ਪੰਜਾਬੀ ਰਸਮ ਰਿਵਾਜ ਤੇ ਵਹਿਮ ਭਰਮ

ਪੰਜਾਬੀ ਰਸਮ ਰਿਵਾਜ ਤੇ ਵਹਿਮ ਭਰਮ

ਰਸਮ ਰਿਵਾਜ, ਰਹੁ ਰੀਤਾਂ, ਜਾਂ ਸੰਸਕਾਰ ਭਾਈਚਾਰਕ ਪ੍ਰਾਣੀਆਂ ਦੇ ਮਨਾਂ ਦੀਆਂ ਸਿੱਕਾਂ, ਸੱਧਰਾਂ, ਅਰਮਾਨਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਇਹ ਕਿਸੇ ਵੀ ਕੌਮ ਦੇ ਜਨਮ, ਮਰਨ ਤੇ ਵਿਆਹ ਸ਼ਾਦੀ ਦੇ ਮੌਕਿਆਂ ਉੱਤੇ ਵੇਖੇ ਜਾ ਸਕਦੇ ਹਨ। ਜੀਵਨ-ਨਾਟਕ ਦੀਆਂ ਇਨ੍ਹਾਂ ਤਿੰਨਾਂ ਝਾਕੀਆਂ ਦੇ ਰੰਗ ਮੰਚ ਆਮ ਤੌਰ ਤੇ ਸਾਡੇ ਘਰਾਂ ਦੇ ਵਿਹੜੇ ਹੁੰਦੇ ਹਨ। ਇਨ੍ਹਾਂ ਦੇ ਪਾਤਰ ਸਾਡੇ ਪਰਿਵਾਰ ਤੇ ਹਾਜ਼ਰ ਨਾਜ਼ਰ ਦੇਵਤਾ ਜਲ-ਪਰਮੇਸ਼ਰ ਜਾਂ ਬੈਸੰਤਰ-ਦੇਵਤਾ ਹੁੰਦੇ ਹਨ। ਅਗਵਾਈ ਵਾਸਤੇ ਅਸੀਂ ਕਿਸੇ ਪੰਡਤ, ਪ੍ਰੋਹਤ, ਨਾਈ, ਭਾਈ, ਦਾਈ, ਜਾਂ ਮੁੱਲਾਂ ਮੁਲਾਣੇ ਨੂੰ ਸੱਦ ਲੈਂਦੇ ਹਾਂ। ਉਂਞ ਭਾਈਚਾਰਕ ਜੀਵਨ ਦੀ ਤੋਰ ਕਈ ਸੰਸਕਾਰਾਂ ਨੂੰ ਪਿੱਛੇ ਮੰਦਰਾਂ, ਮਸੀਤਾਂ ਤੇ ਗੁਰਦੁਆਰਿਆਂ ਵਿਚ ਛੱਡ ਆਈ ਹੈ।

ਇਹ ਸੰਸਕਾਰ ਕਿਵੇਂ ਉਪਜੇ ਅਤੇ ਇਨ੍ਹਾਂ ਦੇ ਪਿੱਛੇ ਕੀ ਕੀ ਮਨੋਰਥ ਕੰਮ ਕਰ ਰਹੇ ਸਨ, ਇਹ ਬੜਾ ਦਿਲਚਸਪ ਵਿਸ਼ਾ ਹੈ । ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਭੈਅ ਸਾਥੋਂ ਜ਼ਿਆਦਾ ਸੀ। ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਨ੍ਹਾਂ ਦੈਵੀ ਤਾਕਤਾਂ ਨੂੰ ਪਤਿਆਉਣ ਜਾਂ ਰੀਝਾਉਣ ਵਿਚੋਂ ਲੱਭਿਆ ਜਾ ਸਕਦਾ ਹੈ। ਇਸੇ ਭੈਅ ਕਰਕੇ, ਵੱਖ ਵੱਖ ਮੌਕਿਆਂ ਤੇ ਵੱਖ ਵੱਖ ਦੇਵੀ ਦੇਵਤਿਆਂ ਨੂੰ ਪੂਜਿਆ ਜਾਣਾ ਸ਼ੁਰੂ ਹੋਇਆ। ਗਰਭ ਦੇ ਦਿਨਾਂ ਵਿਚ ਅਤੇ ਮੌਤ ਤੋਂ ਪਿੱਛੋਂ ਬੜੀ ਦੇਰ ਤਕ ਭੂਤਾਂ, ਪ੍ਰੇਤਾਂ ਤੇ ਯਮਾਂ ਨੂੰ ਚੜ੍ਹਾਵਿਆਂ ਨਾਲ ਖੁਸ਼ ਕਰਨ ਦਾ ਹੋਰ ਕੀ ਕਾਰਨ ਹੋ ਸਕਦਾ ਹੈ ? ਅਸੀਂ ਅੱਗ, ਪਾਣੀ ਅਤੇ ਧਾਤਾਂ ਦੀ ਵਰਤੋਂ ਨਾਲ ਡਰਾਉਂਦੇ ਹਾਂ ਅਤੇ ਜੇ ਇਨ੍ਹਾਂ ਵਿਚੋਂ ਕੋਈ ਅਮਲ ਲਾਭਦਾਇਕ ਸਿੱਧ ਨਹੀਂ ਹੁੰਦਾ ਤਾਂ ਦਾਨ ਕਰ ਕੇ ਆਪਣੇ ਮਨ ਨੂੰ ਤਸੱਲੀ ਦੇ ਲੈਂਦੇ ਹਾਂ। ਬ੍ਰਿਖਾਂ ਦੇ ਪੱਤਿਆਂ ਜਾਂ ਹਰੀਆਂ ਟਹਿਣੀਆਂ ਦੀ ਛੁਹ ਵਿਚ ਵੀ ਸੱਤਿਆ ਮੰਨ ਕੇ ਇਨ੍ਹਾਂ ਦੀ ਵਰਤੋਂ ਕਰਦੇ ਹਾਂ।

ਇਸੇ ਤਰ੍ਹਾਂ ਕੁਝ ਸੰਸਕਾਰ, ਖੁਸ਼ੀਆਂ ਗਮੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਿੱਧ ਹੁੰਦੇ ਹਨ। ਮਨੂੰ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਬ੍ਰਹਮਚਰਜ, ਗ੍ਰਿਹਸਥ, ਬਾਨਪ੍ਰਸਥ ਤੇ ਸੰਨਿਆਸ ਵਿਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ ਵੱਖ ਸੰਸਕਾਰ ਬੱਝੇ ਹੋਏ ਸਨ । ਸੰਸਕਾਰ ਸੰਸਥਾ ਦਾ ਰੂਪ ਧਾਰ ਗਏ ਸਨ ਕਿਉਂਕਿ ਉਦੋਂ ਅੱਜ ਵਾਲੀਆਂ ਸਮਾਜਕ ਸਾਇੰਸਾਂ ਹੋਂਦ ਵਿਚ ਨਹੀਂ ਸਨ ਆਈਆਂ। ਜਨਮ ਸਮੇਂ ਦੇ ਸੰਸਕਾਰ ਜਨਮ-ਵਿਗਿਆਨ ਦਾ ਕੰਮ ਦਿੰਦੇ ਸਨ ਅਤੇ ਬ੍ਰਹਮਚਾਰੀ ਜੀਵਨ ਦੇ ਸੰਸਕਾਰ ਆਚਰਣ-ਉਸਾਰੀ, ਸਦਾਚਾਰਕ-ਪਾਬੰਦੀ, ਵਿਦਿਆ ਤੇ ਸਮੁੱਚੀ ਜਾਗਰਤੀ ਦਾ। ਵਿਆਹ-ਸੰਸਕਾਰ, ਵਿਆਹ ਦਾ ਸਰੂਪ ਤੇ ਇਸ ਦੀ ਮਰਿਆਦਾ ਦੱਸ ਕੇ ਪਰਿਵਾਰਕ ਜੀਵਨ ਨੂੰ ਸਥਿਰ ਕਰਦੇ ਸਨ ਤੇ ਸਮਾਜਕ ਵਿਗਿਆਨ ਦਾ ਕੰਮ ਦਿੰਦੇ ਸਨ। ਗੱਲ ਕੀ ਸਾਰੇ ਸੰਸਕਾਰ ਸ਼ਖਸੀਅਤ ਦੇ ਵਿਕਾਸ, ਆਚਰਣ ਦੀ ਸ਼ੁੱਧੀ ਅਤੇ ਸਮੁੱਚੀ ਮਾਨਵ-ਰੁਚੀ ਪ੍ਰਫੁੱਲਿਤ ਕਰਨ ਵਿਚ ਸਹਾਈ ਸਨ। ਇਨ੍ਹਾਂ ਦੀ ਮਰਿਆਦਾ ਵਿਚ ਬੱਝੇ ਸਾਡੇ ਵਡਾਰੂ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਨਹੀਂ ਸਨ ਕਰਦੇ । ਹੁਣ ਇਨ੍ਹਾਂ ਵਿਚੋਂ ਬਹੁਤ ਸੰਸਕਾਰ ਸਾਡੇ ਭਾਈਚਾਰੇ ਵਿਚੋਂ ਅਲੋਪ ਹੁੰਦੇ ਜਾਂਦੇ ਹਨ, ਇਸ ਲਈ ਇਨ੍ਹਾਂ ਦਾ ਵਰਣਨ ਬੜਾ ਜ਼ਰੂਰੀ ਹੈ ।

ਪਰ ਇਸ ਤੋਂ ਪਹਿਲਾਂ ਕਿ ਅਸੀਂ ਇਨ੍ਹਾਂ ਪੁਸ਼ਤ-ਦਰ-ਪੁਸ਼ਤ ਚਲੀਆਂ ਆ ਰਹੀਆਂ ਰਸਮਾਂ ਦਾ ਜ਼ਿਕਰ ਸ਼ੁਰੂ ਕਰੀਏ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੇ ਮੌਕਿਆਂ ਤੋਂ ਕਿਹੜੇ ਤੱਤ ਕੰਮ ਆਉਂਦੇ ਹਨ ਅਤੇ ਉਨ੍ਹਾਂ ਦੀ ਵਿਸ਼ੇਸ਼ਤਾ ਕੀ ਹੈ ? ਸਾਡੇ ਬਹੁਤ ਸਾਰੇ ਸੰਸਕਾਰ ਅਗਨੀ, ਪਾਣੀ, ਲੋਹੇ, ਅਨਾਜ ਅਤੇ ਬ੍ਰਿਛਾਂ ਦੀਆਂ ਟਹਿਣੀਆਂ ਰਾਹੀਂ ਨੇਪਰੇ ਚਾੜ੍ਹੇ ਜਾਂਦੇ ਹਨ। ਅਗਨੀ ਚਾਨਣ ਦਾ ਚਿੰਨ੍ਹ ਹੈ; ਪਾਣੀ ਸ਼ੁੱਧਤਾ ਦਾ, ਲੋਹਾ ਬਚਾਉ ਦਾ, ਅਨਾਜ ਚੜ੍ਹਾਵੇ ਦਾ ਅਤੇ ਬ੍ਰਿਛ ਦੀ ਟਹਿਣੀ ਜਾਂ ਹਰਾ ਘਾਹ ਜਿਸ ਨੂੰ ‘ਦੁੱਬ’ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਟੂਣੇ ਟਾਮਣ, ਦਿਸ਼ਾ ਭਰਮ, ਪਸ਼ੂਆਂ ਦੀਆਂ ਕੁਰਬਾਨੀਆਂ ਅਤੇ ਪੂਜਾ-ਪਾਠ ਵੀ ਸਾਡੇ ਸੰਸਕਾਰਾਂ ਵਿਚ ਚੋਖਾ ਹਿੱਸਾ ਪਾਉਂਦੇ ਹਨ। ਪਰ ਇਨ੍ਹਾਂ ਦੀ ਵਰਤੋਂ ਅਸੀਂ ਮੌਕੇ ਅਨੁਸਾਰ ਹੀ ਕਰਦੇ ਹਾਂ। ਕਿਸੇ ਮੌਕੇ ਤੇ ਇਕ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਕਿਸੇ ਦੂਜੇ ਮੌਕੇ ਤੇ ਕਿਸੇ ਦੂਜੀ ਚੀਜ਼ ਦੀ। ਇਸ ਗੱਲ ਨੂੰ ਸਾਡੇ ਸੰਸਕਾਰਾਂ ਦਾ ਪੂਰਨ ਵੇਰਵਾ ਭਲੀ ਪ੍ਰਕਾਰ ਸਿੱਧ ਕਰ ਦੇਵੇਗਾ।

ਸਭ ਤੋਂ ਪਹਿਲਾਂ ਅਸੀਂ ਗਰਭ-ਸੰਸਕਾਰ ਲੈਂਦੇ ਹਾਂ । ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਵਿਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂਦਾ ਹੈ ਜਾਂ ਉਸ ਦੇ ਪੱਲੇ ਵਿਚ ਪਾਇਆ ਜਾਂਦਾ ਹੈ। ਜੇ ਕੁੜੀ ਸਹੁਰੀਂ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਹਨ। ਉਹ ਇਸ ਨੂੰ ਪੱਲੇ ਵਿਚ ਪਾਉਂਦੀ ਹੈ, ਰਿੰਨ੍ਹ ਕੇ ਖਾਂਦੀ ਤੇ ਭਾਈਚਾਰੇ ਵਿਚ ਵੰਡਦੀ ਹੈ । ਕਈ ਥਾਵਾਂ ਤੇ ਇਹ ਵੀ ਰਿਵਾਜ ਹੈ ਕਿ ਇਹ ਰਸਮ ਕਰਨ ਵੇਲੇ ਦੋਵੇਂ ਪਤੀ ਪਤਨੀ, ਪਤਨੀ ਦੇ ਸਹੁਰਿਆਂ ਵੱਲੋਂ ਘੱਲੇ ਹੋਏ ਕਪੜੇ ਪਹਿਨ ਕੇ ਵਡਾਰੂਆਂ ਜਾਂ ਜਠੇਰਿਆਂ ਦੀ ਪੂਜਾ ਕਰਦੇ ਹਨ । ਫਾਜ਼ਿਲਕਾ ਦੇ ਹਿੰਦੂ ਅਰੋੜੇ ਇਸ ਰਸਮ ਨੂੰ ‘ਅੱਖ ਸਲਾਈ’ ਕਹਿੰਦੇ ਹਨ। ਉੱਥੇ ਇਹ ਰਸਮ ਤੀਜੇ ਮਹੀਨੇ ਮਨਾਈ ਜਾਂਦੀ ਹੈ। ਇਸ ਵੇਲੇ ਗਰਭਵਤੀ ਇਸਤਰੀ ਦੇ ਸੁਰਮਾ ਪਾਇਆ ਜਾਂਦਾ ਹੈ। ਇਸ ਤੋਂ ਪਿੱਛੋਂ ਉਹ ਬੱਚੇ ਦੇ ਜਨਮ ਤਕ ਸੁਰਮਾ ਪਾਉਣਾ ਬੰਦ ਕਰ ਦਿੰਦੀ ਹੈ।

ਜੀਂਦ ਵਿਚ ਇਹ ਰਸਮ ਤੀਜੇ ਮਹੀਨੇ ਦੇ ਅੰਤ ਵਿਚ ਮਨਾਈ ਜਾਂਦੀ ਹੈ । ਇਸ ਨੂੰ ‘ਮਿੱਠਾ ਬੋਹੀਆ’ ਕਹਿੰਦੇ ਹਨ, ਕਿਉਂਕਿ ਇਸ ਵੇਲੇ ਉਸ ਦੀ ਮਾਂ ਉਸ ਨੂੰ ਮਿੱਠਾ ਬੋਹੀਆ ਅਤੇ ਚੌਲ ਘੱਲਦੀ ਹੈ। ਕੁੜੀ ਦੇ ਪਹਿਨਣ ਵਾਸਤੇ ਡੇਢ ਸੂਟ ਤੇ ਉਸ ਦੇ ਨਾਲ ਪੰਜ ਰੁਪਏ ਵੀ ਭੇਜੇ ਜਾਂਦੇ ਹਨ। ਪੰਜਵੇਂ ਮਹੀਨੇ ਇਸ ਰੀਤ ਨੂੰ ਦੁਹਰਾਉਂਦੇ ਹਨ। ਇਸ ਸਮੇਂ ਸੂਟਾਂ ਦੀ ਗਿਣਤੀ ਢਾਈ, ਮਠਿਆਈ ਸਵਾ ਮਣ ਅਤੇ ਰੁਪਏ ਸੱਤ ਹੋ ਜਾਂਦੇ ਹਨ। ਇਸ ਰਸਮ ਨੂੰ ‘ਛੋਟੀਆਂ ਰੀਤਾਂ’ ਜਾਂ ‘ਰੀਤ’ ਵੀ ਕਹਿੰਦੇ ਹਨ ਅਤੇ ਅੰਮ੍ਰਿਤਸਰ ਤੇ ਗੁਜਰਾਂਵਾਲੇ ਵਿਚ ‘ਅਧ ਗਭ’। ਪਠਾਨਕੋਟ ਵਿਚ ਇਸੇ ਕਿਸਮ ਦੀ ਰਸਮ ਨੂੰ ‘ਠਾਕਣੀ’ ਕਹਿੰਦੇ ਹਨ। ਕਈ ਪੰਜਵੇਂ ਮਹੀਨੇ ਦੀਆਂ ਰੀਤਾਂ ਨੂੰ ‘ਕੱਚੀਆਂ’ ਮੰਨਦੇ ਹਨ ਅਤੇ ਸੱਤਵੇਂ ਮਹੀਨੇ ਭਾਈਚਾਰਾ ਇਕੱਠਾ ਕਰ ਕੇ ਕਈ ਵਾਰੀ ਵਿਆਹ ਵਰਗਾ ਕਾਰਜ ਰਚਾ ਕੇ ਇਨ੍ਹਾਂ ਨੂੰ ‘ਪੱਕੀਆਂ ਕਰ ਲੈਂਦੇ ਹਨ। ਉਹ ਪਤੀ ਪਤਨੀ ਦੇ ਮਾਈਏਂ ਲਿਆਉਂਦੇ ਹਨ ਅਤੇ ਘੋੜੀਆਂ ਸੁਹਾਗ ਵੀ ਗਾਉਂਦੇ ਹਨ। ਹੁਸ਼ਿਆਰਪੁਰ ਦੇ ਤਰਖਾਣ ਲੁਹਾਰ ‘ਕੱਚੀਆਂ ਰੀਤਾਂ’ ਕਰਦੇ ਹੀ ਨਹੀਂ ਅਤੇ ਸੱਤਵੇਂ ਮਹੀਨੇ ਦੀਆਂ ਇਨ੍ਹਾਂ ‘ਪੱਕੀਆਂ ਰੀਤਾਂ’ ਨਾਲ ਹੀ ਕੰਮ ਚਲਾ ਲੈਂਦੇ ਹਨ। ਪੱਛਮੀ ਪੰਜਾਬ ਵਿਚ ਸੱਤਵੇਂ ਮਹੀਨੇ ਦੀਆਂ ਇਨ੍ਹਾਂ ਰੀਤਾਂ ਨੂੰ ‘ਦੇਵਾ ਧੰਮੀ’ ਕਹਿੰਦੇ ਹਨ ਅਤੇ ਹਿਸਾਰ ਦੇ ਜਾਟ ‘ਕਾਂਜੀ’ ਕਹਿੰਦੇ ਹਨ । ਗੁਰਦਾਸਪੁਰ ਵਿਚ ਇਸ ਸਮੇਂ ਪਤਨੀ ਦੇ ਗਲ ਵਾਸਤੇ ਉਸ ਦੇ ਮਾਪੇ ਇਕ ਜ਼ੰਜੀਰੀ ਵੀ ਭੇਜਦੇ ਹਨ ਜਿਹੜੀ ਬੱਚੇ ਦੇ ਜਨਮ ਤੋਂ ਪਿੱਛੋਂ ਬੱਚੇ ਦੇ ਗਲ ਵਿਚ ਪਾ ਦਿੱਤੀ ਜਾਂਦੀ ਹੈ।

ਇਸ ਦੇ ਨਾਲ ਹੀ ਅਨੇਕ ਭਰਮ ਅਤੇ ਪਰਹੇਜ਼ ਵੀ ਮੰਨੇ ਜਾਂਦੇ ਹਨ। ਗ੍ਰਹਿਣ ਵਿਚ ਗਰਭਵਤੀ ਦਾ ਹਿਲਣਾ-ਜੁਲਣਾ ਮਨ੍ਹਾ ਹੁੰਦਾ ਹੈ ਵਰਨਾ ਕੁੱਖ ਵਿਚਲੇ ਬੱਚੇ ਉੱਤੇ ਬੁਰਾ ਅਸਰ ਪੈਂਦਾ ਮੰਨਿਆ ਜਾਂਦਾ ਹੈ। ਕੇਂਦਰੀ ਪੰਜਾਬ ਦੇ ਵਸਨੀਕ ਉਸ ਦੇ ਪੈਰਾਂ ਵਿਚ ਅੱਟੀ ਪੁਆ ਕੇ ਉਸ ਨੂੰ ਲਿਟਾ ਦਿੰਦੇ ਹਨ ਤਾਂ ਜੋ ਉਹ ਬਹੁਤਾ ਤੁਰਨ ਫਿਰਨ ਦਾ ਕੰਮ ਨਾ ਕਰੇ। ਇਨ੍ਹਾਂ ਦਿਨਾਂ ਵਿਚ ਉਹ ਕਿਸੇ ਦੀਆਂ ਜੂਆਂ ਨਹੀਂ ਵੇਖਦੀ; ਮੁਰਦੇ ਜਾਂ ਛਿਲੇ ਵਾਲੀ ਜ਼ਨਾਨੀ ਦੇ ਕੋਲ ਨਹੀਂ ਜਾਂਦੀਚੰਗੀ ਮੰਦੀ ਚੀਜ਼ ਨਹੀਂ ਖਾਂਦੀ; ਉਤਰਾਈ ਨਹੀਂ ਉਤਰਦੀ, ਚੜ੍ਹਾਈ ਨਹੀਂ ਚੜ੍ਹਦੀ, ਨਹੁੰਆਂ ਨਾਲ ਜ਼ਮੀਨ ਨਹੀਂ ਖੁਰਚਦੀ । ਅੱਗੇ, ਗਰਭਵਤੀ ਇਸਤਰੀ ਲਈ ਰੁੱਖਾਂ ਜਾਂ ਪਾਣੀ ਵਾਲੇ ਸਥਾਨਾਂ ਤੇ ਜਾਣਾ ਵਿਵਰਜਿਤ ਸੀ। ਚੰਬੇ ਦੀ ਰਿਆਸਤ ਵਿਚ ਤਾਂ ਅੱਜ ਤਕ ਵੀ ਵਿਵਰਜਿਤ ਹੈ। ਇਕ ਵਿਸ਼ਵਾਸ਼ ਇਹ ਵੀ ਹੈ ਕਿ ਗਰਭਵਤੀ ਇਸਤਰੀ ਦਾ ਪਰਛਾਵਾਂ ਸੱਪ ਦੀ ਟੋਰ ਮੱਠੀ ਕਰ ਦਿੰਦਾ ਹੈ – ਇਸ ਵਿਚ ਬੜੀ ਸ਼ਕਤੀ ਹੁੰਦੀ ਹੈ।

ਕਈ ਵਾਰੀ ਕੁੜੀਆਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਆਪਣੀਆਂ ਦੁੱਧੀਆਂ ਵਿਚੋਂ ਦੁੱਧ ਚੋ ਕੇ ਵੇਖਦੀਆਂ ਹਨ। ਜੇ ਧਾਰ ਪਤਲੀ ਹੋਵੇ ਤਾਂ ਮੁੰਡਾ ਤੇ ਜੇ ਮੋਟੀ ਹੋਵੇ ਤਾਂ ਕੁੜੀ ਮੰਨੀ ਜਾਂਦੀ ਹੈ। ਫੇਰ ਦੁੱਧ ਨੂੰ ਜਲਾ ਕੇ ਵੇਖਦੀਆਂ ਹਨ ਜੇ ਜਲ ਜਾਵੇ ਤਾਂ ਮੁੰਡਾ ਨਹੀਂ ਤੇ ਕੁੜੀਇਹ ਭਰਮ ਵਧੇਰੇ ਕਰਕੇ ਹਿਸਾਰ ਵਿਚ ਪ੍ਰਚੱਲਿਤ ਹੈ। ਇਕ ਲੋਕ-ਭਰਮ ਇਹ ਪ੍ਰਚੱਲਿਤ ਹੈ ਕਿ ਜੇ ਗਰਭਵਤੀ ਸੁੱਚੇ ਮੋਤੀ ਖਾ ਲਵੇ ਤਾਂ ਉਹ ਮੁੰਡੇ ਨੂੰ ਜਨਮ ਦਿੰਦੀ ਹੈ । (ਪਟਿਆਲਾ) ।

ਆਮ ਤੌਰ ਤੇ ਪੰਜਾਬ ਵਿਚ ਜੇਠੇ ਹਮਲ ਸਮੇਂ ਕੁੜੀ ਨੂੰ ਉਸ ਦੇ ਪੇਕੀਂ ਭੇਜ ਦਿੰਦੇ ਹਨ। ਪੇਕੀਂ ਭੇਜਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ ਉਸ ਦੀਆਂ ਸਰੀਰਕ ਲੋੜਾਂ ਤੋਂ ਸਹੁਰੇ ਘਰ ਨਾਲੋਂ ਵਧੇਰੇ ਜਾਣੂੰ ਹੁੰਦੀ ਹੈ। ਤੁਰਨ ਵੇਲੇ ਉਸ ਦੀ ਸੱਸ ਉਸ ਨੂੰ ਇਕ ਖੰਮਣੀ, ਲੱਡੂਆਂ ਦਾ ਜੋੜਾ ਤੇ ਖੋਪੇ ਦਾ ਗੁੱਟ ਦਿੰਦੀ ਹੈ ਜਿਸ ਨੂੰ ਵੇਖਦਿਆਂ ਹੀ ਉਸ ਦੀ ਮਾਂ ਨੂੰ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗ ਜਾਂਦਾ ਹੈ।

ਪੁਰਾਤਨ ਪੰਜਾਬ ਵਿਚ ਜਣੇਪੇ ਵਾਸਤੇ ਚੰਗੇ ਕਾਰੀਗਰਾਂ ਦੇ ਬਣਾਏ ਹੋਏ ਸਥਾਨ ਨੀਅਤ ਕੀਤੇ ਜਾਂਦੇ ਸਨ ਅਤੇ ਇਸ ਮਨੋਰਥ ਵਾਸਤੇ ਕੇਵਲ ਉਹੀ ਮਕਾਨ ਚੰਗੇ ਸਮਝੇ ਜਾਂਦੇ ਸਨ ਜਿਨ੍ਹਾਂ ਦਾ ਦਰਵਾਜ਼ਾ ਉੱਤਰ ਜਾਂ ਪੂਰਬ ਨੂੰ ਖੁਲ੍ਹਦਾ ਹੋਵੇ । ਅੱਜ ਦੇ ਪੰਜਾਬ ਵਿਚ, ਹੁਸ਼ਿਆਰਪੁਰ ਤੋਂ ਛੁੱਟ, ਜਿੱਥੋਂ ਤਕ ਹੋ ਸਕੇ ਜਣੇਪਾ ਧਰਤੀ ਉੱਤੇ ਹੀ ਕਰਾਇਆ ਜਾਂਦਾ ਹੈ।

ਜਣੇਪੇ ਵਾਲੇ ਕਮਰੇ ਵਿਚ ਕਿਸੇ ਪਰਛਾਵੇਂ ਵਾਲੀ ਇਸਤਰੀ ਜਾਂ ਬਿੱਲੀ ਕੁੱਤੇ ਨੂੰ ਨਹੀਂ ਆਉਣ ਦਿੰਦੇ, ਇੱਥੋਂ ਤਕ ਕਿ ਬਿੱਲੀ ਦਾ ਨਾਂ ਵੀ ਛਿਲੇ ਵਾਲੀ ਜਨਾਨੀ ਨੂੰ ਨਹੀਂ ਸੁਣਨ ਦਿੰਦੇ । ਇਨ੍ਹਾਂ ਤੋਂ ਬਚਣ ਲਈ ਹੀ ਕੋਠੇ ਦੀ ਛੱਤ ਉੱਤੇ ਅੱਕ, ਢੱਕ, ਝਿੰਗਾਂ ਰੱਖ ਛੱਡਦੇ ਹਨ ਜਾਂ ਕਾਲੀ ਹਾਂਡੀ ਮੂਧੀ ਮਾਰ ਦਿੰਦੇ ਹਨ ਤਾਂ ਜੋ ਕੋਈ ਪਰਛਾਵੇਂ ਵਾਲੀ ਜ਼ਨਾਨੀ ਜਾਂ ਬਿੱਲੀ ਕੁੱਤਾ ਲੰਘ ਨਾ ਸਕੇ ਤੇ ਜੇ ਲੰਘੇ ਵੀ ਤਾਂ ਉਸ ਦਾ ਅਸਰ ਨਾ ਹੋਵੇ। ਦਾਈ ਆਉਂਦੇ ਸਾਰ ਹੀ ਕਮਰੇ ਦੇ ਦਰਵਾਜ਼ੇ ਨਾਲ ਅੰਬ ਜਾਂ ਸਰੀਂਹ ਦੇ ਪੱਤੇ ਬੰਨ੍ਹ ਦਿੰਦੀ ਹੈ। ਇਨ੍ਹਾਂ ਵਿਚ ਲੋਹੇ ਦਾ ਕੜਾ ਵੀ ਪਰੋਇਆ ਹੁੰਦਾ ਹੈ। ਛਿਲੇ ਵਾਲੇ ਕਮਰੇ ਵਿਚ ਦਾਈ ਪਾਣੀ ਦਾ ਕੁੱਜਾ, ਧੁਖਦੀ ਪਾਥੀ ਵਾਲਾ ਠੀਕਰਾ, ਸਰ੍ਹੋਂ, ਚੋਲ ਜਾਂ ਹੋਰ ਕੋਈ ਅਨਾਜ ਰਖਵਾ ਦਿੰਦੀ ਹੈ। ਜੇ ਸਰੀਂਹ ਦੇ ਸਿਹਰੇ ਵਿਚ ਲੋਹੇ ਦਾ ਕੜਾ ਨਾ ਹੋਵੇ ਤਾਂ ਕਮਰੇ ਵਿਚ ਪਈ ਮੰਜੀ ਦੀ ਪੈਂਦ ਨੂੰ ਜੰਦਰਾ ਮਰਵਾ ਦਿੰਦੇ ਹਨ। ਕਮਰੇ ਵਿਚ ਝਾੜੂ ਨਹੀਂ ਫੇਰਦੇ ਕਿਤੇ ਭਾਗ ਨਾ ਹੂੰਝੇ ਜਾਣ ।

ਜੇ ਬੱਚਾ ਹੋਣ ਵਿਚ ਦੇਰ ਲਗ ਰਹੀ ਹੋਵੇ ਤਾਂ ਕੋਈ ਰੋਕ ਮੰਨੀ ਜਾਂਦੀ ਹੈ। ਘਰ ਦੇ ਸਾਰੇ ਜੰਦਰੇ ਖੁਲ੍ਹਵਾ ਦਿੰਦੇ ਹਨ, ਛਿਲੇ ਵਾਲੀ ਜ਼ਨਾਨੀ ਦੀ ਪਰਾਂਦੀ ਦੀ ਗੱਠ ਖੋਲ੍ਹ ਦਿੰਦੇ ਹਨ, ਉਸ ਦੇ ਨਾਲੇ ਦੀ ਗੱਠ ਵੀ ਖੁਲ੍ਹਵਾ ਦਿੰਦੇ ਹਨ – ਇਹ ਸਾਰੇ ਅਮਲ ਬੱਚੇ ਨੂੰ ਬੱਚੇਦਾਨੀ ਵਿਚੋਂ ਤੋਰਨ ਦੇ -ਚਿੰਨ੍ਹ ਮੰਨੇ ਜਾਂਦੇ ਹਨ। ਕਈ ਇਲਾਕਿਆਂ ਵਿਚ ਮਾਂਹ ਤੇ ਲੂਣ ਉਸ ਦੇ ਸਿਰ ਤੋਂ ਵਾਰ ਕੇ ਪੁੰਨ ਦਾਨ ਵਜੋਂ ਦਾਈ ਨੂੰ ਦੇ ਦਿੰਦੇ ਹਨ। ਅੰਬਾਲੇ ਦੇ ਜ਼ਿਲ੍ਹੇ ਵਿਚ ਇਕ ਹੋਰ ਰਿਵਾਜ ਵੀ ਹੈ। ਪਿਪਲੀ ਦੇ ਪਾਸ ਇਕ ਚਿਕਾਬੂ ਦਾ ਕਿਲਾ ਹੈ। ਇਸ ਕਿਲ੍ਹੇ ਦੀਆਂ ਇੱਟਾਂ ਘੋਲ ਕੇ ਜਣਨੀ ਨੂੰ ਪਿਲਾ ਦਿੱਤੀਆਂ ਜਾਂਦੀਆਂ ਹਨ । ਕਹਿੰਦੇ ਹਨ ਇਸ ਪਾਣੀ ਨਾਲ ਜਣੇਪਾ ਸੌਖਾ ਹੋ ਜਾਂਦਾ ਹੈ । ਲੋਕਾਂ ਦੇ ਘਰਾਂ ਦੀਆਂ ਕੰਧਾਂ ਉੱਤੇ ਇਸ ਕਿਲ੍ਹੇ ਦਾ ਨਕਸ਼ਾ ਬਣਿਆ ਹੋਇਆ ਹੁੰਦਾ ਹੈ। ਜੇ ਇੱਟਾਂ ਨਾ ਮਿਲਣ ਤਾਂ ਇਸ ਨਕਸ਼ੇ ਉੱਤੋਂ ਵਾਰ ਕੇ ਪੀਤਾ ਪਾਣੀ ਵੀ ਓਨਾ ਹੀ ਅਸਰਦਾਇਕ ਮੰਨਿਆ ਜਾਂਦਾ ਹੈ।

ਜਣੇਪੇ ਤੋਂ ਪਿੱਛੋਂ ਬੱਚੇ ਤੇ ਜ਼ੱਚਾ ਨੂੰ ਧੂਪ ਦਿੱਤੀ ਜਾਂਦੀ ਹੈ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਹੈ ਜਿਹੜਾ ਦਸ ਦਿਨ ਲਗਾਤਾਰ ਜਗਦਾ ਰਹਿੰਦਾ ਹੈ। ਕੇਂਦਰੀ ਪੰਜਾਬ ਵਿਚ ਬੱਚੇ ਦੀ ਮਾਂ ਕੋਲੋਂ ਜੇਠੇ ਬੱਚੇ ਦੇ ਜਨਮ ਤੇ ਕੋਠੇ ਦੀਆਂ ਕੁਝ ਕੜੀਆਂ ਗਿਣਵਾਈਆਂ ਜਾਂਦੀਆਂ ਹਨ। ਕਹਿੰਦੇ ਹਨ ਉਹ ਜਿੰਨੀਆਂ ਕੜੀਆਂ ਗਿਣੇਗੀ ਉੱਨੇ ਹੀ ਉਸ ਦੇ ਹੋਰ ਬੱਚੇ ਹੋਣਗੇ ।

ਪੰਜਾਬ ਦੇ ਮੁਸਲਮਾਨ ਜਨਮ ਵਾਲੀ ਸਾਰੀ ਰਾਤ ਰਾਤ-ਜਗਾ ਕੱਟਦੇ ਸਨ ਅਤੇ ਬਰਾਦਰੀ ਦੀਆਂ ਔਰਤਾਂ ਗੀਤ ਗਾਉਂਦੀਆਂ ਸਨ । ਲੁਹਾਰੂ ਵਿਚ ਇਹ ਵੀ ਰਿਵਾਜ ਹੈ ਕਿ ਛਿਲੇ ਵਾਲੇ ਕਮਰੇ ਵਿਚ ਕਲਮ ਦਵਾਤ ਤੇ ਕਾਗਜ਼ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਉਸ ਰਾਤ ਵਿਧਮਾਤਾ ਪੈਰ ਪਾਉਂਦੀ ਹੈ। ਉਸ ਨੂੰ ਸੁਝਾਉ ਦਿੱਤਾ ਜਾਂਦਾ ਹੈ ਕਿ ਉਹ ਬੱਚੇ ਦੀ ਕਿਸਮਤ ਚੰਗੀ ਲਿਖ ਜਾਵੇ।

ਜੇ ਮੁੰਡਾ ਜੰਮੇ ਤਾਂ ਖਾਂਦੇ ਪੀਂਦੇ ਘਰਾਣੇ ਬੰਦੂਕ ਦਾ ਫਾਇਰ ਕਰਵਾ ਦਿੰਦੇ ਹਨ ਤੇ ਥਾਲੀ ਵਜਵਾ ਦੇਣ ਦੀ ਰੀਤ ਤਾਂ ਆਮ ਹੀ ਹੈ। ਹਰਿਆਣੇ ਦੇ ਰਾਜਪੂਤ ਇਕ ਹੋਰ ਰਸਮ ਕਰਦੇ ਹਨ। ਨਵ-ਜੰਮੇ ਬੱਚੇ ਦਾ ਚਾਚਾ ਉਸ ਦੀ ਮਾਂ ਦੀ ਪਿੱਠ ਉੱਤੇ ਪੈਰ ਰੱਖ ਕੇ ਲੋਹੇ ਦੀ ਚੁੰਝ ਵਾਲਾ ਇਕ ਤੀਰ ਕੋਠੇ ਦੀ ਛੱਤ ਉੱਤੇ ਮਾਰਦਾ ਹੈ ਜਿਹੜਾ ਉੱਥੇ ਹੀ ਟੰਗਿਆ ਰਹਿੰਦਾ ਹੈ। ਇਹ ਮੁੰਡੇ ਜੰਮਣ ਦਾ ਸੂਚਕ ਹੁੰਦਾ ਹੈ ਅਤੇ ਇਸ ਨੂੰ ਕਦੀ ਨਹੀਂ ਹਿਲਾਉਂਦੇ ਜਦ ਤਕ ਇਹ ਆਪ ਧਰਤੀ ਤੇ ਨਹੀਂ ਡਿਗ ਪੈਂਦਾ। ਕੁੜੀ ਜੰਮੇ ਤਾਂ ਕਿਸੇ ਕਿਸਮ ਦੀ ਖੁਸ਼ੀ ਨਹੀਂ ਮਨਾਈ ਜਾਂਦੀ। ਹਰਿਆਣੇ ਵਿਚ ਤਾਂ ਕੁੜੀ ਦੇ ਜੰਮਣ ਤੇ ਠੀਕਰਾ ਫੋੜਦੇ ਹਨ :

ਜਬ ਹੋਇਆ ਸ਼ੇਰ ਸਿੰਘ ਤੋਂ ਬਜੀ ਥਾਲੀ

ਜਬ ਹੂਈ ਧਾਪਾਂ ਤੋਂ ਛੁੱਟਿਆ ਠੀਕਰਾ

ਮੁੰਡਾ ਹੋਵੇ ਤਾਂ ਥਾਲੀ ਆਦਿ ਦੀ ਆਵਾਜ਼ ਸੁਣ ਕੇ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਬੰਦੇ ਵਧਾਈਆਂ ਲੈ ਕੇ ਆ ਜਾਂਦੇ ਹਨ। ਹਰਾ ਘਾਹ ਜਾਂ ਖੱਬਲ (ਜਿਸ ਨੂੰ ਦੁੱਬ ਕਹਿੰਦੇ ਹਨ) ਹਰ ਖੁਸ਼ੀ ਦੇ ਮੌਕੇ ਉੱਤੇ ਵਧਾਈ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਲਾਗੀ ਦੀ ਵਧਾਈ (ਦੁੱਬ ਦੇ ਰੂਪ ਵਿਚ) ਪਰਵਾਨ ਕੀਤੀ ਜਾਂਦੀ ਹੈ, ਉਸ ਤੋਂ ਪਿੱਛੋਂ ਨਾਈ, ਝੀਉਰ ਅਤੇ ਭਾਈਚਾਰੇ ਦੇ ਬਾਕੀ ਮੈਂਬਰਾਂ ਦੀ। ਲਾਗੀ ਨੂੰ ਇਹ ਮਾਣ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਜਨਮ ਨਾਲ ਸਬੰਧਤ ਵਿਹਾਰਾਂ ਵਿਚ ਉਸ ਦੀ ਲਾਗਣ (ਦਾਈ) ਹੀ ਪ੍ਰਧਾਨ ਹੁੰਦੀ ਹੈ। ਵਿਆਹ ਨਾਲ ਸਬੰਧਤ ਰਸਮਾਂ ਵਿਚ ਇਹ ਮਾਣ ਨਾਈ ਨੂੰ ਮਿਲਦਾ ਹੈ ਅਤੇ ਮਰਨ ਸਮੇਂ ਭਾਈਆਂ (ਭਾਈਚਾਰੇ) ਨੂੰ । ਦਾਈ, ਨਾਈ ਅਤੇ ਭਾਈ ਦੇ ਤਿੰਨ ਅਸ਼ਨਾਨ ਜ਼ਿੰਦਗੀ ਦੇ ਮਹਾਨ ਇਸ਼ਨਾਨ ਮੰਨੇ ਜਾਂਦੇ ਹਨ। ਦਾਈ ਜਨਮ ਵੇਲੇ ਨੁਹਾਉਂਦੀ ਹੈ, ਨਾਈ ਵਿਆਹ ਸਮੇਂ ਅਤੇ ਭਾਈ ਮਰਨ ਤੋਂ ਪਿੱਛੋਂ ।

8 ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਅਤੇ ਭਾਈਚਾਰੇ ਵਿਚ ਗੁੜ, ਮਿਸਰੀ ਜਾਂ ਪਤਾਸੇ ਵੰਡੇ ਜਾਂਦੇ ਹਨ। ਕਾਂਗੜੇ ਦੇ ਰਾਜਪੂਤੀ ਘਰ ਵਿਚ ਮੁੰਡਾ ਜੰਮੇ ਤਾਂ ਕੁਲ ਦੇ ਦਿਉਤੇ ਦੀ ਪੂਜਾ ਕਰ ਕੇ ਬੱਕਰੇ ਦੀ ਛੋਡ ਕਰਦੇ ਹਨ। ਕੇਂਦਰੀ ਪੰਜਾਬ ਦੇ ਜੱਟ ਝਟਕੇ ਤੇ ਸ਼ਰਾਬ ਦੀ ਦਾਅਵਤ ਕਰਦੇ ਹਨ। ਭਾਈਚਾਰੇ ਦੀਆਂ ਕੁੜੀਆਂ ਚਿੜੀਆਂ ਮੁਟਿਆਰਾਂ ਰਾਤ ਨੂੰ ਗੀਤ ਗਾਉਂਦੀਆਂ ਹਨ ਤੇ ਪਤਾਸੇ ਖਾਂਦੀਆਂ ਹਨ। ਹਰਿਆਣੇ ਵਿਚ ਜਾਟਨੀਆਂ ‘ਕੂਆ ਪੁਜਾਈ’ ਦੀ ਰਸਮ ਦਾ ਗੀਤ ਗਾਉਂਦੀਆਂ ਰਹਿੰਦੀਆਂ ਹਨ।

ਜਨਮ ਤੋਂ ਪਿੱਛੋਂ ਜਣੇਪੇ ਦੀ ਔਲ ਨੂੰ ਕਮਰੇ ਵਿਚ ਹੀ ਕਿਸੇ ਖਲ-ਖੂੰਜੇ ਜਾਂ ਕੰਧ ਲਾਗੇ ਕੁਝ ਦਾਣੇ, ਲੂਣ ਤੇ ਪੈਸਾ ਸੁੱਟ ਕੇ ਦਬਾ ਦਿੰਦੇ ਹਨ। ਔਲ ਨਾਲ ਬੱਚੇ ਦੇ ਉਛਲਣ ਜਾਂ ਉਕਾਰੀ ਕਰਨ ਦਾ ਬਹੁਤ ਗੂੜ੍ਹਾ ਸਬੰਧ ਮੰਨਿਆ ਜਾਂਦਾ ਹੈ। ਜੇ ਕਦੀ ਬੱਚੇ ਨੂੰ ਅਜਿਹੀ ਸ਼ਿਕਾਇਤ ਹੋਵੇ ਤਾਂ ਇਸ ਨੂੰ ਥਾਪੜ ਦਿੰਦੇ ਹਨ ਜਾਂ ਇਸ ਸਥਾਨ ਦੇ ਉੱਪਰ ਥਾਲੀ ਵਜਾ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਇਸ ਨਾਲ ਬੱਚਾ ਠੀਕ ਹੋ ਜਾਂਦਾ ਹੈ। ਸ

ਨਵ-ਜੰਮੇ ਗੀਗੇ ਦਾ ‘ਨਾੜੂਆ ਸੰਘਰਨਾ’ ਵੀ ਇਕ ਰੀਤ ਹੈ । ਤਿੰਨ ਚਾਰ ਇੰਚ ਰੱਖ ਕੇ ਬਾਕੀ ਦਾ ਨਾੜੂ ਕਿਸੇ ਤਿੱਖੇ ਚਾਕੂ ਨਾਲ ਕੱਟ ਦਿੱਤਾ ਜਾਂਦਾ ਹੈ। ਪਿੱਛੇ ਰੱਖੇ ਗਏ ਨਾੜੂ ਨਾਲ ਮੁੰਡਾ ਹੋਵੇ ਤਾਂ ਕਿਸੇ ਸਿਆਣੇ ਜਨੇਊ ਨਾਲੋਂ ਧਾਗਾ ਲਾਹ ਕੇ ਬੰਨ੍ਹ ਦਿੰਦੇ ਹਨ ਅਤੇ ਕੁੜੀ ਹੋਵੇ ਤਾਂ ਕਿਸੇ ਚੰਗੇ ਚਰਖੇ ਦੀ ਮਾਲ੍ਹ । ਜਦ ਨਾੜੂ ਸੁੱਕ ਜਾਂਦਾ ਹੈ ਤਾਂ ਇਸ ਨੂੰ ਨਾਲ ਬੰਨ੍ਹੇ ਧਾਗੇ ਸਮੇਤ ਕਿਸੇ ਪਿੱਪਲ ਜਾਂ ਬੇਰੀ ਦੇ ਰੁੱਖ ਉੱਪਰ ਸੁੱਟ ਦਿੰਦੇ ਹਨ।

ਇਸੇ ਤਰ੍ਹਾਂ ਜਨਮ ਤੋਂ ਪਿੱਛੋਂ ਬੱਚੇ ਨੂੰ ਦਿੱਤੀ ‘ਗੁੜ੍ਹਤੀ’ ਦਾ ਵੀ ਬੱਚੇ ਦੇ ਸੁਭਾਉ ਉੱਤੇ ਚੋਖਾ ਅਸਰ ਹੁੰਦਾ ਮੰਨਿਆ ਜਾਂਦਾ ਹੈ। ਕਈ ਵਾਰੀ ਗਰਭਵਤੀਆਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਬੰਦੇ ਨੂੰ ਮਨ ਵਿਚ ਧਾਰ ਲੈਂਦੀਆਂ ਹਨ ਜਿਸ ਤੋਂ ਉਨ੍ਹਾਂ ਗੁੜ੍ਹਤੀ ਦਿਵਾਉਣੀ ਹੁੰਦੀ ਹੈ । ਉਹ ਆਪਣੇ ਬੱਚੇ ਨੂੰ ਉਸੇ ਵਰਗਾ ਬਣਦਾ ਵੇਖਣ ਦੀਆਂ ਚਾਹਵਾਨ ਹੁੰਦੀਆਂ ਹਨ। ਗੁੜ੍ਹਤੀ ਮਿਸਰੀ ਦੀ ਡਲੀ ਜਾਂ ਕਿਸੇ ਭੇਡ ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਹੈ। ਗੁੜ੍ਹਤੀ ਦੇਣ ਦੇ ਸਮੇਂ ਤਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਚੁੰਘਾਉਂਦੀ। ਇਹ ਸਮਾ ਆਮ ਤੌਰ ਤੇ ਜਨਮ ਤੋਂ ਪਿੱਛੋਂ ਛੱਤੀ ਘੰਟੇ ਦਾ ਹੁੰਦਾ ਹੈ। ਪੰਜਾਬ ਦੇ ਮੁਸਲਮਾਨ ਮਿਸਰੀ ਦੀ ਥਾਂ ਫੰਭੇ ਨਾਲ ਭੇਡ ਦਾ ਦੁੱਧ ਦਿੰਦੇ ਸਨ ਤੇ ਜ਼ਿਮੀਂਦਾਰ ਦੀਵੇ ਦੀ ਬੱਤੀ ਨਾਲ ਬੱਕਰੀ ਦਾ ਦੁੱਧ। ਦੁੱਧ ਕਿਸ ਚੀਜ਼ ਨਾਲ ਚੁੰਘਾਇਆ ਜਾਂਦਾ ਹੈ ਇਸ ਦਾ ਵੀ ਬੱਚੇ ਦੇ ਸੁਭਾਉ ਤੇ ਅਸਰ ਮੰਨਿਆ ਜਾਂਦਾ ਹੈ । ਹੁਸ਼ਿਆਰਪੁਰ ਦੇ ਇਕ ਦਲੇਰ ਮੁੰਡੇ ਦੇ ਪਿਉ ਨੇ ਸਾਨੂੰ ਦੱਸਿਆ ਕਿ ਉਸ ਨੇ ਗੁੜ੍ਹਤੀ ਦਾ ਦੁੱਧ ਸ਼ੇਰ ਦੀ ਮੁੱਛ ਦੇ ਵਾਲ ਨਾਲ ਦਿਵਾਇਆ ਸੀ ।

ਗੁੜ੍ਹਤੀ ਤੋਂ ਪਿੱਛੋਂ ਬੱਚੇ ਨੂੰ ਦੁੱਧ ਚੁੰਘਾਇਆ ਜਾ ਸਕਦਾ ਹੈ। ਪਰ ਪਹਿਲੀ ਵਾਰ ਦਾ ਦੁੱਧ ਵੀ ਬੱਚੇ ਦੀ ਮਾਂ ਬੜੇ ਸ਼ਗਨਾਂ ਨਾਲ ਚੁੰਘਾਉਂਦੀ ਹੈ । ਬੱਚੇ ਦੀ ਕੁਆਰੀ ਭੂਆ ਕਿਸੇ ਠੂਠੀ ਵਿਚ ਪਾਣੀ, ਹਲਦੀ ਤੇ ਮਿੱਠੇ ਚੌਲ ਘੋਲ ਲੈਂਦੀ ਹੈ। ਇਸ ਵਿਚ ਪਾਣੀ ਦੀ ਥਾਂ ਗਊ ਦਾ ਪਿਸ਼ਾਬ ਵੀ ਵਰਤਿਆ ਜਾਂਦਾ ਹੈ। ਭੂਆ ਇਸ ਘੋਲ ਵਿਚ ਹਰੇ ਘਾਹ ਦੀ ਇਕ ਜੁੜੀ ਡੋਬ ਡੋਬ ਕੇ ਮਾਂ ਦੀਆਂ ਛਾਤੀਆਂ ਧੋਂਦੀ ਹੈ । ਗੀਗੇ ਦੀ ਇਸ ਕੁਆਰੀ ਭੂਆ ਨੂੰ ਇਸ ਕਰਮ ਬਦਲੇ, ਗੁੰਜਾਇਸ਼ ਤੇ ਸ਼ਰਧਾ ਅਨੁਸਾਰ, ਚਾਰ ਆਨੇ ਤੋਂ ਲੈ ਕੇ ਪੰਝੀ ਰੁਪਏ ਤਕ ਨਕਦੀ ਤੇ ਕਈ ਵਾਰੀ ਗਊ ਜਾਂ ਮੱਝ ਦਿੱਤੀ ਜਾਂਦੀ ਹੈ । ਇਸ ਤੋਂ ਪਿੱਛੋਂ ਬੱਚੇ ਨੂੰ ਮਾਂ ਦਾ ਦੁੱਧ ਚੁੰਘਾ ਦਿੱਤਾ ਜਾਂਦਾ ਹੈ।

ਬੱਚੇ ਦੇ ਜਨਮ ਪਿੱਛੋਂ ਉਸ ਦੀ ‘ਜਨਮ-ਪੱਤਰੀ’ ਬਣਵਾਉਣ ਦਾ ਰਿਵਾਜ ਆਮ ਹੈ। ਇਹ ਪੱਤਰੀ ਕੁੜੀ ਮੁੰਡੇ ਦੀ ਸਗਾਈ ਵੇਲੇ ਵੀ ਮੇਲੀ ਜਾਂਦੀ ਹੈ । ਜੇ ਦੋਹਾਂ ਦੀ ਰਾਸ (ਰਾਸ਼ੀ) ਨਾ ਮਿਲਦੀ ਹੋਵੇ ਤਾਂ ਰਿਸ਼ਤਾ ਨਹੀਂ ਹੋ ਸਕਦਾ । ਹਰਿਆਣੇ ਵਿਚ ਤਾਂ ਮਾਂ ਵਾਸਤੇ ‘ਨਹਾਉਣ ਬਾਰ’, ‘ਮੌੜ ਅਸ਼ੁੱਧਤਾ ਨਿਕਾਲਨੇ ਕਾ ਬਾਰ’, ਅਤੇ ‘ਕੂਆ ਪੁਜਾਈ ਕਾ ਬਾਰ’ ਵੀ ਇਸ ਪੱਤਰੀ ਦੁਆਰਾ ਹੀ ਨੀਅਤ ਕੀਤਾ ਜਾਂਦਾ ਹੈ। ਪੱਤਰੀ ਬਣਵਾਉਣ ਵਾਸਤੇ ਘੜੀ ਦਾ ਵਕਤ ਨੋਟ ਕਰ ਲਿਆ ਜਾਂਦਾ ਹੈ ਜਿੱਥੇ ਘੜੀ ਨਾ ਮਿਲ ਸਕੇ ਉੱਥੇ ਚੰਦ ਜਾਂ ਸੂਰਜ ਦੇ ਪਰਛਾਂਵਿਆਂ ਤੇ ਹੀ ਕੀਲਾ ਗੱਡ ਦਿੰਦੇ ਹਨ ਤਾਂ ਕਿ ਪੰਡਤ ਵਕਤ ਦਾ ਠੀਕ ਅੰਦਾਜ਼ਾ ਲਾ ਸਕਣ। ਇਹ ਵੀ ਨੋਟ ਕੀਤਾ ਜਾਂਦਾ ਹੈ ਕਿ ਉਸ ਸਮੇਂ ਬੱਚੇ ਕੋਲ ਕੌਣ ਕੌਣ ਸਨ ਅਤੇ ਉਨ੍ਹਾਂ ਨੇ ਕਿਹੜੇ ਕਿਹੜੇ ਗਹਿਣੇ ਪਹਿਨੇ ਹੋਏ ਸਨ । ਇਨ੍ਹਾਂ ਗੱਲਾਂ ਨੂੰ ਮੁੱਖ ਰੱਖ ਕੇ ਪੰਡਤ ਕੁੰਡਲੀਆਂ ਆਦਿ ਮੇਲਦਾ ਹੈ। ਜੇ ਉਹ ਦੱਸੇ ਕਿ ਬੱਚੇ ਦਾ ਜਨਮ ਦਾ ਸਮਾਂ ਸ਼ੁਭ ਨਹੀਂ ਸੀ ਤਾਂ ਉਸੇ ਪੰਡਤ ਨੂੰ ਦਾਨ ਵਜੋਂ ਕੁਝ ਦੇ ਕੇ ਇਸ ਸਮੇਂ ਨੂੰ ਸ਼ੁਭ ਕਰ ਲਿਆ ਜਾਂਦਾ ਹੈ । ਪਹਿਲੇ ਵਕਤ ਵਿਚ ਅਸ਼ੁਭ ਗ੍ਰਹਿ ਥੱਲੇ ਪੈਦਾ ਹੋਏ ਬੱਚਿਆਂ ਨੂੰ ਖੂਹ, ਟੋਭੇ, ਜਾਂ ਦਰਿਆ ਵਿਚ ਰੂੜਾ ਦਿੰਦੇ ਸਨ, ਘਰ ਨਹੀਂ ਸਨ ਰੱਖਦੇ। ਇਸ ਦਾ ਜ਼ਿਕਰ ਸਾਡੇ ਕਿੱਸਾ-ਸਾਹਿੱਤ ਵਿਚ ਆਮ ਮਿਲਦਾ ਹੈ। ਸਾਰੇ ਪੰਜਾਬ ਵਿਚ ਜਣੇਪੇ ਤੋਂ ਪੰਜ ਦਿਨ ਪਿੱਛੋਂ ‘ਪੰਜਵਾਂ-ਨਹਾਉਣ’ ਦੀ ਰੀਤ ਹੈ। ਪੰਜਵੇਂ ਦਿਨ ਮਾਵਾਂ ਪਾਣੀ ਵਿਚ ਸੇਂਜੀ, ਮੇਥੀ ਜਾਂ ਵਣ ਦੇ ਪੱਤੇ ਉਬਾਲ ਕੇ ਨਹਾਉਂਦੀਆਂ ਹਨ। ਇਹ ‘ਪੰਜਵਾਂ ਨੁਹਾਉਣ’ ਦਾਈ ਕਰਾਉਂਦੀ ਹੈ ਅਤੇ ਨੁਹਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁਝ ਨਕਦੀ ਰਖਾ ਲੈਂਦੀ ਹੈ, ਜਿਹੜੀ ਬਾਅਦ ਵਿਚ ਉਸੇ ਨੂੰ ਦੇ ਦਿੱਤੀ ਜਾਂਦੀ ਹੈ । ਹਰਿਆਣੇ ਵਿਚ ਇਸ ਰੀਤ ਨੂੰ ‘ਨਹਾਉਣ ਬਾਰ’ ਕਹਿੰਦੇ ਹਨ।

ਛੇਵਾਂ ਦਿਨ ਬ੍ਰਾਹਮਣੀ ਦਾ ਹੁੰਦਾ ਹੈ। ਉਹ ਚੌਂਕ ਪੂਰ ਕੇ ਮਾਂ ਨੂੰ ਰੋਟੀ ਪਕਾ ਕੇ ਖੁਆਉਂਦੀ ਹੈ। ਸਿੱਖ, ਸਿੰਘਾਂ ਨੂੰ ਰੋਟੀ ਖੁਆ ਦਿੰਦੇ ਹਨ। ਇਸ ਰੀਤ ਨੂੰ ਕੇਂਦਰੀ ਪੰਜਾਬ ਵਿਚ ‘ਛਟੀ’ ਅਤੇ ਹਰਿਆਣੇ ਵਿਚ ‘ਧਮਨ’ ਕਹਿੰਦੇ ਹਨ। ਇਸ ਵੇਲੇ ਮਾਂ ù ਕੇ ਖਾਂਦੀ ਹੈ । ਕਹਿੰਦੇ ਹਨ ਕਿ ਉਹ ਜਿੰਨਾ ਨੀਅਤ ਭਰ ਕੇ ਖਾਏਗੀ, ਓਨੀ ਹੀ ਉਸ ਦੇ ਬੱਚੇ ਦੀ ਨੀਅਤ ਭਰੀ ਰਹੇਗੀ। ਜੇ ਕਿਸੇ ਦਾ ਬੱਚਾ ਨੀਅਤ ਦਾ ਚੰਗਾ ਨਾ ਹੋਵੇ ਤਾਂ ਉਸ ਨੂੰ ਆਮ ਤੌਰ ਤੇ ‘ਛਟੀ ਦਾ ਭੁੱਖਾ’ ਦਸਦੇ ਹਨ।

ਆਮ ਵਿਸ਼ਵਾਸ ਹੈ ਕਿ ਬੱਚੇ ਦੇ ਜਨਮ ਨਾਲ ਘਰ ਅਸ਼ੁੱਧ ਹੋ ਜਾਂਦਾ ਹੈ । ਅਸ਼ੁੱਧਤਾ ਦਾ ਸਮਾਂ ਬ੍ਰਾਹਮਣਾਂ ਵਾਸਤੇ ਦਸ ਦਿਨ, ਖੱਤਰੀਆਂ ਵਾਸਤੇ ਗਿਆਰਾਂ ਦਿਨ ਅਤੇ ਵੈਸ਼ਾਂ ਸ਼ੂਦਰਾਂ ਵਾਸਤੇ ਇਸ ਤੋਂ ਵੀ ਵਧੇਰੇ ਦਿਨ ਮੰਨਿਆ ਜਾਂਦਾ ਹੈ । ਇਸ ਸਮੇਂ ਨੂੰ ‘ਸੂਤਕ’ ਜਾਂ ‘ਛਿਲਾ’ ਕਹਿੰਦੇ ਹਨ। ਉਂਞ ਆਮ ਤੌਰ ਤੇ ਇਹ ਸਮਾਂ ਗਿਆਰਾਂ ਜਾਂ ਤੇਰ੍ਹਾਂ ਦਿਨ ਹੀ ਮੰਨਿਆ ਜਾਂਦਾ ਹੈ।

ਸੂਤਕ ਜਾਂ ਛਿਲਾ ਮੁੱਕਣ ਉੱਤੇ ਸਾਰੇ ਘਰ ਦੀ ਸ਼ੁੱਧੀ ਕੀਤੀ ਜਾਂਦੀ ਹੈ। ਹਰਿਆਣੇ ਵਿਚ ਇਹ ਦਸਵੇਂ ਦਿਨ ਹੁੰਦੀ ਹੈ। ਇਸ ਰਸਮ ਨੂੰ ‘ਦਸੋਧਨ’ ਕਹਿੰਦੇ ਹਨ। ਉਹ ਮਾਂ ਦਾ ਬਿਸਤਰਾ ਤੇ ਕਪੜੇ ਲੁਹਾ ਕੇ ਧਾਣਕੀ (ਦਾਈ) ਨੂੰ ਦੇ ਦਿੰਦੇ ਹਨ । ਸਾਰੇ ਘਰ ਦੀ ਗੋਹੇ ਨਾਲ ਲਿਪਾਈ ਕੀਤੀ ਜਾਂਦੀ ਹੈ । ਪੁਰਾਣੇ ਮਟਕੇ ਸੁੱਟ ਕੇ ਨਵੇਂ ਲਾਉਂਦੇ ਹਨ, ਗਾਗਰਾਂ ਹੋਣ ਤਾਂ ਉਨ੍ਹਾਂ ਦੀ ਮੰਜਾਈ ਕਰਵਾਉਂਦੇ ਹਨ । ਬ੍ਰਾਹਮਣ ਜੰਡ ਜਾਂ ਢੱਕ ਦੀ ਲਕੜੀ ਫੂਕ ਕੇ ਹਵਨ ਕਰਦਾ ਹੈ। ਹਵਨ ਵਿਚ ਪ੍ਰੇਤਾਂ ਨੂੰ ਖੁਸ਼ ਕਰਨ ਲਈ ਤਿਲ, ਜੌਂ ਤੇ ਚੌਲ ਸੁੱਟੇ ਜਾਂਦੇ ਹਨ। ਇਸ ਅਮਲ ਨੂੰ ‘ਛਹੁੜ ਕੱਢਣਾ’ ਕਹਿੰਦੇ ਹਨ।

ਕੇਂਦਰੀ ਪੰਜਾਬ ਵਿਚ ਸ਼ੁੱਧੀ ਨਾਲੋਂ ‘ਬਾਹਰ ਵਧਾਉਣ’ ਦੀ ਰਸਮ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ। ਇਹ ਰਸਮ ਤੇਰਵੇਂ ਦਿਨ ਕੀਤੀ ਜਾਂਦੀ ਹੈ। ਇਸ ਦਿਹਾੜੇ ਮਾਂ ਨੂੰ ਗਊ-ਪਿਸ਼ਾਬ ਨਾਲ ਸਿਰ ਨੁਹਾ ਕੇ ਤੇ ਪੁਸ਼ਾਕ ਪੁਆ ਕੇ ਤਿਆਰ ਕਰ ਲੈਂਦੇ ਹਨ। ਮੁੰਡਾ ਹੋਵੇ ਤਾਂ ਇਸੇ ਸਮੇਂ ਪਿੰਡ ਦੇ ਲਾਗੀ ਤੇ ਕਮੀਣ ਤੁਹਫੇ ਲੈ ਕੇ ਵਧਾਈਆਂ ਦੇਣ ਆਉਂਦੇ ਹਨ। ਮਹਿਰਾ ਮੌਲੀ ਵਿਚ ਸਰੀਂਹ ਦੇ ਪੱਤਿਆਂ ਦਾ ਸਿਹਰਾ ਪਰੋ ਕੇ; ਤਰਖਾਣ ਗੁੱਲੀ ਡੰਡਾ, ਲਾਗੀ ਤੀਰਕਮਾਨ ਮੋਚੀ ਮੌਜੇ (ਹਰਿਆਣੇ ਵਿਚ ਚਮੜੇ ਦੀ ਤ੍ਰਾਗੜੀ ਵੀ); ਘੁਮਿਆਰ ਨਹਾਉਣ ਵਾਲਾ ਦੋਹਾ ਜਾਂ ਝੱਜਰ ਤੇ ਦਾਈ ਬੱਚੇ ਵਾਸਤੇ, ਤੜਾਗੀ ਲਿਆਉਂਦੇ ਹਨ। ਇਨ੍ਹਾਂ ਤੁਹਫਿਆਂ ਤੇ ਵਧਾਈਆਂ ਦੇ ਬਦਲੇ ਉਨ੍ਹਾਂ ਨੂੰ ਬਣਦਾ-ਸਰਦਾ ਲਾਗ ਦਿੱਤਾ ਜਾਂਦਾ ਹੈ । ਨਾਇਣ ਗੋਹੇ ਦੀ ਬਹੂ ਬਣਾ ਕੇ ਲੈ ਆਉਂਦੀ ਹੈ ਜਿਸ ਨੂੰ ਵਿਹੁ-ਮਾਤਾ (ਵਿਧਾਤਾ) ਜਾਂ ਬਿਧ ਕਹਿੰਦੇ ਹਨ। ਦਾਈ ਇਹ ਤੜਾਗੀ, ਜਿਸ ਵਿਚ ਘੁੰਗਰੂ ਤੇ ਮੋਤੀ ਪਰੋਏ ਹੁੰਦੇ ਹਨ, ਬੱਚੇ ਦੇ ਲੱਕ ਨੂੰ ਬੰਨ੍ਹ ਦਿੰਦੀ ਹੈ ਅਤੇ ਨਾਇਣ ਵਿਹੜੇ ਵਿਚ ਦਾਣਿਆਂ ਦੀ ਢੇਰੀ ਲਾ ਕੇ ਬਿਧਮਾਤਾ ਨੂੰ ਰੇਸ਼ਮੀ ਪਟੌਲ੍ਹੇ ਵਿਚ ਵਲ੍ਹੇਟ ਕੇ ਉਸ ਢੇਰੀ ਵਿਚ ਗੱਡ ਦਿੰਦੀ ਹੈ। ਇਸ ਤੋਂ ਪਿੱਛੋਂ ਬੱਚੇ ਮਾਂ ਨੂੰ ਨਾਈ ਦੀ ਜੁੱਤੀ (ਨਾਇਣ ਦੀ ਨਹੀਂ) ਪੁਆ ਕੇ ਬਾਹਰ ਵਧਾਉਂਦੇ ਹਨ। ਉਹ ਆਪਣੇ ਬੱਚੇ ਨੂੰ ਗੋਦ ਲੈ ਕੇ ਬਾਹਰ ਪਈ ਪੀੜ੍ਹੀ ਉੱਤੇ ਵਿਹੁਮਾਤਾ ਦੇ ਸਾਹਮਣੇ ਚੜ੍ਹਦੇ ਵੱਲ ਨੂੰ ਮੂੰਹ ਕਰ ਕੇ ਬੈਠ ਜਾਂਦੀ ਹੈ ਅਤੇ ਇਸ ਨੂੰ ਮੱਥਾ ਟੇਕਦੀ ਹੈ। ਇਹ ਕਿਸਮਤ ਦੀ ਦੇਵੀ ਹੈ। ਖੁਆਜੇ ਦੀ ਪੂਜਾ ਵਾਲੇ ਦਿਨ ਇਸ ਨੂੰ ਖੂਹ ਤੇ ਛੱਡ ਆਉਂਦੇ ਹਨ। ਘਰ ਵਾਲੇ ਲਾਗੀਆਂ ਨੂੰ ਲਾਗ ਦੇ ਕੇ ਭਾਈਚਾਰੇ ਵਿਚ ਪਰੋਸੇ ਵੰਡਦੇ ਹਨ । ਸ਼ਾਮ ਨੂੰ ਗੀਗੇ ਦੀ ਮਾਂ ਜਣੇਪੇ ਤੋਂ ਪਿੱਛੋਂ ਪਹਿਲੀ ਵਾਰੀ ਹੱਥ ਵਿਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ। ਬਾਹਰੋਂ ਚੰਗੇ ਸ਼ਗਨਾਂ ਵਾਸਤੇ ਉਹ ਹਰਾ ਘਾਹ ਪੁੱਟ ਲਿਆਉਂਦੀ ਹੈ ਅਤੇ ਇਸ ਨੂੰ ਲਿਆ ਕੇ ਆਪਣੇ ਸਿਰ੍ਹਾਣੇ ਰੱਖ ਲੈਂਦੀ ਹੈ। ਇਹ ਘਾਹ ਹਰ ਪ੍ਰਕਾਰ ਉਸ ਦੀ ਰਾਖੀ ਕਰਦਾ ਮੰਨਿਆ ਜਾਂਦਾ ਹੈ। ਰਾਤ ਨੂੰ ਬੱਚੇ ਦੀ ਭੈਣ ਉਸ ਨੂੰ ਗੋਦ ਵਿਚ ਲੈ ਕੇ ਬੈਠ ਜਾਂਦੀ ਹੈ ਤੇ ਉਸ ਦੀਆਂ ਸਹੇਲੀਆਂ ਗੀਤ ਗਾਉਂਦੀਆਂ ਹਨ :-

ਧੰਨ ਧੰਨ ਵੇ ਵੀਰਾ ਭੈਣ ਤੇਰੀ, ਜਿਸ ਤੂੰ ਗੋਦ ਖਿਡਾਇਆ

ਮੁੰਡਾ ਹੋਵੇ ਤਾਂ ਬਹੁਤ ਸਾਰੇ ਇਲਾਕਿਆਂ ਵਿਚ ਇਸੇ ਦਿਹਾੜੇ ਮੁੰਡੇ ਦੇ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਬ, ਖੰਮਣੀ ਤੇ ਭੇਲੀ ਭੇਜਦੇ ਹਨ। ਥੋੜ੍ਹਾ ਬਹੁਤ ਸ਼ਗਨ ਬਾਕੀ ਅੰਗਾਂ ਸਾਕਾਂ ਨੂੰ ਵੀ ਭੇਜਦੇ ਹਨ। ਉਹ ਅੱਗੋਂ ਭੇਲੀ ਦੇ ਬਦਲੇ ਆਪਣੀ ਨੂੰਹ ਲਈ ਗਹਿਣਾ ਕਪੜੇ ਅਤੇ ਨਾਈ ਤੇ ਦਾਈ ਨੂੰ ਤਿਉਰ ਆਦਿ ਘੱਲਦੇ ਹਨ। ਉਂਞ ਭੇਲੀ ਪਹੁੰਚਣ ਤੇ ਮੁੰਡੇ ਦੇ ਨਾਨਕਿਆਂ ਵੱਲੋਂ ‘ਛੂਛਕ’ ਭੇਜਣ ਦਾ ਰਿਵਾਜ ਕੇਂਦਰੀ ਪੰਜਾਬ ਅਤੇ ਹਰਿਆਣੇ ਦੇ ਜਾਟਾਂ ਵਿਚ ਆਮ ਹੈ। ਹਰਿਆਣੇ ਦੇ ਜਾਟ ਇਹ ਛੂਛਕ ‘ਕੂਆ ਪੁਜਾਈ’ ਤੋਂ ਪਹਿਲਾਂ ਘੱਲਦੇ ਹਨ ਤੇ ਕੇਂਦਰੀ ਪੰਜਾਬ ਦੇ ਉਸ ਸਮੇਂ ਜਦ ਮਾਂ ਬੱਚੇ ਨੂੰ ਲੈ ਕੇ ਆਪਣੇ ਸਹੁਰੀਂ ਚਲੀ ਜਾਂਦੀ ਹੈ ।

‘ਕੂਆ ਪੁਜਾਈ’ ਜਾਂ ‘ਖੁਆਜਾ ਪੂਜਣ’ ਦੀ ਰਸਮ ਕੇਂਦਰੀ ਪੰਜਾਬ ਵਿਚ. ਏਨੀ ਮਹੱਤਵ-ਪੂਰਨ ਨਹੀਂ ਜਿੰਨੀ ਹਰਿਆਣੇ ਵਿਚ ਹੈ । ਇਹ ਰਸਮ ਬੱਚੇ ਦੇ ਜਨਮ ਤੋਂ ਚਾਲ੍ਹੀਵੇਂ ਦਿਨ ਕੀਤੀ ਜਾਂਦੀ ਹੈ। ਜੇ ਕੁੜੀ ਨੇ ਜਨਮ ਲਿਆ ਹੋਵੇ ਤਾਂ ਅਜਿਹੀ ਕੋਈ ਰਸਮ ਨਹੀਂ ਹੁੰਦੀ, ਕੇਵਲ ਦਾਈ ਮਾਂ ਨੂੰ ਇਕੀਵਾਂ ਨੁਹਾ ਕੇ ਲਾਗ ਲੈ ਜਾਂਦੀ ਹੈ ਪਰ ਮੁੰਡਾ ਹੋਵੇ ਤੇ ਉਹ ਵੀ ਜੇਠਾ ਤਾਂ ਇਹ ਰਸਮ ਜਨਮ ਨਾਲ ਸਬੰਧਿਤ ਸਭ ਰਸਮਾਂ ਤੋਂ ਵੱਡੀ ਕਹੀ ਜਾ ਸਕਦੀ ਹੈ। ਹਰਿਆਣੇ ਵਿਚ ‘ਛੂਛਕ’ ਵੀ ਇਸੇ ਦਿਹਾੜੇ ਹੋਣ ਕਾਰਨ ‘ਰੌਣਕ ਹੋਰ ਵੀ ਵਧ ਜਾਂਦੀ ਹੈ। ਮੁੰਡੇ ਦੇ ਨਾਨਕਿਆਂ ਤੋਂ ਮਾਂ ਵਾਸਤੇ ਪੀਲੀਆ ਜਾਂ ਲਾਲ ਓਢਣਾ ਪੋਤੜਾ, ਕੁਡਾਲਾ ਅਤੇ ਕੌਡੀਆਂ, ਮੁੰਡੇ ਵਾਸਤੇ ਤੜਾਗੀ, ਗਹਿਣੇ, ਕੁੜਤਾ ਤੇ ਟੋਪੀ ਆਏ ਹੋਏ ਹੁੰਦੇ ਹਨ । ਇਨ੍ਹਾਂ ਕਪੜਿਆਂ ਨੂੰ ਪਹਿਨ ਕੇ ਅਤੇ ਆਪਣੇ ਬੱਚੇ ਨੂੰ ਪਹਿਨਾ ਕੇ ਉਹ ‘ਕੂਆ ਪੁਜਾਈ’ ਲਈ ਤਿਆਰ ਹੋ ਜਾਂਦੀ ਹੈ। ਉਸ ਦੇ ਨਾਲ ਉਸ ਦੀਆਂ ਸਹੇਲੀਆਂ ਹੁੰਦੀਆਂ ਹਨ। ਉਸ ਦੇ ਸਿਰ ਉੱਤੇ ਦੋਘੜ (ਮਟਕੇ ਉੱਤੇ ਮਟਕਾ) ਹੁੰਦੀ ਹੈ । ਹਰਿਆਣੇ ਵਿਚ ਇਹ ਦੋਘੜਾਂ ਸਾਰੀਆਂ ਸਹੇਲੀਆਂ ਦੇ ਸਿਰਾਂ ਉੱਤੇ ਹੀ ਹੁੰਦੀਆਂ ਹਨ । ਬ੍ਰਾਹਮਣੀ ਕੋਲ ਚੌਲ, ਬੱਕਲੀਆਂ ਜਾਂ ਘੁੰਙਣੀਆਂ ਹੁੰਦੀਆਂ ਹਨ ਅਤੇ ਝੀਊਰੀ ਕੋਲ ਖੰਮਣੀ ਤੇ ਦੁੱਬ । ਉੱਥੇ ਪਹੁੰਚ ਕੇ ਬਿਧਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਸਾਰੀਆਂ ਸਹੇਲੀਆਂ ਆਪੋ ਆਪਣੀਆਂ ਦੋਘੜਾਂ ਭਰ ਲੈਂਦੀਆਂ ਹਨ। ਹਰਿਆਣੇ ਵਿਚ ਬਿਧਮਾਤਾ ਪੂਜਣ ਦੀ ਥਾਂ ਥੋੜ੍ਹਾ ਜਿਹਾ ਸ਼ਰਬਤ ਖੂਹ ਵਿਚ ਜਾਂ ਖੂਹ ਦੀ ਮੌਣ ਉੱਤੇ ਡੋਲ੍ਹ ਦਿੰਦੇ ਹਨ ਤਾਂ ਕਿ ਖੁਆਜਾ ਖੁਸ਼ ਹੋ ਜਾਵੇ। ਇਸੇ ਵੇਲੇ ਇੱਥੇ ਇਕ ਦੀਵਾ ਬਾਲਿਆ ਜਾਂਦਾ ਹੈ । ਅੰਮ੍ਰਿਤਸਰ ਵਿਚ ਖੂਹ ਦੀ ਘਿਰੜੀ ਨੂੰ ਰੱਖੜੀ ਬੰਨ੍ਹ ਆਉਂਦੀਆਂ ਹਨ। ਦੀਵੇ ਨੂੰ ਬਲਦਾ ਛੱਡ ਕੇ ਅਤੇ ਦੋਘੜਾਂ ਸਿਰ ਉੱਤੇ ਚੁੱਕ ਕੇ ਕੁੜੀਆਂ ਗੀਤ ਗਾਉਂਦੀਆਂ ਘਰਾਂ ਨੂੰ ਆ ਜਾਂਦੀਆਂ ਹਨ। ਘਰ ਪਹੁੰਚ ਕੇ ਮਾਂ ਦੀਆਂ ਅੰਗ-ਸਹੇਲੀਆਂ ਬੱਚੇ ਨੂੰ ਤੁਹਫੇ ਦਿੰਦੀਆਂ ਹਨ ਅਤੇ ਮਾਂ ਇਨ੍ਹਾਂ ਦੇ ਬਦਲੇ ਉਨ੍ਹਾਂ ਨੂੰ ਸੂਟ ਆਦਿ ਦਿੰਦੀ ਹੈ।

ਚਾਲ੍ਹੀਵੇਂ ਦਿਨ ਵਾਲੀ ਖੁਆਜੇ ਦੀ ਪੂਜਾ ਤੋਂ ਪਿੱਛੋਂ ਬੱਚੇ ਦੇ ਜਨਮ ਨਾਲ ਸਬੰਧਿਤ ਹਰ ਪ੍ਰਕਾਰ ਦੀ ਅਸੁਧਤਾ ਖ਼ਤਮ ਹੋ ਜਾਂਦੀ ਹੈ । ਤੇਰ੍ਹਵੇਂ ਤੋਂ ਪਿਛੋਂ ਉਹ ਘਰ ਦੀ ਚਾਰਦੀਵਾਰੀ ਦੇ ਅੰਦਰ ਫਿਰਾਇਆ ਜਾ ਸਕਦਾ ਹੈ ਤੇ ਚਾਲ੍ਹੀਵੇਂ ਤੋਂ ਪਿੱਛੋਂ ਬਾਹਰਵਾਰ ਵੀ। ਪਹਾੜੀ ਇਲਾਕਿਆਂ ਵਿਚ ਚਾਲ੍ਹੀਵੇਂ ਦੀ ਰਸਮ ਨੂੰ ਵਧੇਰੇ ਮਹੱਤਤਾ ਨਹੀਂ ਦਿੱਤੀ ਜਾਂਦੀ ਕਿਉਂਕਿ ਉੱਥੇ ਪੰਜ ਸੱਤ ਮਹੀਨੇ ਬੱਚੇ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੰਦੇ। ਉਹ ਟੂਣੇ-ਟਾਮਣ ਦਾ ਵਿਚਾਰ ਵਧੇਰੇ ਕਰਦੇ ਹਨ । ਫੀਰੋਜ਼ਪੁਰ ਦੇ ਬਾਗੜੀ ਜੱਟਾਂ ਵਿਚ ਇਹ ਰਿਵਾਜ ਹੈ ਕਿ ਜਦ ਬੱਚਾ ਮਹੀਨੇ ਸਵਾ ਮਹੀਨੇ ਦਾ ਹੋ ਜਾਂਦਾ ਹੈ ਤਾਂ ਇਸ ਸਮੇਂ ਉਸ ਦੀ ਭੂਆ ਚਾਂਦੀ ਦਾ ਕੜਾ ਜਾਂ ਟੋਪੀ ਲੈ ਕੇ ਉਸ ਦੀਆਂ ‘ਬਲਾਈਆਂ ਲੈਣ ਆਉਂਦੀ ਹੈ ਭਾਵ ਬੱਚੇ ਦੇ ਸਿਰ ਤੇ ਢਹਿਣ ਵਾਲੇ ਸਾਰੇ ਸਿਤਮ ਆਪਣੇ ਸਿਰ ਲੈ ਲੈਂਦੀ ਹੈ। ਇਸ ਕਰਮ ਦੇ ਬਦਲੇ ਉਸ ਨੂੰ ਗਊ ਜਾਂ ਮੱਝ ਮਿਲ ਜਾਂਦੀ ਹੈ। ਗੱਲ ਕੀ, ਬੱਚੇ ਨੂੰ ਤੰਦਰੁਸਤ ਰੱਖਣ ਵਾਸਤੇ ਅਨੇਕ ਪ੍ਰਕਾਰ ਦੇ ਯਤਨ ਕੀਤੇ ਜਾਂਦੇ ਹਨ।

ਪੰਜਾਬ ਵਿਚ ਮੁੰਡੇ ਦੇ ਜਨਮ ਤੋਂ ਪਿੱਛੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ ਕੁੜੀਆਂ ਭੇਲੀ ਮੰਗ ਕੇ ਖਾਂਦੇ ਹਨ। ਇਹ ਰਿਵਾਜ ਲਗਭਗ ਸਾਰੇ ਪੰਜਾਬ ਵਿਚ ਪ੍ਰਚੱਲਿਤ ਹੈ।

ਪੰਜਾਬ ਵਿਚ ‘ਨਾਂ ਰੱਖਣ’ ਵਾਸਤੇ ਕੋਈ ਖ਼ਾਸ ‘ਨਾਮ-ਸੰਸਕਾਰ’ ਨਹੀਂ ਮਨਾਇਆ ਜਾਂਦਾ । ਕਈ

ਵਾਰੀ ਭਰਾਈ ਜਿਹੜਾ ਨਾਂ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੀ ਆਪਣੀ ਧਾਰਮਕ ਪੁਸਤਕ ਦਾ ਕੋਈ ਪੰਨਾ ਪਿੰਡ ਦੇ ਗ੍ਰੰਥੀ, ਮੌਲਵੀ ਜਾਂ ਪੰਡਤ ਤੋਂ ਖੁਲ੍ਹਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰਖ ਲੈਂਦੇ ਹਨ। ਮਿਸਾਲ ਦੇ ਤੌਰ ਤੇ ‘ਗਾਫ’ ਨਿਕਲੇ ਤਾਂ ਗੁਲਜ਼ਾਰ ਅਲੀ, ‘ਗਾ’ ਨਿਕਲੇ ਤਾਂ ਗੁਲਜ਼ਾਰੀ ਲਾਲ ਅਤੇ ‘ਗੱਗਾ’ ਨਿਕਲੇ ਤਾਂ ਗੁਲਜ਼ਾਰਾ ਸਿੰਘ। ਪਹਾੜੀ ਇਲਾਕਿਆਂ ਦੇ ਵਸਨੀਕ ਜਨਮ-ਪੱਤਰੀ ਫਰੋਲ ਕੇ ਕੋਈ ਅਜਿਹਾ ਨਾਂ ਰਖਦੇ ਹਨ ਜਿਹੜਾ ਉਸ ਦੀ ਰਾਸ (ਰਾਸ਼ੀ) ਨਾਲ ਮੇਲ ਖਾਂਦਾ ਹੋਵੇ। ਪੰਜਾਬ ਦੇ ਹਿੰਦੂ ਬਾਕਾਇਦਾ ਹਵਨ ਕਰਵਾ ਕੇ ਪੰਡਿਤ ਤੋਂ ਨਾਂ ਰਖਵਾਉਂਦੇ ਹਨ ਅਤੇ ਇਹ ਨਾਂ ਮੁੰਡੇ ਦਾ ਬਾਪ ਹਨੂਮਾਨ ਦੇ ਤਵੀਤ ਜਾਂ ਪਾਨ ਦੇ ਪੱਤੇ ਰਾਹੀਂ ਮੁੰਡੇ ਦੇ ਕੰਨ ਵਿਚ ਦੱਸਦਾ ਹੈ। ਕਈ ਵਾਰੀ ਬੱਚਾ ਬੁੱਧ ਨੂੰ ਜੰਮੇ ਤਾਂ ਬੁੱਧੂ ਤੇ ਵੀਰ ਨੂੰ ਜੰਮੇਂ ਤਾਂ ਵੀਰ ਵੀ ਬਣ ਜਾਂਦਾ ਹੈ, ਜੋ ਬਾਅਦ ਵਿਚ ਬੁੱਧੂ ਰਾਮ ਜਾਂ ਵੀਰ ਸਿੰਘ ਹੋ ਨਿਬੜਦਾ ਹੈ।

‘ਮੁੰਡਨ ਸੰਸਕਾਰ’ ਤੀਜੇ ਤੋਂ ਪੰਜਵੇਂ ਸਾਲ ਵਿਚ ਕੀਤਾ ਜਾਂਦਾ ਹੈ । ਆਮ ਤੌਰ ਤੇ ਇਹ ਸੰਸਕਾਰ ਅਜਿਹੇ ਸਥਾਨ ਉੱਤੇ ਕੀਤਾ ਜਾਂਦਾ ਹੈ ਜਿੱਥੋਂ ਦੀ ਬੱਚੇ ਦੇ ਮਾਪਿਆਂ ਨੇ ਸੁੱਖ ਸੁੱਖੀ ਹੋਵੇ । ਹੁਣ ਤਕ ਆਏ ਸਾਰੇ ਸੰਸਕਾਰ ਘਰ ਦੀ ਚਾਰਦੀਵਾਰੀ ਦੇ ਅੰਦਰ ਜਾਂ ਪਿੰਡ ਦੇ ਕਿਸੇ ਮੰਦਰ ਜਾਂ ਗੁਰਦੁਆਰੇ .ਵਿਚ ਕੀਤੇ ਜਾਂਦੇ ਹਨ। ‘ਮੁੰਡਨ-ਸੰਸਕਾਰ’ ਦੇ ਸਮੇਂ ਬੱਚਾ ਦੂਰ ਲਿਜਾਣ ਦੇ ਯੋਗ ਹੋ ਜਾਂਦਾ ਹੈ ਇਸ ਲਈ ਲਗਭਗ ਅੱਧੇ ਪੰਜਾਬ ਦੇ ਹਿੰਦੂ ਜਵਾਲਾ-ਮੁਖੀ ਜਾ ਕੇ ਇਹ ਸੰਸਕਾਰ ਕਰਦੇ ਹਨ। ਪਲਵਲ (ਗੁੜਗਾਉਂ) ਦੇ ਜਾਟ ਏਸ ਮਨੋਰਥ ਵਾਸਤੇ ਸ਼ੇਖ਼ ਅਹਿਮਦ ਚਿਸ਼ਤੀ ਦੇ ਮਜ਼ਾਰ ਉੱਤੇ ਜਾਂਦੇ ਹਨ। ਇਹ ਮਜ਼ਾਰ ਭਾਵੇਂ ਹੈ ਮੁਸਲਮਾਨ ਦਾ ਪਰ ਹਿੰਦੂ ਇਸ ਨੂੰ ਬਹੁਤ ਜ਼ਿਆਦਾ ਮੰਨਦੇ ਹਨ। ਇਸੇ ਤਰ੍ਹਾਂ ਹਰ ਇਲਾਕੇ ਵਿਚ ਕੋਈ ਨਾ ਕੋਈ ਸਥਾਨ ਏਸ ਮਨੋਰਥ ਲਈ ਮਿਥ ਲਿਆ ਗਿਆ ਹੈ। ਮੁੰਡਨ ਤੋਂ ਪਿੱਛੋਂ ਬੋਦੀ ਰੱਖ ਲਈ ਜਾਂਦੀ ਹੈ । ਦੋ ਬੱਚਿਆਂ ਦਾ ਮੁੰਡਨ ਇਕੱਠਾ ਕਰਾਉਣ ਦਾ ਰਿਵਾਜ ਹੈ।

ਮੁੰਡਨ ਤੋਂ ਪਿੱਛੋਂ, ‘ਜਨੇਊ ਪਹਿਨਣ’ ਤਕ ਪੰਜਾਬ ਦੇ ਹਿੰਦੂ ਹੋਰ ਕੋਈ ਸੰਸਕਾਰ ਨਹੀਂ ਕਰਦੇ । ਕਈ ਹਾਲਤਾਂ ਵਿਚ ਇਹ ਜਨੇਊ ਵੀ ਵਿਆਹ ਵਾਲੇ ਦਿਨ ਫੇਰਿਆਂ ਤੋਂ ਪਹਿਲਾਂ ਨੁਹਾਈ- ਧੁਲਾਈ ਵੇਲੇ ਹੀ ਪਹਿਨਦੇ ਹਨ। ਉੱਚ ਜਾਤੀਆਂ ਵਾਲੇ ਬਹੁਤ ਸਾਰੇ ਲੋਕੀ ਜਨੇਊ ਪਹਿਨਾਉਣ ਵਾਲੇ ਪਾਂਧੇ ਨੂੰ ਸਵਾ ਰੁਪਿਆ ਦੱਛਣਾ ਦੇ ਕੇ ਉਸੇ ਵੇਲੇ ਉਤਾਰ ਦਿੰਦੇ ਹਨ। ਚੰਬੇ ਦੀ ਗੱਦੀ ਤੇ ਹਿੰਦੂ ਰਾਜਪੂਤ, ਜਿਹੜੇ ਫੇਰਿਆਂ ਤੋਂ ਪਹਿਲਾਂ ਕਿਸੇ ਵੇਲੇ ਜਨੇਊ ਪਹਿਨਦੇ ਹਨ, ਬਦਰੀ ਨਾਥ, ਤ੍ਰਿਲੋਕ ਨਾਥ ਜਾਂ ਮਨੀਮਹੇਸ਼ ਦੇ ਮੰਦਰ ਉੱਤੇ ਜੋਗੀਆਂ ਵਾਲਾ ਰੂਪ ਧਾਰ ਕੇ ਜਾਂਦੇ ਹਨ । ਮੰਦਰ ਦਾ ਪੁਜਾਰੀ ਕੁਝ ਮੰਤਰ ਦੱਸਦਾ ਹੈ ਜਿਹੜੇ ਬਿਗਲਾਂ ਤੇ ਨਗਾਰਿਆਂ ਦੀ ਆਵਾਜ਼ ਪੈਦਾ ਕਰ ਕੇ ਕਿਸੇ ਹੋਰ ਨੂੰ ਸੁਣਨ ਨਹੀਂ ਦਿੱਤੇ ਜਾਂਦੇ । ਇਹ ਮੰਤਰ ਅਗਾਂਹ ਕਿਸੇ ਹੋਰ ਨੂੰ ਦੱਸਣ ਦਾ ਹੱਕ ਵੀ ਨਹੀਂ ਦਿੱਤਾ ਜਾਂਦਾ । ਇਸ ਤੋਂ ਪਿੱਛੋਂ ਮੰਦਰ ਦਾ ਗੁਰੂ ਜਾਂ ਪੁਜਾਰੀ ਮੁੰਡੇ ਨੂੰ ਪਿੰਡ ਤੋਂ ਖ਼ੈਰ ਮੰਗ ਕੇ ਲਿਆਉਣ ਦਾ ਹੁਕਮ ਦਿੰਦਾ ਹੈ। ਮੁੰਡਾ ਆਪਣੀ ਮਾਂ ਕੋਲੋਂ ਦਾਣੇ ਅਤੇ ਬਾਕੀ ਘਰਾਂ ਤੋਂ ਪੈਸੇ*ਮੰਗ ਲਿਜਾਂਦਾ ਹੈ। ਜਦ ਉਹ ਇਹ ਚੀਜ਼ਾਂ ਲਿਜਾ ਕੇ ਗੁਰੂ ਨੂੰ ਦਿੰਦਾ ਹੈ ਤਾਂ ਇਨ੍ਹਾਂ ਦੇ ਬਦਲੇ ਉਸ ਨੂੰ ਜਨੇਊ ਪਹਿਨਾਇਆ ਜਾਂਦਾ ਹੈ। ਪਹਿਨਾਉਣ ਸਮੇਂ ਪੁਜਾਰੀ ਉਸ ਨੂੰ ਕਿਸੇ ਹਿਰਨ, ਭੇਡ ਜਾਂ ਬਕਰੀ ਦੀ ਖੱਲ ਉੱਤੇ ਬਿਠਾਉਂਦਾ ਹੈ ਅਤੇ ਉਸਦੇ ਹੱਥ ਵਿਚ ਰੁੱਖ ਦੀ ਹਰੀ ਟਹਿਣੀ ਦਿੰਦਾ ਹੈ। ਪਹਿਨਾਉਣ ਤੋਂ ਪਿੱਛੋਂ ਗੁਰੂ ਮੁੰਡੇ ਨੂੰ ਪੁਛਦਾ ਹੈ ਕਿ ‘ਤੂੰ ਜਟੇਰਾ (ਜੱਟ) ਬਣੇਂਗਾ ਕਿ ਮਟੇਰਾ (ਮਿੱਟੀ ਮਲਣ ਵਾਲਾ) ?’ ਉਸ ਦੇ ਘਰ ਦਿਆਂ ਨੇ ਉਸ ਨੂੰ ਸਿਖਾ ਕੇ ਭੇਜਿਆ ਹੁੰਦਾ ਹੈ ਕਿ ਤੂੰ ‘ਜਟੇਰਾ’ ਕਹੀਂ । ਉਹ ਜਟੇਰਾ ਬਣਨ ਦੀ ਹੀ ਆਗਿਆ ਮੰਗਦਾ ਹੈ। ਗੁਰੂ ਉਸ ਦੇ ਜੋਗੀਆਂ ਵਾਲੇ ਕਪੜੇ ਤੇ ਕਈ ਵਾਰੀ ਜਨੇਊ ਵੀ ਲੁਹਾ ਲੈਂਦਾ ਹੈ ਤੇ ਮੁੰਡਾ ਵਿਆਹ ਕਰਾ ਕੇ ਖੇਤੀ ਕਰਨ ਲਗ ਜਾਂਦਾ ਹੈ । ਜਨੇਊ ਬਣਾਉਣ ਵਾਸਤੇ ਸੱਜਰੀ ਕਪਾਹ ਚੁਗੀ ਜਾਂਦੀ ਹੈ ਤੇ ਇਸ ਨੂੰ ਅਗਸਤ ਦੇ ਮਹੀਨੇ ਕੋਈ ਸੁਹਾਗਣ ਬ੍ਰਾਹਮਣੀ ‘ਤੇਰਸ’ ਵਾਲੇ ਦਿਨ ਕੱਤਦੀ ਹੈ। ਜਨੇਊ ਪਹਿਨਣ ਵਾਲੇ ਲਈ ਕਈ ਪਰਹੇਜ਼ ਹਨ। ਟੱਟੀ ਪਿਸ਼ਾਬ ਵੇਲੇ ਉਹ ਇਸ ਨੂੰ ਕੰਨ ਤੇ ਟੰਗ ਕੇ ਬੈਠਦਾ ਹੈ ਅਤੇ ਹਰ ਰੋਜ਼ ਸਵੇਰੇ ਨਜ਼ਦੀਕੀ ਪਿੱਪਲ ਦੀਆਂ ਜੜ੍ਹਾਂ ਵਿਚ ਪਾਣੀ ਪਾਉਂਦਾ ਹੈ। ਇਹ ਪਾਣੀ ਉਸ ਦੇ ਪਿੱਤਰਾਂ ਨੂੰ ਪਹੁੰਚਦਾ ਮੰਨਿਆ ਜਾਂਦਾ ਹੈ । ਪਿੱਤਰ-ਤਰਪਨ ਵਾਸਤੇ ਜਨੇਊ ਨੂੰ ਸੱਜੇ ਮੋਢੇ ਤੇ ਖੱਬੀ ਬਗਲ ਵੱਲ ਪਹਿਨ ਕੇ ਤੇ ਖੱਬੇ ਅੰਗੂਠੇ ਥੱਲੇ ਦਬਾ ਕੇ ਉਸੇ ਹੱਥ ਉੱਤੋਂ ਪਾਣੀ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਦੇਵ-ਤਰਪਨ ਵੇਲੇ ਇਸ ਦੇ ਉਲਟ। ਰਿਸ਼ੀ-ਤਰਪਨ ਸਮੇਂ ਇਸ ਨੂੰ ਹਾਰ ਵਾਂਗ ਗਲ ਵਿਚ ਪਹਿਨ ਕੇ ਜਲ-ਪ੍ਰਦਾਨ ਕਰਦੇ ਹਨ।

ਜਿਵੇਂ ਹਿੰਦੂ ਜਨੇਊ ਪਹਿਨਦੇ ਹਨ ਉਸੇ ਤਰ੍ਹਾਂ ਸਿੱਖ ਅੰਮ੍ਰਿਤ ਛਕਦੇ ਹਨ। ਇਹ ਅੰਮ੍ਰਿਤ ਵਿਆਹ ਤੋਂ ਪਹਿਲਾਂ ਕਿਸੇ ਵੇਲੇ ਵੀ ਛਕਿਆ ਜਾ ਸਕਦਾ ਹੈ ਅਤੇ ਕਈ ਵਾਰੀ ਜਨੇਊ ਵਾਂਗ ਲਾਵਾਂ ਪੜ੍ਹਨ ਤੋਂ ਕੁਝ ਅਰਸਾ ਪਹਿਲਾਂ ਹੀ । ਸਾਰੀ ਰਸਮ ਕੁਝ ਇਸ ਤਰ੍ਹਾਂ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਪੰਜ ਸਿੰਘ (ਜਾਂ ਸਿੰਘਣੀਆਂ) ਇਸ਼ਨਾਨ ਕਰ ਕੇ ਤਿਆਰ-ਬਰ-ਤਿਆਰ ਹੋ ਜਾਂਦੇ ਹਨ। ਸਰਤ ਇੱਕੋ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਅੰਗਹੀਨ ਨਾ ਹੋਵੇ । ਇਨ੍ਹਾਂ ਵਿਚੋਂ ਇਕ ਬੰਦਾ ਸਿੱਖ ਧਰਮ ਦੇ ਅਸੂਲ ਅਤੇ ਨਾਮ, ਦਾਨ, ਇਸ਼ਨਾਨ ਦੀ ਫਿਲਾਸਫੀ ਸਮਝਾਉਂਦਾ ਹੈ ਅਤੇ ਦੂਜਾ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਸੋਧਦਾ ਹੈ । ਉਸ ਤੋਂ ਪਿੱਛੋਂ ਛਕਣ ਵਾਲੇ ਤੋਂ ਬੀਰ ਆਸਣ ਲਵਾ ਕੇ ਉਸ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੀ ਯਾਦ ਦਿਵਾਉਂਦੇ ਹਨ ਤੇ ਉਸ ਦੇ ਖੱਬੇ ਹੱਥ ਉੱਤੇ ਸਜਾ ਹੱਥ ਰਖਵਾ ਕੇ ਅੰਮ੍ਰਿਤ ਦੇ ਪੰਜ ਚੁਲੇ ਛਕਾਉਂਦੇ ਹਨ। ਹਰ ਚੁਲੇ ਨਾਲ ਛਕਾਉਣ ਵਾਲਾ ਸਿੰਘ ਆਪਣੇ ਮੁਖੋਂ ‘ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ’ ਕਹਿੰਦਾ ਹੈ ਅਤੇ ਛਕਣ ਵਾਲਾ ਇਸ ਨੂੰ ਦੁਹਰਾਉਂਦਾ ਹੈ। ਇਸ ਤੋਂ ਪਿੱਛੋਂ ਅੰਮ੍ਰਿਤ ਦੇ ਪੰਜ ਛੱਟੇ ਉਸ ਦੇ ਨੇਤ੍ਰਾਂ ਵਿਚ ਤੇ ਪੰਜ ਉਸ ਦੇ ਕੇਸਾਂ ਵਿਚ ਮਾਰ ਕੇ ੴ ਤੋਂ ਲੈ ਕੇ ‘ਗੁਰ ਪ੍ਰਸਾਦਿ’ ਤਕ ਉਸ ਨੂੰ ‘ਮੂਲਮੰਤ੍ਰ’ ਦੀ ਬਾਣੀ ਕੰਠ ਕਰਾਈ ਜਾਂਦੀ ਹੈ। ਹੁਣ ਤੋਂ ਉਹ ਪੰਜ ਕੱਕਿਆਂ ਦਾ ਧਾਰਨੀ ਅਤੇ ਗੁਰਮਤ ਮਰਿਆਦਾ ਦਾ ਪੈਰੋਕਾਰ ਬਣ ਜਾਂਦਾ ਹੈ।

ਮੋਟੇ ਰੂਪ ਵਿਚ ਬਚਪਨ ਤੋਂ ਜਵਾਨੀ ਤਕ ਦੇ ਇਹੀ ਸੰਸਕਾਰ ਹਨ ਜਿਹੜੇ ਹਿੰਦੂ, ਸਿੱਖ ਮੁਸਲਮਾਨ ਸਭ ਕਰਦੇ ਹਨ। ਉਞ ਹਰ ਫਿਰਕਾ ਆਪਣੇ ਆਪਣੇ ਧਰਮ ਦੀ ਮਰਿਆਦਾ ਤੇ ਸ਼ਰ੍ਹਾ ਅਨੁਸਾਰ ਇਨ੍ਹਾਂ ਵਿਚ ਤਬਦੀਲੀ ਕਰ ਲੈਂਦਾ ਹੈ। ਜਿਵੇਂ ਮੁਸਲਮਾਨ ਬੱਚੇ ਦੇ ਜਨਮ ਸਮੇਂ ਮੁੱਲਾਂ ਜਾਂ ਮੌਲਵੀ ਤਿੰਨ ਦਿਨ ਲਗਾਤਾਰ ਬੱਚੇ ਦੇ ਕੰਨਾਂ ਵਿਚ ਬਾਂਗ ਦਿੰਦਾ ਹੈ । ਜਗਰਾਉਂ ਦੇ ਮੁਸਲਮਾਨਾਂ ਵਿਚ ਰਿਵਾਜ ਸੀ ਕਿ ਉਹ ਬੱਚੇ ਦੇ ਗਲ ਵਿਚ ਦੋ ਤਿੰਨ ਤੋਲਿਆਂ ਦੀ ਹਸਲੀ ਪਹਿਨਾਉਂਦੇ ਸਨ ਜਿਹੜੀ ਕਿ ਹਰ ਵਰ੍ਹੇ ਬੱਚੇ ਦੇ ਜਨਮ ਤੇ ਲਾਹ ਕੇ ਰੱਖ ਲਈ ਜਾਂਦੀ ਸੀ ਤੇ ਉਸ ਤੋਂ ਵਡੇਰੀ ਪਹਿਨਾਂ ਦਿੱਤੀ ਜਾਂਦੀ ਸੀ । ਬਾਹਵੇਂ ਵਰ੍ਹੇ ਦੇ ਖ਼ਾਤਮੇ ਤੇ ਇਹ ਸਾਰੀਆਂ ਹਸਲੀਆਂ ਵੇਚ ਕੇ ਦਾਨ ਕਰ ਦਿੱਤੀਆਂ ਜਾਂਦੀਆਂ ਸਨ । ਜਦ ਮੁੰਡਾ ਚਾਰ ਸਾਲ, ਚਾਰ ਮਹੀਨੇ ਤੇ ਚਾਰ ਦਿਨ ਦਾ ਹੋ ਜਾਂਦਾ ਤਾਂ ਉਸ ਦਾ ਪਿਉ ਉਸ ਨੂੰ ਨਵੇਂ ਕਪੜੇ ਪੁਆ ਕੇ ਸੁੰਨਤ ਲਈ ਮੁੱਲਾਂ ਕੋਲ ਲੈ ਜਾਂਦਾ ਹੈ । ਮੁੱਲਾਂ ਉਸ ਨੂੰ ‘ਬਿਸਮਿੱਲਾ’ ‘ਬਿਸਮਿੱਲਾ’ ਅਖਵਾਉਂਦਾ ਹੈ । ਝੰਡ ਲਾਹੁਣ ਵੇਲੇ ਨਾਈ ਨੂੰ ਵਾਲਾਂ ਦੇ ਤੋਲ ਦੀ ਚਾਂਦੀ ਦਿੱਤੀ ਜਾਂਦੀ ਤੇ ਇਹੋ ਨਾਈ ਚੌਥੇ ਵਰ੍ਹੇ ਤੋਂ ਪਿੱਛੋਂ ਤੇ ਦਸਵੇਂ ਤੋਂ ਪਹਿਲਾਂ ਕਿਸੇ ਵੇਲੇ ਉਸ ਦੀ ਸੁੰਨਤ ਕਰ ਕੇ ਲਾਗ ਲੈ ਜਾਂਦਾ ਹੈ । ਸੁੰਨਤ ਬਾਰੇ ਇਹ ਸਪਸ਼ਟ ਹੈ ਕਿ ਇਹ ਭਰੀ ਬਰਾਦਰੀ ਵਿਚ ਹੀ ਕੀਤੀ ਜਾਂਦੀ ਹੈ।

ਜਿੱਥੋਂ ਤਕ ਜਨਮ ਨਾਲ ਸਬੰਧਤ ਵਹਿਮਾਂ, ਭਰਮਾਂ ਦਾ ਸਬੰਧ ਹੈ ਉਹ ਵੀ ਸੰਸਕਾਰਾਂ ਵਾਂਗ ਮਿਲਦੇ ਜੁਲਦੇ ਹੀ ਹਨ । ਜੇਠੇ ਮੁੰਡੇ ਦੀ ਬਹੁਤ ਖੁਸ਼ੀ ਹੁੰਦੀ ਹੈ । ਜੌੜਿਆਂ ਦੀ ਕਿਧਰੇ ਵਿਚਾਰ ਮੰਨੀ ਜਾਂਦੀ ਹੈ ਤੇ ਕਿਧਰੇ ਨਹੀਂ । ਪਰ ਅਠਮਾਹੇ ਜੰਮਣ ਵਾਲੇ ਬੱਚੇ ਬਾਰੇ ਵਹਿਮ ਹੈ ਕਿ ਉਹ ਕਦੀ ਨਹੀਂ ਬਚਦਾ – ਅੱਠ ਦਿਨ, ਅੱਠ ਮਹੀਨੇ ਅੱਠ ਦਿਨ, ਜਾਂ ਅੱਠ ਸਾਲ ਅੱਠ ਮਹੀਨੇ ਅੱਠ ਦਿਨ ਦਾ ਹੋ ਕੇ ਮਰ ਜਾਂਦਾ ਹੈ। ਜੇ ਬਚ ਵੀ ਰਹੇ ਤਾਂ ਮਾਪਿਆਂ ਦੀ ਮੌਤ ਦਾ ਸੂਚਕ ਹੁੰਦਾ ਹੈ । ਅੱਠਵੇਂ ਮਹੀਨੇ ਦਾ ਜਨਮ ਪਰਛਾਵੇਂ ਦੇ ਕਾਰਨ ਮੰਨਿਆਂ ਜਾਂਦਾ ਹੈ ਇਸੇ ਕਰਕੇ ਗਰਭਵਤੀ ਇਸਤਰੀ ਕਦੀ ਅੱਠ ਦੀ ਗਿਣਤੀ ਨਹੀਂ ਗਿਣਦੀ। ਜਣੇਪੇ ਵਿਚ ਅੱਠ ਦਿਹਾੜੇ ਰਹਿੰਦੇ ਹੋਣਗੇ ਤਾਂ ‘ਅਣਗਿਣਤ ਦਿਹਾੜੇ’ ਦੱਸੇਗੀ। ਕਾਂਗੜੇ ਵਿਚ ਇਸ ਬੱਚੇ ਉੱਤੋਂ ਇਕ ਚਰਖਾ ਤਿੰਨ ਵਾਰੀ ਵਾਰ ਕੇ ਦਾਈ ਨੂੰ ਦੇ ਦਿੰਦੇ ਹਨ ਜਿਸ ਨਾਲ ਇਹ ਭਾਗਵਾਨ ਹੋ ਗਿਆ ਮੰਨਿਆ ਜਾਂਦਾ ਹੈ।

ਤਿੰਨ ਮੁੰਡਿਆਂ ਪਿੱਛੋਂ ਕੁੜੀ ਜਾਂ ਤਿੰਨ ਕੁੜੀਆਂ ਦੇ ਪਿੱਛੋਂ ਮੁੰਡਾ ਹੋਵੇ ਤਾਂ ਅਜਿਹੇ ਬੱਚੇ ਨੂੰ ਕੁਝ ਇਲਾਕਿਆਂ ਵਿਚ ‘ਤੇਲੜ’ ਤੇ ਕੁਝ ਵਿਚ ‘ਤ੍ਰਿਖਾਲ’ ਕਹਿੰਦੇ ਹਨ। ਇਹ ਬੱਚਾ ਵੀ ਅਭਾਗਾ ਸਮਝਦੇ ਹਨ ਅਤੇ ਵਹਿਮ ਕਰਦੇ ਹਨ ਕਿ ਇਸ ਦੇ ਜਨਮ ਤੋਂ ਪਿੱਛੋਂ ਘਰ ਨੂੰ ਅੱਗ ਲੱਗੇਗੀ, ਚੋਰੀ ਹੋਵੇਗੀ ਜਾਂ ਕਿਸੇ ਵਡਾਰੂ ਦੀ ਮੌਤ ਹੋਵੇਗੀ। ਇਸ ਲਈ ਜੰਮਦਿਆਂ ਸਾਰ ਹੀ ਇਸ ਨੂੰ ਥਾਲੀ ਫੋੜ ਕੇ ਉਸ ਦੇ ਵਿਚੋਂ ਜਾਂ ਦਿਹਲੀ ਪੁੱਟ ਕੇ ਉਸ ਦੇ ਥੱਲਿਉਂ ਲੰਘਾ ਦਿੰਦੇ ਹਨ। ਕਾਂਗੜੇ ਤੇ ਚੌਬੇ ਵਿਚ ਬ੍ਰਾਹਮਣ ਕੋਲੋਂ ਤ੍ਰਿਖਾਲ-ਸਾਸਤ੍ਰ ਪੜ੍ਹਾਉਂਦੇ ਹਨ ਅਤੇ ਕਈ ਥਾਵਾਂ ਤੇ ਤਵੀਤ ਸੋਨੇ ਵਿਚ ਮੜ੍ਹਾ ਕੇ ਬੱਚੇ ਦੇ ਗਲ ਵਿਚ ਪਾ ਦਿੰਦੇ ਹਨ ।

ਮੰਗਲ ਜਾਂ ਕੱਤਕ ਦਾ ਜਾਇਆ ਵੀ ਅਭਾਗਾ ਸਮਝਿਆ ਜਾਂਦਾ ਹੈ । ਇਸ ਨੂੰ ਭਾਗਵਾਨ ਬਣਾਉਣ ਵਾਸਤੇ ਗ੍ਰਹਿ ਪੂਜੇ ਜਾਂਦੇ ਹਨ, ਦਾਨ ਕੀਤੇ ਜਾਂਦੇ ਹਨ।

ਜੇ ਪੱਤਰੀ ਬਣਾਉਣ ਵਾਲੇ ਪੰਡਤ ਗੰਢ ਮੂਲ, ਗ੍ਰਹਿਣ, ਪਰਛਾਵੇਂ ਆਦਿ ਦਾ ਭਰਮ ਪਾ ਦੇਣ ਤਾਂ ਮਾਂ ਸਵਾ ਮਹੀਨਾ ਬੱਚੇ ਨੂੰ ਆਪਣੀ ਗੋਦ ਵਿਚ ਨਹੀਂ ਲੈ ਸਕਦੀ ਅਤੇ ਪਿਤਾ ਉਸ ਦਾ ਮੂੰਹ ਵੀ ਨਹੀਂ ਵੇਖ ਸਕਦਾ। ਸਵਾ ਮਹੀਨੇ ਤੋਂ ਪਿੱਛੋਂ ਵੀ ਇਕ ਟੂਣਾ ਜਿਹਾ ਕਰ ਕੇ ਹੀ ਮੂੰਹ ਦਿਖਾਇਆ ਜਾਂਦਾ ਹੈ । ਇਹ ਟੂਣਾ ਦੁਆਬੇ ਵਿਚ ਇਸ ਤਰ੍ਹਾਂ ਹੈ । ਸੱਤਾਂ ਪਿੰਡਾਂ ਦੀਆਂ ਗੀਟੀਆਂ ਤੇ ਸੱਤਾਂ ਬਿਰਖਾਂ ਦੇ ਪੱਤੇ ਲਿਆ ਕੇ ਸੱਤਾਂ ਖੂਹਾਂ ਦਾ ਪਾਣੀ ਲਿਆਇਆ ਜਾਂਦਾ ਹੈ। ਬੱਚੇ ਦੇ ਮਾਤਾ ਪਿਤਾ ਨੂੰ ਚੌਂਕ ਪੂਰ ਕੇ ਚੜ੍ਹਦੇ ਵੱਲ ਨੂੰ ਮੂੰਹ ਕਰਵਾ ਕੇ ਬਿਠਾ ਲੈਂਦੇ ਹਨ । ਘੁਮਾਰਾਂ ਦਿਉਂ ਕੋਈ ਕੋਰਾ ਭਾਂਡਾ ਚੁੱਕ ਲਿਆਉਂਦੇ ਹਨ। ਸਾਰੀ ਸਮੱਗਰੀ ਲੋਹੇ ਦੀ ਛਾਣਨੀ ਵਿਚ ਪਾ ਕੇ ਪਾਣੀ ਦੇ ਸੱਤੇ ਘੜੇ ਕੋਰੇ ਭਾਂਡੇ ਨਾਲ ਉਸ ਛਾਣਨੀ ਰਾਹੀਂ ਉਨ੍ਹਾਂ ਦੇ ਸਿਰ ਉੱਤੋਂ ਡੋਲ੍ਹਦੇ ਹਨ। ਉਸ ਤੋਂ ਪਿੱਛੋਂ ਬੱਚੇ ਦਾ ਪਿਤਾ ਪਿੱਪਲ ਨੂੰ ਗਲੋਟੇ ਦਾ ਕੱਚਾ ਧਾਗਾ ਬੰਨ੍ਹ ਕੇ ਪਰਕਰਮਾ ਲੈਂਦਾ ਹੈ ਤਾਂ ਕਿਧਰੇ ਮੂੰਹ ਵੇਖਦਾ ਹੈ ਅਤੇ ਮਾਂ ਉਸ ਨੂੰ ਗੋਦ ਵਿਚ ਲੈਂਦੀ ਹੈ । ਕਾਂਗੜੇ ਵਿਚ ਇਹ ਟੂਣਾ ਕੱਤਕ ਦੇ ਜੰਮੇ ਵਾਸਤੇ ਵੀ ਕੀਤਾ ਜਾਂਦਾ ਹੈ। ਨੂਰਪੁਰ ਵਿਚ ਮਾੜੇ ਨਛੱਤਰਾਂ ਵਾਲੇ ਬੱਚੇ ਨੂੰ 100 ਮੋਰੀਆਂ ਵਾਲੇ ਭਾਂਡੇ ਵਿਚੋਂ 109 ਬਿਰਖਾਂ ਦੇ ਪੱਤਿਆਂ ਤੇ 109 ਪਿੰਡਾਂ ਦੀਆਂ ਗੀਟੀਆਂ ਰਾਹੀਂ 109 ਖੂਹਾਂ ਦਾ ਪਾਣੀ ਪਾ ਕੇ ਨੁਹਾਉਂਦੇ ਹਨ। ਕਰਨਾਲ, ਕਾਂਗੜੇ ਤੇ ਰੋਹਤਕ ਵਿਚ ਖੂਹਾਂ, ਬਿਰਖਾਂ ਤੇ ਪਿੰਡਾਂ ਦੀ ਗਿਣਤੀ 27 ਰੱਖੀ ਜਾਂਦੀ ਹੈ । ਜਿੰਨੇ ਇਹ ਅੰਕੜੇ ਹੋਣ ਓਨੇ ਹੀ ਬ੍ਰਾਹਮਣਾਂ ਨੂੰ ਰੋਟੀ ਖੁਆਈ ਜਾਂਦੀ ਹੈ । ਪਹਾੜੀ ਇਲਾਕਿਆਂ ਦੇ ਵਸਨੀਕ ਕਿਸੇ ਨਜ਼ਦੀਕੀ ਮੰਦਰ ਵਿਚ ਜਾ ਕੇ ਇਸੇ ਮਨੋਰਥ ਨਾਲ ਸੋਨੇ ਦੀਆਂ ਮੂਰਤੀਆਂ ਦਾ ਚੜ੍ਹਾਵਾ ਚੜਾਉਂਦੇ ਹਨ। ਮਾੜੇ ਨਛੱਤਰਾਂ ਵਾਲੇ ਲਈ ਮੂਰਤੀਆਂ ਦੀ ਗਿਣਤੀ ਪੰਜ, ਕੱਤਕ ਦੇ ਜੰਮੇ ਲਈ ਚਾਰ ਤੇ ਗ੍ਰਹਿਣੇ ਹੋਏ ਲਈ ਤਿੰਨ ਹੈ।

ਜੇ ਬੱਚਾ ਉੱਪਰਲੀਆਂ ਦੰਦੀਆਂ ਕੱਢੇ ਤਾਂ ਉਹ ਮਾਮੇ ਲਈ ਕਸ਼ਟ ਦਾ ਸੂਚਕ ਹੈ। ਵਹਿਮ ਨੂੰ ਦੂਰ ਕਰਨ ਵਾਸਤੇ ਬੱਚੇ ਦੇ ਮਾਮੇ ਨੂੰ ਸੱਦ ਲੈਂਦੇ ਹਨ। ਉਹ ਆਪਣੇ ਨਾਲ ਇਕ ਨੂਠੀ, ਇਕ ਚਾਂਦੀ ਜਾਂ ਤਾਂਬੇ ਦੀ ਕੌਲੀ, ਇਕ ਗਜ਼ ਕਪੜਾ, ਚਾਰ ਮੇਖਾਂ, ਸਵਾ ਸੇਰ ਚੌਲ ਤੇ ਸੱਤ ਪੈਸੇ ਲੈ ਕੇ ਆਉਂਦਾ ਹੈ ਅਤੇ ਪਿੰਡ ਦੇ ਬਸੀਮੇ (ਬੰਨੇ) ‘ਤੇ ਆ ਬੈਠਦਾ ਹੈ। ਮੁੰਡੇ ਦੀ ਮਾਂ ਵੀ ਮੁੰਡੇ ਨੂੰ ਗੋਦ ਵਿਚ ਲੈ ਕੇ ਉੱਥੇ ਹੀ ਪਹੁੰਚ ਜਾਂਦੀ ਹੈ । ਮਾਮਾ ਆਪਣੀ ਭੈਣ ਨਾਲ ਨਹੀਂ ਬੋਲਦਾ ਅਤੇ ਠੂਠੀ ਚਬਾ ਕੇ ਬੱਚੇ ਦੇ ਮੂੰਹ ਵਿਚ ਬੁਰਕ ਦਿੰਦਾ ਹੈ। ਨਾਲ ਲਿਆਂਦੀ ਕੌਲੀ ਅਤੇ ਬਾਕੀ ਚੀਜ਼ਾਂ ਬਸੀਮੇ ਤੇ ਦੱਬ ਕੇ ਭੈਣ ਨਾਲ ਗੱਲ ਕੀਤੇ ਬਿਨਾਂ ਹੀ ਵਾਪਸ ਚਲਾ ਜਾਂਦਾ ਹੈ। ਇਹ ਵਹਿਮ ਦੁਆਬੇ ਵਿਚ ਵਧੇਰੇ ਹੈ।

ਨਜ਼ਰ ਟਪਾਰ ਤੋਂ ਬਚਾਉਣ ਲਈ ਬੱਚੇ ਦੀ ਕਲਾਈ ਨਾਲ ਦਾਣੇ ਜਾਂ ਗਲ ਵਿਚ ਸਾਧੂ

ਬਾਵੇ ਦੀ ਸਿੰਗੀ ਤੇ ਕਿਸੇ ਸਿਆਣੇ ਦੇ ਬਿਬਾਨ ਤੋਂ ਸੈਟ ਦਾ ਪੈਸਾ ਚੁੱਕ ਕੇ ਪਾ ਦਿੰਦੇ ਹਨ। ਚੰਬੇ ਦੇ ਗੱਦੀ ਉਸ ਦੇ ਗਿੱਟੇ ਨੂੰ ਅੱਠਾਂ ਧਾਤਾਂ ਵਾਲਾ ਹਸ਼ਤਧਾਤਾ, ਸੱਤਾਂ ਅਨਾਜਾਂ ਵਾਲਾ ਸਤਿਆਰਾ ਜਾਂ ਸਤਨਾਜਾ ਅਤੇ ਕਲਾਈ ਨੂੰ ਸੂਰਜ ਗ੍ਰਹਿ, ਕੰਗਣ ਤੇ’ਰਤਨ (ਰੱਤੀ) ਬੰਨ੍ਹਦੇ ਹਨ। ਜੇ ਨਜ਼ਰ ਲਗ ਹੀ ਜਾਵੇ ਤਾਂ ਤਿੰਨ, ਪੰਜ, ਜਾਂ ਸੱਤ ਮਿਰਚਾਂ ਛੁਹਾ ਕੇ ਬਲਦੀ ਅੱਗ ਵਿਚ ਸੁਟਦੇ ਹਨ ਜਾਂ ਪਰਾਤ ਦੇ ਪਾਣੀ ਵਿਚ ਚਿਮਟਾ ਭੂਕਨਾ ਧੋ ਕੇ ਉਸ ਪਾਣੀ ਦੀਆਂ ਸੱਤ ਛਿੱਟਾਂ ਬੱਚੇ ਦੀਆਂ ਅੱਖਾਂ ਵਿਚ ਮਾਰਦੇ ਹਨ ਜਾਂ ਫੇਰ ਜਿਸ ਕਿਸੇ ਦੀ ਨਜ਼ਰ ਲੱਗੀ ਹੋਵੇ ਉਸ ਦੇ ਪੈਰ ਦੀ ਮਿੱਟੀ ਚੁੱਕ ਕੇ ਚੁਲ੍ਹੇ ਵਿਚ ਸੁੱਟ ਦਿੰਦੇ ਹਨ।

ਜੇ ਕਿਸੇ ਇਸਤਰੀ ਦੇ ਔਲਾਦ ਨਾ ਹੁੰਦੀ ਹੋਵੇ ਤਦ ਵੀ ਕਈ ਟੂਣੇ ਕੀਤੇ ਜਾਂਦੇ ਹਨ ਤੇ ਸੁੱਖਾਂ ਸੁੱਖੀਆਂ ਜਾਂਦੀਆਂ ਹਨ। ਮਾਝੇ ਵਿਚ ਅਜਿਹੀਆਂ ਜਨਾਨੀਆਂ ਛਿਹਰਟੇ ਜਾ ਕੇ ਇਸਨਾਨ ਕਰਦੀਆਂ ਹਨ ਅਤੇ ਝਬਾਲ ਦੇ ਲਾਗੇ ਬਾਬੇ ਬੁੱਢੇ ਦੀ ਬੀੜ ਤੇ ਮਿੱਸੀ ਰੋਟੀ ਉੱਤੇ ਗੰਢਾ ਅਤੇ ਲੱਸੀ ਦਾ ਭਾਂਡਾ ਸਿਰ ਉੱਤੇ ਰੱਖ ਕੇ ਨੰਗੇ ਪੈਰੀਂ ਜਾਂਦੀਆਂ ਹਨ। (ਐਨ ਉਸੇ ਤਰ੍ਹਾਂ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਘਰੋਂ ਮਾਤਾ ਗੰਗਾ ਜੀ ਗਏ ਸਨ।)

ਜਿਸ ਕਿਸੇ ਦੀ ਔਲਾਦ ਬਚਦੀ ਨਾ ਹੋਵੇ ਉਹ ਦੁਖ-ਨਿਵਾਰਨ (ਪਟਿਆਲਾ) ਦੇ ਸਰੋਵਰ ਵਿਚ ਨਹਾਉਂਦੀ ਹੈ। ਚੌਥੇ ਵਿਚ ਇਸੇ ਮਨੋਰਥ ਵਾਸਤੇ ਮਰੇ ਹੋਏ ਬੱਚੇ ਦੀ ਕਬਰ ਉੱਤੇ ਘਾਟ ਨਹਾਉਣ ਜਾਂ ‘ਸ਼ਮਸ਼ਾਨ ਵਿਚ ਸ਼ਮਸ਼ਾਨ ਨਹਾਉਣ’ ਵੀ ਕਰਦੀਆਂ ਹਨ। ਹਰਿਆਣੇ ਵਿਚ ਪਿੰਡ ਦੇ ਦਿਉਤੇ ਭੂਮੀਏ ਅਤੇ ਚੰਬੇ ਵਿਚ ਕੈਥ ਨੂੰ ਚੜਾਵੇ ਚੜਾਏ ਜਾਂਦੇ ਹਨ; ਜੇ ਇਹ ਰੀਝ ਜਾਣ ਤਾਂ ਔਲਾਦ ਬਚ ਰਹਿੰਦੀ ਹੈ। ਚੰਬੇ ਵਿਚ ਪੰਜਾਂ ਪੀਰਾਂ ਤੇ ਪੱਥਰ ਵਾਲੀਆਂ ਦੀ ਸਮਾਧੀ ਵੀ ਇਸੇ ਭਰਮ ਤੋਂ ਪੂਜੀ ਜਾਂਦੀ ਹੈ। ਉੱਥੇ ਸਤੀਆਂ ਦੀਆਂ ਸਮਾਧੀਆਂ ਵੀ ਇਸੇ ਤਰ੍ਹਾਂ ਵਰਤੀਆਂ ਜਾਂਦੀਆਂ ਹਨ। ਰਾਵਲਪਿੰਡੀ ਦੇ ਵਸਨੀਕ ਸ਼ਾਹ-ਚੰਨ-ਚਿਰਾਗ ਨੂੰ, ਸੈਦਪੁਰ ਦੇ ਕੁੰਡਾਂ ਨੂੰ ਅਤੇ ਕੋਹਮਰੀ ਦੇ ਪੰਜਾਂ ਪਾਂਡਵਾਂ ਨੂੰ ਇਸੇ ਤਰ੍ਹਾਂ ਮੰਨਦੇ ਸਨ ।

ਹਰ ਪਿੰਡ ਜਾਂ ਸ਼ਹਿਰ ਵਿਚ ਮਾਤਾ ਦੇ ਡਰ ਤੋਂ ਮਾਤਾਰਾਣੀ ਦੇ ਗੁਲਗੁਲੇ ਚੜ੍ਹਾਏ ਜਾਂਦੇ ਸਨ ਅਤੇ ਮੌਕੇ ਦੀ ਅਵਸਥਾ ਵਿਚ ਲਗਾਤਾਰ ਤਿੰਨ ਸ਼ਨਿੱਚਰਵਾਰ ਬੱਚੇ ਦਾ ਤੋਲ ਕਰਾ ਕੇ ਤੋਲ ਬਰਾਬਰ ਦਾਣੇ ਅਚਾਰਜ ਨੂੰ ਦੇ ਦਿੱਤੇ ਜਾਂਦੇ ਹਨ।

ਚੌਬੇ ਵਿਚ ਬੱਚੇ ਨੂੰ ਪਹਿਲੇ ਨੌਂ ਮਹੀਨੇ ਤਕ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਅਤੇ ਇਸ ਤੋਂ ਪਿੱਛੋਂ ਬੱਚਾ ਆਪਣੇ ਕੋਲ ਅਰਗ (ਗੋਲ ਮੰਨ), ਬਕਰੂ (ਚੌਰਸ ਰੋਟ), ਕੁਝ ਟਕੇ ਅਤੇ ਚਕਲੀਆਂ (ਰਿਆਸਤੀ ਸਿੱਕੇ) ਲੈ ਕੇ ਕਿਸੇ ਧਰਮ-ਸਥਾਨ ਤੇ ਜਾਂਦਾ ਹੈ । ਮੁੰਡਾ ਹੋਵੇ ਤਾਂ ਸੂਰਜ ਵੱਲ ਨੂੰ ਅਖਰੋਟ ਸੁੱਟਦਾ ਹੈ, ਔਰਤਾਂ ਇਨ੍ਹਾਂ ਨੂੰ ਭੱਜ ਕੇ ਚੁੱਕਦੀਆਂ ਹਨ ਕਿਉਂਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਜਿਹੜੀ ਚੁੱਕੇਗੀ, ਉਸ ਨੂੰ ਮੁੰਡਾ ਹੋਵੇਗਾ। ਮੁੰਡਾ ਹੋਵੇ ਤਾਂ ਵੱਛਾ, ਕੁੜੀ ਹੋਵੇ ਤਾਂ ਵੱਛੀ ਦੀ ਛੋਡ ਵੀ ਕਰਾਉਂਦੇ ਹਨ। ਇਸ ਤੋਂ ਪਿੱਛੋਂ ਪ੍ਰੋਹਤ ਨੂੰ ਰੋਟੀ ਖੁਆਈ ਜਾਂਦੀ ਹੈ । ਫੇਰ ਕਿਧਰੇ ਮੁੰਡੇ ਨੂੰ ਘਰੋਂ ਬਾਹਰ ਆਉਣ ਜਾਣ ਦੀ ਖੁਲ੍ਹ ਹੁੰਦੀ ਹੈ।

ਉਥੇ ਅੰਨ ਪ੍ਰਸਾਣ ਦੀ ਵੀ ਰੀਤ ਹੈ। ਨੀਅਤ ਦਿਨ ਉੱਤੇ ਬੱਚੇ ਦੇ ਸਾਹਮਣੇ ਦਾਤ, ਕੁਦਾਲ, ਕਾਗਜ਼ ਤੇ ਖੀਰ ਰੱਖ ਦਿੰਦੇ ਹਨ। ਬੱਚਾ ਉਨ੍ਹਾਂ ਵਿਚੋਂ ਕਿਸੇ ਇਕ ਚੀਜ਼ ਨੂੰ ਛੂੰਹਦਾ ਹੈ। ਇਸ ਦੇ ਅਨੁਸਾਰ ਹੀ ਉਸ ਦੇ ਪੇਸ਼ੇ ਦੀ ਸਫ਼ਲਤਾ ਦਾ ਅਨੁਮਾਨ ਲਾਇਆ ਜਾਂਦਾ ਹੈ; ਜੇ ਦਾਤ ਛੋਹੇ ਤਾਂ ਆਜੜੀ, ਕੁਦਾਲ ਛੋਹੇ ਤਾਂ ਜੱਟ, ਕਾਗਜ਼ ਛੋਹੇ ਤਾਂ ਪੜ੍ਹਾਕੂ ਅਤੇ ਖੀਰ ਛੋਹੇ ਤਾਂ ਪੇਟੂ ਬਣੇਗਾ ।

ਪਰ ਇਹ ਸਾਰੇ ਟੂਣੇ, ਸਾਰੇ ਚਾਉ ਮਲ੍ਹਾਰ ਤੇ ਰਸਮਾਂ ਰੀਤਾਂ ਮੁੰਡਿਆਂ ਲਈ ਹੀ ਕੀਤੀਆਂ ਜਾਂਦੀਆਂ ਹਨ । ਧੀ ਜੰਮਦੀ ਹੈ ਤਾਂ ਮਾਪਿਆਂ ਦੇ ਭਾਅ ਦਾ ਪਹਾੜ ਡਿਗ ਪੈਂਦਾ ਹੈ । ਨਾ ਕੋਈ ਵਧਾਈ ਦਿੰਦਾ ਹੈ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਹਨ। ਬੀਮਾਰ ਹੋਵੇ ਤਾਂ ਉਸ ਨੂੰ ਬਚਾਉਣ ਦੇ ਯਤਨ ਬੜੇ ਘੱਟ ਕੀਤੇ ਜਾਂਦੇ ਸਨ । ਪੁਰਾਣੇ ਸਮੇਂ ਵਿਚ ਤਾਂ ਜਿੱਥੋਂ ਤਕ ਹੋ ਸਕੇ ਕੁੜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ । ਮਾਪੇ ਗਲ ਘੁੱਟ ਕੇ ਉਸ ਨੂੰ ਦੱਬਣ ਤੁਰ ਪੈਂਦੇ ਸਨ ਅਤੇ ਆਪਣੇ ਨਾਲ ਗੁੜ ਦੀ ਰੋੜੀ ਤੇ ਪੂਣੀ ਲੈ ਜਾਂਦੇ ਸਨ । ਗੁੜ ਉਸ ਦੇ ਮੂੰਹ ਉੱਤੇ ਰੱਖ ਕੇ ਤੇ ਪੂਣੀ ਉਸ ਦੇ ਹੱਥ ਵਿਚ ਦੇ ਕੇ ਉਸ ਨੂੰ ਕਬਰ ਵਿਚ ਲਿਟਾ ਦਿੰਦੇ ਸਨ ਤੇ ਕਹਿੰਦੇ ਸਨ:

ਗੁੜ ਖਾਵੀਂ, ਪੂਣੀ ਕੱਤੀ, ਆਪ ਨਾ ਆਵੀਂ ਵੀਰੇ ਨੂੰ ਘੱਤੀਂ

ਧੀਆਂ ਦਾ ‘ਨਾਮ-ਕਰਨ ਸੰਸਕਾਰ’ ਵੀ ਕੋਈ ਨਹੀਂ ਹੁੰਦਾ, ‘ਕੰਨ-ਵਿੱਧ ਸੰਸਕਾਰ’ ਵੀ ਨਾਂ ਮਾਤਰ ਹੀ ਹੁੰਦਾ ਹੈ। ਕੋਈ ਵਣਜਾਰਾਂ ਵੰਝਾਂ ਚੜਾਉਣ ਆਵੇ ਤਾਂ ਕੰਨ* ਵਿੰਨ੍ਹ ਜਾਂਦਾ ਹੈ । ਕੁੜੀਆਂ ਉਸ ਨੂੰ ਗੁੜ ਦੀ ਰੋੜੀ ਤੇ ਦੋ ਪੈਸੇ ਆਪਣੀ ਮਾਂ ਤੋਂ ਲੈ ਕੇ ਦਿੰਦੀਆਂ ਹਨ। ਹਾਲੀ ਕੁੜੀ ਹੋਸ਼ ਵੀ ਨਹੀਂ ਸੰਭਾਲਦੀ ਕਿ ਮਾਪੇ ਉਸ ਦੀ ਸ਼ਾਦੀ ਦਾ ਫਿਕਰ ਕਰਨ ਲਗ ਜਾਂਦੇ ਹਨ। ਕਈ ਵਾਰੀ ਤਾਂ ਕੁੜੀਆਂ ਨੂੰ ਕੁੱਛੜ ਚੁੱਕ ਕੇ ਵੀ ਫੇਰੇ ਦਿੱਤੇ ਜਾਂਦੇ ਸਨ । ਵੰਡ ਤੋਂ ਪਹਿਲਾ ਵਿਆਹ ਸਮੇਂ ਕੁੜੀ ਦਾ ਔਸਤ ਉਮਰ 5-10 ਸਾਲ ਹੀ ਹੁੰਦੀ ਸੀ । ਬਾਰਾਂ ਸਾਲ ਦੀ ਕੁੜੀ ਨੂੰ ਤਾਂ ਪੂਰੀ ਜਵਾਨ ਸਮਝਦੇ ਸਨ । ਪੰਜਾਬ ਦੇ ਲੋਕ-ਗੀਤਾਂ ਵਿਚ ਵੀ ਇਸ ਦਾ ਜ਼ਿਕਰ ਆਉਂਦਾ ਹੈ :-

ਬਾਰਾਂ ਸਾਲ ਦੀ ਹੋ ਗਈ ਜੈਕੁਰ, ਬਰਸ ਤੇਰ੍ਹਵਾਂ ਚੜ੍ਹਿਆ

ਘੁੰਮ ਘੁੰਮਾ ਕੇ ਚੜੀ ਜਵਾਨੀ, ਨਾਗ ਇਸ਼ਕ ਦਾ ਲੜਿਆ

ਪਿਉ ਉਹਦੇ ਨੂੰ ਪਤਾ ਲੱਗਿਆ, ਘਰ ਪੰਡਤਾਂ ਦੇ ਵੜਿਆ

ਪੱਤਰੀ ਖੁਲਾ ਕੇ ਮੁੰਡਾ ਟੋਲਿਆ, ਦਾਨ ਦਿੱਤਾ ਜੋ ਸਰਿਆ

ਮਿੱਤਰਾਂ ਨੂੰ ਵਿਕਰ ਪਿਆ, ਵਿਆਹ ਜੈਕੁਰ ਦਾ ਧਰਿਆ

ਅਗਲੀ ਪੁੰਨਿਆਂ ਦਾ……………………………………

ਜਿੱਥੋਂ ਤਕ ਵਰ ਦੀ ਚੋਣ ਵਿਚ ਕੁੜੀ ਦੀ ਮਰਜ਼ੀ ਦਾ ਸਬੰਧ ਹੈ ਕਾਂਗੜੇ ਦੇ ਗੱਦੀਆਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਵਿਚ ਉਸ ਨੂੰ ਕੋਈ ਨਹੀਂ ਪੁੱਛਦਾ। ਪੰਜਾਬ ਦੇ ਕੁਝ ਕੁ ਬਾਜ਼ੀਗਰ ਵਰ ਦੀ ਚੋਣ ਲਈ ਖੇਡਾਂ ਦਾ ਮੁਕਾਬਲਾ ਕਰਾਉਂਦੇ ਹਨ ਅਤੇ ਜਿੱਤਣ ਵਾਲੇ ਨੂੰ ਧੀ ਦਿੱਤੀ ਜਾਂਦੀ ਹੈ। ਚਾਰ ਦਹਾਕੇ ਪਹਿਲਾਂ ਤਾਂ ਮੁੰਡਿਆਂ ਨੂੰ ਨਾਈ, ਬ੍ਰਾਹਮਣ ਹੀ ਲੱਭਣ ਜਾਂਦੇ ਸਨ; ਜਿਹਾ ਵਰ ਉਹ ਲੱਭ ਲਿਆਉਣ, ਸਿਰ ਮੱਥੇ ਤੇ । ਕੁਝ ਚਿਰ ਤੋਂ ਮਾਪੇ ਅਤੇ ਅੰਗ ਸਾਕ ਨਾਤੇ ਵਿਚ ਹਿੱਸਾ ਲੈਣ ਲਗ ਗਏ ਹਨ। ਪੜ੍ਹੇ ਲਿਖੇ ਘਰਾਣਿਆਂ ਵਿਚ ਮੁੰਡੇ ਕੁੜੀ ਨੂੰ ਇਕ ਦੂਜੇ ਨਾਲ ਬੈਠ ਕੇ ਗੱਲ ਕਰਨ ਦੀ ਖੁਲ੍ਹ ਵੀ ਹੋ ਗਈ ਹੈ, ਇੱਥੋਂ ਤਕ ਕਿ ਸ਼ਹਿਰਾਂ ਵਿਚ ਤਾਂ ਪ੍ਰੇਮ-ਵਿਆਹ ਵੀ ਪਰਵਾਨ ਹੋਣ ਲਗ ਗਏ ਹਨ। ਪਹਾੜਾਂ ਦੇ ਗੱਦੀ, ਰਾਜਪੂਤ, ਭੱਟੀ, ਠਾਕੁਰ ਤੇ ਬ੍ਰਾਹਮਣ ਕੁੜੀ ਦੇ ਘਰ ਜਾ ਕੇ ਹੀ ਸ਼ਗਨ ਪੁਆਉਂਦੇ ਹਨ । ਜਦ ਘਰ ਦੀਆਂ ਇਸਤਰੀਆਂ ਵੇਖ ਪਰਖ ਕੇ ਕੁੜੀ ਪਸੰਦ ਕਰ ਲੈਂਦੀਆਂ ਹਨ ਤਾਂ ਮੁੰਡੇ ਵਾਲਾ ਆਪਣਾ ਨਾਈ ਕੁੜੀ ਦੇ ਪਿਤਾ ਕੋਲ ਭੇਜ ਦਿੰਦਾ ਹੈ। ਜੇ ਕੁੜੀ ਵਾਲੇ ਨੂੰ ਮਨਜੂਰ ਹੋਵੇ ਤਾਂ ਉਹ ਨਾਤਾ ਪਰਵਾਨ ਕਰ ਲੈਂਦਾ ਹੈ। ਕਈ ਥਾਂਈਂ ਏਸ ਅਮਲ ਨੂੰ ‘ਰੋਕਣਾ’ ਜਾਂ ‘ਠਾਕਣਾ’ ਕਹਿੰਦੇ ਹਨ। ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇਕ ਰੁਪਈਆ ਭੇਜ ਦਿੰਦੇ ਹਨ ਜਿਸ ਦਾ ਭਾਵ ਇਹ ਹੁੰਦਾ ਹੈ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੀ ਵੀ ਹੋਵੇ, ਨਾਤਾ ਪੱਕਾ ਹੈ। ਪਰ ਹੁਣ ਇਸ ਦਾ ਰਿਵਾਜ

ਹਟ ਰਿਹਾ ਹੈ । ਨਾਤਾ ਤੈਅ ਕਰਨਾ ਏਨਾ ਸੌਖਾ ਵੀ ਨਹੀਂ, ਇਸ ਵਿਚ ਕਈ ਗੱਲਾਂ ਵੇਖਣ ਵਾਲੀਆਂ ਹੁੰਦੀਆਂ ਹਨ। ਮੁੰਡੇ ਕੁੜੀ ਦੀ ਜਾਤ ਇਕ ਹੋਣੀ ਚਾਹੀਦੀ ਹੈ । ਬ੍ਰਾਹਮਣ ਦਾ ਵਿਆਹ ਬ੍ਰਾਹਮਣੀ ਨਾਲ ਹੀ ਹੋ ਸਕਦਾ ਹੈ ਤੇ ਖੱਤਰੀ ਦਾ ਖਤਰਾਣੀ ਨਾਲ ਆਦਿ। ਜਿਹੜਾ ਰਿਵਾਜ ਵਰ ਦੀ ਚੋਣ ਨੂੰ ਹੋਰ ਵੀ ਸੀਮਿਤ ਕਰਦਾ ਹੈ, ਉਹ ਸਗੋਤੇ ਵਿਆਹ ਦੀ ਮਨਾਹੀ ਹੈ। ਗੋਤਾਂ ਦੀ ਛੋਟ ਕਿਧਰੇ ਘੱਟ ਹੈ ਤੇ ਕਿਧਰੇ ਵਧੀਕ ਪਰ ਹੈ ਸਾਰੇ ਪੰਜਾਬ ਵਿਚ । ਪਹਿਲਾਂ ਤਾਂ ਦੋਹਾਂ ਧਿਰਾਂ ਦੇ ਚਾਰ ਚਾਰ ਗੋਤ ਛੱਡਦੇ ਹੁੰਦੇ ਸਨ। ਮੁੰਡਾ ਲੱਭਣਾ ਹੋਵੇ ਤਾਂ ਉਸ ਦਾ ਗੋਤ ਕੁੜੀ ਦੀ ਮਾਂ, ਪਿਉ, ਨਾਨੀ ਤੇ ਦਾਦੀ ਵਾਲਾ ਨਹੀਂ ਹੋ ਸਕਦਾ। ਕਾਂਗੜੇ ਦੇ ਰਾਜਪੂਤਾਂ ਵਿਚ ਰੀਤ ਹੈ ਕਿ ਗੋਤ ਆਦਿ ਸਭ ਕੁਝ ਮਿਲ ਜਾਣ ਤੇ ਵੀ ਆਪਣੀ ਧੀ ਆਪਣੇ ਤੋਂ ਨੀਵੀਂ ਸਮਾਜਕ ਸ਼੍ਰੇਣੀ ਵਿਚ ਨਹੀਂ ਦਿੰਦੇ ।

ਵਰ ਲੱਭ ਕੇ ਨਾਤਾ ਤੈਅ ਹੋ ਜਾਣ ਤੋਂ ਪਿੱਛੋਂ ਕੇਂਦਰੀ ਪੰਜਾਬ ਤੇ ਹਰਿਆਣੇ ਵਿਚ ‘ਕੁੜਮਈ’ ਜਾਂ ‘ਸਗਾਈ’ ਦੀ ਰਸਮ ਕੁਝ ਇਸ ਤਰ੍ਹਾਂ ਹੈ। ਕੁੜੀ ਵਾਲੇ ਨਾਈ ਦੇ ਹੱਥ ਖੰਮ੍ਹਣੀ, ਰੁਪਈਆ, ਪੰਜ ਮਿਸਰੀ ਦੇ ਕੁਜੇ, ਪੰਜ ਛੁਹਾਰੇ, ਕੇਸਰ, ਆਦਿ ਦੇ ਕੇ ਮੁੰਡੇ ਦੇ ਘਰ ਨੂੰ ਘੱਲ ਦਿੰਦੇ ਹਨ। ਮੁੰਡੇ ਵਾਲਿਆਂ ਨੇ ਰਿਸ਼ਤੇਦਾਰਾਂ ਤੇ ਸ਼ਰੀਕੇ ਵਿਚ ਸੱਦਾ ਭੇਜਿਆ ਹੁੰਦਾ ਹੈ। ਮੁੰਡੇ ਦੇ ਮਾਮੇ, ਪਿਤਾ ਅਤੇ ਪੰਚਾਇਤ ਦੀ ਹਜੂਰੀ ਵਿਚ ਮੁੰਡੇ ਨੂੰ ਚੌਂਕੀ ਤੇ ਬਿਠਾ ਲੈਂਦੇ ਹਨ ਅਤੇ ਨਾਈ ਆਪਣੇ ਨਾਲ ਲਿਆਂਦੀਆਂ ਚੀਜ਼ਾਂ ਉਸ ਦੀ ਝੋਲੀ ਵਿਚ ਪਾ ਕੇ ਕੇਸਰ ਦਾ ਟਿੱਕਾ ਉਸ ਦੇ ਮੱਥੇ ਉੱਤੇ ਲਾ ਦਿੰਦਾ ਹੈ। ਕੁੜੀ ਦਾ ਬਾਪ ਜਾਂ ਵਿਚੋਲਾ ਪੌਲੇ ਵਾਲੀਆਂ ਚੀਜ਼ਾਂ ਵਿਚੋਂ ਇਕ ਛੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿਚ ਪਾ ਦਿੰਦਾ ਹੈ। ਬਾਕੀ ਛੁਹਾਰੇ ਮੁੰਡੇ ਦੇ ਅਜਿਹੇ ਹਾਣੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਛੇਤੀ ਹੀ ਮੰਗਣੀ ਹੋਣ ਦੀ ਆਸ ਹੋਵੇ। ਭਾਈਚਾਰੇ ਦੀਆਂ ਇਸਤਰੀਆਂ ਇਕ ਇਕ ਰੁਪਈਆ ਤੇ ਠੂਠੀ ਵਾਰ ਕੇ ਮੁੰਡੇ ਦੀ ਝੋਲੀ ਵਿਚ ਪਾਉਂਦੀਆਂ ਹਨ। ਮੁੰਡੇ ਦਾ ਮਾਮਾ ਉਸ ਨੂੰ ਚੁੱਕ ਕੇ ਚੌਂਕੀ ਤੋਂ ਉਤਾਰ ਲੈਂਦਾ ਹੈ । ਨਾਈ ਨੂੰ ਲਾਗ ਤੇ ਖਰਚਾ ਦੇ ਕੇ ਵਿਦਾ ਕਰ ਦਿੰਦੇ ਹਨ।

ਮੁੰਡੇ ਵਾਲੇ ਨਾਈ ਦੇ ਹੱਥ ਮੰਗੇਤਰ ਕੁੜੀ ਵਾਸਤੇ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾਰੇ ਤੇ ਰੁਪਈਏ ਆਦਿ ਘੱਲਦੇ ਹਨ। ਕੁੜੀ ਆਪਣੇ ਘਰ ਨਹਾ ਧੋ, ਜੁੱਤੀ, ਕਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵੱਲ ਮੂੰਹ ਕਰ ਕੇ ਪੀੜ੍ਹੇ ਤੇ ਬੈਠ ਜਾਂਦੀ ਹੈ । ਪਿੰਡ ਦੀ ਨਾਇਣ ਸਹੁਰਿਆਂ ਦੇ ਭੇਜੇ ਰੁਪਈਏ ਉਸ ਦੀ ਝੋਲੀ ਵਿਚ ਪਾ ਕੇ ਖੰਡ ਛੁਹਾਰਾ ਉਸ ਦੇ ਮੂੰਹ ਵਿਚ ਪਾ ਦਿੰਦੀ ਹੈ। ਇਸ ਤਰ੍ਹਾਂ ਉਸ ਦੀ ਵੀ ਸਗਾਈ ਹੋ ਜਾਂਦੀ ਹੈ । ਲਾਲ ਪਰਾਂਦੀ ਉਸ ਦੀ ਸਗਾਈ ਦੀ ਨਿਸ਼ਾਨੀ ਹੁੰਦੀ ਹੈ, ਇਸ ਨੂੰ ਕੁੜੀ ਓਨਾ ਚਿਰ ਨਹੀਂ ਲਾਹੁੰਦੀ ਜਿੰਨਾ ਚਿਰ ਕਿ ਇਹ ਟੁੱਟ ਨਹੀਂ ਜਾਂਦੀ । ਸਹੁਰਿਆਂ ਵੱਲੋਂ ਆਏ ਚੌਲ ਉਸ ਨੂੰ ਤੇ ਉਸ ਦੀਆਂ ਕੁਆਰੀਆਂ ਸਹੇਲੀਆਂ ਨੂੰ ਖੁਆਉਂਦੇ ਹਨ। ਥੋੜ੍ਹੇ ਥੋੜ੍ਹੇ ਸ਼ਗਨਾਂ ਦੇ ਚੌਲ ਭਾਈਚਾਰੇ ਵਿਚ ਵੀ ਵੰਡੇ ਜਾਂਦੇ ਹਨ । ਪਹਾੜਾਂ ਦੇ ਗੱਦੀਆਂ, ਰਾਜਪੂਤਾਂ ਤੇ ਬ੍ਰਾਹਮਣਾਂ ਦੀ ਕੁੜਮਾਈ ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਉੱਥੇ ਕੁੜਮਾਈ ਕੁੜੀ ਦੇ ਘਰ ਹੁੰਦੀ ਹੈ। ਮੁੰਡੇ ਦਾ ਪਿਤਾ, ਮੁੰਡਾ, ਨਾਈ, ਵਿਚੋਲਾ, ਪ੍ਰੋਹਤ ਅਤੇ ਭਾਈਚਾਰੇ ਦੇ ਪਤਵੰਤੇ ਸੱਜਣ ਚੱਲ ਕੇ ਕੁੜੀ ਵਾਲੇ ਦੇ ਘਰ ਪਹੁੰਚ ਜਾਂਦੇ ਹਨ। ਉੱਥੇ ਉਹ ਖਾਣਾ ਖਾਂਦੇ ਤੇ ਰਾਤ ਰਹਿੰਦੇ ਹਨ। ਕੁੜੀ ਦਾ ਪਿਉ ਮੁੰਡੇ ਨੂੰ ਸ਼ਗਨ ਤੇ ਜਨੇਊ ਪਾਉਂਦਾ ਹੈ । ਕੁੱਲੂ ਵਿਚ ਕੁੜੀ ਤੋਂ ਗਣੇਸ਼ ਦੀ ਪੂਜਾ ਵੀ ਕਰਾਈ ਜਾਂਦੀ ਹੈ।

ਮੰਗਣੀ ਨਾਲ ਨਾਤਾ ਪੱਕਾ ਹੋ ਜਾਂਦਾ ਹੈ, ਖ਼ਾਸ ਕਰਕੇ ਮੁੰਡੇ ਵਾਲਿਆਂ ਲਈ, ਕਿਉਂਕਿ ਕੁੜੀ ਉਨ੍ਹਾਂ ਦੀ ਹੋ ਜਾਂਦੀ ਹੈ। ਜੇ ਮੁੰਡਾ ਮਰ ਵੀ ਜਾਵੇ ਤਾਂ ਮਾਪੇ ਉਸ ਨੂੰ ਮੁੰਡੇ ਦੇ ਛੋਟੇ ਭਰਾ ਨਾਲ ਵਿਆਹ ਲਿਆਉਂਦੇ ਹਨ। ਜੇ ਕੁੜੀ ਮਰ ਜਾਵੇ ਤਾਂ ਮੁੰਡਾ ਉਸ ਦੀ ਛੋਟੀ ਭੈਣ ਨੂੰ ਵਿਆਹ ਲਿਆਉਂਦਾ ਹੈ। ਦੋਹਾਂ ਹਾਲਤਾਂ ਵਿਚ ਉਹੀ ਹੁੰਦਾ ਹੈ ਜੋ ਕੁਝ ਮੁੰਡੇ ਵਾਲੇ ਚਾਹੁਣ । ਕੁੜੀ ਵਾਲਿਆਂ ਦੀ ਕੋਈ ਮਰਜ਼ੀ ਨਹੀਂ ਹੁੰਦੀ ।

ਕੁੜਮਾਈ ਤੋਂ ਵਿਆਹ ਤਕ ਕੋਈ ਖ਼ਾਸ ਰਸਮ ਨਹੀਂ ਹੁੰਦੀ । ਮੁੰਡੇ ਦਾ ਸਹੁਰਾ ਉਸ ਨੂੰ ਕਿਧਰੇ ਗਲੀ ਬਜ਼ਾਰ ਜਾਂ ਸ਼ਹਿਰ ਵਿਚ ਮਿਲ ਜਾਵੇ ਤਾਂ ਕੁਝ ਨਾ ਕੁਝ ਪੈਸੇ ਜਾਂ ਤੁਹਫ਼ਾ ਦੇ ਜਾਂਦਾ ਹੈ । ਹਾਂ, ਮੁਲਤਾਨ ਵਿਚ ਇਕ ਬੜਾ ਦਿਲਚਸਪ ਰਿਵਾਜ ਸੀ ਕਿ ਕੁੜਮਾਈ ਤੋਂ ਪਿੱਛੋਂ ਦੋਵੇਂ ਕੁੜਮ ਮਿਲਣ ਤਾਂ ਇਕ ਦੂਜੇ ਨੂੰ ਸਲਾਮ ਤਕ ਨਹੀਂ ਸਨ ਕਹਿੰਦੇ ਅਤੇ ਨਾ ਹੀ ਇਕ ਦੂਜੇ ਨਾਲ ਬੋਲਦੇ ਸਨ। ਅਜਿਹਾ ਰਿਸ਼ਤਾ ਪੈਦਾ ਕਰਨ ਵਾਸਤੇ ਇਕ ਖ਼ਾਸ ਰੀਤ ਸੀ ਕਿ ਕੁੜੀ ਦਾ ਪਿਤਾ ਮੁੰਡੇ ਦੇ ਘਰ ਜਾ ਕੇ ਉਸ ਦੇ ਪਿਉ ਦੀ ਥਾਲੀ ਵਿਚ ਇਕ ਤੋਂ ਪੰਜ ਤਕ ਰੁਪਏ ਰੱਖ ਕੇ ਰਸਮੀ ‘ਰਾਮਸੱਤ ਕਹਿ ਕੇ ਆਉਂਦਾ ਸੀ। ਇਸ ਤੋਂ ਪਿੱਛੋਂ ਉਹ ਇਕ ਦੂਜੇ ਨਾਲ ਬੋਲ ਤੇ ਮਿਲ ਸਕਦੇ ਸਨ।

ਸਾਡੇ ਵਿਆਹ-ਸੰਸਕਾਰ ਸਾਡੇ ਗ੍ਰਿਹਸਥ ਅਤੇ ਸਮਾਜੀ ਜੀਵਨ ਦਾ ਸ਼ੀਸ਼ਾ ਹਨ। ਪੁੰਨ, ਵੱਟਾ, ਟਕਾ, ਕਰੇਵਾ, ਝੀਂਡ, ਫੂਕ, ਆਦਿ ਅਨੇਕ ਕਿਸਮ ਦੇ ਵਿਆਹ ਹਨ। ਪੁੰਨ ਦਾ ਵਿਆਹ ਅਸਲੀ ਵਿਆਹ ਹੈ ਜਿਸ ਨੂੰ ‘ਸ਼ਾਦੀ’ ਕਹਿੰਦੇ ਹਨ। ਇੱਜ਼ਤਦਾਰ ਘਰਾਣੇ ਪੁੰਨ ਦਾ (ਬ੍ਰਹਮ) ਵਿਆਹ ਹੀ ਰਚਾਉਂਦੇ ਹਨ। ਮੰਗਣੀ ਜਾਂ ਸਗਾਈ ਕੇਵਲ ਕਿਸੇ ਕਿਸਮ ਦੇ ਵਿਆਹ ਦੀ ਨੀਂਹ ਰੱਖਦੀ ਹੈ। ਬਾਕੀ

ਵਿਆਹ ਇਸ ਤੋਂ ਬਿਨਾਂ ਵੀ ਹੋ ਸਕਦੇ ਹਨ । ਮੰਗਣੀ ਤੋਂ ਪਿੱਛੋਂ ਪੰਡਤ ਕੋਲੋਂ ਪੱਤਰੀ ਖੁਲ੍ਹਾ ਕੇ ਕਿਸੇ ਸ਼ੁਭ ਮਹੀਨੇ ਦੀ ਤਿੱਥ ਤੇ ਘੜੀ ਨੀਅਤ ਕਰ ਲਈ ਜਾਂਦੀ ਹੈ । ਇਸ ਨੂੰ ‘ਸਾਹਾ ਕਢਾਉਣਾ’ ਕਹਿੰਦੇ ਹਨ। ਪਰ ਅੰਤਮ ਰੂਪ ਵਿਚ ਇਹ ਸਾਹਾ ਮੁੰਡੇ ਵਾਲੇ ਹੀ ਮਨਜੂਰ ਕਰਦੇ ਹਨ। ਭਾਦੋਂ, ਕੱਤਕ, ਪੋਹ ਤੇ ਚੇਤ ਦੇ ਮਹੀਨੇ ਲਗਨਾਂ ਲਈ ਚੰਗੇ ਨਹੀਂ ਸਮਝੇ ਜਾਂਦੇ। ਪਹਾੜ ਵਿਚ ਇਸ ਰੀਤ ਨੂੰ ‘ਪੀਲੀ ਚਿੱਠੀ’ ਕਹਿੰਦੇ ਹਨ ।

ਇਸ ਤੋਂ ਪਿੱਛੋਂ ਜਦ ਵਿਆਹ ਵਿਚ ਥੋੜ੍ਹੇ ਦਿਨ ਰਹਿ ਜਾਣ ਤਾਂ ਕੁੜੀ ਵਾਲੇ ‘ਸਾਹੇ ਚਿੱਠੀ’ ਜਾਂ ‘ਲਗਨ’ ਲਿਖਾਉਂਦੇ ਹਨ। ਹਰਿਆਣੇ ਵਿਚ ਇਸ ਰਸਮ ਤੇ ਸਾਰਾ ਭਾਈਚਾਰਾ ਸੱਦ ਲਿਆ ਜਾਂਦਾ ਹੈ ਅਤੇ ਕੁੜੀ ਨੂੰ ਵੀ ਕੋਲ ਬਿਠਾ ਲੈਂਦੇ ਹਨ। ਪੰਡਤ ਚਿੱਠੀ ਲਿਖਦਾ ਹੈ। ਦਾਜ, ਜਨੇਤ ਦੇ ਆਦਮੀਆਂ ਦੀ ਗਿਣਤੀ ਅਤੇ ਨਾਈ ਦਾ ਲਾਗ ਤਕ ਵੀ ਇਸ ਵਿਚ ਲਿਖਵਾ ਦਿੰਦੇ ਹਨ। ਚਿੱਠੀ ਨੂੰ ਦੁੱਬ, ਚੌਲ, ਹਲਦੀ, ਖੰਮ੍ਹਣੀ ਆਦਿ ਵਿਚ ਵਲ੍ਹੇਟ ਕੇ ਨਾਈ, ਪੰਡਤ, ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜ ਦਿੰਦੇ ਹਨ। ਉਹ ਪੰਚਾਇਤ ਅਤੇ ਮੁੰਡੇ ਨੂੰ ਬਿਠਾ ਕੇ ਉਸ ਦੀ ਹਾਜ਼ਰੀ ਵਿਚ ਚਿੱਠੀ ਖੋਲ੍ਹਦੇ ਤੇ ਪੜ੍ਹਦੇ ਹਨ । ਨਾਈ ਜਾਂ ਪ੍ਰੋਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੰਦੇ ਹਨ। ਪਹਾੜੀ ਇਲਾਕਿਆਂ ਦੇ ਵਸਨੀਕ ਨਾਈ ਦੇ ਨਾਲ ਆਪਣੇ ਪਿੰਡ ਦਾ ਨਾਈ ਜਾਂ ਛੀਂਬਾ ਵੀ ਕੁੜੀ ਦੇ ਪਿੰਡ ਨੂੰ ਭੇਜ ਦਿੰਦੇ ਹਨ ਜਿਹੜਾ ਕੁੜੀ ਦੀ ਜੁੱਤੀ ਤੇ ਕਪੜਿਆਂ ਦਾ ਮੇਚਾ ਲੈ ਕੇ ਆਉਂਦਾ ਹੈ। ਮੁੰਡੇ ਵਾਲੇ ਕੁੜੀ ਦੇ ਕਪੜੇ ਤੇ ਵਰੀ ਇਸੇ ਮੇਚੇ ਅਨੁਸਾਰ ਤਿਆਰ ਕਰਦੇ ਹਨ। ਹਰਿਆਣੇ ਅਤੇ ਕੇਂਦਰੀ ਪੰਜਾਬ ਵਿਚ ਮੇਚੇ ਦਾ ਰਿਵਾਜ ਨਹੀਂ । ਵਿਚੋਲਾ ਹੀ ਮੁੰਡੇ ਵਾਲਿਆਂ ਨੂੰ ਉਨ੍ਹਾਂ ਦੇ ਪਿੰਡ ਦੀ ਕੋਈ ਕੁੜੀ ਵਿਖਾ ਦਿੰਦਾ ਹੈ।

ਇਸੇ ਦਿਹਾੜੇ ਤੋਂ ਦੋਹਾਂ ਘਰਾਂ ਵਿਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁੜੀ ਵਾਲੇ ਭਾਈਚਾਰੇ ਵਿਚ ਮੌਲੀ ਜਾਂ ਰੂੰ ਕੱਤਣ ਲਈ ਤੇ ਪੀਹਣ ਲਈ ਦਾਣੇ ਵੰਡ ਦਿੰਦੇ ਹਨ। ਅੱਜ ਕੱਲ੍ਹ ਅਜਿਹੇ ਕੰਮ ਮਸ਼ੀਨਾਂ ਤੇ ਕਰਾ ਲਏ ਜਾਂਦੇ ਹਨ। ਫੇਰ ਵੀ ਕੁੜੀ ਦਾ ਵਿਆਹ ਭਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ ਜਿਸ ਵਿਚ ਵਿੱਤ ਅਨੁਸਾਰ ਸਾਰੇ ਹਿੱਸਾ ਪਾਉਂਦੇ ਹਨ। ਮੁੰਡੇ ਵਾਲੇ ਵਰੀ ਤਿਆਰ ਕਰਨ ਲਗ ਜਾਂਦੇ ਹਨ ।

ਜਿਸ ਦਿਨ ਤੋਂ ਲਗਨ ਭੇਜ ਦਿੱਤਾ ਜਾਂਦਾ ਹੈ ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ ਕਿਸੇ ਨਾਲ ਹੱਸਣਾ ਬੋਲਣਾ ਤੇ ਕੰਮ ਕਰਨਾ ਮਨ੍ਹਾ ਹੋ ਜਾਂਦਾ ਹੈ । ਇਸ ਨੂੰ ‘ਸਾਹੇ ਲੱਤ ਬੰਨ੍ਹਣਾ’ ਜਾਂ ‘ਥੜ੍ਹੇ ਪਾਉਣਾ” ਕਹਿੰਦੇ ਹਨ। ਇਸ ਤੋਂ ਪਿੱਛੋਂ ਸੱਤ ਸੁਹਾਗਣ ਇਸਤਰੀਆਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ । ਇਹ ਸੱਤ ਸੁਹਾਗਣਾਂ ਵਿਆਹ ਦੇ ਹਰ ਕੰਮ ਲਈ ਇਕੱਠੀਆਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਇਕ ਵੀ ਘੱਟ ਹੋਵੇ ਤਾਂ ਕੋਈ ਰਸਮ ਸ਼ੁਰੂ ਨਹੀਂ ਹੁੰਦੀ। ਮਾਂਹ ਛੜਨ ਵੇਲੇ ਇਹ ਸੱਤੇ ਸੁਹਾਗਣਾਂ ਮਾਹਾਂ ਦੀਆਂ ਸੱਤ ਸੱਤ ਮੁੱਠੀਆਂ ਸਫਾਈ ਸੇਵਕਾਂ ਤੋਂ ਲਿਆਂਦੇ ਕੋਰੇ ਛੱਜ ਵਿਚ ਛੱਟਦੀਆਂ ਹਨ। ਦਾਲ ਦਲਣ ਵੇਲੇ ਸੱਤੇ, ਸੱਤ ਸੱਤ ਮੋਹਲੇ ਮਾਰਦੀਆਂ ਹਨ। ਚੱਕੀ ਝੋਣ ਵੇਲੇ ਸੱਤੇ, ਸੱਤ ਸੱਤ ਗਲੇ ਦਾਣਿਆਂ ਦੇ ਪੀਂਹਦੀਆਂ ਹਨ – ‘ਸੱਤ ਸੁਹਾਗਣਾਂ ਸੱਤ ਗਾਲੇ, ਚੱਕੀ ਹੱਥ ਲੁਆ’। ਵਿਆਹ ਤੋਂ ਗਿਆਰਾਂ ਕੁ ਦਿਨ ਪਹਿਲਾਂ ਸੱਤੇ ਸੁਹਾਗਣਾਂ ‘ਵੜੀਆਂ ਟੁਕਦੀਆਂ’ ਹਨ। ਪਹਿਲੀ ਵੜੀ ਟੁੱਕ ਕੇ ਉਸ ਵਿਚ ਮੌਲੀ ਤੇ ਹਰਾ ਘਾਹ ਲਾ ਦਿੱਤਾ ਜਾਂਦਾ ਹੈ । ਬਾਕੀ ਵੜੀਆਂ ਇਸ ਦੇ ਆਲੇ-ਦੁਆਲੇ ਰੱਖੀਆਂ ਜਾਂਦੀਆਂ ਹਨ ।

ਸੱਤ ਜਾਂ ਨੌਂ ਦਿਨ ਪਹਿਲਾਂ ‘ਕੜਾਹੀ ਚੜ੍ਹਾਈ’ ਜਾਂਦੀ ਹੈ । ਵਿਆਂਹਦੜ ਦੀ ਮਾਂ ਇਸ ਕੜਾਹੀ ਵਿਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਜਾਂਦੀ ਹੈ ਤੇ ਉਨ੍ਹਾਂ ਨੂੰ ਵਿਆਹ ਦਾ ਦਿਨ ਦੱਸ ਆਉਂਦੀ ਹੈ। ਉਹ ‘ਨਾਨਕੀ ਛੱਕ’ ਦੀ ਤਿਆਰੀ ਕਰਨ ਲਗ ਜਾਂਦੇ ਹਨ । ਏਧਰ ਕੜਾਹੀ ਚੜ੍ਹਨ ਨਾਲ ਵਿਆਹ ਵਾਲੇ ਘਰ ਮਠਿਆਈ ਤੇ ਪਕੌੜੇ ਤਿਆਰ ਹੋਣ ਲਗ ਜਾਂਦੇ ਹਨ।

ਪੰਜ ਦਿਨ ਰਹਿ ਜਾਣ ਤਾਂ ‘ਕੋਠੀ ਆਟੇ’ ਦੀ ਰੀਤ ਹੁੰਦੀ ਹੈ। ਸਾਰੇ ਭਾਈਚਾਰੇ ਦੀਆਂ ਇਸਤਰੀਆਂ ਵਿਆਹ ਵਾਲਿਆਂ ਦਾ ਭਾਰ ਹੌਲਾ ਕਰਨ ਲਈ ਆਟੇ ਦੀਆਂ ਪੰਜ ਪੰਜ, ਸੱਤ ਸੱਤ ਝੋਲੀਆਂ ਉਨ੍ਹਾਂ ਦੀ ਕੋਠੀ ਵਿਚ ਪਾ ਜਾਂਦੀਆਂ ਹਨ। ਕਈ ਵਾਰੀ ਇਹ ਆਟਾ ਉਨ੍ਹਾਂ ਦਾਣਿਆਂ ਦਾ ਹੀ ਹੁੰਦਾ ਹੈ ਜਿਹੜੇ ਉਨ੍ਹਾਂ ਨੂੰ ਪੀਹਣ ਵਾਸਤੇ ਵੰਡੇ ਗਏ ਸਨ ।

ਵਿਆਹ ਤੋਂ ਪਹਿਲਾਂ ਵੱਡੀ ਰੀਤ ਕੇਵਲ ‘ਵਟਣੇ’ ਜਾਂ ‘ਮਾਂਈਏ’ ਦੀ ਹੁੰਦੀ ਹੈ। ਜਿੰਨੇ ਦਿਨ ਪੰਡਤ ਨੀਅਤ ਕਰੇ ਵਿਆਹ ਤੋਂ ਓਨੇ ਦਿਨ ਪਹਿਲਾਂ ਕੁੜੀ ਮੁੰਡੇ ਨੂੰ ਮਾਂਈਏਂ ਪਾ ਦਿੰਦੇ ਹਨ । ਵਿਆਂਹਦੜ ਮੁੰਡੇ ਜਾਂ ਕੁੜੀ ਨੂੰ ਪਿੰਡ ਦੀਆਂ ਜ਼ਨਾਨੀਆਂ ਉਨ੍ਹਾਂ ਦੇ ਪੈਰਾਂ ਦੀਆਂ ਤਲੀਆਂ ਥੱਲੇ ਕੁਝ ਪੈਸੇ ਰੱਖ ਕੇ ਬਾਹਰ ਚੌਂਕੀ ਉੱਤੇ ਬਿਠਾ ਲੈਂਦੀਆਂ ਹਨ । ਬੰਨੜੇ ਜਾਂ ਬੰਨੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚੰਦੋਆ ਜਾਂ ਪੀਲੀਆ ਤਾਣ ਕੇ ਖੜੀਆਂ ਹੋ ਜਾਂਦੀਆਂ ਹਨ। ਇਕ ਠੂਠੀ ਵਿਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਵਟਣਾ ਤਿਆਰ ਕੀਤਾ ਹੁੰਦਾ ਹੈ। ਇਹ ਵਟਣਾ ਘਾਹ ਦੀ ਗੁੱਟੀ ਨਾਲ ਲਾ ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲਾਂ ਦੀ ਲਿਟ ਨੂੰ ਲਾਇਆ ਜਾਂਦਾ ਹੈ। ਇਸ ਤੋਂ ਪਿੱਛੋਂ ਇਹ ਹੱਥਾਂ, ਪੈਰਾਂ ਅਤੇ ਚਿਹਰੇ ਤੇ ਦੱਬ ਦੱਬ ਕੇ ਮਲਿਆ ਜਾਂਦਾ ਹੈ । ਇਹ ਵਿਆਹ ਵਾਲੇ ਦਿਨ ਤਕ ਲਗਦਾ ਰਹਿੰਦਾ ਹੈ। ਹਰਿਆਣੇ ਵਿਚ ਜੇ ਵਟਣੇ ਵੇਲੇ ਮੁੰਡਾ ਘਰ ਨਾ ਹੋਵੇ ਤਾਂ ਚੌਂਕੀ ਉੱਤੇ ਮੂਸਲ ਰੱਖ ਕੇ ਹੀ ਗੀਤ ਗਾ ਲੈਂਦੀਆਂ ਹਨ। ਜੰਗ ਦੇ ਦਿਨਾਂ ਵਿਚ ਭਰਤੀ ਹੋਏ ਵਿਆਂਹਦੜਾਂ ਨੂੰ ਛੁੱਟੀ ਦੀ ਘਾਟ ਕਾਰਨ ਨਾ ਆ ਸਕਣ ਕਰਕੇ ਅਜਿਹੀ ਰਸਮ ਆਮ ਸੀ ।

ਇਸ ਦਿਹਾੜੇ ਮੁੰਡੇ ਦੇ ਸੱਜੇ ਹੱਥ ਨੂੰ ਅਤੇ ਕੁੜੀ ਦੇ ਖੱਬੇ ਹੱਥ ਨੂੰ ‘ਕੰਗਣਾ’ ਜਾਂ ‘ਗਾਨਾ’ ਬੰਨ੍ਹਦੇ ਹਨ। ਹਰਿਆਣੇ ਦੇ ਜਾਟ ਇਸ ਦਿਨ ਤੋਂ ਮੁੰਡੇ ਦੇ ਹੱਥ ਵਿਚ ਨਜ਼ਰ ਆਦਿ ਤੋਂ ਬਚਾਉਣ ਲਈ ਲੋਹੇ ਦੀ ਛੜੀ ਜਾਂ ਜੇਬ ਵਿਚ ਕੋਈ ਮੇਖ ਜਾਂ ਚਾਬੀ ਪਾ ਦਿੰਦੇ ਹਨ। ਮੁੰਡੇ ਦੇ ਪੈਰ ਵਿਚ ਇਕ ਵਾਲਾਂ ਦਾ ਡੋਰਾ ਬਣਾ ਕੇ ਵੀ ਪਾਇਆ ਜਾਂਦਾ ਹੈ। ਇਹ ਵਟਣਾ ਵਿਆਂਹਦੜ ਤੋਂ ਛੋਟੇ ਕਿਸੇ ਹੋਰ ਕੁਆਰੇ ਮੁੰਡੇ: ਨੂੰ ਵੀ ਮਲਿਆ ਜਾਂਦਾ ਹੈ । ਇਹ ਮੁੰਡਾ ਵਿਆਂਹਦੜ ਦਾ ਸਰਬਾਹਲਾ ਬਣਦਾ ਹੈ। ਵਿਆਹ ਦੇ ਦਿਨਾਂ ਵਿਚ ਇਹ ਹਰ ਮੌਕੇ ਉੱਤੇ ਉਸ ਦੇ ਨਾਲ ਰਹਿੰਦਾ ਹੈ। ਇਸ ਦੇ ਵੀ ਕੰਗਣਾ ਆਦਿ ਬੰਨ੍ਹਦੇ ਹਨ। ਕੰਗਣੇ ਨੂੰ ਓਨੀਆਂ ਗੱਠਾਂ ਦਿੱਤੀਆਂ ਜਾਂਦੀਆਂ ਹਨ, ਜਿੰਨੇ ਦਿਨ ਵਿਆਹ ਵਿਚ ਰਹਿੰਦੇ ਹੋਣ। ਹਰ ਰੋਜ਼ ਵਟਣੇ ਵੇਲੇ ਇਕ ਗੱਠ ਖੋਲ੍ਹ ਦਿੱਤੀ ਜਾਂਦੀ ਹੈ।

ਕਾਂਗੜੇ, ਚੰਬੇ ਤੇ ਕੁੱਲੂ ਦੇ ਚੰਗੇ ਘਰਾਣੇ ਇਸੇ ਤਰ੍ਹਾਂ ਦੀ ਇਕ ਰਸਮ ‘ਮਹਿੰਦੀ’ ਵੀ ਕਰਦੇ ਹਨ। ਵਿਆਹ ਤੋਂ ਕੁਝ ਦਿਨ ਪਹਿਲਾਂ ਕੁੜੀ ਵਾਲੀਆਂ ਇਸਤਰੀਆਂ ਕੁੜੀ ਦੀ ਛੋਟੀ ਭੈਣ ਨੂੰ ਨਾਲ ਲੈ ਕੇ ਮੁੰਡੇ ਦੇ ਪਿੰਡ ਪਹੁੰਚ ਜਾਂਦੀਆ ਹਨ। ਮੁੰਡੇ ਦੀ ਇਹ ਛੋਟੀ ਸਾਲੀ ਮੁੰਡੇ ਦੀ ਚੀਚੀ ਨੂੰ ਮਹਿੰਦੀ ਲਾਉਂਦੀ ਹੈ ਅਤੇ ਉਸ ਦੀ ਥਾਲੀ ਵਿਚ ਤਿੰਨ ਜਾਂ ਪੰਜ ਰੁਪਏ ਸੁੱਟਦੀ ਹੈ। ਮੁੰਡਾ ਇਨ੍ਹਾਂ ਵਿਚ ਦੋ ਤਿੰਨ ਰੁਪਏ ਹੋਰ ਰਲਾ ਦਿੰਦਾ ਹੈ, ਸਾਲੀ ਸਾਰੇ ਪੈਸੇ ਚੁੱਕ ਲੈਂਦੀ ਹੈ। ਉੱਥੇ ਮੁੰਡੇ ਦੀ ਭਰਜਾਈ ਉਨ੍ਹਾਂ ਦੇ ਨਾਲ ਤੁਰ ਪੈਂਦੀ ਹੈ ਤੇ ਕੁੜੀ ਦੇ ਘਰ ਕੁੜੀ ਦੇ ਮਹਿੰਦੀ ਲਾ ਕੇ ਵਾਪਸ ਆ ਜਾਂਦੀ ਹੈ।

ਵਿਆਹ ਤੋਂ ਇਕ ਦਿਨ ਪਹਿਲਾਂ ਸੱਦੇ ਹੋਏ ਅੰਗ ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ । ਸਭ ਤੋਂ ਵਧੇਰਾ ਮੇਲ ਨਾਨਕਿਆ ਦਾ ਹੁੰਦਾ ਹੈ ਜਿਹੜੇ ਆਪਣੀ ਦੋਹਤਰੀ ਜਾਂ ਦੋਹਤਮਾਨ ਲਈ ਗਹਿਣੇ, ਬਿਸਤਰੇ, ਪਲੰਘ, ਬਰਤਨ ਤੇ ਕਪੜੇ ਲੀੜੇ ਲੈ ਕੇ ਆਉਂਦੇ ਹਨ। ਮਾਮੇ ਮਾਮੀ ਨੇ ਇਕ ਦੂਜੇ ਦਾ ਲੜ ਫੜਿਆ ਹੁੰਦਾ ਹੈ । ਬਾਕੀ ਮੇਲ, ਚੋਹਲ ਕਰਦਾ ਤੇ ਬੰਬੀਹਾ ਬੁਲਾਉਂਦਾ ਹੈ । (ਫੀਰੋਜ਼ਪੁਰ ਵਿਚ ਵਧੇਰੇ) । ਵਿਆਂਹਦੜ ਦੀ ਮਾਂ ਆਪਣੇ ਭਰਾ ਭਰਜਾਈ ਦੀ ਸੇਵਾਲੜੀ ਕਰਦੀ ਹੈ। ਭਰਾ ਭਰਜਾਈ ਵੀ ਘਰੋਂ ਨਿਰਣੇ ਕਾਲਜੇ ਆਏ ਹੁੰਦੇ ਹਨ ਅਤੇ ਅੱਗੋਂ ਮੁੰਡੇ ਦੀ ਮਾਂ ਤੇ ਬਾਪ ਵੀ ਨਿਰਣੇ ਕਾਲਜੇ ਹੀ ਬੈਠੇ ਹੁੰਦੇ ਹਨ। ਮਾਮੇ ਆ ਕੇ ਵਿਆਂਹਦੜ ਤੋਂ ‘ਸਾਤ’ ਕਰਾਉਂਦੇ ਹਨ। ਇਸ ਵੇਲੇ ਪਿੱਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਆਮ ਤੌਰ ਤੇ ਇਕ ਦਿਨ ਪਹਿਲਾਂ ਹੁੰਦੀ ਹੈ। ਪਰ ਜੇ ਬਰਾਤੀਆਂ ਨੇ ਰਸਤੇ ਵਿਚ ਕੋਈ ਪਾਣੀ ਦੀ ਨਦੀ ਪਾਰ ਕਰਨੀ ਹੋਵੇ ਤਾਂ ‘ਸਾਂਤ’ ਬਰਾਤ ਵਾਲੇ ਦਿਨ ਉਸ ਨਦੀ ਨੂੰ ਪਾਰ ਕਰ ਕੇ ਹੀ ਕੀਤੀ ਜਾਂਦੀ ਹੈ । ਰਾਜਪੂਤ ਸਾਂਤ ਦੇ ਵੇਲੇ ਗਊ-ਪੂਜਾ ਵੀ ਕਰਦੇ ਹਨ। ਮੁੰਡੇ ਵਾਲੇ ਘਰ ਮਾਮਾ ਰੱਸੀ ਵਿਚ ਠੂਠੀਆਂ ਆਦਿ ਪਰੋ ਕੇ ਤਣੀ ਬੰਨ੍ਹ ਦਿੰਦਾ ਹੈ। ਇਸ ਤੋਂ ਪਿੱਛੋਂ ਪਿੰਡ ਦੀਆਂ ਕੁੜੀਆਂ ਨੂੰ ਹਰ ਪ੍ਰਕਾਰ ਦੇ ਗੀਤ ਗਾਉਣ ਦੀ ਖੁਲ੍ਹ ਹੋ ਜਾਂਦੀ ਹੈ।

ਦੂਜੇ ਦਿਨ ਚੰਨ੍ਹ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਆਖ਼ਰੀ ਵਟਣਾ ਮਲ ਕੇ ਨਹਾ ਦਿੰਦੇ ਹਨ। ਉਹ ਪੁਰਾਣੇ ਕਪੜੇ ਨਾਈ ਨੂੰ ਦੇ ਦਿੰਦਾ ਹੈ। ਮੁੰਡਾ ਨਹਾ ਕੇ ਜਿਸਮ ਵੀ ਉਸ ਚੰਦੋਏ ਨਾਲ ਹੀ ਪੂੰਝਦਾ ਹੈ ਜਿਹੜਾ ਕੁੜੀਆਂ ਨੇ ਉਸ ਦੇ ਸਿਰ ਤੇ ਤਾਣਿਆ ਹੁੰਦਾ ਹੈ । ਉਸ ਨੂੰ ਚੌਂਕੀ ਤੋਂ ਵੀ ਉਸ ਦਾ ਮਾਮਾ ਹੀ ਚੁੱਕ ਕੇ ਉਤਾਰਦਾ ਹੈ ਅਤੇ ਉਤਾਰਦੇ ਸਮੇਂ ਚੌਂਕੀ ਦੇ ਅੱਗੇ ਪਈਆਂ ਠੂਠੀਆਂ ਨੂੰ, ਜਿਨ੍ਹਾਂ ਵਿਚ ਪੈਸੇ ਹੁੰਦੇ ਹਨ, ਅੱਡੀ ਨਾਲ ਭੰਨਦਾ ਹੈ। ਇਹ ਪੈਸੇ ਮੁੰਡੇ ਦੀਆਂ ਤਲੀਆਂ ਹੇਠਲੇ ਪੈਸਿਆਂ ਸਮੇਤ ਲਾਗੀ ਨੂੰ ਮਿਲ ਜਾਂਦੇ ਹਨ । ਨੁਹਾ ਕੇ ਉਸ ਨੂੰ ਪੁਸ਼ਾਕ ਵੀ ਮਾਮੇ ਦੀ ਲਿਆਂਦੀ ਹੋਈ ਹੀ ਪਹਿਨਾਈ ਜਾਂਦੀ ਹੈ। ਇਸ ਪੁਸ਼ਾਕ ਵਿਚ ਪਗੜੀ ਤੇ ਪਟਕੇ ਦਾ ਰੰਗ ਪੀਲਾ ਹੁੰਦਾ ਹੈ, ਬਾਕੀ ਪੁਸ਼ਾਕ ਭਾਵੇਂ ਕਿਸੇ ਕਿਸਮ ਦੀ ਹੋਵੇ । ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੇ ਮੋੜ (ਮੁਕਟ) ਜਾਂ ਮੱਥੇ ਤੇ ਸਿਹਰਾ ਬੰਨ੍ਹ ਦਿੰਦੇ ਹਨ । ਸਰਬਾਹਲੇ ਨੂੰ ਵੀ ਇਸੇ ਤਰ੍ਹਾਂ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ ।

ਇਸ ਤੋਂ ਪਿੱਛੋਂ ‘ਘੋੜੀ’ ਦੀ ਰੀਤ ਹੁੰਦੀ ਹੈ। ਮੁੰਡਾ ਘੋੜੀ ਉੱਤੇ ਚੜ੍ਹ ਕੇ ਜਠੇਰਿਆਂ ਦੀ ਪੂਜਾ ਜਾਂ ‘ਜੰਡੀ ਵੱਢਣ’ ਵਾਸਤੇ ਜਾਂ (ਹਰਿਆਣੇ ਵਿਚ) ਉਂਞ ਹੀ ਪਿੰਡ ਦੇ ਆਲੇ-ਦੁਆਲੇ ਚੱਕਰ ਲਾਉਂਦਾ ਹੈ । ਸਿੱਖ, ਗੁਰਦੁਆਰੇ ਮੱਥਾ ਟਿਕਾ ਲਿਆਉਂਦੇ ਹਨ। ਉਸ ਦੇ ਮੂਹਰੇ ਨਾਇਣ, ਲੱਡੂ, ਚੱਲ, ਪੈਸਿਆਂ ਵਾਲੀ ਥਾਲੀ ਤੇ ਪਾਣੀ ਦੀ ਗੜਵੀ ਲੈ ਕੇ ਤੁਰਦੀ ਜਾਂਦੀ ਹੈ । ਘੋੜੀ ਚੜ੍ਹਨ ਤੋਂ ਪਹਿਲਾਂ ਉਸ ਦੀ ਭਰਜਾਈ ਸੁਰਮਾ ਪਾ ਕੇ ‘ਸੁਰਮਾ ਪੁਆਈ’ ਲੈ ਲੈਂਦੀ ਹੈ । ਉਸ ਤੋਂ ਪਿੱਛੋਂ ਉਸ ਦੀ ਭੈਣ ਵਾਂਗ ਫੜਦੀ ਹੈ ਤੇ ਲੜ ਜਾਂ ਪੱਲਾ ਝੱਲਦੀ ਜਾਂਦੀ ਹੈ ।ਮੁੰਡੇ ਦੀ ਮਾਂ ਤੇ ਹੋਰ ਸ਼ਰੀਕਣੀਆਂ ਸਲਾਮੀਆਂ ਪਾਉਂਦੀਆਂ ਹਨ ਅਤੇ ਸੋ ਸ਼ਗਨ ਮਨਾ ਕੇ ਉਸ ਨੂੰ ਮੋਟਰ, ਪਾਲਕੀ ਜਾਂ ਸੁਖਪਾਲ ਵਿਚ ਬਿਠਾ ਦਿੰਦੀਆਂ ਹਨ। ਘੋੜੀ ਉੱਤੋਂ ਉਤਰਣ ਤੋਂ ਪਹਿਲਾਂ ਉਹ ਵਾਗ ਫੜਨ ਵਾਲੀ ਭੈਣ ਨੂੰ ‘ਵਾਗ ਫੜਾਈ’ ਦੇ ਦੋ ਰੁਪਏ ਤੇ ਬਾਕੀ ਭੈਣਾਂ ਨੂੰ ਖੁਸ਼ੀ-ਨਾਮੇ ਇਕ ਇਕ ਰੁਪਈਆ ਦਿੰਦਾ ਹੈ । ਬਰਾਤੀ ਉਸ ਨੂੰ ਪਹਿਲਾਂ ਹੀ ਉਡੀਕ ਰਹੇ ਹੁੰਦੇ ਹਨ, ਉਸ ਨੂੰ ਨਾਲ ਲੈ ਬਰਾਤ ਤੁਰ ਪੈਂਦੀ ਹੈ।

ਹਿੰਦੂਆਂ ਦੇ ਲਗਨ ਦਾ ਵੇਲਾ ਵਧੇਰੇ ਕਰਕੇ ਰਾਤ ਦਾ ਹੁੰਦਾ ਹੈ। ਸ਼ਾਮ ਦਾ ਵੇਲਾ ਬਹੁਤ ਹੀ ਚੰਗਾ ਸਮਝਿਆ ਜਾਂਦਾ ਹੈ। ਜਿੱਥੇ ਲਗਨ ਸ਼ਾਮ ਦੇ ਹੋਣ ਜੰਞ ਸਵੇਰੇ ਹੀ ਤੁਰ ਜਾਂਦੀ ਹੈ, ਕਿਉਂਕਿ ਉਨ੍ਹਾਂ ਨੇ ਰਾਤ ਦੀ ਰੋਟੀ ਲਗਨਾਂ ਤੋਂ ਪਿੱਛੋਂ ਖਾਣੀ ਹੁੰਦੀ ਹੈ । ਉਂਞ ਇਹ ਰਿਵਾਜ ਕਾਂਗੜੇ ਤੇ ਹਰਿਆਣੇ ਵਿਚ ਹੀ ਹੈ ।ਕੇਂਦਰੀ ਪੰਜਾਬ ਵਿਚ ਲਗਨ ਤੜਕਸਾਰ ਦੇ ਹੁੰਦੇ ਹਨ। ਇਸ ਲਈ ਜੰਞ ਵੀ ਸੰਝ ਨੂੰ ਪਹੁੰਚਦੀ ਹੈ ਅਤੇ ਰਾਤ ਦੀ ਰੋਟੀ ਖਾ ਕੇ ਜਾਂਞੀ ਸੌਂ ਜਾਂਦੇ ਹਨ । ਜੰਞ ਦੇ ਆਦਮੀ (ਕਾਂਗੜੇ ਤੇ ਹਰਿਆਣੇ ਵਿਚ) ਕੇਂਦਰੀ ਪੰਜਾਬ ਨਾਲੋਂ ਆਮ ਤੌਰ ਤੇ ਦੁੱਗਣੇ ਤਿੱਗਣੇ ਹੁੰਦੇ ਹਨ। ਕਾਂਗੜੇ ਵਿਚ ਹਾਲੀ ਵੀ ਬਰਾਤ ਪੈਦਲ ਹੀ ਜਾਂਦੀ ਹੈ । ਕੇਂਦਰੀ ਪੰਜਾਬ ਦੇ ਜਾਂਞੀ ਰਸਤੇ ਵਿਚ ਘੋੜੀਆਂ, ਬੋਤੇ ਤੇ ਰਥ ਭਜਾਉਂਦੇ ਹਨ ਤੇ ਸ਼ਰਾਬਾਂ ਦੀਆਂ ਸ਼ਰਤਾਂ ਲਾਉਂਦੇ ਹਨ। ਉਂਞ ਹੁਣ ਰਥਾਂ ਗੱਡਿਆਂ ਦਾ ਰਿਵਾਜ ਘੱਟ ਰਿਹਾ ਹੈ ਤੇ ਮੋਟਰਾਂ ਦਾ ਵਧ ਰਿਹਾ ਹੈ।

ਜਦ ਜੰਞ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੋਂ ਪਿੰਡ ਦੀ ਪੰਚਾਇਤ ਉਨ੍ਹਾਂ ਨੂੰ ਲੈਣ ਆਉਂਦੀ ਹੈ। ਇੱਥੇ ਬੰਨੇ ਉੱਤੇ ਹੀ ਪਿੰਡ ਦਾ ਨਾਈ ਮੁੰਡੇ ਦੇ ਪਿਤਾ ਨੂੰ ਹਰੀ ਟਹਿਣੀ ਨਾਲ ਵਧਾਈਆਂ ਦਿੰਦਾ ਹੈ। ਉਸ ਤੋਂ ਪਿੱਛੋਂ ਬਰਾਤ ਪਿੰਡ ਨੂੰ ਤੁਰ ਪੈਂਦੀ ਹੈ। ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿਚ ਪਹੁੰਚਣ ਤੇ ‘ਮਿਲਣੀ’ ਹੁੰਦੀ ਹੈ। ਮਿਲਣੀ ਤੇ ਕੁੜੀ ਦਾ ਪਿਤਾ ਮੁੰਡੇ ਦੇ ਪਿਤਾ ਨੂੰ ਜੱਫੀ ਪਾ ਕੇ ਮਿਲਦਾ ਹੈ ਅਤੇ ਥਾਲ ਰੁਪਈਆ ਜਾਂ ਕੁਝ ਵਧ ਸ਼ਗਨ ਦਿੰਦਾ ਹੈ । ਕੇਂਦਰੀ ਪੰਜਾਬ ਵਿਚ ਕੁੜੀ ਦਾ ਮਾਮਾ ਵੀ ਮੁੰਡੇ ਦੇ ਮਾਮੇ ਨਾਲ ਇਸੇ ਤਰ੍ਹਾਂ ਮਿਲਣੀ ਕਰਦਾ ਹੈ ਅਤੇ ਕਾਂਗੜੇ ਵਿਚ ਕੁੜੀ ਵਾਲੇ ਸਾਰੀ ਦੀ ਸਾਰੀ ਜਨੇਤ ਦੇ ਬੰਦਿਆਂ ਨੂੰ ਥਾਲ ਰੁਪਈਏ ਤੇ ਕਪੜੇ ਦਿੰਦੇ ਹਨ। ਚੰਬੇ ਦੇ ਰਾਜਪੂਤ ਘੋੜੀ, ਬੱਕਰੀ ਜਾਂ ਗਊ ਵੀ ਨਜ਼ਰ ਕਰਦੇ ਹਨ। ਅਸਲ ਵਿਚ ਮਿਲਣੀ ਵੇਲੇ ਪੁਰਾਤਨ ਸਮਿਆਂ ਵਿਚ ਕੁੜੀ ਖੁਦ ਚਲ ਕੇ ਪਤੀ ਨੂੰ ਨਜ਼ਰਾਨਾ ਦੇਣ ਜਾਂਦੀ ਸੀ । ਸ਼ਾਇਦ ਬਚਪਨ ਦੀ ਸ਼ਾਦੀ ਨੇ ਇਹ ਰਿਵਾਜ ਹੁਣ ਵਾਲੀ ਮਿਲਣੀ ਵਿਚ ਬਦਲ ਦਿੱਤਾ ਹੈ। ਮਿਲਣੀ ਤੋਂ ਪਿੱਛੋਂ ਜਨੇਤ ਡੇਰੇ (ਜੰਨਵਾਸੇ) ਪਹੁੰਚ ਜਾਂਦੀ ਹੈ। ਇਹ ਸਥਾਨ ਪਿੰਡ ਦੀ ਧਰਮਸ਼ਾਲਾ ਜਾਂ ਹੋਰ ਕੋਈ ਇਕਲਵਾਂਝਾ ਜਿਹਾ ਮਕਾਨ ਹੁੰਦਾ ਹੈ। ਮਹਿੰਦਰਗੜ੍ਹ ਦੀ ਤਸੀਲ ਦਾਦਰੀ ਵਿਚ ਇਸ ਨੂੰ ‘ਜੰਗਲਵਾਸਾ’ ਵੀ ਕਹਿੰਦੇ ਹਨ।

ਸਿੱਖਾਂ ਨੂੰ ਛੱਡ ਕੇ ਬਾਕੀ ਜਾਤੀਆਂ ਵਿਚ ਇਹ ਵੀ ਰਿਵਾਜ ਪ੍ਰਚੱਲਿਤ ਹੈ ਕਿ ਜਨੇਤ ਦੇ ਉਤਾਰੇ ਤੋਂ ਪਿੱਛੋਂ ਮੁੰਡਾ ਕੁੜੀ ਦੇ ਘਰ ਦੇ ਦਰਵਾਜ਼ੇ ਉੱਤੇ ਜਾ ਕੇ ‘ਟੋਰਨ ਚਟਕਾਰਨ’ ਦੀ ਰਸਮ ਕਰਦਾ ਹੈ। ਉੱਥੇ ਦਰਵਾਜ਼ੇ ਉੱਤੇ ਕੁੜੀ ਵਾਲਿਆਂ ਨੇ ਲੱਕੜੀ ਦਾ ਇਕ ਤੋਤਾ ਜਿਹਾ ਬਣਾ ਕੇ ਜਾਂ ਖਾਲੀ ਛਾਣਨੀ ਟੰਗੀ ਹੁੰਦੀ ਹੈ। ਕਈ ਇਲਾਕਿਆਂ ਵਿਚ ਛਾਣਨੀ ਵਿਚ ਦੀਵਾ ਵੀ ਹੁੰਦਾ ਹੈ । ਮੁੰਡਾ ਦਰਵਾਜ਼ੇ ਤੇ ਪਹੁੰਚ ਕੇ ਹੱਥ ਵਿਚ ਫੜੀ ਛਿਟੀ ਜਾਂ ਤਲਵਾਰ ਨਾਲ ਤੋਤਾ ਹੋਵੇ ਤਾਂ ਉਸ ਨੂੰ ਲਾਹੁੰਦਾ ਹੈ ਅਤੇ ਛਾਣਨੀ ਹੋਵੇ ਤਾਂ ਉਸ ਵਿਚੋਂ ਤਲਵਾਰ ਦੀ ਨੋਕ ਨਾਲ ਦੀਵਾ ਚੁੱਕਦਾ ਹੈ। ਇਹ ਮੁੰਡੇ ਦਾ ਇਕ ਪਰਕਾਰ ਦਾ ਇਮਤਿਹਾਨ ਹੁੰਦਾ ਹੈ । ਹਰਿਆਣੇ ਵਿਚ ਜਿਸ ਸਟੂਲ ਉੱਤੇ ਖੜੋ ਕੇ ਮੁੰਡਾ ਟੋਰਨ (ਤੋਤਾ) ਚਟਕਾਰਦਾ ਹੈ, ਉਸ ਪਿੱਛੇ ਬਰਾਤੀਆਂ ਤੇ ਕੁੜੀ ਵਾਲਿਆਂ ਵਿਚ ਲੜਾਈ ਵੀ ਹੁੰਦੀ ਹੈ। ਕਹਿੰਦੇ ਹਨ ਕਿ ਜਿਹੜੀ ਧਿਰ ਜਿੱਤ ਜਾਵੇ ਉਸ ਦਾ ਦੂਜੀ ਧਿਰ ਤੇ ਸਦਾ ਲਈ ਰੋਹਬ ਰਹਿੰਦਾ ਹੈ । ਕਈ ਥਾਵਾਂ ਤੇ ਕੁੜੀ ਦੀ ਮਾਂ ਜੁਆਈ ਦੀ ‘ਸੇਵਾਲੜੀ’ ਕਰਦੀ ਹੈ ਤੇ ਕਈ ਥਾਂ ਉਸ ਦੀ ਸਾਲੀ ‘ਆਰਤੀ’। ਪੰਜਾਬ ਦੇ ਖੱਤਰੀ ਵਿਆਂਹਦੜ ਕੁੜੀ ਦੇ ਸਿਰ ਉੱਤੇ ਸੱਤ ਵਾਰੀ ਕਪਾਹ ਦੀ ਬਣੀ ਹੋਈ ਕੋਈ ਚੀਜ਼ ਰੱਖਦੇ ਹਨ ਜਿਸ ਨੂੰ ਮੁੰਡਾ ਸੱਤੇ ਵਾਰੀ ਹਟਾ ਦਿੰਦਾ ਹੈ। ਇਸ ਦਾ ਭਾਵ ਕੁਝ ਇਹੋ ਜਿਹਾ ਹੁੰਦਾ ਹੈ ਕਿ ਉਹ ਕੁੜੀ ਦੇ ਸੱਤਾਂ ਗੁਨਾਹਾਂ ਦੇ ਬਾਵਜੂਦ ਉਸ ਨੂੰ ਪਰਵਾਨ ਕਰਦਾ ਹੈ। ਕਈਆਂ ਜਾਤੀਆਂ ਵਿਚ ਮੁੰਡੇ ਦੀ ਸਾਲੇਹਾਰ ਉਸ ਦੀ ਘੋੜੀ ਦੀ ਲਗਾਮ ਫੜਦੀ ਹੈ ਤੇ ਉਸ ਦਾ ਸਾਲਾ ਕੁੜੀ ਨੂੰ ਘੋੜੀ ਦੇ ਹੇਠੋਂ ਲੰਘਾਉਂਦਾ ਹੈ ਸਦਾ ਲਈ ਮੁੰਡੇ ਦੇ ਅਧੀਨ ਕਰਨ ਵਾਸਤੇ। ਇਸ ਤੋਂ ਪਿਛੋਂ ਬਰਾਤੀ ਜੰਨਵਾਸੇ ਨੂੰ ਵਾਪਸ ਟੁਰ ਪੈਂਦੇ ਹਨ। ਹਰਿਆਣੇ ਵਿਚ ਇਨ੍ਹਾਂ ਨੂੰ ਰਸਤੇ ਵਿਚ ਰੋਕ ਕੇ ਨਾਈ ਆਪਣੇ ਲਾਗ ਲੈ ਲੈਂਦਾ ਹੈ ।

ਇਸ ਤੋਂ ਪਿੱਛੋਂ ਜੇ ਫੇਰੇ ਤੇ ਲਗਨ ਤੜਕਸਾਰ ਦੇ ਹੋਣ ਤਾਂ ਰੋਟੀ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਪਰ ਅਜਿਹੀ ਹਾਲਤ ਵਿਚ ਮੁੰਡਾ ਰਾਤ ਦੀ ਰੋਟੀ ਡੇਰੇ ਜਾਂ ਜੰਨਵਾਸੇ ਵਿਚ ਹੀ ਖਾਂਦਾ ਹੈ ਅਤੇ ਅੱਧੀ ਰੋਟੀ ਖਾ ਕੇ, ਅੱਧੀ ਆਪਣੀ ਬਣਨ ਵਾਲੀ ਪਤਨੀ ਲਈ ਭੇਜ ਦਿੰਦਾ ਹੈ ਜਿਸ ਨੂੰ ਪਹਾੜੀ ਇਲਾਕਿਆਂ ਦੇ ਵਸਨੀਕ ‘ਬਟੇਰੀ’ ਕਹਿੰਦੇ ਹਨ । ਉਂਞ ਹਰ ਰੋਟੀ ਉੱਤੇ ਜਨੇਤੀ ਵਿਆਂਹਦੜ ਦੇ ਸਾਂਢੂਆਂ ਨੂੰ ਰੋਟੀ ਉੱਤੇ ਨਾਲ ਬਿਠਾ ਕੇ ਨਿਵਾਜਦੇ ਹਨ। ਜੇ ਜਨੇਤੀਆਂ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿਚ ਵਿਆਹੀ ਹੋਵੇ ਤਾਂ ਉਸ ਨੂੰ ਮਠਿਆਈ ਤੇ ਰੁਪਏ ਸਮੇਤ ਪਤਲਾਂ ਭੇਜ ਕੇ ਉਸ ਦਾ ਮਾਨ ਕਰਦੇ ਹਨ। ਹਰਿਆਣੇ ਵਿਚ ਬਰਾਤ ਪਹੁੰਚਣ ਤੋਂ ਦੂਜੇ ਦਿਨ ਮੁੰਡੇ ਦਾ ਪਿਉ ਇਕੱਲੀ ਇਕੱਲੀ ਦੇ ਘਰ ਜਾ ਕੇ ਰੁਪਏ ਦੇ ਕੇ ਆਉਂਦਾ ਹੈ। ਜਿੰਨਾ ਚਿਰ ਪਿੰਡ ਦੀ ਪੰਚਾਇਤ ਆਗਿਆ ਨਹੀਂ ਦਿੰਦੀ ਕੋਈ ਜਨੇਤੀ ਰੋਟੀ ਨਹੀਂ ਖਾਂਦਾ। ਏਸ ਰੋਟੀ ਤੇ ਵਧੇਰੇ ਕਰਕੇ ਮਠਿਆਈ ਚੌਲ ਹੀ ਵਰਤਾਏ ਜਾਂਦੇ ਹਨ। ਇਸ ਨੂੰ ‘ਮਿੱਠਾ ਭੱਤ’ ਵੀ ਕਹਿੰਦੇ ਹਨ।

ਲਗਨ ਜਾਂ ਫੇਰਿਆਂ ਤੋਂ ਪਹਿਲਾਂ ਵਿਆਂਹਦੜ ਮੁੰਡੇ ਤੇ ਵਿਆਂਹਦੜ ਕੁੜੀ ਦੀ ‘ਨ੍ਹਾਈ ਧੋਈ’ ਬੜੀ ਜ਼ਰੂਰੀ ਹੈ, ਖ਼ਾਸ ਕਰ ਕੇ ਇਸ ਲਈ ਕਿ ਬਹੁਤ ਹਾਲਤਾਂ ਵਿਚ ਹਿੰਦੂ ਮੁੰਡੇ ਨੂੰ ਜਨੇਊ ਅਤੇ ਸਿੱਖ ਮੁੰਡੇ ਨੂੰ ਅੰਮ੍ਰਿਤ ਵੀ ਇਸੇ ਸਮੇਂ ਛਕਾਇਆ ਜਾਂਦਾ ਹੈ । (ਕਾਂਗੜੇ ਵਿਚ ਕੁੜੀ ਦੀ ‘ਨ੍ਹਾਈ ਧੋਈ’ ਵਾਸਤੇ ਪਾਣੀ ਵੀ ਉਸ ਦੀਆਂ ਸਹੇਲੀਆਂ ਰਲ ਕੇ ਲਿਆਉਂਦੀਆਂ ਹਨ। ਇਸ ਰੀਤ ਨੂੰ ‘ਝਿਲਰੀਆਂ” ਕਹਿੰਦੇ ਹਨ) । ‘ਨ੍ਹਾਈ ਧੋਈ’ ਤੋਂ ਪਹਿਲਾਂ ਮੁੰਡੇ ਵਾਲੇ ਕੁੜੀ ਨੂੰ ‘ਸੁਹਾਗ ਪਟਾਰੀ’ ਭੇਜਦੇ ਹਨ। ਇਸ ਵਿਚ ਸੁਹਾਗ ਦੇ ਕਪੜੇ, ਗਹਿਣੇ ਤੇ ਸ਼ਿੰਗਾਰ ਦੀਆਂ ਚੀਜ਼ਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪਹਿਨ ਕੇ ਹੀ ਉਹ ਲਗਨਾਂ ਉੱਤੇ ਬੈਠਦੀ ਹੈ। ਆਮ ਤੌਰ ਤੇ ਫੇਰਿਆਂ ਵਿਚ ਪਹਿਨਣ ਵਾਲੇ ਕਪੜੇ ਵੀ ਮੁੰਡੇ ਦੇ ਮਾਮੇ ਦੇ ਹੀ ਹੁੰਦੇ ਹਨ ਅਤੇ ਇਹ ਰਿਵਾਜ ਆਮ ਹੈ ਕਿ ਕੁੜੀ ਲਗਨਾਂ ਉੱਤੇ ਆਪਣੇ ਮਾਮੇ ਅਤੇ ਮੁੰਡੇ ਦੇ ਮਾਮੇ ਦੇ ਭੇਜੇ ਦੂਹਰੇ ਕਪੜੇ ਪਹਿਨ ਕੇ ਬੈਠਦੀ ਹੈ।

  • ਲਗਨ ਤੇ ਫੇਰਿਆਂ ਵਾਸਤੇ ਚਾਰ ਬਾਂਸ ਗੱਡ ਕੇ ਵੇਦੀ ਬਣਾ ਲਈ ਜਾਂਦੀ ਹੈ ਜਾਂ ਤਰਖਾਣ ਤੋਂ ਬਣੀ ਬਣਾਈ ਲੈ ਆਉਂਦੇ ਹਨ। ਇਸ ਵਿਚ ਹਵਨ (ਹੋਮ) ਕਰਦੇ ਹਨ। ਤਰਖਾਣ ਤੋਂ ਚੌਂਕੀ ਤੇ ਸਫਾਈ ਸੇਵਕਾਂ ਤੋਂ ਖਾਰਾ ਲਿਆ ਕੇ ਹਵਨ ਦੇ ਅੱਗੇ ਟਿਕਾ ਦਿੰਦੇ ਹਨ। ਚੌਂਕੀ ਮੁੰਡੇ ਵਾਸਤੇ ਖੱਬੇ ਹੱਥ ਰੱਖੀ ਜਾਂਦੀ ਹੈ ਤੇ ਖਾਰਾ ਕੁੜੀ ਵਾਸਤੇ ਸੱਜੇ ਹੱਥ। ਮੁੰਡੇ ਨੂੰ ਲਿਆ ਕੇ ਚੌਂਕੀ ਉੱਤੇ ਬਿਠਾ ਦਿੰਦੇ ਹਨ ਤੇ ਪ੍ਰੋਹਤ ਗੋਤਰਾਚਾਰ ਪੜ੍ਹਦਾ ਹੈ ਤਾਂ ਕਿ ਜਮ੍ਹਾਂ ਹੋਏ ਬੰਦਿਆਂ ਨੂੰ ਪਤਾ ਲਗ ਜਾਵੇ ਕਿ ਦੋਵੇਂ ਮੁੰਡਾ ਤੇ ਕੁੜੀ ਚੰਗੀਆਂ ਜਾਤੀਆਂ ਦੇ ਹਨ ਅਤੇ ਉਨ੍ਹਾਂ ਦਾ ਰਿਸ਼ਤਾ ਜਾਇਜ਼ ਹੈ। ਉਸ ਤੋਂ ਪਿੱਛੋਂ ਪ੍ਰੋਹਤ ਕੁੜੀ ਵੱਲੋਂ ਮੁੰਡੇ ਤੋਂ ਕੁਝ ਬਚਨ ਲੈਂਦਾ ਹੈ ਜਿਨ੍ਹਾਂ ਦਾ ਭਾਵ ਹੁੰਦਾ ਹੈ ਕਿ ਉਹ ਯੱਗ ਤੇ ਜਾਂ ਯਾਤਰਾ ਸਮੇਂ ਉਸਦੀ ਸਲਾਹ ਲਵੇਗਾ ਤੇ ਉਸ ਨੂੰ ਨਾਲ ਲਿਜਾਏਗਾ, ਪਸ਼ੂਆਂ ਦੇ ਜਾਂ ਹੋਰ ਕਿਸੇ ਕਿਸਮ ਦੇ ਸੌਦੇ ਵਿਚ ਉਸ ਦਾ ਮਸ਼ਵਰਾ ਲਏਗਾ, ਮੌਸਮ ਅਨੁਸਾਰ ਗਹਿਣੇ ਕੱਪੜੇ ਤੇ ਖੁਰਾਕ ਦੇਵੇਗਾ, ਕਿਸੇ ਦੇ ਸਾਹਮਣੇ ਉਸ ਦੀ ਬੇਇਜ਼ਤੀ ਨਹੀਂ ਕਰੇਗਾ ਅਤੇ ਜਵਾਨੀ ਤੋਂ ਬੁਢਾਪੇ ਤਕ ਉਸ ਨੂੰ ਸੁਖੀ ਰੱਖੇਗਾ। ਇਸੇ ਤਰ੍ਹਾਂ ਮੁੰਡੇ ਵਾਲਿਆਂ ਦਾ ਪ੍ਰੋਹਤ ਮੁੰਡੇ ਵੱਲੋਂ ਕੁੜੀ ਤੋਂ ਬਚਨ ਲੈਂਦਾ ਹੈ ਕਿ ਉਹ ਲੋੜ ਤੋਂ ਬਿਨਾਂ ਕਿਧਰੇ ਨਹੀਂ ਜਾਏਗੀ, ਕਿਸੇ ਸ਼ਰਾਬੀ ਦੇ ਮੂੰਹ ਨਹੀਂ ਲੱਗੇਗੀ ਤੇ ਮੁੰਡੇ ਦੇ ਮਾਪਿਆਂ, (ਸਹੁਰਿਆਂ) ਤੇ ਮੁੰਡੇ ਦਾ ਕਹਿਣਾ ਮੰਨੇਗੀ। ਕੁੜੀ ਦੇ ਉੱਤਰ ਉਸ ਦਾ ਪ੍ਰੋਹਤ ਹੀ ਦੇ ਲੈਂਦਾ ਹੈ । ਅਸਲ ਵਿਚ ਕਿਸੇ ਨੂੰ ਵੀ ਇਹ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਬਚਨਾਂ ਦਾ ਕੀ ਭਾਵ ਹੈ ਤੇ ਕੀ ਹੋ ਰਿਹਾ

ਹੈ। ਬ੍ਰਾਹਮਣ ਰਸਮ ਕਰ ਕੇ ਲਾਗ ਦੇ ਹੱਕਦਾਰ ਹੋ ਜਾਂਦੇ ਹਨ।

ਸਾਰੇ ਬਚਨ ਲੈ ਕੇ ਮੁੰਡੇ ਤੇ ਕੁੜੀ ਦੇ ਹੱਥਾਂ ਪੈਰਾਂ ਦੇ ਅੰਗੂਠੇ ਤੇ ਸਿਰ ਮਿਲਾ ਦਿੰਦੇ ਹਨ ਜਾਂ ਲੜ ਜੋੜ ਦਿੰਦੇ ਹਨ, ਇਸ ਤੋਂ ਪਿੱਛੋਂ ਕੁੜੀ ਦਾ ਪਿਤਾ ਆਪਣੇ ਪਿੱਤਰਾਂ ਦਾ ਧਿਆਨ ਧਰ ਕੇ ‘ਕੰਨਿਆਦਾਨ’ ਕਰਦਾ ਹੈ। ਕੰਨਿਆਦਾਨ ਵੀ ਪਿੱਤਰਾਂ ਵਾਸਤੇ ਹੀ ਕੀਤਾ ਮੰਨਿਆ ਗਿਆ ਹੈ। ਅਗਨੀ ਦਿਉਤੇ ਅੱਗੇ ਮੁੰਡੇ ਕੁੜੀ ਤੋਂ ਇਕ ਦੂਜੇ ਦੀ ਖੁਸ਼ਹਾਲੀ ਲਈ ਪ੍ਰਾਰਥਨਾਵਾਂ ਕਰਾਈਆਂ ਜਾਂਦੀਆਂ ਹਨ। ਇਸ ਤੋਂ ਪਿੱਛੋਂ ਉਨ੍ਹਾਂ ਦੇ ਅੱਗ ਦੁਆਲੇ ਪੂਰਬੀ ਪੰਜਾਬ ਵਿਚ ਸੱਤ ਤੇ ਕੇਂਦਰੀ ਜਾਂ ਪੱਛਮੀ ਪੰਜਾਬ ਵਿਚ ਚਾਰ ਫੇਰੇ ਦਿਵਾਏ ਜਾਂਦੇ ਹਨ। ਪਹਿਲੇ ਕੁਝ ਫੇਰੇ ਲੈਣ ਸਮੇਂ ਮੁੰਡਾ ਅੱਗੇ ਹੁੰਦਾ ਹੈ ਪਿਛਲੇ ਕੁਝ ਫੇਰੇ ਸਮੇਂ ਕੁੜੀ। ਫੇਰੇ ਬਦਲਣ ਨਾਲ ਉਨ੍ਹਾਂ ਦੇ ਖਾਰੇ (ਜਾਂ ਖਾਰਾ ਚੌਂਕੀ) ਵੀ ਬਦਲ ਜਾਂਦੇ ਹਨ। ਅਸਲ ਵਿਚ ਇਕ ਲੋਕ-ਗੀਤ ਅਨੁਸਾਰ ਖਾਰੇ ਬਦਲਣ ਤੋਂ ਪਿੱਛੋਂ ਹੀ ਬਾਬਲ ਦੀ ਧੀ ਪਰਾਈ ਹੁੰਦੀ ਹੈ। ਦੱਖਣ-ਪੱਛਮੀ ਪੰਜਾਬ ਦੇ ਹਿੰਦੂ ਇਹੀ ਮਹੱਤਤਾ ‘ਸਿਰ ਮੇਲ’ ਨੂੰ ਦਿੰਦੇ ਹਨ। ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਿਨਾ ਵਿਆਹ ਸੰਪੂਰਨ ਨਹੀਂ ਸਮਝਿਆ ਜਾਂਦਾ । ਪਰ ਇਨ੍ਹਾਂ ਰਸਮਾਂ ਵਿਚ ਥਾਂ ਥਾਂ ਦੇ ਰਿਵਾਜ ਅਨੁਸਾਰ ਤਬਦੀਲੀ ਵੀ ਕੀਤੀ ਜਾ ਸਕਦੀ ਹੈ ਤੇ ਕੀਤੀ ਜਾਂਦੀ ਹੈ । ਕਈ ਬ੍ਰਾਹਮਣ ਪੁਰਾਤਨ ਰੀਤ ਅਨੁਸਾਰ ਪੱਥਰ ਵੀ ਠੁਕਰਵਾਉਂਦੇ ਹਨ, ਭਾਵ ਉਹ ਮੁੰਡੇ ਕੁੜੀ ਨੂੰ ਬਚਨਾਂ ਦੇ ਪੱਕੇ ਤੇ ਦ੍ਰਿੜ੍ਹ ਕਰਦੇ ਹਨ ਅਤੇ ਕਈ ਸਥਾਨਾਂ ਤੇ ਪਾਂਧਾ ਆਟੇ ਦੀਆਂ ਸੱਤ ਸੱਤ ਲੀਕਾਂ ਵਾਹੁੰਦਾ ਹੈ ਜਿਨ੍ਹਾਂ ਨੂੰ ਵਿਆਂਹਦੜ ਜੋੜਾ ਲੜਾਂ ਦੀ ਸਾਂਝੀ ਗੱਠ ਨਾਲ ਪੂੰਝ ਦਿੰਦਾ ਹੈ। ਇਸ ਦਾ ਭਾਵ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਦੋਵੇਂ ਇਕ ਦੂਜੇ ਦੀਆਂ ਪਹਿਲੀਆਂ ਭੁੱਲਾਂ ਮੁਆਫ ਕਰ ਕੇ ਇਕ ਦੂਜੇ ਨੂੰ ਸੱਚੇ ਦਿਲੋਂ ਪਰਵਾਨ ਕਰਦੇ ਹਨ। ਫੇਰੇ ਵੀ ਦੋ ਕਿਸਮ ਦੇ ਹਨ ਸਨਾਤਨੀ ਤੇ ਆਰੀਆ ਸਮਾਜੀ । ਸਨਾਤਨੀ ਫੇਰਿਆਂ ਵਿਚ ਬਚਨ ਬਿਲਾਸ ਤੇ ਹੋਮ ਅੱਠ ਅੱਠ ਘੰਟੇ ਹੁੰਦੇ ਰਹਿੰਦੇ ਹਨ ।

ਸਾਰੀ ਰਸਮ ਸਮਾਪਤ ਹੋਣ ਤੇ ਬ੍ਰਾਹਮਣ ਦੇ ਭਾਂਡੇ ਵਿਚ ਕੰਨਿਆਦਾਨ ਦੇ ਪੈਸੇ ਪਾ ਦਿੰਦੇ ਹਨ ਅਤੇ ਕਈ ਥਾਵਾਂ ਤੇ ਗਊ ਵੀ ਪੁੰਨ ਕਰਦੇ ਹਨ। ਕੁੜੀ ਨੂੰ ਕੁੜੀ ਦਾ ਮਾਮਾ ਖਾਰਿਆਂ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ। ਇੱਥੇ ਹੀ ਕੁੜੀ ਦੀ ਮਾਂ ਮੁੰਡੇ ਨੂੰ ਮਿਸਰੀ ਜਾਂ ਦੁੱਧ ਦੇ ਕੇ ਸਨਮਾਨਦੀ ਹੈ। ਅੱਧਾ ਦੁੱਧ ਮੁੰਡਾ ਪੀ ਲੈਂਦਾ ਹੈ ਤੇ ਅੱਧਾ ਅੰਦਰ ਵਹੁਟੀ ਨੂੰ ਦੇ ਦਿੰਦੇ ਹਨ । ‘ਲਗਨਾਂ ਵਾਲੀ ਵੇਦੀ’ ਪ੍ਰਾਹੁਣੇ ਤੋਂ ਹੀ ਪੁਟਵਾਈ ਜਾਂਦੀ ਹੈ – ਉਹ ਉਸ ਵੇਲੇ ਪੁੱਟ ਦੇਵੇ ਜਾਂ ਫੇਰ ਕਦੀ ।

ਵੇਦੀ ਦੁਆਰਾ ਲਗਨ ਤੇ ਫੇਰੇ ਹਿੰਦੂਆਂ ਦਾ ਰਿਵਾਜ ਹਨ। ਸਿੰਘ ਸਭਾ ਲਹਿਰ ਦੇ ਪ੍ਰਚਾਰ ਤੋਂ ਪਹਿਲਾਂ ਬ੍ਰਾਹਮਣੀ ਅਸਰ ਹੇਠਾਂ ਸਿੱਖਾਂ ਵਿਚ ਵੀ ਵੇਦੀ ਰਾਹੀਂ ਹੀ ਵਿਆਹ ਕਰਦੇ ਰਹੇ ਹਨ। ਸਿੰਘ ਸਭਾ ਲਹਿਰ ਨੇ ਅਨੰਦ ਕਾਰਜ ਦੀ ਰੀਤ ਦਾ ਪ੍ਰਚਾਰ ਕੀਤਾ। ਇਸ ਦੇ ਪ੍ਰਚਾਰ ਦੇ ਦਿਨਾਂ ਵਿਚ ਕਈ ਅਜਿਹੇ ਵਿਆਹ ਵੀ ਹੋਏ ਜਿਹੜੇ ਅੱਧ-ਪਚੱਧ ਵੇਦੀ ਨਾਲ ਹੁੰਦੇ ਸਨ ਤੇ ਅੱਧੇ ਕੁ (ਜਾਂ ਪੂਰੇ) ਗੁਰੂ ਗ੍ਰੰਥ ਸਾਹਿਬ ਦੁਆਰਾ । ਇਥੇ ਹਵਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਲਾਵਾਂ ਤੋਂ ਪਹਿਲਾਂ ਮੁੰਡੇ ਕੁੜੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੁੰਦਾ ਹੈ । ਗ੍ਰੰਥੀ ਦੋਹਾਂ ਧਿਰਾਂ ਤੋਂ ਬਚਨ ਲੈਂਦਾ ਹੈ । ਫਿਰ ਭੁਝੰਗਣ ਨੂੰ ਭੁਝੰਗੀ ਦਾ ਲੜ ਫੜਾ ਕੇ ਅਰਦਾਸ ਕਰਦਾ ਹੈ। ਪਿੱਛੋਂ ਉਹ ਇਕ ਲਾਂਵ ਪੜ੍ਹਦਾ ਹੈ, ਜੋੜੀ ਉੱਠ ਕੇ ਪ੍ਰਕਰਮਾ ਕਰਦੀ ਹੈ, ਵਹੁਟੀ ਦੇ ਭਰਾ ਉਸ ਨੂੰ ਫੜ ਕੇ ਲਾੜੇ ਦੇ ਪਿੱਛੇ ਤੋਰਦੇ ਹਨ, ਰਾਗੀ ਉਸੇ ਲਾਂਵ ਨੂੰ ਉੱਚੀ ਉੱਚੀ ਗਾ ਕੇ ਪੜ੍ਹਦੇ ਹਨ। ਹਰ ਲਾਂਵ ਪਿੱਛੋਂ ਜੋੜੀ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਜਾਂਦੀ ਹੈ । ਚਾਰੇ ਲਾਵਾਂ ਪੜ੍ਹ ਕੇ ਗ੍ਰੰਥੀ ਜਾਂ ਭਾਈ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਪਾ ਦਿੰਦਾ ਹੈ।

ਨਾਮਧਾਰੀ ਸਿੱਖਾਂ ਵਿਚ ਰਿਵਾਜ ਹੈ ਕਿ ਉਹ ਮੇਲੇ ਵਿਚ ਗੁਰਦੁਆਰੇ ਜਾ ਕੇ ਵਿਆਹ ਰਚਾਉਂਦੇ ਹਨ। ਬਹੁਤ ਸਾਦੇ ਢੰਗ ਨਾਲ ਅਨੰਦ ਕਾਰਜ ਕਰਦੇ ਹਨ। ਕਿਸੇ ਕਿਸਮ ਦੀ ਬਰਾਤ ਨਹੀਂ ਹੁੰਦੀ, ਕੜਾਹ ਪ੍ਰਸਾਦ ਦੀ ਦੇਗ ਕਰਾ ਕੇ ਸਵਾ ਰੁਪਈਆ ਚੜ੍ਹਾਵੇ ਦਾ ਦੇ ਦਿੰਦੇ ਹਨ । ਜਿਨ੍ਹਾਂ ਦੇ ਅਰਮਾਨ ਪੂਰੇ ਨਹੀਂ ਹੁੰਦੇ ਉਹ ਮੁਕਲਾਵੇ ਸਮੇਂ ਫਿਰ ਵਿਆਹ ਜਿੰਨਾ ਹੀ ਇਕੱਠ ਕਰ ਕੇ ਖਰਚ ਕਰਦੇ ਹਨ।

ਸਿੱਖੀ ਮਰਿਆਦਾ ਅਨੁਸਾਰ ਬਾਲ ਵਿਵਾਹ ਵਿਵਰਜਿਤ ਹੈ; ਜਾਤ ਪਾਤ ਤੇ ਰੀਤ ਦੀ ਕੋਈ ਬੰਦਸ਼ ਨਹੀਂ, ਕਿਸੇ ਚੰਗੇ ਮੰਦੇ ਥਿੱਤ ਵਾਰ ਦਾ ਭਰਮ ਨਹੀਂ । ਸਿਹਰੇ, ਗਾਨੇ, ਪਿੰਤਰ ਪੂਜਣੇ, ਲੱਸੀ ਪੈਰ, ਹਵਨ ਕਰਨਾ, ਵੈਦੀ ਗੱਡਣੀ, ਕੁੜਮਾਈ, ਸ਼ਰਾਬ, ਨਾਚ, ਸੋਟ ਸਭ ਮਨਮਤ ਮਿੱਥੀ ਗਈ ਹੈ; ਟਕੇ ਦੇ ਵਿਆਹ ਦੀ ਮਨਾਹੀ ਹੈ ਤੇ ਪੁਨਰ-ਵਿਵਾਹ ਦੀ ਪੂਰਨ ਖੁੱਲ੍ਹ ਹੈ। ਅਨੰਦ-ਕਾਰਜ ਜਾਂ ਲਗਨ-ਫੇਰਿਆਂ ਨਾਲ ਅਸਲੀ ਕਾਰਜ ਖ਼ਤਮ ਹੋ ਜਾਂਦਾ ਹੈ । ਉਸ ਤੋਂ

ਪਿੱਛੋਂ ਕੁੜੀ ਦੇ ਮਾਪੇ ਜਿੰਨੇ ਦਿਨ ਮਰਜ਼ੀ ਬਰਾਤੀਆਂ ਨੂੰ ਰੱਖ ਕੇ ਉਨ੍ਹਾਂ ਦੀ ਖ਼ਾਤਰ ਕਰ ਸਕਦੇ ਹਨ। ਇਨ੍ਹਾਂ ਦਿਨਾਂ ਵਿਚ ਹਰਿਆਣੇ ਦੇ ਜੱਟ ‘ਨਿਉਤੇ’ ਅਤੇ ਕਾਂਗੜੇ ਦੇ ਹਿੰਦੂ ‘ਤੰਬੋਲ’ ਪੁਆਉਂਦੇ ਹਨ। ਹਰ ਅੰਗ ਸਾਕ ਅਤੇ ਭਾਈਚਾਰੇ ਦਾ ਮੈਂਬਰ ਆਪਣੀ ਵਿੱਤ ਤੇ ਸ਼ਰਧਾ ਅਨੁਸਾਰ ਵਿਆਹ ਵਾਲਿਆਂ ਨੂੰ ਦਾਨ ਦਿੰਦਾ ਹੈ ਜਿਹੜਾ ਘਰ ਵਾਲੇ ਆਪਣੀ ਧੀ-ਧਿਆਣੀ ਨੂੰ ਸੌਂਪ ਦਿੰਦੇ ਹਨ। ਆਮ ਤੌਰ ਤੇ ‘ਨਿਉਂਦੇ’ ਜਾਂ ‘ਤੰਬੋਲ’ ਦੀ ਰਸਮ ਕੁਝ ਏਸ ਤਰ੍ਹਾਂ ਹੈ ਕਿ ‘ੳ’ ਨੇ ‘ਅ’ ਦੀ ਧੀ ਦੇ ਵਿਆਹ ਨੂੰ ਜੇ ਦਸ ਰੁਪਏ ਦਿੱਤੇ ਸਨ ਤਾਂ ‘ਅ’ ‘ੳ’ ਦੀ ਧੀ ਦੇ ਵਿਆਹ ਨੂੰ 11 ਦੇਵੇਗਾ ਅਤੇ ‘ੳ’ ਅਗਲੀ ਵਾਰੀ ਬਾਰ੍ਹਾਂ ਤੇ ‘ਅ’ ਅਗਲੀ ਵਾਰੀ ਫਿਰ ਤੇਰ੍ਹਾਂ। ਸਾਰੇ ਨਿਉਂਦੇ ਜਾਂ ਤੰਬੋਲ ਵਹੀ ਵਿਚ ਦਰਜ ਕੀਤੇ ਜਾਂਦੇ ਹਨ। ਮਾਮੇ ਦਾ ਨਿਉਂਦਾ ਹੀ ਅਜਿਹਾ ਹੁੰਦਾ ਹੈ ਜਿਹੜਾ ਕਦੀ ਦਰਜ ਨਹੀਂ ਕੀਤਾ ਜਾਂਦਾ ਅਤੇ ਕਈ ਵਾਰੀ ਲੋਕਾਂ ਨੂੰ ਦੱਸਿਆ ਵੀ ਨਹੀਂ ਜਾਂਦਾ । ਉਹ ਆਪਣੀ ਭਾਣਜੀ ਨੂੰ ਜੋ ਜੀ ਚਾਹੇ ਦੇ ਦਿੰਦਾ ਹੈ। ਇਹ ਰਸਮ ਵਿਆਹ ਤੋਂ ਇਕ ਦਿਨ ਪਹਿਲਾਂ ਵੀ ਕੀਤੀ ਜਾਂਦੀ ਹੈ ਪਰ ਆਮ ਤੌਰ ਤੇ ਇਸ ਦਾ ਸਮਾਂ ਦੂਜੇ ਦਿਨ ਰੋਟੀ ਤੋਂ ਪਿੱਛੋਂ ਵਾਲਾ ਹੀ ਪ੍ਰਚੱਲਿਤ ਹੈ। ਕਈ ਵਾਰੀ ਗੂੜ੍ਹੇ ਰਿਸ਼ਤੇਦਾਰ ਜਾਂ ਨਾਨਕੇ ਕੁੜੀ ਦੇ ਵਿਆਹ ਨੂੰ ਇਕ ਵੇਲੇ ਦੀ ਰੋਟੀ ਦਾ ਖ਼ਰਚਾ ਜਾਂ ਰੋਟੀ ਵੀ ਦਿੰਦੇ ਹਨ। ਇਹ ਰਸਮਾਂ ਸਮਾਜਕ ਹਨ ਅਤੇ ਵਿਆਹ ਵਾਲਿਆਂ ਦਾ ਭਾਰ ਹਲਕਾ ਕਰਨ ਲਈ ਕੱਢੀਆਂ ਗਈਆਂ ਹਨ।

ਲਗਨਾਂ ਤੋਂ ਪਿੱਛੋਂ ਸਵੇਰ ਦੇ ਵੇਲੇ ‘ਵਰੀ’ ਹੁੰਦੀ ਹੈ। ਬਰਾਤੀ, ਜਿਹੜੀ ਵੀ ‘ਵਰੀ’ ਆਦਿ ਲੈ ਕੇ ਆਏ ਹੋਣ, ਥਾਲੀਆਂ, ਟੋਕਰਿਆਂ ਵਿਚ ਖਿਲਾਰ ਕੇ ਜਾਂ ਬੰਦ ਦੀ ਬੰਦ, ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ। ਇਹ ਭਾਈਚਾਰੇ ਨੂੰ ਵਿਖਾਈ ਜਾਂਦੀ ਹੈ।

ਇਸੇ ਤਰ੍ਹਾਂ ਬਰਾਤ ਦੇ ਤੁਰਨ ਤੋਂ ਚਾਰ ਕੁ ਘੰਟੇ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ‘ਖੱਟ’ ਵਿਖਾਉਂਦੇ ਹਨ। ਇਸ ਵਿਚ ਉਹ ਸਭ ਕੁਝ ਵਿਖਾਇਆ ਜਾਂਦਾ ਹੈ। ਜਿਹੜਾ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ, ਮੁੰਡੇ ਨੂੰ, ਜਾਂ ਆਪਣੀ ਧੀ ਨੂੰ ਦਿੰਦੇ ਹਨ। ਇਥੇ ਲਾੜੇ ਨੂੰ ਪਲੰਘ ਉੱਤੇ ਬਿਠਾ ਦਿੱਤਾ ਜਾਂਦਾ ਹੈ ਤੇ ਕੁੜੀ ਨੂੰ ਕਿਸੇ ਪੀੜ੍ਹੀ ਤੇ। ਕੁੜੀ ਵਾਲਿਆਂ ਵੱਲੋਂ ਦਾਜ ਆਦਿ ਅਤੇ ਦੂਜੀਆਂ ਚੀਜ਼ਾਂ ਦੀ ਲਿਸਟ ਪੜ੍ਹ ਕੇ ਸੁਣਾਉਂਦੇ ਹਨ ਅਤੇ ਮੁੰਡੇ ਨੂੰ ਕੁੜੀ ਵਾਲਿਆਂ ਨੇ ਕੋਈ ਗਹਿਣਾ ਪਾਉਣਾ ਹੋਵੇ ਤਾਂ ਪਾਉਂਦੇ ਹਨ, ਘੜੀ ਬੰਨ੍ਹਣੀ ਹੋਵੇ ਤਾਂ ਘੜੀ ਬੰਨ੍ਹਦੇ ਹਨ, ਕੰਠੀ ਪਾਉਣੀ ਹੋਵੇ ਤਾਂ ਕੰਠੀ ਪਾਉਂਦੇ ਹਨ। ਇਸ ਤੋਂ ਪਿੱਛੋਂ ਸਾਰਾ ਸਮਾਨ ਬੰਨ੍ਹ ਕੇ ਡੇਰੇ ਵਿਚ ਭੇਜ ਦਿੱਤਾ ਜਾਂਦਾ ਹੈ। ਖੱਟ ਵੇਖ ਕੇ ਬਰਾਤ ਤਾਂ ਚਲੀ ਜਾਂਦੀ ਹੈ ਪਰ ਮੁੰਡਾ ਬੈਠਾ ਰਹਿੰਦਾ ਹੈ। ਭਾਈਚਾਰੇ ਦੀਆਂ ਔਰਤਾਂ ਉਸ ਨੂੰ ਸਲਾਮੀਆਂ ਪਾਉਂਦੀਆਂ ਹਨ। ਕੁੜੀਆਂ ਟਿੱਚਰਾਂ ਕਰਦੀਆਂ ਹਨ ਤੇ ਛੰਦ ਆਦਿ ਸੁਣਦੀਆਂ ਹਨ। ਸਰਬਾਹਲੇ ਨੂੰ ਤਾਂ ਬਸ ਹੱਥਾਂ ਉੱਤੇ ਹੀ ਚੁੱਕ ਲੈਂਦੀਆਂ ਹਨ।

ਇਸ ਤੋਂ ਪਿੱਛੋਂ ਬਰਾਤ ਵਿਦਾ ਕਰ ਦਿੱਤੀ ਜਾਂਦੀ ਹੈ। ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ, ਕੁਰਲਾਉਂਦੀ ਨੂੰ ਡੋਲੇ ਜਾਂ ਹੱਥ ਵਿਚ ਬਿਠਾ ਆਉਂਦਾ ਹੈ। ਉਸ ਦੇ ਨਾਲ ਉਸ ਦੀਆਂ ਲੋੜਾਂ ਦੀ ਵੇਖ ਭਾਲ ਵਾਸਤੇ ਨਾਇਣ ਭੇਜੀ ਜਾਂਦੀ ਹੈ ਤੇ ਦਿਲ ਲਾਉਣ ਵਾਸਤੇ ਉਸ ਦਾ ਛੋਟਾ ਭਰਾ। ਉਮਰ ਕੁੜੀ ਦੀ ਵੀ ਕੀ ਹੁੰਦੀ ਹੈ ? ‘ਜ਼ੋਰ ਨਾ ਕੁੜੀ ਦਾ ਕੋਈ, ਰੋਂਦੀ ਟੋਰ ਦੇਣਗੇ ਅਤੇ ਟੋਰ ਹੀ ਦਿੰਦੇ ਹਨ। ਪਿੰਡ ਦੇ ਅੰਦਰ ਕੁੜੀ ਦਾ ਡੋਲਾ ਭਾਈਚਾਰੇ ਦੇ ਬੰਦੇ ਹੀ ਚੁੱਕਦੇ ਹਨ ਅਤੇ ਪਿੰਡ ਤੋਂ ਬਾਹਰ ਕਹਾਰਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਕੁੜੀਆਂ ਵੈਰਾਗ ਦੇ ਗੀਤ ਗਾਉਂਦੀਆਂ ਤੇ ਡੁਸਕਦੀਆਂ ਪਰਤ ਆਉਂਦੀਆਂ ਹਨ, “ਸਾਥਣ ਚਾਲ ਪੜੀ, ਮੇਰੇ ਡੱਬ ਡੱਬ ਭਰ ਆਏ ਨੈਣ ।”

‘ਏਧਰ ਬਰਾਤ ਤਿੰਨ ਦਿਨ ਕੁੜੀ ਦੇ ਪਿੰਡ ਰਹਿੰਦੀ ਹੈ, ਓਧਰ ਮੁੰਡੇ ਦੇ ਪਿੰਡ ਦੀਆਂ ਇਸਤਰੀਆਂ ਨੂੰ ਨੱਚਣ, ਖੇਡਣ ਤੇ ਵਿਆਹੁਲਾ ‘ਗਿੱਧਾ’ ਪਾਉਣ ਦੀ ਖੁੱਲ੍ਹ ਮਿਲ ਜਾਂਦੀ ਹੈ । ਮੁੰਡੇ ਦਾ ਮਾਮਾ ਉਨ੍ਹਾਂ ਵਾਸਤੇ ਤਣੀ ਬੰਨ੍ਹ ਗਿਆ ਹੁੰਦਾ ਹੈ ਉਹ ਜਿਸ ਪ੍ਰਕਾਰ ਦੀਆਂ ਮਰਜ਼ੀ ਬੋਲੀਆਂ ਪਾ ਸਕਦੀਆਂ ਹਨ। ‘ਪਹਿਲੇ ਨੰਬਰ ਰਹਿ ਗਈ ਫ਼ਾਤਾਂ, ਨਰਮ ਰਹੀ ਕਰਤਾਰੀ’। ਗਿੱਧਾ ਚਲਦਾ ਹੈ। ਪਿੰਡ ਦੇ ਗੱਭਰੂ ਬਨੇਰਿਆਂ ਤੋਂ ਲੁਕ ਕੇ ਵੇਖਦੇ ਹਨ। ਕੇਂਦਰੀ ਪੰਜਾਬ ਵਿਚ ਗਿੱਧੇ ਤੋਂ ਪਹਿਲਾਂ ਨਾਨਕਿਆਂ ਦੀ ‘ਜਾਗੋ’ ਨਿਕਲਦੀ ਹੈ। ਮੁੰਡੇ ਦੀ ਮਾਮੀ ਵਲਟੋਹੀ ਉੱਤੇ ਆਟੇ ਦੇ ਦੀਵੇ ਬਾਲ ਕੇ ਵਲਟੋਹੀ ਸਿਰ ਤੇ ਰੱਖ ਕੇ ਅੱਗੇ ਹੋ ਟੁਰਦੀ ਹੈ । ਬਾਕੀ ਮੇਲਣਾਂ ਉਸ ਦੇ ਪਿੱਛੇ ਗਿੱਧਾ ਪਾਉਂਦੀਆਂ ਘਰ ਘਰ ਜਾਂਦੀਆਂ ਹਨ । ਲੰਬੜਦਾਰ, ਸ਼ਾਹੂਕਾਰ ਜਾਂ ਬਾਣੀਏਂ ਦਾ ਤਾਂ ਨੱਕ ਵਿਚ ਦਮ ਲਿਆ ਦਿੰਦੀਆਂ ਹਨ। ਹਰਿਆਣੇ ਵਿਚ ਗਿੱਧੇ ਦੀ ਥਾਂ ਕੁੜੀਆਂ ਕਿਸੇ ਮੁੰਡੇ ਕੁੜੀ ਦਾ ਆਪੋ ਵਿਚ ਫਰਜੀ ਵਿਆਹ ਰਚਾਉਂਦੀਆਂ ਤੇ ਇਕ ਦੂਜੀ ਨੂੰ ਟਿੱਚਰਾਂ ਕਰਦੀਆਂ ਹਨ। ਪਿੰਡ ਦੀ ਕੋਈ ਚਤਰ ਕੁੜੀ ਘੜੇ ਵਿਚ ਮੂੰਹ ਪਾ ਕੇ ਬੋਲਦੀ ਹੈ । ਕੋਈ ਸਵਾਲ ਕਰੇ ਉਸ ਦਾ ਜਵਾਬ ਦਿੰਦੀ ਹੈ । ਇਨ੍ਹਾਂ ਸਵਾਲਾਂ ਜਵਾਬਾਂ ਵਿਚ ਪਿੰਡ ਦੀਆਂ ਕੁੜੀਆਂ ਦੇ ਕੱਚੇ ਪੱਕੇ ਯਰਾਨਿਆਂ ਦੇ ਮਜ਼ਾਕ ਉਡਾਏ ਜਾਂਦੇ ਹਨ ।

ਇਨ੍ਹਾਂ ਤਿੰਨਾਂ ਦਿਨਾਂ ਵਿਚ ਹੀ ਲਗਨਾਂ ਦੇ ਵੇਲੇ ਮੁੰਡੇ ਦੀ ਮਾਂ ਆਪਣੇ ਘਰ ‘ਕੱਚੀ ਲੱਸੀ ਪੈਰ’ ਪਾਉਂਦੀ ਹੈ। ਓਧਰ ਲਗਨ ਹੋ ਰਹੇ ਹੁੰਦੇ ਹਨ ਏਧਰ ਉਹ ਭਾਂਡੇ ਵਿਚ ਪੈਰ ਨਾਲ ਦੁੱਧ ਪਾਣੀ ਘੋਲ ਰਹੀ ਹੁੰਦੀ ਹੈ, ਭਾਵ ਉਹ ਮੁੰਡੇ ਕੁੜੀ ਦੇ ਰਿਸ਼ਤੇ ਨੂੰ ਦੁੱਧ-ਪਾਣੀ ਦੇ ਰਿਸ਼ਤੇ ਜਿੰਨਾ ਗੂੜ੍ਹਾ ਤੇ ਅਭੇਦ ਕਰ ਦਿੰਦੀ ਹੈ। ਇਸ ਤੋਂ ਪਿੱਛੋਂ ਉਹ ਲੱਸੀ ਵਿਚ ਪੈਸੇ ਸੁੱਟ ਦਿੰਦੀ ਹੈ ਜਿਹੜੇ ਲਾਗਣ ਚੁੱਕ ਲੈਂਦੀ ਹੈ।

ਤਿੰਨ ਦਿਨ ਗਿੱਧੇ ਆਦਿ ਦਾ ਅਨੰਦ ਬੱਝਾ ਰਹਿੰਦਾ ਹੈ। ਤੀਜੇ ਦਿਨ ਬਰਾਤ ਦੀ ਵਾਪਸੀ ਦੀ ਉਡੀਕ ਹੁੰਦੀ ਹੈ। ਹਰਿਆਣੇ ਵਿਚ ਮੁੰਡੇ ਦੀ ਮਾਂ ਇਕ ਵੱਡਾ ਸਾਰਾ ਲੱਡੂ ਬਣਾ ਕੇ ਦਰਵਾਜ਼ੇ ਵਿਚ ਖੜੀ ਹੋ ਜਾਂਦੀ ਹੈ। ਉਹ ਲੱਡੂ ਸਭ ਤੋਂ ਪਹਿਲਾਂ ਹੀ ਆਪਣੇ ਜਾਨਵਰਾਂ ਦੀ ਟਹਿਲ ਸੇਵਾ ਸ਼ੁਰੂ ਕਰ ਦਿੰਦੇ ਹਨ। ਬਟੇਉ (ਲਾੜਾ, ਪ੍ਰਾਹੁਣਾ) ਪਹੁੰਚੇ ਤਾਂ ਉਸ ਦੀ ਬੜੀ ਕਦਰ ਹੁੰਦੀ ਹੈ। ਥੋੜ੍ਹੇ ਚਿਰ ਪਿੱਛੋਂ ਬਰਾਤ ਵੀ ਪੈਸਿਆਂ ਦੀ ਸੋਟ ਕਰਦੀ ਪਹੁੰਚ ਜਾਂਦੀ ਹੈ। ਪਿੰਡ ਵਿਚ ਪਹੁੰਚ ਕੇ ਕਾਂਗੜੇ ਦਾ ਰਿਵਾਜ ਹੈ ਕਿ ਬਰਾਤ ਬਹੁਤ ਹੌਲੀ ਟੁਰਦੀ ਹੈ (ਇਸ ਨੂੰ ‘ਦਖੀਲਾ’ ਕਹਿੰਦੇ ਹਨ) ।

ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਦੀਵਾ ਲੈ ਕੇ ਨੂੰਹ ਪੁੱਤ ਨੂੰ ਲੈਣ ਜਾਂਦੀ ਹੈ । ਦਰਵਾਜ਼ੇ ਉੱਤੇ ਉਹ ਪਾਣੀ ਨਾਲ ‘ਵਾਰਨੇ ਵਾਰਦੀ ਹੈ’। ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ। ਭਾਵ ਨੂੰਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ; ਮੁੰਡਾ ਉਸ ਨੂੰ ਰੋਕਦਾ ਹੈ। ਸੱਤਵੀਂ ਵਾਰੀ ਤਾਂ ਉਸ ਦੀਆਂ ਦਿਰਾਣੀਆਂ ਜਿਠਾਣੀਆਂ ਉਸ ਨੂੰ ਬਿਲਕੁਲ ਹੀ ਉਹ ਪਾਣੀ ਨਹੀਂ ਪੀਣ ਦਿੰਦੀਆਂ।

ਅੰਦਰ ਉਨ੍ਹਾਂ ਦੋਹਾਂ ਨੂੰ ਚੜ੍ਹਦੇ ਵੱਲ ਮੂੰਹ ਕਰ ਕੇ ਬਿਠਾ ਲੈਦੇ ਹਨ ਤੇ ਮੁੰਡੇ ਦੀ ਮਾਂ, ਮੁੰਡੇ ਤੇ ਨੂੰਹ ਨੂੰ ਦੁੱਧ ਪਿਲਾ ਕੇ ਉਨ੍ਹਾਂ ਦਾ ਮਾਨ ਕਰਦੀ ਹੈ। ਇਸ ਤੋਂ ਪਿੱਛੋਂ ਮੁੰਡਾ ਤਾਂ ਉਠ ਜਾਂਦਾ ਹੈ ਪਰ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਹਨ ਤੇ ਵੇਖਦੀਆਂ ਹਨ। ਮੁੰਡੇ ਦੀ ਮਾਂ ਮੂੰਹ ਵੇਖਣ ਲੱਗੀ ਵਹੁਟੀ ਨੂੰ ਕੋਈ ਸ਼ਗਨਾਂ ਦਾ ਗਹਿਣਾ ਵੀ ਪਾਉਂਦੀ ਹੈ ।

‘ਮੂੰਹ ਵਿਖਾਈ’ ਤੋਂ ਪਿੱਛੋਂ ‘ਗੋਤਕਨਾਲਾ’ ਕੀਤਾ ਜਾਂਦਾ ਹੈ । ਸ਼ਰੀਕੇ ਦੀਆਂ ਔਰਤਾਂ ਤੇ ਵਹੁਟੀ ਦੀਆਂ ਦਿਰਾਣੀਆਂ, ਜਿਠਾਣੀਆਂ ਰਲ ਕੇ ਭੋਜਨ ਖਾਂਦੀਆਂ ਹਨ ਭਾਵ ਇਹ ਕਿ ਉਹ ਵਹੁਟੀ ਨੂੰ ਆਪਣੇ ਗੋਤ ਵਿਚ ਰਲਾਉਂਦੀਆਂ ਹਨ। ਰਾਤ ਨੂੰ ਵਹੁਟੀ ਵਾਲੇ ਕਮਰੇ ਵਿਚ ਇਕ ਦੀਵਾ ਬਾਲ ਦਿੰਦੇ ਹਨ। ਉਹ ਸਾਰੀ ਰਾਤ ਜਲਦਾ ਰਹਿੰਦਾ ਹੈ। ਇਹ ਚਾਨਣ ਦਾ ਚਿੰਨ੍ਹ ਹੈ। ਰਾਤ ਨੂੰ ਵਹੁਟੀ ਜ਼ਮੀਨ ਤੇ ਹੀ ਸੌਂਦੀ ਹੈ । ਅਸਲ ਵਿਚ ਲਾੜੀ ਤੇ ਲਾੜੇ ਨੂੰ ਵਿਆਹ ਤੋਂ ਤਿੰਨ ਦਿਨ ਪਿੱਛੋਂ ਤਕ ਜ਼ਮੀਨ ਉੱਤੇ ਸੁਆਉਣ ਦਾ ਰਿਵਾਜ ਹੈ। ਅੱਜ-ਕੱਲ੍ਹ ਇਹ ਨਿਰਾ ਵਹਿਮ ਹੀ ਰਹਿ ਗਿਆ ਹੈ।

ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾਂ, ਜਠੇਰਿਆਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ। ਕਈ ਥਾਵਾਂ ਉੱਤੇ ਇਸ ਸਮੇਂ ਛਟੀਆਂ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਵਹੁਟੀ ਇਕ ਦੂਜੇ ਦੇ ਸੱਤ ਸੱਤ ਛਟੀਆਂ ਮਾਰਦੇ ਹਨ।

ਇਸੇ ਸ਼ਾਮ ‘ਕੰਙਣਾ’ ਖੇਲਦੇ ਹਨ। ਨਾਇਣ ਇਕ ਪਰਾਤ ਵਿਚ ਪਾਣੀ, ਹਲਦੀ ਤੇ ਚਾਉਲ ਘੋਲ ਲੈਂਦੀ ਹੈ। ਉਸ ਵਿਚ ਪਹਿਲਾਂ ਲਾੜਾ, ਲਾੜੀ ਤੇ ਕੰਙਣੇ ਦੀਆਂ ਗੱਠਾਂ ਖੋਲ੍ਹਦਾ ਹੈ ਤੇ ਫੇਰ ਲਾੜੀ ਲਾੜੇ ਦੇ ਕੰਙਣੇ ਦੀਆਂ। ਉਸ ਤੋਂ ਪਿੱਛੋਂ ਕੰਙਣਿਆਂ ਨਾਲ ਲਾੜੀ ਦੀ ਅੰਗੂਠੀ ਬੰਨ੍ਹ ਕੇ, ਮੁੰਡੇ ਵਾਲਿਆਂ ਦੀ ਨਾਇਣ ਸੱਤ ਵਾਰੀ ਪਾਣੀ ਵਿਚ ਸੁੱਟਦੀ ਹੈ। ਲਾੜਾ ਤੇ ਬਹੂ ਇਨ੍ਹਾਂ ਨੂੰ ਲੱਭਦੇ ਹਨ ਤੇ ਦੇਖਣ ਵਾਲੀਆਂ ਇਸਤਰੀਆਂ ਤਾੜੀਆਂ ਵਜਾਉਂਦੀਆਂ ਹਨ । ਉਂਞ ਨਾਇਣ ਖ਼ਿਆਲ ਰੱਖਦੀ ਹੈ ਕਿ ਮੁੰਡਾ ਹੀ ਜਿੱਤੇ ਕਿਉਂਕਿ ਇਸੇ ਜਿੱਤ ਨੇ ਮੁੰਡੇ ਦੀ ਵਹੁਟੀ ਉੱਤੇ ਉਮਰ ਭਰ ਦੀ ਜਿੱਤ ਦਾ ਨਿਰਣਾ ਕਰਨਾ ਹੁੰਦਾ ਹੈ।

ਇਸ ਤੋਂ ਪਿੱਛੋਂ ‘ਬੱਚਾ ਗੋਦ’ ਲੈਣ ਦੀ ਰਸਮ ਹੈ। ਬਹੂ ਕਿਸੇ ਮੁੰਡੇ ਨੂੰ ਗੋਦ ਬਿਠਾਉਂਦੀ ਹੈ, ਜਿਸ ਦਾ ਭਾਵ ਉਹ ਪੁੱਤਰ ਦੀ ਮੰਗ ਕਰਦੀ ਹੈ। ਕਰਨਾਲ ਵਿਚ ਇਹ ਰਸਮ ਬੜੀ ਅਜੀਬ ਹੈ। ਲਾੜਾ ਆਪਣੀ ਭਰਜਾਈ ਦੇ ਪੱਟਾਂ ਵਿਚ ਬਹਿੰਦਾ ਹੈ, ਬਹੂ ਲਾੜੇ ਦੇ ਪੱਟਾਂ ਵਿਚ ਤੇ ਮੁੰਡਾ ਬਹੂ ਦੇ ਪੱਟਾਂ ਵਿਚ। ਕਈ ਥਾਂ ਇਸ ਰਸਮ ਦੀ ਥਾਂ ‘ਤਿਲ ਤੇਗੁਣੇ’ ਵੀ ਖੇਡਦੇ ਹਨ ‘ਜਿਤਨੇ ਬਹੁਤੇ ਤਿਲ ਗਿਰੇਸੀ, ਉਤਨੇ ਬਹੁਤੇ ਪੁੱਤ ਜਣੇਸੀ’, ਕਹਾਵਤ ਹੈ।

ਤੀਜੇ ਦਿਨ ਬਹੂ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ‘ਦਿਖਾਵਾ’ ਦਿਖਾਇਆ ਜਾਂਦਾ ਹੈ। ਇਸ ਵਿਚ ਉਹ ਸਭ ਕੁਝ ਸ਼ਾਮਲ ਹੁੰਦਾ ਹੈ ਜੋ ਉਹ ਆਪਣੇ ਪਿੰਡੋਂ ਲੈ ਕੇ ਆਉਂਦੀ ਹੈ। ਬਹੂ ਦੀ ਛੋਟੀ ਨਿਨਾਣ ਪੇਟੀ ਖੋਲ੍ਹਦੀ ਹੈ ਤੇ ‘ਪੇਟੀ ਖੁਲ੍ਹਾਈ’ ਦਾ ਮਨਭਾਉਂਦਾ ਸੂਟ ਆਪਣੇ ਲਈ ਕੱਢ ਲੈਂਦੀ ਹੈ। ਇਸ ਤੋਂ ਪਿੱਛੋਂ ਬਹੂ ਨੂੰ ਵਿਦਾ ਕਰ ਦਿੰਦੇ ਹਨ। ਜੇ ਉਮਰ ਬਹੁਤੀ ਛੋਟੀ ਨਾ ਹੋਵੇ (ਜਿਵੇਂ ਅੱਜ ਕੱਲ੍ਹ) ਤਾਂ ਤੀਜੇ ਦਿਨ ਹੀ ਉਸ ਦਾ ਮੁਕਲਾਵਾ ਆ ਜਾਂਦਾ ਹੈ। ਪਰ ਪੁਰਾਣਾ ਰਿਵਾਜ਼ ਇਹ ਹੈ ਕਿ ਇਹ ਮੁਕਲਾਵਾ ਵਿਆਹ ਤੋਂ ਪਿੱਛੋਂ ਪਹਿਲੇ, ਤੀਜੇ, ਪੰਜਵੇਂ, ਸੱਤਵੇਂ, ਨੌਵੇਂ ਜਾਂ ਗਿਆਰ੍ਹਵੇਂ ਵਰ੍ਹੇ ਆਉਂਦਾ ਸੀ। ਹਰਿਆਣੇ ਵਿਚ ਮੁਕਲਾਵਾ ਲੈਣ ਵੀ ਨਾਈ ਜਾਂ ਬ੍ਰਾਹਮਣ ਹੀ ਜਾਂਦਾ ਹੈ । ਮੁਕਲਾਵਾ ਤੋਰਨ ਸਮੇਂ ਕੁੜੀ ਨੂੰ ਚਰਖੇ, ਚਰਮਖਾਂ ਤੋਂ ਲੈ ਕੇ ਪਲੰਘ ਬਿਸਤਰਿਆਂ ਤਕ ਘਰੇਲੂ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਮਾਪੇ ਤੇ ਭਾਈਚਾਰਾ ਧੀ-ਧਿਆਣੀ ਨੇ ਮੈਨੂੰ ਦੱਸਿਆ, ‘ਸਹੇਲੀਆ ਦੂਰ ਤਕ ਛੱਡਣ ਆਉਂਦੀਐ, ਦੁੱਧ ਪੁੱਤਰਾਂ ਵਾਲੀ ਹੋਣ ਦੀਆ ਅਸੀਸਾਂ ਦਿੰਦੀਐਂ। ਉਂਞ ਇਹ ਆਦਰ ਨਿਰਾ ਮੁਕਲਾਵੇ ਸਮੇਂ ਹੀ ਨਹੀਂ ਕੀਤਾ ਜਾਂਦਾ, ਜਦ ਵੀ ਧੀ-ਧਿਆਣੀ ਮਾਪਿਆਂ ਦੇ ਘਰੋਂ ਤੁਰਦੀ ਹੈ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਦਰ ਕਰਨ । ਜਦ ਤਕ ਉਸ ਦੇ ਮਾਪੇ ਜੀਉਂਦੇ ਹਨ, ਜੁਆਈ ਉਨ੍ਹਾਂ ਤੋਂ ਮੰਗਦੇ ਹੀ ਰਹਿੰਦੇ ਹਨ ਤੇ ਉਹ ਆਦਰ ਕਰਦੇ ਹੀ ਰਹਿੰਦੇ ਹਨ।

ਮੁਕਲਾਵਾ ਪਹੁੰਚਣ ਤੇ ਰਾਤ ਨੂੰ ‘ਬਟੂਆ’ ਜਾਂ ‘ਬਾਰੀ ਹੱਥ ਪੁਆਉਣ’ ਦੀ ਰਸਮ ਕਰਦੇ ਹਨ। ਪਤੀ ਆਪਣੀ ਸਜ-ਵਿਆਹੀ ਪਤਨੀ ਨੂੰ ਆਪਣਾ ਬਟੂਆ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਉਹ ਜਿੰਨੇ ਚਾਹੇ ਪੈਸੇ ਕੱਢ ਸਕਦੀ ਹੈ ਪਰ ਉਹ ਕੁਝ ਨਹੀਂ ਕੱਢਦੀ। ਕਈ ਪਤੀ ਗਹਿਣਾ ਆਦਿ ਵੀ ਪਾਉਂਦੇ ਹਨ । ਇਸ ਤੋਂ ਪਿੱਛੋਂ ਦੋਵੇਂ ਪਤੀ ਪਤਨੀ ਦੇ ਰੂਪ ਵਿਚ ਰਹਿਣ ਲਗ ਜਾਂਦੇ ਹਨ।

ਰਸਮੀ ਰੂਪ ਵਿਚ ਵਹੁਟੀ ਇੱਥੇ ਮਾਲਕਣ ਬਣ ਕੇ ਆਈ ਹੁੰਦੀ ਹੈ ਤੇ ਅਮਲੀ ਤੌਰ ਉੱਤੇ ਉਹ ਦਾਸੀ ਬਣ ਕੇ ਰਹਿੰਦੀ ਹੈ । ਘਰ ਵਿਚ ਆਪਣੇ ਤੋਂ ਵੱਡੇ (ਅਸਲ ਵਿਚ ਆਪਣੇ ਪਤੀ ਤੋਂ ਵੱਡੇ, ਕਿਉਂਕਿ ਕਈ ਵਾਰੀ ਪਤੀ ਉਮਰ ਵਿਚ ਉਸ ਨਾਲੋਂ ਛੋਟਾ ਵੀ ਹੁੰਦਾ ਹੈ) ਕਿਸੇ ਬੰਦੇ ਦਾ ਨਾਂ ਨਹੀਂ ਲੈਂਦੀ, ਸਾਰਿਆਂ ਨੂੰ ਸਵੇਰੇ ਉੱਠ ਕੇ ਮੱਥਾ ਟੇਕਦੀ ਹੈ – ਸੱਸ, ਸਹੁਰੇ ਤੇ ਜੇਠਾਂ ਨੂੰ । ਸੱਸ ਦੇ ਜੀਉਂਦੇ ਜੀ ਸਹੁਰੇ, ਜੇਠਾਂ ਨੂੰ ਤੇ ਕੀ, ਪਤੀ ਨੂੰ ਵੀ ਆਪਣੇ ਹਥੀਂ ਰੋਟੀ ਨਹੀਂ ਦੇ ਸਕਦੀ। ਸਭ ਤੋਂ ਘੁੰਡ ਕੱਢ ਕੇ ਰੱਖਦੀ ਹੈ। ਉਹ ਵੀ ਖੰਘ ਕੇ ਘਰ ਵੜਦੇ ਹਨ ਤਾਂ ਕਿ ਵਹੁਟੀ ਘੁੰਡ ਕੱਢ ਲਵੇ। ਸੱਸ ਬਣ ਕੇ ਉਹ ਜੁਆਈ ਤੋਂ ਘੁੰਡ ਕੱਢਦੀ ਹੈ। ਘੱਗਰਾ ਪਹਿਨੇ ਤੇ ਘੁੰਡ ਕੱਢੇ ਬਿਨਾਂ ਘਰੋਂ ਬਾਹਰ ਨਹੀਂ ਨਿਕਲਦੀ। ਸੱਸ ਦੇ ਜੀਉਂਦਿਆਂ ਕਦੀ ਪੀੜ੍ਹੀ ਉੱਤੇ ਨਹੀਂ ਬਹਿੰਦੀ, ਚਰਖਾ ਵੀ ਮੂੜ੍ਹੇ ਉੱਤੇ ਬੈਠ ਕੇ ਹੀ ਕੱਤਦੀ ਹੈ। ਹਿੰਦੂ ਰਾਜਪੂਤ ਜਾਤੀਆਂ ਇਨ੍ਹਾਂ ਰਿਵਾਜਾਂ ਨੂੰ ਜ਼ਿਆਦਾ ਮੰਨਦੀਆਂ ਹਨ ਪਰ

ਸਿੱਖ ਘੱਟ। ਰਾਜਪੂਤ ਇਸਤਰੀ ਦੀ ਸਾਰੀ ਉਮਰ ਚਾਰਦੀਵਾਰੀ ਦੇ ਅੰਦਰ ਹੀ ਲੰਘਦੀ ਹੈ। ਨੂੰ ਪੁੰਨ ਦੇ ਵਿਆਹ ਦੀ ਮਰਿਆਦਾ ਬਾਕੀ ਸਾਰੇ ਵਿਆਹਾਂ ਨਾਲੋਂ ਵਧੇਰੇ ਪੱਕੀ ਹੈ। ਇਹ ਪਵਿੱਤਰ ਤੇ ਅਟੁੱਟ ਸਮਝਿਆ ਜਾਂਦਾ ਹੈ। ਇਸ ਨੂੰ ਪੁੰਨ, ਦਾਨ, ਕੁਰਬਾਨੀ ਦਾ ਚਿੰਨ੍ਹ ਵੀ ਮੰਨਦੇ ਹਨ। ਪਹਾੜੀ ਇਲਾਕਿਆਂ ਨੂੰ ਛੱਡ ਕੇ, ਜਿਥੇ ਲਗਨਾਂ ਦੀ ਗੰਢ ਵਧੇਰੇ ਪੀਡੀ ਨਹੀਂ ਸਮਝੀ ਜਾਂਦੀ, ਇਸ ਪਵਿੱਤਰ ਰਿਸ਼ਤੇ ਨੂੰ ਤੋੜਨਾ ਪਾਪ ਮੰਨਿਆ ਜਾਂਦਾ ਹੈ। ਔਰਤ ਵਾਸਤੇ ਇਸ ਦੀ ਮਰਿਆਦਾ ਹੋਰ ਵੀ ਪੱਕੀ ਹੈ। ਇਕ ਵਾਰੀ ਅਜਿਹਾ ਵਿਆਹ ਹੋ ਜਾਵੇ, ਦੁਬਾਰਾ ਕਦੀ ਨਹੀਂ ਹੁੰਦਾ। ਉੱਚ ਜਾਤੀਆਂ ਵਿਚ ਤਾਂ ਕਿਸੇ ਕਿਸਮ ਦਾ ਵੀ ਨਹੀਂ ਹੁੰਦਾ। ਪਤੀ ਮਰ ਜਾਵੇ ਤਾਂ ਪਤਨੀ ਆਪਣਾ ਸੁਹਾਗ (ਗਹਿਣੇ ਕਪੜੇ) ਲਾਹ ਦਿੰਦੀ ਹੈ ਤੇ ਫੇਰ ਉਸ ਨੂੰ ਹਾਰ ਸ਼ਿੰਗਾਰ ਦੀ ਕਦੀ ਆਗਿਆ ਨਹੀਂ ਮਿਲਦੀ। ਉਹ ਕਿਸੇ ਹੋਰ ਦੇ ਘਰ ਨਹੀਂ ਵਸ ਸਕਦੀ । ਇਹ ਪੱਕੇ ਵਿਆਹ ਹਨ ਜਿਨ੍ਹਾਂ ਵਿਚ ਔਰਤ ਨੂੰ ਤਲਾਕ ਦੇਣ ਦਾ ਵੀ ਕੋਈ ਹੱਕ ਨਹੀਂ । ਜੇ ਮੁਸਲਮਾਨਾਂ ਵਿਚ ਹੈ ਵੀ ਤਾਂ ਉਹ ਤਲਾਕ ਲੈਣ ਦਾ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਤਲਾਕ ਉਸ ਨੂੰ ਕਚਹਿਰੀਆਂ ਤੇ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਪਿੱਛੋਂ ਮਿਲਦਾ ਹੈ । ਇਹ ਕਾਂਗੜਾ ਹੀ ਹੈ ਜਿਥੇ ਇਸਤਰੀ ਦਾ ਤਲਾਕ ਪੁੱਗ ਜਾਂਦਾ ਹੈ।

ਕਾਂਗੜੇ ਦੇ ਗੱਦੀ ਕਬੀਲੇ ਮੈਦਾਨੀ ਇਲਾਕਿਆਂ ਨਾਲੋਂ ਬਿਲਕੁਲ ਵੱਖਰਾ ਵਿਆਹ ਕਰਦੇ ਹਨ। ਇਨ੍ਹਾਂ ਦੇ ਵਿਆਹ ਤੋਂ ਮੈਦਾਨਾਂ ਅਤੇ ਪਹਾੜਾਂ ਦੇ ਵਿਆਹ ਵਿਚ ਅੰਤਰ ਦਾ ਪਤਾ ਲਗ ਜਾਵੇਗਾ। ਉਂਞ ਪਹਾੜੀ ਇਲਾਕਿਆਂ ਦੇ ਬਹੁਤ ਸਾਰੇ ਵਿਆਹ ਉੱਪਰ ਦੱਸੇ ਵਿਆਹ ਤੇ ਗੱਦੀਆਂ ਦੇ ਵਿਆਹ ਦਾ ਮਿਲਗੋਭਾ ਜਿਹਾ ਹੁੰਦੇ ਹਨ। ਡਾਕਟਰ ਐਮ.ਐਸ. ਰੰਧਾਵਾ ਨੇ ਆਪਣੀ ਪੁਸਤਕ ‘ਕਾਂਗੜਾ’ ਵਿਚ ਇਨ੍ਹਾਂ ਦੇ ਵਿਆਹ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ :-

‘ਗੱਦੀਆਂ’ ਵਿਚ ਵਿਆਹ ਦੀ ਆਮ ਰਸਮ ਬਹੁਤ ਵੱਡੀ ਹੁੰਦੀ ਹੈ। ਵਿਆਹ ਤੋਂ ਪਹਿਲੇ ਮੁੰਡੇ ਦੇ ਸਰੀਰ ਤੇ ਵਟਣਾ ਮਲਿਆ ਜਾਂਦਾ ਹੈ ਉਸ ਦੀ ਸੱਜੀ ਕਲਾਈ ਉੱਤੇ ਤਿੰਨ ਕਾਲੇ ਧਾਗੇ ਬੱਧੇ ਜਾਂਦੇ ਹਨ ਤਾਂ ਜੋ ਉਸ ਨੂੰ ਨਜ਼ਰ ਨਾ ਲਗ ਜਾਏ। ਲਾਲ ਦੁਪੱਟੇ ਵਿਚ ਕੱਜ ਕੇ ਫਿਰ ਉਸ ਦੀ ਮਾਂ ਉਸ ਨੂੰ ਵਿਹੜੇ ਵਿਚ ਲੈ ਜਾਂਦੀ ਹੈ ਜਿੱਥੇ ਉਸ ਨੂੰ ਨੁਹਾਇਆ ਜਾਂਦਾ ਹੈ । ਨੁਹਾਉਣ ਤੋਂ ਬਾਅਦ ਕਾਲੇ ਧਾਗੇ ਲਾਹ ਦਿੱਤੇ ਜਾਂਦੇ ਹਨ ਤੇ ਮੁੰਡਾ ਇਕ ਚਪਣੀ ਵਿਚ ਧੁਖ ਰਹੇ ਕੋਲਿਆਂ ਨੂੰ ਆਪਣੇ ਪੈਰ ਨਾਲ ਉਲਟਾ ਦਿੰਦਾ ਹੈ ਤਾਂ ਜੋ ਕੋਈ ਬੁਰਾ ਪਰਛਾਵਾਂ ਵਿਹੜੇ ਵਿਚ ਪੈ ਗਿਆ ਹੋਵੇ ਤਾਂ ਉਹ ਲਹਿ ਜਾਵੇ। ਫੇਰ ਪੰਡਤ ਮੌਲੀ ਬੰਨ੍ਹਦਾ ਹੈ ਜਿਸ ਨੂੰ ਕੰਙਣਾ ਕਹਿੰਦੇ ਹਨ ਨਾਲ ਹੀ ਮੁੰਡੇ ਨੂੰ ਘਿਉ ਤੇ ਗੁੜ ਖਾਣ ਨੂੰ ਦਿੰਦੇ ਹਨ । ਇਸ ਦੇ ਮਗਰੋਂ ਮੁੰਡੇ ਨੂੰ ਜੋਗੀਆਂ ਵਾਲੇ ਕਪੜੇ ਪਾਏ ਜਾਂਦੇ ਹਨ। ਉਹ ਕੰਨਾਂ ਵਿਚ ਚਾਰ ਵਾਲੀਆਂ ਪਾ ਕੇ, ਲੱਕ ਵਿਚ ਧੋਤੀ ਤੇ ਮੋਢੇ ਉੱਤੇ ਮੰਗਤਿਆਂ ਵਾਲੀ ਝੋਲੀ ਸੁੱਟ ਲੈਂਦਾ ਹੈ। ਫਿਰ ਪੰਡਤ ਉਸ ਦੇ ਹੱਥਾਂ ਪੈਰਾਂ ਨੂੰ ਪਾਣੀ ਨਾਲ ਧੋਂਦਾ ਹੈ, ਉਸ ਦੇ ਮੂੰਹ ਉੱਤੇ ਵੀ ਪਾਣੀ ਦੇ ਛੱਟੇ ਮਾਰਦਾ ਹੈ। ਇੰਞ ਕਰਨ ਨਾਲ ਮੁੰਡੇ ਦਾ ਬਦਰੀ ਨਾਰਾਇਣ, ਤ੍ਰਿਲੋਕੀਨਾਥ ਤੇ ਮਨੀਮਹੇਸ਼ ਦੇ ਤੀਰਥ-ਅਸਥਾਨਾਂ ਦਾ ਅਸ਼ਨਾਨ ਹੋ ਗਿਆ ਸਮਝਿਆ ਜਾਂਦਾ ਹੈ। ਇਸ ਤੋਂ ਬਾਅਦ ਮੁੰਡਾ ਆਪਣੇ ਰਿਸ਼ਤੇਦਾਰਾਂ ਤੋਂ ਭਿੱਖਿਆ ਮੰਗਦਾ ਹੈ। ਇਹ ਲੋਕ ਉਸ ਨੂੰ ਰੋਟੀ ਦੇ ਟੁਕੜੇ ਦਿੰਦੇ ਹਨ ਤੇ ਆਪੋ ਆਪਣੇ ਵਿਤ ਅਨੁਸਾਰ ਉਸ ਨੂੰ ਬੱਕਰੀਆਂ, ਭੇਡਾਂ ਆਦਿ ਦੇਣ ਦਾ ਇਕਰਾਰ ਕਰਦੇ ਹਨ। ਫਿਰ ਮੁੰਡੇ ਨੂੰ ਇਕ ਟੋਕਰੇ ਵਿਚ ਬਿਠਾ ਕੇ ਉਸ ਦੇ ਸਿਰ ਉੱਤੇ ਸੁਕਾ ਘਾਹ ਰੱਖ ਕੇ ਉਸ ਉੱਤੇ ਇਕ ਛੁਰੀ ਰੱਖੀ ਜਾਂਦੀ ਹੈ। ਮੁੰਡੇ ਦਾ ਮਾਮਾ ਸਰ੍ਹੋਂ ਦੇ ਤੇਲ ਦਾ ਇਕ ਭਾਂਡਾ ਫੜ ਲੈਂਦਾ ਹੈ ਜਿਸ ਵਿਚੋਂ ਤੇਲ ਲੈ ਕੇ ਲੋਕ ਮੁੰਡੇ ਦੇ ਸਿਰ ਵਿਚ ਪਾਉਂਦੇ ਹਨ । ਫਿਰ ਉਹ ਇਕ ਤੀਰ ਲੈ ਕੇ ਇਕ ਕਮਾਨ ਵਿਚ ਉਸ ਨੂੰ ਜੜਦਾ ਹੈ ਤੇ ਕਮਾਨ ਨੂੰ ਚੁੱਕ ਕੇ ਇਕ ਮਰੀ ਹੋਈ ਬੱਕਰੀ ਦੇ ਸਿਰ ਦਾ ਨਿਸ਼ਾਨਾ ਬਣਾਉਂਦਾ ਹੈ। ਇਸ ਤੋਂ ਬਾਅਦ ਉਸ ਨੂੰ ਗੁੜ ਤੇ ਘਿਉ ਦਿੱਤਾ ਜਾਂਦਾ ਹੈ, ਲਾਲ ਚਾਦਰ ਉਸ ਦੇ ਕੋਲ ਹੁੰਦੀ ਹੈ। ਮੁੰਡੇ ਵੱਲੋਂ ਕੁੜੀ ਲਈ ਸੁਗਾਤਾਂ (ਜਿਨ੍ਹਾਂ ਵਿਚ ਕਪੜੇ, ਕੰਘੀ, ਛੁਹਾਰੇ, ਸੌਗੀ, ਬਾਜਰਾ ਤੇ ਚੌਲ ਹੁੰਦੇ ਹਨ) ਇਕ ਜਲੂਸ ਦੀ ਸ਼ਕਲ ਵਿਚ ਕੁੜੀ ਦੇ ਘਰ ਲਿਜਾਈਆਂ ਜਾਂਦੀਆਂ ਹਨ। ਮੁੰਡੇ ਦੀ ਭਰਜਾਈ ਮੁੰਡੇ ਦੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਹੈ ਤੇ ਉਸ ਦੇ ਸਿਰ ਉੱਤੇ ਸਿਹਰਾ ਬੰਨ੍ਹਦੀ ਹੈ । ਬ੍ਰਾਹਮਣ ਪੁਜਾਰੀ ਇਕ ਥਾਲੀ ਨੂੰ ਜਿਸ ਵਿਚ ਜੋਤਾਂ ਜਗ ਰਹੀਆਂ ਹੁੰਦੀਆਂ ਹਨ ਤਿੰਨ ਵਾਰੀ ਮੁੰਡੇ ਦੇ ਸਿਰ ਉੱਤੋਂ ਘੁੰਮਾਉਂਦਾ ਹੈ, ਮੁੰਡੇ ਦੀ ਮਾਂ ਤਿੰਨ ਰੋਟੀਆਂ ਉਸ ਤੋਂ ਵਾਰ ਕੇ ਤਿੰਨ ਪਾਸਿਆਂ ਵੱਲ ਸੁੱਟਦੀ ਹੈ । ਫੇਰ ਮੁੰਡਾ ਵਿਹੜੇ ਵਿਚ ਰੱਖੀ ਹੋਈ ਪਾਲਕੀ ਵਿਚ ਬਹਿ ਜਾਂਦਾ ਹੈ। ਇੱਥੇ ਮੁੰਡੇ ਦੀ ਮਾਂ ਮੁੰਡੇ ਨੂੰ ਆਪਣਾ ਥਣ ਚੁੰਘਣ ਲਈ ਦਿੰਦੀ ਹੈ । ਪਾਲਕੀ ਨੂੰ ਚਾਰ ਕਹਾਰ ਚੁਕ ਕੇ ਲੱਕੜੀ ਦੇ ਇਕ ਤੋਤੇ ਕੋਲ ਲਿਜਾਂਦੇ ਹਨ ਜਿਸ ਦੀ ਪੂਜਾ ਮੁੰਡਾ, ਉਸ ਦੀ ਮਾਂ ਤੇ ਪੁਜਾਰੀ ਕਰਦੇ ਹਨ। ਇੱਥੇ ਇਕ ਪਾਣੀ ਦੇ ਪੱਤਿਆਂ ਦਾ ਭਰਿਆ ਘੜਾ ਮੁੰਡੇ ਦੇ ਸਾਹਮਣੇ ਰੱਖਿਆ ਜਾਂਦਾ ਹੈ । ਮੁੰਡਾ ਇਸ ਘੜੇ ਵਿਚ ਪੈਸੇ ਪਾਉਂਦਾ ਹੈ, ਫੇਰ ਜੰਞ ਕੁੜੀ ਦੇ ਪਿੰਡ ਵੱਲ ਤੁਰ ਪੈਂਦੀ ਹੈ। ਜੰਞ ਵਿਚ ਦੋਸਤ ਤੇ ਰਿਸ਼ਤੇਦਾਰ ਹੁੰਦੇ ਹਨ। ਜੰਞ ਦੇ ਅੱਗੇ ਤੂਤਣੀਆਂ ਤੇ ਢੋਲ ਵੱਜ ਰਹੇ ਹੁੰਦੇ ਹਨ।

“ਕੁੜੀ ਦੇ ਪਿੰਡ ਕਿਸੇ ਦੇ ਘਰ ਵਿਚ ਸਾਹ ਲੈ ਕੇ ਇਕ ਪੰਡਤ ਦੇ ਨਾਲ ਜੰਞ ਫੇਰ ਧੇਤਿਆਂ ਦੇ ਢੁਕਦੀ ਹੈ। ਕੁੜੀ ਦੀ ਮਾਂ ਘਰ ਦੀ ਡਿਉਢੀ ਉੱਤੇ ਮੁੰਡੇ ਦਾ ਸੁਆਗਤ ਕਰਦੀ ਹੈ। ਇੱਥੇ ਉਹ ਬਲ ਰਹੀਆਂ ਜੋਤਾਂ ਦੀ ਇਕ ਥਾਲੀ ਨੂੰ ਸੱਤ ਵਾਰ ਮੁੰਡੇ ਦੇ ਸਿਰ ਤੋਂ ਵਾਰਦੀ ਤੇ ਵਿਹੜੇ ਵਿਚ ਤਿੰਨ ਰੋਟੀਆਂ ਸੁੱਟਦੀ ਹੈ। ਇਸ ਤੋਂ ਬਾਅਦ ਸੱਸ ਚਲੀ ਜਾਂਦੀ ਹੈ ਤੇ ਸਹੁਰਾ ਆ ਕੇ ਮੁੰਡੇ ਦੇ ਗਲੇ ਵਿਚ ਇਕ ਚਿੱਟਾ ਕਪੜਾ ਪਾਉਂਦਾ ਤੇ ਉਸ ਦੇ ਪੈਰ ਧੋ ਕੇ ਉਸ ਦੀ ਪੂਜਾ ਕਰਦਾ ਹੈ । ਬ੍ਰਾਹਮਣ ਪ੍ਰੋਹਤ, ਜਿਹੜੇ ਨਾਲ ਹੁੰਦੇ ਹਨ, ਇਕ ਪੱਤੇ ਵਿਚ ਚੌਲ, ਅਖਰੋਟ ਤੇ ਫੁੱਲ ਆਦਿ ਰੱਖ ਕੇ ਦਿੰਦੇ ਹਨ ਤੇ ਮੁੰਡਾ ਬਰਾਮਦੇ ਵਿਚ ਲਿਜਾਇਆ ਜਾਂਦਾ ਹੈ ਜਿੱਥੇ ਉਸ ਨੂੰ ਕੁੜੀ ਦੇ ਸਾਹਮਣੇ ਕੀਤਾ ਜਾਂਦਾ ਹੈ । ਹੁਣ ਪ੍ਰੋਹਤ ਮੁੰਡੇ ਤੇ ਕੁੜੀ ਨੂੰ ਗਿੱਚੀਆਂ ਤੋਂ ਫੜ ਕੇ ਉਹਨਾਂ ਦੇ ਮੋਢਿਆਂ ਨੂੰ ਤਿੰਨ ਵਾਰ ਆਪਸ ਵਿਚ ਛੁਹਾਉਂਦਾ ਹੈ। ਫੇਰ ਮੁੰਡੇ ਕੁੜੀ ਨੂੰ ਵੇਸਣ ਦਿੱਤਾ ਜਾਂਦਾ ਹੈ ਜਿਸ ਨੂੰ ਉਹ ਇਕ ਦੂਜੇ ਉੱਤੇ ਧੂੜਦੇ ਹਨ। ਮੁੰਡੇ ਕੁੜੀ ਦੇ ਦੋਹੀਂ ਪਾਸੀਂ ਜੋਤਾਂ ਬਲ ਰਹੀਆਂ ਹੁੰਦੀਆਂ ਹਨ। ਫੇਰ ਕੁੜੀ, ਮੁੰਡੇ ਨੂੰ ਚੰਬੇਲੀ ਦੇ ਸੱਤ ਫੁੱਲ ਫੜਾਉਂਦੀ ਹੈ, ਮੁੰਡਾ ਚੰਬੇਲੀ ਦੀਆਂ ਇਨ੍ਹਾਂ ਨਵੀਆਂ ਕਲੀਆਂ ਨੂੰ ਇਕ ਇਕ ਕਰ ਕੇ ਆਪਣੇ ਪੈਰਾਂ ਹੇਠ ਮਸਲ ਦਿੰਦਾ ਹੈ। ਇਸ ਤਰ੍ਹਾਂ ਮੁੰਡੇ ਕੁੜੀ ਦੀ ਇਕ ਦੂਜੇ ਨਾਲ ਜਾਣ ਪਛਾਣ ਹੋ ਜਾਂਦੀ ਹੈ।

“ਇੰਞ ਮੁੰਡੇ ਕੁੜੀ ਨੂੰ ਬਿਠਾ ਕੇ ਕੁੜੀ ਦਾ ਪਿਤਾ ਆਪਣੀ ਧੀ ਨੂੰ ਮੁੰਡੇ ਦੇ ਹਵਾਲੇ ਕਰ ਦਿੰਦਾ ਹੈ, ਫੇਰ ਉਹ ਕੁੜੀ ਮੁੰਡੇ ਦੇ ਪੈਰ ਧੋਂਦਾ ਹੈ, ਇਸ ਤੋਂ ਬਾਅਦ ਗਣੇਸ਼, ਬ੍ਰਹਮਾ, ਵਿਸ਼ਨੂੰ, ਕੁੰਭ ਤੇ ਇਕ ਜਗਦੀ ਜੋਤ ਦੀ ਉਪਾਸਨਾ ਕੀਤੀ ਜਾਂਦੀ ਹੈ । ਮੁੰਡਾ ਕੁੜੀ ਦੀ ਚਾਦਰ ਉੱਤੇ ਲਾਲ ਰੰਗ ਪਾਉਂਦਾ ਹੈ, ਪੰਡਤ ਚਾਰ ਪੈਸੇ, ਅਖਰੋਟ, ਥੋੜੀ ਜਿਹੀ ਦੁੱਭ, ਫੁੱਲ ਤੇ ਕੁਝ ਚੌਲ ਕੁੜੀ ਦੀ ਬੁੱਕ ਵਿਚ ਦਿੰਦਾ ਹੈ। ਮੁੰਡਾ ਆਪਣੇ ਹੱਥ ਕੁੜੀ ਦੇ ਹੱਥਾਂ ਉੱਤੇ ਰੱਖਦਾ ਹੈ, ਫਿਰ ਮੁੰਡੇ ਨੂੰ ਅੰਦਰ ਲਿਜਾਇਆ ਜਾਂਦਾ ਹੈ। ਅੰਦਰ ਕਾਮਦੇਵ ਦੀ ਤਸਵੀਰ ਦੇ ਸਾਹਮਣੇ ਦੋਹਾਂ ਨੂੰ ਬਿਠਾ ਕੇ ਕੁੜੀ ਦੇ ਵਾਲਾਂ ਨੂੰ ਉਸ ਦੀ ਮਾਂ ਤੇ ਭੈਣ ਕੰਘੀ ਕਰਦੀਆਂ ਹਨ ਤੇ ਨਾਲ ਨਾਲ ਗੀਤ ਵੀ ਗਾਉਂਦੀਆਂ ਹਨ।

“ਇਸ ਤੋਂ ਬਾਅਦ ਮੁੰਡੇ ਦੇ ਦੁਪੱਟੇ ਨਾਲ ਕੁੜੀ ਦੀ ਚਾਦਰ ਦੀ ਚੂਕ ਬੰਨ੍ਹ ਦਿੱਤੀ ਜਾਂਦੀ ਹੈ। ਤੇ ਕੁੜੀ ਨੂੰ ਉਸ ਦਾ ਮਾਮਾ ਚੁੱਕ ਕੇ ਇਕ ਚਬੂਤਰੇ ਜਿਹੇ ਹੇਠ ਲੈ ਜਾਂਦਾ ਹੈ ਜਿੱਥੇ ਹਵਨ ਕਰ ਕੇ ਵਿਆਹ ਸੰਸਕਾਰ ਕੀਤਾ ਜਾਂਦਾ ਹੈ। ਇੱਥੇ ਕੁੜੀ ਦਾ ਪਿਤਾ ਮੁੜ ਮੁੰਡੇ ਕੁੜੀ ਦੇ ਪੈਰ ਧੋਂਦਾ ਹੈ ਤੇ ਗਣੇਸ਼, ਬ੍ਰਹਮਾ, ਵਿਸ਼ਨੂੰ, ਕੁੰਭ, ਚਾਰ ਰਿਸ਼ੀਆਂ ਤੇ ਚਾਰ ਵੇਦਾਂ ਆਦਿ ਦੀ ਪੂਜਾ ਕੀਤੀ ਜਾਂਦੀ ਹੈ। ਫਿਰ ਭੁੱਜੇ ਹੋਏ ਜੋਆਂ ਨੂੰ ਇਕ ਛੱਜ ਵਿਚ ਪਾਇਆ ਜਾਂਦਾ ਹੈ । ਮੁੰਡਾ ਇਕ ਮੁੱਠ ਜੌਂਆਂ ਦੀ ਲੈ ਕੇ ਉਨ੍ਹਾਂ ਨੂੰ ਤਿੰਨ ਢੇਰੀਆਂ ਵਿਚ ਰੱਖਦਾ ਹੈ। ਕੁੜੀ ਦਾ ਭਰਾ ਇਨ੍ਹਾਂ ਢੇਰੀਆਂ ਨੂੰ ਆਪਣੇ ਸੱਜੇ ਹੱਥ ਨਾਲ ਇਕ ਦਮ ਢਾਹ ਦਿੰਦਾ ਹੈ। ਇਸ ਰਸਮ ਨਾਲ ਮੁੰਡੇ ਕੁੜੀ ਵਿਚ ਜੇ ਪਹਿਲਾਂ ਕੋਈ ਰਿਸ਼ਤਾ ਸੀ ਤਾਂ ਉਹ ਇਸ ਘੜੀ ਤੋਂ ਬਾਅਦ ਖਤਮ ਹੋ ਗਿਆ ਸਮਝਿਆ ਜਾਂਦਾ ਹੈ । ਇਸ ਤੋਂ ਬਾਅਦ ਮੁੰਡਾ ਤੇ ਕੁੜੀ ਪਵਿੱਤਰ ਅਗਨੀ ਦੇ ਦੁਆਲੇ ਸੱਜਿਉਂ ਖੱਬੇ ਚਾਰ ਲਾਵਾਂ ਲੈਂਦੇ ਹਨ। ਜਦੋਂ ਮੁੰਡਾ ਤੇ ਕੁੜੀ ਲਾਵਾਂ ਲੈ ਰਹੇ ਹੁੰਦੇ ਹਨ, ਕੋਲ ਖਲੋਤੇ ਮਰਦ ਤੀਵੀਆਂ ਗਾਉਣਾ ਸ਼ੁਰੂ ਕਰ ਦਿੰਦੇ ਹਨ ।

“ਜਦੋਂ ਇਹ ਰਸਮ ਖ਼ਤਮ ਹੁੰਦੀ ਹੈ ਤਾ ਕੁੜੀ ਨੂੰ ਮੁੰਡਾ ਡੋਲੀ ਵਿਚ ਪਾ ਕੇ ਆਪਣੇ ਘਰ ਲੈ ਜਾਂਦਾ ਹੈ, ਨਾਲ ਹੀ ਉਹਦਾ ਦਾਜ ਵੀ ਲੈ ਜਾਂਦਾ ਹੈ । ਜਦੋਂ ਲਾੜੀ ਲਾੜੇ ਦੇ ਘਰ ਪੁੱਜਦੀ ਹੈ ਤਾਂ ਉਸ ਦਾ ਕਈ ਰਸਮਾਂ ਤੇ ਗੀਤਾਂ ਨਾਲ ਸੁਆਗਤ ਕੀਤਾ ਜਾਂਦਾ ਹੈ।

“ਇਸ ਘਰ ਮੁੰਡੇ ਦੀ ਮਾਂ ਨਵੇਂ ਵਿਆਹੇ ਜੋੜੇ ਦੀ ਪੂਜਾ ਕਰਦੀ ਹੈ । ਇਸ ਤੋਂ ਬਾਅਦ ਕਾਮਦੇਵ ਦੀ ਮੂਰਤੀ ਦੇ ਸਾਹਮਣੇ ਰੱਖੇ ਇਕ ਮਿੱਟੀ ਦੇ ਦੀਵੇ ਦੁਆਲੇ ਮੁੰਡਾ ਕੁੜੀ ਚਾਰ ਫੇਰੇ ਲੈਂਦੇ ਹਨ। ਮਿੱਟੀ ਦੇ ਦੀਵੇ ਕੋਲ ਇਕ ਪਾਣੀ ਦਾ ਘੜਾ, ਇਕ ਪਰਾਂਦੀ ਤੇ ਅਨਾਰ ਰੱਖੇ ਹੋਏ ਹੁੰਦੇ ਹਨ। ਇੱਥੇ ਪ੍ਰੋਹਤ ਕੁੜੀ ਦਾ ਘੁੰਡ ਚੁੱਕਦਾ ਹੈ ਤੇ ਮੁੰਡੇ ਕੁੜੀ ਦੀਆਂ ਕਲਾਈਆਂ ਉੱਤੇ ਬੱਧੇ ਧਾਗੇ ਦੋ ਆਦਮੀਆਂ ਤੋਂ ਢਿੱਲੇ ਕਰਵਾਏ ਜਾਂਦੇ ਹਨ, ਜਿਹੜੇ ਉਸ ਘੜੀ ਤੋਂ ਮੁੰਡੇ ਕੁੜੀ ਦੇ ਭਰਾ ਬਣ ਜਾਂਦੇ ਹਨ । ਇਸ ਤੋਂ ਬਾਅਦ ਰਿਸ਼ਤੇਦਾਰ ਤੇ ਦੋਸਤ ਮੁੰਡੇ ਕੁੜੀ ਨੂੰ ਸੁਗਾਤਾਂ ਪੇਸ਼ ਕਰਦੇ ਹਨ। ਕੁੜੀ ਨੂੰ ਘੁੰਡ ਚੁਕਾਈ ਵੀ ਦਿੱਤੀ ਜਾਂਦੀ ਹੈ । ਇਸ ਤੋਂ ਬਾਅਦ ਖਾਣਾ ਤੇ ਗਾਣਾ ਹੁੰਦਾ ਹੈ।

“ਬ੍ਰਾਹਮਣਾਂ ਨੂੰ ਛੱਡ ਕੇ ਗੱਦੀਆਂ ਵਿਚ ਵਿਧਵਾ ਇਸਤਰੀਆਂ ਦੇ ਮੁੜ ਵਿਆਹ ਹੋ ਜਾਂਦੇ ਹਨ। ਅਕਸਰ ਵਿਧਵਾ ਇਸਤਰੀ ਨੂੰ ਆਪਣੇ ਪਤੀ ਦੇ ਵੱਡੇ ਜਾਂ ਨਿੱਕੇ ਭਰਾ ਨਾਲ ਵਿਆਹ ਕਰਨ ਲਈ ਪ੍ਰੇਰਿਆ ਜਾਂਦਾ ਹੈ ਤਾਂ ਜੋ ਉਹ ਸੁੱਚਾ ਜੀਵਨ ਬਤੀਤ ਕਰ ਸਕੇ । ਜਦੋਂ ਕਿਸੇ ਵਿਧਵਾ ਦਾ ਵਿਆਹ ਹੁੰਦਾ ਹੈ ਤਾਂ ਜੋੜੇ ਨੂੰ ਉੱਨ ਦੇ ਕੰਬਲ ਉੱਤੇ ਬਿਠਾਇਆ ਜਾਂਦਾ ਹੈ । ਉਨ੍ਹਾਂ ਦੇ ਸਾਹਮਣੇ ਇਕ ਦੀਵਾ ਬਲ ਰਿਹਾ ਹੁੰਦਾ ਹੈ, ਪਾਣੀ ਦਾ ਕਲਸਾ ਹੁੰਦਾ ਹੈ, ਜਿਸ ਉੱਤੇ ਧਾਨ, ਆੜੂਆਂ ਦੇ ਪੱਤੇ ਅਤੇ ਦੁੱਭ ਰੱਖਦੇ ਹਨ। ਕੁੜੀ ਮੁੰਡਾ ਦੋਵੇਂ ਪੂਜਾ ਕਰਦੇ ਹਨ। ਮੁੰਡਾ ਵਿਧਵਾ ਦੇ ਸਿਰ ਤੇ ਪਰਾਂਦੀ ਰੱਖਦਾ ਹੈ। ਇਕ ਇਸਤਰੀ ਉਸ ਦੇ ਵਾਲਾਂ ਨੂੰ ਕੰਘੀ ਕਰਦੀ ਹੈ ਤੇ ਪਰਾਂਦੀ ਨਾਲ ਉਨ੍ਹਾਂ ਨੂੰ ਗੁੰਦ ਦਿੰਦੀ ਹੈ। ਇਸ ਤੋਂ ਬਾਅਦ ਮੁੰਡਾ ਕੁੜੀ ਦੇ ਹੱਥ ਉੱਤੇ ਇਕ ਨੱਥ ਰਖਦਾ ਹੈ ਤੇ ਤੀਵੀਂ ਨੱਥ ਨੂੰ ਨੱਕ ਵਿਚ ਪਾ ਲੈਂਦੀ ਹੈ। ਇਸ ਤੋਂ ਬਾਅਦ ਸਾਕ ਸਬੰਧੀਆਂ ਤੇ ਪ੍ਰਾਹੁਣਿਆਂ ਨੂੰ ਦਾਵਤ ਦਿੱਤੀ ਜਾਂਦੀ ਹੈ। ਇਸ ਰਸਮ ਲਈ ਕਿਸੇ ਪ੍ਰੋਹਤ ਦੀ ਲੋੜ ਨਹੀਂ ਹੁੰਦੀ।”

ਪੰਜਾਬ ਵਿਚ ਵਿਆਹ ਦੇ ਹੋਰ ਰੂਪ ਵੀ ਪ੍ਰਚੱਲਿਤ ਹਨ ਜਿਵੇਂ ਟਕੇ’ ਜਾਂ ਦੁਆਨੀ ਦਾ ਵਿਆਹ । ਮੁੰਡੇ ਦਾ ਬਾਪ ਕੁੜੀ ਦਾ ਸੌਦਾ ਕਰ ਆਉਂਦਾ ਹੈ। ਇਹ ਸੌਦਾ ਕਿਸੇ ਨਾਈ ਜਾਂ ਰਿਸ਼ਤੇਦਾਰ ਰਾਹੀਂ ਹੁੰਦਾ ਹੈ, ਜਿਸ ਨੂੰ ਵਿਚੋਲਾ ਕਹਿੰਦੇ ਹਨ। ਜੇ ਮੁੰਡੇ ਵਾਲੇ ਪੈਸੇ ਦੇ ਕੇ ਵੀ ਪੁੰਨ ਵਾਂਙ ਹੀ ਜੰਞ ਚੜ੍ਹਾ ਕੇ ਵਿਆਹੁਣਾ ਚਾਹੁੰਦੇ ਹੋਣ ਤਾਂ ਜੰਞ ਤੇ ਦਾਜ ਦਾ ਖ਼ਰਚਾ ਉਹ ਦਿੰਦੇ ਹਨ ਜਾਂ ਕੁੜੀ ਦਾ ਮੁੱਲ ਹੀ ਏਨਾ ਕਰਦੇ ਹਨ ਕਿ ਉਸ ਵਿਚ ਖ਼ਰਚਾ ਸ਼ਾਮਲ ਹੋਵੇ। ਟਕੇ ਦਾ ਵਿਆਹ ਹੁਣ ਬ੍ਰਾਹਮਣਾਂ, ਖੱਤਰੀਆਂ ਤੋਂ ਛੁੱਟ ਸਾਰੀਆਂ ਜਾਤੀਆਂ ਵਿਚ ਆਮ ਹੈ। ਰਾਜਪੂਤ ਤੇ ਜੱਟ ਕੁੜੀ ਨੂੰ ਪਾਲਦੇ ਹੀ ਇਸ ਵਾਸਤੇ ਹਨ। ਰਾਜਪੂਤ ਤਾਂ ਜਿੰਨੇ ਸਾਲ ਦੀ ਕੁੜੀ ਹੋ ਜਾਵੇ ਓਨੇ ਸੌ ਰੁਪਏ ਮੁੱਲ ਪਾਉਂਦੇ ਹਨ। ਜੇ ਕੋਈ ਕੁੜੀ ਹੁੰਦੜਹੇਲ ਹੋਵੇ ਤਾਂ ਉਸ ਦੀ ਉਮਰ ਜ਼ਿਆਦਾ ਦਸ ਕੇ ਪੈਸੇ ਜ਼ਿਆਦਾ ਵੱਟ ਲੈਂਦੇ ਹਨ। ਜੱਟਾਂ ਵਿਚ ਮਰਦਾਂ ਦੇ ਟਾਕਰੇ ਤੇ ਇਸਤਰੀਆਂ ਘੱਟ ਹੋਣ ਕਾਰਨ ਅਤੇ ਆਮਦਨੀ ਵਧੇਰੇ ਹੋਣ ਕਰਕੇ ਚਾਰ ਚਾਰ ਹਜ਼ਾਰ ਵੀ ਮੁੱਲ ਪੈਂਦਾ ਹੈ। ਅੰਗ-ਹੀਣ ਮੁੰਡੇ ਨੂੰ ਇਸ ਤੋਂ ਵੀ ਜ਼ਿਆਦਾ ਦੇਣੇ ਪੈਂਦੇ ਹਨ। ਮੰਗਲੀਕ ਦੇ ਤਾਂ ਸੋਲਾਂ ਹਜ਼ਾਰ ਤਕ ਦੇਣ ਦੀ ਮਿਸਾਲ ਵੀ ਮਿਲਦੀ ਹੈ। ਇਹ ਮੁੱਲ ਗੁੱਝੇ ਰੂਪ ਵਿਚ ਹੀ ਤਰਦਾ ਹੈ ਤੇ ਵਿਆਹ ਮੁਕਲਾਵਾ ਆਦਿ ਪੁੰਨ ਦੇ ਵਿਆਹ ਵਾਂਗ ਹੀ ਹੁੰਦਾ ਹੈ।

ਕਈ ਹਾਲਤਾਂ ਵਿਚ ਇਸਤਰੀਆਂ ਬੀਕਾਨੇਰ ਜਾਂ ਪਹਾੜ ਤੋਂ ਵੀ ਲਿਆ ਵਸਾਉਂਦੇ ਹਨ। ਇਹ ਸਭ ਮੁੱਲ ਦੀਆਂ ਹੁੰਦੀਆਂ ਹਨ। ਪਰ ਅਜਿਹੀ ਹਾਲਤ ਵਿਚ ਫੇਰੇ ਨਹੀਂ ਹੁੰਦੇ। ਬਰਾਦਰੀ ਦੀ ਪਰਵਾਨਗੀ ਫੇਰਿਆਂ ਨਾਲੋਂ ਵਧੇਰੇ ਜ਼ਰੂਰੀ ਹੈ।

‘ਵੱਟੇ’ ਜਾਂ ‘ਵਟਾਂਦਰੇ’ ਦਾ ਵਿਆਹ ‘ਟਕਾ-ਵਿਆਹ’ ਵਾਂਗ, ਗਰੀਬੀ ਤੇ ਕੁੜੀਆਂ ਦੀ ਘਾਟ ਕਾਰਨ ਪ੍ਰਚੱਲਿਤ ਹੋਇਆ । ਮੁੱਲ ਖ਼ਰੀਦਣ ਦੀ ਹਿੰਮਤ ਨਹੀਂ ਹੁੰਦੀ, ਵਿਆਹ ਜ਼ਰੂਰ ਕਰਨਾ ਹੋਇਆ। ਆਪਣੀ ਧੀ ਕਿਸੇ ਦੇ ਮੁੰਡੇ ਨੂੰ ਪਰਣਾ ਦਿੱਤੀ ਅਤੇ ਉਸ ਦੀ ਧੀ ਆਪਣੇ ਮੁੰਡੇ ਨੂੰ – ਇਸ ਨੂੰ ‘ਆਹਮੋ ਸਾਹਮਣਾ ਵੱਟਾ’ ਕਹਿੰਦੇ ਹਨ। ਕਈ ਵਾਰੀ ਵੱਟਾ ਫੇਰ ਪਾ ਕੇ ਵੀ ਹੁੰਦਾ ਹੈ। ‘ੳ’, ‘ਅ’ ਦੇ ਮੁੰਡੇ ਨੂੰ ਆਪਣੀ ਧੀ ਦਿੰਦਾ ਹੈ, ‘ਅ’ ‘ੲ’ ਦੇ ਨੂੰ ਤੇ ‘ੲ’ ਮੁੜ ‘ੳ’ ਦੇ ਮੁੰਡੇ ਨੂੰ । ‘ੳ’ ਦੀ ਧੀ ਤੇ ਪੁੱਤਰ ਦੋਵੇਂ ਪਰਣਾਏ ਜਾਂਦੇ ਹਨ। ਵਿਆਹ ਮੁਕਲਾਵੇ ਉੱਤੇ ਥੋੜ੍ਹਾ ਬਹੁਤ ਖ਼ਰਚ ਅਤੇ ਮੁਕੰਮਲ ਰਸਮਾਂ ਦੋਹਾਂ ਧਿਰਾਂ ਨੂੰ ਹੀ ਕਰਨੀਆਂ ਪੈਂਦੀਆਂ ਹਨ। ਜੇ ਖ਼ਰਚਾ ਬਚਾਉਣਾ ਹੋਵੇ ਤਾਂ ਕੁਝ ਵੀ ਨਹੀਂ ਕਰਦੇ, ਆਪੋ- ਵਿਚੀਂ ਇਕ ਦੂਜੇ ਨੂੰ ਕਹਿ ਦਿੰਦੇ ਹਨ ‘ਚਲੋ ਜੀ ਇਹ ਕਿਹੜਾ ਪੁੰਨ ਦਾ ਵਿਆਹ ਏ।’

‘ਕਰੇਵਾ” ਜਾਂ ‘ਕਰਾਓ’ ਪੰਜਾਬ ਦੇ ਜੱਟਾਂ, ਹਰਿਆਣੇ ਦੇ ਜਾਟਾਂ ਤੇ ਗੱਦੀਆਂ ਵਿਚ ਬਹੁਤ ਪਿਆਰਾ ਹੈ। ਇਸ ਦਾ ਮੂਲ ਕਾਰਨ ਵਿਧਵਾ ਨੂੰ ਢੋਈ ਦੇਣਾ ਸੀ । ਕਾਂਗੜੇ, ਕੁੱਲੂ ਤੇ ਚੰਬੇ ਵਿਚ ਹਰ ਥਾਂ ਇਹ ਵਿਆਹ ਪ੍ਰਚੱਲਿਤ ਹੈ। ਉੱਥੇ ਇਸ ਨੂੰ ‘ਝੰਜਰਾੜ’ ਕਹਿੰਦੇ ਹਨ। ਜਿਸ ਤੀਵੀਂ ਦਾ ਪਤੀ ਮਰ ਜਾਵੇ ਉਹ ਆਪਣੇ ਦਿਉਰ ਜਾਂ ਜੇਠ ਦੇ ਘਰ ਬੈਠ ਸਕਦੀ ਹੈ। ਹਰਿਆਣੇ ਵਿਚ ਤਾਂ ਏਸ ਤਰ੍ਹਾਂ ਕਰਦੇ ਹਨ ਕਿ ਉਸ ਦੇ ਪਤੀ ਦੀ ਮੁਕਾਣ ਉੱਤੇ ਗਏ ਵਿਧਵਾ ਦੇ ਮਾਪੇ ਉਸ ਨੂੰ ਪੁੱਛਦੇ ਹਨ “ਚੂੜੀ ਕਿਸ ਕੀ ਪਹਿਰੇਗੀ ?” ਜਾਂ “ਲੱਤਾ ਕਿਸ ਕਾ ਓਢੇਗੀ ?” ਵਿਧਵਾ ਨੂੰ ਜਿਹੜਾ ਵੀ ਦਿਉਰ, ਜੇਠ ਚੰਗਾ ਲਗਦਾ ਹੋਵੇ, ਉਹ ਉਸ ਦਾ ਨਾਂ ਲੈ ਦਿੰਦੀ ਹੈ। ਪਹਿਲਾ ਹੱਕ ਉਸ ਦੇ ਦਿਉਰ ਦਾ ਹੁੰਦਾ ਹੈ। ਜੇ ਉਨ੍ਹਾਂ ਤੋਂ ਬਿਨਾਂ ਵਿਧਵਾ ਦੇ ਕਹਿਣ ਉੱਤੇ ਉਸ ਦੇ ਮਾਪੇ ਕਿਸੇ ਹੋਰ ਕੋਲ ਵੀ ਬਿਠਾਉਣੀ ਚਾਹੁਣ ਤਾਂ ਉਨ੍ਹਾਂ ਦੀ ਆਗਿਆ ਜ਼ਰੂਰੀ ਹੁੰਦੀ ਹੈ। ਇਸ ਤਰ੍ਹਾਂ ਕਈ ਬੰਦਿਆਂ ਕੋਲ ਤਿੰਨ ਤਿੰਨ, ਚਾਰ ਚਾਰ ਵੀ ਹੋ ਜਾਂਦੀਆਂ ਹਨ। ਕਰੇਵੇ ਲਈ ਪਤੀ ਦੀ ਮੌਤ ਪਿੱਛੋਂ ਇਕ ਸਾਲ ਠਹਿਰਨਾ ਜ਼ਰੂਰੀ ਹੈ।

ਇਸ ਵਿਆਹ ਦੀ ਰਸਮ ਏਸ ਤਰ੍ਹਾਂ ਹੈ ਕਿ ਘਰ ਵਿਚ ਭਾਈਚਾਰਾ ਜਾਂ ਪੰਚਾਇਤ ਬੁਲਾ ਕੇ ਸਬੰਧਤ ਸੱਜਣ ਆਪਣੀ ਚਾਦਰ ਵਿਧਵਾ ਦੇ ਸਿਰ ਉੱਤੇ ਪਾ ਦਿੰਦਾ ਹੈ ਤੇ ਉਸ ਦੀ ਬਾਂਹ ਨੂੰ ਚੂੜੀ ਚੜ੍ਹਾ ਦਿੰਦਾ ਹੈ । ਇਸ ਅਰਸੇ ਵਿਚ ਪੰਡਤ ਜਾਂ ਭਾਈ ਕੁਝ ਮੰਤਰ ਪੜ੍ਹਦਾ ਹੈ । ਇਸ ਤੋਂ ਪਿੱਛੋਂ ਪਤੀ ਚਾਦਰ ਲਾਹ ਲੈਂਦਾ ਹੈ, ਸ਼ਾਦੀ ਮੁਕੰਮਲ ਹੋ ਜਾਂਦੀ ਹੈ । ਇਸ ਰੀਤ ਨੂੰ ‘ਚਾਦਰ ਪਾਉਣਾ’, ‘ਚਾਦਰ ਅੰਦਾਜ਼ੀ’, ਜਾਂ ‘ਲੱਤਾ ਓਢਣ’ ਕਹਿੰਦੇ ਹਨ। ਇਸ ਕਿਸਮ ਦੇ ਵਿਆਹ ਉੱਤੇ ਕੋਈ ਖਰਚ ਆਦਿ ਨਹੀਂ ਕੀਤਾ ਜਾਂਦਾ । ਵਿਧਵਾਵਾਂ ਤੋਂ ਛੁੱਟ ਪੰਜਾਬ ਦੇ ਜੱਟ ਕਿਸੇ ਹੋਰ ਇਸਤਰੀ ਉੱਤੇ ਵੀ ਚਾਦਰ ਪਾ ਕੇ ਉਸ ਨੂੰ ਆਪਣੇ ਘਰ ਵਸਾ ਲੈਂਦੇ ਹਨ, ਇਸ ਨੂੰ ਜਾਇਜ਼ ਸਮਝਦੇ ਹਨ ਅਤੇ ਅਜਿਹੇ ਵਿਆਹ- ਸਬੰਧ ਤੋਂ ਪੈਦਾ ਹੋਏ ਬੱਚਿਆਂ ਨੂੰ ਵਿਰਾਸਤ ਦਾ ਹੱਕ ਮਿਲ ਜਾਂਦਾ ਹੈ। ਇਹ ਵਿਆਹ ਉੱਚ-ਜਾਤੀਆਂ ਵਿਚ ਪ੍ਰਚੱਲਿਤ ਨਹੀਂ ਕਿਉਂਕਿ ਉੱਥੇ ਵਿਧਵਾ-ਵਿਆਹ ਦੀ ਕਾਨੂੰਨੀ ਮਨਾਹੀ ਹੈ।

ਪੰਜਾਬ ਵਿਚ ਇਕ ਤਰ੍ਹਾਂ ਦੇ ਪ੍ਰੇਮ-ਵਿਆਹ ਜਾਂ ਗੰਧਰਥ-ਵਿਆਹ ਦਾ ਵੀ ਰਿਵਾਜ ਹੈ। ਕਾਂਗੜੇ ਵਿਚ ਤਾਂ ਇਹ ਆਮ ਹੈ। ਕੋਈ ਵਿਆਹੀ ਵਰੀ ਜਾਂ ਕੁਆਰੀ ਇਸਤਰੀ ਆਪਣੇ ਸੁੰਦਰ ਗੁਆਂਢੀ ਨਾਲ ਨਿਕਲ ਜਾਂਦੀ ਹੈ। ਇਹ ਪ੍ਰੀਤ, ਕੁਆਰ-ਅਵਸਥਾ ਦੀ ਹੋਵੇ ਜਾਂ ਪਿੱਛੋਂ ਦੀ ਜੇ ਕੋਈ ਵਿਆਹੀ ਹੋਈ ਇਸਤਰੀ ਨੂੰ ਕੱਢ ਕੇ ਲਿਜਾਵੇ ਤਾਂ ਕੱਢਣ ਵਾਲੇ ਨੂੰ ਵੱਧ ਤੋਂ ਵੱਧ ਇਹ ਸਜ਼ਾ ਮਿਲਦੀ ਹੈ ਕਿ ਉਹ 50 ਤੋਂ 500 ਰੁਪਏ ਤਕ ਉਸ ਦੇ ਪਹਿਲੇ ਪਤੀ ਨੂੰ ਦੇ ਦਿੰਦਾ ਹੈ। ਅਜਿਹੇ ਵਿਆਹ ਵਿਚ ਲਗਨ ਫੇਰੇ ਕੋਈ ਨਹੀਂ ਹੁੰਦੇ। ਕੁੱਲੂ ਵਿਚ ਭਗੌੜੀ ਜੋੜੀ ਬਾਹਰ ਕਿਸੇ ਝੀਂਡੇ ਨੂੰ ਅੱਗ ਲਾ ਕੇ ਇਕ ਦੂਜੇ ਦੇ ਹੱਥ ਫੜ ਕੇ ਜਾਂ ਲੜ ਜੋੜ ਕੇ ਅੱਗ ਦੇ ਆਲੇ-ਦੁਆਲੇ ਅੱਠ ਫੇਰੇ ਲੈ ਲੈਂਦੀ ਹੈ। ਕਈ ਜੋੜੀਆਂ ਇਹ ਫੇਰੇ ਲਕਸ਼ਮੀ ਨਰਾਇਣ ਦੇ ਮੰਦਰ ਵਿਚ ਵੀ ਜਾ ਲੈਂਦੀਆਂ ਹਨ। ਉੱਥੇ ਇਸ ਵਿਆਹ ਨੂੰ ‘ਝੀਂਡ ਫੂਕ’ ਤੇ ‘ਮਦਖੂਲਾ’ ਕਹਿੰਦੇ ਹਨ। ਪੰਜਾਬ ਵਿਚ ਕਿਧਰੇ ਕਿਧਰੇ ਕੁਆਰੀਆਂ ਪ੍ਰੀਤਾਂ ਵੀ ਪਰਵਾਨ ਹੋਣ ਲਗ ਗਈਆਂ ਹਨ। ਮਾਪੇ ਰਜ਼ਾਮੰਦ ਹੋ ਜਾਣ ਤਾਂ ਪੂਰਨ ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ: ਨਾ ਹੋਣ ਤਾਂ ਮੁੰਡਾ ਕੁੜੀ ਕਚਹਿਰੀ ਜਾ ਕੇ ਬਿਆਨ ਦੇ ਦਿੰਦੇ ਹਨ ਤੇ ਰਿਸ਼ਤਾ ਪੱਕਾ ਹੋ ਜਾਂਦਾ ਹੈ । ਪਰ ਇਹ ਰੀਤ ਆਮ ਨਹੀਂ । ਸਾਡੇ ਵਿਆਹ ਸੰਸਕਾਰ ਤੇ ਇਨ੍ਹਾਂ ਦੇ ਰੂਪ ਸਾਨੂੰ ਦਸਦੇ ਹਨ ਕਿ ਉੱਚ ਜਾਤੀ ਦੇ ਹਿੰਦੂਆਂ ਵਿਚ ਵਿਧਵਾ ਵਿਆਹ ਦੀ ਮਨਾਹੀ ਕਾਰਨ ਇਕ ਪਤੀ-ਪਤਨੀ ਮਰਿਆਦਾ ਹੀ ਪ੍ਰਚੱਲਿਤ ਹੈ । ਬਹੁ- ਪਤਨੀ ਜਾਂ ਬਹੁ-ਪਤੀ ਮਰਿਆਦਾ ਨਾਮ ਮਾਤਰ ਹੀ ਹੈ।

ਬਹੁ-ਪਤਨੀ ਮਰਿਆਦਾ ਦੇ ਹਜ਼ਾਰ ਵਿੱਚੋਂ ਬੜੀ ਮੁਸ਼ਕਲ ਨਾਲ ਛੇ ਕੇਸ ਮਿਲਦੇ ਹਨ ਅਤੇ ਇਹ ਵੀ ਉਨ੍ਹਾਂ ਜਾਤੀਆਂ ਵਿਚ ਜਿੱਥੇ ਕਰੇਵੇ ਦੀ ਆਗਿਆ ਹੈ ਜਾਂ ਕੁਝ ਉਨ੍ਹਾਂ ਵਿਚ ਜਿਹੜੇ ਅਮੀਰ ਹੋਣ ਕਾਰਨ ਅੱਯਾਸ਼ੀ ਲਈ ਵਿਆਹ ਕਰਾਉਂਦੇ ਹਨ।

ਬਹੁ-ਪਤੀ ਮਰਿਆਦਾ ਮਜ਼ਬੂਰੀ ਤੇ ਲੋੜ ਦਾ ਸਿੱਟਾ ਹੈ। ਕਈ ਨੀਚ ਜਾਤੀਆਂ ਵਿਚ ਮਰਦਾਂ ਦੇ ਟਾਕਰੇ ਤੇ ਇਸਤਰੀਆਂ ਦੀ ਥੁੜ੍ਹ ਹੋਣ ਕਾਰਨ ਇਹ ਪ੍ਰਚੱਲਿਤ ਹੋ ਗਈ ਹੈ। ਪਰ ਇਸ ਦਾ ਖੁੱਲ੍ਹਮ- ਖੁੱਲ੍ਹਾ ਰਿਵਾਜ ਕੇਵਲ ਕੁੱਲੂ ਵਿਚ ਹੀ ਹੈ। ਇੱਥੇ ਇਸਤਰੀ ਨੂੰ ਇਕ ਤੋਂ ਵੱਧ ਪਤੀ ਰੱਖਣ ਦਾ ਹੱਕ ਹੈ ਅਤੇ ਕੁੱਲੂ ਤਸੀਲ ‘ਦੇ ਮਲਾਨਾ ਕਬੀਲੇ ਵਿਚ ਤਾਂ ਇਹ ਨਿਯਮ ਹੈ। ਬਾਕੀ ਇਲਾਕਿਆਂ ਵਿਚ ਇਹ ਗੁੱਝੇ ਰੂਪ ਵਿਚ ਹੀ ਪ੍ਰਚੱਲਿਤ ਹੈ । ਕੁੱਲੂ ਵਿਚ ਇਸਤਰੀ ਨੂੰ ਇਹ ਦੱਸਣ ਦਾ ਵੀ ਹੱਕ ਹੈ ਕਿ ਪਹਿਲਾਂ ਬੱਚਾ ਕਿਹੜੇ ਭਰਾ ਦਾ ਹੈ, ਦੂਜਾ ਕਿਹੜੇ ਦਾ ਤੇ ਤੀਜਾ ਕਿਹੜੇ ਦਾ। ਪਰ ਇੱਥੇ ਆਮ ਤੌਰ ਤੇ ਪਹਿਲਾ ਬੱਚਾ ਵੱਡੇ ਦਾ ਦੂਜਾ ਉਸ ਤੋਂ ਛੋਟੇ ਦਾ ਅਤੇ ਤੀਜਾ ਉਸ ਤੋਂ ਛੋਟੇ ਦਾ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਬੱਚੇ ਦੇ ਪਿਤਾ ਦਾ ਨਿਸ਼ਚਾ ਹੋਣ ਤੇ ਵੀ ਵਿਰਸੇ ਬਾਰੇ ਇਹੋ ਨਿਯਮ ਲਾਗੂ ਹੁੰਦਾ ਹੈ।

ਇੱਥੇ ਇਕ ਦੋ ਸ਼ਬਦ ਵਿਰਾਸਤ ਦੇ ਨਿਯਮ ਬਾਰੇ ਆਖਣਾ ਵੀ ਅਨੁਚਿਤ ਨਹੀਂ ਹੋਵੇਗਾ। ਸਾਰੇ ਪੰਜਾਬ ਵਿਚ ਵਿਰਾਸਤ ਦਾ ਹੱਕ ਪਤੀ ਵੱਲੋਂ ਹੀ ਨੀਅਤ ਹੁੰਦਾ ਹੈ । ਕਿਸੇ ਮਰਦ ਦੇ ਜਿਤਨੇ ਮੁੰਡੇ ਹੋਣ ਉਸ ਦੀ ਜਾਇਦਾਦ ਦੇ ਓਨੇ ਹੀ ਹਿੱਸੇ ਕਰ ਲਏ ਜਾਂਦੇ ਹਨ। ਉਸ ਦੀ ਇਕ ਪਤਨੀ ਦੇ ਭਾਵੇਂ ਤਿੰਨ ਮੁੰਡੇ ਹੋਣ ਅਤੇ ਦੂਜੀ ਦਾ ਕੇਵਲ ਇਕ ਹੀ, ਵਿਰਾਸਤ ਦੇ ਚਾਰ ਹਿੱਸੇ ਬਣਦੇ ਹਨ। ਵਿਰਾਸਤ ਦੇ ਇਸ ਨਿਯਮ ਨੂੰ ‘ਪੱਗ-ਵੰਡ’ ਕਹਿੰਦੇ ਹਨ। ਬਹੁਤ ਘੱਟ ਹਾਲਤਾਂ ਵਿਚ ਇਕ ਪਤਨੀ ਦੇ ਤਿੰਨ ਬੱਚਿਆਂ ਨੂੰ ਉਸ ਦੇ ਪਤੀ ਦੀ ਅੱਧੀ ਵਿਰਾਸਤ ਅਤੇ ਦੂਜੀ ਦੇ ਇਕ ਮੁੰਡੇ ਨੂੰ ਬਾਕੀ ਅੱਧੀ ਮਿਲਦੀ ਹੈ। ਇਸ ਨਿਯਮ ਨੂੰ ‘ਚੂੰਡਾ-ਵੰਡ’ ਕਹਿੰਦੇ ਹਨ।

ਜਿਥੋਂ ਤਕ ਸਾਂਝੇ ਪਰਿਵਾਰਕ ਜੀਵਨ ਦਾ ਸਬੰਧ ਹੈ, ਇਹ ਕਿਧਰੇ ਨਹੀਂ ਮਿਲਦਾ। ਵਿਆਹ ਤੋਂ ਪਿੱਛੋਂ ਸਾਰੇ ਭਰਾ ਜਾਇਦਾਦਾਂ ਵੰਡ ਕੇ ਆਪਣਾ ਆਪਣਾ ਕਮਾਉਣ ਲਗ ਜਾਂਦੇ ਹਨ ਅਤੇ ਗ੍ਰਿਹਸਥ- ਜੀਵਨ ਬਤੀਤ ਕਰਦੇ ਹਨ।

ਵਿਆਹ ਮੁਕਲਾਵੇ ਤੋਂ ਪਿੱਛੋਂ ਪਤੀ ਪਤਨੀ ਸਾਰੀ ਉਮਰ ਗ੍ਰਿਹਸਥ ਜੀਵਨ ਵਿਚ ਲੰਘਾ ਦਿੰਦੇ ਹਨ। ਉਨ੍ਹਾਂ ਦੇ ਬੱਚੇ ਹੁੰਦੇ ਹਨ, ਬੱਚਿਆਂ ਦਾ ਜਨਮ ਅਤੇ ਵਿਆਹ-ਸੰਸਕਾਰ ਹੁੰਦੇ ਹਨ। ਪੋਤਿਆਂ. ਪੜੋਤਿਆਂ ਵਾਲੇ ਹੋ ਕੇ ਉਹ ਬੁੱਢੇ ਹੋ ਜਾਂਦੇ ਹਨ। ਹੌਲੀ ਹੌਲੀ ਮੌਤ-ਦਿਹਾੜਾ, ਨੇੜੇ ਆ ਜਾਂਦਾ ਹੈ । ਉੱਧਰ ਪਿਉ ਨੇ ਪੁੱਤਰ ਦੇ ਕਾਜ ਰਚਾਏ ਹੁੰਦੇ ਹਨ ਅਤੇ ਹੁਣ ਉਸ ਦੇ ਪੁੱਤਰ ਉਸ ਦੀ ਰੂਹ ਨੂੰ ਸ਼ਾਂਤੀ ਦੇਣ ਅਤੇ ਉਸ ਨੂੰ ਮੁਕਤੀ ਦਿਵਾਉਣ ਲਈ ਦਾਨ ਤੇ ਪੁੰਨ ਦੇ ਕਈ ਕਾਰਜ ਕਰਦੇ ਹਨ।

ਇਸ ਵੇਲੇ ਪੁੱਤਰ ਪੋਤਰੇ ਜ਼ਮੀਨ ਤੇ ਗੋਹੇ ਦਾ ਲੇਪ ਕਰ ਕੇ ਅਤੇ ਉਸ ਉੱਤੇ ਹਰਾ ਘਾਹ ਸੁੱਟ ਕੇ ਮਰਨ ਵਾਲੇ ਪ੍ਰਾਣੀ ਨੂੰ ਭੋਇੰ ਉੱਤੇ ਉਤਾਰ ਲੈਂਦੇ ਹਨ। ਉੱਥੇ ਨਜ਼ਦੀਕ ਹੀ ਇਕ ਘਿਉ ਦਾ ਬਲਦਾ ਦੀਵਾ ਰੱਖਿਆ ਜਾਂਦਾ ਹੈ। ਉਸ ਦੇ ਪੈਰ ਉੱਤਰ ਵੱਲ ਕਰ ਕੇ ਸਿਰ ਦੇ ਥੱਲੇ ਵੱਡਾ ਪੁੱਤਰ ‘ਗੋਡਾ ਦੇ ਕੇ’ ਬੈਠ ਜਾਂਦਾ ਹੈ। ਇਸ ਵੇਲੇ ਉਸ ਕੋਲੋਂ ਪੁੰਨ ਦਾਨ ਕਰਾ ਦਿੰਦੇ ਹਨ। ਹਿੰਦੂ ਰੀਤੀ ਅਨੁਸਾਰ ਗਊ ਦਾ ਦਾਨ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਇਹ ਗਊ ਮਰਨ ਵਾਲੇ ਨੂੰ ਭਵਸਾਗਰ ਵਿਚ ਤਾਰਦੀ ਹੈ। ਗਉ ਆਮ ਤੌਰ ਤੇ ਬ੍ਰਾਹਮਣ ਨੂੰ ਦਾਨ ਕਰਾਈ ਜਾਂਦੀ ਹੈ। ਗਊ ਦੀ ਥਾਂ ਅਨਾਜ ਆਦਿ ਦਾ ਦਾਨ ਵਧੇਰੇ ਪ੍ਰਚੱਲਿਤ ਹੈ। ਜੇ ਕਮਜ਼ੋਰੀ ਕਾਰਨ ਮਰਨ ਵਾਲਾ ਪ੍ਰਾਣੀ ਕਿਸੇ ਕਿਸਮ ਦਾ ਦਾਨ ਨਾ ਕਰ ਸਕੇ ਤਾਂ ਉਸ ਦੇ ਹੱਥ ਤੋਂ ਥੋੜ੍ਹਾ ਜਿਹਾ ਪਾਣੀ ਰੁੜ੍ਹਾ ਦਿੱਤਾ। ਜਾਂਦਾ ਹੈ । ਇਹ ਵੀ ਦਾਨ ਸਮਾਨ ਹੀ ਸਮਝਿਆ ਜਾਂਦਾ ਹੈ। ਇਸ ਤੋਂ ਪਿੱਛੋਂ ਪ੍ਰਾਣ ਤਿਆਗਣ ਵਾਲਾ ਹਿੰਦੂ ਹੋਵੇ ਤਾਂ ਉਸ ਨੂੰ ਗੀਤਾ ਜਾਂ ‘ਗਰੁੜ ਪੁਰਾਣ’ ਦੀ ਕਥਾ ਸੁਣਾਉਂਦੇ ਹਨ, ਸਿੱਖ ਹੋਵੇ ਤਾਂ ਸੁਖਮਨੀ ਦਾ ਪਾਠ । ਉਸ ਦੇ ਮੂੰਹ ਵਿਚ ਤੁਲਸੀ ਦੇ ਪੱਤਿਆਂ ਦਾ ਪਾਣੀ ਵੀ ਪਾਉਂਦੇ ਹਨ ਅਤੇ ਬਹੁਤ ਬੁੱਢਾ ਹੋਵੇ ਤਾਂ ਸੋਨੇ ਦੀ ਡਲੀ ਵੀ।

ਪ੍ਰਾਣ ਤਿਆਗਣ ਤੋਂ ਪਿੱਛੋਂ ਤ੍ਰੀਮਤਾਂ ਘਰ ਵਿਚ ਵੈਣ ਪਾਉਣ ਲਗ ਜਾਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ। ਸਾਰੇ ਉਸ ਦੇ ਚੰਗੇ ਅਮਲਾਂ ਦੀ ਸਿਫ਼ਤ ਕਰਦੇ ਹਨ। ਹਿੰਦੂ ਮਰੇ ਤਾਂ ਮਰਨ ਵਾਲੇ ਦੇ ਪੁੱਤਾਂ ਪੋਤਿਆਂ ਦੀ ਹਜਾਮਤ ਕਰਾ ਦਿੱਤੀ ਜਾਂਦੀ ਹੈ । ਇਸ ਨੂੰ ‘ਭੱਦਣ’ ਕਹਿੰਦੇ ਹਨ। ਕਈ ਥਾਵਾਂ ਤੇ ਛੋਟੇ ਪੁੱਤਰ ਪੋਤਰੇ ਦੀ ਹੀ ਭੱਦਣ ਕੀਤੀ ਜਾਂਦੀ ਹੈ ਤੇ ਉਸ ਦੇ ਵਾਲ ਅਰਥੀ ਉੱਤੇ ਰੱਖ ਕੇ ਮਸਾਣਾਂ ਨੂੰ ਲਿਜਾਏ ਜਾਂਦੇ ਹਨ। ਜੇ ਜਵਾਨ ਮਰੇ ਤਾਂ ਉਸ ਦੀ ਵਿਧਵਾ ਪਤਨੀ ਆਪਣੇ ਸੁਹਾਗ ਦੀਆਂ ਚੂੜੀਆਂ ਭੰਨ ਦਿੰਦੀ ਹੈ ਤੇ ਨੱਥ ਲਾਹ ਦਿੰਦੀ ਹੈ। ਗੁੜਗਾਉਂ ਵਿਚ ਇਹ ਚੀਜ਼ਾਂ ਵੀ ਅਰਥੀ ਦੇ ਨਾਲ ਹੀ ਲਿਜਾਈਆਂ ਜਾਂਦੀਆਂ ਹਨ ।

ਸੁਰਗਵਾਸੀ ਨੂੰ ਆਖ਼ਰੀ ਅਸ਼ਨਾਨ ਕਰਵਾਉਣ ਵਾਸਤੇ ਵੱਡਾ ਪੁੱਤਰ ਇਕ ਹੱਥ ਤੇ ਇਕ ਪੈਰ ਦੀ ਸਹਾਇਤਾ ਨਾਲ ਖੂਹ ਤੋਂ ਪਾਣੀ ਦਾ ਘੜਾ ਭਰ ਲਿਆਉਂਦਾ ਹੈ। ਮਰਦ ਨੂੰ ਮਰਦ ਤੇ ਇਸਤਰੀ ਨੂੰ ਇਸਤਰੀਆਂ ਨੁਹਾਉਂਦੀਆਂ ਹਨ। ਮਰਦ ਹੋਵੇ ਤਾਂ ਜਨੇਊ ਤਿਲਕਂ ਸਮੇਤ ਕਪੜੇ ਪੁਆ ਕੇ ਸ਼ਿੰਗਾਰ ਲੈਂਦੇ ਹਨ ਤੇ ਜੇ ਸੁਹਾਗਣ ਮਰੀ ਹੋਵੇ ਤਾਂ ਕਪੜਿਆਂ ਨਾਲ ਗਹਿਣੇ ਤੇ ਲਾਲ ਚੰਦਾਰੀ ਪਹਿਨਾ ਕੇ ਹੱਥਾਂ ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਾਸਾ, ਅੱਖਾਂ ਵਿਚ ਸੁਰਮਾ, ਵੀਣੀ ਉੱਤੋਂ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਲਾ ਦਿੰਦੇ ਹਨ । ਵਿਧਵਾ ਮਰੇ ਤਾਂ ਗਹਿਣੇ ਤਾਂ ਨਹੀਂ ਪਾਉਂਦੇ ਪਰ ਬਾਕੀ ਸਾਰੇ ਸ਼ਿੰਗਾਰ ਕਰਦੇ ਹਨ।

ਨਾਉਂਦਿਆਂ ਕਰਦਿਆਂ, ਉਧਰ ਚਿਖਾ ਵਾਸਤੇ ਬਾਲਣ ਢੋ ਲੈਂਦੇ ਹਨ ਤੇ ਇਧਰ ਅਰਥੀ ਤਿਆਰ ਕਰ ਲੈਂਦੇ ਹਨ। ਅਰਥੀ ਵਾਸਤੇ ਬਾਂਸ ਜਾਂ ਬੇਰੀ ਦੀ ਲੱਕੜੀ ਵਰਤੀ ਜਾਂਦੀ ਹੈ ਤੇ ਕਿੱਲਾਂ ਦੀ ਥਾਂ ਬੱਭੜ ਆਦਿ ਨਾਲ ਹੀ ਲੱਕੜੀਆਂ ਬੰਨ੍ਹ ਦਿੰਦੇ ਹਨ। ਇਕ ਪਾਸੇ ਮਰੇ ਹੋਏ ਪ੍ਰਾਣੀ ਨੂੰ ਖੱਫਣ ਵਿਚ ਵਲ੍ਹੇਟ ਦਿੰਦੇ ਹਨ ਅਤੇ ਖੱਫਣ ਸੀਉਣ ਵਾਸਤੇ ਧਾਗਾ ਵੀ ਖੱਢਣ ਵਾਲੇ ਕਪੜੇ ਵਿੱਚੋਂ ਹੀ ਕੱਢਿਆ ਜਾਂਦਾ ਹੈ । ਦੂਜੇ ਪਾਸੇ ਮਰਨ ਵਾਲੇ ਦੀ ਨੂੰਹ, ਪਿੰਡ (ਪਿੰਨੇ) ਬਣਾਉਣ ਵਾਸਤੇ ਪੁੱਠੀ ਚੱਕੀ ਫੇਰ ਕੇ ਸਤਨਾਜਾ (ਮੱਕੀ, ਕਣਕ, ਛੋਲੇ, ਮਾਂਹ, ਮੋਠ, ਚੌਲ ਆਦਿ) ਪੀਹ ਲੈਂਦੀ ਹੈ। ਬ੍ਰਾਹਮਣ ਪਿੰਡ (ਪਿੰਨੇ) ਬਣਾਉਂਦਾ ਹੈ।

ਅਰਥੀ ਦੇ ਉੱਪਰ ਲਾਸ਼ ਰੱਖ ਕੇ ਉਸ ਉੱਤੇ ਉਸ ਦੇ ਪੋਤਰੇ ਦੇ ਵਾਲ, ਵਿਧਵਾ ਹੋਈ ਇਸਤਰੀ ਦੇ ਸੁਹਾਗ ਅਤੇ ਇਕ ਪਿੰਡ ਰੱਖ ਦਿੰਦੇ ਹਨ । ਨੂੰਹ, ਪੁੱਤਰ ਅਰਥੀ ਚੁੱਕਣ ਤੋਂ ਪਹਿਲਾਂ ਮਰੇ ਹੋਏ ਪ੍ਰਾਣੀ ਨੂੰ ਮੱਥਾ ਟੇਕਦੇ ਹਨ। ਉਸ ਤੋਂ ਪਿੱਛੋਂ ਚਾਰ ਕਰੀਬੀ ਰਿਸ਼ਤੇਦਾਰ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲੈਂਦੇ ਹਨ। ਸੁਰਗਵਾਸੀ ਦਾ ਪੋਤਰਾ ਅੱਗੇ ਅੱਗੇ ਟੱਲ ਵਜਾਉਂਦਾ ਜਾਂਦਾ ਹੈ ਤੇ ਪਿੱਛੇ ਪਿੱਛੇ ਕਾਨ੍ਹੀਂ ਅਰਥੀ ਚੁੱਕੀ ਜਾਂਦੇ ਹਨ। ਮਰਨ ਵਾਲੇ ਦੇ ਪੈਰ ਅੱਗੇ ਵੱਲ ਤੇ ਸਿਰ ਪਿੱਛੇ ਰੱਖਦੇ ਹਨ। ਰਸਤੇ ਵਿਚ ਕਾਨ੍ਹੀਂ ਤੇ ਬਾਕੀ ਬੰਦੇ ‘ਰਾਮ ਨਾਮ ਸਤਿ ਹੈ’ ਕਹਿੰਦੇ ਜਾਂਦੇ ਹਨ। ਸਿੱਖਾਂ ਵਿਚ ਰਾਮ ਨਾਮ ਸਤਿ ਦੀ ਥਾਂ ਸ਼ਬਦ ਪੜ੍ਹਨ ਦਾ ਰਿਵਾਜ ਹੈ। ਪੁਰਾਤਨ ਹਿੰਦੂ ਕਾਨ੍ਹੀਆਂ ਦੀ ਥਾਂ ਅਰਥੀ ਲਿਜਾਣ ਵਾਸਤੇ ਬਲਦਾਂ ਵਾਲਾ ਗੱਡਾ ਠੀਕ ਸਮਝਦੇ ਸਨ ਅਤੇ ਸ਼ੂਦਰ ਨੂੰ ਨੇੜੇ ਨਹੀਂ ਸੀ ਲਗਣ ਦਿੰਦੇ, ਕਿਉਂਕਿ ਉਸ ਦੇ ਨੇੜੇ ਆਉਣ ਨਾਲ ਮਰਨ ਵਾਲੇ ਦੀ ਅਰਥੀ ਭਿੱਟੀ ਹੋ ਜਾਂਦੀ ਸੀ ਅਤੇ ਉਹ ਸੁਰਗ ਵਿਚ ਨਹੀਂ ਸੀ ਜਾ ਸਕਦਾ ।

ਰਸਤੇ ਵਿਚ ਪਿੰਡ ਦਿੰਦੇ ਜਾਂਦੇ ਹਨ- ਘਰ ਦਾ ਦਰਵਾਜ਼ਾ ਲੰਘ ਕੇ ਦੂਜਾ, ਪਿੰਡ ਦਾ ਦਰਵਾਜ਼ਾ ਲੰਘ ਕੇ ਤੀਜਾ, ਮਸਾਣਾਂ ਦੇ ਅੱਧ ਵਿਚ ਕਿਸੇ ਛੱਪੜ, ਤਲਾਉ ਜਾਂ ਖੂਹ ਦੇ ਕੰਢੇ ਚੌਥਾ, ਪਰ ਚੌਥਾ ਪਿੰਡ ਦੇਣ ਤੋਂ ਪਹਿਲਾਂ ਅਰਥੀ ਨੂੰ ਪਾਣੀ ਨਾਲ ਛਿੜਕੀ ਹੋਈ ਥਾਂ ਤੇ ਉਤਾਰ ਲੈਂਦੇ ਹਨ ਤੇ ਮਰਨ ਵਾਲੇ ਦੀ ਨੂੰਹ ਪਹਿਲਾਂ ਪਿੰਡ ਚੁੱਕ ਕੇ ਉਸ ਦੀ ਥਾਂ ਚੌਥਾ ਰੱਖ ਦਿੰਦੀ ਹੈ ਤੇ ਇਕ ਪਾਣੀ ਦਾ ਘੜਾ ਭੰਨਦੀ ਹੈ ਜਿਹੜਾ ਮਰਨ ਵਾਲੇ ਨੂੰ ਪਹੁੰਚਿਆ ਮੰਨਿਆ ਜਾਂਦਾ ਹੈ। ਏਨੇ ਸਮੇਂ ਵਿਚ ਕਾਨ੍ਹੀਂ ਦਮ ਲੈਂਦੇ ਹਨ ਤੇ ਉਸ ਨੂੰ ਫੇਰ ਚੁੱਕ ਲੈਂਦੇ ਹਨ। ਇਸ ਵੇਲੇ ਸਿਰ ਅੱਗੇ ਤੇ ਪੈਰ ਪਿੱਛੇ ਵੱਲ ਰੱਖੇ ਜਾਂਦੇ ਹਨ। ਅਗਲੇ ਕਾਨ੍ਹੀਂ ਪਿੱਛੇ ਤੇ ਪਿਛਲੇ ਅੱਗੇ ਹੋ ਜਾਂਦੇ ਹਨ। (ਮੁਸਲਮਾਨਾਂ ਵਿਚ ਮਰਨ ਵਾਲੇ ਦੇ ਜਨਾਜ਼ੇ ਨੂੰ ਬਹੁਤ ਸਾਰੇ ਅੰਗ-ਸਾਕ ਮੋਢਾ ਦਿੰਦੇ ਹਨ) ਇਸ ਰੀਤ ਨੂੰ ‘ਅੱਧ ਮਾਰਗ’, ‘ਬਾਸਾ ਦੇਣਾ’ ਜਾਂ ‘ਬਿਸਰਾਮ ਕਰਨਾ’ ਕਹਿੰਦੇ ਹਨ ।

ਅੱਧ-ਮਾਰਗ ਤੋਂ ਪਿੱਛੋਂ ਇਸਤਰੀਆਂ ਉੱਥੇ ਹੀ ਬੈਠ ਜਾਂਦੀਆਂ ਹਨ ਤੇ ਮਰਦ ਨਾਲ ਚਲੇ ਜਾਂਦੇ ਹਨ। ਮਸਾਣਾਂ ਵਿਚ ਪਹੁੰਚ ਕੇ ਪਿੰਡ ਵੀ ਦੇ ਦਿੰਦੇ ਹਨ। ਇੱਥੇ ਪਹੁੰਚ ਕੇ ਅਰਥੀ ਲਾਹ ਲੈਂਦੇ ਹਨ ਤੇ ਵੱਡਾ ਪੁੱਤਰ ਚਿਖਾ ਵਾਸਤੇ ਸੱਤ ਵਾਰੀ ਰਾਮ ਰਾਮ ਲਿਖ ਕੇ ਥਾਂ ਤਿਆਰ ਕਰ ਲੈਂਦਾ ਹੈ।

ਚਿਖਾ ਵਾਸਤੇ ਚੜ੍ਹਦੀ-ਲਹਿੰਦੀ ਦਿਸ਼ਾ ਵਿਚ ਦੋ ਕੁ ਫੁਟ ਡੂੰਘਾ ਤੇ ਅਰਥੀ ਦੇ ਆਕਾਰ ਦਾ ਟੋਆ ਪੁੱਟ ਕੇ ਉਸ ਵਿਚ ਜੰਡ, ਸੰਦਲ, ਪਿੱਪਲ ਜਾਂ ਢੱਕ ਦੀ ਲੱਕੜੀ ਚਿਣ ਦਿੰਦੇ ਹਨ। ਵੱਡਾ ਪੁਤਰ ਇਕ ਹੱਥ ਤੇ ਇਕ ਪੈਰ ਨਾਲ ਅਰਥੀ ਦੀਆਂ ਗੱਠਾਂ ਖੋਲ੍ਹ ਕੇ ਲਾਸ਼ ਨੂੰ ਚਿਖਾ ਉੱਤੇ ਲਿਟਾ ਦਿੰਦਾ ਹੈ। ਮੁਰਦੇ ਦੇ ਹੱਥ ਉਸ ਦੀ ਪਿੱਠ ਥੱਲੇ ਰੱਖੇ ਜਾਂਦੇ ਹਨ। ਮੁਰਦੇ ਦੇ ਮੂੰਹ ਕੋਲੋਂ ਖੱਛਣ ਹਟਾ ਕੇ ਮੂੰਹ ਵਿਚ ਪੰਜ- ਚੇਤਨਾਥ ਸੋਨਾ, ਮੋਤੀ, ਮੂੰਗਾ, ਤਾਂਬਾ ਤੇ ਚਾਂਦੀ) ਰੱਖਦੇ ਹਨ। ਇਸਤਰੀ ਹੋਵੇ ਤਾਂ ਇਹ ਰਸਮ ਘਰ ਗੀਤਕਾਰ ਲਈ ਜਾਂਦੀ ਹੈ। ਇਸ ਤੋਂ ਪਿੱਛੋਂ ਛਾਤੀ ਉੱਤੇ ਸੰਦਲ ਤੇ ਤੁਲਸੀ ਦੇ ਪੱਤੇ ਰੱਖ ਕੇ ਆਖਗੂ

ਪਿੰਡ ਦੇ ਦਿੰਦੇ ਹਨ। ਹੋਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿਚ ਲਾਂਬੂ ਲੈ ਕੇ ਸੱਜਿਉਂ ਖੱਬੇ ਨੂੰ ਇਕ ਗੇੜਾ ਅਰਥੀ ਦੇ ਆਲੇ ਦੁਆਲੇ ਕੱਢਦਾ ਹੈ। ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਜਾ ਕੇ ਖਲੋ ਜਾਂਦੇ ਹਨ। ਜਦ ਚਿੱਖਾ ਜਲ ਕੇ ਮੁਰਦੇ ਦੀ ਖੋਪਰੀ ਵਿਖਾਈ ਦੇਣ ਲਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਇਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਠਕੋਰਦਾ ਹੈ ਅਤੇ ਹਥਲਾ ਡੰਡਾ ਚਿਖਾ ਦੇ ਉੱਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ। ਇਸ ਨੂੰ ‘ਕਪਾਲ ਕ੍ਰਿਆ’ ਕਹਿੰਦੇ ਹਨ। ਇਸ ਦਾ ਮਨੋਰਥ ਖੋਪਰੀ ਨੂੰ ਜਲਾਉਣਾ ਪੈਂਦਾ ਹੈ ਜੇ ਇਹ ਚੰਗੀ ਤਰ੍ਹਾਂ ਨਾ ਜਲੇ ਤਾਂ ਮੁਰਦੇ ਤੋਂ ਬਦਬੂ ਆਉਂਦੀ ਰਹਿੰਦੀ ਹੈ।

‘ਕਪਾਲ ਕ੍ਰਿਆ’ ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਨਾਲ ਲਾਸ਼ ਨੂੰ ਢਕ ਦਿੰਦੇ ਹਨ ਅਤੇ ਵੱਡਾ ਪੁੱਤਰ ਖੋਪਰੀ ਠਕੋਰਨ ਵਾਲਾ ਡੰਡਾ ਚੁੱਕ ਕੇ ਉਸ ਨਾਲ ਲਾਸ਼ ਦੇ ਬਰਾਬਰ ਇਕ ਲੀਕ ਖਿੱਚ ਦਿੰਦਾ ਹੈ। ਇਸ ਤੋਂ ਪਿੱਛੋਂ ਸਾਰੇ ਹੱਥ ਜੋੜ ਕੇ ਖਲੋ ਜਾਂਦੇ ਹਨ ਤੇ ਮੁਰਦੇ ਦਾ ਨਜ਼ਦੀਕੀ ਰਿਸ਼ਤੇਦਾਰ ਜ਼ੋਰ ਦੀ ਧਾਹ ਮਾਰਦਾ ਹੈ । ਸਾਰੇ ਪਿਛਾਂਹ ਤੱਕਣ ਤੋਂ ਬਿਨਾ ਵਾਪਸ ਤੁਰ ਪੈਂਦੇ ਹਨ। ਉਹ ਮੁਰਦੇ ਨੂੰ ਭੁਲਾ ਦੇਣਾ ਚਾਹੁੰਦੇ ਹਨ।

ਰਸਤੇ ਵਿਚ ਸਾਰੇ ਸੱਜਣ ਕਿਸੇ ਖੂਹ, ਟੋਭੇ ਜਾਂ ਛੱਪੜ ਉੱਤੇ ਹੋ ਸਕੇ ਤਾਂ ਅਸ਼ਨਾਨ ਨਹੀਂ ਤਾਂ ਹੱਥ ਮੂੰਹ ਧੋਂਦੇ ਹਨ। ਇਸ ਵੇਲੇ ਇਸਤਰੀਆਂ ਨਹਾਉਂਦੀਆਂ ਹਨ। ਸਾਰੇ ਨਹਾ ਕੇ ਤੇ ਕਪੜੇ ਧੋ ਕੇ ਮਸਾਣਾਂ ਵੱਲ ਮੂੰਹ ਕਰ ਕੇ ਅਤੇ ਮਰਨ ਵਾਲੇ ਦਾ ਨਾਂ ਤੇ ਗੋਤ ਬੋਲ ਕੇ, ਪਾਣੀ ਦੇ ਛਿੱਟੇ ਮਾਰਦੇ ਹਨ। ਇਹ ਪਾਣੀ ਮੁਰਦੇ ਨੂੰ ਪਹੁੰਚਦਾ ਮੰਨਿਆ ਜਾਂਦਾ ਹੈ ।

ਇਸ ਤੋਂ ਪਿੱਛੋਂ ਸਾਰੇ ਆਦਮੀ ਕੁਝ ਚਿੰਨ੍ਹਾਂ ਰਾਹੀਂ ਮੁਰਦੇ ਨਾਲ ਆਪਣੇ ਸਬੰਧ ਤੋੜਦੇ ਹਨ। ਕਈ ਵਾਰੀ ਡੱਕਾ ਤੋੜਦੇ ਹਨ ਤੇ ਕਈ ਵਾਰੀ ਕੰਡਾ। ਕਈ ਨਿੰਮ ਦੀ ਪੱਤੀ ਚਬਾ ਕੇ ਮਰਨ ਵਾਲੇ ਨੂੰ ਆਪਣੇ ਵਾਸਤੇ ਨਿੰਮੋਂ ਕੌੜਾ ਕਰ ਦਿੰਦੇ ਹਨ ਜਾਂ ਅੱਕ ਦਾ ਦੁੱਧ ਚੋ ਕੇ ਅੱਕੋਂ ਕੌੜਾ।

ਘਰ ਆ ਕੇ ਇਕ ਪੁੱਤਰ ਨੂੰ, ਆਮ ਤੌਰ ਤੇ ਵੱਡੇ ਪੁੱਤਰ ਨੂੰ, ‘ਕਰਮੀ ਧਰਮੀ’ ਬਿਠਾ ਦਿੰਦੇ ਹਨ। ਉਹ ਦਸ ਦਿਨ ਬਾਹਰ ਫੂਹੜੀ ਉੱਤੇ ਬੈਠਾ ਰਹਿੰਦਾ ਹੈ ਤੇ ਅਫਸੋਸ ਲਈ ਆਏ ਅੰਗਾਂ ਸਾਕਾਂ ਨਾਲ ਬਹਿ ਕੇ ਅਫਸੋਸ ਕਰਦਾ ਹੈ। ਉਸ ਦਾ ਜਿਸਮ ਕੇਵਲ ਤਿੰਨ ਕਪੜਿਆਂ ਨਾਲ ਢਕਿਆ ਹੁੰਦਾ ਹੈ – ਇਕ ਤੇੜ, ਦੂਜਾ ਛਾਤੀ ਤੇ ਤੀਜਾ ਸਿਰ ਉੱਤੇ। ਉਹ ਚਮੜੇ ਦੀ ਜੁੱਤੀ ਨਹੀਂ ਪਹਿਨਦਾ, ਕ੍ਰਿਆ- ਕਰਮ ਤਕ ਇਸੇ ਤਰ੍ਹਾਂ ਬੈਠਾ ਰਹਿੰਦਾ ਹੈ । ਆਪਣੇ ਪਿਤਾ ਵਾਸਤੇ ਦੋਵੇਂ ਵੇਲੇ ਨਹਾਉਂਦਾ ਤੇ ਦਿਨ ਰਾਤ ਪਰਮਾਤਮਾ ਦਾ ਭਜਨ ਕਰਦਾ ਹੈ । ਅਸਲ ਵਿਚ ਉਹ ਹਰ ਪੱਖੋਂ ਬ੍ਰਹਮਚਾਰੀ ਬਣ ਕੇ ਬੈਠਦਾ ਹੈ ਰਾਤ ਨੂੰ ਘਰ ਨਹੀਂ ਸੌਂਦਾ।

ਸ਼ਾਮ ਨੂੰ ਉਹ ਕਿਸੇ ਮੋਰੀ ਵਾਲੇ ਘੜੇ ਦੀ ਮੋਰੀ ਵਿਚ ਦੁੱਬ ਫਸਾ ਕੇ ਅਤੇ ਉਸ ਵਿਚ ਤਿਲ, ਦੁੱਬ, ਗੰਗਾਜਲੀ ਤੇ ਤੁਲਸੀ ਦੇ ਪੱਤੇ ਪਾ ਕੇ ਮਸਾਣਾਂ ਦੇ ਲਾਗੇ ਇਸ ਨੂੰ ਕਿਸੇ ਪਿੱਪਲ ਉੱਤੇ ਟੰਗ ਆਉਂਦਾ ਹੈ। ਮੋਰੀ ਵਿੱਚੋਂ ਤੁਪਕਾ ਤੁਪਕਾ ਪਾਣੀ ਚੋਂਦਾ ਰਹਿੰਦਾ ਹੈ। ਕਹਿੰਦੇ ਹਨ ਕਿ ਇਹ ਮੁਰਦੇ ਨੂੰ ਪਹੁੰਚਦਾ ਹੈ। (ਕਰਮੀ ਧਰਮੀ ਲੋਕ ਇਸ ਵਿਚ ਦਸ ਦਿਨ ਲਗਾਤਾਰ ਦੋਵੇਂ ਵੇਲੇ ਪਾਣੀ ਪਾਉਂਦੇ ਹਨ।) ਇਸੇ ਸ਼ਾਮ ਉਹ ਮੜ੍ਹੀ ਉੱਤੇ ਇਕ ਮਿੱਟੀ ਦਾ ਦੀਵਾ ਵੀ ਬਾਲ ਆਉਂਦਾ ਹੈ। ਇਸ ਦੀ ਬੱਤੀ ਏਡੀ ਲੰਮੀ ਰੱਖੀ ਜਾਂਦੀ ਹੈ ਕਿ ਦਸ ਦਿਨ ਖ਼ਤਮ ਨਾ ਹੋਵੇ । ਇਹ ਦੀਵਾ ਦਸ ਦਿਨ ਬੁੱਝਣ ਨਹੀਂ ਦਿੱਤਾ ਜਾਂਦਾ ਕਿਉਂਕਿ ਹਿੰਦੂਆਂ ਦੇ ਵਿਚਾਰ ਅਨੁਸਾਰ ਇਹ ਦੀਵਾ ਮਰਨ ਵਾਲੇ ਨੂੰ ਯਮ-ਲੋਕ ਵਿਚ ਰਸਤਾ ਵਿਖਾਉਂਦਾ ਹੈ।

ਮੌਤ ਤੋਂ ਤੀਜੇ ਦਿਨ ਮੁਰਦੇ ਦੇ ‘ਫੁੱਲ ਚੁਗਣ’ ਜਾਂਦੇ ਹਨ। ਆਪਣੇ ਨਾਲ ਇਕ ਫੋਹੜੀ, ਚਾਰ ਕੀਲੀਆਂ, ਨਿਚੱਲਾ ਅਤੇ ‘ਫੁੱਲ’ ਪਾਉਣ ਲਈ ਗੁਥਲੀ ਲੈ ਜਾਂਦੇ ਹਨ। ਔਰਤ ਦੇ ਫੁੱਲਾਂ ਲਈ ਲਾਲ ਗੁਥਲੀ ਹੁੰਦੀ ਹੈ ਤੇ ਮਰਦ ਲਈ ਚਿੱਟੀ । ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ‘ਕਰਮੀ ਧਰਮੀ’ ਆਪਣੇ ਅੰਗੂਠੇ ਤੇ ਚੀਚੀ ਦੀ ਮਦਦ ਨਾਲ ਤਿੰਨ ਫੁੱਲ ਚੁਗਦਾ ਹੈ। ਇਸ ਤੋਂ ਪਿੱਛੋਂ ਬਾਕੀ ਆਦਮੀ ਵੀ ਚੁਗ ਲੈਂਦੇ ਹਨ। ਇਹ ਅਸਥੀਆਂ ਜਾਂ ਫੁੱਲ ਲਕੜੀ ਦੀ ਫੱਹੜੀ ਨਾਲ ਫਰੋਲ ਕੇ ਲੱਭੇ ਜਾਂਦੇ ਹਨ। ਇਨ੍ਹਾਂ ਨੂੰ ਠੀਕਰੇ ਵਿਚ ਦੁੱਧ ਤੇ ਗੰਗਾ-ਜਲ ਪਾ ਕੇ ਧੋ ਲੈਂਦੇ ਹਨ। ਹੱਥਾਂ ਪੈਰਾਂ ਦੇ ਪੋਟਿਆਂ ਤੇ ਦੰਦਾਂ ਦੀਆਂ ਅਸਥੀਆਂ ਗੁਥਲੀ ਵਿਚ ਪਾ ਲੈਂਦੇ ਹਨ ਅਤੇ ਬਾਕੀ ਉਸੇ ਥਾਂ ਦਫਨਾਂ ਦਿੰਦੇ ਹਨ। ਇਕ ਵਾਰੀ ਫੁੱਲ, ਗੁਥਲੀ ਵਿਚ ਪਾਉਣ ਤੋਂ ਪਿੱਛੋਂ ਪਵਿੱਤਰ ਪਾਣੀ ਵਿਚ ਹੀ ਹੜ੍ਹਾਏ ਜਾ ਸਕਦੇ ਹਨ। ਜ਼ਮੀਨ ਉੱਤੇ ਕਦੀ ਨਹੀਂ ਰੱਖੇ ਜਾਂਦੇ । ਜੇ ਉਸੇ ਵੇਲੇ ਨਾ ਲਿਜਾਣੇ ਹੋਣ ਤਾਂ ਇਨ੍ਹਾਂ ਨੂੰ ਕਿਸੇ ਰੁੱਖ ਉੱਤੇ ਟੰਗ ਛੱਡਦੇ ਹਨ । ਫੁੱਲਾਂ ਨੂੰ ‘ਪਹੋਏ’ ਜਾਂ ‘ਹਰਿਦੁਆਰ’ ਆਦਿ ਲਿਜਾਣ ਵਾਲੇ ਬੰਦੇ ਨੂੰ ਰਾਹਦਾਰੀ ਅਤੇ ਪਾਂਡੇ ਦੀ ਫ਼ੀਸ ਦੇ ਦਿੱਤੀ ਜਾਂਦੀ ਹੈ । ਆਮ ਤੌਰ ਤੇ ਇਹ ਕੰਮ ਵੀ ‘ਕਰਮੀ ਧਰਮੀ’ ਹੀ ਕਰਦਾ ਹੈ। ਉਹ ਆਪਣੇ ਬਜੁਰਗ ਦੇ ਇਨ੍ਹਾਂ ਫੁੱਲਾਂ ਨੂੰ ਬੜੀ ਇੱਜ਼ਤ ਤੇ ਮਾਨ ਨਾਲ ਲਿਜਾਂਦਾ ਹੈ। ਰੁੱਖ ਤੋਂ ਲਾਹੁਣ ਲੱਗਿਆਂ ਉਹ ਬੜੇ ਮਾਨ ਨਾਲ ਬਜੁਰਗ ਦਾ ਨਾਂ ਲੈ ਕੇ ਕਹਿੰਦਾ ਹੈ “ਆ ਗੁਲਜ਼ਾਰੀ ਲਾਲ ਤੈਨੂੰ ਪਹੋਏ ਛੱਡ ਆਈਏ।” ਤੁਰਨ ਤੋਂ ਪਹਿਲਾਂ ਉਹ ਇਕ ਪੈਸਾ ਜ਼ਮੀਨ ਤੇ ਸੁੱਟ ਦਿੰਦਾ ਹੈ, ਭਾਵ ਉਸ ਦਾ ਕਿਰਾਇਆ ਭਰਦਾ ਹੈ। ਰਸਤੇ ਵਿਚ ਹਰ ਕੰਮ ਕਰਨ ਸਮੇਂ ਉਹ ਬਜੁਰਗ (ਫੁੱਲਾਂ) ਦੀ ਆਗਿਆ ਲੈਂਦਾ ਹੈ। ਹਰਦੁਆਰ ਜਾਂ ਪਹੋਏ ਵਿਚ ਪਾਂਡੇ ਉਸ ਦਾ ਨਾਂ ਤੇ ਗੋਤ ਉਚਾਰ ਕੇ ਬੜੇ ਮਾਨ ਨਾਲ ਪਾਣੀ ਵਿਚ ਰੁੜ੍ਹਾ ਦਿੰਦਾ ਹੈ। ਉੱਥੇ ਕਰਮੀ ਧਰਮੀ ਜਾਂ ਫੁੱਲ ਲਿਜਾਣ ਵਾਲਾ ਬੰਦਾ ਗਰੀਬਾਂ ਨੂੰ ਦਾਨ ਤੇ ਅਚਾਰਜ ਨੂੰ ਫ਼ੀਸ ਦੇ ਕੇ ਵਾਪਸ ਪਰਤ ਆਉਂਦਾ ਹੈ। ਵਾਪਸੀ ਤੇ ਥੋੜ੍ਹੀ ਦੂਰ ਆ ਕੇ ਉਹ ਬਜੁਰਗ ਦੇ ਰਹਿਣ ਲਈ ਮਿੱਟੀ ਤੇ ਡੱਕਿਆਂ ਦਾ ਇਕ ਕੋਠੜਾ ਜਿਹਾ ਬਣਾ ਕੇ ਬਜੁਰਗ ਨੂੰ ਉਸੇ ਕੋਠੇ ਵਿਚ ਨਿਵਾਸ ਕਰਨ ਦੀ ਬੇਨਤੀ ਕਰਦਾ ਹੈ। ਹਰਦੁਆਰ ਤੋਂ ਆਉਂਦਾ ਹੋਇਆ ਉਹ ਗੰਗਾ-ਜਲ ਲੈ ਆਉਂਦਾ ਹੈ ਜਿਸ ਵਿਚੋਂ ਥੋੜ੍ਹਾ ਜਿਹਾ ਤਾਂ ਬਜੁਰਗ ਵਾਸਤੇ ਮੜ੍ਹੀ ਤੇ ਹੀ ਛਿੜਕ ਆਉਂਦਾ ਹੈ ਤੇ ਬਾਕੀ ਜਲ ਦੀ ਘਰ ਵਿਚ ਪੂਜਾ ਕੀਤੀ ਜਾਂਦੀ ਹੈ।

ਇਸ ਤੋਂ ਪਿੱਛੋਂ ਸੱਤ ਦਿਨ ਹੋਰ ਅਫਸੋਸ ਕਰਦੇ ਹਨ, ਦੂਰ ਨੇੜੇ ਦੀਆਂ ਮੁਕਾਣਾਂ ਆਉਂਦੀਆਂ ਹਨ। ਦਸ ਦਿਨ ਘਰ ਅਸ਼ੁੱਧ ਰਹਿੰਦਾ ਹੈ। ਇਸ ਘਰੋਂ ਕੋਈ ਪਾਣੀ ਤੱਕ ਨਹੀਂ ਪੀਂਦਾ। ਬ੍ਰਾਹਮਣਾਂ ਖੱਤਰੀਆਂ ਦੇ ਘਰਾਂ ਵਿਚ ਇਹ ਅਸ਼ੁੱਧਤਾ ਥੋੜ੍ਹੇ ਦਿਨ ਰਹਿੰਦੀ ਹੈ ਤੇ ਕਈ ਜਾਤੀਆਂ ਦੇ ਵਧੇਰੇ । ਇਹ ਅਸ਼ੁੱਧਤਾ ਦਸਾਹੀ ਵਾਲੇ ਦਿਨ ਸਫਾਈ ਕਰ ਕੇ ਖ਼ਤਮ ਕੀਤੀ ਜਾਂਦੀ ਹੈ । ਸਾਰਾ ਅਰਸਾ ਬੜੇ ਪਰਹੇਜ ਕੀਤੇ ਜਾਂਦੇ ਹਨ। ਥਾਲੀਆਂ ਦੀ ਥਾਂ ਪੱਤਿਆਂ ਤੇ ਖਾਣਾ ਖਾਂਦੇ ਹਨ। ਪਤੀ ਪਤਨੀ ਇਕ ਕਮਰੇ ਵਿਚ ਨਹੀਂ ਸੌਂਦੇ । ਦਸਾਹੀ ਵਾਲੇ ਦਿਨ ਸਾਰਾ ਪਰਵਾਰ ਅਸ਼ਨਾਨ ਕਰਦਾ ਹੈ ਤੇ ਘਰ ਦੀ ਸਫਾਈ ਕਰ ਕੇ ਸਾਰੇ ਭਾਈਚਾਰੇ ਤੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਮਿਲਣ ਵਰਤਣ ਵਾਲਿਆਂ ਨੂੰ ਰੋਟੀ ਖੁਆਂਦਾ ਹੈ ਅਤੇ ਲੱਡੂ ਜਲੇਬੀਆਂ ਪਰੋਸਦਾ ਹੈ। ਪਹਿਲੀ ਥਲੀ ਮੜ੍ਹੀ ਉੱਤੇ ਆਪਣੇ ਬਜੁਰਗ ਵਾਸਤੇ ਭੇਜਦੇ ਹਨ। ਜੇ ਇਸ ਨੂੰ ਕਾਂ ਖਾਣ ਤਾਂ ਚੰਗਾ ਸ਼ਗਨ ਮੰਨਦੇ ਹਨ। ਕਾਂਗੜੇ ਵਿਚ ਇਸ ਸਮੇਂ 36 ਜਾਤਾਂ ਇਕੱਠੀਆਂ ਕਰ ਕੇ ਰੋਟੀ ਕਰਦੇ ਹਨ; ਜੋਗੀਆਂ, ਸੰਨਿਆਸੀਆਂ ਤੇ ਰਾਹੀਆਂ ਨੂੰ ਭੋਜਨ ਕਰਾਇਆ ਜਾਂਦਾ । ਇਸ ਰਸਮ ਨੂੰ ‘ਦਸਾਹੀ’, ‘ਕਾਰਜ’, ‘ਹੰਗਾਮਾ’ ਜਾਂ ‘ਬੜਾ ਕਰਨਾ’ ਕਹਿੰਦੇ ਹਨ।

ਹੈ ਇਸ ਹੰਗਾਮੇ ਉੱਤੇ ਕਈ ਜਾਤੀਆਂ ਬਹੁਤ ਖਰਚ ਕਰਦੀਆਂ ਹਨ। ਪੰਡਤ ਜਾਂ ਪ੍ਰੋਹਤ ਨੂੰ ਘਰੇਲੂ ਵਰਤੋਂ ਦੀਆਂ ਉਹ ਸਾਰੀਆਂ ਚੀਜ਼ਾਂ ਦਾਨ ਕੀਤੀਆਂ ਜਾਂਦੀਆਂ ਹਨ ਜਿਹੜੀਆਂ ਉਸ ਦੇ ਰਾਹੀਂ ਆਪਣੇ ਬਜੁਰਗ ਕੋਲ ਪਹੁੰਚਾਉਣੀਆਂ ਹੋਣ। ਕਈ ਵਾਰੀ ਨਾ ਤਾਂ ਇਨ੍ਹਾਂ ਚੀਜਾਂ ਦਾ ਸ਼ੁਮਾਰ ਰਹਿੰਦਾ ਹੈ ਤੇ ਨਾ ਹੀ ਇਨ੍ਹਾਂ ਉੱਤੇ ਖਰਚ ਦਾ। ਹੰਗਾਮੇ ਉੱਤੇ ਬਹੁਤ ਜ਼ਿਆਦਾ ਖਰਚ ਹੋਣ ਕਾਰਨ ਖੱਤਰੀ, ਬ੍ਰਾਹਮਣ, ਰਾਜਪੂਤ ਆਦਿ ਜਾਤੀਆਂ ਨੇ ਇਸ ਨੂੰ ਫੇਰ ਕਦੀ ਕਰਨ ਦੀ ਵੀ ਖੁੱਲ੍ਹ ਲੈ ਰੱਖੀ ਹੈ । ਪਰ ਇਸ ਹਾਲਤ ਵਿਚ ਇਹ ਸ਼ਰਤ ਹੈ ਕਿ ਹੰਗਾਮਾ ਕਰਨ ਤੋਂ ਪਹਿਲਾਂ ਘਰ ਵਿਚ ਕਿਸੇ ਦੀ ਸ਼ਾਦੀ ਨਹੀਂ ਕੀਤੀ ਜਾ ਸਕਦੀ । ਕਈ ਗ਼ਰੀਬ ਘਰਾਣੇ ਕਿਉਂਕਿ ਹੰਗਾਮਾ ਨਹੀਂ ਕਰ ਸਕਦੇ ਇਸ ਲਈ ਕਿਸੇ ਕੁੜੀ ਦਾ ਵਿਆਹ ਵੀ ਨਹੀਂ ਰਚਾ ਸਕਦੇ । ਧੀਆਂ ਮਾਪਿਆਂ ਦੇ ਘਰ ਹੀ 30-30 ਸਾਲਾਂ

ਦੀਆਂ ਹੋ ਜਾਂਦੀਆਂ ਹਨ।

ਹੰਗਾਮੇ ਦੇ ਸਮੇਂ ਇਕ ਰਸਮ ‘ਦਸਤਾਰਬੰਦੀ’ ਦੀ ਕੀਤੀ ਜਾਂਦੀ ਹੈ। ਭਾਈਚਾਰੇ ਦੀ ਹਾਜ਼ਰੀ ਵਿਚ ਵੱਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ। ਇਸ ਤਰ੍ਹਾਂ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ। ਮਿੰਟਗੁਮਰੀ ਵਿਚ ਵੱਡੇ ਪੁੱਤਰ ਤੋਂ ਪਿਤਾ ਦੀ ਦੁਕਾਨ ਦਾ ਜੰਦਰਾ ਖੁਲ੍ਹਾਉਂਦੇ ਹਨ।

ਹੰਗਾਮੇ ਤੋਂ ਪਿੱਛੋਂ ਹਰ ਮਹੀਨੇ ਦੀ ਮਰਨ ਤਿੱਥ ਨੂੰ ਹਿੰਦੂ ਬ੍ਰਾਹਮਣ ਨੂੰ ਰੋਟੀ ਕਰਦੇ ਹਨ ਤੇ ਸਾਲ ਹੋ ਜਾਣ ਉੱਤੇ ‘ਬਰਸੀ’ ਜਾਂ ‘ਵਹੀਣਾ ਕਰਦੇ ਹਨ। ਵਰੀਣੇ ਉੱਤੇ ਹੰਗਾਮੇ ਨਾਲੋਂ ਵੀ ਵਧੇਰੇ ਖਰਚ ਹੁੰਦਾ ਹੈ। ਦੂਜੇ ਜਾਂ ਤੀਜੇ ਸਾਲ ਮਰਨ-ਤਿੱਥ ਉੱਤੇ ਬ੍ਰਾਹਮਣ ਜਾਂ ਸੰਨਿਆਸੀ ਨੂੰ ਰੋਟੀ ਕੀਤੀ ਜਾਂਦੀ ਹੈ ਪਰ ਚੌਥੇ ਸਾਲ ਇਸੇ ਤਿੱਥ ਨੂੰ ‘ਚੋਬਰਸੀ’ ਮਨਾਈ ਜਾਂਦੀ ਹੈ। ਇਨ੍ਹਾਂ ਬਰਸੀਆਂ, ਚੋਬਰਸੀਆਂ ਨੂੰ ਸ਼ਰਾਧ ਕਹਿੰਦੇ ਹਨ ਤੇ ਇਹ ਸਾਰੇ ਮੁਰਦੇ ਨੂੰ ਭੋਜਨ ਭੇਜਣ ਦੇ ਤਰੀਕੇ ਮਿਥੇ ਗਏ ਹਨ।

ਚੋਬਰਸੀ ਤੋਂ ਪਿੱਛੋਂ ਆਮ ਤੌਰ ਤੇ ਕੋਈ ਰਸਮ ਨਹੀਂ ਕੀਤੀ ਜਾਂਦੀ, ਗੁੜਗਾਉਂ ਤੇ ਹਰਿਆਣੇ ਦੇ ਕੁਝ ਹੋਰ ਇਲਾਕਿਆਂ ਵਿਚ ਪਿੱਤਰਾਂ ਦੀ ਯਾਦਗਾਰ ਵਿਚ ਕਈ ਅਮੀਰ ਘਰਾਣੇ ਛਤਰੀਆਂ ਵੀ ਬਣਵਾ ਦਿੰਦੇ ਹਨ। ਛਤਰੀ ਦੀ ਪਹਿਲੀ ਮੰਜ਼ਲ ਉੱਤੇ ਮਰਨ ਵਾਲੇ ਬਜ਼ੁਰਗ ਦੇ ਪੈਰ ਦਾ ਪੰਜਾ ਲਾਉਂਦੇ ਹਨ। ਬਹੁਤੇ ਅਮੀਰ ਤਾਂ ਏਨੀਆਂ ਉੱਚੀਆਂ ਛਤਰੀਆਂ ਬਣਵਾਉਂਦੇ ਹਨ ਕਿ ਆਪਣੇ ਘਰੋਂ ਵੇਖੀਆਂ

ਜਾ ਸਕਣ। ਇਨ੍ਹਾਂ ਛਤਰੀਆਂ ਉੱਤੇ ਵੀ ਹਜ਼ਾਰ ਹਜ਼ਾਰ ਬਾਰਾਂ ਬਾਰਾਂ ਸੌ ਰੁਪਏ ਖਰਚ ਹੋ ਜਾਂਦੇ ਸਨ । ਕਈ ਵਾਰੀ ਇਹ ਛਤਰੀਆਂ ਰਾਹੀਆਂ ਮੁਸਾਫਰਾਂ ਨੂੰ ਪਨਾਹ ਦਿੰਦੀਆਂ ਹਨ।

ਪੰਜਾਬ ਦੇ ਸਿੱਖ ਵੀ ਸ਼ਰਾਧਾਂ ਤੋਂ ਸਿਵਾ ਕਈ ਰਸਮਾਂ ਹਿੰਦੂਆਂ ਵਾਲੀਆਂ ਹੀ ਕਰਦੇ ਹਨ । ਉਨ੍ਹਾਂ ਨੇ ਕਿਧਰੇ ਕਿਧਰੇ ਆਪਣੇ ਧਰਮ ਅਨੁਸਾਰ ਤਬਦੀਲੀਆਂ ਕਰ ਲਈਆਂ ਹਨ। ਜਿੱਥੇ ਹਿੰਦੂ ਗੀਤਾ ਜਾਂ ਗਰੁੜ-ਪੁਰਾਣ ਦੀ ਕਥਾ ਕਰਾਉਂਦੇ ਹਨ, ਸਿੱਖ ਮਰਨ ਵਾਲੇ ਦਿਨ ਤੋਂ ਹੰਗਾਮੇ ਵਾਲੇ ਦਿਨ ਤਕ (ਆਮ ਤੌਰ ਤੇ ਗਿਆਰਾਂ ਦਿਨ) ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਉਂਦੇ ਹਨ। ਗ੍ਰੰਥੀ ਪਾਠ ਕਰਦਾ ਰਹਿੰਦਾ ਹੈ ਤੇ ਘਰ ਦੇ ਜਾਂ ਭਾਈਚਾਰੇ ਦੇ ਮੈਂਬਰ ਵਿਹਲ ਮਿਲਣ ਉੱਤੇ ਸੁਣਦੇ ਰਹਿੰਦੇ ਹਨ। ਹੰਗਾਮੇ ਵਾਲੇ ਦਿਨ ਭੋਗ ਪਾ ਕੇ ਗ੍ਰੰਥੀ ਨੂੰ ਦਾਨ ਦੇ ਦਿੰਦੇ ਹਨ। ਸਿੱਖਾਂ ਦੇ ਦਾਨ ਹਿੰਦੂਆਂ ਜਿੰਨੇ ਭਾਰੇ ਤੇ ਦੁਖਦਾਈ ਨਹੀਂ ਹੁੰਦੇ।

ਮੁਸਲਮਾਨ ਆਪਣੇ ਮੁਰਦੇ ਦਫ਼ਨਾਉਂਦੇ ਹਨ। ਕਬਰ ਵਿਚ ਲਾਸ਼ ਦਾ ਮੂੰਹ ਕਾਬੇ ਵੱਲ ਨੂੰ ਰੱਖਿਆ ਜਾਂਦਾ ਹੈ । ਸਰਹੱਦ ਦੇ ਪਠਾਣ ਉਸ ਦੇ ਸਾਹਮਣੇ ਪੱਥਰ ਉੱਤੇ ਕਲਮਾਂ ਲਿਖ ਕੇ ਰੱਖ ਦਿੰਦੇ ਹਨ।

ਹਿੰਦੂ ਬੱਚੇ ਨੂੰ ਦਫਨਾਉਂਦੇ ਹਨ ਅਤੇ ਸਿੱਖ ਭਾਵੇਂ ਦਿਹਾੜੀ ਦਾ ਹੀ ਹੋਵੇ, ਸਾੜਦੇ ਹਨ। ਜਨਮ-ਸੰਸਕਾਰਾਂ ਵਾਂਗ ਮਰਨ ਵੇਲੇ ਦੇ ਸੰਸਕਾਰਾਂ ਨਾਲ ਵੀ ਅਨੇਕ ਭਰਮ ਸਬੰਧਤ ਹਨ।

ਬਹਾਵਲਪੁਰ ਵਿਚ ਛੇ ਸਾਲ ਦਾ ਬੱਚਾ ਮਰੇ ਤਾਂ ਉਸ ਦੇ ਸਿਰ੍ਹਾਣੇ ਕੱਪ ਵਿਚ ਪਾਣੀ ਰੱਖ ਦਿੰਦੇ ਹਨ। ਕੋਈ ਮੁੰਡਾ ਪੰਜ ਛੇ ਸਾਲ ਦਾ ਹੋ ਕੇ ਮਰ ਜਾਏ ਤਾਂ ਉਸ ਤੋਂ ਛੋਟੇ ਭਰਾ ਦੀ ਲੱਤ ਨਾਲ ਵੱਡੇ ਭਰਾ ਦੀ ਉਚਾਈ ਜਿੰਨਾ ਧਾਗਾ ਮਿਣ ਕੇ ਬੰਨ੍ਹ ਦਿੰਦੇ ਹਨ। ਇਹ ਧਾਗਾ ਉਦੋਂ ਤਕ ਬੰਨ੍ਹ ਛੱਡਦੇ ਹਨ ਜਦ ਤਕ ਕਿ ਛੋਟਾ ਭਰਾ ਵੱਡੇ ਭਰਾ ਜਿੱਡਾ ਨਹੀਂ ਹੋ ਜਾਂਦਾ। ਜੇ ਕਿਸੇ ਦਾ ਦੁੱਧ ਚੁੰਘਦਾ ਨਿਆਣਾ ਮਰ ਜਾਵੇ ਤਾਂ ਉਸ ਦੀ ਮਾਂ ਦੇ ਪੁੱਠੀ ਕੁੜਤੀ ਪਾ ਦਿੰਦੇ ਹਨ ਅਤੇ ਜਦੋਂ ਤਕ ਉਸ ਦੀਆਂ ਦੁੱਧੀਆਂ ਵਿੱਚੋਂ ਦੁੱਧ ਨਾ ਸੁੱਕ ਜਾਵੇ, ਉਸ ਦੇ ਨੇੜੇ ਕੋਈ ਨਹੀਂ ਜਾਂਦਾ। ਕਹਿੰਦੇ ਹਨ ਕਿ ਅਜਿਹੀ ਮਾਂ ਦਾ ਪਰਛਾਵਾਂ ਬਹੁਤ ਸਖ਼ਤ ਹੁੰਦਾ ਹੈ, ਜੇ ਹਰੇ ਬਿਰਖ ਉੱਤੇ ਪੈ ਜਾਵੇ ਤਾਂ ਬਿਰਖ ਸੁੱਕ ਜਾਂਦਾ ਹੈ । ਇਸ ਦੀ ਝੋਲੀ ਵਿਚ ਹਰੇ ਪੱਤੇ ਜਾਂ ਹਰਾ ਫਲ ਪਾਉਣ ਦਾ ਵੀ ਰਿਵਾਜ ਹੈ। ਇਹ ਚੀਜ਼ਾਂ ਨਵੀਂ ਔਲਾਦ ਦਾ ਚਿਨ੍ਹ ਸਮਝੀਆਂ ਜਾਂਦੀਆਂ ਹਨ। ਸੋਕੇ ਨਾਲ ਮਰਨ ਵਾਲੇ ਬੱਚੇ ਦਾ ਕੁੜਤਾ ਸੰਭਾਲ ਰੱਖਦੇ ਹਨ ਤੇ ਹੋਰ ਬੱਚਾ ਹੋਣ ਉੱਤੇ ਉਸ ਨੂੰ ਪਹਿਨਾਉਂਦੇ ਹਨ ਤਾਂ ਕਿ ਉਸ ਨੂੰ ਸੋਕੇ ਦੀ ਸ਼ਿਕਾਇਤ ਨਾ ਹੋਵੇ ।

ਕੁੱਲੂ ਵਿਚ ਜੇ ਕਿਸੇ ਕੁੜੀ ਦਾ ਮੰਗੇਤਰ ਮਰ ਜਾਵੇ ਤਾਂ ਮੰਗੇਤਰ ਦੀ ਅਰਥੀ ਲਿਜਾਣ ਵੇਲੇ ਕੁੜੀ ਬਾਹਰ ਰਸਤੇ ਵਿਚ ਖੜੀ ਕਰ ਦਿੰਦੇ ਹਨ। ਅਰਥੀ ਵਾਲੇ ਕਾਨ੍ਹੀਂ ਅਰਥੀ ਉਸ ਦੇ ਸਿਰ ਉੱਤੋਂ ਲੰਘਾਉਂਦੇ ਹਨ। ਇੱਥੇ ਜੇ ਕੋਈ ਔਤਰਾ ਮਰ ਜਾਵੇ ਤਾਂ ਦਿਉਤਾ ਬਣ ਜਾਂਦਾ ਹੈ। ਨਵੀਂ ਫਸਲ ਖਾਣ ਸਮੇਂ ਹਰ ਮੌਸਮ ਵਿਚ ਇਸ ਔਂਤਰੇ ਦਿਉਤੇ ਦੀ ਪੂਜਾ ਕੀਤੀ ਜਾਂਦੀ ਹੈ।

ਮੁਟਿਆਰ ਮਰੇ ਤਾਂ ਵਿਚਾਰ ਹੈ ਕਿ ਉਹ ਭੂਤ ਬਣ ਕੇ ਚੰਬੜ ਜਾਂਦੀ ਹੈ । ਇਸ ਲਈ ਉਸ ਦੇ ਫੁੱਲ ਚੁਗਦੇ ਸਮੇਂ ਉਸ ਦੇ ਜਿਸਮ ਦੀ ਕੋਈ ਜ਼ਰੂਰੀ ਹੱਡੀ (ਕੰਗਰੋੜ ਆਦਿ) ਸਿਵੇ ਵਿੱਚੋਂ ਕੱਢ ਕੇ ਵੱਖਰੀ ਦਬਾ ਦਿੰਦੇ ਹਨ ਤਾਂ ਕਿ ਉਸ ਦਾ ਭੂਤ ਪਿੰਡ ਵਿਚ ਨਾ ਪਹੁੰਚ ਸਕੇ।

ਕੁਚੀਲ (ਬੱਚਾ ਜੰਮਣ ਸਮੇਂ ਮਰਨ ਵਾਲੀ ਇਸਤਰੀ) ਬਾਰੇ ਵਹਿਮ ਹੈ ਕਿ ਉਹ ਆਪਣੇ ਪਿੱਛੇ ਰਹਿ ਗਏ ਬੱਚੇ ਨੂੰ ਹਰ ਵੇਲੇ ਮਾਰਨ ਦਾ ਯਤਨ ਕਰਦੀ ਹੈ ਅਤੇ ਭੂਤ ਬਣ ਕੇ ਵਾਪਸ ਆਉਂਦੀ ਹੈ। ਇਸ ਲਈ ਉਸ ਦੀ ਲਾਸ਼ ਦੇ ਪੈਰਾਂ ਵਿਚ ਮੇਖਾਂ ਜਾਂ ਅੱਖਾਂ ਵਿਚ ਸੂਈਆਂ ਚੋਭ ਦਿੰਦੇ ਹਨ। ਕਈ ਥਾਈਂ ਨੀਲਾ ਥੋਥਾ ਅੱਖਾਂ ਵਿਚ ਪਾ ਦਿੰਦੇ ਹਨ ਤਾਂ ਕਿ ਨਾ ਉਹ ਘਰ ਦਾ ਰਸਤਾ ਵੇਖ ਸਕੇ ਤੇ ਨਾ ਤੁਰ ਸਕੇ । ਉਸ ਦੇ ਸਿਵੇ ਉੱਤੇ ਘਾਹ ਦੀ ਬਹੂ ਰੱਖਣ ਦਾ ਵੀ ਰਿਵਾਜ ਹੈ ।

ਕੋਈ ਪੋਤਿਆਂ ਵਾਲਾ ਹੋ ਕੇ ਮਰੇ ਤਾਂ ਸੁਰਗ ਜਾਂਦਾ ਹੈ ਤੇ ਪੜਪੋਤਿਆਂ (ਪੜੋਤਿਆਂ) ਵਾਲਾ ਹੋ ਕੇ ਮਰੇ ਤਾਂ ਨਰਕ। ਇਹ ਵਹਿਮ ਆਮ ਹੈ।

ਕੋਈ ਰਾਹੀ ਜੰਗਲ ਵਿਚ ਭੁੱਖਾ ਪਿਆਸਾ ਮਰ ਜਾਵੇ ਜਾਂ ਕਤਲ ਕੀਤਾ ਜਾਵੇ ਤਾਂ ਕਹਿੰਦੇ ਹਨ ਕਿ ਉਹ ਹਰ ਰੋਜ਼ ਮਰਨ ਸਮੇਂ ਰੋਟੀ ਪਾਣੀ ਲਈ ਹਾੜ੍ਹੇ ਕੱਢਦਾ ਸੁਣਾਈ ਦਿੰਦਾ ਹੈ। ਇਸ ਨੂੰ ‘ਹਾੜ ਬੋਲਣਾ’ ਕਹਿੰਦੇ ਹਨ।

ਇਹ ਹਨ ਸਾਡੀਆਂ ਕੁਝ ਰਸਮਾਂ, ਰੀਤਾਂ। ਇਨ੍ਹਾਂ ਦਾ ਪਾਲਣ ਬ੍ਰਾਹਮਣ, ਖੱਤਰੀ, ਬਾਣੀਏਂ, ਅਰੋੜੇ, ਰਾਜਪੂਤ, ਜੱਟ, ਮਹਿਤੇ, ਸੈਣੀ, ਕੰਬੋਜ, ਕਨੈਤ, ਗੱਦੀ, ਬਾਲਮੀਕੀਏ ਤੇ ਰਵਿਦਾਸੀਏ, ਝੀਊਰ, ਸਭ ਕਰਦੇ ਹਨ ।

ਧਾਰਮਕ ਮਰਿਆਦਾ ਤੋਂ ਛੁੱਟ ਇਨ੍ਹਾਂ ਦੀਆਂ ਰਸਮਾਂ ਵਿਚ ਬਹੁਤਾ ਅੰਤਰ ਨਹੀਂ। ਉਂਞ ਆਮ ਤੌਰ ਤੇ ਹਰ ਪਿੰਡ, ਸ਼ਹਿਰ ਜਾਂ ਕਸਬੇ ਵਿਚ ਉਹੀ ਰਸਮਾਂ ਪ੍ਰਧਾਨ ਹੁੰਦੀਆਂ ਹਨ, ਜਿਹੜੀਆਂ ਉੱਥੋਂ ਦੀ ਪ੍ਰਧਾਨ ਜਾਤ ਦੀਆਂ ਹੁੰਦੀਆਂ ਹਨ। ਹਰੀਜਨ, ਅਛੂਤ ਜਾਂ ਸ਼ੂਦਰ ਆਪਣੀਆਂ ਧਾਰਮਕ ਰੀਤਾਂ ਵੀ ਪ੍ਰਧਾਨ ਜਾਤੀਆਂ ਵਾਲੀਆਂ ਹੀ ਕਰਦੇ ਹਨ।

ਲਾਗੀ ਸਭਨਾਂ ਦਾ ਲਾਗ ਕਰਦੇ ਹਨ। ਪਰ ਜੇ ਕਿਸੇ ਪਿੰਡ ਦੇ ਲਾਗੀ ਅਛੂਤਾਂ ਦਾ ਲਾਗ ਨਾ ਕਰਨ ਤਾਂ ਅਛੂਤ ਆਪੋ-ਵਿਚੀਂ ਕੁਝ ਬੰਦਿਆਂ ਨੂੰ ਲਾਗੀ ਮਿੱਥ ਲੈਂਦੇ ਹਨ। ਅਮੀਰ ਘਰਾਣੇ ਆਪਣੀਆਂ ਰਸਮਾਂ ਅਮੀਰੀ ਦਾਵੇ ਕਰਦੇ ਹਨ ਤੇ ਗ਼ਰੀਬ ਗ਼ਰੀਬੀ ਦਾਵੇ । ਰਸਮਾਂ ਤੇ ਸੰਸਕਾਰ ਇੱਕੋ ਹੀ ਹਨ।

ਸਾਡੇ ਰਿਵਾਜ ਸਾਡੇ ਸਮਾਜ ਦੀ ਰਹਿਣੀ ਬਹਿਣੀ, ਮੰਨ ਮਨੌਤ ਤੇ ਅਣਪੜ੍ਹਤਾ ਦਾ ਸ਼ੀਸ਼ਾ ਹਨ। ਸਾਡੇ ਲੋਕਾਂ ਦੇ ਕਰਜ਼ਾਈ ਹੋਣ ਦਾ ਵੱਡਾ ਕਾਰਨ ਇਹੀ ਵਹਿਮ ਹੁੰਦੇ ਹਨ। ਇਹ ਇਸਤਰੀ ਤੇ ਅਖੌਤੀ ਅਛੂਤ ਜਾਤੀਆਂ ਦੀ ਨੀਵੀਂ ਅਵਸਥਾ ਦੇ ਸੂਚਕ ਹਨ । ਇਨ੍ਹਾਂ ਨੇ ਪੂਜਾ ਪਾਠ ਕਰਨ ਵਾਲੀਆਂ ਜਾਤੀਆਂ ਨੂੰ, ਜਿਹੜੀਆਂ ਆਮ ਤੌਰ ਤੇ ਪੜ੍ਹੀਆਂ ਲਿਖੀਆਂ ਹੁੰਦੀਆਂ ਹਨ, ਵਿਹਲੜ ਮੰਗਤੇ ਬਣਾ ਕੇ ਬਿਠਾ ਦਿੱਤਾ ਹੈ ਤੇ ਚੰਗੇ ਭਲੇ ਲੋਕਾਂ ਨੂੰ ਪਰੰਪਰਾ ਦਾ ਦਾਸ ਬਣਾ ਛੱਡਿਆ ਹੈ।

ਹੁਣ ਵਿਦਿਆ ਤੇ ਸਾਇੰਸ ਦੇ ਪ੍ਰਚਾਰ, ਆਰਥਕ ਤੰਗੀਆਂ ਤੇ ਆਪਸੀ ਮੇਲ ਜੋਲ ਦੇ ਨਵੇਂ ਸਾਧਨਾਂ ਨੇ ਇਨ੍ਹਾਂ ਵਹਿਮਾਂ ਦੀ ਪਕੜ ਢਿੱਲੀ ਕਰ ਦਿੱਤੀ ਹੈ ਜੋ ਆਸ ਹੈ ਅੱਗੋਂ ਹੋਰ ਵੀ ਢਿੱਲੀ ਹੁੰਦੀ ਜਾਵੇਗੀ।

Leave a comment

error: Content is protected !!