ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਪੰਜਾਬ ਦੀਆਂ ਲੋਕ ਖੇਡਾਂ

Contents hide
1 ਪੰਜਾਬ ਦੀਆਂ ਲੋਕ ਖੇਡਾਂ

ਖੇਡ ਮਨੁੱਖੀ ਜੀਵਨ ਦਾ ਇਕ ਲਾਜ਼ਮੀ ਭਾਗ ਹੈ ਤੇ ਦੁਨੀਆ ਦੇ ਹਰ ਦੇਸ ਵਿਚ ਖੇਡਾਂ ਦੀ ਵੰਨ-ਸੁਵੰਨਤਾ ਪਾਈ ਜਾਂਦੀ ਹੈ । ਪੰਜਾਬ ਦੀਆਂ ਕੁਝ ਖੇਡਾਂ ਬਿਲਕੁਲ ਉਸ ਦੀਆਂ ਆਪਣੀਆਂ ਤੇ ਕੁਝ ਹੋਰਨਾਂ ਦੇਸਾਂ ਨਾਲ ਸਾਂਝੀਆਂ ਜਿਹੀਆਂ ਹਨ। ਦੇਸੀ ਖੇਡਾਂ ਦਾ ਸੁਭਾਅ, ਪੰਜਾਬ ਦੇ ਸਮੁੱਚੇ ਸੁਭਾਅ ਦਾ ਨਮੂਨਾ ਹੈ। ਇਨ੍ਹਾਂ ਖੇਡਾਂ ਵਿਚ ਸਾਮਾਨ ਥੋੜ੍ਹਾ, ਨਿਯਮ ਸਾਦਾ ਤੇ ਖਿਡਾਰੀਆਂ ਦੀ ਗਿਣਤੀ ਲੋੜ ਅਨੁਸਾਰ ਘੱਟ ਜਾਂ ਵੱਧ ਹੋ ਸਕਣ ਵਾਲੀ ਹੁੰਦੀ ਹੈ ।

ਇਨ੍ਹਾਂ ਖੇਡਾਂ ਰਾਹੀਂ ਪੰਜਾਬ ਨਿਵਾਸੀਆਂ ਨੇ ਨਾ ਕੇਵਲ ਸਰੀਰ ਹੀ ਸਡੌਲ ਅਤੇ ਬਲਵਾਨ ਬਣਾਏ ਹਨ ਸਗੋਂ ਆਪਣਾ ਵਿਹਲਾ ਸਮਾਂ ਵੀ ਭਰਪੂਰ, ਸੁਆਦਲਾ ਅਤੇ ਮਨੋਰੰਜਕ ਬਣਾਇਆ ਹੈ। ਇਨ੍ਹਾਂ ਦੀ ਸਹਾਇਤਾ ਨਾਲ ਹੀ ਇੱਥੋਂ ਦਿਆਂ ਖਿਡਾਰੀਆਂ ਨੇ ਸਾਰੀ ਦੁਨੀਆ ਵਿਚ ਆਪਣੇ ਬਲ ਅਤੇ ਹੁਨਰ ਦੀ ਧਾਂਕ ਬਿਠਾਈ ਹੈ । ਦੁਨੀਆ ਦੇ ਖੇਡ-ਮੁਕਾਬਲੇ ਇਸ ਕਥਨ ਦੀ ਗਵਾਹੀ ਦਿੰਦੇ ਹਨ। ਉਹ ਕਿਹੜਾ ਦੇਸ ਹੈ ਜੋ ਗਾਮੇ, ਗੁੰਗੇ, ਕਿੱਕਰ ਸਿੰਘ, ਕੇਸਰ ਸਿੰਘ, ਦਾਰਾ ਸਿੰਘ (ਕੁਸ਼ਤੀ) ਬਲਬੀਰ ਸਿੰਘ (ਹਾਕੀ), ਮਿਲਖਾ ਸਿੰਘ (ਦੌੜ) ਆਦਿ ਦੇ ਨਾਂ ਨਹੀਂ ਜਾਣਦਾ ।

ਪੰਜਾਬੀ ਖੇਡਾਂ ਦਾ ਭੰਡਾਰਾ ਭਰਪੂਰ ਹੈ। ਇਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਸ ਦੇਸ਼ ਵਿਚ ਹਰ ਅਵਸਥਾ ਦੇ ਪ੍ਰਾਣੀਆਂ ਲਈ ਉਨ੍ਹਾਂ ਦੇ ਬਲ ਅਤੇ ਸੋਚ-ਪੱਧਰ ਅਨੁਸਾਰ ਢੇਰ ਖੇਡਾਂ ਮੌਜੂਦ ਹਨ। ਜਿੱਥੇ ਛੋਟੇ ਬੱਚੇ ਕੋਟਲਾ ਛਪਾਕੀ, ਪਿੱਠੂ, ਗੁੱਲੀ ਡੰਡਾ, ਆਦਿ ਖੇਡਾਂ ਨਾਲ ਆਪਣਾ ਮਨ ਪ੍ਰਸੰਨ ਕਰਦੇ ਹਨ, . ਉਥੇ ਜਵਾਨ ਗੱਭਰੂ, ਕੌਡ-ਕਬੱਡੀ, ਕੁਸ਼ਤੀ, ਮੁਗਦਰ ਆਦਿ ਨਾਲ ਆਪਣਾ ਸਰੀਰ ਬਲਵਾਨ ਅਤੇ ਚੁਸਤ ਰੱਖਦੇ ਹਨ। ਕੁੜੀਆਂ ਵੀ ਆਪਣੇ ਮਨੋਰੰਜਨ ਲਈ, ਟਾਹਣਾਂ, ਖਿੱਦੂ ਆਦਿ ਦੀ ਵਰਤੋਂ ਕਰਦੀਆ ਹਨ। ਹੋਰ ਤਾਂ ਹੋਰ ਵਡੇਰੀ ਉਮਰ ਵਾਲੇ ਵੀ ਬਾਰਾਂ ਟਾਹਣ ਤੇ ਪਾਸੇ ਆਦਿ ਨਾਲ ਜੀ ਪਰਚਾ ਕੇ ਆਪਣਾ ਵਿਹਲਾ ਸਮਾਂ ਵਾਹਵਾ ਸੁਆਦਲਾ ਬਣਾ ਲੈਂਦੇ ਹਨ।

ਪੰਜਾਬ ਦੀਆਂ ਮੁੱਖ ਤੇ ਪ੍ਰਸਿੱਧ ਖੇਡਾਂ ਇਹ ਹਨ :-

(1) ਕਬੱਡੀ, (2) ਗੁੱਲੀ ਡੰਡਾ, (3) ਖਿੱਦੋ ਖੂੰਡੀ, (4) ਕੁਸ਼ਤੀ, (5) ਸੌਂਚੀ, (6) ਬਿਲ ਬੱਚਿਆਂ ਦੀ ਮਾਂ, (7) ਆਨ ਚਨੇ ਮਨ ਮਾਨ ਚਨੇ, (8) ਰੱਬ ਦੀ ਖੁੱਤੀ, (9) ਕੀੜ ਕੜਾਂਗਾ ਜਾਂ ਜੰਡ ਖੜੰਗ (10)ਛਟਾਪੂ , (11)ਕੋਟਲਾ ਛਪਾਕੀ , (12) ਪਿੱਠੂ , (13)ਟਾਹਣਾ , (14)ਖਿਦੋ , (15) ਬਾਰਾਂ ਟਾਹਣ  (16) ਪਾਸਾ ਜਾਂ ਚੌਪੜ।

ਹੁਣ ਅਸੀਂ ਇਨ੍ਹਾਂ ਖੇਡਾਂ ਬਾਰੇ ਇਕ ਇਕ ਕਰ ਕੇ ਵਿਸਥਾਰ ਨਾਲ ਲਿਖਣ ਦਾ ਯਤਨ ਕਰਾਂਗੇ।

ਕਬੱਡੀ

ਪੰਜਾਬੀ ਕਬੱਡੀ ਨੂੰ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਹ ਖੇਡ ਬਹੁਤ ਹੱਦ ਤੱਕ ਉਨ੍ਹਾਂ ਦੇ ਸਰੀਰਕ-ਬਲ ਅਤੇ ਸੁਭਾਅ ਦੇ ਅਨੁਕੂਲ ਹੈ। ਇਸ ਖੇਡ ਰਾਹੀਂ ਖਿਡਾਰੀ ਨੂੰ ਆਪਣੀ ਤਾਕਤ, ਫੁਰਤੀ, ਚਲਾਕੀ, ਦੌੜ ਅਤੇ ਸਾਹ ਦਾ ਬਲ ਦੱਸਣ ਦਾ ਅਵਸਰ ਮਿਲਦਾ ਹੈ। ਹਰ ਇਕ ਨੂੰ ਮਨ-ਪਸੰਦ ਹੋਣ ਕਰਕੇ, ਇਹ ਖੇਡ ਛੋਟੇ ਬੱਚਿਆਂ ਤੋਂ ਲੈ ਕੇ ਜਵਾਨ ਗੱਭਰੂਆਂ ਤਕ ਟੋਲੀਆਂ ਵਿਚ ਖੇਡੀ ਜਾਂਦੀ ਹੈ। ਸਭ ਤੋਂ ਵੱਡੀ ਗੱਲ ਜਿਸ ਵਿਚ ਪੰਜਾਬ ਦੀ ਕਬੱਡੀ ਭਾਰਤ ਦੇ ਹੋਰਨਾਂ ਪ੍ਰਾਂਤਾਂ ਦੀਆਂ ਕਬੱਡੀਆਂ ਨਾਲ ਨਹੀਂ ਮਿਲਦੀ, ਉਹ ਇਸ ਖੇਡ ਦੀ  ਂਪਕੜ’ ਹੈ। ਪੰਜਾਬ ਦੀ ਕਬੱਡੀ ਅਨੁਸਾਰ ਕੇਵਲ ਇਕ ਖਿਡਾਰੀ ਹੀ ਕਬੱਡੀ ਪਾਉਣ ਆਏ ਖਿਡਾਰੀ ਨੂੰ ਆਪਣੀ ਤਾਕਤ ਅਤੇ ਫੁਰਤੀ ਨਾਲ ਜੱਫਾ ਮਾਰ ਕੇ ਆਪਣੇ ਪਾਲੇ ਵਿਚ ਰੱਖ ਸਕਦਾ ਹੈ। ਪਰ ਇਸ ਦੇ ਉਲਟ ਹੋਰਨਾਂ ਪ੍ਰਾਂਤਾਂ ਦੀਆਂ ਕਬੱਡੀਆਂ ਅਨੁਸਾਰ ਕਬੱਡੀ ਪਾਉਣ ਆਏ ਖਿਡਾਰੀ ਨੂੰ ਇਕ ਤੋਂ ਵਧੀਕ ਖਿਡਾਰੀ ਫੜ ਸਕਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਕਬੱਡੀ ਵਿਚ, ਹਰ ਖਿਡਾਰੀ ਨੂੰ ਬਹੁਤ ਬਲ, ਹਿੰਮਤ, ਫੁਰਤੀ ਤੇ ਚੁਸਤੀ ਦਾ ਮਾਲਕ ਹੋਣਾ ਪੈਂਦਾ ਹੈ। ਇਕ ਹੋਰ ਪੱਖ ਜਿਸ ਵਿਚ ਇਹ ਦੂਜੀਆਂ ਕਬੱਡੀਆਂ ਤੋਂ ਵੱਖਰੀ ਹੈ, ਉਹ ਇਸ ਦੇ ਖੇਡਣ ਦਾ ਘੇਰਾ ਹੈ । ਪੰਜਾਬੀ ਕਬੱਡੀ ਦਾ ਘੇਰਾ ਵਡੇਰਾ ਹੁੰਦਾ ਹੈ ਤੇ ਹੋਰਨਾਂ ਪ੍ਰਾਂਤਾਂ ਦੀਆਂ ਕਬੱਡੀਆਂ ਦਾ ਛੋਟਾ। ਇਸ ਤਰ੍ਹਾਂ ਇਸ ਪ੍ਰਾਂਤ ਦੀ ਕਬੱਡੀ ਵਿੱਚ ਜੱਫਾ ਮਾਰਨ ਅਤੇ ਜੱਫਾ ਛੁਡਾਉਣ ਲਈ ਖਿਡਾਰੀਆਂ ਨੂੰ ਕਾਫੀ ਥਾਂ ਮਿਲ ਜਾਂਦੀ ਹੈ।

ਪੰਜਾਬ ਵਿਚ ਕਬੱਡੀਆਂ ਵੀ ਕਈ ਕਿਸਮ ਦੀਆਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਮਸ਼ਹੂਰ ਵੰਨਗੀਆਂ ਇਹ ਹਨ :- ਸਿਆਲਕੋਟੀ, ਲਾਹੌਰੀ, ਮੀਆਂ ਵਾਲੀ ਦੀ, ਹੁਸ਼ਿਆਰਪੁਰੀ, ਹਰਿਆਣਵੀ, ਜਾਲੰਧਰੀ, ਅੰਬਾਲਵੀ ਆਦਿ। ਇਨ੍ਹਾਂ ਸਾਰੀਆਂ ਨੂੰ ਦੋ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ । ਇਕ ਕਿਸਮ ‘ਜੱਫਲ’ ਕਹਾਉਂਦੀ ਹੈ ਤੇ ਦੂਜੀ ‘ਲੰਮੀ ਕਬੱਡੀ’। ਨਮੂਨੇ ਦੇ ਤੌਰ ਤੇ ਇੱਥੇ ਸਿਰਫ਼ ‘ਜੱਫਲ ਕਬੱਡੀ’ ਤੇ ‘ਲੰਮੀ ਕਬੱਡੀ’ ਦਾ ਵਰਣਨ ਕੀਤਾ ਜਾਂਦਾ ਹੈ :-

(ੳ) ਅੰਬਾਲਵੀ ਜੱਫਲ ਕਬੱਡੀ

ਖੇਡਣ ਦਾ ਮੈਦਾਨ-ਇਕ ਗੋਲ ਚੱਕਰ 10 ਤੋਂ 30 ਫੁੱਟ ਅੱਧ-ਵਿਆਸ ਦਾ ਲਾ ਲਿਆ ਜਾਂਦਾ ਹੈ। ਇਹ ਗੋਲ ਚੱਕਰ ਖੇਡ ਦੇ ਮੈਦਾਨ ਦੀ ਹੱਦ ਸਥਾਪਤ ਕਰਦਾ ਹੈ, ਇਸ ਚੱਕਰ ਦੇ ਵਿਚਕਾਰ ਇਕ ਲੀਕ ਖਿੱਚ ਲਈ ਜਾਂਦੀ ਹੈ ਅਤੇ ਇਸ ਤਰ੍ਹਾਂ ਮੈਦਾਨ ਦੇ ਦੋ ਇਕੋ-ਜਿਹੇ ਹਿੱਸੇ ਬਣ ਜਾਂਦੇ ਹਨ। ਇਸ ਵਿਚਕਾਰਲੀ ਲਕੀਰ ਦੇ ਵਿਚਕਾਰੋਂ ਦੋਵੇਂ ਪਾਸੇ ਦਸ ਦਸ ਫੁੱਟ ਦੀ ਵਿੱਥ ਤੇ ਦੋ ਪਾਲੇ (ਮਿੱਟੀ ਦੀਆਂ ਦੋ ਉੱਚੀਆਂ ਉੱਚੀਆਂ ਢੇਰੀਆਂ) ਬਣਾ ਲਏ ਜਾਂਦੇ ਹਨ । ਖਿਡਾਰੀਆਂ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਆਉਣ ਜਾਣ ਲੱਗਿਆਂ ਇਨ੍ਹਾਂ ਪਾਲਿਆਂ ਦੇ ਵਿਚ ਹੀ ਰਹਿਣਾ ਪੈਂਦਾ ਹੈ।

ਇਸ ਖੇਡ ਲਈ ਕਿਸੇ ਕਿਸਮ ਦੇ ਸਮਾਨ ਦੀ ਲੋੜ ਨਹੀਂ ਪੈਂਦੀ । ਪਹਿਲਾਂ ਇਸ ਖੇਡ ਦਾ ਸਮਾਂ ਕੋਈ ਖ਼ਾਸ ਨਿਸ਼ਚਤ ਨਹੀਂ ਸੀ, ਪਰ ਅਜ ਕੱਲ ਇਸ ਦਾ ਸਮਾਂ ਨਿਸ਼ਚਤ ਕਰ ਦਿੱਤਾ ਗਿਆ ਹੈ। ਇਹ ਸਮਾਂ ਕੁੱਲ ਚਾਲ੍ਹੀ ਮਿੰਟਾਂ ਦਾ ਹੁੰਦਾ ਹੈ। ਵੀਹਾਂ ਮਿੰਟਾਂ ਪਿੱਛੋਂ ਟੀਮਾਂ ਨੂੰ ਪਾਸੇ ਬਦਲਨੇ ਪੈਂਦੇ ਹਨ। ਕੁਝ ਸਾਲ ਪਹਿਲਾਂ, ਇਹ ਸਮਾਂ ਦੋਵੇਂ ਖੇਡਣ ਵਾਲੀਆਂ ਟੋਲੀਆਂ ਦੇ ਸਮਝੌਤੇ ਅਨੁਸਾਰ ਨਿਸ਼ਚਿਤ ਕੀਤਾ ਜਾਂਦਾ ਸੀ।

ਦੋਹਾਂ ਟੋਲੀਆਂ ਦੇ ਆਗੂ ਆਪਸ ਵਿਚ ਟਾਸ ਕਰਦੇ ਹਨ ਤੇ ਜਿਹੜਾ ਆਗੂ ਟਾਸ ਜਿੱਤ ਜਾਂਦਾ ਹੈ, ਉਹ ਜਾਂ ਕਬੱਡੀ ਜਾਣਾ ਮੱਲਦਾ ਹੈ ਜਾਂ ਪਾਸਾ ਮੱਲਦਾ ਹੈ। ਇਸ ਤਰ੍ਹਾਂ ਕਬੱਡੀ ਮੱਲਣ ਵਾਲੇ ਪਾਸੇ ਵਲੋਂ ਇਕ ਖਿਡਾਰੀ ਵਿਰੋਧੀ ਪਾਸੇ ਵਲ ਪਾਲਿਆਂ ਦੇ ਵਿਚੋਂ ਲੰਘ ਕੇ ‘ਕਬੱਡੀ, ਕਬੱਡੀ ਕਹਿੰਦਾ ਹੋਇਆ ਵਿਰੋਧੀ ਖਿਡਾਰੀਆਂ ਦੀ ਟੋਲੀ ਵੱਲ ਵਧਦਾ ਹੈ ਤੇ ਆਪ ਬਚਦਾ-ਬਚਾਂਦਾ ਕਿਸੇ ਇੱਕ ਖਿਡਾਰੀ ਨੂੰ ਹੱਥ ਲਾਉਣ ਦਾ ਯਤਨ ਕਰਦਾ ਹੈ । ਜਿਸ ਕਿਸੇ ਖਿਡਾਰੀ ਨੂੰ ਹੱਥ ਲਗਦਾ ਹੈ, ਉਹ ਕਬੱਡੀ ਪਾਉਣ ਵਾਲੇ ਨੂੰ ਜੱਫਾ ਮਾਰ ਕੇ ਆਪਣੇ ਪਾਸੇ ਰੱਖਣ ਦਾ ਯਤਨ ਕਰਦਾ ਹੈ ਤੇ ਦੂਜਾ ਸਾਹ ਮੁੱਕਣ ਤੋਂ ਪਹਿਲਾਂ ਪਾਲੇ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ । ਜਿਹੜਾ ਆਪਣੇ ਮਨੋਰਥ ਵਿਚ ਸਫਲ ਹੋ ਜਾਂਦਾ ਹੈ ਉਹ ਆਪਣੀ ਟੋਲੀ ਲਈ ਇਕ ਨੰਬਰ ਜਿੱਤ ਲੈਂਦਾ ਹੈ। ਇਸੇ ਤਰ੍ਹਾਂ ਵਾਰੋ ਵਾਰੀ ਦੋਹਾਂ ਟੋਲੀਆਂ ਦੇ ਖਿਡਾਰੀ ਇਕ ਇਕ ਕਰ ਕੇ ਵਿਰੋਧੀ ਪਾਸੇ ਵੱਲ ਕਬੱਡੀ ਪਾਉਣ ਜਾਂਦੇ ਹਨ ਅਤੇ ਆਪਣੀ ਆਪਣੀ ਟੋਲੀ ਲਈ ਨੰਬਰ ਬਣਾਉਂਦੇ ਹਨ। ਨਿਸਚਿਤ ਕੀਤੇ ਸਮੇਂ ਵਿੱਚ ਦੋਵੇਂ ਟੋਲੀਆਂ ਇਕ ਦੂਜੇ ਨਾਲੋਂ ਵੱਧ ਨੰਬਰ ਬਣਾਉਣ ਦਾ ਯਤਨ ਕਰਦੀਆਂ ਹਨ। ਜਿਹੜੀ ਟੋਲੀ ਨਿਸਚਿਤ ਸਮੇਂ ਵਿੱਚ ਜ਼ਿਆਦਾ ਨੰਬਰ ਬਣਾ ਲਵੇ, ਉਹ ਟੋਲੀ ਜਿੱਤ ਜਾਂਦੀ ਹੈ।

ਇਸ ਖੇਡ ਨੂੰ ਚਲਾਉਣ ਲਈ ਇਕ ਰੈਫ਼ਰੀ ਤੇ ਇਕ ਨੰਬਰ ਗਿਣਨ ਵਾਲਾ ਨਿਸਚਿਤ ਕਰ ਲਏ ਜਾਂਦੇ ਹਨ । ਰੈਫਰੀ ਨਿਯਮਾਂ ਅਨੁਸਾਰ ਖੇਡ ਖਿਡਾਂਦਾ ਹੈ ਅਤੇ ਨੰਬਰ ਗਿਣਨ ਵਾਲਾ ਨੰਬਰਾਂ ਦਾ ਹਿਸਾਬ ਰਖਦਾ ਹੈ। ਖੇਡ ਸ਼ੁਰੂ ਕਰਨੀ ਜਾਂ ਬੰਦ ਕਰਨੀ, ਨੰਬਰ ਦੇਣਾ ਜਾਂ ਨਾ ਦੇਣਾ ਇਹ ਸਭ ਕੁਝ ਰੈਫਰੀ ਦੇ ਹੱਥ ਵਿਚ ਹੁੰਦਾ ਹੈ।

ਇਸ ਖੇਡ ਨੂੰ ਖਿਡਾਉਣ ਵੇਲੇ ਹੇਠ ਲਿਖੇ ਨਿਯਮਾਂ ਦਾ ਧਿਆਨ ਰੱਖਿਆ ਜਾਂਦਾ ਹੈ :-

(1) ਕਬੱਡੀ ਪਾਉਣ ਵੇਲੇ ਉੱਚੀ ਉੱਚੀ ‘ਕਬੱਡੀ, ਕਬੱਡੀ’ ਜਾਂ ‘ਕੌਡੀ ਕੌਡੀ ਕਹਿਣਾ ਜ਼ਰੂਰੀ ਹੈ।

(2) ਜੇ ਕਬੱਡੀ ਪਾਉਣ ਵਾਲਾ ਵਿਰੋਧੀ ਖਿਡਾਰੀ ਨੂੰ ਹੱਥ ਲਾ ਕੇ ਜਾਂ ਜੱਫਾ ਛੁਡਾ ਕੇ ਪਾਲੇ ਵਾਲੀ ਲੀਕ ਉਤੇ ‘ਕਬੱਡੀ, ਕਬੱਡੀ’ ਕਰਦਾ ਪਹੁੰਚ ਜਾਂਦਾ ਹੈ ਤਾਂ ਉਹ ਆਪਣੀ ਟੋਲੀ ਲਈ ਇਕ ਨੰਬਰ ਜਿੱਤ ਲੈਂਦਾ ਹੈ। ਜੇ ਵਿਰੋਧੀ ਖਿਡਾਰੀ ਇਸ ਕਬੱਡੀ ਪਾਉਣ ਵਾਲੇ ਨੂੰ ਉਸ ਦਾ ਸਾਹ ਮੁੱਕਣ ਤੱਕ ਆਪਣੇ ਪਾਸੇ ਹੀ ਰੱਖ ਲਵੇ ਤਾਂ ਵਿਰੋਧੀ ਖਿਡਾਰੀ ਆਪਣੀ ਟੋਲੀ ਲਈ ਇਕ ਨੰਬਰ ਬਣਾ ਲੈਂਦਾ ਹੈ।

(3) ਕਿਸੇ ਖਿਡਾਰੀ ਨੂੰ ਖੇਡ ਸਮੇਂ ਮੁੱਕਾ, ਠੁੱਡਾ, ਚਪੇੜ ਆਦਿ ਮਾਰਨਾ ਮਨ੍ਹਾਂ ਹੈ, ਇਸ ਤਰ੍ਹਾਂ ਮਾਰਨ ਵਾਲੇ ਦੇ ਉਲਟ ਨੰਬਰ ਦਿੱਤਾ ਜਾਂਦਾ ਹੈ।

(4) ਚੱਕਰ ਵਾਲੀ ਲੀਕ ਤੋਂ ਬਾਹਰ ਨਿਕਲ ਜਾਣ ਵਾਲਾ ਖਿਡਾਰੀ ਆਪਣੀ ਵਿਰੋਧੀ ਟੀਮ ਨੂੰ ਇਕ ਨੰਬਰ ਦੁਆ ਦੇਂਦਾ ਹੈ।

(5) ਪਾਲਿਆਂ ਤੋਂ ਬਾਹਰ ਆਉਣ ਵਾਲਾ ਖਿਡਾਰੀ ਵੀ ਇਕ ਨੰਬਰ ਵਿਰੋਧੀ ਟੋਲੀ ਨੂੰ ਦੁਆ ਦੇਂਦਾ ਹੈ ।

(6) ਦੋਹਾਂ ਟੋਲੀਆਂ ਦੇ ਖਿਡਾਰੀ, ਵਾਰੋ ਵਾਰੀ, ਕਬੱਡੀ ਪਾਉਣ ਲਈ ਇਕ ਦੂਜੇ ਦੇ ਪਾਸੇ ਵੱਲ ਜਾਂਦੇ ਹਨ ।

() ਲੰਮੀ ਕਬੱਡੀ

ਲੰਮੀ ਕਬੱਡੀ ਤੇ ਜੱਫਲ ਕਬੱਡੀ ਵਿਚ ਵੱਡਾ ਫਰਕ ਇਹ ਹੈ ਕਿ ਜਿਥੇ ਜੱਫਲ ਕਬੱਡੀ ਵਿਚ ਕਬੱਡੀ ਪਾਉਣ ਵਾਲੇ ਨੂੰ ਜੱਫਾ ਮਾਰ ਕੇ ਆਪਣੇ ਪਾਸੇ ਵੱਲ ਰੱਖਣ ਦਾ ਯਤਨ ਕੀਤਾ ਜਾਂਦਾ ਹੈ, ਉੱਥੇ ਇਸ ਕਬੱਡੀ ਵਿਚ ਕਬੱਡੀ ਪਾਉਣ ਵਾਲੇ ਦੇ ਹੱਥ ਲੱਗਣ ਤੋਂ ਬਚਣ ਤੇ ਉਸ ਦੇ ਸਾਹ ਮੁੱਕਣ ਉੱਤੇ ਉਸ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਸ ਤਰ੍ਹਾਂ ਜੇ ਇਸ ਲੰਮੀ ਕਬੱਡੀ ਨੂੰ ‘ਛੁਹਣ ਛੁਹਾਣ’ ਵਰਗੀ ਖੇਡ ਕਿਹਾ ਜਾਵੇ ਤਾਂ ਕੋਈ ਭੁੱਲ ਨਹੀਂ ਹੋਵੇਗੀ। ਇਉਂ ਸਮਝੋ ਕਿ ‘ਛੁਹਣ ਛੁਹਾਣ’ ਦੀ ਖੇਡ ਵਿਚ ਕੇਵਲ ‘ਕਬੱਡੀ, ਕਬੱਡੀ’, ਕਹਿਣ ਦਾ ਹੀ ਵਾਧਾ ਕੀਤਾ ਗਿਆ ਹੈ। ਇਹ ਕਬੱਡੀ ਵੀ ਜੱਫਲ ਕਬੱਡੀ ਵਾਂਗ ਦੋ ਟੋਲੀਆਂ ਖੇਡਦੀਆਂ ਹਨ । ਇਕ ਟੋਲੀ ਦੇ ਖਿਡਾਰੀਆਂ ਦੀ ਗਿਣਤੀ ਦਸ ਤੋਂ ਲੈ ਕੇ ਪੰਦਰਾਂ ਤੱਕ ਹੁੰਦੀ ਹੈ । ਚੰਗੀ ਖੁੱਲ੍ਹੀ ਥਾਂ ਉੱਤੇ, ਦੋ ਮਿੱਟੀ ਜਾਂ ਕੱਪੜਿਆਂ ਦੇ ਪਾਲੇ ਜਿਨ੍ਹਾਂ ਦੀ ਆਪਸ ਵਿਚ ਦੀ ਦਸ ਤੋਂ ਵੀਹ ਫੁਟ ਤੱਕ ਦੀ ਵਿੱਥ ਹੁੰਦੀ ਹੈ, ਬਣਾ ਲਏ ਜਾਂਦੇ ਹਨ। ਇਨ੍ਹਾਂ ਢੇਰੀਆਂ ਜਾਂ ਪਾਲਿਆਂ ਤੋਂ ਇਕ ਪਾਸੇ ਦੀ ਥਾਂ ਇਕ ਟੋਲੀ ਦੀ, ਦੂਜੇ ਪਾਸੇ ਦੀ ਥਾਂ, ਦੂਜੀ ਟੋਲੀ ਦੀ ਹੋ ਜਾਂਦੀ ਹੈ। ਅਖ਼ੀਰੀ ਹੱਦ ਦੋਹਾਂ ਪਾਸਿਆਂ ਵੱਲ ਕੋਈ ਨਹੀਂ ਹੁੰਦੀ ਤੇ ਖਿਡਾਰੀ ਜਿੰਨੀ ਦੂਰ ਦੌੜਨਾ ਚਾਹੁਣ ਦੌੜ ਸਕਦੇ ਹਨ।

ਸਾਰੀ ਖੇਡ ਦਾ ਸਮਾਂ ਜੱਫਲ ਕੌਡੀ ਵਾਂਗ, ਚਾਲ੍ਹੀ ਮਿੰਟਾਂ ਦਾ ਹੁੰਦਾ ਹੈ ਅਤੇ ਇਸ ਸਮੇਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ। ਜਿੱਥੇ ਘੜੀ ਨਾ ਮਿਲ ਸਕੇ ਜਾਂ ਨਾ ਵਰਤਣੀ ਹੋਵੇ ਉੱਥੇ ਇਕ ਪਾਸੇ ਦੇ ਸਾਰੇ ਖਿਡਾਰੀ ਬੈਠ (ਮਰ) ਜਾਂਦੇ ਹਨ, ਤਾਂ ਇਕ ਭਾਗ ਖ਼ਤਮ ਹੋਇਆ ਸਮਝਿਆ ਜਾਂਦਾ ਹੈ । ਇਸੇ ਤਰ੍ਹਾਂ ਜੇ ਉਸ ਟੋਲੀ ਦੇ ਸਾਰੇ ਖਿਡਾਰੀ ਦੂਜੀ ਵਾਰੀ ਵੀ ਬੈਠ ਜਾਣ ਤਾਂ ਖੇਡ ਖਤਮ ਹੋ ਜਾਂਦੀ ਹੈ। ਜੇ ਦੋਵੇਂ ਟੋਲੀਆ ਇਕ ਇਕ ਵਾਰੀ ‘ਬੈਠ’ ਜਾਣ ਤਾਂ ਇਕ ਵਾਰ ਫਿਰ ਪਹਿਲੇ ਵਾਂਗ ਖੇਡ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਵਾਰੀ ਦੇ ਨਤੀਜੇ ਉੱਤੇ ਖੇਡ ਦਾ ਫ਼ੈਸਲਾ ਹੁੰਦਾ ਹੈ। ਜੱਫਲ ਕਬਡੀ ਵਾਂਗ ਇਸ ਦੇ ਪਾਸਿਆਂ ਤੇ ਪਹਿਲੀ ਕਬੱਡੀ ਦਾ ਨਿਰਣਾ ਟਾਸ ਨਾਲ ਕੀਤਾ ਜਾਂਦਾ ਹੈ। ਟਾਸ ਜਿੱਤਣ ਵਾਲੀ ਟੋਲੀ ਕਬੱਡੀ ਜਾਣਾ ਜਾਂ ਕੋਈ ਪਾਸਾ ਮੱਲਦੀ ਹੈ। ਕਬੱਡੀ ਜਾਣ ਵਾਲਾ ਪਾਲਿਆਂ ਵਿਚੋਂ ਦੀ ਲੰਘਦਾ ਹੋਇਆ ‘ਕਬੱਡੀ ਕਬੱਡੀ’ ਕਹਿੰਦਾ ਵਿਰੋਧੀ ਟੋਲੀ ਦੇ ਖਿਡਾਰੀਆਂ ਵਲ ਵਧਦਾ ਹੈ ਤੇ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਵਿਰੋਧੀ ਟੋਲੀ ਵਾਲੇ ਉਸ ਤੋਂ ਬਚਣ ਲਈ ਅੱਗੇ ਅੱਗੇ ਦੌੜਦੇ ਹਨ ਤੇ ਉਸ ਨੂੰ ਝਾਕਾ ਦਿੰਦੇ ਹਨ। ਕਬੱਡੀ ਪਾਉਣ ਵਾਲੇ ਨੂੰ ਆਪਣੇ ਸਾਹ ਦੇ ਅੰਦਰ ਅੰਦਰ ਹੀ ਵਿਰੋਧੀ ਟੋਲੀ ਦੇ ਪਾਸੇ ਵਲ ਰਹਿਣਾ ਪੈਂਦਾ ਹੈ। ਸਾਹ ਮੁੱਕ ਜਾਣ ਉੱਤੇ ਉਸ ਨੂੰ ਆਪਣੇ ਪਾਸੇ ਆਉਣਾ ਪੈਂਦਾ ਹੈ। ਸਾਹ ਦੇ ਹੁੰਦਿਆਂ ਜੇ ਖਿਡਾਰੀ ਵਿਰੋਧੀ ਟੋਲੀ ਦੇ ਕਿਸੇ ਖਿਡਾਰੀ ਨੂੰ ਹੱਥ ਲਾ ਕੇ ਅਤੇ ਸਾਹ ਸਮੇਤ ਪਾਲੇ ਵਿਚਦੀ ਲੀਕ ਨੂੰ ਪਾਰ ਕਰ ਕੇ ਆਪਣੇ ਪਾਸੇ ਵਿਚ ਆ ਜਾਵੇ ਤਾਂ ਉਹ ਆਪਣੀ ਟੋਲੀ ਲਈ ਇਕ ਨੰਬਰ ਜਿੱਤ ਲੈਂਦਾ ਹੈ। ਇਸ ਦੇ ਉਲਟ ਜੇ ਕਬੱਡੀ ਪਾਉਣ ਵਾਲੇ ਦਾ ਸਾਹ ਵਿਰੋਧੀ ਟੋਲੀ ਵਾਲੇ ਪਾਸੇ ਵਿਚ ਹੀ ਮੁੱਕ ਜਾਵੇ ਅਤੇ ਵਿਰੋਧੀ ਟੋਲੀ ਦਾ ਕੋਈ ਖਿਡਾਰੀ ਉਸ ਨੂੰ ਹੱਥ ਲਾ ਦੇਵੇ ਤਾਂ ਵਿਰੋਧੀ ਟੋਲੀ ਇਕ ਨੰਬਰ ਜਿੱਤ ਲੈਂਦੀ ਹੈ । ਬਿਨਾਂ ਹੱਥ ਲਾਏ ਜਾ ਲੱਗੇ ਕੋਈ ਨੰਬਰ ਨਹੀ ਗਿਣਿਆ ਜਾਂਦਾ। ਇਸ ਤਰ੍ਹਾਂ ਦੋਨਾਂ ਟੋਲੀਆਂ ਦੇ ਖਿਡਾਰੀ ਵਾਰੀ ਵਾਰੀ ਇਕ ਦੂਜੇ ਵੱਲ ਜਾ ਕੇ ‘ਕਬੱਡੀ, ਕਬੱਡੀ ਕਰਦੇ ਛੂੰਹਦੇ ਅਤੇ ਹੱਥ ਲਾਉਂਦੇ ਹਨ ਅਤੇ ਇਸ ਦੌੜ ਅਨੁਸਾਰ ਨੰਬਰ ਜਿੱਤਦੇ ਤੇ ਹਾਰਦੇ ਹਨ। ਸਮੇਂ ਦੇ ਪਿੱਛੋਂ ਸਾਰਿਆਂ ਨੰਬਰਾਂ ਦਾ ਹਿਸਾਬ ਕੀਤਾ ਜਾਂਦਾ ਹੈ । ਜਿਸ ਟੋਲੀ ਦੇ ਨੰਬਰ ਜ਼ਿਆਦਾ ਹੋਣ ਉਹ ਜਿੱਤੀ ਸਮਝੀ ਜਾਂਦੀ ਹੈ ਅਤੇ ਦੂਸਰੀ ਹਾਰੀ । ਜੇ ਖਿਡਾਰੀਆਂ ਦੇ ਬੈਠਣ ਉੱਤੇ ਸਿੱਟਾ ਕੱਢਣਾ ਹੋਵੇ ਤਾਂ ਤਿੰਨ ਖੇਡਾਂ ਵਿਚੋਂ ਜਿਸ ਟੋਲੀ ਦੇ ਸਾਰੇ ਖਿਡਾਰੀ ਦੋ ਖੇਡਾਂ ਵਿਚ ਬੈਠ (ਮਰ) ਜਾਣ, ਉਹ ਟੋਲੀ ਹਾਰੀ ਹੋਈ ਸਮਝੀ ਜਾਂਦੀ ਹੈ।

ਗੁੱਲੀ ਡੰਡਾ

ਪੱਛਮੀ ਦੇਸਾਂ ਦੀਆਂ ਮਸ਼ਹੂਰ ਖੇਡਾਂ ਕ੍ਰਿਕਟ ਅਤੇ ਬੇਸ-ਬਾਲ ਨਾਲ ਮਿਲਦੀ-ਜੁਲਦੀ ਪੰਜਾਬ ਦੀ ਖੇਡ ਗੁੱਲੀ ਡੰਡਾ ਹੈ। ਜਿੱਥੇ ਕ੍ਰਿਕਟ ਅਤੇ ਬੇਸ-ਬਾਲ ਵਿਚ ਚੌੜੇ ਤੇ ਗੋਲ ਬੱਲਿਆਂ ਨਾਲ ਗੇਂਦ ਨੂੰ ਸੱਟ ਮਾਰ ਕੇ ਦੂਰ ਸੁੱਟਿਆ ਜਾਂਦਾ ਹੈ ਉੱਥੇ ਗੁੱਲੀ ਡੰਡੇ ਵਿਚ, ਕਿਸੇ ਡੰਡੇ ਨਾਲ, ਗੁੱਲੀ ਨੂੰ ਉਭਾਰ ਕੇ ਦੂਰ ਸੁੱਟਿਆ ਜਾਂਦਾ ਹੈ। ਇਸ ਦੇ ਕਈ ਹੋਰ ਪੱਖ, ਜਿਵੇਂ ਗੁੱਲੀ ਨੂੰ ਹਵਾ ਵਿਚ ਬੋਚਣਾ, ਡੰਡੇ ਦਾ ਨਿਸ਼ਾਨਾ ਲਾਉਣਾ, ਆਦਿ ਵੀ ਉਪਰੋਕਤ ਪੱਛਮੀ ਖੇਡਾਂ ਨਾਲ ਬਹੁਤ ਹੱਦ ਤੱਕ ਮਿਲਦੇ ਜੁਲਦੇ ਹਨ ।

ਇਸ ਖੇਡ ਦੇ ਉੱਘੇ ਉੱਘੇ ਪੱਖ-ਗੁੱਲੀ ਦੀ ਘੜ ਕੇ ਪਤਲੀ ਕੀਤੀ ਹੋਈ ਨੁੱਕਰ ਉੱਤੇ, ਡੰਡੇ ਨਾਲ ਇਸ ਤਰ੍ਹਾਂ ਮਾਰਨਾ ਕਿ ਗੁੱਲੀ ਹਵਾ ਵਿਚ ਉੱਭਰ ਸਕੇ, ਗੁੱਲੀ ਨੂੰ ਹਵਾ ਵਿਚ ਡੰਡੇ ਨਾਲ ਜ਼ੋਰ ਦੀ ਸੱਟ ਮਾਰ ਕੇ ਦੂਰ ਭੇਜਣਾ, ਗੁੱਲੀ ਨਾਲ ਡੰਡੇ ਦਾ ਨਿਸ਼ਾਨਾ ਲਾਉਣਾ ਤੇ ਗੁੱਲੀਂ ਨੂੰ ਹਵਾ ਵਿਚੋਂ ਬੋਚਣਾ ਆਦਿ ਹਨ। ਇਹ ਖੇਡ ਹਰ ਉਮਰ ਦੇ ਪ੍ਰਾਣੀਆਂ ਵਿਚ ਬੜੀ ਦਿਲਚਸਪੀ ਨਾਲ ਖੇਡੀ ਜਾਂਦੀ ਹੈ। ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਸਿਆਣੀ ਉਮਰ ਦੇ ਲੋਕਾਂ ਤੱਕ ਇਹ ਖੇਡ ਖੇਡ ਕੇ ਆਪਣਾ ਦਿਲ ਪਰਚਾਉਂਦੇ ਹਨ ।

ਇਹ ਖੇਡ ਦੋ ਖਿਡਾਰੀ ਜਾਂ ਦੋ ਟੋਲੀਆਂ ਖੇਡ ਸਕਦੀਆਂ ਹਨ। ਦੋਹਾਂ ਟੋਲੀਆਂ ਵਿਚ ਬਰਾਬਰ ਬਰਾਬਰ ਖਿਡਾਰੀ ਹੁੰਦੇ ਹਨ। ਖਿਡਾਰੀਆਂ ਦੀ ਗਿਣਤੀ ਕੋਈ ਖ਼ਾਸ ਨਿਸ਼ਚਿਤ ਨਹੀਂ ਹੁੰਦੀ। ਜਿੰਨੇ ਵੀ ਖਿਡਾਰੀ ਹੋਣ ਦੋ ਟੋਲੀਆਂ ਵਿਚ ਬਰਾਬਰ ਬਰਾਬਰ ਵੰਡ ਲਏ ਜਾਂਦੇ ਹਨ। ਆਮ ਤੌਰ ਤੇ ਇਕ ਟੋਲੀ ਵਿਚ ਖਿਡਾਰੀ ਦੋ ਤੋਂ ਪੰਜ ਤੱਕ ਹੁੰਦੇ ਹਨ।

ਗੱਭਰੂ ਤਾਂ ਖੁੱਲ੍ਹੇ ਮੈਦਾਨ ਦੀ ਵਰਤੋਂ ਕਰਦੇ ਹਨ ਪਰ ਛੋਟੇ ਮੁੰਡੇ ਥੋੜ੍ਹੀ ਜਿਹੀ ਥਾਂ ਅਥਵਾ ਘਰ ਦੇ ਵਿਹੜੇ ਜਾਂ ਘਰਾਂ ਦੇ ਸਾਹਮਣੇ ਖਾਲੀ ਪਈ ਥਾਂ ਵਿਚ ਹੀ ਕੰਮ ਸਾਰ ਲੈਂਦੇ ਹਨ। ਇਸ ਦਾ ਕਾਰਨ ਅਵਸਥਾ ਦੇ ਬਲ ਅਨੁਸਾਰ ਗੁੱਲੀ ਦਾ ਨੇੜੇ ਜਾਂ ਦੂਰ ਜਾਣਾ ਹੈ। ਖੇਡਣ ਵਾਲੀ ਥਾਂ ਦੇ ਵਿਚਕਾਰ ਇਕ ਰਾਬ ਖੁੱਤੀ ਹੁੰਦੀ ਹੈ ਜਿਹੜੀ ਤਕਰੀਬਨ ਛੇ ਇੰਚ ਤੋਂ ਲੈ ਕੇ ਨੌਂ ਇੰਚ ਤੱਕ ਲੰਮੀ ਅਤੇ ਦੋ ਤੋਂ ਚਾਰ ਇੰਚ ਤੱਕ ਡੂੰਘੀ ਅਤੇ ਤਕਰੀਬਨ ਏਨੀ ਹੀ ਚੌੜੀ ਹੁੰਦੀ ਹੈ।

ਇਕ ਲੱਕੜੀ ਦਾ ਡੰਡਾ ਗੋਲ ਜਾਂ ਚਪਟਾ, ਇਕ ਫੁੱਟ ਤੋਂ ਤਿੰਨ ਫੁੱਟ ਲੰਮਾ ਤੇ ਇਕ ਲੱਕੜੀ ਦੀ ਗੁੱਲੀ, ਜਿਸ ਦੇ ਦੋਵੇਂ ਪਾਸੇ ਘੜੇ ਹੋਏ ਅਤੇ ਜਿਸ ਦੀ ਲੰਬਾਈ ਪੰਜ ਇੰਚ ਤੋਂ ਨੌਂ ਇੰਚ ਅਤੇ ਘੇਰਾ ਦੋ ਤੋਂ ਪੰਜ ਤੱਕ ਹੁੰਦਾ ਹੈ, ਵਰਤੇ ਜਾਂਦੇ ਹਨ। ਚਪਟੇ ਜਾਂ ਗੋਲ ਡੰਡੇ ਦਾ ਇਕ ਸਿਰਾ ਏਨਾ ਗੋਲ ਜਾਂ ਚਪਟਾ ਹੁੰਦਾ ਹੈ ਕਿ ਉਹ ਆਸਾਨੀ ਨਾਲ ਹੱਥ ਦੀ ਮੁੱਠੀ ਵਿਚ ਆ ਜਾਂਦਾ ਹੈ।

ਖੇਡ ਦਾ ਸਮਾਂ ਖੁੱਲ੍ਹਾ ਹੁੰਦਾ ਹੈ ਅਤੇ ਇਹ ਮਿਥੀਆਂ ਹੋਈਆਂ ਵਾਰੀਆਂ ਦੇ ਖ਼ਤਮ ਹੋ ਜਾਣ ਤੇ ਹੀ ਮੁੱਕ ਜਾਂਦਾ ਹੈ । ਉਦਾਹਰਣ ਦੇ ਤੌਰ ਤੇ ਜੇ ਦੋ ਦੋ ਵਾਰੀਆਂ ਦਾ ਫੈਸਲਾ ਕੀਤਾ ਗਿਆ ਹੋਵੇ ਤਾਂ ਜਦੋਂ ਤਕ ਦੋਵੇਂ ਟੋਲੀਆਂ ਦੋ ਦੋ ਵਾਰੀਆਂ ਲੈ ਨਹੀਂ ਲੈਂਦੀਆਂ, ਖੇਡ ਜਾਰੀ ਰਹੇਗੀ। ਆਮ ਤੋਰ ਤੇ ਇਹ ਖੇਡ ਅਣਮਿੱਥੇ ਸਮੇਂ ਤੱਕ ਖੇਡੀ ਜਾਂਦੀ ਹੈ ਅਤੇ ਖਿਡਾਰੀ ਓਦੋਂ ਹੀ ਬੱਸ ਕਰਦੇ ਹਨ ਜਦੋਂ ਉਹ ਅੱਕ ਥੱਕ ਜਾਣ।

ਸ਼ੁਰੂ ਕਰਨ ਤੋਂ ਪਹਿਲਾਂ, ਜਿਸ ਟੋਲੀ ਦਾ ਆਗੂ ਆਪਣੇ ਡੰਡੇ ਉੱਤੇ ਗੁੱਲੀ ਨੂੰ ਬਹੁਤੀ ਵਾਰੀ ਭੁੜਕਾ ਲੈਂਦਾ ਹੈ, ਉਸ ਦੀ ਟੋਲੀ ਦੀ ਪਹਿਲੀ ਵਾਰੀ ਹੋ ਜਾਂਦੀ ਹੈ । ਵਾਰੀ ਲੈਣ ਵਾਲੀ ਟੋਲੀ ਦੇ ਸਾਰੇ ਖਿਡਾਰੀ ਖੁੱਤੀ ਜਾਂ ਰਾਬ ਦੇ ਪਿੱਛੇ ਖੜੇ ਹੋ ਜਾਂਦੇ ਹਨ ਅਤੇ ਦੂਜੀ ਟੋਲੀ ਦੇ ਖਿਡਾਰੀ ਸਾਹਮਣੇ । ਵਾਰੀ ਲੈਣ ਵਾਲਿਆਂ ਵਿਚੋਂ ਖਿਡਾਰੀ ਗੁੱਲੀ ਅਤੇ ਡੰਡੇ ਨੂੰ ਹੱਥ ਵਿਚ ਫੜ ਕੇ ਰਾਬ ਜਾਂ ਖੁੱਤੀ ਦੇ ਕੋਲ ਜਾਂਦਾ ਹੈ ਅਤੇ ਗੁੱਲੀ ਨੂੰ ਖੁੱਤੀ ਉੱਤੇ ਰੱਖ ਕੇ, ਡੰਡੇ ਦੇ ਇਕ ਸਿਰੇ ਨੂੰ ਰਾਬ ਵਿਚ ਗੁੱਲੀ ਦੇ ਹੇਠਾਂ ਰੱਖ, ਡੰਡੇ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਗੁੱਲੀ ਨੂੰ ਅੱਗੇ ਖੜੇ ਖਿਡਾਰੀਆਂ ਵੱਲ ਜ਼ੋਰ ਦੀ ਸੁੱਟਦਾ ਹੈ। ਸਾਹਮਣੇ ਖੜੇ ਖਿਡਾਰੀ ਇਸ ਤਰ੍ਹਾਂ ਸੁੱਟੀ ਹੋਈ ਗੁੱਲੀ ਨੂੰ ਬੋਚਣ ਦਾ ਯਤਨ ਕਰਦੇ ਹਨ। ਜੇ ਕੋਈ ਵਿਰੋਧੀ ਖਿਡਾਰੀ ਇਸ ਗੁੱਲੀ ਨੂੰ ਬੋਚ ਲੈਂਦਾ ਹੈ ਤਾਂ ਵਾਰੀ ਲੈ ਰਹੇ ਖਿਡਾਰੀ ਦੀ ਵਾਰੀ ਚਲੀ ਜਾਂਦੀ ਹੈ। ਗੁੱਲੀ ਨਾ ਬੋਚੀ ਜਾਣ ਤੇ ਵਾਰੀ ਲੈਣ ਵਾਲਾ ਖਿਡਾਰੀ ਡੰਡਾ ਰਾਬ ਦੇ ਆਰ-ਪਾਰ ਰਖਦਾ ਹੈ ਤੇ ਵਿਰੋਧੀ ਖਿਡਾਰੀਆਂ ਵਿਚੋਂ ਜਿੱਥੇ ਗੁੱਲੀ ਜਾ ਕੇ ਡਿੱਗੀ ਹੋਵੇ, ਉਸ ਥਾਂ ਤੋਂ ਡੰਡੇ ਦਾ ਗੁੱਲੀ ਨਾਲ ਨਿਸ਼ਾਨਾ ਬਣਾਉਂਦਾ ਹੈ। ਜਦੋਂ ਗੁੱਲੀ ਡੰਡੇ ਨੂੰ ਨਹੀਂ ਲਗਦੀ ਤਾਂ ਵਾਰੀ ਲੈਣ ਵਾਲਾ ਖਿਡਾਰੀ ਰਾਬ ਤੋਂ ਡੰਡੇ ਨੂੰ ਚੁੱਕ ਕੇ ਗੁੱਲੀ ਦੇ ਇਕ ਸਿਰੇ ਉੱਤੇ ਡੰਡਾ ਮਾਰ, ਗੁੱਲੀ ਨੂੰ ਉਭਾਰਦਾ ਹੈ ਤੇ ਇਸ ਤਰ੍ਹਾਂ ਉੱਛਲੀ ਹੋਈ ਗੁੱਲੀ ਨੂੰ ਜ਼ਮੀਨ ਉੱਤੇ ਡਿੱਗਣ ਤੋਂ ਪਹਿਲਾਂ ਜ਼ੋਰ ਦੀ ਸੱਟ ਮਾਰਦਾ ਹੈ (ਇਸ ਨੂੰ ਗੁੱਲੀ ਮਾਰਨਾ ਵੀ ਕਹਿੰਦੇ ਹਨ) । ਇਸ ਤਰ੍ਹਾਂ ਵਾਰੀ ਲੈਣ ਵਾਲਾ ਖਿਡਾਰੀ ਇਕ ਇਕ ਕਰ ਕੇ ਦੋ ਹੋਰ ਗੁੱਲ ਮਾਰਦਾ ਹੈ। ਇਨ੍ਹਾਂ ਗੁੱਲਾਂ ਤੋਂ ਪਿੱਛੋਂ ਵਾਰੀ ਲੈਣ ਵਾਲਾ ਖਿਡਾਰੀ ਡੰਡਾ ਫੇਰ ਰਾਬ ਉੱਤੇ ਰੱਖ ਦੇਂਦਾ ਹੈ ਤੇ ਵਿਰੋਧੀ ਟੋਲੀ ਦਾ ਇਕ ਖਿਡਾਰੀ ਗੁੱਲੀ ਡੰਡੇ ਦਾ ਪਹਿਲੇ ਵਾਂਗ ਨਿਸ਼ਾਨਾ ਲਾਉਂਦਾ ਹੈ। ਇਸ ਤਰ੍ਹਾਂ ਵਾਰੀ ਲੈਣ ਵਾਲਾ ਖਿਡਾਰੀ ਉਦੋਂ ਤੱਕ ਖੇਡਦਾ ਰਹਿੰਦਾ ਹੈ, ਜਦੋਂ ਤੱਕ ਉਸ ਦੀ ਵਾਰੀ ਗੁੱਲੀ ਦੇ ਬੋਚਣ ਨਾਲ ਜਾਂ ਡੰਡੇ ਦਾ ਨਿਸ਼ਾਨਾ ਲਗ ਜਾਣ ਨਾਲ ਨਹੀਂ ਜਾਂਦੀ। ਇਕ ਖਿਡਾਰੀ ਦੀ ਵਾਰੀ ਜਾਣ ਪਿੱਛੋਂ ਦੂਜੇ ਖਿਡਾਰੀ ਦੀ ਵਾਰੀ ਆਉਂਦੀ ਹੈ ਅਤੇ ਦੂਜੇ ਤੋਂ ਪਿੱਛੋਂ ਤੀਜੇ ਦੀ। ਇਸ ਤਰ੍ਹਾਂ ਵਾਰੀ ਲੈਣ ਵਾਲੀ ਟੋਲੀ ਦੇ ਸਾਰੇ ਖਿਡਾਰੀ ਇਕ ਦੂਜੇ ਦੇ ਪਿੱਛੋਂ ਵਾਰੀ ਲੈਂਦੇ ਜਾਂਦੇ ਹਨ। ਇਕ ਟੋਲੀ ਦੇ ਸਾਰੇ ਖਿਡਾਰੀਆਂ ਦੀ ਵਾਰੀ ਚਲੀ ਜਾਣ ਉੱਤੇ ਦੂਜੀ ਟੋਲੀ ਦੇ ਖਿਡਾਰੀਆਂ ਦੀ ਵਾਰੀ ਆਉਂਦੀ ਹੈ ਅਤੇ ਉਹ ਪਹਿਲੀ ਟੋਲੀ ਵਾਂਗ ਇਕ ਇਕ ਕਰ ਕੇ ਵਾਰੀ ਲੈਂਦੇ ਹਨ । ਜਦ ਦੋਹਾਂ ਟੋਲੀਆਂ ਦੀਆਂ ਮਿਥੀਆਂ ਹੋਈਆਂ ਵਾਰੀਆਂ ਖ਼ਤਮ ਹੋ ਜਾਂਦੀਆਂ ਹਨ ਤਾਂ ਖੇਡ ਵੀ ਮੁੱਕ ਜਾਂਦੀ ਹੈ । ਜੇ ਵਾਰੀਆਂ ਮਿਥੀਆਂ ਜਾਂ ਨਿਸ਼ਚਿਤ ਨਾ ਕੀਤੀਆਂ ਗਈਆਂ ਹੋਣ ਤਾਂ ਖੇਡ ਟੋਲੀਆਂ ਦੀ ਮਰਜ਼ੀ ਅਨੁਸਾਰ ਚਲਦੀ ਰਹਿੰਦੀ ਹੈ।

ਇਸ ਖੇਡ ਦੀ ਜਿੱਤ ਹਾਰ ਦਾ ਵੱਖਰਾ ਹੀ ਤਰੀਕਾ ਹੈ। ਇਸ ਵਿਚ ਜਿਹੜੀ ਟੋਲੀ ਜ਼ਿਆਦਾ ਦੇਰ ਤਕ ਖੇਡਦੀ ਰਹਿੰਦੀ ਹੈ, ਉਹ ਜਿੱਤੀ ਅਤੇ ਦੂਜੀ ਟੋਲੀ ਹਾਰੀ ਸਮਝੀ ਜਾਂਦੀ ਹੈ।

ਇਸ ਖੇਡ ਲਈ ਕਿਸੇ ਰੈਫਰੀ ਦੀ ਲੋੜ ਨਹੀਂ ਪੈਂਦੀ ਕਿਉਂ ਜੋ ਦੋਹਾਂ ਪੱਖਾਂ ਦੇ ਖਿਡਾਰੀ ਇਕ ਦੂਜੇ ਦੀ ਵਾਰੀ ਵੇਲੇ ਪੂਰਾ ਧਿਆਨ ਰੱਖਦੇ ਹਨ ਪਰ ਫੇਰ ਵੀ ਰੈਫਰੀ ਦੀ ਮੌਜੂਦਗੀ ਨਾ ਹੋਣ ਕਰ ਕੇ ਕਈ ਵਾਰੀ ਬਹੁਤ ਝਗੜੇ ਹੋਣ ਦਾ ਡਰ ਹੁੰਦਾ ਹੈ।

ਇਸ ਖੇਡ ਵਿਚ ਹੇਠ ਲਿਖੇ ਹੋਰ ਨਿਯਮਾਂ ਦਾ ਖ਼ਿਆਲ ਰੱਖਿਆ ਜਾਂਦਾ ਹੈ :-

(1) ਵਾਰੀ ਲੈਣ ਵਾਲੇ ਖਿਡਾਰੀ ਦੀ ਵਾਰੀ ਉਸੇ ਸਮੇਂ ਚਲੀ ਜਾਂਦੀ ਹੈ ਜਦੋਂ ਤਿੰਨਾਂ ਗੁੱਲਾਂ ਵਿਚੋਂ ਕੋਈ ਵੀ ਨਾ ਲੱਗੇ ।

(2) ਵਾਰੀ ਸ਼ੁਰੂ ਕਰਨ ਵੇਲੇ ਗੁੱਲੀ ਰਾਬ ਉੱਤੇ ਰੱਖ ਕੇ ਉੱਚੀ ਹਵਾ ਵਿਚ ਜਾਂ ਜ਼ਮੀਨ ਦੇ ਨਾਲ ਨਾਲ ਸੁੱਟੀ ਜਾ ਸਕਦੀ ਹੈ।

(3) ਗੁੱਲ ਹਰ ਪਾਸੇ ਵੱਲ ਮਾਰਿਆ ਜਾ ਸਕਦਾ ਹੈ।

(4) ਕਿਸੇ ਕਿਸੇ ਥਾਂ ਉੱਤੇ ਉੱਪਰ ਲਿਖੇ ਨਿਯਮਾਂ ਵਿਚ ਹੇਠਲੇ ਨਿਯਮ ਦਾ ਵਾਧਾ ਵੀ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਖੇਡ ਹੋਰ ਵੀ ਮਨੋਰੰਜਕ ਬਣਾ ਲਈ ਜਾਂਦੀ ਹੈ। ਖਿਡਾਰੀ ਆਪਣੀ ਵਾਰੀ ਸਮੇਂ ਗੁੱਲੀ ਨੂੰ ਟੁੱਲ ਮਾਰਨਾ ਉਦੋਂ ਬੰਦ ਕਰੇਗਾ ਜਦੋਂ ਉਸ ਕੋਲੋਂ ਕੋਈ ਟੁੱਲ ਖੁੰਝ ਜਾਵੇਗਾ। ਇਸ ਤਰ੍ਹਾਂ ਖਿਡਾਰੀ ਤਿੰਨਾਂ ਗੁੱਲਾਂ ਜਾਂ ਟੱਲਾਂ ਤੋਂ ਜ਼ਿਆਦਾ ਵੀ ਮਾਰ ਸਕਦਾ ਹੈ। ਜੇ ਕੋਈ ਖਿਡਾਰੀ ਛੇ ਤੋਂ ਦਸ ਟੁੱਲ ਮਾਰਨ ਵਿਚ ਸਫਲ ਹੋ ਜਾਂਦਾ ਹੈ ਤਾਂ ਉਹ ਆਪਣੇ ਇਕ ਹਾਣੀ ਦੀ ਗਈ ਹੋਈ ਵਾਰੀ ਫੇਰ ਬਣਾ ਲੈਂਦਾ ਹੈ। ਦਸ ਟੁੱਲ ਲੱਗਣ ਪਿੱਛੋਂ ਖੇਡ ਰਹੇ ਖਿਡਾਰੀ ਦੀ ਸਾਰੀ ਟੋਲੀ, ਗੁੱਲੀ ਵਾਲੀ ਥਾਂ ਤੋਂ ਲੈ ਕੇ ਰਾਬ ਤਕ ਵਿਰੋਧੀ ਖਿਡਾਰੀਆਂ ਉੱਤੇ ਸਵਾਰੀ ਕਰਨ ਦੀ ਅਧਿਕਾਰੀ ਹੋ ਜਾਂਦੀ ਹੈ।

ਖਿੱਦੋਖੂੰਡੀ

ਯੂਰਪ ਦੇ ਦੇਸਾਂ ਨੇ ਹਾਕੀ ਦੀ ਖੇਡ ਪੱਛਮੀ ਦੇਸਾਂ ਦੀ ਇਕ ਆਮ ਪ੍ਰਚਲਿਤ ਖੇਡ ਤੋਂ ਲਈ ਹੈ, ਜਿਸ ਨੂੰ ‘ਖਿੱਦੋ-ਖੂੰਡੀ’ ਕਿਹਾ ਜਾਂਦਾ ਹੈ । ਇਸ ਲਈ ਖਿੱਦੋ-ਖੂੰਡੀ ਨੂੰ ਹਾਕੀ ਦਾ ਮੁੱਢਲਾ ਰੂਪ ਕਿਹਾ ਜਾ ਸਕਦਾ ਹੈ। ਇਸ ਦੇ ਬਹੁਤ ਸਾਰੇ ਪੱਖ ਜਿਵੇਂ ਖੂੰਡੀਆਂ ਦਾ ਹਾਕੀਆਂ ਵਾਂਗ ਮੁੜਿਆ ਹੋਣਾ, ਖਿੱਦੋ ਦੀ ਵਰਤੋਂ, ਖੇਡ ਸ਼ੁਰੂ ਕਰਨ ਲਈ ਬੋਲੀ ਕਰਨੀ, ਦੋ ਮਿੱਥੇ ਹੋਏ ਗੋਲਾਂ ਵਿਚੋਂ ਗੇਂਦ ਪਾਰ ਕਰਨਾ ਆਦਿ ਹਾਕੀ ਨਾਲ ਮਿਲਦੇ ਹਨ। ਇਸ ਖੇਡ ਵਿਚ ਸਰੀਰ ਦੇ ਸਾਰਿਆਂ ਅੰਗਾਂ ਦੀ ਕਾਫ਼ੀ ਕਸਰਤ ਹੁੰਦੀ ਹੈ। ਇਸ ਖੇਡ ਵਿਚ ਖਿੱਦੋ ਨੂੰ ਖੂੰਡੀ ਨਾਲ ਮਾਰ ਕੇ ਗੋਲਾਂ ਚੋਂ ਲੰਘਾਉਣਾ ਪੈਂਦਾ ਹੈ, ਇਸ ਤਰ੍ਹਾਂ ਇਕ ਗੋਲ ਹੋਇਆ ਸਮਝਿਆ ਜਾਂਦਾ ਹੈ ।

ਇਹ ਖੇਡ ਦੋ ਟੋਲੀਆਂ ਵਿਚ ਖੇਡੀ ਜਾਂਦੀ ਹੈ । ਇਕ ਟੋਲੀ ਵਿਚ ਖਿਡਾਰੀਆਂ ਦੀ ਗਿਣਤੀ ਚਾਰ ਤੋਂ ਬਾਰਾਂ ਤਕ ਹੁੰਦੀ ਹੈ । ਖੇਡਣ ਲਈ ਥਾਂ ਕਿਸੇ ਖ਼ਾਸ ਮਿਣਤੀ ਦੀ ਨਹੀਂ ਹੁੰਦੀ, ਜਿੰਨੀ ਥਾਂ ਮਿਲ ਜਾਵੇ ਉਸ ਦੇ ਵਿਚ ਵਿਚ ਹੀ ਖੇਡ ਲਿਆ ਜਾਂਦਾ ਹੈ । ਪਰ ਆਮ ਕਰਕੇ, ਇਹ ਮੈਦਾਨ ਪੰਜਾਹ ਗਜ਼ ਤੋਂ ਸੌ ਗਜ਼ ਲੰਮਾ ਤੇ ਤੀਹ ਗਜ਼ ਤੋਂ ਪੰਜਾਹ ਗਜ਼ ਚੌੜਾ ਹੁੰਦਾ ਹੈ।

ਗੋਲ, ਦੋ ਇੱਟਾਂ ਰੱਖ ਕੇ ਜਾਂ ਇਕ ਕਤਾਰ ਵਿਚ ਖੜੇ ਬ੍ਰਿਛਾਂ ਦਾ ਮਿਥ ਲਿਆ ਜਾਂਦਾ ਹੈ । ਇਸੇ ਕਾਰਨ ਗੋਲਾਂ ਵਿਚਲਾ ਫ਼ਾਸਲਾ ਵਧ ਘੱਟ ਹੋ ਜਾਂਦਾ ਹੈ। ਇਹ ਵਿੱਥ ਛੇ ਫੁੱਟ ਤੋਂ ਲੈ ਕੇ ਵੀਹ ਫੁੱਟ ਤੱਕ ਵੇਖੀ ਗਈ ਹੈ। ਹਰ ਇਕ ਖਿਡਾਰੀ ਪਾਸ ਇਕ ਲੱਕੜੀ ਦੀ ਖੂੰਡੀ ਹੋਣੀ ਜ਼ਰੂਰੀ ਹੈ। ਵਿਹਲ ਅਨੁਸਾਰ ਸਮਾਂ ਵਧ ਘੱਟ ਰੱਖਿਆ ਜਾਂਦਾ ਹੈ । ਸੋ ਇਸ ਖੇਡ ਦਾ ਸਮਾਂ ਅੱਧੇ ਘੰਟੇ ਤੋਂ ਲੈ ਕੇ ਦੋ ਘੰਟੇ ਤਕ ਹੋ ਸਕਦਾ ਹੈ । ਦੋਵੇਂ ਟੋਲੀਆਂ, ਟਾਸ ਕਰ ਕੇ, ਆਪਣੇ ਆਪਣੇ ਪਾਸੇ ਮੱਲ ਲੈਂਦੀਆਂ ਹਨ । ਖਿੱਦੋ ਗਰਾਊਂਡ ਦੇ ਵਿਚਕਾਰ ਰੱਖ ਦਿੱਤਾ ਜਾਂਦਾ ਹੈ ਅਤੇ ਵਿਰੋਧੀ ਟੋਲੀਆਂ ਦੇ ਦੋ ਖਿਡਾਰੀ ਹਾਕੀ ਵਾਂਗ ਬੁਲੀ ਕਰਦੇ ਹਨ। ਇਨ੍ਹਾਂ ’ਚੋਂ ਇਕ ਖਿਡਾਰੀ, ਬੁਲੀ ਪੂਰੀ ਕਰਨ ਪਿੱਛੋਂ, ਖਿੱਦੋ ਨੂੰ ਖੂੰਡੀ ਮਾਰ ਕੇ ਅੱਗੇ ਪਿੱਛੇ ਸੁੱਟਦਾ ਹੈ । ਜਿਸ ਪਾਸੇ ਖਿੱਦੋ ਜਾਂਦਾ ਹੈ, ਉਸ ਪਾਸੇ ਬਹੁਤ ਸਾਰੇ ਖਿਡਾਰੀ ਦੌੜਦੇ ਹਨ ਤੇ ਹਰ ਕੋਈ ਆਪਣੇ ਵਿਰੋਧੀ ਦੇ ਗੋਲ ਵਲ ਖਿੱਦੋ ਨੂੰ ਖੂੰਡੀ ਨਾਲ ਸੱਟ ਮਾਰ ਕੇ, ਜਾਂ ਰੇੜ੍ਹ ਕੇ ਲੈ ਜਾਣ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਖਿਡਾਰੀ ਗੇਂਦ ਨੂੰ ਟੱਲੇ ਮਾਰਦੇ ਰਹਿੰਦੇ ਹਨ। ਜਦੋਂ ਖਿੱਦੋ ਵਿਰੋਧੀਆਂ ਦੇ ਗੋਲ ਵਿਚੋਂ ਜਾਂ ਗੋਲ ਦੇ ਬਾਹਰੋਂ ਜਾਂ ਪਾਸੇ ਦੀ ਚਲੀ ਜਾਂਦੀ ਹੈ, ਖੇਡ ਕੁਝ ਪਲ ਲਈ ਰੁਕ ਜਾਂਦੀ ਹੈ।

ਖੇਡ ਨੂੰ ਮੁੜ ਕੇ ਸ਼ੁਰੂ ਕਰਨ ਲਈ ਇਹ ਵਿਧੀਆਂ ਵਰਤੀਆਂ ਜਾਂਦੀਆਂ ਹਨ :-

(ੳ) ਗੋਲ ਵਿਚ ਦੀ ਖਿੱਦੋ ਲੰਘ ਜਾਵੇ ਤਾਂ ਗੋਲ ਹੋ ਜਾਂਦਾ ਹੈ ਅਤੇ ਫੇਰ ਸ਼ੁਰੂ ਵਾਂਗ ਗਰਾਊਂਡ ਦੇ ਵਿਚਕਾਰ ਬੁਲੀ ਕਰ ਕੇ ਖੇਡ ਸ਼ੁਰੂ ਕੀਤੀ ਜਾਂਦੀ ਹੈ। ‘

(ਅ) ਜੇ ਖਿੱਦੋ ਗੋਲਾਂ ਦੇ ਬਾਹਰੋਂ ਦੀ ਨਿਕਲ ਜਾਵੇ ਤਾਂ ਉਸੇ ਪਾਸੇ ਵਾਲਾ ਕੋਈ ਖਿਡਾਰੀ ਆਪਣੇ ਗੋਲਾਂ ਦੇ ਅਗੇ ਖਿੱਦੋ ਰੱਖ ਕੇ ਇਕ ਟੱਲੇ ਨਾਲ ਖੇਡ ਸ਼ੁਰੂ ਕਰਦਾ ਹੈ।

(ੲ) ਜੇ ਖਿੱਦੋ ਕਿਸੇ ਪਾਸੋਂ ਪਾਸੇ ਦੀਆਂ ਲੀਕਾਂ ਤੋਂ ਬਾਹਰ ਚਲੀ ਜਾਵੇ ਤਾਂ ਵਿਰੋਧੀ ਟੋਲੀ ਦਾ ਕੋਈ ਖਿਡਾਰੀ ਲੀਕ ਦੇ ਬਾਹਰੋਂ ਗਰਾਊਂਡ ਵਿਚ ਖਿੱਦੋ ਨੂੰ ਉੱਚੀ ਸਾਰੀ ਸੁੱਟਦਾ ਹੈ ਤੇ ਖੇਡ ਸ਼ੁਰੂ ਹੋ ਜਾਂਦੀ ਹੈ। ਜਿਹੜੀ ਟੋਲੀ ਬਹੁਤੇ ਗੋਲ ਕਰ ਲਵੇ ਉਹ ਜਿੱਤੀ ਸਮਝੀ ਜਾਂਦੀ ਹੈ। ਖੇਡ ਦੇ ਨਿਯਮ ਇਹ ਹਨ :-

(1) ਗਰਾਉਂਡ ਦੇ ਕਿਸੇ ਹਿੱਸੇ ਤੋਂ ਖਿੱਦੋ, ਟੱਲੇ ਨਾਲ ਗੋਲ ਵਿਚਦੀ ਲੰਘ ਜਾਵੇ, ਤਾਂ ਗੋਲ ਹੋਇਆ ਸਮਝਿਆ ਜਾਂਦਾ ਹੈ।

(2) ਕਿਸੇ ਦੇ ਸਰੀਰ ਉੱਤੇ ਖੂੰਡੀ ਮਾਰਨੀ ਮਨ੍ਹਾ ਹੈ। ਮਾਰਨ ਵਾਲੇ ਦੇ ਵਿਰੋਧੀਆਂ ਦੇ ਇਕ ਖਿਡਾਰੀ ਨੂੰ ਇਕ ਟੱਲਾ ਮਿਲ ਜਾਂਦਾ ਹੈ ।

(3) ਕਿਸੇ ਨੂੰ ਠੁੱਡਾ ਮਾਰਨ ਜਾਂ ਧੱਕਾ ਦੇਣ ਦੀ ਆਗਿਆ ਨਹੀਂ । ਇਸ ਤਰ੍ਹਾਂ ਕਰਨ ਵਾਲੇ ਦੇ ਉਲਟ ਟੱਲਾ ਦਿੱਤਾ ਜਾਂਦਾ ਹੈ।

(4) ਖਿੱਦੋ ਨੂੰ ਹੱਥ ਨਾਲ ਜਾਂ ਪੈਰ ਨਾਲ ਅੱਗੇ ਰੋੜ੍ਹਨਾ ਮਨ੍ਹਾ ਹੈ।

(5) ਗਰਾਉਂਡ ਦੇ ਵਿਚਕਾਰ ਖਿੱਦੋ ਨੂੰ ਉੱਪਰ ਹਵਾ ਵਿਚ ਸੁੱਟ ਕੇ ਜਾਂ ਹਾਕੀ ਵਾਂਗ ਬੁਲੀ ਕਰ ਕੇ ਖੇਡ ਸ਼ੁਰੂ ਕੀਤੀ ਜਾਂਦੀ ਹੈ।

(6) ਖਿਡਾਰੀ ਗਰਾਊਂਡ ਵਿਚ ਕਿਤੇ ਵੀ ਖੜਾ ਹੋ ਸਕਦਾ ਹੈ।

(7) ਜੇ ਖਿੱਦੋ ਦੁਆਲੇ ਦੀਆਂ ਲੀਕਾਂ ਤੋਂ ਬਾਹਰ ਚਲੀ ਜਾਵੇ ਤਾਂ ਮੁੜ ਬਾਹਰ ਗਈ ਥਾਂ ਤੋਂ ਹੱਥ ਨਾਲ ਗਰਾਊਂਡ ਵਿਚ ਸੁੱਟਿਆ ਜਾਂਦਾ ਹੈ।

(8) ਜੇ ਖਿੱਦੋ ਗੋਲਾਂ ਦੇ ਉੱਤੋਂ ਬਾਹਰ ਨਿਕਲ ਜਾਵੇ ਤਾਂ ਖਿੱਦੋ ਸੁੱਟਣ ਵਾਲੇ ਖਿਡਾਰੀ ਦਾ ਕੋਈ ਵਿਰੋਧੀ ਖਿਡਾਰੀ ਮੁੜ ਕੇ ਖਿੱਦੋ ਨੂੰ ਗੋਲਾਂ ਵਿਚ ਰੱਖ, ਟੱਲਾ ਮਾਰ ਕੇ ਖੇਡ ਸ਼ੁਰੂ ਕਰਦਾ ਹੈ।

(9) ਗੋਲ ਵਿਚ ਖੜਾ ਖਿਡਾਰੀ ਖਿੱਦੋ ਨੂੰ ਆਪਣੇ ਸਰੀਰ ਨਾਲ ਰੋਕ ਸਕਦਾ ਹੈ, ਦੂਜੇ ਖਿਡਾਰੀਆਂ ਨੂੰ ਇਹ ਅਧਿਕਾਰ ਨਹੀਂ ਹੈ।

ਕੁਸ਼ਤੀ

ਸਰੀਰਕ ਬਲ ਨੂੰ ਵਧਾਉਣ ਤੇ ਸੁਡੌਲ ਬਣਾਉਣ ਲਈ ਉੱਤਮ ਖੇਡ ਕੁਸ਼ਤੀ ਹੈ। ਇਸ ਖੇਡ ਦੀ ਲਗਨ ਪੰਜਾਬੀਆਂ ਨੂੰ ਚਿਰਾਂ ਤੋਂ ਹੈ। ਇਹੋ ਕਾਰਨ ਹੈ ਕਿ ਇਸ ਧਰਤੀ ਦੇ ਪਹਿਲਵਾਨ ਗਾਮਾ, ਗੁੰਗਾ, ਦਾਰਾ ਸਿੰਘ, ਕਿੱਕਰ ਸਿੰਘ, ਕੇਸਰ ਸਿੰਘ ਆਦਿ ਨੇ ਦੁਨੀਆ ਵਿਚ ਉੱਚੀਆਂ ਇੱਜ਼ਤਾਂ ਪ੍ਰਾਪਤ ਕੀਤੀਆਂ ਹਨ। ਛਿੰਝਾਂ ਤੇ ਮੇਲਿਆਂ ਦੀ ਵੱਡੀ ਖਿੱਚ ਵਿਚ ਇਹ ਕੁਸ਼ਤੀਆਂ ਹੀ ਹੁੰਦੀਆ ਹਨ। ਅਨੇਕ ਬੰਦੇ ਆਪਣੇ ਜ਼ਰੂਰੀ ਕੰਮ ਛੱਡ ਕੇ ਤੇ ਕੋਹਾਂ ਦਾ ਪੈਂਡਾ ਮਾਰ ਕੇ ਕੁਸ਼ਤੀਆਂ ਦੇਖਣ ਜਾਂਦੇ ਹਨ। ਸਾਰੀ ਕੁਸ਼ਤੀ ਦਾ ਨਿਸ਼ਾਨਾ ਦੂਜੇ ਖਿਡਾਰੀ ਨੂੰ ਆਪਣੇ ਬਲ ਤੇ ਹੁਨਰ ਨਾਲ ਧਰਤੀ ਉੱਤੇ ਡੇਗਣਾ ਹੁੰਦਾ ਹੈ । ਹੋਰਨਾਂ ਦੇਸਾਂ ਦੀਆਂ ਕੁਸ਼ਤੀਆ ਨਾਲ ਜੋ ਥੋੜ੍ਹਾ ਬਹੁਤ ਫਰਕ ਹੈ, ਉਹ ਇਸ ਦੇ ‘ਢਾਹੁਣ’ ਵਾਲੇ ਨੇਮ ਵਿਚ ਹੈ। ਪੰਜਾਬੀ ਨੇਮ ਅਨੁਸਾਰ ਘੁਲਣ ਵਾਲਾ ਉਸ ਸਮੇਂ ਢੱਠਾ ਸਮਝਿਆ ਜਾਂਦਾ ਹੈ, ਜਦੋਂ ਉਸ ਦੇ ਦੋਵੇਂ ਮੋਢੇ ਧਰਤੀ ਨਾਲ ਇਕੋ ਵਾਰ ਲੱਗ ਜਾਣ।

ਗੁੱਡੀ ਹੋਈ ਪੋਲੀ ਧਰਤੀ ਕੁਸ਼ਤੀ ਕਰਨ ਲਈ ਵਰਤੀ ਜਾਂਦੀ ਹੈ। ਇਸ ਨੂੰ ‘ਅਖਾੜਾ’ ਕਹਿੰਦੇ ਹਨ। ਖਿਡਾਰੀ ਇਸ ਦੇ ਅੰਦਰ ਕੁਸ਼ਤੀ ਕਰਦੇ ਹਨ। ਜ਼ਰੂਰੀ ਨੇਮ ਇਹ ਹਨ :-

  1. ਮੁੱਕਾ, ਚਪੇੜ, ਠੁੱਡਾ ਤੇ ਧੌਲ-ਧੱਫਾ ਮਨ੍ਹਾ ਹੈ।
  2. ਲੰਗੋਟ ਜਾਂ ਕੱਛੇ ਨੂੰ ਹੱਥ ਪਾਉਣ ਦੀ ਆਗਿਆ ਨਹੀਂ ।
  3. ਜਦ ਤਕ ਕੋਈ ਖਿਡਾਰੀ ਢੱਠ ਨਹੀ ਜਾਂਦਾ, ਉਦੋਂ ਤੱਕ ਕੁਸ਼ਤੀ ਜਾਰੀ ਰਹਿੰਦੀ ਹੈ।
  4. ਫੈਸਲਾ ਰੈਫਰੀ ਕਰਦਾ ਹੈ।

 

 ਸੌਂਚੀ

ਸੌਂਚੀ ਦੀ ਖੇਡ ਕੁਝ ਹੱਦ ਤੱਕ ਅੰਗਰੇਜ਼ੀ ਖੇਡ ਬੌਕਸਿੰਗ ਨਾਲ ਮਿਲਦੀ-ਜੁਲਦੀ ਹੈ । ਖਿਡਾਰੀਆਂ ਨੇ ਸਰੀਰ ਨੂੰ ਤੇਲ ਮਲ ਮਲ ਕੇ ਲਿਸ਼ਕਾਇਆ ਹੁੰਦਾ ਹੈ ਤੇ ਦੋ ਖੇਲਣ ਵਾਲੇ ਆਪਣਾ ਆਪਣਾ ਪਾਸਾ ਔਲ ਕੇ ਖੇਡ ਸ਼ੁਰੂ ਕਰਦੇ ਹਨ। ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਜਾਂਦਾ ਤੇ ਦੂਜੇ ਖਿਡਾਰੀ ਦੀ ਦਿੱਤੀ ਤੇ ਜ਼ੋਰ ਨਾਲ ਧੱਫਾ ਮਾਰਦਾ ਵਾਪਸ ਭੱਜ ਆਉਂਦਾ ਹੈ ਤੇ ਅੱਗੋਂ ਉਹ ਉਸ ਦੀ ਬਾਂਹ ਪਕੜਦਾ ਹੈ ਤੇ ਜਾਣ ਵਾਲਾ ਛਡਾਣ ਦਾ ਯਤਨ ਕਰਦਾ ਹੈ ਤੇ ਇਉਂ ਸਾਰੀ ਜ਼ੋਰ-ਅਜ਼ਮਾਈ ਬਾਂਹ ਛੁਡਾਉਣ ਤੋਂ ਹੁੰਦੀ ਹੈ। ਇਸ ਵਿਚ ਜ਼ਰੂਰੀ ਸ਼ਰਤ ਇਹ ਹੈ ਕਿ ਧੱਫਾ ਛਾਤੀ ਉੱਤੇ ਹੀ ਮਾਰਿਆ ਜਾਵੇ ਤੇ ਜੋ ਵਿਰੋਧੀ ਨੇ ਉਸ ਨੂੰ ਫੜਨਾ ਹੋਵੇ ਤਾਂ ਕੇਵਲ ਬਾਂਹ ਤੋਂ ਹੀ ਫੜੇ। ਜੇਕਰ ਉਹ ਕਿਸੇ ਹੋਰ ਥਾਂ ਤੋਂ ਪਕੜਦਾ ਹੈ ਤਾਂ ਫਾਉਲ ਸਮਝਿਆ ਜਾਂਦਾ ਹੈ । ਪੱਕੀ ਸੌਂਚੀ ਵਿਚ ਇਉਂ ਕਰਨਾ ਜ਼ਰੂਰੀ ਹੈ ਤੇ ਕੱਚੀ ਸੱਚੀ ਵਿਚ ਅਜੇਹੀ ਪਾਬੰਦੀ ਨਹੀਂ ਵੀ ਹੁੰਦੀ। ਇਸੇ ਤਰ੍ਹਾਂ ਖੇਲਣ ਵਾਲਾ ਆਪਣੀਆਂ ਲੱਤਾਂ ਨਾਲ ਵਿਰੋਧੀ ਦੀਆਂ ਲੱਤਾਂ ਨੂੰ ਕਾਬੂ ਕਰਦਾ ਹੈ ਤੇ ਇਸ ਨੂੰ ‘ਕੈਂਚੀ ਮਾਰਨਾ’ ਕਹਿੰਦੇ ਹਨ।

ਇਸ ਖੇਡ ਵਿਚ ਕੁਸ਼ਤੀ ਵਾਂਗ ਇਕ ਦੂਜੇ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਹੈ ਜੋ ਖਿਡਾਰੀ ਬਾਂਹ ਛੁਡਾ ਛੁਡਾ ਦੂਜਿਆਂ ਨੂੰ ਜਿੱਤ ਜਾਂਦਾ ਹੈ, ਉਸ ਨੂੰ ਸੌਂਚੀ ਦੀ ਮਾਲੀ ਮਿਲਦੀ ਹੈ। ਇਹ ਖੇਡ ਤਕੜੇ ਆਦਮੀ ਹੀ ਖੇਡਦੇ ਹਨ, ਮਾੜੇ-ਧੀੜੇ ਦੇ ਖੇਡਣ ਦੀ ਚੀਜ਼ ਨਹੀਂ। ਜ਼ਿਆਦਾਤਰ ਇਹ ਖੇਡ ਮਾਲਵੇ ਵਿਚ ਜ਼ਿਲ੍ਹਾ ਫ਼ੀਰੋਜ਼ਪੁਰ ਤੇ ਜ਼ਿਲ੍ਹਾ ਬਠਿੰਡਾ ਵਿਚ ਖੇਡੀ ਜਾਂਦੀ ਹੈ।

ਬਿਲ-ਬੱਚਿਆਂ ਦੀ ਮਾਂ

ਇਹ ਇਕ ਦਿਲਚਸਪ ਅਤੇ ਮਨੋਰੰਜਕ ਖੇਡ ਹੈ। ਇਸ ਖੇਡ ਵਿਚ ਕੋਈ ਬੱਚਾ ਚੱਕਰ ਦੇ ਚੌਰਸਤੇ ਵਿਚ, ਮਿੱਟੀ ਦੀ ਛੋਟੀ ਜਿਹੀ ਬੁੱਤੀ ਜਾਂ ਢੇਰੀ ਦੀ ਰਾਖੀ ਕਰਦਾ ਹੋਇਆ ਦੂਜੇ ਖਿਡਾਰੀਆਂ ਨੂੰ ਜਿਹੜੇ ਚੱਕਰ ਦੇ ਰਸਤਿਆਂ ਉੱਤੇ ਖਲੋਤੇ ਹੁੰਦੇ ਹਨ ਜਾਂ ਦੌੜਦੇ ਹਨ, ਹੱਥ ਲਾਉਣ ਜਾਂ ਛੂਹਣ ਦਾ ਯਤਨ ਕਰਦਾ ਹੈ । ਇਸ ਖੇਡ ਰਾਹੀਂ ਬੱਚੇ ਵਿਚ ਦੌੜਨ, ਛੜੱਪਾ ਮਾਰਨ ਤੇ ਝਾਕਾ ਦੇਣ ਦਾ ਅਭਿਆਸ ਵਧਦਾ ਹੈ।

ਆਪਸ ਵਿਚ ਪੁੱਗ ਕੇ, ਬੁੱਤੀ ਦੀ ਰਾਖੀ ਕਰਨ ਵਾਲੇ ਜਾਂ ਮੀਟੀ ਦੇਣ ਵਾਲੇ ਦਾ ਨਿਰਣਾ ਕਰ ਲਿਆ ਜਾਂਦਾ ਹੈ । ਮੀਟੀ ਦੇਣ ਵਾਲੇ ਨੂੰ ਚੱਕਰ ਦੇ ਚੌਰਸਤੇ ਵਿਚ ਮਿੱਟੀ ਦੀ ਬੁੱਤੀ ਦੀ ਰਾਖੀ ਕਰਨੀ ਪੈਂਦੀ ਹੈ। ਬਾਕੀ ਦੇ ਖਿਡਾਰੀ ਚੱਕਰ ਦੇ ਰਸਤਿਆਂ ਵਿਚ ਖੜੇ ਹੋ ਜਾਂਦੇ ਹਨ। ਪਿਤੀ ਦੇਣ ਵਾਲਾ ਖਿਡਾਰੀ ਆਪਣੀ ਬੁਤੀ ਦਾ ਧਿਆਨ ਰੱਖਦਾ ਹੋਇਆ ਦੂਜੇ ਖਿਡਾਰੀਆਂ ਨੂੰ ਛੂਹਣ ਲਈ ਦੌੜਦਾ ਹੈ ਅਤੇ ਉਸ ਕੋਲੋਂ ਬਚਣ ਲਈ ਖਿਡਾਰੀ ਅੱਗੇ ਵਲ ਦੌੜਦੇ ਹਨ ਪਰ ਉਸ ਦੀ ਪਿੱਠ ਪਿਛਲੇ ਖਿਡਾਰੀ ਬੁੱਤੀ ਵਲ ਭੱਜਦੇ ਹਨ। ਕੋਈ ਖਿਡਾਰੀ ਬਣੇ ਹੋਏ ਰਸਤਿਆਂ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਨਹੀਂ ਦੌੜ ਸਕਦਾ। ਇਸ ਤਰ੍ਹਾਂ ਵਾਰੀ ਦੇਣ ਵਾਲਾ ਖਿਡਾਰੀ ਚੱਕਰ ਵਿਚ ਖੜੇ ਖਿਡਾਰੀਆਂ ਨੂੰ ਛੂਹਣ ਦਾ ਯਤਨ ਕਰਦਾ ਹੈ ਤੇ ਉਹ ਉਸ ਕੋਲੋਂ ਬਚ ਕੇ ਚੌਰਸਤੇ ਦੀ ਬੁੱਤੀ ਤੋਂ ਮਿੱਟੀ ਲੈ ਸੰਦੂਕ ਵਾਲੇ ਪਾਸੇ ਤੇਜ਼ ਦੌੜਦੇ ਹੋਏ ਸੰਦੂਕ ਨੂੰ ਛੜੱਪੇ ਨਾਲ ਪਾਰ ਕਰ, ਪੁੱਗਣ ਦੀ ਕਰਦੇ ਹਨ। ਜਿਹੜੇ ਇਸ ਤਰ੍ਹਾਂ ਪੁੱਗ ਜਾਂਦੇ ਹਨ, ਉਹ ਨਰ ਅਖਵਾਉਂਦੇ ਹਨ ਤੇ ਜਿਹੜੇ ਛੂਹ ਲਏ ਜਾਂਦੇ ਹਨ ਉਹ ਮਦੀਨ। ਜੇ ਛੂਹਣ ਵਾਲਾ ਖਿਡਾਰੀ ਤਿੰਨ ਜਾਂ ਤਿੰਨ ਤੋਂ ਵਧੀਕ ਮਦੀਨ ਬਣਾ ਲਵੇ, ਤਾਂ ਉਹ ਆਪ ਵੀ ਨਰ ਬਣ ਜਾਵੇਗਾ, ਨਹੀਂ ਤਾਂ ਉਹ ਮਦੀਨ ਹੀ ਰਹੇਗਾ। ਇਸ ਤਰ੍ਹਾਂ ਨਰ ਬਣੇ ਖਿਡਾਰੀ ਇਕ ਪਾਸੇ ਗਰਾਉਂਡ ਦੇ ਸੰਦੂਕ ਪਾਸ ਖੜੇ ਹੋ ਜਾਂਦੇ ਹਨ ਤੇ ਮਦੀਨ ਉਨ੍ਹਾ ਦੇ ਸਾਹਮਣੇ ਕੋਈ ਵੀਹ ਜਾਂ ਪੰਝੀ ਗਜ਼ ਦੀ ਵਿੱਥ ਉੱਤੇ ਖੜੇ ਹੋ ਜਾਂਦੇ ਹਨ। ਨਰ ਬਣੇ ਖਿਡਾਰੀ, ਉੱਚੀ ਸਾਰੀ, ਮਦੀਨ-ਖਿਡਾਰੀਆਂ ਕੋਲੋਂ ਇਹ ਸਵਾਲ ਪੁੱਛਦੇ ਹਨ ‘ਬਿਲ ਬੱਚਿਆਂ ਦੀ ਮਾਂ, ਰੋਟੀ ਪੱਕੀ ਏ ਕਿ ਨਾ ?’ ਜਦੋਂ ਮਦੀਨ-ਖਿਡਾਰੀ ‘ਨਾ’ ਕਹਿੰਦੇ ਹਨ, ਤਾਂ ਨਰ-ਖਿਡਾਰੀ ਫੇਰ ਉਹੋ ਸਵਾਲ ਦੁਹਰਾਉਂਦੇ ਹਨ। ਇਸੇ ਤਰ੍ਹਾਂ ਸਵਾਲ-ਜਵਾਬ ਚਲਦੇ ਰਹਿੰਦੇ ਹਨ ਜਦ ਜਵਾਬ ‘ਹਾਂ’ ਵਿਚ ਆਉਂਦਾ ਹੇ ਤਾਂ ਮਦੀਨ-ਖਿਡਾਰੀ ਨਰ-ਖਿਡਾਰੀਆਂ ਤੋਂ ਬਚ ਕੇ ਗਰਾਊਂਡ ਵਿਚ ਪਹੁੰਚ ਜਾਂਦੇ ਹਨ, ਉਹ ਸਵਾਰੀ ਦੇਣ ਤੋਂ ਬਚ ਜਾਂਦੇ ਹਨ ਅਤੇ ਜਿਹੜੇ ਛੂਹੇ ਜਾਂਦੇ ਹਨ, ਉਹ ਛੂਹੀ ਹੋਈ ਥਾਂ ਤੋਂ ਲੈ ਕੇ ਗਰਾਊਂਡ ਤਕ ਛੂਹਣ ਵਾਲੇ ਖਿਡਾਰੀਆਂ ਨੂੰ ਸਵਾਰੀ ਦਿੰਦੇ ਹਨ । ਇਨ੍ਹਾਂ ਸਵਾਰੀਆਂ ਤੋਂ ਪਿੱਛੋਂ ਖੇਡ ਫੇਰ, ਪਹਿਲੇ ਵਾਂਗ ਸ਼ੁਰੂ ਕੀਤੀ ਜਾਂਦੀ ਹੈ । ਇਸ ਵਾਰ ਜਿਹੜਾ ਖਿਡਾਰੀ ਪਹਿਲਾਂ ਮਦੀਨ ਬਣਿਆ ਸੀ ਉਹ ਪਿੱਤੀ ਦੇਂਦਾ ਹੈ ਅਤੇ ਬਾਕੀ ਦੇ ਚੱਕਰ ਉੱਤੇ ਖੜੋ, ਝਾਕਾ ਦੇ, ਚੌਰਸਤੇ ਵਿਚੋ ਮਿੱਟੀ ਚੁੱਕ, ਬਿਨਾਂ ਛੂਹੇ, ਸੰਦੂਕ ਪਾਰ ਕਰ, ਨਰ ਬਣਨ ਦਾ ਯਤਨ ਕਰਦੇ ਹਨ। ਨਰ ਜਾ ਮਦੀਨ ਬਣਨ ਪਿੱਛੋਂ ਫੇਰ ਉਨ੍ਹਾਂ ਵਿਚ ਸਵਾਲ ਜਵਾਬ ਉੱਪਰ ਲਿਖੇ ਵਾਂਗ ਹੁੰਦੇ ਤੇ ਛੂਹ-ਛੁਹਾਈ ਸਵਾਰੀ ਦਾ ਦੌਰ ਮੁੜ ਕੇ ਚਲ ਪੈਂਦਾ ਹੈ।

ਇਸ ਖੇਡ ਵਿਚ ਚਾਰ ਤੋਂ ਲੈ ਕੇ ਦਸ ਤੱਕ ਖਿਡਾਰੀ ਖੇਡ ਸਕਦੇ ਹਨ। ਦਸ ਤੋਂ ਵੀਹ ਫੁੱਟ ਦੇ ਅੱਧ-ਵਿਆਸ ਦਾ ਇਕ ਚੱਕਰ ਲਾਇਆ ਜਾਂਦਾ ਹੈ । ਇਸੇ ਚੱਕਰ ਦੇ ਅੰਦਰ ਇਕ ਹੋਰ ਚੱਕਰ ਤਿੰਨ ਜਾਂ ਚਾਰ ਫੁਟ ਘੱਟ ਅੱਧ-ਵਿਆਸ ਦਾ ਹੁੰਦਾ ਹੈ । ਵਿਚਕਾਰਲੇ ਨੁਕਤੇ ਤੋਂ ਲੰਘਦੀਆਂ ਦੋ ਜਾਂ ਤਿੰਨ ਫੁੱਟ ਚੌੜੀਆਂ ਚੌਪੜ ਦੀਆਂ ਦੋ ਸੜਕਾਂ ਵਾਂਗ ਲੀਕਾਂ ਲਾਈਆਂ ਜਾਂਦੀਆਂ ਹਨ । ਇਕ ਸੜਕ ਦੇ ਸਿਰੇ ਉੱਤੇ ਤਿੰਨ ਜਾਂ ਚਾਰ ਫੁੱਟ ਮੁਰੱਬਾ ਸੰਦੂਕ ਵਾਹ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸਾਰੀ ਗਰਾਊਂਡ ਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ।

ਇਕ ਛੋਟੀ ਜਿਹੀ ਮਿੱਟੀ ਦੀ ਬੁੱਤੀ ਚੌਰਸਤੇ ਵਿਚ ਰੱਖੀ ਜਾਂਦੀ ਹੈ। ਇਸ ਖੇਡ ਦੇ ਨੇਮ ਇਹ

(1) ਉਲੀਕੀਆਂ ਹੋਈਆਂ ਸੜਕਾਂ ਅਤੇ ਚੱਕਰਾਂ ਦੇ ਵਿਚਕਾਰ ਬਣੇ ਹੋਏ ਰਸਤਿਆਂ ਤੋਂ ਬਿਨਾਂ, ਕੋਈ

ਖਿਡਾਰੀ ਕਿਸੇ ਹੋਰ ਥਾਂ ਤੋਂ ਨਹੀਂ ਲੰਘੇਗਾ। ਛੂਹੇ ਜਾਣ ਤੋਂ ਬਚਣ ਵਾਲੇ ਖਿਡਾਰੀ ਜੇ ਕਿਸੇ

ਨੇਮ ਨੂੰ ਉਲੰਘਣਗੇ ਤਾਂ ਉਹ ਮਦੀਨ ਬਣ ਜਾਣਗੇ ਅਤੇ ਛੂਹਣ ਵਾਲਾ ਖਿਡਾਰੀ ਜੇ ਇਸ ਦਾ

ਭੰਗ ਕਰੇਗਾ ਤਾਂ ਉਸ ਦਾ ਛੂਹਣਾ ਮੰਨਿਆ ਨਹੀਂ ਜਾਵੇਗਾ।

(2) ਸੜਕ ਦੇ ਸਿਰੇ ਤੋਂ ਬਣੇ ਹੋਏ ਸੰਦੂਕ ਨੂੰ ਇੱਕੋ ਛੜੱਪੇ ਨਾਲ ਪਾਰ ਕਰਨਾ ਜ਼ਰੂਰੀ ਹੈ । ਸੰਦੂਕ ਵਿਚ ਪੈਰ ਪਾਉਣ ਵਾਲਾ ਖਿਡਾਰੀ ਮਦੀਨ ਬਣ ਜਾਵੇਗਾ।

(3) ਛੂਹੇ ਜਾਣ ਵਾਲਾ ਖਿਡਾਰੀ ਮਦੀਨ ਅਤੇ ਬਿਨਾਂ ਛੂਹੇ ਮਿੱਟੀ ਚੁੱਕ ਕੇ ਸੰਦੂਕ ਪਾਰ ਹੋ ਜਾਣ ਵਾਲਾ ਖਿਡਾਰੀ ਨਰ ਸਮਝਿਆ ਜਾਵੇਗਾ।

(4) ਤਿੰਨ ਜਾਂ ਤਿੰਨ ਤੋਂ ਵਧੀਕ ਮਦੀਨ-ਖਿਡਾਰੀ ਬਣਾ ਲੈਣ ਤੋਂ ਪਿੱਛੋਂ ਛੂਹਣ ਵਾਲਾ ਖਿਡਾਰੀ ਨਰ ਬਣ ਜਾਵੇਗਾ।

ਕੋਟਲਾਛਪਾਕੀ

ਛੂਹਣ-ਛੁਹਾਣ ਦੀ ਦੂਜੀ ਵੰਨਗੀ ਹੈ ਕੋਟਲਾ-ਛਪਾਕੀ। ਪੰਜਾਬ ਦੇ ਕਈ ਹਿੱਸਿਆਂ ਵਿਚ ਇਸ ਨੂੰ ‘ਕਾਜ਼ੀ ਕੋਟਲੇ ਦੀ ਮਾਰ’ ਵੀ ਕਹਿੰਦੇ ਹਨ। ਇਹ ਛੇ ਤੋਂ ਦਸ ਸਾਲ ਦੇ ਛੋਟਿਆਂ ਬੱਚਿਆਂ ਦੀ . ਬੜੀ ਪਿਆਰੀ ਖੇਡ ਹੈ। ਗਰਮੀਆਂ ਵਿਚ ਚੰਦ ਦੀ ਚਾਨਣੀ ਵਿਚ ਇਹ ਖੇਡ ਬੜੇ ਮਜ਼ੇ ਨਾਲ ਖੇਡੀ ਜਾਂਦੀ ਹੈ । ਸਾਰੇ ਬੱਚੇ, ਸਿਵਾਇ ਇਕ ਬੱਚੇ ਦੇ, ਗੋਲ ਚੱਕਰ ਵਿਚ ਬੈਠ ਜਾਂਦੇ ਹਨ। ਦੋ ਬੱਚੇ ਇਕ ਕੱਪੜੇ ਨੂੰ ਲੈ ਕੇ ਵੱਟ ਚਾੜ੍ਹ ਲੈਂਦੇ ਹਨ। ਇਸ ਵੱਟ ਦਿੱਤੇ ਕਪੜੇ ਨੂੰ ‘ਕੋਟਲਾ’ (ਕੋਟੜਾ) ਆਖਦੇ ਹਨ । ਖੜਾ ਬੱਚਾ, ਕੋਟਲਾ ਲੈ ਕੇ ਬੱਚਿਆਂ ਦੇ ਪਿੱਛੇ ਪਿੱਛੇ ਦੌੜਦਾ ਹੈ ਅਤੇ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਏ’ ਕਹਿੰਦਾ ਹੈ । ਬੈਠੇ ਬੱਚੇ ਉਸ ਦਾ ਉੱਤਰ ਦਿੰਦੇ ਹਨ, ਜਿਹੜਾ ਅੱਗੇ ਪਿੱਛੇ ਵੇਖੇ, ਉਹਦੀ ਸ਼ਾਮਤ ਆਈ ਏ।’ ਇਸ ਤਰ੍ਹਾਂ ਕੁਝ ਚਿਰ ਆਪਸ ਵਿਚ ਕਹਿੰਦੇ ਰਹਿੰਦੇ ਹਨ। ਦੌੜਦਿਆਂ ਦੌੜਦਿਆਂ ਉਹ ਬੱਚਾ ਚੁਪ-ਚੁਪੀਤੇ ਕਿਸੇ ਇਕ ਬੱਚੇ ਪਿੱਛੇ ਕੋਟਲਾ ਸੁੱਟ ਕੇ ਅੱਗੇ ਵਾਂਗ ਦੌੜਦਾ ਜਾਂਦਾ ਹੈ। ਬੈਠੇ ਹੋਏ ਬੱਚੇ ਨੂੰ ਜੇ ਕੋਟਲੇ ਦਾ ਪਤਾ ਨਾ ਲੱਗੇ ਤੇ ਦੌੜਨ ਵਾਲਾ ਬੱਚਾ ਮੁੜ ਚੱਕਰ ਕੱਟ ਕੇ ਕੋਟਲੇ ਪਾਸ ਆ ਜਾਵੇ ਤਾਂ ਉਹ (ਦੌੜਨ ਵਾਲਾ) ਕੋਟਲਾ ਚੁੱਕ, ਬੈਠੇ ਬੱਚੇ ਨੂੰ ਉਸ ਨਾਲ ਮਾਰਨਾ ਸ਼ੁਰੂ ਕਰ ਦੇਂਦਾ ਹੈ। ਬੈਠਾ ਬੱਚਾ, ਆਪਣੀ ਥਾਂ ਤੋਂ ਉੱਠ ਕੇ ਚੱਕਰ ਦੁਆਲੇ ਦੌੜਨਾ ਸ਼ੁਰੂ ਕਰਦਾ ਹੈ। ਕੋਟਲੇ ਦੀ ਮਾਰ ਤੋਂ ਬਚਣ ਲਈ ਉਹ ਆਪਣੀ ਦੌੜ ਤੇਜ਼ ਕਰ ਲੈਂਦਾ ਹੈ। ਮਾਰਨ ਵਾਲਾ ਵੀ ਅੱਗੇ ਨਾਲੋਂ ਤੇਜ਼ ਹੋ ਜਾਂਦਾ ਹੈ । ਜਿਹੜਾ ਬਹੁਤ ਤੇਜ਼ ਦੌੜ ਸਕਦਾ ਹੈ, ਉਹ ਆਪਣੇ ਮਨੋਰਥ ਵਿਚ ਸਫਲ ਹੋ ਜਾਂਦਾ ਹੈ । ਜੇਕਰ ਕੋਟਲਾ ਰੱਖਣ ਵੇਲੇ ਬੈਠੇ ਹੋਏ ਬੱਚੇ ਨੂੰ ਪਤਾ ਲਗ ਜਾਵੇ ਤਾਂ ਉਹ ਕੋਟਲਾ ਚੁੱਕ ਕੇ ਸੁਟਣ ਵਾਲੇ ਦੇ ਪਿੱਛੇ ਦੌੜਦਾ ਹੈ ਤੇ ਉਸ ਨੂੰ ਕੋਟਲੇ ਮਾਰਦਾ ਹੈ । ਖਾਲੀ ਹੋਈ ਥਾਂ ਉੱਤੇ ਅੱਗੇ ਦੌੜਨ ਵਾਲਾ ਬੱਚਾ ਚੱਕਰ ਕੱਟ ਕੇ ਬੈਠਣ ਦੀ ਕਰਦਾ ਹੈ। ਉਸ ਦੇ ਬੈਠ ਜਾਣ ਉੱਤੇ ਕੋਟਲੇ ਮਾਰਨੇ ਬੰਦ ਕਰ ਦਿੱਤੇ ਜਾਂਦੇ ਹਨ ਤੇ ਮੁੜ ਅੱਗੇ ਵਾਂਗ, ਖੇਡ ਆਰੰਭ ਹੋ ਜਾਂਦੀ ਹੈ । ਇਸੇ ਤਰ੍ਹਾਂ, ਕਈ ਵਾਰ ਕੋਟਲਾ ਸੁੱਟਿਆ ਤੇ ਚੁੱਕਿਆ ਜਾਂਦਾ ਹੈ ਤੇ ਕੋਟਲੇ-ਚੱਕਰ ਦੁਆਲੇ ਖੂਬ ਦੌੜ ਹੁੰਦੀ ਰਹਿੰਦੀ ਹੈ ।

ਦਸ ਤੋਂ ਪੰਜਾਹ ਬੱਚਿਆਂ ਤਕ ਇਸ ਖੇਡ ਨੂੰ ਖੇਡ ਸਕਦੇ ਹਨ ਤੇ ਦਸ ਤੋਂ ਪੰਝੀ ਫੁੱਟ ਅੱਧ-ਵਿਆਸ ਦਾ ਇੱਕ ਗੋਲ ਚੱਕਰ ਇਸ ਖੇਡ ਲਈ ਕਾਫ਼ੀ ਹੈ। ਇਕ ਕੱਪੜਾ ਕੋਟਲਾ ਬਣਾਉਣ ਵਾਸਤੇ ਲੋੜੀਂਦਾ ਹੈ। ਬੱਚੇ ਆਮ ਕਰਕੇ ਆਪਣੀਆਂ ਪੱਗਾਂ ਜਾਂ ਦੁਪੱਟਿਆਂ ਦੇ ਹੀ ਕੋਟਲੇ ਬਣਾ ਲੈਂਦੇ ਹਨ। ਇਸ ਖੇਡ ਦੇ ਨੇਮ ਇਹ ਹਨ :-

(1) ਕਿਸੇ ਖਿਡਾਰੀ ਨੂੰ ਪਿੱਛੇ ਪਏ ਹੋਏ ਕੋਟਲੇ ਬਾਰੇ ਦਸਣਾ ਮਨ੍ਹਾ ਹੈ।

(2) ਕੋਈ ਬੱਚਾ ਪਿੱਛੇ ਝਾਕ ਕੇ ਨਹੀਂ ਵੇਖ ਸਕਦਾ।

(3) ਅੱਗੇ ਦੌੜਨ ਵਾਲੇ ਬੱਚੇ ਲਈ ਖਾਲੀ ਥਾਂ ਉੱਤੇ ਬੈਠਣ ਲਈ ਪੂਰਾ ਚੱਕਰ ਲਾ ਕੇ ਆਉਣਾ ਜ਼ਰੂਰੀ ਹੈ।

(4) ਜਿਸ ਬੱਚੇ ਦੇ ਪਿੱਛੇ ਕੋਟਲਾ ਪਿਆ ਹੋਵੇ, ਉਹੋ ਹੀ ਕੋਟਲਾ ਚੁੱਕ ਕੇ ਰੱਖਣ ਵਾਲੇ ਦੇ ਪਿੱਛੇ ਦੌੜ ਸਕਦਾ ਹੈ।

(5) ਖ਼ਾਲੀ ਥਾਂ ਉੱਤੇ ਬੈਠ ਜਾਣ ਪਿੱਛੋਂ ਕਿਸੇ ਨੂੰ ਕੋਟਲੇ ਨਹੀਂ ਮਾਰੇ ਜਾ ਸਕਦੇ।

ਘੋੜੀਆਂ ਤੇ ਸਵਾਰ (ਆਨ ਚਨੇ ਮਨ ਮਾਨ ਚਨੇ)

ਦਸ ਤੋਂ ਪੰਦਰਾਂ ਸਾਲ ਦੇ ਬੱਚੇ ਇਸ ਖੇਡ ਨੂੰ ਬੜੇ ਸੁਆਦ ਨਾਲ ਖੇਡਦੇ ਹਨ । ਸਾਰੇ ਬੱਚੇ ਦੋ ਟੋਲੀਆਂ ਵਿਚ ਵੰਡੇ ਜਾਂਦੇ ਹਨ, ਇਕ ਟੋਲੀ ਸਵਾਰ ਅਤੇ ਦੂਜੀ ਟੋਲੀ ਘੋੜੀਆਂ ਬਣ ਜਾਂਦੀ ਹੈ। ਘੋੜੀਆਂ ਬਣਨ ਵਾਲੀ ਟੋਲੀ ਤੇ ਦੂਜੀ ਟੋਲੀ ਦੇ ਖਿਡਾਰੀ ਇਨ੍ਹਾਂ ਤੇ ਸਵਾਰੀ ਕਰਦੇ ਹਨ। ਸਵਾਰਾਂ ਵਿੱਚੋਂ ਇਕ ਸਵਾਰ ਆਪਣੇ ਹੇਠਲੇ ਖਿਡਾਰੀ (ਘੋੜੀ) ਦੀਆਂ ਇਕ ਹੱਥ ਨਾਲ ਅੱਖਾਂ ਬੰਦ ਕਰਦਾ ਹੈ। ਅਤੇ ਦੂਸਰੇ ਹੱਥ ਦੀਆਂ ਕੁਝ ਉਂਗਲਾਂ ਉੱਚੀ ਬਾਂਹ ਕਰਕੇ ਖੜੀਆਂ ਕਰਦਾ ਹੈ ਅਤੇ ਨਾਲ ਇਹ ਵਾਕ ਵੀ ਕਹਿੰਦਾ ਹੇ, “ਆਨ ਚਨੇ ਮਨ ਮਾਨ ਚਨੇ ਮਹਿਮੂਦ ਦਾ ਟੱਟੂ ਕਿਆ ਯਾਰੋ”, ਇਸ ਕਥਨ ਤੇ ਉਸ ਦੀ ਘੋੜੀ ਖੜੀ ਕੀਤੀਆਂ ਉਂਗਲਾਂ ਬੁੱਝਣ ਦਾ ਯਤਨ ਕਰਦੀ ਹੈ। ਜੇ ਉਹ ਉਂਗਲਾਂ ਦੀ ਗਿਣਤੀ ਬੁੱਝ ਲਵੇ ਤਾਂ ਸਵਾਰ ਘੋੜੀਆਂ ਅਤੇ ਸਾਰੀਆਂ ਘੋੜੀਆਂ ਸਵਾਰ ਬਣ ਜਾਂਦੇ ਹਨ ਪਰ ਜੇ ਨਾ ਬੁੱਝ ਸਕੇ ਤਾਂ ਸਵਾਰ ਆਪਣੀ ਆਪਣੀ ਘੋੜੀ ਤੋਂ ਉੱਤਰ ਕੇ, ਅਗਲੀ ਨਾਲ ਦੀ ਘੋੜੀ ਉੱਤੇ ਸਵਾਰ ਹੋ ਜਾਂਦੇ ਹਨ। ਸਵਾਰ ਹੋਣ ਪਿੱਛੋਂ ਫੇਰ ਸਵਾਰਾਂ ਵਿਚੋਂ ਇਕ ਸਵਾਰ ਉਸੇ ਤਰ੍ਹਾਂ ਆਪਣੀਆਂ ਉਂਗਲਾਂ ਬੁਝਾਉਂਦਾ ਹੈ। ਨਾ ਬੁੱਝੇ ਜਾਣ ਉੱਤੇ ਸਵਾਰ ਘੋੜੀਆਂ ਬਦਲ ਬਦਲ ਕੇ ਸਵਾਰੀ ਕਰਦੇ ਜਾਂਦੇ ਹਨ, ਘੋੜੀਆਂ, ਘੋੜੀਆਂ ਹੀ ਬਣੀਆਂ ਰਹਿੰਦੀਆਂ ਹਨ। ਖੜੀਆਂ ਕੀਤੀਆਂ ਉਂਗਲਾਂ ਬੁੱਝੇ ਜਾਣ ਉੱਤੇ ਹੇਠਲੇ ਉੱਤੇ ਚਲੇ ਜਾਂਦੇ ਹਨ । ਜਦੋਂ ਦੂਜੀ ਟੋਲੀ ਦੇ ਖਿਡਾਰੀ ਸਵਾਰ ਬਣਦੇ ਹਨ ਤਾਂ ਉਹ ਵੀ ਉਸੇ ਤਰ੍ਹਾਂ ਆਪਣੀਆਂ ਖੜੀਆਂ ਉਂਗਲਾਂ ਬੁਝਾਉਂਦੇ ਹਨ ਨਾ ਬੁੱਝੇ ਜਾਣ ਦੇ ਸਮੇਂ ਤੱਕ ਸਵਾਰੀ ਲਈ ਜਾਂਦੇ ਹਨ। ਇਸ ਤਰ੍ਹਾਂ ਦੋਵੇਂ ਟੋਲੀਆਂ ਕਈ ਵਾਰ ਸਵਾਰ ਤੇ ਕਈ ਵਾਰ ਘੋੜੀਆਂ ਬਣਦੀਆਂ ਹਨ ।

ਇਸ ਖੇਡ ਲਈ ਇਕ ਟੋਲੀ ਵਿਚ ਛੇ ਤੋਂ ਵੀਹ ਤਕ ਦੀ ਗਿਣਤੀ ਦੇ ਖਿਡਾਰੀ ਹੁੰਦੇ ਹਨ। ਇਕ ਟੋਲੀ ਦੇ ਹੱਥ ਫੜ ਕੇ ਚੱਕਰ ਬਣਾਉਣ ਜੋਗੀ ਥਾਂ, ਇਸ ਖੇਡ ਲਈ ਕਾਫ਼ੀ ਹੈ। ਇਸ ਦੇ ਨੇਮ ਇਸ ਪ੍ਰਕਾਰ ਹਨ :

(1) ਘੋੜੀਆਂ ਬਣੇ ਖਿਡਾਰੀ ਸਵਾਰ-ਖਿਡਾਰੀਆਂ ਨੂੰ ਡੇਗਣ ਦਾ ਯਤਨ ਨਹੀਂ ਕਰਨਗੇ।

(2) ਇਕ ਵਾਰ ਖੜੀਆਂ ਕੀਤੀਆਂ ਉਂਗਲਾਂ ਦੀ ਗਿਣਤੀ ਵਿਚ ਵਾਧਾ ਘਾਟਾ ਨਹੀਂ ਕੀਤਾ ਜਾਵੇਗਾ ।

(3) ਜਿਸ ਘੋੜੀ ਦਾ ਸਵਾਰ ਉਂਗਲਾਂ ਉੱਪਰ ਖੜੀਆਂ ਕਰਦਾ ਹੈ, ਉਸੇ ਦੀ ਖਿਡਾਰੀ-ਘੋੜੀ ਨੂੰ ਉਂਗਲਾਂ ਬੁੱਝਣੀਆਂ ਪੈਣਗੀਆਂ।

(4) ਕੋਈ ਘੋੜੀ ਬਣਿਆ ਖਿਡਾਰੀ ਉਂਗਲਾਂ ਬੁੱਝਣ ਵਿਚ ਆਪਣੇ ਸਾਥੀ ਦੀ ਸਹਾਇਤਾ ਨਹੀਂ ਕਰੇਗਾ ।

ਰੱਬ ਦੀ ਖੁੱਤੀ

ਖਿੱਦੋ ਜਾਂ ਗੇਂਦ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਵਿਚੋਂ ਇਕ ਉੱਘੀ ਖੇਡ ‘ਰੱਬ ਦੀ ਖੁੱਤੀ ਹੈ। ਇਸ ਵਿਚ ਖਿੱਦੋ ਨੂੰ ਉੱਚੇ ਤੋਂ ਉੱਚਾ ਸੁੱਟਣਾ, ਹੱਥ ਵਿਚ ਬੋਚਣਾ, ਕਿਸੇ ਖਾਸ ਖੁੱਤੀ ਵਿਚ ਪਾਉਣਾ ਅਤੇ ਦੌੜਦੇ ਹੋਏ ਖਿਡਾਰੀ ਦਾ ਨਿਸ਼ਾਨਾ ਲਾਉਣਾ ਹੁੰਦਾ ਹੈ। ਇਸ ਖੇਡ ਨੂੰ ਬਾਰਾਂ ਤੋਂ ਪੰਦਰਾਂ ਸਾਲ ਦੇ ਬੱਚੇ ਬਹੁਤ ਚਾਅ ਨਾਲ ਖੇਡਦੇ ਹਨ ।

ਸਾਰੇ ਖੇਡਣ ਵਾਲੇ ਬੱਚੇ ਆਪਣੀ ਇਕ ਇਕ ਖੁੱਤੀ (ਤਕਰੀਬਨ ਛੇ ਤੋਂ ਨੌਂ ਇੰਚ ਤਕ ਗੋਲ ਤੇ ਚਾਰ ਤੋਂ ਛੇ ਇੰਚ ਡੂੰਘੀ) ਨੇੜੇ ਨੇੜੇ ਚੱਕਰ ਵਿਚ ਕੱਢ ਲੈਂਦੇ ਹਨ। ਇਕ ਹੋਰ ਜ਼ਰਾ ਵੱਡੀ ਖੁੱਤੀ ਇਨ੍ਹਾਂ ਸਾਰੀਆਂ ਖੁੱਤੀਆਂ ਦੇ ਵਿਚਕਾਰ ਕੱਢੀ ਜਾਂਦੀ ਹੈ ਅਤੇ ਇਸ ਖੁੱਤੀ ਨੂੰ ‘ਰੱਬ ਦੀ ਖੁੱਤੀ’ ਕਹਿੰਦੇ ਹਨ। ਖੁੱਤੀਆਂ ਬਣਾ ਲੈਣ ਪਿੱਛੋਂ ਸਾਰੇ ਖਿਡਾਰੀ ਆਪਸ ਵਿਚ ਪੁੱਗਦੇ ਹਨ, ਨਾ ਪੁੱਗ ਸਕਣ ਵਾਲਾ ਖਿਡਾਰੀ ਹਵਾ ਵਿਚ ਬਹੁਤ ਉੱਚਾ ਖਿੱਦੋ ਸੁੱਟਦਾ ਹੈ ਅਤੇ ਸਾਰੇ ਉਸ ਖਿੱਦੋ ਨੂੰ ਬੁੱਚਣ ਦੀ ਕੋਸ਼ਿਸ਼ ਕਰਦੇ ਹਨ। ਜੇ ਬੁੱਚਣ ਵੇਲੇ ਕਿਸੇ ਖਿਡਾਰੀ ਦੇ ਹੱਥੋਂ ਖਿੱਦੋ ਡਿੱਗ ਪਵੇ ਤਾਂ ਡੇਗਣ ਵਾਲਾ ਖਿਡਾਰੀ ਉਸੇ ਤਰ੍ਹਾਂ ਮੁੜ ਕੇ ਹਵਾ ਵਿਚ ਉੱਚੀ ਗੇਂਦ ਸੁਟਦਾ ਹੈ। ਖਿੱਦੋ ਹਵਾ ਵਿਚ ਓਦੋਂ ਤੱਕ ਸੁਟਿਆ ਜਾਂਦਾ ਹੈ, ਜਦੋਂ ਤੱਕ ਕਿ ਕੋਈ ਖਿਡਾਰੀ ਇਸ ਨੂੰ ਹੱਥ ਵਿਚ ਬੋਚ ਨਹੀਂ ਲੈਂਦਾ । ਬੋਚਣ ਵਾਲਾ ਖਿਡਾਰੀ, ਖਿੱਦੋ ਸੁੱਟਣ ਵਾਲੇ ਖਿਡਾਰੀ ਦੀ ਸਵਾਰੀ, ਖੁੱਤੀਆਂ ਤੋਂ ਪੰਜ ਜਾਂ ਛੇ ਫੁੱਟ ਦੀ ਵਿੱਥ ਉੱਤੇ ਕਰਦਾ ਹੈ ਅਤੇ ਘੋੜੀ ਬਣਿਆ ਖਿਡਾਰੀ ਖਿੱਦੋ ਨੂੰ ਖੁੱਤੀਆਂ ਵਲ ਰੇੜ੍ਹ ਕੇ, ਆਪਣੀ ਖੁੱਤੀ ਵਿਚ ਖਿੱਦੋ ਨੂੰ ਪਾਉਣ ਦਾ ਯਤਨ ਕਰਦਾ ਹੈ। ਜੇ ਇਸ ਤਰ੍ਹਾਂ ਸਫਲ ਹੋ ਜਾਵੇ ਤਾਂ ਉਹ ਆਪ ਸਵਾਰੀ ਤੇ ਉਸ ਦਾ ਸਵਾਰ ਘੋੜੀ ਬਣ ਜਾਂਦਾ ਹੈ। ਕਿਸੇ ਹੋਰ ਦੀ ਖੁੱਤੀ ਵਿਚ ਖਿੱਦੋ ਪੈ ਜਾਣ ਤੇ ਉਸ ਖੁੱਤੀ ਦਾ ਮਾਲਕ ਉਸ ਉਤੇ ਸਵਾਰੀ ਕਰਨ ਦਾ ਅਧਿਕਾਰੀ ਹੋ ਜਾਂਦਾ ਹੈ ਅਤੇ ਜਿਨ੍ਹਾਂ ਜਿਨ੍ਹਾਂ ਦੀਆ ਖੁੱਤੀਆਂ ਵਿਚ ਖਿੱਦੋ ਪੈਂਦਾ ਜਾਂਦਾ ਹੈ, ਉਹ ਆਪਣੀ ਆਪਣੀ ਵਾਰੀ ਅਨੁਸਾਰ ਸਵਾਰੀ ਕਰਦੇ ਜਾਂਦੇ ਹਨ।

ਵਿਚਕਾਰਲੀ ਵੱਡੀ ਰੱਬ ਦੀ ਖੁੱਤੀ ਵਿਚ ਖਿੱਦੋ ਪੈ ਜਾਣ ਤੇ ਸਾਰੇ ਖਿਡਾਰੀ ਨਿਸ਼ਾਨੇ ਤੋਂ ਬਚਣ ਲਈ ਖੁੱਤੀਆਂ ਛੱਡ ਕੇ ਦੌੜ ਜਾਂਦੇ ਹਨ ਅਤੇ ਘੋੜੀ ਬਣਿਆ ਖਿਡਾਰੀ ਝੱਟਪੱਟ ਖਿੱਦੋ ਕੱਢ ਕੇ ਕਿਸੇ ਖਿਡਾਰੀ ਨੂੰ ਖਿੱਦੋ ਨਾਲ ਨਿਸ਼ਾਨਾ ਬਣਾਉਣ ਦਾ ਯਤਨ ਕਰਦਾ ਹੈ। ਜੇ ਕਿਸੇ ਖਿਡਾਰੀ ਨੂੰ ਖਿੱਦੋ ਲੱਗ ਜਾਵੇ ਤਾਂ ਉਸ ਦੀ ਮੀਟੀ ਆ ਜਾਂਦੀ ਹੈ ਅਤੇ ਉਹ ਪਹਿਲੇ ਵਾਂਗ ਫੇਰ ਹਵਾ ਵਿਚ ਖਿੱਦੋ ਨੂੰ ਸੁੱਟ ਕੇ ਖੇਡ ਸ਼ੁਰੂ ਕਰਦਾ ਹੈ। ਨਿਸ਼ਾਨਾ ਖੁੰਝ ਜਾਣ ਦੀ ਹਾਲਤ ਵਿਚ, ਉਹੀ ਖਿਡਾਰੀ ਹੀ ਖਿੱਦੋ ਨੂੰ ਹਵਾ ਵਿਚ ਸੁੱਟੇਗਾ ਤੇ ਖੇਡ ਨੂੰ ਫੇਰ ਪਹਿਲੇ ਵਾਂਗ ਹੀ ਸ਼ੁਰੂ ਕਰੇਗਾ।

ਆਮ ਤੌਰ ਤੇ ਇਸ ਖੇਡ ਵਿਚ ਚਾਰ ਤੋਂ ਅੱਠ ਤਕ ਖਿਡਾਰੀ ਭਾਗ ਲੈਂਦੇ ਹਨ।

ਪਿੱਠੂ

ਬਾਰਾਂ ਸਾਲ ਤੋਂ ਛੋਟੇ ਬੱਚਿਆਂ ਵਿਚ ਖਿੱਦੋ ਨਾਲ ਖੇਡੀ ਜਾਣ ਵਾਲੀ ਸੁਆਦਲੀ ਖੇਡ ਪਿੱਠੂ ਹੈ। ਇਸ ਵਿਚ ਵੀ ਖਿੱਦੋ ਨਾਲ ਨਿਸ਼ਾਨਾ ਲਾਉਣ, ਨਿਸ਼ਾਨੇ ਤੋਂ ਬਚਣ ਤੇ ਖਿੱਦੋ ਨੂੰ ਬੋਚਣ ਦੇ ਢੰਗਾਂ ਦਾ ਅਭਿਆਸ ਹੁੰਦਾ ਹੈ। ਇਹ ਖੇਡ ਇਕੱਲੇ ਇਕੱਲੇ ਜਾਂ ਟੋਲੀਆਂ ਵਿਚ ਖੇਡੀ ਜਾਂਦੀ ਹੈ।

ਖੇਡ ਦੇ ਮੈਦਾਨ ਵਿਚ ਚਾਰ ਜਾਂ ਪੰਜ ਛੋਟੀਆਂ ਛੋਟੀਆਂ ਇੱਟਾਂ ਜਾਂ ਠੀਕਰੀਆਂ ਦੀ ਇਕ ਪਾਲ ਖੜੀ ਕਰ ਲਈ ਜਾਂਦੀ ਹੈ। ਇਸ ਪਾਲ ਤੋਂ ਚਾਰ ਜਾਂ ਪੰਜ ਫੁੱਟ ਦੀ ਵਿੱਥ ਉੱਤੇ ਇਕ ਲੀਕ ਖਿੱਚ ਕੇ ਪਾਲ ਨੂੰ ਖਿੱਦੋ ਨਾਲ ਡੇਗਣ ਲਈ ਹੱਦ ਨੀਅਤ ਕਰ ਲਈ ਜਾਂਦੀ ਹੈ । ਵਾਰੀ ਲੈਣ ਵਾਲਾ ਖਿਡਾਰੀ ਇਸ ਲੱਗੀ ਹੋਈ ਲੀਕ ਦੇ ਪਿੱਛੇ ਖੜਾ ਹੋ ਕੇ ਇੱਟਾਂ ਦੀ ਪਾਲ ਨੂੰ ਖਿੱਦੋ ਨਾਲ ਡੇਗਣ ਦਾ ਯਤਨ ਕਰਦਾ ਹੈ ਅਤੇ ਵਿਰੋਧੀ ਖਿਡਾਰੀ ਨੂੰ ਦੂਰ ਜਾਣ ਤੋਂ ਰੋਕਣ ਲਈ ਪਾਲ ਦੇ ਪਿੱਛੇ ਕੁਝ ਵਿੱਥ ਉਤੇ ਖੜਾ ਹੋ ਜਾਂਦਾ ਹੈ। ਜੇ ਇੱਟਾਂ ਦੀ ਪਾਲ ਨੂੰ ਖਿੱਦੋ ਨਾ ਲੱਗੇ ਤੇ ਵਿਰੋਧੀ ਖਿਡਾਰੀ ਖਿੱਦੋ ਨੂੰ ਟੱਪਾ ਪੈਣ ਤੋਂ ਪਿੱਛੋਂ ਬੋਚ ਨਾ ਸਕੇ ਤਾਂ ਵਾਰੀ ਲੈਣ ਵਾਲਾ ਖਿਡਾਰੀ ਮੁੜ ਖਿੱਦੋ ਨਾਲ ਪਾਲ ਦਾ ਨਿਸ਼ਾਨਾ ਲਾਉਂਦਾ ਹੈ। ਪਾਲ ਦੇ ਡਿਗ ਜਾਣ ਤੇ ਖਿੱਦੋ ਮਾਰਨ ਵਾਲਾ ਖਿਡਾਰੀ ਪਾਲ ਬਣਨ ਤੋਂ ਪਹਿਲਾਂ ਪਹਿਲਾਂ ਖਿੱਦੋ ਨਾਲ ਉਸ ਦਾ ਨਿਸ਼ਾਨਾ ਬਣਾਉਂਦਾ ਹੈ। ਜੇ ਪਾਲ ਬਣਾਉਣ ਵਾਲਾ ਖਿੱਦੋ ਲੱਗਣ ਤੋਂ ਪਹਿਲਾਂ ਪਾਲ ਖੜੀ ਕਰ ਲਵੇ, ਤਾਂ ਉਸ ਦੀ ਇਕ ਵਾਰੀ ਹੋਰ ਵਧ ਜਾਂਦੀ ਹੈ । ਜੇ ਵਿਰੋਧੀ ਖਿਡਾਰੀ ਪਾਲ ਬਣਾਂਦਿਆਂ ਖਿਡਾਰੀ ਦਾ ਨਿਸ਼ਾਨਾ ਬਣਾ ਲੈਂਦਾ ਹੈ ਤਾਂ ਉਹ ਵਾਰੀ ਲੈਣ ਦਾ ਹੱਕਦਾਰ ਹੋ ਜਾਂਦਾ ਹੈ । ਟੱਪਾ ਪੈਣ ਪਿੱਛੋਂ ਗੇਂਦ ਬੁੱਚੇ ਜਾਣ ਉਤੇ ਵੀ ਗੇਂਦ ਮਾਰਨ ਵਾਲੇ ਦੀ ਵਾਰੀ ਜਾਂਦੀ ਰਹਿੰਦੀ ਹੈ। ਇਸ ਤਰ੍ਹਾਂ ਖਿਡਾਰੀਆਂ ਦੀਆਂ ਵਾਰੀਆਂ ਬਦਲਦੀਆਂ ਰਹਿੰਦੀਆਂ ਹਨ।

ਇਹ ਖੇਡ ਦੋ ਟੋਲੀਆਂ ਵਿਚ ਖੇਡੀ ਜਾਂਦੀ ਹੈ। ਇਕ ਟੋਲੀ ਵਿਚ ਦੋ ਤੋਂ ਚਾਰ ਤੱਕ ਖਿਡਾਰੀਆਂ ਦੀ ਗਿਣਤੀ ਹੁੰਦੀ ਹੈ ਅਤੇ ਇਕੱਲਿਆਂ ਖੇਡਣਾ ਹੋਵੇ ਤਾਂ ਦੋ ਤਿੰਨ ਖਿਡਾਰੀ ਖੇਡ ਸਕਦੇ ਹਨ। ਇਕ ਖਿੱਦੋ, ਚਾਰ ਪੰਜ ਛੋਟੀਆਂ ਇੱਟਾਂ ਜਾਂ ਠੀਕਰੀਆਂ ਤੋਂ ਬਿਨਾ ਇਸ ਖੇਡ ਵਿਚ ਹੋਰ ਸਮਾਨ ਦੀ ਲੋੜ ਨਹੀਂ।

ਕੀੜ – ਕੜਾਗਾ ਜਾਂ ਜੰਡ – ਖੜੰਗ 

ਇਸ ਖੇਡ ਦੇ ਕਈ ਨਾਂ ਹਨ ਜਿਵੇਂ ਜੰਡ-ਪਲੰਗ, ਜੰਡ ਪਰਾਗਾ, ਡੰਡਾ-ਡੁੱਕ, ਪੀਲ-ਪਲਾਂਗਣ ਆਦਿ । ਛੂਹਣ ਛੁਹਾਣ ਦੀਆਂ ਖੇਡਾਂ ਦੀ ਇਕ ਹੋਰ ਵੰਨਗੀ ਜਿਸ ਵਿਚ ਇਕ ਦੋ ਬ੍ਰਿਛਾਂ ਦੀ ਲੋੜ ਹੁੰਦੀ ਹੈ, ‘ਕੀੜ-ਕੜਾਂਗਾ’ ਜਾਂ ‘ਜੰਡ ਖੜੰਗ’ ਹੈ। ਇਸ ਖੇਡ ਵਿਚ ਬ੍ਰਿਛ ਉਤੇ ਚੜ੍ਹਨ ਤੇ ਉਸ ਤੋਂ ਉਤਰਨ ਦਾ ਖੂਬ ਅਭਿਆਸ ਹੁੰਦਾ ਹੈ। ਇਸ ਨੂੰ ਖੇਡਣ ਵਾਲੇ ਮੁੰਡੇ ਬਾਰਾਂ ਸਾਲ ਤੋਂ ਸੋਲਾਂ ਸਾਲ ਤਕ ਦੇ ਹੁੰਦੇ ਹਨ ।

ਇਕ ਸੰਘਣੇ ਬ੍ਰਿਛ ਹੇਠਾਂ ਸਾਰੇ ਖਿਡਾਰੀ ਇਕੱਠੇ ਹੋ ਜਾਂਦੇ ਹਨ । ਸਾਰੇ ਆਪਸ ਵਿਚ ਪੁੱਗ ਕੇ, ਵਾਰੀ ਦੇਣ ਵਾਲੇ ਦਾ ਨਿਰਣਾ ਕਰ ਲੈਂਦੇ ਹਨ । ਨਾ ਪੁੱਗ ਸਕਣ ਵਾਲਾ ਖਿਡਾਰੀ ਵਾਰੀ ਦੇਂਦਾ ਹੈ। ਪੁੱਗਣ ਵਾਲੇ ਖਿਡਾਰੀਆਂ ਵਿਚੋਂ ਇਕ ਖਿਡਾਰੀ ਤਿੰਨ ਫੁੱਟ ਅੱਧ-ਵਿਆਸ ਦੇ ਬਣੇ ਚੱਕਰ ਤੋਂ ਆਪਣੀ ਇਕ ਲੱਤ ਹੇਠੋਂ ਦੋ ਜਾਂ ਤਿੰਨ ਫੁੱਟ ਲੰਮੀ ਸੋਟੀ (ਡੰਡਾ) ਦੂਰ ਸੁੱਟਦਾ ਹੈ ਅਤੇ ਸੋਟੀ ਵਾਪਸ ਲਿਆਉਣ ਸਮੇਂ ਤਕ ਸਾਰੇ ਖਿਡਾਰੀ, ਸਣੇ ਸੁੱਟਣ ਵਾਲੇ ਦੇ, ਬ੍ਰਿਛ ਉਤੇ ਚੜ੍ਹ ਜਾਂਦੇ ਹਨ । ਵਾਰੀ ਦੇਣ ਵਾਲਾ ਖਿਡਾਰੀ ਦੂਰ ਸੁੱਟੀ ਗਈ ਸੋਟੀ ਨੂੰ ਬਣੇ ਹੋਏ ਚੱਕਰ ਵਿਚ ਲਿਆ ਕੇ ਰੱਖਦਾ ਹੈ ਅਤੇ ਬ੍ਰਿਛ ਉਤੇ ਚੜ੍ਹ ਕੇ ਜਾਂ ਹੋਰ ਕਿਸੇ ਤਰ੍ਹਾਂ ਖਿਡਾਰੀਆਂ ਨੂੰ ਛੂੰਹਦਾ ਹੈ । ਸਾਰੇ ਖਿਡਾਰੀ ਉਸ ਕੋਲੋਂ ਬਚਣ ਦਾ ਯਤਨ ਕਰਦੇ ਹਨ, ਨਾਲੇ ਚੱਕਰ ਵਿਚ ਪਈ ਸੋਟੀ ਨੂੰ ਫੜਨ ਦਾ ਯਤਨ ਕਰਦੇ ਹਨ। ਜੇ ਸੋਟੀ ਦੇ ਚੁੱਕੇ ਜਾਣ ਤੋਂ ਪਹਿਲਾਂ ਵਾਰੀ ਦੇਣ ਵਾਲਾ ਖਿਡਾਰੀ ਕਿਸੇ ਨੂੰ ਛੂਹ ਲੈਂਦਾ ਹੈ ਤਾਂ ਉਸ ਦੀ ਵਾਰੀ ਮੁੱਕ ਜਾਂਦੀ ਹੈ ਤੇ ਵਾਰੀ ਛੂਹੇ ਜਾਣ ਵਾਲੇ ਸਿਰ ਉਤੇ ਆ ਜਾਂਦੀ ਹੈ। ਕਿਸੇ ਦੇ ਛੂਹੇ ਜਾਣ ਤੋਂ ਪਹਿਲਾਂ ਜੇ ਉਹ ਸੋਟੀ ਨੂੰ ਫੜ ਕੇ ਚੁੰਮ ਲੈਂਦਾ ਹੈ ਤਾਂ ਵਾਰੀ ਦੇਣ ਵਾਲਾ ਛੂਹਣਾ ਬੰਦ ਕਰ ਦਿੰਦਾ ਹੈ ਤੇ ਨਵੇਂ ਸਿਰਿਉਂ ਵਾਰੀ ਦੇਣ ਲਈ ਤਿਆਰ ਹੋ ਜਾਂਦਾ ਹੈ । ਸੋਟੀ ਚੁੰਮਣ ਵਾਲਾ ਖਿਡਾਰੀ, ਪਹਿਲੇ ਵਾਂਗ ਫੇਰ, ਲੱਤ ਹੇਠੋਂ ਸੋਟੀ ਦੂਰ ਸੁੱਟਦਾ ਹੈ ਅਤੇ ਵਾਰੀ ਦੇਣ ਵਾਲਾ ਸੋਟੀ ਲਿਆ ਕੇ, ਚੱਕਰ ਵਿਚ ਰੱਖ ਮੁੜ ਬ੍ਰਿਛ ਉਤੇ ਚੜ੍ਹੇ ਖਿਡਾਰੀਆਂ ਨੂੰ ਛੂੰਹਦਾ ਹੈ । ਇਸ ਤਰ੍ਹਾਂ ਚੜ੍ਹਨ, ਉਤਰਨ, ਛੂਹਣ ਆਦਿ ਦੀ ਖੇਡ ਜਾਰੀ ਰਹਿੰਦੀ ਹੈ ।

ਦੋ ਤੋਂ ਬਾਰਾਂ ਤਕ ਖਿਡਾਰੀ ਇਸ ਖੇਡ ਨੂੰ ਖੇਡ ਸਕਦੇ ਹਨ। ਮੋਟੇ ਨੇਮ ਇਹ ਹਨ :-

(1) ਸੋਟੀ ਇਕ ਲੱਤ ਦੇ ਹੇਠੋਂ ਸੁੱਟੀ ਜਾ ਸਕਦੀ ਹੈ।

(2) ਸੋਟੀ ਨੂੰ ਚੱਕਰ ਵਿਚ ਰੱਖ ਕੇ ਹੀ, ਵਾਰੀ ਦੇਣ ਵਾਲਾ, ਖਿਡਾਰੀਆਂ ਨੂੰ ਛੂਹ ਸਕਦਾ ਹੈ।

(3) ਬ੍ਰਿਛ ਦੇ ਟਾਹਣਾਂ ਨੂੰ ਹਿਲਾ ਹਿਲਾ ਕੇ, ਕਿਸੇ ਖਿਡਾਰੀ ਨੂੰ ਹੇਠਾਂ ਡੇਗਣਾ ਮਨ੍ਹਾ ਹੈ।

ਛਟਾਪੂ

ਛਟਾਪੂ ਦੇ ਹੋਰ ਨਾਂ, ਪੀਚੋ, ਅੱਡੀਟੱਪਾ ਜਾਂ ਸਮੁੰਦਰ ਪਟੜਾ ਆਦਿ ਵੀ ਹਨ। ਇਸ ਖੇਡ ਵਿਚ ਧਰਤੀ ਉੱਤੇ ਅੱਠ ਖ਼ਾਨੇ ਬਣਾ ਲਏ ਜਾਂਦੇ ਹਨ। ਸਾਰੇ ਬੱਚੇ ਆਪਸ ਵਿਚ ਪੁੱਗਦੇ ਹਨ ਅਤੇ ਆਪਣੀਆਂ ਆਪਣੀਆਂ ਵਾਰੀਆਂ ਨੀਅਤ ਕਰ ਲੈਂਦੇ ਹਨ । ਖੇਡਣ ਵਾਲਾ ਬਣਾਏ ਨਕਸ਼ੇ ਦੇ ਬਾਹਰ ਖੜਾ ਹੋ ਕੇ ਸਭ ਤੋਂ ਪਹਿਲਾਂ ਖ਼ਾਨਾ ਨੰਬਰ ਇਕ ਵਿਚ ਲਤੂੜੀ ਜਾਂ ਠੀਕਰੀ ਸੁੱਟਦਾ ਹੈ। ਸੁੱਟਣ ਪਿੱਛੋਂ ਇਕ ਲੱਤ ਦੇ ਭਾਰ, ਲੰਙਾ-ਡੋਡੀ ਕਰਦਾ ਹੋਇਆ, ਠੀਕਰੀ ਵਾਲੇ ਖਾਨੇ ਵੱਲ ਆਉਂਦਾ ਹੈ ਤੇ ਠੀਕਰੀ ਨੂੰ ਠੁੱਡੇ ਨਾਲ ਖਾਨੇ ਤੋਂ ਬਾਹਰ ਕੱਢਦਾ ਹੈ। ਜੇ ਠੀਕਰੀ ਠੁੱਡੇ ਨਾਲ ਬਾਹਰ ਨਿਕਲ ਜਾਵੇ ਤਾਂ ਪਹਿਲੇ ਵਾਂਗ ਫਿਰ ਨਕਸ਼ੇ ਤੋਂ ਬਾਹਰ ਖੜਾ ਹੋ, ਠੀਕਰੀ ਨੂੰ ਖ਼ਾਨਾਂ ਨੰਬਰ ਦੋ ਵਿਚ ਸੁੱਟੇਗਾ ਅਤੇ ਖਾਨਾ ਨੰਬਰ ਇਕ ਵਿਚੋਂ ਲੰਙਾ-ਡੋਡੀ ਕਰਦਾ ਹੋਇਆ ਖਾਨਾ ਨੰਬਰ ਦੋ ਵਿਚ ਠੀਕਰੀ ਪਾਸ ਪਹੁੰਚੇਗਾ। ਇਸੇ ਤਰ੍ਹਾਂ ਖਾਨਾਂ ਨੰਬਰ ਦੋ ਵਿਚੋਂ ਵੀ ਠੁੱਡਾ ਮਾਰ ਕੇ ਇਕੋ ਵਾਰੀ ਵਿਚ ਜਾਂ ਪਹਿਲਾਂ ਪਹਿਲ ਖਾਨੇ ਵਿਚ ਪਾ ਕੇ ਫੇਰ ਬਾਹਰ ਕੱਢੇਗਾ। ਸਫਲ ਹੋਣ ਤੇ ਖਿਡਾਰੀ ਅਗਲੇ ਖ਼ਾਨਿਆਂ ਵਿਚੋਂ ਵਾਰੀ ਵਾਰੀ ਠੀਕਰੀ ਸੁੱਟ ਕੇ ਦੱਸੇ ਗਏ ਤਰੀਕੇ ਅਨੁਸਾਰ ਕੱਢਦਾ ਜਾਵੇਗਾ। ਇਸ ਤਰ੍ਹਾਂ ਖ਼ਾਨਾ ਨੰਬਰ ਦੋ ਦੇ ਪਿੱਛੋਂ ਖ਼ਾਨਾ ਨੰਬਰ ਤਿੰਨ ਅਤੇ ਤਿੰਨ ਪਿੱਛੋਂ ਚਾਰ, ਚਾਰ ਤੋਂ ਪੰਜ, ਪੰਜ ਤੋਂ ਛੇ, ਛੇ ਤੋਂ ਸੱਤ, ਸੱਤ ਤੋਂ ਅੱਠ ਖਾਨੇ ਵਿਚ ਠੀਕਰੀ ਵਾਰੀ ਵਾਰੀ ਸੁੱਟੀ ਜਾਵੇਗੀ ਅਤੇ ਤਰਤੀਬਵਾਰ ਖ਼ਾਨਿਆਂ ਵਿਚ ਦੀ ਲੰਙਾ-ਡੋਡੀ ਕਰਦਿਆਂ ਹੋਇਆਂ ਠੀਕਰੀ ਵਾਲੇ ਖਾਨੇ ਵਿਚ ਜਾਇਆ ਜਾਵੇਗਾ ਅਤੇ ਵਾਪਸ ਠੀਕਰੀ ਨੂੰ ਤਰਤੀਬਵਾਰ ਖਾਨਿਆਂ ਵਿਚ ਦੀ ਠੁੱਡਿਆਂ ਨਾਲ ਬਾਹਰ ਲਿਆਂਦਾ ਜਾਵੇਗਾ । ਵਾਪਸ ਲਿਆਉਣ ਲਈ ਠੀਕਰੀ ਇਸ ਪ੍ਰਕਾਰ ਖ਼ਾਨਿਆਂ ਵਿਚੋਂ ਦੀ ਹੁੰਦੀ ਹੋਈ ਬਾਹਰ ਲਿਆਂਦੀ ਜਾਵੇਗੀ। ਜੇ ਖ਼ਾਨਾ ਨੰਬਰ ਛੇ ਵਿਚ ਠੀਕਰੀ ਸੁੱਟੀ ਗਈ ਹੈ ਤਾਂ ਖਾਨਾ ਨੰਬਰ ਛੇ ਵਿਚੋਂ ਠੁੱਡੇ ਨਾਲ ਇਕ ਪੈਰ-ਭਾਰ ਲੰਙਾ-ਡੋਡੀ ਕਰਦੇ ਹੋਏ, ਖ਼ਾਨਾ ਨੰਬਰ ਪੰਜ ਵਿਚ ਪਾਈ ਜਾਵੇਗੀ, ਇਸੇ ਤਰ੍ਹਾਂ ਪੰਜ ਤੋਂ ਚਾਰ, ਚਾਰ ਤੋਂ ਤਿੰਨ, ਤਿੰਨ ਤੋਂ ਦੋ ਤਕ, ਦੋ ਤੋਂ ਇਕ ਅਤੇ ਇਕ ਤੋਂ ਬਾਹਰ ਕੱਢੀ ਜਾਵੇਗੀ। ਖ਼ਾਨਾ ਨੰਬਰ ਪੰਜ ਵਿਚ ਕਾਟਾ ਲੱਗਾ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਖ਼ਾਨੇ ਵਿਚ ਆਉਂਦਿਆਂ ਜਾਂਦਿਆਂ ਦੋਵੇਂ ਪੈਰ ਰੱਖਣੇ ਜ਼ਰੂਰੀ ਹਨ। ਇਸ ਖਾਨੇ ਨੂੰ ਸਾਹ ਲੈਣ ਵਾਲਾ ਖ਼ਾਨਾ ਵੀ ਕਿਹਾ ਜਾਂਦਾ ਹੈ।

ਖੇਡਣ ਵਾਲੇ ਬੱਚੇ ਦੀ ਵਾਰੀ ਉਸ ਸਮੇਂ ਖ਼ਤਮ ਹੋ ਜਾਵੇਗੀ ਜਦੋਂ ਉਹ ਹੇਠ ਲਿਖੇ ਉਲੰਘਣਾਂ ਵਿਚੋਂ ਕੋਈ ਇਕ ਕਰ ਬੈਠੇ :-

(1) ਠੀਕਰੀ ਗਲਤ ਖ਼ਾਨੇ ਵਿਚ ਸੁੱਟਣੀ ।

(2) ਹੱਥਾਂ ਜਾਂ ਦੋਹਾਂ ਪੈਰਾਂ ਦਾ ਧਰਤੀ ਨਾਲ ਛੂਹ ਜਾਣਾ ।

(3) ਠੀਕਰੀ ਦਾ ਕਿਸੇ ਖ਼ਾਨੇ ਦੀ ਲੀਕ ਉੱਤੇ ਟਿਕ ਜਾਣਾ।

(4) ਲੰਙਾ-ਡੋਡੀ ਕਰਨ ਵਾਲੇ ਪੈਰ ਦਾ ਲੀਕ ਉੱਤੇ ਆ ਜਾਣਾ।

(5) ਖ਼ਾਨਾ ਨੰਬਰ ਪੰਜ ਵਿਚ ਦੋਵੇਂ ਪੈਰ ਨਾ ਰੱਖਣੇ।

ਇਹ ਖੇਡ ਦੋਹਾਂ ਵਿਚ ਜਾਂ ਟੋਲੀਆਂ ਵਿਚ ਖੇਡੀ ਜਾ ਸਕਦੀ ਹੈ। ਟੋਲੀਆਂ ਬਰਾਬਰ ਬਰਾਬਰ ਗਿਣਤੀ ਦੇ ਖਿਡਾਰੀਆਂ ਦੀਆਂ ਹੁੰਦੀਆ ਹਨ। ਆਮ ਤੌਰ ਤੇ ਇਕ ਟੋਲੀ ਵਿਚ ਤਿੰਨ ਜਾਂ ਚਾਰ ਖਿਡਾਰੀ ਹੁੰਦੇ ਹਨ। ਖਿਡਾਰੀਆਂ ਦੀ ਗਿਣਤੀ ਕੋਈ ਨਿਸ਼ਚਿਤ ਨਹੀਂ ਹੁੰਦੀ।

ਇਸ ਖੇਡ ਦੇ ਇਕ ਖ਼ਾਨੇ ਦੀ ਲੰਬਾਈ ਇਕ ਤੋਂ ਤਿੰਨ ਫੁੱਟ ਤਕ ਹੁੰਦੀ ਹੈ। ਅੱਠ ਖ਼ਾਨੇ ਪੂਰੇ ਕਰ ਲੈਣ ਨਾਲ ਇਕ ਬਾਜ਼ੀ ਹੋ ਜਾਂਦੀ ਹੈ। ਜਿਹੜਾ ਖਿਡਾਰੀ ਜਾਂ ਟੋਲੀ ਜ਼ਿਆਦਾ ਕਰ ਲਵੇ, ਉਹ ਜਿੱਤੀ ਸਮਝੀ ਜਾਵੇਗੀ ।

ਟਾਹਣਾਂ ਜਾਂ ਗੀਟੇ

ਮੁੰਡਿਆਂ ਵਾਂਗ ਕੁੜੀਆਂ ਦੀਆਂ ਵੀ ਕਈ ਖੇਡਾਂ ਹਨ। ਇਨ੍ਹਾਂ ਵਿਚੋਂ ਬਹੁਤੀ ਪ੍ਰਚਲਿਤ ਖੇਡ ਗੀਟੇ ਜਾਂ ਟਾਹਣਾਂ ਹੈ। ਇਸ ਖੇਡ ਰਾਹੀਂ ਧਰਤੀ ਉੱਤੇ ਸੁੱਟੀਆਂ ਗੀਟੀਆਂ ਨੂੰ ਇਕ ਹੱਥ ਵਿਚ ਇਕੱਠਾ ਕਰਨਾ ਹੈ। ਇਕੱਠੇ ਕਰਨ ਸਮੇਂ ਇਕ ਗੀਟਾ ਹਵਾ ਵਿਚ ਸੁੱਟ ਕੇ ਉਸੇ ਹੱਥ ਵਿਚ ਮੁੜ ਬੋਚਣਾ ਹੁੰਦਾ ਹੈ। ਇਸ ਖੇਡ ਨੂੰ ਕੁੜੀਆਂ ਘਰਾਂ ਦੇ ਅੰਦਰ ਹੀ ਖੇਡ ਲੈਂਦੀਆਂ ਹਨ।

ਖੇਡਣ ਲਈ ਕੁੜੀਆਂ ਦੋ ਤੋਂ ਚਾਰ ਤਕ ਇਕੱਠੀਆਂ ਹੋ ਜਾਂਦੀਆਂ ਹਨ। ਇਕ ਗੋਲ ਚੱਕਰ ਇਕ ਤੋਂ ਦੋ ਫੁੱਟ ਅੱਧ-ਵਿਆਸ ਵਾਲਾ ਧਰਤੀ ਤੇ ਉਲੀਕ ਲਿਆ ਜਾਂਦਾ ਹੈ ਅਤੇ ਸਾਰੀਆਂ ਕੁੜੀਆਂ ਇਸ ਗੋਲ ਚੱਕਰ ਦੁਆਲੇ ਬੈਠ ਜਾਂਦੀਆਂ ਹਨ । ਪੰਜ ਗੋਲ ਗੋਲ ਨਿੱਕੇ ਨਿੱਕੇ ਪੱਥਰ ਜਾਂ ਇੱਟਾਂ ਦੇ ਛੋਟੇ ਛੋਟੇ ਗੀਟੇ ਜਿਹੜੇ ਹੱਥਾਂ ਵਿਚ ਆਸਾਨੀ ਨਾਲ ਆ ਸਕਣ, ਖੇਡ ਲਈ ਵਰਤੇ ਜਾਂਦੇ ਹਨ।

ਵਾਰੀ ਲੈਣ ਵਾਲੀ ਕੁੜੀ, ਸਾਰੀਆਂ ਗੀਟੀਆਂ ਨੂੰ ਧਰਤੀ ਉੱਤੇ ਉਲੀਕੇ ਗੋਲ ਚੱਕਰ ਵਿਚ ਹੌਲੀ ਜਿਹੀ ਸੱਟਦੀ ਹੈ ਤਾਂ ਜੋ ਕੋਈ ਗੀਟਾ ਚੱਕਰ ਦੀ ਲੀਕ ਤੋਂ ਬਾਹਰ ਨਾ ਨਿਕਲ ਜਾਵੇ । ਸੁੱਟਣ ਪਿੱਛੋਂ ਉਹ ਇਕ ਗੀਟਾ ਉਂਗਲਾਂ ਨਾਲ ਚੁੱਕ ਹਵਾ ਵਿਚ ਸੁੱਟਦੀ ਹੈ ਅਤੇ ਉਸ ਨੂੰ ਮੁੜ ਹੱਥ ਵਿਚ ਬੋਚਣ ਤੋਂ ਪਹਿਲਾਂ ਇਕ ਹੋਰ ਗੀਟਾ ਚੱਕਰ ਵਿਚੋਂ ਉਂਗਲਾਂ ਨਾਲ ਫੜ ਹੱਥ ਵਿਚ ਰੱਖ ਲੈਂਦੀ ਹੈ। ਜੇ ਇਸ ਤਰ੍ਹਾਂ ਸਫਲ ਹੋ ਜਾਵੇ ਤਾਂ ਫੇਰ ਪਹਿਲੇ ਵਾਂਗ ਇਕ ਹੋਰ ਗੀਟਾ ਹਵਾ ਵਿਚ ਸੁੱਟਦੀ ਹੈ ਅਤੇ ਇਕ ਚੁੱਕ ਲੈਂਦੀ ਹੈ। ਇਸ ਤਰ੍ਹਾਂ ਚਾਰੇ ਗੀਟੇ ਵਾਰੀ ਵਾਰੀ ਖੇਡਣ ਵਾਲੇ ਹੱਥ ਵਿਚ ਰੱਖ ਲਏ ਜਾਂਦੇ ਹਨ। ਸਾਰੇ ਗੀਟੇ ਚੁੱਕਣ ਪਿੱਛੋਂ, ਗੀਟੇ ਫਿਰ ਚੱਕਰ ਵਿਚ ਸੁੱਟੇ ਜਾਂਦੇ ਹਨ। ਇਸ ਵਾਰੀ ਇਕ ਇਕ ਗੀਟਾ ਫੜਨ ਦੇ ਬਜਾਏ ਇਕ ਵਾਰੀ ਵਿਚ ਦੋ ਦੋ ਗੀਟੇ ਫੜੇ ਜਾਂਦੇ ਹਨ। ਇਸ ਤਰ੍ਹਾਂ ਸਫਲ ਹੋਣ ਪਿੱਛੋਂ, ਪਹਿਲਾਂ ਇਕ ਗੀਟਾ ਤੇ ਫੇਰ ਤਿੰਨ ਗੀਟੇ ਫੜੇ ਜਾਂਦੇ ਹਨ। ਚੌਥੀ ਵਾਰ ਚਾਰੇ ਗੀਟੀਆਂ ਨੂੰ ਇੱਕੋ ਵਾਰੀ ਵਿਚ ਚੁੱਕ ਲਿਆ ਜਾਂਦਾ ਹੈ । ਜੇ ਏਸ ਤਰ੍ਹਾਂ ਚਾਰ ਵਾਰਾਂ ਸਫਲ ਹੋ ਜਾਣ ਤਾਂ ਇਕ ਬਾਜ਼ੀ ਪੁੱਗ ਜਾਂਦੀ ਹੈ ਅਤੇ ਖੇਡ ਫੇਰ ਮੁੱਢ ਤੋਂ ਸ਼ੁਰੂ ਕੀਤੀ ਜਾਂਦੀ ਹੈ । ਖਿਡੰਦੜ ਕੁੜੀ ਉਸ ਸਮੇਂ ਤਕ ਆਪਣੀ ਵਾਰੀ ਲਈ ਜਾਵੇਗੀ ਜਦ ਤਕ ਕਿ ਉਹ ਹੇਠ ਲਿਖੇ ਉਲੰਘਣਾਂ ਵਿਚੋਂ ਕੋਈ ਇਕ ਨਾ ਕਰ ਬੈਠੇ :-

(1) ਉਲੀਕੇ ਹੋਏ ਚੱਕਰ ਵਿਚੋਂ ਕਿਸੇ ਗੀਟੇ ਦਾ ਬਾਹਰ ਜਾ ਪੈਣਾ।

(2) ਗੀਟੇ ਚੁੱਕਣ ਵੇਲੇ ਦੋਹਾਂ ਹੱਥਾਂ ਦਾ ਵਰਤਣਾ।

(3) ਗੀਟੇ ਚੁੱਕਣ ਵੇਲੇ ਕਿਸੇ ਦੂਜੇ ਗੀਟੇ ਨੂੰ ਹਿਲਾ ਬੈਠਣਾ। (4) ਹਵਾ ਵਿਚ ਸੁੱਟਣ ਪਿੱਛੋਂ ਗੀਟੇ ਦਾ ਬੋਚਿਆ ਨਾ ਜਾਣਾ ।

ਜਿਹੜੀ ਕੁੜੀ ਬਹੁਤੀਆਂ ਬਾਜੀਆਂ ਬਣਾ ਲਵੇ, ਉਹ ਜਿੱਤੀ ਸਮਝੀ ਜਾਂਦੀ ਹੈ।

ਥਾਲ ਜਾਂ ਖਿੱਦੋ

ਗੀਟੀਆਂ ਤੋਂ ਛੁੱਟ ਕੁੜੀਆਂ ਦੀ ਹੋਰ ਮਸ਼ਹੂਰ ਖੇਡ ਖਿੱਦੋ ਹੈ। ਇਹ ਖੇਡ ਵੀ ਕੁੜੀਆ ਘਰਾਂ ਦੇ ਅੰਦਰ ਹੀ ਖੇਡਦੀਆਂ ਹਨ। ਇਸ ਖੇਡ ਵਿਚ ਖਿੱਦੋ ਨੂੰ ਇਕ ਹੱਥ ਨਾਲ ਧਰਤੀ ਉੱਤੇ ਬਹੁਤ ਤੋਂ ਬਹੁਤੇ ਸਮੇਂ ਤਕ ਬੁੜ੍ਹਕਾਉਣਾ ਪੈਂਦਾ ਹੈ । ਜੋੜੀਆਂ ਵਿਚ ਜਾਂ ਟੋਲੀ ਵਾਰ ਇਹ ਖੇਡ ਖੇਡੀ ਜਾਂਦੀ ਹੈ।

ਜਦ ਇਹ ਖੇਡ ਆੜੀਆਂ ਤੋਂ ਬਿਨਾਂ ਖੇਡਣੀ ਹੋਵੇ ਤਾਂ ਇਕ ਤੋਂ ਲੈ ਕੇ ਪੰਜ ਤਕ ਖਿਡਾਰੀ ਭਾਗ ਲੈ ਲੈਂਦੇ ਹਨ। ਜੇ ਟੋਲੀ ਬਣਾ ਕੇ ਖੇਡਣੀ ਹੋਵੇ ਤਾਂ ਦੋ ਤੋਂ ਲੈ ਕੇ ਪੰਜ ਟੋਲੀਆਂ ਖੇਡ ਸਕਦੀਆਂ ਹਨ। ਖੇਡਣ ਲਈ ਬਹੁਤੀ ਥੋੜ੍ਹੀ ਥਾਂ ਚਾਹੀਦੀ ਹੈ। ਕੇਵਲ ਇਕ ਤੋਂ ਦੋ ਫੁੱਟ ਅੱਧ-ਵਿਆਸ ਦਾ ਘੇਰਾ ਜਿਸ ਦੇ ਦੁਆਲੇ ਸਾਰੀਆਂ ਖੇਡਣ ਵਾਲੀਆਂ ਕੁੜੀਆਂ ਬੈਠ ਜਾਣ, ਕਾਫ਼ੀ ਹੁੰਦਾ ਹੈ। ਇਸ ਖੇਡ ਵਾਸਤੇ ਕੇਵਲ ਇਕ ਰਬੜ ਦੀ ਗੇਂਦ ਹੀ ਲੋੜੀਂਦੀ ਹੈ।

ਸਾਰੀਆਂ ਕੁੜੀਆਂ ਆਪਸ ਵਿਚ ਪੁੱਗਦੀਆਂ ਹਨ ਅਤੇ ਆਪਣੇ ਆਪਣੇ ਪੁੱਗਣ ਅਨੁਸਾਰ ਵਾਰੀਆਂ ਥਾਪ ਕੇ, ਇਕ ਗੋਲ ਚੱਕਰ ਵਿਚ ਬੈਠ ਜਾਂਦੀਆਂ ਹਨ । ਵਾਰੀ ਲੈਣ ਵਾਲੀ ਕੁੜੀ, ਖਿੱਦੋ ਨੂੰ ਧਰਤੀ ਤੇ ਉਭਾਰਦੀ ਹੈ ਅਤੇ ਫੇਰ ਇਕ ਹੱਥ ਨਾਲ ਧਰਤੀ ਤੇ ਉਭਾਰ ਉਭਾਰ ਕੇ ਗਿਣਤੀ ਕਰੀ ਜਾਂਦੀ ਹੈ। ਲਗਾਤਾਰ ਵੀਹ ਤਕ ਗਿਣਤੀ ਪਹੁੰਚ ਜਾਣ ਉਤੇ ਇਕ ਬਾਜ਼ੀ ਜਾਂ ਇਕ ਥਾਲ ਹੋ ਜਾਂਦਾ ਹੈ। ਇਸ ਤਰ੍ਹਾਂ ਇਕੋ ਵਾਰੀ ਵਿਚ ਕਈ ਥਾਲ ਬਣਾ ਲਏ ਜਾਂਦੇ ਹਨ। ਜਦੋਂ ਖਿੱਦੋ ਰਿੜ੍ਹ ਜਾਵੇ ਜਾਂ ਉਭਰ ਨਾ ਸਕੇ ਤਾਂ ਖੇਡਣ ਵਾਲੇ ਦੀ ਵਾਰੀ ਜਾਂਦੀ ਰਹਿੰਦੀ ਹੈ। ਇਕ ਦੀ ਵਾਰੀ ਖ਼ਤਮ ਹੋਣ ਉਤੇ ਦੂਸਰੇ ਦੀ, ਤੀਸਰੇ ਦੀ, ਅੰਤ ਚੌਥੇ ਦੀ ਇਸੇ ਤਰ੍ਹਾਂ ਵਾਰੀਆਂ ਬਦਲਦੀਆਂ ਰਹਿੰਦੀਆਂ ਅਤੇ ਖੇਡ ਜਾਰੀ ਰਹਿੰਦੀ ਹੈ। ਹਰ ਖਿਡਾਰੀ ਆਪਣੇ ਥਾਲਾਂ ਦਾ ਹਿਸਾਬ ਆਪੇ ਰੱਖਦਾ ਹੈ। ਜਿਸ ਕੁੜੀ ਜਾਂ ਜਿਸ ਟੋਲੀ ਦੇ ਬਹੁਤੇ ਥਾਲ ਬਣ ਜਾਣ, ਉਹ ਜਿੱਤ ਤੇ ਦੂਜੀ ਹਾਰ ਜਾਂਦੀ ਹੈ।

ਬਾਰਾਂ ਟਾਹਣ ਜਾਂ ਬਾਰਾਂ ਬੀਟੀ

ਇਹ ਇਕ ਬੈਠਕੀ ਖੇਡ ਹੈ ਜੋ ਵਡੇਰੀ ਉਮਰ ਦੇ ਬੰਦਿਆਂ ਦੇ ਬੜੀ ਯੋਗ ਹੈ । ਬਾਰਾਂ ਟਾਹਣ ਵਿਚ ਵੀ, ਡਰਾਫਟ ਦੀ ਖੇਡ ਵਾਂਗ, ਸੂਝ ਦਾ ਮੁਕਾਬਲਾ ਹੁੰਦਾ ਹੈ, ਜਿਹੜਾ ਜ਼ਿਆਦਾ ਸਮਝਦਾਰ ਤੇ ਬੁੱਧੀ ਵਾਲਾ ਹੁੰਦਾ ਹੈ, ਉਹ ਜਿੱਤ ਜਾਂਦਾ ਹੈ। ਇਸ ਵਿਚ ਆਪਣੀ ਟਾਹਣ ਜਾਂ ਗੋਟ ਨੂੰ ਇਸ ਹਿਸਾਬ ਨਾਲ ਰੱਖਣਾ ਹੁੰਦਾ ਹੈ ਕਿ ਵਿਰੋਧੀ ਉਸ ਨੂੰ ਨੇਮ ਅਨੁਸਾਰ ਮਾਰ ਨਾ ਸਕੇ ਸਗੋਂ ਉਲਟਾ ਵਿਰੋਧੀ ਦੀ ਟਾਹਣ ਨੂੰ ਮਾਰਨ ਵਿਚ ਸਫਲ ਹੋ ਜਾਵੇ। ਇਸ ਤਰ੍ਹਾਂ ਇਕ ਦੂਜਾ ਆਪਣੀ ਸੋਚ ਨਾਲ ਆਪਣੀਆ ਟਾਹਣਾਂ ਬਚਾਉਂਦਾ ਹੈ ਅਤੇ ਵਿਰੋਧੀ ਦੀਆ ਟਾਹਣਾਂ ਮਾਰਨ ਦਾ ਯਤਨ ਕਰਦਾ ਹੈ।

ਪਹਿਲੇ ਲੀਕਾਂ ਲਾ ਲਈਆਂ ਜਾਂਦੀਆ ਹਨ। ਖਿਡਾਰੀ ਇਕ ਦੂਜੇ ਦੇ ਸਾਹਮਣੇ ਬੈਠ ਜਾਂਦੇ ਹਨ, ਆਪੋ ਆਪਣੇ ਪਾਸੇ ਵੱਲ ਬਾਰਾਂ ਬਾਰਾਂ ਟਾਹਣਾਂ, ਜਿਹੜੀਆਂ ਇਕ ਦੂਜੇ ਤੋਂ ਭਿੰਨ ਹੁੰਦੀਆਂ ਹਨ, ਬਣੇ ਹੋਏ ਘੁਰਿਆਂ ਉਤੇ ਰੱਖ ਲੈਂਦੇ ਹਨ। ਜੇ ਇਕ ਖਿਡਾਰੀ ਲੱਕੜੀਆ ਦੀਆਂ ਬਾਰਾਂ ਟਾਹਣਾਂ ਵਰਤਦਾ ਹੈ ਤਾਂ ਦੂਜਾ ਮਿੱਟੀ ਦੀਆਂ ਬਾਰਾਂ ਛੋਟੀਆਂ ਠੀਕਰੀਆਂ ਵਰਤਦਾ ਹੈ। ਇਸ ਤਰ੍ਹਾਂ ਇਕ ਦੂਜੇ ਦੀਆਂ ਟਾਹਣਾਂ ਆਪਸ ਵਿਚ ਨਹੀਂ ਮਿਲਦੀਆਂ। ਟਾਹਣਾਂ ਆਪਣੇ ਆਪਣੇ ਪਾਸਿਆਂ ਦੇ ਘੁਰਿਆਂ ਉੱਤੇ ਰੱਖਣ ਪਿੱਛੋਂ ਇਕ ਖਿਡਾਰੀ ਖਾਲੀ ਪਏ ਘੁਰੇ ਵਿਚ ਆਪਣੀ ਟਾਹਣ ਰੱਖ ਕੇ ਚਾਲ ਚਲਦਾ ਹੈ । ਦੂਜਾ ਖਿਡਾਰੀ ਆਪਣੀ ਬਾਰਾਂ ਨੰਬਰ ਵਾਲੀ ਗੋਟ ਚੁੱਕ ਕੇ ਖ਼ਾਲੀ ਹੋਏ ਘੁਰੇ ਉਤੇ ਰੱਖਦਾ ਹੋਇਆ ਵਿਰੋਧੀ ਦੀ ਰੱਖੀ ਹੋਈ ਗੋਟ ਨੂੰ ਮਾਰ ਜਾਂ ਚੁੱਕ ਲੈਂਦਾ ਹੈ ਜਾਂ ਆਪਣੀ ਸੱਤ ਨੰਬਰ ਵਾਰੀ ਗੋਟ ਨੂੰ ਖ਼ਾਲੀ ਪਏ ਘੁਰੇ ਉਤੇ ਰੱਖਦਾ ਹੈ। ਇਹ ਖਿਡਾਰੀ ਦੀ ਆਪਣੀ ਮਰਜ਼ੀ ਹੈ ਕਿ ਉਹ ਮਰਦੀ ਹੋਈ ਗੋਟ ਨੂੰ ਮਾਰੇ ਜਾਂ ਨਾ ਮਾਰੇ, ਉਸ ਨੇ ਆਪਣੇ ਹਿਸਾਬ ਨਾਲ ਚਾਲ ਚਲਣੀ ਹੁੰਦੀ ਹੈ। ਕਈ ਵਾਰ ਇਸ ਤਰ੍ਹਾਂ ਕਰਨ ਨਾਲ ਲਾਭ ਹੁੰਦਾ ਹੈ ਤੇ ਕਈ ਵਾਰੀ ਹਾਨੀ। ਇਸ ਨਿਯਮ ਅਨੁਸਾਰ ਦੋਵੇਂ ਖਿਡਾਰੀ ਖ਼ਾਲੀ ਪਏ ਘੁਰਿਆਂ ਨੂੰ ਵੇਖ ਕੇ ਆਪਣੀਆਂ ਚਾਲਾਂ ਚੱਲੰਦੇ ਹੋਏ ਜਾਂ ਆਪਣੀ ਟਾਹਣ ਬਚਾਉਂਦੇ ਹਨ ਜਾਂ ਅਗਲੇ ਦੀ ਟਾਹਣ ਮਾਰਦੇ ਹਨ। ਚਾਲਾਂ ਵਾਰੀ ਵਾਰੀ ਚਲਣੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਖੇਡ ਸ਼ੁਰੂ ਰਹਿੰਦੀ ਹੈ। ਜਦ ਕਿਸੇ ਖਿਡਾਰੀ ਦੀਆਂ ਸਾਰੀਆਂ ਟਾਹਣਾਂ ਜਾਂ ਗੋਟਾਂ ਮਰ ਜਾਣ ਤਾਂ ਬਾਜ਼ੀ ਖ਼ਤਮ ਹੋ ਜਾਂਦੀ ਹੈ। ਖਿਡਾਰੀਆਂ ਦੀ ਮਰਜ਼ੀ ਅਨੁਸਾਰ ਹੋਰ ਬਾਜ਼ੀਆਂ ਖੇਡੀਆਂ ਜਾਂਦੀਆਂ ਹਨ। ਇਸ ਖੇਡ ਨੂੰ ਖੇਡਣ ਲਈ ਸਿਰਫ ਦੋ ਖਿਡਾਰੀਆਂ ਦੀ ਲੋੜ ਪੈਂਦੀ ਹੈ।

ਜਦ ਖਿਡਾਰੀ ਦੀ ਗੋਟ ਦੇ ਸਾਹਮਣੇ, ਖੱਬੇ, ਸੱਜੇ ਜਾ ਪਿੱਛੇ ਵਿਰੋਧੀ ਦੀ ਰੱਖੀ ਹੋਈ ਗੋਟ ਦੇ ਪਿੱਛੇ ਘੁਰਾ ਖਾਲੀ ਹੋਵੇ ਤਾਂ ਉਹ ਖਿਡਾਰੀ ਇਸ ਤਰ੍ਹਾਂ ਰੱਖੀ ਹੋਈ ਗੋਟ ਨੂੰ ਚੁੱਕ ਜਾਂ ਮਾਰ ਲੈਂਦਾ ਹੈ। ਮਿਸਾਲ ਲਈ ਗੋਲ ਟਾਹਣਾਂ ਇਕ ਖਿਡਾਰੀ ਦੀਆਂ ਹਨ ਤੇ ਲੰਮੀਆਂ ਦੂਜੇ ਦੀਆਂ। ਗੋਲ ਟਾਹਣ ਵਾਲਾ ਖਿਡਾਰੀ ਆਪਣੀ ਤਿੰਨ ਨੰਬਰ ਦੇ ਘਰੇ ਵਾਲੀ ਟਾਹਣ ਨਾਲ, ਵਿਰੋਧੀ ਦੀ ਸਾਹਮਣੀ ਅੱਠ ਨੰਬਰ ਵਾਲੀ ਟਾਹਣ ਨੂੰ ਉਸ ਦੇ (ਵਿਰੋਧੀ) ਪਿੱਛੇ ਖ਼ਾਲੀ ਪਏ ਘੁਰੇ ਨੂੰ ਦੇਖ ਕੇ ਮਾਰ ਜਾਂ ਚੁੱਕ ਸਕਦਾ ਹੈ। ਇਸੇ ਤਰ੍ਹਾਂ ਇਸ ਤੋਂ ਅਗਲੀ ਅੱਠ ਨੰਬਰ ਘੁਰੇ ਵਾਲੀ ਟਾਹਣ ਨੂੰ ਵੀ ਮਾਰ ਜਾਂ ਚੁੱਕ ਸਕਦਾ ਹੈ। ਇਸੇ ਨਿਯਮ ਅਨੁਸਾਰ ਲੰਮੀ ਗੋਟ ਵਾਲਾ ਖਿਡਾਰੀ ਆਪਣੀ ਅੱਠ ਨੰਬਰ ਵਾਲੀ ਗੋਟ ਜਾਂ ਬਾਰਾਂ ਨੰਬਰ ਵਾਲੀ ਗੋਟ ਰੱਖ ਕੇ ਮਾਰ ਜਾਂ ਚੁੱਕ ਸਕਦਾ ਹੈ। ਗੋਟ ਜਾਂ ਟਾਹਣ ਮਾਰਨ ਦਾ ਇਕੋ ਇਕ ਇਹੋ ਨੇਮ ਹੈ। ਇਕੋ ਵਾਰੀ ਇਕ ਤੋਂ ਵੱਧ ਗੋਟਾਂ ਵੀ ਉੱਪਰਲੇ ਨਿਯਮ ਅਨੁਸਾਰ ਮਾਰੀਆਂ ਜਾ ਸਕਦੀਆਂ ਹਨ ।

ਖ਼ਾਸ ਨਿਯਮ ਇਹ ਹਨ :-

(1) ਇਕ ਵਾਰੀ ਵਿਚ ਇਕ ਚਾਲ ਚੱਲੀ ਜਾ ਸਕਦੀ ਹੈ।

(2) ਦੋਵੇਂ ਖਿਡਾਰੀ ਵਾਰੀ ਅਨੁਸਾਰ ਚਾਲਾਂ ਚੱਲਦੇ ਹਨ।

(3) ਇਕ ਵਾਰ ਚਲੀ ਹੋਈ ਚਾਲ ਵਾਪਸ ਨਹੀਂ ਹੋ ਸਕਦੀ।

(4) ਜਿਸ ਟਾਹਣ ਨੂੰ ਹੱਥ ਲਾਇਆ ਜਾਵੇ, ਉਸੇ ਨੂੰ ਚਲਾਉਣਾ ਜ਼ਰੂਰੀ ਹੈ।

ਪਾਸਾ ਜਾਂ ਚੌਪੜ

ਵਡੇਰੀ ਉਮਰ ਵਾਲੇ ਆਦਮੀਆਂ ਦੀ ਦੂਜੀ ਮਨ-ਭਾਉਂਦੀ ਖੇਡ ਪਾਸ਼ਾ ਹੈ। ਮਹਾਂਭਾਰਤ ਵਿਚ ਆਏ ਹਵਾਲੇ ਤੋਂ ਸਿੱਧ ਹੈ ਕਿ ਇਹ ਖੇਡ ਹਿੰਦ ਵਿਚ ਕਾਫ਼ੀ ਦੇਰ ਤੋਂ ਪ੍ਰਚਲਿਤ ਰਹੀ ਹੈ। ਇਹ ਖੇਡ ਬਹੁਤ ਹੱਦ ਤਕ ਲੁੱਡੋ (Ludo) ਨਾਲ ਮਿਲਦੀ-ਜੁਲਦੀ ਹੈ ਤੇ ਅਮੀਰ ਤਬਕੇ ਵਿਚ ਜ਼ਿਆਦਾ ਖੇਡੀ ਜਾਂਦੀ ਰਹੀ ਹੈ।

ਇਸ ਖੇਡ ਵਿਚ ਤਾਸ਼ ਵਾਂਗ ਸਿਰਫ਼ ਕਿਸਮਤ ਉਤੇ ਹੀ ਆਸ ਨਹੀਂ ਰੱਖਣੀ ਪੈਂਦੀ, ਸਗੋਂ ਸੋਚ ਤੋਂ ਵੀ ਕਾਫੀ ਕੰਮ ਲੈਣਾ ਪੈਂਦਾ ਹੈ। ਹਰ ਖਿਡਾਰੀ ਦਾ ਇਹ ਯਤਨ ਹੁੰਦਾ ਹੈ ਕਿ ਉਸ ਦੀਆਂ ਸਾਰੀਆਂ ਗੋਟਾਂ, ਦੂਜੇ ਖਿਡਾਰੀਆਂ ਨਾਲੋਂ ਪਹਿਲਾਂ ਪੁੱਗ ਜਾਣ। ਇਸ ਮਨੋਰਥ ਨੂੰ ਮੁੱਖ ਰੱਖ ਕੇ, ਉਹ ਆਪਣੀਆਂ ਗੋਟਾਂ ਇਸ ਹਿਸਾਬ ਨਾਲ ਚੌਪੜ ਦੇ ਘੁਰਿਆਂ ਵਿਚ ਰੱਖਦਾ ਹੈ ਕਿ ਉਹ ਕਿਸੇ ਹਾਲਤ ਵਿਚ ਵੀ ਮਰ ਨਾ ਸਕਣ ਅਤੇ ਆਪਣੇ ਪੁੱਗਣ ਵਾਲੇ ਘਰ ਵਿਚ ਛੇਤੀ ਪੁਗ ਜਾਣ । ਇਸ ਖੇਡ ਰਾਹੀਂ ਨਾ ਕੇਵਲ ਬੁੱਧੀ ਵਿਚ ਵਾਧਾ ਹੁੰਦਾ ਹੈ ਸਗੋਂ ਹਰ ਪਾਸੇ ਚੁਕੰਨਾ ਰਹਿਣ ਦਾ ਅਭਿਆਸ ਵੀ ਹੁੰਦਾ ਹੈ। ਗੋਂਟਾ ਅਤੇ ਘੁਰੇ ਬਹੁਤ ਜ਼ਿਆਦਾ ਹੋਣ ਕਰਕੇ ਇਸ ਖੇਡ ਨੂੰ ਖ਼ਤਮ ਕਰਨ ਲਈ ਕਾਫ਼ੀ ਸਮਾਂ ਲਗਦਾ ਹੈ। ਭਾਵੇਂ ਇਹ ਖੇਡ ਲੰਮੀ ਹੋ ਜਾਂਦੀ ਹੈ ਪਰ ਫੇਰ ਵੀ ਇਸ ਦੀ ਦਿਲਚਸਪੀ ਖੇਡ ਮੁੱਕਣ ਤਕ ਕਾਇਮ ਰਹਿੰਦੀ ਹੈ। ਇਸ ਖੇਡ ਵਿਚ ਕਈ ਵਾਰ ਉਤਾਰ, ਚੜ੍ਹਾ ਆਉਂਦੇ ਹਨ ਅਤੇ ਕੁਝ ਪਤਾ ਨਹੀ ਹੁੰਦਾ ਕਿ ਅਖੀਰ ਕੌਣ ਜਿੱਤੇਗਾ। ਇਸ ਨੂੰ ਵੇਖਣ ਵਾਲੇ ਵੀ ਕਾਫ਼ੀ ਇਕੱਠੇ ਹੋ ਜਾਂਦੇ ਹਨ ਅਤੇ ਉਹ ਵੀ ਓਨਾ ਹੀ ਰਸ ਮਾਣਦੇ ਹਨ ਜਿੰਨਾ ਕਿ ਖੇਡਣ ਵਾਲੇ।

ਇਹ ਖੇਡ ਇਕੱਲੇ ਇਕੱਲੇ ਵਿਅਕਤੀ ਵੀ ਖੇਡ ਸਕਦੇ ਹਨ ਤੇ ਟੋਲੀਆਂ ਬਣਾ ਕੇ ਵੀ ਖੇਡੀ ਜਾਂਦੀ ਹੈ। ਇਕੱਲੇ, ਇਕੱਲੇ ਨੇ ਖੇਡਣਾ ਹੋਵੇ ਤਾਂ ਖਿਡਾਰੀਆਂ ਦੀ ਗਿਣਤੀ ਚਾਰ ਤੋਂ ਵਧ ਨਹੀਂ ਹੁੰਦੀ । ਜੇ ਟੋਲੀਆਂ ਵਿਚ ਖੇਡਣੀ ਹੋਵੇ ਤਾਂ ਦੋ ਟੋਲੀਆਂ ਦੋ ਦੋ ਖਿਡਾਰੀਆਂ ਵਾਲੀਆਂ ਹੁੰਦੀਆਂ ਹਨ। ਖੇਡਣ ਲਈ ਸੱਤ ਕੌੜੀਆਂ, ਇਕ ਕਪੜੇ ਦਾ ਚੋਪੜ ਅਤੇ ਇਕ ਇਕ ਖਿਡਾਰੀ ਲਈ ਚਾਰ ਚਾਰ ਵੱਖੋ ਵੱਖ ਰੰਗ ਦੀਆਂ ਗੋਟਾਂ ਹੁੰਦੀਆਂ ਹਨ। ਚੋਪੜ ਬਣਿਆ ਬਣਾਇਆ ਮਿਲ ਜਾਂਦਾ ਜਾਂ ਉਲੀਕ ਲਿਆ ਜਾਂਦਾ ਹੈ।

ਖੇਡ ਵਿਚ ਜਦ ਕੌਡਾਂ ਹੇਠ ਲਿਖੇ ਕਿਸੇ ਇਕ ਹਿਸਾਬ ਨਾਲ ਧਰਤੀ ਉਤੇ ਪੈ ਜਾਂਦੀਆਂ ਹਨ ਤਾਂ ਕੌਡਾਂ ਸੁੱਟਣ ਵਾਲੇ ਨੂੰ ‘ਪਾਉਂ’ ਆ ਗਿਆ ਸਮਝਿਆ ਜਾਂਦਾ ਹੈ।

(1) ਇਕ ਕੋਡੀ ਸਿੱਧੀ ਤੇ ਛੇ ਪੁੱਠੀਆਂ।

(2) ਪੰਜ ਕੌੜੀਆਂ ਸਿੱਧੀਆਂ ਤੇ ਦੋ ਪੁੱਠੀਆਂ।

(3) ਛੇ ਕੋਡਾਂ ਸਿੱਧੀਆਂ ਤੇ ਇਕ ਕੌਡੀ ਪੁੱਠੀ।

(ੳ) ਜਦ ਇਕ ਕੌਡੀ ਸਿੱਧੀ ਅਤੇ ਛੇ ਕੌਡੀਆਂ ਪੁੱਠੀਆਂ ਧਰਤੀ ਉਤੇ ਪੈਂਦੀਆਂ ਹਨ ਤਾਂ ਉਸ ਸਮੇਂ ਚੌਪੜ ਦੇ ਗਿਆਰਾਂ ਖ਼ਾਨੇ ਚੱਲੇ ਜਾਂਦੇ ਹਨ। ਜਿਸ ਤਰ੍ਹਾਂ ਪਈਆਂ ਕੌਡੀਆਂ ਨੂੰ ‘ਗਿਆਰਾਂ ਆਏ’ ਵੀ ਕਹਿੰਦੇ ਹਨ ਅਤੇ ਇਸ ਨੂੰ ‘ਪਾਉਂ’ ਵੀ ਗਿਣਦੇ ਹਨ।

(ਅ) ਦੋ ਕੌਡੀਆਂ ਸਿੱਧੀਆ ਤੇ ਪੰਜ ਪੁੱਠੀਆਂ ਪੈ ਜਾਣ ਤੇ ਚੋਪੜ ਦੇ ਕੇਵਲ ਦੋ ਖ਼ਾਨੇ ਚੱਲੇ ਜਾਂਦੇ ਹਨ, ਇਹ ‘ਪਾਉਂ” ਨਹੀਂ ਹੈ।

(ੲ) ਤਿੰਨ ਕੌਡੀਆਂ ਸਿੱਧੀਆਂ ਤੇ ਚਾਰ ਪੁੱਠੀਆਂ ਪੈ ਜਾਣ ਉੱਤੇ, ਚੌਪੜ ਦੇ ਤਿੰਨ ਖ਼ਾਨੇ ਚੱਲੇ ਜਾਂਦੇ ਹਨ, ਇਹ ਵੀ  ਂਪਾਉਂ ਨਹੀਂ ਹੈ।

(ਸ) ਚਾਰ ਕੌਡੀਆਂ ਸਿੱਧੀਆਂ ਤੇ ਤਿੰਨ ਪੁੱਠੀਆਂ ਪੈ ਜਾਣ ਉੱਤੇ, ਚੋਪੜ ਦੇ ਚਾਰ ਖ਼ਾਨੇ ਚੱਲੇ ਜਾਂਦੇ ਹਨ, ਇਹ ਵੀ ਪਾਉਂ’ ਨਹੀਂ ਹੈਂ।

(ਹ) ਪੰਜ ਕੋਡੀਆਂ ਸਿੱਧੀਆਂ ਤੇ ਦੋ ਪੁੱਠੀਆਂ ਪੈ ਜਾਣ ਉੱਤੇ, ਚੌਪੜ ਦੇ ਪੰਝੀ ਖ਼ਾਨੇ ਚੱਲੇ ਜਾਂਦੇ ਹਨ । ਇਹ ‘ਪਾਉਂ’ ਵੀ ਹੈ ਅਤੇ ਇਸ ਨੂੰ ‘ਅੱਠ ਵੀ ਕਹਿੰਦੇ ਹਨ।

(ਕ) ਛੇ ਕੌਡੀਆਂ ਸਿੱਧੀਆਂ ਅਤੇ ਇਕ ਪੁੱਠੀ ਪੈ ਜਾਣ ਉੱਤੇ, ਚੌਪੜ ਦੇ ਪੈਂਤੀ ਖ਼ਾਨੇ ਚੱਲੇ ਜਾਂਦੇ ਹਨ, ਇਹ ‘ਪਾਉਂ’ ਵੀ ਹੈ ਅਤੇ ਇਸ ਨੂੰ ‘ਪੈਂਤਰ’ ਵੀ ਕਹਿੰਦੇ ਹਨ।

(ਖ) ਸੱਤੇ ਕੌਡੀਆਂ ਸਿੱਧੀਆ ਪੈ ਜਾਣ ਉੱਤੇ, ਚੌਪੜ ਦੇ ਚੌਦਾਂ ਖ਼ਾਨੇ ਚੱਲੇ ਜਾਂਦੇ ਹਨ । ਇਹ ‘ਪਾਉਂ’ ਨਹੀਂ । ਇਸ ਨੂੰ ‘ਚੌਦਾਂ’ ਕਹਿੰਦੇ ਹਨ ।

(ਗ) ਸੱਤਾਂ ਕੌਡਾਂ ਦੇ ਪੁੱਠੀਆਂ ਪੈ ਜਾਣ ਉੱਤੇ ਚੌਪੜ ਦੇ ਸੱਤ ਖਾਨੇ ਚੱਲੇ ਜਾਂਦੇ ਹਨ। ਇਹ ‘ਪਾਉਂ ਨਹੀਂ ਅਤੇ ਇਸ ਨੂੰ ‘ਸੱਤ’ ਵੀ ਕਹਿੰਦੇ ਹਨ।

ਇਸ ਪ੍ਰਸਿੱਧ ਖੇਡ ਦਾ ਵੇਰਵਾ ਇਉਂ ਹੈ :-

ਚਾਰੇ ਖਿਡਾਰੀ ਚੌਪੜ ਨੂੰ ਆਪਣੇ ਵਿਚਕਾਰ ਰੱਖ, ਆਹਮੋ-ਸਾਹਮਣੇ ਬੈਠ ਜਾਦੇ ਹਨ । ਇਨ੍ਹਾਂ ਵਿਚੋਂ ਇਕ ਖਿਡਾਰੀ ਸੱਤਾਂ ਕੋਡੀਆਂ ਨੂੰ ਇਕ ਹੱਥ ਵਿਚ ਛਣਕਾਉਂਦਾ ਹੋਇਆ ਹਵਾ ਵਿਚ ਉਛਾਲਦਾ ਹੈ। ਅਤੇ ਉਨ੍ਹਾਂ ਦੇ ਡਿੱਗਣ ਤੋਂ ਪਹਿਲਾਂ ਪੁੱਠੇ ਹੱਥ ਉੱਤੇ ਲੈਂਦਿਆਂ ਹੋਇਆ ਧਰਤੀ ਉੱਤੇ ਸੁੱਟਦਾ ਹੈ। ਜੇ ਉਸ ਨੂੰ ‘ਪਾਉਂ’ ਆ ਜਾਵੇ ਤਾਂ ਉਹ ਇਕ ਵਾਰੀ ਫੇਰ ਉਸੇ ਤਰ੍ਹਾਂ ਕੌਡਾਂ ਨੂੰ ਉਛਾਲਦਾ ਹੈ। ਇਸ ਤਰ੍ਹਾਂ ‘ਪਾਉਂ’ ਨਾ ਆਉਣ ਤਕ ਸੁੱਟੀ ਜਾਂਦਾ ਹੈ। ‘ਪਾਉਂ’ ਨਾ ਆਉਣ ਵਾਲੀ ਵਾਰੀ ਤੱਕ ਕੌਡਾਂ ਸੁੱਟਣ ਵਾਲਾ ਖਿਡਾਰੀ ਪਿਛਲੀਆਂ ਸਾਰੀਆਂ ਵਾਰੀਆਂ ਦੀਆਂ ਕੋਡਾਂ ਦੀ ਗਿਣਤੀ ਦੇ ਹਿਸਾਬ ਨਾਲ, ਇਕ ਜਾਂ ਵਧੀਕ ਗੀਟੀਆਂ, ‘ਪਾਉਂਆਂ’ ਦੀ ਗਿਣਤੀ ਅਨੁਸਾਰ ਚਲਦਾ ਹੈ। ਗੀਟੀਆਂ ਚਲਣ ਦੀ ਗਿਣਤੀ ‘ਪਾਉਂਆਂ’ ਦੀ ਗਿਣਤੀ ਅਨੁਸਾਰ ਹੁੰਦੀ ਹੈ।

ਜੇ ਇਕ ‘ਪਾਉਂ’ ਆਵੇ ਤਾਂ ਇਕ ਗੀਟੀ ਅਤੇ ਜੇ ਦੋ ਪਾਉਂ ਆਉਣ ਤਾਂ ਦੋ ਗੀਟੀਆਂ ਚਲੀਆਂ ਜਾਂਦੀਆਂ ਹਨ। ਜੇ ਤਿੰਨ ’ਪਾਉਂ’ ਇਕੋ ਜਿਹੇ, ਲਗਾਤਾਰ ਤਿੰਨ ਵਾਰ ਆ ਜਾਣ ਤਾਂ ਤਿੰਨ ‘ਪਾਉਂ’ ਜਾਂਦੇ ਰਹਿੰਦੇ ਹਨ। ਜੇ ਪਹਿਲੀ ਵਾਰ ਖੇਡ ਸ਼ੁਰੂ ਕਰਨ ਵੇਲੇ ‘ਪਾਉਂ’ ਨਾ ਆਵੇ ਤਾਂ ਵਾਰੀ ਸੱਜੇ ਪਾਸੇ ਵਾਲੇ ਵਿਰੋਧੀ ਖਿਡਾਰੀ ਦੀ ਆ ਜਾਂਦੀ ਹੈ। ਜੇ ਉਸ ਨੂੰ ਵੀ ‘ਪਾਉਂ’ ਨਾ ਆਵੇ ਤਾਂ ਉਸ ਦੇ ਅਗਲੇ ਖਿਡਾਰੀ ਦੀ ਵਾਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਰੇ ਖਿਡਾਰੀ ਆਪਣੀ ਆਪਣੀ ਵਾਰੀ ਅਨੁਸਾਰ ਕੌਡਾਂ ਸੁੱਟਦੇ ਜਾਂਦੇ ਹਨ ਅਤੇ ‘ਪਾਉਂ’ ਆਉਣ ਜਾ ਨਾ ਆਉਣ ਅਨੁਸਾਰ ਵਾਰੀਆਂ ਬਦਲਦੇ ਅਤੇ ਗੋਟਾਂ ਚਲਦੇ ਜਾਂਦੇ ਹਨ। ਜੇ ਕਿਸੇ ਖਿਡਾਰੀ ਦੀ ਇਕ ਜਾਂ ਬਹੁਤੀਆਂ ਗੋਟਾਂ ਚਲ ਰਹੀਆਂ ਹੋਣ, ਤਾਂ ਉਹ ਖਿਡਾਰੀ ‘ਪਾਉਂ` ਨਾ ਆਉਣ ਉੱਤੇ ਵੀ ਗਿਣਤੀ ਦੇ ਦਾਣੇ ਆਪਣੀਆਂ ਚਲ ਰਹੀਆਂ ਗੋਟਾਂ ਵਿਚੋਂ, ਕਿਸੇ ਇਕ ਗੋਟ ਨਾਲ ਚਲ ਸਕਦਾ ਹੈ। ਹਰ ਵਾਰੀ ਸ਼ੁਰੂ ਤੋਂ ਗੋਟ ਚੱਲਣ ਲਈ ‘ਪਾਉਂ’ ਦਾ ਆਉਣਾ ਜ਼ਰੂਰੀ ਹੈ ਪਰ ਚੌਪੜ ਉੱਤੇ ਚਲ ਰਹੀ ਗੋਟ ਵਾਸਤੇ ਕਿਸੇ ‘ਪਾਉਂ’ ਦੇ ਆਉਣ ਦੀ ਲੋੜ ਨਹੀਂ, ਉਹ ਗੋਟ ‘ਪਾਉਂ’ ਆਉਣ ਜਾਂ ਨਾ ਆਉਣ ਉੱਤੇ ਚਲੀ ਜਾ ਸਕਦੀ ਹੈ। ਇਸ ਪ੍ਰਕਾਰ ਖੇਡ ਉਸ ਸਮੇਂ ਤਕ ਚਾਲੂ ਰਹਿੰਦੀ ਹੈ ਜਦ ਤਕ ਕਿ ਕਿਸੇ ਟੋਲੀ ਦੇ ਦੋਹਾਂ ਖਿਡਾਰੀਆਂ ਦੀਆਂ ਗੋਟਾਂ ਪੁੱਗ ਨਾ ਜਾਣ। ਟੋਲੀ ਦਾ ਖਿਡਾਰੀ ਆਪ ਪੁੱਗ ਕੇ ਦੂਜੇ ਸਾਥੀ ਦੀਆਂ ਗੋਟਾਂ ਪੁਗਾਉਣ ਲਈ ਮੱਦਦ ਕਰ ਸਕਦਾ ਹੈ।

ਖਿਡਾਰੀ ਓਦੋਂ ਹੀ ਆਪਣੇ ਵਿਰੋਧੀ ਖਿਡਾਰੀ ਦੀ ਗੋਟ ਨੂੰ ਮਾਰ ਜਾਂ ਚੁੱਕ ਸਕਦਾ ਹੈ, ਜਦੋਂ ਉਸ ਪਈ ਹੋਈ ਗੋਟ ਤਕ ਉਸ ਖਿਡਾਰੀ ਨੂੰ ਹਿਸਾਬ ਅਨੁਸਾਰ ਦਾਣੇ ਆ ਜਾਣ। ਉਦਾਹਰਣ ਦੇ ਤੌਰ ਤੇ ਜੇ ਵਿਰੋਧੀ ਦੀ ਗੋਟ ਗਿਆਰਾਂ ਜਾ ਪੱਚੀ ਜਾਂ ਪੈਂਤੀ, ਖ਼ਾਨੇ ਤੇ ਪਈ ਹੋਵੇ ਤੇ ਖੇਡਣ ਵਾਲੇ ਖਿਡਾਰੀ ਨੂੰ ਗਿਆਰਾ ਜਾਂ ਪੰਝੀ ਜਾਂ ਪੈਂਤੀ ਦਾਣੇ ਆ ਜਾਣ ਤਾਂ ਉਹ ਵਿਰੋਧੀ ਦੀ ਗੋਟ ਨੂੰ ਮਾਰ ਸਕੇਗਾ। ਇਸੇ ਤਰ੍ਹਾਂ ਜੇ ਵਿਰੋਧੀ ਦੀ ਗੋਟ ਤਿੰਨ ਜਾਂ ਚਾਰ ਖ਼ਾਨੇ ਵਿਚ ਪਈ ਹੋਈ ਹੈ ਤਾਂ ਖਿਡਾਰੀ ਉਸ ਨੂੰ ਤਿੰਨ • ਜਾਂ ਚਾਰ ਦਾਣੇ ਆਉਣ ਤੇ ਮਾਰ ਸਕੇਗਾ। ਪੁੱਗੀ ਹੋਈ ਗੋਟ ਨਾਲ, ਪਾਉਂਦੇ ਆਉਣ ਉੱਤੇ ਵਿਰੋਧੀ ਦੀ ਪੁੱਗ ਰਹੀ ਗੋਟ ਨੂੰ ਮਾਰਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਕੱਢੀ ਹੋਈ ਗੋਟ ਪੁੱਠੇ ਪਾਸੇ ਚੱਲੇਗੀ। ਇਹ ਗੋਟ ਮਾਰੀ ਵੀ ਜਾ ਸਕਦੀ ਹੈ ਅਤੇ ਮਾਰ ਵੀ ਸਕਦੀ ਹੈ।

ਚਰਖੜੀ ਵਾਲੇ ਖਾਨੇ ਵਿਚ ਪਈ ਕੋਈ ਗੋਟ ਮਾਰੀ ਨਹੀਂ ਜਾ ਸਕਦੀ। ਇੱਕੋ ਖ਼ਾਨੇ ਵਿਚ ਦੋ ਗੋਟਾਂ ਪਈਆਂ ਹੋਣ ਤਾਂ ਵੀ ਨਹੀਂ ਮਾਰੀਆਂ ਜਾ ਸਕਦੀਆਂ। ਦੋ ਗੋਟਾਂ ਨੂੰ ਮਾਰਨ ਵਾਸਤੇ ਦੋ ਗੋਟਾਂ ਦੀ ਲੋੜ ਪੈਂਦੀ ਹੈ। ਵਿਚਲੇ ਘਰਾਂ ਵਾਲੇ ਖ਼ਾਨਿਆਂ ਵਿਚ ਵੀ ਕਿਸੇ ਦੀ ਗੋਟ ਨਹੀਂ ਮਰ ਸਕਦੀ, ਜਾਂ ਪੁੱਗੀ ਹੋਈ ਗੋਟ ਨਾਲ ਭਾਵੇਂ ਅੰਦਰਲੀ ਗੋਟ ਨੂੰ ‘ਪਾਉਂ’ ਆਉਣ ਉੱਤੇ ਮਾਰ ਲਿਆ ਜਾਵੇ। ਗੋਟ ਆਪਣੇ ਵਿਚਲੇ ਘਰ ਤੋਂ ਚਲਾਈ ਜਾਂਦੀ ਹੈ ਅਤੇ ਚੋਪੜ ਦੇ ਬਾਹਰਲੇ ਖ਼ਾਨਿਆਂ ਤੋਂ ਹੁੰਦੀ ਹੋਈ, ਮੁੜ ਉਨ੍ਹਾਂ ਵਿਚਲੇ ਘਰਾਂ ਰਾਹੀਂ ਪੁੱਗਦੀ ਹੈ। ਜਿਸ ਟੋਲੀ ਦੇ ਦੋਹਾਂ ਖਿਡਾਰੀਆਂ ਦੀਆਂ ਗੋਟਾਂ ਪਹਿਲੋਂ ਪੁੱਗ ਜਾਣ, ਉਹ ਟੋਲੀ ਜਿੱਤੀ ਸਮਝੀ ਜਾਂਦੀ ਹੈ ।

ਪੰਜਾਬ ਦੇ ਖਿਡਾਰੀ

ਪੰਜਾਬ ਦੇ ਜੰਮੇ ਜਿੰਨੇ ਜ਼ੋਰ ਨਾਲ ਹਲ ਵਾਹੁੰਦੇ ਹਨ ਉਨੇ ਹੀ ਜ਼ੋਰ ਨਾਲ ਖੇਡਦੇ ਹਨ। ਜਿੰਨੇ ਚਾਅ ਨਾਲ ਮੇਲਾ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡ । ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਈਆਂ ਦੇਹਾਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਇਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿਚ ਉਹਨਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ ‘ਚੋਂ ਪਾਣੀ ਕੱਢ ਦਿੰਦੇ ਸਨ; ਜਿਹੜੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ ‘ਚ ਵਗਾਹੇ ਹਾਥੀ ਅਜੇ ਤੱਕ ਨਹੀਂ ਮੁੜੇ ।

ਪੰਜਾਬ ਦਾ ਪੌਣ ਪਾਣੀ ਤੇ ਖਾਧ ਖੁਰਾਕ ਸੁਭਾਵਿਕ ਹੀ ਮਨੁੱਖ ਨੂੰ ਤਕੜਾ ਤੇ ਹੰਢਣਸਾਰ ਬਣਾਉਣ ਵਾਲੇ ਹਨ। ਇੱਥੇ ਠੱਕੇ ਵੀ ਵਗਦੇ ਹਨ ਤੇ ਲੂਆਂ ਵੀ। ਮੀਂਹ ਵੀ ਪੈਂਦੇ ਹਨ ਤੇ ਸੋਕੇ ਵੀ। ਇਥੇ ਭਾਦੋਂ ਦਾ ਵੱਟ ਗੋਡੀ ਕਰਦੇ ਕਾਮਿਆਂ ਨੂੰ ਸਾਧ ਬਣਨ ਲਈ ਮਜਬੂਰ ਕਰ ਦਿੰਦਾ ਹੈ ਤੇ ਜੇਠ ਦੀਆਂ ਹਨੇਰੀਆਂ ਟਿੱਬਿਆਂ ਦੇ ਮੂੰਹ ਮੋੜ ਦਿੰਦੀਆਂ ਹਨ। ਜਿਹੜਾ ਪੰਜਾਬ ਦੀਆਂ ਰੁੱਤਾਂ ਵਿਚ ਦੀ ਲੰਘ ਗਿਆ ਉਹਨੂੰ ਦੁਨੀਆ ਦੇ ਕਿਸੇ ਖਿੱਤੇ ਵਿਚ ਛਡ ਆਓ, ਉਹ ਡੋਲਦਾ ਨਹੀਂ ਤੇ ਜਿਹੜਾ ਪੰਜਾਬ ਦੀ ਕਣਕ ਤੇ ਸ਼ੱਕਰ ਘਿਉ ਹਜ਼ਮ ਕਰ ਗਿਆ, ਉਹਨੂੰ ਬੇਸ਼ੱਕ ਕੁਝ ਖਵਾ ਦਿਓ। ਇਹੋ ਕਾਰਨ ਹੈ ਕਿ ਪੰਜਾਬੀ ਦੁਨੀਆ ਦੇ ਹਰ ਹਿੱਸੇ ਵਿਚ ਪਹੁੰਚੇ ਹੋਏ ਹਨ ।

ਪੰਜਾਬ ਗੁਰੂਆਂ, ਪੀਰਾਂ ਤੇ ਮੁਦੱਬਰ ਲੋਕਾਂ ਦੀ ਧਰਤੀ ਹੈ । ਇਹ ਉਹਨਾਂ ਚੰਚਲ ਮਨਾਂ ਵਾਲੇ ਲੋਕਾਂ ਨੂੰ ਜਨਮ ਦਿੰਦੀ ਹੈ ਜਿਹੜੇ ਜਾਣ ਬੁੱਝ ਕੇ ਆਫਤਾਂ ਛੇੜਦੇ ਹਨ। ਪੰਜਾਬੀਆਂ ਨੂੰ ਬਹੁਤਾ ਸੁੱਖ ਆਰਾਮ ਦਾ ਜਿਊਣਾ ਨਹੀਂ ਪੋਂਹਦਾ। ਉਹ ਵਾਹੀਆਂ ਛੱਡ ਬੰਜਰਾਂ ਆਬਾਦ ਕਰਨ ਤੁਰ ਪੈਂਦੇ ਹਨ। ਘਰਾਂ ਦੇ ਸੁਖ ਤਿਆਗ ਪਰਦੇਸੀ ਜਾ ਬਣਦੇ ਹਨ। ਉਹਨਾਂ ਅੰਦਰ ਕੋਈ ਅਜਬ ਭਟਕਣ ਹੈ, ਅਲੋਕਾਰ ਪ੍ਰਤਿਭਾ ਜੋ ਕਦੇ ਟੇਕ ਨਹੀਂ ਆਉਣ ਦਿੰਦੀ ਜਦੋਂ ਕੰਮ ਉਹਨਾਂ ਨੂੰ ਥਕਾਉਣ ਨਾ, ਉਦੋਂ ਤਾਂ ਖੇਡਣਾ ਹੀ ਹੋਇਆ, ਜਦੋਂ ਥੱਕੇ ਹੋਣ ਉਦੋਂ ਵੀ ਖੇਡਦੇ ਹਨ। ਸੋਹਲ ਖੇਡਾਂ ਉਹਨਾਂ ਦੇ ਚਿੱਤ ਨਹੀਂ ਪਰਚਾਉਂਦੀਆਂ, ਉਹ ਧੱਕੇ ਵਾਲੀਆਂ ਤੇ ਮਾਰ-ਖੋਰੀਆਂ ਖੇਡਾਂ ਖੇਡਦੇ ਹਨ। ਜਿਨ੍ਹਾਂ ਖੇਡਾਂ ਦੀ ਜਿੱਤ ਹਾਰ ਬਹੁਤੀ ਦੇਰ ਉਡੀਕਣੀ ਪਏ, ਉਹ ਵੀ ਉਨ੍ਹਾਂ ਨੂੰ ਨਹੀਂ ਜਚਦੀਆਂ । ਉਹ ਖੜ੍ਹੇ ਖੜੋਤੇ ਸਿੱਧ-ਪੁੱਠ ਕਰਨ ਵਾਲੇ ਲੋਕ ਹਨ। ਇਹੋ ਕਾਰਨ ਹੈ ਕਿ ਪੱਛਮ ਵੱਲੋਂ ਆਈਆਂ ਕੇਵਲ ਉਹੋ ਖੇਡਾਂ ਪੰਜਾਬੀਆਂ ‘ਚ ਵਧੇਰੇ ਮਕਬੂਲ ਹੋਈਆਂ ਜਿਨ੍ਹਾਂ ‘ਚ ਧੱਕਾ ਤੇ ਫੁਰਤੀ ਹੈ ਤੇ ਜਿਹੜੀਆ ਖੜ੍ਹੇ ਪੈਰ ਜਿੱਤ ਹਾਰ ਕਰਦੀਆਂ ਹਨ। ਛੇ ਦਿਨ ਲਮਕਣ ਵਾਲੀ ਕ੍ਰਿਕਟ ਖੇਡ ਅਤੇ ਬੈਡਮਿੰਟਨ ਤੇ ਟੇਬਲ ਟੇਨਿਸ ਵਰਗੀਆ ਸੋਹਲ ਖੇਡਾਂ ਨੇ ਬਹੁਤੇ ਪੰਜਾਬੀਆਂ ਨੂੰ ਆਪਣੇ ਵੱਲ ਨਹੀਂ ਖਿੱਚਿਆ । ਹਾਕੀ ਤੇ ਅਥਲੈਟਿਕ ਖੇਡਾਂ ਨੇ ਵਧੇਰੇ ਪੰਜਾਬੀਆਂ ਦਾ ਮਨ ਮੋਹਿਆ ਹੈ। ਉਂਜ ਤਾਂ ਵਾਲੀਬਾਲ, ਫੁਟਬਾਲ, ਬਾਸਕਟਬਾਲ ਤੇ ਨਿਸ਼ਾਨੇਬਾਜ਼ੀ ਆਦਿ ਖੇਡਾਂ ਵਿਚ ਵੀ ਪੰਜਾਬੀ ਖਿਡਾਰੀਆਂ ਨੇ ਕੌਮੀ ਪੱਧਰ ‘ਤੇ ਆਪਣੀ ਧਾਂਕ ਬਿਠਾਈ ਹੋਈ ਹੈ ਪਰ ਏਸ਼ਿਆਈ ਤੇ ਉਲੰਪਿਕ ਖੇਡਾਂ ਵਿਚ ਜੋ ਜਿੱਤਾਂ ਪੰਜਾਬੀ ਅਥਲੀਟਾਂ ਤੇ ਹਾਕੀ ਖਿਡਾਰੀਆਂ ਨੇ ਜਿੱਤੀਆ ਹਨ ਉਨ੍ਹਾਂ ਦੀ ਰੀਸ ਨਹੀਂ।

ਪੰਜਾਬ ਦੀਆਂ ਪੁਰਾਣੀਆਂ ਖੇਡਾਂ ਕੁਸ਼ਤੀ, ਗਤਕਾ, ਕਬੱਡੀ, ਸੌਂਚੀ, ਘੋੜ ਸਵਾਰੀ, ਨੇਜਾ ਬਾਜ਼ੀ, ਰੱਸਾ ਖਿਚਣਾ, ਮੁਗਦਰ ਚੁੱਕਦਾ, ਵੀਣੀ ਫੜਨਾ ਤੇ ਛਾਲਾਂ ਲਾਉਣੀਆਂ ਆਦਿ ਹਨ। ਇਨ੍ਹਾਂ ਖੇਡਾਂ ਵਿਚ ਪੰਜਾਬ ਦੀ ਕੁਸ਼ਤੀ ਨੂੰ ਹੀ ਵਧੇਰੇ ਮਾਨਤਾ ਮਿਲੀ ਹੈ। ਇਸ ਖੇਡ ਵਿਚ ਪੰਜਾਬ ਨੇ ਕਈ ਵਿਸ਼ਵ ਜੇਤੂ ਪੈਦਾ ਕੀਤੇ ਹਨ। 1892 ਈ. ਵਿਚ ਪੰਜਾਬੀ ਪਹਿਲਵਾਨ ਕਰੀਮ ਬਖਸ਼ ਇੰਗਲੈਂਡ ਦੇ ਟਾਮ ਕੈਨਨ ਨੂੰ ਢਾਹ ਕੇ ਵਿਸ਼ਵ ਚੈਂਪੀਅਨ ਬਣਿਆ ਸੀ। 1900 ਈ: ਵਿਚ ਪੰਜਾਬ ਦਾ ਇਕ ਹੋਰ ਪਹਿਲਵਾਨ, ਗੁਲਾਮ, ਪੰਡਤ ਮੋਤੀ ਲਾਲ ਨਹਿਰੂ ਨਾਲ ਪੈਰਿਸ ਗਿਆ ਤੇ ਤੁਰਕੀ ਦੇ ਕਾਦਰ ਅਲੀ ਨੂੰ ਢਾਹ ਕੇ ਦੂਜਾ ਵਿਸ਼ਵ ਜੇਤੂ ਬਣਿਆ । ਇਸ ਪਿਛੋਂ ਕਿੱਕਰ ਸਿੰਘ, ਗਾਮਾ ਤੇ ਗੋਬਰ ਬੜੇ ਮਸ਼ਹੂਰ ਪਹਿਲਵਾਨ ਹੋਏ ਜਿਨ੍ਹਾਂ ਦਾ ਲੋਹਾ ਕੁੱਲ ਦੁਨੀਆ ਨੇ ਮੰਨਿਆ । ਗੋਬਰ 1921 ਵਿਚ ਸਾਂਫਰਾਂਸਿਸਕੋ ਵਿਖੇ ਆਦਸੰਤੁ ਨੂੰ ਚਿੱਤ ਕਰ ਕੇ ਫਿਰ ਸੰਸਾਰ ਜੇਤੂ ਬਣਿਆ। ਗਾਮੇ ਨੇ ਪ੍ਰਸਿੱਧ ਪਹਿਲਵਾਨ ਜ਼ਬਿਸਕੋ ਨੂੰ ਮਧੋਲ ਕੇ ਰੁਸਤਮੇ-ਜ਼ਮਾਂ ਦਾ ਖਿਤਾਬ ਜਿੱਤਿਆ ਸੀ ਤੇ ਸਾਬਤ ਕਰ ਦਿੱਤਾ ਸੀ ਕਿ ਪਹਿਲਵਾਨੀ ਵਿਚ ਪੰਜਾਬੀਆਂ ਦੇ ਜੋੜ ਦਾ ਕੋਈ ਨਹੀਂ। ਅਠਾਰਵੀਂ ਸਦੀ ਵਿਚ ਮੁਹੰਮਦ ਬਖ਼ਸ਼ ਤੇ ਖਲੀਫਾ ਅਬਦੁੱਰਹੀਮ ਵੀ ਰੁਸਤਮੇਂ-ਜਮਾਂ ਪਹਿਲਵਾਨ ਹੋਏ ਹਨ। ਉਸਤਾਦ ਨੂਰ-ਉੱਦੀਨ ਤਾਂ ਖੈਰ ਕੁਤਬੇ-ਜਮਾਂ ਸੀ ਜਿਸ ਨੇ ਕੁਸ਼ਤੀ ਦੇ 361 ਦਾਅ ਪੇਚ ਚਾਲੂ ਕੀਤੇ ।

ਪੰਜਾਬ ਦੇ ਪਹਿਲਵਾਨਾਂ ਦੀ ਸੂਚੀ ਬਹੁਤ ਲੰਮੀ ਹੈ । ਇਕ ਸਮੇਂ ਲਾਹੋਰ ਤੇ ਅੰਮ੍ਰਿਤਸਰ ਦੇ ਅਖਾੜੇ ਪਹਿਲਵਾਨਾਂ ਲਈ ਮੱਕਾ ਮਦੀਨਾ ਦੀ ਹੈਸੀਅਤ ਰਖਦੇ ਸਨ । ਬਾਬਾ ਫਤਿਹ ਸਿੰਘ, ਅਲੀਆ, ਬੂਟਾ, ਕੁੱਲੂ, ਲੱਭੂ, ਗਾਮੂੰ, ਮੰਨ੍ਹੀ, ਕਾਲਾ, ਛਿੱਬਾ, ਲਾਭ, ਅਹਿਮਦ ਬਖ਼ਸ਼, ਅਮਾਮ ਬਖ਼ਸ਼, ਸੋਹਣੀ, ਗੁੰਗਾ, ਗੰਡਾ ਜੌਹਲ, ਅਰਜਨ ਢੋਟੀ, ਹਮੀਦਾ, ਹਰਬੰਸ, ਪੂਰਨ, ਗੁਰਦਾਵਰ, ਕੇਸਰ ਤੇ ਦਾਰਾ ਸਿੰਘ ਆਦਿ ਦਰਜਨਾਂ ਰੁਸਤਮੇ-ਹਿੰਦ ਪਹਿਲਵਾਨਾਂ ਤੋਂ ਬਿਨਾਂ ਪੰਜਾਬ ਨੇ ਚਰਾਸ਼-ਉੱਦੀਨ ਤੇ ਕਿੱਕਰ ਸਿੰਘ ਵਰਗੇ ਦੇਵੇ-ਹਿੰਦ ਅਤੇ ਰਹੀਮ ਸੁਲਤਾਨੀ ਵਾਲਾ ਵਰਗੇ ਸੋਹਰਾਬੇ-ਹਿੰਦ ਪਹਿਲਵਾਨ ਪੈਦਾ ਕੀਤੇ ਹਨ । ਸਦੀਕਾ ਪਹਿਲਵਾਨ ਰੁਸਤਮੇ-ਸੋਹਰਾਬ ਸੀ ਤੇ ਰਮਜ਼ੀ ਪਹਿਲਵਾਨ ਦਹਿਰ-ਉਲ-ਮੁਲੱਕਬ । ਗੁਲਾਮ ਮੁਹੀਉਦੀਨ ਨੂੰ ਆਫਤਾਬੇ-ਹਿੰਦ ਦਾ ਖ਼ਿਤਾਬ ਦਿੱਤਾ ਗਿਆ ਸੀ।

ਹਾਕੀ

ਹਾਕੀ ਦੀ ਖੇਡ ਵਿਚ ਭਾਰਤ ਵਰ੍ਹਿਆਂ ਬੱਧੀ ਦੁਨੀਆ ਨੂੰ ਜਿੱਤਦਾ ਰਿਹਾ ਹੈ। 1958 ਤੋਂ ਪਾਕਿਸਤਾਨ ਦੀਆਂ ਜਿੱਤਾਂ ਦਾ ਦੌਰ ਸ਼ੁਰੂ ਹੋਇਆ। ਪਿਛਲੇ ਪੱਚੀ ਤੀਹ ਸਾਲਾਂ ਤੋਂ ਦੁਨੀਆ ਦੇ ਵੱਡੇ ਹਾਕੀ ਟੂਰਨਾਮੈਂਟਾ ਦਾ ਸਿਖਰਲਾ ਮੈਚ ਆਮ ਕਰਕੇ ਪਾਕਿਸਤਾਨ ਤੇ ਭਾਰਤ ਵਿਚਕਾਰ ਖੇਡਿਆ ਜਾਂਦਾ ਰਿਹਾ ਹੈ ਜਾਂ ਇੰਜ ਕਹਿ ਲਓ ਕਿ ਪੰਜਾਬ-ਪੰਜਾਬ ਵਿਚਕਾਰ ਹੁੰਦਾ ਰਿਹਾ ਹੈ। ਮੈਚ ਭਾਵੇਂ ਮੈਲਬੌਰਨ ‘ਚ ਖੇਡਿਆ ਗਿਆ ਭਾਵੇਂ ਰੋਮ, ਟੋਕੀਓ, ਜਕਾਰਤਾ, ਬੈਂਕਾਕ, ਤਹਿਰਾਨ, ਕੁਆਲਾਲੰਪੁਰ ਜਾਂ ਦਿੱਲੀ, ਇਕ ਪਾਸੇ ਏਧਰਲਾ ਪੰਜਾਬ ਸੀ ਤੇ ਦੂਜੇ ਪਾਸੇ ਓਧਰਲਾ । ਬਾਈਆਂ ‘ਚੋਂ ਪੰਦਰਾਂ ਵੀਹ ਖਿਡਾਰੀ ਪੰਜਾਬੀ ਮੂਲ ਦੇ ਹੋਣ ਕਾਰਨ ਅਖੀਰਲੇ ਮੈਚਾਂ ‘ਚ ਖੇਡ ਮੈਦਾਨ ਦੀ ਬੋਲੀ ‘ਲਈ ਨੂਰਿਆ’ ‘ਦੇਈਂ ਬੀਰਿਆ’ ਹੀ ਰਹੀ ਹੈ।

ਕੁਝ ਸਾਲ ਪਹਿਲਾਂ ਲੰਡਨ ਦੇ ਇਕ ਸਕੂਲ ਵਿਚ ਹਾਕੀ ਦੀ ਟੀਮ ਚੁਣਨ ਲਈ ਪਰਤਿਆਵੇ ਹੋਏ। ਅਗਲੇ ਦਿਨ ਟੀਮ ਦਾ ਐਲਾਨ ਕਰਨ ਸਮੇਂ ਉਸ ਸਕੂਲ ‘ਚ ਪੜ੍ਹਦੇ ਇਕੋ ਇਕ ਸਿਖ ਵਿਦਿਆਰਥੀ ਦਾ ਵੀ ਨਾਂ ਬੋਲਿਆ ਗਿਆ ਜੋ ਪਰਤਿਆਵਿਆਂ ਵਿਚ ਸ਼ਾਮਲ ਹੀ ਨਹੀਂ ਸੀ ਹੋਇਆ। ਜਦੋਂ ਉਸ ਵਿਦਿਆਰਥੀ ਨੂੰ ਕਿਸੇ ਨੇ ਇਹ ਗੱਲ ਦੱਸੀ ਤਾਂ ਉਹ ਸਿੱਧਾ ਸਕੂਲ ਦੇ ਪ੍ਰਿੰਸੀਪਲ ਕੋਲ ਗਿਆ ਤੇ ਆਖਣ ਲੱਗਾ, “ਜਨਾਬ ਤੁਸਾਂ ਮੈਨੂੰ ਹਾਕੀ ਦੀ ਟੀਮ ਵਿਚ ਪਾ ਲਿਆ ਹੈ ਪਰ ਮੈਂ ਹਾਕੀ ਖੇਡਣੀ ਉੱਕਾ ਹੀ ਨਹੀਂ ਜਾਣਦਾ। ਇਸ ਲਈ ਬਿਹਤਰ ਇਹੋ ਹੈ ਕਿ ਟੀਮ ਵਿਚੋਂ ਮੇਰਾ ਨਾ ਕੱਢ ਦਿਓ ।”

ਪ੍ਰਿੰਸੀਪਲ ਨੇ ਕਿਹਾ, “ਮੈਂ ਤਾਂ ਸਮਝਦਾ ਸੀ ਕਿ ਸਿੱਖ ਝੂਠ ਨਹੀਂ ਬੋਲਿਆ ਕਰਦੇ । ਪਰ ਸਿੱਖ ਵਿਦਿਆਰਥੀ ਨੇ ਵਿਚੋਂ ਹੀ ਸਫਾਈ ਦਿੱਤੀ, “ਇਸੇ ਲਈ ਤਾਂ ਜਨਾਬ ਮੈਂ ਸੱਚ ਆਖ ਰਿਹਾ ਹਾਂ ਕਿ ਮੈਨੂੰ ਹਾਕੀ ਖੇਡਣੀ ਬਿਲਕੁਲ ਨਹੀਂ ਆਉਂਦੀ।”

ਪ੍ਰਿੰਸੀਪਲ ਨੂੰ ਫਿਰ ਵੀ ਯਕੀਨ ਨਾ ਆਇਆ ਤੇ ਉਸ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, “ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਸਿੱਖ ਹਾਕੀ ਖੇਡਣਾ ਨਾ ਜਾਣਦਾ ਹੋਵੇ ?”

ਸੋ ਇਹ ਆਲਮ ਹੈ ਹਾਕੀ ਦੀ ਖੇਡ ਵਿਚ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਦਾ । ਹਾਕੀ ਦੀ ਖੇਡ ਵਿਚ ਜੋ ਨਾ ਦੁਨੀਆ ਭਰ ਵਿਚ ਸਭ ਤੋਂ ਵੱਧ ਮਸ਼ਹੂਰ ਹੋਇਆ ਉਹ ਹੈ ਬਲਬੀਰ ਸਿੰਘ । ਵੱਡਾ ਬਲਬੀਰ ਉਹ ਹੋਇਆ ਜਿਸ ਨੇ ਮੈਲਬੌਰਨ ਦੀਆਂ ਉਲੰਪਿਕ ਖੇਡਾਂ ਵਿਚ ਜੇਤੂ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ । ਦੂਜਾ ਬਲਬੀਰ ਉਹ ਜੀਹਨੇ ਟੋਕੀਓ ਦੀਆਂ ਏਸ਼ਿਆਈ ਖੇਡਾਂ ‘ਚ ਹਿੱਸਾ ਲਿਆ। ਤੀਜਾ ਬਲਬੀਰ ਰੇਲਵੇ ਦਾ ਜੀਹਨੇ 1966 ਵਿਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਪਾਕਿਸਤਾਨ ਸਿਰ ਗੋਲ ਕੀਤਾ ਸੀ। ਉਦੋਂ ਉਸ ਬਲਬੀਰ ਨਾਲ ਦੋ ਬਲਬੀਰ ਹੋਰ ਖੇਡੇ ਸਨ, ਇਕ ਫੌਜ ਦਾ ਤੇ ਦੂਜਾ ਪੁਲਸ ਦਾ । ਯਾਨੀ ਇਕੋ ਟੀਮ ‘ਚ ਗਿਆਰਾਂ ‘ਚੋਂ ਤਿੰਨ ਬਲਬੀਰ । ਉਸੇ ਸਾਲ ਨਹਿਰੂ ਹਾਕੀ ਟੂਰਨਾਮੈਂਟ ਵਿਚ ਨੋਂ ਬਲਬੀਰ ਖੇਡੇ ਸਨ।

ਇਸੇ ਖੇਡ ਦਾ ਇਕ ਹੋਰ ਪੰਜਾਬੀ ਖਿਡਾਰੀ ਹੈ ਊਧਮ ਸਿੰਘ । ਉਹਨੇ ਕੁੱਲ ਦੁਨੀਆ ‘ਚ ਸਭ ਤੋਂ ਬਹੁਤੀ ਹਾਕੀ ਖੇਡੀ ਹੈ । ਉਹਨੂੰ ਹਾਕੀ ਫੜਿਆ ਚਾਲੀਆਂ ਤੋਂ ਵੱਧ ਸਾਲ ਹੋ ਗਏ ਹਨ। ਇਹਨਾਂ ਚਾਲੀਆਂ ਸਾਲਾਂ ‘ਚ ਲਗਭਗ ਪੈਂਤੀ ਸਾਲ ਉਹ ਸਰਗਰਮ ਹਾਕੀ ਖੇਡਿਆ। ਉਹ ਪੰਜ ਉਲੰਪਿਕਸ ਖੇਡਣ ਲਈ ਚੁਣਿਆ ਗਿਆ ਸੀ ਪਰ ਇਕ ਵਾਰ ਸੱਟ ਲੱਗ ਜਾਣ ਕਾਰਨ ਸਿਰਫ ਚਾਰ ਉਲੰਪਿਕਸ ਹੀ ਖੇਡ ਸਕਿਆ। ਉਹਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਹੀ ਸੀ, ਉਹਨਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਹੁਣ ਪੋਤਰਿਆਂ ਵਰਗੇ ਖਿਡਾਰੀਆਂ ਨੂੰ ਵੀ ਡਾਹੀ ਨਹੀਂ ਦੇ ਰਿਹਾ। ਇਕ ਪ੍ਰਿਥੀਪਾਲ ਸਿੰਘ ਸੀ – ਪੈਨਲਟੀ ਕਾਰਨਰ ਦਾ ਬਾਦਸ਼ਾਹ। ਉਹ ਤਿੰਨ ਉਲੰਪਿਕਸ ਖੇਡਿਆ ਤੇ ਤਿੰਨੇ ਵਾਰ ਉਹਨੇ ਸਭ ਤੋਂ ਬਹੁਤੇ ਗੋਲ ਕੀਤੇ। ਉਹਦੀ ਹਾਕੀ ਦਾ ਜ਼ੋਰ ਨਾ ਝਲਦਿਆਂ ਖੇਡ ਅਧਿਕਾਰੀਆਂ ਨੂੰ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲਣੇ ਪਏ ਸਨ।

ਹਾਕੀ ਦੀ ਖੇਡ ਵਿਚ ਅਨੇਕ ਪੰਜਾਬੀ ਖਿਡਾਰੀ ਹਨ ਜਿਨ੍ਹਾਂ ਨੇ ਭਾਰਤ ਦੀ ਖੇਡ ਵਰਦੀ ਪਾ ਕੇ ਉਲੰਪਿਕ, ਏਸ਼ਿਆਈ ਤੇ ਵਿਸ਼ਵ ਚੈਂਪੀਅਨਸ਼ਪਿ ਅਨੇਕ ਵਾਰ ਜਿੱਤੀ। ਸੱਤ ਪੰਜਾਬੀ ਖਿਡਾਰੀ ਤਾਂ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੇ ਕਪਤਾਨ ਹੀ ਬਣ ਚੁੱਕੇ ਹਨ ਜਿਨ੍ਹਾਂ ਦੇ ਨਾਂ ਲਾਲ ਸ਼ਾਹ ਬੁਖਾਰੀ, ਬਲਬੀਰ ਸਿੰਘ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖਸ਼ ਸਿੰਘ, ਹਰਮੀਕ ਸਿੰਘ ਤੇ ਅਜੀਤਪਾਲ ਸਿੰਘ ਹਨ। ਹਰਮੀਕ ਸਿੰਘ ਨੇ ਤਾਂ ਇਕੋ ਇਕ ਵਾਰ ਬਣੀ ਏਸ਼ੀਅਨ ਆਲ ਸਟਾਰ ਟੀਮ ਦੀ ਵੀ ਕਪਤਾਨੀ ਕੀਤੀ ਹੈ। ਏਸ਼ਿਆਈ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੀ ਕਪਤਾਨੀ ਕਰਨ ਵਾਲੇ ਪੰਜਾਬੀ ਖਿਡਾਰੀ ਬਲਬੀਰ ਸਿੰਘ, ਗੁਰਦੇਵ ਸਿੰਘ, ਹਰਬਿੰਦਰ ਸਿੰਘ ਤੇ ਅਜੀਤਪਾਲ ਸਿੰਘ ਹਨ। ਅਜੀਤਪਾਲ ਸਿੰਘ ਬਾਰਸੇਲੋਨਾ ਤੇ ਕੁਆਲਾਲੰਪੁਰ ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟਾਂ ਸਮੇਂ ਵੀ ਭਾਰਤੀ ਟੀਮਾਂ ਦਾ ਕਪਤਾਨ ਸੀ । ਇਸ ਤੋਂ ਬਿਨਾਂ ਹੋਰਨਾਂ ਕੌਮਾਂਤਰੀ ਟੂਰਨਾਮੈਂਟਾਂ ਵਿਚ ਊਧਮ ਸਿੰਘ, ਸੁਰਜੀਤ ਸਿੰਘ ਤੇ ਸੁਰਿੰਦਰ ਸਿੰਘ ਸੌਖੀ ਆਦਿ ਭਾਰਤੀ ਟੀਮਾਂ ਦੇ ਕਪਤਾਨ ਰਹਿ ਚੁੱਕੇ ਹਨ। ਸੁਰਜੀਤ ਸਿੰਘ ਬੰਬਈ ਵਿਚ ਖੇਡੇ ਗਏ ਪੰਜਵੇਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਮੇਂ ਭਾਰਤੀ ਦਲ ਦਾ ਮੋਹਰੀ ਸੀ। ਪੰਜਾਬ ਦੀਆਂ ਤਿੰਨ ਹਾਕੀ ਖਿਡਾਰਨਾਂ ਪ੍ਰੇਮਾ ਸੈਣੀ, ਅਜਿੰਦਰ ਕੌਰ ਤੇ ਰੂਪਾ ਸੈਣੀ ਵੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੀਆਂ ਹਨ।

1928 ਵਿਚ ਜਦੋਂ ਭਾਰਤ ਨੇ ਪਹਿਲੀ ਵਾਰ ਉਲੰਪਿਕ ਖੇਡਾਂ ‘ਚੋਂ ਸੋਨੇ ਦਾ ਤਮਗਾ ਜਿੱਤਿਆ ਉਦੋਂ ਭਾਰਤੀ ਹਾਕੀ ਟੀਮ ਵਿਚ ਪੰਜ ਖਿਡਾਰੀ ਈ.ਪੈਨੀਗਰ, ਐਸ.ਐਮ. ਯੂਸਫ, ਨਵਾਬ ਪਟੌਦੀ, ਕਿਹਰ ਸਿੰਘ ਗਿੱਲ ਤੇ ਫਿਰੋਜ਼ ਖਾਂ ਪੰਜਾਬ ਦੇ ਸਨ। 1932 ਦੀਆਂ ਉਲੰਪਿਕ ਖੇਡਾਂ ਵਿਚ ਸੱਤ ਪੰਜਾਬੀ ਖਿਡਾਰੀ ਲਾਲ ਸਾਹ ਬੁਖਾਰੀ, ਐਸ. ਅਸਲਮੀ, ਮਸੂਦ ਮਿਨਹਾਸ, ਈ. ਪੈਨੀਗਰ, ਗੁਰਮੀਤ ਸਿੰਘ, ਐਮ. ਜਫਰ ਤੇ ਏ.ਸੀ. ਹਿੰਦ ਭਾਰਤੀ ਟੀਮ ਵਿਚ ਖੇਡੇ। 1936 ਵਿਚ ਬਰਲਨ ਉਲੰਪਿਕਸ ਸਮੇਂ ਐਮ. ਜਫਰ, ਅਲੀ ਇਕਤਦਾਰ ਸ਼ਾਹ ਦਾਰਾ ਤੇ ਗੁਰਚਰਨ ਸਿੰਘ ਪੰਜਾਬ ਤੋਂ ਸਨ । 1940 ਤੇ 4 ਵਿਚ ਦੂਜੇ ਵਿਸ਼ਵ ਯੁੱਧ ਕਾਰਨ ਉਲੰਪਿਕ ਖੇਡਾਂ ਨਹੀਂ ਸਨ ਹੋ ਸਕੀਆਂ। 1948 ਵਿਚ ਲੰਡਨ ਵਿਖੇ ਛੇ ਪੰਜਾਬੀ ਖਿਡਾਰੀਆਂ ਤਿਰਲੋਚਨ ਸਿੰਘ ਬਾਵਾ, ਕੇਸ਼ਵ ਦੱਤ, ਜਸਵੰਤ ਸਿੰਘ, ਅਮੀਰ ਕੁਮਾਰ, ਬਲਬੀਰ ਸਿੰਘ ਤੇ ਨੰਦੀ ਸਿੰਘ ਨੂੰ ਭਾਰਤੀ ਟੀਮ ਵਿਚ ਖਿਡਾਇਆ ਗਿਆ। 1952 ਵਿਚ ਹੈਲਸਿੱਕੀ ਉਲੰਪਿਕਸ ਸਮੇਂ ਧਰਮ ਸਿੰਘ, ਸਵਰੂਪ ਸਿੰਘ, ਕੇਸ਼ਵ ਦੱਤ, ਜਸਵੰਤ ਸਿੰਘ, ਰਘਬੀਰ ਲਾਲ, ਬਲਬੀਰ ਸਿੰਘ, ਨੰਦੀ ਸਿੰਘ ਤੇ ਊਧਮ ਸਿੰਘ ਪੰਜਾਬ ਤੋਂ ਭਾਰਤ ਵੱਲੋਂ ਖੇਡੇ।

1956 ਵਿਚ ਮੈਲਬੌਰਨ ਦੀਆਂ ਉਲੰਪਿਕ ਖੇਡਾਂ ਸਮੇਂ ਭਾਰਤੀ ਟੀਮ ਵਿਚ ਤੇਰਾਂ ਖਿਡਾਰੀ ਪੰਜਾਬ ਦੇ ਸਨ ਜਿਨ੍ਹਾਂ ਦੇ ਨਾਂ ਬਲਬੀਰ ਸਿੰਘ, ਅਮੀਰ ਕੁਮਾਰ, ਊਧਮ ਸਿੰਘ, ਰਘਬੀਰ ਲਾਲ, ਬਖਸ਼ੀਸ਼ ਸਿੰਘ, ਹਰਦਿਆਲ ਸਿੰਘ, ਬਾਲਕਿਸ਼ਨ ਸਿੰਘ, ਆਰ.ਐਸ. ਭੋਲਾ, ਹਰੀ ਪਾਲ ਕੌਸ਼ਿਕ, ਗੁਰਦੇਵ ਸਿੰਘ, ਚਾਰਲਸ ਸਟੀਫਨ, ਓ.ਪੀ. ਮਲਹੋਤਰਾ ਤੇ ਏ.ਐਮ. ਬਖਸ਼ੀ ਹਨ। ਰੋਮ ਉਲੰਪਿਕਸ ਵਿਚ ਪੰਜਾਬ ਤੋਂ ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ, ਮਹਿੰਦਰ ਲਾਲ, ਊਧਮ ਸਿੰਘ, ਜਸਵੰਤ ਸਿੰਘ, ਆਰ.ਐਸ. ਭੋਲਾ, ਜੋਗਿੰਦਰ ਸਿੰਘ, ਕੁਲਵੰਤ ਅਰੋੜਾ, ਹਰੀਪਾਲ ਕੌਸ਼ਿਕ ਤੇ ਬਾਲਕਿਸ਼ਨ ਸਿੰਘ ਭਾਰਤੀ ਹਾਕੀ ਟੀਮ ਵਿਚ ਖੇਡੇ। 1964 ‘ਚ ਟੋਕੀਓ ਵਿਖੇ ਚਰਨਜੀਤ ਸਿੰਘ, ਊਧਮ ਸਿੰਘ, ਧਰਮ ਸਿਘ, ਪ੍ਰਿਥੀਪਾਲ ਸਿੰਘ, ਬਲਬੀਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਗੁਰਬਖਸ਼ ਸਿੰਘ ਤੇ ਹਰੀ ਪਾਲ ਕੌਸ਼ਿਕ ਨੇ ਭਾਰਤੀ ਟੀਮ, ਨੂੰ ਰੰਗ ਭਾਗ ਲਾਏ ।

ਮੈਕਸੀਕੋ ਉਲੰਪਿਕਸ ਵਿਚ ਪ੍ਰਿਥੀਪਾਲ ਸਿੰਘ ਤੇ ਗੁਰਬਖਸ਼ ਸਿੰਘ ਜੜੁੱਤ ਕਪਤਾਨ ਸਨ । ਉਨ੍ਹਾਂ ਨਾਲ ਪੰਜਾਬ ਤੋਂ ਧਰਮ ਸਿੰਘ, ਬਲਬੀਰ ਸਿੰਘ ਰੇਲਵੇ, ਬਲਬੀਰ ਸਿੰਘ ਫੌਜ, ਅਜੀਤਪਾਲ ਸਿੰਘ, ਜਗਜੀਤ ਸਿੰਘ, ਹਰਮੀਨ ਸਿੰਘ, ਇੰਦਰ ਸਿੰਘ, ਹਰਬਿੰਦਰ ਸਿੰਘ ਤੇ ਤਰਸੇਮ ਸਿੰਘ ਸਨ । 1972 ਵਿਚ ਮਿਊਨਖ਼ ਵਿਖੇ ਹਰਮੀਕ ਸਿੰਘ ਕਪਤਾਨ ਸੀ ਤੇ ਉਸ ਨਾਲ ਪੰਜਾਬ ਤੋਂ ਚਾਰਲਸ ਕੋਰਨੇਲੀਅਸ, ਮੁਖਬੈਨ ਸਿੰਘ, ਕੁਲਵੰਤ ਸਿੰਘ, ਅਜੀਤ ਪਾਲ ਸਿੰਘ, ਵਰਿੰਦਰ ਸਿੰਘ, ਵਿਨੋਦ ਕੁਮਾਰ, ਅਜੀਤ ਸਿੰਘ ਤੇ ਹਰਚਰਨ ਸਿੰਘ ਹੋਰ ਪੰਜਾਬੀ ਖਿਡਾਰੀ ਸਨ। ਮਾਂਟਰੀਅਲ ਦੀਆਂ ਉਲੰਪਿਕ ਖੇਡਾਂ ਸਮੇਂ ਅਜੀਤਪਾਲ ਸਿੰਘ ਕਪਤਾਨ ਸੀ ਤੇ ਪੰਜਾਬ ਦੇ ਹੋਰ ਖਿਡਾਰੀ ਅਸ਼ੋਕ ਦੀਵਾਨ, ਸੁਰਜੀਤ ਸਿੰਘ, ਬਲਦੇਵ ਸਿੰਘ, ਵਰਿੰਦਰ ਸਿੰਘ, ਮਹਿੰਦਰ ਸਿੰਘ, ਅਜੀਤ ਸਿੰਘ, ਚੰਦ ਸਿੰਘ ਤੇ ਹਰਚਰਨ ਸਿੰਘ ਸਨ । 1980 ਵਿਚ ਮਾਸਕੋ ਦਵਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਮੇਲ ਸਿੰਘ, ਚਰਨਜੀਤ ਕੁਮਾਰ, ਅਮਰਜੀਤ ਸਿੰਘ ਰਾਣਾ ਤੇ ਸੁਰਿੰਦਰ ਸਿੰਘ ਸੋਢੀ ਪੰਜਾਬ ਤੋਂ ਗਏ ਸਨ। ਰੂਪਾ ਸੈਣੀ ਉਥੇ ਔਰਤਾਂ ਦੀ ਭਾਰਤੀ ਹਾਕੀ ਟੀਮ ਦੀ ਕਪਤਾਨ ਸੀ।

ਹੁਣ ਤੱਕ ਪੰਜ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਹੋਏ ਹਨ। 1971 ਵਿਚ ਪਹਿਲੇ ਵਿਸ਼ਵ ਕੱਪ ਸਮੇਂ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ ਪੰਜਾਬ ਤੋਂ ਚਾਰਲਸ ਕੋਰਨੇਲੀਅਸ, ਵਿਨੋਦ ਕੁਮਾਰ, ਬਲਦੇਵ ਸਿੰਘ, ਹਰਮੀਕ ਸਿੰਘ, ਰਾਜਵਿੰਦਰ ਸਿੰਘ, ਕੁਲਵੰਤ ਸਿੰਘ ਤੇ ਹਰਚਰਨ ਸਿੰਘ ਭਾਰਤੀ ਟੀਮ ਵਿਚ ਸ਼ਾਮਲ ਹੋਏ ਸਨ । 1973 ਵਿਚ ਐਮਸਟਡਰਮ ਵਿਖੇ ਪੰਜਾਬ ਦੇ ਚਾਰਲਸ, ਬਲਦੇਵ ਸਿੰਘ, ਸੁਰਜੀਤ ਸਿੰਘ, ਵਰਿੰਦਰ ਸਿੰਘ, ਅਜੀਤਪਾਲ ਸਿੰਘ, ਹਰਮੀਕ ਸਿੰਘ, ਚੰਦ ਸਿੰਘ, ਹਰਚਰਨ ਸਿੰਘ ਤੇ ਅਜੀਤ ਸਿੰਘ ਹਾਕੀ ਖਿਡਾਰੀ ਭਾਰਤੀ ਟੀਮ ਵਿਚ ਪਾਏ ਗਏ ਸਨ । 1975 ਵਿਚ ਕੁਆਲਾਲੰਪੁਰ ਤੋਂ ਜਦੋਂ ਭਾਰਤ ਨੇ ਵਿਸ਼ਵ ਕੱਪ ਜਿਤਿਆ ਤਾਂ ਭਾਰਤੀ ਟੀਮ ਦੀ ਤਿਆਰੀ ਪੰਜਾਬ ਨੇ ਕਰਵਾਈ ਸੀ। ਉਦੋਂ ਅਜੀਤਪਾਲ ਸਿੰਘ ਦੀ ਅਗਵਾਈ ਵਿਚ ਅਸ਼ੋਕ ਦੀਵਾਨ, ਸੁਰਜੀਤ ਸਿੰਘ, ਵਰਿੰਦਰ ਸਿੰਘ, ਮਹਿੰਦਰ ਸਿੰਘ ਮੁਨਸ਼ੀ, ਓਂਕਾਰ ਸਿੰਘ, ਐਚ.ਜੇ.ਐਸ. ਚਿਮਨੀ ਤੇ ਹਰਚਰਨ ਸਿੰਘ ਪੰਜਾਬੀ ਖਿਡਾਰੀ ਭਾਰਤੀ ਟੀਮ ਦਾ ਸ਼ਿੰਗਾਰ ਸਨ । 1978 ਵਿਚ ਬਿਊਨਸ ਏਅਰਜ ਵਿਖੇ ਬਲਦੇਵ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਤੇ ਸੁਖਬੀਰ ਸਿੰਘ ਗਰੇਵਾਲ ਭਾਰਤੀ ਟੀਮ ਵਿਚ ਖੇਡੇ । ਬੰਬਈ ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਮੇਂ ਪੰਜਾਬ ਦਾ ਸੁਰਜੀਤ ਸਿੰਘ ਭਾਰਤੀ ਟੀਮ ਦਾ ਕਪਤਾਨ ਸੀ ਤੇ ਉਹਦੇ ਨਾਲ ਅਸ਼ੋਕ ਦੀਵਾਨ, ਰਾਜਿੰਦਰ ਸਿੰਘ, ਗੁਰਮੇਲ ਸਿੰਘ, ਓਂਕਾਰ ਸਿੰਘ, ਚਰਨਜੀਤ ਕੁਮਾਰ, ਏ.ਐਸ. ਰਾਣਾ ਤੇ ਸੁਰਿੰਦਰ ਸਿੰਘ ਸੋਢੀ ਹੋਰ ਪੰਜਾਬੀ ਖਿਡਾਰੀ ਸਨ।

ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣ ਵਾਲੀਆਂ ਭਾਰਤੀ ਹਾਕੀ ਟੀਮਾਂ ਵਿਚ ਇਕ ਅੱਧ ਮੌਕਾ ਛੱਡ ਕੇ ਪੰਜਾਬੀ ਖਿਡਾਰੀ ਹਮੇਸ਼ਾਂ ਅੱਧੋਂ ਬਹੁਤੇ ਰਹੇ ਹਨ। 1958 ਵਿਚ ਟੋਕੀਓ ਵਿਖੇ ਬਲਬੀਰ ਸਿੰਘ ਦੀ ਕਪਤਾਨੀ ਥੱਲੇ ਊਧਮ. ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਜਗਜੀਤ ਸਿੰਘ, ਬਲਬੀਰ ਸਿੰਘ ਜੂਨੀਅਰ, ਬਾਲ ਕਿਸ਼ਨ ਸਿੰਘ, ਬਖਸ਼ੀਸ਼ ਸਿੰਘ ਤੇ ਗੁਰਸੇਵਕ ਸਿੰਘ ਪੰਜਾਬੀ ਖਿਡਾਰੀ ਭਾਰਤੀ ਟੀਮ ਦੇ ਮੈਂਬਰ ਸਨ। ਜਕਾਰਤਾ ਵਿਚ ਪੰਜਾਬ ਦਾ ਗੁਰਦੇਵ ਸਿੰਘ ਭਾਰਤੀ ਟੀਮ ਦਾ ਕਪਤਾਨ ਸੀ । ਪੰਜਾਬ ਦੇ ਹੋਰ ਖਿਡਾਰੀਆਂ ਦੇ ਨਾਂ ਪ੍ਰਿਥੀਪਾਲ ਸਿੰਘ, ਮਦਨ ਮੋਹਨ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਬਲਬੀਰ ਸਿੰਘ ਜੂਨੀਅਰ, ਜੋਗਿੰਦਰ ਸਿੰਘ, ਮਹਿੰਦਰ ਲਾਲ, ਧਰਮ ਸਿੰਘ, ਹਰਬਿੰਦਰ ਸਿੰਘ ਤੇ ਦਰਸ਼ਨ ਸਿੰਘ ਸਨ। 1966 ‘ਚ ਜਦੋਂ ਭਾਰਤ ਨੇ ਇਕੋ ਇਕ ਵਾਰ ਏਸ਼ਿਆਈ ਚੈਂਪੀਅਨਸ਼ਿਪ ਜਿੱਤੀ ਉਦੋਂ ਸਿਖਰਲੇ ਮੈਚ ‘ਚ ਪਾਕਿਸਤਾਨ ਵਿਰੁੱਧ ਗਿਆਰਾਂ ‘ਚੋਂ ਦਸ ਖਿਡਾਰੀ ਪੰਜਾਬ ਦੇ ਖੇਡੇ। ਉਨ੍ਹਾਂ ਦੇ ਨਾਂ ਸਨ ਪ੍ਰਿਥੀਪਾਲ ਸਿੰਘ, ਧਰਮ ਸਿੰਘ, ਬਲਬੀਰ ਸਿੰਘ ਫੌਜ, ਜਗਜੀਤ ਸਿੰਘ, ਹਰਮੀਕ ਸਿੰਘ, ਬਲਬੀਰ ਸਿੰਘ ਰੇਲਵੇ, ਬਲਬੀਰ ਸਿੰਘ ਪੁਲਸ, ਹਰਬਿੰਦਰ ਸਿੰਘ, ਇੰਦਰ ਸਿੰਘ ਤੇ ਤਰਸੇਮ ਸਿੰਘ । ਜੂੜਿਆਂ ਉਤੇ ਰੁਮਾਲ ਬੰਨ੍ਹੀ ਬੈਂਕਾਕ ਦੇ ਸਟੇਡੀਅਮ ਵਿਚ ਖੇਡਦੀ ਉਹ ਟੀਮ ਭਾਰਤ ਦੀ ਥਾਂ ਕਿਸੇ ਖ਼ਾਲਸਾ ਕਾਲਜ ਦੀ ਲਗਦੀ ਸੀ । ਅਜੇ ਪੰਜਾਬ ਦੇ ਹੋਰ ਖਿਡਾਰੀ ਗੁਰਬਖਸ਼ ਸਿੰਘ, ਮਹਿੰਦਰ ਲਾਲ, ਹਰੀ ਪਾਲ ਕੌਸ਼ਿਕ ਤੇ ਜਗਦੀਪ ਸਿੰਘ ਖੇਡਣ ਦੀ ਵਾਰੀ ਉਡੀਕ ਦੇ ਮੈਦਾਨ ਕਿਨਾਰੇ ਬੈਂਚ ‘ਤੇ ਬੈਠੇ ਸਨ। ਉਦੋਂ ਕੁੱਲ ਅਠਾਰਾਂ ਵਿਚੋਂ ਚੌਦਾਂ ਖਿਡਾਰੀ ਪੰਜਾਬ ਦੇ ਸਨ।

1970 ਦੀਆਂ ਏਸ਼ਿਆਈ ਖੇਡਾਂ ਸਮੇਂ ਹਰਬਿੰਦਰ ਸਿੰਘ ਭਾਰਤੀ ਟੀਮ ਦਾ ਕਪਤਾਨ ਸੀ। ਉਹਦੇ ਨਾਲ ਪੰਜਾਬ ਦੇ ਹੋਰ ਸਾਥੀ ਵਿਨੋਦ ਕੁਮਾਰ, ਮੇਜਰ ਸਿੰਘ, ਅਜੀਤਪਾਲ ਸਿੰਘ, ਹਰਮੀਕ ਸਿੰਘ, ਬਲਬੀਰ ਸਿੰਘ ਪੁਲਸ, ਬਲਦੇਵ ਸਿੰਘ, ਕੁਲਵੰਤ ਸਿੰਘ, ਹਰਚਰਨ ਸਿੰਘ, ਬਲਬੀਰ ਸਿੰਘ ਰੇਲਵੇ, ਚਾਰਲਸ, ਮੁਖਬੈਨ ਸਿੰਘ ਤੇ ਮਹਿੰਦਰ ਸਿੰਘ ਸਨ ਯਾਨੀ ਸੋਲਾਂ ਖਿਡਾਰੀਆਂ ਵਿਚੋਂ ਤੇਰਾਂ ਪੰਜਾਬੀ। 1974 ਵਿਚ ਤਹਿਰਾਨ ਵਿਖੇ ਅਜੀਤਪਾਲ ਸਿੰਘ ਕਪਤਾਨ ਸੀ ਤੇ ਸੁਰਜੀਤ ਸਿੰਘ, ਬਲਦੇਵ ਸਿੰਘ, ਵਰਿੰਦਰ ਸਿੰਘ, ਚੰਦ ਸਿੰਘ, ਹਰਚਰਨ ਸਿੰਘ, ਅਜੀਤ ਸਿੰਘ ਤੇ ਹਰਮੀਕ ਸਿੰਘ ਹੋਰ ਪੰਜਾਬੀ ਖਿਡਾਰੀ ਸਨ । 1978 ਦੀਆਂ ਏਸ਼ਿਆਈ ਖੇਡਾਂ ਵਿਚ ਪੰਜਾਬ ਦੇ ਸੁਰਜੀਤ ਸਿੰਘ, ਵਰਿੰਦਰ ਸਿੰਘ, ਰਣਬੀਰ ਸਿੰਘ, ਸੁਖਬੀਰ ਸਿੰਘ ਗਰੇਵਾਲ ਤੇ ਸੁਰਿੰਦਰ ਸਿੰਘ ਸੋਢੀ ਭਾਰਤੀ ਟੀਮ ਵੱਲੋਂ ਖੇਡੇ ਸਨ । ਸੁਰਜੀਤ ਸਿੰਘ ਨੂੰ ਉਸ ਸਮੇਂ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਸੀ। ਦਿੱਲੀ ਦੀਆਂ ਏਸ਼ਿਆਈ ਖੇਡਾਂ ਸਮੇਂ ਰਾਜਿੰਦਰ ਸਿੰਘ, ਵਿਨੀਤ ਕੁਮਾਰ, ਗੁਰਮੇਲ ਸਿੰਘ, ਰਾਜਿੰਦਰ ਸਿੰਘ ਜੂਨੀਅਰ, ਚਰਨਜੀਤ ਕੁਮਾਰ ਤੇ ਜਗਦੀਪ ਸਿੰਘ ਪੰਜਾਬੀ ਖਿਡਾਰੀ ਭਾਰਤੀ ਟੀਮ ਵਿਚ ਸਨ।

ਪੰਜਾਬੀ ਮੂਲ ਦੇ ਹਾਕੀ ਖਿਡਾਰੀ ਭਾਰਤੀ ਟੀਮਾਂ ਤੋਂ ਇਲਾਵਾ ਅਨੇਕ ਪਰਦੇਸੀ ਟੀਮਾਂ ਵਿਚ ਵੀ ਖੇਡਦੇ ਆ ਰਹੇ ਹਨ। ਸੱਠਵਿਆਂ ਵਿਚ ਕੀਨੀਆ ਦੀ ਸਾਰੀ ਦੀ ਸਾਰੀ ਟੀਮ ਹੀ ਇਕ ਵਾਰ ਪੰਜਾਬੀ ਸਰਦਾਰਾਂ ਦੀ ਸੀ। ਖੇਡਣ ਵਾਲੇ ਗਿਆਰਾਂ ਖਿਡਾਰੀਆਂ ‘ਚੋਂ ਦਸਾਂ ਦੇ ਜੂੜਿਆਂ ਉੱਤੇ ਰੁਮਾਲ ਬੰਨ੍ਹੇ ਹੋਏ ਸਨ । ਉਥੋਂ ਦਾ ਅਵਤਾਰ ਸਿੰਘ ਚਾਰ ਉਲੰਪਿਕਸ ਖੇਡਿਆ। ਕੀਨੀਆ ਤੋਂ ਬਿਨਾਂ ਯੂਗੰਡਾ, ਮਲਾਇਆ, ਸਿੰਘਾਪੁਰ, ਹਾਂਗਕਾਂਗ, ਇੰਗਲੈਂਡ ਤੇ ਕਨੇਡਾ ਦੀਆਂ ਕੌਮੀ ਹਾਕੀ ਟੀਮਾਂ ਵਿਚ ਵੀ ਪੰਜਾਬੀ ਖਿਡਾਰੀ ਖੇਡ ਰਹੇ ਹਨ। ਬੰਬਈ ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਮੇਂ ਇੰਗਲੈਂਡ ਵੱਲੋਂ ਸਤਿੰਦਰ ਸਿੰਘ ਖਹਿਰਾ ਤੇ ਕੁਲਦੀਪ ਸਿੰਘ ਭੌਰਾ ਅਤੇ ਮਲਾਇਆ ਵੱਲੋਂ ਮਹਿੰਦਰ ਸਿੰਘ ਤੇ ਅਵਤਾਰ ਸਿੰਘ ਗਿੱਲ ਖੇਡੇ ਸਨ। ਕਦੇ ਕਦਾਈਂ ਕੌਮੀ ਟੀਮਾਂ ਦੀਆਂ ਵਰਦੀਆਂ ਪਾਉਣ ਵਾਲੇ ਪੰਜਾਬੀ ਖਿਡਾਰੀਆਂ ਦੀ ਗਿਣਤੀ ਕਰਨੀ ਹੋਵੇ ਤਾਂ ਸੂਚੀ ਸੈਂਕੜਿਆਂ ਵਿਚ ਚਲੀ ਜਾਵੇਗੀ।

‘ ਮਰਦਾਂ ਵਾਂਗ ਪੰਜਾਬੀ ਮੁਟਿਆਰਾਂ ਨੇ ਵੀ ਹਾਕੀ ਦੀ ਖੇਡ ਵਿਚ ਬੜਾ ਜਸ ਖੱਟਿਆ ਹੈ। ਰਾਜਬੀਰ ਕੌਰ ਨੇ ਦਿੱਲੀ ਦੀਆਂ ਏਸ਼ਿਆਈ ਖੇਡਾਂ ਵਿਚ ਸਭ ਤੋਂ ਬਹੁਤੇ ਗੋਲ ਕੀਤੇ ਸਨ । ਅਜਿੰਦਰ ਕੌਰ ਪੂਰਾ ਦਹਾਕਾ ਭਾਰਤੀ ਹਾਕੀ ਉਤੇ ਛਾਈ ਰਹੀ। ਸੈਣੀ ਭੈਣਾਂ, ਦਰਸ਼ਨ ਭੱਟੀ, ਪ੍ਰਮਿੰਦਰ ਢਿੱਲੋਂ, ਬਲਜੀਤ ਭੱਟੀ, ਮਲਕੀਤ ਮਾਂਗਟ, ਬਲਵਿੰਦਰ ਭਾਟੀਆ, ਹਰਪ੍ਰੀਤ ਗਿੱਲ, ਇੰਦਰਜੀਤ ਸੰਧੂ, ਪ੍ਰਿਤਪਾਲ ਕੌਰ, ਪੁਸ਼ਪਿੰਦਰ ਡਾਲੀ, ਚੰਚਲ ਕੋਹਲੀ, ਰਾਜਵੰਤ, ਕਿਰਨ ਮਹਿਤਾ, ਕਿਰਨ ਮਲਹੋਤਰਾ, ਕਿਰਨ ਸ਼ਰਮਾ, ਲਤਾ ਮਹਾਜਨ, ਨਿਸ਼ਾ, ਦਵਿੰਦਰ ਖੋਖਰ, ਨਿਰਮਲਾ ਕੁਮਾਰੀ, ਸ਼ਰਨਜੀਤ, ਰਾਜਿੰਦਰ ਰਾਜੀ, ਸੁਰਜੀਤ ਨਿਕੜੀ, ਜਸਵਿੰਦਰ ਤੇ ਬਾਜਵਾ ਭੈਣਾਂ ਆਦਿ ਅਨੇਕ ਪੰਜਾਬਣਾਂ ਹਨ ਜਿਨ੍ਹਾਂ ਹਾਕੀ ਦੀ ਖੇਡ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ।

ਅਥਲੈਟਿਕ :- ਅਥਲੈਟਿਕ ਖੇਡਾਂ ਦੇ ਖੇਤਰ ਵਿਚ ਵੀ ਪੰਜਾਬ ਦੇ ਅਥਲੀਟਾਂ ਨੇ ਜਿੰਨੇ ਤਮਗੇ

ਜਿੱਤੇ ਹਨ ਬਾਕੀ ਸਾਰੇ ਭਾਰਤ ਦੇ ਅਥਲੀਟ ਰਲਾ ਮਿਲਾ ਕੇ ਵੀ ਨਹੀਂ ਜਿੱਤ ਸਕੇ। ਪੰਜਾਹਵਿਆਂ ਤੇ ਸੱਠਵਿਆਂ ਵਿਚ ਤਾਂ ਲਗਭਗ ਸਾਰੀਆ ਅਥਲੈਟਿਕ ਖੇਡਾਂ ਦੇ ਕੌਮੀ ਰਿਕਾਰਡ ਪੰਜਾਬੀ ਅਥਲੀਟਾਂ ਦੇ ਸਨ । ਮਨੀਲਾ, ਟੋਕੀਓ ਤੇ ਜਕਾਰਤਾ ਦੀਆਂ ਏਸ਼ਿਆਈ ਖੇਡਾਂ ‘ਚੋਂ ਭਾਰਤ ਨੇ ਜਿੰਨੇ ਸੋਨੇ ਦੇ ਤਮਗੇ ਜਿੱਤੇ ਉਹ ਸਭ ਪੰਜਾਬੀ ਅਥਲੀਟਾਂ ਨੇ ਜਿੱਤੇ ਸਨ । ਉਲੰਪਿਕ ਪੱਧਰ ਦੀਆਂ ਅਥਲੈਟਿਕ ਖੇਡਾਂ ਵਿਚ ਭਾਰਤ ਦੇ ਕੇਵਲ ਤਿੰਨ ਅਥਲੀਟ ਹੀ ਪਹਿਲੇ ਛੇ ਸਥਾਨਾਂ ਵਿੱਚੋਂ ਕੋਈ ਸਥਾਨ ਲੈ ਸਕੇ ਹਨ ਤੇ ਉਹ ਤਿੰਨੇ ਹੀ ਪੰਜਾਬੀ ਅਥਲੀਟ ਹਨ। 1924 ਵਿਚ ਪੈਰਿਸ ਦੀਆਂ ਉਲੰਪਿਕ ਖੇਡਾਂ ਸਮੇਂ ਦਲੀਪ ਸਿੰਘ (ਬਰਗੇਡੀਅਰ) ਨੇ ਲੰਮੀ ਛਾਲ ਲਾਉਣ ‘ਚ ਛੇਵਾਂ ਸਥਾਨ ਹਾਸਲ ਕੀਤਾ ਸੀ। ਰੋਮ ਉਲੰਪਿਕਸ ਵਿਚ ਮਿਲਖਾ ਸਿਘ ਚਾਰ ਸੌ ਮੀਟਰ ਦੀ ਦੌੜ ‘ਚ ਪਹਿਲਾ ਉਲੰਪਿਕ ਰਿਕਾਰਡ ਤੋੜ ਕੇ ਚੌਥੇ ਸਥਾਨ ‘ਤੇ ਰਿਹਾ। 1964 ਵਿਚ ਟੋਕੀਓ ਵਿਖੇ ਗੁਰਬਚਨ ਸਿੰਘ ਰੰਧਾਵਾ ਨੇ 110 ਮੀਟਰ ਦੀ ਅੜਿੱਕਾ ਦੌੜ ‘ਚ ਪੰਜਵਾਂ ਸਥਾਨ ਹਾਸਲ ਕੀਤਾ। ਕਾਮਨਵੈਲਥ ਦੇਸਾਂ ਦੀਆਂ ਅਥਲੈਟਿਕ ਖੇਡਾਂ ‘ਚੋਂ ਭਾਰਤ ਨੇ ਇਕ ਸੋਨੇ ਦਾ, ਦੋ ਚਾਂਦੀ ਦੇ ਤੇ ਦੋ ਤਾਂਬੇ ਦੋ ਤਮਗੇ ਜਿੱਤੇ ਹਨ। ਸੋਨੇ ਦਾ ਤਮਗਾ ਮਿਲਖਾ ਸਿੰਘ ਨੇ ਜਿਤਿਆ ਸੀ, ਚਾਂਦੀ ਦੇ ਪਰਵੀਨ ਕੁਮਾਰ ਤੇ ਮਹਿੰਦਰ ਸਿੰਘ ਗਿੱਲ ਨੇ ਤੇ ਤਾਂਬੇ ਦੇ ਮਹਿੰਦਰ ਸਿੰਘ ਗਿੱਲ ਤੇ ਸੁਰੇਸ਼ ਬਾਬੂ ਨੇ । ਇੰਜ ਪੰਜਾਂ ‘ਚੋਂ ਚਾਰ ਤਮਗੇ ਪੰਜਾਬੀ ਅਥਲੀਟਾਂ ਦੇ ਸਿਰ ਸਦਕਾ ਹਨ।

ਪਹਿਲੀਆਂ ਏਸ਼ਿਆਈ ਖੇਡਾਂ 1951 ਵਿਚ ਨਵੀਂ ਦਿੱਲੀ ਵਿਖੇ ਹੋਈਆਂ ਸਨ । ਉਥੇ ਪੰਜਾਬੀ ਅਥਲੀਟ ਨਿੱਕਾ ਸਿੰਘ, ਛੋਟਾ ਸਿੰਘ, ਬਖਤਾਵਰ ਸਿੰਘ, ਰਣਜੀਤ ਸਿੰਘ, ਮਦਨ ਲਾਲ, ਮਹਾਬੀਰ ਪ੍ਰਸ਼ਾਦ ਤੇ ਮੱਖਣ ਸਿੰਘ ਨੇ ਸੋਨੇ ਦੇ ਤਮਗੇ ਜਿੱਤੇ ਸਨ। ਸੋਮ ਨਾਥ, ਤੇਜਾ ਸਿੰਘ, ਪ੍ਰੀਤਮ ਸਿੰਘ, ਕੁਲਵੰਤ ਸਿੰਘ, ਪਰਸਾ ਸਿੰਘ, ਬਲਦੇਵ ਸਿੰਘ ਤੇ ਐਸ. ਬਖਸ਼ੀ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ ਅਤੇ ਕਿਸਨ ਸਿੰਘ, ਗੁਰਬਚਨ ਸਿੰਘ, ਕੇਸਰ ਸਿੰਘ, ਅਜੀਤ ਸਿੰਘ, ਗੋਬਿੰਦ ਸਿੰਘ ਤੇ ਸੂਰਤ ਸਿੰਘ ਨੇ ਤਾਂਬੇ ਦੇ । 1954 ਵਿਚ ਮਨੀਲਾ ਵਿਖੇ ਦੂਜੀਆਂ ਏਸ਼ਿਆਈ`ਖੇਡਾਂ ‘ਚੋਂ ਸਰਵਣ ਸਿੰਘ ਤੇ ਅਜੀਤ ਸਿੰਘ ਨੇ ਇਕ ਇਕ ਤੇ ਪ੍ਰਦੁੱਮਣ ਸਿੰਘ ਨੇ ਦੋ ਸੋਨੇ ਦਾ ਤਮਗੇ ਜਿੱਤੇ ਸਨ । ਜੋਗਿੰਦਰ ਸਿੰਘ ਤੇ ਸੋਹਣ ਸਿੰਘ ਨੇ ਚਾਂਦੀ ਦੇ ਅਤੇ ਈਸ਼ਰ ਸਿੰਘ ਨੇ ਤਾਂਬੇ ਦਾ ਤਮਗਾ ਜਿੱਤਿਆ ਸੀ । ਟੋਕੀਓ ਦੀਆਂ ਏਸ਼ਿਆਈ ਖੇਡਾਂ ‘ਚੋਂ ਮੁੜ ਮਨੀਲਾ ਵਾਂਗ ਭਾਰਤ ਲਈ ਸੋਨੇ ਦੇ ਸਾਰੇ ਤਮਗੇ ਪੰਜਾਬੀ ਅਥਲੀਟਾ ਨੇ ਹੀ ਜਿੱਤੇ । ਉਥੇ ਮਿਲਖਾ ਸਿੰਘ ਏਸ਼ੀਆ ਦਾ ਸਰਵੋਤਮ ਅਥਲੀਟ ਮੰਨਿਆ ਗਿਆ ਸੀ। ਉਸ ਨੇ ਸੋਨੇ ਦੇ ਦੋ ਤੇ ਪ੍ਰਦੁੱਮਣ ਸਿੰਘ, ਬਲਕਾਰ ਸਿੰਘ ਤੇ ਮਹਿੰਦਰ ਸਿੰਘ ਨੇ ਇਕ ਇਕ ਸੋਨੇ ਦਾ ਤਮਗਾ ਜਿਤਿਆ। ਉੱਥੇ ਪ੍ਰਦੁੱਮਣ ਸਿੰਘ ਨੇ ਇਕ ਤਾਂਬੇ ਦਾ ਤਮਗਾ ਵੀ ਹਾਸਲ ਕੀਤਾ।

1962 ਵਿਚ ਜਕਾਰਤਾ ਵਿਖੇ ਭਾਰਤ ਦੀ ਅਥਲੈਟਿਕ ਟੀਮ ਨੇ ਕੁਲ ਪੰਜ ਸੋਨੇ, ਪੰਜ ਚਾਂਦੀ ਤੇ ਚਾਰ ਤਾਂਬੇ ਦੇ ਤਮਗੇ ਜਿੱਤੇ ਸਨ ਜਿਨ੍ਹਾਂ ‘ਚੋਂ ਕੇਵਲ ਇਕ ਚਾਂਦੀ ਦਾ ਤਮਗਾ ਹੀ ਗੈਰ ਪੰਜਾਬੀ ਅਥਲੀਟ ਦਾ ਸੀ। ਉਥੇ 4 × 400 ਰਿਲੇਅ ਦੌੜ ਦੌੜਨ ਵਾਲੇ ਵੀ ਦਲਜੀਤ ਸਿੰਘ, ਜਗਦੀਸ਼ ਸਿੰਘ, ਮੱਖਣ ਸਿੰਘ ਤੇ ਮਿਲਖਾ ਸਿੰਘ ਸਾਰੇ ਪੰਜਾਬੀ ਅਥਲੀਟ ਸਨ ਜਿਨ੍ਹਾਂ ਨੇ ਸੋਨੇ ਦਾ ਤਮਗਾ ਜਿਤਿਆ। ਇਸ ਤੋਂ ਬਿਨਾਂ ਮਿਲਖਾ ਸਿੰਘ, ਗੁਰਬਚਚਨ ਸਿੰਘ, ਮਹਿੰਦਰ ਸਿੰਘ ਤੇ ਤਰਲੋਕ ਸਿੰਘ ਨੇ ਸੋਨੇ ਦੇ ਤਮਗੇ ਜਿੱਤੇ । ਮੱਖਣ ਸਿੰਘ, ਦਲਜੀਤ ਸਿੰਘ, ਅੰਮ੍ਰਿਤਪਾਲ ਤੇ ਪ੍ਰਦੁੱਮਣ ਸਿੰਘ ਨੇ ਚਾਂਦੀ ਦੇ ਅਤੇ ਤਰਲੋਕ ਸਿੰਘ, ਜੋਗਿੰਦਰ ਸਿੰਘ, ਈ. ਡੈਵਨਪੋਰਟ ਤੇ ਅੰਮ੍ਰਿਤਪਾਲ ਨੇ ਤਾਂਬੇ ਦੇ ਤਮਗੇ ਹਾਸਲ ਕੀਤੇ।

1966 ਦੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਦੇ ਪੰਜ ਸੋਨੇ, ਇਕ ਚਾਂਦੀ ਤੇ ਪੰਜ ਤਾਂਬੇ ਦੇ ਤਮਗਿਆਂ ‘ਚੋਂ ਪੰਜਾਬੀ ਅਥਲੀਟਾਂ ਨੇ ਚਾਰ ਸੋਨੇ, ਇਕ ਚਾਂਦੀ ਤੇ ਚਾਰ ਤਾਂਬੇ ਦੇ ਤਮਗੇ ਜਿੱਤੇ । ਸੋਨੇ ਦੇ ਤਮਗੇ ਜਿੱਤਣ ਵਾਲੇ ਅਜਮੇਰ ਸਿੰਘ, ਭੀਮ ਸਿੰਘ, ਜੋਗਿੰਦਰ ਸਿੰਘ ਤੇ ਪਰਵੀਨ ਕੁਮਾਰ ਸਨ ਤੇ ਤਾਂਬੇ ਦੇ ਲਾਭ ਸਿੰਘ, ਮਨਜੀਤ ਵਾਲੀਆ ਤੇ ਬਲਕਾਰ ਸਿੰਘ, ਅਜਮੇਰ ਸਿੰਘ ਨੇ ਚਾਂਦੀ ਤੇ ਪਰਵੀਨ ਕੁਮਾਰ ਨੇ ਤਾਂਬੇ ਦਾ ਇਕ ਹੋਰ ਤਮਗਾ ਵੱਖ ਜਿਤਿਆ ਸੀ । 1970 ਦੀਆਂ ਏਸ਼ਿਆਈ ਖੇਡਾਂ ਵਿੱਚੋਂ ਭਾਰਤੀ ਅਥਲੈਟਿਕ ਟੀਮ ਨੇ ਕੁਲ ਚਾਰ ਸੋਨੇ ਦੇ ਤਮਗੇ ਜਿੱਤੇ ਤੇ ਉਹ ਚਾਰੇ ਪੰਜਾਬੀ ਅਥਲੀਟਾਂ ਦੇ ਹਿੱਸੇ ਆਏ। ਉਥੇ ਮਹਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ, ਕਮਲਜੀਤ ਸੰਧੂ ਤੇ ਪਰਵੀਨ ਕੁਮਾਰ ਏਸ਼ਿਆਈ ਚੈਂਪੀਅਨ ਬਣੇ । ਲਾਭ ਸਿੰਘ ਨੇ ਚਾਂਦੀ ਤੇ ਤਾਂਬੇ ਦਾ ਤਮਗਾ ਜਿੱਤਿਆ। ਤਾਂਬੇ ਦੇ ਹੋਰ ਤਮਗੇ ਸੁੱਚਾ ਸਿੰਘ, ਭੀਮ ਸਿੰਘ ਤੇ ਗੁਰਮੇਜ ਸਿੰਘ ਨੇ ਜਿੱਤੇ । 1974 ਵਿਚ ਤਹਿਰਾਨ ਵਿਖੇ ਕੋਈ ਪੰਜਾਬੀ ਅਥਲੀਟ ਸੋਨੇ ਦਾ ਤਮਗਾ ਨਹੀਂ ਜਿੱਤ ਸਕਿਆ। ਉਥੇ ਗੁਰਮੇਜ ਸਿੰਘ, ਮਹਿੰਦਰ ਸਿੰਘ ਗਿੱਲ, ਬਹਾਦਰ ਸਿੰਘ, ਪਰਵੀਨ ਕੁਮਾਰ ਤੇ ਨਿਰਮਲ ਸਿੰਘ ਨੇ ਚਾਂਦੀ ਦੇ ਤਮਗੇ ਜਿੱਤੇ ਅਤੇ ਲਹਿੰਬਰ ਸਿੰਘ ਤੇ ਜਗਰਾਜ ਸਿੰਘ ਨੇ ਤਾਂਬੇ ਦੇ । 4 × 400 ਮੀਟਰ ਦੀ ਰਿਲੇਅ ਦੌੜ ਵਿਚ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਜਿਤਿਆ ਜਿਸ ਵਿਚ ਪੰਜਾਬ ਦੇ ਸੁੱਚਾ ਸਿੰਘ, ਰਣਜੀਤ ਸਿੰਘ ਤੇ ਅਜਾਇਬ ਸਿੰਘ ਦੌੜੇ ਸਨ।

1978 ਦੀਆਂ ਏਸ਼ਿਆਈ ਖੇਡਾਂ ‘ਚੋਂ ਪੰਜਾਬ ਦੇ ਹਰੀ ਚੰਦ ਨੇ ਦੋ ਸੋਨੇ ਦੇ ਤਮਗੇ ਜਿਤੇ । ਉਸ ਤੋਂ ਬਿਨਾਂ ਹਾਕਮ ਸਿੰਘ ਤੇ ਬਹਾਦਰ ਸਿੰਘ ਵੀ ਏਸ਼ਿਆਈ ਚੈਂਪੀਅਨ ਬਣੇ ਅਤੇ ਰਤਨ ਸਿੰਘ ਨੇ ਤਾਂਬੇ ਦਾ ਤਮਗਾ ਹਾਸਲ ਕੀਤਾ। ਦਿੱਲੀ ਦੀਆਂ ਏਸ਼ਿਆਈ ਖੇਡਾਂ ‘ਚੋਂ ਬਹਾਦਰ ਸਿੰਘ ਫਿਰ ਸੋਨੇ ਦਾ ਤਮਗਾ ਜਿੱਤ ਗਿਆ ਜਦ ਕਿ ਕੁਲਦੀਪ ਸਿੰਘ ਨੇ ਚਾਂਦੀ ਦਾ ਅਤੇ ਗੁਰਤੇਜ ਸਿੰਘ ਤੇ ਬਲਵਿੰਦਰ ਸਿੰਘ ਨੇ ਤਾਂਬੇ ਦੇ ਤਮਗੇ ਜਿੱਤੇ । ਏਸ਼ਿਆਈ ਖੇਡਾਂ ਤੋਂ ਲਾਂਭੇ ਏਸ਼ਿਆਈ ਅਥਲੈਟਿਕ ਸੀਟਾਂ ਤੇ ਵੱਖ ਵੱਖ ਮੁਲਕਾਂ ਨਾਲ ਦੁਵੱਲੀਆਂ ਸੀਟਾਂ ਵਿਚ ਵੀ ਭਾਰਤ ਲਈ ਵਧੇਰੇ ਜਸ ਪੰਜਾਬੀ ਅਥਲੀਟਾਂ ਨੇ ਹੀ ਖੱਟਿਆ ਹੈ। ਕਪਤਾਨ ਨਿਰੰਜਣ ਸਿੰਘ 1934 ਵਿਚ ਪਹਿਲੀ ਪੱਛਮੀ ਏਸ਼ਿਆਈ ਮੁਲਕਾਂ ਦੀ ਏਸ਼ੀਆਟਿਕ ਮੀਟ ਸਮੇਂ ਲੰਮੀ ਤੇ ਤੀਹਰੀ ਛਾਲ ਲਾਉਣ ਵਿਚ ਪ੍ਰਥਮ ਆਇਆ ਸੀ । ਉਸ ਦਾ 1934 ‘ਚ ਕਾਇਮ ਕੀਤਾ ਲੰਮੀ ਛਾਲ ਦਾ ਕੌਮੀ ਰਿਕਾਰਡ 1955 ਤੱਕ ਕਿਸੇ ਤੋਂ ਨਹੀਂ ਸੀ ਟੁਟਿਆ। ਰੌਣਕ ਸਿੰਘ ਨੇ 1936 ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ ਤੇ ਗੁਰਨਾਮ ਸਿੰਘ ਨੇ 1948 ਦੀਆਂ ਵਿਚ। ਵੱਡਉਮਰੇ ਅਥਲੀਟਾ ਦੇ ਵਿਸ਼ਵ ਮੁਕਾਬਲਿਆਂ ‘ਚੋਂ ਮੰਡੀ ਡਬਵਾਲੀ ਦੇ ਗੁਲਾਬ ਸਿੰਘ ਨੇ ਭਾਰਤ ਲਈ ਕਈ ਸੋਨੇ ਚਾਂਦੀ ਦੇ ਤਮਗੇ ਜਿੱਤੇ ਹਨ ।

ਫੁਟਬਾਲ

ਫੁਟਬਾਲ ਦੀ ਖੇਡ ਵਿਚ ਪੰਜਾਬ ਦਾ ਜਰਨੈਲ ਸਿੰਘ ਦੋ ਸਾਲ ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਰਿਹਾ ਹੈ। ਉਹਨੇ ਭਾਰਤੀ ਫੁਟਬਾਲ ਟੀਮ ਦੀ ਵੀ ਕਪਤਾਨੀ ਕੀਤੀ ਤੇ ਜਕਾਰਤਾ ਦੀਆਂ ਏਸ਼ਿਆਈ ਖੇਡਾਂ ‘ਚੋਂ ਉਹਦੇ ਗੋਲ ਨਾਲ ਹੀ ਭਾਰਤ ਨੇ ਸੋਨੇ ਦਾ ਤਮਗਾ ਜਿਤਿਆ ਸੀ। ਉਹਦੇ ਬਾਰੇ ਅੰਤਰ ਰਾਸ਼ਟਰੀ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਕਿਹਾ ਸੀ ਕਿ ਉਹ ਏਸ਼ੀਆ ਦਾ ਸਭ ਤੋਂ ਤਕੜਾ ਫੁਟਬਾਲ ਖਿਡਾਰੀ ਹੈ ਜਿਸ ਨੂੰ ਦੁਨੀਆ ਦੀ ਕਿਸੇ ਵੀ ਟੀਮ ਵਿਚ ਪਾਇਆ ਜਾ ਸਕਦਾ ਹੈ। 1960 ਵਿਚ ਖੇਡ ਪੱਤਰਕਾਰਾਂ ਨੇ ਕਾਗਜ਼ਾਂ ਉੱਤੇ ਜੋ ਸਰਬ ਸੰਸਾਰ ਫੁਟਬਾਲ ਟੀਮ ਚੁਣੀ ਸੀ ਉਸ ਵਿਚ ਜਰਨੈਲ ਸਿੰਘ ਦਾ ਵੀ ਨਾਂ ਸੀ ।

ਇੰਦਰ ਸਿੰਘ ਨੂੰ ਪੰਜਾਬ ਦਾ ਪੇਲੇ ਕਿਹਾ ਜਾਂਦਾ ਹੈ। ਉਹਨੇ ਵੀ ਭਾਰਤੀ ਫੁਟਬਾਲ ਟੀਮ ਦੀ ਕਪਤਾਨੀ ਕੀਤੀ ਤੇ ਇਕ ਸਮੇਂ ਏਸ਼ੀਆ ਦਾ ਸਭ ਤੋਂ ਤਕੜਾ ਫਾਰਵਰਡ ਖਿਡਾਰੀ ਮੰਨਿਆ ਗਿਆ – ਸੀ । ਮਨਜੀਤ ਸਿੰਘ, ਹਰਜਿੰਦਰ ਸਿੰਘ, ਗੁਰਦੇਵ ਸਿੰਘ ਤੇ ਪਰਮਿੰਦਰ ਸਿੰਘ ਪੰਜਾਬ ਦੇ ਹੋਰ ਫੁਟਬਾਲ ਖਿਡਾਰੀ ਹਨ ਜਿਨ੍ਹਾਂ ਨੇ ਸਮੇਂ ਸਮੇਂ ਭਾਰਤੀ ਫੁਟਬਾਲ ਟੀਮਾਂ ਦੀਆ ਕਪਤਾਨੀਆ ਕੀਤੀਆਂ ਤੇ ਆਪਣੀ ਖੇਡ ਦੀ ਧਾਂਕ ਬਿਠਾਈ। ਇਨ੍ਹਾਂ ਤੋਂ ਬਿਨਾਂ ਸੁਰਜੀਤ ਸਿੰਘ, ਜੀ.ਐਸ. ਪਰਮਾਰ, ਕੁਲਤਾਰ ਸਿੰਘ, ਅਜਾਇਬ ਸਿੰਘ, ਕੇਸ਼ੋ ਕਿਰਪਾਲ ਸਿੰਘ, ਨਰਿੰਦਰ, ਨੰਦ ਕਿਸ਼ੋਰ ਤੇ ਸੁਖਵਿੰਦਰ ਸਿੰਘ ਵਰਗੇ ਖਿਡਾਰੀਆਂ ਨੇ ਕੌਮੀ ਪੱਧਰ ‘ਤੇ ਆਪਣਾ ਨਾਂ ਚਮਕਾਇਆ ਹੈ।

ਕ੍ਰਿਕਟ 

ਕ੍ਰਿਕਟ ਦੀ ਖੇਡ ਵਿਚ ਪੰਜਾਬ ਦੇ ਲਾਲਾ ਅਮਰ ਨਾਥ ਤੇ ਬਿਸ਼ਨ ਸਿੰਘ ਬੇਦੀ ਨੂੰ ਭਾਰਤੀ ਕ੍ਰਿਕਟ ਟੀਮਾਂ ਦੀਆ ਕਪਤਾਨੀਆਂ ਕਰਨ ਦਾ ਮਾਣ ਹਾਸਲ ਹੈ। ਬਿਸ਼ਨ ਸਿੰਘ ਬੇਦੀ ਨੇ ਤਾਂ ਵਿਕਟਾਂ ਤੁੰਗਣ ਵਿਚ ਇਕ ਤਰ੍ਹਾਂ ਵਿਸ਼ਵ ਰਿਕਾਰਡ ਹੀ ਸਥਾਪਤ ਕਰ ਦਿੱਤਾ ਸੀ । ਮੁਹੰਮਦ ਨਾਸਰ, ਵਜ਼ੀਰ ਅਲੀ, ਨਜ਼ੀਰ ਅਲੀ, ਬਕਾ ਜਿਲਾਨੀ, ਦਿਲਾਵਰ ਹੁਸੈਨ ਨੇ ਪੁਰਾਣੇ ਵੇਲਿਆਂ ‘ਚ ਭਾਰਤੀ ਕ੍ਰਿਕਟ ਨੂੰ ਰੰਗ ਭਾਗ ਲਾਏ ਸਨ । ਅਜੋਕੇ ਦੌਰ ਵਿਚ ਲਾਲਾ ਅਮਰ ਨਾਥ ਦੇ ਪੁਤਰ ਮਹਿੰਦਰ ਤੇ ਸੁਰਿੰਦਰ ਟੈਸਟ ਮੈਚਾਂ ਦੇ ਖਿਡਾਰੀ ਹਨ । ਮਹਿੰਦਰ ਅਮਰ ਨਾਥ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਉਪ ਕਪਤਾਨ ਸੀ ਤੇ ਚੰਡੀਗੜ੍ਹ ਦਾ ਕਪਿਲ ਦੇਵ ਕਪਤਾਨ । ਪੰਜਾਬੀ ਮੂਲ ਦੇ ਹੋਰ ਖਿਡਾਰੀ ਮਦਨ ਲਾਲ, ਯਸ਼ਪਾਲ ਸ਼ਰਮਾ ਤੇ ਬਲਵਿੰਦਰ ਸਿੰਘ ਸੰਧੂ ਵੀ ਵਿਸ਼ਵ ਵਿਜੇਤਾ ਟੀਮ ਦੇ ਮੈਂਬਰ ਸਨ । ਏ.ਜੀ. ਮਿਲਖਾ ਸਿੰਘ, ਏ.ਜੀ. ਕਿਰਪਾਲ ਸਿੰਘ ਅਤੇ ਏ.ਜੀ. ਸਤਵਿੰਦਰ ਸਿੰਘ ਤਾਮਿਲਨਾਡੂ ਵਲੋਂ ਉੱਚ ਪਾਏ ਦੀ ਕ੍ਰਿਕਟ ਖੇਡਦੇ ਰਹੇ ਹਨ।

ਵਾਲੀਬਾਲ

ਵਾਲੀਬਾਲ ਦੀ ਖੇਡ ਵਿਚ ਪੰਜਾਬੀ ਖਿਡਾਰੀਆਂ ਦੀ ਭਾਰਤ ਭਰ ਤੇ ਇਥੋਂ ਤੱਕ ਕਿ ਏਸ਼ਿਆਈ ਪੱਧਰ ‘ਤੇ ਵੀ ਧਾਂਕ ਬਿਠਾਈ ਹੋਈ ਹੈ । ਪ੍ਰਿੰਸੀਪਲ ਸੋਮ ਨਾਥ, ਸਤਿਗੁਰਦਿਆਲ, ਗੁਰਦੇਵ ਸਿੰਘ ਤੇ ਨਿਪਜੀਤ ਸਿੰਘ ਬੇਦੀ ਵਰਗੇ ਨਾਮਵਰ ਖਿਡਾਰੀ ਭਾਰਤ ਦੀਆ ਵਾਲੀਬਾਲ ਟੀਮਾਂ ਦੀ ਕਪਤਾਨੀ ਕਰ ਚੁੱਕੇ ਹਨ। ਪੰਜਾਬ ਦੀ ਵਾਲੀਬਾਲ ਟੀਮ ਸਾਲਾਂ ਬੱਧੀ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਜਿਤਦੀ ਰਹੀ ਹੈ । ਬਲਵੰਤ ਸਿੰਘ ਬੱਲੂ, ਸਤ ਪ੍ਰਕਾਸ਼, ਅਮੀਰ ਚੰਦ, ਜੈ ਗੁਪਾਲ, ਤਿਲਕ ਰਾਜ, ਸਰਦਾਰੀ ਲਾਲ, ਮਦਨ ਲਾਲ, ਸੁਰਜੀਤ ਸਿੰਘ, ਅਵਨਾਸ਼ ਚੰਦਰ, ਕੁਲਦੀਪ ਲਾਲ, ਜੇ.ਐਸ. ਬਾਵਾ, ਦੇਸ ਰਾਜ, ਹਰਨੇਕ ਸਿੰਘ, ਵਿਦਿਆ ਸਾਗਰ, ਓਮ ਪ੍ਰਕਾਸ਼, ਸ੍ਰੀ ਕ੍ਰਿਸ਼ਨ, ਗੁਰਬਖਸ਼ ਸਿੰਘ, ਚੰਚਲ ਸਿੰਘ ਤੇ ਜਗੀਰ ਸਿੰਘ ਵਰਗੇ ਖਿਡਾਰੀ ਕੌਮੀ ਪੱਧਰ ‘ਤੇ ਉਭਰੇ ਹਨ। ਔਰਤਾਂ ਦੀ ਵਾਲੀਬਾਲ ਵਿਚ ਸ੍ਰੀਮਤੀ ਨਿਰਮਲ ਮਿਲਖਾ ਸਿੰਘ, ਹਰਜੀਤ ਰੰਧਾਵਾ ਤੇ ਵਰਿੰਦਰਜੀਤ ਕੌਰ ਲਾਲੀ ਭਾਰਤੀ ਟੀਮਾਂ ਦੀ ਨੁਮਾਇੰਦਗੀ ਕਰ ਚੁੱਕੀਆਂ ਹਨ।

ਬਾਸਕਟਬਾਲ

ਬਾਸਕਟਬਾਲ ਦੀ ਖੇਡ ਵਿਚ ਭਾਰਤ ਦਾ ਜੋ ਖਿਡਾਰੀ ਸਭ ਤੋਂ ਲੰਮਾ ਸਮਾਂ ਖੇਡਿਆ ਉਹ ਹੈ ਗੁਰਦਿਆਲ ਸਿੰਘ। ਉਹ ਭਾਰਤੀ ਬਾਸਕਟਬਾਲ ਟੀਮ ਦਾ ਕਪਤਾਨ ਵੀ ਰਿਹਾ। ਉਹਨੇ ਲਗਭਗ ਵੀਹ ਵਰ੍ਹੇ ਸਰਗਰਮ ਬਾਸਕਟਬਾਲ ਖੇਡੀ। ਸਰਬਜੀਤ ਸਿੰਘ, ਮਨਮੋਹਨ ਸਿੰਘ, ਖੁਸ਼ੀ ਰਾਮ ਤੇ ਸੁਰਿੰਦਰ ਕੁਮਾਰ ਕਟਾਰੀਆ ਨੇ ਬਾਸਕਟਬਾਲ ਦੀ ਖੇਡ ਵਿਚ ਅਰਜਨ ਅਵਾਰਡ ਪ੍ਰਾਪਤ ਕੀਤਾ। ਇਨ੍ਹਾਂ ਤੋਂ ਬਿਨਾਂ ਅਨਿਲ ਕੁਮਾਰ ਪੁੰਜ, ਪਰਮਦੀਪ ਸਿੰਘ ਤੇਜਾ, ਸ਼ਿਆਮ ਲਾਲ, ਬਲਦੇਵ ਸਿੰਘ, ਪਰਮਜੀਤ ਸਿੰਘ, ਮੰਦਰ ਸਿੰਘ, ਤਰਲੋਕ ਸਿੰਘ, ਸੱਜਣ ਸਿੰਘ, ਪ੍ਰੀਤਮ ਸਿੰਘ, ਗੁਰਦਾਸ ਰਾਮ ਤੇ ਜੋਗਿੰਦਰ ਸਿੰਘ ਜੋਗੀ ਆਦਿ ਖਿਡਾਰੀਆਂ ਨੇ ਕੌਮੀ ਪੱਧਰ ‘ਤੇ ਨਾਮਣਾ ਖੱਟਿਆ।

ਇਸੇ ਖੇਡ ਵਿਚ ਪੰਜਾਬਣਾਂ ਨੇ ਕਈ ਵਾਰ ਕੌਮੀ ਚੈਂਪੀਅਨਸ਼ਿਪ ਜਿੱਤੀ ਹੈ ਤੇ ਕਈਆਂ ਨੇ ਭਾਰਤੀ ਟੀਮਾਂ ਦੀ ਪੁਸ਼ਾਕ ਪਹਿਨੀ ਹੈ। ਕਿਰਨ ਗਰੇਵਾਲ, ਗੁਰਪ੍ਰੀਤ ਬਾਜਵਾ, ਕਿਰਨਜੀਤ ਬਿੱਟੂ, ਸੁਮਨ, ਸਰੀਤਾ ਤੇ ਆਸ਼ੀ ਸ਼ਰਮਾ, ਕਮਲਜੀਤ ਬਾਠ, ਸੁਮਨ ਸੂਦ, ਕੁਲਵਿੰਦਰ ਤੇ ਗੁਰਸਿਮਰਨ ਸੰਧੂ ਉੱਚ ਕੋਟੀ ਦੀਆਂ ਖਿਡਾਰਨਾਂ ਹਨ। ਦਿੱਲੀ ਦੀਆ ਏਸ਼ਿਆਈ ਖੇਡਾਂ ਸਮੇਂ ਭਾਰਤ ਦੀ ਟੀਮ ਵਿਚ ਛੇ ਖਿਡਾਰਨਾਂ ਪੰਜਾਬ ਦੀਆਂ ਸਨ। ਕੁਸ਼ਤੀ :- ਆਧੁਨਿਕ ਪਹਿਲਵਾਨੀ ਵਿਚ ਕਰਤਾਰ ਸਿੰਘ ਏਸ਼ੀਆ ਦਾ ਚੈਂਪੀਅਨ ਬਣਿਆ ਤੇ ਲੱਖ ਲੱਖ ਰੁਪਏ ਦੀਆਂ ਕੁਸ਼ਤੀਆਂ ਜਿੱਤਦਾ ਰਿਹਾ । ਸੁਖਵੰਤ ਸਿੰਘ, ਸੁਖਚੈਨ ਸਿੰਘ, ਬੁੱਧ ਸਿੰਘ, ਰੰਧਾਵਾ ਸਿੰਘ ਤੇ ਸੱਜਣ ਸਿੰਘ ਤਕੜੇ ਪਹਿਲਵਾਨ ਹੋਏ ਜਿਨ੍ਹਾ ਭਾਰਤ ਲਈ ਤਮਗੇ ਜਿੱਤੇ । ਮਾਧੋ ਸਿੰਘ ਰੋਮ ਦੀਆਂ ਉਲੰਪਿਕ ਖੇਡਾਂ ਸਮੇਂ ਆਪਣੇ ਵਜ਼ਨ ‘ਚ ਕੁਲ ਦੁਨੀਆ ‘ਚੋਂ ਚੌਥੇ ਨੰਬਰ ‘ਤੇ ਆਇਆ ਸੀ। ਦਾਰਾ ਸਿੰਘ ਨੇ ਫਰੀ ਸਟਾਈਲ ਕੁਸ਼ਤੀਆ ‘ਚ ਅਨੇਕ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਦਾ ਦਾਅਵਾ ਕੀਤਾ ਹੈ।

ਫੁਟਕਲ

ਉਪਰੋਕਤ ਖੇਡਾਂ ਤੋਂ ਇਲਾਵਾ ਪੰਜਾਬ ਦੇ ਖਿਡਾਰੀਆਂ ਨੇ ਕੁਝ ਹੋਰਨਾਂ ਖੇਡਾਂ ਵਿਚ ਵੀ ਚੰਗਾ ਨਾਂ ਕਮਾਇਆ ਹੈ। ਨਿਸ਼ਾਨੇਬਾਜ਼ੀ ਵਿਚ ਰਣਧੀਰ ਸਿੰਘ ਏਸ਼ੀਆ ਦਾ ਚੈਂਪੀਅਨ ਸੀ ਤੇ ਉਹਨੇ ਪੰਜ ਉਲੰਪਿਕਸ ਵਿਚ ਹਿੱਸਾ ਲਿਆ ਹੈ। ਗੁਰਬੀਰ ਸਿੰਘ ਸੰਧੂ ਤੇ ਸੋਢੀ ਵੀ ਨਿਸ਼ਾਨੇਬਾਜ਼ੀ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਬੈਡਮਿੰਟਨ ਦੀ ਖੇਡ ਵਿਚ ਦਿਨੇਸ਼ ਖੰਨਾ ਏਸ਼ੀਆ ਦਾ ਚੈਂਪੀਅਨ ਸੀ । ਦਵਿੰਦਰ ਅਹੂਜਾ ਤੇ ਸਤੀਸ਼ ਭਾਟੀਆ ਵੀ ਉਚ ਕੋਟੀ ਦੇ ਬੈਡਮਿੰਟਨ ਖਿਡਾਰੀ ਹਨ। ਕੰਵਲ ਠਾਕਰ ਸਿੰਘ ਤੇ ਜਸਬੀਰ ਕੌਰ ਨੇ ਔਰਤਾਂ ਦੀ ਬੈਡਮਿੰਟਨ ਵਿਚ ਨਾਂ ਕਮਾਇਆ ਹੈ। ਕੰਵਲ ਠਾਕਰ ਸਿੰਘ ਤਾਂ ਕਾਮਨਵੈਲਥ ਖੇਡਾਂ ‘ਚੋਂ ਤਾਂਬੇ ਦਾ ਤਮਗਾ ਜਿੱਤ ਗਈ ਸੀ।

ਭਾਰ ਚੁੱਕਣ ਵਿਚ ਬਲਬੀਰ ਸਿੰਘ ਭਾਟੀਆ ਤੇ ਦਲਬੀਰ ਸਿੰਘ ਭਾਰਤ ਭਰ ਵਿਚ ਮਸ਼ਹੂਰ ਰਹੇ ਹਨ । ਤਾਰਾ ਸਿੰਘ, ਗਿਆਨ ਸਿੰਘ ਚੀਮਾ ਤੇ ਪ੍ਰਵੇਸ਼ ਚੰਦਰ ਨੇ ਭਾਰਤੀ ਟੀਮਾਂ ਦੀ ਪ੍ਰਤੀਨਿਧਤਾ ਕੀਤੀ ਹੈ ਤੇ ਉਨ੍ਹਾਂ ਤੋਂ ਬੜੀਆਂ ਆਸਾਂ ਹਨ। ਚੀਮਾ ਦਿੱਲੀ ਦੀਆਂ ਏਸ਼ਿਆਈ ਖੇਡਾਂ ‘ਚੋਂ ਤਾਂਬੇ ਦਾ ਤਮਗਾ ਜਿੱਤ ਗਿਆ ਸੀ । ਮੁੱਕੇਬਾਜ਼ ਕੌਰ ਸਿੰਘ, ਮਹਿਤਾਬ ਸਿੰਘ ਤੇ ਬਖਸ਼ੀਸ਼ ਸਿੰਘ ਨੂੰ ਕੌਣ ਭੁੱਲਿਆ ਹੈ ਜਿਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਭਾਰਤ ਲਈ ਤਮਗੇ ਜਿੱਤੇ । ਘੋੜ ਸਵਾਰੀ ਵਿਚ ਲੈਫਟੀਨੈਂਟ ਕਰਨਲ ਐਚ.ਐਸ. ਸੋਢੀ ਤੇ ਮੇਜਰ ਆਰ.ਐਸ. ਬਰਾੜ ਭਾਰਤ ਦੀ ਸ਼ਾਨ ਹਨ। ਅਸ਼ੋਕ ਮਲਿਕ, ਵਿਕਰਮਜੀਤ ਸਿੰਘ, ਪਿਤੰਬਰ ਸਿੰਘ ਮਲਿਕ ਤੇ ਸਿਮਰਨ ਸਿੰਘ ਨੇ ਗੌਲਫ ਦੀ ਖੇਡ ਵਿਚ ਵਾਹਵਾ ਨਾਮਣਾ ਖੱਟਿਆ ਹੈ । ਅਮਰੀਕਾ ਵਿਚ ਵਸਿਆ ਜਸਜੀਤ ਸਿੰਘ ਵਿੰਬਲਡਨ ਟੈਨਿਸ ਟੂਰਨਾਮੈਂਟ ਖੇਡਿਆ’ ਸੀ । ਮਨਜੀਤ ਦੂਆ ਤੇ ਮਨਮੀਤ ਸਿੰਘ ਟੇਬਲ ਟੈਨਿਸ ਦੇ ਸਿਤਾਰੇ ਹਨ। ਕਿਰਨ ਬੇਦੀ ਔਰਤਾਂ ਦੀ ਲਾਅਨ ਟੈਨਿਸ ਵਿਚ ਏਸ਼ੀਆ ਪੱਧਰ ਦੀ ਖਿਡਾਰਨ ਰਹਿ ਚੁੱਕੀ ਹੈ ਜੋ ਬਾਅਦ ਵਿਚ ਭਾਰਤ ਦੀ ਪਹਿਲੀ ਆਈ.ਪੀ.ਐਸ. ਅਫਸਰ ਬਣੇ । ਸ਼ਾਮ ਲਾਲ ਨੇ ਜਿਮਨਾਸਟਿਕਸ, ਅਮਰ ਸਿੰਘ ਨੇ ਸਾਈਕਲ ਚਲਾਉਣ ਤੇ ਐਮ.ਐਸ.. ਰਾਣਾ ਨੇ ਤੈਰਨ ਵਿਚ ਅਰਜਨ ਅਵਾਰਡ ਪ੍ਰਾਪਤ ਕੀਤਾ ਹੈ। ਪਰਬਤਾਂ ਦੀਆਂ ਚੋਟੀਆਂ ਫਤਿਹ ਕਰਨ ਵਿਚ ਵੀ ਕਈ ਪੰਜਾਬੀ ਬਹੁਤ ਉਪਰ ਗਏ ਹਨ ਤੇ ਐਵਰੈਸਟ ਜਿੱਤੇ ਹਨ। ਲੈਫਟੀਨੈਂਟ ਕਰਨਲ ਐਮ.ਐਸ. ਕੋਹਲੀ, ਗੁਰਦਿਆਲ ਸਿੰਘ, ਕੈਪਟਨ ਐਚ.ਐਸ. ਆਹਲੂਵਾਲੀਆ, ਕੈਪਟਨ ਏ.ਐਸ. ਚੀਮਾ ਤੇ ਜੀ.ਐਸ. ਭੰਗੂ ਇਸ ਸਬੰਧ ਵਿਚ ਜ਼ਿਕਰਯੋਗ ਹਨ। ਕੀਨੀਆ ‘ਚ ਵਸੇ ਹੋਏ ਜੋਗਿੰਦਰ ਸਿੰਘ ਟਾਈਗਰ ਨੇ ਕਾਰ ਰੈਲੀਆਂ ਜਿੱਤਦਿਆਂ ਦੁਨੀਆ ਭਰ ‘ਚ ਮਸ਼ਹੂਰੀ ਖੱਟੀ ਹੈ।

ਕੌਮਾਂਤਰੀ ਪੱਧਰ ਤੋਂ ਉਤਰ ਕੇ ਜੇਕਰ ਕੌਮੀ ਪੱਧਰ ‘ਤੇ ਪੰਜਾਬੀ ਖਿਡਾਰੀਆਂ ਦੇ ਯੋਗਦਾਨ ਦੀ ਗੱਲ ਕਰੀਏ ਤਾਂ ਭਾਰਤ ਦੀਆ ਖੇਡਾਂ ਨੂੰ ਪੰਜਾਬੀਆਂ ਦੀਆਂ ਖੇਡਾਂ ਕਹਿਣਾ ਅਤਿਕਥਨੀ ਨਹੀਂ ਹੋਵੇਗੀ। ਦੋ ਤਿੰਨ ਖੇਡਾਂ ਨੂੰ ਛਡ ਕੇ ਬਾਕੀ ਦੀਆਂ ਸਾਰੀਆਂ ਖੇਡਾਂ ਵਿਚ ਪੰਜਾਬੀਆਂ ਦੀ ਸਰਦਾਰੀ ਬਣੀ ਆ ਰਹੀ ਹੈ। ਦੇਸ ਭਰ ਵਿਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਮਹਿਕਮਾਨਾਂ ਖੇਡ- ਮੁਕਾਬਲਿਆਂ ਵਿਚ ਵਧੇਰੇ ਮੱਲਾਂ ਪੰਜਾਬੀ ਮੂਲ ਦੇ ਖਿਡਾਰੀ ਹੀ ਮਾਰਦੇ ਆ ਰਹੇ ਹਨ। ਰਾਸਟਰ ਪੱਧਰ ਤੇ ਖੇਡਾਂ ਵਿਚ ਸਭ ਤੋਂ ਵੱਧ ਹਿੱਸਾ ਪਾਉਣ ਵਾਲੀ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਪਹਿਲਾਂ ਪੰਜਾਬ ਯੂਨੀਵਰਸਿਟੀ ਕੋਲ ਰਹਿੰਦੀ ਸੀ ਤੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕੋਲ ਹੈ।

ਵੱਖ ਵੱਖ ਖੇਡਾਂ ਦੀ ਅੰਤਰ-ਰਾਜੀ ਚੈਂਪੀਅਨਸ਼ਿਪ ਜਦੋਂ ਰੇਲਵੇ, ਫੌਜ, ਪੁਲਸ, ਬੀ.ਐਸ.ਐਫ. ਜਾਂ ਏਅਰ ਲਾਈਨਜ਼ ਦੀਆਂ ਟੀਮਾਂ ਜਿੱਤਦੀਆਂ ਹਨ ਤਾਂ ਉਹਨਾਂ ਵਿਚ ਵਧੇਰੇ ਗਿਣਤੀ ਪੰਜਾਬੀ ਖਿਡਾਰੀਆਂ ਦੀ ਹੀ ਹੁੰਦੀ ਹੈ। ਜੇਕਰ ਵੱਖ ਵੱਖ ਅਦਾਰਿਆਂ ‘ਚ ਖੇਡਦੇ ਖਿਡਾਰੀਆਂ ਨੂੰ ਕੌਮੀ ਖੇਡਾਂ ਸਮੇਂ ਆਪੋ ਆਪਣੇ ਮੂਲ ਪ੍ਰਾਂਤ ਵੱਲੋਂ ਹੀ ਖੇਡਣ ਦੀ ਆਗਿਆ ਹੋਵੇ ਤਾਂ ਸਾਰੀਆਂ ਖੇਡਾਂ ਦੇ ਅੱਵਲ ਇਨਾਮ ਪੰਜਾਬ ਮਾਰ ਲਵੇ ।

ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡੀਆਂ ਜਾਂਦੀਆਂ ਖੇਡਾਂ ਤੋਂ ਇਲਾਵਾ ਪੰਜਾਬ ਵਿਚ ਕਬੱਡੀ ਦੀ ਖੇਡ ਸਭ ਤੋਂ ਵੱਧ ਹਰਮਨ ਪਿਆਰੀ ਹੈ। ਇਸ ਖੇਡ ਵਿਚ ਪੰਜਾਬ ਨੇ ਸੈਂਕੜੇ ਅਜਿਹੇ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਦਾ ਜ਼ਿਕਰ ਪਿੰਡਾਂ ਦੀਆਂ ਸੱਥਾਂ ਅਤੇ ਮੇਲਿਆਂ ਮੁਸਾਹਬਿਆਂ ਉੱਤੇ ਆਮ ਹੀ ਹੁੰਦਾ ਰਹਿੰਦਾ ਹੈ। ਉਨ੍ਹਾਂ ਵਿਚ ਕਿਰਪਾਲ ਸਿੰਘ ਸਾਧ, ਤਾਰਾ ਗੱਟੀ ਵਾਲਾ, ਸੰਤੋਖ ਸਿੰਘ ਐਟਮ ਬੰਬ, ਸੋਹਣ ਸਿੰਘ ਜੰਪ, ਅਜੀਤ ਸਿੰਘ ਮਾਲੜੀ, ਸੰਤੋਖ ਸਿੰਘ ਟਾਈਗਰ, ਸਰਵਣ ਸਿੰਘ ਬੱਲ, ਮਹਿੰਦਰ ਸਿੰਘ ਬੋਲਾ, ਪ੍ਰੀਤਾ, ਜੋਤਾ, ਸੱਤਾ, ਨਛੱਤਰ ਢਾਂਡੀ, ਅਜੀਤ ਖਹਿਰਾ, ਸ਼ਿਵਦੇਵ, ਬਲਵਿੰਦਰ ਫਿੱਡਾ, ਬਿਲੂ ਰਜੇਆਣੀਆਂ, ਤਾਰਾ, ਰਸਾਲਾ, ਧੀਰਾ, ਮੱਖਣ, ਵੀਰੂ, ਅਰਜਨ, ਊਧਮ ਤੇ ਦੇਵੀ ਦਿਆਲ ਆਦਿ ਅਨੇਕ ਨਾਂ ਵਰਣਨਯੋਗ ਹਨ। ਕਬੱਡੀ ਦੀ ਖੇਡ ਨੂੰ ਪੰਜਾਬ ਦੇ ਜੰਮੇ ਜਾਏ ਜਿਥੇ ਵੀ ਰੋਜ਼ੀ ਕਮਾਉਣ ਗਏ, ਨਾਲ ਹੀ ਲੈ ਗਏ। ਅੱਜ ਕੱਲ੍ਹ ਇਹ ਖੇਡ ਇੰਗਲੈਂਡ, ਕਨੇਡਾ, ਕੀਨੀਆ ਤੇ ਮਲਾਇਆ ਸਿੰਘਾਪੁਰ ਦੇ ਖੇਡ ਮੈਦਾਨਾਂ ਤੇ ਪਾਰਕਾਂ ਵਿਚ ਉਥੇ ਵਸਦੇ ਪੰਜਾਬੀਆਂ ਵਿਚਕਾਰ ਖੇਡੀ ਜਾਂਦੀ ਹੈ। ਪਾਕਿਸਤਾਨ ਦਾ ਪੰਜਾਬ ਤਾਂ ਖੈਰ ਹੈ ਹੀ ਕਬੱਡੀ ਦਾ ਘਰ । ਪਿਛਲੇ ਕੁਝ ਸਾਲਾਂ ਤੋਂ ਵੱਖ ਵੱਖ ਮੁਲਕਾਂ ਦੀਆਂ ਕਬੱਡੀ ਟੀਮਾਂ ਆਪਸ ਵਿਚ ਵੀ ਕੌਮਾਂਤਰੀ ਪੱਧਰ ਦੇ ਮੈਚ ਖੇਡਣ ਲੱਗੀਆਂ ਹਨ।

ਕੌਮੀ ਤੇ ਕੌਮਾਂਤਰੀ ਖੇਡ ਪ੍ਰਬੰਧ ਵਿਚ ਵੀ ਪੰਜਾਬੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਖੇਡਾਂ ਦੀ ਸਰਬਉੱਚ ਜਥੇਬੰਦੀ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਵਿਚ ਪੰਜਾਬ ਦੇ ਸ੍ਰੀ ਅਸ਼ਵਨੀ ਕੁਮਾਰ ਮੀਤ ਪ੍ਰਧਾਨ ਹਨ। ਮਹਾਰਾਜਾ ਭੁਪਿੰਦਰ ਸਿੰਘ, ਮਹਾਰਾਜਾ ਯਾਦਵਿੰਦਰ ਸਿੰਘ ਤੇ ਰਾਜਾ ਭਾਲਿੰਦਰ ਸਿੰਘ ਭਾਰਤੀ ਉਲੰਪਿਕ ਕਮੇਟੀਆਂ ਦੇ ਪ੍ਰਧਾਨ ਰਹੇ ਹਨ। ਮਹਾਰਾਜਾ ਯਾਦਵਿੰਦਰ ਸਿੰਘ ਪਹਿਲੀਆ ਏਸ਼ਿਆਈ ਖੇਡਾਂ ਸਮੇਂ ਏਸ਼ਿਆਈ ਖੇਡ ਸੰਘ ਦਾ ਪ੍ਰਧਾਨ ਸੀ ਅਤੇ ਰਾਜਾ ਭਾਲਿੰਦਰ ਸਿੰਘ ਨੌਵੀਆਂ ਏਸ਼ਿਆਈ ਖੇਡਾਂ ਸਮੇਂ ਇਸੇ ਰੁਤਬੇ ਉੱਤੇ ਸੀ। ਪੰਜਾਬ ਦੇ ਜੰਮਪਲ ਪ੍ਰੋਫੈਸਰ ਗੁਰੂ ਦੱਤ ਸੋਧੀ ਨੂੰ ਏਸ਼ਿਆਈ ਖੇਡਾਂ ਦਾ ਬਾਨੀ ਕਿਹਾ ਜਾਂਦਾ ਹੈ। ਭਾਰਤ ਸਰਕਾਰ ਦਾ ਪਹਿਲਾ ਖੇਡ ਮੰਤਰੀ ਸ. ਬੂਟਾ ਸਿੰਘ ਹੈ। ਸਰਬ ਸ੍ਰੀ ਸੁਰਜੀਤ ਸਿੰਘ ਮਜੀਠੀਆ, ਉਮਰਾਓ ਸਿੰਘ, ਕੇ.ਐਸ. ਬੈਂਸ, ਅਮਰੀਕ ਸਿੰਘ, ਗੁਰਸੇਵਕ ਸਿੰਘ, ਕੇ.ਐਸ. ਮਿਨਹਾਸ, ਇੰਦਰ ਮੋਹਨ ਮਹਾਜਨ, ਪੀ.ਐਨ. ਸਾਹਨੀ, ਜੀ.ਐਸ. ਸਿਬੀਆ, ਅਮਰ ਸਿੰਘ ਹਰੀਕਾ, ਤਰਲੋਚਨ ਸਿੰਘ, ਬੀ.ਐਲ. ਗੁਪਤਾ, ਐਫ.ਸੀ. ਅਰੋੜਾ, ਕਰਤਾਰ ਸਿੰਘ, ਰਾਜ ਕੁਮਾਰ, ਸੁਖਦੇਵ ਸਿੰਘ ਢੀਂਡਸਾ ਤੇ ਸੁਰਜੀਤ ਸਿੰਘ ਮਾਨਸ਼ਾਹੀਆ ਆਦਿ ਅਨੇਕ ਨਾਂ ਹਨ ਜਿਨ੍ਹਾਂ ਨੇ ਖੇਡ ਪ੍ਰਬੰਧ ਵਿਚ ਉਚੇਚਾ ਯੋਗਦਾਨ ਪਾਇਆ ਹੈ।

ਬਰੀਗੇਡੀਅਰ ਦਲੀਪ ਸਿੰਘ ਨੂੰ ਪਹਿਲੀਆਂ ਏਸ਼ਿਆਈ ਖੇਡਾਂ ਦੀ ਜੋਤ ਜਗਾਉਣ ਦਾ ਮਾਣ ਬਖਸ਼ਿਆ ਗਿਆ ਸੀ । ਨੌਵੀਆਂ ਏਸ਼ਿਆਈ ਖੇਡਾਂ ਸਮੇਂ ਇਹ ਮਾਣ ਬਲਬੀਰ ਸਿੰਘ, ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ ਤੇ ਕਮਲਜੀਤ ਸੰਧੂ ਨੂੰ ਮਿਲਿਆ। ਇਕ ਖੇਡ ਲੇਖਕ ਨੇ ਦਿੱਲੀ ਏਸ਼ੀਆਡ-82 ਨੂੰ ਪੰਜਾਬੀਆਂ ਦਾ ਸ਼ੋਅ ਕਿਹਾ ਸੀ। ਅਖੇ ਖੇਡਾਂ ਦੀ ਵਿਸ਼ੇਸ਼ ਸੰਚਾਲਨ ਕਮੇਟੀ ਦਾ ਮੁੱਖੀ ਸ. ਬੂਟਾ ਸਿੰਘ ਵੀ ਪੰਜਾਬੀ, ਖੇਡਾਂ ਦਾ ਉਦਘਾਟਨ ਕਰਨ ਵਾਲੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ ਪੰਜਾਬੀ, ਖੇਡਾਂ ਦੀ ਸਮਾਪਤੀ ਰਸਮ ਨਿਭਾਉਣ ਵਾਲੇ ਰਾਜਾ ਭਾਲਿੰਦਰ ਸਿੰਘ ਵੀ ਪੰਜਾਬੀ। ਰਹਿੰਦੀ ਕਸਰ ਕੱਢੀ ਖੇਡਾਂ ਦੀ ਜੋਤ ਜਗਾਉਣ ਵਾਲਿਆਂ ਨੇ ਤੇ ਉਹ ਵੀ ਪੰਜਾਂ ‘ਚੋਂ ਚਾਰ ਪੰਜਾਬੀ।

 

 

 

 

Credit – ਭਾਸ਼ਾ ਵਿਭਾਗ ਪੰਜਾਬ

Leave a comment