ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਪੰਨੇ ਖੂਨ ਨਾਲ ਲਥਪਥ ਹਨ। ਇਸ ਵਿੱਚ ਇਸਤਰੀਆਂ ਦੀ ਦੇਣ ਕਾਬਿਲ-ਏ-ਸਨਮਾਨ ਹੈ। ਇਹ ਉਹ ਇਸਤਰੀਆਂ ਹਨ, ਜਿਨਾਂ ਨੇ ਆਪਣੇ ਆਪ ਨੂੰ ਆਜ਼ਾਦੀ ਦੇ ਮਹਿਲ ਉੱਪਰ ਚਮਕਾਇਆ ਨਹੀਂ, ਸਗੋਂ ਨੀਹਾਂ ਦੇ ਪੱਥਰ ਬਣ ਕੇ ਇਸ ਲਹਿਰ ਨੂੰ ਮਜ਼ਬੂਤ ਕਰਕੇ ਵਧੇਰੇ ਖੁਸ਼ੀ ਹਾਸਲ ਕੀਤੀ।
ਇਕ ਜਹਾਜ਼ ਗ਼ਦਰ ਆਸ਼ਰਮ ਦੇ ਲੀਡਰਾਂ ਨੂੰ ਸਾਨਫਰਾਂਸਿਸਕੋ ਤੋਂ ਜਪਾਨ ਲੈ ਕੇ ਆਇਆ ਸੀ ਤੇ ਇਹ ਜਪਾਨ ਦੇ ਘਾਟ ਨਾਗਾਸਾਕੀ ਤੋਂ ਅਗਾਂਹ ਮਨੀਲੇ ਆ ਗਿਆ। ਮਨੀਲੇ ਹੀ ਗ਼ਦਰ ਦੀ ਸਾਖ਼ ਵੱਲੋਂ ਗ਼ਦਰੀ ਲੀਡਰਾਂ ਦਾ ਬੜਾ ਸਵਾਗਤ ਕੀਤਾ ਗਿਆ ਤੇ ਸ਼ਾਮ ਨੂੰ ਗੁਰਦੁਆਰੇ ਵਿੱਚ ਦੀਵਾਨ ਸੱਜ ਗਿਆ । ਲੀਡਰਾਂ ਦੀਆਂ ਧੱੜਲੇਦਾਰ ਜੁਸ਼ੀਲੀਆਂ ਤੇ ਦੇਸ਼ ਪਿਆਰ ਜਗਾਊ ਤਕਰੀਰਾਂ ਸੁਣ ਕੇ ਬੇਅੰਤ ਹਿੰਦੀ ਇੱਥੋਂ ਦੇਸ਼ ਜਾ ਕੇ ਗ਼ਦਰ ਲਹਿਰ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੋ ਪਏ। ਜਿਨ੍ਹਾਂ ਵਿੱਚ ਬੀਬੀ ਗੁਲਾਬ ਕੌਰ ਦੇ ਪਤੀ ਮਾਨ ਸਿੰਘ ਨੇ ਵੀ ਆਪਣਾ ਨਾਂ ਜਾਣ ਵਾਲਿਆਂ ਵਿੱਚ ਲਿਖਵਾ ਲਿਆ ਤੇ ਉਸ ਨੂੰ ਵੇਖ ਕੇ ਬੀਬੀ ਗੁਲਾਬ ਕੌਰ ਵੀ ਜਾਣ ਲਈ ਤਿਆਰ ਹੋ ਗਈ । ‘ਜਦ ਅਗਲੇ ਦਿਨ ਜਥਾ ਤੁਰਨ ਲੱਗਾ ਤਾਂ ਉਸ ਦੇ ਪਤੀ ਮਾਨ ਸਿੰਘ ਦਾ ਮਨ ਡੋਲ ਗਿਆ । ਸਭ ਹਿੰਦੀਆਂ ਤੇ ਖੁਦ ਉਸਦੀ ਪਤਨੀ ਗੁਲਾਬ ਕੌਰ ਨੇ ਉਸ ਨੂੰ ਫਿੱਟ ਲਾਹਨਤ ਪਾਈ, ਪਰ ਉਹ ਤਿਆਰ ਨਾ ਹੋਇਆ। ਤਦ ਬੀਬੀ ਗੁਲਾਬ ਕੌਰ ਆਪ ਲੱਕ ਬੰਨ ਬੈਠੀ ।’
ਜਦੋਂ ਕਾਮਾਗਾਟਾਮਾਰੂ ਜਹਾਜ਼ ਕਲਕੱਤੇ ਪਹੁੰਚਿਆ ਤਾਂ ਉਦੋਂ ਤੱਕ ਇਸ ਅੰਦਰ ਦੇਸ਼ ਪਿਆਰ ਠਾਠਾਂ ਮਾਰ ਰਿਹਾ ਸੀ । ਇਸੇ ਕਾਰਨ ‘ਇਸ ਨੇ ਘਰ ਦੇ ਜੀਆਂ ਨੂੰ ਪੁਲਿਸ ਦੀ ਕੁੱਟ ਮਾਰ ਤੇ ਖਿੱਚ ਧੂਹ ਤੋਂ ਬਚਾਉਣ ਲਈ ਕਲਕੱਤੇ ਪੁਲਿਸ ਨੂੰ ਕਾਗਜ਼ਾਂ ਵਿੱਚ ਆਪਣੇ ਆਪ ਨੂੰ ਜਿਊਣ ਸਿੰਘ ਦੀ ਪਤਨੀ ਅਖਵਾਇਆ। ਹਾਲਾਂ ਕਿ ਜਿਊਣ ਸਿੰਘ ਨਾਲ ਇਹਦੇ ਵਹੁਟੀ ਖਸਮ ਵਾਲੇ ਸੰਬੰਧ ਨਹੀਂ ਸਨ । ਉਹ ਉਸ ਤੋਂ ਅਲੱਗ ਡਿਊਟੀ ‘ਤੇ ਕੰਮ ਕਰਦੀ ਰਹੀ। ..ਇਹ ਹਰਿਆਣੇ (ਹੁਸ਼ਿਆਰਪੁਰ) ਦੇ ਇਲਾਕੇ ਦੇ ਪਿੰਡਾਂ ਵਿੱਚ ਫਿਰ ਫਿਰ ਕੇ ਗ਼ਦਰ ਦਾ ਪ੍ਰਚਾਰ ਕਰਦੀ ਰਹੀ ਤੇ ਫੇਰ ਉਹ ਪਾਰਟੀ ਦੇ ਹੈੱਡ ਕੁਆਟਰ ਪਹਿਲਾਂ ਅੰਮ੍ਰਿਤਸਰ ਤੇ ਫੇਰ ਲਾਹੌਰ ਚਲੀ ਗਈ ।’
ਫਿਰ ਇਸ ਨੂੰ ਲਾਹੌਰ ਦੇ ਲਾਗੇ ਕਮਰਾ ਲੈ ਦਿੱਤਾ ਗਿਆ, ਜਿੱਥੇ ਕਿ ਇਹ ਗਦਰੀਆਂ ਨੂੰ ਪਨਾਹ ਦਿੰਦੀ ਸੀ ਤੇ ਬਾਕੀ ਦੇ ਟਿਕਾਣਿਆਂ ਦਾ ਪਤਾ ਸੁਰ ਵੀ ਰੱਖਦੀ ਸੀ । ਇਸੇ ਕਾਰਨ ਇਸ ਕੋਲ ਆ ਕੇ ਹੀ ਗ਼ਦਰੀ ਆਪਣੇ ਹੋਰ ਟਿਕਾਣਿਆਂ ‘ਤੇ ਜਾਂਦੇ ਸਨ । ‘ਸਿੱਧਾ ਕੋਈ ਪਾਰਟੀ ਵਰਕਰ ਲੁਕਵੇਂ ਇਨਕਲਾਬੀ ਨਿਯਮਾਂ ਅਨੁਸਾਰ ਅੱਡਿਆਂ ‘ਤੇ ਨਹੀਂ ਜਾ ਸਕਦਾ ਸੀ ‘
ਫਿਰ ਆਪਣੇ ਹੀ ਭਰਾਵਾਂ ਦੀਆਂ ਗੱਦਾਰੀਆਂ ਕਾਰਨ ਜਦੋਂ ਗ਼ਦਰ ਲਹਿਰ ਦੀ ਕੀਤੀ ਕਰਾਈ ਖੂਹ ਖਾਤੇ ਪੈ ਗਈ ਤਾਂ ਬੀਬੀ ਗੁਲਾਬ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਪੰਜ ਸਾਲ ਬਾਅਦ ਰਿਹਾਅ ਹੋ ਕੇ ਕੋਟਲੇ (ਆਪਣੇ ਗ਼ਦਰੀ ਵੀਰ) ਅਮਰ ਸਿੰਘ ਕੋਲ ਹੀ ਰਹਿਣ ਲੱਗ ਪਈ ਪਰ ਪੁਲਿਸ ਉਸ ਦੀ ਬਾਕੀ ਉਮਰ 1931 ਤੱਕ ਉਸਦੀ ਨਿਗਰਾਨੀ ਕਰਦੀ ਰਹੀ।
ਗ਼ਦਰ ਲਹਿਰ ਦੀ ਸਿਰ ਕੱਢ ਬੀਬੀ ਜੋਗਿੰਦਰ ਕੌਰ ਵੀ ਹੈ, ਇਹ ਭਾਈ ਸੁਰਜਨ ਸਿੰਘ (ਨਿਵਾਸੀ ਗੁੱਜਰਵਾਲ) ਦੀ ਪਤਨੀ ਸੀ, ਜੋ ਲਾਹੌਰ ਸਾਜ਼ਿਸ਼ ਕੇਸ ਦੂਜੇ ਵਿਚ ਭਾਈ ਸਾਹਿਬ ਰਣਧੀਰ ਸਿੰਘ ਨਾਲ ਗ੍ਰਿਫ਼ਤਾਰ ਹੋਏ।
1913 ਤੱਕ ਜਦੋਂ ਗੁਰਦੁਆਰਿਆਂ ਉੱਪਰ ਮਹੰਤਾਂ ਦਾ ਕਬਜ਼ਾ ਸੀ ਤਾਂ ਇਹ ਮਹੰਤ ਹੋਲੇ ਮਹੱਲੇ ਤੇ ਚਮਕੌਰ ਸਾਹਿਬ ਸੰਗਤਾਂ ਨੂੰ ਨਗਰ ਕੀਰਤਨ ਰਾਹੀਂ ਗੁਰਦੁਆਰਾ ਕਤਲ ਗੜ੍ਹ ਸਾਹਿਬ ਵਿਖੇ ਪ੍ਰਵੇਸ਼ ਨਹੀਂ ਕਰਨ ਦਿੰਦੇ ਸਨ। 1914 ਦੇ ਹੋਲੇ ਮਹੱਲੇ ਉੱਪਰ ਇਹ ਮਹੰਤ ਤੇ ਨਿਹੰਗ ਆਪਣੀਆਂ ਫੌਜਾਂ ਇੱਕਠੀਆਂ ਕਰਕੇ ਲੜਨ ਦੀ ਸਲਾਹ ਵਿੱਚ ਸਨ ਤੇ ਇਹਨਾਂ ਨੇ ਬੀਬੀਆਂ ਦੇ ਇਕ ਜੱਥੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਹ ਘਟਨਾਂ ਜੱਥੇ ਲਈ ਵੰਗਾਰ ਸਿੱਧ ਹੋਈ। ਇਸ ਵਾਰ ਨਗਰ ਕੀਰਤਨ ਨੇ ਅੰਦਰ ਜਾਣ ਦਾ ਪੱਕਾ ਮਨ ਬਣਾ ਲਿਆ ਅਤੇ ਜੱਥੇ ਦੀ ਅਗਵਾਈ ਬੀਬੀ ਜੋਗਿੰਦਰ ਕੌਰ ਨੇ ਕੀਤੀ ਅਤੇ ਬੜੀ ਸੂਰਬੀਰਤਾ। ਨਾਲ ਮਹੰਤਾਂ ਦਾ ਮੁਕਾਬਲਾ ਕਰਕੇ ਗੁਰਦੁਆਰੇ ਦੀ ਪ੍ਰਕਰਮਾ ਕੀਤੀ।
ਜਦੋਂ ਭਾਈ ਰਣਧੀਰ ਸਿੰਘ ਨੇ ਫਰੰਗੀ ਜਾਲਮ ਸਰਕਾਰ ਦੇ ਜ਼ੁਲਮਾਂ ਕਾਰਨ ਮੁਲਤਾਨ ਜੇਲ੍ਹ ਵਿਖੇ ਭੁੱਖ ਹੜਤਾਲ ਕੀਤੀ ਤੇ ਸਰਕਾਰ ਨੇ ਇਹਨਾਂ ਦੀ ਮੁਲਾਕਾਤ ਬੰਦ ਕਰ ਦਿੱਤੀ। ਜਦ ਭੁੱਖ ਹੜਤਾਲ ਇੱਕੀਵੇਂ ਦਿਨ ਵਿੱਚ ਸ਼ਾਮਲ ਹੋ ਗਈ ਤੇ ਬੀਬੀ ਜੋਗਿੰਦਰ ਕੌਰ ਵੀ ਪਤੀ ਤੇ ਭਾਈ ਸਾਹਿਬ ਦੀ ਮੁਲਾਕਾਤ ਲਈ ਪਹੁੰਚੀ ਤਾਂ ਪਤੀ ਦੇ ਜੇਲ੍ਹਰ ਨੂੰ ਤਰਲੇ ਕਰਦਿਆਂ ਦੇਖ ਕੇ ਡੱਟ ਖਲੋਤੀ ਤੇ ਕਿਹਾ, “ਤੁਸੀਂ ਕਿਉਂ ਏਂ ਏਂ ਕਰਦੇ ਓ, ਇਹਨਾਂ ਜ਼ਾਲਮਾਂ ਅੱਗੇ ? ਅਸੀਂ ਨਿੱਤਾ ਪ੍ਰਤੀ ਮੁਲਾਕਾਤ ਕਰਾਂਗੇ । ਸਾਡਾ ਆਤਮ ਮਿਲਾਣ ਕੋਈ ਨਹੀਂ ਰੋਕ ਸਕਦਾ। ਜੇਲ੍ਹ ਕਰਮਚਾਰੀਆਂ ਨੇ ਬੀਬੀ ਨੂੰ ਧਮਕੀ ਦਿੱਤੀ ਕਿ ਤੁਸੀਂ ਚਲੇ ਜਾਓ, ਨਹੀਂ ਤਾਂ ਧੱਕੇ ਮਾਰ ਕੇ ਬਾਹਰ ਕੀਤਾ ਜਾਵੇਗਾ। ਇਹ ਸੁਣ ਕੇ ਬੀਬੀ ਜੋਗਿੰਦਰ ਕੌਰ ਜੀ ਦਾ ਨੂਰਾਨੀ ਚਿਹਰਾ ਲਾਲੋ ਲਾਲ ਹੋ ਗਿਆ ਤੇ ਉਹ ਡੱਟ ਖਲੋਤੀ ਕਿ ਆਉ ਧੱਕੇ ਦੇ ਕੇ ਦੇਖੋ ਤਾਂ ਸਹੀ, ਚੀਰ ਕੇ ਲੀਰੋ ਲੀਰ ਨਾਂ ਕਰਦਿਆਂ! ਜੇਲਰ ਨੇ ਬੀਬੀ ਜੀ ਅੱਗੇ ਹੱਥ ਜੋੜੇ ਤੇ ਬੜੀ ਨਿਮਰਤਾਈ ਨਾਲ ਵਾਪਸ ਤੋਰਿਆ।
ਗ਼ਦਰ ਪਾਰਟੀ ਦੇ ਇਤਿਹਾਸ ਵਿਚ ਮਾਤਾ ਦਇਆ ਕੌਰ ਵੀ ਉਹ ਅਣਗੌਲਿਆ ਪਾਤਰ ਹੈ, ਜਿਸ ਨੇ ਨਾਂ ਕੇਵਲ ਆਪ ਹੀ ਧਰਮ ਜਾਂ ਦੇਸ਼ ਦੀ ਸੇਵਾ ਕੀਤੀ ਸਗੋਂ ਆਪਣੇ ਬੇਟੇ ਨੂੰ ਵੀ ਵਾਅਦਾ ਮੁਆਫ਼ਕ ਗਵਾਹ ਬਣਨੋ ਰੋਕਿਆ ਸੀ । ਇਹ ਇਸਤਰੀ ਆਪਣੇ ਬੇਟੇ ਨਾਲ ਲਾਹੌਰ ਦੇ ਕਿਲ੍ਹੇ (ਜੇਲ੍ਹ) ਵਿਚ ਕੈਦ ਸੀ ਪਰ ਮਾਂ-ਪੁੱਤ ਇੱਕ ਦੂਜੇ ਤੋਂ ਦੂਰ ਸਨ।
ਇਸ ਔਰਤ ਨੇ ਜਦੋਂ ਇਹ ਸੁਣਿਆ ਕਿ ਇਸ ਦਾ ਪੁੱਤਰ ਵਾਅਦਾ ਮੁਆਫ਼ ਗਵਾਹ ਬਣਨ ਲੱਗਾ ਹੈ ਤਾਂ ਇਸ ਨੇ ਨੀਤੀ ਵਰਤਦਿਆਂ ਥਾਣੇਦਾਰ ਨੂੰ ਮੁਲਾਕਾਤ ਕਰਾਉਣ ਦੀ ਬੇਨਤੀ ਕੀਤੀ ਤਾਂ ਜੋ ਇਹ ਪੱਕੇ ਤੌਰ ‘ਤੇ ਪੁੱਤ ਨੂੰ ਵਾਅਦਾ ਮੁਆਫ਼ ਗਵਾਹ ਬਣਾ ਸਕੇ। ਬਾਣੇਦਾਰ ਦੇ ਮੰਨ ਜਾਣ ‘ਤੇ ‘ਪੁੱਤ ਨੂੰ ਮਿਲਣ ‘ਤੇ ਮਾਤਾ ਦਇਆ ਕੌਰ ਨੇ ਪਹਿਲਾਂ ਆਪਣੇ ਝੁਰੇਵੇਂ ਦੀਆਂ ਗੱਲ੍ਹ ਕਰਦੀ ਰਹੀ ਤੇ ਆਪਣੇ ਆਪ ਨੂੰ ਲਾਹਨਤਾਂ ਪਾਉਂਦੀ ਰਹੀ ਤੇ ਜਦੋਂ ਨਿਕੰਮੀਆਂ ਗੱਲਾਂ ਸਮਝ ਕੇ ਸਿਪਾਹੀ ਇੱਕ ਪਾਸੇ ਹੋ ਗਿਆ ਤਾਂ ਸੁਤੰਤਰ ਮਾਹੌਲ ਵਿਚ ਦਇਆ ਕੌਰ ਨੇ ਲਾਹਨਤਾਂ ਪਾ ਕੇ ਸਿਖਿਆ ਦਿੰਦਿਆ ਸਮਝਾਇਆ ਕਿ ਸਰਕਾਰੀ ਗਵਾਹ ਤੇ ਗ਼ਦਾਰ ਬਣ ਕੇ ਕਿੰਨਾ ਕੁ ਕਲੰਕਿਤ ਜੀਵਨ ਜੀਵਿਆ ਜਾ ਸਕੇਗਾ ? ਉਸ ਵਲੋਂ ਦਿੱਤੀਆਂ ਗਈਆਂ ਦਲੀਲਾਂ ਸਿੱਖੀ ਦੀਆਂ ਵਰਣਿਤ ਕੁਰਬਾਨੀਆਂ ਹੀ ਸਨ ਜਿਨ੍ਹਾਂ ਦੇ ਫਲਸਰੂਪ ਸੱਜਣ ਸਿੰਘ ਫਿਰ ਕਾਇਮ ਹੋ ਗਿਆ’। ਮੁਨਸ਼ਾ ਸਿੰਘ ਦੁਖੀ ਜੋ ਕਿ ਸੱਜਣ ਸਿੰਘ ਦੇ ਨਾਲ ਹੀ ਲਾਹੌਰ ਜੇਲ੍ਹ ਵਿਚ ਕੈਦ ਸਨ, ਨੇ ਆਪਣੀ ਰਚਨਾ ਵਿਚ ਇਸ ਅੱਖੀ ਡਿੱਠੇ ਹਾਲ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ:
ਦਇਆ ਕੌਰ ਬੋਲੀ ਵੇ ਮੈਂ ਅੱਡ ਖੜੀ ਝੋਲੀ ਬੱਚਾ,
ਧਰਮੋ ਨਾ ਡੋਲੀ ਮਤਾਂ ਦੇਵਾਂ ਤੈਨੂੰ ਪੱਜ ਨਾ ।
ਜ਼ਿੰਦਗੀ ਨਾ ਲੋੜੀਂ ਬੱਚਾ ਸੇਵਾ ਥੀ ਨਾ ਮੋੜੀਂ ਮੁੱਖ,
ਅੰਤ ਹੋਣ ਕੋਹੜੀ ਜਿਹੜੇ ਦੇਣ ਦਗਾ ਸੱਜਣਾ।
ਮਾਇਆ ਦੇ ਭੋਗ ਰੋਗ ਸੋਗ ਡੋਬ ਦੇਣ ਵਾਲੇ,
ਭੋਗ ਭੋਗਿ ਕਦੇ ਵੀ ਚਿੱਤ ਰੱਜ ਨਾ।
ਖਾਲਸਾਈ ਨਾਮ ਨੂੰ ਨਾ ਲਾਈਂ ਦਾਗ ਲਾਲ ਮੇਰੇ,
ਮਨੁੱਖਾ ਜਨਮ ਨਹੀਂ ਬਾਰ ਬਾਰ ਲੱਭਣਾ ।
ਇਸੇ ਕੜੀ ਵਿਚਲੀ ਅਗਲੀ ਬੀਬੀ ਕਰਤਾਰ ਕੌਰ ਹੈ। ਇਸ ਦਾ ਪਿੰਡ ਪੰਘਾਲੀ ਹੈ। ਇਸ ਨੇ ‘ਨਮਕ ਬਨਾਉਣ ਦੀ ਲਹਿਰ ਅਤੇ ਸਿਵਲ ਨਾ ਫਰਮਾਨੀ ਦੀ ਤਹਿਰੀਕ ਵਿੱਚ ਬੀਬੀਆਂ ਨੂੰ ਜੱਥੇ ਬੰਦ ਕਰਕੇ ਹਿੱਸਾ ਪਾਇਆ । ਬਾਗੀਆਨਾ ਤਕਰੀਰਾਂ ਕੀਤੀਆਂ। ਅੰਗਰੇਜ਼ ਹਕੂਮਤ ਨੇ ਇਹਨਾਂ ਨੂੰ ਤਿੰਨ ਸਾਲ, ਨੌਂ ਮਹੀਨੇ ਦੀ ਕੈਦ ਅਤੇ 250 ਰੁਪਏ ਦੰਡ ਦਿੱਤਾ। ਇਹਨਾਂ ਦੀਆਂ ਬਾਰਾਂ ਸਾਲਾਂ ਤੱਕ ਕੁਰਕੀਆਂ ਹੁੰਦੀਆਂ ਰਹੀਆਂ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਸਿਦਕਵਾਨ ਧੀ ਸਿਦਕੋਂ ਨਾ ਡੋਲੀ ।
ਬਿਦੇਸ਼ੀ ਮਾਲ ਦਾ ਬਾਈਕਾਟ ਕਰਨ ਵਾਲੀਆਂ ਪ੍ਰਮੁੱਖ ਬੀਬੀਆਂ ਵਿੱਚ ਬੀਬੀ ਕਰਤਾਰ ਕੌਰ ਦਾ ਨਾਂ ਆਉਂਦਾ ਹੈ, ਇਸ ਨੇ ਜ਼ਾਲਮ ਫਰੰਗੀ ਸਰਕਾਰ ਦੀ ਚਾਰ ਸਾਲ ਕੈਦ ਕੱਟੀ ਅਤੇ ਸ੍ਰੀਮਤੀ ਰਾਮਕਲੀ ਜੀ ਨੇ ਵੀ ਛੇ ਮਹੀਨੇ ਦੀ ਕੈਦ ਕੱਟੀ।
ਗ਼ਦਰ ਲਹਿਰ ਦੀ ਇਕ ਹੋਰ ਅਣਦੇਖੀ ਬੀਬੀ ਕਰਤਾਰ ਕੌਰ ਹੈ। ਇਹ ਬੀਬੀ ਪ੍ਰਸਿੱਧ ਦੇਸ਼ ਭਗਤ ਤੇ ਗ਼ਦਰੀ ਭਾਈ ਰਣਧੀਰ ਸਿੰਘ ਜੀ ਦੀ ਸੁਪਤਨੀ ਹੈ । ਇਹ ਬੀਬੀ ਪ੍ਰਤੱਖ ਰੂਪ ਵਿੱਚ ਤਾਂ ਸਾਹਮਣੇ ਨਹੀਂ ਆਈ ਪਰ ਇਸ ਨੇ ਆਪਣਾ ਸਾਰਾ ਜੀਵਨ ਆਪਣੇ ਪਤੀ ਨਾਲ ਇੱਕ ਸੁਰ ਕਰ ਦਿੱਤਾ ਸੀ। ਇਸ ਦਾ ਸੇਵਾ ਵਾਲਾ ਸਰੂਪ ਚਿੱਠੀਆਂ ਰਾਹੀਂ ਸਾਡੇ ਸਾਹਮਣੇ ਪੇਸ਼ ਹੁੰਦਾ ਹੈ। ਭਾਈ ਰਣਧੀਰ ਸਿੰਘ ਜੀ ਦੀ ਭਾਈ ਧੰਨ ਸਿੰਘ ਜੀ ਨੂੰ ਲਿਖੀ ਚਿੱਠੀ ਰਾਹੀਂ ਇਹਨਾਂ ਦੇ ਬਾਰੇ ਪਤਾ ਲੱਗਦਾ ਹੈ:
ਮੇਰੀ ਰਾਇ ਅੰਦਰ ਚਾਹੇ ਕਰਤਾਰ ਕੌਰ ਨੂੰ ਭੁਝੇਗੀ ਭੁਝੰਗਣ ਸਮੇਤ ਆਪ ਜੀ ਦੇ ਪਾਸ ਰਹਿਣ ਕਰਕੇ ਹਰ ਪ੍ਰਕਾਰ ਦੀ ਸੁਖ ਚੈਨ ਅਤੇ ਨਿਸ਼ਚਿੰਤਤਾ ਪ੍ਰਾਪਤ ਹੈ ਪਰ ਫੇਰ ਵੀ ਉਸਨੂੰ ਨਾਰੰਗਵਾਲ ਰਹਿ ਕੇ ਭੀੜ ਕਸੀੜ ਦੇ ਦਿਨ ਬਤੀਤ ਕਰਨੇ ਲੋੜੀਂਦੇ ਸਨ ਕਿਉਂਕਿ ਬੇਬੇ ਜੀ ਨੂੰ ਕਰਤਾਰ ਕੌਰ ਜੀ ਦਾ ਬੜਾ ਵੱਡਾ ਲਾਹਾ ਸੇਵਾ ਦਾ ਹੈ। ਕਰਤਾਰ ਕੌਰ ਬਿਨਾ ਇਸ ਅਵਸਥਾ ਵਿਖੇ ਸੇਵਾ ਕਰਨ ਵਾਲਾ ਪਰਿਵਾਰ ਵਿੱਚੋਂ ਮੈਨੂੰ ਕੋਈ ਨਹੀਂ ਦਿੱਸਦਾ।
ਚਿੱਠੀ ਰਾਹੀਂ ਪਤੀ ਦਾ ਵਿਸਵਾਸ਼, ਉਸ ਦੀ ਸਮਰਪਣ ਭਾਵਨਾ ਤੇ ਸਵਕੀਯਾ ਇਸਤਰੀ ਹੋਣ ਦਾ ਸਬੂਤ ਪ੍ਰਾਪਤ ਹੁੰਦਾ ਹੈ। ਚਿੱਠੀ ਦੇ ਵਾਕ ਬੀਬੀ ਕਰਤਾਰ ਕੌਰ ਦੀ ਪਤੀ ਪ੍ਰਤੀ ਬਿਹਬਲਤਾ ਤੇ ਪਤੀ ਦੇ ਦਿਲ ਵਿੱਚ ਉਸਦੀ ਕਦਰ ਦਾ ਪਤਾ ਚਿੱਠੀ ਦੀਆਂ ਇਹਨਾਂ ਸਤਰਾਂ ਤੋਂ ਲੱਗਦਾ ਹੈ:
ਮੈਂ ਆਪ ਜੀ ਦੀ ਸੰਮਤੀ ਬਿਹੂਣ ਇੱਕਲਾ ਆਪ ਹੁਦਰੋਂ ਕੁਝ ਕਰਨਾ ਮਹਾਂ ਪਾਪ ਸਮਝਦਾ ਹਾਂ। ਜਿਸ ਪ੍ਰਕਾਰ ਤੁਸਾਂ ਮੇਰੀ ਆਗਿਆ ਪਾਲਣ ਦੀ ਕਦਰ ਕੀਤੀ ਹੈ, ਗੁਰੂ ਸਹਾਈ ਹੋਵੇ, ਮੈਂ ਉਸ ਤੋਂ ਵੀ ਦਸ ਗੁਣੀ ਆਪ ਦੀ ਕਦਰ ਕਰਾਂਗਾ।
ਇਹ ਚਿੱਠੀ ਦੀਆਂ ਸਤਰਾਂ ਕੇਵਲ ਪਤੀ ਪਤਨੀ ਦਾ ਮਾਤਰ ਪਰਮਪਰ ਪ੍ਰੇਮ ਨਹੀਂ ਸਗੋਂ ਇਹਨਾਂ ਸਤਰਾਂ ਰਾਹੀਂ ਇਸਤਰੀ ਦੀ ਸ਼ਰਧਾ, ਉਸ ਦੀ ਸੋਝੀ ਤੇ ਦਲੇਰੀ ਦੇ ਦਰਸ਼ਨ ਹੁੰਦੇ ਹਨ। ਅਸਲ ਵਿੱਚ ਗਦਰੀ ਬਾਬਿਆਂ ਅੰਦਰ ਗ਼ਦਰ ਤਰੰਗਾਂ ਅਜਿਹੀਆਂ ਇਸਤਰੀਆਂ ਕਾਰਨ ਹੀ ਪੈਦਾ ਹੋਣੀਆਂ ਸੰਭਵ ਹੋਈਆਂ ਸਨ, ਜਿਨਾਂ ਨੇ ਉਹਨਾਂ ਨੂੰ ਨਾ ਕੇਵਲ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਕਤ ਰਖਿਆ ਸਗੋਂ ਲਗਦੀ ਵਾਹੇ ਆਪਣਾ ਜੀਵਨ ਵੀ ਪਤੀਆਂ ਤੇ ਦੇਸ਼ ਨੂੰ ਸਮਰਪਿਤ ਕਰ ਦਿੱਤਾ।
ਇਹਨਾਂ ਹੀ ਬੀਬੀਆਂ ਵਿੱਚ ਇਹਨਾਂ ਦੀ ਇਕ ਹੋਰ ਸਾਥਣ ਮਾਤਾ ਦਯਾ ਕੌਰ ਵੀ ਮਿਲਦੀ ਹੈ। ‘ਇਹਨਾਂ ਦੇ ਸਪੁੱਤਰ ਭਾਈ ਅਰਜਨ ਸਿੰਘ ਜਦੋਂ ਗ੍ਰਿਫਤਾਰੀ ਸਮੇਂ ਪੁਲਿਸ ਦੀ ਕੁੱਟ ਮਾਰ ਕਾਰਨ ਜਦੋਂ ਢਿੱਲੇ ਪੈ ਗਏ ਤਾਂ ਮਾਤਾ ਦਯਾ ਕੌਰ ਨੇ ਇਹਨਾਂ ਨੂੰ ਡਾਂਟਦਿਆਂ ਕਿਹਾ ਸੀ, “ਖਬਰਦਾਰ ਜੇ ਸਿੰਘਾਂ ‘ਤੇ ਬਿਆਨ ਦੇ ਕੇ ਘਰ ਆਇਆ ਤਾਂ ਲੱਤਾਂ ਵੱਢ ਦਿਆਂਗੀ ਕੀ ਭਾਈ ਤਾਰੂ ਸਿੰਘ ਤੇ ਮਹਾਂ ਸਿੰਘ ਦੀਆਂ ਸ਼ਹੀਦੀਆਂ ਪੜਨ ਲਈ ਹੀ ਸੀ ? ਹੁਣ ਅਮਲ ਵੇਲੇ ਭੱਜਦਾ ਹੈ ?” ਡਾਂਟ ਨੇ ਭਾਈ ਅਰਜਨ ਸਿੰਘ ਨੂੰ ਏਨਾ ਬਲ ਬਖਸ਼ਿਆ ਕਿ ਉਸ ਨੇ ਪੁਲਿਸ ਦਾ ਜਬਰ ਪੂਰੀ ਸਿਦਕ ਦਿਲੀ ਨਾਲ ਝੱਲਿਆ। ਮਾਤਾ ਦਯਾ ਕੌਰ ਬਾਅਦ ਵਿੱਚ ਵੀ ਗ਼ਦਰੀ ਸਿੰਘਾਂ ਦੀ ਮੁਲਾਕਾਤ ਨੂੰ ਜਾਇਆ ਕਰਦੇ ਸਨ । ਉਹਨਾਂ ਨੇ ਪੁਰਾਤਨ ਸਿੰਘਣੀਆਂ ਵਾਲੀ ਮਿਸਾਲ ਕਾਇਮ ਕੀਤੀ ਸੀ ।
ਗ਼ਦਰ ਲਹਿਰ ਦੀ ਅਨੋਖੀ ਮਿਸਾਲ ਬੀਬੀ ਅਮਰ ਕੌਰ ਤਨੂਈ ਵੀ ਹੈ, ਇਹ ਬੰਤਾ ਸਿੰਘ ਸੰਘਵਾਲ ਦੀ ਸਾਲੀ ਸੀ । ਇਸਦੇ ਸਹੁਰੇ ਨੇ ਧੋਖੇ ਨਾਲ ਭਾਈ ਬੰਤਾ ਸਿੰਘ ਨੂੰ ਗ੍ਰਿਫਤਾਰ ਕਰਵਾਇਆ। ਜਿਸਦੇ ਰੋਸ ਵਜੋਂ ਇਹ ‘ਆਪਣੇ ਸਹੁਰੇ ਘਰ ਨਹੀਂ ਗਈ, ਇਸ ਨੇ ਮਰਦਾਨਾ ਪਹਿਰਾਵਾ ਪਹਿਨ ਕੇ ਦਸਤਾਰ ਸਜਾ ਲਈ ਸੀ ਤੇ ਅੰਮ੍ਰਿਤ ਛੱਡ ਕੇ ਤਿਆਰ ਬਰ ਤਿਆਰ ਸਿੰਘਣੀ ਦੇ ਰੂਪ ਵਿੱਚ ਸਿੰਘਾਂ ਦੇ ਹਰ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਸੀ। ਕਿਸੇ ਵੀ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦੀ ਤੱਕ ਦਾ ਸਫ਼ਰ ਤੈਅ ਕਰਾਉਣ ਵਾਲੇ ਪ੍ਰਵਾਨੇ ਸਿਰਫ਼ ਉਹ ਹੀ ਨਹੀਂ ਹੁੰਦੇ, ਜੋ ਤਲਵਾਰ ਚੁੱਕਦੇ ਹਨ ਜਾਂ ਬੀਰ ਰਸ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ। ਪ੍ਰਵਾਨੇ ਉਹ ਵੀ ਹੁੰਦੇ ਹਨ ਜੋ ਇਹਨਾਂ ਪ੍ਰਵਾਨਿਆਂ ਨੂੰ ਹਥਿਆਰ ਪਹੁੰਚਾਉਂਦੇ ਹਨ, ਵਿੱਤੀ ਸਹਾਇਤਾ ਦਿੰਦੇ ਹਨ, ਘਰਾਂ ਵਿੱਚ ਪਨਾਹ ਬਖਸ਼ਦੇ ਹਨ । ਇਹਨਾਂ ਨੂੰ ਬਚਾਉਣ ਲਈ ਸਮੇਂ ਦੀਆਂ ਸਰਕਾਰਾਂ ਅੱਗੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜਦੇ ਹਨ ਤੇ ਜੇ ਕਿਧਰੇ ਸਰਕਾਰਾਂ ਹੱਥ ਆ ਵੀ ਜਾਣ ਤਾਂ ਜੀਵਨ ਆਹੂਤੀ ਵੀ ਦਿੰਦੇ ਹਨ ਅਸਲ ਵਿੱਚ ਅਜਿਹੇ ਪ੍ਰਵਾਨੇ ਆਜ਼ਾਦੀ ਦੀ ਨੀਂਹ ਹੁੰਦੇ ਹਨ, ਜਿਨ੍ਹਾਂ ਬਿਨਾਂ ਆਜ਼ਾਦੀ ਦਾ ਮਹਿਲ ਉਸਾਰਨਾ ਅਸੰਭਵ ਹੁੰਦਾ ਹੈ।
ਸਮੁੱਚੀ ਵਿਚਾਰ ਚਰਚਾ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਜੰਗ-ਏ-ਆਜ਼ਾਦੀ ਵਿੱਚ ਇਹਨਾਂ ਗ਼ਦਰੀ ਬੀਬੀਆਂ ਨੇ ਤਲਵਾਰਾਂ ਵੀ ਚੁੱਕੀਆਂ, ਬੀਰ ਰਸ ਵੀ ਪੈਦਾ ਕੀਤਾ, ਹਥਿਆਰਾਂ, ਵਿੱਤੀ ਅਤੇ ਗੱਦਰੀਆਂ ਨੂੰ ਪਨਾਹ ਦੇਣ ਦਾ ਯੋਗਦਾਨ ਵੀ ਪਾਇਆ ਇਸ ਕਰਕੇ ਇਨ੍ਹਾਂ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਹੀ ਨਹੀਂ ਸਗੋਂ ਵਡਮੁੱਲਾ ਸੇਧਯੋਗ ਵੀ ਹੈ, ਜਿਨ੍ਹਾਂ ਨੇ ਦੇਸ਼ ਲਈ ਤਨ ਮਨ ਧਨ ਕੁਰਬਾਨ ਕਰਕੇ, ਵੀਰਾਗਣਾਂ ਰੂਪ ਧਾਰਨ ਕਰਕੇ ਇਤਿਹਾਸ ਵਿੱਚ ਆਪਣੀ ਵਿਲੱਖਣ ਥਾਂ ਬਣਾਈ ਹੈ।
Credit – ਡਾ. ਸੁਰਜੀਤ ਕੌਰ