇ। ਸਿੰਘ ਝੱਲਾਂ, ਬੇਲਿਆਂ ਦੇ ਜਾਣੂ ਸਨ । ਇਥੇ ਰੋਟੀ ਪਾਣੀ ਦੀ ਦਿੱਕਤ ਜ਼ਰੂਰ ਸੀ, ਪਰ ਸ਼ਿਕਾਰ ਦੇ ਮਾਸ ਅਤੇ ਮੱਛੀ ਨਾਲ ਉਨ੍ਹਾਂ ਦਾ ਗੁਜ਼ਾਰਾ ਹੋ ਜਾਂਦਾ ਸੀ । ਲਾਹੌਰੀ ਜਹਾਦੀਆਂ ਦੇ ਸ਼ਹਿਰੀ ਮਲੂਕ-ਜਾਦੇ ਆਗੂਆਂ ਲਈ ਕੰਡਿਆਲੇ ਝੱਲਾਂ ਬੇਲਿਆਂ ਵਿਚ ਸਿੰਘਾਂ ਦੇ ਪਿੱਛੇ ਜਾਣਾ ਔਖਾ ਸੀ ਅਤੇ ਜੇ ਕਦੀ ਜਾਣ ਦਾ ਜਤਨ ਭੀ ਕਰਦੇ ਤਾਂ ਉਹਲੇ ਲੁਕਿਆਂ ਸਿੰਘਾਂ ਦੀਆਂ ਵਾੜਾਂ ਨਾਲ ਜਹਾਦੀਆਂ ਦਾ ਨੁਕਸਾਨ ਜ਼ਿਆਦਾ ਹੁੰਦਾ । ਇਸ ਲਈ ਹੋਰ ਕਿਧਰੇ ਪੇਸ਼ ਨਾ ਜਾਂਦੀ ਦੇਖ ਕੇ ਜਹਾਦੀ ਪਿੰਡਾਂ ਵਿਚ ਜਾ ਕੇ ਹਿੰਦੂਆਂ ਉੱਤੇ ਜ਼ੋਰ ਧਿੰਗਾਣਾ ਕਰਨ ਲਗ ਪਏ। ਮਾਝੇ ਦਾ ਇਲਾਕਾ ਚੂੰਕਿ ਲਾਹੌਰ ਦੇ ਨਾਲ ਲਗਦਾ ਸੀ ਇਸ ਲਈ ਬਹੁਤਾ ਅੱਤਿਆਚਾਰ ਉੱਥੇ ਹੋਣ ਲੱਗਾ । ਜਹਾਦੀ ਇਹ ਕਹਿ ਕੇ ਇਥੇ ਦੇ ਹਿੰਦੂਆਂ ਨੂੰ ਤੰਗ ਕਰਦੇ ਸਨ ਕਿ ਇਨ੍ਹਾਂ ਨੇ ਆਪਣੇ (ਸਿੰਘ ਸਜੇ ਹੋਏ) ਮੁੰਡੇ ਸਿਖਾ ਕੇ ਘੱਲੇ ਹੋਏ ਹਨ, ਉਹ ਲੁੱਟ ਕੇ ਲਿਆਉਂਦੇ ਹਨ ਅਤੇ ਇਹ ਘਰੀਂ ਬੈਠੇ ਖਾਂਦੇ ਹਨ। ਜਦ ਇਸ ਹੋ ਰਹੀ ਸਖਤੀ ਦਾ ਪਤਾ ਸਿੰਘਾਂ ਨੂੰ ਲੱਗਾ ਤਾਂ ਉਨ੍ਹਾਂ ਨੂੰ ਰੋਹ ਚੜ੍ਹ ਗਿਆ। ਅਤੇ ਕਹਿਣ ਲੱਗੇ ਕਿ ਧ੍ਰਿਗ ਹੈ ਸਾਡਾ ਜੀਉਣਾ ਜੇ ਸਾਡੇ ਬਦਲੇ ਸਾਡੇ ਮਾਂ ਪਿਓ ਨੂੰ ਦੁਖ ਮਿਲ ਰਿਹਾ ਹੈ। ਇਸ ਲਈ ਮੌਕਾ ਹੱਥ ਲੱਗਣ ਪਰ ਝੱਲਾਂ ਬੇਲਿਆਂ ਚੋਂ ਨਿਕਲ ਕੇ ਉਨ੍ਹਾਂ ਨੇ ਜਹਾਦੀਆਂ ਉੱਤੇ ਛਾਪੇ ਮਾਰਨੇ ਆਰੰਭ ਕਰ ਦਿੱਤੇ। ਜਿਉਂ ਜਿਉਂ ਉਹ ਸਿੰਘਾਂ ਨੂੰ ਟੋਲ ਟੋਲ ਕੇ ਮਾਰਨ, ਤਿਉਂ ਤਿਉਂ ਸਿੰਘ ਭੀ ਤੇਜ ਹੁੰਦੇ ਜਾਣ ਅਤੇ ਜਹਾਦੀਆਂ ਦੇ ਆਹੂ ਲਾਹੀ ਜਾਣ । ਛਾਪਾ ਮਾਰ ਕੇ ਸਿੰਘ ਮੁੜ ਝੱਲਾਂ ਵਿਚ ਜਾ ਵੜਦੇ ਅਤੇ ਜਹਾਦੀਆਂ ਦੀ ਪਹੁੰਚ ਤੋਂ ਦੂਰ ਨਿਕਲ ਜਾਂਦੇ ।

ਸਮੇਂ ਨੂੰ ਵਿਚਾਰ ਕੇ ਸਿੰਘਾਂ ਨੇ ਚਾਰ ਤੁੰਮਣ (ਜੱਥੇ) ਬਣਾ ਲਏ, ਜਿਨ੍ਹਾਂ ਦੀ ਵੰਡ ਇਉਂ ਕੀਤੀ ਕਿ ਇਕ ਤਾਂ ਮਾਝੇ ਵਿਚ ਲਾਹੌਰ ਅਤੇ ਅੰਮ੍ਰਿਤਸਰ ਦੇ ਇਲਾਕੇ ਵਿਚ ਰਹੇ, ਦੂਸਰਾ ਰਿਆੜਕੀ ਵਿਚ ਪਹਾੜ ਦੀ ਕੰਢੀ ਤਕ ਗੁਰਦਾਸਪੁਰ ਪਠਾਨਕੋਟ ਵੱਲ ਵਿਚਰੇ, ਤੀਸਰਾ ਲਾਹੌਰ ਸ਼ਹਿਰ ਦੇ ਆਲੇ ਦੁਆਲੇ ਰਹੇ ਅਤੇ ਚੌਥਾ ਜਹਾਦੀ ਤੁਰਕਾਂ ਦੇ ਇਰਦ ਗਿਰਦ ਰਹੇ ਅਤੇ ਜੇ ਕਿਧਰੇ ਕੋਈ ਤੂੰਮਣ ਇਕੱਲਾ ਫਸ ਜਾਏ ਤਾਂ ਦੂਸਰੇ ਆ ਕੇ ਉਸ ਦੀ ਸਹਾਇਤਾ ਕਰਨ । ਇਹ ਤੂੰਮਣ ਦੋ ਦੋ ਸੌ ਦੇ ਸਨ । ਇਕੜ-ਦੁੱਕੜ ਇਨ੍ਹਾਂ ਵਿਚ ਹੋਰ ਭੀ ਆ ਰਲਦੇ ਸਨ ।

ਲਾਹੌਰੀ ਜੱਥਾ ਰਾਵੀ ਦੇ ਕੰਢੇ ਫਿਰਦਾ ਫਿਰਾਉਂਦਾ ਇਕ ਵਾਰੀ ਪਿੰਡ ਭਰਤ ਕੋਲ ਜਾ ਨਿਕਲਿਆ। ਇਥੇ ਪਰਗਣਾ ਨੇਸ਼ਟਾ-ਭਰਲੀ ਦੇ ਕਾਨੂੰਗੋ ਮਹਿਤਾ ਭਗਵੰਤ ਰਾਏ ਨੇ ਦਰਿਆ ਦੇ ਕਿਨਾਰੇ ਆਪਣੀ ਹਵੇਲੀ ਬਣਾਈ ਹੋਈ ਸੀ । ਇਤਿਹਾਸਕਾਰਾਂ ਨੇ ਇਸ ਦਾ ਨਾਉਂ ਕਿਲਾ ਭਗਵੰਤ ਰਾਏ ਕਰਕੇ ਲਿਖਿਆ ਹੈ। ਬਰਖਾ ਹੋ ਰਹੀ ਹੋਣ ਕਰਕੇ ਵੇਲਾ ਲੰਘਾਉਣ ਲਈ ਸਿੰਘ ਹਵੇਲੀ ਵਿਚ ਜਾ ਵੜੇ। ਸਿੰਘਾਂ ਦੇ ਇੱਥੇ ਹੋਣ ਦੀ ਖ਼ਬਰ ਲਾਹੋਰੀ ਫ਼ੌਜ ਦੇ ਇਕ ਹਜਾਰ ਸਵਾਰਾਂ ਦੇ ਦਲ ਨੂੰ ਲਗ ਗਈ । ਸ਼ਾਇਦ ਸਿੰਘਾਂ ਦੀ ਭਾਲ ਵਿਚ ਉਹ ਭੀ ਕਿਧਰੇ ਏਧਰ ਹੀ ਫਿਰਦੇ ਹੋਣ। ਉਨ੍ਹਾਂ ਨੇ ਝਟ ਪਟ ਹਵੇਲੀ ਨੂੰ ਘੇਰਾ ਪਾ ਲਿਆ ਅਤੇ ਜੋ ਕੋਈ ਇਕੱਲਾ ਦੁਕੱਲਾ ਸਿੰਘ ਇਨ੍ਹਾਂ ਨੂੰ ਬਾਹਰ ਟੱਕਰ ਪਿਆ ਤਾਂ ਉਸ ਨੂੰ ਉਥੇ ਹੀ ਮਾਰ ਮੁਕਾਇਆ। ਹਵੇਲੀ ਵਿਚ ਸਿੰਘਾਂ ਦੇ ਘਿਰ ਜਾਣ ਦੀ ਖ਼ਬਰ ਸੁਣ ਕੇ ਹਜ਼ਾਰਾਂ ਹੋਰ ਜਹਾਦੀ ਭੀ ਇਥੇ ਆ ਇਕੱਠੇ ਹੋਏ ਅਤੇ ਘੇਰਾ ਇਤਨਾ ਪੀਡਾ ਕਰ ਦਿੱਤਾ ਕਿ ਸਿੰਘਾਂ ਵਾਸਤੇ ਬਾਹਰ ਨਿਕਲ ਸਕਣਾ ਔਖਾ ਹੋ ਗਿਆ । ਜਹਾਦੀਆਂ ਨੇ ਮਢੋਲੇ ਅਤੇ ਕੰਧਾਂ ਕਰ ਕੇ ਉਪਰ ਤੋਪਾਂ ਜੰਬੂਰੇ ਚੜ੍ਹਾ ਦਿੱਤੇ ਅਤੇ ਲਗ ਪਏ ਹਵੇਲੀ ਉੱਤੇ ਅੱਗ ਵਰ੍ਹਾਉਣ। ਸਿੰਘ ਇਸ ਨਾਲ ਬੜੇ ਔਖੇ ਹੋਏ ਪਰ ਉਨ੍ਹਾਂ ਨੇ ਡਟ ਕੇ ਟਾਕਰਾ ਕਰਨ ਦੀ ਠਾਣੀ ਹੋਈ ਸੀ । ਉਨ੍ਹਾਂ ਨੇ ਬੁਰਜੀਆਂ, ਬਨੇਰਿਆਂ ਅਤੇ ਕੰਧਾਂ ਉਪਰੋਂ ਦੀ ਵੈਰੀ ਉੱਤੇ ਵਾੜਾ ਝਾੜਨੀਆਂ ਆਰੰਭ ਦਿੱਤੀਆਂ ਅਤੇ ਜਦ ਕਦੀ ਅਨਾੜੀ ਜਹਾਦੀਆਂ ਨੇ ਕੰਧਾਂ ਉਪਰ ਚੜ੍ਹਨ ਲਈ ਹੱਥ ਪਾਏ ਤਾਂ ਅਗੋਂ ਸਿੰਘਾਂ ਨੇ ਤਲਵਾਰਾਂ ਨਾਲ ਉਨ੍ਹਾਂ ਨੂੰ ਭੋਇੰ ਡੇਗ ਦਿੱਤਾ । ਇਸ ਤਰ੍ਹਾਂ ਦੋਹੀਂ ਪਾਸੀਂ ਚੋਖਾ ਨੁਕਸਾਨ ਹੋਇਆ । ਪਰ ਕਿਸੇ ਪਾਸਿਓਂ ਭੀ ਢਿੱਲ ਪੈਂਦੀ ਨਹੀਂ ਸੀ ਦਿਸਦੀ । ਜਹਾਦੀ ਗਾਜੀਆਂ ਵਾਸਤੇ ਕੰਧਾਂ ਟੱਪ ਕੇ ਅੰਦਰ ਜਾਣਾ ਔਖਾ ਸੀ ਕਿ ਸਿੰਘਾਂ ਨੂੰ ਫੜ ਸਕਣ, ਅਤੇ ਸਿੰਘਾਂ ਵਾਸਤੇ ਘੇਰਾ ਤੋੜ ਕੇ ਬਾਹਰ ਨਿਕਲਣਾ ਅਤੇ ਜਹਾਦੀਆਂ ਨੂੰ ਭਜਾਉਣਾ ਮੁਸ਼ਕਿਲ ਸੀ । ਘੇਰਾ ਲੰਮਾ ਹੁੰਦਾ ਜਾਣ ਨਾਲ ਸਿੰਘਾਂ ਦਾ ਖਾਣਾ ਦਾਣਾ ਮੁਕਣ ਲਗ ਪਿਆ । ਇਸ ਲਈ ਉਨ੍ਹਾਂ ਲਈ ਹਵੇਲੀ ਵਿਚੋਂ ਨਿਕਲ ਜਾਣਾ ਹੀ ਯੋਗ ਸੀ । ਇਹ ਗੱਲ ਠਾਣ ਕੇ ਇਕ ਰਾਤ ਦੇ ਅੰਨ੍ਹੇਰੇ ਵਿਚ ਬਰਖਾ ਅਤੇ ਅੰਨ੍ਹੇਰੀ ਦਾ ਫ਼ਾਇਦਾ ਉਠਾ ਕੇ ਸਿੰਘ ਹਵੇਲੀਓਂ ਬਾਹਰ ਦੜੇ ਹੋਏ। ਜਹਾਦੀਆਂ ਨੂੰ ਮਾਰਦੇ ਚੀਰਦੇ ਪਲੋ ਪਲੀ ਵਿਚ ਨਿਕਲ ਗਏ। ਸ਼ਿਕਾਰ ਹੱਥੋਂ ਨਿਕਲ ਜਾਣ ਪਰ ਜਹਾਦੀ ਨਿਰਾਸ ਹੱਥ ਮਲਦੇ ਰਹਿ ਗਏ । ਪਰ ਆਪਣੀ ਅਸਫ਼ਲਤਾ ਨੂੰ ਲੁਕੌਣ ਲਈ ਉਹ ਬਹਾਦੁਰ ਵਿਜਈਆਂ ਵਾਂਗੂ ਖੁਸ਼ੀਆਂ ਮਨਾਉਂਦੇ ਲਾਹੌਰ ਨੂੰ ਮੁੜ ਪਏ, ਪਰ ਨਮੋਸ਼ੀ ਉਨ੍ਹਾਂ ਨੂੰ ਅੰਦਰੋਂ ਅੰਦਰ ਖਾ ਰਹੀ ਸੀ, ਇਸ ਲਈ ਛਿੱਥੇ ਪਏ ਹੋਏ ਉਨ੍ਹਾਂ ਨੇ ਸ਼ਹਿਰ ਦੇ ਹਿੰਦੂਆਂ ਦੀ ਬੇ-ਇਜ਼ਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਹਾਕਮਾਂ ਨੂੰ ਹੀ ਧਮਕਾਉਣ ਲਗ ਪਏ ।

ਮੁਹੰਮਦ ਕਾਸਿਮ ਆਪਣੀ ਪੁਸਤਕ ‘ਇਬਰਤ ਨਾਮੇ’ ਵਿਚ ਲਿਖਦਾ ਹੈ ਕਿ ਚੂੰਕਿ ਜਹਾਦੀਆਂ ਦੀ ਜਮਾਤ ਵਿਚੋਂ ਕੁਝ ਕੁ ਹੋਛੇ ਅਤੇ ਮੂਰਖ ਲੋਕਾਂ ਨੇ, ਜਿਨ੍ਹਾਂ ਦੀ ਜਨਮ ਜਨਮਾਂਤਰਾਂ ਦੀ ਨੀਚਤਾ ਵਿੱਦਿਆ ਦੀ ਵਡੱਪਣ ਨਾਲ ਦੂਰ ਨਹੀਂ ਸੀ ਹੋਈ ਅਤੇ ਜੋ ਝੂਠੇ ਮਜ਼ਹਬੀ ਅਭਿਮਾਨ ਨਾਲ ਪਾਗ਼ਲ ਹੋਏ ਹੋਏ ਸਨ, ਸ਼ਹਿਰ ਦੇ ਹਿੰਦੂਆਂ ਨਾਲ ਬੜੀਆਂ ਕਮੀਨੀਆਂ ਅਤੇ ਕੋਝੀਆਂ ਹਰਕਤਾਂ ਕੀਤੀਆਂ ਅਤੇ ਸਰਕਾਰੀ ਹਾਕਮਾਂ ਦੀ ਹੇਠੀ ਕੀਤੀ । ਪਰ ਰੱਬ ਦੀ ਸੱਚੀ ਅਦਾਲਤ ਵਿਚੋਂ ਹਰ ਚੰਗੇ ਕੰਮ ਲਈ ਨੇਕੀ ਅਤੇ ਹਰ ਮੰਦੀ ਕਰਤੂਤ ਦੀ ਸਜਾ ਮਿਲਦੀ ਹੈ । ਉਸ ਕੁਰਾਹੇ ਪਏ ਫ਼ਿਰਕੇ ਦੇ ਲੋਕ (ਸਿੱਖ) ਦੂਸਰੀ ਵਾਰ ਫੇਰ ਲਾਹੌਰੋਂ ਕੁਝ ਕੋਹਾਂ ਤੇ ਚਮਿਆਰੀ ਨਗਰ ਦੇ ਲਾਗੇ ਕੋਟਲਾ ਬੇਗ਼ਮ ਆ ਜਮਾਂ ਹੋਏ। ਅਤੇ ਆਪਣੇ ਭੈੜੇ ਚਾਲੇ ਫੜ ਲਏ । ਇਹ ਪਤਾ ਲਗਣ ਪਰ ਮੁਸਲਮਾਨ ਮੁਲਾਣਿਆਂ ਨੇ ਇਕ ਵਾਰ ਫੇਰ ਜਹਾਦ ਦਾ ਢੋਲ ਵਜਾ ਦਿੱਤਾ ਅਤੇ ਕੀੜੀਆਂ ਅਤੇ ਟਿੱਡੀ ਦਲ ਦੀ ਤਰ੍ਹਾਂ ਇਕ ਬੜਾ ਭਾਰੀ ਲਸ਼ਕਰ ਇਕੱਠਾ ਹੋ ਕੇ ਸਿੰਘਾਂ ਵਿਰੁੱਧ ਕੋਟਲਾ ਬੇਗ਼ਮ ਨੂੰ ਚੜ੍ਹ ਤੁਰਿਆ ਅਤੇ ਰਸਤੇ ਵਿਚ ਜਿਹੜੇ ਪਿੰਡ ਆਏ ਬਦਲੇ ਦੀ ਅੱਗ ਨਾਲ ਭੜਕੇ ਹੋਏ ਜਹਾਦੀਆਂ ਨੇ ਲੁੱਟ ਪੁੱਟ ਕੇ ਬਰਬਾਦ ਕਰ ਦਿੱਤੇ। ਅਤੇ ਗ਼ਰੀਬ ਲੋਕਾਂ ਉੱਤੇ ਅੰਨ੍ਹੇ-ਵਾਹ ਜ਼ੁਲਮ ਕੀਤੇ। ਇਨ੍ਹਾਂ ਵਧੀਕੀਆਂ ਅਤੇ ਅੱਤਿਆਚਾਰਾਂ ਨੂੰ ਦੇਖ ਜਹਾਦੀ ਲਸ਼ਕਰ ਦੇ ਆਗੂ ਭੀ ਤ੍ਰਾਹ ਤ੍ਰਾਹ ਕਰ ਉੱਠੇ ਅਤੇ ਭੀਲੇਵਾਲ ਪਿੰਡ ਦੇ ਲਾਗੇ ਦੋ ਤਿੰਨ ਆਦਮੀਆਂ ਨੂੰ ਤਲਵਾਰ ਨਾਲ ਦੋ ਟੁੱਕ ਕਰਕੇ ਮੌਤ ਦੀ ਸਜਾ ਦੇਣੀ ਪਈ। ਪਰ ਆਮ ਜਹਾਦੀਆਂ ਉੱਤੇ ਇਸ ਦਾ ਕੁਝ ਬਹੁਤਾ ਅਸਰ ਨਾ ਹੋਇਆ, ਉਹ ਉਤਨੀ ਦੇਰ ਤਕ ਲੁੱਟ ਮਾਰ ਤੋਂ ਬਾਜ਼ ਨਾ ਆਏ ਜਦ ਤਕ ਕਿ ਉਹ ਕੋਟਲਾ ਬੇਗ਼ਮ ਦੇ ਕਿਲੇ ਦੀਆਂ ਕੰਧਾਂ ਦੇ ਪਾਸ ਸਿੰਘਾਂ ਦੇ ਸਾਹਮਣੇ ਨਾ ਪੁੱਜ ਗਏ।

ਜਹਾਦੀਆਂ ਨੂੰ ਆ ਗਏ ਦੇਖ ਕੇ ਸਿੰਘ ਉਨ੍ਹਾਂ ਦਾ ਸੁਆਗਤ ਕਰਨ ਲਈ ਰਾਮ-ਜੰਗੇ ਲੈ ਕੇ ਕੋਟ ਤੋਂ ਬਾਹਰ ਨਿਕਲ ਆਏ ਅਤੇ ਗੋਲੀਆਂ ਅਤੇ ਤੀਰਾਂ ਦੀਆਂ ਵਾੜਾਂ ਨਾਲ ਕਈਆਂ ਨੂੰ ਪੈਰੋਂ ਕੱਢ ਦਿੱਤਾ ਅਤੇ ਕਈਆਂ ਨੂੰ ਭਗਉਤੀਆਂ ਨਾਲ ਸੋਧ ਕੱਢਿਆ । ਸਿੰਘਾਂ ਦੇ ਨੰਗੇ ਖੰਡਿਆਂ ਦੀ ਲਸ਼ਕਰ ਨੇ ਕਈ ਜਹਾਦੀਆਂ ਨੂੰ ਚਕਰਾ ਦਿੱਤਾ ਅਤੇ ਮੈਦਾਨੋਂ ਭਜ ਨਿਕਲਨ ਲਈ ਮਜ਼ਬੂਰ ਕਰ ਦਿੱਤਾ। ਬੜੀ ਗਹਿ-ਗੱਚ ਲੜਾਈ ਹੋਈ ਅਤੇ ਕਈ ਸੂਰਮੇ ਰਣ ਤੱਤੇ ਵਿਚ ਢਹਿ ਢੇਰੀ ਹੋ ਗਏ । ਦੋਹਾਂ ਪਾਸਿਆਂ ਦਾ ਚੋਖਾ ਨੁਕਸਾਨ ਹੋਇਆ । ਲੜਾਈ ਵਿਚ ਇਕ ਐਸਾ ਵੇਲਾ ਭੀ ਆ ਗਿਆ, ਜਿਸ ਵੇਲੇ ਕਿ ਨਤੀਜਾ ਡਾਵਾਂ ਡੋਲ ਸੀ । ਪਰ ਸਿੰਘ ਆਮ ਤੌਰ ਤੇ ਹਾਰੀ ਜਾ ਰਹੀ ਲੜਾਈ ਲੜੀ ਜਾਣ ਵਿਚ ਪ੍ਰਸਿੱਧ ਹਨ। ਇਨ੍ਹਾਂ ਨੇ ਇਸ ਵੇਲੇ ਬੜੀ ਦਲੇਰੀ ਨਾਲ ਅੱਗੇ ਵਧ ਕੇ ਇਕ ਅਜਿਹਾ ਜ਼ੋਰ ਦਾ ਹੱਲਾ ਕੀਤਾ ਕਿ ਜਹਾਦੀਆਂ ਦੀਆਂ ਸਫ਼ਾਂ ਟੁੱਟ ਗਈਆਂ ਅਤੇ ਉਨ੍ਹਾਂ ਦੇ ਪੈਰ ਥਿੜਕਣ ਲਗ ਪਏ । ਅਫ਼ਗਾਨ ਘੋੜ-ਚੜ੍ਹੇ ਸਿੰਘਾਂ ਦੀ ਦੱਬ ਨਾ ਸਹਿ ਸਕੇ ਅਤੇ ਵਾਗਾਂ ਪਿੱਛੇ ਨੂੰ ਮੋੜ ਕੇ ਪੋਈਏ ਪੈ ਗਏ । ਸਵਾਰਾਂ ਦੇ ਖਿਸਕਣ ਦੀ ਦੇਰ ਸੀ ਕਿ ਜਹਾਦੀਆਂ ਵਿਚ ਭਗਦੜ ਮਚ ਗਈ ਅਤੇ ਉਹ ਮੁੜ ਪੈਰ ਨਾ ਸੰਭਾਲ ਸਕੇ । ਉਨ੍ਹਾਂ ਦੇ ਹੌਂਸਲੇ ਹਰ ਗਏ । ਬੇਸ਼ੁਮਾਰ ਗਾਜ਼ੀ ਮੈਦਾਨ ਵਿਚ ਮਾਰੇ ਗਏ ਅਤੇ ਕਈਆਂ ਨੇ ਗੀਦੀਆਂ ਵਾਂਗੂੰ ਜਾਨਾਂ ਗੰਵਾਈਆਂ । ਸੱਯਦ ਇਨਾਇਤ, ਮੁਹੰਮਦ ਤਕੀ ਅਤੇ ਰੰਘੜ ਮੁਹੰਮਦ ਜ਼ਮਾਨ ਇਸ ਵੇਲੇ ਬੜੀ ਬਹਾਦੁਰੀ ਨਾਲ ਡਟ ਕੇ ਲੜੇ, ਪਰ ਸਿੰਘਾਂ ਅੱਗੇ ਕੁਝ ਵਾਹ ਨਾ ਚੱਲੀ । ਦਿਨ ਲਹਿਣ ਵੇਲੇ ਬੜੇ ਜ਼ੋਰ ਦਾ ਮੀਂਹ ਵਰ੍ਹਨ ਲਗ ਪਿਆ ਅਤੇ ਤੇਜ਼ ਹਵਾ ਚਲ ਪਈ ਅਤੇ ਜਿਉਂ ਜਿਉਂ ਦਿਨ ਦੀ ਲੋ ਮੱਧਮ ਪੈਂਦੀ ਗਈ ਲੜਾਈ ਭੀ ਮੱਠੀ ਹੁੰਦੀ ਗਈ ਅਤੇ ਰਾਤ ਅੰਨ੍ਹੇਰੇ ਵਿਚ ਜਹਾਦੀ ਗਾਜ਼ੀਆਂ ਦਾ ਲਸ਼ਕਰ ਬਿਲਕੁਲ ਅਲੋਪ ਹੋ ਗਿਆ ।

ਬਾਕੀ ਬਚੇ ਜਹਾਦੀ ਨਿੰਮੋ-ਝੂਣੇ ਹੋਏ ਹੋਏ ਲਾਹੌਰ ਵੱਲ ਨੂੰ ਮੁੜ ਪਏ। ਪਰ ਉਨ੍ਹਾਂ ਦੀ ਬਦਕਿਸਮਤੀ ਇਥੇ ਹੀ ਨਹੀਂ ਸੀ ਮੁਕ ਗਈ। ਇਕ ਹੋਰ ਵਦਾਣ ਦੀ ਸੱਟ, ਜੋ ਪਹਿਲੀਆਂ ਸੱਟਾਂ ਨਾਲੋਂ ਬਹੁਤ ਭਾਰੀ ਸੀ, ਉਨ੍ਹਾਂ ਉੱਤੇ ਪੈਣ ਵਾਲੀ ਸੀ । ਰਸਤੇ ਵਿਚ ਰਾਤ ਕੱਟਣ ਲਈ ਉਹ ਭੀਲੋਵਾਲ ਪਿੰਡ ਵਿਚ ਅਟਕ ਗਏ । ਫ਼ੌਜੀ ਸਿਪਾਹੀ ਤਾਂ ਕਿਲੇ ਵਿਚ ਚਲੇ ਗਏ ਅਤੇ ਬਾਕੀ ਜਹਾਦੀ ਅਤੇ ਮੁਲਖੱਈਏ ਸਿੰਘਾਂ ਵੱਲੋਂ ਬੇਧਿਆਨੇ ਹੋ ਕੇ ਖੁਲ੍ਹੇ ਮੈਦਾਨ ਵਿਚ ਹੀ ਸੌਂ ਗਏ । ਦੂਸਰੇ ਪਾਸੇ ਸਿੰਘ ਅਨੇਰੇ ਦਾ ਫ਼ਾਇਦਾ ਉਠਾ ਕੇ ਲੁਕਵੇਂ ਅਤੇ ਬਚਵੇਂ ਬਚਵੇਂ ਇਨ੍ਹਾਂ ਦੇ ਮਗਰ ਹੀ ਲੱਗ ਤੁਰੇ ਸਨ ਤਾਂ ਕਿ ਇਨ੍ਹਾਂ ਦੇ ਲਾਹੌਰ ਪੁੱਜਣ ਤੋਂ ਪਹਿਲਾਂ ਪਹਿਲਾਂ ਹੀ ਇਕ ਅੱਧੀ ਸੱਟ ਹੋਰ ਮਾਰ ਸਕਣ। ਭੀਲੋਵਾਲ ਦੇ ਲਾਗੇ ਪੁੱਜ ਕੇ ਇਹ ਬਾਹਰਵਾਰ ਝਾੜਾਂ ਵਿਚ ਲੁਕ ਗਏ ਅਤੇ ਤੜਕੇ ਸਵੇਰੇ ਪਹੁ-ਫੁਟਾਲੇ ਤੋਂ ਪਹਿਲਾਂ ਮੂੰਹ ਅਨ੍ਹੇਰੇ ਹੀ ਝਾੜਾਂ ‘ਚੋਂ ਨਿਕਲ ਕੇ ਅਚਾਨਕ ਜਹਾਦੀਆਂ ਉੱਤੇ ਟੁੱਟ ਪਏ । ਅੱਗਿਓਂ ਉਹ ਕੋਈ ਬੱਝਵਾਂ ਟਾਕਰਾ ਨਾ ਕਰ ਸਕੇ ਅਤੇ ਬਹੁਤ ਸਾਰੇ ਤਿਆਰ ਹੋ ਸਕਣ ਤੋਂ ਪਹਿਲਾ ਹੀ ਮਾਰੇ ਗਏ । ਅਚਾਨਕ ਹੱਲੇ ਦੀ ਘਬਰਾਹਟ ਵਿਚ ਹਰ ਕਿਸੇ ਨੂੰ ਆਪੋ ਆਪਣੀ ਪੈ ਗਈ ਅਤੇ ਜਿਧਰ ਨੂੰ ਰਾਹ ਲੱਭਾ, ਭੱਜ ਨਿਕਲਿਆ । ਸਿੰਘਾਂ ਵਾਸਤੇ ਵੈਰੀਆਂ ਨੂੰ ਸੋਧਣ ਲਈ ਇਹ ਮੁੜ ਹੱਥ ਨਾ ਆਉਣ ਵਾਲਾ ਮੌਕਾ ਸੀ ਜਿਸ ਦਾ ਉਨ੍ਹਾਂ ਨੇ ਵੱਧ ਤੋਂ ਵੱਧ ਫਾਇਦਾ ਉਠਾਇਆ ਅਤੇ ਖਿੰਡੇ ਅਤੇ ਘਬਰਾਏ ਹੋਏ ਜਹਾਦੀਆਂ ਨੂੰ ਇਕ ਡਾਢੀ ਮਾਰ ਮਾਰੀ ਅਤੇ ਪੈਰਾਂ ਤੋਂ ਕੱਢ ਦਿੱਤਾ । ਅਤਾਉੱਲਾ ਨੇ ਪਿੰਡੋਂ ਬਾਹਰ ਖੁਲ੍ਹੇ ਮੈਦਾਨ ਵਿਚ ਜਦ ਜਹਾਦੀਆਂ ਦੀ ਇਹ ਬੁਰੀ ਹਾਲਤ ਦੇਖੀ ਤਾਂ ਉਸ ਨੇ ਇਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਉਚੀ ਉੱਚੀ ਆਵਾਜ਼ਾਂ ਮਾਰੀਆਂ ਕਿ ਬਚਣ ਲਈ ਸਭ ਦੋੜ ਕੇ ਪਿੰਡ ਵਿਚ ਵੜ ਜਾਓ । ਪਰ ਇਸ ਵੇਲੇ ਤਕ ਸਿੰਘਾਂ ਨੇ ਆਪਣਾ ਬਹੁਤ ਸਾਰਾ ਕੰਮ ਮੁਕਾ ਲਿਆ ਹੋਇਆ ਸੀ ਅਤੇ ਸ਼ਾਇਦ ਹੀ ਕੋਈ ਅਜਿਹਾ ਬਚਿਆ ਹੋਵੇ ਜਿਸ ਨੇ ਤਲਵਾਰ ਦੀ ਧਾਰ ਨਾ ਚੱਖੀ ਹੋਵੇ । ਭੀਲੋਵਾਲ ਦੀ ਇਸ ਮਾਰ ਨੇ ਜਹਾਦੀਆਂ ਦਾ ਲੱਕ ਤੋੜ ਕੇ ਰਖ ਦਿੱਤਾ। ਜੋ ਜੀਉਂਦੇ ਬਚੇ ਉਹ ਆਪਣੇ ਆਪਣੇ ਘਰਾਂ ਨੂੰ ਤੁਰ ਗਏ ਅਤੇ ਉਨ੍ਹਾਂ ਦੇ ਆਗੂ ਮੂੰਹ ਲਕੋਈ ਲਾਹੌਰ ਜਾ ਵੜੇ।

ਭੀਲੋਵਾਲ ਦੇ ਹੱਲੇ ਵਿਚ ਜਹਾਦੀਆਂ ਅਤੇ ਸਿੰਘਾਂ ਦੇ ਹੋਏ ਨੁਕਸਾਨ ਦਾ ਕੋਈ ਠੀਕ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਪਰ ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਜਹਾਦੀਆਂ ਦੇ ਬਹੁਤ ਸਾਰੇ ਆਦਮੀ ਮਾਰੇ ਗਏ ਅਤੇ ਉਨ੍ਹਾਂ ਦਾ ਮਾਲ ਅਤੇ ਘੋੜੇ ਸਿੰਘਾਂ ਦੇ ਹੱਥ ਆਏ । ਆਗੂਆਂ ਵਿਚੋਂ ਮੁਰਤਜ਼ਾ ਖ਼ਾਨ ਅਤੇ ਹਿੰਦੂਆਂ ਦਾ ਮੋਹਰੀ ਟੋਡਰ ਮਲ ਦਾ ਪੋਤਰਾ ਇਥੇ ਮਾਰੇ ਗਏ। ਇਸ ਜਿੱਤ ਨਾਲ ਸਾਰੇ ਦੇਸ਼ ਵਿਚ ਸਿੰਘਾਂ ਦਾ ਬੋਲਬਾਲਾ ਹੋ ਗਿਆ ਅਤੇ ਖ਼ਾਸ ਸ਼ਹਿਰ ਲਾਹੌਰ ਨੂੰ ਛੱਡ ਕੇ ਲਗਭਗ ਸਾਰੇ ਮਾਝੇ ਅਤੇ ਰਿਆੜਕੀ ਵਿਚ ਸਿੰਘਾਂ ਦੇ ਘੋੜੇ ਦੜਕਣ ਲਗ ਪਏ । ਮੁਲਾਣਿਆਂ ਨੇ ਕਈ ਵਾਰੀ ਫੇਰ ਈਮਾਨ ਦੇ ਨਾਉਂ ਤੇ ਮੁਸਲਾਮਾਨਾਂ ਨੂੰ ਉਭਾਰਨ ਦਾ ਜਤਨ ਕੀਤਾ ਅਤੇ ਸਿੰਘਾਂ ਤੋਂ ਬਦਲਾ ਲੈਣ ਲਈ ਲੱਕ ਬੰਨ੍ਹਣ ਲਈ ਉਕਸਾਇਆ, ਪਰ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ ।

ਜਲੰਧਰ ਦੁਆਬ ਵਿਚ ਹਿਲ-ਜੁਲ ਅਤੇ ਰਾਹੋਂ ਦੀ ਲੜਾਈ

ਜਲੰਧਰ ਦੁਆਬ (ਜਲੰਧਰ, ਹੁਸ਼ਿਆਰਪੁਰ ਅਤੇ ਕਾਂਗੜੇ ਦੇ ਜਿਲ੍ਹਿਆਂ ਦਾ ਇਲਾਕਾ) ਚੂੰਕਿ ਬੰਦਾ ਸਿੰਘ ਦੇ ਫ਼ਤਿਹ ਕੀਤੇ ਸਰਹੰਦ ਦੇ ਇਲਾਕੇ ਦੇ ਨਾਲ ਲਗਦਾ ਸਤਲੁਜ ਦਰਿਆ ਦੇ ਉੱਤਰ ਨੂੰ ਸੀ, ਅਤੇ ਇਸ ਇਲਾਕੇ ਦੇ ਕੁਝ ਸਿੰਘ ਸਰਹੰਦ ਦੀ ਫ਼ਤਿਹ ਵੇਲੇ ਉਥੇ ਭੀ ਜਾ ਪੁੱਜੇ ਸਨ, ਇਸ ਲਈ ਜਿੱਥੇ ਆਜ਼ਾਦੀ ਦੀ ਸਪਿਰਟ ਛੇਤੀ ਹੀ ਜਾਗ ਪਈ ਸੀ । ਇਨ੍ਹਾਂ ਨੇ ਭੀ ਕਮਰ-ਕਸੇ ਕਰ ਲਏ ਅਤੇ ਮੱਲਾਂ ਮਾਰਨ ਜੁਟ ਪਏ। ਸਿੰਘ ਤਾਂ ਇਸ ਛਿੜ ਪਏ ਜੁੱਧ ਨੂੰ ਉਸੇ ਤਰ੍ਹਾਂ ਹੀ ਧਰਮ ਦਾ ਕੰਮ ਸਮਝ ਰਹੇ ਸਨ ਜਿਵੇਂ ਕਿ ਉਹ ਖ਼ੁਦ ਗੁਰੂ ਗੋਬਿੰਦ ਜੀ ਦੇ ਹੁਕਮ ਨਾਲ ਲੜੇ ਗਏ ਜੁੱਧਾਂ ਜੰਗਾਂ ਨੂੰ ਸਮਝਦੇ ਸਨ । ਇਨ੍ਹਾਂ ਤੋਂ ਬਿਨਾਂ ਹੋਰ ਉਹ ਸਭ ਲੋਕ ਭੀ ਉਠ ਖੜੋਤੇ ਜੋ ਸਰਕਾਰੀ ਕਮਰਚਾਰੀਆਂ ਹੱਥੋਂ ਦੁਖੇ ਹੋਏ ਸਨ । ਕੁਝ ਹਫਤਿਆਂ ਵਿਚ ਹੀ ਦੁਆਬੇ ਵਿਚਲੇ ਕਈ ਸਰਕਾਰੀ ਅਫ਼ਸਰ ਉਠਾ ਦਿੱਤੇ ਅਤੇ ਉਨ੍ਹਾਂ ਦੀ ਥਾਂ ਸਿੱਖ ਤਹਿਸੀਲਦਾਰ ਅਤੇ ਠਾਣੇਦਾਰ ਨਿਯਤ ਕਰ ਦਿੱਤੇ । ਇਸ ਵੇਲੇ ਖੁਦ ਬੰਦਾ ਸਿੰਘਾਂ ਅਤੇ ਸਿੰਘਾਂ ਦਾ ਵੱਡਾ ਦਲ ਸਰਹੰਦ ਅਤੇ ਗੰਗ-ਦੁਆਬ ਦੇ ਇਲਾਕਿਆਂ ਵਿਚ ਰੁੱਝਾ ਹੋਇਆ ਸੀ। ਇਥੇ ਕੇਵਲ ਦੁਆਬੇ ਦੇ ਸਿੰਘ ਅਤੇ ਸਤਲੁਜ ਪਾਰੋਂ ਆਏ ਹੋਏ ਸਿੰਘਾਂ ਦਾ ਇਕ ਛੋਟਾ ਜਿਹਾ ਜੱਥਾ ਹੀ ਸੀ ਜੋ ਦੁਆਬੇ ਨੂੰ ਸੋਧਣ ਦਾ ਜਤਨ ਕਰ ਰਹੇ ਸਨ।

ਇਸ ਵੇਲੇ ਕਸੂਰ ਦਾ ਇਕ ਖ਼ਲਫ਼ਜ਼ਈ ਪਠਾਣ ਸ਼ਮਸ ਖ਼ਾਨ ਦੁਆਬੇ ਦਾ ਫ਼ੌਜਦਾਰ ਸੀ । ਉਹ ਪੀਰ ਖ਼ਾਨ ਦਾ ਇਕਲੌਤਾ ਪੁੱਤਰ ਸੀ ਜਿਸ ਦੇ ਪਿਤਾ ਸੁਲਤਾਨ ਅਹਿਮਦ ਖ਼ਾਨ ਖ਼ੁਲਫ਼ਜ਼ਈ ਨੇ ਸ਼ਾਹਜ਼ਾਦਾ ਮੁਹੰਮਦ ਆਜ਼ਮ ਦੀ ਬੜੀ ਸੇਵਾ ਕੀਤੀ ਸੀ । ਸੁਲਤਾਨ ਅਹਿਮਦ ਖ਼ਾਨ ਦੇ ਚਾਰ ਪੁੱਤਰ ਸਨ : ਹੁਸੈਨ ਖ਼ਾਨ, ਬਾਯਜੀਦ ਖ਼ਾਨ (ਕੁਤੁਬ ਦੀਨ ਖ਼ਾਨ), ਪੀਰ ਖ਼ਾਨ ਅਤੇ ਅਲੀ ਖ਼ਾਨ । ਚੌਥੇ ਪੁੱਤਰ ਅਲੀ ਖ਼ਾਨ ਦਾ ਇਤਿਹਾਸ ਵਿਚ ਕੋਈ ਜਿਕਰ ਨਹੀਂ ਆਉਂਦਾ। ਉਸ ਨੇ ਰਾਜ ਕਾਜ ਵਿਚ ਕੋਈ ਬਹੁਤੇ ਹੱਥ ਪੈਰ ਨਹੀਂ ਮਾਰੇ ਜਾਪਦੇ । ਹੁਸੈਨ ਖ਼ਾਨ ਬੜਾ ਹੁਸ਼ਿਆਰ ਬੰਦਾ ਸੀ ਅਤੇ ਲਾਹੌਰ ਦੇ ਸੂਬੇਦਾਰ ਅਬੁਦ-ਸਮੱਦ ਖ਼ਾਨ ਦੇ ਸਮੇਂ ਉਸ ਨੇ ਇਕ ਛੋਟੀ ਜਿਹੀ ਰਿਆਸਤ ਬਣਾ ਲਈ ਸੀ, ਪਰ ਉਹ ਬਹੁਤਾ ਚਿਰ ਜੀਵਿਆ ਨਹੀਂ । ਮੁਹੰਮਦ ਸ਼ਾਹ ਬਾਦਸ਼ਾਹ ਦੇ ਦੂਸਰੇ ਸਾਲ ਵਿਚ ਉਹ 24 ਮਾਰਚ ਸਨ 1721 (6 ਜਮਾਦੀ-ਉ-ਸਾਨੀ, 1133 ਹਿਜਰੀ) ਨੂੰ ਚੂਨੀਆਂ ਦੀ ਲੜਾਈ ਵਿਚ ਮਾਰਿਆ ਗਿਆ । ਬਾਯਜ਼ੀਦ ਖ਼ਾਨ ਦਾ ਅੱਗੇ ਕਾਫ਼ੀ ਜਿਕਰ ਆਵੇਗਾ। ਪੀਰ ਖ਼ਾਨ ਬਾਦਸ਼ਾਹ ਬਹਾਦੁਰ ਸ਼ਾਹ ਵੇਲੇ ਕਾਫ਼ੀ ਵੱਡੇ ਅਹੁਦੇ ਉੱਤੇ ਸੀ ਅਤੇ ਇਹ ਉਸ ਦੀ ਸੇਵਾ ਦੇ ਬਦਲੇ ਹੀ ਸੀ ਕਿ ਉਸ ਦੀ ਮੋਤ ਤੋਂ ਬਾਅਦ ਉਸ ਦੇ ਪੁੱਤਰ ਨੂਰ ਖ਼ਾਨ ਨੂੰ ਸ਼ੱਮਸ ਖ਼ਾਨ (ਸੱਮਸ-ਦੀਨ ਖ਼ਾਨ) ਦਾ ਖ਼ਿਤਾਬ ਅਤੇ ਦੁਆਬਾ ਬਿਸਤ ਜਲੰਧਰ ਦੀ ਫ਼ੌਜਦਾਰੀ ਦਿੱਤੀ ਗਈ । ਸੁਲਤਾਨਪੁਰ ਲੋਧੀ ਉਸ ਦਾ ਰਾਜ-ਕੇਂਦਰ ਸੀ ।

ਜਦ ਸਿੰਘਾਂ ਨੂੰ ਜਲੰਧਰ ਦੁਆਬ ਦੇ ਇਲਾਕੇ ਵਿਚ ਕਾਫ਼ੀ ਸਫ਼ਲਤਾ ਹੋ ਗਈ ਅਤੇ ਉਨ੍ਹਾਂ ਦਾ ਜੋਰ ਭੀ ਕੁਝ ਵਧ ਗਿਆ ਤਾਂ ਉਨ੍ਹਾਂ ਨੇ ਖ਼ੁਦ ਫ਼ੌਜਦਾਰ ਨੂੰ ਭੀ ਵੰਗਾਰਿਆ। ਉਨ੍ਹਾਂ ਦਾ ਰਿਵਾਜ ਇਹ ਸੀ ਕਿ ਜਦ ਭੀ ਕਿਸੇ ਇਲਾਕੇ ਉੱਤੇ ਹੱਲਾ ਕਰਨਾ ਹੁੰਦਾ ਤਾਂ ਪਹਿਲਾਂ ਉਥੇ ਦੇ ਹਾਕਮ ਜਾਂ ਚੌਧਰੀ ਨੂੰ ਈਨ ਮੰਨ ਲੈਣ ਲਈ ਚਿੱਠੀ ਲਿਖਦੇ । ਜੇ ਉਹ ਉਨ੍ਹਾਂ ਦੀ ਗੱਲ ਮੰਨ ਕੇ ਮਿਲ ਪੈਂਦਾ ਤਾਂ ਵਾਹ ਵਾਹ, ਨਹੀਂ ਤਾਂ ਧਾਵਾ ਬੋਲ ਦਿੰਦੇ । ਇਸੇ ਅਨੁਸਾਰ ਸਿੰਘਾਂ ਨੇ ਸ਼ੱਮਸ ਖ਼ਾਨ ਨੂੰ ਭੀ ਚਿੱਠੀ ਲਿਖੀ ਕਿ ਉਹ ਆਪਣੇ ਇਲਾਕੇ ਦੇ ਪ੍ਰਬੰਧ ਵਿਚ ਲੋੜੀਂਦੇ ਸੁਧਾਰ ਕਰੇ, ਈਨ ਮੰਨ ਲਏ ਅਤੇ ਖ਼ਜ਼ਾਨਾ ਲੈ ਕੇ ਹਾਜ਼ਰ ਹੋਵੇ । ਸ਼ੱਮਸ਼ ਖ਼ਾਨ ਨੇ ਆਪਣੇ ਵੱਡੇ ਵੱਡੇ ਕਰਮਚਾਰੀਆਂ ਅਤੇ ਫ਼ੌਜੀ ਸਰਦਾਰਾਂ ਨਾਲ ਸਲਾਹ ਕੀਤੀ। ਉਨ੍ਹਾਂ ਸਾਰਿਆਂ ਨੇ ਕੁਰਾਨ ਮਜੀਦ ਵਿਚਕਾਰ ਰਖ ਕੇ ਵਫਾਦਾਰੀ ਅਤੇ ਮਿਲਵਰਤਨ ਦੀ ਸਹੁੰ ਖਾਧੀ ਅਤੇ ਡਟ ਕੇ ਸਿੰਘਾਂ ਦਾ ਟਾਕਰਾ ਕਰਨ ਦੀ ਸਲਾਹ ਦਿੱਤੀ । ਸ਼ੱਮਸ ਖ਼ਾਨ ਅੰਦਰੋਂ ਡਰਦਾ ਸੀ ਕਿ ਨਾਂਹ ਸੁਣ ਕੇ ਸਿੰਘ ਕਿਧਰੇ ਅਚਨਚੇਤ ਹੀ ਹੱਲਾ ਨਾ ਕਰ ਦੇਣ । ਇਸ ਲਈ ਤਿਆਰੀ ਵਾਸਤੇ ਸਮਾਂ ਲੈਣ ਲਈ ਉਸ ਨੇ ਸਿੰਘਾਂ ਨੂੰ ਗੋਲ ਮੋਲ ਜਵਾਬ ਦੇ ਭੇਜਿਆ ਕਿ ਮੈਂ ਛੇਤੀ ਹੀ ਮਿਲਣ ਲਈ ਆਵਾਂਗਾ, ਇਸ ਦੇ ਨਾਲ ਹੀ ਉਸ ਨੇ ਕੁਝ ਸਿੱਕਾ ਤੇ ਬਾਰੂਦ ਭੇਜ ਕੇ ਲਿਖਿਆ ਕਿ ਇਸ ਵੇਲੇ ਗੱਡਿਆਂ ਆਦਿ ਦਾ ਪ੍ਰਬੰਧ ਨਾ ਹੋਣ ਕਰਕੇ ਹੋਰ ਭੇਜ ਸਕਣੋਂ ਅਸਮਰਥ ਹਾਂ। ਇਥੇ ਬਾਜ਼ਾਰ ਵਿਚ ਵਪਾਰੀਆਂ ਪਾਸ ਅਤੇ ਸਰਕਾਰੀ ਗੁਦਾਮਾਂ ਵਿਚ ਢੇਰਾਂ ਦੇ ਢੇਰ ਬਾਰੂਦ ਮੌਜੂਦ ਹੈ ਅਤੇ ਜੇ ਢੁਆਈ ਦਾ ਪ੍ਰਬੰਧ ਹੋ ਜਾਏ ਤਾਂ ਉਹ ਭੇਜਿਆ ਜਾ ਸਕਦਾ ਹੈ।

ਸ਼ੱਮਸ ਖ਼ਾਨ ਹੁਸ਼ਿਆਰ ਬੰਦਾ ਸੀ ਉਸ ਨੂੰ ਖ਼ਿਆਲ ਸੀ ਕਿ ਜੇ ਈਮਾਨ ਦੇ ਨਾਉਂ ਉੱਤੇ ਇਲਾਕੇ ਵਿਚ ਲੋਕਾਂ ਨੂੰ ਸੱਦਾ ਦਿੱਤਾ ਗਿਆ ਤਾਂ ਕਾਫ਼ੀ ਮੁਸਲਮਾਨ ਮੁਲਖੱਈਆ ਸਿੰਘਾਂ ਵਿਰੁੱਧ ਜਮਾਂ ਹੋ ਜਾਏਗਾ ਇਸ ਲਈ ਉਸ ਨੇ ਜਹਾਦ ਦਾ ਢੋਲ ਵਜਾ ਦਿੱਤਾ ਅਤੇ ਝੰਡਾ ਗੱਡ ਦਿੱਤਾ ।

ਜਹਾਦ ਦੀ ਵੰਗਾਰ ਨੇ ਸਿੱਧੇ ਸਾਦੇ ਮੁਸਲਮਾਨ ਕਿਸਾਨਾਂ ਅਤੇ ਇਲਾਕੇ ਦੇ ਜੁਲਾਹਿਆਂ ਉੱਤੇ ਕਾਫ਼ੀ ਅਸਰ ਕੀਤਾ। ਖਾਫ਼ੀ ਖ਼ਾਨ ਮੁੰਤਖਬੁਲ-ਲੁਬਾਬ ਵਿਚ ਲਿਖਦਾ ਹੈ ਕਿ ਸ਼ਮਸ ਖ਼ਾਨ ਨੇ ਕਰੀਬ ਚਾਰ ਪੰਜ ਹਜਾਰ ਘੋੜ-ਚੜ੍ਹੇ ਅਤੇ ਤੀਹ ਹਜ਼ਾਰ ਪਿਆਦੇ, ਤੋਪਚੀ, ਤੀਰਮਾਰ ਅਤੇ ਹੋਰ ਹਥਿਆਰਾਂ ਵਾਲੇ ਲੜਾਕੇ, ਜੋ ਜਿਮੀਂਦਾਰਾਂ ਨਾਲ ਆਏ ਸਨ, ਜਮਾਂ ਕਰ ਲਏ। ਇਸ ਤੋਂ ਬਿਨਾਂ ਹਰ ਕੌਮ ਦੇ ਚੰਗੇ ਚੰਗੇ ਆਦਮੀ, ਰਈਅਤ ਅਤੇ ਕਾਰੀਗਰ, ਜਿਨ੍ਹਾਂ ਵਿਚ ਬਹੁਤੇ ਜੁਲਾਹੇ ਸਨ, ਜਾਨ ਮਾਲ ਅਤੇ ਬਾਲ ਬੱਚੇ ਤੋਂ ਹੱਥ ਧੋ ਕੇ, ਰੱਬੀ ਕਲਾਮ (ਕੁਰਾਨ ਮਜੀਦ) ਨੂੰ ਵਿਚਕਾਰ ਰਖ ਕੇ ਆਪਸ ਵਿਚ ਕੋਲ ਇਕਰਾਰ ਕਰ ਕੇ ਸ਼ਹਾਦਤ ਦੀ ਇੱਛਾ ਨਾਲ ਕਮਰਾਂ ਕਸ ਕੇ ਆ ਜੁੜੇ ਅਤੇ ਰੁਪਏ ਇਕੱਠੇ ਕਰਨ ਵਿਚ ਸ਼ਾਮਲ ਹੋਏ। ਇਸ ਤਰ੍ਹਾਂ ਸ਼ਮਸ ਖ਼ਾਨ ਇਕ ਲੱਖ ਤੋਂ ਵੱਧ ਆਦਮ ਜਮਾਂ ਕਰ ਕੇ ਬੜੇ ਦਬਦਬੇ ਨਾਲ ਸੁਲਤਾਨਪੁਰੋਂ ਚੜ੍ਹ ਤੁਰਿਆ ।

ਦੂਸਰੇ ਪਾਸੇ ਸਿੰਘ ਇਸ ਖੁਸ਼ੀ ਵਿਚ ਸਨ ਕਿ ਸ਼ਮਸ ਖ਼ਾਨ ਦੀ ਈਣ ਦੀ ਚਿੱਠੀ ਆ ਗਈ ਹੈ। ਅਤੇ ਖੁਦ ਸ਼ਮਸ ਖ਼ਾਨ ਦੇ ਹਾਜ਼ਰ ਹੋ ਜਾਣ ਨਾਲ ਇਲਾਕੇ ਦੇ ਬਾਕੀ ਰਹਿੰਦੇ ਛੋਟੇ ਮੋਟੇ ਕਰਮਚਾਰੀ ਭੀ ਸਿੰਘਾਂ ਦੀ ਤਾਬੇਦਾਰੀ ਮੰਨ ਲੈਣਗੇ ਅਤੇ ਇਸ ਤਰ੍ਹਾਂ ਇਧਰ ਸੋਖੇ ਹੀ ਸਿੰਘਾਂ ਦੀ ਅਮਲਦਾਰੀ ਹੋ ਜਾਏਗੀ । ਪਰ ਉਨ੍ਹਾਂ ਨੂੰ ਅਸਲੀਅਤ ਦਾ ਉਸੇ ਵੇਲੇ ਚਾਨਣਾ ਹੋਇਆ ਜਦ ਪਤਾ ਲੱਗਾ ਕਿ ਸ਼ਮਸ ਖ਼ਾਨ ਨੇ ਜਹਾਦ ਦਾ ਢੋਲ ਵਜਾ ਕੇ ਇਕ ਲੱਖ ਆਦਮੀ ਇਕੱਠਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਜਹਾਦ ਲਈ ਚੜ੍ਹ ਪਿਆ ਹੈ।

ਇਸ ਵੇਲੇ ਸਿੰਘਾਂ ਦੇ ਜੱਥੇ ਖਿੰਡੇ ਹੋਏ ਸਨ। ਮਾਝੇ ਅਤੇ ਰਿਆੜਕੀ ਵਾਲੇ ਸਾਰੇ ਹੀ ਛੇਤੀ ਪੁੱਜ ਨਹੀਂ ਸੀ ਸਕਦੇ। ਉਹ ਪਾਸੇ ਖਾਲੀ ਕਰ ਆਉਣੇ ਭੀ ਠੀਕ ਨਹੀਂ ਸਨ । ਟਾਕਰਾ ਬੜਾ ਡਾਢਾ ਦਿਸਦਾ ਸੀ। ਇਸ ਲਈ ਉਨ੍ਹਾਂ ਨੇ ਬੰਦਾ ਸਿੰਘ ਅਤੇ ਗੰਗ-ਦੁਆਬ ਵਿਚ ਗਏ ਹੋਏ ਸਿੰਘਾਂ ਨੂੰ ਸੁਨੇਹੇ ਭੇਜੇ ਅਤੇ ਸਾਰੀ ਹਕੀਕਤ ਦੱਸ ਕੇ ਛੇਤੀ ਦੁਆਬੇ ਵਿਚ ਪੁੱਜਣ ਲਈ ਬੇਨਤੀ ਕੀਤੀ । ਇਹ ਉਹ ਦਿਨ ਸਨ ਜਦ ਕਿ ਬੰਦਾ ਸਿੰਘ ਸਹਾਰਨਪੁਰ ਵੱਲ ਸੀ ਅਤੇ ਸਿੰਘਾਂ ਨੇ ਜਲਾਲਾਬਾਦ ਨੂੰ ਘੇਰਾ ਪਾਇਆ ਹੋਇਆ ਸੀ । ਪਰ ਇਸ ਵੇਲੇ ਖੁਦ ਬੰਦਾ ਸਿੰਘ ਦਾ ਦੁਆਬੇ ਪੁੱਜ ਸਕਣਾ ਮੁਸ਼ਕਿਲ ਸੀ ਕਿਉਂਕਿ ਬਾਦਸ਼ਾਹ ਬਹਾਦੁਰ ਸ਼ਾਹ ਦੱਖਣ ਤੋਂ ਵਾਪਸ ਆ ਰਿਹਾ ਸੀ ਅਤੇ ਖ਼ਬਰਾਂ ਉਡ ਰਹੀਆਂ ਸਨ। ਕਿ ਉਹ ਸ਼ਾਹੀ ਲਸ਼ਕਰ ਸਮੇਤ ਸਿੰਘਾਂ ਵਿਰੁੱਧ ਪੰਜਾਬ ਵੱਲ ਚੜ੍ਹਾਈ ਕਰਨ ਦਾ ਇਰਾਦਾ ਕਰ ਰਿਹਾ ਹੈ। ਇਸ ਹਾਲਤ ਵਿਚ ਬੰਦਾ ਸਿੰਘ ਦਾ ਆਪ ਸਰਹੰਦ ਦੇ ਇਲਾਕੇ ਵਿਚ ਰਹਿਣਾ ਅਤਿ ਜ਼ਰੂਰੀ ਹੈ । ਪਰ ਦੁਆਬੇ ਵਿਚ ਭੀ ਕੁਝ ਸਿੰਘਾਂ ਦਾ ਜਾਣਾ ਜ਼ਰੂਰੀ ਸੀ । ਇਸ ਲਈ ਜਲਾਲਾਬਾਦ ਦਾ ਘੇਰਾ ਚੁੱਕ ਲਿਆ ਗਿਆ ਅਤੇ ਇਥੇ ਦੇ ਸਿੰਘਾਂ ਨੇ ਰਵਾਂ ਰਵੀਂ ਦੁਆਬੇ ਨੂੰ ਧਾਈ ਕਰ ਦਿੱਤੀ।

ਮਾਲੂਮ ਹੁੰਦਾ ਸੀ ਕਿ ਸ਼ਮਸ ਖ਼ਾਨ ਨੂੰ ਭੀ ਸਿੰਘਾਂ ਦੇ ਦੁਆਬੇ ਵੱਲ ਆਉਂਦੇ ਹੋਣ ਦਾ ਪਤਾ ਲਗ ਗਿਆ ਸੀ ਅਤੇ ਉਸ ਨੂੰ ਖ਼ਿਆਲ ਸੀ ਕਿ ਉਹ ਮਾਛੀਵਾੜੇ ਦੇ ਪੱਤਣ ਤੋਂ ਸਤਲੁਜ ਪਾਰ ਹੋਣਗੇ, ਜਿਥੇ ਕਿ ਦਰਿਆ ਦੇ ਕੰਢੇ ਉੱਤੇ ਉਨ੍ਹਾਂ ਨੂੰ ਸੌਖਿਆਂ ਹੀ ਰੋਕਿਆ ਜਾ ਸਕੇਗਾ । ਇਸੇ ਲਈ ਸ਼ਮਸ ਖ਼ਾਨ ਜਹਾਦੀਆਂ ਦੇ ਇਤਨੇ ਭਾਰੇ ਲਾਓ ਲਸ਼ਕਰ ਨਾਲ ਸੁਲਤਾਨ ਪੁਰੋਂ ਇਤਨੀ ਦੂਰ ਪਚਵੰਜਾ ਮੀਲ ਤਕ ਨਿਕਲ ਆਇਆ ਅਤੇ ਅੱਗੇ ਹੋ ਕੇ ਮਾਛੀਵਾੜੇ ਦੇ ਪਾਸ ਪੱਕੀ ਸਰਾਇ ਵਿਚ ਠਾਣਾ ਬਿਠਾ ਦਿੱਤਾ, ਪਰ ਸਿੰਘ ਸ਼ਮਸ ਖ਼ਾਨ ਦੇ ਅੰਦਾਜ਼ੇ ਤੋਂ ਪਹਿਲਾਂ ਹੀ ਸਤਲੁਜ ਟੱਪ ਆਏ ਅਤੇ ਰਾਹੋਂ ਸ਼ਹਿਰ ਤੋਂ ਬਾਹਰ ਦੋਹਾਂ ਦਾ ਭੇੜ ਹੋ ਗਿਆ।

ਸਿੰਘਾਂ ਨੇ ਜਦ ਦੇਖਿਆ ਕਿ ਅਨਗਿਣਤ ਜਹਾਦੀ ਲੋਕ ਵਧੀ ਚਲੇ ਆ ਰਹੇ ਹਨ ਅਤੇ ਸਿੰਘਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ, ਜੰਗੀ ਸਾਮਾਨ ਭੀ ਕੋਈ ਬਹੁਤਾ ਨਹੀਂ ਤਾਂ ਉਨ੍ਹਾਂ ਸ਼ਹਿਰੋਂ ਬਾਹਰ ਉੱਤਰ-ਲਹਿੰਦੇ ਨੂੰ ਪੁਰਾਣੇ ਭੱਠਿਆਂ ਦੇ ਟਿੱਬਿਆਂ ਨੂੰ ਮੱਲ ਲਿਆ ਅਤੇ ਇਨ੍ਹਾਂ ਨੂੰ ਕਿਲੇ ਵਾਂਗ ਵਰਤਣ ਲਈ ਲੋੜ ਅਨੁਸਾਰ ਆਲੇ ਦੁਆਲੇ ਖਾਈਆਂ ਵਿਚ ਦੜ ਗਏ । ਖ਼ਾਫੀ ਖ਼ਾਨ ਨੇ ਜਿਥੇ ਸੁਲਤਾਨਪੁਰੋਂ ਤੁਰੇ ਜਹਾਦੀ ਲਸ਼ਕਰ ਦੀ ਗਿਣਤੀ ਇਕ ਲੱਖ ਤੋਂ ਉਪਰ ਦੱਸੀ ਹੈ ਜੋ ਮੁਸਲਮਾਨੀ ਇਲਾਕੇ ਵਿਚ ਲੰਘਣ ਵੇਲੇ ਹੋਰ ਵਧ ਗਈ ਹੋਣੀ ਹੈ, ਉਥੇ ਸਿੰਘਾਂ ਦੀ ਗਿਣਤੀ ਸਤਰ ਅੱਸੀ ਹਜਾਰ ਦਿੱਤੀ ਹੈ। ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸਿੰਘਾਂ ਦੀ ਗਿਣਤੀ ਇਤਨੀ ਥੋੜ੍ਹੀ-ਹੋਣੀ ਹੈ ਕਿ ਖਾਫ਼ੀ ਖ਼ਾਨ ਨੂੰ ਮਜਬੂਰ ਹੋ ਕੇ ਜਹਾਦੀਆਂ ਨਾਲੋਂ ਘੱਟ ਮੰਨਣੀ ਪਈ । ਖਾਫ਼ੀ ਖ਼ਾਨ ਕਹਿੰਦਾ ਹੈ ਕਿ ਰਾਹੋਂ ਦੇ ਕੰਪੂ ਤੋਂ ਸਿੰਘਾਂ ਨੇ ਸਾਰੀ ਪਾਸੀਂ ਗਾਰਦਾਂ ਭੇਜ ਦਿੱਤੀਆਂ ਅਤੇ ਇਰਦ ਗਿਰਦ ਦੇ ਚੌਧਰੀਆਂ ਅਤੇ ਕਾਨੂੰਗੋਆਂ ਨੂੰ ਈਣ ਮੰਨ ਲੈਣ ਲਈ ਪਰਵਾਨੇ ਭੇਜੇ ।

ਸ਼ਮਸ ਖ਼ਾਨ ਦੇ ਜਹਾਦੀ ਇਕ ਦੂਸਰੇ ਨੂੰ ਹੱਲਾਸ਼ੇਰੀ ਦੇਣ ਲਈ ਕਹਿੰਦੇ ਸਨ ਕਿ ਜੇ ਕਿਧਰੇ ਸ਼ਮਸ ਖ਼ਾਨ ਨੂੰ ਹਾਰ ਹੋ ਗਈ ਜਾਂ ਉਹ ਮਾਰਿਆ ਗਿਆ ਤਾਂ ਸਾਡਾ ਜਾਨ ਮਾਲ, ਬਾਲ ਬੱਚੇ ਅਤੇ ਸਾਰੇ ਅਸੀਂ ਜੰਗ ਦੀ ਇਸ ਕਤਲਗਾਹ ਵਿਚ ਤਬਾਹ ਹੋ ਜਾਵਾਂਗੇ, ਇਸ ਲਈ ਸ਼ਹਾਦਤ ਦੀ ਇੱਛਾ ਨਾਲ ਉਨ੍ਹਾਂ ਨੂੰ ਡਟ ਕੇ ਅਤੇ ਜੁਟ ਕੇ ਲੜਨਾ ਚਾਹੀਦਾ ਹੈ। ਇਸ ਤਰ੍ਹਾਂ ਖੁਸ਼ੀ ਅਤੇ ਚਾਓ ਦੀਆਂ ਗੱਲਾਂ ਕਰਦੇ ਅਤੇ ਅੱਲਾ-ਹੂ-ਅਕਬਰ ਦੇ ਨਾਹਰੇ ਮਾਰਦੇ ਇਕ ਦੂਸਰੇ ਨਾਲੋਂ ਮੋਹਰੇ ਹੁੰਦੇ ਬੜੀ ਬਹਾਦੁਰੀ ਨਾਲ ਅੱਗੇ ਨੂੰ ਵਧੇ । ਪਹਿਰ ਕੁ ਦਿਨ ਚੜ੍ਹੇ ਇਹ ਸਿੰਘਾਂ ਦੇ ਗੋਲੇ ਦੀ ਮਾਰ ਹੇਠਾਂ ਪੁੱਜੇ ਹੀ ਸਨ ਕਿ ਤੋਪ ਦਗਣ ਅਤੇ ਬੰਦੂਕਾਂ ਚਲਣ ਦੀ ਆਵਾਜ਼ ਆਈ ਅਤੇ ਇਕੋ ਵਾਰ ਦਸ ਬਾਰਾਂ ਹਜ਼ਾਰ ਗੋਲੇ ਅਤੇ ਗੋਪੀਆਂ ਦੇ ਪੱਥਰ ਇਸਲਾਮੀ ਲਸ਼ਕਰ ਉੱਤੇ ਵਰ੍ਹ ਪਏ ਅਤੇ ਲੜਾਈ ਸ਼ੁਰੂ ਹੋ ਪਈ । ਸਿੰਘਾਂ ਵੱਲੋਂ ਦੋ ਵਾਲੀਆਂ ਛੁਟਣ ਪਿਛੋਂ ਜਹਾਦੀ ਗਾਜ਼ੀ ਅਤੇ ਚਾਲ੍ਹੀ ਪੰਜਾਹ ਹਜ਼ਾਰ ਹੋਰ ਮੁਸਲਮਾਨ ਮੁਲਖੱਈਆ, ਜੋ ਇਰਦ ਗਿਰਦ ਦੇ ਪਰਰਾਣਿਆਂ ਤੋਂ ਇਕੱਠਾ ਹੋ ਕੇ ਆਇਆ ਸੀ, ਅੱਲਾ-ਹੂ-ਅਕਬਰ ਦੇ ਨਾਹਰੇ ਲਾਉਂਦਾ ਟਿੱਡੀ ਦਲ ਵਾਂਙ ਸਿੰਘਾਂ ਉੱਤੇ ਟੁੱਟ ਪਿਆ । ਸ਼ਮਸ ਖ਼ਾਨ ਨੇ ਉਨ੍ਹਾਂ ਨੂੰ ਤੇਜ਼ੀ ਕਰਨ ਤੋਂ ਰੋਕਿਆ ਅਤੇ ਠਰਮੇ ਨਾਲ ਅੱਗੇ ਵਧਣ ਲਈ ਕਿਹਾ । ਸਿੰਘਾਂ ਲਈ ਇਸ ਅਥਾਹ ਹੜ੍ਹ ਦੇ ਸਾਮ੍ਹਣੇ ਬਹੁਤ ਚਿਰ ਮੋਰਚਿਆਂ ਵਿਚ ਟਿਕੇ ਰਹਿ ਸਕਣਾ ਔਖਾ ਸੀ, ਇਸ ਲਈ ਉਹ ਭੱਠਿਆਂ ਦੀਆਂ ਖਾਈਆਂ ਵਿਚੋਂ ਨਿਕਲ ਕੇ ਰਾਹੋਂ ਦੇ ਕਿਲੇ ਵਿਚ ਜਾ ਵੜੇ ਜਿਸ ਉੱਤੇ ਕਿ ਉਨ੍ਹਾਂ ਨੇ ਜਹਾਦੀਆਂ ਦੇ ਇਥੇ ਪੁੱਜਣ ਤੋਂ ਪਹਿਲਾਂ ਹੀ ਕਬਜ਼ਾ ਕਰ ਲਿਆ ਹੋਇਆ ਸੀ ।

ਰਾਹੋਂ ਦੇ ਕਿਲੇ ਦਾ ਕਈ ਦਿਨ ਘੇਰਾ ਪਿਆ ਰਿਹਾ। ਸਿੰਘ ਕਈ ਵਾਰ ਰਾਤ ਨੂੰ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਕਿਲਿਓਂ ਨਿਕਲਦੇ ਅਤੇ ਅਨ੍ਹੇਰੇ ਵਿਚ ਗਾਜੀਆਂ ਉੱਤੇ ਹੱਲਾ ਕਰਕੇ ਉਨ੍ਹਾਂ ਦੇ ਆਦਮੀਆਂ ਅਤੇ ਘੋੜਿਆਂ ਦਾ ਕਾਫ਼ੀ ਨੁਕਸਾਨ ਕਰਦੇ ਪਰ ਜਹਾਦੀਆਂ ਦੀ ਗਿਣਤੀ ਇਤਨੀ ਜਿਆਦਾ ਸੀ ਕਿ ਇਸ ਤਰ੍ਹਾਂ ਦੇ ਨੁਕਸਾਨ ਨਾਲ ਉਨ੍ਹਾਂ ਦਾ ਬਹੁਤਾ ਕੁਝ ਨਾ ਵਿਗੜਦਾ । ਇਹ ਗੱਲ ਦੇਖ ਕੇ ਸਿੰਘਾਂ ਨੇ ਵੈਰੀ ਨਾਲ ਇਕ ਚਾਲਾਕੀ ਕਰਨ ਦੀ ਸੋਚੀ ਅਤੇ 1-2 ਅਕਬੂਤਰ ਸਨ 1710 (19 ਸ਼ਾਬਾਨ, 1122 ਹਿਜਰੀ) ਦੀ ਰਾਤ ਨੂੰ ਅਨ੍ਹੇਰੇ ਵਿਚ ਕਿਲੇ ਤੋਂ ਨਿਕਲ ਪਏ । ਸ਼ੱਮਸ ਖ਼ਾਨ ਥੋੜ੍ਹੀ ਜਿਹੀ ਦੂਰ, ਕੁਝ ਕੋਹ, ਉਨ੍ਹਾਂ ਦੇ ਪਿਛੇ ਗਿਆ, ਇਕ ਤੋਪ ਅਤੇ ਕੁਝ ਲੱਦੇ ਹੋਏ ਊਠ ਤੇ ਬਲਦ ਉਸ ਦੇ ਹੱਥ ਆ ਗਏ ਜਿਸ ਤੋਂ ਉਸ ਨੂੰ ਯਕੀਨ ਹੋ ਗਿਆ ਕਿ ਸਿੰਘ ਹਾਰ ਖਾ ਕੇ ਭੱਜ ਨਿਕਲੇ ਹਨ। ਇਸ ਲਈ ਉਹ ਉਸੇ ਦਿਨ ਸੁਲਤਾਨਪੁਰ ਨੂੰ ਵਾਪਸ ਮੁੜ ਗਿਆ ।

ਪਰ ਸਿੰਘ ਰਾਹੋਂ ਤੋਂ ਬਹੁਤ ਦੂਰ ਨਹੀਂ ਸਨ ਗਏ। ਉਹ ਲਾਗੇ ਝੱਲਾਂ ਵਿਚ ਹੀ ਦੜੇ ਹੋਏ ਸਨ । ਦੂਸਰੇ ਦਿਨ 3 ਅਕਤੂਬਰ (20 ਸ਼ਾਬਾਨ) ਨੂੰ ਸਵੇਰੇ ਹੀ ਹਜਾਰ ਕੁ ਸਿੰਘਾਂ ਦਾ ਜੱਥਾ ਮੁੜ ਰਾਹੋਂ ਆ ਪੁੱਜਾ ਅਤੇ ਉਸ ਨੇ ਸ਼ੱਮਸ ਖ਼ਾਨ ਦੇ ਆਦਮੀਆਂ ਨੂੰ ਕਿਲੇ ਵਿਚੋਂ ਕੱਢ ਕੇ ਆਪ ਕਬਜ਼ਾ ਕਰ ਲਿਆ।

ਇਹ ਸਿੰਘਾਂ ਦੀ ਲੜਾਈ ਦਾ ਇਕ ਖ਼ਾਸ ਹਥਕੰਡਾ ਸੀ ਜੋ ਉਨ੍ਹਾਂ ਨੇ ਮੁਗ਼ਲਾਂ, ਦੁੱਰਾਨੀਆਂ ਅਤੇ ਸਥਾਈ ਕਰਮਚਾਰੀਆਂ ਵਿਰੁੱਧ ਜੁੱਧਾਂ ਵਿਚ ਵਰਤਿਆ ਹੈ ਅਤੇ ਜਿਸ ਨੂੰ ਵੈਰੀਆਂ ਨੇ ਆਮ ਤੌਰ ਤੇ ਗ਼ਲਤੀ ਨਾਲ ਹਾਰ ਸਮਝਿਆ ਅਤੇ ਪ੍ਰਗਟ ਕੀਤਾ ਹੈ । ਸਿੰਘ ਜਦ ਕਦੀ ਮਿਥ ਕੇ ਮੈਦਾਨ ਵਿਚੋਂ ਭੱਜ ਪੈਂਦੇ ਤਾਂ ਵੈਰੀ ਇਸ ਨੂੰ ਸਿੰਘਾਂ ਦੀ ਭਾਂਜ ਸਮਝ ਕੇ ਉਨ੍ਹਾਂ ਦੇ ਪਿੱਛੇ ਲਗ ਤੁਰਦੇ ਅਤੇ ਉਨ੍ਹਾਂ ਦੀਆਂ ਅੱਖਾਂ ਤਦ ਖੁਲ੍ਹਦੀਆਂ ਜਦ ਕੁਝ ਦੂਰ ਨਿਕਲ ਕੇ ਸਿੰਘ ਭੱਜੇ ਜਾਂਦੇ ਜਾਂਦੇ ਅਚਾਣਕ ਹੀ ਇਕ ਦਮ ਪਿੱਛੇ ਮੁੜ ਪੈਂਦੇ ਅਤੇ ਜ਼ੋਰ ਦਾ ਹੱਲਾ ਕਰ ਕੇ ਆਮ ਫ਼ੌਜ ਤੋਂ ਵੱਖਰੇ ਹੋ ਕੇ ਦੂਰ ਨਿਕਲ ਆਏ ਵੈਰੀਆਂ ਉੱਤੇ ਟੁੱਟ ਪੈਂਦੇ ਅਤੇ ਉਨ੍ਹਾਂ ਦੀ ਸਫ਼ਾਈ ਕਰ ਦਿੰਦੇ । ਇਸ ਤਰ੍ਹਾਂ ਦੇ ਅਮਲੀ ਤਜਰਬੇ ਦੇ ਆਧਾਰ ਤੇ ਕਾਜੀ ਨੂਰ ਮੁਹੰਮਦ ਗੰਜਾਬਵੀ ਆਪਣੇ ‘ਜੰਗਨਾਮੇ’ ਵਿਚ ਆਪਣੇ ਮੁਸਲਮਾਨ ਭਰਾਵਾਂ ਨੂੰ ਸੁਚੇਤ ਕਰਦਾ ਹੋਇਆ ਕਹਿੰਦਾ ਹੈ ਕਿ : ਜੇ ਕਦੇ ਉਨ੍ਹਾਂ (ਸਿੰਘਾਂ) ਨੂੰ ਹਾਰ ਹੋ ਜਾਏ ਤਾਂ, ਐ ਜੁਆਨ, ਤੂੰ ਇਸ ਨੂੰ ਹਾਰ ਨਾ ਸਮਝੀ, ਕਿਉਂ ਕਿ ਇਹ ਉਨ੍ਹਾਂ ਦਾ ਲੜਾਈ ਦਾ ਇਕ ਮਕਰ ਹੈ। ਇਨ੍ਹਾਂ ਤੋਂ ਦੁਬਾਰਾ ਡਰੋ, ਡਰੋ।

ਕਿਉਂਕਿ ਇਨ੍ਹਾਂ ਦਾ ਇਹ ਮਕਰ (ਫ਼ਰੇਬ) ਇਸ ਤਰ੍ਹਾਂ ਹੁੰਦਾ ਹੈ ਕਿ ਗੁੱਸੇ ਵਿਚ ਆਏ ਹੋਏ ਵੈਰੀ ਦਾ ਮੁੜ ਜ਼ੋਰ ਪੈ ਜਾਂਦਾ ਹੈ।

ਜੋ ਇਨ੍ਹਾਂ ਦੇ ਪਿਛੇ ਦੌੜਦਾ ਹੈ ਉਹ ਆਪਣੇ ਲਸ਼ਕਰ ਤੋਂ ਨਿਖੜ ਜਾਂਦਾ ਹੈ ਅਤੇ ਆਪਣੇ ਮਦਦਗਾਰਾਂ ਤੋਂ ਜੁਦਾ ਹੋ ਜਾਂਦਾ ਹੈ।

ਇਸ ਤੋਂ ਬਾਅਦ ਇਹ ਮੂੰਹ ਭੁਆ ਕੇ ਪਿੱਛੇ ਨੂੰ ਮੁੜ ਪੈਂਦੇ ਹਨ ਅਤੇ ਜੇ (ਇਨ੍ਹਾਂ ਦੇ ਪਿਛੇ) ਪਾਣੀ (ਦਾ ਹੜ੍ਹ) ਭੀ ਹੋਵੇ ਤਾਂ ਉਸ ਨੂੰ ਭੀ ਅੱਗ ਲਾ ਦਿੰਦੇ ਹਨ ।

ਕੀ ਤੂੰ ਨਹੀਂ ਸੀ ਵੇਖਿਆ ਕਿ ਜੰਗ ਵਿਚ ਇਹ ਖ਼ਾਨ ਦੇ ਸਾਹਮਣੇ ਮਕਰ ਕਰ ਕੇ (ਝੂਠ ਮੂਠ) ਭੱਜ ਪਏ ਸਨ ਅਤੇ ਫੇਰ ਪਿੱਛੇ ਮੁੜ ਪਏ ਸਨ ਅਤੇ ਖ਼ਾਨ ਨੂੰ ਘੇਰੇ ਵਿਚ ਲੈ ਲਿਆ ਸੀ ।

ਬਹਾਦੁਰ ਸ਼ਾਹ ਬਾਦਸ਼ਾਹ ਨੂੰ 1-2 ਅਕਤੂਬਰ 1710 (19 ਸ਼ਾਬਾਨ 1122 ਹਿਜਰੀ) ਦੀ ਰਾਤ ਨੂੰ ਸਿੰਘਾਂ ਦੇ ਰਾਹੋਂ ਤੋਂ ਖਿਸਕ ਜਾਣ ਦੀ ਖਬਰ 15 ਅਕਤੂਬਰ ਸਨ 1710 (3 ਰਮਜਾਨ ਸਨ, 4 ਜਲੂਸੀ) ਨੂੰ ਪੁੱਜੀ ਜਦ ਕਿ ਉਹ ਸੋਨੀਪਤ ਦੇ ਲਾਗੇ ਉਤਰਿਆ ਹੋਇਆ ਸੀ । ਸਿੰਘਾਂ ਦੇ ਮੁੜ ਰਾਹੋਂ ਉੱਤੇ ਕਬਜ਼ਾ ਕਰ ਲੈਣ ਦੀ ਖਬਰ ਦੇਰ ਨਾਲ ਪੁੱਜੀ ਹੋਣੀ ਹੈ।

ਰਾਹੋਂ ਉੱਤੇ ਤਹਿਤ ਬਿਠਾ ਕੇ ਸਿੰਘ ਜਲੰਧਰ ਵੱਲ ਨੂੰ ਚੜ੍ਹ ਪਏ । ਇੱਥੇ ਦੇ ਪਠਾਣ ਇਤਨੇ ਡਰੇ ਹੋਏ ਸਨ ਕਿ ਉਹ ਸਿੰਘਾਂ ਦੇ ਪੁੱਜਣ ਦੀ ਸੋ ਸੁਣ ਕੇ ਹੀ ਸ਼ਹਿਰੋਂ ਭੱਜ ਗਏ ਅਤੇ ਜਲੰਧਰ ਉੱਤੇ ਸਿੰਘਾਂ ਦਾ ਸੌਖੇ ਹੀ ਕਬਜ਼ਾ ਹੋ ਗਿਆ । ਇਸੇ ਤਰ੍ਹਾਂ ਹੀ ਬਜਵਾੜੇ (ਹੁਸ਼ਿਆਰ ਪੁਰ) ਦੇ ਸਰਕਾਰੀ ਕਰਮਚਾਰੀ ਨੇ ਕੋਈ ਟਾਕਰਾ ਨਾ ਕੀਤਾ ਅਤੇ ਈਨ ਮੰਨ ਲਈ। ਗੱਲ ਕੀ ਥੋੜ੍ਹੇ ਚਿਰ ਵਿਚ ਲਗਭਗ ਸਾਰਾ ਦੁਆਬਾ ਬਿਸਤ ਜਲੰਧਰ ਸਿੰਘਾਂ ਦੇ ਤਹਿਤ ਵਿਚ ਆ ਗਿਆ। ਦੁਆਬੇ ਦਾ ਫ਼ੌਜਦਾਰ ਖੁਦ ਸ਼ੱਮਸ ਖ਼ਾਨ ਭੀ ਸੁਲਤਾਨ ਪੁਰ ਵਿਚ ਆਰਾਮ ਨਾਲ ਨਾ ਰਹਿ ਸਕਿਆ ਅਤੇ ਮੁਆੱਸਿਰੂ-ਲ-ਉਮਰਾ (ਜਿਲਦ 3-128) ਅਨੁਸਾਰ ਸ਼ਮਸ ਖ਼ਾਨ ਅਤੇ ਸਿੰਘਾਂ ਦੇ ਵਿਚਕਾਰ ਬਾਈ ਲੜਾਈਆਂ ਹੋਈਆਂ । ਇਸ ਵੇਲੇ ਦੀ ਦੇਸ਼ ਦੀ ਹਾਲਤ ਸੰਖੇਪ ਨਾਲ ਇਸ ਤਰ੍ਹਾਂ ਸੀ :

ਚੜ੍ਹਦੇ ਅਤੇ ਚੜ੍ਹਦੇ-ਦੱਖਣੀ ਪੰਜਾਬ ਵਿਚ ਹਰ ਥਾਂ ਸਿੰਘ ਉਠ ਖੜੋਏ ਹੋਏ ਸਨ। ਸ਼ਹਿਰ ਲਾਹੌਰ ਤੋਂ ਬਿਨਾ, ਜਿੱਥੇ ਕਿ ਸ਼ਾਹੀ ਸੂਬੇਦਾਰ ਅਤੇ ਹੋਰ ਵੱਡੇ ਵੱਡੇ ਸਰਕਾਰੀ ਕਰਮਚਾਰੀ ਸਨ, ਲਗਭਗ ਸਾਰਾ ਮਾਝਾ, ਰਿਆੜਕੀ ਅਤੇ ਪਠਾਨਕੋਟ ਤਕ ਕੰਢੀ ਦਾ ਇਲਾਕਾ ਸਿੰਘ ਦੇ ਤਹਿਤ ਵਿਚ ਸੀ । ਦੁਆਬੇ ਬਿਸਤ ਜਲੰਧਰ ਵਿਚ ਭੀ ਸਿੰਘਾਂ ਦਾ ਬੋਲ ਬਾਲਾ ਸੀ ਅਤੇ ਸ਼ੱਮਸ ਖ਼ਾਨ ਨਾਉਂ ਮਾਤਰ ਦਾ ਹੀ ਹਾਕਮ ਸੀ । ਜਮਨਾ ਦੇ ਚੜ੍ਹਦੇ ਪਾਸੇ ਗੰਗਾ-ਦੁਆਬ ਦਾ ਉਪਰਲਾ ਹਿੱਸਾ ਸਿੰਘਾਂ। ਗਾਹ ਮਾਰਿਆ ਸੀ ਅਤੇ ਸਤਲੁਜ ਦੇ ਦੱਖਣ ਨੂੰ ਮਾਛੀਵਾੜੇ ਤੋਂ ਕਰਨਾਲ ਤਕ ਦਾ ਸਰਹੰਦ ਦਾ ਸਾਰਾ ਇਲਾਕਾ ਸਿੰਘਾਂ ਦੇ ਕਬਜ਼ੇ ਵਿਚ ਸੀ ਜਿਥੇ ਕਿ ਸਰਦਾਰ ਬਾਜ ਸਿੰਘ ਹਾਕਮ ਸੀ ਅਤੇ ਥਾਂ ਥਾਂ ਸਿੱਖ ਫ਼ੌਜਦਾਰ ਅਤੇ ਥਾਣੇਦਾਰ ਨਿਯਤ ਸਨ । ਸਿੰਘ ਦਿੱਲੀ ਦੇ ਉੱਤਰੀ ਇਲਾਕੇ ਵਿਚ ਭੀ ਜਾ ਪੁੱਜੇ ਸਨ। ਅਤੇ ਇਰਾਦਤ ਖ਼ਾਨ ਦੇ ਕਥਨ ਅਨੁਸਾਰ ‘ਦਿੱਲੀ ਵਿਚ ਕੋਈ ਅਜਿਹਾ ਸਰਦਾਰ ਨਹੀਂ ਸੀ ਜਿਸ ਵਿਚ ਦਿੱਲੀਓਂ ਉਨ੍ਹਾਂ ਦੇ ਵਿਰੁੱਧ ਚੜ੍ਹਾਈ ਕਰਨ ਦੀ ਦਲੇਰੀ ਹੁੰਦੀ । ਰਾਜਧਾਨੀ ਦਾ ਵੱਡਾ ਸਰਕਾਰੀ ਹਾਕਮ ਆਸਫ਼-ਦੋਲਾ ਅਸਦ ਖ਼ਾਨ ਚੂੰਕਿ ਡਰਦਾ ਪਿਆ ਜਾਪਦਾ ਸੀ, ਇਸ ਲਈ ਸ਼ਹਿਰ ਦੇ ਵਸਨੀਕ ਦਿਸ ਰਹੇ ਝੱਖੜ ਤੋਂ ਬਚਨ ਲਈ ਆਪਣੇ ਬਾਲ ਬੱਚੇ ਅਤੇ ਮਾਲ ਮਤਾਹ ਸਮੇਤ ਪੂਰਬ ਵੱਲ ਦੇ ਸੂਬਿਆਂ ਨੂੰ ਭੱਜਣੇ ਸ਼ੁਰੂ ਹੋ ਗਏ ਸਨ । ਜੇ ਕਿਧਰੇ ਕਰਨਾਲ ਦੇ ਪਾਸੇ ਦੇ ਇਕ ਮੁਸਲਮਾਨ ਰਾਜਪੂਤ ਜਿਮੀਂਦਾਰ ਸਰਦਾਰ ਖ਼ਾਨ ਦੀ ਹਿਲ-ਜੁਲ ਨ ਹੁੰਦੀ ‘ਤਾਂ ਉਨ੍ਹਾਂ (ਸਿੰਘਾਂ) ਨੂੰ ਦਿੱਲੀ ਉੱਤੇ ਚੜ੍ਹਾਈ ਕਰਨੋਂ ਕੋਈ ਰੋਕਣ ਵਾਲਾ ਨਹੀਂ ਸੀ, ਅਤੇ ਜੇ ਬਹਾਦਰ ਸ਼ਾਹ ਦੱਖਣੋਂ ਨਾ ਚਲ ਪੈਂਦਾ ਜਿਵੇਂ ਕਿ ਸਨ 1710 ਈਸਵੀ ਵਿਚ ਉਹ ਤੁਰ ਪਿਆ, ਅਤੇ ਸਾਰੀ ਸ਼ਾਹੀ ਫ਼ੌਜ ਸਮੇਤ ਪੰਜਾਬ ਵੱਲ ਨੂੰ ਕੂਚ ਨਾ ਕਰ ਦਿੰਦਾ, ਤਾਂ ਜੌਨ ਮੈਲਕਮ ਦੇ ਕਹਿਣ ਅਨੁਸਾਰ, ‘ਹਰ ਇਕ ਦਲੀਲ ਇਹ ਖ਼ਿਆਲ ਕਰ ਲੈਣ ਦੇ ਹੱਕ ਵਿਚ ਸੀ ਕਿ ਸਾਰਾ ਹਿੰਦੁਸਤਾਨ ਹੀ ਇਨ੍ਹਾਂ ਹੱਲੇ ਕਰਨ ਵਾਲਿਆਂ (ਸਿੰਘਾਂ) ਦੇ ਤਹਿਤ ਹੇਠ ਹੋ ਗਿਆ ਹੁੰਦਾ।’

ਬਾਦਸ਼ਾਹ ਬਹਾਦੁਰ ਸ਼ਾਹ ਦਾ ਸਿੰਘਾਂ ਵਿਰੁੱਧ ਕੂਚ

ਬਾਦਸ਼ਾਹ ਬਹਾਦੁਰ ਸ਼ਾਹ ਨੂੰ ਪੰਜਾਬ ਵਿਚ ਸਿੰਘਾਂ ਦੇ ਉਠ ਖੜੋਣ ਦੀਆਂ ਖ਼ਬਰਾਂ ਸੰਨ 1709 ਦੇ ਅਖੀਰ ਵਿਚ ਹੀ ਦਸੰਬਰ ਦੇ ਮਹੀਨੇ ਜਾਂ ਸੰਨ 1710 ਦੇ ਆਰੰਭ ਵਿਚ ਜਨਵਰੀ ਦੇ ਸ਼ੁਰੂ ਵਿਚ ਪੁੱਜਣ ਲੱਗ ਪਈਆਂ ਸਨ । ਬਾਦਸ਼ਾਹੀ ਦਰਬਾਰ ਦੀਆਂ ਖ਼ਬਰਾਂ (ਅਖ਼ਬਾਰ ਦਰਬਾਰਿ-ਮੁਅੱਲਾ) ਦੇ ਜੈਪੁਰ ਵਿਚ ਸੁਰੱਖਿਅਤ ਸੰਚੇ ਵਿਚ ਇਕ ਖ਼ਬਰ ਤੋਂ, ਜਿਸ ਉੱਤੇ ਤਾਰੀਖ਼ ਕੋਈ ਨਹੀਂ ਪਈ ਹੋਈ ਅਤੇ ਉਪਰਲੇ ਪੱਤਰੇ ਉੱਤੇ 131 ਨੰਬਰ ਦਿੱਤਾ ਹੋਇਆ ਹੈ ਅਤੇ ਸੰਮਤ ਬਹਾਦੁਰ ਸ਼ਾਹੀ ਲਿਖਿਆ ਹੋਇਆ ਹੈ, ਪਤਾ ਲਗਦਾ ਹੈ ਕਿ ਇਸ ਵੇਲੇ ਤਕ ਸਿੰਘਾਂ ਨੇ ਸਢੌਰਾਂ ਮਾਰ ਲਿਆ ਹੋਇਆ ਸੀ (ਜੋ 11 ਨਵੰਬਰ ਸੰਨ 1709 ਨੂੰ ਸਮਾਣਾ ਮਾਰਨ ਤੋਂ ਬਾਅਦ ਦੀ ਗੱਲ ਹੈ।) ਸਰਹੰਦ ਦੇ ਫੌਜਦਾਰ ਵਜ਼ੀਰ ਖ਼ਾਨ ਦੇ ਵਕੀਲ ਨੇ ਖ਼ਬਰ ਭੇਜਣ ਵਾਲੇ ਨੂੰ ਕਿਹਾ ਸੀ ਕਿ “ਇਸ ਫਸਾਦ ਦੀ ਅੱਗ ਨੂੰ ਮਾਮੂਲੀ ਨਹੀਂ ਸਮਝਦਾ ਚਾਹੀਦਾ, ਸੱਤਰ ਹਜ਼ਾਰ ਦੇ ਲਗ ਭਗ ਸਿੱਖ ਸਢੌਰੇ ਕੰਪੂ ਪਾਈ ਬੈਠੇ ਹਨ, ਗੁਰੂ ਦਾ ਨਾਉਂ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਇਹ ਮਹਾਤਮਾ (ਸੱਯਦ, ਸਿੱਧ) ਅਗੰਮੋਂ ਸਾਡੇ ਨਾਲ ਆ ਰਲਿਆ ਹੈ (ਇਸ ਤੋਂ ਬੰਦਾ ਸਿੰਘ ਵੱਲ ਇਸ਼ਾਰਾ ਜਾਪਦਾ ਹੈ) । ਨਵਾਬ ਨਿਜ਼ਾਮ-ਉਲ-ਮੁਲਕ ਨੇ ਵਜ਼ੀਰ ਖ਼ਾਨ ਫ਼ੌਜਦਾਰ ਸਰਹੰਦ ਦੀਆਂ ਚਿੱਠੀਆਂ ਪੜ੍ਹ ਕੇ ਫ਼ੈਸਲਾ ਕੀਤਾ ਹੈ ਕਿ ਹਿਸਾਰ ਦਾ ਫ਼ੌਜਦਾਰ ਵਜੀਰ ਖ਼ਾਨ ਨਾਲ ਸ਼ਾਮਲ ਹੋਵੇ । (ਖ਼ਬਰ ਦੇ ਅੰਤ ਵਿਚ ਲਿਖਿਆ ਹੋਇਆ ਹੈ ਕਿ) ਇਹ ਵਿਚਾਰੇ ਬੜੀ ਲਾਚਾਰੀ ਵਿਚ ਹਨ। ਪਤਾ ਨਹੀਂ ਰੱਬ ਨੂੰ ਕੀ ਮਨਜੂਰ ਹੈ?” “ਲਾਹੌਰ ਵਿਚ ਸੂਬੇ ਦੇ ਆਦਮੀਆਂ ਨਾਲ ਇਸ ਜਮਾਤ ਦੇ ਲੋਕਾਂ ਨੇ ਲੜਾਈ ਕੀਤੀ ਹੈ ਅਤੇ ਕਈਆਂ ਨੂੰ ਮਾਰ ਮੁਕਾਇਆ ਹੈ* ਅਤੇ ਇਸ ਵੇਲੇ ਸਾਰੀ ਥਾਈਂ ਇਨ੍ਹਾਂ ਦਾ ਗ਼ਲਬਾ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੇ ਆ ਕੇ ਸਹਾਰਨਪੁਰ ਨੂੰ ਘੇਰਾ ਪਾਇਆ ਹੋਇਆ ਹੈ।”

25 ਫਰਵਰੀ, 1710 (7 ਮੁਹੱਰਮ, ਸਨ 4 ਬ.) ਨੂੰ ਵਜ਼ੀਰ ਖ਼ਾਨ ਦੀ ਅਰਜੀ ਬਾਦਸ਼ਾਹ ਦੇ ਪੇਸ਼ ਹੋਈ। 23 ਅਪ੍ਰੈਲ (5 ਰੱਬੀ-ਉਲ-ਅਵੱਲ) ਨੂੰ ਲਾਹੌਰ ਦੇ ਦੀਵਾਨ ਦੀ ਲਿਖਤ ਪੁੱਜੀ ਜਿਸ ਉੱਤੇ ਹੁਕਮ ਹੋਇਆ ਕਿ ਇਰਦ ਗਿਰਦ ਦੇ ਫੌਜਦਾਰਾਂ ਨੂੰ ਲਿਖਿਆ ਜਾਏ ਕਿ ਲੋੜ ਵੇਲੇ ਇਕੱਠੇ ਹੋ ਕੇ ਇਸ ਦੀ ਸਹਾਇਤਾ ਕਰਨ । ਮਾਲੂਮ ਹੁੰਦਾ ਹੈ ਕਿ ਸਰਹੰਦ ਉੱਤੇ ਹੱਲਾ ਕਰਨ ਤੋਂ ਪਹਿਲਾਂ ਬੰਦਾ ਸਿੰਘਾਂ ਨੇ ਕੁਝ ਸਿੰਘ ਜਮੁਨਾ ਪਾਰ ਸਹਾਰਨਪੁਰ ਵੱਲ ਇਸ ਲਈ ਭੇਜ ਦਿੱਤੇ ਸਨ ਤਾਂ ਕਿ ਪਾਰਲੇ “ਇਸ ਤੋਂ ਸੰਨ 1709 ਦੀਆਂ ਗਰਮੀਆਂ ਵਿਚ ਅਸਲਮ ਖ਼ਾਂ ਨਾਇਬ ਸੂਬੇਦਾਰ ਲਾਹੌਰ ਦੇ ਹੁਕਮ ਨਾਲ ਆਏ ਪੱਟੀ ਦੇ ਅਮੀਨ ਹਰਿ ਸਹਾਏ ਅਤੇ ਨੁਸ਼ਹਿਰਾ ਪੁਨੂਆਂ ਦੇ ਚੌਧਰੀ ਦੇਵੇ ਜੱਟ ਨਾਲ ਅੰਮ੍ਰਿਤਸਰ ਵਿਚ ਸਿੰਘਾਂ ਦੀਆਂ ਹੋ ਪਈਆਂ ਲੜਾਈਆਂ ਵੱਲ ਇਸਾਰਾ ਹੈ।  ਮੁਸਲਮਾਨ ਕਰਮਚਾਰੀ ਪਾਰ ਹੀ ਰੁਝੇ ਰਹਿਣ ਅਤੇ ਸਰਹੰਦ ਦੀ ਸਹਾਇਤਾ ਲਈ ਨਾ ਆ ਸਕਣ। ਇਸ ਲਈ 12 ਮਈ ਨੂੰ ਜਦ ਪਰਤੀਤ ਰਾਓ ਹਰਕਾਰੇ ਨੇ ਪੰਜਾਬ ਦੀਆਂ ਖ਼ਬਰਾਂ ਦੱਸਦੇ ਹੋਏ ਬੰਦਾ। ਸਿੰਘ ਦਾ ਜ਼ਿਕਰ ਕੀਤਾ ਅਤੇ ਸਹਾਰਨਪੁਰ ਵੱਲ ਸਿੰਘਾਂ ਦੇ ਜਮਾਂ ਹੋਣ ਦੀ ਖ਼ਬਰ ਸੁਣਾਈ ਤਾਂ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਫ਼ੌਜਦਾਰਾਂ ਨੂੰ ਤਾਕੀਦ ਕੀਤੀ ਜਾਏ ਕਿ ਇਨ੍ਹਾਂ ਨੂੰ ਸਿੱਧਾ ਕਰਨ । 17 ਮਈ ਨੂੰ ਬਾਦਸ਼ਾਹ ਪਾਸ ਅਰਜ ਹੋਈ ਕਿ ਆਸਫ਼ਦੌਲਾ ਨੇ ਇਕ ਲੱਖ ਰੁਪਈਆ ਸੱਯਦ ਅਬਦੁੱਲਾ ਖ਼ਾਨ ਬਹਾਦੁਰ ਨੂੰ ਦੇ ਕੇ ਸਹਾਰਨਪੁਰ ਵੱਲ ਸਿੰਘਾਂ ਵੱਲੋਂ ਖੜਾ ਕੀਤਾ ਫ਼ਸਾਦ ਮਿਟਾਉਣ ਲਈ ਕਿਹਾ। ਹੈ ਅਤੇ ਖ਼ਾਨ-ਦੌਰਾਨ ਆਦਿ ਨੂੰ ਭੀ ਇਸ ਕੰਮ ਲਈ ਨਿਯਤ ਕੀਤਾ ਹੈ। 20 ਮਈ, ਸੰਨ 1710 ਨੂੰ ਬਾਦਸ਼ਾਹ ਨੂੰ ਅਜਮੇਰ ਦੇ ਲਾਗੇ ਖ਼ਬਰ ਮਿਲ ਗਈ ਕਿ ਸਰਹੰਦ ਦਾ ਫ਼ੌਜਦਾਰ ਵਜ਼ੀਰ ਖ਼ਾਨ ਸਿੰਘਾਂ ਨਾਲ ਲੜਾਈ ਵਿਚ 12 ਮਈ ਨੂੰ ਮਾਰਿਆ ਗਿਆ ਹੈ ਅਤੇ ਬੰਦਾ ਸਿੰਘ ਨੇ ਸਰਹੰਦ ਉੱਤੇ ਕਬਜ਼ਾ ਕਰ ਲਿਆ ਹੈ । 24 ਮਈ (6 ਰੱਬੀ-ਉ-ਸਾਨੀ, 4 ਬ.) ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਰਾਜਧਾਨੀ (ਦਿੱਲੀ) ਦੇ ਮੁਤਸੱਦੀਆਂ ਨੂੰ ਲਿੱਖਿਆ ਜਾਵੇ ਕਿ ਅੱਠ ਲੱਖ ਰੁਪਿਆ ਖ਼ਾਨ ਜਾਨ ਬਹਾਦੁਰ ਸੂਬੇਦਾਰ ਅਲਾਹਾਬਾਦ ਅਤੇ ਸੱਯਦ ਅਬਦੁੱਲਾ ਖ਼ਾਨ ਬਹਾਦੁਰ ਨੂੰ ਸਹਾਇਤਾ ਵਜੋਂ ਦਿੱਤਾ ਜਾਵੇ ਅਤੇ ਅਫ਼ਜ਼ਲ ਖ਼ਾਨ ਦਿੱਲੀ ਜਾ ਕੇ ਖ਼ਾਨ (ਜਾਨ) ਬਹਾਦੁਰ ਨੂੰ ਸੱਯਦ ਅਬਦੁੱਲਾ ਖ਼ਾਨ, ਸ਼ਮਸ਼ੇਰ ਖ਼ਾਨ, ਚੇਤ ਸਿੰਘ ਜ਼ਿਮੀਂਦਾਰ ਕਮਾਊਂ, ਅਨੂਪ ਸਿੰਘ ਅਤੇ ਈਸਾ ਖ਼ਾਨ ਆਦਿ ਨੂੰ ਬੰਦਾ ਸਿੰਘ ਦੇ ਵਿਰੁੱਧ ਭੇਜੇ। 27 ਮਈ (9 ਰੱਬੀ-ਉ-ਸਾਨੀ) ਨੂੰ ਸਫ਼-ਸ਼ਿਕਨ ਖ਼ਾਨ ਨੇ ਅਰਜ਼ ਕੀਤੀ ਕਿ ਜੇ ਸਰਹੰਦ ਦੀ ਫ਼ੌਜਦਾਰੀ, ਫ਼ੌਜ ਅਤੇ ਮਸਾਲਾ ਮੈਨੂੰ ਮਿਲ ਜਾਏ ਤਾ ਮੈਂ ਫਸਾਦੀ ਬੰਦਾ ਸਿੰਘ ਨੂੰ ਸੋਧ ਦਿਆਂਗਾ । ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬਖ਼ਸ਼ੀ-ਉਲ-ਮੁਮਾਲਿਕ ਦੱਸੇ ਕਿ ਕਿਤਨੇ ਸਮਾਨ ਦੀ ਲੋੜ ਹੋਵੇਗੀ।

28 ਮਈ ਨੂੰ ਬਾਦਸ਼ਾਹ ਦੀ ਸੇਵਾ ਵਿਚ ਅਰਜ਼ ਹੋਈ ਕਿ ਰਾਜਾ ਅਜੀਤ ਸਿੰਘ (ਰਾਠੌਰ) ਅਤੇ ਰਾਜਾ ਜੈ ਸਿੰਘ (ਕਛਵਾਹਾ) ਸਾਂਭਰ ਤੋਂ ਮਨੋਹਰ ਪੁਰ ਵੱਲ ਨੂੰ ਕੂਚ ਕਰ ਗਏ ਹਨ । ਉਨ੍ਹਾਂ ਨੂੰ ਗੁਰੂ [ਬੰਦਾ ਸਿੰਘ] ਦੀਆਂ ਚਿੱਠੀਆਂ ਆਈਆਂ ਸਨ ਅਤੇ ਉਨ੍ਹਾਂ ਨੇ ਜਵਾਬ ਲਿਖ ਭੇਜੇ ਹਨ। ਮੁਨਇਮ ਖ਼ਾਨ ਅਤੇ ਮਹਾਬਤ ਖ਼ਾਨ ਦੇ ਯਤਨਾਂ ਨਾਲ ਇਹ ਰਾਜੇ 11 ਜੂਨ ਨੂੰ ਬਾਦਸ਼ਾਹ ਦੇ ਹਜੂਰ ਆ ਹਾਜ਼ਰ ਹੋਏ । ਬਾਦਸ਼ਾਹ ਨੇ ਇਨ੍ਹਾਂ ਦਾ ਬੜਾ ਸਤਿਕਾਰ ਕੀਤਾ, ਵਡ-ਮੁੱਲੀਆਂ ਖਿੱਲਤਾਂ ਅਤੇ ਇਨਾਮ ਅਤੇ ਤਸੱਲੀ ਦੇ ਕੇ ਵਤਨਾਂ ਨੂੰ ਵਿਦਾ ਕੀਤਾ ।

10 ਜੂਨ (23 ਰੱਬੀ-ਉ-ਸਾਨੀ) ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਸੂਬਾ ਲਾਹੌਰ ਦੇ ਮੁਤਸੱਦੀਆਂ ਨੂੰ ਲਿਖਿਆ ਜਾਏ ਕਿ ਸੁਰਗਵਾਸੀ ਵਜ਼ੀਰ ਖ਼ਾਨ ਦੇ ਭਤੀਜੇ ਮੁਹੰਮਦ ਤਕੀ ਨੂੰ ਤਿੰਨ ਹਜ਼ਾਰ ਰੁਪਈਆ ਖ਼ਰਚ ਲਈ ਦੇ ਕੇ ਬਾਦਸ਼ਾਹ ਦੇ ਹਜੂਰ ਭੇਜ ਦੇਣ।

ਜਿਵੇਂ ਪਿੱਛੇ ਦੱਸਿਆ ਜਾ ਚੁੱਕਾ ਹੈ, ਬਾਦਸ਼ਾਹ ਬਹਾਦੁਰ ਸ਼ਾਹ ਇਸ ਵੇਲੇ ਆਪਣੇ ਭਰਾ ਕਾਮ ਬਖ਼ਸ਼ ਦੇ ਵਿਰੁੱਧ ਦੱਖਣ ਦੀ ਮੁਹਿੰਮ ਮੁਕਾ ਕੇ ਰਾਜਪੁਤਾਨੇ ਨੂੰ ਇਸ ਲਈ ਆਇਆ ਸੀ ਕਿ ਇਥੇ ਦੇ ਅੜੀਅਲ ਰਾਜਾ ਜੈ ਸਿੰਘ ਕਛਵਾਹਾ ਅਤੇ ਜਸਵੰਤ ਸਿੰਘ ਰਾਠੌੜ ਦੇ ਪੁੱਤਰ ਰਾਜਾ ਅਜੀਤ ਸਿੰਘ ਨੂੰ ਸੋਧਦਾ ਜਾਵੇ । ਪਰ ਪੰਜਾਬ ਦੀਆਂ ਭਿਆਨਕ ਖ਼ਬਰਾਂ ਅਤੇ ਖ਼ਾਸ ਕਰ ਸਰਹੰਦ ਉੱਤੇ ਬੰਦਾ ਸਿੰਘ ਦੇ ਕਬਜ਼ੇ ਨੇ ਬਾਦਸ਼ਾਹ ਦੀ ਸਲਾਹ ਬਦਲ ਦਿੱਤੀ । ਦਿੱਲੀ ਤੋਂ ਆਸਫ਼-ਦੌਲਾ ਅਸਦ ਖ਼ਾਨ ਦੀਆਂ ਅਰਜੀਆਂ ਅਤੇ ਦੀਵਾਨ ਤਾਜ ਦੀਨ, ਦੀਵਾਨ ਹਾਫ਼ਿਜ ਖ਼ਾਨ, ਹਸਨ ਰਜਾ ਕੋਤਵਾਲ, ਬਖ਼ਸ਼ੀ ਫ਼ਖ਼ਰੁੱਦੀਨ, ਮੁਹੰਮਦ ਤਾਹਿਰ ਅਤੇ ਕਾਜੀ ਦਰਵੇਸ਼ ਮੁਹੰਮਦ ਦੀਆਂ ਲਿਖਤਾਂ ਅਤੇ ਖ਼ਬਰਾਂ ਨੇ ਬਾਦਸ਼ਾਹ ਦਾ ਧਿਆਨ ਜਿਆਦਾ ਪੰਜਾਬ ਵੱਲ ਮੋੜ ਦਿੱਤਾ। ਇਨ੍ਹਾਂ ਦਿਨਾਂ ਵਿਚ ਹੀ ਸਰਹੰਦ ਅਤੇ ਥਾਨੇਸਰ ਦੇ ਕੁਝ ਸਿਰਕੱਢ ਬੰਦਿਆਂ ਅਤੇ ਸਮਾਣੇ ਅਤੇ ਸਢੌਰੇ ਦੇ ਪੀਰਜਾਦੇ ਨੇ ਅਜਮੇਰ 11-12 ਜੂਨ ਨੂੰ ਬਾਦਸ਼ਾਹ ਪਾਸ ਆ ਫ਼ਰਿਆਦ ਕੀਤੀ ਅਤੇ ਵਾ-ਵੇਲਾ ਮਚਾਇਆ । ਇਸ ਦਾ ਬਾਦਸ਼ਾਹ ਦੇ ਮਨ ਉੱਤੇ ਬੜਾ ਅਸਰ ਹੋਇਆ ਅਤੇ ਉਸ ਨੇ ਸਿੱਧਾ ਪੰਜਾਬ ਨੂੰ ਜਾਣ ਦਾ ਇਰਾਦਾ ਕਰ ਲਿਆ। ਬਾਦਸ਼ਾਹੀ ਰਾਜਧਾਨੀ ਦੇ ਇਤਨੇ ਨਜ਼ਦੀਕ ਇਸ ਪ੍ਰਕਾਰ ਦੀ ਆਮ ਜਨਤਾ ਦੀ ਬਗ਼ਾਵਤ, ਜਿਹੀ ਕਿ ਸਿੱਖਾਂ ਨੇ ਖੜੀ ਕਰ ਦਿੱਤੀ ਹੋਈ ਸੀ, ਰਾਜਪੂਤਾਂ ਦੇ ਝਗੜੇ ਨਾਲੋਂ ਜ਼ਿਆਦਾ ਖ਼ਤਰਨਾਕ ਅਤੇ ਦੂਰੀ ਅਸਰ ਵਾਲੇ ਨਤੀਜੇ ਪੈਦਾ ਕਰ ਸਕਦੀ ਸੀ । ਰਾਜਪੂਤਾਂ ਨੂੰ ਜੇ ਆਪਣੇ ਖ਼ਾਨਦਾਨੀ ਇਲਾਕਿਆਂ ਵਿਚ ਰਹਿਣ ਭੀ ਦਿੱਤਾ ਜਾਏ ਤਾਂ ਭੀ ਉਨ੍ਹਾਂ ਦੇ ਹੋਰ ਵਧੀਕੀਆਂ ਕਰਨ ਦੀ ਸੰਭਾਵਨਾ ਨਹੀਂ ਸੀ । ਇਸ ਲਈ ਬਾਦਸ਼ਾਹ ਨੇ ਉਨ੍ਹਾਂ ਦੇ ਕਸੂਰ ਅੱਖੋਂ ਉਹਲੇ ਕਰ ਕੇ ਉਨ੍ਹਾਂ ਦੇ ਵਿਰੁੱਧ ਚੜ੍ਹਾਈ ਦਾ ਖ਼ਿਆਲ ਛੱਡ ਦਿੱਤਾ ।

ਇਸ ਵੇਲੇ ਬਾਦਸ਼ਾਹ ਅਤੇ ਵਜ਼ੀਰ ਮੁਨਇਮ ਖ਼ਾਨ ਵਿਚਕਾਰ ਮਤ-ਭੇਦ ਹੋ ਗਿਆ। ਵਜ਼ੀਰ ਕਹਿੰਦਾ ਸੀ ਕਿ ਇਤਨੇ ਬੜੇ ਪ੍ਰਤਾਪੀ ਬਾਦਸ਼ਾਹ ਲਈ ਸਿੱਖਾਂ ਵਰਗੇ ਤੁੱਛ ਬਾਗ਼ੀਆਂ ਵਿਰੁੱਧ ਆਪ ਚੜ੍ਹਾਈ ਕਰਨਾ ਉਸ ਦੀ ਸ਼ਾਨ ਦੇ ਵਿਰੁੱਧ ਹੈ ਅਤੇ ਸੌਹਾਂ ਖਾ ਕੇ ਜੁਮੇਵਾਰੀ ਲੈਂਦਾ ਸੀ ਕਿ ਉਹ ਬੰਦਾ ਸਿੰਘ ਨੂੰ ਫੜ ਕੇ ਬਾਦਸ਼ਾਹ ਦੇ ਹਜੂਰ ਪੇਸ਼ ਕਰੇਗਾ, ਪਰ ਇਰਾਦਤ ਖ਼ਾਨ ਦਸਦਾ ਹੈ ਕਿ ਇਸ ਮਤ-ਭੇਦ ਦੇ ਹੁੰਦੇ ਭੀ ਬਾਦਸ਼ਾਹ ਨੇ ਆਪਣਾ ਧਾਰਮਕ ਫ਼ਰਜ਼ ਸਮਝਿਆ ਹੈ ਕਿ ਉਹ ਸਿੱਖਾਂ ਦੇ ਵਿਰੁੱਧ ਜਹਾਦ ਵਿਚ ਖ਼ੁਦ ਸ਼ਾਮਲ ਹੋਵੇ ਅਤੇ ਆਪਣੇ ਪਿਤਾ ਔਰੰਗਜ਼ੇਬ ਦੀ ਕਾਇਮ ਕੀਤੀ ਮਿਸਾਲ ਪਰ ਚਲੇ ਜਿਵੇਂ ਕਿ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਕਾਫ਼ਰਾਂ ਦੇ ਹਰ ਕਿਲੇ ਨੂੰ ਘੇਰਾ ਪਾਉਣ ਵੇਲੇ ਉਹ ਆਪ ਮੌਜੂਦ ਹੁੰਦਾ ਸੀ।

ਬਹਾਦੁਰ ਸ਼ਾਹ ਬਾਦਸ਼ਾਹ ਨੇ ਨਿਜ਼ਾਮੁਲ-ਮੁਲਕ ਆਸਫ਼-ਦੌਲਾ ਅਸਦ ਖ਼ਾਨ ਨੂੰ ਹੁਕਮ ਭੇਜੇ ਕਿ ਉਹ ਸਿੱਖਾਂ ਦੇ ਵਿਰੁੱਧ ਝਟ ਪਟ ਚੜ੍ਹਾਈ ਕਰਨ ਲਈ ਫ਼ੌਜ ਤਿਆਰ ਕਰੇ ਅਤੇ ਅਵਧ ਦੇ ਸੂਬੇਦਾਰ ਖ਼ਾਨ-ਦੋਰਾਨ, ਮੁਰਾਦਾਬਾਦ ਦੇ ਫ਼ੌਜਦਾਰ ਮੁਹੰਮਦ ਅਮੀਨ ਖ਼ਾਨ ਚੀਨ-ਬਹਾਦੁਰ, ਅਲਾਹਾਬਾਦ ਦੇ ਨਾਜਿਮ ਖ਼ਾਨ ਜਾਨ ਅਤੇ ਬਾਰੇ ਦੇ ਸੱਯਦ ਅਬਦੁੱਲਾ ਖ਼ਾਨ ਨੂੰ ਇਸ ਮੁਹਿੰਮ ਨਾਲ ਸ਼ਾਮਲ ਹੋਣ ਲਈ ਸੱਦੇ ਭੇਜੇ । ਖ਼ੁਦ ਬਾਦਸ਼ਾਹ ਨੇ 17 ਜੂਨ, 1710 (1 ਜਮਾਦੀ-ਉਲ-ਅੱਵਲ, 4 ਬਹਾਦੁਰੀ ਸ਼ਾਹੀ, 1122 ਹਿਜਰੀ) ਨੂੰ ਅਜਮੇਰੇ ਪੰਜਾਬ ਵੱਲ ਨੂੰ ਕੂਚ ਕੀਤਾ।

6 ਜੁਲਾਈ (20 ਜਮਾਦੀ-ਉਲ-ਅੱਵਲ) ਨੂੰ ਜਦ ਸ਼ਾਹੀ ਵਾਕਿਆ-ਨਵੀਸ (ਰੋਜ਼ਨਾਮਚੇ ਦੇ ਲਿਖਾਰੀ) ਹਿਦਾਇਤ-ਕੇਸ਼ ਖ਼ਾਨ ਨੇ ਬੰਦਾ ਸਿੰਘ ਦੀ ਮੋਹਰ ਦੇ ਸ਼ਬਦ

ਅਜ਼ਮਤਿ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਿਨ ਅਸਤ

ਪਾਦਸ਼ਾਹਿ ਦੀਨੋ ਦੁਨੀਆ ਆਪ ਸੱਚਾ ਸਾਹਿਬ ਅਸਤ

ਬਾਦਸ਼ਾਹ ਦੇ ਪੇਸ਼ ਕੀਤੇ ਤਾਂ ਬਾਦਸ਼ਾਹ ਨੂੰ ਦੱਸਿਆ ਗਿਆ “ਕਿ ਖ਼ਾਲਸੇ ਸਿੱਖ ਸਿੱਕੇ ਜਾਰੀ ਕਰ ਰਹੇ ਹਨ ਅਤੇ ਆਮਿਲਾ ਦੇ ਨਾਉਂ ਹੁਕਮ-ਨਾਮਿਆਂ ਵਿਚ ਸਨ ੧ ਦਰਜ ਕਰਦੇ ਹਨ। ਇਕ ਸਿੱਖ ਨੂੰ ਫ਼ੌਜਾਂ ਸੱਦਦੇ ਹਨ। ਪਿੰਡਾਂ ਵਿਚੋਂ ਤੀਸਰਾ ਹਿੱਸਾ ਬਟਾਈ ਲੈਂਦੇ ਹਨ । ਵਜ਼ੀਰ ਖ਼ਾਨ ਦਾ ਕਾਫ਼ੀ ਮਾਲ ਇਨ੍ਹਾਂ ਦੇ ਹੱਥ ਲੱਗਾ ਹੈ।”

ਇਹ ਉਹ ਦਿਨ ਸਨ ਜਦ ਕਿ ਬੰਦਾ ਸਿੰਘ ਅਤੇ ਸਿੰਘ ਜਮੁਨਾ ਪਾਰ ਸਹਾਰਨਪੁਰ, ਜਲਾਲਾਬਾਦ ਵੱਲ ਵਧੇ ਹੋਏ ਸਨ ਜਿਸ ਦਾ ਜਿਕਰ ਪਿਛੇ ਨੋਵੇਂ ਅਧਿਆਇ ਵਿਚ ਕੀਤਾ ਗਿਆ ਹੈ। ਬਾਦਸ਼ਾਹ ਨੂੰ ਰਸਤੇ ਵਿਚ ਜਿਉਂ ਖ਼ਬਰਾਂ ਪੁੱਜਦੀਆਂ ਗਈਆਂ ਉਹ ਜਲਾਲ ਖ਼ਾਨ ਦੀ ਸਹਾਇਤਾ ਦੇ ਹੁਕਮ ਦਿੰਦਾ ਗਿਆ ਅਤੇ ਆਪਣੀ ਮੁਹਿੰਮ ਲਈ ਭੀ ਜੋਗ ਪ੍ਰਬੰਧ ਕਰਦਾ ਗਿਆ । 8 ਜੁਲਾਈ (22 ਜਮਾਦੀ-ਉਲ-ਅੱਵਲ) ਨੂੰ ਬਾਦਸ਼ਾਹ ਨੇ ਸੁਰਗਵਾਸੀ ਵਜ਼ੀਰ ਖ਼ਾਨ ਦੀ ਥਾਂ ਜੈਨੁਦੀਨ ਅਹਿਮਦ ਖ਼ਾਨ ਨੂੰ ਸਿਕੰਦਰਾਬਾਦ ਅਤੇ ਮੇਰਠ ਦੇ ਚਕਲੇ ਤੋਂ ਬਦਲ ਕੇ ਸਰਹੰਦ ਦਾ ਫ਼ੌਜਦਾਰ ਨਿਯਤ ਕੀਤਾ ਉਸ ਨੂੰ ਦੋ ਹਜ਼ਾਰ ਸਵਾਰ ਅਤੇ ਦੋ ਹਜ਼ਾਰ ਸਿਹਬੰਦੀ ਪਿਆਦੇ ਦਿੱਤੇ । 28 ਜੁਲਾਈ (12 ਜਮਾਦੀ-ਉ-ਸਾਨੀ) ਨੂੰ ਪਰਾਗਪੁਰ ਦੇ ਮੁਕਾਮ ਤੋਂ ਸਾਂ-ਭਰ ਕੇ ਮੌਕੂਫ਼ ਹੋਏ ਹੋਏ ਫ਼ੌਜਦਾਰ ਫੀਰੋਜ਼ ਖ਼ਾਨ ਮੇਵਾਤੀ, ਰੁਸਤਮ-ਦਿਲ ਖ਼ਾਨ ਦੇ ਭਤੀਜੇ ਸੁਲਤਾਨ-ਕੁਲੀ ਖ਼ਾਨ, ਸ਼ਾਕਰ ਖ਼ਾਨ ਅਤੇ ਕੁਝ ਹੋਰ ਸਰਦਾਰਾਂ ਦੀ ਕਮਾਨ ਹੇਠ ਸਿੰਘਾਂ ਵਿਰੁੱਧ ਇਕ ਆਗਾਊਂ ਫ਼ੌਜ ਭੇਜੀ ਗਈ ਅਤੇ ਮੇਵਾਤੀ ਨੂੰ ਸਿਹਬੰਦੀ ਗ਼ੈਰ-ਆਈਨੀ (ਖੁਲ੍ਹੇ) ਸਿਪਾਹੀਆਂ ਦੀ ਤਲਬ ਲਈ ਪੰਜਾਹ ਹਜ਼ਾਰ ਰੁਪਏ ਪੇਸ਼ਗੀ ਦਿੱਤੇ ਗਏ ਅਤੇ ਉਸ ਨੂੰ ਕਿਹਾ ਗਿਆ ਕਿ ਜਿਥੇ ਕਿਧਰੇ ਭੀ ਸਿੰਘਾਂ ਨੇ ਆਪਣੇ ਠਾਣੇ ਕਾਇਮ ਕਰ ਲਏ ਹਨ ਉਠਾ ਕੇ ਮੁੜ ਆਪਣੇ ਬਠਾ ਦੇਵੇ ਅਤੇ ਸ਼ਾਹਾਬਾਦ, ਮੁਸਤਫ਼ਾਬਾਦ, ਸਢੌਰੇ ਅਤੇ ਹੋਰ ਥਾਵਾਂ ਦੇ ਉਜੜੇ ਹੋਏ ਲੋਕਾਂ ਨੂੰ ਮੁੜ ਵਸਾਵੇ। ਇਸ ਵੇਲੇ ਮੁਹੰਮਦ ਅਮੀਨ ਖ਼ਾਨ ਚੀਨ-ਬਹਾਦੁਰ ਅਤੇ ਕਮਰੁੱਦੀਨ ਖ਼ਾਨ ਮੁਰਾਦਾਬਾਦ ਤੋਂ ਪੁੱਜ ਗਏ । 14 ਅਗਸਤ (29 ਜਮਾਦੀ-ਉ-ਸਾਨੀ) ਨੂੰ ਬਾਰ੍ਹੇ ਦੇ ਸੱਯਦ ਅਬਦੁੱਲਾ ਖ਼ਾਨ ਨੂੰ ਨਾਰਨੌਲ ਤੋਂ ਪੰਜਾਬ ਨੂੰ ਤੋਰਿਆ ਗਿਆ। ਮਾਲੂਮ ਹੁੰਦਾ ਹੈ ਕਿ ਇਸ ਵੇਲੇ ਬਾਦਸ਼ਾਹ ਨੂੰ ਪਤਾ ਲਗਾ ਕਿ ਲਸ਼ਕਰ ਵਿਚੋਂ ਲੋਕ ਦਿੱਲੀ ਜਾ ਰਹੇ ਹਨ ਅਤੇ ਦਿੱਲੀ ਤੋਂ ਸਿਪਾਹੀਆਂ ਦੇ ਰਿਸ਼ਤੇਦਾਰ ਸ਼ਾਹੀ ਕੰਪੂ ਵਿਚ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਅਤੇ ਇਸ ਤਰ੍ਹਾਂ ਕਈ ਸਿਪਾਹੀ ਕੰਪੂ ਨੂੰ ਛੱਡ ਕੇ ਚਲੇ ਜਾਂਦੇ ਹਨ । ਇਸ ਲਈ ਬਾਦਸ਼ਾਹ ਦੇ ਹੁਕਮ ਨਾਲ ਡੋਂਡੀ ਪਿਟਵਾ ਦਿੱਤੀ ਗਈ ਕਿ ਕੋਈ ਭੀ ਆਦਮੀ ਆਗਿਆ ਬਿਨਾ ਦਿੱਲੀ ਰਾਜਧਾਨੀ ਨੂੰ ਨਾ ਜਾਏ ਅਤੇ ਨਾ ਕਿਸੇ ਦੇ ਰਿਸ਼ਤੇਦਾਰ ਨੂੰ ਕੰਪੂ ਵਿਚ ਆਉਣ ਦੀ ਆਗਿਆ ਦਿੱਤੀ ਜਾਏ । ਅਗਲੇ ਦਿਨ 15 ਅਗਸਤ (1 ਰੱਜਬ) ਨੂੰ ਕੋਕਲਤਾਸ਼ ਖ਼ਾਨ ਨੂੰ ਵੱਡੇ ਸ਼ਾਹਜਾਦੇ ਮੁਅੱਜੁੱਦੀਨ ਦੀ ਜਾਗੀਰ ਦੇ ਪਰਗਣਾ ਸੋਨੀਪਤ ਦਾ ਪ੍ਰਬੰਧ ਸੰਭਾਲਣ ਲਈ ਭੇਜਿਆ ਗਿਆ । ਇਸ ਥਾਂ ਤੋਂ ਬਾਦਸ਼ਾਹੀ ਡੇਰਾ ਸੋਨੀਪਤ ਵੱਲ ਨੂੰ ਹੋ ਪਿਆ ਜਿਥੇ ਕਿ ਹੌਲੀ ਹੌਲੀ ਚਲਦਾ 12 ਅਕਤੂਬਰ (29 ਸ਼ਾਬਾਨ) ਨੂੰ ਪੁੱਜਾ ।

ਇਸ ਸਮੇਂ ਵਿਚ ਸ਼ਾਇਦ ਇਸ ਡਰ ਤੋਂ ਕਿ ਬਾਦਸ਼ਾਹ ਡੇਰੇ ਵਿਚ ਦਾੜ੍ਹੀ ਵਾਲੇ ਹਿੰਦੂਆਂ ਵਿਚ ਕੋਈ ਸਿੱਖ ਹੀ ਨਾ ਹੋਵੇ ਜੋ ਸੂਹੀਏ ਦਾ ਕੰਮ ਕਰਦਾ ਹੋਵੇ, ਬਾਦਸ਼ਾਹ ਨੇ 29 ਅਗਸਤ (15 ਰੱਜਬ) ਨੂੰ ਹੁਕਮ ਦੇ ਦਿੱਤਾ ਕਿ ਬਾਦਸ਼ਾਹੀ ਦਫ਼ਤਰਾਂ ਵਿਚ ਜਿਤਨੇ ਭੀ ਹਿੰਦੂ ਪੇਸ਼ਕਾਰ ਨੋਕਰ ਹਨ ਆਪਣੀਆਂ ਦਾੜ੍ਹੀਆਂ ਮੁਨਾ ਦੇਣ । ਡੇਰੇ ਵਿਚ ਕੋਈ ਸਿੱਖ ਹੈ ਹੀ ਨਹੀਂ ਸੀ । ਹਿੰਦੂ ਦੀਵਾਨਾ ਅਤੇ ਪੇਸ਼ਕਾਰਾਂ ਨੇ ਇਸ ਹੁਕਮ ਦੀ ਤੁਰੰਤ ਪਾਲਣਾ ਕਰਦੇ ਹੋਏ ਦਾੜੀਆਂ ਮੁਨਾ ਦਿੱਤੀਆਂ ਜਿਸ ਤੋਂ ਬਾਦਸ਼ਾਹ ਨੇ ਪਰਸੰਨ ਹੋ ਕੇ ਇਨ੍ਹਾਂ ਨੂੰ ਖ਼ਿਲਤਾਂ ਬਖ਼ਸ਼ੀਆਂ ਅਤੇ ਹੋਰ ਇਨਾਮ ਦਿੱਤੇ ।

ਇਸ ਤੋਂ ਪਹਿਲੇ ਦਿਨ 28 ਅਗਸਤ ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਸੀ ਕਿ ਨਾਨਕ-ਪੂਜ ਸਿੱਖਾਂ (ਨਾਨਕ-ਪ੍ਰਸਤਾਂ) ਨੂੰ ਤਾੜਨਾ ਕਰਨ ਦੇ ਸੰਬੰਧ ਵਿਚ ਦੋ ਫ਼ਰਮਾਨ ਜਾਰੀ ਕਰ ਕੇ ਮੁਹੰਮਦ ਨਕੀ ਆਦਿ ਦੋ ਨਫ਼ਰ ਗੁਰਜਦਾਰਾਂ ਦੇ ਹੱਥੀਂ ਸਿਰੀ-ਨਗਰ (ਗੜ੍ਹਵਾਲ) ਅਤੇ ਸਿਰਮੌਰ (ਨਾਹਣ) ਦੇ ਰਾਜਿਆਂ ਨੂੰ ਪਹੁੰਚਾ ਦਿੱਤੇ ਜਾਣ। ਇਸੇ ਤਰ੍ਹਾਂ 26 ਅਗਸਤ ਨੂੰ ਅਬੂ-ਮੁਹੰਮਦ ਖ਼ਾਨ ਨੂੰ ਖਿਲੱਤ ਇਨਾਮ ਦੇ ਕੇ ਹੁਕਮ ਕੀਤਾ ਸੀ ਕਿ ਕਮਾਊਂ ਦੇ ਰਾਜੇ ਨੂੰ ਬੰਦਾ ਸਿੰਘ ਦੇ ਵਿਰੁੱਧ ਲੈ ਜਾਏ ਅਤੇ ਕਾਰਜ ਸਿੱਧ ਹੋ ਜਾਣ ਪਿਛੋਂ ਉਸ ਨੂੰ ਬਾਦਸ਼ਾਹ ਦੇ ਹਜੂਰ ਲਿਆਵੇ ਅਤੇ ਇਸੇ ਦਿਨ ਬ੍ਰਿਜ-ਰਾਜ ਨਾਮੀ ਹਿੰਦੂ ਨੂੰ ਭੀ ਖ਼ਿਲਤ ਦੇ ਕੇ ਉਸ ਦੇ ਨਾਲ ਹੀ ਭੇਜਿਆ।

ਇਨ੍ਹਾਂ ਗੱਲਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਬਾਦਸ਼ਾਹ ਪੰਜਾਬ ਦੀਆਂ ਸਰਹੱਦਾਂ ਉੱਤੇ ਦੇ ਹਿੰਦੂ ਰਾਜਪੂਤਾਂ ਨੂੰ ਸਿੱਖਾਂ ਦੀ ਹਿਲਜੁਲ ਤੋਂ ਵੱਖਰਾ ਰਖਣਾ ਚਾਹੁੰਦਾ ਸੀ ਅਤੇ ਉਨ੍ਹਾਂ ਨੂੰ ਪੁਚਕਾਰ ਕੇ ਸਿੱਖਾਂ ਦੀ ਚਲਾਈ ਹੋਈ ਆਜ਼ਾਦੀ ਦੀ ਲਹਿਰ ਨੂੰ ਦਬਾਉਣਾ ਚਾਹੁੰਦਾ ਸੀ । ਜੈਪੁਰ ਅਤੇ ਜੋਧਪੁਰ ਦੇ ਰਾਜਿਆਂ ਨੂੰ ਬਾਦਸ਼ਾਹ ਨੇ ਅੱਗੇ ਹੀ (11 ਜੂਨ, 1710 ਨੂੰ) ਤਸੱਲੀ ਦੇ ਕੇ ਰਾਜੀ ਕਰ ਲਿਆ ਸੀ । ਸੱਯਦ ਸੈਫ਼ੁਦੀਨ-ਅਲੀਖ਼ਾਨ, ਨਜਮੁੱਦੀਨ-ਅਲੀ ਖ਼ਾਨ ਅਤੇ ਸਿਰਾਜੁੱਦੀਨ-ਅਲੀ ਖ਼ਾਨ 31 ਅਗਸਤ (17 ਰੱਜਬ) ਨੂੰ ਪਟੌਦੀ ਦੇ ਮੁਕਾਮ ਤੇ ਬਾਦਸ਼ਾਹੀ ਕੰਪੂ ਵਿਚ ਹਾਜ਼ਰ ਹੋਏ ਅਤੇ ਚੂੜਾਮਣਿ ਜਾਟ ਦਿੱਲੀ ਦੇ ਲਾਗੇ ਆ ਹਾਜ਼ਰ ਹੋਇਆ । 21 ਸਤੰਬਰ (8 ਸ਼ਾਬਾਨ) ਨੂੰ ਸ਼ਰਫ਼ਾਬਾਦ ਦੇ ਲਾਗੇ ਕੇਸ਼ੋ ਰਾਓ ਹਰਕਾਰੇ ਵੱਲੋਂ ਪੇਸ਼ ਹੋਈ ਖ਼ਬਰਾਂ ਦੀ ਫ਼ਰਦ ਤੋਂ ਬਾਦਸ਼ਾਹ ਨੂੰ ਪਤਾ ਲੱਗਾ ਕਿ ਬੰਦਾ ਸਿੰਘ ਨੇ ਹਰਦੁਆਰ ਦੇ ਲਾਗੇ ਜੁਆਲਾਪੁਰ ਦੇ ਜ਼ਿਮੀਂਦਾਰ (ਰਾਜੇ) ਨੂੰ ਲਿਖਿਆ ਸੀ ਕਿ ਮੇਰੇ ਸੰਬੰਧੀਆਂ ਦੇ ਰਹਿਣ ਲਈ ਮਕਾਨ ਦੇ ਦੇਣਾ ਪਰ ਉਸ ਨੇ ਨਾਂਹ ਕਰ ਦਿੱਤੀ ਹੈ। ਇਸ ਲਈ ਬੰਦਾ ਸਿੰਘ ਨੇ ਉਸ ਨਾਲ ਜੰਗ ਕਰਨ ਲਈ ਚਾਲੇ ਪਾ ਦਿੱਤੇ ਹਨ । ਬਾਦਸ਼ਾਹੀ ਫ਼ੌਜ ਦੇ (ਸਿੰਘਾਂ ਵਿਰੁੱਧ) ਨਿਯਤ ਹੋਣ ਦੀ ਖ਼ਬਰ ਸੁਣ ਕੇ ਬੰਦਾ ਸਿੰਘ ਦੇ ਦੋ ਹਜ਼ਾਰ ਸਵਾਰ ਉਸ ਤੋਂ ਵੱਖਰੇ ਹੋ ਕੇ ਲਾਹੌਰ ਵੱਲ ਨੂੰ ਚਲੇ ਗਏ ਹਨ। ਇਹ ਸਿੰਘ ਉਹ ਹੀ ਮਾਲੂਮ ਹੁੰਦੇ ਹਨ ਜਿਹੜੇ ਕਿ ਸ਼ਮਸ ਖ਼ਾਨ ਦੇ ਜਹਾਦੀਆਂ ਦੇ ਟਾਕਰੇ ਸਿੰਘਾਂ ਦੀ ਮਦਦ ਕਰਨ ਲਈ ਦੁਆਬੇ ਵੱਲ ਗਏ ਸਨ ਅਤੇ ਜਿਨ੍ਹਾਂ ਨੇ ਰਾਹੋਂ ਦੀ ਦੋ ਤਿੰਨ ਅਕਤੂਬਰ ਦੀ ਲੜਾਈ ਅਤੇ ਉਥੇ ਮੁੜ ਕਬਜ਼ਾ ਕਰਨ ਵਿਚ ਹਿੱਸਾ ਲਿਆ ਸੀ।

23 ਸਤੰਬਰ (10 ਸ਼ਾਬਾਨ) ਨੂੰ ਸ਼ਰਫ਼ਾਬਾਦ ਬਾਦਸ਼ਾਹ ਪਾਸ ਸ਼ਿਕਾਇਤ ਹੋਈ ਕਿ ਦਿੱਲੀ ਦੇ ਨਾਜ਼ਮ ਮੁਹੰਮਦ-ਯਾਰ ਖ਼ਾਨ ਦਾ ਪੇਸ਼ਕਾਰੇ ਬਖ਼ਤ ਮੱਲ ਸਿੱਖਾਂ ਨਾਲ ਲਿਖਾ-ਪੜ੍ਹੀ ਰਖਦਾ ਹੈ। ਹੁਕਮ ਹੋਇਆ ਕਿ ਉਸ ਨੂੰ ਹਾਜ਼ਰ ਕੀਤਾ ਜਾਏ, ਪਰ ਇਹ ਖ਼ਬਰ ਸੁਣ ਕੇ ਉਹ ਆਪੇ ਹੀ ਹਾਜ਼ਰ ਹੋ ਗਿਆ ਅਤੇ ਆ ਅਰਜ਼ ਕੀਤੀ । ਬਾਦਸ਼ਾਹ ਦੇ ਹੁਕਮ ਨਾਲ ਰਾਜਾ ਚਤੁਰਸਾਲ ਬੁੰਦੇਲਾ ਮਾਤਾ ਸੁੰਦਰੀ ਜੀ ਦੇ ਪੁਤਰੇਲੇ ਅਜੀਤ ਸਿੰਘ ਨੂੰ ਦਿੱਲੀਓਂ ਲਿਆਉਣ ਗਿਆ ਹੋਇਆ ਸੀ । ਉਹ ਅਤੇ ਅਜੀਤ ਸਿੰਘ 26 ਸਤੰਬਰ ਨੂੰ ਬਾਦਸ਼ਾਹ ਦੇ ਹਜ਼ੂਰ ਆ ਹਾਜਰ ਹੋਏ ਅਤੇ ਬਾਦਸ਼ਾਹ ਵੱਲੋਂ ਉਨ੍ਹਾਂ ਨੂੰ ਖਿਲਤਾਂ ਇਨਾਮ ਮਿਲੀਆਂ। 29 ਸਤੰਬਰ (16 ਸ਼ਾਬਾਨ) ਨੂੰ ਬਾਦਸ਼ਾਹ ਨੂੰ ਇਹ ਖ਼ਬਰ ਪੁੱਜਣ ਪਰ ਕਿ ਕਰਨਾਲ ਵੱਲ ਠਾਣਿਆਂ ਵਿਚ ਸਿੰਘਾਂ ਦੇ ਆਦਮੀ ਬੈਠੇ ਹੋਏ ਹਨ, ਮਹਾਬਤ ਖ਼ਾਨ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਸਿੰਘਾਂ ਨੂੰ ਸਜ਼ਾ ਦੇਵੇ ਅਤੇ ਕਰਨਾਲ ਵਿਚ ਟਿਕਾਣਾ ਕਰੇ ਅਤੇ ਨੁਸਰਤ ਖ਼ਾਨ, ਗ਼ੁਲਾਮ ਨਬੀ ਕੁਲੀ ਖ਼ਾਨ, ਰਾਜਾ ਚਤੁਰਸਾਲ ਬੁੰਦੇਲੇ ਅਤੇ ਸਯਦ ਹਸ਼ਨ ਖ਼ਾਨ ਨੂੰ ਸਹਾਇਤਾ ਲਈ ਉਸ ਦੇ ਨਾਲ ਭੇਜਿਆ।

20 ਅਕਤੂਬਰ (8 ਰਮਜਾਨ) ਨੂੰ ਸਰਾਇ ਕੰਵਰ ਦੇ ਮੁਕਾਮ ਤੇ ਬਾਦਸ਼ਾਹ ਨੂੰ ਖ਼ਬਰ ਪੁੱਜੀ ਕਿ 16 ਅਕਤੂਬਰ ਨੂੰ ਫੀਰੋਜ਼ ਖ਼ਾਨ ਮੇਵਾਤੀ ਅਤੇ ਸਿੰਘਾਂ ਵਿਚ ਇੰਦਰੀ ਅਤੇ ਕਰਨਾਲ ਦੇ ਵਿਚਕਾਰ ਖੇੜਾ ਅਮੀਨ ਲਾਗੇ ਹੋਈ ਲੜਾਈ ਵਿਚ ਮੇਵਾਤੀ ਨੂੰ ਫ਼ਤਿਹ ਹੋਈ ਹੈ। ਇਥੇ ਮਾਰੇ ਗਏ ਤਿੰਨ ਸੌ ਸਿੰਘਾਂ ਦੇ ਸਿਰ ਨੇਜ਼ਿਆਂ ਉੱਤੇ ਟੰਗੇ ਹੋਏ ਬਾਦਸ਼ਾਹ ਦੀ ਨਜ਼ਰੋਂ ਗੁਜ਼ਾਰੇ ਗਏ । ਦੇਖ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜਿਸ ਥਾਂ ਉੱਤੇ ਸਿਰ ਕੱਟੇ ਗਏ ਹਨ ਉਥੇ ਇਨ੍ਹਾਂ ਸਿਰਾਂ ਦਾ ਮੁਨਾਰਾ ਚਿਣ ਦਿੱਤਾ। ਜਾਏ ਅਤੇ ਨਾਲ ਹੀ ਜੈਨੁੱਦੀਨ-ਅਹਿਮਦ ਖ਼ਾਨ ਨੂੰ ਸਰਹੰਦ ਬਦਲ ਕੇ ਉਸ ਦੀ ਥਾਂ ਮੇਵਾਤੀ ਨੂੰ ਉਥੇ ਦਾ ਫ਼ੌਜਦਾਰ ਨਿਯਤ ਕੀਤਾ ਗਿਆ, ਅਤੇ ਇਕ ਹਫ਼ਤਾ ਪਿੱਛੋਂ 27 ਅਕਤੂਬਰ (15 ਰਮਜ਼ਾਨ) ਨੂੰ ਇਕ ਲੱਖ ਰੁਪਿਆ ਬਰੇਲੀ ਦੇ ਖਜ਼ਾਨੇ ਤੋਂ ਦੇਣ ਦਾ ਹੁਕਮ ਦਿੱਤਾ ।

ਇਸ ਵੇਲੇ ਫੀਰੋਜ਼ਖ਼ਾਨ ਮੇਵਾਤੀ ਦੀ ਗੁੱਡੀ ਚੜ੍ਹੀ ਹੋਈ ਸੀ, ਹਰ ਪਾਸਿਓਂ ਬਾਦਸ਼ਾਹੀ ਸਰਦਾਰਾਂ ਨਾਲ ਫ਼ੌਜੀ ਸਹਾਇਤਾ ਉਸ ਨੂੰ ਪੁੱਜ ਰਹੀ ਸੀ ਅਤੇ ਉਸ ਪਾਸ ਇਕ ਬੜਾ ਭਾਰੀ ਲਸ਼ਕਰ ਜਮਾਂ ਹੋ ਗਿਆ ਸੀ । ਦੂਸਰੇ ਪਾਸੇ ਥਾਨੇਸਰ ਵਿਚ ਬਾਬਾ ਬਿਨੋਦ ਸਿੰਘ ਪਾਸ ਸਿੰਘ ਬੜੇ ਹੀ ਥੋੜ੍ਹੇ ਸਨ । ਬੰਦਾ ਸਿੰਘ ਅਜੇ ਸਹਾਰਨਪੁਟ 5 ਹੀ ਸੀ, ਸਿੰਘਾਂ ਦੇ ਕੁਝ ਜੱਥੇ ਜਮਨਾ ਪਾਰ ਸਨ ਅਤੇ ਕੁਝ ਦੁਆਬਾ ਬਿਸਤ ਜਲੰਧਰ ਵਿਚ ਰੁਝੇ ਹੋਏ ਸਨ ਅਤੇ ਕੁਝ ਸਮਾਣੇ, ਸਰਹੰਦ ਅਤੇ ਸਢੌਰੇ ਟਿਕੇ ਹੋਏ ਸਨ। ਇਸ ਲਈ ਗਿਣਤੀ ਥੋੜ੍ਹੀ ਹੋਣ ਅਤੇ ਕਿਸੇ ਪਾਸਿਉਂ ਸਹਾਇਤਾ ਪੁੱਜ ਸਕਣ ਦੀ ਆਸ ਨਾ ਹੋਣ ਕਰਕੇ ਸਿੰਘਾਂ ਲਈ ਇਸ ਵੇਲੇ ਇਕੋ ਹੀ ਰਾਹ ਸੀ ਕਿ ਥਾਨੇਸਰੋਂ ਸਰਹੰਦ ਨੂੰ ਹਟ ਜਾਣ । ਥਾਨੇਸਰ ਵਿਚ ਫੀਰੋਜ਼ਖ਼ਾਨ ਮੇਵਾਤੀ ਦਾ ਠਾਣਾ ਕਾਇਮ ਹੋ ਜਾਣ ਦੀ ਖ਼ਬਰ ਜਦ ਇਕ ਨਵੰਬਰ (20 ਰਮਜ਼ਾਨ) ਨੂੰ ਬਾਦਸ਼ਾਹ ਨੂੰ ਲੱਗੀ ਤਾਂ ਉਸ ਨੇ ਹੁਕਮ ਦਿੱਤਾ ਕਿ ਸੱਠ ਹਜ਼ਾਰ ਫ਼ੌਜ ਦੀ ਮੁਹਿੰਮ ਇਕ ਦਮ ਤਿਆਰ ਕੀਤੀ ਜਾਏ ਜਿਨ੍ਹਾਂ ਵਿਚੋਂ 31 ਹਜ਼ਾਰ ਸਵਾਰ ਵੱਡੇ ਸ਼ਾਹਜ਼ਾਦਾ ਮੁਅੱਜੁਦੀਨ (ਜਹਾਂਦਾਰ ਸ਼ਾਹ) ਦੀ ਕਮਾਨ ਹੇਠ ਹੋਵੇ, ਗਿਆਰਾਂ ਹਜ਼ਾਰ ਦੂਸਰੇ ਤਿੰਨਾਂ ਸ਼ਹਿਜ਼ਾਦਿਆਂ ਦੇ ਤਹਿਤ ਵਿਚ, ਗਿਆਰਾਂ ਹਜ਼ਾਰ ਜਮਦਾਤੁਲ-ਮੁਲਕ ਨਾਲ ਅਤੇ ਸੱਤ ਹਜ਼ਾਰ ਸਵਾਰ ਮੁਹਾਬਤ ਖ਼ਾਨ ਪਾਸ ।

ਕਰਨਾਲ (1 ਨਵੰਬਰ, 20 ਰਮਜ਼ਾਨ), ਆਜ਼ਮਾਬਾਦ ਤਰਾਵੜੀ-ਆਲਮਗੀਰਪੁਰ (3 ਨਵੰਬਰ 22 ਰਮਜ਼ਾਨ), ਥਾਨੇਸਰ (9 ਨਵੰਬਰ, 28 ਰਮਜ਼ਾਨ) ਅਤੇ ਸ਼ਾਹਾਬਾਦ ਵਿਚ ਦੀ ਹੁੰਦਾ ਹੋਇਆ ਬਾਦਸ਼ਾਹ 17 ਨਵੰਬਰ (6 ਸ਼ੱਵਾਲ) ਨੂੰ ਪਿੰਡ ਉਗਾਲਾ ਪਾਸ ਪੁੱਜਾ । ਇੱਥੇ ਉਸ ਨੂੰ ਪਤਾ ਲੱਗਾ ਕਿ ਤਿੰਨ ਕੁ ਹਜ਼ਾਰ ਪਿਆਦਾ ਸਿੰਘ ਸਢੌਰੇ ਤੋਂ ਇਸ ਪਾਸੇ ਮੋਰਚਿਆਂ ਵਿਚ ਬੈਠੇ ਹੋਏ ਹਨ, ਅਤੇ ਜੋ ਉਮਰ ਖ਼ਾਨ ਅਤੇ ਬਾਯਜ਼ੀਦ ਖ਼ਾਨ ਪਠਾਣਾਂ ਨਾਲ ਯਾਕੂਬ ਖ਼ਾਨ ਦੇ ਬਾਗ਼ ਵਿਚ ਲੜੇ ਸਨ ਉਹ ਸਰਹੰਦ ਦੇ ਕਿਲੇ ਵਿਚ ਜਾ ਵੜੇ ਹਨ। ਬਾਦਸ਼ਾਹ ਨੇ ਮੁਹੰਮਦ ਅਮੀਨ ਖ਼ਾਨ ਚੀਨ-ਬਹਾਦੁਰ ਨੂੰ ਹੁਕਮ ਦਿੱਤਾ ਕਿ ਜਾ ਕੇ ਸਰਹੰਦ ਨੂੰ ਘੇਰਾ ਪਾ ਲਵੇ, ਅਤੇ ਆਪ ਸਢੌਰੇ ਵੱਲ ਨੂੰ ਤੁਰ ਪਿਆ ਜਿੱਥੇ ਕਿ ਉਹ 24 ਨਵੰਬਰ (13 ਸ਼ੱਵਾਲ) ਨੂੰ ਪੁੱਜਾ । ਇੱਥੇ ਸਰਹੰਦ ਦੀ ਲੜਾਈ ਵਿਚ ਮਾਰੇ ਗਏ 300 ਸਿੰਘਾਂ ਦੇ ਸਿਰ ਝੰਡੇ, ਨਿਸ਼ਾਨ ਅਤੇ ਬਾਣ ਸ਼ੱਮਸ ਖ਼ਾਨ ਵੱਲੋਂ ਪੁੱਜੇ ।

ਬਾਦਸ਼ਾਹ ਬਹਾਦੁਰ ਸ਼ਾਹ ਨੂੰ ਸਢੌਰੇ ਡੇਰਾ ਪਾਈ ਛਡ ਕੇ ਅਸੀਂ ਹੁਣ ਫ਼ੀਰੋਜ਼ ਖ਼ਾਨ ਮੇਵਾਤੀ ਦੀ ਅਗਾਊਂ ਫ਼ੌਜ ਦਾ ਕੁਝ ਹਾਲ ਲਿਖਦੇ ਹਾਂ।

ਜਿਸ ਵੇਲੇ ਬਾਦਸ਼ਾਹ ਨੇ ਫੀਰੋਜ਼ ਖ਼ਾਨ ਨੂੰ 28 ਜੁਲਾਈ (12 ਜਮਾਦੀ ਉਲ-ਅੱਵਲ, ਸਨ 4 ਬਹਾਦੁਰ ਸ਼ਾਹੀ, 1122 ਹਿਜਰੀ) ਨੂੰ ਅਗਾਊਂ ਫ਼ੌਜ ਦਾ ਕਮਾਂਡਰ ਬਣਾ ਕੇ ਇਹ ਹੁਕਮ ਦੇ ਕੇ ਤੋਰਿਆ ਸੀ ਕਿ ਜਿੱਥੋਂ ਜਿੱਥੋਂ ਬਾਦਸ਼ਾਹੀ ਰਾਜ ਸਿੰਘਾਂ ਨੇ ਉਠਾ ਦਿੱਤਾ ਹੈ ਉਸ ਨੂੰ ਮੁੜ ਕਾਇਮ ਕਰੋ ਅਤੇ ਸ਼ਾਹਬਾਦ, ਮੁਸਤਫ਼ਾਬਾਦ, ਸਢੌਰਾ ਆਦਿ ਦੇ ਉਜੜੇ ਲੋਕਾਂ ਨੂੰ ਮੁੜ ਵਸਾਵੇ, ਉਸ ਵੇਲੇ ਪਾਣੀਪਤ ਤੋਂ ਸਤਲੁਜ ਦਰਿਆ ਤਕ ਦਾ ਲਗਭਗ ਸਾਰਾ ਇਲਾਕਾ ਸਿੰਘਾਂ ਦੇ ਕਬਜ਼ੇ ਵਿਚ ਸੀ। ਕਸੂਰ ਦਾ ਖੇਸ਼ਗੀ ਪਠਾਣ ਬਾਯਜ਼ੀਦ ਖ਼ਾਨ, ਜਿਸ ਦੀ ਦੱਖਣ ਵਿਚ ਪ੍ਰਸੰਸਾ ਜੋਗ ਸੇਵਾ ਬਦਲੇ ਬਾਦਸ਼ਾਹ ਨੇ ਜੰਮੂ ਦੀ ਫ਼ੌਜਦਾਰੀ ਬਖ਼ਸ਼ੀ ਸੀ, ਸਿੰਘਾਂ ਨਾਲ ਟੱਕਰ ਲੈਣੋਂ ਡਰਦਾ ਮਾਰਿਆ ਦੋ ਤਿੰਨ ਮਹੀਨਿਆਂ ਤੋਂ ਪਾਣੀਪਤ ਦੇ ਲਾਗੇ ਅਟਕਿਆ ਬੈਠਾ ਸੀ । ਫੀਰੋਜਖ਼ਾਨ ਮੇਵਾਤੀ ਦੀ ਅਗਾਊਂ ਫ਼ੌਜ ਨੂੰ ਆਇਆ ਦੇਖ ਕੇ ਇਹ ਉਸ ਦੇ ਨਾਲ ਰਲ ਗਿਆ ਅਤੇ ਉਨ੍ਹਾਂ ਦੀ ਲਾਮ-ਡੋਰੀ ਵਿਚ ਉੱਤਰ ਵੱਲ ਨੂੰ ਤੁਰ ਪਿਆ । ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੈ, ਸਿੰਘ ਇਸ ਵੇਲੇ ਥਾਈਂ ਥਾਈਂ ਖਿੰਡਰੇ ਪਏ ਸਨ । ਇਸ ਲਈ ਬ ਾ ਬਿਨੋਦ ਸਿੰਘ ਅਤੇ ਰਾਮ ਸਿੰਘ ਨੂੰ ਹੀ ਆਪਣੇ ਥੋੜ੍ਹੇ ਜਿਹੇ ਸਾਥੀਆਂ ਨਾਲ ਫੀਰੋਜਖਾਨ ਦੀ ਸ਼ਾਹੀ ਫ਼ੌਜ ਨਾਲ ਟੱਕਰ ਲੈਣੀ ਪਈ ਜੋ ਤਰਾਵੜੀ ਲੰਘ ਕੇ 16 ਅਕਤੂਬਰ 1710 (4 ਰਮਜਾਨ, 1122 ਹਿ.) ਨੂੰ ਅਮੀਨ ਤਕ ਪੁੱਜ ਗਈ ਸੀ । ਤਰਾਵੜੀ ਦੇ ਦੁਆਲੇ ਛਿਛਰਿਆਂ ਦਾ ਸੰਘਣਾ ਜੰਗਲ ਸੀ। ਜਦ ਬਾਦਸ਼ਾਹੀ ਫ਼ੌਜ ਸਿੰਘਾਂ ਦੀ ਮਾਰ ਹੇਠਾਂ ਆਈ ਤਾਂ ਉਨ੍ਹਾਂ ਨੇ ਇਕ ਦਮ ਤੋੜੇ ਦਾਗ਼ ਦਿੱਤੇ ਅਤੇ ਲੜਾਈ ਸ਼ੁਰੂ ਹੋ ਗਈ । ਖ਼ਾਨਿ-ਖ਼ਾਨਾ ਮੁਨਇਮ ਖ਼ਾਨ ਦੇ ਪੁੱਤਰ ਮਹਾਬਤ ਖ਼ਾਨ ਦੀ ਅਗਲੀ ਪੰਗਤ ਉੱਤੇ ਸਿੰਘਾਂ ਦੇ ਮੁੜ ਮੁੜ ਕੇ ਕੀਤੇ ਹੱਲਿਆਂ ਨੇ ਉਸ ਦੇ ਫ਼ੌਜੀਆਂ ਨੂੰ ਪੈਰਾਂ ਤੋਂ ਕੱਢ ਦਿੱਤਾ । ਮਹਾਬਤ ਖ਼ਾਨ ਨੇ ਆਪਣੇ ਪਿਓ ਅਤੇ ਆਪਣੀ ਸ਼ਾਨ ਦੇ ਵਿਰੁੱਧ ਕਾਇਰਤਾ ਵਿਖਾਈ ਅਤੇ ਨੁਕਸਾਨ ਉਠਾ ਕੇ ਪਿੱਛੇ ਨੂੰ ਹਟ ਗਿਆ।

ਫੀਰੋਜ਼ਖ਼ਾਨ ਮੇਵਾਤੀ ਪਹਿਲੀ ਸੱਟੇ ਹੀ ਲੜਾਈ ਦੀ ਇਹ ਬੁਰੀ ਹਾਲਤ ਦੇਖ ਕੇ ਬਹੁਤ ਘਾਬਰ ਗਿਆ ਅਤੇ ਜਾਨ ਦੀ ਬਾਜ਼ੀ ਲਾਉਣ ਤਕ ਉਤਰ ਆਇਆ। ਉਸ ਨੇ ਬਾਰ੍ਹੇ ਦੇ ਸੱਯਦਾਂ ਨੂੰ ਆਪਣੇ ਕੋਲ ਸੱਦ ਭੇਜਿਆ। ਉਹ ਸਾਰੇ ਘੋੜਿਆਂ ਤੋਂ ਉਤਰ ਪਏ ਅਤੇ ਤਲਵਾਰਾਂ ਹੱਥ ਲੈ ਕੇ ਅੱਗੇ ਵਧੇ, ਉਧਰੋਂ ਸਿੰਘ ਭੀ ਆ ਗਏ । ਦੋ ਪਾਸੀਂ ਲਹੂ ਦੇ ਘਰਾਲੇ ਵਗ ਤੁਰੇ ਅਤੇ ਫੀਰੋਜ਼ਖ਼ਾਨ ਨੂੰ ਜਿੱਤ ਦੀ ਕੋਈ ਆਸ ਨਾ ਰਹੀ। ਪਰ ਵੈਰੀ ਦੇ ਟਾਕਰੇ ਤੇ ਸਿੰਘਾਂ ਦੀ ਗਿਣਤੀ ਬੜੀ ਹੀ ਥੋੜ੍ਹੀ ਸੀ । ਉਨ੍ਹਾਂ ਦੀ ਕੋਈ ਪੇਸ਼ ਨਾ ਗਈ ਅਤੇ ਉਹ ਟਿਕੇ ਨਾ ਰਹਿ ਸਕੇ । ਝੁੰਜਲਾਏ ਹੋਏ ਸ਼ਾਹੀ ਫ਼ੌਜੀ ਮੋਏ ਹੋਏ ਅਤੇ ਘਾਇਲ ਹੋ ਕੇ ਮਰ ਰਹੇ ਸਿੰਘਾਂ ਉੱਤੇ ਟੁੱਟ ਪਏ ਅਤੇ ਉਨ੍ਹਾਂ ਨਾਲ ਬੜਾ ਅਨਾਦਰ ਭਰਿਆ ਸਲੂਕ ਕੀਤਾ । ਤਿੰਨ ਸੋ ਆਦਮੀਆਂ ਦੇ ਸਿਰ ਗੱਡਿਆਂ ਵਿਚ ਲੱਦ ਕੇ ਬਾਦਸ਼ਾਹ ਪਾਸ ਭੇਜੇ ਅਤੇ ਬਹੁਤ ਸਾਰੇ ਸਿਰ ਬਾਦਸ਼ਾਹੀ ਸੜਕ ਦੇ ਦੋਹੀਂ ਪਾਸੇ ਕੇਸਾਂ ਤੋਂ ਦਰਖਤਾਂ ਉੱਤੇ ਲਮਕਾ ਦਿੱਤੇ ।

ਜਿਸ ਵੇਲੇ ਅਮੀਨ ਵਿਚ ਹੋਈ ਜਿੱਤ ਦੀ ਖ਼ਬਰ ਬਾਦਸ਼ਾਹ ਨੂੰ ਪਹੁੰਚੀ ਤਾਂ ਉਸ ਨੇ ਖ਼ੁਸ਼ ਹੋ ਕੇ 20 ਅਕਤੂਬਰ (8 ਰਮਜ਼ਾਨ) ਫੀਰੋਜ਼ਖ਼ਾਨ ਸਰਹੰਦ ਦੀ ਫ਼ੌਜਦਾਰੀ ਫੀਰੋਜ਼ਖ਼ਾਨ ਨੂੰ ਬਖ਼ਸ਼ੀ ਅਤੇ ਛੇ ਖ਼ਿਲਤਾਂ ਭੇਜੀਆਂ।

ਅਮੀਨ ਤੋਂ ਸਿੰਘ ਥਾਨੇਸਰ ਨੂੰ ਹਟ ਆਏ ਸਨ ਪਰ ਇੱਥੇ ਭੀ ਕਿਸੇ ਪਾਸਿਓਂ ਸਹਾਇਤਾ ਪੁੱਜਣ ਦੀ ਆਸ ਨਹੀਂ ਸੀ ਦਿਸਦੀ । ਉਧਰ ਮੇਵਾਤੀ ਉਨ੍ਹਾਂ ਦਾ ਖੁਰਾ ਨੱਪੀ ਚੜ੍ਹਿਆ ਆ ਰਿਹਾ ਸੀ, ਇਸ ਲਈ ਥੋੜ੍ਹੀ ਜਿਹੀ ਝੜਫ਼ ਤੋਂ ਬਾਅਦ ਸਿੰਘ ਸਢੌਰੇ ਵੱਲ ਨੂੰ ਹਟੀ ਗਏ ਤਾਂ ਕਿ ਲੋੜ ਪੈਣ ਤੇ ਲੋਹਗੜ੍ਹ ਦੇ ਕਿਲੇ ਵਿਚ ਵੜ ਸਕਣ।

ਜਦ ਬਾਦਸ਼ਾਹ 3 ਨਵੰਬਰ (22 ਰਮਜ਼ਾਨ) ਨੂੰ ਆਜਮਾਬਾਦ ਤਰਾਵੜੀ, ਜਿਸ ਨੂੰ ਆਲਮਗੀਰਪੁਰ ਭੀ ਸੱਦਦੇ ਸਨ, ਪੁੱਜਾ ਤਾਂ ਰੁਸਤਮ-ਦਿਲ ਖ਼ਾਨ ਨੇ ਸੋਨੇ-ਜੜਿਆ ਇਕ ਛਤਰ ਪੇਸ਼ ਕੀਤਾ ਜੋ ਥਾਨੇਸਰੋਂ ਫੀਰੋਜ਼ਖ਼ਾਨ ਦੇ ਹੱਥ ਲੱਗਾ ਸੀ (ਕਿਸੇ ਪ੍ਰਾਚੀਨ ਹਿੰਦੂ ਮੰਦਰ ਦੀ ਮੂਰਤੀ ਦਾ ਹੋਣਾ ਹੈ) ਅਤੇ ਬੇਨਤੀ ਕੀਤੀ ਕਿ ਫ਼ੀਰੋਜ਼ਖ਼ਾਨ ਸਿੰਘਾਂ ਦੇ ਪਿਛੇ ਥਾਨੇਸਰ ਤੋਂ ਸ਼ਾਹਬਾਦ ਨੂੰ ਕੂਚ ਕਰ ਗਿਆ ਹੈ।

ਜਦ ਫੀਰੋਜ਼ਖ਼ਾਨ ਸਿੰਘਾਂ ਨਾਲ ਰੁੱਝਾ ਹੋਇਆ ਸੀ ਤਾਂ ਬਾਯਜ਼ੀਦ ਖ਼ਾਨ, ਜੋ ਪਾਣੀਪਤੋਂ ਉਸ ਦੀ ਫ਼ੌਜ ਦੇ ਨਾਲ ਆਇਆ ਸੀ, ਉੱਤਰ ਵੱਲ ਚਲਾ ਗਿਆ । ਉਧਰੋਂ ਬਾਦਸ਼ਾਹ ਦੇ ਸਿੰਘਾਂ ਵਿਰੁੱਧ ਆਉਂਦੇ ਹੋਣ ਅਤੇ ਆਪਣੇ ਚਾਚੇ ਬਾਯਜੀਦ ਖ਼ਾਨ ਦੇ ਮੁੜ ਆਉਣ ਦੀਆਂ ਖ਼ਬਰਾਂ ਸੁਣ ਕੇ ਸ਼ੱਮਸ ਖ਼ਾਨ ਦਾ ਭੀ ਹੋਸਲਾ ਵੱਧ ਗਿਆ। ਉਸ ਨੇ ਦੁਆਬਾ ਬਿਸਤ ਜਾਲੰਧਰ ਵਿਚੋਂ ਕਾਫ਼ੀ ਮੁਲਖੱਈਆ ਇਕੱਠਾ ਕਰ ਲਿਆ ਅਤੇ ਸਰਹੰਦ ਵੱਲ ਨੂੰ ਚੜ੍ਹ ਪਿਆ । ਬਾਯਜੀਦ ਖ਼ਾਨ ਸ਼ੱਮਸ ਖ਼ਾਨ ਅਤੇ ਉਮਰ ਖ਼ਾਨ ਦੀਆਂ ਇਕੱਠੀਆਂ ਫ਼ੌਜਾਂ ਦਾ ਯਾਕੂਬ ਖ਼ਾਨ ਦੇ ਬਾਗ ਵਿਚ ਭੇੜ ਸਿੰਘਾਂ ਨਾਲ ਹੋ ਗਿਆ। ਸਰਹੰਦ ਦਾ ਸਿੱਖ ਫ਼ੌਜਦਾਰ ਬਾਜ ਸਿੰਘ ਇਸ ਵੇਲੇ ਕਿਧਰੇ ਬਾਹਰ ਸੀ । ਉਸ ਦੇ ਭਰਾਵਾਂ ਸੁੱਖਾ ਸਿੰਘ ਅਤੇ ਸ਼ਾਮ ਸਿੰਘ ਨੇ ਬੜੀ ਦਲੇਰੀ ਨਾਲ ਡਟ ਕੇ ਟਾਕਰਾ ਕੀਤਾ, ਪਰ ਪਠਾਣ ਸਰਦਾਰਾਂ ਦੇ ਸਾਥੀ ਮੁਲਖੱਈਏ ਦੀ ਬਹੁ-ਗਿਣਤੀ ਉਨ੍ਹਾਂ ਪਰ ਭਾਰੂ ਹੋ ਗਈ ਅਤੇ ਸੁੱਖਾ ਸਿੰਘ ਦੇ ਇਕ ਐਸੇ ਵੇਲੇ ਮਾਰੇ ਜਾਣ ਨੇ, ਜਦ ਕਿ ਲੜਾਈ ਬਰਾਬਰ ਦੀ ਤੁਲੀ ਹੋਈ ਸੀ, ਉਨ੍ਹਾਂ ਨੂੰ ਸਰਹੰਦ ਦੇ ਕਿਲੇ ਵੱਲ ਹਟਦੇ ਜਾਣ ਲਈ ਮਜ਼ਬੂਰ ਕਰ ਦਿੱਤਾ।

ਬਾਦਸ਼ਾਹ ਨੂੰ ਉਗਾਲੇ 17 ਨਵੰਬਰ (6 ਸ਼ੱਵਾਲ) ਨੂੰ ਇਸ ਖ਼ਬਰ ਦੇ ਪੁੱਜਦੇ ਸਾਰ ਕਿ ਸਿੰਘ ਸਰਹੰਦ ਦੇ ਕਿਲੇ ਵਿਚ ਜਾ ਕੇ ਡਟ ਗਏ ਹਨ, ਉਸ ਨੇ ਮੁਹੰਮਦ ਅਮੀਨ ਚੀਨ ਬਹਾਦੁਰ ਨੂੰ ਹੁਕਮ ਦਿੱਤਾ ਕਿ ਕੁਝ ਪੜਾਓ ਛੱਡਦਾ ਹੋਇਆ ਬੜੀ ਤੇਜ਼ੀ ਨਾਲ ਸਰਹੰਦ ਵੱਲ ਕੂਚ ਕਰੇ ਅਤੇ ਕਿਲੇ ਨੂੰ ਘੇਰਾ ਪਾ ਲਵੇ, ਪਰ ਉਸ ਦੇ ਪੁੱਜਣ ਤੋਂ ਪਹਿਲਾਂ ਹੀ ਸ਼ਮਸ ਖ਼ਾਨ ਆਦਿ ਨੇ ਕਿਲਾ ਛੁਡਾ ਲਿਆ ਸੀ। ਅਤੇ ਲੜਾਈ ਵਿਚ ਮਾਰੇ ਗਏ ਸਿੰਘਾਂ ਦੇ ਤਿੰਨ ਸੌ ਸਿਰਾਂ ਦੇ ਚਾਰ ਗੱਡੇ, ਇਕ ਝੰਡਾ, ਦੋ ਨਿਸ਼ਾਨ, ਚਾਰ ਬਾਣ ਅਤੇ ਦੋ ਨੇਜੇ ਬਾਦਸ਼ਾਹ ਦੀ ਸੇਵਾ ਵਿਚ ਭੇਜ ਦਿੱਤੇ ਸਨ, ਜੋ 24 ਨਵੰਬਰ (13 ਸ਼ੱਵਾਲ) ਨੂੰ ਸਢੌਰੇ ਪਹੁੰਚੇ ਅਤੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਸ਼ਮਸ ਖ਼ਾਨ ਨੂੰ ਖਿੱਲਤ ਭੇਜੀ ਜਾਏ। ਸਰਹੰਦ ਉੱਤੇ ਕਬਜ਼ਾ ਕਰਨ ਦੀ ਸੋਭਾ ਦਾ ਮੌਕਾ ਹੱਥੋਂ ਖੁੱਸ ਜਾਣ ਨਾਲ ਮੁਹੰਮਦ ਅਮੀਨ ਖ਼ਾਨ ਘਾਬਰ ਕੇ ਛਿੱਥਾ ਪੈ ਗਿਆ ਅਤੇ ਸ਼ਮਸ ਖ਼ਾਨ ਦਾ ਕੱਟੜ ਵੈਰੀ ਬਣ ਗਿਆ। ਉਸ ਨੇ ਬਾਦਸ਼ਾਹ ਪਾਸ ਸ਼ਿਕਾਇਤ ਕੀਤੀ ਕਿ ਸ਼ਮਸ ਖ਼ਾਨ ਨੇ ਮੰਦੀ ਨੀਤਿ ਨਾਲ ਬੜਾ ਭਾਰਾ ਲਸ਼ਕਰ ਜਮਾਂ ਕੀਤਾ ਹੋਇਆ ਹੈ ਅਤੇ ਉਸ ਦੀਆਂ ਚਾਲਾਂ ਦੇਸ਼ ਦੇ ਅਮਨ ਲਈ ਖ਼ਤਰੇ ਤੋਂ ਖਾਲੀ ਨਹੀਂ ਦਿਸਦੀਆਂ। ਗ਼ਰੀਬ ਸ਼ੱਮਸ ਖ਼ਾਨ ਪਤਾ ਨਹੀਂ ਕੀ ਕੀ ਵੱਡੇ ਅਹੁਦਿਆਂ ਦੀਆਂ ਆਸਾਂ ਲਾਈ ਬੈਠਾ ਹੋਣਾ ਹੈ, ਪਰ ਜੋ ਸਲੂਕ ਉਸ ਨਾਲ ਹੋਇਆ ਉਹ ਬਹੁਤ ਹੀ ਕਿਰਤ-ਘਣਤਾ ਵਾਲਾ ਸੀ । ਉਸ ਨੂੰ ਬਿਸਤ ਜਲੰਧਰ ਦੀ ਫ਼ੌਜਦਾਰੀ ਤੋਂ ਹਟਾ ਦਿੱਤਾ ਗਿਆ ਅਤੇ ਉਸ ਦੀ ਥਾਂ ਈਸਾ ਖ਼ਾਨ ਮੰਝ ਨੂੰ 1500 ਜ਼ਾਤ ਅਤੇ 1000 ਸਵਾਰ ਦੀ ਪਦਵੀ ਦੇ ਕੇ ਨਿਯਤ ਕੀਤਾ ਗਿਆ ।

ਵੈਰੀਆਂ ਨੇ ਸਰਹੰਦ ਤੋਂ ਨਿਕਲੇ ਸਿੰਘਾਂ ਦਾ ਖਰੜ ਅਤੇ ਬੁੜਾਇਲ ਤਕ ਪਿੱਛਾ ਕੀਤਾ। ਜਦ ਬੁੜਾਇਲ ਦੀ ਜੂਹ ਸਿੰਘਾਂ ਅਤੇ ਵੈਰੀਆਂ ਦੇ ਭੇੜ ਹੋਇਆ ਤਾਂ ਬੰਦਾ ਸਿੰਘ ਅਚਣਚੇਤ ਹੀ ਆ ਪੁੱਜਾ । ਸਿੰਘਾਂ ਦੇ ਹੌਂਸਲੇ ਦੂਣੇ ਚੌਣੇ ਹੋ ਗਏ ਅਤੇ ਉਹ ਭਗਉਤੀਆਂ ਲੈ ਪਿਛਾਂਹ ਨੂੰ ਮੁੜ ਪਏ। ਬਸ ਫੇਰ ਕੀ ਸੀ, ਵਧੀ ਜਾ ਰਹੇ ਵੈਰੀਆਂ ਦੇ ਅਗਾਊਂ ਦਸਤੇ ਪਿਛਲੀ ਪੈਰੀਂ ਨੱਸ ਤੁਰੇ । ਇਹ ਸ਼ਾਇਦ ਮੁਹੰਮਦ ਅਮੀਨ ਖ਼ਾਨ ਦੇ ਬੰਦੇ ਹੋਣ ਜਿਨ੍ਹਾਂ ਨੂੰ ਪਈ ਭਾਂਜ ਨੇ ਉਸ ਨੂੰ ਛਿੱਥਾ ਪਾ ਦਿੱਤਾ ਅਤੇ ਆਪਣੀ ਬਦਨਾਮੀ ਹੋਣ ਤੋਂ ਉਨ੍ਹਾਂ ਨੇ ਸ਼ੱਮਸ ਖ਼ਾਨ ਦੇ ਵਿਰੁੱਧ ਸ਼ਿਕਾਇਤ ਘੜ ਕੇ ਆਪਣੇ ਮਨ ਦੀ ਈਰਖਾ ਨੂੰ ਠੰਢਾ ਕੀਤਾ। ਮੁਹੰਮਦ ਅਮੀਨ ਖ਼ਾਨ ਵੱਲੋਂ ਆਪਣੇ ਭਰਾ ਰਿਆਇਤ ਖ਼ਾਨ ਹੱਥੀਂ ਭੇਜੀ ਅਰਦਾਸ ਤੋਂ, ਜੋ 7 ਦਸੰਬਰ ਨੂੰ ਬਾਦਸ਼ਾਹ ਦੇ ਹਜੂਰ ਪੇਸ਼ ਹੋਈ, ਪਤਾ ਲੱਗਦਾ ਹੈ ਕਿ ਮੁਹੰਮਦ ਅਮੀਨ ਖ਼ਾਨ ਨੇ ਸਰਹੰਦ ਪੁੱਜ ਕੇ ਇਕ ਬੁਰਜ ਨੂੰ ਸੁਰੰਗ ਲਾ ਕੇ ਉੱਡਾ ਦਿੱਤਾ ਅਤੇ ਉਸ ਨੂੰ ਪੁਰਵਾ ਦਿੱਤਾ। ਰਾਤ ਦੇ ਵੇਲੇ ਤਿੰਨ ਕੁ ਹਜ਼ਾਰ ਸਿੰਘ ਮਤਬ ਖ਼ਾਨ ਦੇ ਮੋਰਚੇ ਉੱਤੇ ਆ ਪਏ ਅਤੇ ਇਕ ਹਜਾਰ ਆਦਮੀਆਂ ਨੂੰ ਮਾਰ ਕੇ ਹਰਨ ਹੋ ਗਏ ।

ਸਢੌਰਾ ਅਤੇ ਲੋਹਗੜ੍ਹ ਦੀਆਂ ਲੜਾਈਆਂ

ਜਿਸ ਵੇਲੇ ਬਾਦਸ਼ਾਹ ਦਾ ਡੇਰਾ 24 ਨਵੰਬਰ ਨੂੰ ਸਢੌਰੇ ਪੁੱਜਾ ਤਾਂ ਥਾਨੇਸਰ ਅਤੇ ਸਰਹੰਦ ਤੋਂ ਹਟ ਆਏ ਸਿੰਘ ਲੋਹਗੜ੍ਹ ਆ ਗਏ ਸਨ । ਬੰਦਾ ਸਿੰਘ ਭੀ ਇਥੇ ਆ ਗਿਆ ਸੀ ਅਤੇ ਕਿਲੇ ਦੀ ਮੋਰਚਾਬੰਦੀ ਮਜ਼ਬੂਤ ਕਰਨ ਲਗ ਗਿਆ ਸੀ । ਹਰ ਕੋਈ, ਕੀ ਵੱਡਾ ਕੀ ਛੋਟਾ, ਜੋ ਭੀ ਬਾਦਸ਼ਾਹੀ ਡੇਰੇ ਵਿਚ ਆਉਂਦਾ, ਇਹੋ ਹੀ ਕਹਿੰਦਾ ਕਿ ਬੰਦਾ ਸਿੰਘ ਦੇ ਵਸ ਵਿਚ ਕੋਈ ਜਾਦੂ ਦੀਆਂ ਸ਼ਕਤੀਆਂ ਹਨ, ਉਸ ਦੇ ਮੂੰਹ ਵਿਚੋਂ ਅੱਗ ਦੇ ਭਬੂਕੇ ਨਿਕਲਦੇ ਹਨ ਅਤੇ ਤਲਵਾਰ ਅਰ ਤੀਰ ਉਸ ਦੇ ਲਾਗੇ ਰਹਿਣ ਵਾਲੇ ਸਾਥੀਆਂ ਨੂੰ ਜ਼ਖ਼ਮੀ ਨਹੀਂ ਕਰ ਸਕਦੇ । ਵਿਲੀਅਮ ਅਰਵਿਨ ਸਮਕਾਲੀ ਲਿਖਾਰੀਆਂ ਦੇ ਆਧਾਰ ਤੇ ਕਹਿੰਦਾ ਹੈ ਕਿ ਇਹ ਗੱਲ ਆਮ ਲੋਕਾਂ ਦੀ ਜੀਭ ਉੱਤੇ ਸੀ ਕਿ ਗੁਰੂ [ਬੰਦਾ ਸਿੰਘ] ਉਸ ਨਾਲੋਂ ਭੀ ਬਹੁਤ ਜ਼ੋਰਦਾਰ ਜਾਦੂਗਰ ਹੈ ਜੋ ਵੱਛਿਆਂ ਤੋਂ ਗੱਲਾਂ ਕਰਵਾਉਂਦਾ ਸੀ, ਉਹ ਗੋਲੀ ਨੂੰ ਰਸਤੇ ਵਿਚੋਂ ਦੂਸਰੇ ਪਾਸੇ ਮੋੜ ਸਕਦਾ ਹੈ ਅਤੇ ਅਜਿਹੇ ਟੂਣੇ ਕਰ ਸਕਦਾ ਹੈ ਕਿ ਉਸ ਦੇ ਸੰਗੀ ਸਾਥੀਆਂ ਉੱਤੇ ਤਲਵਾਰ ਅਤੇ ਨੇਜਾ ਬਹੁਤ ਥੋੜ੍ਹਾ ਅਸਰ ਕਰੇ ਜਾਂ ਬਿਲਕੁਲ ਹੀ ਕੋਈ ਅਸਰ ਨਾ ਕਰੇ । ਇਨ੍ਹਾਂ ਵਿਹਲੀਆਂ ਗੱਪਾਂ ਨੂੰ ਸੁਣ ਸੁਣ ਕੇ ਬਾਦਸ਼ਾਹ, ਉਸ ਦੇ ਵੱਡੇ ਵੱਡੇ ਅਮੀਰ, ਅਤੇ ਫੋਜੀ ਸਿਪਾਹੀ ਘਬਰਾਹਟ ਵਿਚ ਦਿਲ ਛੱਡੀ ਬੈਠੇ ਸਨ । ਦੂਸਰੇ ਪਾਸੇ ਬੰਦਾ ਸਿੰਘ ਵੱਲੋਂ ਦਿੱਤੇ ਹੋਏ ਇਸ ਯਕੀਨ ਨਾਲ ਸਿੱਖਾਂ ਦੇ ਹੌਸਲੇ ਵਧੇ ਹੋਏ ਸਨ ਕਿ ਜੋ ਭੀ ਇਸ ਜੰਗ ਵਿਚ ਸ਼ਹੀਦ ਹੋਵੇਗਾ ਉਹ ਛੇਤੀ ਹੀ ਉੱਚੀ ਪਦਵੀ ਪ੍ਰਾਪਤ ਕਰ ਕੇ ਮੁੜ ਜਨਮ ਲਏਗਾ ।’

24 ਨਵੰਬਰ (13 ਸ਼ੱਵਾਲ) ਨੂੰ ਰੁਸਤਮ-ਦਿਲ ਖ਼ਾਨ ਅਤੇ ਫੀਰੋਜ਼ਖ਼ਾਨ ਮੇਵਾਤੀ ਨੂੰ, ਜੋ ਇਸ ਵੇਲੇ ਸ਼ਾਹੀ ਡੇਰੇ ਵਿਚ ਆ ਗਏ ਸਨ, ਹੁਕਮ ਹੋਇਆ ਕਿ ਅਗਾਊਂ ਤੰਬੂਆਂ ਨਾਲ ਅੱਗੇ ਜਾਣ ਅਤੇ ਅਗਲੇ ਡੇਰੇ ਲਈ ਕੋਈ ਚੰਗੀ ਥਾਂ ਵੇਖ ਲੈਣ ਅਤੇ ਬਾਦਸ਼ਾਹੀ ਤੋਪਖ਼ਾਨੇ ਨੂੰ ਲਿਜਾ ਕੇ ਸਿੰਘਾਂ ਦੇ ਕਿਲੇ (ਲੋਹਗੜ੍ਹ) ਵੱਲ ਅਜਿਹੇ ਉੱਚੇ ਥਾਂ ਤੋਪਾਂ ਬੀੜਨ ਕਿ ਜਿੱਥੋਂ ਚੰਗੀ ਤਰ੍ਹਾਂ ਤੀਰ ਅਤੇ ਗੋਲੇ ਵਰ੍ਹਾਏ ਜਾ ਸਕਣ। ਮੁਨਇਮ ਖ਼ਾਨ ਅਤੇ ਉਸ ਦਾ ਪੁੱਤਰ ਮਹਾਬਤ ਖ਼ਾਨ ਆਪਣੀਆਂ ਫ਼ੌਜਾਂ ਸਣੇ ਅਤੇ ਬਖ਼ਸ਼ੀ ਅਫ਼ਜ਼ਲ ਖ਼ਾਨ ਸ਼ਾਹਾਜਾਦਾ ਰਫ਼ੀ-ਉ-ਸ਼ਾਨ ਦੀ ਪਿੱਛੇ ਰੱਖੀ ਹੋਈ ਫ਼ੌਜ ਲੈ ਕੇ ਅਗਾਊਂ ਤੰਬੂਆਂ ਦੇ ਨਾਲ ਜਾਣ । ਦੂਸਰੇ ਦਿਨ ਸਵੇਰੇ 25 ਨਵੰਬਰ (14 ਸ਼ੱਵਾਲ) ਨੂੰ ਖ਼ਬਰ ਆਈ ਕਿ ਰੁਸਤਮ-ਦਿਲ ਖ਼ਾਨ ਮੁਸ਼ਕਲ ਨਾਲ ਅਜੇ ਦੋ ਕੁ ਜਰੀਬੀ ਕੋਹ ਹੀ ਬਾਦਸ਼ਾਹੀ ਡੇਰੇ ਤੋਂ ਅਗੇ ਗਿਆ ਹੋਣਾ ਹੈ ਕਿ ਸਿੱਖਾਂ ਨੇ ਦਸ ਬਾਰਾਂ ਕੋਹਾਂ ਤੋਂ ਆ ਕੇ ਉਸ ਉੱਤੇ ਤੀਰਾਂ, ਬਾਣਾਂ ਅਤੇ ਗੋਲੀਆਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ । ਸਿੰਘ ਲਾਗੇ ਹੀ ਜੰਗਲ ਵਿਚ ਲੁਕੇ ਹੋਏ ਮੌਕੇ ਦੀ ਤਾੜ ਵਿਚ ਬੈਠੇ ਉਡੀਕ ਰਹੇ ਹੋਣੇ ਹਨ। ਖਾਫ਼ੀ ਖ਼ਾਨ ਕਹਿੰਦਾ ਹੈ ਕਿ ਜੋ ਲੜਾਈ ਇਸ ਤੋਂ ਬਾਅਦ ਹੋਈ, “ਉਸ ਨੂੰ ਬਿਆਨ ਕਰ ਸਕਣਾ ਮੇਰੇ ਲਈ ਅਸੰਭਵ ਹੈ। ਫ਼ਕੀਰਾਂ ਵਾਲੇ ਭੇਖ ਵਿਚ ਸਿੰਘਾਂ ਨੇ ਸ਼ਾਹੀ ਲਸ਼ਕਰ ਨੂੰ ਭੈ ਭੀਤ ਕਰ ਦਿੱਤਾ । ਬਾਦਸ਼ਾਹੀ ਫੌਜੀਆਂ ਵਿਚੋਂ ਮੋਇਆਂ ਅਤੇ ਮਰ ਰਿਹਾ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਕੁਝ ਚਿਰ ਲਈ ਤਾਂ ਇੰਜ ਪ੍ਰਤੀਤ ਹੁੰਦਾ ਰਿਹਾ ਕਿ ਲੜਾਈ ਹਾਰੀ ਜਾ ਰਹੀ ਹੈ। ਫੀਰੋਜਖ਼ਾਨ ਮੇਵਾਤੀ ਦਾ ਇਕ ਭਤੀਜਾ ਮਾਰਿਆ ਗਿਆ ਅਤੇ ਉਸ ਦਾ ਪੁੱਤਰ ਫੱਟੜ ਹੋ ਗਿਆ। ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਿੱਖ ਸਰਦਾਰ ਤਲਵਾਰਾਂ ਹੱਥ ਲੈ ਅਗੇ ਵਧੇ ਅਤੇ ਬਹੁਤ ਸਾਰੇ ਜਹਾਦੀਆਂ ਨੂੰ ਸ਼ਹਾਦਤ ਦੇ ਪਿਆਲੇ ਪਿਆਏ ਅਤੇ ਬਹੁਤ ਸਾਰਿਆਂ ਨੂੰ ਘਾਇਲ ਕਰ ਦਿੱਤਾ ।” ਰੁਸਤਮ-ਦਿਲ ਖ਼ਾਨ ਦੇ ਫ਼ੌਜੀ ਇਸ ਹੱਲੇ ਨੂੰ ਸਹਿ ਨਾ ਸਕੇ ਅਤੇ ਖਿੰਡਾ ਦਿੱਤੇ ਗਏ । ਪਰ ਛੇਤੀ ਹੀ ਪਿਛੋਂ ਹੋਰ ਬਾਦਸ਼ਾਹੀ ਫ਼ੌਜ ਆ ਪੁੱਜੀ ਅਤੇ ਉਨ੍ਹਾਂ ਦੀ ਬਹੁ-ਗਿਣਤੀ ਸਿੰਘਾਂ ਉੱਤੇ ਭਾਰੂ ਹੋ ਗਈ ।

ਤਜਕਿਰਾਤੂ-ਸਲਾਤੀਨ ਦਾ ਲਿਖਾਰੀ ਮੁਹੰਮਦਹਾਦੀ ਕਾਮਵਰ ਖ਼ਾਨ ਕਹਿੰਦਾ ਹੈ ਕਿ ਮੈਂ ਸ਼ਾਹਜਾਦਾ ਰਫੀ-ਉ-ਸ਼ਾਨ ਦੀ ਫ਼ੌਜ ਵਿਚ ਉਸ ਵੇਲੇ ਉਥੇ ਮੌਜੂਦ ਸਾਂ ਅਤੇ ਮੈਂ ਆਪਣੀ ਅੱਖੀਂ ਡਿਠਾ ਕਿ ਇਨ੍ਹਾਂ ਮਰਦੂਦ ਸਿੱਖਾਂ ਵਿਚੋਂ ਹਰ ਇਕ ਜੁਆਨ ਛਾਲਾਂ ਮਾਰ ਮਾਰ ਖਾਈ ਵਿਚੋਂ ਨਿਕਲਦਾ, ਬਾਦਸ਼ਾਹੀ ਲਸ਼ਕਰੀਆਂ ਨੂੰ ਆ ਵੰਗਾਰਦਾ ਅਤੇ ਬੜੀ ਬਹਾਦੁਰੀ ਦੇ ਜੌਹਰ ਵਿਖਾਲ ਕੇ ਗਾਜ਼ੀਆਂ ਦੀ ਤਲਵਾਰ ਹੇਠ ਬੇ-ਦਰੇਗ਼ ਜਾਨ ਦੇ ਦਿੰਦਾ । .. ਇਸ ਵੇਲੇ ਬਾਦਸ਼ਾਹੀ ਅਤੇ ਨਾਮਵਰ ਅਮੀਰਾਂ ਦੀਆਂ ਫੌਜਾਂ ਨੇ ਭੀ ਹਰ ਪਾਸਿਓਂ ਹੱਲਾ ਕਰਕੇ ਰੁਸਤਮ ਅਤੇ ਅਸਫ਼ਦ-ਯਾਰ ਦੇ ਕਾਰਨਾਮੇ ਮਾਤ ਪਾ ਦਿੱਤੇ । ਬੜੀ ਭਿਆਨਕ ਲੜਾਈ ਹੋਈ। ਸਿੱਖਾਂ ਦੇ ਦੋ ਸਰਦਾਰ ਅਤੇ ਢਾਈ ਹਜ਼ਾਰ ਬੰਦੇ ਮਾਰੇ ਗਏ । ਵਿਜਈ ਫੌਜ ਵਿਚੋਂ ਫੀਰੋਜ਼ ਖ਼ਾਨ ਮੇਵਾਤੀ ਦਾ ਇਕ ਭਤੀਜਾ ਮਾਰਿਆ ਗਿਆ ਅਤੇ ਪੁੱਤਰ ਜ਼ਖ਼ਮੀ ਹੋ ਗਿਆ।

ਸੂਰਜ ਛਿਪਣ ਨਾਲ ਸਿੱਖ ਚੜ੍ਹਦੀਆਂ ਪਹਾੜੀਆਂ ਵੱਲ ਨੂੰ ਹਟ ਗਏ ਅਤੇ ਲੋਹਗੜ੍ਹ ਦੇ ਕਿਲ੍ਹੇ ਵਿਚ ਜਾ ਵੜੇ। ਇਸ ਨਾਲ ਨਾਮਵਰ ਅਮੀਰਾਂ ਨੇ ਫ਼ਤਿਹ ਦੇ ਨਗਾਰਿਆਂ ਅਤੇ ਜੈਕਾਰਿਆਂ ਨਾਲ ਗੜਗੱਜ ਮਚਾ ਦਿੱਤੀ ਅਤੇ ਡੇਢ ਕੋਹ ਅੱਗੇ ਜਾ ਕੇ ਅਗਾਊਂ ਤੰਬੂ ਲਾ ਦਿੱਤੇ । ਮੁਨਇਮ ਖ਼ਾਨ ਅਤੇ ਉਸ ਦਾ ਪੁੱਤਰ ਮੁਹਾਬਤ ਖ਼ਾਨ ਤਾਂ ਇਥੇ ਰਾਖੀ ਲਈ ਰਹੇ ਅਤੇ ਰੁਸਤਮ ਖ਼ਾਨ, ਅਫ਼ਜ਼ਲ ਖ਼ਾਨ ਅਤੇ ਦੂਸਰੇ ਸਰਦਾਰਾਂ ਨੇ ਅੱਧਾ ਕੁ ਕੋਹ ਅਗੇ ਹੋ ਕੇ ਸੋਮ ਨਦੀ ਦਾ ਕੰਢਾ ਮੱਲ ਲਿਆ । ਨਦੀ ਬੜੀ ਹੌਲੀ ਹੌਲੀ ਵਗ ਰਹੀ ਸੀ । ਇਸ ਦੇ ਪਾਰਲੇ ਕੰਢੇ ਦੂਰ ਤਕ ਸੰਘਣਾ ਜੰਗਲ ਸੀ ਜਿਸ ਵਿਚੋਂ ਰਾਤ ਬੜੀਆਂ ਭਿਆਨਕ ਆਵਾਜ਼ਾਂ ਆਉਂਦੀਆਂ ਰਹੀਆਂ ਜਿਸ ਲਈ ਬੜੀ ਚੋਕਸੀ ਨਾਲ ਪਹਿਰਾ ਰਖਣਾ ਪਿਆ।

ਇਸ ਨੂੰ ਇਕ ਚੰਗੀ ਜਿੱਤ ਸਮਝ ਕੇ ਬਾਦਸ਼ਾਹ ਨੇ ਰੁਸਤਮ-ਦਿਲ ਖ਼ਾਨ ਨੂੰ ‘ਗਾਜ਼ੀਖ਼ਾਨ ਰੁਸਤਮਿ-ਜੰਗ’ ਦੇ ਖ਼ਿਤਾਬ ਨਾਲ ਨਿਵਾਜਿਆ ਅਤੇ ਉਸ ਦਾ ਹੁੱਦਾ 4000 ਜਾਤ ਅਤੇ 3000 ਸਵਾਰ ਤਕ ਵਧਾ ਦਿੱਤਾ ਅਤੇ ਖ਼ਾਨਿਖ਼ਾਨਾਂ ਮੁਨਇਮ ਖ਼ਾਨ ਅਤੇ ਮਹਾਬਤ ਖ਼ਾਨ ਨੂੰ ਬਾਦਸ਼ਾਹੀ ਲੰਗਰ ਵਿਚੋਂ ਖਾਣਾ ਭੇਜਿਆ।

25 ਤੋਂ 28 ਨਵੰਬਰ (14-17 ਸ਼ੱਵਾਲ) ਤਕ ਰੁਸਤਮ-ਦਿਲ ਖ਼ਾਨ ਸੋਮ ਨਦੀ ਦੇ ਕੰਢੇ ਹੀ ਰਿਹਾ । 29 (18 ਸਵਾਲ) ਨੂੰ ਬਾਦਸ਼ਾਹੀ ਡੇਰਾ ਭੀ ਨਦੀ ਦੇ ਕੰਢੇ ਆ ਗਿਆ । ਇਥੋਂ ਲੋਹਗੜ੍ਹ ਦਾ ਕਿਲਾ ਸਾਮ੍ਹਣੇ ਉੱਚੀ ਟੀਸੀ ਉੱਤੇ ਦਿਸਦਾ ਸੀ ਜਿਸ ਦੇ ਆਲੇ ਦੁਆਲੇ ਖੰਡਾਂ, ਅੜਬੜ ਚੱਟਾਨਾ ਅਤੇ ਡੂੰਘਾ ਰਸਤਾ ਸੀ। ਬਾਦਸਾਹ ਨੇ ਲੜਾਈ ਦਾ ਮੈਦਾਨ ਦੇਖਿਆ ਅਤੇ ਰੁਸਤਮ-ਦਿਲ ਖ਼ਾਨ ਅਤੇ ਫੀਰੋਜਖ਼ਾਨ ਨੂੰ ਸ਼ਾਬਾਸ਼ ਦਿੱਤੀ । ਇਥੇ ਜਦ ਮਹਾਬਤ ਖ਼ਾਨ, ਖ਼ਾਨ ਜਮਾਨ ਅਤੇ ਜਮਦਾਤੁਲ- ਮੁਲਕ ਹਾਜ਼ਰ ਹੋਏ ਤਾਂ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਫੌਜ ਨਾਲ ਜਾਓ, ਸਿੱਖਾਂ ਨੂੰ ਮਾਰ ਮਾਰ ਕੇ ਕਿਲੇ ਵਿਚ ਵਾੜ ਦਿਓ ਅਤੇ ਕਿਲੇ ਉੱਤੇ ਚੜ੍ਹਾਈ ਕਰੋ ।

ਜੁਮੇਰਾਤ 30 ਨਵੰਬਰ (19 ਵਾਲ) ਨੂੰ ਸ਼ਾਹੀ ਫ਼ੌਜਾਂ ਨੇ ਸ਼ਾਹਜ਼ਾਦਾ ਰਫ਼ੀ-ਉ-ਸ਼ਾਨ ਦੀ ਕਮਾਨ ਹੇਠਾਂ ਡਾਬਰ ਦੀ ਪਹਾੜੀ ਦੇ ਹੇਠਲੇ ਕੰਢੇ ਨੂੰ ਕੂਚ ਕੀਤਾ । ਦਲ ਦੀ ਪਰ੍ਹੇ-ਬੰਦੀ ਇਸ ਤਰ੍ਹਾਂ ਸੀ  :

ਖੱਬੇ ਪਾਸੇ ਇਕ ਕੋਹ ਅੱਗੇ ਬਾਦਸ਼ਾਹ ਫੌਜ ਦੀ ਅਗਾਊਂ ਗਾਰਦ ਦੀ ਕਮਾਨ ਸ਼ਾਹਜ਼ਾਦਾ ਕਰ ਰਿਹਾ ਸੀ ਅਤੇ ਰਾਜਾ ਉਦਿਤ ਸਿੰਘ ਬੁੰਦੇਲੇ ਪਾਸ ਬਖ਼ਸ਼ੀ-ਉਲ-ਮੁਮਾਲਿਕ ਦੀ ਅਗਾਊਂ ਗਾਰਦ ਦੀ ਕਮਾਨ ਸੀ ।

ਸੱਜੇ ਪਾਸੇ ਜਮਦਾਤੁਲ-ਮੁਲਕ ਖ਼ਾਨਿਖ਼ਾਨਾਂ ਮੁਨਇਮ ਖ਼ਾਨ ਅਤੇ ਉਸ ਦੇ ਪੁੱਤਰ ਮੁਹਾਬਤ ਖ਼ਾਨ ਅਤੇ ਖ਼ਾਨ ਜ਼ਮਾਨ ਸਨ ਜਿਨ੍ਹਾਂ ਦੇ ਨਾਲ ਇਥੇ ਦੇ ਲੋਕ ਰਾਹ ਦੱਸਣ ਵਾਲੇ ਸਨ । ਇਨ੍ਹਾਂ ਦੀ ਅਗਾਊਂ ਫ਼ੌਜ ਰਾਜਾ ਚਤਰ ਸਾਲ ਬੁੰਦੇਲੇ ਅਤੇ ਇਸਲਾਮ ਖ਼ਾਨ ਦੇ ਤਹਿਤ ਵਿਚ ਸੀ। ਮੁਨਇਮ ਖ਼ਾਨ ਦੀ ਹੋਰ ਸਹਾਇਤਾ ਲਈ ਹਮੀਦੁ-ਦੀਨ ਖ਼ਾਨ ਅਤੇ ਸ਼ਾਹਜ਼ਾਦਾ ਅਜ਼ੀਮ-ਸ਼ਾਨ ਅਤੇ ਸ਼ਾਹਜ਼ਾਦਾ ਜਹਾਨ ਸ਼ਾਹ ਦੀਆਂ ਪਿਛੇ ਰਹੀਆਂ ਫ਼ੌਜਾਂ ਸਨ ।

ਇਸ ਤਰ੍ਹਾਂ ਲੋਹਗੜ੍ਹ ਦੇ ਕਿਲੇ ਨੂੰ ਸੱਠ ਹਜ਼ਾਰ ਬਾਦਸ਼ਾਹੀ ਸਵਾਰਾਂ ਅਤੇ ਪਿਆਦਿਆਂ ਅਤੇ ਅਣਗਿਣਤ ਰੁਹੇਲੇ ਪਠਾਣਾਂ, ਬਲੋਚਾਂ ਅਤੇ ਹੋਰ ਕੌਮਾਂ ਦੇ ਲੁਟੇਰਿਆਂ ਨੇ ਕੱਸ ਕੇ ਘੇਰਾ ਪਾ ਲਿਆ। ਲੋਹਗੜ੍ਹ ਦਾ ਕਿਲਾ ਇਤਨਾ ਮਜ਼ਬੂਤ ਅਤੇ ਅਪਹੁੰਚ ਸੀ ਕਿ ਬਾਦਸ਼ਾਹ ਨੂੰ ਹੌਸਲਾ ਨਹੀਂ ਸੀ ਪੈ ਰਿਹਾ ਕਿ ਕਿਲੇ ਵਿਚ ਸਿੰਘਾਂ ਉੱਤੇ ਹੱਲਾ ਕਰਵਾ ਸਕੇ । ਇਸ ਲਈ ਉਸ ਨੇ ਫੈਸਲਾ ਕੀਤਾ ਕਿ ਕਿਲੇ ਤੋਂ ਬਾਹਰ ਚੁੱਪ ਚਾਪ ਢਿੱਲੇ ਪ੍ਰਤੀਤ ਹੋਣਾ ਚਾਹੀਦਾ ਹੈ ਤਾਂਕਿ ਸਿੱਖ ਲੜਾਈ ਲਈ ਕਿਲੇ ਤੋਂ ਬਾਹਰ ਨਿਕਲ ਆਉਣ । ਇਸ ਲਈ ਬਾਦਸ਼ਾਹ ਨੇ ਸ਼ਾਹਜ਼ਾਦਿਆਂ ਅਤੇ ਸਾਰੇ ਅਮੀਰਾਂ (ਸਰਦਾਰਾਂ) ਨੂੰ ਪੱਕੇ ਹੁਕਮ ਜਾਰੀ ਕੀਤੇ ਕਿ ਕਿਸੇ ਹਾਲਤ ਵਿਚ ਜਾਂ ਬਹਾਨੇ ਭੀ ਸਿੱਖਾਂ ਦੇ ਮੋਰਚਿਆਂ ਦੇ ਲਾਗੇ ਨਾ ਢੁੱਕਣ। ਵਜ਼ੀਰ ਮੁਨਇਮ ਖ਼ਾਨ ਖ਼ਾਨਿ-ਖ਼ਾਨਾਂ ਨੇ ਬਾਦਸ਼ਾਹ ਦੇ ਹਜ਼ੂਰ ਬੇਨਤੀ ਕੀਤੀ ਕਿ ਉਸ ਨੂੰ ਦੁਸ਼ਮਨ ਦੇ ਟਿਕਾਣਿਆਂ ਦੀ ਦੇਖਭਾਲ ਲਈ ਫ਼ੌਜ ਸਮੇਤ ਅਗੇ ਵਧਣ ਦੀ ਆਗਿਆ ਬਖ਼ਸ਼ੀ ਜਾਏ । ਬਾਦਸ਼ਾਹ ਨੇ ਇਸ ਸ਼ਰਤ ਉੱਤੇ ਆਗਿਆ ਦੇਣੀ ਪ੍ਰਵਾਨ ਕੀਤੀ ਕਿ ਉਹ ਬਾਦਸ਼ਾਹ ਦੀ ਹੋਰ ਆਗਿਆ ਬਿਨਾਂ ਹੱਲਾ ਸ਼ੁਰੂ ਨਹੀਂ ਕਰੇਗਾ ।

ਜਦ ਮੁਨਇਮ ਖ਼ਾਨ ਸਿੱਖਾਂ ਦੇ ਮੋਰਚਿਆਂ ਦੀ ਮਾਰ ਹੇਠਾਂ ਪੁੱਜਾ ਤਾਂ ਉਨ੍ਹਾਂ ਨੇ ਆਪਣੇ ਅੱਡਿਆਂ ਤੋਂ ਤੋਪਾਂ ਦੀ ਜੋਰਦਾਰ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਪਿਆਦਿਆਂ ਨੇ ਪਹਾੜੀ ਟੀਸੀਆਂ ਤੋਂ ਬਾਣਾਂ, ਗੋਲੀਆਂ ਅਤੇ ਤੀਰਾਂ ਨਾਲ ਵਿੰਨ੍ਹ ਦਿੱਤਾ । ਮੁਨਇਮ ਖ਼ਾਨ ਨੇ ਬਾਦਸ਼ਾਹ ਦੀ ਖ਼ਫ਼ਗੀ ਨਾਲੋ ਜਿਆਦਾ ਆਪਣੀ ਫ਼ੌਜੀ ਮਸ਼ਹੂਰੀ ਦੀ ਰਾਖੀ ਦੇ ਖਿਆਲ ਨਾਲ ਇਕ ਵਾਰੀ ਬਾਦਸ਼ਾਹ ਦਾ ਹੁਕਮ ਅਦੂਲੀ ਦਾ ਹੌਂਸਲਾ ਕਰ ਲਿਆ ਅਤੇ ਹੱਲੇ ਦਾ ਹੁਕਮ ਦੇ ਦਿੱਤਾ । ਇਹ ਸਭ ਕੁਝ ਬਾਦਸ਼ਾਹੀ ਡੇਰੇ ਤੋਂ ਦਿਸ ਰਿਹਾ ਸੀ । ਫ਼ੌਜੀ ਮਸ਼ਹੂਰੀ ਦੀ ਲਾਲਸਾ ਅਤੇ ਈਰਖਾ ਨਾਲ ਦੂਸਰੇ ਸਰਦਾਰਾਂ ਅਤੇ ਸਿਪਾਹੀਆਂ ਨੇ ਭੀ ਹੁਕਮ ਦੀ ਉਡੀਕ ਨਾ ਕੀਤੀ। ਇਸੇ ਤਰ੍ਹਾਂ ਸ਼ਾਹਜਾਦ ਰਫ਼ੀ-ਉ-ਸ਼ਾਨ ਅਤੇ ਰੁਸਤਮ-ਦਿਲ ਖ਼ਾਨ ਦੀਆਂ ਫ਼ੌਜਾਂ ਨੇ ਕੋਈ ਹੁਕਮ ਨਾ ਉਡੀਕਿਆ ਅਤੇ ਇਨ੍ਹਾਂ ਸਾਰਿਆਂ ਦੀ ਇਕ ਬੜੀ ਭਾਰੀ ਗਿਣਤੀ ਹੱਲੇ ਵਿਚ ਜਾ ਸ਼ਾਮਲ ਹੋਈ। ਇਸ ਗੱਲ ਨੂੰ ਬਾਦਸ਼ਾਹ ਅਤੇ ਚਾਰੇ ਸ਼ਾਹਜਾਦੇ ਆਪਣੇ ਤੰਬੂਆਂ ਦੇ ਵਿਹੜਿਆਂ ਤੋਂ ਗੁੱਸੇ ਅਤੇ ਤਸੱਲੀ ਦੇ ਮਿਲਵੇਂ ਖ਼ਿਆਲਾਂ ਨਾਲ ਦੇਖ ਰਹੇ ਸਨ।

ਜੁਹਰ ਦੀ ਨਮਾਜ਼ ਦੇ ਵੇਲੇ ਤੋਂ ਕੁਝ ਚਿਰ ਪਹਿਲਾਂ ਸਿੰਘਾਂ ਦੀ ਵਲਗਣ ਅੰਦਰੋਂ ਬਹੁਤ ਸਾਰਾ ਧੂੰਆਂ ਨਿਕਲਿਆ ਅਤੇ ਇਕ ਤਕੜਾ ਧਮਾਕਾ ਸੁਣਿਆ ਗਿਆ । ਕਾਮਵਰ ਖ਼ਾਨ, ਉਸ ਦਾ ਮੁਤਬੰਨਾ ਪੁੱਤਰ ਖਿਦਮਤਯਾਰ ਖ਼ਾਨ ਅਤੇ ਖੁਆਜਾ ਅਮਾਨੁੱਲਾ ਕਾਊਸਬੇਗੀ ਅਤੇ ਕੁਝ ਹੋਰ ਸ਼ਾਹੀ ਬੰਦੇ ਲਸ਼ਕਰ ਤੋਂ ਨਿਖੜ ਕੇ ਸਿੰਘਾਂ ਦੇ ਮੋਰਚਿਆਂ ਵੱਲ ਗਏ ਅਤੇ ਉਹ ਸਿੱਖਾਂ ਦੀ ਕੱਚੀ ਗੜ੍ਹੀ ਤੋਂ ਤੀਰ ਦੀ ਮਾਰ ਉੱਤੇ ਸਨ ਕਿ ਇਕ ਪਹਾੜੀ ਦੀ ਟੀਸੀ ਉਪਰੋਂ ਇਕ ਇਮਲੀ ਦੇ ਬਿਰਛ ਤੋਂ ਇਕ ਤੋਪ ਦੇ ਗੋਲੇ ਨੇ ਇਸ ਟੋਲੀ ਨੂੰ ਖਿੰਡਾ ਦਿੱਤਾ । ਇਥੇ ਕਾਮਵਰ ਖ਼ਾਨ ਨੂੰ ਕੁਝ ਕਹਾਰਾਂ ਤੋਂ ਪਤਾ ਲਗਾ ਕਿ ਸਿੱਖ ਸਤਾਰਾਗੜ੍ਹ ਅਤੇ ਲੋਹਗੜ੍ਹ ਦੇ ਕਿਲਿਆਂ ਵੱਲ ਨੂੰ ਪਿੱਛੇ ਹਟ ਰਹੇ ਹਨ ਅਤੇ ਬਾਦਸ਼ਾਹੀ ਫ਼ੌਜਾਂ ਅੱਗ ਲਾਉਣ ਅਤੇ ਲੁੱਟ ਮਾਰ ਵਿਚ ਰੁਝ ਪਈਆਂ ਹਨ।

ਲੜਾਈ ਤਪਦੀ ਅਤੇ ਭੜਕਦੀ ਵੇਖ ਕੇ ਸ਼ਾਹੀ ਫ਼ੌਜਾਂ ਵਿਚ ਭੀ ਉਕਸਾਹਟ ਵੱਧ ਗਈ ਅਤੇ ਬਾਦਸ਼ਾਹ ਅਤੇ ਸ਼ਾਹਜ਼ਾਦਿਆਂ ਦੀਆਂ ਨਿਜੀ ਗਾਰਦਾਂ ਤੋਂ ਬਿਨਾਂ ਸਾਰੀ ਦੀ ਸਾਰੀ ਸੱਠ ਹਜ਼ਾਰ ਫ਼ੌਜ ਅਤੇ ਲੁਟੇਰਿਆਂ ਦੀ ਧਾੜ ਸਿੱਖਾਂ ਦੇ ਮੋਰਚਿਆਂ ਉੱਤੇ ਟੁੱਟ ਪਈ। ਇਸ ਵੇਲੇ ਸਿੱਖਾਂ ਵਾਸਤੇ ਮੁਸ਼ਕਲ ਬਣ ਗਈ । ਵੈਰੀ ਦੇ ਟਿੱਡੀ ਦਲ ਦੇ ਹਜਾਰਾਂ ਹੀ ਬੰਦੇ ਇਕ ਇਕ ਮੋਰਚੇ ਉੱਤੇ ਪੈ ਗਏ । ਸਿੱਖ ਆਟੇ ਵਿਚ ਲੂਣ ਬਰਾਬਰ ਭੀ ਨਹੀਂ ਸਨ । ਇਕ ਇਕ ਕਰਕੇ ਨੀਵੀਆਂ ਪਹਾੜੀਆਂ ਦੀਆਂ ਬਿੜਕਾਂ ਛੱਡਣੀਆਂ ਪੈ ਗਈਆਂ ਅਤੇ ਲੋਹਗੜ੍ਹ ਦੇ ਕਿਲੇ ਵਿਚ ਦੇ ਆਖ਼ਰੀ ਟਿਕਾਣੇ ਵੱਲ ਨੂੰ ਹਟ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਾ ਰਿਹਾ। ਦੋਹੀਂ ਪਾਸੀਂ ਅਤਿ ਦਾ ਜਾਨੀ ਨੁਕਸਾਨ ਹੋਇਆ । ਮੁਸਲਮਾਨੀ ਪਾਸੇ ਵੱਲ ਮੋਇਆਂ ਵਿਚ ਸੁਚਾ ਨੰਦ ਸਰਹੰਦੀ ਦਾ ਪੁੱਤਰ ਭੀ ਸੀ ਜਿਸ ਦੀ ਲੋਥ ਹੋਰ ਮਰੇ ਪਏ ਮੁਸਲਮਾਨਾਂ ਦੀਆਂ ਲੋਥਾਂ ਨਾਲ ਕੁਝ ਪੱਥਰਾਂ ਹੇਠ ਅੱਧੀ ਲੁਕੀ ਪਈ ਸੀ । ਕਾਮਵਰ ਖ਼ਾਨ ਕਹਿੰਦਾ ਹੈ ਕਿ ‘ਇਸ ਭਿਆਨਕ ਕਤਲ ਦੇ ਡਰਾਉਣੇ ਨਜ਼ਾਰੇ ਨੇ ਕਈ ਰਹਿਮ-ਦਿਲਾਂ ਦੇ ਕਾਲਜੇ ਕੰਬਾ ਦਿੱਤੇ ਅਤੇ ਭਾਵੀ ਦੇ ਛਲਾਵੇ ਭਰੇ ਤਮਾਸ਼ੇ ਨੇ ਕਈ ਦੁਖੀਆਂ ਦੇ ਦਿਮਾਗ਼ ਹਿਲਾ ਦਿੱਤੇ’ ਲੁੱਟ ਮਾਰ ਸਬੰਧੀ ਕਾਮਵਰ ਖ਼ਾਨ ਕਹਿੰਦਾ ਹੈ ਕਿ ‘ਇਸ ਵੇਲੇ ਸ਼ਾਹੀ ਲਸ਼ਕਰ ਦੇ ਲੁੱਚੇ ਲਫੰਗੇ ਕਿਲੇ ਅੰਦਰੋਂ ਬਰੂਦ ਦੀ ਅੱਗ ਨਾਲ ਸੜੇ ਝੁਲਸੇ ਮਾਲ ਦੀਆਂ ਪੰਡਾਂ ਸਿਰਾਂ ਮੋਰਾਂ ਉੱਤੇ ਚੁੱਕੀ ਆਉਂਦੇ ਦਿਸੇ। ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲਗਦਾ ਸੀ ਕਿ ਸ਼ਾਹੀ ਫ਼ੌਜ ਟੀਸੀ ਤੋਂ ਟੁੱਟ ਪਈ ਹੈ ਅਤੇ ਲੋਹਗੜ੍ਹ ਵਿਚ ਕਤਲ-ਗਾਰਤ ਮਚਾ ਰਹੀ ਹੈ ਅਤੇ ਕੁਰਬਾਨ ਹੋ ਹਰੇ ਸਿੱਖਾਂ ਨੂੰ ਜਹਾਦੀਆਂ ਦੀ ਤਲਵਾਰ ਦੀ ਖੁਰਾਕ ਬਣਾ ਰਹੀ ਹੈ। ਉਹ (ਸਿੱਖ) ਅਜੇ ਕਿਸੇ ਕਿਸੇ ਟਿੱਬੇ ਉੱਤੇ ਟਾਕਰੇ ਲਈ ਤਿਆਰ ਹਨ। ਕੁਝ ਦੂਸਰੇ ਕਿਲੇ ਸਤਾਰਾਗੜ੍ਹ ਵਿਚ ਡਟੇ ਹੋਏ ਤੀਰ ਅਤੇ ਬੰਦੂਕਾਂ ਚਲਾ ਰਹੇ ਹਨ ।

ਮਿਰਜ਼ਾ ਰੁਕਨ ਨੇ ਇਸ ਵੇਲੇ ਅੱਗਿਓਂ (ਜੰਗ ਦੇ ਮੈਦਾਨੋਂ) ਆ ਕੇ ਬਾਦਸ਼ਾਹ ਨੂੰ ਇਤਲਾਹ ਦਿੱਤੀ ਕਿ ਲੜਾਈ ਅਜੇ ਪਹਾੜੀਆਂ ਦੇ ਦੱਰਿਆਂ ਵਿਚ ਲਗੀ ਹੋਈ ਹੈ ਅਤੇ ਰੁਸਤਮ ਦਿਲ ਖ਼ਾਨ ਉਸ ਪਹਾੜੀ ਦੇ ਪੈਰਾਂ ਤਕ ਜਾ ਪੁੱਜਾ ਹੈ ਜਿਸ ਦੇ ਚਿੱਟੇ ਮਕਾਨ ਵਿਚ ਸਿੱਖ ਸਰਦਾਰ ਬੰਦਾ ਸਿੰਘ ਹੈ। ਮਿਰਜ਼ਾ ਰੁਕਨ ਨੇ ਉਸ ਪਹਾੜੀ ਅਤੇ ਤੰਬੂ ਵੱਲ ਇਸ਼ਾਰਾ ਕੀਤਾ ਜਿਥੋਂ ਕਿ ਖ਼ਿਆਲ ਸੀ ਕਿ ਬੰਦਾ ਸਿੰਘ ਆਪਣੇ ਸਿਦਕੀ ਸਾਥੀ ਸਿੰਘਾਂ ਦੇ ਬਹਾਦੁਰੀ ਦੇ ਕਾਰਨਾਮੇ ਦੇਖ ਰਿਹਾ ਸੀ । ਐਨ ਇਸ ਵੇਲੇ ਆਪਣੀ ਵਤਨੀ ਰਾਜਾ ਚਤਰਸਾਲ ਦੇ ਮਿਹਣਿਆਂ ਦਾ ਡੰਗਿਆ ਹੋਇਆ ਰਾਜਾ ਉਦਿਤ ਸਿੰਘ ਬੁੰਦੇਲਾ ਬਾਦਸ਼ਾਹੀ ਫ਼ੌਜਾਂ ਤੋਂ ਨਿਖੜ ਕੇ ਖਾਨਿ-ਖ਼ਾਨਾਂ ਮੁਨਇਮ ਖ਼ਾਨ ਦੀ ਫ਼ੌਜ ਦੀ ਸਹਾਇਤਾ ਕਰਨ ਲਈ ਉਸ ਪਹਾੜੀ ਵੱਲ ਨੂੰ ਘੋੜਾ ਭਜਾ ਕੇ ਗਿਆ । ਉਸ ਦੇ ਤਾਜਾ ਦਮ ਬੰਦੂਕਚੀਆਂ ਨੇ ਥੱਕੇ ਹੋਏ ਸਿੱਖਾਂ ਉੱਤੇ ਅੱਗ ਵਰ੍ਹਾਉਣੀ ਆਰੰਭ ਦਿੱਤੀ ਪਰ ਸਿੱਖ ਅੱਗੋਂ ਬੜੀ ਬਹਾਦੁਰੀ ਨਾਲ ਟਾਕਰਾ ਅਤੇ ਬਚਾਓ ਕਰਦੇ ਰਹੇ । ਭਾਵੇਂ ਰਾਤ ਪੈ ਗਈ, ਪਰ ਹੋ ਰਹੀ ਲੜਾਈ ਦੀਆਂ ਆਵਾਜਾਂ ਅੱਧੀ ਰਾਤ ਤਕ ਹਵਾ ਨਾਲ ਬਾਦਸ਼ਾਹੀ ਡੇਰੇ ਤਕ ਪੁੱਜਦੀਆਂ ਰਹੀਆਂ।

ਖਾਫ਼ੀ ਖ਼ਾਨ ਕਹਿੰਦਾ ਹੈ ਕਿ ਸਿੱਖ ਆਪਣੇ ਆਗੂ ਦਾ ਹੁਕਮ ‘ਸਤ’ ਕਰਕੇ ਪਰਵਾਨ ਕਰਦੇ ਸਨ । ਉਹ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਕਿਲੇ ਵਿਚੋਂ ਨਿਕਲਦੇ ਅਤੇ ਜੈਕਾਰੇ ਗਜਾਉਂਦੇ ਹੋਏ ਭਾਣਾ ਮੰਨ ਕੇ ਬੜੀ ਦਲੇਰੀ ਨਾਲ ਬਾਦਸ਼ਾਹੀ ਤੋਪਖਾਨੇ ਅਤੇ ਤੀਰਾਂ, ਤਲਵਾਰਾਂ ਅਤੇ ਭਾਲਿਆਂ ਉੱਤੇ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਪਤੰਗੇ ਜੋਤ ਉੱਤੇ ਆਉਂਦੇ ਹਨ ਉਹ ਬਾਦਸ਼ਾਹੀ ਮੋਰਚਿਆਂ ਉੱਤੇ ਸਫ਼ਾ-ਤੋੜ ਹੱਲੇ ਕਰਦੇ ਅਤੇ ਮੁਸਲਮਾਨਾਂ ਦੀ ਵੱਡੀ ਗਿਣਤੀ ਨੂੰ ਸਦੀਵੀ ਸ਼ਹਾਦਤ ਪ੍ਰਦਾਨ ਕਰਦੇ । ਹਿੰਦੂ ਖ਼ਾਤਰੀਆਂ ਅਤੇ ਜੱਟਾਂ ਵਿਚੋਂ ਉਨ੍ਹਾਂ ਨੂੰ ਹੀ ਛੱਡਦੇ ਜਿਹੜੇ ਕਿ ਉਨ੍ਹਾਂ ਦੀ ਰਹਿਤ ਧਾਰਨ ਕਰਕੇ ਉਨ੍ਹਾਂ ਨਾਲ ਰਲ ਜਾਂਦੇ, ਬਾਕੀ ਸਾਰਿਆਂ ਨੂੰ ਮੁਸਲਮਾਨਾਂ ਦੀ ਤਰ੍ਹਾਂ ਹੀ ਸਮਝਦੇ ਜਿਹੜੇ ਕਿ ਉਨ੍ਹਾਂ ਵੱਲੋਂ ਦਇਆ ਦੇ ਹੱਕਦਾਰ ਨਹੀਂ ਸਨ । ਜੇ ਕਿਸੇ ਦੋ ਤਿੰਨ ਹਜ਼ਾਰ ਦੀ ਫ਼ੌਜ ਵਿਚ ਦੋ ਤਿੰਨ ਸੌ ਵਫ਼ਾਦਾਰ ਪੱਕੇ ਨਮਕ-ਹਲਾਲ ਸਵਾਰ ਹੋਣ ਤਾਂ ਉਹ ਫ਼ੌਜ ਲਈ ਮਾਣ ਅਤੇ ਜਿੱਤ ਦਾ ਸੋਮਾ ਹੁੰਦੇ ਹਨ। ਭਾਵੇਂ ਬਹੁਤ ਸਿੱਖ ਪਿਆਦੇ ਹੀ ਸਨ, ਉਨ੍ਹਾਂ ਵਿਚ ਸ਼ਾਇਦ ਹੀ ਕੋਈ ਸਵਾਰ ਜਾਂ ਪਿਆਦਾ ਹੋਵੇ। ਜਿਹੜਾ ਕਿ ਦਿਲ ਅਤੇ ਆਤਮਾ ਨਾਲ ਆਪਣੇ ਆਗੂ ਲਈ ਆਪਣੇ ਆਪ ਨੂੰ ਬੱਕਰੇ ਵਾਂਗੂੰ ਕੁਰਬਾਨ ਹੋਣ ਲਈ ਪੇਸ਼ ਨਾ ਕਰਦਾ ਹੋਵੇ ਜਾਂ ਜਿਸ ਨੇ ਚਾਓ ਨਾਲ ਆਪਣੀ ਜਾਨ ਨਾ ਦਿੱਤੀ ਹੋਵੇ ।

ਦਿਨ ਛਿਪੇ ਦੀ ਨਮਾਜ਼ ਵੇਲੇ ਇਕ ਪੱਕੇ ਖ਼ਿਆਲ ਨਾਲ ਕਿ ਸਿੱਖ ਆਗੂ (ਬੰਦਾ ਸਿੰਘ) ਉਨ੍ਹਾਂ ਦੇ ਕਾਬੂ ਵਿਚ ਹੈ, ਮੁਨਾਇਮ ਖ਼ਾਨ ਨੇ ਫ਼ੌਜ ਨੂੰ ਹੱਲਾ ਬੰਦ ਕਰਨ ਦਾ ਹੁਕਮ ਦੇ ਦਿੱਤਾ ਅਤੇ ਕਿਹਾ ਕਿ ਉਹ ਸਵੇਰ ਤਕ, ਜਦ ਕਿ ਇਹ ਕਾਰਜ ਸਫ਼ਲਤਾ ਨਾਲ ਮੁਕਾ ਲਿਆ ਜਾਏਗਾ, ਆਪਣੀ ਆਪਣੀ ਥਾਂ ਉੱਤੇ ਹਥਿਆਰਾਂ ਸਮੇਤ ਟਿਕ ਜਾਣ । ਉਸ ਨੇ ਰੁਸਤਮ-ਦਿਲ ਖ਼ਾਨ ਅਤੇ ਉਸ ਦੀ ਫੌਜ ਨੂੰ ਪਹਾੜੀ ਅਤੇ ਲੋਹਗੜ੍ਹ ਦੇ ਕਿਲੇ ਨੂੰ ਸਾਰੇ ਪਾਸਿਆਂ ਤੋਂ ਘੇਰੀ ਰੱਖਣ ਲਈ ਛੱਡ ਦਿੱਤਾ ਅਤੇ ਆਪ ਬਾਦਸ਼ਾਹ ਨੂੰ ਸਾਰਾ ਵਾਕਿਆ ਦੱਸਣ ਲਈ ਬਾਦਸ਼ਾਹੀ ਡੇਰੇ ਨੂੰ ਮੁੜ ਆਇਆ । ਬਾਦਸ਼ਾਹ ਨੂੰ ਇਹ ਪੱਕਾ ਯਕੀਨ ਦਿਵਾਉਣ ਕਿ ਬੰਦਾ ਸਿੰਘ ਘੇਰਿਆ ਪਿਆ ਹੈ ਅਤੇ ਸਵੇਰੇ ਉਸ ਨੂੰ ਕੈਦ ਕਰਕੇ ਬਾਦਸ਼ਾਹ ਦੇ ਹਜ਼ੂਰ ਪੇਸ਼ ਕਰ ਦਿੱਤਾ ਜਾਏਗਾ । ਹੁਕਮ-ਅਦੂਲੀ ਦੇ ਕਾਰਣ ਬਾਦਸ਼ਾਹ ਦਾ ਵਜ਼ੀਰ ਦੇ ਵਿਰੁੱਧ ਗੁੱਸਾ ਠੰਢਾ ਹੋ ਗਿਆ ਹੋਣਾ ਹੈ। ਮੁਆਸਿਰੁ-ਲ-ਉਮਰਾ ਦਾ ਲਿਖਾਰੀ ਕਹਿੰਦਾ ਹੈ ਕਿ ਕਿਹਾ ਜਾਂਦਾ ਹੈ ਕਿ ਮੁਨਇਮ ਖ਼ਾਨ ਨਾਲ ਵੈਰ ਦੇ ਕਾਰਣ ਜੁਲਫ਼ਿਕਾਰ ਖ਼ਾਨ ਦੇ ਹਰਕਾਰਿਆਂ ਨੇ ਉਸ ਦੇ ਕਹੇ ਇਹ ਝੂਠੀ ਖ਼ਬਰ ਉਡਾ ਦਿੱਤੀ ਸੀ ਕਿ ਸਿੱਖਾਂ ਦਾ ਆਗੂ (ਬੰਦਾ ਸਿੰਘ) ਉਨ੍ਹਾਂ ਦੇ ਕਾਬੂ ਵਿਚ ਹੈ। ਮੁਨਇਮ ਖ਼ਾਨ ਦੇ ਹਰਕਾਰਿਆਂ ਨੇ ਇਸ ਖ਼ਬਰ ਉੱਤੇ ਯਕੀਨ ਕਰਕੇ ਇਹ ਉਸ ਨੂੰ ਪਹੁੰਚਾ ਦਿੱਤੀ ਅਤੇ ਇਸ ਦੇ ਆਧਾਰ ਉੱਤੇ ਮੁਨਇਮ ਖ਼ਾਨ ਨੇ ਬਾਦਸ਼ਾਹ ਨੂੰ ਭਰੋਸਾ ਦਿਵਾ ਦਿੱਤਾ ਸੀ।

ਲੋਹਗੜ੍ਹ ਦੇ ਕਿਲੇ ਵਿਚਲੇ ਸਿੱਖਾਂ ਪਾਸ ਖਾਣੇ ਦਾਣੇ ਦਾ ਕੋਈ ਜਖੀਰਾ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਡਰ ਪੈ ਰਿਹਾ ਸੀ ਕਿ ਘੇਰਾ ਪੈ ਜਾਣ ਨਾਲ ਉਨ੍ਹਾਂ ਨੂੰ ਬੜੀ ਮੁਸ਼ਕਲ ਬਣ ਜਾਏਗੀ । ਕਿਲੇ ਦੀ ਟੀਸੀ ਤੇ ਉਨ੍ਹਾਂ ਨੇ ਹੱਥਾਂ ਅਤੇ ਅੱਖਾਂ ਦੇ ਇਸ਼ਾਰਿਆਂ ਨਾਲ ਸ਼ਾਹੀ ਡੇਰੇ ਦੇ ਬਾਣੀਆਂ ਨਾਲ ਸੋਦਾ ਕੀਤਾ ਅਤੇ ਦੋ ਤਿੰਨ ਰੁਪਏ ਸੇਰ ਦਾਣੇ ਜਿਤਨੇ ਭੀ ਮਿਲ ਸਕੇ ਖ਼ਰੀਦ ਲਏ । ਉਹ ਉਪਰੋਂ ਚਾਦਰਾਂ ਸੁੱਟ ਦਿੰਦੇ ਅਤੇ ਫੇਰ ਰੱਸਿਆਂ ਨਾਲ ਮਾਲ ਖਿੱਚ ਲੈਂਦੇ । ਇਕ ਇਕ ਦੋ ਦੋ ਮੁੱਠਾਂ ਉਨ੍ਹਾਂ ਨੇ ਘੇਰੇ ਵਿਚ ਪਏ ਆਦਮੀਆਂ ਨੂੰ ਵੰਡ ਦਿੱਤੀਆਂ । ਸਿੱਖਾਂ ਲਈ ਆਖੀਰੀ ਆਸ ਇਸ ਤਜਵੀਜ ਵਿਚ ਰਹਿ ਗਈ ਸੀ ਕਿ ਰਾਤ ਦੇ ਅੰਧੇਰੇ ਵਿਚ ਉਹ ਵੈਰੀਆਂ ਦੀਆਂ ਸਫ਼ਾਂ ਚੀਰ ਕੇ ਨਿਕਲ ਜਾਣ । ਇਸ ਨੂੰ ਸਿਰੇ ਚਾੜ੍ਹਨ ਦੇ ਯਤਨਾਂ ਵਿਚ ਔਖਿਆਈਆਂ ਤੋਂ ਉਹ ਘਬਰਾਏ ਨਹੀਂ । ਇਕ ਭਾਈ ਗੁਲਾਬ ਸਿੰਘ ਨੇ, ਜੋ ਨਵਾਂ ਹੀ ਸਿੰਘ ਸਜਿਆ ਸੀ ਅਤੇ ਫੌਜ ਦਾ ਬਖ਼ਸ਼ੀ ਸੀ, ਧਰਮ ਦੇ ਨਾਉਂ ਉੱਤੇ ਆਪਣੀ ਜਾਨ ਕੁਰਬਾਨ ਕਰ ਦੇਣ ਦੇ ਵਿਚਾਰ ਨਾਲ ਬੰਦਾ ਸਿੰਘ ਵਰਗੀ ਪੁਸ਼ਾਕ ਸਜਾ ਲਈ ਅਤੇ ਉਸ ਦੀ ਥਾਂ ਤੇ ਬੈਠ ਗਿਆ। ਅੱਧੀ ਰਾਤ ਅਤੇ ਤੜਕੇ ਦੇ ਵਿਚਕਾਰ ਸਿੱਖਾਂ ਦੀ ਕੋਟ-ਖਾਹੀ ਤੋਂ ਇਕ ਬੜਾ ਭਾਰੀ ਧਮਾਕਾ ਸੁਣਾਈ ਦਿੱਤਾ । ਇਹ ਇਤਨਾ ਜ਼ਿਆਦਾ ਸੀ ਕਿ ਇਸ ਨਾਲ ਬਾਦਸ਼ਾਹੀ ਡੇਰੇ ਦੀ ਜ਼ਮੀਨ ਭੀ ਕੰਬ ਗਈ। ਇਹ ਉਸ ਤੋਪ ਦਾ ਧਮਾਕਾ ਸੀ ਜੋ ਇਮਲੀ ਦੇ ਪੇੜ ਦੀ ਗੇਲੀ ਦੀ ਸਿੰਘਾਂ ਨੇ ਬਣਾਈ ਹੋਈ ਸੀ ਤੇ ਕਿਲ੍ਹੇ ‘ਚੋਂ ਨਿਕਲਣ ਤੋਂ ਪਹਿਲਾਂ ਜਿਸ ਵਿਚ ਜ਼ਿਆਦਾ ਬਰੂਦ ਭਰ ਕੇ ਉਨ੍ਹਾਂ ਨੇ ਉਡਾ ਦਿੱਤਾ ਸੀ । ਇਸ ਤੋਂ ਬਾਅਦ ਬੰਦਾ ਸਿੰਘ ਅਤੇ ਉਸ ਦੇ ਕੁਝ ਸਾਥੀ ਤਲਵਾਰਾਂ ਲੈ ਕੇ ਕਿਲੇ ਵਿਚੋਂ ਨਿਕਲੇ ਅਤੇ ਘੇਰਾ ਪਾਉਣ ਵਾਲਿਆਂ ਦੀਆਂ ਪੰਗਤਾਂ ਚੀਰਦੇ ਹੋਏ ਨਾਹਨ ਦੇ ‘ਬਰਫੀ ਰਾਜਾ` ਦੀਆਂ ਪਹਾੜੀਆਂ ਵੱਲ ਨੂੰ ਚੁੰਗੀਆਂ ਮਾਰ ਗਏ।

ਪਹਿਲੀ ਦਸੰਬਰ 1710 (20 ਸ਼ੱਵਾਲ) ਜੁਮੇ ਨੂੰ ਸਵੇਰੇ ਪਹੁ-ਫੁਟਾਲੇ ਤੋਂ ਪਹਿਲਾਂ ਹੀ ਜਮਦਾਤੁਲ-ਮੁਲਕ ਮੁਨਇਮ ਖ਼ਾਨ ਨੇ ਧਾਵਾ ਬੋਲ ਦਿੱਤਾ ਅਤੇ ਥੋੜ੍ਹੇ ਜਿਹੇ ਤਰੱਦਦ ਨਾਲ ਹੀ ਲੋਹਗੜ੍ਹ ਅਤੇ ਸਤਾਰਾਗੜ੍ਹ ਉੱਤੇ ਕਬਜ਼ਾ ਕਰ ਲਿਆ। ਉਹ ਇਸ ਵੇਲੇ ਬੜੀ ਖੁਸ਼ੀ ਵਿਚ ਸੀ । ਉਸ ਨੂੰ ਯਕੀਨ ਸੀ ਕਿ ਉਹ ਛੇਤੀ ਹੀ ਸਿੰਘਾਂ ਦੇ ਸਰਦਾਰ ਬੰਦਾ ਸਿੰਘ ਨੂੰ ਮੋਇਆ ਜਾਂ ਜਿਊਂਦਾ ਬਾਦਸ਼ਾਹ ਦੇ ਪੇਸ਼ ਕਰੇਗਾ । ਪਰ ਕੌਣ ਅੰਦਾਜ਼ਾ ਲਾ ਸਕਦਾ ਹੈ ਉਸ ਦੀ ਨਿਰਾਸ਼ਤਾ, ਘਬਰਾਹਟ ਅਤੇ ਦੁੱਖ ਦਾ ਜਦ ਮੁਨਇਮ ਖ਼ਾਨ ਨੂੰ ਪਤਾ ਲਗਾ ਕਿ ਬਾਜ਼ ਤਾਂ ਉਡਾਰੀ ਲਾ ਗਿਆ ਹੈ ਅਤੇ ਪਿਛੇ ਇਸ ਗੱਲ ਦਾ ਨਾਉਂ ਨਿਸ਼ਾਨ ਭੀ ਨਹੀਂ ਕਿ ਉਹ ਕਿੱਧਰ ਨੂੰ ਚਲਾ ਗਿਆ ਹੈ? ਇਰਾਦਤ ਖ਼ਾਨ ਦੱਸਦਾ ਹੈ ਕਿ ਕੁਝ ਚਿਰ ਲਈ ਮੁਨਇਮ ਖ਼ਾਨ ਦੀ ਮੱਤ ਹੀ ਮਾਰੀ ਗਈ ਅਤੇ ਬਾਦਸ਼ਾਹ ਦੇ ਗੁੱਸੇ ਦੇ ਭੈ ਵਿਚ ਡੁਬ ਗਿਆ । ਸਰਬਰਾਹ ਖਾਨ ਕੋਤਵਾਲ ਨੇ ਭਾਈ ਗੁਲਾਬ ਸਿੰਘ ਨੂੰ (ਜਿਸ ਨੇ ਬੰਦਾ ਸਿੰਘ ਦਾ ਰੂਪ ਬਣਾਇਆ ਹੋਇਆ ਸੀ) ਅਤੇ ਦਸ ਬਾਰਾਂ ਹੋਰ ਜ਼ਖ਼ਮੀ ਅਤੇ ਮਰ ਰਹੇ ਸਿੰਘਾਂ ਨੂੰ ਫੜ ਲਿਆ ਸੀ । ਇਨ੍ਹਾਂ ਕੈਦੀਆਂ ਨੂੰ ਨਾਲ ਲੈ ਕੇ ਜਮਦਾਤੁਲ-ਮੁਲਕ ਖਾਨਿ-ਖ਼ਾਨਾਂ ਮੁਨਇਮ ਖ਼ਾਨ ਨਿੰਮੋਝੂਣਾ ਹੋਇਆ ਹੋਇਆ ਬਾਦਸ਼ਾਹੀ ਡੇਰੇ ਵੱਲ ਨੂੰ ਮੁੜਿਆ । ਇਸ ਵੇਲੇ ਤਕ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲਗ ਚੁੱਕਾ ਸੀ ਅਤੇ ਉਹ ਗੁੱਸੇ ਨਾਲ ਲੋਹਾ ਲਾਖਾ ਹੋਇਆ ਸੀ । ਖ਼ਾਸ ਜਿੱਤ ਤੋਂ ਬਾਅਦ ਬਾਜਾ ਬਜਾਉਣ ਦੇ ਰਿਵਾਜ਼ ਅਨੁਸਾਰ ਚੂੰਕਿ ਢੋਲ ਵੱਜਦਾ ਆ ਰਿਹਾ ਸੀ, ਬਾਦਸ਼ਾਹ ਨੇ ਹੁਕਮ ਦੇ ਭੇਜਿਆ ਕਿ ਬਾਜਾ ਬੰਦ ਕਰ ਦਿੱਤਾ ਜਾਏ । ਜਦ ਬਾਦਸ਼ਾਹ ਦੇ ਹਜ਼ੂਰ ਅਰਜ਼ ਹੋਈ ਕਿ ਮੁਹਾਬਤ ਖ਼ਾਨ ਅਤੇ ਹਮੀਦੁ-ਦੀਨ ਖ਼ਾਨ ਆਏ ਹਨ, ਤਾਂ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਆਪਣੇ ਆਪਣੇ ਡੇਰਿਆਂ ਨੂੰ ਚਲੇ ਜਾਣ । ਇਸ ਤੋਂ ਬਾਅਦ ਵਜੀਰ ਮੁਨਇਮ ਖ਼ਾਨ (ਜਮਦਾਤੁਲ-ਮੁਲਕ ਖ਼ਾਨਿ-ਖ਼ਾਨਾਂ) ਹਾਜਰ ਹੋਇਆ ਅਤੇ ਜੰਗ ਦਾ ਹਾਲ ਦੱਸਿਆ ਅਤੇ ਹੱਥ ਆਏ ਮਾਲ ਦਾ ਵੇਰਵੇ ਸਹਿਤ ਜਿਕਰ ਕੀਤਾ । ਬਾਦਸ਼ਾਹ ਇਸ ਵੇਲੇ ਘੁੱਟਿਆ ਬੈਠਾ ਸੀ, ਬਹੁਤ ਖੁਸ਼ ਨਾ ਹੋਇਆ, ਸਗੋਂ ਗੁੱਸੇ ਨਾਲ ਕਹਿਣ ਲੱਗਾ ਕਿ “ਇਤਨੇ ਕੁੱਤਿਆਂ ਦੇ ਘੇਰੇ ਵਿਚੋਂ ਗਿੱਦੜ ਬਚ ਕੇ ਨਿਕਲ ਗਿਆ ।” ਮਿਰਤਿ-ਵਾਰਿਦਾਤ ਦੇ ਲਿਖਾਰੀ ਅਨੁਸਾਰ ਬਾਦਸ਼ਾਹ ਨੇ ਕਿਹਾ “ਮੈਂ ਨਹੀਂ ਜਾਣਦਾ ਕਿ ਉਹ ਕੁੱਤਾ ਕਿੱਥੇ ਨੂੰ ਦੌੜ ਗਿਆ ਹੈ, ਨਦੀ ਵਿਚ ਡੁਬ ਮੋਇਆ ਹੈ ਜਾਂ ਪਹਾੜ ਦੀ ਕਿਸੇ ਗੁਫ਼ਾ ਵਿਚ ਲੁਕਿਆ ਹੋਇਆ ਹੈ? ਵਜ਼ੀਰ (ਮੁਨਇਮ ਖ਼ਾਨ) ਨੇ ਉਸ ਨੂੰ ਹਜੂਰ ਪੇਸ਼ ਕਰਨ ਦੀ ਜੁਮੇਵਾਰੀ ਲਈ ਸੀ, ਉਸ ਨੂੰ ਚਾਹੀਦਾ ਹੈ ਕਿ ਉਹ ਹੁਣ ਉਸ ਨੂੰ ਪੇਸ਼ ਕਰੇ । ਇਸ ਤਰ੍ਹਾਂ ਘੜੀ ਕੁ ਪਿੱਛੋਂ ਮੁਨਇਮ ਖ਼ਾਨ ਸਿਰ ਨੀਵਾਂ ਪਾਈ ਆਪਣੇ ਡੇਰੇ ਨੂੰ ਚਲਾ ਗਿਆ । ਸਰਕਾਰੀ ਮੁਤਸੱਦੀਆਂ ਨੂੰ ਹੁਕਮ ਦਿੱਤਾ ਗਿਆ ਕਿ ਸਿੱਖਾਂ ਦਾ ਹੱਥ ਆਇਆ ਮਾਲ ਜਬਤ ਕਰ ਲੈਣ, ਅਤੇ ਕਚਹਿਰੀ ਅਤੇ ਸਵਾਰੀ ਮੌਕੂਫ਼ ਕਰ ਦਿੱਤੀਆਂ ।

ਮੁਨਇਮ ਖ਼ਾਨ ਨੂੰ ਆਪਣੇ ਡੇਰੇ ਚਲੇ ਜਾਣ ਪਰ ਜਦ ਇਹ ਖ਼ਬਰਾਂ ਪੁੱਜਣ ਲੱਗੀਆਂ ਕਿ ਉਸ ਦੇ ਵੈਰੀ ਉਸ ਦੀ ਨਿਰਾਦਰੀ ਉੱਤੇ ਬੜੀਆਂ ਖੁਸ਼ੀਆਂ ਮਨਾ ਰਹੇ ਹਨ ਅਤੇ ਬਾਦਸ਼ਾਹ ਦੀ ਹਜ਼ੂਰੀ ਵਿਚ, ਜੋ ਗੁੱਸੇ ਨਾਲ ਭਰਿਆ ਹੋਇਆ ਸੀ, ਉਸ ਦੀ ਨਿੰਦਿਆ ਕਰ ਰਹੇ ਹਨ ਤਾਂ ਉਹ ਬੜਾ ਹੀ ਦੁਖੀ ਹੋਇਆ । ਪਰ ਵਿਚਾਰਾ ਕਰ ਕੀ ਸਕਦਾ ਸੀ?

ਇਸੇ ਦਿਨ ਸਵੇਰੇ ਰੁਸਤਮ-ਦਿਲ ਖ਼ਾਨ ਨੇ ਸਿੱਖ ਕੈਦੀ ਅਤੇ ਹੱਥ ਆਇਆ ਮਾਲ (ਪੰਜ ਹਾਥੀ, ਤਿੰਨ ਤੋਪਾਂ, ਸਤਾਰਾਂ ਰਹਿਕਲੇ, ਇਕ ਸਾਇਬਾਣ ਅਤੇ ਕੁਝ ਚਾਂਦੀ ਦੀਆਂ ਚੋਬਾਂ) ਪੇਸ਼ ਕੀਤੇ । ਬਾਦਸ਼ਾਹ ਨੇ ਖੁਸ਼ ਹੋ ਕੇ ਉਸ ਨੂੰ ਇਕ ਜੋੜੀ ਹਾਥੀਆਂ ਦੀ (ਇਕ ਨਰ ਅਤੇ ਇਕ ਮਦੀਨ) ਇਨਾਮ ਦਿੱਤੀ। ਸਿੱਖ ਕੈਦੀਆਂ ਨੂੰ ਕਤਲ ਕਰਨ ਲਈ ਸਰਬਰਾਹ ਖ਼ਾਨ ਕੋਤਵਾਲ ਦੇ ਹਵਾਲੇ ਕੀਤਾ ਗਿਆ । ਦੋ ਤਿੰਨ ਦਸੰਬਰ ਨੂੰ ਲੜਾਈ ਵਿਚ ਬਹਾਦੁਰੀ ਕਰਨ ਵਾਲਿਆ ਨੂੰ ਇਨਾਮ ਬਖ਼ਸ਼ੇ ਗਏ । ਦੋ ਕੁ ਦਿਨਾਂ ਵਿਚ ਬਾਦਸ਼ਾਹ ਦਾ ਗੁੱਸਾ ਠੰਢਾ ਹੋ ਗਿਆ ਅਤੇ 3 ਦਸੰਬਰ (22 ਸ਼ੱਵਾਲ) ਨੂੰ ਖਾਨਿ-ਖ਼ਾਨਾਂ ਮੁਨਇਮ ਖ਼ਾਨ ਨੂੰ ਬੁਲਾਇਆ ਅਤੇ ਭਰੇ ਦਰਬਾਰ ਵਿਚ ਖ਼ਿਲਤਾਂ ਬਖ਼ਸ਼ੀਆਂ । ਇਸੇ ਤਰ੍ਹਾਂ ਬਖ਼ਸ਼ੀ-ਉਲ-ਮੁਲਕ ਅਮੀਰ-ਉਲ-ਉਮਰਾ, ਮੁਹਾਬਤ ਖ਼ਾਨ ਬਹਾਦੁਰ, ਹਮੀਦੁ-ਦੀਨ ਖ਼ਾਨ ਬਹਾਦੁਰ ਅਤੇ ਇਸਲਾਮ ਖ਼ਾਨ ਬਹਾਦੁਰ ਨੂੰ ਖਿਲਤਾਂ ਦਿੱਤੀਆਂ । ਹਿੰਦੂ ਰਾਜਿਆਂ ਅਤੇ ਸਰਦਾਰਾਂ ਵਿਚੋਂ ਜਿਨ੍ਹਾਂ ਨੇ ਸਿੱਖਾਂ ਦੇ ਵਿਰੁੱਧ ਮੁਹਿੰਮ ਵਿਚ ਮੁਗ਼ਲ ਬਾਦਸ਼ਾਹ ਸਲਾਮਤ ਦੀ ਬੜੀ ਉਘੀ ਸੇਵਾ ਕੀਤੀ ਸੀ, ਰਾਜਾ ਉਦਿਤ ਸਿੰਘ ਬੁੰਦੇਲੇ ਨੂੰ ਖ਼ਾਸ ਖਿੱਲਤ ਦਿੱਤੀ, ਰਾਜਾ ਚਤਰਸਾਲ ਬੁੰਦੇਲੇ ਨੂੰ ਕਲਗੀ ਬਖ਼ਸ਼ੀ ਗਈ ਅਤੇ ਚੂੜਾਮਣਿ ਜਾਟ ਨੂੰ ਇਕ ਹਾਥੀ ਦਿੱਤਾ 3 ਤਾਰੀਖ ਨੂੰ ਹੀ ‘ਖਾਨਿ-ਖ਼ਾਨ ਜਮਦਾਤੁਲ-ਮੁਲਕ ਦੀ ਮੋਹਰ ਨਾਲ ਬਾਦਸ਼ਾਹੀ ਹੁਕਮ ਕਮਾਊਂ ਦੇ ਰਾਜਾ ਗਿਆਨ ਚੰਦ, ਸਿਰੀ ਨਗਰ ਦੇ ਰਾਜਾ ਫਤਿਹ ਚੰਦ (ਸਿੰਘ) ਅਤੇ ਨਾਹਨ ਦੇ ਰਾਜੇ (ਭੂਪ) ਦੇ ਨਾਉਂ ਭੇਜੇ ਗਏ ਕਿ ਬੰਦਾ ਸਿੰਘ ਡਾਬਰ (ਲੋਹਗੜ੍ਹ) ਤੋਂ ਭੱਜ ਗਿਆ ਹੈ, ਜੇ ਤੁਹਾਡੀਆਂ ਸਰਹੱਦਾਂ ਤੇ ਪੁੱਜੇ ਤਾਂ ਫੜ ਕੇ ਹਜ਼ਰ ਭੇਜ ਦਿਓ । ਹਮੀਦਖ਼ਾਨ ਨੂੰ ਬੰਦਾ ਸਿੰਘ ਦੀ ਭਾਲ ਵਿਚ ਇਹ ਹੁਕਮ ਦੇ ਕੇ ਭੇਜਿਆ ਗਿਆ ਕਿ ‘ਜੇ ਸਿੱਖ ਸਰਦਾਰ ਫੜਿਆ ਜਾਏ ਤਾਂ ਉਸ ਨੂੰ ਜੀਊਂਦੇ ਨੂੰ ਕੈਦੀ ਬਣਾ ਕੇ ਲਿਆਉਣ, ਪਰ ਜੇ ਉਹ ਹੱਥ ਨਾ ਆਵੇ ਤਾਂ ਉਹ ਬਰਫ਼ੀ ਰਾਜਾ (ਨਾਹਣੀਏ) ਨੂੰ ਲਿਆ ਕੇ ਹਜੂਰ ਪੇਸ਼ ਕਰਨ । ਚੂੰਕਿ ਬੰਦਾ ਸਿੰਘ ਅਤੇ ਉਸ ਦੇ ਸਿੱਖ ਸਾਥੀ ਨਾਹਨ ਦੇ ਇਲਾਕੇ ਵਿਚ ਅਤੇ ਇਸ ਦੇ ਵਿਚ ਦੀ ਹੁੰਦੇ ਹੋਏ ਬਚ ਕੇ ਨਿਕਲ ਗਏ ਸਨ, ਇਸ ਲਈ ਨਾਹਨ ਦੇ ਰਾਜੇ ਦਾ ਕਸੂਰ ਬਹੁਤ ਭਾਰੀ ਸਮਝਿਆ ਗਿਆ। ਮੰਦੇ ਭਾਗਾਂ ਨੂੰ ਬਰਫੀ ਰਾਜੇ ਦੀ ਰਾਜਧਾਨੀ (ਨਾਹਨ) ਥੋੜ੍ਹੇ ਹੀ ਮੀਲਾਂ ਦੇ ਫ਼ਾਸਲੇ ਉੱਤੇ ਸੀ ਅਤੇ ਬਾਦਸ਼ਾਹੀ ਸਰਦਾਰਾਂ ਨੂੰ ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘਾਂ ਦੀ ਕੋਈ ਸੂਹ ਨਾ ਮਿਲੀ, ਇਸ ਲਈ ਸਾਰਾ ਗੱਚ ਉਨ੍ਹਾਂ ਨੇ ਰਾਜਾ ਭੂਪ ਪ੍ਰਕਾਸ਼ (ਰਾਜਾ ਹਰੀ ਪ੍ਰਕਾਸ਼ ਦੇ ਪੁੱਤਰ) ਉੱਤੇ ਕੱਢਿਆ ਅਤੇ ਉਸ ਨੂੰ ਫੜ ਕੇ ਪੂਰੀ ਪਿੰਡ ਦੇ ਲਾਗੇ ਬਾਦਸ਼ਾਹੀ ਡੇਰੇ ਵਿਚ 14 ਦਸੰਬਰ (4 ਜੀ-ਕਦਾ) ਨੂੰ ਲੈ ਆਏ ।

ਰਾਜਾ ਭੂਪ ਪ੍ਰਕਾਸ਼ ਨੂੰ ਤਾਂ ਕੈਦ ਕਰ ਲਿਆ ਅਤੇ ਤੀਹ ਦੇ ਲਗਭਗ ਪਹਾੜੀਏ, ਜੋ ਭੂਪ ਪ੍ਰਕਾਸ਼ ਦੀ ਮਾਂ ਨੇ ਉਸ ਨੂੰ ਛੁਡਾਉਦ ਲਈ ਬੇਨਤੀ ਕਰਨ ਵਾਸਤੇ ਭੇਜੇ ਸਨ, ਪਿਛੋਂ 13 ਮਾਰਚ ਸੰਨ 1711 (4 ਸਫ਼ਰ, 1123 ਹਿਜਰੀ, ਸੰਨ 5 ਬਹਾਦੁਰ ਸ਼ਾਹੀ) ਨੂੰ ਕਤਲ ਕਰਵਾ ਦਿੱਤੇ । ਇਸੇ ਦਿਨ ਖੁਦ ਰਾਜਾ ਨਾਲ ਜੋ ਸਲੂਕ ਹੋਣ ਦਾ ਹੁਕਮ ਹੋਇਆ ਉਹ ਤਰਸ ਯੋਗ ਸੀ । ਖਾਫੀ ਖ਼ਾਨ ਦੱਸਦਾ ਹੈ। ਕਿ ਬਰਫੀ ਰਾਜਾ (ਭੂਪ ਪ੍ਰਕਾਸ਼) ਅਤੇ ਉਸ ਸਿੱਖ ਨੂੰ ਜਿਸ ਨੇ ਗੁਰੂ (ਬੰਦਾ ਸਿੰਘ) ਅਤੇ ਆਪਣੇ ਧਰਮ ਹਿਤ ਬੜੇ ਸਿਦਕ ਨਾਲ ਕੁਰਬਾਨੀ ਕੀਤੀ ਸੀ ਇਕ ਲੋਹੇ ਦੇ ਪਿੰਜਰੇ ਵਿਚ ਬੰਦ ਕਰਕੇ ਦਿੱਲੀ ਭੇਜ ਦਿੱਤਾ।

ਰਾਜਾ ਫ਼ਤਿਹ ਸਿੰਘ ਸਿਰੀ-ਨਗਰੀਆ (ਗੜ੍ਹਵਾਲੀਆ) ਚੂੰਕਿ ਬੜੇ ਅਪਹੁੰਚ ਪਹਾੜਾਂ ਵਿਚ ਰਹਿੰਦਾ ਸੀ ਜਿਥੇ ਕਿ ਬਾਦਸ਼ਾਹੀ ਬੰਦਿਆਂ ਦਾ ਪੁੱਜ ਸਕਣਾ ਔਖਾ ਸੀ, ਇਸ ਲਈ ਉਹ ਫੜਿਆ ਨਾ ਜਾ ਸਕਿਆ। ਉਸ ਨੇ ਇਕ ਹੁਸ਼ਿਆਰੀ ਇਹ ਕੀਤੀ ਕਿ ਬਾਦਸ਼ਾਹ ਦੀ ਸੇਵਾ ਵਿਚ ਤੋਹਫ਼ੇ ਭੇਜ ਕੇ ਈਣ ਮੰਨ ਲਈ। ਇਹ ਤੋਹਫ਼ੇ 27 ਫ਼ਰਵਰੀ ਸਨ 1711 (20 ਮੁਹੱਰਮ 1123 ਹਿਜਰੀ) ਨੂੰ ਬਾਦਸ਼ਾਹ ਪਾਸ ਪਹੁੰਚੇ ।

6 ਦਸੰਬਰ (25 ਸ਼ੱਵਾਲ) ਨੂੰ ਸ਼ਾਹੀ ਹੁਕਮ ਜਾਰੀ ਹੋਇਆ ਕਿ ਬਾਦਸ਼ਾਹੀ ਲਸ਼ਕਰ ਦੇ ਹਿੰਦੂ (ਨੌਕਰ ਚਾਕਰ) ਸਿੱਖਾਂ ਦੀ (ਲੋਹਗੜ੍ਹ ਦੀ) ਗਾਰਤ ਵੇਲੇ ਦੇ ਗ਼ੁਲਾਮ ਅਤੇ ਲੌਂਡੀਆਂ ਨਾ ਖਰੀਦਣ ਅਤੇ ਜੋ ਉਨ੍ਹਾਂ ਪਾਸ ਬੰਦੀ ਹਨ ਉਨ੍ਹਾਂ ਨੂੰ ਛੱਡ ਦੇਣ।

ਬਾਦਸ਼ਾਹੀ ਸਫ਼ਰ-ਮੈਨਾ ਦੇ ਆਦਮੀਆਂ ਨੇ ਸਿੰਘਾਂ ਦੇ ਦੱਬੇ ਹੋਏ ਖ਼ਜਾਨੇ ਦੀ ਭਾਲ ਵਿਚ ਕਿਲ੍ਹਾ ਲੋਹਗੜ੍ਹ ਦੀ ਜ਼ਮੀਨ ਪੁੱਟਣੀ ਸ਼ੁਰੂ ਕੀਤੀ ਹੋਈ ਸੀ । ਬਾਦਸ਼ਾਹ ਦੀ ਸੇਵਾ ਵਿਚ ਇਸੇ ਦਿਨ 6 ਦਸੰਬਰ ਨੂੰ ਅਰਜ ਹੋਈ ਕਿ ਉਥੋਂ ਪੰਜ ਲੱਖ ਰੁਪਈਆ ਅਤੇ ਤਿੰਨ ਹਜਾਰ ਚਾਰ ਸੋ ਸੋਨੇ ਦੀਆਂ ਅਸ਼ਰਫੀਆਂ ਮਿਲੀਆਂ ਹਨ ਜਿਨ੍ਹਾਂ ਬਾਬਤ ਹੁਕਮ ਹੋਇਆ ਕਿ ਸ਼ਾਹੀ ਖਜ਼ਾਨੇ ਵਿਚ ਜਮਾਂ ਕਰ ਲਈਆਂ ਜਾਣ।

10 ਦਸੰਬਰ (29 ਵਾਲ) ਸਨ :710 ਨੂੰ ਬਾਦਸ਼ਾਹ ਨੇ ਬਖ਼ਸ਼ੀ-ਉਲ-ਮੁਲਕ ਮਹਾਬਤ ਖ਼ਾਨ ਨੂੰ ਕਿਹਾ ਕਿ ਸ਼ਾਹਜਹਾਨਾਬਾਦ ਦੇ ਆਲੇ ਦੁਆਲੇ ਦੇ ਫ਼ੌਜਦਾਰਾਂ ਨੂੰ ਸ਼ਾਹੀ ਹੁਕਮ ਲਿਖ ਦੇਵੇ ਕਿ ਨਾਨਕ-ਪੂਜ (ਸਿੱਖ) ਜਿਥੇ ਕਿਧਰੇ ਭੀ ਮਿਲ ਜਾਣ, ਕਤਲ ਕਰ ਦਿੱਤੇ ਜਾਣ ।

ਬੰਦਾ ਸਿੰਘ ਨੂੰ ਫੜਨ ਵਾਸਤੇ ਨਾਹਨ ਅਤੇ ਸਿਰੀ-ਨਗਰ ਦੇ ਰਾਜਿਆਂ ਦੇ ਨਾਉਂ ਫੁਰਮਾਨ ਭੇਜਣ ਅਤੇ ਅਮੀਦ ਖ਼ਾਨ ਨੂੰ ਉਸ ਦੀ ਭਾਲ ਵਿਚ ਤੋਰਨ ਪਿਛੋਂ ਬਾਦਸ਼ਾਹ ਨੇ ਆਪਣਾ ਡੇਰਾ ਲਾਹੌਰ ਨੂੰ ਜਾਣ ਲਈ ਸਢੌਰੇ ਵੱਲ ਨੂੰ ਤੋਰ ਦਿੱਤਾ । ਪਰ ਬਾਰਸ਼ ਜ਼ਿਆਦਾ ਹੋਣ ਕਰਕੇ ਡੇਰਾ ਬਾਰਾਂ ਦਿਨ ਹਰੀ (ਪੂਰੀ?) ਹੀ ਰੁਕਿਆ ਰਿਹਾ ਜਿਥੇ ਕਿ 12 ਦਸੰਬਰ ਨੂੰ ਪੁੱਜਾ ਸੀ । 24 ਨੂੰ ਸ਼ਾਹੀ ਡੇਰਾ ਸੋਮ ਨਦੀਉਂ ਉਰਾਰ ਅਤੇ 25 ਨੂੰ ਸਢੌਰੇ ਦੇ ਲਾਗੇ ਲੱਗਾ । 27 ਦਸੰਬਰ (17 ਜੀਕਦਾ) ਨੂੰ ਖਾਨਿ-ਖ਼ਾਨਾ ਨੇ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਦਾ (ਪਾਲਕ) ਪੁੱਤਰ ਅਜੀਤ ਸਿੰਘ ਚਤੁਰਸਾਲ ਬੁੰਦੇਲੇ ਦੇ ਹਵਾਲੇ ਸੀ । ਚਤੁਰਸਾਲ ਨੂੰ ਚੂੰਕਿ ਆਪਣੇ ਵਤਨ ਜਾਣ ਦੀ ਛੁੱਟੀ ਮਿਲ ਗਈ ਹੈ ਇਸ ਲਈ ਅਜੀਤ ਸਿੰਘ ਨੂੰ ਕਿਸੇ ਹੋਰ ਦੇ ਹਵਾਲੇ ਕਰਨਾ ਚਾਹੀਦਾ ਹੈ, ਬਾਦਸ਼ਾਹ ਨੇ ਹੁਕਮ ਦਿੱਤਾ ਕਿ ਕਾਰ-ਤਲਬ ਖ਼ਾਨ ਦੇ ਹਵਾਲੇ ਕਰ ਦਿੱਤਾ ਜਾਏ।

9 ਫਰਵਰੀ ਸਨ 1711 (2 ਮੁਹੱਰਮ ਸਨ 1123 ਹਿਜਰੀ, 5 ਬਹਾਦੁਰ ਸ਼ਾਹੀ) ਨੂੰ ਬਾਦਸ਼ਾਹਜਾਦਾ ਜਹਾਂਦਾਰ ਸ਼ਾਹ ਸ਼ਿਕਾਰ ਨੂੰ ਗਿਆ । ਜਦ ਪਤਾ ਲੱਗਾ ਕਿ ਇਕ ਲਾਗੇ ਦੇ ਪਿੰਡ ਵਿਚ ਸਿੰਘ ਵਸਦੇ ਹਨ, ਉਸ ਨੇ ਪਿੰਡ ਨੂੰ ਘੇਰਾ ਪਾ ਕੇ ਸਤ ਸਿੰਘ ਫੜ ਲਏ ਜੋ ਡੇਰੇ ਪੁੱਜਣ ਪਰ ਬਾਦਸ਼ਾਹ ਦੇ ਹੁਕਮ ਨਾਲ ਕਤਲ ਕਰ ਦਿੱਤੇ ਗਏ। ਇਸੇ ਤਰ੍ਹਾਂ ਨਾਹਣੀਏ ਰਾਜਾ ਭੂਪ ਪ੍ਰਕਾਸ਼ ਦੀ ਮਾਂ ਨੇ ਜੋ ਚਾਲੀ ਸਿੰਘ ਫੜ ਕੇ ਭੇਜੇ ਸਨ ਉਹ 4 ਮਾਰਚ ਨੂੰ ਕਤਲ ਕੀਤੇ ਗਏ।

ਬਾਦਸ਼ਾਹੀ ਡੇਰਾ 5 ਫ਼ਰਵਰੀ ਨੂੰ ਮਧਲੀ ਪੁੱਜਾ ਸੀ, ਇਥੇ ਹੀ 18 ਫਰਵਰੀ (11 ਮੁਹੱਰਮ) ਨੂੰ ਖ਼ਾਨਿ-ਖ਼ਾਨਾ ਵਜ਼ੀਰ ਮੁਨਇਮ ਖ਼ਾਨ ਚਿਹਰੇ ਦੇ ਉਠਾ ਨਾਲ, ਜਿਸ ਨਾਲ ਉਸ ਦੀਆਂ ਅੱਖਾਂ ਅਤੇ ਕੰਨ ਖ਼ਰਾਬ ਹੋ ਗਏ ਸਨ, ਅਗਲੇ ਜਹਾਨ ਨੂੰ ਚੜ੍ਹਾਈ ਕਰ ਗਿਆ । ਬਾਦਸ਼ਾਹੀ ਅਮੀਰਾਂ ਅਤੇ ਸਰਦਾਰਾਂ ਵਿਚੋਂ ਇਹ ਚੰਗਾ ਆਦਮੀ ਜਾਪਦਾ ਸੀ ਅਤੇ ਸਿੱਖਾਂ ਅਤੇ ਮੁਸਲਮਾਨਾਂ ਵਿਚ ਬਿਗਾੜ ਨਹੀਂ ਸੀ ਪਿਆ ਚਾਹੁੰਦਾ । ਇਸੇ ਦੀ ਇੱਛਾ ਨਾਲ ਬਾਦਸ਼ਾਹ ਔਰੰਗਜੇਬ ਨੇ ਗੁਰੂ ਗੋਬਿੰਦ ਸਿੰਘ ਨੂੰ ਗੱਲ ਬਾਤ ਲਈ ਦੱਖਣ ਸੱਦ ਭੇਜਿਆ ਸੀ। ਇਸੇ ਨੇ ਹੀ ਗੁਰੂ ਸਾਹਿਬ ਅਤੇ ਬਹਾਦੁਰ ਸ਼ਾਹ ਦੀ ਆਗਰੇ ਮੁਲਾਕਾਤ ਦਾ ਪ੍ਰਬੰਧ ਕੀਤਾ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਕਿ ਬਾਦਸ਼ਾਹ ਖੁਦ ਬੰਦਾ ਸਿੰਘ ਦੇ ਵਿਰੁੱਧ ਮੁਹਿੰਮ ਲੈ ਕੇ ਚੜ੍ਹੇ। ਪਰ ਹੁੰਦਾ ਉਹੀ ਹੈ ਜੋ ਕਰਤਾਰ ਨੂੰ ਭਾਵੇ ।

ਰਸਤੇ ਵਿਚ ਬਾਦਸ਼ਾਹ ਨੂੰ ਖ਼ਬਰਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਕਿ ਲਾਹੌਰ ਅਤੇ ਪਠਾਣਕੋਟ ਕੰਢੀ ਵੱਲ ਸਿੰਘ ਫੇਰ ਉਠ ਖੜੋਤੇ ਹਨ । 12 ਫ਼ਰਵਰੀ (5 ਮੁਹੱਰਮ) ਨੂੰ ਪਤਾ ਲੱਗਾ ਕਿ ਸ਼ਮਸ ਖ਼ਾਨ ਦੀ ਸਿੰਘਾਂ ਨਾਲ ਇਕ ਲੜਾਈ ਹੋਈ ਹੈ । ਇਸੇ ਤਰ੍ਹਾਂ ਮਾਰਚ ਦੇ ਦੂਸਰੇ ਹਫ਼ਤੇ 11 ਨੂੰ ਇਕ ਹੋਰ ਲੜਾਈ ਦੀ ਖ਼ਬਰ ਪੁੱਜੀ, ਜਿਸ ਵਿਚ ਲਿਖਿਆ ਹੋਇਆ ਸੀ ਕਿ ਸ਼ੱਮਸ ਖ਼ਾਨ ਅਤੇ ਕੁਤਬ ਅਲੀ ਖ਼ਾਨ ਮਾਰੇ ਗਏ ਹਨ। 20 ਮਾਰਚ (11 ਸਫਰ ਸਨ, ਪ ਬ. ਸ਼) ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਸੁੱਚਾ ਨੰਦ ਨੂੰ ਜੋ ਵਜ਼ੀਰ ਖ਼ਾਨ ਸਰਹੰਦੀ ਦਾ ਦੀਵਾਨ ਸੀ ਅਤੇ ਸਢੌਰੇ ਦੇ ਜ਼ਿਮੀਂਦਾਰ ਜੋਗੇ ਜੱਟ ਨੂੰ ਹਿਦਾਇਤੁੱਲਾ ਖ਼ਾਨ ਨਾਇਬ ਦੀਵਾਨ ਪਾਸ ਭੇਜਿਆ ਜਾਏ ਕਿ ਇਨ੍ਹਾਂ ਪਾਸੋਂ ਪਿਛਲਾ ਹਿਸਾਬ ਮੰਗੇ

26 ਮਾਰਚ (17 ਸਫ਼ਰ) ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਅੱਗੇ ਨੂੰ ਸਿੱਖਾਂ (ਨਾਨਕ-ਪ੍ਰਸਤਾਂ) ਨੂੰ ‘ਦੁਜ਼ਦਾਨਿ-ਸਿੱਖ’ ਅਰਥਾਤ ‘ਚੋਰ-ਸਿੱਖ’ ਲਿਖਿਆ ਜਾਇਆ ਕਰੇ । ਇਹ ਹੁਕਮ ਰੋਜ਼ਨਾਮਚਾ ਅਤੇ ਖ਼ਬਰਾਂ ਲਿਖਣ ਵਾਲਿਆਂ ਨੂੰ ਦਿੱਤਾ ਜਾਪਦਾ ਹੈ।

ਇਸ ਵੇਲੇ ਤਕ ਬਾਦਸ਼ਾਹ ਡੇਰਾ ਸਤਲੁਜੋਂ ਦੱਖਣ ਨੂੰ ਹੀ ਸੀ । 10 ਅਪ੍ਰੈਲ (3 ਰਬੀ-ਉਲ- ਅੱਵਲ) ਨੂੰ ਇਹ ਛੱਤ ਬਨੂੜ ਦੇ ਲਾਗੇ ਸੀ । ਇਥੋਂ ਜਰਾ ਤੇਜ਼ ਹੋ ਕੇ ਰਵਾਂ ਰਵੀਂ 20 ਅਪ੍ਰੈਲ (13 ਰਬੀ-ਉਲ-ਅੱਵਲ) ਨੂੰ ਰੋਪੜ ਪੁੱਜ ਗਿਆ। ਇਥੋਂ 7 ਮਈ (30 ਰਬੀ-ਉਲ-ਅੱਵਲ) ਨੂੰ ਸਤਲੁਜ ਪਾਰ ਹੋ ਕੇ ਦੁਆਬਾ ਬਿਸਤ ਜਲੰਧਰ ਦੇ ਜਿਲਾ ਹੁਸ਼ਿਆਰਪੁਰ ਵਿਚ ਦਾਖ਼ਲ ਹੋਇਆ। 14 ਮਈ (7 ਰੱਬੀ-ਉ-ਸਾਨੀ) ਨੂੰ ਮਹਿਤਪੁਰੋਂ ਖ਼ਾਨ ਬਹਾਦੁਰ ‘ਰੁਸਤਮਿ-ਜੰਗ’ ਨੂੰ ਸਿੰਘਾਂ ਦੇ ਵਿਰੁੱਧ ਭੇਜਿਆ ਗਿਆ ਅਤੇ ਇਸੇ ਦਿਨ ਤਲਵਨ ਦੇ ਜਿਮੀਂਦਾਰਾਂ ਮੁਗ਼ਲ-ਬੇਗ਼ ਖ਼ਾਨ, ਦੁਰਲਾਬ ਖ਼ਾਨ, ਅਬਦੁੱਸਮਦ ਖ਼ਾਨ, ਇਨਾਇਤ ਖ਼ਾਨ ਆਦਿ ਨੂੰ ਮੁਹੰਮਦ ਅਮੀਨ ਖ਼ਾਨ ਦੇ ਨਾਲ ਬੰਦਾ ਸਿੰਘ ਦੇ ਵਿਰੁੱਧ ਨਿਯਤ ਕਰਨ ਦਾ ਹੁਕਮ ਹੋਇਆ। ਨੁਸ਼ਹਿਰੇ, ਅਕਬਰਪੁਰ, ਧਰਮਪੁਰ ਵਿਚ ਦੀ ਹੁੰਦਾ ਹੋਇਆ ਬਾਦਸ਼ਾਹ 30 ਮਈ ਨੂੰ ਹੁਸ਼ਿਆਰਪੁਰ ਪੁੱਜਾ। ਇਥੇ ਹੀ ਬਖ਼ਸ਼ੀ-ਉਲ-ਮੁਲਕ (ਜਲਫਿਕਾਰ ਖ਼ਾਨ) ਵੱਲੋਂ ਅਰਜ਼ ਹੋਈ ਕਿ ਕਮਾਊਂ ਦੇ ਰਾਜਾ ਜਗਤ ਸਿੰਘ ਨੇ ਸਿਰੀ-ਨਗਰੀਏ ਦੀ ਹੱਦ ਵਿਚੋਂ ਪੰਝੀ ਸਿੱਖਾਂ ਦੇ ਸਿਰ ਵੱਢ ਕੇ ਭੇਜੇ ਹਨ । ਬਾਦਸ਼ਾਹ ਨੇ ਕਿਹਾ ਕਿ ‘ਕੋਤਵਾਲ ਪਾਸ ਭੇਜ ਦਿਓ, ਚੋਕ ਵਿਚ ਸੁੱਟ ਦੇਵੇ ।” । ਜੂਨ ਨੂੰ ਇਥੇ (ਗੁਰੂ ਗੋਬਿੰਦ ਸਿੰਘ ਦੇ ਪਾਲਕ ਪੁੱਤਰ) ਅਜੀਤ ਸਿੰਘ ਨੇ ਹਮੀਦ-ਦੀਨ ਰਾਹੀ ਬਾਦਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਅੱਗੇ ਨੂੰ ਉਹ ਸਰਬਰਾਹ ਖ਼ਾਨ ਕੋਤਵਾਲ ਦੇ ਡੇਰੇ ਵਿਚ ਉਤਾਰਾ ਕਰਿਆ ਕਰੇ ਅਤੇ ਕੋਤਵਾਲ ਖ਼ਿਆਲ ਰੱਖੇ ਕਿ ਲਸ਼ਕਰ ਦੇ ਲੋਕ ਉਸ ਨੂੰ ਤੰਗ ਨਾ ਕਰਨ।

13 ਜੂਨ (8 ਜਮਾਦੀ-ਉਲ-ਅੱਵਲ) ਨੂੰ ਬਾਦਸ਼ਾਹ ਨੇ ਰੁਹੇਲੇ ਦੇ ਪੱਤਣ (ਸ੍ਰੀ ਹਰਿ ਗੋਬਿੰਦ ਪੁਰ) ਤੋਂ ਨਵੇਂ ਬਣੇ ਬੇੜੀਆਂ ਦੇ ਪੁਲ ਉੱਤੋਂ ਦੀ ਬਿਆਸਾ ਨਦੀ ਪਾਰ ਕੀਤੀ। ਅਜੇ ਲਸ਼ਕਰ ਲੰਘ ਹੀ ਰਿਹਾ ਸੀ ਕਿ ਅਤਿ ਦੀ ਬਰਖਾ ਉਤਰ ਪਈ ਅਤੇ ਪੁਲ ਟੁੱਟ ਗਿਆ ਜਿਸ ਨਾਲ ਚੋਖਾ ਨੁਕਸਾਨ ਹੋਇਆ ਅਤੇ ਕਈ ਲੋਕ ਡੁੱਬ ਗਏ । ਇਥੋਂ ਕਾਹਨੂੰ ਵਾਣ (4-6 ਜੁਲਾਈ), ਚਮਿਆਰੀ (20 ਜੁਲਾਈ) ਅਤੇ ਪੰਜ-ਗਰਾਈਂ (24-29 ਜੁਲਾਈ) ਵਿਚ ਦੀ ਹੁੰਦਾ ਹੋਇਆ ਬਾਦਸ਼ਾਹੀ ਡੇਰਾ । ਅਗਸਤ 1711 (27 ਜਮਾਦੀ-ਉ-ਸਾਨੀ 1123 ਹਿ5 ਬਹਾਦੁਰ ਸ਼ਾਹੀ) ਨੂੰ ਲਾਹੌਰ ਦੀ ਜੂਹ ਵਿਚ ਜਾ ਪੁੱਜਾ ।

ਪਹਾੜੀ ਇਲਾਕੇ ਦੀ ਸੁਧਾਈ

ਬਹਿਰਾਮਪੁਰ, ਬਟਾਲੇ ਆਦਿ ਦੀਆਂ ਲੜਾਈਆਂ

ਬੰਦਾ ਸਿੰਘ ਅਤੇ ਸਿੱਖਾਂ ਦੇ ਲੋਹਗੜ੍ਹ ਦੇ ਕਿਲੇ ਵਿਚੋਂ ਬਚ ਕੇ ਨਿਕਲ ਜਾਣ ਨੂੰ ਸਿੱਖਾਂ ਦੀ ਹਾਰ ਨਹੀਂ ਕਿਹਾ ਜਾ ਸਕਦਾ । ਇਹ ਠੀਕ ਹੈ ਸਿੱਖਾਂ ਨੂੰ ਲੋਹਗੜ੍ਹ ਅਤੇ ਸਤਾਰਾਗੜ੍ਹ ਕਿਲੇ ਖਾਲੀ ਕਰਨੇ ਪੈ ਗਏ ਅਤੇ ਉਹ ਬਾਦਸ਼ਾਹ ਲਸ਼ਕਰ ਦੇ ਹੱਥ ਵਿਚ ਆ ਗਏ। ਪਰ ਬਾਦਸ਼ਾਹ ਦਾ ਹੁਕਮ ਇਹ ਸੀ ਕਿ ਸਿੱਖ ਨੂੰ ਜੀਉਂਦਾ ਫੜ ਕੇ ਹਾਜ਼ਰ ਕੀਤਾ ਜਾਏ । ਇਸੇ ਮਤਲਬ ਲਈ ਬਾਦਸ਼ਾਹ ਨੇ ਇਕ ਲੋਹੇ ਦਾ ਪਿੰਜਰਾ ਭੀ ਬਣਵਾ ਕੇ ਨਾਲ ਲਿਆਂਦਾ ਹੋਇਆ ਸੀ । ਵਜ਼ੀਰ ਮੁਨਇਮ ਖ਼ਾਨ ਖ਼ਾਨਿ-ਖ਼ਾਨਾਂ ਨੇ ਬਾਦਸ਼ਾਹ ਨੂੰ ਭਰੋਸਾ ਹੀ ਨਹੀਂ ਸੀ ਦਿਵਾਇਆ ਬਲਕਿ ਪੂਰੀ ਪੂਰੀ ਜਿਮੇਵਾਰੀ ਲਈ ਸੀ ਕਿ ਉਹ ਸਿੱਖ ਆਗੂ ਨੂੰ ਫੜ ਕੇ ਹਾਜ਼ਰ ਕਰੇਗਾ । ਬਾਦਸ਼ਾਹ ਨੇ ਸਭ ਤੋਂ ਵੱਡੇ ਅਮੀਰ ਅਤੇ ਸਰਦਾਰ ਇਸ ਮੁਹਿੰਮ ਉੱਤੇ ਚਾੜ੍ਹੇ ਸਨ ਅਤੇ ਹਰ ਪ੍ਰਕਾਰ ਦੀ ਸਹਾਇਤਾ ਉਨ੍ਹਾਂ ਨੂੰ ਪਹੁੰਚਾਈ ਗਈ। ਜੰਗੀ ਸਾਮਾਨ ਦਾ ਭੀ ਕੋਈ ਘਾਟਾ ਨਹੀਂ ਸੀ । ਸਭ ਤੋਂ ਵੱਡੀ ਗੱਲ ਇਹ ਸੀ ਕਿ ਖ਼ੁਦ ਬਾਦਸ਼ਾਹ ਭੀ ਮੁਹਿੰਮ ਉੱਤੇ ਮੌਜੂਦ ਸੀ । ਪਰ ਇਸ ਸਭ ਕੁਝ ਦੇ ਹੁੰਦੇ ਭੀ ਬੰਦਾ ਸਿੰਘ ਅਤੇ ਉਸ ਦੇ ਉਘੇ ਸਾਥੀ ਤਲਵਾਰਾਂ ਹੱਥ ਵਿਚ ਲੈ ਕੇ ਸੱਠ ਹਜ਼ਾਰ ਬਾਦਸ਼ਾਹੀ ਲਸ਼ਕਰੀਆਂ ਦੀਆਂ ਸਫ਼ਾਂ ਚੀਰਦੇ ਹੋਏ ਬਚ ਕੇ ਨਿਕਲ ਗਏ । ਬਾਦਸ਼ਾਹ, ਸ਼ਾਹਜਾਦੇ, ਵਜ਼ੀਰ, ਬਖ਼ਸ਼ੀ-ਉਲ-ਮੁਲਕ, ਹਿੰਦੂ ਰਾਜਪੂਤ ਬੁੰਦੇਲੇ ਰਾਜੇ ਅਤੇ ਜੱਟ ਹੱਥ ਮਲਦੇ ਰਹਿ ਗਏ ਅਤੇ ਕਿਸੇ ਦੀ ਕੋਈ ਪੇਸ਼ ਨਾ ਗਈ । ਮੁਹਿੰਮ ਦੇ ਆਸ਼ੇ ਵਿਚ ਅਸਫ਼ਲ ਰਿਹਾ ਵੱਡਾ ਬਾਦਸ਼ਾਹੀ ਵਜੀਰ ਨਿੰਮੋ-ਝੂਣ ਹੋਇਆ ਧੌਣ ਨੀਵੀਂ ਪਾਈ ਰਣਭੂਮੀ ਵਿਚੋਂ ਵਾਪਸ ਆਇਆ ਬਾਦਸ਼ਾਹ ਨੇ ਬਾਜੇ ਬੱਜਣੇ ਬੰਦ ਕਰਵਾ ਦਿੱਤੇ ਅਤੇ ਬਖ਼ਸ਼ੀ-ਉਲ-ਮੁਲਕ ਮਹਾਬਤ ਖ਼ਾਨ ਦੇ ਮੱਥੇ ਲੱਗਣੋਂ ਨਾਂਹ ਕਰਕੇ ਉਨ੍ਹਾਂ ਨੂੰ ਆਪਣੇ ਆਪਣੇ ਡੇਰੇ ਤੋਰ ਦਿੱਤਾ । ਬਾਦਸ਼ਾਹ ਦੇ ਗੁੱਸੇ ਹੋਣ ਅਤੇ ਨਿਰਾਦਰੀ ਭਰੇ ਸ਼ਬਦ ਕਹਿਣ ਕਰਕੇ ਵੱਡਾ ਵਜ਼ੀਰ ਅਫ਼ਸੋਸ ਨਾਲ ਬਾਦਸ਼ਾਹੀ ਦਰਬਾਰ ਵਿਚੋਂ ਉਠ ਗਿਆ । ਇਸ ਸਭ ਕੁਝ ਇਸ ਗੱਲ ਦਾ ਲਖਾਇਕ ਹੈ ਕਿ ਬਾਦਸ਼ਾਹੀ ਲਸ਼ਕਰ ਅਸਲ ਵਿਚ ਆਪਣੀ ਮੁਹਿੰਮ ਵਿਚ ਅਸਫ਼ਲ ਰਿਹਾ ਸੀ ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਬੰਦਾ ਸਿੰਘ ਨੂੰ ਕਿਲੇ ਖ਼ਾਲੀ ਕਰਨੇ ਪੈ ਗਏ ਸਨ ਪਰ ਉਸ ਨੂੰ ਪਤਾ ਸੀ ਕਿ ਘੱਟ ਗਿਣਤੀ ਅਤੇ ਜੰਗੀ ਸਾਮਾਨ ਦੇ ਘਾਟੇ ਕਰਕੇ ਉਹ ਕਿਲੇ ਵਿਚ ਟਿਕੇ ਰਹਿ ਕੇ ਸ਼ਾਹੀ ਲਸ਼ਕਰ ਨੂੰ ਭਜਾ ਨਹੀਂ ਸਕਦੇ ਅਤੇ ਨਾ ਹੀ ਇਥੇ ਬੈਠੇ ਰਹਿ ਕੇ ਹੋਰ ਇਲਾਕਿਆਂ ਵਿਚ ਮੱਲਾਂ ਮਾਰ ਕੇ ਬਾਦਸ਼ਾਹੀ ਤਾਕਤ ਨੂੰ ਕਮਜੋਰ ਕਰਨ ਵਿਚ ਸਫ਼ਲ ਹੋ ਸਕਦੇ ਸਨ । ਇਸ ਆਪਣੇ ਅਰੰਭੇ ਹੋਏ ਕੰਮ ਨੂੰ ਸਿਰੇ ਚਾੜ੍ਹਨ ਲਈ ਉਨ੍ਹਾਂ ਦਾ ਇਥੋਂ ਬਚ ਨਿਕਲਣਾ ਜ਼ਰੂਰੀ ਸੀ ਅਤੇ ਇਸ ਵਿਚ ਉਹ ਸਫ਼ਲ ਹੋ ਗਏ।

ਸਿੰਘਾਂ ਨੇ ਪਾਣੀਪਤ ਤੋਂ ਲੈ ਕੇ ਲਾਹੌਰ ਦੇ ਨਜ਼ਦੀਕ ਤਕ ਅਜੋਕੇ ਪੰਜਾਬ ਦੇ ਅੱਠ ਜਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਅੰਬਾਲਾ ਅਤੇ ਕਰਨਾਲ ਅਤੇ ਇਨ੍ਹਾਂ ਦੇ ਨਾਲ ਦਾ ਇਲਾਕਾ ਜਿੱਤ ਲਿਆ । ਸ਼ਾਇਦ ਹੀ ਕਿਧਰੇ ਕਿਧਰੇ ਵਿਚਕਾਰ ਕੋਈ ਛੋਟੇ ਛੋਟੇ ਟੁਕੜੇ ਰਹਿੰਦੇ ਹੋਣਗੇ। ਪਰ ਇਸ ਇਲਾਕੇ ਵਿਚ ਪੱਕੀ ਤਰ੍ਹਾਂ ਸਿੰਘਾਂ ਦੀ ਅਮਲਦਾਰੀ ਹਾਲ ਤਕ ਕਾਇਮ ਨਹੀਂ ਸੀ ਹੋਈ। ਇਕ ਤਾਂ ਬੰਦਾ ਸਿੰਘ ਪਾਸ ਬਹੁਤੀ ਬਾਕਾਇਦਾ ਫ਼ੌਜ ਹੈ ਹੀ ਨਹੀਂ ਸੀ, ਮੱਲਾਂ ਮਾਰਨ ਲਈ ਹਰ ਥਾਂ ਸਥਾਨਕ ਜੱਥੇ ਹੀ ਕੰਮ ਕਰਦੇ ਸਨ । ਥੋੜ੍ਹੀ ਬਹੁਤ ਫ਼ੌਜ ਜੋ ਸੀ ਭੀ, ਉਹ ਭੀ ਖਿੰਡੀ ਹੋਈ ਸੀ । ਜੰਗੀ ਸਾਮਾਨ ਭੀ ਬਹੁਤ ਘੱਟ ਸੀ । ਸਮਾਣੇ ਉੱਤੇ ਕਬਜ਼ੇ ਤੋਂ ਲੈ ਕੇ ਲੋਹਗੜ੍ਹ ਖ਼ਾਲੀ ਕਰਨ ਤਕ ਜੋ ਕੁਝ ਭੀ ਬਣਿਆ ਬਣਾਇਆ ਸੀ ਉਹ ਸਾਲ ਕੁ ਭਰ ਵਿਚ ਹੀ ਬਣਿਆ ਸੀ। ਇਨ੍ਹਾਂ ਹਾਲਾਤ ਵਿਚ ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਲਈ ਸੱਠ ਹਜਾਰ ਬਾਦਸ਼ਾਹੀ ਫ਼ੌਜ ਅਤੇ ਅਣਗਿਣਤ ਮੁਲਖੱਈਏ ਦਾ ਬਿਨਾਂ ਖਾਣੇ ਦਾਣੇ ਦੇ ਭਰਪੂਰ ਖਾਤਿਆਂ ਦੇ ਲੰਬਾ ਟਾਕਰਾ ਕਰ ਸਕਣਾ ਅਤਿ ਔਖਾ ਸੀ । ਪਰ ਫੇਰ ਭੀ ਬੰਦਾ ਸਿੰਘ ਅਤੇ ਉਸ ਦੇ ਮੁੱਠੀ ਭਰ ਸਾਥੀ ਸਿੰਘ ਇਤਨੀ ਵੱਡੀ ਮੁਗ਼ਲ ਬਾਦਸ਼ਾਹੀ ਦੀ ਤਾਕਤ ਦੇ ਹੁੰਦੇ ਹੋਏ ਮੁਗ਼ਲ ਬਾਦਸ਼ਾਹ ਅਤੇ ਉਸ ਦੇ ਵੱਡੇ ਮੁਗ਼ਲ ਸਰਦਾਰਾਂ ਨੂੰ ਧੱਤਾ ਵਿਖਾ ਕੇ ਉਨ੍ਹਾਂ ਦੇ ਜਤਨਾਂ ਨੂੰ ਨਿਸਫਲ ਕਰਨ ਵਿਚ ਸਫ਼ਲ ਹੋ ਗਏ ।

ਬੰਦਾ ਸਿੰਘ ਆਪਣੇ ਕਿਲੇ ਅਤੇ ਖਜ਼ਾਨੇ ਦੇ ਖੁੱਸ ਜਾਣ ਨਾਲ ਨਿਰਾਸ ਹੋ ਕੇ ਦਿਲ ਨਹੀਂ ਸੀ ਢਾ ਬੈਠਾ । ਉਸ ਨੂੰ ਪਤਾ ਸੀ ਕਿ ਉਸ ਦੀ ਤਾਕਤ ਅਤੇ ਸਫ਼ਲਤਾ ਦੇ ਇਹੋ ਹੀ ਵੱਡੇ ਸਾਧਨ ਨਹੀਂ ਸਨ । ਇਹ ਤਾਂ ਉਸ ਦੀਆਂ ਮੱਲਾਂ ਮਾਰਾਂ ਅਤੇ ਜਿੱਤਾਂ ਦੀ ਸਫ਼ਲਤਾ ਕਰਕੇ ਆਪਣੇ ਆਪ ਉਸ ਦੇ ਹੱਥ ਆਏ ਸਨ । ਉਸ ਦੀ ਤਾਕਤ ਖਾਲਸੇ ਦੇ ਅਜਿੱਤ ਸਾਹਸ ਵਿਚ ਸੀ ਜਿਸ ਉੱਤੇ ਉਸ ਨੂੰ ਪੂਰਾ ਭਰੋਸਾ ਸੀ । ਲੋਹਗੜ੍ਹ ਦੇ ਕਿਲੇ ਵਿਚੋਂ ਨਿਕਲਣ ਦੇ ਬਾਰ੍ਹਵੇਂ ਦਿਨ ਹੀ ਬੰਦਾ ਸਿੰਘ ਨੇ ਖਾਲਸੇ ਦੇ ਨਾਉਂ ਗਸ਼ਤੀ ਚਿੱਠੀਆਂ, ਜਿਨ੍ਹਾਂ ਨੂੰ ਖ਼ਾਲਸੇ ਹੁਕਮ-ਨਾਮੇ ਕਹਿੰਦੇ ਸਨ, ਜਾਰੀ ਕਰ ਦਿੱਤੀਆਂ, ਜਿਨ੍ਹਾਂ ਵਿਚ ਲਿਖਿਆ ਹੋਇਆ ਸੀ ਕਿ ਹੁਕਮ ਦੇਖਦਿਆਂ ਹੀ ਖਾਲਸਾ ਉਸ ਪਾਸ ਪਹੁੰਚ ਜਾਏ । 12 ਪੋਹ ਸੰਮਤ 1 (12 ਦਸੰਬਰ ਸੰਨ 1710) ਦਾ ਲਿਖਿਆ ਜੌਨਪੁਰ ਦੇ ਖਾਲਸੇ ਦੇ ਨਾਉਂ ਜੋ ਹੁਕਮਨਾਮਾ ਪ੍ਰਾਪਤ ਹੋਇਆ ਹੈ ਉਹ ਇਸ ਤਰ੍ਹਾਂ ਹੈ :

ਮੋਹਰ ਦੇਗੋ ਤੇਗੋ ਫ਼ਤਿਹ ਨੂਸਰਿਤ ਬੇ-ਦਿਰੰਗ

ਯਾਫਤ ਅਜ਼ ਨਾਨਕ-ਗੁਰੂ ਗੋਬਿੰਦ ਸਿੰਘ

ੴ ਫਤੇ ਦਰਸ਼ਨੁ

ਸਿਰੀ ਸੱਚੇ ਸਾਹਿਬ ਜੀ ਕਾ ਹੁਕਮ ਹੈ ਸਰਬਤ ਖਾਲਸਾ ਜਉਨ ਪੁਰ ਕਾ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮੁ ਸਵਰੈਗਾ ਤੁਸੀਂ ਸਿਰੀ ਅਕਾਲ ਪੁਰਖ ਜੀ ਕਾ ਖਾਲਸਾ ਹੋ ਪੰਜ ਹਥੀਆਰ ਬਨਿ ਕੈ ਹੁਕਮੁ ਦੇਖਦਿਆਂ ਦਰਸਨਿ ਆਵਣਾ ਖਾਲਸੇ ਦੀ ਰਹਤ ਰਹਣਾ ਭੰਗ ਤਮਾਕੂ ਹਫੀਮ ਪੋਸਤੁ ਦਾਰੂ ਅਮਲੁ ਕੋਈ ਨਹੀਂ ਖਾਣਾ ਮਾਸਾ ਮਛਲੀ ਪਿਆਜੂ ਨਾਹੀ ਖਾਣਾ ਚੋਰੀ ਜਾਰੀ ਨਾਹੀ ਕਰਣੀ ਅਸਾਂ ਸਤ ਜੁਗੁ ਵਰਤਾਇਆ ਹੈ ਆਪ ਵਿਚਿ ਪਿਆਰ ਕਰਣਾ ਮੇਰਾ ਹੁਕਮੁ ਹੈ ਜੋ ਖਾਲਸੇ ਦੀ ਰਹਤ ਰਹੇਗਾ ਤਿਸ ਦੀ ਗੁਰੂ ਬਾਹੁੜੀ ਕਰੇਗਾ ਮਿਤੀ ਪੋਹੋ ੧੨ ਸੰਮਤ ਪਹਿਲਾ ੧ ਸਤਰਾ ਦਸ ੧੦ ਲੋਹਗੜ੍ਹ ਵਿਚ ਹੋਏ ਨੁਕਸਾਨ ਨਾਲ ਖ਼ਾਲਸਾ ਭੀ ਨਿਰਾਸ਼ ਨਹੀਂ ਸੀ ਹੋਇਆ । ਹੁਕਮਨਾਮੇ ਪੁੱਜਣ ਦੀ ਦੇਰ ਸੀ ਕਿ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਸਿੰਘ ਸਾਰੇ ਪਾਸਿਆਂ ਤੋਂ ਕੀਰਤਪੁਰ ਆ ਇਕੱਠੇ ਹੋਏ । ਬੰਦਾ ਸਿੰਘ ਦਾ ਭੀ ਹੌਂਸਲਾ ਵੱਧ ਗਿਆ ਅਤੇ ਛੇਤੀ ਹੀ ਉਸ ਨੂੰ ਖ਼ਿਆਲ ਹੋ ਗਿਆ ਕਿ ਉਹ ਸ਼ਿਵਾਲਕ ਪਹਾੜ ਦੇ ਦੋਖੀ ਰਾਜਿਆਂ ਦੇ ਵਿਰੁੱਧ ਚੜ੍ਹਾਈ ਕਰ ਸਕਣ ਜੋਗਾ ਤਕੜਾ ਹੋ ਗਿਆ ਹੈ ।

ਭੀਮ ਚੰਦ ਕਹਿਲੂਰੀਏ ਉੱਤੇ ਬੰਦਾ ਸਿੰਘ ਦੀ ਸਭ ਤੋਂ ਪਹਿਲਾਂ ਨਜ਼ਰ ਪੈਣ ਦਾ ਵੱਡਾ ਕਾਰਣ ਇਹ ਸੀ ਕਿ ਇਹ ਸ਼ੁਰੂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੈਰ ਕਮਾਉਂਦਾ ਰਿਹਾ ਸੀ । ਇਹ ਪਹਾੜੀ ਰਾਜਿਆਂ ਨੂੰ ਇਕੱਠਾ ਕਰਕੇ ਸਿੱਖਾਂ ਵਿਰੁੱਧ ਮੁਹਿੰਮਾਂ ਚੜ੍ਹਾ ਲਿਆਉਂਦਾ ਸੀ । ਜਦ ਪਹਾੜੀਆਂ ਨੂੰ ਕੋਈ ਸਫ਼ਲਤਾ ਨਾ ਹੋਈ ਤਾਂ ਇਸ ਨੇ ਸਰਹੰਦ ਅਤੇ ਲਾਹੌਰ ਦੇ ਮੁਗ਼ਲ ਹਾਕਮਾਂ ਨਾਲ ਜਾ ਗੰਢੀ । ਪਰ ਬੰਦਾ ਸਿੰਘ ਕਿਸੇ ਬੇਧਿਆਨੇ ਉੱਤੇ ਅਕਾਰਣ ਹੀ ਹੱਲਾ ਨਹੀਂ ਸੀ ਕਰਿਆ ਕਰਦਾ। ਆਪਣੇ ਦਸਤੂਰ ਅਨੁਸਾਰ ਬੰਦਾ ਸਿੰਘ ਨੇ ਪਰਵਾਨਾ ਦੇ ਕੇ ਇਸ ਪਾਸ ਆਦਮੀ ਭੇਜੇ ਕਿ ਈਣ ਮੰਨ ਲਵੇ। ਭੀਮ ਚੰਦ ਦਾ ਅਪਰਾਧੀ ਦਿਲ ਅੱਗੇ ਹੀ ਧੜਕ ਰਿਹਾ ਸੀ। ਸਰਹੰਦ ਉੱਤੇ ਸਿੰਘਾਂ ਦੀ ਫ਼ਤਿਹ ਤੋਂ ਉਸ ਨੂੰ ਡਰ ਪੈ ਰਿਹਾਂ ਸੀ ਕਿ ਹੁਣ ਉਹ ਉਨ੍ਹਾਂ ਦੇ ਹੱਲੇ ਤੋਂ ਬਚ ਨਹੀਂ ਸਕਦਾ । ਇਸ ਲਈ ਉਸ ਨੇ ਜਲੰਧਰ ਦੁਆਬ ਦੇ ਉੱਘੇ ਉੱਘੇ ਮੁਸਲਮਾਨ ਜ਼ਿਮੀਂਦਾਰਾਂ ਅਤੇ ਗੁਆਂਢੀ ਪਹਾੜੀ ਰਾਜਿਆਂ ਨੂੰ ਆਪਣੀ ਸਹਾਇਤਾ ਲਈ ਜਮਾਂ ਕਰ ਲਿਆ। ਉਨ੍ਹਾਂ ਬਿਲਾਸਪੁਰ ਦੀ ਕਿਲਾਬੰਦੀ ਮਜ਼ਬੂਤ ਕਰ ਲਈ ਅਤੇ ਸਿੰਘਾਂ ਦੇ ਹੱਲੇ ਦੀ ਉਡੀਕ ਕਰਨ ਲਗ ਪਏ । ਇਸ ਲਈ ਬੰਦਾ ਸਿੰਘ ਦੇ ਪਰਵਾਨੇ ਵੱਲ ਕੋਈ ਧਿਆਨ ਨਾ ਦਿੱਤਾ । ਪਰ ਜਦ ਸਿੰਘ ਆ ਪੁੱਜੇ ਤਾਂ ਸਾਰੇ ਜਤਨਾਂ ਦੇ ਹੁੰਦੇ ਹੋਏ ਭੀ ਕੋਈ ਉਨ੍ਹਾਂ ਦੇ ਸਾਹਮਣੇ ਅੜ ਨਾ ਸਕਿਆ । ਇਸ ਟਾਕਰੇ ਵਿਚ ਤੇਰਾਂ ਸੌ ਰਾਜਪੂਤ ਮੀਏ ਮਾਰੇ ਗਏ ਅਤੇ ਮੁਸ਼ਕਲ ਨਾਲ ਹੀ ਕੋਈ ਸਿਰਕੱਢ ਬਚ ਕੇ ਜਾ ਸਕਿਆ । ਮੁਰਦਿਆਂ ਨੂੰ ਸੌ ਸੌ ਕਰਕੇ ਤੇਰਾਂ ਡੂੰਘੀਆਂ ਖਾਈਆਂ ਵਿਚ ਦੱਬਿਆ ਗਿਆ। ਸ਼ਹਿਰ ਬਿਲਾਸਪੁਰ ਤੋਂ ਸਿੰਘਾਂ ਨੂੰ ਚੋਖਾ ਮਾਲ ਹੱਥ ਆਇਆ।

ਕਹਿਲੂਰੀਏ ਰਾਜਾ ਅਤੇ ਉਸ ਦੇ ਸਹਾਇਕਾਂ ਦੀ ਹਾਰ ਨੇ ਬਹੁਤ ਸਾਰੇ ਦੂਸਰੇ ਪਹਾੜੀ ਰਾਜਪੂਤ ਰਾਜਿਆਂ ਨੂੰ ਘਬਰਾਹਟ ਪਾ ਦਿੱਤੀ । ਉਹ ਸਿੰਘਾਂ ਦੇ ਹੱਲੇ ਦਾ ਖ਼ਿਆਲ ਕਰ ਕੇ ਹੀ ਕੰਬਣ ਲਗ ਪਏ । ਉਨ੍ਹਾਂ ਵਾਸਤੇ ਸੌਖਾ ਅਤੇ ਬਚਾਉ ਦਾ ਰਾਹ ਇਹ ਸੀ ਕਿ ਉਹ ਚੁੱਪ ਕਰ ਕੇ ਬੰਦਾ ਸਿੰਘ ਦੀ ਈਣ ਮੰਨ ਲੈਣ। ਇਸ ਲਈ ਬਹੁਤ ਸਾਰੇ ਖ਼ਾਲਸੇ ਦੇ ਡੇਰੇ ਆ ਹਾਜ਼ਰ ਹੋਏ ਅਤੇ ਨਜ਼ਰਾਂ ਅਤੇ ਕਰ ਭੇਂਟ ਕਰ ਕੇ ਬੰਦਾ ਸਿੰਘ ਦੇ ਤਾਬੇਦਾਰ ਬਣ ਗਏ ।

ਹਾਜਰ ਹੋਣ ਵਾਲਿਆਂ ਪਹਿਲੀਆਂ ਵਿਚ ਮੰਡੀ ਦਾ ਰਾਜਾ ਸਿੱਧ ਸੈਨ ਸੀ । ਉਸ ਨੇ ਬੇਨਤੀ ਕੀਤੀ ਕਿ ਅਸੀਂ ਤਾਂ ਅੱਗੇ ਹੀ ਗੁਰੂ ਨਾਨਕ ਦੇ ਘਰ ਦੇ ਟਹਿਲੂਏ ਹਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੰਡੀ ਵਿਚ ਚਰਨ ਪਾ ਕੇ ਨਿਵਾਜਿਆ ਸੀ ਅਤੇ ਰਾਜ ਘਰਾਣੇ ਨੂੰ ਅਸੀਸ ਦਿੱਤੀ ਸੀ । ਬੰਦਾ ਸਿੰਘ ਰਾਜਾ ਸਿੱਧ ਸੈਨ ਦੀ ਅਧੀਨਗੀ ਦੇਖ ਕੇ ਬੜਾ ਪ੍ਰਸੰਨ ਹੋਇਆ ਅਤੇ ਹੋਰ ਅਸੀਸ ਦਿੱਤੀ । ਇਹ ਭੀ ਕਹਿੰਦੇ ਹਨ ਕਿ ਬੰਦਾ ਸਿੰਘ ਨੇ ਸਿੱਧ ਸੈਨ ਨੂੰ ਰਿੱਧੀਆਂ ਦੀ ਇਕ ਪੋਥੀ ਭੀ ਦਿੱਤੀ ਅਤੇ ਕਿਹਾ ਕਿ ਇਹ ਵੇਲੇ ਕੁਵੇਲੇ ਤੁਹਾਡੀ ਸਹਾਇਤਾ ਕਰੇਗੀ ।

ਭੰਗੂ ਰਤਨ ਸਿੰਘ ਸ਼ਹੀਦ ਨੇ ਆਪਣੀ ਪੁਸਤਕ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਉਪਰੋਕਤ ਪੋਥੀ ਦੀ ਅਸਚਰਜ ਲੀਲਾ ਦੀ ਇਕ ਕਥਾ ਦਿੱਤੀ ਹੈ। ਉਹ ਲਿਖਦਾ ਹੈ ਕਿ ਇਸ ਪੋਥੀ ਦੇ ਇਕ ਪੱਤਰੇ ਦੀ ਨਕਲ ਬੰਦਾ ਸਿੰਘ ਦੀ ਘਰ-ਵਾਲੀ ਨੇ ਇਕ ਅਰੋੜਾ ਇਸਤਰੀ ਨੂੰ ਦਿੱਤੀ ਸੀ । ਇਸ ਨੇ ਛੋਟੀ ਉਮਰ

ਵਿਚ ਜੇਜੋਂ ਦੇ ਲਾਗੇ ਉਨ੍ਹਾਂ ਦੀ ਸੇਵਾ ਕੀਤੀ ਸੀ । ਉਹ ਬੰਦਈ ਮਾਈ ਕਰਕੇ ਪ੍ਰਸਿੱਧ ਸੀ ਅਤੇ ਦੂਰ ਨੇੜੇ ਦੇ ਲੋਕਾਂ ਵਿਚ ਇਹ ਗੱਲ ਮਸ਼ਹੂਰ ਸੀ ਕਿ ਉਸ ਦੇ ਬਚਨ ਵਿਚ ਸਿੱਧੀ ਹੈ ਅਤੇ ਜੋ ਉਹ ਕਹਿ ਦੇਵੇ ਪੂਰਾ ਹੋ ਜਾਂਦਾ ਹੈ। ਲਿਖਿਆ ਹੈ ਕਿ ਜਸਵਾਨ ਦੁਨ ਦੇ ਰਾਜਾ ਜਘੜ ਸਿੰਘ ਦੇ ਘਰ ਦੇ ਰਾਣੀਆਂ ਸਨ, ਪਰ ਕਿਸੇ ਦੇ ਭੀ ਕੋਈ ਨਰੀਨਾ ਉਲਾਦ ਨਹੀਂ ਸੀ । ਰਾਣੀਆਂ ਕਈ ਥਾਈਂ ਸਿੱਧਾਂ ਅਤੇ ਸੰਤਾਂ ਦੀ ਸੇਵਾ ਵਿਚ ਅਸੀਸ ਲਈ ਹਾਜ਼ਰ ਹੋਈਆਂ ਅਤੇ ਕਰਤਾਰ ਪੁਰੀਏ ਸੋਢੀ ਵਡਭਾਗ ਸਿੰਘ ਦੀ ਭੀ ਹਾਜ਼ਰੀ ਭਰੀ, ਪਰ ਕਿਧਰੋਂ ਵੀ ਉਨ੍ਹਾਂ ਦੀ ਆਸ ਪੂਰੀ ਨਾ ਹੋਈ । ਅੰਤ ਉਨ੍ਹਾਂ ਨੂੰ ਉਨੇ ਦੇ ਬੇਦੀ ਸਾਹਿਬ ਸਿੰਘ ਪਾਸੋਂ, ਜਿਨ੍ਹਾਂ ਨੇ ਇਸ ਬੰਦਈ ਮਾਈ ਦੇ ਦਰਸ਼ਨ ਕੀਤੇ ਹੋਏ ਸਨ, ਇਸ ਦਾ ਪਤਾ ਲੱਗਾ। ਰਾਣੀਆਂ ਮਾਈ ਦੀ ਸੇਵਾ ਵਿਚ ਪੁੱਜੀਆਂ ਅਤੇ ਭੇਟਾ ਰਖ ਕੇ ਹਥ ਜੋੜੀ ਖੜੀਆਂ ਰਹੀਆਂ। ਅੱਗੋਂ ਸੰਤਨੀ ਮਾਈ ਨੇ ਬਚਨ ਕੀਤਾ “ਹਮ ਲਾਇਕ ਕਿਆ ਕੰਮ ਤੁਮਾਰਾ । ਤੁਸੀਂ ਬਡੇ ਮਹੰਤ ਗੁਰੂਅਨ ਪਹਿ ਜਾਹੋ । ਹਮ ਗਰੀਬਨ ਤੇ ਤੁਮ ਕਿਆ ਚਾਹੋ। ਉਨਹੀ ਕੀ ਤੁਮ ਸੇਵਾ ਕਰੋ। ਉਨ ਹੀ ਆਗੇ ਤੁਮ ਚੜ੍ਹਤੀ ਧਰੋ ।” ਇਹ ਬਚਨ ਸੁਣ ਕੇ ਉਹ ਦੋਨੋਂ ਰਾਣੀਆਂ ਮਾਈ ਦੀ ਚਰਨੀ ਢਹਿ ਪਈਆਂ । ਇਹ ਨਿੰਮਰਤਾ ਦੇਖ ਕੇ ਮਾਈ ਨੇ ਉਨ੍ਹਾਂ ਦੇ ਸਿਰ ਉੱਤੇ ਪਿਆਰ ਦਾ ਹੱਥ ਰਖਿਆ, ਆਦਰ ਨਾਲ ਬਿਠਾਇਆ, ਅਤੇ ਹੱਸ ਕੇ ਅਸੀਸ ਦੇ ਬਚਨ ਕਹੇ : ‘ਦੇਊਗ ਮਾਲਕ ਆਸ ਪੁਜਾਇ ।’ ਮਿਹਰ ਕਰਤਾਰ ਦੀ, ਬੰਦਈ ਸੰਤਨੀ ਮਾਈ ਦੇ ਬਚਨ ਪੂਰੇ ਹੋ ਗਏ ਅਤੇ ਸਾਲ ਕੁ ਵਿਚ ਹੀ ਉਨ੍ਹਾਂ ਦੋਹਾਂ ਰਾਣੀਆਂ ਦੇ ਘਰ ਪੁੱਤਰ ਹੋ ਗਏ ਜਿਨ੍ਹਾਂ ਦੇ ਨਾਉਂ ਅਭਿਰਾਜ ਸਿੰਘ ਅਤੇ ਰਾਜਰਿਪ ਸਿੰਘ ਰਖੇ ਗਏ।

ਮੰਡੀ ਤੋਂ ਬੰਦਾ ਸਿੰਘ ਕੁੱਲੂ ਵੱਲ ਨੂੰ ਹੋ ਪਿਆ, ਪਰ ਸੁਲਤਾਨਪੁਰ ਪੁੱਜਣ ਤੇ ਉਹ ਰਾਜੇ ਦੇ ਹੱਥ ਪੈ ਗਿਆ । ਇਸ ਵੇਲੇ ਇਥੇ ਮਾਨ ਸਿੰਘ ਰਾਜ ਕਰਦਾ ਸੀ । ਹੋਰ ਪਹਾੜੀ ਰਾਜਿਆਂ ਦੀ ਤਰ੍ਹਾਂ ਉਸ ਨੂੰ ਭੀ ਸ਼ਾਹੀ ਹੁਕਮ ਪੁੱਜਾ ਹੋਣਾ ਹੈ ਕਿ ਜੇ ਬੰਦਾ ਸਿੰਘ ਓਧਰ ਜਾਵੇ ਤਾਂ ਉਸ ਨੂੰ ਫੜ ਕੇ ਬਾਦਸ਼ਾਹ ਦੇ ਹਜੂਰ ਭੇਜ ਦਿੱਤਾ ਜਾਏ । ਪਹਾੜੀ ਰਾਜੇ ਇਸ ਵੇਲੇ ਸਿੰਘਾਂ ਨੂੰ ਫੜਕੇ ਜਾਂ ਉਨ੍ਹਾਂ ਦੇ ਸਿਰ ਭੇਜ ਕੇ ਬਹਾਦੁਰ ਸ਼ਾਹ ਬਾਦਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਨ । ਹੁਣ ਰਾਜਾ ਮਾਨ ਸਿੰਘ ਨੂੰ ਭੀ ਮੁਗ਼ਲ ਰਾਜ ਦੀ ਵਫ਼ਾਦਾਰੀ ਜ਼ਾਹਰ ਕਰਨ ਦਾ ਮੌਕਾ ਹੱਥ ਆ ਗਿਆ । ਕਹਿੰਦੇ ਹਨ ਕਿ ਰਾਜਾ ਮਾਨ ਸਿੰਘ ਨੇ ਬੰਦਾ ਸਿੰਘ ਨੂੰ ਕਿਹਾ ਕਿ ਕੋਈ ਕਰਾਮਾਤ ਵਿਖਾਓ । ਬੰਦਾ ਸਿੰਘ ਨੇ ਆਪਣੀ ਦਾੜ੍ਹੀ ਹੱਥ ਵਿਚ ਲਈ ਅਤੇ ਉਹ ਬਹੁਤ ਲੰਮੀ ਵੱਧ ਗਈ। ਇਹ ਦੇਖ ਕੇ ਰਾਜਾ ਮਾਨ ਸਿੰਘ ਨੇ ਆਪਣੇ ਮੂੰਹ ਵਿਚੋਂ ਅਜਿਹੀ ਲਾਟ ਕੱਢੀ ਜੋ ਬੰਦਾ ਸਿੰਘ ਦੀ ਵਧੀ ਹੋਈ ਦਾੜ੍ਹੀ ਨੂੰ ਜਾ ਲਗੀ । ਆਪਣੀ ਵਡਿਆਈ ਦੱਸਣ ਲਈ ਮਾਨ ਸਿੰਘ ਨੇ ਬੰਦਾ ਸਿੰਘ ਨੂੰ ਇਕ ਲੋਹੇ ਦੇ ਪਿੰਜਰੇ ਵਿਚ ਕੈਦ ਕਰ ਦਿੱਤਾ । ਇਸ ਦੇ ਉੱਤਰ ਵਿਚ ਬੰਦਾ ਸਿੰਘ ਸਣੇ ਪਿੰਜਰੇ ਉਡ ਕੇ ਮੰਡੀ ਰਾਜ ਵਿਚ ਆ ਪਹੁੰਚਾ ਜਿਥੇ ਰਾਜਾ ਸਿੱਧ ਸੈਨ ਨੇ ਉਸ ਦੀ ਬੜੀ ਆਓ-ਭਗਤ ਕੀਤੀ । ਅਸਲੀਅਤ ਇਉਂ ਜਾਪਦੀ ਹੈ ਕਿ ਕੁਲ ਦੀ ਰਾਜਧਾਨੀ ਵਿਚ ਇਕੱਲਾ ਪੁੱਜਾ ਹੋਇਆ ਬੰਦਾ ਸਿੰਘ ਅਚਾਨਕ ਤੇ ਅਭੋਲ ਹੀ ਰਾਜਾ ਮਾਨ ਸਿੰਘ ਦੇ ਹੱਥ ਆ ਗਿਆ ਅਤੇ ਉਸ ਨੇ ਉਸ ਨੂੰ ਇਸ ਖ਼ਿਆਲ ਨਾਲ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ ਕਿ ਉਸ ਨੂੰ ਬਹਾਦੁਰ ਸ਼ਾਹ ਬਾਦਸ਼ਾਹ ਦੇ ਆਦਮੀਆਂ ਦੇ ਹਵਾਲੇ ਕਰ ਦੇਵੇ ਜੋ ਇਸ ਵੇਲੇ ਬੰਦਾ ਸਿੰਘ ਦੀ ਭਾਲ ਵਿਚ ਸ਼ਿਵਾਲਕ ਪਹਾੜ ਵਿਚ ਫਿਰ ਰਹੇ ਸਨ । ਇਸ ਗੱਲ ਦੀ ਖ਼ਬਰ ਸੁਣ ਕੇ ਮੰਡੀ ਦੇ ਰਾਜਾ ਸਿੱਧ ਸੈਨ ਨੇ ਕੁੱਲ ਦੇ ਵਿਰੁੱਧ ਚੜ੍ਹਾਈ ਦੀ ਤਿਆਰੀ ਆਰੰਭ ਦਿੱਤੀ । ਪਰ ਮੁਹਿੰਮ ਦੀ ਚੜ੍ਹਾਈ ਤੋਂ ਪਹਿਲਾਂ ਹੀ ਬੰਦਾ ਸਿੰਘ ਕਿਸੇ ਢੰਗ ਨਾਲ ਮਾਨ ਸਿੰਘ ਦੀ ਕੈਦ ਵਿਚੋਂ ਬਚ ਨਿਕਲਿਆ ਅਤੇ ਮੰਡੀ ਪੁੱਜ ਗਿਆ।

ਪਰ ਬੰਦਾ ਸਿੰਘ ਮੰਡੀ ਰਾਜ ਵਿਚ ਬਹੁਤ ਦੇਰ ਟਿਕਿਆ ਨਹੀਂ ਜਾਪਦਾ । ਕਿਉਂਕਿ ਛੇਤੀ ਹੀ ਪਿੱਛੋਂ ਉਹ ਚੰਬੇ ਵੱਲ ਨੂੰ ਚੜ੍ਹ ਪਿਆ । ਇਸ ਵੇਲੇ ਇਥੇ ਰਾਜਾ ਉਦੇ ਸਿੰਘ ਰਾਜ ਕਰਦਾ ਸੀ । ਜਦ ਬੰਦਾ ਸਿੰਘ ਦੇ ਇੱਧਰ ਆਉਣ ਦੀ ਖ਼ਬਰ ਰਾਜੇ ਨੂੰ ਲੱਗੀ ਤਾਂ ਉਸ ਨੇ ਆਪਣਾ ਵਜੀਰ ਬੰਦਾ ਸਿੰਘ ਦੀ ਇੱਛਾ ਦਾ ਪਤਾ ਕਰਨ ਲਈ ਭੇਜਿਆ। ਵਜੀਰ ਬੰਦਾ ਸਿੰਘ ਦੀ ਸੇਵਾ ਵਿਚ ਪਹੁੰਚਾ ਅਤੇ ਭੇਟਾ ਰਖ ਕੇ ਨਮਸਕਾਰ ਕੀਤੀ । ਬੰਦਾ ਸਿੰਘ ਨੇ ਕਿਹਾ ਕਿ ਤੁਸੀਂ ਡਰੋ ਨਾ, ਮੇਰੀ ਇੱਛਾ ਕੇਵਲ ਚੰਬਾ ਸ਼ਹਿਰ ਦੇਖਣ ਦੀ ਹੀ ਹੈ, ਹੋਰ ਕੋਈ ਨਹੀਂ। ਮੈਂ ਇਕੱਲਾ ਹੀ ਆਵਾਂਗਾ ਅਤੇ ਸੈਰ ਕਰ ਕੇ ਮੁੜ ਆਵਾਂਗਾ । ਇਹ ਗੱਲ ਵਜ਼ੀਰ ਨੇ ਮੰਨ ਲਈ ਅਤੇ ਉੱਚੀਆਂ ਘਾਟੀਆਂ ਦੇ ਔਖੇ ਰਾਹਾਂ ਵਿਚ ਦੀ ਨਾਲ ਹੀ ਚੰਬੇ ਲੈ ਗਿਆ । ਰਾਜਾ ਉਦੇ ਸਿੰਘ ਨੇ ਬੰਦਾ ਸਿੰਘ ਦੀ ਬੜੀ ਆਉ-ਭਗਤ ਅਤੇ ਸ਼ਰਧਾ ਨਾਲ ਸੇਵਾ ਕੀਤੀ । ਥੋੜ੍ਹੇ ਦਿਨਾਂ ਵਿਚ ਰਾਜੇ ਦੇ ਮਨ ਉੱਤੇ ਐਸਾ ਪਰਭਾਉ ਪਿਆ ਕਿ ਉਹ ਬੰਦਾ ਸਿੰਘ ਦਾ ਸੇਵਕ ਬਣ ਗਿਆ ਅਤੇ ਰਾਜ ਘਰਾਣੇ ‘ਚੋਂ ਇਕ ਲੜਕੀ ਨਾਲ ਵਿਆਹ ਕਰਵਾ ਦਿੱਤਾ । ਇਸ ਦੀ ਕੁੱਖ ਤੋਂ ਸੰਨ 1711 ਦੇ ਅੰਤ ਵਿਚ ਇਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਉਂ ਅਜੈ ਸਿੰਘ ਧਰਿਆ ਗਿਆ।

ਸੰਨ 1123 ਹਿਜਰੀ ਦੇ ਆਰੰਭ ਵਿਚ ਫ਼ਰਵਰੀ-ਮਾਰਚ ਸੰਨ 1711 ਵਿਚ ਲੋਹਗੜ੍ਹ ਖਾਲੀ ਕਰਨ ਤੋਂ ਤਿੰਨ ਕੁ ਮਹੀਨਿਆਂ ਵਿਚ ਹੀ ਬੰਦਾ ਸਿੰਘ ਪਹਾੜਾਂ ਵਿਚ ਰਾਇਪੁਰ ਬਹਿਰਾਮਪੁਰ ਦੇ ਲਾਗੇ ਨਿਕਲ ਆਇਆ ਅਤੇ ਗੁਰਦਾਸਪੁਰ ਵੱਲ ਨੂੰ ਹੱਥ ਪੈਰ ਪਸਾਰਨੇ ਆਰੰਭ ਕਰ ਦਿੱਤੇ ।

1 ਜਨਵਰੀ ਸੰਨ 1711 (22 ਜੀ-ਕਦਾ 1122 ਹਿਜਰੀ) ਨੂੰ ਮੁਹੰਮਦ ਅਮੀਨ ਖ਼ਾਨ ਦੇ ਬਾਦਸ਼ਾਹੀ ਡੇਰੇ ਵਿਚ ਆ ਜਾਣ ਤੋਂ ਛੇਤੀ ਹੀ ਬਾਅਦ 13 ਜਨਵਰੀ ਨੂੰ ਬਾਦਸ਼ਾਹ ਨੇ ਸਫ਼-ਸ਼ਿਕਨ ਖ਼ਾਨ ਬਹਾਦੁਰ ਅਤੇ ਉਸ ਦੇ ਭਾਣਜੇ ਹਿੰਮਤ-ਦਲੇਰ ਖ਼ਾਨ ਨੂੰ ਲਾਹੌਰ ਵੱਲ ਸਿੰਘਾ ਦੇ ਵਿਰੁੱਧ ਜਾਣ ਦੀ ਆਗਿਆ ਦਿੱਤੀ । 19 ਫਰਵਰੀ (12 ਮੁਹੱਰਮ) ਨੂੰ ਹਾਮਦ ਖ਼ਾਨ ਨੂੰ ਜਾਣ ਦਾ ਹੁਕਮ ਹੋਇਆ ਅਤੇ ਪੰਜ ਹਜ਼ਾਰ ਸਵਾਰ ਉਸ ਦੇ ਨਾਲ ਨਿਯਤ ਕਰਨ ਲਈ ਕਿਹਾ ਗਿਆ, ਅਤੇ 25 ਫਰਵਰੀ (18 ਮੁਹੱਰਮ) ਨੂੰ ਇਸ ਨੇ ਚਾਲੇ ਪਾਏ । 6 ਮਾਰਚ (27 ਮੁਹੱਰਮ) ਨੂੰ ਰੁਸਤਮ ਜੰਗ ਵੱਲੋ ਅਰਜ਼ ਪੁੱਜੀ ਕਿ ਸੂਬਾ ਲਾਹੌਰ ਦੇ ਨੇੜੇ ਸਿੰਘ ਇਕੱਠੇ ਹੋ ਰਹੇ ਹਨ, ਜੇ ਹੁਕਮ ਹੋਵੇ ਤਾਂ ਮੈਂ ਉਨ੍ਹਾਂ ਨੂੰ ਸੋਧਣ ਲਈ ਚਲਾ ਜਾਵਾਂ । ਬਾਦਸ਼ਾਹ ਨੇ ਹੁਕਮ ਦਿੱਤਾ ਕਿ ਚੌਦਾਂ ਹਜ਼ਾਰ ਸਵਾਰ ਖ਼ਾਨ ਦੇ ਨਾਲ ਜਾਣ ਲਈ ਤਿਆਰ ਹੋ ਜਾਣ । 11 ਮਾਰਚ (2 ਸਫਰ) ਨੂੰ ਖ਼ਬਰ ਆਈ ਅਤੇ 13 ਮਾਰਚ (4 ਸਫਰ) ਨੂੰ ਇਸਲਾਮ ਖ਼ਾਨ ਦੇ ਨਾਉਂ ਇਖ਼ਲਾਸ ਖ਼ਾਨ ਦੀ ਅਰਜ਼ੀ ਅਤੇ ਬਟਾਲੇ ਦੇ ਕਾਨੂੰਗੋਆਂ ਦੇ ਖਤ ਤੋਂ, ਜੋ ਉਸ ਨੇ ਬਾਦਸ਼ਾਹ ਦੇ ਹਜ਼ੂਰ ਪੇਸ਼ ਕੀਤਾ, ਪੁਸ਼ਟੀ ਹੋ ਗਈ ਕਿ ਬਟਾਲੇ ਵੱਲ ਸ਼ੱਮਸ ਖ਼ਾਨ ਅਤੇ ਕੁਤਬ ਅਲੀ ਖ਼ਾਨ (ਕੁਤਬੁਦੀਨ ਖ਼ਾਨ ਬਾਯਜੀਦ ਖ਼ਾਨ) ਨੇ ਸਿੰਘਾਂ ਨਾਲ ਜੰਗ ਕੀਤੀ ਹੈ। ਪਹਿਲੀ ਖ਼ਬਰ ਵਿਚ ਲਿਖਿਆ ਸੀ ਕਿ ਦੋਨੋਂ ਖ਼ਾਨ ਮਾਰੇ ਗਏ ਹਨ ਪਰ ਦੂਰੀ ਵਿਚ ਦਰਜ ਸੀ ਕਿ ਲੜਾਈ ਹੋ ਰਹੀ ਹੈ, ਦੋਨੋਂ ਖ਼ਾਨ ਕਾਇਮ ਹਨ, ਸ਼ਮਸ ਖ਼ਾਨ ਜ਼ਖ਼ਮੀ ਹੋ ਗਿਆ ਹੈ । ਇਹ ਲੜਾਈ ਰਾਇਪੁਰ ਬਹਿਰਾਮਪੁਰ ਦੇ ਲਾਗੇ ਮਾਰਚ ਦੇ ਪਹਿਲੇ ਹਫ਼ਤੇ ਹੋਈ । ਇਸ ਵਿਚ ਸ਼ੱਮਸ ਖ਼ਾਨ ਤਾਂ ਰਣਭੂਮੀ ਵਿਚ ਹੀ ਮਾਰਿਆ ਗਿਆ ਅਤੇ ਬਾਯਜੀਦ ਖ਼ਾਨ ਮਾਰੂ ਜ਼ਖ਼ਮਾਂ ਨਾਲ ਘਾਇਲ ਹੋ ਕੇ ਮਰਨ ਬਰਾਬਰ ਹੋ ਗਿਆ ਅਤੇ ਚੋਥੇ ਦਿਨ ਮਰ ਗਿਆ।

ਜਦ ਬੰਦਾ ਸਿੰਘ ਰਾਇਪੁਰ ਬਹਿਰਾਮਪੁਰ ਦੇ ਲਾਗੇ ਪਹਾੜਾਂ ਵਿਚੋਂ ਨਿਕਲਿਆ ਤਾਂ ਜੰਮੂ ਦਾ ਫੌਜਦਾਰ ਬਾਯਜੀਦ ਖ਼ਾਨ ਖੇਸ਼ਗੀ, ਜਿਸ ਨੂੰ ਕੁਤਬੁਦੀਨ ਖ਼ਾਨ ਦਾ ਖਿਤਾਬ ਮਿਲਿਆ ਹੋਇਆ ਸੀ, ਰਾਇ ਪੁਰੋਂ ਉੱਤਰ-ਲਹਿੰਦੇ ਨੂੰ ਸੋਲਾਂ ਕੁ ਮੀਲ ਦੀ ਵਿੱਥ ਉੱਤੇ ਸੀ। ਇਸ ਵੇਲੇ ਉਸ ਦਾ ਭਤੀਜਾ ਸ਼ੱਮਸ ਖ਼ਾਨ ਦੁਆਬਾ ਬਿਸਤ ਜਲੰਧਰ ਦੀ ਫੋਜਦਾਰੀ ਤੋਂ ਹਟਾਏ ਜਾਣ ਪਰ ਇਤਫਾਕ ਨਾਲ ਇੱਧਰ ਆ ਪੁੱਜਾ । ਸਿੰਘਾਂ ਦੇ ਇਸ ਇਲਾਕੇ ਵਿਚ ਪ੍ਰਗਟ ਹੋ ਜਾਣ ਦੀ ਖ਼ਬਰ ਪੁੱਜਣ ਪਰ ਬਾਯਜੀਦ ਖ਼ਾਨ ਨੇ ਸ਼ੱਮਸ ਖ਼ਾਨ ਦੇ ਬਹਿਨੋਈ ਸ਼ਾਹਦਾਦ ਖ਼ਾਨ ਨੂੰ ਡੇਢ ਹਜਾਰ ਸਵਾਰ ਦੇ ਕੇ ਛੇਤੀ ਨਾਲ ਰਾਇਪੁਰ ਦੀ ਰਾਖੀ ਲਈ ਭੇਜ ਦਿੱਤਾ । ਪਿਛੋਂ ਖ਼ੁਦ ਬਾਯਜ਼ੀਦ ਖ਼ਾਨ ਅਤੇ ਸੱਮਸ਼ ਖ਼ਾਨ ਭੀ ਨੌ ਸੌ ਸਵਾਰ ਲੈ ਕੇ ਉਧਰ ਨੂੰ ਚੜ੍ਹ ਪਏ । ਅੱਧਾ ਕੁ ਪੰਧ ਕੱਟ ਕੇ ਰਾਹ ਵਿਚ ਸ਼ਿਕਾਰ ਖੇਲਣ ਲਗ ਪਏ । ਇੱਥੇ ਇਨ੍ਹਾਂ ਨੂੰ ਖ਼ਬਰ ਪੁੱਜੀ ਕਿ ਸਿੰਘ ਬਹੁਤ ਲਾਗੇ ਆ ਗਏ ਹਨ । ਸ਼ਮਸ ਖ਼ਾਨ ਉਨ੍ਹਾਂ ਨੂੰ ਰੋਕਣ ਲਈ ਅੱਗੇ ਵਧਿਆ ਪਰ ਸਿੰਘਾਂ ਨੇ ਰਾਹੋਂ ਵਾਲੀ ਚਾਲਾਕੀ ਨਾਲ ਉਸ ਨੂੰ ਫਸਾ ਲਿਆ। ਮਾਲੂਮ ਹੁੰਦਾ ਹੈ ਕਿ ਸ਼ਮਸ ਖ਼ਾਨ ਨੂੰ ਦੇਖ ਕੇ ਸਿੰਘਾਂ ਨੇ ਭੱਜ ਨਿਕਲਣ ਦਾ ਬਹਾਨਾ ਬਣਾਇਆ । ਬਾਯਜ਼ੀਦ ਖ਼ਾਨ ਦੇ ਕਹਿਣ ਦੇ ਬਾਵਜੂਦ ਭੀ ਸ਼ੱਮਜ ਖ਼ਾਨ ਉਨ੍ਹਾਂ ਦੇ ਮਗਰ ਗਿਆ ਅਤੇ ਲਾਗੇ ਜਾ ਢੁੱਕਾ । ਥੋੜ੍ਹੀ ਦੂਰ ਜਾ ਕੇ ਸਿੰਘ ਬੜੀ ਤੇਜੀ ਨਾਲ ਇਕ ਦਮ ਪਿੱਛੇ ਨੂੰ ਪਰਤ ਪਏ ਅਤੇ ਮਗਰ ਆ ਰਹੇ ਪਠਾਣਾਂ ਉੱਤੇ ਟੁੱਟ ਪਏ ।

ਬਸ ਫੇਰ ਕੀ ਸੀ? ਗਹਿ-ਗੱਚ ਲੜਾਈ ਸ਼ੁਰੂ ਹੋ ਪਈ ਅਤੇ ਸਿੰਘਾਂ ਨੇ ਪਠਾਣਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਪਿੱਛੇ ਨੂੰ ਧੱਕ ਦਿੱਤੀਆਂ ਅਤੇ ਮੋਇਆ ਅਰ ਫੱਟੜਾਂ ਦੇ ਢੇਰ ਲਾ ਦਿੱਤੇ । ਬਾਯਜੀਦ ਖ਼ਾਨ ਅਤੇ ਸ਼ਮਸ ਖ਼ਾਨ ਨੇ ਜਦ ਵੇਖਿਆ ਕਿ ਲੜਾਈ ਦਾ ਪਾਸਾ ਉਨ੍ਹਾਂ ਦੇ ਵਿਰੁੱਧ ਪਰਤ ਰਿਹਾ ਹੈ ਤਾਂ ਉਹ ਬਾਜ਼ ਸਿੰਘ ਆਦਿ ਵਧੇ ਆ ਰਹੇ ਸਿੱਖ ਸਰਦਾਰਾਂ ਨੂੰ ਰੋਕਣ ਲਈ ਬੜੀ ਤੇਜੀ ਨਾਲ ਅੱਗੇ ਨੂੰ ਆਏ । ਬਾਜ ਸਿੰਘ ਅਤੇ ਫ਼ਤਿਹ ਸਿੰਘ ਉਨ੍ਹਾਂ ਦਾ ਟਾਕਰਾ ਕਰਨ ਲਈ ਨਿਕਲ ਪਏ । ਸ਼ਮਸ ਖ਼ਾਨ ਨੇ ਨੇਜੇ ਨਾਲ ਬਾਜ ਸਿੰਘ ਉੱਤੇ ਹੱਲਾ ਕੀਤਾ। ਅੱਗੋਂ ਬਾਜ਼ ਸਿੰਘ ਨੇ ਉਸ ਦਾ ਨੇਜਾ ਖੋਹ ਕੇ ਮੁੜ ਉਹ ਹੀ ਉਸ ਉੱਤੇ ਮਾਰਿਆ ਅਤੇ ਸ਼ਮਸ ਖ਼ਾਨ ਦੀ ਬਾਂਹ ਬੁਰੀ ਤਰ੍ਹਾਂ ਫੱਟੜ ਕਰ ਦਿੱਤੀ । ਜ਼ਖ਼ਮੀ ਹੋਏ ਸ਼ਮਸ ਖ਼ਾਨ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਅਤੇ ਤਲਵਾਰ ਲੈ ਕੇ ਬਾਜ ਸਿੰਘ ਉੱਤੇ ਟੁੱਟ ਪਿਆ । ਬਾਜ ਸਿੰਘ ਨੇ ਤਲਵਾਰ ਦਾ ਵਾਰ ਆਪਣੀ ਢਾਲ ਉੱਤੇ ਰੋਕ ਲਿਆ ਅਤੇ ਮੋੜਵੀਂ ਐਸੀ ਸੱਟ ਮਾਰੀ ਕਿ ਸ਼ੱਮਸ ਖ਼ਾਨ ਦੀ ਤਲਵਾਰ ਉਸ ਦੇ ਹੱਥੋਂ ਡਿੱਗ ਪਈ । ਬਾਜ਼ ਸਿੰਘ ਦਾ ਭਰਾ ਪਹਾੜ ਸਿੰਘ ਲਾਗੇ ਹੀ ਖੜੋਤਾ ਸੀ । ਉਹ ਸ਼ੱਮਸ ਖ਼ਾਨ ਉੱਤੇ ਜਾ ਪਿਆ ਅਤੇ ਸ਼ਮਸ ਖ਼ਾਨ ਦੇ ਬਾਜ਼ ਸਿੰਘ ਉੱਤੇ ਮੁੜਾ ਹੱਲਾ ਕਰਨ ਤੋਂ ਪਹਿਲਾਂ ਹੀ ਪਹਾੜ ਸਿੰਘ ਨੇ ਤਲਵਾਰ ਦਾ ਇਕ ਐਸਾ ਭਰਪੂਰ ਹੱਥ ਮਾਰਿਆ ਕਿ ਉਸ ਦੀ ਤਲਵਾਰ ਸ਼ੱਮਸ ਖ਼ਾਨ ਦੇ ਮੋਢੇ ਨੂੰ ਚੀਰਦੀ ਹੋਈ ਪਿੱਠ ਤਕ ਜਾ ਨਿਕਲੀ ਅਤੇ ਉਸ ਦਾ ਸਿਰ ਭੋਇੰ ਤੇ ਜਾ ਡਿਗਿਆ ।

ਬਾਯਜੀਦ ਖ਼ਾਨ ਨੂੰ ਭਤੀਜੇ ਦੇ ਮਾਰੇ ਜਾਣ ਪਰ ਬੜਾ ਰੋਹ ਚੜ੍ਹਿਆ ਅਤੇ ਸਿੰਘਾਂ ਪਾਸੋਂ ਬਦਲਾ ਲੈਣ ਲਈ ਦਲੇਰੀ ਨਾਲ ਅਗਾਂਹ ਵਧਿਆ। ਇਹ ਦੇਖ ਕੇ ਕਿ ਉਸ ਦੀ ਬੰਦੂਕ ਦਾ ਨਿਸ਼ਾਨਾ ਹਰ ਵਾਰੀ ਖੁੰਝ ਜਾਂਦਾ ਹੈ, ਬਾਯਜ਼ੀਦ ਖ਼ਾਨ ਨੇ ਗੁੱਸੇ ਵਿਚ ਉਸ ਨੂੰ ਭੰਨ ਦਿੱਤਾ ਅਤੇ ਤਲਵਾਰ ਲੈ ਕੇ ਬਾਜ਼ ਸਿੰਘ ਵੱਲ ਨੂੰ ਹੋਇਆ । ਬਾਜ ਸਿੰਘ ਥੋੜ੍ਹਾ ਜਿਹਾ ਜ਼ਖ਼ਮੀ ਹੋ ਗਿਆ ਪਰ ਇਸ ਤੋਂ ਪਹਿਲਾਂ ਕਿ ਖ਼ਾਨ ਬਾਜ ਸਿੰਘ ਨੂੰ ਦੂਸਰੀ ਸੱਟ ਮਾਰ ਸਕਦਾ ਫ਼ਤਿਹ ਸਿੰਘ ਆ ਪੁੱਜਾ ਅਤੇ ਆਪਣੇ ਨੇਜ਼ੇ ਨਾਲ ਬਾਯਜੀਦ ਖ਼ਾਨ ਦੀ ਬਾਂਹ ਜਖ਼ਮੀ ਕਰ ਦਿੱਤੀ । ਬਾਯਜੀਦ ਖ਼ਾਨ ਨੇ ਬਾਜ ਸਿੰਘ ਉੱਤੇ ਇਕ ਹੋਰ ਹੱਲਾ ਕਰਨ ਦਾ ਜਤਨ ਕੀਤਾ ਪਰ ਇਤਨੇ ਨੂੰ ਫ਼ਤਿਹ ਸਿੰਘ ਨੇ ਆਪਣੀ ਤਲਵਾਰ ਨਾਲ ਬਾਯਜੀਦ

ਖ਼ਾਨ ਨੂੰ ਘਾਇਲ ਕਰ ਕੇ ਸੁੱਟ ਦਿੱਤਾ । ਬਾਯਜ਼ੀਦ ਖ਼ਾਨ ਦੇ ਡਿਗਣ ਦੀ ਦੇਰ ਸੀ ਕਿ ਉਸ ਦੇ ਸਾਥੀਆਂ ਦੇ ਹੋਸਲੇ ਢਹਿ ਗਏ, ਪੈਰ ਥਿੜਕ ਗਏ ਅਤੇ ਉਹ ਮੈਦਾਨ ਵਿਚ ਟਿਕੇ ਨਾ ਰਹਿ ਸਕੇ। ਕੁਝ ਚਿਰ ਸ਼ੱਮਸ ਖ਼ਾਨ ਅਤੇ ਬਾਯਜੀਦ ਖ਼ਾਨ ਦੇ ਧੜਾਂ ਲਈ ਕਾਫ਼ੀ ਖਿੱਚ ਤਾਣ ਰਹੀ ਅਤੇ ਬੜੀ ਮੁਸ਼ਕਲ ਨਾਲ ਹੀ ਪਠਾਣਾਂ ਦੇ ਹੱਥ ਆਏ । ਬਾਯਜ਼ੀਦ ਖ਼ਾਨ ਨੂੰ ਇਤਨੇ ਡੂੰਘੇ ਜਖ਼ਮ ਹੋ ਗਏ ਸਨ। ਕਿ ਤਿੰਨਾ ਦਿਨਾਂ ਪਿਛੋਂ ਉਹ ਭੀ ਮਰ ਗਿਆ। ਉਨ੍ਹਾਂ ਦੀਆਂ ਲੋਥਾਂ ਕਸੂਰ ਲਿਜਾ ਕੇ ਦਫ਼ਨਾਈਆਂ ਗਈਆਂ । ਬਾਯਜ਼ੀਦ ਖ਼ਾਨ ਖੇਸ਼ਗੀ (ਕੁਤਬੁਦੀਨ ਖ਼ਾਨ) ਫੌਜਦਾਰ ਜੰਮੂ ਅਤੇ ਸ਼ਮਸਖ਼ਾਨ ਦਾ ਕੁਲ, ਡੇਰਾ ਅਤੇ ਸਾਮਾਨ ਸਿੰਘਾਂ ਦੇ ਹੱਥ ਆ ਗਿਆ। ਬਹਿਰਾਮਪੁਰ ਅਤੇ ਰਾਇਪੁਰੋਂ (ਰਾਜਪੁਰੋਂ) ਭੀ ਸਿੰਘਾਂ ਨੂੰ ਚੋਖਾ ਮਾਲ ਮਿਲ ਗਿਆ। ਇਥੋਂ ਇਹ ਕਲਾਨੌਰ ਅਤੇ ਬਟਾਲੇ ਦੇ ਪਰਗਣਿਆਂ ਵੱਲ ਨੂੰ ਹੋ ਪਏ । ਬਹਿਰਾਮਪੁਰ ਰਾਜਪੁਰ ਦੀ ਲੜਾਈ 6 ਮਾਰਚ ਸੰਨ 1711 ਦੇ ਇਕ ਅੱਧਾ ਦਿਨ ਏਧਰ ਓਧਰ ਹੋਈ ਜਾਪਦੀ ਹੈ।

ਇਹ ਇਸ ਵੇਲੇ ਦੇ ਹਾਲਤ ਹੀ ਸਨ ਜਿਨ੍ਹਾਂ ਵੱਲ ਕਿ ਭਾਈ ਮਨੀ ਸਿੰਘ ਜੀ ਨੇ ਮਾਤਾ (ਸੁੰਦਰੀ) ਜੀ ਦੀ ਸੇਵਾ ਵਿਚ ਲਿਖੀ ਆਪਣੀ ਮਿਤੀ ਵੈਸਾਖੁ 22 (1768 ਬਿਕਰਮੀ, 20 ਅਪ੍ਰੈਲ ਸੰਨ 1711 ਈ.) ਦੀ ਚਿੱਠੀ ਵਿਚ ਇਸ ਤਰ੍ਹਾਂ ਜਿਕਰ ਕੀਤਾ ਹੈ :

ਦੇਸੁ ਵਿਚਿ ਖਾਲਸੇ ਦਾ ਬਲੁ ਛੂਟਿ ਗਇਆ ਹੈ ॥ ਸਿੰਘ ਪਰਬਤਾਂ ਬਬਾਨਾ ਵਿਚਿ ਜਾਇ ਬਸੇ ਹੈਨ ॥ ਮਲੇਛੋਂ ਕੀ ਦੇਸੁ ਮੇਂ ਦੋਹੀ ਹੈ ॥ ਬਸਤੀ ਮੇਂ ਬਾਲਕ ਜੁਵਾਂ ਇਸਤਰੀ ਸਲਾਮਤੁ ਨਾਹੀ ॥ ਮੁਛੁ ਮੁਛੁ ਕਰਿ ਮਾਰਦੇ ਹੈਨ॥ ਗੁਰੂ ਦਰੋਹੀ ਬੀ ਉਨਾਂ ਦੇ ਸੰਗੁ ਮਿਲਿ ਗਏ ਹੈਨ ॥ ਹੰਦਾਲੀਏ ਮਿਲਿ ਕਰਿ ਮੁਕਬਰੀ ਕਰਦੇ ਹੈਨ ॥ ਸਬੀ ਚਕੁ ਛੋੜ ਗਏ ਹੈਨ। ਮੁਤਸਦੀ ਭਾਗ ਗਏ ਹੈਨ ॥ ਸਾਡੇ ਪਰ ਅਬੀ ਤੋ ਅਕਾਲ ਕੀ ਰਛਾ ਹੈ ॥ ਕਲ ਦੀ ਖ਼ਬਰ ਨਾਹੀ ॥ ਸਾਹਿਬਾਂ ਦੇ ਹੁਕਮ ਅਟੱਲ ਹੈਨ ॥ ਬਿਨੋਦ ਸਿੰਘ ਦੇ ਪੁਤਰੇਲੇ ਦਾ ਹੁਕਮ ਸਤ ਹੋਇ ਗਇਆ ਹੈ ॥ ….. ਦੇਸ ਵਿਚਿ ਗੋਗਾ ਹੈ ਕਿ ਬੰਦਾ ਬੰਧਨ ਮੁਕਤਿ ਹੋਇ ਭਾਗ ਗਇਆ ਹੈ ॥ ਸਾਹਿਬ ਬਾਹੁੜੀ ਕਰਨਗੇ ॥…… ਮਿਤੀ ਵੈਸਾਖੁ 22॥

ਇਹ ਉਹ ਦਿਨ ਸਨ ਜਦ ਕਿ ਲੋਹਗੜ੍ਹ ਅਤੇ ਸਰਹੰਦ ਸਿੰਘਾਂ ਹੱਥੋਂ ਖੁੱਸ ਚੁੱਕੇ ਸਨ, ਖ਼ਾਲਸੇ ਦਾ ਰਾਜ ਹਿੱਲ ਗਿਆ ਸੀ ਅਤੇ ਬੰਦਾ ਸਿੰਘ ਅਤੇ ਓਨ੍ਹਾਂ ਦੇ ਸੰਗੀ ਸਿੰਘ ਪਹਾੜਾਂ ਵਿਚ ਜਾ ਵੜੇ ਸਨ । ਇਸ ਵੇਲੇ ਬਾਦਸ਼ਾਹ ਬਹਾਦੁਰ ਸ਼ਾਹ ਦੇ 10 ਦਸੰਬਰ ਸੰਨ 1710 ਦੇ ਸਿੰਘਾਂ ਦੇ ਵਿਰੁੱਧ ਕਤਲਾਮ ਦੇ ਹੁਕਮ ਜਾਰੀ ਹੋਏ ਨੂੰ ਚਾਰ ਸਾਢੇ ਚਾਰ ਮਹੀਨੇ ਹੀ ਹੋਏ ਸਨ ਅਤੇ ਸਿੰਘ, ਬੱਚੇ, ਜੁਆਨ ਅਤੇ ਇਸਤਰੀਆਂ ਥਾਂ ਥਾਂ ਤਸੀਹੇ ਦੇ ਦੇ ਕੇ ਮਾਰੇ ਜਾ ਰਹੇ ਸਨ ।

ਬਹਿਰਾਮ ਪੁਰੋਂ ਬੰਦਾ ਸਿੰਘ ਦੱਖਣ-ਲਹਿੰਦੇ ਨੂੰ ਰਾਵੀ ਦੇ ਚੜ੍ਹਦੇ ਚੜ੍ਹਦੇ ਪਾਸੇ ਕਲਾਨੌਰ ਆ ਗਿਆ। ਇਥੇ ਕੋਈ ਖ਼ਾਸ ਲੜਾਈ ਹੋਈ ਨਹੀਂ ਦਿਸਦੀ ਸਿੰਘਾਂ ਦੀਆਂ ਥਾਂ ਥਾਂ ਹੁੰਦੀਆਂ ਜਾ ਰਹੀਆਂ ਜਿੱਤਾਂ ਦੇ ਕਾਰਣ ਇਥੇ ਦੇ ਵਸਨੀਕਾਂ ਨੇ ਕੋਈ ਹੁੱਤ ਕਰਨੀ ਜੋਗ ਨਹੀਂ ਸਮਝੀ ਹੋਣੀ ਅਤੇ ਈਣ ਮੰਨ ਕੇ ਕਲਾਨੌਰ ਸ਼ਹਿਰ ਲੜਾਈ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾ ਲਿਆ । ਇਹ ਹੀ ਨਹੀਂ, ਬਲਕਿ ਇਸ ਇਲਾਕੇ ਦੇ ਮੁਸਲਮਾਨ ਭੀ ਬੰਦਾ ਸਿੰਘ ਦੀ ਫ਼ੌਜ ਵਿਚ ਆ ਭਰਤੀ ਹੋਣੇ ਸ਼ੁਰੂ ਹੋ ਗਏ । ਇਹ ਉਸ ਖੁਲ੍ਹ-ਦਿਲੇ ਵਰਤਾਓ ਦਾ ਨਤੀਜਾ ਜਾਪਦਾ ਹੈ ਜੋ ਬੰਦਾ ਸਿੰਘ ਨੇ ਮੁਸਲਮਾਨ ਰੱਈਅਤ ਨਾਲ ਕੀਤਾ । ਬੰਦਾ ਸਿੰਘ ਇਸਲਾਮੀ ਧਰਮ ਦਾ ਵੈਰੀ ਤਾਂ ਹੈ ਹੀ ਨਹੀਂ ਸੀ ਕਿ ਅਕਾਰਣ ਹੀ ਮੁਸਲਮਾਨਾਂ ਨਾਲ ਮੁਸਲਮਾਨ ਹੋਣ ਕਰਕੇ ਕੋਈ ਸਖ਼ਤੀ ਕਰਦਾ । ਉਹ ਤਾਂ ਜੁਲਮੀ ਰਾਜ ਅਤੇ ਰਾਜਸੀ ਅੱਤਿਆਚਾਰਾਂ ਦੇ ਵਿਰੁੱਧ ਸੀ । ਇਤਫ਼ਾਕ ਨਾਲ ਇਸ ਵੇਲੇ ਰਾਜ ਮੁਸਲਮਾਨਾਂ ਦੇ ਹੱਥ ਸੀ ਅਤੇ ਉਹ ਰਾਜਸੀ ਬਲ ਬੋਤੇ ਉੱਤੇ ਰਾਜਸੀ ਅੱਤਿਆਚਾਰਾਂ ਦੇ ਸਾਧਨ ਬਣੇ ਹੋਏ ਸਨ।

28 ਅਪ੍ਰੈਲ, 1711 (21 ਰੱਬੀ-ਉ-ਅੱਵਲ) ਨੂੰ ਹਿਦਾਇਤੁੱਲਾ ਖ਼ਾਨ ਦੀ ਰਾਹੀਂ ਭਗਵਤੀ ਦਾਸ ਹਰਕਾਰੇ ਦਾ ਖ਼ਬਰਾਂ ਦਾ ਪਰਚਾ ਜੋ ਬਾਦਸ਼ਾਹ ਦੀ ਦ੍ਰਿਸ਼ਟੀ ਗੋਚਰ ਹੋਇਆ ਉਸ ਵਿਚ ਲਿਖਿਆ ਹੋਇਆ ਸੀ :

ਨਾਨਕ-ਪੂਜ (ਬੰਦਾ ਸਿੰਘ) ਦਾ 19 ਤਾਰੀਖ (26 ਅਪ੍ਰੈਲ) ਤਕ ਡੇਰਾ ਕਲਾਲੌਰ ਦੇ ਕਸਬੇ ਵਿਚ ਸੀ। ਉਸ ਨੇ ਬਚਨ ਦਿੱਤਾ ਅਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾਂ ਨੂੰ ਕੋਈ ਦੁੱਖ ਨਹੀਂ ਦੇ ਰਿਹਾ। ਚੁਨਾਂਚਿ ਜੋ ਭੀ ਕੋਈ ਮੁਸਲਮਾਨ ਉਸ ਵੱਲ ਰੁਜੂ ਹੁੰਦਾ ਹੈ, ਉਹ (ਬੰਦਾ ਸਿੰਘ) ਉਸ ਦੀ ਦਿਹਾੜੀ ਅਤੇ ਤਨਖ਼ਾਹ ਨਿਯਤ ਕਰ ਕੇ ਉਸ ਦਾ ਧਿਆਨ ਰਖਦਾ ਹੈ ਅਤੇ ਉਸ ਨੇ ਆਗਿਆ ਦੇ ਦਿੱਤੀ ਹੋਈ ਹੈ ਕਿ ਨਮਾਜ਼ ਅਤੇ ਖੁਤਬਾ ਜਿਵੇਂ ਚਾਹੁਣ ਪੜ੍ਹਨ । ਚੁਨਾਂਚਿ ਪੰਜ ਹਜ਼ਾਰ ਮੁਸਲਮਾਨ ਉਸ ਦੇ ਸਾਥੀ ਬਣ ਗਏ ਹਨ ਅਤੇ ਸਿੰਘਾਂ ਦੀ ਫੌਜ ਵਿਚ ਬਾਗ ਅਤੇ ਨਮਾਜ਼ ਵੱਲੋਂ ਸੁਖ ਪਾ ਰਹੇ ਹਨ।

ਇਸ ਵੇਲੇ ਸਿੰਘਾਂ ਨੇ ਬਿਆਸਾ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ ਗਾਹ ਮਾਰਿਆ ਅਤੇ ਰਾਵੀਉਂ ਪਾਰ ਭੀ ਜਾ ਮੱਲਾਂ ਮਾਰੀਆਂ । 13 ਮਈ (6 ਰੱਬੀ-ਉ-ਸਾਨੀ) ਨੂੰ ਕੇਸ਼ੋ ਰਾਓ ਹਰਕਾਰੇ ਵੱਲੋਂ ਪੁੱਜੀ ਖ਼ਬਰਾਂ ਦੀ ਫ਼ਰਦ ਵਿਚ ਲਿਖਿਆ ਹੋਇਆ ਹੈ ਕਿ ਗੁਰੂ (ਬੰਦਾ ਸਿੰਘ) ਨੇ ਰਾਵੀਉਂ ਪਾਰ ਜਾ ਕੇ ਆਪਣੇ ਠਾਣੇ ਕਾਇਮ ਕਰ ਲਏ ਹਨ। ਫੇਰ ਉਰਾਰ ਆ ਕੇ ਫ਼ਸਾਦ ਖੜਾ ਕਰ ਦਿੱਤਾ, ਅਫ਼ਗਾਨਾਂ ਨਾਲ ਲੜਾਈ ਕਰ ਕੇ ਕਈ ਕਤਲ ਕਰ ਦਿੱਤੇ ਅਤੇ ਉਨ੍ਹਾਂ ਦੇ ਘਰ ਉਜਾੜ ਦਿੱਤੇ ਇਸ ਵੇਲੇ ਉਹ ਉਨ੍ਹਾਂ (ਪਾਰਲੇ) ਠਾਣਿਆਂ ਵਿਚ ਹੈ । 18 ਮਈ (11 ਬੀ-ਉ-ਸਾਨੀ) ਨੂੰ ਭਗਵਤੀ ਦਾਸ ਹਰਕਾਰੇ ਨੇ ਜ਼ਬਾਨੀ ਬਾਦਸ਼ਾਹ ਦੇ ਹਜੂਰ ਅਰਜ਼ ਕੀਤੀ ਕਿ ਬੰਦਾ ਸਿੰਘ ਬਿਆਸਾ ਨਦੀ ਤੋਂ ਸੱਤਾ ਕੋਹਾਂ ਦੀ ਵਿੱਥ ਤੇ ਹੈ। ਤੀਸਰੇ ਦਿਨ ਇਸੇ ਹਰਕਾਰੇ ਵੱਲੋਂ ਪੇਸ਼ ਕੀਤੀ ਖ਼ਬਰਾਂ ਦੀ ਫ਼ਰਦ ਵਿਚ ਦਰਜ ਹੈ ਕਿ 9 ਰਬੀ-ਉ-ਸਾਨੀ (16 ਮਈ) ਤਕ ਬੰਦਾ ਸਿੰਘ ਦਾ ਡੇਰਾ ਬਟਾਲੇ ਤੋਂ ਦੋ ਕੋਹਾਂ ਉੱਤੇ ਅੱਚਲ ਪਿੰਡ ਵਿਚ ਸੀ ਅਤੇ ਜੰਮੂ ਵੱਲ ਦੇ ਪਹਾੜਾਂ ਤੋਂ ਰਾਮ ਚੰਦ ਨਾਮੀ ਆਦਿ ਸਿੱਖ ਸਤ ਹਜਾਰ ਘੋੜ-ਚੜ੍ਹਿਆਂ ਅਤੇ ਪਿਆਦਿਆਂ ਸਮੇਤ ਉਸ ਨਾਲ ਆ ਰਲੇ ਹਨ ਜੋ ਕੋਈ ਭੀ ਹਿੰਦੂ ਅਤੇ ਮੁਸਲਮਾਨ ਨੋਕਰੀ ਲਈ ਆਉਂਦਾ ਹੈ, ਬੰਦਾ ਸਿੰਘ ਉਸ ਨੂੰ ਰਖ ਲੈਂਦਾ ਹੈ, ਖਾਣਾ ਦਾਣਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਲੁੱਟ ਮਾਫ਼ ਹੈ ਅਰਥਾਤ ਕਿਸੇ ਥਾਂ ਦੀ ਲੁੱਟ ਤੋਂ ਜੋ ਕੁਝ ਕਿਸੇ ਦੇ ਹੱਥ ਲੱਗੇਗਾ ਉਹ ਉਸੇ ਦਾ ਹੀ ਹੋਵੇਗਾ। ਉਸ ਦਾ ਫ਼ੈਸਲਾ ਇਹ ਹੈ ਕਿ ਜੇ ਬਾਦਸ਼ਾਹੀ ਫ਼ੌਜਾਂ ਆਉਣਗੀਆਂ ਤਾਂ ਉਨ੍ਹਾਂ ਦਾ ਟਾਕਰਾ ਕੀਤਾ ਜਾਏਗਾ ਅਤੇ ਜੇ ਉਹ ਨਾ ਪੁੱਜੀਆਂ ਤਾਂ ਲੱਖੀ ਜੰਗਲ ਦੇ ਰਸਤੇ ਅਜਮੇਰ ਵੱਲੋਂ ਹੁੰਦੇ ਹੋਏ ਦਿੱਲੀ ਨੂੰ ਜਾਵਾਂਗੇ ।

ਬਟਾਲੇ ਦੇ ਲਾਗੇ ਬੰਦਾ ਸਿੰਘ ਦੇ ਆ ਪੁੱਜਣ ਦੀਆਂ ਖ਼ਬਰਾਂ ਸੁਣ ਕੇ ਹੀ ਇੱਥੇ ਅਤੇ ਆਲੇ ਦੁਆਲੇ ਦੇ ਕਈ ਲੋਕ ਘਰ ਘਾਟ ਛੱਡ ਕੇ ਆਪਣੇ ਟੱਬਰਾਂ ਅਤੇ ਚੁੱਕੇ ਜਾ ਸਕਣ ਜੋਗੇ ਮਾਲ ਸਮੇਤ ਲਾਹੌਰ ਅਤੇ ਦੂਸਰਿਆਂ ਥਾਵਾਂ ਵੱਲ ਨੂੰ ਭੱਜ ਗਏ । ਇੱਥੇ ਦੇ ਵਸਨੀਕਾਂ ਵਿਚ ਦੋ ਧੜੇ ਹੋ ਗਏ। ਸਨ । ਇਨ੍ਹਾਂ ਵਿਚੋਂ ਇਕ ਧੜੇ ਦਾ ਆਗੂ ਸੱਯਦ ਮੁਹੰਮਦ ਫ਼ਜ਼ਲ ਦੀਨ ਕਾਦਰੀ ਸੀ । ਇਹ ਨਵਾਂ ਨਵਾਂ ਹੀ ਇੱਥੇ ਆ ਕੇ ਵੱਸਿਆ ਸੀ ਅਤੇ ਇਸ ਨੇ ਇਕ ਵੱਡਾ ਮਦਰਸਾ ਅਤੇ ਖ਼ਾਨਕਾਹ ਕਾਇਮ ਕੀਤੇ ਸਨ । ਇਸ ਦਾ ਵਿਚਾਰ ਸੀ ਕਿ ਟੱਬਰ ਕਬੀਲੇ ਲੈ ਕੇ ਕਿਸੇ ਹੋਰ ਥਾਂ ਚਲੇ ਜਾਣਾ ਚਾਹੀਦਾ ਹੈ। ਦੂਸਰੇ ਧੜੇ ਦਾ ਆਗੂ ਸ਼ੇਖ ਅਹਿਮਦ ਸੀ ਜੋ ਸ਼ੈਖੁਲ-ਹਿੰਦ ਕਰਕੇ ਪ੍ਰਸਿੱਧ ਸੀ । ਇਹ ਸ਼ਹਿਰ ਛੱਡ ਕੇ ਜਾਣ ਦੇ ਹੱਕ ਵਿਚ ਨਹੀਂ ਸੀ । ਇਹ ਚਾਹੁੰਦਾ ਸੀ ਕਿ ਡੱਟ ਕੇ ਸਿੰਘਾਂ ਦਾ ਟਾਕਰਾ ਕੀਤਾ ਜਾਏ ਅਤੇ ਇਸ ਨੇ ਲੋਕਾਂ ਨੂੰ ਲੜਨ ਅਤੇ ਘੇਰੇ ਲਈ ਤਿਆਰ ਰਹਿਣ ਵਾਸਤੇ ਹੌਸਲਾ ਦਿੱਤਾ ।

ਜਿਸ ਵੇਲੇ ਬੰਦਾ ਸਿੰਘ ਬਟਾਲੇ ਪੁੱਜਾ, ਸ਼ਹਿਰ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਲਏ ਅਤੇ ਕੰਧਾਂ ਦੀ ਰਾਖੀ ਲਈ ਤਿਆਰ ਹੋ ਗਏ । ਆਪ ਸ਼ੈਖੁਲ-ਹਿੰਦ ਆਪਣੇ ਮੁਰੀਦਾਂ ਅਤੇ ਕੁਲ ਸ਼ਹਿਰੀਆਂ ਨੂੰ ਨਾਲ ਲੈ ਕੇ ਬੰਦਾ ਸਿੰਘ ਦਾ ਟਾਕਰਾ ਕਰਨ ਲਈ ਹਾਥੀ ਦਰਵਾਜਿਓਂ ਬਾਹਰ ਗਿਆ । ਸੜਕ ਉੱਤੇ ਪੁੱਜਣ ਪਰ ਉਸ ਨੇ ਡੱਟ ਕੇ ਟਾਕਰਾ ਕੀਤਾ ਪਰ ਸਿੰਘਾਂ ਅੱਗੇ ਉਹ ਬਹੁਤ ਦੇਰ ਨਾ ਟਿਕ ਸਕਿਆ ਅਤੇ ਥੋੜ੍ਹਾ ਚਿਰ ਹੀ ਲੜਾਈ ਕਰਨ ਪਿਛੋਂ ਘੇਰਿਆ ਅਤੇ ਮਾਰਿਆ ਗਿਆ । ਬਹਾਦੁਰ ਸ਼ੇਖ਼ ਦੀ ਲੋਥ ਸ਼ਹਿਰੋਂ ਦੋ ਕੁ ਮੀਲ ਦੀ ਵਿਥ ਤੇ ਵਜ਼ੀਰਾਬਾਦ ਨਾਮੀ ਪਿੰਡ ਦੇ ਕੋਟਲਾ-ਸ਼ੈਖਲ-ਹਿੰਦ ਵਿਚ ਦਫ਼ਨਾਈ ਗਈ। ਇਥੇ ਇਸ ਦੀ ਸੰਤਾਨ ਦੇ ਬੰਦੇ ਪਾਕਿਸਤਾਨ ਬਣਨ ਤਕ ਵਸਦੇ ਰਹੇ ਹਨ। ਸ਼ੈਖੁਲ-ਹਿੰਦ ਦੇ ਮਰਨ ਤੋਂ ਬਾਅਦ ਹੋਰ ਕਿਸੇ ਨੇ ਕੀ ਖੜੋਣਾ ਸੀ ? ਝੱਟ ਭੱਜ ਤੁਰੇ । ਬੰਦਾ ਸਿੰਘ ਦੇ ਹੁਕਮ ਨਾਲ ਸ਼ਹਿਰ ਦੇ ਦਰਵਾਜ਼ੇ ਤੋੜ ਦਿੱਤੇ ਗਏ ਅਤੇ ਸਿੰਘ ਸ਼ਹਿਰ ਵਿਚ ਜਾ ਵੜੇ। ਸੱਯਦ ਮੁਹੰਮਦ ਫ਼ਜ਼ਲ ਦੀਨ ਦਾ ਮਦਰੱਸਾ, ਜਿਹੜਾ ਕਿ ਖਾਲੀ ਪਿਆ ਸੀ, ਸ਼ਹਿਰ ਦੀਆਂ ਕਈ ਹਵੇਲੀਆਂ ਅਤੇ ਕਾਜ਼ੀ ਅਬਦੁਲ ਹੱਕ ਦਾ ਮੁਹੱਲਾ ਅਤੇ ਮਕਾਨ ਸੜ ਕੇ ਸੁਆਹ ਹੋ ਗਏ । ਬਟਾਲੇ ਦੀ ਲੜਾਈ 18 ਮਈ ਦੇ ਇਧਰ ਉਧਰ ਹੋਈ ਦਿੱਸਦੀ ਹੈ।

ਇਥੋਂ ਬੰਦਾ ਸਿੰਘ ਦਾ ਵਿਚਾਰ ਲਾਹੌਰ ਵੱਲ ਨੂੰ ਵੱਧਣ ਦਾ ਸੀ । ਪਰ ਚੂੰਕਿ ਬਾਦਸ਼ਾਹੀ ਜਰਨੈਲ ਉਸ ਦੇ ਮਗਰ ਪਏ ਹੋਏ ਨਜਦੀਕ ਹੀ ਸਨ ਅਤੇ ਖ਼ੁਦ ਬਾਦਸ਼ਾਹ ਭੀ ਲਾਹੌਰ ਵੱਲ ਨੂੰ ਚੜ੍ਹਿਆ ਆ ਰਿਹਾ ਸੀ ਅਤੇ ਇਸ ਵੇਲੇ ਹੁਸ਼ਿਆਰਪੁਰ ਦੇ ਜਿਲ੍ਹੇ ਵਿਚ ਸੀ, ਇਸ ਲਈ ਬੰਦਾ ਸਿੰਘ ਰਾਵੀਓਂ ਪਾਰ ਹੋ ਕੇ ਜੰਮੂ ਦੀਆਂ ਪਹਾੜੀਆਂ ਵੱਲ ਨੂੰ ਨਿਕਲ ਗਿਆ । ਮੁਹੰਮਦ ਅਮੀਨ ਖ਼ਾਨ ਬਹਾਦੁਰ ਦੀ 23 ਮਈ (16 ਰੱਬੀ-ਉ-ਸਾਨੀ) ਨੂੰ ਪੁੱਜੀ ਲਿਖਤ ਅਤੇ 28 ਮਈ (21 ਰੱਬੀ-ਉ-ਸਾਨੀ) ਨੂੰ ਬੜੀ) ਬਸੀ ਦੇ ਮੁਕਾਮ ਤੇ ਪੁੱਜੀ ਉਸ ਦੀ ਇਕ ਹੋਰ ਲਿਖਤ ਅਤੇ ਰੁਸਤਮ ਜੰਗ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਬੰਦਾ ਸਿੰਘ ਬਟਾਲਿਉਂ ਹੱਟ ਕੇ ਰਾਵੀਓਂ ਪਾਰ ਹੋ ਗਿਆ ਸੀ । 30 ਮਈ ਨੂੰ ਬਾਦਸ਼ਾਹ ਨੇ ਸਰਫਰਾਜ ਖ਼ਾਨ ਨੂੰ ਹੁਕਮ ਦਿੱਤਾ ਕਿ ਹਸਨ ਅਲੀ ਖ਼ਾਨ ਤੋਂ ਕਰੌਲ ਲੈ ਕੇ ਬਰਸਾਤ ਦੇ ਦਿਨੀਂ ਬਟਾਲੇ ਛਾਉਣੀ ਪਾਉਣ ਲਈ ਥਾਂ ਦੇਖਣ ਵਾਸਤੇ ਨਿਯਤ ਕੀਤੇ ਜਾਣ।

ਜਮੂ ਵੱਲ ਨੂੰ ਜਾਂਦੇ ਸਿੰਘਾਂ ਦੇ ਇਕ ਜੱਥੇ ਨੇ ਔਰੰਗਾਬਾਦ ਅਤੇ ਪਸਰੂਰ ਜਾ ਮਾਰੇ । ਉਧਰੋਂ ਮੁਹੰਮਦ ਅਮੀਨ ਖ਼ਾਨ 24 ਮਈ (17 ਰੱਬੀ-ਉ-ਸਾਨੀ) ਨੂੰ ਬਿਆਸਾ ਪਾਰ ਕਰ ਕੇ ਸਿੱਧਾ ਬੰਦਾ ਸਿੰਘ ਦੇ ਪਿਛੇ ਲੱਗ ਤੁਰਿਆ। ਰਾਹ ਵਿਚ ਕੋਈ ਰੋਕ ਨਹੀਂ ਸੀ ਰਹੀ। ਇਸ ਲਈ 31 ਮਈ (24 ਰੱਬੀ-ਉ-ਸਾਨੀ) ਨੂੰ ਉਹ ਸੌਖੇ ਹੀ ਰਾਵੀਉਂ ਪਾਰ ਹੋ ਗਿਆ ਅਤੇ ਇਕ ਦਿਨ-ਰਾਤ ਵਿਚ 30 ਕੋਹ ਦੀ ਮੰਜਲ ਮਾਰ ਕੇ ਪਸਰੂਰੋਂ ਸੱਤ ਕੋਹ ਪਰੇ 1 ਜੂਨ (25 ਰੱਬੀ-ਉ-ਸਾਨੀ) ਨੂੰ ਸਿੰਘਾਂ ਨਾਲ ਟੱਕਰ ਜਾ ਲਈ। ਜੱਥੇ ਦੀ ਗਿਣਤੀ ਬੜੀ ਥੋੜੀ ਸੀ । ਦੂਸਰੇ ਪਾਸੇ ਮੁਹੰਮਦ ਅਮੀਨ ਖ਼ਾਨ ਰੁਸਤਮਿ-ਜੰਗ, ਈਸਾ ਖ਼ਾਨ ਮੰਝ ਅਤੇ ਹੋਰ ਬਾਦਸ਼ਾਹੀ ਸਰਦਾਰਾਂ ਦੀਆਂ ਫ਼ੌਜਾਂ ਦੀ ਗਿਣਤੀ ਬਹੁਤ ਜਿਆਦਾ ਸੀ । ਪਰ ਫੇਰ ਵੀ ਬੜੀ ਡਟਵੀਂ ਲੜਾਈ ਹੋਈ । ਦੋਹਾਂ ਪਾਸਿਆਂ ਦਾ ਬੜਾ ਨੁਕਸਾਨ ਹੋਇਆ । ਮੁਹੰਮਦ ਅਮੀਨ ਖ਼ਾਨ ਵੱਲੋਂ ਬਾਦਸ਼ਾਹ ਦੀ ਸੇਵਾ ਵਿਚ ਭੇਜੀ ਗਈ ਆਪਣੀ ਲਿਖਤ ਵਿਚ, ਜੋ 4 ਜੂਨ (28 ਰੱਬੀ-ਉ-ਸਾਨੀ) ਨੂੰ ਪਹੁੰਚੀ ਉਹ ਖੁਦ ਮੰਨਦਾ ਹੈ ਕਿ ਬਾਦਸ਼ਾਹੀ ਬੰਦੇ ਭੀ ਬਹੁਤ ਫੱਟੜ ਹੋਏ (ਬੰਦਾ ਹਾਇ ਬਾਦਸ਼ਾਹੀ ਹਮ ਬਿਸੀਆਰ ਜਖ਼ਮੀ ਸ਼ੁਦਾ) । ਈਸਾ ਖ਼ਾਨ ਮੰਝ ਅਤੇ ਮੁਹੰਮਦ ਅਮੀਨ ਖ਼ਾਨ ਦੇ ਹਾਥੀ ਭੀ ਫੱਟੜ ਹੋਏ ਅਤੇ ਆਪ ਮੁਸ਼ਕਲ ਨਾਲ ਹੀ ਬਚ ਸਕੇ । ਇਨ੍ਹਾਂ ਨੂੰ ਖ਼ਿਆਲ ਸੀ ਕਿ ਖੁਦ ਬੰਦਾ ਸਿੰਘ ਇਸ ਲੜਾਈ ਵਿਚ ਮੌਜੂਦ ਹੈ, ਪਰ ਚੂੰਕਿ ਕਿਸੇ ਨੇ ਉਸ ਨੂੰ ਦੇਖਿਆ ਨਹੀਂ, ਇਸ ਲਈ ਉਨ੍ਹਾਂ ਸਮਝਿਆ ਕਿ ਜਾਂ ਤਾਂ ਉਹ ਮਾਰਿਆ ਗਿਆ ਹੈ, ਜਾਂ ਘਾਇਲ ਫੱਟੜਾਂ ਵਿਚ ਡਿਗਿਆ ਪਿਆ। ਹੈ। ਇਸ ਲਈ ਉਨ੍ਹਾਂ ਨੇ ਜਾਣਕਾਰ ਬੰਦਿਆਂ ਨੂੰ ਬੁਲਾ ਕੇ ਲੋਥਾਂ ਪਛਾਣਨ ਦਾ ਪ੍ਰਬੰਧ ਕੀਤਾ, ਪਰ ਅੰਤ ਮੁਹੰਮਦ ਅਮੀਨ ਖ਼ਾਨ ਨੇ ਲਿਖਿਆ ਕਿ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਇਕੱਲਾ ਹੀ ਨਿਕਲ ਕੇ ਦੌੜ ਗਿਆ ਹੈ। ਪਰ ਅਸਲ ਵਿਚ ਉਹ ਇਸ ਜੱਥੇ ਵਿਚ ਹੈ ਹੀ ਨਹੀਂ ਸੀ । ਉਹ ਜੰਮੂ ਦੀਆਂ ਚੜ੍ਹਦੀਆਂ ਪਹਾੜੀਆਂ ਵੱਲ ਨੂੰ ਚਲਾ ਗਿਆ ਸੀ । ਇਹ ਜੱਥਾ, ਜਿਸ ਨਾਲ ਕਿ ਉਪਰੋਕਤ ਜੰਗ ਹੋਈ, ਮਾਲੂਮ ਹੁੰਦਾ ਹੈ ਉੱਤਰ-ਲਹਿੰਦੇ ਵੱਲ ਪਸਰੂਰ ਨੂੰ ਹੌਲੀ ਹੌਲੀ ਗਿਆ ਸੀ । ਇਸ ਲਈ ਕਿ ਬਾਦਸ਼ਾਹੀ ਫ਼ੌਜ਼ਾਂ ਤਾਂ ਇਸ ਦੇ ਮਗਰ ਆ ਜਾਣ ਅਤੇ ਬੰਦਾ ਸਿੰਘ ਉੱਤਰ-ਚੜ੍ਹਦੇ ਵੱਲ ਨੂੰ ਨਿਕਲ ਜਾਏ । ਇਸ ਵਿਚ ਸਿੰਘ ਸਫ਼ਲ ਹੋ ਗਏ ਭਾਵੈਂ ਜੰਗ ਵਿਚ ਉਨ੍ਹਾਂ ਨੂੰ ਹਾਨੀ ਹੀ ਉਠਾਉਣੀ ਪਈ।

ਜਦ ਬੰਦਾ ਸਿੰਘ ਦੇ ਜਮੂ ਦੇ ਇਲਾਕੇ ਦੇ ਚੜ੍ਹਦੇ ਦੱਖਣ ਨੂੰ ਪਹਾੜੀਆਂ ਵਿਚ ਪੁੱਜਣ ਦੀ ਸੂਹ ਜਮਵਾਲੀਏ ਰਾਜਾ ਧਰੁਵ ਦੇਵ ਨੂੰ ਲੱਗੀ ਤਾਂ ਉਸ ਨੇ ਇਕ ਪਾਸੇ ਤਾਂ ਸੂਬਾ ਲਾਹੌਰ ਦੇ ਅਖ਼ਬਾਰ-ਨਵੀਸ ਨੂੰ ਖ਼ਬਰ ਪਹੁੰਚਾ ਦਿੱਤੀ ਅਤੇ ਦੂਸਰੇ ਪਾਸੇ ਰਾਜੌਰ ਦੇ ਸੱਯਦ ਅਜ਼ਮਤੁੱਲਾ ਖ਼ਾਨ ਆਦਿ ਨੂੰ ਨਾਲ ਲੈ ਕੇ ਰਾਹ ਰੋਕ ਦਿੱਤਾ । ਉਧਰ ਮੁਹੰਮਦ ਅਮੀਨ ਖ਼ਾਨ, ਰੁਸਤਮਿ ਜੰਗ (ਰੁਸਤਮ ਦਿਲ ਖ਼ਾਨ), ਅਗਰ ਖ਼ਾਨ (ਅਸਗਰ ਖ਼ਾਨ), ਈਸਾ ਖ਼ਾਨ ਮੰਝ ਆਦਿ ਨੇ ਆਪਣੀਆਂ ਫ਼ੌਜਾਂ ਇਕੱਠੀਆ ਕਰ ਲਈਆਂ ਅਤੇ ਪਹਾੜੀ ਦੱਰੇ ਦੇ ਸਿਰ ਉੱਤੇ ਆ ਪੁੱਜੇ । ਆਪਣੇ ਖ਼ਿਆਲ ਅਨੁਸਾਰ ਉਨ੍ਹਾਂ ਨੇ ਬੰਦਾ ਸਿੰਘ ਨੂੰ ਤਿੰਨਾਂ ਪਾਸਿਆਂ ਤੋਂ ਘੇਰ ਲਿਆ ਹੋਇਆ ਸੀ, ਇਸ ਲਈ ਉਨ੍ਹਾਂ ਨੇ ਬਾਦਸ਼ਾਹ ਨੂੰ ਖ਼ਬਰਾਂ ਭੇਜ ਦਿੱਤੀਆਂ ਕਿ ਅੱਜ ਜਾਂ ਕੱਲ ਸਿੱਖ ਆਗੂ ਨੂੰ ਫੜ ਲਿਆ ਜਾਏਗਾ। ਇਹ ਖ਼ਬਰਾਂ ਬਾਦਸ਼ਾਹ ਦੇ ਹਜ਼ੂਰ ਲਾਹੌਰੀ ਅਖ਼ਬਾਰ-ਨਵੀਸ ਵੱਲੋਂ ਹਿਦਾਇਤੁੱਲਾ ਖ਼ਾਨ ਦੀ ਰਾਹੀਂ 7 ਅਤੇ 8 ਜੂਨ (2 ਅਤੇ 3 ਜਮਾਦੀ-ਉਲ-ਅੱਵਲ) ਨੂੰ ਪੁੱਜੀਆਂ। ਪਰ ਉਨ੍ਹਾਂ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਜਦ ਬੰਦਾ ਸਿੰਘ ਬੜੀ ਦਲੇਰੀ ਅਤੇ ਚਤੁਰਾਈ ਨਾਲ ਜੋ ਵੇਲੇ ਸਿਰ ਉਸ ਨੂੰ ਫੁਰ ਪੈਂਦੀ ਸੀ, ਬਿਨਾਂ ਕਿਸੇ ਨੁਕਸਾਨ ਦੇ ਬਚ ਕੇ ਨਿਕਲ ਗਿਆ। ਉਹ ਸਦਾ ਆਪਣੇ ਆਪ ਨੂੰ ਪਾਸਿਆਂ ਉੱਤੇ ਰਖਦਾ ਸੀ ਤੇ ਬਾਦਸ਼ਾਹੀ ਫ਼ੌਜਾਂ ਨੂੰ ਦੇਖ ਸਕਣ ਦਾ ਭੀ ਮੌਕਾ ਨਹੀਂ ਸੀ ਦਿੰਦਾ । ਤਿੰਨ ਪਾਸੀਂ ਬਾਦਸ਼ਾਹੀ ਫ਼ੌਜਾਂ ਸਨ। ਅਤੇ ਇਕ ਪਾਸੇ ਉੱਚੀ ਸਿੱਧੀ ਪਹਾੜੀ । ਕਿਸੇ ਪਾਸੇ ਕੋਈ ਰਾਹ ਨਹੀਂ ਸੀ । ਇਸ ਲਈ ਹੌਲੀ ਹੌਲੀ ਅੱਖ ਬਚਾ ਕੇ ਉਹ ਇਕ ਨੁੱਕਰ ਵੱਲ ਨੂੰ ਹੋ ਗਿਆ ਅਤੇ ਮੌਕਾ ਤਾੜ ਕੇ ਪੜੋਲ ਕਠੂਹੇ ਦੇ ਲਾਗਿਓਂ ਬਿਲਕੁਲ ਰੁਸਤਮ ਦਿਲ ਖ਼ਾਨ ਦੇ ਸਾਹਮਣਿਓਂ ਬੜੀ ਤੇਜੀ ਨਾਲ ਨਿਕਲ ਕੇ ਅਚਾਨਕ ਹੀ ਉਸ ਦੀਆਂ ਫ਼ੌਜਾਂ ਉੱਤੇ ਟੁੱਟ ਪਿਆ। ਗਾਜੀ ਖ਼ਾਨ ਰੁਸਤਮਿ ਜੰਗ ਨੇ ਆਪਣੀ ਵੱਲੋਂ ਬੜੀ ਵਾਹ ਲਾਈ। ਪਰ ਝਟਾ ਪੱਟ ਉੱਪਰ ਚੜ੍ਹ ਆਈ ਸਿੰਘਾਂ ਦੀ ਰੌ ਨੂੰ ਰੋਕ ਨਾ ਸਕਿਆ। ਤਲਵਾਰਾਂ ਹੱਥ ਵਿਚ ਲੈ ਕੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘ ਬਾਦਸ਼ਾਹੀ ਫ਼ੌਜਾਂ ਦੀਆਂ ਸਫ਼ਾਂ ਨੂੰ ਚੀਰਦੇ ਅਤੇ ਜੋ ਸਾਮ੍ਹਣੇ ਆਇਆ ਉਸ ਨੂੰ ਸਾਫ਼ ਕਰਦੇ, ਅਲੋਪ ਹੋ ਗਏ। ਬੰਦਾ ਸਿੰਘ ਦੇ ਇਸ ਤਰ੍ਹਾਂ ਉਸ ਦੇ ਹੱਥਾਂ ਵਿਚੋਂ ਤਿਲਕ ਜਾਣ ਪਰ ਨਿਰਾਸਾ ਨਾਲ ਰੁਸਤਮ ਦਿਲ ਖ਼ਾਨ ਦਾ ਦਿਲ ਟੁੱਟ ਗਿਆ ਅਤੇ ਉਸ ਦੀਆਂ ਅੱਖਾਂ ਦੇ ਸਾਹਮਣੇ ਅੰਨ੍ਹੇਰਾ ਛਾ ਗਿਆ । ਬੰਦਾ ਸਿੰਘ ਨੂੰ ਫੜ ਸਕਣ ਦੀ ਹੁਣ ਉਸ ਨੂੰ ਕੋਈ ਆਸ ਨਾ ਰਹੀ। ਉਹ ਅੜ-ਬੜ ਪਹਾੜਾਂ ਦੀਆਂ ਔਖੀਆਂ ਘਾਟੀਆਂ ਅਤੇ ਡੰਡੀਆਂ ਵਿਚ ਜਾ ਵੜਿਆ ਸੀ । ਇਸ ਲਈ ਛਿੱਥਾ ਪੈ ਕੇ ਰੁਸਤਮ ਦਿਲ ਖ਼ਾਨ ਨੇ ਆਪਣਾ ਗੱਚ ਪੜੋਲ, ਕਠੂਹੇ ਅਤੇ ਲਾਗੇ ਦੇ ਵਸਨੀਕਾਂ ਉੱਤੇ ਕੱਢਿਆ। ਉਸ ਨੇ ਕਈ ਬੇਗੁਨਾਹਾਂ ਨੂੰ ਝੂਠ ਮੂਠ ਇਹ ਕਹਿ ਕੇ ਫੜ ਲਿਆ ਕਿ ਉਹ ਸਿੱਖ ਹਨ ਅਤੇ ਗੁਲਾਮ ਬਣਾ ਕੇ ਆਪਣੇ ਸਿਪਾਹੀਆਂ ਨੂੰ ਤਨਖ਼ਾਹ ਵਜੋਂ ਦੇ ਦਿੱਤਾ ਅਤੇ ਉਨ੍ਹਾਂ ਨੇ ਇਨ੍ਹਾਂ ਮੰਦਭਾਗੇ ਗ਼ਰੀਬਾਂ ਨੂੰ ਲਾਹੌਰ ਦੀ ਘੋੜ-ਮੰਡੀ (ਬਾਜਾਰ ਨਖ਼ਾਸ) ਵਿਚ ਜਾ ਬੇਚਿਆ।

ਛੇਤੀ ਹੀ ਪਿੱਛੋਂ ਮੁਹੰਮਦ ਅਮੀਨ ਖ਼ਾਨ ਅਤੇ ਰੁਸਤਮ ਖ਼ਾਨ ਵਿਚ ਮੱਤ-ਭੇਦ ਦੇ ਕਾਰਣ ਨਾਚਾਕੀ ਹੋ ਗਈ ਅਤੇ ਮੁਹੰਮਦ ਅਮੀਨ ਖ਼ਾਨ ਰੁਸਤਮਿ-ਜੰਗ ਦੇ ਵਿਰੁੱਧ ਬਾਦਸ਼ਾਹ ਦੇ ਕੰਨ ਭਰਨ ਅਤੇ ਉਸ ਦਾ ਮਨ ਖੱਟਾ ਕਰਨ ਵਿਚ ਸਫ਼ਲ ਹੋ ਗਿਆ । ਬਹਾਦੁਰ ਸ਼ਾਹ ਬਾਦਸ਼ਾਹ ਕੰਨਾਂ ਦਾ ਬੜਾ ਕੱਚਾ ਸੀ ਚੁਗ਼ਲੀਆਂ ਨੂੰ ਸੱਚ ਮੰਨ ਕੇ ਦਿਲ ਵਿਚ ਗੰਢ ਬੰਨ੍ਹ ਲੈਂਦਾ ਸੀ । ਮੁਹੰਮਦ ਸ਼ਫ਼ੀ ਵਾਰਿਦ ਆਪਣੀ ਪੁਸਤਕ ‘ਮਿਰਤਿ-ਵਾਰਿਦਾਤ’ ਵਿਚ ਲਿਖਦਾ ਹੈ ਕਿ ਮੁਹੰਮਦ ਅਮੀਨ ਖ਼ਾਨ ਨੇ ਰੁਸਤਮਿ-ਜੰਗ ਦੇ ਵਿਰੁੱਧ ਬੇਈਮਾਨੀ ਅਤੇ ਵਿਸਾਹ-ਘਾਤ ਦੀ ਊਜ ਲਗਾਈ ਅਤੇ ਕਿਹਾ ਕਿ ਰੁਸਤਮਿ-ਜੰਗ ਨੇ ਬੰਦਾ ਸਿੰਘ ਪਾਸੋਂ ਇਕ ਵੱਡੀ ਰਕਮ ਵੱਢੀ ਲੈ ਕੇ ਧਾਵਾ ਕਰਨ ਵਿਚ ਢਿੱਲ ਕੀਤੀ ਹੈ ਅਤੇ ਇਸ ਤਰ੍ਹਾਂ ਬੰਦਾ ਸਿੰਘ ਨੂੰ ਬਚ ਨਿਕਲਣ ਵਿਚ ਸਹਾਇਤਾ ਦਿੱਤੀ ਹੈ । ਬਾਦਸ਼ਾਹ ਨੇ ਮੁਹੰਮਦ ਅਮੀਨ ਖ਼ਾਨ ਦੀ ਗੱਲ ਸੱਚੀ ਮੰਨ ਲਈ। ਇਸ ਦੀ ਪੁਸ਼ਟੀ ਇਸ ਗੱਲ ਤੋਂ ਹੋ ਜਾਂਦੀ ਹੈ ਕਿ ਜਦ 11 ਜੁਲਾਈ (6 ਜਮਾਦੀ-ਉ-ਸਾਨੀ) ਨੂੰ ਰੁਸਤਮਿ-ਜੰਗ ਦੀ ਅਰਦਾਸ ਪੁੱਜੀ ਕਿ ਬੰਦਾ ਸਿੰਘ ਜੰਮੂ ਦੇ ਪਹਾੜ ਦੇ ਦੱਰੇ ਵਿਚ ਚਲਾ ਗਿਆ ਹੈ ਅਤੇ ਜੇ ਮੈਨੂੰ ਬਦਾਸ਼ਾਹ ਵੱਲੋਂ ਹੋਰ ਫੌਜ ਮਿਲ ਜਾਏ ਤਾਂ ਮੈਂ ਉਸ ਨੂੰ ਦੱਰੇ ਦੇ ਮੂੰਹ ਤੇ ਛੱਡ ਕੇ ਆਪ ਉਸ ਦੇ ਵਿਰੁੱਧ ਦੱਰੇ ਵਿਚ ਜਾਵਾਂ, ਤਾਂ ਬਾਦਸ਼ਾਹ ਚੁੱਪ ਕਰ ਰਿਹਾ। ਮਾਲੂਮ ਹੁੰਦਾ ਹੈ ਕਿ ਬਾਦਸ਼ਾਹ ਵੱਲੋਂ ਰੁੱਖਾ ਅਤੇ ਅਯੋਗ ਬਰਤਾਓ ਹੁੰਦਾ ਦੇਖ ਕੇ ਬਾਦਸ਼ਾਹ ਦੀ ਸੇਵਾ ਵਿਚ ਅਰਜ਼ ਕਰਨ ਲਈ ਰੁਸਤਮ-ਦਿਲ ਖ਼ਾਨ ਇਕੱਲਾ ਹੀ ਲਾਹੌਰ ਆ ਗਿਆ । ਬਾਦਸ਼ਾਹ ਨੇ 21 ਅਗਸਤ ਨੂੰ ਹਮੀਦੁ ਦੀਨ ਨੂੰ ਕਿਹਾ ਕਿ ਰੁਸਤਮ-ਦਿਲ ਖ਼ਾਨ ਨੂੰ ਬਾਦਸ਼ਾਹੀ ਲਸ਼ਕਰ ਵਿਚ ਨਾ ਵੜਨ ਦਿੱਤਾ ਜਾਏ, ਪਰ ਜਦ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਉਹ ਤਾਂ ਅੱਗੇ ਹੀ ਲਾਹੌਰ ਆਇਆ ਹੋਇਆ ਹੈ ਅਤੇ ਆਪਣੀ ਹਵੇਲੀ ਵਿਚ ਹੈ ਤਾਂ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਉਸ ਦਾ ਘਰ ਘਾਟ ਜ਼ਬਤ ਕਰ ਲਿਆ ਜਾਏ ਅਤੇ ਜੇ ਅੱਗੋਂ ਕੋਈ ਹੁੱਤ ਕਰੇ ਤਾਂ ਜਾਨੋਂ ਮਾਰ ਦਿੱਤਾ ਜਾਏ । 22 ਅਗਸਤ (19 ਰਜੱਬ) ਨੂੰ ਜਦ ਸਰਕਾਰੀ ਅਫ਼ਸਰ ਬਾਦਸ਼ਾਹ ਦਾ ਹੁਕਮ ਲੈ ਕੇ ਗਏ ਤਾਂ ਉਹ ਲੜਨ ਨੂੰ ਤਿਆਰ ਹੋ ਪਿਆ । ਇਸ ਲਈ ਬਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਰੁਸਤਮ-ਦਿਲ ਖ਼ਾਨ ਦੇ ਪੈਰੀਂ ਬੇੜੀਆਂ ਪਾ ਕੇ ਕਿਲੇ ਵਿਚ ਕੈਦ ਕਰ ਦਿੱਤਾ ਜਾਏ । ਉਸ ਦਾ ਘਰ ਘਾਟ ਅਤੇ ਮਾਲ ਮਤਾਹ ਸਭ ਜ਼ਬਤ ਕਰ ਲਿਆ ਜਾਏ ਅਤੇ ਉਸ ਦੀ ਹਵੇਲੀ ਸਰਬਰਾਹ ਖ਼ਾਨ ਕੋਤਵਾਲ ਨੂੰ ਰਹਿਣ ਲਈ ਦੇ ਦਿੱਤੀ ।

ਜਦ ਉਸ ਨੂੰ ਕਿਲੇ ਵੱਲ ਲਿਜਾ ਰਹੇ ਸਨ ਤਾਂ ਰਸਤੇ ਵਿਚ ਕਈ ਲੋਕਾਂ ਨੇ ਜੋ ਉਸ ਦੇ ਹੱਥੋਂ ਦੁਖੀ ਸਨ, ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਮਿੱਟੀ ਦੇ ਬੁਕ ਉਸ ਉੱਤੇ ਸੁੱਟੇ, ਪਰ ਉਹ ਆਪਣੇ ਬੇਪਰਵਾਹ ਸੁਭਾਉ ਅਨੁਸਾਰ ਬਿਲਕੁਲ ਘਬਰਾਇਆ ਨਹੀਂ ਬਲਕਿ ਉਨ੍ਹਾਂ ਨਾਲ, ਜੋ ਹਾਥੀ ਉੱਤੇ ਉਸ ਦੇ ਨਾਲ ਬੈਠੇ ਸਨ, ਹਾਸਾ ਮਖ਼ੌਲ ਕਰਦਾ ਰਿਹਾ। ਰਾਹ ਵਿਚ ਇਕ ਪਾਸੇ ਖੜੋਤਿਆਂ ਬੰਦਿਆਂ ਵਿਚੋਂ ਕਿਸੇ ਨੇ ਉੱਚੀ ਸੁਣਾ ਕੇ ਆਖਿਆ: “ਦੱਲਾ, ਦੱਲਾ”। ਇਸਲਾਮ ਖ਼ਾਨ ਇਸ ਵੇਲੇ ਰੁਸਤਮ-ਦਿਲ ਖ਼ਾਨ ਦੇ ਪਿੱਛੇ ਪਿੱਛੇ ਦੂਸਰੇ ਹਾਥੀ ਉੱਤੇ ਆ ਰਿਹਾ ਸੀ । ਰੁਸਤਮ-ਦਿਲ ਖ਼ਾਨ ਨੇ ਬਿਨਾਂ ਕਿਸੇ ਪ੍ਰਕਾਰ ਦੀ ਘਬਰਾਹਟ ਦੇ ਉਨ੍ਹਾਂ ਵੱਲ ਤੱਕਿਆ ਤੇ ਕਹਿਣ ਲੱਗਾ, “ਭਾਈ । ਕਿਸ ਤੋਂ ਮਤਲਬ ਹੈ? ਅਗਲਾ ਦੱਲਾ ਕਿ ਪਿਛਲਾ ਦੱਲਾ?” ਰੁਸਤਮ-ਦਿਲ ਖ਼ਾਨ ਦਾ ਮੀਰ ਤੁਜ਼ਕ ਦਾ ਅਹੁਦਾ ਇਸਲਾਮ ਖ਼ਾਨ ਨੂੰ ਦਿੱਤਾ ਗਿਆ ਅਤੇ ਇਨਾਇਤੁੱਲਾ ਖ਼ਾਨ ਖ਼ਾਨਿ-ਸਾਮਾਂ ਨੂੰ ਹੁਕਮ ਹੋਇਆ ਕਿ ਉਸ ਦੀ ਜਾਇਦਾਦ ਜ਼ਬਤ ਕਰ ਲਈ ਜਾਏ । ਰੁਸਤਮ-ਦਿਲ ਖ਼ਾਨ ਪਾਸੋਂ 500 ਸੋਨੇ ਦੀਆਂ ਅਸ਼ਰਫ਼ੀਆਂ, ਇਕ ਲੱਖ ਛੱਤੀ ਹਜ਼ਾਰ ਰੁਪਿਆ, 11 ਹਾਥੀ, 70 ਘੋੜੇ, 18 ਊਠ, ਕੁਝ ਹੀਰੇ ਜੁਆਹਰ ਅਤੇ 40 ਗੱਡੇ ਤੰਬੂਆਂ ਦੇ ਮਿਲੇ । 27 ਨਵੰਬਰ (27 ਸ਼ੱਵਾਲ) ਨੂੰ ਬਾਦਸ਼ਾਹ ਦੀ ਸੇਵਾ ਵਿਚ ਅਰਜ਼ ਹੋਈ ਕਿ ਰੁਸਤਮ-ਦਿਲ ਖ਼ਾਨ ਦਾ ਵੱਡਾ ਭਾਈ ਸਿਕੰਦਰ ਖ਼ਾਨ ਕਾਂਗੜੇ ਦਾ ਕਿਲੇਦਾਰ ਮਰ ਗਿਆ ਹੈ। ਇਸ ਵੇਲੇ ਰੁਸਤਮ-ਦਿਲ ਖ਼ਾਨ ਨੂੰ ਕੈਦ ਹੋਏ ਨੂੰ ਤਿੰਨ ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਸੀ, ਅਤੇ ਬਾਦਸ਼ਾਹ ਦਾ ਗੁੱਸਾ ਭੀ ਢੈਲਾ ਹੋ ਗਿਆ ਸੀ । ਉਸ ਨੇ ਰੁਸਤਮ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ, ਗ਼ਜ਼ੰਫ਼ਰ ਖ਼ਾਨ ਦਾ ਖ਼ਿਤਾਬ ਬਖ਼ਸ਼ਿਆ ਅਤੇ ਕਾਂਗੜੇ ਦਾ ਕਿਲੇ ਦਾਰ ਨਿਯਤ ਕਰ ਦਿੱਤਾ ।

ਬਹਾਦੁਰ ਸ਼ਾਹ ਬਾਦਸ਼ਾਹ ਲਾਹੌਰ ਵਿਚ ਉਸ ਦੀ ਮੌਤ ਅਤੇ ਪਿੱਛੋਂ

ਜਿਵੇਂ ਪਿੱਛੇ ਤੇਰ੍ਹਵੇਂ ਅਧਿਆਇ ਦੇ ਅੰਤ ਵਿਚ ਦੱਸਿਆ ਜਾ ਚੁੱਕਾ ਹੈ, ਬਹਾਦੁਰ ਸ਼ਾਹ ਬਾਦਸ਼ਾਹ 1 ਅਗਸਤ ਸਨ 1711 (27 ਜਮਾਦੀ-ਉ-ਸਾਨੀ ਸਨ 1123 ਹਿਜਰੀ), (ਪੰਜ ਬਹਾਦੁਰ ਸ਼ਾਹੀ) ਨੂੰ ਲਾਹੌਰ ਪੁੱਜਾ ਸੀ। ਇਥੇ ਉਸ ਨੇ ਆਪਣਾ ਡੇਰਾ ਸ਼ਾਹੀ ਕਿਲੇ ਵਿਚ ਨਹੀਂ ਸੀ ਕੀਤਾ, ਬਲਕਿ ਰਾਵੀ ਦੇ ਕੰਢੇ ਪਿੰਡ ਆਲੂਵਾਲਾ ਦੇ ਪਾਸ ਰਖਿਆ। ਸ਼ਾਹਜ਼ਾਦਾ ਅਜ਼ੀਮੁੱਸ਼ਾਨ ਪਿੰਡ ਅਵਾਨ ਪਾਸ ਟਿਕਿਆ ਅਤੇ ਡੇਰੇ ਦੇ ਆਲੇ ਦੁਆਲੇ ਖਜ਼ਾਨੇ ਦੇ ਗੱਡਿਆਂ ਨਾਲ ਵਲਗਨ ਵਗਲ ਲਈ। ਮੁਹੰਮਦ ਮੁਅੱਜੂਦੀਨ ਦਾ ਡੇਰਾ ਪ੍ਰਵੇਜ਼ਾਬਾਦ ਮੰਡੀ ਦੇ ਲਾਗੇ ਸੀ, ਰਫ਼ੀ-ਉ-ਸ਼ਾਨ ਦਾ ਦਰਿਆ ਦੇ ਕੰਢੇ ਧਰਮੂ ਦੇ ਬਾਗ਼ ਪਾਸ ਅਤੇ ਮੁਹੰਮਦ ਜਹਾਨ ਸ਼ਾਹ ਦਾ ਸ਼ਾਹਮੀਰ ਖ਼ੁਸ਼ ਦੇ ਮੈਦਾਨ ਵਿਚ । ਇਸ ਵੇਲੇ ਚੂੰਕਿ ਉਹ ਸਿੰਘਾਂ ਦੇ ਵਿਰੁੱਧ ਸੀ ਅਤੇ ਗਾਜ਼ੀ ਦੀ ਪੱਦਵੀ ਦੀ ਪ੍ਰਾਪਤੀ ਦੇ ਖ਼ਿਆਲ ਨਾਲ ਬੰਦਾ ਸਿੰਘ ਦੇ ਵਿਰੁੱਧ ਮੁਹਿੰਮ ਦੇ ਕਾਰਣ ਪੰਜਾਬ ਨੂੰ ਆਇਆ ਸੀ, ਇਸ ਲਈ ਬਾਦਸ਼ਾਹ ਦੇ ਲਾਹੌਰ ਵੱਲ ਨੂੰ ਆ ਰਹੇ ਹੋਣ ਦੀਆਂ ਖ਼ਬਰਾਂ ਸੁਣ ਕੇ ਹੀ ਲਾਹੌਰ ਦੇ ਕੱਟੜ ਮੁਸਲਮਾਨਾਂ ਦੀ ਚੜ੍ਹ ਮਚ ਗਈ ਸੀ ਅਤੇ ਲਾਹੌਰ ਦੇ ਸਿੱਖਾਂ ਲਈ ਬੜੀ ਆਫ਼ਤ ਦੇ ਦਿਨ ਗੁਜ਼ਰ ਰਹੇ ਸਨ । ਇਹ ਮੁਸੀਬਤ ਉਨ੍ਹਾਂ ਦਿਨਾਂ ਤੋਂ ਉੱਠੀ ਹੋਈ ਸੀ ਜਦ ਕਿ ਹੈਦਰੀ ਝੰਡੇ ਵਾਲੇ ਜਹਾਦ ਦੇ ਆਗੂ ਸੱਯਦ ਇਨਾਇਤ, ਅਤਾਉਲਾ, ਮੁਹੰਮਦ ਤਕੀ ਆਦਿ ਭੀਲੋਵਾਨ ਵਿਚ ਮਾਰ ਖਾ ਕੇ ਨਿਮੋਝੂਣੇ ਮੁੜੇ ਸਨ । ਰਣਭੂਮੀ ਵਿਚ ਟਾਕਰਾ ਕਰ ਸਕਣ ਦੀ ਹਿੰਮਤ ਨਾ ਹੋਣ ਕਰਕੇ ਛਿੱਥੇ ਪਏ ਹੋਏ ਜਹਾਦੀ ਮੁਲਾਣਿਆਂ ਨੇ ਆਪਣੇ ਕੱਟੜ ਮੁਸਲਮਾਨ ਭਰਾਵਾਂ ਦੇ ਧਾਰਮਕ ਜਜ਼ਬਿਆਂ ਨੂੰ ਭੜਕਾ ਦਿੱਤਾ ਕਿ ਕਾਫ਼ਰਾਂ ਦੇ ਘਰ ਘਾਟ ਫੂਕ ਦਿਓ ਅਤੇ ਜੋ ਹੱਥ ਆਵੇ ਲੁੱਟ ਲਓ । ‘ਤਾਰੀਖਿ ਮੁਹੰਮਦ ਸ਼ਾਹੀ’ ਦਾ ਕਰਤਾ ਦੱਸਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਹੀ ਸਿੱਖਾਂ ਦੀ ਕਤਲਾਮ ਦੀ ਸ਼ਾਹੀ ਫ਼ਰਮਾਨ ਭੀ ਇਥੇ ਪੁੱਜ ਗਿਆ। ਇਸ ਨਾਲ ਪਾਗ਼ਲ ਕੱਟੜਾਂ ਨੂੰ ਲੋਕਾਂ ਉੱਤੇ ਵਧੀਕੀਆਂ ਕਰਨ ਦੀ ਸਰਕਾਰੀ ਸ਼ਹਿ ਮਿਲ ਗਈ। ਇਨ੍ਹਾਂ ਨੇ ਅੰਨ੍ਹੇਵਾਹ ਲੋਕਾਂ ਉੱਤੇਅਤਿਆਚਾਰ ਸ਼ੁਰੂ ਕਰ ਦਿੱਤੇ ਅਤੇ ਬਹੁਤ ਸਾਰੇ ਲੋਕ ਸਿੱਖ ਜਾਂ ਸਿੱਖਾਂ ਦੇ ਪੱਖੀ ਜਾਂ ਹਮਦਰਦ ਹੋਣ ਕਰਕੇ ਜਾਂ ਝੂਠ ਮੂਠ ਕਹਿ ਕੇ ਮਾਰ ਦਿੱਤੇ ਗਏ। ਉਨ੍ਹਾਂ ਨੇ ਨਿਰੋਲ ਹਿੰਦੂਆਂ ਦੀ ਧਾਰਮਕ ਪੂਜਾ ਭੀ ਰੋਕਣੀ ਸ਼ੁਰੂ ਕਰ ਦਿੱਤੀ ਜਿਸ ਦਾ ਨਤੀਜਾ ਇਹ ਹੋਇਆ ਕਿ ਇਹ ਗ਼ਰੀਬ ਅਵਧੂਤ (ਸਨਿਆਸਨ) ਹਿੰਦੂ ਜਨਾਨੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਲਾਹੌਰ ਵਿਚ ਹਿੰਦੂ ਮੁਸਲਿਮ ਫਸਾਦ ਹੋ ਗਿਆ।

ਪੁਰਾਣਿਆਂ ਸਮਿਆਂ ਤੋਂ ਰਾਵੀ ਦੇ ਕੰਢੇ ਬਾਦਸ਼ਾਹੀ ਮਹਿਲ ਪਾਸ ਸੰਨਿਆਸੀਆਂ ਦਾ ਇਕ ਮੁੱਠ ਸੀ ਜਿਥੇ ਉਹ ਤਪੱਸਿਆ ਕਰਦੇ ਅਤੇ ਸਮਾਧੀ ਲਾਇਆ ਕਰਦੇ ਸਨ । ਸੰਨਿਆਸੀਆਂ ਵਿਚ ਇਕ ਅਵਧੂਤ ਜਨਾਨੀ ਸਮਾਧੀ ਵਿਚ ਮਗਨ ਸੀ, ਕਿ ਕੁਝ ਲੁੱਚੇ ਲਫੰਗੇ ਮੁਸਲਮਾਨਾਂ ਨੇ ਕੱਟੜਪਣ ਵਿਚ ਉਸ ਦੇ ਦਿਲ ਵਿਚ ਛੁਰਾ ਮਾਰ ਦਿੱਤਾ ਅਤੇ ਉਸ ਦੀ ਖੋਪਰੀ ਤੋੜ ਦਿੱਤੀ । ਉਸ ਦੇ ਜਖ਼ਮ ਵਿਚ ਇਸ ਤਰ੍ਹਾਂ ਲਹੂ ਵਗ ਤੁਰਿਆ ਜਿਵੇਂ ਝਰਨੇ ਵਿਚੋਂ ਪਾਣੀ ਵਗਦਾ ਹੈ ਅਤੇ ਘੰਟੇ ਵਿਚ ਦੋ ਤਿੰਨ ਵਾਰੀ ਜਖ਼ਮ ਵਿਚੋਂ ਲੈ ਦੀ ਇਕ ਛੋਹੀ ਜਿਹੀ ਰਿਸ਼ਮ ਨਿਕਲਦੀ ਅਤੇ ਹਵਾ ਵਿਚ ਅਲੋਪ ਹੋ ਜਾਂਦੀ। ਜਿਹੜੇ ਭੀ ਹਿੰਦੂ ਅਤੇ ਮੁਸਲਮਾਨ ਮੋਕੇ ਉੱਤੇ ਮੌਜੂਦ ਸਨ ਸਭ ਨੂੰ ਇਸ ਦੁੱਖਭਰੀ ਘਟਨਾ ਉੱਤੇ ਬੜਾ ਅਫ਼ਸੋਸ ਅਤੇ ਅਚੰਭਾ ਹੋਇਆ, ਪਰ ਮੁਸਲਮਾਨੀ ਪੱਖਪਾਤ ਕਰਕੇ ਕੋਈ ਮੂੰਹੋਂ ਬੋਲ ਨਹੀ ਸੀ ਸਕਦਾ । ਇਸ ਤੋਂ ਬਾਅਦ ਇਕ ਹੋਰ ਜਿਆਦਾ ਚਿੰਤਾ ਭਰੀ ਘਟਨਾ ਵਾਪਰ ਗਈ।

ਇਕ ਦਿਨ ਖਾਨਿ-ਖਾਨਾਂ ਦੇ ਹਿੰਦੂ ਮੁਤਸੱਦੀ ਸ਼ਿਵ ਸਿੰਘ ਦੇ ਰਿਸ਼ਤੇਦਾਰ, ਜਿਸ ਦੇ ਪੁੱਤਰ ਨੂੰ ਮਾਤਾ ਨਿਕਲੀ ਹੋਈ ਸੀ, ਸੀਤਲਾ ਮਾਈ ਦੀ ਪੂਜਾ ਕਰਨ ਲਈ ਗਾਉਂਦੇ ਅਤੇ ਢੋਲ ਵਜਾਉਂਦੇ ਸੀਤਲਾ ਦੇਵੀ ਦੇ ਮੰਦਰ ਨੂੰ ਜਾ ਰਹੇ ਸਨ । ਇਸ ਉੱਤੇ ਲਾਹੌਰ ਦੇ ਕੱਟੜ ਮੌਲਾਣਿਆਂ ਅਤੇ ਮੌਲਵੀਆਂ ਨੇ ਇਸਲਾਮ ਦੇ ਨਾਉਂ ਉੱਤੇ ਇਹ ਕਹਿ ਕੇ ਸ਼ੋਰ ਮਚਾ ਦਿੱਤਾ ਕਿ ਸ਼ਹਿਰ ਵਿਚ ਕੁਫ਼ਰ ਵੱਧਦਾ ਜਾ ਰਿਹਾ ਹੈ। ਇਹ ਰੋਲਾ ਸੁਣ ਕੇ ਲੱਖ ਕੁ ਮੁਸਲਮਾਨ ਜਮਾ ਹੋ ਗਏ । ਇਨ੍ਹਾਂ ਵਿਚ ਬਹੁਤ ਸਾਰੇ ਅਰਾਈ ਅਤੇ ਮੋਚੀ ਸਨ ਅਤੇ ਇਨ੍ਹਾਂ ਦਾ ਮੋਹਰੀ ਸ਼ਹਿਰ ਦੇ ਲੇਖਾਕਾਰ ਦਾ ਮਿੱਤਰ ਵਿਰਦੀ ਬੇਗ ਸੀ ਜਿਸ ਦੀ ਪਿੱਠ ਉੱਤੇ ਮੌਲਾਣਿਆਂ ਦਾ ਹੱਥ ਸੀ। ਇਨ੍ਹਾਂ ਨੇ ਸ਼ਹਿਰ ਦੇ ਨਿਹੱਥੇ ਅਤੇ ਰੱਖਿਆ-ਹੀਣ ਹਿੰਦੂਆਂ ਨੂੰ ਲੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ । ਹਿੰਦੁ ਵਿਚਾਰੇ ਡਰਦੇ ਮਾਰੇ ਮੂੰਹੋਂ ਕੁਝ ਬੋਲਦੇ ਭੀ ਨਹੀਂ ਸੀ ਅਤੇ ਚੁਪ ਕੀਤੇ ਸਾਰੇ ਨਿਰਾਦਰ ਸਹੀ ਜਾ ਰਹੇ ਸਨ । ਜੇ ਕਿਧਰੇ ਬਚਨ ਸਿੰਘ ਕਛਵਾਹਾ ਅਤੇ ਬਦਨ ਸਿੰਘ ਬੁੰਦੇਲਾ, ਜਿਨ੍ਹਾਂ ਨੂੰ ਬਾਦਸ਼ਾਹ ਨੇ ਸ਼ਹਿਰ ਦੀ ਰਾਖੀ ਲਈ ਨਿਯਤ ਕੀਤਾ ਹੋਇਆ ਸੀ, ਵੇਲੇ ਸਿਰ ਇਨ੍ਹਾਂ ਦੀ ਸਹਾਇਤਾ ਨਾ ਕਰਦੇ ਤਾਂ ਸ਼ਾਇਦ ਸ਼ਹਿਰ ਦੀ ਬਹੁਤ ਸਾਰੀ ਹਿੰਦੂ ਵਸੋਂ ਮਾਰ ਕੇ ਮੁਕਾ ਹੀ ਦਿੱਤੀ ਜਾਂਦੀ । ਇਸ ਨਾਜਕ ਮੌਕੇ ਤੇ ਇਨ੍ਹਾਂ ਦੋਹਾਂ ਸਰਕਾਰਾਂ ਨੇ ਸ਼ਹਿਰੋਂ ਬਾਹਰ ਇਕ ਸੁਰੱਖਿਅਤ ਥਾਂ ਮੱਲ ਲਈ ਅਤੇ ਢੋਲ ਵਜਾ ਕੇ ਹਿੰਦੂਆਂ ਨੂੰ ਆਪਣੀ ਰਾਖੀ ਵਿਚ ਬਾਹਰ ਸੱਦ ਲਿਆ । ਜ਼ਬਰਦਸਤ ਖ਼ਾਨ ਨੇ ਇਸ ਵੇਲੇ ਦੇ ਬਣ ਰਹੇ ਹਾਲਾਤ ਨੂੰ ਭਾਪ ਲਿਆ। ਅਤੇ ਇਸ ਦੀ ਸਲਾਹ ਮੰਨ ਕੇ ਲਾਹੌਰ ਦੇ ਹਾਕਮ ਅਸਲਮ ਖ਼ਾਨ ਨੇ ਇਸ ਫ਼ਸ਼ਾਦ ਨੂੰ ਠੰਢਾ ਕੀਤਾ ।

‘ਤਾਰੀਖਿ-ਮੁਹੰਮਦ ਸ਼ਾਹੀ’ ਦਾ ਕਰਤਾ ਅੱਗੇ ਚਲ ਕੇ ਦੱਸਦਾ ਹੈ ਕਿ ਅਸਲੀਅਤ ਦੇ ਬਿਲਕੁਲ ਉਲਟ ਇਨ੍ਹਾਂ ਜਹਾਲਤ ਵਿਚ ਡੁੱਬੇ ਹੋਏ ਮੂਰਖ ਕੱਟੜਾਂ ਨੇ ਬਾਦਸ਼ਾਹ ਪਾਸ ਜਾ ਸ਼ਿਕਾਇਤ ਕੀਤੀ ਕਿ ਇਸ ਫ਼ਸਾਦ ਵਿਚ ਮੁਸਲਮਾਨਾਂ ਨੂੰ ਹਿੰਦੂਆਂ ਦੇ ਹੱਥੋਂ ਬਹੁਤ ਨੁਕਸਾਨ ਪੁੱਜਾ ਹੈ। ਕੁਝ ਸੁਆਰਥੀ ਬੰਦਿਆਂ ਨੇ ਬਾਦਸ਼ਾਹ ਨੂੰ ਇਹ ਭੀ ਕਿਹਾ ਜਾਪਦਾ ਹੈ ਕਿ ਇਸ ਫ਼ਸਾਦ ਦੀ ਤਹਿ ਵਿਚ ਸਿੱਖਾਂ ਦਾ ਹੱਥ ਹੈ। ਬਾਦਸ਼ਾਹ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਕੁਰਾਨ ਸ਼ਰੀਫ ਅਤੇ ਹਦੀਸ ਦੇ ਹਵਾਲੇ ਦੇ ਕੇ ਨਸੀਹਤਾਂ ਕੀਤੀਆਂ ਅਤੇ ਸਿੱਖਾਂ ਅਤੇ ਹਿੰਦੂਆਂ ਵਿਚ ਪਛਾਣ ਕਰਨ ਲਈ ਆਪਣਾ ਸ਼ਾਹੀ ਫ਼ਰਮਾਨ ਮੁੜ ਉਜਾਗਰ ਕੀਤਾ ਕਿ ਬਾਦਸ਼ਾਹੀ ਲਸ਼ਕਰ ਦੇ ਸਾਰੇ ਹਿੰਦੂ ਆਪਣੀਆਂ ਦਾੜ੍ਹੀਆਂ ਮੁਨਾ ਦੇਣ। ਦਾੜ੍ਹੀ ਅਤੇ ਸਿਰ ਦੇ ਕੇਸ ਹੀ ਦੋਹਾਂ ਵਿਚਕਾਰ ਜਾਹਰਾ ਪਛਾਣ ਦੇ ਚਿੰਨ੍ਹ ਹਨ, ਕਿਉਂਕਿ ‘ਸੀਅਰੁਲ-ਮੁਤਾਖ਼ਰੀਨ’ ਦੀ ਲਿਖਤ ਅਨੁਸਾਰ ਸਿੱਖ ਕਿਸੇ ਹਾਲਤ ਵਿਚ ਭੀ, ਭਾਵੇਂ ਮੌਤ ਦਾ ਦੁੱਖ ਅਤੇ ਭੈ ਸਾਹਮਣੇ ਕਿਉਂ ਨਾ ਹੋਵੇ, ਆਪਣੀਆਂ ਦਾੜੀਆਂ ਜਾਂ ਸਰੀਰ ਦੇ ਕਿਸੇ ਹਿੱਸੇ ਦੇ ਭੀ ਰੋਮ ਨਹੀਂ ਕੱਟਣ ਜਾਂ ਮੁਨਾਉਣਗੇ।

ਸ਼ਾਹ ਜਹਾਨਾਬਾਦ ਦੇ ਫੌਜਦਾਰ ਯਾਰ-ਮੁਹੰਮਦ ਖ਼ਾਨ ਕਲੰਧਰ ਦੇ ‘ਦਸਤੂਰੁਲ ਇਨਸ਼ਾ’ ਅਤੇ ‘ਰੁੱਕਾਤਿ-ਅਮੀਨੁਦੌਲਾ’ ਦੇ ਪੰਜਵੇਂ ਰੁਕੇ ਵਿਚ ਲਿਖਿਆ ਹੋਇਆ ਹੈ ਕਿ :

ਉਸੇ ਦਿਨ ਜਿਸ ਦਿਨ ਕਿ ਨਾਨਕ-ਪ੍ਰਸਤਾਂ (ਨਾਨਕ ਪੂਜ-ਸਿੱਖਾਂ) ਨੂੰ ਉਨ੍ਹਾਂ ਦੀਆਂ ਸ਼ਰਾਰਤਾਂ ਦੀ ਸਜਾ ਮਿਲੀ, ਸ਼ਾਹੀ ਹੁਕਮ ਜਾਰੀ ਹੋਇਆ ਕਿ ਸ਼ਾਹੀ ਲਸ਼ਕਰ ਦੇ ਸਾਰੇ ਹਿੰਦੂਆਂ ਦੀਆਂ ਦਾੜ੍ਹੀਆਂ ਕੱਟ ਦਿੱਤੀਆਂ ਜਾਣ ਅਤੇ ਸਾਰੇ ਸੂਬਿਆਂ ਵਿਚ ਹੁਕਮ ਉਜਾਗਰ ਕਰ ਦਿੱਤਾ ਜਾਏ ਕਿ ਕੋਈ ਬੇਦੀਨ (ਗ਼ੈਰ-ਮੁਸਲਿਮ) ਲੰਮੀ ਦਾੜ੍ਹੀ ਨਾ ਰੱਖੇ ਅਤੇ ਜੇ ਕੋਈ ਅਜਿਹਾ ਮਿਲ ਜਾਏ ਤਾਂ ਉਸ ਦੀ ਦਾੜ੍ਹੀ ਪੁੱਟ ਦਿੱਤੀ ਜਾਏ। ਚੁਨਾਂਚਿ ਸਾਰੇ ਬਾਦਸ਼ਾਹੀ ਦੇਸ਼ਾਂ ਵਿਚ ਇਹ ਗੱਲ ਨਸ਼ਰ ਕਰ ਦਿੱਤੀ ਗਈ। ਬਾਦਸ਼ਾਹੀ ਕੰਪੂ ਵਿਚ ਇਸ ਹੁਕਮ ਨੇ ਇਹ ਰੂਪ ਧਾਰ ਲਿਆ ਕਿ ਫ਼ੌਜਾਂ ਦੇ ਦਿਓ-ਕੱਦ ਸਰਦਾਰ ਨਾਈਆਂ ਨੂੰ ਨਾਲ ਲਈ ਗੰਦੇ ਪਾਣੀ ਦੀਆਂ ਚਿਲਮਚੀਆਂ ਸਮੇਤ ਗਲੀਆਂ ਅਤੇ ਬਜ਼ਾਰਾਂ ਵਿਚ ਜਿਸ ਕਿਸੇ ਨੂੰ ਦੇਖਦੇ ਨਿਰਾਦਰੀ ਨਾਲ ਉਸ ਦੀ ਦਾੜ੍ਹੀ ਮੁੰਨ ਦਿੰਦੇ ਅਤੇ ਉਸ ਦੀ ਪਗੜੀ ਅਤੇ ਜਾਮੇ ਲਾਹ ਦਿੰਦੇ । ਬਾਦਸ਼ਾਹ ਅਤੇ ਸ਼ਾਹਜ਼ਾਦਿਆਂ ਦੇ ਦਫ਼ਤਰਾਂ ਦੇ ਜਾਣਕਾਰ ਮੁਤਸੱਦੀ ਅਤੇ ਦੂਸਰੇ ਹਿੰਦੂ ਆਪਣੀਆਂ ਦਾੜ੍ਹੀਆਂ ਆਪਣੇ ਆਪਣੇ ਘਰੀਂ ਹੀ ਮੁਨਾ ਕੇ (ਮਾਲਕਾਂ ਦੇ) ਹਜ਼ੂਰ ਆਉਂਦੇ । ਚੁਨਾਂਚਿ ਇਹ ਗੱਲ ਵਧਦੀ ਗਈ ਅਤੇ ਦਿਨੋਂ ਦਿਨ ਉਦੋਂ ਤਕ ਜ਼ਿਆਦਾ ਹੁੰਦੀ ਗਈ ਜਦ ਕਿ ਬਾਦਸ਼ਾਹੀ ਡੇਰਾ ਲਾਹੌਰ ਦੇ ਲਾਗੇ ਜਾ ਪੁੱਜਾ ਅਤੇ ਤਖ਼ਤ ਉੱਤੇ ਬੈਠਣ ਦੀ ਰਸਮ ਲਈ ਤਿਆਰੀਆਂ ਦਾ ਹੁਕਮ ਜਾਰੀ ਹੋ ਗਿਆ।

ਕੁਝ ਚਿਰ ਤੋਂ ਬਾਦਸ਼ਾਹ ਵੱਲੋਂ ਸ਼ੀਆਂ ਵੱਲ ਝੁਕਾਓ ਦੇ ਕਾਰਣ ਅੰਦਰੋਂ ਅੰਦਰ ਸੁੰਨੀਆਂ ਵਿਚ ਤੋਖ਼ਲਾ ਪੈਦਾ ਹੋ ਰਿਹਾ ਸੀ । ਸਾਰੀ ਹਕੂਮਤ ਦੀਆਂ ਮਸੀਤਾਂ ਵਿਚ ਬਾਦਸ਼ਾਹ ਲਈ ਜੁੰਮੇ ਦੀ ਨਮਾਜ਼ ਵਿਚ ਹਜ਼ਰਤ ਮੁਹੰਮਦ ਦੇ ਵਾਰਸ ਹਜ਼ਰਤ ਅਲੀ ਲਈ ਸ਼ਬਦ ‘ਵਸੀ’ ਦਾ ਵਾਧਾ ਰੌਲੇ ਦਾ ਕਾਰਣ ਬਣ ਗਿਆ । ਇਸੇ ਕਾਰਣ ਅਗੇ ਸੁੰਨੀਆਂ ਅਤੇ ਸ਼ੀਆਂ ਵਿਚਕਾਰ ਅਹਿਮਦਾਬਾਦ ਅਤੇ ਹੋਰ ਥਾਈਂ ਫ਼ਸਾਦ ਹੋ ਚੁੱਕੇ ਸਨ ਅਤੇ ਲਾਹੌਰ ਵਿਚ ਭੀ ਸੁੰਨੀ ਮੁੱਲਾਵਾਂ ਦੇ ਇਤਰਾਜ਼ ਕਰਨ ਪਰ ਕੁਝ ਚਿਰ ਤੋਂ ਜੁਮੇ ਦੀ ਨਮਾਜ਼ ਪਿਛੋਂ ਖੁਤਬਾ ਨਹੀ ਸੀ ਪੜ੍ਹਿਆ ਗਿਆ । ਲਾਹੌਰ ਪੁੱਜਣ ਪਰ ਪਹਿਲਾਂ ਪਹਿਲਾਂ ਤਾਂ ਬਾਦਸ਼ਾਹ ਆਪਣੇ ਹਠ ਉੱਤੇ ਅੜਿਆ ਰਿਹਾ, ਖੁਤਬਾ ਨਾ ਪੜ੍ਹਨ ਵਾਲੇ ਖ਼ਤੀਬ ਨੂੰ ਗ੍ਰਿਫ਼ਤਾਰ ਕਰਕੇ ਕੈਦ ਕਰਨ ਲਈ ਆਗਰੇ ਭੇਜ ਦਿੱਤਾ ਅਤੇ ਇਸਲਾਮ ਖ਼ਾਨ ਮੀਰਆਤਿਸ਼ ਨੂੰ ਹੁਕਮ ਦਿੱਤਾ ਕਿ ਅਗਲੇ ਜੁਮੇ ਨੂੰ ਤੋਪ ਖ਼ਾਨਾ ਲੈ ਕੇ ਜਾਮੇ-ਮਸੀਤ ਜਾਵੇ ਅਤੇ ਨਵੇਂ ਰੂਪ ਵਿਚ ਸ਼ਬਦ ‘ਵਸੀ’ ਵਧਾ ਕੇ ਖੁਤਬਾ ਪੜ੍ਹੇ ਜਾਣ ਦਾ ਪ੍ਰਬੰਧ ਕਰੇ । ਪਰ ਆਖ਼ਰ ਬਾਦਸ਼ਾਹ ਨੇ ਹਠ ਛੱਡ ਦਿੱਤਾ ਅਤੇ 19 ਸ਼ਾਬਾਨ 1123 (21 ਸਤੰਬਰ ਸੰਨ 1711 ) ਜੁਮੇ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਦੀ ਤਰ੍ਹਾਂ ਹੀ ਪੁਰਾਣੇ ਢੰਗ ਦਾ ਖੁਤਬਾ ਪੜ੍ਹਿਆ ਗਿਆ ਤੇ ਇਸ ਤਰ੍ਹਾਂ ਸ਼ੀਆਂ ਅਤੇ ਸੁੰਨੀਆਂ ਵਿਚਕਾਰ ਫ਼ਸਾਦ ਹੋ ਜਾਣ ਦਾ ਖ਼ਤਰਾ ਮਿੱਟ ਗਿਆ।

ਬਾਦਸ਼ਾਹ ਦੇ ਲਾਹੌਰ ਟਿਕੇ ਹੋਣ ਵੇਲੇ ਬੰਦਾ ਸਿੰਘ ਜੰਮੂ ਦੀਆਂ ਪਹਾੜੀਆਂ ਚੋਂ ਨਿਕਲ ਕੇ ਦੱਖਣ-ਚੜ੍ਹਦੇ ਨੂੰ ਖਿਸਕ ਗਿਆ ਅਤੇ ਮੁਹੰਮਦ ਅਮੀਨ ਖ਼ਾਨ ਦੀਆਂ ਫ਼ੌਜਾਂ ਉਸ ਦੀ ਸੂਹ ਪਿੱਛੇ ਪਈਆਂ ਰਹੀਆਂ, ਅਤੇ ਜਦੋਂ ਭੀ ਬਾਦਸ਼ਾਹ ਨੂੰ ਕੋਈ ਖ਼ਬਰ ਮਿਲਦੀ ਤਾਂ ਉਹ ਜਰੂਰੀ ਹੁਕਮ ਦੇ ਦਿੰਦਾ।

। ਜੀ-ਅਲਹਿੱਜਾ 1123 ਹਿਜਰੀ (30 ਦਸੰਬਰ, 1711), ਨੂੰ ਬਾਦਸ਼ਾਹ ਬਹਾਦੁਰ ਸ਼ਾਹ ਦੇ ਰਾਜ ਦਾ ਛੇਵਾਂ ਸਾਲ ਆਰੰਭ ਹੋਇਆ। ਇਸ ਮਹੀਨੇ ਦੇ ਅੱਧ ਵਿਚ ਜਨਵਰੀ ਦੇ ਦੂਸਰੇ ਹਫ਼ਤੇ ਦੇ ਅੰਤ ਉਸ ਦੀ ਤਬੀਅਤ ਕੁਝ ਖਰਾਬ ਹੋ ਗਈ ਅਤੇ ਦਿਨੋ ਦਿਨ ਉਸ ਦੀ ਹਾਲਤ ਬਿਗੜਦੀ ਗਈ। ਪਿਛੋਂ ਉਸ ਦੇ ਦਿਮਾਗ਼ ਵਿਚ ਕੁਝ ਖਰਾਬੀ ਜਿਹੀ ਆ ਗਈ ਅਤੇ ਇਉਂ ਪ੍ਰਤੀਤ ਹੋਣ ਲੱਗ ਪਿਆ। ਜਿਵੇਂ ਕਿ ਬਾਦਸ਼ਾਹ ਨੂੰ ਭਰਮ (ਵਹਿਮ) ਦੀ ਬੀਮਾਰੀ ਹੋ ਗਈ ਹੈ। ਇਕ ਦਿਨ ਫ਼ਰਵਰੀ 1712 ਦੇ ਦੂਸਰੇ ਹਫ਼ਤੇ ਮੁਹੱਰਮ 1124 ਹਿਜ਼ਰੀ ਦੇ ਅੱਧ ਵਿਚ) ਪਤਾ ਨਹੀਂ ਬਾਦਸ਼ਾਹ ਦੇ ਦਿਮਾਗ ਵਿਚ ਕੀ ਗੱਲ ਸਮਾਈ ਕਿ ਉਸ ਨੇ ਹੁਕਮ ਦੇ ਦਿੱਤਾ ਕਿ ਬਾਦਸ਼ਾਹੀ ਡੇਰੇ ਅਤੇ ਸ਼ਹਿਰ ਦੇ ਸਾਰੇ ਕੁੱਤੇ ਅਤੇ ਖੋਤੇ ਮਾਰ ਦਿੱਤੇ ਜਾਣ ਅਤੇ ਜੋਗੀ ਸਾਧੂਆਂ ਅਤੇ ਸੰਨਿਆਸੀਆਂ ਨੂੰ ਕੱਢ ਦਿੱਤਾ ਜਾਏ । ਪੰਜਾਬ ਵਿਚ ਇਹ ਇਕ ਪੁਰਾਣਾ ਵਹਿਮ ਹੁਣ ਤਕ ਚਲਿਆ ਆ ਰਿਹਾ ਹੈ ਕਿ ਕੁੱਤੇ ਉਦੋਂ ਰੋਂਦੇ ਹਨ ਜਦ ਉਨ੍ਹਾਂ ਨੂੰ ਅਸਮਾਨ ਵਿਚ ਜਮਦੂਤ ਜਾਂ ਮੌਤ ਦੇ ਫ਼ਰਿਸ਼ਤੇ ਦਿਸਦੇ ਹਨ । ਸ਼ਾਇਦ ਬਾਦਸ਼ਾਹ ਨੂੰ ਆਪਣੀ ਵਡੇਰੀ ਉਮਰ ਵਿਚ ਵੱਧਦੀ ਜਾ ਰਹੀ ਬੀਮਾਰੀ ਦੇ ਦਿਨੀਂ ਕੁੱਤਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਆਪਣੀ ਮੌਤ ਦਾ ਭੈ ਆਉਣ ਲਗ ਪਿਆ ਹੋਵੇ । ਚੁਨਾਂਚਿ ਬਾਦਸ਼ਾਹ ਦਾ ਹੁਕਮ ਹੋਣ ਪਰ ਸੈਂਕੜੇ ਕੁੱਤੇ ਹਰ ਰੋਜ਼ ਮਾਰੇ ਜਾਣ ਲਗ ਪਏ । ਅਮੀਨ ਦੀਨ ਨੇ, ਜਿਸ ਦਾ ਤੰਬੂ ਦਰਿਆ ਦੇ ਕੰਢੇ ਉੱਤੇ ਸੀ, ਆਪ ਦੇਖਿਆ ਕਿ ਸਵੇਰੇ ਪਹੁ-ਫੁਟਾਲੇ ਨਾਲ ਸ਼ਹਿਰ ਦੇ ਕੁੱਤੇ ਦਰਿਆ ਵਿਚ ਛਾਲਾਂ ਮਾਰ ਕੇ ਤਰ ਕੇ ਪਾਰਲੇ ਪਾਸੇ ਚਲੇ ਜਾਂਦੇ ਅਤੇ ਰਾਤ ਨੂੰ ਅਨ੍ਹੇਰੇ ਪਏ ਉਨ੍ਹਾਂ ਘਰਾਂ ਨੂੰ ਮੁੜ ਆਉਂਦੇ ਜਿਥੋਂ ਉਨ੍ਹਾਂ ਨੂੰ ਖਾਣ ਨੂੰ ਕੁਝ ਮਿਲਦਾ ਸੀ ।

ਜੋਗੀਆਂ, ਸੰਨਿਆਸੀਆਂ, ਬੈਰਾਗੀਆਂ, ਆਦਿ ਸੰਬੰਧੀ 28 ਅਕਤੂਬਰ, ਸੰਨ 1711 (27 ਰਮਜ਼ਾਨ 1123 ਹਿਜ਼ਰੀ) ਨੂੰ ਬਾਦਸ਼ਾਹ ਪਾਸ ਸ਼ਿਕਾਇਤ ਹੋਈ ਸੀ ਕਿ ਇਹ ਲੋਕ ਬਾਦਸ਼ਾਹੀ ਲਸ਼ਕਰ ਦੀਆਂ ਖ਼ਬਰਾਂ ਬੰਦਾ ਸਿੰਘ ਨੂੰ ਪਹੁੰਚਾਉਂਦੇ ਹਨ। ਇਹ ਸੁਣ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਸੀ ਕਿ ਜਿਸ ਕਿਸੇ ਦੇ ਵਿਰੁੱਧ ਇਹ ਸਾਬਤ ਹੋ ਜਾਏ ਉਸ ਨੂੰ ਕਤਲ ਕਰ ਦਿੱਤਾ ਜਾਏ ਅਤੇ ਹਿੰਦੂ ਸਾਧੂਆਂ ਨੂੰ ਲਸ਼ਕਰੋਂ ਬਾਹਰ ਕੱਢ ਦਿੱਤਾ ਜਾਏ ।

14 ਫਰਵਰੀ (17 ਮੁਹੱਰਮ) ਨੂੰ ਬਾਦਸ਼ਾਹ ਦਾ ਆਖ਼ਰੀ ਦਰਬਾਰ ਸੀ । 15 ਫ਼ਰਵਰੀ ਨੂੰ ਸਵੇਰੇ ਲੋਕਾਂ ਨੂੰ ਪਤਾ ਲੱਗਾ ਕਿ ਰਾਤ ਨੂੰ ਤਿਲੀ ਦੀ ਸੋਜ ਨਾਲ ਬਾਦਸ਼ਾਹ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਹੈ। ਇਹ ਖ਼ਬਰ ਸੁਣ ਕੇ ਬਾਦਸ਼ਾਹਜ਼ਾਦਿਆਂ, ਵੱਡੇ ਵੱਡੇ ਅਮੀਰਾਂ (ਸਰਦਾਰਾਂ) ਅਤੇ ਲਸ਼ਕਰਾਂ ਵਿਚ ਬੜੀ ਅਫੜਾ-ਤਫੜੀ ਮਚ ਗਈ । ਤਿੰਨ ਦਿਨ ਵੈਦਾਂ ਹਕੀਮਾਂ ਨੇ ਆਪਣੀ ਵੱਲੋਂ ਬੜੇ ਜਤਨ ਕੀਤੇ, ਪਰ ਹੁੰਦਾ ਉਹੀ ਹੈ ਜੋ ਕਰਤਾਰ ਨੂੰ ਭਾਵੇ । (ਆਖਰ 21 ਮੁਹੱਰਮ ਸਨ 1124 ਹਿਜ਼ਰੀ, 6 ਬਹਾਦੁਰ ਸ਼ਾਹੀ) 17-18 ਫ਼ਰਵਰੀ ਸਨ 1712 ਦੀ ਰਾਤ ਨੂੰ ਬਾਦਸ਼ਾਹ ਸ਼ਾਹ-ਆਲਮ ਬਹਾਦੁਰ ਸ਼ਾਹ ਇਸ ਅਸਾਰ ਸੰਸਾਰ ਨੂੰ ਛੱਡ ਕੇ ਚਲਾਣਾਂ ਕਰ ਗਿਆ । ਬਾਦਸ਼ਾਹ ਦਾ ਸਰੀਰ ਦਫ਼ਨਾਉਣ ਲਈ ਤਿਆਰ ਕਰਕੇ ਮੌਲਵੀ ਮੁਰਾਦੁੱਲਾ, ਮਹਿਫੂਜ਼ ਖ਼ਾਨ ਅਤੇ ਅਬਦੁਲ ਕਾਦਰ ਨੇ ਤਾਬੂਤ ਵਿਚ ਪਾ ਦਿੱਤਾ ਪਰ ਜਿਤਨੀ ਦੇਰ ਤਕ ਤਖ਼ਤ ਦੇ ਵਾਲੀ ਦਾ ਫ਼ੈਸਲਾ ਨਾ ਹੋਇਆ, ਇਹ ਤਾਬੂਤ ਬਿਨਾਂ ਦਫ਼ਨਾਏ ਹੀ ਪਿਆ ਰਿਹਾ। ਅੰਤ 5 ਰੱਬੀ-ਉਲ-ਅੱਵਲ (1 ਅਪ੍ਰੈਲ) ਨੂੰ ਬਾਦਸ਼ਾਹ ਦੀ ਵਿਧਵਾ ਮਲਿਕਾ ਬੀਬੀ ਮਿਹਰ-ਪਰਵਰ ਅਤੇ ਚੀਨ-ਕਿਲੀਚ ਮੁਹੰਮਦ ਖ਼ਾਨ ਦੀ ਸੁਪਰਦਗੀ ਵਿਚ ਲੋਥ ਦਿੱਲੀ ਨੂੰ ਤੋਰੀ ਗਈ ਜਿੱਥੇ ਇਹ 5 ਮਈ ਨੂੰ ਪੁੱਜੀ ਅਤੇ ਖੁਆਜਾ ਬਖ਼ਤਿਆਰ ਕਾਕੀ ਦੀ ਦਰਗਾਹ ਦੇ ਲਾਗੇ ਬਾਦਸ਼ਾਹ ਔਰੰਗਜ਼ੇਬ ਦੀ ਬਣਵਾਈ ਹੋਈ ਸੰਗਮਰਮਰ ਦੀ ਮਸੀਤ ਦੇ ਵਿਹੜੇ ਵਿਚ ਦਫ਼ਨਾਈ ਗਈ।

ਬਾਦਸ਼ਾਹ ਦੀ ਮੌਤ ਤੋਂ ਬਾਅਦ ਪਿਓ ਦਾਦਿਆਂ ਦੇ ਰਵਾਜ ਅਨੁਸਾਰ ਤਖ਼ਤ ਲਈ ਆਪਾ-ਧਾਪੀ ਪੈ ਗਈ। ਲਾਹੌਰ ਸ਼ਹਿਰ ਦੀ ਫਸੀਲ ਤੋਂ ਬਾਹਰ 4-7 ਮਾਰਚ (6-9 ਸਫ਼ਰ) ਨੂੰ ਹੋਈ ਲੜਾਈ ਵਿਚ ਸ਼ਾਹਜਾਦਾ ਅਜੀਮੁੱਸ਼ਾਨ ਦਾ ਹਾਥੀ ਤੋਪ ਦੇ ਇਕ ਗੋਲੇ ਨਾਲ ਫੱਟੜ ਹੋ ਕੇ ਇੰਨਾ ਬੇਕਾਬੂ ਹੋ ਗਿਆ ਕਿ ਉਸ ਨੇ ਰਾਵੀ ਦਰਿਆ ਵਿਚ ਜਾ ਛਾਲ ਮਾਰੀ ਜਿਸ ਨਾਲ ਸ਼ਾਹਜ਼ਾਦਾ ਅਤੇ ਹਾਥੀ ਦੋਨੋਂ ਹੀ ਡੁੱਬ ਮੋਏ। ਆਖ਼ਰ ਜਹਾਦਾਰ ਸ਼ਾਹ ਆਪਣੇ ਬਾਕੀ ਭਰਾਵਾਂ ਜਹਾਨ ਸ਼ਾਹ ਅਤੇ ਰਫ਼ੀ-ਉ-ਸ਼ਾਨ ਨੂੰ 19-20 ਸਫ਼ਰ (17-18 ਮਾਰਚ) ਦੀ ਲੜਾਈ ਵਿਚ ਮਾਰ ਮੁਕਾ ਕੇ 19 ਮਾਰਚ ਨੂੰ ਤਖ਼ਤ ਉੱਤੇ ਬੈਠਾ । ਜਾਹਨ ਦਾਰ ਸ਼ਾਹ ਦਾ ਰਾਜ ਕਤਲਾਂ ਅਤੇ ਕੈਦਾਂ ਦੀ ਲੜੀ ਨਾਲ ਸ਼ੁਰੂ ਹੋਇਆ, ਪਰ ਇਹ ਬਹੁਤ ਦੇਰ ਨਾ ਚਲ ਸਕਿਆ । ਦਸਾਂ ਮਹੀਨਿਆਂ ਪਿੱਛੋਂ ਸ਼ਾਹਜ਼ਾਦਾ ਅਜੀਮੁਸ਼ਾਨ ਦੇ ਪੁੱਤਰ ਫ਼ਰੁੱਖਸੀਅਰ ਨੇ ਉਸ ਨੂੰ ਹਾਰ ਦਿੱਤੀ ਅਤੇ ਸੱਯਦ ਹਸਨ ਅਤੇ ਅਬਦੁੱਲਾ ਦੀ ਸਹਾਇਤਾ ਨਾਲ 17 ਮੁਹੱਰਮ 1125 ਹਿਜ਼ਰੀ (2 ਫ਼ਰਵਰੀ 1713) ਨੂੰ ਆਪਣੇ ਚਾਚੇ ਨੂੰ ਮਾਰ ਕੇ ਤਖ਼ਤ ਉੱਤੇ ਬੈਠਾ ।

ਬਾਦਸ਼ਾਹੀ ਤਖ਼ਤ ਲਈ ਆਪਾ-ਧਾਪੀ ਅਤੇ ਲਾਹੌਰ ਅਤੇ ਦਿੱਲੀ ਵਿਚ ਫਰਵਰੀ ਸੰਨ 1712 ਤੋਂ ਸੰਨ 1713 ਦੀਆਂ ਗਰਮੀਆਂ ਤਕ, ਜਦ ਕਿ ਅਬਦੁੱਸਮੱਦ ਖ਼ਾਨ ਨੇ ਸਢੌਰੇ ਨੂੰ ਘੇਰਾ ਪਾਇਆ, ਰਾਜ-ਰੌਲੇ ਦਾ ਸਮਾਂ ਖਾਲਸਿਆਂ ਦਾ ਮੁੜ ਜੋਰ ਪੈ ਜਾਣ ਲਈ ਬੜਾ ਸਹਾਈ ਹੋਇਆ । ਦਸੰਬਰ 1710 ਵਿਚ ਲੋਹਗੜ੍ਹ ਖਾਲੀ ਕਰਨ ਪਿਛੋਂ ਜਿਵੇਂ ਪਿਛੇ ਲਿਖਿਆ ਜਾ ਚੁੱਕਿਆ ਹੈ, ਬੰਦਾ ਸਿੰਘ ਬਹਿਰਾਮਪੁਰ, ਦੇ ਲਾਗੇ ਜਾ ਨਿਕਲਿਆ ਸੀ ਜਿਥੇ ਕਿ ਬਾਯਜ਼ੀਦ ਖ਼ਾਲ ਅਤੇ ਸ਼ਮਸ ਖ਼ਾਨ ਨਾਲ ਲੜਾਈ ਹੋਈ ਸੀ । ਇਸ ਲੜਾਈ ਵਿਚ ਸ਼ੱਮਸ ਖ਼ਾਨ ਤਾਂ ਥਾਂ ਹੀ ਮਾਰਿਆ ਗਿਆ ਸੀ ਅਤੇ ਬਾਯਜ਼ੀਦ ਖ਼ਾਨ ਇਥੇ ਇਤਨਾ ਬੁਰੀ ਤਰ੍ਹਾਂ ਘਾਇਲ ਹੋ ਗਿਆ ਸੀ ਕਿ ਤਿੰਨ ਦਿਨਾਂ ਪਿੱਛੋਂ ਮਰ ਗਿਆ । ਇਸ ਤੋਂ ਬਾਅਦ ਬੰਦਾ ਸਿੰਘ ਨੇ ਕਲਾਨੌਰ ਅਤੇ ਬਟਾਲੇ ਦੇ ਪਰਗਣੇ ਜਾ ਮਾਰੇ ਅਤੇ ਫੇਰ ਬਹਾਦੁਰ ਸ਼ਾਹ ਦੇ ਪੁੱਜਣ ਤੋਂ ਪਹਿਲਾਂ ਪਹਿਲਾਂ ਪਸਰੂਰ ਜਾ ਸੋਧਿਆ ਅਤੇ ਰੁਸਤਮ ਖ਼ਾਨ ਅਤੇ ਮੁਹੰਮਦ ਅਮੀਨ ਖ਼ਾਨ ਦੇ ਸਾਹਮਣਿਓਂ ਪੜੋਲ, ਕਠੂਹੇ ਵੱਲੋਂ ਨਿਕਲ ਕੇ ਜੰਮੂ ਦੀਆਂ ਦੱਖਣ-ਚੜ੍ਹਦੀਆਂ ਪਹਾੜੀਆਂ ਵਿਚ ਜਾ ਵੜਿਆ ਸੀ ਜਿਥੋਂ ਕਿ ਮੁਹੰਮਦ ਅਮੀਨ ਖ਼ਾਨ ਛੇਤੀ ਹੀ ਬੰਦਾ ਸਿੰਘ ਦਾ ਖੁਰਾ ਭੀ ਨਾ ਲਭ ਸਕਿਆ, ਪਰ ਉਹ ਸਿੰਘਾਂ ਦੇ ਮਗਰ ਜਰੂਰ ਪਿਆ ਰਿਹਾ।

ਬਹਾਦੁਰ ਸ਼ਾਹ ਦੀ ਮੌਤ ਦੀ ਖ਼ਬਰ ਸੁਣ ਕੇ ਮੁਹੰਮਦ ਅਮੀਨ ਖ਼ਾਨ ਤਖ਼ਤ ਲਈ ਹੋਣ ਵਾਲੀ ਸ਼ਾਹਜ਼ਾਦਿਆਂ ਦੀ ਲੜਾਈ ਵਿਚ ਹਿੱਸਾ ਲੈਣ ਲਈ ਲਾਹੌਰ ਪੁੱਜ ਗਿਆ। ਇਸ ਵੇਲੇ ਸਿੰਘਾਂ ਨੂੰ ਮੁੜ ਹੱਥ ਪੈਰ ਪਸਾਰਨ ਅਤੇ ਖੁੱਸੀ ਹੋਈ ਤਾਕਤ ਨੂੰ ਮੁੜ ਕਾਇਮ ਕਰਨ ਦਾ ਸਮਾਂ ਮਿਲ ਗਿਆ। ਬੰਦਾ ਸਿੰਘ ਨੇ ਇਸ ਮੌਕੇ ਦਾ ਲਾਭ ਉਠਾ ਕੇ ਝੱਟ ਪੱਟ ਸਢੌਰੇ ਉੱਤੇ ਮੁੜ ਕਬਜ਼ਾ ਕਰ ਲਿਆ। ਜਿਸ ਫੁਰਤੀ ਨਾਲ ਉਹ ਅੜ ਬੜ ਪਹਾੜਾਂ ਅਤੇ ਔਖੀਆਂ ਖੱਡਾਂ ਵਿਚ ਫਿਰ ਨਿਕਲਦਾ ਸੀ ਉਹ ਹੈਰਾਨ ਕਰ ਦੇਣ ਵਾਲੀ ਸੀ । ਸਢੌਰੇ ਨੂੰ ਕਾਬੂ ਕਰ ਕੇ ਉਸ ਨੇ ਲੋਹਗੜ੍ਹ ਕਿਲੇ ਦੀ ਮੁਰੰਮਤ ਕਰਵਾ ਲਈ ਅਤੇ ਦੋ ਵਰ੍ਹਿਆਂ ਤੋਂ ਉੱਪਰ ਸਮੇਂ ਲਈ ਇਸ ਨੂੰ ਫੇਰ ਖਾਲਸੇ ਦੀ ਰਾਜਧਾਨੀ ਬਣ ਜਾਣ ਦਾ ਮਾਣ ਪ੍ਰਾਪਤ ਹੋਇਆ।

ਸਢੌਰਾ ਅਤੇ ਲੋਹਗੜ੍ਹ ਦੇ ਘੇਰੇ

ਇਸ ਤੋਂ ਪਹਿਲਾਂ ਕਿ ਅਸੀਂ ਬਾਦਸ਼ਾਹ ਫ਼ੱਰੁਖ਼-ਸੀਅਰ ਦੇ ਸਮੇਂ ਸਢੌਰੇ ਅਤੇ ਲੋਹਗੜ੍ਹ ਦੇ ਘੇਰਿਆਂ ਦਾ ਜ਼ਿਕਰ ਕਰੀਏ, ਇਹ ਜ਼ਰੂਰੀ ਜਾਪਦਾ ਹੈ ਕਿ ਪੜੋਲ ਅਤੇ ਕਠੂਹੇ ਤੋਂ ਬੰਦਾ ਸਿੰਘ ਦੇ ਬਚ ਕੇ ਨਿਕਲ ਜਾਣ ਪਿੱਛੋਂ ਉਸ ਦੇ ਮੁੜ ਲੋਹਗੜ੍ਹ ਉੱਤੇ ਕਬਜ਼ਾ ਕਰ ਲੈਣ ਅਤੇ ਫ਼ੱਰੁਖ਼-ਸੀਅਰ ਦੇ ਹੁਕਮ ਨਾਲ ਬਾਦਸ਼ਾਹੀ ਫ਼ੌਜਾਂ ਦੇ ਇੱਥੇ ਘੇਰੇ ਲਈ ਜਾ ਪੁੱਜਣ ਤਕ ਬੀਤੇ ਵਾਕਿਆਤ ਦਾ ਸੰਖੇਪ ਜ਼ਿਕਰ ਕਰ ਦੇਈਏ ।

ਰੁਸਤਮ-ਦਿਲ ਖ਼ਾਨ ਦੇ ਮੁਹਿੰਮ ਤੋਂ ਮੁੜ ਆਉਣ ਅਤੇ ਲਾਹੌਰ ਵਿਚ ਕੈਦ ਕੀਤੇ ਜਾਣ ਦੇ 22 ਅਗਸਤ ਤਕ ਦੇ ਹਾਲ ਪਿਛੇ ਲਿਖੇ ਜਾ ਚੁੱਕੇ ਹਨ (ਅਤੇ ਉਸ ਦੀ ਰਿਹਾਈ ਦਾ ਜ਼ਿਕਰ ਭੀ ਉਥੇ ਹੋ ਚੁੱਕਾ ਹੈ) । ਇਸ ਤੋਂ ਪੰਜਵੇਂ ਦਿਨ 27 ਅਗਸਤ ਸੰਨ 1711 (24 ਰੱਜਬ 1123 ਹਿਜ਼ਰੀ, ਪੰਜ ਬਹਾਦੁਰ ਸ਼ਾਹੀ) ਨੂੰ ਬਾਦਸ਼ਾਹ ਨੂੰ ਖ਼ਬਰ ਪੁੱਜੀ ਕਿ ਬੰਦਾ ਸਿੰਘ ਲੋਹਗੜ੍ਹ ਜਾਣ ਦੇ ਖ਼ਿਆਲ ਨਾਲ ਰੋਪੜ ਦੇ ਪਾਸੇ ਜਾ ਨਿਕਲਿਆ ਹੈ ਅਤੇ ਮੁਹੰਮਦ ਅਮੀਨ ਖ਼ਾਨ ਫ਼ੌਜ ਸਮੇਤ ਉਸ ਦੇ ਵਿਰੁੱਧ ਤੁਰ ਗਿਆ ਹੈ । ਬਾਦਸ਼ਾਹ ਨੇ ਪੰਜਵੇਂ ਦਿਨ 31 ਅਗਸਤ (28 ਰੱਜਬ) ਨੂੰ ਜ਼ੈਨੁ-ਦੀਨ ਅਹਿਮਦ ਖ਼ਾਨ ਨੂੰ ਚਕਲਾ ਸਰਹੰਦ ਦਾ ਫ਼ੌਜਦਾਰ ਨਿਯਤ ਕੀਤਾ ਅਤੇ 800 ਜਾਤ ਅਤੇ 540 ਸਵਾਰ ਦਾ ਅਹੁਦਾ ਬਖ਼ਸ਼ ਕੇ ਹੁਕਮ ਦਿੱਤਾ ਕਿ ਛੇਤੀ ਹੀ ਉਸ ਦਾ ਅਹੁਦਾ ਵਜ਼ੀਰ ਖ਼ਾਨ ਦੇ ਬਰਾਬਰ ਵਧਾ ਦਿੱਤਾ ਜਾਏਗਾ । ਇਹ ਵਹਿਦਾ ਇਸ ਖ਼ਿਆਲ ਨਾਲ ਕੀਤਾ ਗਿਆ ਕਿ ਤਰੱਕੀ ਹੋਣ ਦੀ ਆਸ ਨਾਲ ਉਹ ਸਿੰਘਾਂ ਦੇ ਵਿਰੁੱਧ ਪੂਰਾ ਤਰਾਣ ਲਾਏਗਾ । 14 ਸਤੰਬਰ (12 ਸ਼ਾਬਾਨ) ਨੂੰ ਮੁਹੰਮਦ ਅਮੀਨ ਖ਼ਾਨ ਨਾਲ ਨਿਯਤ ਸ਼ੰਕਰ ਰਾਓ ਹਰਕਾਰੇ ਦੀ ਲਿਖਤ ਤੋਂ ਪਤਾ ਲੱਗਾ ਕਿ 6 ਸਤੰਬਰ (4 ਸ਼ਾਬਾਨ) ਨੂੰ ਬੰਦਾ ਸਿੰਘ ਸਤਲੁਜ ਦਰਿਆ ਪਾਰ ਲੰਘ ਗਿਆ ਹੈ। ਇਸੇ ਦਿਨ ਇਹ ਭੀ ਖ਼ਬਰ ਪੁੱਜੀ ਕਿ ਕੁਝ ਸਿੱਖ ਗੁਲੇਰ ਦੇ ਇਲਾਕੇ ਵਿਚ ਦਰਿਆ ਪਾਰ ਕਰ ਰਹੇ ਹਨ ਅਤੇ ਉਨ੍ਹਾਂ ਦੀ ਚੋਖੀ ਗਿਣਤੀ ਅੰਬੋਟੇ ਇਕੱਠੀ ਹੋਈ ਹੋਈ ਹੈ। ਇਹ ਖ਼ਬਰ ਸੁਣ ਕੇ ਬਜਵਾੜੇ ਅਤੇ ਹੁਸ਼ਿਆਰਪੁਰ ਦੇ ਲੋਕ ਖਿੰਡਦੇ ਜਾ ਰਹੇ ਹਨ। ਈਸਾ ਖ਼ਾਨ ਫੌਜਦਾਰ ਦੁਆਬਾ ਅਤੇ ਫੌਜਅਲੀਖ਼ਾਨ ਫ਼ੌਜਦਾਰ ਬਜਵਾੜਾ ਕਈ ਚਿਰ ਤੋਂ ਬਾਦਸ਼ਾਹ ਦੀ ਸੇਵਾ ਵਿਚ ਗਏ ਹੋਏ ਹਨ। ਇਨ੍ਹਾਂ ਦੇ ਨਾਇਬ ਭੀ ਆਪਣੀ ਥਾਈਂ ਨਹੀਂ ਹਨ। ਸ਼ੇਖ਼ ਅੱਲਾਯਾਰ ਦਰਵੇਸ਼ ਨੇ ਬਜਵਾੜੇ ਦੇ ਠਾਣੇਦਾਰ ਨੂੰ ਕਿਹਾ ਕਿ ਕਾਫ਼ਰ ਇਧਰ ਆਉਣ ਦਾ ਖ਼ਿਆਲ ਕਰ ਰਹੇ ਹਨ, ਇਸ ਲਈ ਸ਼ਹਿਰ ਵਿਚ ਢੋਲ ਵਜਾ ਦਿੱਤਾ ਜਾਏ ਕਿ ਲੋਕ ਉਨ੍ਹਾਂ ਦਾ ਰਾਹ ਰੋਕਣ ਲਈ ਪਿੰਡ ਅੱਜੋਵਾਲ ਇਕੱਠੇ ਹੋਣ।

15-16 ਸਤੰਬਰ ਨੂੰ ਖ਼ਬਰ ਪੁੱਜੀ ਕਿ ਬੰਦਾ ਸਿੰਘ ਪੰਜ ਹਜ਼ਾਰ ਸਵਾਰਾਂ ਸਮੇਤ ਕਹਿਲੂਰ ਦੇ ਇਲਾਕੇ ਵਿਚ ਕੀਰਤਪੁਰ ਸੀ ਅਤੇ 5 ਸ਼ਾਬਾਨ (7 ਸਤੰਬਰ) ਨੂੰ ਸਤਲੁਜੋ ਪਾਰ ਹੋ ਗਿਆ ਸੀ । ਪਿੱਛੋਂ ਦੀ । ਅਕਤੂਬਰ ਦੀ ਇਕ ਖ਼ਬਰ ਦੱਸਦੀ ਹੈ ਕਿ ਬੰਦਾ ਸਿੰਘ ਫੌਜ ਨੂੰ ਕੀਰਤਪੁਰ ਛੱਡ ਕੇ ਆਪ ਥੋੜ੍ਹੇ ਜਹੇ ਸਿੰਘਾਂ ਨਾਲ ਰਾਮਪੁਰੇ ਦੇ ਪਹਾੜ ਵਿਚ ਚਲਾ ਗਿਆ ਹੈ ਅਤੇ ਉਥੇ ਦੇ ਕਈ ਪਿੰਡ ਜਾ ਮਾਰੇ ग्ठ ।

11 ਅਕਤੂਬਰ (10 ਰਮਜਾਨ) ਨੂੰ ਬਾਦਸ਼ਾਹ ਨੇ ਸਰਬਰਾਹ ਖ਼ਾਨ ਕੋਤਵਾਲ ਨੂੰ ਹੁਕਮ ਦਿੱਤਾ ਕਿ ਮੁਲਤਾਨ ਵੱਲ ਦੇ ਜੋ 40 ਨਾਨਕਪੰਥੀ ਵਣਜਾਰੇ ਸਿੱਖ ਕੋਤਵਾਲੀ ਆਏ ਹਨ, ਜੇ ਉਹ ਮੁਸਲਮਾਨ ਹੋ ਜਾਣ ਤਾਂ ਚੰਗੀ ਗੱਲ, ਨਹੀਂ ਤਾਂ ਕਤਲ ਕਰ ਦਿੱਤੇ ਜਾਣ । ਬਾਦਸ਼ਾਹ ਦੀ ਸੇਵਾ ਵਿਚ ਅਰਜ ਹੋਈ ਕਿ ਉਹ ਆਪਣਾ ਧਰਮ ਛੱਡਣ ਨੂੰ ਤਿਆਰ ਨਹੀਂ ਹਨ, ਇਹ ਪਰ ਹੁਕਮ ਹੋਇਆ ਕਿ ਕਤਲ ਕਰ ਦਿਓ।

16 ਅਕਤੂਬਰ (15 ਰਮਜ਼ਾਨ) ਨੂੰ ਹਰਕਾਰੇ ਨੂੰ ਬਾਦਸ਼ਾਹ ਪਾਸ ਅਰਜ਼ ਕੀਤੀ ਕਿ ਰਾਜਾ ਅਜੀਤ ਸਿੰਘ ਜੋਧਪੁਰੀਆ ਅਤੇ ਰਾਜਾ ਜੈ ਸਿੰਘ ਆਮੇਰੀਆ (ਜੈ-ਪੁਰੀਆ) ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘਾਂ ਨੂੰ ਸੋਧਣ ਲਈ 6 ਰਮਜਾਨ (7 ਅਕਤੂਬਰ) ਨੂੰ ਸਢੋਰੇ ਪੁੱਜ ਗਏ ਹਨ । 9 ਅਕਤੂਬਰ ਨੂੰ ਪੁੱਜੀ ਖ਼ਬਰ ਵਿਚ ਦੱਸਿਆ ਹੋਇਆ ਸੀ ਕਿ ਨਾਹਣੀਏ ਰਾਜਾ ਭੂਪ ਪ੍ਰਕਾਸ਼ ਨੇ ਜੋ ਸਲੀਮਗੜ੍ਹ ਕਿਲੇ ਵਿਚ ਦਿੱਲੀ ਕੈਦ ਸੀ ਆਪਣੇ ਆਦਮੀਆਂ ਹੱਥੀਂ ਰਾਜਾ ਅਜੀਤ ਸਿੰਘ ਅਤੇ ਜੈ ਸਿੰਘ ਪਾਸ ਲਿਖ ਕੇ ਭੇਜਿਆ ਸੀ ਕਿ ਤੁਸੀਂ ਬੜੇ ਵੱਡੇ ਅਤੇ ਮੰਨੇ ਦੰਨੇ ਰਾਜੇ ਹੋ, ਜਦ ਤੁਸੀਂ ਬਾਦਸ਼ਾਹ ਪਾਸ ਜਾਓ ਤਾਂ ਮੇਰੀ ਬੰਦ-ਖ਼ਲਾਸੀ ਕਰਵਾਉਣ ਦਾ ਖ਼ਿਆਲ ਰੱਖਣਾ, ਪਰ ਅੱਗਿਓਂ ਇਨ੍ਹਾਂ ਜਵਾਬ ਲਿਖ ਭੇਜਿਆ ਕਿ ਅਸੀਂ ਤਾਂ ਬਾਦਸ਼ਾਹ ਦੇ ਬੰਦੇ ਹਾਂ, ਸਾਨੂੰ ਪਹਿਲਾਂ ਬਾਦਸ਼ਾਹੀ ਕੰਮ ਵੱਲ ਧਿਆਨ ਕਰਨਾ ਚਾਹੀਦਾ ਹੈ। ਦੂਸਰੀ ਗੱਲ ਇਹ ਹੈ ਕਿ ਅਸੀਂ ਤਾਂ ਸਢੌਰੇ ਜਾ ਰਹੇ ਹਾਂ । ਤੁਸੀਂ ਆਪਣੇ ਬੰਦਿਆਂ ਨੂੰ ਜੋ ਨਾਹਣ ਹਨ, ਲਿਖੋ ਕਿ ਉਸ ਬਦਬਖ਼ਤ (ਬੰਦਾ ਸਿੰਘ) ਨੂੰ ਜਿਥੇ ਕਿਥੇ ਭੀ ਹੋਵੇ ਅਤੇ ਜਿਵੇਂ ਵੀ ਹੋ ਸਕੇ ਗ੍ਰਿਫ਼ਤਾਰ ਕਰ ਲੈਣ । ਇਸ ਨਾਲ ਹੀ ਸਾਡੀ ਤੇ ਤੁਹਾਡੀ ਖ਼ਲਾਸੀ ਹੋ ਸਕਦੀ ਹੈ।

19 ਅਕਤੂਬਰ (18 ਰਮਜਾਨ) ਨੂੰ ਪਤਾ ਲੱਗਾ ਕਿ ਬੰਦਾ ਸਿੰਘ ਕੁਲੂ ਦੇ ਤੱਲਕੇ ਵਿਚ ਚਲਾ ਗਿਆ ਹੈ ਅਤੇ ਉਥੇ ਦੇ ਜ਼ਿਮੀਂਦਾਰਾਂ ਉੱਤੇ ਫ਼ਤਿਹ ਪਾ ਲਈ ਹੈ, ਅਤੇ ਉਸ ਦੇ ਸਾਥੀ ਸਿੰਘਾਂ ਨੇ ਰੋਪੜ ਦੇ ਪਿੰਡ ਉੱਥਲ ਪੁਥਲ ਕਰ ਦਿੱਤੇ ਹਨ।

ਬਾਦਸ਼ਾਹ ਦੇ ਹੁਕਮ ਨਾਲ 6 ਨਵੰਬਰ ਨੂੰ ਹੋਸ਼ਦਾਰ-ਖ਼ਾਨ ਫ਼ੌਜਦਾਰ ਦੁਆਬਾ ਜਲੰਧਰ ਨੂੰ ਸਿੰਘਾਂ ਦੇ ਵਿਰੁੱਧ ਭੇਜਿਆ ਗਿਆ ।

14 ਅਤੇ 17 ਨਵੰਬਰ (14 ਅਤੇ 17 ਸ਼ਵਾਲ) ਨੂੰ ਮੁਹੰਮਦ ਅਮੀਨ ਖ਼ਾਨ ਵੱਲੋਂ ਖ਼ਬਰ ਪੁੱਜੀ ਕਿ 9 ਨਵੰਬਰ ਨੂੰ ਸਿੰਘਾਂ ਨਾਲ ਜੰਗ ਹੋਇਆ ਜਿਸ ਵਿਚ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਬੰਦੇ ਮਾਰੇ ਗਏ ਅਤੇ ਫੱਟੜ ਹੋਏ ਹਨ । ਪਰ ਇਹ ਜੰਗ ਕਿਥੇ ਹੋਇਆ ਸੀ, ਖ਼ਬਰ ਤੋਂ ਪਤਾ ਨਹੀਂ ਲਗਦਾ ।

30 ਨਵੰਬਰ ਨੂੰ ਬਾਦਸ਼ਾਹ ਦੀ ਸੇਵਾ ਵਿਚ ਅਸਕਰ (ਸ਼ੰਕਰ?) ਰਾਓ ਹਰਕਾਰੇ ਨੇ ਵਿਸਥਾਰ ਨਾਲ ਇਹ ਲਿਖਤ ਪੇਸ਼ ਕੀਤੀ ਕਿ (1) ਬੰਦਾ ਸਿੰਘ ਨੇ ਰਾਜਾ ਅਜੀਤ ਸਿੰਘ ਜੋਧਪੁਰੀਏ ਅਤੇ ਰਾਜਾ ਜੈ ਸਿੰਘ ਅੰਮ੍ਰਿਰੀਏ ਨੂੰ ਲਿਖਿਆ ਸੀ ਕਿ ਤੁਸੀਂ ਸਾਡੇ ਮੁਲਕ ਉੱਤੇ ਚੜ੍ਹ ਕੇ ਆਏ ਹੋ, ਸਾਨੂੰ ਭੀ ਆਪਣੇ ਮੁਲਕ ਵਿਚ ਪੁੱਜਿਆ ਸਮਝੋ । (2) ਰਾਜਿਆਂ ਨੇ ਬੰਦਾ ਸਿੰਘ ਦੇ ਜਾਸੂਸਾਂ ਨੂੰ ਕਤਲ ਕਰਵਾ ਦਿੱਤਾ ਅਤੇ ਕਿਹਾ ਕਿ ਅਸੀਂ ਬਾਦਸ਼ਾਹੀ ਗ਼ੁਲਾਮ ਹਾਂ, ਛੇਤੀ ਹੀ ਬੰਦਾ ਸਿੰਘ ਨੂੰ ਗ੍ਰਿਫ਼ਤਾਰ ਜਾਂ ਕਤਲ ਕਰ ਦਿਆਂਗੇ ਅਤੇ ਲਸ਼ਕਰ ਵਿਚ ਡੋਂਡੀ ਪਿਟਵਾ ਦਿੱਤੀ ਕਿ ਜੇਕਰ ਕੋਈ ਸਿੱਖ ਦਿਸੇ ਤਾਂ ਕਤਲ ਕਰ ਦਿੱਤਾ ਜਾਏ ।

(3) ਰਾਜਾ ਜੈ ਸਿੰਘ ਨੇ ਆਪਣੇ ਬਖ਼ਸ਼ੀ ਨੂੰ ਕਿਹਾ ਕਿ ਰਾਜਾ ਅਜੀਤ ਸਿੰਘ ਨੇ ਇਕ ਹਜਾਰ ਸਵਾਰ ਪਹਾੜ ਦੀ ਕੰਢੀ ਵਿਚ ਚੱਕਰ ਲਾਉਣ ਲਈ ਭੇਜਿਆ ਹੈ, ਤੁਸੀਂ ਭੀ ਇਕ ਹਜਾਰ ਸਵਾਰ ਭੇਜ ਦਿਓ।

ਬੰਦਾ ਸਿੰਘ ਨੂੰ ਜਦ ਪਤਾ ਲੱਗਾ ਕਿ ਜੋਧਪੁਰੀਏ ਅਤੇ ਆਮੇਰੀ ਰਾਜਪੂਤ ਰਾਜੇ ਆਪਣੇ ਇਲਾਕਿਆਂ ਨੂੰ ਮੁੜ ਗਏ ਹਨ ਤਾਂ ਉਸ ਨੇ 25 ਦਸੰਬਰ (26 ਜੀਕਦਾ) ਨੂੰ ਮੁਹੰਮਦ ਅਮੀਨ ਖ਼ਾਨ। ਦੇ ਨਵੇਂ ਕਾਇਮ ਕੀਤੇ ਰੰਘੜ ਪੁਰ ਦੇ ਥਾਨੇ ਉੱਤੇ ਜਾ ਹੱਲਾ ਕੀਤਾ ਅਤੇ ਕਈਆਂ ਨੂੰ ਮਾਰ ਕੇ ਖਿਸਕ ਗਿਆ। ਇਸੇ ਤਰ੍ਹਾਂ 28 ਦਸੰਬਰ ਨੂੰ ਉਸ ਨੇ ਮੁਹੰਮਦ ਖ਼ਾਨ ਦੇ ਲਸ਼ਕਰ ਉੱਤੇ ਜਾ ਛਾਪਾ ਮਾਰਿਆ । ਬਰਸਾਣਾ ਨਦੀ ਉੱਤੇ ਲੜਾਈ ਹੋ ਪਈ ਜਿਸ ਵਿਚ ਦੋਹਾਂ ਪਾਸਿਆਂ ਦਾ ਕਾਫ਼ੀ ਨੁਕਸਾਨ ਹੋਇਆ। ਮੁਹੰਮਦ ਅਮੀਨ ਨੇ ਪੰਜ ਕੋਹ ਤਕ ਸਿੰਘਾਂ ਦਾ ਪਿੱਛਾ ਕੀਤਾ ਪਰ ਬੰਦਾ ਸਿੰਘ ਤਕ ਪੁੱਜ ਨਾ ਸਕਿਆ। 30 ਦਸੰਬਰ ਸੰਨ 1711 (1 ਜੀ-ਹਿੱਜਾ) ਨੂੰ ਬਾਦਸ਼ਾਹ ਬਹਾਦੁਰ ਸ਼ਾਹ ਦੇ ਰਾਜ ਦਾ ਛੇਵਾ ਵਰ੍ਹਾ ਸ਼ੁਰੂ ਹੋਇਆ। ਇਸ ਦਿਨ ਅਜੀਤ ਸਿੰਘ (ਮਾਤਾ ਸੁੰਦਰੀ ਦੇ ਪੁਤਰੇਲੇ) ਨੇ ਜੋ ਸਰਬਰਾਹ ਖ਼ਾਨ ਕੋਤਵਾਲ ਦੀ ਨਿਗਰਾਨੀ ਵਿਚ ਸੀ, ਬਾਦਸ਼ਾਹ ਨਾਲ ਮੁਲਾਕਾਤ ਕੀਤੀ ਅਤੇ 9 ਅਸ਼ਰਫ਼ੀਆਂ ਦਾ ਸਿਰਵਾਰਨਾ ਕੀਤਾ। ਬਾਦਸ਼ਾਹ ਨੇ ਪ੍ਰਸੰਨ ਹੋ ਕੇ ਉਸ ਨੂੰ ਗੁਰੂ ਚੱਕ (ਅੰਮ੍ਰਿਤਸਰ) ਬਖ਼ਸ਼ ਦਿੱਤਾ ।

17-18 ਫ਼ਰਵਰੀ ਸੰਨ 1712 ਦੀ ਰਾਤ ਨੂੰ ਬਾਦਸ਼ਾਹ ਬਹਾਦੁਰ ਸ਼ਾਹ ਦਾ ਦੇਹਾਂਤ ਹੋ ਗਿਆ। ਆਪਣੇ ਭਰਾਵਾਂ ਨਾਲ ਜੰਗ ਤੋਂ ਵਿਹਲੇ ਹੋ ਕੇ ਜਹਾਂਦਾਰ ਸ਼ਾਹ 19 ਮਾਰਚ (21 ਸਫ਼ਰ 1124 ਹਿਜਰੀ) ਨੂੰ ਤਖ਼ਤ ਉੱਤੇ ਬੈਠਾ । ਦਸਮੇਂ ਦਿਨ 29 ਮਾਰਚ (2 ਰੱਬੀ ਉਲ ਅੱਵਲ) ਨੂੰ ਉਸ ਨੇ 9 ਹਜ਼ਾਰ ਸਵਾਰਾਂ ਦੀ ਫ਼ੌਜ ਬੰਦਾ ਸਿੰਘ ਦੇ ਵਿਰੁੱਧ ਮੁਹਿੰਮ ਲਈ ਨਿਯਤ ਕੀਤੀ ਅਤੇ 9 ਅਪ੍ਰੈਲ ਨੂੰ ਬਾਦਸ਼ਾਹ ਦੀ ਸੇਵਾ ਅਰਜ਼ ਹੋਈ ਕਿ ਮੁਹੰਮਦ ਅਮੀਨ ਖ਼ਾਨ ਫ਼ੌਜ ਸਮੇਤ ਸਿੰਘਾਂ ਦੇ ਵਿਰੁਧ ਤੋਰ ਦਿੱਤਾ ਗਿਆ ਹੈ । 23 ਮਈ (27 ਰੱਬੀ-ਉ-ਸਾਨੀ) ਨੂੰ ਦਿੱਲੀ ਜਾਂਦੇ ਹੋਏ ਸਰਹੰਦ ਦੇ ਮੁਕਾਮ ਤੇ ਜੈਨੁਦੀਨ ਅਹਿਮਦ ਖ਼ਾਨ ਫ਼ੌਜਦਾਰ ਨੇ ਬਾਦਸ਼ਾਹ ਪਾਸ ਬੇਨਤੀ ਕੀਤੀ ਕਿ ਬੰਦਾ ਸਿੰਘ ਆਪਣੇ ਪੁਰਾਣੇ ਅੱਡੇ (ਕਿਲਾ ਲੋਹਗੜ੍ਹ) ਵਿਚ ਡੱਟਿਆ ਬੈਠਾ ਹੈ । ਬਾਦਸ਼ਾਹ ਨੇ ਹੁਕਮ ਦਿੱਤਾ ਕਿ ਅੱਠ ਹਜ਼ਾਰ ਨਵੀਂ ਫ਼ੌਜ ਭਰਤੀ ਕਰਕੇ ਉਸ ਨੂੰ ਮਾਰ ਮੁਕਾਇਆ ਜਾਏ । 29 ਮਈ (4 ਜਮਾਦੀ-ਉਲ-ਅੱਵਲ) ਨੂੰ ਥਾਨੇਸਰ ਦੇ ਪੜਾਓ ਉੱਤੇ ਬਾਦਸ਼ਾਹ ਨੇ ਰਾਏ ਮਾਨ ਖਿਦਮਤੀਏ ਨੂੰ ਹੁਕਮ ਦਿੱਤਾ ਕਿ ਸਿੱਖਾਂ ਦੇ ਸੋਧਣ ਲਈ ਹੋਰ ਫ਼ੌਜ ਮੰਗਵਾ ਲਈ ਜਾਏ ।

11 ਜੂਨ (17 ਜਮਾਦੀ-ਉਲ-ਅੱਵਲ) ਨੂੰ ਬਾਦਸ਼ਾਹ ਜਹਾਂਦਾਰ ਸ਼ਾਹ ਦਿੱਲੀ ਪੁੱਜਾ ਅਤੇ ਰਾਜ ਸਿੰਘਾਸਨ ਤੇ ਬੈਠਾ । 2 ਜੁਲਾਈ (8 ਜਮਾਦੀ-ਉ-ਸਾਨੀ) ਨੂੰ ਰਾਜਾ ਭੂਪ ਪ੍ਰਕਾਸ਼ (ਪੁੱਤਰ ਹਰੀ ਪ੍ਰਕਾਸ਼) ਨਾਹਣ ਵਾਲੇ ਨੂੰ ਬਾਦਸ਼ਾਹ ਦੇ ਹਜੂਰ ਪੇਸ਼ ਕੀਤਾ ਗਿਆ । ਉਸ ਨੇ ਹੁਕਮ ਕੀਤਾ ਕਿ ਭਰੋਸੇ ਜੋਗ ਆਦਮੀਆਂ ਦੀ ਜਮਾਨਤ ਲੈ ਕੇ ਉਸ ਨੂੰ ਛੱਡ ਦਿੱਤਾ ਜਾਏ ਅਤੇ ਖਿੱਲਤ ਇਨਾਮ ਬਖ਼ਸ਼ੀ ।

8 ਸਤੰਬਰ (17 ਸ਼ਾਬਾਨ) ਨੂੰ ਬਾਦਸ਼ਾਹ ਨੇ ਮੁਹੰਮਦ ਅਮੀਨ ਖ਼ਾਨ ਦੀ ਬੇਨਤੀ ਪ੍ਰਵਾਨ ਕਰਕੇ ਦੋ ਤੋਪਾਂ ਉਸ ਨੂੰ ਭੇਜਣ ਦਾ ਹੁਕਮ ਦਿੱਤਾ । ਇਸ ਤਰ੍ਹਾਂ ਮੁਹੰਮਦ ਅਮੀਨ ਖ਼ਾਨ, ਜ਼ੈਨੂਦੀਨ ਅਹਿਮਦ ਖ਼ਾਨ ਦੀਆਂ ਫ਼ੌਜਾਂ ਤੋਂ ਬਿਨਾਂ ਜਿਤਨੀ ਭੀ ਹੋਰ ਫ਼ੌਜ ਭੇਜੀ ਜਾ ਸਕੀ, ਬਾਦਸ਼ਾਹ ਵੱਲੋਂ ਬੰਦਾ ਸਿੰਘ ਦੇ ਵਿਰੁੱਧ ਭੇਜੀ ਜਾਂਦੀ ਰਹੀ ਅਤੇ ਜੰਗੀ ਸਾਮਾਨ ਅਤੇ ਤੋਪਾਂ ਭੀ ਭੇਜੀਆਂ ਅਤੇ ਸੂਬਾ ਲਾਹੌਰ ਵੱਲੋਂ ਭੀ ਸਹਾਇਤਾ ਪਹੁੰਚਾਈ ਗਈ। ਕਈ ਮਹੀਨੇ ਇਨ੍ਹਾਂ ਸ਼ਾਹੀ ਜਰਨੈਲਾਂ ਨੇ ਸਢੌਰੇ ਅਤੇ ਲੋਹਗੜ੍ਹ ਨੂੰ ਘੇਰਾ ਪਾਈ ਰਖਿਆ, ਪਰ ਸਿੰਘਾਂ ਉੱਤੇ ਇਸ ਦਾ ਕੋਈ ਅਸਰ ਨਾ ਹੋਇਆ। ਜਦ ਭੀ ਕਦੀ ਬਾਦਸ਼ਾਹੀ ਫ਼ੌਜਾਂ ਹੱਲਾ ਕਰਨ ਲਈ ਅੱਗੇ ਵਧੀਆਂ, ਸਿੰਘਾਂ ਨੇ ਉਨ੍ਹਾਂ ਨੂੰ ਭਜਾ ਕੇ ਮੁੜ ਪਿਛੇ ਧੱਕ ਦਿੱਤਾ । ਸੰਨ 1124 ਹਿਜਰੀ ਦੇ ਅੰਤ ਵਿਚ ਜਦ ਬਾਦਸ਼ਾਹ ਜਹਾਂਦਾਰ ਸ਼ਾਹ ਚੜ੍ਹਦੇ ਵੱਲੋਂ ਆ ਰਹੇ। ਫ਼ਰੁਖ-ਸੀਅਰ ਦਾ ਰਾਹ ਰੋਕਣ ਲਈ ਅਕਬਰਾਬਾਦ (ਆਗਰੇ ਵੱਲ ਨੂੰ ਵਧਿਆ ਤਾਂ ਉਸ ਨੇ ਮੁਹੰਮਦ ਅਮੀਨ ਖ਼ਾਨ ਨੂੰ ਬਾਦਸ਼ਾਹੀ ਡੇਰੇ ਵਿਚ ਸ਼ਾਮਲ ਹੋਣ ਲਈ ਬੁਲਾ ਲਿਆ। ਇਸ ਤਰ੍ਹਾਂ ਬੰਦਾ ਸਿੰਘ ਦੇ ਵਿਰੁੱਧ ਸ਼ਾਹੀ ਮੁਹਿੰਮ ਕੁਝ ਚਿਰ ਲਈ ਮੱਧਮ ਪੈ ਗਈ ਭਾਵੇਂ ਜ਼ੈਨੂਦੀਨ ਅਹਿਮਦ ਖ਼ਾਨ ਨੂੰ ਆਪਣੀ ਵਿਤ ਅਨੁਸਾਰ ਇਸ ਨੂੰ ਜਾਰੀ ਰੱਖਣ ਲਈ ਉਥੇ ਰਹਿਣ ਦਿੱਤਾ ਗਿਆ ਸੀ ।

ਬਾਦਸ਼ਾਹ ਜਹਾਂਦਾਰ ਸ਼ਾਹ ਅਤੇ ਫ਼ਰੁੱਖ-ਸੀਅਰ ਦੇ ਵਿਚਕਾਰ ਹੋਈ ਲੜਾਈ ਵਿਚ ਜਹਾਂਦਾਰ ਸ਼ਾਹ ਨੂੰ 31 ਦਸੰਬਰ 1712 (13 ਜਿਲ-ਹਿੱਜਾ, 1124 ਹਿਜ਼ਰੀ) ਨੂੰ ਹਾਰ ਹੋ ਗਈ ਅਤੇ 1 ਫ਼ਰਵਰੀ 1713 (16 ਮੁਹੱਰਮ 1125 ਹਿਜ਼ਰੀ) ਨੂੰ ਅਮੀਰੁ-ਲ-ਉਮਰਾ ਜੁਲਫ਼-ਕਾਰ ਖ਼ਾਨ ਸਮੇਤ ਕਤਲ ਕਰ ਦਿੱਤਾ ਗਿਆ। ਇਸ ਤਰ੍ਹਾਂ ਕਤਲਾਂ ਦੀ ਲੜੀ ਅਤੇ ਆਟੇ ਦਾਣੇ ਦੇ ਦੁਖਦਾਈ ਕਾਲ ਨਾਲ ਸ਼ੁਰੂ ਹੋਇਆ ਫ਼ਰੁੱਖ਼-ਸੀਅਰ ਬਾਦਸ਼ਾਹ ਦਾ ਰਾਜ, ਮਿੱਸ ਕੌਰਨਰ ਦੇ ਕਥਨ ਅਨੁਸਾਰ, ਸਿੱਖਾਂ ਵਿਰੁੱਧ ਬੜੀ ਜ਼ਾਲਮਾਨਾ ਨੀਤੀ ਕਰਕੇ ਲੋਕਾਂ ਨੂੰ ਯਾਦ ਹੈ । ਮੁਹੰਮਦ ਅਮੀਨ ਖ਼ਾਨ ਦੇ ਸਢੌਰਿਓਂ ਬਾਦਸ਼ਾਹੀ ਜੰਗ ਵਿਚ ਹਿੱਸਾ ਲੈਣ ਲਈ ਬੁਲਾਏ ਜਾਣ ਪਿੱਛੋਂ ਜੈਨੁਦੀਨ ਅਹਿਮਦ ਖ਼ਾਨ ਉਥੇ ਰਹਿ ਗਿਆ ਸੀ, ਪਰ ਉਸ ਨੇ ਬੰਦਾ ਸਿੰਘ ਵਿਰੁੱਧ ਕੀ ਕਰ ਸਕਣਾ ਸੀ? ਬੰਦਾ ਸਿੰਘ ਨੂੰ ਇਸ ਵੇਲੇ ਥੋੜ੍ਹੀ ਜਿਹੀ ਭੀ ਵਿਹਲ ਮਿਲੀ ਉਸ ਨੂੰ ਉਸ ਨੇ ਵਿਅਰਥ ਨਹੀਂ ਗਵਾਇਆ। ਉਸ ਨੇ ਇਸ ਦਾ ਫ਼ਾਇਦਾ ਉਠਾ ਕੇ ਸਢੌਰਾ ਸ਼ਹਿਰ ਦੇ ਬਿਲਕੁਲ ਲਾਗੇ ਇਕ ਗੜ੍ਹੀ ਰਚ ਲਈ ਅਤੇ ਇਥੇ ਇਕ ਅੱਡਾ ਬਣਾ ਕੇ ਬਾਦਸ਼ਾਹੀ ਫ਼ੌਜ ਦਾ ਡਟ ਕੇ ਟਾਕਰਾ ਕੀਤਾ ਅਤੇ ਸਰਹੰਦ ਦੇ ਫ਼ੌਜਦਾਰ (ਜ਼ੈਨੁਦੀਨ ਅਹਿਮਦ ਖ਼ਾਨ) ਦੇ ਸਾਰੇ ਜਤਨਾਂ ਨੂੰ ਅਕਾਰਥ ਕਰਕੇ ਰਖ ਦਿੱਤਾ ।

ਸਢੌਰੇ ਦੀ ਗੜ੍ਹੀ ਅੰਦਰ ਬੈਠੇ ਸਿੰਘਾਂ ਦਾ ਜੰਗ ਲਈ ਜੋਸ਼ ਅਤੇ ਟਾਕਰੇ ਤੇ ਡਟੇ ਰਹਿਣ ਦੀ ਹਿੰਮਤ ਬੜੀ ਪ੍ਰਸੰਸਾ-ਯੋਗ ਸੀ । ਉਹ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਲੰਗਰ ਤਿਆਰ ਕਰਨ ਅਤੇ ਛਕਣ ਵੇਲੇ ਭੀ ਬਾਹਰ ਘੇਰਾ ਪਾਈ ਬੈਠੇ ਵੈਰੀ ਉੱਤੇ ਗੋਲੀਆਂ ਚਲਾਉਂਦੇ ਰਹਿੰਦੇ । ਜਦ ਜ਼ੈਨੁਦੀਨ ਅਹਿਮਦ ਖ਼ਾਨ ਨੇ ਦੇਖਿਆ ਕਿ ਉਸ ਦੀਆਂ ਤੋਪਾਂ ਦੇ ਗੋਲਿਆਂ ਦਾ ਸਿੰਘਾਂ ਦੀ ਗੜ੍ਹੀ ਉੱਤੇ ਕੋਈ ਬਹੁਤ ਅਸਰ ਨਹੀਂ ਹੋ ਰਿਹਾ ਤਾਂ ਉਸ ਨੇ ਆਪਣੇ ਮੋਰਚੇ ਹੋਰ ਅੱਗੇ ਵਧਾ ਲਏ ਅਤੇ ਗੜ੍ਹੀ ਤੋਂ ਚਾਲੀ ਪੰਜਾਹ ਗਜ ਦੀ ਵਿੱਥ ਤੇ ਜਾ ਪਹੁੰਚਾ । ਇਥੇ ਉਸ ਨੇ ਇਕ ਬਾਤਰੀ ਜਾਂ ਉੱਚਾ ਮੋਰਚਾ ਬਣਾ ਕੇ ਇਕ ਵੱਡੀ ਤੋਪ ਲਿਆ ਗੱਡੀ ਅਤੇ ਗੜ੍ਹੀ ਉੱਤੇ ਅੱਗ ਵਰ੍ਹਾਉਣੀ ਆਰੰਭ ਦਿੱਤੀ । ਭਾਵੇਂ ਇਹ ਤੋਪ ਭੀ ਉਨ੍ਹਾਂ ਦਾ ਕੁਝ ਬਹੁਤਾ ਵਿਗਾੜ ਨਹੀਂ ਸੀ ਕਰ ਰਹੀ, ਤਾਂ ਭੀ ਸਿੰਘਾਂ ਨੇ ਆਪਣੀ ਦਲੇਰੀ, ਹੁਸ਼ਿਆਰੀ ਅਤੇ ਹਿੰਮਤ ਦਾ ਰੁਹਬ ਪਾਉਣ ਲਈ ਤੋਪ ਨੂੰ ਇਸ ਢੰਗ ਨਾਲ ਖਿਸਕਾ ਲਿਜਾਣ ਦਾ ਇਰਾਦਾ ਕਰ ਲਿਆ ਕਿ ਕਿਸੇ ਨੂੰ ਨਾ ਤਾਂ ਅਵਾਜ ਹੀ ਸੁਣੇ ਅਤੇ ਨਾ ਹੀ ਇਹ ਪਤਾ ਲੱਗੇ ਕਿ ਕਿਵੇਂ ਲੈ ਗਏ ਹਨ। ਇਸ ਲਈ ਉਨ੍ਹਾਂ ਨੇ ਗੜ੍ਹੀ ਦੇ ਅੰਦਰੋ ਅੰਦਰ ਐਨ ਉਸ ਥਾਂ ਤਕ ਸੁਰੰਗ ਪੁੱਟ ਲਈ ਜਿਥੇ ਕਿ ਤੋਪ ਗੱਡੀ ਹੋਈ ਸੀ । ਬਲਦਾਂ ਦੀਆਂ ਜੋੜੀਆਂ ਅਤੇ ਗੱਡਿਆਂ ਦੇ ਰੱਸੇ ਲੋੜ ਪੈਣ ਲਈ ਤਿਆਰ ਕਰ ਲਏ । ਇਹ ਬਰਖਾ ਦੇ ਦਿਨ ਸਨ । ਇਕ ਅਨ੍ਹੇਰੀ ਰਾਤ ਨੂੰ ਜਦ ਕਿ ਮੀਂਹ ਬੜੇ ਜ਼ੋਰ ਦਾ ਵਰ੍ਹ ਰਿਹਾ ਸੀ ਅਤੇ ਅਤੇ ਬਾਹਰ ਨਾ ਕੁਝ ਦਿਸਦਾ ਅਤੇ ਨਾ ਸੁਣਦਾ ਸੀ ਅਤੇ ਬਾਹਰਲੀ ਫ਼ੌਜ ਵਾਲੇ ਆਪਣੀ ਆਪਣੀ ਥਾਈਂ ਦੜੇ ਪਏ ਸਨ ਅਤੇ ਬਾਹਰ ਸਿਰ ਕੱਢਣ ਦਾ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ, ਸਿੰਘਾਂ ਨੇ ਤੋਪ ਖਿਸਕਾ ਲੈਣ ਦਾ ਚੰਗਾ ਮੌਕਾ ਸਮਝਿਆ। ਅੱਧੀ ਕੁ ਰਾਤ ਨੂੰ ਉਨ੍ਹਾਂ ਨੇ ਸੁਰੰਗ ਦੀ ਬਾਕੀ ਛੱੜੀ ਹੋਈ ਮਿੱਟੀ ਭੀ ਹਟਾ ਲਈ ਅਤੇ ਅੰਦਰ ਇਕ ਦੂਈ ਦੇ ਅੱਗੇ ਬਲਦਾਂ ਦੀਆਂ ਜੋਗਾਂ ਜੋੜ ਦਿੱਤੀਆਂ। ਫਿਰ ਕੁਝ ਸਿੰਘ ਬਰਖਾ ਅਤੇ ਹਵਾ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਗੜ੍ਹੀ ਦੀ ਖਾਈ ਤਰ ਕੇ, ਜਿਸ ਵਿਚ ਕਿਬੜੀ ਤੇਜ਼ ਅਤੇ ਜ਼ੋਰ ਨਾਲ ਪਾਣੀ ਪੈ ਰਿਹਾ ਸੀ, ਵੈਰੀ ਦੀ ਬਾਤਰੀ ਤਕ ਜਾ ਪੁੱਜੇ ਅਤੇ ਤੋਪ ਦੇ ਤਖ਼ਤ ਨੂੰ ਰੱਸੇ ਘੁੱਟ ਕੇ ਜਾ ਬੰਨ੍ਹੇ ਅਤੇ ਤਰ ਕੇ ਮੁੜ ਆਪਣੇ ਅੰਦਰ ਆ ਗਏ । ਬਲਦਾਂ ਨੇ ਜਦ ਖਿੱਚਣਾ ਸ਼ੁਰੂ ਕੀਤਾ ਤਾਂ ਤੋਪ ਸਣੇ ਤਖਤ ਦੇ ਹਿੱਲ ਪਈ ਅਤੇ ਸੁਰੰਗ ਵੱਲ ਨੂੰ ਰੁੜ੍ਹ ਪਈ। ਪਰ ਮੰਦੇ ਭਾਗਾਂ ਨੂੰ ਜਦ ਹੇਠਾਂ ਪੁੱਜੀ ਤਾਂ ਤੋਪ ਅਤੇ ਤਖ਼ਤ ਨੂੰ ਬੰਨ੍ਹੇ ਹੋਏ ਰੱਸੇ ਟੁੱਟ ਗਏ। ਤੋਪ ਤਖ਼ਤੋਂ ਲਹਿ ਗਈ ਅਤੇ ਦੋਵੇਂ ਵੱਖਰੇ ਹੋ ਕੇ ਡਿੱਗ ਪਏ। ਇਨ੍ਹਾਂ ਦੇ ਡਿਗਣ ਨਾਲ ਇਤਨਾ ਧਮਾਕਾ ਹੋਇਆ ਕਿ ਸੁੱਤੇ ਹੋਏ ਪਹਿਰੇਦਾਰ ਜਾਗ ਪਏ । ਤੋਪ ਨੂੰ ਅਲੋਪ ਹੋ ਗਿਆ ਦੇਖ ਦੇ ਸਰਹੰਦੀ ਲਸ਼ਕਰ ਵਿਚ ਰੋਲਾ ਪੈ ਗਿਆ ਅਤੇ ਉਹ ਇਸ ਦੀ ਭਾਲ ਵਿਚ ਸਾਰੀ ਪਾਸੀਂ ਭੱਜ ਉਠੇ । ਚਿੱਕੜ ਅਤੇ ਜਿਲ੍ਹਣ ਵਿਚ ਦੀ ਹੁੰਦਾ ਹੋਇਆ ਖੁਦ ਫ਼ੌਜਦਾਰ ਜੈਨੂਦੀਨ ਅਹਿਮਦ ਖ਼ਾਨ ਪਾ ਪਿਆਦਾ ਬੜਾ ਘਬਰਾਇਆ ਹੋਇਆ ਬਾਤਰੀ ਪਾਸ ਪੁੱਜਾ । ਸਾਰੀ ਪਾਸੀਂ ਅਨ੍ਹੇਰਾ ਸੀ, ਬਰਖਾ ਜੋਰ ਦੀ ਹੋ ਰਹੀ ਸੀ, ਮਸਾਲ ਕੋਈ ਜਗ ਨਹੀਂ ਸੀ ਸਕਦੀ। ਲੱਕ ਲੱਕ ਸਾਰੀਂ ਪਾਸੀਂ ਪਾਣੀ ਸੀ। ਫ਼ੌਜਦਾਰ ਮਸਾਲਾਂ ਜਗਾਉਣ ਦਾ ਹੁਕਮ ਭੀ ਨਹੀਂ ਸੀ ਦੇ ਸਕਦਾ ਕਿਉਂਕਿ ਇਸ ਨਾਲ ਲਸ਼ਕਰੀਆਂ ਉੱਤੇ ਸਿੰਘਾਂ ਦੀ ਗੋਲੀ ਸਿੱਧੀ ਵਰਨ ਲਗ ਪੈਂਦੀ। ਪਰ ਲੇ ਤੋਂ ਬਿਨਾਂ ਦਿਸਦਾ ਕੁਝ ਨਹੀਂ ਸੀ। ਅੰਤ ਬੜੀ ਮੁਸ਼ਕਲ ਨਾਲ ਪਤਾ ਲੱਗਾ ਕਿ ਤੈਪ ਅਤੇ ਉਸ ਦਾ ਤਖ਼ਤ ਬਾਤਰੀ ਤੋਂ ਹੇਠਾਂ ਟੋਏ ਵਿਚ ਪੁੱਠੇ ਡਿੱਗੇ ਪਏ ਹਨ । ਹੁਣ ਜੈਨਦੀਨ ਅਹਿਮਦ ਖ਼ਾਨ ਦੇ ਉੱਡੇ ਹੋਏ ਹੋਸ਼ ਕੁਝ ਟਿਕਾਣੇ ਆਏ ਅਤੇ ਉਸ ਨੇ ਆਪਣੇ ਲਸ਼ਕਰ ਦੇ ਸੌ ਆਦਮੀਆਂ ਨੂੰ ਪੰਜਾਹ ਪੰਜਾਹ ਰੁਪਏ ਇਨਾਮ ਦੇਣ ਦਾ ਇਕਰਾਰ ਕੀਤਾ ਜੇ ਉਹ ਤੋਪ ਕੱਢ ਲਿਆਉਣ । ਬੜੀ ਮੁਸ਼ਕਲ ਨਾਲ ਉਨ੍ਹਾਂ ਨੇ ਤੋਪ ਖਿੱਚ ਕੇ ਬਾਹਰ ਕੱਢੀ ਅਤੇ ਸੁਰੱਖਿਅਤ ਥਾਂ ਪਹੁੰਚਾਈ। ਸਢੌਰੇ ਦਾ ਘੇਰਾ ਕਈ ਚਿਰ ਲਮਕਦਾ ਰਿਹਾ ਅਤੇ ਇਸ ਵਿਚ ਜਾਨ ਪਾਉਣ ਲਈ ਨਵੇਂ ਬਾਦਸ਼ਾਹ ਫ਼ਰੁਖ-ਸੀਅਰ ਨੇ ਇਸ ਦੀ ਕਮਾਨ ਭੀ ਲਾਹੌਰ ਦੀ ਸੂਬੇਦਾਰੀ ਦੇ ਨਾਲ ਹੀ ਬਦਲ ਦਿੱਤੀ ।

29 ਮੁਹੱਰਮ 1125 (14 ਫ਼ਰਵਰੀ ਸੰਨ 1713) ਨੂੰ ਜ਼ਬਰਦਸਤ ਖ਼ਾਨ ਦੀ ਥਾਂ ਅਬਦੁੱਸਮਦ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਨਿਯਤ ਕੀਤਾ ਗਿਆ ਅਤੇ ਉਸ ਦੇ ਪੁੱਤਰ ਜਕਰੀਆ-ਖ਼ਾਨ ਨੂੰ ਜੰਮੂ ਦਾ ਫ਼ੌਜਦਾਰ ਬਣਾਇਆ । 21 ਮਾਰਚ (5 ਰਬੀ-ਉਲ-ਅੱਵਲ) ਨੂੰ ਬਾਦਸ਼ਾਹ ਫ਼ਰੁੱਖ਼ਸੀਅਰ ਵੱਲੋਂ ਸੱਯਦ ਹੁਸੈਨ ਅਲੀ ਖ਼ਾਨ ਨੂੰ ਹੁਕਮ ਹੋਇਆ ਕਿ ਅਬਦੁੱਸਮਦ ਖ਼ਾਨ ਨੂੰ ਲਿਖ ਦੇਵੇ ਕਿ ਉਹ ਜ਼ੈਨਦੀਨ ਅਹਿਮਦ ਖ਼ਾਨ ਨਾਲ ਰਲ ਕੇ ਬੰਦਾ ਸਿੰਘ ਨੂੰ ਸਜ਼ਾ ਦੇਵੇ । 2 ਅਤੇ 4 ਅਪ੍ਰੈਲ ਨੂੰ ਪੁੱਜੀ ਖ਼ਬਰ ਵਿਚ ਦਰਜ ਹੈ ਕਿ ਬੰਦਾ ਸਿੰਘ ਚਾਰ ਪੰਜ ਹਜ਼ਾਰ ਸਿੰਘਾਂ ਸਮੇਤ ਲੋਹਗੜ੍ਹ ਦੇ ਕਿਲ੍ਹੇ ਵਿਚ ਡਟਿਆ ਹੋਇਆ ਹੈ ਅਤੇ ਇਕ ਹਜ਼ਾਰ ਸਿੰਘ ਸਢੌਰੇ ਦੀ ਗੜ੍ਹੀ ਵਿਚ ਪੱਕੇ ਪੈਰ ਜਮਾ ਕੇ ਆਲੇ ਦੁਆਲੇ ਦੇ ਪਰਗਣਿਆਂ ਵਿਚ ਹੱਥ ਪੈਰ ਮਾਰ ਰਹੇ ਹਨ। ਜੈਨੁਦੀਨ ਅਹਿਮਦ ਖ਼ਾਨ ਫ਼ੌਜਦਾਰ ਸਰਹੰਦ ਨੇ ਛੱਤ ਦੇ ਪਰਗਣੇ ਵਿਚ ਡੇਰਾ ਲਾਇਆ ਹੋਇਆ ਹੈ ਤਾਂ ਕਿ ਸਿੰਘਾਂ ਦੀ ਰੋਕ ਥਾਮ ਕਰੋ ਪਰ ਉਸ ਪਾਸੋਂ ਕੁਝ ਬਣ ਨਹੀਂ ਰਿਹਾ ।

ਬਾਦਸ਼ਾਹ ਵੱਲੋਂ ਤਾਕੀਦੀ ਹੁਕਮ ਪੁੱਜਣ ਪਰ ਅਬਦੁੱਸਮਦ ਖ਼ਾਨ ਸਢੌਰੇ ਆ ਪੁੱਜਾ। ਅਬਦੁੱਸਮਦ ਖ਼ਾਨ ਤੂਰਾਲ ਦੇ ਰਹਿਣ ਵਾਲੇ ਖੁਆਜਾ ਅਹਿਰਾਰ ਦੇ ਖ਼ਾਨਦਾਨ ਵਿਚੋਂ ਸੀ ਅਤੇ ਇਹਤਮਾਦੁ-ਦੋਲਾ ਮੁਹੰਮਦ ਅਮੀਨ ਖ਼ਾਨ ਦਾ ਸਾਂਢੂ ਸੀ । ਇਨ੍ਹਾਂ ਦੋਹਾਂ ਦੀਆਂ ਘਰ ਵਾਲੀਆਂ ਉਸ ਦੇ ਚਾਚੇ ਖੁਆਜਾ ਜਕਰੀਆ ਦੀਆਂ ਧੀਆਂ ਸਨ । ਇਹ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਹਿੰਦੁਸਤਾਨ ਆਇਆ ਸੀ ਅਤੇ ਪਹਿਲੋਂ ਚਾਰ ਸਦੀ ਦਾ ਅਹੁਦਾ ਇਸ ਨੂੰ ਦਿੱਤਾ ਗਿਆ ਸੀ। ਬਹਾਦੁਰ ਸ਼ਾਹ ਬਾਦਸ਼ਾਹ ਵੇਲੇ ਇਹ ਹਫ਼ਤ ਸਦੀ ਬਣਿਆ । ਬਹਾਦੁਰ ਸ਼ਾਹ ਦੀ ਮੋਤ ਤੋਂ ਬਾਅਦ ਹੋਈ ਜੰਗ ਵਿਚ ਇਹ ਜ਼ੁਲਫਿਕਾਰ ਖ਼ਾਨ ਨਾਲ ਰਲ ਗਿਆ ਅਤੇ ਸ਼ਾਹਜ਼ਾਦਾ ਜਹਾਨ ਸ਼ਾਹ ਨੂੰ ਮਾਰਨ ਨਾਲ ਪ੍ਰਸਿੱਧ ਹੋ ਗਿਆ । ਫ਼ਰੁੱਖ਼-ਸੀਅਰ ਅਤੇ ਜਹਾਂਦਾਰ ਸ਼ਾਹ ਦੇ ਵਿਚਕਾਰ ਹੋਈ ਜੰਗ ਵਿਚ ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਨਵੇਂ ਬਾਦਸ਼ਾਹ (ਫ਼ਰੁੱਖ਼-ਸੀਅਰ) ਨੇ ਇਸ ਨੂੰ ਪੰਜ ਹਜ਼ਾਰੀ ਬਣਾ ਦਿੱਤਾ, ਦਲੇਰਿ-ਜੰਗ ਦਾ ਖ਼ਿਤਾਬ ਬਖ਼ਸ਼ਿਆ ਅਤੇ ਲਾਹੌਰ ਦਾ ਸੂਬੇਦਾਰ ਬਣਾਇਆ ।

ਬੰਦਾ ਸਿੰਘ ਦੇ ਵਿਰੁੱਧ ਮੁਹਿੰਮ ਤੇਜ਼ ਕਰਨ ਲਈ ਜਦ ਇਹ ਸਦੌਰੇ ਪੁੱਜਾ ਤਾਂ ਉਸ ਵੇਲੇ ਸਿੰਘ ਦੋਹੀਂ ਥਾਈਂ ਡਟੇ ਬੈਠੇ ਸਨ । ਬੰਦਾ ਸਿੰਘ ਖੁਦ ਲੋਹਗੜ੍ਹ ਵਿਚ ਸੀ ਅਤੇ ਸਢੌਰੇ ਦੀ ਗੜ੍ਹੀ ਵਿਚ ਭੀ ਸਿੰਘ ਡਟੇ ਹੋਏ ਸਨ । ਜ਼ੈਨਦੀਨ ਅਹਿਮਦ ਖ਼ਾਨ ਦੇ ਸਿੰਘਾਂ ਵਿਰੁੱਧ ਜਤਨ ਇਹ ਥਾਂ ਖਾਲੀ ਕਰਵਾ ਸਕਣ ਵਿਚ ਸਫ਼ਲ ਨਹੀਂ ਸੀ ਹੋ ਰਹੇ । ਇਹ ਵੇਖ ਕੇ ਕਿ ਇਕੋ ਵੇਲੇ ਦੋਨੋਂ ਕਿਲ੍ਹਿਆਂ ਉੱਤੇ ਕੀਤੇ ਹੱਲੇ ਸਫ਼ਲ ਨਹੀਂ ਹੋ ਸਕਣਗੇ, ਅਬਦੁੱਸਮਦ ਖ਼ਾਨ ਨੇ ਵਾਰੋ ਵਾਰੀ ਇਕੱਲੇ ਇਕੱਲੇ ਨੂੰ ਮਾਰਨ ਦਾ ਫ਼ੈਸਲਾ ਕੀਤਾ । ਅਬਦੁੱਸਮਦ ਖ਼ਾਨ ਜ਼ੈਨੁਦੀਨ ਅਹਿਮਦ ਖ਼ਾਨ ਅਤੇ ਇਨਾਮ ਖ਼ਾਨ ਆਦਿ ਦੀਆਂ ਹੋਰ ਫ਼ੌਜਾਂ ਨੇ, ਜੋ ਬਾਦਸ਼ਾਹ ਫ਼ਰੁੱਖ਼ਸੀਅਰ ਨੇ ਇਨ੍ਹਾਂ ਦੀ ਸਹਾਇਤਾ ਲਈ ਭੇਜੀਆਂ ਸਨ, ਰਲ ਕੇ ਸਢੌਰੇ ਦੀ ਗੜ੍ਹੀ ਦਾ ਘੇਰਾ ਕੱਸ ਦਿੱਤਾ । ਲੁੱਟ ਦੀ ਆਸ ਨਾਲ ਇਸ ਵੇਲੇ ਆਲੇ ਦੁਆਲੇ ਦਾ ਮੁਸਲਮਾਨ ਮੁਲਖੱਈਆ ਭੀ ਚੋਖਾ ਆ ਜਮਾਂ ਹੋਇਆ। ਇਸ ਤਰ੍ਹਾਂ ਘੇਰੇ ਦੇ ਤੰਗ ਹੋ ਜਾਣ ਨਾਲ ਸਿੰਘਾਂ ਦੀ ਆਵਜਾਈ ਬੜੀ ਔਖੀ ਹੋ ਗਈ ਅਤੇ ਖਾਣਾ ਦਾਣਾ ਪੁੱਜਣ ਦੀ ਤੰਗੀ ਵੱਧ ਗਈ। ਇਸ ਹਾਲਤ ਵਿਚ ਸਿੰਘਾਂ ਲਈ ਬਹੁਤਾ ਚਿਰ ਸਢੋਰੇ ਟਿਕੇ ਰਹਿਣਾ ਮੁਸ਼ਕਲ ਸੀ, ਇਹ ਦੇਖ ਕੇ ਬੰਦਾ ਸਿੰਘ ਲੋਹਗੜ੍ਹ ਤੋਂ ਸਹਾਇਤਾ ਭੇਜਣ ਦਾ ਜਤਨ ਕਰਨ ਲਗਾ । ਉਸ ਦੂਸਰੇ ਤੀਸਰੇ ਦਿਨ, ਅਤੇ ਕਈ ਵਾਰੀ ਹਰ ਰੋਜ਼, ਲੋਹਗੜ੍ਹ ਸਿੰਘਾਂ ਦੇ ਜੱਥੇ ਭੇਜਦਾ ਅਤੇ ਉਨ੍ਹਾਂ ਨੂੰ ਲੰਗਰ ਅਤੇ ਲੜਾਈ ਦਾ ਸਾਮਾਨ ਪਹੁੰਚਾਉਂਦਾ । ਉਧਰੋਂ ਸਢੌਰੇ ਦੀ ਗੜ੍ਹੀ ਵਿਚ ਘਿਰੇ ਹੋਏ ਸਿੰਘ ਆ ਰਹੇ ਜੱਥੇ ਦੇ ਸਿੰਘਾਂ ਨੂੰ ਦੇਖਦੇ ਜਾਂ ਉਧਰੋਂ ਉਡਦੀ ਧੂੜ ਤੱਕਦੇ ਤਾਂ ਉਹ ਭੀ ਚੋਹਾਂ ਪਾਸਿਆਂ ਤੋਂ ਹੱਲਾ ਕਰ ਕੇ ਘੇਰੇ ਵਾਲਿਆਂ ਉੱਤੇ ਟੁੱਟ ਪੈਂਦੇ ਅਤੇ ਜੋ ਕੁਝ ਹੱਥ ਆਉਂਦਾ, ਖੋਹ ਖਿੰਜ ਕੇ ਅੰਦਰ ਲੈ ਵੜਦੇ । ਪਰ ਗਿਣਤੀ ਦੇ ਘੱਟ ਹੋਣ ਕਰਕੇ ਸਿੰਘ ਬੜੇ ਘਾਟੇ ਵਿਚ ਸਨ ਅਤੇ ਇਨ੍ਹਾਂ ਦੇ ਛੋਟੇ ਛੋਟੇ ਹੱਲਿਆਂ ਨਾਲ ਬਾਹਰ ਬੈਠੇ ਸ਼ਾਹੀ ਲਸ਼ਕਰਾਂ ਉੱਤੇ ਕੋਈ ਬਹੁਤਾ ਅਸਰ ਨਹੀਂ ਸੀ ਹੋ ਰਿਹਾ। ਮਲੂਮ ਹੁੰਦਾ ਹੈ ਕਿ ਇਕੱਲੇ ਜ਼ੈਨਦੀਨ ਅਹਿਮਦ ਖ਼ਾਨ ਦੇ ਵੇਲੇ ਸਿੰਘਾਂ ਨੇ ਬਹੁਤਾ ਖਾਣਾ ਦਾਣਾ ਜਮਾਂ ਨਹੀਂ ਸੀ ਕੀਤਾ । ਇਸ ਲਈ ਹੁਣ ਉਨ੍ਹਾਂ ਨੂੰ ਔਖ ਹੋ ਰਹੀ ਸੀ।

22 ਜੂਨ ਸੰਨ 1713 (9 ਜਮਾਦੀ-ਉ-ਸਾਨੀ 1125 ਹਿਜਰੀ) ਨੂੰ ਜਦ ਕੁਝ ਸਿੰਘ ਕਿਲੇ ‘ਚੋਂ ਬਾਹਰ ਨਿਕਲੇ ਤਾਂ ਸ਼ਾਹੀ ਫ਼ੌਜਾਂ ਨਾਲ ਉਨ੍ਹਾਂ ਦੇ ਭੇੜ ਹੋ ਗਿਆ। ਮਾਲੂਮ ਹੁੰਦਾ ਹੈ ਕਿ ਲੋਹਗੜ੍ਹ ਤੋਂ ਬੰਦਾ ਸਿੰਘ ਨੇ ਸਢੋਰੇ ਵਿਚ ਘਿਰੇ ਸਿੰਘਾਂ ਦੀ ਸਹਾਇਤਾ ਲਈ ਜਾਂ ਉਨ੍ਹਾਂ ਨੂੰ ਕੱਢ ਲਿਆਉਣ ਲਈ ਜਦ ਜੱਥਾ ਭੇਜਿਆ ਤਾਂ ਇਨਾਮ ਖ਼ਾਨ ਦੇ ਲਸ਼ਕਰੀ ਉਨ੍ਹਾਂ ਪਰ ਟੁੱਟ ਪਏ। ਇਹ ਦੇਖ ਕੇ ਕਿਲੇ ਵਿਚੋਂ ਕੁਝ ਸਿੰਘ ਭੀ ਨਿਕਲ ਪਏ। ਇਸ ਤਰ੍ਹਾਂ ਸਿੰਘਾਂ ਅਤੇ ਲਸ਼ਕਰੀਆਂ ਵਿਚ ਟੱਕਰ ਹੋ ਪਈ। ਦੋਹਾਂ ਪਾਸਿਆਂ ਤੋਂ ਕਾਫ਼ੀ ਕਟਾ-ਵੱਢ ਹੋਈ । ਬਾਦਸ਼ਾਹ ਵੱਲੋਂ ਨਵੀਂ ਆਈ ਫ਼ੌਜ ਦਾ ਇਕ ਉੱਘਾ ਆਗੂ ਬਕਾ-ਬੇਗ ਖ਼ਾਨ, ਜੋ ਇਨਾਮ ਖ਼ਾਨ ਦੇ ਭਾਈਚਾਰੇ ਵਿਚੋਂ ਸੀ, ਅਤੇ ਉਸ ਦੇ ਕੁਝ ਹੋਰ ਸਾਥੀ ਮਾਰੇ ਗਏ । ਇਸ ਝੜਫ਼ ਤੋਂ ਬਾਅਦ ਸਿੰਘ ਆਪਣੀ ਗੜ੍ਹੀ ਵਿਚ ਜਾ ਵੜੇ।

ਕਿਸੇ ਤਰ੍ਹਾਂ ਕੁਝ ਪੇਸ਼ ਨਾ ਜਾਂਦੀ ਵੇਖ ਕੇ ਅਬਦੁੱਸਮਦ ਖ਼ਾਨ ਨੇ ਇਕ ਜ਼ੋਰਦਾਰ ਹੰਭਲਾ ਮਾਰਨ ਦੇ ਖ਼ਿਆਲ ਨਾਲ ਆਪਣੇ ਮੋਰਚੇ ਜ਼ਰਾ ਹੋਰ ਅੱਗੇ ਨੂੰ ਸਰਕਾਉਣੇ ਸ਼ੁਰੂ ਕਰ ਦਿੱਤੇ । ਬਾਦਸ਼ਾਹ ਫ਼ਰੁੱਖ-ਸੀਅਰ ਪਾਸ 17 ਜੁਲਾਈ (5 ਰੱਜਬ) ਨੂੰ ਪਹੁੰਚੀ ਖ਼ਬਰ ਵਿਚ ਲਿਖਿਆ ਹੋਇਆ ਹੈ ਕਿ ਅਬਦੁੱਸਮਦ ਖ਼ਾਨ ਨੇ ਇਨਾਮ ਖ਼ਾਨ ਅਤੇ ਜ਼ੈਨੂਦੀਨ ਅਹਿਮਦ ਖ਼ਾਨ ਨਾਲ ਸਲਾਹ ਕਰ ਕੇ ਆਪਣੇ ਮੋਰਚੇ ਸਢੌਰੇ ਦੀ ਗੜ੍ਹੀ ਦੇ ਲਾਗੇ ਕਰਨ ਅਤੇ ਲਕੜੀ ਦੀਆਂ ਸਤ ਸੌ ਪਉੜੀਆਂ ਬਣਵਾ ਕੇ ਛੇਤੀ ਹੀ ਹੱਲਾ ਕਰਨ ਦਾ ਇਰਾਦਾ ਕੀਤਾ ਹੈ। ਦੋ ਕੁ ਮਹੀਨੇ ਤਿਆਰੀ ਹੁੰਦੀ ਰਹੀ ਜਿਸ ਦਾ ਸਿੰਘਾਂ ਨੂੰ ਭੀ ਪਤਾ ਲਗ ਪਿਆ ਜਾਪਦਾ ਹੈ । ਇਸ ਲਈ ਸਤੰਬਰ ਦੇ ਤੀਸਰੇ ਹਫ਼ਤੇ ਦੇ ਅੱਧ ਵਿਚ (ਖ਼ਿਆਲ ਪੈਂਦਾ ਹੈ ਕਿ 18 ਜਾਂ 19 ਤਾਰੀਖ ਨੂੰ) ਸਿੰਘ ਇਕ ਦਮ ਗੜ੍ਹੀ ਵਿਚੋਂ ਨਿਕਲ ਪਏ ਅਤੇ ਜਿਧਰ ਜ਼ਿਮੀਂਦਾਰਾਂ ਦੇ ਬੰਦੇ ਘੇਰਾ ਘੱਤੀ ਬੈਠੇ ਸਨ, ਉਧਰ ਟੁੱਟ ਪਏ । ਮਾਂਗਵੀਆਂ ਧਾੜਾਂ ਨੇ ਸਿਰ-ਲੱਥ ਸੂਰਿਆਂ ਦਾ ਕੀ ਟਾਕਰਾ ਕਰਨਾ ਸੀ। ਸਿੰਘ ਤਲਵਾਰਾਂ ਵਾਹੁੰਦੇ ਉਨ੍ਹਾਂ ਦੀਆਂ ਸਫ਼ਾਂ ਵਿਚ ਦੀ ਬਿਨਾਂ ਕੁਝ ਬਹੁਤਾ ਨੁਕਸਾਨ ਹੋਏ ਦੇ ਨਿਕਲ ਗਏ ਅਤੇ ਲੋਹਗੜ੍ਹ ਜਾ ਪੁੱਜਾ । 24 ਸਤਬੰਰ (15 ਰਮਜ਼ਾਨ) ਨੂੰ ਦਿੱਲੀ ਖ਼ਬਰ ਪੁੱਜੀ ਕਿ ਅਬਦੁੱਸਮਦ ਖ਼ਾਨ ਨੇ ਸਿੰਘਾਂ ਦੀ ਸਢੌਰੇ ਦੀ ਗੜ੍ਹੀ ਢਾਹ ਦਿੱਤੀ ਹੈ।

12 ਅਕਤੂਬਰ (3 ਵਾਲ) ਨੂੰ ਭਗਵਤੀ ਦਾਸ ਹਰਕਾਰੇ ਵੱਲੋਂ ਬਾਦਸ਼ਾਹ ਦੇ ਹਜੂਰ ਪੇਸ਼ ਹੋਈ ਖ਼ਬਰ ਵਿਚ ਲਿੱਖਿਆ ਹੋਇਆ ਹੈ ਕਿ ਸਿੰਘਾਂ ਦਾ ਆਗੂ ਲੋਹਗੜ੍ਹ ਵਿਚ ਮੌਜੂਦ ਹੈ ਅਤੇ ਆਪਣੇ ਕਿਲੇ ਦੀ ਖਾਈ (ਖੰਦਕ) ਤਿਆਰ ਕਰਵਾ ਰਿਹਾ ਹੈ ਅਤੇ ਲੜਾਈ ਦਾ ਇਰਾਦਾ ਰਖਦਾ ਹੈ।

9 ਨਵੰਬਰ (2 ਜੀ-ਕਦਾ) ਨੂੰ ਬਾਦਸ਼ਾਹ ਨੇ ਆਪਣੇ ਖ਼ਾਸ ਕੋਤਵਾਲ ਨੂੰ ਹੁਕਮ ਦਿੱਤਾ ਕਿ (ਦਿੱਲੀ ਸ਼ਹਿਰ ਵਿਚ) ਡੋਂਡੀ ਪਿਟਵਾ ਦੇਵੇ ਕਿ ਹਿੰਦੂ ਲੋਕ ਪਾਲਕੀ ਵਿਚ ਅਤੇ ਅਰਬੀ ਤੇ ਇਰਾਕੀ ਘੋੜਿਆਂ ਉੱਤੇ ਸਵਾਰ ਨਾ ਹੋਇਆ ਕਰਨ ਅਤੇ ਚੌਥੇ ਦਿਨ 13 ਨਵੰਬਰ (6 ਜੀ ਕਦਾ) ਨੂੰ ਹੁਕਮ ਹੋਇਆ ਕਿ ਹਿੰਦੂ ਲਹਿਰੀਆਦਾਰ ਕਾਠੀਆਂ ਸਵਾਰੀ ਲਈ ਨਾ ਵਰਤਿਆ ਕਰਨ ।

ਸਢੌਰੇ ਦੀ ਗੜ੍ਹੀ ਢਾਹ ਕੇ ਅਬਦੁੱਸਮਦ ਖ਼ਾਨ ਲੋਹਗੜ੍ਹ ਦੇ ਕਿਲੇ ਵੱਲ ਵਧਿਆ । 13 ਨਵੰਬਰ (6 ਜੀ-ਕਦਾ) ਨੂੰ ਜ਼ੈਨੁਦੀਨ ਅਹਿਮਦ ਖ਼ਾਨ, ਇਨਾਮ ਖ਼ਾਨ, ਆਪਣੇ ਪੁੱਤਰ ਜ਼ਕਰੀਆ ਖ਼ਾਨ ਆਦਿ ਸਰਦਾਰਾਂ ਨੂੰ ਨਾਲ ਲੈ ਕੇ ਅਬਦੁਸਮਦ ਖ਼ਾਨ ਨੇ ਲੋਹਗੜ੍ਹ ਕਿਲੇ ਉੱਤੇ ਜਾ ਚੜ੍ਹਾਈ ਕੀਤੀ । ਬਾਦਸ਼ਾਹੀ ਖ਼ਬਰਾਂ ਵਿਚ ਇਥੇ ਹੋਈ ਲੜਾਈ ਦਾ ਕੋਈ ਜਿਕਰ ਨਹੀਂ । ਕੇਵਲ ਕੁਝ ਬੰਦਿਆ ਦੇ ਮਾਰੇ ਜਾਣ ਅਤੇ ਜ਼ਖ਼ਮੀ ਹੋਣ ਦਾ ਨਾਮ ਮਾਤਰ ਜਿਕਰ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਜਦ ਅਬਦੁੱਸਮਦ ਖ਼ਾਨ ਲੋਹਗੜ੍ਹ ਪਹੁੰਚਾ ਤਾਂ ਨਾ ਤਾਂ ਉਥੇ ਬੰਦਾ ਸਿੰਘ ਹੀ ਸੀ ਅਤੇ ਨਾਂ ਹੀ ਸਿੰਘਾਂ ਦੀ ਕੋਈ ਫ਼ੌਜ । ਮਾਲੂਮ ਹੁੰਦਾ ਹੈ ਕਿ ਸਢੌਰੇ ਦੀ ਗੜ੍ਹੀ ਖਾਲੀ ਕਰਨ ਦੇ ਕੁਝ ਚਿਰ ਪਿਛੋਂ ਬੰਦਾ ਸਿੰਘ ਅਤੇ ਸਿੰਘਾਂ ਨੇ ਕਿਸੀ ਮਿਥੀ ਹੋਈ ਤਜਵੀਜ ਅਨੁਸਾਰ ਲੋਹਗੜ੍ਹ ਭੀ ਖਾਲੀ ਕਰ ਦੇਣਾ ਯੋਗ ਸਮਝਿਆ ਅਤੇ ਚੁੱਪ ਕਰੀਤੇ ਪਹਾੜਾਂ ਵੱਲ ਨਿਕਲ ਗਏ। ਜਿਸ ਵੇਲੇ ਸ਼ਾਹੀ ਲਸ਼ਕਰੀ ਆਪਣੇ ਡੇਰੇ ਲਈ ਥਾਂ ਦੀ ਤਲਾਸ਼ ਕਰ ਰਹੇ ਸਨ, ਪਾਣੀ ਦੀ ਟੋਲ ਵਿਚ ਸਨ ਅਤੇ ਖਾਈ ਪੁੱਟਣ ਅਤੇ ਮਿੱਟੀ ਸੁੱਟਣ ਵਿਚ ਲੱਗੇ ਹੋਏ ਉਨ੍ਹਾਂ ਦੇ ਸਵਾਰਾਂ ਦਾ ਇਕ ਦਸਤਾ ਕਾਹਲੀ ਨਾਲ ਇਕ ਟਿੱਬੇ ਵੱਲ ਨੂੰ ਇਸ ਖ਼ਿਆਲ ਨਾਲ ਗਿਆ ਕਿ ਸਿੰਘਾਂ ਦੇ ਮੋਰਚਿਆਂ ਦਾ ਪਤਾ ਕਰੋ । ਪਰ ਜਦ ਉਹ ਟਿੱਬੇ ਉੱਤੇ ਚੜ੍ਹੇ ਤਾਂ ਵੇਖਿਆ ਕਿ ਸਿੰਘ ਪਹਾੜੀ ਦੇ ਪਰਲੇ ਪਾਰ ਉਤਰ ਕੇ ਅਲੋਪ ਹੋ ਗਏ ਹਨ । ਸਿੰਘਾਂ ਦੇ ਇਸ ਤਰ੍ਹਾਂ ਖਿਸਕ ਜਾਣ ਨੇ ਬਾਦਸ਼ਾਹੀ ਲਸ਼ਕਰੀਆਂ ਨੂੰ ਹੋਰ ਵੀ ਜ਼ਿਆਦਾ ਹੈਰਾਨ ਕਰ ਦਿੱਤਾ ਜਦ ਉਨ੍ਹਾਂ ਦੇ ਟਾਕਰੇ ਲਈ ਸਿੰਘਾਂ ਦੀ ਤਿਆਰੀ ਦੇ ਸਾਮਾਨ ਵੇਖੇ । ਪਹਿਲੇ ਟਿੱਲੇ ਤੋਂ ਲੈ ਕੇ ਲੋਹਗੜ੍ਹ ਦੀ ਦੀਵਾਰ ਤਕ ਉਨ੍ਹਾਂ ਨੇ ਬਵੰਜਾ ਮੋਰਚੇ ਅਤੇ ਰਾਖੀ ਚੌਕੀਆਂ ਇਸ ਜੁਗਤ ਨਾਲ ਬਣਾਈਆਂ ਹੋਈਆਂ ਸਨ ਕਿ ਇਕ ਤੋਂ ਦੂਸਰੀ ਦੀ ਸਹਾਇਤਾ ਹੋ ਸਕਦੀ ਸੀ ਅਤੇ ਚੜ੍ਹੇ ਆ ਰਹੇ ਵੈਰੀ ਉੱਤੇ ਧੁਰ ਤਕ ਮਾਰੂ ਅੱਗ ਵਰ੍ਹਾਈ ਜਾ ਸਕਦੀ ਸੀ । ਇਸ ਗੱਲ ਤੋਂ ਡਰਦੇ ਕਿ ਆਪਣੀ ਆਦਤ ਅਨੁਸਾਰ ਸਿੰਘ ਪਿੱਛੇ ਮੁੜ ਕੇ ਕਿਤੇ ਹੱਲਾ ਨ ਕਰ ਦੇਣ ਬਾਦਸ਼ਾਹੀ ਲਸ਼ਕਰ ਨੇ ਕਈ ਦਿਨ ਉਨ੍ਹਾਂ ਦਾ ਪਿੱਛਾ ਨਾ ਕੀਤਾ, ਕੁਝ ਚਿਰ ਪਿੱਛੋਂ ਜਦ ਇਹ ਸਿੰਘਾਂ ਦੀ ਭਾਲ ਵਿਚ ਨਿਕਲੇ ਤਾਂ ਉਨ੍ਹਾਂ ਦਾ ਨਾਉਂ ਨਿਸ਼ਾਨ ਭੀ ਨਾ ਲੱਭਾ। ਲੋਹਗੜ੍ਹ ਦੇ ਖਾਲੀ ਹੋ ਜਾਣ ਅਤੇ ਬੰਦਾ ਸਿੰਘ ਦੇ ਖਿਸਕ ਜਾਣ ਦੀ ਖ਼ਬਰ 9 ਜੀ-ਕਦਾ (16 ਨਵੰਬਰ) ਨੂੰ ਬਾਦਸ਼ਾਹ ਦੇ ਪੇਸ਼ ਹੋਈ ਜਿਸ ਵਿਚ ਲਿਖਿਆ ਹੋਇਆ ਸੀ ਕਿ ਸਿੰਘਾਂ ਦੇ ਕਈ ਬੰਦੇ ਕਤਲ ਅਤੇ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੇ ਬਾਰੂਦ ਦੇ ਕੋਠੇ ਜ਼ਬਤ ਕਰ ਲਏ ਹਨ । ਬਾਦਸ਼ਾਹੀ ਲਸ਼ਕਰ ਦੇ ਆਗੂਆਂ ਵਿਚੋਂ ਅਬਦੁੱਸਮਦ ਖ਼ਾਨ ਦਾ ਬਖ਼ਸ਼ੀ (ਫ਼ੌਜੀ ਕਮਾਂਡਰ) ਹਾਜ਼ੀ ਕਮਾਲ, ਜ਼ੈਨੁਦੀਨ ਅਹਿਮਦ ਖ਼ਾਨ ਦਾ ਭਤੀਜਾ ਅਬੁਲ ਮੁਕਾਰਮ, ਫ਼ਤਿਹ ਖ਼ਾਨ ਆਦਿ ਜ਼ਖ਼ਮੀ ਹੋਏ । 29 ਨਵੰਬਰ (22 ਜੀ-ਕਦਾ) ਨੂੰ ਜ਼ਕਰੀਆ ਖ਼ਾਨ ਨੇ ਸਿੰਘਾਂ ਦੇ ਕੱਟੇ ਹੋਏ ਸਿਰ ਨੇਜ਼ਿਆਂ ਉੱਤੇ ਟੰਗ ਕੇ ਚਾਂਦਨੀ ਚੌਂਕ ਵਿਚ ਬਾਦਸ਼ਾਹ ਦੀ ਨਜ਼ਰੋਂ ਗੁਜ਼ਾਰੇ ।

ਕਿੜੀ ਪਠਾਣਾਂ, ਰੋਪੜ ਅਤੇ ਬਟਾਲਾ

ਲੋਹਗੜ੍ਹ ਖਾਲੀ ਹੋ ਜਾਣ ਪਿੱਛੋਂ ਅਬਦੁੱਸਮਦ ਖ਼ਾਨ ਤਾਂ ਆਪਣੀ ਸੂਬੇਦਾਰੀ ਲਾਹੌਰ ਨੂੰ ਚਲਾ ਗਿਆ ਅਤੇ ਆਪਣੇ ਪੁੱਤਰ ਜ਼ਕਰੀਆ ਖ਼ਾਨ ਫ਼ੌਜਦਾਰ ਜੰਮੂ ਨੂੰ ਬੰਦਾ ਸਿੰਘ ਦੇ ਵਿਰੁੱਧ ਮੁਹਿੰਮ ਦੀ ਫ਼ਤਿਹ ਦੀ ਰਿਪੋਰਟ ਦੇ ਕੇ ਬਾਦਸ਼ਾਹ ਫ਼ਰੁੱਖ਼-ਸੀਅਰ ਦੀ ਸੇਵਾ ਵਿਚ ਭੇਜਿਆ। ਜਿਵੇਂ ਪਿੱਛੇ ਦੱਸਿਆ ਜਾ ਚੁੱਕਾ ਹੈ, ਜ਼ਕਰੀਆ ਖ਼ਾਨ 29 ਨਵੰਬਰ ਨੂੰ ਬਾਦਸ਼ਾਹ ਦੇ ਪੇਸ਼ ਹੋਇਆ। ਪੰਜ ਦਸੰਬਰ ਨੂੰ ਬਾਦਸ਼ਾਹ ਵੱਲੋਂ ਖਿੱਲਤ, ਜੜਾਊ ਕਲਗੀ ਅਤੇ ਝੰਡਾ ਅਤੇ ਧੌਂਸਾ ਇਨਾਮ ਹੋਏ । 29 ਜ਼ਿਲਹਿੱਜਾ 1125 ਹਿਜ਼ਰੀ (5 ਜਨਵਰੀ 1714) ਨੂੰ ਫੇਰ ਜ਼ਕਰੀਆ ਖ਼ਾਨ ਨੂੰ (ਅਤੇ ਕਮਰੁੱਦੀਨ ਦੇ ਭਾਈ ਮੁਜ਼ੱਫਰ ਖ਼ਾਨ, ਰਾਜਾ ਛਬੀਲਾ ਰਾਮ, ਗੰਧਰਬ ਸਿੰਘ ਅਤੇ ਰੁਸਤਮ ਖ਼ਾਨ ਨੂੰ) ਖਿੱਲਤਾਂ ਆਦਿ ਦੇ ਕੇ ਰਜਪੂਤਾਨੇ ਦੀ ਮੁਹਿੰਮ ਉੱਤੇ ਜਾਣ ਦਾ ਹੁਕਮ ਹੋਇਆ।

21 ਫ਼ਰਵਰੀ ਸੰਨ 1714 (17 ਸਫ਼ਰ 1126 ਹਿਜਰੀ) ਨੂੰ ਬਦਾਸ਼ਾਹ ਨੇ ਦੋ ਚੋਬਦਾਰ ਨਿਯਤ ਕੀਤੇ ਕਿ ਛੇਤੀ ਜਾ ਕੇ ਅਬਦੁੱਸਮਦ ਖ਼ਾਨ ਨੂੰ ਲੈ ਆਉਣ । ਇਸ ਵੇਲੇ ਉਹ ਮੁਲਤਾਨ ਵੱਲੋਂ ਮੁਹਿੰਮ ਤੋਂ ਮੁੜ ਆਇਆ ਸੀ । ਅਬਦੁੱਸਮਦ ਖ਼ਾਨ 24 ਫ਼ਰਵਰੀ (20 ਸਫ਼ਰ) ਨੂੰ ਆ ਹਾਜ਼ਰ ਹੋਇਆ। ਮੀਰ ਜੁਮਲਾ ਦੀਵਾਨ ਖ਼ਾਸ ਦੇ ਦਰਵਾਜ਼ੇ ਤਕ ਸੁਆਗਤ ਲਈ ਗਿਆ ਅਤੇ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਉਸ ਨੂੰ ਥਾਪੀ ਦਿੱਤੀ ਅਤੇ ਇਕ ਖ਼ਾਸ ਖਿੱਲਤ ਅਤੇ ਜਿਗਾ ਕਲਗੀ ਇਨਾਮ ਦਿੱਤੀਆਂ । 28 ਫ਼ਰਵਰੀ (24 ਸਫ਼ਰ) ਨੂੰ ਉਸ ਨੂੰ ਹੋਰ ਇਕ ਖਿੱਲਤ ਸਰ-ਪੇਚ, ਜੜਾਊ ਤਲਵਾਰ, ਇਕ ਘੋੜਾ ਅਤੇ ਹਾਥੀ ਬਖ਼ਸ਼ੇ ਗਏ ਅਤੇ ਰਾਜਪੂਤਾਨੇ ਨੂੰ ਜਾ ਰਹੀ ਬਾਦਸ਼ਾਹੀ ਫ਼ੌਜ ਨਾਲ ਨਿਯਤ ਕੀਤਾ।

ਸਿੰਘਾਂ ਦੇ ਜ਼ੋਰ ਘਟਣ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਵਿਰੁੱਧ ਸਖ਼ਤੀ ਦੇ ਹੁਕਮਾਂ ਨਾਲ ਸਰਕਾਰੀ ਹਾਕਮਾਂ ਅਤੇ ਦੂਸਰੇ ਲੋਕਾਂ ਦੇ ਹੌਂਸਲੇ ਵੱਧ ਗਏ ਸਨ ਅਤੇ ਉਨ੍ਹਾਂ ਨੇ ਜਿੱਥੇ ਕਿਧਰੇ ਭੀ ਦਾਓ ਲੱਗਦਾ ਸਿੰਘਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਰਹੰਦ, ਮਾਝੇ ਅਤੇ ਰਿਆੜਕੀ ਦੇ ਇਲਾਕਿਆਂ ਦੇ ਮੁਸਲਮਾਨ ਤਾਂ ਸਿੰਘਾਂ ਦੇ ਵੈਰੀ ਹੀ ਬਣ ਗਏ ਅਤੇ ਹਰ ਕੋਈ ਉਨ੍ਹਾਂ ਨੂੰ ਫੜਨਾ ਜਾਂ ਮਾਰਨਾ ਮਰਵਾਉਣਾ ਆਪਣਾ ਫਰਜ਼ ਸਮਝਣ ਲੱਗ ਪਿਆ । ਲਾਹੌਰ ਤਾਂ ਸੀ ਹੀ ਮੁਗ਼ਲ ਰਾਜ ਦਾ ਕੇਂਦਰ, ਪਰ ਸਰਹੰਦ, ਬਟਾਲਾ, ਕਲਾਨੌਰ ਅਤੇ ਕਾਹਨੂਵਾਨ ਡੇਢ ਕੁ ਸੌ ਸਾਲ ਤੋਂ ਮੁਸਲਮਾਨੀ ਤਾਕਤ ਦੇ ਖ਼ਾਸ ਅੱਡੇ ਬਣੇ ਹੋਏ ਸਨ ਅਤੇ ਮੁਲਾਣਿਆਂ ਦੇ ਅਸਰ ਹੇਠਾਂ ਇਥੇ ਦੇ ਆਮ ਮੁਸਲਮਾਨ ਭੀ ਹੋਰਨਾਂ ਨਾਲੋਂ ਜਿਆਦਾ ਕੱਟੜ ਹੋਏ ਹੋਏ ਸਨ। ਇਸ ਲਈ ਇਨ੍ਹਾਂ ਦੇ ਅਤਿਆਚਾਰਾਂ ਦਾ ਟਾਕਰਾ ਕਰਨ ਲਈ ਸਿੰਘਾਂ ਨੂੰ ਇਕੱਠੇ ਹੋ ਕੇ ਹੱਥ ਪੈਰ ਮਾਰਨੇ ਪੈਂਦੇ ਸਨ ।

ਮਾਰਚ ਸੰਨ 1714 ਵਿਚ, ਮਾਲੂਮ ਹੁੰਦਾ ਹੈ, ਕਾਹਨੁਵਾਨ ਦੇ ਪਰਗਣੇ ਦੇ ਸਿੰਘ ਕੁਝ ਬਹੁਤ ਹੀ ਤੰਗ ਹੋ ਗਏ। ਇਸ ਵੇਲੇ ਸਿੰਘਾਂ ਨੂੰ ਦੁਖੀ ਕਰਨ ਵਾਲਿਆਂ ਦੇ ਬਹੁਤ ਸਾਰੇ ਮੋਹਰੀ ਇਸ ਪਰਗਣੇ ਦੇ ਪਿੰਡ ਕਿੜੀ ਪਠਾਣ ਬਸਦੀ ਉਮਰ ਗਾਜ਼ੀ ਦੇ ਮੁਲਾਣੇ ਸਨ । ਤੰਗ ਆਏ ਹੋਏ ਬੰਦੇ ਲਈ ਕਈ ਵਾਰੀ ਲੜਾਈ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ । ਫ਼ਾਰਸੀ ਦੀ ਇਕ ਅਖੋਤ ਹੈ ਕਿ ‘ਤੰਗ ਆਮਦ ਬਜੰਗ ਆਮਦ’, ਅਰਥਾਤ ਤੰਗ ਆਇਆ ਹੋਇਆ ਲੜਾਈ ਤੇ ਉਤਰ ਪੈਂਦਾ ਹੈ। ਇਸ ਲਈ ਇਰਦ ਗਿਰਦ ਦੇ ਸਿੰਘ ਇਸ ਪਰਗਣੇ ਦੇ ਇਕ ਉੱਘੇ ਸਿੰਘ ਸਰਦਾਰ ਜਗਤ ਸਿੰਘ ਦੀ ਜੱਥੇਦਾਰੀ ਹੇਠ ਆ ਇਕੱਠੇ ਹੋਏ । 17 ਮਾਰਚ (12 ਰੱਬੀ-ਉਲ-ਅੱਵਲ) ਵਾਲੇ ਦਿਨ ਸਰਦਾਰ ਜਗਤ ਸਿੰਘ ਆਪਣੇ ਭਰਾਵਾਂ, ਨੌਕਰਾਂ ਅਤੇ ਸਿੱਖਾਂ ਦੇ ਜੱਥੇ ਨੂੰ ਨਾਲ ਲੈ ਕੇ ਪਹਿਰ ਦਿਨ ਚੜ੍ਹੇ ਪਿੰਡ ਉੱਤੇ ਜਾ ਪਿਆ ਅਤੇ ਪਠਾਣਾਂ ਦੀ ਗੜ੍ਹੀ ਵਿਚ ਜਾ ਵੜਿਆ । ਪਠਾਣਾਂ ਨੇ ਅੱਗੋਂ ਟਾਕਰਾ ਕੀਤਾ ਪਰ ਕੋਈ ਪੇਸ਼ ਨਾ ਗਈ । ਮੁਹੰਮਦ ਇਸਹਾਕ ਮਾਰਿਆ ਗਿਆ । ਸੱਠ ਹਜ਼ਾਰ ਰੁਪਏ ਦਾ ਪਿੰਡ ਵਾਲਿਆਂ ਅਤੇ ਹੋਰਨਾਂ ਪਿੰਡਾਂ ਵਾਲਿਆਂ ਦਾ ਮਾਲ (ਰੁਪਏ ਅਤੇ ਗਹਿਣਾ ਗੱਟਾ) ਜੋ ਉਨ੍ਹਾਂ ਨੇ ਸੰਭਾਲ ਲਈ ਮੁਹੰਮਦ ਮੀਰ ਦੇ ਘਰ ਰਖਿਆ ਹੋਇਆ ਸੀ, ਸਿੰਘਾਂ ਦੇ ਹੱਥ ਆਇਆ। ਬਹੁਤ ਸਾਰੇ ਲੋਕ ਘਰ ਘਾਟ ਛੱਡ ਕੇ ਭੱਜ ਗਏ ।

ਚੜ੍ਹਦੇ ਵਸਾਖ ਕਣਕ ਦੀ ਵਾਢੀ ਪੈਣ ਵਾਲੀ ਹੁੰਦੀ ਹੈ । ਮਾਲੂਮ ਹੁੰਦਾ ਹੈ ਇਸ ਵੇਲੇ ਕੁਝ ਸਿੰਘ ਫਸਲ ਦੀ ਕਟਾਈ ਦੇ ਖ਼ਿਆਲ ਨਾਲ ਪਹਾੜਾਂ ਵੱਲੋਂ ਉੱਤਰ ਆਏ ਅਤੇ ਆਪਣੀ ਭਾਈ-ਬੰਦਾਂ ਦੀ ਸਹਾਇਤਾ ਕਰਨ ਲੱਗ ਪਏ । ਸੂਹ ਮਿਲਣ ਪਰ ਸਰਹੰਦੀ ਫ਼ੌਜ ਦੇ ਬਖ਼ਸ਼ੀ ਸ਼ਰਫੁੱਦੀਨ ਨੇ ਜਾ ਉਨ੍ਹਾਂ ਉੱਤੇ ਧਾਵਾ ਬੋਲਿਆ। ਖੇਤਾਂ ਵਿਚ ਵਾਢੀ ਕਰਦੇ ਸਿੰਘਾਂ ਪਾਸ ਦਾਤਰੀਆਂ ਤੋਂ ਵੱਧ ਕੀ ਹੋਣਾ ਸੀ? ਫੇਰ ਭੀ ਉਨ੍ਹਾਂ ਨੇ ਟਾਕਰਾ ਕੀਤਾ ਜਿਸ ਵਿਚ ਸਰਹੰਦੀ ਫ਼ੌਜ ਦੇ ਕੁਝ ਬੰਦੇ ਮਾਰੇ ਗਏ ਅਤੇ ਸਿੰਘਾਂ ਦੇ ਭੀ। ਦੂਸਰੇ ਦਿਨ ਸਰਹੰਦੀਆਂ ਦੇ ਅਠਾਰਾਂ ਘੋੜੇ ਅਤੇ ਕੁਝ ਸਵਾਰ ਮਾਰੇ ਗਏ ਅਤੇ ਬਹਾਦੁਰ ਨਾਮੀ ਇਕ ਜਮਾਂਦਾਰ ਅਤੇ 22 ਨਫ਼ਰ ਜ਼ਖ਼ਮੀ ਹੋਏ । ਇਸ ਦੀ ਖ਼ਬਰ 17 ਅਪ੍ਰੈਲ (13 ਰੱਬੀ-ਉ-ਸਾਨੀ) ਨੂੰ ਬਾਦਸ਼ਾਹ ਪਾਸ ਪੁੱਜੀ ।

ਹੁਣ ਸਰਹੰਦ ਦੇ ਫ਼ੌਜਦਾਰ ਜ਼ੈਨੁਦੀਨ ਅਹਿਮਦ ਖ਼ਾਨ ਨੇ ਆਪਣੇ ਭਤੀਜੇ ਮੀਰ ਅਬੁਲ ਮੁਕਾਰਮ ਦੀ ਕਮਾਨ ਹੇਠਾਂ ਦੋ ਹਜ਼ਾਰ ਸਵਾਰਾਂ ਦੀ ਫ਼ੌਜ ਇਲਾਕੇ ਵਿਚ ਸਿੰਘਾਂ ਵਿਰੁੱਧ ਚੱਕਰ ਲਾਉਣ ਲਈ ਭੇਜ ਦਿੱਤੀ । ਇਨ੍ਹਾਂ ਨੇ ਸਾਰੀ ਮੱਲ-ਗੁਜ਼ਾਰ ਗਾਹ ਮਾਰੀ । 30 ਅਪ੍ਰੈਲ (26 ਰਬੀ-ਉ-ਸਾਨੀ) ਨੂੰ ਇਨ੍ਹਾਂ ਦਾ ਰੋਪੜ ਬਾਹਰ ਸਿੰਘਾਂ ਨਾਲ ਭੇੜ ਪੈ ਗਿਆ ਜਿਸ ਵਿਚ ਤੀਰਾਂ ਨਾਲ ਸਰਹੰਦੀ ਫ਼ੌਜ ਦਾ ਚੌਖਾ ਨੁਕਸਾਨ ਹੋਇਆ । 7 ਮਈ ਨੂੰ ਬਾਦਸ਼ਾਹ ਪਾਸ ਪੁੱਜੀ ਖ਼ਬਰ ਵਿਚ ਲਿਖਿਆ ਹੋਇਆ ਹੈ ਕਿ 300 ਸਿੱਖ ਕਤਲ ਹੋਏ ਅਤੇ ਬਾਦਸ਼ਾਹ ਫ਼ੌਜ ਦੇ ਦੋ ਸੋ ਸਵਾਰ ਅਤੇ ਪਿਆਦੇ ਮਰੇ ਅਤੇ ਕੁਝ ਫੱਟੜ ਹੋਏ ।

ਇਸ ਵੇਲੇ ਤਕ ਅਬਦੁੱਸਮਦ ਖ਼ਾਨ ਅਤੇ ਉਸ ਦਾ ਪੁੱਤਰ ਜਕਰੀਆ ਖ਼ਾਨ ਰਾਜਪੂਤਾਨੇ ਦੀ ਮੁਹਿੰਮ ਤੋਂ ਮੁੜ ਆਏ ਸਨ । 28 ਮਈ (26 ਜਮਾਦੀ-ਉਲ-ਅਵੱਲ) ਨੂੰ ਖਿਲਤਾਂ ਬਖ਼ਸ਼ ਕੇ ਬਾਦਸ਼ਾਹ ਨੇ ਇਨ੍ਹਾਂ ਦਾ ਸਨਮਾਨ ਕੀਤਾ ਅਤੇ 16 ਜੂਨ (14 ਜਮਾਦੀ-ਉ-ਸਾਨੀ) ਨੂੰ ਇਨ੍ਹਾਂ ਨੂੰ ਪੰਜਾਬ ਨੂੰ ਵਿਦਿਆ ਕੀਤਾ ਅਤੇ ਹੁਕਮ ਦਿੱਤਾ ਕਿ ਸਿੰਘਾਂ ਨੂੰ ਸਿੱਧਾ ਕਰਨ । 27 ਜੂਨ (25 ਜਮਾਦੀ-ਉ-ਸਾਨੀ) ਨੂੰ ਹਮੀਦੁੱਦੀਨ ਖ਼ਾਨ ਬਹਾਦੁਰ ਨੂੰ ਖਿਲਤ ਬਖ਼ਸ਼ ਕੇ ਅਬਦੁੱਸਮਦ ਖ਼ਾਨ ਨਾਜ਼ਮ (ਸੂਬੇਦਾਰ) ਲਾਹੌਰ ਦਾ ਨਾਇਬ ਨਿਯਤ ਕੀਤਾ ਗਿਆ।

ਜੂਨ ਦੇ ਆਖ਼ਰੀ ਦਿਨਾਂ ਵਿਚ ਸਰਦਾਰ ਬਾਜ ਸਿੰਘ ਬੰਦਾ ਸਿੰਘ ਤੋਂ ਛੁੱਟੀ ਲੈਕੇ ਆਨੰਦਪੁਰ ਮਾਖੋਵਾਲ) ਵੱਲ ਆ ਨਿਕਲਿਆ। ਅਨੰਦਪੁਰ ਕਹਿਲੂਰ ਰਾਜ ਵਿਚ ਸੀ। ਇਸ ਵੇਲੇ ਸਰਹੰਦ ਦੀਆਂ ਫ਼ੌਜਾਂ ਇਧਰ ਚੱਕਰ ਲਾ ਰਹੀਆਂ ਸਨ ਅਤੇ ਮਾਲੂਮ ਹੁੰਦਾ ਹੈ ਕਿ ਉਹ ਲੋਕਾਂ ਨੂੰ ਅਕਾਰਣ ਹੀ ਤੰਗ ਕਰ ਰਹੀਆਂ ਸਨ। ਸ਼ਾਇਦ ਰਾਜਾ ਕਹਿਲੂਰ ਉੱਤੇ ਭੀ ਕੋਈ ਆਫ਼ਤ ਆ ਖੜੀ ਹੋਈ ਹੋਵੇ, ਜਿਸ ਲਈ ਉਸ ਨੇ ਸਿੰਘਾਂ ਨੂੰ ਬੁਲਾ ਭੇਜਿਆ। 9 ਜੁਲਾਈ (8 ਰਜਬ) ਨੂੰ ਬਾਦਸ਼ਾਹ ਪਾਸ ਖ਼ਬਰ ਪੁੱਜੀ, ਜਿਸ ਵਿਚ ਲਿਖਿਆ ਹੋਇਆ ਹੈ ਕਿ ਕਹਿਲੂਰ ਦੇ ਜਿਮੀਂਦਾਰ (ਰਾਜੇ) ਦੀ ਮਰਜੀ ਨਾਲ ਬਾਜ ਸਿੰਘ ਮਾਖੋਵਾਲ ਟਿਕਿਆ ਹੋਇਆ ਹੈ ਅਤੇ ਫ਼ੌਜਾਂ ਦੇ ਮੌਕੇ ਸਿਰ ਹੁੰਦੇ ਹੋਏ ਭੀ ਉਹ ਮੱਲਾਂ ਮਾਰ ਰਿਹਾ ਹੈ ਅਤੇ ਮਾਲ ਡੰਗਰ ਲੈ ਗਿਆ ਹੈ।

16 ਅਗਸਤ (16 ਸ਼ਾਬਾਨ) ਨੂੰ ਸਰਹੰਦ ਦਿੱਲੀ ਬਾਦਸ਼ਾਹ ਨੂੰ ਪੁੱਜੀ ਖ਼ਬਰ ਅਨੁਸਾਰ ਸਤ ਕੁ ਹਜਾਰ ਸਿੰਘਾਂ ਨੇ ਰੋਪੜ ਉੱਤੇ ਹੱਲਾ ਕੀਤਾ ਅਤੇ ਜੈਨਦੀਨ ਅਹਿਮਦ ਖ਼ਾਨ ਫ਼ੌਜਦਾਰ ਸਰਹੰਦ ਦੇ ਨਾਇਬ ਅਤੇ ਭਤੀਜੇ ਅਬੁਲ-ਮੁਕਾਰਮ ਨੇ ਉਨ੍ਹਾਂ ਦਾ ਡਟ ਕੇ ਟਾਕਰਾ ਕੀਤਾ। ਦੋ ਕੁ ਸੋ ਸਿੰਘ ਲੜਾਈ ਵਿਚ ਮਾਰੇ ਗਏ ਅਤੇ ਬਾਕੀ ਹਰਨ ਹੋ ਗਏ । ਇਹ ਖ਼ਬਰ 30 ਅਪ੍ਰੈਲ ਨੂੰ ਪੁੱਜੀ ਖ਼ਬਰ ਨਾਲ ਰਲਦੀ ਮਿਲਦੀ ਹੈ, ਹੋ ਸਕਦਾ ਹੈ ਉਸੇ ਦਾ ਹੀ ਦੂਸਰਾ ਰੂਪ ਹੋਵੇ ।

ਸੰਨ 1714 ਦੀ ਪਤਝੜ, ਦਸੰਬਰ ਅਤੇ ਜਨਵਰੀ 1715 ਵਿਚ ਸਰਹੰਦ ਦਿੱਲੀ ਪੁੱਜੀਆਂ ਖ਼ਬਰਾਂ ਤੇ ਪ੍ਰਗਟ ਹੁੰਦਾ ਹੈ ਕਿ ਸਿੰਘਾਂ ਦੇ ਇਕ ਦੁੱਕੇ ਜੱਥੇ ਪਹਾੜੋਂ ਉਤਰ ਕੇ ਪੰਜੋਰ ਤਕ ਆ ਗਏ ਸਨ। (ਖ਼ਬਰ 5 ਦਸੰਬਰ), ਅਤੇ ਬਘਾਟ (6 ਜਨਵਰੀ), ਮੰਡੀ ਸੁਕੇਤ (25 ਜਨਵਰੀ) ਆਦਿ ਵੱਲ ਭੀ ਉਨ੍ਹਾਂ ਦੇ ਦੋਰਿਆਂ ਦਾ ਪਤਾ ਲਗਦਾ ਹੈ। ਇਸ ਵੇਲੇ ਸਰਹੰਦ ਦਾ ਫ਼ੌਜਦਾਰ ਖਿਦਮਤ-ਤਲਬ ਖ਼ਾਨ ਸੀ ਜੇ ਜ਼ੈਨੂਦੀਨ ਅਹਿਮਦ ਖ਼ਾਨ ਦੀ ਥਾਂ ਨਵਾਂ ਹੀ (ਸਤੰਬਰ-ਨਵੰਬਰ ਵਿਚ) ਨਿਯਤ ਹੋਇਆ ਸੀ ।

23-24 ਫ਼ਰਵਰੀ ਸੰਨ 1715 (30 ਸਫਰ ਸੰਨ 1127 ਹਿਜ਼ਰੀ) ਨੂੰ ਬਾਦਸ਼ਾਹ ਨੂੰ ਸਿੰਘਾਂ ਬਾਬਤ ਦੇ ਖ਼ਬਰਾਂ ਪੁੱਜੀਆਂ, ਪਹਿਲੀ ਖ਼ਬਰ ਲਾਹੌਰ ਦੇ ਹਰਕਾਰੇ ਵੱਲੋਂ ਲਿਖੀ ਹੋਈ ਸੀ ਕਿ ਫ਼ੌਜਦਾਰ ਪਰਗਣਾ ਐਮਨਾਬਾਦ ਦੇ ਅਮੀਨ ਇਰਾਦਤਮੰਦ ਖ਼ਾਨ ਨੇ ਬੰਦਾ ਸਿੰਘ ਦੇ ਸਾਥੀ ਸਿੰਘਾਂ ਨੂੰ ਟੱਬਰਾਂ ਸਮੇਤ ਆਪਣੇ ਪਾਸ ਟਿਕਾਣਾ ਦਿੱਤਾ ਹੋਇਆ ਹੈ ਅਤੇ ਇਨ੍ਹਾਂ ਸਿੱਖਾਂ ਨੇ ਕਾਬੁਲ ਅਤੇ ਕਸ਼ਮੀਰ ਵਾ ਲਾਹੌਰ ਅਤੇ ਗੁਜਰਾਤ ਦੇ ਵਿਚਕਾਰ ਰਾਹ ਰੋਕੇ ਹੋਏ ਹਨ ਅਤੇ ਬਾਦਸ਼ਾਹੀ ਤੇ ਰਾਜਾ ਦੇ ਪਿੰਡਾਂ ਵਿਚ ਲੁੱਟ ਮਾਰ ਕਰ ਰਹੇ ਹਨ। ਜੋ ਮਾਲ ਅਤੇ ਡੰਗਰ ਉਨ੍ਹਾਂ ਦੇ ਹੱਥ ਲਗਦੇ ਹਨ, ਉਨ੍ਹਾਂ ਵਿਚੋਂ ਅੱਧ ਆਪ ਰਖ ਲੈਂਦੇ ਹਨ ਅਤੇ ਅੱਧ ਉਸ (ਇਰਾਦਤਮੰਦ ਖ਼ਾਨ) ਨੂੰ ਦੇ ਦਿੰਦੇ ਹਨ।

ਦੂਸਰੀ ਖ਼ਬਰ ਚਕਲਾ ਜੰਮੂ ਦੇ ਲਾਗਿਉਂ ਅਸਫ਼ਦ ਯਾਰ ਨੇ ਮਿਰਜ਼ਾ ਗੁਲਾਮ ਮੁਹੰਮਦ ਦੀ ਮਾਰਫ਼ਤ ਭੇਜੀ ਸੀ ਕਿ ਸਰਹੰਦ ਵਲੋਂ ਆ ਕੇ ਸਿੱਖ ਸੁਕੇਤ ਅਤੇ ਮੰਡੀ ਦੇ ਪਹਾੜ ਵਿਚ ਫਿਰ ਰਹੇ ਹਨ। ਅਤੇ ਇਧਰ ਦੇ ਲੋਕਾਂ ਵਿਚ ਬੜਾ ਥਲਕਾ ਮਚਿਆ ਹੋਇਆ ਹੈ। ਨਾਲ ਹੀ ਇਹ ਭੀ ਲਿਖਿਆ ਕਿ ਸਿੱਖਾਂ ਨੇ ਕਹਿਲੂਰੀਏ ਰਾਜਾ ਨਾਲ ਰਲ ਕੇ ਫ਼ਤਿਹ-ਉੱਲਾ-ਖ਼ਾਨ ਦੀ ਜਾਗੀਰ ਦੇ ਆਮਿਲ (ਪ੍ਰਬੰਧਕ) ਰਮਜ਼ਾਨੀ ਬੇਗ ਨਾਲ ਦੂਨ ਦੇ ਰਹਿਣ ਵਾਲੇ ਅੱਠ ਹਜਾਰ ਸਵਾਰਾਂ ਅਤੇ ਅੱਠ ਹਜਾਰ ਪਿਆਦਿਆਂ 1 ਨੂੰ ਨਾਲ ਲੈ ਕੇ ਜੰਗ ਕੀਤੀ ਹੈ । ਆਮਿਲ ਦੇ ਬਹੁਤ ਸਾਰੇ ਆਦਮੀ ਮਾਰੇ ਗਏ ਅਤੇ ਫੱਟੜ ਹੋਏ ਹਨ, ਅਤੇ ਸਿੱਖ ਆਪ ਹਰਨ ਹੋ ਗਏ ਹਨ।

ਇਸ ਵੇਲੇ ਬੰਦਾ ਸਿੰਘ ਜੰਮੂ ਦੇ ਪਹਾੜ ਵਿਚ ਝਨਾਂ ਦੇ ਖੱਬੇ ਕੱਢੇ ਪਿੰਡ ਭਬੌਰ ਤੋਂ ਦੋ ਕੁ ਮੀਲ ਦੱਖਣ-ਚੜ੍ਹਦੇ ਨੂੰ ਉਸ ਟਿਕਾਣੇ ਤੇ, ਜਿਸ ਨੂੰ ਹੁਣ ਡੇਰਾ ਬਾਬਾ ਬੰਦਾ ਸਿੰਘ ਸਾਹਿਬ ਕਹਿੰਦੇ ਹਨ, ਉਸ ਮੌਕੇ ਦੀ ਉਡੀਕ ਵਿਚ ਦਿਨ ਕਟੀ ਕਰ ਰਿਹਾ ਸੀ ਜਦ ਕਿ ਉਹ ਆਪਣੇ ਦੇਸ਼ ਦੀ ਸੁਤੰਤਰਤਾ ਅਤੇ ਖ਼ਾਲਸੇ ਦੀ ਤਾਕਤ ਮੁੜ ਸਥਾਪਤ ਕਰਨ ਲਈ ਮੁਗ਼ਲ ਰਾਜ ਉੱਤੇ ਜੋਰਦਾਰ ਅਤੇ ਸਫ਼ਲ ਸੱਟ ਮਾਰ ਸਕੇ । ਸ਼ਾਇਦ ਉਹ ਬਹਾਦੁਰ ਸ਼ਾਹ ਦੀ ਮੋਤ ਤੋਂ ਬਾਅਦ ਜਹਾਂਦਾਰ ਸ਼ਾਹ ਅਤੇ ਫੇਰ ਫ਼ਰੁੱਖ਼-ਸੀਅਰ ਦੇ ਵੇਲੇ ਵਾਲੇ ਰਾਜ-ਰੌਲੇ ਅਤੇ ਕਟਾ-ਵੱਢ ਦੀ ਮੁੜ ਉਡੀਕ ਵਿਚ ਹੋਵੇ ਜਦੋਂ ਕਿ ਉਸ ਨੂੰ ਹੱਥ ਪੈਰ ਪਸਾਰਨੇ ਸੌਖੇ ਹੋਣਗੇ ।

ਨਵੰਬਰ ਸੰਨ 1713 ਤੋਂ ਫਰਵਰੀ ਸੰਨ 1715 ਤਕ ਦੇ ਬੰਦਾ ਸਿੰਘ ਦੇ ਹਾਲਾਤ ਦਾ ਵੇਰਵੇ ਸਹਿਤ ਬਹੁਤ ਕੁਝ ਪਤਾ ਨਹੀਂ ਲਗਦਾ। ਇਸ ਸਮੇਂ ਦੀਆਂ ਬਾਦਸ਼ਾਹੀ ਖ਼ਬਰਾਂ ਭੀ ਸਾਡੀ ਕੁਝ ਬਹੁਤ ਸਹਾਇਤਾ ਨਹੀਂ ਕਰਦੀਆਂ । ਕਿਧਰੇ ਕਿਧਰੇ ਇੱਕੀ ਦੁੱਕੀ ਖ਼ਬਰ ਵਿਚ ਇਸ਼ਾਰੇ ਮਾਤਰ ਜ਼ਿਕਰ ਆਉਂਦਾ ਹੈ ਜਿਸ ਤੋਂ ਸਾਫ਼ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਦਾ ਮਤਲਬ ਖ਼ੁਦ ਬੰਦਾ ਸਿੰਘ ਤੋਂ ਹੈ। ਬਾਦਸ਼ਾਹੀ ਖ਼ਬਰਾਂ ਵਿਚ ਸਿੱਖ ਸਰਦਾਰਾਂ ਦੇ ਨਾਉਂ ਕਿਧਰੇ ਘੱਟ ਹੀ ਆਉਂਦੇ ਹਨ ਇਸ ਲਈ ਕਈ ਥਾਈਂ ਜਿਥੇ ਕੇਵਲ ਸਿੱਖ ਸਰਦਾਰਾਂ ਜਾਂ ਜੱਥਿਆਂ ਨੇ ਹੀ ਮੱਲਾਂ ਮਾਰੀਆਂ ਜਾਂ ਬਾਦਸ਼ਾਹੀ ਫ਼ੌਜਾਂ ਨਾਲ ਟੱਕਰਾਂ ਲਈਆਂ ਉਨ੍ਹਾਂ ਦੀਆਂ ਖ਼ਬਰਾਂ ਭੀ ਬਾਦਸ਼ਾਹ ਪਾਸ ਕੁਝ ਇਸ ਤਰ੍ਹਾਂ ਗੋਲ ਮੋਲ ਲਿਖ ਕੇ ਭੇਜੀਆ ਗਈਆਂ ਹੋਈਆਂ ਹਨ ਕਿ ਜਿਵੇਂ ਖੁਦ ਬੰਦਾ ਸਿੰਘ ਨੇ ਭੀ ਉਥੇ ਮੌਜੂਦ ਹੋਣ ਦਾ ਖ਼ਿਆਲ ਪੈ ਸਕੇ ਅਤੇ ਬਾਦਸ਼ਾਹ ਵੱਲੋਂ ਪ੍ਰਸੰਸਾ ਮਿਲ ਸਕੇ । ਇਸ ਲਈ ਇਨ੍ਹਾਂ ਖ਼ਬਰਾਂ ‘ਚੋਂ ਨਿਰੋਲ ਸੱਚਾਈ ਲਭ ਸਕਣ ਲਈ ਬੜੇ ਗਹੁ ਅਤੇ ਵਿਚਾਰ ਦੀ ਲੋੜ ਹੈ। ਜਿਵੇਂ ਪਿਛੇ ਲਿਖਿਆ ਜਾ ਚੁੱਕਾ ਹੈ, ਉਪਰੋਕਤ ਸਵਾ ਕੁ ਸਾਲ ਦਾ ਸਮਾਂ ਬਹੁਤਾ ਬੰਦਾ ਸਿੰਘ ਨੇ ਜੰਮੂ ਦੇ ਪਹਾੜ ਵਿਚ ਡੇਹਰੇ ਵਾਲੇ ਅਸਥਾਨ ਤੇ ਕਿਸੇ ਚੰਗੇ ਮੌਕੇ ਦੀ ਤਾੜ ਵਿਚ ਗੁਜ਼ਾਰਿਆ ਹੈ। ਇਸ ਵੇਲੇ ਇਕ ਇਹ ਗੱਲ ਨਿਸ਼ਚੇ ਜਾਪਦੀ ਹੈ ਕਿ ਉਸ ਨੇ ਵਜੀਰਾਬਾਦ ਦੇ ਇਕ ਖੱਤਰੀ ਸ਼ਿਵ ਰਾਮ ਦੀ ਸਪੁੱਤਰੀ ਬੀਬੀ ਸਾਹਿਬ ਕੋਰ ਨਾਲ ਦੂਸਰਾ ਵਿਆਹ ਕਰਵਾਇਆ ਜਿਸ ਤੋਂ ਰਣਜੀਤ ਸਿੰਘ ਨਾਮੀ ਪੁੱਤਰ ਪੈਦਾ ਹੋਇਆ । ਇਨ੍ਹਾਂ ਤੋਂ ਬੰਦਾ ਸਿੰਘ ਦਾ ਬੰਸ ਚਲਦਾ ਹੈ । ਪਹਿਲਾ ਪੁੱਤਰ ਅਜੈ ਸਿੰਘ ਬਾਦਸ਼ਾਹੀ ਹੁਕਮ ਨਾਲ 9 ਜੂਨ 1716 ਨੂੰ ਬੰਦਾ ਸਿੰਘ ਦੇ ਨਾਲ ਹੀ ਦਿੱਲੀ ਵਿਚ ਸ਼ਹੀਦ ਹੋਇਆ ਸੀ।

‘ਪੰਥ ਪ੍ਰਕਾਸ਼’ ਅਤੇ ‘ਤਵਾਰੀਖ ਗੁਰੂ ਖਾਲਸਾ’ ਦਾ ਇਹ ਕਹਿਣਾ ਕਿ ਬੰਦਾ ਸਿੰਘ ਨੇ ਇਸ ਵੇਲੇ ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਸੀ, ਭਰੋਸੇ ਯੋਗ ਸਮਕਾਲੀ ਅਤੇ ਮੁੱਢਲੇ ਸਰਕਾਰੀ ਜਾਂ ਗ਼ੈਰ-ਸਰਕਾਰੀ ਲਿਖਾਰੀਆਂ ਦੀਆਂ ਲਿਖਤਾਂ ਦੇ ਆਧਾਰ ਤੇ ਇਤਿਹਾਸਕ ਖੋਜ ਦੀ ਕਸੌਟੀ ਉੱਤੇ ਠੀਕ ਸਿੱਧ ਨਹੀਂ ਹੁੰਦਾ। ਨਾ ਹੀ ਵੇਲੇ ਦੀ ਅਜਿਹੀ ਕੋਈ ਗਵਾਹੀ ਮਿਲਦੀ ਹੈ ਜਿਸ ਤੋਂ ਉਸ ਦਾ ਸ੍ਰੀ ਅੰਮ੍ਰਿਤਸਰ ਜਾਣਾ ਸਿੱਧ ਹੁੰਦਾ ਹੋਵੇ । ਅਸਲ ਵਿਚ ਹਾਲਾਤ ਕੁਝ ਐਸੇ ਬਿਖੜੇ ਸਨ ਕਿ ਬੰਦਾ ਸਿੰਘ ਅੰਮ੍ਰਿਤਸਰ ਜਾ ਹੀ ਨਹੀਂ ਸਕਿਆ। ਇਸ ਲਈ ਅੰਮ੍ਰਿਤਸਰ ਵਿਚ ਹੋਈ ਕੋਈ ਗੱਲ ਭੀ ਉਸ ਨਾਲ ਜੋੜੀ ਨਹੀਂ ਜਾ ਸਕਦੀ । ਅੰਮ੍ਰਿਤਸਰ ਵਿਚ ਬੰਦਾ ਸਿੰਘ ਦੇ ‘ਜਿਗਾ ਕਲਗੀ ਸ਼ਸਤਰ ਬਸਤਰ ਸਜਾ ਕਰ ਬਾਦਸ਼ਾਹਾ ਜੈਸਾ ਦਰਬਾਰ ਲਗਾਇ ਕਰ ਸੰਗਤਾਂ ਨੂੰ ਦਰਸ਼ਨ ਦੇਣ ਦੀ ਗੱਲ ਬਾਅਦ ਦੀ ਕਲਪਣਾ ਹੈ। ਇਸੇ ਤਰ੍ਹਾਂ ਹੀ ਮਾਤਾ ਸੁੰਦਰੀ ਅਤੇ ਬਾਦਸ਼ਾਹ ਫ਼ਰੁੱਖ਼-ਸੀਅਰ ਦੇ ਵਿਚਕਾਰ ਹੋਈ ਕਹੀ ਜਾਂਦੀ ਕਿਸੇ ਗੱਲ-ਬਾਤ ਜਾਂ ਲਿਖਾ-ਪੜ੍ਹੀ ਦੀ ਭੀ ਕੋਈ ਭਰੋਸੇ ਯੋਗ ਗਵਾਹੀ ਨਹੀਂ ਮਿਲਦੀ । ਉਸ ਸਮੇਂ ਦੀਆਂ ਲਿਖਤਾਂ, ਸਮਕਾਲੀ ਰੋਜਨਾਮਚਿਆਂ ਤਜ਼ਕਰਿਆਂ, ਬਾਦਸ਼ਾਹੀ ਜਾਂ ਖਾਨਦਾਨੀ ਇਤਿਹਾਸਾਂ, ਸੁਜੀਵਨੀਆਂ ਜਾਂ ਵੱਡੇ ਵੱਡੇ ਸਮਕਾਲੀ ਅਮੀਰਾਂ ਜਾਂ ਸਰਦਾਰਾਂ ਦਿਆਂ ਜੀਵਨ-ਚਰਿਤਰਾਂ ਵਿਚ ਕਿਧਰੇ ਕੋਈ ਐਸਾ ਜਿਕਰ ਨਹੀਂ ਆਉਂਦਾ ਜਿਸ ਤੋਂ ਇਹ ਕਿਹਾ ਜਾ ਸਕੇ ਕਿ ਕਿਸੇ ਵੇਲੇ ਭੀ ਫ਼ਰੁੱਖ਼-ਸੀਅਰ ਅਤੇ ਮਾਤਾ ਸਾਹਿਬ ਕੋਰ ਵਿਚਕਾਰ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਜਾਂ ਬਾਤ-ਚੀਤ ਹੋਈ ਸੀ ਜਾਂ ਮਾਤਾ ਜੀ, ਬੰਦਾ ਸਿੰਘ ਅਤੇ ਖ਼ਾਲਸੇ ਦੇ ਵਿਚਕਾਰ ਕੋਈ ਪੱਕਾ ਮਤ- ਭੇਦ ਜਾਂ ਝਗੜਾ ਹੋਇਆ ਸੀ । ਇਸ ਲਈ ਇਹ ਕਹਿਣਾ ਕਿ ਬੰਦਾ ਸਿੰਘ ਨੇ ਚੂੰਕਿ ਮਾਤਾ ਜੀ ਦਾ ਹੁਕਮ ਨਹੀਂ ਸੀ ਮੰਨਿਆ, ਇਸ ਕਰਕੇ ਉਨ੍ਹਾਂ ਨੇ ਖਾਲਸੇ ਨੂੰ ਬੰਦਾ ਸਿੰਘ ਦਾ ਸਾਥ ਦੇਣੋਂ ਰੋਕ ਦਿੱਤਾ। ਸੀ, ਬਿਲਕੁਲ ਇਤਿਹਾਸ ਵਿਰੁੱਧ ਹੈ। ਇਹ ਠੀਕ ਹੈ ਕਿ ਬੰਦਾ ਸਿੰਘ ਦੇ ਪਹਿਲੇ ਦਿਨਾਂ ਵਿਚ (ਫ਼ਤਹਿ ਦਰਸ਼ਨ’ ਚਾਲੂ ਹੋਈ ਸੀ ਜੋ ਖਾਲਸੇ ਨੇ ਪ੍ਰਵਾਨ ਨਹੀਂ ਸੀ ਕੀਤੀ । ਬੰਦਾ ਸਿੰਘ (ਕਈ ਵਿਵੇਕੀ ਅਤੇ ਨਾਮਧਾਰੀ ਸਿੰਘਾਂ ਦੀ ਤਰ੍ਹਾਂ) ਵੈਸ਼ਨੋ ਭੋਜਨ ਦੇ ਹੱਕ ਵਿਚ ਸੀ, ਗੁਰਦਾਸ ਨੰਗਲ ਦੀ ਗੜ੍ਹੀ ਵਿਚ ਸਿੰਘਾਂ ਵਿਚ ਕੁਝ ਮਤ-ਭੇਦ ਹੋਇਆ ਸੀ ਅਤੇ ਬੰਦਾ ਸਿੰਘ ਦੇ ਦਿੱਲੀ ਵਿਚ ਸ਼ਹੀਦ ਹੋ ਜਾਣ ਤੋਂ ਪੰਜ ਕੁ ਵਰ੍ਹੇ ਪਿੱਛੋਂ ਸਿੰਘਾਂ ਦੇ ਦੋ ਧੜੇ ਹੋ ਗਏ ਸਨ । ਥੋੜ੍ਹੇ ਬਹੁਤ ਮਤ-ਭੇਦ ਹਰ ਥਾਂ ਹੀ ਹੁੰਦੇ। ਹਨ ਅਤੇ ਕਈ ਵਾਰੀ ਸਮਾਂ ਪੈ ਜਾਣ ਨਾਲ ਖਿੱਚੇ ਧਰੂਏ ਹੋਏ ਉਹ ਬਹੁਤ ਵੱਡੇ ਜਾਪਣ ਲਗ ਪੈਂਦੇ ਹਨ, ਇਸੇ ਤਰ੍ਹਾਂ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਦੇ ਕੁਝ ਵਾਕੇ ਪਿਛੇ ਨੂੰ ਖਿੱਚ ਕੇ ਉਸ ਦੇ ਜੀਵਨ ਵਿਚ ਲੈ ਆਂਦੇ ਗਏ ਹਨ ਅਤੇ ਮਾਮੂਲੀ ਮਤ-ਭੇਦਾਂ ਨੂੰ ਵਧਾ ਕੇ ਕਈ ਅਣਹੋਣੀਆਂ ਗੱਲਾਂ ਘੜ ਲਈਆਂ ਗਈਆਂ ਹਨ ਜਿਨ੍ਹਾਂ ਨੂੰ ਬਾਅਦ ਦੇ ਲਿਖਾਰੀਆਂ ਨੇ ਸੱਚ ਸਮਝ ਲਿਆ ਹੈ। ਇਸ ਵਿਚਾਰ ਨੂੰ ਅੰਤਮ ਅਧਿਆਇ ਲਈ ਛੱਡ ਕੇ ਅਸੀਂ ਆਪਣੀ ਲੜੀ ਨੂੰ ਅੱਗੇ ਤੋਰਦੇ ਹਾਂ ।

ਜਿਵੇਂ ਪਿੱਛੇ ਦੱਸਿਆ ਗਿਆ ਹੈ ਸੰਨ 1714 ਈ. ਦੇ ਅੰਤ ਵਿਚ ਬਾਦਸ਼ਾਹ ਫ਼ਰੁੱਖ਼-ਸੀਅਰ ਵੱਲੋਂ ਜ਼ੈਨੂਦੀਨ ਅਹਿਮਦ ਖ਼ਾਨ ਦੀ ਥਾਂ ਸਰਹੰਦ ਦਾ ਫ਼ੌਜਦਾਰ ਖਿਦਮਤ ਤਲਬ ਖ਼ਾਨ ਨਿਯਤ ਕੀਤਾ। ਗਿਆ ਸੀ । ਇਸ ਵੇਲੇ ਸਿੰਘ ਪਹਾੜਾਂ ਵੱਲੋਂ ਮੈਦਾਨਾਂ ਨੂੰ ਉਤਰ ਰਹੇ ਸਨ। ਇਸ ਲਈ ਨਵੇਂ ਫ਼ੌਜਦਾਰ ਨੇ ਬੜੀ ਵੱਡੀ ਨਵੀਂ ਫੌਜ ਭਰਤੀ ਕਰ ਲਈ ਤਾਂ ਕਿ ਸਿੰਘਾਂ ਦੇ ਪਹਾੜਾਂ ਵੱਲੋਂ ਉਤਰਨ ਦੇ ਟਿਕਾਣਿਆਂ ਦੀ ਦੇਖਭਾਲ ਕਰ ਸਕੇ ਅਤੇ ਉਨ੍ਹਾਂ ਦੇ ਮਗਰ ਲੱਗ ਸਕੇ । ਪਰ ਚੂੰਕਿ ਸਿੰਘਾਂ ਦੇ ਕਿਲੇ ਮੁਗ਼ਲਾਂ ਦੇ ਹੱਥ ਆ ਚੁੱਕੇ ਹੋਏ ਸਨ ਅਤੇ ਉਨ੍ਹਾਂ ਪਾਸ ਮੈਦਾਨਾਂ ਵਿਚ ਗੁਜ਼ਾਰੇ ਲਈ ਖਾਣੇ ਦਾਣੇ ਦਾ ਕੋਈ ਪੱਕਾ ਪ੍ਰਬੰਧ ਨਹੀਂ ਸੀ, ਅਤੇ ਦੂਸਰੇ ਪਾਸੇ ਮੁਗ਼ਲ ਰਾਜ ਦੇ ਹਮਾਇਤੀ ਸਾਰੇ ਪਾਸੀਂ ਉਨ੍ਹਾਂ ਦੇ ਵਿਰੁੱਧ ਉਠ ਖੜੇ ਹੋਏ ਸਨ, ਇਸ ਲਈ ਉਨ੍ਹਾਂ ਵਾਸਤੇ ਮਾਲਵੇ ਵੱਲ ਉਤਰ ਸਕਣਾ ਬਹੁਤ ਔਖਾ ਸੀ । ਇਸ ਹਾਲਤ ਵਿਚ ਉਨ੍ਹਾਂ ਲਈ ਮੁੜ ਪਹਾੜਾਂ ਨੂੰ ਚੜ੍ਹ ਜਾਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਰਿਹਾ।

ਮਾਰਚ ਸੰਨ 1715 ਦੇ ਆਰੰਭ ਵਿਚ ਬੰਦਾ ਸਿੰਘ ਜੰਮੂ ਵੱਲੋਂ ਮੈਦਾਨ ਵਿਚ ਆ ਨਿਕਲਿਆ ਅਤੇ ਕਲਾਨੌਰ ਵੱਲ ਨੂੰ ਸਿੱਧਾ ਹੋ ਪਿਆ। ਸਿੰਘਾਂ ਦੇ ਚੜ੍ਹੇ ਆਉਣ ਦੀ ਖ਼ਬਰ ਸੁਣ ਕੇ ਕਲਾਨੌਰ ਦੇ ਫ਼ੌਜਦਾਰ ਸੁਹਰਾਬ ਖ਼ਾਨ, ਉਸ ਦੇ ਕਾਨੂੰਗੋ ਸੰਤੋਖ ਰਾਏ ਅਤੇ ਕਾਨੂੰਗੋ ਦੇ ਭਰਾ ਅਨੋਖ ਰਾਏ ਆਦਿ ਨੇ ਆਪਣੀ ਫ਼ੌਜ ਤੋਂ ਬਿਨਾਂ, ਗੁਆਂਢੀ ਪਰਗਣਿਆਂ ਤੋਂ ਚੋਖੀਆਂ ਵਾਰ੍ਹਾਂ, ਜਹਾਦੀਆਂ ਦੇ ਦਸਤੇ ਅਤੇ ਮੁਲਖੱਈਆ ਇਕੱਠਾ ਕਰ ਲਿਆ । ਪਰ ਸਿੰਘਾਂ ਦੀ ਪਹਿਲੀ ਸੱਟ ਪੈਂਦੇ ਸਾਰ ਇਹ ਸਭ ਭੱਜ ਨਿਕਲੇ ਅਤੇ ਹਵਾ ਵਾਂਗ ਉਡ ਗਏ। ਖ਼ੁਦ ਸੁਹਰਾਬ ਖ਼ਾਨ, ਸੰਤੋਖ ਰਾਏ ਅਤੇ ਅਨੋਖ ਰਾਏ ਆਪਣੀਆਂ ਜਾਨਾਂ ਲੈ ਕੇ ਰਣਭੂਮੀ ਤੋਂ ਨਿਕਲ ਗਏ ਅਤੇ ਕਲਾਨੋਰ ਸਿੰਘਾਂ ਦੇ ਹੱਥ ਆ ਗਿਆ । ਬੰਦਾ ਸਿੰਘ ਨੇ ਇਥੇ ਆਪਣਾ ਠਾਣਾ ਬਿਠਾ ਦਿੱਤਾ ਅਤੇ ਇਸ ਦੀ ਰਾਖੀ ਅਤੇ ਸੰਭਾਲ ਲਈ ਕੁਝ ਸਵਾਰ ਅਤੇ ਪਿਆਦੇ ਛੱਡ ਦਿੱਤੇ ।

ਅਚੱਲ ਵਿਚ ਦੀ ਹੋ ਕੇ ਬੰਦਾ ਸਿੰਘ ਨੇ ਬਟਾਲੇ ਵੱਲ ਨੂੰ ਕੂਚ ਕੀਤਾ । ਇਥੇ ਮੁਹੰਮਦ ਦਾਇਮ ਫ਼ੌਜਦਾਰ ਸੀ । ਉਹ ਫ਼ੌਜ ਲੈ ਕੇ ਸਿੰਘਾਂ ਦੇ ਟਾਕਰੇ ਲਈ ਬਾਹਰ ਆਇਆ ਛੇ ਕੁ ਘੰਟੇ ਗਹਿ ਗੱਚ ਲੜਾਈ ਹੋਈ ਅਤੇ ਦੋਹਾਂ ਪਾਸਿਆਂ ਦਾ ਚੋਖਾ ਨੁਕਸਾਨ ਹੋਇਆ । ਬਟਾਲੇ ਦੇ ਪੁਰਾਣੇ ਮੁਸਲਮਾਨ ਖ਼ਾਨਦਾਨਾਂ ਦੇ ਕਈ ਬੰਦੇ ਮਾਰੇ ਗਏ। ਪਰ ਰਣ ਵਿਚ ਸਿੰਘਾਂ ਦੇ ਟਾਕਰੇ ਕੋਈ ਭੀ ਜਿਮੀਂਦਾਰ ਅਤੇ ਫੌਜੀ ਕਮਾਂਡਰ ਅੜ ਨਾ ਸਕਿਆ। ਮੁਹੰਮਦ ਦਾਇਮ ਨੂੰ ਹਾਰ ਹੋ ਗਈ ਅਤੇ ਉਹ ਦਿਲ ਛੱਡ ਕੇ ਆਪਣੇ ਘਰ ਭਰੋਵਾਲ ਨੂੰ ਦੌੜ ਗਿਆ । ਬਟਾਲੇ ਅਤੇ ਇਰਦ ਗਿਰਦ ਉੱਤੇ ਬੰਦਾ ਸਿੰਘ ਦਾ ਕਬਜਾ ਹੋ ਗਿਆ । ਬਹੁਤ ਸਾਰੇ ਲੋਕ, ਕੀ ਧਨਵਾਨ ਅਤੇ ਕੀ ਨਿਰਧਨ, ਆਪਣੇ ਘਰ ਘਾਟ ਛੱਡਕੇ ਆਲੇ ਦੁਆਲੇ ਦੇ ਪਿੰਡਾਂ ਵਿਚ ਆਪਣੇ ਸੰਬੰਧੀਆਂ ਪਾਸ ਜਾ ਟਿਕੇ। ਕਈ ਲਾਹੌਰ ਨੂੰ ਚਲੇ ਗਏ ਅਤੇ ਜਿਨ੍ਹਾਂ ਨੂੰ ਹੋਰ ਕੋਈ ਠਾਹਰ ਨਾ ਦਿੱਸੀ ਉਹ ਜਾਂ ਤਾਂ ਚੰਬੇ ਦੀਆਂ ਪਹਾੜੀਆਂ ਵੱਲ ਚੜ੍ਹ ਗਏ ਜਾਂ ਬਿਆਸਾ ਦਰਿਆ ਪਾਰ ਕਰ ਕੇ ਹੁਸ਼ਿਆਰਪੁਰ ਜਿਲ੍ਹੇ ਵਿਚ ਦਸੂਹੇ ਵੱਲ ਨੂੰ ਚਲੇ ਗਏ ।

ਇਹ ਖ਼ਬਰ ਦਿੱਲੀ ਬਾਦਸ਼ਾਹ ਪਾਸ 14 ਮਾਰਚ 1715 (19 ਰੱਬੀ-ਉਲ-ਅੱਵਲ, 1127 ਹਿਜਰੀ, ਸੰਨ 4 ਫ਼ਰੁੱਖ਼-ਸੀਅਰੀ) ਨੂੰ ਪੁੱਜੀ । ਇਸ ਵਿਚ ਲਿਖਿਆ ਹੋਇਆ ਹੈ ਕਿ ਬੰਦਾ ਸਿੰਘ ਨੇ ਇਕ ਤਕੜੀ ਫ਼ੌਜ ਨਾਲ ਕਲਾਨੌਰ, ਬਟਾਲਾ ਅਤੇ ਰਾਏਪੁਰ ਮਾਰ ਲਏ ਹਨ ਅਤੇ ਕੋਈ ਫ਼ੌਜਦਾਰ ਅਤੇ ਥਾਨੇਦਾਰ ਉਨ੍ਹਾਂ ਨੂੰ ਰੋਕਣ ਲਈ ਨਹੀਂ ਪੁੱਜਾ ਅਤੇ ਅਬਦੁੱਸਮਦ ਖ਼ਾਨ ਭੱਟੀਆਂ ਦਾ ਫ਼ਸਾਦ ਮਿਟਾਉਣ ਲਈ ਗਿਆ ਹੋਇਆ ਹੈ। ਬਾਦਸ਼ਾਹ ਵੱਲੋਂ ਬਖ਼ਸ਼ੀ-ਉਲ-ਮੁਲਕ ਮੁਹੰਮਦ ਅਮੀਨ ਖ਼ਾਨ ਨੂੰ ਹੁਕਮ ਹੋਇਆ ਕਿ ਅਬਦੁੱਸਮਦ ਖ਼ਾਨ ਨੂੰ ਲਿਖੇ ਕਿ ਜਿਥੇ ਭੀ ਹੋਵੇ ਛੇਤੀ ਬੰਦਾ ਸਿੰਘ ਨੂੰ ਸੋਧਣ ਲਈ ਜਾਵੇ । ਅਗਲੇ ਦਿਨ 15 ਮਾਰਚ (20 ਰੱਬੀ-ਉਲ-ਅੱਵਲ) ਨੂੰ ਮੁਰਾਦਾਬਾਦ ਵੱਲ ਮਦਾਰਾ ਨਾਮੀ ਫ਼ਸਾਦੀ ਦੇ ਵਿਰੁੱਧ ਗਏ ਹੋਏ ਕਮਰੁੱਦੀਨ ਖ਼ਾਨ ਦੇ ਨਾਉਂ ਫ਼ਰਮਾਨ ਭੇਜਿਆ ਗਿਆ ਕਿ ਫ਼ੌਜ ਸਮੇਤ ਛੇਤੀ ਸਿੰਘਾਂ ਦੇ ਵਿਰੁੱਧ ਚਲਾ ਜਾਏ। ਇਸ ਦੇ ਨਾਲ ਹੀ ਅਫ਼ਰਾਸਿਆਬ ਖ਼ਾਨ ਨੂੰ ਹੁਕਮ ਹੋਇਆ ਕਿ ਉਹ ਜਾਣ ਨੂੰ ਤਿਆਰ ਹੋ ਜਾਏ ਅਤੇ ਰਾਜਾ ਉਦਿਤ ਸਿੰਘ, ਰਾਜਾ ਗੋਪਾਲ ਸਿੰਘ ਭਦਾਵੜੀਆ, ਮੁਜ਼ੱਫਰ ਖ਼ਾਨ ਅਤੇ ਰਾਜਾ ਦਲਪਤ ਬੁੰਦੇਲੇ ਦੇ ਪੁੱਤਰ ਪਿਰਥੀ ਚੰਦ ਨੂੰ ਫ਼ੌਜਾਂ ਤਿਆਰ ਕਰਨ ਦੀ ਆਗਿਆ ਹੋਈ।

ਗੁਰਦਾਸ ਨੰਗਲ ਦਾ ਘੇਰਾ

ਬੰਦਾ ਸਿੰਘ ਅਤੇ ਸਿੰਘਾਂ ਦੇ ਮੁੜ ਪੰਜਾਬ ਵਿਚ ਆ ਨਿਕਲਣ ਅਤੇ ਉਨ੍ਹਾਂ ਦੀਆਂ ਜਿੱਤਾਂ ਦੀਆਂ ਖ਼ਬਰਾਂ ਲਗਾਤਾਰ ਦਿੱਲੀ ਪੁੱਜਣ ਲੱਗ ਪੈਣ ਨਾਲ ਫ਼ਰੁੱਖ਼ਸੀਅਰ ਬਾਦਸ਼ਾਹ ਘਾਬਰ ਉਠਿਆ ਅਤੇ ਸ਼ਾਹੀ ਦਰਬਾਰ ਦੇ ਅਮੀਰਾਂ, ਵਜ਼ੀਰਾਂ ਵਿਚ ਤਰਥੱਲੀ ਮਚ ਗਈ । ਲਾਹੌਰ ਦਾ ਨਾਜਮ (ਸੂਬੇਦਾਰ) ਅਬਦੁੱਸਮਦ ਖ਼ਾਨ ਭੀ ਲਾਹੋਰ ਹੀ ਬੈਠਾ ਰਿਹਾ। ਸ਼ਾਇਦ ਬੰਦਾ ਸਿੰਘ ਨਾਲ ਸਿੱਧੀ ਟੱਕਰ ਲੈਣੋਂ ਡਰਦਾ ਹੋਵੇ ਜਾਂ ਕੋਈ ਹੋਰ ਕਾਰਣ ਹੋਵੇ। ਹਾਂ ਇਸ ਵੇਲੇ ਲੱਖੀ ਜੰਗਲ ਦੇ ਇਲਾਕੇ ਵਿਚ ਭੱਟੀ ਜ਼ਿਮੀਂਦਾਰਾਂ ਨੇ ਕੁਝ ਫ਼ਸਾਦ ਖੜਾ ਕੀਤਾ ਹੋਇਆ ਸੀ, ਜਿਸ ਕਰਕੇ ਉਹ ਫੋਜ ਲੈ ਕੇ ਦੱਖਣ ਨੂੰ ਤੁਰ ਗਿਆ । ਇਹ ਕੋਈ ਐਸੀ ਭਾਰੀ ਮੁਹਿੰਮ ਨਹੀਂ ਸੀ ਜਿਥੇ ਪੰਜਾਬ ਦੇ ਸੂਬੇਦਾਰ ਨੂੰ ਖ਼ੁਦ ਜਾਣ ਦੀ ਲੋੜ ਹੁੰਦੀ । ਬਾਦਸ਼ਾਹ ਫ਼ਰੁੱਖ਼-ਸੀਅਰ ਨੂੰ ਭੀ ਅਜਿਹੇ ਵੇਲੇ ਅਬਦੁੱਸਮਦ ਖ਼ਾਨ ਦਾ ਲੱਖੀ ਜੰਗਲ ਵੱਲ ਨੂੰ ਚਲੇ ਜਾਣਾ ਚੰਗਾ ਨਾ ਲੱਗਾ ਅਤੇ ਜਦ 14 ਮਾਰਚ ਨੂੰ ਬੰਦਾ ਸਿੰਘ ਦੇ ਕਲਾਨੌਰ, ਬਟਾਲਾ ਅਤੇ ਰਾਏਪੁਰ ਉੱਤੇ ਕਬਜ਼ਾ ਕਰ ਲੈਣ ਦੀ ਖ਼ਬਰ ਦਿੱਲੀ ਪੁੱਜੀ ਤਾਂ ਬਾਦਸ਼ਾਹ ਨੇ ਅਬਦੁੱਸਮਦ ਨੂੰ ਤਾੜਨਾ ਦੀ ਚਿੱਠੀ ਲਿਖਵਾਈ ਅਤੇ ਹੁਕਮ ਦਿੱਤਾ ਕਿ ਉਹ ਜਿਥੇ ਕਿਧਰੇ ਵੀ ਹੋਵੇ ਇਕ ਦਮ ਬੰਦਾ ਸਿੰਘ ਦੇ ਵਿਰੁੱਧ ਚਲਾ ਜਾਵੇ । ਇਸ ਦੇ ਨਾਲ ਹੀ, ਜਿਵੇਂ ਪਿੱਛੇ ਦੱਸਿਆ ਗਿਆ ਹੈ, ਅਗਲੇ ਦਿਨ 15 ਮਾਰਚ ਨੂੰ ਇਹਤਮਾਦੁ-ਦੌਲਾ ਮੁਹੰਮਦ ਅਮੀਨ ਖ਼ਾਨ ਦੇ ਪੁੱਤਰ ਕਮਰੁੱਦੀਨ ਖ਼ਾਨ, ਤੀਸਰੇ ਬਖ਼ਸ਼ੀ ਅਫ਼ਰਾਸਿਆਬ ਖ਼ਾਨ, ਮੁਜ਼ੱਫ਼ਰ ਖ਼ਾਨ, ਰਾਜ ਉਦਿਤ ਸਿੰਘ ਬੁੰਦੇਲੇ, ਰਾਜ ਗੋਪਾਲ ਸਿੰਘ ਭਦਾਵੜੀਏ, ਰਾਜਾ ਦਲਪਤ ਬੁੰਦੇਲੇ ਦੇ ਪੁੱਤਰ ਪਿਰਥੀ ਚੰਦ ਅਤੇ ਹੋਰ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਰਦਾਰਾ ਨੂੰ ਹੁਕਮ ਹੋਇਆ ਕਿ ਫ਼ੌਜਾਂ ਤਿਆਰ ਕਰ ਕੇ ਅਬਦੁੱਸਮਦ ਖ਼ਾਨ ਦੀ ਸਹਾਇਤਾ ਲਈ ਪੰਜਾਬ ਨੂੰ ਜਾਣ । ਇਸੇ ਤਰ੍ਹਾਂ ਬਾਦਸ਼ਾਹੀ ਪਰਵਾਨੇ ਪੰਜਾਬ ਦੇ ਕਈ ਫ਼ੌਜਦਾਰਾਂ ਅਤੇ ਜਾਗੀਰਦਾਰਾਂ ਦੇ ਨਾਉਂ ਭੀ ਜਾਰੀ ਹੋਏ ਕਿ ਉਹ ਆਪਣੀਆਂ ਆਪਣੀਆਂ ਫ਼ੌਜਾਂ ਲੈ ਕੇ ਅਬਦੁੱਸਮਦ ਖ਼ਾਨ ਦੇ ਲਸ਼ਕਰ ਵਿਚ ਸ਼ਾਮਲ ਹੋਣ । ਇਹ ਹੁਕਮ ਪੁੱਜਣ ਪਰ ਗੁਜਰਾਤ ਦਾ ਫ਼ੌਜਦਾਰ ਮਿਰਜਾ ਅਹਿਮਦ ਖ਼ਾਨ, ਐਮਨਾਬਾਦ ਦਾ ਫ਼ੌਜਦਾਰ ਇਰਾਦਤਮੰਦ ਖ਼ਾਨ, ਔਰੰਗਾਬਾਦ ਅਤੇ ਪਸਰੂਰ ਦਾ ਨੂਰ ਮੁਹੰਮਦ ਖ਼ਾਨ, ਬਟਾਲੇ ਦਾ ਸ਼ੈਖ ਮੁਹੰਮਦ ਦਾਇਮ, ਹੈਬਤਪੁਰ ਪੱਟੀ ਦਾ ਸੱਯਦ ਹਫ਼ੀਜ਼ ਅਲੀ ਖ਼ਾਨ, ਕਲਾਨੌਰ ਦਾ ਸੁਹਰਾਬ ਖ਼ਾਨ, ਕਾਂਗੜੇ ਦਾ ਰਾਜਾ ਹਮੀਰ ਚੰਦ ਕਟੋਚੀਆ, ਧਰੁਵ ਦੇਵ ਜਸਰੋਟੀਏ ਦਾ ਪੁੱਤਰ ਹਰਦੇਵ ਆਦਿ ਲਾਹੌਰ ਜਮਾਂ ਹੋ ਗਏ । ਲਾਹੌਰ ਦੇ ਨਾਇਬ ਨਾਜ਼ਮ ਆਰਿਫ਼ ਬੇਗ ਖ਼ਾਨ ਨੇ ਸ਼ਹਿਰੋਂ ਬਾਹਰ ਨਿਕਲ ਕੇ ਸ਼ਾਹ-ਗੰਜ ਦੇ ਲਾਗੇ ਡੇਰਾ ਲਾ ਲਿਆ ਅਤੇ ਸ਼ਾਇਦ ਅਬਦੁੱਸਮਦ ਖ਼ਾਨ ਦੀ ਲੱਖੀ ਜੰਗਲ ਵੱਲੋਂ ਉਡੀਕ ਕਰਨ ਲੱਗਾ।

19 ਮਾਰਚ (24 ਰੱਬੀ-ਉਲ-ਅੱਵਲ) ਨੂੰ ਪੰਜਾਬ ਤੋਂ ਬਾਦਸ਼ਾਹ ਨੂੰ ਖ਼ਬਰ ਮਿਲੀ ਕਿ ਸਿੱਖ ਕੁਝ ਪਰਗਣਿਆਂ ਵਿਚ ਬੈਠੇ ਹੋਏ ਹਨ ਅਤੇ ਲਾਹੌਰ ਸ਼ਹਿਰ ਤੋਂ ਬਾਰਾਂ ਕੋਹਾਂ ਤਕ ਆ ਪੁੱਜੇ ਹਨ, ਇਹ ਜ਼ਿਲ੍ਹੇ ਦੇ ਫ਼ੌਜਦਾਰ ਦੌੜ ਗਏ ਹਨ, ਲੋਕ ਹੋਰ ਪਰਗਣਿਆਂ ਅਤੇ ਸ਼ਹਿਰਾਂ ਵੱਲ ਦੌੜ ਰਹੇ ਹਨ। ਅਤੇ ਉਨ੍ਹੀਂ ਥਾਈਂ ਸਿੰਘ ਆਪਣੇ ਕਬਜ਼ੇ ਅਤੇ ਅਮਲਦਾਰੀ ਕਾਇਮ ਕਰ ਰਹੇ ਹਨ ।

ਦੂਸਰੇ ਪਾਸੇ ਬੰਦਾ ਸਿੰਘ ਭੀ ਲਾਹੌਰ ਵਿਚ ਹੋ ਰਹੀਆਂ ਤਿਆਰੀਆਂ ਤੋਂ ਬਿਲਕੁਲ ਬੇਖ਼ਬਰ ਨਹੀਂ ਸੀ। ਇਸ ਲਈ ਉਸ ਨੇ ਬਟਾਲੇ ਅਤੇ ਕਲਾਨੌਰ ਦੇ ਵਿਚਕਾਰ ਕੋਟ ਮਿਰਜ਼ਾ ਜਾਨ ਪਿੰਡ ਵਿਚ ਇਕ ਕੱਚੀ ਗੜ੍ਹੀ ਬਣਾਉਣ ਦਾ ਫੈਸਲਾ ਕੀਤਾ । ਪਰ ਹਾਲ ਤਕ ਗੜ੍ਹੀ ਦੀਆਂ ਖਾਈਆਂ ਅਤੇ ਰੋਕਾਂ ਪੂਰੀ ਤਰ੍ਹਾਂ ਨਹੀਂ ਸਨ ਬਣੀਆਂ ਕਿ ਅਬਦੁੱਸਮਦ ਖ਼ਾਨ ਸੂਬੇਦਾਰ ਅਤੇ ਨਾਇਬ ਆਰਿਫ਼ ਬੇਗ ਖ਼ਾਨ ਦੀ ਕਮਾਨ ਹੇਠਾਂ ਉਪਰੋਕਤ ਫ਼ੌਜਦਾਰਾਂ ਦੀਆਂ ਮਿਲਵੀਆਂ ਫ਼ੌਜਾਂ ਸਿੰਘਾਂ ਉਪਰ ਆ ਪਈਆਂ। ‘ਸੀਅਰੁਲ-ਮੁਤਾਖ਼ਰੀਨ’ ਦਾ ਕਰਤਾ ਦੱਸਦਾ ਹੈ ਕਿ ‘ਬੰਦਾ’ (ਸਿੰਘ) ਇਸ ਤਰ੍ਹਾਂ ਆਪਣੀ ਜਗ੍ਹਾ ਡਟਿਆ ਰਿਹਾ ਕਿ ਸਭ ਹੈਰਾਨ ਹੋ ਗਏ ਅਤੇ ਪਹਿਲੀ ਲੜਾਈ ਵਿਚ ਉਹ ਇਤਨੀ ਬਹਾਦੁਰੀ ਨਾਲ ਲੜਿਆ ਕਿ ਬਾਦਸ਼ਾਹੀ ਜਰਨੈਲ ਨੂੰ ਪੂਰੀ ਤਰ੍ਹਾ ਹਾਰ ਹੋਣ ਵਾਲੀ ਹੋ ਗਈ ਸੀ, ਅਤੇ ਭਾਵੇਂ (ਸ਼ਾਹੀ ਲਸ਼ਕਰ ਨੇ) ਬੜੇ ਜ਼ੋਰ ਨਾਲ ਉਸ ਦਾ ਪਿੱਛਾ ਕੀਤਾ, ਪਰ ਉਹ ਇਸ ਤਰ੍ਹਾਂ ਠਰੰਮੇ ਨਾਲ ਆਪਣੇ ਆਦਮੀ ਮਰਵਾਉਂਦਾ ਅਤੇ ਅੰਤ ਤਕ ਆਪਣੇ ਪਿਛੇ ਪਏ ਹੋਇਆਂ ਦਾ ਨੁਕਸਾਨ ਕਰਦਾ ਇਕ ਟਿਕਾਣੇ ਤੋਂ ਦੂਸਰੇ ਟਿਕਾਣੇ ਵੱਲ ਪਿਛੇ ਨੂੰ ਹਟਿਆ ਜਿਵੇਂ ਜੰਗਲੀ ਜਾਨਵਰ ਇਕ ਝਾੜ ਤੋਂ ਦੂਸਰੇ ਝਾੜ ਵੱਲ ਨੂੰ ਹਟਦਾ ਹੈ। ਖ਼ਾਫੀ ਖ਼ਾਨ ਲਿਖਦਾ ਹੈ ਕਿ ‘ਕਾਫ਼ਰ ਇਤਨੇ ਝੁੰਜਲਾ ਕੇ ਲੜੇ ਕਿ ਉਨ੍ਹਾਂ ਨੇ ਇਸਲਾਮੀ ਲਸ਼ਕਰ ਉੱਤੇ ਲਗਭਗ ਕਾਬੂ ਪਾ ਲਿਆ ਸੀ ਅਤੇ ਉਨ੍ਹਾਂ ਨੇ ਮੁੜ ਮੁੜ ਕੇ ਬੜੀ ਬਹਾਦੁਰੀ ਵਿਖਾਈ ।’ ਪਰ ਉਨ੍ਹਾਂ ਪਾਸ ਸਿਰ ਲੁਕੋ ਸਕਣ ਨੂੰ ਕੋਈ ਥਾਂ ਨਹੀਂ ਸੀ, ਇਸ ਲਈ ਮਜਬੂਰੀ ਦੀ ਹਾਲਤ ਵਿਚ ਉਨ੍ਹਾਂ ਨੂੰ ਆਪਣੀਆਂ ਥਾਵਾਂ ਛੱਡ ਕੇ ਗੁਰਦਾਸਪੁਰ ਵੱਲ ਨੂੰ ਹਟਣਾ ਪੈ ਗਿਆ।

ਬੰਦਾ ਸਿੰਘ ਦਾ ਪਿੱਛੇ ਹਟਣ ਦਾ ਠੀਕ ਟਿਕਾਣਾ ਗੁਰਦਾਸ ਨੰਗਲ ਨਾਉਂ ਦਾ ਪੁਰਾਣਾ ਪਿੰਡ ਸੀ ਜੋ ਢਹਿ ਢੇਰੀ ਹੋਇਆ ਪਿਆ ਹੈ ਅਤੇ ਜਿਸ ਨੂੰ ਬੰਦੇ-ਵਾਲੀ-ਥਿਹ ਕਹਿੰਦੇ ਹਨ। ਇਹ ਥਿਹ ਇਸ ਵੇਲੇ ਦੇ ਗੁਰਦਾਸ ਨੰਗਲ ਪਿੰਡ ਤੋਂ ਦੱਖਣ ਵੱਲ ਡੇਢ ਕੁ ਮੀਲ ਅਤੇ ਗੁਰਦਾਸ ਪੁਰ ਸ਼ਹਿਰੋਂ ਚਾਰ ਮੀਲ ਦੱਖਣ-ਲਹਿੰਦੇ ਨੂੰ ਹੈ। ਨਵਾਂ ਪਿੰਡ ਇਸ ਥਿਹ ਤੋਂ ਦੱਖਣ ਨੂੰ, ਪੂਰੋਵਾਲ ਰਜਪੂਤਾਂ ਦੱਖਣ-ਲਹਿੰਦੇ ਨੂੰ, ਪੂਰੋਵਾਲ ਜੱਟਾਂ ਦੱਖਣ-ਲਹਿੰਦੇ ਨੂੰ ਅਤੇ ਕਲਿਆਨਪੁਰ ਦੱਖਣ-ਚੜ੍ਹਦੇ ਨੂੰ ਸਵਾ ਮੀਲ, ਡੇਢ ਮੀਲ ਦੀ ਵਿਥ ਤੇ ਹਨ । ਉਸ ਵੇਲੇ ਇਥੇ ਕੋਈ ਪੱਕਾ ਕਿਲਾ ਜਾਂ ਗੜ੍ਹੀ ਨਹੀਂ ਸੀ । ਇਸ ਲਈ ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘਾਂ ਨੂੰ ਇਥੇ ਭਾਈ ਦੁਨੀ ਚੰਦ ਦੇ ਇਹਾਤੇ (ਵਲਗਣ) ਵਿਚ ਆਸਰਾ ਲੈਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਸੀ । ਸੰਜੋਗ ਨਾਲ ਇਸ ਦੇ ਆਲੇ ਦੁਆਲੇ ਬੜੀ ਪੱਕੀ ਉੱਚੀ ਕੰਧ ਸੀ ਅਤੇ ਅੰਦਰ ਇਤਨੀ ਖੁੱਲ੍ਹੀ ਥਾਂ ਸੀ ਕਿ ਬੰਦਾ ਸਿੰਘ ਦੇ ਸਾਰੇ ਸਾਥੀ ਸਿੰਘ ਉਥੇ ਸਮਾ ਸਕਦੇ ਸਨ । ਬੰਦਾ ਸਿੰਘ ਜਲਦੀ ਵਿਚ ਇਸ ਦੀ ਜਿਤਨੀ ਕੁ ਹੋਰ ਪਕਿਆਈ ਕਰ ਸਕਿਆ, ਉਹ ਕੀਤੀ, ਅਤੇ ਖਾਣੇ ਦਾਣੇ ਅਤੇ ਲੜਾਈ ਦਾ ਬਾਰੂਦ ਆਦਿ ਜੋ ਸਾਮਾਨ ਛੇਤੀ ਛੇਤੀ ਜਮਾਂ ਹੋ ਸਕਿਆ ਉਹ ਕੀਤਾ। ਵੈਰੀ ਨੂੰ ਵਲਗਣ ਤੋਂ ਦੂਰ ਰੱਖਣ ਲਈ ਆਲੇ ਦੁਆਲੇ ਇਕ ਖਾਈ ਖਿੱਚ ਲਈ ਅਤੇ ਇਸ ਨੂੰ ਲਾਗਲੀ ਨਹਿਰ ਤੋਂ ਪਾਣੀ ਨਾਲ ਭਰ ਲਿਆ । ਇਸ ਦੇ ਨਾਲ ਹੀ ਉਸ ਨੇ ਸ਼ਾਹ ਨਹਿਰ ਵੱਢ ਦਿੱਤੀ ਅਤੇ ਪਹਾੜ ਵੱਲੋਂ ਆਉਂਦਿਆਂ ਛੋਟੇ ਛੋਟੇ ਨਾਲਿਆਂ ਅਤੇ ਚੋਆਂ ਦਾ ਪਾਣੀ ਆਲੇ ਦੁਆਲੇ ਵੱਲ ਕਰ ਦਿੱਤਾ ਜਿਸ ਨਾਲ ਸਾਰੇ ਪਾਸੀਂ ਅਜਿਹੀ ਦਲਦਲ ਹੋ ਗਈ ਕਿ ਜਿਸ ਨੂੰ ਵੈਰੀ ਲਈ, ਕੀ ਘੋੜਿਆਂ ਅਤੇ ਕੀ ਪਿਆਦਿਆਂ ਲਈ, ਲੰਘ ਸਕਣਾ ਔਖਾ ਹੋ ਗਿਆ।

7 ਅਪ੍ਰੈਲ ਸੰਨ 1715 (13 ਰੱਬੀ-ਉ-ਸਾਨੀ 1127 ਹਿਜਰੀ) ਨੂੰ ਬਾਦਸ਼ਾਹ ਫ਼ਰੁੱਖ਼-ਸੀਅਰ ਪਾਸ ਖ਼ਬਰ ਪੁੱਜੀ ਕਿ ਅਬਦੁੱਸਮਦ ਖ਼ਾਨ ਸਿੰਘਾਂ ਦੇ ਪਿੱਛੇ ਉਨ੍ਹਾਂ ਦੀ ਗੁਰਦਾਸ ਨੰਗਲ ਵਾਲੀ ਨਵੀਂ ਥਾਂ ਤੇ ਪੁੱਜ ਗਿਆ ਹੈ ਅਤੇ ਸ਼ਾਹੀ ਅਮੀਰ ਮੋਰਚੇ ਪੁੱਟਣ ਅਤੇ ਘੇਰੇ ਲਈ ਪੁਸ਼ਤੇ ਬੰਨ੍ਹ ਰਹੇ ਹਨ। ਇਹ ਸੁਣ ਕੇ ਬਾਦਸ਼ਾਹ ਨੇ ਇਹਤਮਾਦੁ ਦੌਲਾ ਮੁਹੰਮਦ ਅਮੀਨ ਖ਼ਾਨ ਨੂੰ ਹੁਕਮ ਦਿੱਤਾ ਕਿ ਅਬਦੁੱਸਮਦ ਖ਼ਾਨ ਨੂੰ ਲਿਖੇ ਕਿ ਸਿੱਖ ਆਗੂ (ਬੰਦਾ ਸਿੰਘ) ਅਤੇ ਉਸ ਦੇ ਸਿੱਖ ਸਾਥੀਆਂ ਨੂੰ ਕਤਲ ਕਰ ਦੇਵੇ ਜਾਂ ਕੈਦ ਕਰ ਲਵੇ ।

ਜਦ ਅਬਦੁੱਸਮਦ ਖ਼ਾਨ ਅਤੇ ਉਸ ਦਾ ਲਸ਼ਕਰ ਗੁਰਦਾਸ ਨੰਗਲ ਪੁੱਜਾ ਤਾਂ ਬਹੁਤ ਸਾਰੇ ਸਿੰਘ ਪਿੰਡਾਂ ਵਿਚ ਦਾਣਾ ਪੱਠਾ ਇਕੱਠਾ ਕਰਨ ਗਏ ਹੋਏ ਸਨ । ਸ਼ਾਹੀ ਫ਼ੌਜ ਦੇ ਗਸ਼ਤੀ ਦਸਤੇ ਭੀ ਚੂੰਕਿ ਇਸ ਵੇਲੇ ਸਿੰਘਾਂ ਦੀ ਭਾਲ ਵਿਚ ਪਿੰਡਾਂ ਵਿਚ ਚੱਕਰ ਲਾ ਰਹੇ ਸਨ, ਇਸ ਲਈ ਕਈ ਸਿੰਘ ਉਨ੍ਹਾਂ ਦੇ ਹੱਥ ਆ ਗਏ। ਸ਼ਾਹੀ ਲਸ਼ਕਰ ਇਨ੍ਹਾਂ ਨੂੰ ਫੜ ਕੇ ਲੈ ਆਏ ਅਤੇ ਅਬਦੁੱਸਮਦ ਖ਼ਾਨ ਨੇ। ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਤਸੀਹੇ ਦੇ ਕੇ ਕਤਲ ਕਰਵਾ ਦਿੱਤਾ ।

ਬਾਦਸ਼ਾਹੀ ਲਸ਼ਕਰ ਨੇ ਗੁਰਦਾਸ ਨੰਗਲ ਪੁੱਜਦੇ ਸਾਰ ਘੇਰਾ ਪਾ ਲਿਆ ਅਤੇ ਸਾਰੇ ਨਾਕੇ ਬੰਦ ਕਰ ਦਿੱਤੇ । 14 ਅਪ੍ਰੈਲ (20 ਰੱਬੀ-ਉ-ਸਾਨੀ) ਨੂੰ ਦਿੱਲੀ ਪੁੱਜੀ ਖ਼ਬਰ ਅਨੁਸਾਰ ਅਬਦੁੱਸਮਦ ਖ਼ਾਨ ਪਾਸ ਫ਼ੌਜ ਦੀ ਗਿਣਤੀ 24 ਹਜ਼ਾਰ ਸੀ, ਜਿਸ ਵਿਚ ਅੱਧੇ ਸਵਾਰ ਅਤੇ ਅੱਧੇ ਪਿਆਦੇ ਸਨ ਅਤੇ ਬੜਾ ਵੱਡਾ ਤੋਪਖਾਨਾ ਸੀ । ਇਸ ਨਾਲ ਸਿੰਘਾਂ ਦੇ ਆਲੇ ਦੁਆਲੇ ਘੇਰਾ ਇਤਨਾ ਪੀਡਾ ਕਰ ਦਿੱਤਾ। ਗਿਆ ਅਤੇ ਪਹਿਰਾ ਇਤਨਾ ਸਖ਼ਤ ਕਰ ਦਿੱਤਾ ਕਿ ਘਾਹ ਦਾ ਇਕ ਤੀਲਾ ਅਤੇ ਅੰਨ ਦਾ ਇਕ ਦਾਣਾ ਭੀ ਅੰਦਰ ਨਹੀਂ ਸੀ ਜਾ ਸਕਦਾ। ਕਈ ਵਾਰੀ ਅਬਦੁੱਸਮਦ ਖ਼ਾਨ ਅਤੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ ਨੇ ਕਈ ਹਜ਼ਾਰ ਆਪਣੀ ਅਤੇ ਆਪਣੇ ਹਮਾਇਤੀਆਂ ਦੀਆਂ ਫ਼ੌਜ਼ਾਂ ਨਾਲ ਸਿੰਘਾਂ ਦੇ ਅਸਥਾਨ ਨੂੰ ਹੱਲੇ ਨਾਲ ਮਾਰ ਲੈਣ ਦੇ ਜਤਨ ਕੀਤੇ ਪਰ ਉਨ੍ਹਾਂ ਨੂੰ ਸਫ਼ਲਤਾ ਨਾ ਹੋਈ । ਮੁੱਠੀ ਭਰ ਸਿੰਘਾਂ ਨੇ ਇਸ ਦਲੇਰੀ ਅਤੇ ਬਹਾਦੁਰੀ ਨਾਲ ਆਪਣੇ ਥਾਵਾਂ ਦੀ ਰਾਖੀ ਕੀਤੀ ਕਿ ਹੱਲਾ ਕਰਨ ਵਾਲਿਆਂ ਨੂੰ ਮੂੰਹ ਭੁਆ ਕੇ ਮੁੜਨਾ ਪਿਆ । ‘ਇਬਰਤ-ਨਾਮੇ’ ਦਾ ਲਿਖਾਰੀ ਮੁਹੰਮਦ ਕਾਸਿਮ ਇਸ ਵੇਲੇ ਲਾਹੌਰ ਦੇ ਨਾਇਬ ਨਾਜ਼ਿਮ ਆਰਿਫ਼ ਬੇਗ ਖ਼ਾਨ ਦੀ ਨੌਕਰੀ ਵਿਚ ਖ਼ੁਦ ਉਥੇ ਮੌਜੂਦ ਸੀ ।ਉਹ ਲਿਖਦਾ ਹੈ ਕਿ ‘ਜਹਨਮੀ ਸਿੱਖਾਂ ਦੇ ਬਹਾਦੁਰੀ ਅਤੇ ਦਲੇਰੀ ਦੇ ਕਾਰਨਾਮੇ ਹੈਰਾਨ ਕਰ ਦੇਣ ਵਾਲੇ ਸਨ । ਹਰ ਰੋਜ਼ ਦੋ ਜਾਂ ਤਿੰਨ ਵਾਰੀ ਕੁਝ ਚਾਲੀ ਜਾਂ ਪੰਜਾਹ ਕਾਲਮੂੰਹੇ ਸਿੱਖ ਆਪਣੇ ਡੰਗਰਾਂ ਦੇ ਘਾਹ ਪੱਠੇ ਲਈ ਗੜ੍ਹੀ ਵਿਚੋਂ ਬਾਹਰ ਨਿਕਲਦੇ ਅਤੇ ਜਦ ਬਾਦਸ਼ਾਹੀ ਲਸ਼ਕਰੀਆਂ ਦੀਆਂ ਮਿਲਵੀਆਂ ਫ਼ੌਜਾਂ ਉਨ੍ਹਾਂ ਨੂੰ ਰੋਕਣ ਜਾਂਦੀਆਂ ਤਾਂ ਇਹ ਆਪਣੇ ਤੀਰਾਂ, ਰਾਮਜੰਗਿਆਂ ਅਤੇ ਛੋਟੀਆਂ ਤਲਵਾਰਾਂ ਨਾਲ ਮੁਗ਼ਲਾਂ ਦਾ ਘਾਣ ਕਰ ਦਿੰਦੇ ਅਤੇ ਅਲੋਪ ਹੋ ਜਾਂਦੇ । ਸਿੰਘਾਂ ਦੇ ਇਤਨਾ ਭੈ ਅਤੇ ਸਿੱਖ ਆਗੂ ਦੀਆਂ ਜਾਦੂਗਰੀਆਂ ਦਾ ਇਤਨਾ ਡਰ ਬੈਠਾ ਹੋਇਆ ਸੀ ਕਿ ਇਸ (ਬਾਦਸ਼ਾਹੀ) ਫ਼ੌਜ ਦੇ ਕਮਾਂਡਰ ਰੱਬ ਪਾਸੋਂ ਦੁਆਵਾਂ ਮੰਗਦੇ ਸਨ ਕਿ ਉਹ ਕੁਝ ਐਸਾ ਭਾਣਾ ਵਰਤਾਵੇ ਕਿ ਬੰਦਾ (ਸਿੰਘ) ਗੜ੍ਹੀ ਵਿਚੋਂ ਨਿਕਲ ਕੇ ਦੌੜ ਜਾਏ।’ ਇਨ੍ਹਾਂ ਹੱਲਿਆਂ ਅਤੇ ਘੇਰੇ ਦੇ ਪੱਕੇ ਹੋਣ ਸੰਬੰਧੀ ਰਿਪੋਰਟ ਬਾਦਸ਼ਾਹ ਦੀ ਸੇਵਾ ਵਿਚ ਇਕ ਚਿੱਠੀ ਵਿਚ ਮਿਲੀ ਜੋ 20 ਅਪ੍ਰੈਲ (26 ਰੱਬੀ-ਉ-ਸਾਨੀ) ਨੂੰ ਦਿੱਲੀ ਪੁੱਜੀ ।

ਅਬਦੁੱਸਮਦ ਖ਼ਾਨ ਨੂੰ ਛੇਤੀ ਹੀ ਸੋਝੀ ਪੈ ਗਈ ਕਿ ਘੇਰੇ ਵਿਚ ਆਇਆ ਹੋਇਆਂ (ਸਿੰਘਾਂ) ਨੂੰ ਬਚ ਕੇ ਨਿਕਲ ਜਾਣ ਤੋਂ ਰੋਕਣ ਲਈ ਤੀਹ ਹਜ਼ਾਰ ਤੋਂ ਘੱਟ ਬੰਦਿਆਂ ਦੀ ਲੋੜ ਨਹੀਂ ਹੋਵੇਗੀ, ਇਸ ਲਈ ਕਮਰੁੱਦੀਨ ਖ਼ਾਨ ਦੇ ਨਾਲ ਆਈ ਹੋਰ ਫ਼ੌਜ ਉਸ ਲਈ ਖੁਸ਼ੀ ਦਾ ਕਾਰਣ ਸੀ । ਜਦ ਘੇਰਾ ਤੰਗ ਹੁੰਦਾ ਹੋਇਆ ਗੜ੍ਹੀ ਤੋਂ ਤੋਪ ਦੀ ਮਾਰ ਦੀ ਹੱਦ ਵਿਚ ਪਹੁੰਚ ਗਿਆ, ਤਾਂ ਸਾਰਿਆ ਪਾਸਿਆਂ ਤੋਂ ਨਜ਼ਦੀਕ ਨਜ਼ਦੀਕ ਹੋਣ ਦਾ ਕੰਮ ਵੱਖਰੇ ਵੱਖਰੇ ਕਮਾਂਡਰਾਂ ਨੂੰ ਵੰਡ ਦਿੱਤਾ ਗਿਆ । ਇਕ ਪਾਸਾ ਖੁਦ ਅਬਦੁੱਸਮਦ ਖ਼ਾਨ ਨੇ ਮੱਲ ਲਿਆ, ਦੋ ਪਾਸੇ ਕਮਰੁੱਦੀਨ ਅਤੇ ਜ਼ਕਰੀਆ ਖ਼ਾਨ ਦੇ ਹਵਾਲੇ ਕੀਤੇ ਗਏ ਅਤੇ ਚੌਥੀ ਬਾਹੀ ਫ਼ੌਜਦਾਰਾਂ ਅਤੇ ਜਿਮੀਂਦਾਰਾਂ ਦੇ ਸਪੁਰਦ ਹੋਈ। ਚੂੰਕਿ ਸਾਂਝੇ ਜਤਨਾਂ ਦੀ ਲੋੜ ਸੀ, ਇਸ ਲਈ ਗੜ੍ਹੀ ਦੇ ਸਾਰੇ ਪਾਸੀਂ ਤੰਬੂ ਲਾਗੇ ਲਾਗੇ ਕਰਕੇ ਲਾ ਦਿੱਤੇ ਗਏ। ਅਤੇ ਰੱਸਾ ਬੰਨ੍ਹ ਦਿੱਤਾ ਗਿਆ ।

ਹੁਣ ਅਬਦੁੱਸਮਦ ਖ਼ਾਨ ਨੇ ਤੋਪਾਂ ਲਈ ਉੱਚੇ ਦਮਦਮੇ ਬਣਾ ਲਏ ਅਤੇ ਆਪਣੇ ਮੋਰਚੇ ਅੱਗੇ ਨੂੰ ਸਰਕਾ ਦਿੱਤੇ । ਦੂਸਰੇ ਪਾਸੇ ਸਿੰਘਾਂ ਨੇ ਆਪਣੀ ਰਾਖੀ ਲਈ ਜਤਨ ਜਾਰੀ ਰਖੇ ਅਤੇ ਵੈਰੀ ਦੇ ਕੈਂਪ ਉੱਤੇ ਦਿਨ ਰਾਤ ਤੀਰ ਅਤੇ ਗੋਲੀਆਂ ਵਰ੍ਹਾਉਣ ਵਿਚ ਬੜੀ ਦਲੇਰੀ ਅਤੇ ਬਹਾਦੁਰੀ ਵਿਖਾਈ । ਉਹ ਕਈ ਵਾਰੀ ਘੇਰਾ ਪਾਉਣ ਵਾਲੇ ਸ਼ਾਹੀ ਲਸ਼ਕਰੀਆਂ ਦੇ ਮੋਰਚਿਆਂ ਉੱਤੇ ਟੁੱਟ ਪੈਂਦੇ ਅਤੇ ਕਈਆਂ ਨੂੰ ਮਾਰ ਮੁਕਾਉਂਦੇ । ਆਪਣੇ ਆਦਮੀਆਂ, ਘੋੜਿਆਂ ਅਤੇ ਹੋਰ ਡੰਗਰਾਂ ਨੂੰ ਬਚਾਉਣ ਲਈ ਲਸ਼ਕਰੀਆਂ ਨੇ ਆਪਣੇ ਤੰਬੂ ਅੱਗੇ ਦਸ ਤੋਂ ਵੀਹ ਗਜ਼ ਤਕ ਲੰਮਾ ਮਿੱਟੀ ਦਾ ਬੰਨ੍ਹਾ ਬਣਾ ਲਿਆ । ਸਿੰਘਾਂ ਨੂੰ ਪਤਾ ਲੱਗਣ ਤੋਂ ਬਿਨਾਂ ਹੀ ਹੌਲੀ ਹੌਲੀ ਇਨ੍ਹਾਂ ਨੇ ਬੰਨਿਆਂ ਦੇ ਵਿਚਕਾਰਲੇ ਖਾਲੀ ਥਾਵਾਂ ਵਿਚ ਮਿੱਟੀ ਪਾ ਕੇ ਉਨ੍ਹਾਂ ਨੂੰ ਪੂਰ ਦਿੱਤਾ ਅਤੇ ਇਸ ਤਰ੍ਹਾਂ ਸਾਰੀ ਪਾਸੀਂ ਸਾਰੇ ਤੰਬੂਆਂ ਦੇ ਮੋਹਰੇ ਇਕ ਕੰਧ ਬਣ ਗਈ ਜਿਸ ਨਾਲ ਕਿ ਸਿੰਘਾਂ ਦੀ ਗੜ੍ਹੀ ਘਿਰ ਗਈ । ਕਈ ਮੌਕਿਆਂ ਤੇ ਸਿੰਘ ਬੜੀ ਦਲੇਰੀ ਨਾਲ ਸ਼ਾਹੀ ਕੰਪੂ ਉੱਤੇ ਆ ਪਏ ਅਤੇ ਸਾਰੀਆਂ ਰੋਕਾਂ ਨੂੰ ਹੂੰਝ ਕੇ ਜੋ ਹੱਥ ਆਇਆ, ਲੈ ਕੇ ਨਿਕਲ ਗਏ । ਬਾਬਾ ਬਿਨੋਦ ਸਿੰਘ ਕਈ ਵਾਰੀ ਗੜ੍ਹੀ ਤੋਂ ਨਿਕਲ ਆਉਂਦੇ ਅਤੇ ਸ਼ਾਹੀ ਲਸ਼ਕਰ ਦੇ ਬਜ਼ਾਰ ਵਿਚੋਂ ਸ਼ੀਰਨੀ ਅਤੇ ਖਾਣ ਦੀਆਂ ਹੋਰ ਚੀਜ਼ਾਂ ਲੈ ਕੇ ਮੁੜ ਜਾਂਦੇ । ਇਸ ਬਜ਼ੁਰਗ ਸਿੰਘ ਦੀ ਦਲੇਰੀ ਨੂੰ ਦੇਖ ਕੇ ਸਾਰਾ ਕੰਪੂ ਹੈਰਾਨ ਹੋ ਜਾਂਦਾ । ਉਸ ਨੂੰ ਫੜਨ ਲਈ ਉਨ੍ਹਾਂ ਬੜੇ ਜਤਨ ਕੀਤੇ ਪਰ ਸਭ ਨਿਸਫ਼ਲ ਗਏ । ਜੇ ਲਸ਼ਕਰੀ ਸਵੇਰ ਨੂੰ ਪਹਿਰਾ ਪੱਕਾ ਕਰਦੇ ਤਾਂ ਬਿਨੋਦ ਸਿੰਘ ਸ਼ਾਮ ਨੂੰ ਆ ਪੈਂਦਾ ਅਤੇ ਜੇ ਉਹ ਸ਼ਾਮ ਨੂੰ ਪ੍ਰਬੰਧ ਕਰਦੇ ਤਾਂ ਉਹ ਲੌਢੇ ਵੇਲੇ ਝੁੱਟੀ ਮਾਰ ਜਾਂਦਾ । ਹਰ ਵਾਰੀ ਉਹ ਪਹਿਰੇ ਵਾਲਿਆਂ ਦੀ ਚੌਕਸੀ ਤੋਂ ਅਗੋਂ ਪਿਛੋਂ ਨਿਕਲ ਜਾਂਦਾ । ਬੰਦਾ ਸਿੰਘ ਦੇ ਸਿੰਘ ਇਤਨੇ ਦਲੇਰ ਅਤੇ ਅਜਿੱਤ ਸਨ ਕਿ ਵੈਰੀ ਉਨ੍ਹਾਂ ਦੇ ਜੰਗੀ ਗੁਣਾਂ ਨੂੰ ਦੇਖ ਕੇ ਵਾਹ ਵਾਹ ਕਰ ਉਠਦੇ ਸਨ ਤੇ ਉਨ੍ਹਾਂ ਨੂੰ ਹਰ ਵੇਲੇ ਇਹ ਹੀ ਡਰ ਲੱਗਾ ਰਹਿੰਦਾ ਸੀ ਕਿ ਅੰਦਰ ਘਿਰੇ ਹੋਏ ਸਿੰਘ ਕਿਧਰੇ ਇਕ ਇਕੱਲਾ ਜੋਰਦਾਰ ਹੱਲਾ ਕਰ ਕੇ ਆਪਣੀਆਂ ਜਾਨਾਂ ਦੀ ਬਲੀ ਦਿੰਦੇ ਹੋਏ ਆਪਣੇ ਆਗੂ ਨੂੰ ਕੱਢ ਨਾ ਲੈ ਜਾਣ। ਇਹ ਹੀ ਨਹੀਂ ਬਲਕਿ ਵਹਿਮੀ ਲਸ਼ਕਰੀਆਂ ਨੂੰ ਯਕੀਨ ਸੀ ਕਿ ਬੰਦਾ ਸਿੰਘ ਬੜੀਆਂ ਰਿੱਧੀਆਂ ਸਿੱਧੀਆਂ ਅਤੇ ਜਾਦੂਗਰੀ ਤਾਕਤਾਂ ਦਾ ਮਾਲਕ ਹੈ ਜਿਨ੍ਹਾਂ ਦੇ ਜੋਰ ਨਾਲ ਉਹ ਕੁੱਤੇ ਜਾਂ ਬਿੱਲੀ ਦਾ ਰੂਪ ਧਾਰ ਸਕਦਾ ਹੈ। ਇਸੇ ਲਈ ਜਿਸ ਵੇਲੇ ਭੀ ਉਹ ਸਿੰਘਾਂ ਦੇ ਪਾਸਿਉਂ ਕਿਸੇ ਕੁੱਤੇ ਜਾਂ ਬਿੱਲੀ ਨੂੰ ਆਉਂਦਾ ਦੇਖਦੇ ਤਾਂ ਉਸ ਉੱਤੇ ਟੁੱਟ ਪੈਂਦੇ ਅਤੇ ਜਿਤਨੀ ਦੇਰ ਤਕ ਉਸ ਨੂੰ ਤੀਰਾਂ ਜਾਂ ਪੱਥਰਾਂ ਨਾਲ ਮਾਰ ਨਾ ਦਿੰਦੇ ਉਨ੍ਹਾਂ ਦੀ ਤਸੱਲੀ ਨਾ ਹੁੰਦੀ। ਇਸ ਤਰ੍ਹਾਂ ਗੁਰਦਾਸ ਨੰਗਲ ਦਾ ਇਹ ਘੇਰਾ ਅਤੇ ਜੁੱਧ ਕਈ ਮਹੀਨੇ ਜਾਰੀ ਰਿਹਾ ਅਤੇ ਦੋਹਾਂ ਪਾਸਿਆਂ ਦਾ ਬੜਾ ਨੁਕਸਾਨ ਹੋਇਆ।

ਹੌਲੀ ਹੌਲੀ ਸ਼ਾਹੀ ਲਸ਼ਕਰੀਆਂ ਨੇ ਆਪਣੇ ਮੋਰਚੇ ਅੱਗੇ ਨੂੰ ਸਰਕਾਏ ਅਤੇ ਸਿੰਘਾਂ ਦੀ ਗੜ੍ਹੀ ਨੂੰ ਸਾਰੇ ਪਾਸਿਓਂ ਮੋਰਚਿਆਂ ਨਾਲ ਘੇਰ ਲੈਣ ਦਾ ਫੈਸਲਾ ਕੀਤਾ । ਇਕ ਹਜਾਰ ਕੁਹਾੜਿਆਂ ਵਾਲੇ ਬੇਲਦਾਰ ਅਤੇ ਇਕ ਹਜਾਰ ਤਰਖਾਣ ਆਲੇ ਦੁਆਲੇ ਦੇ ਦਰਖਤ ਵੱਢਣ ਉੱਤੇ ਲਾਏ ਗਏ ਅਤੇ ਦੋ ਹਜਾਰ ਊਠ ਲਕੜੀਆਂ ਤੇ ਮਿੱਟੀ ਪਹੁੰਚਾਉਣ ਲਈ ਲਾ ਦਿੱਤੇ । ਜਦ ਆਲੇ ਦੁਆਲੇ ਦਾ ਚੱਕਰ ਪੂਰਾ ਹੋ ਗਿਆ ਤਾਂ ਦਰਖਤਾਂ ਦੇ ਧੜਾਂ ਦੇ ਨਾਲ ਮਿੱਟੀ ਦੇ ਪੈੜ ਲਾ ਕੇ ਜੋੜ ਦਿੱਤੇ ਅਤੇ ਇਸ ਤਰ੍ਹਾਂ ਬਣੇ ਉੱਚੇ ਸਿੱਧੇ ਲਗਾਤਾਰ ਧੈੜ ਦੇ ਅੰਦਰਲੇ ਪਾਸੇ ਬਣ ਗਈ ਖਾਈ ਨੂੰ ਹੋਰ ਡੂੰਘਾ ਰਖ ਕੇ ਪੁੱਟ ਦਿੱਤਾ ਜਿਸ ਨਾਲ ਸਿੰਘਾਂ ਦੇ ਆਲੇ ਦੁਆਲੇ ਖਾਈ ਦਾ ਘੇਰਾ ਲੰਘਣ ਲਈ ਹੋਰ ਔਖਾ ਹੋ ਗਿਆ। ਪਰ ਘੇਰਾ ਪਾਉਣ ਵਾਲਿਆਂ ਵੱਲੋਂ ਬਣਾਈਆਂ ਗਈਆਂ ਇਨ੍ਹਾਂ ਸਾਰੀਆਂ ਰੋਕਾਂ ਦੇ ਹੁੰਦੇ ਹੋਏ ਭੀ ਸਿੰਘਾਂ ਦੀਆਂ ਅੰਦਰੋਂ ਅਚਾਨਕ ਝਪਟਾਂ ਜਾਰੀ ਰਹੀਆਂ ਜਿਨ੍ਹਾਂ ਨਾਲ ਬਾਹਰਲਿਆਂ ਦਾ ਬੜਾ ਨੁਕਸਾਨ ਹੁੰਦਾ ਰਿਹਾ। ਸਿੰਘਾਂ ਦਾ ਅੰਦਰਲਾ ਰਾਖੀ ਦਾ ਪ੍ਰਬੰਧ ਇਤਨਾ ਤਕੜਾ ਸੀ ਅਤੇ ਉਹ ਅੰਦਰੋਂ ਇਤਨੀ ਤੇਜ਼ ਅਤੇ ਮਾਰੂ ਅੱਗ ਵਰ੍ਹਾਉਂਦੇ ਸਨ ਕਿ ਸ਼ਾਹੀ ਲਸ਼ਕਰੀਆਂ ਨੂੰ ਬਾਹਰ ਖੁਲ੍ਹੇ ਥਾਂ ਨਿਕਲ ਕੇ ਸਿੰਘਾਂ ਉੱਤੇ ਹੱਲਾ ਬੋਲਣ ਦਾ ਹੌਸਲਾ ਨਹੀਂ ਸੀ ਪੈਂਦਾ । ਇਤਨੇ ਬਹਾਦੁਰ ਅਤੇ ਡਟੇ ਹੋਏ ਵੈਰੀ * ਵਿਰੁੱਧ ਅਬਦੁੱਸਮਦ ਖ਼ਾਨ ਨੂੰ ਸਫ਼ਲਤਾ ਦੀ ਕੋਈ ਆਸ ਨਾ ਰਹੀ । ਸਿੰਘਾਂ ਦੀ ਵਲਗਣ (ਗੜ੍ਹੀ) ਦੀ ਕੰਧ ਅਤੇ ਦਰਵਾਜ਼ੇ ਤਕ ਪੁੱਜਣ ਲਈ ਉਸ ਦੇ ਸਾਰੇ ਜਤਨ ਨਿਸਫ਼ਲ ਹੋ ਗਏ ਸਨ। ਹੁਣ ਉਸ ਲਈ ਕੇਵਲ ਇਕੋ ਹੀ ਢੰਗ ਰਹਿ ਗਿਆ ਸੀ ਕਿ ਉਹ ਜ਼ਮੀਨ ਦੇ ਹੇਠਾਂ ਹੇਠਾਂ ਦੀ ਸੁਰੰਗ ਲਾ ਕੇ ਸਿੰਘਾਂ ਦੀ ਕੰਧ ਤਕ ਪਹੁੰਚੇ । ਇਸ ਲਈ ਉਸ ਨੇ ਹੁਕਮ ਦਿੱਤਾ ਕਿ ਇਹਾਤੇ ਦੀਆਂ ਨੁੱਕਰਾਂ ਦੀ ਸੇਧੇ ਸੁਰੰਗਾਂ ਲਾ ਦਿੱਤੀਆਂ ਜਾਣ । ਇਸ ਵਿਚ ਉਨ੍ਹਾਂ ਨੂੰ ਹੋਰ ਜਤਨਾਂ ਨਾਲੋਂ ਜਿਆਦਾ ਸਫ਼ਲਤਾ ਹੋ ਗਈ । ਅਬਦੁੱਸਮਦ ਖ਼ਾਨ ਦੀਆਂ ਸੁਰੰਗਾਂ ਹਾਲ ਤਕ ਗੜ੍ਹੀ ਦੇ ਵੱਡੇ ਦਰਵਾਜੇ ਤਕ ਪੁੱਜੀਆਂ ਨਹੀਂ ਸਨ ਕਿ ਕਮਰੁੱਦੀਨ ਖਾਈ ਲੰਘ ਕੇ ਉਸ ਗੁਮਟੀ ਤਕ ਪੁੱਜ ਗਿਆ ਜਿਥੋਂ ਕਿ ਸਿੰਘਾਂ ਦੇ ਰਾਮਜੰਗਿਆ ਦੀਆਂ ਗੋਲੀਆਂ ਬਹੁਤਾ ਨੁਕਸਾਨ ਕਰਦੀਆਂ ਸਨ । ਉਧਰ ਜ਼ਕਰੀਆ ਖ਼ਾਨ ਦੂਸਰੇ ਉਸ ਦਰਵਾਜ਼ੇ ਤਕ ਪੁੱਜ ਗਿਆ ਜਿਸ ਨੂੰ ਸਿੰਘ ਵਰਤਿਆ ਕਰਦੇ ਸਨ । ਹੋਰ ਫ਼ੌਜਦਾਰਾਂ ਅਤੇ ਕਮਾਂਡਰਾਂ ਨੇ ਭੀ ਆਪਣੇ ਮੋਰਚੇ ਅੱਗੇ ਨੂੰ ਵਧਾ ਲਏ । ਇਸ ਦਾ ਨਤੀਜਾ ਇਹ ਹੋਇਆ ਕਿ ਸਿੰਘ ਸਾਰੀਆਂ ਪਾਸਿਆਂ ਤੋਂ ਘੁੱਟੇ ਸੀਤੇ ਗਏ।

ਹੁਣ ਘੇਰਾ ਇਤਨਾ ਨਜ਼ਦੀਕ ਅਤੇ ਪੀਡਾ ਹੋ ਗਿਆ ਕਿ ਸਿੰਘਾਂ ਵਾਸਤੇ ਬਾਹਰੋਂ ਕੋਈ ਖਾਣਾ ਲਿਆ ਸਕਣਾ ਅਸੰਭਵ ਹੋ ਗਿਆ । ਅੱਠਾਂ ਮਹੀਨਿਆਂ ਦੇ ਲੰਮੇ ਘੇਰੇ ਨੇ ਉਨ੍ਹਾਂ ਦਾ ਸਭ ਕੁਝ ਮੁਕਾ ਦਿੱਤਾ ਸੀ । ਹੁਣ ਉਨ੍ਹਾਂ ਦਾ ਲੰਗਰ ਬਿਲਕੁਲ ਮਸਤਾਨਾ ਹੋ ਗਿਆ । ਇਕ ਦਾਣਾ ਭੀ ਉਨ੍ਹਾਂ ਪਾਸ ਨਾ ਰਿਹਾ ਅਤੇ ਉਹ ਲੱਗੇ ਭੁੱਖੇ ਮਰਨ । ਜਿਨ੍ਹਾਂ ਨੂੰ ਵੈਰੀ ਦੀਆਂ ਤੋਪਾਂ ਬੰਦੂਕਾਂ ਅਤੇ ਤੀਰ ਨਹੀਂ ਸਨ। ਡਰਾ, ਘਬਰਾ ਸਕੇ, ਉਨ੍ਹਾਂ ਨੂੰ ਭੁੱਖ ਨੇ ਭੰਨ ਕੇ ਰਖ ਦਿੱਤਾ । ਕਹਿੰਦੇ ਹਨ ਕਿ ਉਨ੍ਹਾਂ ਨੇ ਕੰਧਾਂ ਉਪਰ ਦੀ ਸ਼ਾਹੀ ਲਸ਼ਕਰੀਆਂ ਨਾਲ ਗੱਲਬਾਤ ਕਰ ਕੇ ਦੋ ਦੋ ਤਿੰਨ ਤਿੰਨ ਰੁਪਏ ਸੇਰ ਦਾਣੇ ਖਰੀਦਣ ਦਾ ਜਤਨ ਕੀਤਾ ਪਰ ਇਸ ਨਾਲ ਕੀ ਬਣ ਸਕਦਾ ਸੀ? ਅੰਤ ਭੁੱਖ ਦੇ ਕਾਰਣ ਉਹ ਅਤਿ ਦੁਖੀ ਹੋ ਗਏ ।

ਇਸ ਵੇਲੇ ਬਾਬਾ ਬਿਨੋਦ ਸਿੰਘ ਅਤੇ ਬੰਦਾ ਸਿੰਘ ਦੇ ਵਿਚਕਾਰ ਕੁਝ ਮੱਤ-ਭੇਦ ਪੈਦਾ ਹੋ ਗਿਆ। ਮਾਲੂਮ ਹੁੰਦਾ ਹੈ ਇਹ ਮੱਤ-ਭੇਦ ਅਗਲੇ ਪ੍ਰੋਗਰਾਮ ਸੰਬੰਧੀ ਵਿਚਾਰਾਂ ਵਿਚ ਹੋ ਗਿਆ। ਬੰਦਾ ਸਿੰਘ ਇਸ ਰਾਏ ਦੇ ਹੱਕ ਵਿਚ ਨਹੀਂ ਸੀ ਕਿ ਉਨ੍ਹਾਂ ਨੂੰ ਇਥੋਂ ਨਿਕਲ ਜਾਣ ਦਾ ਜਤਨ ਕਰਨਾ ਚਾਹੀਦਾ ਹੈ, ਉਹ ਕਿਉਂ ਅੰਤ ਤਕ ਇਥੇ ਡਟੇ ਰਹਿਣ ਦੇ ਹੱਕ ਵਿਚ ਸੀ, ਇਸ ਦਾ ਕੁਝ ਪਤਾ ਨਹੀਂ। ਦੂਸਰੇ ਪਾਸੇ ਬਾਬਾ ਬਿਨੋਦ ਸਿੰਘ ਇਸ ਰਾਏ ਉੱਤੇ ਡਟੇ ਹੋਏ ਸਨ ਕਿ ਉਨ੍ਹਾਂ ਨੂੰ ਹੰਭਲਾ ਮਾਰ ਕੇ ਇਥੋਂ ਨਿਕਲ ਜਾਣਾ ਚਾਹੀਦਾ ਹੈ। ਗੱਲਾਂ ਗੱਲਾਂ ਵਿਚ ਦੋਹਾਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਉੱਤੇ ਚਲੇ ਗਏ । ਇਹ ਦੇਖ ਕੇ ਬਾਬਾ ਬਿਨੋਦ ਸਿੰਘ ਦਾ ਪੁੱਤਰ ਕਾਹਨ ਸਿੰਘ ਆਪਣੇ ਪਿਤਾ ਅਤੇ ਬੰਦਾ ਸਿੰਘ ਦੇ ਵਿਚਕਾਰ ਆ ਖੜੋਤਾ । ਫੈਸਲਾ ਇਹ ਹੋਇਆ ਕਿ ਜੋ ਗੜ੍ਹੀ ਵਿਚੋਂ ਨਿਕਲ ਜਾਣਾ ਚਾਹੁੰਦਾ ਹੈ, ਉਹ ਨਿਕਲ ਜਾਏ । ਬਾਬਾ ਬਿਨੋਦ ਸਿੰਘ ਨੇ ਇਹ ਫੈਸਲਾ ਪ੍ਰਵਾਣ ਕਰ ਲਿਆ ਅਤੇ ਆਪਣੀ ਘੋੜੀ ਤੇ ਸਵਾਰ ਹੋ ਕੇ ਇਹਾਤਿਓਂ ਬਾਹਰ ਨਿਕਲ ਪਿਆ ਅਤੇ ਤਲਵਾਰ ਨਾਲ ਵੈਰੀਆਂ ਨੂੰ ਚੀਰਦਾ ਪਾੜਦਾ ਇਕੱਲਾ ਹੀ ਅੱਖ ਦੇ ਫਰੋਕੇ ਵਿਚ ਅਲੋਪ ਹੋ ਗਿਆ ।

ਇਸ ਨਾਲ ਮੱਤ-ਭੇਦ ਤਾਂ ਮਿਟ ਗਿਆ ਪਰ ਦਿਨੋ ਦਿਨ ਵਧਦੇ ਜਾ ਰਹੇ ਭੁੱਖ ਦੇ ਦੁਖ ਦਾ ਕੋਈ ਇਲਾਜ ਹੁੰਦਾ ਨਾ ਦਿੱਸਿਆ । ਸਿੰਘਾਂ ਨੇ ਅੰਤ ਇਸ ਨੂੰ ਭਾਣਾ ਮਿੱਠਾ ਕਰ ਕੇ ਸਹਿ ਜਾਣ ਦੀ ਧਾਰ ਲਈ । ਜਦ ਖਾਣ ਨੂੰ ਬਿਲਕੁਲ ਹੀ ਹੋਰ ਕੁਝ ਨਾ ਰਹਿ ਗਿਆ ਤਾਂ ਉਹ ਘੋੜੇ, ਖੋਤੇ ਅਤੇ ਹੋਰ ਡੰਗਰ ਖਾ ਜਾਣ ਪਰ ਮਜਬੂਰ-ਹੋ ਗਏ । ਖਾਫ਼ੀ ਖ਼ਾਨ ਦੇ ਆਧਾਰ ਤੇ ਅਰਵਿਨ ਲਿਖਦਾ ਹੈ ਕਿ ‘ਚੂੰਕਿ ਸਿੱਖ ਜ਼ਾਤ ਪਾਤ ਵਿਚ ਬਹੁਤੇ ਪੱਕੇ ਨਹੀਂ ਸਨ, ਉਨ੍ਹਾਂ ਨੇ ਬਲਦ ਅਤੇ ਦੂਸਰੇ ਡੰਗਰ ਝਟਕਾ ਲਏ, ਪਰ ਉਨ੍ਹਾਂ ਪਾਸ ਅੱਗ ਜਲਾਉਣ ਲਈ ਲੱਕੜੀ ਨਹੀਂ ਸੀ, ਇਸ ਲਈ ਉਹ ਕੱਚਾ ਹੀ ਮਾਸ ਖਾ ਗਏ । ਬਹੁਤ ਸਾਰੇ ਪੇਚਸ਼ (ਅਤੀਸਾਰ) ਅਤੇ ਕਮਜ਼ੋਰੀ ਨਾਲ ਹੁਕਮ-ਸਤ ਕਰ ਗਏ । ਜਦ ਘਾਹ ਭੀ ਮੁੱਕ ਗਿਆ ਤਾਂ ਉਨ੍ਹਾਂ ਨੇ ਦਰਖਤਾਂ ਦੇ ਪੱਤੇ ਇਕੱਠੇ ਕਰ ਲਏ । ਜਦ ਇਹ ਭੀ ਖਾਧੇ ਗਏ ਤਾਂ ਉਨ੍ਹਾਂ ਨੇ ਦਰਖਤਾਂ ਦੀ ਛਿੱਲ ਅਤੇ ਛੋਟੀਆਂ ਛੋਟੀਆਂ ਸੁੱਕੀਆਂ ਟਾਹਣੀਆਂ ਪੀਹ ਕੇ ਆਟੇ ਦੀ ਥਾਂ ਖਾ ਲਈਆਂ ਅਤੇ ਆਪਣੇ ਸਰੀਰ ਅਤੇ ਜਾਨ ਨੂੰ ਬਚਾਈ ਰੱਖਣ ਦਾ ਯਤਨ ਕੀਤਾ। ਅੰਤ ਉਨ੍ਹਾਂ ਨੇ ਮੋਏ ਹੋਏ ਡੰਗਰਾਂ ਦੀਆਂ ਹੱਡੀਆਂ ਪੀਹ ਕੇ ਢਿੱਡ ਨੂੰ ਝੁਲਕਾ ਦਿੱਤਾ । ਕਈ ਕਹਿੰਦੇ ਹਨ ਕਿ ਉਨ੍ਹਾਂ ਨੇ ਕੁਝ ਕੁ (ਸਿੰਘਾਂ) ਨੂੰ ਆਪਣੇ ਪੱਟਾ ਦੇ ਮਾਸ ਕੱਟ ਕੇ ਭੁੰਨ ਕੇ ਖਾਂਦੇ ਵੇਖਿਆ ਸੀ । ਇਸ ਤਰ੍ਹਾਂ ਦੀ ਹਾਲਤ ਹੁੰਦੇ ਹੋਏ ਭੀ, ਮੁਹੰਮਦ ਹਾਦੀ ਕਾਮਵਰ ਖ਼ਾਨ ਲਿਖਦਾ ਹੈ ਕਿ ‘ਜਹੰਨਮੀ ਸਿੱਖ ਆਗੂ ਅਤੇ ਉਸ ਦੇ ਆਦਮੀਆਂ ਨੇ ਉਸ ਸਾਰੀ ਫ਼ੌਜੀ ਤਾਕਤ ਦਾ ਟਾਕਰਾ ਕੀਤਾ ਜਿਹੜੀ ਕਿ ਮਹਾਨ ਮੁਗ਼ਲ ਹਕੂਮਤ ਅੱਠ ਮਹੀਨੇ ਤਕ ਉਨ੍ਹਾਂ ਦੇ ਵਿਰੁੱਧ ਇਕੱਠੀ ਕਰ ਸਕੀ ।” ਪਰ ਇਹ ਕਿਤਨੀ ਕੁ ਦੇਰ ਚਲ ਸਕਦਾ ਸੀ? ਆਖ਼ਰ ਉਹ ਬੰਦੇ ਸਨ ਅਤੇ ਇਹ ਚੀਜ਼ਾਂ ਬੰਦਿਆਂ ਦੀ ਖੁਰਾਕ ਨਹੀਂ ਅਤੇ ਨਾ ਹੀ ਮਨੁੱਖਾਂ ਦਾ ਪੇਟ ਇਨ੍ਹਾਂ ਚੀਜ਼ਾਂ ਨੂੰ ਪਚਾ ਜਾਂ ਝੱਲ ਸਕਦਾ ਹੈ । ਉਨ੍ਹਾਂ ਦੀ ਨਾ ਮੁੱਕਣ ਵਾਲੀ ਭੁੱਖ ਅਤੇ ਸੁੰਮਦਾਰ ਡੰਗਰਾਂ ਦੇ ਮਾਸ, ਘਾਹ, ਪੱਤੇ, ਦਰਖਤਾਂ ਦੀ ਛਿੱਲ ਅਤੇ ਸੁੱਕੀਆਂ ਟਹਿਣੀਆਂ ਅਤੇ ਮੋਏ ਡੰਗਰਾਂ ਦੀਆਂ ਹੱਡੀਆਂ ਆਦਿ ਅਖਾਧ ਅਤੇ ਅਪਚਨੀ ਚੀਜ਼ਾਂ ਨੇ ਉਨ੍ਹਾਂ ਦੇ ਪੇਟ ਬਿਲਕੁਲ ਖ਼ਰਾਬ ਕਰ ਦਿੱਤੇ ਅਤੇ ਉਨ੍ਹਾਂ ਨੂੰ ਲਹੂ-ਭਰੇ ਦਸਤ ਲਾ ਦਿੱਤੇ ਜਿਨ੍ਹਾਂ ਨਾਲ ਉਹ ਸੈਂਕੜਿਆਂ ਦੀ ਗਿਣਤੀ ਵਿਚ ਕਾਲ-ਵੱਸ ਹੋ ਗਏ । ਮਰੇ ਅਤੇ ਮਰ ਰਹੇ ਬੰਦਿਆਂ ਅਤੇ ਡੰਗਰਾਂ ਦੇ ਸੜ ਗਲ ਰਹੇ ਸਰੀਰਾਂ ਤੋਂ ਉੱਠੀ ਬਦਬੋ ਨਾਲ ਸਾਰਾ ਇਹਾਤਾ ਭਰ ਗਿਆ ਅਤੇ ਸਾਹ ਲੈਣਾ ਔਖਾ ਹੋ ਗਿਆ । ਜਿਹੜੇ ਇਸ ਵੇਲੇ ਤਕ ਜੀਉਂਦੇ ਸਨ ਉਹ ਭੀ ਸੁਕ ਕੇ ਕਾਨੇ ਹੋ ਗਏ । ਉਹ ਅੱਧ-ਮੋਇਆਂ ਤੋਂ ਵੱਧ ਨਹੀਂ ਸਨ ਅਤੇ ਇਤਨੇ ਦੁਰਬਲ ਹੋ ਗਏ ਸਨ ਕਿ ਆਪਣੀਆਂ ਬੰਦੂਕਾਂ ਭੀ ਨਹੀਂ ਸਨ ਚੁੱਕ ਸਕਦੇ । ਉਨ੍ਹਾਂ ਦੇ ਬਰੂਦ-ਖ਼ਾਨੇ ਭੀ ਖਾਲੀ ਹੋ ਗਏ ਸਨ। ਇਸ ਲਈ ਹੁਣ ਉਨ੍ਹਾਂ ਵਾਸਤੇ ਕੋਈ ਹੋਰ ਟਾਕਰਾ ਕਰ ਸਕਣਾ ਅਤੇ ਗੜ੍ਹੀ ਦੀ ਰੱਖਿਆ ਕਰ ਸਕਣਾ ਅਸੰਭਵ ਹੋ ਗਿਆ।

ਅੰਤ 7 ਦਸੰਬਰ ਸੰਨ 1715 (21 ਜਿਲ-ਹਿੱਜਾ, 1127 ਹਿਜਰੀ, ਸਨ 4 ਫ਼ਰੁੱਖ਼-ਸੀਅਰੀ) ਨੂੰ ਬੁਧਵਾਰ ਦੇ ਦਿਨ ਗੁਰਦਾਸ ਨੰਗਲ ਵਿਚ ਸਿੰਘਾਂ ਦਾ (ਭਾਈ ਦੁਨੀ ਚੰਦ ਦਾ) ਇਹਾਤਾ, ਜਿਸ ਨੂੰ ਇਤਿਹਾਸਕਾਰਾਂ ਨੇ ਗੁਰਦਾਸਪੁਰ ਦਾ ਕਿਲਾ ਜਾਂ ਗੜ੍ਹੀ ਕਰਕੇ ਲਿਖਿਆ ਹੈ, ਅਬਦੁੱਸਮਦ ਖ਼ਾਨ ਦੇ ਹੱਥ ਆ ਗਿਆ। ਜਿਵੇਂ ਉਪਰ ਲਿਖਿਆ ਜਾ ਚੁੱਕਾ ਹੈ, ਇਹਾਤੇ ਦੇ ਅੰਦਰਲੇ ਸਿੰਘ ਅਧ-ਮੋਏ ਹੋਏ ਪਏ ਸਨ ਅਤੇ ਬੀਮਾਰੀ ਅਤੇ ਕਮਜ਼ੋਰੀ ਨਾਲ ਨਿਢਾਲ ਹੋਣ ਦੇ ਕਾਰਣ ਟਾਕਰਾ ਕਰ ਸਕਣੋਂ ਅਸਮਰਥ ਸਨ, ਪਰ ਸ਼ਾਹੀ ਲਸ਼ਕਰੀਆਂ ਉੱਤੇ ਸਿੰਘਾਂ ਦਾ ਇਤਨਾ ਭੈ ਬੈਠਾ ਹੋਇਆ ਸੀ ਕਿ ਡਰਦਾ ਮਾਰਾ ਕੋਈ ਇਹਾਤੇ ਦੇ ਅੰਦਰ ਜਾਣ ਦਾ ਹੌਂਸਲਾ ਨਹੀਂ ਸੀ ਕਰਦਾ । ਅਬਦੁੱਸਮਦ ਖ਼ਾਨ ਨੇ ਸਿੰਘਾਂ ਨੂੰ ਦਰਵਾਜ਼ਾ ਖੋਲ੍ਹ ਦੇਣ ਲਈ ਆਖਿਆ ਅਤੇ ਬਾਦਸ਼ਾਹ ਪਾਸ ਉਨ੍ਹਾਂ ਨੂੰ ਮਾਫ਼ ਕਰ ਦੇਣ ਲਈ ਕਹਿਣ ਦਾ ਪ੍ਰਣ ਕੀਤਾ, ਪਰ ਜਦ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਤਾਂ ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਕੈਦ ਕਰ ਲਿਆ ਗਿਆ । ਬਾਦਸ਼ਾਹੀ ਲਸ਼ਕਰੀ ਅਧ-ਮੋਏ ਸਿੰਘਾਂ ਉੱਤੇ ਭੁੱਖੇ ਬਘਿਆੜਾਂ ਵਾਂਙ ਟੁੱਟ ਪਏ । ਸਫ਼ਲਤਾ ਦੀ ਮਗ਼ਰੂਰੀ ਵਿਚ ਅਬਦੁੱਸਮਦ ਆਪਣੇ ਸਾਰੇ ਪ੍ਰਣ ਭੁੱਲ ਗਿਆ ਅਤੇ ਦੋ ਤਿੰਨ ਸੌ ਸਿੰਘਾਂ ਦੇ ਹੱਥ ਪੈਰ ਜੂੜ ਕੇ ਉਨ੍ਹਾਂ ਨੂੰ ਮੁਗ਼ਲ ਅਤੇ ਤਾਤਾਰੀ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਨੇ ਇਨ੍ਹਾਂ ਨੂੰ ਉਸੇ ਥਾਂ ਕਤਲ ਕਰ ਦਿੱਤਾ ਅਤੇ ਉਥੇ ਦਾ ਮੈਦਾਨ ਲਹੂ ਨਾਲ ਭਰ ਦਿੱਤਾ । ਮਾਰੇ ਗਏ ਸਿੰਘਾਂ ਦੇ ਢਿਡ ਇਸ ਲਾਲਚ ਨਾਲ ਚੀਰ ਦਿੱਤੇ ਕਿ ਸ਼ਾਇਦ ਉਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਨਿਗਲੀਆਂ ਹੋਈਆਂ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਸਿਰ ਵੱਢ ਕੇ ਘਾਹ ਫੂਸ ਨਾਲ ਭਰ ਦਿੱਤੇ ਅਤੇ ਨੇਜ਼ਿਆਂ ਉੱਤੇ ਟੰਗ ਲਏ। ਗੁਰਦਾਸ ਨੰਗਲ ਦਾ ਪਿੰਡ ਅਤੇ ਭਾਈ ਦੁਨੀ ਚੰਦ ਦਾ ਇਹਾਤਾ ਸਭ ਢਾਹ ਕੇ ਢੇਰੀ ਕਰ ਦਿੱਤੇ ਗਏ । ਹੁਣ ਇਸ ਵੇਲੇ ਓਥੇ ਕੇਵਲ ਇਕ ਥੇ ਹ ਪਈ ਹੈ ਜੋ ‘ਬੰਦੇ ਵਾਲੀ ਥੇਹ’ ਦੇ ਨਾਉਂ ਨਾਲ ਪ੍ਰਸਿੱਧ ਹੈ।

ਗੁਰਦਾਸ ਨੰਗਲ ਵਿਚ ਬੰਦਾ ਸਿੰਘ ਅਤੇ ਸਿੰਘਾਂ ਦੇ ਫੜੇ ਜਾਣ ਦੀ ਖ਼ਬਰ ਅਬਦੁੱਸਮਦ ਖ਼ਾਨ ਵੱਲੋਂ ਮੁਹੰਮਦ ਅਮੀਨ ਖ਼ਾਨ ਨੇ 12 ਦਸੰਬਰ ਸੰਨ 1715 (26 ਨੂੰ ਜਿਲ-ਹਿੱਜਾ 1127 ਹਿਜ਼ਰੀ) ਨੂੰ ਬਾਦਸ਼ਾਹ ਫ਼ਰੁੱਖ਼-ਸੀਅਰ ਨੂੰ ਉਸ ਵੇਲੇ ਸੁਣਾਈ ਜਦ ਕਿ ਉਹ ਜਹਾਂਦਾਰ ਸ਼ਾਹ ਦੇ ਵਿਰੁੱਧ ਆਪਣੀ ਫ਼ਤਿਹ ਦੀ ਖੁਸ਼ੀ ਮਨਾ ਰਿਹਾ ਸੀ । ਮੁਹੰਮਦ ਹਾਦੀ ਕਾਮਵਾਰ ਖ਼ਾਨ ਲਿਖਦਾ ਹੈ ਕਿ “ਇਹ ਕਿਸੇ ਦੀ ਅਕਲਮੰਦੀ ਜਾਂ ਬਹਾਦੁਰੀ ਦਾ ਨਤੀਜਾ ਨਹੀਂ ਸੀ ਬਲਕਿ ਰੱਬ ਦੀ ਮਿਹਰਬਾਨੀ ਸੀ ਕਿ ਇਹ ਇਸ ਤਰ੍ਹਾਂ ਹੋ ਗਿਆ, ਨਹੀਂ ਤਾਂ ਹਰ ਕਿਸੇ ਨੂੰ ਪਤਾ ਹੀ ਹੈ ਸੁਰਗਵਾਸੀ ਬਾਦਸ਼ਾਹ ਬਹਾਦੁਰ ਸ਼ਾਹ ਨੇ ਆਪਣੇ ਚਾਰੇ ਸ਼ਾਹਜਾਦਿਆਂ ਅਤੇ ਅਣਗਿਣਤ ਵੱਡੇ ਵੱਡੇ ਅਫ਼ਸਰਾਂ ਸਣੇ ਇਸ ਬਗ਼ਾਵਤ ਨੂੰ ਮਿਟਾਉਣ ਦੇ ਜਤਨ ਕੀਤੇ ਸਨ ਪਰ ਇਹ ਸਭ ਨਿਸਫ਼ਲ ਗਏ ਸਨ ਅਤੇ ਹੁਣ ਉਹ ਕਾਫ਼ਰ ਸਿੱਖ ਅਤੇ ਉਸ ਦੇ ਸਾਥੀ ਭੁੱਖ ਨੇ ਅਧੀਨ ਹੋਣ ਲਈ ਮਜਬੂਰ ਕਰ ਦਿੱਤੇ ਹਨ।”

ਬੰਦਾ ਸਿੰਘ ਅਤੇ ਦੂਸਰੇ ਸਿੰਘ ਦਿੱਲੀ ਵਿਚ ਕਤਲ

ਬਾਬਾ ਬੰਦਾ ਸਿੰਘ ਬਹਾਦੁਰ | Baba Banda Singh Bahadur |

ਗੁਰਦਾਸ ਨੰਗਲੋਂ ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਪਹਿਲਾਂ ਲਾਹੌਰ ਲੈ ਗਏ। ਭਾਵੇਂ ਉਸ ਨੂੰ ਫੜ ਕੇ ਕੈਦ ਕੀਤਾ ਹੋਇਆ ਸੀ, ਤਾਂ ਭੀ ਉਸ ਦੀਆਂ ਕਰਾਮਾਤੀ ਤਾਕਤਾਂ ਦਾ ਵੈਰੀਆਂ ਦੇ ਮਨਾਂ ਉੱਤੇ ਇੰਨਾ ਭੈ ਬੈਠਾ ਹੋਇਆ ਸੀ ਕਿ ਹਰ ਵੇਲੇ ਉਨ੍ਹਾਂ ਨੂੰ ਇਹੋ ਹੀ ਖ਼ਤਰਾ ਪਿਆ ਰਹਿੰਦਾ। ਸੀ ਕਿ ਉਹ ਸੜਕੇ ਜਾਂਦਾ ਹੋਇਆ ਕਿਧਰੇ ਬਚ ਕੇ ਨਾ ਨਿਕਲ ਜਾਏ। ਇਸ ਲਈ ਇਕ ਮੁਗ਼ਲ ਅਫ਼ਸਰ ਨੇ ਕਿਹਾ ਕਿ ਮੈਨੂੰ ਭੀ ਉਸ ਦੇ ਨਾਲ ਹੀ ਹਾਥੀ ਉੱਤੇ ਬੰਨ੍ਹ ਦਿਓ ਤਾਂ ਕਿ ਜਿਸ ਵੇਲੇ ਉਹ ਬਚ ਕੇ ਭੱਜਣ ਲਗੇਗਾ ਤਾਂ ਮੈਂ ਆਪਣਾ ਛੁਰਾ ਉਸ ਦੇ ਢਿੱਡ ਵਿਚ ਖੋਭ ਦਿਆਂਗਾ । ਬੰਦਾ ਸਿੰਘ ਦੇ ਪੈਰੀਂ ਬੇੜੀਆਂ, ਗੋਡਿਆਂ ਨੂੰ ਛੱਲੇ, ਲੱਕ ਦੁਆਲੇ ਸੰਗਲ ਅਤੇ ਗਲ਼ ਵਿਚ ਕੁੰਡਲ ਪਾਏ ਹੋਏ ਸਨ। ਅਤੇ ਇਨ੍ਹਾਂ ਨੂੰ ਲਕੜੀ ਦਿਆਂ ਡੰਡਿਆਂ ਨਾਲ ਗੰਢਿਆ ਹੋਇਆ ਸੀ । ਇਸ ਤਰ੍ਹਾਂ ਜਕੜ ਕੇ ਉਸ ਨੂੰ ਲੋਹੇ ਦੇ ਪਿੰਜਰੇ ਵਿਚ ਪਾ ਕੇ ਚਾਰ ਥਾਈਂ ਸੰਗਲ ਲਾਏ ਹੋਏ ਸਨ । ਦੋ ਮੁਗ਼ਲ ਅਫ਼ਸਰ ਉਸ ਦੇ ਨਾਲ ਦੋਹੀਂ ਪਾਸੀਂ ਉਸੇ ਹਾਥੀ ਉੱਤੇ ਬੱਧੇ ਹੋਏ ਸਨ ਤਾਂ ਕਿ ਉਹ ਨਿਕਲ ਨਾ ਜਾਏ । ਬੰਦਾ ਸਿੰਘ ਦੇ ਜੱਥੇਦਾਰਾਂ ਅਤੇ ਉੱਘੇ ਉੱਘੇ ਆਦਮੀਆਂ ਨੂੰ ਬੇੜੀਆਂ ਪਾਈਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਲੰਝੇ, ਮਾੜੂਏ ਅਤੇ ਮਰੀਅਲ ਖੋਤਿਆਂ ਅਤੇ ਊਠਾਂ ਉੱਤੇ ਚੜ੍ਹਾਇਆ ਹੋਇਆ ਸੀ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਕਾਗਜ਼ ਦੀਆਂ ਟੋਪੀਆਂ ਪਾਈਆਂ ਹੋਈਆਂ ਸਨ । ਇਸ ਤਰ੍ਹਾਂ ਇਨ੍ਹਾਂ ਨੂੰ ਇਕ ਟੋਲੇ ਵਿਚ ਇਕੱਠੇ ਲਿਜਾ ਰਹੇ ਸਨ । ਇਨ੍ਹਾਂ ਦੇ ਅੱਗੇ ਅੱਗੇ ਢੋਲ ਅਤੇ ਬਾਜਾ ਬਜਦਾ ਜਾ ਰਿਹਾ ਸੀ ਅਤੇ ਨੇਜ਼ਿਆਂ ਉੱਤੇ ਟੰਗੇ ਹੋਏ ਸਿਰ ਮੁਗ਼ਲਾਂ ਨੇ ਚੁੱਕੇ ਹੋਏ ਸਨ । ਕੈਦੀਆਂ ਦੇ ਪਿਛੇ ਬਾਦਸ਼ਾਹੀ ਅਮੀਰ, ਫ਼ੌਜਦਾਰ ਅਤੇ ਹਿੰਦੂ ਰਾਜੇ ਆਪਣੀਆਂ ਆਪਣੀਆਂ ਫ਼ੌਜਾਂ ਸਮੇਤ ਜਾ ਰਹੇ ਸਨ । ਕਈ ਮੀਲਾਂ ਤਕ ਸ਼ਾਹੀ ਸੜਕ ਦੋਹੀਂ ਪਾਸੀਂ ਖੜੋਤੇ ਤਮਾਸ਼ਾ ਦੇਖਣ ਆਇਆਂ ਨਾਲ ਭਰੀ ਹੋਈ ਸੀ ਅਤੇ ਬਾਜ਼ਾਰ, ਗਲੀਆਂ ਅਤੇ ਕੋਠਿਆਂ ਦੀਆਂ ਛੱਤਾਂ ਮਨੁੱਖੀ ਸਿਰਾਂ ਦਾ ਠਾਠਾਂ ਮਾਰਦਾ ਸਮੁੰਦਰ ਬਣਿਆ ਪਿਆ ਸੀ । ਇਸ ਤਰ੍ਹਾਂ ਅਧਮੋਏ ਕੈਦੀਆਂ ਅਤੇ ਲਹੂ-ਭਰੇ ਸਿਰਾਂ ਦੇ ਜਲੂਸ ਨਾਲ ਅਬਦੁੱਸਮਦ ਖ਼ਾਨ ਸ਼ਹਿਰ ਲਾਹੌਰ ਵਿਚ ਦਾਖ਼ਲ ਹੋਇਆ।

ਅਬਦੁੱਸਮਦ ਖ਼ਾਨ ਨੇ ਇਸ ਉੱਘੇ ਕੈਦੀ ਨੂੰ ਖ਼ੁਦ ਦਿੱਲੀ ਲੈ ਕੇ ਆਉਣ ਦੀ ਆਗਿਆ ਮੰਗੀ, ਜਿਸ ਦੇ ਉੱਤਰ ਵਿਚ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਉਹ ਸੂਬੇ ਦੇ ਰਾਜਪ੍ਰਬੰਧ ਵੱਲ ਦੇਖੇ ਅਤੇ ਕੈਦੀਆਂ ਨੂੰ ਆਪਣੇ ਪੁੱਤਰ ਜ਼ਕਰੀਆ ਖ਼ਾਨ ਅਤੇ ਮੁਹੰਮਦ ਅਮੀਨ ਦੇ ਪੁੱਤਰ ਕਮਰੁੱਦੀਨ ਖ਼ਾਨ ਦੇ ਨਾਲ ਭੇਜ ਦੇਵੇ । ਲਾਹੌਰੋਂ ਤੁਰਨ ਵੇਲੇ ਜ਼ਕਰੀਆ ਖ਼ਾਨ ਨੂੰ ਬਾਦਸ਼ਾਹ ਦੇ ਪੇਸ਼ ਕਰਨ ਲਈ ਦੋ ਕੁ ਸੋ ਸਿੰਘਾ ਦੇ ਸਿਰ ਕੁਝ ਥੋੜ੍ਹੇ ਜਾਪੇ। ਇਸ ਲਈ ਉਸ ਨੇ ਇਲਾਕੇ ਵਿਚ ਸਿੰਘਾਂ ਦੀ ਭਾਲ ਸ਼ੁਰੂ ਕਰਾ ਦਿੱਤੀ । ਫੌਜਦਾਰ ਅਤੇ ਚੌਧਰੀ ਇਲਾਕੇ ਵਿਚ ਫਿਰ ਨਿਕਲੇ ਅਤੇ ਪਿੰਡਾਂ ਵਿਚੋਂ ਅਨੇਕਾਂ ਬੇਗੁਨਾਹ ਲੋਕਾਂ ਨੂੰ ਫੜ ਕੇ ਸਿਰਾਂ ਦੀ ਗਿਣਤੀ ਪੂਰੀ ਕਰਨ ਲਈ ਜਕਰੀਆ ਖ਼ਾਨ ਪਾਸ ਭੇਜ ਦਿੱਤਾ । ਇਸ ਤਰ੍ਹਾਂ ਥੋੜ੍ਹੇ ਜਿਹੇ ਦਿਨਾਂ ਵਿਚ ਹਜ਼ਾਰਾਂ ਸਿੱਖ ਕੇਵਲ ਸਿੱਖ ਧਰਮ ਦੇ ਅਨੁਯਾਈ ਅਤੇ ਗ਼ੈਰ-ਮੁਸਲਿਮ ਹੋਣ ਕਰਕੇ ਜੱਲਾਦਾਂ ਦੀਆਂ ਤਲਵਾਰਾਂ ਦੇ ਹਵਾਲੇ ਕਰ ਦਿੱਤੇ ਗਏ ਅਤੇ ਇਨ੍ਹਾਂ ਦੇ ਵੱਢੇ ਹੋਏ ਸਿਰਾਂ ਨਾਲ ਸੱਤ ਸੌ ਗੱਡੇ ਭਰ ਕੇ ਦਿੱਲੀ ਨੂੰ ਤੋਰ ਦਿੱਤੇ ਗਏ।

ਕਨਿੰਘਮ ਲਿਖਦਾ ਹੈ ਕਿ ਬੰਦਾ ਸਿੰਘ ਅਤੇ ਦੂਸਰਿਆਂ (ਕੈਦੀਆਂ) ਨੂੰ ਬੜੀ ਦੁਰਗਤਿ ਨਾਲ, ਜੋ ਜਾਹਲ ਅਤੇ ਅਧ-ਜੰਗਲੀ ਜੇਤੂ ਹੀ ਕਰ ਸਕਦੇ ਹਨ, ਦਿੱਲੀ ਨੂੰ ਤੋਰਿਆ ਗਿਆ । ਬੰਦਾ ਸਿੰਘ ਦੀ ਤਰ੍ਹਾਂ ਸਾਰਿਆਂ ਨੂੰ ਪੈਰਾਂ, ਹੱਥਾਂ, ਲੱਕ ਅਤੇ ਗੱਲਾਂ ਤੋਂ ਸੰਗਲਾਂ ਨਾਲ ਜਕੜਿਆ ਹੋਇਆ ਸੀ ਤੇ ਦੋ ਦੋ ਜਾਂ ਤਿੰਨ ਤਿੰਨ ਕਰਕੇ ਗੱਡਿਆਂ ਵਿਚ ਲੱਦਿਆ ਹੋਇਆ ਸੀ । ਸਰਹੰਦ ਵਿਚ ਉਨ੍ਹਾਂ ਨੂੰ ਬਾਜ਼ਾਰਾਂ ਵਿਚ ਦੀ ਲੰਘਾਇਆ ਗਿਆ, ਜਿਥੇ ਕਿ ਲੋਕ ਉਨ੍ਹਾਂ ਨੂੰ ਟਿਚਕਰਾਂ ਕਰਦੇ ਅਤੇ ਗਾਲੀਆਂ ਕੱਢਦੇ ਸਨ । ਸਿੰਘਾਂ ਨੇ ਇਹ ਸਭ ਕੁਝ ਸ਼ਬਦ ਪੜ੍ਹਦੇ ਹੋਏ ਬੜੇ ਧੀਰਜ ਨਾਲ ਸਹਿ ਲਿਆ।

27 ਫ਼ਰਵਰੀ ਸੰਨ 1716 (15 ਰੱਬੀ-ਉਲ-ਅੱਵਲ, 1128 ਹਿਜਰੀ) ਨੂੰ ਸਿੱਖ ਕੈਦੀਆਂ ਦੇ ਅਗਰਾਬਾਦ ਪੁੱਜਣ ਦੀ ਖ਼ਬਰ ਫ਼ਰੁੱਖ਼-ਸੀਅਰ ਬਾਦਸ਼ਾਹ ਨੂੰ ਦਿੱਲੀ ਮਿਲੀ । ਬਾਦਸ਼ਾਹ ਨੇ ਇਹਤਮਾਦੁ-ਦੌਲਾ ਮੁਹੰਮਦ ਅਮੀਨ ਖ਼ਾਨ ਨੂੰ ਹੁਕਮ ਦਿੱਤਾ ਕਿ ਉਹ ਇਕ ਦਮ ਬਾਹਰ ਜਾ ਕੇ ਸਿੱਖ ਆਗੂ ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਅਗਰਾਬਾਦ ਤੋਂ ਬਾਦਸ਼ਾਹੀ ਮਹਿਲ ਤਕ ਜਲੂਸ ਦੀ ਸ਼ਕਲ ਵਿਚ ਲਿਆਉਣ ਦਾ ਪ੍ਰਬੰਧ ਕਰੇ । ਤੀਸਰੇ ਦਿਨ 29 ਫ਼ਰਵਰੀ ਸੰਨ 1716 (17 ਰੱਬੀ-ਉਲ-ਅੱਵਲ) ਨੂੰ ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਜਲੂਸ ਦੇ ਰੂਪ ਵਿਚ ਦਿੱਲੀ ਸ਼ਹਿਰ ਵਿਚ ਲਿਆਂਦਾ ਗਿਆ । ਇਸ ਮੌਕੇ ਤੇ ਉਹੋ ਹੀ ਦਿਖਾਵੇ ਦਾ ਢੰਗ ਵਰਤਿਆ ਗਿਆ ਜੋ ਛਤ੍ਰਪਤੀ ਸ਼ਿਵਾ ਜੀ ਦੇ ਪੁੱਤਰ ਸੰਭਾ ਜੀ ਦੇ ਫੜੇ ਜਾਣ ਤੋਂ ਬਾਅਦ ਵਰਤਿਆ ਗਿਆ ਸੀ । ਸਭ ਤੋਂ ਅੱਗੇ ਬਾਂਸਾਂ ਉੱਤੇ ਟੰਗੇ ਹੋਏ ਦੋ ਹਜ਼ਾਰ ਸਿੰਘਾਂ ਦੇ ਭੂਸੇ ਨਾਲ ਭਰੇ ਹੋਏ ਸਿਰ ਸਨ ਅਤੇ ਉਨ੍ਹਾਂ ਦੇ ਕੇਸ ਹਵਾ ਵਿਚ ਉੜ ਰਹੇ ਸਨ । ਉਨ੍ਹਾਂ ਦੇ ਨਾਲ ਬਾਂਸ ਉੱਤੇ ਇਕ ਮੋਈ ਹੋਈ ਬਿੱਲੀ ਇਹ ਦੱਸਣ ਲਈ ਟੰਗੀ ਹੋਈ ਸੀ ਕਿ ਬਾਦਸ਼ਾਹੀ ਸੂਰਬੀਰਾਂ ਨੇ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਕੀ ਮਨੁੱਖ ਅਤੇ ਕੀ ਕੋਈ ਜਾਨਵਰ, ਕੁਝ ਜੀਉਂਦਾ ਨਹੀਂ ਛਡਿਆ ਅਤੇ ਬਿੱਲੀਆਂ, ਕੁੱਤਿਆਂ ਤਕ ਸਭ ਕੁਝ ਮਾਰ ਮੁਕਾਇਆ ਹੈ । ਇਨ੍ਹਾਂ ਤੋਂ ਬਾਅਦ ਖ਼ੁਦ ਬੰਦਾ ਸਿੰਘ ਸੀ । ਉਸ ਨੂੰ ਲੋਹੇ ਦੇ ਪਿੰਜਰੇ ਵਿਚ ਜਕੜ ਕੇ ਹਾਥੀ ਉੱਤੇ ਚੜ੍ਹਾਇਆ ਹੋਇਆ ਸੀ । ਮਖ਼ੌਲ ਕਰਨ ਲਈ ਉਸ ਦੇ ਸਿਰ ਉੱਤੇ ਤਿੱਲੇ-ਕੱਢੀ ਲਾਲ ਪਗੜੀ ਬੱਧੀ ਹੋਈ ਸੀ ਅਤੇ ਤਿੱਲੇ ਨਾਲ ਕੱਢੀ ਹੋਈ ਅਨਾਰਾਂ ਦੇ ਫੁੱਲਾਂ ਭਰੀ ਗੂੜ੍ਹੇ ਲਾਲ ਬਾਦਲੇ ਦੀ ਪੁਸ਼ਾਕ ਪੁਆਈ ਹੋਈ ਸੀ । ਉਸ ਦੇ ਪਿੱਛੇ ਮੁਹੰਮਦ ਅਮੀਨ ਖ਼ਾਨ ਦੇ ਤੂਰਾਨੀ ਮੁਗ਼ਲਾਂ ਵਿਚੋਂ ਇਕ ਸੰਜੋਇ-ਮੜ੍ਹਿਆ ਅਫ਼ਸਰ ਨੰਗੀ ਤਲਵਾਰ ਕੱਢੀ ਖੜਾ ਸੀ । ਬੰਦਾ ਸਿੰਘ ਦੇ ਪਿੱਛੇ ਪਿੱਛੇ ਬੇਪਲਾਣੇ ਊਠਾਂ ਉੱਤੇ ਦੋ ਦੋ ਕਰਕੇ ਬੱਧੇ ਹੋਏ ਸਿੱਖ ਕੈਦੀ ਸਨ ਜਿਨ੍ਹਾਂ ਦੀ ਗਿਣਤੀ 740 ਲਿਖੀ ਹੋਈ ਹੈ। ਇਨ੍ਹਾਂ ਦੇ ਸਿਰਾਂ ਉੱਤੇ ਉੱਚੀਆਂ ਉੱਚੀਆਂ ਹਾਸੋਹੀਣੀ ਸ਼ਕਲ ਦੀਆਂ ਭੇਡਾਂ ਦੀ ਖੱਲ ਦੀਆਂ ਟੋਪੀਆਂ ਪਾਈਆਂ ਹੋਈਆਂ ਸਨ ਜਿਨ੍ਹਾਂ ਨੂੰ ਸ਼ੀਸ਼ੇ ਦੇ ਮਣਕਿਆਂ ਨਾਲ ਸਜਾਇਆ ਹੋਇਆ ਸੀ। ਉਨ੍ਹਾਂ ਦਾ ਇਕ ਹੱਥ ਦੋ ਲਕੜੀਆਂ ਵਿਚਕਾਰ ਪੇਚਾਂ ਨਾਲ ਕੱਸ ਕੇ ਧੌਣ ਨਾਲ ਜਕੜਿਆ ਹੋਇਆ ਸੀ । ਕੁਝ ਉੱਘੇ ਉੱਘੇ ਸਿੰਘਾਂ ਉੱਤੇ ਜੋ ਬੰਦਾ ਸਿੰਘ ਦੇ ਹਾਥੀ ਦੇ ਨਜ਼ਦੀਕ ਨਜ਼ਦੀਕ ਜਾ ਰਹੇ ਸਨ ਭੇਡਾਂ ਦੀ ਖੱਲ ਪਾਈ ਹੋਈ ਸੀ ਜਿਸ ਦੇ ਵਾਲ ਬਾਹਰਵਾਰ ਸਨ ਤਾਂ ਕਿ ਲੋਕਾਂ ਨੂੰ ਉਹ ਰਿੱਛਾਂ ਵਾਂਙੂ ਜਾਪਣ। ਜਲੂਸ ਦੇ ਪਿੱਛੇ ਪਿੱਛੇ ਤਿੰਨ ਬਾਦਸ਼ਾਹੀ ਅਮੀਰ ਘੋੜਿਆਂ ਉੱਤੇ ਚੜ੍ਹੇ ਆ ਰਹੇ ਸਨ । ਇਹ ਸਨ ਇਹਤਮਾਦੁ-ਦੌਲਾ ਨਵਾਬ ਮੁਹੰਮਦ ਅਮੀਨ ਖ਼ਾਨ ਚੀਨ-ਬਹਾਦੁਰ ਜਿਸ ਨੂੰ ਬਾਦਸ਼ਾਹ ਫ਼ਰੁੱਖ਼-ਸੀਅਰ ਨੇ ਕੈਦੀਆਂ ਨੂੰ ਸ਼ਹਿਰ ਵਿਚ ਲਿਆਉਣ ਲਈ ਭੇਜਿਆ ਸੀ, ਉਸ ਦਾ ਪੁੱਤਰ ਕਮਰੁੱਦੀਨ ਖ਼ਾਨ ਬਹਾਦੁਰ ਅਤੇ ਉਸ ਦਾ ਜਵਾਈ (ਨਵਾਬ ਅਬਦੁੱਸਮਦ ਖ਼ਾਨ ਦਿਲੇਰਿ-ਜੰਗ ਦਾ ਪੁੱਤਰ) ਜਕਰੀਆ ਖ਼ਾਨ ਬਹਾਦੁਰ, ਜੋ ਬਾਅਦ ਦੇ ਪੰਜਾਬ ਦੇ ਇਤਿਹਾਸ ਵਿਚ ‘ਖ਼ਾਨ ਬਹਾਦੁਰ’ ਨਾਉਂ ਨਾਲ ਪ੍ਰਸਿੱਧ ਹੈ। ਅਗਰਾਬਾਦ ਤੋਂ ਦਿੱਲੀ ਸ਼ਹਿਰ ਦੇ ਲਾਹੌਰੀ ਦਰਵਾਜ਼ੇ ਤਕ ਕਈ ਮੀਲਾਂ ਵਿਚ ਸੜਕ ਦੇ ਦੋਹੀਂ ਪਾਸੀਂ ਫ਼ੌਜਾਂ ਖੜੀਆਂ ਸਨ ਅਤੇ ਲੋਕਾਂ ਦੇ ਝੁਰਮਟਾਂ ਦੇ ਝੁਰਮਟ ਖੜੇ ਸਨ ਜੋ ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੇ ਵਿਲੱਖਣ ਰੂਪ ਦੇਖ ਕੇ ਟਿਚਕਰਾਂ ਕਰਦੇ ਸਨ ।

‘ਸਵਾਨਿਹ’ ਜਾਂ ‘ਇਬਰਤ ਨਾਮੇ’ ਦਾ ਕਰਤਾ ਮੁਹੰਮਦ ਹਾਰਿਸੀ ਇਸ ਵੇਲੇ ਦਿੱਲੀ ਵਿਚ ਮੌਜੂਦ ਸੀ ਅਤੇ ਉਹ ਸਿੱਖ ਕੈਦੀਆਂ ਦੇ ਜਲੂਸ ਦਾ ‘ਤਮਾਸ਼ਾ’ ਦੇਖਣ ਲਈ ਗਿਆ ਸੀ । ਉਹ ਨਮਕ-ਮੰਡੀ ਤੋਂ ਲੈ ਕੇ ਬਾਦਸ਼ਾਹੀ ਕਿਲੇ ਤਕ ਉਨ੍ਹਾਂ ਦੇ ਨਾਲ ਗਿਆ ਸੀ । ਉਸ ਨੇ ਜਲੂਸ ਦਾ ਉਪਰ ਦਿੱਤਾ ਹਾਲ ਅੱਖੀਂ ਦੇਖ ਕੇ ਲਿਖਿਆ ਹੈ । ਉਹ ਕਹਿੰਦਾ ਹੈ: “ਮੈਂ ਇਸ ਦਿਨ ਇਹ ਤਮਾਸ਼ਾ ਦੇਖਣ ਲਈ ਨਮਕ-ਮੰਡੀ ਤਕ ਗਿਆ ਸੀ ਅਤੇ ਉਥੋਂ ਕਿਲਾ ਮੁਬਾਰਿਕ ਤਕ ਜਲੂਸ ਦੇ ਨਾਲ ਨਾਲ ਸਾਂ । ਸ਼ਹਿਰ ਦਾ ਸ਼ਇਦ ਹੀ ਕੋਈ ਬੰਦਾ ਹੋਵੇ ਜੋ ਤਮਾਸ਼ਾ ਤੱਕਣ ਅਤੇ ਇਨ੍ਹਾਂ ਲਾਹਨਤੀਆਂ (ਸਿੱਖਾਂ) ਦਾ ਖ਼ਾਤਮਾ ਦੇਖਣ ਲਈ ਬਾਹਰ ਨਾ ਆਇਆ ਹੋਵੇ । ਬਾਜ਼ਾਰਾਂ ਅਤੇ ਗਲੀਆਂ ਵਿਚ ਅਜਿਹੀ ਭੀੜ ਕਦੀ ਘੱਟ ਹੀ ਦੇਖੀ ਗਈ ਸੀ । ਮੁਸਲਮਾਨ ਖੁਸ਼ੀ ਵਿਚ ਫੁੱਲੇ ਸਮਾ ਨਹੀਂ ਰਹੇ ਸਨ । ਪਰ ਉਹ ਮੰਦਭਾਗੇ ਸਿੱਖ ਜੋ ਇਸ ਅੰਤਮ ਦਸ਼ਾ ਨੂੰ ਪੁੱਜੇ ਹੋਏ ਸਨ, ਬੜੇ ਪਰਸੰਨ ਅਤੇ ਆਪਣੀ ਕਿਸਮਤ ਉੱਤੇ ਰਾਜ਼ੀ ਸਨ । ਉਨ੍ਹਾਂ ਦੇ ਚਿਹਰਿਆਂ ਉੱਤੇ ਉਦਾਸੀ ਜਾਂ ਅਧੀਨਤਾ ਦਾ ਕੋਈ ਮਾਮੂਲੀ ਨਿਸ਼ਾਨ ਜਾਂ ਪ੍ਰਭਾਵ ਵੀ ਨਹੀਂ ਸੀ ਦਿਸ ਰਿਹਾ, ਬਲਕਿ ਉਹ ਬਹੁਤ ਸਾਰੇ ਊਠਾਂ ਉੱਤੇ ਸ਼ਬਦ ਪੜ੍ਹਨ ਵਿਚ ਮਗਨ ਸਨ ਅਤੇ ਬਾਜ਼ਾਰਾਂ ਜਾਂ ਗਲੀਆਂ ਵਿਚੋਂ ਉਨ੍ਹਾਂ ਨੂੰ ਕੋਈ ਕਹਿੰਦਾ ਕਿ ਹੁਣ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਤਾਂ ਉਹ ਜਵਾਬ ਦਿੰਦੇ : “ਕਤਲ ਕਰ ਦਿਓ। ਅਸੀਂ ਕਤਲ ਹੋਣ ਤੋਂ ਕਦ ਡਰੇ ਹਾਂ। ਜੇ ਡਰਦੇ ਹੁੰਦੇ ਤਾਂ ਕਿਉਂ ਤੁਹਾਡੇ ਨਾਲ ਇਸ ਤਰ੍ਹਾਂ ਜੰਗ ਕਰਦੇ? ਸਾਨੂੰ ਤਾਂ ਕੇਵਲ ਭੁੱਖ ਅਤੇ ਖਾਣੇ ਦਾਣੇ ਦੇ ਘਾਟੇ ਨੇ ਤੁਹਾਡੇ ਹੱਥ ਫਸਾ ਦਿੱਤਾ ਹੈ ਨਹੀਂ ਤਾਂ ਸਾਡੀ ਬਹਾਦੁਰੀ ਦੇ ਕਾਰਨਾਮੇ ਤੁਹਾਨੂੰ ਪਤਾ ਹੀ ਹਨ।”

‘ਤਬਸਿਰਤੁ-ਨਾਜਿਰੀਨ’ ਦਾ ਲਿਖਾਰੀ ਸੱਯਦ ਮੁਹੰਮਦ ਭੀ ਉਸ ਵੇਲੇ ਉਥੇ ਮੌਜੂਦ ਸੀ । ਉਹ ਕਹਿੰਦਾ ਹੈ: “ਉਸ ਵੇਲੇ ਮੈਂ ਉਨ੍ਹਾਂ ਵਿਚੋਂ ਇਕ ਨੂੰ ਇਸ਼ਾਰਾ ਕਰ ਕੇ ਕਿਹਾ ਕਿ ਇਹ ਕੀ ਘੁਮੰਡ ਅਤੇ ਨਖ਼ਰਾ ਸੀ? ਉਸ ਨੇ ਹੱਥ ਆਪਣੇ ਮੱਥੇ ਉੱਤੇ ਰੱਖਿਆ ਅਤੇ ਆਪਣੀ ਕਿਸਮਤ ਅਤੇ ਨਸੀਬ ਵੱਲ ਇਸ਼ਾਰਾ ਕੀਤਾ। ਉਸ ਵੇਲੇ ਮੈਨੂੰ ਉਸ ਦੇ ਅੰਦਰਲੇ ਭਾਵ ਦਾ ਦੱਸਣ-ਢੰਗ ਬੜਾ ਚੰਗਾ ਲੱਗਾ ।” ਉਹ ਸਾਰੇ ਅਨਾਦਰ ਅਤੇ ਮੰਦੇ ਬਰਤਾਉ ਜੋ ਵੈਰੀਆਂ ਨੇ ਕੀਤੇ, ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੂੰ ਆਪਣੀ ਸੁਭਾਵਕ ਉੱਚ ਮਾਨਸਕ ਅਵਸਥਾ ਤੋਂ ਡੁਲਾ ਨਾ ਸਕੇ । ਮੁਹੰਮਦ ਹਾਦੀ ਕਾਮਵਰ ਖ਼ਾਨ ਦੱਸਦਾ ਹੈ ਕਿ ਬਿਨਾਂ ਕਿਸੇ ਉਦਾਸੀ ਜਾਂ ਸ਼ਰਮਿੰਦਗੀ ਦੇ ਉਹ ਸ਼ਾਂਤ-ਚਿੱਤ ਅਤੇ ਪਰਸੰਨ ਮੁਖ ਜਾ ਰਹੇ ਸਨ ਅਤੇ ਸ਼ਹੀਦਾਂ ਦੀ ਮੌਤ ਮਰਨ ਲਈ ਇੱਛਾਵਾਨ ਦਿਸਦੇ ਸਨ।’

ਜਲੂਸ ਦੇ ਬਾਦਸ਼ਾਹੀ ਕਿਲੇ ਪਾਸ ਪੁੱਜਣ ਪਰ ਬਾਦਸ਼ਾਹ ਫ਼ਰੁੱਖ਼-ਸੀਅਰ ਦੇ ਹੁਕਮ ਨਾਲ ਬੰਦਾ ਸਿੰਘ, ਬਾਜ ਸਿੰਘ, ਭਾਈ ਫ਼ਤਿਹ ਸਿੰਘ ਅਤੇ ਕੁਝ ਹੋਰ ਆਗੂਆਂ ਤ੍ਰਿਪੋਲੀਏ ਵਿਚ ਕੈਦ ਕਰਨ ਲਈ ਇਬਰਾਹੀਮ ਖ਼ਾਨ ਮੀਰ-ਆਤਿਸ਼ ਦੇ ਹਵਾਲੇ ਕਰ ਦਿੱਤਾ । ਬੰਦਾ ਸਿੰਘ ਦੀ ਘਰ ਵਾਲੀ, ਉਸ ਦੇ ਚਾਰ ਵਾਰ੍ਹਿਆਂ ਦੇ ਬੱਚੇ ਅਜੈ ਸਿੰਘ ਅਤੇ ਉਸ ਦੀ ਖਿਡਾਵੀ ਨੂੰ ਸ਼ਾਹੀ ਜਨਾਨਖਾਨੇ ਦਾ ਪ੍ਰਬੰਧਕ ਦਰਬਾਰ ਖ਼ਾਨ ਨਾਜਰ ਲੈ ਗਿਆ ਅਤੇ ਬਾਕੀ 694 ਸਿੰਘ ਕਤਲ ਕਰ ਦੇਣ ਲਈ ਸਰਬਰਾਹ ਖਾਨ ਕੋਤਵਾਲ ਦੇ ਸਪੁਰਦ ਕੀਤੇ ਗਏ ।

ਇਹਤਮਾਦੁੱ-ਦੌਲਾ ਮੁਹੰਮਦ ਅਮੀਨ ਖ਼ਾਨ ਨੂੰ ਬਾਦਸ਼ਾਹ ਵੱਲੋਂ ਛੇ ਖਿੱਲਤਾਂ, ਇਕ ਜੀਗਾ ਕਲਗ਼ੀ ਅਤੇ ਇਕ ਸੁਨਹਿਰੀ ਕਾਠੀ ਵਾਲਾ ਘੋੜਾ ਇਨਾਮ ਹੋਇਆ ਅਤੇ ਕਮਰੁੱਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਨੂੰ ਇਕ ਖ਼ਾਸ ਖਿੱਲਤ, ਜੀਰਾ ਕਲਗ਼ੀ, ਘੋੜਾ ਅਤੇ ਹਾਥੀ ਬਖ਼ਸ਼ਸ ਹੋਏ । ਇਸ ਤੋਂ ਬਾਅਦ ਜ਼ਕਰੀਆ ਖ਼ਾਨ ਹੇਠ ਲਿਖੀਆਂ ਕੀਮਤੀ ਵਸਤਾਂ ਅਤੇ ਸਿੱਖਾਂ ਦੇ ਹਥਿਆਰ, ਜੋ ਉਹ ਲਾਹੋਰੋਂ ਨਾਲ ਲਿਆਇਆ ਸੀ, ਸ਼ਾਹੀ ਖਜ਼ਾਨੇ ਦੇ ਤਹਿਵੀਲਦਾਰ ਨੂੰ ਦੇਣ ਚਲਾ ਗਿਆ :

ਤਲਵਾਰਾਂ – 1000

ਢਾਲਾਂ – 278

ਤੀਰ ਕਮਾਨ – 173

ਰਾਮਜੰਗੇ (ਬੰਦੂਕਾਂ) – 180

ਜਮਦਾੜ੍ਹ  – 114

ਕਰਦਾਂ  – 217

ਸੋਨੇ ਦੀਆਂ ਮੋਹਰਾਂ – 23

ਰੁਪਏ (ਜਰਾ ਕੁ ਜਿਆਦਾ) – 600

ਸੋਨੇ ਦੇ ਗਹਿਣੇ – ਥੋੜ੍ਹੇ ਜਿਹੇ

ਅਰਵਿਨ ਕਹਿੰਦਾ ਹੈ ਕਿ ਫੜੇ ਗਏ ਹਥਿਆਰਾਂ ਅਤੇ ਰੁਪਿਆਂ ਆਦਿ ਦੀ ਸੂਚੀ ਤੋਂ ਸਿੱਖ ਆਗੂ ਦੀ ਗੁਰਦਾਸ ਨੰਗਲ ਦੇ ਅੰਦਰ ਦੀ ਫ਼ੌਜੀ ਤਾਕਤ ਅਤੇ ਦੌਲਤ ਦਾ ਕੋਈ ਬਹੁਤ ਵਧੀਆ ਪ੍ਰਭਾਉ ਨਹੀਂ ਪੈਂਦਾ ਅਤੇ ਕਾਮਵਰ ਖ਼ਾਨ ਕਹਿੰਦਾ ਹੈ ਕਿ ਇਹ ਸੱਚ ਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਨੇ ਥੋੜ੍ਹੇ ਜਿਹੇ ਸਾਮਾਨ ਨਾਲ ਸਿੰਘਾਂ ਨੇ ਆਪਣੇ ਜਮਾਨੇ ਦੀ ਸਭ ਤੋਂ ਵੱਡੀ ਹਕੂਮਤ ਦਾ ਇਕ ਲੰਮੇ ਸਮੇਂ ਲਈ ਇਸ ਤਰ੍ਹਾਂ ਡਟ ਕੇ ਟਾਕਰਾ ਕੀਤਾ।

5 ਮਾਰਚ ਸੰਨ 1716 (22 ਰੱਬੀ-ਉਲ-ਅੱਵਲ 1128 ਹਿਜ਼ਰੀ) ਨੂੰ ਦਿੱਲੀ ਦੇ ਤ੍ਰਿਪੋਲੀਆ ਦਰਵਾਜੇ ਵੱਲ ਦੇ ਚਬੂਤਰਾ ਕੋਤਵਾਲੀ (ਠਾਣੇ) ਦੇ ਸਾਹਮਣੇ ਸਰਬਰਾਹ ਖ਼ਾਨ ਕੋਤਵਾਲ ਦੀ ਦੇਖ ਭਾਲ ਹੇਠ ਸਿੰਘਾਂ ਦਾ ਕਤਲ ਸ਼ੁਰੂ ਹੋਇਆ ਅਤੇ ਪਹਿਲੇ ਦਿਨ ਇਕ ਸੌ ਸਿੰਘਾਂ ਦੇ ਕਤਲ ਕੀਤੇ ਜਾਣ ਦੀ ਖ਼ਬਰ ਬਾਦਸ਼ਾਹ ਫ਼ਰੁੱਖ਼-ਸੀਅਰ ਦੀ ਸੇਵਾ ਵਿਚ ਅਰਜ਼ ਹੋਈ ਤਾਂ ਉਸ ਨੇ ਹੁਕਮ ਦੇ ਦਿੱਤਾ। ਕਿ ਇਕ ਇਕ ਸੌ ਸਿੰਘ ਹਰ ਰੋਜ਼ ਕਤਲ ਕਰ ਕੇ ਹਫ਼ਤੇ ਵਿਚ ਸਾਰੇ ਮੁਕਾ ਦਿੱਤੇ ਜਾਣ ।

ਹਰ ਰੋਜ਼ ਇਕ ਸੌ ਸਿੰਘ ਜਿਹਲ ਵਿਚੋਂ ਕੱਢ ਕੇ ਕਤਲਗਾਹ ਵਿਚ ਕਤਾਰਾਂ ਲਾ ਕੇ ਬਿਠਾ ਦਿੱਤੇ ਜਾਂਦੇ ਅਤੇ ਜੱਲਾਦਾਂ ਦੀਆਂ ਤਲਵਾਰਾਂ ਤਿੱਖੀਆਂ ਕਰਨ ਲਈ ਲੁਹਾਰ ਤਿਆਰ ਰਖੇ ਜਾਂਦੇ । ਸਿੰਘਾਂ ਨੂੰ ਕਿਹਾ ਜਾਂਦਾ ਕਿ ਜਿਹੜਾ ਭੀ ਕੋਈ ਮੁਸਲਮਾਨ ਹੋ ਜਾਏਗਾ ਉਸ ਦੀ ਜਾਨ ਬਖ਼ਸ਼ ਦਿੱਤੀ ਜਾਏਗੀ। ਅਤੇ ਉਸ ਨੂੰ ਛੱਡ ਦਿੱਤਾ ਜਾਏਗਾ ਪਰ ਉਨ੍ਹਾਂ ਵਿਚੋਂ ਕੋਈ ਭੀ ਗੁਰੂ ਤੋਂ ਬੇਮੁੱਖ ਨਹੀਂ ਸੀ ਹੁੰਦਾ ਅਤੇ ਜੋਨ ਸਰਮਨ ਅਤੇ ਐਡਵਰਡ ਸਟੀਫ਼ਨਸਨ ਲਿਖਦੇ ਹਨ ਕਿ ‘ਅਖੀਰ ਦਮ ਤਕ ਇਹ ਪਤਾ ਨਹੀਂ ਲੱਗਾ ਕਿ ਕਿਸੇ ਇਕ ਨੇ ਭੀ ਆਪਣਾ ਇਹ ਨਵਾਂ ਧਾਰਣ ਕੀਤਾ ਧਰਮ ਤਿਆਗਿਆ ਹੋਵੇ ।” ਸਿੰਘ ਬੜੀ ਨਿਡਰਤਾ ਨਾਲ ਆਪਣੀ ਮੌਤ ਦਾ ਸੁਆਗਤ ਕਰਦੇ, ਹਸੂੰ ਹਸੂੰ ਕਰਦੇ ਚਿਹਰਿਆਂ ਨਾਲ ਜੱਲਾਦਾਂ ਦੇ ਸਾਹਮਣੇ ਆਪਣੀਆਂ ਧੌਣਾ ਨੀਵੀਆਂ ਕਰ ਦਿੰਦੇ ਅਤੇ ‘ਵਾਹਿਗੁਰੂ’ ਦਾ ਜਾਪ ਕਰਦੇ ਪ੍ਰਸੰਨ-ਮੁੱਖ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ, ਜਿਸ ਨੂੰ ਦੇਖ ਕੇ ਆਮ ਲੋਕੀਂ ਹੈਰਾਨੀ ਨਾਲ ਵਾਹ-ਵਾਹ ਕਰ ਉਠਦੇ। ਕਤਲ ਦੇ ਵੇਲੇ ਸਿੰਘਾਂ ਦੀ ਦ੍ਰਿੜਤਾ ਬਹੁਤ ਹੀ ਅਸਚਰਜ ਸੀ “ਮੈਨੂੰ, ਮੁਕਤੀ ਦਾਤੇ, ਮੈਨੂੰ ਪਹਿਲਾਂ ਕਤਲ ਕਰੋ” ਦੀਆਂ ਖੁਸ਼ੀ ਭਰੀਆਂ ਬੇਨਤੀਆਂ ਲਗਾਤਾਰ ਜੱਲਾਦਾਂ ਦੇ ਕੰਨਾਂ ਵਿਚ ਪੈਂਦੀਆਂ ਰਹਿੰਦੀਆਂ । ਅਰਵਿਨ ਲਿਖਦਾ ਹੈ ‘ਕੀ ਹਿੰਦੁਸਤਾਨੀ ਅਤੇ ਕੀ ਯੋਰੁਪੀਅਨ, ਸਾਰੇ ਹੀ ਦਰਸ਼ਕ ਉਸ ਹੈਰਾਨ ਕਰ ਦੇਣ ਵਾਲੇ ਧੀਰਜ ਅਤੇ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਨ ਵਿਚ ਸਹਿਮਤ ਹਨ ਜਿਸ ਨਾਲ ਕਿ ਇਨ੍ਹਾਂ ਲੋਕਾਂ ਨੇ ਆਪਣੀ ਕਿਸਮਤ ਨੂੰ ਪ੍ਰਵਾਨ ਕੀਤਾ । ਦੇਖਣ ਵਾਲਿਆਂ ਲਈ ਇਨ੍ਹਾਂ ਦਾ ਆਪਣੇ ਆਗੂ ਲਈ ਪ੍ਰੇਮ ਅਤੇ ਭਗਤੀ ਬੜੇ ਅਸਚਰਜਜਨਕ ਸਨ । ਉਨ੍ਹਾਂ ਨੂੰ ਮੌਤ ਦਾ ਕੋਈ ਭੈ ਨਹੀਂ ਸੀ ਅਤੇ ਜੱਲਾਦ ਨੂੰ ਉਹ ਮੁਕਤੀ-ਦਾਤਾ ਕਰਕੇ ਬੁਲਾਉਂਦੇ ਸਨ।” ‘ਸੀਅਰੁਲ-ਮੁਤਾਖ਼ਰੀਨ’ ਦਾ ਕਰਤਾ ਗੁਲਾਮ ਹੁਸੈਨ ਖ਼ਾਨ ਕਹਿੰਦਾ ਹੈ ਕਿ “ਸਭ ਤੋਂ ਵਿਸ਼ੇਸ਼ ਅਨੋਖੀ ਗੱਲ ਇਹ ਹੈ ਕਿ ਲੋਕ ਕੇਵਲ ਕਤਲ ਹੋਣ ਵੇਲੇ ਹੀ ਦ੍ਰਿੜ੍ਹਤਾ ਨਹੀਂ-ਸਨ ਵਿਖਾਉਂਦੇ ਬਲਕਿ ਕਤਲ ਹੋਣ ਲਈ ਪਹਿਲ ਕਰਨ ਵਾਸਤੇ ਆਪਸ ‘ਚ ਝਗੜਦੇ ਸਨ ਅਤੇ ਜੱਲਾਦਾਂ ਨੂੰ ਬੇਨਤੀਆਂ ਕਰਦੇ ਅਤੇ ਵਾਸਤੇ ਪਾਉਂਦੇ ਸਨ ।” ਇਕ ਸਾਤਾ ਭਰ ਜੱਲਾਦਾਂ ਦੀ ਤਲਵਾਰ ਕਸਾਈਆਂ ਦਾ ਕੰਮ ਕਰਦੀ ਰਹੀ ਅਤੇ ਇਸ ਤਰ੍ਹਾਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ । ਸਿਰ ਕੱਟ ਦੇਣ ਤੋਂ ਬਾਅਦ, ਧੜਾਂ ਦੇ ਢੇਰ ਲਾ ਦਿੱਤੇ ਜਾਂਦੇ ਅਤੇ ਰਾਤ ਪੈਣ ਪਰ ਗੱਡਿਆਂ ਉੱਤੇ ਲੱਦ ਕੇ ਸ਼ਹਿਰੋਂ ਬਾਹਰ ਪਹੁੰਚਾਏ ਜਾਂਦੇ ਅਤੇ ਦਰੱਖਤਾਂ ਉੱਤੇ ਟੰਗ ਦਿੱਤੇ ਜਾਂਦੇ ।

ਇਬਰਤਨਾਮੇ ਦਾ ਕਰਤਾ ਮਿਰਜ਼ਾ ਮੁਹੰਮਦ ਹਾਰਿਸੀ ਲਿਖਦਾ ਹੈ ਕਿ ਮੈਂ ਕਤਲ ਸ਼ੁਰੂ ਹੋਣ ਦੇ ਦੂਸਰੇ ਦਿਨ 23 ਰੱਬੀ-ਉਲ-ਅੱਵਲ (6 ਮਾਰਚ) ਨੂੰ ਕਤਲ ਦਾ ਤਮਾਸ਼ਾ ਵੇਖਣ ਲਈ ਮੌਕੇ ਉੱਤੇ ਗਿਆ, ਪਰ ਮੈਂ ਉਸ ਵੇਲੇ ਉਥੇ ਪੁੱਜਾ ਜਦ ਕਿ ਉਸ ਦਿਨ ਕਤਲਾਂ ਦਾ ਕੰਮ ਮੁਕ ਚੁੱਕਾ ਹੋਇਆ ਸੀ ਅਤੇ ਧੜ ਹਾਲ ਤਕ ਉਥੇ ਸੂਰਜ ਦੀ ਅੱਗ ਵਰਗੀ ਧੁਪ ਵਿਚ ਲਹੂ ਅਤੇ ਧੂੜ ਵਿਚ ਪਏ ਸਨ ।

ਉਸ ਵੇਲੇ ਸਿੰਘਾਂ ਦੀ ਆਪਣੇ ਧਰਮ ਅਤੇ ਆਗੂ ਲਈ ਅਡੋਲ ਦ੍ਰਿੜਤਾ ਅਤੇ ਅੱਟਲ ਭਗਤੀ ਦੀਆਂ ਕਈ ਕਹਾਣੀਆਂ ਸੁਣੀਆਂ ਜਾਂਦੀਆਂ ਸਨ । ਉਨ੍ਹਾਂ ਵਿਚੋਂ ਕੁਝ ਅਜਿਹੀਆਂ ਅਸਚਰਜ ਸਨ ਕਿ ਜਿਨ੍ਹਾਂ ਨੇ ਅੱਖੀਂ ਨਹੀਂ ਸੀ ਡਿੱਠਾ ਉਨ੍ਹਾਂ ਨੂੰ ਯਕੀਨ ਨਹੀਂ ਸੀ ਆਉਂਦਾ । ਖਾਫ਼ੀ ਖ਼ਾਨ ਆਪਣੀ ਪੁਸਤਕ ‘ਮੁੰਤਖ਼ਬੁਲ-ਲੁਬਾਬ’ ਦੀ ਦੂਸਰੀ ਜਿਲਦ ਦੇ ਪੰਨਾ 766 ਪਰ ਇਕ ਕਹਾਣੀ ਲਿਖਦਾ ਹੈ। ਜਿਸ ਨੂੰ ਇਥੇ ਕੁਝ ਵੇਰਵੇ ਸਹਿਤ ਦੇਣ ਲਈ ਬਹਿਰੂ-ਲ-ਮੱਵਾਜ, ਮੁਨਵੱਰੁਲ-ਕਲਾਮ, ਤਾਰੀਖਿ ਮੁਹੰਮਦ ਸ਼ਾਹੀ ਆਦਿ ਤੋਂ ਸਹਾਇਤਾ ਲਈ ਗਈ ਹੈ । ਲਿਖਿਆ ਹੈ ਕਿ :

ਕਈ ਅਜਿਹੀਆਂ ਕਹਾਣੀਆਂ ਸੁਣਾਉਂਦੇ ਹਨ ਕਿ ਅਕਲ ਵਾਸਤੇ ਉਨ੍ਹਾਂ ਨੂੰ ਸੱਚ ਪ੍ਰਵਾਨ ਕਰਨਾ ਮੁਸ਼ਕਲ ਹੈ। ਪਰ ਜੋ ਇਨ੍ਹਾਂ ਵਰਕਿਆਂ ਦੇ ਲਿਖਾਰੀ ਨੇ ਆਪਣੀਆਂ ਅੱਖਾਂ ਨਾਲ ਆਪ ਦੇਖਿਆ ਹੈ ਉਹ ਮੈਂ ਲਿਖਦਾ ਹਾਂ । ਇਨ੍ਹਾਂ ਲੋਕਾਂ ਦੇ ਕਤਲ ਦੇ ਦਿਨੀਂ ਇਨ੍ਹਾਂ ਵਿਚ ਇਕ ਲੜਕਾ ਭੀ ਸੀ। ਉਸ ਦੀ ਮਾਂ ਵਿਧਵਾ ਸੀ ਅਤੇ ਇਹ ਉਸ ਦਾ ਇਕਲੌਤਾ ਪੁੱਤਰ ਸੀ। ਹੁਣੇ ਹੀ ਇਸ ਦਾ ਵਿਆਹ ਹੋਇਆ ਸੀ ਅਤੇ ਵਿਆਹ ਦਾ ਗਾਨਾ ਹਾਲ ਤਕ ਉਸ ਦੇ ਹੱਥ ਬੱਧਾ ਹੋਇਆ ਸੀ । ਦੂਸਰੇ ਸਿੰਘਾਂ ਦੀ ਤਰ੍ਹਾਂ ਆਪਣੇ ਪੁੱਤਰ ਦੇ ਸਿਰ ਉੱਤੇ ਭੀ ਕੂਕ ਰਹੀ ਮੌਤ ਦੀ ਗੱਲ ਸੁਣ ਕੇ ਬਿਰਧ ਮਾਈ – ਸ਼ਾਹੀ ਵਜ਼ੀਰ ਦੇ ਦੀਵਾਨ ਰਤਨ ਚੰਦ ਪਾਸ ਪੁੱਜੀ ਅਤੇ ਉਸ ਦੀ ਸਹਾਇਤਾ ਨਾਲ ਸੱਯਦ ਅਬਦੁੱਲਾ ਅਤੇ ਫ਼ਰੁਖ਼-ਸੀਅਰ ਬਾਦਸ਼ਾਹ ਪਾਸ ਫ਼ਰਿਆਦ ਕੀਤੀ । ਬਾਦਸ਼ਾਹ ਦੇ ਇਸ ਹੁਕਮ ਦੀ ਆੜ ਵਿਚ ਕਿ ਜੋ ਸਿੱਖ ਧਰਮ ਤਿਆਗ ਦੇਵੇਗਾ ਉਸ ਨੂੰ ਛੱਡ ਦਿੱਤਾ ਜਾਏਗਾ, ਇਸ ਬੁਢੀ ਮਾਈ ਨੇ, ਸ਼ਾਇਦ ਦੀਵਾਨ ਰਤਨ ਚੰਦ ਦੇ ਸਿਖਾਉਣ ਅਨੁਸਾਰ, ਬੇਨਤੀ ਕੀਤੀ ਕਿ ਮੇਰਾ ਪੁੱਤਰ ਤਾਂ ਸਿੱਖਾਂ ਦੇ ਹੱਥ ਵਿਚ ਕੈਦ ਸੀ, ਉਹ ਆਪ ਸਿੱਖ ਨਹੀਂ ਹੈ। ਉਨ੍ਹਾਂ ਦੀ ਕੈਦ ਵਿਚ ਹੀ ਉਹ ਇਥੇ ਆਇਆ ਹੈ ਅਤੇ ਹੁਣ ਬੇਗੁਨਾਹ ਹੀ ਉਨ੍ਹਾਂ ਦੇ ਨਾਲ ਮਾਰਿਆ ਜਾਏਗਾ । ਫ਼ਰੁੱਖ਼-ਸੀਅਰ ਨੂੰ ਉਸ ਮਾਈ ਉੱਤੇ ਰਹਿਮ ਆ ਗਿਆ ਅਤੇ ਉਸ ਨੇ ਇਕ ਅਫ਼ਸਰ ਨੂੰ ਹੁਕਮ ਦੇ ਕੇ ਭੇਜਿਆ ਕਿ ਇਸ ਮਾਈ ਦੇ ਪੁੱਤਰ ਨੂੰ ਛੱਡ ਦਿੱਤਾ ਜਾਏ । ਉਹ ਮਾਈ ਰਿਹਾਈ ਦਾ ਹੁਕਮ ਲੈ ਕੇ ਉਸ ਵੇਲੇ ਪੁੱਜੀ ਜਿਸ ਵੇਲੇ ਕਿ ਜੱਲਾਦ ਲਹੂ ਭਰੀ ਤਲਵਾਰ ਲੈ ਕੇ ਉਸ ਲੜਕੇ ਦੇ ਪਾਸ ਖੜੋਤਾ ਸੀ । ਮਾਈ ਨੇ ਹੁਕਮ ਕੋਤਵਾਲ ਨੂੰ ਦਿੱਤਾ । ਉਹ ਲੜਕੇ ਨੂੰ ਬਾਹਰ ਲੈ ਆਇਆ ਅਤੇ ਕਿਹਾ, ਜਾਹ ਤੈਨੂੰ ਛੱਡ ਦਿੱਤਾ ਗਿਆ ਹੈ । ਪਰ ਉਸ ਲੜਕੇ ਨੇ ਰਿਹਾ ਹੋਣੋ ਨਾਹ ਕਰ ਦਿੱਤੀ ਅਤੇ ਉੱਚੀ ਉੱਚੀ ਕਹਿਣ ਲੱਗਾ : ਮੇਰੀ ਮਾਂ ਝੂਠ ਬੋਲਦੀ ਹੈ । ਮੈਂ ਦਿਲ ਜਾਨ ਨਾਲ ਆਪਣੇ ਗੁਰੂ ਦਾ ਸਿਦਕੀ ਅਤੇ ਅਨਿਨ ਸਿੱਖ ਹਾਂ । ਮੈਨੂੰ ਛੇਤੀ ਮੇਰੇ ਗੁਰੂ-ਭਾਈਆਂ ਪਾਸ ਪਹੁੰਚਾਓ।” ‘ਤਾਰੀਖਿ-ਮੁਹੰਮਦ ਸ਼ਾਹੀ” ਦਾ ਲਿਖਾਰੀ ਕਹਿੰਦਾ ਹੈ ਕਿ ਉਸ ਦੀ ਮਾਂ ਦੀਆਂ ਦਰਦ ਭਰੀਆਂ ਚੀਕਾਂ ਅਤੇ ਹੰਝੂਆਂ ਭਰੀਆਂ ਮਿਨਤਾਂ ਅਤੇ ਸਰਕਾਰੀ ਅਫ਼ਸਰਾਂ ਦੀਆਂ ਸਮਝੌਤੀਆਂ ਉਸ ਨੂੰ ਆਪਣੇ ਧਰਮ ਲਈ ਸਿਦਕ ਤੋਂ ਡੁਲਾ ਨਾ ਸਕੀਆਂ । ਦਰਸ਼ਕ ਲੋਕ ਹੋਰ ਭੀ ਜ਼ਿਆਦਾ ਹੈਰਾਨ ਹੋ ਗਏ ਜਦ ਉਹ ਸਿਦਕੀ ਬੱਚਾ ਕਤਲਗਾਹ ਨੂੰ ਮੁੜ ਗਿਆ ਅਤੇ ਸ਼ਹੀਦੀ ਪ੍ਰਾਪਤ ਕਰਨ ਲਈ ਉਸ ਨੇ ਆਪਣੀ ਧੌਣ ਜੱਲਾਦ ਦੇ ਸਾਹਮਣੇ ਜਾ ਝੁਕਾਈ । ਅੱਖ ਦੇ ਇਕ ਫਰੋਕੇ ਵਿਚ ਜੱਲਾਦ ਦੀ ਤਲਵਾਰ ਉੱਪਰ ਨੂੰ ਉੱਠੀ ਅਤੇ ਉਸ ਲੜਕੇ ਦੀ ਧੌਣ ਕੱਟ ਗਈ ਅਤੇ ਇਹ ਲੜਕਾ ਸਿੱਖ ਧਰਮ ਦੇ ਸੱਚੇ ਸ਼ਹੀਦਾਂ ਵਿਚ ਜਾ ਦਾਖ਼ਲ ਹੋਇਆ।

ਇਨ੍ਹਾਂ ਦਿਨਾਂ ਵਿਚ ਕਲਕੱਤੇ ਤੋਂ ਈਸਟ ਇੰਡੀਆ ਕੰਪਨੀ ਦੇ ਦੋ ਆਦਮੀ ਜੌਨ ਸਰਮਨ ਅਤੇ ਐਡਵਰਡ ਸਟੀਫ਼ਨਸਨ ਦਿੱਲੀ ਵਿਚ ਆਏ ਹੋਏ ਸਨ, ਜਿਨ੍ਹਾਂ ਨੇ ਸਿੰਘਾਂ ਦੇ ਹੋ ਰਹੇ ਕਤਲ ਅੱਖੀਂ ਦੇਖੇ ਸਨ । ਇਹ ਕੰਪਨੀ ਦੇ ਪ੍ਰਧਾਨ ਦੇ ਨਾਉਂ ਲਿਖੀ ਆਪਣੀ 10 ਮਾਰਚ ਸੰਨ 1716 ਦੀ ਚਿੱਠੀ ਨੰਬਰ 12 ਦੇ ਅੰਤ ਵਿਚ ਲਿਖਦੇ ਹਨ ਕਿ “ਇਹ ਕੋਈ ਘੱਟ ਅਨੋਖੀ ਗੱਲ ਨਹੀਂ ਕਿ ਕਿਸ ਧੀਰਜ ਅਤੇ ਦ੍ਰਿੜਤਾ ਨਾਲ ਉਹ [ਕਤਲ ਕੀਤੇ ਜਾ ਰਹੇ ਸਿੱਖ] ਆਪਣੀ ਕਿਸਮਤ ਨੂੰ ਪ੍ਰਵਾਣ ਕਰਦੇ ਹਨ ਅਤੇ ਅੰਤ ਤਕ ਇਹ ਪਤਾ ਨਹੀਂ ਲੱਗਾ ਕਿ ਕਿਸੇ ਇਕ ਨੇ ਭੀ ਆਪਣਾ ਨਵਾਂ ਧਾਰਨ ਕੀਤਾ ਧਰਮ ਤਿਆਗਿਆ ਹੋਵੇ ।”

10 ਮਾਰਚ (27 ਰੱਬੀ-ਉਲ-ਅੱਵਲ) ਨੂੰ ਬਾਦਸ਼ਾਹ ਦੇ ਹੁਕਮ ਨਾਲ ਸਰਬਰਾਹ ਖ਼ਾਨ ਕੋਤਵਾਲ ਨੇ ਬੰਦਾ ਸਿੰਘ ਅਤੇ ਉਸ ਦੇ 17 ਅਹਿਲਕਾਰਾਂ (ਜੱਥੇਦਾਰਾਂ ਅਤੇ ਸਰਦਾਰਾਂ) ਨੂੰ ਕਿਲੇ ਵਿਚ ਕੈਦ ਰਖਣ ਲਈ ਪਹੁੰਚਾ ਦਿੱਤਾ । ਸਿੰਘਾਂ ਦੇ ਮਾਰਚ ਵਿਚ ਕਤਲਾਂ ਤੋਂ ਤਿੰਨ ਮਹੀਨੇ ਬਾਅਦ ਚੁਪ ਰਹੀ । ਬੰਦਾ ਸਿੰਘ ਅਤੇ ਦੂਸਰੇ ਸਿੰਘਾਂ ਦੀ ਕੈਦ ਅਤੇ ਕਤਲ ਕਰਨ ਵਿਚ ਢਿੱਲ ਦਾ ਕਾਰਣ ਜੋਨ ਸਰਮਨ ਅਤੇ ਐਡਵਰਡ ਸਟੀਫ਼ਨਸਨ ਨੇ ਆਪਣੀ 10 ਮਾਰਚ ਦੀ ਉਪਰੋਕਤ ਚਿੱਠੀ ਵਿਚ ਇਸ ਤਰ੍ਹਾਂ ਦਿੱਤਾ ਹੈ ਕਿ “ਉਸ [ਬੰਦਾ ਸਿੰਘ] ਦੀ ਅਤੇ ਉਸ ਦੇ ਬਹੁਤ ਸਾਰੇ ਮੁਤਸੱਦੀਆਂ ਦੀ ਜ਼ਿੰਦਗੀ ਇਸ ਵੇਲੇ ਇਸ ਲਈ ਵਧਾ ਦਿੱਤੀ ਗਈ ਹੈ ਕਿ ਉਸ ਦੇ ਖਜਾਨੇ ਅਤੇ ਉਸ ਦੇ ਸਹਾਇਕਾਂ ਦਾ ਪਤਾ ਕੱਢਿਆ ਜਾ ਸਕੇ । ਇਸ ਤੋਂ ਬਾਅਦ ਉਸ ਨੂੰ ਭੀ ਕਤਲ ਕਰ ਦਿੱਤਾ ਜਾਏਗਾ।” ਅੰਤ 9 ਜੂਨ ਨੂੰ ਉਸ ਨੂੰ ਭੀ ਤਸੀਹੇ ਦੇ ਦੇ ਕੇ ਕਤਲ ਕਰ ਦਿੱਤਾ ਗਿਆ।

ਜੋ ਭਾਣਾ ਬੰਦਾ ਸਿੰਘ ਨਾਲ ਵਰਤਿਆ, ਉਹ ਬਿਆਨ ਕਰਨ ਲਈ ਬਹੁਤ ਹੀ ਭਿਆਨਕ ਅਤੇ ਦੁਖਦਾਈ ਹੈ । 9 ਜੂਨ ਸੰਨ 1716 (29 ਜਮਾਦੀ-ਉ-ਸਾਨੀ 1128 ਹਿਜਰੀ) ਨੂੰ ਜਦ ਕਿ ਸੂਰਜ ਅਸਮਾਨ ਉੱਤੇ ਤਿੰਨ ਕੁ ਨੇਜ਼ੇ ਚੜ੍ਹਿਆ ਸੀ, ਬੰਦਾ ਸਿੰਘ ਉਸ ਦੇ ਬੱਚੇ ਅਜੈ ਸਿੰਘ, ਸਰਦਾਰ ਬਾਜ ਸਿੰਘ, ਭਾਈ ਫ਼ਤਿਹ ਸਿੰਘ, ਆਲੀ ਸਿੰਘ, ਬਖ਼ਸ਼ੀ ਗੁਲਾਬ ਸਿੰਘ ਆਦਿ ਨੂੰ, ਜੋ ਦਿੱਲੀ ਦੇ ਕਿਲੇ ਵਿਚ ਕੈਦ ਸਨ, ਸਰਬਰਾਹ ਖ਼ਾਨ ਕੋਤਵਾਲ ਅਤੇ ਇਬਰਾਹੀਮੁਦੀਨ ਖ਼ਾਨ ਮੀਰ-ਆਤਿਸ਼ ਦੀ ਨਿਗਰਾਨੀ ਹੇਠ ਜਲੂਸ ਦੇ ਰੂਪ ਵਿਚ ਕਿਲੇ ਤੋਂ ਬਾਹਰ ਕੱਢਿਆ ਗਿਆ। ਜਿਵੇਂ ਦਿੱਲੀ ਵਿਚ ਆਉਣ ਵਾਲੇ ਦਿਨ ਕੀਤਾ ਗਿਆ ਸੀ ਉਸੇ ਤਰ੍ਹਾਂ ਇਸ ਦਿਨ ਭੀ ਬੇੜੀਆਂ ਨਾਲ ਜਕੜੇ ਹੋਏ ਬੰਦਾ ਸਿੰਘ ਨੂੰ ਤਿੱਲੇ ਨਾਲ ਕੱਢੀ ਹੋਈ ਲਾਲ ਪਗੜੀ ਅਤੇ ਤਿੱਲੇਦਾਰ ਪੁਸ਼ਾਕ ਪਹਿਨਾਈ ਹੋਈ ਸੀ ਅਤੇ ਉਸ ਨੂੰ ਹਾਥੀ ਉੱਤੇ ਚੜ੍ਹਾਇਆ ਹੋਇਆ ਸੀ ਅਤੇ ਦੂਸਰੇ 26 ਸਿੰਘ ਸੰਗਲਾਂ ਨਾਲ ਜਕੜੇ ਹੋਏ ਉਸ ਦੇ ਪਿੱਛੇ ਪਿੱਛੇ ਜਾ ਰਹੇ ਸਨ । ਇਸ ਤਰ੍ਹਾਂ ਇਨ੍ਹਾਂ ਨੂੰ ਪੁਰਾਣੇ ਸ਼ਹਿਰ ਦੀਆਂ ਗਲੀਆਂ ਵਿਚ ਦੀ ਕੁਤਬ-ਮੀਨਾਰ ਦੇ ਲਾਗੇ ਖੁਆਜਾ ਕਤਬੁਦੀਨ ਬਖ਼ਤਿਆਰ ਕਾਕੀ ਦੇ ਰੋਜ਼ੇ ਦੇ ਪਾਸ ਪਹੁੰਚਾਇਆ ਗਿਆ। ਇਥੇ ਉਨ੍ਹਾਂ ਤੋਂ ਬਾਦਸ਼ਾਹ ਬਹਾਦੁਰ ਸ਼ਾਹ ਦੀ ਕਬਰ ਦੀ ਪ੍ਰਕਰਮਾਂ ਕਰਾਈ ਗਈ।

ਬੰਦਾ ਸਿੰਘ ਨੂੰ ਹਾਥੀ ਤੋਂ ਉਤਾਰ ਕੇ ਭੋਇੰ ਉੱਤੇ ਬਿਠਾ ਦਿੱਤਾ ਗਿਆ ਅਤੇ ਉਸ ਨੂੰ ਕਿਹਾ ਕਿ ਜਾਂ ਤਾਂ ਇਸਲਾਮ ਕਬੂਲ ਕਰ ਲਵੇ ਜਾਂ ਮੌਤ ਲਈ ਤਿਆਰ ਹੋ ਜਾਏ । ਪਰ ‘ਤਾਰੀਖ-ਮੁਜਫ਼ਰੀ’ ਦੇ ਸ਼ਬਦਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਚੁਣੇ ਹੋਏ ਸਿੱਖ ਨੇ ਥੋੜ੍ਹੇ ਜਿਹੇ ਦਿਨਾਂ ਦੀ ਜ਼ਿੰਦਗੀ ਲਈ ਆਪਣਾ ਧਰਮ ਤਿਆਗਣ ਦੀ ਥਾਂ ਇਕ ਸਿਦਕੀ ਸਿੱਖ ਦੀ ਤਰ੍ਹਾਂ ਆਪਣੀ ਜਾਨ ਕੁਰਬਾਨ ਕਰਨਾ ਪ੍ਰਵਾਣ ਕਰ ਲਿਆ । ਬੰਦਾ ਸਿੰਘ ਦਾ ਚਾਰ ਸਾਲਾ ਬੱਚਾ ਅਜੈ ਸਿੰਘ ਉਸ ਦੀ ਗੋਦੀ ਦਿੱਤਾ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਇਸ ਨੂੰ ਕਤਲ ਕਰੇ । ਪਰ ਕਦੀ ਕੋਈ ਪਿਤਾ ਭੀ ਆਪਣੇ ਬੱਚੇ ਨੂੰ ਕਤਲ ਕਰ ਸਕਦਾ ਹੈ? ਉਸ ਨੇ ਨਾਂਹ ਕਰ ਦਿੱਤੀ । ਬਸ ਫੇਰ ਕੀ ਸੀ, ਜੱਲਾਦ ਨੇ ਇਕ ਵੱਡੇ ਲੰਬੇ ਛੁਰੇ ਨਾਲ ਬੱਚੇ ਦੇ ਟੋਟੇ ਟੋਟੇ ਕਰ ਦਿੱਤੇ ਅਤੇ ਉਸ ਦਾ ਤੜਫ਼ਦਾ ਤੜਫ਼ਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਦੇ ਦਿੱਤਾ । ਪਰ ਸ਼ਾਬਾਸ਼ ਉਸ ਗੁਰੂ ਕੇ ਸਿੰਘ ਦੇ ਜੋ ਵਾਹਿਗੁਰੂ ਦੀ ਰਜ਼ਾ ਵਿਚ ਰਾਜ਼ੀ ਪੱਥਰ ਦੀ ਮੂਰਤ ਦੀ ਤਰ੍ਹਾਂ ਅਡੋਲ ਖੜੋਤਾ ਰਿਹਾ।

‘ਸੀਅਰੁਲ-ਮੁਤਾਖਿਰੀਨ’ ਦਾ ਕਰਤਾ ਗ਼ੁਲਾਮ ਹੁਸੈਨ ਖ਼ਾਨ, ਮਾਲੂਮ ਹੁੰਦਾ ਹੈ, ਖ਼ਾਫ਼ੀਖ਼ਾਨ ਦੇ ਆਧਾਰ ਤੇ, ਕਹਿੰਦਾ ਹੈ ਕਿ ਲਾਗੇ ਜਾਣ ਦਾ ਮੌਕਾ ਪਾ ਕੇ ਇਹਤਮਾਦੁਦੌਲਾ ਮੁਹੰਮਦ ਅਮੀਨ ਖ਼ਾਨ ਨੇ ਜਦ ਬੰਦਾ ਸਿੰਘ ਵੱਲ ਤੱਕਿਆ ਤਾਂ ਉਸ ਦੇ ਚਿਹਰੇ ਦੀ ਪ੍ਰਭਤਾ ਨੂੰ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਸ ਨੂੰ ਕਹਿਣ ਲੱਗਾ: “ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਮਨੁੱਖ ਜਿਸ ਦੇ ਚਿਹਰੇ ਮੁਹਰੇ ਤੋਂ ਇਤਨਾ ਗਿਆਨ ਪ੍ਰਤੀਤ ਹੁੰਦਾ ਹੈ ਅਤੇ ਜਿਸ ਦੇ ਆਚਰਨ ਵਿਚ ਇਤਨੀ ਉੱਚਤਾ ਹੈ ਅਜਿਹੇ ਭੈ ਭੀਤ ਕਰਮਾਂ ਦਾ ਦੋਸ਼ੀ ਹੋਵੇ,” ਜੋ ਉਸ ਨੇ ਮੁਗ਼ਲ ਹਕੂਮਤ ਵਿਰੁੱਧ ਕੀਤੇ ਹਨ । ਬੰਦਾ ਸਿੰਘ ਨੇ ਬੜੇ ਹੀ ਧੀਰਜ ਨਾਲ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਦਾ ਹਾਂ । ਜਦ ਮਨੁੱਖ ਅਜਿਹੇ ਪਾਪੀ ਅਤੇ ਦੁਸ਼ਟ ਹੋ ਜਾਣ ਕਿ ਇਨਸਾਫ਼ ਦਾ ਰਾਹ ਛੱਡ ਬੈਠਣ ਅਤੇ ਹਰ ਪ੍ਰਕਾਰ ਦੇ ਅਤਿਆਚਾਰ ਕਰਨ ਲੱਗ ਪੈਣ ਤਾਂ ਉਹ ਰੱਬ ਸੱਚਾ ਮੇਰੇ ਜਿਹੇ ਬੰਦੇ ਪੈਦਾ ਕਰਦਾ ਹੈ ਕਿ ਦੁਸ਼ਟਾਂ ਦਾ ਸੰਘਾਰ ਕਰੋ, ਅਤੇ ਜਦ ਉਨ੍ਹਾਂ ਦਾ ਡੰਡ ਪੂਰਾ ਹੋ ਜਾਏ ਤਾਂ ਉਹ ਤੇਰੇ ਜਿਹੇ ਬੰਦੇ ਖੜੇ ਕਰ ਦਿੰਦਾ ਹੈ ਤਾਂ ਕਿ ਉਸ ਨੂੰ ਡੰਡ ਦੇ ਦੇਵੇ।”

ਹੁਣ ਕਤਲ ਲਈ ਬੰਦਾ ਸਿੰਘ ਦੀ ਆਪਣੀ ਵਾਰੀ ਆਈ। ਪਹਿਲਾਂ ਜੱਲਾਦ ਨੇ ਛੁਰੇ ਨਾਲ ਉਸ ਦੀ ਸੱਜੀ ਅੱਖ ਕੱਢ ਦਿੱਤੀ ਅਤੇ ਫੇਰ ਖੱਬੀ । ਇਸ ਤੋਂ ਬਾਅਦ ਉਸ ਦਾ ਖੱਬਾ ਪੈਰ ਵੱਢ ਦਿੱਤਾ। ਅਤੇ ਉਸ ਦੇ ਪਿੱਛੋਂ ਦੋਨੋਂ ਹੱਥ ਵੱਢ ਕੇ ਵੱਖ ਵੱਖ ਕਰ ਦਿੱਤੇ । ਫੇਰ ਭਖਦੇ ਲਾਲ ਗਰਮ ਲੋਹੇ ਦੀਆਂ ਚਿਮਟਿਆਂ ਨਾਲ ਉਸ ਦੇ ਪਿੰਡੇ ਦੇ ਮਾਸ ਦੀਆਂ ਬੋਟੀਆਂ ਖਿੱਚ ਖਿੱਚ ਕੇ ਤੋੜੀਆਂ ਗਈਆਂ ਅਤੇ ਅੰਤ ਉਸ ਦਾ ਸਿਰ ਵੱਢ ਦਿੱਤਾ ਅਤੇ ਸਰੀਰ ਦੇ ਬੰਦ ਬੰਦ ਕੱਟ ਦਿੱਤੇ । ਇਨ੍ਹਾਂ ਸਾਰੇ ਦੁੱਖ ਭਰਿਆਂ ਤਸੀਹਿਆਂ ਵਿਚ ਬੰਦਾ ਸਿੰਘ ਵਾਹਿਗੁਰੂ ਅਤੇ ਗੁਰੂ ਦੀ ਰਜ਼ਾ ਵਿਚ ਰਾਜੀ ਬਿਲਕੁਲ ਅਡੋਲ ਇਸਥਿਰ ਅਤੇ ਸ਼ਾਂਤ-ਚਿਤ ਰਿਹਾ ਅਤੇ ਐਲਫਿੰਸਟਨ ਦੇ ਸ਼ਬਦਾਂ ਵਿਚ ਉਸ ਨੇ ਬੜੇ ਪਰਪੱਕ ਸਿਦਕ ਨਾਲ ‘ਸਮੇਂ ਦੇ ਅਨਿਆਇ ਅਤੇ ਅੱਤਿਆਚਾਰਾਂ ਨੂੰ ਦੂਰ ਕਰਨ ਲਈ ਪਰਮਾਤਮਾ ਵੱਲੋਂ ਇਕ ਸਾਧਨ ਹੋਣ ਵਿਚ ਪ੍ਰਸੰਨ-ਚਿੱਤ ਪ੍ਰਾਣ ਤਿਆਗੇ ।’ ਬਾਕੀ ਸਿੰਘਾਂ ਨਾਲ ਭੀ ਇਸੇ ਪ੍ਰਕਾਰ ਦਾ ਭਾਣਾ ਵਰਤਿਆ ਅਤੇ ਸਭ ਦੇ ਸਭ ਕਤਲ ਕਰ ਦਿੱਤੇ ਗਏ ।

ਬਾਬਾ ਬੰਦਾ ਸਿੰਘ ਬਹਾਦੁਰ | Baba Banda Singh Bahadur |

ਬਾਵਾ ਸਰੂਪ ਦਾਸ ਨੇ ਇਸ ਮੌਕੇ ਤੇ ‘ਮਹਿਮਾ ਪ੍ਰਕਾਸ਼’ ਵਿਚ ਇਕ ਪ੍ਰਸੰਗ ਦਿੱਤਾ ਹੈ ਉਹ ਕਹਿੰਦਾ ਹੈ ਕਿ ਫ਼ਰੁੱਖ਼-ਸੀਅਰ ਬਾਦਸ਼ਾਹ ਨੇ (ਸ਼ਾਇਦ ਕਤਲ ਕਰਨ ਲਈ ਲਿਜਾਣ ਤੋਂ ਪਹਿਲਾਂ) ਸਿੰਘਾਂ ਨੂੰ ਪਾਸ ਬੁਲਾਇਆ ਅਤੇ ਕਿਹਾ: “ਮੈਂ ਸੁਣਿਆ ਸੀ ਤੁਹਾਡੇ ਵਿਚ ਬਾਜ ਸਿੰਘ ਨਾਮੀ ਇਕ ਸਿੱਖ ਬੜਾ ਬਹਾਦੁਰ ਹੈ ਅਤੇ ਗੁਰੂ ਦੀ ਉਸ ਪਰ ਬੜੀ ਕਿਰਪਾ ਹੈ।” ਬਾਜ ਸਿੰਘ ਨੇ ਇਸ ਪਰ ਉੱਤਰ ਦਿੱਤਾ : “ਮੈਂ ਹਾਂ ਬਾਜ ਸਿੰਘ, ਗੁਰੂ ਮਹਾਰਾਜ ਦਾ ਇਕ ਤੁੱਛ ਸੇਵਕ ।” ਬਾਦਸ਼ਾਹ ਨੇ ਕਿਹਾ : “ਓ ! ਤੂੰ ਤਾਂ ਬੜਾ ਬਹਾਦੁਰ ਆਦਮੀ ਸੀ । ਪਰ ਹੁਣ ਤੇਰੇ ਪਾਸੋਂ ਕੁਝ ਭੀ ਨਹੀਂ ਹੋ ਸਕਦਾ ।” ਬਾਜ ਸਿੰਘ ਨੇ ਉੱਤਰ ਵਿਚ ਕਿਹਾ: “ਜੇ ਤੁਸੀਂ ਮੇਰੀਆਂ ਬੇੜੀਆਂ ਖੁਲ੍ਹਵਾ ਦਿਓ ਤਾ ਹੁਣ ਭੀ ਮੈਂ ਤੁਹਾਨੂੰ ਕੁਝ ਤਮਾਸ਼ਾ ਵਿਖਾ ਦਿਆਂਗਾ।” ਇਸ ਪਰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਜਾਣ । ਬਾਜ ਸਿੰਘ ਹਿੱਲਣ ਜੁੱਲਣ ਜੋਗਾ ਹੀ ਹੋਇਆ ਸੀ ਕਿ ਉਹ ਬਾਜ ਵਾਂਙੂ ਬਾਦਸ਼ਾਹ ਦੇ ਬੰਦਿਆਂ ਉੱਤੇ ਟੁੱਟ ਪਿਆ ਅਤੇ ਦੋ ਤਿੰਨਾਂ ਨੂੰ ਆਪਣੇ ਹੱਥੀਂ ਪਈਆਂ ਹੋਈਆਂ ਬੇੜੀਆਂ ਨਾਲ ਹੀ ਮਾਰ ਮੁਕਾਇਆ। ਫੇਰ ਉਹ ਇਕ ਸ਼ਾਹੀ ਅਮੀਰ (ਸਰਦਾਰ) ਵੱਲ ਹੋਇਆ, ਪਰ ਇਸ ਵੇਲੇ ਬਾਦਸ਼ਾਹੀ ਸੇਵਾਦਾਰਾਂ ਨੇ ਇਸ ਨੂੰ ਫੜ ਲਿਆ ਅਤੇ ਕਤਲ ਕਰ ਦਿੱਤਾ ।

ਬਾਬਾ ਬੰਦਾ ਸਿੰਘ ਬਹਾਦੁਰ | Baba Banda Singh Bahadur |

ਬੰਦਾ ਸਿੰਘ ਦੇ ਜੀਵਨ ਪਰ ਵਿਚਾਰ

ਜਿਵੇਂ ਪਿਛਲੇ ਅਧਿਆਵਾਂ ਵਿਚ ਆਏ ਬੰਦਾ ਸਿੰਘ ਦੇ ਜੀਵਨ ਤੋਂ ਪਤਾ ਲੱਗਦਾ ਹੈ, ਉਹ ਆਪਣੇ ਦੇਸ਼ ਦੇ ਦੀਨ ਅਤੇ ਦੁੱਖੀ ਭਰਾਵਾਂ ਦੇ ਦੁੱਖ ਹਰਨ ਲਈ ਸਦਾ ਤਿਆਰ-ਬਰ-ਤਿਆਰ ਰਹਿੰਦਾ ਸੀ ਅਤੇ ਗੁਰੂ ਲਈ ਸਿਦਕ ਅਤੇ ਧਰਮ ਲਈ ਸ਼ਰਧਾ-ਭਗਤੀ ਵਿਚ ਅਡੋਲ ਅਤੇ ਪ੍ਰਪੱਕ ਸੀ । ਉਸ ਦੇ ਜੀਵਨ ਦੇ ਇਹ ਪੱਖ ਇਤਨੇ ਉੱਜਲੇ ਹਨ ਅਤੇ ਇਤਿਹਾਸ ਦੇ ਵਿਦਿਆਰਥੀਆਂ ਲਈ ਇਤਨੇ ਮਨੋਰੰਜਕ ਹਨ ਕਿ ਅਸੀਂ ਇਨ੍ਹਾਂ ਦਾ ਯੋਗ ਵਰਨਣ ਕੀਤੇ ਬਿਨਾਂ ਇਸ ਜੀਵਨ-ਬਿਰਤਾਂਤ ਨੂੰ ਸਮਾਪਤ ਨਹੀਂ ਕਰ ਸਕਦੇ । ਗਿਆਨੀ ਗਿਆਨ ਸਿੰਘ ਆਦਿ ਕੁਝ ਪਿਛਲੇਰੇ ਲਿਖਾਰੀਆਂ ਦੀਆਂ ਦਿਮਾਗੀ ਉੱਚ-ਕਾਵ-ਉਡਾਰੀਆਂ ਅਤੇ ਸਫਲ ਘਾੜਤਾਂ ਨਾਲ ਬੰਦਾ ਸਿੰਘ ਦੇ ਜੀਵਨ ਸੰਬੰਧੀ ਕੁਝ ਅਜਿਹੀਆਂ ਗ਼ਲਤ ਫ਼ਹਿਮੀਆਂ ਪੈ ਗਈਆਂ ਹੋਈਆਂ ਹਨ ਜਿਨ੍ਹਾਂ ਦੇ ਭੁਲੇਖੇ ਵਿਚ ਪਾਠਕਾਂ ਨੂੰ ਪਏ ਰਹਿਣ ਦੇਣਾ ਇਤਿਹਾਸ ਨਾਲ ਅਨਿਆਇ ਹੈ । ਇਸ ਲਈ ਇਨ੍ਹਾਂ ਦਾ ਜ਼ਿਕਰ ਕਰ ਦੇਣਾ ਭੀ ਅਸੀਂ ਜ਼ਰੂਰੀ ਸਮਝਦੇ ਹਾਂ। ਵੇਲੇ ਦੇ ਮੁਸਲਮਾਨ ਲਿਖਾਰੀ ਅਤੇ ਇਤਿਹਾਸਕਾਰ ਗ਼ੈਰ-ਮੁਸਲਮਾਨਾਂ ਵਿਰੁੱਧ ਆਪਣੇ ਮਨਾਂ ਵਿਚ ਬੈਠੇ ਧਾਰਮਕ ਅਤੇ ਰਾਜਸੀ ਪੱਖਪਾਤ ਨਾਲ ਬਹੁਤ ਪ੍ਰਭਾਵਤ ਹੋਏ ਹੋਏ ਹੋਣ ਕਰਕੇ ਪੂਰੀ ਤਰ੍ਹਾਂ ਸੱਚ ਦੀ ਪੱਧਰ ਤਕ ਨਹੀਂ ਉਠ ਸਕੇ ਅਤੇ ਉਨ੍ਹਾਂ ਨੇ ਬੰਦਾ ਸਿੰਘ ਨੂੰ ਪੱਖਪਾਤ ਦੀ ਦ੍ਰਿਸ਼ਟੀ ਤੋਂ ਦੇਖਿਆ ਅਤੇ ਜਾਚਿਆ ਹੈ, ਇਸ ਲਈ ਉਨ੍ਹਾਂ ਵੱਲੋਂ ਇਨ੍ਹਾਂ ਨਾਲ ਪੂਰਾ ਨਿਆਇ ਨਹੀਂ ਹੋ ਸਕਿਆ । ਹਰ ਪ੍ਰਕਾਰ ਦਾ ਅੱਤਿਆਚਾਰ ਜੋ ਉਨ੍ਹਾਂ ਦੇ ਦਿਮਾਗ਼ ਨੂੰ ਸੁੱਝਿਆ ਹੈ, ਉਹ ਉਨ੍ਹਾਂ ਨੇ ਬੰਦਾ ਸਿੰਘ ਅਤੇ ਸਿੰਘਾਂ ਦੇ ਨਾਉਂ ਮੜ੍ਹ ਦਿੱਤਾ ਹੈ । ਬਾਦਸ਼ਾਹੀ ਅਖ਼ਬਾਰ-ਨਵੀਸ ਭੀ ਇਸ ਪੱਖ-ਪਾਤ ਤੋਂ ਨਹੀਂ ਬਚ ਸਕੇ ਅਤੇ ਉਹ ਮੁਕਾਮੀ ਹਾਕਮਾਂ ਦੇ ਵਿਰੁੱਧ ਸੱਚ ਨਾ ਲਿਖ ਸਕਣ ਕਰਕੇ ਬੀਤੇ ਵਾਕਿਆਤ ਨੂੰ ਕਈ ਵਾਰੀ ਮਰੋੜ ਤਰੋੜ ਕੇ ਪੇਸ਼ ਕਰਦੇ ਰਹੇ ਹਨ । ਸਿੰਘਾਂ ਦਾ ਹੱਥ ਭਾਵੇਂ ਉਪਰ ਭੀ ਹੋਵੇ ਅਤੇ ਉਹ ਸ਼ਾਹੀ ਫ਼ੌਜਾਂ ਨੂੰ ਚੀਰਦੇ ਹੋਏ ਬਚ ਕੇ ਭਾਵੇਂ ਸਾਫ਼ ਹੀ ਨਿਕਲ ਜਾਣ ਜਾਂ ਜਿੱਤ ਪ੍ਰਾਪਤ ਕਰ ਕੇ ਬਾਦਸ਼ਾਹੀ ਇਲਾਕੇ ਭੀ ਮੱਲ ਲੈਣ ਅਤੇ ਥਾਉਂ ਥਾਈਂ ਆਪਣੇ ਠਾਣੇ ਭੀ ਬਠਾ ਦੇਣ, ਪਰ ਸ਼ਾਹੀ ਅਖ਼ਬਾਰ ਨਵੀਸ ਬਹੁਤ ਕਰਕੇ ਇਹ ਹੀ ਲਿਖੀ ਜਾਣਗੇ ਕਿ ਸਿੰਘ ਹਾਰ ਖਾ ਕੇ ਭੱਜ ਗਏ। ਹਨ, ਅਨਗਿਣਤ ਸਿੰਘ ਕਤਲ ਕਰ ਦਿੱਤੇ ਗਏ ਹਨ ਅਤੇ ਸ਼ਾਹੀ ਲਸ਼ਕਰ ਨੂੰ ਜਿੱਤ ਪ੍ਰਾਪਤ ਹੋਈ। ਹੈ । ਲੜਾਈਆਂ ਵਿਚ ਅਜਿਹੇ ਝੂਠ ਕੁਝ ਆਮ ਹੀ ਹੋ ਜਾਂਦੇ ਹਨ ਜਿਵੇਂ ਕਿ ਪਹਿਲੇ ਸੰਨ 1914-18 ਦੇ ਮਹਾਨ ਯੁੱਧ ਦੀਆਂ ਖ਼ਬਰਾਂ ਵੱਲ ਇਸ਼ਾਰਾ ਕਰਦੇ ਹੋਏ ਇਕ ਥਾਂ ਅਕਬਰ ਅਲਾਹਬਾਦੀ ਨੇ ਲਿਖਿਆ ਸੀ ਕਿ :

ਕਦਮ ਜਰਮਨ ਕਾ ਬੜ੍ਹਤਾ ਹੈ।

ਫ਼ਤਿਹ ਇੰਗਲਿਸ਼ ਕੀ ਹੋਤੀ ਹੈ।

ਅੱਜ ਕੱਲ ਭੀ ਅਜਿਹੀਆਂ ਨਿਰਮੂਲ ਜਾਂ ਅੱਧ-ਝੂਠੀਆਂ ਖ਼ਬਰਾਂ ਦਾ ਕੋਈ ਘਾਟਾ ਨਹੀਂ ਹੈ। ਸਰਕਾਰ ਵਿਰੁੱਧ ਜਨਤਾ ਦੇ ਮੋਰਚੇ ਤੇਜ਼ ਹੋ ਰਹੇ ਹੁੰਦੇ ਹਨ ਪਰ ਸਰਕਾਰੀ ਕਰਮਚਾਰੀ ਵਜ਼ੀਰ, ਅਫ਼ਸਰ ਅਤੇ ਅਖ਼ਬਾਰ-ਨਵੀਸ ਇਹ ਹੀ ਕਹੀ ਜਾਂਦੇ ਹਨ ਕਿ ‘ਮੋਰਚਾ ਫੇਲ ਹੋ ਰਿਹਾ ਹੈ, ‘ਲੋਕਾਂ ਦੀ ਇਸ ਨਾਲ ਕੋਈ ਹਮਦਰਦੀ ਨਹੀਂ ਰਹੀ,’ ‘ਥੋੜ੍ਹੇ ਦਿਨਾਂ ਵਿਚ ਹੀ ਇਹ ਖ਼ਤਮ ਹੋ ਜਾਏਗਾ’, ‘ਸਰਕਾਰ ਇਸ ਨੂੰ ਦਬਾ ਕੇ ਰਖ ਦੇਵੇਗੀ, ਸਰਕਾਰ ਦੀ ਜਿੱਤ ਹੋ ਰਹੀ ਹੈ ਆਦਿ, ਆਦਿ। ਅਸਲ ਵਿਚ ਅੰਦਰੋ ਅੰਦਰ ਸਰਕਾਰ ਪੋਲੀ ਹੋਈ ਪਈ ਹੁੰਦੀ ਹੈ’, ‘ਆਮ ਜਨਤਾ ਵਿਚ ਉਸ ਦਾ ਡੱਕਾ ਭਰ ਰੁਹਬ ਅਤੇ ਇਤਬਾਰ ਨਹੀਂ ਰਹਿ ਗਿਆ ਹੁੰਦਾ ਅਤੇ ਉਹ ਆਪਣਾ ਪਿੱਛਾ ਛੁਡਾਉਣ ਲਈ ਬਹਾਨੇ ਲੱਭਦੀ ਹੁੰਦੀ ਹੈ । ਬਾਹਰ ਜਾਣ ਦੀ ਲੋੜ ਨਹੀਂ, ਪੰਜਾਬ ਵਿਚ ਹੀ ਸਨ 1922 ਦਾ ਗੁਰੂ ਕੇ ਬਾਗ਼ ਦਾ ਮੋਰਚਾ ਅਤੇ ਹੋਰ ਮੋਰਚੇ ਇਸ ਸੱਚਾਈ ਦੇ ਪ੍ਰਤੱਖ ਗਵਾਹ ਹਨ।

ਸਾਰੇ ਸਿੱਖ ਲਿਖਾਰੀ ਭੀ ਬੰਦਾ ਸਿੰਘ ਨਾਲ ਨਿਆਏ ਨਹੀਂ ਕਰ ਸਕੇ । ਸਮਕਾਲੀ ਇਤਿਹਾਸਕ ਮਸਾਲੇ ਦੀ ਥੁੜ ਅਤੇ ਬਾਅਦ ਦੀਆਂ ਲਿਖਤਾਂ ਵਿਚ ਮਿਲਗੋਭਾ ਹੋ ਜਾਣ ਕਰ ਕੇ ਉਨ੍ਹਾਂ ਨੇ ਭੀ ਕਈ ਥਾਈਂ ਗ਼ਲਤੀਆਂ ਖਾਧੀਆਂ ਹਨ ਅਤੇ ਬੰਦਾ ਸਿੰਘ ਦੀ ਸ਼ਹੀਦੀ ਤੋਂ ਕਈ ਚਿਰ ਬਾਅਦ ਹੋਈਆਂ ਗੱਲਾਂ ਨੂੰ ਬੰਦਾ ਸਿੰਘ ਦੇ ਵੇਲੇ ਲਿਆ ਦਰਜ ਕੀਤਾ ਹੈ ਤੇ ਉਸ ਦੇ ਆਧਾਰ ਤੇ ਉਸ ਨੂੰ ਖ਼ਾਹ-ਮਖ਼ਾਹ ਗ਼ਲਤ ਭੰਡਿਆ ਹੈ । ਖ਼ਾਲਸੇ ਵੱਲੋਂ ਅਪਰਵਾਨ ਹੋ ਜਾਣ ਤੋਂ ਬਾਅਦ, ਬੰਦਾ ਸਿੰਘ ਨੇ ‘ਫ਼ਤਿਹ ਦਰਸ਼ਨ’ ਸੰਬੰਧੀ ਕੋਈ ਜ਼ਿੱਦ ਨਹੀਂ ਸੀ ਕੀਤੀ ਅਤੇ ਕਈ ਹੋਰ ਗੱਲਾਂ ਲਈ ਜਿਸ ਵਿਚ ਉਸ ਦਾ ਉੱਕਾ ਹੀ ਕੋਈ ਕਸੂਰ ਨਹੀਂ ਸੀ ਤਤਖ਼ਾਲਸੇ ਵਾਲੇ ਪੱਖ-ਪਾਤ ਕਰਕੇ ਭੰਗੂ ਰਤਨ ਸਿੰਘ ਅਤੇ ਗਿਆਨ ਸਿੰਘ ਆਦਿ ਨੇ ਕਈ ਕੁਝ ਉਸ ਦੇ ਵਿਰੁੱਧ ਲਿਖਿਆ ਹੈ। ਇਹ ਅੰਨਿਆਇ ਹੈ ਜੋ ਉਨ੍ਹਾਂ ਵੱਲੋਂ ਇਤਿਹਾਸ ਨਾਲ ਹੋਇਆ ਹੈ। ਅਸਲ ਵਿਚ ਬੰਦਾ ਸਿੰਘ ਉਸ ਤੋਂ, ਜਿਵੇਂ ਕਿ ਉਹ ਪੇਸ਼ ਕੀਤਾ ਗਿਆ ਹੈ, ਬਿਲਕੁਲ ਵੱਖਰਾ ਅਤੇ ਬਹੁਤ ਉੱਚਾ ਸੀ। ਚਿਹਰੇ ਮੁਹਰੇ ਤੋਂ, ਮੁਹੰਮਦ ਸ਼ਫ਼ੀ ਵਾਰਿਕ ਦੀ ਪੁਸਤਕ ‘ਮਿਰਅਤਿ-ਵਾਰਿਦਾਤ ਅਨੁਸਾਰ,

ਬੰਦਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦਾ ਜੁਲਦਾ ਸੀ । ਉਹ ਜੁੱਸੇ ਦਾ ਪਤਲਾ ਅਤੇ ਕੱਦ ਦਾ ਦਰਮਿਆਨਾ ਸੀ ਅਤੇ ਉਸ ਦਾ ਰੰਗ ਹਲਕਾ ਕਣਕ-ਵੰਨਾ ਸੀ । ਉਸ ਦੇ ਚਿਹਰੇ ਦੀ ਪ੍ਰਭਤਾ- ਭਰਪੂਰ ਛਬ ਅਤੇ ਤਿੱਖੀਆਂ ਅਤੇ ਚਮਕਦਾਰ ਅੱਖਾਂ ਵੈਰੀਆਂ ਦੇ ਮਨਾਂ ਉੱਤੇ ਭੀ ਉਸ ਦੀ ਮਾਨਸਕ ਉੱਚਤਾ ਦਾ ਪ੍ਰਭਾਵ ਪਾਉਂਦੀਆਂ ਸਨ । ਇਹਤਮਾਦੁਦੌਲਾ ਮੁਹੰਮਦ ਅਮੀਨ ਖ਼ਾਨ ਵਰਗੇ ਆਦਮੀ ਨੂੰ, ਜੋ ਉਸ ਦਾ ਕੱਟੜ ਜਾਨੀ ਵੈਰੀ ਸੀ, ਜਦ ਬੰਦਾ ਸਿੰਘ ਨੂੰ ਉਸ ਦੇ ਅੰਤਮ ਸਮੇਂ ਲਾਗੇ ਹੋ ਕੇ ਦੇਖਣ ਦਾ ਅਵਸਰ ਮਿਲਿਆ, ਤਾਂ ਉਹ ਉਸ ਦੇ ਗਿਆਨਵਾਨ ਚਿਹਰੇ ਨੂੰ ਦੇਖ ਕੇ ਉਸ ਦੀ ਆਤਮਕ ਪ੍ਰਭਤਾ ਅਤੇ ਉਸ ਦੇ ਆਚਰਨ ਦੀ ਉੱਚਤਾ ਦੀ ਪ੍ਰਸੰਸਾ ਕਰਨੋਂ ਨਾ ਰਹਿ ਸਕਿਆ। ਭਾਵੇਂ ਬੰਦਾ ਸਿੰਘ ਨੂੰ ਕੱਦ ਕਾਠ ਵੱਲੋਂ ਬਹੁਤ ਡੀਲ ਡੌਲ ਵਾਲਾ ਨਹੀਂ ਆਖਿਆ ਜਾ ਸਕਦਾ, ਪਰ ਉਹ ਬੜਾ ਚੁਸਤ ਅਤੇ ਫੁਰਤੀਲਾ ਸੀ ਅਤੇ ਜੰਗ ਦੇ ਮੈਦਾਨ ਵਿਚ ਬੜੇ ਬੜੇ ਤਕੜਿਆਂ ਨੂੰ ਲਾਗੇ ਨਹੀਂ ਸੀ ਢੁੱਕਣ ਦਿੰਦਾ । ਉਹ ਬੜਾ ਚੰਗਾ ਨਿਸ਼ਾਨਚੀ ਸੀ । ਬੰਦੂਕ (ਰਾਮਜੰਗਾ) ਸਿੰਘਾਂ ਦਾ ਮਨ ਭਾਉਂਦਾ ਹਥਿਆਰ ਹੈ ਪਰ ਬੰਦਾ ਸਿੰਘ ਆਪਣੀ ਤਲਵਾਰ ਅਤੇ ਤੀਰ ਦਾ ਧਨੀ ਸੀ । ਉਹ ਇਕ ਬੜਾ ਚੰਗਾ। ਸਵਾਰ ਸੀ ਅਤੇ ਕਈ ਕਈ ਦਿਨਾਂ ਤਕ ਬਿਨਾਂ ਥੱਕਣ ਦੇ ਸਵਾਰੀ ਕਰ ਸਕਦਾ ਸੀ । ਸਿੰਘਾਂ ਦੇ ਆਪਣੇ ਸਮਕਾਲੀ ਕਾਗਜ ਪੱਤਰ ਤਾਂ ਕੋਈ ਹੈ ਹੀ ਨਹੀਂ ਅਤੇ ਮੁਸਲਮਾਨਾਂ ਦੀਆਂ ਥੋੜ੍ਹੀਆਂ। ਜਿਹੀਆਂ ਸਮਕਾਲੀ ਲਿਖਤਾਂ ਜੋ ਮਿਲਦੀਆਂ, ਉਨ੍ਹਾਂ ਤੋਂ ਬੰਦਾ ਸਿੰਘ ਦੇ ਬਹੁ-ਪੱਖੀ ਗੁਣਾਂ ਦਾ ਪੂਰਾ ਪੂਰਾ ਗਿਆਨ ਨਹੀਂ ਹੁੰਦਾ, ਪਰ ਫੇਰ ਭੀ ਜੋ ਕੁਝ ਪਤਾ ਲਗਦਾ ਹੈ ਉਸ ਦੇ ਆਧਾਰ ਤੇ ਸਾਰੇ ਹੀ ਉਸ ਦੀ ਉਸ ਦਲੇਰੀ, ਬਹਾਦੁਰੀ ਅਤੇ ਮਾਨਸਕ ਗੰਭੀਰਤਾ ਦੀ ਪ੍ਰਸੰਸਾ ਕਰਦੇ ਹਨ ਜੋ ਉਸ ਨੇ ਆਪਣੀ ਸ਼ਹੀਦੀ ਦੇ ਸਮੇਂ ਵਿਖਾਈ ਅਤੇ ਖ਼ਾਫ਼ੀ ਖ਼ਾਨ ਵਰਗਾ ਕੱਟੜ ਅਤੇ ਪੱਖਪਾਤੀ ਲਿਖਾਰੀ ਭੀ ਉਸ ਦੀ ਪ੍ਰਸੰਸਾ ਕਰਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਲੋਕਾਂ ਦੀ ਸੁਤੰਤਰਤਾ ਵਾਸਤੇ ਆਪਣੇ ਜਾਰੀ ਕੀਤੇ ਹੋਏ ਅੰਦੋਲਨ ਦੀ ਪੂਰਤੀ ਲਈ ਬੰਦਾ ਸਿੰਘ ਨੂੰ ਚੁਣਨ ਵਿਚ ਕਿਤਨੇ ਬੁਧੀਮਾਨ ਅਤੇ ਦੂਰ-ਦਰਸ਼ੀ ਸਨ, ਇਸ ਦਾ ਅੰਦਾਜਾ ਉਸ ਦੇ ਕਾਰਨਾਮਿਆਂ ਤੋਂ ਸਪੱਸ਼ਟ ਹੈ। ਅਸਲ ਵਿਚ ਇਕ ਨਕਾਰੇ, ਸੰਸਾਰ ਤਿਆਗੀ। ਬੈਰਾਗੀ ਸਾਧੂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੰਘਾਂ ਦੀਆਂ ਫ਼ੌਜਾਂ ਦਾ ਕਮਾਂਡਰ ਬਣਾ ਦੇਣਾ ਗੁਰੂ ਜੀ ਦਾ ਇਕ ਅਸਚਰਜ-ਜਨਕ ਕਰਿਸ਼ਮਾ ਸੀ। ਖੰਡੇ ਦਾ ਅੰਮ੍ਰਿਤ ਛਕਾ ਕੇ, ਪਵਿੱਤਰ ਸਰਬ-ਲੋਹ ਸਜਾਉਣ ਅਤੇ ਸਿੰਘਾਂ ਦੇ ਪੁਸ਼ਾਕੇ ਅਤੇ ਚਾਲ ਢਾਲ ਧਾਰਨ ਕਰਦੇ ਸਾਰ ਹੀ ਬੰਦਾ ਸਿੰਘ ਇਕ ਪੂਰਣ ਅਤੇ ਸਿਦਕੀ ਸਿੰਘ ਸਜ ਗਿਆ ਸੀ ਅਤੇ ਜੀਵਨ ਦੇ ਅੰਤ ਤਕ ਬੜੇ ਦੁਖਦਾਈ ਅਤੇ ਭਿਆਨਕ ਤਸੀਹੇ ਸਹਿੰਦਾ ਹੋਇਆ ਭੀ ਉਹ ਗੁਰੂ ਗੋਬਿੰਦ ਸਿੰਘ ਦੇ ਮਿਸ਼ਨ ਲਈ ਡਟਿਆ ਰਿਹਾ ਅਤੇ ਖਿੜੇ ਮੱਥੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਂਦਾ ਹੋਇਆ ਆਪਣੀ ਜਾਨ ਤਕ ਕੁਰਬਾਨ ਕਰ ਗਿਆ । ਡਾਕਟਰ ਵਿਲੀਅਮ ਮੈਗਰੈਗਰ ਆਪਣੀ ‘ਹਿਸਟਰੀ ਔਫ਼ ਦੀ ਸਿਖਸ’ ਵਿਚ ਲਿਖਦਾ ਹੈ ਕਿ ‘ਬੰਦਾ (ਸਿੰਘ) ਆਪਣੀ ਧੁਨ ਦਾ ਬੜਾ ਪੱਕਾ ਸੀ ਅਤੇ ਜ਼ਾਲਮਾਂ ਦੀ ਸੁਧਾਈ ਲਈ (ਗੁਰੂ) ਗੋਬਿੰਦ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਨ ਵਿਚ ਇਤਨਾ ਦ੍ਰਿੜ ਸੀ ਕਿ ਉਹ ਸਾਰੇ ਪੰਜਾਬ ਅਤੇ ਪੰਜਾਬ ਦੇ (ਸਤਲੁਜੋਂ) ਇਧਰਲੇ ਜਿਲ੍ਹਿਆਂ ਵਿਚ ਇਕ ਭਯੰਕਰ ਹੱਊਆ ਹੋ ਗਿਆ।

ਉਹ ਖ਼ਾਲਸੇ ਦਾ ਕੇਵਲ ਫ਼ੌਜੀ ਕਮਾਂਡਰ ਹੀ ਨਹੀਂ ਸੀ । ਸਿੱਖੀ ਦੇ ਪ੍ਰਚਾਰ ਦੀ ਧੁਨ ਵਿਚ ਭੀ ਉਹ ਕਿਸੇ ਨਾਲੋਂ ਪਿੱਛੇ ਨਹੀਂ ਸੀ । ਜਦ ਭੀ ਕੋਈ ਲੋਕ ਉਸ ਪਾਸ ਸਹਾਇਤਾ ਲਈ ਆਉਂਦੇ ਜਾਂ ਖ਼ਾਲਸਾ ਦਲ ਵਿਚ ਸ਼ਾਮਲ ਹੁੰਦੇ ਤਾਂ ਉਹ ਉਨ੍ਹਾਂ ਲਈ ਅਰਦਾਸਾਂ ਕਰਦਾ ਅਤੇ ਸਿਮਰਨ ਕਰਨ ਲਈ ਕਹਿੰਦਾ। ਭਾਵੇਂ ਉਸ ਪਾਸ ਅਥਾਹ ਤਾਕਤ ਭੀ ਸੀ, ਪਰ ਉਸ ਨੇ ਆਪਣੇ ਧਾਰਮਕ ਪ੍ਰਚਾਰ ਲਈ ਕਦੀ ਕਿਸੇ ਉੱਤੇ ਜੋਰ ਜ਼ਬਰ ਨਹੀਂ ਕੀਤਾ। ਅਮੀਨੁਦੌਲਾ ਦਸਤੂਰੁਲ-ਇਨਸ਼ਾ (ਰੁੱਕਾਤਿ ਅਮੀਨੁ-ਦੌਲਾ) ਦੇ ਤੀਸਰੇ ਰੁੱਕੇ ਵਿਚ ਜੂਨ 1710 ਵਿਚ ਲਿਖਦਾ ਹੈ: ‘ਉਹ ਸਾਰਿਆਂ ਦੇ ਮਨ ਆਪਣੀਆਂ ਰੁਚੀਆਂ ਵੱਲ ਮੋਹ ਲੈਂਦਾ ਸੀ, ਅਤੇ ਭਾਵੇਂ ਕੋਈ ਹਿੰਦੂ ਹੋਵੇ ਜਾਂ ਮੁਸਲਮਾਨ, ਜੋ ਭੀ ਉਸ ਨੂੰ ਮਿਲਦਾ, ਇਹ ਉਸ ਨੂੰ ‘ਸਿੰਘ’ ਕਰਕੇ ਬੁਲਾਉਂਦਾ (ਸਿੰਘ ਸਜਾ ਲੈਂਦਾ) । ਇਸ ਤਰ੍ਹਾਂ ਸਰਹੰਦ ਦੇ ਲਾਗੇ ਦਾ ਇਕ ਸਰਕਾਰੀ ਕਰਮਚਾਰੀ ਦੀਨਦਾਰ ਖ਼ਾਨ, ਉਥੇ ਦਾ ਅਖ਼ਬਾਰ-ਨਵੀਸ ਮੀਰ ਨਸੀਰੁੱਦੀਨ ਅਤੇ ਅੰਮ੍ਰਿਤਸਰ ਦੇ ਲਾਗੇ ਦੇ ਪੰਜਵੜ ਪਿੰਡ ਦਾ ਛੱਜੂ ਜੱਟ ਸਿੰਘ ਸਜ ਕੇ ਦੀਨ ਦਾਰ ਸਿੰਘ, ਮੀਰ ਨਸੀਰ ਸਿੰਘ ਅਤੇ ਛੱਜਾ ਸਿੰਘ ਬਣ ਗਏ । ਇਸ ਤਰ੍ਹਾਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਇਕ ਬੜੀ ਭਾਰੀ ਗਿਣਤੀ ਨੇ ਸਿੰਘਾਂ ਦਾ ਧਰਮ ਅਤੇ ਰਹਿਤ ਧਾਰਨ ਕਰ ਲਏ ਅਤੇ ਬੰਦਾ ਸਿੰਘ ਦਾ ਸਾਥ ਦੇਣ ਦੇ ਪੱਕੇ ਵਹਿਦੇ ਕੀਤੇ। ਉਸ ਨੇ ਸਰਹੰਦ ਅਤੇ ਸ਼ਿਵਾਲਕ ਪਹਾੜ ਦੇ ਆਪਣੇ ਕੱਟੜ ਤੋਂ ਕੱਟੜ ਵੈਰੀਆਂ ਨੂੰ ਭੀ ਮਾਫ਼ ਕਰ ਦੇਣ ਅਤੇ ਉਨ੍ਹਾਂ ਦੀਆਂ ਜਾਨਾਂ ਅਤੇ ਇਲਾਕੇ ਛੱਡ ਦੇਣ ਦਾ ਯਕੀਨ ਦਿਲਾਇਆ ਜੇ.ਉਹ ਉਸ ਦੀ ਇੱਛਾ (ਅਨੁਸਾਰ ਸਿੱਖ ਧਰਮ ਵਿਚ ਆਉਣਾ) ਪ੍ਰਵਾਨ ਕਰ ਲੈਣ।

ਦੀਨ ਅਤੇ ਦੁੱਖੀ ਲੋਕਾਂ ਦੀ ਰੱਖਿਆ ਕਰਨ ਵਿਚ ਉਸ ਨੂੰ ਉਨ੍ਹਾਂ ਲੋਕਾਂ ਦੀਆਂ ਅਸੀਸਾਂ ਪ੍ਰਾਪਤ ਹੋਈਆਂ ਜਿਨ੍ਹਾਂ ਦੀ ਪੁਕਾਰ ਸਦੀਆਂ ਤੋਂ ਕੋਈ ਨਹੀਂ ਸੀ ਸੁਣਦਾ । ਉਸ ਨੇ ਆਪਣੇ ਰਾਜ-ਪ੍ਰਬੰਧ ਵਿਚ ਨੀਵਿਆਂ ਤੋਂ ਨੀਵੇਂ ਲੋਕਾਂ ਨੂੰ ਉੱਚੀਆਂ ਪਦਵੀਆਂ ਤਕ ਪਹੁੰਚਾ ਦਿੱਤਾ । ਅਛੂਤਾਂ ਅਤੇ ਨੀਚਾਂ, ਚੂਹੜੇ ਅਤੇ ਚਮਾਰਾਂ ਨੂੰ ਉਸ ਨੇ ਹਾਕਮ ਬਣਾ ਦਿੱਤਾ । ਇਰਵਿਨ ਲਿਖਦਾ ਹੈ ਕਿ ‘ਇਕ ਚੂਹੜੇ ਜਾਂ ਚਮਾਰ ਲਈ ਜੋ ਕਿ ਹਿੰਦੁਸਤਾਨੀਆਂ ਵਿਚ ਨੀਚਾਂ ਤੋਂ ਭੀ ਨੀਚ ਗਿਣਿਆ ਜਾਂਦਾ ਹੈ, ਕੇਵਲ ਘਰੋਂ ਆ ਕੇ ਗੁਰੂ (ਬੰਦਾ ਸਿੰਘ) ਪਾਸ ਹਾਜ਼ਰ ਹੋਣਾ ਹੀ ਹੁੰਦਾ ਸੀ ਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਉਹ ਆਪਣੀ ਜਨਮ-ਭੂਮੀ ਦਾ ਹਾਕਮ ਬਣ ਕੇ ਆ ਜਾਂਦਾ । (ਫੇਰ ਕੀ ਸੀ) ਵੱਡੀਆਂ ਵੱਡੀਆਂ ਉੱਚੀਆਂ ਜਾਤਾਂ ਵਾਲੇ ਅਤੇ ਧਨਾਢ ਲੋਕ ਉਸ ਦਾ ਸੁਆਗਤ ਕਰਦੇ ਅਤੇ ਅੱਗੇ ਹੋ ਕੇ ਲੈਣ ਜਾਂਦੇ । ਉਥੇ ਪਹੁੰਚ ਕੇ ਹੱਥ ਜੋੜੀ ਉਸ ਦੇ ਸਾਹਮਣੇ ਖੜੋ ਜਾਂਦੇ ਅਤੇ ਉਸ ਦੇ ਹੁਕਮਾਂ ਦੀ ਉਡੀਕ ਕਰਦੇ । ਕੋਈ ਆਦਮੀ ਉਸ ਦੀ ਹੁਕਮ-ਅਦੂਲੀ ਕਰਨ ਦਾ ਹੌਂਸਲਾ ਨਾ ਕਰਦਾ ਅਤੇ ਉਹ ਲੋਕ ਜੋ ਕਈ ਵਾਰੀ ਰਣਭੂਮੀ ਵਿਚ ਨਿਕਲ ਆਉਣ ਦਾ ਖ਼ਤਰਾ ਲੈ ਲਿਆ ਕਰਦੇ ਸਨ ਅਜਿਹੇ ਸਹਿਮ ਗਏ ਕਿ ਹੁਣ ਉਹ ਅੱਗੋਂ ਕੋਈ ਉਜ਼ਰ ਕਰਨੋਂ ਭੀ ਡਰਦੇ ਸਨ ।’

ਰਾਜ-ਪ੍ਰਬੰਧ ਵਿਚ ਬੰਦਾ ਸਿੰਘ ਨੇ ਦੇਸ਼ ਵਿਚ ਇਕ ਬੜੀ ਭਾਰੀ ਸੁਧਾਰ ਦੀ ਗੱਲ ਕੀਤੀ ਕਿ ਮੁਗ਼ਲ ਰਾਜ ਦਾ ਜ਼ਿਮੀਂਦਾਰਾ ਪ੍ਰਬੰਧ ਉਡਾ ਕੇ ਰਖ ਦਿੱਤਾ ਜਿਸ ਨਾਲ ਕਿ ਹਲਵਾਹ ਕਿਸਾਨ ਗ਼ੁਲਾਮਾਂ ਦੀ ਹਾਲਤ ਤੋਂ ਭੀ ਬੁਰੇ ਅਤੇ ਨੀਵੇਂ ਹੋ ਗਏ ਹੋਏ ਸਨ । ਬੰਦਾ ਸਿੰਘ ਦੇ ਤਹਿਤ ਵਿਚ ਸਿੰਘਾਂ ਦਾ ਰਾਜ ਹੋ ਜਾਣ ਨਾਲ ਹਲ-ਵਾਹ ਕਿਸਾਨ ਆਪਣੇ ਹਲਾਂ ਹੇਠਲੀਆਂ ਜ਼ਮੀਨਾਂ ਦੇ ਮਾਲਕ ਬਣ ਗਏ ਅਤੇ ਪੁਰਾਣੇ ਰਿਵਾਜ ਨਾਲ ਹੋ ਰਿਹਾ ਜ਼ੁਲਮ ਪੰਜਾਬ ਵਿਚੋਂ ਸਦਾ ਲਈ ਮਿਟ ਗਿਆ।

ਨਿਜੀ ਚਲਨ ਵਿਚ ਬੰਦਾ ਸਿੰਘ ਇਕ ਸਿਦਕੀ ਅੰਮ੍ਰਿਤਧਾਰੀ ਸਿੰਘ ਸੀ ਅਤੇ ਸਿੱਖ ਗੁਰੂ ਸਾਹਿਬਾਂ ਲਈ ਉਸ ਦਾ ਨਿਸਚਾ ਅਤੇ ਭਗਤੀ ਅਟੱਲ ਅਤੇ ਅਡੋਲ ਰਹੇ। ਆਪਣੇ ਰਾਜ ਦੇ ਸਮੇਂ ਉਸ ਦੀਆਂ ਜਾਰੀ ਕੀਤੀਆਂ ਮੋਹਰਾਂ ਅਤੇ ਸਿੱਕਿਆਂ ਉਪਰ ਦੀਆਂ ਲਿਖਤਾਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਲਈ ਉਸ ਦੀ ਅਪਾਰ ਸ਼ਰਧਾ ਦੀਆਂ ਜੀਉਂਦੀਆਂ ਜਾਗਦੀਆਂ ਯਾਦਗਾਰਾਂ ਹਨ। ਉਹ ਗੁਰੂ ਸਾਹਿਬਾਂ ਨੂੰ ਰਾਜ ਭਾਗ ਦੀਆਂ ਸਾਰੀਆਂ ਬਖ਼ਸ਼ਿਸ਼ਾਂ ਦਾ ਸੋਮਾ ਸਮਝਦਾ ਅਤੇ ਦੇਗ ਤੇਗ਼ ਉਨ੍ਹਾਂ ਦੀ ਕਿਰਪਾ ਨਾਲ ਪ੍ਰਾਪਤ ਹੋਈ ਦਸਦਾ ਹੈ। ਜ਼ਿੰਦਗੀ ਦੇ ਅੰਤਲੇ ਅਤੇ ਅਤਿ ਦੇ ਦੁਖਦਾਈ ਅਤੇ ਬਿਖੜੇ ਸਮੇਂ, ਜਦ ਕਿ ਇਕ ਪਾਸੇ ਭਿਆਨਕ ਤਸੀਹਾਂ ਭਰੀ ਮੌਤ ਸਾਹਮਣੇ ਮੂੰਹ ਅੱਡੀ ਖੜੀ ਸੀ। ਅਤੇ ਦੂਸਰੇ ਪਾਸੇ ਧਰਮ ਤਿਆਗ ਦੇਣ ਪਰ ਸੁਖੀ ਜੀਵਨ ਦੀਆਂ ਆਸਾਂ ਸਨ, ਇਕ ਸਮਕਾਲੀ ਲਿਖਾਰੀ ਅਨੁਸਾਰ ਬੰਦਾ ਸਿੰਘ ਦੀ ਧਰਮ ਪਰ ਦ੍ਰਿੜਤਾ ਹੈਰਾਨ ਕਰ ਦੇਣ ਵਾਲੀ ਸੀ। ‘ਫ਼ਤਿਹ ਦਰਸ਼ਨ’ ਤੋਂ ਬਿਨਾਂ ਉਸ ਦੇ ਸਾਰੇ ਜੀਵਨ ਵਿਚ ਕੋਈ ਭੀ ਐਸੀ ਗੱਲ ਨਹੀਂ ਜੋ ਉਸ ਦੇ ਵਿਰੁੱਧ ਕਹੀ ਜਾ ਸਕੇ ਅਤੇ ‘ਫ਼ਤਿਹ ਦਰਸ਼ਨ’ ਜਦ ਖ਼ਾਲਸੇ ਨੇ ਅਪ੍ਰਵਾਣ ਕਰ ਦਿੱਤੀ ਤਾਂ ਬੰਦਾ ਸਿੰਘ ਨੇ ਕੋਈ ਜ਼ਿੱਦ ਨਹੀਂ ਕੀਤੀ ਬਲਕਿ ਖ਼ਾਲਸੇ ਦੀ ਗੱਲ ਪ੍ਰਵਾਨ ਕਰ ਲਈ।

ਉਸ ਦੀ ਨਿਜੀ ਜਿੰਦਗੀ ਬੜੀ ਪਵਿੱਤਰ ਅਤੇ ਨਿਰਦੋਸ਼ ਸੀ ਅਤੇ ਖ਼ਾਲਸੇ ਦੀ ਰਹਿਤ ਦਾ ਉਹ ਪੱਕਾ ਧਾਰਣੀ ਸੀ ਜਿਸ ਲਈ ਉਹ ਆਪਣੇ ਹੁਕਮਨਾਮਿਆਂ ਵਿਚ ਜ਼ੋਰ ਦੇ ਕੇ ਕਹਿੰਦਾ ਹੈ ਕਿ “ਮੇਰਾ ਹੁਕਮੁ ਹੈ ਜੋ ਖ਼ਾਲਸੇ ਦੀ ਰਹਤ ਰਹੇਗਾ ਤਿਸ ਦੀ ਗੁਰੂ ਬਾਹੁੜੀ ਕਰੇਗਾ।” ਉਹ ਵੈਰੀ ਦੀ ਇਸਤਰੀ ਦੀ ਇੱਜ਼ਤ ਦੀ ਭੀ ਰਾਖੀ ਕਰਨ ਦੀ ਬੜੀ ਜੋਰਦਾਰ ਹਿਦਾਇਤ ਕਰਦਾ ਹੈ। ਇਹ ਠੀਕ ਹੈ ਕਿ ਉਸ ਨੇ ਵਿਆਹ ਕਰ ਲਿਆ ਸੀ, ਪਰ ਇਸ ਵਿਚ ਉਸ ਨੇ ਗੁਰੂ ਜੀ ਦੇ ਕਿਸੇ ਹੁਕਮ ਜਾਂ ਖ਼ਾਲਸੇ ਦੀ ਰਹਿਤ ਦੀ ਉਲੰਘਣਾ ਨਹੀਂ ਸੀ ਕੀਤੀ, ਉਸ ਨੇ ਕੋਈ ਕੁਰਹਿਤ ਨਹੀਂ ਕੀਤੀ। ਵਿਆਹ ਕਰਨਾ ਸਿੱਖੀ ਵਿਚ ਕੋਈ ਵਿਵਰਜਿਤ ਗੱਲ ਨਹੀਂ, ਬਲਕਿ ਸੰਸਾਰ-ਤਿਆਗੀ ਜੀਵਨ ਨੂੰ ਸਿੱਖੀ ਕੋਈ ਬਹੁਤਾ ਉੱਚਾ ਜੀਵਨ ਨਹੀਂ ਸਮਝਦੀ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਨੂੰ ਕੋਈ ਅਜਿਹਾ ਹੁਕਮ ਨਹੀਂ ਸੀ ਦੇ ਸਕਦੇ ਅਤੇ ਨਾ ਹੀ ਕੋਈ ਐਸੀ ਸਮਕਾਲੀ ਲਿਖਤ ਜਾਂ ਹੁਕਮਨਾਮਾ ਹੈ। ਜਿਸ ਵਿਚ ਕਿਸੇ ਐਸੇ ਹੁਕਮ ਦਾ ਜ਼ਿਕਰ ਹੋਵੇ । ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੋ ਮਿਸ਼ਨ ਉਸ ਨੂੰ ਸੌਂਪਿਆ ਗਿਆ ਸੀ ਉਸ ਪਰ ਜ਼ਿੰਦਗੀ ਭਰ ਉਹ ਪਰਪੱਕ ਰਿਹਾ ਅਤੇ ਉਸ ਲਈ ਆਪਣਾ ਸਭ ਕੁਝ ਕੁਰਬਾਨ ਕਰ ਗਿਆ । ਖ਼ਾਲਸੇ ਵਾਸਤੇ ਜੋ ਚਾਰ ਕੁਰਹਿਤਾਂ ਹਨ, ਉਨ੍ਹਾਂ ਵਿਚੋਂ ਉਸ ਨੇ ਕੋਈ ਕੁਰਹਿਤ ਨਹੀਂ ਕੀਤੀ। ਉਸ ਨੇ ਅੰਤਮ ਸ਼ਹੀਦੀ ਸਮੇਂ ਤਕ ਸਿੱਖੀ ਕੇਸਾਂ ਸੁਆਸਾਂ ਸਹਿਤ ਨਿਭਾਈ, ਉਸ ਨੇ ਕੁੱਠਾ ਮਾਸ ਨਹੀਂ ਖਾਧਾ, ਬਲਕਿ ਉਹ ਮਾਸ ਖਾਂਦਾ ਹੀ ਨਹੀਂ ਸੀ । ਉਸ ਨੇ ਆਪਣੀ ਵਿਆਹੀ ਇਸਤਰੀ ਤੋਂ ਬਿਨਾਂ ਕਿਸੇ ਨਾਲ ਕੁਸੰਗ ਨਹੀਂ ਕੀਤਾ। ਤਮਾਕੂ ਦਾ ਸੇਵਨ ਨਹੀਂ ਕੀਤਾ । ਇਸ ਲਈ ਉਸ ਦੇ ਜੀਵਨ ਵਿਚ ਕੋਈ ਅਜਿਹੀ ਗੱਲ ਨਹੀਂ ਜਿਸ ਨਾਲ ਸਿੱਖੀ ਦਾ ਕੋਈ ਅਸੂਲ ਭੰਗ ਹੁੰਦਾ ਹੋਵੇ ।

ਅਭੁੱਲ ਤਾਂ ਕੇਵਲ ਕਰਤਾਰ ਅਤੇ ਗੁਰੂ ਹੀ ਹੈ । ਬੰਦਾ ਸਿੰਘ, ਗੁਰੂ ਨਹੀ ਸੀ ਜਿਸ ਨੂੰ ਅਭੁੱਲ ਕਿਹਾ ਜਾਵੇ । ਹਰ ਮਨੁੱਖ ਭੁੱਲਣਹਾਰ ਹੈ। ਪਰ ਇਕ ਛੋਟੀ ਜਿਹੀ ਨਿਗੂਣੀ ਗੱਲ ਨੂੰ ਹੱਦੋਂ ਪਰੇ ਵਧਾ ਕੇ ਦੂਸਰੇ ਅਨੇਕਾਂ ਗੁਣਾਂ ਉੱਤੇ ਪਰਦਾ ਪਾ ਦੇਣਾ ਨਿਆਇ ਨਹੀਂ । ਇਹ ਠੀਕ ਹੈ ਕਿ ਬੰਦਾ ਸਿੰਘ ਨੇ ‘ਫ਼ਤਿਹ ਦਰਸ਼ਨ” ਦਾ ਜੈਕਾਰਾ ਵਰਤਣਾ ਸ਼ੁਰੂ ਕੀਤਾ ਸੀ, ਪਰ ਇਹ ਉਸ ਦੀ ਕਦੀ ਭੀ ਮਨਸ਼ਾ ਨਹੀਂ ਸੀ ਕਿ ਇਸ ਨੂੰ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ ਵਰਤਿਆ ਜਾਏਗਾ । ਪਰ ਚੂੰਕਿ ਹੌਲੀ ਹੌਲੀ ਇਸ ਦੇ ‘ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ ਵਰਤੇ ਜਾਣ ਦਾ ਡਰ ਪੈ ਗਿਆ ਜਾਪਦਾ ਹੈ ਇਸ ਲਈ ਖ਼ਾਲਸੇ ਨੇ ਇਸ ਨੂੰ ਅਪ੍ਰਵਾਨ ਕਰ ਦਿੱਤਾ । ਬੰਦਾ ਸਿੰਘ ਨੇ ਇਸ ਨੂੰ ਜਾਰੀ ਰੱਖਣ ਲਈ ਕੋਈ ਅੜੀ ਨਹੀਂ ਕੀਤੀ, ਇਸ ਲਈ ਇਸ ਸੰਬੰਧ ਵਿਚ ਬੰਦਾ ਸਿੰਘ ਅਤੇ ਖ਼ਾਲਸੇ ਦੇ ਦਰਮਿਆਨ ਕੋਈ ਮੱਤ-ਭੇਦ ਭੀ ਨਹੀਂ ਹੋਇਆ। ਇਸ ਤੋਂ ਬਿਨਾਂ ਹੋਰ ਕੋਈ ਭੀ ਗੱਲ ਉਸ ਦੇ ਵਿਰੁੱਧ ਨਹੀਂ ਕਹੀ ਜਾ ਸਕਦੀ। ਉਸ ਨੇ ਕਦੀ ਭੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੀ ਥਾਂ ਗੁਰੂ ਨਹੀਂ ਕਹਾਇਆ ਅਤੇ ਨਾ ਹੀ ਦਰਬਾਰ ਸਾਹਿਬ ਵਿਚ ਗੁਰੂ ਦੀ ਥਾਂ ਗਦੇਲਾ ਲਾ ਕੇ ਬੈਠਣ ਦੀ ਊਜ ਵਿਚ ਕੋਈ ਸੱਚਾਈ ਹੈ । ਜਦ ਉਹ ਅੰਮ੍ਰਿਤਸਰ ਜਾ ਹੀ ਨਹੀਂ ਸਕਿਆ, ਤਾਂ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ । ਸਭ ਤੋਂ ਵੱਡੀ, ਵਧੀਆ ਅਤੇ ਭਰੋਸੇ ਯੋਗ ਗਵਾਹੀ ਇਸ ਨੁਕਤੇ ਪਰ 12 ਪੋਹ ਸੰਮਤ 1 (12 ਦਸੰਬਰ, ਸੰਨ 1710) ਦੇ ਹੁਕਮਨਾਮੇ ਵਿਚ ਬੰਦਾ ਸਿੰਘ ਦੇ ਆਪਣੇ ਸ਼ਬਦ ਹਨ। ਜਿਨ੍ਹਾਂ ਵਿਚ ਗੁਰੂ ਸਾਹਿਬ ਦਾ ਜ਼ਿਕਰ ਆਪਣੇ ਆਪ ਤੋਂ ਬਿਲਕੁਲ ਵੱਖਰਾ ਆਉਂਦਾ ਹੈ । ‘ਗੁਰੂ’ ਸ਼ਬਦ ਵੱਖਰਾ ਆਉਂਦਾ ਹੈ ਅਤੇ ਆਪਣੇ ਲਈ ਉਸ ਨੇ ‘ਮੇਰਾ’ ਸ਼ਬਦ ਵੱਖਰਾ ਵਰਤਿਆ ਹੋਇਆ ਹੈ। ਉਹ ਹੁਕਮਨਾਮਾ ਉਸ ਨੇ ‘ਗੁਰੂ’ ਦੇ ਨਾਉਂ ਤੇ ਜਾਰੀ ਕੀਤਾ ਹੈ, ਗੁਰੂ ਦੀ ਹੈਸੀਅਤ ਵਿਚ ਨਹੀਂ। ਉਥੇ ਸ਼ਬਦ ਸਪੱਸ਼ਟ ਹਨ ਕ ‘ਸਰਬਤ ਖ਼ਾਲਸਾ ਜਉਨਪੁਰ ਕਾ ਗੁਰੂ ਰੱਖੇਗਾ। ਗੁਰੂ ਗੁਰੂ ਜਪਣਾ ਤੁਸੀਂ ਅਕਾਲ ਪੁਰਖ ਕਾ ਖ਼ਾਲਸਾ ਹੋ ਮੇਰਾ ਹੁਕਮ ਹੈ ਜੋ ਖ਼ਾਲਸੇ ਦੀ ਰਹਿਤ ਰਹੇਗਾ ਤਿਸ ਦੀ ਗੁਰੂ ਬਾਹੁੜੀ ਕਰੇਗਾ।”

ਬੰਦਾ ਸਿੰਘ ਦੀ ਜ਼ਿੰਦਗੀ ਵਿਚ ਕੋਈ ਵੱਖਰੀ ਸੰਪਰਦਾਇ ਭੀ ਖੜੀ ਨਹੀਂ ਹੋਈ ਅਤੇ ਨਾ ਹੀ ਖ਼ਾਲਸਿਆਂ ਅਤੇ ਦੂਸਰਿਆਂ ਉਨ੍ਹਾਂ ਵਿਚ ਜੋ ਬੰਦਾ ਸਿੰਘ ਦੀ ਹਰ ਇਕ ਗੱਲ ਨੂੰ ਸਭ-ਸੱਤ ਕਰਕੇ ਪ੍ਰਵਾਣ ਕਰਨ ਦੇ ਹੱਕ ਵਿਚ ਸਨ (ਅਤੇ ਜੋ ਬਾਅਦ ਵਿਚ ਬੰਦਈ ਸਿੱਖ ਕਰਕੇ ਪ੍ਰਸਿੱਧ ਹੋਏ) ਕੋਈ ਖੱਟ-ਪੱਟ ਹੀ ਹੋਈ। ਈਮਾਨਦਾਰ ਮੱਤ-ਭੇਦਾਂ ਦੇ ਕਾਰਣ ਥੋੜ੍ਹਾ ਬਹੁਤ ਵਖੇਵਾਂ ਹੋਣਾ ਕੋਈ ਬੜੀ ਗੱਲ ਨਹੀਂ, ਅਤੇ ਮੱਤ-ਭੇਦ ਕਿਥੇ ਨਹੀਂ ਹੁੰਦੇ? ਪਰ ਇਸ ਹਾਲਤ ਵਿਚ ਬੰਦਾ ਸਿੰਘ ਦੀ ਆਤਮਕ ਅਤੇ ਮਾਨਸਕ ਉੱਚਤਾ ਅਤੇ ਚੁੰਬਕ ਸ਼ਕਤੀ ਨੇ ਸਾਰਿਆਂ ਨੂੰ ਸ਼ਹੀਦੀਆਂ ਦੇ ਅੰਤਮ ਸਮੇਂ ਤਕ ਇਕ ਲੜੀ ਵਿਚ ਪਰੋਈ ਰਖਿਆ ਅਤੇ ਲਗ ਭਗ ਅੱਠ ਸੌ ਸਿੰਘਾਂ ਵਿਚੋਂ ਕੋਈ ਇਕ ਭੀ ਆਪਣੀ ਪਿਆਰੀ ਜਾਨ ਤਕ ਬਚਾਉਣ ਲਈ ਭੀ ਬੰਦਾ ਸਿੰਘ ਤੋਂ ਬੇਮੁੱਖ ਨਹੀਂ ਹੋਇਆ। ਕੇਵਲ ਬਾਬਾ ਬਿਨੋਦ ਸਿੰਘ ਹੀ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਜੰਗ ਦੇ ਪ੍ਰਬੰਧ ਸੰਬੰਧੀ ਮਤ-ਭੇਦ ਦੇ ਕਾਰਣ ਨਿਕਲ ਆਏ ਸਨ। ਇਸ ਵਿਚ ਕਿਸੇ ਧਾਰਮਕ ਜਾਂ ਹੋਰ ਅਸੂਲ ਸੰਬੰਧੀ ਦੋਹਾਂ ਵਿਚ ਕੋਈ ਵਖੇਵਾਂ ਨਹੀਂ ਸੀ । ਕੇਵਲ ਇਹ ਹੀ ਨਹੀਂ । ਬਲਕਿ ਉਨ੍ਹਾਂ ਸਿੰਘਾਂ ਵਿਚੋਂ ਭੀ, ਜਿਹੜੇ ਲਾਹੌਰ ਤੋਂ ਦਿੱਲੀ ਤਕ ਪਿੰਡਾਂ ਵਿਚੋਂ ਜਾਂ ਰਸਤੇ ਵਿਚੋਂ ਫੜ ਕੇ ਲਿਆਂਦੇ ਸਨ, ਕਿਸੇ ਨੇ ਆਪਣੇ ਆਗੂ ਬੰਦਾ ਸਿੰਘ ਤੋਂ ਮੂੰਹ ਨਹੀਂ ਮੋੜਿਆ । ਉਹ ਸੁਖਾਲੇ ਹੀ ਕਹਿ ਸਕਦੇ ਸਨ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ, ਬੰਦਾ ਸਿੰਘ ਨਾਲ ਸਾਡਾ ਕੋਈ ਸੰਬੰਧ ਨਹੀਂ । ਬਲਕਿ ਇਸ ਦੇ ਉਲਟ ਸਾਰਿਆਂ ਨੇ ਹੀ ਉਸ ਦੇ ਨਾਲ ਰਲ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਮੂੰਹੋਂ ਇਕ ਅੱਖਰ ਭੀ ਵਿਰੁੱਧ ਨਹੀਂ ਉਚਰਿਆ ।

ਜਿਸ ਝਗੜੇ ਦਾ ਜ਼ਿਕਰ ਭੰਗੂ ਰਤਨ ਸਿੰਘ ਨੇ ਆਪਣੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਬੰਦਈ ਅਤੇ ਤੱਤ-ਖ਼ਾਲਸੇ ਦੇ ਦਰਮਿਆਨ ਮਾਤਾ ਸੁੰਦਰੀ ਜੀ ਦੀ ਫ਼ਰੁੱਖ਼-ਸੀਅਰ ਨਾਲ ਹੋਈ ਗੱਲ ਬਾਤ ਦੇ ਸਿੱਟੇ ਦੇ ਤੌਰ ਤੇ ਕੀਤਾ ਹੈ, ਉਸ ਦੀ ਅਸਲੀਅਤ ਦੀ ਖੋਜ ਪੜਤਾਲ ਲਈ ਅਸੀਂ ਸਾਰੇ ਸਮਕਾਲੀ ਕਾਗਜ਼ ਪੱਤਰ ਅਤੇ ਲਿਖਤਾਂ ਵੇਖੀਆਂ ਹਨ, ਪਰ ਕਿਸੇ ਵਿਚ ਭੀ ਕੋਈ ਐਸੀ ਗੱਲ ਨਹੀਂ ਲੱਭੀ ਜਿਸ ਤੋਂ ਇਸ ਦਾ ਇਸ਼ਾਰਾ ਭੀ ਮਿਲਦਾ ਹੋਵੇ ਅਤੇ ਭੰਗੂ ਰਤਨ ਸਿੰਘ ਦੀ ਪੁਸ਼ਟੀ ਹੁੰਦੀ ਹੋਵੇ । ਸਰਕਾਰੀ ਰੋਜ਼ਨਾਮਚੇ, ਕਾਮਵਰ ਖ਼ਾਨ ਦਾ ‘ਤਜ਼ਾਕਿਰਾਤੂ-ਸਲਾਤੀਨ’, ਮੁਹੰਮਦ ਅਹਿਸਨ ਈਜਾਦ ਦਾ ‘ਫ਼ਰੁੱਖ਼-ਸੀਅਰ ਨਾਮਾ’, ਸ਼ਿਵ ਦਾਸ ਦੇ ‘ਮੁਨੱਵਰੁਲ ਕਲਾਮ ਅਤੇ ‘ਫ਼ਰੁੱਖ਼-ਸੀਅਰ ਨਾਮਾ, ਰਾਏ ਚਤਰ ਮਨ ਦਾ ‘ਚਹਾਰ ਗਲਸ਼ਨ’, ਖ਼ਾਫ਼ੀ ਖ਼ਾਨ ਦਾ ‘ਮੁੰਤਖ਼ਬੁਲ-ਲੁਬਾਬ’, ਮਿਰਜਾ ਮੁਹੰਮਦ ਹਾਰਿਸੀ ਦੇ ‘ਇਬਰਤ-ਨਾਮਾ’ ਅਤੇ ‘ਤਾਰੀਖਿ-ਮੁਹੰਮਦੀ’, ਯਾਹੀਆ ਖ਼ਾਨ ਦਾ ‘ਤਜ਼ਕਿਰਾਤੁਲ-ਮਲੂਕ’ ਅਤੇ ਹੋਰ ਲਿਖਾਰੀਆਂ ਦੀਆਂ ਪੁਸਤਕਾਂ ਜਿਵੇਂ ਕਿ ਗ਼ੁਲਾਮ ਹੁਸੈਨ ਖ਼ਾਨ ਦੀ ‘ਸੀਅਰੁਲ ਮੁਤਾਖ਼ਰੀਨ’, ਸੋਹਨ ਲਾਲ ਦੀ ‘ਉਮਦਾ-ਤੁ-ਤਵਾਰੀਖ’, ਅਲੀਉ-ਦੀਨ ਦਾ ‘ਇਬਰਤ ਨਾਮਾ’, ਬੂਟੇ ਸ਼ਾਹ ਦੀ ‘ਤਾਰੀਖਿ-ਪੰਜਾਬ’, ਖੁਸ਼ਵਕਤ ਰਾਏ ਦੀ ‘ਤਵਾਰੀਖਿ-ਸਿੱਖਾਂ’ ਅਤੇ ਮੈਗਰੈਗਰ, ਥੌਰਨਟਨ, ਕਨ੍ਹਈਆ ਲਾਲ, ਮੁਹੰਮਦ ਲਤੀਫ ਆਦਿ ਦੀਆਂ ਪੰਜਾਬ ਦੀਆਂ ਤਵਾਰੀਖਾਂ ਅਤੇ ਸਰੂਪ ਦਾਸ ਦਾ ‘ਮਹਿਮਾ ਪ੍ਰਕਾਸ਼’ ਅਤੇ ਭਾਈ ਸੰਤੋਖ ਸਿੰਘ ਦਾ ‘ਸੂਰਜ ਪ੍ਰਕਾਸ਼’ ਇਸ ਗੱਲ ਸੰਬੰਧੀ ਸਭ ਚੁਪ ਹਨ। ਇਸ ਗੱਲ ਉੱਤੇ ਯਕੀਨ ਕਰ ਸਕਣਾ ਅਸੰਭਵ ਹੈ ਕਿ ਬੰਦਾ ਸਿੰਘ ਵਰਗੇ ਮਹਾਨ ਵੈਰੀ ਨੂੰ ਸਰ ਕਰਨ ਲਈ ਬਾਦਸ਼ਾਹ ਫ਼ਰੁੱਖ਼-ਸੀਅਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਧਵਾ ਮਾਤਾ ਸੁੰਦਰੀ ਦੇ ਦਰਮਿਆਨ ਹੋਈ ਗੱਲ-ਬਾਤ ਜਾਂ ਲਿਖਾ-ਪੜ੍ਹੀ ਇਨ੍ਹਾਂ ਸਾਰੇ ਇਤਿਹਾਸਕਾਰਾਂ ਦੀ ਨਜ਼ਰੋਂ ਉਹਲੇ ਰਹਿ ਗਈ ਹੋਵੇ । ‘ਅਖਬਾਰਿ-ਦਰਬਾਰਿ-ਮੁਅੱਲਾ’ ਅਤੇ ‘ਤਜ਼ਕਿਰਾਤਿ-ਸਲਾਤੀਨ’ ਦਿਨੋ ਦਿਨ ਬੰਦਾ ਸਿੰਘ ਸੰਬੰਧੀ ਖ਼ਬਰਾਂ ਅਤੇ ਬਾਦਸ਼ਾਹੀ ਹੁਕਮਾਂ ਦਾ ਚੋਖਾ ਵੇਰਵਾ ਦਿੰਦੇ ਹਨ ਪਰ ਉਹ ਇਸ ਗੱਲ-ਬਾਤ ਜਾਂ ਲਿਖਾ-ਪੜ੍ਹੀ ਦਾ ਕਿਧਰੇ ਇਸ਼ਾਰਾ ਤਕ ਭੀ ਨਹੀਂ ਕਰਦੇ। ਦੂਸਰੇ ਪਾਸੇ ਉਨ੍ਹਾਂ ਦਿਨਾਂ ਵਿਚ ਹੀ ਜਦ ਕਿ ਇਹ ਗੱਲ-ਬਾਤ ਹੋ ਰਹੀ ਦੱਸੀ ਜਾਂਦੀ ਹੈ, ਬਾਦਸ਼ਾਹ ਵੱਲੋਂ 10 ਮਾਰਚ ਸੰਨ 1715 (15 ਰੱਬੀ-ਉਲ-ਅੱਵਲ 1127 ਹਿਜਰੀ) ਨੂੰ ਅਬਦੁੱਸਮਦ ਖ਼ਾਨ ਨੂੰ ਇਕ ਤਾੜਨਾ ਭਰੀ ਚਿੱਠੀ ਭਿਜਵਾਈ ਗਈ ਸੀ ਅਤੇ ਮੁਹੰਮਦ ਅਮੀਨ ਖ਼ਾਨ ਦੇ ਪੁੱਤਰ ਕਮਰੁੱਦੀਨ ਖ਼ਾਨ, ਅਫ਼ਰਾ ਸਿਆਬ ਖ਼ਾਨ, ਮੁਜ਼ੱਫ਼ਰ ਖ਼ਾਨ, ਰਾਜਾ ਉਦਿਤ ਸਿੰਘ ਬੁੰਦੇਲਾ, ਰਾਜਾ ਗੋਪਾਲ ਸਿੰਘ ਭਦਾੜਵੀਆ, ਆਦਿ ਨੂੰ ਅਬਦੁੱਸਮਦ ਖ਼ਾਨ ਦੀ ਸਹਾਇਤਾ ਲਈ ਭੇਜਿਆ ਗਿਆ। ਸੀ। ‘ਮਹਮਾ ਪ੍ਰਕਾਸ਼’ ‘ਸੂਰਜ ਪ੍ਰਕਾਸ਼’, ‘ਚਹਾਰ ਗੁਲਸ਼ਨ’, ਮੁਹੰਮਦ ਹਾਰਿਸੀ ਦੀ ‘ਤਾਰੀਖਿ ਮੁਹੰਮਦੀ’ ਆਦਿ ਵਿਚ ਦਿੱਲੀ ਵਿਚ ਮਾਤਾ ਸੁੰਦਰੀ ਦੇ ਜੀਵਨ, ਪਾਲਕ-ਪੁੱਤਰ ਅਜੀਤ ਸਿੰਘ ਦੇ ਕਾਰਨਾਮਿਆਂ, ਮਾਤਾ ਸੁੰਦਰੀ ਵੱਲੋਂ ਅਜੀਤ ਸਿੰਘ ਦੀ ਬੇਦਖ਼ਲੀ, ਉਸ ਦੇ ਇਕ ਬੇਨਵਾ ਫ਼ਕੀਰ ਨੂੰ ਮਾਰ ਦੇਣ ਦੇ ਕਾਰਨ ਫੜੇ ਅਤੇ ਮਾਰੇ ਜਾਣ ਅਤੇ ਉਸ ਦੇ ਪੁੱਤਰ ਹਠੀ ਸਿੰਘ ਦੇ ਮਥੁਰਾ ਲਿਜਾਏ ਜਾਣ ਸੰਬੰਧੀ ਕਾਫ਼ੀ ਵੇਰਵੇ ਸਹਿਤ ਹਾਲਾਤ ਦਿੱਤੇ ਹੋਏ ਹਨ ਪਰ ਬਾਦਸ਼ਾਹ ਫ਼ਰੁੱਖ਼-ਸੀਅਰ ਨਾਲ ਲਿਖਾ ਪੜ੍ਹੀ ਜਾਂ ਗੱਲ-ਬਾਤ ਦਾ ਇਨ੍ਹਾਂ ਵਿਚ ਉੱਕਾ ਹੀ ਕੋਈ ਜ਼ਿਕਰ ਨਹੀਂ। ਕਿਸੇ ਭਰੋਸੇ ਯੋਗ ਗਵਾਹੀ ਤੋਂ ਬਗ਼ੈਰ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਇਕ ਮਨਘੜਤ ਕਲਪਣਾ ਤੋਂ ਬਿਨਾਂ ਇਸ ਦਾ ਕੋਈ ਮੁੱਲ ਨਹੀਂ। ਇਹੋ ਹੀ ਮੁਹੰਮਦ ਅਸਲਮ ਖ਼ਾਨ ਨਾਇਬ ਸੂਬੇਦਾਰ ਅਤੇ ਬੰਦਾ ਸਿੰਘ ਦੇ ਵਿਚਕਾਰ ਘੜੀ ਗਈ ਗੱਲ-ਬਾਤ ਬਾਬਤ ਕਿਹਾ ਜਾ ਸਕਦਾ ਹੈ । ਮੁਹੰਮਦ ਅਸਲਮ ਖ਼ਾਨ ਬਾਦਸ਼ਾਹ ਬਹਾਦੁਰ ਸ਼ਾਹ ਦੇ ਵੇਲੇ ਹੀ ਮਰ ਗਿਆ ਸੀ । ਮਾਲੂਮ ਹੁੰਦਾ ਹੈ ਕਿ ਭੰਗੂ ਰਤਨ ਸਿੰਘ ਦੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਇਨ੍ਹਾਂ ਸੰਬੰਧੀ ਜ਼ਿਕਰ ਕਿਸੇ ਗ਼ਲਤ ਖ਼ਬਰ ਦੇ ਆਧਾਰ ਉੱਤੇ ਹੈ, ਸੱਚਾਈ ਉੱਤੇ ਉੱਕਾ ਹੀ ਨਹੀਂ ।

ਬੰਦਾ ਸਿੰਘ ਨੇ ਕੇਵਲ ਲੋਕਾਂ ਦੇ ਦੁੱਖ ਦਰਦ ਅਤੇ ਉਨ੍ਹਾਂ ਪਰ ਹੋ ਰਹੇ ਅਨਿਆਇ ਨੂੰ ਦੂਰ ਕਰਨ ਲਈ ਆਪਣੇ ਸਿਰ ਸੇਵਾ ਲਈ ਸੀ ਅਤੇ ਇਹ ਕੇਵਲ ਨਿਸ਼ਕਾਮ ਸੇਵਾ ਸੀ, ਕੋਈ ਹੋਰ ਮੰਤਵ ਇਸ ਦੇ ਪਿੱਛੇ ਨਹੀਂ ਸੀ । ਉਹ ਆਪ ਨਿਆਇ ਦਾ ਪੁਤਲਾ ਸੀ ਅਤੇ ਤੁਰਤ ਫੁਰਤ ਨਿਆਇ ਦਾ ਹਾਮੀ ਸੀ । ਨਿੱਕਾ ਵੱਡਾ ਉਸ ਲਈ ਸਭ ਬਰਾਬਰ ਸਨ । ਵੱਡੇ ਤੋਂ ਵੱਡੇ ਸਰਦਾਰ ਨੂੰ ਭੀ ਉਸ ਦੇ ਜੁਰਮ ਦੇ ਬਦਲੇ ਉਹ ਤੋਪ ਨਾਲ ਉਡਾ ਦੇਣੋਂ ਨਹੀਂ ਸੀ ਝਿਜਕਦਾ ਤਾਂ ਕਿ ਦੂਸਰਿਆਂ ਨੂੰ ਕੰਨ ਹੋ ਜਾਣ। ‘ਬੰਸਾਵਲੀ ਨਾਮੇ’ ਦਾ ਕਰਤਾ ਕੇਸਰ ਸਿੰਘ ਛਿੱਬਰ, ਸਿੰਘਾਂ ਸਰਦਾਰਾਂ ਪ੍ਰਤੀ ਬੰਦਾ ਸਿੰਘ ਦੇ ਬਚਨ ਇਉਂ ਦਿੰਦਾ ਹੈ :

‘ਰਾਜੇ ਚੁਲੀ ਨਿਆਉਂ ਕੀ’

ਇਉਂ ਗਿਰੰਥ ਵਿਚ ਲਿਖਿਆ ਲਹਿਆ।

ਨਿਆਉਂ ਨ ਕਰੇ ਤ ਨਰਕ ਜਾਏ।

ਰਾਜਾ ਹੋਇ ਕੇ ਨਿਆਉਂ ਕਮਾਏ ॥੪੩ ।

ਪੁਰਖ ਬਚਨ ਮੁਝ ਕੋ ਐਸੇ ਹੈ ਕੀਤਾ ।

ਮਾਰਿ ਪਾਪੀ, ਮੈਂ ਵੈਰ ਪੁਰਖ ਦਾ ਲੀਤਾ।

ਜੇ ਤੁਸੀਂ ਉਸ ਪੁਰਖ ਕੇ ਸਿਖ ਅਖਾਓ।

ਤਾ ਪਾਪ ਅਧਰਮ ਅਨਿਆਉ ਨ ਕਮਾਓ ॥੪੪ ।

ਸਿਖ ਉਬਾਰਿ, ਅਸਿਖ ਸੰਘਾਰੋ।

ਪੁਰਖ ਦਾ ਕਹਿਆ ਹਿਰਦੇ ਧਾਰੋ……

ਭੇਖੀ, ਲੰਪਟ, ਪਾਪੀ ਚੁਨਿ ਮਾਰੋ ।੪੫ ।

ਜੰਗ ਦੇ ਮੈਦਾਨ ਵਿਚ ਬੰਦਾ ਸਿੰਘ ਬਹਾਦੁਰਾਂ ਦਾ ਬਹਾਦਰ ਅਤੇ ਬੜਾ ਦਲੇਰ ਸੀ ਅਤੇ ਕਈ ਵਾਰ ਦਲੇਰੀ ਵਿਚ ਬੇਪ੍ਰਵਾਹੀ ਦੀ ਹੱਦ ਤਕ ਚਲਾ ਜਾਂਦਾ ਸੀ । ਭਾਵੇਂ ਉਸ ਨੇ ਵੈਰੀਆਂ ਦੇ ਲੋਕਾਂ ਪਰ ਅਤਿਆਚਾਰਾਂ ਤੋਂ ਦੁੱਖੀ ਹੋ ਕੇ ਜੰਗ ਛੇੜੇ ਸਨ ਪਰ ਉਸ ਨੇ ਵੈਰੀਆਂ ਦੀ ਤਰ੍ਹਾਂ ਕੋਈ ਵਧੀਕੀਆਂ ਨਹੀਂ ਕੀਤੀਆਂ । ਮੁਸਲਮਾਨ ਲਿਖਾਰੀਆਂ ਨੇ ਉਸ ਨੂੰ ਬੜੇ ਭੈੜੇ ਰੰਗ ਵਿਚ ਪੇਸ਼ ਕੀਤਾ ਹੈ ਪਰ ਥੌਰਨਟਨ ਕਹਿੰਦਾ ਹੈ, “ਅਜਿਹੇ ਮਾਮਲੇ ਵਿਚ ਕਿਸੇ ਮੁਸਲਮਾਨ ਲਿਖਾਰੀ ਉੱਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ।” ਉਹ ਪਹਿਲਾਂ ਕਦੀ ਛੇੜਖਾਨੀ ਨਹੀਂ ਸੀ ਕਰਦਾ ਅਤੇ ਨਾ ਹੀ ਕਿਸੇ ਉੱਤੇ ਸਖ਼ਤੀ ਕਰਦਾ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ ਉਹ ਉਸੇ ਵੇਲੇ ਤਲਵਾਰ ਫੜਨਾ ਜਾਇਜ ਸਮਝਦਾ ਸੀ ਜਦ ਕਿ ਹੋਰ ਕੋਈ ਵਸੀਲਾ ਰਹਿ ਹੀ ਨਾ ਜਾਏ । ਜਦ ਅਸੀਂ ਉਨ੍ਹਾਂ ਹਾਲਾਤ ਵੱਲ ਵੇਖਦੇ ਹਾਂ ਜਿਨ੍ਹਾਂ ਵਿਚ ਕਿ ਬੰਦਾ ਸਿੰਘ ਨੂੰ ਤਲਵਾਰ ਫੜਨ ਪਰ ਮਜ਼ਬੂਰ ਹੋਣਾ ਪਿਆ ਤਾਂ ਸਾਨੂੰ ਪ੍ਰਤੱਖ ਮਾਲੂਮ ਹੁੰਦਾ ਹੈ ਕਿ ਉਹ ਅਕਾਰਣ ਹੀ ਕੋਈ ਸਖ਼ਤੀ ਨਹੀਂ ਸੀ ਕਰਦਾ ਬਲਕਿ ਅਕਾਰਣ ਜ਼ੁਲਮ ਕਰਨ ਵਾਲਿਆਂ ਦਾ ਵੈਰੀ ਸੀ ਜਿਨ੍ਹਾਂ ਨੂੰ ਕਿ ਰੱਬ ਵੱਲੋਂ ਡੰਡ ਮਿਲਣ ਵਿਚ ਦੇਰ ਹੋ ਗਈ ਜਾਪਦੀ ਸੀ । ਉਹ ਕੇਵਲ ਦੇਸ਼-ਸੇਵਾ ਦੇ ਭਾਵ ਨਾਲ ਜੰਗ ਵਿਚ ਕੁੱਦਿਆ ਸੀ ਜਿਸ ਦੀ ਜੋਤਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਮਨ ਵਿਚ ਜਗਾਈ ਸੀ । ਅਤੇ ਜਦ ਇਕ ਵਾਰੀ ਜੰਗ ਛਿੜ ਪਈ ਤਾਂ ਫੇਰ ਉਹ ਪਿੱਛੇ ਰਹਿਣ ਵਾਲਾ ਨਹੀਂ ਸੀ, ਬਲਕਿ ਵੈਰੀ ਦੇ ਹੱਲੇ ਤੋਂ ਪਹਿਲਾਂ ਸੱਟ ਮਾਰਨ ਵਿਚ ਆਪਣਾ ਬਚਾਉ ਸਮਝਦਾ ਸੀ ਅਤੇ ਸਦਾ ਸਰਬ-ਲੋਹ ਦੀ ਰੱਛਿਆ ਮੰਗਦਾ ਸੀ । ਉਸ ਨੇ ਆਪਣੇ ਆਦਮੀਆਂ ਨੂੰ ਕਦੀ ਬੇਲੋੜੇ ਜੰਗ ਵਿਚ ਨਹੀਂ ਝੋਕਿਆ ਅਤੇ ਸਾਰੇ ਉਤਰਾਓ ਚੜ੍ਹਾਓ ਵੇਖਣ ਤੋਂ ਬਗ਼ੈਰ ਕਦੀ ਲੜਾਈ ਵਿਚ ਨਹੀਂ ਸੀ ਕੁੱਦਦਾ ਅਤੇ ਜਿਵੇਂ ਮੌਕਾ ਹੁੰਦਾ ਸੀ ਉਹ ਜੰਗ ਵਿਚ ਡਟ ਜਾਂਦਾ ਜਾਂ ਪਿੱਛੇ ਹੱਟ ਜਾਂਦਾ ਸੀ । ਉਹ ਘੱਟ ਤੋਂ ਘੱਟ ਨੁਕਸਾਨ ਨਾਲ ਵੱਧ ਤੋਂ ਵੱਧ ਸਫ਼ਲਤਾ ਪ੍ਰਾਪਤ ਕਰਨ ਦਾ ਜਤਨ ਕਰਦਾ ਸੀ । ਭਾਵੇਂ ਸਿੰਘਾਂ ਪਾਸ ਜੰਗ ਦਾ ਸਾਮਾਨ ਬੜਾ ਹੀ ਥੋੜ੍ਹਾ ਸੀ ਅਤੇ ਮੁਗ਼ਲ ਹਕੂਮਤ ਦੇ ਟਾਕਰੇ ਤੇ ਆਟੇ ਵਿਚ ਲੂਣ ਬਰਾਬਰ ਭੀ ਨਹੀਂ ਸੀ, ਤਾਂ ਭੀ ਜੋ ਸਫ਼ਲਤਾ ਉਸ ਨੂੰ ਪ੍ਰਾਪਤ ਹੋਈ ਉਸ ਦਾ ਕਾਰਣ ਬੰਦਾ ਸਿੰਘ ਦੀ ਅਥਾਹ ਦਲੇਰੀ ਅਤੇ ਫੁਰਤੀ ਸੀ ਜਿਸ ਨੂੰ ਸਿੰਘਾਂ ਦੀ ਅਜਿੱਤ ਸਪਿਰਿਟ ਅਤੇ ਅਡੋਲ ਬਹਾਦੁਰੀ ਤੋਂ ਸਹਾਇਤਾ ਮਿਲਦੀ ਸੀ । ਇਨ੍ਹਾਂ ਦੇ ਪਿੱਛੇ ਉਹ ਤਾਕਤ ਅਤੇ ਦ੍ਰਿੜ੍ਹਤਾ ਕੰਮ ਕਰ ਰਹੀ ਸੀ ਜੋ ਕੇਵਲ ਧਰਮ, ਨੀਅਤ ਦੀ ਪਵਿੱਤਰਤਾ ਅਤੇ ਨਿਸ਼ਕਾਮ ਦੇਸ਼ ਸੇਵਾ ਦੇ ਜਜ਼ਬੇ ਤੋਂ ਹੀ ਪ੍ਰਾਪਤ ਹੁੰਦੀ ਅਤੇ ਟਿਕੀ ਰਹਿ ਸਕਦੀ ਹੈ। ਜਦ ਕਦੀ ਅਤਿ ਦੀ ਬਿਪਤਾ ਅਤੇ ਭੀੜ ਭੀ ਆ ਬਣੀ, ਉਸ ਨੂੰ ਸ਼ੋਕ ਅਤੇ ਨਿਰਾਸਤਾ ਨੇ ਬਲਹੀਣ ਨਹੀਂ ਕੀਤਾ ਬਲਕਿ ਉਹ ਹਰ ਹਾਲਤ ਵਿਚ ਚੜ੍ਹਦੀਆਂ ਕਲਾਂ ਵਿਚ ਰਿਹਾ।

ਜੇ ਬੰਦਾ ਸਿੰਘ ਆਪਣੇ ਆਜ਼ਾਦ ਕਰਾਏ ਹੋਏ ਇਲਾਕਿਆਂ ਨੂੰ ਪੱਕੀ ਤਰ੍ਹਾਂ ਕਾਇਮ ਨਹੀਂ ਰੱਖ ਸਕਿਆ, ਤਾਂ ਉਸ ਦਾ ਵੱਡਾ ਕਾਰਣ ਇਹ ਸੀ ਕਿ ਮੁਗ਼ਲ ਹਕੂਮਤ ਹਾਲ ਤਕ ਬਹੁਤ ਜਿਆਦਾ ਤਾਕਤਵਰ ਸੀ ਅਤੇ ਉਸ ਦੇ ਅਨੰਤ ਆਦਮੀਆਂ ਅਤੇ ਜੰਗੀ ਸਾਮਾਨ ਦੇ ਟਾਕਰੇ ਉੱਤੇ ਸਿੰਘਾਂ ਦੀ ਤਾਕਤ ਬਹੁਤ ਹੀ ਘੱਟ ਸੀ । ਸਢੌਰੇ ਅਤੇ ਗੁਰਦਾਸ ਨੰਗਲ ਵਿਚ ਸਿੰਘਾਂ ਨੂੰ ਪਹਿਲੇ ਖਾਣੇ ਦਾਣੇ ਦੇ ਘਾਟੇ ਅਤੇ ਭੁੱਖ ਨੇ ਲਾਚਾਰ ਕਰ ਦਿੱਤਾ ਅਤੇ ਪਿੱਛੋਂ ਮੁਗ਼ਲ ਲਸ਼ਕਰੀਆਂ ਦੀ ਅਥਾਹ ਗਿਣਤੀ ਦੇ ਹੜ੍ਹ ਨੇ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ । ਹਥਿਆਰਾਂ ਅਤੇ ਬਰੂਦ ਸਿੱਕੇ ਦਾ ਤਾਂ ਕਹਿਣਾ ਹੀ ਕੀ ਹੋਇਆ। ਇਹੋ ਹੀ ਨਹੀਂ ਖ਼ਾਲਸਿਆਂ ਨੂੰ ਸੁਤੰਤਰਤਾ ਦੀ ਇਸ ਲੜਾਈ ਵਿਚ ਸਾਰਾ ਭਾਰ ਇਕੱਲਿਆਂ ਹੀ ਸਹਿਣਾ ਪਿਆ । ਸਿੰਘਾਂ ਨੇ ਹਿੰਦੂਆਂ ਦੀ ਆਜਾਦੀ ਲਈ ਬੀੜਾ ਚੁੱਕਿਆ ਸੀ, ਪਰ ਕਿਸੇ ਇਕ ਭੀ ਉੱਘੇ ਹਿੰਦੂ ਨੇ ਉਨ੍ਹਾਂ ਦੀ ਸਹਾਇਤਾ ਨਾ ਕੀਤੀ, ਬਲਕਿ ਉਨ੍ਹਾਂ ਦੇ ਵੱਡੇ ਵੱਡੇ ਸਾਰੇ ਰਾਜੇ ਮੁਗ਼ਲਾਂ ਦੀ ਸਹਾਇਤਾ ਲਈ ਸਿੰਘਾਂ ਵਿਰੁੱਧ ਆਪਣੇ ਲਾਓ ਲਸ਼ਕਰ ਸਮੇਤ ਚੜ੍ਹ ਆਏ। ਰਾਜਾ ਅਜੀਤ ਸਿੰਘ ਜੋਧਪੁਰੀਆ, ਰਾਜਾ ਜੈ ਸਿੰਘ ਜੈਪੁਰੀਆ, ਰਾਜਾ ਚਤਰ ਸਾਲ ਬੰਦੇਲਾ, ਚੂੜਾਮਨਿ ਜਾਟ, ਗੋਪਾਲ ਸਿੰਘ ਭਦਾਵੜੀਆ, ਉਦਿੱਤ ਸਿੰਘ ਬੁੰਦੇਲਾ, ਬਦਲ ਸਿੰਘ ਬੁੰਦੇਲਾ, ਬਚਨ ਸਿੰਘ ਕਛਵਾਹਾ, ਸ਼ਿਵਾਲਕ ਪਹਾੜ ਦੇ ਰਾਜੇ ਆਦਿ ਸਭ ਸਿੰਘਾਂ ਦੇ ਵਿਰੁੱਧ ਆ ਜੁੜੇ ਸਨ । ਬੰਦਾ ਸਿੰਘ ਦੇ ਕਾਰਨਾਮਿਆਂ ਤੋਂ ਬੜੀਆਂ ਆਸਾਂ ਸਨ ਪਰ ਸਮੇਂ ਨੇ ਸਾਥ ਨਾ ਦਿੱਤਾ ਅਤੇ ਉਸ ਦਾ ਜੀਵਨ ਵਿਚਕਾਰ ਹੀ ਟੁੱਟ ਗਿਆ । ਬਾਹਰੋਂ ਭਾਵੇਂ ਉਹ ਆਜ਼ਾਦੀ ਦੇ ਯੁੱਧ ਵਿਚ ਸਫ਼ਲ ਹੋਇਆ ਨਾ ਦਿਸੇ, ਪਰ ਸੁਤੰਤਰਤਾ ਦੀ ਜੋ ਚੰਗਿਆੜੀ ਗੁਰੂ ਗੋਬਿੰਦ ਸਿੰਘ ਨੇ ਸੁਲਗਾਈ ਸੀ ਅਤੇ ਜਿਸ ਨੂੰ ਬੰਦਾ ਸਿੰਘ ਨੇ ਹਵਾ ਝੱਲੀ ਸੀ, ਬੁਝਾਈ ਨਾ ਜਾ ਸਕੀ ਬਲਕਿ ਚਾਲੀ ਵਰ੍ਹਿਆਂ ਪਿਛੋਂ ਉਹ ਭਾਂਬੜ ਵਾਂਙ ਮਚ ਉੱਠੀ ਅਤੇ ਪੰਜਾਬ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਵਾ ਕੇ ਹੀ ਠੰਢੀ ਹੋਈ।

ਭਾਵੇਂ ਬੰਦਾ ਸਿੰਘ ਦੀ ਦਿੱਲੀ ਵਿਚ ਸ਼ਹੀਦੀ ਤੋਂ ਬਾਅਦ ਸਿੱਖਾਂ ਉੱਤੇ ਅਤਿ ਦੀ ਸਖ਼ਤੀ ਸ਼ੁਰੂ ਹੋ ਗਈ ਅਤੇ ਬਾਦਸ਼ਾਹ ਫ਼ਰੁੱਖ਼-ਸੀਅਰ ਨੇ ਬਹਾਦੁਰ ਸ਼ਾਹ ਬਾਦਸ਼ਾਹ ਵਾਲਾ ਹੁਕਮ ਮੁੜ ਜਾਰੀ ਕਰ ਦਿੱਤਾ ਕਿ ਜਿਥੇ ਕਿਧਰੇ ਭੀ ਕੋਈ ਸਿੱਖ ਮਿਲੇ ਮਾਰ ਦਿੱਤਾ ਜਾਏ ਪਰ ਜੋ ਮਿਸ਼ਨ ਗੁਰੂ ਗੋਬਿੰਦ ਸਿੰਘ ਰਾਹੀਂ ਸਿਰੇ ਚਾੜ੍ਹਨਾ ਮਿਥਿਆ ਸੀ ਉਸ ਨੂੰ ਅਸਫ਼ਲ ਹੋਇਆ ਨਹੀਂ ਕਿਹਾ ਜਾ ਸਕਦਾ। ‘ਹਿਸਟਰੀ ਔਫ਼ ਦੀ ਸਿਖਸ’ ਵਿਚ ਪੇਨ ਲਿਖਦਾ ਹੈ ਕਿ “ਕਿ (ਗੁਰੂ) ਗੋਬਿੰਦ ਸਿੰਘ ਦਾ ਮਿਸ਼ਨ ਨਾਕਾਮਯਾਬ ਨਹੀਂ ਸੀ ਹੋਇਆ । ਭਾਵੇਂ ਸਿੱਖਾਂ ਦਾ ਸੰਗਠਨ ਨਹੀਂ ਸੀ ਰਿਹਾ ਅਤੇ ਉਹ ਖਿੰਡ ਪੁੰਡ ਗਏ ਸਨ, ਉਨ੍ਹਾਂ ਦਾ ਕੋਈ ਆਗੂ ਨਹੀਂ ਸੀ ਰਿਹਾ, ਇਕ ਗਜ਼ ਥਾਂ ਭੀ ਆਪਣੀ ਕਹਿਣ ਜੋਗੀ ਉਨ੍ਹਾਂ ਪਾਸ ਨਹੀਂ ਸੀ ਰਹੀ, ਪਰ ਕੌਮੀਅਤ ਦੇ ਜਿਤਨੇ ਜ਼ਿਆਦਾ ਲਾਗੇ ਉਹ ਹੁਣ ਸਨ ਇਸ ਤੋਂ ਪਹਿਲਾਂ ਕਦੀ ਭੀ ਨਹੀਂ ਸਨ । ਬਿਪਤਾ ਅਤੇ ਦੁੱਖ ਨੇ ਉਨ੍ਹਾਂ ਨੂੰ ਆਪਣੇ ਧਰਮ ਨਾਲ ਜੋੜਨ ਅਤੇ ਏਕਤਾ ਵੱਲ ਲਿਆਉਣ ਲਈ ਤਾਕਤ ਬਖ਼ਸ਼ਣ ਦਾ ਕੰਮ ਕੀਤਾ । ਹੁਣ ਉਹ ਆਪਣੇ ਆਪ ਨੂੰ ਇਕ ਵੱਖਰੀ ਕੌਮ ਸਮਝਣ ਲੱਗ ਪਏ । ਜਿਵੇਂ (ਗੁਰੂ) ਗੋਬਿੰਦ ਸਿੰਘ ਨੇ ਬਚਨ ਕੀਤਾ ਸੀ, ਉਨ੍ਹਾਂ ਨੂੰ ਆਉਣ ਵਾਲੇ ਆਪਣੇ (ਉਜਲੇ) ਭਵਿੱਖ ਉੱਤੇ ਪੂਰਾ ਯਕੀਨ ਸੀ ਅਤੇ ਇਕ ਦਰਿੜ੍ਹ ਨਿਸ਼ਚਾ ਜਿਸ ਤੋਂ ਉਹ ਕਦੀ ਨਹੀਂ ਥਿੜਕੇ, ਉਹ ਸੀ ਖ਼ਾਲਸੇ ਦੀ ਫ਼ਤਿਹ ਲਈ ਲਗਾਤਾਰ ਅਮੁੱਕ ਘੋਲ ।” ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਸਿੰਘ ਪਹਿਲਾ ਆਦਮੀ ਸੀ ਜਿਸ ਨੇ ਸਿੰਘਾਂ ਨੂੰ ਨਿਰੋਲ ਅਤੇ ਅਡੋਲ ਕੌਮੀਅਤ ਦਾ ਅਮਲੀ ਸਬਕ ਪੜ੍ਹਾਇਆ ਅਤੇ ਖ਼ਾਲਸੇ ਹਸੂੰ ਹਸੂੰ ਕਰਦੇ ਆਪਾ ਵਾਰ ਦੇਣਾ ਸਿਖਾਇਆ। ਇਸ ਮਹਾਨ ਸ਼ਹੀਦ ਦੀ ਪਵਿੱਤਰ ਉਦਾਹਰਣ ਦਾ ਖ਼ਿਆਲ ਹੀ ਸਿੰਘਾਂ ਦੇ ਮਨ ਨੂੰ ਚੜ੍ਹਦੀਆਂ ਕਲਾਂ ਵੱਲ ਲੈ ਜਾਣ ਵਿਚ ਸਹਾਇਤਾ ਕਰਦਾ ਰਿਹਾ ਹੈ ਜਿਨ੍ਹਾਂ ਨੇ ਕਿ ਆਪਣੀ ਵਾਰੀ ਸਿਰ ਇਤਿਹਾਸ ਦੇ ਪੰਨਿਆਂ ਨੂੰ ਕੁਰਬਾਨੀ ਦੀਆਂ ਹੋਰ ਭੀ ਕਈ ਉੱਚੀਆਂ ਉਦਾਹਰਣਾਂ ਦਿੱਤੀਆਂ ਹਨ। ਇਹ ਬੰਦਾ ਸਿੰਘ ਹੀ ਸੀ ਜਿਸ ਦੇ ਰਾਹੀਂ ਖ਼ਾਲਸੇ ਦੀਆਂ ਜਿੱਤਾਂ ਦਾ ਰਸਤਾ ਖੁੱਲ੍ਹਾ । ਉਹ ਪਹਿਲਾ ਆਦਮੀ ਸੀ ਜਿਸ ਨੇ ਪੰਜਾਬ ਵਿਚ ਮੁਗ਼ਲਾਂ ਦੇ ਅਤਿਆਚਾਰੀ ਰਾਜ ਨੂੰ ਕਰਾਰੀ ਸੱਟ ਮਾਰੀ ਅਤੇ ਇਥੇ ਸਿੱਖਾਂ ਦੀ ਜਿੱਤ ਲਈ ਪਹਿਲਾ ਸਿਆੜ ਕੱਢਿਆ। ਭਾਵੇਂ ਉਸ ਦੀ ਮੌਤ ਤੋਂ ਚਾਲੀ ਵਰ੍ਹੇ ਬਾਅਦ ਖ਼ਾਲਸੇ ਦਾ ਲਾਹੌਰ ਉੱਤੇ ਕਬਜਾ ਹੋਇਆ ਅਤੇ ਸਿੱਖ ਰਾਜ ਦਾ ਇਲਾਨ ਕੀਤਾ ਗਿਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ‘ਪਾਦਸ਼ਾਹ’ (ਸੁਲਤਾਨੁਲ-ਕੌਮ)” ਬਣਾਇਆ ਗਿਆ ਪਰ ਇਹ ਬੰਦਾ ਸਿੰਘ ਹੀ ਸੀ ਜਿਸ ਨੇ ਸੰਨ 1710 ਵਿਚ ਪੰਜਾਬ ਵਿਚ ਖ਼ਾਲਸੇ ਦੇ ਤਹਿਤ ਹੇਠਾਂ ਕੌਮੀ ਰਾਜ ਦੀ ਨੀਂਹ ਧਰੀ ਸੀ ।

ਬੰਦਾ ਸਿੰਘ ਮੁਸਲਮਾਨਾਂ ਦਾ ਵੈਰੀ ਨਹੀਂ ਸੀ ਜਿਵੇਂ ਕਿ ਕਈ ਇਤਿਹਾਸਕਾਰਾਂ ਨੇ ਉਸ ਨੂੰ ਪੇਸ਼ ਕਰਨ ਦਾ ਕੋਝਾ ਜਤਨ ਕੀਤਾ ਹੈ । ਧਾਰਮਕ ਤੌਰ ਤੇ ਇਸਲਾਮ ਨਾਲ ਕੋਈ ਵਿਰੋਧ ਨਹੀਂ ਸੀ। ਅਤੇ ਨਾ ਹੀ ਉਸ ਨੇ ਇਸਲਾਮ ਦੇ ਸੰਚਾਲਕ ਹਜ਼ਰਤ ਮੁਹੰਮਦ ਸਾਹਿਬ ਜਾਂ ਕਿਸੀ ਹੋਰ ਮੁਸਲਮਾਨ ਮਹਾਂਪੁਰਖ ਦੇ ਵਿਰੁੱਧ ਕਦੀ ਕੁਝ ਆਖਿਆ ਹੈ। ਉਹ ਜੁਲਮੀ ਰਾਜ ਦੇ ਵਿਰੁੱਧ ਸੀ ਅਤੇ ਇਤਫ਼ਾਕ ਨਾਲ ਉਸ ਦੇ ਵੇਲੇ ਰਾਜ ਉਨ੍ਹਾਂ ਲੋਕਾਂ ਦੇ ਹੱਥ ਸੀ ਜਿਨ੍ਹਾਂ ਦਾ ਮਜ਼ਹਬ ਇਸਲਾਮ ਸੀ ਅਤੇ ਉਹ ਲੋਕਾਂ ਉੱਤੇ ਜ਼ੁਲਮ ਕਰਦੇ ਸਨ ਇਸ ਲਈ ਉਨ੍ਹਾਂ ਨਾਲ ਉਸ ਦੀ ਟੱਕਰ ਹੋ ਗਈ । ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੈ ਅਤੇ 13 ਜੂਨ, 1710 ਨੂੰ ਬਾਦਸ਼ਾਹ ਬਹਾਦੁਰ ਸ਼ਾਹ ਪਾਸ ਪੁੱਜੀ ਖ਼ਬਰ ਵਿਚ ਲਿਖਿਆ ਹੋਇਆ ਹੈ ਕਿ ਸਰਹੰਦ ਦੀ ਫ਼ਤਿਹ ਤੋਂ ਬਾਅਦ ਬੰਦਾ ਸਿੰਘ ਨੇ ਪ੍ਰਗਣਾ ਬੂੜੀਏ ਦੇ ਜ਼ਿਮੀਂਦਾਰ ਜਾਨ ਮੁਹੰਮਦ ਨੂੰ ਕਿਹਾ, ‘ਅਸੀਂ ਤੇਰਾ ਕਸੂਰ ਮਾਫ਼ ਕਰ ਦਿੱਤਾ ਹੈ ਅਤੇ ਤੈਨੂੰ ਸਾਰੇ ਪ੍ਰਗਣੇ ਦਾ ਜ਼ਿਮੀਂਦਾਰ ਬਣਾ ਦਿੱਤਾ ਹੈ । ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਆਦਮੀ ਲੈ ਕੇ ਜਾਵੇਂ ਅਤੇ ਚੂੰਡਲੇ ਦੇ ਜਿਮੀਂਦਾਰ ਸਰਦਾਰ ਖ਼ਾਨ ਨੂੰ ਲਿਆਵੇਂ । ਉਸ ਤੋਂ ਬਾਅਦ ਤੂੰ ਸਾਡੇ ਨਾਲ ਜਲਾਲ ਖ਼ਾਨ ਨੂੰ ਸੋਧਣ ਚਲੇਂਗਾ।’

10 ਦਸੰਬਰ, 1710 ਨੂੰ ਬਾਦਸ਼ਾਹ ਬਹਾਦੁਰ ਸ਼ਾਹ ਨੇ ਸਿੰਘਾਂ ਦੇ ਵਿਰੁੱਧ ਹੁਕਮ ਜਾਰੀ ਕਰ ਦਿੱਤਾ ਸੀ ਕਿ ਜਿੱਥੇ ਕਿਧਰੇ ਭੀ ਕੋਈ ਸਿੱਖ ਮਿਲੇ ਕਤਲ ਕਰ ਦਿੱਤਾ ਜਾਏ । ਪਰ ਫਿਰ ਭੀ ਬੰਦਾ ਸਿੰਘ ਨੇ ਮੁਗ਼ਲ ਰਾਜ ਦੇ ਵਿਰੁੱਧ ਲੜਾਈ ਨੂੰ ਧਾਰਮਕ ਲੜਾਈ ਦਾ ਰੂਪ ਨਹੀਂ ਦਿੱਤਾ । ਉਸ ਦਾ ਤਾਂ ਕੇਵਲ ਰਾਜਸੀ ਅੰਦੋਲਨ ਸੀ। ਇਸ ਲਈ ਉਸ ਨੇ ਮੁਸਲਮਾਨਾਂ ਉੱਤੇ ਕੋਈ ਧਾਰਮਕ ਬੰਦਸ਼ਾਂ ਨਹੀਂ ਲਾਈਆਂ। ਜਿਸ ਦਾ ਨਤੀਜਾ ਇਹ ਹੋਇਆ ਕਿ ਕਲਾਨੌਰ ਦੇ ਲਾਗੇ ਪੰਜ ਹਜ਼ਾਰ ਮੁਸਲਮਾਨ ਭੀ ਆ ਉਸ ਦੀ ਫ਼ੌਜ ਵਿਚ ਭਰਤੀ ਹੋਏ । ਬਾਦਸ਼ਾਹ ਪਾਸ 28 ਅਪ੍ਰੈਲ, 1711 (21 ਰੱਬੀ-ਉਲ-ਅੱਵਲ 1123 ਹਿਜ਼ਰੀ) ਨੂੰ ਪੁੱਜੀ ਖ਼ਬਰ ਵਿਚ ਦਰਜ ਹੈ ਕਿ :

ਉਸ [ਬੰਦਾ ਸਿੰਘ] ਨੇ ਬਚਨ ਦਿੱਤਾ ਅਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾਂ ਨੂੰ ਕੋਈ ਦੁੱਖ ਨਹੀਂ ਦਿੰਦਾ । ਚੁਨਾਂਚਿ ਜਿਸ ਭੀ ਮੁਸਲਮਾਨ ਦਾ ਉਸ ਵੱਲ ਰੁਜੂ ਹੁੰਦਾ ਹੈ, ਉਹ [ਬੰਦਾ ਸਿੰਘ] ਉਸ ਦੀ ਦਿਹਾੜੀ ਅਤੇ ਤਨਖ਼ਾਹ ਨਿਯਤ ਕਰਕੇ ਉਸ ਦਾ ਧਿਆਨ ਰਖਦਾ ਹੈ ਅਤੇ ਉਸ ਨੇ ਆਗਿਆ ਦੇ ਦਿੱਤੀ ਹੋਈ ਹੈ ਕਿ ਨਮਾਜ਼ ਅਤੇ ਖੁਤਬਾ ਜਿਵੇਂ (ਮੁਸਲਮਾਨ) ਚਾਹੁਣ ਪੜ੍ਹਨ । ਚੁਨਾਂਚਿ ਪੰਜ ਹਜਾਰ ਮੁਸਲਮਾਨ ਉਸ ਦੇ ਸਾਥੀ ਬਣ ਗਏ ਹਨ ਅਤੇ ਸਿੰਘਾਂ ਦੀ ਫ਼ੌਜ ਵਿਚ ਬਾਂਗ ਅਤੇ ਨਮਾਜ਼ ਵੱਲੋਂ ਸੁਖ ਪਾ ਰਹੇ ਹਨ।

ਇਹ ਬੰਦਾ ਸਿੰਘ ਦੀ ਧਾਰਮਕ ਉਦਾਰਤਾ ਅਤੇ ਨਿਰਪੱਖਤਾ ਦੀ ਆਪਣੇ ਮੂੰਹੋਂ ਆਪ ਬੋਲਦੀ ਤਸਵੀਰ ਹੈ ਜੋ ਕਿਸੇ ਟੀਕਾ ਟਿੱਪਣੀ ਦੀ ਮੁਹਤਾਜ ਨਹੀਂ ।

ਜੋ ਕੁਝ ਪਿਛਲੇ ਅਧਿਆਵਾਂ ਵਿਚ ਲਿਖਿਆ ਜਾ ਚੁੱਕਾ ਹੈ ਉਸ ਤੋਂ ‘ਸੁੱਤੇ ਸਿੱਧ ਹੀ ਇਹ ਗੱਲ ਸਪੱਸ਼ਟ ਹੈ ਕਿ ਜੇ ਸਾਰਿਆਂ ਪਾਸਿਆਂ ਨੂੰ ਵਿਚਾਰ ਕੇ ਦੇਖਿਆ ਜਾਏ ਤਾਂ ਬੰਦਾ ਸਿੰਘ ਉਨ੍ਹਾਂ ਮਹਾਨ ਮਾਨਨੀਯ ਵਿਅਕਤੀਆਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਸਤਾਰਵੀਂ ਸਦੀ ਵਿਚ ਭਾਰਤ ਮਾਤਾ ਨੇ ਜਨਮ ਦੇ ਕੇ ਉਜਾਗਰ ਕੀਤਾ ਹੈ। ਭਾਵੇਂ ਇਸ ਨਾਟਕ ਉੱਤੇ ਪਰਦਾ ਡਿੱਗੇ ਨੂੰ ਹੁਣ ਢਾਈ ਸੋ ਸਾਲ ਬੀਤ ਗਏ। ਹਨ ਅਤੇ ਉਹ ਖਿਲਾੜੀ ਕਦੀ ਭੀ ਨਾ ਮੁੜਨ ਲਈ ਰੰਗ ਭੂਮੀ ਤੋਂ ਸਦਾ ਲਈ ਅਲੋਪ ਹੋ ਗਿਆ ਹੈ। ਪਰ ਉਸ ਦੀ ਮਹਾਨ ਆਤਮਾ ਦੀਨ ਅਤੇ ਦੁਖੀਆਂ ਦੀ ਸਹਾਇਤਾ ਲਈ ਉਸ ਦੇ ਗੁਰ-ਭਾਈਆਂ ਦੇ ਸੂਰਮਗਤੀ ਦੇ ਕਾਰਨਾਮਿਆਂ ਵਿਚ ਕਈ ਵਾਰੀ ਮੁੜ ਮੁੜ ਆ ਚਮਕਦੀ ਹੈ। ਭਾਵੇਂ ਉਹ ਜਿਸ ਨੂੰ ਇਕ ਸਮੇਂ ਧਰਮ-ਰੱਖਿਅਕ ਜਾਣ ਕੇ ਪ੍ਰਣਾਮ ਕੀਤਾ ਜਾਂਦਾ ਸੀ, ਜੋ ਦੁੱਖੀਆਂ ਦਾ ਸਹਾਰਾ ਅਤੇ ਉਨ੍ਹਾਂ ਦੀਆਂ ਆਸਾਂ ਦਾ ਭਰਪੂਰ ਸੋਮਾ ਸੀ, ਇਸ ਵੇਲੇ ਨਹੀਂ ਹੈ ਅਤੇ ਉਸ ਦੀ ਮਿੱਟੀ ਮਿੱਟੀ ਵਿਚ ਰਲ ਗਈ ਹੈ ਅਤੇ ਉਸ ਦੀ ਆਤਮਾ ਪਰਮ-ਆਤਮਾ ਵਿਚ ਲਿਵ-ਲੀਨ ਹੋ ਗਈ ਹੈ, ਉਸ ਦਾ ਨਾਉਂ ਦੀਨ ਦੁਖੀਆਂ ਲਈ ਨਿਸ਼ਕਾਮ ਬਲੀਦਾਨ ਅਤੇ ਗੁਰੂ ਅਤੇ ਵਾਹਿਗੁਰੂ ਦੀ ਭਗਤੀ ਵਿਚ ਅਡੋਲ ਰਹਿ ਕੇ ਸ਼ਹੀਦੀ ਲਈ ਸਦਾ ਅਮਰ ਰਹੇਗਾ।

ਬੰਦਈ ਅਤੇ ਤੱਤ-ਖ਼ਾਲਸਿਆਂ ਵਿਚ ਮੱਤ-ਭੇਦ

ਦਿੱਲੀ ਵਿਚ ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੇ ਕਤਲ ਕਰ ਦਿੱਤੇ ਜਾਣ ਪਿੱਛੋਂ ਮੁਗ਼ਲਾਂ ਨੇ ਸਿੱਖਾਂ ਦੀ ਰਾਜਸੀ ਤਾਕਤ ਹੀ ਨਹੀਂ ਬਲਕਿ ਸਾਰੀ ਦੀ ਸਾਰੀ ਕੌਮ ਨੂੰ ਮਾਰ ਮੁਕਾਉਣ ਲਈ ਉਹ ਸਭ ਢੰਗ ਵਰਤੇ ਜੋ ਉਨ੍ਹਾਂ ਨੂੰ ਸੁਝ ਸਕੇ । ਮੁਨਸ਼ੀ ਦਾਨਿਸ਼ਵਰ ‘ਮਿਫਤਾਹੁ-ਤਵਾਰੀਖ’ ਵਿਚ ਲਿਖਦਾ ਹੈ ਕਿ ਇਕ ਸ਼ਾਹੀ ਫ਼ਰਮਾਨ ਇਸ ਭਾਵ ਦਾ ਜਾਰੀ ਕੀਤਾ ਗਿਆ ਕਿ ਜਿਥੇ ਕਿਧਰੇ ਭੀ ਇਸ (ਸਿੱਖ) ਫਿਰਕੇ ਦੇ ਲੋਕ ਮਿਲ ਜਾਣ ਬਿਨਾਂ ਝਿਜਕ ਕਤਲ ਕਰ ਦਿੱਤੇ ਜਾਣ । ਮੈਲਕਮ ਕਹਿੰਦਾ ਹੈ ਕਿ ਇਸ ਹੁਕਮ ਨੂੰ ਅਮਲੀ ਰੂਪ ਦੇਣ ਲਈ ਹਰ ਸਿੱਖ ਦੇ ਸਿਰ ਲਈ ਇਨਾਮ ਰਖ ਦਿੱਤਾ ਗਿਆ । ਡਾਕਟਰ ਮੈਗਰੇਗਰ ‘ਹਿਸਟਰੀ ਔਫ਼ ਦੀ ਸਿਖਸ’ ਵਿਚ ਦੱਸਦਾ ਹੈ ਕਿ ਇਸ ਵੇਲੇ ਸਿੱਖਾਂ ਉੱਤੇ ਬੜੀ ਸਖ਼ਤੀ ਹੋ ਰਹੀ ਸੀ । ਸਿੱਖਾਂ ਨੂੰ ਪੰਜਾਬ ਦੇ ਦੂਸਰੇ ਲੋਕਾਂ ਤੋਂ ਨਿਖੇੜਨ ਲਈ ਸਾਰੇ ਹਿੰਦੂਆਂ ਨੂੰ ਹੁਕਮ ਦੇ ਦਿੱਤਾ ਗਿਆ ਕਿ ਉਹ ਆਪਣੇ ਬਾਲ ਅਤੇ ਦਾੜ੍ਹੀਆਂ ਮੁਨਾ ਦੇਣ ਅਤੇ ਜੇ ਕੋਈ ਦਾੜ੍ਹੀ ਜਾਂ ਵਾਲਾਂ ਵਾਲਾ ਮਿਲ ਜਾਏ ਤਾਂ ਉਸ ਨੂੰ ਮਾਰ ਦਿੱਤਾ ਜਾਏ । ਲਾਹੌਰ ਦੇ ਸੂਬੇਦਾਰ ਅਬਦੁੱਸਮਦ ਖ਼ਾਨ ਦੀਆਂ ਗਸ਼ਤੀ ਫ਼ੌਜਾਂ ਨੇ ਸਿੰਘਾਂ ਦੀ ਟੋਲ ਭਾਲ ਲਈ ਦੇਸ਼ ਗਾਹ ਮਾਰਿਆ ਅਤੇ ਜੰਗਲੀ ਜਾਨਵਰਾਂ ਦੀ ਤਰ੍ਹਾਂ ਉਨ੍ਹਾਂ ਦਾ ਸ਼ਿਕਾਰ ਕਰਨਾ ਆਰੰਭ ਕਰ ਦਿੱਤਾ। ਖਿਝੇ ਹੋਏ ਮੁਸਲਮਾਨ ਅਤੇ ਨਿਤਾਣੇ ਹਿੰਦੂ ਉਨ੍ਹਾਂ ਨੂੰ ਕਿਧਰੇ ਟਿਕਣ ਨਹੀਂ ਸਨ ਦਿੰਦੇ । ਇਸ ਵੇਲੇ ਅਤੇ ਇਸ ਤਰ੍ਹਾਂ ਜੋ ਲੋਕ ਮਾਰੇ ਗਏ ਅਤੇ ਉਨ੍ਹਾਂ ਦੀ ਗਿਣਤੀ ਬੜੀ ਹੈਰਾਨ ਕਰ ਦੇਣ ਵਾਲੀ ਹੋਵੇਗੀ । ਕੁਝ ਸਿੱਖ ਦਿਨ ਕਟੀ ਕਰਨ ਲਈ ਦੇਸ਼ ਨੂੰ ਛੱਡ ਕੇ ਸ਼ਿਵਾਲਕ ਪਹਾੜੀਆਂ ਵੱਲ ਜਾ ਚੜ੍ਹੇ, ਕੁਝ ਦੂਰ ਦੁਰੇਡੇ ਜੰਗਲਾਂ ਵਿਚ ਅਤੇ ਰੇਤ-ਥਲਿਆਂ ਨੂੰ ਚਲੇ ਗਏ । ਇਹ ਲੋਕ ਹੀ ਕਤਲਾਮਾਂ ਵਿਚੋਂ ਬਚ ਸਕੇ ।

ਬਾਦਸ਼ਾਹ ਫ਼ਰੁੱਖ਼-ਸੀਅਰ ਦੇ ਪੰਜਵੇਂ ਸਾਲ (1130 ਹਿਜ਼ਰੀ, 1718 ਈਸਵੀ) ਦੇ ਆਰੰਭ ਵਿਚ ਅਬਦੁੱਸਮਦ ਖ਼ਾਨ ਰਾਜ-ਪ੍ਰਬੰਧ ਦੇ ਹੋਰ ਮਾਮਲਿਆਂ ਵਿਚ ਰੁੱਝ ਗਿਆ ਅਤੇ ਸ਼ਾਹਦਾਦ ਖ਼ਾਨ ਖੇਸ਼ਗੀ ਨੂੰ ਈਸਾ ਖ਼ਾਨ ਮੰਝ ਦੇ ਵਿਰੁੱਧ ਭੇਜਿਆ ਗਿਆ ਤਾਂ ਸਿੰਘ ਹੌਲੀ ਹੌਲੀ ਪਹਾੜਾਂ ਅਤੇ ਜੰਗਲਾਂ ਤੋਂ ਨਿਕਲ ਕੇ ਆਪਣੇ ਘਰਾਂ ਨੂੰ ਮੁੜਨ ਲੱਗ ਪਏ । ਸਮਾਂ ਬੀਤਦੇ ਜਾਣ ਨਾਲ ਅਬਦੁੱਸਮਦ ਖ਼ਾਨ ਦਾ ਗੁੱਸਾ ਭੀ ਕੁਝ ਢਿੱਲਾ ਪੈਣ ਲੱਗ ਪਿਆ ਅਤੇ ਸਿੰਘਾਂ ਦੀ ਕਤਲਾਮ ਦੇ ਹੁਕਮ ਆਮ ਕਰਕੇ ਉਨ੍ਹਾਂ ਦੇ ਵਿਰੁੱਧ ਹੀ ਲਾਗੂ ਰਹਿ ਗਏ ਜਿਨ੍ਹਾਂ ਉੱਤੇ ਬੰਦਾ ਸਿੰਘ ਦੀ ਅਗਵਾਈ ਹੇਠ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਦੋਸ਼ ਲਾਇਆ ਜਾਂਦਾ ਸੀ । ਬਾਕੀ ਸਾਰਿਆਂ ਨੂੰ ਘਰੀਂ ਮੁੜ ਆਉਣ ਅਤੇ ਆਪਣਾ ਕੰਮ ਕਾਜ ਕਰਨ ਵਿਚ ਬਹੁਤੀ ਸਖ਼ਤ ਰੁਕਾਵਟ ਨਾ ਰਹੀ।

ਸਿੰਘਾਂ ਦੇ ਘਰਾਂ ਨੂੰ ਮੁੜ ਆਉਣ ਨਾਲ ਗੁਰਦੁਆਰਿਆਂ ਦੀ ਅਹਿਮੀਅਤ ਅਤੇ ਆਮਦਨੀ ਵਿਚ ਅਤੇ ਖ਼ਾਸ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਕਾਫ਼ੀ ਵਾਧਾ ਹੋਣ ਲਗ ਪਿਆ । ਦਸੰਬਰ ਸੰਨ 1704 ਵਿਚ ਆਨੰਦਪੁਰ ਦੀ ਤਬਾਹੀ ਤੋਂ ਬਾਅਦ, ਜਦ ਕਿ ਗੁਰੂ ਗੋਬਿੰਦ ਸਿਘ ਜੀ ਨੂੰ ਇਥੋਂ ਅੰਤਮ ਬਾਰ ਚਲਾ ਜਾਣਾ ਪਿਆ, ਇਹ ਮੁੜ ਆਪਣੀ ਪੁਰਾਣੀ ਪ੍ਰਭਤਾ ਪ੍ਰਾਪਤ ਨਾ ਕਰ ਸਕਿਆ। ਤਬਾਹੀ ਤੋਂ ਬਿਨਾਂ, ਆਨੰਦਪੁਰ ਪੰਜਾਬ ਦੇ ਕੇਂਦਰ ਤੋਂ, ਜਿੱਥੇ ਕਿ ਸਿੰਘਾਂ ਦੀ ਵਸੋਂ ਬਹੁਤੀ ਸੀ, ਚੋਖਾ ਦੂਰ ਅਤੇ ਇਕ ਗੁੱਠੇ ਸੀ । ਦੂਸਰੇ ਪਾਸੇ ਅੰਮ੍ਰਿਤਸਰ ਪੰਜਾਬ ਦੇ ਕੇਂਦਰ ਵਿਚ ਸੀ ਅਤੇ ਇਤਿਹਾਸਕ ਤੌਰ ਤੇ ਆਪਣੀ ਇਕ ਨਵੇਕਲੀ ਥਾਂ ਬਣਾ ਚੁੱਕਾ ਹੋਇਆ ਸੀ । ਇਸ ਦੀ ਨੀਂਹ ਚੌਥੇ ਗੁਰੂ ਰਾਮਦਾਸ ਨੇ ਧਰੀ ਅਤੇ ਪੰਜਵੇਂ ਗੁਰੂ ਅਰਜਨ ਨੇ ਇਸ ਨੂੰ ਸ਼ਿੰਗਾਰਿਆ, ਸੰਵਾਰਿਆ ਅਤੇ ਵਧਾਇਆ ਸੀ, ਇਥੇ ਹੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਸਥਾਪਨ ਕੀਤਾ ਗਿਆ ਸੀ ਅਤੇ ਇਥੇ ਹੀ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖ਼ਤ ਬਣਵਾਇਆ, ‘ਸਰਬ-ਲੋਹ’ ਨੂੰ ਧਾਰਮਕ ਪ੍ਰਵਾਨਗੀ ਬਖ਼ਸ਼ੀ ਅਤੇ ਸਿੱਖਾਂ ਦੇ ਭਗਤੀ ਭਰਪੂਰ ਸਰੀਰਾਂ ਵਿਚ ਫ਼ੌਜੀ ਸਪਿਰਿਟ ਦਾ ਸੰਚਾਰ ਕੀਤਾ ਸੀ, ਇਸ ਲਈ ਸ੍ਰੀ ਅੰਮ੍ਰਿਤਸਰ ਦੀ ਪ੍ਰਭਤਾ ਪੁਰਾਣੀ ਹੋਣ ਕਰਕੇ ਜ਼ਿਆਦਾ ਉਜਾਗਰ ਹੋ ਗਈ ਅਤੇ ਇਹ ਸਿੰਘਾਂ ਦਾ ਕੇਂਦਰੀ ਧਾਰਮਕ ਅਸਥਾਨ ਪ੍ਰਸਿੱਧ ਰਿਹਾ।

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਦੇ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਮਾਤਾ ਸੁੰਦਰੀ ਜੀ ਦੀ ਆਗਿਆ ਅਨੁਸਾਰ ਹੁੰਦਾ ਸੀ ਅਤੇ ਭਾਈ ਮਨੀ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਗਰੰਥੀ ਅਤੇ ਮੁੱਖ-ਪ੍ਰਬੰਧਕ ਸਨ । ਸੰਮਤ 1778 ਬਿਕਰਮੀ (ਸੰਨ 1721 ਈ.) ਦੀ ਵਿਸਾਖੀ ਨੂੰ ਸੰਗਤਾਂ ਹੁਮ ਹੁਮਾ ਕੇ ਪੁੱਜੀਆਂ । ਥਾਉਂ ਥਾਈਂ ਵੱਖਰੇ ਵੱਖਰੇ ਡੇਰੇ ਲੱਗ ਗਏ ਅਤੇ ਸਾਰਿਆਂ ਨੇ ਖੂਬ ਰੱਜ ਕੇ ਦਰਸ਼ਨ ਦੀਦਾਰ ਅਤੇ ਅਸ਼ਨਾਨ ਕੀਤੇ । ਇਹ ਮੇਲਾ ਕਈ ਵਰ੍ਹਿਆਂ ਤੋਂ ਬਾਅਦ ਚੰਗਾ ਭਰਿਆ ਸੀ । ਚੜ੍ਹਾਵਾ ਭੀ ਚੰਗਾ ਚੜ੍ਹਿਆ । ਮੇਲਾ ਛਿੜਨ ਵੇਲੇ ਚੜ੍ਹਾਵੇ ਦੀ ਵਰਤੋਂ ਅਤੇ ਵੰਡ ਸੰਬੰਧੀ ਡੇਰਿਆਂ ਵਿਚ ਕੁਝ ਮੱਤ-ਭੇਦ ਹੋ ਗਿਆ । ਕੁਝ ਖ਼ਿਆਲਾਂ ਵਿਚ ਫ਼ਰਕ ਪੁਰਾਣਾ ਚਲਿਆ ਆ ਰਿਹਾ ਜਾਪਦਾ ਹੈ । ਇਕ ਧੜੇ ਦੇ ਆਗੂ ਬਾਬਾ ਬਿਨੋਦ ਸਿੰਘ ਸਨ ਜੋ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਬਾਬਾ ਬੰਦਾ ਸਿੰਘ ਨਾਲ ਉਥੇ ਅੰਦਰ ਟਿਕੇ ਰਹਿਣ ਸੰਬੰਧੀ-ਮਤ-ਭੇਦ ਦੇ ਕਾਰਣ ਨਿਕਲ ਆਏ ਸਨ । ਦੂਸਰੇ ਧੜੇ ਦਾ ਆਗੂ ਭਾਈ ਅਮਰ ਸਿੰਘ ਖੇਮਕਰਨੀਆਂ ਸੀ ਜਿਸ ਨੂੰ ਮਹੰਤਾ ਸਿੰਘ ਕਰਕੇ ਲਿਖਿਆ ਹੋਇਆ ਹੈ । ਬਾਬਾ ਬਿਨੋਦ ਸਿੰਘ ਦਾ ਪੁੱਤਰ ਬਾਬਾ ਕਾਹਨ ਸਿੰਘ ਬੜੇ ਠੰਢੇ ਸੁਭਾਉ ਦਾ ਬੰਦਾ ਸੀ । ਗੁਰਦਾਸ ਨੰਗਲ ਵਿਚ ਭੀ ਇਸ ਨੇ ਹੀ ਵਿਚ ਪੈ ਕੇ ਫ਼ੈਸਲਾ ਕਰਵਾ ਦਿੱਤਾ ਸੀ । ਹੁਣ ਭੀ ਜਦ ਗੱਲ ਵੱਧਦੀ ਦਿਸੀ ਤਾਂ ਇਸ ਦੇ ਕਹਿਣ ਤੇ ਭਾਈ ਮਨੀ ਸਿੰਘ ਦੀ ਸਲਾਹ ਅਤੇ ਆਗਿਆ ਨਾਲ ਹਰਿ ਕੀ ਪਉੜੀ ਅਤੇ ਸਰੋਵਰ ਵਿਚ ਪਰਚੀਆਂ ਪਾ ਕੇ ਨਬੇੜਾ ਕਰ ਲੈਣ ਦਾ ਫ਼ੈਸਲਾ ਹੋਇਆ। ਬਾਬਾ ਬਿਨੋਦ ਸਿੰਘ ਆਪਣੇ ਆਪ ਨੂੰ ਅਕਾਲ ਪੁਰਖੀਏ ਜਾਂ ਤੱਤ-ਖ਼ਾਲਸੇ ਦੱਸਦੇ ਸਨ ਅਤੇ ਆਪਣੇ ਵਿਰੋਧੀਆਂ ਨੂੰ ‘ਬੰਦਈ ਬੰਦਈ” ਕਹਿੰਦੇ ਸਨ । ਚੁਨਾਂਚਿ ਇਕ ਪਰਚੀ ਉੱਤੇ ‘ਵਾਹਿਗੁਰੂ ਜੀ ਦੀ ਫ਼ਤਿਹ’ ਲਿਖਿਆ ਗਿਆ ਅਤੇ ਦੂਸਰੀ ਉੱਤੇ ‘ਫ਼ਤਿਹ ਦਰਸ਼ਨ’ । ਕੁਝ ਚਿਰ ਤਾਂ ਇਉਂ ਪ੍ਰਤੀਤ ਹੋਇਆ ਜਿਵੇਂ ਦੋਵੇਂ ਪਰਚੀਆਂ ਨੇ ਨਿਰਪੱਖ ਰਹਿਣ ਦੀ ਧਾਰ ਲਈ ਹੈ, ਪਰ ਅੰਤ ‘ਵਾਹਿਗੁਰੂ ਜੀ ਕੀ ਫ਼ਤਿਹ’ ਵਾਲੀ ਪਰਚੀ ਉਪਰ ਤਰ ਆਈ । ਇਸ ਪਰ ਤੱਤ-ਖ਼ਾਲਸਿਆਂ ਨੇ ਆਪਣੀ ਜਿੱਤ ਹੋ ਗਈ ਸਮਝ ਕੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ ।

ਇਸ ਤਰ੍ਹਾਂ ਫ਼ੈਸਲਾ ਵਿਰੁੱਧ ਹੋ ਜਾਣ ਨਾਲ ਬਹੁਤ ਸਾਰੇ ਬੰਦਈ ਤਾਂ ਨਿਰਾਸ਼ ਹੋ ਕੇ ਪਿੱਛੇ ਹਟ ਗਏ । ਕਈ ਇਸ ਫੈਸਲੇ ਨੂੰ ਠੀਕ ਸਮਝ ਕੇ ਤੱਤ-ਖ਼ਾਲਸਿਆਂ ਨਾਲ ਰਲ ਗਏ ਪਰ ਭਾਈ ਅਮਰ ਸਿੰਘ ਮਹੰਤ ਨਾਰਾਜ਼ ਹੋ ਗਏ ਅਤੇ ਉਸ ਨੇ ਇਸ ਤਰ੍ਹਾਂ ਹੋਏ ਫ਼ੈਸਲੇ ਨੂੰ ਪਰਵਾਣ ਕਰਨੋਂ ਨਾਂਹ ਕਰ ਦਿੱਤੀ । ਉਸ ਨੇ ਲਾਹੌਰਾ ਸਿੰਘ ਕਲਾਲ ਦੇ ਰਾਹੀਂ ਇਹ ਸੁਨੇਹਾ ਖ਼ਾਲਸੇ ਪਾਸ ਭੇਜ ਦਿੱਤਾ । ਬਾਬਾ ਕਾਹਨ ਸਿੰਘ ਨੂੰ ਡਰ ਸੀ ਕਿ ਇਸ ਫੈਸਲੇ ਨਾਲ ਫੁੱਲੇ ਹੋਏ ਤੱਤ-ਖ਼ਾਲਸੇ ਕਿਧਰੇ ਮਹੰਤ ਜੀ ਉਪਰ ਹੱਥ ਹੀ ਨਾ ਚੁੱਕ ਲੈਣ । ਇਸ ਲਈ ਉਨ੍ਹਾਂ ਸਲਾਹ ਦਿੱਤੀ ਕਿ ਲਾਹੌਰਾ ਸਿੰਘ ਦੇ ਪੁੱਤਰ ਸੰਗਤ ਸਿੰਘ ਅਤੇ ਉਸ (ਬਾਬਾ ਕਾਹਨ ਸਿਘ) ਦੇ ਪੁੱਤਰ ਮੀਰੀ ਸਿੰਘ ਦਾ ਘੋਲ ਕਰਵਾਇਆ ਜਾਏ ਅਤੇ ਜਿਸ ਧੜੇ ਦਾ ਪਹਿਲਵਾਨ ਢਹਿ ਜਾਏ ਉਹ ਦੂਸਰੀ ਦੇ ਨਾਲ ਸ਼ਾਮਲ ਹੋ ਜਾਏ । ਘੋਲ ਅਕਾਲ ਤਖ਼ਤ ਦੇ ਸਾਹਮਣੇ ਸ਼ੁਰੂ ਹੋਇਆ ਅਤੇ ਦੋਹਾਂ ਧੜੇ ਵਾਲਿਆਂ ਨੇ ਦੇਖਣ ਲਈ ਆਲੇ ਦੁਆਲੇ ਘੇਰਾ ਬਣਾ ਲਿਆ । ਭਾਣਾ ਕਰਤਾਰ ਦਾ ਸੰਗਤ ਸਿੰਘ ਢਹਿ ਗਿਆ। ਇਹ ਦੇਖ ਕੇ ਲਾਹੌਰਾ ਸਿੰਘ ਹੱਥ ਜੋੜ ਕੇ ਖੜੋ ਗਿਆ ਅਤੇ ਤੱਤ-ਖ਼ਾਲਸੇ ਪਾਸੋਂ ਖ਼ਿਮਾ ਮੰਗ ਕੇ ਉਨ੍ਹਾਂ ਨਾਲ ਰਲ ਗਿਆ।

ਤੱਤ-ਖ਼ਾਲਸਿਆਂ ਦੇ ਹੌਂਸਲੇ ਹੁਣ ਹੋਰ ਭੀ ਵੱਧ ਗਏ ਅਤੇ ਇਨ੍ਹਾਂ ਨੇ ਮਹੰਤ ਅਮਰ ਸਿੰਘ ਦੇ ਡੇਰੇ ਉੱਤੇ ਹੱਲਾ ਕਰ ਦਿੱਤਾ । ਤੱਤ-ਖ਼ਾਲਸਿਆਂ ਦੀ ਗਿਣਤੀ ਜ਼ਿਆਦਾ ਸੀ, ਇਸ ਲਈ ਬੰਦਈ ਸਿੰਘਾਂ ਲਈ ਟਾਕਰੇ ਤੇ ਖੜੋ ਸਕਣਾ ਔਖਾ ਸੀ । ਉਹ ਡੇਰਾ ਖ਼ਾਲੀ ਕਰ ਗਏ । ਭਾਈ ਅਮਰ ਸਿੰਘ ਸੰਬੰਧੀ ਕੁਝ ਪਤਾ ਨਹੀਂ, ਸ਼ਾਇਦ ਉਥੇ ਮਾਰਿਆ ਗਿਆ ਹੋਵੇ । ਹੁਣ ਬਹੁਤ ਸਾਰੇ ਬਾਕੀ ਭੀ ਭੁਜੰਗੀਆਂ (ਤੱਤ-ਖ਼ਾਲਸਿਆਂ) ਨਾਲ ਆ ਰਲੇ । ਬੰਦਈ ਚੂੰਕਿ ਵੈਸ਼ਨਵੀ ਭੋਜਨ ਕਰਨ ਵਾਲੇ ਸਨ, ਇਸ ਲਈ ਤੱਤ-ਖ਼ਾਲਸੇ ਉਨ੍ਹਾਂ ਨੂੰ ਮਾਸ ਦੀ ਥੋੜ੍ਹੀ ਜਿਹੀ ਤਰੀ ਛਕਾ ਕੇ ਆਪਣੇ ਨਾਲ ਰਲਾ ਲੈਂਦੇ ਸਨ । ਇਸ ਤਰ੍ਹਾਂ ਨਾਨੂ ਸਿੰਘ ਢੇਸੀਵਾਲਾ, ਕਿਸ਼ੋਰਾ ਸਿੰਘ ਅਤੇ ਸ਼ਾਮ ਸਿੰਘ ਕਲਾਲ, ਬਖ਼ਸ਼ੀਸ਼ ਸਿੰਘ ਚਮਿਆਰੀ ਵਾਲਾ ਅਤੇ ਭਾਈ ਭਗਤੂ ਦੇ ਪੋਤਰੇ ਤੱਤ-ਖ਼ਾਲਸੇ ਬਣ ਗਏ।

ਬੰਦਾ ਸਿੰਘ ਦਾ ਖ਼ਾਨਦਾਨ

ਪੰਝੀ ਕੁ ਵਰ੍ਹੇ ਤਕ ਲਾਹੌਰ ਦੇ ਸੂਬੇਦਾਰ ਅਬਦੁੱਸਮਦ ਖ਼ਾਨ ਅਤੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ ਦੀਆਂ ਹਕੂਮਤਾਂ ਵੱਲੋਂ ਸਿੰਘਾਂ ਵਿਰੁੱਧ ਸਖ਼ਤੀ ਦਾ ਦੌਰਾ ਰਿਹਾ। ਸ਼ਹਿਰਾਂ ਵਿਚ ਉਹ ਰਹਿ ਨਹੀਂ ਸਨ ਸਕਦੇ, ਪਿੰਡਾਂ ਵਿਚੋਂ ਫੜ ਫੜ ਕੇ ਮਾਰੇ ਜਾਂਦੇ ਸਨ, ਜੰਗਲਾਂ ਵਿਚ ਜਾਨਵਰਾਂ ਵਾਂਗੂ ਸ਼ਿਕਾਰ ਕੀਤਾ ਜਾਂਦਾ ਸੀ ਅਤੇ ਜਿਥੇ ਉਹ ਜਾ ਕੇ ਲੁਕਦੇ ਸਨ ਉਥੇ ਅੱਗ ਲਾ ਦਿੱਤੀ ਜਾਂਦੀ ਸੀ । ਇਸ ਲਈ ਉਹ ਅਤਿ ਦੁਖੀ ਹੋ ਗਏ। ਚੜ੍ਹਦੇ ਅਤੇ ਉੱਤਰ-ਚੜ੍ਹਦੇ ਦੀਆਂ ਪਹਾੜੀਆਂ, ਮਾਲਵੇ ਦੇ ਲੱਖੀ ਜੰਗਲ ਅਤੇ ਬੀਕਾਨੇਰ ਦੇ ਰੇਤ ਥਲਿਆਂ ਵੱਲ ਨਿਕਲ ਜਾਣ ਤੋਂ ਬਿਨਾਂ ਖ਼ਾਲਸਿਆਂ ਲਈ ਕੋਈ ਚਾਰਾ ਨਹੀਂ ਸੀ ਰਹਿ ਗਿਆ । ਜਿਉਂ ਜਿਉਂ ਸਮਾਂ ਬੀਤਦਾ ਗਿਆ, ਸਖ਼ਤੀ ਦਾ ਜ਼ੋਰ ਹੌਲੀ ਹੌਲੀ ਘੱਟ ਹੁੰਦਾ ਗਿਆ ਅਤੇ ਬਹੁਤੀ ਟੋਲ ਭਾਲ ਫੜੋ ਫੜੀ ਉਨ੍ਹਾਂ ਦੀ ਰਹਿ ਗਈ ਜਿਨ੍ਹਾਂ ਉੱਤੇ ਬੰਦਾ ਸਿੰਘ ਦੇ ਸਾਥੀ ਸੰਗੀ ਹੋਣ ਦਾ ਸ਼ੱਕ ਹੁੰਦਾ ਸੀ।

ਬੰਦਾ ਸਿੰਘ ਦਾ ਪਹਿਲਾ ਪੁੱਤਰ ਅਜੈ ਸਿੰਘ ਬੰਦਾ ਸਿੰਘ ਦੇ ਨਾਲ ਹੀ ਦਿੱਲੀ ਵਿਚ 9 ਜੂਨ, ਸੰਨ 1716 ਨੂੰ ਕਤਲ ਕਰ ਦਿੱਤਾ ਗਿਆ ਸੀ । ਇਸ ਲਈ ਹਕੂਮਤ ਨੇ ਉਸ ਦੇ ਖ਼ਾਨਦਾਨ ਦੀ ਹੋਰ ਟੋਲ ਭਾਲ ਵੱਲ ਕੋਈ ਧਿਆਨ ਨਾ ਦਿੱਤਾ । ਜਿਵੇਂ ਪਿਛੇ ਦੱਸਿਆ ਜਾ ਚੁੱਕਾ ਹੈ ਕਿ ਜਿਸ ਵੇਲੇ ਬੰਦਾ ਸਿੰਘ ਅਕਤੂਬਰ ਸੰਨ 1713 ਤੋਂ ਫ਼ਰਵਰੀ 1715 ਤਕ ਡੇਰੇ ਦੇ ਮੁਕਾਮ ਤੇ ਰਿਹਾ ਸੀ, ਉਸ ਨੇ ਵਜੀਰਾਬਾਦ ਦੇ ਇਕ ਖੱਤਰੀ ਸ਼ਿਵ ਰਾਮ ਦੀ ਲੜਕੀ ਸਾਹਿਬ ਕੌਰ ਨਾਲ ਦੂਸਰੀ ਸ਼ਾਦੀ ਕੀਤੀ ਸੀ ਇਸ ਤੋਂ ਦੂਸਰੇ ਪੁੱਤਰ ਰਣਜੀਤ ਸਿੰਘ ਨੇ ਜਨਮ ਲਿਆ । ਕੁਝ ਲਿਖਾਰੀਆਂ ਨੇ ਇਸ ਦਾ ਨਾਉਂ ਅਜੀਤ ਸਿੰਘ ਲਿਖਿਆ ਹੈ, ਪਰ ਇਨ੍ਹਾਂ ਦੇ ਬੰਸ ਵਾਲੇ ਰਣਜੀਤ ਸਿੰਘ ਨਾਉਂ ਹੀ ਠੀਕ ਮੰਨਦੇ ਹਨ। ਹਰਦੁਆਰ ਵਿਚ ਸੋਢੀ ਸਾਹਿਬਜ਼ਾਦਿਆਂ ਦੇ ਪੰਡਿਆਂ (ਪ੍ਰੋਹਤ ਭਵਾਨੀ ਦਾਸ, ਹਵੇਲੀ ਸੋਢੀਆਂ) ਦੀ ਬਹੀ ਵਿਚ ਭੀ ਇਹ ਨਾਉਂ ਰਣਜੀਤ ਸਿੰਘ ਹੀ ਦਰਜ ਹੈ (ਦੇਖੋ ਅੱਗੇ ਹਾਲ ਬਾਬਾ ਫ਼ਤਿਹ ਸਿੰਘ ਦਾ) । ਜਿਸ ਵੇਲੇ ਬੰਦਾ ਸਿੰਘ ਆਖ਼ਰੀ ਵਾਰੀ ਕਲਾਨੌਰ ਬਟਾਲੇ ਵੱਲ ਗਿਆ ਸੀ, ਤਾਂ ਸਾਹਿਬ ਕੌਰ ਨੂੰ ਉਹ ਡੇਰੇ ਹੀ ਛੱਡ ਗਿਆ ਸੀ, ਇਸ ਲਈ ਜਦ ਉਹ ਗੁਰਦਾਸ ਨੰਗਲੋਂ ਫੜਿਆ ਗਿਆ ਤਾਂ ਉਹ ਇੱਥੇ ਹੀ ਟਿਕੀ ਰਹੀ। ਇਸ ਤਰ੍ਹਾਂ ਸਾਹਿਬ ਕੌਰ ਅਤੇ ਰਣਜੀਤ ਸਿੰਘ ਲਾਹੌਰ ਦੇ ਸੂਬੇਦਾਰ ਦੀਆਂ ਅੱਖੀਆਂ ਤੋਂ ਉਹਲੇ ਹੋਣ ਕਰਕੇ ਬਚੇ ਰਹੇ।

ਰਣਜੀਤ ਸਿੰਘ

ਬਾਬਾ ਰਣਜੀਤ ਸਿੰਘ ਬੜਾ ਸ਼ਾਂਤ-ਸੁਭਾਉ ਬੰਦਾ ਸੀ । ਉਹ ਕਹਿਰ ਦੇ ਬਿਖੜੇ ਜ਼ਮਾਨੇ ਵਿਚ ਪਹਾੜ ਵਿਚ ਬਾਬਾ ਬੰਦਾ ਸਿੰਘ ਦੇ ਡੇਰੇ ਹੀ ਟਿਕਿਆ ਰਿਹਾ ਅਤੇ ਚੁੱਪਚਾਪ ਦਿਨ ਕਟੀ ਕਰ ਲਈ। ਪੰਜਾਬ ਵਿਚ ਬੰਦਈ ਸਿੱਖਾਂ ਵਾਸਤੇ ਉਸ ਵੇਲੇ ਰਹਿ ਸਕਣਾ ਹੀ ਔਖਾ ਸੀ, ਇਸ ਲਈ ਉਨ੍ਹਾਂ ਦੇ ਕੁਝ ਥੋੜ੍ਹੇ ਜਿਹੇ ਟੱਬਰ ਹੀ ਰਹਿ ਗਏ । ਬਾਬਾ ਰਣਜੀਤ ਸਿੰਘ ਦਾ ਜੀਵਨ ਬੜਾ ਧਾਰਮਕ ਬਿਰਤੀ ਵਾਲਾ ਸੀ। ਗੁਰੂ ਗ੍ਰੰਥ ਸਾਹਿਬ ਦਾ ਪਾਠ, ਗੁਰਬਾਣੀ ਦਾ ਪ੍ਰਚਾਰ ਅਤੇ ਨਾਮ ਦਾ ਸਿਮਰਨ ਉਨ੍ਹਾਂ ਦਾ ਮੁੱਖ ਕਰਮ ਸੀ । ਸਾਵਣ ਵਦੀ 9, ਸੰਮਤ 1810 ਬਿਕਰਮੀ (ਸੰਨ 1753 ਈ.) ਨੂੰ ਡੇਰੇ ਵਿਚ ਉਨ੍ਹਾਂ ਦਾ ਦੇਹਾਂਤ ਹੋਇਆ।

ਜੁਝਾਰ ਸਿੰਘ

ਬਾਬਾ ਰਣਜੀਤ ਸਿੰਘ ਦੇ ਦੋ ਪੁੱਤਰ ਸਨ, ਜੁਝਾਰ ਸਿੰਘ ਅਤੇ ਜ਼ੋਰਾਵਰ ਸਿੰਘ । ਵੱਡਾ ਪੁੱਤਰ ਹੋਣ ਕਰਕੇ ਜੁਝਾਰ ਸਿੰਘ ਆਪਣੇ ਪਿਤਾ ਦੀ ਥਾਂ ਗੱਦੀ ਉੱਤੇ ਬੈਠਾ । ਇਹ ਦਿਲ ਦਾ ਬੜਾ ਸਖੀ ਅਤੇ ਦਯਾਵਾਨ ਸੀ । ਇਕ ਪੰਡਤ ਦਿਲਾ ਰਾਮ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਇਆ ਕਰਦਾ ਸੀ । ਇਕ ਵਾਰੀ ਪਾਠ ਸੁਣ ਕੇ ਇਨ੍ਹਾਂ ਦਾ ਮਨ ਇਤਨਾ ਪਸੀਜਿਆ ਕਿ ਆਪਣੇ ਹੱਥਾਂ ਦੇ ਸੋਨੇ ਦੇ ਕੜੇ ਉਸ ਨੂੰ ਬਖ਼ਸ਼ੀਸ਼ ਕਰ ਦਿੱਤੇ। ਇਨ੍ਹਾਂ ਦੇ ਸਮੇਂ ਪੰਜਾਬ ਵਿਚ ਮੁਗ਼ਲਾਂ ਦਾ ਜ਼ੋਰ ਟੁੱਟ ਚੁੱਕਾ ਸੀ ਅਤੇ ਸਿੱਖ ਮਿਸਲਦਾਰ ਸਰਦਾਰ ਦੇਸ਼ ਵਿਚ ਮੱਲਾਂ ਮਾਰ ਰਹੇ ਸਨ । ਹੁਣ ਬਾਬਾ ਜੁਝਾਰ ਸਿੰਘ ਨੂੰ ਸਿੱਖੀ ਪ੍ਰਚਾਰ ਦਾ ਚੰਗਾ ਮੌਕਾ ਮਿਲ ਗਿਆ। ਉਨ੍ਹਾਂ ਨੇ ਮਾਝੇ ਵਿਚ ਪ੍ਰਚਾਰ ਦੇ ਕਈ ਦੌਰੇ ਕੀਤੇ ਅਤੇ ਥਾਂ ਥਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਉਨ੍ਹਾਂ ਨੇ ਡੇਰੇ ਦੇ ਅਸਥਾਨ ਤੇ ਇਕ ਹਵੇਲੀ ਬਣਵਾਈ ਅਤੇ ਇਕ ਸੁੰਦਰ ਬਾਗ਼ ਲਗਵਾਇਆ। ਇਨ੍ਹਾਂ ਨੇ ਸਾਵਨ ਵਦੀ 14 ਸੰਮਤ 1864 (ਸੰਨ 1807 ਈ.) ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚੋਲਾ ਤਿਆਗਿਆ । ਅੰਤਮ ਸਮੇਂ ਉਨ੍ਹਾਂ ਨੇ ਗੁਰਬਾਣੀ ਦੇ ਪਾਠ ਅਤੇ ‘ਵਾਹਿਗੁਰੂ’ ਨਾਮ ਸਿਮਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਦਾ ਸਾਰਾ ਜੀਵਨ ਹੀ ਧਰਮ-ਪਰਾਇਣ ਗੁਜ਼ਰਿਆ।

ਫ਼ਤਿਹ ਸਿੰਘ

ਬਾਬਾ ਫ਼ਤਿਹ ਸਿੰਘ ਜੁਝਾਰ ਸਿੰਘ ਜੀ ਦੇ ਵੱਡੇ ਪੁੱਤਰ ਸਨ । ਛੋਟੇ ਪੁੱਤਰ ਬਾਬਾ ਸੁਚੇਤ ਸਿੰਘ ਸਨ । ਬਾਬਾ ਫ਼ਤਿਹ ਸਿੰਘ ਦੀ ਪ੍ਰਸਿੱਧੀ ਲਈ ਉਨ੍ਹਾਂ ਦਾ ਸਮਾਂ ਬੜਾ ਮਾਫ਼ਕ ਸੀ । ਪੰਜਾਬ ਵਿਚ ਇਸ ਵੇਲੇ ਖ਼ਾਲਸੇ ਦੀ ਚੜ੍ਹਦੀ ਕਲਾ ਸੀ ਅਤੇ ਹਰ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੱਸਰ ਰਿਹਾ ਸੀ । ਬਾਬਾ ਜੀ ਨੇ ਚੰਗੇ ਹਾਲਾਤ ਦਾ ਪੂਰਾ ਪੂਰਾ ਫ਼ਾਇਦਾ ਉਠਾਇਆ ਅਤੇ ਪ੍ਰਚਾਰ ਦੇ ਕਈ ਦੌਰੇ ਕਰ ਕੇ ਥਾਂ ਥਾਂ ਸਿੱਖੀ ਦਾ ਝੰਡਾ ਗੱਡਿਆ ਅਤੇ ਬੰਦਈ ਸਿੱਖਾਂ ਦੀ ਗਿਣਤੀ ਵਿਚ ਚੋਖਾ ਵਾਧਾ ਕੀਤਾ। ਸਰਦਾਰ ਕਰਮ ਸਿੰਘ ਇਤਿਹਾਸਕਾਰ ਨੇ ਸੰਨ 1907 ਵਿਚ ਲਿਖਿਆ ਸੀ ਕਿ ਇਸ ਵੇਲੇ ਜੋ ਬੰਦਈ ਸਿੱਖ ਅਸੀਂ ਦੇਖ ਰਹੇ ਹਾਂ ਇਹ ਸਾਰੇ ਇਸੇ ਸਮੇਂ ਹੀ ਸਿੱਖੀ ਮੰਡਲ ਵਿਚ ਆਏ ਸਨ।

ਬਾਬਾ ਫ਼ਤਿਹ ਸਿੰਘ ਜਦ ਸੰਮਤ 1880 ਵਿਚ ਆਪਣੇ ਪਿਤਾ ਸਾਹਿਬ ਜੁਝਾਰ ਸਿੰਘ ਦੇ ਫੁੱਲ ਲੈ ਕੇ ਹਰਦੁਆਰ ਗਏ ਸਨ ਤਾਂ ਇਸ ਸੰਬੰਧੀ ਉਥੇ ਪੰਡੇ ਦੀ ਬਹੀ ਵਿਚ ਇਹ ਲਿਖਤ ਦਰਜ ਹੈ :

ਭਾਈ ਫਤੇ ਸਿੰਘ, ਭਾਈ ਸੁਚੇਤ ਸਿੰਘ ਕਾ,

ਬੇਟਾ ਸਾਹਿਬ ਜੁਝਾਰ ਸਿੰਘ ਜੀ ਕਾ,

ਪੋਤਾ ਸਾਹਿਬ ਰਣਜੀਤ ਸਿੰਘ ਜੀ ਕਾ,

ਪੜਪੋਤਾ ਸਾਹਿਬ ਬੰਦੇ ਸਾਹਿਬ ਜੀ ਕਾ,

ਬੰਸ ਗੁਰੂ ਗੋਬਿੰਦ ਸਿੰਘ ਜੀ ਕਾ,

1880 ਮੇਂ ਆਪਣੇ ਪਿਤਾ ਸਾਹਿਬ ਜੁਝਾਰ ਸਿੰਘ ਜੀ

ਕੇ ਫੂਲ ਲਿਆਏ।

ਦੂਸਰੀ ਲਿਖਤ ਇਸੇ ਬਹੀ ਵਿਚ ਇੱਕੀ ਵਰ੍ਹੇ ਪਿੱਛੋਂ ਸੰਮਤ 1901 ਬਿਕਰਮੀ ਦੀ ਜੋ ਇਸ ਤਰ੍ਹਾਂ ਹੈ

1901 ਕੁੰਭ ਕੇ ਇਸਨਾਨ ਪਰ

ਸਾਹਿਬ ਫਤੇ ਸਿੰਘ ਜੀ ਆਏ,

ਸਾਥ ਇਨ ਕੀ ਸੁਪਤਨੀ ਭਾਗ ਭਰੀ

ਤੇ ਕਿਸ਼ਨ ਦੇਈ, ਨਰਾਇਨ ਦੇਈ,

ਗੁਲਾਬ ਦੇਈ, ਟਹਿਲਣਾਂ ਰਾਮ ਦੇਈ ਤੇ ਦੌਰਾਂ ਤੇ ਮੇਲਾਵੀ ਤੇ ਪ੍ਰੇਮੀ ਸਾਥ ਆਈਆਂ

[ਚੁਪੱਤਾ ਸੋਢੀ ਸਾਹਿਬਜ਼ਾਦਿਓਂ ਕਾ, ਹਵੇਲੀ ਸੋਢੀਆਂ, ਪ੍ਰੋਹਤ ਭਵਾਨੀ ਦਾਸ]

[ਇਸ ਵੇਲੇ ਉਸ ਦਾ ਪੋਤਰਾ ਪੰਡਤ ਜਗਤ ਰਾਮ ਹੈ।]

ਬਾਬਾ ਬੰਦਾ ਸਿੰਘ ਬਹਾਦੁਰ ਦੀ ਯਾਦ ਵਿਚ ਜੋ ਗੁਰਦੁਆਰਾ ਇਸ ਵੇਲੇ ਡੇਰੇ ਵਿਚ ‘ਦਰਬਾਰ’ ਦੇ ਨਾਉਂ ਨਾਲ ਪ੍ਰਸਿੰਧ ਹੈ, ਬਾਬਾ ਫ਼ਤਿਹ ਸਿੰਘ ਨੇ ਬਣਵਾਇਆ ਸੀ । ਇਸ ਆਸ਼ੇ ਨੂੰ ਮੁੱਖ ਰੱਖ ਕੇ ਉਨ੍ਹਾਂ ਨੇ ਸਿੰਧ ਤਕ ਦੋ ਦੌਰੇ ਕੀਤੇ, ਸਿੱਖੀ ਕਾ ਪ੍ਰਚਾਰ ਕੀਤਾ, ਬੰਦਾ ਸਿੰਘ ਦੇ ਕਾਰਨਾਮੇ ਅਤੇ ਸ਼ਹੀਦੀ ਦੇ ਵਾਕਿਆਤ ਸੰਗਤਾਂ ਨੂੰ ਸੁਣਾਏ ਅਤੇ ਹੈਦਰਾਬਾਦ (ਸਿੰਧ), ਲੜਕਾਣਾ, ਮੁਲਤਾਨ, ਬਹਾਵਲਪੁਰ ਅਤੇ ਝੰਗ ਦੇ ਇਲਾਕਿਆਂ ਵਿਚੋਂ ਗੁਰਦੁਆਰੇ ਦੀ ਇਮਾਰਤ ਲਈ ਮਾਇਆ ਇਕੱਤਰ ਕੀਤੀ । ਮਾਲੂਮ ਹੁੰਦਾ ਹੈ ਕਿ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਦੇ ਬਿਖੜੇ ਸਮੇਂ ਵਿਚ ਕੁਝ ਸਿੰਘ ਸਿੰਧ ਵੱਲ ਅਤੇ ਦੱਖਣ-ਲਹਿੰਦੇ ਦੇ ਇਲਾਕਿਆਂ ਵੱਲ ਨਿਕਲ ਗਏ ਸਨ । ਇਸ ਲਈ ਬੰਦਾ ਸਿੰਘ ਦੀ ਯਾਦ ਉਥੇ ਮੌਜੂਦ ਸੀ ਜਿਸ ਨੇ ਬਾਬਾ ਫ਼ਤਿਹ ਸਿੰਘ ਦੇ ਪ੍ਰਚਾਰ ਦੇ ਦੌਰਿਆਂ ਨੂੰ ਸਫ਼ਲ ਕਰਨ ਵਿਚ ਕਾਫ਼ੀ ਸਹਾਇਤਾ ਕੀਤੀ। ਉਨ੍ਹਾਂ ਨੇ ਰਿਆਸੀ, ਅਖ਼ਨੂਰ ਜੰਮੂ, ਪੁਰ ਮੰਡਲ, ਵਜ਼ੀਰਾਬਾਦ ਅੰਮ੍ਰਿਤਸਰ, ਹਰਿਦੁਆਰ ਅਤੇ ਹੋਰ ਥਾਈਂ ਮਕਾਨ ਬਣਵਾਏ ਜੋ ਉਨ੍ਹਾਂ ਦੇ ਪ੍ਰਚਾਰ ਦੇ ਕੇਂਦਰ ਬਣ ਗਏ। ਉਹ ਆਮ ਤੌਰ ਤੇ ਛੇ ਮਹੀਨੇ ਦੌਰੇ ਉੱਤੇ ਰਹਿੰਦੇ ਸਨ ਅਤੇ ਬਾਕੀ ਛੇ ਮਹੀਨਿਆਂ ਵਿਚੋਂ ਬਹੁਤ ਸਮਾਂ ਵਜ਼ੀਰਾਬਾਦ ਗੁਜ਼ਾਰਦੇ ਸਨ।

ਮਹਾਰਾਜਾ ਰਣਜੀਤ ਸਿੰਘ ਦੇ ਦਿਲ ਵਿਚ ਬਾਬਾ ਬੰਦਾ ਸਿੰਘ ਦੀਆਂ ਕੁਰਬਾਨੀਆਂ ਲਈ ਬੜਾ ਸਤਕਾਰ ਸੀ ਜਿਨ੍ਹਾਂ ਨੇ ਮਹਾਰਾਜਾ ਤੋਂ ਸੌ ਵਰ੍ਹੇ ਪਹਿਲਾਂ ਖ਼ਾਲਸੇ ਦੇ ਰਾਜ ਦੀ ਨੀਂਹ ਰੱਖੀ ਸੀ। ਉਸ ਨੂੰ ਪਤਾ ਸੀ ਕਿ ਡੇਰਾ ਬਾਬਾ ਬੰਦਾ ਸਿੰਘ ਵਿਚ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਅਤੇ ਅਨੇਕਾਂ ਬੰਦੇ ਬਾਬਾ ਫ਼ਤਿਹ ਸਿੰਘ ਦੀ ਪ੍ਰੇਰਨਾ ਨਾਲ ਮੇਲੇ ਦੇ ਮੌਕੇ ਸਿੰਘ ਸਜਦੇ ਹਨ। ਇਸ ਲਈ ਮਹਾਰਾਜੇ ਨੇ ਉਨ੍ਹਾਂ ਨੂੰ ਡੇਰਾ ਸਾਹਿਬ ਦੀ ਸੇਵਾ ਲਈ ਹੇਠ ਲਿਖੀਆਂ ਜਾਗੀਰਾਂ ਦਿੱਤੀਆਂ:

  1. ਮਿਲਖਾਂ ਵਾਲਾ, ਤਹਿਸੀਲ ਡਸਕਾ, ਜਿਲ੍ਹਾ ਸਿਆਲਕੋਟ, 315 ਰੁਪਏ ਸਾਲਾਨਾ ।
  2. ਬੁੱਢਾ ਰਜ਼ਾਦਾ, ਤਹਿਸੀਲ ਵਜੀਰਾਬਾਦ, ਜਿਲਾ ਗੁੱਜਰਾਂਵਾਲਾ, 525 ਰੁਪਏ ਸਾਲਾਨਾ ।
  3. ਵਜ਼ੀਰਾਬਾਦ ਵਿਚੋਂ ਦੋ ਖੂਹਾਂ ਦੀ ਜ਼ਮੀਨ ।
  4. ਚੌਦਾਂ ਪਿੰਡ ਅਖਨੂਰ ਅਤੇ ਊਧਮ ਪੁਰ ਦੇ ਇਲਾਕੇ ਵਿਚ।

ਇਸ ਤੋਂ ਬਿਨਾਂ ਮਹਾਰਾਜਾ ਰਣਜੀਤ ਸਿੰਘ ਦੇ ਇਸ਼ਾਰੇ ਅਨੁਸਾਰ ਜੰਮੂ ਦੇ ਨਾਜ਼ਮ ਰਾਜਾ ਗੁਲਾਬ ਸਿੰਘ ਨੇ 16 ਫੱਗਣ ਸੰਮਤ 1890 ਬਿਕਰਮੀ (ਫ਼ਰਵਰੀ ਸੰਨ 1834 ਈ.) ਨੂੰ ਪਿੰਡ ਧਨੌਰ ਵਿਚ ਜ਼ਮੀਨਾਂ ਦੀ ਮਾਫ਼ੀ ਦਿੱਤੀ ਜਿਸ ਵਿਚ ਕਿ ਡੇਰਾ ਸਾਹਿਬ ਦੀ ਜ਼ਮੀਨ ਭੀ ਸ਼ਾਮਲ ਸੀ।

ਬਾਬਾ ਫ਼ਤਿਹ ਸਿੰਘ ਨੇ ਬੰਦਈ ਸਿੱਖਾਂ ਨੂੰ ਹਿਦਾਇਤ ਕੀਤੀ ਸੀ ਕਿ ਉਹ ਆਪਣੀਆਂ ਲੜਕੀਆਂ ਕੇਵਲ ਬੰਦਈ ਸਿੰਘਾਂ ਨੂੰ ਹੀ ਵਿਆਹੁਣ । ਇਸ ਦਾ ਕਾਰਣ ਇਹ ਸੀ ਕਿ ਇਕ ਵਾਰੀ ਬਾਬਾ ਫ਼ਤਿਹ ਸਿੰਘ ਦੱਖਣ-ਲਹਿੰਦੇ ਦਾ ਦੌਰਾ ਕਰ ਰਹੇ ਸਨ । ਖ਼ਾਨੇਵਾਲ ਜਿਲ੍ਹਾ ਮੁਲਤਾਨ ਦੀ ਇਕ ਬੰਦਈ ਸਿੱਖਣੀ ਨੇ ਬਾਬਾ ਜੀ ਨੂੰ ਪ੍ਰਸਾਦ ਛੱਕਣ ਲਈ ਬੇਨਤੀ ਕੀਤੀ । ਪ੍ਰਸਾਦ ਦੇ ਵੇਲੇ ਬਾਬਾ ਜੀ ਨਾਲ ਜੋ ਸੰਗਤ ਆਈ ਉਸ ਦੀ ਗਿਣਤੀ ਜ਼ਿਆਦਾ ਸੀ । ਇਹ ਦੇਖ ਕੇ ਘਰ ਦੇ ਆਦਮੀ ਜੋ ਬੰਦਈ ਨਹੀਂ ਸਨ, ਬੂਹੇ ਨੂੰ ਤਾਲਾ ਮਾਰ ਕੇ ਬਾਹਰ ਚਲੇ ਗਏ। ਜਿਸ ਵੇਲੇ ਬਾਬਾ ਜੀ ਪੁੱਜੇ ਤਾਂ ਸਿੱਖਣੀ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸ ਦਿੱਤੀ । ਘਰ ਵਿਚ ਜੋ ਤਿਆਰ ਸੀ, ਸੰਗਤ ਉਸੇ ਨਾਲ ਪ੍ਰਸੰਨ ਹੋ ਗਈ । ਪਰ ਬਾਬਾ ਜੀ ਨੇ ਕਿਹਾ ਕਿ ਅੱਗੇ ਨੂੰ ਬੰਦਈ ਸਿੱਖ ਆਪਣੀਆਂ ਲੜਕੀਆਂ ਕੇਵਲ ਬੰਦਈਆਂ ਨੂੰ ਹੀ ਵਿਆਹਿਆ ਕਰਨ ।

ਬਾਬਾ ਫ਼ਤਿਹ ਸਿੰਘ ਦੇ ਚਾਰ ਮਹਿਲ ਸਨ, ਪਹਿਲੀ ਜ਼ਿਲ੍ਹਾ ਸਿਆਲਕੋਟ ਦੇ ਸੰਗਿਆਲ ਪਿੰਡ ਦੇ ਇਕ ਖੱਤਰੀ ਦੀ ਲੜਕੀ ਕਿਸ਼ਨ ਦੇਵੀ, ਦੂਸਰੀ ਵਜ਼ੀਰਾਬਾਦ ਦੀ ਗੁਲਾਬ ਦੇਵੀ, ਤੀਸਰੀ ਜ਼ਿਲਾ ਝੰਗ ਦੇ ਅਹਿਮਦਪੁਰ ਦੇ ਸ਼ਾਹਨੀ ਖੱਤਰੀ ਦੀ ਲੜਕੀ ਭਾਗਭਰੀ ਅਤੇ ਚੌਥੀ ਇਲਾਕਾ ਊਧਮ ਪੁਰ ਦੇ ਪਿੰਡ ਚੜਿਆਈ ਦੀ ਨਾਰਾਇਨ ਦੇਈ । ਬਾਬਾ ਫ਼ਤਿਹ ਸਿੰਘ ਦਾ ਕੇਵਲ ਇਕੋ ਪੁੱਤਰ ਪਹਿਲੀ ਇਸਤਰੀ ਤੋਂ ਸੀ, ਪਰ ਉਹ ਛੋਟੀ ਉਮਰੇ ਹੀ ਹੁਕਮ-ਸਤ ਕਰ ਗਿਆ।

ਬਾਬਾ ਫ਼ਤਿਹ ਸਿੰਘ ਤੋਂ ਬਾਅਦ ਦੇ ਗੱਦੀ ਨਸ਼ੀਨ

2 ਹਾੜ (ਜੇਠ ਸੁਦੀ 2) ਸੰਮਤ 1902 ਬਿਕਰਮੀ (ਜੂਨ 1845) ਨੂੰ ਬਾਬਾ ਫ਼ਤਿਹ ਸਿੰਘ ਦੇ ਦੇਹਾਂਤ ਨਾਲ ਬਾਬਾ ਰਣਜੀਤ ਸਿੰਘ ਤੋਂ ਚਲੀ ਆ ਰਹੀ ਸਿੱਧੀ ਬੰਸ-ਲੜੀ ਦਾ ਅੰਤ ਹੋ ਗਿਆ। ਬਾਬਾ ਫ਼ਤਿਹ ਸਿੰਘ ਦੇ ਛੋਟੇ ਭਾਈ ਸੁਚੇਤ ਸਿੰਘ ਪਹਿਲੇ ਹੀ ਸੰਤਾਨ-ਹੀਨ ਗੁਜ਼ਰ ਚੁੱਕੇ ਸਨ । ਇਸ ਲਈ ਬੰਦਈ ਸਿੱਖਾਂ ਦੀ ਅਗਵਾਈ ਬਾਬਾ ਰਣਜੀਤ ਸਿੰਘ ਦੇ ਦੂਸਰੇ ਪੁੱਤਰ ਜ਼ੋਰਾਵਰ ਸਿੰਘ ਦੇ ਬੰਸ ਦੀ ਸੌਂਪਣਾ ਵਿਚ ਹੋ ਗਈ । ਆਮ ਹਾਲਤਾਂ ਵਿਚ ਬਾਬਾ ਜੋਰਾਵਾਰ ਸਿੰਘ ਦੇ ਪੁੱਤਰ ਅਰਜੁਨ ਸਿੰਘ ਦਾ ਵੱਡਾ ਪੁੱਤਰ ਖੜਕ ਸਿੰਘ ਚੁਣਿਆ ਜਾਣਾ ਚਾਹੀਦਾ ਸੀ, ਪਰ ਚੂੰਕਿ ਗੱਦੀ-ਨਸ਼ੀਨੀ ਲਈ ਕੁਝ ਝਗੜਾ ਜਿਹਾ ਛਿੜ ਪਿਆ, ਇਸ ਲਈ ਬਾਬਾ ਫ਼ਤਿਹ ਸਿੰਘ ਦੀ ਇਸਤਰੀ ਗੁਲਾਬ ਦੇਈ ਵੱਲੋਂ ਟਿੱਕਿਆ ਹੋਇਆ ਖੜਕ ਸਿੰਘ ਦਾ ਛੋਟਾ ਭਾਈ ਅਮੀਰ ਸਿੰਘ ਚੁਣਿਆ ਗਿਆ । ਅਮੀਰ ਸਿੰਘ ਦਾ ਇਕੋ ਪੁੱਤਰ ਪਹਾੜ ਸਿੰਘ ਸੀ ਜਿਸ ਦੀ ਕੋਈ ਸੰਤਾਨ ਨਹੀਂ ਸੀ । ਇਸ ਲਈ ਡੇਰੇ ਦੀ ਗੱਦੀ ਖੜਕ ਸਿੰਘ ਦੇ ਇਕਲੌਤੇ ਪੁੱਤਰ ਦਇਆ ਸਿੰਘ ਨੂੰ ਮਿਲੀ । ਦਇਆ ਸਿੰਘ ਦੇ ਦੇਹਾਂਤ ਤੋਂ ਬਾਅਦ ਉਸ ਦੇ ਪੁੱਤਰਾਂ ਤੇਜਾ ਸਿੰਘ ਅਤੇ ਅਤਰ ਸਿੰਘ ਵਿਚਕਾਰ ਮੁਕੱਦਮਾ ਚਲ ਪਿਆ। ਅਦਾਲਤ ਵੱਲੋਂ ਤਜਵੀਜ ਹੋਣ ਪਰ ਬੰਦਈ ਸਿੱਖਾਂ ਦੀ ਪੰਚਾਇਤ ਹੋਈ ਜਿਸ ਨੇ ਵੱਡੇ ਭਾਈ ਤੇਜਾ ਸਿੰਘ ਦੇ ਹੱਕ ਵਿਚ ਫ਼ੈਸਲਾ ਕੀਤਾ। ਭਾਈ ਅਤਰ ਸਿੰਘ, ਸੋਹਨ ਸਿੰਘ ਅਤੇ ਸੁਜਾਨ ਸਿੰਘ ਲਈ ਮਾਹਵਾਰੀ ਰਕਮਾਂ ਨਿਯਤ ਕਰ ਦਿੱਤੀਆਂ ਗਈਆਂ। ਤੇਜਾ ਸਿੰਘ ਜੀ ਤੋਂ ਬਾਅਦ ਅਤਰ ਸਿੰਘ ਜੀ ਗਦੀ-ਨਸ਼ੀਨ ਹੋਏ । ਅਤਰ ਸਿੰਘ ਤੋਂ ਬਾਅਦ ਉਨ੍ਹਾਂ ਦੇ ਸਭ ਤੋਂ ਛੋਟੇ ਭਾਈ ਸੁਜਾਨ ਸਿੰਘ ਦੇ ਪੁੱਤਰ ਬਾਬਾ ਸਰਦੂਲ ਸਿੰਘ ਗੱਦੀ ਨਸ਼ੀਨ ਹੋਏ।

ਸਰਦੂਲ ਸਿੰਘ

ਬਾਬਾ ਸਰਦੂਲ ਸਿੰਘ ਅੱਗੇ-ਵਧੂ ਖ਼ਿਆਲਾਂ ਦੇ ਹੋਣਹਾਰ ਨੌਜਵਾਨ ਸਨ। ਇਨ੍ਹਾਂ ਨੇ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਵਿੱਦਿਆ ਪ੍ਰਾਪਤ ਕੀਤੀ ਸੀ ਅਤੇ ਸਿੱਖ ਧਰਮ ਅਤੇ ਇਤਿਹਾਸ ਦੇ ਚੰਗੇ ਜਾਣੂ ਸਨ। ਇਨ੍ਹਾਂ ਦੇ ਵੇਲੇ ਇਸ ਪੁਸਤਕ ਦੇ ਲਿਖਾਰੀ ਨੇ ਡੇਰਾ ਬਾਬਾ ਬੰਦਾ ਸਿੰਘ ਦੇ ਦਰਸ਼ਨ ਕੀਤੇ ਸਨ ਅਤੇ ਤਿੰਨ ਦਿਨ (31 ਜਨਵਰੀ ਤੋਂ 2 ਫ਼ਰਵਰੀ 1935) ਉਥੇ ਰਹਿ ਕੇ ਆਪਣੀ ਅੱਖੀਂ ਸਾਰੀ ਰਹੁ-ਰੀਤ ਦੇਖੀ ਸੀ ਜੋ ਸਿੱਖ ਧਰਮ ਦੇ ਅਸੂਲਾਂ ਅਤੇ ਰਵਾਇਤਾਂ ਦੇ ਅਨੁਕੂਲ ਸੀ । ਡੇਰਾ ਸਾਹਿਬ ਅਤੇ ਬੰਗਲਾ ਸਾਹਿਬ ਦੋਨੋਂ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਪਾਠ ਹੁੰਦਾ ਸੀ। ਸਵੇਰੇ ਕੀਰਤਨ ਅਤੇ ਸ਼ਾਮ ਨੂੰ ਰਹਿਰਾਸ ਤੋਂ ਬਾਅਦ ਦਸਾਂ ਪਾਤਸ਼ਾਹੀਆਂ ਦਾ ਅਰਦਾਸਾ ਹੁੰਦਾ ਸੀ ਅਤੇ ਉਸ ਤੋਂ ਬਾਅਦ ਇਹ ਦੋਹਰੇ ਪੜ੍ਹੇ ਜਾਂਦੇ ਸਨ :

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

ਗੁਰੁ ਗ੍ਰੰਥ ਜੀ ਮਾਨਿਓ ਪਰਗਟ ਗੁਰਾਂ ਕੀ ਦੇਹ।

ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦ ਮੈਂ ਲੇਹ।

ਇਨ੍ਹਾਂ ਤੋਂ ਬਾਅਦ, “ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ” ਬੁਲਾਈ ਜਾਂਦੀ ਅਤੇ ‘ਸਤਿ ਸ੍ਰੀ ਅਕਾਲ’ ਦੇ ਤਿੰਨ ਜੈਕਾਰੇ ਗਜਾਏ ਜਾਂਦੇ ਸਨ ।

ਸ਼ਾਮ ਦੇ ਦੀਵਾਨ ਵਿਚ ਰਹਿਰਾਸ ਤੋਂ ਬਾਅਦ ਪੜ੍ਹੇ ਜਾਂਦੇ ਦੋਹਰਿਆਂ, ਫ਼ਤਿਹ ਅਤੇ ਜੈਕਾਰਿਆਂ

ਦੇ ਪਿੱਛੋਂ ਹੇਠ ਲਿਖੇ ਵਾਕ ਭੀ ਪੜ੍ਹੇ ਜਾਂਦੇ ਸਨ :

ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਜੀ।

ਤੂੰ ਹੀ ਤੂੰ ਹੀ ਗੁਰੂ ਗੋਬਿੰਦ ਸਿੰਘ ਜੀ।

ਚੱਕਰ ਤੇਰੇ ਗੁਰੂ ਗੋਬਿੰਦ ਸਿੰਘ ਜੀ ।

ਘੋੜੇ ਤੇਰੇ ਗੁਰੂ ਗੋਬਿੰਦ ਸਿੰਘ ਜੀ ।

ਫ਼ੌਜਾਂ ਤੇਰੀਆਂ ਗੁਰੂ ਗੋਬਿੰਦ ਸਿੰਘ ਜੀ।

ਸੰਗਤੀ ਤੇਰੀਆਂ ਗੁਰੂ ਗੋਬਿੰਦ ਸਿੰਘ ਜੀ ।

ਬਾਜਾਂਵਾਲਾ ਗੁਰੂ ਗੋਬਿੰਦ ਸਿੰਘ ਜੀ।

ਕਲਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਜੀ।

ਦਰਬਾਰ ਵਾਲਾ ਬਾਬਾ ਬੰਦਾ ਸਿੰਘ ਜੀ ।

ਬੰਗਲੇ ਵਾਲਾ ਸਾਹਿਬ ਰਣਜੀਤ ਸਿੰਘ ਜੀ ।

ਮਹਿਲਾਂ ਵਾਲਾ ਬਾਬਾ ਜੁਝਾਰ ਸਿੰਘ ਜੀ।

ਸੰਗਤੀ ਵਾਲਾ ਬਾਬਾ ਫ਼ਤਿਹ ਸਿੰਘ ਜੀ ।

ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਜੀ।

ਤੂੰ ਹੀ ਤੂੰ ਹੀ ਗੁਰੂ ਗੋਬਿੰਦ ਸਿੰਘ ਜੀ।

ਬਾਬਾ ਫ਼ਤਿਹ ਸਿੰਘ ਤੋਂ ਬਾਅਦ ਹੋਰ ਕਿਸੇ ਦਾ ਨਾਉਂ ਨਹੀਂ ਸੀ ਲਿਆ ਜਾਂਦਾ ।

ਸੰਨ 1947 ਦੀ ਗੜ-ਬੜ ਵੇਲੇ ਬਾਬਾ ਸਰਦੂਲ ਸਿੰਘ ਜੀ ਨੇ ਪਾਕਿਸਤਾਨ ਤੋਂ ਉੱਜੜ ਕੇ ਆਏ ਸਿੱਖਾਂ ਨੂੰ ਮੁੜ ਬਸਾਉਣ ਵਿਚ ਬੜੀ ਸਹਾਇਤਾ ਕੀਤੀ । 6 ਅਪ੍ਰੈਲ, 1948 ਨੂੰ ਬੰਬਈ ਵਿਚ ਆਪ ਦਾ ਦੇਹਾਂਤ ਹੋ ਗਿਆ। ਅੱਜ ਕੱਲ ਉਨ੍ਹਾਂ ਦੇ ਸਪੁੱਤਰ ਜਿਤੇਂਦਰ-ਪਾਲ ਸਿੰਘ ਰੋਹਤਕ ਵਿਚ ਹਨ ਜਿਨ੍ਹਾਂ ਦਾ ਜਨਮ 2 ਅਕਤੂਬਰ ਸੰਨ 1944 ਨੂੰ ਹੋਇਆ ਸੀ ।

ਬੰਦਾ ਸਿੰਘ ਦੀਆਂ ਯਾਦਗਾਰਾਂ

ਡੇਰਾ ਬਾਬਾ ਬੰਦਾ ਸਾਹਿਬ

ਬਾਬਾ ਬੰਦਾ ਸਿੰਘ ਦੀ ਵੱਡੀ ਯਾਦਗਾਰ ਡੇਰਾ ਬਾਬਾ ਬੰਦਾ ਹੈ ਜੋ ਡੇਰਾ ਸਾਹਿਬ ਜਾਂ ਡੇਰਾ ਕਰਕੇ ਪ੍ਰਸਿੱਧ ਹੈ। ਇਹ ਜੰਮੂ ਦੇ ਪਹਾੜੀ ਇਲਾਕੇ ਵਿਚ ਕਟੜੇ ਤੋਂ ਸੱਤ ਕੋਹ ਅਤੇ ਰਿਆਸੀ ਤੋਂ ਸਿੱਧਾ ਦੱਖਣ ਨੂੰ ਸਾਢੇ ਚਾਰ ਕੋਹ ਹੈ । ਡੇਰਾ ਸਾਹਿਬ ਦੇ ਲਹਿੰਦਿਉਂ ਦੱਖਣ ਨੂੰ ਝਨਾਂ ਵਗਦੀ ਹੈ ਜੋ ਇਥੋਂ ਥੋੜ੍ਹੀ ਦੂਰ ਦੱਖਣ-ਚੜ੍ਹਦੇ ਜਾ ਕੇ ਥੋੜ੍ਹਾ ਜਿਹਾ ਦੱਖਣ ਲਹਿੰਦੇ ਨੂੰ ਮੁੜ ਕੇ ਸਿੱਧੀ ਦੱਖਣ ਨੂੰ ਕਿਦਰਪੁਰ, ਅਖਨੂਰ ਵੱਲ ਨੂੰ ਹੋ ਪੈਂਦੀ ਹੈ । ਡੇਰਾ ਸਾਹਿਬ ਦੀ ਬਸਤੀ ਦੇ ਚੜ੍ਹਦੇ ਨੂੰ ਇਕ ਮੀਲ ਤੇ ਸੇਰੀ ਪਿੰਡ ਹੈ, ਲਹਿੰਦੇ ਨੂੰ ਦੋ ਮੀਲ ਤੇ ਭੱਬਰ ਅਤੇ ਉੱਤਰ ਨੂੰ ਡੇਢ ਕੁ ਮੀਲ ਤੇ ਮਨਸੂਹ ਹੈ।

ਖ਼ਾਸ ਡੇਰਾ ਸਾਹਿਬ ਤੋਂ ਵੱਖ ਇਥੇ ਇਕ ਅਸਥਾਨ ਥੜਾ ਸਾਹਿਬ ਹੈ ਜਿਥੇ ਕਿ ਬਾਬਾ ਬੰਦਾ ਸਿੰਘ ਨੇ ਪਹਿਲੋਂ ਪਹਿਲ ਆਪਣਾ ਬਰਛਾ ਗੱਡਿਆ ਸੀ । ਦੂਸਰਾ ਯਾਦਗਾਰੀ ਅਸਥਾਨ ਬੰਗਲਾ ਸਾਹਿਬ ਹੈ ਜੋ ਬਾਬਾ ਰਣਜੀਤ ਸਿੰਘ ਦੀ ਯਾਦ ਵਿਚ ਹੈ।

ਖ਼ਾਸ ਡੇਰਾ ਸਾਹਿਬ ਦੇ ਅੰਦਰ ਦਰਮਿਆਨ ਵਿਚ ਬਾਬਾ ਬੰਦਾ ਸਿੰਘ ਦਾ ਇਕ ਪਲੰਘ ਰਖਿਆ ਹੋਇਆ ਸੀ ਜਿਸ ਦੇ ਮੈਂ 30 ਜਨਵਰੀ ਅਤੇ ਪਹਿਲੀ ਫ਼ਰਵਰੀ ਸੰਨ 1935 ਨੂੰ ਦਰਸ਼ਨ ਕੀਤੇ ਸਨ । ਚੜ੍ਹਦੇ ਪਾਸੇ ਦੀਵਾਰ ਉੱਤੇ ਹੇਠ ਉੱਪਰ ਦੋ ਤਸਵੀਰਾਂ ਸਨ । ਉੱਪਰਲੀ ਤਸਵੀਰ ਮਹਾਰਾਜਾ ਰਣਜੀਤ ਸਿੰਘ ਚਾਂਦਨੀ ਹੇਠਾਂ ਕੁਰਸੀ ਪਰ ਬੈਠੇ ਸਨ ਅਤੇ ਦੂਸਰੀ ਹੇਠਲੀ ਵਿਚ ਖ਼ਾਲਸਾ ਫ਼ੌਜ ਸੀ ਅਤੇ ਮਹਾਰਾਜਾ ਸਾਹਿਬ ਹਾਥੀ ਪਰ ਅਸਵਾਰ ਸਨ । ਲਾਹਿੰਦੇ ਪਾਸੇ ਤਾਕ ਦੇ ਉੱਪਰ ਬਾਬਾ ਬੰਦਾ ਸਿੰਘ ਦੀ ਤਸਵੀਰ ਸੀ ਜਿਸ ਵਿਚ ਉਹ ਤਕੀਆ ਲਾਈ ਬੈਠੇ ਸਨ । ਦਾਹੜਾ ਚਿੱਟਾ ਦਿਖਾਇਆ ਹੋਇਆ ਸੀ । ਉਨ੍ਹਾਂ ਦੇ ਸੱਜੇ ਹੱਥ ਤਿੰਨ ਸਿੰਘ ਤਕੀਆ ਲਾਈ ਬੈਠੇ ਹਨ ਅਤੇ ਖੱਬੇ ਹੱਥ ਬਾਬਾ ਜੀ ਦੇ ਨਾਲ ਇਕ ਸਿੰਘ ਕਲਗੀ ਵਾਲੇ ਤਕੀਆ ਲਾਈ ਬੈਠੇ ਸਨ ਅਤੇ ਉਨ੍ਹਾਂ ਦੇ ਨਾਲ ਅੱਗੇ ਇਕ ਸਿੰਘ ਕਲਗੀ ਸਜਾਈ ਬਿਨਾਂ ਸਰਾਨੇ ਦੇ ਬੈਠੇ ਸਨ । ਬਾਬਾ ਜੀ ਦੇ ਖੱਬੇ ਪਾਸੇ ਜਰਾ ਪਿੱਛੇ ਨੂੰ ਹਟਵਾਂ ਚੋਰੀ-ਬਰਦਾਰ ਸੀ । ਇਹ ਸਭ ਕੁਝ ਮੈਂ ਸੰਨ 1935 ਦੀ ਯਾਦ ਅਨੁਸਾਰ ਲਿਖਿਆ ਹੈ । ਯਾਦਗਾਰ, ਬਸਰਾਮਪੁਰ

ਜਲੰਧਰ ਦੇ ਜਿਲੇ ਵਿਚ ਸ਼ਹਿਰ ਜਲੰਧਰ ਤੋਂ ਚੜ੍ਹਦੀ ਵੱਲ ਅਤੇ ਛਾਉਣੀਓਂ ਉੱਤਰ-ਚੜ੍ਹਦੇ ਨੂੰ ਬਸਰਾਮਪੁਰ ਪਿੰਡ ਦੀ ਜਮੀਨ ਵਿਚ ਇਕ ਬੜਾ ਪੁਰਾਣਾ ਪਿੱਪਲ ਹੈ ਜਿਸ ਦੀ ਕਈ ਚਿਰ ਤੋਂ ਮਨੋਤ ਹੁੰਦੀ ਹੈ। ਕਹਿੰਦੇ ਹਨ ਕਿ ਇਥੇ ਕਿਸੇ ਵੇਲੇ ਬਾਬਾ ਬੰਦਾ ਸਿੰਘ ਦਾ ਡੇਰਾ ਸੀ । ਇਸ ਨੂੰ ਥੇਹ ਬਾਬੇ ਬੰਦੇ ਵਾਲੀ ਅਤੇ ਥੇਹ ਕਾਨੂੰਨੀ ਕਹਿੰਦੇ ਹਨ ਜੋ ਬਸਰਾਮਪੁਰ, ਚਾਂਦਪੁਰ ਅਤੇ ਭੋਜੋਵਾਲ ਦੀ ਹੱਦ ਪਰ ਹੈ । ਹੁਣ ਇਥੇ ਪਤਾਰਾ ਨਿਵਾਸੀ ਮਾਸਟਰ ਮੋਤਾ ਸਿੰਘ ਦੇ ਉਤਸ਼ਾਹ ਅਤੇ ਇਲਾਕੇ ਦੇ ਉੱਦਮ ਨਾਲ ਇਕ ਯਾਦਗਾਰੀ ਗੁਰਦੁਆਰਾ ਬਣ ਗਿਆ ਹੈ। ਮਾਸਟਰ ਮੋਤਾ ਸਿੰਘ ਦਾ ਪਤਾਰਾ ਪਿੰਡ ਚਾਂਦਪੁਰੋ ਉੱਤਰ ਵੱਲ ਨੂੰ ਬੋਲਿੰਨਾ ਰੇਲਵੇ ਸਟੇਸ਼ਨ ਤੋਂ ਦੱਖਣ-ਚੜ੍ਹਦੇ ਨੂੰ ਹੈ । ਬਸਰਾਮਪੁਰ ਤੋਂ ਦੱਖਣ ਲਹਿੰਦੇ ਨੂੰ ਪਿੰਡ ਪੂਰਨ ਪੁਰ ਅਤੇ ਤੱਲਣ ਹਨ।

ਇਸ ਅਸਥਾਨ ਦੀ ਮਹਾਨਤਾ ਸੰਬੰਧੀ ਲੇਖਕ ਦੇ ਸਵਾਲ ਦੇ ਉੱਤਰ ਵਿਚ ਇਕ ਵਾਰੀ ਮਾਸਟਰ ਮੋਤਾ ਸਿੰਘ ਜੀ ਨੇ ਕਿਹਾ ਸੀ ਕਿ ਇਹ ਬਾਬਾ ਬੰਦਾ ਸਿੰਘ ਦਾ ਜਨਮ ਅਸਥਾਨ ਹੈ ਜਿਸ ਦੀ ਗਵਾਹੀ ਲਈ ਉਨ੍ਹਾਂ ਜੇਮਜ਼ ਬਰਾਉਨ ਦੀ ਪੁਸਤਕ ਦਾ ਜ਼ਿਕਰ ਕੀਤਾ ਸੀ । ਜੇਮਜ਼ ਬਰਾਉਨ ਦੀ ਹਿਸਟਰੀ ਔਫ਼ ਦੀ ਔਰਿਜਿਨ ਐਂਡ ਪ੍ਰੋਗੈਸ ਔਫ਼ ਦੀ ਸਿੱਕਸ (History of the Origin and the Progress of the Sicks, 1788) ਵਿਚ ਪੰਨਾ 9 ਪਰ ਪਿੰਡ ਪੰਡੋਰੀ, ਦੁਆਬਾ ਬਿਸਤ ਜਲੰਧਰ ਦਿੱਤਾ ਹੋਇਆ ਹੈ, ਪਰ ਇਸ ਨਾਉਂ ਦਾ ਕੋਈ ਪਿੰਡ ਇਸ ਥੇਹ ਦੇ ਲਾਗੇ ਨਹੀਂ ਹੈ। ਦੁਆਬਾ ਬਿਸਤ ਜਲੰਧਰ ਵਿਚ ਵੱਖ ਵੱਖ ਵਿਅਕਤੀਆਂ ਦੇ ਨਾਉਂ ਨਾਲ ਪ੍ਰਸਿਧ ਕਈ ਪੰਡੋਰੀਆਂ ਹਨ। ਇਸ ਲਈ ਨਿਸ਼ਚੇ ਨਾਲ ਕੁਝ ਕਹਿ ਸਕਣਾ ਔਖਾ ਹੈ। ਆਮ ਇਤਿਹਾਸਕਾਰਾਂ ਨੇ ਬਾਬਾ ਬੰਦਾ ਸਿੰਘ ਦਾ ਜਨਮ-ਅਸਥਾਨ ਰਾਜੌੜੀ ਜ਼ਿਲ੍ਹਾ ਪੁਣਛ (ਕਸ਼ਮੀਰ) ਲਿਖਿਆ ਹੈ। (ਦੇਖੋ Ganda Singh, Early European Accounts of the Sikhs, 1962, Page 28, Footnote No. 24).

ਥੇਹ ਬਾਬਾ ਬੰਦਾ ਸਿੰਘ

ਥੋੜ੍ਹਾ ਚਿਰ ਹੀ ਹੋਇਆ ਹੈ ਸੁਰਗਵਾਸੀ ਸਰਦਾਰ ਭਾਗ ਸਿੰਘ ਵਕੀਲ, ਗੁਰਦਾਸਪੁਰ ਦੇ ਜਤਨ ਅਤੇ ਪ੍ਰੇਰਨਾ ਨਾਲ ਇਰਦ ਗਿਰਦ ਦੇ ਸਿੰਘਾਂ ਨੇ ਗੁਰਦਾਸ ਨੰਗਲ ਦੀ ਥੇਹ ਪਰ ਇਕ ਯਾਦਗਾਰੀ ਗੁਰਦੁਆਰਾ ਬਣਾ ਦਿੱਤਾ ਹੈ। ਇਹ ਅਸਥਾਨ ਧਾਰੀਵਾਲੋਂ ਗੁਰਦਾਸਪੁਰ ਨੂੰ ਜਾ ਰਹੀ ਸੜਕ ਦੇ ਖੱਬੇ ਹੱਥ ਹੈ। ਇੱਥੋਂ ਹੀ ਆਖ਼ਰੀ ਘੇਰੇ ਵਿਚੋਂ ਬਾਬਾ ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘ ਫੜੇ ਗਏ ਸਨ।

ਬਣਨ ਵਾਲੀਆਂ ਯਾਦਗਾਰਾਂ

ਬਾਬਾ ਬੰਦਾ ਸਿੰਘ ਦੀਆਂ ਅਨੇਕਾਂ ਹੋਰ ਯਾਦਗਾਰਾਂ ਕਾਇਮ ਕਰਨ ਦੀ ਲੋੜ ਹੈ, ਖ਼ਾਸ ਕਰ ਉਨ੍ਹਾਂ ਥਾਵਾਂ ਤੇ ਜਿੱਥੇ ਕਿ ਉਨ੍ਹਾਂ ਨੇ ਜਿੱਤਾਂ ਪ੍ਰਾਪਤ ਕਰ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਸੁਤੰਤਰ ਰਾਜ ਦੀ ਜੋਤ ਜਗਾਈ ਸੀ । ਪਰ ਇਕ ਬੜਾ ਜ਼ਰੂਰੀ ਅਸਥਾਨ ਲੋਹਗੜ੍ਹ ਸਢੌਰੇ ਤੋਂ ਉੱਤਰ ਚੜ੍ਹਦੇ ਵੱਲ ਹੈ ਜਿੱਥੇ ਕਿ ਉਨ੍ਹਾਂ ਨੇ ਇਸ ਰਾਜ ਦੀ ਰਾਜਧਾਨੀ ਦੀ ਨੀਂਹ ਰਖੀ ਸੀ।

ਦੋ ਹੋਰ ਅਤਿ ਜਰੂਰੀ ਅਸਥਾਨ ਹਨ ਦਿੱਲੀ ਵਿਚ । ਇਕ ਹੈ ਚਾਂਦਨੀ ਚੌਕ ਦੀ ਕੋਤਵਾਲੀ ਦੇ ਸਾਹਮਣੇ (ਰੇਲਵੇ ਸਟੇਸ਼ਨ ਤੋਂ ਫ਼ਵਾਰੇ ਨੂੰ ਆ ਰਹੀ ਸੜਕ ਦੇ ਸੱਜੇ ਹੱਥ) ਦਾ ਮੈਦਾਨ ਜਿੱਥੇ 5 ਮਾਰਚ, ਸੰਨ 1716 ਨੂੰ ਸ਼ੁਰੂ ਕਰਕੇ ਹਰ ਰੋਜ ਲਗਾਤਾਰ ਅੱਠ ਦਿਨ ਸੋ ਸੌ ਕਰ ਕੇ ਬਾਬਾ ਬੰਦਾ ਸਿੰਘ ਦੇ ਸਾਥੀ ਸਿੰਘ ਕਤਲ ਕੀਤੇ ਗਏ ਸਨ । ਦੂਸਰਾ ਅਸਥਾਨ ਹੈ ਕੁਤਬ ਮੀਨਾਰ ਦੇ ਪਾਸ ਖੁਆਜਾ ਕੁਤਬੁੱਦੀਨ ਬਖਤਿਆਰ ਕਾਕੀ ਦੇ ਰੋਜ਼ੇ ਦੇ ਲਾਗੇ ਜਿੱਥੇ 9 ਜੂਨ, ਸੰਨ 1716 ਨੂੰ ਖ਼ੁਦ ਬਾਬਾ ਬੰਦਾ ਸਿੰਘ, ਉਨ੍ਹਾਂ ਦਾ ਪੁੱਤਰ ਅਜੈ ਸਿੰਘ ਅਤੇ ਸਰਦਾਰ ਬਾਜ ਸਿੰਘ ਆਦਿ ਚੋਣਵੇਂ ਮੁੱਖੀ ਸਰਦਾਰਾਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਟੋਟੇ ਟੋਟੇ ਕੀਤਾ ਗਿਆ ਸੀ । ਇਨ੍ਹੀ ਚੋਹੀਂ ਥਾਈਂ ਸ਼ਹੀਦ ਗੰਜ ਬਣਨੇ ਚਾਹੀਦੇ ਹਨ।

 

 

Credit – ਗੰਡਾ ਸਿੰਘ

Leave a comment

error: Content is protected !!