ਦੋ ਮਹੀਨਿਆਂ ਤੱਕ ਕਨੇਡਾ ਦੇ ਸ਼ਹਿਰ ਵੈਨਕੋਵਰ ਦੇ ਸਾਹਿਲ ਤੇ ਰੋਕੇ ਰਹਿਣ ਤੋਂ ਬਾਅਦ ਭਾਰਤ ਵਲ ਮੁੜਿਆ ਕਾਮਾਗਾਟਾਮਾਰੂ ਜਹਾਜ ਜਦ ਬੰਗਾਲ ਦੀ ਖਾੜੀ ਚੋਂ ਗੁਜ਼ਰ ਰਿਹਾ ਸੀ, ਤਾਂ ਉਸ ਨੂੰ 26 ਸਤੰਬਰ 1914 ਨੂੰ ਕਲਕੱਤਾ ਤੋਂ ਕੁਝ ਦੂਰੀ ਤੇ ਕੁਲਪੀ ਵਿਖੇ, 24 ਪਰਗਨਾ ਜਿਲ੍ਹੇ ਦੇ ਮਜਿਸਟ੍ਰੇਟ ਮਿ. ਡੋਨਲਡ ਦੀ ਅਗਵਾਈ ਹੇਠ ਬੰਗਾਲ ਅਤੇ ਪੰਜਾਬ ਸਰਕਾਰ ਦੇ ਬ੍ਰਿਟਿਸ਼ ਅਤੇ ਭਾਰਤੀ ਅਫਸਰਾਂ ਨੇ ਉਸ ਨੂੰ ਉਥੇ ਰੋਕ ਲਿਆ। ਜਹਾਜ ਦੇ ਪਹੁੰਚਣ ਦੀ ਤਰੀਖ ਨੂੰ ਧਿਆਨ ਚ ਰਖਦਿਆਂ, ਭਾਰਤ ਸਰਕਾਰ ਦੀ ਸਲਾਹ ਤੇ, ਦੋਨਾਂ ਰਾਜ ਸਰਕਾਰਾਂ ਨੇ ਇਸ ਬਾਰੇ ਸਾਂਝਾ ਫੈਸਲਾ ਲਿਆ ਸੀ। ਇਸ ਫੈਸਲੇ ਤਹਿਤ ਇਹ ਯੋਜਨਾ ਬਣਾਈ ਗਈ ਸੀ ਕਿ ਜਹਾਜ ਵਿੱਚ ਸਵਾਰ 354 ਸਵਾਰੀਆਂ ਨੂੰ ਬਜ ਬਜ ਵਿਖੇ ਜਹਾਜ ਚੋਂ ਉਤਾਰ ਲਿਆ ਜਾਵੇ ਅਤੇ ਉਥੋਂ ਹੀ ਉਹਨਾਂ ਨੂੰ ਸਿੱਧੇ, ਉਥੇ ਖਲੌਤੀ ਹੋਈ ਰੇਲ ਵਿਚ ਬੈਠਾਕੇ ਪੰਜਾਬ ਭੇਜ ਦਿਤਾ ਜਾਵੇ। ਮਿ. ਡੋਨਲਡ ਦੀ ਅਗਵਾਈ ਵਿਚ ਜਦ ਅਧਿਕਾਰੀ ਕੁਲਪੀ ਵਿਖੇ ਜਹਾਜ ਚ ਜਾ ਕੇ ਸਵਾਰੀਆਂ ਨੂੰ ਮਿਲੇ ਤਾਂ ਉਹਨਾਂ ਨੇ ਆਪਣੀ ਇਸ ਯੋਜਨਾ ਬਾਰੇ ਸਵਾਰੀਆਂ ਨੂੰ ਕੁਝ ਨਾ ਦਸਿਆ। ਅਧਿਕਾਰੀਆਂ ਨੇ ਜਹਾਜ ਵਿਚ ਹਥਿਆਰ ਅਤੇ ਬਾਗੀ ਸਾਹਿਤ ਹੋਣ ਦੇ ਸ਼ਕ ਕਾਰਨ ਸਵਾਰੀਆਂ ਦੇ ਸਮਾਨ ਦੀ ਤਲਾਸ਼ੀ ਲਈ । ਕੁਝ ਸਵਾਰੀਆਂ ਦੀ ਜਾਮਾ ਤਲਾਸ਼ੀ ਵੀ ਕੀਤੀ ਗਈ। ਇਹ ਤਲਾਸ਼ੀ ਤਿੰਨ ਦਿਨ ਚੱਲੀ, ਪਰ ਸਵਾਰੀਆਂ ਪਾਸ ਕੋਈ ਵੀ ਨਜਾਇਜ਼ ਚੀਜ ਨਾ ਮਿਲੀ ।
28 ਸਤੰਬਰ ਨੂੰ ਜਦ ਕਾਮਾਗਾਟਾਮਾਰੂ ਜਹਾਜ ਕੁਲਪੀ ਤੋਂ ਲੰਗਰ ਚੁੱਕ ਕੇ ਕਲਕੱਤਾ ਵਲ ਜਾ ਰਿਹਾ ਸੀ ਤਾਂ ਉਹ ਅਚਾਨਕ ਹੌਲੀ ਹੋ ਗਿਆ ਅਤੇ ਬਜ ਬਜ ਵਿਖੇ ਰੁਕ ਗਿਆ । ਸਵੇਰੇ ਸਾਢੇ 9 ਵਜੇ ਦਾ ਸਮਾਂ । ਹੁਗਲੀ ਨਦੀ ਦਾ ਪੂਰਬੀ ਕਿਨਾਰਾ। ਕਲਕੱਤਾ ਤੋਂ ਕੋਈ 14 ਮੀਲ ਦੀ ਦੂਰੀ। ਆਸ ਪਾਸ ਜੰਗਲ ਦਾ ਇਲਾਕਾ । ਜਹਾਜ ਨੂੰ ਬਜ ਬਜ ਵਿਖੇ ਜੈਟੀ ਨਾਲ ਬੰਨ੍ਹ ਦਿਤਾ ਗਿਆ। 11 ਵਜੇ ਦੇ ਕਰੀਬ ਬ੍ਰਿਟਿਸ਼ ਅਤੇ ਭਾਰਤੀ ਅਧਿਕਾਰੀਆਂ, ਜਿਹਨਾਂ ਵਿੱਚ ਕਲਕੱਤਾ ਦਾ ਪੁਲਿਸ ਕਮਿਸ਼ਨਰ ਸਰ ਫਰੈਡਰਿਕ ਹਾਲੀਡੇ ਵੀ ਸ਼ਾਮਲ ਸੀ, ਨੇ ਜਹਾਜ ‘ਚ ਜਾ ਕੇ ਦਬੰਗਪੁਣੇ ਨਾਲ ਸਵਾਰੀਆਂ ਨੂੰ ਜਹਾਜ ਚੋਂ ਉਤਰਨ ਅਤੇ ਉਥੋਂ ਬਜ ਬਜ ਸਟੇਸ਼ਨ ਤੇ ਜਾ ਕੇ, ਉਥੇ ਪਹਿਲਾਂ ਤੋਂ ਹੀ ਖਲੌਤੀ ਹੋਈ ਵਿਸ਼ੇਸ਼ ਰੇਲ ਵਿਚ ਸਵਾਰ ਹੋਣ ਲਈ ਹੁਕਮ ਦਿਤਾ। ਬਹੁਤ ਸਾਰੀਆਂ ਸਵਾਰੀਆਂ ਨੇ ਪਰਚੰਡ ਰੂਪ ਵਿਚ ਇਸ ਹੁਕਮ ਦਾ ਵਿਰੋਧ ਕੀਤਾ, ਪਰ ਅਧਿਕਾਰੀਆਂ ਨੇ ਉਹਨਾਂ ਨੂੰ ਧੱਕਾ ਮੁਕੀ ਕਰਦਿਆਂ ਇਕ ਸੌੜੇ ਤਖਤੇ ਰਾਹੀਂ ਜਹਾਜ ਚੋਂ ਨਦੀ ਦੇ ਕੰਢੇ ਤੇ ਜਾਣ ਲਈ ਮਜਬੂਰ ਕਰ ਦਿੱਤਾ। ਇਹਨਾਂ ਸਵਾਰੀਆਂ ਵਿਚੋਂ ਕੇਵਲ 17 ਸਵਾਰੀਆਂ ਹੀ ਆਪਣੀ ਮਰਜੀ ਨਾਲ ਜਹਾਜ ਵਿਚੋਂ ਉਤਰੀਆਂ ਅਤੇ ਫਿਰ ਰੇਲ ‘ਚ ਜਾ ਬੈਠੀਆਂ । ਬਾਕੀਆਂ ਨੂੰ ਜਹਾਜ ਚੋਂ ਜਬਰਨ ਉਤਾਰਿਆ ਗਿਆ ਸੀ ਅਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤ੍ਰ ਬੀੜ ਨਾਲ ਜਲੂਸ ਦੀ ਸ਼ਕਲ ਚ ਕਲਕੱਤਾ ਵਲ ਤੁਰ ਪਈਆਂ ਸਨ। ਪੰਜਾਬ ਤੋਂ ਆਈ ਪੁਲਿਸ ਦੀ ਇੱਕ ਟੁਕੜੀ, ਬਿਨਾ ਕੋਈ ਦਖਲ ਦਿਤਿਆਂ, ਉਹਨਾਂ ਦੇ ਪਿਛੇ ਤੁਰ ਰਹੀ ਸੀ । ਬਾਬਾ ਗੁਰਦਿੱਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਇਰਾਦਾ ਧਾਰਿਆ ਸੀ ਕਿ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੁਰੂਦੁਆਰਾ ਸਿੱਖ ਸੰਗਤ ਹਾਵੜਾ ਵਿਖੇ ਪਹੁੰਚਾਇਆ ਜਾਵੇ ਤੇ ਫਿਰ ਬੰਗਾਲ ਦੇ ਗਵਰਨਰ ਜਾਂ ਕਿਸੇ ਉੱਚ ਅਧਿਕਾਰੀ ਨੂੰ ਮਿਲਕੇ ਆਪਣੀਆਂ ਦੁਖ ਤਕਲੀਫਾਂ ਦੱਸੀਆਂ ਜਾਣ ਤੇ ਉਹਨਾਂ ਦੀ ਨਿਵਿਰਤੀ ਕਰਾਈ ਜਾਵੇ ਪਰ ਉਹਨਾਂ ਨੂੰ ਇਸ ਲਈ ਇਜ਼ਾਜਤ ਨਾ ਮਿਲੀ । ਉਸ ਸਮੇਂ ਸ਼ਾਮ ਪੈਣ ਦੇ ਨਾਲ ਹਨੇਰਾ ਹੋ ਰਿਹਾ ਸੀ । ਅਧਿਕਾਰੀਆਂ ਨੇ ਰਾਤ ਭਰ ਲਈ ਯਾਤਰੀਆਂ ਨੂੰ ਕਾਮਾਗਾਟਾਮਾਰੂ ਜਹਾਜ ਵਿਚ ਹੀ ਰਖਣ ਦਾ ਵਿਚਾਰ ਬਣਾਇਆ। ਇਸ ਤੇ ਗੁੱਸੇ ‘ਚ ਆਏ ਹੋਏ ਕਈ ਯਾਤਰੀ ਰੋਸ਼ ਵਜੋਂ ਸਟੇਸ਼ਨ ਦੇ ਨੇੜੇ ਰੇਲ ਪਟੜੀ ਦੇ ਫਾਟਕ ਤੇ ਧਰਨਾ ਮਾਰਕੇ ਬੈਠ ਗਏ ਤਾਂ ਪੁਲਿਸ ਨੇ ਉਹਨਾਂ ਨੂੰ ਆਪਣੇ ਘੇਰੇ ਵਿਚ ਲੈ ਲਿਆ । ਬਾਬਾ ਗੁਰਦਿੱਤ ਸਿੰਘ ਧਰਨਾ ਮਾਰਨ ਵਾਲਿਆ ਦੇ ਵਿਚਕਾਰ ਬੈਠੇ ਸਨ ਅਤੇ ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਖੀ ਹੋਈ ਸੀ। ਸ਼ਾਮ ਪੈਣ ਤੇ ਯਾਤਰੀਆਂ ਨੇ ਰਹਿਰਾਸ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਤਾ। ਸਿੱਖ ਰਾਵਾਇਤੀ ਤੌਰ ਤੇ ਪਾਠ ਵਿਚ ਕਿਸੇ ਕਿਸਮ ਦੇ ਵਿਘਨ ਨੂੰ ਸਹਿਣ ਨਹੀਂ ਕਰਦੇ, ਭਾਵੇਂ ਉਸ ਦਾ ਕੋਈ ਵੀ ਕਰਨ ਹੋਵੇ। ਪਰ 24 ਪਰਗਨਾ ਜਿਲ੍ਹੇ ਦੇ ਮਜਿਸਟ੍ਰੇਟ ਮਿ. ਡੋਨਲਡ ਨੇ ਬਾਬਾ ਗੁਰਦਿੱਤ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਨੂੰ ਆਕੇ ਮਿਲਣ, ਤਾਂਕਿ ਉਹਨਾਂ ਨੂੰ ਦਸਿਆ ਜਾਵੇ ਕਿ ਸਾਰੇ ਯਾਤਰੀ ਰਾਤ ਨੂੰ ਜਹਾਜ ਚ ਚਲੇ ਜਾਣ । ਬਾਬਾ ਗੁਰਦਿੱਤ ਸਿੰਘ ਨੇ ਅਰਦਾਸ ਤੋਂ ਪਹਿਲਾਂ ਮਿ. ਡੋਨਲਡ ਨੂੰ ਮਿਲਣ ਤੋਂ ਨਾਂਹ ਕਰ ਦਿਤੀ ਤੇ ਇਹ ਕਿਹਾ ਕਿ ਮਿ. ਡੋਨਲਡ ਉਹਨਾਂ ਨੂੰ ਧਰਨੇ ਵਾਲੀ ਥਾਂ ਤੇ ਆ ਕੇ ਮਿਲੇ। ਧਰਨੇ ਤੇ ਬੈਠੇ ਸਿੱਖਾਂ ਵਿਚੋਂ ਬਾਬਾ ਗੁਰਦਿੱਤ ਸਿੰਘ ਨੂੰ ਚੁਨਣ ਲਈ ੳਥੇ ਪੁਜੇ ਇਕ ਪੁਲਿਸ ਸਾਰਜੰਟ ਨੇ ਉਸ ਮੋਕੇ ਇਕ ਯਾਤਰੀ ਨੂੰ ਸੱਟ ਮਾਰੀ ਤਾਂ ਧਰਨੇ ਤੇ ਬੈਠੇ ਸਿੱਖਾਂ ਨੇ ਉਸ ਦੀ ਲਾਠੀ ਉਸ ਪਾਸੋਂ ਖੋਹ ਲਈ। ਉਸ ਸਮੇਂ ਇਕ ਅੰਗ੍ਰੇਜ ਸੁਪਰਡੈਂਟ ਪੁਲਿਸ ਨੇ ਅਗੇ ਵਧਕੇ, ਪਾਠ ਕਰ ਰਹੇ ਸਿੱਖਾਂ ਦੇ ਇਕੱਠ ਵਿਚੋਂ ਬਾਬਾ ਗੁਰਦਿੱਤ ਸਿੰਘ ਪ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਸਿੱਖਾਂ ਨੇ ਵਿਰੋਧ ਕੀਤਾ। ਨਤੀਜਾ ਇਹ ਹੋਇਆ ਕਿ ਦੋਨਾਂ ਧਿਰਾਂ ਵਿਚਕਾਰ ਹਥੋ-ਪਾਈ ਹੋ ਪਈ ਤੇ ਅੰਗ੍ਰੇਜ ਸੁਪਰਡੈਂਟ ਗੰਭੀਰ ਰੂਪ ਚ ਜ਼ਖਮੀ ਹੋ ਗਿਆ । ਬਾਅਦ ‘ਚ ਉਸ ਦੀ ਮੌਤ ਹੋ ਗਈ। ਇਸ ਘਟਨਾਂ ਤੋਂ ਬਾਅਦ ਗੋਲੀ ਚਲਣ ਦੀ ਅਵਾਜ ਆਈ ਤਾਂ ਦੋਨਾਂ ਧਿਰਾਂ ਨੇ ਹੀ ਸੋਚਿਆ ਕਿ ਸ਼ਾਇਦ ਉਹਨਾਂ ਵਿਚੋਂ ਹੀ ਕਿਸੇ ਨੇ ਗੋਲੀ ਚਲਾਈ ਹੈ । ਇਹ, ਇਕ ਪਾਸੇ ਸਿੱਖ ਯਾਤਰੀਆਂ ਅਤੇ ਦੂਜੇ ਪਾਸੇ ਪੁਲਿਸ ਵਿਚਕਾਰ ਝੜਪ ਦਾ ਸੰਕੇਤ ਸੀ । ਕੁੱਝ ਪੁਲਿਸ ਵਾਲਿਆਂ, ਜਿਹਨਾਂ ਪਾਸ ਰਿਵਾਲਵਰ ਸਨ, ਨੇ ਉਹਨਾਂ ਦੀ ਖੁਲਕੇ ਵਰਤੋਂ ਕੀਤੀ । ਸਿੱਖਾਂ ਨੇ ਵੀ ਜੋ ਕੁੱਝ ਉਹਨਾਂ ਦੇ ਹੱਥਾਂ ਵਿੱਚ ਆਇਆ, ਉਸ ਨੂੰ ਵਰਤਿਆ। ਇਹ ਸਪਸ਼ਟ ਹੈ ਕਿ ਉਹਨਾਂ ਵਿਚੋਂ ਕੁੱਝ ਪਾਸ ਰਿਵਾਲਵਰ ਸਨ, ਜੋ ਕਿ ਉਹਨਾਂ ਨੇ ਬਾਬਾ ਗੁਰਦਿੱਤ ਸਿੰਘ ਵਲੋਂ ਮਨਾ ਕਰਨ ਦੇ ਬਾਵਜੂਦ ਕਾਮਾਗਾਟਾਮਾਰੂ ਜਹਾਜ ਦੇ ਜਪਾਨੀ ਮਲਾਹਾਂ ਪਾਸੋਂ ਖਰੀਦੇ ਸਨ। ਘੜਮਸ ਸਮੇਂ ਸਿੱਖ ਅਤੇ ਪੁਲਿਸੀਏ ਏਨੇ ਜਟਿਲ ਰੂਪ ਚ ਆਪਸ ਵਿੱਚ ਉਲਝੇ ਹੋਏ ਸਨ ਕਿ ਕਲਕੱਤਾ ਤੋਂ ਉਥੇ ਪਹੁੰਚੇ ਅੰਗ੍ਰੇਜ ਫੌਜੀਆਂ ਲਈ ਪੁਲਿਸੀਆਂ ਨੂੰ ਬਚਾਕੇ ਸਿੱਖਾਂ ਉਤੇ ਗੋਲੀ ਚਲਾਉਣੀ ਕੁਝ ਸਮੇਂ ਲਈ ਮੁਸਕਿਲ ਹੋ ਗਈ ਸੀ। ਸਿੱਖਾਂ ਉਤੇ ਇਹ ਆਰੋਪ ਲਾਇਆ ਗਿਆ ਕਿ ਉਹ ਪੁਲਿਸ ਉਪਰ ਗੋਲੀਆਂ ਚਲਾ ਰਹੇ ਸਨ । ਜਿਸ ਲਈ ਸਰ ਹੈਡਰਿਕ ਹਾਲੀਡੇ ਪਾਸੋਂ। ‘ਪ੍ਰਵਾਨਗੀ ਨਗੀ ਲੈਣ ਉਪਰੰਤ, ਬ੍ਰਤਾਨਵੀ ਫੌਜ ਦਾ ਕਮਾਂਡਰ ਜਵਾਬੀ ਗੋਲੀ ਚਲਾਉਣ ਲਈ ਆਪਣੇ ਬੰਦਿਆਂ ਨੂੰ ਹੁਕਮ ਦੇਣ ਲਈ ਮਜਬੂਰ ਹੋ ਗਿਆ ਸੀ । ਜਿਵੇਂ ਕਿ ਆਰੋਪ ਲਾਇਆ ਗਿਆ, ਜੇਕਰ ਇਹੋ ਹੀ ਅਸਲੀਅਤ ਸੀ ਤਾਂ ਜੇਕਰ ਸਿੱਖਾਂ ਪਾਸ 40 ਦੇ ਕਰੀਬ ਰਿਵਾਲਵਰ ਹੁੰਦੇ ਤਾਂ ਪੁਲਿਸ ਦੀਆਂ ਮੌਤਾਂ ਦੀ ਗਿਣਤੀ ਬਹੁਤ ਹੁੰਦੀ। ਪਰ ਉਸ ਘਟਨਾਂ ਚ ਕੇਵਲ ਦੋ ਅੰਗ੍ਰੇਜ ਅਫਸਰ, ਜਿਹਨਾਂ ਵਿਚੋਂ ਇਕ ਪੁਲਿਸ ਦਾ ਅਤੇ ਦੂਜਾ ਰੇਲਵੇ ਦਾ ਸੀ, ਤੇ ਦੋ ਭਾਰਤੀ ਪੁਲਿਸੀਏ ਹੀ ਮਾਰੇ ਗਏ। ਇਸ ਤੋਂ ਇਲਾਵਾ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹਨਾਂ ਵਿਚੋਂ ਇਕ ਬ੍ਰਤਾਨਵੀ ਫੌਜ ਦੀ ਗੋਲੀ ਲਗਣ ਨਾਲ ਮਾਰਿਆ ਗਿਆ ਤੇ ਹੋ ਸਕਦਾ ਹੈ ਕਿ ਦੂਜਾ ਸਿੱਖਾਂ ਨੇ ਮਾਰਿਆ ਹੋਵੇ ਜਾ ਨਾ ਮਾਰਿਆ ਹੋਵੇ। ਇਹ ਗਲ ਵੀ ਨਹੀਂ ਕਹੀ ਜਾ ਸਕਦੀ ਕਿ ਸਿੱਖਾਂ ਪਾਸ ਕਾਫੀ ਗਿਣਤੀ ‘ਚ ਰਿਵਾਲਵਰ ਸਨ ਕਿਉਂਕਿ ਪੁਲਿਸ ਵਲੋਂ ਤਿੰਨ ਦਿਨ ਪਹਿਲਾਂ ਉਹਨਾਂ ਦੀ ਲਗਾਤਾਰ ਤਲਾਸ਼ੀ ਲਈ ਗਈ ਸੀ ਅਤੇ ਉਹਨਾਂ ਦੇ ਸਮਾਨ ਵਿਚੋਂ ਕੋਈ ਹਥਿਆਰ ਨਹੀਂ ਸੀ। ਮਿਲਿਆ। ਇਸ ਤੋਂ ਇਲਵਾ ਬਾਬਾ ਗੁਰਦਿੱਤ ਸਿੰਘ ਨੇ ਖੁਦ ਉਹਨਾਂ ਦੀ ਤਲਾਸ਼ੀ ਲਈ ਸੀ। ਤਾਂ ਕਿ ਇਸ ਗੱਲ ਦੀ ਪੁਸਟੀ ਹੋ ਸਕੇ ਕਿ ਸਫਰ ਦੌਰਾਨ ਸਿੱਖ ਯਾਤਰੀਆਂ ਪਾਸ ਕੋਈ ਨਜਾਇਜ਼ ਚੀਜ ਨਹੀਂ ਸੀ । ਕੁਝ ਯਾਤਰੀਆਂ ਪਾਸੋਂ ਜਿਹੜੇ ਹਥਿਆਰ ਮਿਲੇ ਉਹ ਬਾਬਾ ਗੁਰਦਿੱਤ ਸਿੰਘ ਨੇ ਜਹਾਜ ਵਿਚੋਂ ਸਮੁੰਦਰ ਵਿਚ ਸੁੱਟ ਦਿਤੇ ਸਨ । ਬ੍ਰਤਾਨਵੀ ਫੋਜ ਨੇ ਬਹੁਤ ਨੇੜਿੳ 303 ਬੋਰ ਦੀਆਂ 177 ਗੋਲੀਆਂ ਚਲਾਈਆਂ, ਜਿਸ ਨਾਲ ਸਿੱਖਾਂ ਦਾ ਘਾਣ ਹੋਇਆ। ਉਹਨਾਂ ਦੀਆਂ ਕਾਫੀ ਗਿਣਤੀ ‘ਚ ਮੌਤਾਂ ਹੋਈਆਂ। ਸਰਕਾਰੀ ਤੌਰ ਤੇ ਸਿੱਖਾਂ ਦੀਆਂ ਹੋਈਆਂ ਮੌਤਾਂ ਦੀ ਗਿਣਤੀ 20 ਦੱਸੀ ਗਈ, ਜਿਹਨਾਂ ਵਿਚੋਂ 18 ਫੌਜ ਦੀ ਗੋਲੀ ਨਾਲ ਮਰੇ ਸਨ। ਸਥਾਨਕ ਲੋਕਾਂ ਅਨੁਸਾਰ ਰਾਤ ਨੂੰ ਵੀ ਰੁਕ ਰੁਕ ਕੇ ਗੋਲੀ ਚਲਣ ਦੀ ਅਵਾਜ ਆਉਂਦੀ ਰਹੀ । ਇਸ ਗੋਲੀ ਕਾਂਡ ਨਾਲ ਦੋ ਸਥਾਨਕ ਪੇਡੂੰਆਂ ਦੇ ਮਾਰੇ ਜਾਣ ਦੀ ਵੀ ਗਲ ਕਹੀ ਗਈ ਹੈ। ਹਨੇਰਾ ਹੋ ਜਾਣ ਤੇ ਜਹਾਜ ਦੇ ਯਾਤਰੀ ਏਧਰ ਉਧਰ ਖਿੰਡ-ਪੁੰਡ ਗਏ। ਪਰ ਪੁਲਿਸ ਨੇ ਸਮੁੱਚੇ ਇਲਾਕੇ ਦੀ ਨਾਕਾਬੰਦੀ ਕਰਕੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ । ਬਾਬਾ ਗੁਰਦਿੱਤ ਸਿੰਘ ਅਤੇ ਉਹਨਾਂ ਦੇ 28 ਸਾਥੀ ਦਰਿਆ ਹੁਗਲੀ ‘ਚ ਛਾਲਾਂ ਮਾਰਦੇ ਹੋਏ ਅਗਲੇ ਕਿਨਾਰੇ ਤੇ ਪਹੁੰਚਣ ਚ ਸਫਲ ਹੋ ਗਏ । ਬਾਬਾ ਗੁਰਦਿੱਤ ਸਿੰਘ ਬਚਕੇ ਨਿਕਲਣ ਤੋਂ ਪਹਿਲਾਂ ਆਪਣੇ ਪੁੱਤਰ ਬਲਵੰਤ ਸਿੰਘ ਨੂੰ ਆਪਣੇ ਇਕ ਵਫਾਦਾਰ ਸਾਥੀ ਪਾਸ ਛੱਡ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਬ੍ਰਿਟਿਸ਼ ਫੌਜ ਅਤੇ ਪੁਲਿਸ ਦੀਆਂ ਗੋਲੀਆਂ ਨਾਲ ਛਲਣੀ ਹੋ ਗਈ ਸੀ । ਉਸ ਨੂੰ ਵੀ ਇਕ ਸਿੱਖ ਨੇ ਸੰਭਾਲਿਆ। ਸਰਕਾਰੀ ਤੌਰ ਤੇ ਸਿੱਖਾਂ ਦੀਆਂ ਮੌਤਾਂ ਦੀ ਗਿਣਤੀ 20 ਦਸੀ ਗਈ ਅਤੇ ਇਹ ਵੀ ਕਿਹਾ ਗਿਆ ਕਿ 62 ਯਾਤਰੀਆਂ ਨੂੰ ਪੁਲਿਸ ਪਹਿਰੇ ਹੇਠ ਪੰਜਾਬ ਭੇਜਿਆ ਗਿਆ । ਜਹਾਜ ਦੇ ਬਜ ਬਜ ਪਹੁੰਚਣ ਸਮੇਂ ਉਸ ਵਿਚ ਸਵਾਰ ਯਾਤਰੀਆਂ ਦੀ ਗਿਣਤੀ 321 ਸੀ । ਇਸ ਲਈ ਸਰਕਾਰ ਵਲੋਂ ਸਿੱਖਾਂ ਦੀਆਂ ਮੌਤਾਂ ਦੀ ਦਿਤੀ ਗਈ ਗਿਣਤੀ ਸਹੀ ਨਹੀਂ ਕਹੀ ਜਾ ਸਕਦੀ। ਮੌਤਾਂ ਦੀ ਗਿਣਤੀ ਕਿਤੇ ਵਧ ਹੋਣ ਦੀ ਸ਼ੰਕਾ ਹੈ। ਸਰਕਾਰ ਨੇ ਸਿੱਖਾਂ ਉਪਰ ਜਿਹੜੇ ਆਰੋਪ ਲਾਏ ਕਿ ਸਿੱਖ ਪੂਰੀ ਤਰਾਂ ਹਥਿਆਰਬੰਦ ਸਨ ਤੇ ਉਹਨਾਂ ਪਾਸ ਨਵੀਨ ਕਿਸਮ ਦੀਆਂ ਰਾਈਫਲਾਂ ਅਤੇ ਪਸਤੌਲ ਤੇ ਤਲਵਾਰਾਂ ਸਨ, ਉਹ ਉਸ ਦਾ ਸਿੱਖਾਂ ਦੀਆਂ ਹਤਿਆਵਾ ਨੂੰ ਜਾਇਜ ਠਹਿਰਾਉਣ ਲਈ ਤਿਆਰ ਕੀਤਾ ਗਿਆ ਆਧਾਰ ਹੈ । ਇਸ ਨਾਲ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਕਿ ਜਹਾਜ ਸੀ ਤੇ ਉਹ ਜਾਪਾਨ ਦੇ ਪਾਣੀਆਂ ਚ ਕਾਫੀ ਅਰਸਾ ਖੜ੍ਹਾ ਰਿਹਾ, ਜਿਸ ਕਾਰਨ ਯਾਤਰੀ ਬਿਲਕੁਲ ਟੁੱਟ ਚੁੱਕੇ ਸਨ। ਉਹ ਆਪਣੀ ਵਾਪਸੀ ਲਈ ਕਿਰਾਇਆ ਦੇਣ ਤੋਂ ਵੀ ਅਸਮਰਥ ਸਨ। ਐਸੀ ਹਾਲਤ ਵਿਚ ਉਹ ਕਿਵੇਂ ਨਵੀਨ ਕਿਸਮ ਦੇ ਹਥਿਆਰ ਖਰੀਦ ਸਕਦੇ ਸਨ। ਇਸ ਬਾਰੇ ਇਸ ਗੱਲ ਨੂੰ ਵੀ ਧਿਆਨ ਚ ਰਖਣ ਦੀ ਲੋੜ ਹੈ ਕਿ ਕਨੇਡਾ ਵਿਖੇ ਜਹਾਜ ਚੋਂ ਉਤਰਨ ਲਈ ਯਾਤਰੀਆਂ ਨੂੰ ਅਗਿਆ ਨਹੀਂ ਸੀ ਦਿੱਤੀ ਗਈ ਅਤੇ ਨਾ ਹੀ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਉਥੇ ਉਹਨਾਂ ਨਾਲ ਮਿਲਣ ਦਿਤਾ ਗਿਆ। ਬਜ ਬਜ ਘਾਟ ਵਿਖੇ ਹੋਏ ਖੂਨੀ ਸਾਕੇ ਨੂੰ ਸਥਾਨਕ ਲੋਕਾਂ ਨੇ ਅੱਖੀਂ ਵੇਖਿਆ ਹੈ। ਸਥਾਨਕ ਲੋਕਾਂ ਅਨੁਸਾਰ ਬ੍ਰਿਟਿਸ਼ ਸਰਕਾਰ ਦੀ ਫੋਜ ਅਤੇ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਿੱਖਾਂ ਦੀਆਂ ਲਾਸ਼ਾਂ ਨੂੰ ਗੱਡਿਆ ਉਪਰ ਲੱਦ ਕੇ ਇਕ ਥਾਂ ਤੇ ਪਹੁੰਚਾਇਆ ਗਿਆ ਤੇ ਫਿਰ ਉਥੇ ਹੀ ਉਹਨਾਂ ਸਾਰੀਆਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿਤਾ ਗਿਆ । ਇਸ ਤਰਾਂ ਦੇ ਗੈਰ ਮਨੁੱਖੀ ਵਰਤਾਓ ਤੇ ਕਤਲਿਆਮ ਦੀ ਸਭਿਅਕ ਸੰਸਾਰ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਪਰ ਉਸ ਸਮੇਂ ਦੀ ਤਤਕਾਲਿਨ ਪਰੈਸ ਨੇ ਇਸ ਘਟਨਾ ਦੀ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। 50 ਨਿਰਦੋਸ਼ ਸਿੱਖਾਂ ਦੇ ਸ਼ਹੀਦ ਹੋਣ ਤੇ ਵੀ ਪਰੈਸ ਦੇ ਇਕ ਹਿੱਸੇ ਨੇ ਉਸ ਦਿਨ ਦੀ ਘਟਨਾ ਨੂੰ ‘ਬਜ ਬਜ ਫਸਾਦ’ ਦੇ ਤੌਰ ਤੇ ਤਸ਼ਰੀਹ ਦਿਤੀ ਅਤੇ ਕਾਮਾਗਾਟਾਮਾਰੂ ਦੇ ਸਿੱਖ ਯਾਤਰੀਆਂ ਨੂੰ ਇਸ ਲਈ ਦੋਸ਼ੀ ਕਰਾਰ ਦਿਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦ ਅੰਗ੍ਰੇਜੀ ਪ੍ਰਸ਼ਾਸ਼ਨ ਪਹਿਲੀ ਸੰਸਾਰ ਜੰਗ ਵਿਚ ਉਲਝਿਆ ਹੋਇਆ ਸੀ ਅਤੇ ਮਹਾਤਮਾ ਗਾਂਧੀ ਨੇ ਅਜੇ ਭਾਰਤ ਦੀ ਅਜ਼ਾਦੀ ਦੇ ਅੰਦੋਲਨ ਦੀ ਵਾਗਡੋਰ ਫੜਨੀ ਸੀ । ਉਸ ਸੰਕਟ ਦੀ ਘੜੀ ਚ ਨਿਹੱਥੇ ਸਿੱਖਾਂ ਦੇ ਜੱਥੇ ਨੇ ਅੰਗ੍ਰੇਜ ਹਕੂਮਤ ਦੀ ਵਿਸ਼ਾਲ ਸਕਤੀ ਦਾ ਸਾਹਮਣਾ ਕਰਨ ਦੀ ਹਿਮੰਤ ਕਰਦਿਆ ਉਸ ਦੇ ਨਤੀਜਿਆਂ ਨੂੰ ਖਿੜੇ ਮੱਥੇ ਝਲਿਆ । ਪੰਜਾਬ ਤੋਂ ਦੂਰ ਸਿੱਖ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਗੌਰਵ ਲਹੀ ਲੜੇ ਸਨ । ਪੰਡਤ ਜਵਾਹਰ ਲਾਲ ਨਹਿਰੂ ਨੇ ਇਕ ਜਨਵਰੀ 1952 ਨੂੰ ਬਜ ਬਜ ਵਿਖੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਸਥਾਪਿਤ ਕੀਤੀ ਗਈ ਯਾਦਗਾਰ ਦਾ ਉਦਘਾਟਨ ਕਰਦਿਆਂ ਕਿਹਾ, “ਅਤੀਤ ਵਿਚ ਜੋ ਕੁੱਝ ਵੀ ਵਾਪਰਿਆ, ਲੋਕਾਂ ਨੂੰ ਉਹ ਵਿਸਾਰਨਾ ਨਹੀਂ ਚਾਹੀਦਾ । ਕਾਮਾਗਾਟਾਮਾਰੂ ਪ੍ਰਸੰਗ ਨੇ ਇਸ ਸ਼ਤਾਬਦੀ ਦੇ ਦੂਜੇ ਦਹਾਕੇ ਦੌਰਾਨ ਕਾਫੀ ਪ੍ਰਭਾਵ ਪੈਦਾ ਕੀਤਾ । ਉਸ ਤੋਂ ਬਾਅਦ ਭਾਰਤ ਵਿਚ ਕਈ ਤਬਦੀਲੀਆਂ ਆਈਆਂ, ਪਰ ਇਸ ਅਧਿਆਏ ਤੋਂ ਦੇਸ਼ ਦੇ ਨੌਜਵਾਨਾਂ ਲਈ ਸਿੱਖਣ ਵਾਸਤੇ ਬਹੁਤ ਕੁਝ ਹੈ। ਭਾਰਤ ਦੀ ਅਜ਼ਾਦੀ ਦਾ ਢਾਂਚਾ ਹੋਲੀ ਹੋਲੀ ਵਖ ਵਖ ਪਧਰਾਂ ਨਾਲ ਖੜਾ ਕੀਤਾ ਗਿਆ ਸੀ । ਕਾਮਾਗਾਟਾਮਾਰੂ ਪ੍ਰਸੰਗ ਦਾ ਇਸ ਉਪਰ ਕਾਫੀ ਪ੍ਰਭਾਵ ਪਿਆ ਸੀ।”
ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਯਾਦ ਵਿਚ ਜਿਥੇ ਬਜ ਬਜ ਵਿਖੇ ਨਦੀ ਤੇ ਯਾਦਗਾਰ ਸਾਥਾਪਿਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਭਾਰਤ ਤੇ ਤਤਕਾਲੀਨ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਕ ਜਨਵਰੀ 1952 ਨੂੰ ਕੀਤਾ ਸੀ, ਤੋਂ ਇਲਾਵਾ ਸਥਾਨਕ ਸਿਖ ਸੰਗਤਾਂ ਦੇ ਉਪਰਾਲੇ ਨਾਲ ਗੁਰਦੁਆਰਾ ਵੀ ਬਣਾਇਆ ਗਿਆ ਹੈ। ਜਿਥੇ ਹਰ ਸਾਲ 29 ਸਤੰਬਰ ਨੂੰ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਜੋੜ ਮੇਲਾ ਹੁੰਦਾ ਹੈ। ਇਸ ਦੇ ਨਾਲ ਹੀ ਬਜ ਬਜ ਮੁਨਿਸਪਲਟੀ ਨੇ ਆਪਣੀ 26-9-97 ਦੀ ਮੀਟਿੰਗ ਵਿਚ ਇਕ ਮਤਾ ਪਾਸ ਕਰਕੇ ਵਾਰਡ ਨੰਬਰ ਇਕ, ਜਿਥੇ ਸ਼ਹੀਦਾ ਦੀ ਯਾਦਗਾਰ ਬਣਾਈ ਗਈ ਹੈ, ਦਾ ਨਾਮ “ਬਜ ਬਜ ਕਾਮਾਗਾਟਾਮਾਰੂ ਨਗਰ” ਰਖਣ ਦਾ ਫੈਸਲਾ ਕੀਤਾ । ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਮਤਾ ਪਾਸ ਕਰਦਿਆਂ, ਬਜ ਬਜ ਰੇਲ ਸਟੇਸ਼ਨ ਦਾ ਨਾਮ ਕਾਮਾਗਾਟਾਮਾਰੂ ਬਜ ਬਜ ਰੇਲ ਸਟੇਸ਼ਨ ਰਖਣ ਦੀ ਘੋਸ਼ਨਾ ਕੀਤੀ ਹੈ।
Credit – ਬਚਨ ਸਿੰਘ ਸਰਲ