ਪੰਜਾਬ ਦੇ ਇਤਿਹਾਸਕ ਤੇ ਧਾਰਮਿਕ ਅਸਥਾਨ | ਪੰਜਾਬ ਦੇ ਪ੍ਰਸਿੱਧ ਸ਼ਹਿਰ ਤੇ ਕਸਬੇ

ਪੰਜਾਬ ਦੇ ਇਤਿਹਾਸਕ ਤੇ ਧਾਰਮਿਕ ਅਸਥਾਨ | ਪੰਜਾਬ ਦੇ ਪ੍ਰਸਿੱਧ ਸ਼ਹਿਰ ਤੇ ਕਸਬੇ 

ਜਿਵੇਂ ਆਰੰਭ ਵਿਚ ਲਿਖਿਆ ਗਿਆ ਹੈ ਪੰਜਾਬ ਦਾ ਇਤਿਹਾਸ ਅਤੇ ਉਸ ਦੇ ਬਹੁਤ ਸਾਰੇ ਇਤਿਹਾਸਕ ਅਸਥਾਨ ਇਤਨੇ ਹੀ ਪ੍ਰਾਚੀਨ ਅਤੇ ਵਿਸ਼ੇਸ਼ਤਾ ਭਰਪੂਰ ਹਨ ਜਿਤਨੀ ਕਿ ਹਿੰਦੁਸਤਾਨ ਦੀ ਸਭਿਅਤਾ। ਕੁਝ ਸ਼ਹਿਰ ਤਾਂ ਆਰੀਆ ਲੋਕਾਂ ਦੇ ਇਥੇ ਆਉਣ ਤੋਂ ਵੀ ਪਹਿਲਾਂ ਦੇ ਹਨ ਅਤੇ ਕੁਝ ਉਨ੍ਹਾਂ ਦੇ ਇਥੇ ਆਉਣ ਪਰ ਵਸੇ। ਫੇਰ ਜਿਉਂ ਜਿਉਂ ਨਵੇਂ ਲੋਕ ਬਾਹਰੋਂ ਆਏ, ਨਵੇਂ ਰਾਜ ਬਣੇ, ਨਵੇਂ ਟਿਕਾਣੇ ਉਸਰੇ, ਲੋਕਾਂ ਵਿਚ ਰਾਜਸੀ, ਧਾਰਮਕ ਅਤੇ ਭਾਈਚਾਰਕ ਅਦਲਾ- ਬਦਲੀਆਂ ਹੋਈਆਂ ਅਤੇ ਲੋਕ ਆਪਣੇ ਪੁਰਾਣੇ ਅਸਥਾਨਾਂ ਤੋਂ ਬਾਹਰ ਨੂੰ ਪਸਰੇ, ਤਾਂ ਥਾਉਂ ਥਾਈਂ ਨਵੇਂ ਸ਼ਹਿਰ ਤੇ ਪਿੰਡ ਆਬਾਦ ਹੁੰਦੇ ਗਏ । ਕਈ ਵਾਰੀ ਬਿਦੇਸ਼ੀ ਤੇ ਅਸਥਾਈ ਵੈਰੀਆਂ ਦੀਆਂ ਵਾਹਰਾਂ ਆ ਪਈਆਂ ਅਤੇ ਕਈ ਵਾਰੀ ਦਰਿਆਵਾਂ ਨੇ ਆਪਣੇ ਰੁਖ ਬਦਲੇ ਜਿਸ ਨਾਲ ਕੁਝ ਪੁਰਾਣੇ ਸ਼ਹਿਰ ਤੇ ਪਿੰਡ ਉਜੜ ਗਏ ਅਤੇ ਨਵੇਂ ਦੂਸਰੇ ਥਾਈਂ ਜਾ ਵਸੇ ।

ਦੇਸ ਵਿਚ ਅੰਗਰੇਜ਼ੀ ਰਾਜ ਹੋ ਜਾਣ ਨਾਲ ਹਾਲਾਤ ਕੁਝ ਬਦਲ ਗਏ । ਇਹ ਬਾਣੀਏ ਲੋਕ ਸਨ । ਜਿਥੇ ‘ਜਿਥੇ ਇਨ੍ਹਾਂ ਨੇ ਆਪਣੇ ਵਪਾਰ ਦੇ ਅੱਡੇ ਬਣਾਏ ਅਤੇ ਕੋਠੀਆਂ ਅਸਥਾਪਨ ਕੀਤੀਆਂ, ਉਥੇ ਹੌਲੀ ਹੌਲੀ ਸ਼ਹਿਰ ਉੱਸਰ ਪਏ। ਰੇਲਾਂ ਬਣ ਜਾਣ ਨਾਲ ਹਰ ਵੱਡੇ ਸਟੇਸ਼ਨ ਦੇ ਆਲੇ ਦੁਆਲੇ ਆਬਾਦੀ ਹੋ ਗਈ ਜੋ ਵੱਧ ਕੇ ਪਿੰਡਾਂ ਅਤੇ ਸ਼ਹਿਰਾਂ ਦੀ ਸ਼ਕਲ ਧਾਰਣ ਕਰ ਗਈ। ਇਸੇ ਤਰ੍ਹਾਂ ਹੀ ਨਹਿਰਾਂ ਦੇ ਛੋਟੇ ਵੱਡੇ ਨਿਕਾਣਿਆਂ ਦਾ ਹਾਲ ਹੈ। 1947 ਵਿਚ ਦੇਸ ਦੀ ਵੰਡ ਵੇਲੇ ਆਬਾਦੀ ਦੇ ਤਬਾਦਲੇ ਨੇ ਸ਼ਹਿਰੀ ਜ਼ਿੰਦਗੀ ਵਿਚ ਇਕ ਨਵਾਂ ਇਨਕਲਾਬ ਪੈਦਾ ਕਰ ਦਿੱਤਾ ਹੈ। ਪੰਜਾਬ ਦੇ ਜਿਸ ਸ਼ਹਿਰ ਵੱਲ ਦੇਖੋ, ਲਹਿੰਦੇ ਵਲੋਂ ਆਏ ਵਪਾਰੀ ਲੋਕਾਂ ਦੀ ਵਸੋਂ ਨਾਲ ਚਹਿਲ-ਪਹਿਲ ਵੱਧ ਗਈ ਹੈ ਅਤੇ ਰਹਿਣ ਸਹਿਣ ਦੇ ਢੰਗਾਂ ਵਿਚ ਵੀ ਚੋਖਾ ਫ਼ਰਕ ਪੈ ਗਿਆ ਹੈ। ਇਹ ਹੀ ਨਹੀਂ, ਬਲਕਿ ਕਈ ਨਵੇਂ ਸ਼ਹਿਰ ਆਬਾਦ ਹੋ ਗਏ ਹਨ ਜੋ ਦੇਸ ਦੇ ਇਤਿਹਾਸ ਵਿਚ ਆਪਣੇ ਵਿਤ ਅਨੁਸਾਰ ਵਾਧੇ ਕਰ ਰਹੇ ਹਨ ।

ਹੇਠਾਂ ਅਸੀਂ ਦੇਸ ਦੇ ਕੁਝ ਕੁ ਉੱਘੇ ਇਤਿਹਾਸਕ ਅਤੇ ਧਾਰਮਕ ਅਸਥਾਨਾਂ ਦਾ ਜ਼ਿਕਰ ਕਰ ਰਹੇ ਹਾਂ। ਜਿਹੜੇ ਸ਼ਹਿਰ ਆਮ ਮਸ਼ਹੂਰ ਹਨ ਅਤੇ ਜਿਨ੍ਹਾਂ ਸਬੰਧੀ ਵਾਕਫ਼ੀ ਸੌਖੇ ਹੀ ਪ੍ਰਾਪਤ ਹੋ ਸਕਦੀ ਹੈ ਉਨ੍ਹਾਂ ਦਾ ਵਰਣਨ ਸੰਖੇਪ ਨਾਲ ਕੀਤਾ ਹੈ ਪਰ ਜਿਨ੍ਹਾਂ ਦਾ ਇਤਿਹਾਸ ਸਮੇਂ ਦੀ ਦੂਰੀ ਵਿਚ ਲੁਕ ਗਿਆ ਹੈ ਜਾਂ ਉਹ ਇਸ ਵੇਲੇ ਬਹੁਤ ਪ੍ਰਸਿੱਧ ਨਹੀਂ ਰਹੇ, ਉਨ੍ਹਾਂ ਬਾਬਤ ਜ਼ਰਾ ਕੁ ਵਿਸਥਾਰ ਹੈ।

ਆਨੰਦਪੁਰ ਸਾਹਿਬ

ਤਹਿਸੀਲ ਊਨਾ, ਜ਼ਿਲ੍ਹਾ ਹੁਸ਼ਿਆਰਪੁਰ

 

ਅਨੰਦਪੁਰ ਸਾਹਿਬ

ਰੋਪੜ ਤੋਂ ਉੱਤਰ ਨੂੰ 22 ਮੀਲ ਅਤੇ ਨੰਗਲ ਡੈਮ ਤੋਂ 13 ਮੀਲ ਦੱਖਣ ਚੜ੍ਹਦੇ ਨੂੰ, ਆਨੰਦਪੁਰ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਕ ਅਸਥਾਨ ਹੈ ਜਿਥੇ ਕੇਸਗੜ੍ਹ ਵਾਲੀ ਥਾਂ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਸੰਮਤ 1756 ਬਿਕਰਮੀ ਦੀ ਵਿਸਾਖੀ ਵਾਲੇ ਦਿਨ (29 ਮਾਰਚ, 1699 ਈ. ਨੂੰ) ਸਿੱਖਾਂ ਦੇ ਭਰੇ ਦੀਵਾਨ ਵਿਚ ਕਿਰਪਾਨ ਨਾਲ ਅਜ਼ਮਾਇਸ਼ ਕਰ ਕੇ ਪੰਜ ਪਿਆਰੇ ਚੁਣੇ, ਖੰਡੇ ਦਾ ਅੰਮ੍ਰਿਤ ਛਕਾਇਆ ਅਤੇ ਉਨ੍ਹਾਂ ਨੂੰ ਸਿੰਘ ਬਣਾ ਕੇ ਖ਼ਾਲਸਾ ਸਾਜਿਆ ਅਤੇ ਉਨ੍ਹਾਂ ਨੂੰ ਪੂਰਣ ਤੌਰ ਤੇ ਕੇਸਾਧਾਰੀ ਹੋਣ ਦੀ ਰਹਿਤ ਦੱਸੀ। ਇਸ ਅਸਥਾਨ ਤੇ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇਹ ਨਗਰ ਨੌਵੇਂ ਗੁਰੂ ਤੇਗ਼ ਬਹਾਦਰ ਜੀ ਨੇ ਮਾਖੋਵਾਲ ਪਿੰਡ ਦੀ ਜ਼ਮੀਨ ਖ਼ਰੀਦ ਕੇ ਸੰਮਤ 1723 ਬਿਕਰਮੀ (ਸੰਨ 1666 ਈ.) ਵਿਚ ਵਸਾਇਆ ਸੀ ਅਤੇ ਆਪਣੀ ਰਿਹਾਇਸ਼ ਏਥੇ ਕੀਤੀ ਸੀ। ਗੁਰੂ ਗੋਬਿੰਦ ਸਿੰਘ ਦੇ ਵੇਲੇ ਇਸ ਦੀ ਪ੍ਰਭੁਤਾ ਵੱਧ ਗਈ ਅਤੇ ਸਿੱਖੀ ਦੇ ਕੇਂਦਰ ਦੇ ਨਾਲੋ ਨਾਲ ਇਹ ਸਾਹਿਤ-ਰਚਨਾ ਦਾ ਵੀ ਇਕ ਉੱਘਾ ਕੇਂਦਰ ਬਣ ਗਿਆ । ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਅਨੇਕ ਲਿਖਾਰੀ ਆ ਇੱਕਤਰ ਹੋਏ ਜਿਨ੍ਹਾਂ ਨੇ ਬਹੁਤ ਸਾਰੇ ਗ੍ਰੰਥ ਰਚੇ ਅਤੇ ਸੰਸਕ੍ਰਿਤ ਵਿਚੋਂ ਪੰਜਾਬੀ ਜਾਂ ਬ੍ਰਜ-ਭਾਖਾ ਵਿਚ ਉਲਥਾਏ। ਸਿੱਖਾਂ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਪਹਾੜੀ ਰਾਜੇ ਅਤੇ ਮੁਗ਼ਲ ਕਰਮਚਾਰੀ ਉਨ੍ਹਾਂ ਦੇ ਵਿਰੋਧੀ ਹੋ ਗਏ। ਅੰਤ ਦਸੰਬਰ ਸੰਨ 1704 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਛੱਡਣਾ ਪੈ ਗਿਆ ਜਿਥੇ ਕਿ ਫਿਰ ਉਹ ਨਾ ਆਏ ਅਤੇ ਸੰਨ 1708 ਵਿਚ ਨਦੇੜ (ਦੱਖਣ) ਵਿਚ ਸੁਰਗਵਾਸ ਹੋ ਗਏ ।

ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੀ ਰੱਖਿਆ ਲਈ ਪੰਜ ਕਿਲ੍ਹੇ ਤਿਆਰ ਕਰਾਏ ਸਨ, ਜਿਥੇ ਹੁਣ ਗੁਰਦੁਆਰੇ ਬਣੇ ਹੋਏ ਹਨ :

  1. ਆਨੰਦਗੜ੍ਹ,
  2. ਲੋਹਗੜ੍ਹ,
  3. ਫਤਿਹਗੜ੍ਹ,
  4. ਕੇਸਗੜ੍ਹ,
  5. ਹੋਲਗੜ੍ਹ।

ਆਨੰਦਪੁਰ ਵਿਚ ਹੇਠ ਲਿਖੇ ਇਤਿਹਾਸਕ ਗੁਰ-ਅਸਥਾਨ ਹਨ :

(1) ਅਕਾਲ ਬੁੰਗਾ, ਸੀਸ ਗੰਜ ਦੇ ਇਹਾਤੇ ਅੰਦਰ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਲਕ ਹੋਇਆ ਸੀ।

(2) ਆਨੰਦਗੜ੍ਹ ਕਿਲ੍ਹਾ, ਸ਼ਹਿਰ ਆਨੰਦਪੁਰ ਤੋਂ ਦੱਖਣ ਵੱਲ ।

(3) ਸੀਸਗੰਜ, ਸ਼ਹਿਰ ਦੇ ਅੰਦਰ, ਜਿੱਥੇ ਦਿੱਲੀ ਤੋਂ ਆਏ ਸ੍ਰੀ ਗੁਰੂ ਤੇਗ਼ ਬਹਾਦਰ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ।

(4) ਕੇਸਗੜ੍ਹ, ਜਿਥੇ ਗੁਰੂ ਜੀ ਨੇ ਖਾਲਸਾ ਸਾਜਿਆ ਸੀ ।

(5) ਗੁਰੂ ਕੇ ਮਹਿਲ, ਸ਼ਹਿਰ ਵਿਚ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਿਵਾਸ ਅਸਥਾਨ । ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ।

(6) ਦਮਦਮਾ ਸਾਹਿਬ, ਸ਼ਹਿਰ ਤੋਂ ਪੱਛਮ ਵੱਲ, ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਅਸਥਾਨ।

(7) ਮੰਜੀ ਸਾਹਿਬ, ਗੁਰੂ ਕੇ ਮਹਿਲਾਂ ਪਾਸ, ਗੁਰੂ ਤੇਗ਼ ਬਹਾਦਰ ਸਾਹਿਬ ਦਾ ਦੀਵਾਨ ਅਸਥਾਨ । ਇਥੇ ਹੀ ਕਸ਼ਮੀਰ ਦੇ ਪੰਡਤਾਂ ਨੇ ਗੁਰੂ ਜੀ ਪਾਸ ਫ਼ਰਿਆਦ ਕੀਤੀ ਸੀ।

( 8) ਮੰਜੀ ਸਾਹਿਬ, (ਦੂਸਰਾ), ਸ਼ਹਿਰ ਵਿਚ ਜਿਥੇ ਸਾਹਿਬਜ਼ਾਦੇ ਪੜ੍ਹਦੇ ਰਹੇ ਸਨ । ਇਥੇ ਇਕ ਪੁਰਾਤਨ ਬੋਹੜ ਦਾ ਦਰਖ਼ਤ ਹੈ।

(9) ਭੋਰਾ ਸਾਹਿਬ, ਗੁਰੂ ਕੇ ਮਹਿਲਾਂ ਅੰਦਰ, ਗੁਰੂ ਤੇਗ਼ ਬਹਾਦਰ ਜੀ ਦਾ ਏਕਾਂਤ ਅਸਥਾਨ।

(10) ਫ਼ਤਿਹਗੜ੍ਹ ਕਿਲ੍ਹਾ, ਸ਼ਹਿਰ ਵਿਚ ਥਾਣੇ ਦੇ ਪਾਸ। ਇਹ ਢਹਿ ਚੁੱਕਾ ਹੈ।

(11) ਲੋਹਗੜ੍ਹ, ਸ਼ਹਿਰ ਤੋਂ ਨੈਰੱਤ ਕੌਣ (ਦੱਖਣ ਪੱਛਮ) ਵਿਚ । ਇਹ ਵੀ ਢਹਿ ਚੁੱਕਾ ਹੈ।

ਅੰਮ੍ਰਿਤਸਰ

ਅੰਮ੍ਰਿਤਸਰ

 

ਦਿੱਲੀ ਤੋਂ ਉੱਤਰ-ਲਹਿੰਦੇ ਨੂੰ 278 ਮੀਲ ਇਹ ਸ਼ਹਿਰ ਉਮਰ ਵਿਚ ਤਾਂ ਭਾਵੇਂ ਚਾਰ ਕੁ ਸੌ ਸਾਲ ਹੀ ਪੁਰਾਣਾ ਹੈ ਪਰ ਆਪਣੀ ਇਤਿਹਾਸਕ, ਧਾਰਮਕ ਅਤੇ ਵਪਾਰਕ ਮਹੱਤਤਾ ਕਰਕੇ ਇਹ ਪੰਜਾਬ ਵਿਚ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ। ਇਸ ਦੀ ਨੀਂਹ ਸਿੱਖਾ ਦੇ ਤੀਸਰੇ ਗੁਰੂ ਅਮਰਦਾਸ ਦੀ ਆਗਿਆ ਅਨੁਸਾਰ ਚੌਥੇ ਗੁਰੂ ਰਾਮਦਾਸ ਨੇ ਹਾੜ 1621 ਬਿਕਰਮੀ, ਜੂਨ ਸੰਨ 1564 ਨੂੰ ਇਥੇ ਸੰਤੋਖਸਰ ਨਾਮੀ ਤਲਾਅ ਪੁਟਵਾ ਕੇ ਰੱਖੀ ਸੀ । ਕਹਿੰਦੇ ਹਨ ਕਿ ਪ੍ਰਾਚੀਨ ਰਿਖੀਆਂ ਦੇ ਸਮੇਂ ਇਹ ਇਕ ਤਪਸਥਾਨ ਹੁੰਦਾ ਸੀ ਅਤੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਨੇ ਵੀ ਇੱਥੇ ਚਰਨ ਪਾਏ ਸਨ । ਸੰਤੋਖਸਰ ਦੀ ਪੁਟਾਈ ਦੇ ਦਸ ਸਾਲ ਪਿੱਛੋਂ ਗੁਰੂ ਰਾਮਦਾਸ ਨੇ ਸੰਮਤ 1631 ਬਿ. (ਸੰਨ 1574 ਈ.) ਵਿਚ ਇੱਥੇ ਪਿੰਡ ‘ਚੱਕ ਗੁਰੂ’ ਬੰਨ੍ਹਿਆ ਅਤੇ ਅੰਮ੍ਰਿਤਸਰ ਨਾਮੀ ਤਲਾਅ ਪੁਟਵਾਇਆ ਜੋ ਗੁਰੂ ਅਰਜਨ ਦੇ ਸਮੇਂ ਮੁਕੰਮਲ ਹੋਇਆ। ਸ਼ਹਿਰ ਦਾ ਨਾਉਂ ਸ਼ੁਰੂ ਵਿਚ ਰਾਮਦਾਸ ਪੂਰਾ ਸੀ ਪਰ ਪਿੱਛੋਂ ਸਰੋਵਰ ਅਤੇ ਸ਼ਹਿਰ ਦੋਹਾਂ ਦਾ ਨਾਉਂ ਅੰਮ੍ਰਿਤਸਰ ਪ੍ਰਸਿੱਧ ਹੋ ਗਿਆ। ਹੌਲੀ ਹੌਲੀ ਇੱਥੇ ਵੱਖ ਵੱਖ ਜਾਤਾਂ ਅਤੇ ਕਿੱਤਿਆਂ ਦੇ ਲੋਕ ਆ ਆਬਾਦ ਹੋਏ ਅਤੇ ਬਾਹਰੋਂ ਲੋਕਾਂ ਦੀ ਆਵਾਜਾਈ ਨਾਲ ਰੋਣਕ ਵਧਦੀ ਗਈ । ਹੁਣ ਅੰਮ੍ਰਿਤਸਰ ਸਿੱਖਾਂ ਦਾ ਧਾਰਮਕ ਕੇਂਦਰ ਬਣ ਗਿਆ ਅਤੇ ਦੇਸ ਵਿਚ ਥਾਂ ਥਾਂ ਹਿੰਦੂ ਅਤੇ ਮੁਸਲਮਾਨ ਸਿੱਖ ਬਣਨੇ ਆਰੰਭ ਹੋ ਗਏ ਅਤੇ ਗੁਰੂ ਅਰਜਨ ਦੀ ਪ੍ਰਤਿਭਾ ਫੈਲ ਗਈ। ਇਹ ਗੱਲ ਜਹਾਂਗੀਰ ਬਾਦਸ਼ਾਹ ਸਹਾਰ ਨਾ ਸਕਿਆ। ਉਸ ਨੇ ਗੁਰੂ ਅਰਜਨ ਦੇ ਧਾਰਮਕ ਪ੍ਰਚਾਰ ਨੂੰ ਬੰਦ ਕਰਨ ਜਾਂ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਦੀ ਵਿਚਾਰ ਧਾਰੀ ਹੋਈ ਸੀ ਪਰ ਕੋਈ ਬਿਧ ਨਾ ਬਣੀ। ਅੰਤ ਆਪਣੇ ਪੁੱਤਰ ਖ਼ੁਸਰੋ ਦੀ ਬਗ਼ਾਵਤ ਵੇਲੇ ਝੂਠੀਆਂ ਊਜਾਂ ਦੇ ਆਧਾਰ ਉਤੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ। ਛੇਵੇਂ ਗੁਰੂ ਹਰਿਗੋਬਿੰਦ ਤੋਂ ਬਾਅਦ ਕੋਈ ਗੁਰੂ ਸਾਹਿਬ ਅੰਮ੍ਰਿਤਸਰ ਨਹੀਂ ਰਹੇ।

ਸੰਨ 1709 ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿਚ ਕੁਝ ਸਿੰਘਾਂ ਅਤੇ ਚੂਹੜ ਮੱਲ ਖੱਤਰੀ ਦੇ ਆਦਮੀਆਂ ਵਿਚ ਨਿਗੂਣੀ ਜਿਹੀ ਗੱਲ ਤੋਂ ਤਕਰਾਰ ਹੋ ਗਿਆ । ਇਸ ਗੱਲ ਨੂੰ ਵਧਾ ਚੜ੍ਹਾ ਕੇ ਚੂਹੜ ਮੱਲ ਨੇ ਲਾਹੌਰ ਦੇ ਨਾਇਬ ਸੂਬੇਦਾਰ ਅਸਲਮ ਖ਼ਾਨ ਪਾਸ ਨਾਲਸ ਜਾ ਕੀਤੀ ਅਤੇ ਪੱਟੀ ਦੇ ਅਮੀਰ ਹਰਿ ਸਹਾਇ ਦੇ ਨਾਉਂ ਪਰਵਾਨਾ ਲੈ ਆਇਆ। ਇਹ ਦੋਨੋਂ ਸਿੰਘਾਂ ਉਤੇ ਆ ਚੜ੍ਹੇ ਅਤੇ ਉਨ੍ਹਾਂ ਨੂੰ ਮਾਰ ਕੁੱਟ ਕੇ ਅੰਮ੍ਰਿਤਸਰ ਵਿਚੋਂ ਕੱਢ ਦੇਣ ਦੇ ਮਨਸੂਬੇ ਕਰਨ ਲੱਗੇ ਪਰ ਲੜਾਈ ਵਿਚ ਹਰਿ ਸਹਾਇ ਮਾਰਿਆ ਗਿਆ। ਇਹ ਸੁਣ ਕੇ ਅਸਲਮ ਖ਼ਾਨ ਨੇ ਸਿੰਘਾਂ ਦੇ ਵਿਰੁੱਧ ਨੁਸ਼ਹਿਰਾ ਪੰਨੂੰਆਂ ਦੇ ਚੌਧਰੀ ਦੇਵੇ ਨੂੰ ਸਰਕਾਰੀ ਕੁਮਕ ਦੇ ਕੇ ਭੇਜਿਆ ਪਰ ਉਹ ਵੀ ਸਿੰਘਾਂ ਪਾਸੋਂ ਹਾਰ ਖਾ ਕੇ ਭੱਜ ਨਿਕਲਿਆ। ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਇਹ ਪਹਿਲੀ ਟੱਕਰ ਸੀ ਜੋ ਮੁਗ਼ਲ ਸਰਕਾਰ ਅਤੇ ਸਿੰਘਾਂ ਦੇ ਵਿਚਕਾਰ ਹੋਈ। ਇਸ ਵਿਚ ਪ੍ਰਾਪਤ ਹੋਈ ਫ਼ਤਿਹ ਨੇ ਸਿੰਘਾਂ ਦੇ ਹੌਂਸਲੇ ਵਧਾ ਦਿੱਤੇ ਅਤੇ ਉਹ ਅਗਲੀਆਂ ਟੱਕਰਾਂ ਲਈ ਤਿਆਰ ਹੋ ਗਏ।

ਬੰਦਾ ਸਿੰਘ ਦੇ ਵੇਲੇ ਅੰਮ੍ਰਿਤਸਰ ਵਿਚ ਮੁਗ਼ਲਾਂ ਨਾਲ ਸਿੰਘਾਂ ਦੀ ਕੋਈ ਲੜਾਈ ਨਹੀਂ ਹੋਈ। ਅਗਲਾ ਪ੍ਰਸਿੱਧ ਵਾਕਿਆ ਇੱਥੋਂ ਲਾਹੌਰ ਦੇ ਹਾਕਮ ਜ਼ਕਰੀਆ ਖ਼ਾਨ ਵੇਲੇ ਸ੍ਰੀ ਹਰਿਮੰਦਰ (ਦਰਬਾਰ) ਸਾਹਿਬ ਦੇ ਗ੍ਰੰਥੀ ਅਤੇ ਪ੍ਰਸਿੱਧ ਸਿੱਖ ਵਿਦਵਾਨ ਭਾਈ ਮਨੀ ਸਿੰਘ ਦੀ ਸੰਨ 1791 ਵਿਚ ਗ੍ਰਿਫ਼ਤਾਰੀ ਸੀ। ਇਨ੍ਹਾਂ ਨੂੰ ਲਾਹੌਰ ਲਿਜਾ ਕੇ ਬੰਦ ਬੰਦ ਕੱਟ ਕੇ ਕਤਲ ਕਰ ਦਿੱਤਾ ਗਿਆ। ਇਸ ਵੇਲੇ ਸਿੱਖਾਂ ਦੀ ਕਤਲੇਆਮ ਦੇ ਹੁਕਮ ਜਾਰੀ ਹੋਏ ਹੋਏ ਸਨ ਅਤੇ ਗਸ਼ਤੀ ਫ਼ੌਜਾਂ ਪਿੰਡਾਂ ਅਤੇ ਝੱਲਾਂ ਬੇਲਿਆਂ ਵਿਚ ਉਨ੍ਹਾਂ ਦੀ ਭਾਲ ਕਰਦੀਆਂ ਫਿਰਦੀਆਂ ਸਨ। ਅੰਮ੍ਰਿਤਸਰ ਦੇ ਇਰਦ ਗਿਰਦ ਪਹਿਰੇ ਲੱਗੇ ਹੋਏ ਸਨ ਅਤੇ ਹਰ ਆਉਂਦਾ ਜਾਂਦਾ ਸਿੰਘ ਫੜ ਲਿਆ ਜਾਂਦਾ ਅਤੇ ਲਾਹੌਰ ਲਿਜਾ ਕੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਂਦਾ ਸੀ । ਇਸ ਬਿਖੜੇ ਜ਼ਮਾਨੇ ਵਿਚ ਹਜ਼ਾਰਾਂ ਸਿੰਘ ਕਤਲ ਹੋ ਗਏ ਅਤੇ ਬਹੁਤ ਸਾਰੇ ਦੇਸ ਛੱਡ ਕੇ ਪਹਾੜਾਂ ਅਤੇ ਜੰਗਲਾਂ ਵਿਚ ਦਿਨ-ਕਟੀ ਕਰਨ ਲੱਗੇ। ਇਸ ਵੇਲੇ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਅਤੇ ਇਸਨਾਨ ਦੇ ਅਭਿਲਾਖੀ ਸਿੱਖ ਦੂਰੋਂ ਹੀ ਘੋੜਿਆਂ ਪਰ ਸਰਪਟ ਆਉਂਦੇ ਅਤੇ ਪਹਿਰੇਦਾਰਾਂ ਨੂੰ ਚੀਰਦੇ ਹੋਏ ਸਣੇ ਘੋੜਿਆਂ ਦੇ ਸਰੋਵਰ ਵਿਚ ਦੀ ਟੁੱਭੀਆਂ ਮਾਰਕੇ ਨਿਕਲ ਜਾਂਦੇ । ਕਈ ਰਸਤੇ ਵਿਚ ਹੀ ਸ਼ਹੀਦ ਹੋ ਜਾਂਦੇ, ਪਰ ਜੋ ਫੜੇ ਵੀ ਜਾਂਦੇ, ਉਹ ਵੀ ਖਿੜੇ ਮੱਥੇ ਅਤਿ ਦੇ ਤਸੀਹੇ ਅਤੇ ਮੌਤ ਕਬੂਲ ਕਰ ਲੈਂਦੇ, ਪਰ ਧਰਮ ਤਿਆਗਣਾ ਪ੍ਰਵਾਨ ਨਾ ਕਰਦੇ । ਕਤਲਾਮਾਂ ਦਾ ਇਹ ਦੌਰ ਨਵੰਬਰ ਸੰਨ 1753 ਵਿਚ ਲਾਹੌਰ ਦੇ ਹਾਕਮ ਮੀਰ ਮੰਨੂੰ ਦੇ ਅੰਤਲੇ ਦਿਨਾਂ ਤਕ ਚਲਦਾ ਰਿਹਾ।

ਇਸ ਬਿਖੜੇ ਜ਼ਮਾਨੇ ਵਿਚ ਖ਼ਾਲਸੇ ਦੇ ਦੋ ਦਲ (ਬੁੱਢਾ ਦਲ ਅਤੇ ਤਰੁਣਾ ਦਲ) ਅਤੇ ਪੰਜ ਜਥੇ ਬਣੇ ਜੋ ਬਾਅਦ ਵਿਚ ਮਿਸਲਾਂ ਦਾ ਰੂਪ ਧਾਰ ਗਏ ।ਅਹਿਮਦ ਸ਼ਾਹ ਦੁੱਰਾਨੀ ਦੇ ਹੱਲਿਆਂ ਵੇਲੇ ਜਦ ਸਿੰਘਾਂ ਨੇ ਪੈਰ ਪੈਰ ਉਤੇ ਉਸ ਦਾ ਟਾਕਰਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਛਿੱਥਾ ਪੈ ਕੇ ਦੋ ਵਾਰੀ ਦਰਬਾਰ ਸਾਹਿਬ ਦੁਹਾ ਦਿੱਤਾ । ਪਹਿਲੀ ਵਾਰੀ ਚੌਥੇ ਹੱਲੇ ਵੇਲੇ ਸੰਨ 1757 ਵਿਚ ਅਤੇ ਦੂਸਰੀ ਵਾਰੀ ਵੱਡੇ ਘਲੂਘਾਰੇ ਤੋਂ ਬਾਅਦ ਅਪ੍ਰੈਲ 1762 ਨੂੰ ਜਦ ਕਿ ਦੁੱਰਾਨੀ ਨੇ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ, ਬੁੰਗੇ ਢੁਹਾ ਦਿੱਤੇ ਅਤੇ ਸਰੋਵਰ ਨੂੰ ਬੁੰਗਿਆਂ ਦੇ ਮਲਬੇ ਅਤੇ ਕਤਲ ਕੀਤੇ ਗਏ ਬੰਦਿਆਂ। ਅਤੇ ਗਾਈਆਂ ਦੀਆਂ ਲਹੂ ਭਰੀਆਂ ਲੋਥਾਂ ਤੇ ਹੱਡੀਆਂ ਨਾਲ ਪੂਰ ਦਿੱਤਾ। ਤੀਸਰੀ ਵਾਰੀ ਅਹਿਮਦ ਸ਼ਾਹ ਨੇ ਆਪਣੇ ਸੱਤਵੇਂ ਹੱਲੇ ਵੇਲੇ ਸੰਨ 1764 ਵਿਚ ਦਰਬਾਰ ਸਾਹਿਬ ਉੱਤੇ ਆ ਧਾਵਾ ਕੀਤਾ ਜਦ ਕਿ ਪਹਿਲੀ ਦਸੰਬਰ ਨੂੰ ਸ਼ਾਹ ਦੀ ਛੱਤੀ ਹਜ਼ਾਰ ਫ਼ੌਜ ਦੇ ਟਾਕਰੇ ਬਾਬਾ ਗੁਰਬਖ਼ਸ਼ ਸਿੰਘ ਦੀ ਜਥੇਦਾਰੀ ਹੇਠ ਤੀਹ ਸਿੰਘ ਬੁੰਗਿਆਂ ਵਿਚੋਂ ਛਾਲਾਂ ਮਾਰਦੇ ਉੱਤਰੇ ਅਤੇ ਸਾਰਿਆਂ ਦੇ ਸਾਰੇ ਗੁਰੂ ਦੇ ਨਾਉਂ ਉਤੇ ਜਾਨਾਂ ਵਾਰ ਗਏ ।

ਮਾਰਚ, ਸੰਨ 1765 ਦੇ ਅੰਤ ਵਿਚ ਅਹਿਮਦਸ਼ਾਹ ਦੇ ਅਫ਼ਗ਼ਾਨਿਸਤਾਨ ਵੱਲ ਨੂੰ ਮੂੰਹ ਮੋੜਨ ਦੀ ਦੇਰ ਹੀ ਸੀ ਕਿ ਸੰਮਤ 1822 ਦੀ ਵਿਸਾਖੀ (10 ਅਪ੍ਰੈਲ 1765) ਵਾਲੇ ਦਿਨ ਸਿੰਘਾਂ ਨੇ ਅੰਮ੍ਰਿਤਸਰ ਗੁਰਮਤਾ ਸੋਧ ਕੇ 16 ਅਪ੍ਰੈਲ ਨੂੰ ਲਾਹੌਰ ਉਤੇ ਕਬਜ਼ਾ ਕਰ ਲਿਆ। ਇਸ ਨਾਲ ਪੰਜਾਬ ਉਤੇ ਬਦੇਸ਼ੀ ਹੱਲਿਆਂ ਨੂੰ ਠੱਲ੍ਹ ਪੈ ਗਈ ਅਤੇ ਮਿਸਲਦਾਰ ਸਰਦਾਰਾਂ ਵੇਲੇ ਅੰਮ੍ਰਿਤਸਰ ਦੀ ਮੁੜ ਉਸਾਰੀ ਹੋ ਗਈ। ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜ ਦਾ ਮੁੱਖ ਅਸਥਾਨ ਤਾਂ ਭਾਵੇਂ ਲਾਹੌਰ ਸੀ ਪਰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਭੁਤਾ ਚੜ੍ਹਦੀਆਂ ਕਲਾਂ ਵਿਚ ਹੁੰਦੀ ਗਈ।

ਮਾਰਚ, 1849 ਵਿਚ ਪੰਜਾਬ ਵਿਚ ਅੰਗਰੇਜ਼ੀ ਰਾਜ ਹੋ ਗਿਆ। ਰਾਜ ਖੁੱਸ ਜਾਣ ਨਾਲ ਸਿੱਖਾਂ ਵਿਚ ਜੋ ਨਿਰਾਸਤਾ ਛਾ ਗਈ ਸੀ, ਉਸ ਨੇ ਸਿੱਖਾਂ ਦੀ ਰੁਚੀ ਨੂੰ ਧਰਮ-ਪ੍ਰਚਾਰ ਅਤੇ ਵਿਦਿਆ-ਪ੍ਰਚਾਰ ਵੱਲ ਮੋੜਿਆ। 1873 ਵਿਚ ਪਹਿਲੀ ਸਿੰਘ ਸਭਾ ਇੱਥੇ ਕਾਇਮ ਹੋਈ ਅਤੇ ਇਹ ਲਹਿਰ ਹੋਰ ਥਾਈਂ ਵੀ ਪਸਰ ਗਈ ਅਤੇ 1892 ਵਿਚ ਇੱਥੇ ਖ਼ਾਲਸਾ ਕਾਲਜ ਦੀ ਨੀਂਹ ਧਰੀ ਜਾਣ ਨਾਲ ਛੇਤੀ ਹੀ ਹਰ ਪਾਸੇ ਸਿੱਖ ਸਕੂਲ ਖੁਲ੍ਹਣੇ ਸ਼ੁਰੂ ਹੋ ਗਏ ਪਰ ਰਾਜਸੀ ਜਾਗ੍ਰਤ ਦੀ ਜਾਗ ਜ਼ਿਆਦਾ ਕਰਕੇ ਅਪ੍ਰੈਲ 1919 ਵਿਚ ਹੋਏ ਜੱਲ੍ਹਿਆਂ ਵਾਲੇ ਬਾਗ਼ ਦੇ ਹਾਦਸੇ ਤੋਂ ਬਾਅਦ ਲੱਗੀ । ਨਵੰਬਰ 1920 ਵਿਚ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸੰਬਰ ਵਿਚ ਸ਼ਿਰੋਮਣੀ ਅਕਾਲੀ ਦਲ ਕਾਇਮ ਹੋਣ ਨਾਲ ਅੰਮ੍ਰਿਤਸਰ ਗੁਰਦੁਆਰਾ ਸੁਧਾਰ ਲਹਿਰ ਦਾ ਕੇਂਦਰ ਬਣ ਗਿਆ ਅਤੇ ਸਰਕਾਰ ਨਾਲ ਟੱਕਰ ਸ਼ੁਰੂ ਹੋ ਗਈ । ਇਸ ਸਬੰਧ ਵਿਚ ਚਾਬੀਆਂ ਦਾ ਮੋਰਚਾ ਅਤੇ ਗੁਰੂ ਕਾ ਬਾਗ਼ ਅੰਮ੍ਰਿਤਸਰ ਅਤੇ ਜੈਤੋ (ਰਾਜ ਨਾਭਾ) ਦੇ ਮੋਰਚੇ ਇਤਿਹਾਸਕ ਮਹੱਤਤਾ ਰੱਖਦੇ ਹਨ। 1925 ਵਿਚ ਗੁਰਦੁਆਰਾ ਐਕਟ ਪਾਸ ਹੋ ਜਾਣ * ਨਾਲ ਸਿੱਖਾਂ ਦੀ ਸਰਕਾਰ ਨਾਲ ਧਾਰਮਕ ਟੱਕਰ ਤਾਂ ਖ਼ਤਮ ਹੋ ਗਈ ਪਰ ਆਪਸ ਵਿਚ ਧੜੇਬੰਦੀ ਪੈਦਾ ਹੋ ਗਈ ਜੋ ਬਾਅਦ ਵਿਚ ਕੋਝੀ ਸ਼ਕਲ ਅਖ਼ਤਿਆਰ ਕਰ ਗਈ।

1947 ਦੇ ਫ਼ਸਾਦਾਂ ਵਿਚ ਅੱਗਾਂ ਨਾਲ ਹੋਈ ਢਹਿ ਢੁਆਈ ਨਾਲ ਇਸ ਸ਼ਹਿਰ ਦਾ ਬਹੁਤ ਨੁਕਸਾਨ ਹੋਇਆ ਪਰ ਇਕ ਇਹ ਫ਼ਾਇਦਾ ਵੀ ਹੋਇਆ ਕਿ ਸ਼ਹਿਰ ਦੇ ਖੁਲ੍ਹੇ ਅਤੇ ਖੂਬਸੂਰਤ ਬਣਨ ਦਾ ਮੌਕਾ ਬਣ ਗਿਆ ਜੋ ਸ਼ਾਇਦ ਹੋਰ ਕਿਸੇ ਤਰ੍ਹਾਂ ਨਾ ਬਣਦਾ।

ਸ੍ਰੀ ਦਰਬਾਰ ਸਾਹਿਬ, ਬਾਬਾ ਅਟੱਲ, ਖਾਲਸਾ ਕਾਲਜ, ਜੱਲ੍ਹਿਆਂਵਾਲਾ ਬਾਗ਼, ਰਾਮ ਬਾਗ਼ ਆਦਿ ਅਸਥਾਨਾਂ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਤੋਂ ਬਿਨਾਂ ਇਥੇ ਸ਼ਹਿਰੋਂ ਲਹਿੰਦੀ ਵੱਲ ਦੁਰਗਿਆਣਾ ਮੰਦਰ ਹੈ ਜੋ ਹਰਿਮੰਦਰ ਸਾਹਿਬ ਦੇ ਨਮੂਨੇ ਉਤੇ ਬਣਾਇਆ ਗਿਆ ਹੈ।

ਸਰਸਾ

ਸਰਸਾ

ਇਹ ਸ਼ਹਿਰ ਜ਼ਿਲ੍ਹਾ ਹਿਸਾਰ ਵਿਚ ਹੈ, ਹਿਸਾਰੋਂ 51 ਮੀਲ ਉੱਤਰ ਲਹਿੰਦੇ ਨੂੰ ਅਤੇ ਬਠਿੰਡੇ ਤੋਂ 40 ਮੀਲ ਦੱਖਣ ਨੂੰ । ਪੁਰਾਣੇ ਸਮੇਂ ਵਿਚ ਇਸ ਦਾ ਨਾਉਂ ਸੈਰਿਸ਼ਕਾ ਸੀ ਜਿਸ ਦਾ ਜਿਕਰ ਮਹਾਭਾਰਤ ਦੇ ਸਭਾ ਪਰਬ ਵਿਚ ਆਇਆ ਹੈ। ਇਕ ਕਥਾ ਇਹ ਵੀ ਹੈ ਕਿ ਸਾਢੇ ਤੇਰਾਂ ਸੌ ਸਾਲ ਹੋਏ ਇਸ ਨੂੰ ਕਿਸੇ ਰਾਜਾ ਸਰਸ ਨੇ ਵਸਾਇਆ ਸੀ । ਰਾਜਾ ਸਰਸ ਕਿਸ ਘਰਾਣੇ ਵਿੱਚੋਂ ਅਤੇ ਕਦ ਹੋਇਆ ਹੈ, ਠੀਕ ਠੀਕ ਪਤਾ ਨਹੀਂ। ਹੋ ਸਕਦਾ ਹੈ, ਸਰਸੇ ਦੇ ਨਾਉਂ ਤੋਂ ਹੀ ਕਿਸੇ ਨੇ ਕਿਆਸ ਲਾ ਕੇ ਰਾਜੇ ਦੇ ਨਾਉਂ ਦਾ ਅੰਦਾਜ਼ਾ ਲਾ ਲਿਆ ਹੋਵੇ । ਕਈਆਂ ਨੇ ਇਸ ਦਾ ਨਾਉਂ ਸਰਸਤੀ ਵੀ ਲਿਖ ਦਿੱਤਾ ਹੈ ਜੋ ਠੀਕ ਨਹੀਂ।

ਸੰਨ 1398 ਵਿਚ ਜਦ ਤੈਮੂਰ ਨੇ ਹਿੰਦੁਸਤਾਨ ਉਤੇ ਹੱਲਾ ਕੀਤਾ ਤਾਂ ਭਟਨੇਰ ਦੇ ਕਿਲ੍ਹੇ ਨੂੰ ਮਾਰ ਕੇ ਉਸ ਨੇ ਸਰਸੇ ਉਤੇ ਆ ਕਬਜ਼ਾ ਕੀਤਾ। ਇੱਥੋਂ ਤੈਮੂਰ ਸਮਾਣੇ ਵਿਚ ਦੀ ਹੁੰਦਾ ਹੋਇਆ ਦਿੱਲੀ ਪੁੱਜਾ ਜਿੱਥੇ ਦੀ ਕਤਲਾਮ ਤੇ ਲੁੱਟ ਹਾਲ ਤੱਕ ਲੋਕਾਂ ਵਿਚ ਉਸ ਦੇ ਨਾਉਂ ਨੂੰ ਕਲੰਕਤ ਕਰ ਰਹੀ ਹੈ। ਸ਼ੇਰ ਸ਼ਾਹ ਸੂਰੀ ਵੇਲੇ ਜਦ ਜੋਧਪੁਰੀਏ ਰਾਜੇ ਨੇ ਬੀਕਾਨੇਰੀਏ ਕਲਿਆਨ ਸਿੰਘ ਨੂੰ ਭਜਾ ਦਿੱਤਾ ਤਾਂ ਕੁਝ ਚਿਰ ਲਈ ਸਰਸਾ ਕਲਿਆਨ ਸਿੰਘ ਦਾ ਮੁੱਖ ਅਸਥਾਨ ਬਣ ਗਿਆ । ਅਠਾਰ੍ਹਵੀਂ ਸਦੀ ਵਿਚ ਇੱਥੇ ਭੱਟੀ ਰਾਜਪੂਤਾਂ ਦਾ ਜ਼ੋਰ ਪੈ ਗਿਆ ਜਿਨ੍ਹਾਂ ਪਾਸੋਂ ਸਰਸਾ ਸੰਨ 1774 ਵਿਚ ਮਹਾਰਾਜਾ ਅਮਰ ਸਿੰਘ ਪਟਿਆਲੀਏ ਨੇ ਜਿੱਤ ਲਿਆ ਪਰ 1781 ਵਿਚ ਮਹਾਰਾਜੇ ਨੇ ਭੱਟੀਆਂ ਨਾਲ ਸੁਲਾਹ ਕਰ ਕੇ ਇਹ ਉਨ੍ਹਾਂ ਨੂੰ ਮੋੜ ਦਿੱਤਾ । ਸੰਨ 1783 ਵਿਚ ਦੇਸ ਵਿਚ ਬੜਾ ਭਾਰੀ ਕਾਲ ਪਿਆ ਜਿਸ ਨੂੰ ਚਾਲ੍ਹੀਏ (ਸੰਮਤ 1840 ਬਿਕਰਮੀ) ਦਾ ਕਾਲ ਕਹਿੰਦੇ ਹਨ। ਇਸ ਵਿਚ ਸਰਸਾ ਬਹੁਤ ਹੱਦ ਤਕ ਉਜੜ ਗਿਆ। ਸੰਨ 1818 ਵਿਚ ਭੱਟੀ ਸਰਦਾਰ ਨਵਾਬ ਜ਼ਾਬਤਾ ਖ਼ਾਨ ਨੂੰ ਹਾਰ ਦੇ ਕੇ ਅੰਗਰੇਜ਼ਾਂ ਨੇ ਇਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਸੰਨ 1838 ਵਿਚ ਕਪਤਾਨ ਥੋਰਸਬੀ ਨੇ ਇਸ ਨੂੰ ਨਵੇਂ ਸਿਰਿਓਂ ਮੁੜ ਰੌਣਕ ਦਿੱਤੀ ਅਤੇ ਚਾਲ੍ਹੀਏ ਦੇ ਕਾਲ ਦੇ ਮਾਰੇ ਹੋਏ ਸ਼ਹਿਰ ਦੇ ਉੱਤਰ-ਚੜ੍ਹਦੇ ਵੱਲ ਨਵੀਂ ਆਬਾਦੀ ਕੀਤੀ। ਸੰਨ 1858 ਤੋਂ 1884 ਤੱਕ ਸਰਸਾ ਜ਼ਿਲ੍ਹਾ ਰਿਹਾ ਜੋ ਤੋੜ ਕੇ ਹਿਸਾਰ ਅਤੇ ਫ਼ੀਰੋਜ਼ਪੁਰ ਵਿਚ ਵੰਡ ਦਿੱਤਾ ਗਿਆ ਅਤੇ ਸਰਸਾ ਜ਼ਿਲ੍ਹਾ ਹਿਸਾਰ ਦੀ ਇਕ ਤਹਿਸੀਲ ਹੀ ਰਹਿ ਗਈ। ਇਥੇ ਪੁਰਾਣੇ ਹਿੰਦੂ ਸਮਿਆਂ ਦਾ ਇਕ ਕਿਲ੍ਹਾ ਅਤੇ ਤਲਾਉ ਹੈ।

ਸਰਹੰਦ 

ਸਰਹਿੰਦ

ਸਰਹੰਦ ਆਮ ਲੋਕਾਂ ਦੇ ਖ਼ਿਆਲ ਨਾਲੋਂ ਬਹੁਤ ਹੀ ਪੁਰਾਣਾ ਸ਼ਹਿਰ ਹੈ ਜਿਸ ਦਾ ਕੁਝ ਕੁ ਅਨੁਮਾਨ ਮੀਲਾਂ ਵਿਚ ਆਲੇ ਦੁਆਲੇ ਫੈਲੀਆਂ ਹੋਈਆਂ ਇਸ ਦੀਆਂ ਢੱਠੀਆਂ ਇਮਾਰਤਾਂ ਅਤੇ ਥੇਹਾਂ ਤੋਂ ਲੱਗਦਾ ਹੈ। ਇਹ ਅੰਬਾਲੇ ਤੋਂ ਉੱਤਰ-ਲਹਿੰਦੇ ਨੂੰ 28 ਮੀਲ ਅਤੇ ਪਟਿਆਲੇ ਤੋਂ ਉੱਤਰ ਨੂੰ 23 ਮੀਲ ਦੀ ਵਿੱਥ ਤੇ ਹੈ। ਕਈਆਂ ਦਾ ਵਿਚਾਰ ਹੈ ਕਿ ਇਸ ਦਾ ਨਾਉਂ ਸਰਹਿੰਦ ਮੁਸਲਮਾਨਾਂ ਦੇ ਵੇਲੇ ਤੋਂ ਇਸ ਲਈ ਪਿਆ ਹੋਇਆ ਹੈ ਕਿ ਇਹ ਹਿੰਦੁਸਤਾਨ ਦੇ ਸਿਰ ਦੇ ਉਤੇ (ਸਰਿ-ਹਿੰਦ) ਉੱਤਰ ਵੱਲ ਆਖ਼ਰੀ ਸ਼ਹਿਰ ਹੈ। ਇਹ ਗੱਲ ਠੀਕ ਨਹੀਂ। ਇਹ ਅਸਥਾਨ ਮੁਸਲਮਾਨਾਂ ਦੇ ਇੱਥੇ ਆਉਣ ਤੋਂ ਬਹੁਤ ਪੁਰਾਣਾ ਹੈ ਅਤੇ ਇਸ ਦਾ ਮੁੱਢ ਪ੍ਰਾਚੀਨ ਆਰੀਆਂ ਦੇ ਸਮੇਂ ਤੱਕ ਜ਼ਰੂਰ ਜਾ ਪੁੱਜਦਾ ਹੈ। ਹੋ ਸਕਦਾ ਹੈ ਉਨ੍ਹਾਂ ਤੋਂ ਵੀ ਪਹਿਲਾਂ ਦਾ ਹੀ ਹੋਵੇ । ਹੁਣ ਤਕ ਦੇ ਸਾਡੇ ਗਿਆਨ ਅਨੁਸਾਰ ਇਸ ਦਾ ਪਹਿਲਾ ਜ਼ਿਕਰ

ਪਰਾਸ਼ਰ-ਸੰਹਿਤਾ ਵਿਚ ਆਉਂਦਾ ਹੈ ਜਿੱਥੋਂ ਲੈ ਕੇ ਵਰਾਹ ਮਿਹਿਰ ਨੇ ਆਪਣੀ ਬ੍ਰਿਹਤ-ਸੰਹਿਤਾ ਵਿਚ ਇਸ ਦਾ ਵਰਣਨ ਕੀਤਾ ਹੈ। ਉਦੋਂ ਇਹ ਸਿਰੰਦ ਸ਼ਹਿਰ ਸਤੁਦਰ-ਦੇਸ ਦਾ ਮੁੱਖ ਅਸਥਾਨ ਹੁੰਦਾ ਸੀ। ਅਤੇ ਇੱਥੇ ਸੈਰਿੰਧ ਨਾਉਂ ਦੀ ਆਰਯ ਜਾਤਿ ਦੇ ਲੋਕ ਵਸਦੇ ਸਨ। ਸੈਰਿੰਧ ਲੋਕਾਂ ਦੇ ਨਾਉਂ ਤੋਂ ਹੀ ਉਨ੍ਹਾਂ ਦੇ ਮੁੱਖ ਨਗਰ ਦਾ ਨਾਉਂ ਸਿਰੰਦ ਪਿਆ। ਸਤੁਦਰ ਦੇਸ ਇਕ ਵਿਸ਼ਾਲ ਇਲਾਕਾ ਹੁੰਦਾ ਸੀ। ਜਿਸ ਦੇ ਉੱਤਰ ਵੱਲ ਸਤਲੁਜ ਦਰਿਆ ਸੀ ਜੋ ਕੁਲੂ ਦੀਆਂ ਪਹਾੜੀਆਂ ਦੇ ਦੱਖਣ ਤੋਂ ਆਰੰਭ ਹੋ ਕੇ ਤਿਹਾੜੇ ਤੱਕ ਲੁਧਿਆਣੇ ਦੇ ਲਹਿੰਦੇ ਨੂੰ ਇਸ ਦੀ ਹੱਦ ਬਣਾਉਂਦਾ ਸੀ। ਦੱਖਣ ਨੂੰ ਸਰਸ੍ਵਤੀ ਅਤੇ ਘੱਗਰ ਦੇ ਵਿਚਕਾਰ ਅੰਬਾਲੇ ਤੱਕ ਜਾਂਦਾ ਸੀ ਅਤੇ ਥਾਨੇਸਰ ਇਸ ਦੀ ਦੱਖਣੀ ਹੱਦ ਉਤੇ ਸੀ। ਜੇ ਅੰਬਾਲੇ ਤੋਂ ਸ਼ਿਮਲੇ ਤੱਕ ਅਤੇ ਤਿਹਾੜੇ ਤੋਂ ਅੰਬਾਲੇ ਤੱਕ ਲਕੀਰਾਂ ਖਿੱਚੀਆਂ ਜਾਣ ਤਾਂ ਅਟੇ ਸਟੇ ਇਸ ਦੇਸ ਦੀਆਂ ਚੜ੍ਹਦੀਆਂ ਅਤੇ ਲਹਿੰਦੀਆਂ ਹੱਦਾਂ ਬਣ ਜਾਂਦੀਆਂ ਹਨ। ਅੱਜ ਕੱਲ੍ਹ ਦੇ ਭੂਗੋਲ ਅਨੁਸਾਰ ਲੁਧਿਆਣੇ ਦਾ ਜ਼ਿਲ੍ਹਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਊਨਾ ਤਹਿਸੀਲ ਦੇ ਆਨੰਦਪੁਰ ਅਤੇ ਕੀਰਤਪੁਰ ਦੇ ਇਲਾਕੇ, ਨਾਲਾਗੜ੍ਹ ਅਤੇ ਸਿਮਲੇ ਦੇ ਇਲਾਕੇ, ਅੰਬਾਲਾ ਤਹਿਸੀਲ ਦਾ ਉੱਤਰ-ਚੜ੍ਹਦਾ ਪਾਸਾ ਸਰਹੰਦ (ਫ਼ਤਿਹਗੜ੍ਹ ਸਾਹਿਬ), ਰਾਜਪੁਰਾ, ਨਾਭਾ ਅਤੇ ਪਟਿਆਲਾ ਸ਼ਤੁਦਰ ਦੇਸ ਵਿਚ ਆਉਂਦੇ ਹਨ ।

ਅਲ-ਬਿਰੂਨੀ ਆਪਣੀ ਪੁਸਤਕ ਅਲ-ਹਿੰਦ ਵਿਚ ਲਿਖਦਾ ਹੈ ਕਿ ਪਹਿਲੋਂ ਇਥੇ ਸੂਰਜਬੰਸੀ ਰਾਜੇ ਰਾਜ ਕਰਦੇ ਸਨ ਅਤੇ ਬਾਅਦ ਦੇ ਹਿੰਦੂ ਸਮੇਂ ਵਿਚ ਇਹ ਲਾਹੌਰ (ਰਾਜਧਾਨੀ ਬਠਿੰਡਾ) ਦੇ ਪਾਲ ਰਾਜਿਆਂ ਦਾ ਉੱਘਾ ਸਰਹੱਦੀ ਸ਼ਹਿਰ ਹੁੰਦਾ ਸੀ ਅਤੇ ਉਨ੍ਹਾਂ ਦੀ ਦੱਖਣੀ ਹੱਦ ਥਾਨੇਸਰ ਤੋਂ ਦੱਖਣ ਤੱਕ ਜਾਂਦੀ ਸੀ । ਫ਼ਰਿਸ਼ਤਾ ਦੀ ਲਿਖਤ ਅਨੁਸਾਰ ਸਰਹੰਦ ਕਾਬੁਲ ਦੇ ਬ੍ਰਾਹਮਣ ਸ਼ਾਹੀ ਰਾਜਿਆਂ ਦੀ ਚੜ੍ਹਦੀ ਸਰਹੱਦ ਹੁੰਦਾ ਸੀ।

ਸੰਨ 1011 ਵਿਚ ਗ਼ਜ਼ਨੀ ਦੇ ਮਹਿਮੂਦ ਦਾ ਧਿਆਨ ਪਹਿਲੀ ਵਾਰੀ ਇਧਰ ਹੋਇਆ ਅਤੇ ਉਸ ਨੇ ਇਸ ਨੂੰ ਲੁੱਟ ਪੁੱਟ ਕੇ ਤਬਾਹ ਕਰ ਦਿੱਤਾ ਅਤੇ ਥਾਨੇਸਰ ਦੇ ਮੰਦਰਾਂ ਅਤੇ ਸ਼ਹਿਰਾਂ ਨੂੰ ਢਾਹ ਦਿੱਤਾ ਪਰ ਹਿੰਦੂਆਂ ਦਾ ਰਾਜ ਇਥੋਂ ਗ਼ੋਰੀਆਂ ਦੇ ਵੇਲੇ ਖ਼ਤਮ ਹੋਇਆ ਜਦ ਕਿ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ 1193 ਵਿਚ ਫੜ ਕੇ ਕਤਲ ਕਰਵਾ ਦਿੱਤਾ । ਗ਼ੁਲਾਮ ਘਰਾਣੇ ਦੇ ਸੁਲਤਾਨ ਆਰਾਮ ਦੇ ਵੇਲੇ ਇਸ ਇਲਾਕੇ ਉੱਤੇ ਮਲਿਕ ਨਾਸਿਰੁਦੀਨ ਕੁਬਚਾ ਨੇ ਸੰਨ 1210 ਵਿਚ ਕਬਜ਼ਾ ਕਰ ਲਿਆ ਪਰ ਇਲਤੁਤਮਸ਼ ਨੇ ਛੇਤੀ ਹੀ ਸਰਹੰਦ ਵਾਪਸ ਲੈ ਲਿਆ। ਨਾਸਿਰੁਦੀਨ ਮਹਿਮੂਦ (1246-1266 ਈ.) ਦੇ ਵੇਲੇ ਬਲਬਨ ਦੇ ਭਤੀਜੇ ਸ਼ੇਰ ਖ਼ਾਨ ਨੇ ਸਰਹੰਦ ਵਿਚ ਇਕ ਤਕੜਾ ਕਿਲ੍ਹਾ ਬਣਵਾਇਆ ਤਾਂ ਕਿ ਵੇਲੇ ਸਿਰ ਮੁਗ਼ਲਾਂ ਦਾ ਟਾਕਰਾ ਕੀਤਾ ਜਾ ਸਕੇ । ਸੰਨ 1360 ਵਿਚ ਫ਼ੀਰੋਜ਼ ਸ਼ਾਹ ਨੇ ਸਰਹੰਦ ਨੂੰ ਵੱਖਰਾ ਪਰਗਣਾ ਬਣਾ ਦਿੱਤਾ ਅਤੇ ਸਿਰਮੂਰ ਦੀ ਇਕ ਪਹਾੜੀ ਨੂੰ ਕੱਟ ਕੇ ਸਰਸ੍ਵਤੀ ਨਦੀ ਦਾ ਪਾਣੀ ਸਲੀਮਾ ਨਦੀ ਵਿਚ ਸੁੱਟ ਦਿੱਤਾ ਅਤੇ ਸਰਹੰਦ ਦੀ ਨਹਿਰ ਬਣਾ ਦਿੱਤੀ ਜਿਸ ਨਾਲ ਸੁਨਾਮ ਤੱਕ ਦਾ ਇਲਾਕਾ ਸਿੰਜਿਆ ਜਾਣ ਲੱਗ ਪਿਆ।

ਸੱਯਦ ਖ਼ਿਜ਼ਰ ਖ਼ਾਨ ਦੇ ਆਖ਼ਰੀ ਦਿਨੀਂ ਸਰਹੰਦ ਦੀ ਹਕੂਮਤ ਲੋਧੀ ਅਫ਼ਗਾਨਾਂ ਪਾਸ ਸੀ । ਸੱਯਦ ਮੁਬਾਰਕ ਸ਼ਾਹ (1421-1435) ਦੇ ਵੇਲੇ ਗੱਖੜਾਂ ਨੇ ਲਾਹੌਰ ਅਤੇ ਜਾਲੰਧਰ ਉਤੇ ਪੈਰ ਜਮਾ ਕੇ ਸਰਹੰਦ ਉੱਤੇ ਆ ਹੱਲਾ ਕੀਤਾ। ਇੱਥੇ ਦਾ ਹਾਕਮ ਇਸਲਾਮ ਸ਼ਾਹ ਬੜੇ ਖ਼ਤਰੇ ਵਿਚ ਸੀ ਪਰ ਸ਼ਾਹੀ ਫ਼ੌਜ ਦਿੱਲੀਉਂ ਆ ਪੁੱਜੀ ਅਤੇ ਗੱਖੜ ਅਕਤੂਬਰ 1421 ਵਿਚ ਮੁੜ ਲਾਹੌਰ ਵੱਲ ਨੂੰ ਭੱਜ ਗਏ।

ਬਹਿਲੋਲ ਲੋਧੀ ਪੱਕਾ ਸਰਹੰਦੀ ਸੀ । ਉਹ ਇਥੇ ਹੀ ਪਲਿਆ ਤੇ ਵੱਡਾ ਹੋਇਆ ਸੀ ਅਤੇ ਇਥੇ ਹੀ ਹਾਕਮ ਬਣਿਆ ਅਤੇ ਜਦ ਸਮਾਣੇ ਦੇ ਸੰਤ ਬਿੰਦਰਾਬਨ ਨੇ ਉਸ ਨੂੰ ਦਿੱਲੀ ਦੀ ਬਾਦਸ਼ਾਹੀ ਦੀ ਅਸੀਸ ਦਿੱਤੀ ਤਾਂ ਉਸ ਨੇ ਇਥੋਂ ਹੀ ਆਪਣੇ ਪੈਰ ਆਲੇ ਦੁਆਲੇ ਪਸਾਰਨੇ ਸ਼ੁਰੂ ਕੀਤੇ ਅਤੇ ਅੰਤ ਦਿੱਲੀ ਜਾ ਦੇ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਇਸ ਵੇਲੇ ਸਰਹੰਦ ਵਿਚ ਇਕ ਸਾਈਂ ਫ਼ਕੀਰ ਸੱਯਦ ਅਮੀਰ ਰਿਹਾ ਕਰਦਾ ਸੀ ਜੋ ਮੀਰੀ-ਮੀਰਾਂ ਕਰਕੇ ਪ੍ਰਸਿੱਧ ਸੀ। ਇਸ ਉਪਰ ਬਹਿਲੋਲ ਲੋਧੀ ਦੀ ਬੜੀ ਸ਼ਰਧਾ ਸੀ ਅਤੇ ਇਸ ਨੇ ਆਪਣੀ ਧੀ ਬੀਬੀ ਹਾਜੀ ਤਾਜੀ ਸਾਈਂ ਨੂੰ ਵਿਆਹ ਦਿੱਤੀ। ਇਨ੍ਹਾਂ ਦੀ ਯਾਦ ਵਿਚ ਮੀਰ ਮੀਰਾਂ ਪਿੰਡ ਅਤੇ ਬੀਬੀ-ਸਰ ਤਲਾਉ ਬਣੇ ਹੋਏ ਹਨ ।

ਬਾਬਰ ਬਾਦਸ਼ਾਹ ਨੇ ਜਦ 1523 ਈ. ਵਿਚ ਇਬਰਾਹੀਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿਚ ਹਾਰ ਦੇ ਕੇ ਹਿੰਦੁਸਤਾਨ ਦਾ ਰਾਜ ਸੰਭਾਲ ਲਿਆ ਤਾਂ ਸਰਹੰਦ ਵੀ ਉਸ ਦੇ ਤਹਿਤ ਵਿਚ ਆ ਗਿਆ । ਅਕਬਰ ਬਾਦਸ਼ਾਹ ਨੂੰ ਸਰਹੰਦ ਸ਼ਹਿਰ ਬਹੁਤ ਚੰਗਾ ਲੱਗਾ ਅਤੇ ਉਸ ਨੇ ਇਸ ਦੀ ਪ੍ਰਭੁਤਾ ਵਧਾਉਣ ਲਈ ਸਮਾਣਾ ਅਤੇ ਸੁਨਾਮ ਵੀ ਸਰਹੰਦ ਦੀ ਸਰਕਾਰ ਦੇ ਅਧੀਨ ਕਰ ਦਿੱਤੇ ਅਤੇ ਸਰਹੰਦ ਦਾ ਸਬੰਧ ਸਿੱਧਾ ਦਿੱਲੀ ਦੇ ਸੂਬੇ ਨਾਲ ਜੋੜ ਦਿੱਤਾ। ਜਹਾਂਗੀਰ ਦੇ ਵੇਲੇ ਇਥੇ ਸਾਈਂ ਲੋਕ ਅਤੇ ਵਿਦਵਾਨ ਸ਼ੇਖ ਅਹਿਮਦ ਫਾਰੂਕੀ ਸਰਹੰਦੀ (ਮੁਜੱਦਦ ਅਲਫ਼-ਸਾਨੀ) ਰਹਿੰਦਾ ਸੀ ਜਿਸ ਦਾ ਰੋਜ਼ਾ ਹੁਣ ਤਕ ਹਿੰਦੁਸਤਾਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਮੁਸਲਮਾਨਾਂ (ਖ਼ਾਸ ਕਰ ਨਕਸ਼ਬੰਦੀ ਫ਼ਿਰਕੇ) ਵੱਲੋਂ ਸਤਕਾਰਿਆ ਜਾਂਦਾ ਹੈ ਅਤੇ ਹਰ ਸਾਲ ਓਥੇ ਮੇਲਾ ਲਗਦਾ ਹੈ।

ਔਰੰਗਜ਼ੇਬ ਬਾਦਸ਼ਾਹ ਦੇ ਅੰਤਲੇ ਦਿਨੀਂ ਸੰਨ 1704 ਦੇ ਦਸੰਬਰ ਮਹੀਨੇ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਦੇ ਦੋ ਮਾਸੂਮ ਸਾਹਿਬਜ਼ਾਦੇ ਪਹਿਲੋਂ ਜੀਉਂਦੇ ਹੀ ਨੀਹਾਂ ਵਿਚ ਚਿਣ ਦਿੱਤੇ ਗਏ ਤੇ ਪਿਛੋਂ ਛੁਰਿਆਂ ਨਾਲ ਜ਼ਿਬਾਹ ਕਰ ਦਿਤੇ ਗਏ। ਇਸੇ ਕਰਕੇ ਸੰਨ 1710 ਦੀਆਂ ਗਰਮੀਆਂ ਵਿਚ ਸਿੱਖਾਂ ਦੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਸਰਹੰਦ ਉਤੇ ਧਾਵਾ ਆ ਬੋਲਿਆ ਅਤੇ ਸ਼ਹਿਰ ਵਿਚ ਲੁੱਟ ਮਚਾ ਦਿੱਤੀ । ਸਾਹਿਬਜ਼ਾਦਿਆਂ ਦੀ ਯਾਦ ਵਿਚ ਇਥੇ ਫ਼ਤਹਿਗੜ੍ਹ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਜਿਥੇ ਇਨ੍ਹਾਂ ਦਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਅੰਤਮ ਸਸਕਾਰ ਕੀਤਾ ਗਿਆ ਸੀ ਉਥੇ ਗੁਰਦੁਆਰਾ ਜੋਤੀ ਸਰੂਪ ਹੈ।

14 ਜਨਵਰੀ, ਸੰਨ 1764 ਨੂੰ ਸਿੰਘਾਂ ਨੇ ਸਰਹੰਦ ਦੇ ਨਵਾਬ ਜੈਨ ਖ਼ਾਨ ਨੂੰ ਹਾਰ ਦੇ ਕੇ ਸਰਹੰਦ ਛਤਹਿ ਕਰ ਲਿਆ। ਇਸ ਤਰ੍ਹਾਂ ਸਤਲੁਜ ਦੱਖਣ ਨੂੰ ਪੰਜਾਬ ਦਾ ਸਾਰਾ ਇਲਾਕਾ ਸਿੰਘਾਂ ਦੇ ਕਬਜ਼ੇ ਵਿਚ ਆ ਗਿਆ। ਅਗਲੇ ਸਾਲ 16 ਅਪਰੈਲ ਨੂੰ ਸਿੰਘਾਂ ਨੇ ਲਾਹੌਰ ਵੀ ਛਤਹਿ ਕਰ ਲਿਆ ਜਿਸ ਨਾਲ ਉੱਤਰੀ ਪੰਜਾਬ ਵਿਚ ਵੀ ਉਨ੍ਹਾਂ ਦਾ ਬੋਲ ਬਾਲਾ ਹੋ ਗਿਆ ਅਤੇ ਸੱਤ ਸੌ ਸਾਲ ਪਿਛੋਂ ਪੰਜਾਬ ਵਿਚ ਮੁੜ ਪੰਜਾਬੀਆਂ ਦਾ ਆਪਣਾ ਰਾਜ ਹੋਇਆ। ਸਰਹੰਦ ਦੀ ਫਤਹਿ ਤੋਂ ਬਾਅਦ ਇਸ ਸ਼ਹਿਰ ਨੂੰ ਕੋਈ ਵੀ ਆਪਣੇ ਕਬਜ਼ੇ ਵਿਚ ਨਹੀਂ ਸੀ ਲੈਣਾ ਚਾਹੁੰਦਾ, ਕਿਉਂਕਿ ਸਾਹਿਬਜ਼ਾਦਿਆਂ ਦੀ ਹੱਤਿਆ ਦੇ ਕਾਰਣ ਇਸ ਨੂੰ ਮਨਹੂਸ ਸਮਝਿਆ ਜਾਂਦਾ ਸੀ । ਇਸ ਲਈ ਗੁਰਮਤਾ ਕਰਕੇ ਸਿੰਘਾਂ ਨੇ ਇਹ ਸ਼ਹਿਰ ਭਾਈ ਬੁਢਾ ਸਿੰਘ ਨੂੰ ਅਰਦਾਸਾ ਕਰਵਾ ਦਿੱਤਾ ਅਤੇ ਉਸ ਪਾਸੋਂ ਫੇਰ ਪਟਿਆਲੇ ਦੇ ਮਹਾਰਾਜ ਬਾਬਾ ਆਲਾ ਸਿੰਘ ਨੇ ਪੰਝੀ ਹਜ਼ਾਰ ਰੁਪਏ ਨੂੰ ਖ਼ਰੀਦ ਲਿਆ । ਪੁਰਾਤਨ ਸਿੰਘ ਹੁਣ ਤਕ ਇਸ ਸ਼ਹਿਰ ਨੂੰ ‘ਗੁਰੂ-ਮਾਰੀ’ ਕਰਕੇ ਸਦਦੇ ਹਨ। ਸੰਨ 1948 ਵਿਚ ਇਹ ਸ਼ਹਿਰ ਵੀ ਪਟਿਆਲਾ ਰਿਆਸਤ ਦੇ ਨਾਲ ਹੀ ਪਟਿਆਲਾ ਯੂਨੀਅਨ ਵਿਚ ਚਲਾ ਗਿਆ ਅਤੇ ਸੰਨ 1956 ਵਿਚ ਪੰਜਾਬ ਵਿਚ ਰਲ ਗਿਆ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਜੋਤੀ ਸਰੂਪ ਅਤੇ ਰੋਜ਼ਾ ਮੁਜੱਦਦ ਅਲਫ਼-ਸਾਨੀ ਤੋਂ ਬਿਨਾਂ ਇਥੇ ਹੇਠ ਲਿਖੇ ਹੋਰ ਖ਼ਾਸ ਇਤਿਹਾਸਕ ਅਸਥਾਨ ਹਨ :

  1. ਮਸਜਦ ਸਧਨਾ ਕਸਾਈ
  2. ਰੋਜ਼ਾ ਤਾਰ ਬੀਬੀ
  3. ਖ਼ਾਨਕਾਹ ਮੀਆਂ ਬੰਦਗੀ ਸਾਹਿਬ
  4. ਮਕਬਰਾ ਹਾਜੀ ਮੁਹੰਮਦ
  5. ਗੁੰਬਦ ਉਸਤਾਦ ਸ਼ਾਗਿਰਦ
  6. ਬਾਗ ਆਮ ਖ਼ਾਸ
  7. ਜਹਾਜ਼ ਹਵੇਲੀ ।

ਸਮਾਣਾ

ਸਮਾਣਾ

ਸਮਾਣਾ ਪਟਿਆਲੇ ਤੋਂ 17 ਮੀਲ ਦੱਖਣ-ਲਹਿੰਦੇ ਅਤੇ ਸੁਨਾਮ ਤੋਂ 22 ਮੀਲ ਚੜ੍ਹਦੇ ਨੂੰ ਹੈ । ਪਰੰਪਰਾ ਤੋਂ ਚਲੀ ਆ ਰਹੀ ਕਥਾ ਅਨੁਸਾਰ ਇਥੇ ਇਮਾਮਗੜ੍ਹ ਦੇ ਅਸਥਾਨ ਤੇ ਪੁਰਾਣੀ ਆਬਾਦੀ ਹੁੰਦੀ ਸੀ । ਜਦ ਈਰਾਨ ਦੇ ਸਾਮਾਨਵੀ ਘਰਾਣੇ ਦੇ ਕੁਝ ਲੋਕ ਉਥੋਂ ਉਠ ਕੇ ਇਥੇ ਆ ਆਬਾਦ ਹੋਏ ਤਾਂ ਇਸ ਦਾ ਨਾਉਂ ਉਨ੍ਹਾਂ ਦੇ ਨਾਉਂ ਪਰ ਸਮਾਣਾ ਪੈ ਗਿਆ। ਇਸ ਦਾ ਇਤਿਹਾਸ ਰਾਜਾ ਜੈਪਾਲ ਦੇ ਸਮੇਂ ਤੋਂ ਸਾਡੇ ਸਾਹਮਣੇ ਪ੍ਰਤੱਖ ਹੈ । ਜਦ ਮੁਹੰਮਦ ਗੌਰੀ ਨੇ ਦਿੱਲੀ ਅਤੇ ਅਜਮੇਰ ਉਤੇ ਆਪਣਾ ਦਬਦਬਾ ਜਮਾ ਲਿਆ ਤਾਂ ਸਮਾਣਾ ਵੀ ਉਸ ਦੇ ਤਹਿਤ ਵਿਚ ਆ ਗਿਆ ਅਤੇ ਉਸ ਨੇ ਸੁਨਾਮ ਅਤੇ ਘੜਾਮ ਦੇ ਇਲਾਕਿਆਂ ਦੇ ਨਾਲ ਹੀ ਸੰਨ 1192 ਵਿਚ ਇਹ ਵੀ ਕੁਤਬੁਦੀਨ ਐਬਕ ਦੇ ਹਵਾਲੇ ਕਰ ਦਿੱਤਾ । ‘ਤਜ਼ਜੀਅਤੁਲ-ਅਮਸਾਰ’ ਦਾ ਕਰਤਾ ਅਬਦੁੱਲਾ ਵੱਸਾਫ਼ ਦਸਦਾ ਹੈ ਕਿ ਉਸ ਸਮੇਂ ਵਿਚ ਸਮਾਣਾ ਹਿੰਦੁਸਤਾਨ ਅਤੇ ਖੁਰਾਸਾਨ ਦੇ ਵਿਚਕਾਰ ਇਕ ਪ੍ਰਸਿੱਧ ਸ਼ਹਿਰ ਸੀ ਅਤੇ ਮੁਲਤਾਨ, ਜਲੰਧਰ ਅਤੇ ਸਰਹੰਦ ਵਰਗਾ ਸੀ। ਐਬਕ ਨੇ ਘੜਾਮ ਨੂੰ ਆਪਣਾ ਮੁੱਖ ਫੌਜੀ ਅੱਡਾ ਬਣਾ ਕੇ ਮੇਰਠ ਅਤੇ ਦਿੱਲੀ ਉਤੇ ਆਪਣਾ ਰਾਜ ਜਮਾ ਲਿਆ। ਸੰਨ 1257 ਵਿਚ ਸਮਾਣਾ ਗ਼ੁਲਾਮ ਘਰਾਣੇ ਦੇ ਬਾਦਸ਼ਾਹ ਨਾਸਿਰੁਦੀਨ ਮਹਿਮੂਦ (1246-1266) ਦੇ ਵਿਰੁੱਧ ਬਗ਼ਾਵਤ ਦਾ ਅੱਡਾ ਬਣ ਗਿਆ ਜਿਸ ਵਿਚ ਸਿੰਧ ਦਾ ਕਿਸ਼ੀ ਖ਼ਾਨ ਰਾਜਾ ਦੇਵਪਾਲ ਜੀਤਪੁਰੀਏ ਦੀ ਹਮਾਇਤ ਕਰ ਰਿਹਾ ਸੀ ਪਰ ਚੂੰਕਿ ਇਸ ਦਾ ਭੇਦ ਵੇਲੇ ਤੋਂ ਪਹਿਲਾ ਹੀ ਖੁਲ੍ਹ ਗਿਆ ਇਸ ਲਈ ਇਹ ਬਗ਼ਾਵਤ ਸਿਰੇ ਨਾ ਚੜ੍ਹ ਸਕੀ।

ਸਮਾਣਾ ਇਸ ਵੇਲੇ ਦਿੱਲੀ ਦੇ ਸੁਲਤਾਨ ਗਿਆਸੁੱਦੀਨ ਬਲਬਨ (1266-1286) ਦੇ ਭਤੀਜੇ ਸ਼ੇਰ ਖ਼ਾਨ ਦੀ ਜਾਗੀਰ ਵਿਚ ਸੀ। ਸ਼ੇਰ ਖ਼ਾਨ ਇਕ ਮੰਨਿਆ-ਪ੍ਰਮੰਨਿਆ ਚੰਗਾ ਹਾਕਮ ਅਤੇ ਸੂਰਬੀਰ ਸਿਪਾਹੀ ਸੀ ਪਰ ਉਸ ਨੂੰ ਉਸ ਦੇ ਆਪਣੇ ਚਾਚੇ ਗਿਆਸੁੱਦੀਨ ਨੇ ਹੀ ਮਰਵਾ ਦਿੱਤਾ ਅਤੇ ਸਮਾਣੇ ਦੀ ਜਾਗੀਰ ਤਿਮਰ ਖ਼ਾਨ ਸ਼ੰਮਸੀ ਨੂੰ ਦੇ ਦਿੱਤੀ ਗਈ ਜੋ ਕੁਝ ਚਿਰ ਪਿਛੋਂ ਬਲਬਨ ਨੇ ਆਪਣੇ ਪੁੱਤਰ ਬੁਗ਼ਰਾ ਖ਼ਾਨ ਨੂੰ ਦੇ ਦਿੱਤੀ । ਬੁਗ਼ਰਾ ਖ਼ਾਨ ਨੂੰ ਸਮਾਣੇ ਭੇਜਣ ਵੇਲੇ ਪਿਤਾ ਨੇ ਬੜੀਆਂ ਉਤਮ ਨਸੀਹਤਾਂ ਕੀਤੀਆਂ ਅਤੇ ਸ਼ਰਾਬ ਪੀਣ ਦੀ ਮਨਾਹੀ ਕੀਤੀ । ਫ਼ੌਜ ਅਤੇ ਉਨ੍ਹਾਂ ਦੀ ਤਨਖ਼ਾਹ ਵਧਾਉਣ ਅਤੇ ਅਫ਼ਸਰਾਂ ਨੂੰ ਰਾਜ਼ੀ ਰੱਖਣ ਦਾ ਹੁਕਮ ਦਿਤਾ ਤਾਕਿ ਮੋਕਾ ਆ ਬਣਨ ਪਰ ਉਹ ਮੁਗ਼ਲਾਂ ਦਾ ਟਾਕਰਾ ਕਰ ਸਕੇ।

ਜ਼ਿਆ-ਉ-ਦੀਨ ਬਰਨੀ ‘ਤਾਰੀਖਿ ਫ਼ੀਰੋਜ਼ ਸ਼ਾਹੀ’ ਵਿਚ ਲਿਖਦਾ ਹੈ ਕਿ ਇਸ ਵੇਲੇ ਮੁਗ਼ਲਾਂ ਨੇ ਪੰਜਾਬ ਉਤੇ ਆ ਧਾਵਾ ਬੋਲਿਆ ਅਤੇ ਬਿਆਸਾ ਲੰਘ ਆਏ ਪਰ ਗਿਆਸੁੱਦੀਨ ਦੇ ਪੁੱਤਰਾਂ ਮੁਹੰਮਦ ਸੁਲਤਾਨ ਅਤੇ ਬੁਗ਼ਰਾ ਖ਼ਾਨ ਅਤੇ ਮਿਰਜ਼ਾ ਯਾਰ ਬੇਗ ਬਰਲਾਸ ਨੇ ਉਨ੍ਹਾਂ ਨੂੰ ਦੁਆਬੇ ਵਿਚ ਰੋਕ ਦਿੱਤਾ ਅਤੇ ਸੁਲਤਾਨਪੁਰ ਲੋਧੀ ਦੇ ਲਾਗੇ ਹੋਈਆਂ ਲੜਾਈਆਂ ਵਿਚ ਭਾਂਜ ਦੇ ਕੇ ਪਿਛਾਂਹ ਨੂੰ ਧੱਕ ਦਿਤਾ। ਜਦ ਬੁਗ਼ਰਾ ਖ਼ਾਨ ਆਪਣੇ ਪਿਤਾ ਨਾਲ ਲਖਨੌਤੀ ਦੀ ਮੁਹਿੰਮ ਉਤੇ ਗਿਆ ਤਾਂ ਮਲਿਕ ਸਿਰਾਜ ਨੂੰ ਸਮਾਣੇ ਦਾ ਨਾਇਬ ਨਿਯਤ ਕੀਤਾ ਗਿਆ ਜਿਸ ਤੋਂ ਬਾਅਦ ਕੈਕੁਬਾਦ (1286-88) ਦੇ ਵੇਲੇ ਮਲਿਕ ਜਲਾਲੁਦੀਨ ਫੀਰੋਜ਼ ਸਮਾਣੇ ਆਇਆ ਜੋ ਪਿਛੋਂ ਖਿਲਜੀ ਖ਼ਾਨਦਾਨ ਦਾ ਮੋਢੀ ਹੋਇਆ। ਇਹ ਬੜਾ ਨਿਆਇਕਾਰੀ, ਰਹਿਮ ਦਿਲ ਅਤੇ ਬਹਾਦਰ ਸੀ । ਇਸ ਨੇ ਸੰਨ 1291 ਵਿਚ ਪੰਜਾਬ ਵਿਚ ਮੁਗ਼ਲਾ ਨੂੰ ਹਾਰ ਦਿਤੀ। ਇਸ ਨੂੰ ਕਤਲ ਕਰਕੇ ਇਸ ਦਾ ਭਤੀਜਾ ਅਲਾਉਦੀਨ ਦਿੱਲੀ ਦਾ ਬਾਦਸ਼ਾਹ ਬਣਿਆ। ਇਸ ਦੇ ਸਮੇਂ (1296-1316 ਈ.) ਸਮਾਣੇ ਦੇ ਜਾਗੀਰਦਾਰ ਮਲਿਕ ਹਜ਼ਬਰੂਦੀਨ ਜ਼ਫ਼ਰ ਖ਼ਾਨ ਨੇ ਮੁਗ਼ਲਾਂ ਦੇ ਵਿਰੁੱਧ ਬੜੀ ਬਹਾਦਰੀ ਵਿਖਾਈ ਅਤੇ 1296 ਵਿਚ ਉਨ੍ਹਾਂ ਦੇ ਵਿਰੁੱਧ ਲੜਦਾ ਜੰਗ ਵਿਚ ਮਾਰਿਆ ਗਿਆ । ਇਸ ਤੋਂ ਬਾਅਦ ਦੇ ਸਮਾਣੇ ਦੇ ਹਾਕਮ ਮਲਿਕ ਅਲਮਾਸ ਬੇਗ ਅੱਲਾਗ ਖ਼ਾਨ ਨੂੰ ਅਲਾਉਦੀਨ ਖ਼ਿਲਜੀ ਨੇ ਰਾਜਪੂਤਾਂ ਦੇ ਪ੍ਰਸਿੱਧ ਕਿਲ੍ਹੇ ਰਣਥੰਬੋਰ ਨੂੰ ਸਰ ਕਰਨ ਲਈ ਚੁਣਿਆ ਸੀ । ਕੁਤਬੁਦੀਨ ਮੁਬਾਰਕ ਸ਼ਾਹ ਵੇਲੇ (1316-1321 ਈ.) ਸਮਾਣਾ ਮਲਿਕ ਬਹਾਉਦੀਨ ਦੀ ਜਾਗੀਰ ਵਿਚ ਸੀ। 1342 ਵਿਚ ਮੁਹੰਮਦ ਤੁਗਲਕ ਨੂੰ ਸਮਾਣੇ, ਸੁਨਾਮ ਅਤੇ ਘੜਾਮ ਵਿਚ ਮੰਡਾਹਰ, ਚੌਹਾਨ ਅਤੇ ਭੱਟੀ ਰਾਜਪੂਤਾਂ ਵਲੋਂ ਖੜੇ ਕੀਤੇ ਗਏ ਬਲਵਿਆਂ ਵਿਰੁੱਧ ਖ਼ੁਦ ਮੁਹਿੰਮ ਲੈ ਕੇ ਜਾਣਾ ਪਿਆ। ‘ਤਾਰੀਖ਼ਿ ਫ਼ੀਰੋਜ਼ ਸ਼ਾਹੀ’ ਵਿਚ ਜ਼ਿਆ-ਉ-ਦੀਨ ਬਰਨੀ ਨੇ ਇਨ੍ਹਾਂ ਦਾ ਕਾਫ਼ੀ ਵੇਰਵੇ ਸਹਿਤ ਹਾਲ ਦਿੱਤਾ। ਹੈ । ਖਿਲਜੀਆਂ ਅਤੇ ਤੁਗ਼ਲਕਾਂ ਦੇ ਸਮੇਂ ਸਮਾਣਾ ਬੜੇ ਪ੍ਰਸਿੱਧ ਨਗਰਾਂ ਵਿਚੋਂ ਸੀ ਅਤੇ ਇਸਲਾਮੀ ਵਿਦਿਆ ਦਾ ਇਕ ਉੱਘਾ ਕੇਂਦਰ ਸੀ ਜਿਥੇ ਦਾ ਮੌਲਾਣਾ ਕਮਾਲੁਦੀਨ ਬੜਾ ਵਿਦਵਾਨ ਹੋ ਗੁਜ਼ਰਿਆ ਹੈ। ਜ਼ਰੂਰੀ ਮਸਲਿਆਂ ਵਿਚ ਸੁਲਤਾਨ ਫੀਰੋਜ਼ ਸ਼ਾਹ ਵੀ ਇਸ ਦੀ ਸਲਾਹ ਲਿਆ ਕਰਦਾ ਸੀ । ਆਪਣੇ ਅੰਤਲੇ ਦਿਨੀਂ ਸੁਲਤਾਨ ਫ਼ੀਰੋਜ਼ ਸ਼ਾਹ ਨੇ ਜਦ ਮਲਿਕ ਸੁਲਤਾਨ ਸ਼ਾਹ ਖੁਸ਼ਦਿਲ ਨੂੰ ਨਿਯਤ ਕੀਤਾ ਕਿ ਸਮਾਣੇ ਦੇ ਹਾਕਮ ਅਲੀ ਖ਼ਾਨ ਅਫਗਾਨ ਨੂੰ ਗ੍ਰਿਫ਼ਤਾਰ ਕਰ ਕੇ ਹਕੂਮਤ ਮੁਹੰਮਦ ਸ਼ਾਹ ਦੇ ਹਵਾਲੇ ਕਰ ਦੇਵੇ ਤਾਂ ਖੁਸ਼ਦਿਲ ਆਪ ਹੀ ਹਾਕਮ ਬਣ ਬੈਠਾ ਪਰ ਸਮਾਣੇ ਦੇ ਲੋਕਾਂ ਨੇ ਖੁਸ਼ਦਿਲ ਨੂੰ ਸੁਨਾਮ ਦੇ ਤਲਾਉ ਉਤੇ ਕਤਲ ਕਰ ਕੇ ਫ਼ੀਰੋਜ਼ ਸ਼ਾਹ ਦੇ ਪੁੱਤਰ ਮੁਹੰਮਦ ਨੂੰ ਨਗਰ ਕੋਟੋਂ ਸੱਦ ਭੇਜਿਆ। ਇਹ ਸਮਾਣੇ ਦੇ ਲੋਕਾਂ ਦੀ ਸਹਾਇਤਾ ਨਾਲ ਸੰਨ 1389 ਵਿਚ ਨਾਸਿਰੁਦੀਨ ਮੁਹੰਮਦ ਤੁਗਲਕ ਦੂਜੇ ਦੇ ਨਾਉਂ ਹੇਠ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ।

ਸੰਨ 1396 ਵਿਚ ਦਿੱਲੀ ਦੇ ਇਕ ਸਰਦਾਰ ਮੱਲੂ ਦੇ ਭਰਾ ਸਾਰੰਗ ਖ਼ਾਨ ਨੇ ਮੁਲਤਾਨ ਉਤੇ ਕਬਜ਼ਾ ਕਰ ਕੇ ਰਮਜ਼ਾਨ 799 ਹਿਜਰੀ (ਮਈ, 1397) ਨੂੰ ਸਮਾਣੇ ਨੂੰ ਆ ਘੇਰਾ ਪਾਇਆ । ਗਾਲਿਬ ਖ਼ਾਨ ਨੂੰ ਭਾਂਜ ਪੈ ਗਈ ਪਰ ਅੰਤ ਤਾਤਾਰਖ਼ਾਨ ਦੀ ਸਹਾਇਤਾ ਨਾਲ ਮੁੜ ਸਮਾਣੇ ਆ ਸਕਿਆ। ਤੈਮੁਰ ਦੇ ਹੱਲੇ ਵੇਲੇ ਸਮਾਣਾ ਬਚਿਆ ਰਿਹਾ ।ਤੁਗ਼ਲਕਾਂ ਦੇ ਅੰਤਮ ਦਿਨੀਂ ਇਥੇ ਪਹਿਲਾਂ ਬਹਿਰਾਮ ਖ਼ਾਨ ਅਤੇ ਫੇਰ ਬੈਰਾਮ ਹਾਕਮ ਸਨ । ਸੱਯਦ ਖ਼ਿਜ਼ਰ ਖ਼ਾਨ (1414-1421) ਦੇ ਸਮੇਂ ਸਮਾਣਾ ਜ਼ੀਰਕ ਖ਼ਾਨ ਦੇ ਤਹਿਤ ਵਿਚ ਸੀ ਜਿਸ ਨੇ ਬਾਗ਼ੀਆਂ ਨੂੰ ਦਬਾ ਕੇ ਦੇਸ ਵਿਚ ਅਮਨ ਕਾਇਮ ਕਰਨ ਦਾ ਯਤਨ ਕੀਤਾ।

ਇਸ ਸਮੇਂ ਸਮਾਣੇ ਵਿਚ ਇਕ ਮਹਾਤਮਾ ਸੰਤ ਬਿੰਦਰਾਬਨ ਬੜੇ ਪ੍ਰਸਿੱਧ ਹੋਏ ਹਨ। ਇਨ੍ਹਾਂ ਨੇ ਬਹਿਲੋਲ ਲੋਧੀ ਦੇ ਬਾਦਸ਼ਾਹ ਬਣਨ ਦੀ ਭਵਿੱਖ-ਬਾਣੀ ਕੀਤੀ ਸੀ। ਇਸ ਦੀ ਸੋਭਾ ਸੁਣ ਕੇ ਇਕ ਵਾਰੀ ਬਹਿਲੋਲ ਇਸ ਦੇ ਦਰਸ਼ਨ ਕਰਨ ਲਈ ਸਮਾਣੇ ਆਇਆ । ਬਿੰਦਰਾਬਨ ਨੇ ਇਸ ਵੱਲ ਨਜ਼ਰ ਭਰ ਕੇ ਦੇਖਿਆ ਤੇ ਕਿਹਾ, “ਹੂੰ ਤੂੰ ਹੈਂ ਜਿਸ ਨੇ ਦੋ ਹਜ਼ਾਰ ਨੂੰ ਦਿੱਲੀ ਦੀ ਬਾਦਸ਼ਾਹੀ ਮੁੱਲ ਲਈ ਹੈ ?” ਬਹਿਲੋਲ ਪਾਸ ਉਸ ਵੇਲੇ ਕੇਵਲ 1600 ਟਕਾ ਸੀ ਜੋ ਉਸ ਨੇ ਸੰਤਾਂ ਦੇ ਸਾਹਮਣੇ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਸੰਤ ਬਿੰਦਰਾਬਨ ਨੇ ਪ੍ਰਸੰਨ ਹੋ ਕੇ ਦਿੱਲੀ ਦੀ ਬਾਦਸ਼ਾਹੀ ਲਈ ਉਸ ਨੂੰ ਅਸੀਸ ਦਿੱਤੀ । ਸੱਯਦ ਸੁਲਤਾਨਾਂ ਦੇ ਹੱਥ ਹੌਲੀ ਹੌਲੀ ਕਮਜ਼ੋਰ ਅਤੇ ਢਿੱਲੇ ਹੁੰਦੇ ਜਾਣ ਨਾਲ ਬਹਿਲੋਲ ਦਾ ਜ਼ੋਰ ਪੈਂਦਾ ਗਿਆ ਅਤੇ ਲਾਹੌਰ, ਦੀਪਾਲਪੁਰ, ਸੁਨਾਮ, ਹਿਸਾਰ ਆਦਿ ਇਲਾਕੇ ਉਸ ਦੇ ਕਬਜ਼ੇ ਵਿਚ ਆ ਗਏ । ਸਰਹੰਦ ਉਸ ਦਾ ਮੁੱਖ ਅਸਥਾਨ ਸੀ । ਜਦ ਸੱਯਦ ਅਲਾਉਦੀਨ ਦਿੱਲੀ ਦਾ ਤਖ਼ਤ ਛੱਡ ਕੇ ਬਦਾਯੂੰ ਜਾ ਟਿਕਿਆ ਤਾਂ ਬਾਦਸ਼ਾਹੀ ਦੇ ਵੱਡੇ ਵਜ਼ੀਰ ਹਮੀਦ ਖ਼ਾਨ ਦੇ ਸੱਦੇ ਉਤੇ ਸੰਨ 1450 ਵਿਚ ਬਹਿਲੋਲ ਲੋਧੀ ਦਿੱਲੀ ਦਾ ਬਾਦਸ਼ਾਹ ਜਾ ਬਣਿਆ।

ਸੰਨ 1530 ਵਿਚ ਬਾਬਰ ਬਾਦਸ਼ਾਹ ਲਾਹੌਰੋਂ ਦਿੱਲੀ ਨੂੰ ਮੁੜ ਰਿਹਾ ਸੀ ਤਾਂ ਸਮਾਣੇ ਦੇ ਕਾਜ਼ੀ ਨੇ ਮੋਹਨ ਮਡਾਹਰ ਰਾਜਪੂਤ ਦੇ ਵਿਰੁੱਧ ਨਾਲਸ਼ ਕੀਤੀ ਕਿ ਉਸ ਨੇ ਕਾਜ਼ੀ ਦੀ ਜਾਗੀਰ ਲੁੱਟ ਲਈ ਹੈ ਅਤੇ ਉਸ ਦੇ ਪੁੱਤਰ ਨੂੰ ਮਾਰ ਦਿੱਤਾ ਹੈ। ਬਾਬਰ ਨੇ ਮੋਹਨ ਦੇ ਵਿਰੁੱਧ ਮੁਹਿੰਮ ਚੜ੍ਹਾ ਕੇ ਉਸ ਨੂੰ ਕੈਂਥਲ ਦੇ ਪਰਗਣੇ ਵਿਚ ਘੇਰਾ ਪਾ ਕੇ ਫੜ ਲਿਆ ਅਤੇ ਲੱਕ ਤੱਕ ਜ਼ਮੀਨ ਵਿਚ ਦਬਵਾ ਕੇ ਤੀਰ ਮਾਰ ਮਾਰ ਕੇ ਮਰਵਾ ਦਿੱਤਾ । ਅਕਬਰ ਅਤੇ ਉਸ ਤੋਂ ਬਾਅਦ ਦੇ ਮੁਗ਼ਲ ਬਾਦਸ਼ਾਹਾਂ ਦਾ ਧਿਆਨ ਸਰਹੰਦ ਵੱਲ ਹੋ ਜਾਣ ਕਰ ਕੇ ਸਮਾਣੇ ਦੀ ਪੁਛ ਹੌਲੀ ਹੌਲੀ ਘਟਦੀ ਗਈ। ਇਨ੍ਹਾਂ ਦੇ ਜਮਾਨੇ ਵਿਚ ਸਮਾਣਾ, ਜਿਥੇ ਰੱਬ ਦੇ ਪਿਆਰੇ ਫ਼ਕੀਰਾਂ ਅਤੇ ਇਸਲਾਮੀ ਵਿਦਵਾਨਾਂ ਦਾ ਇਕ ਉੱਘਾ ਕੇਂਦਰ ਸੀ, ਉਥੇ ਇਹ ਜੱਲਾਦਾਂ ਦੇ ਘਰਾਣਿਆਂ ਕਰਕੇ ਕਾਫ਼ੀ ਬਦਨਾਮ ਵੀ ਸੀ । ਸੱਯਦ ਜਲਾਲੁਦੀਨ ਜਿਸ ਨੇ 1675 ਵਿਚ ਦਿੱਲੀ ਦੇ ਚਾਂਦਨੀ ਚੌਂਕ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕੀਤਾ ਸੀ, ਇਸੇ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਇਥੇ ਦੇ ਹੀ ਵਸਨੀਕ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੋ ਭਰਾ ਸਨ ਜਿਨ੍ਹਾਂ ਨੇ ਸੰਨ 1703 ਈਸਵੀ ਦੇ ਸਿਆਲੇ (ਪੋਹ ਦੇ ਮਹੀਨੇ) ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਦੇ ਅੱਠ ਅਤੇ ਛੇ ਸਾਲ ਦੇ ਮਾਸੂਮ ਬੱਚਿਆ ਨੂੰ ਜ਼ਿਬਾਹ ਕੀਤਾ ਸੀ। ਇਹ ਹੀ ਕਾਰਣ ਸੀ ਕਿ ਸੰਨ 1709 ਈ: ਦੀ 26 ਨਵੰਬਰ ਨੂੰ ਸਿੰਘਾਂ ਦੇ ਆਗੂ ਬੰਦਾ ਸਿੰਘ ਬਹਾਦਰ ਨੇ ਇਸ ਸ਼ਹਿਰ ਉੱਤੇ ਹੱਲਾ ਕਰ ਕੇ ਇਸ ਨੂੰ ਬਰਬਾਦ ਕਰ ਦਿੱਤਾ ਸੀ । ਭਾਈ ਫ਼ਤਹਿ ਸਿੰਘ ਇਥੋਂ ਦਾ ਪਹਿਲਾ ਸਿੱਖ ਫ਼ੌਜਦਾਰ ਸੀ ਪਰ ਸਿੱਖ ਇਥੇ ਬਹੁਤੀ ਦੇਰ ਟਿਕ ਨਾ ਸਕੇ ਅਤੇ ਜਦ ਖੁਦ ਬਹਾਦਰ ਸ਼ਾਹ ਬਾਦਸ਼ਾਹ ਫ਼ੌਜਾਂ ਲੈ ਕੇ ਸਿੰਘਾਂ ਦੇ ਵਿਰੁੱਧ ਆ ਚੜ੍ਹਿਆ ਤਾਂ ਸੰਨ 1710 ਦੇ ਅੰਤ ਵਿਚ ਸਿੰਘਾਂ ਨੇ ਸਮਾਣਾ ਖਾਲੀ ਕਰ ਦਿੱਤਾ । ਸੰਨ 1742 ਵਿਚ ਬਾਬਾ ਆਲਾ ਸਿੰਘ ਫੂਲਕੇ ਸਰਦਾਰ ਨੇ ਇਸ ਨੂੰ ਆਪਣੇ ਤਹਿਤ ਵਿਚ ਲੈ ਲਿਆ ਅਤੇ ਸੰਨ 1761 ਵਿਚ ਅਹਿਮਦ ਸ਼ਾਹ ਦੁੱਰਾਨੀ ਨੇ ਬਾਬਾ ਆਲਾ ਸਿੰਘ ਦਾ ਇੱਥੇ ਕਬਜ਼ਾ ਪ੍ਰਵਾਨ ਕਰ ਲਿਆ। ਉਸ ਵੇਲੇ ਸਮਾਣੇ ਦੇ ਪਰਗਣੇ ਨਾਲ 224 ਪਿੰਡ ਸਨ । ਉਦੋਂ ਤੋਂ 207 ਸਾਲ ਤੱਕ ਇਹ ਪਟਿਆਲਾ ਰਾਜ ਵਿਚ ਰਿਹਾ। ਸੰਨ 1948 ਵਿਚ ਇਹ ਪਟਿਆਲਾ ਯੂਨੀਅਨ ਵਿਚ ਆ ਗਿਆ ਅਤੇ ਸੰਨ 1956 ਦੀ ਨਵੰਬਰ ਤੋਂ ਹੁਣ ਇਹ ਪੰਜਾਬ ਵਿਚ ਹੈ।

ਹੋਰ ਦੇਖੋ ਸੁਨਾਮ ਅਤੇ ਘੜਾਮ ।

ਸਿਆਲਕੋਟ (ਪਾਕਿਸਤਾਨ)

dfhhdf

ਸਿਆਲਕੋਟ ਲਾਹੌਰੋਂ ਉੱਤਰ-ਚੜ੍ਹਦੇ ਨੂੰ 72 ਮੀਲ ਦੀ ਵਿੱਥ ਉੱਤੇ ਹੈ। ਇਹ ਪੰਜਾਬ ਦੇ ਕੁਝ- ਕੁ ਗਿਣਵੇਂ ਪ੍ਰਾਚੀਨ ਸ਼ਹਿਰਾਂ ਵਿਚੋਂ ਹੈ । ਸੰਸਕ੍ਰਿਤ ਪੁਸਤਕਾਂ ਵਿਚ ਇਸ ਦਾ ਨਾਉਂ ਸ਼ਾਕਲ ਆਉਂਦਾ ਹੈ ਅਤੇ ਬੁੱਧਾਂ ਦੇ ਸਾਹਿਤ ਵਿਚ ਸ਼ਾਗਲ। ਇਸ ਦੀ ਬੁਨਿਆਦ ਪਾਂਡਵਾਂ ਦੇ ਮਾਮੇ ਸ਼ੱਲ ਨੇ ਰੱਖੀ ਸੀ ਅਤੇ ਇਸੇ ਕਰ ਕੇ ਇਸ ਦਾ ਨਾਉਂ ਸੱਲਕੋਟ ਸੀ ਜੋ ਸਮਾਂ ਪੈ ਜਾਣ ਨਾਲ ਸਿਆਲਕੋਟ ਹੋ ਗਿਆ। ਸ਼ੱਲ ਦੀ ਭੈਣ ਦਾ ਨਾਉਂ ਮਾਦਰੀ ਇਸ ਕਰ ਕੇ ਸੀ ਕਿ ਉਹ ਇਸ ਇਲਾਕੇ ਮਦਰ ਦੇਸ ਦੀ ਜੰਮ- ਪਲ ਸੀ । ਯੂਨਾਨੀਆਂ ਵੇਲੇ ਇਹ ਉਨ੍ਹਾਂ ਦੀ ਪ੍ਰਸਿੱਧ ਰਾਜਧਾਨੀ ਸੀ ਅਤੇ ਮੇਨਿੰਦਰ (ਮਲਿੰਦ, ਸੰਨ 140-110 ਈਸਾ ਤੋਂ ਪਹਿਲਾਂ) ਇਥੇ ਹੀ ਰਾਜ-ਸਿੰਘਾਸਣ ਉਤੇ ਬੈਠਾ ਸੀ । ਵਾਯੂ ਪੁਰਾਣ ਅਨੁਸਾਰ ਇੱਥੇ ਅੱਠ ਯਵਨ ਰਾਜਿਆਂ ਨੇ 82 ਵਰ੍ਹੇ ਰਾਜ ਕੀਤਾ ਸੀ । ਬਿਕਰਮਾਦਿਤ ਦੇ ਵੇਲੇ ਰਾਜਾ ਸਾਲਵਾਹਨ ਨੇ ਇਸ ਨੂੰ ਮੁੜ ਨਵੇਂ ਸਿਰੇ ਵਧਾ ਕੇ ਆਬਾਦ ਕੀਤਾ ਅਤੇ ਇਥੇ ਇਕ ਬੜਾ ਮਜ਼ਬੂਤ ਕਿਲ੍ਹਾ ਉਸਾਰਿਆ। ਸਾਲਵਾਹਨ ਦੇ ਦੋ ਉੱਘੇ ਪੁੱਤਰ ਸਨ, ਇਕ ਸੀ ਪੂਰਨ ਜਿਸ ਦੀ ਕਥਾ ਪੰਜਾਬ ਦੇ ਖੂੰਜੇ ਖੂੰਜੇ ਵਿਚ ਪ੍ਰਸਿੱਧ ਹੈ ਅਤੇ ਦੂਸਰਾ ਸੀ ਰਾਜਾ ਰਸਾਲੂ ਜਿਸ ਦੀ ਗੱਖੜਾਂ ਦੇ ਸਰਦਾਰ ਰਾਜਾ ਹੋਡੀ ਨਾਲ ਜੰਗ ਰਹਿੰਦੀ ਸੀ । ਜਦ ਰਸਾਲੂ ਨੂੰ ਇਕ ਜੰਗ ਵਿਚ ਹਾਰ ਹੋ ਗਈ ਤਾਂ ਉਸ ਨੇ ਆਪਣੀ ਲੜਕੀ ਦਾ ਡੋਲਾ ਦੇ ਕੇ ਰੋਡੀ ਨਾਲ ਸੁਲਾਹ ਕਰ ਲਈ। ਹੋਡੀ ਨੇ ਸਿਆਲਕੋਟ ਦਾ ਰਾਜ ਮੁੜ ਰਸਾਲੂ ਨੂੰ ਦੇ ਦਿੱਤਾ। ਜਿਸ ਵੇਲੇ ਸ਼ਕ ਲੋਕਾਂ ਦਾ ਉੱਤਰੀ ਪੰਜਾਬ ਵਿਚ ਜ਼ੋਰ ਸੀ ਤਾਂ ਸਿਆਲਕੋਟ ਉਨ੍ਹਾਂ ਦਾ ਮੁੱਖ ਅਸਥਾਨ ਸੀ । ਆਪਣੇ ਪਿਤਾ ਤੋਰਮਾਨ ਦੀ ਮੌਤ ਤੋਂ ਬਾਅਦ ਸੰਨ 510 ਈਸਵੀ ਵਿਚ ਮਿਹਿਰਕੂਲ ਨੇ ਸ਼ਾਕਲ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 790 ਵਿਚ ਯੂਸਫ਼ਜ਼ਈ ਇਲਾਕੇ ਦੇ ਗੰਧੇਰਾਂ ਦੀ ਸਹਾਇਤਾ ਨਾਲ ਰਾਜਾ ਨਰੌਤ ਨੇ ਸਿਆਲਕੋਟ ਲੁੱਟ ਕੇ ਬਰਬਾਦ ਕਰ ਦਿੱਤਾ ਅਤੇ ਕਿਲ੍ਹਾ ਢਾਹ ਦਿੱਤਾ । ਬਾਰ੍ਹਵੀਂ ਸਦੀ ਦੇ ਅੰਤ ਵਿਚ ਮੁਹੰਮਦ ਗ਼ੋਰੀ ਨੇ ਇਥੇ ਮੁੜ ਇਕ ਮਜ਼ਬੂਤ ਕਿਲ੍ਹਾ ਬਣਵਾਇਆ । ਮੁਗ਼ਲਾਂ ਵੇਲੇ ਇਹ ਇਕ ਸਰਕਾਰ ਦਾ ਮੁੱਖ ਅਸਥਾਨ ਸੀ ਜਿਸ ਉਤੇ ਸੋਲ੍ਹਵੀਂ ਸਦੀ ਵਿਚ ਜੰਮੂ ਦੇ ਡੋਗਰੇ ਰਾਜਿਆਂ ਨੇ ਕਬਜ਼ਾ ਕਰ ਲਿਆ। ਸੰਨ 1773 ਵਿਚ ਰਣਜੀਤ ਦੇਵ ਦੀ ਮੌਤ ਤੋਂ ਬਾਅਦ ਇੱਥੇ ਭੰਗੀ ਸਿੱਖ ਸਰਦਾਰਾਂ ਦਾ ਤਹਿਤ ਹੋ ਗਿਆ ਜਿਨ੍ਹਾਂ ਪਾਸੋਂ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਲੈ ਲਿਆ। 1849 ਵਿਚ ਪੰਜਾਬ ਵਿਚ ਅੰਗਰੇਜ਼ਾਂ ਦਾ ਰਾਜ ਹੋ ਗਿਆ ਜੋ ਸੰਨ 1947 ਤੱਕ ਰਿਹਾ ਅਤੇ ਹਿੰਦੁਸਤਾਨ

ਦੀ ਵੰਡ ਵੇਲੇ ਸਿਆਲਕੋਟ ਪਾਕਿਸਤਾਨ ਦੇ ਹਿੱਸੇ ਆਇਆ । ਇਮਾਮ ਅਲੀ-ਉਲ-ਹੱਕ ਦੀ ਦਰਗਾਹ ਤੋਂ ਇਲਾਵਾ ਇਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਬੇਰ ਸਾਹਿਬ ਬੜਾ ਪ੍ਰਸਿੱਧ ਇਤਿਹਾਸਕ ਅਸਥਾਨ ਹੈ।

ਸੁਨਾਮ

ਸੁਨਾਮ

ਪਟਿਆਲੇ ਤੋਂ ਲਹਿੰਦੇ-ਦੱਖਣ ਨੂੰ 43 ਮੀਲ, ਸਮਾਣੇ ਤੋਂ ਲਹਿੰਦੇ ਨੂੰ 24 ਮੀਲ, ਧੂਰੀ ਤੋਂ ਦੱਖਣ ਨੂੰ 18 ਮੀਲ ਅਤੇ ਸੰਗਰੂਰ ਤੋਂ ਦੱਖਣ ਨੂੰ 8 ਮੀਲ ।

ਇਹ ਸ਼ਹਿਰ ਕਦੋਂ ਵਸਿਆ, ਕਿਸ ਨੇ ਵਸਾਇਆ ਅਤੇ ਇਸ ਦਾ ਨਾਉਂ ਸੁਨਾਮ ਕਿਵੇਂ ਪਿਆ, ਇਸ ਸਬੰਧੀ ਨਿਸਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ । ਇਥੇ ਸੂਰਜ ਕੁੰਡ ਬਹੁਤ ਪੁਰਾਣਾ ਅਸਥਾਨ ਹੈ ਅਤੇ ਅੱਜ ਕੱਲ੍ਹ ਦੇ ਸੁਨਾਮ ਸ਼ਹਿਰ ਤੋਂ ਪਹਿਲਾ ਸ਼ਹਿਰ ਸੂਰਜ ਕੁੰਡ ਦੇ ਲਾਗੇ ਹੋਣ ਕਰ ਕੇ ਸੂਰਜਪੁਰ ਕਹਾਉਂਦਾ ਸੀ। ਅੱਜ ਕੱਲ੍ਹ ਦੀ ਵਸੋਂ ਪੁਰਾਣੇ ਕਿਲ੍ਹੇ ਦੇ ਕੋਟ ਦੇ ਅੰਦਰ ਸੀ ਜਿਥੇ ਕਿ ਉਨ੍ਹਾਂ ਨੂੰ ਮੁਸੀਬਤ ਵੇਲੇ ਸਿਰ ਲੁਕਾਉਣ ਲਈ ਆਉਣਾ ਪਿਆ ਕਰਦਾ ਸੀ । ਕੋਟ ਤੋਂ ਬਾਹਰ ਦੀ ਆਬਾਦੀ ਪਿਛੋਂ ਹੋਈ ਹੈ । ਮੁਸਲਮਾਨੀ ਹੱਲਿਆਂ ਤੋਂ ਬਾਅਦ ਇਸ ਸ਼ਹਿਰ ਨੇ ਦੇਸ ਦੇ ਇਤਿਹਾਸ ਵਿਚ ਕਾਫ਼ੀ ਹਿੱਸਾ ਪਾਇਆ । ਅਲ-ਬਿਰੂਨੀ ਆਪਣੀ ਪੁਸਤਕ ਅਲ-ਹਿੰਦ ਵਿਚ ਸੁਨਾਮ ਨੂੰ ਕਨੌਜ ਅਤੇ ਗਜ਼ਨੀ ਦੇ ਵਿਚਕਾਰ ਵੱਡੇ ਪ੍ਰਸਿੱਧ ਸ਼ਹਿਰਾਂ ਵਿਚੋਂ ਗਿਣਦਾ ਹੈ। ਜਿਸ ਵੇਲੇ ਮੁਹੰਮਦ ਗ਼ੌਰੀ ਨੇ ਹਿੰਦੁਸਤਾਨ ਉੱਤੇ ਹੱਲੇ ਕੀਤੇ ਉਸ ਵੇਲੇ ਤੱਕ ਸੁਨਾਮ ਉਤੇ ਹਿੰਦੂ ਰਾਜੇ ਰਾਜ ਕਰਦੇ ਸਨ । ਸੱਮਸੁਦੀਨ ਇਲਤੁਤਮਸ਼ ਨੇ ਇਹ ਸ਼ੇਰ ਖ਼ਾਨ ਨੂੰ ਅਤੇ ਫੇਰ ਆਪਣੇ ਪੁੱਤਰ ਬੁਗਰਾ ਖ਼ਾਨ ਨੂੰ ਦੇ ਦਿੱਤਾ । ਇਸ ਵੇਲੇ ਸਮਾਣਾ ਅਤੇ ਸੁਨਾਮ ਇੱਕੋ ਜਾਗੀਰ ਵਿਚ ਸਨ । ਮੁਹੰਮਦ ਸ਼ਾਹ ਤੁਗ਼ਲਕ ਵੇਲੇ ਏਥੇ ਦੇ ਲੋਕਾਂ ਨੇ ਬਗ਼ਾਵਤ ਕਰ ਦਿੱਤੀ ਜਿਸ ਨੂੰ ਬੜੀ ਸਖ਼ਤੀ ਨਾਲ ਦਬਾਇਆ ਗਿਆ। ਫ਼ੀਰੋਜ਼ ਸ਼ਾਹ ਤੁਗ਼ਲਕ ਨੇ ਸਰਹੰਦ ਅਤੇ ਮਨਸੂਰਪੁਰ (ਛੀਟਾਂਵਾਲੇ) ਵਿਚ ਦੀ ਇੱਥੇ ਨੂੰ ਨਹਿਰ ਲਿਆਂਦੀ । ਸੰਨ 1398 ਵਿਚ ਤੈਮੂਰ ਨੇ ਇੱਥੇ ਹੱਲਾ ਕਰ ਕੇ ਇਸ ਨੂੰ ਉਜਾੜ ਦਿੱਤਾ ।

ਮੁਗ਼ਲ ਬਾਦਸ਼ਾਹ ਅਕਬਰ ਦੇ ਵੇਲੇ ਸਰਹੰਦ ਦੀ ਪੁੱਛ-ਗਿੱਛ ਵੱਧ ਗਈ ਅਤੇ ਸਮਾਣਾ ਅਤੇ ਸੁਨਾਮ ਪਿੱਛੇ ਪੈ ਗਏ। ਸੁਨਾਮ ਦਾ ਪਰਗਣਾ ਵੀ ਸਮਾਣੇ ਦੀ ਤਰ੍ਹਾਂ ਸਰਹੰਦ ਦੇ ਹੀ ਤਾਬਿਆ ਹੋ ਗਿਆ । ਅਠਾਰ੍ਹਵੀਂ ਸਦੀ ਦੇ ਅੱਧ ਵਿਚ ਜਦ ਬਾਬਾ ਆਲਾ ਸਿੰਘ ਨੇ ਆਪਣਾ ਰਾਜ ਵਧਾਉਣਾ ਸ਼ੁਰੂ ਕੀਤਾ ਤਾਂ ਸੁਨਾਮ ਉੱਤੇ ਕਬਜ਼ਾ ਕਰ ਲਿਆ। 1956 ਵਿਚ ਇਹ ਪਟਿਆਲਾ ਯੂਨੀਅਨ ਦੇ ਨਾਲ ਹੀ ਪੰਜਾਬ ਵਿਚ ਆ ਗਿਆ।

ਸੁਨਾਮ ਨੇ ਕਈ ਇਕ ਪ੍ਰਸਿੱਧ ਧਾਰਮਕ ਅਤੇ ਵਿਦਵਾਨ ਹਸਤੀਆਂ ਨੂੰ ਜਨਮ ਦਿੱਤਾ ਹੈ। ਜਿਨ੍ਹਾਂ ਵਿੱਚੋਂ ਭਾਈ ਮੂਲ ਚੰਦ ਖ਼ਾਸ ਉੱਘੇ ਹੋਏ ਹਨ। ਭਾਈ ਮੂਲ ਚੰਦ ਸਬੰਧੀ ਹਾਲ ਤੱਕ ਇਹ ਅਖਾਣ ਪ੍ਰਸਿੱਧ ਹੈ : ‘ਬਾਬਾ ਮੂਲਾ ਬਚਨਾਂ ਦਾ ਪੂਰਾ’ । ਇਨ੍ਹਾਂ ਦਾ ਡੇਰਾ ਸ਼ਹਿਰ ਤੋਂ ਮੀਲ ਕੁ ਬਾਹਰ ਹੈ। ਸ਼ਹਿਰ ਦੇ ਅੰਦਰ ਇਕ ਮੁਸਲਮਾਨੀ ਅਸਥਾਨ ਗੰਜਿ-ਸ਼ਹੀਦਾਂ ਹੈ ਜੋ ਢਹਿ ਢੇਰੀ ਹੋਇਆ ਹੋਇਆ ਹੈ। ਇਸ ਦੇ ਅੰਦਰ ਖੱਬੇ ਹੱਥ ਨਾਥਾਂ ਦੀਆਂ ਸਮਾਧਾਂ ਦੇ ਨਿਸ਼ਾਨ ਹਨ ਜਿੱਥੇ ਕਿ ਪੁਰਾਣੇ ਸਮੇਂ ਉਨ੍ਹਾ ਦਾ ਅਸਥਾਨ ਹੁੰਦਾ ਸੀ । ਮਾਲੂਮ ਹੁੰਦਾ ਹੈ ਕਿ ਪਹਿਲੋਂ ਇਹ ਹਿੰਦੂ ਜੋਗੀਆਂ ਦਾ ਅਸਥਾਨ ਸੀ ਜਦ ਸੰਨ 1398 ਵਿਚ ਤੈਮੂਰ ਨਾਲ ਜੰਗ ਹੋਈ, ਜੰਗ ਵਿਚ ਬਹੁਤ ਸਾਰੇ ਆਦਮੀ ਮਾਰੇ ਗਏ ਤਾਂ ਇੱਥੇ ਉਨ੍ਹਾਂ ਦੀਆ ਕਬਰਾਂ ਬਣਾ ਦਿੱਤੀਆਂ ਗਈਆਂ । ਉਸ ਤੋਂ ਬਾਅਦ ਇਸ ਦਾ ਨਾਉਂ ਗੰਜਿ ਸ਼ਹਿਦਾਂ ਹੋ ਗਿਆ। ਸ਼ਹਿਰੋਂ ਦੱਖਣ-ਚੜ੍ਹਦੀ ਵੱਲ ਨੂੰ ਪੀਰ ਬੰਨੋ ਬਨੋਈ ਦਾ ਮਜ਼ਾਰ ਹੈ ਜੋ ਮੁਸਲਮਾਨਾਂ ਦੀ ਪ੍ਰਸਿੱਧ ਜ਼ਿਆਰਤ ਗਾਹ ਸੀ। ਇਸ ਸ਼ਹਿਰ ਵਿਚ ਗੁਰੂ ਨਾਨਕ ਨੇ ਵੀ ਚਰਨ ਪਾਏ ਸਨ ਜਿਨ੍ਹਾਂ ਦੀ ਯਾਦ ਵਿਚ ਸ਼ਹਿਰ ਦੇ ਅੰਦਰ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਹੋਰ ਦੇਖੋ ਸਮਾਣਾ ਅਤੇ ਘੜਾਮ ।

ਸੁਲਤਾਨਪੁਰ ਲੋਧੀ

 

ਸੁਲਤਾਨਪੁਰ ਲੋਧੀ

ਇਹ ਪੁਰਾਣਾ ਕਸਬਾ ਗਿਆਰਵੀਂ ਸਦੀ ਈਸਵੀ ਵਿਚ ਸੁਲਤਾਨ ਖ਼ਾਨ ਲੋਧੀ ਨੇ ਵਸਾਇਆ ਸੀ ਜੇ ਗ਼ਜ਼ਨੀ ਦੇ ਸੁਲਤਾਨ ਮਹਿਮੂਦ ਦਾ ਇਕ ਜਰਨੈਲ ਸੀ। ਇਹ ਜਲੰਧਰੋਂ 28 ਮੀਲ ਦੱਖਣ ਲਹਿੰਦੇ ਨੂੰ, ਕਪੂਰਥਲੇ ਤੋਂ 16 ਮੀਲ ਅਤੇ ਫ਼ੀਰੋਜ਼ਪੁਰੋਂ 45 ਮੀਲ ਉੱਤਰ-ਚੜ੍ਹਦੇ ਨੂੰ ਹੈ। ਲੋਧੀ ਬਾਦਸ਼ਾਹਾਂ ਵੇਲੇ ਇਹ ਪੰਜਾਬ ਦੇ ਸੂਬੇ ਦੀ ਰਾਜਧਾਨੀ ਸੀ ਅਤੇ ਦੌਲਤ ਖ਼ਾਨ ਲੋਧੀ ਇੱਥੇ ਰਿਹਾ ਕਰਦਾ ਸੀ । ਇਸ ਦੇ ਸਮੇਂ ਹੀ ਗੁਰੂ ਨਾਨਕ ਆਪਣੇ ਬਹਿਨੋਈ ਭਾਈਆ ਜੈ ਰਾਮ ਪਾਸ ਇੱਥੇ ਆਏ ਸਨ ਅਤੇ ਮੋਦੀਖਾਨੇ ਵਿਚ ਕੰਮ ਕਰਦੇ ਸਨ । ਇੱਥੇ ਹੀ ਬੇਈਂ ਨਦੀ ਪਰ ਆਪ ਭਜਨ ਬੰਦਗੀ ਵਿਚ ਮਗਨ ਰਹਿੰਦੇ ਸਨ । ਇੱਥੇ ਹੀ ਆਪ ਨੇ ‘ਨਾ ਹਮ ਹਿੰਦੂ ਨਾ ਮੁਸਲਮਾਨ’ ਦਾ ਹੋਕਾ ਦਿੱਤਾ ਅਤੇ ਇੱਥੋਂ ਹੀ ਆਪ ਧਰਮ-ਪ੍ਰਚਾਰ ਲਈ ਬਾਹਰ ਨਿਕਲੇ ਸਨ । ਇੱਥੇ ਆਪ ਦੀ ਯਾਦ ਵਿਚ ਗੁਰਦੁਆਰੇ ਬਣੇ ਹੋਏ ਹਨ। ਬੇਈਂ ਦੇ ਮੋਢੇ ਦਾ ਗੁਰਦੁਆਰਾ ਬੇਰ ਸਾਹਿਬ ਬੜਾ ਸੁੰਦਰ ਹੈ।

ਦਿੱਲੀ ਦੇ ਸੁਲਤਾਨਾਂ ਅਤੇ ਮੁਗ਼ਲ ਬਾਦਸ਼ਾਹਾਂ ਵੇਲੇ ਇਹ ਲਾਹੌਰੋਂ ਦਿੱਲੀ ਨੂੰ ਜਾਂਦੀ ਵੱਡੀ ਸੜਕ ਉੱਤੇ ਸੀ । ਇੱਥੇ ਜਹਾਂਗੀਰ ਬਾਦਸ਼ਾਹ ਦੀ ਬਣਾਈ ਹੋਈ ਇਕ ਸਰਾਂ ਹੈ ਜਿੱਥੇ ਅੱਜ ਕੱਲ੍ਹ ਤਹਿਸੀਲ ਹੈ। ਬੇਈਂ ਉਪਰ ਦੇ ਪੁਰਾਣੇ ਢੱਠੇ ਹੋਏ ਪੁਲ ਹਨ ਜਿਨ੍ਹਾਂ ਵਿੱਚੋਂ ਇਕ ਜਹਾਂਗੀਰ ਦੇ ਸਮੇਂ ਦਾ ਅਤੇ ਦੂਸਰਾ ਔਰੰਗਜ਼ੇਬ ਦੇ ਸਮੇਂ ਦਾ ਦੱਸਿਆ ਜਾਂਦਾ ਹੈ।

ਬੇਈਂ ਤੋਂ ਪਾਰ ਉੱਤਰ ਵੱਲ ਨੂੰ ਗੁਰਦੁਆਰਾ ਬੇਰ ਸਾਹਿਬ ਤੋਂ ਉੱਤਰ ਚੜ੍ਹਦੀ ਵੱਲ ਉਜਾੜ ਵਿਚ ਇਕ ਪੁਰਾਣੀ ਗੁੰਬਦ ਵਾਲੀ ਇਮਾਰਤ ਹੈ ਜਿਸ ਨੂੰ ਹੁਜਰਾ ਹਜੀਰਾ ਕਹਿੰਦੇ ਹਨ। ਇਹ ਇਕ ਉੱਚੇ ਥੜੇ ਉੱਤੇ ਬਣੀ ਹੋਈ ਹੈ। ਇਸ ਦਾ ਚੁਕੰਧਾ ਢਹਿ ਚੁੱਕਾ ਹੋਇਆ ਹੈ। ਕਹਿੰਦੇ ਹਨ ਕਿ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਇੱਥੇ ਪੜ੍ਹਦੇ ਰਹੇ ਸਨ ਜਦ ਸੰਨ 1739 ਈ. ਵਿਚ ਨਾਦਰਸ਼ਾਹ ਈਰਾਨੀ ਨੇ ਹਿੰਦੁਸਤਾਨ ਉੱਤੇ ਧਾਵਾ ਕੀਤਾ ਤਾਂ ਲਾਹੌਰੋਂ ਸਰਹੰਦ ਨੂੰ ਜਾਂਦੇ ਨੇ ਸੁਲਤਾਨਪੁਰ ਲੁੱਟ ਲਿਆ ਅਤੇ ਅੱਗ ਲਾ ਕੇ ਫੂਕ ਦਿੱਤਾ। ਨਵੰਬਰ ਸੰਨ 1753 ਈਸਵੀ ਵਿਚ ਲਾਹੌਰ ਦੇ ਹਾਕਮ ਮੀਰ ਮੰਨੂ ਦੀ ਮੌਤ ਤੋਂ ਬਾਅਦ ਜਦ ਪੰਜਾਬ ਵਿਚ ਸਿੰਘਾਂ ਦਾ ਬੋਲ-ਬਾਲਾ ਹੋਣ ਲੱਗ ਪਿਆ ਅਤੇ ਉਨ੍ਹਾਂ ਨੇ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਪੂਰਥਲੀਏ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਸੁਲਤਾਨਪੁਰ ਲੋਧੀ ਉੱਤੇ ਆਪਣਾ ਤਹਿਤ ਜਮਾ ਲਿਆ ਅਤੇ ਦੋ ਸੌ ਸਾਲ ਦੇ ਲੱਗਭੱਗ ਇਹ ਕਪੂਰਥਲਾ ਰਿਆਸਤ ਵਿਚ ਰਿਹਾ ਅਤੇ ਸੰਨ 1956 ਵਿਚ ਪਟਿਆਲਾ ਯੂਨੀਅਨ (ਜਿਸ ਦਾ ਕਪੂਰਥਲਾ ਰਿਆਸਤ ਹਿੱਸਾ ਸੀ) ਅਤੇ ਪੰਜਾਬ ਦੇ ਇਕ ਹੋ ਜਾਣ ਪਰ ਇਹ ਪੰਜਾਬ ਵਿਚ ਆ ਗਿਆ।

ਗੁਰਦੁਆਰਾ ਬੇਰ ਸਾਹਿਬ ਤੋਂ ਇਲਾਵਾ ਇੱਥੇ ਹੋਰ ਗੁਰਦੁਆਰੇ ਇਹ ਹਨ : ਸੰਤ ਘਾਟ, ਹੱਟ ਸਾਹਿਬ, ਕੋਠੜੀ ਸਾਹਿਬ, ਗੁਰੂ ਕਾ ਬਾਗ਼, ਜਨਮ ਅਸਥਾਨ ਬਾਬਾ ਸ੍ਰੀ ਚੰਦ, ਧਰਮਸਾਲਾ ਗੁਰੂ ਅਰਜਨ ਸਾਹਿਬ ।

ਪੁਰਾਣੀ ਸਰਾਇ (ਤਹਿਸੀਲ) ਦੇ ਅੰਦਰ ਇਕ ਪੁਰਾਣੀ ਮਸੀਤ ਹੈ ਜੋ ਜਹਾਂਗੀਰ ਬਾਦਸ਼ਾਹ ਦੇ ਵੇਲੇ ਦੀ ਬਣੀ ਹੋਈ ਹੈ । ਸ਼ਹਿਰ ਤੋਂ ਲਹਿੰਦੀ ਵੱਲ ਸਰਾਇ ਤੋਂ ਡੇਢ ਕੁ ਸੌ ਗਜ਼ ਦੀ ਵਿੱਥ ਉੱਤੇ ਇਕ ਮਜ਼ਾਰ ਹੈ ਜਿਸ ਨੂੰ ਮਜ਼ਾਰ ਸ਼ਾਹ ਦੀਵਾਨ ਸਾਹਿਬ ਕਹਿੰਦੇ ਹਨ ।

ਹਿਸਾਰ

ਹਿਸਾਰ

ਹਿਸਾਰ ਹਰਿਆਣੇ ਦੇ ਇਲਾਕੇ ਦਾ ਇਕ ਪ੍ਰਸਿੱਧ ਸ਼ਹਿਰ ਹੈ। ਜ਼ਿਲ੍ਹਾ ਹਿਸਾਰ ਦਾ ਬਹੁਤ ਸਾਰਾ ਹਿੱਸਾ ਅਤੇ ਰੋਹਤਕ ਦੇ ਜ਼ਿਲ੍ਹੇ ਦੇ ਕੁਝ ਹਿੱਸੇ ਮਿਲਾ ਕੇ ਹਰਿਆਣਾ ਬਣਦਾ ਹੈ । ਹਿਸਾਰ (ਹਿਸਾਰਿ ਫ਼ੀਰੋਜ਼ਾ) ਸ਼ਹਿਰ ਫ਼ੀਰੋਜ਼ ਸ਼ਾਹ ਤੁਗ਼ਲਕ ਨੇ ਸੰਨ 1352 ਵਿਚ ਆਪਣੇ ਨਾਉਂ ਪੁਰ ਵਸਾਇਆ ਸੀ ਅਤੇ 1356 ਵਿਚ ਫ਼ਤਿਹਾਬਾਦ ਆਪਣੇ ਪੁੱਤਰ ਫ਼ਤਹਿ ਖ਼ਾਨ ਦੇ ਨਾਉਂ ਉੱਤੇ ਆਬਾਦ ਕੀਤਾ ਹਿਸਾਰ ਦਾ ਪਹਿਲਾ ਨਾਉਂ ਹਿਸਾਰਿ-ਫ਼ੀਰੋਜ਼ਾ ਸੀ ਜੋ ਸਮਾਂ ਬੀਤਦੇ ਜਾਣ ਨਾਲ ਹਿਸਾਰ ਹੀ ਰਹਿ ਗਿਆ। ਪਹਿਲੋਂ ਹਿਸਾਰ ਦਾ ਇਲਾਕਾ ਹਾਂਸੀ ਦੀ ਸਿਕਦਾਰੀ ਵਿਚ ਹੁੰਦਾ ਸੀ। ਇਸ ਸ਼ਹਿਰ ਨੂੰ ਵਸਾਉਣ ਤੋਂ ਬਾਅਦ ਇੱਥੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਫ਼ੀਰੋਜ਼ ਸ਼ਾਹ ਨੇ ਘੱਗਰ ਅਤੇ ਜਮਨਾ ਵਿੱਚੋਂ ਨਹਿਰਾਂ ਕੱਢ ਕੇ ਇੱਥੇ ਲਿਆਂਦੀਆਂ ।

ਸੰਨ 1398 ਵਿਚ ਜਦ ਤੈਮੂਰ ਨੇ ਹੱਲਾ ਕੀਤਾ ਅਤੇ ਭਟਨੇਰ ਨੂੰ ਮਾਰ ਕੇ ਜਦ ਉਹ ਸਰਸਾ ਅਤੇ ਫ਼ਤਿਹਾਬਾਦ ਵੱਲ ਨੂੰ ਵਧਿਆ ਤਾਂ ਲੋਕ ਭੱਜ ਨਿਕਲੇ ਪਰ ਤੈਮੂਰ ਉਨ੍ਹਾਂ ਦੇ ਮਗਰ ਪੈ ਗਿਆ ਅਤੇ ਬੇਅੰਤ ਲੋਕਾਂ ਨੂੰ ਕਤਲ ਕਰ ਦਿੱਤਾ। 1408 ਵਿਚ ਹਿਸਾਰ ਬਾਗੀਆਂ ਦੇ ਹੱਥ ਆ ਗਿਆ ਪਰ ਮੁਹੰਮਦ ਤੁਗਲਕ ਨੇ ਮੁੜ ਆਪਣੇ ਤਹਿਤ ਵਿਚ ਲੈ ਆਂਦਾ ਪਰ ਤਿੰਨ ਵਰ੍ਹੇ ਪਿੱਛੋਂ ਸੰਨ 1411 ਵਿਚ ਇਹ ਸੱਯਦ ਖ਼ਿਜ਼ਰ ਖ਼ਾਨ ਦੇ ਹੱਥ ਆ ਗਿਆ ਜੋ ਸੰਨ 1414 ਵਿਚ ਦਿੱਲੀ ਦਾ ਬਾਦਸ਼ਾਹ ਬਣ ਗਿਆ। ਬਹਿਲੋਲ ਲੋਧੀ ਦੇ ਵੇਲੇ ਹਿਸਾਰ ਮੁਹੱਬਤ ਖ਼ਾਨ ਦੀ ਜਾਗੀਰ ਵਿਚ ਸੀ । ਮੁਗ਼ਲ ਬਾਦਸ਼ਾਹਾਂ ਦੇ ਵੇਲੇ ਇੱਥੇ ਕੋਈ ਖ਼ਾਸ ਘਟਨਾ ਨਹੀਂ ਹੋਈ। ਔਰੰਗਜ਼ੇਬ ਦੀ ਮੌਤ ਵੇਲੇ ਸੰਨ 1707 ਵਿਚ ਇੱਥੇ ਸ਼ਾਹਦਾਦ ਖ਼ਾਨ ਕਸੂਰੀ ਨਾਜ਼ਮ ਸੀ ਜਿਸ ਤੋਂ ਬਾਅਦ 1738 ਵਿਚ ਨਵਾਬ ਕਾਮਗਾਰ ਖ਼ਾਨ ਨਾਜ਼ਮ ਬਣਿਆ ਅਤੇ ਉਸ ਤੋਂ ਬਾਅਦ ਫ਼ੌਜਦਾਰ ਖ਼ਾਨ ਅਤੇ ਔਲੀਆ ਖ਼ਾਨ। ਸੰਨ 1731 ਤੋਂ ਫੂਲਕੀ ਮਿਸਲ ਦੇ ਸਰਦਾਰ ਬਾਬਾ ਆਲਾ ਸਿੰਘ ਦੀਆਂ ਭੱਟੀਆਂ ਨਾਲ ਝੜਪਾਂ ਸ਼ੁਰੂ ਹੋ ਗਈਆਂ ! ਸੰਨ 1754 ਵਿਚ ਆਲਾ ਸਿੰਘ ਨੇ ਭੱਟੀਆਂ ਦੇ ਦੂਰ ਦੂਰ ਦੇ ਇਲਾਕੇ ਜਾ ਉਗਰਾਹੇ। ਭੱਟੀ ਸਰਦਾਰ ਮੁਹੰਮਦ ਅਮੀਨ ਸ਼ਾਹੀ ਫ਼ੌਜ ਦੀ ਸਹਾਇਤਾ ਲੈ ਕੇ ਆਲਾ ਸਿੰਘ ਨਾਲ ਟੱਕਰ ਲੈਣ ਲਈ ਆਇਆ ਪਰ ਸ਼ਾਹੀ ਅਤੇ ਭੱਟੀਆਂ ਦੇ ਲਸ਼ਕਰ ਸਿੰਘਾਂ ਦੇ ਸਾਹਮਣੇ ਅੜ ਨਾ ਸਕੇ ਅਤੇ ਸੰਨ 1783 ਤੱਕ ਦਿੱਲੀ ਦੀ ਹਕੂਮਤ ਅਤੇ ਭੱਟੀਆਂ ਦੇ ਸਭ ਮਿਲਵੇਂ ਯਤਨ ਅਕਾਰਥ ਗਏ ਅਤੇ ਬਹੁਤ ਸਾਰੇ ਇਲਾਕੇ ਉੱਤੇ ਸਿੰਘਾਂ ਦਾ ਤਹਿਤ ਹੋ ਗਿਆ ਪਰ ਸੰਨ 1783 (ਚਾਲੀਏ 1840 ਬਿਕਰਮੀ) ਦੇ ਕਾਲ ਨੇ ਇਹ ਦੇਸ ਉਜਾੜ ਕੇ ਰੱਖ ਦਿੱਤਾ, ਜਿਸ ਕਰ ਕੇ ਸਿੰਘ ਕੁਝ ਕੁ ਆਪਣੇ ਇਲਾਕੇ ਵੱਲ ਨੂੰ ਪਿੱਛੇ ਹਟ ਗਏ।

ਅਠਾਰ੍ਹਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ ਜਹਾਜ਼ ਸਾਹਿਬ (ਜੌਰਜ ਟਾਮਸ) ਇਥੇ ਆ ਦੜਕਿਆ ਅਤੇ ਉਸ ਨੇ ਹਾਂਸੀ ਨੂੰ ਆਪਣਾ ਮੁੱਖ-ਅਸਥਾਨ ਬਣਾ ਕੇ ਆਪਣੀ ਇਕ ਰਿਆਸਤ ਖੜੀ ਕਰਨ ਦੇ ਯਤਨ ਆਰੰਭ ਦਿੱਤੇ ਪਰ ਮਰਾਠਿਆਂ ਦੇ ਫਰਾਂਸੀਸੀ ਅਫ਼ਸਰ ਲੂਈ ਬੁਰਕਾਂ ਦੇ ਸਾਹਮਣੇ ਜੌਰਜ ਟਾਮਸ ਟਿਕ ਨਾ ਸਕਿਆ ਅਤੇ ਅੰਗਰੇਜ਼ੀ ਇਲਾਕੇ ਨੂੰ ਭੱਜ ਗਿਆ। ਛੇਤੀ ਹੀ ਪਿੱਛੋਂ ਅੰਗਰੇਜ਼ਾਂ ਅਤੇ ਮਰਾਠਿਆਂ ਵਿਚ ਜੰਗ ਛਿੜ ਪਈ ਅਤੇ ਲਾਸਵਾਰੀ ਅਤੇ ਅਰਗਾਉਂ ਦੀਆਂ ਲੜਾਈਆਂ ਤੋਂ ਬਾਅਦ ਸੰਨ 1803 ਵਿਚ ਹਿਸਾਰ ਦਾ ਇਲਾਕਾ ਅੰਗਰੇਜ਼ਾਂ ਦੇ ਕਬਜ਼ੇ ‘ਚ ਆ ਗਿਆ ਜੋ ਸੰਨ 1947 ਤੱਕ ਟਿਕਿਆ ਰਿਹਾ।

ਕਾਂਗੜਾ

ਪੁਰਾਣਾ ਨਾਉਂ : ਨਗਰਕੋਟ, ਕੋਟ ਕਾਂਗੜਾ, ਸੁਸਰਾਮ ਪੁਰ, ਸੁਸਰਾਮ ਨਗਰ

ਕਾਂਗੜਾ

ਕਾਂਗੜਾ ਸ਼ਹਿਰ ਜ਼ਿਲ੍ਹਾ ਕਾਂਗੜਾ ਦਾ ਮੁੱਖ ਅਸਥਾਨ ਹੈ। ਇਕ ਪ੍ਰਾਚੀਨ ਸੰਮਤਾਵਲੀ ਅਨੁਸਾਰ ਕਾਂਗੜੇ ਦਾ ਪੁਰਾਣਾ ਕਟੌਰ ਘਰਾਣਾ ਈਸਾ ਤੋਂ ਡੇਢ ਹਜ਼ਾਰ ਸਾਲ ਪਹਿਲਾਂ ਤੋਂ ਚਲਿਆ ਆਉਂਦਾ ਹੈ। ਜਿਸ ਦਾ ਰਾਜ ਜਲੰਧਰ ਦੇ ਇਲਾਕੇ ਤੱਕ ਪਸਰਿਆ ਹੋਇਆ ਸੀ । ਇਸ ਦਾ ਪਤਾ ਚੀਨੀ ਯਾਤਰੀ ਹਿਊਨ ਸਾਂਗ ਦੀ ਲਿਖਤ ਤੋਂ ਵੀ ਲੱਗਦਾ ਹੈ ਜਦੋਂ ਜਲੰਧਰ ਅਤੇ ਕਾਂਗੜੇ ਦਾ ਰਾਜ ਸਾਂਝਾ ਸੀ । ਮੁਸਲਮਾਨਾਂ ਦੇ ਆਉਣ ਪਰ ਕਟੌਰ ਮੈਦਾਨਾਂ ਤੋਂ ਪਹਾੜਾਂ ਨੂੰ ਧੱਕ ਦਿੱਤੇ ਗਏ ਤਾਂ ਉਨ੍ਹਾਂ ਦਾ ਮੁੱਖ-ਅਸਥਾਨ ਕਾਂਗੜਾ ਰਹਿ ਗਿਆ। ਇਸ ਵੇਲੇ ਕਈ ਹੋਰ ਛੋਟੀਆਂ ਛੋਟੀਆਂ ਰਿਆਸਤਾਂ ਬਣ ਗਈਆਂ ।ਕਾਂਗੜੇ ਦੇ ਮੰਦਰ ਦੀ ਦੌਲਤ ਦੇ ਖਿੱਚੇ ਹੋਏ ਮਹਿਮੂਦ ਗਜ਼ਨਵੀ ਨੇ 1009 ਈ: ਵਿਚ ਇੱਥੇ ਹੱਲਾ ਕਰਕੇ ਇਸ ਨੂੰ ਲੁੱਟ ਲਿਆ । ਦੂਸਰੀ ਵਾਰੀ 1360 ਵਿਚ ਫੀਰੋਜ਼ ਤੁਗਲਕ ਨੇ ਇੱਥੇ ਆ ਲੁੱਟ ਮਚਾਈ ਅਤੇ ਇੱਥੇ ਦੀ ਮੂਰਤੀ ਮੋਮਨਾਂ ਦੇ ਪੈਰਾਂ ਹੇਠ ਲਤਾੜੇ ਜਾਣ ਲਈ ਸੜਕ ਉੱਤੇ ਸੁਟ ਦੇਣ ਵਾਸਤੇ ਮੱਕੇ ਭੇਜ ਦਿੱਤੀ ।

ਸੰਨ 1556 ਵਿਚ ਅਕਬਰ ਬਾਦਸ਼ਾਹ ਨੇ ਇੱਥੇ ਕਬਜ਼ਾ ਕਰ ਲਿਆ ਪਰ ਮੁਗ਼ਲਾਂ ਦੇ ਵੇਲੇ ਰਾਜਪੂਤਾਂ ਨਾਲ ਖੁਲ੍ਹ-ਦਿਲੀ ਦਾ ਵਰਤਾਉ ਹੁੰਦਾ ਰਿਹਾ ਜਿਸ ਕਰ ਕੇ ਇਹ ਉਨ੍ਹਾਂ ਦੇ ਰਾਜ-ਭਗਤ ਅਤੇ ਸਹਾਇਕ ਬਣ ਗਏ । 1646 ਈ. ਵਿਚ ਸ਼ਾਹ ਜਹਾਨ ਨੇ ਰਾਜਾ ਜਗਤ ਚੰਦ ਨੂਰਪੁਰੀਏ ਨੂੰ ਚੌਦਾਂ ਹਜ਼ਾਰ ਰਾਜਪੂਤਾਂ ਦੀ ਫ਼ੌਜ ਨਾਲ (ਅਫ਼ਗਾਨਿਸਤਾਨ ਵਿਚ) ਬਲਖ਼ ਅਤੇ ਬਦਖ਼ਸ਼ਾਂ ਦੇ ਉਜ਼ਬੇਕਾਂ ਦੇ ਵਿਰੁੱਧ ਮੁਹਿੰਮ ਉੱਤੇ ਭੇਜਿਆ ਅਤੇ 1661 ਵਿਚ ਜਗਤ ਚੰਦ ਦੇ ਪੋਤੇ ਮਾਨਧਾਤਾ ਨੂੰ ਔਰੰਗਜ਼ੇਬ ਨੇ ਬਾਮੀਆਂਨ ਅਤੇ ਘੋੜਬੰਦ (ਅਫ਼ਗਾਨਿਸਤਾਨ) ਭੇਜਿਆ। ਜਦ ਅਹਿਮਦਸ਼ਾਹ ਦੁੱਰਾਨੀ ਦਾ ਪੰਜਾਬ ਵਿਚ ਜ਼ੋਰ ਪੈ ਗਿਆ ਤਾਂ 1762 ਦੇ ਅੰਤ ਵਿਚ ਅਫ਼ਗਾਨਿਸਤਾਨ ਨੂੰ ਮੁੜਣ ਵੇਲੇ ਉਸ ਨੇ ਰਾਜਾ ਘੁਮੰਡ ਚੰਦ ਕਟੋਚ ਨੂੰ ਆਪਣੀ ਵਲੋਂ ਜਲੰਧਰ ਦੁਆਬ ਦਾ ਹਾਕਮ ਬਣਾ ਦਿੱਤਾ ।

ਸੰਨ 1774 ਵਿਚ ਕਨ੍ਹਈਆ ਮਿਸਲ ਦੇ ਆਗੂ ਸਰਦਾਰ ਜੈ ਸਿੰਘ ਨੇ ਕਾਂਗੜੇ ਉੱਤੇ ਕਬਜ਼ਾ ਕਰ ਲਿਆ ਪਰ 1785 ਵਿਚ ਸੰਸਾਰ ਚੰਦ ਦੇ ਹਵਾਲੇ ਕਰ ਦਿੱਤਾ । ਸੰਸਾਰ ਚੰਦ ਬੜਾ ਪ੍ਰਸਿੱਧ ਰਾਜਾ ਹੋਇਆ ਹੈ। ਆਪਣਾ ਰਾਜ ਵਧਾਉਣ ਲਈ ਸੰਨ 1805 ਵਿਚ ਜਦ ਉਸ ਨੇ ਕਹਿਲੂਰੀ ਰਿਆਸਤ ਬਿਲਾਸਪੁਰ ਉੱਤੋ ਧਾਵਾ ਕਰ ਦਿੱਤਾ ਤਾਂ ਬਿਲਾਸਪੁਰ ਦੇ ਰਾਜੇ ਨੇ ਗੋਰਖਿਆਂ ਨੂੰ ਸੱਦ ਲਿਆ। ਗੋਰਖਿਆਂ ਨੇ ਇਸ ਇਲਾਕੇ ਵਿਚ ਉਹ ਊਧਮ ਮਚਾਇਆ ਕਿ ਸਾਰਾ ਪਹਾੜੀ ਇਲਾਕਾ ਕੰਬ ਉਠਿਆ। ਅੰਤ ਸੰਸਾਰ ਚੰਦ ਦੀ ਬੇਨਤੀ ਨੂੰ ਪਰਵਾਨ ਕਰ ਕੇ ਮਹਾਰਾਜਾ ਰਣਜੀਤ ਸਿੰਘ ਉਸ ਦੀ ਸਹਾਇਤਾ ਲਈ ਪੁੱਜਾ ਅਤੇ 1809 ਵਿਚ ਗੋਰਖਿਆਂ ਤੋਂ ਕਾਂਗੜੇ ਦੀ ਖਲਾਸੀ ਕਰਾਈ । ਸੰਨ 1828 ਵਿਚ ਜਦ ਸੰਸਾਰ ਚੰਦ ਦਾ ਪੁੱਤਰ ਅਨੁਰੋਧ ਚੰਦ ਤਖ਼ਤ ਛੱਡ ਕੇ ਹਰਿਦੁਆਰ ਨੂੰ ਚਲਾ ਗਿਆ ਤਾਂ ਕਾਂਗੜਾ ਮਹਾਰਾਜਾ ਰਣਜੀਤ ਸਿੰਘ ਦੇ ਤਹਿਤ ਵਿਚ ਆ ਗਿਆ ਅਤੇ ਅੰਗਰੇਜ਼ਾਂ ਨਾਲ ਸੰਨ 1845-46 ਦੀ ਪਹਿਲੀ ਲੜਾਈ ਤੋਂ ਬਾਅਦ ਅੰਗਰੇਜ਼ੀ ਰਾਜ ਵਿਚ ਰਲਾ ਲਿਆ ਗਿਆ

ਕਾਂਗੜਾ ਪ੍ਰਾਚੀਨ ਸਮੇਂ ਵਿਚ ਜੈਨੀਆਂ ਦਾ ਕੇਂਦਰ ਸੀ ਜਿਸ ਦਾ ਜ਼ਿਕਰ ਸੰਮਤ 1484 ਬਿਕਰਮੀ ਮਾਘ ਸੁਦੀ 10 (27 ਜਨਵਰੀ, ਸੰਨ 1428) ਦੀ ਇਕ ਜੈਨ ਉਪਾਧਿਆਇ ਸ੍ਰੀ ਜੈ ਸਾਗਰ ਦੀ ਲਿਖੀ ਹੋਈ ਚਿੱਠੀ ਵਿਚ ਆਉਂਦਾ ਹੈ (ਵਿਗਿਅਪਤੀ ਤ੍ਰਿਵੇਣੀ, 34-46: 85-95) । ਪੁਰਾਣੇ ਜੈਨ ਮੰਦਰ ਮੁਸਲਮਾਨਾਂ ਹੱਥੋਂ ਨਸ਼ਟ ਹੋ ਚੁੱਕੇ ਹਨ। ਇੰਦਰੇਸ਼ਵਰ ਦਾ ਛੋਟਾ ਜਿਹਾ ਮੰਦਰ ਨੌਵੀਂ ਸਦੀ ਦਾ ਹੈ। ਭੋਨ ਵਿਚ ਬਰਜੇਸਵਰੀ ਦੇਵੀ ਦਾ ਮੰਦਰ ਆਪ ਬਹੁਤਾ ਪੁਰਾਣਾ ਨਹੀਂ ਪਰ ਇਸ ਦੇ ਹੇਠਾਂ ਪੰਦਰਵੀਂ ਸਦੀ ਦਾ ਮੰਦਰ ਲੁਕਿਆ ਹੋਇਆ ਦੱਸੀਦਾ ਹੈ । ਸਰਦਾਰ ਦੇਸਾ ਸਿੰਘ ਮਜੀਠੀਏ ਨੇ ਸਿੱਖ ਰਾਜ ਸਮੇਂ ਇਸ ਦੀ ਪੂਰੀ ਤਰ੍ਹਾਂ ਮੁਰਮਤ ਕਰਵਾਈ ਸੀ । ਪਹਿਲਾ ਮੰਦਰ ਸੱਯਦ ਮੁਹੰਮਦ ਦੇ ਸਮੇਂ (1435- 1445 ਈ.) ਬਣਿਆ ਸੀ । ਉਦੋਂ ਸੰਸਾਰ ਚੰਦ ਪ੍ਰਥਮ ਕਾਂਗੜੇ ਦਾ ਰਾਜਾ ਸੀ । 1905 ਈ. ਦੇ ਭੁਚਾਲ ਨੇ ਕਾਂਗੜੇ ਦੇ ਕਿਲ੍ਹੇ (ਨਗਰ ਕੋਟ) ਅਤੇ ਮੰਦਰਾਂ ਨੂੰ ਢਹਿ ਢੇਰੀ ਕਰ ਦਿੱਤਾ ਸੀ।

ਕੀਰਤਪੁਰ

ਕੀਰਤਪੁਰ

ਤਹਿਸੀਲ ਊਨਾ, ਜ਼ਿਲ੍ਹਾ ਹੁਸ਼ਿਆਰਪੁਰ ਰੋਪੜ ਤੋਂ 14 ਮੀਲ (ਰੇਲ ਰਾਹੀਂ 17 ਮੀਲ) ਅਤੇ ਨੰਗਲ ਡੈਮ ਤੋਂ 13 ਮੀਲ। ਕੀਰਤਪੁਰ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਕਹਿਲੂਰ ਦੇ ਰਾਜਾ ਤਾਰਾ ਚੰਦ ਪਾਸੋਂ ਜ਼ਮੀਨ ਖ਼ਰੀਦ ਕੇ ਸੰਮਤ 1683 (ਸੰਨ 1626 ਈ.) ਵਿਚ ਸਤਲੁਜ ਦਰਿਆ ਦੇ ਕੰਢੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਦੀ ਮਾਰਫ਼ਤ ਵਸਾਇਆ। ਇਥੇ ਹੇਠ ਲਿਖੇ ਪ੍ਰਸਿੱਧ ਧਾਰਮਕ ਅਤੇ ਇਤਿਹਾਸਕ ਅਸਥਾਨ ਹਨ :-

(1) ਸ਼ੀਸ਼ ਮਹਿਲ, ਸ਼ਹਿਰ ਦੇ ਵਿਚਕਾਰ ਗੁਰੂ ਹਰਿਗੋਬਿੰਦ ਸੰਨ 1634 ਈ. (ਸੰਮਤ 1691 ਸਾਹਿਬਾਨ ਦਾ ਨਿਵਾਸ ਅਸਥਾਨ, ਜਿਥੇ ਗੁਰੂ ਬਿਕਰਮੀ) ਵਿਚ ਆਏ ਸਨ । ਇੱਥੇ ਹੀ ਸ੍ਰੀ ਗੁਰੂ ਹਰਿਰਾਇ ਅਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ।

(2) ਹਰਿਮੰਦਰ ਸਾਹਿਬ, ਸ਼ਹਿਰ ਦੇ ਵਿਚਕਾਰ, ਗੁਰੂ ਹਰਿਗੋਬਿੰਦ ਦਾ ਨਿਵਾਸ ਅਸਥਾਨ ।

(3) ਗੁਰੂ ਕਾ ਖੂਹ, ਗੁਰੂ ਹਰਿਗੋਬਿੰਦ ਦਾ ਲਗਵਾਇਆ ਹੋਇਆ।

(4) ਚਰਨ ਕਮਲ, ਕੀਰਤਪੁਰ ਪਾਸ, ਗੁਰੂ ਨਾਨਕ ਦਾ ਗੁਰਦੁਆਰਾ, ਜਿੱਥੇ ਸਾਈਂ ਬੁੱਢਣ ਸ਼ਾਹ ਨੂੰ ਦਰਸ਼ਨ ਤੇ ਉਪਦੇਸ਼ ਦਿੱਤਾ ਸੀ।

(5) ਚੁਬੱਚਾ ਸਾਹਿਬ, ਸ਼ਹਿਰ ਦੇ ਵਿਚਕਾਰ, ਗੁਰੂ ਹਰਿਰਾਇ ਦੇ ਘੋੜਿਆਂ ਨੂੰ ਦਾਣਾ ਦੇਣ ਦਾ ਅਸਥਾਨ ।

(6) ਤਖ਼ਤ ਸਾਹਿਬ, ਸ਼ਹਿਰ ਵਿਚ, ਗੁਰੂ ਹਰਿਰਾਇ ਅਤੇ ਗੁਰੂ ਹਰਿਕ੍ਰਿਸ਼ਨ ਦਾ ਤਿਲਕ ਅਸਥਾਨ ।

(7) ਤੀਰ ਮੰਜੀ ਸਾਹਿਬ, ਕੀਰਤਪੁਰ ਤੋਂ ਅੱਧ ਕੁ ਮੀਲ ਦੱਖਣ ਵੱਲ, ਜਿਥੋਂ ਗੁਰੂ ਹਰਿਗੋਬਿੰਦ ਤੀਰ ਚਲਾਇਆ ਕਰਦੇ ਸਨ । ਇਹ ਬਾਬਾ ਗੁਰਦਿੱਤਾ ਦੇ ਦੇਹਰੇ ਪਾਸ ਹੈ।

(8) ਆਬਾਦੀ ਦੇ ਵਿਚਕਾਰ ਹਰਿਮੰਦਰ ਦੇ ਪਾਸ ਗੁਰੂ ਹਰਿਰਾਇ ਸਾਹਿਬ ਦਾ ਦੀਵਾਨ ਅਸਥਾਨ ।

(9) ਦੇਹਰਾ ਬਾਬਾ ਗੁਰਦਿੱਤਾ, ਕੀਰਤਪੁਰ ਤੋਂ ਅੱਧ ਕੁ ਮੀਲ ਪਰ ਗੁਰੂ ਹਰਿਗੋਬਿੰਦ ਦੇ ਪੁੱਤਰ ਬਾਬਾ ਗੁਰਦਿੱਤਾ ਦਾ ਅੰਤਮ ਸਸਕਾਰ ਅਸਥਾਨ।

(10) ਪਾਤਾਲ ਪੁਰੀ, ਕੀਰਤਪੁਰ ਤੋਂ ਦੋ ਕੁ ਫਰਲਾਂਗ ਦੱਖਣ-ਪੱਛਮ ਨੂੰ ਗੁਰੂ ਹਰਿਗੋਬਿੰਦ ਅਤੇ ਗੁਰੂ ਹਰਿਰਾਇ ਸਾਹਿਬ ਦੇ ਸਸਕਾਰ ਅਸਥਾਨ। ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਮੰਜੀ ਸਾਹਿਬ ਬਣਿਆ ਹੋਇਆ ਹੈ ਅਤੇ ਗੁਰੂ ਹਰਿਰਾਇ ਦਾ ਦੇਹਰਾ ਵੱਡਾ ਉੱਚਾ ਸੁਨਹਿਰੀ ਕਲਸ ਵਾਲਾ ਹੈ। ਗੁਰੂ ਹਰਿਕ੍ਰਿਸ਼ਨ ਦੀ ਬਿਭੂਤੀ ਵੀ ਦਿੱਲੀ ਤੋਂ ਲਿਆ ਕੇ ਇੱਥੇ ਰੱਖੀ ਗਈ ਸੀ, ਮੰਜੀ ਸਾਹਿਬ ਬਣਿਆ ਹੋਇਆ ਹੈ।

(11) ਬੁੱਢਣ ਸ਼ਾਹ ਦਾ ਤਕੀਆ, ਕੀਰਤਪੁਰ ਤੋਂ ਦੱਖਣ ਵੱਲ ਅੱਧ ਕੁ ਮੀਲ ਤੇ ਬਾਬਾ ਗੁਰਦਿੱਤਾ ਜੀ ਦੇ ਦਰਬਾਰ ਪਾਸ, ਜਿੱਥੇ ਗੁਰੂ ਨਾਨਕ ਅਤੇ ਬਾਬਾ ਗੁਰਦਿੱਤਾ ਜੀ ਨੇ ਚਰਨ ਪਾਏ ਸਨ।

(12) ਵਿਮਾਨਗੜ੍ਹ, ਕੀਰਤਪੁਰ ਵਿਚ ਉਹ ਅਸਥਾਨ ਜਿਥੇ ਦਿੱਲੀ ਤੋਂ ਆਇਆ ਗੁਰੂ ਤੇਗ਼ ਬਹਾਦਰ ਦਾ ਸੀਸ ਟਿਕਾਇਆ ਗਿਆ ਸੀ । ਇਥੋਂ ਸੀਸ ਵਿਮਾਨ ਵਿਚ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਲੈ ਗਏ ਸਨ।

ਕੁਰਖੇਤਰ | Karushetra

 

ਕੁਰਖੇਤਰ | Karushetra

ਦਿੱਲੀ ਤੋਂ 123 ਮੀਲ ਉੱਤਰ ਨੂੰ ਅਤੇ ਅੰਬਾਲੇ ਤੋਂ 26 ਮੀਲ ਦੱਖਣ ਨੂੰ ਕੁਰਖੇਤਰ ਦੇ ਇਲਾਕੇ ਦਾ ਜ਼ਿਕਰ ਪਹਿਲੇ ਅਧਿਆਇ ਵਿਚ ਕੀਤਾ ਜਾ ਚੁੱਕਾ ਹੈ। ਇਹ ਉਹ ‘ ਅਸਥਾਨ ਹੈ ਜਿਥੇ ਕੋਰਵਾਂ ਅਤੇ ਪਾਂਡਵਾਂ ਦੇ ਵਿਚਕਾਰ ਮਹਾਂਭਾਰਤ ਯੁੱਧ ਹੋਇਆ ਸੀ ਪਰ ਇਹ ਮਹਾਨ ਯੁੱਧ ਇਕੱਲੇ ਕੁਰਖੇਤਰ ਜਾਂ ਥਾਨੇਸਰ ਦੇ ਅਸਥਾਨ ਤੇ ਹੀ ਨਹੀਂ ਸੀ ਹੋਇਆ ਬਲਕਿ ਇਸ ਦੇ ਆਲੇ -ਦੁਆਲੇ ਦੇ ਇਲਾਕੇ ਵਿਚ ਵੀ । ਦੈਪਾਣ-ਹਦਾ ਥਾਨੇਸਰ ਵਿਚ ਹੈ। ਵਿਆਸਸਥਲੀ (ਬਸਥਲੀ) ਥਾਨੇ ਸਗੋਂ ਦੱਖਣ-ਲਹਿੰਦੇ ਨੂੰ 17 ਮੀਲ ਹੈ । ਅਮੀਨ (ਜੋ ਅਭਿਮੰਨੂ ਕਸ਼ੇਤਰ ਦਾ ਛੋਟਾ ਹੋ ਗਿਆ ਰੂਪ ਮੰਨਿਆ ਜਾਂਦਾ ਹੈ), ਇਥੇ ਅਰਜਨ ਦਾ ਪੁੱਤਰ ਅਭਿਮੰਨੂੰ ਮਾਰਿਆ ਗਿਆ ਸੀ ਅਤੇ ਅਸ਼ਥਾਮਾ ਨੂੰ ਅਰਜਨ ਨੇ ਹਾਰ ਦੇ ਕੇ ਉਸ ਦੀ ਖੋਪਰੀ ਲਾਹ ਦਿੱਤੀ ਸੀ, ਇਹ ਥਾਨੇਸਰੋਂ ਪੰਜ ਮੀਲ ਹੈ। ਇਥੇ ਹੀ ਅਦਿੱਤੀ ਦੀ ਕੁਖੋਂ ਸੂਰਜ ਨੇ ਜਨਮ ਲਿਆ ਸੀ । ਥਾਨੇਸਰੋਂ ਅੱਠ ਮੀਲ ਲਹਿੰਦੇ ਨੂੰ ਭੋਰਿ ਵਿਚ ਭੂਰੀਵ ਮਾਰਿਆ ਗਿਆ ਸੀ । ਚੱਕਰ ਤੀਰਥ ਦੇ ਅਸਥਾਨ ਤੇ ਸ੍ਰੀ ਕ੍ਰਿਸ਼ਨ ਨੇ ਭੀਸ਼ਮ ਪਿਤਾਮਾ ਨੂੰ ਮਾਰਨ ਲਈ ਆਪਣਾ ਚੱਕਰ ਚੁੱਕਿਆ ਸੀ । ਥਾਨੇਸਰੋਂ ਦੱਖਣ ਲਹਿੰਦੇ ਨੂੰ 11 ਮੀਲ ਤੇ ਨਗਦੁ ਅਸਥਾਨ ਉਤੇ ਭੀਸ਼ਮ ਨੇ ਪ੍ਰਾਣ ਤਿਆਗੇ ਸਨ । ਥਾਨੇਸਰੋਂ ਲਹਿੰਦੇ ਔਜਸ ਘਾਟ ਦੇ ਦੱਖਣ ਨੂੰ ਅਸਥੀਪੁਰ ਵਿਚ ਯੁੱਧ ਵਿਚ ਮਾਰ ਗਏ ਸੂਰਮਿਆਂ ਦੇ ਸਰੀਰ ਇਕੱਠੇ ਕਰ ਕੇ ਅਗਨ-ਭੇਟ ਕੀਤੇ ਗਏ ਸਨ।

ਕੁਰਖੇਤਰ ਇਕ ਪ੍ਰਸਿੱਧ ਹਿੰਦੂ ਤੀਰਥ ਹੈ ਜਿਥੇ ਦੇਸ ਭਰ ਤੋਂ ਲੋਕ ਦਰਸ਼ਨ ਯਾਤਰਾ ਅਤੇ ਇਸ਼ਨਾਨ ਲਈ ਆਉਂਦੇ ਹਨ। ਇਸ ਦੀ ਮਹਾਨਤਾ ਨੂੰ ਹੋਰ ਉਚਿਆਂ ਕਰਨ ਅਤੇ ਰੌਣਕ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਇਥੇ ਇਕ ਸੰਸਕ੍ਰਿਤ ਮਹਾਂ ਵਿਦਿਆਲਾ ਕਾਇਮ ਕੀਤਾ ਹੈ ਅਤੇ ਹੋਰ ਕਈ ਯੋਜਨਾ ਬਣਾਈਆਂ ਹਨ।

ਕੁੱਲੂ

(ਪੁਰਾਣਾ ਨਾਉਂ : ਕੁਲੁਤ, ਕੌਲੂਤ)

ਕੁੱਲੂ

ਕਾਂਗੜੇ ਤੋਂ ਸਿੱਧਾ ਚੜ੍ਹਦੇ ਦੱਖਣ ਨੂੰ 53 ਮੀਲ, ਜੋਗਿੰਦਰ ਨਗਰ ਤੋਂ ਚੜ੍ਹਦੇ ਨੂੰ 20-22 ਮੀਲ ਅਤੇ ਮੰਡੀ ਤੋਂ ਉੱਤਰ ਚੜ੍ਹਦੇ ਨੂੰ 24 ਮੀਲ।

ਪ੍ਰਾਚੀਨ ਸਮੇਂ ਵਿਚ ਕੁਲ ਕੁਲਿੰਦ ਦੇਸ ਦਾ ਹਿੱਸਾ ਸੀ। ਕੁੱਲੂ ਛੋਟੇ ਕਟੌਰ ਘਰਾਣਿਆਂ ਦੀਆਂ ਗਿਆਰਾਂ ਪਹਿਲੀਆਂ ਰਿਆਸਤਾਂ ਵਿਚੋਂ ਇਕ ਸੀ ਜੋ ਜਲੰਧਰ ਦੇ ਪੁਰਾਣੇ ਰਾਜ ਦਾ ਹਿੱਸਾ ਸਨ । ਅਸ਼ੋਕ ਨੇ ਇਥੇ ਇਕ ਸਤੂਪ ਬਣਵਾਇਆ ਸੀ ਅਤੇ ਸੱਤਵੀਂ ਸਦੀ ਈਸਵੀ ਵਿਚ ਇਥੇ ਆਏ ਚੀਨੀ ਯਾਤਰੀ ਹਿਊਨ ਸਾਂਗ ਅਨੁਸਾਰ ਇਥੇ ਵੀਹ ਬੁੱਧ ਮੰਦਰ ਸਨ । ਹਾਲ ਤੱਕ ਵੀ ਬੁੱਧ ਸਭਿਅਤਾ ਦੇ ਚਿੰਨ੍ਹ ਇਥੇ ਮਿਲਦੇ ਹਨ ਜਿਨ੍ਹਾਂ ਦਾ ਜ਼ਿਕਰ 1907-08 ਦੀ ਆਰਕਿਆਲੋਜੀਕਲ ਸਰਵੇ ਦੀ ਰਿਪੋਰਟ ਵਿਚ ਵੀ ਦਿੱਤਾ ਹੋਇਆ ਹੈ।

ਕੁੱਲੂ ਦਾ ਸਪਸ਼ਟ ਇਤਿਹਾਸ ਪੰਦਰਵੀਂ ਸਦੀ ਤੋਂ ਆਰੰਭ ਹੁੰਦਾ ਹੈ ਜਦ ਕਿ ਇਸ ਘਰਾਣੇ ਦਾ ਚੁਹੱਤਰਵਾਂ ਰਾਜਾ ਸੁਧ ਸਿੰਘ ਗੱਦੀ ਤੇ ਬੈਠਾ ਅਤੇ ਇਹ ਲੜੀ ਉੱਨੀਵੀਂ ਸਦੀ ਤੱਕ ਚਲਦੀ ਰਹੀ ਜਦ ਕਿ ਰਾਜਾ ਬਿਕਰਮਾ ਸਿੰਘ ਵੇਲੇ ਗੋਰਖਿਆਂ ਨੇ ਇਸ ਪਹਾੜੀ ਇਲਾਕੇ ਉਤੇ ਕਬਜ਼ਾ ਕਰ ਲਿਆ। ਉਸ ਵੇਲੇ ਤੱਕ ਬਿਕਰਮਾ ਸਿੰਘ ਕਾਂਗੜੇ ਦੇ ਰਾਜਾ ਸੰਸਾਰ ਚੰਦ ਕਟੋਚ ਨੂੰ ਅਤੇ ਗੋਰਖਿਆਂ ਨੂੰ ਕਰ ਭਰਦਾ ਰਿਹਾ। ਜਦ ਗੋਰਖਿਆਂ ਪਾਸੋਂ ਇਹ ਇਲਾਕਾ ਛੁਡਾ ਲਿਆ ਗਿਆ ਤਾਂ ਰਾਜਾ ਅਜੀਤ ਸਿੰਘ ਅੰਗਰੇਜ਼ਾਂ ਦਾ ਤਾਬੇਦਾਰ ਬਣ ਗਿਆ। ਕੁਝ ਚਿਰ ਕੁੱਲੂ ਦਾ ਇਲਾਕਾ ਸਿੰਘਾਂ ਦੇ ਤਹਿਤ ਹੇਠ ਰਿਹਾ ਪਰ 1845- 46 ਦੀ ਲੜਾਈ ਤੋਂ ਬਾਅਦ ਜਲੰਧਰ ਦੁਆਬ ਦੇ ਨਾਲ ਹੀ ਅੰਗਰੇਜ਼ਾਂ ਨੇ ਇਥੇ ਵੀ ਕਬਜ਼ਾ ਕਰ ਲਿਆ ਅਤੇ ਕੁੱਲੂ ਨੂੰ ਕਾਂਗੜੇ ਦੇ ਜ਼ਿਲ੍ਹੇ ਦਾ ਸਬ-ਡਿਵੀਜ਼ਨ ਬਣਾ ਦਿੱਤਾ ।

ਕੁੱਲੂ ਦੇ ਇਲਾਕੇ ਦੇ ਬਹੁਤ ਸਾਰੇ ਪੱਥਰ ਦੇ ਮੰਦਰ ਰਾਜਾ ਜਗਤ ਸਿੰਘ ਦੇ ਸਮੇਂ (ਸੰਨ 1640- 1670 ਈ ) ਦੇ ਬਣੇ ਹੋਏ ਹਨ ਅਤੇ ਇਹੋ ਹੀ ਰਘੂਨਾਥ ਦੀ ਮੂਰਤੀ ਅਵਧ ਤੋਂ ਕੁੱਲੂ ਲਿਆਇਆ ਸੀ।

ਕੈਥਲ

(ਪੁਰਾਣਾ ਨਾਉਂ : ਕਪਿਸਥਲ, ਕਵਿਤਲ (ਅਲ-ਬਿਰੂਨੀ), ਕੰਬਿਸਥੋਲੋਇ (ਏਰੀਅਨ)

ਕਰਨਾਲ ਤੋਂ 38 ਮੀਲ ਲਹਿੰਦੇ ਉੱਤਰ ਨੂੰ, ਕੁਰਖੇਤਰ ਤੋਂ 30 ਮੀਲ ਦੱਖਣ ਲਹਿੰਦੇ ਨੂੰ । ਕਹਿੰਦੇ ਹਨ ਇਸ ਸ਼ਹਿਰ ਨੂੰ ਪਾਂਡਵਾਂ ਦੇ ਵੱਡੇ ਭਰਾ ਯੁਧਿਸ਼ਟਰ ਨੇ ਵਸਾਇਆ ਸੀ ਅਤੇ ਇਸ ਦਾ ਪੁਰਾਣਾ ਨਾਉਂ ਕਪਿਸਥਲ ਸੀ। ਇਥੇ ਇਕ ਅਸਥਾਨ ਰਾਮਾਇਣ ਦੇ ਪ੍ਰਸਿੱਧ ਰਾਮ-ਭਗਤ ਸੂਰਬੀਰ ਹਨੂਮਾਨ ਦੀ ਮਾਂ ਅੰਜਨੀ ਦਾ ਮੰਦਰ ਹੈ।

ਦਿੱਲੀ ਦੇ ਮੁਸਲਮਾਨ ਸੁਲਤਾਨਾਂ ਦੇ ਵੇਲੇ ਕੈਥਲ ਕਾਫ਼ੀ ਪ੍ਰਸਿੱਧ ਅਸਥਾਨ ਸੀ ਅਤੇ ਸੰਨ 1398 ਵਿਚ ਦਿੱਲੀ ਉਤੇ ਹੱਲਾ ਕਰਨ ਤੋਂ ਪਹਿਲਾ ਤੈਮੂਰ ਨੇ ਇਥੇ ਪੜਾਉ ਕੀਤਾ ਸੀ । ਉਹ ਲਿਖਦਾ ਹੈ ਕਿ ਇੱਥੇ ਦੇ ਲੋਕ ਅੱਗ-ਪੂਜ ਹਨ (ਉਸ ਨੇ ਬ੍ਰਾਹਮਣਾਂ ਨੂੰ ਹਵਨ ਕਰਦੇ ਦੇਖਿਆ ਹੋਣਾ ਹੈ) । ਅਕਬਰ ਬਾਦਸ਼ਾਹ ਦੇ ਵੇਲੇ ਇਸ ਸ਼ਹਿਰ ਦੀ ਮੁੜ ਨਵੇਂ ਸਿਰਿਉਂ ਰੌਣਕ ਵਧੀ ਅਤੇ ਇਥੇ ਇਕ ਕਿਲ੍ਹਾ ਬਣਾਇਆ ਗਿਆ । ਸਰਹੰਦ ਦੇ ਇਲਾਕੇ ਉਤੇ ਸੰਨ 1764 ਵਿਚ ਜਦ ਸਿੰਘਾਂ ਦਾ ਕਬਜ਼ਾ ਅਤੇ ਹਰ ਪਾਸੇ ਉਨ੍ਹਾਂ ਦਾ ਬੋਲ ਬਾਲਾ ਹੋ ਗਿਆ ਤਾਂ ਸੰਨ 1767 ਵਿਚ ਕੈਂਥਲ ਭਾਈ ਗੁਰਬਖ਼ਸ਼ ਸਿੰਘ ਦੇ ਪੁੱਤਰ ਭਾਈ ਦੇਸੂ ਸਿੰਘ ਦੇ ਕਬਜ਼ੇ ਵਿਚ ਆ ਗਿਆ। ਭਾਈ ਦੇਸੂ ਸਿੰਘ ਦਾ ਪੁੱਤਰ ਭਾਈ ਲਾਲ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਭਾਈ ਉਦੈ ਸਿੰਘ ਹੋਇਆ। ਇਹ ਦੋਨੋਂ ਵਿਦਵਾਨ ਅਤੇ ਵਿਦਿਆ-ਪ੍ਰੇਮੀ ਹੋਏ ਹਨ। ਇਨ੍ਹਾਂ ਦੇ ਰਾਜ ਦੀ ਸੋਭਾ ਹਾਲ ਤਕ ਲੋਕਾਂ ਵਿਚ ਪ੍ਰਸਿੱਧ ਹੈ । ਭਾਈ ਉਦੈ ਸਿੰਘ ਦੇ ਦਰਬਾਰ ਵਿਚ ਕੈਂਥਲ ਰਹਿ ਕੇ ਪੰਜਾਬ ਦੇ ਪ੍ਰਸਿੱਧ ਕਵੀ ਭਾਈ ਸੰਤੋਖ ਸਿੰਘ ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼)’, ਰਾਮਾਇਣ ਆਦਿ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਸੀ। ਭਾਈ ਉਦੈ ਸਿੰਘ ਦੀ ਕੋਈ ਸੰਤਾਨ ਨਹੀਂ ਸੀ । ਇਸ ਲਈ 15 ਮਾਰਚ, ਸੰਨ 1843 ਨੂੰ ਉਨ੍ਹਾਂ ਦਾ ਦੇਹਾਂਤ ਹੋ ਜਾਣ ਪਿੱਛੋਂ ਅੰਗਰੇਜ਼ਾਂ ਨੇ ਇਥੇ ਕਬਜ਼ਾ ਕਰ ਲਿਆ ਅਤੇ ਜ਼ਿਲ੍ਹਾ ਬਣਾ ਦਿੱਤਾ । ਸੰਨ 1849 ਵਿਚ ਇਥੇ ਦਾ ਜ਼ਿਲ੍ਹਾ ਤੋੜ ਦਿੱਤਾ ਗਿਆ. ਅਤੇ ਇਸ ਨੂੰ ਥਾਨੇਸਰ ਦੇ ਜ਼ਿਲ੍ਹੇ ਵਿਚ ਰਲਾ ਦਿੱਤਾ । 1862 ਵਿਚ ਥਾਨੇਸਰ ਨੂੰ ਤੋੜ ਕੇ ਜ਼ਿਲ੍ਹਾ ਕਰਨਾਲ ਨਾਲ ਮਿਲਾ ਦਿੱਤਾ ਗਿਆ।

ਕੈਥਲ ਵਿਚ ਕਈ ਮੁਸਲਮਾਨ ਫ਼ਕੀਰਾਂ ਦੇ ਮਕਬਰੇ ਹਨ ਜਿਨ੍ਹਾਂ ਵਿਚੋਂ ਸ਼ੇਖ਼ ਸਲਾਹ-ਉ-ਦੀਨ ਬਲਖ਼ੀ (ਸੰਨ 1246) ਦਾ ਮਜ਼ਾਰ ਸਭ ਤੋਂ ਪੁਰਾਣਾ ਹੈ। ਇਥੇ ਨੌਵੇਂ ਸਿੱਖ ਗੁਰੂ ਤੇਗ ਬਹਾਦਰ ਦੀ ਯਾਦ ਵਿਚ ਦੋ ਗੁਰਦੁਆਰੇ ਹਨ : ਇਕ ਠੰਢਾਰ ਤੀਰਥ ਪਰ ਅਤੇ ਦੂਸਰਾ ਸ਼ਹਿਰ ਵਿਚ । ਬਾਹਰ ਦੇ ਗੁਰਦੁਆਰੇ ਵਿਚ ਗੁਰੂ ਸਾਹਿਬ ਦੇ ਵੇਲੇ ਦਾ ਇਕ ਨਿੰਮ ਦਾ ਬਿਰਛ ਹੈ।

ਖਡੂਰ ਸਾਹਿਬ

ਖਡੂਰ ਸਾਹਿਬ

ਅੰਮ੍ਰਿਤਸਰ ਦੇ ਜ਼ਿਲ੍ਹੇ ਦੀ ਤਹਿਸੀਲ ਤਰਨ-ਤਾਰਨ ਵਿਚ (ਤਰਨ-ਤਾਰਨ ਤੋਂ 10 ਮੀਲ ਦੱਖਣ ਚੜ੍ਹਦੇ ਨੂੰ) ਖਡੂਰ ਸਾਹਿਬ ਨਗਰ ਹੈ ਜਿਥੇ ਦੂਸਰੇ ਗੁਰੂ ਅੰਗਦ ਸਾਹਿਬ ਦੀ ਯਾਦ ਵਿਚ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਵੀ ਇਥੇ ਚਰਨ ਪਾਏ ਸਨ ਅਤੇ ਤੀਸਰੇ ਗੁਰੂ ਅਮਰਦਾਸ ਇਥੇ ਹੀ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ ਹਨ। ਵੱਡੇ ਗੁਰਦੁਆਰੇ ਤੋਂ ਇਲਾਵਾ ਇਥੇ ਹੋਰ ਗੁਰਦੁਆਰੇ ਇਹ ਹਨ :

(1) ਤਪਿਆਣਾ ਸਾਹਿਬ – ਪਿੰਡ ਤੋਂ ਉਤਰ-ਚੜ੍ਹਦੇ ਵੱਲ ਗੁਰੂ ਅੰਗਦ ਸਾਹਿਬ ਦਾ ਤਪ-ਅਸਥਾਨ ਜਿਸ ਦੇ ਪਾਸ ਤਾਲ ਦੇ ਕੰਢੇ ਉਤੇ ਭਾਈ ਬਾਲੇ ਦੀ ਸਮਾਧ ਹੈ।

(2) ਥੜ੍ਹਾ ਸਾਹਿਬ – ਉਹ ਚਬੂਤਰਾ ਜਿਥੇ ਸੇਵਾ ਤੋਂ ਵਿਹਲੇ ਹੋ ਕੇ ਗੁਰੂ ਅਮਰਦਾਸ ਭਜਨ ਕਰਿਆ ਕਰਦੇ ਸਨ ।

(3) ਦੇਹੁਰਾ ਗੁਰੂ ਅੰਗਦ ਸਾਹਿਬ (ਜੋਤੀ ਜੋਤ ਸਾਹਿਬ)।

(4) ਮੱਲ ਅਖਾੜਾ – ਇਥੇ ਗੁਰੂ ਅੰਗਦ ਸਾਹਿਬ ਮੱਲਾਂ ਦੇ ਘੋਲ ਵੇਖਿਆ ਕਰਦੇ ਸਨ।

ਗੋਇੰਦਵਾਲ

ਗੋਇੰਦਵਾਲ

ਤਹਿਸੀਲ ਤਰਨ-ਤਾਰਨ, ਜ਼ਿਲ੍ਹਾ ਅੰਮ੍ਰਿਤਸਰ, ਤਰਨ-ਤਾਰਨ ਤੋਂ ਦੱਖਣ ਚੜ੍ਹਦੇ ਨੂੰ 15 ਮੀਲ । ਇਹ ਨਗਰ ਅਕਬਰ ਬਾਦਸ਼ਾਹ ਦੇ ਵੇਲੇ ਗੁਰੂ ਅਮਰਦਾਸ ਦੀ ਸਹਾਇਤਾ ਨਾਲ ਗੋਇੰਦਾ ਨਾਮੀ ਇਕ ਸਿੱਖ ਨੇ ਬਿਆਸਾ ਨਦੀ ਦੇ ਕੰਢੇ ਤੇ ਵਸਾਇਆ ਸੀ। ਇਹ ਅਸਥਾਨ ਚੂੰਕਿ ਉਸ ਵੇਲੇ ਦਿੱਲੀਓਂ ਲਾਹੌਰ ਨੂੰ ਜਾ ਰਹੀ ਸ਼ਾਹੀ ਸੜਕ ਉਤੇ ਇਕ ਪੱਤਣ ਸੀ ਇਸ ਲਈ ਛੇਤੀ ਹੀ ਇਥੇ ਰੌਣਕ ਹੋ ਗਈ ਅਤੇ ਇਹ ਇਕ ਪ੍ਰਸਿੱਧ ਸ਼ਾਹੀ ਪੜਾਉ ਬਣ ਗਿਆ।

ਗੁਰੂ ਅੰਗਦ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਰਚ ਸੰਨ 1552 ਵਿਚ ਜਦ ਗੁਰੂ ਅਮਰਦਾਸ ਗੁਰੂ-ਗੱਦੀ ਉਪਰ ਬਿਰਾਜਮਾਨ ਹੋਏ ਤਾਂ ਉਨ੍ਹਾਂ ਨੇ ਆਪਣੀ ਰਿਹਾਇਸ਼ ਇਥੇ ਕਰ ਲਈ। ਇਥੇ ਹੀ ਗੁਰੂ ਰਾਮਦਾਸ ਉਨ੍ਹਾਂ ਦੀ ਸੇਵਾ ਵਿਚ ਆਏ; ਇਥੇ ਹੀ ਉਨ੍ਹਾਂ ਨੂੰ ਗੁਰਿਆਈ ਮਿਲੀ ਅਤੇ ਇਥੇ ਹੀ ਗੁਰੂ ਅਰਜਨ ਦਾ ਜਨਮ ਹੋਇਆ। ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਦਾ ਦੇਹਾਂਤ ਵੀ ਗੋਇੰਦਵਾਲ ਵਿਚ ਹੀ ਹੋਇਆ ਅਤੇ ਇਥੇ ਹੀ ਗੁਰੂ ਅਰਜਨ ਨੂੰ ਗੁਰਿਆਈ ਮਿਲੀ । ਗੁਰੂ ਅਮਰਦਾਸ ਦੇ ਪਰਿਵਾਰ ਦਾ ਨਿਵਾਸ-ਅਸਥਾਨ ਵੀ ਇਥੇ ਹੀ ਸੀ ਅਤੇ ਗੁਰੂ ਅਰਜਨ ਵੀ ਕਈ ਵਾਰੀ ਇਥੇ ਆ ਕੇ ਰਿਹਾ ਕਰਦੇ ਸਨ। ਗੁਰੂ ਅਮਰਦਾਸ ਨੇ ਸੰਮਤ 1616 ਬਿਕਰਮੀ (ਸੰਨ 1559 ਈ.) ਵਿਚ ਇਥੇ ਇਕ ਬਾਉਲੀ ਖੁਦਵਾਈ ਜਿਸ ਦੀਆਂ ਚੁਰਾਸੀ ਪੌੜੀਆਂ ਹਨ। ਦਰਸ਼ਨਾਂ ਨੂੰ ਆਏ ਅਨੇਕ ਸ਼ਰਧਾਲੂ ਸਿੱਖ ਇਸ਼ਨਾਨ ਕਰਕੇ ਹਰ ਪੌੜੀ ਉਤੇ ਇਕ ਇਕ ਜਪੁਜੀ ਸਾਹਿਬ ਦਾ ਪਾਠ ਕਰਦੇ ਹਨ। ਮਾਲੂਮ ਹੁੰਦਾ ਹੈ ਸੰਨ 1571 ਈ. ਦੀਆਂ ਗਰਮੀਆਂ ਵਿਚ ਅਕਬਰ ਬਾਦਸ਼ਾਹ ਜਦ ਪਾਕਪਟਨ ਦੀ ਜ਼ਿਆਰਤ ਕਰਕੇ ਲਾਹੌਰੋਂ ਅਜਮੇਰ ਵੱਲ ਨੂੰ ਤੁਰਿਆ ਤਾਂ ਉਸ ਨੇ ਰਸਤੇ ਵਿਚ ਗੋਇੰਦਵਾਲ ਦੇ ਅਸਥਾਨ ਤੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਦੇ ਕੁਝ ਲੈਣੋਂ ਨਾਂਹ ਕਰ ਦੇਣ ਉਤੇ ਉਸ ਨੇ ਕੁਝ ਪਿੰਡਾਂ ਦੀ ਜਾਗੀਰ ਉਨ੍ਹਾਂ ਦੀ ਲੜਕੀ ਬੀਬੀ ਭਾਨੀ ਨੂੰ ਦੇ ਦਿੱਤੀ । ਇਸ ਭੋਂ ਵਿਚ ਬੀਬੀ ਭਾਨੀ ਦੇ ਪਤੀ ਗੁਰੂ ਰਾਮਦਾਸ ਨੇ ਗੁਰੂ-ਚੱਕ ਪਿੰਡ ਬੱਧਾ, ਜਿਸ ਦਾ ਨਾਉਂ ‘ਚੱਕ ਗੁਰੂ ਰਾਮਦਾਸ’ ਪਿਆ ਅਤੇ ਜਿਸ ਦਾ ਬਾਅਦ ਵਿਚ ਨਾਉਂ ਸਰੋਵਰ ਦੇ ਨਾਉਂ ਕਰਕੇ ਅੰਮ੍ਰਿਤਸਰ ਪ੍ਰਸਿੱਧ ਹੋਇਆ ।

ਸੰਨ 1598 ਦੇ ਅੰਤ ਨਵੰਬਰ ਦੇ ਮਹੀਨੇ ਜਦ ਅਕਬਰ ਬਾਦਸ਼ਾਹ ਗੋਇੰਦਵਾਲ ਪੁੱਜਾ ਤਾਂ ਇਥੇ ਗੁਰੂ ਅਰਜਨ ਦੇ ਦਰਸ਼ਨ ਕਰਨ ਆਇਆ ਅਤੇ ਬੜਾ ਪ੍ਰਸੰਨ ਹੋਇਆ। ਜਦ ਬਾਦਸ਼ਾਹ ਨੇ ਕੁਝ ਭੇਟਾ ਕਰਨੀ ਚਾਹੀ ਤਾਂ ਕਿ ਉਸ ਨੂੰ ਸੁੱਖ ਦੀ ਪ੍ਰਾਪਤੀ ਹੋਵੇ ਤਾਂ ਗੁਰੂ ਅਰਜਨ ਨੇ ਬਚਨ ਕੀਤਾ ਕਿ ਬਾਦਸ਼ਾਹਾਂ ਦਾ ਸੁੱਖ ਪਰਜਾ ਦੇ ਸੁੱਖ ਵਿਚ ਹੁੰਦਾ ਹੈ। ਇਸ ਵੇਲੇ ਕਾਲ ਪਿਆ ਹੋਇਆ ਹੋਣ ਕਰਕੇ ਪੰਜਾਬ ਦੀ ਪਰਜਾ ਦੁਖੀ ਹੈ। ਇਸ ਲਈ ਉਨ੍ਹਾਂ ਵਾਸਤੇ ਕੁਝ ਕਰਨਾ ਚਾਹੀਦਾ ਹੈ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ । ਚੁਨਾਂਚਿ ਬਾਦਸ਼ਾਹ ਨੇ ਪੰਜਾਬ ਦਾ ਦਸ ਬਾਰਾਂ ਫ਼ੀ ਸਦੀ ਮਾਮਲਾ ਮਾਫ਼ ਕਰ ਦਿੱਤਾ । ਜਦ ਅਕਤੂਬਰ ਸੰਨ 1605 ਵਿਚ ਅਕਬਰ ਮਰ ਗਿਆ ਅਤੇ ਉਸ ਦਾ ਪੁੱਤਰ ਜਹਾਂਗੀਰ ਬਾਦਸ਼ਾਹ ਬਣਿਆ, ਤਾਂ ਬਾਗ਼ੀ ਸ਼ਾਹਜ਼ਾਦੇ ਖੁਸਰੋ ਦੀ ਸਹਾਇਤਾ ਕਰਨ ਦੀ ਊਜ ਲਾ ਕੇ ਉਸ ਨੇ ਗੁਰੂ ਅਰਜਨ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ । ਇਸ ਤੋਂ ਬਾਅਦ ਸਿੱਖਾਂ ਅਤੇ ਮੁਗ਼ਲ ਰਾਜ ਦਾ ਅਜੋੜ ਹੀ ਰਿਹਾ।

ਮੁਗ਼ਲ ਰਾਜ ਵੇਲੇ ਗੋਇੰਦਵਾਲ ਇਕ ਬੜਾ ਵੱਡਾ ਸ਼ਹਿਰ ਸੀ ਅਤੇ ਸਿੰਘਾਂ ਦੇ ਵੇਲੇ ਤੱਕ ਇਸ ਦੀ ਪ੍ਰਭੁਤਾ ਕੁਝ ਕੁ ਬਣੀ ਰਹੀ ਪਰ ਦਿੱਲੀ ਤੋਂ ਲਾਹੌਰ ਜਾਣ ਲਈ ਸਰਹੰਦ-ਲੁਧਿਆਣਾ-ਜਲੰਧਰ ਸੜਕ ਜ਼ਿਆਦਾ ਵਰਤੋਂ ਵਿਚ ਆਉਣ ਕਰ ਕੇ ਗੋਇੰਦਵਾਲ ਦੀ ਰੌਣਕ ਹੌਲੀ ਹੌਲੀ ਘਟਦੀ ਗਈ: ਅੰਤ ਅੰਗਰੇਜ਼ਾਂ ਦੇ ਵੇਲੇ ਇਸ ਪੱਤਣ ਦੀ ਕਦਰ ਉੱਕੀ ਹੀ ਘੱਟ ਗਈ ਅਤੇ ਸ਼ਹਿਰ ਦਾ ਬਹੁਤ ਸਾਰਾ ਉਜਾੜਾ ਹੋ ਗਿਆ । ਇਸ ਵੇਲੇ ਇਸ ਦੀ ਵਿਸ਼ੇਸ਼ਤਾ ਧਾਰਮਕ ਅਸਥਾਨ ਕਰ ਕੇ ਹੀ ਹੈ। ਇਥੇ ਇਹ

ਉੱਘੇ ਅਸਥਾਨ ਹਨ :

(2) ਬਾਉਲੀ ਸਾਹਿਬ

(1) ਗੁਰਦੁਆਰਾ ਹਵੇਲੀ ਸਾਹਿਬ, ਗੁਰੂ ਅਮਰਦਾਸ ਦਾ ਨਿਵਾਸ ਅਸਥਾਨ

(3) ਬਾਬਾ ਅਨੰਦ ਜੀ ਦਾ ਅਸਥਾਨ

(4) ਖੂਹ ਗੁਰੂ ਰਾਮਦਾਸ

(5) ਬਾਬਾ ਮੋਹਨ ਜੀ ਦਾ ਚੁਬਾਰਾ

ਘੜਾਮ (ਕੁੜਾਮ)

ਘੜਾਮ (ਕੁੜਾਮ)

ਪੁਰਾਣਾ ਨਾਉਂ : ਕੋਹਿ-ਰਾਮ, ਕੁਹਰਾਮ

ਇਸ ਵੇਲੇ ਇਹ ਇਕ ਛੋਟਾ ਜਿਹਾ ਪਿੰਡ ਹੈ ਜੋ ਪਟਿਆਲੇ ਤੋਂ ਦੱਖਣ (ਥੋੜਾ ਜਿਹਾ ਚੜ੍ਹਦੇ) ਨੂੰ 16 ਮੀਲ ਦੀ ਵਿੱਥ ਪਰ ਹੈ । ਰਸਤਾ ਭੁੰਨਰ-ਹੇੜੀ ਵਿਚ ਦੀ ਜਾਂਦਾ ਹੈ ਜਿਥੋਂ ਇਹ ਐਨ ਦੱਖਣ ਨੂੰ ਅੱਠ ਮੀਲ ਹੈ ਅਤੇ ਰਾਜ ਪੂਰਾ ਰੇਲਵੇ ਸਟੇਸ਼ਨ ਤੋਂ ਦੱਖਣ ਲਹਿੰਦੇ ਨੂੰ ਸਿੱਧਾ 26 ਮੀਲ ਹੈ।

ਘੜਾਮ ਇਕ ਬੜਾ ਪ੍ਰਾਚੀਨ ਅਸਥਾਨ ਹੈ ਅਤੇ ਪਰੰਪਰਾ ਤੋਂ ਚਲੀ ਆ ਰਹੀ ਇਕ ਕਥਾ ਅਨੁਸਾਰ ਰਾਮਾਇਣ ਦੇ ਮੁੱਖ ਨਾਇਕ ਸ੍ਰੀ ਰਾਮਚੰਦਰ ਦੇ ਨਾਨਕੇ ਇਥੇ ਸਨ। ਭਾਵੇਂ ਇਥੇ ਦਾ ਪ੍ਰਾਚੀਨ ਇਤਿਹਾਸ ਅਨੰਤ ਸਮਿਆਂ ਦੇ ਬੀਤ ਜਾਣ ਨਾਲ ਗੁੰਮ ਹੋ ਗਿਆ ਹੈ ਪਰ ਇਸ ਦੇ ਆਲੇ ਦੁਆਲੇ ਦੀ ਭੌਂ ਵਿਚ ਰਲੀਆਂ ਹੋਈਆਂ ਠੀਕਰੀਆਂ ਅਤੇ ਰੋੜੇ ਇਸ ਗੱਲ ਦੇ ਪ੍ਰਤੱਖ ਗਵਾਹ ਹਨ ਕਿ ਕਿਸੇ ਦੂਰ ਦੇ ਜ਼ਮਾਨੇ ਵਿਚ ਇਹ ਇਕ ਵਿਸ਼ਾਲ ਅਤੇ ਧਨਾਢ ਅਸਥਾਨ ਸੀ। ਮੁਸਲਮਾਨੀ ਸਮਿਆਂ ਦੇ ਆਰੰਭ ਵਿਚ ਇਸ ਦਾ ਨਾਉਂ ਕੋਹਿ-ਰਾਮ ਜਾਂ ਕੁਹ-ਰਾਮ (ਰਾਮ ਦੀ ਪਹਾੜੀ) ਆਉਂਦਾ ਹੈ। ਹਸਨ ਨਿਜ਼ਾਮੀ ਦੀ ਪੁਸਤਕ ਤਾਜੁਲ-ਮੁਆਸਿਰ ਅਨੁਸਾਰ ਜਦ ਸੁਲਤਾਨ ਸ਼ਹਾਬੁਦੀਨ ਮੁਹੰਮਦ ਗੌਰੀ ਨੇ ਦਿੱਲੀ ਅਤੇ ਅਜਮੇਰ ਫ਼ਤਹਿ ਕਰ ਲਏ ਅਤੇ ਹਾਂਸੀ, ਸਰਸ੍ਵਤੀ (ਥਾਨੇਸਰ) ਅਤੇ ਸ਼ਿਵਾਲਕ ਪਹਾੜ ਦੇ ਇਲਾਕੇ ਉਸ ਦੇ ਤਹਿਤ ਵਿਚ ਆ ਗਏ ਤਾਂ ਘੜਾਮ ਉਤੇ ਵੀ ਸੁਲਤਾਨ ਦਾ ਰਾਜ ਹੋ ਗਿਆ । ਤਜ਼ਰੀਆਤੁਲ-ਅਮਸਾਰ ਵਾ ਤਜਰੀਆਤੁਲ-ਅਸਰਾਰ ਦਾ ਕਰਤਾ ਅਬਦੁੱਲਾ ਵੱਸਾਫ਼ ਘੜਾਮ (ਸੁਨਾਮ ਅਤੇ ਸਮਾਣਾ) ਨੂੰ ਖੁਰਾਸਾਨ ਅਤੇ ਹਿੰਦੁਸਤਾਨ ਦੇ ਵਿਚਕਾਰ ਵੱਡਿਆਂ ਸ਼ਹਿਰਾਂ ਵਿਚ ਗਿਣਦਾ ਹੈ ਅਤੇ ਇਸ ਨੂੰ ਮੁਲਤਾਨ, ਉੱਚ, ਜਲੰਧਰ, ਸਰਹੰਦ ਆਦਿ ਦੇ ਬਰਾਬਰ ਦਸਦਾ ਹੈ ਸੰਨ 1192 ਵਿਚ ਗਜ਼ਨੀ ਨੂੰ ਮੁੜਦੇ ਹੋਏ ਮੁਹੰਮਦ ਗ਼ੋਰੀ ਨੇ ਘੜਾਮ ਅਤੇ ਸਮਾਣੇ ਦੇ ਇਲਾਕਿਆਂ ਦੀ ਹਕੂਮਤ’ ਕੁਤਬੁੱਦੀਨ ਐਬਕ ਦੇ ਹਵਾਲੇ ਕਰ ਦਿੱਤੀ ਸੀ ਜੋ ਬਾਅਦ ਵਿਚ ਸੰਨ 1206 ਈ. ਵਿਚ ਲਾਹੌਰ, ਹਿੰਦੁਸਤਾਨ ਦੇ ਪਹਿਲੇ ਮੁਸਲਮਾਨ ਬਾਦਸ਼ਾਹ ਦੀ ਹੈਸੀਅਤ ਵਿਚ ਤਖ਼ਤ ਉਤੇ ਬੈਠਾ।

ਘੜਾਮ ਨੂੰ ਆਪਣਾ ਮੁੱਖ-ਅਸਥਾਨ ਬਣਾ ਕੇ ਕੁਤਬੁਦੀਨ ਐਬਕ ਨੇ ਮੇਰਠ ਉਤੇ ਚੜ੍ਹਾਈ ਕੀਤੀ ਅਤੇ ਦਿੱਲੀ ਫ਼ਤਹਿ ਕੀਤੀ । ਅਗਲੇ ਸਾਲ ਕੋਲ (ਅਲੀਗੜ੍ਹ) ਉਤੇ ਕਬਜ਼ਾ ਕਰਕੇ ਦੇਸ ਉਤੇ ਆਪਣਾ ਅਧਿਕਾਰ ਜਮਾ ਲਿਆ । ਰਜ਼ੀਆ ਬੇਗ਼ਮ ਵੇਲੇ ਹੋਈਆਂ ਬਗਾਵਤਾਂ ਸਮੇਂ ਘੜਾਮ ਦਾ ਇਕ ਬੜੀ ਭਾਰੀ ਫੌਜੀ ਛਾਉਣੀ ਦੇ ਤੌਰ ਤੇ ਜ਼ਿਕਰ ਆਉਂਦਾ ਹੈ।

ਖ਼ਿਲਜੀ ਬਾਦਸ਼ਾਹਾਂ ਵੇਲੇ ਦੀ ਘੜਾਮ ਬੜੀ ਮਹੱਤਤਾ ਵਾਲਾ ਅਸਥਾਨ ਸੀ । ਜਦ ਆਪਣੇ ਚਾਚੇ ਜਲਾਲੁਦੀਨ ਨੂੰ ਜੁਲਾਈ, ਸੰਨ 1295 ਵਿਚ ਧੋਖੇ ਨਾਲ ਮਾਰ ਕੇ ਅਲਾਉਦੀਨ ਖ਼ਿਲਜੀ ਤਖ਼ਤ ਦਾ ਵਾਲੀ ਬਣ ਗਿਆ ਤਾਂ ਉਸ ਨੇ ਕਈ ਸ਼ਾਹਜ਼ਾਦੇ ਅਤੇ ਸਰਦਾਰ ਕੈਦ ਵਿਚ ਪਾ ਦਿੱਤੇ ਅਤੇ ਅੰਨ੍ਹੇ ਕਰ ਦਿੱਤੇ ਅਤੇ ਜਲਾਲੁਦੀਨ ਦੇ ਪੁੱਤਰ ਅਰਕਲੀ ਖ਼ਾਨ ਦੇ ਹਿਮਾਇਤੀਆਂ ਨੂੰ ਘੜਾਮ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ । ਖ਼ੁਦ ਅਰਕਲੀ ਖ਼ਾਨ ਨੂੰ ਜੋ ਲਾਹੌਰ, ਮੁਲਤਾਨ ਅਤੇ ਸਿੰਧ ਦਾ ਹਾਕਮ ਸੀ ਅਤੇ ਉਸ ਦੇ ਖ਼ਾਸ ਮਿੱਤਰ ਅਰਸਲਾਂ ਖ਼ਾਨ ਸਮਾਣੇ ਵਾਲੇ ਨੂੰ ਸਮਾਣਿਓਂ ਫੜ ਕੇ ਭੜਾਇਚ ਭੇਜ ਦਿੱਤਾ ਜਿਥੇ ਉਹ ਕਤਲ ਕਰ ਦਿੱਤੇ ਗਏ। ਇਹ ਗੱਲ 1290 ਈ. ਦੀ ਹੈ।

ਮੁਹੰਮਦ ਤੁਗਲਕ ਦੇ ਸਮੇਂ (1325-1351 ਈ.) ਘੜਾਮ, ਸਮਾਣਾ ਅਤੇ ਸੁਨਾਮ ਦੇ ਇਲਾਕਿਆਂ ਵਿਚ ਦੋ ਬੜੀਆਂ ਭਾਰੀ ਬਗ਼ਾਵਤਾਂ ਹੋਈਆਂ ਅਤੇ ਖ਼ੁਦ ਬਾਦਸ਼ਾਹ ਨੂੰ ਬਾਗ਼ੀਆਂ ਦੇ ਵਿਰੁੱਧ ਚੜ੍ਹਾਈ ਕਰਨੀ ਪਈ । ਜ਼ਿਆ-ਉ-ਦੀਨ ਬਰਨੀ ਨੇ ਆਪਣੀ ਪੁਸਤਕ ‘ਤਾਰੀਖਿ ਫ਼ੀਰੋਜ਼ ਸ਼ਾਹੀ’ ਦਾ ਇਕ ਅਧਿਆਇ ਇਨ੍ਹਾਂ ਬਗ਼ਾਵਤਾਂ ਦੇ ਬਿਆਨ ਵਿਚ ਲਿਖਿਆ ਹੈ ਜਿਥੇ ਉਹ ਕਹਿੰਦਾ ਹੈ ਕਿ ਬਾਦਸ਼ਾਹ ਨੇ ਖ਼ੁਦ ਜਾ ਕੇ ਇਨ੍ਹਾਂ ਵਿਦਰੋਹਾਂ ਨੂੰ ਮਿਟਾਇਆ ਅਤੇ ਬਾਗ਼ੀ ਸਰਦਾਰਾਂ ਨੂੰ ਕੈਦ ਕਰਕੇ ਦਿੱਲੀ ਲੈ ਗਿਆ। ਕਈਆਂ ਨੂੰ ਮੁਸਲਮਾਨ ਬਣਾ ਲਿਆ ਅਤੇ ਕਈ ਇਸਤਰੀਆਂ ਬੱਚਿਆਂ ਸਮੇ ਗ਼ੁਲਾਮਾਂ ਦੀ ਤਰ੍ਹਾਂ ਸ਼ਾਹੀ ਅਮੀਰਾਂ ਦੀ ਸੇਵਾ ਵਿਚ ਦੇ ਦਿੱਤੇ ਗਏ।

ਇਸ ਤੋਂ ਬਾਅਦ ਘੜਾਮ ਦਾ ਜ਼ਿਕਰ ਸੱਯਦ ਘਰਾਣੇ ਦੇ ਸੁਲਤਾਨ ਸੱਯਦ ਮੁਹੰਮਦ ਸ਼ਾਹ (1435-1445 ਈ.) ਦੇ ਵੇਲੇ ਆਉਂਦਾ ਹੈ ਜਦੋਂ ਇਥੇ ਕੁਝ ਚਿਰ ਲਈ ਸਿੱਧੀਪਾਲ ਦਾ ਇਕ ਸਬੰਧੀ ਹਾਕਮ ਹੁੰਦਾ ਸੀ ਜਿਸ ਨੇ ਸੁਲਤਾਨ ਦੇ ਪਿਉ ਸੱਯਦ ਮੁਬਾਰਕ ਸ਼ਾਹ ਨੂੰ ਮਾਰਿਆ ਸੀ । ਜਦ ਸੰਨ 1360 ਈਸਵੀ ਵਿਚ ਫ਼ੀਰੋਜ਼ ਸ਼ਾਹ ਤੁਗ਼ਲਕ ਨੇ ਸਰਹੰਦ ਨੂੰ ਸਮਾਣੇ ਦੀ ਸਿੱਖ (ਹਕੂਮਤ) ਤੋਂ ਵੱਖਰਾ ਕਰਕੇ ਇਸ ਦਾ ਅੱਡਰਾ ਪਰਗਣਾ ਬਣਾ ਦਿੱਤਾ ਤਾਂ ਸਮਾਣਾ ਅਤੇ ਘੜਾਮ ਦੀ ਵਿਸ਼ੇਸ਼ਤਾ ਕੁਝ ਘੱਟ ਗਈ । ਮੁਗ਼ਲਾਂ ਦੇ ਵੇਲੇ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਵੱਡੀ ਸੜਕ ਪਾਣੀਪਤ, ਕਰਨਾਲ, ਅੰਬਾਲਾ ਅਤੇ ਲੁਧਿਆਣੇ ਵਿਚ ਦੀ ਬਣ ਜਾਣ ਨਾਲ ਘੜਾਮ-ਸਮਾਣਾ -ਸੁਨਾਮ ਭਟਿੰਡੇ ਵਾਲੀ ਸੜਕ ਵਗਣੋਂ ਘੱਟ ਗਈ ਅਤੇ ਘੁੜਾਮ ਦੀ ਪੁਰਾਣੀ ਪ੍ਰਭੁਤਾ ਮੱਠੀ ਪੈਂਦੀ ਗਈ ਜੋ ਅਠਾਰ੍ਹਵੀਂ ਸਦੀ ਦੇ ਆਰੰਭ ਤੱਕ ਬਹੁਤ ਥੋੜੀ ਰਹਿ ਗਈ ।

ਸਮਾਣੇ ਨੂੰ ਫ਼ਤਹਿ ਕਰਨ ਤੋਂ ਬਾਅਦ ਘੜਾਮ ਪਹਿਲਾ ਅਸਥਾਨ ਸੀ ਜਿੱਥੇ 1710 ਨੂੰ ਬੰਦਾ ਸਿੰਘ ਬਹਾਦਰ ਨੇ ਚੜ੍ਹਾਈ ਕੀਤੀ ਸੀ । ਸਮਾਣੇ ਤੋਂ ਸ਼ਾਹਾਬਾਦ ਨੂੰ ਜਾਂਦਾ ਹੋਇਆ ਬੰਦਾ ਸਿੰਘ ਘੜਾਮ ਦੇ ਲਾਗੇ ਪੁੱਜਾ ਤਾਂ ਇੱਥੇ ਦੇ ਪਠਾਣ ਜਿਮੀਂਦਾਰ ਲੜਾਈ ਨੂੰ ਤਿਆਰ ਹੋ ਕੇ ਨਿਕਲ ਆਏ ਪਰ ਇਨ੍ਹਾਂ ਨੇ ਬੰਦਾ ਸਿੰਘ ਅੱਗੇ ਕੀ ਅੜਨਾ ਸੀ ? ਇਕ ਮਾਰ ਵੀ ਨਾ ਸਹਿ ਸਕੇ। ਕਸਬਾ ਲੁੱਟ-ਪੁੱਟ ਨਾਲ ਬਰਬਾਦ ਹੋ ਗਿਆ ਅਤੇ ਸਮਾਣੇ ਦੇ ਨਵੇਂ ਹਾਕਮ ਭਾਈ ਫ਼ਤਹਿ ਸਿੰਘ ਦੇ ਤਹਿਤ ਦੇ ਦਿੱਤਾ ਗਿਆ ਪਰ ਜਦ ਮੁਗ਼ਲ ਰਾਜ ਦਾ ਮੁੜ ਜ਼ੋਰ ਪੈ ਗਿਆ ਤਾਂ ਘੜਾਮ ਸਿੰਘਾਂ ਦੇ ਹੱਥੋਂ ਖੁੱਸ ਗਿਆ । ਅਠਾਰ੍ਹਵੀਂ ਸਦੀ ਦੇ ਅੱਧ ਵਿਚ ਇੱਥੇ ਮਲ੍ਹੀਖ਼ਾਨ ਬਿਸਵੇਦਾਰ ਦਾ ਅਧਿਕਾਰ ਸੀ । ਇਹ ਬੜਾ ਜ਼ਾਲਮ ਆਦਮੀ ਸੀ। ਇਸ ਵੇਲੇ ਬਾਬਾ ਆਲਾ ਸਿੰਘ ਪਟਿਆਲੀਏ ਦਾ ਬੋਲ-ਬਾਲਾ ਹੋ ਰਿਹਾ ਸੀ । ਸੋ ਘੜਾਮ ਦੇ ਕੁਝ ਮੁਖੀਏ ਪਟਿਆਲੇ ਪੁੱਜੇ ਅਤੇ ਰਾਖੀ ਲਈ ਬੇਨਤੀ ਕੀਤੀ। ਬਾਬਾ ਆਲਾ ਸਿੰਘ ਨੇ ਘੜਾਮ ਨੂੰ ਆਪਣੀ ਬਣ ਰਹੀ ਰਿਆਸਤ ਵਿਚ ਮਿਲਾ ਲਿਆ। ਸੰਨ 1761 ਵਿਚ ਇਹ ਪਟਿਆਲੇ ਰਾਜ ਦਾ ਇਕ ਛੋਟਾ ਪਰਗਣਾ ਸੀ ਜਿਸ ਦੇ ਨਾਲ ਛੇ ਪਿੰਡ ਸਨ। ਮਹਾਰਾਜਾ ਕਰਮ ਸਿੰਘ ਨੇ ਘੜਾਮ ਦੀ ਠੇਰੀ ਉਤੇ ਪੁਰਾਣੇ ਢਹਿ ਚੁੱਕੇ ਕਿਲ੍ਹੇ ਦੀ ਥਾਂ ਇਕ ਛੋਟਾ ਜਿਹਾ ਕਿਲ੍ਹਾ ਬਣਾਇਆ ਅਤੇ ਉਸ ਦਾ ਨਾਉਂ ਰਾਮਗੜ੍ਹ ਰਖਿਆ। ਇਹ ਕਿਲ੍ਹਾ ਵੀ ਬੇਆਬਾਦ ਹੋ ਕੇ ਹੁਣ ਢਹਿ ਚੁੱਕਾ ਹੋਇਆ ਹੈ।

ਕਿਲ੍ਹੇ ਦੇ ਲਾਗੇ ਦੱਖਣ ਨੂੰ ਇਕ ਬਾਗ ਹੈ ਜਿਸ ਦੇ ਆਲੇ-ਦੁਆਲੇ ਪੱਕੀ ਕੰਧ ਬਣੀ ਹੋਈ ਹੈ। ਇੱਥੇ ਸੱਯਦ ਮੀਰਾਂ ਭੀਖ ਦਾ ਰੌਜ਼ਾ ਹੈ ਜਿਸ ਨੂੰ ਮੀਰਾਂ ਸਾਹਿਬ ਦੀ ਦਰਗਾਹ ਕਹਿੰਦੇ ਹਨ। ਦਰਗਾਹ ਦੇ ਹਾਤੇ ਦੇ ਅੰਦਰ ਤਿੰਨ ਹੋਰ ਇਮਾਰਤਾਂ ਹਨ। ਇੱਥੇ ਇਕ ਮਹਾਂਦੇਵ ਸ਼ਿਵਜੀ ਦਾ ਮੰਦਰ ਅਤੇ ਸਖੀ- ਸਰਵਰ ਦੀ ਦਰਗਾਹ ਹੈ ਜਿਸ ਨੂੰ ਲਾਲਾਂ ਵਾਲਾ ਵੀ ਆਖਦੇ ਹਨ।

ਹੋਰ ਦੇਖੋ ਸਮਾਣਾ, ਸੁਨਾਮ, ਭਟਿੰਡਾ ਅਤੇ ਮਨਸੂਰਪੁਰ (ਛੀਂਟਾਂਵਾਲਾ) ।

ਚਿੰਤਪੁਰਨੀ

ਇਹ ਇਕ ਪ੍ਰਸਿੱਧ ਹਿੰਦੂ ਅਸਥਾਨ ਹੈ ਜਿੱਥੇ ਇਕ ਦੇਵੀ ਦਾ ਮੰਦਰ ਹੈ ਜਿਸਦਾ ਨਾਉਂ ਛਿੰਨਮਸਤਾ ਦੇਵੀ ਹੈ। ਹਿੰਦੂ ਖ਼ਿਆਲ ਅਨੁਸਾਰ ਇਹ ਦੇਵੀ ਚਿੰਤਤ (ਮਨ ਵਿਚ ਚਿਤਵੇ) ਸੰਕਲਪਾਂ ਜਾਂ ਇੱਛਾ ਦੇ ਪੂਰਨ ਕਰਨ ਵਾਲੀ ਹੈ, ਇਸੇ ਲਈ ਇਸ ਦੇਵੀ ਦਾ ਨਾਉਂ ਚਿੰਤਪੁਰਨੀ (ਚਿੰਤਾ ਪੂਰਨੀ) ਹੈ। ਇਸ ਦੇਵੀ ਦੇ ਨਾਉਂ ਉੱਤੇ ਹੀ ਪਿੰਡ ਦਾ ਨਾਉਂ ਵੀ ਚਿੰਤਪੁਰਨੀ ਹੋ ਗਿਆ ਹੈ।

ਛੱਤ

ਛੱਤ ਇਕ ਪੁਰਾਣਾ ਕਸਬਾ ਰਾਜਪੁਰੇ ਤੋਂ 9 ਮੀਲ ਅਤੇ ਬਨੂੜ ਤੋਂ ਸੱਤ ਮੀਲ ਚੜ੍ਹਦੇ ਨੂੰ ਹੈ। ਇਸ ਦਾ ਪੁਰਾਣਾ ਨਾਉਂ ਲਖਨਉਤੀ ਦੱਸਿਆ ਜਾਂਦਾ ਹੈ। ਇਸ ਦੀਆਂ ਪੁਰਾਣੀਆਂ ਢਹਿ ਚੁਕੀਆਂ ਇਮਾਰਤਾਂ ਦੇ ਖੰਡਰਾਂ ਅਤੇ ਥੇਹਾਂ ਤੋਂ ਜੋ ਦੂਰ ਦੂਰ ਤਕ ਫੈਲੀਆਂ ਹੋਈਆਂ ਹਨ, ਪਤਾ ਲੱਗਦਾ ਹੈ ਕਿ ਮੁਸਲਮਾਨੀ ਸਮੇਂ ਇਹ ਇਕ ਬੜਾ ਵੱਡਾ ਅਤੇ ਧਨਾਢ ਕਸਬਾ ਹੁੰਦਾ ਸੀ। ਕਹਿੰਦੇ ਹਨ ਕਿ ਜਦ ਸ਼ਹਾਬੁਦੀਨ ਮੁਹੰਮਦ ਗ਼ੌਰੀ ਬਾਦਸ਼ਾਹ ਨੇ ਪ੍ਰਿਥਵੀ ਰਾਜ ਚੌਹਾਨ (ਪ੍ਰਸਿੱਧ ਰਾਇ ਪਥੌਰਾ) ਨੂੰ ਸੰਨ 1193 ਈ. ਵਿਚ ਤਰਾਈ ਦੀ ਲੜਾਈ ਵਿਚ ਗ੍ਰਿਫਤਾਰ ਕਰ ਲਿਆ ਤਾਂ ਉਸ ਨੂੰ ਇੱਥੇ ਇਕ ਐਸੇ ਮਕਾਨ ਵਿਚ ਕੈਦ ਰਖਿਆ ਸੀ ਜਿਸ ਦੀ ਛੱਤ ਨੌ ਇੰਚ ਮੋਟੇ ਲੋਹੇ ਦੀ ਸੀ । ਪ੍ਰਿਥਵੀ ਰਾਜ ਸ਼ਬਦ-ਵੇਧੀ ਬਾਣ ਚਲਾਉਣ ਵਿਚ ਐਸਾ ਮਾਹਰ ਸੀ ਕਿ ਜਿੱਥੋਂ ਵੀ ਕਿਸੇ ਦੀ ਆਵਾਜ਼ ਆਵੇ ਉੱਥੇ ਹੀ ਬਾਣ ਨਾਲ ਉਸ ਨੂੰ ਵਿੰਨ੍ਹ ਦਿੰਦਾ ਸੀ, ਰਸਤੇ ਵਿਚ ਭਾਵੇਂ ਕੁਝ ਵੀ ਕਿਉਂ ਨਾ ਆ ਜਾਵੇ । ਮੁਹੰਮਦ ਗ਼ੋਰੀ ਦੇ ਕਹਿਣ ਪਰ ਪ੍ਰਿਥਵੀ ਰਾਜ ਨੇ ਇਕ ਐਸਾ ਬਾਣ ਵਾਹਿਆ ਕਿ ਉਹ ਲੋਹੇ ਦੀ ਛੱਤ ਨੂੰ ਚੀਰ ਕੇ ਗੌਰੀ ਨੂੰ ਜਾ ਲੱਗਾ। ਇਸੇ ਸਬੰਧ ਵਿਚ ਇਹ ਕਹਿਣਾ ਇਤਿਹਾਸ ਵਿਰੁੱਧ ਹੈ ਕਿ ਪ੍ਰਿਥਵੀ ਰਾਜ ਦੇ ਇਸੇ ਬਾਣ ਨਾਲ ਗੈਰੀ ਦੀ ਮੌਤ ਹੋ ਗਈ ਕਿਉਂਕਿ ਗੌਰੀ 13 ਵਰ੍ਹੇ ਪਿੱਛੋਂ 14 ਮਾਰਚ ਸੰਨ 1206 ਈ. ਨੂੰ ਜਿਹਲਮ ਸ਼ਹਿਰ ਤੋਂ ਦਸ ਮੀਲ ਉੱਤਰ-ਲਹਿੰਦੇ ਨੂੰ ਰੋਹਤਾਸ ਦੇ ਅਸਥਾਨ ਤੇ ਗੱਖੜਾਂ ਦੇ ਹੱਥੋਂ ਮਾਰਿਆ ਗਿਆ ਸੀ ।

ਪਹਿਲੋਂ ਪਹਿਲ ਉਹ ਮੁਹੱਲਾ ਜਿਸ ਵਿਚ ਉਪਰੋਕਤ ਮਕਾਨ ਸੀ, ਛੱਤ-ਵਾਲਾ ਕਰਕੇ ਪ੍ਰਸਿੱਧ ਹੋਇਆ, ਪਿੱਛੋਂ ਸਾਰਾ ਕਸਬਾ ਹੀ ਛੱਤ-ਵਾਲਾ ਵੱਜਣ ਲਗ ਪਿਆ। ਸਮਾਂ ਬੀਤਦੇ ਜਾਣ ਨਾਲ ਸ਼ਬਦ ਵਾਲਾ’ ਡਿੱਗ ਪਿਆ ਅਤੇ ਕਸਬੇ ਦਾ ਨਾਉਂ ਛੱਤ ਹੀ ਰਹਿ ਗਿਆ। ‘

ਇਹ ਦੋਨੋਂ ਕਸਬੇ ਛੱਤ ਅਤੇ ਬਨੂੜ ਇਕ ਦੂਸਰੇ ਵੱਲ ਨੂੰ ਹੌਲੀ ਹੌਲੀ ਇਸ ਤਰ੍ਹਾਂ ਵਧੇ ਕਿ ਇਕ ਦੂਸਰੇ ਦੇ ਲਾਗੇ ਹੀ ਪੁੱਜ ਗਏ ਅਤੇ ਵਿਚਕਾਰ ਬਹੁਤੀ ਜ਼ਿਆਦਾ ਵਿੱਥ ਨਾ ਰਹੀ ਅਤੇ ਦੋਨੋਂ ਇਕੱਠੇ ਇਕੋ ਰਲਵੇਂ ਸਾਂਝੇ ਨਾਉਂ ਛੱਤ-ਬਨੂੜ ਨਾਲ ਸਦੀਣ ਲੱਗ ਪਏ । ਛੱਤ ਕਸਬਾ ਬਨੂੜ ਦੀ ਇਕ ਬਸਤੀ ਜਿਹੀ ਬਣ ਗਿਆ। ਬਾਬਰ ਬਾਦਸ਼ਾਹ ਨੇ ਛੱਤ ਦਾ ਜ਼ਿਕਰ ਆਪਣੀ ਜੀਵਨ-ਕਥਾ ‘ਤੁਜ਼ਕਿ ਬਾਬਰੀ’ ਵਿਚ ਕੀਤਾ ਹੈ ਜਿਸ ਨੂੰ ਬੈਵਰਿੱਜ ਨੇ ਉਲਥਾ ਕਰਨ ਵੇਲੇ ‘ਚਿਤਰ’ ਪੜ੍ਹ ਲਿਆ ਹੈ । ਬਾਬਰ ਲਿਖਦਾ ਹੈ ਕਿ 1526 ਈ. ਵਿਚ ਜਦ ਮੈਂ ਬਨੂੜ ਠਹਿਰਿਆ ਹੋਇਆ ਸਾਂ ਤਾਂ ਮੈਂ ਘੱਗਰ ਨਦੀ ਦੇ ਕੰਢੇ ਛੱਤ ਨੂੰ ਸੈਰ ਕਰਨ ਗਿਆ ਅਤੇ ਉਸ ਤੋਂ ਵੀ ਅੱਗੇ 6-7 ਮੀਲ ਇਕ ਹੋਰ ਥਾਂ ਗਿਆ ਜੋ ਮੈਨੂੰ ਬਹੁਤ ਚੰਗੀ ਲੱਗੀ।

ਇਸ ਅਸਥਾਨ ਦਾ ਇਤਿਹਾਸ ਬਨੂੜ ਨਾਲ ਹੀ ਮਿਲਦਾ-ਜੁਲਦਾ ਹੈ। ਇਹ ਉਨ੍ਹਾਂ ਪਹਿਲੇ ਅਸਥਾਨਾਂ ਵਿਚੋਂ ਹੈ ਜਿੱਥੇ ਸਰਹੰਦ ਉਤੇ ਹੱਲਾ ਕਰਨ ਤੋਂ ਪਹਿਲਾ ਸੰਨ 1710 ਵਿਚ ਬੰਦਾ ਸਿੰਘ ਬਹਾਦਰ ਨੇ ਕਬਜ਼ਾ ਕੀਤਾ ਸੀ । ਜਦ ਬੰਦਾ ਸਿੰਘ ਰੋਪੜ ਵੱਲ ਵਧ ਰਿਹਾ ਸੀ ਤਾਂ ਇੱਥੋਂ ਦੇ ਹਿੰਦੂਆਂ ਨੇ ਮੁਸਲਮਾਨਾਂ ਦੀਆਂ ਵਧੀਕੀਆਂ ਵਿਰੁੱਧ ਉਸ ਪਾਸ ਫ਼ਰਿਆਦ ਕੀਤੀ। ਬੰਦਾ ਸਿੰਘ ਉਨ੍ਹਾਂ ਦੀ ਸਹਾਇਤਾ ਲਈ ਇੱਥੇ ਪੁੱਜ ਗਿਆ ਅਤੇ ਛੱਤ ਉੱਤੇ ਕਬਜ਼ਾ ਕਰਕੇ ਇੱਥੇ ਇਕ ਸਿੱਖ ਆਮਿਲ ਨਿਯਤ ਕਰ ਦਿੱਤਾ ਪਰ ਇਸ ਵੇਲੇ ਛੱਤ ਬਹੁਤ ਚਿਰ ਸਿੰਘਾਂ ਦੇ ਕਬਜ਼ੇ ਵਿਚ ਨਾ ਰਿਹਾ ਅਤੇ ਜਦ ਸੰਨ 1710 ਵਿਚ ਬਹਾਦਰ ਸ਼ਾਹ ਬਾਦਸ਼ਾਹ ਫ਼ੌਜ ਲੈ ਕੇ ਬੰਦਾ ਸਿੰਘ ਦੇ ਵਿਰੁੱਧ ਆ ਚੜ੍ਹਿਆ ਤਾਂ ਸਰਹੰਦ ਦੇ ਨਾਲ ਹੀ ਇਹ ਵੀ ਉਨ੍ਹਾਂ ਦੇ ਹੱਥੋਂ ਖੁੱਸ ਗਿਆ । 31 ਮਾਰਚ, ਸੰਨ 1761 ਦੇ ਲਿਖੇ ਹੋਏ ਅਹਿਮਦ ਸ਼ਾਹ ਦੁਰਾਨੀ ਦੇ ਵਜ਼ੀਰ ਸ਼ਾਹ-ਵਲੀ ਖ਼ਾਨ ਦੇ ਨਾਉਂ ਇਕ ਸੁੱਕੇ ਵਿਚ ਛੱਤ ਦਾ ਜ਼ਿਕਰ ਇਕ ਛੋਟੇ ਪਰਗਣੇ ਦੇ ਤੌਰ ਤੇ ਆਇਆ ਹੈ ਜਿਸ ਦੇ ਅਧੀਨ ਅੱਠ ਪਿੰਡ ਸਨ। ਜਨਵਰੀ, ਸੰਨ 1764 ਵਿਚ ਸਰਹੰਦ ਦੀ ਫ਼ਤਹਿ ਵੇਲੇ ਇਹ ਪੱਕੇ ਤੌਰ ਤੇ ਸਿੰਘਾਂ ਦੇ ਕਬਜ਼ੇ ਵਿਚ ਆ ਗਿਆ ਅਤੇ ਫਿਰ ਰਿਆਸਤ ਪਟਿਆਲਾ ਵਿਚ ਰਲ ਗਿਆ। ਹੁਣ ਇਹ ਪੰਜਾਬ ਵਿਚ ਹੈ।

ਜਲੰਧਰ                                                                                    

ਜਲੰਧਰ          

ਪੰਜਾਬ ਦਾ ਪ੍ਰਸਿੱਧ ਸ਼ਹਿਰ ਜਿਸ ਦਾ ਇਤਿਹਾਸ ਮਹਾਂਭਾਰਤ ਤੋਂ ਵੀ ਪੁਰਾਣਾ ਹੈ। ਇਸ ਇਲਾਕੇ ਨੂੰ ਪੁਰਾਣੇ ਸਮੇਂ ਵਿਚ ਤ੍ਰਿਗਰਤ ਕਿਹਾ ਜਾਂਦਾ ਸੀ। ਇਹ ਤਿੰਨਾਂ ਪਾਣੀਆਂ (ਰਾਵੀ, ਬਿਆਸ ਅਤੇ ਸਤਲੁਜ) ਦਾ ਦੇਸ ਸੀ ਅਤੇ ਜਲੰਧਰ ਇਸ ਦਾ ਮੁੱਖ ਅਸਥਾਨ ਸੀ। ਕਾਂਗੜੇ ਦਾ ਇਲਾਕਾ ਵੀ ਇਸੇ ਵਿਚ ਸ਼ਾਮਲ ਸੀ । ਜੋਗਿਨੀ ਤੰਤਰ ਅਨੁਸਾਰ ਚੰਬਾ ਰਾਜ ਇਸ ਦੇ ਉੱਤਰ ਨੂੰ ਸੀ, ਮੰਡੀ ਅਤੇ ਸੁਕੇਤ ਇਸ ਦੇ ਚੜ੍ਹਦੇ ਵੱਲ ਅਤੇ ਸਤਲੁਜ ਚੜ੍ਹਦੇ-ਦੱਖਣ ਨੂੰ । ਚੀਨੀ ਯਾਤਰੀ ਹਿਊਨ ਸਾਂਗ ਵੇਲੇ ਇਸ ਦੀ 167 ਮੀਲ ਲੰਬਾਈ ਅਤੇ 133 ਮੀਲ ਇਸ ਦੀ ਚੌੜਾਈ ਸੀ । ਪਦਮ ਪੁਰਾਣ ਦੇ ਉੱਤਰ ਖੰਡ ਵਿਚ ਲਿਖਿਆ ਹੋਇਆ ਹੈ ਕਿ ਇਸ ਇਲਾਕੇ ਵਿਚ ਜਲੰਧਰ ਨਾਮੀ ਇਕ ਦੈਂਤ ਰਾਜ ਕਰਿਆ ਕਰਦਾ ਸੀ ਜਿਸ ਨੇ ਐਸੀ ਤਪੱਸਿਆ ਸਾਧੀ ਕਿ ਉਹ ਸਭ ਉੱਤੇ ਭਾਰੂ ਹੋ ਗਿਆ। ਅੰਤ ਸ਼ਿਵਜੀ ਮਹਾਰਾਜ ਨੇ ਧੋਖੇ ਨਾਲ ਉਸ ਉੱਤੇ ਕਾਬੂ ਪਾ ਲਿਆ ਅਤੇ ਜੋਗਿਨੀਆਂ ਨੇ ਉਸ ਦਾ ਸਰੀਰ ਤੱਛ ਲਿਆ। ਜਲੰਧਰ ਪੁਰਾਣ ਅਨੁਸਾਰ ਸ਼ਿਵ ਜੀ ਮਹਾਰਾਜ ਨੇ ਪਹਾੜ ਠੱਲ੍ਹ ਕੇ ਉਸ ਨੂੰ ਹੇਠ ਚੁਫਾਲ ਦੱਬ ਦਿੱਤਾ। ਜੁਆਲਾ ਮੁਖੀ ਪਾਸ ਉਸ ਦੇ ਮੂੰਹ ਵਿਚੋਂ ਅੱਗ ਦੀਆਂ ਲਾਟਾਂ ਨਿਕਲੀਆਂ। ਉਸ ਦੀ ਪਿੱਠ ਦੁਆਬੇ ਵਿਚ ਜਲੰਧਰ ਸੀ ਅਤੇ ਉਸ ਦੇ ਪੈਰ ਮੁਲਤਾਨ ਪਾਸ ਸਨ । ਇਸ ਦਾ ਸਾਫ਼ ਬੋਲੀ ਵਿਚ ਅਰਥ ਇਹ ਹੈ ਕਿ ਪ੍ਰਾਚੀਨ ਸਮਿਆਂ ਵਿਚ ਜਲੰਧਰ (ਤ੍ਰਿਗਰਤ) ਦਾ ਰਾਜ ਕਾਂਗੜੇ ਦੀ ਉੱਤਰੀ ਹੱਦ ਤੋਂ ਲੈ ਕੇ ਮੁਲਤਾਨ ਤਕ (ਦੁਆਬਾ ਬਿਸਤ ਜਲੰਧਰ ਅਤੇ ਬਾਰੀ ਦੁਆਬ ਵਿਚ) ਫੈਲਿਆ ਹੋਇਆ ਸੀ।

ਕਨਿਸ਼ਕ ਦੇ ਸਮੇਂ ਹੋਈ ਬੁੱਧ ਧਰਮੀਆਂ ਦੀ ਚੌਥੀ ਕੌਂਸਲ ਜਲੰਧਰ ਦੇ ਲਾਗੇ ਕੁਵਨ ਅਸਥਾਨ ਤੇ ਹੋਈ ਸੀ। (ਕੁਝ ਲੇਖਕਾਂ ਦਾ ਕਹਿਣਾ ਹੈ ਕਿ ਇਹ ਕਸ਼ਮੀਰ ਵਿਚ ਹੋਈ ਸੀ) । ਨੌਵੀਂ ਸਦੀ ਦੇ ਅੰਤ ਵਿਚ, ਰਾਜ-ਤਰੰਗਣੀ ਅਨੁਸਾਰ, ਕਸ਼ਮੀਰ ਦੇ ਰਾਜਾ ਸ਼ੰਕਰ ਚੰਦਰ ਨੇ ਤ੍ਰਿਗਰਤ ਦੇ ਰਾਜਾ ਪ੍ਰਿਥਵੀ ਚੰਦਰ ਨੂੰ ਹਾਰ ਦਿੱਤੀ । ਸੰਨ 1088 ਦੇ ਲਗਭਗ ਗਜ਼ਨਵੀ ਘਰਾਣੇ ਦੇ ਸੁਲਤਾਨ ਇਬਰਾਹੀਮ (1058- 1098 ਈ.) ਨੇ ਜਲੰਧਰ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਤੋਂ ਬਾਅਦ ਇਹ ਸੂਬਾ ਲਾਹੌਰ ਦੇ ਤਹਿਤ ਮੁਸਲਮਾਨੀ ਰਾਜ ਹੇਠਾਂ ਰਿਹਾ। ਸੱਯਦਾਂ ਦੇ ਵੇਲੇ (1414-1450 ਈ.) ਹਕੂਮਤ ਦਾ ਹੱਥ ਜ਼ਰਾ ਕੁਝ ਢਿੱਲਾ ਹੋ ਗਿਆ ਸੀ ਜਦ ਕਿ ਇਹ ਕੇਂਦਰੀ ਹਕੂਮਤ ਦੇ ਵਿਰੁੱਧ ਬਗ਼ਾਵਤਾਂ ਦਾ ਅੱਡਾ ਬਣ ਗਿਆ ਅਤੇ ਖੋਖਰਾਂ ਦੇ ਸਰਦਾਰ ਜਸਰਤ ਨੇ ਮੁਹਿੰਮਾ ਖੜੀਆਂ ਕਰ ਰੱਖੀਆਂ। ਸੰਨ 1555 ਵਿਚ ਜਦ ਹਮਾਯੂੰ ਬਾਦਸ਼ਾਹ ਮੁੜ ਹਿੰਦੁਸਤਾਨ ਦੇ ਰਾਜ ਸਿੰਘਾਸਣ ਲਈ ਯਤਨ ਕਰਨ ਵਾਸਤੇ ਈਰਾਨੋਂ ਆਇਆ ਤਾਂ ਜਲੰਧਰ ਦੇ ਲਾਗੇ ਹੀ ਉਸ ਦੀਆਂ ਹਿਮਾਇਤੀ ਫ਼ੌਜਾਂ ਦਾ ਇਕੱਠ ਹੋਇਆ ਸੀ ਅਤੇ ਜਲੰਧਰ ਦੇ ਨੇੜੇ ਹੀ ਉਸ ਦੇ ਪੁੱਤਰ ਅਕਬਰ ਬਾਦਸ਼ਾਹ ਨੇ ਸੰਨ 1560 ਈ. ਵਿਚ ਬੈਰਮ ਖ਼ਾਨ ਨੂੰ ਹਾਰ ਦਿੱਤੀ मी।

ਅਠਾਰ੍ਹਵੀਂ ਸਦੀ ਦੇ ਅੱਧ ਵਿਚ ਜਦ ਪੰਜਾਬ ਵਿਚ ਮੁਗ਼ਲ ਰਾਜ ਢਿੱਲਾ ਪੈ ਗਿਆ ਤਾਂ ਉਸ ਵੇਲੇ ਜਲੰਧਰ ਦਾ ਹਾਕਮ ਅਦੀਨਾ ਬੇਗ ਖ਼ਾਨ ਸੀ । ਚੌਥੇ ਹੱਲੇ ਵੇਲੇ ਸੰਨ 1757 ਵਿਚ ਦਿੱਲੀ ਤੋਂ ਮੁੜਦੇ ਹੋਏ ਅਹਿਮਦ ਸ਼ਾਹ ਦੁੱਰਾਨੀ ਨੇ ਨਾਸਰ ਅਲੀ ਜਲੰਧਰੀਏ ਦੇ ਕਹੇ ਕਰਤਾਰਪੁਰ ਦਾ ਗੁਰਦੁਆਰਾ ਥੰਮ ਸਾਹਿਬ ਫੂਕ ਦਿੱਤਾ ਸੀ ਅਤੇ ਸ਼ਹਿਰ ਵਿਚ ਕਤਲਾਮ ਅਤੇ ਲੁੱਟ ਮਚਾ ਦਿੱਤੀ ਸੀ ਅਤੇ ਅੰਮ੍ਰਿਤਸਰ ਦਰਬਾਰ ਸਾਹਿਬ ਢਾ ਦਿੱਤਾ ਸੀ । ਇਸ ਤੋਂ ਗੁੱਸਾ ਖਾ ਕੇ ਸਿੰਘ ਦੁੱਰਾਨੀਆ ਉੱਤੇ ਦੰਦ ਪੀਹਣ ਲੱਗ ਪਏ ਅਤੇ ਜਦ ਅਦੀਨਾ ਬੇਗ ਨੇ ਸੋਢੀ ਵਡਭਾਗ ਸਿੰਘ ਕਰਤਾਰਪੁਰੀਏ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਰਾਹੀਂ ਦੁੱਰਾਨੀਆਂ ਵਿਰੁੱਧ ਸਿੰਘਾਂ ਪਾਸੋਂ ਸਹਾਇਤਾ ਮੰਗੀ ਤਾਂ ਸਿੰਘਾਂ ਨੇ ਮਾਹਲਪੁਰ ਲਾਗੇ ਦੁੱਰਾਨੀਆਂ ਨੂੰ ਬੜੀ ਭਾਰੀ ਹਾਰ ਦਿੱਤੀ । ਬੁਲੰਦ ਖ਼ਾਨ ਤਾਂ ਲੜਾਈ ਵਿਚ ਮਾਰਿਆ ਗਿਆ ਅਤੇ ਮੁਰਾਦ ਖ਼ਾਨ ਭੱਜ ਨਿਕਲਿਆ। ਹੁਣ ਸੋਢੀ ਵਡਭਾਗ ਸਿੰਘ ਦੀ ਸ਼ਹਿ ਨਾਲ ਗ਼ੁੱਸੇ ਵਿਚ ਆਏ ਹੋਏ ਸਿੰਘਾਂ ਨੇ ਜਲੰਧਰ ਉੱਤੇ ਧਾਵਾ ਬੋਲ ਦਿੱਤਾ ਅਤੇ ਅੱਗ ਲਾ ਕੇ ਸ਼ਹਿਰ ਵਿਚ ਲੁੱਟ ਮਚਾ ਦਿੱਤੀ । ਅਦੀਨਾ . ਬੇਗ ਖ਼ਾਨ ਨੇ ਇਕ ਲੱਖ ਪੰਝੀ ਹਜ਼ਾਰ ਰੁਪਿਆ ਸਿੰਘਾਂ ਨੂੰ ਦੇ ਕੇ ਸ਼ਹਿਰ ਦੀ ਖ਼ਲਾਸੀ ਕਰਾਈ। ਸੰਨ 1765 ਵਿਚ ਜਦ ਸਿੰਘਾਂ ਨੇ ਲਾਹੌਰ ਉੱਤੇ ਕਬਜ਼ਾ ਕਰਕੇ ਥਾਂ ਥਾਂ ਆਪਣੀਆਂ ਮੇਰਾਂ ਕਾਇਮ ਕਰ ਲਈਆਂ ਤਾਂ ਸੰਨ 1767 ਵਿਚ ਜਲੰਧਰ ਵਿਚ ਸਰਦਾਰ ਖ਼ੁਸ਼ਾਲ ਸਿੰਘ ਸਿੰਘਪੁਰੀਏ (ਫੈਜੁੱਲਾਪੁਰੀਏ) ਨੇ ਕਬਜ਼ਾ ਕਰ ਲਿਆ। ਫਿਲੋਰ ਸਰਦਾਰ ਬੁੱਧ ਸਿੰਘ ਦਾ ਮੁੱਖ ਅਸਥਾਨ ਸੀ ਅਤੇ ਨਕੋਦਰ ਵਿਚ ਸਰਦਾਰ ਤਾਰਾ ਸਿੰਘ ਗੈਬਾ ਡੱਲੇਵਾਲੀਏ ਨੇ ਮੇਰ ਜਮਾ ਲਈ । ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਲੰਧਰ ਦੁਆਬੇ ਦਾ ਮੁੱਖ ਅਸਥਾਨ ਸੀ। ਸੰਨ 1845-46 ਦੀ ਅੰਗਰੇਜ਼ਾਂ ਨਾਲ ਸਿੰਘਾਂ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਜਲੰਧਰ ਦੁਆਬ ਉੱਤੇ ਕਬਜ਼ਾ ਕਰ ਲਿਆ ।

ਜੁਆਲਾਮੁਖੀ

ਤਹਿਸੀਲ ਡੇਰਾ ਗੋਪੀਪੁਰ ਜ਼ਿਲ੍ਹਾ ਕਾਂਗੜਾ

ਜੁਆਲਾਮੁਖੀ ਇਕ ਪੁਰਾਤਨ ਹਿੰਦੂ ਅਸਥਾਨ ਹੈ ਜੋ ਕਾਂਗੜੇ ਤੋਂ ਨਦੌਣ ਨੂੰ ਜਾ ਰਹੀ ਸੜਕ ਉਤੇ 25 ਮੀਲ ਦੀ ਵਿੱਥ ਤੇ ਹੈ। ਇਥੇ ਦੇ ਢਹੇ ਹੋਏ ਮਕਾਨਾਂ ਅਤੇ ਮੰਦਰਾਂ ਦੇ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਚੋਖੀ ਵਸੋਂ ਵਾਲੀ ਥਾਂ ਹੁੰਦੀ ਸੀ ਪਰ ਇਸ ਵੇਲੇ ਇਸ ਦੀ ਪ੍ਰਸਿੱਧੀ ਜੁਆਲਾਮੁਖੀ ਨਾਉਂ ਦੇ ਮੰਦਰ ਕਰਕੇ ਹੈ। ਇਕ ਪ੍ਰੌਰਾਣਿਕ ਕਥਾ ਅਨੁਸਾਰ ਜੁਆਲਾਮੁਖੀ ਉਨ੍ਹਾਂ 52 ਅਸਥਾਨਾਂ ਵਿਚੋਂ ਹੈ ਜਿਥੇ ਸ਼ਿਵਜੀ ਮਹਾਰਾਜ ਦੀ ਸਤੀ ਇਸਤਰੀ ਦੇ ਵਿਸ਼ਨੂੰ ਦੇ ਸੁਦਰਸ਼ਨ ਚੱਕਰ ਨਾਲ ਕੱਟੇ ਗਏ ਅੰਗਾਂ ਵਿਚੋਂ ਜੀਭ ਡਿੱਗੀ ਸੀ। ਇਕ ਹੋਰ ਕਥਾ ਇਸ ਤਰ੍ਹਾਂ ਹੈ ਕਿ ਜਲੰਧਰ ਦੈਂਤ ਦੇ ਤਪ ਤੋਂ ਘਬਰਾ ਦੇ ਸ਼ਿਵਜੀ ਮਹਾਰਾਜ ਨੇ ਪਹਾੜ ਠੇਲ੍ਹ ਕੇ ਉਸ ਨੂੰ ਹੇਠਾਂ ਚੁਫਾਲ ਦੱਬ ਦਿੱਤਾ । ਜਲੰਧਰ ਦੇ ਮੂੰਹ ਵਿਚੋਂ ਜੁਆਲਾਮੁਖੀ ਦੇ ਅਸਥਾਨ ਤੇ ਅੱਗ ਦੀਆਂ ਲਾਟਾਂ ਨਿਕਲੀਆ (ਦੇਖੋ ਜਲੰਧਰ) । ਜੁਆਲਾਮੁਖੀ ਦਾ ਮੰਦਰ ਪਹਾੜ ਦੇ ਹੇਠੋਂ ਫੁੱਟ ਕੇ ਨਿਕਲਦੀ ਕੁਦਰਤੀ ਗੈਸ ਤੇ ਕੁੰਡ ਉਤੇ ਹਿੰਦੂਆਂ ਨੇ ਇਸ ਨੂੰ ਪ੍ਰਕਿਰਤੀ ਦੇਵੀ ਦੀ ਸ਼ਕਤੀ ਦਾ ਪ੍ਰਗਟਾਵਾ ਜਾਣ ਕੇ ਇਸ ਦੀ ਪੂਜਾ ਆਰੰਭ ਦਿਤੀ। ਇਸ ਮੰਦਰ ਵਿਚ ਕੋਈ ਮੂਰਤੀ ਨਹੀਂ ਹੈ। ਅੰਦਰਲੇ ਕੁੰਡ ਦੀ ਕੰਧ ਵਿਚੋਂ ਕਈ ਹੋਰ ਥਾਈਂ ਵੀ ਤੇੜਾਂ ਵਿਚੋਂ ਗੈਸ ਨਿਕਲਦੀ ਹੈ। ਕੁੰਡ ਵਿਚੋਂ ਨਿਕਲਦੀ ਗੈਸ ਹੌਲੀ ਹੌਲੀ ਜਮ੍ਹਾਂ ਹੁੰਦੀ ਹੈ, ਇਸ ਲਈ ਜਦ ਦਰਸ਼ਕਾਂ ਦੀ ਭੀੜ ਜ਼ਿਆਦਾ ਹੋ ਜਾਏ ਤਾਂ ਪੁਜਾਰੀ ਲੋਕ ਘਿਉ ਦੀ ਜੋਤ ਨਾਲ ਲਾਟ ਨੂੰ ਜਾਰੀ ਰਖਦੇ ਹਨ। ਇਸ ਦੀ ਇਮਾਰਤ ਬਹੁਤੀ ਪੁਰਾਣੀ ਨਹੀਂ (ਪਹਿਲੀ ਮੁਸਲਮਾਨ ਸੁਲਤਾਨਾਂ ਨੇ ਨਸ਼ਟ ਭ੍ਰਿਸ਼ਟ ਕਰ ਦਿੱਤੀ ਸੀ) ਅਤੇ ਇਸ ਦਾ ਚਾਂਦੀ ਮੜ੍ਹਿਆ ਸੁੰਦਰ ਦਰਵਾਜ਼ਾ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ ਸੀ । 4 ਅਪਰੈਲ, 1905 ਨੂੰ ਆਏ ਕਾਂਗੜੇ ਦੇ ਭੁਚਾਲ ਨਾਲ ਮੰਦਰ ਨੂੰ ਬਹੁਤ ਨੁਕਸਾਨ ਪੁੱਜਾ ਸੀ। ਜੁਆਲਾਮੁਖੀ ਮੰਦਰ ਦੇ ਲਾਗੇ ਹੀ ਛੇ ਗਰਮ ਪਾਣੀ ਦੇ ਚਸ਼ਮੇ ਹਨ। ਯਾਤਰੀਆਂ ਲਈ ਇਥੇ ਮਹਾਰਾਜਾ ਪਟਿਆਲਾ ਦੀ ਬਣਵਾਈ ਹੋਈ ਇਕ ਸਰਾਂ ਅਤੇ ਕਈ ਹੋਰ ਧਰਮਸਾਲਾਂ ਹਨ।

ਤਰਨ ਤਾਰਨ

ਜ਼ਿਲ੍ਹਾ ਅੰਮ੍ਰਿਤਸਰ

ਤਰਨ ਤਾਰਨ

ਅੰਮ੍ਰਿਤਸਰ ਤੋਂ ਦੱਖਣ ਨੂੰ 14 ਮੀਲ ਦੀ ਵਿਥ ਤੇ ਸ੍ਰੀ ਗੁਰੂ ਅਰਜਨ ਦੇਵ (ਸੰਨ 1581-1606 ਈ.) ਦਾ ਵਸਾਇਆ ਹੋਇਆ ਨਗਰ । ਗੁਰੂ ਸਾਹਿਬ ਨੇ ਪਿੰਡ ਖਾਰਾ ਅਤੇ ਪਲਾਸੂਰ ਦੀ ਜ਼ਮੀਨ ਇਕ ਲੱਖ ਸਤਵੰਜਾ ਹਜ਼ਾਰ ਰੁਪਏ ਨੂੰ ਖਰੀਦ ਕੇ 17 ਵਸਾਖ ਸੰਮਤ 1647 (13 ਅਪਰੈਲ, 1590 ਈ.) ਨੂੰ ਤਰਨ ਤਾਰਨ ਸਰੋਵਰ ਦੀ ਖੁਦਾਈ ਦਾ ਟੱਕ ਲਾਇਆ। ਸੰਨ 1596 ਵਿਚ ਗੁਰੂ ਜੀ ਨੇ ਨਗਰ ਆਬਾਦ ਕੀਤਾ । ਸਰੋਵਰ ਨੂੰ ਪੱਕਾ ਕਰਨ ਅਤੇ ਗੁਰਦੁਆਰਾ ਉਸਾਰਣ ਲਈ ਜੋ, ਇੱਟਾਂ ਦੇ ਆਵੇ ਲਗਵਾਏ ਗਏ ਸਨ, ਉਨ੍ਹਾਂ ਦੀਆਂ ਇੱਟਾਂ ਨੂਰੁਦੀਨ ਦਾ ਪੁੱਤਰ ਅਮੀਰੁੱਦੀਨ ਜ਼ੋਰੀਂ ਚੁਕਵਾ ਕੇ ਲੈ ਗਿਆ ਅਤੇ ਸਰਾਇ (ਨੂਰੁਦੀਨ) ਅਤੇ ਆਪਣੇ ਮਕਾਨਾਂ ਨੂੰ ਲਾ ਲਈਆਂ । ਸੰਮਤ 1823 (ਸੰਨ 1766) ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਇਹ ਇਮਾਰਤਾਂ ਢੁਹਾ ਕੇ ਸਰੋਵਰ ਦੇ ਦੋ ਪਾਸੇ ਬਣਵਾਏ ਅਤੇ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਮੋਤੀ ਰਾਮ ਕਾਰਕੁਨ ਦੀ ਰਾਹੀਂ ਪੱਕੇ ਕਰਵਾਏ। ਪਿਛੋਂ ਕੰਵਰ ਨੌ-ਨਿਹਾਲ ਸਿੰਘ ਨੇ ਪ੍ਰਕਰਮਾ ਪੱਕੀ ਕਰਵਾਈ ਅਤੇ ਮੁਨਾਰਾ ਪੱਕਾ ਬਣਵਾਇਆ ।

ਸਰੋਵਰ ਦੇ ਕੰਢੇ ਪਰਕਰਮਾ ਵਿਚ ਸੁੰਦਰ ਸੁਨਹਿਰੀ ਗੁਰਦੁਆਰਾ ਬਣਿਆ ਹੋਇਆ ਹੈ। ਪਰਕਰਮਾ ਵਿਚ ਇਕ ਅਸਥਾਨ ਮੰਜੀ ਸਾਹਿਬ ਹੈ ਜਿਥੇ ਗੁਰੂ ਅਰਜਨ ਬੈਠ ਕੇ ਸਰੋਵਰ ਦੀ ਰਚਨਾ ਕਰਵਾਉਂਦੇ ਹੁੰਦੇ ਸਨ ਅਤੇ ਪਿਛੋਂ ਗੁਰੂ ਹਰਿਗੋਬਿੰਦ ਦੀਵਾਨ ਲਾਇਆ ਕਰਦੇ ਸਨ।

ਤਰਨ ਤਾਰਨ ਸ਼ਹਿਰ ਤੋਂ ਬਾਹਰ ਗੁਰੂ ਅਰਜਨ ਦਾ ਜਾਰੀ ਕੀਤਾ ਹੋਇਆ ਕੋਹੜੀਆਂ ਦੇ ਇਲਾਜ ਅਤੇ ਆਰਾਮ ਲਈ ਆਸ਼ਰਮ ਹੈ। ਸਿੱਖਾਂ ਵਲੋਂ ਇਸ ਆਸ਼ਰਮ ਦਾ ਚੰਗਾ ਪੱਕਾ ਪ੍ਰਬੰਧ ਨਾ ਹੋਣ ਕਰ ਕੇ ਸੰਨ 1903 ਤੋਂ ਈਸਾਈ ਮਿਸ਼ਨ ਨੇ ਇਸ ਨੂੰ ਸੰਭਾਲ ਕੇ ਬੜੀ ਚੰਗੀ ਤਰ੍ਹਾਂ ਚਲਾ ਲਿਆ ਹੈ।

ਥਾਨੇਸਰ

ਸਥਾਨੇਸ਼ਵਰ, ਜ਼ਿਲ੍ਹਾ ਕਰਨਾਲ

ਥਾਨੇਸਰ

ਦਿੱਲੀ ਤੋਂ 98 ਮੀਲ ਉੱਤਰ ਨੂੰ, ਅੰਬਾਲੇ ਤੋਂ 26 ਮੀਲ ਦੱਖਣ ਨੂੰ ਅਤੇ ਕੁਰਖੇਤਰ ਤੋਂ ਦੋ ਢਾਈ ਮੀਲ ਲਹਿੰਦੇ ਨੂੰ, ਸਰਸਵਤੀ ਨਦੀ ਦੇ ਕੰਢੇ ਹਿੰਦੂਆਂ ਦਾ ਇਹ ਇਕ ਪ੍ਰਾਚੀਨ ਸਰੋਵਰ ਅਤੇ ਪਵਿੱਤਰ ਤੀਰਥ ਅਸਥਾਨ ਹੈ ਜਿਥੇ ਕਿ ਸ਼ਿਵਲਿੰਗ ਦੀ ਪੂਜਾ ਸਭ ਤੋਂ ਪਹਿਲਾਂ ਅਸਥਾਪਨ ਹੋਈ ਸੀ । ਮਹਾਭਾਰਤ ਦਾ ਯੁੱਧ ਇਸ ਤੋਂ ਦੱਖਣ-ਚੜ੍ਹਦੇ ਨੂੰ ਕੁਰਖੇਤਰ ਦੀ ਰਣਭੂਮੀ ਵਿਚ ਹੋਇਆ ਸੀ । ਥਾਨੇਸਰ ਦੇ ਦੱਖਣ ਦੇ ਇਲਾਕੇ ਨੂੰ, ਜੋ ਸਰਸਵਤੀ ਅਤੇ ਦ੍ਰਿਸ਼ਦਤੀ ਨਦੀਆਂ ਦੇ ਵਿਚਕਾਰ ਹੈ, ਕੁਰਖੇਤਰ, ਧਰਮਖੇਤਰ ਅਤੇ ਬ੍ਰਹਮਵਰਤ ਨਾਂਵਾਂ ਨਾਲ ਯਾਦ ਕੀਤਾ ਹੋਇਆ ਹੈ ਜਿਸ ਦਾ ਜ਼ਿਕਰ ਇਸ ਪੁਸਤਕ ਦੇ ਆਰੰਭ ਵਿਚ ਆ ਚੁੱਕਾ ਹੈ। ਪੁਰਾਣੇ ਸਾਹਿਤ ਵਿਚ ਇਸ ਸਰੋਵਰ ਦੇ ਕਈ ਨਾਉਂ ਆਏ ਹਨ ਜਿਵੇਂ ਕਿ ਬ੍ਰਹਮਸਰ, ਰਾਮਹਦ, ਵਾਯਵਸਰ, ਪਵਨਸਰ ਆਦਿ। ਕਨਿੰਘਮ ਅਨੁਸਾਰ ਇਹ 3546 ਫੁੱਟ ਲੰਬਾ ਅਤੇ 1900 ਫ਼ੁੱਟ ਚੌੜਾ ਹੈ।

ਇਕ ਪੌਰਾਣਿਕ ਕਥਾ ਅਨੁਸਾਰ ਕੁਰਖੇਤਰ ਦੇ ਸਰੋਵਰ ਦੇ ਕੰਢੇ ਪਾਂਡਵਾਂ ਅਤੇ ਕੌਰਵਾਂ ਦੇ ਸਾਂਝੇ ਬਜ਼ੁਰਗ ਕੁਰੂ ਨੇ ਤਪੱਸਿਆ ਕੀਤੀ ਸੀ । ਇੱਥੇ ਹੀ ਪਰਸੁਰਾਮ ਨੇ ਆਪਣੇ ਕੁਹਾੜੇ ਨਾਲ ਅਨੇਕ ਖੱਤਰੀਆਂ ਦਾ ਨਾਸ ਕੀਤਾ ਅਤੇ ਇੱਥੇ ਹੀ ਅੰਤ ਪੁਰੂਰਵਸ ਨੂੰ ਅਲੋਪ ਹੋ ਗਈ ਹੋਈ ਉਸ ਦੀ ਪ੍ਰੇਮਕਾ ਅਪਸਰਾਂ ਉਰਵਸ਼ੀ, ਆਪਣੀਆਂ ਚਾਰ ਹੋਰ ਸੁਰਗੀ ਅਪੱਸਰਾਂ ਸਖੀਆਂ ਨਾਲ ਕੋਲ ਫੁੱਲਾਂ ਨਾਲ ਭਰੇ ਸੁੰਦਰ ਸਰੋਵਰ ਵਿਚ ਕਲੋਲ ਕਰਦੀ ਦੇ ਦਰਸ਼ਨ ਹੋਏ ਸਨ । ਪਰ ਘੋੜਸਿਰੇ ਦਧਿਅੰਚ ਜਾਂ ਦੁਧੀਚ ਦੀ ਕਥਾ ਪੁਰੂਰਵਸ ਦੀ ਕਥਾ ਤੋਂ ਵੀ ਪੁਰਾਣੀ ਪ੍ਰਤੀਤ ਹੁੰਦੀ ਹੈ ਜਿਸ ਵੱਲ ਕਿ ਰਿਗਵੇਦ ਵਿਚ ਵੀ ਇਸ਼ਾਰਾ ਮਿਲਦਾ ਹੈ। ਇਸ ਨਾਲ ਥਾਨੇਸਰ ਦੇ ਸਰੋਵਰ ਦੀ ਪ੍ਰਾਚੀਨਤਾ ਰਿਗਵੇਦ ਦੇ ਸਮੇਂ ਤੋਂ ਵੀ ਪਹਿਲਾਂ ਦੀ ਹੋ ਜਾਂਦੀ ਹੈ। ਦਧਿਅੰਚ ਅਥਰਵਨ ਦਾ ਪੁੱਤਰ ਇਕ ਵੈਦਿਕ ਰਿਖੀ ਸੀ ਜਿਸ ਨੂੰ ਇੰਦਰ ਦੇਵਤਾ ਨੇ ਕੁਝ ਗੁਪਤ ਵਿਦਿਆ ਇਸ ਸ਼ਰਤ ਉਤੇ ਦਿੱਤੀ ਸੀ ਕਿ ਜੇ ਉਸ ਨੇ ਇਹ ਅੱਗੇ ਕਿਸੇ ਹੋਰ ਨੂੰ ਦੱਸੀ ਤਾਂ ਉਸ ਦਾ ਸਿਰ ਵੱਢ ਦਿੱਤਾ ਜਾਏਗਾ। ਅਸ਼ਵਨੀ ਕੁਮਾਰਾਂ ਨੇ ਉਸ ਨੂੰ ਇਹ ਵਿਦਿਆ ਉਨ੍ਹਾਂ ਨੂੰ ਸਿਖਾ ਦੇਣ ਲਈ ਮਨਾ ਲਿਆ ਅਤੇ ਇੰਦਰ ਦੇ ਕੋਪ ਤੋਂ ਬਚਾਉਣ ਲਈ ਉਸ ਦਾ ਸਿਰ ਲਾਹ ਕੇ ਰੱਖ ਲਿਆ ਅਤੇ ਉਸ ਦੀ ਥਾਂ ਘੋੜੇ ਦਾ ਸਿਰ ਉਸ ਦੀ ਧੌਣ ਉਤੇ ਲਾ ਦਿੱਤਾ । ਜਦ ਗ਼ੁੱਸੇ ਵਿਚ ਆ ਕੇ ਇੰਦਰ ਨੇ ਦਧਿਅੰਚ ਦਾ (ਘੋੜੇ ਦਾ ਲੱਗਾ ਹੋਇਆ) ਸਿਰ ਵੱਢ ਦਿੱਤਾ ਤਾਂ ਅਸ਼ਵਨੀ ਕੁਮਾਰਾਂ ਨੇ ਮੁੜ ਦਧਿਅੰਚ ਦਾ ਪਹਿਲਾ ਅਸਲੀ ਸਿਰ ਉਸ ਦੀ ਧੌਣ ਉਤੇ ਲਾ ਕੇ ਉਸ ਨੂੰ ਨਵਾਂ ਨਰੋਆ ਕਰ ਦਿੱਤਾ । ਜਿਤਨੀ ਦੇਰ ਦਧਿਅੰਚ ਧਰਤੀ ਉਤੇ ਜਿਉਂਦਾ ਰਿਹਾ, ਦੈਂਤਾਂ ਜਾਂ ਅਸੁਰਾਂ ਨੂੰ ਉਸ ਨੇ ਕਾਬੂ ਰਖਿਆ ਪਰ ਉਸ ਦੇ ਪਿਛੋਂ ਇਨ੍ਹਾਂ ਦਾ ਜ਼ੋਰ ਹਰ ਥਾਂ ਵੱਧ ਗਿਆ । ਇਹ ਵੇਖ ਕੇ ਇੰਦਰ ਦੇਵਤਾ ਨੇ ਦਧਿਅੰਚ ਦਾ ਨਿਸ਼ਾਨ ਪਤਾ ਪੁਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਘੋੜੇ ਦਾ ਸਿਰ ਹੈ ਜੋ ਕੁਰਖੇਤਰ ਦੇ ਲਾਗੇ ਥਾਨੇਸਰ ਦੇ ਸਰੋਵਰ ਤੋਂ ਮਿਲਿਆ ਹੈ। ਇੰਦਰ ਨੇ ਇਸ ਦੀਆਂ ਹੱਡੀਆਂ ਦੇ ਸ਼ਸਤਰ ਬਣਾ ਕੇ ਅਸੁਰਾਂ ਦਾ ਨਾਸ ਕੀਤਾ । ਮਹਾਂਭਾਰਤ ਅਤੇ ਪੁਰਾਣਾਂ ਵਿਚ ਆਈ ਕਥਾ ਅਨੁਸਾਰ ਦਧਿਅੰਚ ਨੇ ਆਪਣੇ ਪ੍ਰਾਣ ਇਸ ਲਈ ਤਿਆਗੇ ਸਨ ਕਿ ਇੰਦਰ ਅਤੇ ਦੇਵਤੇ ਵਿੱਤਾਂ ਅਤੇ ਅਸੁਰਾਂ ਦੇ ਨਾਸ ਕਰਨ ਲਈ ਉਸ ਦੀਆਂ ਹੱਡੀਆਂ ਦੇ ਹਥਿਆਰ ਬਣਾ ਸਕਣ । ਇਕ ਕਥਾ ਅਨੁਸਾਰ ਦਧਿਅੰਚ ਨੇ ਦਕਸ਼ ਦੇ ਜੱਗ ਨੂੰ ਭੰਗ ਕਰਨ ਲਈ ਸ਼ਿਵਜੀ ਮਹਾਂਦੇਵ ਦੀ ਸਹਾਇਤਾ ਕੀਤੀ ਸੀ।

ਪ੍ਰਾਚੀਨ ਕਥਾ ਅਨੁਸਾਰ ਥਾਨੇਸਰ ਦਾ ਕਿਲ੍ਹਾ ਕੁਰੂ ਦੇ ਖ਼ਾਨਦਾਨ ਦੇ ਰਾਜਾ ਦਿਲੀਪ ਨੇ ਜੋ ਪਾਂਡਵਾਂ ਤੋਂ ਪੰਜ ਪੀੜ੍ਹੀਆਂ ਪਹਿਲੋਂ ਹੋਇਆ ਹੈ, ਉਸਾਰਿਆ ਸੀ ਅਤੇ ਇਸ ਦੇ 52 ਬੁਰਜ ਸਨ । ਇਸ ਵੇਲੇ ਇਹ ਸਭ ਕੁਝ ਥੇਹ ਬਣਿਆ ਹੋਇਆ ਹੈ।

ਵਰਾਹ-ਮਿਹਿਰ ਦੇ ਸਮੇਂ ਸੰਨ 522 ਵਿਚ ਥਾਨੇਸਰ ਦੇ ਸਰੋਵਰ ਦੀ ਬੜੀ ਪ੍ਰਭੁਤਾ ਸੀ ਅਤੇ ਇਸ ਦੀ ਲਿਖਤ ਦੇ ਆਧਾਰ ਪਰ ਅਬੂ-ਰੀਹਾਨ ਅਲ-ਬਿਰੂਨੀ ਆਪਣੀ ਪ੍ਰਸਿੱਧ ਪੁਸਤਕ ‘ਅਲ-ਹਿੰਦ’ ਵਿਚ ਕਹਿੰਦਾ ਹੈ ਕਿ ਚੰਦ ਗ੍ਰਹਿਣ ਦੇ ਵੇਲੇ ਹੋਰ ਸਾਰੇ ਸਰੋਵਰਾਂ ਦਾ ਜਲ ਥਾਨੇਸਰ ਦੇ ਸਰੋਵਰ ਦੀ ਯਾਤਰਾ ਕਰਦਾ ਹੈ। ਛੇਵੀਂ ਸਦੀ ਦੇ ਆਰੰਭ ਵਿਚ ਥਾਨੇਸਰ ‘ਸ਼੍ਰੀ ਕੰਠ ਜਨਪਦ’ ਦੀ ਰਾਜਧਾਨੀ ਸੀ ਜਿਸ ਦੀ ਥਾਪਣਾ ‘ਹਰਸ਼-ਚਰਿਤ’ ਦੇ ਕਰਤਾ ਬਾਣ ਭੱਟ ਅਨੁਸਾਰ ਪੁਸ਼ਪਭੂਤੀ ਨੇ ਕੀਤੀ ਸੀ । ਥਾਨੇਸਰ ਰਾਜ ਦੇ ਪਹਿਲੇ ਤਿੰਨ ਰਾਜਿਆਂ ਸਬੰਧੀ ਨਿਸਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਜੋ ਜਾਂ ਤਾਂ ਹੂਣਾਂ ਦੇ ਜਾਂ ਗੁਪਤਿਆਂ ਦੇ ਅਧੀਨ ਹੋਣਗੇ । ਪ੍ਰਭਾਕਰ ਵਰਧਨ ਪਹਿਲਾ ਰਾਜਾ ਹੈ ਜਿਸ ਦਾ ਜ਼ਿਕਰ ਬਾਣ ਭੱਟ ਨੇ ਕੀਤਾ ਹੈ। ਇਸ ਨੇ ਆਪਣੇ ਵੱਡੇ ਪੁੱਤਰ ਰਾਜਵਰਧਨ ਨੂੰ ਹੂਣਾਂ ਦੇ ਵਿਰੁੱਧ ਉੱਤਰ ਵੱਲ ਇਕ ਮੁਹਿੰਮ ਉਤੇ ਭੇਜਿਆ ਪਰ ਪ੍ਰਭਾਕਰ-ਵਰਧਨ ਦੇ ਬੀਮਾਰ ਹੋ ਜਾਣ ਕਰਕੇ ਇਸ ਨੂੰ ਵਾਪਸ ਬੁਲਾ ਲਿਆ ਗਿਆ । ਰਾਜ-ਵਰਧਨ ਦੇ ਮੁੜਨ ਤੋਂ ਪਹਿਲਾ ਹੀ ਪ੍ਰਭਾਕਰ ਵਰਧਨ ਦਾ ਦੇਹਾਂਤ ਹੋ ਗਿਆ ਅਤੇ ਇਸ ਦੀ ਮਾਤਾ ਰਾਣੀ ਯਸ਼ੋਮਤੀ ਸਰਸਵਤੀ ਦੇ ਕੰਢੇ ਸਤੀ ਹੋ ਗਈ। ਰਾਜ-ਵਰਧਨ ਨੂੰ ਐਸਾ ਵੈਰਾਗ ਹੋਇਆ ਕਿ ਉਸ ਨੇ ਰਾਜ ਆਪਣੇ ਛੋਟੇ ਭਰਾ ਹਰਸ਼ ਵਰਧਨ ਨੂੰ ਦੇ ਕੇ ਸਾਧੂ ਹੋ ਜਾਣ ਦਾ ਫ਼ੈਸਲਾ ਕਰ ਲਿਆ। ਓਧਰ ਹਰਸ਼ ਵੀ ਰਾਜ ਦਾ ਭਾਰ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦਾ ਅਤੇ ਸੰਸਾਰ ਤਿਆਗ ਦਾ ਵਿਚਾਰ ਕਰ ਰਿਹਾ ਸੀ ਪਰ ਕਨੌਜ ਤੋਂ ਆਈਆਂ ਖ਼ਬਰਾਂ ਨੇ (ਕਿ ਮਾਲਵੇ ਦੇ ਰਾਜਾ ਨੇ ਗ੍ਰਹਿ-ਵਰਧਨ ਨੂੰ ਮਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਭੈਣ ਰਾਣੀ ਰਾਜੇਸ਼ਰੀ ਨੂੰ ਕੈਦ ਕਰ ਲਿਆ ਹੈ ਅਤੇ ਉਹ ਥਾਨੇ ਸਰ ਉਤੇ ਹੱਲਾ ਕਰਨ ਵਾਲਾ ਹੈ) ਇਹ ਵਿਚਾਰ ਉਲਟਾ ਦਿੱਤੇ । ਹਰਸ਼ ਨੂੰ ਥਾਨੇਸਰ ਛੱਡ ਕੇ ਰਾਜ- ਵਰਧਨ ਮਾਲਵੇ ਦੇ ਰਾਜੇ ਦੇ ਵਿਰੁੱਧ ਗਿਆ ਪਰ ਮੁਹਿੰਮ ਦੇ ਅੰਤ ਤੇ ਉਹ ਗੌੜ ਦੇ ਰਾਜੇ ਦੇ ਹੱਥੋਂ ਮਾਰਿਆ ਗਿਆ । ਆਪਣੇ ਭਰਾ ਰਾਜ-ਵਰਧਨ ਦੀ ਮੌਤ ਤੋਂ ਬਾਅਦ ਹਰਸ਼-ਵਰਧਨ ਨੇ ਰਾਜ ਸੰਭਾਲ ਕੇ ਛੇਤੀ ਹੀ ਆਪਣੀ ਪ੍ਰਭੁਤਾ ਬਣਾ ਲਈ ਅਤੇ ਕੁਝ ਚਿਰ ਪਿਛੋਂ ਥਾਨੇਸਰ ਤੋਂ ਰਾਜਧਾਨੀ ਕਨੌਜ ਬਦਲ ਲਈ ।

ਹਰਸ਼ ਵਰਧਨ ਦੇ ਸਮੇਂ ਚੀਨੀ ਯਾਤਰੀ ਹਿਊਨ-ਸਾਂਗ ਭਾਰਤ ਦੇ ਭ੍ਰਮਣ (630 ਈ.) ਲਈ ਆਇਆ ਅਤੇ ਉਹ ਸੰਨ 634 ਵਿਚ ਥਾਨੇਸਰ ਦਾ ਜ਼ਿਕਰ ਕਰਦਾ ਹੈ। ਹਰਸ਼ ਨੇ ਇਸ ਦਾ ਬੜਾ ਸਨਮਾਨ ਕੀਤਾ ਅਤੇ ਇਸ ਤੇ ਬਾਅਦ ਚੀਨ ਅਤੇ ਹਰਸ਼ ਵਿਚਕਾਰ ਮਿਤਰਾਨਾ ਸਬੰਧ ਕਾਇਮ ਹੋ ਗਏ । ਸੰਨ 648 ਵਿਚ ਜਦ ਤੀਸਰੀ ਵਾਰ ਚੀਨੀ ਰਾਜਦੂਤ ਹਰਸ਼ ਦੇ ਦਰਬਾਰ ਵਿਚ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਸੈਨਾਪਤੀ ਅਰਜਨ ਨੇ ਰਾਜ ਉਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਘਰਾਣੇ ਦਾ ਰਾਜ ਖ਼ਤਮ ਹੋ ਗਿਆ ਹੈ ਪਰ ਥਾਨੇਸਰ ਦੀ ਪੁਰਾਣੀ ਧਾਰਮਕ ਮਹੱਤਤਾ ਕਾਇਮ ਰਹੀ।

1014 ਈ. ਵਿਚ ਮਹਿਮੂਦ ਗ਼ਜ਼ਨਵੀ ਨੇ ਥਾਨੇਸਰ ਨੂੰ ਲੁੱਟ-ਪੁੱਟ ਕੇ ਬਰਬਾਦ ਕਰ ਦਿੱਤਾ । 1043 ਵਿਚ ਭਾਵੇਂ ਮੁੜ ਹਿੰਦੂ ਰਾਜ ਇੱਥੇ ਕਾਇਮ ਹੋ ਗਿਆ ਸੀ ਪਰ ਇਸ ਦੀ ਪੁਰਾਣੀ ਰੌਣਕ ਕਈ ਸੋ ਸਾਲ ਬਾਅਦ ਵੀ ਨਾ ਹੋ ਸਕੀ। ਸਿਕੰਦਰ ਲੋਧੀ ਦੇ ਵੇਲੇ (ਸੰਨ 1488-1517 ਈ.) ਤੱਕ ਇਹ ਮੁੜ ਕੁਝ ਵਸ ਗਿਆ ਮਾਲੂਮ ਹੁੰਦਾ ਹੈ ਜਦ ਕਿ ਉਸ ਨੇ ਇਸ ਨੂੰ ਲੁੱਟਣ ਦਾ ਵਿਚਾਰ ਕੀਤਾ ਸੀ। ਸੰਨ 1567 ਨੂੰ ਅਪ੍ਰੈਲ ਦੇ ਮਹੀਨੇ ਸੂਰਜ-ਗ੍ਰਹਿਣ ਦੇ ਮੇਲੇ ਦੇ ਮੌਕੇ ਤੇ ਅਕਬਰ ਬਾਦਸ਼ਾਹ ਥਾਨੇਸਰ ਸੀ ਤਾਂ ਗਿਰਿ ਅਤੇ ਪੁਰੀ ਸੰਨਿਆਸੀਆਂ ਵਿਚ ਬੈਠਣ ਦੇ ਅਸਥਾਨ ਤੋਂ ਝਗੜਾ ਹੋ ਗਿਆ । ਬਾਦਸ਼ਾਹ ਪਾਸ ਪੁਰੀਆਂ ਨੇ ਸ਼ਿਕਾਇਤ ਕੀਤੀ ਪਰ ਜਦ ਆਪਸ ਵਿਚ ਕੋਈ ਸਮਝੌਤਾ ਨਾ ਹੋ ਸਕਿਆ ਤਾਂ ਦੋਹਾਂ ਧਿਰਾਂ ਨੇ ਲੜ ਕੇ ਫ਼ੈਸਲਾ ਕਰ ਲੈਣ ਦੀ ਆਗਿਆ ਮੰਗੀ। ਬਾਦਸ਼ਾਹ ਨੇ ਆਗਿਆ ਦੇ ਦਿੱਤੀ ਅਤੇ ਸੰਨਿਆਸੀਆਂ ਵਿਚ ਆਪਸ ਵਿਚ ਲੜਾਈ ਹੋ ਪਈ। ਜਦ ਬਾਦਸ਼ਾਹ ਅਕਬਰ ਨੇ ਦੇਖਿਆ ਕਿ ਗਿਰਿ ਸੰਨਿਆਸੀਆਂ ਨੇ ਪੁਰੀਆਂ ਨੂੰ ਦੱਬ ਲਿਆ ਹੈ ਤਾਂ ਉਸ ਨੇ ਆਪਣੇ ਕੁਝ ਸਿਪਾਹੀ ਪੁਰੀਆਂ ਦੀ ਸਹਾਇਤਾ ਲਈ ਭੇਜ ਦਿੱਤੇ । ਇਸ ਤਰਾਂ 20 ਬੰਦੇ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ। ਬਾਦਸ਼ਾਹ ਅਕਬਰ ਸੰਨਿਆਸੀ ਸਾਧਾਂ ਦੀ ਇਹ ਲੜਾਈ ਦੇਖ ਕੇ ਬੜਾ ਖ਼ੁਸ਼ ਹੋਇਆ।

ਮੁੱਲਾਂ ਅਹਿਮਦ ਲਿਖਦਾ ਹੈ ਕਿ ਅਕਬਰ ਦੇ ਵੇਲੇ ਥਾਨੇਸਰ ਦੇ ਸਰੋਵਰ ਦੇ ਵਿਚਕਾਰ ਬਣੀ ਹੋਈ ਮਸੀਤ ਨੂੰ ਢਾਅ ਕੇ ਹਿੰਦੂਆਂ ਇੱਥੇ ਮੰਦਰ ਬਣਾ ਲਿਆ। ਥਾਨੇਸਰ ਇਕ ਹਿੰਦੂ ਤੀਰਥ ਸੀ ਅਤੇ ਸਰੋਵਰ ਉਨ੍ਹਾਂ ਦਾ ਧਾਰਮਕ ਅਸਥਾਨ ਸੀ। ਇਸ ਲਈ ਸਰੋਵਰ ਦੇ ਵਿਚਕਾਰ ਕਿਸੇ ਮੰਦਰ ਨੂੰ ਢਾਅ ਕੇ ਪਹਿਲਾਂ ਮੁਸਲਮਾਨਾਂ ਨੇ ਮਸੀਤ ਬਣਾ ਦਿੱਤੀ ਹੋਣੀ ਹੈ ਜਿਸ ਦੀ ਥਾਂ ਹਿੰਦੂਆਂ ਨੇ ਮੁੜ ਮੰਦਰ ਬਣਾ ਦਿੱਤਾ । ਜਦ ਔਰੰਗਜ਼ੇਬ ਦਾ ਸਮਾਂ ਆਇਆ ਤਾਂ ਉਸ ਨੇ ਮੰਦਰ ਨੂੰ ਢਾਹ ਕੇ ਸਰੋਵਰ ਦੇ ਵਿਚਕਾਰ ਇਕ ਕਿਲ੍ਹਾ ਬਣਵਾ ਦਿੱਤਾ ਤਾਂਕਿ ਇੱਥੇ ਬੈਠ ਕੇ ਮੁਸਲਮਾਨ ਸਿਪਾਹੀ ਇਸ਼ਨਾਨ ਕਰਨ ਲਈ ਆਏ ਹਿੰਦੂਆਂ ਉਤੇ ਗੋਲੀ ਚਲਾ ਸਕਣ।

ਸੰਨ 1764 ਦੇ ਸ਼ੁਰੂ ਵਿਚ ਜਦ ਸਿੰਘਾਂ ਨੇ ਸਰਹੰਦ ਉਤੇ ਕਬਜ਼ਾ ਕਰ ਲਿਆ ਅਤੇ ਸਾਰੇ ਇਲਾਕੇ ਵਿਚ ਉਨ੍ਹਾਂ ਦਾ ਬੋਲ ਬਾਲਾ ਹੋ ਗਿਆ ਤਾਂ ਥਾਨੇਸਰ ਉਤੇ ਸਰਦਾਰ ਭੰਗਾ ਸਿੰਘ ਨੇ ਕਬਜ਼ਾ ਕਰ ਲਿਆ । 1850 ਵਿਚ ਇਹ ਸਰਕਾਰ ਅੰਗਰੇਜ਼ੀ ਦੇ ਤਹਿਤ ਆ ਗਿਆ। ਸੰਨ 1862 ਤੱਕ ਇਥੇ ਜ਼ਿਲ੍ਹਾ ਰਿਹਾ ਜਦ ਕਿ ਇਸ ਨੂੰ ਕਰਨਾਲ ਦੇ ਜ਼ਿਲ੍ਹੇ ਵਿਚ ਮਿਲਾ ਦਿੱਤਾ ਗਿਆ ।

ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਰਕਾਰ ਹਿੰਦ ਨੇ ਕੁਰਖੇਤਰ ਵੱਲ ਖ਼ਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਇੱਥੇ ਸੰਸਕ੍ਰਿਤ ਯੂਨੀਵਰਸਿਟੀ ਦੇ ਕਾਇਮ ਹੋ ਜਾਣ ਨਾਲ ਹਿੰਦੂ ਸੱਭਿਅਤਾ ਦਾ ਇਹ ਕੇਂਦਰ ਮੁੜ ਸੁਰਜੀਤ ਹੁੰਦਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਥਾਨੇਸਰ ਦੇ ਭਾਗ ਵੀ ਮੁੜ ਜਾਗ ਪਏ ਦਿਸਦੇ ਹਨ।

ਨਨਕਾਣਾ ਸਾਹਿਬ

ਜ਼ਿਲ੍ਹਾ ਸ਼ੇਖੂਪੁਰਾ, (ਪਾਕਿਸਤਾਨ)

ਨਨਕਾਣਾ ਸਾਹਿਬ

 

ਲਾਹੌਰ ਤੋਂ ਲਹਿੰਦੇ-ਦੱਖਣ ਨੂੰ 48 ਮੀਲ ਦੀ ਵਿੱਥ ਤੇ ਪ੍ਰਸਿੱਧ ਧਾਰਮਕ ਅਸਥਾਨ ਨਨਕਾਣਾ ਸਾਹਿਬ ਹੈ ਜਿੱਥੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਨੇ ਸੰਨ 1469 ਈ. ਵਿਚ ਜਨਮ ਲਿਆ ਸੀ। . ਪਹਿਲੇ ਇਸ ਦਾ ਨਾਉਂ ਰਾਇਪੁਰ ਹੁੰਦਾ ਸੀ ਫੇਰ ਤਲਵੰਡੀ ਰਾਇ ਭੋਇੰ ਹੋਇਆ । ਪਿੱਛੋਂ ਗੁਰੂ ਨਾਨਕ ਦਾ ਜਨਮ ਅਸਥਾਨ ਹੋਣ ਕਰਕੇ ਇਸ ਦਾ ਨਾਉਂ ਨਨਕਾਣਾ ਸਾਹਿਬ ਹੋ ਗਿਆ। ਸਿੱਖ ਰਾਜ ਵੇਲੇ ਇਸ ਦੀ ਮਾਨ ਪ੍ਰਤਿਸ਼ਠਾ ਬਹੁਤ ਵੱਧ ਗਈ ਜੋ ਅੰਗਰੇਜ਼ੀ ਰਾਜ ਦੇ ਵੇਲੇ ਹੋਰ ਵੀ ਵਧਦੀ ਗਈ । ਜਨਮ ਅਸਥਾਨ ਇਕ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇਸ ਨਾਲ ਅਠਾਰਾਂ ਹਜ਼ਾਰ ਏਕੜ ਜ਼ਮੀਨ ਅਤੇ 9892 ਰੁਪਏ ਸਾਲਾਨਾ ਜਾਗੀਰ ਸੀ । ਇੱਥੋਂ ਦੇ ਮਹੰਤ ਨਾਰਾਇਣ ਦਾਸ ਦਾ ਆਚਰਣ ਚੰਗਾ ਨਾ ਹੋਣ ਕਰਕੇ ਜਦ ਸੰਨ 1921 ਵਿਚ ਸਿੱਖ ਪੰਥ ਨੇ ਇਸ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥ ਵਿਚ ਲੈਣ ਦਾ ਵਿਚਾਰ ਕੀਤਾ ਤਾਂ ਲਾਹੌਰ ਦੇ ਅੰਗਰੇਜ਼ ਕਮਿਸ਼ਨਰ ਦੀ ਸ਼ਹਿ ਨਾਲ ਮਹੰਤ ਨੇ ਸਿੰਘਾਂ ਨੂੰ ਰੋਕਣ ਲਈ ਹਥਿਆਰ ਜਮ੍ਹਾਂ ਕਰ ਲਏ ਅਤੇ 20 ਫ਼ਰਵਰੀ ਦੀ ਸਵੇਰੇ ਗੁਰਦੁਆਰੇ ਗਏ 130 ਦੇ ਲੱਗਭਗ ਸਿੱਖ ਗੋਲੀਆਂ ਨਾਲਤ ਭੁੰਨ ਦਿੱਤੇ ਅਤੇ ਛਵੀਆਂ, ਗੰਡਾਸਿਆਂ ਨਾਲ ਟੋਟੇ ਕਰ ਕੇ ਇਨ੍ਹਾਂ ਵਿਚੋਂ ਕਈ ਭੱਠੀਆਂ ਵਿਚ ਪਾ ਕੇ ਜੀਉਂਦੇ ਹੀ ਫੂਕ ਦਿੱਤੇ । ਇਸ ਕੁਰਬਾਨੀ ਦੇ ਸਦਕੇ ਸਿੱਖਾਂ ਵਿਚ ਗੁਰਦੁਆਰਾ ਸੁਧਾਰ ਲਹਿਰ ਬੜੇ ਜ਼ੋਰ ਨਾਲ ਚੱਲ ਪਈ ਅਤੇ ਸਿੱਖ ਇਤਿਹਾਸਕ ਗੁਰਦੁਆਰੇ 1925 ਵਿਚ ਪਾਸ ਹੋਏ ਗੁਰਦੁਆਰਾ ਐਕਟ ਰਾਹੀਂ ਇਕ ਪ੍ਰਤੀਨਿਧ ਸਿੱਖ ਜਥੇਬੰਦੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਆ ਗਏ । ਇਸ ਤਰ੍ਹਾਂ ਨਨਕਾਣਾ ਸਾਹਿਬ ਦੇ ਗੁਰਦੁਆਰੇ ਵੀ ਇਸ ਕਮੇਟੀ ਨਾਲ ਸਬੰਧਤ ਹੋ ਗਏ। 1947 ਵਿਚ ਦੇਸ ਦੀ ਵੰਡ ਨਾਲ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਚਲਾ ਗਿਆ। ਅੱਜ ਕੱਲ੍ਹ ਓਥੇ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਥੋੜੇ ਜਿਹੇ ਸਿੱਖ ਸੇਵਾਦਾਰ ਕਮੇਟੀ ਵਲੋਂ ਰਹਿੰਦੇ ਹਨ।

ਜਨਮ ਅਸਥਾਨ ਤੋਂ ਬਿਨਾ ਇਸ ਥਾਂ ਹੇਠ ਲਿਖੇ ਹੋਰ ਗੁਰਦੁਆਰੇ ਹਨ :

  1. ਕਿਆਰਾ ਸਾਹਿਬ, ਨਗਰ ਤੋਂ ਪੂਰਬ ਵੱਲ ਲਾਗੇ ਹੀ ਉਹ ਅਸਥਾਨ ਜਿਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਹਰੀ ਕੀਤੀ ਸੀ।
  2. ਤੰਬੂ ਸਾਹਿਬ, ਨਗਰ ਤੋਂ ਉੱਤਰ ਵੱਲ ਜਿਥੇ ਗੁਰੂ ਸਾਹਿਬ ਸੱਚੇ ਸੌਦੇ ਤੋਂ ਬਾਅਦ ਆ ਕੇ ਟਿਕੇ ਸਨ ।
  3. ਪੱਟੀ ਸਾਹਿਬ, ਨਗਰ ਵਿਚ ਗੁਰਦੁਆਰਾ ਬਾਲ-ਲੀਲ੍ਹਾ ਦੇ ਪਾਸ ਹੀ ਜਿਥੇ ਗੁਰੂ ਸਾਹਿਬ ਪਾਂਧੇ ਪਾਸ ਪੜ੍ਹਨੇ ਪਏ ਸਨ ।
  4. ਬਾਲ-ਲੀਲ੍ਹਾ, ਆਬਾਦੀ ਦੇ ਵਿਚ ਜਿੱਥੇ ਛੋਟੀ ਉਮਰ ਵਿਚ ਗੁਰੂ ਜੀ ਖੇਡਦੇ ਰਹੇ ਸਨ।
  5. 5.ਮਾਲ ਜੀ ਸਾਹਿਬ ਜਿੱਥੇ ਗੁਰੂ ਸਾਹਿਬ ਡੰਗਰ ਚਾਰਦੇ ਹੁੰਦੇ ਸਨ।
  6. ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਸਥਾਨ ।

ਨਾਰਨੌਲ

ਨਾਰਨੌਲ

ਨਾਰਨੌਲ ਚੋਖਾ ਪੁਰਾਣਾ ਸ਼ਹਿਰ ਹੈਇਹ ਰਿਵਾੜੀ ਤੋਂ 37 ਮੀਲ ਦੱਖਣ-ਲਹਿੰਦੇ ਨੂੰ ਮਹਿੰਦਰਗੜ੍ਹ 20 ਮੀਲ ਦੱਖਣ ਨੂੰ ਹੈ। ਇਹ ਸ਼ਹਿਰ ਕਦੋਂ ਆਬਾਦ ਹੋਇਆ ਅਤੇ ਇਸ ਦਾ ਪੁਰਾਣਾ ਇਤਿਹਾਸ ਕੀ ਹੈ, ਇਸ ਵੇਲੇ ਠੀਕ ਨਿਸਚੇ ਤੌਰ ਤੇ ਕੁਝ ਪਤਾ ਨਹੀਂ । ਇਕ ਲੋਕ-ਕਥਾ ਅਨੁਸਾਰ ਇਹ ਮਹਾਂਭਾਰਤ ਦੇ ਸਮੇਂ ਦਾ ਸ਼ਹਿਰ ਹੈ ਅਤੇ ਇਸ ਦਾ ਨਾਉਂ ਨਰ-ਰਾਸ਼ਟਰ ਸੀ। ਮਹਾਂਭਾਰਤ ਦੇ ਸਭਾ ਪਰਬ ਵਿਚ ਲਿਖਿਆ ਹੋਇਆ ਹੈ ਕਿ ਪਾਂਡਵਾਂ ਵਿੱਚੋਂ ਸਭ ਤੋਂ ਛੋਟੇ ਸਹਿਦੇਵ ਨੇ ਇਸ ਨੂੰ ਦਿੱਲੀ ਤੋਂ ਚੰਬਲ ਨਦੀ ਨੂੰ ਜਾਂਦੇ ਹੋਏ ਆਪਣੇ ਅਧੀਨ ਕੀਤਾ ਸੀ। ਇਕ ਕਥਾ ਇਹ ਹੈ ਕਿ ਹਜ਼ਾਰ ਕੁ ਵਰ੍ਹਾ ਹੋਇਆ ਇਹ ਸ਼ਹਿਰ ਆਬਾਦ ਹੋਇਆ ਸੀ ਅਤੇ ਚੂੰਕਿ ਢੋਸੀ ਦੀ ਪਹਾੜੀ ਤੱਕ ਅਤੇ ਆਲੇ-ਦੁਆਲੇ ਸੰਘਣਾ ਜੰਗਲ ਹੁੰਦਾ ਸੀ ਜਿਸ ਵਿਚ ਸ਼ੇਰ ਹੁੰਦੇ ਸਨ, ਇਸ ਲਈ ਇਸ ਦਾ ਨਾਉਂ ਨਾਗ-ਨਿਓਲ ਹੁੰਦਾ ਸੀ ਅਤੇ ਉਹ ਇਸ ਤਰ੍ਹਾਂ ਪਿਆ ਕਿ ਜਦ ਸ਼ਹਿਰ ਦੀ ਨੀਂਹ ਧਰੀ ਜਾ ਰਹੀ ਸੀ ਤਾਂ ਇਥੇ ਇਕ ਨਾਗ ਅਤੇ ਨਿਉਲ ਦੇ ਆਪਸ ਵਿਚ ਲੜਾਈ ਕਰਦਿਆਂ ਦੇ ਦਰਸ਼ਨ ਹੋਏ ਸਨ।

ਕਹਿੰਦੇ ਹਨ ਕਿ ਪਹਿਲਾਂ ਇਥੇ ਜੋਗੀ ਲੋਕਾਂ ਦਾ ਅਧਿਕਾਰ ਹੁੰਦਾ ਸੀ ਅਤੇ ਉਹ ਆਤਮਕ ਸ਼ਕਤੀਆਂ ਅਤੇ ਰਿੱਧੀਆਂ ਸਿੱਧੀਆਂ ਕਰ ਕੇ ਬੜੇ ਪ੍ਰਸਿੱਧ ਸਨ। ਪਿੱਛੋਂ ਮੁਸਲਮਾਨਾਂ ਦੇ ਆਉਣ ਤੱਕ ਰਾਠੌੜ ਰਾਜਪੂਤਾਂ ਦਾ ਰਾਜ ਰਿਹਾ।

ਸੁਲਤਾਨ ਬਹਿਰਾਮ ਗ਼ਜ਼ਨਵੀ ਦੇ ਸਮੇਂ (1121-1152 ਈ.) ਇਕ ਪੀਰ ਹਜ਼ਰਤ ਤੁਰਕਮਾਨ ਇਥੇ ਆ ਆਬਾਦ ਹੋਇਆ। ਉਸ ਦੇ ਮੁਸਲਮਾਨ ਸਾਥੀਆਂ ਅਤੇ ਰਾਠੌੜਾਂ ਦੇ ਆਪਸ ਵਿਚ ਕਈ ਯੁੱਧ ਹੋਏ ਅਤੇ ਤੁਰਕਮਾਨ 531 ਹਿਜਰੀ (1136-37 ਈ.) ਨੂੰ ਇਥੇ ਮਾਰਿਆ ਗਿਆ। ਇਹ ਮੁਸਲਮਾਨਾਂ ਵਿਚ ਪੀਰ ਅਤੇ ਸ਼ਹੀਦ ਕਰ ਕੇ ਪੂਜਿਆ ਜਾਂਦਾ ਰਿਹਾ ਹੈ ਅਤੇ ਸ਼ਹਿਰ ਦੇ ਵਿਚਕਾਰ ਇਸ ਦਾ ਮਜ਼ਾਰ ਬਣਿਆ ਹੋਇਆ ਹੈ, ਜਿਸ ਦੀ ਹਾਲਤ 1947 ਦੇ ਖੂਨ ਖ਼ਰਾਬੇ ਤੋਂ ਬਾਅਦ ਖੁਸਤਾ ਹੋ ਗਈ ਹੈ।

ਜਦ ਸੁਲਤਾਨ ਸੱਮਸੁਦੀਨ ਇਲਤੁਤਮਸ਼ (ਅਲਤਮਸ਼) ਸੰਨ 1210 ਵਿਚ ਦਿੱਲੀ ਦੇ ਤਖ਼ਤ ਉਤੇ ਬੈਠਾ ਤਾਂ ਉਸ ਨੇ ਨਾਰਨੌਲ ਮਲਿਕ ਸੈਫ਼ੁੱਦੀਨ ਨੂੰ ਜਾਗੀਰ ਵਿਚ ਦੇ ਦਿੱਤਾ ਜੋ ਬਾਅਦ ਵਿਚ ਸੁਨਾਮ ਦੇ ਇਲਾਕੇ ਦਾ ਜਾਗੀਰਦਾਰ ਬਣਿਆ। ਅਮੀਰ ਖੁਸਰੋ ਦੀਆਂ ਲਿਖਤਾਂ ਗੁੱਰਾ-ਤੁਲ-ਕਮਾਲ ਅਤੇ ਮਿਫ਼ਤਾਹ-ਉਲ-ਫ਼ੁਤੂਹ ਤੋਂ ਪਤਾ ਲੱਗਦਾ

ਹੈ ਕਿ ਸੁਲਤਾਨ ਜਲਾਲੁਦੀਨ ਫ਼ੀਰੋਜ਼ ਖ਼ਿਲਜੀ ਦੇ ਸਮੇਂ (1288-1294 ਈ.) ਨਾਰਨੌਲ ਮਲਿਕ ਕਤਲਗਤਿਗੀਨ ਆਜ਼ਮ ਮੁਬਾਰਕ ਦੇ ਤਹਿਤ ਵਿਚ ਸੀ ਅਤੇ ਇਹ ‘ਅਮੀਰ’ ਕਰ ਕੇ ਪ੍ਰਸਿੱਧ ਸੀ। ਜਦ ਸੁਲਤਾਨ ਫ਼ੀਰੋਜ਼ ਸ਼ਾਹ ਝਾਈਂ ਦੇ ਰਾਏ ਦੇ ਵਿਰੁੱਧ ਮੁਹਿੰਮ ਲੈ ਕੇ ਗਿਆ ਤਾਂ ਅਮੀਰ ਵੀ ਉਸ ਦੇ ਨਾਲ ਗਿਆ ਅਤੇ ਇਨ੍ਹਾਂ ਨੇ ਗਵਰਧਨ ਸੈਣੀ ਨਾਮੀ ਇਕ ਹਿੰਦੂ ਸੂਰਬੀਰ ਅਤੇ ਉਸ ਦੇ ਦਸ ਹਜ਼ਾਰ ਸਾਥੀਆਂ ਨੂੰ ਹਾਰ ਦਿੱਤੀ । ਸੁਲਤਾਨ ਨੇ ਝਾਈਂ ਦੇ ਮੰਦਰ ਬਰਬਾਦ ਕਰ ਦਿੱਤੇ ਅਤੇ ਮੂਰਤੀਆਂ ਤੋੜ ਦਿੱਤੀਆਂ । ਇੱਥੋਂ. ਦੀ ਲੁੱਟ ਮਾਰ ਵਿਚ ਮੁਸਲਮਾਨਾਂ ਦੇ ਹੱਥ ਇਤਨਾ ਮਾਲ ਅਤੇ ਸੋਨਾ ਚਾਂਦੀ ਲੱਗਾ ਕਿ ਭਿਖ-ਮੰਗੇ ਕੰਗਲੇ ਵੀ ਧਨਾਢ ਬਣ ਗਏ।

ਸੰਨ 1411 ਵਿਚ ਜਦ ਸੱਯਦ ਖ਼ਿਜ਼ਰ ਖ਼ਾਨ ਨੇ ਨਾਰਨੌਲ ਉਤੇ ਚੜ੍ਹਾਈ ਕਰ ਕੇ ਲੁੱਟ ਮਚਾਈ ਤਾਂ ਉਸ ਵੇਲੇ ਇਥੇ ਇਕਲਾਮ ਖ਼ਾਨ ਬਹਾਦੁਰ ਨਾਹਰ ਹਾਕਮ ਸੀ। ਦੋ ਸਾਲ ਪਿਛੋਂ ਜਦ ਖ਼ਿਜ਼ਰ ਖ਼ਾਨ ਨੇ ਫਿਰ ਧਾਵਾ ਆ ਬੋਲਿਆ ਤਾਂ ਇਕਲਾਮ ਖ਼ਾਨ ਦੇ ਭਤੀਜੇ ਜਲਾਲ ਖ਼ਾਨ ਨੇ ਈਨ ਮੰਨ ਲਈ । ਇਸ ਤੋਂ ਅਗਲੇ ਸਾਲ ਸੰਨ 1414 ਵਿਚ ਖ਼ਿਜ਼ਰ ਖ਼ਾਨ ਦਿੱਲੀ ਦਾ ਸੁਲਤਾਨ ਬਣ ਗਿਆ । ਸੁਲਤਾਨ ਸੱਯਦ ਮਹਿਮੂਦ ਸ਼ਾਹ ਦੀ ਹਕੂਮਤ ਵੇਲੇ ਨਾਰਨੌਲ ਦਾ ਪਰਗਣਾ ਸਿੱਧੀ-ਪਾਲ ਅਤੇ ਸਾਧਾਰਣ ਪਾਸ ਸੀ ਜਿਨ੍ਹਾਂ ਨੇ ਕਿ ਸੁਲਤਾਨ ਦੇ ਪਿਤਾ ਮੁਬਾਰਕ ਸ਼ਾਹ ਨੂੰ ਕਤਲ ਕੀਤਾ ਸੀ।

ਨਾਰਨੌਲ ਦਾ ਸੂਰੀ ਅਫ਼ਗ਼ਾਨਾਂ ਨਾਲ ਬੜਾ ਡੂੰਘਾ ਸਬੰਧ ਰਿਹਾ ਹੈ ਜਿਨ੍ਹਾਂ ਵਿਚੋਂ ਸ਼ੇਰ ਸ਼ਾਹ ਸੂਰੀ ਹਿੰਦੁਸਤਾਨ ਦਾ ਇਕ ਬੜਾ ਪ੍ਰਸਿੱਧ ਬਾਦਸ਼ਾਹ ਹੋਇਆ ਹੈ । ਸ਼ੇਰ ਸ਼ਾਹ ਦਾ ਬਾਬਾ ਇਬਰਾਹੀਮ ਖ਼ਾਨ ਪਹਿਲੋਂ ਪਹਿਲ ਇਥੇ ਆਇਆ ਸੀ । ਇਸ ਨੂੰ ਹਿਸਾਰ (ਫ਼ੀਰੋਜ਼ਾ) ਦੇ ਜਮਾਲ ਖ਼ਾਨ ਸਾਰੰਗਖਾਨੀ ਵਲੋਂ ਚਾਲੀ ਸਵਾਰਾਂ ਦੇ ਖ਼ਰਚ-ਪੱਠੇ ਲਈ ਨਾਰਨੌਲ ਦੇ ਪਰਗਣੇ ਵਿਚ ਕੁਝ ਪਿੰਡ ਮਿਲੇ ਸਨ । ਇਬਰਾਹੀਮ ਖ਼ਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਹਸਨ ਖ਼ਾਨ ਨਾਰਨੌਲ ਦਾ ਜਾਗੀਰਦਾਰ ਬਣਿਆ । ਹਸਨ ਖ਼ਾਨ ਦਾ ਪੁੱਤਰ ਸ਼ੇਰ ਖ਼ਾਨ ਬਾਅਦ ਵਿਚ ਹਮਾਯੂੰ ਬਾਦਸ਼ਾਹ ਨੂੰ ਹਾਰ ਦੇ ਕੇ ਸੰਨ 1540 ਵਿਚ ਸ਼ੇਰ ਸ਼ਾਹ ਸੂਰੀ ਦੇ ਨਾਉਂ ਨਾਲ ਦਿੱਲੀ ਦੇ ਤਖ਼ਤ ਪੁਰ ਬੈਠਾ ਪਰ ਅਫ਼ਗਾਨ ਬਹੁਤੀ ਦੇਰ ਤੱਕ ਰਾਜ ਨਾ ਸੰਭਾਲ ਸਕੇ ਅਤੇ ਸੋਲਵੇਂ ਵਰ੍ਹੇ ਹੀ ਸੰਨ 1555 ਵਿਚ ਹਮਾਯੂੰ ਨੇ ਮੁੜ ਦਿੱਲੀ ਦਾ ਤਖ਼ਤ ਆ ਕਾਬੂ ਕੀਤਾ ।

ਹਮਾਯੂੰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਕਬਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਤਾਂ ਹੀਮੂ ਬਾਣੀਏ ਨੇ ਨਵੰਬਰ, 1556 ਨੂੰ ਉਸ ਦਾ ਰਾਹ ਰੋਕਣ ਦਾ ਯਤਨ ਕੀਤਾ ਪਰ ਪਾਣੀਪਤ ਦੀ ਲੜਾਈ ਵਿਚ ਉਸ ਨੂੰ ਹਾਰ ਹੋ ਗਈ। ਸ਼ਾਹ ਕੁਲੀ ਖ਼ਾਨ ਮਹਿਰਮ ਨੇ ਹੀਮੂ ਨੂੰ ਲੜਾਈ ਵਿਚ ਗ੍ਰਿਫ਼ਤਾਰ ਕੀਤਾ ਸੀ । ਇਸ ਸੇਵਾ ਦੇ ਬਦਲੇ ਨਾਰਨੌਲ ਉਸ ਨੂੰ ਜਾਗੀਰ ਵਿਚ ਮਿਲਿਆ ਅਤੇ ਬਾਅਦ ਵਿਚ ਉਹ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ। 1562 ਵਿਚ ਨਾਰਨੌਲ ਮਿਰਜ਼ਾ ਸ਼ਰਫ਼-ਦੀਨ ਹੁਸੈਨ ਅਤੇ ਸ਼ਾਹ ਅਬੁਲ ਮੁਆਲੀ ਵਲੋਂ ਅਕਬਰ ਬਾਦਸ਼ਾਹ ਦੇ ਵਿਰੁੱਧ ਖੜੀ ਕੀਤੀ ਗਈ ਬਗ਼ਾਵਤ ਦਾ ਮੁੱਖ ਅਸਥਾਨ ਸੀ ਪਰ ਇਹ ਸਿਰੇ ਨਾ ਚੜ੍ਹੀ।

ਜਦ ਸੰਨ 1577 ਵਿਚ ਅਕਬਰ ਨਾਰਨੌਲ ਦੇ ਰਸਤੇ ਦਿੱਲੀਓਂ ਪੰਜਾਬ ਨੂੰ ਗਿਆ ਤਾਂ ਦਸੰਬਰ ਦੇ ਮਹੀਨੇ ਇਥੇ ਇਕ ਬੜੀ ਭਾਰੀ ਮਜਲਸ ਕੀਤੀ ਗਈ ਜਿਸ ਵਿਚ ਰਾਜਾ ਟੋਡਰ ਮੱਲ ਅਤੇ ਖੁਆਜਾ ਸ਼ਾਹ ਮਨਸੂਰ ਦੀ ਸਲਾਹ ਨਾਲ ਮਹਿਕਮਾ ਟਕਸਾਲ ਦਾ ਸੁਧਾਰ ਕੀਤਾ ਗਿਆ ਅਤੇ ਇੱਥੇ ਹੀ ਜਲਾਲੀ ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ।

ਔਰੰਗਜ਼ੇਬ ਬਾਦਸ਼ਾਹ ਦੇ ਸਮੇਂ ਸੰਨ 1672 ਵਿਚ ਮੁੰਡੀਏ ਸਾਧੂ ਸਤਿਨਾਮੀਆਂ ਦੀ ਬਗ਼ਾਵਤ ਨਾਰਨੌਲ ਦੇ ਇਲਾਕੇ ਵਿਚ ਹੀ ਹੋਈ ਸੀ। ਇਹ ਕਲ੍ਹਾ ਇਕ ਨਿਗੂਣੀ ਜਿਹੀ ਗੱਲ ਤੋਂ ਛਿੜੀ ਸੀ। ਨਾਰਨੌਲ ਦੇ ਲਾਗੇ ਇਕ ਦਿਨ ਇਕ ਸਤਨਾਮੀ ਕਿਸਾਨ ਅਤੇ ਮੁਸਲਮਾਨ ਪਿਆਦੇ ਦੇ ਵਿਚਕਾਰ ਝਗੜਾ ਹੋ ਗਿਆ ਅਤੇ ਪਿਆਦੇ ਨੇ ਡਾਂਗ ਨਾਲ ਸਤਨਾਮੀ ਦਾ ਸਿਰ ਪਾੜ ਦਿੱਤਾ । ਇਹ ਗੱਲ ਵਧਦੀ ਵਧਦੀ ਧਾਰਮਕ ਫ਼ਸਾਦ ਦਾ ਰੂਪ ਧਾਰ ਗਈ। ਸਰਕਾਰ ਨੇ ਸਤਨਾਮੀਆਂ ਦੇ ਵਿਰੁੱਧ ਫ਼ੌਜੀ ਦਸਤੇ ਭੇਜੇ ਜਿਨ੍ਹਾਂ ਨੂੰ ਸਤਨਾਮੀਆਂ ਨੇ ਮਾਰ ਭਜਾਇਆ। ਉਨ੍ਹਾਂ ਨੇ ਨਾਰਨੌਲ ਦੇ ਫ਼ੌਜਦਾਰ ਨੂੰ ਵੀ ਭਜਾ ਦਿੱਤਾ ਅਤੇ ਸ਼ਹਿਰ ਉਤੇ ਕਬਜ਼ਾ ਕਰ ਲਿਆ। ਹੁਣ ਔਰੰਗਜ਼ੇਬ ਨੂੰ ਵੀ ਗੁੱਸਾ ਚੜ੍ਹ ਗਿਆ ਅਤੇ ਉਹ ਆਪ ਦਸ ਹਜ਼ਾਰ ਫ਼ੌਜ, ਬੜੇ ਬੜੇ ਅਫ਼ਸਰ ਅਤੇ ਤੋਪਾਂ ਲੈ ਕੇ ਸਤਨਾਮੀਆਂ ਦੇ ਵਿਰੁੱਧ ਮਾਰੋ ਮਾਰ ਕਰਦਾ ਜਾ ਪੁੱਜਾ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ।

ਮੁਹੰਮਦ ਸ਼ਾਹ ਰੰਗੀਲੇ ਵੇਲੇ (1719-48) ਜਦ ਰਾਜਾ ਅਜੀਤ ਸਿੰਘ ਜੋਧਪੁਰੀਏ ਨੇ ਮੁਗ਼ਲ ਰਾਜ ਵਿਰੁੱਧ ਖੁਲ੍ਹੀ ਬਗ਼ਾਵਤ ਕਰ ਦਿੱਤੀ ਤਾਂ ਉਹ ਅਜਮੇਰ ਅਤੇ ਸਾਂਭਰ ਆਦਿ ਉਤੇ ਆਪਣਾ ਤਹਿਤ ਜਮਾ ਕੇ ਦਿੱਲੀ ਫ਼ਤਹਿ ਕਰਨ ਲਈ ਨਾਰਨੌਲ ਤੱਕ ਆ ਪੁੱਜਾ। ਅੱਗੋਂ ਬਾਦਸ਼ਾਹ ਵਲੋਂ ਸ਼ਰਫੁਦੌਲਾ ਇਰਾਦਤਮੰਦ ਖ਼ਾਨ, ਰਾਜਾ ਜੈ ਸਿੰਘ ਸਵਾਈ, ਰਾਜਾ ਗੋਪਾਲ ਸਿੰਘ ਭਦਾਵੜੀਆ, ਮੁਹੰਮਦ ਖ਼ਾਨ ਬੰਗਸ਼ ਆਦਿ ਲਗਭਗ ਇਕ ਲਖ ਸਵਾਰਾਂ ਨਾਲ ਨਾਰਨੌਲ ਵੱਲ ਨੂੰ ਚੜ੍ਹ ਤੁਰੇ। ਇਤਨਾ ਵੱਡਾ ਲਾਉ-ਲਸ਼ਕਰ ਦੇਖ ਕੇ ਅਜੀਤ ਸਿੰਘ ਦਿਲ ਛੱਡ ਗਿਆ ਅਤੇ ਨਾਰਨੋਲੋਂ ਭੱਜ ਕੇ ਜੋਧਪੁਰ ਨੂੰ ਮੁੜ ਗਿਆ। ਓਥੋਂ ਆਪਣੇ ਪੁੱਤਰ ਧੌਂਕਲ ਸਿੰਘ ਨੂੰ ਯਰਗਮਾਲ ਦੇ ਤੌਰ ਤੇ ਦੇ ਕੇ ਆਪਣੀ ਖਲਾਸੀ ਕਰਵਾਈ।

ਬਾਦਸ਼ਾਹ ਅਹਿਮਦਸ਼ਾਹ (1748-1754) ਦੀ ਹਕੂਮਤ ਦੇ ਆਰੰਭ ਵਿਚ ਨਾਰਨੌਲ ਦੀ ਫ਼ੌਜਦਾਰੀ ਸਆਦਤ ਖ਼ਾਨ ਪਾਸ ਸੀ ਅਤੇ ਉਸ ਤੋਂ ਬਾਅਦ ਇਮਾਦੁ-ਦੌਲਾ ਪਾਸ, ਜਿਸ ਨੂੰ ਅਜਮੇਰ ਦੀ ਸੂਬੇਦਾਰੀ ਵੀ ਮਿਲ ਗਈ ਸੀ । ਮੁਗ਼ਲ ਰਾਜ ਦੇ ਟੁਕੜੇ ਹੋ ਜਾਣ ਪਰ ਇਥੇ ਜੈਪੁਰ ਦੇ ਇਕ ਠਾਕੁਰ ਨੇ ਕਬਜ਼ਾ ਕਰ ਲਿਆ ਜਿਸ ਪਾਸੋਂ ਮਰਾਠਿਆਂ ਦੇ ਫ਼ਰਾਂਸੀਸੀ ਜਰਨੈਲ ਦੁ-ਬੁਆਇਨ ਨੇ ਨਾਰਨੋਲ ਖੋਹ ਲਿਆ। ਪਿਛੋਂ ਇਹ ਮੁਰਤਜ਼ਾ ਖ਼ਾਨ ਭੜਾਇਚ ਨੂੰ ਮਿਲ ਗਿਆ । ਸੰਨ 1857 ਦੇ ਗ਼ਦਰ ਵਿਚ ਮੁਰਤਜ਼ਾ ਖ਼ਾਨ ਦੀ ਸੰਤਾਨ ਵਿਚ ਨਵਾਬ ਅਬਦੁਰ ਰਹਿਮਾਨ ਖਾਨ (ਨਵਾਬ ਝੱਜਰ) ਮੁਗ਼ਲ ਬਾਦਸ਼ਾਹ ਦਾ ਹਮਾਇਤੀ ਬਣ ਕੇ ਬਲਵਈਆਂ ਨਾਲ ਰਲ ਗਿਆ, ਜਿਸ ਕਰ ਕੇ ਅੰਗਰੇਜ਼ਾਂ ਨੇ ਉਸ ਨੂੰ ਫਾਹੇ ਲਾ ਦਿੱਤਾ ਅਤੇ ਨਾਰਨੌਲ ਦਾ ਇਲਾਕਾ ਮਹਾਰਾਜਾ ਨਰਿੰਦਰ ਸਿੰਘ ਪਟਿਆਲੇ ਵਾਲੇ ਨੂੰ ਦੇ ਦਿੱਤਾ।

ਨਾਰਨੌਲ ਇਸ ਵੇਲੇ ਵੀਰਾਨ ਜਿਹੀ ਹਾਲਤ ਵਿਚ ਹੈ ਅਤੇ ਦੂਰ ਦੂਰ ਤਰ ਖੰਡਰ ਹੀ ਖੰਡਰ ਦਿਸਦੇ ਹਨ। ਇਥੇ ਹੇਠ ਲਿਖੇ ਅਸਥਾਨ ਖਾਸ ਵਿਸ਼ੇਸ਼ਤਾ ਵਾਲੇ ਹਨ :-

  1. ਮਕਬਰਾ ਇਬਰਾਹੀਮ ਖ਼ਾਨ ਸੂਰੀ, ਸ਼ਹਿਰ ਦੇ ਵਿਚਕਾਰ
  2. ਦਰਗਾਹ (ਰੋਜ਼ਾ) ਪੀਰ ਤੁਰਕਮਾਨ, 531 ਹਿਜਰੀ, ਸ਼ਹਿਰ ਵਿਚ
  3. ਸਰਾਇ ਮੁਕੰਦ ਦਾਸ, 1061 ਹਿਜਰੀ
  4. ਧੋਬੀਆਂ ਵਾਲੀ ਮਸਜਿਦ-ਰਸ਼ੀਦ-ਖ਼ਾਨ ਬਿਨ ਸਈਦ ਖ਼ਾਨ ਕਾਕੜ, 1020 ਹਿਜਰੀ
  5. ਦਰਗਾਹ ਸ਼ੇਖ ਮੀਰਾਨ
  6. ਤਖ਼ਤ ਵਾਲੀ ਬੌੜੀ,
  7. ਮਕਬਰਾ ਨਵਾਬ ਸ਼ਾਹ ਕੁਲੀ ਖ਼ਾਨ, 982 ਹਿਜਰੀ
  8. ਤਾਲਾਬ (ਹਰ ਗੋਪਾਲ) ਪੁਰਾਣੀ ਮੰਡੀ, ਭਾਦੋਂ ਸੁਦੀ 13, ਸੰਮਤ 1634 (ਸੰਨ 1577)
  9. ਜਲ ਮਹਲ (ਸ਼ਾਹ ਕੁਲੀ ਖ਼ਾਨ), 990 ਹਿਜਰੀ
  10. ਪਲਤੀਆਂ ਦੀ ਮਸਜਿਦ, 1088 ਹਿਜਰੀ
  11. ਛੱਤਾ ਰਾਇ ਮੁਕੰਦ । ਇਹ ਸੁੰਦਰ ਮਕਾਨ ਇਸ ਵੇਲੇ ਬੇਆਬਾਦ ਅਤੇ ਢੱਠਾ ਪਿਆ ਹੈ।

ਸ਼ਹਿਰ ਦੇ ਅੰਦਰ ਥੋੜਾ ਚਿਰ ਹੋਇਆ ਜ਼ਮੀਨ ਦੇ ਹੇਠੋਂ ਇਕ ਜੈਨ ਮੰਦਰ ਦਾ ਕੁਝ ਹਿੱਸਾ ਨਿਕਲਿਆ ਹੈ। ਇਸ ਦੇ ਨਾਲ ਹੀ ਇਕ ਬੜੀ ਵਡੀ ਮਸਜਿਦ ਹੈ। ਪ੍ਰਤੀਤ ਹੁੰਦਾ ਹੈ ਕਿ ਮੁਸਲਮਾਨੀ ਸਮੇਂ ਜੈਨ ਮੰਦਰ ਨੂੰ ਢਾਹ ਪੂਰ ਦੇ ਇਸ ਦੇ ਉਪਰ ਮਸਜਿਦ ਬਣਾ ਦਿਤੀ ਗਈ ਸੀ।

ਨਾਰਨੌਲ ਤੋਂ ਪੰਜ ਮੀਲ ਲਹਿੰਦੇ ਨੂੰ ਢੋਸੀ ਪਹਾੜੀ ਹੈ। ਇਸ ਦੇ ਧੁਰ ਉੱਪਰ ਪਿਆਲੇ ਦੀ ਸ਼ਕਲ ਦਾ ਮੈਦਾਨ ਹੈ ਜਿਸ ਦੇ ਆਲੇ ਦੁਆਲੇ ਪੁਰਾਣੇ ਕਿਲ੍ਹੇ ਦੀ ਢੱਠੀ ਹੋਈ ਕੰਧ ਹੈ। ਕਹਿੰਦੇ ਹਨ ਕਿ ਇਹ ਕਿਲ੍ਹਾ ਬੀਕਾਨੇਰ ਦੇ ਇਕ ਰਾਜਾ ਨੌਨਕਰਣ ਨੇ ਬਣਵਾਇਆ ਸੀ। ਇਥੇ ਇਕ ਮੰਦਰ ਹੈ ਜੋ ਚਵਨ ਰਿਸ਼ੀ ਦੀ ਯਾਦ ਵਿਚ ਬਣਿਆ ਹੋਇਆ ਹੈ। ਮੰਦਰ ਦੇ ਅੰਦਰ ਸ੍ਰੀ ਕ੍ਰਿਸ਼ਨ ਦੀ ਮੂਰਤੀ ਹੈ। ਅਤੇ ਖੱਬੇ ਪਾਸੇ ਸ਼ਿਵਜੀ ਮਹਾਦੇਵ ਦੀ। ਚੌਂਕੀ ਉਤੇ ਚਵਨ ਰਿਖੀ ਦੀ ਮੂਰਤੀ ਅਸਥਾਪਨ ਹੈ। ਇਥੇ ਕੁਝ ਸਾਧੂਆਂ ਦੇ ਤਪ-ਅਸਥਾਨ ਅਤੇ ਗੁਫ਼ਾਵਾਂ ਹਨ। ਪਹਾੜੀ ਦੇ ਦੱਖਣ ਵਾਲੇ ਪਾਸੇ ਢਲਾਨ ਉਤੇ ਕੁਲਤਾਜਪੁਰ ਪਿੰਡ ਦੇ ਸਾਹਮਣੇ ਇਕ ਮੰਦਰ ਹੈ ਅਤੇ ਜੈਨੀਆਂ ਦੀਆਂ ਕੁਝ ਸਮਾਧਾਂ ਹਨ। ਨੈਣਾਂ ਦੇਵੀ

ਤਹਿਸੀਲ ਊਨਾ, ਜ਼ਿਲ੍ਹਾ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਤੋਂ ਸੱਤ ਕੋਹ ਉੱਤਰ ਚੜ੍ਹਦੇ ਵੱਲ ਪਹਾੜ ਦੀ ਟੀਸੀ ਉਤੇ ਨੈਣਾਂ ਦੇਵੀ ਨਾਮੀ, ਪਿੰਡ ਹੈ ਜਿਸ ਵਿਚ ਦੁਰਗਾ ਦਾ ਅਸਥਾਨ ਹੈ । ਇਕ ਪੌਰਾਣਕ ਕਥਾ ਹੈ ਕਿ ਮਹਾਦੇਵ ਸਿਵਜੀ ਦੀ ਇਸਤਰੀ ਨੇ ਜਦ ਆਪਣੇ ਪਿਤਾ ਦਕਸ਼ (ਦੱਛ ਰਿਖੀ) ਦੇ ਯੱਗ ਵਿਚ ਆਪਣੇ ਪਤੀ ਦਾ ਨਿਰਾਦਰ ਦੇਖਿਆ ਤਾਂ ਉਸ ਨੇ ਯੱਗ ਕੁੰਡ ਵਿਚ ਡਿੱਗ ਕੇ ਪ੍ਰਾਣ ਦੇ ਦਿੱਤੇ । ਮਹਾਦੇਵ ਨੇ ਕ੍ਰੋਧ ਵਿਚ ਆ ਕੇ ਦਕਸ਼ ਦਾ ਯੱਗ ਨਸ਼ਟ-ਭ੍ਰਸਟ ਕਰ ਦਿੱਤਾ ਅਤੇ ਆਪਣੀ ਸਤੀ ਇਸਤਰੀ ਦੀ ਲੋਥ ਨੂੰ ਕੰਨ੍ਹੇ ਧਰੀ ਦਿਨੇ ਰਾਤ ਬਿਨਾਂ ਆਰਾਮ ਦੇ ਫਿਰਨ ਲੱਗਾ। ਲੋਥ ਦੀ ਇਹ ਹਾਲਤ ਦੇਖ ਕੇ ਵਿਸ਼ਨੂੰ ਨੇ ਸੁਦਰਸ਼ਨ ਚੱਕਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ। ਜਿੱਥੇ ਜਿੱਥੇ ਸਤੀ ਦਾ ਕੋਈ ਅੰਗ ਡਿਗਿਆ ਉਹ ਅਸਥਾਨ ਪਵਿਤਰ ਮੰਨਿਆ ਗਿਆ । ਇਸ ਪਰਬਤ ਉਤੇ ਉਸ ਦੇ ਨੈਣ (ਅੱਖਾਂ) ਡਿੱਗੇ ਸਨ । ਇਸੇ ਲਈ ਇਸ ਦਾ ਨਾਉਂ ਨੈਣਾ ਦੇਵੀ ਹੈ।

ਕਹਿੰਦੇ ਹਨ ਕਿ ਜਦ ਬ੍ਰਾਹਮਣਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਕਤੀ ਪ੍ਰਾਪਤ ਕਰਨ ਵਾਸਤੇ ਦੇਵੀ ਪ੍ਰਗਟ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਇਸ ਪਾਜ ਨੂੰ ਉਘਾੜਣ ਲਈ ਨੈਣਾਂ ਦੇਵੀ ਦੀ ਟੀਸੀ ਉਤੇ ਹਵਨ ਕਰਵਾਉਣਾ ਸ਼ੁਰੂ ਕਰ ਦਿੱਤਾ ਪਰ ਜਦ ਚੋਖਾ ਚਿਰ ਕੋਈ ਦੇਵੀ ਪ੍ਰਗਟ ਨਾ ਹੋਈ ਤਾਂ ਗੁਰੂ ਸਾਹਿਬ ਨੇ ਹਵਨ ਦੀ ਸਾਰੀ ਜਮ੍ਹਾਂ ਕੀਤੀ ਹੋਈ ਸਮੱਗਰੀ ਇਕੋ ਵਾਰ ਅਗਨ-ਭੇਟ ਕਰ ਦਿਤੀ। ਇਸ ਨਾਲ ਨੈਣਾਂ ਦੇਵੀ ਦੀ ਟੀਸੀ ਚੋਂ ਅੱਗ ਦੀਆਂ ਉੱਚੀਆ ਉੱਚੀਆਂ ਲਾਟਾਂ ਦੂਰੋਂ ਦੂਰੋਂ ਦੇਖ ਕੇ ਅਣਜਾਣ ਲੋਕਾਂ ਨੇ ਇਹੋ ਸਮਝਿਆ ਕਿ ਦੇਵੀ ਪ੍ਰਚੰਡ ਹੋ ਗਈ ਹੈ । ਜਦ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਇਸ ਸਬੰਧੀ ਪ੍ਰਸ਼ਨ ਕੀਤਾ ਤਾਂ ਆਪ ਨੇ ਆਪਣੇ ਗਾਤਰੇ ਚੋਂ ਕਿਰਪਾਨ ਕੱਢ ਕੇ ਆਖਿਆ : ‘ਹੁਣ ਸਾਡੀ ਵਰ-ਦਾਤੀ ਦੇਵੀ ਤਾਂ ਇਹੋ ਹੈ !”

ਪਹੋਆ

ਤਹਿਸੀਲ ਕੈਂਥਲ, ਜ਼ਿਲ੍ਹਾ ਕਰਨਾਲ

ਥਾਨੇਸਰ ਤੋਂ 16 ਮੀਲ ਅਤੇ ਕੁਰਖੇਤਰ ਰੇਲਵੇ ਸ਼ਟੇਸ਼ਨ ਤੋਂ 18 ਮੀਲ ਲਹਿੰਦੇ ਨੂੰ ਸਰਸਵਤੀ ਨਦੀ ਦੇ ਕੰਢੇ ਪਹੋਆ ਇਕ ਪ੍ਰਸਿੱਧ ਹਿੰਦੂ ਤੀਰਥ ਹੈ। ਇਸ ਦਾ ਪ੍ਰਾਚੀਨ ਨਾਉਂ ਪ੍ਰਿਥੂਦਕ (ਪ੍ਰਿਥ+ਉਦਕ) ਸੀ ਜਿਸ ਦੇ ਅਰਥ ਹਨ ਪ੍ਰਿਥ ਦਾ ਜਲ (ਸਰੋਵਰ) । ਪ੍ਰਿਥ ਮਨੂ ਸ੍ਵਯੰਭਵ ਦੇ ਖ਼ਾਨਦਾਨ ਵਿਚੋਂ ਅੰਗ ਦੇ ਪੁੱਤਰ ਰਾਜਾ ਵੇਣ ਦਾ ਪੁੱਤਰ ਸੀ ਪਹੋਏ ਵਿਚੋਂ ਮਿਲੇ ਨੌਵੀਂ ਸਦੀ ਤੇ ਅੰਤ ਤੇ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਪਹੋਆ ਉਸ ਵੇਲੇ ਕਨੌਜ ਦੇ ਰਾਜਾ ਭੋਜ ਅਤੇ ਉਸ ਦੇ ਪੁੱਤਰ ਮਹੇਂਦਰਪਾਲ ਦੇ ਰਾਜ ਵਿਚ ਹੁੰਦਾ ਸੀ । ਇਕ ਹੋਰ ਲਿਖਤ ਤੋਂ ਪਤਾ ਲੱਗਦਾ ਹੈ ਕਿ ਤੁਮਾਰਾਂ ਦੇ ਇਕ ਘਰਾਣੇ ਨੇ ਇਥੇ ਵਿਸ਼ਨੂੰ ਦਾ ਇਕ ਤਿਹਰਾ ਮੰਦਰ ਬਣਵਾਇਆ ਸੀ । ਇਸ ਵੇਲੇ ਇਨ੍ਹਾਂ ਪ੍ਰਾਚੀਨ ਮੰਦਰਾਂ ਦੇ ਕੋਈ ਨਿਸ਼ਾਨ ਨਹੀਂ ਹਨ । ਮੁਸਲਮਾਨੀ ਰਾਜ ਵੇਲੇ ਇਹ ਢਾਹ ਦਿੱਤੇ ਗਏ ਹੋਣੇ ਹਨ। ਅੱਜਕੱਲ੍ਹ ਦੇ ਮੌਜੂਦਾ ਪਹੋਏ ਦੇ ਮੰਦਰ ਪਿਛਲੇ ਡੇਢ ਕੁ ਸੌ ਸਾਲ ਦੇ ਉਸਰੇ ਹੋਏ ਜਾਪਦੇ ਹਨ।

ਸਰਹੰਦ ਦੀ ਫ਼ਤਹਿ ਤੋਂ ਬਾਅਦ ਜਦ ਇਸ ਇਲਾਕੇ ਵਿਚ ਸਿੰਘਾਂ ਦਾ ਰਾਜ ਹੋ ਗਿਆ ਤਾਂ ਪਹੋਆ ਭਾਈ ਸਾਹਿਬ ਕੈਂਥਲ ਦੇ ਕਬਜ਼ੇ ਵਿਚ ਆਇਆ। ਇਨ੍ਹਾਂ ਨੇ ਇਸ ਪੁਰਾਣੇ ਤੀਰਥ ਦੀ ਰੌਣਕ ਨੂੰ ਵਧਾਉਣ ਦਾ ਚੋਖਾ ਯਤਨ ਕੀਤਾ ਅਤੇ ਆਪਣਾ ਇਕ ਮਹਲ ਇਥੇ ਬਣਵਾਇਆ ਜੋ ਪਿਛੋਂ ਰੈਸਟ ਹਾਊਸ ਬਣ ਗਿਆ। 15 ਮਾਰਚ, ਸੰਨ 1843 ਨੂੰ ਜਦ ਕੈਂਥਲ ਪਤੀ ਭਾਈ ਉਦੇ ਸਿੰਘ ਬਿਨਾਂ ਨਰੀਨਾ ਸੰਤਾਨ ਦੇ ਗੁਜ਼ਰ ਗਏ ਤਾਂ ਅੰਗਰੇਜ਼ਾਂ ਨੇ ਧੱਕੋਜ਼ੋਰੀ ਉਨ੍ਹਾਂ ਦੀ ਰਾਣੀ ਦੇ ਹੱਕ ਦੀ ਪਰਵਾਹ ਨਾ ਕਰਦੇ ਹੋਏ ਕੈਂਥਲ-ਰਾਜ ਕਬਜ਼ਾ ਕਰ ਲਿਆ। ਇਸ ਤਰ੍ਹਾਂ ਅਪ੍ਰੈਲ, ਸੰਨ 1843 ਵਿਚ ਪਹੋਆ ਅੰਗਰੇਜ਼ੀ ਰਾਜ ਵਿਚ ਮਿਲ ਗਿਆ।

ਪਹੋਏ ਦੀ ਪੁਰਾਤਨ ਧਾਰਮਕ ਮਹੱਤਤਾ ਉਸੇ ਤਰ੍ਹਾਂ ਕਾਇਮ ਹੈ ਅਤੇ ਮੇਲਿਆਂ ਦੇ ਮੌਕੇ ਉਤੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਲੋਕ ਇਥੇ ਇਸ਼ਨਾਨ ਕਰਨ ਲਈ ਇਕੱਤਰ ਹੋ ਜਾਂਦੇ ਹਨ। ਦੱਖਣੀ ਮਰਾਠਿਆਂ ਨੇ ਆਪਣੀ ਪ੍ਰਭਤਾ ਵੇਲੇ ਸਰਸ੍ਵਤੀ ਦੇਵੀ ਅਤੇ ਯੁੱਧ-ਦੇਵਤਾ ਸ੍ਰੀ ਕਾਰਤਿਕ ਸਵਾਮੀ ਦੇ ਪ੍ਰਿਥੂਦਕੇਸ਼ਵਰ ਜਾਂ ਪ੍ਰਿਥਵੇਸ਼ਵਰ ਮੰਦਰ ਪਹੋਏ ਦੇ ਲਾਗੇ ਹੀ ਬਣਵਾਏ ਸਨ ਜਿਥੇ ਕਿ ਯਾਤਰੀ ਲੋਕ ਦਰਸ਼ਨ ਲਈ ਆਉਂਦੇ ਹਨ ।

ਇਥੇ ਗੁਰੂ ਨਾਨਕ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਦੋ ਗੁਰਦੁਆਰੇ ਹਨ, ਇਕ ਨਗਰ ਤੋਂ ਉੱਤਰ ਚੜ੍ਹਦੇ ਵੱਲ ਜੰਮੂ ਵਾਲੇ ਸ਼ਿਵਾਲੇ ਪਾਸ ਅਤੇ ਦੂਸਰਾ ਨਗਰ ਵਿਚ ਸਰਸ੍ਵਤੀ ਦੇ ਕੰਢੇ ਹੈ।

ਪਟਿਆਲਾ

ਦਿੱਲੀ ਤੋਂ 157 ਮੀਲ ਅਤੇ ਅੰਬਾਲੇ ਤੋਂ 32 ਮੀਲ

ਪਟਿਆਲਾ

ਇਹ ਸ਼ਹਿਰ ਪੁਰਾਣੀ ਰਿਆਸਤ ਪਟਿਆਲਾ ਅਤੇ ਪਿਛੋਂ ਪਟਿਆਲਾ ਅਤੇ ਪੂਰਬੀ ਪੰਜਾਬ ਰਿਆਸਤੀ ਯੂਨੀਅਨ ਦੀ ਰਾਜਧਾਨੀ ਹੁੰਦੀ ਸੀ ਅਤੇ ਹੁਣ ਕਮਿਸ਼ਨਰੀ ਅਤੇ ਜ਼ਿਲ੍ਹੇ ਦਾ ਮੁੱਖ ਅਸਥਾਨ ਹੈ।

ਅਠਾਰ੍ਹਵੀਂ ਸਦੀ ਦੇ ਅੱਧ ਵਿਚ ਜਿੱਥੇ ਅੱਜ ਕੱਲ੍ਹ ਸ਼ਹਿਰ ਦੇ ਵਿਚਕਾਰ ਕਿਲ੍ਹਾ ਮੁਬਾਰਕ ਹੈ, ਇਕ

ਠੇਰੀ ਹੁੰਦੀ ਸੀ ਜਿਸ ਨੂੰ ਪਟਣ ਵਾਲਾ ਥੇਹ ਸੱਦਦੇ ਸਨ। ਸੁਣੋਤ ਇਹ ਹੈ ਕਿ ਇੱਥੇ ਕੋਈ ਪਟਣ

ਦੀ ਰਾਣੀ ਰਿਹਾ ਕਰਦੀ ਸੀ । ਹੁਣ ਤੱਕ ਪ੍ਰਾਪਤ ਹੋਇਆ ਲਿਖਤੀ ਇਤਿਹਾਸ ਕੋਈ ਸੂਹ ਨਹੀਂ ਦਿੰਦਾ। ਕਿ ਇਹ ਰਾਣੀ ਕੌਣ ਸੀ ਅਤੇ ਕਿਸ ਸਮੇਂ ਹੋਈ ਹੈ। ਸ਼ਬਦ ‘ਰਾਣੀ’ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਹਿੰਦੂ ਸੀ। ਹੋ ਸਕਦਾ ਹੈ ਕਿ ਭੱਟੀ ਰਾਜਪੂਤਾਂ ਵਿੱਚੋਂ ਕੋਈ ਹੋਵੇ ਜਿਸ ਦਾ ਪਿੰਡ ਤੇ ਕਿਲ੍ਹਾ ਮੁਸਲਮਾਨਾਂ ਦੇ ਹੱਲਿਆਂ ਵੇਲੇ ਢਹਿ ਢੇਰੀ ਹੋ ਕੇ ਥੇਹ ਬਣ ਗਿਆ ਹੋਵੇ। ਪਟਿਆਲੇ ਅਤੇ ਇਸ ਦੇ ਆਲੇ ਦੁਆਲੇ ਵਸਦੇ ਜੱਟਾਂ ਦਾ ਕੋਈ ਘਰਾਣਾ ਐਸਾ ਨਹੀਂ ਜਿਸ ਵਿਚ ਕੋਈ ਰਾਣੀ ਹੋਈ ਹੋਵੇ। ਸੰਨ 1740 ਦੇ ਇਰਦ ਗਿਰਦ ਪਟਣ ਦਾ ਥੇਹ ਪਟਿਆਲਿਓਂ ਸਾਢੇ ਕੁ ਤਿੰਨ ਮੀਲ ਦੀ ਵਿੱਥ ਤੇ ਸਨੌਰ ਦੇ ਜ਼ਿਮੀਂਦਾਰ ਮੁਹੰਮਦ ਸਾਲਿਹ ਖੋਖਰ ਦੀ ਤੱਲਕੇਦਾਰੀ ਵਿਚ ਸੀ। ਇਸ ਵੇਲੇ ਫੂਲਕਿਆਂ ਦੇ ਘਰਾਣੇ ਦੇ ਮਿਸਲਦਾਰ ਬਾਬਾ ਆਲਾ ਸਿੰਘ ਦਾ ਹਰ ਪਾਸੇ ਜ਼ੋਰ ਵੱਧ ਰਿਹਾ ਸੀ ਅਤੇ ਉਸ ਨੇ ਆਪਣਾ ਛੋਟਾ ਜਿਹਾ ਰਾਜ ਬਣਾ ਲਿਆ ਸੀ ਜਿਸ ਦਾ ਮੁੱਖ ਅਸਥਾਨ ਬਰਨਾਲਾ ਸੀ। ਹੌਲੀ ਹੌਲੀ ਇਸ ਦੀਆਂ ਮੱਲਾਂ ਮਾਰਾਂ ਹਿਸਾਰ ਤੱਕ ਜਾ ਪੁੱਜੀਆਂ। ਸੰਨ 1748 ਈ. ਵਿਚ ਜਦ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਦੁੱਰਾਨੀ ਨੇ ਹਿੰਦੁਸਤਾਨ ਤੇ ਹੱਲਾ ਕੀਤਾ ਤਾਂ ਬਾਬਾ ਆਲਾ ਸਿੰਘ ਨੇ ਹਿੰਦੁਸਤਾਨ ਦੀ ਕੇਂਦਰੀ ਮੁਗਲ ਹਕੂਮਤ ਦਾ ਸਾਥ ਦਿੱਤਾ ਸੀ ਜਿਸ ਨਾਲ ਆਮ ਲੋਕਾਂ ਵਿਚ ਉਸ ਦੀ ਪ੍ਰਭੁਤਾ ਵੱਧ ਗਈ। ਸੰਨ 1756 ਵਿਚ ਜਦ ਸਨੌਰ ਦੇ ਮੁਹੰਮਦ ਸਾਲਿਹ ਖੋਖਰ ਨੇ ਸਾਰੇ ਆਲੇ ਦੁਆਲੇ ਬਾਬਾ ਆਲਾ ਸਿੰਘ ਦਾ ਰਾਜ ਪਸਰਦਾ ਵੇਖਿਆ ਤਾਂ ਉਸ ਨੇ ਈਨ ਮੰਨ ਲਈ ਅਤੇ ਆਪਣੇ 84 ਪਿੰਡ ਅਤੇ ਪਟਣ ਵਾਲਾ ਥੇਹ ਉਸ ਦੇ ਹਵਾਲੇ ਕਰ ਦਿੱਤੇ ।

ਬਾਬਾ ਆਲਾ ਸਿੰਘ ਨੇ ਸਰਦਾਰ ਗੁਰਬਖ਼ਸ਼ ਸਿੰਘ ਕਾਲੇਕਾ ਨੂੰ ਇਲਾਕੇ ਦਾ ਪ੍ਰਬੰਧ ਕਰਨ ਲਈ ਨਿਯਤ ਕੀਤਾ। ਸੰਨ 1757 ਵਿਚ ਸਰਦਾਰ ਸੁਖਦਾਸ ਸਿੰਘ ਤੇ ਗੁਰਬਖ਼ਸ਼ ਸਿੰਘ ਦੀ ਸਲਾਹ ਅਨੁਸਾਰ ਪਟਿਆਲੇ ਦੇ ਪੁਰਾਤਨ ਥੇਹ ਉੱਤੇ ਇਕ ਕੱਚੀ ਗੜ੍ਹੀ ਅਤੇ ਰਿਹਾਇਸ਼ੀ ਮਕਾਨ ਬਣਾਏ ਗਏ ਅਤੇ ਪਿੱਛੋਂ ਜਦ ਵੱਡਾ ਕਿਲ੍ਹਾ ਮੁਬਾਰਕ ਬਣਨਾ ਆਰੰਭ ਹੋ ਗਿਆ ਤਾਂ ਗੜ੍ਹੀ ਵਾਲਾ ਥਾਂ ਇੱਥੇ ਆ ਵਸੇ ਸੋਢੀਆਂ ਨੂੰ ਦੇ ਦਿੱਤਾ ਜੋ ਹੁਣ ਤੱਕ ‘ਸੋਢੀਆਂ ਦਾ ਘੇਰ’ ਕਰ ਕੇ ਪ੍ਰਸਿੱਧ ਹੈ।

ਪਾਣੀਪਤ ਦੀ ਤੀਸਰੀ ਲੜਾਈ (ਸੰਨ 1761) ਵਿਚ ਬਾਬਾ ਆਲਾ ਸਿੰਘ ਨੇ ਬਦੇਸ਼ੀ ਹਮਲਾਵਰ ਅਹਿਮਦ ਸ਼ਾਹ ਦੁੱਰਾਨੀ ਦੇ ਵਿਰੁੱਧ ਮਰਾਠਿਆਂ ਦੀ ਖਾਧ-ਖ਼ੁਰਾਕ ਤੇ ਦਾਣੇ ਪੱਠੇ ਨਾਲ ਸਹਾਇਤਾ ਕੀਤੀ ਸੀ। ਉਸ ਦੇ ਬਦਲੇ ਘਲੂਘਾਰੇ (ਪੰਜ ਫ਼ਰਵਰੀ 1762) ਦੇ ਸਮੇਂ ਖ਼ੁਦ ਉਸ ਨੂੰ ਦੁੱਰਾਨੀ ਦੀ ਕੈਦ ਭੁਗਤਣੀ ਪਈ । ਜਨਵਰੀ ਸੰਨ 1764 ਵਿਚ ਜਦ ਸਿੰਘਾਂ ਨੇ ਸਰਹੰਦ ਫ਼ਤਹਿ ਕਰ ਕੇ ਬਾਬਾ ਆਲਾ ਸਿੰਘ ਨੂੰ ਬੇਚ ਦਿੱਤੀ ਤਾਂ ਉਸ ਦੀ ਪ੍ਰਭੁਤਾ ਹੋਰ ਵੀ ਵੱਧ ਗਈ।

ਸਰਹੰਦ ਦੀ ਫ਼ਤਹਿ ਤੋਂ ਮਹੀਨੇ ਦੇ ਅੰਦਰ ਹੀ ਬਾਬਾ ਆਲਾ ਸਿੰਘ ਨੇ ਪਟਿਆਲੇ ਦੇ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਅਤੇ ਸਰਹੰਦ ਤੋਂ ਉਜੜ ਕੇ ਪਟਿਆਲੇ ਆਏ ਲੋਕਾਂ ਨੂੰ ਵਸਣ ਲਈ ਜ਼ਮੀਨਾਂ ਦਿੱਤੀਆਂ ਜਿਸ ਨਾਲ ਇੱਥੇ ਦੀ ਰੌਣਕ ਚੋਖੀ ਵੱਧ ਗਈ। ਕਿਲ੍ਹੇ ਤੋਂ ਚੜ੍ਹਦੀ ਵੱਲ ਸਾਹਮਣੇ ਮੱਥੇ ਉਦੋਂ ਦਾ ਆਬਾਦ ਹੋਇਆ ਹੋਇਆ ਵੱਡਾ ਬਾਜ਼ਾਰ ਹੁਣ ਤੱਕ ਸਰਹੰਦੀ ਬਾਜ਼ਾਰ ਦੇ ਨਾਉਂ ਨਾਲ ਮਸ਼ਹੂਰ ਹੈ। ਕਿਲ੍ਹਾ ਮੁਬਾਰਕ ਬਾਬਾ ਆਲਾ ਸਿੰਘ ਦੇ ਪੋਤਰੇ ਮਹਾਰਾਜਾ ਅਮਰ ਸਿੰਘ ਦੇ ਵੇਲੇ ਮੁਕੰਮਲ ਹੋਇਆ ਜੋ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੰਨ 1765 ਵਿਚ ਪਟਿਆਲੇ ਦੀ ਗੱਦੀ ਪਰ ਬੈਠੇ।

ਸੰਨ 1764 ਵਿਚ ਦੁੱਰਾਨੀ ਨੇ ਹਿੰਦੁਸਤਾਨ ਉੱਤੇ ਸੱਤਵੀਂ ਵਾਰੀ ਹੱਲਾ ਕੀਤਾ ਪਰ ਸਿੰਘ ਇਸ ਵੇਲੇ ਤਕੜੇ ਹੋ ਗਏ ਹੋਏ ਸਨ। ਦੁੱਰਾਨੀ ਦੀ ਕੋਈ ਪੇਸ਼ ਨਾ ਗਈ ਤਾਂ ਸਿੰਘਾਂ ਨੂੰ ਰਾਜ਼ੀ ਕਰਨ ਲਈ ਉਸ ਨੇ ਸਤਲੁਜੋਂ ਦੱਖਣ ਨੂੰ ਰਾਜਗੀ ਦੇ ਨਿਸ਼ਾਨ ਧੌਂਸਾ ਤੇ ਝੰਡਾ (ਤਬਲ-ਓ-ਅਲਮ) ਬਾਬਾ ਆਲਾ ਸਿੰਘ ਨੂੰ ਦੇ ਦਿੱਤੇ ਅਤੇ ਅਗਲੀ ਵੇਰੀ ਰਾਜਾ-ਇ-ਰਾਜਗਾਨ ਦਾ ਖ਼ਿਤਾਬ ਅਤੇ ਆਪਣਾ ਸਿੱਕਾ ਚਲਾਉਣ ਦੀ ਆਗਿਆ ਮਹਾਰਾਜਾ ਅਮਰ ਸਿੰਘ ਨੂੰ ਦੇ ਗਿਆ । ਇਸ ਤੋਂ ਬਾਅਦ ਉਹ ਇਧਰ ਹੱਲਾ ਨਹੀਂ ਕਰ ਸਕਿਆ। ਇਸ ਤਰ੍ਹਾਂ ਹੁਣ ਪਟਿਆਲੇ ਦਾ ਰਾਜ ਮੁਗ਼ਲਾਂ ਅਤੇ ਦੁੱਰਾਨੀਆਂ ਦੋਹਾਂ ਤੋਂ ਸੁਤੰਤਰ ਹੋ ਕੇ ਵਧਣ ਫੁੱਲਣ ਲੱਗ ਪਿਆ । ਸੰਨ 1794 ਵਿਚ ਮਰਾਠਿਆਂ ਨੇ ਪਟਿਆਲੇ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਚੜ੍ਹਾਈ ਕਰ ਦਿੱਤੀ ਪਰ ਮਹਾਰਾਜਾ ਸਾਹਿਬ ਸਿੰਘ ਦੀ ਭੈਣ ਬੀਬੀ ਸਾਹਿਬ ਕੌਰ ਨੇ ਰਾਜਗੜ੍ਹ ਦੇ ਪਿੰਡ ਕੋਲ ਇਨ੍ਹਾਂ ਨੂੰ ਐਸੀ ਭਾਂਜ ਦਿੱਤੀ ਕਿ ਮੁੜ ਕਿਸੇ ਨੇ ਪਟਿਆਲੇ ਵੱਲ ਮੂੰਹ ਨਾ ਕੀਤਾ।

ਉੱਨੀਵੀਂ ਸਦੀ ਦੇ ਆਰੰਭ ਵਿਚ ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬ ਵਿਚ ਪਸਰਨ ਲੱਗਾ ਅਤੇ ਉਨ੍ਹਾਂ ਸਤਲੁਜ ਦੇ ਦੱਖਣ ਦੇ ਸਿੱਖ ਰਾਜਿਆਂ ਨੂੰ ਆਪਣੇ ਨਾਲ ਗੰਢਣ ਦਾ ਵਿਚਾਰ ਕੀਤਾ ਤਾਂ ਇਨ੍ਹਾਂ ਨੇ ਅੰਗਰੇਜ਼ਾਂ ਦੀ ਸ਼ਰਣ ਲੈ ਲਈ। 1857 ਦੇ ਗ਼ਦਰ ਵਿਚ ਹੋਰ ਪੰਜਾਬੀਆਂ ਦੀ ਤਰ੍ਹਾਂ ਪਟਿਆਲੇ ਵਾਲਿਆਂ ਨੇ ਮੁਗ਼ਲ ਬਾਦਸ਼ਾਹ ਨੂੰ ਦਿੱਲੀ ਦੇ ਤਖ਼ਤ ਉੱਤੇ ਬਿਠਾਉਣ ਲਈ, ਪੂਰਬੀਆਂ ਦਾ ਪੱਖ ਲੈਣਾ ਉਚਿਤ ਨਾ ਸਮਝਿਆ ਅਤੇ ਦਿੱਲੀ ਤੋਂ ਲੁਧਿਆਣੇ ਤੱਕ ਅਮਨ ਕਾਇਮ ਰੱਖਣ ਵਿਚ .ਸਹਾਇਤਾ ਕੀਤੀ । ਮਹਾਰਾਜਾ ਮਹਿੰਦਰ ਸਿੰਘ ਬੜੇ ਵਿਦਿਆ-ਪ੍ਰੇਮੀ ਸਨ ਜਿਨ੍ਹਾਂ ਦੇ ਸਮੇਂ ਵਿਚ ਪਟਿਆਲੇ ਵਿਚ ਮਹਿੰਦਰਾ ਕਾਲਜ ਦੀ ਨੀਂਹ ਰੱਖੀ ਗਈ ਜਿੱਥੇ ਕਿ ਮੁਫ਼ਤ ਵਿੱਦਿਆ ਦਿੱਤੀ ਜਾਂਦੀ ਸੀ । ਮਹਾਰਾਜਾ ਭੂਪਿੰਦਰ ਸਿੰਘ ਦੇ ਵੇਲੇ ਪਟਿਆਲਾ ਹਿੰਦੁਸਤਾਨ ਵਿਚ ਇਕ ਉੱਘਾ ਸ਼ਹਿਰ ਬਣ ਗਿਆ ਅਤੇ ਖੇਲਾਂ ਵਿਚ ਇਸ ਦੀ ਪ੍ਰਸਿੱਧੀ ਸਾਰੇ ਸੰਸਾਰ ਵਿਚ ਖਿੱਲਰ ਗਈ। ਮਹਾਰਾਜੇ ਦੀ ਸੂਝ-ਬੂਝ, ਮਾਨਸਕ ਉਦਾਰਤਾ, ਮਨੁੱਖਾਂ ਦੀ ਪਛਾਣ ਤੇ ਕਦਰ ਅਤੇ ਸਾਹਿੱਤ-ਸੇਵਾ ਆਪਣੀ ਮਿਸਾਲ ਆਪ ਹੀ ਸਨ। ਰਾਜਸੀ ਮੈਦਾਨ ਵਿਚ ਆਪ ਇਕ ਸਿਰ-ਕੱਢ ਵਿਅਕਤੀ ਸਨ ਅਤੇ ਚੋਖਾ ਚਿਰ ਹਿੰਦੁਸਤਾਨ ਦੇ ਨਰਿੰਦਰ ਮੰਡਲ (Chamber of Princes) ਦੇ ਪ੍ਰਧਾਨ ਰਹੇ। ਮਹਾਰਾਜਾ ਯਾਦਵਿੰਦਰ ਸਿੰਘ ਨੇ ਪਟਿਆਲੇ ਨੂੰ ਬਾਗ਼ਾਂ ਅਤੇ ਮਹਲਾਂ ਦਾ ਸ਼ਹਿਰ ਬਣਾਉਣ ਦਾ ਯਤਨ ਕੀਤਾ। ਔਲਿੰਪਿਕ ਸਟੇਡੀਅਮ, ਆਰਮੀ ਹੈਡਕੁਆਰਟਰਜ਼, ਸੋਲਜਰਜ਼ ਕਲੱਬ, ਬੈਂਕ ਆਫ਼ ਪਟਿਆਲਾ, ਜਿਮਖ਼ਾਨਾ ਕਲੱਬ, ਫੂਲ ਥੀਏਟਰ ਆਦਿ ਵਿਸ਼ਾਲ ਇਮਾਰਤਾਂ ਇਨ੍ਹਾਂ ਦੇ ਸਮੇਂ ਦੀ ਯਾਦ ਹਨ ।

ਹਿੰਦੁਸਤਾਨ ਦੀ ਸੁਤੰਤਰਤਾ ਵੇਲੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਦੇਸ ਨੂੰ ਹੋਰ ਟੁਕੜਿਆਂ ਵਿਚ ਵੰਡ ਹੋਣ ਤੋਂ ਬਚਾਉਣ ਲਈ ਜੋ ਸੇਵਾ ਕੀਤੀ ਉਹ ਇਤਿਹਾਸ ਵਿਚ ਸਦਾ ਯਾਦ ਰਹੇਗੀ। ਇਹ ਪਟਿਆਲੇ ਦੀਆਂ ਫ਼ੌਜਾਂ ਹੀ ਸਨ ਜਿਨ੍ਹਾਂ ਨੇ ਵੇਲੇ ਸਿਰ ਸ੍ਰੀਨਗਰ ਪੁੱਜ ਕੇ ਵਧੇ ਆ ਰਹੇ ਪਾਕਿਸਤਾਨੀਆਂ ਦਾ ਮੂੰਹ ਭੁਆ ਕੇ ਉਨ੍ਹਾਂ ਨੂੰ ਪਿੱਛੇ ਧੱਕਿਆ ਅਤੇ ਕਸ਼ਮੀਰ ਨੂੰ ਉਨ੍ਹਾਂ ਦੇ ਹੱਥ ਆ ਜਾਣੋਂ ਬਚਾਇਆ ਸੀ । 1948 ਵਿਚ ਪਟਿਆਲਾ ਰਿਆਸਤ ਦੇ ਸੱਤ ਹੋਰ ਰਿਆਸਤਾਂ ਨਾਲ ਰਲ ਜਾਣ ਪਰ ਪਟਿਆਲਾ ਅਤੇ ਪੂਰਬੀ ਪੰਜਾਬ ਰਿਆਸਤੀ ਯੂਨੀਅਨ ਦਾ ਮੁੱਖ ਅਸਥਾਨ ਬਣ ਗਿਆ ਅਤੇ ਇਸ ਨੇ ਸਾਰੀ ਪਾਸੀਂ ਬੜੀ ਤੇਜ਼ੀ ਨਾਲ ਉੱਨਤੀ ਕਰਨੀ ਆਰੰਭ ਦਿੱਤੀ। ਮੈਡੀਕਲ ਕਾਲਜ, ਸਟੇਟ ਕਾਲਜ ਆਫ਼ ਐਜੂਕੇਸ਼ਨ, ਰਾਜਿੰਦਰਾ ਹਸਪਤਾਲ, ਇੰਜਨੀਅਰਿੰਗ ਕਾਲਜ, ਆਯੁਰਵੈਦਿਕ ਕਾਲਜ, ਸੈਂਟ੍ਰਲ ਪਬਲਿਕ ਲਾਇਬ੍ਰੇਰੀ ਆਦਿ ਸੰਸਥਾਵਾਂ ਯੂਨੀਅਨ ਦੀਆਂ ਸਦੀਵੀ ਯਾਦਗਾਰਾਂ ਹਨ। ਜਦ ਪਟਿਆਲਾ ਯੂਨੀਅਨ (ਜੋ ਆਮ ਲੋਕਾਂ ਵਿਚ ਪੈਪਸੂ ਕਰ ਕੇ ਪ੍ਰਸਿੱਧ ਹੋ ਗਈ ਸੀ) ਅਤੇ ਪੰਜਾਬ ਮਿਲ ਕੇ ਇਕ ਹੋ ਗਏ ਤਾਂ ਪਟਿਆਲਾ ਸ਼ਹਿਰ ਕੇਵਲ ਕਮਿਸ਼ਨਰੀ ਅਤੇ ਜ਼ਿਲ੍ਹੇ ਦਾ ਮੁੱਖ ਅਸਥਾਨ ਹੀ ਰਹਿ ਗਿਆ ਅਤੇ ਰਾਜਧਾਨੀ ਦੀ ਪ੍ਰਭੁਤਾ ਚੰਡੀਗੜ੍ਹ ਚਲੀ ਗਈ।

ਉਪਰੋਕਤ ਅਸਥਾਨਾਂ ਤੋਂ ਇਲਾਵਾ ਇੱਥੇ ਮੋਤੀ ਬਾਗ਼ ਮਹੱਲ, ਗੁਰਦੁਆਰਾ ਮੋਤੀ ਬਾਗ਼, ਬਾਰਾਂਦਰੀ ਬਾਗ਼ ਤੇ ਮਹੱਲ, ਦੀਵਾਨ ਖ਼ਾਨਾ (ਕਿਲ੍ਹਾ ਮੁਬਾਰਕ ਅਤੇ ਦਰਬਾਰ ਹਾਲ) ਦੇਖਣ ਲਾਇਕ ਅਸਥਾਨ ਹੈ। ਕਿਲ੍ਹਾ ਮੁਬਾਰਕ ਵਿਚ ਬਾਬਾ ਆਲਾ ਸਿੰਘ ਦੇ ਬੁਰਜ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਸ਼ਸਤਰ ਅਤੇ ਕੁਝ ਹੋਰ ਇਤਿਹਾਸਕ ਯਾਦਗਾਰੀ ਵਸਤਾਂ ਹਨ। ਸ਼ਹਿਰ ਦੇ ਉੱਤਰ-ਚੜ੍ਹਦੇ ਵੱਲ ਨੌਵੇਂ ਗੁਰੂ ਤੇਗ਼ ਬਹਾਦਰ ਦੀ ਯਾਦ ਵਿਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਣਿਆ ਹੋਇਆ ਹੈ। ਜਿਸ ਦੇ ਦੱਖਣ ਨੂੰ ਇਕ ਸੁੰਦਰ ਸਰੋਵਰ ਹੈ। ਇਹ ਗੁਰਦੁਆਰਾ ਦੱਖਣੀ ਪੰਜਾਬ ਦੇ ਉੱਘੇ ਧਾਰਮਕ ਅਸਥਾਨਾਂ ਵਿੱਚੋਂ ਹੈ ।

ਪਟਿਆਲੇ ਤੋਂ ਪੰਜ ਮੀਲ ਚੜ੍ਹਦੇ-ਉੱਤਰ ਨੂੰ ਕਿਲ੍ਹਾ ਬਹਾਦਰ ਗੜ੍ਹ ਹੈ ਜੋ ਬਾਦਸ਼ਾਹ ਔਰੰਗਜ਼ੇਬ ਦੇ ਦੁੱਧ-ਭਰਾ ਨਵਾਬ ਸੈਫ਼-ਖ਼ਾਨ ਨੇ ਬਣਵਾਇਆ ਸੀ । ਇਸ ਦੇ ਅੰਦਰ ਹੀ ਉਸ ਦਾ ਵਸਾਇਆ ਹੋਇਆ ਪਿੰਡ ਸੈਫ਼ਾਬਾਦ ਹੁੰਦਾ ਸੀ। ਕਿਲ੍ਹੇ ਦੇ ਅੰਦਰਲੇ ਦਰਵਾਜ਼ੇ ਉੱਤੇ ਫ਼ਾਰਸੀ ਲਿਖਤ (ਆਬਾਦ ਨਮੂਦ ਸੈਫ਼ਖ਼ਾਨ ਸੈਫ਼ਾਬਾਦ) ਅਨੁਸਾਰ ਇਸ ਦੀ ਤਾਰੀਖ਼ ਸੰਨ 1067 ਹਿਜਰੀ ਅਰਥਾਤ ਸੰਨ 1658 ਬਣਦੀ ਹੈ। ਕਿਲ੍ਹੇ ਦੇ ਅੰਦਰ 1077 ਹਿਜਰੀ, 1668 ਈ. ਦੀ ਉਸਰੀ ਹੋਈ ਮਸੀਤ ਹੁਣ ਤੱਕ ਮੌਜੂਦ ਹੈ। ਨਵਾਬ ਸੈਫ਼ਖ਼ਾਨ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰੇਮੀ ਸੀ ਅਤੇ ਉਸ ਦੇ ਸੱਦੇ ਪਰ ਕਿਲ੍ਹੇ ਵਿਚ ਜਿਸ ਅਸਥਾਨ ਤੇ ਗੁਰੂ ਜੀ ਠਹਿਰੇ ਸਨ, ਉੱਥੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਸੈਫ਼ਖ਼ਾਨ ਦੀ ਸੰਤਾਨ ਪਾਸੋਂ ਇਹ ਕਿਲ੍ਹਾ ਮਹਾਰਾਜਾ ਅਮਰ ਸਿੰਘ ਨੇ ਲੈ ਲਿਆ ਸੀ ਅਤੇ ਇਸ ਦੇ ਬਦਲੇ ਛੋਟੇ ਰਸੂਲਪੁਰ ਦੀ ਜਾਗੀਰ ਤੇ ਪੈਨਸ਼ਨ ਉਨ੍ਹਾਂ ਨੂੰ ਦੇ ਦਿੱਤੀ ਗਈ ਸੀ । ਸੰਨ 1837 ਮਹਾਰਾਜਾ ਕਰਮ ਸਿੰਘ ਨੇ ਇਸ ਕਿਲ੍ਹੇ ਨੂੰ ਮੁੜ ਪੱਕਾ ਬਣਵਾਇਆ ਜੋ ਦਸ ਲੱਖ ਰੁਪਏ ਦੇ ਖ਼ਰਚ ਨਾਲ ਅੱਠਾਂ ਵਰ੍ਹਿਆਂ ਵਿਚ ਮੁਕੰਮਲ ਹੋਇਆ ਅਤੇ ਇਸ ਦਾ ਨਾਉਂ ਗੁਰੂ ਤੇਗ਼ ਬਹਾਦਰ ਦੀ ਯਾਦ ਵਿਚ ਬਹਾਦਰਗੜ੍ਹ ਰੱਖਿਆ। ਕਿਲ੍ਹੇ ਦੇ ਅੰਦਰ ਦੀਆਂ ਕੁਝ ਇਮਾਰਤਾਂ ਬੜੀਆਂ ਸੁੰਦਰ ਹਨ।

ਕਿਲ੍ਹੇ ਦੇ ਸਾਹਮਣੇ ਰਾਜਪੁਰੇ ਨੂੰ ਜਾਂਦੀ ਸੜਕ ਪਾਰ ਉੱਤਰ ਵੱਲ ਨੂੰ ਬਾਗ ਵਿਚ ਵੀ ਗੁਰੂ ਤੇਗ ਬਹਾਦਰ ਦੀ ਯਾਦ ਵਿਚ ਇਕ ਗੁਰਦੁਆਰਾ ਹੈ। ਇੱਥੇ ਗੁਰੂ ਸਾਹਿਬ ਪਹਿਲੋਂ ਠਹਿਰੇ ਸਨ ਤੇ ਫੇਰ ਸੈਫ਼ਖ਼ਾਨ ਦੇ ਕਿਲ੍ਹੇ ਵਿਚ ਗਏ ਸਨ ।

ਪਾਇਲ

ਪਾਇਲ

ਪਾਇਲ ਦਾ ਕਸਬਾ ਦੋਰਾਹੇ ਤੋਂ ਛੇ ਮੀਲ ਦੱਖਣ ਨੂੰ ਅਤੇ ਚਾਵਾ ਰੇਲਵੇ ਸਟੇਸ਼ਨ ਤੋਂ ਪੰਜ ਮੀਲ ਦੱਖਣ-ਲਹਿੰਦੇ ਨੂੰ ਹੈ । ਇਹ ਇਕ ਪੁਰਾਣੇ ਥੇਹ ਉੱਤੇ ਵਸਿਆ ਹੋਇਆ ਹੈ ਜਿਸ ਦੀ ਬਾਬਤ ਕੁਝ ਪਤਾ ਨਹੀਂ ਲੱਗਦਾ । ਕਹਿੰਦੇ ਹਨ ਕਿ ਹਸਨ ਸ਼ਾਹ ਨਾਮੀ ਇਕ ਮੁਸਲਮਾਨ ਫ਼ਕੀਰ ਇੱਥੇ ਆ ਵਸੇ ਜਿਸ ਵੇਲੇ ਉਹ ਕੁਝ ਨੀਂਹਾ ਪੁੱਟ ਰਹੇ ਸਨ ਤਾਂ ਉਨ੍ਹਾਂ ਨੂੰ ਜ਼ਨਾਨੇ ਪੈਰਾਂ ਦਾ ਗਹਿਣਾ ਪਾਜ਼ੇਬ (ਪੰਜੇਬ, ਜਿਸ ਨੂੰ ਪਾਇਲ ਵੀ ਆਖਦੇ ਹਨ) ਮਿਲਿਆ। ਇਹ ਪਾਇਲ ਉਹ ਆਪਣੇ ਮੁਰਸ਼ਦ ਹਸਨ ਸ਼ਾਹ ਪਾਸ ਲੈ ਗਏ ਜਿਸ ਨੂੰ ਦੇਖ ਕੇ ਫ਼ਕੀਰ ਨੇ ਕਿਹਾ ਕਿ ਇਸ ਬਸਤੀ ਦਾ ਨਾਉਂ ਪਾਇਲ ਧਰ ਦਿਓ। ਹਸਨ ਸ਼ਾਹ ਦਾ ਇਸੇ ਥਾਂ ਦੇਹਾਂਤ ਹੋਇਆ ਅਤੇ ਉਸ ਦੇ ਮਜ਼ਾਰ ਉੱਤੇ ਇੱਥੇ ਮੁਸਲਮਾਨ ਹਰ ਸਾਲ ਮੇਲਾ ਕਰਿਆ ਕਰਦੇ ਸਨ ।

ਪਾਇਲ ਦੀ ਆਬਾਦੀ ਹੌਲੀ ਹੌਲੀ ਵਧਦੀ ਗਈ ਅਤੇ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਇਹ ਸਰਹੰਦ ਦੀ ਸਰਕਾਰ ਦਾ ਇਕ ਪਰਗਣਾ ਬਣ ਗਿਆ । ਸੰਨ 1573 ਵਿਚ ਜਦ ਅਕਬਰ ਬਾਦਸ਼ਾਹ ਦਾ ਇਕ ਰਿਸ਼ਤੇਦਾਰ ਪੰਜਾਬ ਨੂੰ ਭੱਜ ਆਇਆ ਤਾਂ ਉਸ ਨੇ ਰਾਹ ਵਿਚ ਸਰਹੰਦ ਲੁੱਟ ਲਿਆ ਅਤੇ ਇਰਦ ਗਿਰਦ ਦਾ ਇਲਾਕਾ ਉਜਾੜ ਦਿੱਤਾ ਅਤੇ ਪਾਇਲ ਆ ਕੇ ਉਸ ਦੇ ਸਾਥੀਆਂ ਨੇ ਇੱਥੇ ਦੇ ਮੁਸਲਮਾਨਾਂ ਉੱਤੇ ਬਹੁਤ ਅਤਿਆਚਾਰ ਕੀਤਾ। ਸੰਨ 1581 ਵਿਚ ਜਦ ਅਕਬਰ ਮੁਹਿੰਮ ਲੈ ਕੇ ਪੰਜਾਬ ਵੱਲ ਨੂੰ ਆਇਆ ਤਾਂ ਉਸ ਨੂੰ ਪਾਇਲ ਦੇ ਅਸਥਾਨ ਤੇ ਇਹ ਸ਼ੁਭ ਖ਼ਬਰ ਪੁੱਜੀ ਕਿ ਕਾਬਲ ਦਾ ਹਾਕਮ, ਉਸ ਦਾ ਬਾਗੀ ਸੁਤੇਲਾ ਭਰਾ ਮੁਹੰਮਦ ਹਕੀਮ, ਜਿਸ ਨੇ ਪੰਜਾਬ ਉੱਤੇ ਹੱਲਾ ਕਰ ਦਿੱਤਾ ਸੀ ਅਤੇ ਲਾਹੌਰ ਉੱਤੇ ਚੜ੍ਹ ਆਇਆ ਸੀ, ਪੰਜਾਬ ਛੱਡ ਗਿਆ ਹੈ। ਅਕਬਰ ਬਾਦਸ਼ਾਹ ਕਾਬਲ ਪੁੱਜਾ ਪਰ ਆਪਣੀ ਭੈਣ ਦੇ ਕਹਿਣ ਉੱਤੇ ਕਾਬਲ ਮੁੜ ਮੁਹੰਮਦ ਹਕੀਮ ਨੂੰ ਹੀ ਦੇ ਦਿੱਤਾ ।

ਪਿਛਲੇਰੇ ਮੁਗ਼ਲ ਬਾਦਸ਼ਾਹਾਂ ਵੇਲੇ ਪਾਇਲ ਮਲੇਰਕੋਟਲੇ ਦੀ ਰਿਆਸਤ ਵਿਚ ਸ਼ਾਮਲ ਹੋ ਗਿਆ ਅਤੇ ਸੰਨ 1766 ਵਿਚ ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਨੇ ਇਸ ਨੂੰ ਆਪਣੀ ਰਿਆਸਤ ਵਿਚ ਮਿਲਾ ਲਿਆ। ਸੰਨ 1956 ਵਿਚ ਜਦ ਪਟਿਆਲਾ ਯੂਨੀਅਨ ਅਤੇ ਪੰਜਾਬ ਇਕ ਹੋ ਗਏ ਤਾਂ ਇਹ ਪੰਜਾਬ ਵਿਚ ਆ ਗਿਆ।

ਪਾਣੀਪਤ

ਦਿੱਲੀ ਤੋਂ 55 ਮੀਲ ਉੱਤਰ ਨੂੰ

ਪਾਣੀਪਤ

ਪਾਣੀਪਤ ਉਨ੍ਹਾਂ ਪੰਜ ਪ੍ਰਾਚੀਨ ਸ਼ਹਿਰਾਂ ਵਿਚੋਂ ਹੈ ਜਿਨ੍ਹਾਂ ਦੀ ਮੰਗ ਪਾਂਡਵਾਂ ਨੇ ਕੌਰਵਾਂ ਪਾਸੋਂ ਕੀਤੀ ਸੀ। ਜੇ ਨਵੀਂ ਇਤਿਹਾਸਕ ਖੋਜ ਅਨੁਸਾਰ ਮਹਾਂਭਾਰਤ ਦੀ ਤਾਰੀਖ਼ ਹਜ਼ਰਤ ਈਸਾ ਤੋਂ 1400 ਸਾਲ ਪਹਿਲਾਂ ਸੰਨ ਲਈਏ ਤਾਂ ਪਾਣੀਪਤ 3350 ਵਰ੍ਹੇ ਤੋਂ ਵੱਧ ਪੁਰਾਣਾ ਸਿੱਧ ਹੁੰਦਾ ਹੈ । ਸਰ ਸੱਯਦ ਅਹਿਮਦ ਖ਼ਾਨ ‘ਆਸਾਰੁ-ਸਨਾਦੀਦ’ ਵਿਚ ਲਿਖਦੇ ਹਨ ਕਿ ਇਹ ਸ਼ਹਿਰ ਰਾਜਾ ਦੁਰਬਲ ਰਾਏ ਦੇ ਪੁੱਤਰ ਰਾਜਾ ਦੰਡਪਾਣੀ ਨੇ ਵਸਾਇਆ ਸੀ। ਹੋ ਸਕਦਾ ਹੈ ਕਿ ਮਹਾਂਭਾਰਤ ਦੇ ਸਮੇਂ ਪਾਣੀਪਤ ਉੱਜੜ ਕੇ ਛੋਟਾ ਜਿਹਾ ਪਿੰਡ ਰਹਿ ਗਿਆ ਹੋਵੇ ਅਤੇ ਰਾਜਾ ਦੰਡਪਾਣੀ ਨੇ ਇਸ ਨੂੰ ਮੁੜ ਕੇ ਪੂਰੀ ਰੌਣਕ ਨਾਲ ਵਸਾਇਆ ਹੋਵੇ । ਸ਼ਹਿਰ ਦੇ ਵਿਚਕਾਰ ਜੋ ਬੜਾ ਵੱਡਾ ਥੇਹ ਹੈ, ਇਸ ਬਾਬਤ ਕਹਿੰਦੇ ਹਨ ਕਿ ਇੱਥੇ ਅਰਜਨ ਨਾਮੀ ਇਕ ਰਾਜੇ ਦਾ ਕਿਲ੍ਹਾ ਹੁੰਦਾ ਸੀ ਜਿਸ ਦਾ ਪੱਕਾ ਕੋਟ ਅਤੇ ਪੰਦਰਾਂ ਦਰਵਾਜ਼ੇ ਹੁੰਦੇ ਸਨ। ਇਸ ਵੇਲੇ ਉੱਥੇ ਕੁਝ ਵੀ ਨਹੀਂ। ਸਮਾਂ ਪਾ ਕੇ ਸਭ ਕੁਝ ਢਹਿ ਢੇਰੀ ਹੋ ਚੁੱਕਾ ਹੋਇਆ ਹੈ। ਇਸ ਥੇਹ ਤੋਂ ਕਈ ਵਾਰੀ ਪੁਰਾਣੇ ਸਿੱਕੇ ਅਤੇ ਪ੍ਰਾਚੀਨ ਵਸਤਾਂ ਮਿਲਦੀਆਂ ਹਨ ਜੋ ਯੂਨਾਨੀਆਂ ਅਤੇ ਸਿਥੀਅਨ ਲੋਕਾਂ ਦੇ ਪਾਣੀਪਤ ਨਾਲ ਵਪਾਰਕ ਅਤੇ ਹੋਰ ਮੇਲ-ਜੋਲ ਦਾ ਪਤਾ ਦਿੰਦੀਆਂ ਹਨ ।

ਜਦ ਮੁਹੰਮਦ ਬਿਨ ਕਾਸਿਮ ਨੇ ਸੰਨ 711 ਵਿਚ ਸਿੰਧ ਉੱਤੇ ਹੱਲਾ ਕੀਤਾ ਤਾਂ ਉਸ ਦੇ ਨਾਲ ਆਏ ਕੁਝ ਸੱਯਦ ਚੜ੍ਹਦੇ ਵੱਲ ਨੂੰ ਤੁਰੇ ਆਏ ਅਤੇ ਪਾਣੀਪਤ ਆ ਵਸੇ। ਇਨ੍ਹਾਂ ਵਿਚੋਂ ਇਕ ਸੱਯਦ ਇਸਮਾਈਲ ਨੂੰ ਇੱਥੇ ਦੇ ਰਾਜੇ ਨੇ ਮਰਵਾ ਦਿੱਤਾ। ਇਸ ਦੇ ਦੋ ਸਾਥੀਆਂ ਸੱਯਦ ਅਬੁਲ ਕਾਸਿਮ ਇਸਮਾਇਲ ਅਤੇ ਅਸਹਾਕ ਨੇ ਬਦਲਾ ਲੈਣ ਲਈ ਕੁਝ ਬੰਦੇ ਇਕੱਠੇ ਕਰ ਕੇ ਰਾਜੇ ਉੱਤੇ ਧਾਵਾ ਬੋਲ ਦਿੱਤਾ । ਲੜਾਈ ਵਿਚ ਸੱਯਦ ਵੀ ਮਾਰੇ ਗਏ ਅਤੇ ਰਾਜਾ ਵੀ। ਜਿੱਥੇ ਸੱਯਦ ਅਬੁਲ ਕਾਸਿਮ ਇਸਮਾਈਲ ਡਿੱਗ ਕੇ ਮਰਿਆ ਸੀ ਉੱਥੇ ਇਕ ਟੱਬਰ ਆਬਾਦ ਹੋ ਗਿਆ। ਉੱਥੇ ਇਸ ਵੇਲੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸ਼ੁਹਦਾਪੁਰ ਪਿੰਡ ਆਬਾਦ ਹੈ ਜੋ ਪਾਣੀਪਤੋਂ ਤਿੰਨ ਕੁ ਮੀਲ ਲਹਿੰਦੇ ਵੱਲ ਹੈ। .ਇਹ ਇੱਥੇ ਮੁਸਲਮਾਨਾਂ ਦੀ ਪਹਿਲੀ ਬਸਤੀ ਸੀ । 1011 ਈ.ਦੇ ਮਹਿਮੂਦ ਦੇ ਹੱਲੇ ਦੀ ਯਾਦ ਵਿਚ ਇੱਥੇ ਦੀ ਜਾਮਿਆ ਮਸਜਿਦ ਬਣੀ ਹੋਈ ਹੈ । ਬਾਅਦ ਦੇ ਜ਼ਮਾਨੇ ਵਿਚ ਇੱਥੇ ਬੇਅੰਤ ਸੂਫ਼ੀ ਅਤੇ ਦਰਵੇਸ਼ ਆਬਾਦ ਹੁੰਦੇ ਗਏ ਜਿਨ੍ਹਾਂ ਕਰਕੇ ਪਾਣੀਪਤ ਇਸਲਾਮੀ ਵਿਦਿਆ ਦਾ ਇਕ ਵੱਡਾ ਕੇਂਦਰ ਬਣ ਗਿਆ ਪਰ ਪਾਣੀਪਤ ਦੀ ਸਭ ਤੋਂ ਵੱਧ ਪ੍ਰਸਿੱਧੀ ਸ਼ਾਹ ਸ਼ਰਫ਼ ਬੂ-ਅਲੀ ਕਲੰਦਰ ਕਰਕੇ ਹੋਈ ਜੋ 1208 ਈ. ਨੂੰ ਇੱਥੇ ਪੈਦਾ ਹੋਏ ਅਤੇ 1324 ਵਿਚ ਸੁਰਗਵਾਸ ਹੋਏ। ਇਹ ਬਜ਼ਰਗ ਰੱਬ ਦੇ ਬੜੇ ਪਿਆਰੇ ਅਤੇ ਕਰਾਮਾਤੀ ਮਸ਼ਹੂਰ ਸਨ ਅਤੇ ਇਨ੍ਹਾਂ ਦਾ ਮਜ਼ਾਰ ਹੁਣ ਤੱਕ ਮੁਸਲਮਾਨਾਂ ਲਈ ਇਕ ਪੂਜਨੀਕ ਜ਼ਿਆਰਤਗਾਹ ਹੈ ।

ਪਾਣੀਪਤ ਲੜਾਈਆਂ ਦਾ ਇਕ ਅੱਡਾ ਬਣਿਆ ਰਿਹਾ ਹੈ ਪਰ ਤਿੰਨ ਲੜਾਈਆਂ ਇਤਿਹਾਸ ਵਿਚ ਖ਼ਾਸ ਕਰਕੇ ਪ੍ਰਸਿੱਧ ਹਨ। ਪਹਿਲੀ ਲੜਾਈ ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਸੰਨ 1526 ਨੂੰ ਹੋਈ ਜਿਸ ਵਿਚ ਬਾਬਰ ਬਾਦਸ਼ਾਹ ਦੀ ਜਿੱਤ ਨਾਲ ਹਿੰਦੁਸਤਾਨ ਵਿਚ ਮਗ਼ਲ ਰਾਜ ਦੀ ਜੜ ਲੱਗੀ।

ਦੂਜੀ ਲੜਾਈ ਸੂਰੀ ਬਾਦਸ਼ਾਹ ਮੁਹੰਮਦ ਸ਼ਾਹ ਅਦਲੀ ਦੇ ਵਜ਼ੀਰ ਹੀਮੂ ਬਾਣੀਏ ਅਤੇ ਅਕਬਰ ਬਾਦਸ਼ਾਹ ਦੇ ਦਰਮਿਆਨ ਨਵੰਬਰ, 1556 ਵਿਚ ਹੋਈ। ਜਿੱਤ ਅਕਬਰ ਦੀ ਹੋਈ। ਤੀਸਰੀ ਲੜਾਈ ਵਿਚ 14 ਜਨਵਰੀ, ਸੰਨ 1761 ਨੂੰ ਅਹਿਮਦਸ਼ਾਹ ਦੁਰਾਨੀ ਨੇ ਮਰਾਠਿਆਂ ਨੂੰ ਲੱਕ-ਤੋੜਵੀਂ ਹਾਰ ਦੇ ਕੇ ਪੰਜਾਬ ਵੱਲ ਵਧਣ ਦੀਆਂ ਉਨ੍ਹਾਂ ਦੀਆਂ ਆਸਾਂ ਸਦਾ ਲਈ ਖ਼ਤਮ ਕਰ ਦਿਤੀਆਂ। ਸੰਨ 1765 ਵਿਚ ਜਦ ਸਿੰਘਾਂ ਨੇ ਪੰਜਾਬ ਫ਼ਤਹਿ ਕਰ ਲਿਆ ਤਾਂ ਪਾਣੀਪਤ ਕੁਝ ਚਿਰ ਉਨ੍ਹਾਂ ਦੇ ਕਬਜ਼ੇ ਵਿਚ ਰਿਹਾ ਅਤੇ ਫੇਰ ਅੰਗਰੇਜ਼ੀ ਰਾਜ ਵਿਚ ਰਲ ਗਿਆ। ਮੁਗ਼ਲ ਰਾਜ ਵੇਲੇ ਪਾਣੀਪਤ ਨੇ ਕਈ ਧਾਰਮਕ ਵਿਦਵਾਨਾਂ ਅਤੇ ਰਾਜਸੀ ਆਗੂਆਂ ਨੂੰ ਜਨਮ ਦਿੱਤਾ ਜਿਨ੍ਹਾਂ ਵਿਚੋਂ ਇਕ ਸ਼ਮੱਸਦੋਲਾ ਲੁਤਫ਼ੱਲਾ ਖ਼ਾਨ ਬਿਹਾਰ ਦੇ ਬੜੇ ਨਾਮਵਰ ਹਾਕਮ ਹੋਏ ਹਨ । ਇਨ੍ਹਾਂ ਨੇ ਪਾਣੀਪਤ ਨੂੰ ਖ਼ੂਬਸੂਰਤ ਅਤੇ ਰੌਣਕਦਾਰ ਬਣਾਉਣ ਦੇ ਬੜੇ ਸੁਚੱਜੇ ਕੀਤੇ ਸਨ। ਇਸ ਵੇਲੇ ਇਹ ਵਪਾਰ ਦਾ ਇਕ ਚੰਗਾ ਕੇਂਦਰ ਹੈ।

ਪੰਜੌਰ

ਪੰਜੌਰ

ਅੰਬਾਲੇ ਤੋਂ ਉੱਤਰ-ਚੜ੍ਹਦੀ ਵੱਲ 40 ਮੀਲ ਦੀ ਵਿੱਥ ਤੇ ਸ਼ਿਮਲੇ ਨੂੰ ਜਾ ਰਹੀ ਸੜਕ ਉਤੇ ਪੰਜੌਰ ਦਾ ਬਾਗ਼ ਹਿੰਦੁਸਤਾਨ ਦੇ ਕੁਝ ਕੁ ਚੋਣਵੇਂ ਬਾਗ਼ਾਂ ਵਿਚੋਂ ਹੈ ਅਤੇ ਪੰਜਾਬ ਵਿਚ ਇਸ ਵੇਲੇ ਹੋਰ ਕੋਈ ਵੀ ਬਾਗ਼ ਸਾਰੇ ਪੱਖਾਂ ਤੋਂ ਇਸ ਦਾ ਟਾਕਰਾ ਨਹੀਂ ਕਰ ਸਕਦਾ। ਪੰਜੋਰ ਦਾ ਪਿੰਡ ਵੀ ਉੱਤਰੀ ਭਾਰਤ ਦੇ ਪ੍ਰਾਚੀਨ ਅਸਥਾਨਾਂ ਵਿਚੋਂ ਹੈ। ਪੁਰਾਣੇ ਹਿੰਦੂ ਮੰਦਰਾਂ ਅਤੇ ਸਰੋਵਰਾਂ ਦੇ ਨਿਸ਼ਾਨ ਅਤੇ ਥਾਂ ਥਾਂ ਤੋਂ ਜ਼ਮੀਨ ਹੇਠੋਂ ਨਿਕਲਦੀਆਂ ਪੁਰਾਣੀਆਂ ਮੂਰਤੀਆਂ ਅਤੇ ਘੜੇ ਹੋਏ ਪੱਥਰ ਇਸ ਗੱਲ ਦੀ ਗਵਾਹੀ ਹਨ ਕਿ ਪ੍ਰਾਚੀਨ ਸਮਿਆਂ ਵਿਚ ਇਹ ਇਕ ਉੱਘਾ ਧਾਰਮਕ ਅਸਥਾਨ ਹੋ ਗੁਜ਼ਰਿਆ ਹੈ। ਇਸ ਦਾ ਪਹਿਲਾ ਨਾਉਂ ਪੰਚਪੁਰਾ ਜਾਂ ਪੰਜਪੁਰਾ ਹੁੰਦਾ ਸੀ ਅਤੇ ਇਸ ਦਾ ਸਬੰਧ ਪੰਜ ਪਾਂਡਵਾਂ ਨਾਲ ਜੋੜਿਆ ਜਾਂਦਾ ਹੈ । ਪ੍ਰਤੀਤ ਹੁੰਦਾ ਹੈ ਕਿ ਪਰਾਚੀਨ ਸਮਿਆਂ ਵਿਚ ਆਰੀਆਂ ਲੋਕਾਂ ਦੀ ਇਥੇ ਕੋਈ ਬਸਤੀ ਹੁੰਦੀ ਸੀ ਜੋ ਹੌਲੀ ਹੌਲੀ ਉਜੜ ਗਈ ਜਾਂ ਜ਼ਮੀਨ ਹੇਠਾਂ ਦਬ ਗਈ। ਪੰਜੌਰ ਦਾ ਸਭ ਤੋਂ ਪਹਿਲਾ ਜ਼ਿਕਰ ਅਬੂ-ਰੀਹਾਨ ਅਲ-ਬਿਰੂਨੀ ਦੀ ਪੁਸਤਕ ਕਿਤਾਬ ਅਲ- ਹਿੰਦ ਅਤੇ ਮਿਨਹਾਜ਼ ਸਿਰਾਜ ਦੀ ਤਬਕਾਤਿ ਨਾਸਿਰੀ ਵਿਚ ਆਉਂਦਾ ਹੈ। ਤੇਰ੍ਹਵੀਂ ਸਦੀ ਦੇ ਅੱਧ ਵਿਚ ਪੰਜੌਰ ਸਿਰਮੌਰ ਦੇ ਰਾਜਾ ਦੇ ਤਹਿਤ ਵਿਚ ਸੀ। ਇਸ ਦੀ ਸੁੰਦਰਤਾ ਨੇ ਸੁਲਤਾਨ ਸ਼ਮੱਸਦੀਨ ਇਲਤੁਤਮਸ਼ (1246-1266) ਨੂੰ ਐਸਾ ਮੋਹ ਲਿਆ ਕਿ ਉਸ ਨੇ ਪੰਜੌਰ ਸਿਰਮੌਰ ਪਾਸੋਂ ਖੋਹ ਲਿਆ। ਅਤੇ ਇਸ ਦੇ ਮੰਦਰ ਅਤੇ ਸਰੋਵਰ ਢਾਹ ਕੇ ਬਰਬਾਦ ਕਰ ਦਿੱਤੇ । ਤਬਕਾਤਿ ਨਾਸਿਰੀ ਅਨੁਸਾਰ ਸੁਲਤਾਨ ਨਾਸਿਰੁਦੀਨ ਨੇ ਪੰਜੋਰ ਦੇ ਲਾਗੇ 1254 ਵਿਚ ਇਕ ਬੜੀ ਭਾਰੀ ਜਿੱਤ ਪ੍ਰਾਪਤ ਕੀਤੀ ਅਤੇ ਲੁੱਟ ਦਾ ਬੇਸ਼ੁਮਾਰ ਮਾਲ ਉਸ ਦੇ ਹੱਥ ਆਇਆ। ਜਨਵਰੀ, ਸੰਨ1399 ਵਿਚ ਜਦ ਤੈਮੂਰ ਦਿੱਲੀ ਤੋਂ ਵਾਪਸ ਮੁੜਿਆ ਜਾ ਰਿਹਾ ਸੀ ਅਤੇ ਲੁੱਟ ਦੀ ਭਾਲ ਵਿਚ ਇਥੋਂ ਦੀ ਲੰਘਿਆ ਤਾਂ ਕਾਲਕਾ ਦੀਆਂ ਪਹਾੜੀਆਂ ਪਾਸ ਉਸ ਨੇ ਰਾਜਾ ਰਤਨ ਸੈਨ (ਸ਼ਰਫ਼-ਦੀਨ ਯਜ਼ਦੀ ਦੇ ਜ਼ਫ਼ਰਨਾਮੇ ਅਨੁਸਾਰ ਰਾਏ ਰਤਨ) ਨੂੰ ਹਾਰ ਦੇ ਕੇ ਪੰਜੌਰ ਨੂੰ ਲੁੱਟ ਲਿਆ।

ਔਰੰਗਜ਼ੇਬ ਦੇ ਚੌਥੇ ਸਾਲ ਸੰਨ 1661 ਵਿਚ ਉਸ ਦੇ ਦੁੱਧ-ਭਰਾ ਫ਼ਿਦਾਈ ਖ਼ਾਨ ਨੇ ਪੰਜੌਰ ਨਾਹਨ ਦੇ ਰਾਜੇ ਕੋਲੋਂ ਖੋਹ ਲਿਆ ਅਤੇ ਆਪ ਇਥੇ ਰਹਿਣ ਲੱਗ ਪਿਆ। ਇਹ ਸ਼ਿਲਪਕਾਰੀ ਅਤੇ ਉਸਾਰੀ ਦੇ ਕੰਮ ਵਿਚ ਬੜਾ ਮਾਹਿਰ ਸੀ। ਇਸ ਨੇ ਲਾਹੌਰ ਦੇ ਸ਼ਾਲਾਮਾਰ ਬਾਗ਼ ਦੇ ਨਮੂਨੇ ਉਤੇ ਇਥੇ ਬਾਗ਼ ਬਣਵਾਇਆ ਅਤੇ ਇਮਾਰਤਾਂ ਉਸਾਰੀਆਂ ਜੋ ਤਿੰਨ ਸੋ ਸਾਲ ਗੁਜ਼ਰ ਜਾਣ ਪਰ ਵੀ ਆਪਣੀ ਛਬ ਪੂਰੀ ਤਰ੍ਹਾਂ ਦੇ ਰਹੀਆਂ ਹਨ। ਇਹ ਬਾਗ਼ ਗੁਲਾਬ ਦੇ ਫੁੱਲਾਂ ਲਈ ਖ਼ਾਸ ਤੌਰ ਤੇ ਪ੍ਰਸਿੱਧ ਸੀ । ਖੁਲਾਸਾ- ਤੁ-ਤਵਾਰੀਖ (ਸੰਨ 1696 ਈ.) ਦਾ ਲਿਖਾਰੀ ਮੁਨਸ਼ੀ ਸੁਜਾਨ ਰਾਇ ਭੰਡਾਰੀ ਬਟਾਲੀਆ ਦਸਦਾ ਹੈ ਕਿ ਜਦ ਉਹ ਫੁੱਲਾਂ ਦੀ ਰੁੱਤ ਵਿਚ ਉਥੇ ਗਿਆ ਤਾਂ ਉਸ ਰੋਜ਼ 40 ਮਣ (ਆਲਮਗੀਰੀ) ਗੁਲਾਬ ਦੇ ਫੁੱਲ ਫ਼ਿਦਾਈ ਖ਼ਾਨ ਦੇ ਗੁਲਾਬਖ਼ਾਨੇ ਵਿਚ ਆਏ ਸਨ । ਸੁਜਾਨ ਰਾਇ ਕਹਿੰਦਾ ਹੈ ਕਿ ਪੰਜੌਰ ਵਿਚ ਭੀਮਾ ਦੇਵੀ ਦੇ ਇਕ ਬੜਾ ਪ੍ਰਾਚੀਨ ਅਤੇ ਪਵਿੱਤਰ ਮੰਦਰ ਹੈ। ਇਹ ਮੰਦਰ ਹੁਣ ਨਹੀਂ ਹੈ ਅਤੇ ਨਾ ਹੀ ਇਸ ਦੇ ਕੋਈ ਨਿਸ਼ਾਨ ਹਨ। ਮਲੂਮ ਹੁੰਦਾ ਹੈ ਕਿ ਇਹ ਔਰੰਗਜ਼ੇਬ ਦੇ ਅੰਤਲੇ ਦਿਨੀਂ ਜਾਂ ਉਸ ਤੋਂ ਬਾਅਦ ਦੇ ਜ਼ਮਾਨੇ ਵਿਚ ਢਹਿ ਕੇ ਬਰਬਾਦ ਹੋ ਗਿਆ। ਸੜਕੋਂ ਲਹਿੰਦੀ ਵੱਲ ਇਕ ਛੋਟਾ ਜਿਹਾ ਮੰਦਰ ਪੁਰਾਣੇ ਵਡੇ ਮੰਦਰ ਦੀ ਯਾਦ ਵਿਚ ਇਸੇ ਨਾਉਂ ਦਾ ਬਣਾਇਆ ਹੋਇਆ ਹੈ। ਇਸ ਵੱਲ ਵੀ ਇਸ ਵੇਲੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਫ਼ਿਦਾਈ ਖ਼ਾਨ ਬਹੁਤਾ ਚਿਰ ਪੰਜੋਰ ਵਿਚ ਨਾ ਰਿਹਾ, ਕਿਉਂਕਿ ਇਥੇ ਦੇ ਪਾਣੀ ਨਾਲ ਲੋਕਾਂ ਨੂੰ ਗਿੱਲ੍ਹੜ ਦੀ ਬਿਮਾਰੀ ਹੋ ਜਾਂਦੀ ਸੀ । ਛਿਦਾਈ ਖ਼ਾਨ ਦੇ ਚਲੇ ਜਾਣ ਪਿਛੋਂ ਨਾਹਨ ਦੇ ਰਾਜੇ ਨੇ ਫੇਰ ਇਥੇ ਕਬਜ਼ਾ ਕਰ ਲਿਆ।

ਸੰਨ 1764 ਵਿਚ ਜਦ ਸਿੰਘਾਂ ਨੇ ਸਰਹੰਦ ਉਤੇ ਕਬਜ਼ਾ ਕਰ ਲਿਆ ਤਾਂ ਕਈ ਛੋਟੀਆਂ ਛੋਟੀਆਂ ਰਿਆਸਤਾਂ ਉੱਗ ਪਈਆਂ ਜਿਨ੍ਹਾਂ ਵਿਚ ਇਕ ਮਨੀਮਾਜਰਾ ਵੀ ਸੀ। ਇਥੇ ਦੇ ਚੌਧਰੀ ਗਰੀਬ ਦਾਸ ਨੂੰ ਸੰਨ 1766 ਵਿਚ ਪੰਜੋਰ ਦੇ ਇਲਾਕੇ ਉਤੇ ਕਬਜ਼ਾ ਕਰ ਲਿਆ ਪਰ ਉਹ ਦੋ ਸਾਲ ਤੋਂ ਵੱਧ ਇਸ ਨੂੰ ਰੱਖ ਨਾ ਸਕਿਆ। ਨਾਹਨ ਦੇ ਰਾਜਾ ਕੀਰਤ ਪ੍ਰਕਾਸ਼ ਨੇ ਆਪਣੇ ਮਿੱਤਰ ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਪਾਸੋਂ ਸਹਾਇਤਾ ਮੰਗੀ। ਮਲਕ ਲਖਣਾ ਮਹਾਰਾਜੇ ਵਲੋਂ ਉਥੋਂ ਲੈ ਕੇ ਗਿਆ ਅਤੇ 1769 ਵਿਚ ਪੰਜੋਰ ਦੀ ਦੂਨ ਖ਼ਾਲੀ ਕਰਵਾ ਕੇ ਨਾਹਨ ਦੇ ਰਾਜੇ ਨੂੰ ਦੇ ਆਇਆ ਪਰ ਮਨੀਮਾਜਰੇ ਵਾਲਿਆਂ ਨੇ ਨਾਹਨ ਪਾਸੋਂ ਪੰਜੌਰ ਫੇਰ ਖੋਹ ਲਿਆ। ਸੰਨ 1775 ਵਿਚ ਕੀਰਤ ਪ੍ਰਕਾਸ਼ ਨਾਹਣੀਆ ਮਰ ਗਿਆ। ਤਿੰਨ ਸਾਲ ਪਿਛੋਂ ਮਹਾਰਾਜਾ ਅਮਰ ਸਿੰਘ ਨੇ ਸਰਦਾਰ ਮਹਾਂ ਸਿੰਘ ਅਤੇ ਪਾਖਰ ਸਿੰਘ ਦੇ ਨਾਲ ਫ਼ੌਜ ਭੇਜ ਕੇ ਮੁੜ ਪੰਜੌਰ ਉਤੇ ਕਬਜ਼ਾ ਕਰ ਲਿਆ ਪਰ ਚੂੰਕਿ ਨਾਹਨ ਵਾਲਿਆਂ ਕੋਲੋਂ ਇਸ ਨੂੰ ਸੰਭਾਲਿਆ ਨਹੀਂ ਸੀ ਗਿਆ ਇਸ ਲਈ ਇਸ ਨੂੰ ਪਟਿਆਲਾ ਰਾਜ ਵਿਚ ਰਲਾ ਲਿਆ ਗਿਆ ।

ਮਰਾਠਿਆਂ ਦੇ ਫ਼ਰਾਂਸੀਸੀ ਜਰਨੈਲ ਲੂਈ ਬੁਰਕਾਨ ਨੇ 1792 ਵਿਚ ਇਥੇ ਆਪਣਾ ਤਹਿਤ ਆ – ਜਮਾਇਆ ਅਤੇ ਪੰਜੌਰ ਦਾ ਕਿਲ੍ਹਾ ਢਾਹ ਦਿੱਤਾ ਜਿਸ ਦਾ ਇਸ ਵੇਲੇ ਕੋਈ ਨਿਸ਼ਾਨ ਵੀ ਬਾਕੀ ਨਹੀਂ ਹੈ। ਸੰਨ 1803 ਵਿਚ ਆਪਣੀ ਹਾਰ ਪਿਛੋਂ ਬੁਰਕਾਨ ਪੰਜੌਰ ਖਾਲੀ ਕਰ ਗਿਆ ਅਤੇ ਉਦੋਂ ਤੋਂ ਇਹ ਪਟਿਆਲਾ ਰਾਜ ਵਿਚ ਹੀ ਰਿਹਾ। 1810 ਵਿਚ ਥੋੜੇ ਚਿਰ ਲਈ ਇਥੇ ਗੋਰਖਾ ਜਰਨੈਲ ਅਮਰ ਸਿੰਘ ਥਾਪੇ ਦਾ ਖ਼ਤਰਾ ਪੈਦਾ ਹੋਇਆ ਸੀ ਪਰ ਉਹ ਛੇਤੀ ਹੀ ਟਲ ਗਿਆ ।

ਪਹਿਲੋਂ ਪਹਿਲ ਪੰਜੋਰ ਰਿਆਸਤ ਪਟਿਆਲਾ ਦੀ ਤਹਿਸੀਲ ਸੀ । ਸੰਨ 1861 ਵਿਚ ਮਹਾਰਾਜਾ ਨਰਿੰਦਰ ਸਿੰਘ ਨੇ ਇਸ ਨੂੰ ਜ਼ਿਲ੍ਹਾ ਬਣਾ ਦਿੱਤਾ ਪਰ ਇਸ ਦਾ ਮੁੱਖ ਅਸਥਾਨ ਰਾਜਪੁਰਾ ਰੱਖਿਆ। ਉਸ ਵੇਲੇ ਇਸ ਦੀਆਂ ਚਾਰ ਤਹਿਸੀਲਾਂ ਸਨ : ਰਾਜਪੁਰਾ, ਬਨੂੜ, ਪੰਜੌਰ ਅਤੇ ਘਨੌਰ । ਸੰਨ 1918 ਵਿਚ ਪੰਜੋਰ ਦੀ ਨਜ਼ਾਮਤ ਬਦਲ ਕੇ ਨਜ਼ਾਮਤ ਕੋਹਿਸਤਾਨ ਬਣਾ ਦਿੱਤੀ ਗਈ ਅਤੇ ਪੰਜੌਰ ਕੰਡਾ ਘਾਟ ਦੀ ਤਹਿਸੀਲ ਵਿਚ ਪਾ ਦਿੱਤਾ ਗਿਆ ।

ਇਥੇ ਧਾਰਾ ਛੇਤਰ ਜਾਂ ਧਾਰਾ ਮੰਡਲ ਨਾਉਂ ਦਾ ਪ੍ਰਸਿੱਧ ਹਿੰਦੂ ਮੰਦਰ ਹੈ। ਇਸ ਤੀਰਥ ਦੇ ਲਾਗੇ ਇਕ ਸਿੱਖ ਗੁਰਦੁਆਰਾ ਹੈ ਜੋ ਗੁਰੂ ਨਾਨਕ ਦੀ ਯਾਦ ਵਿਚ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਬਣਵਾਇਆ ਸੀ । ਜਦੋਂ ਗੁਰੂ ਮਹਾਰਾਜ ਮਰਦਾਨੇ ਦੇ ਨਾਲ ਇਥੇ ਆਏ ਸਨ ਉਦੋਂ ਪੰਜੌਰ ਭੁਆਣੇ ਦੇ ਰਾਜ ਵਿਚ ਹੁੰਦਾ ਸੀ ਅਤੇ ਇਥੇ ਰਾਜੇ ਦੇ ਹੁਕਮ ਨਾਲ ਸਾਰੀਆਂ ਵਸਤਾਂ ਦਾ ਇਕੋ ਹੀ ਭਾਉ ਸੀ, ਇਸੇ ਕਰਕੇ ਇਹ ਅਖਾਣ ਪ੍ਰਸਿੱਧ ਹੋ ਗਿਆ ਸੀ :

ਤੇਂਦੂ ਰਾਜ ਭੁਆਣੇ ਦਾ

ਇਕੋ ਭਾ ਆਟੇ ਦਾਣੇ ਦਾ।

ਪੰਜੋਰ ਦੀ ਮਸੀਤ ਵੀ ਮੁਸਲਮਾਨ ਹਾਕਮਾਂ ਦੇ ਸਮੇਂ ਦੀ ਇਤਿਹਾਸਕ ਯਾਦਗਾਰ ਹੈ। ਅਲੈਗਜ਼ੈਂਡਰ ਕਨਿਘਮ ਦੇ ਕਥਨ ਅਨੁਸਾਰ ਮੁਸਲਮਾਨ ਹਾਕਮਾਂ ਨੇ ਕਈ ਵਾਰੀ ਇਸ ਅਸਥਾਨ ਨੂੰ ਲੁੱਟ-ਪੁੱਟ ਕੇ ਬਰਾਬਰ ਕਰ ਦਿੱਤਾ ਸੀ ਅਤੇ ਇਥੋਂ ਦੇ ਮੰਦਰ ਢਾਹ ਕੇ ਉਨ੍ਹਾਂ ਦੇ ਮਲਬੇ ਨਾਲ ਇਹ ਮਸੀਤ ਉਸਾਰੀ ਸੀ। ਮਸਜਿਦ ਉਤੇ ਕੋਈ ਲਿਖਤ ਨਹੀਂ ਹੈ ਪਰ ਪ੍ਰਸਿੱਧ ਕਥਾ ਅਨੁਸਾਰ ਇਹ ਵੀ ਫ਼ਿਦਾਈ ਖ਼ਾਨ ਨੇ ਹੀ ਬਣਵਾਈ ਸੀ । ਨਾਹਨ ਦੇ ਰਾਜਿਆਂ ਦੇ ਵੇਲੇ ਇਸ ਮਸੀਤ ਨੂੰ ਦਾਣੇ ਦੇ ਖਾਤੇ ਦੇ ਤੌਰ ਤੇ ਵਰਤਿਆ ਜਾਂਦਾ ਸੀ ਅਤੇ ਪਟਿਆਲਾ ਰਾਜ ਵੇਲੇ ਇਥੇ ਹਵਾਲਾਤ ਹੁੰਦੀ ਸੀ। ਮਹਾਰਾਜਾ ਭੁਪਿੰਦਰ ਸਿੰਘ ਦੇ ਵੇਲੇ ਇਹ ਮੁਸਲਮਾਨਾਂ ਨੂੰ ਦੇ ਦਿੱਤੀ ਗਈ ਸੀ।

ਧਾਰਾ ਛਤਰ ਤੀਰਥ ਦੀ ਛੱਤ ਦੇ ਸ਼ਤੀਰ ਉਤੇ ਪੁਰਾਣੀ ਸ਼ਾਰਦਾ ਵਿਚ ਚਾਰ ਸਤਰਾਂ ਦੀ ਇਕ ਲਿਖਤ ਹੈ ਜੋ ਸਾਢੇ ਚਾਰ ਫ਼ੁਟ ਲੰਬੀ ਅਤੇ ਨੋ ਇੰਚ ਚੌੜੀ ਹੈ। ਲਹਿੰਦੀ ਕੰਧ ਵਿਚ ਇਕ ਪੁਰਾਣੀ ਗੁਫ਼ਾ ਹੈ ਜੋ 1950 ਬਿਕਰਮੀ ਤੋਂ ਥੋੜਾ ਚਿਰ ਪਹਿਲਾਂ ਪੱਥਰਾਂ ਨਾਲ ਬੰਦ ਕੀਤੀ ਹੋਈ ਹੈ। ਇਸ ਦੇ ਲਾਗੇ ਹੀ ਸ਼ਿਵਜੀ ਦਾ ਮੰਦਰ ਹੈ।

ਕਬੀਰ ਚੌਰਾ ਦੇ ਅਸਥਾਨ ਦੀ ਇਕ ਕੰਧ ਵਿਚ ਅਤੇ ਤਲਾਅ ਉਤੇ ਰਘੂਬੰਸ ਬੌੜੀ ਤੋਂ ਲਿਆ ਕੇ ਕਈ ਮੂਰਤੀਆਂ ਜੜੀਆਂ ਹੋਈਆਂ ਹਨ।

ਪੰਜੌਰ ਦੇ ਇਰਦ ਗਿਰਦ ਦੇ ਪਿੰਡਾਂ ਵਿਚ ਹੇਠ ਲਿਖੇ ਮੰਦਰ ਹਨ :

  1. ਚੰਡੀ ਦੇਵੀ 2.
  2. ਬਰਖੰਡੀ ਦੇਵੀ
  3. 3. ਗਣੇਸ਼ ਦੇਵੀ
  4. ਜੈਂਤੀ ਦੇਵੀ
  5. ਲੰਕਾ ਕਾਲੀ ਕਾਲਕਾ
  6. ਮਨਸਾ ਦੇਵੀ ( ਪਿੰਗਲਾਦੇਵੀ) 
  7. ਬਾਲਾ ਸੁੰਦਰੀ 
  8. ਮਨਸਾ ਦੇਵੀ ( ਮਨੀ ਮਾਜਰਾ )

ਬਸੀ

ਬਸੀ

ਸਰਹੰਦ ਤੋਂ ਤਿੰਨ ਮੀਲ ਉੱਤਰ ਨੂੰ ਬਸੀ ਨਾਉਂ ਦਾ ਕਸਬਾ ਹੈ ਜਿਸ ਨੂੰ ਬਸੀ ਪਠਾਣਾ ਕਹਿੰਦੇ . ਹਨ। ਇਸ ਨੂੰ ਸ਼ੇਰ ਸ਼ਾਹ ਸੂਰੀ ਦੇ ਰਾਜ ਦੇ ਆਰੰਭ ਵਿਚ ਮਲਿਕ ਹੈਦਰ ਖ਼ਾਨ ਉਮਰਜ਼ਈ ਅਫ਼ਗਾਨ ਨੇ ਸੰਨ 1540 ਵਿਚ ਵਸਾਇਆ ਅਤੇ ਇਸ ਦਾ ਨਾਉਂ ਆਪਣੇ ਨਾਉਂ ਉਤੇ ਰੱਖਿਆ। ਪਹਿਲੋਂ ਪਹਿਲ ਇਹ ਇਕ ਮਾਮੂਲੀ ਬਸਤੀ ਹੀ ਸੀ ਪਰ ਜਦ 1764 ਦੇ ਆਰੰਭ ਵਿਚ ਸਰਹੰਦ ਉਜੜ ਗਿਆ ਅਤੇ ਬਸੀ ਉਤੇ ਡੱਲੇਵਾਲ਼ੀ ਮਿਸਲ ਦੇ ਸਰਦਾਰ ਦੀਵਾਨ ਸਿੰਘ ਨੇ ਕਬਜ਼ਾ ਕਰ ਲਿਆ ਤਾ ਵਸੋਂ ਦਾ ਰੁਖ ਇਧਰ ਨੂੰ ਹੋ ਜਾਣ ਨਾਲ ਇਸ ਦੀ ਪ੍ਰਭੁਤਾ ਵੱਧ ਗਈ । ਕੁਝ ਚਿਰ ਬਾਅਦ ਬਸੀ ਵੀ ਸਰਹੰਦ ਦੀ ਤਰ੍ਹਾਂ ਪਟਿਆਲਾ ਰਾਜ ਵਿਚ ਮਿਲਾ ਲਈ ਗਈ। ਸਰਦਾਰ ਦੀਵਾਨ ਸਿੰਘ ਡੱਲੇਵਾਲੀਏ ਦਾ ਪੁਰਾਣਾ ਕਿਲ੍ਹਾ ਅੱਜਕੱਲ੍ਹ ਹਵਾਲਾਤ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਇਸ ਦੇ ਲਾਗੇ ਹੀ ਇਕ ਮਕਾਨ ਵਿਚ, ਜਿਸ ਨੂੰ ਦਰਬਾਰ ਸਾਹਿਬ ਕਿਹਾ ਜਾਂਦਾ ਸੀ, ਇਸਲਾਮ ਦੇ ਮੋਢੀ ਹਜ਼ਰਤ ਮੁਹੰਮਦ ਦੀ ਦਾੜ੍ਹੀ ਦਾ ਇਕ ਵਾਲ ਤਬੱਰਕ ਦੇ ਤੌਰ ਤੇ ਸ਼ੀਸ਼ੇ ਦੀ ਅਲਮਾਰੀ ਵਿਚ ਰੱਖਿਆ ਹੋਇਆ ਹੁੰਦਾ ਸੀ ਅਤੇ ਹਰ ਸਾਲ ਹਜ਼ਰਤ ਮੁਹੰਮਦ ਦੀ ਮਿਰਤੂ ਦੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਮਾਨ ਇਥੇ ਜ਼ਿਆਰਤ ਲਈ ਆਇਆ ਕਰਦੇ ਸਨ । ਸੰਨ 1947 ਤੋਂ ਬਾਅਦ ਇਹ ਮੇਲਾ ਬੰਦ ਹੋ ਗਿਆ ਹੈ ਜਦ ਕਿ ਇਸ ਇਤਿਹਾਸਕ ਯਾਦਗਾਰ ਦੇ ਮਤਵੱਲੀ ਬਸੀ ਤੋਂ ਹਿਜਰਤ ਕਰਕੇ ਪਾਕਿਸਤਾਨ ਚਲੇ ਗਏ ਸਨ।

ਬਨੂੜ

ਬਨੂੜ

ਬਨੂੜ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜਾਂਦੀ ਸੜਕ ਪਰ 9-10 ਮੀਲ ਦੀ ਵਿੱਥ ਪਰ ਹੈ। ਜਿਵੇਂ ਇਸ ਦੇ ਆਲੇ ਦੁਆਲੇ ਦੂਰ ਦੂਰ ਤੱਕ ਦੇ ਖੰਡਰਾਂ, ਠੇਰੀਆਂ ਅਤੇ ਮਕਾਨਾਂ ਅਤੇ ਮਸੀਤਾਂ ਤੋਂ ਪਤਾ ਲੱਗਦਾ ਹੈ, ਇਹ ਇਕ ਬੜਾ ਪੁਰਾਣਾ ਕਸਬਾ ਹੈ ਪਰ ਇਸ ਦਾ ਇਤਿਹਾਸ ਬਹੁਤ ਹੱਦ ਤੱਕ ਸਮੇਂ ਦੀ ਦੂਰੀ ਵਿਚ ਗੁੰਮ ਗਿਆ ਹੈ। ਪ੍ਰਾਚੀਨ ਸਮਿਆਂ ਵਿਚ ਇਸ ਦਾ ਨਾਉਂ ਪੁਸ਼ਪਾ, ਪੁਸ਼ਪਾਵਤੀ ਜਾਂ ਪੋਹਪਾ ਨਗਰੀ ਅਰਥਾਤ ਫਲਾਂ ਦਾ ਸ਼ਹਿਰ ਹੁੰਦਾ ਸੀ ਅਤੇ ਇਹ ਚੰਬੇਲੀ ਦੇ ਅਤਰ ਲਈ ਖਾਸ ਤੌਰ ਤੇ ਪ੍ਰਸਿੱਧ ਸੀ । ਮਾਧਵਾਨਲ ਅਤੇ ਕਾਮ ਕੰਦਲਾ ਜੋ ਬਿਕਰਮਾਦਿੱਤ ਦੇ ਸਮੇਂ ਹੋਏ ਹਨ ਅਤੇ ਇਸੇ ਨਾਉਂ ਦੇ ਨਾਟਕ ਦੇ ਨਾਇਕ ਤੇ ਨਾਇਕਾ ਹਨ, ਇੱਥੇ ਦੇ ਵਸਨੀਕ ਦੱਸੇ ਜਾਂਦੇ ਹਨ। ਮੁਗ਼ਲਾਂ ਦੇ ਵੇਲੇ ਇਥੋਂ ਦੇ ਗਵੱਈਏ ਅਤੇ ਵਜੰਤਰੀ ਦੂਰ ਦੂਰ ਤੱਕ ਮਸ਼ਹੂਰ ਸਨ । ਅਕਬਰ ਬਾਦਸ਼ਾਹ ਦੇ ਸਮੇਂ ਦੀ ਪ੍ਰਸਿੱਧ ਰਾਗਨ ਬੰਨੋ ਛੀਂਬਣ ਇੱਥੇ ਦੀ ਰਹਿਣ ਵਾਲੀ ਸੀ ਅਤੇ ਇਸ ਕਸਬੇ ਦਾ ਅੱਜਕੱਲ੍ਹ ਦਾ ਨਾਉਂ ਬਨੂੜ (ਬੰਨੋ-ਵੜ) ਬੰਨੋ ਕਰਕੇ ਹੀ ਪਿਆ ਕਿਹਾ ਜਾਂਦਾ ਹੈ । ਸਭ ਤੋਂ ਪੁਰਾਣੀ ਇਤਿਹਾਸਕ ਯਾਦਗਾਰ ਜੋ ਇਸ ਵੇਲੇ ਇੱਥੇ ਦੱਸੀ ਜਾਂਦੀ ਹੈ ਉਹ ਦਿੱਲੀ ਦੇ ਸੱਯਦ ਬਾਦਸ਼ਾਹ ਖ਼ਿਜ਼ਰ ਖ਼ਾਨ (1414- 1421 ਈ.) ਦੇ ਪਿਤਾ ਮਲਿਕ ਸੁਲੇਮਾਨ ਦਾ ਢੱਠਾ ਹੋਇਆ ਮਕਬਰਾ ਹੈ। ਇਸ ਦੀ ਇਕ ਕੰਧ ਵਿਚ ਲੱਗੇ ਹੋਏ ਪੱਥਰ ਉਤੇ ਮਲਿਕ ਸੁਲੇਮਾਨ ਦੀ ਮੌਤ ਦੀ ਤਾਰੀਖ਼ 808 ਹਿਜਰੀ (ਸੰਨ 1405 ਈ.) ਦਿੱਤੀ ਹੋਈ ਹੈ।

ਬਾਬਰ ਬਾਦਸ਼ਾਹ ਆਪਣੀ ਜੀਵਨ-ਕਥਾ ਤੁਜ਼ਕਿ ਬਾਬਰੀ ਵਿਚ ਲਿਖਦਾ ਹੈ ਕਿ ਰੋਪੜੋਂ ਚੱਲ ਕੇ ਉਹ ਕੁਰਾਲ (ਕੁਰਾਲੀ) ਵਿਚ ਦੀ ਹੋ ਕੇ ਇਕ ਹੋਰ ਥਾਉਂ ਲੰਘ ਕੇ ਫ਼ਰਵਰੀ, 1526 ਨੂੰ ਘੱਗਰ ਦੇ ਕੰਢੇ ਹੀ ਸੈਰ ਲਈ ਛੱਤ ਗਿਆ। ਬਨੂੜ ਅਤੇ ਛੱਤ ਦਾ ਆਲਾ ਦੁਆਲਾ ਬਾਬਰ ਨੂੰ ਬਹੁਤ ਚੰਗਾ ਲੱਗਾ ਅਤੇ ਕੁਝ ਮੀਲਾਂ ਉਤੇ ਉਸ ਨੇ ਇਕ ਬਾਗ਼ ਲਾਉਣ ਦਾ ਹੁਕਮ ਦਿੱਤਾ । ਅਕਬਰ ਬਾਦਸ਼ਾਹ ਦੇ ਵੇਲੇ ਬਨੂੜ ਸਰਕਾਰ ਸਰਹੰਦ ਦਾ ਇਕ ਮਹਾਲ ਬਣਾਇਆ ਗਿਆ ਅਤੇ ਅਠਾਰਵੀਂ ਸਦੀ ਦੇ ਆਰੰਭ ਤੱਕ ਇਸ ਦੀ ਇਹ ਵਿਸ਼ੇਸ਼ਤਾ ਕਾਇਮ ਰਹੀ !

ਗੁਰੂ ਗੋਬਿੰਦ ਸਿੰਘ ਦੀ ਆਗਿਆ ਪਾ ਕੇ ਜਦ ਬੰਦਾ ਸਿੰਘ ਬਹਾਦਰ ਪੰਜਾਬ ਪੁੱਜਾ ਤਾਂ ਉਸ ਨੇ ਸਰਹੰਦ ਉਤੇ ਹੱਲਾ ਤੇ ਕਬਜ਼ਾ ਕਰਨ ਤੋਂ ਪਹਿਲਾਂ ਬਨੂੜ ਦੇ ਮਹਾਲ ਨੂੰ ਸੋਧ ਲੈਣਾ ਜ਼ਿਆਦਾ ਉਚਿਤ ਜਾਣਿਆ। 27 ਵਿਸਾਖ ਸੰਮਤ 1767 (24 ਅਪ੍ਰੈਲ, ਸੰਨ 1710) ਨੂੰ ਬੰਦਾ ਸਿੰਘ ਨੇ ਇਸ ਕਸਬੇ ਉਤੇ ਚੜ੍ਹਾਈ ਕੀਤੀ ਪਰ ਚੂੰਕਿ ਬਨੂੜੀਆਂ ਨੇ ਅੱਗੋਂ ਕੋਈ ਹੁੱਤ ਨਾ ਕੀਤੀ ਅਤੇ ਈਨ ਮੰਨ ਲਈ, ਇਸ ਲਈ ਇਸ ਨੂੰ ਕਿਸੇ ਨੇ ਨਾ ਛੇੜਿਆ।

ਮਲਿਕ ਸੁਲੇਮਾਨ ਦੇ ਮਕਬਰੇ ਤੋਂ ਬਿਨਾਂ ਬਨੂੜ ਵਿਚ ਇਕ ਪੁਰਾਣੇ ਸ਼ਾਹੀ ਕਿਲ੍ਹੇ ਦੇ ਖੰਡਰ ਹਨ ਜਿਸ ਦਾ ਨਾਉਂ ਜ਼ੁਲਮ ਗੜ੍ਹ ਕਰਕੇ ਪ੍ਰਸਿੱਧ ਹੈ। ਇਸੇ ਤਰ੍ਹਾਂ ਇਕ ਹੋਰ ਕਿਲ੍ਹਾ ਇੱਥੇ ਬੰਦਾ ਅਲੀ ਬੇਗ ਦਾ ਸੀ, ਜੋ ਪਿੱਛੋਂ ਦਾ ਹੈ।

ਅਹਿਮਦ ਸ਼ਾਹ ਦੁੱਰਾਨੀ ਦੇ ਵਜ਼ੀਰ ਸ਼ਾਹ-ਵਲੀ ਖ਼ਾਨ ਦੇ 31 ਮਾਰਚ, ਸੰਨ 1761 ਦੇ ਇਕ ਸੁੱਕੇ ਤੋਂ ਪਤਾ ਲੱਗਦਾ ਹੈ ਕਿ ਪਾਣੀਪਤ ਦੀ ਤੀਸਰੀ ਲੜਾਈ ਵੇਲੇ ਬਨੂੜ ਇਕ ਪਰਗਣਾ ਹੁੰਦਾ ਸੀ। ਅਤੇ 37 ਪਿੰਡ ਇਸ ਦੇ ਤਹਿਤ ਸਨ। ਜਦ ਜਨਵਰੀ, 1764 ਵਿਚ ਸਿੰਘਾਂ ਨੇ ਸਰਹੰਦ ਫ਼ਤਹਿ ਕਰ ਕੇ ਇਲਾਕੇ ਆਪੋ ਵਿਚ ਵੰਡ ਲਏ ਤਾਂ ਬਨੂੜ ਸਿੰਘਪੁਰੀਏ ਸਰਦਾਰਾਂ ਦੇ ਹਿੱਸੇ ਆਇਆ। ਪਿੱਛੋਂ ਇਨ੍ਹਾਂ ਪਾਸੋਂ ਮਹਾਰਾਜਾ ਅਮਰ ਸਿੰਘ ਪਟਿਆਲੀਏ ਨੇ ਲੈ ਲਿਆ ਅਤੇ ਇਸ ਨੂੰ ਰਿਆਸਤ ਪਟਿਆਲਾ ਦੀ ਇਕ ਤਹਿਸੀਲ ਬਣਾ ਦਿੱਤਾ । ਪੈਪਸੂ ਦੇ ਪੰਜਾਬ ਨਾਲ ਰਲ ਜਾਣ ਪਰ ਇਹ ਵੱਡੇ ਪੰਜਾਬ ਵਿਚ ਸ਼ਾਮਲ ਹੋ ਗਿਆ।

ਇਹ ਕਸਬਾ ਛੋਟੀਆਂ ਛੋਟੀਆਂ ਬਸਤੀਆਂ ਦਾ ਬਣਿਆ ਹੋਇਆ ਸੀ ਜਿਵੇਂ ਕਿ ਮਲਿਕ ਸੁਲੇਮਾਨ, ਇਬਰਾਹੀਮ ਖ਼ਾਨ, ਅਲੀਜ਼ੀਆਂ, ਸੂਰਤ ਸ਼ਾਹ ਕਾਕੜਾ, ਈਸੇ ਖ਼ਾਨ, ਸੱਯਦ ਵਾੜਾ ਅਤੇ ਪਟਾਖਪੁਰ । ਇਸ ਦੇ ਪ੍ਰਸਿੱਧ ਮੁਹੱਲੇ ਇਹ ਸਨ : ਰਾਜਪੂਤਾਂ, ਕਲਾਲਾਂ, ਸੱਯਦਾਂ, ਮਹਿਤਾਂ, ਕਾਇਥਾਂ ਅਤੇ ਹਿੰਦੂ- ਵਾੜਾ। ਆਮ ਤੌਰ ਤੇ ਇਸ ਦੇ ਹਰ ਮੁਹੱਲੇ ਵਿਚ ਉਹ ਹੀ ਲੋਕ ਆਬਾਦ ਸਨ ਜਿਨ੍ਹਾਂ ਦੇ ਨਾਉਂ ਨਾਲ ਇਹ ਮਸ਼ਹੂਰ ਸੀ ।

1947 ਵਿਚ ਮੁਸਲਮਾਨਾਂ ਦੇ ਇੱਥੋਂ ਉਠ ਜਾਣ ਨਾਲ ਉਨ੍ਹਾਂ ਦੀਆਂ ਬਸਤੀਆਂ ਤੇ ਮੁਹੱਲਿਆਂ ਦੇ ਨਾਉਂ ਮਿਟਦੇ ਜਾ ਰਹੇ ਹਨ ਅਤੇ ਕੋਈ ਵੱਡੀ ਗੱਲ ਨਹੀਂ ਕਿ ਹੌਲੀ ਹੌਲੀ ਇਹ ਉੱਕੇ ਹੀ ਭੁੱਲ ਜਾਣੇ ।

ਬਰਨਾਲਾ

ਬਰਨਾਲਾ

ਬਰਨਾਲਾ, ਜਿਸ ਦਾ ਸਰਕਾਰੀ ਕਾਗ਼ਜ਼ਾਂ ਵਿਚ ਦੂਸਰਾ ਨਾਉਂ ਅਨਾਹਦ ਗੜ੍ਹ ਹੈ, ਪਟਿਆਲਿਉਂ ਲਹਿੰਦੇ ਨੂੰ 52 ਮੀਲ ਦੀ ਵਿੱਥ ਤੇ ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਪਰ ਹੈ । ਅਠਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਇਹ ਇਕ ਛੋਟਾ ਜਿਹਾ ਪਿੰਡ ਹੁੰਦਾ ਸੀ । ਫੂਲਕੇ ਬੰਸ ਦੇ ਸਰਦਾਰ ਆਲਾ ਸਿੰਘ ਨੇ ਜਦ ਪਹਿਲੋਂ ਪਹਿਲ ਆਲੇ ਦੁਆਲੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਉਸ ਨੇ, ਬਰਨਾਲੇ ਉਤੇ ਕਬਜ਼ਾ ਕਰਕੇ ਇਸ ਨੂੰ ਆਪਣੇ ਵੱਧ ਰਹੇ ਰਾਜ ਦਾ ਮੁੱਖ ਅਸਥਾਨ ਬਣਾਇਆ। ਇਸ ਦੇ ਚੌਹੀਂ ਪਾਸੀਂ ਇਕ ਪੱਕਾ ਕੋਟ ਖਿੱਚ ਦਿੱਤਾ ਅਤੇ ਅੰਦਰ ਇਕ ਛੋਟਾ ਜਿਹਾ ਕਿਲ੍ਹਾ ਉਸਾਰਿਆ। ਇਸ ਨਾਲ ਬਰਨਾਲੇ ਅਤੇ ਆਲਾ ਸਿੰਘ ਦੀ ਸਾਰੇ ਇਲਾਕੇ ਵਿਚ ਮਸ਼ਹੂਰੀ ਹੋ ਗਈ। ਕਿਲ੍ਹੇ ਦੇ ਅੰਦਰਲੇ ਵੇਹੜੇ ਦੇ ਸਾਹਮਣੇ ਇਕ ਬੜੀ ਵੱਡੀ ਬਾਉਲੀ ਬਣੀ ਹੋਈ ਹੈ ਜਿਸ ਦੀਆਂ 127 ਪੌੜੀਆਂ ਹਨ। ਬਰਨਾਲੇ ਤੋਂ ਹੀ ਆਲਾ ਸਿੰਘ ਨੇ ਬਾਹਰ ਮੱਲਾਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਚਾਲੀ ਵਰ੍ਹਿਆਂ ਵਿਚ ਇਕ ਚੋਖੀ ਰਿਆਸਤ ਬਣਾ ਲਈ । 14 ਜਨਵਰੀ, 1764 ਨੂੰ ਜਦ ਬਾਬਾ ਆਲਾ ਸਿੰਘ ਦਾ ਮੁੱਖ ਵਿਰੋਧੀ ਸਰਹੰਦ ਦਾ ਨਵਾਬ ਜੈਨ ਖ਼ਾਨ ਸਿੰਘਾਂ ਨਾਲ ਲੜਾਈ ਵਿਚ ਮਾਰਿਆ ਗਿਆ ਅਤੇ ਸਾਰੇ ਇਲਾਕੇ ਵਿਚ ਸਿੰਘਾਂ ਦਾ ਰਾਜ ਹੋ ਗਿਆ ਤਾਂ ਬਾਬਾ ਆਲਾ ਸਿੰਘ ਨੇ ਬਰਨਾਲਿਉਂ ਉਠ ਕੇ ਪਟਿਆਲੇ ਨੂੰ ਪੱਕੀ ਤਰ੍ਹਾਂ ਆਪਣੀ ਰਾਜਧਾਨੀ ਬਣਾ ਲਿਆ।

ਜਿਨ੍ਹਾਂ ਦਿਨਾਂ ਵਿਚ ਬਾਬਾ ਆਲਾ ਸਿੰਘ ਹੌਲੀ ਹੌਲੀ ਆਪਣੇ ਰਾਜ ਦੀ ਉਸਾਰੀ ਕਰ ਰਿਹਾ ਸੀ, ਉਸ ਦੀ ਰਾਣੀ ਮਾਈ ਫ਼ਤਹਿ ਕੌਰ (ਜੋ ਇਤਿਹਾਸ ਵਿਚ ਜ਼ਿਆਦਾ ਤਰ ਮਾਈ ਫੱਤੋ ਕਰਕੇ ਪ੍ਰਸਿੱਧ ਹੈ) ਬੜੇ ਸੇਵਾ ਭਾਵ ਅਤੇ ਖੁਲ੍ਹੇ ਦਿਲ ਨਾਲ ਬਰਨਾਲੇ ਵਿਚ ਗੁਰੂ ਕਾ ਅਤੁਟ ਲੰਗਰ ਚਲਾਇਆ ਕਰਦੀ ਸੀ ਜਿੱਥੇ ਕਿ ਉਹ ਆਈਆਂ ਸੰਗਤਾਂ ਦੀ ਬੜੇ ਪ੍ਰੇਮ ਨਾਲ ਖਿੜੇ ਮੱਥੇ ਆਪ ਸੇਵਾ ਕਰਦੀ ਸੀ । ਇੱਥੇ ਹਰ ਅਭਿਆਗਤ ਨੂੰ ਹਰ ਵੇਲੇ ਤਿਆਰ ਪ੍ਰਸ਼ਾਦਾ ਮਿਲਦਾ ਸੀ ।

ਬੈਜਨਾਥ

(ਪੁਰਾਤਨ ਨਾਉਂ ਕੀੜ-ਗਰਾਮ, ਜ਼ਿਲ੍ਹਾ ਕਾਂਗੜਾ)

ਬੈਜਨਾਥ

ਕਾਂਗੜੇ ਤੋਂ ਚੜ੍ਹਦੇ ਦੱਖਣ ਨੂੰ 30 ਮੀਲ ਅਤੇ ਪਾਲਮਪੁਰ ਤੋਂ 11 ਮੀਲ ਦੀ ਵਿੱਥ ਪਰ ਬਿੰਨੂੰ (ਪ੍ਰਾਚੀਨ ਬਿੰਦੂਕ) ਨਦੀ ਦੇ ਦੱਖਣੀ ਕੰਢੇ ਤੇ ਬੈਜਨਾਥ ਨਾਮੀ ਪੁਰਾਤਨ ਹਿੰਦੂ ਤੀਰਥ ਹੈ ਜਿਥੇ ਵੈਦਨਾਥ ਦਾ ਮੰਦਰ ਹੈ। ਇਸ ਵਿਚ ਸ਼ਿਵ-ਲਿੰਗ ਦੀ ਮੂਰਤੀ ਸਥਾਪਨ ਹੈ। ਪਹਿਲਾਂ ਪਿੰਡ ਦਾ ਨਾਉਂ ਕੀੜ- ਗਰਾਮ ਜਾਂ ਕੀੜ-ਨਗਰ ਹੁੰਦਾ ਸੀ ਅਤੇ ਮੰਦਰ ਦਾ ਨਾਉਂ ਵੈਦਨਾਥ । ਪਿਛੋਂ ਹੌਲੀ ਹੌਲੀ ਦੋਹਾਂ ਦਾ ਨਾਉਂ ਹੀ ਬੈਜਨਾਥ ਹੋ ਗਿਆ । ਵੈਦ ਨਾਥ ਦੇ ਮੰਦਰ ਉਤੇ ਸਾਰਦਾ ਅੱਖਰਾਂ ਵਿਚ (ਸੰਨ 1204 ਦੀਆਂ) ਦੋ ਲਿਖਤਾਂ ਹਨ ਜਿਨ੍ਹਾਂ ਤੋਂ ਕੀੜ-ਗਰਾਮ ਦੇ ਰਾਜਨਕਾਂ ਜਾਂ ਰਾਜਕੁਮਾਰਾਂ ਦੀਆਂ ਅੱਠ ਪੀੜ੍ਹੀਆਂ ਤੱਕ ਦਾ ਪਤਾ ਲੱਗਦਾ ਹੈ ਜੋ ਤ੍ਰਿਗਰਤ ਅਰਥਾਤ ਜਲੰਧਰ ਦੁਆਬ ਦੇ ਰਾਜਿਆਂ ਦੇ ਰਿਸ਼ਤੇਦਾਰ ਅਤੇ ਜਾਗੀਰਦਾਰ ਸਨ। ਝੱਖਪੁਰ ਵਿਚ ਇਨ੍ਹਾਂ ਰਾਣਿਆਂ ਦਾ ਕਿਲ੍ਹਾ ਹੁੰਦਾ ਸੀ ਜਿਸ ਦੇ ਨਿਸਾਨ ਮਿਟ ਚੁੱਕੇ ਹਨ । ਇਸ ਥਾਂ ਪਰ ਅੱਜਕੱਲ੍ਹ ਡਾਕ ਬੰਗਲਾ ਹੈ ।

ਕੀੜ ਗਰਾਮ ਦਾ ਰਾਣਾ ਲਛਮਨ (ਲਕਸ਼ਮਨ) ਤ੍ਰਿਗਰਤ (ਜਲੰਧਰ-ਕਾਂਗੜਾ) ਦੇ ਰਾਜਾ ਜੈ ਚੰਦਰ ਦਾ ਜਾਗੀਰਦਾਰ ਸੀ। ਰਾਣਾ ਲਛਮਨ ਦੀ ਮਾਂ ਲਕਸ਼ਨਾ ਤ੍ਰਿਗਰਤ ਦੇ ਹਿਰਦੈ ਚੰਦਰ ਦੀ ਧੀ ਸੀ। ਇਕ ਲਿਖਤ ਵਿਚ ਦਰਜ ਹੈ ਕਿ ਰਾਣਾ ਲਕਸ਼ਮਨ ਦੇ ਇਲਾਕੇ ਵਿਚ ਸਿੱਧ ਦਾ ਪੁੱਤਰ ਮਨਿਉਕ ਨਾਮੀ ਇਕ ਵਪਾਰੀ ਰਹਿੰਦਾ ਸੀ । ਸਿੱਧ ਦਾ ਛੋਟਾ ਭਰਾ ਅਹੁਕ ਸੀ ਜਿਸ ਦੀ ਗੁਲ੍ਹਾਂ ਨਾਮੀ ਇਸਤਰੀ ਸੀ । ਇਨ੍ਹਾਂ ਦੋਹਾਂ ਭਰਾਵਾਂ ਨੇ ਸ਼ਿਵਜੀ ਦਾ ਮੰਦਰ ਅਤੇ ਮੰਡਪ ਬਣਵਾਏ । ਮੰਦਰ ਦੇ ਦਰਵਾਜ਼ੇ ਉਤੇ ਗੰਗਾ ਜਮਨਾ ਅਤੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ। ਮੰਦਰ ਸੁਸ਼ਰਮਨ ਦੇ ਨਗਰ (ਸੁਸ਼ਰਮਪੁਰ ਕਾਂਗੜੇ) ਦੇ ਦੋ ਮਿਸਤਰੀਆਂ ਅਸਿਕ ਦੇ ਪੁੱਤਰ ਨਾਇਕ ਅਤੇ ਸਮਨ ਦੇ ਪੁੱਤਰ ਥੋਧੁਕ ਨੇ ਪੱਥਰ ਘੜ ਦੇ ਸਾਮੂ ਦੀ ਸਲਾਹ ਨਾਲ ਬਣਾਇਆ।

ਭਾਵੇਂ ਵੈਦਨਾਥ ਦਾ ਮੰਦਰ 4 ਅਪ੍ਰੈਲ, 1905 ਈ. ਦੇ ਕਾਂਗੜੇ ਦੇ ਭੁਚਾਲ ਦੇ ਕੇਂਦਰ ਤੋਂ ਬਹੁਤਾ ਦੂਰ ਨਹੀਂ ਸੀ ਪਰ ਇਸ ਨੂੰ ਉਸ ਭੁਚਾਲ ਨਾਲ ਬੜਾ ਹੀ ਘੱਟ ਨੁਕਸਾਨ ਪੁੱਜਾ ਹਾਲਾਂ ਕਿ ਲਾਗੇ ਦਾ ਸਿੱਧ ਨਾਥ ਦਾ ਮੰਦਰ ਬਿਲਕੁਲ ਢਹਿ ਢੇਰੀ ਹੋ ਗਿਆ ਸੀ।

ਬੈਜਨਾਥ ਦੇ ਮੰਦਰ ਦੇ ਲਾਗੇ ਹੀ ਇਕ ਸੰਨਿਆਸੀ ਸਾਧੂ ਦਾ ਬਣਵਾਇਆ ਕਿਦਾਰ-ਨਾਥ ਦਾ ਮੰਦਰ ਹੈ।

ਬਿੰਨੂੰ ਨਦੀ ਦੇ ਕੰਢੇ ਤੋਂ ਜ਼ਰਾ ਉਪਰ ਕਠੋਗ ਦਾ ਚਸ਼ਮਾ ਹੈ ਜਿਸ ਦਾ ਜਲ ਬੜਾ ਸੁਖਦਾਈ ਹੈ। ਕਹਿੰਦੇ ਹਨ ਕਿ ਕਾਂਗੜੇ ਦੇ ਰਾਜਾ ਸੰਸਾਰ ਚੰਦ ਲਈ ਪੀਣ ਦਾ ਪਾਣੀ ਇਸ ਚਸ਼ਮੇ ਤੋਂ ਜਾਂਦਾ ਸੀ। ਹੇਠਾਂ ਖੀਰ ਗੰਗਾ ਚਸ਼ਮਾ ਹੈ ਜਿਥੇ ਇਸ਼ਨਾਨ ਕਰਨਾ ਸਨਾਤਨੀ ਹਿੰਦੂ ਬੜਾ ਪਵਿੱਤਰ ਗਿਣਦੇ ਹਨ.। ਬੈਜਨਾਥ ਤੋਂ ਬਾਰਾਂ ਮੀਲ ਦੱਖਣ-ਲਹਿੰਦੇ ਨੂੰ ਇਕ ਉੱਚੀ ਪਹਾੜੀ ਦੀ ਟੀਸੀ ਉਤੇ ਆਸਾਪੁਰੀ ਦੇਵੀ ਦਾ ਮੰਦਰ ਹੈ।

ਭਟਿੰਡਾ (ਬਠਿੰਡਾ)

ਭਟਿੰਡਾ (ਬਠਿੰਡਾ)

ਭਟਿੰਡਾ ਪੰਜਾਬ ਦੇ ਬੜੇ ਪ੍ਰਸਿੱਧ ਪੁਰਾਤਨ ਇਤਿਹਾਸਕ ਅਸਥਾਨਾਂ ਵਿਚੋਂ ਹੈ। ਇਹ ਦਿੱਲੀਉਂ ਫ਼ਿਰੋਜ਼ਪੁਰ ਨੂੰ ਜਾਂਦੀ ਰੇਲਵੇ ਲਾਈਨ ਪਰ ਫਿਰੋਜ਼ਪੁਰ 54 ਮੀਲ ਦੱਖਣ ਨੂੰ ਹੈ ਅਤੇ ਰਾਜਪੁਰਾ-ਭਟਿੰਡਾ ਰੇਲਵੇ ਲਾਈਨ ਦਾ ਆਖ਼ਰੀ ਸਟੇਸ਼ਨ ਪਟਿਆਲੇ ਤੋਂ 92 ਮੀਲ ਲਹਿੰਦੇ ਨੂੰ ਹੈ।

ਪਰੰਪਰਾ ਤੋਂ ਚਲੀ ਆ ਰਹੀ ਲੋਕ-ਕਥਾ ਅਨੁਸਾਰ ਭਟਿੰਡੇ ਦਾ ਕਿਲ੍ਹਾ ਜਿਸ ਦੇ ਆਲੇ ਦੁਆਲੇ ਹੌਲੀ ਹੌਲੀ ਇਸੇ ਨਾਉਂ ਦਾ ਸ਼ਹਿਰ ਉੱਸਰ ਪਿਆ ਹੈ, 1800 ਵਰ੍ਹੇ ਹੋਏ ਵਿਨੈਪਾਲ ਦੇ ਇਕ ਵਡਿੱਕੇ ਰਾਜਾ ਦੱਬ ਨੇ ਬਣਵਾਇਆ ਸੀ । ਪੁਰਾਣੀਆਂ ਵੱਡੀਆਂ ਇੱਟਾਂ ਜੋ ਇਸ ਵਿਚ ਲੱਗੀਆਂ ਹੋਈਆਂ ਹਨ ਅਤੇ ਹੁਣ ਤੱਕ ਕਈ ਥਾਈਂ ਦਿਸਦੀਆਂ ਹਨ, ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਇਹ ਕਿਲ੍ਹਾ ਮੁਸਲਮਾਨਾਂ ਦੇ ਆਉਣ ਤੋਂ ਬਹੁਤ ਚਿਰ ਪਹਿਲਾਂ ਦਾ ਉੱਸਰਿਆ ਹੋਇਆ ਹੈ।

ਇਸ ਇਲਾਕੇ ਵਿਚ ਅਤੇ ਇਸ ਦੇ ਲਹਿੰਦੇ ਨੂੰ ਭੱਟੀ ਰਾਜਪੂਤਾਂ ਦੀ ਵਸੋਂ ਅਤੇ ਪੁਰਾਣੇ ਸਮੇਂ ਵਿਚ ਉਨ੍ਹਾਂ ਦਾ ਇਥੇ ਰਾਜ ਇਸ ਵਿਚਾਰ ਵੱਲ ਸਪਸ਼ਟ ਇਸ਼ਾਰਾ ਕਰਦੇ ਹਨ ਕਿ ਇਸ ਦਾ ਪੁਰਾਣਾ ਨਾਉਂ ਭੱਟੀਆਂ ਦਾ ਕੋਟ ਸੀ ਜੋ ਸਮੇਂ ਦੇ ਬੀਤਦੇ ਜਾਣ ਨਾਲ ਹੌਲੀ ਹੌਲੀ ਭੱਟੀਆਂ-ਦਾ, ਭੱਟੀਂ-ਡਾ ਜਾਂ ਭਟਿੰਡਾ ਹੋ ਗਿਆ ਅਤੇ ਜਦ ਪਿਛੋਂ ਇਹ ਨਾਉਂ ਫ਼ਾਰਸੀ ਲਿੱਪੀ ਵਿਚ ਲਿਖੀਣ ਲੱਗ ਪਿਆ ਤਾਂ ਬਠਿੰਡਾ ਬਣ ਗਿਆ। ਪਟਿਆਲਾ ਰਿਆਸਤ ਦੇ ਸਰਕਾਰੀ ਕਾਗ਼ਜਾਂ ਵਿਚ ਇਸ ਦਾ ਨਾਉਂ ਗੋਬਿੰਦ ਗੜ੍ਹ, ਪਟਿਆਲੇ ਦੇ ਮਹਾਰਾਜਾ ਕਰਮ ਸਿੰਘ (ਸੰਨ 1813–1845) ਨੇ ਗੁਰੂ ਗੋਬਿੰਦ ਸਿੰਘ ਦੇ ਇਥੇ ਬਿਰਾਜਣ ਦੀ ਯਾਦ ਵਿਚ ਧਰਿਆ ਸੀ। ਜਿਸ ਅਸਥਾਨ ਤੇ ਕਿਲ੍ਹੇ ਵਿਚ ਗੁਰੂ ਸਾਹਿਬ ਠਹਿਰੇ ਸਨ ਉਥੇ ਉਨ੍ਹਾਂ ਦੀ ਯਾਦ ਵਿਚ ਧੁਰ ਉਪਰ ਉਤਰ-ਚੜ੍ਹਦੀ ਗੁੱਠੇ ਗੁਰਦੁਆਰਾ ਬਣਿਆ ਹੋਇਆ ਹੈ।

ਬਠਿੰਡਾ ਲਾਹੌਰ ਦੇ ਰਾਜਾ ਜੈਪਾਲ ਦੀ ਰਾਜਧਾਨੀ ਹੁੰਦਾ ਸੀ ਅਤੇ ਉਸ ਦਾ ਰਾਜ ਲਮਗ਼ਾਨ (ਅਫ਼ਗ਼ਾਨਿਸਤਾਨ) ਤੱਕ ਸੀ । ਜਦ ਸਬੁਕਤਗੀਨ ਗ਼ਜ਼ਨੀ ਦਾ ਬਾਦਸ਼ਾਹ ਬਣਿਆ ਤਾਂ ਉਸ ਨੇ ਰਾਜਾ ਜੈਪਾਲ ਨੂੰ ਹਾਰ ਦੇ ਕੇ ਉਸ ਦੇ ਕੁਝ ਇਲਾਕੇ ਉੱਤੇ ਕਬਜਾ ਕਰ ਲਿਆ। ਸਬੁਕਤਗੀਨ ਦੀ ਮੌਤ ਤੋਂ ਬਾਅਦ ਰਾਜਾ ਜੈਪਾਲ ਨੇ ਆਪਣੇ ਖੁੱਸੇ ਹੋਏ ਇਲਾਕੇ ਮੁੜ ਪ੍ਰਾਪਤ ਕਰਨ ਦਾ ਯਤਨ ਕੀਤਾ ਪਰ ਸਬਕਤਗ਼ੀਨ ਦੇ ਪੁੱਤਰ ਮਹਿਮੂਦ (ਗ਼ਜ਼ਨਵੀ) ਦੇ ਟਾਕਰੇ ਤੇ ਜੈਪਾਲ ਦੀ ਕੋਈ ਪੇਸ਼ ਨਾ ਗਈ ਅਤੇ ਉਹ ਸੰਨ 1001 ਵਿਚ ਹਾਰ ਖਾ ਕੇ ਕੈਦੀ ਬਣ ਗਿਆ। ਭਾਵੇਂ ਮਹਿਮੂਦ ਨੇ ਜੈਪਾਲ ਨੂੰ ਕਰ ਭਰਨ ਦੀ ਸ਼ਰਤ ਕਰ ਕੇ ਛੱਡ ਦਿੱਤਾ ਸੀ ਪਰ ਉਹ ਆਪਣੀਆਂ ਹਾਰਾਂ ਦੀ ਨਮੋਸ਼ੀ ਸਹਿ ਨਾ ਸਕਿਆ ਅਤੇ ਰਾਜ ਆਪਣੇ ਪੁੱਤਰ ਅਨੰਦ (ਅੰਨਗ) ਪਾਲ ਦੇ ਹਵਾਲੇ ਕਰ ਕੇ ਆਪ ਜੀਉਂਦੇ-ਜੀ ਚਿਤਾ ਪਰ ਚੜ੍ਹ ਕੇ ਸੜ ਮਰਿਆ।

ਸੰਨ 1004 ਵਿਚ ਮਹਿਮੂਦ ਨੇ ਭਟਿੰਡੇ ਉੱਤੇ ਫੇਰ ਚੜ੍ਹਾਈ ਆ ਕੀਤੀ ਅਤੇ ਹਿੰਦੂਆਂ ਨੂੰ ਹਾਰ ਹੋ ਜਾਣ ਪਰ ਉਸ ਨੇ ਕਿਲ੍ਹਾ ਲੁੱਟ ਪੁੱਟ ਕੇ ਬਰਬਾਦ ਕਰ ਦਿੱਤਾ ਅਤੇ ਕੇਵਲ ਉਨ੍ਹਾਂ ਦੀ ਹੀ ਜਾਨ ਬਖ਼ਸ਼ੀ ਗਈ ਜਿਨ੍ਹਾਂ ਇਸਲਾਮ ਧਰਮ ਕਬੂਲ ਕਰ ਲਿਆ। ਬੇਸ਼ੁਮਾਰ ਲੁੱਟ ਦਾ ਮਾਲ ਜੇਤੂਆਂ ਦੇ ਹੱਥ ਆਇਆ। ਸੋਨਾ, ਚਾਂਦੀ ਅਤੇ ਸ਼ਸਤਰਾਂ ਤੋਂ ਬਿਨਾਂ ਮਾਲ ਨਾਲ ਲੱਦੇ ਹੋਏ 120 ਹਾਥੀ ਮਹਿਮੂਦ ਦੇ ਆਪਣੇ ਹਿੱਸੇ ਆਏ। ਹੁਣ ਸਾਢੇ ਸੱਤ ਸੌ ਵਰ੍ਹੇ ਲਈ ਭਟਿੰਡਾ ਮੁਸਲਮਾਨੀ ਹਕੂਮਤ ਹੇਠ ਆ ਗਿਆ।

ਮੁਹੰਮਦ ਗ਼ੋਰੀ ਨੇ ਭਟਿੰਡੇ ਦਾ ਕਿਲ੍ਹਾ ਅਤੇ ਇਲਾਕੇ ਆਪਣੇ ਜਰਨੈਲ ਕੁਤਬੁਦੀਨ ਐਬਕ ਦੇ ਤਹਿਤ ਦੇ ਦਿੱਤੇ ਜੋ ਬਾਅਦ ਵਿਚ ਹਿੰਦੁਸਤਾਨ ਦਾ ਪਹਿਲਾ ਮੁਸਲਮਾਨ ਬਾਦਸ਼ਾਹ (1205-1210 ਈ.) ਬਣਿਆ ਅਤੇ ਗੁਲਾਮ ਘਰਾਣੇ ਦਾ ਮੋਢੀ ਕਰ ਕੇ ਪ੍ਰਸਿੱਧ ਹੋਇਆ। ਐਬਕ ਦੀ ਮੌਤ ਤੋਂ ਛੇਤੀ ਹੀ ਬਾਅਦ ਨਾਸੁਰੁਦੀਨ ਕੁਬਚਾ ਨੇ ਆਪਣੀ ਆਜ਼ਾਦੀ ਦਾ ਐਲਾਨ ਕਰਕੇ ਸਿੰਧ, ਮੁਲਤਾਨ, ਭਟਿੰਡਾ, ਸਰਹੰਦ ਅਤੇ ਘੜਾਮ ਅਤੇ ਥਾਨੇਸਰ ਦੇ ਗੁਆਂਢੀ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਪਰ ਸੰਨ 1210 ਵਿਚ ਦਿੱਲੀ ਉੱਤੇ ਇਲਤੁਤਮਸ਼ ਨੇ ਆਪਣਾ ਰਾਜ ਕਾਇਮ ਕਰ ਲਿਆ ਅਤੇ ਕੁਬਚੇ ਨੂੰ ਭਜਾ ਦਿੱਤਾ। ਇਲਤੁਤਮਸ਼ ਦੇ ਵੇਲੇ (1210-1236 ਈ.) ਭਟਿੰਡਾ ਪਹਿਲਾਂ ਮਲਿਕ ਤਾਜੁਦੀਨ ਸੱਮਸੀ ਅਤੇ ਫੇਰ ਮਲਿਕ ਸ਼ੇਰ ਖ਼ਾਨ, ਮੁਹੰਮਦ ਸ਼ਾਹ ਅਤੇ ਨੁਸਰਤ ਖ਼ਾਨ ਦੇ ਤਹਿਤ ਵਿਚ ਸੀ।

ਇਸ ਤੋਂ ਬਾਅਦ ਭਟਿੰਡੇ ਦੇ ਇਤਿਹਾਸ ਵਿਚ ਦਿੱਲੀ ਦੀ ਮਲਿਕਾ ਸੁਲਤਾਨਾ ਰਜ਼ੀਆ ਬੇਗਮ (1236-39 ਈ.) ਦਾ ਜ਼ਿਕਰ ਆਉਂਦਾ ਹੈ। ਰਜ਼ੀਆ ਬੇਗਮ ਬਾਦਸ਼ਾਹ ਇਲਤੁਤਮਸ਼ ਦੀ ਧੀ ਸੀ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਨਾਲਾਇਕ ਭਰਾ ਦੀ ਥਾਂ ਤਖਤ ਉੱਤੇ ਬੈਠੀ ਪਰ ਉਸ ਦਾ ਸਮਾਂ ਬਗ਼ਾਵਤਾਂ ਅਤੇ ਮੁਸੀਬਤਾਂ ਵਿਚ ਗੁਜ਼ਰਿਆ। ਪਹਿਲੋਂ ਉਸ ਦੇ ਵਿਰੁੱਧ ਲਾਹੌਰ ਦੇ ਸੂਬੇਦਾਰ ਨੇ ਬਗ਼ਾਵਤ ਖੜੀ ਕਰ ਦਿੱਤੀ ਅਤੇ ਫੇਰ ਭਟਿੰਡੇ ਦੇ ਹਾਕਮ ਮਲਿਕ ਅਲਤੂਨੀਆ ਨੇ । ਰਜ਼ੀਆ, ਅਲਤੂਨੀਆ ਨੂੰ ਸੋਧਣ ਲਈ ਫ਼ੌਜ ਲੈ ਕੇ ਬਠਿੰਡੇ ਪੁੱਜੀ ਪਰ ਉਸ ਨੂੰ ਹਾਰ ਹੋ ਗਈ ਅਤੇ ਉਹ ਕੈਦ ਕਰਕੇ ਕਿਲ੍ਹੇ ਦੇ ਸੰਮਣ ਬੁਰਜ ਵਿਚ ਬੰਦ ਕਰ ਦਿੱਤੀ ਗਈ। ਪਿੱਛੋਂ ਰਜ਼ੀਆ ਨੇ ਅਲਤੂਨੀਆ ਨਾਲ ਵਿਆਹ ਕਰ ਲਿਆ ਪਰ ਦਿੱਲੀ ਦਾ ਤਖ਼ਤ ਪ੍ਰਾਪਤ ਕਰਨ ਵਿਚ ਸਫ਼ਲ ਨਾ ਹੋ ਸਕੀ ਅਤੇ 24 ਅਕਤੂਬਰ, 1239 ਨੂੰ ਕੈਥਲ ਦੀ ਲੜਾਈ ਵਿਚ ਹਾਰ ਖਾ ਕੇ ਕੈਦ ਹੋ ਗਈ ਅਤੇ 14 ਨਵੰਬਰ ਨੂੰ ਆਪਣੀ ਪਤੀ ਸਮੇਤ ਕਤਲ ਕਰ ਦਿੱਤੀ ਗਈ।

ਨਾਸਿਰੁੱਦੀਨ ਮਹਿਮੂਦ (1246-1266 ਈ.) ਦੇ ਸਮੇਂ ਪੰਜਾਬ ਦੀ ਹਕੂਮਤ (ਜਿਸ ਵਿਚ ਮੁਲਤਾਨ, ਭਟਨੇਰ, ਭਟਿੰਡਾ, ਸੁਨਾਮ ਅਤੇ ਸਰਹੰਦ ਵੀ ਸ਼ਾਮਲ ਸਨ) ਵਜ਼ੀਰ ਗਿਆਸੁਦੀਨ ਬਲਬਨ ਦੇ ਭਤੀਜੇ ਸ਼ੇਰ ਖ਼ਾਨ ਦੇ ਪਾਸ ਸੀ ਜਿਸ ਨੂੰ ਉਸ ਦੀ ਲਿਆਕਤ ਅਤੇ ਸੇਵਾ ਦੇ ਬਦਲੇ ਮੁਅੱਜ਼ਮ ਖ਼ਾਨ ਦਾ ਖ਼ਿਤਾਬ ਮਿਲਿਆ ਸੀ। ਜ਼ਿਆ-ਉ-ਦੀਨ ਬਰਨੀ ਦੀ ਤਾਰੀਖਿ ਫੀਰੋਜ਼-ਸ਼ਾਹੀ ਅਨੁਸਾਰ ਸ਼ੇਰ ਖ਼ਾਨ ਨੇ ਭਟਿੰਡਾ ਅਤੇ ਭਟਨੇਰ ਦੇ ਕਿਲ੍ਹਿਆਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਬੜਾ ਮਜ਼ਬੂਤ ਬਣਾ ਲਿਆ ਸੀ ਅਤੇ ਜਦ ਮੁਗ਼ਲਾਂ ਨੇ ਪੰਜਾਬ ਉੱਤੇ ਹੱਲੇ ਕਰਨੇ ਸ਼ੁਰੂ ਕੀਤੇ ਤਾਂ ਸ਼ੇਰ ਖ਼ਾਨ ਨੇ ਉਨ੍ਹਾਂ ਨੂੰ ਕਈ ਲੜਾਈਆਂ ਵਿਚ ਹਾਰ ਦਿੱਤੀ ।

ਜਦ ਪੰਜਾਬ ਦੀ ਹਕੂਮਤ ਦਾ ਮੁੱਖ ਅਸਥਾਨ ਲਾਹੌਰ ਬਣ ਗਿਆ ਅਤੇ ਦਿੱਲੀ ਦੀ ਇਸਲਾਮੀ ਹਕੂਮਤ ਨਾਲ ਇਸ ਦਾ ਸਬੰਧ ਸਰਹੰਦ ਵਿਚ ਦੀ ਲੰਘਦੀ ਸੜਕ ਰਾਹੀਂ ਹੋ ਗਿਆ,ਜੋ ਕਿ ਇਕ ਸਰਕਾਰ ਦਾ ਮੁੱਖ ਅਸਥਾਨ ਸੀ ਤਾਂ ਭਟਿੰਡਾ ਹੌਲੀ ਹੌਲੀ ਪਿੱਛੇ ਪੈਂਦਾ ਗਿਆ। ਮੁਗ਼ਲਾਂ ਵੇਲੇ ਇਹ ਜੰਗਲ ਦੇ ਇਲਾਕੇ ਵਿਚ ਇਕ ਫ਼ੌਜੀ ਵਿਸ਼ੇਸ਼ਤਾ ਵਾਲਾ ਅਸਥਾਨ ਸੀ । ਸੰਨ 1754 ਵਿਚ ਬੁੱਢਾ ਦਲ ਦੀ ਸਹਾਇਤਾ ਨਾਲ ਫੂਲ-ਬੰਸੀ ਬਾਬਾ ਆਲਾ ਸਿੰਘ ਨੇ ਭਟਿੰਡੇ ਉੱਤੇ ਕਬਜ਼ਾ ਕਰ ਲਿਆ ਅਤੇ ਪਟਿਆਲੇ ਦੇ ਰਾਜ ਵਿਚ ਸ਼ਾਮਲ ਕਰ ਲਿਆ। 1956 ਵਿਚ ਜਦ ਪਟਿਆਲਾ ਯੂਨੀਅਨ ਅਤੇ ਪੰਜਾਬ ਇਕਮਿਕ ਹੋ ਗਏ ਤਾਂ ਭਟਿੰਡਾ ਵੀ ਪੰਜਾਬ ਵਿਚ ਸ਼ਾਮਲ ਹੋ ਗਿਆ। ਅੱਜਕੱਲ੍ਹ ਇਹ ਜ਼ਿਲ੍ਹੇ ਦਾ ਮੁੱਖ ਅਸਥਾਨ ਹੈ।

ਕਿਲ੍ਹੇ ਦੀ ਤਰ੍ਹਾਂ ਦੀ ਭਟਿੰਡੇ ਵਿਚ ਇਕ ਹੋਰ ਪੁਰਾਣੀ ਇਤਿਹਾਸਕ ਯਾਦਗਾਰ ਬਾਬਾ ਹਾਜੀ ਰਤਨ ਦਾ ਰੋਜ਼ਾ ਹੈ। ਪ੍ਰਾਚੀਨ ਕਥਾ ਅਨੁਸਾਰ ਰਤਨ ਰਾਜਾ ਵਿਨੈਪਾਲ ਦਾ ਵਜ਼ੀਰ ਸੀ । ਜਦ ਮੁਸਲਮਾਨਾਂ ਨੇ ਇੱਥੇ ਹੱਲਾ ਕੀਤਾ ਤਾਂ ਇਹ ਉਨ੍ਹਾਂ ਨਾਲ ਰਲ ਗਿਆ ਅਤੇ ਉਨ੍ਹਾਂ ਦੇ ਕਿਲ੍ਹੇ ਉੱਤੇ ਕਬਜ਼ਾ ਕਰ ਲੈਣ ਵਿਚ ਸਹਾਈ ਹੋਇਆ। ਇਸ ਨੇ ਇਸਲਾਮ ਧਰਮ ਧਾਰਣ ਕਰ ਲਿਆ ਸੀ ਅਤੇ ਹੱਜ ਕਰਨ ਲਈ ਮੱਕੇ ਗਿਆ ਸੀ। ਇਸੇ ਕਰਕੇ ਹੀ ਇਹ ਹਾਜੀ ਬਾਬਾ ਕਰ ਕੇ ਪ੍ਰਸਿੱਧ ਹੈ। ਇਸਲਾਮ ਲਈ ਇਸ ਦੀ ਸ਼ਰਧਾ ਅਤੇ ਪ੍ਰਚਾਰ ਦੀ ਲਗਨ ਕਰਕੇ ਇਸ ਦੀ ਮੰਨਤ ਹੋਣ ਲੱਗ ਪਈ ਅਤੇ ਇਸ ਦੇ ਮਕਬਰੇ (ਰੋਜ਼ੇ) ਦੀ ਜ਼ਿਆਰਤ ਕਰਨ ਲਈ ਲੋਕ ਦੂਰੋਂ ਦੂਰੋਂ ਆਉਣ ਲੱਗ ਪਏ। ਕਿਲ੍ਹੇ ਦੇ ਅੰਦਰ ਉੱਪਰ ਗੁਰਦੁਆਰੇ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਹੋਰ ਗੁਰਦੁਆਰਾ ਬਾਬਾ ਹਾਜੀ ਰਤਨ ਦੇ ਰੋਜ਼ੇ ਦੇ ਪਾਸ ਉਸ ਅਸਥਾਨ ਤੇ ਹੈ ਜਿੱਥੇ ਗੁਰੂ ਸਾਹਿਬ ਦਾ ਡੇਰਾ ਸੀ । ਇਨ੍ਹਾਂ ਦੋਹਾਂ ਗੁਰਦੁਆਰਿਆਂ ਨੂੰ ਪੁਰਾਣੀ ਰਿਆਸਤ ਪਟਿਆਲਾ ਵੱਲੋਂ ਪੰਜਾਹ ਅਤੇ ਪੰਝੀ ਘੁਮਾਉਂ ਜ਼ਮੀਨ ਜਾਗੀਰ ਮਿਲੀ ਹੋਈ ਹੈ।

ਮਹਿੰਦਰਗੜ੍ਹ

ਮਹਿੰਦਰਗੜ੍ਹ

ਮਹਿੰਦਰਗੜ੍ਹ ਦਾ ਪੁਰਾਣਾ ਨਾਉਂ ਕਾਨੌਡ ਹੈ। ਇਹ ਦਿੱਲੀ ਬੀਕਾਨੇਰ ਰੇਲਵੇ ਲਾਈਨ ਉੱਤੇ ਰਿਵਾੜੀ ਅਤੇ ਲੋਹਾਰੂ ਦੇ ਵਿਚਕਾਰ ਹੈ ਅਤੇ ਦਾਦਰੀ ਤੋਂ 24 ਮੀਲ ਦੱਖਣ ਨੂੰ ਹੈ। ਕਾਨੌਡ ਦੀ ਨੀਂਹ ਬਾਬਰ ਬਾਦਸ਼ਾਹ ਦੇ ਇਕ ਨਫ਼ਰ ਮਲਿਕ ਮਹਿਮੂਦ ਖ਼ਾਨ ਨੇ ਰੱਖੀ ਸੀ ਅਤੇ ਇਸ ਦਾ ਇਹ ਨਾਉਂ ਕਾਨੌਡੀ ਬ੍ਰਾਹਮਣਾਂ ਕਰਕੇ ਪਿਆ ਹੈ ਜੋ ਇੱਥੇ ਸਭ ਤੋਂ ਪਹਿਲੋਂ ਆ ਕੇ ਆਬਾਦ ਹੋਏ ਸਨ। ਛੇਤੀ ਹੀ ਇਸ ਦੀ ਵਿਸ਼ੇਸ਼ਤਾ ਵਧਦੀ ਗਈ ਅਤੇ ਮੁਗ਼ਲ ਬਾਦਸ਼ਾਹਾਂ ਵੇਲੇ ਇਹ ਸਰਕਾਰ ਨਾਰਨੌਲ ਦੇ ਇਕ ਪਰਗਣੇ ਦਾ ਮੁੱਖ ਅਸਥਾਨ ਬਣ ਗਿਆ।

ਅਠਾਰ੍ਹਵੀਂ ਸਦੀ ਦੇ ਦੂਸਰੇ ਅੱਧ ਵਿਚ ਜਦ ਮੁਗ਼ਲ ਰਾਜ ਹੌਲੀ ਹੌਲੀ ਟੁਕੜੇ ਹੁੰਦਾ ਜਾ ਰਿਹਾ ਸੀ, ਕਨੌਡ ਉੱਤੇ ਜੈਪੁਰ ਦੇ ਇਕ ਠਾਕੁਰ ਨੇ ਕਬਜ਼ਾ ਕਰ ਲਿਆ ਪਰ ਬਾਦਸ਼ਾਹ ਸ਼ਾਹ ਆਲਮ ਦੂਸਰੇ ਦੇ ਵਜ਼ੀਰ ਨਵਾਬ ਨੱਜਫ਼ ਕੁਲੀ ਖ਼ਾਨ ਨੇ ਕਨੌਡ ਛੇਤੀ ਹੀ ਉਸ ਪਾਸੋਂ ਖ਼ਾਲੀ ਕਰਵਾ ਲਿਆ। ਨਜਫ਼ ਕੁਲੀ ਖ਼ਾਨ ਦੀ ਮੌਤ ਤੋਂ ਬਾਅਦ ਇਹ ਉਸ ਦੀ ਵਿਧਵਾ ਬੇਗਮ ਪਾਸ ਰਿਹਾ। ਸੰਨ 1762 ਵਿਚ ਮਰਾਠਿਆਂ ਦੇ ਜਰਨੈਲ ਦੁ-ਬੁਆਇਨ ਨੇ ਇਕ ਹੋਰ ਫ਼ਰਾਂਸੀਸੀ ਜਰਨੈਲ ਪੈਰੋਂ ਦੀ ਕਮਾਨ ਹੇਠਾਂ ਕਨੌਡ ਉੱਤੇ ਕਬਜ਼ਾ ਕਰਨ ਲਈ ਫ਼ੌਜ ਭੇਜੀ ਤਾਂ ਇਸਮਾਈਲ ਬੇਗ਼ ਨੇ ਬੇਗਮ ਨੂੰ ਸੁਨੇਹਾ ਭੇਜਿਆ ਕਿ ਉਹ ਮਰਾਠਿਆਂ ਦੇ ਵਿਰੁੱਧ ਡਟ ਜਾਏ ਅਤੇ ਆਪ ਉਸ ਦੀ ਸਹਾਇਤਾ ਲਈ ਪੁੱਜਾ । ਬੇਗਮ ਬੜੀ ਬਹਾਦਰੀ ਨਾਲ ਕਨੌਡ ਦੀ ਰਾਖੀ ਲਈ ਲੜੀ ਅਤੇ ਵੈਰੀ ਦਾ ਟਾਕਰਾ ਕਰਦੀ ਹੋਈ ਰਣਭੂਮੀ ਵਿਚ ਮਾਰੀ ਗਈ। ਇਸਮਾਈਲ ਬੇਗ਼ ਨੇ ਜਰਨੈਲ ਪੈਰੋਂ ਦੀ ਈਨ ਮੰਨ ਲਈ। ਇਸ ਤਰ੍ਹਾਂ ਇਥੇ ਮਰਾਠਿਆਂ ਦਾ ਕਬਜ਼ਾ ਹੋ ਗਿਆ ਅਤੇ ਮਹਾਜੀ ਸਿੰਧੀਆ ਦੇ ਇਕ ਜਾਗੀਰਦਾਰ ਆਪਾ ਖੰਡੇ ਰਾਓ ਦੇ ਤਹਿਤ ਆ ਗਿਆ। ਕਨੌਡ ਦਾ ਕਿਲ੍ਹਾ ਮਰਾਠਿਆਂ ਨੇ ਬਣਵਾਇਆ। ਅੰਤ ਇਸ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਅਤੇ ਝੱਜਰ ਦੇ ਨਵਾਬ ਨੂੰ ਬਖ਼ਸ਼ ਦਿੱਤਾ । ਸੰਨ 1857 ਦੇ ਗ਼ਦਰ ਵਿਚ ਝੱਜਰ ਦਾ ਨਵਾਬ ਮੁਗ਼ਲ ਬਾਦਸ਼ਾਹ ਦਾ ਹਮਾਇਤੀ ਬਣ ਗਿਆ ਜਿਸ ਨੂੰ ਕਿ ਫਿਰ ਦਿੱਲੀ ਦੇ ਤਖ਼ਤ ਉੱਤੇ ਬਿਠਾਇਆ ਜਾ ਰਿਹਾ ਸੀ । ਅੰਗਰੇਜ਼ਾਂ ਨੇ ਨਵਾਬ ਨੂੰ ਫੜ ਕੇ ਫਾਹੇ ਲਾ ਦਿੱਤਾ ਅਤੇ ਜਨਵਰੀ, 1861 ਈ. ਨੂੰ 19,38,800 ਰੁਪਏ ਬਦਲੇ ਕਨੌਡ ਅਤੇ ਬੁਧੂਆਣਾ ਦੇ ਪਰਗਣੇ ਪਟਿਆਲਾ ਪਤੀ ਮਹਾਰਾਜਾ ਨਰਿੰਦਰ ਸਿੰਘ ਨੂੰ ਦੇ ਦਿੱਤੇ । ਮਹਾਰਾਜਾ ਨੇ ਕਨੌਡ ਦਾ ਨਾਉਂ ਵੀ ਬਦਲ ਕੇ ਮਹਿੰਦਰਗੜ੍ਹ ਰੱਖ ਦਿੱਤਾ ਅਤੇ ਜ਼ਿਲ੍ਹੇ ਦਾ ਨਾਉਂ ਵੀ ਮਹਿੰਦਰਗੜ੍ਹ ਕਰ ਦਿੱਤਾ ਭਾਵੇਂ ਇਸ ਦਾ ਮੁੱਖ ਅਸਥਾਨ ਨਾਰਨੌਲ ਹੀ ਰਿਹਾ। ਪਟਿਆਲਾ ਯੂਨੀਅਨ ਦੇ ਪੰਜਾਬ ਨਾਲ ਰਲ ਜਾਣ ਨਾਲ ਇਹ ਅਸਥਾਨ ਵੀ ਪੰਜਾਬ ਵਿਚ ਆ ਗਿਆ

ਮਨਸੂਰਪੁਰ – ਛੀਂਟਾਂ ਵਾਲਾ

ਮਨਸੂਰਪੁਰ, ਜੋ ਛੀਂਟਾਂਵਾਲਾ ਕਰਕੇ ਪ੍ਰਸਿੱਧ ਹੈ, ਇਕ ਬੜਾ ਪੁਰਾਣਾ ਪਿੰਡ ਹੈ ਜੋ ਰਾਜਪੁਰਾ-ਭਟਿੰਡਾ ਰੇਲਵੇ ਲਾਈਨ ਉੱਤੇ ਨਾਭੇ ਤੋਂ 9 ਮੀਲ ਲਹਿੰਦੇ ਨੂੰ ਹੈ । ਇਸ ਦੀ ਬੁਨਿਆਦ ਮਨਸੂਰ-ਅਲੀ ਖ਼ਾਨ ਇਕ ਰਾਜਪੂਤ ਨੇ ਰੱਖੀ ਸੀ ਜੋ ਮੁਸਲਮਾਨਾਂ ਦੇ ਹਿੰਦੁਸਤਾਨ ਵਿਚ ਪਹਿਲੋਂ ਪਹਿਲ ਆਉਣ ਵੇਲੇ ਮੁਸਲਮਾਨ ਹੋਇਆ ਸੀ।

ਮਨਸੂਰਪੁਰ ਦਾ ਪਹਿਲਾ ਇਤਿਹਾਸਕ ਜ਼ਿਕਰ ਮਿਨਹਾਜੂ-ਸਰਾਜ ਦੀ ਪੁਸਤਕ ਤਬਕਾਤਿ-ਨਾਸਿਰੀ ਵਿਚ ਮਿਲਦਾ ਹੈ। ਉਹ ਦਸਦਾ ਹੈ ਕਿ ਗ਼ੁਲਾਮ ਘਰਾਣੇ ਦੇ ਬਾਦਸ਼ਾਹ ਇਲਤੁਤਮਸ਼ ਦੇ ਪੁੱਤਰ ਰੁਦਨੁਦੀਨ ਨੇ ਘੜਾਮ ਵੱਲ ਨੂੰ ਚੜ੍ਹਾਈ ਕਰਦੇ ਹੋਏ ਸੰਨ 1236 ਵਿਚ ਮਨਸੂਰਪੁਰ ਦੇ ਲਾਗੇ ਆਪਣੇ ਬਾਗ਼ੀ ਅਫ਼ਸਰਾਂ ਨੂੰ ਹਾਰ ਦਿੱਤੀ ਅਤੇ ਕਈ ਇਕ ਤਾਜ਼ੀਕਾਂ ਨੂੰ ਕਤਲ ਕੀਤਾ ਸੀ। ਮਨਸੂਰਪੁਰ ਦੇ ਲਾਗੇ ਬਾਗੀਆਂ ਨੇ ਮੁੜ ਇਕ ਭਾਰੀ ਇਕੱਠ ਕੀਤਾ ਅਤੇ ਦਿੱਲੀ ਰੁਕਨਦੀਨ ਦੀ ਭੈਣ ਸੁਲਤਾਨਾ ਰਜ਼ੀਆਂ ਬੇਗਮ ਨਾਲ ਜਾ ਰਲੇ ਜਿਸ ਨੇ ਹਿੰਦੁਸਤਾਨ ਦੇ ਤਖ਼ਤ ਉੱਤੇ ਬੈਠ ਕੇ ਆਪਣੇ ਭਾਈ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ।

ਸੁਲਤਾਨ ਨਾਸਿਰੁਦੀਨ ਮਹਿਮੂਦ (1246-1266) ਦੇ ਵੇਲੇ ਮਨਸੂਰਪੁਰ ਵਿਚ ਬਾਣ ਖ਼ਾਨ ਇਕ ਪ੍ਰਸਿੱਧ ਅਫ਼ਸਰ ਹੋਇਆ ਜੋ ਤੁਰਕਾਂ ਅਤੇ ਮਲਿਕ ਦੀ ਪਾਰਟੀ ਵਿਚ ਇਸ ਖ਼ਿਆਲ ਨਾਲ ਰਲ ਗਿਆ ਸੀ ਤਾਂ ਕਿ ਸੁਲਤਾਨ ਨੂੰ ਮਜਬੂਰ ਕਰਨ ਕਿ ਉਹ ਗਿਆਸੁਦੀਨ ਨੂੰ ਮੁੜ ਵਜ਼ੀਰ ਬਣਾ ਲਵੇ ਜਿਸ ਨੂੰ ਉਸ ਦੇ ਵੈਰੀਆਂ ਦੀਆਂ ਸਾਜਸ਼ਾਂ ਕਰ ਕੇ ਹਟਾ ਦਿੱਤਾ ਹੋਇਆ ਸੀ । 1255 ਈ. ਵਿਚ ਸੁਲਤਾਨ ਨਾਸਿਰੁਦੀਨ ਅਤੇ ਉਸ ਦੇ ਨਾਰਾਜ਼ ਹੋਏ ਹੋਏ ਅਫ਼ਸਰਾਂ ਵਿਚਕਾਰ ਸਮਝੌਤਾ ਹੋ ਗਿਆ ਅਤੇ ਗਿਆਸੁਦੀਨ ਮੁੜ ਦਿੱਲੀ ਦਾ ਵਜ਼ੀਰ ਬਣ ਗਿਆ।

ਤਾਰੀਖ਼ਿ ਮੁਬਾਰਕਸ਼ਾਹੀ ਦਾ ਲਿਖਾਰੀ ਯਾਹੀਆ ਬਿਨ ਅਹਿਮਦ ਸਰਹੰਦੀ ਫ਼ੀਰੋਜ਼ ਸ਼ਾਹ ਤੁਗਲਕ (1351-1388 ਈ.) ਵੇਲੇ ਕੱਢੀ ਗਈ ਨਹਿਰ ਦੇ ਸਬੰਧ ਵਿਚ ਮਨਸੂਰਪੁਰ ਦਾ ਜ਼ਿਕਰ ਕਰਦਾ ਹੈ। ਮਈ, 1361 ਵਿਚ ਜਦ ਫ਼ੀਰੋਜ਼ ਸ਼ਾਹ ਸਿਰਮੌਰ ਦੀਆਂ ਪਹਾੜੀਆਂ ਵਿਚ ਗਿਆ ਤਾਂ ਉਸ ਨੇ ਹੁਕਮ ਦਿੱਤਾ ਕਿ ਇਕ ਪਹਾੜੀ ਨੂੰ ਕਟ ਕੇ ਸਰਸਾ ਦਾ ਪਾਣੀ, ਜੋ ਉਸ ਵੇਲੇ ਸਤਲੁਜ ਵਿਚ ਡਿਗਦਾ ਸੀ, ਮੋੜ ਕੇ ਸਲੀਮਾ ਨਦੀ ਵਿਚ ਪਾ ਦਿੱਤਾ ਜਾਏ ਤਾਂ ਕਿ ਸਰਹੰਦ, ਮਨਸੂਰਪੁਰ ਵਿਚ ਦੀ ਹੋ ਕੇ ਸੁਨਾਮ ਵੱਲ ਨੂੰ ਜਾਂਦੀ ਨਦੀ ਵਿਚ ਸਦਾ ਹੀ ਪਾਣੀ ਵਗਦਾ ਰਹੇ । ਇਸ ਨਦੀ ਨੂੰ ਇਕ ਨਹਿਰ ਦੀ ਸ਼ਕਲ ਦੇ ਦਿੱਤੀ ਗਈ ਤਾਂ ਕਿ ਸਰਹੰਦ ਤੋਂ ਸੁਨਾਮ ਤੱਕ ਦੇ ਇਲਾਕੇ ਦੀ ਜਿਸ ਵਿਚ ਮਨਸੂਰਪੁਰ ਵੀ ਸ਼ਾਮਲ ਸੀ, ਸਿੰਜਾਈ ਹੁੰਦੀ ਰਹੇ । ਜੁਲਾਈ, 1420 ਵਿਚ ਸੁਲਤਾਨ ਸੱਯਦ ਖ਼ਿਜ਼ਰ ਖ਼ਾਨ (1412-1421 ਈ.) ਦੇ ਆਖ਼ਰੀ ਦਿਨੀਂ ਤੁਗਾਨ ਨਾਮੀ ਇਕ ਤੁਰਕੀ ਗ਼ੁਲਾਮ ਫ਼ੌਜੀ ਅਫ਼ਸਰ ਨੇ ਸਰਹੰਦ ਦੇ ਕਿਲ੍ਹੇ ਨੂੰ ਘੇਰਾ ਪਾ ਕੇ ਪਾਇਲ ਤੋਂ ਲੈ ਕੇ ਮਨਸੂਰਪੁਰ ਤੱਕ ਦਾ ਇਲਾਕਾ ਲੁੱਟ ਮਾਰਿਆ । ਖੈਰੁਦੀਨ ਦੀ ਕਮਾਨ ਹੇਠਾਂ ਇਕ ਸ਼ਾਹੀ ਫ਼ੌਜ ਉਸ ਦੇ ਵਿਰੁੱਧ ਚੜ੍ਹ ਕੇ ਆਈ ਜਿਸ ਨਾਲ ਸਮਾਣੇ ਦਾ ਜ਼ੀਰਕ ਖ਼ਾਨ ਵੀ ਸ਼ਾਮਲ ਹੋ ਗਿਆ। ਇਹ ਸੁਣ ਕੇ ਤੁਗਾਨ ਪੰਜਾਬ ਵੱਲ ਨੂੰ ਭੱਜ ਨਿਕਲਿਆ ਅਤੇ ਜਸਰਤ ਖੋਖਰ ਦੇ ਇਲਾਕੇ ਵਿਚ ਜਾ ਲੁਕਿਆ।

ਪੰਦਰ੍ਹਵੀਂ ਸਦੀ ਦੇ ਅਖ਼ੀਰ ਵਿਚ ਗੁਰੂ ਨਾਨਕ ਨੇ ਮਨਸੂਰਪੁਰ ਵਿਚ ਚਰਨ ਪਾਏ ਅਤੇ ਚੰਦਨ ਦਾਸ ਖੱਤਰੀ ਦੇ ਚੁਬਾਰੇ ਵਿਚ ਟਿਕਾਣਾ ਕੀਤਾ । ਇਹ ਮਕਾਨ ਜਰਿਆਂ ਵਾਲੀ ਹਵੇਲੀ ਵਿਚ ਹੈ ਜਿਸ ਦਾ ਚੁਬਾਰਾ ਇਸ ਵੇਲੇ ਨਹੀਂ ਹੈ। ਕੁਝ ਸ਼ਰਧਾਲੂ ਸਿੱਖਾਂ ਨੇ ਇਥੇ ਇਤਿਹਾਸਕ ਗੁਰਦੁਆਰਾ ਸਥਾਪਨ ਕਰਨ ਦਾ ਯਤਨ ਕੀਤਾ ਸੀ ਪਰ ਉਹ ਸਫ਼ਲ ਨਾ ਹੋਏ। ਸੰਨ 1761 ਵਿਚ ਮਨਸੂਰਪੁਰ ਦਾ ਪਰਗਣਾ ਮਹਾਰਾਜਾ ਆਲਾ ਸਿੰਘ ਦੇ ਤਹਿਤ ਸੀ ਜਿਸ ਨਾਲ 23 ਪਿੰਡ ਲੱਗੇ ਹੋਏ ਸਨ ।

1806 ਈ. ਨੂੰ ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਨਾਭੇ ਅਤੇ ਪਟਿਆਲੇ ਵਿਚ ਸਮਝੌਤਾ ਕਰਾਇਆ ਸੀ ।

ਇੱਥੇ ਦੇ ਛੀਂਬੇ ਵੱਖਰੇ ਵੱਖਰੇ ਨਮੂਨਿਆਂ ਅਤੇ ਰੰਗਾਂ ਦੀਆਂ ਛੀਂਟਾਂ ਛਾਪਣ ਵਿਚ ਬੜੇ ਮਸ਼ਹੂਰ ਸਨ । ਇਸੇ ਕਰ ਕੇ ਆਮ ਲੋਕਾਂ ਵਿਚ ਮਨਸੂਰਪੁਰ ਦਾ ਨਾਉਂ ਹੀ ਛੀਂਟਾਂ ਵਾਲਾ ਮਸ਼ਹੂਰ ਹੋ ਗਿਆ ਸੀ । ਜਿਉਂ ਜਿਉਂ ਸਮਾ ਬੀਤਦਾ ਗਿਆ ਮਨਸੂਰਪੁਰ ਨਾਉਂ ਲੋਕਾਂ ਨੂੰ ਭੁੱਲ ਹੀ ਗਿਆ।

ਪੁਰਾਣੀ ਪਟਿਆਲਾ ਰਿਆਸਤ ਵੇਲੇ ਛੀਂਟਾਂਵਾਲਾ ਸੁਨਾਮ ਦੀ ਨਿਜ਼ਾਮਤ ਵਿਚ ਹੁੰਦਾ ਸੀ ਅਤੇ ਇਸ ਨੂੰ ਭਵਾਨੀਗੜ੍ਹ ਦਾ ਠਾਣਾ ਲੱਗਦਾ ਸੀ । ਹੁਣ ਇਹ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿਚ ਹੈ। ਛੀਂਟਾਂਵਾਲੇ ਵਿਚ ਮਾਘੀ ਰਾਮ ਵੇਦਾਂਤੀ ਦਾ ਮੰਦਰ ਹੈ ਜੋ ‘ਆਪੋ-ਆਪ’ ਨਾਮੀ ਸੰਪ੍ਰਦਾਇ ਦਾ ਮੋਢੀ ਸੀ।

ਮੁਕਤਸਰ (ਜ਼ਿਲ੍ਹਾ ਫ਼ਿਰੋਜ਼ਪੁਰ)

ਮੁਕਤਸਰ (ਜ਼ਿਲ੍ਹਾ ਫ਼ਿਰੋਜ਼ਪੁਰ)

ਭਟਿੰਡੇ ਤੋਂ ਰੇਲ ਰਾਹੀਂ 46 ਮੀਲ ਅਤੇ ਸਿੱਧਾ 30-31 ਉੱਤਰ-ਲਹਿੰਦੇ ਨੂੰ ਅਤੇ ਕੋਟਕਪੂਰੇ ਤੋਂ 20 ਮੀਲ ਲਹਿੰਦੇ ਨੂੰ ਸਿੱਖਾਂ ਦਾ ਪਵਿੱਤਰ ਸਰੋਵਰ ਮੁਕਤਸਰ ਹੈ । ਇਸ ਥਾਂ ਉੱਤੇ ਪਹਿਲੇ ਪਾਣੀ ਦੀ ਢਾਬ ਹੁੰਦੀ ਸੀ ਜਿਸ ਨੂੰ ‘ਖਿਦਰਾਣੇ ਦੀ ਢਾਬ’ ਕਹਿੰਦੇ ਸਨ। ਚਾਰੇ ਪਾਸਿਆਂ ਤੋਂ ਆ ਕੇ ਇੱਥੇ ਇਤਨਾ ਪਾਣੀ ਜਮ੍ਹਾ ਹੋ ਜਾਂਦਾ ਸੀ ਕਿ ਸਾਲ ਭਰ ਦੂਰ ਦੂਰ ਦੇ ਪਿੰਡਾਂ ਦੇ ਆਦਮੀ ਅਤੇ ਪਸੂ ਪਾਣੀ ਪੀਣ ਲਈ ਇੱਥੇ ਆਉਂਦੇ ਸਨ।

ਦਸੰਬਰ, 1704 ਵਿਚ ਆਨੰਦਪੁਰ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਦੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਜਦ ਮਾਲਵੇ ਵੱਲ ਆ ਗਏ ਤਾਂ ਵਜ਼ੀਰ ਖਾਨ ਹਾਕਮ ਸਰਹੰਦ ਫੌਜ ਸਮੇਤ ਉਨ੍ਹਾਂ ਦੇ ਪਿੱਛੇ ਲੱਗ ਤੁਰਿਆ। ਖਿਦਰਾਣੇ ਦੀ ਢਾਬ ਦੇ ਲਾਗੇ ਸਿੰਘਾਂ ਨੇ ਸ਼ਾਹੀ ਫੌਜ ਦਾ ਟਾਕਰਾ ਕੀਤਾ। ਸਭ ਤੋਂ ਪਹਿਲਾਂ ਮਾਈ ਭਾਗੋ ਅਤੇ ਉਸ ਦੇ ਸਾਥੀ ਸਿੰਘਾਂ ਨੇ ਵੈਰੀ ਨਾਲ ਲੋਹਾ ਲਿਆ ਅਤੇ ਵੱਡੀ ਬੀਰਤਾ ਨਾਲ ਸ਼ਹੀਦੀਆਂ ਪਾਈਆਂ। ਇੱਥੇ ਹੀ ਰਣਭੂਮੀ ਵਿਚ ਆਪਣੇ ਅੰਤਮ ਸਮੇਂ ਬੇਨਤੀ ਕਰ ਕੇ ਭਾਈ ਮਹਾਂ ਸਿੰਘ ਨੇ ਕੁਝ ਸਿੰਘਾਂ ਦਾ ਆਨੰਦਪੁਰ ਸਾਹਿਬ ਵਿਚ ਗੁਰੂ ਸਾਹਿਬ ਨੂੰ ਲਿਖ ਕੇ ਦਿੱਤਾ ਹੋਇਆ ਬੇਦਾਵਾ-ਪੱਤਰ ਪੜ੍ਹਵਾਇਆ ਅਤੇ ਟੁੱਟੀ ਗੰਢੀ। ਗੁਰੂ ਗੋਬਿੰਦ ਸਿੰਘ ਨੇ ਇਥੇ ਸ਼ਹੀਦ ਹੋਏ ਸਿੰਘਾਂ ਦੀ ਕੁਰਬਾਨੀ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ‘ਮੁਕਤੇ’ ਪਦਵੀ ਬਖ਼ਸ਼ੀ, ਇਸ ਢਾਬ-ਸਰੋਵਰ-ਦਾ ਨਾਉਂ ‘ਮੁਕਤਸਰ’ ਧਰਿਆ ਅਤੇ ਆਪਣੀ ਹੱਥੀਂ ਸ਼ਹੀਦਾਂ ਦੀਆਂ ਦੇਹਾਂ ਦਾ ਸਸਕਾਰ ਕੀਤਾ । ਸ਼ਹੀਦਗੰਜ ਮੁਕਤਸਰ ਸਰੋਵਰ ਦੇ ਕੰਢੇ ਉੱਤੇ ਹੈ। ਸਰੋਵਰ ਦੇ ਨਾਉਂ ਉੱਤੇ ਹੀ ਨਗਰ ਦਾ ਨਾਉਂ ਵੀ ਮੁਕਤਸਰ ਹੋ ਗਿਆ।

ਇੱਥੇ ਹੇਠ ਲਿਖੇ ਇਤਿਹਾਸਕ ਅਤੇ ਧਾਰਮਕ ਅਸਥਾਨ ਹਨ :

  1. ਸ਼ਹੀਦ ਗੰਜ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਿਆਂ ਅਤੇ ਹੋਰ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਸੀ।
  2. ਟਿੱਬੀ ਸਾਹਿਬ ਗੁਰਦੁਆਰਾ, ਸ਼ਹਿਰ ਤੋਂ ਉੱਤਰ-ਲਹਿੰਦੇ ਵੱਲ ਉਹ ਠੇਰੀ ਜਾਂ ਟਿੱਬੀ ਹੈ, ਜਿੱਥੋਂ ਗੁਰੂ ਗੋਬਿੰਦ ਸਿੰਘ ਵੈਰੀ ਸੈਨਾ ਉਪਰ ਤੀਰ ਚਲਾਉਂਦੇ ਰਹੇ ਸਨ। ਗੁਰਦੁਆਰਾ ਸਾਹਿਬ ਦੀ ਲਾਗੇ ਦੀ ਜ਼ਮੀਨ ਵਿਚ ਹੁਣ ਗੌਰਮਿੰਟ ਕਾਲਜ ਬਣ ਗਿਆ ਹੈ।
  3. ਤੰਬੂ ਸਾਹਿਬ, ਜਿੱਥੇ ਸਿੰਘਾਂ ਦਾ ਡੇਰਾ ਸੀ।
  4. ਵੱਡਾ ਦਰਬਾਰ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬਿਰਾਜੇ ਸਨ । ਇਹ ਗੁਰਦੁਆਰਾ ਸਰੋਵਰ ਦੇ ਕੰਢੇ ਬੜਾ ਸੁੰਦਰ ਬਣਿਆ ਹੋਇਆ ਹੈ।

ਲਾਹੌਰ

ਲਾਹੌਰ

ਪ੍ਰਾਚੀਨ ਕਥਾ ਅਨੁਸਾਰ ਲਾਹੌਰ ਸ੍ਰੀ ਰਾਮ ਚੰਦਰ ਦੇ ਪੁੱਤਰ ਲਵ ਨੇ ਵਸਾਇਆ ਸੀ ਪਰ ਇਸ ਦਾ ਪਹਿਲਾ ਇਤਿਹਾਸਕ ਜ਼ਿਕਰ ਹਿਊਨ ਸਾਂਗ ਦੀ ਲਿਖਤ ਵਿਚ ਆਉਂਦਾ ਹੈ ਜੋ ਸੰਨ 630 ਵਿਚ ਜਲੰਧਰ ਨੂੰ ਜਾਂਦਾ ਹੋਇਆ ਇੱਥੋਂ ਦੀ ਲੰਘਿਆ ਸੀ । ਸੰਨ 988 ਵਿਚ ਲਾਹੌਰ ਦੇ ਰਾਜਾ ਜੈਪਾਲ ਨੂੰ ਸਬੁਕਤਗੀਨ ਨੇ ਹਾਰ ਦਿੱਤੀ ਪਰ 1008 ਤਕ ਇੱਥੇ ਪਾਲ ਰਾਜਿਆਂ ਦਾ ਰਾਜ ਰਿਹਾ। ਗਿਆਰ੍ਹਵੀਂ ਸਦੀ ਤੋਂ ਸੋਲ੍ਹਵੀਂ ਸਦੀ ਦੇ ਆਰੰਭ ਤੱਕ ਲਾਹੌਰ ਨੂੰ ਕਦੀ ਘੱਟ ਹੀ ਸੁੱਖ ਦਾ ਸਾਹ ਆਇਆ। ਲਹਿੰਦੇ ਤੋਂ ਆਉਂਦੀਆਂ ਨਿੱਤ ਦੀਆਂ ਮੁਹਿੰਮਾਂ ਨੇ ਇਸ ਨੂੰ ਇਕ ਸ਼ਿਕਾਰਗਾਹ ਬਣਾਈ ਰੱਖਿਆ।

ਮੁਗ਼ਲਾਂ ਦੇ ਵੇਲੇ ਲਾਹੌਰ ਦੀ ਬੜੀ ਪ੍ਰਭੁਤਾ ਸੀ ਅਤੇ ਅਕਬਰ ਅਤੇ ਜਹਾਂਗੀਰ ਇਸ ਨੂੰ ਖ਼ਾਸ ਤੌਰ ਤੇ ਨਿਵਾਜਦੇ ਰਹੇ । ਜਹਾਂਗੀਰ ਅਤੇ ਉਸ ਦੀ ਮਲਿਕਾ ਨੂਰਜਹਾਨ ਦਾ ਇੱਥੇ ਹੀ ਦੇਹਾਂਤ ਹੋਇਆ ਅਤੇ ਉਨ੍ਹਾਂ ਦੇ ਮਕਬਰੇ ਰਾਵੀਓਂ ਪਾਰ ਲਹਿੰਦੇ ਵੱਲ ਸ਼ਾਹਦਰੇ ਵਿਚ ਹਨ। ਸ਼ਾਹ ਜਹਾਨ ਦੇ ਵੇਲੇ ਲਾਹੌਰ ਵਿਚ ਬੜੀ ਰੌਣਕ ਸੀ ਅਤੇ ਇਹ 16-17 ਮੀਲ ਦੇ ਘੇਰੇ ਵਿਚ ਵਸਦਾ ਸੀ ਅਤੇ ਬਹੁਤ ਸਾਰੀਆਂ ਸੁੰਦਰ ਇਮਾਰਤਾਂ ਇਸ ਦੇ ਸਮੇਂ ਵਿਚ ਬਣੀਆਂ। ਔਰੰਗਜ਼ੇਬ ਦੇ ਵੇਲੇ ਇਸ ਦੀ ਉੱਨਤੀ ਤੇ ਆਬਾਦੀ ਘਟਣੀ ਸ਼ੁਰੂ ਹੋ ਗਈ। ਬਹਾਦੁਰ ਸ਼ਾਹ ਦੇ ਵੇਲੇ ਜਦ ਸੰਨ 1710 ਵਿਚ ਸਿੱਖਾਂ ਦੇ ਇਕ ਆਗੂ ਬੰਦਾ ਸਿੰਘ ਬਹਾਦਰ ਨੇ ਸਰਹੰਦ ਉਤੇ ਕਬਜ਼ਾ ਕਰ ਲਿਆ ਤਾਂ ਬਾਦਸ਼ਾਹ ਖ਼ੁਦ ਫ਼ੌਜ ਲੈ ਕੇ ਉਸ ਦੇ ਵਿਰੁੱਧ ਚੜ੍ਹਿਆ। ਬਹਾਦਰ ਸ਼ਾਹ ਨੇ 10 ਦਸੰਬਰ, 1710 ਨੂੰ ਫ਼ੌਜਦਾਰਾਂ ਦੇ ਨਾਉਂ ਸਿੰਘਾਂ ਦੀ ਕਤਲਾਮ ਦੇ ਹੁਕਮ ਜਾਰੀ ਕਰ ਦਿੱਤੇ ਕਿ ਜਿਥੇ ਕਿਤੇ ਵੀ ਸਿੱਖ ਮਿਲਣ ਕਤਲ ਕਰ ਦਿੱਤੇ ਜਾਣ। ਇਹ ਹੀ ਹੁਕਮ ਛੱਰੁਖਸੀਅਰ ਦੇ ਸਮੇਂ ਵਿਚ ਦੁਹਰਾਇਆ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦੇ ਗਏ ਅਤੇ ਦਿੱਲੀ ਦਰਵਾਜ਼ੇ ਤੋਂ ਬਾਹਰ ਬਾਜ਼ਾਰ ਨਖ਼ਾਸ ਵਿਚ ਤਸੀਹੇ ਦੇ ਦੇ ਕੇ ਕਤਲ ਕਰ ਦਿੱਤੇ ਗਏ। ਇਥੇ ਦੇ ਸੂਬੇਦਾਰਾਂ ਅਬਦੁੱਸਮਦ ਖ਼ਾਨ, ਜ਼ਕਰੀਆ ਖ਼ਾਨ ਅਤੇ ਮੀਰ ਮੰਨੂੰ (ਸੰਨ 1715 ਤੋਂ 1752 ਤੱਕ) ਦੇ ਜ਼ਮਾਨੇ ਵਿਚ ਸਿੰਘਾਂ ਉਤੇ ਇਥੇ ਇਤਨੀਆਂ ਸਖ਼ਤੀਆਂ ਹੋਈਆਂ ਕਿ ਉਹ ਇਨ੍ਹਾਂ ਦੀ ਅਰਦਾਸ ਦਾ ਹੀ ਇਕ ਹਿੱਸਾ ਬਣ ਗਈਆਂ ।

ਸੰਨ 1747 ਤੋਂ ਇਥੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਦੁੱਰਾਨੀ ਨੇ ਹੱਲੇ ਕਰਨੇ ਆਰੰਭ ਦਿੱਤੇ ਅਤੇ ਸੰਨ 1752 ਵਿਚ ਪੰਜਾਬ ਦੇ ਹਾਕਮ ਮੀਰ ਮੰਨੂੰ ਨੇ ਉਸ ਦੀ ਈਨ ਮੰਨ ਲਈ ਅਤੇ 1758 ਵਿਚ ਦਿੱਲੀ ਤੋਂ ਮੁੜਦੇ ਹੋਏ ਦੁੱਰਾਨੀ ਨੇ ਲਾਹੌਰ ਉੱਤੇ ਸਿੱਧਾ ਆਪਣਾ ਕਬਜ਼ਾ ਜਮਾ ਲਿਆ ਅਤੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਇਥੇ ਆਪਣਾ ਨਾਇਬ ਨਿਯੁਕਤ ਕਰ ਲਿਆ ਪਰ ਅਗਲੇ ਸਾਲ ਹੀ ਉਸ ਨੂੰ ਲਾਹੌਰ ਖ਼ਾਲੀ ਕਰਨਾ ਪੈ ਗਿਆ । ਸੰਨ 1765 ਦੀ ਅਪਰੈਲ ਵਿਚ ਸਿੰਘਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਹੁਣ ਸੱਤ ਸੌ ਵਰ੍ਹਿਆਂ ਪਿਛੋਂ ਪਹਿਲੀ ਵਾਰੀ ਪੰਜਾਬ ਵਿਚ ਪੰਜਾਬੀਆਂ ਦਾ ਰਾਜ ਹੋਇਆ । ਸੰਨ 1799 ਵਿਚ ਲਾਹੌਰ ਦੇ ਵਸਨੀਕਾਂ ਦੀ ਪ੍ਰਾਰਥਨਾ ਨੂੰ ਪ੍ਰਵਾਣ ਕਰ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਆ ਕਾਇਮ ਕੀਤਾ । ਇਸ ਦੇ ਰਾਜ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਸਭ ਭਰਾਵਾਂ ਦੀ ਤਰ੍ਹਾਂ ਵਸਦੇ ਸਨ ਪਰ ਉਸ ਦੇ ਅੱਖਾਂ ਮੀਟਣ ਤੋਂ ਛੇਤੀ ਹੀ ਬਾਅਦ ਇਥੇ ਅੰਗਰੇਜ਼ ਆ ਪੁੱਜੇ ਅਤੇ 1849 ਵਿਚ ਉਨ੍ਹਾਂ ਨੇ ਪੰਜਾਬ ਆਪਣੇ ਰਾਜ ਵਿਚ ਮਿਲਾ ਲਿਆ। ਅੰਗਰੇਜ਼ੀ ਰਾਜ ਵੇਲੇ ਲਾਹੌਰ ਅਤੇ ਪੰਜਾਬ ਨੇ ਬੜੀ ਉੱਨਤੀ ਕੀਤੀ। ਸੰਨ 1919 ਵਿਚ ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ਼ ਵਿਚ ਜਨਰਲ ਡਾਇਰ ਵਲੋਂ ਨਿਹੱਥੇ ਪੰਜਾਬੀਆਂ ਉਤੇ ਗੋਲੀ ਚਲਾਏ ਜਾਣ ਪੁਰ ਪੰਜਾਬ ਵਿਚ ਰਾਜਸੀ ਅੰਦੋਲਨ ਵੱਧ ਗਿਆ। ਜਿਸ ਵੇਲੇ ਮੁਸਲਿਮ ਲੀਗੀ ਲੀਡਰਾਂ ਨੇ ਹਿੰਦੁਸਤਾਨ ਵਿਚ ਜ਼ੋਰ ਫੜਨਾ ਸ਼ੁਰੂ ਕੀਤਾ ਅਤੇ ਮੁਸਲਮਾਨਾਂ ਨੂੰ ਗ਼ੈਰ-ਮੁਸਲਮਾਨਾਂ ਦੇ ਵਿਰੁੱਧ ਭੜਕਾ ਕੇ ਥਾਂ ਥਾਂ ਦੁਖਦਾਈ ਹਾਲਾਤ ਪੈਦਾ ਕਰਨੇ ਆਰੰਭ ਦਿੱਤੇ ਤਾਂ ਪੰਜਾਬ ਦੇ ਵੱਡੇ ਵਜ਼ੀਰ ਸਰ ਸਿਕੰਦਰ ਹਯਾਤ ਖ਼ਾਨ ਨੇ ਲਾਹੌਰ ਵਿਚ ਮੁਸਲਿਮ ਲੀਗੀਆਂ ਨੂੰ ਠੱਲ੍ਹ ਪਾਈ ਰੱਖੀ ਪਰ ਉਸ ਦੀ ਮੌਤ ਤੋਂ ਬਾਅਦ ਹਾਲਾਤ ਵਿਗੜ ਗਏ ਅਤੇ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਹੇਠ ਮੁਸਲਿਮ ਲੀਗੀ ਹਿੰਦੁਸਤਾਨ ਨੂੰ ਦੋ ਹਿੱਸਿਆਂ ਵਿਚ ਵੰਡਾ ਕੇ ਪਾਕਿਸਤਾਨ ਖੜਾ ਕਰ ਲੈਣ ਵਿਚ ਸਫਲ ਹੋ ਗਏ। ਇਸ ਤਰ੍ਹਾਂ ਲਹਿੰਦੇ ਪੰਜਾਬ ਦੇ ਪਾਕਿਸਤਾਨ ਵਿਚ ਚਲਾ ਜਾਣ ਨਾਲ ਲਾਹੌਰ ਵੀ ਪਾਕਿਸਤਾਨ ਵਿਚ ਚਲਾ ਗਿਆ। ਅੱਜਕੱਲ੍ਹ ਇਹ ਲਹਿੰਦੇ ਪਾਕਿਸਤਾਨ ਦਾ ਮੁੱਖ ਅਸਥਾਨ ਹੈ।

ਇਥੇ ਖ਼ਾਸ ਪ੍ਰਸਿੱਧ ਇਤਿਹਾਸਕ ਅਸਥਾਨ ਇਹ ਹਨ :-

ਕਿਲ੍ਹਾ ਲਾਹੌਰ (ਸ਼ਾਹੀ ਕਿਲ੍ਹਾ)

ਬਾਦਸ਼ਾਹੀ ਮਸੀਤ

ਸਾਲਾ ਮਾਰ ਬਾਗ

ਮਕਬਰਾ ਜਹਾਂਗੀਰ, ਸ਼ਾਹਦਰਾ

ਮਕਬਰਾ ਨੂਰਜਹਾਂ, ਸ਼ਾਹਦਰਾ

ਗੁਰਦੁਆਰਾ ਡੇਹਰਾ ਸਾਹਿਬ, ਗੁਰੂ ਅਰਜਨ ਸਾਹਿਬ ਜੀ

ਸਮਾਧ ਮਹਾਰਾਜਾ ਰਣਜੀਤ ਸਿੰਘ

ਗੁਰਦੁਆਰਾ ਸ਼ਹੀਦ ਗੰਜ ਸਿੰਘਣੀਆਂ

ਗੁਰਦੁਆਰਾ ਛੇਵੀਂ ਪਾਤਸ਼ਾਹੀ ਮੁਜੰਗ

ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ

ਗੁਰਦੁਆਰਾ ਸ਼ਹੀਦ ਅਸਥਾਨ ਭਾਈ ਮਨੀ ਸਿੰਘ

ਜੀ ਸ਼ਹੀਦ ਅਸਥਾਨ ਹਕੀਕਤ ਰਾਏ

ਸਮਾਧ ਮਹਾਰਾਜਾ ਸ਼ੇਰ ਸਿੰਘ

ਲੁਧਿਆਣਾ

ਲੁਧਿਆਣਾ

ਸ਼ਹਿਰ ਲੁਧਿਆਣਾ ਕੋਈ ਪੌਣੇ ਪੰਜ ਸੌ ਸਾਲ ਪੁਰਾਣਾ ਹੈ ਪਰ ਇਸ ਦੇ ਲਾਗੇ ਦੇ ਸੁਨੇਤ ਦੇ ਥੇਹ ਤੋਂ ਪ੍ਰਾਪਤ ਹੋਏ ਪੁਰਾਣੇ ਸਿੱਕਿਆਂ ਅਤੇ ਹੋਰ ਵਸਤਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਸਮਿਆਂ ਵਿਚ ਇਥੇ ਕਦੀ ਘੁੱਗ ਵਸੋਂ ਹੁੰਦੀ ਸੀ, ਜੋ ਮੁਸਲਮਾਨੀ ਹੱਲਿਆਂ ਵੇਲੇ ਉੱਜੜ ਗਈ। ਇਸ ਵੇਲੇ ਦੇ ਸ਼ਹਿਰ ਲੁਧਿਆਣੇ ਦੀ ਥਾਂ ਤੇ ਮੀਰ-ਹੋਤਾਂ ਨਾਉਂ ਦਾ ਪਿੰਡ ਹੁੰਦਾ ਸੀ ਜੋ ਮਾਲੂਮ ਹੁੰਦਾ ਹੈ, ਮੁਸਲਮਾਨੀ ਸਮੇਂ ਦੇ ਸ਼ੁਰੂ ਵਿਚ ਕਿਸੇ ਬਲੋਚ ਸਰਦਾਰ ਨੇ ਵਸਾਇਆ ਸੀ। ਹੋਤ ਬਲੋਚਾਂ ਦੀ ਇਕ ਵੱਡੀ ਜਾਤ ਹੈ ਅਤੇ ‘ਮੀਰ’ ਬਲੋਚਾਂ ਵਿਚ ਚੌਧਰੀ ਜਾਂ ਸਰਦਾਰ ਨੂੰ ਕਹਿੰਦੇ ਹਨ।

ਸਿਕੰਦਰ ਲੋਧੀ (1488-1517 ਈ.) ਵੇਲੇ ਇਸ ਇਲਾਕੇ ਵਿਚ ਕੁਝ ਬਲੋਚ ਧਾੜਵੀਆਂ ਨੇ ਲੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਤੰਗ ਆ ਕੇ ਲੋਕਾਂ ਨੇ ਬਾਦਸ਼ਾਹ ਪਾਸ ਫਰਿਆਦ ਕੀਤੀ। ਬਾਦਸ਼ਾਹ ਨੇ ਯੂਸਫ਼ ਖ਼ਾਨ ਅਤੇ ਨਿਹੰਗ ਖ਼ਾਨ ਦੋ ਲੋਧੀ ਸਰਦਾਰਾਂ ਨੂੰ ਫ਼ੌਜ ਦੇ ਕੇ ਇਸ ਇਲਾਕੇ ਦੀ ਰਾਖੀ ਲਈ ਨਿਯਤ ਕੀਤਾ। ਇਨ੍ਹਾਂ ਨੇ ਮੀਰ-ਹੋਤਾਂ ਵਿਚ ਛਾਉਣੀ ਪਾ ਲਈ ਅਤੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿਚ ਅਮਨ ਕਾਇਮ ਕਰ ਦਿੱਤਾ। ਇਸ ਵੇਲੇ ਖੋਖਰਾਂ ਨੇ ਵੀ ਜਲੰਧਰ ਦੁਆਬ ਵਿਚ ਲੁੱਟ ਮਚਾਈ ਹੋਈ ਸੀ। ਇਸ ਲਈ ਯੂਸਫ਼ ਖ਼ਾਨ ਦਰਿਆ ਟੱਪ ਕੇ ਖੋਖਰਾਂ ਦੇ ਵਿਰੁੱਧ ਦੁਆਬੇ ਨੂੰ ਚਲਾ ਗਿਆ ਅਤੇ ਸੁਲਤਾਨਪੁਰ ਲੋਧੀ ਜਾ ਟਿਕਿਆ ਅਤੇ ਨਿਹੰਗ ਖ਼ਾਨ ਨੇ ਮੀਰ ਹੋਤਾਂ ਵਿਚ ਪੱਕਾ ਡੇਰਾ ਪਾ ਲਿਆ ਅਤੇ ਇਸ ਦਾ ਨਾਉਂ ਲੋਧੀਆਣਾ ਧਰਿਆ ਜੋ ਪਿੱਛੋਂ ਹੌਲੀ ਹੌਲੀ ਲੁਧਿਆਣਾ ਹੋ ਗਿਆ। ਲੁਧਿਆਣੇ ਦੇ ਵਸਣ ਦੀ ਤਾਰੀਖ਼ ਸੰਨ 898 ਹਿਜਰੀ ਦੱਸੀ ਜਾਂਦੀ ਹੈ ਜੋ ਸੰਨ 1492-1493 ਦੇ ਮੁਤਾਬਕ ਬੈਠਦੀ ਹੈਨਿਹੰਗ ਖ਼ਾਨ ਦੇ ਪੋਤੇ ਜਲਾਲ ਖ਼ਾਨ ਨੇ ਲੁਧਿਆਣੇ ਵਿਚ ਸੁਨੇਤ ਦੀਆਂ ਇੱਟਾਂ ਨਾਲ ਪੱਕਾ ਕਿਲ੍ਹਾ ਬਣਵਾਇਆ ਅਤੇ ਇਸ ਦੀ ਰੌਣਕ ਨੂੰ ਤਰੱਕੀ ਦਿੱਤੀ। ਇਸ ਦੇ ਦੋ ਪੁੱਤਰਾਂ ਨੇ ਲੁਧਿਆਣੇ ਦੇ ਆਲੇ ਦੁਆਲੇ ਦੀ ਜ਼ਮੀਨ ਇੱਥੋਂ ਦੇ ਵਸਨੀਕਾਂ ਵਿਚ ਵੰਡ ਦਿੱਤੀ ਅਤੇ ਹੋਰ ਪਿੰਡ ਵਸਾ ਦਿੱਤੇ ।

ਜਲਾਲ ਖ਼ਾਨ ਦੇ ਪੋਤਰਿਆਂ ਆਲੂ ਖ਼ਾਨ ਅਤੇ ਖ਼ਿਜ਼ਰ ਖ਼ਾਨ ਦੇ ਵੇਲੇ ਬਾਬਰ ਬਾਦਸ਼ਾਹ ਨੇ ਸੰਨ 1526 ਈ. ਵਿਚ ਇਬਰਾਹੀਮ ਲੋਧੀ ਪਾਸੋਂ ਹਿੰਦੁਸਤਾਨ ਦਾ ਰਾਜ ਆ ਖੋਹਿਆ। ਇਸ ਨਾਲ ਲੁਧਿਆਣੇ ਦੇ ਲੋਧੀ ਸਰਦਾਰ ਵੀ ਮੁਗ਼ਲਾਂ ਦੀ ਰੱਈਅਤ ਹੋ ਗਏ। ਇਨ੍ਹਾਂ ਦੀਆਂ ਹਵੇਲੀਆਂ ਕਿਲ੍ਹੇ ਦੇ ਪਾਸ ਹੁੰਦੀਆਂ ਸਨ ਜਿਥੇ ਇਹ ਕਈ ਪੀੜ੍ਹੀਆਂ ਤੱਕ ਰਹਿੰਦੇ ਰਹੇ । ਇਸ ਵੇਲੇ ਇਥੇ ਇਨ੍ਹਾਂ ਦਾ ਕੋਈ ਨਾਉਂ ਨਿਸ਼ਾਨ ਨਹੀਂ ਹੈ। ਹੋ ਸਕਦਾ ਹੈ ਕਿ 1857 ਦੇ ਗ਼ਦਰ ਦੇ ਦਿਨੀਂ ਡਿਪਟੀ ਕਮਿਸ਼ਨਰ ਦੇ ਹੁਕਮ ਨਾਲ ਕਿਲ੍ਹੇ ਤੋਂ ਤਿੰਨ ਸੌ ਗਜ਼ ਦੇ ਅੰਦਰ ਦੇ ਮਕਾਨ ਢੁਹਾਏ ਜਾਣ ਨਾਲ ਇਨ੍ਹਾਂ ਹਵੇਲੀਆਂ ਦਾ ਵੀ ਸਫ਼ਾਇਆ ਹੋ ਗਿਆ ਹੋਵੇ। ਲੋਧੀਆਂ ਦੇ ਵੇਲੇ ਇੱਥੋਂ ਦੀ ਵਸੋਂ ਕੋਈ ਪੰਜ-ਛੇ ਹਜ਼ਾਰ ਹੋਣੀ ਹੈ। ਮੁਗ਼ਲਾਂ ਵੇਲੇ ਚੂੰਕਿ ਹਕੂਮਤ ਦਾ ਧਿਆਨ ਬਹੁਤਾ ਸਰਹੰਦ ਦੀ ਤਰੱਕੀ ਵੱਲ ਹੋ ਗਿਆ, ਇਸ ਲਈ ਲੁਧਿਆਣਾ ਜ਼ਰਾ ਪਿੱਛੇ ਪੈ ਗਿਆ ਅਤੇ ਇਸ ਦੀ ਪੋਜ਼ੀਸ਼ਨ ਇਕ ਤਹਿਸੀਲ ਜਿਹੀ ਰਹਿ ਗਈ।

ਨਾਦਰਸ਼ਾਹ ਈਰਾਨੀ ਅਤੇ ਅਹਿਮਦਸ਼ਾਹ ਦੁੱਰਾਨੀ ਦੇ ਹੱਲਿਆਂ ਵੇਲੇ ਲੁਧਿਆਣੇ ਵਿਚ ਖ਼ੈਰ ਹੀ ਰਹੀ। ਰਾਜਸੀ ਗੱਠਜੋੜਾਂ ਅਤੇ ਧਨ ਦੌਲਤ ਦੇ ਵਡੇ ਅੱਡੇ ਚੂੰਕਿ ਦਿੱਲੀ ਅਤੇ ਲਾਹੌਰ ਸਨ, ਇਸ ਲਈ ਲੁਧਿਆਣਾ ਅੱਗਾਂ, ਲੁੱਟਾਂ ਅਤੇ ਕਤਲਾਮਾਂ ਦੀਆਂ ਆਫ਼ਤਾਂ ਤੋਂ ਬਚਿਆ ਰਿਹਾ । ਸੰਨ 1760 ਵਿਚ ਜਦ ਕਿ ਦੇਸ਼ ਵਿਚ ਅਬਤਰੀ ਫ਼ੈਲੀ ਹੋਈ ਸੀ, ਲਾਹੌਰ ਦੇ ਇਰਦ ਗਿਰਦ ਅਤੇ ਮਾਝੇ ਤੇ ਦੁਆਬੇ ਵਿਚ ਸਿੰਘਾਂ ਦਾ ਜ਼ੋਰ ਵਧ ਰਿਹਾ ਸੀ, ਦਿੱਲੀ ਵਿਚ ਮਰਾਠੇ ਆ ਬੈਠੇ ਸਨ ਅਤੇ ਅਹਿਮਦ ਸ਼ਾਹ ਦੁੱਰਾਨੀ ਪੂਰਬ ਵਿਚ ਮਰਾਠਿਆਂ ਨਾਲ ਲੋਹਾ ਲੈਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਰਾਇ-ਕੋਟੀਆਂ ਨੇ ਲੁਧਿਆਣੇ ਦਾ ਕਿਲ੍ਹਾ ਆ ਮੱਲਿਆ ਅਤੇ ਸ਼ਹਿਰ ਉਤੇ ਕਬਜ਼ਾ ਕਰ ਲਿਆ। ਹੌਲੀ ਹੌਲੀ ਆਲੇ ਦੁਆਲੇ ਦਾ ਇਲਾਕਾ ਵੀ ਇਨ੍ਹਾਂ ਦੇ ਤਹਿਤ ਹੀ ਆ ਗਿਆ।

‘ ਇਸ ਵੇਲੇ ਸਤਲੁਜ ਦਰਿਆ ਕਿਲ੍ਹੇ ਦੇ ਲਾਗੇ ਵਗਦਾ ਸੀ ਜਿੱਥੇ ਕਿ ਇਸ ਦਾ ਪੁਰਾਣਾ ਵਹਿਣ ਬੁੱਢਾ ਨਾਲਾ ਜਾਂ ਬੁੱਢਾ ਦਰਿਆ ਕਰ ਕੇ ਪ੍ਰਸਿੱਧ ਹੈ। 1785 ਈ. ਦੀ ਬਰਸਾਤ ਵਿਚ ਬੇਥਵਾ ਹੜ੍ਹ ਆ ਗਿਆ ਤਾਂ ਪਾਣੀ ਆਪਣੇ ਸੱਜੇ ਕੰਢੇ ਤੋਂ ਉੱਛਲ ਕੇ ਹੋਰ ਸੱਜੇ ਨੂੰ ਨਵੇਂ ਵਹਿਣੇ ਪੈ ਗਿਆ। ਸਤਲੁਜ ਦੇ ਇਸ ਤਰ੍ਹਾਂ ਰੁਖ ਬਦਲ ਲੈਣ ਨਾਲ ਦਰਿਆ ਲੁਧਿਆਣੇ ਤੋਂ ਕੋਈ ਛੇ ਕੁ ਮੀਲ ਉੱਤਰ ਵੱਲ ਨੂੰ ਹਟ ਗਿਆ ਜਿਥੇ ਕਿ ਇਹ ਅੱਜਕੱਲ੍ਹ ਵਗ ਰਿਹਾ ਹੈ। ਇਸ ਤਰ੍ਹਾਂ ਜਲੰਧਰ ਦੁਆਬ ਦਾ ਪੰਜਾਹ ਕੁ ਮੀਲ ਲੰਬਾ ਅਤੇ ਪੰਜ ਛੇ ਮੀਲ ਚੌੜਾ ਇਲਾਕਾ ਲੁਧਿਆਣੇ ਵਿਚ ਆ ਰਲਿਆ ! ਇਸ ਨੂੰ ਹੁਣ ਬੇਟ ਦਾ ਇਲਾਕਾ ਸੱਦਦੇ ਹਨ।

ਸੰਨ 1794 ਦੀ ਤਰ੍ਹਾਂ 1798 ਵਿਚ ਵੀ ਉਨੇ ਦੇ ਬੇਦੀ ਸਾਹਿਬ ਸਿੰਘ ਨੇ ਲੁਧਿਆਣੇ ਵੱਲ ਚੜ੍ਹਾਈ ਕਰ ਦਿੱਤੀ ਅਤੇ ਰਾਏ ਕੋਟ ਉਤੇ ਧਾਵਾ ਬੋਲ ਦਿੱਤਾ ਅਤੇ ਜਦ ਉਥੇ ਸਫ਼ਲਤਾ ਨਾ ਹੋ ਸਕੀ ਤਾਂ ਉਨ੍ਹਾਂ ਨੇ ਸੁਥਰਿਆਂ ਦੀ ਧਰਮਸਾਲਾ ਪਾਸ ਇਕ ਕੱਚੀ ਗੜ੍ਹੀ ਬਣਾ ਕੇ ਲੁਧਿਆਣੇ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਅਤੇ ਕੁਝ ਚਿਰ ਲਈ ਸ਼ਹਿਰ ਉਤੇ ਕਬਜ਼ਾ ਕਰ ਲਿਆ। ਇਹ ਗੱਲ ਦੇਖ ਕੇ ਰਾਇਕੋਟੀਏ ਰਾਇ ਇਲਿਆਸ ਨੇ ਹਾਂਸੀ ਦੇ ਜੌਰਜ ਟੌਮਸ ਨੂੰ ਸੱਦ ਭੇਜਿਆ। ਉਹ ਤਾਂ ਇਸ ਕਿਸਮ ਦੇ ਮੌਕੇ ਦੀ ਤਾੜ ਵਿਚ ਹੀ ਰਹਿੰਦਾ ਸੀ। ਉਸ ਨੇ ਝੱਟ ਲੁਧਿਆਣੇ ਵੱਲ ਨੂੰ ਧਾਈ ਕਰ ਦਿੱਤੀ। ਇਹ ਪਤਾ ਲਗਦੇ ਸਾਰ ਬੇਦੀ ਸਾਹਿਬ ਨੇ ਲੁਧਿਆਣਾ ਖਾਲੀ ਕਰ ਦਿੱਤਾ ਅਤੇ ਦਰਿਆ ਪਾਰ ਕਰ ਕੇ ਵਾਪਸ ਮੁੜ ਗਏ।

ਸੰਨ 1802 ਵਿਚ ਰਾਇ ਇਲਿਆਸ ਜਗਰਾਉਂ ਦੇ ਲਾਗੇ ਸ਼ਿਕਾਰ ਖੇਡਦਾ ਮਾਰਿਆ ਗਿਆ। ਉਸ ਦੀ ਕੋਈ ਔਲਾਦ ਨਹੀਂ ਸੀ । ਕੇਵਲ ਉਸ ਦੀ ਮਾਂ ਨੂਰੁ-ਨਿਸਾ ਅਤੇ ਇਸਤਰੀ ਭਾਗਭਰੀ ਹੀ ਪਿੱਛੇ ਸਨ । ਸੰਨ 1806 ਵਿਚ ਜਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਪਾਸੇ ਚੜ੍ਹਾਈ ਕੀਤੀ ਤਾਂ ਇਨ੍ਹਾਂ ਨੂੰ ਕੁਝ ਪਿੰਡ ਗੁਜ਼ਾਰੇ ਲਈ ਜਾਗੀਰ ਦੇ ਕੇ ਇਲਾਕੇ ਉਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਲੁਧਿਆਣਾ ਤੇ ਕਿਲ੍ਹਾ ਅਤੇ ਆਲੇ ਦੁਆਲੇ ਦੇ ਕੁਝ ਪਿੰਡ ਆਪਣੇ ਮਾਮਾ ਰਾਜਾ ਭਾਗ ਸਿੰਘ ਜੀਂਦ, ਵਾਲੇ ਨੂੰ ਦੇ ਦਿੱਤੇ । ਅਗਲੇ ਸਾਲ ਸੰਨ 1807 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਹੋਰ ਇਲਾਕੇ ਆਪਣੀ ਤਹਿਤ ਕਰ ਲਏ। ਸੰਨ 1808 ਵਿਚ ਨੈਪੋਲੀਅਨ ਬੋਨਾਪਾਰਟ ਵਲੋਂ ਹਿੰਦੁਸਤਾਨ ਵਲ ਚੜ੍ਹਾਈ ਦਾ ਖ਼ਤਰਾ ਨਾ ਰਹਿਣ ਕਰਕੇ ਅੰਗਰੇਜ਼ਾਂ ਦੀ ਪੰਜਾਬ ਵੱਲ ਰਾਜਨੀਤੀ ਦਾ ਰੁਖ ਬਦਲ ਗਿਆ ਅਤੇ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਮਾਲਵੇ ਦੇ ਰਾਜਿਆਂ ਅਤੇ ਸਰਦਾਰਾਂ ਨੂੰ ਪੰਜਾਬ ਨਾਲ ਇਕ-ਮੁੱਠ ਕਰਨ ਦੇ ਯਤਨਾਂ ਵਿਚ ਰੋਕ ਪਾਉਣ ਦਾ ਫ਼ੈਸਲਾ ਕਰ ਲਿਆ। ਜਨਰਲ ਅਖਤਰ-ਲੋਨੀ ਫ਼ੌਜ ਲੈ ਕੇ ਫ਼ਰਵਰੀ 1809 ਵਿਚ ਲੁਧਿਆਣੇ ਆ ਬੈਠਾ । ਉਹ ਲੜਾਈ ਲਈ ਵੀ ਤਿਆਰ ਸੀ । ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਅਜੇ ਕਾਫ਼ੀ ਮਜ਼ਬੂਤ ਨਹੀਂ ਸੀ ਹੋਈ । ਦੂਸਰੇ ਪਾਸੇ ਸਾਰਾ ਹਿੰਦੁਸਤਾਨ ਅੰਗਰੇਜ਼ਾਂ ਦੀ ਪਿੱਠ ਉਤੇ ਸੀ। ਇਸ ਲਈ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਸੁਲਾਹ ਰੱਖਣੀ ਜ਼ਿਆਣਾ ਲਾਭਵੰਦ ਸਮਝੀ ਅਤੇ 1809 ਦਾ ਅਹਿਦਨਾਮਾ ਹੋ ਗਿਆ।

ਲੁਧਿਆਣੇ ਵਿਚ ਅੰਗਰੇਜ਼ੀ ਛਾਉਣੀ ਕੁਝ ਥੋੜ੍ਹਾ ਚਿਰ ਲਈ ਰੱਖਣ ਦਾ ਹੀ ਵਿਚਾਰ ਸੀ ਪਰ ਹੌਲੀ ਹੌਲੀ ਇਹ ਪੱਕੀ ਹੀ ਹੋ ਗਈ। ਜਨਰਲ ਅਖ਼ਤਰ-ਲੋਨੀ ਇਥੇ ਸੰਨ 1809 ਤੋਂ ਲੈ ਕੇ ਸੰਨ 1815 ਤੱਕ ਟਿਕਿਆ ਰਿਹਾ ਅਤੇ ਕਿਲ੍ਹੇ ਨੂੰ ਮੁਰੰਮਤ ਕਰਕੇ ਮਜ਼ਬੂਤ ਬਣਾ ਦਿੱਤਾ । ਸੰਨ 1834 ਵਿਚ ਜਦ ਰਾਜਾ ਸੰਗਤ ਸਿੰਘ ਜੀਂਦ ਵਾਲੇ ਦਾ ਦੇਹਾਂਤ ਹੋ ਗਿਆ ਤਾਂ ਅੰਗਰੇਜ਼ਾਂ ਨੇ ਲੁਧਿਆਣੇ ਅਤੇ ਆਲੇ- ਦੁਆਲੇ, ਉਨ੍ਹਾਂ ਦੇ ਪਿੰਡਾਂ ਉਤੇ ਕਬਜ਼ਾ ਕਰ ਲਿਆ।

ਸੰਨ 1842 ਵਿਚ ਜਦ ਅੰਗਰੇਜ਼ੀ ਫੌਜਾਂ ਪਠਾਣਾਂ ਪਾਸੋਂ ਬਦਲਾ ਲੈ ਕੇ ਅਫ਼ਗਾਨਿਸਤਾਨ ਤੋਂ ਮੁੜੀਆਂ ਤਾਂ ਸ਼ਾਹ ਸ਼ੁਜਾ-ਉਲ-ਮੁਲਕ ਦੇ ਟੱਬਰ ਕਬੀਲੇ ਵੀ ਡਰਦੇ ਮਾਰੇ ਉਨ੍ਹਾਂ ਦੇ ਨਾਲ ਹੀ ਹਿੰਦੁਸਤਾਨ ਨੂੰ ਆ ਗਏ। ਇਨ੍ਹਾਂ ਨੂੰ ਲੁਧਿਆਣੇ ਵਿਚ ਪਨਾਹ ਦਿੱਤੀ ਗਈ। 1857 ਦੇ ਗ਼ਦਰ ਦੇ ਬਾਗ਼ੀ ਨਵਾਬ ਅਬਦੁਰ-ਰਹਿਮਾਨ ਝੱਜਰ ਵਾਲੇ ਦੇ ਤਿੰਨ ਪੁੱਤਰਾਂ ਅਤੇ ਚਾਚੇ ਅਲੀ ਮੁਹੰਮਦ ਖ਼ਾਨ ਨੂੰ ਵੀ ਲੁਧਿਆਣੇ ਹੀ ਟਿਕਾਣਾ ਦਿੱਤਾ ਗਿਆ ।

ਅੰਗਰੇਜ਼ਾਂ ਦੀ ਸਿੰਘਾਂ ਨਾਲ ਸੰਨ 1845-46 ਦੀ ਲੜਾਈ ਵੇਲੇ ਸਰਦਾਰ ਰਣਜੋਧ ਸਿੰਘ ਮਜੀਠੀਏ ਨੇ ਫਲੌਰ ਦੇ ਪੱਤਣੋਂ ਸਤਲੁਜ ਪਾਰ ਹੋ ਕੇ ਲੁਧਿਆਣੇ ਦੀ ਛਾਉਣੀ ਆ ਫੂਕੀ ਪਰ ਇਸ ਤੋਂ ਵੱਧ ਸ਼ਹਿਰ ਦਾ ਕੋਈ ਨੁਕਸਾਨ ਨਹੀਂ ਹੋਇਆ।

ਸੰਨ 1854 ਵਿਚ ਲੁਧਿਆਣਿਉਂ ਛਾਉਣੀ ਚੁੱਕ ਲਈ ਹੋਈ ਸੀ ਅਤੇ 1857 ਦੇ ਗ਼ਦਰ ਵੇਲੇ ਕਿਲ੍ਹੇ ਵਿਚ 3 ਨੰਬਰ ਦੇਸੀ ਪਲਟਣ ਦੇ ਥੋੜ੍ਹੇ ਜਿਹੇ ਸਿਪਾਹੀ ਹੀ ਸਨ। ਉਹ ਵੀ ਜਲੰਧਰ ਛਾਉਣੀ ਤੋਂ ਆ ਰਹੇ ਪੂਰਬੀਏ ਸਿਪਾਹੀਆਂ ਨਾਲ ਰਲ ਗਏ। ਇਸ ਗੱਲ ਦਾ ਫ਼ਾਇਦਾ ਉਠਾ ਕੇ ਸ਼ਹਿਰ ਦੇ ਲੋਕਾਂ ਨੇ ਗਿਰਜਾ ਘਰ ਅਤੇ ਈਸਾਈ ਮਿਸ਼ਨ ਦੇ ਮਕਾਨਾਂ ਨੂੰ ਅੱਗ ਲਾ ਦਿੱਤੀ ਅਤੇ ਪਾਦਰੀਆਂ ਦੇ ਘਰ ਲੁੱਟ ਲਏ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਗ਼ੀ ਸਿਪਾਹੀਆਂ ਨੂੰ ਰੋਟੀ ਪਾਣੀ ਪਹੁੰਚਾਇਆ ਅਤੇ ਲੁੱਟਣ ਲਈ ਸਰਕਾਰੀ ਅਫਸਰਾਂ ਦੇ ਘਰਾਂ ਦੇ ਪਤੇ ਦੱਸੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਲ੍ਹੇ ਉਤੇ ਵਡੀਆਂ ਤੋਪਾਂ ਚੜਾਉਣ ਵਿਚ ਬਾਗ਼ੀਆਂ ਨੂੰ ਮੱਦਦ ਦਿੱਤੀ ਜਿਹੜੀਆਂ ਕਿ ਜਲੰਧਰ ਵਾਲੇ ਸਿਪਾਹੀ ਇਥੇ ਲਿਆਏ ਸਨ ਪਰ ਜਦ ਤੋਪਾਂ ਚੜ੍ਹ ਗਈਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਲਦੀ ਵਿਚ ਉਹ ਗੋਲਾ ਬਾਰੂਦ ਸਭ ਪਿਛੇ ਹੀ ਭੁੱਲ ਆਏ ਹਨ। ਤੋਪਾਂ ਦੇ ਗੋਲੇ ਅਤੇ ਬਰੂਦ ਤਾਂ ਕਿਧਰੇ ਰਹੇ, ਬੰਦੂਕਾਂ ਦੀਆਂ ਗੋਲੀਆਂ ਵੀ ਉਨ੍ਹਾਂ ਪਾਸ ਕੋਈ ਨਹੀਂ ਸਨ । ਇਸ ਲਈ ਉਨ੍ਹਾਂ ਵਾਸਤੇ ਇਥੇ ਠਹਿਰਨਾ ਵਿਅਰਥ ਸੀ ਅਤੇ ਉਹ ਦਿੱਲੀ ਨੂੰ ਤੁਰ ਗਏ । ਇਸ ਤਰ੍ਹਾਂ ਸ਼ਹਿਰ ਲੁਧਿਆਣੇ ਦਾ ਬਹੁਤ ਬਚਾਉ ਹੋ ਗਿਆ।

ਲੁਧਿਆਣੇ ਵਿਚ ਈਸਾਈ ਮਿਸ਼ਨ ਸੰਨ 1834 ਵਿਚ ਕਾਇਮ ਹੋਇਆ ਜਦ ਕਿ 5 ਨਵੰਬਰ ਨੂੰ ਪਾਦਰੀ ਜੇ. ਸੀ. ਲੋਰੀ ਅਮੈਰਿਕਨ ਪ੍ਰੈਸਬੀਟੀਰੀਅਨ ਸੋਸਾਇਟੀ ਵਲੋਂ ਇਥੇ ਪੁੱਜਾ। ਇਸ ਵੇਲੇ ਅਸਿਸਟੈਂਟ ਪੋਲੀਟੀਕਲ ਏਜੰਟ ਕਪਤਾਨ ਕਲਾਡ ਵੰਡ ਵਲੋਂ ਇਕ ਛੋਟਾ ਜਿਹਾ ਅੰਗਰੇਜ਼ੀ ਸਕੂਲ ਇਥੇ ਕੁਝ ਮਹੀਨਿਆਂ ਤੋਂ ਖੁੱਲ੍ਹਾ ਹੋਇਆ ਸੀ ਜੋ ਉਸ ਨੇ 1835 ਵਿਚ ਮਿਸ਼ਨ ਦੇ ਹਵਾਲੇ ਕਰ ਦਿੱਤਾ । ਇਹ ਪੰਜਾਬ ਵਿਚ ਪਹਿਲਾ ਅੰਗਰੇਜ਼ੀ ਸਕੂਲ ਸੀ । ਇਸੇ ਸਾਲ ਪਾਦਰੀ ਜੌਨ ਨੀਊਟਨ ਵਲੋਂ ਅਮੈਰਿਕਨ ਮਿਸ਼ਨ ਪ੍ਰੈਸ ਦੇ ਨਾਉਂ ਹੇਠ ਇਕ ਲਕੜੀ ਦਾ ਛਾਪਾ-ਖ਼ਾਨਾ ਜਾਰੀ ਕੀਤਾ ਗਿਆ ਜਿਥੋਂ ਪੰਜਾਬ ਦਾ ਪਹਿਲਾ ਅਖ਼ਬਾਰ ਫਾਰਸੀ ਵਿਚ ‘ਅਖ਼ਬਾਰਿ ਲੁਧਿਆਣਾ’ ਛਪਣਾ ਸ਼ੁਰੂ ਹੋਇਆ । ਪਾਦਰੀ ਲੋਰੀ ਸਾਹਿਬ ਇਥੇ ਸਾਲ ਤੋਂ ਵਧ ਨਾ ਰਹਿ ਸਕੇ ਅਤੇ ਉਨ੍ਹਾਂ ਦੀ ਥਾਂ ਨੀਊਟਨ ਸਾਹਿਬ ਲੁਧਿਆਣਾ ਮਿਸ਼ਨ ਦੇ ਆਗੂ ਬਣੇ। ਇਨ੍ਹਾਂ ਦੇ ਸਮੇਂ ਸੰਨ 1837 ਵਿਚ ਇਥੇ ਈਸਾਈ ਸੰਗਤ ਕਾਇਮ ਹੋਈ। ਨਿਊਟਨ ਸਾਹਿਬ ਨੇ ਪੰਜਾਬੀ ਬੋਲੀ ਦਾ ਵਿਆਕਰਣ ਅਤੇ ਕੁਝ ਹੋਰ ਪੁਸਤਕਾਂ ਰਚੀਆਂ ਅਤੇ ਸੰਨ 1854 ਵਿਚ ਪੰਜਾਬੀ ਕੋਸ਼ ਪ੍ਰਕਾਸ਼ਤ ਕੀਤਾ। ਭਾਵੇਂ ਜਨਵਰੀ, 1846 ਅਤੇ 1857 ਵਿਚ ਮਿਸ਼ਨ ਪ੍ਰੈਸ ਫ਼ੂਕ ਦਿੱਤਾ ਗਿਆ ਸੀ ਪਰ ਈਸਾਈ ਪਾਦਰੀਆਂ ਨੇ ਹੌਸਲਾ ਨਾ ਹਾਰਿਆ ਅਤੇ ਸਾਹਿਤ-ਸੇਵਾ ਦਾ ਕੰਮ ਜਾਰੀ ਰੱਖਿਆ। ਸੰਨ 1865 ਵਿਚ ਨਵੇਂ ਨੇਮ ਦਾ ਉਰਦੂ ਵਿਚ ਪਹਿਲਾ ਐਡੀਸ਼ਨ ਛਪਿਆ ਅਤੇ 1868 ਵਿਚ ਪੂਰੀ ਇੰਜੀਲ । ਇਸੇ ਸਾਲ ਨਵੇਂ ਨੇਮ ਦਾ ਪੂਰਾ ਪੰਜਾਬੀ ਉਲੱਥਾ ਪ੍ਰਕਾਸ਼ਤ ਹੋਇਆ। ਇਸ ਤਰ੍ਹਾਂ ਸ਼ਹਿਰ ਲੁਧਿਆਣੇ ਦੇ ਈਸਈ ਮਿਸ਼ਨ ਨੇ ਵਿੱਦਿਆ ਅਤੇ ਸਾਹਿਤ ਦੇ ਮੈਦਾਨ ਵਿਚ ਪਹਿਲ ਕਰਕੇ ਪੰਜਾਬ ਦੀ ਅਗਵਾਈ ਕੀਤੀ ਹੈ।

Leave a comment

error: Content is protected !!