ਪੰਜਾਬ ਦੇ ਦਰਿਆ
ਪੰਜਾਬ ਦੀ ਬਹੁਤ ਸਾਰੀ ਮਹੱਤਤਾ ਇਸ ਦੇ ਦਰਿਆਵਾਂ ਦੀ ਬਣਾਈ ਹੋਈ ਹੈ। ਜਿੱਥੇ ਇਨ੍ਹਾਂ ਦੇ ਵਿਚਕਾਰਲੇ ਦੁਆਬਿਆਂ ਨੇ ਪੰਜਾਬੀਆਂ ਨੂੰ ਸਾਫ ਤੇ ਸੋਹਣੇ ਪੌਣ-ਪਾਣੀ ਬਖਸ਼ੇ ਅਤੇ ਬੜੀ ਖੁਲ੍ਹੀ-ਡੁਲ੍ਹੀ ਉਪਜਾਊ ਤੋਂ ਦਿੱਤੀ, ਉਥੇ ਇਨ੍ਹਾਂ ਨੇ ਸਡੋਲ-ਸਰੀਰੇ ਸੂਰਬੀਰਾਂ ਅਤੇ ਡੂੰਘੇ ਵਿਚਾਰਵਾਨ ਵਿਦਵਾਨਾਂ ਨੂੰ ਵੀ ਜਨਮ ਦਿੱਤਾ। ਇਥੇ ਹੀ ਆਰੀਆ ਤੋਂ ਪਹਿਲੀ ਹਿੰਦੁਸਤਾਨ ਦੀ ਸੱਭਿਅਤਾ ਉੱਸਰੀ ਤੇ ਉੱਘੜੀ, ਇਥੇ ਹੀ ਪਹਿਲੋਂ ਪਹਿਲ ਆਰੀਆ ਲੋਕ ਟਿਕ ਕੇ ਆਬਾਦ ਹੋਏ। ਪੰਜਾਬ ਦੇ ਪੂਰਬੀ ਦਰਿਆਵਾਂ ਦੇ ਕੰਢਿਆਂ ਉੱਤੇ ਆਰੀਆ ਰਿਸ਼ੀਆਂ ਮੁਨੀਆਂ ਨੇ ਆਪਣੇ ਆਸ਼ਰਮ ਬਣਾਏ ਅਤੇ ਵੇਦ ਆਦਿ ਧਾਰਮਕ ਤੇ ਸਮਾਜਕ ਗ੍ਰੰਥ ਰਚੇ ਜਿਨ੍ਹਾਂ ਨਾਲ ਆਰੀਆ ਸੱਭਿਅਤਾ ਦੀ ਨੀਂਹ ਬੱਝੀ ਅਤੇ ਇਸ ਦੀ ਉਸਾਰੀ ਹੋਈ। ਇਥੋਂ ਹੀ ਇਹ ਸੱਭਿਅਤਾ ਪੂਰਬ ਵੱਲ ਨੂੰ ਪਸਰੀ ਅਤੇ ਭਾਰਤੀ ਸੱਭਿਅਤਾ ਦੇ ਰੂਪ ਵਿਚ ਵਧੀ ਫੁੱਲੀ। ਇਸੇ ਲਈ ਪੰਜਾਬ ਨੂੰ ਪ੍ਰਾਚੀਨ ਸੱਭਿਅਤਾ ਦਾ ਜਨਮ-ਦਾਤਾ ਅਤੇ ਪੰਘੂੜਾ ਕਿਹਾ ਜਾਂਦਾ ਹੈ।
ਜਿਵੇਂ ਪੁਰਾਤਨ ਪੰਜਾਬ ਵਿਚ ਪੰਜ ਵੱਡੇ ਵੱਡੇ ਦਰਿਆ ਸਨ ਜਿਨ੍ਹਾਂ ਕਰਕੇ ਇਸ ਦਾ ਇਹ ਨਾਉਂ ਪਿਆ ਸੀ, ਇਸੇ ਤਰ੍ਹਾਂ ਅਜੋਕੇ (ਹਿੰਦੁਸਤਾਨੀ) ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਲਹਿੰਦੀ ਹੱਦ ਤੋਂ ਲੈ ਕੇ, ਜੋ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੇ ਉੱਤਰ ਨੂੰ ਰਾਵੀ ਦਰਿਆ ਨਾਲ ਬਣਦੀ ਹੈ, ਜਮਨਾ ਨਾਲ ਬਣਦੀ ਚੜ੍ਹਦੀ ਹੱਦ ਤੱਕ ਵੀ ਪੰਜ ਹੀ ਦਰਿਆ ਹਨ। ਇਹ ਹਨ : ਰਾਵੀ, ਬਿਆਸ, ਸਤਲੁਜ, ਸਰਸਵਤੀ ਤੇ ਜਮਨਾ । ਪਰ ਜੇ ਸਰਸ੍ਵਤੀ ਦੇ ਨਾਲ ਦੇ ਇਤਿਹਾਸ-ਪ੍ਰਸਿੱਧ ਦਰਿਆ ਘੱਗਰ ਅਤੇ ਮਾਰਕੰਡਾ ਵੀ ਗਿਣ ਲਏ ਜਾਣ ਤਾਂ ਇਹ ਪੂਰੇ ਸੱਤ ਹੋ ਜਾਂਦੇ ਹਨ।
ਰਾਵੀ –
ਪ੍ਰਾਚੀਨ ਵੈਦਿਕ ਸਮਿਆਂ ਵਿਚ ਰਾਵੀ ਦਰਿਆ ਦਾ ਨਾਉਂ ਪਰੁਸ਼ਨੀ (ਪਰੂਸ਼ਨੀ) ਸੀ ਅਤੇ ਪਿਛਲੇਰੇ ਸੰਸਕ੍ਰਿਤ ਵਿਚ ਇਸ ਦਾ ਨਾਉਂ ਇਰਾਵਤੀ ਆਉਂਦਾ ਹੈ । ਯੂਨਾਨੀ ਵਿਦਵਾਨਾਂ ਨੇ ਇਸ ਦਾ ਜ਼ਿਕਰ ਹਾਈਡਰਾਉਟੀਜ਼, ਅਦਰੀਸ ਜਾਂ ਰੋਨਾਦੀਸ ਨਾਉਂ ਨਾਲ ਕੀਤਾ ਹੈ। ਅੱਜ-ਕੱਲ੍ਹ ਦਾ ਨਾਉਂ ਰਾਵੀ ‘ਰਵੀ’ ਅਰਥਾਤ ਸੂਰਜ ਤੋਂ ਜਾਂ ਇਰਾਵਤੀ ਤੋਂ ਬਿਗੜ ਕੇ ਪਿਆ ਜਾਪਦਾ ਹੈ । ਰਾਵੀ ਦਾ ਆਦਿ ਸੋਮਾ ਕੁੱਲੂ ਦੇ ਪਹਾੜ ਵਿਚ ਹੈ ਜਿੱਥੋਂ ਨਿਕਲ ਕੇ ਇਹ ਜ਼ਿਲ੍ਹਾ ਕਾਂਗੜਾ ਦੇ ਚੜ੍ਹਦੇ- ਉੱਤਰੋਂ ਉੱਤਰ-ਲਹਿੰਦੇ ਨੂੰ ਹੋ ਕੇ ਬੜਾ ਬੰਗਾਹਲ ਦੇ ਲਹਿੰਦਿਉਂ ਚੰਬੇ ਦੇ ਇਲਾਕੇ ਵਿਚ ਦਾਖਲ ਹੋ ਜਾਂਦਾ ਹੈ। ਇਥੋਂ ਕੁਝ ਪੰਜ ਛੇ ਮੀਲ ਲਹਿੰਦੇ ਵਗ ਕੇ ਤਿੰਨ ਕੁ ਮੀਲ ਦੱਖਣ ਨੂੰ ਹੋ ਕੇ ਲਹਿੰਦੇ-ਉੱਤਰ ਨੂੰ ਚੜ੍ਹ ਤੁਰਦਾ ਹੈ ਅਤੇ ਚੰਬੇ ਸ਼ਹਿਰ ਦੇ ਦੱਖਣ ਦੀ ਹੁੰਦਾ ਹੋਇਆ ਕਸ਼ਮੀਰ ਦੀ ਹੱਦ ਦੇ ਨਾਲ ਨਾਲ ਮਾਧੋਪੁਰ ਪੁਜਦਾ ਹੈ। ਇਥੇ ਇਸ ਵਿੱਚੋਂ ਅਪਰ-ਬਾਰ-ਦੁਆਬ ਨਹਿਰ ਕੱਢੀ ਗਈ ਹੈ, ਜਿਸ ਦੀਆਂ ਸ਼ਾਖਾਂ ਗੁਰਦਾਸਪੁਰ, ਅੰਮ੍ਰਿਤਸਰ ਤੇ ਲਾਹੌਰ ਦੇ ਜ਼ਿਲ੍ਹਿਆਂ ਨੂੰ ਸਿੰਜਦੀਆਂ ਹਨ। ਕਠੂਹੇ ਤੋਂ ਚਾਰ ਕੁ ਮੀਲ ਦੱਖਣ ਨੂੰ ਕਸ਼ਮੀਰ ਦੀ ਹੱਦੋਂ ਨਿਕਲ ਕੇ ਇਹ ਸਿੱਧਾ ਦੱਖਣ-ਲਹਿੰਦੇ ਨੂੰ ਹੋ ਪੈਂਦਾ ਹੈ । ਇੱਥੇ ਇਸ ਦੇ ਚੜ੍ਹਦੇ ਵੱਲ ਹਿੰਦੁਸਤਾਨੀ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਹਨ ਅਤੇ ਲਹਿੰਦੇ ਨੂੰ ਲਹਿੰਦੇ ਪਾਕਿਸਤਾਨ ਦੇ ਜ਼ਿਲ੍ਹੇ ਸਿਆਲਕੋਟ ਤੇ ਸ਼ੇਖੂਪੁਰਾ। ਅੱਗੇ ਚੱਲ ਕੇ ਇਹ ਨਿਰੋਲ ਪਾਕਿਸਤਾਨ ਵਿਚ ਚਲਾ ਜਾਂਦਾ ਹੈ ਅਤੇ ਲਾਹੌਰ ਤੇ ਸ਼ੇਖੂਪੁਰਾ, ਮਿੰਟਗੁਮਰੀ ਤੇ ਲਾਇਲਪੁਰ ਅਤੇ ਮੁਲਤਾਨ ਤੇ ਝੰਗ ਦੀਆਂ ਹੱਦਾਂ ਬਣਾਉਂਦਾ ਹੋਇਆ ਮੁਲਤਾਨ, ਮੁਜ਼ਫਰਗੜ੍ਹ ਤੇ ਝੰਗ ਦੇ ਤਿਹੱਦੇ ਤੇ ਸਰਦਾਰਪੁਰੋਂ ਤਿੰਨ ਚਾਰ ਮੀਲ ਉੱਤਰ-ਚੜ੍ਹਦੇ ਨੂੰ ਉੱਤਰ ਵੱਲੋਂ ਝਨਾਂ ਨਾਲ ਰਲ ਕੇ ਆ ਰਹੇ ਜਿਹਲਮ ਦਰਿਆ ਵਿਚ ਜਾ ਪੈਂਦਾ ਹੈ। ਇਹ ਦਰਿਆ ਕੁਲ 450 ਮੀਲ ਲੰਮਾ ਹੈ ਅਤੇ ਇਸ ਦੇ ਕੰਢਿਆਂ ਤੇ ਪ੍ਰਸਿੱਧ ਅਸਥਾਨ ਇਹ ਹਨ : ਬੜਾ ਬੰਗਾਲ, ਘਿਤਰਾੜੀ, ਚੰਬਾ, ਮਾਧੋਪੁਰ, ਡੇਰਾ ਬਾਬਾ ਨਾਨਕ, ਲਾਹੌਰ, ਸ਼ਾਹਦਰਾ ਤੇ ਸਰਾਇ-ਸਿੱਧੂ ।
ਬਿਆਸ –
ਵੇਦ ਵਿਚ ਇਸ ਦਾ ਨਾਉਂ ਅਰਜਿਕੇਯ ਅਤੇ ਪਿਛਲੇਰੇ ਸੰਸਕ੍ਰਿਤ ਸਾਹਿੱਤ ਵਿਚ ਵਿਪਾਸ਼ਾ ਆਇਆ ਹੈ। ਯੂਨਾਨੀਆਂ ਨੇ ਇਸ ਨੂੰ ਹਾਇਵਾਸਿਸ ਜਾਂ ਹਾਇਪਾਸੀਸ ਕਰਕੇ ਲਿਖਿਆ ਹੈ। ਸੰਸਕ੍ਰਿਤ ਵਿਚ ਵਿਪਾਸ਼ਾ ਦੇ ਅਰਥ ਹਨ ਬੰਦ-ਖਲਾਸ (ਵਿ=ਖੋਹਲਣਾ, ਪਾਸ਼=ਬੰਦ, ਰੱਸੀ, ਜ਼ੰਜੀਰ) ।
ਮਹਾਂਭਾਰਤ ਵਿਚ ਵਿਪਾਸ਼ਾ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੋਈ ਹੈ ਕਿ ਜਦ ਵਿਸ਼ਵਾ ਮਿੱਤਰ ਵਸ਼ਿਸ਼ਟ ਰਿਖੀ ਦੇ ਪੁੱਤਰ ਮਾਰੇ ਗਏ ਤਾਂ ਗੁਮ ਅਤੇ ਨਿਰਾਸਤਾ ਨਾਲ ਉਸ ਦਾ ਦਿਲ ਟੁੱਟ ਗਿਆ ਅਤੇ ਦੁੱਖਾਂ-ਭਰੇ ਜੀਵਨ ਨੂੰ ਵਿਅਰਥ ਜਾਣ ਕੇ ਉਸ ਨੇ ਆਤਮ-ਹੱਤਿਆ ਕਰਨ ਦੀ ਠਾਣ ਲਈ। ਉਸ ਨੇ ਆਪਣੇ ਹੱਥ ਪੈਂਰ ਰੱਸੀਆਂ ਨਾਲ ਬੰਨ੍ਹ ਲਏ ਅਤੇ ਆਪਣੇ ਆਪ ਨੂੰ ਨਦੀ ਵਿਚ ਸੁੱਟ ਦਿੱਤਾ ਪਰ ਨਦੀ ਬ੍ਰਹਮ-ਹੱਤਿਆ ਤੋਂ ਡਰ ਗਈ ਅਤੇ ਉਸ ਦੀਆਂ ਤੇਜ਼ ਛੱਲਾਂ ਨੇ ਰਿਖੀ ਦੇ ਬੰਦ ਢਿੱਲੇ ਕਰ ਦਿੱਤੇ ਤੇ ਉਸ ਨੂੰ ਉਛਾਲ ਕੇ ਕੰਡੇ ਤੇ ਸੁੱਟ ਦਿੱਤਾ । ਇਸ ਤਰ੍ਹਾਂ ਵਸ਼ਿਸ਼ਟ ਰਿਖੀ ਦੀ ਜਾਨ ਬਚ ਗਈ ਅਤੇ ਇਸ ਨਦੀ ਦਾ ਨਾਉਂ ਵਿਪਾਸ਼ਾ ਪੈ ਗਿਆ । ਪਾਣਿਨੀ ਰਿਖੀ ਦੀ ਅਸ਼ਟਾਧਿਆਈ ਅਤੇ ਮਾਰਕੰਡੇ, ਭਾਗਵਤ, ਤੇ ਪਦਮ ਪੁਰਾਣਾਂ ਵਿਚ ਵੀ ਇਸ ਦਰਿਆ ਦਾ ਨਾਉਂ ਕਈ ਵਾਰੀ ਆਇਆ ਹੈ।
ਇਸ ਦਾ ਸੋਮਾ ਕੁੱਲੂ ਦੇ ਪਹਾੜ ਵਿਚ ਦੱਰਾ ਰੋਹਤਾਂਗ ਦੇ ਦੱਖਣੀ ਮੂੰਹ ਪਾਸ 13,326 ਫੁੱਟ ਦੀ ਉਚਾਈ ਉੱਤੇ ਹੈ। ਉੱਥੋਂ ਪਹਿਲਾਂ ਸਿੱਧਾ ਦੱਖਣ ਨੂੰ ਵਗਦਾ ਹੈ ਤੇ ਬਜੋੜੇ ਕੋਲ ਮੰਡੀ ਦੀ ਸਰਹੱਦ ਨੂੰ ਆ ਲੱਗਦਾ ਹੈ। ਦਸ ਕੁ ਮੀਲ ਹੱਦ ਦੇ ਨਾਲ ਨਾਲ ਦੱਖਣ ਨੂੰ ਤੁਰਿਆ ਜਾਂਦਾ ਹੈ ਤੇ ਫੇਰ ਲਹਿੰਦੇ ਨੂੰ ਮੰਡੀ ਦੇ ਇਲਾਕੇ ਵਿਚ ਦਾਖ਼ਲ ਹੋ ਜਾਂਦਾ ਹੈ ਤੇ ਉੱਤਰ-ਲਹਿੰਦੇ ਨੂੰ ਵਗਦਾ ਹੋਇਆ ਮੰਡੀ ਸ਼ਹਿਰ ਜਾ ਪੁੱਜਦਾ ਹੈ। ਇਥੋਂ ਹੋਰ ਅੱਗੇ ਇਸੇ ਇਲਾਕੇ ਵਿਚ ਦੀ 1920 ਫੁੱਟ ਦੀ ਉਚਾਈ ਤੇ ਸੰਘੋਲ ਤੋਂ ਕਾਂਗੜੇ ਜ਼ਿਲ੍ਹੇ ਵਿਚ ਦਾਖਲ ਹੁੰਦਾ ਹੈ ਅਤੇ ਦੱਖਣ-ਲਹਿੰਦੇ ਨੂੰ ਹੋ ਕੇ ਸੁਜਾਨਪੁਰ ਪਾਸ ਦੀ ਲੰਘਦਾ ਹੋਇਆ ਨਦੌਣ ਪੁਜਦਾ ਹੈ । ਇੱਥੋਂ ਉੱਤਰ-ਲਹਿੰਦੇ ਨੂੰ ਚੜ੍ਹ ਕੇ ਡੇਰਾ ਗੋਪੀਪੁਰ ਦੇ ਕੋਲ ਦੀ ਲੰਘਦਾ ਹੈ ਅਤੇ ਤਲਵਾੜੇ ਜਾ ਕਾਂਗੜੇ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹਿਆਂ ਦੀ ਹੱਦ ਬਣਾਉਂਦਾ ਹੋਇਆ ਉੱਤਰ-ਲਹਿੰਦੇ ਨੂੰ ਤੁਰਿਆ ਜਾਂਦਾ ਹੈ ਤੇ ਦੀਨਾਨਗਰੋਂ 8 ਮੀਲ ਦੱਖਣ-ਚੜ੍ਹਦੇ ਅਤੇ ਨਾਨੂ-ਨੰਗਲ ਤੋਂ ਚਾਰ ਕੁ ਮੀਲ ਚੜ੍ਹਦੇ ਦੱਖਣ ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ਨਾਲ ਆ ਲੱਗਦਾ ਹੈ। ਇਥੇ ਕਾਂਗੜੇ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਜਿਲ੍ਹਿਆਂ ਦਾ ਤਿਹੱਦਾ ਹੈ। ਇਥੋਂ ਇਸ ਦਾ ਵਹਿਣ ਲਹਿੰਦੇ ਨੂੰ ਹੋ ਕੇ ਦੱਖਣ ਨੂੰ ਢਲ ਜਾਂਦਾ ਹੈ ਅਤੇ ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ) ਤਕ ਇਸੇ ਤਰ੍ਹਾਂ ਤੁਰਿਆ ਜਾਂਦਾ ਹੈ। ਦੋ ਕੁ ਮੀਲ ਦੱਖਣ-ਲਹਿੰਦੇ ਨੂੰ ਚੜ੍ਹਦੇ ਪਾਸੇ ਜ਼ਿਲ੍ਹਾ ਕਪੂਰਥਲਾ ਦੀ ਲਹਿੰਦੀ ਹੱਦ ਆ ਜਾਂਦੀ ਹੈ ਅਤੇ ਅੱਠ ਕੁ ਮੀਲ ਅੱਗੇ ਲਹਿੰਦੇ ਪਾਸੇ ਜ਼ਿਲ੍ਹਾ ਅੰਮ੍ਰਿਤਸਰ ਦੀ ਚੜ੍ਹਦੀ ਹੱਦ ਹੈ, ਜੋ ਸਿੱਧੀ ਦੱਖਣ ਲਹਿੰਦੇ ਹਰੀ-ਕੇ-ਪੱਤਣ ਤਕ ਤੁਰੀ ਜਾਂਦੀ ਹੈ ਜਿਥੇ ਅਮ੍ਰਿਤਸਰ, ਕਪੂਰਥਲਾ ਅਤੇ ਫਿਰੋਜ਼ਪੁਰ ਦੇ ਜਿਲ੍ਹਿਆਂ ਦੇ ਤਿਹੱਦੇ ਉੱਤੇ ਬਿਆਸਾ ਦੱਖਣ ਚੜ੍ਹਦੇ ਵਲੋਂ ਆ ਰਹੇ ਦਰਿਆ ਸਤਲੁਜ ਵਿਚ ਡਿੱਗਦਾ ਜਾਂਦਾ ਹੈ ।
ਬਿਆਸਾ ਅਤੇ ਸਤਲੁਜ ਦਾ ਹਰੀ-ਕੇ-ਪੱਤਣ ਦਾ ਸੰਗਮ ਸੰਨ 1790 ਤੋਂ ਹੈ ਜਦ ਕਿ ਸਤਲੁਜ ਆਪਣਾ ਪੁਰਾਣਾ ਧਰਮਕੋਟ ਦੇ ਲਾਗਲਾ ਵਹਿਣ ਛੱਡ ਕੇ ਬਿਆਸਾ ਨੂੰ ਹਰੀ-ਕੇ-ਪੱਤਣ ਤੇ ਆ ਮਿਲਿਆ ਸੀ। ਇਸ ਤੋਂ ਕਈ ਸਦੀਆਂ ਪਹਿਲਾਂ ਇਨ੍ਹਾਂ ਦੋਹਾਂ ਦਾ ਮੇਲ ਫਿਰੋਜ਼ਪੁਰ ਅਤੇ ਕਸੂਰ ਦੇ ਵਿਚਕਾਰ ਭਾਉ-ਦੇ-ਪੱਤਣ ਤੇ ਹੁੰਦਾ ਸੀ। ਇਸ ਦਾ ਜਿਕਰ ਜੌਹਰ ਨੇ ਹੁਮਾਯੂੰ ਪਾਤਸ਼ਾਹ ਦੇ ਇਤਿਹਾਸ ‘ਤਜ਼ਕਿਰਾਤੂ-ਲ-ਵਾਕਿਆਤ’ ਵਿਚ ਸੰਨ 1555 ਅਤੇ ਅਬੁਲ-ਫਜ਼ਲ ਨੇ ਆਈਨਿ-ਅਕਬਰੀ ਵਿਚ ਸੰਨ 1596 ਵਿਚ ਕੀਤਾ ਹੋਇਆ ਹੈ। ਪਰ ਉਸ ਵੇਲੇ ਬਿਆਸਾ ਆਪਣੀ ਆਜ਼ਾਦ ਹਸਤੀ ਗੁਆ ਕੇ ਸਤਲੁਜ ਦਾ ਸਹਾਇਕ ਬਣ ਚੁੱਕਾ ਹੋਇਆ ਸੀ । ਆਪਣੇ ਸੁਤੰਤਰ ਸਮੇਂ ਵਿਚ ਇਹ ਮੁਲਤਾਨ ਦੇ ਇਲਾਕੇ ਤੱਕ ਵਗਦਾ ਜਾਂਦਾ ਸੀ ਅਤੇ ਸ਼ਹਿਰ ਮੁਲਤਾਨ ਤੋਂ 28 ਮੀਲ ਦੱਖਣ ਨੂੰ ਜਿਹਲਮ, ਝਨਾ ਅਤੇ ਰਾਵੀ ਦੇ ਸਾਂਝੇ ਪਾਣੀ (ਤ੍ਰਿਨਾਬ) ਨਾਲ ਜਾ ਕੇ ਮਿਲਦਾ ਸੀਂ। ਬਿਆਸ ਦਾ ਪੁਰਾਣਾ ਵਹਿਣ ਹੁਣ ਭੀ ਹਰੀ-ਕੇ-ਪੱਤਣ ਤੋਂ ਪਾਕਿਸਤਾਨ ਦੇ ਲਾਹੌਰ, ਮਿੰਟਗੁਮਰੀ ਅਤੇ ਮੁਲਤਾਨ ਦੇ ਜਿਲ੍ਹਿਆਂ ਵਿਚ ਦੀ ਲੰਘਦਾ ਸ਼ੁਜਾਬਾਦ ਤੱਕ ਸੁੱਕੀ ਨਦੀ ਦੀ ਸ਼ਕਲ ਵਿਚ ਦੇਖਿਆ ਜਾ ਸਕਦਾ ਹੈ।
ਇਸ ਵੇਲੇ ਇਸ ਦਰਿਆ ਦੀ ਕੁੱਲ ਲੰਬਾਈ 190 ਮੀਲ ਹੈ। ਚਿੱਟੀ ਤੇ ਕਾਲੀ ਬੇਂਈਂ – ਨਿੱਕੇ ਵੱਡੇ ਨਾਲੇ ਜਾਂ ਚੋ ਤਾਂ ਅਨੇਕ ਹੀ ਚੜ੍ਹਦੀ ਵਲੋਂ ਬਿਆਸ ਵੱਲ ਨੂੰ ਆਉਂਦੇ ਹਨ ਪਰ ਇਹ ਸਾਰੇ ਹੀ ਦੋ ਖ਼ਾਸ ਨਦੀਆਂ ਵਿੱਚੋਂ ਇਕ ਜਾਂ ਦੂਸਰੀ ਵਿਚ ਜਾ ਡਿੱਗਦੇ ਹਨ। ਇਹ ਨਦੀਆਂ ਹਨ : ਚੜ੍ਹਦੀ ਜਾਂ ਚਿੱਟੀ ਬੇਂਈਂ, ਅਤੇ ਲਹਿੰਦੀ ਜਾਂ ਕਾਲੀ ਬੇਂਈਂ।
ਚਿੱਟੀ ਬੇਂਈਂ ਸ਼ਹਿਰ ਹੁਸ਼ਿਆਰਪੁਰ ਦੇ ਚੜ੍ਹਦੇ-ਦੱਖਣੋਂ ਕੰਢੀ ਦੇ ਇਲਾਕੇ ਵਿੱਚੋਂ ਇਕ ਚੋ ਦੀ ਸ਼ਕਲ ਵਿਚ ਨਿਕਲਦੀ ਹੈ ਅਤੇ ਲਹਿੰਦੇ-ਦੱਖਣ ਨੂੰ ਵੱਗਦੀ ਹੋਈ ਜਲੰਧਰ ਛਾਉਣੀ ਦੇ ਦੱਖਣ ਦੀ ਸੱਪ ਵਾਂਙੂ ਵੱਲ ਖਾਂਦੀ ਬਿਆਸ ਅਤੇ ਸਤਲੁਜ ਦੇ ਸੰਗਮ ਤੋਂ ਛੇ ਕੁ ਮੀਲ ਚੜ੍ਹਦੀ ਵੱਲ ਸਤਲੁਜ ਵਿਚ ਜਾ ਡਿੱਗਦੀ ਹੈ। ਬਰਸਾਤ ਦੇ ਦਿਨੀਂ ਇਸ ਵਿਚ ਚੋਖਾ ਪਾਣੀ ਆ ਜਾਂਦਾ ਹੈ, ਖਾਡਰੇ ਦੇ ਦਿਨੀਂ ਆਮ ਕਰਕੇ ਇਹ ਪੈਂਰੀਂ ਪਾਰ ਕੀਤੀ ਜਾ ਸਕਦੀ ਹੈ।
ਕਾਲੀ ਬੇਂਈਂ ਜ਼ਿਲ੍ਹਾ ਹੁਸਿਆਰਪੁਰ ਵਿਚ ਦਸੂਹੇ ਦੇ ਉੱਤਰ-ਲਹਿੰਦੇ ਸੀਰਾਂ ਵਾਲੇ ਚੋਈ ਇਲਾਕੇ ਵਿਚੋਂ ਇਕ ਚੋ ਵਾਂਙੂ ਨਿਕਲਦੀ ਹੈ ਅਤੇ ਬਿਆਸਾ ਦੇ ਬਰੋ-ਬਰੋਬਰ ਪਹਿਲਾਂ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿਚ ਦੱਖਣ ਨੂੰ ਅਤੇ ਫੇਰ ਜਲੰਧਰ ਦੇ ਜ਼ਿਲ੍ਹੇ ਵਿਚ ਦੱਖਣ-ਲਹਿੰਦੇ ਨੂੰ ਵਗਦੀ ਹੋਈ ਭੁਲੱਥ ਅਤੇ ਹਮੀਰੇ ਦੇ ਲਹਿੰਦੇ ਸੁਲਤਾਨਪੁਰ ਲੋਧੀ ਜਾ ਪੁੱਜਦੀ ਹੈ। ਇਥੇ ਜਾ ਕੇ ਇਸ ਵਿਚ ਚੋਖਾ ਪਾਣੀ ਹੋ ਜਾਂਦਾ ਹੈ ਅਤੇ ਇਹ ਸਤਲੁਜ ਅਤੇ ਬਿਆਸਾ ਦੇ ਸੰਗਮ ਪਾਸ ਉੱਤਰ-ਚੜ੍ਹਦੇ ਵਲੋਂ ਆ ਕੇ ਰਲ ਜਾਂਦੀ ਹੈ।
ਸਤਲੁਜ –
ਪ੍ਰਾਚੀਨ ਵੈਦਿਕ ਸਮੇਂ ਵਿਚ ਸਤਲੁਜ ਦਰਿਆ ਦਾ ਨਾਉਂ ਸਤੁਦਰੂ ਜਾਂ ਸਤੁਦਰੀ ਹੁੰਦਾ ਸੀ ਅਤੇ ਇਸੇ ਨਾਉਂ ਨਾਲ ਇਸ ਦਾ ਜ਼ਿਕਰ ਰਿਗਵੇਦ ਵਿਚ ਆਇਆ ਹੈ । ਯਾਸਕ ਦੇ ‘ਨਿਰੁਕਤ’ ਗ੍ਰੰਥ, ਮਾਰਕੰਡੇ ਅਤੇ ਭਾਗਵਤ ਪੁਰਾਣਾਂ ਵਿਚ ਭੀ ਇਸ ਦਾ ਜ਼ਿਕਰ ਆਉਂਦਾ ਹੈ । ਯੂਨਾਨੀ ਲਿਖਾਰੀਆਂ ਨੇ ਇਸ ਨੂੰ ਜ਼ਾਰਾਦਰੋਸ ਜਾਂ ਹੈਸੀਦਰੁਸ ਕਰਕੇ ਲਿਖਿਆ ਹੈ।
ਸਤਲੁਜ ਤਿੱਬਤ ਦੀ ਸਭ ਤੋਂ ਲਹਿੰਦੀ ਮਾਨਸਰੋਵਰ ਝੀਲ (15,200 ਫੁੱਟ ਉੱਚੀ) ਤੋਂ ਨਿਕਲਦਾ ਹੈ ਅਤੇ ਕੈਲਾਸ਼ ਪਰਬਤ ਦੀਆਂ ਦੱਖਣੀ ਢਾਲਾਂ ਦੇ ਨਾਲ ਨਾਲ ਚੀਨੀ ਤਿਬਤ ਦੀ ਸ਼ਿਪਕੀ ਦੀ ਸਰਹੱਦੀ ਚੌਕੀ ਵੱਲ ਉੱਤਰ-ਲਹਿੰਦੇ ਨੂੰ ਵਗਦਾ ਹੈ ਤੇ ਰਾਮਪੁਰ (ਬਸ਼ਹਿਰ) ਤੋਂ ਕੋਟਗੜ੍ਹ ਭੱਜੀ ਤੇ ਬਘਲ ਦੇ ਇਲਾਕਿਆਂ ਦੇ ਉੱਤਰੋ ਉੱਤਰ ਕਹਿਲੂਰ ਦੇ ਇਲਾਕੇ ਵਿਚ ਆ ਦਾਖ਼ਲ ਹੁੰਦਾ ਹੈ। ਬਿਲਾਸਪੁਰੋਂ ਦੱਖਣ-ਲਹਿੰਦੇ ਦੋ ਵਲ ਖਾ ਕੇ ਉੱਤਰ-ਲਹਿੰਦੇ ਨੂੰ ਚੜ੍ਹ ਕੇ ਭਾਖੜੇ ਤੋਂ ਲਹਿੰਦੇ ਉੱਤਰ-ਲਹਿੰਦਿਉਂ ਜਿਲ੍ਹਾ ਹੁਸ਼ਿਆਰਪੁਰ (ਤਹਿਸੀਲ ਊਨਾ) ਦੀ ਜਸਵਾਨ ਦੁਨ ਵਿਚ ਸੰਤੋਖ-ਗੜ੍ਹ ਤਿੰਨ ਕੁ ਮੀਲ ਉੱਤਰੋਂ ਦੱਖਣ ਨੂੰ ਹੋ ਪੈਂਦਾ ਹੈ । ਆਨੰਦਪੁਰ ਤੋਂ ਸਤ ਅੱਠ ਮੀਲ ਲਹਿੰਦੇ-ਉੱਤਰ ਨੂੰ ਉੱਤਰ ਵਲੋਂ ਆਉਂਦੀ ਸੁਆਂ ਨਦੀ ਸਤਲੁਜ ਵਿਚ ਆ ਰਲਦੀ ਹੈ। ਜ਼ਿਲ੍ਹਾ ਅੰਬਾਲੇ ਦੀ ਹੱਦ ਨੂੰ ਛੂੰਹਦੇ ਸਾਰ ਇਸ ਦਾ ਰੁਖ਼ ਦੱਖਣ-ਲਹਿੰਦੇ ਨੂੰ ਹੋ ਜਾਂਦਾ ਹੈ । ਰੋਪੜ ਦੇ ਉੱਤਰੋਂ ਇਹ ਸ਼ਿਵਾਲਕ ਦੀਆਂ ਪਹਾੜੀਆਂ ਤੋਂ ਬਾਹਰ ਨਿਕਲ ਆਉਂਦਾ ਹੈ ਅਤੇ ਮਾਛੀਵਾੜੇ, ਲੁਧਿਆਣੇ ਅਤੇ ਅਲੀਵਾਲ ਦੇ ਉੱਤਰ ਉੱਤਰ ਧਰਮਕੋਟ ਤੱਕ ਸਿੱਧਾ ਲਹਿੰਦੇ ਨੂੰ ਹੋ ਤੁਰਦਾ ਹੈ। ਧਰਮਕੋਟੋਂ ਆਪਣਾ ਪੁਰਾਣਾ ਵਹਿਣ ਛੱਡ ਕੇ ਉੱਤਰ ਲਹਿੰਦੇ ਨੂੰ ਹਰੀ-ਕੇ-ਪੱਤਣ ਤੇ ਬਿਆਸਾ ਨੂੰ ਜਾ ਮਿਲਦਾ ਹੈ । ਇਥੋਂ ਅੱਗੇ ਚਲ ਕੇ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਅਤੇ ਮਿੰਟਗੁਮਰੀ ਦੀਆਂ ਹੱਦਾਂ ਆ ਜਾਂਦੀਆਂ ਹਨ। ਇਹ ਜਿਲ੍ਹੇ ਇਸ ਦੇ ਸੱਜੇ ਕੰਢੇ ਉੱਤੇ ਹਨ। ਬਹਾਵਲਪੁਰ (ਪਾਕਿਸਤਾਨ) ਦੀ ਉੱਤਰੀ ਸਰਹੱਦੋਂ ਸਤਲੁਜ (ਘਾਰਾ) ਨਿਰੋਲ ਪਾਕਿਸਤਾਨੀ ਬਣ ਜਾਂਦਾ ਹੈ ਅਤੇ ਪੰਜਨਦ ਦੇ ਅਸਥਾਨ ਤੇ ਝਨਾਂ ਅਤੇ ਰਾਵੀ ਨੂੰ ਨਾਲ ਰਲਾ ਕੇ ਆ ਰਹੇ ਜਿਹਲਮ (ਤ੍ਰਿਨਾਬ) ਨਾਲ ਜਾ ਰਲਦਾ ਹੈ । ਇਥੋਂ ਇਹ ਪੰਜੇ ਦਰਿਆ (ਸਤਲੁਜ, ਬਿਆਸ, ਰਾਵੀ, ਝਨਾਂ ਅਤੇ ਜੇਹਲਮ) ਪੰਜਨਦ ਬਣ ਕੇ
ਮਿਠਣਕੋਟ ਪਾਸ ਸਿੰਧ ਦਰਿਆ ਨੂੰ ਜਾ ਮਿਲਦੇ ਹਨ। ਦੋ ਖ਼ਾਸ ਪ੍ਰਸਿੱਧ ਨਦੀਆਂ, ਜੋ ਸਤਲੁਜ ਵਿਚ ਆ ਕੇ ਡਿੱਗਦੀਆਂ ਹਨ, ਉਹ ਹਨ ਸੁਆਂ ਅਤੇ ਸਰਸਾ।
ਸੁਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਊਨਾ ਤਹਿਸੀਲ ਦੀ ਉੱਤਰ-ਚੜ੍ਹਦੀ ਗੁੱਠ ਦੀਆਂ ਪਹਾੜੀਆਂ ਵਿੱਚੋਂ ਭਰਵਾਈਂ ਤੋਂ ਚਾਰ ਪੰਜ ਮੀਲ ਉੱਤਰ-ਲਹਿੰਦਿਉਂ ਨਿਕਲਦੀ ਹੈ । ਆਪਣੇ ਸੋਮੇ ਤੋਂ ਇਹ ਸੱਤ ਕੁ ਮੀਲ ਲਹਿੰਦੇ-ਦੱਖਣ ਨੂੰ ਵਗ ਕੇ ਸਿੱਧੀ ਦੱਖਣ-ਚੜ੍ਹਦੇ ਨੂੰ ਹੋ ਪੈਂਦੀ ਹੈ। ਅੰਬ ਇਸ ਤੋਂ ਤਿੰਨ ਕੁ ਮੀਲ ਚੜਦੇ ਨੂੰ ਰਹਿ ਜਾਂਦਾ ਹੈ ਅਤੇ ਗਗਰੇਟ ਦੋ ਕੁ ਮੀਲ ਲਹਿੰਦੇ ਨੂੰ । ਅੰਬ ਗਗਰੇਟ ਤੋਂ ਪੰਜ ਕੁ ਮੀਲ ਲਹਿੰਦੇ-ਦੱਖਣ ਨੂੰ ਹੈ । ਊਨਾ ਡੇਢ ਕੁ ਮੀਲ ਚੜ੍ਹਦੇ ਨੂੰ ਇਸ ਦੇ ਖੱਬੇ ਕੰਢੇ ਉੱਤੇ ਹੈ। ਇਸ ਤੋਂ ਪੰਦਰਾਂ ਸੋਲਾਂ ਮੀਲ ਦੱਖਣ-ਚੜ੍ਹਦੇ ਅਤੇ ਆਨੰਦਪੁਰੋਂ ਸਤ ਅੱਠ ਮੀਲ ਲਹਿੰਦੇ-ਉੱਤਰ ਨੂੰ ਇਹ ਨਦੀ ਸਤਲੁਜ ਨਾਲ ਜਾ ਮਿਲਦੀ ਹੈ।
ਸਰਸਾ ਨਦੀ ਅਠਾਰ੍ਹਵੀਂ ਸਦੀ ਦੇ ਆਰੰਭ ਤੋਂ ਪੰਜਾਬ ਦੇ ਇਤਿਹਾਸ ਵਿਚ ਕਾਫੀ ਉੱਘੀ ਹੋ ਗਈ ਹੈ । ਸੰਨ 1704 ਈਸਵੀ ਦੇ ਦਸੰਬਰ ਵਿਚ ਆਨੰਦਪੁਰ ਛੱਡਣ ਤੋਂ ਬਾਅਦ ਇਸ ਦੇ ਸੱਜੇ ਕੰਢੇ ਵੈਰੀਆਂ ਨੇ ਗੁਰੂ ਗੋਬਿੰਦ ਸਿੰਘ ਉੱਤੇ ਹੱਲਾ ਕਰਕੇ ਉਨ੍ਹਾਂ ਦਾ ਚੌਖਾ ਨੁਕਸਾਨ ਕੀਤਾ ਸੀ।ਇਸੇ ਵੇਲੇ ਹੀ ਗੁਰੂ ਸਾਹਿਬ ਦਾ ਬਹੁ-ਮੁੱਲਾ ਸਾਹਿੱਤਕ ਭੰਡਾਰ ਸਰਸੇ ਵਿਚ ਰੁੜ੍ਹ ਗਿਆ ਸੀ ਜਿਸ ਨਾਲ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਸਾਰੇ ਹਿੰਦੁਸਤਾਨ ਅਤੇ ਸੰਸਾਰ ਨੂੰ ਸਦਾ ਲਈ ਇਕ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਇਸ ਨਦੀ ਦੀਆਂ ਦੋ ਸ਼ਾਖਾ ਨਾਲਾਗੜ੍ਹ (ਹਿੰਡਰ) ਦੀਆਂ ਚੜ੍ਹਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਇਕ ਨਾਲਾਗੜ੍ਹ ਦੇ ਉੱਤਰ ਵੱਲ ਦੀ ਅਤੇ ਦੂਸਰੀ ਦੱਖਣ ਵੱਲ ਦੀ ਹੋ ਕੇ ਇਸ ਤੋਂ ਚਾਰ ਕੁ ਮੀਲ ਲਹਿੰਦੇ ਨੂੰ ਇੱਕਠੀਆਂ ਹੋ ਕੇ ਲਹਿੰਦੇ-ਉੱਤਰ ਨੂੰ ਸਤਲੁੱਜ ਵੱਲ ਤੁਰ ਪੈਂਦੀਆਂ ਹਨ। ਪਰ ਸਰਸਾ ਦੀ ਸਭ ਤੋਂ ਲੰਮੀ ਸ਼ਾਖ ਦਾ ਸੋਮਾ ਕਾਲਕਾ ਦੇ ਪਾਸ ਹੈ ਜਿੱਥੋਂ ਚਾਰ ਕੁ ਮੀਲ ਲਹਿੰਦੇ ਨੂੰ ਵੱਗ ਕੇ ਇਹ ਉੱਤਰ-ਲਹਿੰਦੇ ਨੂੰ ਚੜ੍ਹ ਪੈਂਦੀ ਹੈ ਅਤੇ ਛੋਟੇ ਮੋਟੇ ਚੋਆਂ ਨੂੰ ਨਾਲ ਰਲਾਉਂਦੀ ਹੋਈ ਨਾਲਾਗੜ੍ਹ ਤੋਂ ਚਾਰ ਕੁ ਮੀਲ ਦੱਖਣ ਨੂੰ ਉੱਪਰ ਦੱਸੀ ਦੱਖਣੀ ਸ਼ਾਖ ਨੂੰ ਆ ਨਾਲ ਲੈਂਦੀ ਹੈ। ਇਸ ਤਰ੍ਹਾਂ ਇਹ ਤਿੰਨੇ ਸ਼ਾਖਾਂ ਇੱਕਠੀਆਂ ਪੂਰੀ ਸਰਸਾ ਨਦੀ ਦੇ ਰੂਪ ਵਿਚ ਰੋਪੜ ਤੋਂ ਸੱਤ ਮੀਲ ਉਤਰ- ਚੜ੍ਹਦੇ ਨੂੰ ਸਤਲੁਜ ਵਿਚ ਮਿਲ ਜਾਂਦੀਆਂ ਹਨ ।
ਸਤਲੁਜ ਨੇ ਪੁਰਾਣੇ ਸਮਿਆਂ ਵਿਚ ਕਈ ਵਾਰੀ ਆਪਣਾ ਰੁੱਖ ਬਦਲਿਆ ਹੈ । ਯੂਨਾਨੀ ਇਤਿਹਾਸਕਾਰ ਆਰੀਅਨ ਦੇ ਸਮੇਂ ਸਤਲੁਜ ਇਕ ਅਜ਼ਾਦ ਦਰਿਆ ਦੀ ਹੈਸੀਅਤ ਵਿਚ ਰਣ ਕੱਛ ਵਿਚ ਜਾ ਕੇ ਡਿੱਗਦਾ ਸੀ । ਸੰਨ 1000 ਈਸਵੀ ਵਿਚ ਇਹ ਹਕੜਾ ਦਾ ਸਹਾਇਕ ਹੁੰਦਾ ਸੀ ਅਤੇ ਸਿੰਧ ਦੇ ਇਲਾਕੇ ਵਿਚ ਚੜ੍ਹਦੀ ਨਾਰਾ ਨਦੀ ਵਿਚ ਡਿੱਗਦਾ ਸੀ। ਓਦੋਂ ਇਹ ਬੀਕਾਨੇਰ, ਦੱਖਣੀ ਬਹਾਵਲਪੁਰ ਅਤੇ ਸਿੰਧ ਦੇ ਇਲਾਕੇ ਨੂੰ ਹਰਾ-ਭਰਾ ਤੇ ਉਪਜਾਉਂ ਬਣਾਉਂਦਾ ਸੀ । ਨਾਰਾ ਨਦੀ ਤੋਂ ਸਤਲੁਜ ਦਾ ਪੁਰਾਣਾ ਵਹਿਣ ਬਹਾਵਲਪੁਰ ਅਤੇ ਬੀਕਾਨੇਰ ਵਿਚ ਦੀ ਪਿਛੇ ਨੂੰ ਜ਼ਿਲ੍ਹਾ ਹਿਸਾਰ ਦੀ ਸਰਸਾ ਤਹਿਸੀਲ ਤੱਕ ਟੋਲਿਆ ਜਾ ਸਕਦਾ ਹੈ ਪਰ ਟੋਹਾਣੇ ਕੋਲ ਇਹ ਗੁੰਮ ਹੋ ਜਾਂਦਾ ਹੈ । ਟੋਹਾਣੇ ਤੋਂ ਅੱਗੇ ਰੋਪੜ ਤੱਕ ਇਸ ਦਾ ਪਤਾ ਨਹੀਂ ਚਲਦਾ। ਸਾਨੂੰ ਇਹ ਪਤਾ ਹੈ ਕਿ ਪੁਰਾਣੇ ਸਮੇਂ ਬਿਆਸਾ ਨਾਲ ਮਿਲਣ ਲਈ ਲਹਿੰਦੇ ਨੂੰ ਜਾਣ ਦੀ ਥਾਂ ਰੋਪੜ ਤੋਂ ਸਤਲੁਜ ਦੱਖਣ ਨੂੰ ਵੱਗਦਾ ਹੁੰਦਾ ਹੈ । ਸੰਨ 1245 ਵਿਚ ਸਤਲੁਜ ਬਹੁਤ ਸਾਰਾ ਉੱਤਰ ਵੱਲ ਨੂੰ ਰੁੱਖ ਕਰ ਸਕਦਾ ਸੀ, ਹਕੜਾ ਭੀ ਸੁਕ ਚੁੱਕਾ ਸੀ, ਇਸ ਲਈ ਲੋਕ ਸਿੰਧ ਅਤੇ ਬੀਕਾਨੇਰ ਵਿਚੋਂ ਉਜੜ ਕੇ ਉੱਤਰ ਵੱਲ ਚੜ੍ਹ ਗਏ । ਮਲੂਮ ਹੁੰਦਾ ਹੈ ਸਤਲੁਜ ਇਸ ਵੇਲੇ ਘੱਗਰ ਦੇ ਵਹਿਣ ਵਿਚ ਦੀ ਵਗਦਾ ਸੀ । ਸੰਨ 1593 ਦੇ ਆਲੇ ਦੁਆਲੇ ਇਹ ਘੱਗਰ ਨੂੰ ਛੱਡ ਕੇ ਇਕ ਵਾਰੀ ਹੋਰ ਉੱਤਰ ਨੂੰ ਚੜ੍ਹ ਗਿਆ ਅਤੇ ਬਿਆਸਾ ਦੱਖਣ ਨੂੰ ਹੋ ਕੇ ਇਸ ਨੂੰ ਆ ਮਿਲਿਆ ਅਤੇ ਇਹ ਦੋਵੇਂ ਇਕੋ ਵਹਿਣ ਵਿਚ ਵੱਗਣ ਲੱਗ ਪਏ ਜੋ ਮੱਛੂਵਾਹ, ਹਰਿਆਣੀ, ਡੰਡ, ਨਰੂਨੀ, ਨੀਲੀ ਤੇ ਘਾਰਾਂ ਨਾਵਾਂ ਨਾਲ ਪ੍ਰਸਿੱਧ ਸੀ । ਇਸ ਸਮੇਂ ਵਿਚ ਸਤਲੁਜ ਇਕ ਵਾਰੀ ਫੇਰ ਘੱਗਰ ਨੂੰ ਆ ਮਿਲਿਆ। ਸੰਨ 1796 ਈਸਵੀ ‘ਚ ਸਤਲੁਜ ਫੇਰ ਘੱਗਰ ਨੂੰ ਛੱਡ ਗਿਆ ਅਤੇ ਉੱਤਰ ਨੂੰ ਚੜ੍ਹ ਕੇ ਹਰੀ-ਕੇ-ਪੱਤਣ ਪਾਸ (ਜਿੱਥੇ ਕਿ ਅੱਜ ਕਲ ਦੋਵੇਂ ਦਰਿਆ ਮਿਲਦੇ ਹਨ) ਬਿਆਸ ਨੂੰ ਜਾ ਮਿਲਿਆ। ਹੁਣ ਪਿਛਲੇ 164 ਸਾਲ ਤੋਂ ਇਸ ਦੇ ਵਹਿਣ ਵਿਚ ਕੋਈ ਤਬਦੀਲੀ ਨਹੀਂ ਆਈ।
ਜਮਨਾ–
ਰਿਗਵੇਦ ਆਦਿ ਵੈਦਿਕ ਗ੍ਰੰਥਾਂ ਅਤੇ ਪ੍ਰਾਚੀਨ ਸੰਸਕ੍ਰਿਤ ਸਾਹਿੱਤ ਵਿਚ ਜਮਨਾ ਦਰਿਆ ਦਾ ਨਾਉਂ ਕਲਿੰਦ-ਕੰਨਿਆ ਜਾਂ ਕਾਲਿੰਦੀ ਕਰਕੇ ਆਇਆ ਹੈ। ਇਹ ਨਾਉਂ ਇਸ ਦਾ ਇਸ ਕਰਕੇ ਪਿਆ ਕਿ ਇਸ ਦਾ ਸੋਮਾ ਜਾਂ ਜਨਮ-ਅਸਥਾਨ ਕਲਿੰਦਗਿਰੀ (ਕਲਿੰਦ ਪਹਾੜੀ) ਵਿਚ ਹੈ। ਗੰਗਾ ਅਤੇ ਸਤਲੁਜ ਦੇ ਉੱਪਰਲੇ ਹਿੱਸਿਆਂ ਦੇ ਵਿਚਕਾਰਲੇ ਦੇਸ਼ ਨੂੰ ਕੁਲਿੰਦ ਜਾਂ ਕਲਿੰਦ ਦੇਸ਼ ਕਿਹਾ ਜਾਂਦਾ ਸੀ । ਕਨਿੰਘਮ ਬਿਆਸਾ ਅਤੇ ਤੌਂਸ ਦੇ ਵਿਚਕਾਰਲੇ ਇਲਾਕੇ ਨੂੰ, ਜਿਸ ਵਿਚ ਕੁੱਲੂ ਵੀ ਸ਼ਾਮਿਲ ਹੈ, ਕਲਿੰਦ ਦੇਸ਼ ਕਹਿੰਦਾ ਹੈ । ਰਿਗਵੇਦ ਅਨੁਸਾਰ ਤ੍ਰਿਤਸੂ ਅਤੇ ਸੂਦ ਲੋਕਾਂ ਨੇ ਇਸ ਦੇ ਕੰਢੇ ਉੱਤੇ ਆਪਣੇ ਵੈਰੀਆਂ ਨੂੰ ਹਾਰ ਦੇ ਕੇ ਵਿਜੈ ਪ੍ਰਾਪਤ ਕੀਤੀ ਸੀ । ਤ੍ਰਿਤਸੂਆ ਦਾ ਇਲਾਕਾ ਚੜ੍ਹਦੀ ਵੱਲੋਂ ਜਮਨਾ ਅਤੇ ਲਹਿੰਦੀ ਵੱਲੋਂ ਸਰਸਤੀ ਦੇ ਵਿਚਕਾਰਲਾ ਸੀ । ਐਂਤਰੇਯ ਅਤੇ ਸ਼ਤਪਥ ਬ੍ਰਾਹਮਣ-ਗ੍ਰੰਥਾਂ ਅਨੁਸਾਰ ਭਰਤ ਲੋਕਾਂ ਦੀ ਪ੍ਰਸਿੱਧੀ ਜਮਨਾ ਦੇ ਕੰਢੇ ਹੋਈ ਜਿੱਤ ਦੇ ਕਾਰਨ ਸੀ । ਬਾਣ ਕਵੀ ‘ਕਾਦੰਬਰੀ’ ਵਿਚ ਇਸ ਨੂੰ ਕਾਲਿੰਦੀ ਇਸ ਕਰਕੇ ਕਹਿੰਦਾ ਹੈ ਕਿ ਇਸ ਦਾ ਪਾਣੀ ਕਾਲਾ ਕਾਲਾ ਜਾਪਦਾ ਸੀ ।
ਜਮਨਾ ਟੀਹਰੀ ਗੜ੍ਹਵਾਲ ਦੇ ਇਲਾਕੇ ਵਿਚ 20,731 ਫੁੱਟ ਦੀ ਉਚਾਈ ਵਾਲੇ ਬਾਂਦਰ-ਪੂੰਛ ਪਹਾੜ ਦੇ ਅੱਠ ਮੀਲ ਲਹਿੰਦਿਉਂ ਢਲਵਾਣਾਂ ਤੋਂ ਗਰਮ ਪਾਣੀ ਦੇ ਚਸ਼ਮਿਆਂ ਵਿਚੋਂ ਨਿਕਲਦੀ ਹੈ ਅਤੇ ਜਮਨੋਤਰੀ ਨਾਉਂ ਦੇ ਤੀਰਥ ਅਸਥਾਨ ਦੇ ਕੋਲ ਦੀ ਵਗਦੀ ਹੈ। ਜਮਨੋਤਰੀ ਮੰਦਰ ਬਾਂਦਰ-ਪੂੰਛ ਪਹਾੜ ਦੇ ਪੈਂਰਾਂ ਵਿਚ ਹੈ ਅਤੇ ਅਸ਼ਨਾਨ-ਅਸਥਾਨ ਐਸੇ ਥਾਂ ਹੈ ਜਿੱਥੇ ਕਿ ਗਰਮ ਅਤੇ ਠੰਢਾ ਪਾਣੀ ਮਿਲ ਕੇ ਸਰੋਵਰ ਦਾ ਰੂਪ ਧਾਰ ਲੈਂਦੇ ਹਨ। ਇਨ੍ਹਾ ਚਸ਼ਮਿਆਂ ਦਾ ਪਾਣੀ ਇਤਨਾ ਗਰਮ ਹੈ ਕਿ ਇਸ ਵਿਚ ਚੌਲ ਉਬਾਲੇ ਜਾ ਸਕਦੇ ਹਨ। ਬਾਂਦਰ-ਪੂੰਛ ਪਹਾੜ ਦੀ ਕਥਾ ਇਸ ਤਰ੍ਹਾਂ ਪ੍ਰਸਿੱਧ ਹੈ ਕਿ ਜਦ ਹਨੂਮਾਨ ਲੰਕਾਂ ਨੂੰ ਅੱਗ ਲਾ ਕੇ ਮੁੜਿਆ ਤਾਂ ਉਸ ਨੇ ਆਪਣੀ ਬਲ ਰਹੀ ਪੂੰਛ ਦੀ ਅੱਗ ਇਥੇ ਸਭ ਤੋਂ ਉੱਚੀਆਂ ਚੌਂਹ ਟੀਸੀਆਂ ਦੇ ਵਿਚਕਾਰ ਇਕ ਸਰੋਵਰ ਵਿਚ ਡੋਬ ਕੇ ਬੁਝਾਈ ਸੀ। ਇਸ ਕਰਕੇ ਓਦੋਂ ਤੋਂ ਇਸ ਪਹਾੜ ਨੂੰ ਬਾਂਦਰ-ਪੂੰਛ ਪਰਬਤ ਕਹਿੰਦੇ ਹਨ। ਇਸੇ ਨੂੰ ਹੀ ਕਲਿੰਦਗਿਰੀ ਭੀ ਸਦਦੇ ਹਨ। ਜਮਨਾ ਸ਼ਿਵਾਲਕ ਤੋਂ ਨਿਕਲਣ ਲਈ ਦੱਖਣ-ਲਹਿੰਦੇ ਨੂੰ ਵਗਦੀ ਹੋਈ ਕਾਲਸੀ ਪਾਸ ਦੱਖਣ ਨੂੰ ਸਿਰਮੋਰ (ਨਾਹਣ) ਦੇ ਇਲਾਕੇ ਦੀ ਸਰਹੱਦ ਨੂੰ ਆ ਲੱਗਦੀ ਹੈ । ਕਾਲਸੀ ਤੋਂ ਦੱਖਣ-ਲਹਿੰਦੇ ਨੂੰ ਤਿੰਨ ਕੁ ਮੀਲ ਤੇ ਉੱਤਰ ਵਲੋਂ ਆ ਰਹੀ ਤੌਂਸ ਨਦੀ ਜਮਨਾ ਨਾਲ ਆ ਮਿਲਦੀ ਹੈ। ਇਥੋਂ 12 ਕੁ ਮੀਲ ਦੱਖਣ-ਲਹਿੰਦੇ ਨੂੰ ਪਾਉਂਟਾ ਹੈ। ਪਾਉਂਟੇ ਤੋਂ ਚਾਰ ਮੀਲ ਚੜ੍ਹਦੇ ਅਤੇ ਹਰਬਰਟਪੁਰ ਤੋਂ ਚਾਰ ਮੀਲ ਲਹਿੰਦੇ ਨੂੰ ਦੋਹਾਂ ਦੇ ਵਿਚਕਾਰ ਉੱਤਰ-ਲਹਿੰਦੇ ਵਲੋਂ ਗਿਰੀ ਨਦੀ ਅਤੇ ਚੜ੍ਹਦੀ ਵਲੋਂ ਅਸਨ ਨਦੀ ਇਸ ਵਿਚ ਆ ਡਿੱਗਦੀਆਂ ਹਨ। ਇੱਥੋਂ ਵਲ ਖਾ ਕੇ ਇਹ ਪੰਜਾਬ ਅਤੇ ਉੱਤਰ-ਪ੍ਰਦੇਸ਼ ਦੀ ਹਦ ਬਣਾਉਂਦੀ ਹੋਈ ਦੱਖਣ ਨੂੰ ਦਿੱਲੀ ਵੱਲ ਨੂੰ ਤੁਰ ਪੈਂਦੀ ਹੈ । ਪਾਉਂਟੇ ਤੋਂ 12 ਕੁ ਮੀਲ ਦੱਖਣ ਨੂੰ ਤਾਜੇਵਾਲਾ ਹੈ ਜਿੱਥੇ ਕਿ ਜਮਨਾ ਵਿੱਚੋਂ ਦੋ ਚੜ੍ਹਦੇ ਚੜ੍ਹਦੇ ਦਿੱਲੀ ਤੱਕ ਜਾ ਪੁੱਜਦੀ ਹੈ। ਲਹਿੰਦੀ ਨਹਿਰ ਦੀਆਂ ਸਰਸਾ ਅਤੇ ਹਾਂਸੀ ਆਦਿ ਸ਼ਾਖ਼ਾ ਕਰਨਾਲ, ਰੋਹਤਕ ਅਤੇ ਹਿਸਾਰ ਦੇ ਜ਼ਿਲ੍ਹਿਆਂ ਨੂੰ ਸਿੰਜਦੀਆਂ ਅਤੇ ਆਬਾਦ ਕਰਦੀਆਂ ਹਨ। ਦਿੱਲੀਉ ਦੱਖਣ ਨੂੰ ਗੁੜਗਾਉਂ ਦੇ ਜ਼ਿਲ੍ਹੇ ਦੇ ਹਸਨਪੁਰ ਨਗਰ ਤੋਂ ਜਮਨਾ ਪੰਜਾਬ ਦੀ ਹੱਦ ਛੱਡ ਕੇ ਨਿਰੋਲ ਉੱਤਰ-ਪ੍ਰਦੇਸ਼ ਦੀ ਨਦੀ ਬਣ ਜਾਂਦੀ ਹੈ ਅਤੇ ਅਲਾਹਾਬਾਦ (ਪਰਯਾਗ) ਪਾਸ ਉੱਤਰ-ਲਹਿੰਦੇ ਵੱਲੋਂ ਆ ਰਹੀ ਗੰਗਾ ਨਾਲ ਮਿਲ ਜਾਂਦੀ ਹੈ।
ਜਮਨਾ ਹਿੰਦੂਆਂ ਲਈ ਗੰਗਾ ਤੋਂ ਦੂਸਰੇ ਦਰਜੇ ਦੀ ਪਵਿੱਤਰ ਨਦੀ ਹੈ ਅਤੇ ਮਥਰਾ ਅਤੇ ਪਰਯਾਗ-ਸੰਗਮ ਧਾਰਮਕ ਵਿਸ਼ੇਸ਼ਤਾ ਵਾਲੇ ਤੀਰਥ ਅਸਥਾਨ ਹਨ। ਬੁੱਧ ਧਾਰਮਕ ਗ੍ਰੰਥਾਂ ਵਿਚ ਇਸ ਦਾ ਖਾਸ ਜ਼ਿਕਰ ਆਉਂਦਾ ਹੈ। ਉਧਰ ਪਾਉਂਟਾ ਸਿੱਖਾਂ ਲਈ ਇਤਿਹਾਸਕ ਮਹੱਤਤਾ ਰੱਖਦਾ ਹੈ ਜਿੱਥੇ ਜਮਨਾ ਦੇ ਕੰਢੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ।
ਸਰਸ੍ਵਤੀ –
ਸਰਤੀ ਦੀ ਇਸ ਵੇਲੇ ਭਾਵੇਂ ਬਹੁਤੀ ਪ੍ਰਸਿੱਧੀ ਨਹੀਂ ਰਹੀ ਪਰ ਪ੍ਰਾਚੀਨ ਸਮਿਆਂ ਤੋਂ ਇਹ ਬੜੀ ਧਾਰਮਕ ਅਤੇ ਇਤਿਹਾਸਕ ਵਿਸ਼ੇਸ਼ਤਾ ਵਾਲੀ ਉੱਘੀ ਨਦੀ ਹੈ ਜਿਸ ਦਾ ਜ਼ਿਕਰ ਰਿਗਵੇਦ ਅਤੇ ਪੁਰਾਤਨ ਸੰਸਕ੍ਰਿਤ ਗੰਥਾਂ ਵਿਚ ਸਭ ਤੋਂ ਜਿਆਦਾ ਆਉਂਦਾ ਹੈ। ਇਸ ਦੇ ਨਾਲ ਹੀ ਦ੍ਰਿਸ਼ਦ੍ਰਤੀ ਨਦੀ ਦਾ ਭੀ ਜ਼ਿਕਰ ਹੈ। ਮਨੂੰ ਨੇ ਇਨ੍ਹਾਂ ਦੋਹਾਂ ਨਦੀਆਂ ਦੇ ਵਿਚਕਾਰਲੇ ਇਲਾਕੇ ਨੂੰ ਬ੍ਰਹਮਵਰਤ ਦਸਿਆ ਹੈ। ਇੱਥੇ ਹੀ ਉੱਤਰ ਵਲੋਂ ਆ ਕੇ ਆਰੀਆ ਲੋਕ ਪਹਿਲੋਂ ਪਹਿਲ ਪੱਕੀ ਤਰ੍ਹਾਂ ਆਬਾਦ ਹੋਏ ਸਨ ਅਤੇ ਇੱਥੋਂ ਹੀ ਪਸਰ ਕੇ ਕੁਰਖੇਤਰ ਅਤੇ ਬ੍ਰਹਮਰਿਸ਼ੀ ਦੇਸ ਵੱਲ ਨੂੰ ਵਧੇ ਸਨ । ਪਿੱਛੋਂ ਬ੍ਰਹਮਵਰਤ ਦਾ ਨਾਉਂ ਹੋਲੀ ਹੋਲੀ ਕੁਰਖੇਤਰ ਪ੍ਰਸਿੱਧ ਹੋ ਗਿਆ । ਮਹਾਭਾਰਤ ਵਿਚ ਇਸ ਦੀ ਧਾਰਮਕ ਪ੍ਰਸਿੱਧੀ ਦਾ ਜਿਕਰ ਇਸ ਤਰ੍ਹਾਂ ਆਉਂਦਾ ਹੈ ਕਿ ਇਸ ਦੇ ਕੰਢੇ ਤੇ ਲੋਕ ਆਪਣੇ ਪਿੱਤਰਾਂ ਨਮਿਤ ਪਿੰਡ-ਦਾਨ ਕਰਿਆ ਕਰਦੇ ਸਨ । ਇਸ ਦੇ ਕੰਢੇ ਤੇ ਇਕ ਜੰਗਲ ਹੁੰਦਾ ਸੀ ਜਿਸ ਨੂੰ ਅੰਬਿਕਾ ਬਣ ਕਹਿੰਦੇ ਸਨ। ਸਰਸ੍ਵਤੀ (ਅਤੇ ਦ੍ਰਿਸ਼ਦਤੀ ਵੀ) ਸਪਤ-ਸਿੰਧਵੀ ਜਾਂ ਪੰਜ-ਨਦੀ ਦਰਿਆਵਾਂ ਤੋਂ ਸੁਤੰਤਰ ਤੌਰ ਤੇ ਵਗਦੀ ਹੁੰਦੀ ਸੀ ਅਤੇ ਹੁਣ ਵੀ ਇਹ ਉਨ੍ਹਾਂ ਦੀ ਟੋਲੀ ਵਿਚ ਨਹੀਂ ਰਲਦੀ। ਇਹ ਸਢੌਰੇ ਤੋਂ ਦੱਖਣ ਨੂੰ ਸਿਰਮੋਰ (ਨਾਹਣ) ਦੀਆਂ ਸ਼ਿਵਾਲਕ ਪਹਾੜੀਆਂ ਵਿੱਚੋਂ ਨਿਕਲਦੀ ਹੈ ਅਤੇ ਅਧ-ਬਦਰੀ ਕੋਲ ਮੈਦਾਨ ਵਿਚ ਆ ਜਾਂਦੀ ਹੈ । ਇਹ ਕੁਝ ਮੀਲਾਂ ਪਿੱਛੋਂ ਰੇਤ ਵਿਚ ਛਪਨ ਹੋ ਜਾਂਦੀ ਹੈ ਅਤੇ ਭਵਾਨੀਪੁਰ ਪਿੰਡੋਂ ਤਿੰਨ ਮੀਲ ਦੱਖਣ ਨੂੰ ਦਿਸ ਪੈਂਦੀ ਹੈ। ਬਾਲ ਛਪਰ ਕੋਲ ਇਹ ਫੇਰ ਅਲੋਪ ਹੋ ਜਾਂਦੀ ਹੈ ਤੇ ਅੱਗੇ ਜਾ ਕੇ ਫੇਰ ਨਿਕਲ ਕੇ ਦੱਖਣ-ਲਹਿੰਦੇ ਵੱਲ ਨੂੰ ਵਗਦੀ ਪਿਪਲੀ ਅਤੇ ਥਾਨੇਸਰ ਦੇ ਕੋਲ ਦੀ ਲਹਿੰਦੇ ਵੱਲ ਦੀ (ਥਾਨੇਸਰ ਤੋਂ 16 ਮੀਲ ਦੀ ਵਿੱਥ ਤੇ) ਪਹੋਏ ਜਾ ਪੁਜਦੀ ਹੈ । ਪ੍ਰਾਚੀਨ ਸਮਿਆਂ ਤੋਂ ਪਹੋਆ ਬੜਾ ਪ੍ਰਸਿੱਧ ਹਿੰਦੂ ਧਾਰਮਕ ਅਸਥਾਨ ਚਲਿਆ ਆ ਰਿਹਾ ਹੈ । ਇੱਥੇ ਬ੍ਰਹਮ-ਯੋਨੀ ਤੀਰਥ ਹੈ। ਪਹੋਏ ਦਾ ਪੁਰਾਣਾ ਨਾਉਂ ਪ੍ਰਿਥੁਦਕ ਸੀ ਜੋ ਵਾਮਨ ਪੁਰਾਣ ਅਨੁਸਾਰ ਉਘਵਤੀ ਨਦੀ ਦੇ ਕੰਢੇ ਤੇ ਹੁੰਦਾ ਸੀ । ਪਹੋਏ ਦੇ ਕੋਲ ਤਿੰਨ ਕੁ ਮੀਲ ਤੇ ਉੱਤਰ-ਚੜ੍ਹਦੇ ਵਲੋਂ ਆਉਂਦੀ ਮਾਰਕੰਡਾ ਨਦੀ ਇਸ ਵਿਚ ਮਿਲ ਜਾਂਦੀ ਹੈ। ਇਥੋਂ ਦੋਨੋਂ ਸਰਸਵਤੀ ਦੇ ਨਾਉਂ ਨਾਲ ਲਹਿੰਦੇ-ਦੱਖਣ ਨੂੰ ਵਗਦੀਆਂ ਹਨ ਅਤੇ ਰਸੌਲੀ ਤੋਂ ਡੇਢ ਕੁ ਮੀਲ ਦੱਖਣ ਨੂੰ ਤੇ ਸ਼ੁਤਰਾਣੇ ਦੇ ਦੱਖਣ-ਚੜ੍ਹਦੇ ਨੂੰ ਤਿੰਨ ਕੁ ਮੀਲ ਤੇ ਸੇਗੜੇ ਤੋਂ ਇਕ ਮੀਲ ਉੱਤਰ ਨੂੰ ਘੱਘਰ ਨਾਲ ਮੇਲ ਹੋ ਜਾਂਦਾ ਹੈ । ਪੁਰਾਣੇ ਸਮੇਂ ਵਿਚ ਇਹ ਮੇਲ ਅੱਠ ਕੁ ਮੀਲ ਹੋਰ ਦੱਖਣ ਲਹਿੰਦੇ ਨੂੰ ਜਾ ਕੇ ਹੋਇਆ ਕਰਦਾ ਸੀ । ਇਸ ਤੋਂ ਅੱਗੋਂ ਇਸ ਦਾ ਨਾਉਂ ਘੱਗਰ ਹੋ ਜਾਂਦਾ ਹੈ ਜੋ ਲਹਿੰਦੇ ਦੱਖਣ ਨੂੰ ਵਗਦਾ ਹੋਇਆ ਜਾਖਲ ਦੇ ਦੱਖਣ ਦੀ ਹੋ ਕੇ ਸਰਸੇ ਦੇ ਉੱਤਰ ਦੀ ਲੰਘਦਾ ਹਨੂੰਮਾਨਗੜ੍ਹ (ਜਿਸ ਦਾ ਪੁਰਾਣਾ ਨਾਉ ਭਟਨੇਰ ਸੀ) ਜਾ ਪੁੱਜਦਾ ਹੈ ਅਤੇ ਥੋੜੀ ਦੂਰ ਜਾ ਕੇ ਰੇਤ-ਥਲੇ ਵਿਚ ਅਲੋਪ ਹੋ ਜਾਂਦਾ ਹੈ।
ਜਿੱਥੇ ਅੱਜ-ਕੱਲ੍ਹ ਘੱਗਰ ਅਤੇ ਸਰਸ਼ਤੀ ਦਾ ਮੇਲ ਹੁੰਦਾ ਹੈ ਉੱਥੋਂ ਇਸ ਦਾ ਪੁਰਾਣਾ ਵਹਿਣ ਦੱਖਣ ਨੂੰ ਹੁੰਦਾ ਸੀ ਜੋ ਧਮਤਾਨ ਉੱਤਰ ਅਤੇ ਟੋਹਾਣੇ ਦੇ ਚੜ੍ਹਦੇ-ਦੱਖਣੋਂ ਦੋਹਾਂ ਦੇ ਵਿਚਕਾਰ ਦੀ ਲੰਘਦਾ ਸੀ। ਅਤੇ ਦੱਖਣ-ਲਹਿੰਦੇ ਨੂੰ ਜਾ ਕੇ ਗੁੰਮ ਹੋ ਜਾਂਦਾ ਸੀ । ਇਸ ਨਦੀ ਨੂੰ ਪ੍ਰਾਚੀਨ ਸਾਹਿੱਤ ਵਿਚ ਕੁਰਖੇਤਰ ਸਰਸਵਤੀ, ਪਰਾਚੀ ਸਰਸਵਤੀ ਅਤੇ ਪੂਰਬੀ ਸਰਸਵਤੀ ਵੀ ਕਿਹਾ ਹੈ।
ਦ੍ਰਿਸ਼ਦ੍ਰਤੀ –
ਚੌਟੰਗ- ਇਹ ਨਦੀ ਜੋ ਵੈਦਿਕ ਰਿਖੀਆਂ ਦੇ ਸਮੇਂ ਇਕ ਮਹਾਨ ਪ੍ਰਸਿੱਧ ਨਦੀ ਸੀ ਅਤੇ ਜਿਸ ਦਾ ਜ਼ਿਕਰ ਰਿਗਵੇਦ ਅਤੇ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿਚ ਥਾਂ ਥਾਂ ਤੇ ਆਉਂਦਾ ਹੈ, ਹੁਣ ਬਿਲਕੁਲ ਭੁੱਲੀ ਜਾ ਚੁੱਕੀ ਹੈ ਅਤੇ ਨਿਸਚੇ ਨਾਲ ਇਹ ਵੀ ਕਹਿਣਾ ਔਖਾ ਹੋ ਰਿਹਾ ਹੈ ਕਿ ਹੁਣ ਇਸ ਦਾ ਕਿੱਥੇ ਕੀ ਨਾਉਂ ਹੈ ਤੇ ਕਿੱਥੋਂ ਕਿੱਥੋਂ ਦੀ ਵਗਦੀ ਹੈ। ਕਈ ਘੱਗਰ ਨੂੰ ਹੀ ਦ੍ਰਿਸਦਤੀ ਸਮਝਦੇ ਹਨ ਅਤੇ ਕੁਝ ਥਾਨੇਸਰ ਦੇ ਦੱਖਣ-ਚੜ੍ਹਦੇ ਨੂੰ ਵਗਦੀ ਰਾਕਸੀ ਨਦੀ ਨੂੰ । ਪਰ ਜ਼ਿਆਦਾ ਵਿਦਵਾਨਾਂ ਦੇ ਵਿਚਾਰ ਵਿਚ ਚੋਟੰਗ ਨਦੀ ਹੀ ਬਹੁਤ ਕਰਕੇ ਦ੍ਰਿਸਦਤੀ ਹੈ। ਚੋਟੰਗ ਸਰਸ੍ਵਤੀ ਤੋਂ ਥੋੜਾ ਦੱਖਣ ਨੂੰ ਛਛਰੌਲੀ ਦੇ ਉੱਤਰ-ਲਹਿੰਦਿਉਂ ਨਿਕਲਦੀ ਹੈ । ਬਾਲ-ਛਪਰ ਕੋਲ ਚੌਟੰਗ (ਤੇ ਸਰਤੀ?) ਰੇਤੇ ਵਿਚ ਅਲੋਪ ਹੋ ਜਾਂਦੀ ਹੈ, ਪਰ ਅੱਗੇ ਚਲ ਕੇ ਪਰਤੱਖ ਹੋ ਜਾਂਦੀ ਹੈ ਅਤੇ ਦੱਖਣ-ਲਹਿੰਦੇ ਨੂੰ ਜਮਨਾ ਅਤੇ ਸਰਸ੍ਵਤੀ ਦੇ ਵਿਚਕਾਰ ਬਰਾਬਰ ਬਰਾਬਰ (ਜਗਾਧਰੀ ਤੋਂ ਤਿੰਨ ਕੁ ਮੀਲ) ਵਗ ਤੁਰਦੀ ਹੈ ਅਤੇ ਲਾਡਵੇ ਦੇ ਕੋਲ ਦੀ ਹੋ ਕੇ ਤਰਾਉੜੀ ਸਟੇਸ਼ਨ ਦੇ ਉੱਤਰ ਨੂੰ ਚਾਰ ਕੁ ਮੀਲ ਦੀ ਵਿਥ ਤੇ ਲਹਿੰਦੀ ਜਮਨਾ ਨਹਿਰ ਦੀ ਸ਼ਾਖ਼ ਵਿਚ ਜਾ ਰਲਦੀ ਹੈ ਜੋ ਇੰਦਰੀ ਤੋਂ ਕੱਢੀ ਗਈ ਹੈ । ਚੌਟੰਗ ਦਾ ਪੁਰਾਣਾ ਵਹਿਣ ਹੀ ਲਹਿੰਦੀ ਜਮਨਾ ਨਹਿਰ ਦੀ ਹਿਸਾਰ ਸ਼ਾਖ ਲਈ ਰਾਹ ਬਣਾ ਲਿਆ ਗਿਆ ਹੈ ਜੋ ਹਾਂਸੀ ਹਿਸਾਰ ਦੇ ਇਲਾਕੇ ਨੂੰ ਸਿੰਜਦੀ ਹੈ। ਪੁਰਾਣੇ ਸਮਿਆਂ ਵਿਚ ਇਹ 260 ਮੀਲ ਦਾ ਪੰਧ ਕੱਟ ਕੇ ਭਟਨੇਰ ਤੋਂ ਕੁਝ ਮੀਲ ਹੇਠਾਂ ਘੱਗਰ ਨੂੰ ਮਿਲਦੀ ਸੀ ਜਿੱਥੋਂ ਕਿ ਦ੍ਰਿਸ਼ਦੁੱਤੀ (ਚੌਟੰਗ) ਦੇ ਪੁਰਾਣੇ ਤਿਆਗੇ ਹੋਏ ਵਹਿਣ ਨੂੰ ਪਿੱਛੇ ਨੂੰ ਟੋਲਿਆ ਜਾ ਸਕਦਾ ਹੈ। ਇਸ ਵੇਲੇ ਇਹ ਬਿਲਕੁਲ ਨਹਿਰ ਵਿਚ ਰਲਾ ਦਿੱਤੀ ਗਈ ਹੈ ।
ਘੱਗਰ –
ਇਹ ਨਦੀ ਸਿਰਮੌਰ ਦੀਆਂ ਪਹਾੜੀਆਂ ਤੋਂ ਨਿਕਲ ਕੇ ਉੱਤਰ-ਲਹਿੰਦੇ ਨੂੰ ਹੋ ਜਾਂਦੀ ਹੈ ਅਤੇ ਚਾਰ ਕੁ ਮੀਲ ਤੋਂ ਦੱਖਣ ਨੂੰ ਹੋ ਕੇ ਦੋ ਕੁ ਮੀਲੋਂ ਉੱਤਰ-ਲਹਿੰਦੇ ਨੂੰ ਤੁਰ ਪੈਂਦੀ ਹੈ । ਕਾਦਪੁਰ ਦੇ ਦੱਖਣੋਂ ਸਿੱਧੀ ਲਹਿੰਦੇ ਨੂੰ ਚੰਡੀ ਨੂੰ ਤੇ ਉੱਥੋਂ ਦੱਖਣ-ਲਹਿੰਦੇ ਨੂੰ ਛੱਤ ਦੇ ਚੜ੍ਹਦੇ ਦੀ ਅੰਬਾਲੇ ਦੇ ਲਹਿੰਦਿਉਂ ਲੰਘਦੀ ਹੈ ਤੇ ਅਰਨੌਲੀ ਵੱਲ ਨੂੰ ਤੁਰੀ ਜਾਂਦੀ ਹੈ । ਇਸ ਦੇ ਸਵਾ ਕੁ ਮੀਲ ਦੱਖਣੋਂ ਹੁੰਦੀ ਦੱਖਣ-ਲਹਿੰਦੇ ਨੂੰ ਚਲੀ ਜਾਂਦੀ ਹੈ। ਅਰਨੌਲੀ ਤੋਂ ਪੰਜ ਛੇ ਮੀਲ ਦੱਖਣ ਨੂੰ ਬਾਉਪੁਰ ਹੈ। ਇਸ ਦੇ ਦੋ ਕੁ ਮੀਲ ਲਹਿੰਦਿਉਂ ਘੱਗਰ, ਦੋ ਕੁ ਮੀਲ ਚੜ੍ਹਦੇ ਦੱਖਣ ਨੂੰ ਹੋ ਪੈਂਦੀ ਹੈ ਅਤੇ ਆਪਣੇ ਨਵੇਂ ਵਹਿਣ ਵਿਚ ਪੁਰਾਣੇ ਵਹਿਣ ਦੇ ਬਰਾਬਰ ਦੱਖਣ-ਲਹਿੰਦੇ ਨੂੰ ਹੋ ਜਾਂਦੀ ਹੈ ਅਤੇ ਰਸੋਲੀ ਤੋਂ ਡੇਢ ਮੀਲ ਦੱਖਣ ਨੂੰ ਅਤੇ ਸ਼ੁਤਰਾਣੇ ਤੋਂ ਤਿੰਨ ਕੁ ਮੀਲ ਦੱਖਣ-ਚੜ੍ਹਦੇ ਨੂੰ ਸੇਗੜੇ ਤੋਂ ਇਕ ਮੀਲ ਉੱਤਰ ਨੂੰ ਸਰਸਵਤੀ ਨਾਲ ਮਿਲ ਜਾਂਦੀ ਹੈ। ਪੁਰਾਣੇ ਸਮੇਂ ਵਿਚ ਇਹ ਮੇਲ ਸੱਤ ਅੱਠ ਮੀਲ ਹੋਰ ਹੇਠਾਂ ਦੱਖਣ-ਲਹਿੰਦੇ ਨੂੰ ਜਾ ਕੇ ਹੋਇਆ ਕਰਦਾ ਸੀ। ਪੁਰਾਣਾ ਵਹਿਣ ਨਵੇਂ ਵਹਿਣ ਦੇ ਲਹਿੰਦੇ ਹੁੰਦਾ ਸੀ ਜਿਸ ਦੇ ਨਿਸ਼ਾਨ ਇਕ ਚੋ ਦੀ ਸ਼ਕਲ ਵਿਚ ਮੌਜੂਦ ਹਨ।
ਫਤਿਹਆਬਾਦੋਂ ਢਾਈ ਕੁ ਮੀਲ ਉੱਤਰੋਂ ਜ਼ਫਰਾਬਾਦ ਕੋਲੋਂ ਇਹ ਜ਼ਰਾ ਕੁ ਉੱਤਰ ਨੂੰ ਹੋ ਕੇ ਲਹਿੰਦੇ ਨੂੰ ਸਰਸੇ ਨੂੰ ਹੋ ਜਾਂਦੀ ਹੈ ਅਤੇ ਭਟਨੇਰ ਕੋਲ ਰੇਤ-ਥਲੇ ਵਿਚ ਜਾ ਗੁੰਮਦੀ ਹੈ । ਪੁਰਾਣੇ ਸਮੇਂ ਵਿਚ ਜਿੱਥੇ ਸਰਸ੍ਵਤੀ ਅਤੇ ਘੱਗਰ ਦਾ ਮੇਲ ਹੁੰਦਾ ਸੀ ਓਥੋਂ ਅੱਗੇ ਭੀ ਇਸ ਦਾ ਨਾਉਂ ਸਰਸਵਤੀ ਹੀ ਰਹਿੰਦਾ ਸੀ ਅਤੇ ਇਸ ਨੂੰ ਪਾਵਣੀ ਵੀ ਆਖਦੇ ਸਨ । ਪਾਵਣੀ ਦੇ ਅਰਥ ਹਨ ਪਵਿੱਤਰ ਕਰਨ ਵਾਲੀ । ਰਾਮਾਇਣ ਦੇ ਆਦਿ ਪਰਵ ਅਨੁਸਾਰ ਸਰਸਵਤੀ ਗੰਗਾ ਦੀ ਇਕ ਸਹਾਇਕ ਨਦੀ ਹੋਇਆ ਕਰਦੀ ਸੀ ਅਤੇ ਥਾਨੇਸਰ ਦੇ ਉੱਤਰ ਨੂੰ ਇਕ ਤੀਰਥ ਅਸਥਾਨ ਗੰਗਾ-ਤੀਰਥ ਹੈ ਜਿੱਥੇ, ਕਿਹਾ ਜਾਂਦਾ ਹੈ ਕਿ, ਆਪਣੇ ਪਾਪਾਂ ਦੀ ਨਵਿਰਤੀ ਲਈ ਗੰਗਾ ਨੇ ਇਸ਼ਨਾਨ ਕੀਤਾ ਸੀ।
ਮਾਰਕੰਡਾ –
ਇਸ ਨਦੀ ਦਾ ਪੁਰਾਣਾ ਨਾਉਂ ਅਰੁਣਾ ਵੀ ਸੀ। ਇਹ ਸਿਰਮੌਰ ਦੇ ਇਲਾਕੇ ਵਿਚ ਸ਼ਿਵਾਲਕ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਹੈ ਅਤੇ ਦੱਖਣ-ਲਹਿੰਦੇ ਨੂੰ ਹੁੰਦੀ ਹੋਈ ਨਾਰਾਇਣਗੜ੍ਹ ਤੋਂ ਛੇ ਮੀਲ ਉੱਤਰ-ਚੜ੍ਹਦੇ ਨੂੰ ਕਾਲਾ ਅੰਬ ਕੋਲ ਅੰਬਾਲੇ ਦੇ ਜ਼ਿਲ੍ਹੇ ਵਿਚ ਦਾਖ਼ਲ ਹੁੰਦੀ ਹੈ। ਇਸ ਥਾਂ ਤੋਂ ਇਸ ਦਾ ਰੁਖ਼ ਬਹੁਤਾ ਦੱਖਣ ਨੂੰ ਹੈ ਅਤੇ ਇਹ ਅਸਗਰਪੁਰ, ਫਿਰੋਜ਼ਪੁਰ, ਪਹਾੜੀਪੁਰ ਅਤੇ ਸੈਦਪੁਰ ਆਦਿ ਪਿੰਡਾਂ ਦੇ ਲਾਗਿਉਂ ਦੀ ਹੁੰਦੀ ਹੋਈ ਦੱਖਣ ਨੂੰ ਤੁਰੀ ਜਾਂਦੀ ਹੈ। ਸ਼ੇਰਪੁਰ ਦੇ ਉੱਤਰ ਨੂੰ ਚੜ੍ਹਦੀ ਵਲੋਂ ਆ ਰਹੀ ਨਕਟੀ ਨਦੀ ਇਸ ਵਿਚ ਆ ਰਲਦੀ ਹੈ ਅਤੇ ਇਹ ਬਰਾੜਾ ਤੇ ਕੇਸਰੀ ਸਟੇਸ਼ਨਾਂ ਦੇ ਵਿਚਕਾਰ ਦੀ ਹੁੰਦੀ ਹੋਈ ਸ਼ਾਹਾਬਾਦ ਪੁੱਜ ਜਾਂਦੀ ਹੈ। ਇੱਥੋਂ ਉੱਤਰ ਵੱਲ ਦੀ ਲੰਘ ਕੇ ਝਾਂਸਾ ਦੇ ਉੱਤਰ ਦੀ ਠਸਕੇ ਜਾ ਪੁੱਜਦੀ ਹੈ । ਹੁਣ ਇਸ ਦਾ ਰੁਖ਼ ਜ਼ਰਾ ਜ਼ਿਆਦਾ ਦੱਖਣ ਨੂੰ ਹੋ ਜਾਂਦਾ ਹੈ ਅਤੇ ਪਹੋਏ ਤੋਂ ਉੱਤਰ-ਚੜ੍ਹਦੇ ਨੂੰ ਤਿੰਨ ਮੀਲ ਪਹਿਲਾਂ ਹੀ ਸਰਸਵਤੀ ਵਿਚ ਮਿਲ ਜਾਂਦੀ ਹੈ। ਮਾਰਕੰਡੇ ਅਤੇ ਸਰਸਵਤੀ ਦੇ ਸੰਗਮ ਨੂੰ ਅਰੁਣ ਸੰਗਮ ਭੀ ਕਹਿੰਦੇ ਹਨ ਅਤੇ ਉੱਥੇ ਵਸ ਰਿਹਾ ਅਰੁਣ ਨਾਉਂ ਦਾ ਪਿੰਡ ਪੁਰਾਣੇ ਨਾਉਂ ਦੀ ਯਾਦ ਕਾਇਮ ਰੱਖ ਰਿਹਾ ਹੈ।
ਸ਼ਿਵਾਲਕ ਪਹਾੜ ਦਾ ਸਾਰਾ ਇਲਾਕਾ ਹੀ ਜਲ-ਭਰਪੂਰ ਨਦੀਆਂ ਦਾ ਇਲਾਕਾ ਹੈ ਅਤੇ ਇੱਥੋਂ ਅਨੇਕ ਛੋਟੀਆਂ ਵੱਡੀਆਂ ਨਦੀਆਂ ਨਿਕਲ ਕੇ ਪੰਜਾਬ ਨੂੰ ਸਿੰਜਦੀਆਂ ਤੇ ਉਪਜਾਊ ਬਣਾਉਂਦੀਆਂ ਹਨ। ਇਤਿਹਾਸਕ ਤੌਰ ਤੇ ਭੀ ਇਹ ਨਦੀਆਂ ਖ਼ਾਸ ਵਿਸ਼ੇਸ਼ਤਾ ਰੱਖਦੀਆਂ ਹਨ ਅਤੇ ਖ਼ਾਸ ਕਰ ਸਤਲੁਜ ਤੋਂ ਦੱਖਣ ਦੇ ਇਲਾਕੇ ਵਿਚ ਵਗਦੀਆਂ ਨਦੀਆਂ। ਸਰਸਵਤੀ ਦੇਸ਼ ਵਿਚ ਹੀ, ਜਿਸ ਨੂੰ ਕਿ ਬ੍ਰਹਮਵਰਤ ਅਤੇ ਕੁਰੁਖੇਤਰ ਦੇਸ਼ ਭੀ ਕਿਹਾ ਜਾਂਦਾ ਸੀ, ਪਹਿਲੋਂ ਪਹਿਲ ਆਰੀਆ ਲੋਕਾਂ ਨੇ ਉੱਤਰ-ਲਹਿੰਦੇ ਵਲੋਂ ਆ ਕੇ ਆਪਣੀ ਪੱਕੀ ਵੱਸੋਂ ਕੀਤੀ ਸੀ। ਇੱਥੇ ਹੀ ਬਹੁਤ ਸਾਰੀਆਂ ਵੈਦਿਕ ਰਿਚਾਂ ਰਚੀਆਂ ਗਈਆਂ ਅਤੇ ਸੰਸਕ੍ਰਿਤ ਸਾਹਿੱਤ ਦੀ ਨੀਂਹ ਧਰੀ ਗਈ। ਇੱਥੇ ਦੀਆਂ ਨਦੀਆਂ ਦੇ ਕੰਢੇ ਹੀ ਪ੍ਰਾਚੀਨ ਰਿਖੀਆਂ ਨੇ ਆਪਣੇ ਆਸ਼ਰਮ ਬਣਾਏ ਅਤੇ ਵਿਦਿਆ ਅਧਿਕਾਰੀ ਬ੍ਰਹਮਚਾਰੀਆਂ ਨੂੰ ਸਿਖਿਆ ਦੇ ਕੇ ਆਰੀਆ ਸੱਭਿਅਤਾ ਵਿਚ ਨਿਪੁੰਨ ਕੀਤਾ। ਇੱਥੇ ਹੀ ਉਨ੍ਹਾਂ ਦੇ ਬਹੁਤ ਸਾਰੇ ਯੁੱਧ ਲੜੇ ਗਏ ਅਤੇ ਇੱਥੇ ਹੀ ਕਰਮ-ਯੋਗ ਦੀ ਸਿਖਿਆ ਪਰਪੱਕ ਕੀਤੀ ਗਈ। ਗੱਲ ਕੀ, ਭਾਰਤ ਦੀ ਪ੍ਰਾਚੀਨ ਸੱਭਿਅਤਾ ਦਾ ਜਨਮ ਪੰਜਾਬ ਦੀ ਇਸੇ ਧਰਮ-ਭੂਮੀ ਵਿਚ ਹੋਇਆ ਤੇ ਇੱਥੇ ਹੀ ਉਹ ਵਧੀ ਫੁੱਲੀ ।
ਬਾਅਦ ਵਿਚ ਹਿੰਦੁਸਤਾਨ ਉੱਤੇ ਕਬਜ਼ਾ ਕਰਨ ਦੀ ਇੱਛਾ ਨਾਲ ਬਾਹਰੋਂ ਆਏ ਵਿਦੇਸ਼ੀ ਲੋਕਾਂ ਦੀ ਕਿਸਮਤ ਦਾ ਫੈਂਸਲਾ ਭੀ ਇਥੇ ਹੀ ਹੋ ਜਾਂਦਾ ਰਿਹਾ ਅਤੇ ਜੇ ਉਹ ਜਿੱਤ ਕੇ ਕੁਰਖੇਤਰ ਦੇ ਇਲਾਕੇ ਤੋਂ ਅੱਗੇ ਲੰਘ ਗਏ ਤਾਂ ਫੇਰ ਘੱਟ ਹੀ ਕਿਸੇ ਨੇ ਉਨ੍ਹਾਂ ਦਾ ਡਟ ਕੇ ਟਾਕਰਾ ਕੀਤਾ। ਇਸ ਲਈ ਪੰਜਾਬ ਦਾ ਇਤਿਹਾਸ ਭਾਰਤ ਦੀ ਸੁਤੰਤਰਤਾ ਨੂੰ ਕਾਇਮ ਰੱਖਣ ਜਾਂ ਮੁੜ ਪ੍ਰਾਪਤ ਕਰਨ ਲਈ ਯਤਨਾਂ-ਭਰਿਆ ਇਤਿਹਾਸ ਹੈ ਜਿਸ ਦਾ ਸੰਖੇਪ ਜਿਹਾ ਵਰਣਨ ਅਗਲੇ ਪੰਨਿਆਂ ਵਿਚ ਕੀਤਾ ਜਾਏਗਾ।
ਕੁਦਰਤੀ ਨਜ਼ਾਰੇ
ਪੰਜਾਬ ਦੇ ਉੱਤਰ-ਚੜ੍ਹਦੇ ਵੱਲ ਹਿਮਾਲਾ ਪਰਬਤ ਦੇ ਸ਼ਿਵਾਲਕ ਪਹਾੜੀ ਸਿਲਸਿਲੇ ਦਾ ਕੁਝ ਹਿੱਸਾ ਹੈ ਪਰ ਇਹ ਬਹੁਤ ਸਾਰਾ ਹਿਮਾਚਲ ਪ੍ਰਦੇਸ਼ ਵਿਚ ਚਲਾ ਗਿਆ ਹੈ। ਪੰਜਾਬ ਵਿਚ ਕੇਵਲ ਜ਼ਿਲ੍ਹਾ ਕਾਂਗੜਾ, ਜ਼ਿਲ੍ਹਾ ਗੁਰਦਾਸਪੁਰ ਦਾ ਉੱਤਰ-ਚੜ੍ਹਦਾ ਹਿੱਸਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਊਨਾ ਤਹਿਸੀਲ ਅਤੇ ਜ਼ਿਲ੍ਹਾ ਅੰਬਾਲੇ ਦਾ ਉੱਤਰ-ਚੜ੍ਹਦਾ ਹਿੱਸਾ ਹੀ ਪਹਾੜੀਆਂ ਵਾਲਾ ਹੈ । ਪਰ ਸਿਵਾਏ ਕਾਂਗੜੇ ਜ਼ਿਲ੍ਹੇ ਦੇ ਇਨ੍ਹਾਂ ਵਿੱਚੋਂ ਕਿਸੇ ਇਲਾਕੇ ਨੂੰ ਵੀ ਪਹਾੜੀ ਇਲਾਕਾ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਨੂੰ ਕੇਵਲ ਕੰਢੀ ਦਾ ਇਲਾਕਾ ਜਾਂ ਦਾਮਨਿ-ਕੋਹ ਹੀ ਕਹਿਣਾ ਚਾਹੀਦਾ ਹੈ । ਕਾਂਗੜੇ ਦਾ ਜ਼ਿਲ੍ਹਾ ਅਤੇ ਹੁਸ਼ਿਆਰਪੁਰ ਦੀ ਜਸਵਾਨ ਦੂਨ ਕੁਦਰਤੀ ਪਹਾੜੀ ਨਜ਼ਾਰਿਆਂ ਦੀ ਰਮਣੀਕਤਾ ਅਤੇ ਹਰਿਆਵਲ ਵਿਚ ਆਮ ਪਹਾੜਾਂ ਨਾਲੋਂ ਕੋਈ ਘੱਟ ਨਹੀਂ ਹੈ ਪਰ ਪੰਜਾਬ ਦੇ ਅਸਲ ਕੁਤਰਤੀ ਨਜ਼ਾਰੇ ਮੈਦਾਨੀ ਇਲਾਕਿਆਂ ਵਿਚ ਫਸਲਾਂ ਦੇ ਦਿਨੀਂ ਹੁੰਦੇ ਹਨ ਅਤੇ ਖ਼ਾਸ ਕਰ ਨਹਿਰੀ ਇਲਾਕੇ ਵਿਚ ਜਿਧਰ ਨੂੰ ਤੁਰ ਪਉ ਸੈਂਕੜੇ ਮੀਲਾਂ ਤੱਕ ਹਰ ਪਾਸੇ ਰੰਗ ਬਰੰਗੇ ਹਰੇ ਭਰੇ ਖੇਤ ਦਿਸਦੇ ਹਨ ਅਤੇ ਵਿਚਕਾਰ ਪਿੰਡ ਇਉਂ ਪ੍ਰਤੀਤ ਹੁੰਦੇ ਹਨ ਜਿਵੇਂ ਕਿ ਹਰੇ ਸਮੁੰਦਰ ਵਿਚ ਛੋਟੇ ਛੋਟੇ ਟਾਪੂ। ਜਦ ਫਸਲ ਵੱਢ ਲਈ ਜਾਂਦੀ ਹੈ ਤਾਂ ਸਭ ਕੁੱਝ ਇਕ ਦਮ ਬਦਲ ਜਾਂਦਾ ਹੈ ਅਤੇ ਹਰਿਆਵਲ ਦੀ ਥਾਂ ਦੂਰ ਦੂਰ ਤੱਕ ਮਿੱਟੀ-ਰੰਗੀ ਤੋਂ ਹੀ ਦਿਸਦੀ ਹੈ ਅਤੇ ਹਰਿਆਵਲ ਕੇਵਲ ਕਿਤੇ ਕਿਤੇ ਖੇਤਾਂ ਵਿਚ ਖੜੋਤੇ, ਸੜਕਾਂ ਦੇ ਦੋਹੀਂ ਪਾਸੀਂ ਜਾਂ ਪਿੰਡਾਂ ਅਤੇ ਟੋਭਿਆਂ ਦੇ ਆਲੇ ਦੁਆਲੇ ਦੇ ਬਿਰਛਾਂ ਦੀ ਜਾਂ ਬਾਗ਼ਾਂ ਦੀ ਹੀ ਨਜ਼ਰੇ ਪੈਂਦੀ ਹੈ। ਪਰ ਬਰਸਾਤ ਸ਼ੁਰੂ ਹੁੰਦੇ ਸਾਰ ਹੀ ਹਰ ਪਾਸੇ ਹਰਿਆਵਲ ਇਉਂ ਹੋ ਜਾਂਦੀ ਹੈ ਕਿ ਜਿਵੇਂ ਮੀਂਹ ਦੇ ਨਾਲ ਵਰ੍ਹੀ ਹੁੰਦੀ ਹੈ। ਦਰਿਆਵਾਂ, ਨਦੀਆਂ ਤੇ ਨਹਿਰਾਂ ਦੇ ਥਾਈਂ ਤਾਂ ਸਦਾ ਹੀ ਹਰਿਆਵਲ ਰਹਿੰਦੀ ਹੈ। ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਬਾਲੇ ਦੇ ਜ਼ਿਲ੍ਹੇ ਕੁਦਰਤੀ ਤੌਰ ਤੇ ਹੀ ਹਰੇ-ਭਰੇ ਰਹਿੰਦੇ ਹਨ। ਹੁਸ਼ਿਆਰਪੁਰ ਦਾ ਤਾਂ ਨਾਉਂ ਹੀ ਪੰਜਾਬ ਦਾ ਬਾਗ਼ ਹੈ । ਹਰਿਆਣੇ, ਭਟਿਆਣੇ ਤੇ ਬਾਂਗਰ ਦਾ ਚੜ੍ਹਦਾ ਇਲਾਕਾ ਜ਼ਿਆਦਾ ਖੁਸ਼ਕੀ ਦਾ ਮਾਰਿਆ ਹੋਇਆ ਹੋਣ ਕਰਕੇ ਅੱਖਾਂ ਨੂੰ ਕੁਝ ਬਹੁਤਾ ਚਿਰ ਚੁਭਦਾ ਰਹਿੰਦਾ ਹੈ। ਪਰ ਨਹਿਰਾਂ ਦੇ ਵਿਛਦੇ ਜਾ ਰਹੇ ਜਾਲ ਨਾਲ ਹਰਿਆਵਲ ਪਸਰਦੀ ਜਾ ਰਹੀ ਹੈ ਅਤੇ ਭਾਖੜਾ ਬੰਨ੍ਹ ਦੇ ਮੁਕੰਮਲ ਹੋ ਜਾਣ ਨਾਲ ਬਹੁਤ ਸਾਰੇ ਰੇਤ-ਥਲੇ ਵੀ ਲਹਿਲਹਾ ਉੱਠਣਗੇ ।
ਬਰਸਾਤ ਦੇ ਦਿਨਾਂ ਵਿਚ ਜੇ ਦਰਿਆ ਅਤੇ ਨਦੀਆਂ ਉੱਛਲ ਜਾਣ ਜਾਂ ਚੋਆਂ ਵਿਚ ਜ਼ਿਆਦਾ ਹੜ੍ਹ ਆ ਜਾਣ ਤਾਂ ਆਮ ਮੈਦਾਨਾਂ ਵਿਚ ਵੀ ਪਾਣੀ ਫਿਰ ਜਾਂਦਾ ਹੈ ਅਤੇ ਕਈ ਵਾਰੀ ਪਿੰਡਾਂ ਵਿਚ ਭੀ ਆ ਵੜਦਾ ਹੈ ਜਿਸ ਨਾਲ ਕਈ ਪਿੰਡ ਜਜ਼ੀਰੇ ਜਿਹੇ ਬਣ ਜਾਂਦੇ ਹਨ । ਇਹ ਹੜ੍ਹ ਸਭ ਤੋਂ ਜ਼ਿਆਦਾ ਨੁਕਸਾਨ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿਚ ਕਰਦੇ ਹਨ ਜਿੱਥੋਂ ਦੀ ਉਪਜਾਊ ਤੋਂ ਰੋੜ੍ਹ ਕੇ ਲਹਿੰਦੀ ਵੱਲ ਲਿਜਾ ਸੁੱਟਦੇ ਹਨ ਤੇ ਇਸ ਨੂੰ ਰੇਤਲਾ ਕਰੀ ਜਾ ਰਹੇ ਹਨ।
ਖਾਣਾ –
ਲਹਿੰਦੇ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹੇ ਅਟਕ ਵਿਚ ਮਿੱਟੀ ਦਾ ਤੇਲ ਨਿਕਲਦਾ ਹੈ ਅਤੇ ਖੀਊੜਾ ਦੇ ਪਹਾੜ ਵਿਚ ਲੂਣ ਦੀਆਂ ਖਾਣਾਂ ਹਨ। ਪਰ ਚੜ੍ਹਦੇ (ਹਿੰਦੁਸਤਾਨ ਦੇ) ਪੰਜਾਬ ਦੇ ਉੱਤਰ-ਚੜ੍ਹਦੇ ਪਹਾੜੀ ਜਾਂ ਕੰਢੀ ਦੇ ਇਲਾਕਿਆਂ ਵਿਚ ਹਾਲ ਤੱਕ ਕਿਧਰੇ ਵੀ ਅਜਿਹੀ ਬਹੁਤੀ ਖੁਦਾਈ ਨਹੀਂ ਹੋਈ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਦੀਆਂ ਹੇਠਲੀਆਂ ਤਹਿਆਂ ਵਿਚ ਕੀ ਕੁਝ ਲੁਕਿਆ ਪਿਆ ਹੈ। ਪੰਜਾਬ ਦੀ ਮੈਂਦਾਨੀ ਤੋਂ ਚੂੰਕਿ ਬੜੀ ਉਪਜਾਊ ਹੈ ਅਤੇ ਖੁਰਾਕ ਦਾ ਤੋੜਾ ਆਮ ਕਦੀ ਨਹੀਂ ਆਇਆ, ਇਸ ਲਈ ਜ਼ਮੀਨ ਦੇ ਹੇਠਾਂ ਦੀ ਖੁਦਾਈ ਵੱਲ ਕਦੀ ਕਿਸੇ ਬਹੁਤਾ ਧਿਆਨ ਨਹੀਂ ਦਿੱਤਾ । ਜੁਆਲਾ-ਮੁਖੀ ਦੀ ਲਾਟ ਤੋਂ ਅੰਦਾਜ਼ਾ ਲਾ ਕੇ ਓਥੇ ਪੁਟਾਈ ਸ਼ੁਰੂ ਕੀਤੀ ਗਈ ਹੈ ਜਿੱਥੇ ਕਿ ਗੈਸ ਅਤੇ ਤੇਲ ਦੇ ਸੋਮੇ ਨਿਕਲਣ ਦੀਆਂ ਬੜੀਆਂ ਉਤਸ਼ਾਹ-ਭਰੀਆਂ ਆਸਾਂ ਬੱਝ ਗਈਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪਿੰਡ ਬਠੁੱਲਾ (ਬਠੁੱਲਗੜ੍ਹ) ਦੇ ਲਾਗੇ ਮਿੱਟੀ ਦੇ ਤੇਲ ਦੀ ਭਾਲ ਵਿਚ ਪੁਟਾਈ ਹੋ ਰਹੀ ਹੈ।
ਜਲਵਾਯੂ
ਜਲਵਾਯੂ ਦੇ ਲਿਹਾਜ਼ ਨਾਲ ਸਾਰੇ ਪੁਰਾਣੇ (ਹਿੰਦੁਸਤਾਨੀ ਅਤੇ ਪਾਕਿਸਤਾਨੀ) ਪੰਜਾਬ ਨੂੰ ਤਿੰਨ ਵੱਡੇ ਵੱਡੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ :
1 ਹਿਮਾਲਾ ਪਾਰ
2 ਹਿਮਾਲਾ
3 – ਮੈਦਾਨ
ਮੈਂਦਾਨੀ ਇਲਾਕੇ ਦੇ ਚਾਰ ਹਿੱਸੇ ਕੀਤੇ ਜਾ ਸਕਦੇ ਹਨ
(ੳ) ਉੱਤਰ-ਲਹਿੰਦਾ
(ਅ) ਦੱਖਣ-ਲਹਿੰਦਾ
(ੲ) ਕੰਢੀ
(ਸ) ਮਾਝਾ ਅਤੇ ਦੱਖਣ-ਚੜ੍ਹਦਾ
ਹਿਮਾਲਾ ਪਾਰ ਅਤੇ ਹਿਮਾਲਾ ਦਾ ਇਲਾਕਾ ਹੁਣ ਜਾਂ ਤਾਂ ਉੱਤਰ-ਲਹਿੰਦੇ ਪਾਕਿਸਤਾਨੀ ਪੰਜਾਬ ਵਿਚ ਹੈ ਜਾਂ (ਹਿੰਦੁਸਤਾਨ ਦੇ) ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ। ਹਿੰਦੁਸਤਾਨੀ ਪੰਜਾਬ ਵਿਚ ਕਾਂਗੜੇ ਦਾ ਜ਼ਿਲ੍ਹਾ ਹਿਮਾਲਾ ਪਰਬਤ ਤੋਂ ਬਾਹਰ ਹੀ ਗਿਣਨਾ ਚਾਹੀਦਾ ਅਤੇ ਇਸ ਦੇ ਨਾਲ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੀ ਊਨਾ ਤਹਿਸੀਲ, ਜੋ ਕੁਦਰਤੀ ਬਨਾਵਟ ਤੋਂ ਸਪਸ਼ਟ ਤੌਰ ਤੇ ਛੋਟੀਆਂ ਪਹਾੜੀਆਂ ਦਾ ਢਾਲੀ ਇਲਾਕਾ ਹੈ, ਜਿਸ ਨੂੰ ਦਾਮਨਿ-ਕੋਹ ਜਾਂ ਕੰਢੀ ਦਾ ਇਲਾਕਾ ਕਿਹਾ ਜਾਂਦਾ ਹੈ । ਮੈਦਾਨੀ ਇਲਾਕਿਆਂ ਵਿੱਚੋਂ ਉੱਤਰ-ਲਹਿੰਦਾ ਅਤੇ ਦੱਖਣ-ਲਹਿੰਦਾ ਪੰਜਾਬ ਪਾਕਿਸਤਾਨ ਵਿਚ ਚਲਾ ਗਿਆ ਹੈ। ਹਿੰਦੁਸਤਾਨੀ ਪੰਜਾਬ ਵਿਚ ਕੇਵਲ ਮਾਝਾ ਅਤੇ ਦੱਖਣ-ਚੜ੍ਹਦੇ ਦਾ ਇਲਾਕਾ ਹੀ ਹੈ। ਇਸ ਲਈ ਹਿੰਦੁਸਤਾਨੀ ਪੰਜਾਬ ਨੂੰ ਜਲਵਾਯੂ ਦੇ ਲਿਹਾਜ਼ ਨਾਲ ਕੰਢੀ, ਮਾਝਾ ਅਤੇ ਦੱਖਣ-ਚੜ੍ਹਦੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ।
ਕੰਢੀ –
ਕਾਂਗੜੇ ਜ਼ਿਲ੍ਹੇ ਵਿਚ ਥਾਂ ਥਾਂ ਜਲਵਾਯੂ ਵੱਖਰਾ ਵੱਖਰਾ ਹੈ। ਕਾਂਗੜੇ ਸ਼ਹਿਰ ਵਿਚ ਗਰਮੀ ਦਾ ਦਰਜਾ ਸਿਆਲ ਨੂੰ 53°, ਬਸੰਤ ਰੁੱਤ ਵਿਚ 70°, ਗਰਮੀ ਵਿਚ 80° ਅਤੇ ਪਤਝੜ ਵਿਚ 68° ਡਿਗਰੀ ਹੁੰਦਾ ਹੈ। ਜ਼ਿਲ੍ਹੇ ਦੇ ਦੱਖਣ ਦੇ ਇਲਾਕੇ ਵਿਚ ਗਰਮੀ ਦਾ ਦਰਜਾ ਇਸ ਤੋਂ ਚੋਖਾ ਜ਼ਿਆਦਾ ਹੁੰਦਾ ਹੈ ਪਰ ਧੌਲੀਧਾਰ ਦੇ ਇਲਾਕੇ ਵਿਚ 8° ਘੱਟ ਹੁੰਦਾ ਹੈ। ਮੀਂਹ ਵਰ੍ਹ ਪੈਣ ਨਾਲ ਉਸ ਦੇ ਮੁਤਾਬਕ ਹੀ ਗਰਮੀ ਘੱਟ ਜਾਂਦੀ ਹੈ। ਗੁਰਦਾਪੁਰ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹਿਆਂ ਵਿਚ ਪਹਾੜਾਂ ਤੋਂ ਬਹੁਤਾ ਦੂਰ ਨਾ ਹੋਣ ਕਰਕੇ ਬਹੁਤ ਗਰਮੀ ਨਹੀਂ ਹੁੰਦੀ ਪਰ ਜਿਉਂ ਜਿਉਂ ਲਹਿੰਦੇ ਨੂੰ ਹਟਦੇ ਜਾਉ ਦੂਰੀ ਵਧਦੀ ਜਾਣ ਨਾਲ ਗਰਮੀ ਵੀ ਹੌਲੀ ਹੌਲੀ ਵਧਦੀ ਜਾਂਦੀ ਹੈ । ਬਸੰਤ ਰੁੱਤੇ ਸਿਆਲ ਦਾ ਪਾਲਾ ਘੱਟ ਜਾਂਦਾ ਹੈ । ਚੜ੍ਹਦੇ ਵਿਸਾਖ ਫਸਲਾਂ ਕੱਟਣ ਸਮੇਂ ਚੋਖੀ ਗਰਮੀ ਸ਼ੁਰੂ ਹੋ ਜਾਂਦੀ ਹੈ। ਜੇਠ ਹਾੜ੍ਹ ਨੂੰ ਭਰ ਗਰਮੀ ਦੇ ਦਿਨ ਹੁੰਦੇ ਹਨ ਪਰ ਧਰਮਸ਼ਾਲਾ ਅਤੇ ਭਰਵਾਈਂ ਇਨ੍ਹੀਂ ਦਿਨੀਂ ਵੀ ਮੌਸਮ ਬੜਾ ਸੁਹਣਾ ਹੁੰਦਾ ਹੈ ।
ਜੇਠ ਦੇ ਦੂਸਰੇ ਅਧ ਵਿਚ ਮੀਂਹ ਸ਼ੁਰੂ ਹੋ ਜਾਂਦਾ ਹੈ ਜੋ ਅੱਸੂ ਦੇ ਪਹਿਲੇ ਸਾਤੇ ਤੱਕ ਚੱਲਦਾ ਹੈ। ਇਨ੍ਹਾਂ ਦਿਨਾਂ ਵਿਚ ਖ਼ਾਸ ਕਰਕੇ ਮੱਛਰ ਚੋਖਾ ਹੋ ਜਾਂਦਾ ਹੈ ਅਤੇ ਕੰਢੀ ਦੇ ਚੜ੍ਹਦੇ ਇਲਾਕੇ ਵਿਚ ਮਲੇਰੀਆ ਅਤੇ ਵਾਰੀ ਦਾ ਤਾਪ ਆਮ ਹੋ ਜਾਂਦਾ ਹੈ । ਅੱਸੂ ਦੇ ਚੜ੍ਹਦੇ ਸਾਰ ਮੀਂਹ ਦਾ ਜ਼ੋਰ ਘੱਟ ਜਾਂਦਾ ਹੈ ਅਤੇ ਦੂਸਰੇ ਸਾਤੇ ਤੋਂ ਬੰਦ ਹੋ ਜਾਂਦਾ ਹੈ । ਪੋਹ ਦੇ ਚੜ੍ਹਾ ਤੱਕ ਮੌਸਮ ਆਮ ਤੌਰ ਤੇ ਖੁਸ਼ਕ ਰਹਿੰਦਾ ਹੈ। ਪੋਹ ਅਤੇ ਮਾਘ ਵਿਚ ਬੱਦਲ ਆ ਜਾਂਦੇ ਹਨ ਅਤੇ ਸਾਰੇ ਦੇਸ ਵਿਚ ਵਰਖਾ ਹੋ ਜਾਂਦੀ ਹੈ ਜਿਸ ਨਾਲ ਫਸਲਾਂ ਦੀ ਰੰਗਤ ਬਦਲ ਜਾਂਦੀ ਹੈ ਤੇ ਉਹ ਫੁੱਟ ਉਠਦੀਆਂ ਹਨ। ਫੱਗਣ ਅਤੇ ਚੇਤ ਮਹੀਨੇ ਖੁਸ਼ਕ ਰਹਿੰਦੇ ਹਨ ਅਤੇ ਹੌਲੀ ਹੌਲੀ ਸਰਦੀ ਹਟਦੀ ਤੇ ਗਰਮੀ ਆਉਂਦੀ ਜਾਂਦੀ ਹੈ।
ਕੰਢੀ ਵਿਚ ਬਰਸਾਤ ਦੇ ਦਿਨੀਂ ਮੱਛਰਾਂ ਅਤੇ ਕੱਚੇ ਪਾਣੀਆਂ ਕਰਕੇ ਮਲੇਰੀਆ ਅਤੇ ਵਾਰੀ-ਦਾ-ਤਾਪ ਆਮ ਬਿਮਾਰੀਆਂ ਹੋ ਜਾਂਦੀਆਂ ਹਨ। ਪਹਾੜੀਆਂ ਵਿਚ ਗਿੱਲ੍ਹੜ ਬਹੁਤ ਹੋ ਜਾਂਦੇ ਹਨ ਅਤੇ ਖੂਨ ਦੀ ਖ਼ਰਾਬੀ ਵੀ ਚੋਖੀ ਰਹਿੰਦੀ ਹੈ ਜਿਸ ਨਾਲ ਜੁੱਸੇ ਵਿਚ ਕਮਜ਼ੋਰੀ ਤੇ ਰੰਗ ਵਿਚ ਪਿਲੱਤਣ ਆ ਜਾਂਦੀ ਹੈ। ਪਹਾੜਾਂ ਵਿਚ ਆਦਮੀਆਂ ਨਾਲੋਂ ਜ਼ਨਾਨੀਆਂ ਜ਼ਿਆਦਾ ਚੋਬਰ, ਫੁਰਤੀਲੀਆਂ ਤੇ ਤਕੜੀਆਂ ਹੁੰਦੀਆਂ ਹਨ ਜਿਸ ਦਾ ਇਕ ਕਾਰਣ ਇਹ ਭੀ ਹੈ ਕਿ ਇਥੇ ਘਰ ਅਤੇ ਬਾਹਰ ਦਾ ਕੰਮ ਬਹੁਤ ਸਾਰਾ ਉਨ੍ਹਾਂ ਨੂੰ ਹੀ ਕਰਨਾ ਪੈਂਦਾ ਹੈ।
ਮਾਝਾ ਅਤੇ ਦੱਖਣ–ਚੜ੍ਹਦਾ ਪੰਜਾਬ –
ਜਲਵਾਯੂ ਦੇ ਲਿਹਾਜ਼ ਨਾਲ ਮਾਝੇ ਅਤੇ ਦੱਖਣ-ਚੜ੍ਹਦੇ ਪੰਜਾਬ ਦਾ ਇਲਾਕਾ ਬਹੁਤ ਵਧੀਆ ਗਿਣਿਆ ਜਾਂਦਾ ਹੈ ਜਿਸ ਦਾ ਅੰਦਾਜ਼ਾ ਇੱਥੋਂ ਦੀ ਉਪਜਾਊ ਤੋਂ, ਚੰਗੀਆਂ ਭਰਵੀਆਂ ਫਸਲਾਂ, ਦਰਖ਼ਤਾਂ ਅਤੇ ਵੇਲ ਬੂਟਿਆਂ ਤੇ ਜਨਾਨੀਆਂ ਦੇ ਭਰਵੇਂ ਕੱਦ-ਕਾਠ, ਨਿਖਰਵੇਂ ਚਿਹਰੇ-ਮੁਹਰੇ, ਚੁਸਤ ਅਤੇ ਖੜਕਵੀਂ ਤੋਰ ਅਤੇ ਬੋਲ-ਚਾਲ ਤੋਂ ਲੱਗਦਾ ਹੈ। ਇੱਥੇ ਹਰ ਪ੍ਰਕਾਰ ਦਾ ਜਲਵਾਯੂ ਹੈ। ਗਰਮੀ ਅਤੇ ਸਰਦੀ ਆਪਣੇ ਆਪਣੇ ਮੌਸਮ ਵਿਚ ਚੋਖੀ ਹੁੰਦੀ ਹੈ । ਜਿੱਥੇ ਸਿਆਲ ਨੂੰ ਕਈ ਥਾਈਂ ਪਾਣੀ ਜੰਮ ਜਾਂਦਾ ਅਤੇ ਕੱਕਰ ਪੈਂਦਾ ਹੈ ਉਥੇ ਗਰਮੀ ਵੀ ਸਿਖਰ ਮੌਸਮ ਤੇ ਆ ਕੇ ਕਦੇ ਕਦੇ 116°-117° ਤਕ ਭੀ ਚਲੀ ਜਾਂਦੀ ਹੈ। ਪਰ ਇਹ ਕੇਵਲ ਅੱਧ ਵਿਸਾਖ ਤੋਂ ਅੱਧ ਹਾੜ੍ਹ ਤੱਕ (ਮਈ ਜੂਨ ਵਿਚ) ਹੀ ਹੁੰਦੀ ਹੈ। ਗਰਮੀ ਸ਼ੁਰੂ ਤਾਂ ਭਾਵੇਂ ਚੇਤ ਦੇ ਚੜ੍ਹਾ ਨਾਲ ਹੀ ਹੋ ਜਾਂਦੀ ਹੈ ਜਦ ਕਿ ਲਹਿੰਦੇ ਵਲੋਂ ਖੁਸ਼ਕ ਹਵਾ ਵਗਣੀ ਸ਼ੁਰੂ ਹੁੰਦੀ ਹੈ, ਪਰ ਗਰਮੀ ਦਾ ਬਹੁਤਾ ਜ਼ੋਰ ਵਿਸਾਖ, ਜੇਠ ਤੇ ਅੱਧੇ ਹਾੜ੍ਹ ਤੱਕ ਹੀ ਰਹਿੰਦਾ ਹੈ। ਇਨ੍ਹੀਂ ਦਿਨੀਂ ਕਈ ਵਾਰੀ ਐਂਸੀ ਗਰਮ ਲੂ ਚਲਦੀ ਹੈ ਕਿ ਇਸ ਦੀਆਂ ਲਹਿਰਾਂ ਦਰਿਆ ਦੀਆਂ ਲਹਿਰਾਂ ਵਾਂਗ ਚਲਦੀਆਂ ਦਿਸਦੀਆਂ ਹਨ। ਬਰਸਾਤ ਵਿਚ ਬਾਰਸ਼ ਵੇਲੇ ਤਾਂ ਗਰਮੀ ਘੱਟ ਜਾਂਦੀ ਹੈ ਪਰ ਬਾਰਸ਼ਾਂ ਦੇ ਵਿਚਕਾਰ ਗਰਮੀ ਚੋਖੀ ਰਹਿੰਦੀ ਹੈ। ਅੱਸੂ ਅਤੇ ਕੱਤਕ ਦੇ ਖੁਸ਼ਕ ਮਹੀਨਿਆਂ ਵਿਚ ਫੇਰ ਗਰਮੀ ਹੋ ਜਾਂਦੀ ਹੈ ਪਰ ਜੇਠ ਹਾੜ੍ਹ ਵਰਗਾ ਜ਼ੋਰ ਇਸ ਵੇਲੇ ਨਹੀਂ ਰਹਿੰਦਾ। ਕੱਤਕ ਦੇ ਮਹੀਨੇ ਕਈ ਵਾਰੀ ਮੌਸਮ ਅਨੋਖਾ ਜਿਹਾ ਹੁੰਦਾ ਹੈ। ਦਿਨੇ ਚੋਖੀ ਗਰਮੀ ਹੁੰਦੀ ਹੈ ਤੇ ਰਾਤ ਨੂੰ ਸਰਦੀ ਹੋ ਜਾਂਦੀ ਹੈ। ਇਸੇ ਕਰਕੇ ਹੀ ਇਹ ਕਹਾਵਤ ਬਣੀ ਹੋਈ ਹੈ :
ਅੱਸੂ ਮਾਹ ਨਿਰਾਲਾ
ਦਿਨੇ ਧੁੱਪ ਤੇ ਰਾਤੀਂ ਪਾਲਾ ।
ਜੇਠ ਹਾੜ੍ਹ ਦੇ ਗਰਮ ਅਤੇ ਖੁਸ਼ਕ ਮਹੀਨਿਆਂ ਵਿਚ ਕਈ ਵਾਰੀ ਹਨ੍ਹੇਰੀਆਂ ਵਗਦੀਆਂ ਹਨ ਜਿਨ੍ਹਾਂ ਦਾ ਜ਼ੋਰ ਬਹੁਤਾ ਭਟਿਆਣੇ ਅਤੇ ਹਰਿਆਣੇ ਦੇ ਇਲਾਕਿਆਂ ਵਿਚ ਹੁੰਦਾ ਹੈ । ਇਹ ਇਲਾਕੇ ਰਾਜਸਥਾਨ ਦੇ ਰੇਤ-ਥਲਿਆਂ ਦੇ ਨਾਲ ਲੱਗਦੇ ਹਨ ਜਿੱਥੇ ਕਿ ਗਰਮੀ ਵਿਚ ਝੱਖੜ ਆਮ ਚੱਲਦੇ ਰਹਿੰਦੇ ਹਨ। ਪੰਜਾਬ ਵਿਚ ਭੀ ਗਰਮੀ ਅਤੇ ਬਰਸਾਤ ਦੇ ਦਿਨੀਂ ਕਈ ਵਾਰੀ ਇਤਨੇ ਤੇਜ਼ ਤੇ ਜ਼ੋਰ ਦੇ ਝੱਖੜ ਆਉਂਦੇ ਹਨ ਕਿ ਹਜ਼ਾਰਾਂ ਦੀ ਗਿਣਤੀ ਵਿਚ ਦਰਖ਼ਤ ਜੜ੍ਹਾਂ ਤੋਂ ਪੁੱਟੇ ਜਾਂਦੇ ਹਨ ਤੇ ਅਣਗਿਣਤ ਪੰਛੀ ਮਰ ਜਾਂਦੇ ਹਨ।
ਬਰਸਾਤ ਦਾ ਮੌਸਮ ਪੰਜਾਬ ਦੇ ਮੈਦਾਨਾਂ ਵਿਚ ਕੰਢੀ ਦੇ ਇਲਾਕੇ ਦੀ ਤਰ੍ਹਾਂ ਹੀ ਹਾੜ੍ਹ ਦੇ ਅੱਧ (ਜੂਨ ਦੇ ਅੰਤ ਅਤੇ ਜੁਲਾਈ ਦੇ ਆਰੰਭ) ਵਿਚ ਸ਼ੁਰੂ ਹੁੰਦਾ ਹੈ ਅਤੇ ਅੱਸੂ ਦੇ ਪਹਿਲੇ ਸਾਤੇ (ਸਤੰਬਰ ਦੇ ਤੀਸਰੇ ਸਾਤੇ) ਤੱਕ ਚੱਲਦਾ ਹੈ। ਪੰਜਾਬ ਦੀ ਵਰਖਾ ਉਨ੍ਹਾਂ ਮੌਨਸੂਨ ਹਵਾਵਾਂ ਨਾਲ ਹੁੰਦੀ ਹੈ ਜੋ ਬੰਗਾਲ ਦੀ ਖਾੜੀ ਵਿੱਚੋਂ ਆਉਂਦੀਆਂ ਹਨ। ਇਹ ਹਵਾਵਾਂ ਗਰਮੀ ਦੇ ਮੌਸਮ ਵਿਚ ਹਿੰਦ ਮਹਾਸਾਗਰੁ ਵਿਚ ਦੱਖਣ-ਲਹਿੰਦਿਉਂ ਚੱਲ ਕੇ ਬੰਗਾਲ ਦੀ ਖਾੜੀਉਂ ਉੱਤਰ-ਚੜ੍ਹਦੇ ਨੂੰ ਹੋ ਜਾਂਦੀਆਂ ਹਨ ਅਤੇ ਚੜ੍ਹਦੇ ਹਿਮਾਲਾ ਨਾਲ ਟਕਰਾ ਕੇ ਲਹਿੰਦੇ ਨੂੰ ਹੋ ਪੈਂਦੀਆਂ ਹਨ ਅਤੇ ਦੱਖਣ-ਲਹਿੰਦਿਉਂ ਉੱਤਰ-ਚੜ੍ਹਦੇ ਨੂੰ ਚੜ੍ਹਦੀਆਂ ਹੋਈਆਂ ਪੱਛਮ ਨੂੰ ਪਹਾੜ ਦੀ ਤਰਾਈ ਅਤੇ ਗੰਗਾ-ਜਮਨਾ ਦੇ ਮੈਦਾਨਾਂ ਵਿਚ ਮੀਂਹ ਵਰ੍ਹਾਉਂਦੀਆਂ ਪੰਜਾਬ ਆ ਪੁੱਜਦੀਆਂ ਹਨ। ਅੱਗੇ ਹਿਮਾਲਾ ਪਰਬਤ ਦੀ ਰੋਕ ਹੋਣ ਕਰਕੇ ਹਿਮਾਚਲ ਅਤੇ ਕਸ਼ਮੀਰ ਦੇ ਹਿੱਸੇ ਬੇਅੰਤ ਵਰਖਾ ਆਉਂਦੀ ਹੈ । ਇਹ ਵਰਖਾ ਪੰਜਾਬ ਦੀ ਕੰਢੀ ਅਤੇ ਮੈਦਾਨਾਂ ਵਿਚ ਭੀ ਆ ਜਾਂਦੀ ਹੈ ਅਤੇ ਦੱਖਣ-ਚੜ੍ਹਦਿਉਂ ਜਿਉਂ ਜਿਉਂ ਉੱਤਰ-ਲਹਿੰਦੇ ਨੂੰ ਵਧਦੀ ਹੈ, ਘਟਦੀ ਜਾਂਦੀ ਹੈ।
ਮੌਨਸੂਨ ਦੀ ਬੰਬਈ ਵਾਲੀ ਸ਼ਾਖ਼ ਦਾ ਬਹੁਤਾ ਜ਼ੋਰ ਲਹਿੰਦੇ ਘਾਟਾਂ ਅਤੇ ਦੱਖਣ ਵਿਚ ਹੀ ਲੱਗ ਜਾਂਦਾ ਹੈ। ਜੇ ਕੁਝ ਹਵਾਵਾਂ ਬਚ ਕੇ ਨਿਕਲ ਭੀ ਆਉਣ ਤਾਂ ਰਾਜਸਥਾਨ ਦੇ ਰੇਤ-ਥਲੇ ਉਨ੍ਹਾਂ ਨੂੰ ਜਲੋਂ ਖਾਲੀ ਕਰ ਛੱਡਦੇ ਹਨ । ਪਰ ਜੇ ਕਿਧਰੇ ਉਹ ਬੰਗਾਲ ਖਾੜੀ ਦੀ ਹਵਾਈ ਲਹਿਰ ਵਿਚ ਖਿੱਚੀਆਂ ਆ ਜਾਣ ਤਾਂ ਸਾਰੇ ਪਾਸੀਂ ਵਰਖਾ ਕਾਫੀ ਖੁਲ੍ਹੀ ਵਰ੍ਹਦੀ ਹੈ। ਪੰਜਾਬ ਦੇ ਮੈਦਾਨਾਂ ਵਿਚ ਲਗਾਤਾਰ ਕਈ ਕਈ ਦਿਨ ਜਾਂ ਕਈ ਕਈ ਘੰਟੇ ਵਰਖਾ ਘੱਟ ਹੀ ਹੁੰਦੀ ਹੈ। ਇਕ ਦਿਨ ਜ਼ੋਰ ਦੀ ਬਾਰਸ਼ ਹੋ ਕੇ ਜਾਂ ਤਾਂ ਆਸਮਾਨ ਸਾਫ ਹੋ ਜਾਂਦਾ ਹੈ ਜਾਂ ਬੱਦਲ ਪਤਲੇ ਹੋ ਜਾਂਦੇ ਹਨ ਤੇ ਮੁੜ ਗਰਮੀ ਅਤੇ ਹੁੱਸੜ ਹੋ ਜਾਂਦਾ ਹੈ ਜਿਸ ਨਾਲ ਫੇਰ ਮੀਂਹ ਆ ਜਾਂਦਾ ਹੈ। ਬਰਸਾਤ ਵਿਚ ਗਰਮੀ ਅਤੇ ਹੁੱਸੜ ਦਾ ਵਧਣਾ ਛੇਤੀ ਹੀ ਹੋਰ ਮੀਂਹ ਆਉਣ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਅਤੇ ਇਹ ਕਦੀ ਭੀ ਖਾਲੀ ਨਹੀਂ ਜਾਂਦੀਆਂ । ਅੱਧ ਅੱਸੂ ਤੋਂ ਕੱਤਕ, ਮੱਘਰ ਅਤੇ ਅੱਧ ਪੋਹ ਤੱਕ (ਅਕਤੂਬਰ, ਨਵੰਬਰ ਅਤੇ ਦਸੰਬਰ) ਦੇ ਮਹੀਨੇ ਖੁਸ਼ਕ ਹੀ ਲੰਘਦੇ ਹਨ। ਸਿਆਲ ਦੇ ਆਰੰਭ ਵਿਚ ਇਕ ਅੱਧਾ ਮੀਂਹ ਵਰ੍ਹਦਾ ਹੈ।
ਪੰਜਾਬ ਵਿਚ ਸਿਆਲ ਦਾ ਮੀਂਹ ਪੋਹ ਦੇ ਤੀਸਰੇ ਸਾਤੇ (ਜਨਵਰੀ ਦੇ ਆਰੰਭ ਵਿਚ) ਸ਼ੁਰੂ ਹੁੰਦਾ ਹੈ ਅਤੇ ਮਾਘ ਦੇ ਅੰਤ ਤੱਕ ਚੱਲਦਾ ਹੈ। ਸਿਆਲ ਦੀ ਮੌਨਸੂਨ ਦੀ ਪੰਜਾਬ ਤੱਕ ਪਹੁੰਚ ਨਹੀਂ ਹੁੰਦੀ । ਇੱਥੇ ਉਨ੍ਹੀਂ ਦਿਨੀਂ ਲਹਿੰਦੀਆਂ ਜਾਂ ਉੱਤਰੀ ਹਵਾਵਾਂ ਚਲਦੀਆਂ ਹਨ। ਸਿਆਲ ਨੂੰ ਜੋ ਮੀਂਹ ਇੱਥੇ ਵਰ੍ਹਦਾ ਹੈ ਉਹ ਪਖ਼ਤੂਨੀ ਇਲਾਕੇ ਤੋਂ ਪਾਰ ਉਠਦੀਆਂ ਹਨ੍ਹੇਰੀਆਂ ਕਰਕੇ ਹੁੰਦਾ ਹੈ । ਸਿਆਲ ਨੂੰ ਮੀਂਹ ਕੋਈ ਬਹੁਤਾ ਤਾਂ ਨਹੀਂ ਵਰ੍ਹਦਾ ਪਰ ਜੋ ਵਰ੍ਹਦਾ ਹੈ ਜੇ ਉਹ ਮੌਕੇ ਸਿਰ ਪੈ ਜਾਏ ਤਾਂ ਆਉਣ ਵਾਲੀਆਂ ਫਸਲਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ।
ਭਟਿਆਣੇ ਅਤੇ ਹਰਿਆਣੇ ਵਿਚ, ਜੋ ਕੁਰਖੇਤਰ ਦੇ ਇਲਾਕੇ ਦੇ ਲਹਿੰਦੇ, ਦੱਖਣ-ਲਹਿੰਦੇ ਅਤੇ ਦੱਖਣ ਨੂੰ ਹੈ ਬਰਖਾ ਬੜੀ ਥੋੜ੍ਹੀ ਹੁੰਦੀ ਹੈ। ਇਸੇ ਕਰਕੇ ਹੀ ਗਰਮੀਆਂ ਵਿਚ ਉਧਰ ਮਿੱਟੀ-ਭਰੀਆਂ ਹਨ੍ਹੇਰੀਆਂ ਆਮ ਚਲਦੀਆਂ ਹਨ ਜੋ ਚੜ੍ਹਦੇ ਮੈਦਾਨਾਂ ਵਿਚ ਦੀ ਹੋ ਕੇ ਕੰਢੀ ਤਕ ਪੁੱਜ ਜਾਂਦੀਆਂ ਹਨ ਅਤੇ ਕਦੇ ਕਦੇ ਪਰ ਬਹੁਤ ਟਾਵੀਆਂ, ਪਹਾੜਾਂ ਉਪਰ ਦੀ ਸ਼ਿਮਲੇ ਜਾ ਪੁੱਜਦੀਆਂ ਹਨ।
ਸਿਆਲ ਦਾ ਮੌਸਮ ਅੱਧ ਨਵੰਬਰ ਵਿਚ ਸ਼ੁਰੂ ਹੁੰਦਾ ਹੈ ਅਤੇ ਮਾਰਚ ਦੇ ਪਹਿਲੇ ਦਹਾਕੇ ਤੱਕ ਚੱਲਦਾ ਹੈ । ਇਸ ਵਿਚ ਦਸ ਦਿਨ ਦੇ ਇਧਰ ਉਧਰ ਹੋਣ ਤੋਂ ਜ਼ਿਆਦਾ ਫਰਕ ਨਹੀਂ ਪੈਂਦਾ । ਪਹਾੜੀ ਇਲਾਕਾ ਨਾ ਹੋਣ ਕਰਕੇ ਇੱਥੇ ਕਿਧਰੇ ਬਰਫ ਤਾਂ ਨਹੀਂ ਪੈਂਦੀ ਪਰ ਸਾਰੇ ਮੌਸਮ ਵਿਚ ਦੋ ਚਾਰ ਵਾਰੀ ਕੋਰਾ ਜ਼ਰੂਰ ਜੰਮ ਜਾਂਦਾ ਹੈ। ਗਰਮੀ ਦੇ ਮੌਸਮ ਵਿਚ ਗਰਮੀ ਅਤੇ ਸਿਆਲੇ ਵਿਚ ਸਰਦੀ ਚੌਖੀ ਪੈਣ ਕਰਕੇ ਸਾਰੇ ਪੰਜਾਬ ਵਿਚ ਹੀ ਲੋਕਾਂ ਦੇ ਕੱਦ ਕਾਠ ਚੰਗੇ, ਹੱਥ ਪੈਰ ਮੋਕਲੇ ਅਤੇ ਸਰੀਰ ਗਠੀਲੇ ਹੁੰਦੇ ਹਨ। ਇਸ ਵਿਚ ਪੰਜਾਬੀਆਂ ਦਾ ਖੁੱਲ੍ਹਾ ਅਤੇ ਚੰਗਾ ਖਾਣ ਪੀਣ ਵੀ ਇਨ੍ਹਾਂ ਦੀ ਬੜੀ ਸਹਾਇਤਾ ਕਰਦਾ ਹੈ। ਗਰਮੀ ਅਤੇ ਸਰਦੀ ਸਹਿ ਜਾਣ ਦੀ ਜਿਤਨੀ ਸ਼ਕਤੀ ਇਨ੍ਹਾਂ ਵਿਚ ਹੈ, ਉਤਨੀ ਸੰਸਾਰ ਦੇ ਹੋਰ ਬਹੁਤ ਘੱਟ ਲੋਕਾਂ ਵਿਚ ਹੈ ਅਤੇ ਇਹ ਹੀ ਹਨ ਜੋ ਅਰਬ ਅਤੇ ਅਫਰੀਕਾ ਦੇ ਭਖਦੇ ਰੇਤ-ਥਲਿਆਂ ਅਤੇ ਲੱਦਾਖ਼ ਦਿਆਂ ਬਰਵ ਨਾਲ ਢਕੇ ਹੋਏ ਪਹਾੜਾਂ ਵਿਚ ਹਸੂੰ ਹਸੂੰ ਕਰਦੇ ਵਿਚਰ ਸਕਦੇ ਹਨ। ਪ੍ਰਾਚੀਨ ਸਮਿਆਂ ਤੋਂ ਹੀ ਪੰਜਾਬ ਦੇ ਹਠੀਲੇ ਜਵਾਨਾਂ ਨੇ ਆਪਣੇ ਦੇਸ਼ ਦੀ ਰਾਖੀ ਕਰਨ ਅਤੇ ਇਸ ਦੀ ਸੁਤੰਤਰਤਾ ਨੂੰ ਬਚਾਈ ਰੱਖਣ ਅਤੇ ਮੁੜ ਪ੍ਰਾਪਤ ਕਰਨ ਲਈ ਜੋ ਘਾਲਾਂ ਘਾਲੀਆਂ ਹਨ, ਉਹ ਇਤਿਹਾਸ ਦੇ ਪੱਤਰਿਆਂ ਨੂੰ ਸ਼ੋਭਾ ਦੇ ਰਹੀਆਂ ਹਨ।