ਭਾਈ ਰਣਧੀਰ ਸਿੰਘ ਦਾ ਨਾਂ ਵੀਹਵੀਂ ਸਦੀ ਦੀਆਂ ਉਨ੍ਹਾਂ ਪ੍ਰਮੁੱਖ ਚੰਦ ਗੁਰਸਿੱਖ ਹਸਤੀਆਂ ਵਿਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਖਾਲਸਾ ਪੰਥ ਤੇ ਦੇਸ਼ ਹਿਤ ਕੁਰਬਾਨ ਕਰ ਦਿੱਤਾ। ਉਹ ਇਕ ਬਹੁਪੱਖੀ ਪ੍ਰਤਿਭਾ ਦਾ ਮਾਲਕ, ਨਾਮਬਾਣੀ ਦਾ ਰਸੀਏ, ਗੁਰਮਤਿ ਮਾਰਗ ਦੇ ਪਾਂਧੀ, ਸਿਦਕ ਸਿਰੜ ਦੀ ਮੂਰਤ, ਗੁਰਦੁਆਰਾ ਸੁਧਾਰ ਲਹਿਰ ਦਾ ਮੋਢੀ, ਗ਼ਦਰ ਲਹਿਰ ਦਾ ਨਾਇਕ, ਪੰਥ ਦਰਦੀ, ਚਿੰਤਕ, ਲੇਖਕ, ਕਵੀ ਤੇ ਵਿਦਵਾਨ ਸਨ। ਬਾਣੀ ‘ਚ ਪ੍ਰਪੱਕ, ਸੱਚ ਤੇ ਹੱਕ ਦੀ ਮੂਰਤ, ਇਬਾਦਤ ਤੇ ਬਗ਼ਾਵਤ ਦਾ ਸੰਗਮ, ਕਹਿਣੀ ਤੇ ਕਰਨੀ ਦਾ ਸੂਰਾ, ਜਿਨਾਂ ਦੀ ਜ਼ਿੰਦਗੀ ਦਾ ਹਰ ਪੱਖ ਰੋਸ਼ਨ ਮੀਨਾਰ ਸੀ। ਵਿਸ਼ਵ ਭਰ ‘ਚ ਉਨ੍ਹਾਂ ਦਾ school of thought ਬਣਾਇਆ ਹੋਇਆ ਹੈ। ਉਹਨਾਂ ਦੇ ਅਨੁਯਾਈਆਂ, ਹਤੈਸ਼ੀਆਂ ਤੇ ਭਗਤਾਂ ਨੇ ਭਾਈ ਰਣਧੀਰ ਸਿੰਘ ਦੇ ਅਖੰਡ ਕੀਰਤਨ, ਭਜਨ ਬੰਦਗੀ ਤੇ ਗੁਰਮਤਿ ਸਾਹਿਤ ਦੇ ਪ੍ਰਕਾਸ਼ਨ ਨੂੰ ਵਧੇਰੇ ਰੁਸ਼ਨਾਉਣ ਦਾ ਯਤਨ ਕੀਤਾ ਹੈ। ਪਰ, ਭਾਈ ਰਣਧੀਰ ਸਿੰਘ ਦੀ ਪੰਜਾਬ ਵਿਚ ਗ਼ਦਰ ਲਹਿਰ ਤੇ ਦੇਸ਼ ਦੀ ਕੁਰਬਾਨੀ ਹਿੱਤ ਕੀਤੀਆਂ ਸ਼ਾਨਦਾਰ ਸੇਵਾਵਾਂ ਨੂੰ ਸਦਾ ਨਜ਼ਰ ਅੰਦਾਜ਼ ਕੀਤਾ ਹੈ। ਹੱਥਲੇ ਨਿਬੰਧ ਰਾਹੀਂ ਉਨ੍ਹਾਂ ਦੇ ਜੀਵਨ ਵਿਚਲੇ ਘੱਟ ਚਰਚਿਤ ਪੱਖ ਬਾਰੇ ਤੇ ਉਨ੍ਹਾਂ ਦੇ ਸਾਥੀਆਂ ਬਾਰੇ ਸੰਖੇਪ ਰੂਪ ਵਿਚ ਰੌਸ਼ਨੀ ਪਾਉਣ ਦਾ ਯਤਨ ਕਰਾਂਗਾ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ 7 ਜੁਲਾਈ 1878 ਨੂੰ ਪਿਤਾ ਸ੍ਰ: ਨੱਥਾ ਸਿੰਘ ਦੇ ਘਰ ਤੇ ਮਾਤਾ ਪੰਜਾਬ ਕੌਰ ਦੀ ਕੁੱਖੋਂ ਇਕ ਬੇਟੇ ਦਾ ਜਨਮ ਹੋਇਆ ਜਿਸ ਦਾ ਨਾਉਂ ਬਸੰਤ ਸਿੰਘ ਰੱਖਿਆ ਗਿਆ । ਆਪ ਦੇ ਪਿਤਾ ਜੀ ਪੰਜਾਬੀ, ਉਰਦੂ, ਫ਼ਾਰਸੀ ਅਤੇ ਅੰਗ੍ਰੇਜ਼ੀ ਵਿਚ ਚੰਗੀ ਮਹਾਰਤ ਤੇ ਗਿਆਨ ਰੱਖਦੇ ਸਨ । ਜੋ ਪਹਿਲਾਂ ਸਕੂਲਾਂ ਦੇ ਇੰਸਪੈਕਟਰ ਤੇ ਬਾਦ ਵਿਚ ਜੋ ਨਾਭਾ ਰਿਆਸਤ ਦੀ ਹਾਈ ਕੋਰਟ ਦੇ ਜੱਜ ਬਣਾਏ ਗਏ ਸਨ । ਨੱਥਾ ਸਿੰਘ ਜੱਜ ਵਜੋਂ ਇਲਾਕੇ ਵਿਚ ਪ੍ਰਸਿੱਧ ਸਨ ਕਿਉਂਕਿ ਉਹ ਇਨਸਾਫ਼ ਦੇ ਤਰਾਜੂ ਨੂੰ ਕਿਸੇ ਭੈ ਤੇ ਲਾਲਚ ਤੋਂ ਬਿਨਾਂ ਦਇਆ, ਧਰਮ ਤੇ ਮਾਨਵੀ ਕਦਰਾਂ ਕੀਮਤਾਂ ਨੂੰ ਤਰਜੀਹ ਦੇਂਦੇ ਸਨ। ਮਾਤਾ ਪੰਜਾਬ ਕੌਰ ਜੀ ਪਿਛੋਕੜ ਪੱਖੋਂ ਸਿੱਖ ਇਤਿਹਾਸ ਦੇ ਗੁਰਮੁਖ ਭਾਈ ਭਗਤੂ ਜੀ ਦੀ ਸਤਵੀਂ ਪੀਡੀ ਵਿਚੋਂ ਸਨ ਜੋ ਗੁਰੂ ਅਰਜਨ ਦੇਵ ਜੀ ਅਤੇ ਹਰਿਗੋਬਿੰਦ ਸਾਹਿਬ ਦੇ ਸਮੇਂ ਪ੍ਰਸਿੱਧ ਗੁਰਸਿੱਖ ਹੋਏ ਹਨ। ਬਚਪਣ ਦਾ ਮੁੱਢਲਾ ਸਮਾਂ ਪਿੰਡ ਗੁਜਾਰਨਾ ਪਿਆ । ਬਾਅਦ ਵਿਚ ਆਪ ਦੀ ਸਕੂਲੀ ਵਿਦਿਆ ਲਈ ਨਾਭੇ ਲਿਜਾਇਆ ਗਿਆ। ਜਿਥੇ ਆਪ ਦੇ ਪਿਤਾ ਜੀ ਰਿਆਸਤ ਨਾਭਾ ਦੇ ਮਹਾਰਾਜੇ ਪਾਸ ਸੇਵਾ ਕਰ ਰਹੇ ਸਨ । ਸਕੂਲੀ ਵਿਦਿਆ ਨਾਭੇ ਤੋਂ ਪੂਰੀ ਹੋਣ ਉਪਰੰਤ ਉਚੇਰੀ ਸਿੱਖਿਆ ਹਿੱਤ ਪੰਜਾਬ ਦੀ ਰਾਜਧਾਨੀ ਲਾਹੌਰ ਆ ਗਏ।
ਸੰਨ 1896 ਈ: ਵਿੱਚ ਗੌਰਮਿੰਟ ਕਾਲਜ ਲਾਹੌਰ ਵਿਚ ਦਾਖ਼ਲ ਹੋਏ। ਐਫ਼.ਏ. ਕਰਨ ਬਾਦ ਆਪ ਐਫ਼.ਸੀ. ਕਾਲਜ ਲਾਹੌਰ ਵਿਚ ਬੀ.ਏ. ਕਰਨ ਲਈ ਦਾਖ਼ਲ ਹੋ ਗਏ। ਪਰ, ਬਿਨਾਂ ਇਮਤਿਹਾਨ ਦਿਤਿਆਂ ਸੰਨ 1900 ਈ: ਨੂੰ ਕਾਲਜ ਦੀ ਪੜ੍ਹਾਈ ਵਿਚੇ ਛੱਡ ਪਿੰਡ ਨਾਰੰਗਵਾਲ ਆ ਗਏ। ਇਹ ਅਜਿਹਾ ਸਮਾਂ ਸੀ ਜਦੋਂ ਬਸੰਤ ਸਿੰਘ ਦੇ ਮਨ ਵਿਚ ਦਿਨੋ ਦਿਨ ਦੁਨਿਆਵੀ ਪ੍ਰਾਪਤੀਆਂ ਅਤੇ ਸੁਖ ਸੁਵਿਧਾਵਾਂ ਤੇ ਚੰਗੀਆਂ ਸਹੂਲਤਾਂ ਦੀ ਚਾਹਤ ਘੱਟਦੀ ਗਈ। ਅਧਿਆਤਮਕ ਪੱਖ ਹਾਵੀ ਹੋ ਗਿਆ ਸੁਰਤ ਗੁਰੂ ਸ਼ਬਦ ਨਾਲ ਜੁੜ ਗਈ, ਚਾਰੋ ਪਹਿਰ ਗੁਰਬਾਣੀ ਦੇ ਸੰਗ ਹੋ ਗਏ।
2 ਅਕਤੂਬਰ 1902 ਨੂੰ ਆਪਣੇ ਜੱਦੀ ਜ਼ਿਲ੍ਹੇ ਲੁਧਿਆਣੇ ਦੀ ਸਮਰਾਲਾ ਤਹਿਸੀਲ ਵਿਖੇ ਨਾਇਬ ਤਹਿਸੀਲਦਾਰ ਨਿਯੁਕਤੀ ਹੋ ਗਈ। ਆਪ ਦੀ ਡਿਊਟੀ ਪਲੇਗ ਰੋਕੂ ਮਹਿਕਮੇ ਵਿਚ ਇਕ ਅੰਗਰੇਜ਼ ਅਧਿਕਾਰੀ ਡਾਕਟਰ ਫਿਸ਼ਰ ਨਾਲ ਲਗ ਗਈ। ਡਾਕਟਰ ਫਿਸ਼ਰ ਅੰਗਰੇਜ਼ ਅਫ਼ਸਰ ਤੇ ਹੋਰ ਸਟਾਫ਼ ਬਸੰਤ ਸਿੰਘ ਵਲੋਂ ਨਿਭਾਈ ਜਾ ਰਹੀ ਡਿਊਟੀ ਤੋਂ ਏਨੇ ਪ੍ਰਭਾਵਿਤ ਹੋਏ ਕਿ ਸਾਲ ਪਿੱਛੋਂ ਜਦ ਪਲੇਗ ਮਹਿਕਮਾ ਬੰਦ ਹੋਣ ਲਗਾ ਤੇ ਆਪ ਨੂੰ ਪੱਕੇ ਤੌਰ ਤੇ ਤਹਿਸੀਲਦਾਰ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ। ਪਰ, ਬਸੰਤ ਸਿੰਘ ਨੇ ਪਿਛਲੇ ਇਕ ਸਾਲ ਦੀ ਇਸ ਸਰਕਾਰੀ ਨੌਕਰੀ ਦੌਰਾਨ ਹੋਏ ਕੋੜੇ ਮਿੱਠੇ ਅਨੁਭਵਾਂ ਨੂੰ ਵੇਖਦਿਆਂ ਇਸ ਦਿੱਤੀ ਪੇਸ਼ਕਸ਼ ਨੂੰ ਪ੍ਰਵਾਨ ਨਹੀਂ ਕੀਤਾ।
ਬਸੰਤ ਸਿੰਘ ਤੋਂ ਰਣਧੀਰ ਸਿੰਘ :
ਪਿਤਾ ਦੀ ਪ੍ਰੇਰਨਾ ਨਾਲ ਆਪ ਪੂਰਨ ਤੌਰ ਤੇ ਗੁਰਬਾਣੀ, ਪਾਠ, ਸਿਮਰਨ ਤੇ ਸ਼ਬਦ ਗੁਰੂ ਨਾਲ ਅਧਿਆਤਮਕ ਤੌਰ ਤੇ ਇੱਕ ਮਿੱਕ ਹੋ ਚੁੱਕੇ ਸਨ । ਹਰ ਵੇਲੇ ਨਾਮ ਦੀ ਖੁਮਾਰੀ ਨੇ ਬਸੰਤ ਸਿੰਘ ਦੇ ਮਨ ਵਿਚ ਗੁਰੂ ਵਾਲਾ ਬਣਨ ਦੀ ਤਾਂਘ ਪੈਦਾ ਕਰ ਦਿੱਤੀ ਸੀ । 13 ਅਤੇ 14 ਜੂਨ 1903 ਨੂੰ ਫ਼ਿਲੌਰ ਦੇ ਨੇੜੇ ਪਿੰਡ ਬਕਾਪੁਰ ਇਕ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਕੀਤਾ ਜਾ ਰਿਹਾ ਸੀ । ਇਸ ਦੀ ਭਿਣਕ ਬਸੰਤ ਸਿੰਘ ਦੇ ਕੰਨੀ ਪਈ । ਉਸ ਨੇ ਛੂਤ-ਛਾਤ, ਊਚ-ਨੀਚ, ਵਹਿਮਾਂ-ਭਰਮਾਂ ਨੂੰ ਹਿੰਮਤ ਤੇ ਦਲੇਰੀ ਨਾਲ ਜਾਤ ਅਭਿਮਾਨੀਆਂ ਦੀ ਪ੍ਰਵਾਹ ਕੀਤੇ ਬਿਨਾਂ ਪਿੰਡ ਬਕਾਪੁਰ ਵਿਚ ਮੌਲਵੀ ਕਰੀਮ ਬਖ਼ਸ਼ ਤੇ ਛੇ ਹੋਰ ਮੁਸਲਮਾਨ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਲਿਆ । ਖੰਡੇ ਬਾਟੇ ਦੇ ਪਾਹੁਲ ਨਾਲ ਆਪ ਦੀ ਜ਼ਿੰਦਗੀ ਦਾ ਕਣ- ਕਣ ਉਜਲਾ ਤੇ ਸੁਨਹਿਰਾ ਹੋ ਗਿਆ। ਜਿਨ੍ਹਾਂ ਨੇ ਮਨ ਨੀਵਾਂ ਤੇ ਮਤ ਉੱਚੀ ਕਰ ਕੇ ਸਿੱਖੀ ਜੀਵਨ ਦੀ ਮਹਿਕ ਨੂੰ ਖਿੰਡਾਇਆ। ਇਥੇ ਮੌਲਵੀ ਕਰੀਮ ਬਖ਼ਸ਼ ਅੰਮ੍ਰਿਤ ਛੱਕਣ ਤੋਂ ਬਾਦ ਭਾਈ/ਸੰਤ ਲਖਬੀਰ ਸਿੰਘ ਦੇ ਨਾਮ ਨਾਲ ਤੇ ਬਸੰਤ ਸਿੰਘ ਹੁਣ ਭਾਈ ਰਣਧੀਰ ਸਿੰਘ ਦੇ ਨਾਉਂ ਨਾਲ ਅਮਰ ਹੋ ਗਿਆ।
ਸੰਨ 1903 ਨੂੰ ਭਾਈ ਰਣਧੀਰ ਸਿੰਘ ਸੰਗਤਾਂ ਦੀ ਪ੍ਰੇਰਨਾ ਨਾਲ ਐਬਟਾਬਾਦ ਵਿਚ ਹੈੱਡ ਕਲਰਕ ਦੀ ਸਰਕਾਰੀ ਨੌਕਰੀ ਸ਼ੁਰੂ ਕੀਤੀ । 23 ਨਵੰਬਰ, 1903 ਐਬਟਾਬਾਦ ਅਕਾਲੀ ਜੋਤਿ ਦੇ ਦਰਸ਼ਨ ਤੇ 23 ਨਵੰਬਰ, 1904 ਨੂੰ ਦੋ ਅਖੰਡ ਪਾਠ ਇਕ ਚੌਕੜੇ ਵਿਚ ਸਰਵਣ ਕੀਤੇ । ਇਹ ਅਸਚਰਜ ਕੌਤਕ ਐਬਟਾਬਾਦ ਹੈੱਡ ਕਲਰਕ ਦੀ ਨੌਕਰੀ ਸਮੇਂ ਹੋਏ । ਸੰਨ1905 ਵਿਚ ਇਹ ਨੌਕਰੀ ਛੱਡ ਦਿੱਤੀ। ਪਰ ਉਸ ਨੌਕਰੀ ਦੌਰਾਨ ਆਪ ਨੂੰ ਨਾਮ-ਅਭਿਆਸ ਦੀ ਅਗੰਮੀ ਦਾਤ ਮਿਲ ਗਈ। ਸੰਨ 1905-1906 ਸ੍ਰ: ਹਰਬੰਸ ਸਿੰਘ ਅਟਾਰੀ ਵਲੋਂ ਕੀਤੀ ਪੇਸ਼ਕਸ਼ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਹੋਸਟਲ ਦਾ ਸੁਪਰਿਨਟੈਂਡੈਂਟ ਨਿਯੁਕਤ ਕੀਤਾ ਗਿਆ, ਪਰ ਆਪ ਇਥੇ ਵੀ ਵਧੇਰਾ ਸਮਾਂ ਨਹੀਂ ਰਹੇ। ਸੰਨ 1908 ਈ: ਵਿਚ ਆਪ ਨੂੰ ਖ਼ਾਲਸਾ ਦੀਵਾਨ ਦਮਦਮਾ ਸਾਹਿਬ ਦਾ ਸਕੱਤਰ ਲਗਾਇਆ ਗਿਆ । ਇਥੇ ਖਾਲਸਾ ਦੀਵਾਨ ਦਮਦਮਾ ਸਾਹਿਬ ਦੀ ਨੀਂਹ ਤੇ ਖਾਲਸਾ ਹਾਈ ਸਕੂਲ ਸਥਾਪਿਤ ਕੀਤਾ। ਸੰਨ 1913 ਈ: ਵਿਚ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਨੂੰ ਸਰਕਾਰ ਵਲੋਂ ਦਬਾਉਣ ਸਬੰਧੀ ਲਗਾਏ ਜਾ ਰਹੇ ਮੋਰਚੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਲੋਕਾਂ ਨੂੰ ਸਰਕਾਰੀ ਕਾਰਵਾਈ ਦਾ ਵਿਰੋਧ ਕਰਨ ਲਈ ਲਾਮ-ਬੰਦ ਕੀਤਾ।
ਵਿਦੇਸ਼ਾਂ ਤੋਂ ਗ਼ਦਰੀਆਂ ਦਾ ਵਤਨ ਪਰਤਣਾ :
ਅਮਰੀਕਾ ਵਿਚ ਗ਼ਦਰ ਪਾਰਟੀ ਦੀ ਸਥਾਪਨਾ ਹੋ ਚੁੱਕੀ ਸੀ । ਵਿਸ਼ਵ ਜੰਗ ਛਿੜ ਚੁੱਕੀ ਸੀ। ਵਿਦੇਸ਼ਾਂ ਅਮਰੀਕਾ, ਕੈਨੇਡਾ, ਹਾਂਗ-ਕਾਂਗ, ਚੀਨ, ਮਨੀਲਾ ‘ਚ ਰਹਿ ਰਹੇ ਪੰਜਾਬੀ ਜਿਨ੍ਹਾਂ ਦੇ ਵਿਚ ਵਧੇਰੇ ਗਿਣਤੀ ਸਿੱਖਾਂ ਦੀ ਸੀ ਹਿੰਦੁਸਤਾਨ ਵਿਚ ਗ਼ਦਰ ਮਚਾਉਣ ਹਿੱਤ ਸਮੁੰਦਰੀ ਜਹਾਜ਼ਾਂ ਰਾਹੀਂ ਵਤਨ ਪਰਤ ਰਹੇ ਸਨ । ਕਾਮਾਗਾਟਾ ਮਾਰੂ ਜਹਾਜ਼ ਵੀ ਰਾਹ ਦੇ ਵਿਚ ਹੀ ਸੀ। ਦੇਸ਼ ਅੰਦਰ ਪੁਲੀਸ ਨੇ ਥਾਂ-ਥਾਂ ਤੇ ਨਾਕੇ ਲਾਏ ਹੋਏ ਸਨ । ਫੜੋਫੜੀ ਹੋ ਰਹੀ ਸੀ । ਪਰ ਤਦ ਵੀ ਵੱਡੀ ਗਿਣਤੀ ਵਿਚ ਆਜ਼ਾਦੀ ਦੇ ਪਰਵਾਨੇ ਭਾਰਤ ਪੁੱਜ ਚੁੱਕੇ ਸਨ । ਸਤੰਬਰ ਅਕਤੂਬਰ 1914 ਨੂੰ ਭਾਈ ਨਿਧਾਨ ਸਿੰਘ ਚੁੱਘਾ ਤੇ ਭਾਈ ਗਾਂਧਾ ਸਿੰਘ ਕੱਚਰਭਨ ਜ਼ਿਲ੍ਹਾ ਫ਼ਿਰੋਜ਼ਪੁਰ, ਭਾਈ ਉਤਮ ਸਿੰਘ ਹਾਂਸ, ਭਾਈ ਈਸ਼ਰ ਸਿੰਘ ਢੁਡੀਕੇ ਤੇ ਭਾਈ ਕਰਤਾਰ ਸਿੰਘ ਸਰਾਭਾ ਅਮਰੀਕਾ ਤੇ ਕੈਨੇਡਾ ਨੂੰ ਭਾਰਤ ਪਰਤਣ ਤੇ ਨਾਰੰਗਵਾਲ ਅਕਸਰ ਭਾਈ ਸਾਹਿਬ ਰਣਧੀਰ ਸਿੰਘ ਜੀ ਪਾਸ ਉਨ੍ਹਾਂ ਦੀ ਅਗਵਾਈ ਤੇ ਸ਼ਮੂਲੀਅਤ ਲਈ ਸਮੇਂ ਸਮੇਂ ਪਲੇਨਿੰਗ ਬਣਾਉਣ ਹਿੱਤ ਦਿਨ ਛਿਪੇ ਮੀਟਿੰਗ ਕਰਨ ਲਈ ਆਉਂਦੇ ਸਨ ।
ਮਾਲਵੇ ਵਿਚ ਗ਼ਦਰ ਦਾ ਮੁੱਖ ਅੱਡਾ ਨਾਰੰਗਵਾਲ :
ਭਾਰਤ ਵਿਚ ਗ਼ਦਰ ਲਹਿਰ ਸਮੇਂ ਜੋ ਖਾਸ ਦੇਸ਼-ਭਗਤਾਂ ਦੇ ਟਿਕਾਣੇ ਸਨ। ਲਾਹੌਰ ਇਸ ਲਹਿਰ ਦੇ ਆਗੂਆਂ ਦਾ ਸੈਂਟਰ ਸੀ। ਪੰਜਾਬ ਵਿਚ ਮਾਝੇ ਮਾਲਵੇ ਤੇ ਦੁਆਬੇ ਵਿਚ ਗ਼ਦਰ ਦੀ ਸਰਗਰਮੀਆਂ ਦੇ ਅੱਡੇ ਬਣੇ ਹੋਏ ਸਨ । ਮਾਝੇ ਵਿਚ ਤਰਨਤਾਰਨ ਇਲਾਕੇ ਵਿਚ ਝਾੜ ਸਾਹਿਬ, ਦੁਆਬੇ ਵਿਚ ਸੰਘਵਾਲ ਤੇ ਮਾਲਵੇ ਵਿਚ ਇਸ ਦਾ ਸਭ ਤੋਂ ਵਧੇਰੇ ਨਾਰੰਗਵਾਲ, ਲੋਹਟਬੱਦੀ ਤੇ ਢੁਡੀਕੇ ਦਾ ਸੀ। ਦਿੱਲੀ ਦੇ ਰਕਾਬਗੰਜ ਦੀ ਕੰਧ ਲਈ ਮੋਰਚੇ ਦੀ ਸ਼ੁਰੂਆਤ ਭਾਈ ਰਣਧੀਰ ਸਿੰਘ ਨੇ ਕੀਤੀ ਸੀ ਜਿਸ ਕਾਰਨ ਉਨ੍ਹਾਂ ਦਾ ਨਾਉਂ ਉਸ ਸਮੇਂ ਪੰਥਕ ਫ਼ਿਜ਼ਾ ਵਿਚ ਗੂੰਜ ਰਿਹਾ ਸੀ।
ਨਾਰੰਗਵਾਲ ਇਕ ਖਾਸ ਟਿਕਾਣਾ ਸੀ ਜਿਥੇ ਭਾਈ ਰਣਧੀਰ ਸਿੰਘ ਪਾਸ ਭਾਈ ਨਿਧਾਨ ਸਿੰਘ, ਭਾਈ ਉਤਮ ਸਿੰਘ ਹਾਂਸ ਤੇ ਭਾਈ ਗਾਂਧਾ ਸਿੰਘ ਆਦਿ ਮੁੱਖੀ ਸੱਜਣ ਆ ਕੇ ਠਹਿਰਦੇ ਸਨ ਤੇ ਸਾਰੀ ਲਹਿਰ ਦੀ ਖ਼ਬਰਸਾਰ ਦਸਦੇ ਸਨ । ਏਥੇ ਹੀ ਬੱਬਰ ਅਕਾਲੀ ਕਿਸ਼ਨ ਸਿੰਘ ਗੜਗੱਜ ਦੀ ਰਾਵਲਪਿੰਡੀ ਤੋਂ ਚਿੱਠੀ ਆਈ ਸੀ ਕਿ “ਭਾਈ ਅਤਰ ਸਿੰਘ ਜੀ ਨੂੰ ਸਾਡੇ ਪਾਸ ਭੇਜ ਦਿਓ, ਉਹ ਤੁਹਾਡੀ ਖਬਰਸਾਰ ਸਾਨੂੰ ਦੇ ਜਾਏ ਤੇ ਸਾਡੀ ਖ਼ਬਰ ਸਾਰ ਲੈ ਜਾਵੇ ।” ਭਾਈ ਅਤਰ ਸਿੰਘ 35 ਨੰਬਰ ਪਲਟਣ ਵਿਚ ਬਿਗਲਰ ਸਨ ਤੇ ਨਾਮ ਕਟਾ ਆਏ ਸਨ ਤੇ ਭਾਈ ਕਿਸ਼ਨ ਸਿੰਘ ਜੀ ਉਸ ਵੇਲੇ ਪਲਟਣ ਵਿਚ ਹੀ ਸਨ। ਉਨ੍ਹਾਂ ਨੂੰ ਉਸ ਵੇਲੇ ਦੀ ਹੀ ਲਾਗ ਲਗੀ ਹੋਈ ਸੀ। ਜਿਸ ਕਰਕੇ ਉਨ੍ਹਾਂ ਪਿਛੋਂ ਬੱਬਰ ਲਹਿਰ ਵਿਚ ਪ੍ਰਵੇਸ਼ ਕੀਤਾ। ਅਹਿਮਦਗੜ੍ਹ ਸਟੇਸ਼ਨ ਤੋਂ ਛੇ ਸੱਤ ਮੀਲ ਦੀ ਵਿੱਥ ਪਰ ਦੱਖਣ-ਪੱਛਮ ਵੱਲ ਪਿੰਡ ਲੋਹਟਬੱਦੀ ਹੈ। ਇਹ ਵੀ ਦੇਸ਼ ਭਗਤਾਂ, ਗ਼ਦਰੀਆਂ ਦਾ ਖਾਸ ਅੱਡਾ ਸੀ । ਇਥੋਂ ਇਕੱਠੇ ਹੋ ਕੇ ਹੀ ਦੇਸ਼ ਭਗਤਾਂ ਨੇ ਕਈ ਥਾਵੀਂ ਵਾਰਦਾਤਾਂ ਕੀਤੀਆਂ।
ਮਾਲਵਾ ਖਾਲਸਾ ਸਕੂਲ ਲੁਧਿਆਣਾ :
ਮਾਲਵਾ ਖ਼ਾਲਸਾ ਸਕੂਲ ਲੁਧਿਆਣਾ ਸੰਨ 1906 ਵਿਚ ਸਥਾਪਿਤ ਹੋ ਚੁੱਕਾ ਸੀ। ਭਾਈ ਰਣਧੀਰ ਸਿੰਘ ਹਰ ਬੁੱਧਵਾਰ ਸਕੂਲ ਦੇ ਬੋਰਡਿੰਗ ਹਾਊਸ ਵਿਚ ਅਖੰਡ ਕੀਰਤਨ ਦੀਆਂ ਅਗੰਮੀ ਤੇ ਇਲਾਹੀ ਧੁਨਾਂ ਲਾਉਂਦੇ ਸਨ। ਆਪ ਦੀ ਨੂਰਾਨੀ ਤੇ ਨਿਰਾਲੀ ਸ਼ਖ਼ਸੀਅਤ ਦਾ ਅਜਿਹਾ ਪ੍ਰਭਾਵ ਸੀ ਕਿ ਨੌਜਵਾਨ ਵਿਦਿਆਰਥੀ ਬਾਣੀ ਤੇ ਬਾਣੇ ਨਾਲ ਜੁੜ ਗਏ ਸਨ। ਸਾਰੇ ਵਿਦਿਆਰਥੀ ਖੰਡੇ ਬਾਟੇ ਦਾ ਪਾਹੁਲ ਛੱਕ ਕੇ ਅੰਮ੍ਰਿਤਧਾਰੀ ਹੋ ਗਏ ਸਨ। ਜਿਥੇ ਨੌਜਵਾਨ ਪਨੀਰੀ ਦੇਸ਼ ਭਗਤੀ ਦੇ ਰੰਗ ਵਿਚ ਰੰਗੀ ਹੋਈ ਸੀ। ਗ਼ਦਰ ਪਾਰਟੀ ਦੇ ਇਸ਼ਤਿਹਾਰ ਤੇ ਐਲਾਨ ਆਦਿਕ ਇਥੇ ਹੀ ਛੱਪਦੇ ਸਨ । ਜੇਕਰ ਗਿਣਤੀ ਪੱਖੋਂ ਵੇਖੀਏ ਤਾਂ ਲਾਹੌਰ ਸਾਜਿਸ਼ ਕੇਸ ਵਿਚ ਭਾਈ ਰਣਧੀਰ ਸਿੰਘ ਦੇ ਪੈਰੋਕਾਰਾਂ ਦੀ ਗਿਣਤੀ ਸਭ ਤੋਂ ਵੱਧ ਇਥੇ ਹੀ ਸੀ। ਰਾਸ ਬਿਹਾਰੀ ਬੋਸ ਦਾ ਅਤਿ ਇਤਬਾਰੀ ਤੇ ਲਾਹੌਰ ਕੇਂਦਰੀ ਦਫ਼ਤਰ ਦਾ ਮੁੱਖ ਕਾਰਕੁਨ ਭਾਈ ਸੱਜਣ ਸਿੰਘ ਇਥੋਂ ਦਾ ਹੀ ਵਿਦਿਆਰਥੀ ਸੀ। ਇਸ ਤਰ੍ਹਾਂ ਹਰਭਜਨ ਸਿੰਘ ਚਮਿੰਡਾ, ਗਿਆਨੀ ਦਲੀਪ ਸਿੰਘ ਫੁਲਾਂਵਾਲ, ਗਿਆਨੀ ਨਾਹਰ ਸਿੰਘ ਗੁਜਰਵਾਲ, ਭਾਈ ਖੜਕ ਸਿੰਘ ਬੋਪਾਰਾਏ ਸਭ ਇਥੇ ਹੀ ਪੜ੍ਹਦੇ ਸਨ । ਕਰਤਾਰ ਸਿੰਘ ਸਰਾਭਾ ਅਮਰੀਕਾ ਜਾਣ ਤੋਂ ਪਹਿਲਾਂ ਮਾਲਵਾ ਖਾਲਸਾ ਸਕੂਲ ਦੇ ਵਿਦਿਆਰਥੀਆਂ ਨਾਲ ਸੰਪਰਕ ਬਣਾ ਚੁੱਕਾ ਸੀ। ਇਧਰ ਉਧਰ ਤੋਂ ਆਉਣ ਜਾਣ ਵਾਲੇ ਵਰਕਰਾਂ ਤੇ ਲੀਡਰਾਂ ਦਾ ਇਹ ਸਕੂਲ ਤਕੜਾ ਅੱਡਾ ਬਣ ਚੁੱਕਾ ਸੀ।
ਜਿਸ ਉਤੇ ਕਿਸੇ ਕਵੀ ਨੇ ਠੀਕ ਹੀ ਕਿਹਾ ਸੀ:-
“ਚੰਗੀ ਬਣ ਗਈ ਗ਼ਦਰ ਦੀ ਛਾਉਣੀ ਮਾਲਵਾ ਸਕੂਲ ਵਿਚ,
ਗਿਆ ਰੰਗਿਆ ਪੜਾਕੂ ਟੋਲਾ ਦੇਸ਼ ਦੀ ਭਗਤੀ ਵਿਚ
ਪੁੱਠ ਚੜ੍ਹ ਗਈ ਆਜ਼ਾਦੀ ਵਾਲੀ ਨਿੱਕੜੀ ਪਨੀਰੀ ਨੂੰ,
ਦਿਤੇ ਛੱਡ ਸੀ ਕਿਤਾਬੀ ਝੇੜੇ ਫੜ ਲਈ ਦੇਸ਼ ਭਗਤੀ”
ਗ਼ਦਰ ਐਕਸ਼ਨ ਲਈ ਮੀਟਿੰਗਾਂ ਦਾ ਦੌਰ :
ਗ਼ਦਰ ਲਹਿਰ ਦੇ ਮੋਢੀ ਗ਼ਦਰੀ ਵਿਦੇਸ਼ਾਂ ਤੋਂ ਵਤਨ ਪੁਜ ਕੇ ਭਾਈ ਰਣਧੀਰ ਸਿੰਘ ਨੂੰ ਮਿਲ ਚੁੱਕੇ ਸਨ। ਇਹ ਉਹ ਸਮਾਂ ਸੀ ਜਦੋਂ ਕਾਮਾਗਾਟਾ ਮਾਰੂ ਜਹਾਜ਼ ਵਿਚ ਕੈਨੇਡਾ ਤੋਂ ਮੋੜੇ ਗਏ ਮੁਸਾਫ਼ਰਾਂ ਦੇ ਕਲਕੱਤੇ ਦੀ ਬੰਦਰਗਾਹ ਉੱਤੇ ਉਤਰਨ ਸਮੇਂ 29 ਸਤੰਬਰ, 1914 ਨੂੰ ਅੰਗਰੇਜ਼ ਪੁਲਿਸ ਤੇ ਮਿਲਟਰੀ ਨੇ ਗੋਲੀ ਬਾਰੀ ਨਾਲ ਉਹਨਾਂ ਦਾ ‘ਸੁਆਗਤ’ ਕੀਤਾ। ਸਿੱਖ ਹਿਰਦਿਆਂ ਤੇ ਇਸ ਪ੍ਰਤੀ ਰੋਸ ਤੇ ਗੁੱਸਾ ਸਿਖਰਾਂ ਤੇ ਪੁਜ ਗਿਆ । ਗ਼ਦਰੀ ਦੇਸ਼ ਭਗਤ ਪਲ ਪਲ ਤੇ ਭਾਈ ਰਣਧੀਰ ਸਿੰਘ ਦੀ ਅਗਵਾਈ ਲੈ ਰਹੇ ਸਨ । ਉਨ੍ਹਾਂ ਆਪਣੇ ਮਨੋਰਥ ਤੋਂ ਜਾਣੂ ਕਰਵਾਇਆ। ਭਾਈ ਰਣਧੀਰ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਸੰਮਤੀ ਇਕੱਠਾਂ ਵਿਚ ਧਰਮ ਪ੍ਰਚਾਰ ਦੇ ਨਾਲ ਨਾਲ ਆਪਣੇ ਨਿਕਟਵਰਤੀ ਤੇ ਭਰੋਸੇਯੋਗ ਵਿਅਕਤੀਆਂ ਨੂੰ ਗ਼ਦਰ ਪਾਰਟੀ ਦੇ ਪ੍ਰੋਗਰਾਮ ਤੋਂ ਜਾਣੂ ਕਰਵਾਉਂਦੇ । ਅਪਣਾ ਮਿਸ਼ਨ ਤੇ ਉਦੇਸ਼ ਦੱਸਦੇ। ਦੇਸ਼ ਹਿੱਤ ਕੁਰਬਾਨ ਹੋਣ ਲਈ ਸੰਗਤਾਂ ਨੂੰ ਆਪਣਾ ਹਮੈਤੀ ਬਣਾਉਂਦੇ।
ਮਾਲਵੇ ਇਲਾਕੇ ਵਿਚ 14 ਫ਼ਰਵਰੀ 1915 ਨੂੰ ਗ਼ਦਰੀਆਂ ਦਾ ਭਰਵਾਂ ਇਕੱਠ ਗੁੱਜਰਵਾਲ ਹੋਇਆ, ਜਿਹਨਾਂ ਵਿਚ ਈਸ਼ਰ ਸਿੰਘ ਢੁਡੀਕੇ, ਉਤਮ ਸਿੰਘ ਹਾਂਸ, ਭਾਈ ਰਣਧੀਰ ਸਿੰਘ, ਹਰਨਾਮ ਸਿੰਘ ਗੁਜਰਵਾਲ, ਮਸਤਾਨ ਸਿੰਘ ਨਾਰੰਗਵਾਲ, ਸੰਤਾ ਸਿੰਘ ਨੰਦਪੁਰ ਕਲੌਰ ਤੇ ਹੋਰ ਅਨੇਕਾਂ ਗ਼ਦਰੀ ਸ਼ਾਮਲ ਹੋਏ। ਉਸ ਮੀਟਿੰਗ ਵਿਚ ਫੈਸਲਾ ਹੋਇਆ ਕਿ ਆਪਣੀਆਂ-ਆਪਣੀਆਂ ਟੋਲੀਆਂ ਹਥਿਆਰਬੰਦ ਕਰਕੇ 21 ਤਾਰੀਖ਼ ਨੂੰ ਫ਼ਿਰੋਜਪੁਰ ਪਹੁੰਚਿਆ ਜਾਵੇ। ਗ਼ਦਰੀ ਆਗੂਆਂ ਨੂੰ ਸਮੇਂ ਸਿਰ ਇਸ ਗੱਲ ਦੀ ਭਿਣਕ ਲਗ ਗਈ ਕਿ ਗੱਦਾਰ ਕਿਰਪਾਲ ਸਿੰਘ ਨੇ ਸਾਰੀ ਖ਼ਬਰ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦਿੱਤੀ ਹੈ। ਇਨ੍ਹਾਂ ਬਦਲੇ ਹੋਏ ਹਲਾਤਾਂ ਅਨੁਸਾਰ ਗ਼ਦਰ ਦੀ ਤਾਰੀਖ਼ 21 ਫ਼ਰਵਰੀ ਦੀ ਬਜਾਏ 19 ਫਰਵਰੀ ਨੂੰ ਦੋ ਦਿਨ ਪਹਿਲਾਂ ਕਰ ਦਿਤੀ । ਪਰ ਸਰਕਾਰ ਨੇ ਛਾਪੇ ਮਾਰ ਕੇ ਬਹੁਤ ਸਾਰੇ ਗ਼ਦਰੀ ਆਗੂ ਤੇ ਵਰਕਰ ਗ੍ਰਿਫ਼ਤਾਰ ਕਰ ਲਏ ਅਤੇ ਛਾਉਣੀਆਂ ਵਿਚ ਸਖ਼ਤ ਪਹਿਰੇ ਲਾ ਦਿੱਤੇ।
ਗ਼ਦਰੀਆਂ ਨੂੰ ਪਲ ਪਲ ਤੇ ਆਪਣਾ ਲਾਈਨ ਆਫ ਐਕਸ਼ਨ ਬਦਲਣਾ ਪੈ ਰਿਹਾ ਸੀ। 17 ਫ਼ਰਵਰੀ 1915 ਨੂੰ ਲੁਧਿਆਣੇ ਦੇ ਲਾਗੇ ਪਿੰਡ ਢੰਡਾਰੀ ਵਿਚ ਅਖੰਡ ਪਾਠ ਰੱਖਿਆ ਗਿਆ। ਜਿਥੇ ਭਾਈ ਰਣਧੀਰ ਸਿੰਘ ਦੇ ਜੱਥੇ ਨਾਲ ਵੱਡੀ ਗਿਣਤੀ ਵਿਚ ਹਮਾਇਤੀ ਤੇ ਪੈਰੋਕਾਰ ਪੁੱਜੇ ਸਨ ਤਾਂ ਜੋ ਸਭ ਨੂੰ ਨਾਲ ਲੈ ਕੇ ਫਿਰੋਜ਼ਪੁਰ ਐਕਸ਼ਨ ਲਈ ਚਲਿਆ ਜਾਵੇ । ਭਾਈ ਰਣਧੀਰ ਸਿੰਘ ਦਾ ਖ਼ਾਸ ਪ੍ਰਤੀਨਿੱਧ ਭਾਈ ਸੱਜਣ ਸਿੰਘ ਨਾਰੰਗਵਾਲ ਲਾਹੌਰ ਹੈੱਡਕੁਆਟਰ ਵਿਚ ਰਾਸ ਬਿਹਾਰੀ ਬੋਸ ਤੇ ਗ਼ਦਰੀ ਲੀਡਰਾਂ ਵਿਚ ਸੁਨੇਹੇ ਪਤੇ ਦੀ ਡਿਊਟੀ ਉਤੇ ਸੀ, ਜਿਸ ਨੂੰ 23ਵੇਂ ਰਸਾਲੇ ਦੀ ਖ਼ਬਰ ਦੇਣ ਲਈ ਭੇਜਿਆ ਗਿਆ ਸੀ, ਜੋ ਪਤਾ ਲਿਆਇਆ ਕਿ ਸਭ ਰਸਾਲਾ ਤਿਆਰ ਹੈ, ਫਿਰ ਸੱਜਣ ਸਿੰਘ ਤੇ ਕਰਤਾਰ ਸਿੰਘ ਸਰਾਭੇ ਨੇ ਫਿਰੋਜ਼ਪੁਰ 26ਵੀਂ ਪੰਜਾਬੀ ਪਲਟਨ ਨਾਲ ਸੰਪਰਕ ਕਰਨਾ ਸੀ ।
ਫਿਰੋਜ਼ਪੁਰ ਛਾਉਣੀ ਜਾਣ ਦੀ ਤਿਆਰੀ :
19 ਫ਼ਰਵਰੀ ਨੂੰ ਦੁਪਹਿਰ ਬਾਅਦ ਭਾਈ ਸਾਹਿਬ ਰਣਧੀਰ ਸਿੰਘ ਆਪਣੇ ਜੱਥੇ ਦੇ ਜੁਝਾਰੂ ਗ਼ਦਰੀਆਂ ਨਾਲ ਲੁਧਿਆਣੇ ਫਿਰੋਜ਼ਪੁਰ ਰੇਲ ਲਾਈਨ ਉਤੇ ਪੈਂਦੇ ਸਟੇਸ਼ਨ ਮੁੱਲਾਂਪੁਰ ਰੇਲ ਤੇ ਸਵਾਰ ਹੋਏ। ਸਾਰੇ ਜੱਥੇ ਵਿਚ ਕਾਫ਼ੀ ਗਿਣਤੀ ਮਾਲਵਾ ਸਕੂਲ ਲੁਧਿਆਣੇ ਦੇ ਵਿਦਿਆਰਥੀਆਂ ਤੇ ਹੋਰ ਗ਼ਦਰੀਆਂ ਦੀ ਸੀ, ਜਿਹਨਾਂ ਨੇ ਗੂੜੇ ਨੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ। ਜਾਣ ਸਮੇਂ (ਹਰਮੋਨੀਅਮ) ਵਾਜਾ, ਢੋਲਕੀ ਤੇ ਛੈਣੇ ਆਦਿ ਉਨ੍ਹਾਂ ਪਾਸ ਸਨ। ਭਾਈ ਸਾਹਿਬ ਤੇ ਸਾਰੇ ਸਿੰਘ ਅੰਗਮੀ ਰੰਗਾਂ ਵਿਚ ਗੁਰੂ ਜਸ ਸ਼ਬਦ ਕੀਰਤਨ ਕਰਦੇ ਆਪਣੀ ਮੰਜ਼ਿਲ ਵਲ ਜਾ ਰਹੇ ਸਨ । ਰਸਤੇ ਵਿਚ ਇਕ ਥਾਂ ਤੇ ਪੁਲਿਸ ਦੀ ਗਸ਼ਤੀ ਪਾਰਟੀ ਨੇ ਰੇਲ ਡੱਬੇ ਨੂੰ ਚੰਗੀ ਤਰ੍ਹਾਂ ਚੈਕ ਕੀਤਾ। ਉਹਨਾਂ ਇਹੋ ਅੰਦਾਜ਼ਾ ਲਗਾਇਆ ਇਹ ਪੇਂਡੂ ਕਿਸੇ ਸ਼ਾਦੀ ਤੇ ਜਾ ਰਹੇ ਹਨ। ਦਿਨ ਛਿਪਦੇ ਫਿਰੋਜ਼ਪੁਰ ਪੁੱਜਣ ਤੇ ਵੀ ਇਕ ਪੁਲਿਸ ਪਾਰਟੀ ਨੇ ਜੱਥੇ ਨੂੰ ਪੁੱਛ-ਗਿੱਛ ਲਈ ਰੋਕਿਆ। ਜੱਥੇ ਨੇ ਦਸਿਆ ਕਿ ਉਹ ਕਿਸੇ ਦੀਵਾਨ ਉਤੇ ਜਾ ਰਹੇ ਹਨ ਤਾਂ ਉਹਨਾਂ ਅਗੇ ਜਾਣ ਦੀ ਆਗਿਆ ਦੇ ਦਿੱਤੀ।
ਮਿਥੇ ਪ੍ਰੋਗਰਾਮ ਅਨੁਸਾਰ ਕਰਤਾਰ ਸਿੰਘ ਸਰਾਭਾ ਜਥੇ ਨੂੰ ਕਮਾਦਾਂ ਦੇ ਇਕ ਝੁੰਡ ਵਿਚ ਲੈ ਗਿਆ ਜਿਥੇ ਹੋਰ ਗ਼ਦਰੀ ਆਗੂ ਵੀ ਆ ਗਏ । ਉਹ ਅਸਲਾ ਖਾਨੇ ਉਤੇ ਧਾਵਾ ਕਰਨ ਦਾ ਸੰਕੇਤ ਕਰਨ ਦੀ ਉਡੀਕ ਵਿਚ ਸਨ, ਪਰ ਦੂਜੇ ਪਾਸੇ ਤੋਂ ਧਾਵਾ ਨਾ ਕਰਨ ਦਾ ਸੁਨੇਹਾ ਮਿਲ ਗਿਆ। ਮੁਖ਼ਬਰ ਕਿਰਪਾਲ ਸਿੰਘ ਨੇ ਸਾਰਾ ਭੇਤ ਅੰਗਰੇਜ਼ ਸਰਕਾਰ ਨੂੰ ਦੇ ਦਿੱਤਾ ਅਤੇ ਸਰਕਾਰ ਚੌਕੰਨੀ ਹੋ ਗਈ। ਸਰਕਾਰ ਨੇ ਫ਼ੌਜ ਤੋਂ ਹਥਿਆਰ ਲੈ ਲਏ ਸਨ ਅਤੇ ਥਾਉਂ-ਥਾਈਂ ਸਭ ਤਰ੍ਹਾਂ ਦੀਆਂ ਤਕੜਾਈਆਂ ਕਰ ਦਿੱਤੀਆਂ ਸਨ । ਇਉਂ ਇਹ ਸਾਰੀ ਬਣੀ ਬਣਾਈ ਸਕੀਮ ਫੇਲ੍ਹ ਹੋ ਗਈ। ਫ਼ਲਸਰੂਪ ਸਾਰੇ ਗ਼ਦਰੀ ਪਿੰਡ ਪੁੰਡ ਗਏ। ਭਾਈ ਸਾਹਿਬ ਰਣਧੀਰ ਸਿੰਘ ਆਪਣੇ ਜੱਥੇ ਸਮੇਤ ਨਾਰੰਗਵਾਲ ਵਾਪਿਸ ਮੁੜ ਗਏ। ਜਿਥੋਂ ਜੱਥੇ ਵਿਚ ਸ਼ਾਮਲ ਵਿਅਕਤੀ ਆਪੋ ਆਪਣੇ ਟਿਕਾਣੇ ਵਲ ਚਲ ਪਏ । ਭਾਈ ਸਾਹਿਬ ਵੀ ਨਾਰੰਗਵਾਲ ਤੋਂ ਆਪਣੇ ਪਿਤਾ। ਪਾਸ ਨਾਭੇ ਚਲੇ ਗਏ।
ਗ੍ਰਿਫ਼ਤਾਰੀ ਤੇ ਸਜ਼ਾ :
9 ਮਈ 1915 ਨੂੰ ਆਪ ਜੀ ਨੂੰ ਨਾਭੇ ਨਜ਼ਰਬੰਦ ਕਰ ਦਿੱਤਾ । 17 ਜੂਨ ਨੂੰ ਲੁਧਿਆਣੇ ਲਿਆਂਦਾ ਗਿਆ। 19 ਜੂਨ ਨੂੰ ਆਪ ਨੂੰ ਗਿ੍ਫ਼ਤਾਰ ਕਰਕੇ ਹਫ਼ਤਾ ਲੁਧਿਆਣੇ ਹਵਾਲਾਤ ਵਿਚ ਰਖਿਆ ਗਿਆ। 27 ਅਕਤੂਬਰ, 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਸਾਰੇ ਫੜੇ ਗਏ ਸਾਥੀਆਂ ਸਮੇਤ ਭੇਜ ਦਿੱਤਾ ਗਿਆ । ਸਾਢੇ ਚਾਰ ਮਹੀਨੇ ਦੀ ਅਦਾਲਤੀ ਕਾਰਵਾਈ ਉਪਰੰਤ ਟ੍ਰਿਬਿਊਨਲ ਵਲੋਂ 30 ਮਾਰਚ 1916 ਨੂੰ ਸੁਣਾਏ ਗਏ ਫੈਸਲੇ ਅਨੁਸਾਰ 6 ਗ਼ਦਰੀ ਸਾਥੀਆਂ ਨੂੰ ਫਾਂਸੀ, 19 ਨੂੰ ਉਮਰ ਕੈਦ, ਕਾਲੇ ਪਾਣੀ, ਜਾਇਦਾਦ ਜ਼ਬਤੀ ਦੀ ਸਜਾ, 35 ਹੋਰਾਂ ਨੂੰ ਘੱਟ ਮਿਆਦ ਦੀਆਂ ਸਜ਼ਾਵਾਂ ਦਿੱਤੀਆਂ। ਇਸ ਕੇਸ ਵਿਚ 15 ਨੂੰ ਬਰੀ ਕੀਤਾ। ਗਿਆ। ਭਾਈ ਸਾਹਿਬ ਰਣਧੀਰ ਸਿੰਘ ਉਨ੍ਹਾਂ 19 ਸਾਥੀਆਂ ਵਿਚੋਂ ਸਨ, ਜਿਹਨਾਂ ਨੂੰ ਦੂਜੇ ਲਾਹੌਰ ਸਾਜਿਸ਼ ਕੇਸ ਵਿਚ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜਾ ਦਿੱਤੀ ਗਈ। ਸਿੰਘਾਂ ਨੂੰ ਸਜ਼ਾ ਸੁਣਾਉਣ ਪਿਛੋਂ ਜੇਲ੍ਹ ਦੀ ਵਰਦੀ ਪੁਆਈ ਗਈ, ਜਿਸ ਵਿਚ ਦਸਤਾਰਾਂ ਦੀ ਥਾਂ ਟੋਪੀਆਂ ਤੇ ਤੇੜ ਨਿਕਰਾਂ ਸਨ । ਸਿੰਘਾਂ ਨੇ ਟੋਪੀਆਂ ਤੇ ਨਿਕਰਾਂ ਪਾਉਣੋਂ ਇਨਕਾਰ ਕਰ ਦਿੱਤਾ। ਸਿੰਘ ਦਸਤਾਰਾਂ, ਛੋਟੀਆਂ ਕੇਸਕੀਆਂ ਯਾ ਪਰਨੇ, ਤੇੜ ਕਛਿਹਰੇ ਪਾਉਣ ਦੀ ਜ਼ਿਦ ਤੇ ਅੜੇ ਰਹੇ। ਜਦੋਂ ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੰਗੇ ਸਿਰ ਰਹਿਣ ਦਾ ਫੈਸਲਾ ਕੀਤਾ।
3 ਅਪ੍ਰੈਲ, 1916 ਨੂੰ ਰਾਤ ਦੀ ਗੱਡੀ ਰਾਹੀਂ ਲਾਹੌਰੋਂ ਮੁਲਤਾਨ ਲਈ ਚਾਲੇ ਪੈ ਗਏ ਤੇ ਅਗਲੇ ਦਿਨ ਮੁਲਤਾਨ ਜੇਲ੍ਹ ਵਿਚ ਪੁਜ ਗਏ। ਏਥੋਂ ਦਾ ਦਰੋਗਾ ਸਦਾ ਨੰਦ ਬਹੁਤ ਹੈ ਮਾੜਾ ਬੰਦਾ ਸੀ, ਉਸਨੇ ਸਿੰਘਾਂ ਤੇ ਬੜੀ ਸਖ਼ਤੀ ਕੀਤੀ। ਭਾਈ ਸਾਹਿਬ 4 ਅਪ੍ਰੈਲ ਤੋਂ! ਮਈ ਤੱਕ 40 ਦਿਨ ਬਿਨਾਂ ਅੰਨ ਜਲ ਦੇ ਭੁੱਖ ਹੜਤਾਲ ਰੱਖ ਲਈ । ਮੁਲਤਾਨ ਦੀ ਗਰਮੀ ਮਸ਼ਹੂਰ ਸੀ। ਪਾਣੀ ਅਤੇ ਪਰਸ਼ਾਦੇ ਦਾ ਪ੍ਰਬੰਧ ਕੋਈ ਨਾ, ਉਪਰੋਂ ਸਖਤ ਮੁਸ਼ਕਤਾਂ ਅਤੇ ਸਜ਼ਾਵਾਂ ਦੇ ਹੁਕਮ ਜਾਰੀ ਕਰ ਦਿੱਤੇ। ਅਜਿਹੀ ਹਾਲਤ ਵਿਚ ਹੱਥਕੜੀਆਂ, ਖੜੇ ਡੋਡੇ ਖੇਡੀਆਂ ਤੇ ਟਾਟ ਵਰਦੀ ਦੀ ਸਜਾ, ਧੁੱਪੇ ਖੜੇ ਕਰਨ ਦੀ ਸਜਾ, ਨਾਲ ਹੀ ਚਾਲੀ ਦਿਨਾਂ ਦਾ ਕਰਾਰਾ ਲੱਗਾ ਹੋਇਆ, ਇਨ੍ਹਾਂ ਹਲਾਤਾਂ ਵਿਚ ਭਾਈ ਸਾਹਿਬ ਦੀਆਂ ਨਕਸੀਰਾਂ ਫੁੱਟਣ ਤੇ ਰੂ ਦੀਆਂ ਤਤੀਰੀਆਂ ਵੱਗਣ। ਦਿਨਾਂ ਵਿਚ ਹੀ ਵਜ਼ਨ 134 ਪੌਂਡ ਤੋਂ ਘਟਦਾ ਘਟਦਾ 96 ਪੌਂਡ ਰਹਿ ਗਿਆ। ਸ਼ਰੀਰ ਬਹੁਤ ਨਿਰਬਲ ਹੋ ਗਿਆ। ਇਹ ਖ਼ਬਰ ਬਾਹਰ ਫੈਲ ਗਈ ਕਿ ਭਾਈ ਸਾਹਿਬ ਨੂੰ ਭੁੱਖਿਆਂ ਮਾਰ ਦਿਤਾ ਗਿਆ ਹੈ, ਤਾਂ ਜਾ ਕੇ ਉਹਨਾਂ ਨੂੰ ਫਲ, ਸਾਬੂ ਦਾਣਾ ਅਤੇ ਛੋਲੇ ਦਿਤੇ ਜਾਣ ਲਗੇ। ਰੋਟੀ ਪਕਾਉਣ ਦੀ ਇਜਾਜ਼ਤ ਫਿਰ ਵੀ ਨਾ ਮਿਲੀ। ਇਕ ਸਾਲ ਭਾਈ ਸਾਹਿਬ ਇਸੇ ਖੁਰਾਕ ਤੇ ਰਹੇ। ਕੈਦੀਆਂ ਉਪਰ ਬਹੁਤ ਸਖ਼ਤੀਆਂ ਹੋਈਆਂ। ਅੰਤ, ਭਾਈ ਸਾਹਿਬ ਨੇ ਆਪਣੀਆਂ ਸ਼ਰਤਾਂ ਮਨਾ ਕੇ ਆਪਣੀ ਭੁੱਖ ਹੜਤਾਲ ਛੱਡੀ।
ਜੁਲਾਈ, 1917 ਵਿਚ ਭਾਈ ਸਾਹਿਬ ਹੋਰਾਂ ਨੂੰ ਦੂਸਰੇ ਕੈਦੀਆਂ ਨਾਲ, ਜਿਹਨਾਂ ਦੀ ਸਜਾ 7 ਸਾਲ ਜਾਂ ਵਧੇਰੇ ਸੀ, ਹਜ਼ਾਰੀ ਬਾਗ ਜੇਲ੍ਹ ਭੇਜ ਦਿੱਤਾ ਗਿਆ। ਇਥੇ ਵੀ ਉਹਨਾਂ ਨੂੰ ਦੋ ਵਾਰ ਭੁੱਖ ਹੜਤਾਲ ਕਰਨੀ ਪਈ। ਸੰਨ 1921 ਵਿਚ ਭਾਰਤ ਦੀ ਸਭ ਤੋਂ ਪੁਰਾਣੀ ਜੇਲ੍ਹ ਰਾਜਮੁੰਦਰੀ ਵਿਚ ਸਿਫ਼ਟ ਕਰ ਦਿਤਾ ਗਿਆ ਜਿਥੇ ਉਹ 13 ਮਈ 1922 ਤਕ ਰਹੇ ਤੇ ਬਾਅਦ ਵਿਚ ਉਹਨਾਂ ਨੂੰ ਨਾਗਪੁਰ ਜੇਲ੍ਹ ਵਿਚ ਭੇਜਿਆ ਗਿਆ । ਇਹ ਜੇਲ੍ਹ ਯਾਤਰਾ ਦਾ ਸਭ ਤੋਂ ਕਠਿਨ ਤੇ ਦੁਖਦਾਈ ਹਿੱਸਾ ਸੀ । ਲੰਮੀ ਭੁੱਖ ਹੜਤਾਲ ਕਰਨ ਤੇ ਉਹਨਾਂ ਨੂੰ ਜ਼ਬਰਦਸਤੀ ਖਾਣਾ ਖੁਆਉਣ ਸਮੇਂ ਦੰਦ ਤੋੜ ਦਿੱਤੇ ਗਏ। ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਉਹਨਾਂ ਨੂੰ ਜਬਰੀ ਗਊ ਦਾ ਸੂਪ ਦਿਤਾ ਜਾਵੇਗਾ। ਸਮੁੱਚੇ ਪੰਥ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਦਿਵਸ ਮਨਾਇਆ । ਪਰ ਉਹ ਸਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ।
16 ਮਈ 1930 ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਤਬਦੀਲ ਕੀਤਾ ਗਿਆ। ਇਹ ਉਹਨਾਂ ਦੀ ਜੇਲ੍ਹ ਯਾਤਰਾ ਦਾ ਅੰਤਲਾ ਪੜਾਅ ਸੀ । 4 ਅਕਤੂਬਰ, 1930 ਨੂੰ ਉਹਨਾਂ ਦੀ ਰਿਹਾਈ ਦੇ ਹੁਕਮ ਹੋਏ। ਰਿਹਾਈ ਵਾਲੇ ਦਿਨ ਭਗਤ ਸਿੰਘ ਸ਼ਹੀਦ ਨਾਲ ਮੁਲਾਕਾਤ ਹੋਈ । ਉਹ ਕਾਫ਼ੀ ਸਮੇਂ ਤੋਂ ਭਾਈ ਸਾਹਿਬ ਦੇ ਦਰਸ਼ਨਾਂ ਨੂੰ ਲੋਚਦਾ ਸੀ। ਇਹ ਉਨ੍ਹਾਂ ਦੀ ਇਤਿਹਾਸਿਕ ਮੁਲਾਕਾਤ ਸੀ, ਜਿਸ ਦਾ ਬਿਰਤਾਂਤ ਉਹਨਾਂ ਨੇ ਆਪਣੀ “ਜੇਲ੍ਹ ਚਿੱਠੀਆਂ” ਪੁਸਤਕ ਵਿਚ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ।
ਭਾਈ ਸਾਹਿਬ ਰਣਧੀਰ ਸਿੰਘ ਜੀ ਇਕ ਚੰਗੇ ਨਿਬੰਧਕਾਰ, ਲੇਖਕ, ਕਵੀ ਤੇ ਵਿਦਵਾਨ ਸਨ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ ਵਿਚ 40 ਤੋਂ ਉਤੇ ਪੁਸਤਕਾਂ ਤੇ ਟੈਕਟ ਲਿਖੇ, ਉਹਨਾਂ ਵਿਚੋਂ “ਜੋਤ ਵਿਗਾਸ” ਕਾਵਿ ਪੁਸਤਕ ਦਾ ਹਜ਼ਾਰੀ ਬਾਗ ਜੇਲ੍ਹ ਵਿਚ ਫੁਰਨਾ ਫੁਰਿਆ ਸੀ । ਜੇਲ੍ਹ ਚਿੱਠੀਆਂ ਦਾ ਆਗਮਨ 1922 ਵਿਚ ਰਾਜਮੁੰਦਰੀ ਜੇਲ੍ਹ ਵਿਚੋਂ ਕੀਤਾ ਗਿਆ। ਰਿਹਾਈ ਤੋਂ ਮਗਰੋਂ ਸੰਨ 1931 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਨੂੰ ਸਰਬਉਚ ਸਨਮਾਨ ਨਾਲ ਸਨਮਾਨਿਆ ਗਿਆ । ਇਸ ਤੋਂ ਇਲਾਵਾ ਦੂਜੇ ਤਖ਼ਤਾਂ ਤੇ ਗੁਰੂ ਘਰਾਂ ਵਲੋਂ ਉਹਨਾਂ ਨੂੰ ਵੱਡੇ ਪੱਧਰ ਤੇ ਪ੍ਰਸੰਸਾ ਪੱਤਰ ਤੇ ਸਿਰੋਪਾਉ ਨਾਲ ਨਵਾਜਿਆ ਗਿਆ । 16 ਅਪ੍ਰੈਲ, 1961 ਨੂੰ ਉਹ ਗੁਰਪੁਰੀ ਸਿਧਾਰ ਗਏ।
ਗ਼ਦਰ ਲਹਿਰ ਵਿਚ ਭਾਈ ਸਾਹਿਬ ਰਣਧੀਰ ਸਿੰਘ ਇਕ ਨਾਇਕ ਬਣ ਕੇ ਉਭਰੇ। ਉਨ੍ਹਾਂ ਦੇ ਇਸ਼ਾਰੇ ਤੇ ਵੱਡੀ ਗਿਣਤੀ ਵਿਚ ਉਹਨਾਂ ਦੇ ਸੰਗੀ ਸਾਥੀ, ਜਿਹੜੇ ਜ਼ਿੰਦਗੀ ਦੇ ਹਰ ਮੋੜ ਤੇ ਅਤੇ ਅੰਤਲੇ ਸਮੇਂ ਤੱਕ ਭਾਈ ਸਾਹਿਬ ਰਣਧੀਰ ਸਿੰਘ ਨਾਲ ਨਿਸ਼ਾਨਾ ਬਿਸ਼ਾਨਾ ਤੁਰੇ। ਉਨ੍ਹਾਂ ਬਾਰੇ ਵੀ ਅੱਜ ਦੇ ਇਸ ਲੇਖ ਵਿਚ ਪੰਛੀ ਝਾਤ ਪਾਉਣੀ ਅਤਿ ਜ਼ਰੂਰੀ ਹੈ :-
ਭਾਈ ਲਾਲ ਸਿੰਘ ਨਾਰੰਗਵਾਲ- ਜ਼ਿਲਾ ਲੁਧਿਆਣਾ
ਭਾਈ ਲਾਲ ਸਿੰਘ ਦਾ ਜਨਮ ਸੰਨ 1894 ਨੂੰ ਪਿਤਾ ਸ੍ਰ.ਉਦੇ ਸਿੰਘ ਦੇ ਘਰ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਹ ਤਿੰਨ ਘੋੜ ਸਵਾਰ ਕਵੈਲਰੀ ਰੈਜਮੈਂਟ ਵਿਚ ਸ਼ਾਮਲ ਸਨ। ਜਿਸ ਨੇ ਭਾਈ ਰਣਧੀਰ ਸਿੰਘ ਜੀ ਦੀ ਸੰਗਤ ਵਿਚ ਆ ਕੇ ਨੌਕਰੀ ਛੱਡ ਦਿੱਤੀ। ਇਸ ਨੇ ਗੁਜਰਵਾਲ ਰਾਮ ਸਿੰਘ ਦੇ ਘਰ ਅਖੰਡ ਪਾਠ ਤੋਂ ਬਾਅਦ ਵਾਲੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਉਹ 19 ਫਰਵਰੀ 1915 ਨੂੰ ਫਿਰੋਜ਼ਪੁਰ ਗਦਰੀ ਐਕਸ਼ਨ ਵਿਚ ਭਾਈ ਰਣਧੀਰ ਸਿੰਘ ਨਾਲ ਸ਼ਾਮਲ ਹੋਏ। ਇਸ ਨੂੰ ਵਿਅਕਤੀਗਤ 236 ਅਧੀਨ 1 ਜੁਲਾਈ 1915 ਨੂੰ ਫਤਾਰ ਕਰਕੇ ਲਾਹੌਰ ਸਾਜਸ਼ ਕੇਸ ਵਿਚ ਧਰ ਲਿਆ। ਆਪ ਨੂੰ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਹੋਈ ਜੋ ਬਾਅਦ ਵਿਚ ਟੁੱਟ ਕੇ 10 ਸਾਲ ਰਹਿ ਗਈ। ਮੁਲਤਾਨ ਜੇਲ ਵਿਚੋਂ ਹਜ਼ਾਰੀ ਬਾਗ ਜੇਲ ਵਿਚ ਜਿਹੜੇ 32 ਸਿੰਘਾਂ ਦੇ ਤਬਾਦਲੇ ਹੋਏ ਉਹਨਾਂ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਆਪ ਵੀ ਸਨ । ਹਜ਼ਾਰੀ ਬਾਗ ਜੇਲ ਤੋੜ ਕੇ ਭੱਜਣ ਵਾਲੇ 18 ਸਿੰਘਾਂ ਵਿਚ ਆਪ ਦਾ ਨਾਂ ਵੀ ਸ਼ੁਮਾਰ ਸੀ। ਆਪ ਦੋਬਾਰਾ ਫੜੇ ਜਾਣ ਕਾਰਨ ਦੋ ਸਾਲ ਕੈਦ ਹੋਰ ਹੋਈ। ਇਨ੍ਹਾਂ ਨੂੰ ਇਕ ਸਮਝੌਤੇ ਦੇ ਤਹਿਤ ਜੁਲਾਈ 1923 ਵਿਚ ਰਿਹਾਅ ਕਰ ਦਿੱਤਾ ਗਿਆ । ਸੰਨ 1929 ਵਿਚ ਇਕ ਪੜਤਾਲੀਆ ਰਿਪੋਰਟ ਅਨੁਸਾਰ ਪਤਾ ਲੱਗਾ। ਕਿ ਉਹ ਸਿਆਸੀ ਲੋਕਾਂ ਨਾਲ ਰਾਬਤਾ ਨਹੀਂ ਰਖਦਾ। ਉਹ ਅਕਾਲੀ ਖਿਆਲਾਂ ਦਾ ਬੰਦਾ ਹੈ। ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਦਾ ਸਾਥੀ ਹੈ। ਇਸ ਨੂੰ ਅਖੀਰ ਵਿਚ ਜਾਇਦਾਦ ਜ਼ਬਤੀ ਤੋਂ ਫਾਰਗ ਕਰ ਦਿੱਤਾ ਗਿਆ ਕਿਉਂਕਿ ਇਸ ਨੇ ਬਗਾਵਤ ਵਿਚ ਥੋੜ੍ਹਾ। ਜਿਹਾ ਹੀ ਹਿੱਸਾ ਲਿਆ ਸੀ।
ਭਾਈ ਸੱਜਣ ਸਿੰਘ ਨਾਰੰਗਵਾਲ (ਜ਼ਿਲ੍ਹਾ ਲੁਧਿਆਣਾ)
ਭਾਈ ਸੱਜਣ ਸਿੰਘ ਦਾ ਜਨਮ 1898 ਈਸਵੀ ਨੂੰ ਪਿਤਾ ਸ੍ਰ. ਮੋਹਨ ਸਿੰਘ ਦੇ ਘਰ ਨਾਰੰਗਵਾਲ ਵਿਖੇ ਹੋਇਆ। ਛੋਟੀ ਉਮਰ ਵਿਚ ਹੀ ਭਾਈ ਸਾਹਿਬ ਰਣਧੀਰ ਸਿੰਘ ਦੀ ਸੰਗਤ ਵਿਚ ਆ ਗਏ। ਮਾਲਵਾ ਖਾਲਸਾ ਹਾਈ ਸਕੂਲ- ਲੁਧਿਆਣਾ ਵਿਚ ਪੜ੍ਹਦੇ ਸਮੇਂ ਆਪ ਗਦਰੀਆਂ ਵਿਚ ਸ਼ਾਮਲ ਹੋ ਗਏ । 19 ਫਰਵਰੀ- 1915 ਦੇ ਫਿਰੋਜ਼ਪੁਰ ਐਕਸ਼ਨ ਤੋਂ ਪਹਿਲਾਂ 17 ਫਰਵਰੀ ਲੁਧਿਆਣੇ ਲਾਗੇ ਪਿੰਡ ਢੰਡਾਰੀ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਆਪ ਭਾਈ ਕਰਤਾਰ ਸਿੰਘ ਸਰਾਭਾ ਨਾਲ ਲਾਹੌਰ ਹੈਡਕੁਆਰਟਰ ‘ਤੇ ਪਹੁੰਚ ਗਏ- ਜਿਥੇ ਆਪ ਦਾ ਮੇਲ ਰਾਸ ਬਿਹਾਰੀ ਬੋਸ ਨਾਲ ਹੋਇਆ । ਲਾਹੌਰ ਵਿਚ ਹੈਡਕੁਆਰਟਰ ਵਰਗੀ ਬਹੁਤ ਹੀ ਮਹੱਤਵਪੂਰਣ ਥਾਂ ਉਤੇ ਕੰਮ ਕੀਤਾ। ਇਸ ਨੌਜਵਾਨ ਨੇ ਸਭ ਤੋਂ ਪਹਿਲਾਂ ਮੁਖਬਰ ਕਿਰਪਾਲ ਸਿੰਘ ‘ਤੇ ਸ਼ੱਕ ਕੀਤਾ ਸੀ ਤੇ ਇਹਦੀ ਇਹ ਡਿਊਟੀ ਲਾਈ ਗਈ ਸੀ ਕਿ ਇਸ ਗ਼ੱਦਾਰ ਨੂੰ ਦਦੇਹਰ (ਅੰਮ੍ਰਿਤਸਰ) ਜਾ ਕੇ ਮਰਵਾ ਦੇਵੇਗਾ ਪਰ ਗਦਾਰ ਪਹਿਲਾਂ ਹੀ ਇਸ ਦੇ ਇਰਾਦੇ ਨੂੰ ਭਾਂਪ ਗਿਆ ਤੇ ਰਫੂ ਚੱਕਰ ਹੋ ਗਿਆ।
ਇਹ ਸੱਜਣ ਸਿੰਘ ਹੀ ਸੀ ਜਿਸਨੇ 23 ਨੰਬਰ ਰਸਾਲੇ ਦੀ ਲਾਹੌਰ ਮੀਆਂ ਮੀਰ ਛਾਉਣੀ ਸਥਿਤੀ ਪਲਟਨ ਦੇ ਗਦਰੀਆਂ ਨਾਲ ਸੰਪਰਕ ਰਖਿਆ ਸੀ । 19 ਫਰਵਰੀ ਨੂੰ ਲਾਹੌਰ ਪਾਰਟੀ ਦੇ ਹੈਡਕੁਆਰਟਰ ਦੀ ਪੁਲਸ ਤਲਾਸ਼ੀ ਲੈ ਰਹੀ ਸੀ ਤਾਂ ਇਸ ਨੂੰ ਰਾਸ ਬਿਹਾਰੀ ਬੋਸ ਘੋੜਾ ਬੱਗੀ ‘ਤੇ ਸਵਾਰ ਉਸੇ ਮਕਾਨ ਨੂੰ ਜਾਂਦਾ ਦਿਸ ਪਿਆ । ਇਸ ਨੇ ਇਸ਼ਾਰੇ ਨਾਲ ਉਸ ਨੂੰ ਉਧਰ ਜਾਣੋਂ ਵਰਜ ਦਿੱਤਾ ਤੇ ਫਿਰ ਰਾਸ ਬਿਹਾਰੀ ਬੋਸ ਉਸੇ ਰਾਤ ਗੱਡੀ ਫੜ ਕੇ ਲਾਹੌਰੋਂ ਬਚ ਕੇ ਨਿਕਲਣ ਵਿਚ ਸਫਲ ਹੋਇਆ ਸੀ। ਇਹ ਰਾਸ ਬਿਹਾਰੀ ਬੋਸ ਦਾ ਬੇਹਦ ਇਤਬਾਰੀ ਤੇ ਖੁਫੀਆਂ ਬੰਦਾ ਸੀ।
ਭਾਈ ਸੱਜਣ ਸਿੰਘ ਨਾਰੰਗਵਾਲ ਲਾਹੌਰ ਹੈਡਕੁਆਰਟਰ ਵਿਚ ਗਦਰੀ ਲੀਡਰਾਂ ਦੇ ਸੁਨੇਹਿਆਂ ਦਾ ਆਦਾਨ ਪ੍ਰਦਾਨ ਕਰਦਾ ਸੀ । 23ਵੇਂ ਰਸਾਲੇ ਦੀ ਖਬਰ ਦੇਣ ਲਈ ਭੇਜਿਆ। ਗਿਆ ਜੋ ਪਤਾ ਲਿਆਇਆ ਕਿ ਸਭ ਰਸਾਲਾ ਤਿਆਰ ਹੈ। ਫਿਰ ਸੱਜਣ ਸਿੰਘ ਭਾਈ ਕਰਤਾਰ ਸਿੰਘ ਸਰਾਭੇ ਨਾਲ ਫਿਰੋਜ਼ਪੁਰ ਗਿਆ ਉਥੇ ਵੀ 26ਵੀਂ ਪੰਜਾਬੀ ਪਲਟਨ ਨਾਲ ਸੰਪਰਕ ਕੀਤਾ।
ਉਹ ਪਹਿਲਾਂ ਦੂਜੇ ਸਾਜਿਸ਼ ਕੇਸ ਦਾ ਭਗੌੜਾ ਸੀ ਪਰ ਫਿਰ 19 ਜੂਨ 1915 ਨੂੰ ਗ੍ਰਿਫਤਾਰ ਕਰ ਲਿਆ ਗਿਆ । ਜੱਜਾਂ ਵਲੋਂ ਉਹਨਾਂ ਨੂੰ ਦੂਜਾ ਸਰਾਭਾ ਕਿਹਾ ਗਿਆ। ਉਹਨਾਂ ਦਾ ਵਿਚਾਰ ਸੀ ਕਿ ਹੈ ਤਾਂ ਇਹ ਫਾਂਸੀ ਦਾ ਹੱਕਦਾਰ ਪਰ ਉਮਰ ਛੋਟੀ ਹੋਣ ਕਾਰਨ ਇਸਨੂੰ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ । ਬਾਅਦ ਵਿਚ ਦਸ ਸਾਲ ਸਜ਼ਾ ਘਟਾ ਦਿੱਤੀ ਗਈ ਸੀ।
ਪਹਿਲਾਂ ਪਹਿਲ ਆਪ ਨੂੰ ਮੁਲਤਾਨ ਜੇਲ ਵਿਚ ਹੀ ਰੱਖਿਆ ਗਿਆ ਇਹ ਭਾਈ ਸਾਹਿਬ ਰਣਧੀਰ ਸਿੰਘ ਤੇ 32 ਸਿੰਘਾਂ ਨਾਲ ਮੁਲਤਾਨ ਜੇਲ ਤੋਂ ਹਜ਼ਾਰੀ ਬਾਗ ਲਿਆਂਦਾ ਗਿਆ । ਹਜ਼ਾਰੀ ਬਾਗ ਜੇਲ ਤੋੜ ਕੇ ਭੱਜਣ ਵਾਲੇ 18 ਸਿੰਘਾਂ ਵਿਚ ਆਪ ਵੀ ਸ਼ਾਮਲ ਸਨ। ਪਰ ਆਪ ਦੋਬਾਰਾ ਫੜੇ ਗਏ ਤੇ ਫਿਰ 2 ਸਾਲ ਦੀ ਹੋਰ ਕਠੋਰ ਕੈਦ ਹੋਈ । ਫਿਰ ਆਪ ਜੀ ਨੂੰ ਇਕ ਸਮਝੌਤੇ ਤਹਿਤ ਅਕੋਲਾ ਜੇਲ ਤੋਂ ਸੰਨ 1923 ਵਿਚ ਰਿਹਾਅ ਕਰ ਦਿੱਤਾ ਗਿਆ। ਪਿੰਡ ਵਿਚ ਹੀ ਪੰਜ ਸਾਲ ਦੀ ਨਿਗਰਾਨੀ ਹੇਠ ਰੱਖਿਆ। ਫਿਰ ਸੰਨ 1924 ਵਿਚ ਮਾਸਟਰ ਮੋਤਾ ਸਿੰਘ- ਨਾਗਪੁਰ ਜੇਲ ਦੇ ਗਦਰੀਆਂ ਦੇ ਸੰਪਰਕ ਵਿਚ ਰਿਹਾ ਅਤੇ ਬੰਦਸ਼ਾਂ ਨੂੰ ਖਤਮ ਕਰਨ ਦੀ ਬੇਨਤੀ ਅਸਵੀਕਾਰ ਕੀਤੀ ਗਈ। ਇਹ ਬੰਦਸ਼ਾਂ ਆਖਿਰ ਪੂਰੀ ਤਰ੍ਹਾਂ ਜਨਵਰੀ 1929 ਵਿਚ ਖਤਮ ਹੋਈਆਂ। ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਰਿਹਾਅ ਹੋਣ ਤੋਂ ਬਾਅਦ ਇਹ ਉਹਨਾਂ ਦੀ ਸੰਗਤ ਵਿਚ ਹੀ ਵਿਚਰੇ। ਆਪ 16 ਨਵੰਬਰ 1981 ਨੂੰ ਪਰਲੋਕ ਸਿਧਾਰ ਗਏ।
ਭਾਈ ਮਸਤਾਨ ਸਿੰਘ ਨਾਰੰਗਵਾਲ (ਜ਼ਿਲ੍ਹਾ ਲੁਧਿਆਣਾ)
ਭਾਈ ਮਸਤਾਨ ਸਿੰਘ ਸੰਨ 1906-07 ਵਿਚ ਅਮਰੀਕਾ ਚਲੇ ਗਏ ਸਨ ਅਤੇ ਉਥੋਂ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ। ਜਦ ਦੇਸ਼ ਵਿਚ ਗਦਰ ਦੀਆਂ ਗੂੰਜਾਂ ਪੈਣ ਲਗੀਆਂ 66 ਆਸਟ੍ਰੇਲੀਅਨ ਰਾਹੀਂ ਵੈਨਕੂਵਰ ਤੋਂ 21 ਦਸੰਬਰ 1914 ਵਿਚ ਈਸ਼ਰ ਸਿੰਘ- ਰੰਗਾ ਸਿੰਘ- ਉਤਮ ਸਿੰਘ ਸਮੇਤ ਹਿੰਦ ਆਪਣੇ ਪਿੰਡ ਵਾਪਸ ਆ ਗਏ। ਆਪ ਨੇ ਭਾਈ ਰਣਧੀਰ ਸਿੰਘ ਜੀ ਦੇ ਜਥੇ ਵਿਚ ਸ਼ਾਮਲ ਹੋ ਕੇ ਗਦਰੀ ਐਕਸ਼ਨ ਵਿਚ ਹਿੱਸਾ ਲਿਆ। ਆਪ ਨੂੰ ਪਹਿਲੇ ਸਪਲੀਮੈਂਟਰੀ ਕੇਸ ਵਿਚ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ ਜੋ ਬਾਅਦ ਵਿਚ ਘਟਾ ਕੇ 14 ਸਾਲ ਕਰ ਦਿੱਤੀ ਗਈ। ਪਹਿਲਾਂ ਪਹਿਲ ਆਪ ਨੂੰ ਮੁਲਤਾਨ ਜੇਲ ਵਿਚ ਰੱਖਿਆ ਗਿਆ। ਫਿਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੇ 32 ਸਿੰਘਾਂ ਨਾਲ ਮੁਲਤਾਨ ਜੇਲ ਤੋਂ ਹਜ਼ਾਰੀ ਬਾਗ ਜੇਲ ਵਿਚ ਲਿਆਂਦਾ ਗਿਆ । ਆਪ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਹਜ਼ਾਰੀ ਬਾਗ ਜੇਲ੍ਹ ਵਿਚ ਰਹੇ- ਜਿਥੇ ਉਹਨਾਂ ਦੀ ਸੰਗਤ ਕਾਰਨ ਕਈ ਬਾਣੀਆਂ ਦਾ ਪਾਠ ਇਨ੍ਹਾਂ ਨੂੰ ਜ਼ੁਬਾਨੀ ਕੰਠ ਹੋ ਗਿਆ । ਇਹ ਗੁਜਰਵਾਲ ਵਾਲੇ ਭਾਈ ਰਾਮ ਸਿੰਘ ਦੇ ਘਰ ਪਾਠ ਤੋਂ ਬਾਅਦ ਵਾਲੀ ਮੀਟਿੰਗ ਵਿਚ ਹਾਜ਼ਰ ਸਨ। ਭਾਈ ਹਰਨਾਮ ਸਿੰਘ ਗੁੱਜਰਵਾਲ (ਜ਼ਿਲ੍ਹਾ ਲੁਧਿਆਣਾ)
ਭਾਈ ਹਰਨਾਮ ਸਿੰਘ ਦਾ ਜਨਮ ਸੰਨ 1885 ਵਿਚ ਸ. ਨਰਾਇਣ ਸਿੰਘ ਦੇ ਘਰ ਪਿੰਡ ਗੱਜਰਵਾਲ- ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ । ਆਪ 45 ਸਿੱਖ ਰੈਜਮੈਂਟ ਨੌਸ਼ਹਿਰਾ ਵਿਚ ਭਰਤੀ ਹੋਏ। ਸੰਨ 1907 ਵਿਚ ਲਹਿਰ ਵਿਚ ਉਸਨੂੰ 45 ਸਿੱਖ ਰੈਜਮੈਂਟ ਵਿਚੋਂ ਜਿਥੇ ਉਹ ਹਵਲਦਾਰ ਸੀ- ਕੱਢਿਆ ਗਿਆ। ਘਰੋਂ ਪੈਸੇ ਲੈ ਕੇ ਅਮਰੀਕਾ ਲਈ ਰਵਾਨਾ ਹੈ। ਗਿਆ। ਪਰ ਹਾਂਗਕਾਂਗ ਪਹੁੰਚ ਕੇ ਵਾਚਮੈਨ ਦੀ ਨੌਕਰੀ ਮਿਲ ਗਈ। ਸੰਨ 1911 ਵਿਚ ਹਾਂਗਕਾਂਗ ਦੇ ਗੁਰੂ ਘਰ ਦੀ ਸੇਵਾ ਸੰਭਾਲ ਦੇ ਕਾਰਜਾਂ ਵਿਚ ਹਿੱਸਾ ਲਿਆ। ਸੰਨ 1913 ਵਿਚ ਇਹ ਗੁਰੂ ਘਰ ਗਦਰ ਪਾਰਟੀ ਦੀ ਬਰਾਂਚ ਵਿਚ ਬਦਲ ਗਿਆ । ਆਪ 25 ਨੰਬਰ ਸਿੱਖ ਪਲਟਨ ਨੂੰ ਹਾਂਗਕਾਂਗ ਮਿਲਦੇ ਰਹੇ । ਇਥੇ ਗਦਰ ਅਖਬਾਰ ਰੱਖਣ ਉਤੇ 6 ਮਹੀਨੇ ਦੀ ਸਜ਼ਾ ਹੋਈ। ਅਪ੍ਰੈਲ 1914 ਕਾਮਾਗਾਟਾਮਾਰੂ ਦੇ ਯਾਤਰੀਆਂ ਵਿਚ ਸ਼ਾਮਲ ਹੋ ਗਏ। ਫਿਰ ਕਾਮਾਗਾਟਾਮਾਰੂ ਰਾਹੀਂ 26 ਸਤੰਬਰ 1914 ਨੂੰ ਹਿੰਦੋਸਤਾਨ ਪਰਤੇ ਸਨ । ਇਹਨਾਂ ਨੂੰ ਮਾਨਭੂਮ ਦੀ ਥਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਦੇਸ਼ ਪਰਤਣ ‘ਤੇ ਨਾਰੰਗਵਾਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸੰਪਰਕ ਵਿਚ ਆਏ। ਇਹ ਰਾਮ ਸਿੰਘ ਗੁਜਰਵਾਲ ਦੇ ਘਰ ਹੋਈ ਮੀਟਿੰਗ ਵਿਚ ਸ਼ਾਮਲ ਹੋਏ- ਜਿਸ ਵਿਚ ਫਿਰੋਜ਼ਪੁਰ ਐਕਸ਼ਨ ਬਾਰੇ ਤਹੱਈਆ ਕੀਤਾ ਗਿਆ। 19 ਫਰਵਰੀ 1915 ਗਦਰ ਦੀ ਤਾਰੀਖ ਵਾਲੇ ਦਿਨ ਫਿਰੋਜ਼ਪੁਰ ਗਦਰੀਆਂ ਦੇ ਇਕੱਠ ਵਿਚ ਸ਼ਾਮਲ ਹੋਏ । 25 ਜੂਨ 1915 ਨੂੰ ਆਪ ਦੀ ਗ੍ਰਿਫਤਾਰੀ ਹੋਈ । 30 ਮਾਰਚ 1916 ਦੂਜੇ ਸਾਜਸ਼ ਕੇਸ ਵਿਚ ਉਮਰ ਕੈਦ ਅਤੇ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿੱਤੇ ਗਏ। ਆਪ ਹਜ਼ਾਰੀ ਬਾਗ ਅਤੇ ਬੈਲੂਰ ਜੇਲ ਵਿਚ ਰਹੇ। ਇਹਨਾਂ ਨੂੰ ਸਮਝੌਤੇ ਤਹਿਤ ਮਈ 1930 ਨੂੰ ਰਿਹਾਅ ਕੀਤਾ ਗਿਆ । ਪੁਲਸ ਦੀ ਨਿਗਰਾਨੀ ਹੇਠ 3 ਸਾਲ ਆਪਣੇ ਪਿੰਡ ਵਿਚ ਰਹਿਣ ਦਾ ਆਦੇਸ਼ ਦਿੱਤਾ ਗਿਆ। ਭਾਈ ਜਗਤ ਸਿੰਘ ਗੁੱਜਰਵਾਲ (ਜ਼ਿਲ੍ਹਾ ਲੁਧਿਆਣਾ)
ਭਾਈ ਜਗਤ ਸਿੰਘ ਗੱਜਰਵਾਲ ਦਾ ਜਨਮ ਪਿਤਾ ਦੇਵਾ ਸਿੰਘ ਦੇ ਘਰ ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ। ਆਪ ਅਮਰੀਕਾ ਸਾਨਫਰਾਂਸਿਸਕੋ ਤੋਂ 55 ਓਮਸੈਝ ਰਾਹੀਂ 3 ਜਨਵਰੀ ਨੂੰ ਪੰਜਾਬ ਆਏ ਸਨ ਤੇ ਇਥੇ ਭਾਈ ਸਾਹਿਬ ਰਣਧੀਰ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਏ। 20 ਜੁਲਾਈ 1915 ਨੂੰ ਗਿ੍ਫ਼ਤਾਰ ਹੋਏ ਇਨ੍ਹਾਂ ਦੇ ਘਰ ਵੀ ਭਾਈ ਰਣਧੀਰ ਸਿੰਘ ਮੀਟਿੰਗਾਂ ਕਰਦੇ ਰਹੇ। ਇਹ 19 ਫਰਵਰੀ 1915 ਨੂੰ ਫਿਰੋਜ਼ਪੁਰ ਛਾਉਣੀ ਹਮਲੇ ਵਿਚ ਹੋਰਨਾਂ ਵਿਅਕਤੀਆਂ ਨਾਲ ਸ਼ਾਮਲ ਸਨ । ਪਹਿਲਾਂ ਲਾਹੌਰ ਸਪਲੀਮੈਂਟਰੀ ਕੇਸ ਵਿਚ ਜੱਜ ਨੇ ਆਪ ਨੂੰ ਸ਼ੱਕ ਦੀ ਬਿਨਾਅ ‘ਤੇ ਬਰੀ ਕਰ ਦਿੱਤਾ ਸੀ ਪਰ ਦੋ ਜੱਜਾਂ ਨੇ ਆਪ ਨੂੰ ਉਮਰ ਕੈਦ ਅਤੇ ਜਾਇਦਾਦ ਜ਼ਬਤ ਦੀ ਸਜ਼ਾ ਦਿੱਤੀ।
ਭਾਈ ਨਾਹਰ ਸਿੰਘ ਗੁੱਜਰਵਾਲ (ਜ਼ਿਲ੍ਹਾ ਲੁਧਿਆਣਾ)
ਗਿਆਨੀ ਨਾਹਰ ਸਿੰਘ ਦਾ ਜਨਮ ਨਾਨਕੇ ਪਿੰਡ ਰਾਮਗੜ ਵਿਖੇ 1892 ਈਸਵੀ ਨੂੰ ਪਿਤਾ ਠਾਕੁਰ ਸਿੰਘ ਦੇ ਘਰ ਹੋਇਆ। ਕੁਝ ਚਿਰ ਗੁਰਮੁਖੀ ਦੇ ਸਕੂਲ ਗੁੱਜਰਵਾਲ ਵਿਖੇ ਪੜ੍ਹਾਈ ਕੀਤੀ। ਉਪਰੰਤ ਸਰਕਾਰੀ ਸਕੂਲ ਵਿਚ ਦਾਖਲ ਹੋ ਕੇ 1908 ਵਿਚ ਪ੍ਰਾਈਮਰੀ ਪਾਸ ਕਰਕੇ ਖਾਲਸਾ ਹਾਈ ਸਕੂਲ ਲੁਧਿਆਣਾ ਦੀ ਭੁਝੰਗੀ ਸਭਾ ਦੇ ਜਨਰਲ ਸਕੱਤਰ ਹੁੰਦਿਆਂ ਭਾਈ ਰਣਧੀਰ ਸਿੰਘ ਦੀ ਸੰਗਤ ਵਿਚ ਆ ਗਏ।
19 ਫਰਵਰੀ 1915 ਦਾ ਦਿਨ ਗਦਰ ਲਈ ਅੱਧੀ ਰਾਤ ਦਾ ਸਮਾਂ ਨੀਯਤ ਕੀਤਾ ਗਿਆ। ਭਾਈ ਸਾਹਿਬ ਜਥੇ ਸਮੇਤ ਫਿਰੋਜ਼ਪੁਰ ਛਾਉਣੀ ਪਹੁੰਚੇ- ਪਰ ਗਦਰ ਫੇਲ ਹੋ ਗਿਆ। ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਇਆ । 25 ਜੂਨ 1915 ਨੂੰ ਲੁਧਿਆਣਾ ਕੌਤਵਾਲੀ ਨੇ ਆਪ ਨੂੰ ਗ੍ਰਿਫਤਾਰ ਕੀਤਾ। 27 ਅਕਤੂਬਰ ਨੂੰ ਲਾਹੌਰ ਜੇਲ ਪਹੁੰਚੇ । 19 ਅਕਤੂਬਰ ਨੂੰ ਮੁਕੱਦਮਾ ਸ਼ੁਰੂ ਹੋਇਆ। 30 ਮਾਰਚ 1916 ਨੂੰ ਸਾਥੀਆਂ ਸਮੇਤ ਉਮਰ ਕੈਦ ਹੋਈ । 4 ਅਪ੍ਰੈਲ 1916 ਨੂੰ ਮਿੰਟਗੁਮਰੀ ਜੇਲ ਪਹੁੰਚੇ- ਜਿਥੇ 15 ਅਪ੍ਰੈਲ 1919 ਤਕ ਰਹੇ ਅਤੇ ਇਸੇ ਦਿਨ ਰਿਹਾਅ ਹੋ ਕੇ 17 ਅਪ੍ਰੈਲ ਨੂੰ ਆਪਣੇ ਪਿੰਡ ਗੱਜਰਵਾਲ ਪਹੁੰਚੇ ।
1920 ਵਿਚ ਗਿਆਨੀ ਦਾ ਇਮਤਿਹਾਨ ਪਾਸ ਕੀਤਾ । ਅਕਤੂਬਰ 1920 ਤੋਂ ਲੈ ਕੇ ਦਸੰਬਰ 1924 ਤਕ ਕੁਰਾਲੀ ਖਾਲਸਾ ਹਾਈ ਸਕੂਲ ਵਿਚ ਪੰਜਾਬੀ ਟੀਚਰ ਦੀ ਨੌਕਰੀ ਕੀਤੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਵਲੋਂ ਇਹਨਾਂ ਦੇ ਨਾਮ ਲਿਖੀਆਂ ਚਿੱਠੀਆਂ ਨੂੰ ਬੜਾ ਸੰਭਾਲ ਕੇ ਰੱਖਿਆ- ਜੋ ਬਾਅਦ ਵਿਚ ਜੇਲ ਚਿੱਠੀਆਂ ਦੇ ਬਹੁਮੁੱਲੇ ਦਸਤਾਵੇਜ਼ ਦੇ ਰੂਪ ਵਿਚ ਸਾਹਮਣੇ ਆਈਆਂ।
ਆਪ ਪੰਜਾਬੀ ਦੇ ਇਕ ਵਿਦਵਾਨ- ਖੋਜੀ ਹੋਣ ਤੋਂ ਇਲਾਵਾ ਮਸ਼ਹੂਰ ਜਰਨਲਿਸਟ ਵੀ ਸਨ। ‘ਅਸਲੀ ਕੌਮੀ ਦਰਦ’-‘ਸਿੱਖ ਸੇਵਕ’- ‘ਦੁਸ਼ਟ ਦਮਨ’- ‘ਗੁਰੂ ਸੇਵਕ’- ‘ਪੰਜਾਬੀ ਰਤਨ’ ਆਦਿ ਕਈ ਰੋਜ਼ਾਨਾ ਅਤੇ ਸਪਤਾਹਿਕ ਅਖਬਾਰਾਂ ਦੇ ਸਾਲਾਂ ਬੱਧੀ ਐਡੀਟਰ ਰਹੇ। ਆਪ ਨੇ ਆਪਣੀ ਕਲਮ ਨਾਲ ਕਈ ਪੁਸਤਕਾਂ ਵੀ ਲਿਖੀਆਂ ਹਨ- ਜਿਨ੍ਹਾਂ ਵਿਚ ਗਦਰ ਲਹਿਰ ਬਾਰੇ ਜਾਣਕਾਰੀ ਭਰਪੂਰ ‘ਆਜ਼ਾਦੀ ਦੀਆਂ ਲਹਿਰਾਂ’ ਬਹੁਤ ਮਕਬੂਲ ਹੋਈ ਹੈ । ਪੰਜਾ ਸਾਹਿਬ ਦਾ ਇਤਿਹਾਸ- ਗੁਰਮੁਖ ਬਾਬੇ- ਆਜ਼ਾਦੀ ਦੇ ਮੋਢੀ- ਚੌਹਾਂ ਯੁੱਗਾਂ ਦਾ ਨਿਬੇੜਾ ਤੇ ਮੁਕਤਸਰ ਦਾ ਇਤਿਹਾਸ ਆਪ ਦੀਆਂ ਚੋਣਵੀਆਂ ਪੁਸਤਕਾਂ ਹਨ। ਆਪ ਸਿੱਖ ਲੀਗ ਦੇ ਵੀ ਆਗੂਆਂ ਵਿਚੋਂ ਸਨ। ਅੰਤ ਘੜੀ ਤਕ ਪੰਥਕ ਸੇਵਾ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਅੰਗ ਸੰਗ ਰਹੇ।
ਆਪ ਜੀ ਦਾ ਛੋਟਾ ਲੜਕਾ ਸ੍ਰ. ਮਿਰਗਿੰਦ ਸਿੰਘ 5 ਅਪ੍ਰੈਲ 1965 ਨੂੰ ਗੁਜ਼ਰ ਗਿਆ। ਗਿਆਨੀ ਨਾਹਰ ਸਿੰਘ ਜੀ 24 ਅਕਤੂਬਰ 1972 ਨੂੰ ਸੀ.ਐਮ.ਸੀ ਹਸਪਤਾਲ ਵਿਖੇ ਚਲਾਣਾ ਕਰ ਗਏ ਸਨ । ਆਪ ਦਾ ਵੱਡਾ ਸਪੁੱਤਰ ਸ. ਸਰਦੂਲ ਸਿੰਘ (ਜਿਨ੍ਹਾਂ ਦਾ ਜਨਮ 1920 ਦਾ ਹੈ)- ਆਪ ਦੇ ਪੋਤੇ ਡਾ. ਗੁਰਪ੍ਰਕਾਸ਼ ਸਿੰਘ ਪਾਸ ਅਮਰੀਕਾ ਦੇ ਸ਼ਹਿਰ ਸੇਂਟ ਲੁਈਸ ਵਿਖੇ ਰਹਿ ਰਿਹਾ ਹੈ।
ਭਾਈ ਸੁਰਜਨ ਸਿੰਘ ਗੁੱਜਰਵਾਲ (ਜ਼ਿਲ੍ਹਾ ਲੁਧਿਆਣਾ)
ਭਾਈ ਸੁਰਜਨ ਸਿੰਘ ਦਾ ਜਨਮ 19 ਫਰਵਰੀ- 1894 ਨੂੰ ਪਿੰਡ ਗੁੱਜਰਵਾਲ ਸ੍ਰ. ਮਹਾਂ ਸਿੰਘ ਦੇ ਘਰ ਹੋਇਆ। ਇਹ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਅਤਿ ਨਿਕਟਵਰਤੀ ਸਾਥੀਆਂ ਵਿਚੋਂ ਸਨ । ਫਿਰੋਜ਼ਪੁਰ ਵਾਲੇ ਐਕਸ਼ਨ ਸਮੇਂ ਵੀ ਆਪ ਭਾਈ ਸਾਹਿਬ ਦੇ ਜਥੇ ਵਿਚ ਸ਼ਾਮਲ ਸਨ। ਐਕਸ਼ਨ ਦੇ ਫੇਲ ਹੋਣ ਮਗਰੋਂ ਆਪ ਭਗੌੜੇ ਰਹੇ ਤੇ ਫਿਰ ਫਤਾਰ ਕਰ ਲਏ ਗਏ। ਆਪ ਨੂੰ ਪਹਿਲੇ ਸਪਲੀਮੈਂਟਰੀ ਕੇਸ ਵਿਚ ਉਮਰ ਕੈਦ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ- ਜੋ ਬਾਅਦ ਵਿਚ ਘਟਾ ਕੇ ਬਾਮੁਸ਼ੱਕਤ ਪੰਜ ਸਾਲ ਕਰ ਦਿੱਤੀ ਗਈ ਸੀ। ਆਪ ਜਦੋਂ ਮੁਲਤਾਨ ਜੇਲ੍ਹ ਵਿਚ ਸਨ ਤਾਂ ਆਪ ਦਾ ਇਕਲੌਤਾ ਪੁੱਤਰ ਅਕਤੂਬਰ- 1918 ਦੇ ਮਹੀਨੇ ਵਿਚ ਇਨਫਲੂਐਂਜੋ ਦੀ ਬਿਮਾਰੀ ਫੈਲ ਜਾਣ ਕਾਰਨ ਚਲਾਣਾ ਕਰ ਗਿਆ- ਬੀਬੀ ਜੀ ਨੇ ਭਾਣਾ ਮਿੱਠਾ ਕਰਕੇ ਮੰਨਿਆ ਤੇ ਦੂਜੇ ਦਿਨ ਬੀਜੀ ਆਪ ਵੀ ਪ੍ਰਲੋਕ ਸਿਧਾਰ ਗਏ। ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਵੀ ਭਾਈ ਸੁਰਜਨ ਸਿੰਘ ਪੰਥਕ ਸਰਗਰਮੀਆਂ ਵਿਚ ਵਧ ਚੜ੍ਹ ਕੇ ਭਾਗ ਲੈਂਦੇ ਰਹੇ।
ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹਜ਼ਾਰੀ ਬਾਗ ਜੇਲ ਵਿਚ ਕੈਦ ਸਨ ਤਾਂ ਆਪ ਜੀ ਭਾਈ ਸਾਹਿਬ ਦੀ ਸਿੰਘਣੀ ਬੀਬੀ ਕਰਤਾਰ ਕੌਰ ਜੀ ਨਾਲ ਲੈ ਕੇ ਦੋ ਦਿਨ ਰੱਜਵੀਂ ਮੁਲਾਕਾਤਾਂ ਵਿਚ ਸ਼ਾਮਲ ਹੋਏ। ਇਨ੍ਹਾਂ ਭਾਈ ਸਾਹਿਬ ਨੂੰ ਦੇਸ਼ ਪੰਜਾਬ ਦੇ ਅੰਦਰੂਨੀ ਹਾਲਾਤ ਨਨਕਾਣਾ ਸਾਹਿਬ ਦਾ ਸਾਕਾ ਤੇ ਪੰਥਕ ਦਸ਼ਾ ਦੀਆਂ ਤਰਦੀਆਂ ਤਰਦੀਆਂ ਗੱਲਾਂ ਦੱਸੀਆਂ। ਦੇਸ਼ ਦੀ ਆਜ਼ਾਦੀ ਮਗਰੋਂ ਇਨ੍ਹਾਂ ਨੇ ਆਪਣਾ ਨਿਵਾਸ ਹਿਮਾਚਲ ਪ੍ਰਦੇਸ਼ ਵਿਚ ਰੱਖ ਲਿਆ ਤੇ ਭਾਈ ਸਾਹਿਬ ਦੀ ਖੂਬ ਸੰਗਤ ਮਾਣੀ । ਆਪ ਜੀ ਚੰਡੀਗੜ ਦੇ ਪੀ.ਜੀ.ਆਈ. ਵਿਖੇ ਲੰਮੀ ਬਿਮਾਰੀ ਬਾਅਦ 10 ਨਵੰਬਰ 1975 ਨੂੰ ਸਦੀਵੀ ਵਿਛੋੜਾ ਦੇ ਗਏ।
ਭਾਈ ਦਲੀਪ ਸਿੰਘ ਫੁੱਲਾਂਵਾਲ (ਜ਼ਿਲ੍ਹਾ ਲੁਧਿਆਣਾ) ਭਾਈ ਦਲੀਪ ਸਿੰਘ ਦਾ ਜਨਮ 1 ਅਪ੍ਰੈਲ 1899 ਨੂੰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਤੇ ਪਿਤਾ ਸ੍ਰ. ਹਮੀਰ ਸਿੰਘ ਦੇ ਘਰ ਪਿੰਡ ਫੁੱਲਾਂਵਾਲ- ਡਾਕਖਾਨਾ ਫੁੱਲਾਂਵਾਲ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ। ਬਚਪਨ ਵਿਚ ਹੀ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ। ਪ੍ਰਾਈਮਰੀ ਲਲਤੋਂ ਕਲਾ ਤੋਂ ਪਾਸ ਕੀਤੀ ਤੇ ਅਗਾਂਹ ਮਾਲਵਾ ਖਾਲਸਾ ਹਾਈ ਸਕੂਲ- ਲੁਧਿਆਣਾ ਵਿਚ ਦਾਖਲ ਹੋ ਗਏ। ਵਾਅਦਾ ਮੁਆਫ ਸੁੰਦਰ ਸਿੰਘ ਅਨੁਸਾਰ ਇਸ ਨੇ ਲੋਹਟਬਦੀ, ਖੰਨਾ ਤੇ ਚਮਕੌਰ ਸਾਹਿਬ ਦੀਆਂ ਮੀਟਿੰਗਾਂ ਵਿਚ ਸ਼ਮੂਲੀਅਤ ਕੀਤੀ। ਜਦੋਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਅਗਵਾਈ ਵਿਚ ਜਥਾ 19 ਫਰਵਰੀ 1915 ਨੂੰ ਫਿਰੋਜ਼ਪੁਰ ਐਕਸ਼ਨ ਕਰਨ ਗਿਆ ਤਾਂ ਆਪ ਵੀ ਉਸ ਜਥੇ ਵਿਚ ਸ਼ਾਮਲ ਸਨ । ਬਾਅਦ ਵਿਚ ਭਗੌੜੇ ਹੋਣ ਤੇ ਆਪ ਭਾਈ ਹਰਭਜਨ ਸਿੰਘ ਚਮਿੰਡਾ ਨਾਲ ਰਾਮਪੁਰਾ ਸਟੇਸ਼ਨ ਤੋਂ ਫੜ੍ਹੇ ਗਏ ਤੇ ਪਹਿਲੇ ਸਪਲੀਮੈਂਟਰੀ ਲਾਹੌਰ ਸਾਜਿਸ਼ ਕੇਸ ਵਿਚ ਇਨ੍ਹਾਂ ਤੇ ਮੁਕੱਦਮਾ ਚੱਲਿਆ ਪਰ ਨਾਬਾਲਿਗ ਹੋਣ ਕਰਕੇ ਆਪ ਨੂੰ 30 ਮਾਰਚ 1916 ਨੂੰ ਸਿਰਫ ਤਿੰਨ ਸਾਲ ਦੀ ਸਜ਼ਾ ਦਿੱਤੀ ਗਈ। ਪਹਿਲਾਂ ਆਪ ਕੁਝ ਦੇਰ ਮੁਲਤਾਨ ਜੇਲ ਕੱਟੀ । ਬਾਅਦ ਵਿਚ ਅੰਬਾਲਾ ਅਤੇ ਮਿੰਟਗੁਮਰੀ ਜੇਲ ਵਿਚ ਤਸੀਹੇ ਦਿੱਤੇ ਗਏ। ਇਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ। ਬਾਅਦ ਵਿਚ ਆਪ ਗਿਆਨੀ ਕਰਕੇ ਮਾਲਵੇ ਦੇ ਅਨੇਕਾਂ ਖਾਲਸਾ ਸਕੂਲਾਂ ਵਿਚ ਪੰਜਾਬੀ ਦੇ ਅਧਿਆਪਕ ਦੀ ਸੇਵਾ ਕੀਤੀ । ਜਿਨ੍ਹਾਂ ਵਿਚੋਂ ਖਾਲਸਾ ਸਕੂਲ ਮਾਨਸਾ ਤੇ ਗੁਰੂਸਰ ਸੁਧਾਰ ਦਾ ਨਾਓਂ ਉਲੇਖਣੀ ਹਨ।
ਭਾਈ ਹਰਭਜਨ ਸਿੰਘ ਚਮਿੰਡਾ (ਜ਼ਿਲ੍ਹਾ ਲੁਧਿਆਣਾ)
ਭਾਈ ਹਰਭਜਨ ਸਿੰਘ ਚਮਿੰਡਾ ਦਾ ਜਨਮ ਸੰਨ 1895 ਵਿਚ ਮਾਤਾ ਕੋਲ ਕੌਰ ਤੇ ਪਿਤਾ ਫਤਹਿ ਸਿੰਘ ਦੇ ਘਰ ਪਿੰਡ ਚਮਿੰਡਾ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ । ਸੰਨ 1911 ਵਿੱਚ ਆਪ ਨੇ ਗੁੱਜਰਵਾਲ ਤੋਂ 8ਵੀਂ ਜਮਾਤ ਪਾਸ ਕਰ ਲਈ ਤੇ ਮਾਲਵਾ ਖਾਲਸਾ ਹਾਈ ਸਕੂਲ- ਲੁਧਿਆਣਾ ਵਿਚ ਦਾਖਲ ਹੋ ਗਏ। ਇਥੇ ਹੀ ਹਫਤਾਵਾਰੀ ਕੀਰਤਨ ਦੀਵਾਨਾਂ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਸੰਗਤ ਮਾਣੀ ਤੇ ਉਹਨਾਂ ਦੇ ਸ਼ਰਧਾਲੂ ਬਣ ਗਏ। ਸੰਨ 1913 ਵਿਚ ਆਪਣੇ ਸਾਥੀ ਦਲੀਪ ਸਿੰਘ ਫੁੱਲਾਂਵਾਲ ਨਾਲ ਜਥੇਦਾਰ ਰਾਮ ਸਿੰਘ ਗੁੱਜਰਵਾਲ ਦੇ ਘਰ ਇਕ ਹੀ ਚੌਕੜੀ ਵਿਚ ਬੈਠ ਕੇ ਸ੍ਰੀ ਅਖੰਡ ਪਾਠ ਦਾ ਸਰਵਣ ਕੀਤਾ ਤੇ ਉਥੇ ਹੀ ਭਾਈ ਸਾਹਿਬ ਦੇ ਜਥੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਦੋਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਅਗਵਾਈ ਵਿਚ 19 ਫਰਵਰੀ 1915 ਨੂੰ ਫਿਰੋਜ਼ਪੁਰ ਐਕਸ਼ਨ ਸਮੇਂ ਜਥਾ ਗਿਆ ਤਾਂ ਆਪ ਵੀ ਉਸ ਜਥੇ ਵਿਚ ਸ਼ਾਮਲ ਸਨ। ਬਾਅਦ ਵਿਚ ਭਗੌੜੇ ਹੋਣ ਤੇ ਭਾਈ ਦਲੀਪ ਸਿੰਘ ਫੁੱਲਾਂਵਾਲ ਨਾਲ ਰਾਮਪੁਰ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਏ ਗਏ। ਪਹਿਲੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਵਿਚ 30 ਮਾਰਚ 1916 ਨੂੰ ਉਮਰ ਕੈਦ ਤੇ ਜਾਇਦਾਦ ਜ਼ਬਤ ਦੀ ਸਜ਼ਾ ਹੋਈ। ਆਪ ਨੂੰ ਨਾਬਾਲਿਗ ਹੋਣ ਕਰਕੇ ਚਾਰ ਸਾਲ ਦੀ ਸਜ਼ਾ ਹੋਈ । ਸੰਨ 1918 ਵਿਚ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਭਾਈ ਹਰਭਜਨ ਸਿੰਘ ਚਮਿੰਡਾ ਅਕਾਲੀ ਲਹਿਰ ਵਿਚ ਲਗਾਤਾਰ ਸਰਗਰਮ ਹੋ ਗਏ। ਸੰਨ 1922 ਵਿਚ ਗਿਆਨੀ ਪਾਸ ਕੀਤੀ । ਨੌਜਵਾਨ ਭਾਰਤ ਸਭਾ ਵਿਚ ਵੀ ਹਿੱਸਾ ਲਿਆ। ਅਸਲੀ ਕੌਮੀ ਦਰਦ ਦੇ ਸੰਪਾਦਕੀ ਮੰਡਲ ਦਾ ਇਹ ਮੈਂਬਰ ਸੀ। ਇਸ ਦੇ ਗੁਰਮੁਖੀ ਪੱਤਰ ਮਜ਼ਦੂਰ ਵੀ ਕੱਢਿਆ। ਅੰਮਿ੍ਤਸਰ ਰਹਿ ਕੇ ਸ. ਸਰਦੂਲ ਸਿੰਘ ਕਵੀਸ਼ਰ ਦੇ ਪ੍ਰੈਸ ਵਿਚ ਕੰਪੋਜ਼ੀਟਰ ਦਾ ਕੰਮ ਸਿੱਖਿਆ । ਬਾਅਦ ਵਿਚ ਆਪਣਾ ਗਿਆਨੀ ਪ੍ਰੈਸ ਲਗਾਇਆ । ਸੰਨ 1949 ਵਿਚ ਲੁਧਿਆਣੇ ਆ ਕੇ ਪੰਜਾਬੀ ਗਿਆਨੀ ਪ੍ਰੈਸ ਲਗਾ ਲਿਆ- ਜਿਥੇ ਭਾਈ ਸਾਹਿਬ ਰਣਧੀਰ ਸਿੰਘ ਜੀ ਤੇ ਹੋਰ ਅਨੇਕਾਂ ਕਿਤਾਬਾਂ ਛਾਪੀਆਂ ਗਈਆਂ। ਆਪ ਚੰਗੇ ਕਵੀ ਤੇ ਨਿਬੰਧ ਲੇਖਕ ਸਨ। ਆਪ ਦੀਆਂ ਪੁਸਤਕਾਂ ਭਾਰਤੀ ਸ਼ਹੀਦਾਂ ਦੀਆਂ ਲਹੂ ਭਿੰਨੀਆਂ ਯਾਦਾਂ- ਮੈਂ ਗਦਰੀ ਕਿਵੇਂ ਬਣਿਆ?- ਬਾਲਾ ਜਰਨੈਲ- ਕਰਤਾਰ ਸਿੰਘ ਸਰਾਭਾ, ਜੀਵਨ- ਹਰਭਜਨ ਸਿੰਘ ਚਮਿੰਡਾ’ ਨਾਮੀਂ ਪੁਸਤਕਾਂ ਗਦਰ ਲਹਿਰ ਦੇ ਇਤਿਹਾਸਕ ਦਸਤਾਵੇਜ਼ ਹਨ। 1949 ਵਿਚ ਪੰਜਾਬੀ ਰਤਨ ਪਰਚਾ ਕੱਢਿਆ। 1963 ਵਿਚ ਪਿੰਡ ਦਾ ਸਰਪੰਚ ਬਣਿਆ ਅਤੇ ਇਹ ਪੜ੍ਹਦਾ ਲਿਖਦਾ ਰਿਹਾ ਤੇ ਅੰਤ 4 ਦਸੰਬਰ 1982 ਨੂੰ ਪਰਲੋਕ ਸਿਧਾਰ ਗਿਆ।
ਭਾਈ ਅਰਜਨ ਸਿੰਘ ਈਨਾ ਜਗਰਾਓਂ (ਜ਼ਿਲ੍ਹਾ ਲੁਧਿਆਣਾ) ਭਾਈ ਅਰਜਨ ਸਿੰਘ ਦਾ ਜਨਮ ਮਾਤਾ ਦਿਆ ਕੌਰ ਦੀ ਕੁੱਖੋਂ ਤੇ ਪਿਤਾ ਸ. ਲਾਲ ਸਿੰਘ ਦੇ ਘਰ ਪੈਦਾ ਹੋਇਆ। ਆਪ ਜੀ ਨੇ ਦਮਦਮਾ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ ਤੇ ਰਹਿਣੀ ਬਹਿਣੀ ਦਾ ਸਰਬ ਲੋਹੀਆ ਸੀ। 19 ਫਰਵਰੀ 1915 ਨੂੰ ਜੋ ਜਥਾ ਫਿਰੋਜ਼ਪੁਰ ਗਦਰ ਕਰਨ ਲਈ ਪੁੱਜਾ ਸੀ ਆਪ ਵੀ ਉਸ ਵਿਚ ਸ਼ਾਮਲ ਸਨ । ਗਦਰ ਫੇਲ੍ਹ ਹੋਣ ਤੋਂ ਬਾਅਦ ਵੀ ਆਪ ਜੀ ਨੇ ਹੌਸਲਾ ਨਾ ਹਾਰਿਆ। ਮਾਰਚ 1915 ਈਸਵੀ ਪਿੰਡ ਕਿਲੀ- ਪੁਲਿਸ ਸਟੇਸ਼ਨ ਮੋਗਾ- ਜ਼ਿਲ੍ਹਾ ਫਿਰੋਜ਼ਪੁਰ ਵਿਚ ਭਾਸ਼ਣ ਦਿੱਤਾ। 11 ਜੂਨ 1915 ਨੂੰ ਕਪੂਰਥਲਾ ਅਸਲਾ ਲੁੱਟਣ ਵਾਲੇ ਐਕਸ਼ਨ ਵਿਚ ਵੀ ਆਪ ਸ਼ਾਮਲ ਸਨ। ਇਸ ਨੂੰ ਵੀ ਭਗਤ ਸਿੰਘ ਬਿਲੋਵਾਲ (ਗਦਰ ਪਾਰਟੀ ਵਾਲੇ) ਨਾਲ ਬਗਾਵਤੀ ਕਰਾਰ ਦਿੱਤਾ ਗਿਆ ਸੀ- ਜਿਸਨੇ ਪਿੰਡ ਕੈਰੋਂ ਵਿਚ ਭਾਸ਼ਣ ਦਿੱਤਾ ਸੀ। ਇਸ ਤੋਂ ਇਲਾਵਾ ਇਸ ਨੇ ਦੋਰਾਹੇ ਪੁਲ ਤੇ ਹੋਏ ਹਮਲੇ ਲਈ ਪੈਸੇ ਦਿੱਤੇ ਸਨ ਅਤੇ ਜਿਥੇ ਬੰਬ ਦੱਬ ਕੇ ਰੱਖੇ ਸਨ ਉਸ ਬਾਰੇ ਜਾਣਕਾਰੀ ਰਖਦਾ ਸੀ
ਆਪ ਨੂੰ ਉੱਗੀ-ਚਿੱਟੀ ਦੇ ਗੁਰਦੁਆਰੇ ਵਿਚੋਂ ਗ੍ਰਿਫਤਾਰ ਕੀਤਾ ਗਿਆ। ਆਪ ਨੂੰ ਲਾਹੌਰ ਸਾਜ਼ਿਸ਼ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਸੀ । 9 ਮਾਰਚ 1918 ਨੂੰ ਹਜ਼ਾਰੀ ਬਾਗ ਜੇਲ ਤੋੜ ਕੇ ਭੱਜਣ ਵਾਲੇ 18 ਸਿੰਘਾਂ ਵਿਚ ਸ਼ਾਮਲ ਸਨ । ਆਪ ਮੁੜ ਗ੍ਰਿਫਤਾਰ ਕੀਤੇ। ਗਏ ਤੇ ਦੁਬਾਰਾ 2 ਸਾਲ ਦੀ ਸਖਤ ਸਜ਼ਾ ਸੈਕਸ਼ਨ 221 ਆਈ.ਪੀ.ਸੀ. ਤਹਿਤ ਹੋਈ ਸੀ । ਸੰਨ 1927 ਵਿਚ ਆਪ ਰਿਹਾਅ ਕਰ ਦਿੱਤੇ ਗਏ। ਬਾਅਦ ਵਿਚ ਆਪਣੇ ਇਲਾਕੇ ਅਕਾਲੀ ਲਹਿਰ ਵਿਚ ਸਰਗਰਮ ਹੋ ਗਏ।
ਭਾਈ ਅਤਰ ਸਿੰਘ ਢੀਕਮਪੁਰ ਚੱਕਵਾਲ (ਜ਼ਿਲ੍ਹਾ ਲੁਧਿਆਣਾ)
ਭਾਈ ਅਤਰ ਸਿੰਘ ਦਾ ਜਨਮ ਸ੍ਰੀ ਹੀਰਾ ਨੰਦ ਜੀ ਦੇ ਘਰ ਪਿੰਡ ਢੀਕਮਪੁਰ- ਤਹਿਸੀਲ ਚੱਕਵਾਲ- ਜ਼ਿਲ੍ਹਾ ਜੇਹਲਮ ਵਿਚ ਹੋਇਆ। ਉਸ ਨੇ 11 ਵਰ੍ਹਿਆਂ ਦੀ ਫੌਜ ਦੀ ਨੋਕਰੀ 35ਵੀਂ ਸਿੱਖ ਰੈਜਮੈਂਟ ਵਿਚੋਂ ਸੰਨ 1913 ਨੂੰ ਅਸਤੀਫਾ ਦੇ ਦਿੱਤਾ। ਇਹ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਸੰਗਤ ਵਿਚ ਆ ਗਏ। ਸਰਕਾਰੀ ਸੂਹੀਆ ਰਿਪੋਰਟਾਂ ਵਿਚ ਇਹ ਗੁੱਜਰਵਾਲ ਦੀ ਗੁਪਤ ਮੀਟਿੰਗ ਵਿਚ ਹਾਜ਼ਰ ਸੀ ਅਤੇ ਹਥਿਆਰਬੰਦ ਜਥੇ ਵਿਚ ਸ਼ਾਮਲ ਸਨ- ਜੋ ਫਿਰੋਜ਼ਪੁਰ ਸਮੇਂ ਗਦਰੀ ਐਕਸ਼ਨ ਸਮੇਂ ਭਾਈ ਸਾਹਿਬ ਰਣਧੀਰ ਸਿੰਘ ਦੇ ਜਥੇ ਵਿਚ ਸ਼ਾਮਲ ਸੀ। ਇਹ ਇਕ ਨਾਮਵਰ ਹਸਤੀ ਸੀ- ਜਿਸਨੂੰ ਲਾਹੌਰ ਸਾਜ਼ਿਸ਼ ਕੇਸ ਸਪਲੀਮੈਂਟਰੀ ਵਿਚ ਉਮਰ ਕੈਦ ਹੋਈ ਸੀ- ਜੋ ਬਾਅਦ ਵਿਚ 10 ਸਾਲ ਕਰ ਦਿੱਤੀ ਗਈ। ਭਾਈ ਸਾਹਿਬ ਨੂੰ ਪਹਿਲਾਂ ਨਾਭੇ ਅਤੇ ਬਾਅਦ ਵਿਚ ਲੁਧਿਆਣੇ ਨਜ਼ਰਬੰਦ ਕੀਤਾ ਗਿਆ ਤਾਂ ਉਹਨਾਂ ਦਾ ਲੰਗਰ ਭਾਈ ਅਤਰ ਸਿੰਘ ਹੀ ਤਿਆਰ ਕਰਦੇ ਹੁੰਦੇ ਸਨ । ਭਾਈ ਅਤਰ ਸਿੰਘ ਹਜ਼ਾਰੀ ਬਾਗ ਜੇਲ੍ਹ ਵਿਚ ਵੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨਾਲ ਕੈਦ ਸਨ ।
ਰਿਹਾਈ ਬਾਅਦ ਬੜੀ ਮੰਦਹਾਲੀ ਦੇ ਦਿਨ ਕੱਟਣੇ ਪਏ । ਕੋਈ ਜ਼ਮੀਨ ਜਾਇਦਾਦ ਨਾ ਹੋਣ ਕਾਰਨ ਪਹਿਲਾਂ ਫੇਰੀ ਜਾਂ ਛਾਬੜੀ ਲਾ ਕੇ ਵੇਚਣ ਦਾ ਕੰਮ ਪਿਸ਼ਾਵਰ ਅਤੇ ਲੁਧਿਆਣਾ ਵਿਚ ਕਰਦੇ ਰਹੇ। ਫਿਰ ਕਿਸੇ ਗੁਰੂ ਘਰ ਵਿਚ ਬੜਾ ਲੰਮਾ ਸਮਾਂ ਗ੍ਰੰਥੀ ਦੀ ਸੇਵਾ ਕੀਤੀ। ਆਪ ਇਨਕਲਾਬੀ ਖਿਆਲਾਂ ਦੇ ਵਿਅਕਤੀ ਸਨ। ਜ਼ਿੰਦਗੀ ਦਾ ਅੰਤਮ ਸਮਾਂ ਆਪ ਦਾ ਰਾਜਸਥਾਨ ਦੇ ਸ਼ਹਿਰ ਜੋਧਪੁਰ ਵਿਖੇ ਆਪਣੇ ਸਬੰਧੀ ਪਾਸ ਕੱਟਿਆ ਤੇ ਇਥੇ ਹੀ ਪਰਲੋਕ ਸਿਧਾਰ ਗਏ। ਭਾਈ ਧਰਮ ਸਿੰਘ ਨੰਦਪੁਰ ਰਿਆਸਤ (ਪਟਿਆਲਾ)
ਭਾਈ ਧਰਮ ਸਿੰਘ ਦਾ ਜਨਮ ਸੰਨ 1880 ਨੂੰ ਪਿਤਾ ਸ.ਅਮਰ ਸਿੰਘ ਦੇ ਘਰ ਨੰਦਪੁਰ ਜ਼ਿਲ੍ਹਾ ਪਟਿਆਲਾ ਵਿਚ ਹੋਇਆ। ਆਪ ਵੀ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਜਥੇ ਵਿਚ ਸ਼ਾਮਲ ਸਨ । ਆਪ ਨੂੰ ਲਾਹੌਰ ਸਾਜਿਸ਼ ਕੇਸ ਸਪਲੀਮੈਂਟਰੀ ਵਿਚ ਵਿਅਕਤੀਗਤ ਕੇਸ (157) ਅਨੁਸਾਰ 30 ਨਵੰਬਰ 1915 ਨੂੰ ਗ੍ਰਿਫਤਾਰ ਕੀਤਾ ਗਿਆ। ਕੋਈ ਸਬੂਤ ਨਾ ਮਿਲਣ ਕਾਰਨ 30 ਮਾਰਚ 1916 ਨੂੰ ਆਪ ਜੀ ਦੀ ਰਿਹਾਈ ਹੋਈ ਹੈ। ਭਾਈ ਕਰਮ ਸਿੰਘ ਕੋਟਲਾ ਅਜਨੇਰ (ਜ਼ਿਲ੍ਹਾ ਲੁਧਿਆਣਾ)
ਭਾਈ ਕਰਮ ਸਿੰਘ ਵਿਦੇਸ਼ ਤੋਂ ਪਰਤਿਆ ਗਦਰੀ ਸੀ। ਪੰਜਾਬ ਵਿਚ ਗਦਰ ਪਾਰਟੀ ਦੀਆਂ ਜੜ੍ਹਾਂ ਲਾਉਣ ਲਈ ਯਤਨਸ਼ੀਲ ਰਿਹਾ ਹੈ। ਉਹ ਲੋਹਟਬਦੀ ਵਿਖੇ ਬੰਬ ਫੈਕਟਰੀ ਲਾਉਣ ਅਤੇ ਝੁਨੇਰ ਮਲੇਰਕੋਟਲਾ ਦੇ ਡਾਕੇ ਵਿਚ ਸ਼ਾਮਲ ਸੀ । ਪਾਰਟੀ ਲਈ ਹਥਿਆਰ ਅਤੇ ਬੰਬਾਂ ਦਾ ਬੰਦੋਬਸਤ ਕਰਨ ਵਾਲਿਆਂ ਵਿਚੋਂ ਇਕ ਸਨ। ਉਹ 19 ਫਰਵਰੀ 1915 ਫਿਰੋਜ਼ਪੁਰ ਵਾਲੇ ਗਦਰੀ ਐਕਬਨ ਸਮੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਵਿਚ ਸ਼ਾਮਲ ਸਨ। ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ ਭਗੌੜਾ ਕਰਾਰ ਦਿੱਤਾ ਸੀ ਜੋ ਬਾਅਦ ਵਿਚ 28 ਅਗਸਤ 1915 ਨੂੰ ਗ੍ਰਿਫਤਾਰ ਹੋ ਗਿਆ। ਆਪ ਨੂੰ ਪਹਿਲੇ ਸਪਲੀਮੈਂਟਰੀ ਕੇਸ ਵਿਚ ਉਮਰ ਕੈਦ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ ਹੈ। ਉਹ ਭਾਈ ਸਾਹਿਬ ਰਣਧੀਰ ਸਿੰਘ ਜੀ ਨਾਲ ਹਜ਼ਾਰੀ ਬਾਗ ਜੇਲ ਵਿਚ ਵੀ ਬੰਦ ਸੀ ਜਿਥੇ 1918 ਨੂੰ ਜੇਲ ਵਿਚੋਂ 18 ਸਿੰਘਾਂ ਨਾਲ ਫਰਾਰ ਹੋ ਗਏ ਸਨ । ਜਲਦੀ ਉਹ ਪੁਲਿਸ ਦੇ ਹੱਥ ਲੱਗ ਗਏ ਤੇ ਦੁਬਾਰਾ 2 ਸਾਲ ਲਈ ਹੋਰ ਕਠੋਰ ਸਜ਼ਾ ਦਿੱਤੀ ਗਈ । (ਸੀ. ਆਈ. ਡੀ. ਫਾਈਲ ਨੰ. 1610, 1915) ਇਸ ਨੂੰ 1920 ਵਿਚ ਸ਼ਾਹੀ ਹੁਕਮ ਨਾਲ ਰਿਹਾ ਕੀਤਾ ਗਿਆ।
ਭਾਈ ਕਰਤਾਰ ਸਿੰਘ ਲਲਤੋਂ (ਜ਼ਿਲ੍ਹਾ ਲੁਧਿਆਣਾ)
ਭਾਈ ਕਰਤਾਰ ਸਿੰਘ ਲਲਤੋਂ ਵੀ ਭਾਈ ਸਾਹਿਬ ਰਣਧੀਰ ਸਿੰਘ ਦੇ ਜਥੇ ਦਾ ਸਿੰਘ ਸੀ। ਤੇ ਫਿਰੋਜ਼ਪੁਰ ਵਾਲੇ ਗਦਰੀ ਐਕਸ਼ਨ ਵਿਚ ਸ਼ਾਮਲ ਸੀ ਤੇ ਮਫਰੂਰ ਰਿਹਾ।
ਭਾਈ ਮਹਿੰਦਰ ਸਿੰਘ ਮਾਜਰੀ (ਜ਼ਿਲ੍ਹਾ ਲੁਧਿਆਣਾ)
ਭਾਈ ਮਹਿੰਦਰ ਸਿਘ ਪਿੰਡ ਮਾਜਰੀ- ਤਹਿਸੀਲ ਸਮਰਾਲਾ- ਲੁਧਿਆਣਾ ਦੇ ਵਾਸੀ ਸਨ । ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਥੇ ਵਿਚ ਸ਼ਾਮਲ ਸਨ । ਇਹ ਗੈਰ ਬਾਗੀਆਨਾ ਮੀਟਿੰਗਾਂ ਜੋ ਲੋਹਟਬਦੀ ਖੰਨਾ ਵਿਚ ਹੋਈਆਂ- ਵਿਚ ਭਾਈ ਸਾਹਿਬ ਰਣਧੀਰ ਸਿੰਘ ਨਾਲ ਸ਼ਾਮਲ ਸਨ। ਇਹ ਸੰਨ 19 ਫਰਵਰੀ 1915 ਫਿਰੋਜ਼ਪੁਰ ਵਾਲੇ ਗਦਰੀ ਐਕਸ਼ਨ ਵਿਚ ਵੀ ਸ਼ਾਮਲ ਸਨ । ਬਾਅਦ ਵਿਚ ਜੁਲਾਈ 1915 ਨੂੰ ਗ੍ਰਿਫਤਾਰ ਕਰ ਲਏ ਗਏ। ਪਹਿਲੇ ਸਪਲੀਮੈਂਟਰੀ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਜੋ ਬਾਅਦ ਵਿਚ ਘਟਾ ਕੇ 10 ਸਾਲ ਦੀ ਕਰ ਦਿੱਤੀ ਗਈ। ਭਾਈ ਮਹਿੰਦਰ ਸਿੰਘ ਮਿੰਟਗੁਮਰੀ ਜੇਲ੍ਹ ਵਿਚ 5 ਸਾਲ ਕੈਦ ਕੱਟਣ ਮਗਰੋਂ ਰਿਹਾਅ ਕਰ ਦਿੱਤੇ ਗਏ ਸਨ।
ਭਾਈ ਰਾਮ ਸਿੰਘ ਫੱਲੇਵਾਲ (ਜ਼ਿਲ੍ਹਾ ਲੁਧਿਆਣਾ)
ਭਾਈ ਰਾਮ ਸਿੰਘ ਜੀ ਰਿਆਸਤ ਦੀ ਘੋੜ ਸਵਾਰ ਰੈਜਮੈਂਟ ਦੀ 15 ਸਾਲ ਦੀ ਨੌਕਰੀ ਤੋਂ ਬਾਅਦ ਅਸਤੀਫਾ ਦੇ ਕੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਏ। ਫਿਰੋਜ਼ਪੁਰ ਗਦਰੀ ਐਕਸ਼ਨ 19 ਫਰਵਰੀ 1915 ਵਿਚ ਸ਼ਾਮਲ ਹੋਇਆ, ਬਾਅਦ ਵਿਚ ਇਹਨਾਂ ਨੂੰ ਜੁਲਾਈ 1915 ਵਿਚ ਗਿ੍ਫ਼ਤਾਰ ਕਰ ਲਿਆ ਗਿਆ । ਪਹਿਲੇ ਸਪਲੀਮੈਂਟਰੀ ਕੇਸ ਵਿਚ ਆਪ ਨੂੰ ਉਮਰ ਕੈਦ ਹੋਈ ਸੀ। ਪਰ ਆਪ ਜੀ ਦੀ ਬਿਰਧ ਉਮਰ ਨੂੰ ਵੇਖਦੇ ਹੋਏ ਤਿੰਨਾਂ ਸਾਲਾਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ। ਇਸੇ ਨੇ ਭਾਈ ਸਾਹਿਬ ਰਣਧੀਰ ਸਿੰਘ ਨਾਲ ਇਤਰਾਜ਼ ਰਹਿਤ ਲੋਹਟਬਦੀ, ਖੰਨਾ ਤੇ ਚਮਕੌਰ ਸਾਹਿਬ ਵਾਲੀਆਂ ਮੀਟਿੰਗਾਂ ਵਿਚ ਸ਼ਮੂਲੀਅਤ ਕੀਤੀ।
ਭਾਈ ਸੰਤਾ ਸਿੰਘ ਨੰਦਪੁਰ ਕਲੌੜ (ਜ਼ਿਲ੍ਹਾ ਪਟਿਆਲਾ)
ਭਾਈ ਸੰਤਾ ਸਿੰਘ ਉਰਫ ਲਖਬੀਰ ਸਿੰਘ ਦਾ ਜਨਮ ਪਿਤਾ ਚੂਹੜ ਸਿੰਘ ਦੇ ਘਰ ਪਿੰਡ ਨੰਦਪੁਰ ਕਲੌੜ- ਰਿਆਸਤ ਪਟਿਆਲਾ ਵਿਚ ਹੋਇਆ। ਉਹ ਗਦਰ ਲਹਿਰ ਦਾ ਪ੍ਰਚਾਰਕ ਸੀ। ਇਹ 19 ਫਰਵਰੀ 1915 ਨੂੰ ਫਿਰੋਜ਼ਪੁਰ ਵਾਲੇ ਐਕਸ਼ਨ ਵਿਚ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਜਥੇ ਵਿਚ ਸ਼ਾਮਲ ਸੀ। ਇਨ੍ਹਾਂ ਨੇ ਲੋਹਟਬਦੀ- ਖੰਨਾ ਤੇ ਚਮਕੌਰ ਸਾਹਿਬ ਵਾਲੀਆਂ ਗੈਰ-ਬਾਗਿਆਨਾ ਮੀਟਿੰਗਾਂ ਵਿਚ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਨੇ ਰਾਮ ਸਿੰਘ ਗੁਜਰਵਾਲੇ ਅਖੰਡ ਪਾਠ ਸਮੇਂ ਵੀ ਹਾਜ਼ਰੀ ਭਰੀ । ਇਹਨਾਂ ਲਾਹੌਰ ਸਪਲੀਮੈਂਟਰੀ ਸਾਜਿਸ਼ ਕੇਸ ਸੰਨ 1915 ਵਿਚ ਉਮਰ ਕੈਦ ਦੀ ਸਜ਼ਾ ਹੋਈ । ਬਾਅਦ ਵਿਚ ਪੰਜ ਸਾਲ ਸਜ਼ਾ ਘੱਟ ਹੋਈ। ਰਿਹਾਈ ਤੋਂ ਬਾਅਦ ਉਸ ਨੇ ਮਾਝੇ ਇਲਾਕੇ ਵਿਚ ਪ੍ਰਚਾਰ ਕੀਤਾ ਤੇ ਗੁਰੂ ਕੇ ਬਾਗ ਮੋਰਚੇ ‘ਚ ਗ੍ਰਿਫਤਾਰੀ ਦੇ ਕੇ ਸੱਤ ਮਹੀਨੇ ਕਰੜੀ ਸਜ਼ਾ ਹੋਈ । ਉਸ ਦੇ ਘਰੋਂ 2 ਜੂਨ 1921 ਵਿਚ ਇਕ ਬੰਬ ਅਤੇ ਕੁਝ ਹਥਿਆਰ ਬਰਾਮਦ ਹੋਏ। ਸੰਨ 1924 ਵਿਚ ਪਟਿਆਲਾ ਰਿਆਸਤ ਵਿਚ ਹੋਏ ਸਿਆਸੀ ਕਤਲਾਂ ਵਿਚ ਠੋਸ ਸ਼ਮੂਲੀਅਤ ਦੇ ਆਧਾਰ ‘ਤੇ ਭਾਈ ਸੰਤਾ ਸਿੰਘ ਨੂੰ ਸੱਤ ਸਾਲ ਦੀ ਸਖਤ ਮੁਸ਼ੱਕਤੀ ਸਜ਼ਾ ਹੋਈ। ਰਿਹਾਈ ਬਾਅਦ ਚੱਕ ਨੰਬਰ 67 ਲਾਇਲਪੁਰ ਵਿਖੇ ਰਹਿਣ ਲੱਗ ਪਏ ਅਤੇ ਗੁਰਦੁਆਰੇ ਦੇ ਗ੍ਰੰਥੀ ਬਣ ਗਏ ਅਤੇ ਗਿਆਨੀ ਲਖਬੀਰ ਸਿੰਘ ਨਾਂ ਨਾਲ ਪ੍ਰਸਿੱਧ ਹੋਏ।
ਭਾਈ ਖੜਕ ਸਿੰਘ ਬੋਪਾਰਾਏ (ਜ਼ਿਲ੍ਹਾ ਲੁਧਿਆਣਾ)
ਭਾਈ ਖੜਕ ਸਿੰਘ ਨੇ ਵੀ ਭਾਈ ਸਾਹਿਬ ਰਣਧੀਰ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਕੇ ਫਿਰੋਜ਼ਪੁਰ ਵਾਲੇ ਐਕਸ਼ਨ ਵਿਚ ਹਿੱਸਾ ਲਿਆ। ਬਾਅਦ ਵਿਚ ਉਹ ਅੰਡਰ ਗਰਾਊਂਡ ਹੋ ਗਏ। ਆਖਰ ਲਾਹੌਰ ਦੇ ਮੋਚੀ ਗੇਟ ਦੇ ਇਕ ਮਕਾਨ ਵਿਚ ਫੜਿਆ ਗਿਆ ਜੋ ਗਦਰੀਆਂ ਦਾ ਖੁਫੀਆ ਅੱਡਾ ਸੀ । ਆਪ ਨੂੰ ਲਾਹੌਰ ਸਪਲੀਮੈਂਟਰੀ ਕੇਸ ਵਿਚ ਚਾਰ ਸਾਲ ਬਾਮੁਸ਼ੱਕਤ ਸਜ਼ਾ ਹੋਈ।
ਭਾਈ ਪੂਰਨ ਸਿੰਘ ਈਸੇਵਾਲ (ਜ਼ਿਲ੍ਹਾ ਲੁਧਿਆਣਾ)
ਭਾਈ ਪੂਰਨ ਸਿੰਘ ਛੋਟੀ ਉਮਰ ਵਿਚ ਜਦੋਂ ਮਾਲਵਾ ਹਾਈ ਸਕੂਲ ਵਿਚ ਪੜ੍ਹਦੇ ਸਨ- ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਸੰਗਤ ਵਿਚ ਆ ਗਏ। ਇਹਨਾਂ ਨੂੰ ਲਾਹੌਰ ਸਾਜ਼ਿਸ਼ ਕੇਸ ਵਿਚ ਚਾਰ ਸਾਲ ਬਾਮੁਸ਼ੱਕਤ ਸਜ਼ਾ ਹੋਈ।
Credit – ਜੈਤੇਗ ਸਿੰਘ ਅਨੰਤ