ਕਸ਼ਮੀਰ:
ਭਾਰਤ ਦੇ ਉੱਤਰ ਵਿਚ ਸਥਿਤ ਇਕ ਖਿੱਤੇ ਦਾ ਨਾਂ ਕਿਸੇ ਵੇਲੇ ਕਾਸ਼ਮੀਲੋ ਸੀ ਜਿਸ ਨੂੰ ‘ਭਾਰਤ ਦੀ ਜਨੰਤ’ ਕਿਹਾ ਜਾਂਦਾ ਸੀ ਤੇ ਇਸੇ ਲਈ ‘ਤੋਜਕ-ਏ-ਜਹਾਂਗੀਰੀ’ ਵਿਚ ਜਹਾਂਗੀਰ ਨੇ ਵਰਨਣ ਕੀਤਾ ປີ ‘ਅਗਰ ਫ਼ਿਰਦੋਸ ਬਰ ਰੂਏ ਜ਼ਮੀਨ ਅਸਤ। ਹਮੀ ਅਸਤੋ, ਹਮੀ ਅਸਤੋ, ਹਮੀ ਅਸਤੋ। ਭਾਵ ਕਿ ਜੇ ਧਰਤੀ ‘ਤੇ ਸਵਰਗ ਹੈ ਤਾਂ ਇਹੋ ਹੈ, ਇਹੋ ਹੈ, ਇਹੋ ਹੈ। ਇਸੇ ਜਨਤ ਨੁਮਾ ਖਿਤੇ ਵਿਚ ਸੰਨ 1670 ਈ. ਨੂੰ ਪਛਮੀ ਕਸ਼ਮੀਰ ਦੇ ਇਕ ਛੋਟੇ ਜਿਹੇ ਪਿੰਡ ਰਾਜੋਰੀ ਨੇੜੇ ਤੱਛਲ ਵਿਚ ਸ੍ਰੀ ਰਾਮਦੇਵ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਲਛਮਣ ਦੇਵ ਰੱਖਿਆ ਗਿਆਇਹ ਪਿੰਡ ਭਿੰਬਰ ਤੋਂ ਅੱਗੇ ਕਮਨਗੋਥਾ ਦੀਆਂ ਪਹਾੜੀਆਂ ਲੰਘ ਕੇ ਹੈ। ਇਥੋਂ ਦੇ ਪ੍ਰਚੀਨ ਵਾਸੀ ਡੋਗਰੇ ਰਾਜਪੂਤ ਹਨ ਜੋ ਕਿਸਾਨੀ ਦਾ ਕਿੱਤਾ ਕਰਦੇ ਸਨਰਾਜਪੂਤੀ ਪਿਛੋਕੜ ਹੋਣ ਕਰਕੇ ਲਛਮਣ ਦੇਵ ਨੇ ਬਹੁਤਾ ਸਮਾਂ ਸ਼ਿਕਾਰ ‘ਤੇ ਜਾਣ ਅਤੇ ਤੀਰ-ਅੰਦਾਜ਼ੀ ਵਿਚ ਗੁਜ਼ਾਰਿਆ। ਇੱਥੇ ਪਾਸ ਹੀ ਹਿਰਨੀ ਸ਼ਿਕਾਰਗਾਹ ਅਤੇ ਖੱਚਰ ਸ਼ਿਕਾਰਗਾਹ ਹੈਹਿਰਨੀ ਸ਼ਿਕਾਰਗਾਹ ਵਾਲੇ ਸਥਾਨ ‘ਤੇ ਹਿਰਨਾ ਦਾ ਵਾਸਾ ਹੈ ਅਤੇ ਸ਼ਿਕਾਰੀ ਹਿਰਨਾ ਦਾ ਸ਼ਿਕਾਰ ਕਰਨ ਇਸ ਜਗ੍ਹਾ ‘ਤੇ ਆਇਆ ਕਰਦੇ ਸਨ। ਇਸ ਸਥਾਨ ‘ਤੇ ਅੱਜਕਲ੍ਹ ਪਿੰਡ ਆਬਾਦ ਹੋ ਗਿਆ ਹੈ ਜਿਸ ਦਾ ਨਾਂ ਹਿਰਨੀ ਹੈ। ਇਕ ਵਾਰੀ ਲਛਮਣ ਦੇਵ ਵੱਲੋਂ ਇਕ ਹਿਰਨੀ ਦੇ ਸ਼ਿਕਾਰ ਕਰਨ ਉਪਰੰਤ, ਹਿਰਨੀ ਦੇ ਪੇਟ ਵਿੱਚੋਂ ਦੋ ਬੱਚੇ ਨਿਕਲੇ, ਜਿਨ੍ਹਾਂ ਨੇ ਲਛਮਣ ਦੇਵ ਦੀਆਂ ਅੱਖਾਂ ਸਾਹਮਣੇ ਤੜਪ-ਤੜਪ ਕੇ ਪ੍ਰਾਣ ਤਿਆਗ ਦਿੱਤੇ। ਇਸ ਘਟਨਾ ਨੇ ਉਸ ਦੇ ਜੀਵਨ ‘ਤੇ ਡੂੰਘਾ ਅਸਰ ਪਾਇਆ। ਜਾਨਕੀ ਦਾਸ ਸਾਧੂ ਦੀ ਸੰਗਤ ਦਾ ਅਸਰ ਕਬੂਲਦੇ ਹੋਏ ਲਛਮਣ ਦੇਵ ਨੇ ਜੁਆਨੀ ਵਿਚ ਹੀ ਆਪਣਾ ਘਰ-ਬਾਰ ਤਿਆਗ ਦਿੱਤਾ ਅਤੇ ਆਪਣਾ ਨਾਮ ਲਛਮਣ ਦੇਵ ਤੋਂ ਬਦਲ ਕੇ ਮਾਧੋ ਦਾਸ ਰੱਖ ਲਿਆ। ਜਾਨਕੀ ਦਾਸ ਸਾਧੂ ਦੀ ਸਮਾਧੀ ਰਾਜੌਰੀ ਵਿਖੇ ਦਰਿਆ ਦੇ ਵਿਚਕਾਰ ਬਣੀ ਹੋਈ ਹੈ। 1686 ਈਵਿਚ ਮਾਧੋ ਦਾਸ ਅਨੰਤ ਦੀ ਭਾਲ ਲਈ ਦਰ-ਦਰ ਭਟਕਦਾ ਹੋਇਆ ਰਾਮਥੰਮਣ ਦੇ ਸਥਾਨ ‘ਤੇ ਸਾਧੂ ਔਘੜ ਨਾਥ ਦੇ ਸੰਪਰਕ ਵਿਚ ਆਇਆ। ਮਾਧੋ ਦਾਸ ਨੇ ਔਘੜ ਨਾਥ ਦੀ ਸ਼ਾਗਿਰਦੀ ਧਾਰਨ ਕਰ ਲਈ ਅਤੇ ਉਸ ਨਾਲ ਪੰਚਵੱਟੀ(ਨਾਸਿਕ) ਆ ਗਿਆ। ਉਸ ਨੇ ਔਘੜ ਨਾਥ ਤੋਂ ਹਠ ਯੋਗ ਸਿੱਖਿਆ। ਔਘੜ ਨਾਥ ਤੋਂ ਸਿੱਖਿਆ ਪ੍ਰਾਪਤ ਕਰ ਮਾਧੋ ਦਾਸ ਰਿਧੀਆਂ-ਸਿਧੀਆਂ ਦਾ ਧਾਰਨੀ ਬਣਿਆ। ਇਸ ਵਿੱਦਿਆ ਨਾਲ ਸੰਬੰਧਿਤ ਉਸਨੇ ਇਕ ਗ੍ਰੰਥ ਵੀ ਔਘੜ ਨਾਥ ਤੋਂ ਪ੍ਰਾਪਤ ਕੀਤਾ। 1691 ਈ. ਵਿਚ ਔਘੜ ਨਾਥ ਪ੍ਰਲੋਕ ਸਿਧਾਰ ਗਿਆ। ਉਸ ਵੇਲੇ ਮਾਧੋ ਦਾਸ ਦੀ ਉਮਰ 21 ਸਾਲ ਸੀ।
ਨਾਂਦੇੜ (ਮਹਾਰਾਸ਼ਟਰ):
ਹੁਣ ਮਾਧੋ ਦਾਸ ਨੇ ਨਾਸਿਕ ਛੱਡ ਕੇ ਨਾਂਦੇੜ (ਗੋਦਾਵਰੀ ਦੇ ਕੰਢੇ) ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ। 16-17 ਸਾਲ ਉਹ ਇਥੇ ਹੀ ਰਿਹਾ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ 1708 ਈ. ਦੱਖਣ ਦੇ ਪ੍ਰਸਿੱਧ ਸ਼ਹਿਰ ਨਾਂਦੇੜ ਵਿਖੇ ਪਹੁੰਚੇ ਤਾਂ ਗੁਰੂ ਜੀ ਦੇ ਅਨੇਕਾਂ ਸ਼ਰਧਾਲੂਆਂ ਨੇ ਗੁਰੂ ਜੀ ਦਾ ਨਾਂਦੇੜ ਪਹੁੰਚਣ ‘ਤੇ ਸਵਾਗਤ ਕੀਤਾ ਜਿਨ੍ਹਾਂ ਵਿਚ ਪਿੰਡ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦਾ ਢਾਡੀ ਨੱਥ ਮੱਲ ਵੀ ਸ਼ਾਮਿਲ ਸੀ। ਢਾਡੀ ਨੱਥ ਮੱਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਆਪਣੇ
ਭਰਾ ਅਬਦੁਲਾ ਨਾਲ ਰਲ ਕੇ ਗੁਰੂ ਦਰਬਾਰ ਵਿਚ ਆਈ ਸੰਗਤ ਨੂੰ ਢੱਡ ਸਾਰੰਗੀ ਨਾਲ ਵਾਰਾ ਸੁਣਾਇਆ ਕਰਦਾ ਸੀ। ਭਾਈ ਨੱਥ ਮੱਲ ਅਤੇ ਭਾਈ ਅਬਦੁਲਾ ਜੀ ਨੇ ਚਾਰ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ। ਇਥੇ ਨਾਂਦੇੜ ਵਿਖੇ ਗੁਰੂ ਜੀ ਦਾ ਮਿਲਾਪ ਮਾਧੋ ਦਾਸ ਨਾਲ ਹੋਇਆ। ਗੁਰੂ ਕੀਆਂ
ਸਾਖੀਆਂ ਵਿਚ ਵਰਨਣ ਹੈ ਕਿ: “ਸੰਮਤ ਸਤਰਾਂ ਸੈ ਪੈਂਸਠ ਅਸ਼ਵ ਪ੍ਰਵਿਸ਼ਟੇ ਤੀਜ ਕੇ ਦਿਹੂੰ ਸੂਰਜ ਗ੍ਰਹਿਣ ਕੇ ਲਗੇ ਮੇਲੇ ਤੇ ਗੁਰੂ ਜੀ ਸਾਥੀ ਸਿੱਖਾਂ ਸਮੇਤ ਮਾਧੋ ਦਾਸ ਬੈਰਾਗੀ ਕੇ ਡੇਰੇ ਗਏ। ਮੇਲਾ ਗੋਦਾਵਰੀ ਦੇ ਕੰਢੇ ਲਗਾ ਹੂਆ ਥਾ।” ਉਸ ਵਕਤ ਮਾਧੋ ਦਾਸ ਦੀ ਉਮਰ ਕੋਈ 38 ਸਾਲ ਦੀ ਹੋ ਚੁਕੀ ਸੀ। ਭਾਈ ਨੱਥ ਮੱਲ ਜੀ ਨੇ ਫਾਰਸੀ ਦੇ 126 ਸ਼ੇਅਰਾ ਵਿਚ ਜਿਕਰ ਕੀਤਾ ਤੇ ਇਸ ਕੀਤਾਬ ਦਾ ਨਾਂ ਉਨ੍ਹਾਂ ਨੇ ਅਮਰਨਾਮਾ ਰੱਖਿਆ। ਇਨ੍ਹਾਂ ਫਾਰਸੀ ਸ਼ੇਅਰਾ ਦਾ ਡਾ. ਪੰਦੋਹਾਲ ਨੇ ਪੰਜਾਬੀ ਅਨੁਬਾਦ ਕੀਤਾ ਹੈ। ਭਾਈ ਨੱਥ ਮੇਲ ਜੀ ਲਿਖਦੇ ਹਨ
ਗਦਾ ਬੂਦ ਆ ਜਾਂ ਯਕੇ ਤੁੰਦ ਖੂ। ਕਿ ਗੂਲੇ ਬਿਆਬਾਂ ਬ-ਤਸਖ਼ੀਰੇ ਉ।
ਭਾਵ
ਉਥੇ ਇੱਕ ਬੜਾ ਕੌੜ ਸਾਧੂ ਸੀ ਰਹਿੰਦਾ। ਜਿਹਦੇ ਕੋਲ ਭੂਤਾਂ ਦਾ ਟੋਲਾ ਸੀ ਬਹਿੰਦਾ।
ਭਾਈ ਕੇਸਰ ਸਿੰਘ ਛਿੱਬਰ ਆਪਣੀ ਪੁਸਤੱਕ ‘ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿਚ ਲਿਖਦੇ ਹੈ:
“ਸਾਹਿਬ, ਪਾਸੋਂ ਆਦਮੀ ਕਰਿ ਦਿਤੇ ਦੂਰ।
ਦੋਹਾਂ ਗੱਲਾਂ ਕੀਤੀਆਂ ਆਪਸ ਵਿਚਿ ਬੈਠ ਕੇ ਮਸ਼ਕੂਰ।
ਆਖਿਰ ਸਾਧੂ ਉਠ ਕੇ, ਆ ਚਰਨੀ ਢੱਠਿਆ।
ਪਾਹੁਲ ਗੁਰੂ ਕੀ ਛਕ ਕੇ, ਬਣਿਆ ਸਿੰਘ ਹਠੀਆ।623।
ਉਨ ਆਖਿਆ ਸਾਹਿਬ ਨੂੰ: ‘ਮੈਂ ਬੰਦਾ ਤੇਰਾ।
ਤੂੰ ਹੈ ਪੂਰਣ ਸਤਿਗੁਰੂ, ਰਾਖ ਰਖਦਾ ਮੇਰਾ’ ।624।
ਇਸੇ ਘਟਨਾ ਦਾ ਜਿਕਰ ਕਰਦਿਆਂ ਭਾਈ ਸਰੂਪ ਸਿੰਘ ਕੋਸ਼ਿਸ਼ ਨੇ ਭੱਟਵਹੀਆਂ ਤੋਂ ਤਿਆਰ ਕੀਤੀ ਪੁਸਤਕ ‘ਗੁਰੂ ਕੀਆਂ ਸਾਖੀਆਂ’ ਵਿਚ ਵਰਨਣ ਕਰਦਿਆਂ ਲਿਖਿਆ ਹੈ ਕਿ:
“…ਗੁਰੂ ਗੋਬਿੰਦ ਸਿੰਘ ਜੀ ਮੁਸਕਰਾਏ ਤੇ ਬਚਨ ਕੀਤਾ, “ਮਾਧੋ ਦਾਸ ਹਮ ਤੁਮੇਂ ਮਿਲਨੇ ਆਏ ਹਾਂ…ਬੈਰਾਗੀ ਨੇ ਆਂਖ ਉਠਾਇ ਕਰ ਦੇਖਾ। ਬਚਨ ਬੋਲਾ, ਮਹਾਰਾਜ! ਆਪ ਗੁਰੂ ਗੋਬਿੰਦ ਰਾਇ(ਸਿੰਘ) ਜੀ ਹੋ, ਜਿਨ ਕੇ ਪਿਤਾ, ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਮੇਂ ਜਾਇ ਆਪਨਾ ਸੀਸ ਬਲੀਦਾਨ ਦੀਆ ਥਾ? ਸਤਿਗੁਰਾਂ ਕਹਾ-ਹਾਂ ਮਾਧੋਦਾਸ ।…ਹਾਂ ਕੀ ਆਵਾਜ ਸੁਨ ਕੇ ਆਪਣਾ ਮਸਤਕ ਗੁਰੂ ਜੀ ਕੇ ਪਾਉ ਮੇਂ ਰਖ ਖਿਮਾ ਕੀ ਜਾਚਨਾ ਕੀ।…ਮਾਧੋਦਾਸ ਤ੍ਰਬਕ ਕੇ ਬੋਲਾ, ਮੈਂ ਆਜ ਸੇ ਦਿਲੋਜਾਨ ਸੇ ਤੇਰਾ ਬੰਦਾ ਹਾਂ।…ਭਾਈ ਦਯਾ ਸਿੰਘ ਨੇ ਮਾਧੋਦਾਸ ਨੂੰ ਕਿਹਾ, ਤਿਆਰ ਹੋ ਜਾਵੋ ਤੁਸਾਂ ਨੂੰ ਖੰਡੇ ਦੀ ਪਾਹੁਲ ਦੇਣੀ ਹੈ! ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਮੁਬਾਰਕ ਹੱਥਾਂ ਨਾਲ ਕੰਘਾ, ਕਰਦ, ਕੜਾ, ਤੇ ਕਛਾ ਪਹਿਨਾਏ। ਸਿਰ ਤੇ ਛੋਟੀ ਦਸਤਾਰ ਕੇਸਕੀ ਸਜਾ ਬੈਰਾਗੀ ਸੇ ਸਿੰਘ ਰੂਪ ਮੈਂ ਲੈ ਆਂਦਾ।”
ਮਾਧੌ ਦਾਸ ਨੇ ਹਰੀਦਾਸ ਦਖਣੀ ਨੂੰ ਆਪਣਾ ਉਤਰਾਧਿਕਾਰੀ ਥਾਪ ਕੇ ਆਪ ਸਦਾ ਲਈ ਗੁਰੂ ਜੀ ਦੀ ਸ਼ਰਨ ਵਿਚ ਚਲਾ ਗਿਆ। ਗੁਰੂ ਸਾਹਿਬ ਨੇ ਮਾਧੋ ਦਾਸ ਦੀ ਕਾਇਆ ਕਲਪ ਕੀਤੀ ਤੇ ਉਸ ਨੂੰ ਖੰਡੇ ਪਾਹੁਲ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ।
ਗੁਰੂ ਸਾਹਿਬ ਨੇ ਉਸ ਅੰਦਰ ਮੁਗਲਾਂ ਨਾਲ ਟੱਕਰ ਲੈਣ ਲਈ ਅੰਮ੍ਰਿਤ ਛਕਾ ਕੇ ਸੂਰਬੀਰਾਂ ਵਾਲੀ ਸ਼ਕਤੀ ਪੈਦਾ ਕੀਤੀ ਅਤੇ ਇਸ ਨੂੰ ਪੂਰਨ ਰੂਪ ਵਿਚ ਤਿਆਰ ਕਰ ਕੇ ਖ਼ਾਲਸੇ ਦਾ ਜਥੇਦਾਰ ਥਾਪਿਆ ਅਤੇ ਪੰਜ ਤੀਰ, ਇਕ ਨਿਸ਼ਾਨ ਸਾਹਿਬ ਤੇ ਇਕ ਨਗਾਰਾ, ਪੰਜ ਪ੍ਰਮੁੱਖ ਸਿੱਖ ਭਾਈ ਕਾਹਨ ਸਿੰਘ, ਭਾਈ ਬਿਨੋਦ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ, ਭਾਈ ਰਣ ਸਿੰਘ ਅਤੇ 20 ਹੋਰ ਸਿੰਘਾਂ ਦੀ ਫ਼ੌਜ ਦੇ ਕੇ ਪੰਜਾਬ ਵੱਲ ਰਵਾਨਾ ਕੀਤਾ ਅਤੇ ਕਿਹਾ ਕਿ ਬਿਖੜੇ ਸਮੇਂ ਵਿਚ ਇਹ ਪੰਜ ਸਿੰਘ ਬੰਦਾ ਸਿੰਘ ਨੂੰ ਸਿੱਖੀ ਦੇ ਅਸੂਲ ਸਮਝਾਉਂਦੇ ਰਹਿਣਗੇ। ਇਸ ਪਿੱਛੇ ਗੁਰੂ ਸਾਹਿਬ ਦਾ ਮੂਲ ਉਦੇਸ਼ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਫਲਸਫੇ/ਗੁਰਮਤਿ ਵਿਚਾਰਧਾਰਾ ਵਿਚ ਵਿਅਕਤੀਵਾਦ ਤੋਂ ਬਚਾ ਕੇ ਰੱਖਣਾ ਅਤੇ ਸੰਗਠਨ ਤੇ ਜਥੇਬੰਦੀ ਦੀ ਸ਼ਕਤੀ ਨੂੰ ਪ੍ਰਮੁੱਖਤਾ ਦਿੰਦੇ ਰਹਿਣ ਦਾ ਸੀ। ਗੁਰੂ ਕੀਆਂ ਸਾਖੀਆਂ ਵਿਚ ਜ਼ਿਕਰ ਕੀਤਾ ਗਿਆ ਹੈ:
“ਸੰਮਤ ਸਤ੍ਰਾ ਸੈ ਪੈਂਸਠ ਕਾਰਤਕ ਪਾਲੇ ਸੁਦੀ ਤਿਥ ਤੀਜ ਕੇ ਦਿਹੂੰ ਬੰਦਾ ਸਿੰਘ ਕੋ ਪੰਥ ਦਾ ਜਥੇਦਾਰ ਥਾਪ ਬਾਂਗੇਸਰੀ (ਭਾਈ ਭੰਗਵਤ ਸਿੰਘ) ਕੇ ਟਾਂਡੇ ਮੇ ਮਦਰ ਦੇਸ ਜਾਨੇ ਕਾ ਬਚਨ ਕੀਆ। ਇਸ ਕੇ ਹਮਰਾਹ ਪਾਂਚ ਚੋਨਮੇ ਸਿਖ ਭਾਈ ਭਗਵੰਤ ਸਿੰਘ ਕੋਇਰ ਸਿੰਘ ਬਾਜ ਸਿੰਘ ਬਿਨੋਦ ਸਿੰਘ ਤੇ ਕਾਹਨ ਸਿੰਘ ਦੀਏ। ਬਚਨ ਹੋਆ ਬੰਦਾ ਸਿੰਘ ਜਹਾਂ ਭੀੜ ਬਨੇ ਪਾਂਚ ਸੇ ਅਰਦਾਸ ਕਰਾਨਾ, ਗੁਰੂ ਅੰਗ ਸੰਗ ਹੋਵੇਗਾ… ਸਤਿਗੁਰਾਂ ਇਸੇ ਗਾਤ੍ਰੇ ਕੀ ਸ੍ਰੀ ਸਾਹਿਬ ਏਕ ਮੋਹਰ ਪਾਂਚ ਤੀਰ ਤੇ ਨਿਸ਼ਾਨ ਦੇ ਕੇ ਪੰਜਾਬ ਕੀ ਤਰਫ ਵਿਦਾ ਕੀਆ।” ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਚਲਣ ਸਮੇ ਆਪਣੇ ਇਕ ਬੈਰਾਗੀ ਸਾਥੀ ਨੂੰ ਨਾਲ ਚਲਣ ਲਈ ਕਿਹਾ ਤਾਂ ਇਸ ਘਟਨਾ ਦਾ ਜ਼ਿਕਰ ਅਹਿਮਦ ਸ਼ਾਹ ਬਟਾਲਵੀ ਨੇ ਆਪਣੀ ਪੁਸਤਕ ਤਾਰੀਖ-ਏ-ਪੰਜਾਬ ਵਿਚ ਕੀਤਾ ਹੈ ਕਿ ਪੰਜਾਬ ਵਲ ਤੁਰਨ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਤਮਾ ਰਾਮ ਬੈਰਾਗੀ ਮਿਲਿਆ। ਬੰਦਾ ਸਿੰਘ ਨੇ ਉਸ ਨੂੰ ਵੀ ਨਾਲ ਜਾਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ ਤੇ ਕਿਹਾ: “ਅਸੀਂ ਫਕੀਰ ਲੋਕ ਹਾਂਸਾਨੂੰ ਲੜਾਈ ਅਤੇ ਸੈਨਿਕ ਤੌਰ-ਤਰੀਕੇ ਸ਼ੋਭਾ ਨਹੀਂ ਦਿੰਦੇਤੁਹਾਡੇ ਦਿਨ ਪੂਰੇ ਹੋ ਗਏ ਹਨ ਇਸ ਲਈ ਤੁਹਾਨੂੰ ਹੁਣ ਅਜਿਹੀਆਂ ਗੱਲਾਂ ਸੁਝਦੀਆਂ ਹਨ।”
ਨਾਂਦੇੜ ਤੋਂ ਪੰਜਾਬ:
ਗੁਰੂ ਜੀ ਦੇ ਦੱਖਣ ਵਾਲੇ ਪਾਸੇ ਆ ਜਾਣ ਕਾਰਨ ਸਿੰਘ ਮਾਲਵਾ, ਦੁਆਬਾ ਅਤੇ ਮਾਝੇ ਦੇ ਇਲਾਕੇ ਵਿਚ ਖਿੰਡੇ ਪੁੰਡੇ ਬੈਠੇ ਸਨ ਇਹ ਕਿਸੇ ਸੰਗਠਿਤ ਰੂਪ ਵਿਚ ਨਹੀਂ ਸਨ। ਪੰਜਾਬ ਵਿਚ ਪਹੁੰਚਣ ਸਾਰ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਪਹਿਲਾਂ ਕੰਮ ਇਨ੍ਹਾਂ ਸਿੰਘਾ ਨੂੰ ਆਪਣੀ ਕਮਾਨ ਹੇਠ ਕਰਨਾ ਸੀ ਅਤੇ ਉਨ੍ਹਾਂ ਦਾ ਵਿਸ਼ਵਾਸ ਹਾਸਿਲ ਕਰਨਾ ਸੀ। ਅੰਗ੍ਰੇਜ ਇਤਿਹਾਸਕਰ ਮੈਕਾਲਿਫ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਸਤੇ ਅਤੇ ਕੁਮਕ ਮਿਲਣ ਅਤੇ ਰੁਕਣ ਦੇ ਥਾਂ ਬਾਰੇ ਸਾਰੀ ਯੋਜਨਾ ਗੁਰੂ ਸਾਹਿਬ ਨੇ ਬਣਾ ਕੇ ਦਿੱਤੀ ਸੀ ਪਰ ਫਿਰ ਵੀ ਉਸ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਕਠਨਾਈਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨਾਂਦੇੜ ਤੋਂ ਚਲ ਕੇ ਮਹਾਰਾਸ਼ਟਰ, ਤਿਲੰਗਾਨਾ ਦੇ ਵਖ-ਵਖ ਇਲਾਕਿਆਂ ਦੇ ਵਿਚ ਦੀ ਹੁੰਦਾ ਹੋਇਆ ਮੱਧ ਪ੍ਰਦੇਸ਼, ਇੰਦੌਰ ਤੇ ਉਜੈਨ ਨਗਰਾਂ ਵਿਚ ਦੀ ਹੁੰਦਾ ਹੋਇਆ ਰਾਜਪੂਤਾਨੇ ਦੇ ਇਲਾਕੇ ਵਿਚ ਦਾਖਲ ਹੋਇਆ। ਮਾਇਆ ਤੇ ਮਨੁੱਖਾਂ ਦੀ ਬਹੁਤ ਕਮੀ ਸੀ। ਰਸਤੇ ਵਿਚ ਭਰਤ ਪੁਰ ਦੇ ਇਕ ਧਨਾਢ ਵੱਲੋਂ ਦਸਵੰਧ ਦੀ ਰਕਮ ਦੇਣ ਕਾਰਨ ਉਸ ਨੂੰ ਬਹੁਤ ਹੋਸਲਾਂ ਪ੍ਰਾਪਤ ਹੋਇਆ।
ਰਸਤੇ ਵਿਚ ਉਸ ਨੂੰ ਇਕ ਲੁਬਾਣੇ ਸਿੱਖਾਂ ਦਾ ਕਾਫਲਾ ਮਿਲਿਆ ਜੋ ਗੱਡੇ ਰੇਹੜਿਆਂ ‘ਤੇ ਆਪਣਾ ਸਾਮਾਨ ਲਈ ਜਾ ਰਹੇ ਸਨ। ਪਹਿਲਾਂ ਤਾਂ ਉਹ ਦੂਰੋਂ ਘੋੜੇ ਆਉਂਦੇ ਦੇਖ ਕੇ ਡਰ ਗਏ ਕਿ ਸ਼ਾਇਦ ਕੋਈ ਡਾਕੂ-ਲੁਟੇਰੇ ਨਾ ਹੋਣ ਪਰ ਜਦੋਂ ਉਹ ਨੇੜੇ ਆਏ ਤਾਂ ਉਨ੍ਹਾਂ ਨੇ ਗੁਰੂ ਦੇ ਸਿੰਘਾਂ ਨੂੰ ਪਛਾਣ ਲਿਆ। ਲੁਬਾਣੇ ਸਿੱਖਾਂ ਦੇ ਮੁਖੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸਬੰਧ ਦੀਆਂ 500 ਮੋਹਰਾਂ ਦਿੱਤੀਆਂ ਤਾਂ ਕਿ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਸਕਣ। ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਮਹਾਨ ਜਰਨੈਲ ਵਾਂਗ ਆਪਣੇ ਸਿਪਾਹੀਆਂ ਦਾ ਖਿਆਲ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਉਹ ਮੋਹਰਾਂ ਸਾਰੇ ਸਿੰਘਾਂ ਵਿਚ ਬਰਾਬਰ ਵੰਡ ਦਿੱਤੀਆਂ ਜਿਸ ਨਾਲ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਸਿੰਘਾਂ ਦਾ ਪ੍ਰੇਮਭਾਵ ਹੋਰ ਵਧ ਗਿਆ।
ਲਹਾਰੂ:
ਬਾਬਾ ਬੰਦਾ ਸਿੰਘ ਬਹਾਦਰ ਨੇ ਲਹਾਰੂ (ਲਹਾਰੂ ਅਜਕਲ੍ਹ ਹਰਿਆਣਾ ਪ੍ਰਾਂਤ ਦਾ ਪਿੰਡ ਹੈ ਜੋ ਰਾਜਸਥਾਨ ਦੇ ਬਾਰਡਰ ਨਾਲ ਲਗਦਾ ਹੈ) ਵਿਖੇ ਪਹੁੰਚ ਕੇ ਉਥੋਂ ਦੇ ਵਸਨੀਕ ਲੋਕਾਂ ਨੂੰ ਦਸਿਆ ਕਿ ਉਹ ਉਨ੍ਹਾਂ ਨੂੰ ਦੁੱਖਾਂ ਤੋਂ ਮੁਕਤ ਹੋਣ ਦਾ ਰਾਹ ਦਸ ਸਕਦਾ ਹੈ ਇਸ ਲਈ ਤੁਹਾਨੂੰ ਜ਼ਾਲਮਾਂ ਦੇ ਜ਼ੁਲਮ ਨੂੰ ਲਲਕਾਰਨਾ ਪਵੇਗਾ, ਤੇਗ ਦੇ ਧਨੀ ਬਨਣਾ ਪਵੇਗਾ। ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਹੀ ਕਰ ਰਿਹਾ ਸੀ ਕਿ ਉਸੇ ਸਮੇਂ ਲੋਕਾਂ ਵਿਚ ਰੋਲਾ ਪੈ ਗਿਆ ਧਾੜਵੀ ਆ ਰਹੇ ਹਨ। ਇਹ ਸੁਣ ਕੇ ਸਾਰੇ ਭਜ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼
ਕੀਤੀ ਕਿ ਅਸੀਂ ਸਾਰੇ ਰਲ ਕੇ ਉਨ੍ਹਾਂ ਦਾ ਮੁਕਾਬਲਾ ਕਰਦੇ ਹਾਂ। ਪਿੰਡ ਦੇ ਪੰਚ ਨੇ ਕਿਹਾ ਇਹ ਧਾੜਵੀ ਕਾਫ਼ੀ ਸੰਖਿਆਂ ਵਿਚ ਆਉਂਦੇ ਹਨ, ਜੋ ਵੀ ਇਨ੍ਹਾਂ ਅੱਗੇ ਅੜਦਾ ਹੈ ਉਸ ਨੂੰ ਪਾਰ ਬੁਲਾ ਦਿੰਦੇ ਹਨ, ਬਾਬਾ ਜੀ ਤੁਹਾਡੇ ਸਿੰਘਾ ਦੀ ਸੰਖਿਆਂ ਬਹੁਤ ਥੋੜ੍ਹੀ ਹੈ। ਇਹ ਮੌਕਾ ਹੈ ਕਿਸੇ ਸੁਰਖਿਅਤ ਥਾਂ ‘ਤੇ ਚਲੇ ਜਾਓ। ਧਾੜਵੀ ਡਾਕੂਆਂ ਦੀ ਇਕ ਟੋਲੀ ਨੇ ਹਮਲਾ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹੁਦਰ ਨੇ ਇਥੇ ਜੰਗੀ ਨੁਕਤਾ ਨਿਗਾਹ ਤੋਂ ਇਕ ਹੋਰ ਪੈਂਤੜਾ ਇਸਤੇਮਾਲ ਕੀਤਾ। ਡਾਕੂਆਂ ਨੂੰ ਪਿੰਡ ਲੁੱਟ ਲੈਣ ਦਿੱਤਾ ਅਤੇ ਜਦੋਂ ਉਹ ਲੁੱਟ-ਮਾਰ ਕਰਕੇ ਖੁਸ਼ੀਆਂ ਮਨਾਉਂਦੇ ਪਿੰਡ ਤੋਂ ਬਾਹਰ ਆਏ ਤਾਂ ਸਿੰਘਾਂ ਨੇ ਉਨ੍ਹਾਂ ਨੂੰ ਘੇਰ ਲਿਆ। ਸਿੰਘਾਂ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲੁੱਟ ਦਾ ਸਾਰਾ ਸਾਮਾਨ ਖੋਹ ਲਿਆ। ਲੁਟੇਰਿਆਂ ਨੇ ਭਜ ਕੇ ਆਪਣੀ ਜਾਨ ਮਸਾਂ ਬਚਾਈ। ਧਾੜਵੀਆਂ ਦੇ ਸਰਦਾਰ ਜਿਸ ਤੋਂ ਡਰਦੇ ਮਾਰੇ ਪਿੰਡ ਦੇ ਲੋਕ ਕੁਸਕਦੇ ਨਹੀਂ ਸਨ ਉਸ ਨੂੰ ਰਸੀਆਂ ਨਾਲ ਨੂੜ ਕੇ ਪਿੰਡ ਲੈ ਆਏ। ਉਹ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਧੋਣ ਨੀਵੀਂ ਕਰੀ ਖੜ੍ਹਾ ਸੀਬਾਬਾ ਬੰਦਾ ਸਿੰਘ ਬਹਾਦਰ ਨੇ ਲੁੱਟ ਦਾ ਸਾਰਾ ਸਾਮਾਨ ਲਿਆ ਕੇ ਚੌਂਕ ਵਿਚ ਰੱਖ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਆਪਣਾ-ਆਪਣਾ ਪਛਾਣ ਕੇ ਲੈ ਜਾਣ ਲਈ ਕਿਹਾ। ਇਸ ਘਟਨਾ ਨੇ ਪਿੰਡ ਵਾਸੀਆਂ ਵਿਚ ਨਵਾਂ ਜੋਸ਼ ਭਰ ਦਿੱਤਾ। ਪਿੰਡ ਦੇ ਨੌਜਵਾਨ ਖਾਲਸਾ ਫ਼ੌਜ ਵਿਚ ਭਰਤੀ ਹੋ ਗਏ ਅਤੇ ਅੰਮ੍ਰਿਤ ਛੱਕ ਕੇ ਸਿੰਘ ਸਜ ਗਏ ਤੇ ਸਾਰਿਆਂ ਨੇ ਆਪਣੇ ਘਰਾਂ ਵਿਚੋਂ ਦੱਬੀਆਂ ਤੇ ਜੰਗਾਲੀਆਂ ਤੇਗਾਂ ਕੱਢ ਲਿਆਂਦੀਆਂ। ਮਿਆਨ ਵਿਚੋਂ ਕੱਢ ਕੇ, ਖੰਗਰਾਂ ਤੇ ਰਗੜਨੀਆਂ ਸ਼ੁਰੂ ਕਰ ਦਿੱਤੀਆਂ। ਧਾੜਵੀਂ ਆਪਣੇ ਮੁੱਖੀ ਨੂੰ ਛਡਾਉਣ ਲਈ ਮੁੜ-ਮੁੜ ਆਉਂਦੇ ਰਹੇ ਪਰ ਪਿੰਡ ਵਾਸੀ ਡਰਨ ਦੀ ਥਾਂ ਉਨ੍ਹਾਂ ਤੇ ਝਪਟਦੇ, ਕੁਝ ਨੂੰ ਢਾਹ ਲੈਂਦੇ ਅਤੇ ਕੁਝ ਦੀਆਂ ਦੂਰ ਦੂਰ ਤਕ ਪਦੀੜਾ ਪਵਾ ਦਿੰਦੇ।
ਖਰਖੋਦਾ:
ਚਲਦਾ ਚਲਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਥਾ ਨੇ ਬਾਂਗਰ ਦੇ ਇਲਾਕੇ ਵਿਚ ਪਰਗਣਾ ਖਰਖੋਦੇ ਵਿਚ ਪਹੁੰਚ ਗਿਆ। ਖਰਖੋਦਾ, ਸਾਂਪਲਾ ਤਹਿਸੀਲ ਵਿਚ, ਸਾਂਪਲਾ ਤੋਂ ਸੋਨੀਪਤ ਵਿਚਕਾਰ ਦਿੱਲੀ ਦੇ ਉੱਤਰ ਪੱਛਮ ਵੱਲ ਦਿੱਲੀ ਤੋਂ ਤਕਰੀਬਨ 40 ਕਿਲੋਮੀਟਰ ਅਤੇ ਰੋਹਤਕ ਤੋਂ 33 ਕਿਲੋਮੀਟਰ ਦੂਰ ਹੈ। ਉਸ ਸਮੇਂ ਇਹ ਇਲਾਕਾ ਉਜਾੜ ਬੀਆਬਾਨ ਤੇ ਜੰਗਲ ਹੋਣ ਕਰਕੇ ਕਾਫੀ ਮਹਿਫੂਜ ਸੀ।
ਸੇਹਰੀ ਖਾਂਡਾ:
ਬਾਬਾ ਬੰਦਾ ਸਿੰਘ ਬਹਾਦਰ ਨੇ ਖਰਖੋਦੇ ਤੋਂ 13 ਕਿਲੋਮੀਟਰ ਦੂਰ ਪਿੰਡ ਸੇਹਰੀ ਅਤੇ ਖਾਂਡਾ ਵਿਚਕਾਰ ਇਕਾਂਤ ਸਥਾਨ ‘ਤੇ ਆਪਣਾ ਪੜਾਅ ਕੀਤਾ। ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਵੱਖ ਵੱਖ ਇਲਾਕਿਆਂ ਦੇ ਮੁੱਖੀ ਸਿੱਖਾਂ ਨੂੰ ਸੁਨੇਹੇ ਭੇਜ ਕੇ ਗੁਰੂ ਸਾਹਿਬ ਜੀ ਦਾ ਸੰਦੇਸ਼ ਦਿੱਤਾ ਅਤੇ ਹੱਥਿਆਰਬੰਦ ਹੋ ਕੇ ਬਾਂਗਰ ਦੇਸ਼ ਪਹੁੰਚਣ ਲਈ ਸੱਦਾ ਦਿੱਤਾ। ਲੋਕ ਤਿਆਰ-ਬਰ- ਤਿਆਰ ਹੋ ਕੇ ਉਸ ਪਾਸ ਪਹੁੰਚਣੇ ਸ਼ੁਰੂ ਹੋ ਗਏ।
ਇਥੇ ਕੁਝ ਹੀ ਦਿਨਾਂ ਵਿਚ ਪੰਜ ਸੌ ਦੇ ਕਰੀਬ ਸਿੰਘ ਉਸ ਪਾਸ ਪਹੁੰਚ ਗਏ। ਭਾਈ ਰੂਪੇ ਦੇ ਭਾਈ ਧਰਮ ਸਿੰਘ ਅਤੇ ਕਰਮ ਸਿੰਘ, ਭਾਈ ਬਹਿਲੋ, ਭਾਈ ਭਗਤੂ ਕਾ ਭਾਈ ਫ਼ਤਿਹ ਸਿੰਘ, ਚੋਧਰੀ ਰਾਮ ਸਿੰਘ ਤੇ ਤੀਲੋਕ ਸਿੰਘ ਦੀ ਪੰਜ ਸੌ ਦੀ ਫ਼ੌਜ, ਸਲੋਦੀ ਵਾਲੇ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਅਤੇ ਮਾਲਵੇ ਦੇ ਬਹੁਤ ਸਾਰੇ ਸਿੱਖ ਪਰਿਵਾਰਾ ਦੇ ਬਹੁਤ ਸਾਰੇ ਜਵਾਨ ਆਪਣੇ ਘੋੜਿਆਂ ਅਤੇ ਹੱਥਿਆਰਾ ਨਾਲ ਲੈਸ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੈਂਪ ਵਿਚ ਪਹੁੰਚ ਗਏ। ਕੁਝ ਹੀ ਹਫਤਿਆਂ ਵਿਚ ਇਹ ਗਿਣਤੀ ਚਾਰ ਹਜ਼ਾਰ ਤੱਕ ਪਹੁੰਚ ਗਈ। ਇਥੇ ਬੈਠ ਕੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਅਗਲੀਆਂ ਮੁਹਿਮਾ ਲਈ ਨੀਤੀ ਤਿਆਰ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡਾਂ ਵਿਚ ਢੰਡੋਰਾ ਦੇ ਦਿੱਤਾ ਕਿ ਕੋਈ ਵੀ ਸਰਕਾਰੀ ਮੁਆਮਲਾ ਨਾ ਦੇਵੇ, ਸਾਨੂੰ ਸਿਰਫ ਦੁੱਧ, ਦਹੀਂ ਅਤੇ ਹੋਰ ਲੋੜੀਂਦੀਆਂ ਵਸਤਾਂ ਦਿਓ, ਅਸੀਂ ਤੁਹਾਡੀ ਹਰ ਤਰ੍ਹਾਂ ਦੀ ਲੁੱਟ-ਖਸੁੱਟ ਤੋਂ ਰਾਖੀ ਕਰਾਂਗੇ। ਇਵੇਂ ਲੁਟੇਰਿਆਂ ਅਤੇ ਸਰਕਾਰੀ ਹਾਕਮਾਂ ਦੇ ਸਤਾਏ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਝੰਡੇ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ।
ਕੁਰਮਾਨਾ, ਟੁਹਾਣਾ, ਸੋਨੀਪਤ ਤੇ ਕੈਥਲ:
ਗਿਆਨੀ ਗਿਆਨ ਸਿੰਘ ਅਨੁਸਾਰ ਜਥੇ ਦਾ ਪਹਿਲਾ ਨਿਸ਼ਾਨਾ ਕੁਰਮਾਨਾ ਨਗਰ ਬਣਿਆ ਤੇ ਫੇਰ ਟੁਹਾਣਾ ਸ਼ਹਿਰ ਉਤੇ ਹਮਲਾ ਕੀਤਾ ਗਿਆ ਜਿਥੇ ਵਜੀਰ ਖਾਂ ਦੇ ਨਜਦੀਕੀ ਰਿਸ਼ਤੇਦਾਰ ਰਹਿੰਦੇ ਸਨ। ਇਤ ਤੋਂ ਬਾਅਦ ਉਸ ਨੇ ਸੋਨੀਪਤ ਤੇ ਕੈਥਲ ‘ਤੇ ਕਬਜ਼ਾ ਕੀਤਾ। ਸੋਨੀਪਤ ਸ਼ਹਿਰ ਦਾ ਫ਼ੌਜਦਾਰ ਬਹੁਤ ਡਰ ਗਿਆ। ਲੜਾਈ ਵਿਚ ਖਾਲਸਾ ਫ਼ੌਜ ਨੇ ਦੁਸ਼ਮਣ ਫ਼ੌਜ ਦੇ ਛੱਕੇ ਛੁਡਾ ਦਿੱਤੇ ਅਤੇ ਸੋਨੀਪਤ ਸ਼ਹਿਰ ‘ਤੇ ਜਿਤ ਪ੍ਰਾਪਤ ਕੀਤੀ। ਸੋਨੀਪਤ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਨੇ ਵੱਲ ਨੂੰ ਰੁੱਖ ਕੀਤਾ। ਰਸਤੇ ਵਿਚ ਉਸ ਨੂੰ ਖਬਰ ਮਿਲੀ ਕਿ ਕੁਝ ਸਿਪਾਹੀ ਸਰਕਾਰੀ ਮਾਮਲੇ ਦੀ ਰਕਮ ਇਕਠੀ ਕਰਕੇ ਭੂਨਾ ਪਿੰਡ ‘ਚ ਠਹਿਰੇ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਸਮੇਂ ਮਾਇਆ ਦੀ ਬਹੁਤ ਜ਼ਰੂਰਤ ਸੀ ਉਸ ਨੇ ਇਸ ਨੂੰ ਰਬੀ-ਸਹਾਇਤਾ ਸਮਝਦੇ ਹੋਏ ਸਾਰੀ ਰਕਮ ਨੂੰ ਆਪਣੇ ਕਬਜੇ ਵਿਚ ਲੈ ਲਿਆ। ਇਸ ਦੀ ਖਬਰ ਸੁਣਦੇ ਸਾਰ ਹੀ ਕੈਥਲ ਦਾ ਆਮਿਲ ਫ਼ੌਜ ਲੈ ਕੇ, ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਬਲਾ ਕਰਨ ਲਈ ਆ ਚੜ੍ਹਿਆ, ਪਰ ਉਸਨੂੰ ਲੱਕ-ਤੋੜਵੀ ਹਾਰ ਹੋਈ ਅਤੇ ਉਸ ਨੇ ਆਪਣੇ ਸਾਰੇ ਘੋੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਂਟ ਕਰਕੇ ਆਪਣੀ ਜਾਨ ਬਚਾਈ।
ਸਮਾਣਾ:
ਇਤਿਹੱਸਿਕ ਨਗਰੀ ਸਮਾਣਾ ਆਪਣੀ ਬੁੱਕਲ ਵਿਚ ਕਈ ਪਹਿਲੂ ਲਕੋਈ ਬੈਠੀ ਹੈ। ਇਹ ਪਟਿਆਲਾ ਜ਼ਿਲ੍ਹੇ ਇਸੇ ਨਾਂ ਦੀ ਤਹਿਸੀਲ ਦਾ ਇਕ ਪੁਰਾਣਾ ਇਤਿਹਾਸਿਕ ਕਸਬਾ ਹੈ ਜੋ ਪਟਿਆਲਾ ਤੋਂ 30 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਦਾ ਪਹਿਲਾ ਨਾਂ ਇਮਾਮਗੜ੍ਹ ਸੀ ਪਰ ਬਾਅਦ ਵਿਚ ਫਾਰਸ ਨੇ ਸਮਾਨੀ ਖਾਨਦਾਨ ਦੇ ਕੁਝ ਲੋਕਾਂ ਦੇ ਇਥੇ ਆ ਕੇ ਵਸ ਜਾਣ ‘ਤੇ ਇਸ ਜਗ੍ਹਾ ਦਾ ਨਾ ਸਮਾਣਾ ਪੈ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਜਾਂਦੇ ਸਮੇਂ ਸਮਾਣੇ ਰੁਕੇ ਸਨ। ਉਸ ਸਥਾਨ ‘ਤੇ ਉਨ੍ਹਾਂ ਦੀ ਯਾਦ ‘ਚ ਇਕ ਗੁਰਦੁਆਰਾ ਥੜਾ ਸਾਹਿਬ ਬਣਾਇਆ ਗਿਆ ਹੈ। ਮੁਗਲ ਸੈਨਾ ਉਨ੍ਹਾਂ ਦਾ ਪਿੱਛਾ ਕਰਦੀ ਆ ਰਹੀ ਸੀ। ਉਥੋਂ ਇਕ ਦਰਵੇਸ਼ ਮੁਸਲਮਾਨ ਮੁਹੰਮਦ ਬਖਸ਼ ਉਰਫ ਭੀਖਨ ਖਾਂ ਨੇ ਗੁਰੂ ਜੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਤਿੰਨ ਕਿਲੋਮੀਟਰ ਦੂਰ ਪਿੰਡ ਗੜ੍ਹੀ ਨਜ਼ੀਰ ਵਿਚ ਆਪਣੇ ਘਰ ਲੈ ਗਿਆ ਸੀ। ਇਹ ਵੀ ਇਤਿਹਾਸਕ ਸੱਚ ਹੈ ਕਿ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੂਦੀਨ ਵੀ ਇਸੇ ਸ਼ਹਿਰ ਸਮਾਣੇ ਦਾ ਸੀ। ਅਲੀ ਹੁਸੈਨ ਜਿਸ ਨੇ ਅਨੰਦਪੁਰ ਸਾਹਿਬ ਵਿਖੇ ਕੁਰਾਨ ਦੀਆਂ ਕਸਮਾਂ ਖਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਝੂਠੇ ਵਾਅਦੇ ਕਰਕੇ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਵਾਇਆ ਸੀ ਉਹ ਵੀ ਇਸੇ ਸਮਾਣੇ ਸ਼ਹਿਰ ਦਾ ਸੀ। ਸਰਹਿੰਦ ਸ਼ਹਿਰ ਵਿੱਖੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਵੀ ਇਸੇ ਸ਼ਹਿਰ ਦੇ ਰਹਿਣ ਵਾਲੇ ਸਨ। ਸਮੇਂ ਦੀ ਮਾਰ ਨਾਲ ਵਿਦਵਾਨਾ ਦੇ ਸ਼ਹਿਰ ਵਜੋਂ ਜਾਣਿਆ ਜਾਣ ਵਾਲਾ ਸ਼ਹਿਰ ਜਲਾਦਾ ਦੇ ਸ਼ਹਿਰ ਵਜੋਂ ਜਾਣਿਆ ਜਾਣ ਲੱਗ ਪਿਆ ਇਸੇ ਕਾਰਨ ਕਰ ਕੇ ਖਾਲਸੇ ਨੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ 1709 ਈ. ਵਿਚ ਸ਼ਹਿਰ ਤੇ ਹੱਲਾ ਬੋਲ ਦਿੱਤਾ। ਇਥੋਂ ਦੇ 22 ਜ਼ਾਲਮ ਘਰਾਣੇ ਹਮੇਸ਼ਾ ਲਈ ਖਤਮ ਹੋ ਗਏ। ਸਿੰਘਾ ਨੇ ਸਮਾਣੇ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਨੂੰ ਖੰਡਰ ਦੇ ਰੂਪ ਵਿਚ ਬਦਲ ਦਿੱਤਾ ਪੁਰਾਣੇ ਨਗਰ ਦੇ ਖੰਡਰ ਹੁਣ ਤਕ ਆਪਣੀ ਹੋਈ ਤਬਾਹੀ ਦੀ ਗਵਾਹੀ ਭਰਦੇ ਹਨ।
ਅਕਾਲਗੜ੍ਹ:
ਅਕਾਲਗੜ੍ਹ ਪਿੰਡ ਪਟਿਆਲਾ-ਚੀਕਾ ਸੜਕ ‘ਤੇ ਹੈ। ਰਵਾਇਤ ਹੈ ਕਿ ਪਹਿਲਾਂ ਇਸ ਪਿੰਡ ਦਾ ਨਾਂ ਸੇਖੂਪੁਰ ਹੁੰਦਾ ਸੀ। ਇਸ ਪਿੰਡ ਵਿਚ ਇਕ ਬਹੁਤ ਹੀ ਕਰੋਧੀ ਸੁਭਾਅ ਦੇ ਮੁਗ਼ਲ ਜ਼ੀਮੀਦਾਰ ਦਾ ਘਰ ਸੀ, ਜਿਸ ਦਾ ਸੂਬਾ ਸਰਹਿੰਦ ਨਾਲ ਗੂੜਾ ਮਿਲਵਰਤਨ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ‘ਤੇ ਚੜ੍ਹਾਈ ਕਰਕੇ ਜ਼ਾਲਮ ਹਾਕਮਾਂ ਨੂੰ ਮਾਰ ਮੁਕਾਇਆ ਅਤੇ ਸੇਖੂਪੁਰੇ ਦੇ ਜ਼ਾਲਮ ਨੂੰ ਸੋਧਣ ਲਈ ਉਸ ਉੱਪਰ ਚੜ੍ਹਾਈ ਕਰ ਦਿੱਤੀ । ਸੇਖੂਪੁਰੇ ਵਿਚ ਜੋ ਮੁਗ਼ਲ ਆਮ ਜੰਤਾ ‘ਤੇ ਅਤਿਆਚਾਰ ਕਰਦੇ ਸਨ ਉਨ੍ਹਾਂ ਦਾ ਖੁਰਾ-ਖੋਜ ਮਿਟਾ ਦਿੱਤਾ। ਇਨ੍ਹਾਂ ਦੀਆਂ ਹਵੇਲੀਆਂ ਅਤੇ ਜ਼ਮੀਨ ਇੱਥੋਂ ਦੇ ਹੀ ਰਹਿਣ ਵਾਲੇ ਇਕ ਗਰੀਬ ਸਿੱਖ ਦੇ ਹਵਾਲੇ ਕਰ ਦਿੱਤੀਆਂ। ਇਸ ਸਿੱਖ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਜੇਕਰ ਮੁਗ਼ਲ ਇਕੱਠੇ ਹੋ ਕੇ ਆ ਗਏ ਤਾਂ ਉਹ ਇੱਕਲਾ ਇੱਥੇ ਕੀ ਕਰੇਗਾ। ਬਾਬਾ ਜੀ ਨੇ ਉਸ ਸਿੱਖ ਨੂੰ ਹੋਸਲਾਂ ਦਿੰਦਿਆ ਕਿਹਾ ਕਿ ਇਹ ਅਕਾਲ ਦਾ ਗੜ੍ਹ ਹੈ ਅਤੇ ਅਕਾਲਗੜ੍ਹ ਵਿਚ ਕੋਈ ਡਰ ਨਹੀਂ ਹੁੰਦਾ। ਉਸ ਤੋਂ ਬਾਦ ਇਸ ਪਿੰਡ ਦਾ ਨਾਂ ਅਕਾਲਗੜ੍ਹ ਪੈ ਗਿਆ। ਇੱਥੇ ਪੁਰਾਣੀ ਹਵੇਲੀ ਦੀਆਂ ਇੱਟਾਂ ਹੁਣ ਵੀ ਨਿਕਲਦੀਆਂ ਹਨ। ਜਿਹੜੇ ਪਰਿਵਾਰ ਨੂੰ ਬਾਬਾ ਜੀ ਨੇ ਜ਼ਾਗੀਰ ਬਖਸ਼ੀ ਸੀ, ਉਸ ਪਰਿਵਾਰ ਦੀ ਪੀੜ੍ਹੀ ਇੱਥੇ ਵਸਦੀ ਹੈ। ਉਨ੍ਹਾਂ ਦੇ ਕਈ ਰਿਸ਼ਤੇਦਾਰ ਨਿਹੰਗ ਸਿੰਘ ਹਨ। ਇਸ ਪਰਿਵਾਰ ਨੂੰ ਲੋਕ ਅਕਾਲੀ ਕਹਿ ਕੇ ਬੁਲਾਉਂਦੇ ਹਨ। ਪਿੰਡ ਵਿਚ ਇਕ ਬੁਰਜ਼ ਹੁੰਦਾ ਸੀ। ਇਸ ਪਿੰਡ ਲੋਕਾਂ ਅਨੁਸਾਰ ਇੱਥੇ ਜੋ ਬੁਰਜ ਸੀ, ਉਹ ਬੁੱਧ ਰਾਮ ਬਾਣੀਏ ਨੇ ਖਰੀਦ ਲਿਆ ਸੀ ਜਿਸ ਨੂੰ ਉਹ ਪੁੱਟ ਕੇ ਲੈ ਗਿਆ। ਚਰਚਾ ਇਹ ਰਹੀ ਸੀ ਕਿ ਬੁਰਜ ਹੇਠੋਂ ਕੀਮਤੀ ਸਾਮਾਨ ਨਿਕਲਿਆ ਸੀ। ਪਿੰਡ ਦੇ ਕੋਲ ਹੀ ਇਕ ਪੰਜਾਵਾ ਹੈ ਇਸ ਥਾਂ ‘ਤੇ ਮੁਗ਼ਲਾਂ ਦੇ ਘੋੜਿਆਂ ਦਾ ਅਸਤਬਲ ਹੋਣ ਬਾਰੇ ਕਿਹਾ ਜਾਂਦਾ ਹੈ।
ਦਮਲਾ:
ਸਮਾਣੇ ਦੇ ਨੇੜੇ ਹੀ ਪਿੰਡ ਦਮਲਾ ਕਾਲਾ ਖਾਨ, ਭੀਖਨ ਖਾਨ, ਹਯਾਤ ਖਾਨ ਅਤੇ ਨਿਜ਼ਾਬਤ ਖਾਨ ਪਠਾਣਾ ਦਾ ਪਿੰਡ ਸੀ ਜੋ ਪਾਉਂਟਾ ਸਾਹਿਬ ਵਿਖੇ ਪੀਰ ਬੁੱਧੂ ਸ਼ਾਹ ਨਾਲ ਝੂਠ ਬੋਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਵਿਚ ਭਰਤੀ ਹੋ ਗਏ ਸਨ। ਇਹ ਪਠਾਣ ਭੰਗਾਣੀ ਦੇ ਯੁੱਧ ਸਮੇਂ ਗੁਰੂ ਜੀ ਨੂੰ ਧੋਖਾ ਦੇ ਕੇ ਦੁਸ਼ਮਣ ਸੈਨਾ ਨਾਲ ਜਾ ਰਲੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਦਮਲਾ ਪਿੰਡ ‘ਤੇ ਹਮਲਾ ਕਰਕੇ ਇਨ੍ਹਾਂ ਜ਼ਾਲਮਾ ਨੂੰ ਸਧਿਆ।
ਘੁੜਾਮ, ਠਸਕਾ, ਸ਼ਾਹਬਾਦ, ਸੁਸਤਫਾਬਾਦ ਤੇ ਕਪੂਰੀ:
ਬਾਬਾ ਬੰਦਾ ਸਿੰਘ ਬਹਾਦਰ ਨੇ ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ ਅਤੇ ਕਪੂਰੀ ਪਹੁੰਚਿਆਂ। ਕਪੂਰੀ ਦਾ ਫ਼ੌਜਦਾਰ ਕਾਦਮ-ਉਦ-ਦੀਨ ਬੜਾ ਅਤਿਆਚਾਰੀ ਅਤੇ ਵਿਭਚਾਰੀ ਵਿਅਕਤੀ ਸੀ। ਕਾਦਮ-ਉਦ-ਦੀਨ ਦਾ ਪਿਤਾ ਕਪੂਰੀ ਦਾ ਚੌਧਰੀ ਸਯਦ ਅਮਾਨੁੱਲ ਗੁਜਰਾਤ ਵਿਚ ਉੱਚ ਅਧਿਕਾਰੀ ਸੀ। ਹਿੰਦੂਆਂ ਨੂੰ ਕਤਲ ਕਰਨ ਅਤੇ ਉਨ੍ਹਾਂ ਦਾ ਧਰਮ ਪਰਿਵਰਤਿਤ ਕਰਨ ਵਿਚ ਇਹ
ਬਹੁਤ ਸਰਗਰਮ ਸੀ। ਇਹ ਦੋਵੇਂ ਪਿਉ ਪੁੱਤਰ ਹਰ ਨਵੀਂ ਵਿਆਹੀ ਆਈ ਹਿੰਦੂ ਇਸਤਰੀ ਨੂੰ ਚਾਰ- ਪੰਜ ਦਿਨ ਆਪਣੇ ਘਰ ਜ਼ਰੂਰ ਰੱਖਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ਤੇ ਹਲਾ ਬੋਲ ਕੇ ਫ਼ੌਜਦਾਰ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਕਪੂਰੀ ਨੂੰ ਫਤਿਹ ਕੀਤਾ।
ਕੁੰਜਪੁਰਾ:
ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾ ਸਮੇਤ ਕੁੰਜਪੁਰਾ ਸ਼ਹਿਰ ‘ਤੇ ਹਮਲਾ ਕਰ ਦਿੱਤਾ। ਕੁੰਜਪੁਰਾ ਸ਼ਹਿਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸੂਬਾ ਸਰਹਿੰਦ ਵਜ਼ੀਰ ਖਾਂ ਦਾ ਜੱਦੀ-ਪੁਛਤੀ ਪਿੰਡ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿਚ ਚਿਣਵਾਉਣ ਅਤੇ ਸ਼ਹੀਦ ਕਰਨ ਦਾ ਫਤਵਾ ਦੇਣ ਵਾਲੇ ਕਾਜ਼ੀ ਵੀ ਇਸੇ ਪਿੰਡ ਦੇ ਸਨ।
ਸੰਢੋਰਾ:
ਬਾਬਾ ਬੰਦਾ ਸਿੰਘ ਬਹਾਦਰ ਸਢੌਰੇ ਪੁੱਜੇ। ਸਢੌਰੇ ਦੇ ਹਾਕਮ ਉਸਾਮਾਨ ਖਾਂ ਨੂੰ ਸੋਧਿਆ। ਸਢੌਰਾ ਹਰਿਆਣਾ ਪ੍ਰਾਂਤ ਦਾ ਇਕ ਪੁਰਾਤਨ ਕਸਬਾ ਹੈ ਸਢੋਰਾ। ਇਸ ਕਸਬੇ ਵਿਚ ਸੱਯਦ ਸ਼ਾਹ ਬਦਰੁੱਦੀਨ ਦਾ ਨਿਵਾਸ ਸੀ ਜਿਸ ਨੂੰ ਲੋਕ ਪਿਆਰ ਨਾਲ ਪੀਰ ਬੁੱਧੂ ਸ਼ਾਹ ਵੀ ਕਹਿੰਦੇ ਹਨ। ਪੀਰ ਬੁੱਧੂ ਸ਼ਾਹ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਥਾਹ ਸ਼ਰਧਾ ਸੀ। ਭੰਗਾਣੀ ਦੇ ਯੁੱਧ ਸਮੇਂ ਪੀਰ ਜੀ ਦੀ ਸਿਫਾਰਸ਼ ‘ਤੇ ਰੱਖੇ ਪੰਜ ਸੌ ਪਠਾਨ ਗੁਰੂ ਜੀ ਨੂੰ ਧੋਖਾ ਦੇ ਕੇ ਭੱਜ ਗਏ ਸਨ। ਜਦੋਂ ਪੀਰ ਬੁੱਧੂ ਸ਼ਾਹ ਜੀ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਹ ਆਪਣੇ ਸੱਤ ਸੌ ਮੁਰੀਦਾਂ ਅਤੇ ਚਾਰ ਪੁੱਤਰਾ ਸਮੇਤ ਗੁਰੂ ਜੀ ਦੀ ਮਦਦ ਲਈ ਪਹੁੰਚ ਗਏ। ਪੀਰ ਬੁੱਧੂ ਸ਼ਾਹ ਦੇ ਦੋ ਸਪੁੱਤਰ ਅਸ਼ਰਫ ਸ਼ਾਹ ਅਤੇ ਮੁਹੰਮਦ ਸ਼ਾਹ, ਇਕ ਭਰਾ ਭੂਰੇ ਸ਼ਾਹ ਅਤੇ ਕਈ ਮੁਰੀਦ ਇਸ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਗਏ। ਬਾਅਦ ਵਿਚ ਸੋਢਰੇ ਦੇ ਹਾਕਮ ਉਸਮਾਨ ਖਾਂਨ ਨੇ ਪੀਰ ਬੁੱਧੂ ਸ਼ਾਹ ‘ਤੇ ਗੁਰੂ ਜੀ ਦੀ ਮਦਦ ਕਰਨ ਦਾ ਦੋਸ਼ ਲਗਾ ਕੇ ਕਤਲ ਕਰਵਾ ਦਿੱਤਾ ਸੀ। ਫ਼ੌਜਦਾਰ ਨੇ ਇਲਾਕੇ ਦੇ ਹਿੰਦੂਆਂ ਨੂੰ ਬੜਾ ਤੰਗ ਕੀਤਾ ਹੋਇਆ ਸੀ, ਇਥੋਂ ਤੱਕ ਕੇ ਉਹ ਉਨ੍ਹਾਂ ਨੂੰ ਮੁਰਦੇ ਵੀ ਸਾੜਨ ਨਹੀਂ ਸੀ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੇ ਪੁੱਜਦਿਆਂ ਹੀ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਆ ਮਿਲੇ ਸਿੱਟੇ ਵੱਜੋਂ ਫ਼ੌਜਦਾਰ ਉਸਮਾਨ ਖਾਂ ਨੂੰ ਲੱਕ ਤੋੜਵੀਂ ਹਾਰ ਹੋਈ। ਬਹੁਤ ਸਾਰੇ ਮੁਸਲਮਾਨਾ ਨੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਪਨਾਹ ਲੈ ਲਈ। ਇਸ ਬਾਰੇ ਵਿਚ ਮੁਹੰਮਦ ਕਾਸਿਮ ‘ਇਬਰਤ ਨਾਮੇ’ ਵਿਚ ਲਿਖਦਾ ਹੈ, “ਸਢੋਰੇ ਵਿਚ ਪੀਰ ਬੁੱਧੂ ਸ਼ਾਹ ਦੀ ਹਵੇਲੀ ਅੰਦਰ ਸ਼ਰਨ ਲੈਣ ਲਈ ਨਗਰ ਦੇ ਅਮੀਰਾਂ ਅਤੇ ਚੋਧਰੀਆਂ, ਜੋ ਹਰ ਕਿਸਮ ਦੇ ਪਾਪ ਵਿਚ ਲਿਪਾਇਮਾਨ ਰਹਿੰਦੇ ਸਨ, ਨੇ ਆਪਣੇ ਪਰਿਵਾਰਾ ਦੀ ਸੁਰੱਖਿਆ ਲਈ ਗਰੀਬ ਲੋਕਾਂ ਨੂੰ ਅੰਦਰ ਪ੍ਰਵੇਸ਼ ਹੀ ਨਹੀਂ ਕਰਨ ਦਿੱਤਾ।” ਸੰਢੋਰਾ ਨਿਵਾਸੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੀਨਗੀ ਪ੍ਰਵਾਨ ਕਰ ਲਈ ਅਤੇ ਉਸਦੀ ਆਗਿਆ ਵਿਚ ਰਹਿਣ ਦਾ ਪ੍ਰਣ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਤੇ ਇਤਬਾਰ ਕਰ ਲਿਆ ਅਤੇ ਸਭ ਨੂੰ ਮੁਆਫ ਕਰਕੇ ਸ਼ੁਭ ਚਿੰਤਕਾਂ ਵਾਲਾ ਵਿਵਹਾਰ ਸ਼ੁਰੂ ਕਰ ਦਿੱਤਾ। ਪਰੰਤੂ ਇਕ ਦਿਨ ਉਨ੍ਹਾਂ ਵੱਲੋਂ ਸਰਹਿੰਦ ਦੇ ਸੂਬੇਦਾਰ ਵਜੀਰ ਖਾਂ ਨੂੰ ਇਕ ਗੁਪਤ ਪੱਤਰ ਲਿਖ ਕੇ ਬਾਂਸ ਦੀ ਪੌਰੀ ਵਿਚ ਪਾ ਕੇ ਭੇਜਿਆ ਗਿਆ ਜਿਸ ਰਾਹੀਂ ਵਜੀਰ ਖਾਂ ਤੋਂ ਮਦਦ ਮੰਗੀ ਗਈ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਰੁਧ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ ਸੀ। ਇਕ ਸਿੱਖ ਨੂੰ ਛੱਕ ਹੋ ਜਾਣ ਤੇ ਪੱਤਰ ਲੈ ਕੇ ਜਾ ਰਹੇ ਕਰਮਚਾਰੀ ਤੋਂ ਉਹ ਪਤਰ ਬਰਾਮਦ ਕਰ ਲਿਆ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਪਾਸ ਪੇਸ਼ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸੰਢੋਰਾ ਨਿਵਾਸੀਆਂ ਤੋਂ ਇਸ ਧੋਖਾਧੜੀ ਦੀ ਸਜਾ ਬਾਰੇ ਪੁਛਿਆ ਗਿਆ ਤਾਂ ਸਭ ਨੇ ਇਕ ਅਵਾਜ ਵਿਚ ਕਿਹਾ ਕਿ ਦੋਸ਼ੀਆਂ ਨੂੰ ਮੌਤ ਦੀ ਸਜਾ ਦਿੱਤੀ ਜਾਏ। ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕਰ ਦਿੱਤਾ ਕਿ ਜਿਸ ਜਿਸ ਦੇ ਵੀ ਹਸਤਾਖਰ ਉਸ ਪੱਤਰ ‘ਤੇ ਹਨ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਏ। ਉਨ੍ਹਾਂ ਸਾਰੇ ਦਗਾਵਾਜਾ ਨੂੰ ਸਜਾ ਦਿੱਤੀ ਗਈ ਉਹ ਥਾਂ ਕਤਲ ਗੜ੍ਹੀ ਦੇ ਨਾ ਨਾਲ ਪ੍ਰਸਿੱਧ ਹੈ। ਇਥੇ ਅਜਕਲ ਜੈਨ ਹਾਈ ਸਕੂਲ ਚਲ ਰਿਹਾ ਹੈਉਸਮਾਨ ਖਾਂ ਵਰਗੇ ਜ਼ਾਲਮਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਫਾਂਸੀ ‘ਤੇ ਲਟਕਾ ਕੇ ਉਸ ਦੇ ਕੀਤੇ ਦੀ ਸਜਾ ਦਿੱਤੀ।
ਬਨੂੜ:
ਸਿੰਘ ਸਢੌਰੇ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲਲਕਾਰਦੇ ਹੋਏ ਬਨੂੜ ਵੱਲ ਵਧੇ।
ਚਪੜਚਿੜੀ:
ਬਨੂੜ ਨੂੰ ਫਤਿਹ ਕਰਨ ਤੋਂ ਬਾਅਦ 1710 ਈ. ਨੂੰ ਬਾਬਾ ਬੰਦਾ ਸਿੰਘ ਦੀ ਤਿੱਖੀ ਨਜ਼ਰ ਆਪਣੇ ਮੁੱਖ ਨਿਸ਼ਾਨੇ ਸਰਿਹੰਦ ‘ਤੇ ਸੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੀਰਖੋਰ ਬੱਚਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਸੀ। ਇਸ ਘਟਨਾ ਦਾ ਸਿੱਖਾਂ ਵਿਚ ਭਾਰੀ ਰੋਸ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਮਾਝੇ, ਮਾਲਵੇ ਦੁਆਬੇ ਦੇ ਸਿੰਘਾਂ ਨੂੰ ਚਿੱਠੀਆਂ ਲਿਖ ਕੇ ਧਰਮ-ਯੁੱਧ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜਿਸ ਕਿਸੇ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਖਤ ਪੜ੍ਹਿਆ ਜਾਂ ਸੁਣਿਆ ਉਹ ਘਰ ਦੇ ਕੰਮ-ਕਾਰ ਵਿਸਾਰ ਕੇ ਘਰੇਲੂ ਹਥਿਆਰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਮਿਲਿਆ।
ਜੰਗ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਉਪਨਾਮ ਦੇ ਸਹੀ ਸੱਚੇ ਅਰਥਾਂ ਵਿਚ ਬਹਾਦਰ ਸੂਰਬੀਰ ਅਤੇ ਬੜਾ ਦਲੇਰ ਸੀ ਅਤੇ ਕਈ ਵਾਰ ਦਲੇਰੀ ਵਿਚ ਬੇਪਰਵਾਹੀ ਦੀ ਹੱਦ ਤਕ ਚਲਾ ਜਾਂਦਾ ਸੀਉਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਸ ਨੇ ਵੈਰੀਆਂ ਦੀ ਤਰ੍ਹਾਂ ਕੋਈ ਵਧੀਕੀਆਂ ਨਹੀਂ ਸਨ ਕੀਤੀਆਂ। ਮੁਸਲਮਾਨ ਲਿਖਾਰੀਆਂ ਨੇ ਉਸ ਨੂੰ ਜਿਸ ਪ੍ਰਕਾਰ ਭੈੜੇ ਰੰਗ ਵਿਚ ਪੇਸ਼ ਕੀਤਾ ਹੈ ਥੌਰਨਟਨ ਕਹਿੰਦਾ ਹੈ, “ਅਜਿਹੇ ਮਾਮਲੇ ਵਿਚ ਕਿਸੇ ਮੁਸਲਮਾਨ ਲਿਖਾਰੀ ਉੱਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ।” ਉਹ ਪਹਿਲਾਂ ਕਦੀ ਛੇੜਖਾਨੀ ਨਹੀਂ ਸੀ ਕਰਦਾ ਅਤੇ ਨਾ ਹੀ ਕਿਸੇ ਉੱਤੇ ਸਖ਼ਤੀ ਕਰਦਾ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਦੇ ਬਿਲਕੁਲ ਅਨੁਰੂਪ ਉਹ ਉਸੇ ਵੇਲੇ ਤੇਗ ਫੜਨਾ ਜਾਇਜ਼ ਸਮਝਦਾ ਸੀ ਜਦ ਕਿ ਕੋਈ ਹੋਰ ਵਸੀਲਾ ਰਹਿ ਹੀ ਨਾ ਜਾਏ। ਜਦ ਅਸੀਂ ਉਨ੍ਹਾਂ ਹਾਲਾਤ ਵੱਲ ਵੇਖਦੇ ਹਾਂ ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇਗ ਫੜਨ ਲਈ ਮਜਬੂਰ ਹੋਣਾ ਪਿਆ ਤਾਂ ਸਾਨੂੰ ਪ੍ਰਤੱਖ ਮਾਲੂਮ ਹੁੰਦਾ ਹੈ ਕਿ ਉਹ ਅਕਾਰਨ ਹੀ ਕੋਈ ਸਖ਼ਤੀ ਨਹੀਂ ਸੀ ਕਰਦਾ
ਬਲਕਿ ਉਹ ਤਾਂ ਅਕਾਰਨ ਜ਼ੁਲਮ ਕਰਨ ਵਾਲਿਆਂ ਦਾ ਵੈਰੀ ਸੀ ਜਿਨ੍ਹਾਂ ਨੂੰ ਕਿ ਰੱਬ ਵੱਲੋਂ ਦੰਡ ਮਿਲਣ ਵਿਚ ਦੇਰ ਹੋ ਗਈ ਜਾਪਦੀ ਸੀ। ਉਹ ਕੇਵਲ ਦੇਸ਼-ਸੇਵਾ ਦੇ ਭਾਵ ਨਾਲ ਜੰਗ ਵਿਚ ਕੁੱਦਿਆ ਸੀ ਜਿਸ ਦੀ ਭਾਵਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਮਨ ਵਿਚ ਜਗਾਈ ਸੀ ਅਤੇ ਜਦ ਇਕ ਵਾਰੀ ਜੰਗ ਛਿੜ ਪਈ ਤਾਂ ਫੇਰ ਉਹ ਪਿੱਛੇ ਰਹਿਣ ਵਾਲਾ ਨਹੀਂ ਸੀ, ਬਲਕਿ ਵੈਰੀ ਦੇ ਹੱਲੇ ਤੋਂ ਪਹਿਲਾਂ ਸੱਟ ਮਾਰਨ ਵਿਚ ਆਪਣਾ ਬਚਾਉ ਸਮਝਦਾ ਸੀ। ਉਸ ਦਾ ਜੰਗੀ ਨਜ਼ਰੀਆ ਬੇਹੱਦ ਯਥਾਰਥਵਾਦੀ ਸੀਉਸ ਨੇ ਆਪਣੇ ਆਦਮੀਆਂ ਨੂੰ ਕਦੀ ਬੇਲੋੜੇ ਜੰਗ ਵਿਚ ਨਹੀਂ ਝੋਕਿਆ ਅਤੇ ਸਾਰੇ ਉਤਰਾਅ-ਚੜ੍ਹਾਅ ਵੇਖਣ ਤੋਂ ਬਗ਼ੈਰ ਕਦੀ ਲੜਾਈ ਵਿਚ ਨਹੀਂ ਸੀ ਕੁੱਦਦਾ ਅਤੇ ਜਿਵੇਂ ਮੌਕਾ ਹੁੰਦਾ ਸੀ ਉਹ ਜੰਗ ਵਿਚ ਡਟ ਜਾਂਦਾ ਜਾਂ ਪਿੱਛੇ ਹਟ ਜਾਂਦਾ ਸੀਉਹ ਘੱਟ ਤੋਂ ਘੱਟ ਨੁਕਸਾਨ ਨਾਲ ਵੱਧ ਤੋਂ ਵੱਧ ਸਫਲਤਾ ਪ੍ਰਾਪਤ ਕਰਨ ਦਾ ਜਤਨ ਕਰਦਾ ਸੀ। ਭਾਵੇਂ ਸਿੰਘਾਂ ਪਾਸ ਜੰਗ ਦਾ ਸਾਮਾਨ ਬੜਾ ਹੀ ਥੋੜ੍ਹਾ ਸੀ ਅਤੇ ਮੁਗ਼ਲ ਹਕੂਮਤ ਦੇ ਟਾਕਰੇ ‘ਤੇ ਆਟੇ ਵਿਚ ਲੂਣ ਬਰਾਬਰ ਭੀ ਨਹੀਂ ਸੀ, ਤਾਂ ਭੀ ਜੋ ਸਫਲਤਾ ਉਸ ਨੂੰ ਪ੍ਰਾਪਤ ਹੋਈ ਉਸ ਦਾ ਕਾਰਨ ਬੰਦਾ ਸਿੰਘ ਦੀ ਅਥਾਹ ਦਲੇਰੀ ਅਤੇ ਫੁਰਤੀ ਸੀ ਜਿਸ ਨੂੰ ਸਿੰਘਾਂ ਦੀ ਅਜਿੱਤ ਸਪਿਰਿਟ ਅਤੇ ਅਡੋਲ ਬਹਾਦੁਰੀ ਤੋਂ ਸਹਾਇਤਾ ਮਿਲਦੀ ਸੀ। ਇਨ੍ਹਾਂ ਦੇ ਪਿੱਛੇ ਉਹ ਤਾਕਤ ਅਤੇ ਦ੍ਰਿੜਤਾ ਕੰਮ ਕਰ ਰਹੀ ਸੀ ਜੋ ਕੇਵਲ ਧਰਮ, ਨੀਅਤ ਦੀ ਪਵਿੱਤਰਤਾ ਅਤੇ ਨਿਸ਼ਕਾਮ ਦੇਸ਼ ਸੇਵਾ ਦੇ ਜਜ਼ਬੇ ਤੋਂ ਹੀ ਪ੍ਰਾਪਤ ਹੁੰਦੀ ਅਤੇ ਟਿਕੀ ਰਹਿ ਸਕਦੀ ਹੈ। ਜਦ ਕਦੀ ਅਤਿ ਦੀ ਬਿਪਤਾ ਅਤੇ ਭੀੜ ਵੀ ਆ ਬਣੀ, ਉਸ ਨੂੰ ਸ਼ੋਕ ਅਤੇ ਨਿਰਾਸ਼ਤਾ ਨੇ ਬਲਹੀਣ ਨਹੀਂ ਕੀਤਾ ਬਲਕਿ ਉਹ ਹਰ ਹਾਲਤ ਵਿਚ ਚੜ੍ਹਦੀਆਂ ਕਲਾ ਵਿਚ ਰਿਹਾ।
ਸਰਹਿੰਦ ‘ਤੇ ਹਮਲਾ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗੀ ਨੁਕਤਾ-ਨਿਗਾਹ ਤੋਂ ਕੀਰਤਪੁਰ ਵੱਲੋਂ ਜਿੱਤਾਂ ਪ੍ਰਾਪਤ ਕਰਦੇ ਆ ਰਹੇ ਸਿੱਖ ਜਥੇ ਦੀ ਉਡੀਕ ਕਰਨੀ ਠੀਕ ਸਮਝੀਸਿੰਘਾਂ ਦਾ ਇਕ ਹੋਰ ਜਥਾ ਖਰੜ ਬਨੂੜ ਦੇ ਵਿਚਕਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਵਿਚ ਸ਼ਾਮਿਲ ਹੋ ਗਿਆ ਸੀ ਇਸ ਨਾਲ ਸਿੰਘਾਂ ਦੀ ਤਾਕਤ ਹੋਰ ਵਧ ਗਈ ਸੀਸਿੰਘਾਂ ਨੇ ਸਰਹਿੰਦ ਤੋਂ 12 ਕੋਹ ਦੀ ਦੂਰੀ ‘ਤੇ ਚਪੜਚਿੜੀ ਦੇ ਮੈਦਾਨ ਪਾਸ ਡੇਰੇ ਲਾ ਲਏ। ਚਪੜ ਚਿੜੀ ਸ਼ਬਦ ਛਪੜ ਝਿੜੀ ਤੋਂ ਬਦਲ ਕੇ ਬਣਿਆ ਹੈਇਹ ਪਿੰਡ ਖਰੜ ਤੋਂ ਬਨੂੜ ਨੂੰ ਜਾਂਦੇ ਹੋਏ ਰਾਸਤੇ ਵਿਚ ਪੈਂਦਾ ਹੈਇਸ ਪਿੰਡ ਦੇ ਇਕ ਮੈਦਾਨ ਦੇ ਪੱਛਮ ਵੱਲ ਵੱਡੇ ਵੱਡੇ ਟਿੱਬੇ ਸਨ ਅਤੇ ਪੂਰਬ ਵੱਲ ਇਕ ਵੱਡਾ ਸਾਰਾ ਛਪੜ ਅਤੇ ਦਖਣ ਵੱਲ ਦਰਖਤਾਂ ਦੇ ਝੁੰਡਾ ਦੀ ਝਿੜੀ ਸੀ। ਯਾਤਰੀਆਂ ਦੇ ਆਰਾਮ ਲਈ ਇਹ ਇਕ ਬਹੁਤ ਹੀ ਵਧੀਆ ਥਾਂ ਸੀ। ਇਥੇ ਯਾਤਰੀਆਂ ਲਈ ਛਾਂ ਅਤੇ ਪਾਣੀ ਪਸ਼ੂਆਂ ਲਈ ਚਾਰਾ ਸਭ ਕੁਝ ਸੀ।
ਦੂਸਰੇ ਪਾਸੇ ਵਜ਼ੀਰ ਖਾਂ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜੰਗੀ ਤਿਆਰੀ ਅਰੰਭੀ ਹੋਈ ਸੀਵਜ਼ੀਰ ਖਾਂ ਨੇ ਚਲਾਕੀ ਨਾਲ ਸੁੱਚਾ ਨੰਦ ਦੇ ਭਤੀਜੇ ਗੰਡਾ ਚੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਰਲ ਜਾਣ ਲਈ ਭੇਜ ਦਿੱਤਾ ਤਾਂ ਕਿ ਜਦੋਂ ਸਮਾਂ ਆਏ ਤਾਂ ਉਹ ਭੱਜ ਜਾਏ ਜਿਸ ਨਾਲ ਸਿੰਘਾਂ ਦਾ ਹੌਸਲਾ ਟੁੱਟ ਜਾਏਗਾ। ਉਸਨੇ ਗੁਆਂਢੀ ਰਿਆਸਤਾਂ ਤੋਂ ਮਦਦ ਲਈ ਸੈਨਾ ਬੁਲਾ ਲਈ ਸੀ ਅਤੇ ਮੁਸਲਮਾਨਾਂ ਵਿਚ ਜਹਾਦ ਦਾ ਨਾਅਰਾ ਲਾ ਕੇ ਮੁਸਲਮਾਨਾਂ ਨੂੰ ਸਿੰਘਾਂ ਵਿਰੁੱਧ ਡਟ ਜਾਣ ਦਾ ਹੋਕਾ ਦੇ ਦਿੱਤਾ। ਜੰਗ ਦੇ ਮੈਦਾਨ ਵਿਚ ਜਾ ਕੇ ਇਕ ਪਾਸੇ ਵਜ਼ੀਰ ਖਾਂ ਨੇ ਮੁਹਾਰਤ-ਪ੍ਰਾਪਤ ਤੋਪਖਾਨੇ ਦੀ ਸੈਨਾ ਕੰਧ ਵਾਂਗ ਖੜ੍ਹੀ ਕਰ ਦਿੱਤੀਦੂਜੇ ਪਾਸੇ ਹਾਥੀ ਕਤਾਰਾਂ ਵਿਚ ਖੜ੍ਹੇ ਕਰ ਦਿੱਤੇ। ਤੀਜੇ ਪਾਸੇ ਨਵਾਬ ਅਤੇ ਵਜ਼ੀਰਾਂ ਦੀ ਫ਼ੌਜ ਰਹਿਕਲੇ, ਜੰਬੂਰੇ ਆਦਿ ਬੀੜ ਕੇ ਪੂਰੇ ਜੰਗੀ ਨੁਕਤਾ-ਨਿਗਾਹ ਤੋਂ ਤਿਆਰ-ਬਰ-ਤਿਆਰ ਖੜ੍ਹੀ ਕਰ ਦਿੱਤੀ। ਵਜ਼ੀਰ ਖਾਂ ਰਾਜਿਆਂ ਵਿਚਕਾਰ ਆਪ ਉੱਚੇ ਹਾਥੀ ‘ਤੇ ਚੜ੍ਹ ਕੇ ਫ਼ੌਜ ਨੂੰ ਦਿਸ਼ਾ-ਨਿਰਦੇਸ਼ ਦੇ ਰਿਹਾ ਸੀ।
ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੋਣਵੇਂ ਸਿੱਖ ਯੋਧਿਆਂ ਨੂੰ ਜੰਗੀ ਨੁਕਤਾ-ਨਿਗਾਹ ਸਮਝਾ ਕੇ ਸਿੱਖਾਂ ਦੇ ਅਲੱਗ-ਅਲੱਗ ਜਥੇ ਤਿਆਰ ਕਰ ਦਿੱਤੇ। ਪਹਿਲੇ ਜਥੇ ਵਿਚ ਮਾਲਵੇ ਦੇ ਸਿੰਘ ਸਨ, ਜਿਨ੍ਹਾਂ ਦੀ ਜਥੇਦਾਰੀ ਭਾਈ ਫਤਿਹ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਆਲੀ ਸਿੰਘ ਕਰ ਰਹੇ ਸਨ। ਦੂਜਾ ਜਥਾ ਮਝੈਲ ਸਿੰਘਾਂ ਦਾ ਸੀ ਜਿਸ ਦੀ ਅਗਵਾਈ ਬਾਬਾ ਬਿਨੋਦ ਸਿੰਘ, ਬਾਬਾ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਸ਼ਾਮ ਸਿੰਘ ਕਰ ਰਹੇ ਸਨ। ਕੁਝ ਵਿਅਕਤੀ ਜੋ ਲੁੱਟ-ਮਾਰ ਕਰਨ ਦੀ ਮਨਸ਼ਾ ਨਾਲ ਸਿੱਖਾਂ ਦੀ ਫ਼ੌਜ ਵਿਚ ਆਣ ਰਲੇ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮਲਵਈਆਂ ਅਤੇ ਮਝੈਲਾਂ ਦੇ ਜਥਿਆਂ ਵਿਚ ਵੰਡ ਦਿੱਤਾ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਚਲਾਕੀ ਨਾ ਕਰ ਸਕਣ।
ਬਾਬਾ ਬੰਦਾ ਸਿੰਘ ਬਹਾਦਰ ਨੇ ਉੱਚੀ ਜਗ੍ਹਾ ‘ਤੇ ਮੋਰਚਾ ਬਣਾ ਕੇ ਦੁਸ਼ਮਣ ਦੀ ਫ਼ੌਜ ਦੀ ਸਾਰੀ ਜੰਗੀ ਤਿਆਰੀ ਦਾ ਅੰਦਾਜ਼ਾ ਲਗਾਇਆ। ਸਿੰਘਾਂ ਨੇ ਸ਼ਾਹੀ ਫ਼ੌਜ ਦੇ ਤੋਪਚੀਆਂ ਨੂੰ ਬਾਰੂਦ ਭਰਨ ਤੋਂ ਪਹਿਲਾਂ ਹੀ ਜਾ ਦਬੋਚਿਆ। ਤੋਪਚੀਆਂ ਨੂੰ ਤੀਰਾਂ ਦਾ ਸ਼ਿਕਾਰ ਬਣਾ ਕੇ ਖ਼ਤਮ ਕਰ ਦਿੱਤਾ ਅਤੇ ਰਹਿੰਦਿਆਂ ਨੂੰ ਤੇਗ ਦੀ ਭੇਟ ਕਰ ਦਿੱਤਾ। ਇਸ ਤੋਂ ਅੱਗੇ ਹਾਥੀਆਂ ਦੀ ਕੰਧ ਸੀ। ਬਾਬਾ ਬੰਦਾ ਸਿੰਘ ਬਹਾਦਰ ਜ਼ਿਆਦਾ ਸਮਾਂ ਜੰਗਲਾਂ ਵਿਚ ਵਿਚਰਦਾ ਰਿਹਾ ਸੀ ਇਸ ਲਈ ਪਸ਼ੂ-ਪੰਛੀਆਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੰਘਾਂ ਨੇ ਹਾਥੀਆਂ ਦੀਆਂ ਸੁੰਡਾਂ, ਕੰਨਾ ਅਤੇ ਅੱਖਾਂ ‘ਤੇ ਜ਼ੋਰਦਾਰ ਹਮਲਾ ਕੀਤਾ ਜਿਸ ਨਾਲ ਹਾਥੀ ਘਬਰਾ ਕੇ ਪਿੱਛੇ ਵੱਲ ਨੂੰ ਭੱਜ ਨਿਕਲੇ ਅਤੇ ਆਪਣੀ ਹੀ ਸੈਨਾ ਦਾ ਨੁਕਸਾਨ ਕਰਨ ਲੱਗੇ। ਇਸ ਮੌਕੇ ‘ਤੇ ਸੁੱਚਾ ਨੰਦ ਦਾ ਭਤੀਜਾ ਗੰਡਾ ਚੰਦ ਆਪਣੇ ਸਾਥੀਆਂ ਸਮੇਤ ਮੈਦਾਨ ਵਿਚੋਂ ਭੱਜ ਨਿਕਲਿਆ ਅਤੇ ਰੌਲਾ ਪਾ ਦਿੱਤਾ ਕਿ ਭੱਜ ਜਾਓ। ਇਸ ਨਾਲ ਲੁੱਟ-ਮਾਰ ਦੀ ਮਨਸ਼ਾ ਨਾਲ ਆਏ ਨੌਜਵਾਨ ਵੀ ਭੱਜ ਨਿਕਲੇ। ਇਸ ਨਾਲ ਵਜ਼ੀਰ ਖਾਂ ਦਾ ਪੱਲੜਾ ਭਾਰੀ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੰਘਾਂ ਨੂੰ ਹੌਸਲਾ ਦੇਣ ਲਈ ਝੱਟ ਮੋਰਚੇ ਵਿੱਚੋਂ ਨਿਕਲ ਅਇਆ ਅਤੇ ਸਿੰਘਾਂ ਦੀ ਪਹਿਲੀ ਕਤਾਰ ਵਿਚ ਆਣ ਕੇ ਵਜ਼ੀਰ ਖਾਂ ਨੂੰ ਲਲਕਾਰਨ ਲੱਗ ਪਿਆਬਾਬਾ ਬੰਦਾ ਸਿੰਘ ਬਹਾਦਰ ਦੇ ਮੈਦਾਨ ਵਿਚ ਆ ਜਾਣ ਕਾਰਨ ਸਿੰਘ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਹ ਦੁਸ਼ਮਣ ਦੀਆਂ ਫ਼ੌਜਾਂ ‘ਤੇ ਬਿਜਲੀ ਵਾਂਗ ਟੁੱਟ ਪਏ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਵੱਲੋਂ ਬਖਸ਼ੇ ਇਕ ਤੀਰ ਨੂੰ ਚਿੱਲੇ ‘ਤੇ ਚਾੜ੍ਹ ਕੇ ਛੱਡਿਆ ਤਾਂ ਸਿੰਘਾਂ ਨੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਆਸਾਮਾਨ ਗੁੰਜਾ ਦਿੱਤਾ। ਸਿੰਘਾਂ ਦੇ ਜ਼ੋਰਦਾਰ ਹਮਲੇ ਅੱਗੇ ਸ਼ਾਹੀ ਸੈਨਾ ਦੇ ਪੈਰ ਥਿੜਕ ਗਏ। ਮਲੇਰਕੋਟਲੇ ਵਾਲੇ ਮੁਹੰਮਦ ਖਾਂ ਅਤੇ ਖਵਾਜਾ ਅਲੀ ਖਾਂ ਦੋਵੇਂ ਹੀ ਸਿੰਘਾਂ ਹੱਥੋਂ ਕਤਲ ਹੋ ਗਏ। ਉਨ੍ਹਾਂ ਦੇ ਧਰਤੀ ‘ਤੇ ਡਿਗਣ ਦੀ ਦੇਰ ਸੀ ਕਿ ਉਨ੍ਹਾਂ ਦੀ ਸੈਨਾ ਮੈਦਾਨ ਛੱਡ ਕੇ ਭੱਜ ਗਈ। ਮਲੇਰਕੋਟਲੀਆਂ ਦਾ ਸਾਰਾ ਮੋਰਚਾ ਸਿੰਘਾਂ ਦੇ ਹੱਥ ਆ ਗਿਆਦੂਜੇ ਪਾਸੇ ਕਥਿਤ ਗਾਜ਼ੀਆਂ ਦਾ ਵੀ ਇਹੋ ਹਾਲ ਸੀ। ਸਿੰਘ ਹੁਣ ਪੂਰੇ ਜੋਸ਼ ਨਾਲ ਵਜ਼ੀਰ ਖਾਂ ਵਾਲੇ ਮੋਰਚੇ ਵੱਲ ਵੱਧੇਇਕ ਪਾਸੇ ਤੋਂ ਬਾਬਾ ਬਾਜ ਸਿੰਘ ਅਤੇ ਦੂਸਰੇ ਪਾਸੇ ਤੋਂ ਭਾਈ ਫਤਿਹ ਸਿੰਘ ਨੇ ਹੱਲਾ ਬੋਲਿਆ। ਕਿਸੇ ਸਿੱਖ ਦਾ ਤੇਜ਼ ਤੀਰ ਸੂਬਾ ਵਜ਼ੀਰ ਖਾਂ ਦੀ ਛਾਤੀ ਨੂੰ ਵਿੰਨ੍ਹ ਗਿਆ ਜਿਸ ਨਾਲ ਵਜ਼ੀਰ ਖਾਂ ਘੋੜੇ ਤੋਂ ਹੇਠਾਂ ਡਿੱਗ ਗਿਆ ਬਾਬਾ ਬਾਜ ਸਿੰਘ ਤੇ ਭਾਈ ਫਤਿਹ ਸਿੰਘ ਜੀ ਸ਼ੇਰਾਂ ਵਾਂਗ ਝਪਟ ਕੇ ਉਸ ਪਾਸ ਆ ਗਏ ਅਤੇ ਜ਼ਖਮੀ ਹਾਲਤ ਵਿਚ ਵਜ਼ੀਰ ਖਾਂ ਨੂੰ ਕਾਬੂ ਕਰਕੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਸਿੰਘ ਜੇਤੂ ਹੋ ਕੇ ਸਰਹਿੰਦ ਵਿਚ ਦਾਖਲ ਹੋਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਖ਼ਾਲਸਾ ਰਾਜ ਦਾ ਪਰਚਮ ਝੁਲਾ ਦਿੱਤਾ। ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਬਾਬਾ ਆਲੀ ਸਿੰਘ ਸਲੋਦੀ ਨੂੰ ਨਾਇਬ ਸੂਬੇਦਾਰ ਥਾਪ ਕੇ ਸਾਰਾ ਪ੍ਰਬੰਧ ਉਨ੍ਹਾਂ ਦੇ ਹਵਾਲੇ ਕਰਕੇ ਆਪ ਅਗਲੀ ਮੁਹਿੰਮ ’ਤੇ ਚੱਲ ਪਏ।
ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਜਿੱਤ ਤੋਂ ਪਿੱਛੋਂ ਜ਼ਾਲਮਾਂ ਨੂੰ ਚੁਣ-ਚੁਣ ਕੇ ਮਾਰਿਆ। ਹਕੂਮਤ ਦੀ ਛਤਰ-ਛਾਇਆ ਹੇਠ ਸੁਚਾ ਨੰਦ ਇਸ ਤਰ੍ਹਾਂ ਦੇ ਜ਼ੁਲਮ ਕਰ ਰਿਹਾ ਸੀ, ਕਿ ਉਸ ਦੇ ਸਿੱਖਾਂ ਹੱਥੋਂ ਮਾਰੇ ਜਾਣ ਨੂੰ ਕੀਤੇ ਦਾ ਫਲ ਦੱਸਦਿਆਂ ਮੁਹੰਮਦ ਕਾਸਿਮ ‘ਇਬਰਤ ਨਾਮੇ’ ਵਿਚ ਲਿਖਦਾ ਹੈ, “ਮੈਂ ਆਸ-ਪਾਸ ਦੇ ਭਰੋਸੇ ਯੋਗ ਲੋਕਾਂ ਤੋਂ ਸੁਣਿਆ ਹੈ ਕਿ ਸ਼ਹੀਦ (ਵਜ਼ੀਰ ਖਾਂ) ਦੀ ਹਕੂਮਤ ਦੇ ਦਿਨੀਂ ਕਿਹੜਾ ਜ਼ੁਲਮ ਸੀ ਜੋ ਇਸ ਅਨਿਆਈ (ਸੁੱਚਾ ਨੰਦ) ਨੇ ਗਰੀਬਾ ਉੱਤੇ ਨਾ ਕੀਤਾ ਹੋਵੇ ਅਤੇ ਫਸਾਦ ਦਾ ਕਿਹੜਾ ਬੀਜ ਸੀ ਜੋ ਇਸ ਨੇ ਆਪਣੇ ਲਈ ਨਾ ਬੀਜਿਆ ਹੋਵੇ ਕਿ ਜਿਸ ਦਾ ਫਲ ਇਸ ਨੂੰ ਪ੍ਰਾਪਤ ਹੋਇਆ।”
ਏਨੀ ਭਿਆਨਕ ਜੰਗ ਕਰਨ ਬਾਅਦ ਬਾਬਾ ਬੰਦਾ ਸਿੰਘ ਨੇ ਕਿਸੇ ਮਸਜਿਦ ਨੂੰ ਨੁਕਸਾਨ ਨਹੀਂ ਪਹੁੰਚਾਇਆ, ਕਿਉਂਕਿ ਉਹ ਧਰਮ-ਵਿਰੋਧੀ ਨਹੀਂ ਸੀ, ਉਹ ਤਾਂ ਸਿਰਫ਼ ਜ਼ੁਲਮ ਅਤੇ ਜ਼ਾਲਮਾਂ ਦਾ ਵਿਰੋਧੀ ਸੀ, ਕਿਉਂਕਿ ਸਿੱਖ ਜ਼ੁਲਮ ਅਤੇ ਅਤਿਆਚਾਰ ਨੂੰ ਖਤਮ ਕਰਨਾ ਧਾਰਮਿਕ ਸਾਧਨਾ ਦਾ ਅਨਿੱਖੜ ਅੰਗ ਸਮਝਦੇ ਹਨ।
ਸਰਹਿੰਦ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਬਹਾਦਰ ਸਿੰਘਾਂ ਨਾਲ ਇਕ ਦਰਬਾਰ ਲਗਾਇਆ ਜਿਸ ਵਿਚ ਇਲਾਕੇ ਦੇ ਮੰਨੇ ਪ੍ਰਮੰਨੇ ਚੋਧਰੀ ਹਾਜ਼ਰ ਹੋਏ ਅਤੇ ਇਲਾਕੇ ਦੇ ਲੋਕਾਂ ਨੇ ਆਪਣੇ ਹੋਏ ਜੁਲਮ ਦੀ ਦਾਸਤਾਨ ਭਰੇ ਦਰਬਾਰ ਵਿਚ ਸੁਣਾਈ। ਇਸ ਮੌਕੇ ਤੇ ਚਰਨਾਰਥਲ ਦਾ ਚੌਧਰੀ ਪ੍ਰਤਾਪ ਰਾਏ, ਜਰਗ ਦਾ ਚੌਧਰੀ ਲਖਮੀਰ ਆਦਿ ਹਾਜ਼ਰ ਹੋਏਆ ਅਤੇ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਖਿਲਤ ਵੱਜੋਂ ਚਾਂਦੀ ਦੇ ਗੁਰਜ ਅਤੇ ਮੋਹਰਾਂ ਦੇ ਥਾਲ ਪੇਸ਼ ਕੀਤੇ । ਬਾਬਾ ਬੰਦਾ ਸਿੰਘ ਬਹਾਦਰ ਗੁਰਜ ਰੱਖ ਲਏ ਅਤੇ ਮੋਹਰਾਂ ਦੇ ਥਾਲਾਂ ਵਿਚੋਂ ਇਕ-ਇਕ ਮੌਹਰ ਰੱਖ ਕੇ ਬਾਕੀ ਦੀਆਂ ਮੋਹਰਾ ਚੌਧਰੀਆਂ ਨੂੰ ਹੀ ਇਲਾਕੇ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਲਗਾਉਣ ਲਈ ਵਾਪਿਸ ਕਰ ਦਿੱਤੀਆਂ। ਇਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਵਿਚ ਹਿੰਦੂ ਮੁਸਲਮਾਨ ਵੀ ਸਨ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੰਘ ਸਜ ਗਏ। ਇਨ੍ਹਾਂ ਵਿਚੋਂ ਦੀਨਦਾਰ ਖਾਂ ਅੰਮ੍ਰਿਤ ਛੱਕ ਕੇ ਦੀਨਦਾਰ ਸਿੰਘ ਬਣ ਗਿਆ। ਮੀਰ ਨਸੀਰ-ਉ-ਦੀਨ ਭਾਈ ਨਸੀਰ ਸਿੰਘ ਬਣ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਚੰਗੇ ਪ੍ਰਸ਼ਾਸਕ ਵਾਂਗ ਆਪਣੇ ਵੱਲੋਂ ਫਤਿਹ ਕੀਤੇ ਇਲਾਕੇ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਉਨ੍ਹਾਂ ਦੇ ਤਿੰਨ ਗਵਰਨਰ ਨਿਯੁਕਤ ਕੀਤੇ। ਜ਼ਾਲਮ ਅਤੇ ਬੇਈਮਾਨ ਅਹਿਲਕਾਰ ਹਟਾ ਦਿੱਤੇ ਗਏ ਅਤੇ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ, ਬਾਬਾ ਫਤਿਹ ਸਿੰਘ ਨੂੰ ਸਮਾਨੇ ਦਾ ਅਤੇ ਬਾਬਾ ਰਾਮ ਸਿੰਘ ਨੂੰ ਥਾਨੇਸਰ ਦਾ ਰਾਜਪਾਲ ਥਾਪ ਦਿੱਤਾ। ਬਾਬਾ ਆਲੀ ਸਿੰਘ ਨੂੰ ਬਾਬਾ ਬਾਜ ਸਿੰਘ ਦੀ ਸਹਾਇਤਾ ਵਾਸਤੇ ਅਤੇ ਬਾਬਾ ਬਿਨੋਦ ਸਿੰਘ ਨੂੰ ਬਾਬਾ ਰਾਮ ਦੀ ਸਹਾਇਤਾ ਲਈ ਨਾਇਬ ਰਾਜਪਾਲ ਥਾਪਿਆ। ਇਸੇ ਤਰ੍ਹਾਂ ਹੋਰ ਅਸਾਮੀਆਂ ਤੇ ਵੀ ਯੋਗ ਇਮਾਨਦਾਰ ਅਫਸਰ ਨਿਯੁਕਤ ਕਰਕੇ ਜ਼ਾਲਮ ਅਫਸਰਾਂ ਨੂੰ ਉਥੋਂ ਹੱਟਾ ਦਿੱਤਾ ਗਿਆ। ਸਰਹਿੰਦ ਦੇ ਕਿਲ੍ਹੇ ‘ਤੇ ਖ਼ਾਲਸੇ ਦਾ ਝੰਡਾ ਲਹਿਰਾਇਆ ਗਿਆ।
ਅਫਸਰਾਂ ਦੀ ਨਿਯੁਕਤੀ ਕਰਨ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸਿੱਖ ਰਾਜ ਦੀ ਰਾਜਧਾਨੀ ਦੀ ਚੋਣ ਕਰਨ ਦਾ ਬਹੁਤ ਮਹੱਤਵਪੂਰਨ ਪ੍ਰਸ਼ਨ ਸੀ। ਸਰਹਿੰਦ ਕੇਂਦਰੀ ਸਥਾਨ ਸੀ ਅਤੇ ਇਸਦੇ 28 ਪਰਗਣਿਆਂ ਤੋਂ 52 ਲੱਖ ਰੁਪਿਆਂ ਦੀ ਸਾਲਾਨਾ ਆਮਦਨੀ ਸੀ। ਇਸ ਜਿੱਤ ਨਾਲ ਕਰਨਾਲ ਤੋਂ ਲੁਧਿਆਣੇ ਤਕ ਦੇ ਇਲਾਕੇ ਦਾ ਲਗਾਨ ਖਾਲਸੇ ਨੂੰ ਮਿਲਣ ਲੱਗ ਗਿਆ। ਇਸ ਪਿੱਛੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਐਲਾਨ ਕਰ ਦਿੱਤਾ ਕਿ ਜੇ ਕੋਈ ਮੁਸਲਮਾਨ ਖਾਲਸਾ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਨਮਾਜ ਰੋਜ਼ੇ ਦੀ ਪੂਰੀ ਖੁਲ੍ਹ ਹੋਵੇਗੀ। ਇਸ ਐਲਾਨ ਪੰਜ ਹਜ਼ਾਰ ਮੁਸਲਮਾਨ ਖਾਲਸਾਈ ਫ਼ੌਜ ਵਿਚ ਭਰਤੀ ਹੋ ਗਏ ਇਨ੍ਹਾਂ ਵਿਚੋਂ ਬਹੁਤ ਸਾਰਿਆ ਨੇ ਬਾਅਦ ਵਿਚ ਸਿੱਖ ਧਰਮ ਹੀ ਇਖਤਿਆਰ ਕਰ ਲਿਆ ਸੀ। ਇਸ ਘਟਨਾ ਦੀ ਖ਼ਬਰ 18 ਅਪ੍ਰੈਲ 1711 ਈ. ਨੂੰ ਬਾਦਸ਼ਾਹ ਨੂੰ ਭੇਜੀ ਗਈ ਜਿਸ ਦਾ ਜਿਕਰ ਡਾ. ਗੰਡਾ ਸਿੰਘ ਨੇ ਇਸ ਤਰ੍ਹਾਂ ਕੀਤਾ ਹੈ:
“ਉਸ (ਬੰਦਾ ਸਿੰਘ) ਨੇ ਬਚਨ ਦਿੱਤਾ ਅਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾ ਨੂੰ ਕੋਈ ਦੁੱਖ ਨਹੀਂ ਦਿੰਦਾ। ਚੁਨਾਂਚਿ ਜਿਸ ਭੀ ਮੁਸਲਮਾਨ ਦਾ ਉਸ ਵਲ ਰੁਜੂ ਹੁੰਦਾ ਹੈ ਉਹ (ਬੰਦਾ ਸਿੰਘ) ਉਸ ਦੀ ਦਿਹਾੜੀ ਅਤੇ ਤਨਖਾਹ ਨਿਯਤ ਕਰਕੇ ਉਸ ਦਾ ਧਿਆਨ ਰਖਦਾ ਹੈ ਅਤੇ ਉਸ ਨੂੰ ਆਗਿਆ ਦਿੱਤੀ ਹੈ ਕਿ ਨਮਾਜ ਅਤੇ ਖੁਤਬਾ ਜਿਵੇਂ (ਮੁਸਲਮਾਨ) ਚਾਹਣ ਪੜ੍ਹਨ। ਚੁਨਾਚਿ ਪੰਜ ਹਜ਼ਾਰ ਮੁਸਲਮਾਨ ਉਸ ਦੇ ਸਾਥੀ ਬਣ ਗਏ ਹਨ ਅਤੇ ਸਿੰਘਾ ਦੀ ਫ਼ੌਜ ਵਿਚ ਬਾਂਗ ਅਤੇ ਨਮਾਜ ਵਲੋਂ ਸੁਖ ਪਾ ਰਹੇ ਹਨ।”
ਬੁੜੈਲ:
ਬਾਬਾ ਬੰਦਾ ਸਿੰਘ ਬਹਾਦਰ ਨੇ ਚਪੜ ਚਿੜੀ ਦੀ ਲੜਾਈ ਵਿਚ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਸਰਹਿੰਦ ਫ਼ਤਿਹ ਕਰਕੇ ਪੰਜਾਬ ਵਿਚ ਸਿੱਖ ਰਾਜ ਕਾਇਮ ਕੀਤਾ ਉਦੋਂ ਪਿੰਡ ਬੁੜੈਲ ਮੁਸਲਮਾਨ ਮੁਲਾਣਿਆਂ (ਰਈਸਾਂ) ਦਾ ਗੜ੍ਹ ਹੁੰਦਾ ਸੀ। ਅੱਜਕਲ੍ਹ ਇਸ ਪਿੰਡ ਦੀ ਜ਼ਮੀਨ ‘ਤੇ ਚੰਡੀਗੜ੍ਹ ਦਾ ਸੈਕਟਰ 44 ਬਣਿਆ ਹੋਇਆ ਹੈ। ਇਸ ਪਿੰਡ ਦੇ ਗਰੀਬਾਂ ਨੇ ਮੁਲਾਣਿਆਂ ਵੱਲੋਂ ਕੀਤੇ ਜਾਂਦੇ ਕੁਕਰਮਾਂ ਬਾਰੇ ਆਪਣਾ ਦੁਖੜਾ ਸੁਣਾਇਆ। ਬੁੜੈਲ ਵਿਚ ਮੁਗ਼ਲ ਹਾਕਮ ਜਾਉਲਾ ਖਾਂ, ਰੁਸਤਮ ਖਾਂ ਅਤੇ ਸ਼ਮਸ ਖਾਂ ਰਹਿੰਦੇ ਸਨ। ਇਹ ਹਾਕਮ ਲੋਕਾਂ ਦਾ ਮਾਲ ਅਸਬਾਬ ਖੋਹ ਲੈਂਦੇ ਸਨ ਹਿੰਦੂ ਇਸਤਰੀਆਂ ਵਿਆਹ ਕੇ ਜਦੋਂ ਡੋਲੇ ਵਿਚ ਬੈਠ ਕੇ ਇਸ ਇਲਾਕੇ ਵਿਚ ਦੀ ਲੰਘਦੀਆਂ ਤਾਂ ਇਹ ਹਾਕਮ ਧੱਕੇ ਨਾਲ ਉਨ੍ਹਾ ਨੂੰ ਬੁੜੈਲ ਦੇ ਕਿਲ੍ਹੇ ਵਿਚ ਲੈ ਜਾਂਦੇ ਸਨ । ਬਾਬਾ ਸੁੱਖਾ ਸਿੰਘ ਬਾਬਾ ਬਾਜ ਸਿੰਘ ਦੇ ਛੋਟੇ ਭਰਾ ਸਨ। ਸਿੰਘਾਂ ਦਾ ਜੱਥਾ ਬਾਬਾ ਬਾਜ ਸਿੰਘ ਦੀ ਕਮਾਨ ਹੇਠ ਬੁੜੈਲ ਪਹੁੰਚ ਗਿਆ। ਇਨ੍ਹਾਂ ਨੇ ਹਾਕਮ ਜਾਉਲਾਂ ਖਾਂ ਅਤੇ ਉਸ ਦੇ ਸਾਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ‘ਤੇ ਕੋਈ ਅਸਰ ਨਾ ਹੋਇਆ। ਸਿੰਘਾਂ ਨੇ ਇਨ੍ਹਾਂ ਨਾਲ ਦੋ ਹੱਥ ਕਰਨ ਲਈ ਵਿਉਂਤ ਬਣਾਈ। ਸਿੰਘਾਂ ਨੇ ਇਨ੍ਹਾਂ ਨੂੰ ਇਕ ਬੇ- ਨਾਮ ਪੱਤਰ ਭਜਵਾਇਆ ਕਿ ਰੋਪੜ ਵੱਲੋਂ ਰਾਜਪੂਤਾਂ ਦੀਆਂ ਧੀਆਂ ਦੇ ਡੋਲੇ ਆ ਰਹੇ ਹਨ ਅਤੇ ਉਨ੍ਹਾਂ ਪਾਸ ਬੇ-ਸ਼ੁਮਾਰ ਧਨ ਵੀ ਹੈ। ਜਾਉਲਾ ਖਾਂ ਅਤੇ ਉਸ ਦੇ ਸਾਥੀ ਲਾਲਚ ਵਿਚ ਆ ਕੇ ਇਕ ਬਾਗ ਵਿਚ ਬੈਠ ਕੇ ਡੋਲਿਆਂ ਦਾ ਇੰਤਜ਼ਾਰ ਕਰਨ ਲੱਗ ਪਏ। ਕੁਝ ਦੇਰ ਬਾਅਦ ਸਿੰਘਾਂ ਦੇ ਭੇਜੇ ਹੋਏ ਖੋਤੇ ਬਾਗ ਨੇੜੇ ਆ ਗਏ। ਮੁਗ਼ਲਾਂ ਨੇ ਇਨ੍ਹਾਂ ਖੋਤਿਆਂ ‘ਤੇ ਲਦੇ ਸਮਾਨ ਨੂੰ ਕੀਮਤੀ ਸਮਾਨ ਸਮਝ ਕੇ ਹੱਲਾ ਬੋਲ ਦਿੱਤਾ। ਜਦੋਂ ਇਨ੍ਹਾਂ ਨੇ ਖੋਤਿਆਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਤੋਂ ਇੱਟਾਂ ਰੋੜੇ ਹੀ ਮਿਲੇ। ਜਦੋਂ ਹਾਕਮ ਵਾਪਿਸ ਕਿਲ੍ਹੇ ਵਿਚ ਪਹੁੰਚੇ ਤਾਂ ਸਿੰਘਾਂ ਨੇ ਕਿਲ੍ਹੇ ਅੰਦਰ ਕਬਜ਼ਾ ਕਰ ਲਿਆ ਹੋਇਆ ਸੀ। ਜੰਗ ਸ਼ੁਰੂ ਹੋ ਗਈ। ਸਿੰਘਾਂ ਵੱਲੋਂ ਭਾਈ ਹਰਕੀਰਤ ਸਿੰਘ ਦੀ ਕਮਾਨ ਹੇਠ ਪਹਿਲਾ ਜੱਥਾ ਮੁਕਾਬਲੇ ਲਈ ਆਇਆ। ਗਹਿਗੱਚ ਲੜਾਈ ਵਿਚ ਸਿੰਘਾਂ ਨੇ ਮੁਗ਼ਲਾਂ ਦੇ ਆਹੂ ਲਾਹ ਸੁੱਟੇ। ਜਦੋਂ ਭਾਈ ਹਰਕੀਰਤ ਸਿੰਘ ਜੀ ਸ਼ਹੀਦੀ ਪਾ ਗਏ ਤਾਂ ਬਾਬਾ ਸੁੱਖਾਂ ਸਿੰਘ ਜੀ ਮੈਦਾਨ ਵਿਚ ਆ ਨਿੱਤਰੇ ਅਤੇ ਆਪਣੀ ਬਹਾਦਰੀ ਦੇ ਜੋਹਰ ਦਿਖਾਉਂਦੇ ਹੋਏ ਸ਼ਹੀਦੀ ਪਾ ਗਏ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ:
ਬਾਜ ਸਿੰਘ ਕਾ ਹੁਤੋ ਭਰਾਤਾ।
ਸੁਖਾ ਸਿੰਘ ਬੀਰ ਭਖਿਆਤਾ।
ਤਿਨ ਲੈ ਬਹੁ ਸਿੰਘਨ ਕੋ ਸੰਗ।
ਢਿਗ ਬੁੜੈਲ ਜਾ ਕੀਨੋ ਜੰਗ। ਰੁਸਤਮ ਖਾਂ ਜਾਉਲਾ ਖਾਂ ।
ਲੈ ਬਹੁ ਸੈਨਾ ਪਹੁੰਚੇ ਆਨ।
ਸੁਖਾ ਸਿੰਘ ਲੈ ਅਨੇਕ ਬਹਾਦੁਰ। ਪਏ ਸ਼ਹੀਦ ਤਹਾਂ ਲੜ ਨਾਦਰ।
ਫ਼ਤਿਹਗੜ੍ਹ ਮਾਦੜੀਆਂ:
ਬੁੜੈਲ ਦੀ ਜਿੱਤ ਮਗਰੋਂ ਸਿੰਘਾਂ ਨੇ ਉਨ੍ਹਾਂ ਪਿੰਡ ਵਾਸੀਆਂ ਵਿਚੋਂ ਮਾਦੜੀਆਂ ਗੋਤ ਦੇ ਜ਼ਿਮੀਦਾਰਾਂ ਨੂੰ ਵਾਹੀਕਾਰ ਬਨਾਉਣ ਲਈ ਮੁਲਾਣਿਆਂ ਦੀ ਜ਼ਮੀਨ ‘ਤੇ ਕਾਬਜ਼ ਕਰਾਰ ਦੇ ਦਿੱਤਾ। ਉਨ੍ਹਾਂ ਪਿੰਡ ਵਾਸੀਆਂ ਨੇ ਉਸ ਥਾਂ ‘ਤੇ ਨਵਾਂ ਪਿੰਡ ਆਬਾਦ ਕਰ ਲਿਆ ਜਿਸ ਦਾ ਨਾਂ ਫਤਿਹਗੜ੍ਹ ਰੱਖਿਆ। ਬਾਅਦ ਵਿਚ ਇਸ ਪਿੰਡ ਨੂੰ ਫ਼ਤਿਹਗੜ੍ਹ ਮਾਦੜੀਆਂ ਕਿਹਾ ਜਾਣ ਲੱਗਾ। ਅਜਕਲ੍ਹ ਇਹ ਪਿੰਡ ਚੰਡੀਗੜ੍ਹ ਸ਼ਹਿਰ ਵਿਚ ਸਮਾ ਚੁੱਕਾ ਹੈ।
ਮਲੇਰਕੋਟਲਾ:
ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਫਤਿਹ ਕਰਨ ਤੋਂ ਬਾਅਦ ਜਦੋਂ ਘੜਾਨੀ, ਘਲੋਟੀ, ਧਮੋਟ ਪੁੱਜਾ ਤਾਂ ਕੁਝ ਸਿੰਘਾ ਨੇ ਮਲੇਰਕੋਟਲੇ ‘ਤੇ ਹੱਲਾ ਬੋਲ ਕੇ ਉਸ ਨੂੰ ਤਬਾਹ ਕਰਨ ਦੀ ਸਲਾਹ ਕੀਤੀ। ਮਲੇਰਕੋਟਲੇ ਦਾ ਨਵਾਬ ਸਿੱਖਾਂ ਵਿਰੁੱਧ ਹੋਈਆਂ ਸਾਰੀਆ ਮੁਹਿਮਾਂ ਵਿਚ ਰਿਹਾ ਸੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਸਰਸਾ ਨਦੀ ਦੇ ਕੰਡੇ ‘ਤੇ ਗੁਰੂ ਜੀ ਦਾ ਪਰਿਵਾਰ ਆਪਸ ਵਿਚ ਬਿਛੜ ਗਿਆ ਉਸ ਸਮੇਂ ਗੁਰੂ ਘਰ ਦੀ ਸ਼ਰਧਾਲੂ ਅਤੇ ਸਾਹਿਬਜ਼ਾਦਿਆਂ ਦੀ ਖਿਡਾਵੀ ਬੀਬੀ ਅਨੂਪ ਕੌਰ ਜੀ ਮਲੇਰਕੋਟਲੇ ਦੇ ਨਵਾਬ ਗੁਲਸ਼ੇਰ ਮੁਹੰਮਦ ਖਾਂ ਦੇ ਹੱਥ ਆ ਗਈ ਸੀ। ਇਹ ਅੰਮ੍ਰਿਤਧਾਰੀ ਬੀਬੀ ਦੀ ਸੁੰਦਰਤਾ ਦੇਖ ਕੇ ਨਵਾਬ ਮੁਗਧ ਹੋ ਗਿਆ। ਬੀਬੀ ਅਨੂਪ ਕੌਰ ਨੇ ਆਪਣੇ ਆਖਰੀ ਸਾਂਹ ਤੱਕ ਆਪਣੇ ਸਿੱਖੀ ਸਿਦਕ ਨੂੰ ਬਰਕਰਾਰ ਰੱਖਿਆ। ਜਦੋਂ ਉਸ ਦੀ ਕੋਈ ਵਾਹ ਨਾ ਚਲੀ ਤਾਂ ਉਸਨੇ ਆਪਣੇ ਗਾਤਰੇ ਵਾਲੀ ਸਿਰੀ ਸਾਹਿਬ ਨਾਲ ਆਪਣੇ ਪ੍ਰਾਣ ਤਿਆਗ ਦਿੱਤੇ। ਨਵਾਬ ਨੇ ਉਸ ਨੂੰ ਕਬਰ ਵਿਚ ਦਫਨਾ ਦਿੱਤਾ। ਇਹ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ
ਮਲੇਰਕੋਟਲੇ ਵਲ ਕੂਚ ਕਰਨ ਦਾ ਹੁਕਮ ਦਿੱਤਾ। ਮਲੇਰਕੋਟਲੇ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਬਹਾਦਰ ਦਾ ਪੁਰਾਨਾ ਜਾਣਕਾਰ ਸੀ। ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਸਮਿਆਂ ਵਿਚ ਉਸ ਦੇ ਘਰ ਰਹਿ ਚੁੱਕਾ ਸੀ। ਉਸ ਸਮੇਂ ਉਸ ਸ਼ਾਹੂਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਸੇਵਾ ਕੀਤੀ ਸੀ। ਉਸ ਸ਼ਾਹੂਕਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਮਲੇਰਕੋਟਲੇ ਵੱਲ ਆਉਣ ਦਾ ਪਤਾ ਲੱਗ ਗਿਆ ਅਤੇ ਉਹ ਸ਼ਹਿਰ ਦੇ ਹੋਰ ਸ਼ਾਹੂਕਾਰਾ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਮਿਲਿਆ। ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਨੂੰ ਨਾਲ ਲੈ ਕੇ ਬੀਬੀ ਅਨੂਪ ਕੌਰ ਦੀ ਕਬਰ ਨੂੰ ਲਭਿਆ ਅਤੇ ਉਸ ਵਿਚੋਂ ਬੀਬੀ ਅਨੂਪ ਕੌਰ ਦੀ ਲਾਸ਼ ਨੂੰ ਕੱਢ ਕੇ ਪੂਰੀ ਮਰਆਦਾ ਅਨੁਸਾਰ ਪਹਿਲਾਂ ਅਗਨ ਭੇਂਟ ਕੀਤਾ ਅਤੇ ਫਿਰ ਜੱਲ-ਪ੍ਰਵਾਹ ਕੀਤਾ। ਮਲੇਰਕੋਟਲੇ ਦੇ ਨਵਾਬ ਨੂੰ ਸਿਰਫ ਇਸ ਕਾਰਨ ਮੁਆਫ ਕਰ ਦਿੱਤਾ ਕਿਉਂ ਕਿ ਉਸ ਨੇ ਸਾਬਿਜ਼ਾਦਿਆਂ ਦੀ ਸ਼ਹੀਦੀ ਸਮੇਂ ਹਾਅ ਦਾ ਨਾਅਰਾ ਮਾਰਿਆ ਸੀ। ਇਸ ਤਰ੍ਹਾਂ ਸਿੱਖਾਂ ਨੇ ਆਪਣੇ ਪ੍ਰਤੀ ਥੋੜ੍ਹੀ ਜਿਹੀ ਵੀ ਹਮਦਰਦੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਨਹੀਂ ਭੁਲਾਇਆ ਉਨ੍ਹਾਂ ਦਾ ਟਾਕਰਾ ਸਿਰਫ ਜ਼ਾਲਮਾ ਨਾਲ ਸੀ।
ਲੋਹਗੜ੍ਹ :
ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਗੀ ਨੁਕਤਾਂ ਨਿਗਾਹ ਤੋਂ ਸਰਹਿੰਦ ਦੀ ਜਗ੍ਹਾਂ ਰਾਜਧਾਨੀ ਬਨਾਉਣ ਲਈ ਠੀਕ ਨਾ ਲੱਗੀ ਕਿਉਂ ਕਿ ਸਰਹਿੰਦ ਮੈਦਾਨੀ ਇਲਾਕੇ ਵਿਚ ਸ਼ਾਹਰਾਹ ਦੇ ਬਿਲਕੁਲ ਉੱਪਰ ਸਥਿਤ ਸੀ। ਇਥੇ ਸ਼ਾਹੀ ਫ਼ੌਜਾਂ ਕਦੇ ਵੀ ਹਮਲਾ ਕਰ ਸਕਦੀਆਂ ਸਨ। ਬਚਾਅ ਪੱਖ ਲਈ ਇਸ ਇਲਾਕੇ ਦੇ ਨੇੜੇ ਕੋਈ ਵੀ ਕੁਦਰਤੀ ਸਾਧਨ ਮੋਜੂਦ ਨਹੀਂ ਸੀ । ਬਾਬਾ ਬੰਦਾ ਸਿੰਘ ਬਹਾਦਰ ਨੇ ਬੜੀ ਸੋਚ ਵਿਚਾਰ ਤੋਂ ਬਾਅਦ ਕਪਾਲਮੋਚਨ ਨੇੜੇ ਪਹਾੜੀ ‘ਤੇ ਸਥਿਤ ਛੋਟੇ ਜਿਹੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਨਾਉਣ ਫੈਸਲਾ ਕੀਤਾ ਅਤੇ ਇਸ ਦਾ ਨਾਂ ਲੋਹਗੜ੍ਹ ਰੱਖਿਆ। ਲੋਹਗੜ੍ਹ ਸੰਢੋਰਾ ਅਤੇ ਨਾਹਨ ਰਿਆਸਤ ਦੇ ਵਿਚਕਾਰ ਪਹਾੜੀ ਖੇਤਰ ਵਿਚ ਸਥਿਤ ਹੈ, ਸਢੌਰਾ ਨਗਰ ਤੋਂ ਕੁਝ ਦੂਰ ਸ਼ਿਵਾਲਕ ਪਹਾੜੀਆਂ ਦੇ ਪੈਰਾਂ ਵਿਚ ਉੱਚੀ ਥਾਂ ‘ਤੇ ਲੋਹਗੜ੍ਹ ਕਿਲ੍ਹੇ ਦੇ ਖੰਡਰ ਅੱਜ ਵੀ ਮੌਜੂਦ ਹਨ। ਕਿਲ੍ਹਾਂ ਇਕ ਪਹਾੜੀ ਤੇ ਮੌਜੂਦ ਸੀ ਜਿਸ ਦੇ ਦੋਵੇਂ ਪਾਸੇ ਤੋਂ ਨਦੀ ਦੀਆਂ ਦੋ ਧਰਾਵਾਂ ਵਗਦੀਆਂ ਹਨ। ਇਸ ਥਾਂ ‘ਤੇ ਪਹੁੰਚਣ ਲਈ ਚਟਾਨਾਂ ਤੇ ਖੱਡਾਂ ਵਿਚ ਦੀ ਲੰਘਣਾ ਪੈਂਦਾ ਹੈ। ਬਾਬਾ ਬੰਦਾ ਸਿੰਘ ਇਸ ਪੁਰਾਣੇ ਕਿਲੇ ਦੀ ਮੁਰੰਮਤ ਕਰਵਾਈ ਤੇ ਸਾਰਾ ਖਜਾਨਾ ਅਤੇ ਜੰਗੀ ਸਾਮਾਨ ਇਥੇ ਲੈ ਆਂਦਾ। ਇਥੇ ਦੇ ਆਸ ਪਾਸ ਦੇ ਪਿੰਡਾ ਦੇ ਚੋਧਰੀਆਂ ਨਾਲ ਉਸ ਨੇ ਸੰਪਰਕ ਬਣਾਇਆ। ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਸਿੱਕਾ ਅਤੇ ਮੌਹਰ ਜਾਰੀ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਵਾਸਤੇ ਜ਼ਿਮੀਦਾਰ ਪ੍ਰਬੰਧ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ। ਮੁਗਲ ਸ਼ਾਸਨ ਵਿਚ ਬੇਨਾਮੀ ਵਾਹੀ ਆਮ ਸੀ। ਵਾਹੀ ਕੋਈ ਹੋਰ ਕਰਦਾ ਸੀ ਅਤੇ ਜ਼ਮੀਨ ਦਾ ਮਾਲਿਕ ਕੋਈ ਹੋਰ ਹੁੰਦਾ ਸੀ। ਬਾਬਾ
ਬੰਦਾ ਸਿੰਘ ਬਹਾਦਰ ਨੇ ਵਾਹੀ ਕਰਨ ਵਾਲਿਆਂ ਨੂੰ ਹੀ ਜ਼ਮੀਨਾ ਦਾ ਮਾਲਿਕ ਘੋਸ਼ਿਤ ਕਰ ਦਿੱਤਾ। ਸਿੱਖ ਕਿਉਂ ਆਪ ਵੀ ਬਹੁਤ ਸਾਰੇ ਖੇਤੀ ਕਰਦੇ ਸਨ, ਇਸ ਫੈਸਲੇ ਨਾਲ ਉਨ੍ਹਾਂ ਦੀ ਆਰਥਿਕ ਦਸ਼ਾ ਪਹਿਲਾਂ ਨਾਲੋਂ ਬਹੁਤ ਚੰਗੀ ਹੋ ਗਈ। ਹੁਣ ਕਿਸਾਨ ਆਪ ਹੀ ਲਗਾਨ ਦਿੰਦੇ ਸਨ ਅਤੇ ਆਪ ਹੀ ਪੈਦਾਵਾਰ ਲੈਂਦੇ ਸਨ। ਇਸ ਫੈਸਲੇ ਨਾਲ ਸਾਰੇ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਰਥਕ ਬਣ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਲੋਕਾਂ ਵਿਚੋਂ ਇਮਾਨਦਾਰ ਲੋਕਾਂ ਨੂੰ ਸਰਦਾਰੀਆਂ ਦਿੱਤੀਆਂ। ਇਰਬਨ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਦਾ ਛੋਟੇ ਤੋਂ ਛੋਟਾ ਕਰਮਚਾਰੀ ਵੀ ਜਦੋਂ ਆਪਣੇ ਪਿੰਡ ਜਾਂਦਾ ਤਾਂ ਅਮੀਰ ਤੋਂ ਅਮੀਰ ਲੋਕ ਉਸ ਦਾ ਸੁਆਗਤ ਕਰਦੇ।
ਉਨਾਰਸਾ:
ਬਾਬਾ ਬੰਦਾ ਸਿੰਘ ਬਹਾਦਰ ਦੀ ਵੱਧਦੀ ਸ਼ਕਤੀ ਤੇ ਰਸੂਖ ਤੋਂ ਲੋਕ ਇਤਨੇ ਪ੍ਰਭਾਵਿਤ ਸਨ ਕਿ ਪਿੰਡ ਉਨਾਰਸਾ ਦੇ ਲੋਕ ਸਿੱਖ ਬਣ ਗਏ। ਇਸ ਇਲਾਕੇ ਦੇ ਫ਼ੌਜਦਾਰ ਜਲਾਲ ਖਾਂ ਨੇ ਉਨ੍ਹਾਂ ਸਾਰਿਆਂ ਨੂੰ ਕੈਦ ਕਰ ਲਿਆ। ਇਕ ਸਿੱਖ ਕਪੂਰ ਸਿੰਘ ਨੇ ਬਾਬਾ ਜੀ ਨੂੰ ਜਾ ਦੱਸਿਆ। ਬਾਬਾ ਬੰਦਾ ਸਿੰਘ ਬਹਾਦਰ ਉਸੇ ਸਮੇਂ ਜਲਾਲਾਬਾਦ ਵੱਲ ਨੂੰ ਚਲ ਪਿਆ। ਰਸਤੇ ਵਿਚ ਉਸ ਨੇ ਸਹਾਰਨਪੁਰ ਦੇ ਫ਼ੌਜਦਾਰ ਤੇ ਬੇਹਾਤ ਦੇ ਵੀਰਜ਼ਾਦਿਆਂ ਨੂੰ ਹਾਰ ਦਿੱਤੀ ਤੇ ਉਨ੍ਹਾਂ ਇਲਾਕਿਆਂ ‘ਤੇ ਆਪਣਾ ਅਧਿਕਾਰ ਜਮਾ ਲਿਆ। ਜਰਨੈਲ ਜਮਾਲ ਖਾਂ ਤੇ ਪੀਰ ਖਾਂ ਮਾਰੇ ਗਏ। ਤਿੰਨ ਦਿਨ ਗਹਿਗੱਚ ਲੜਾਈ ਹੁੰਦੀ ਰਹੀ। ਚੋਥੇ ਦਿਨ ਜਲਾਲ ਖਾਂ ਨੇ ਆਪਣੇ ਪੁੱਤਰ ਦੀਨਦਾਨ ਖਾਂ ਨੂੰ 700 ਜਵਾਨ ਦੇ ਕੇ ਭੇਜ ਦਿੱਤਾ। ਸਿੱਖਾਂ ਨੇ ਜਲਾਲਾਬਾਦ ਨੂੰ ਪੂਰੀ ਤਰ੍ਹਾਂ ਘੇਰ ਲਿਆ। ਮੀਂਹ ਪੈ ਰਿਹਾ ਸੀ ਜਿਸ ਕਾਰਨ ਫ਼ੌਜ ਕਰਨਾਲ ਵੱਲ ਨੂੰ ਮੁੜ ਪਈ ਤੇ ਜਲਾਲ ਖਾਂ ਨੇ ਕੈਦ ਕੀਤੇ ਸਾਰੇ ਸਿੱਖ ਕਤਲ ਕਰਵਾ ਦਿੱਤੇ।
ਰਾਹੋਂ:
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾ ਤੋਂ ਪ੍ਰਭਾਵਿਤ ਹੋ ਕੇ ਦੁਆਬੇ ਦੇ ਸਿੱਖਾਂ ਨੇ ਫ਼ੌਜਦਾਰ ਸ਼ਮਸ ਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਆਪਣੇ ਪ੍ਰਬੰਧ ਵਿਚ ਸੁਧਾਰ ਕਰੇ । ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਅਸੂਲ ਸੀ ਕਿ ਉਹ ਜਦੋਂ ਵੀ ਕਿਸੇ ਇਲਾਕੇ ‘ਤੇ ਹੱਲਾ ਬੋਲਦਾ ਸੀ ਤਾਂ ਸਭ ਤੋਂ ਪਹਿਲਾਂ ਚੌਧਰੀ ਜਾ ਹਾਕਮ ਨੂੰ ਈਨ ਮੰਨ ਲੈਣ ਲਈ ਚਿੱਠੀ ਲਿਖਦਾ ਸੀ ਜੇ ਕਰ ਉਹ ਗਲ ਮੰਨ ਕੇ ਮਿਲ ਲੈਂਦਾ ਸੀ ਤਾਂ ਹਮਲਾ ਨਹੀਂ ਸੀ ਕੀਤਾ ਜਾਦਾ। ਇਸੇ ਤਰ੍ਹਾਂ ਹੀ ਸਿੰਘਾ ਨੇ ਸ਼ਮਸ ਖਾਂ ਨੂੰ ਪਹਿਲਾਂ ਚਿੱਠੀ ਲਿਖੀ ਸੀ ਪਰ ਫ਼ੌਜਦਾਰ ਨੇ ਜਹਾਦ ਦਾ ਨਾਅਰਾ ਮਾਰਿਆ ਅਤੇ ਇਕ ਲੱਖ ਦੇ ਕਰੀਬ ਜਹਾਦੀਆਂ ਨੂੰ ਨਾਲ ਲੈ ਕੇ ਸੁਲਤਾਨਪੁਰ ਵੱਲ ਨੂੰ ਚਲ ਪਿਆ। ਸਿੱਖਾਂ ਦੇ ਜਥੇ ਖਿੰਡੇ ਹੋਏ ਸਨ। ਸਿੱਖ ਰਾਹੋਂ ਵੱਲ ਨੂੰ ਚਲੇ ਗਏ ਅਤੇ ਉਨ੍ਹਾਂ ਨੇ ਵਿਊਂਤ ਬਣਾ ਕੇ ਸ਼ਹਿਰ ਤੋਂ ਬਾਹਰ ਪੁਰਾਣੇ ਭੱਠਿਆ ਅਤੇ ਟਿੱਬਿਆਂ ਨੂੰ ਮਲ ਕੇ ਮੋਰਚੇ ਬਣਾ ਲਏ। ਅੱਜਕਲ੍ਹ ਇਨ੍ਹਾਂ ਭੱਠਿਆਂ ਵਾਲੇ ਥਾਂ ਤੋਂ ਮਿੱਟੀ ਚੁੱਕ ਕੇ ਪੱਧਰ ਕਰ ਦਿੱਤਾ ਗਿਆ ਹੈ ਅਤੇ ਮਿੱਟੀ ਨੀਵੇਂ ਥਾਂ ‘ਤੇ ਪਾ ਕੇ ਅਨਾਜ ਮੰਡੀ ਦਾ ਨਿਰਮਣਾ ਕੀਤਾ ਗਿਆ ਹੈ। ਸਿੱਖਾਂ ਨੇ ਰਾਹੋਂ ਦੀ ਗੜੀ ‘ਤੇ ਹੱਲਾ ਬੋਲ ਦਿੱਤਾ। ਸਿੱਖਾਂ ਨੇ ਜਹਾਦੀਆਂ ਦੇ ਆਉਣ ਤੋਂ ਪਹਿਲਾਂ ਹੀ ਕਿਲ੍ਹੇ ‘ਤੇ ਕਬਜਾ ਕਰ ਲਿਆ। ਸਿੰਘ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ ਬਹਾਰ ਨਿਕਲਦੇ ਅਤੇ ਸ਼ਾਹੀ ਫ਼ੌਜ ਦਾ ਨੁਕਸਾਨ ਕਰਕੇ ਫੇਰ ਕਿਲ੍ਹੇ ਵਿਚ ਆ ਜਾਂਦੇ। ਜਹਾਦੀਆਂ ਦੀ ਗਿਣਤੀ ਜਿਆਦਾ ਹੋਣ ਕਾਰਨ ਇਹ ਪੈਂਤਰਾ ਜਿਆਦਾ ਦੇਰ ਤੱਕ ਚਲਣ ਵਾਲਾ ਨਹੀਂ ਸੀ। ਸਿੰਘਾ ਨੇ ਜੰਗੀ ਪੈਂਤਰੇ ਅਨੁਸਾਰ ਢਾਈ ਪੱਟ ਦੇ ਪੈਂਤਰੇ ਦੀ ਲੜਾਈ ਲੜਨ ਦੀ ਸਕੀਮ ਬਣਾਈ। ਅਗਲੀ ਰਾਤ ਨੂੰ ਸਿੰਘ ਕਿਲ੍ਹੇ ਚੋਂ ਨਿਕਲ ਕੇ ਤੁਰ ਪਏ। ਸ਼ਮਸ ਖਾਂ ਨੇ ਉਨ੍ਹਾਂ ਨੂੰ ਜਾਂਦਿਆ ਦੇਖ ਕੇ ਆਪਣੀ ਫ਼ੌਜ ਲੈ ਕੇ ਉਨ੍ਹਾਂ ਦਾ ਪਿੱਛਾ ਕੀਤਾ। ਸ਼ਮਸ ਖਾਂ ਕੁਝ ਹੀ ਪਿੱਛੇ ਗਿਆ ਸੀ ਕਿ ਰਸਤੇ ਵਿਚ ਉਸ ਨੂੰ ਕੁਝ ਸਮਾਨ ਦੇ ਲੱਦੇ ਊਠ, ਬਲਦ ਅਤੇ ਇਕ ਤੋਪ ਮਿਲੀ ਜਿਸ ਤੋਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਸਿੰਘ ਚਲੇ ਗਏ ਹਨ ਅਤੇ ਉਹ ਉਥੋਂ ਹੀ ਵਾਪਿਸ ਸੁਲਤਾਨਪੁਰ ਨੂੰ ਚਲਾ ਗਿਆ। ਪਰ ਸਿੰਘ ਸਵੇਰ ਹੁੰਦੇ ਸਾਰ ਹੀ ਵਾਪਿਸ ਆ ਗਏ ਅਤੇ ਕਿਲ੍ਹੇ ਵਿਚ ਮੋਜੂਦ ਸ਼ਾਹੀ ਫ਼ੌਜ ਨਾਲ ਘਮਾਸਾਨ ਦੀ ਲੜਾਈ ਹੋਈ। ਜਿਸ ਵਿਚ ਸ਼ਮਸ ਖਾਂ ਦੀਆਂ ਫ਼ੌਜਾਂ ਨੂੰ ਭਾਰੀ ਹਾਰ ਹੋਈ। ਸਿੱਖਾਂ ਨੇ ਦੁਬਾਰ ਕਿਲ੍ਹੇ ‘ਤੇ ਕਬਜਾ ਕਰ ਲਿਆ।
ਔੜ, ਉੜਾਪੁੜ ਅਤੇ ਬਜਵੜਾ:
ਸਿੱਖ ਰਾਹੋਂ ਤੋਂ ਜਲੰਧਰ ਵੱਲ ਨੂੰ ਚਲ ਪਏ। ਰਸਤੇ ਵਿਚ ਇਕ ਔੜ ਨਾਂ ਦਾ ਪਿੰਡ ਸੀ ਇਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ਇਹ ਪਿੰਡ ਸਰਹਿੰਦ ਵਾਲੇ ਸੁੱਚਾ ਨੰਦ ਦਾ ਜੱਦੀ ਪਿੰਡ ਸੀ। ਸੁੱਚਾ ਨੰਦ ਦੀ ਇਕ ਕਿਲ੍ਹਾ ਨੁਮਾਂ ਹਵੇਲੀ ਇਸ ਪਿੰਡ ਵਿਚ ਸੀ। ਪਿੰਡ ਵਾਲੇ ਕੁਝ ਬਜੁਰਗਾਂ ਦੇ ਦਸਣ ਅਨੁਸਾਰ ਇਥੇ ਸ਼ਾਹੀ ਫ਼ੌਜਾ ਨਾਲ ਸਿੰਘਾ ਦੀ ਝੜਪ ਹੋਈ ਉਸ ਝੜਪ ਵਿਚ ਜੋ ਸਿੰਘ ਸ਼ਹੀਦ ਹੋਏ ਉਨ੍ਹਾਂ ਦੀ ਯਾਦ ਵਿਚ ਨਾਲ ਹੀ ਪਿੰਡ ਉੜਾਪੜ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ ਜਿਸ ਪ੍ਰਤੀ ਇਲਾਕੇ ਦੇ ਲੋਕਾਂ ਵਿਚ ਬਹੁਤ ਸ਼ਰਧਾ ਭਾਵਨਾ ਹੈ। ਇਥੋਂ ਸਿੰਘ ਜਲੰਧਰ ਵੱਲ ਨੂੰ ਚਲੇ ਗਏ। ਜਲੰਧਰ ਦੇ ਪਠਾਣ ਸਿੰਘਾਂ ਦਾ ਆਉਣਾ ਸੁਣ ਕੇ ਪਹਿਲਾਂ ਹੀ ਭੱਜ ਗਏ ਜਿਸ ਕਾਰਨ ਜਲੰਧਰ ‘ਤੇ ਸਿੰਘਾ ਦਾ ਕਬਜਾ ਸੋਖਾਂ ਹੀ ਹੋ ਗਿਆ। ਜਲੰਧਰ ਤੋਂ ਸਿੰਘਾ ਦਾ ਜਥਾ ਹੁਸ਼ਿਆਰਪੁਰ ਵੱਲ ਨੂੰ ਚਲ ਪਿਆ। ਉਸ ਸਮੇਂ ਬਜਵਾੜਾ ਵੱਡਾ ਕੇਂਦਰ ਸੀ ਅਤੇ ਹੁਸ਼ਿਆਰਪੁਰ ਛੋਟਾ ਨਗਰ ਸੀ। ਬਜਵਾੜੇ ਦੇ ਹਾਕਮਾਂ ਨੇ ਸਿੰਘਾ ਦਾ ਕੋਈ ਮੁਕਾਬਲਾ ਨਹੀਂ ਕੀਤਾ ਨਤੀਜਾ ਇਹ ਹੋਇਆ ਕਿ ਜਲੰਧਰ ਹੁਸ਼ਿਆਰਪੁਰ ਦੇ ਇਲਾਕੇ ‘ਤੇ ਸਿੱਖਾਂ ਦਾ ਕਬਜਾ ਹੋ ਗਿਆ ਅਤੇ ਸ਼ਮਸ ਖਾਂ ਬਰਾ-ਏ-ਨਾਮ ਹਾਕਮ ਰਹਿ ਗਿਆ। ਸਤਲੁਜ ਦੇ ਦੱਖਣ ਨੂੰ
ਮਾਛੀਵਾੜਾ ਤੋਂ ਕਰਨਾਲ ਤੱਕ ਦਾ ਸਰਹਿੰਦ ਦਾ ਸਾਰਾ ਇਲਾਕਾ ਸਿੰਘਾਂ ਦੇ ਕਬਜੇ ਵਿਚ ਸੀ ਜਿਸ ਦਾ ਸਾਰਾ ਪ੍ਰਬੰਧ ਸਰਦਾਰ ਬਾਜ ਸਿੰਘ ਰਾਜਪਾਲ ਅਤੇ ਸਰਦਾਰ ਆਲੀ ਸਿੰਘ ਸਲੌਦੀ ਵਾਲੇ ਨਾਇਬ ਰਾਜਪਾਲ ਦੇ ਪਾਸ ਸੀ ਜਿਨ੍ਹਾਂ ਅਧੀਨ ਥਾਂ-ਥਾਂ ਸਿੱਖ ਫ਼ੌਜਦਾਰ ਤੇ ਥਾਣੇਦਾਰ ਨਿਯੁਕਤ ਸਨ।
ਬਹਾਦਰਸ਼ਾਹ ਪੰਜਾਬ ਵੱਲ:
ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਦੋਂ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਪਤਾ ਲੱਗਾ ਤਾਂ ਉਹ ਬਹੁਤ ਸਾਰੀ ਸੈਨਾ ਲੈ ਕੇ ਪੰਜਾਬ ਵੱਲ ਨੂੰ ਤੁਰ ਪਿਆ। ਉਸ ਨੇ ਉਤਰੀ ਭਾਰਤ ਵਿਚ ਆਉਣ ਤੋਂਪਹਿਲਾਂ ਅਵੱਧ ਅਤੇ ਦਿੱਲੀ ਦੇ ਗਵਰਨਰਾਂ ਅਤੇ ਅਲਾਹਾਬਾਦ ਦੇ ਨਾਜ਼ਮ ਤੇ ਫ਼ੌਜਦਾਰਾਂ ਨੂੰ ਬਾਬਾ ਬੰਦਾਸਿੰਘ ਵਿਰੁੱਧ ਕਾਰਵਈ ਕਰਨ ਲਈ ਇੱਕਠੇ ਹੋ ਕੇ ਉਸ ਨਾਲ ਰਲਣ ਦਾ ਹੁਕਮ ਦਿੱਤਾ। ਬਰਹਾ ਦੇ ਸਯਦਾ ਨੂੰ ਵੀ ਆਪਣਿਆਂ ਸਿਪਾਹੀਆਂ ਸਮੇਤ ਸ਼ਾਮਲ ਹੋਣ ਲਈ ਸੱਦਾ-ਪੱਤਰ ਭੇਜਿਆ ਗਿਆ। ਬਹਾਦਰ ਸ਼ਾਹ ਨੇ ਇਕ ਹੁਕਮ ਵੀ ਜਾਰੀ ਕੀਤਾ ਕਿ ਸਰਕਾਰੀ ਦਫਤਰਾਂ ਵਿਚ ਜਿਹੜੇ ਹਿੰਦੂ ਜਾਂ ਮੁਸਲਮਾਨਾਂ ਨੇ ਦਾਹੜੀਆਂ ਰੱਖੀਆਂ ਹੋਈਆਂ ਹਨ, ਉਹ ਕਟਵਾ ਦੇਣ। ਕਿਉਂ ਕਿ ਉਸ ਨੂੰ ਡਰ ਸੀ ਕਿ ਸ਼ਾਹੀ ਸੈਨਾ ਵਿਚ ਕਿੱਧਰੇ ਸਿੱਖ ਭਰਤੀ ਹੋ ਕੇ ਘੁਸਭੇਂਠ ਨਾ ਕਰ ਦੇਣ। ਬਾਦਸ਼ਾਹ ਦੇ ਪੰਜਾਬ ਪੁੱਜਣ ਤੋਂ ਪਹਿਲਾਂ ਹੀ ਫ਼ੀਰੋਜ ਖਾਂ ਮੇਵਾਤੀ, ਸੁਲਤਾਨ ਕੁਲੀ ਖਾਂ, ਸ਼ਕਰ ਖਾਂ ਤੇ ਹੋਰ ਅਫਸਰਾਂ ਦੀ ਕਮਾਨ ਹੇਠ ਇਕ ਵੱਡੀ ਫ਼ੌਜ ਬਾਦਸ਼ਾਹ ਦੇ ਅੱਗੇ-ਅੱਗੇ ਹਰਾਵਲ ਦਸਤੇ ਦੇ ਰੂਪ ਵਿਚ ਸਿੱਖਾਂ ਦੀ ਖੋਜ ਲਈ ਚਲ ਪਈ। ਉਸ ਸਮੇਂ ਸਿੱਖ ਬਾਬਾ ਬੰਦਾ ਸਿੰਘ ਦੀ ਅਗਵਾਈ ਵਿਚ ਰਿਆੜਕੀ ਦੇ ਇਲਾਕੇ ਵਿਚ ਮੋਜੂਦ ਸਨ। ਸੋਨੀਪਤ, ਥਨੇਸਰ, ਸਮਾਨਾ, ਸਢੋਰਾ, ਤੇ ਸਰਹਿੰਦ ਆਦਿ ਥਾਵਾਂ ‘ਤੇ ਸਿੱਖ ਫ਼ੌਜਾਂ ਦੀ ਗਿਣਤੀ ਨਾਂਮਾਤਰ ਹੀ ਸੀ। ਸ਼ਾਹੀ ਫ਼ੌਜਾਂ ਨੇ ਇਨ੍ਹਾਂ ਇਲਾਕਿਆਂ ‘ਤੇ ਸਹਿਜੇ ਹੀ ਕਬਜਾ ਕਰ ਲਿਆ।
ਅਮੀਨਗੜ੍ਹ:
ਬਾਬਾ ਬਿਨੋਦ ਸਿੰਘ ਤੇ ਸ. ਰਾਮ ਸਿੰਘ ਦੀ ਅਗਵਾਈ ਹੇਠ ਸਿੱਖਾਂ ਦਾ ਟਾਕਰਾ ਸ਼ਾਹੀ ਫ਼ੌਜਾਂ ਨਾਲ ਤਿਰਵਾਰੀ ਦੇ ਨੇੜੇ ਪਿੰਡ ਅਮੀਨਗੜ੍ਹ ਵਿਚ ਹੋਇਆ। ਸਿੱਖ ਇਨ੍ਹੇ ਜੋਸ਼ ਨਾਲ ਲੜੇ ਕਿ ਮਹਾਬਤ ਖਾਂ ਦੇ ਪੈਰ ਉਖੜ ਗਏ ਪਰ ਫੀਰੋਜ ਖਾਂ ਅਤੇ ਬਰਹਾ ਦੇ ਸਯਦਾ ਦੀ ਬੀਰਤਾ ਨੇ ਸ਼ਾਹੀ ਫ਼ੌਜਾਂ ਨੂੰ ਉਤਸ਼ਾਹਿਤ ਕਰ ਦਿੱਤਾ। ਡਾ. ਗੰਡਾ ਸਿੰਘ ਲਿਖਦੇ ਹਨ ਕਿ ਦੋਹਾਂ ਪਾਸੇ ਬੜੀ ਤਬਾਹੀ ਹੋਈ ਅਤੇ ਫੀਰੋਜ ਖਾਂ ਨੂੰ ਸਫਲਤਾ ਦੀ ਕੋਈ ਆਸ ਨਾ ਰਹੀ। ਪਰ ਸਿੱਖ ਫ਼ੌਜਾਂ ਦੀ ਨਫਰੀ ਘੱਟ ਹੋਣ ਕਾਰਨ ਫੀਰੋਜ ਖਾਂ ਨੂੰ ਲਾਭ ਹੋਇਆ ਅਤੇ ਉਸਦੀ ਜਿੱਤ ਹੋਈ। ਜਿਤ ਪਿੱਛੋਂ ਸ਼ਾਹੀ ਫ਼ੌਜਾਂ ਨੇ ਸ਼ਹੀਦ ਹੋਏ ਸਿੱਖ ਸੈਨਿਕਾਂ ਦੀ ਬੜੀ ਬੇਪਤੀ ਕੀਤੀ। ਤਿੰਨ ਸੌ ਸਿੱਖਾਂ ਦੇ ਸਿਰਾਂ ਨੂੰ ਗੱਡਿਆ ‘ਤੇ ਲੱਦ ਕੇ ਬਾਦਸ਼ਾਹ ਦੇ ਪੇਸ਼ ਕੀਤਾ ਗਿਆ ਤੇ ਬਾਕੀ ਬਚੇ ਬਹੁਤ ਸਾਰੇ ਸਿੱਖਾਂ ਦੀਆਂ ਲਾਸ਼ਾ ਨੂੰ ਜਰਨੈਲੀ ਸੜਕ ਦੇ ਦੋਹੀਂ ਪਾਸੇ ਦਰਖਤਾ ਨਾਲ ਲਟਕਾਇਆ ਗਿਆ
ਸਰਹਿੰਦ:
ਜਿੱਤ ਦੀ ਖ਼ਬਰ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਉਸ ਨੇ ਫੀਰੋਜ ਖਾਂ ਮੇਵਾਤੀ ਨੂੰ ਸਰਹਿੰਦ ਦਾ ਸੂਬੇਦਾਰ ਥਾਪ ਦਿੱਤਾ। ਸਰਹਿੰਦ ਦਾ ਸਿੱਖ ਗਵਰਨਰ ਸ. ਬਾਜ ਸਿੰਘ ਸਰਹਿੰਦ ਵਿਖੇ ਮੋਜੂਦ ਨਹੀਂ ਸੀ ਇਸ ਲਈ ਉਸ ਦੇ ਭਰਾ ਸ. ਸ਼ਾਮ ਸਿੰਘ ਨੇ ਸ਼ਾਹੀ ਫ਼ੌਜ ਦਾ ਡੱਟ ਕੇ ਮੁਕਾਬਲਾ ਕੀਤਾ। ਸ਼ਾਮ ਸਿੰਘ ਲੜਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਅਤੇ ਬਚੇ ਸਿੱਖਾਂ ਨੂੰ ਸਰਹਿੰਦ ਜੇਲ ਵਿਚ ਕੈਦ ਕਰ ਦਿੱਤਾ ਗਿਆ। ਸ਼ਮਸ ਖਾਂ ਨੇ ਕਿਲ੍ਹਾ ਫਤਿਹ ਕਰ ਲਿਆਇਸ ਲੜਾਈ ਵਿਚ ਤਿੰਨ ਸੌ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ।
ਸੰਢੋਰਾ:
ਬਾਬਾ ਬੰਦਾ ਸਿੰਘ ਨਾਲ ਸ਼ਾਹੀ ਫ਼ੌਜ ਦਾ ਟਾਕਰਾ ਸਢੋਰੇ ਵਿਖੇ ਹੋਇਆਜਦੋਂ ਸ਼ਾਹੀ ਫ਼ੌਜ ਦਾ ਹਰਾਵਲ ਦਸਤਾ ਸਢੋਰੇ ਪੁੱਜਾ ਤਾਂ ਸਿੱਖ ਉਨ੍ਹਾਂ ‘ਤੇ ਟੁੱਟ ਪਏ। ਇਸ ਬਾਰੇ ਵਿਚ ਖਾਫੀ ਖਾਂ ਲਿਖਦਾ ਹੈ ਕਿ ਲੜਾਈ ਇਤਨੀ ਭਿਆਨਕ ਸੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਸਿੱਖ-ਸਿਪਾਹੀ ਜੋ ਫਕੀਰਾਂ ਵਾਲੇ ਲਿਬਾਸ ਵਿਚ ਸਨ ਨੇ ਸ਼ਾਹੀ ਫ਼ੌਜ ਦੀ ਨਾਨੀ ਯਾਦ ਕਰਵਾ ਦਿੱਤੀ। ਸ਼ਾਹੀ ਫ਼ੌਜ ਦਾ ਇਤਨਾ ਨੁਕਸਾਨ ਹੋਇਆ ਕਿ ਜਾਪਦਾ ਸੀ ਕਿ ਸ਼ਾਹੀ ਫ਼ੌਜ ਹਾਰ ਜਾਏਗੀ। ਆਦਿਲ ਖਾਂ ਦੀ ਸਾਰੇ ਫ਼ੌਜੀ ਤਿੱਤਰ-ਬਿੱਤਰ ਹੋ ਚੁੱਕੇ ਸਨ। ਪਰ ਛੇਤੀ ਹੀ ਹੋਰ ਸ਼ਾਹੀ ਫ਼ੌਜ ਆ ਗਈ ਤੇ ਪਾਸਾ ਪਲਟ ਗਿਆ। ਸਿੱਖ ਇਥੋਂ ਲੋਹਗੜ੍ਹ ਦੇ ਕਿਲ੍ਹੇ ਵਿਚ ਚਲੇ ਗਏ।
ਬਾਦਸ਼ਾਹ ਵੀ ਆਪਣੇ ਲਾ-ਓ-ਲਸ਼ਕਰ ਸਮੇਤ ਲੋਹਗੜ੍ਹ ਦੇ ਕਿਲ੍ਹੇ ਦੇ ਨੇੜੇ ਪੁੱਜ ਗਿਆ। ਡਾ. ਗੰਡਾ ਸਿੰਘ ਅਨੁਸਾਰ, “ਸ਼ਾਹੀ ਫ਼ੌਜਾਂ ਰਫੀਉਲ ਖਾਂ ਦੀ ਕਮਾਨ ਹੇਠਾਂ ਦਾਬਰ ਪਹਾੜੀਆਂ ਦੇ ਦਾਮਨ ਵਲ ਵਧੀਆਂ। ਸੈਨਾਪਤੀ ‘ਜੁਮਲ ਤੇ ਮੁਲਕ ਖਾਨ-ਏ-ਖਾਨਾਨ’ ਦੀ ਸਹਾਇਤਾ ਵਾਸਤੇ ਆਸ਼ਮ-ਉਸ-ਸ਼ਾਨ ਤੇ ਜਹਾਨ ਜਹਾਨ ਸ਼ਾਹ ਅਤੇ ਹਮੀਦ-ਉਦ-ਖਾਂ ਦੇ ਦਸਤੇ ਤਿਆਰ ਖੜੇ ਸਨ। ਇਸ ਤਰ੍ਹਾਂ ਲੋਹਗੜ੍ਹ ਦੇ ਕਿਲ੍ਹੇ ਦਾ ਘੇਰਾ ਪਾਉਣ ਵਾਲੀ ਫ਼ੌਜ ਦੀ ਗਿਣਤੀ ਲਗਭਗ ਸੱਠ ਹਜ਼ਾਰ ਸੀ, ਜਿਸ ਵਿਚ ਘੋੜ ਸਵਾਰ ਤੇ ਪਿਆਦਾ-ਸਿਪਾਹੀ ਸ਼ਾਮਲ ਸਨ।
ਅਮੀਨ ਖਾਂ ਦੀ ਕਮਾਨ ਹੇਠ ਇਕ ਬੜੇ ਵੱਡੇ ਲਸ਼ਕਰ ਨੇ ਬਾਬਾ ਬੰਦਾ ਸਿੰਘ ਬਹਾਦਰ ‘ਤੇ ਚੜ੍ਹਾਈ ਕਰ ਦਿੱਤੀ। ਲੋਹਗੜ੍ਹ ਦੇ ਕਿਲੇ ਨੂੰ 16000 ਘੋੜਸਵਾਰ ਅਤੇ ਪੈਦਲ ਸੈਨਿਕਾਂ ਨੇ ਕਈ ਮਹੀਨੇ ਤਕ ਘੇਰੀ ਰੱਖਿਆ, ਪਰ ਕਿਲ੍ਹੇ ਦੇ ਨੇੜੇ ਜਾਣ ਦੀ ਕਿਸੇ ਦੀ ਹਿੰਮਤ ਨਾ ਪਈ। ਸਿੰਘ ਰਾਤਾਂ ਨੂੰ ਵੈਰੀ ਦਾ ਕਮਜ਼ੋਰ ਮੋਰਚਾ ਦੇਖ ਕੇ ਹੱਲਾ ਬੋਲ ਕੇ ਹਰਨ ਹੋ ਕੇ ਫੇਰ ਕਿਲ੍ਹੇ ਵਿਚ ਆ ਜਾਂਦੇ। ਇਨ੍ਹਾਂ ਰਾਤ ਦੇ ਹੱਲਿਆਂ ਵਿਚ ਸਿੰਘਾਂ ਨੇ ਸ਼ਾਹੀ ਸੈਨਾ ਦਾ ਬਹੁਤ ਨੁਕਸਾਨ ਕੀਤਾ। ਇਸ ਸਮੇਂ ਮੀਂਹ ਦੀ ਝੜੀ ਲੱਗ ਗਈ। ਪੋਹ ਦੀ ਠੰਡ ਦਾ ਮਹੀਨਾ ਸ਼ਾਹੀ ਸੈਨਾ ਲਈ ਮੁਸੀਬਤ ਬਣ ਗਿਆ। ਸ਼ਾਹੀ ਕੈਂਪ ਸਾਰੇ ਨੀਵੀਂ ਥਾਂ ‘ਤੇ ਸੀ ਅਤੇ ਆਲੇ-ਦੁਆਲੇ ਪਹਾੜੀ ਖੱਡਾਂ ਵਿਚ ਪਾਣੀ ਭਰਨ ਨਾਲ ਇਹ ਨਦੀਆਂ ਵਾਂਗ ਭਰ ਕੇ ਵਗਣ ਲੱਗ ਪਈਆ ਸਨ । ਸੈਨਾ ਅਤੇ ਘੋੜੇ ਠੰਡ ਦੀ ਮਾਰ ਨਾ ਸਹਾਰਦੇ ਹੋਏ ਮਰਨ ਲੱਗ ਪਏ। ਬਾਰਸ਼ ਕਈ ਦਿਨਾਂ ਬਾਅਦ ਰੁਕੀ ਤਾਂ ਸਿੰਘ ਹੱਥਾਂ ਵਿਚ ਕ੍ਰਿਪਾਨਾਂ ਸੂਤ ਕੇ ਸ਼ਾਹੀ ਸੈਨਾ ਦੇ ਮੁਕਾਬਲੇ ਲਈ ਉੱਤਰ ਆਏ। ਸਿੰਘਾਂ ਨੇ ਸਾਰਾ ਦਿਨ ਡਟ ਕੇ ਲੜਾਈ ਕੀਤੀ ਅਤੇ ਸ਼ਾਮ ਤਕ ਸ਼ਾਹੀ ਸੈਨਾ ਦਾ ਬਹੁਤ ਨੁਕਸਾਨ ਕਰਕੇ ਸ਼ਾਮ ਨੂੰ ਫੇਰ ਕਿਲ੍ਹੇ ਵਿਚ ਚਲੇ ਗਏ।
ਦੂਜੇ ਦਿਨ ਸਿੰਘਾਂ ਨੇ ਸ਼ਾਹੀ ਸੈਨਾ ਨੂੰ ਅੱਗੇ ਵਧਣ ਦਿੱਤਾ ਅਤੇ ਜਦੋਂ ਸੈਨਾ ਪੂਰੀ ਤਰ੍ਹਾਂ ਮਾਰ ਹੇਠ ਆ ਗਈ ਤਾਂ ਸਿੰਘਾਂ ਨੇ ਗੋਲੀਆਂ ਤੀਰਾਂ ਦਾ ਅਜਿਹਾ ਮੀਂਹ ਵਰਸਾਇਆ ਕਿ ਸ਼ਾਹੀ ਸੈਨਾ ਡਿੱਗਦੀ-ਢਹਿੰਦੀ ਪਿੱਛੇ ਹਟ ਗਈਸਿੰਘ ਬਹੁਤ ਬਹਾਦਰੀ ਨਾਲ ਲੜਦੇ ਹੋਏ 20-20 ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਸ਼ਾਮ ਤਕ ਸ਼ਾਹੀ ਸੈਨਾ ਕਿਲ੍ਹੇ ਦੇ ਬਹੁਤ ਨੇੜੇ ਤਕ ਆ ਗਈ। ਕਿਲ੍ਹੇ ਨੇੜੇ ਦੀ ਅੱਧੀ ਤੋਂ ਜ਼ਿਆਦਾ ਖਾਈ ਲਾਸ਼ਾਂ ਨਾਲ ਭਰੀ ਹੋਈ ਸੀ। ਰਾਤ ਹੋਣ ਕਾਰਨ ਲੜਾਈ ਬੰਦ ਹੋ ਗਈ। ਰਾਤ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਇਕ ਬਹਾਦਰ ਸਿੱਖ ਬਖਸ਼ੀ ਗੁਲਾਬ ਸਿੰਘ ਨੂੰ ਆਪਣੀ ਪੌਸ਼ਾਕ ਪਹਿਨਾ ਕੇ 10- 12 ਹੋਰ ਸਿੰਘਾਂ ਨੂੰ ਕਿਲ੍ਹੇ ਵਿਚ ਛੱਡ ਕੇ ਬਾਕੀ ਦੇ ਸਿੰਘਾਂ ਨਾਲ ਰਾਤ ਨੂੰ ਇਕ ਵਾਰ ਜ਼ਬਰਦਸਤ ਧਮਾਕਾ ਕਰਕੇ ਵੈਰੀ ਦੀ ਕਮਜ਼ੋਰ ਬਾਹੀ ਤੋੜ ਕੇ ਨਾਹਣ ਦੀਆਂ ਪਹਾੜੀਆਂ ਵੱਲ ਨੂੰ ਨਿਕਲ ਗਿਆ। ਇਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਇਕਠੇ ਹੋਣ ਲਈ ਹੁਕਨਾਮੇ ਘਲੇ। ਡਾ. ਗੰਡਾ ਸਿੰਘ ਲਿਖਦਾ ਹੈ ਕਿ ਉਸਨੇ ਛੇਤੀ ਹੀ ਹੁਕਮਾਨੇ ਜਾਰੀ ਕਰਕੇ ਸਿੱਖਾਂ ਨੂੰ ਕੀਰਤਪੁਰ ਪੁਜੱਣ ਲਈ ਕਿਹਾ। ਮੈਲਕਮ ਲਿਖਦਾ ਹੈ ਕਿ ਜੇਕਰ ਬਹਾਦਰ ਸ਼ਾਹ ਉਤਰੀ ਭਾਰਤ ਵਿਚ ਨਾ ਆਉਂਦਾ ਤਾਂ ਸੰਭਵ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਸਾਰੇ ਭਾਰਤ ਉਤੇ ਅਧਿਕਾਰ ਜਮਾ ਲੈਂਦੀ।
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ: ਰੋਪੜ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਿਵਾਲਕ ਦੀਆਂ ਪਹਾੜੀਆਂ ਨੂੰ ਖੋਦ-ਖੋਦ ਕੇ ਗੁਫਾਵਾਂ ਬਣਾਈਆਂ ਜੋ ਬੰਦਾ ਸਿੰਘ ਬਹਾਦਰ ਨੇ ਆਪਣੀ ਫ਼ੌਜ ਲਈ ਕਿਲ੍ਹੇ ਦੇ ਰੂਪ ਵਿਚ ਵਰਤੀਆਂ। ਉੱਪਰੋਂ ਦੇਖਣ ਨੂੰ ਭਾਵੇਂ ਇਹ ਗੁਫਾਵਾਂ ਪਹਾੜੀਆਂ ਹੀ ਜਾਪਦੀਆਂ ਹਨ। ਪਰ ਕਲਾ ਦੇ ਇਸ ਅਜੂਬੇ ਨੂੰ ਦੇਖ ਕੇ ਇਨਸਾਨ ਹੈਰਾਨ ਰਹਿ ਜਾਂਦਾ ਹੈ। ਪਿੰਡ ਆਸਰੋ ਅਤੇ ਗੈਲ ਮਾਜਰਾ ਵਿਚ ਅੱਜ ਵੀ ਕੁਝ ਗੁਫਾਵਾਂ ਦੇਖੀਆਂ ਜਾ ਸਕਦੀਆਂ ਹਨ। ਤਕਰੀਬਨ ਫਰਲਾਂਗ ਕੁ ਲੰਬੀ ਇਕ ਗੁਫਾ ਜੋ ਚੜ੍ਹਦੇ ਤੋਂ ਲਹਿੰਦੇ, ਪਹਾੜੀ ਦੇ ਉੱਪਰਲੇ ਹਿੱਸੇ ਵਿਚ ਬਣੀ ਹੋਈ ਹੈ ਇਸ ਗੁਫਾ ਦੇ ਦੋਵੀਂ ਪਾਸੀਂ ਦਰਵਾਜ਼ੇ ਬਣੇ ਹੋਏ ਹਨ। ਇਹ ਦਰਵਾਜ਼ੇ ਦੁਸ਼ਮਣ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਿਚ ਸਹਾਈ ਹੁੰਦੇ ਸਨ। ਲੱਗਭਗ ਇਨ੍ਹਾਂ ਸਾਰੀਆਂ ਗੁਫਾਵਾਂ ਦੇ ਪ੍ਰਵੇਸ਼-ਦੁਆਰ ਹਰਿਆਵਲ ਨਾਲ ਢੱਕੇ ਹੋਣ ਕਾਰਨ ਦੁਸ਼ਮਣ ਨੂੰ ਇਨ੍ਹਾਂ ਥਾਵਾਂ ਦਾ ਸੌਖਿਆਂ ਪਤਾ ਨਹੀਂ ਸੀ ਲੱਗਦਾਇਨ੍ਹਾਂ ਗੁਫਾਵਾਂ ਦੀ ਖੂਬੀ ਇਹ ਹੈ ਕਿ ਇਹ ਗਰਮੀਆਂ ਵਿਚ ਠੰਡੀਆਂ ਅਤੇ ਸਰਦੀਆਂ ਵਿਚ ਨਿੱਘੀਆਂ ਰਹਿੰਦੀਆਂ ਹਨ।
ਪਹਾੜੀ ਦੇ ਹੇਠਲੇ ਹਿੱਸੇ ਵਿਚ ਬਣੀ ਇਕ ਹੋਰ ਗੁਫਾ ਵਿਚ ਬਣਿਆ ਇਕ ਕਮਰਾ ਮਨੁੱਖੀ ਮਿਹਨਤ ਦੀ ਕਮਾਲ ਦਾ ਨਮੂਨਾ ਹੈ। ਪਰ ਇਨ੍ਹਾਂ ਗੁਫਾਵਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈਇਕ ਗੁਫਾ ਤਾਂ ਢਹਿ ਜਾਣ ਕਾਰਨ ਬਿਲਕੁਲ ਬੰਦ ਹੋ ਚੁੱਕੀ ਹੈ। ਇਸੇ ਤਰ੍ਹਾਂ ਲੰਬੀ ਅਤੇ ਤੀਜੀ ਗੁਫਾ ਡਿੱਗਣ ਕਿਨਾਰੇ ਖੜ੍ਹੀ ਹੈ। ਜੇਕਰ ਇਨ੍ਹਾਂ ਗੁਫਾਵਾਂ ਦੀ ਮੁਰੰਮਤ ਹੋ ਜਾਵੇ ਤਾਂ ਇਨ੍ਹਾਂ ਨੂੰ ਡਿੱਗਣ ਤੋਂ ਬਚਾਇਆ ਜਾ ਸਕਦਾ ਹੈ। ਸੰਨ 1978 ਈ. ਵਿਚ ਜਦੋਂ ਪਹਿਲੀ ਵਾਰ ਇਨ੍ਹਾਂ ਗੁਫਾਵਾਂ ਨੂੰ ਦੇਖਿਆ ਗਿਆ ਤਾਂ ਉਸ ਸਮੇਂ ਇੰਞ ਪ੍ਰਤੀਤ ਹੁੰਦਾ ਸੀ ਕਿ ਇਹ ਇਤਿਹਾਸਕ ਕਲਾਕ੍ਰਿਤ ਰਹਿੰਦੀ ਦੁਨੀਆਂ ਤਕ ਬਰਕਰਾਰ ਰਹਿਣਗੀਆਂ ਪਰ ਵਰਖਾ ਅਤੇ ਪੌਦਿਆਂ ਦੀਆਂ ਜੜ੍ਹਾਂ ਗੁਫਾਵਾਂ ਦੇ ਅੰਦਰ ਆ ਜਾਣ ਕਾਰਨ ਇਹ ਤਬਾਹੀ ਦੇ ਕੰਢੇ ਆ ਗਈਆਂ ਹਨ। ਜਿਮਕਿਹਰ ਨਾਂ ਦੇ ਪਿੰਡ ਦਾ ਹੁਣ ਕੋਈ ਨਾਂ-ਨਿਸ਼ਾਨ ਨਹੀਂ ਰਿਹਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਟਿਕਾਣੇ ਦਾ ਪਤਾ ਲੱਗਣ ‘ਤੇ ਬਹਾਦਰ ਸ਼ਾਹ ਨੇ ਇਥੇ ਚੜ੍ਹਾਈ ਕਰ ਦਿੱਤੀ ਸੀ। ਭਾਰੀ ਯੁੱਧ ਹੋਣ ਕਾਰਨ ਇਹ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਦੇ ਅਨੇਕਾਂ ਸਿਪਾਹੀ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਪਤਨੀਆਂ ਵੀ ਸ਼ਹੀਦ ਹੋ ਗਈਆਂ। ਉਨ੍ਹਾਂ ਦੀਆਂ ਇਥੇ 300 ਦੇ ਲਗਭਗ ਯਾਦਾਂ ਬਣੀਆਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਸਿਰਫ 10-15 ਹੀ ਬਾਕੀ ਰਹਿ ਗਈਆਂ ਹਨ ਜਿਨ੍ਹਾਂ ਦਾ ਇਲਾਕੇ ਦੇ ਲੋਕ ਅੱਜ ਵੀ ਸਤਿਕਾਰ ਕਰਦੇ ਹਨ। ਇਨ੍ਹਾਂ ਮਮਟੀਆਂ ਅਤੇ ਗੁਫਾਵਾਂ ਦੇ ਦੱਖਣ ਵਾਲੇ ਪਾਸੇ ਵੱਸੇ ਪਿੰਡ ਦੇ ਕੁਝ ਸਿਆਣੇ ਵਿਅਕਤੀਆਂ ਤੋਂ ਪਤਾ ਲੱਗਾ ਕਿ ਜਿਮਕਹਿਰ ਨਾਂ ਦੇ ਪਿੰਡ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰੰਤੂ ਉਸ ਖੇਤਰ ਦੇ ਪੀਣ ਵਾਲੇ ਪਾਣੀ ਦੇ ਖੂਹਾਂ ਅਤੇ ਮਹਿਲ ਜੋ ਪੱਥਰਾਂ ਦੇ ਬਣੇ ਹੋਏ ਸਨ ਤੋਂ ਚੌਰਸ ਕੱਟੇ ਹੋਏ ਪੱਥਰ ਕੱਢ ਕੇ ਉਨ੍ਹਾਂ ਨੂੰ ਆਪਣੇ ਮਕਾਨਾਂ ਦੀਆਂ ਕੰਧਾ ਵਿਚ ਜ਼ਰੂਰ ਲਾਏ ਹਨ। ਜੇ ਪਹਾੜੀ ਖੇਤਰ ਦੇ ਥੋੜ੍ਹੇ ਜਿਹੇ ਥਾਂ ਵਿਚ ਕਈ ਖੂਹ ਹੋਣ ਦੀ ਗੱਲ ਪੱਕੀ ਹੈ ਤਾਂ ਇਹ ਗੱਲ ਵੀ ਪੱਕੀ ਹੈ ਕਿ ਉੱਥੇ ਜਿਮਕਹਿਰ ਨਾਂ ਦਾ ਪਿੰਡ ਜ਼ਰੂਰ ਵੱਸਦਾ ਹੋਵੇਗਾ।
ਪਿੰਡ ਦੇ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਗੁਫਾਵਾਂ ਖੋਦੇ ਜਾਣ ਦੀ ਪੱਕੀ ਜਾਣਕਾਰੀ ਨਹੀਂ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸੰਤ ਸੁੰਦਰ ਦਾਸ ਨੇ ਕੁਝ ਗੁਫਾਵਾਂ ਦੀ ਮੁਰੰਮਤ ਕਰਵਾਈ ਸੀ। ਜਿਸ ਵਿਚ ਪਿੰਡ ਦੇ ਕਈ ਬੰਦਿਆਂ ਨੇ ਯੋਗਦਾਨ ਪਾਇਆ ਸੀ। ਇਨ੍ਹਾਂ ਗੁਫਾਵਾਂ ਨੂੰ ਕੋਈ ਸਿੱਧਾ ਰਸਤਾ ਨਹੀਂ ਜਾਂਦਾ ਸਗੋਂ ਇਕ ਚੋਅ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਇਨ੍ਹਾਂ ਗੁਫਾਵਾਂ ਵਿਚ ਰਹਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡਾਂ ਵਿਚ ਬੈਠੇ ਸਿੰਘਾਂ ਨੂੰ ਸੁਨੇਹੇ ਭੇਜ ਕੇ ਹਥਿਆਰ ਸਜਾ ਕੇ ਇਕੱਠੇ ਹੋਣ ਲਈ ਕਿਹਾ। ਬਹੁਤ ਸਾਰੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਥੇ ਆ ਕੇ ਮਿਲਣ ਲੱਗੇਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜੀ ਰਾਜਿਆਂ ਕੋਲੋ ਈਨ ਮਨਵਾਉਣੀ ਸ਼ੁਰੂ ਕਰ ਦਿੱਤੀ। ਜਦੋਂ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਈਨ ਮੰਨਣ ਤੋਂ ਇਨਕਾਰ ਸਕਰ ਦਿੱਤਾ ਤਾਂ ਕਹਿਲੂਰ ‘ਤੇ ਚੜ੍ਹਾਈ ਕਰ ਦਿੱਤੀ ਅਤੇ ਰਾਜਾ ਹਾਰ ਗਿਆ। ਸਿੱਖਾਂ ਨੇ ਬਿਲਾਸਪੁਰ ਸ਼ਹਿਰ ‘ਤੇ ਕਬਜਾ ਕਰ ਲਿਆ। ਡਾ. ਗੰਡਾ ਸਿੰਘ ਲਿਖਦੇ ਹਨ ਕਿ ਇਸ ਤੋਂ ਬਾਅਦ ਬਹੁਤ ਸਾਰੇ ਪਹਾੜੀ ਰਾਜਿਆ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਈਨ ਮੰਨ ਲਈ। ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਹੋਰ ਜੰਗੀ ਨੁਕਤਾ-ਨਿਗਾਹ ਨਾਲ ਚੰਬੇ ਦੇ ਰਾਜੇ ਨਾਲ ਆਪਣੀ ਰਿਸ਼ਤੇਦਾਰੀ ਕਾਇਮ ਕੀਤੀ। ਸਿੰਘਾਂ ਨਾਲ ਵਿਚਾਰ ਕਰਕੇ ਉਸ ਨੇ ਚੰਬੇ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ। ਦਿੱਲੀ ਦੇ ਦਰਬਾਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਚਰਚਾ ਹੋਣ ਲੱਗੀ ਕਿ ਇਹ ਤਾਂ ਪਹਿਲਾਂ ਇਕੱਲਾ ਹੀ ਮਾਣ ਨਹੀਂ ਸੀ ਹੁਣ ਤਾਂ ਪਹਾੜੀ ਰਾਜਿਆਂ ਨਾਲ ਰਿਸ਼ਤੇਦਾਰੀ ਕਾਰਨ ਉਸ ਦੀ ਤਾਕਤ ਹੋਰ ਵਧ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਪਠਾਨਕੋਟ ਦੇ ਰਸਤੇ ਅੱਗੇ ਵਧਣ ਲੱਗਾ। ਇਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜਪੁਰ ਅਤੇ ਬਰਹਾਮਪੁਰ ਵੱਲ ਚਾਲੇ ਪਾ ਦਿੱਤੇ। ਬਹਾਦਰ ਸ਼ਾਹ ਨੇ ਰੁਸਤਮ ਦਿਲਖਾਨ ਨੂੰ ਟਾਕਰੇ ਲਈ ਭੇਜਿਆ। ਸਿੱਖਾਂ ਨੇ ਸ਼ਾਹੀ ਫ਼ੌਜ ਦਾ ਬਹੁਤ ਨੁਕਸਾਨ ਕੀਤਾ। ਸਿੱਖਾਂ ਨੇ ਸਾਰ ਇਲਾਕਾ ਆਪਣੇ ਕਬਜੇ ਵਿਚ ਕਰ ਲਿਆਪਸਰੂਰ ਕੋਲ ਸ਼ਾਹੀ ਫ਼ੌਜਾ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਤੇ ਸਿੱਖ ਜੰਮੂ ਵੱਲ ਨੂੰ ਚਲੇ ਗਏ। ਪਿੰਡ ਦੇ ਗਰੀਬ ਲੋਕਾਂ ‘ਤੇ ਸ਼ਾਹੀ ਫ਼ੌਜਾ ਨੇ ਇਨ੍ਹਾਂ ਕਹਿਰ ਕੀਤਾ ਕਿ ਅਣਗਿਣਤ ਲੋਕਾਂ ਨੂੰ ਗੁਲਾਮ ਬਣਾ ਕੇ ਲਾਹੌਰ ਦੀ ਘੋੜਾ ਮੰਡੀ ਵਿਚ ਪਸ਼ੂਆਂ ਵਾਂਗ ਵੇਚ ਦਿੱਤਾ। 18 ਫਰਵਰੀ, 1712 ਈ. ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ ਅਤੇ ਦਿੱਲੀ ਦੇ ਤਖ਼ਤ ਬਾਰੇ ਝਗੜਾ ਪੈ ਗਿਆ। ਬਾਬਾ ਬੰਦਾ ਸਿੰਘ ਬਹਾਦਰ ਵਾਸਤੇ ਇਹ ਸੁਨਹਿਰੀ ਮੌਕਾ ਸੀ ਉਹ ਮੁੜ ਪਹਾੜੀਆਂ ਵਿਚੋਂ ਨਿਕਲ ਕੇ ਸੰਢੋਰੇ ਉੱਤੇ ਕਾਬਜ਼ ਹੋ ਗਿਆ ਅਤੇ ਸਿੱਖ ਫੇਰ ਤੋਂ ਖ਼ਾਲਸਾਈ ਝੰਡੇ ਥੱਲੇ ਇਕਠੇ ਹੋਣੇ ਸ਼ੁਰੂ ਹੌ ਗਏ।
ਰਿਆਸੀ:
ਸੰਨ 1713 ਈ: ਤੋਂ ਲੈ ਕੇ ਸੰਨ 1715 ਈ: ਤਕ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਮੂ ਲਾਗੇ ਚਨਾਬ ਦੇ ਕੰਢੇ ਰਿਆਸੀ ਪਿੰਡ ਵਿਚ ਗੁਜ਼ਾਰਿਆ। ਇਥੇ ਰਾਜਕੁਮਾਰੀ ਸੁਸ਼ੀਲ ਕੌਰ ਦੀ ਕੁੱਖੋਂ ਪੁੱਤਰ ਅਜੈ ਸਿੰਘ ਨੇ ਜਨਮ ਲਿਆ। ਇਥੇ ਰਹਿੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਸ਼ਿਵ ਰਾਮ (ਕਪੂਰ) ਦੀ ਸਪੁੱਤਰੀ ਬੀਬੀ ਸਾਹਿਬ ਕੌਰ ਨਾਲ ਸ਼ਾਦੀ ਕੀਤੀ। ਬੀਬੀ ਸਾਹਿਬ ਕੌਰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਕੀਕਤ ਸਿੰਘ (ਰਾਏ) ਦੀ ਭੂਆ ਸੀ। ਮਹਾਨ ਸਿੱਖ ਭਾਈ ਘਨੱਈਆ ਜੀ ਦੇ ਪੁੱਤਰ ਭਾਈ ਲੱਛੀ ਰਾਮ ਸਿੰਘ ਦੇ ਘਰ ਦੋ ਪੁੱਤਰੀਆਂ ਬੀਬੀ ਕੌਰਾਂ ਤੇ ਬੀਬੀ ਗੌਰਾਂ ਪੈਦਾ ਹੋਈਆਂ। ਇਨ੍ਹਾਂ ਦੋਵਾਂ ਭੈਣਾਂ ਦਾ ਵਿਆਹ ਇਕ ਸਿੱਖ ਭਾਈ ਨੰਦ ਰਾਮ ਦੇ ਪੁੱਤਰਾਂ ਭਾਈ ਬਾਘ ਮੱਲ ਤੇ ਭਾਈ ਭਾਗ ਮੱਲ ਨਾਲ ਹੋਇਆ। ਇਨ੍ਹਾਂ ਦੋਵੇਂ ਭਰਾਵਾਂ ਦੀ ਇਕ ਪਿਆਰੀ ਭੈਣ ਸੀ ਭਾਗਵੰਤੀ। ਭਾਗਵੰਤੀ ਦੀ ਸ਼ਾਦੀ ਭਾਈ ਸ਼ਿਵ ਰਾਮ ਕਪੂਰ ਨਾਲ ਹੋਈ। ਇਨ੍ਹਾਂ ਦੇ ਘਰ ਪੁੱਤਰੀ ਸਾਹਿਬ ਕੌਰ ਅਤੇ ਪੁੱਤਰ ਸਾਹਿਬ ਸਿੰਘ ਦਾ ਜਨਮ ਹੋਇਆ। ਭਾਈ ਬਾਘ ਮੱਲ ਦਾ ਪੁੱਤਰ ਭਾਈ ਹਕੀਕਤ ਸਿੰਘ ਸ਼ਹੀਦ ਸੀ।
ਬਟਾਲਾ, ਕਲਾਨੌਰ:
ਦਿੱਲੀ ਦੇ ਤਖਤ ਦਾ ਮੁਗਲ ਬਾਦਸ਼ਾਹ ਫਰਖਸੀਅਰ ਸੀ ਅਤੇ ਪੰਜਾਬ ਵਿਚ ਸ਼ਬਦੁਲ ਸਮਦ ਖਾਂ ਸੂਬੇਦਾਰ ਸੀ। ਇਨ੍ਹਾਂ ਦਿਨਾਂ ਵਿਚ ਜ਼ਕਰੀਆ ਖਾਂ ਜੰਮੂ ਅਤੇ ਪਹਾੜੀ ਇਲਾਕਿਆਂ ਵਿਚ ਰਹਿ ਰਿਹਾ ਸੀ ਜਿਸ ਵੱਲੋਂ ਸਿੱਖ ਕੌਮ ‘ਤੇ ਭਾਰੀ ਤਸ਼ਦਦ ਕੀਤਾ ਜਾ ਰਿਹਾ ਸੀ। ਆਮ ਹਲਕਿਆਂ ਵਿਚ ਫ਼ੌਜਦਾਰਾ ਨੂੰ ਖੁਲੇਆਮ ਜ਼ੁਲਮ ਕਰਨ ਦੇ ਅਖਿਤਆਰ ਦਿੱਤੇ ਹੋਏ ਸਨ। ਕਲਾਨੌਰ ਵਿਚ ਫ਼ੌਜਦਾਰ ਸਹਿਰਾਬ ਖਾਂ ਸੀ, ਸੰਤੋਖ ਰਾਏ ਕਾਨੂੰਗੋ ਅਤੇ ਉਨ੍ਹਾਂ ਦਾ ਭਰਾ ਅਨੋਖ ਰਾਏ ਨੇ ਕਲਾਨੌਰ ਦੇ ਆਸ ਪਾਸ ਦੇ ਪਿੰਡਾਂ ਵਿਚ ਭਾਰੀ ਤਸ਼ਦਦ ਕਰਨਾ ਸ਼ੁਰੂ ਕਰ ਦਿੱਤਾ ਸੀ। ਇਲਾਕੇ ਦੇ ਲੋਕਾਂ ਨੇ ਦੁੱਖੀ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਪਾਸ ਫਰਿਆਦ ਕੀਤੀ। ਲੋਕਾਂ ਦੀ ਫਰਿਆਦ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਅਰਦਾਸਾ ਸੋਧ ਕੇ ਜੰਮੂ ਵੱਲੋਂ ਹੁੰਦੇ ਹੋਏ ਕਲਾਨੌਰ ਪਹੁੰਚੇ। ਬਾਬਾ ਜੀ ਨੇ ਸਹਿਰਾਬ ਖਾਂ ਫ਼ੌਜਦਾਰ ਨੂੰ ਆਪਣਾ ਰਵਈਆ ਬਦਲਣ ਲਈ ਸੁਨੇਹਾ ਭੇਜਿਆ ਉਸ ਨੇ ਇਸ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਅੱਗੋ ਜਵਾਬ ਦਿੱਤਾ ਕਿ ਸਰਹਿੰਦ ਦੀਆਂ ਜਿਤਾ ਦਾ ਮਾਣ ਨਾ ਕਰੋ ਅਸੀ ਕਲਾਨੌਰ ਦੇ ਹਾਕਮ ਹਿੰਦੂ ਮੁਸਲਮਾਨ ਇਕ ਮੁੱਠ ਹਾਂ, ਅਸੀਂ ਤੇਰਾ ਖੁਰਾ ਖੋਜ ਮਿਟਾ ਦਿਆਂਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਅੰਹਕਾਰ ਭਰੇ ਉਤਰ ਨੂੰ ਸੁਣਿਆ ਅਤੇ ਸਿੰਘਾ ਸਮੇਤ ਉਸ ਨੂੰ ਸੋਧਣ ਲਈ ਚੜਾਈ ਕਰ ਦਿੱਤੀ। ਕਲਾਨੌਰ ਵਿਚ ਬਾਬਾ ਜੀ ਦੀ ਯਾਦ ਵਿਚ ਅਜਕਲ ਇਕ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਪ੍ਰਤਾਪਗੜ੍ਹ:
ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਚੰਬੇ ਤੋਂ ਹੁੰਦੇ ਹੋਏ ਗੁਰਦਾਸ ਨੰਗਲ ਜਾ ਰਹੇ ਸਨ ਤਾਂ ਧਾਰਕਲਾ ਤਹਿਸੀਲ ਦੇ ਇਲਾਕੇ ਵੱਲ ਠਹਿਰੇ ਜਿਥੇ ਅੱਜਕਲ ਗੁਰਦੁਆਰਾ ਸਾਹਿਬ ਪ੍ਰਤਾਪਗੜ੍ਹ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਲਿਖਾਵਟ ਦਰਜ ਹੈ। ਜੋ ਇਸ ਤਰ੍ਹਾਂ ਹੈ:
ਸ੍ਰੀ ਗੁਰਦੁਆਰਾ ਪ੍ਰਤਾਪਗੜ੍ਹ ਸਾਹਿਬ ਸੰਖੇਪ ਇਤਿਹਾਸ ਇਹ ਉਹ ਅਸਥਾਨ ਹੈ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੰਬੇ ਨੂੰ ਜਾਂਦੇ ਹੋਏ ਵਿਸ਼ਰਾਮ ਅਤੇ ਬੰਦਗੀ ਕੀਤੀ ਸੀ। ਇਸ ਅਸਥਾਨ ਤੇ ਮੈਦਾਨ ਅਤੇ ਪਹਾੜਾਂ ਵਲ ਦੇ ਸਾਰੇ ਰਾਹ ਸਮੇਤ ਨੂਰਪੁਰ ਅਤੇ ਜਿਲ੍ਹੇ ਦੀਆਂ ਰਾਜਸੀ ਸਰਗਰਮੀਆਂ ਤੇ ਨਿਗ੍ਹਾ ਰਖੀ ਜਾ ਸਕਦੀ ਹੈ। ਖਾਲਸਾ ਰਾਜ ਦੇ ਨਾਮਵਰ ਜਰਨੈਲ ਸ. ਜੋਰਾਵਰ ਸਿੰਘ ਤਿੱਬਤ ਅਤੇ ਏਸ਼ੀਆ ਦੇ ਇਲਾਕਿਆਂ ਨੂੰ ਖਾਲਸਾ ਰਾਜ ਵਿਚ ਸਥਾਪਿਤ ਕੀਤਾ। ਸਿਰਫ ਪਹਿਲੀ ਅਤੇ ਆਖਰੀ ਵਾਰ ਹਿੰਦੁਸਤਾਨ ਦੇ ਕਿਸੇ ਜਰਨੈਲ ਨੇ ਭਗੋਲਿਕ ਅਤੇ ਰਾਜਸੀ ਹੱਦਾਂ ਵਧਾਈਆਂ। ਪ੍ਰਤਾਪੀ ਜਿੱਤਾਂ ਦੇ ਸਦਕੇ ਇਸ ਅਸਥਾਨ ਦਾ ਨਾਂ ਗੁਰਦੁਆਰਾ ਸਾਹਿਬ ਪ੍ਰਤਾਪ ਗੜ੍ਹ ਪੈ ਗਿਆ ਹੈ।
ਗੁਰਦਾਸ ਨੰਗਲ:
ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸੈਨਿਕ ਮੁਗਲਾਂ ਦੇ ਘੇਰੇ ਵਿਚ ਆ ਗਏ। 1715 ਈ. ਨੂੰ ਜਦੋਂ ਬਾਦਸ਼ਾਹ ਫਰੁੱਖਸੀਅਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਖ਼ਬਰ ਪੁੱਜੀ ਤਾਂ ਬਾਦਸ਼ਾਹ ਨੇ ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਨ ਅਤੇ ਕੁਮਰਦੀਨ ਖਾਨ ਨੂੰ 24000 ਫੌਜ ਦੇ ਕੇ ਸਿੰਘਾਂ ‘ਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਇਸ ਵਿਚ ਅੱਧੇ ਘੋੜ- ਸਵਾਰ, ਅੱਧੇ ਪਿਆਦੇ ਅਤੇ ਤੋਪਖਾਨਾ ਵੀ ਸ਼ਾਮਲ ਸੀਮੁਗਲ ਫ਼ੌਜ ਨੇ ਗੁਰਦਾਸ ਨੰਗਲ ਦੇ ਇਕ ਟਿੱਬੇ ਤੇ ਕੱਚੀ ਗੜ੍ਹੀ ਨੂੰ ਆਣ ਘੇਰਿਆ। ਸਿੰਘਾਂ ਨੇ ਸ਼ਾਹੀ ਫ਼ੌਜ ਦਾ ਆਉਣਾ ਸੁਣ ਕੇ ਗੁਰਦਾਸ ਨੰਗਲ ਦੀ ਇਸ ਗੜ੍ਹੀ ਦੇ ਇਕ ਟਿੱਬੇ ਦੁਆਲੇ ਖਾਈ ਪੁੱਟ ਕੇ ਉਸ ਵਿਚ ਸ਼ਾਹੀ ਨਹਿਰ ਨੂੰ ਟੱਕ ਲਾ ਕੇ ਪਾਣੀ ਭਰ
ਦਿੱਤਾ। ਇਸ ਤਰ੍ਹਾਂ ਕਰਨ ਨਾਲ ਬਾਹਰੋਂ ਕਿਸੇ ਵੀ ਆਦਮੀ ਜਾਂ ਘੋੜੇ ਦਾ ਆਉਣਾ ਮੁਸ਼ਕਿਲ ਹੋ ਗਿਆ। ਦਲੇਰ ਖਾਂ ਨੇ ਆ ਕੇ ਕਿਲ੍ਹੇ ਦਾ ਘੇਰਾ ਬਹੁਤ ਜ਼ਿਆਦਾ ਸਖ਼ਤ ਕਰ ਦਿੱਤਾ। ਜਿਹੜੇ ਸਿੰਘ ਪਿੰਡ ਵਿਚ ਦਾਣਾ ਪੱਠਾ ਲੈਣ ਗਏ ਹੋਏ ਸਨ ਉਹ ਸ਼ਾਹੀ ਸੈਨਾ ਦੇ ਕਾਬੂ ਆ ਗਏ ਅਤੇ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ। ਕਿਲ੍ਹੇ ਅੰਦਰ ਘਾਹ ਦਾ ਇਕ ਤਿਣਕਾ ਤੇ ਅੰਨ ਦਾ ਇਕ ਦਾਣਾ ਵੀ ਨਹੀਂ ਸੀ ਜਾਣ ਦਿੱਤਾ ਗਿਆ। ਮੁੱਠੀ ਭਰ ਸਿੰਘਾਂ ਨੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ। ਦੁਸ਼ਮਣਾ ਅੰਦਰ ਸਿੱਖਾਂ ਦਾ ਇੰਨਾ ਜ਼ਿਆਦਾ ਭੈਅ ਬੈਠ ਚੁੱਕਾ ਸੀ ਕਿ ਉਹ ਅੱਲਾ ਪਾਸ ਇਹ ਦੁਆਵਾਂ ਕਰਦੇ ਸਨ ਕਿ ਕਾਸ਼, ਬੰਦਾ ਸਿੰਘ ਗੜ੍ਹੀ ਛੱਡ ਕੇ ਦੌੜ ਜਾਏ ਕਿਉਂਕਿ ਬਾਬਾ ਜੀ ਦੀ ਜਾਦੂਮਈ ਸ਼ਕਤੀ ਤੋਂ ਮੁਗ਼ਲ ਜ਼ਿਆਦਾ ਭੈਅਭੀਤ ਹੋ ਚੁੱਕੇ ਸਨ। ਸਿੰਘ 8 ਮਹੀਨੇ ਤਕ ਮੁਗ਼ਲਾਂ ਦਾ ਮੁਕਾਬਲਾ ਕਰਦੇ ਰਹੇ। ਗੁਰਦਾਸ ਨੰਗਲ ਦੀ ਇਸ 8 ਮਹੀਨੇ ਦੀ ਲੜਾਈ ਨੇ ਸਿੱਖ ਕੌਮ ਦਾ ਇਕ ਨਵਾਂ ਇਤਿਹਾਸ ਸਿਰਜਿਆ। ਅਸਰਾਰਿ ਸਮੱਦੀ ਵਿਚ ਲਿਖਿਆ ਹੈ, “ਉਸ(ਬੰਦਾ ਸਿੰਘ ਬਹਾਦਰ) ਦੀ ਹਾਲਤ ਇਤਨੀ ਪਤਲੀ ਹੋ ਗਈ ਕਿ ਤੂੰ ਕਹੇਂਗਾ ਕਿ ਉਸ ਨੇ ਗਰੀਬੀ ਦੇ ਕੋਨੇ ਵਿਚ ਸੋ ਚਲੀਹੇ ਕੱਟੇ ਹੋਣ।… ਅਨਾਜ ਦਾ ਦਾਣਾ ਮੋਤੀ ਦੇ ਦਾਣੇ ਵਾਂਗ ਮਹਿੰਗਾ ਹੋ ਗਿਆ ਅਤੇ ਪਾਣੀ ਦੀ ਬੂੰਦ ਆਦਮੀਆਂ ਦੇ ਚਿਹਰੇ ਦੀ ਰੌਣਕ ਵਾਂਗ ਅਲੋਪ ਹੋ ਗਈ (ਸਿੱਖ) ਦਰਖਤਾ ਦੀ ਛਿਲ ਨੂੰ ਪੰਛੀ ਦੇ ਮਾਸ ਜਿਹੀ ਅਨਮੋਲ ਅਤੇ ਬ੍ਰਿਛਾਂ ਦੇ ਪੱਤੇ ਅਤੇ ਛਿਲਕੇ ਨੂੰ ਸਵਾਦੀ ਭੋਜਨ ਨਾਲੋਂ ਚੰਗਾ ਜਾਣਦੇ ਸਨ। ਉਨ੍ਹਾਂ ਦੇ ਚਿਹਰਿਆਂ ਉਤੇ ਰੋਣਕ ਨਾ ਰਹੀ ਸਗੋਂ ਰੰਗ ਕਣਕਵੰਨਾ ਵੀ ਨਾ ਰਿਹਾ।
ਜੇ ਉਹ ਤੇਹ ਨਾਲ ਨਾ ਮਰਦੇ ਤਾਂ ਉਹ ਠੰਡ ਨਾਲ ਮਰ ਜਾਂਦੇ। ਜੇ ਹੌਕੇ ਦੀ ਅੱਗ ਉਨ੍ਹਾਂ ਨਾਲ ਨਿਆਂ ਕਰਨ ਨੂੰ ਬੋਹੜਦੀ ਤਾਂ ਉਹ ਉਨੀਂਦਰੇ ਹੀ ਮਾਰੇ ਜਾਂਦੇ । … ਭੁੱਖ ਨਾਲ ਉਹ ਏਕਮ ਦੇ ਚੰਦ ਵਾਂਗ ਕੁੱਬੇ ਹੋ ਗਏ। ਜੇ ਉਹ ਸੂਰਜ ਦੀ ਟਿਕੀ ਦੇਖਦੇ ਤਾਂ ਉਹ ਆਸ ਨਾਲ ਦੰਦ ਖੋਲ੍ਹਦੇ ਭਾਵ ਉਸ ਨੂੰ ਖਾਣ ਲਈ ਮੂੰਹ ਖੋਲ੍ਹ ਲੈਂਦੇਉਹ ਧਰਤੀ ਦੀ ਮਿੱਟੀ ਖੰਡ ਵਾਂਗ ਚਟਮ ਕਰ ਗਏ।
ਦਿੱਲੀ, ਮਹਿਰੋਲੀ:
ਦਸੰਬਰ 1715 ਈ. ਨੂੰ ਗੜ੍ਹੀ ’ਤੇ ਸ਼ਾਹੀ ਫ਼ੌਜ ਨੇ ਕਬਜ਼ਾ ਕਰ ਲਿਆ। 300 ਦੇ ਕਰੀਬ ਸਿੰਘਾਂ ਨੂੰ ਥਾਂ ‘ਤੇ ਹੀ ਸ਼ਹੀਦ ਕਰ ਦਿੱਤਾ ਗਿਆ । ਬਾਬਾ ਬੰਦਾ ਸਿੰਘ ਬਹਾਦਰ ਦੇ 200 ਸਾਥੀ ਗੁਰਦਾਸ ਨੰਗਲ ਤੋਂ ਜਲੂਸ ਦੀ ਸ਼ਕਲ ਵਿਚ ਪਹਿਲਾਂ ਲਾਹੌਰ ਅਤੇ ਫਿਰ ਦਿੱਲੀ ਲਿਜਾਏ ਗਏ। ਰਸਤੇ ਵਿਚ ਹੋਰ ਗ੍ਰਿਫ਼ਤਾਰੀਆਂ ਉਪਰੰਤ ਸਿੰਘਾਂ ਦੀ ਗਿਣਤੀ 740 ਤਕ ਪੁੱਜ ਗਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਗਲਾਂ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਵਿਚ ਕੈਦ ਕਰ ਕੇ ਹਾਥੀ ‘ਤੇ ਬਿਠਾਇਆ ਗਿਆ। ਇਹ ਜਲੂਸ ਫਰਵਰੀ, 1716 ਈ. ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਚ ਦਾਖਲ ਹੋਇਆ। ਜਕਰੀਆਂ ਖਾਂ ਨੇ ਸ਼ਾਹੀ ਖਜਾਨੇ ਦੇ ਇੰਚਾਰਜ ਨੂੰ ਪ੍ਰਾਪਤ ਕੀਤੇ ਕੀਮਤੀ ਮਾਲ ਤੇ ਹੱਥਿਆਰ ਦਿਤੇ। ਇਹ ਹਥਿਆਰ ਇਸ ਤਰ੍ਹਾਂ ਸਨ :
ਤਲਵਾਰਾਂ 1000, ਢਾਲਾ 278, ਤੀਰ ਕਮਾਨ 173, ਤੋੜੇਦਾਰ ਬੰਦੂਕਾਂ 180, ਜੰਮਦਾਰ ਖੰਜਰ 114, ਜਰਦਾਂ 217, ਸੋਨੇ ਦੀਆਂ ਮੋਹਰਾਂ 23, ਰੁਪਏ 600, ਅਤੇ ਕੁਝ ਸੋਨੇ ਦੇ ਗਹਿਣੇ। 5 ਮਾਰਚ 1716 ਈ. ਨੂੰ ਚਾਂਦਨੀ ਚੌਂਕ ਦੇ ਸਾਹਮਣੇ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖਾਂ ਚਬੂਤਰਾ ਕੋਤਵਾਲੀ ਵਿਖੇ ਲਿਆ ਕੇ ਕਤਲ ਕੀਤੇ ਜਾਂਦਾ ਸੀ ਪਰ ਕੋਈ ਸਿੱਖ ਵੀ ਆਪਣੇ ਧਰਮ ਤੋਂ ਟੱਸ ਤੋਂ ਮੱਸ ਨਹੀਂ ਹੋਇਆ। ਚਬੂਤਰਾ ਕੌਤਵਾਲੀ ਦੀ ਜਗ੍ਹਾ ਚਾਂਦਨੀ ਚੌਂਕ ਵਿਚ ਗੁਰਦੁਆਰਾ ਸੀਸ ਗੰਜ ਦਿੱਲੀ ਅਤੇ ਸੁਨਹਿਰੀ ਮਸਜਿਦ ਦੇ ਵਿਚਕਾਰ ਹੁੰਦਾ ਸੀ। ਇਸ ਜਗ੍ਹਾ ਤੇ ਅਜਕਲ੍ਹ ਇਕ ਸਕੂਲ ਚਲਾਇਆ ਜਾ ਰਿਹਾ ਹੈ। 11 ਹਾੜ 1773 ਬਿਕ੍ਰਮੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ 26 ਚੋਣਵੇਂ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦੀ ਜਿੰਮੇਵਾਰੀ ਮੀਰ ਆਤਿਸ਼ ਇਬਰਾਹੀਮ-ਓ-ਦੀਨ ਖਾਂ ਨੂੰ ਸੋਂਪੀ ਗਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਨ ਤੋਂ ਪਹਿਲਾਂ ਮਹਰੋਲੀ ਵਿਖੇ ਕੁਤਬਮਿਨਾਰ ਦੇ ਪਾਸ ਲਜਾਇਆ ਗਿਆ। ਉਨ੍ਹਾਂ ਦਿਨਾਂ ਕੁਤਬੋਦੀਨ ਬੁਖਤਿਆਰ ਕਾਕੀ ਦੀ ਮਜ਼ਾਰ ਤੇ ਉਰਸ ਮਨਾਇਆ ਜਾ ਰਿਹਾ ਸੀ ਜਿਸ ਕਾਰਨ ਭਾਰੀ ਮਾਤਰਾ ਵਿਚ ਲੋਕਾਂ ਦਾ ਇਕਠ ਉਥੇ ਆਇਆ ਹੋਇਆ ਸੀ। ਬਾਬਾ ਜੀ ਨੂੰ ਸਭ ਤੋਂ ਪਹਿਲਾਂ ਕੁਤਬੋਦੀਨ ਬੁਖਤਿਆਰ ਕਾਕੀ ਦੀ ਕਬਰ ਦੇ ਆਲੇ ਦੁਆਲੇ ਘੁਮਾਇਆ ਗਿਆ ਅਤੇ ਫੇਰ ਕੁਤਬੋਦੀਨ ਬੁਖਤਿਆਰ ਕਾਕੀ ਦੀ ਮਜਾਰ ਵੱਲ ਆਉਂਦੀ ਸੜਕ ‘ਤੇ ਬਣੇ ਦਰਵਾਜੇ ਵਿਚਕਾਰ ਬੈਠਾ ਕੇ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹਵਿਚ ਤੁੰਨਿਆ ਗਿਆ ਪਰ ਗੁਰੂ ਦਾ ਸਿਦਕੀ ਸਿੱਖ ਡੋਲਿਆ ਨਹੀਂ ਅਤੇ ਚੜ੍ਹਦੀ ਕਲਾ ਵਿਚ ਰਹਿੰਦਿਆਂ ਧਰਮ ‘ਤੇ ਦ੍ਰਿੜ੍ਹ ਰਿਹਾ।
ਉਸ ਤੋਂ ਬਾਅਦ ਬਾਬਾ ਜੀ ਨੂੰ ਤਸੀਹੇ ਦੇਣ ਦੀ ਅਤਿ ਕਰ ਦਿੱਤੀ ਗਈ। ਥਾਂ-ਥਾਂ ਤੋਂ ਬਾਬਾ ਜੀ ਦੇ ਸਰੀਰ ਦਾ ਮਾਸ ਨੋਚਿਆ ਗਿਆ ਅਤੇ ਛੋਟੇ-ਛੋਟੇ ਟੋਟੇ ਕਰ ਕੇ ਆਪ ਜੀ ਦੇ ਸਰੀਰ ਨੂੰ ਕੋਹਿਆ ਗਿਆ ਪਰ ਬਾਬਾ ਜੀ ਭਾਣਾ ਮੰਨਦੇ ਹੋਏ ਮਾਨਸਿਕ-ਆਤਮਿਕ ਤੌਰ ‘ਤੇ ਪੂਰੀ ਚੜ੍ਹਦੀ ਕਲਾ ਵਿਚ ਰਹਿ ਕੇ ਆਪਣੇ ਸਰੀਰ ‘ਤੇ ਇਹ ਤਸੀਹੇ ਸਹਾਰਦੇ ਹੋਏ ਇਕ ਸੂਰਬੀਰ ਯੋਧੇ ਵਾਂਗ ਸ਼ਹਾਦਤ ਦਾ ਜਾਮ ਪੀ ਗਏ। ਇਬਰਾਹੀਨ ਲਿਖਦਾ ਹੈ ਕਿ ਸਭ ਤੋਂ ਪਹਿਲਾਂ ਜ਼ਲਾਦਾਂ ਨੇ ਖੰਜਰ ਮਾਰ ਕੇ ਬੰਦੇ (ਬਾਬਾ ਬੰਦਾ ਸਿੰਘਬਹਾਦਰ) ਦੀ ਸੱਜੀ ਅੱਖ ਕੱਢ ਦਿੱਤੀ ਅਤੇ ਫੇਰ ਖੱਬਾ ਪੈਰ ਕੱਟ ਦਿੱਤਾ। ਫੇਰ ਉਸਦੇ ਦੋਵੇਂ ਹੱਥ ਕੱਟ ਦਿੱਤੇ ਗਏ ਉਸ ਤੋਂ ਬਾਅਦ ਅੱਗ ਦੇ ਸੇਕ ਨਾਲ ਲਾਲ ਕੀਤੇ ਜੰਮੂਰਾਂ ਨਾਲ ਉਸਦਾ ਮਾਸ ਨੋਚਿਆ ਗਿਆ। ਜਦੋਂ ਉਸ ਦੇ ਸ਼ਰੀਰ ਦੀਆ ਹੱਡੀਆਂ ਦਾ ਸਫੇਦ ਢਾਂਚਾ ਨਜਰ ਆਉਣ ਲੱਗਾ ਤਾਂ ਉਸ ਦੇ ਸ਼ਰੀਰ ਦਾ ਅੰਗ-ਅੰਗ ਕੱਟ ਕੇ ਅਲੱਗ-ਅਲੱਗ ਕਰ ਦਿੱਤਾ। ਸੈਰੁਲ ਮੁਤਖਾਰੀਨ ਦਾ ਲੇਖਕ ਲਿਖਦਾ ਹੈ ਕਿ ਬੰਦੇ (ਬਾਬਾ ਬੰਦਾ ਸਿੰਘ ਬਹਾਦਰ) ਨੇ ਇਹ ਅੱਤਿਆਚਾਰ ਬੜੀ ਦਲੇਰੀ ਨਾਲ ਸਹਿਨ ਕੀਤਾ। ਉਸਦੇ ਬਾਕੀ ਬਚੇ ਸਾਥੀਆਂ ਨੂੰ ਵੀ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ ।