ਪੰਜਾਬੀ ਹਾਰਸ਼ਿੰਗਾਰ
ਰੱਬ ਤੇ ਮਨੁੱਖ ਦੋਹਾਂ ਨੂੰ ਸਿੰਗਾਰ ਨਾਲ ਪਿਆਰ ਹੈ। ਰੱਬ ਆਪਣੀ ਕਾਇਨਾਤ ਨੂੰ ਸ਼ਿੰਗਾਰਦਾ ਹੈ ਅਤੇ ਮਨੁੱਖ ਆਪਣੇ ਪਰਿਵਾਰ ਤੇ ਆਪਣੇ ਆਪ ਨੂੰ । ਅਸਲ ਵਿਚ ਹਿਸਾਬ ਸਿਰ ਤੇ ਰੀਝ ਨਾਲ ਲਾਇਆ ਸ਼ਿੰਗਾਰ ਬੰਦੇ ਦੀ ਸ਼ਖ਼ਸੀਅਤ ਦਾ ਪ੍ਰਭਾਵ ਬਣਾਉਂਦਾ ਹੈ। ਪੁਸ਼ਾਕ ਤੇ ਗਹਿਣੇ ਸ਼ਿੰਗਾਰ ਦੇ ਵੱਡੇ ਸਾਧਨ ਹਨ। ਇਕ ਕਹਾਵਤ ਅਨੁਸਾਰ ਰੱਬ ਮਨੁੱਖ ਦੀ ਸਿਰਜਣਾ ਕਰਦਾ ਹੈ ਤੇ ਪਹਿਰਾਵਾ ਉਸ ਨੂੰ ਰੂਪ ਦਿੰਦਾ ਹੈ । ਇਕ ਉਰਦੂ ਦਾ ਮਕੂਲਾ ਹੈ :-
ਏਕ ਹੁਸਨ ਆਦਮੀ, ਹਜ਼ਾਰ ਹੁਸਨ ਕਪੜਾ
ਲਾਖ ਹੁਸਨ ਜ਼ੇਵਰ, ਕਰੋੜ ਹੁਸਨ ਨਖ਼ਰਾ।
ਇਸ ਅਖਾਉਤ ਤੋਂ ਸ਼ਖ਼ਸੀਅਤ ਦੀ ਉਸਾਰੀ ਵਿਚ ਗਹਿਣਿਆਂ ਦੇ ਭਾਗ ਦਾ ਪਤਾ ਚੱਲ ਜਾਂਦਾ ਹੈ। ਅਸਲ ਵਿਚ ਬਹੁਤ ਥੋੜੇ ਬੰਦੇ ਮਿਲਣਗੇ ਜਿਹੜੇ ਆਪਣੀ ਸ਼ਖ਼ਸੀਅਤ ਚਮਕਾਉਣ ਵਾਸਤੇ ਹਾਰਸ਼ਿੰਗਾਰ ਦੇ ਮੁਥਾਜ ਨਾ ਹੁੰਦੇ ਹੋਣ।
ਮਨੁੱਖ ਦਾ ਆਪਣੇ ਆਪ ਨੂੰ ਸ਼ਿੰਗਾਰਨ ਦਾ ਸ਼ੌਕ ਬਹੁਤ ਪੁਰਾਣਾ ਹੈ। ਪੁਰਾਤਨ ਚਿੱਤਰ ਅਤੇ ਮੂਰਤੀਆਂ ਇਸ ਕਥਨ ਦੀ ਸਾਖੀ ਭਰਦੀਆਂ ਹਨ। ਉਦੋਂ ਸਜਾਵਟ ਵਾਸਤੇ ਘਾਹ, ਵੇਲਾਂ, ਬੀਜ, ਹੱਡੀਆਂ, ਸ਼ੀਸ਼ਾ, ਤਾਂਬਾ, ਲੋਹਾ, ਹਾਥੀ ਦੰਦ ਅਤੇ ਮੋਤੀ ਵਰਤੇ ਜਾਂਦੇ ਸਨ । ਹੌਲੀ ਹੌਲੀ ਸੋਨੇ ਚਾਂਦੀ ਦੀ ਵਰਤੋਂ ਸ਼ੁਰੂ ਹੋ ਗਈ। ਜਿਹੜੇ ਸੋਨਾ ਨਹੀਂ ਸੀ ਖ਼ਰੀਦ ਸਕਦੇ ਉਨ੍ਹਾਂ ਨੇ ਝਾਲ ਅਤੇ ਮੁਲੰਮੇ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ । ਝਾਲ ਵਾਲੇ ਗਹਿਣਿਆਂ ਦੇ ਨਮੂਨੇ ਟੈਕਸਲਾ ਦੀ ਖੁਦਾਈ ਵਿਚੋ ਵੀ ਮਿਲੇ ਹਨ । ਮੁਸਲਮਾਨਾਂ ਨੇ ਭਾਰਤ ਦੀ ਪੁਸ਼ਾਕ ਤੇ ਗਹਿਣਿਆਂ ਨੂੰ ਆਪਣੀ ਕਲਾਮਈ ਰੁਚੀ ਦੁਆਰਾ ਹੋਰ ਵੀ ਸੁੰਦਰ ਤੇ ਫਬਵਾਂ ਬਣਾ ਦਿਤਾ ਹੈ। ‘ਆਈਨਿ-ਅਕਬਰੀ’ ਵਿਚ ਜ਼ਿਕਰ ਹੈ ਕਿ ਅਕਬਰ ਬਾਦਸ਼ਾਹ ਕਾਰੀਗਰਾਂ ਦੀ ਦੇਖ-ਭਾਲ ਅਤੇ ਹੌਂਸਲਾ-ਅਫਜ਼ਾਈ ਆਪ ਕਰਦਾ ਹੁੰਦਾ ਸੀ।
ਹਾਰਸ਼ਿੰਗਾਰ ਦੇ ਅਸਥਾਨ ਤਾਂ ਪਹਿਲਾਂ ਵਾਲੇ ਗਹਿਣਿਆਂ ਲਈ ਸਿਰ, ਕੰਨ, ਨੱਕ, ਗਲ, ਹੱਥ, ਬਾਹਾਂ ਤੇ ਪੈਰ ਜਾਂ ਗਿੱਟੇ ਅਤੇ ਪੁਸ਼ਾਕ ਲਈ ਸਿਰ, ਗਲ ਜਾਂ ਤੇੜ ਹੀ ਹਨ ਪਰ ਇਨ੍ਹਾਂ ਦੇ ਰੂਪ ਤੇ ਬਣਤਰ ਵਿਚ ਬੜਾ ਫਰਕ ਪੈਂਦਾ ਗਿਆ ਹੈ। ਮੁਸਲਮਾਨਾਂ ਦੀ ਆਮਦ ਤੋਂ ਪਹਿਲਾਂ ਗਹਿਣਿਆਂ ਜਾਂ ਪੁਸ਼ਾਕਾਂ ਉੱਤੇ ਚੰਦਰਮਾ ਜਾਂ ਸੂਰਜ ਉੱਕਰੇ ਹੋਏ ਹੁੰਦੇ ਸਨ ਜਾਂ ਇਨ੍ਹਾਂ ਦੀਆਂ ਮੂਰਤੀਆਂ ਜੜੀਆਂ ਹੁੰਦੀਆਂ ਸਨ। ਇਹ ਆਰੀਆ ਲੋਕਾਂ ਦੀ ਦੈਵੀ ਸ਼ਕਤੀਆਂ ਦੀ ਪੂਜਾ ਦੇ ਚਿੰਨ੍ਹ ਸਨ। ਪਰ ਮੁਸਲਮਾਨ ਕਿਸੇ ਕਿਸਮ ਦੀ ਮਨੁੱਖੀ ਜਾਂ ਦੇਵ-ਪੂਜਾ ਨੂੰ ਨਹੀਂ ਸਨ ਮੰਨਦੇ, ਇਸ ਲਈ ਇਨ੍ਹਾਂ ਚਿੰਨ੍ਹਾਂ ਦੀ ਥਾਂ ਬੇਲਾਂ ਬੂਟਿਆਂ ਤੇ ਜੀਵਾਂ ਜੰਤੂਆਂ ਨੇ ਲੈ ਲਈ। ਚੰਪਾ-ਕਲੀ ਹਾਰ, ਸ਼ੇਰਾਂ, ਹਾਥੀਆਂ ਵਾਲੇ ਕੜੇ, ਮੋਰ-ਨੁਮਾ ਝੂਮਕੇ, ਮਛਲੀ ਵਾਲੇ ਟਿੱਕੇ ਇਸੇ ਸਮੇਂ ਦੀ ਕਾਢ ਹਨ। ਇਸਲਾਮੀ ਸਿਤਾਰੇ ਨੇ ਹਿੰਦੂ ਕੰਵਲ ਨੂੰ ਸ਼ਿੰਗਾਰ ਦੇ ਪਿੜ ਵਿੱਚੋਂ ਕੱਢ ਦਿੱਤਾਥੋੜ੍ਹੇ ਜਿਹੇ ਹਿੰਦੂ ਚੰਨ, ਸੂਰਜ ਦੇ ਚਿੰਨ੍ਹ ਵਾਲੇ ਗਹਿਣੇ ਪਹਿਨਦੇ ਰਹੇ ।
ਪੰਜਾਬ ਦੀਆਂ ਲੱਗਭੱਗ ਸਾਰੀਆਂ ਜਾਤੀਆਂ ਆਪਣੀ ਧਾਰਮਕ ਮਰਿਆਦਾ ਤੇ ਆਰਥਕ ਪਹੁੰਚ ਅਨੁਸਾਰ ਗਹਿਣੇ ਪਹਿਨਦੀਆਂ ਹਨ। ਇਹ ਗਹਿਣੇ ਪਤਨੀ ਦੇ ਪਤੀ ਦੀ ਆਰਥਕ ਹਾਲਤ ਦਾ ਸ਼ੀਸ਼ਾ ਮੰਨੇ ਜਾਂਦੇ ਹਨ। ਜੇ ਕਿਸੇ ਨੇ ਥੋੜ੍ਹੇ ਗਹਿਣੇ ਪਹਿਨੇ ਹੋਣ ਤਾਂ ਉਸ ਦੇ ਪਤੀ ਨੂੰ ਗਰੀਬ ਸਮਝਿਆ ਜਾਂਦਾ ਹੈ। ਇਸ ਲਈ ਉਸ ਦਾ ਯਤਨ ਹੁੰਦਾ ਹੈ ਕਿ ਆਪਣੇ ਪਤੀ ਨਾਲ ਲੜ ਝਗੜ ਕੇ ਵੀ ਗਹਿਣਿਆਂ ਦਾ ਕੋਟਾ ਪੂਰਾ ਰੱਖੇ । ਗ਼ਰੀਬ ਤੋਂ ਗਰੀਬ ਜਾਤੀਆਂ ਵੀ ਲੱਤਾਂ ਬਾਹਾਂ ਤੇ ਗਰਦਨ ਉੱਤੇ ਤਾਂਬੇ ਆਦਿ ਦੇ ਗਹਿਣੇ ਪਹਿਨ ਲੈਂਦੀਆ ਹਨ। ਹਰਿਆਣੇ ਦੀ ਜਾਟਣੀ ਅਤੇ ਬਾਗੜ ਦੀ ਜੱਟੀ ਦੇ ਗਹਿਣਿਆਂ ਦਾ ਭਾਰ ਤਾਂ ਪੰਜ ਪੰਜ ਸੇਰ ਤੱਕ ਜਾ ਪਹੁੰਚਾ ਹੈ। ਹਰਿਆਣੇ ਵਿਚ ਸਿਰ ਤੋਂ ਪੈਰਾਂ ਦੀਆਂ ਉਂਗਲੀਆਂ ਤਕ ਕੋਈ ਹਿੱਸਾ ਗਹਿਣਿਆਂ ਤੋਂ ਖਾਲੀ ਨਹੀਂ ਛੱਡਿਆ ਜਾਂਦਾ । ਜਿਸਮ ਦੇ ਜਿਸ ਹਿੱਸੇ ਉੱਤੇ ਗਹਿਣੇ ਪਹਿਨੇ ਜਾਂਦੇ ਹਨ ਉਸ ਨੂੰ ਕਪੜਿਆਂ ਨਾਲ ਨਹੀਂ ਕੱਜਿਆ ਜਾਂਦਾ । ਸਿਰ, ਨੱਕ, ਕੰਨ, ਧੌਣ, ਲੱਕ ਅਤੇ ਹੱਥਾਂ ਪੈਰਾਂ ਦੇ ਗਹਿਣੇ ਵਿਖਾਉਣ ਵਾਸਤੇ ਉਚੀ ਘੱਗਰੀ, ਨਿੱਕੀ ਅੰਗੀ ਅਤੇ ਮਲਮਲ ਦੀ ਓਢਨੀ ਪਹਿਨਣ ਦਾ ਰਿਵਾਜ ਹੈ। ਇਉਂ ਸਮਝ ਲਵੋ ਕਿ ਕੱਪੜਾ ਤਾਂ ਸਰੀਰ ਦੇ ਉਸੇ ਭਾਗ ਲਈ ਰਾਖਵਾਂ ਹੁੰਦਾ ਹੈ ਜਿਸ ਉੱਤੇ ਗਹਿਣੇ ਪਹਿਨਣ ਦੀ ਗੁੰਜਾਇਸ਼ ਨਹੀਂ ਹੁੰਦੀ। ਹਿਸਾਰ ਵਰਗੇ ਗ਼ਰੀਬ ਜ਼ਿਲ੍ਹੇ ਦਾ ਅੱਧੀ ਕੁ ਸਦੀ ਪਹਿਲਾਂ ਪ੍ਰਕਾਸ਼ਿਤ ਹੋਇਆ ਗੈਜ਼ਟੀਅਰ, ਜਿਸਮ ਉਤੇ ਪਹਿਨੇ ਜਾਣ ਵਾਲੇ ਪੂਰੇ ਇਕਾਸੀ ਗਹਿਣਿਆਂ ਦੀ ਸੂਚੀ ਦੇਂਦਾ ਹੈ, ਜਿਨ੍ਹਾਂ ਵਿਚੋਂ ਪੰਜ ਇਕੱਲੇ ਨੱਕ ਲਈ ਹੀ ਹਨ। ਇੱਥੇ ਇਹ ਦੱਸਣਾ ਅਨੁਚਿਤ ਨਹੀਂ ਹੋਵੇਗਾ ਕਿ ਨੱਕ ਦਾ ਗਹਿਣਾ, ਜਿਹੜਾ ਬੰਗਾਲ ਵਿਚ, ਲੋਹੇ ਦੇ ਕੜੇ ਵਾਂਙ, ਸੁਹਾਗ ਦਾ ਚਿੰਨ੍ਹ ਮੰਨਿਆ ਜਾਂਦਾ ਹੈ, ਕਿਸੇ ਯੂਰਪੀਨ ਦੇਸ਼ ਵਿਚ ਨਹੀਂ ਪਹਿਨਿਆ ਜਾਂਦਾ । ਪੁਰਾਤਨ ਮੂਰਤੀਆਂ ਵੇਖਣ ਤੋਂ ਵੀ ਇਹੋ ਪਤਾ ਚਲਦਾ ਹੈ ਕਿ ਭਾਰਤ ਵਿਚ ਵੀ ਨੱਕ ਵਾਸਤੇ ਕੋਈ ਗਹਿਣਾ ਨਹੀਂ ਸੀ ਹੁੰਦਾ। ਇਸ ਦਾ ਰਿਵਾਜ ਜ਼ਰੂਰ ਬਅਦ ਵਿਚ ਹੀ ਪ੍ਰਚਲਿਤ ਹੋਇਆ। ਸਾਡੇ ਸਮਾਜ ਵਿਚ ਇਸ ਦੀ ਮਹੱਤਤਾ ਏਨੀ ਵੱਧ ਗਈ ਸੀ ਕਿ ਸੁਹਾਗਣਾਂ ਨੂੰ ‘ਤੇਰੇ ਨੱਥ ਚੂੜਾ ਬਰਕਰਾਰ ਰਹਿਣ ਦੀ ਅਸੀਸ ਦਿੱਤੀ ਜਾਂਦੀ ਸੀ, ਬਲਕਿ ਪਿੰਡਾਂ ਵਿਚ ਹੁਣ ਵੀ ਦਿਤੀ ਜਾਂਦੀ ਹੈ। ਕਈ ਇਲਾਕਿਆਂ ਵਿਚ ਚੂੜੇ ਅਤੇ ਨੱਥ ਦੀ ਅਣਹੋਂਦ ਤਰਤੀਬਵਾਰ ਇਸਤਰੀ ਦੇ ਕੁਆਰੀ ਜਾਂ ਵਿਧਵਾ ਹੋਣ ਦੀ ਸੂਚਕ ਮੰਨੀ ਜਾਂਦੀ ਹੈ। ਭਾਰਤੀ ਇਸਤਰੀ ਦੀ ਨੱਕ ਅਤੇ ਮਛਲੀ (ਜਿਹੜੀ ਕਿ ਬੁੱਲ੍ਹਾਂ ਉੱਤੇ ਲਟਕਦੀ ਰਹਿੰਦੀ ਹੈ) ਵੇਖ ਕੇ ਯੂਰਪੀਨ ਲੋਕ ਬੜੇ ਹੱਸਿਆ ਕਰਦੇ ਸਨ। ਢੁਬੇ ਦੇ ਕਥਨ ਅਨੁਸਾਰ ਪਹਿਲਾਂ ਪਹਿਲ ਇਹ ਗਹਿਣਾ ਉਨ੍ਹਾਂ ਨੂੰ ਬਹੁਤ ਹੀ ਭੱਦਾ ਲਗਦਾ ਸੀ ਪਰ ਹੌਲੀ ਹੌਲੀ ਉਹ ਵੀ ਇਸੇ ਨਤੀਜੇ ਉੱਤੇ ਪਹੁੰਚੇ ਕਿ ਇਹ ਤਾਂ ਸੱਚੀਮੁੱਚੀਂ ਦਾ ਸ਼ਿੰਗਾਰ ਹੈਅੱਧੀ ਕੁ ਸਦੀ ਪਹਿਲਾਂ ਗਹਿਣਿਆਂ ਤੋਂ ਪੂੰਜੀ ਦਾ ਕੰਮ ਵੀ ਲਿਆ ਜਾਂਦਾ ਸੀਇਥੋਂ ਤੱਕ ਕਿ ਇਨ੍ਹਾਂ ਦੀ ਸਜਾਵਟ ਨਾਲੋਂ ਇਨ੍ਹਾਂ ਦੀ ਕੀਮਤ ਉੱਤੇ ਵਧੇਰੇ ਜ਼ੋਰ ਦਿੱਤਾ ਜਾਣ ਲੱਗ ਪਿਆ। ਕੰਢਿਆਂ ਤੋਂ ਮੁੜਵੇਂ ਸੋਨੇ ਦਾ ਭਾਰੇ ਕੜਿਆਂ ਅਤੇ ਗਲ ਵਾਸਤੇ ਸੋਨੇ ਦੀਆਂ ਠੋਸ ਕੈਂਠੀਆਂ ਤੇ ਕੈਂਠਿਆਂ ਦਾ ਰਿਵਾਜ ਪੈ ਗਿਆ। ਲੋੜ ਸਮੇਂ ਇਨ੍ਹਾਂ ਨੂੰ ਵੇਚ ਲਿਆ ਜਾਂਦਾ ਸੀ । ਕਿਸੇ ਪ੍ਰੇਮਣ ਦਾ ਆਪਣੇ ਪ੍ਰੇਮੀ ਨੂੰ ਇਹ ਕਹਿਣਾ ‘ਮੇਰੇ ਵੇਚ ਕੇ ਕੰਨਾਂ ਦੇ ਵਾਲੇ, ਗੰਗਾ ਫੁੱਲ ਪਾ ਦਈਂ ਮਿੱਤਰਾ’ ਇਸ ਅਮਲ ਦੀ ਪ੍ਰੋੜ੍ਹਤਾ ਕਰਦਾ ਹੈ। ਪ੍ਰੋਫੈਸਰ ਕੈਲ ਨੇ ਵਿਅੰਗ ਨਾਲ ਕਿਹਾ ਸੀ, ‘ਭਾਰਤ ਵਿਚ ਗਹਿਣੇ ਆਮ ਆਦਮੀ ਲਈ ਬੈਂਕ ਦੇ ਤੁੱਲ ਹਨ, ਜਿਹੜਾ ਸੂਦ ਨਹੀਂ ਦਿੰਦਾ।’ ਮਿਸਟਰ ਡਾਰਲਿੰਗ ਦੀ ਪੰਜਾਬ ਵਿਚ ਕਰਜ਼ੇ ਦੀ ਰਪੋਟ’ ਦੱਸਦੀ ਹੈ ਕਿ ਇਸ ਰਿਵਾਜ ਕਾਰਨ ਹਰ ਵਰ੍ਹੇ ਭਾਰਤ ਵਿਚ ਹਜ਼ਾਰਾਂ ਰੁਪੈ ਦਾ ਚਾਂਦੀ, ਸੋਨਾ ਬਾਹਰਲੇ ਦੇਸਾਂ ਤੋਂ ਆਉਣ ਲੱਗ ਪਿਆ। ਇੱਥੋਂ ਤੱਕ ਕਿ ਵੀਹਵੀਂ ਸਦੀ ਦੀ ਪਹਿਲੀ ਚੁਥਾਈ ਵਿਚ 1108 ਕਰੋੜ ਰੁਪਏ ਦਾ ਚਾਂਦੀ, ਸੋਨਾ ਬਾਹਰੋਂ ਭਾਰਤ ਵਿਚ ਆਇਆ ਅਤੇ ਇਸੇ ਲੇਖਕ ਦੇ ਅਨੁਮਾਨ ਅਨੁਸਾਰ ਇਹ ਰਕਮ ਸਾਰੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਨਾਲੋਂ ਵੀ ਵੱਧ ਸੀ। ਉਦੋਂ ਬੈਂਕਾਂ ਵਿਚ ਕਿਸੇ ਨੂੰ ਵਿਸ਼ਵਾਸ਼ ਨਹੀਂ ਸੀ। ਜਿਉਂ ਜਿਉਂ ਪੂੰਜੀ ਨੂੰ ਬੈਂਕ ਵਿਚ ਰੱਖਣ ਦਾ ਰਿਵਾਜ ਵਧਿਆ, ਗਹਿਣਿਆਂ ਦਾ ਭਾਰ ਹਲਕਾਂ ਹੁੰਦਾ ਗਿਆ। ‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇਂ, ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ । ਭਾਰ ਨਾਲੋਂ ਸ਼ਿੰਗਾਰ ਵੱਲ ਵਧੇਰੇ ਧਿਆਨ ਦਿਤਾ ਜਾਣ ਲੱਗ ਪਿਆ।
ਪੰਜਾਬ ਦੇ ਗਹਿਣਿਆਂ ਦਾ ਪੂਰਨ ਵੇਰਵਾ ਦੇਣ ਵਾਸਤੇ ਵਰਤਮਾਨ ਪੰਜਾਬ ਨੂੰ ਤਿੰਨ ਹਿਸਿਆਂ-ਕੇਂਦਰੀ ਪੰਜਾਬ, ਹਰਿਆਣਾ ਤੇ ਕਾਂਗੜਾ ਵਿਚ ਵੰਡ ਲੈਣਾ ਯੋਗ ਹੋਵੇਗਾ। ਕੇਂਦਰੀ ਪੰਜਾਬ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਅੰਬਾਲਾ ਦੇ ਇਲਾਕਾ ਲਿਆ ਜਾ ਸਕਦਾ ਹੈ ਅਤੇ ਹਰਿਆਣੇ ਵਿਚ ਕਰਨਾਲ, ਹਿਸਾਰ, ਰੋਹਤਕ ਤੇ ਗੁੜਗਾਉਂ ਦਾ ਕਾਂਗੜੇ ਵਿਚ ਸਾਰਾ ਪਹਾੜੀ ਇਲਾਕਾ ਜਿੱਥੋਂ ਦੀ ਬਹੁਤ ਸਾਰੀ ਸਭਿਅਤਾ ਹਿਮਾਚਲ ਪ੍ਰਦੇਸ਼ ਵਾਲੀ ਹੀ ਹੈ। ਕੇਂਦਰੀ ਪੰਜਾਬ ਵਿਚ ਸੱਗੀ ਫੁੱਲ, ਚੌਂਕ ਚੰਦ, ਬੋਰਲਾ, ਬਘਿਆੜੀ, ਸ਼ਿੰਗਾਰ-ਪੱਟੀ, ਟਿਕਾ, ਕਲਿੱਪ, ਝੁੰਮਰਸੂਈ ਤੇ ਝੁੰਮਰ, ਸਿਰ ਉੱਤੇ ਪਹਿਨੇ ਜਾਂਦੇ ਹਨ। ਸੱਗੀ ਐਨ ਸਿਖ਼ਰ ਉੱਤੇ ਪਹਿਨੀ ਜਾਂਦੀ ਹੈ। ਇਹ ਮੂਧਾ ਕੱਪ-ਨੁਮਾ ਗਹਿਣਾ ਹੈ ਜਿਸਦੀ ਉਪਰਲੀ ਤਿੱਖੀ ਨੋਕ ਵਿਚ ਕੋਈ ਕੀਮਤੀ ਮੋਤੀ ਜਾਂ ਨਗ ਜੜਿਆ ਹੁੰਦਾ ਹੈ। ਇਹ ਵਧੇਰੇ ਕਰ ਕੇ ਰੰਗਦਾਰ ਹੁੰਦਾ ਹੈ ਅਤੇ ਪਤਲੇ ਡੋਰੀਏ ਦੇ ਦੁਪੱਟੇ ਵਿੱਚੋਂ ਲਿਸ਼ਕਾਂ ਮਾਰਦਾ ਦਿਸਦਾ ਹੈ। ਇਸ ਦੇ ਉੱਪਰਲੇ ਸੋਨੇ ਦੇ ਖੋਲ ਦੇ ਬਾਹਰਵਾਰ ਕਈ ਪ੍ਰਕਾਰ ਦੀ ਮੀਨਾਕਾਰੀ ਕੀਤੀ ਹੁੰਦੀ ਹੈ। ਇਸ ਦਾ ਅੰਦਰਲਾ ਪਰਤ ਚਾਂਦੀ ਦਾ ਹੁੰਦਾ ਹੈ। ਫੁੱਲ, ਜ਼ਰਾ ਛੋਟੇ, ਪਰ ਰੂਪ ਵਿਚ ਸੱਗੀ ਵਰਗੇ ਹੀ ਹੁੰਦੇ ਹਨ। ਉਹ ਸੱਗੀ ਦੇ ਪਿੱਛੇ ਸਿਰ ਦੇ ਦੋਵੇਂ ਪਾਸੇ ਗਿੱਚੀ ਦੇ ਉਪਰ ਪਹਿਨੇ ਜਾਂਦੇ ਹਨ। ਇਨ੍ਹਾਂ ਦਾ ਸੱਗੀ ਨਾਲ ਮੇਲ ਹੁੰਦਾ ਹੈ, ‘ਸੱਗੀ ਘੜਾ ਕੇ ਦੇ ਗਿਆ ਨੀ, ਫੁੱਲ ਹੈ ਨਹੀਂ ਪੱਲੇ’ ਕੇਂਦਰੀ ਪੰਜਾਬ ਦਾ ਇਕ ਟੱਪਾ ਹੈ। ਚੌਂਕ ਵੀ ਸੱਗੀ ਵਰਗਾ ਹੀ ਹੁੰਦਾ ਹੈ ਪਰ ਇਹ ਉੱਭਰੋਂ ਤਿੱਖਾ ਹੋਣ ਦੀ ਥਾਂ ਬੈਠਵਾ ਜਿਹਾ ਹੁੰਦਾ ਹੈ। ਇਸ ਦੇ ਨਾਲ ਚੰਦ ਪਹਿਨੇ ਜਾਂਦੇ ਹਨ ਜਿਹੜੇ ਗੁਲਾਈਦਾਰ ਅਤੇ ਚੌੜੇ ਹੁੰਦੇ ਹਨ। ਇਹ ਜ਼ੰਜੀਰਾਂ ਦੁਆਰਾ ਚੌਂਕ ਨਾਲ ਜੁੜੇ ਹੁੰਦੇ ਹਨ ਅਤੇ ਸਿਰ ਦੇ ਦੋਵੇਂ ਪਾਸੇ ਲਟਕਾਏ ਜਾਂਦੇ ਹਨ। ਚੌਂਕ-ਚੰਦ, ਵਧੇਰੇ ਕਰਕੇ, ਵਿਆਹ ਤੋਂ ਪਿੱਛੋਂ ਹੀ ਪਹਿਨੇ ਜਾਂਦੇ ਹਨ। ਬਾਗੜੀ, ਬਿਸ਼ਨੋਈ ਤੇ ਕੁਮਾਰ ਇਸ ਦੀ ਥਾਂ ਛੋਟੀ ਟੱਲੀ ਵਰਗਾ ਕੰਡਾ, ਬੋਰ, ਬੋਰਲਾ ਜਾਂ ਬੋਰੀਆ ਪਹਿਨਦੇ ਹਨ ਜਿਹੜਾ ਚੀਰਵੀਂ ਵਿਚ ਕਿਸੇ ਜੰਜ਼ੀਰ ਨਾਲ ਜੋੜਿਆ। ਹੁੰਦਾ ਹੈ। ਜੱਟੀਆਂ, ਰੇਸ਼ਮ ਤੇ ਵਾਲਾਂ ਦੀ ਫੱਟੀ ਜਿਹੀ ਗੁੰਦ ਕੇ ਉਸ ਦੇ ਉੱਪਰ ‘ਬਘਿਆੜੀ’ ਪਹਿਨਦੀਆਂ ਹਨ। ਬਘਿਆੜੀ ਵਾਸਤੇ ਚਾਰ ਫੱਟੀਆਂ ਇਕ ਦੂਜੀ ਦੇ ਜ਼ੰਜੀਰਾਂ ਨਾਲ ਜੋੜੀਆਂ ਜਾਦੀਆਂ ਹਨ ਤੇ ਹੇਠਲੀ ਫੱਟੀ ਨਾਲ ਚਾਰ ਪੰਜ ਨਲਕੀਆਂ ਲਟਕਦੀਆਂ ਹਨ। ਨਲਕੀਆਂ ਦੇ ਸਿਰਿਆਂ ਉਤੇ ਹੀਰੇ ਮੋਤੀ ਲਟਕਦੇ ਰਹਿੰਦੇ ਹਨ। ਇਸ ਨੂੰ ਪਹਿਨਣ ਵਾਲੇ ਗੁੱਤ ਨਹੀਂ ਕਰਦੇ। ਉਸ ਦੇ ਉਪਰ ਵਾਲ ਗੁੰਦ ਕੇ ਬੰਗਲਾ ਜਿਹਾ ਬਣਾ ਦਿੰਦੇ ਹਨ, “ਸਿਰ ਗੁੰਦ ਦੇ ਕੁਪੱਤੀਏ ਨੈਣੇ, ਉੱਤੇ ਪਾ ਦੇ ਡਾਕ ਬੰਗਲਾ !” ਬਘਿਆੜੀ ਪਹਿਨੀ ਹੋਵੇ ਤਾਂ ਫੁੱਲ ਵੀ ਸੱਗੀ ਦੇ ਆਲੇ ਦੁਆਲੇ ਸਿਰ ਦੇ ਸਿਖਰ ਉਤੇ ਹੀ ਪਹਿਨੇ ਜਾਂਦੇ ਹਨ, ਗਿੱਚੀ ਉਤੇ ਨਹੀਂ। ਖੱਤਰੀ ਤੇ ਬਾਣੀਏ, ਇਸ ਦੀ ਥਾਂ, ਚਿੜਾ ਪਹਿਨਦੇ ਹਨ । ਸ਼ਿੰਗਾਰ-ਪੱਟੀ, ਸੱਗੀ ਵਾਲੇ ਸਥਾਨ ਤੋਂ, ਸਿਰ ਦੇ ਦੋਵੇਂ ਪਾਸੇ ਬਾਹਰੋਂ-ਬਾਹਰ ਗੁੱਤ ਨਾਲ ਬੰਨ੍ਹੀ ਹੋਈ ਮਖ਼ਮਲ ਦੀ ਇਕ ਹੁੰਦੀ ਹੈ ਜਿਸ ਦੇ ਉੱਪਰ ਸੋਨਾ ਮੜ੍ਹਿਆ ਹੁੰਦਾ ਹੈ। ਇਸ ਦੇ ਅੱਗੇ, ਚੀਰਵੀਂ ਕੋਲੋਂ, ਮੱਥੇ ਉੱਤੇ ਚੰਦ-ਨੁਮਾ ਸੋਨੇ ਦਾ ਟਿੱਕਾ ਲਟਕਦਾ ਰਹਿੰਦਾ ਹੈ ਜਿਸ ਦੇ ਆਲੇ-ਦੁਆਲੇ ਇਕ ਜ਼ੰਜੀਰ ਹੁੰਦੀ ਹੈ ਜਿਸ ਨਾਲ ਮੱਛੀਆਂ ਲੱਗੀਆ ਹੁੰਦੀਆਂ ਹਨ। ਜੇ ਟਿੱਕਾ ਭਾਰਾ ਤੇ ਜੜਾਊ ਹੋਵੇ ਤਾਂ ਇਸ ਨੂੰ ਛੰਗਲੀ, ਦਾਉਣੀ ਜਾਂ ਖਿੰਗਾਰੂ ਕਹਿੰਦੇ ਹਨ। ਸ਼ਿੰਗਾਰ-ਪੱਟੀ ਦੀ ਬਜਾਏ ਇਸ ਦੇ ਜ਼ਰਾ ਕੁਝ ਅਗਲੇ ਪਾਸੇ, ਟਿਕੜੀਆਂ ਤੇ ਜੁਲਜਲਾਂ ਜੋੜ ਕੇ ਬਣਾਈ ਸੋਨੇ ਦੀ ਬਿੰਦੀ ਪਹਿਨਣ ਦਾ ਵੀ ਰਿਵਾਜ ਹੈ। ਖੱਬੇ ਕੰਨ ਦੇ ਪਿੱਛੇ ਝੂੰਮਰ ਸੂਈ, ਝੂੰਮਰ ਤੇ ਕਲਿੱਪ ਲਾਉਂਦੇ ਹਨ। ਇਹ ਸਾਰੇ ਖੱਬੇ ਪਾਸੇ ਦੇ ਵਾਲਾਂ ਨੂੰ ਸੰਭਾਲਣ ਦਾ ਕੰਮ ਦਿੰਦੇ ਹਨ। ਕਲਿੱਪ ਅੰਡਾਕਾਰ ਜਿਹਾ ਸੋਨੇ ਦਾ ਜੜਾਉ ਗਹਿਣਾ ਹੈ, ਝੂੰਮਰ-ਸੂਈ ਉੱਤੇ ਮਛਲੀ ਜਿਹੀ ਬਣੀ ਹੋਈ ਹੁੰਦੀ ਹੈ ਅਤੇ ਝੂਮਰ ਤਿਕੋਨਾ ਗਹਿਣਾ ਹੁੰਦਾ ਹੈ ਜਿਸ ਦੀ ਹੇਠਲੀ ਫੱਟੀ ਨਾਲ ਬੋਰ ਤੇ ਮੋਤੀ ਲਟਕਦੇ ਰਹਿੰਦੇ ਹਨ।
ਗੁੱਤ ਦਾ ਆਪਣਾ ਵੱਖਰਾ ਸ਼ਿੰਗਾਰ ਹੈ। ਪੁਰਾਣੇ ਪੰਜਾਬ ਵਿਚ ਚਾਰ ਚਾਰ ਗੁੱਤਾਂ ਕੀਤੀਆਂ ਜਾਂਦੀਆਂ ਸਨ ਅਤੇ ਅੱਜ ਦੇ ਪੰਜਾਬ ਵਿਚ ਵੀ ਦੋ ਦੋ ਗੁੱਤਾਂ ਤੇ ਭਾਂਤ ਭਾਂਤ ਦੇ ਜੂੜਿਆਂ ਦਾ ਰਿਵਾਜ ਪੈ ਰਿਹਾ ਹੈ । ਉਂਞ ਗੁੱਤ ਨੂੰ ਸੱਪਣੀ ਨਾਲ ਉਪਮਾ ਦਿੱਤੀ ਜਾਂਦੀ ਹੈ ‘ਮਾਏ ! ਮੇਰੀ ਗੁੱਤ ਨਾ ਕਰੀਂ, ਮੈਨੂੰ ਡਰ ਸੱਪਣੀ ਤੋਂ ਆਵੇ’ ਹੈ ਵੀ ਠੀਕ, ਂਵਾਲ ਗੋਰੀ ਦੇ ਬਿਸੀਅਰ ਕਾਲੇ ਡਰਦੀ ਮਾਂ ਵੀ ਨਾ ਗੁੰਦੇ । ਗੁੱਤ ਨਾਲ ਛੱਬਾ ਬੰਨ੍ਹਣ ਦਾ ਰਿਵਾਜ ਹੈ, ਜੋ ਜ਼ੰਜੀਰਾਂ ਤੇ ਮਾਣਕ ਮੋਤੀਆਂ ਵਾਲਾ ਭਾਰਾ ਜਿਹਾ ਗਹਿਣਾ ਹੁੰਦਾ ਹੈ। ਇਸ ਨੂੰ ਪਹਿਨ ਕੇ ਚੇਤੰਨ ਰਹਿਣਾ ਪੈਂਦਾ ਹੈ ਕਿ ਕੋਈ ਪਿੱਛੋਂ ਹੀ ਕੱਟ ਕੇ ਨਾ ਲੈ ਜਾਵੇ । ਇਹ ਵਧੇਰੇ ਕਰਕੇ ਕੁਆਰੀਆਂ ਕੁੜੀਆਂ ਹੀ ਪਾਉਂਦੀਆ ਹਨ। ਨਿੱਕੇ ਮੁੰਡੇ ਸਿਰ ਉਤੇ ਬੋਰਲੇ ਦੀ ਥਾਂ ਇਕ ਕੋਡਾ ਰੱਖਦੇ ਹਨ।
ਸਿਰ ਤੋਂ ਪਿੱਛੋਂ ਗਹਿਣਿਆਂ ਦਾ ਖਾਸ ਸਥਾਨ ਕੰਨ ਹਨ । ਕਾਂਟੇ, ਬੁੰਦੇ, ਲੋਟਣ, ਪਿੱਪਲ ਪੱਤੀਆਂ, ਤੁੰਗਲ, ਸੋਨ-ਚਿੜੀਆਂ, ਬੁਜਲੀਆਂ, ਟੌਕਸ ਆਦਿ ਅਨੇਕ ਗਹਿਣੇ ਕੰਨ ਦੀ ਹੇਠਲੀ ਪੇਪੜੀ ਦਾ ਸ਼ਿੰਗਾਰ ਹਨ। ਇਨ੍ਹਾਂ ਤੋਂ ਵੱਖਰੇ ਬਾਕੀ ਗਹਿਣੇ ਪਹਿਨਣ ਵਾਸਤੇ ਕਿਸੇ ਬਿਰਧ ਮਾਤਾ ਦੇ ਕੰਨਾਂ ਵਿਚ ਤੇਰਾਂ ਤੇਰਾਂ ਛੇਕ ਵੀ ਕੀਤੇ ਹੋਏ ਮਿਲਣਗੇ, ਇਨ੍ਹਾਂ ਵਿਚ ਵਾਲੇ ਵਾਲੀਆਂ, ਕੋਕਰੂ, ਝੁਮਕੇ, ਡੰਡਲੀਆਂ, ਰੇਲਾਂ, ਬਹਾਦਰਨੀਆਂ ਤੇ ਮਾਮੇ ਮੁਰਕੀਆਂ ਪਹਿਨੀਆਂ ਜਾਂਦੀਆਂ ਸਨ। ਇਹ ਛੇਕ ਕੰਨ ਦੀ ਹੇਠਲੀ ਪੇਪੜੀ ਤੋਂ ਸ਼ੁਰੂ ਕਰਕੇ ਆਲੇ-ਦੁਆਲੇ ਦੇ ਸਾਰੇ ਭਾਗ ਵਿਚ ਕੀਤੇ ਜਾਂਦੇ ਸਨ । ਉਪਰਲੇ ਪਾਸੇ ਦੇ ਆਖ਼ਰੀ ਛੇਕ ਵਿਚ ਜਿਹੜਾ ਕੰਨ ਦੇ ਅੰਦਰਲੇ ਪਾਸੇ ਨੂੰ ਮੁੜੇ ਹੋਏ ਭਾਗ ਵਿਚ ਹੁੰਦਾ ਹੈ, ਨਿੱਕਾ ਜਿਹਾ ਕੋਕਰੂ ਪਾਉਂਦੇ ਸਨ ਉਸ ਤੋਂ ਅਗਲੇ ਵੱਡੇ ਛੇਕ ਵਿਚ ਸਭ ਤੋਂ ਵੱਡੀ ਡੰਡੀ, ਉਸ ਤੋਂ ਅਗਲੇ ਵਿਚ ਉਸ ਤੋਂ ਛੋਟੀ ਤੇ ਇਸ ਪ੍ਰਕਾਰ ਇਕ ਇਕ ਕੰਨ ਵਿਚ ਦਸ-ਦਸ, ਗਿਆਰਾਂ-ਗਿਆਰਾਂ ਡੰਡੀਆਂ ਵੀ ਪਹਿਨੀਆਂ ਜਾਂਦੀਆਂ ਸਨ । ਹੇਠਾਂ ਪੇਪੜੀ ਵੱਲ ਇਨ੍ਹਾਂ ਦਾ ਆਕਾਰ ਛੋਟਾ ਹੁੰਦਾ ਜਾਂਦਾ ਸੀ । ਇਹ ਡੰਡੀਆਂ ਕੰਨਾਂ ਨੂੰ ਬਹੁਤ ਕਰੂਪ ਕਰ ਦਿੰਦੀਆਂ ਸਨ । ਡੰਡੀਆਂ ਦੇ ਭਾਰ ਨਾਲ ਛੇਕ ਵੱਡੇ ਹੋ ਜਾਂਦੇ ਸਨ । ਪਹਿਨਣ ਵਾਲੀਆਂ ਸੁਆਣੀਆਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ । ਬੋਤੇ ਦੀ ਸਵਾਰੀ ਇਸੇ ਲਈ ਪਸੰਦ ਨਹੀਂ ਸੀ ਕੀਤੀ ਜਾਂਦੀ ਕਿ ਬੋਤਾ ਢੀਚਕ-ਚਾਲੇ ਪੈ ਕੇ ਛੇਕ ਵੱਡੇ ਕਰ ਦਿੰਦਾ ਹੈ। ‘ਬੋਤਾ ਲਿਆਵੀਂ ਉਹ ਮਿੱਤਰਾ, ਜਿਹੜਾ ਡੰਡੀਆਂ ਹਿੱਲਣ ਨਾ ਦੇਵੇ’ ਵੱਡੀਆਂ ਡੰਡੀਆਂ ਨੂੰ ਰੇਲਾਂ ਕਹਿੰਦੇ ਹਨ। ਡੰਡੀਆਂ ਦੇ ਥੱਲੇ ਮੁਰਕੀਆਂ ਤੇ ਮੁਰਕੀਆਂ ਦੇ ਥੱਲੇ ਪੇਪੜੀ ਦਾ ਛੇਕ ਹੁੰਦਾ ਹੈ ਜਿਸ ਵਿਚ ਸੋਨੇ ਦੀ ਇਕ ਨਿੱਕੀ ਜਿਹੀ ਟੱਲੀ ਦੀ ਲੌਣ ਨੂੰ ਪੱੜੀਆ ਲਾ ਕੇ ਬਣਾਏ ਮੁਸਲਮਾਨੀ ਕਰਨਫੁਲ ਜਾਂ ਝੁਮਕੇ, ਕਾਂਟਿਆਂ ਵਰਗੇ ਜੜਾਊ ਬੁੰਦੇ “ਲੈ ਦੇ ਜੜਾਊ ਸਾਨੂੰ ਬੁੰਦੇ ਵੇ, ਅਸੀਂ ਤੇਰੇ ਤਦ ਵੱਸਣਾ”, ਮੁਰਕੀ ਨਾਲ ਲਟਕਾਈਆਂ ਪਿੱਪਲ ਪੱਤੀਆਂ, ਮੁਰਕੀ ਨਾਲ ਜੋੜੇ ਵੱਡੇ ਗੁੱਛੇ ਜਿਹੇ ਵਾਲੇ ਲੋਟਣ ਤੇ ਸੋਨ-ਚਿੜੀਆਂ ਜਾਂ ਖਾਲੀ ਤਾਰ ਜਿਹੀ ਮੋੜ ਕੇ ਬਣਾਏ ਤੁੰਗਲ ਪਹਿਨਦੇ ਹਨ, ‘ਤੇਰਾ ਰੂਪ ਝੱਲਿਆ ਨਾ ਜਾਵੇ, ਕੰਨੋਂ ਲਾਹ ਦੇ ਸੋਨ-ਚਿੜੀਆਂ’ । ਇਹ ਸਾਰੇ ਗਹਿਣੇ ਥੱਲੇ ਵੱਲ ਲਟਕਦੇ ਹਨ ਤੇ ਹਿੱਲ ਹਿੱਲ ਕੇ ਗੱਲ੍ਹਾਂ ਨਾਲ ਘਸਰਦੇ ਰਹਿੰਦੇ ਹਨ। ਪੰਜਾਬੀ ਦਾ ਟੱਪਾ ‘ਲੋਟਣ ਬਣ ਮਿੱਤਰਾ ! ਜੇ ਤੈਂ ਗੋਰੀਆਂ ਗੱਲ੍ਹਾਂ ਦਾ ਰਸ ਲੈਣਾ ਤੇ ਕਿਸੇ ਪੇਂਡੂ ਕਵੀਸ਼ਰ ਦਾ ਇਹ ਕਹਿਣਾ, ‘ਕਾਂਟਿਆਂ ਦੇ ਵਿਚ ਤੂੰ ਜੜਾ ਦੇ ਬੈਟਰੀ, ਮੂੰਹ ਉੱਤੇ ਰਹੇ ਰੌਸ਼ਨੀ’ ਇਸੇ ਦੀ ਗਵਾਹੀ ਦਿੰਦੇ ਹਨ। ਇਸੇ ਛੇਕ ਵਿਚ, ਡੰਡੀ ਦੁਆਲੇ ਤਵੇ ਜਿਹੇ ਜੋੜ ਕੇ ਬਣਾਇਆ ‘ਟੌਕਸ’ ਵੀ ਪਹਿਨਦੇ ਹਨ। ਪੁਰਾਣੇ ਜ਼ਮਾਨੇ ਦੇ ਭਾਰੀ ਝੁਮਕੇ ਤੇ ਬੁੰਦੇ, ਬੁਜਲੀ ਦੇ ਵਿਚਕਾਰਲੇ ਛੇਕ ਵਿੱਚੋਂ ਲੰਘਾ ਕੇ ਪਹਿਨੇ ਜਾਂਦੇ ਸਨ ਤਾਂ ਕਿ ਕੰਨਾਂ ਨੂੰ ਸੌਖ ਰਹੇ। ਡੰਡੀਆਂ ਵਾਲੇ ਛੇਕਾਂ ਦੇ ਅੰਦਰਲੇ ਪਾਸੇ ਕੰਨ ਵਿਚ ਦੋ ਹੋਰ ਛੇਕ ਹੁੰਦੇ ਹਨ ਜਿਨ੍ਹਾਂ ਵਿੱਚੋਂ ਉਪਰਲੇ ਛੇਕ ਵਿਚ ਗੋਲ ਚੌੜੇ ਪਹੀਏ ਵਰਗੇ ਜੜਾਊ ਵਾਲੇ ਅਤੇ ਹੇਠਲੇ ਛੇਕ ਵਿਚ ਵਾਲਿਆਂ ਨਾਲੋਂ ਛੋਟੀਆਂ ਤੇ ਸਾਦਾ ਮਾਮਾ-ਮੁਰਕੀਆਂ ਪਹਿਨਦੇ ਹਨ ।
ਬਾਣੀਏ ਤੇ ਖੱਤਰੀ ਮਰਦ ਵੀ ਪੇਪੜੀ ਵਿਚ ਇਕ ਛੇਕ ਕਰਾਉਂਦੇ ਹਨ । ਉਸ ਵਿਚ ਨੱਤੀਆਂ ਬਹੁਤ ਹਲਕੀਆਂ ਹੁੰਦੀਆ ਹਨ ਤੇ ਤਾਰ ਮੋੜ ਕੇ ਬਣਾਈਆਂ ਜਾਂਦੀਆ ਹਨ। ਇਨ੍ਹਾਂ ਨੂੰ ਪਿੱਪਲ-ਪੱਤੀਆਂ ਜਿੰਨਾ ਹੀ ਸੋਨਾ ਲੱਗਦਾ ਹੈ, ‘ਆਹ ਲੈ ਨੱਤੀਆਂ, ਕਰਾ ਲੈ ਪਿੱਪਲ-ਪੱਤੀਆਂ, ਕਿਸੇ ਅੱਗੇ ਗੱਲ ਨਾ ਕਰੀਂ’, ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕਹਿ ਸਕਦਾ ਹੈ। ਪਰ ਅੱਜ-ਕੱਲ੍ਹ ਦੇ ਮਰਦਾਂ ਨੇ ਇਹ ਛੇਕ ਵੀ ਕਰਾਉਣੇ ਬੰਦ ਕਰ ਦਿੱਤੇ ਹਨ ਅਤੇ ਇਸਤਰੀਆਂ ਵੀ ਕੇਵਲ ਪੇਪੜੀ ਦੇ ਛੇਕ ਵਿਚ ਹੀ ਟੌਕਸ, ਕਾਂਟੇ, ਝੁਮਕੇ, ਤੁੰਗਲ ਤੇ ਵਾਲੀਆਂ ਪਹਿਨ ਕੇ ਗੁਜ਼ਾਰਾ ਕਰ ਲੈਂਦੀਆਂ ਹਨ।
ਨੱਕ ਦੇ ਸ਼ਿੰਗਾਰ ਵਾਸਤੇ, ਬਾਹਰਲਿਆਂ ਪਾਸਿਆਂ ਵਿਚ ਤੇ ਵਿਚਕਾਰ, ਤਿੰਨ ਛੇਕ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਤੀਲੀ, ਲੌਂਗ, ਕੋਕਾ, ਰੇਖ, ਨੱਥ, ਮਛਲੀ (ਬੁਲਾਕ ਜਾਂ ਬੋਹਰ) ਤੇ ਨੁਕਰਾ ਪਹਿਨਦੇ ਹਨ। ਵੱਡਾ ਸਾਰਾ ਟੋਕਸ ਵਰਗਾ ਲੌਂਗ ਖੱਬੇ ਪਾਸੇ ਹੁੰਦਾ ਹੈ ਅਤੇ ਬਹੁਤ ਛੋਟੀ ਤੀਲੀ ਸੱਜੇ ਪਾਸੇ। ਸਜਾਵਟ ਵਿਚ ਇਨ੍ਹਾਂ ਦਾ ਮੁਕਾਬਲਾ ਪ੍ਰਸਿੱਧ ਹੈ । ‘ਤੀਲੀ ਲੌਂਗ ਦਾ ਮੁਕੱਦਮਾ ਭਾਰੀ, ਥਾਣੇਦਾਰਾ ਸੋਚ ਕੇ ਕਰੀਂ’। ਪਰ ਲੌਂਗ ਦੇ ਕੀ ਕਹਿਣੇ ‘ਤੇਰੇ ਲੌਂਗ ਦਾ ਪਿਆ ਲਿਸ਼ਕਾਰਾ, ਹਾਲੀਆਂ ਨੇ ਹਲ ਡੱਕ ਲਏ । ਇਹ ਲੌਂਗ ਫੀਨੇ ਨੱਕ ਵਾਲੀ ਜ਼ਨਾਨੀ ਨੂੰ ਸ਼ਾਇਦ ਓਪਰਾ ਲਗਦਾ ਹੈ, ‘ਲੌਂਗ ਚਾਂਭੜਾਂ ਪਾਵੇ, ਮਿੱਡੀਆਂ ਨਾਸਾਂ ਤੇ । ਨੱਥ ਵਿਆਹ ਤੋਂ ਪਿੱਛੋਂ ਸੁਹਾਗ ਦੇ ਚਿੰਨ੍ਹ ਵਜੋਂ ਪਾਈ ਜਾਂਦੀ ਹੈ। ਇਹ ਬਹੁਤ ਵੱਡਾ ਛੱਲਾ ਹੁੰਦਾ ਹੈ ਜਿਸ ਨਾਲ ਕਈ ਨਗ ਲਟਕਦੇ ਰਹਿੰਦੇ ਹਨ ਤੇ ਰੇਸ਼ਮੀ ਧਾਗੇ ਦੁਆਰਾ ਖੱਬੇ ਕੰਨ ਨਾਲ ਬੰਨ੍ਹਿਆ ਜਾਂਦਾ ਹੈ। ਨੱਕ ਨਾਲ ਮਛਲੀ (ਬੁਲਾਕ) ਪਹਿਨਣ ਦਾ ਰਿਵਾਜ਼ ਹੈ। ਇਹ ਵਿਚਕਾਰਲੀ ਨਾਸ ਦੇ ਛੇਕ ਵਿਚ ਪਹਿਨੀ ਜਾਂਦੀ ਹੈ। ਇਸ ਦੇ ਪੱਤ, ਹੇਠਲੇ ਬੁੱਲ੍ਹ ਤੱਕ ਲਟਕਦੇ ਰਹਿੰਦੇ ਹਨ ‘ਪੱਤਾਂ ਬਾਝ ਨਾ ਸੁੰਹਦੀ ਮਛਲੀ’ ।
‘ਤੇਰੀ ਚੂਸ ਲਾਂ ਬੁੱਲ੍ਹਾਂ ਦੀ ਲਾਲੀ, ਮੱਛਲੀ ਦਾ ਪੱਤ ਬਣ ਕੇ’। ਰੇਖ ਜਾਂ ਕੋਕਾ, ਨੱਕ ਆਦਿ ਦੇ ਛੇਕ ਨੂੰ ਖੁਲ੍ਹਾ ਰੱਖਣ ਲਈ ਪਹਿਨਿਆ ਜਾਂਦਾ ਹੈ ਅਤੇ ਮਛਲੀ ਦੀ ਥਾਂ ਗ਼ਰੀਬ ਜਾਤੀਆਂ ਵਿਚ ਛੋਟਾ ਚਾਂਦੀ ਦਾ ਛੱਲਾ ਪਹਿਨਣ ਦਾ ਵੀ ਰਿਵਾਜ ਹੈ, ਜਿਸ ਨੂੰ ਨੁਕਰਾ ਕਹਿੰਦੇ ਹਨ। ਕੁਆਰੀਆਂ ਕੁੜੀਆਂ ਆਮ ਤੌਰ ਉੱਤੇ ਨੁਕਰਾ, ਕੋਕਾ ਜਾਂ ਰੇਖ ਹੀ ਪਹਿਨਦੀਆਂ ਹਨ। ਪੰਜਾਬਣ ਦੀ ਮੋਰਨੀ ਵਰਗੀ ਲੰਮੀ ਧੌਣ ਆਪਣੇ ਆਪ ਵਿਚ ਘੱਟ ਸੋਹਣੀ ਨਹੀਂ । ਪਰ ਉਸ ਨੂੰ ਇਸ ਸੁਹੱਪਣ ਨਾਲ ਰੱਜ ਨਹੀਂ ਆਉਂਦਾ। ਉਹ ਇਸ ਨੂੰ ਵੀ ਤੰਦੀਰੇ (ਹੱਸ), ਕੰਢੀ (ਕੰਠੀ) ਗੁਲੂਬੰਦ, ਮਾਲਾ, ਗੱਨੀ ਤੇ ਹਾਰਾਂ ਨਾਲ ਸ਼ਿੰਗਾਰ ਲੈਂਦੀ ਹੈ। ਹੱਸ ਸੋਨੇ ਜਾਂ ਚਾਂਦੀ ਦਾ ਠੋਸ ਗਹਿਣਾ ਹੈ ਜਿਹੜਾ ਗਰਦਨ ਦੇ ਨਾਲ ਲੱਗਿਆ ਰਹਿੰਦਾ ਹੈ; ਇਸ ਨੂੰ ਤੰਦੀਰਾ ਵੀ ਕਹਿੰਦੇ ਹਨ। ਗੁਲੂਬੰਦ ਮਖਮਲ ਦੀ ਫੱਟੀ ਉੱਤੇ ਮੜ੍ਹੇ ਹੋਏ ਸੋਨੇ ਨੂੰ ਕਹਿੰਦੇ ਹਨ । ਇਹ ਵੀ ਧੌਣ ਦੇ ਨੇੜੇ ਤੇੜੇ ਹੀ ਰਹਿੰਦਾ ਹੈ। ਮਟਰਮਾਲਾ ਜਾਂ ਕੰਠੀ ਸੋਨੇ ਦੇ ਨਿੱਗਰ ਰੀਠਿਆਂ ਜੇਹਿਆਂ ਨੂੰ ਕੁੰਡਿਆਂ ਨਾਲ ਜੋੜ ਕੇ ਬਣਾਈ ਹੁੰਦੀ ਹੈ। ਵਿਚਕਾਰਲੇ ਰੀਠੇ ਵੱਡੇ ਵੱਡੇ ਹੁੰਦੇ ਹਨ ਜੋ ਸਿਰਿਆਂ ਵੱਲ ਨੂੰ ਛੋਟੇ ਹੁੰਦੇ ਚਲੇ ਜਾਂਦੇ ਹਨ। ਇਹ ਇਕ ਤਰ੍ਹਾਂ ਦੀ ਮਾਲਾ ਹੁੰਦੀ ਹੈ ਜਿਸ ਦੇ ਸਿਰੇ ਜ਼ੰਜੀਰੀ ਨਾਲ ਜੁੜੇ ਹੋਏ ਹੁੰਦੇ ਹਨ। ਮੂੰਗਿਆਂ ਵਾਲੀ ਮਾਲਾ ਵੀ ਗਰਦਨ ਨਾਲ ਲੱਗੀ ਰਹਿੰਦੀ ਹੈ, ‘ਢਿੱਲੇ ਹੋ ਗਏ ਗਰਦਨ ਦੇ ਮੂੰਗੇ, ਲਿੱਸੀ ਹੋ ਗਈ ਤੂੰ ਬੰਤੋ !’ ਗੱਨੀ ਵੀ ਗਲ ਨਾਲ ਚਿਮਟੀ ਰਹਿੰਦੀ ਹੈ। ਗਰਦਨ ਦੇ ਬਾਕੀ ਗਹਿਣੇ ਧੌਣ ਨਾਲ ਲਟਕਦੇ ਹੋਏ ਥੱਲੇ ਹਿੱਕ ਤੱਕ ਆ ਜਾਂਦੇ ਹਨ । ਇਹ ਵਧੇਰੇ ਕਰਕੇ, ਰੇਸ਼ਮੀ ਡੋਰੀ ਜਾਂ ਸੋਨੇ ਚਾਂਦੀ ਦੀ ਜ਼ੰਜੀਰੀ ਵਿਚ ਤਵੀਤ, ਟਿੱਕੇ ਮਣਕੇ ਆਦਿ ਨੂੰ ਪਰੋ ਕੇ ਬਣਾਏ ਜਾਂਦੇ ਹਨ। ਜ਼ੰਜੀਰੀ ਜਾਂ ਡੋਰੀ ਦੇ ਐਨ ਵਿਚਕਾਰ ਵੱਡਾ ਸਾਰਾ, ਚੌਰਸ, ਗੋਲ ਕਿੰਗਰੇਦਾਰ ਜਾਂ ਤਿਕੋਨਾ ਟਿੱਕਾ ਹੁੰਦਾ ਹੈ ਜਿਹੜਾ ਗਲ ਵਿਚ ਪਾਉਣ ਨਾਲ ਹਿੱਕ-ਉਭਾਰਾਂ ਦੇ ਐਨ ਵਿਚਕਾਰ ਆ ਟਿਕਦਾ ਹੈ। ਤੱਗਾ, ਹਮੇਲ, ਇਨਾਮ ਨਾਮੀਆਂ, ਤਵੀਤ, ਚੁੱਪਾਕਲੀ, ਚੌਂਕੀ, ਹੌਲ-ਦਿਲੀ, ਚਟਾਲਾ, ਲੈਕਟ, ਪੈਂਡਲ ਢੋਲਣੇ ਤਵੀਤ, ਛਿੰਗ ਤਵੀਤ, ਨੌਰਤਨਾ ਸੈਟ, ਬੁਘਤੀਆਂ, ਰਾਣੀਹਾਰ, ਚੰਦਰਸੈਨੀ ਹਾਰ, ਟਿਉਂਟਾ, ਜ਼ੰਜੀਰੀ ਆਦਿ ਇਨ੍ਹਾਂ ਦੇ ਅਨੇਕ ਡੀਜ਼ਾਈਨ ਹਨ।
‘ਸੁੱਤੀ ਪਈ ਦੀ ਜ਼ੰਜੀਰੀ ਛਣਕੇ, ਗੱਭਰੂ ਦਾ ਮੱਚੇ ਕਾਲਜਾ’ ਜਾਂ ‘ਘੁੰਡ ਕੱਢਣਾ, ਤਵੀਤ ਨੰਗਾ ਰੱਖਣਾ, ਛੜਿਆਂ ਦੀ ਹਿੱਕ ਲੂਹਣ ਨੂੰ ਤੇ ਜਾਂ ‘ਤੇਰੇ ਦਿਲ ਦੀ ਸਮਝ ਲਾਂ ਸਾਰੀ, ਗਲ ਦਾ ਤਵੀਤ ਬਣ ਕੇ’ ਆਦਿ ਟੱਪੇ ਇਸ ਕਥਨ ਦੀ ਪੁਸ਼ਟੀ ਕਰਦੇ ਹਨ। ਡੋਰੀ ਵਿਚ ਪੌਂਡ ਪਰੋਤੇ ਹੋਣ ਤਾਂ ਉਸ ਨੂੰ ਤੱਗਾ, ਰੁਪਈਏ ਪਰੋਤੇ ਹੋਣ ਤਾਂ ਹਮੇਲ, ਸੋਨੇ ਦੇ ਪੈਸੇ ਜਿਹੇ ਪਰੋਤੇ ਹੋਣ ਤਾਂ ਬੁਘਤੀਆਂ, ਤਿਕੋਨੇ ਤਵੀਤ ਪਰੋਤੇ ਹੋਣ ਤਾ ਇਨਾਮ ‘ਨਾਮ ਬਣ ਕੇ ਬੜਾ ਪਟਵਾਰੀ, ਹਿੱਕ ਵਾਲੀ ਮਿਣਤੀ ਕਰੇਂ, ਚੰਪਾਕਲੀ ਜਿਹੀ ਪਰੋਤੀ ਹੋਵੇ ਤਾਂ ਚੰਪਾਕਲੀ, ਪੱਤੇ ਵਾਲੀ ਗੋਲ ਟਿਕੜੀ ਹੋਵੇ ਤਾਂ ਚੌਂਕੀ, ਨਿੱਕੀਆਂ ਨਿੱਕੀਆਂ, ਤਿੰਨ-ਤਿੰਨ ਪੱਤਿਆਂ ਦੇ ਤਿੰਨ-ਤਿੰਨ ਗੁੱਛਿਆਂ ਵਾਲੀਆਂ ਤਿੰਨ ਚੌਂਕੀਆ ਹੋਣ ਤਾਂ ਚਟਾਲਾ, ਉੱਪਰੋਂ ਥੱਲੇ ਵਲ ਵੱਡੇ ਹੁੰਦੇ ਜਾਂਦੇ ਤਵੀਤ ਆਦਿ ਪਰੋਤੇ ਹੋਣ, ਤਾਂ ਨੌਂ ਰਤਨਾ ਸੈਟ, ਰਾਣੀਹਾਰ ਜਾਂ ਚੰਨਣਹਾਰ, ਖਾਸ ਕਿਸਮ ਦੇ ਪੱਥਰ ਉੱਤੇ ਸੋਨਾ ਮੜ੍ਹਾਇਆ ਹੋਵੇ ਤਾਂ ‘ਹੌਲਦਿੱਲੀ’ ਕਹਿੰਦੇ ਹਨ। ਇਸੇ ਦੀ ਥਾਂ ਜਦ ਕੰਢੀ ਦਾ ਫੈਸ਼ਨ ਵਧਣ ਲੱਗਿਆ ਤਾਂ ਲੋਕਾਂ ਨੇ ਇਕ ਬੜਾ ਦਿਲਚਸਪ ਗੀਤ ਬਣਾਇਆ ਜਿਹੜਾ ਧੌਣ,
ਸਿਰ ਤੇ ਗਹਿਣਿਆਂ ਦੇ ਨਾਤੇ ਸਪਸ਼ਟ ਕਰਦਾ ਹੈ :-
ਤੇਰੀ ਗੁੱਤ ਤੇ ਕਚਹਿਰੀ ਲਗਦੀ, ਦੂਰੋਂ ਦੂਰੋਂ ਆਉਣ ਝਗੜੇ ।
ਸੱਗੀ ਫੁੱਲ ਨੀਂ ਸ਼ਿਸ਼ਨ ਜੱਜ ਤੇਰੇ, ਕੈਂਠਾ ਤੇਰਾ ਮੁਹਤਮ ਹੈ ।
ਵਾਲੇ ਡੰਡੀਆਂ ਕਮਿਸ਼ਨਰ ਡਿਪਟੀ, ਨੱਤੀਆਂ ਇਹ ਨੈਬ ਬਣੀਆਂ।
ਕੰਢੀ ਹੱਸ ਦਾ ਪੈ ਗਿਆ ਝਗੜਾ, ਤਵੀਤ ਉਗਾਹੀ ਭਰਨਗੇ ।
ਬੁੰਦੇ ਬਣਨਗੇ ਵਕੀਲ ਵਲੈਤੀ, ਚੌਂਕ ਚੰਦ ਨਿਆਂ ਕਰਦੇ ।
ਦਵਾ ਤਿੰਨ ਸੌ ਆਖਦੇ ਤੇਤੀ, ਕੰਢੀ ਨੂੰ ਸਜ਼ਾ ਬੋਲ ਗਈ।
ਹਾਰ ਦੇ ਗਿਆ ਜ਼ਮਾਨਤ ਪੂਰੀ, ਕੰਢੀ ਨੂੰ ਛੁਡਾ ਕੇ ਲੈ ਗਿਆ।
ਬਾਗੜੀ, ਬਿਸ਼ਨੋਈ ਤੇ ਕੁਮਾਰ ਇਸਤਰੀਆਂ ਲੱਕ ਦੁਆਲੇ ਵੀ ਚਾਂਦੀ ਦੀ ਤਾਗੜੀ (ਤੜਾਗੀ) ਪਹਿਨਦੀਆਂ ਹਨ ।
ਦੋ ਕੁ ਦਰਜਨ` ਗਹਿਣਿਆਂ ਨੂੰ ਪੰਜਾਬਣ ਇਸਤਰੀ ਦੇ ਡੋਲੇ, ਬਾਹਾਂ ਤੇ ਹੱਥਾਂ ਦਾ ਸ਼ਿੰਗਾਰ ਬਣਨ ਦਾ ਸ਼ਰਫ ਹਾਸਲ ਹੈ। ਬਾਗੜੀ ਇਸਤਰੀਆਂ, ਸ਼ੇਰ ਦੇ ਮੂੰਹ ਵਾਲੀਆਂ ਚਾਂਦੀਆਂ ਦੀਆਂ ਨਿੱਗਰ ਟਾਡਾਂ ਜਾਂ ਅਨੰਤ ਕੂਹਣੀ ਦੇ ਉੱਪਰਲੇ ਪਾਸੇ ਪਹਿਨਦੀਆਂ ਹਨ । ਬਾਕੀ ਜਾਤੀਆਂ ਦੀਆਂ ਇਸਤਰੀਆਂ ਇਸ ਦੀ ਥਾਂ ਮਖ਼ਮਲ ਦੀ ਪੱਟੀ ਉੱਤੇ ਸੋਨੇ ਦੀ ਜੜਤ ਵਾਲਾ ਬਾਜੂਬੰਦ ਪਹਿਨਦੀਆਂ ਹਨ। ਕੂਹਣੀ ਤੋਂ ਬਾਂਹ ਵੱਲ ਨੂੰ ਪਹਿਲਾ ਗਹਿਣਾ, ਫਿਰ ਕੰਗਣ, ਫੇਰ ਦੋ ਤਿੰਨ ਚੂੜੀਆਂ, ਉਨ੍ਹਾਂ ਦੇ ਅੱਗੇ ਘੁੰਗਰੂਆਂ ਵਾਲਾ ਛਣਕਦਾ ਹੋਇਆ ਪਰੀਬੰਦ ਅਤੇ ਫੇਰ ਲਗਾਤਾਰ ਕਈ ਸਾਰੀਆਂ ਚੂੜੀਆਂ ਦਾ ਚੂੜਾ, ਗਜਰੇ ਤੇ ਬੰਦ ਪਹਿਨੇ ਜਾਂਦੇ ਹਨ। ਗੋਖੜੂ, ਸਿੰਘਾੜੇ, ਲੱਛੇ, ਘੜੀ ਚੂੜੀ, ਬਾਂਕਾਂ, ਕੰਙਣ ਤੇ ਪਹੁੰਚੀ, ਗੁੱਟ ਉਤੇ ਪਹਿਨਦੇ ਹਨ। ‘ਮੇਲੇ ਜਾਵੇਂਗਾ ਲਿਆ ਦਹੀਂ ਪਹੁੰਚੀ, ਲੈ ਜਾ ਮੇਰਾ ਗੁੱਟ ਮਿਣ ਕੇ। ਲਾਲ ਚੂੜਾ, ਸੁਹਾਗ ਅਤੇ ਅਮੀਰੀ ਦੀ ਨਿਸ਼ਾਨੀ ਹੈ। ਇਸ ਨੂੰ ਪਹਿਨ ਕੇ ਘਰ ਦਾ ਕੰਮ ਕਰਨਾ ਔਖਾ ਹੁੰਦਾ ਹੈ।
‘ਮੇਰੀ ਚੰਦਰੀ ਦੀ ਜਾਤ ਤਰਖਾਣੀ, ਚੂੜਾ ਪਾ ਕੇ ਸੱਕ ਹੂੰਝਦੀ। ਇਹ ਬੰਦਾਂ ਨਾਲ ਪਹਿਨਿਆ ਜਾਂਦਾ ਹੈ ਅਤੇ ਪਤੀ ਆਪਣੀ ਪਤਨੀ ਨੂੰ ਵਿਆਹ ਤੋਂ ਪਿੱਛੋਂ ਦਿੰਦਾ ਹੈ, ‘ਚੂੜਾ ਘੜਾ ਕੇ ਦੇ ਗਿਆ ਨੀ ਪੁੱਤ ਸਹੁਰੇ ਦਾ, ਬੰਦਾਂ ਦੀ ਦੇ ਗਿਆ ਸਾਈਂ। ਪਰ ਬੰਦ ਕਿਹੜਾ ਸੌਖੇ ਬਣ ਜਾਂਦੇ ਹਨ, ਤਿੰਨ ਚਾਰ ਤੋਲੇ ਸੋਨਾ ਲੱਗਦਾ ਹੈ : ‘ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ । ਇਨ੍ਹਾਂ ਉੱਤੇ ਮਾਮਲੇ ਨਾਲੋਂ ਵੀ ਵਧੇਰੇ ਪੈਸੇ ਲਗ ਜਾਂਦੇ ਹਨ। ‘ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ ਬੰਦ ਫੇਰ ਬਣ ਜਾਣਗੇ ।’ ਜੇ ਬੰਦ ਕੀਮਤ ਲਈ ਬਦਨਾਮ ਸਨ ਤਾਂ ਪਰੀਬੰਦ ਆਪਣੀ ਛਣਛਣ ਲਈ, ‘ਪਰੀਬੰਦ ਬਿਸ਼ਰਮੀ ਗਹਿਣਾ, ਜੱਫੀ ਪਾਇਆਂ ਛਣਕ ਪਵੇ ।’ ਇਨ੍ਹਾਂ ਤੋਂ ਇਲਾਵਾ ਬਾਹਾਂ ਉੱਤੇ ਕੱਚ ਦੀਆਂ ਚੂੜੀਆਂ ਪਹਿਨਣ ਦਾ ਰਿਵਾਜ ਆਮ ਹੈ। ਇਨ੍ਹਾਂ ਦੇ ਟੁੱਟਣ ਦਾ ਡਰ ਰਹਿੰਦਾ ਹੈ, ‘ਫੁੱਟ ਗਈਆ ਵੇ ਬਲੌਰੀ ਵੰਗਾਂ ਮੇਰੀਆਂ, ਛੱਡ ਮੇਰੀ ਬਾਂਹ ਅੜਿਆ !’
ਗੁੱਟ ਦੇ ਅੱਗੇ ਹੱਥ ਦੇ ਉੱਪਰਲੇ ਪਾਸੇ ਪੰਜ-ਅੰਗਲਾ, ਰਤਨਚੌਂਕ ਜਾਂ ਹੱਥ-ਫੁੱਲ ਪਹਿਨਦੇ ਹਨ। ਇਸ ਗਹਿਣੇ ਨਾਲ ਜੰਜੀਰਾਂ ਦੁਆਰਾ ਹੱਥਾਂ ਦੀਆਂ ਉਂਗਲਾਂ ਵਿਚ ਪੈਣ ਵਾਲੀਆਂ ਛਾਪਾਂ ਜੁੜੀਆਂ ਰਹਿੰਦੀਆਂ ਹਨ। ਇਹ ਗਹਿਣਾ ਹੱਥ ਦਾ ਸਾਰਾ ਬਾਹਰਲਾ ਪਾਸਾ ਢਕ ਲੈਂਦਾ ਹੈ। ਅੰਗੂਠੇ ਵਿਚ ਵਿਆਹ ਤੋਂ ਪਿੱਛੋਂ ਸ਼ੀਸ਼ੇ ਵਾਲੀ ਆਰਸੀ ਪਹਿਨੀ ਜਾਂਦੀ ਹੈ। ਉਂਗਲਾਂ ਵਿਚ ਨਗਾਂ ਵਾਲੀਆਂ ਛਾਪਾਂ, ਕਲੀਚੜੀਆਂ, ਮੁੰਦਰੀਆਂ ਜਾਂ ਛੱਲੇ ਪਹਿਨੇ ਜਾਂਦੇ ਹਨ।
‘ਛਲਾ ਮੇਰਾ ਕਿਸ ਘੜਿਆ, ਉਂਗਲ ਕਰੇਂਦੀ ਪੀੜ ਵੇ !’
ਪੈਰਾਂ ਲਈ ਜ਼ੰਜੀਰਾਂ ਨਾਲ ਫੱਟੀਆਂ ਜਿਹੀਆਂ ਜੋੜ ਕੇ ਪਟੜੀਆਂ, ਜ਼ੰਜੀਰੀਆਂ ਵਾਲੇ ਲੱਛੇ, ਕੀਮਤੀ ਗੁਸਲਪਟੀ, ਸ਼ਕੁੰਤਲਾ-ਚੈਨ ਤੇ ਪੰਜੇਬਾਂ, ਕੁੰਡਲੀਦਾਰ-ਤੋੜੇ (ਤੇਰੇ ਤੋੜੇ ਦੇਣ ਮਰੋੜ, ਆਸ਼ਕ ਲੋਕਾਂ ਨੂੰ) ਵਿੰਗੇ ਜਿਹੇ ਠੋਸ ਕੜੇ ਤੇ ਬਾਂਕਾਂ, ਬੋਰਾਂ ਵਾਲੀਆਂ ਖੋਖਲੀਆਂ ਤੇ ਛਣਛਣ ਕਰਦੀਆਂ ਕੜੀਆਂ ਜਾਂ ਝਾਂਜਰਾਂ ਬਣਵਾਈਆਂ ਜਾਂਦੀਆ ਹਨ। ਝਾਂਜਰਾਂ ਛਣਕਦੀਆ ਹਨ।
“ਇਹ ਜੋ ਝਾਂਜਰਾਂ, ਤਾਰ ਅੰਗਰੇਜ਼ੀ, ਮਿੰਟਾਂ ‘ਚ ਦੇਣ ਖ਼ਬਰਾਂ ।” ਪਰ ਪ੍ਰੇਮਿਕਾ ਪੈਰ ਦਬਾ ਕੇ ਵੀ ਤਾਂ ਲੰਘ ਸਕਦੀ ਹੈ :
‘ਤੇਰੇ ਝਾਂਜਰਾਂ ਵੱਜਣ ਨੂੰ ਪਾਈਆਂ, ਲੰਘ ਗਈ ਪੈਰ ਦੱਬ ਕੇ’ – ਬਣਵਾਉਣ ਵਾਲੇ ਦੀ ਲੁੱਛਦੀ ਰੂਹ ਕਹਿੰਦੀ ਹੈ। ਪੈਰ ਦੀਆਂ ਉਂਗਲੀਆਂ ਵਿਚ ਗੂਠੜੇ, ਬਿਛੂਏ ਤੇ ਛੱਲੇ ਛੱਲੀਆਂ ਪਹਿਨਣ ਦਾ ਰਿਵਾਜ ਸੀ। ਬੱਚਿਆਂ ਦੇ ਗਿੱਟਿਆਂ ਵਿਚ ਪੌਂਟੇ ਪਹਿਨਾਏ ਜਾਂਦੇ ਸਨ । ਉਂਜ ਜਿੱਥੋਂ ਤੱਕ ਮੁੰਡੇ ਕੁੜੀਆਂ ਦੇ ਗਹਿਣਿਆਂ ਦਾ ਸਬੰਧ ਹੈ, ਸਾਰੇ ਹੀ ਚਾਂਦੀ ਦੇ ਛੋਟੇ ਮੋਟੇ ਪੌਂਟੇ, ਕੜੇ, ਕੰਙਣ, ਗੋਖੜੂ, ਚੂੜੀਆਂ, ਛੱਲੇ, ਹੱਸੀ, ਵਾਲੀਆਂ ਤੇ ਫੁੱਲ ਪਹਿਨਾ ਛੱਡਦੇ ਹਨ।
ਮਰਦਾਂ ਦੇ ਗਹਿਣੇ ਬਹੁਤ ਥੋੜੇ ਹਨ। ਮੁਸਲਮਾਨ ਮਰਦ ਕੜਿਆਂ ਤੋਂ ਬਿਨਾਂ ਕੋਈ ਗਹਿਣਾ ਨਹੀਂ ਪਹਿਨਦੇ । ਬਾਕੀ ਵੀ ਕੰਠਾ, ਮਾਲਾ, ਤਵੀਤੜੀਆਂ, ਕੰਙਣ, ਵਾਲੇ, ਨੱਤੀਆਂ, ਮੁੰਦਰਾਂ ਤੇ ਛਾਪਾਂ ਹੀ ਪਹਿਨਦੇ ਹਨ। ਇਸਤਰੀਆਂ ਦੇ ਸ਼ਿੰਗਾਰ ਅੱਗੇ ਇਨ੍ਹਾਂ ਦੀ ਅੰਦਰੂਨੀ ਕੀਮਤ ਵੀ ਕੀ ਹੈ ? ‘ਮੁੰਡਾ ਮੋਹ ਲਿਆ ਤਵੀਤਾਂ ਵਾਲਾ, ਦਮੜੀ ਦਾ ਸੱਕ ਮਲ ਕੇ’ ਸ਼ਾਇਦ ਇਸੇ ਵਾਸਤੇ ਮਰਦ ਕੰਠੇ ਤੋਂ ਸਿਵਾ ਬਾਕੀ ਸਾਰੇ ਗਹਿਣਿਆਂ ਨੂੰ ਵਿਦਾਇਗੀ ਦਿੰਦੇ ਜਾ ਰਹੇ ਹਨ। ਬਾਗੜੀ ਜੱਟੀਆਂ ਨੂੰ ਛੱਡ ਕੇ, ਇਸਤਰੀਆਂ ਵੀ, ਪੁਰਾਣੇ ਤਿੰਨ-ਚੁਥਾਈ – ਗਹਿਣੇ ਤਿਆਗ ਗਈਆਂ ਹਨ। ਸਿਰ ਦਾ ਸ਼ਿੰਗਾਰ ਝੁੰਮਰ, ਸੂਈ ਕਲਿੱਪ ਤੇ ਸ਼ਿੰਗਾਰ-ਪੱਟੀ, ਕੰਨਾਂ ਦੇ ਕਾਂਟੇ, ਵਾਲੀਆਂ, ਟੋਕਸ, ਨੱਕ ਦਾ ਰੇਖ ਜਾਂ ਨੁੱਕਰਾ, ਗਲ ਦਾ ਸ਼ਿੰਗਾਰ, ਕੰਠੀ, ਚੈਨੀ, ਨੌਂ-ਰਤਨਾ ਸੈਟ, ਰਾਣੀਹਾਰ, ਜ਼ੰਜੀਰੀ, ਪੈਂਡਲ, ਲੌਕਟ ਤੇ ਗਾਨੀ, ਹੱਥਾਂ ਵਿਚ ਚੂੜੀਆਂ, ਪੋਲੇ ਕੜੇ, ਵੰਗਾਂ, ਜਾਂ ਘੜੀ ਚੂੜੀ, ਉਂਗਲਾਂ ਵਿਚ ਛਾਪਾਂ ਤੇ ਛੱਲੇ ਅਤੇ ਪੈਰਾਂ ਵਿਚ ਜੇ ਕੋਈ ਪਾਵੇ ਤਾਂ ਬਸ ਸ਼ਕੁੰਤਲਾ-ਚੈਨ ਜਾਂ ਪਟੜੀਆਂ ਹੀ ਪਾਉਂਦਾ ਹੈ। ਅੱਜ ਕੱਲ੍ਹ ਲੱਕ ਦੀ ਤੜਾਗੀ ਦਾ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ।
ਪੱਛਮੀ ਪੰਜਾਬ ਦੇ ਗਹਿਣੇ ਵੀ ਕੇਂਦਰੀ ਪੰਜਾਬ ਨਾਲ ਹੀ ਮਿਲਦੇ-ਜੁਲਦੇ ਹਨ। ਜੇ ਕੋਈ ਥੋੜ੍ਹਾ ਬਹੁਤ ਫਰਕ ਹੈ ਵੀ ਤਾਂ ਉਹ ਵੰਡ ਤੋਂ ਪਿੱਛੋਂ ਮਿਟ ਗਿਆ ਹੈ। ਪਰ ਹਰਿਆਣੇ ਦਾ ਵਿਅਕਤਿਤਵ ਹਾਲੀ ਵੀ ਵੱਖਰਾ ਹੈ। ਇੱਥੇ ਮਰਦ ਮੇਲੇ ਜਾਂ ਤਿਉਹਾਰ ਸਮੇਂ ਕੰਨਾਂ ਵਿਚ ਗੋਖੜੂ, ਬਾਹਾਂ ਵਿਚ ਕੰਙਣ ਜਾਂ ਤੋਦਰ, ਗਲ ਵਿਚ ਮਾਲਾ, ਕੈਂਠਾ ਜਾਂ ਕੰਢੀ ਤੇ ਉਂਗਲਾਂ ਵਿਚ ਅੰਗੂਠੀ ਪਹਿਨਦੇ ਹਨ। ਮੁੰਡੇ ਚਾਂਦੀ ਦੀ ਤਾਗੜੀ (ਤੜਾਗੀ) ਦੇ ਸ਼ੌਕੀਨ ਹਨ। ਕੰਨਾਂ ਵਿਚ ਮੁਰਕੀਆ, ਗਲ ਵਿਚ ਕੰਠੀ ਅਤੇ ਸੱਜੇ ਗਿੱਟੇ ਉੱਤੇ ਚਾਂਦੀ ਦਾ ਕੜਾ ਤਾਂ ਆਮ ਹੀ ਪਹਿਨ ਰੱਖਦੇ ਹਨ। ਪਿੰਡ ਦਾ ਨੰਬਰਦਾਰ ਕੰਨਾਂ ਵਿਚ ਆਪਣੀ ਨੰਬਰਦਾਰੀ ਦੀ ਨਿਸ਼ਾਨੀ, ਮੋਹਰ ਵਾਲੀ ਮੁਰਕੀ ਪਾਉਂਦਾ ਹੈ।
ਜਿਵੇਂ ਕਿ ਅਸੀਂ ਪਹਿਲਾਂ ਦੱਸ ਆਏ ਹਾਂ ਹਰਿਆਣੇ ਦੀਆਂ ਸੁਹਾਗਣਾਂ ਨੂੰ ਚਾਂਦੀ ਦੇ ਭਾਰੇ ਗਹਿਣੇ ਪਹਿਨਣ ਦਾ ਸ਼ੌਕ ਹੈ, ਭਾਵੇਂ ਇਹ ਵੰਡ ਤੋਂ ਪਿੱਛੋਂ ਆਏ ਪੱਛਮੀ ਪੰਜਾਬ ਦੇ ਵਸਨੀਕਾਂ ਕਾਰਨ ਕੁਝ ਘੱਟ ਰਿਹਾ ਹੈ। ਇੱਥੇ ਸੱਗੀ ਦੀ ਥਾਂ ਚਾਂਦੀ ਦੀਆਂ ਕੌਡੀਆਂ ਦੀ ਪਟੜੀ, ਮੱਥੇ ਉੱਤੇ ਬਿੰਦੀ, ਕੰਨ ਦੀ ਪੇਪੜੀ ਵਿਚ ਸਾਦਾ ਬੁਜਨੀ (ਸਟੱਡ) ਤੇ ਡਾਂਡਾ (ਗੋਲ ਤੇ ਵੱਡਾ ਸਾਰਾ ਜੜਾਉ ਛੱਲਾ), ਨੱਕ ਵਿਚ ਸੁਹਾਗ ਪਿੱਛੋਂ ਨੱਥ (ਪਹਿਲਾਂ ਡੰਡੀ), ਗਲ ਵਿਚ ਚੌਦਾਂ ਰੁਪਏ ਪਰੋ ਕੇ ਬਣਾਇਆ ਝਾਲਰਾਂ ਜਾਂ ਹੰਸਲਾ ਤੇ ਮੋਹਰਾਂ ਵਾਲਾ ‘ਮੋਹਰ’ ਜਾਂ ‘ਟਕਵਾਲਾ’, ਬਾਹਾਂ ਵਿਚ ਕੂਹਣੀ ਵੱਲ ਦੇ ਪਾਸਿਓਂ, ਪਹਿਲਾਂ ਸੁਹਾਗ ਦੀ ਪਛੇਲੀ, ਫੇਰ ਛੰਨ ਕੰਙਣੀ, ਚੂੜਾ, ਬਾਜੂਬੰਦ, ਬਾਜੂ-ਚੌਂਕ, ਬਾਜੂ-ਫੁੱਲ ਤੇ ਟਾਡ (ਜਿਹੜਾ ਮੁਕਲਾਵੇ ਤੋਂ ਪਿੱਛੋਂ ਹੀ ਪਹਿਨਿਆ ਜਾਂਦਾ ਹੈ) ਅਤੇ ਛਾਤੀ ਉਤੇ ਚਾਂਦੀ ਦੀ ਜੰਜ਼ੀਰੀ ਵਾਲਾ ਧਾਰੂ ਅਤੇ ਕੁੜੀ ਜਾਂ ਬਾਂਕੜੀ ਗਿੱਟਿਆਂ ਦਾ ਸ਼ਿੰਗਾਰ ਬਣਦੇ ਹਨ । ਉਂਗਲਾਂ ਵਿਚ ਕਈ ਤਰ੍ਹਾਂ ਦੀਆਂ ਜੜਾਊ ਮੁੰਦਰੀਆਂ ਪਹਿਨਣ ਦਾ ਰਿਵਾਜ ਹੈ।
ਇਸੇ ਤਰ੍ਹਾਂ ਕਾਂਗੜੇ ਦੀ ਇਸਤਰੀ ਆਪਣੀ ਨੱਥ ਉਤੇ ਬੜਾ ਮਾਣ ਕਰਦੀ ਹੈ “ਨੱਕੇ ਮੰਝੇ ਲਿਸ਼ਕੇ ਨੱਥ ਲੋਕੋ” ਉਹ ਕਹੇਗੀ । ਬਾਲੇ (ਬਾਲੀਆਂ) ਝੁਮਕੇ ਤੇ ਫਰਾਲੂ ਇਸਤਰੀ ਦੇ ਕੰਨਾਂ ਦਾ ਸ਼ਿੰਗਾਰ ਹਨ। ਸਿਰ ਉੱਤੇ ਚੌਂਕ ਤੇ ਮੱਥੇ ਉੱਤੇ ਬਿੰਦੀ ਆਮ ਲਾਈ ਜਾਂਦੀ ਹੈ। ਨੱਕ ਵਿਚ ਚੁਟਕੀ, ਬੁਲਾਕ, ਲਟਕਣ ਜਾਂ ਬਾਨੂ ਪਹਿਨਦੇ ਹਨ। ਗਲ ਵਿਚ ਮਾਲਾ ਤੇ ਚੰਪਾਕਲੀ ਅਤੇ ਛਾਤੀ ਉੱਤੇ ਸੰਬੀਹ । ਬੰਦ, ਕੰਙਣ, ਗੋਖੜੂ, ਪਹੁੰਚੀ ਤੇ ਚੂੜਾ ਇਸ ਇਲਾਕੇ ਦੀ ਇਸਤਰੀ ਦੀ ਗੋਲ ਭਰਵੀਂ ਵੀਣੀ ਦਾ ਸ਼ਿੰਗਾਰ ਬਣਦੇ ਹਨ। ਅੰਗੂਠੇ ਵਿਚ ਆਰਸੀ ਤੇ ਉਂਗਲੀਆਂ ਵਿਚ ਛੱਲੇ ਵੀ ਪਹਿਨੇ ਜਾਂਦੇ ਹਨ। ਕੰਙਣ ਤੇ ਚੂੜਾ ਦੋਵੇਂ ਤਾਂ ਕਦੇ ਲਾਹੇ ਹੀ ਨਹੀਂ ਜਾਂਦੇ । ਇਹ ਦੋਵੇਂ ਕਾਂਗੜੇ ਦੀ ਇਸਤਰੀ ਦੇ ਜ਼ਰੂਰੀ ਗਹਿਣੇ ਹਨ। ਪੈਰ ਵਿਚ ਪੰਜੇਬ, ਗਿੱਟੇ ਉੱਤੇ ਕੜੀ ਅਤੇ ਪੈਰ ਦੇ ਅੰਗੂਠੇ ਉੱਤੇ ਫੁੱਲ ਵੀ ਪਹਿਨਿਆ ਜਾਂਦਾ ਹੈ । ਘਿਰਥ ਇਸਤਰੀ ਰੰਗਦਾਰ ਸ਼ੀਸ਼ਿਆਂ ਵਾਲਾ ਹਾਰ ਪਹਿਨਦੀ ਹੈ। ਇੱਥੇ ਮਰਦ ਕੰਠੇ, ਕੰਙਣ, ਬਾਲਾ (ਮੁਰਕੀ), ਛੱਲਾ ਤੇ ਮਾਲਾ ਪਹਿਨਦੇ ਹਨ। ਇਹ ਗਹਿਣੇ ਜੇ ਆਪਣੇ ਕੋਲ ਨਾ ਹੋਣ ਤਾਂ ਮੇਲੇ ਤਿਉਹਾਰ ਜਾਂ ਵਿਆਹ ਸ਼ਾਦੀ ਸਮੇਂ ਮੰਗ ਕੇ ਪਹਿਨ ਲਏ ਜਾਂਦੇ ਹਨ। ਇੱਥੋਂ ਦੇ ਲੋਕ-ਗੀਤਾਂ ਵਿਚ ਕੰਨਾਂ ਦੇ ਕੋਕਲਿਆਂ, ਗਲ ਦੀ ਚੰਬੇਲ, ਨੱਕ ਦੇ ਲੌਂਗ ਦਾ ਜ਼ਿਕਰ ਵੀ ਮਿਲਦਾ ਹੈ।
ਦੰਦਾਂ ਉਤੇ ਸੋਨੇ ਦਾ ਖੋਲ ਜਾਂ ਕਿਸੇ ਦੰਦ ਵਿਚ ਸੋਨੇ ਦੀ ਮੇਖ ਜੜਾਉਣਾ ਵੀ ਸ਼ਿੰਗਾਰ ਵਿਚ ਸ਼ਾਮਲ ਹੈ ਤੇ ਸ਼ਹਿਰੀ ਸ਼ੁਕੀਨਾਂ ਵਿਚ ਆਮ ਵੇਖਿਆ ਜਾਂਦਾ ਹੈ।
ਪੰਜਾਬ ਦੇ ਸਾਰੇ ਗਹਿਣੇ ਚਾਂਦੀ ਜਾਂ ਸੋਨੇ ਦੇ ਹੁੰਦੇ ਹਨ। ਇਨ੍ਹਾਂ ਵਿਚ ਹੀਰੇ ਮੋਤੀਆਂ ਦੇ ਨਗ ਜੜੇ ਹੋਏ ਹੁੰਦੇ ਹਨ। ਕਈ ਇਲਾਕਿਆਂ ਵਿਚ ਸ਼ੀਸ਼ੇ ਤੇ ਲਾਖ ਦੇ ਕੜੇ ਵੀ ਪ੍ਰਚੱਲਿਤ ਹਨ। ਮਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਤੋਂ ਲੱਭੇ ਗਹਿਣੇ ਸਿੱਧ ਕਰਦੇ ਹਨ ਕਿ ਸ਼ੀਸ਼ੇ ਤੇ ਲਾਖ ਦੇ ਗਹਿਣੇ ਸਿੰਧ ਵਾਦੀ ਦੀ ਪੁਰਾਤਨ ਸਭਿਅਤਾ ਵਿਚ ਵੀ ਪ੍ਰਚੱਲਿਤ ਹਨ । ਉੱਤਰ ਵਿਚ ਇਹ ਧੰਦਾ ਇਸਤਰੀਆਂ ਦੇ ਹੱਥ ਹੈ। ਲਾਖ ਤੇ ਸ਼ੀਸ਼ੇ ਦੇ ਗਹਿਣਿਆਂ ਵਾਂਙ ਹੀ ਹਾਥੀ-ਦੰਦ ਤੇ ਘੋਗੇ ਵੀ ਬਹੁਤ ਪੁਰਾਣੇ ਸਮਿਆਂ ਤੋਂ ਚਲੇ ਆ ਰਹੇ ਹਨ। ਹੁਣ ਤਾਂ ਬਾਹਰਲੇ ਦੇਸਾਂ ਤੋਂ ਆਏ ਲਾਲ, ਨੀਲੇ, ਸੁਨਹਿਰੀ ਤੇ ਹਰੇ ਰੰਗ ਦੇ ਮਣਕਿਆਂ ਦੀ ਵਰਤੋਂ ਆਮ ਕੀਤੀ ਜਾਣ ਲੱਗ ਪਈ ਹੈ। ਉਂਜ ਉੱਤਰ ਵਿਚ ਪ੍ਰਚੱਲਿਤ ਪੱਥਰ, ਸ਼ੀਸ਼ੇ, ਧਾਤ ਤੇ ਲੱਕੜੀ ਦੇ ਬਹੁਤ ਸਾਰੇ ਮਣਕੇ ਸਾਨੂੰ ਬਾਬਲ ਮਿਸਰ, ਈਰਾਨ ਤੇ ਮੁਗ਼ਲ ਕਾਲ ਦੀ ਭਾਰਤੀ ਸਭਿਅਤਾ ਨਾਲ ਜੋੜਦੇ ਹਨ। ਜਮੀਲਾ ਬ੍ਰਿਜ ਭੂਸ਼ਨ ਦੇ ਕਥਨ ਅਨੁਸਾਰ ‘ਮਣਕਿਆਂ ਦੀ ਉਮਰ ਇਸਤਰੀ ਦੀ ਸਵੈ-ਪ੍ਰਸੰਸਾ ਦੀ ਭਾਵਨਾ ਜਿੰਨੀ ਲੰਮੀ ਹੈ ਅਤੇ ਇਨ੍ਹਾਂ ਦੀ ਵਰਤੋਂ ਇਸ ਭਾਵਨਾ ਦੇ ਖ਼ਤਮ ਹੋਣ ਨਾਲ ਹੀ ਮਿਟ ਸਕਦੀ ਹੈ ਪਰ ਇਉਂ ਕਦੀ ਹੋ ਨਹੀਂ ਸਕਦਾ।’ ਟੈਕਸਲਾ ਦੀ ਖੁਦਾਈ ਤੋਂ ਵੀ ਗਲ ਦੇ ਹਾਰ, ਸੋਨੇ ਦੇ ਫੁੱਲਦਾਰ ਟਿੱਕੇ, ਕਾਂਟੇ, ਚੂੜੇ, ਵਾਲਾਂ ਦੇ ਕਲਿੱਪ ਤੇ ਲਾਖ ਆਦਿ ਦੇ ਮਣਕੇ ਮਿਲੇ ਹਨ। ਇਸ ਤੋਂ ਸਾਫ ਹੈ ਕਿ ਇਨ੍ਹਾਂ ਦੀ ਵਰਤੋਂ ਬਹੁਤ ਪੁਰਾਣੇ ਸਮਿਆਂ ਤੋਂ ਹੁੰਦੀ ਆ ਰਹੀ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ, ਪੱਛਮੀ ਸਭਿਅਤਾ ਦੇ ਪ੍ਰਭਾਵ ਥੱਲੇ, ਬਹੁਤ ਸਾਰੇ ਗਹਿਣਿਆਂ ਦੀ ਵਰਤੋਂ ਹਟ ਗਈ। ਪੁਰਾਣੇ ਮੋਟੇ ਭਾਰੇ ਗਹਿਣੇ ਵੇਖਣ ਲਈ ਤਾਂ ਕਈ ਘਰ ਢੂੰਢਣੇ ਪੈਂਦੇ ਹਨ। ਸੋਨੇ ਚਾਂਦੀ ਦੀਆਂ ਕੀਮਤਾਂ ਵਧਣ ਕਰ ਕੇ ਵੀ ਗਹਿਣਿਆਂ ਦੀ ਗਿਣਤੀ ਘੱਟ ਗਈ ਹੈ। ਪੁਰਾਣੇ ਭਾਰੇ ਗਹਿਣੇ ਤੁੜਵਾ ਕੇ ਉਨ੍ਹਾਂ ਤੋਂ ਕਈ ਛੋਟੇ ਛੋਟੇ ਗਹਿਣੇ ਤਿਆਰ ਕਰਵਾਏ ਜਾ ਰਹੇ ਹਨ। ਅੱਜ ਦੀ ਮੁਟਿਆਰ ਆਪਣੀ ਬੁੱਢੀ ਸੱਸ ਦੀ ਮੌਤ ਪਿੱਛੋਂ ਉਸ ਦੀਆਂ ਜ਼ੰਜ਼ੀਰਾਂ, ਪੱਟੀਆਂ, ਮੋਤੀਆਂ ਤੇ ਛਿਆਂ ਮਛਲੀਆਂ ਨੂੰ ਤਾਰਾ ਲੁਆ ਕੇ ਕਾਂਟਿਆਂ ਦੇ ਤਿੰਨ ਜੋੜੇ, ਹੇਠਲੀ ਪੱਟੀ ਤੋਂ ਹਾਰ ਅਤੇ ਬਾਕੀ ਸੋਨੇ ਤੋਂ ਗਲ ਦੀ ਜ਼ੰਜੀਰੀ ਬਣਵਾ ਲੈਂਦੀ ਹੈ। ਖ਼ਾਲਸ ਸੋਨਾ ਪਿੜ ਵਿੱਚੋਂ ਨਿਕਲ ਰਿਹਾ ਹੈ ਅਤੇ ਉਸ ਦੀ ਥਾਂ ਖੋਟਾ ਸੋਨਾ ਜਾਂ ਰੋਲਡ ਗੋਲਡ ਪ੍ਰਚੱਲਿਤ ਹੋ ਰਿਹਾ ਹੈ। ਹੱਥ ਨਾਲੋਂ ਮਸ਼ੀਨੀ ਕਾਰੀਗਰੀ ਵਧੇਰੇ ਹਰਮਨ-ਪਿਆਰੀ ਹੋ ਰਹੀ ਹੈ ਜਿਸ ਦੇ ਸਦਕੇ ਸੁਨਿਆਰ ਦਾ ਧੰਦਾ ਬੰਦ ਹੋ ਰਿਹਾ ਹੈ। ਕੋਈ ਸਮਾਂ ਸੀ ਕਿ ਖਟ ਦੀ ਖੱਟੀ ਦੇ ਸਦਕੇ ਸੁਨਿਆਰ ਦਾ ਘਰ ਸਾਰੇ ਪਿੰਡ ਤੋਂ ਚੰਗਾ ਹੁੰਦਾ ਸੀ। ਅੱਜ ਸੁਨਿਆਰ ਮਜ਼ਦੂਰੀ ਕਰਦੇ ਵੀ ਮਿਲਦੇ ਹਨ।