ਪੰਜਾਬੀ ਬੋਲੀ
– ਜਿਸ ਸਹਿਜ ਨਾਲ ਗੁਲਾਬ ਦੀ ਪੱਤੀ ਉਤੇ ਤੇਲ ਉਤਰਦੀ ਹੈ, ਤਕਰੀਬਨ ਉਸੇ ਨਾਲ ਬਾਲ- ਆਤਮਾ ਵਿਚ ਬੋਲੀ ਦਾ ਪ੍ਰਵੇਸ਼ ਹੁੰਦਾ ਹੈ। ਮਾਪਿਆਂ, ਘਰ ਦੇ ਹੋਰ ਜੀਆਂ ਤੇ ਸੰਗੀਆਂ-ਸਾਥੀਆਂ ਖਾਸ, ਸੁਤੇ ਸਿੱਧ ਹੀ ਪ੍ਰਾਪਤ ਹੋਈ ਬੋਲੀ ਬੱਚੇ ਦੀ ਅਸਲੀ ਮੁੱਢਲੀ ਭਾਸ਼ਾ ਹੁੰਦੀ ਹੈ। ਜਿਨ੍ਹਾਂ ਤੋਂ ਬੱਚਾ ਖਾਸ ਗ੍ਰਹਿਣ ਕਰਦਾ ਹੈ, ਉਨ੍ਹਾਂ ਨੂੰ ਇਹ ਦਾਤ ਅੱਗੋਂ ਆਪਣੇ ਮਾਪਿਆਂ ਤੇ ਸੰਗੀਆਂ-ਸਾਥੀਆਂ ਤੋਂ ਮਿਲੀ ਹੁੰਦੀ ਹੈ ਤੇ ਇਸੇ ਤਰ੍ਹਾਂ ਉਨ੍ਹਾਂ ਦੇ ਵਡੇਰਿਆਂ ਨੇ ਆਪਣੇ ਪੂਰਵਜਾਂ ਤੋਂ ਪ੍ਰਾਪਤ ਕੀਤੀ ਹੁੰਦੀ ਹੈ। ਭਾਸ਼ਾਈ ਆਦਾਨ-ਪ੍ਰਦਾਨ ਦਾ ਇਹ ਅਮਲ ਸਦਾ ਚਲਦਾ ਰਹਿੰਦਾ ਹੈ ਤੇ ਇਸ ਦੀ ਪ੍ਰੋੜ੍ਹਤਾ ਆਪ-ਬੀਤੀ ਤੋਂ ਉਸੇ ਤਰ੍ਹਾਂ ਹੁੰਦੀ ਹੈ, ਜਿਵੇਂ ਜਗ-ਬੀਤੀ ਤੋਂ ਪਰ ਇਉਂ ਪੀੜ੍ਹੀਓ-ਪੀੜ੍ਹੀ ਤੁਰਦੀ ਬੋਲੀ, ਹਰ ਪੀੜ੍ਹੀ ਵਿਚ ਉਹੀ ਨਹੀਂ ਰਹਿੰਦੀ, ਜਿਹੜੀ ਆਪਣੇ ਤੋਂ ਪਿਛਲੀ ਪੀੜ੍ਹੀ ਵਿਚ ਸੀਸਮਾਜ ਦੀ ਅੰਦਰਲੀ ਗਤੀ ਜਾਂ ਬਾਹਰਲੇ ਪ੍ਰਭਾਵਾਂ ਕਰਕੇ ਉੱਚਾਰਣ, ਵਿਆਕਰਣ ਤੇ ਸ਼ਬਦ-ਸਮੂਹ ਵਿਚ ਕੁੱਝ ਘਾਟੇ ਜਾਂ ਵਾਧੇ ਹਮੇਸ਼ਾਂ ਹੁੰਦੇ ਹੀ ਰਹਿੰਦੇ ਹਨ । ਇਹ ਘਾਟੇ-ਵਾਧੇ, ਜਿਹੜੇ ਕਿ ਪਹਿਲਾਂ ਅਸਲੋਂ ਮਾਮੂਲੀ ਹੁੰਦੇ ਹਨ, ਸੈਂਕੜੇ ਸਾਲਾਂ ਪਿੱਛੋਂ ਇੰਨੇ ਵਧ ਜਾਂਦੇ ਹਨ ਕਿ ਕਈ ਵਾਰੀ ਇੱਕੋ ਭਾਸ਼ਾ ਦੇ ਅੱਡ ਅੱਡ ਪੜਾਅ, ਬਲਕਿ ਉਸ ਦੀਆਂ ਆਪਣੀਆ ਹੀ ਕਬਾਇਲੀ ਜਾਂ ਸਥਾਨਕ ਸ਼ਾਖਾਂ, ਸੁਤੰਤਰ ਬੋਲੀਆਂ ਦੀ ਪਦਵੀ ਧਾਰ ਲੈਂਦੀਆਂ ਹਨ। ਫੇਰ ਵੀ ਹਰ ਥਾਂ ਤੇ ਸਮੇਂ ਦੀ ਬੋਲੀ ਆਪਣੇ ਅੰਦਰ ਭਾਸ਼ਾਈ ਸਾਕਾਂ, ਆਪਣੇ ਪਹਿਲੇ ਪੜਾਵਾਂ ਤੇ ਬਾਹਰਲੇ ਪ੍ਰਭਾਵਾਂ ਦੀਆਂ ਇਤਨੀਆਂ ਗਵਾਹੀਆਂ ਲੁਕਾਈ ਬੈਠੀ ਹੁੰਦੀ ਹੈ ਕਿ ਉਨ੍ਹਾਂ ਦੀ ਮਦਦ ਨਾਲ ਉਸ ਦੇ ਇਤਿਹਾਸ ਦੀ ਸਾਰੀ ਨਹੀਂ ਤਾਂ ਅੱਧ-ਪਚੱਧ ਰੂਪ-ਰੇਖਾ ਜ਼ਰੂਰ ਉੱਘੜ ਸਕਦੀ ਹੈ। ਇਹੀ ਹਾਲ ਸਾਡੀ ਬੋਲੀ ਦਾ ਹੈ । ਹੁਣ ਦੀ ਪੰਜਾਬੀ, ਪਿਛਲੀ ਪੰਜਾਬੀ ਦਾ ਪਰਿਵਰਤਿਤ ਰੂਪ ਹੈ ਤੇ ਪਿਛਲੀ ਪੰਜਾਬੀ ਆਪਣੇ ਤੋਂ ਪਹਿਲੀ ਭਾਸ਼ਾ ਦਾ । ਪੰਜਾਬੀ ਕਿਸ ਭਾਸ਼ਾ-ਪਰਿਵਾਰ ਦੀ ਲਾਡਲੀ ਹੈ ? ਇਹ ਕਿਹੜੇ ਪੜਾਵਾਂ ਵਿੱਚੋਂ ਲੰਘ ਕੇ ਵਰਤਮਾਨ ਅਵਸਥਾ ਉਤੇ ਪਹੁੰਚੀ ਹੈ ? ਇਸ ਉਤੇ ਕਿਹੜੇ ਭਿੰਨ ਭਿੰਨ ਪ੍ਰਭਾਵ ਪੈਂਦੇ ਰਹੇ ? ਹੁਣ ਅਸੀਂ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਦਾ ਯਤਨ ਕਰਦੇ ਹਾਂ।
ਆਪਣੇ ਸਰੀਰ ਦੇ ਵੱਖ ਵੱਖ ਅੰਗਾਂ ਲਈ ਪੰਜਾਬੀ ਲੋਕ ਕਿਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ ? ਕੇਸ, ਸਿਰ, ਨੈਣ, ਨਾਸ, ਹੋਠ, ਦੰਦ, ਤਾਲੂ, ਗੱਲ੍ਹ, ਗਲ ਜਾਂ ਗਲਾ, ਅਰਕ, ਉਂਗਲੀ, ਅੰਗੂਠਾ, ਪਿੱਠ, ਗਰਭ, ਆਦਿ । ਇਹ ਸਾਰੇ ਸ਼ਬਦ ਅਸਲੋਂ ਨਿਰਅੱਖਰ ਪੰਜਾਬੀ ਪੇਂਡੂਆਂ ਦੀ ਸ਼ਬਦਾਵਲੀ ਵਿਚ ਵੀ ਮਿਲਦੇ ਹਨ। ਸਰੀਰ ਤੋਂ ਵਧ ਨੇੜੇ ਦੀ ਤੇ ਨਿੱਜੀ ਮਲਕੀਅਤ ਕੋਈ ਨਹੀਂ ਤੇ ਇਸ ਦਿਆਂ ਅੰਗਾਂ ਲਈ ਇਹ ਸ਼ਬਦ ਸਾਰਿਆਂ ਪੰਜਾਬੀਆਂ ਵਿਚ ਮੌਜੂਦ ਹੋਣ ਦਾ ਅਰਥ ਇੱਕੋ ਹੋ ਸਕਦਾ ਹੈ ਕਿ ਇਹ ਸ਼ਬਦ ਉਨ੍ਹਾਂ ਦੀ ਆਪਣੀ ਠੇਠ ਭਾਸ਼ਾ, ਪੰਜਾਬੀ ਦੇ ਹਨ ਪਰ ਸੰਸਕ੍ਰਿਤ ਵਿਚ ਵੀ ਇਨ੍ਹਾਂ ਅੰਗਾਂ ਲਈ ਇਹੀ ਜਾਂ ਤਕਰੀਬਨ ਇਹੀ ਸ਼ਬਦ ਮਿਲਦੇ ਹਨ :
ਪੰਜਾਬੀ
ਕੇਸ ਸਿਰ ਨੈਣ ਨਾਸ ਹੋਠ ਦੰਦ ਤਾਲੂ ਗਲ, ਗਲਾ ਗੱਲ੍ਹ ਅਰਕ ਉਂਗਲੀ ਅੰਗੂਠਾ ਪਿੱਠ ਗਰਭ
|
ਸੰਸਕ੍ਰਿਤ
ਕੇਸ਼ ਸ਼ਿਰ ਨਜ਼ਮ ਨਾਸਾ ਜਾਂ ਨਾਸਿਕਾ ਓਸ਼ਠ ਦੰਤ ਤਾਲੁ ਗਲ ਗੱਲ ਅਰਕ ਅੰਗੁਲਿ ਅੰਗੁਸ਼ਠ ਪ੍ਰਿਸ਼ਠ ਗਰਭ
|
ਸਪੱਸ਼ਟ ਹੈ ਕਿ ਅਜੇਹੀ ਸਮਾਨਤਾ ਐਵੇਂ ਸਬੱਬ ਨਾਲ ਨਹੀਂ ਹੋ ਸਕਦੀ । ਇਸ ਦੇ ਪਿੱਛੇ ਇਕ ਬੜੀ ਭਾਰੀ ਸਾਂਝ ਹੋਵੇਗੀ।ਕੁਝ ਹੋਰ ਸ਼ਬਦ ਵੇਖ ਲਈਏ: ਖੋਪਰੀ, ਜੂੜਾ, ਮੱਥਾ, ਭਰਵੱਟੇ, ਅੱਖ, ਮੂੰਹ, ਜੀਭ, ਕੰਨ, ਹੱਥ, ਬਾਂਹ, ਆਦਿ । ਸੰਸਕ੍ਰਿਤ ਸ਼ਬਦ-ਕੋਸ਼ ਵਿਚ, ਇਹ ਸਾਰੇ ਸ਼ਬਦ ਵੀ, ਬਹੁਤ ਥੋੜ੍ਹੇ ਧੁਨੀ-ਭੇਦਾਂ ਨਾਲ ਮੌਜੂਦ ਹਨ :
ਖੋਪਰੀ
ਜੂੜਾ ਮੱਥਾ ਭਰਵੱਟਾ ਅੱਖ ਮੂੰਹ ਜੀਭ ਕੰਨ ਬਾਂਹ ਹੱਥ
|
ਖਰਪਰ
ਜੂਟ
ਮਸਤੁ ਜਾਂ ਮਸ੍ਤਤਕ ਭੂ ਅਕ਼ਸ਼ਿ ਮੁਖ ਜਿਹਵਾ ਕਰਣ ਬਾਹੁ ਹਸ੍ ਤ
|
ਨਿਰਸੰਦੇਹ ਇਹ ਸਾਰੇ ਸ਼ਬਦ ਸੰਸਕ੍ਰਿਤ ਵਾਲੇ ਹਨ। ਇਸੇ ਤਰ੍ਹਾਂ ਸਰੀਰ (ਸੰ. ਸ਼ਰੀਰ) ਦਿਆਂ ਹੋਰ ਅਨੇਕ ਅੰਗਾਂ ਦੇ ਸ਼ਬਦ ਵੀ ਸੰਸਕ੍ਰਿਤ ਵਾਲੇ (ਤਤਸਮ) ਜਾਂ ਸੰਸਕ੍ਰਿਤ-ਮੂਲਕ (ਤਦਭਵ) ਹਨ। ਸਰੀਰ ਤੋਂ ਬਿਨਾਂ ਸਾਡਾ ਸਬੰਧ ਮਾਂ ਪਿਉ, ਭੈਣ-ਭਰਾ ਆਦਿ ਨਾਲ ਸਭ ਤੋਂ ਵੱਧ ਨੇੜੇ ਦਾ ਤੇ ਮੁੱਢਲਾ ਹੁੰਦਾ ਹੈ, ਇਸ ਲਈ ਇਨ੍ਹਾਂ ਸ਼ਬਦਾਂ ਦੇ ਮੂਲ ਵੀ ਵੇਖ ਲੈਣੇ ਚਾਹੀਦੇ ਹਨ :
ਮਾਂ, ਮਾਤਾ
ਅੰਮਾਂ ਪਿਉ, ਪਿਤਾ ਭਰਾ, ਭ੍ਰਾਤਾ ਭੈਣ ਮਾਮਾ ਵਹੁਟੀ ਸੱਸ ਸਹੁਰਾ ਸਾਲਾ ਸਾਲੀ ਨਿਨਾਣ ਦਿਉਰ ਜੇਠ
|
ਮਾਤਾ ਜਾਂ ਮਾਤ੍ਰਿ
ਅੰਬਾ ਪਿਤਾ ਜਾਂ ਪਿਤ੍ਰਿ ਭ੍ਰਾਤਾ ਜਾਂ ਭ੍ਰਾਤ੍ਰਿ ਭਗਿਨੀ ਮਾਮ, ਮਾਤੁਲ ਵਧੂਟੀ ਸ਼ਸ਼ ਸ੍ਵਸੁਰ ਸ਼ਯਾਲ ਸ਼ਯਾਲੀ ਨਨਾਂਦਾ ਦੇਵਰ ਜਾਂ ਦੇਵਿ ਜਯੇਸ਼ਠ
|
ਇਸੇ ਤਰ੍ਹਾਂ, ਜ਼ਰਾ ਗਿਣਤੀ ਵੱਲ ਵੀ ਨਿਗਾਹ ਮਾਰ ਲੈਣੀ ਚਾਹੀਦੀ ਹੈ :
ਇਕ
ਦੋ ਤਿੰਨ ਤ੍ਰੈ ਚਾਰ ਪੰਜ ਛੇ ਸੱਤ ਅੱਠ ਨੌਂ ਦਸ
|
ਏਕ
ਦ੍ਵੌ ਤ੍ਰਯ ਚਤ੍ਵਾਰ ਪੰਚ ਸ਼ਟ ਜਾਂ ਸ਼ਡ ਸਪਤ ਅਸ਼ਟ ਨਵ ਦਸ਼
|
ਉੱਪਰ-ਲਿਖਤ ਉਦਾਹਰਣ ਇਹ ਸਿੱਧ ਕਰਨ ਲਈ ਕਾਫ਼ੀ ਹਨ ਕਿ ਪੰਜਾਬੀ ਭਾਸ਼ਾ ਦੇ ਸ਼ਬਦ-ਸਮੂਹ ਦਾ ਸੰਸਕ੍ਰਿਤ ਭਾਸ਼ਾ ਨਾਲ ਬੜਾ ਮੁੱਢਲਾ ਤੇ ਨੇੜੇ ਦਾ ਸਾਕ ਹੈ, ਵਰਨਾ ਸਰੀਰ ਦਿਆਂ ਅੰਗਾਂ ਤੇ ਸਾਕ-ਸਕੀਰੀ ਤੇ ਗਿਣਤੀ ਦਿਆਂ ਸ਼ਬਦਾਂ ਦੀ ਏਨੀ ਵੱਡੀ ਮਾਤਰਾ ਸੰਸਕ੍ਰਿਤ-ਮੂਲਕ ਕਦੀ ਨਾ ਹੋ ਸਕਦੀ ।
ਥਾਂ ਦੀ ਥੁੜ ਕਰਕੇ ਵਿਸਤਾਰਨ ਦੀ ਲੋੜ ਨਹੀਂ, ਵਰਨਾ ਤੁਲਨਾ ਰਾਹੀਂ ਇਹ ਸਪੱਸ਼ਟ ਕਰਨਾ ਮੁਸ਼ਕਲ ਨਹੀਂ ਕਿ ਸਿੰਧੀ, ਹਿੰਦੀ, ਗੁਜਰਾਤੀ, ਮਰਾਠੀ, ਬੰਗਲਾ, ਉੜੀਆ, ਅਸਮੀਆ ਆਦਿ ਉੱਤਰੀ ਭਾਰਤ ਦੀਆਂ ਭਾਸ਼ਾਵਾਂ ਦੇ ਮੁੱਢਲੇ ਸ਼ਬਦ-ਸਮੂਹ ਦਾ ਸੰਸਕ੍ਰਿਤ ਨਾਲ ਉਹੀ ਸਬੰਧ ਹੈ ਜਿਹੜਾ ਅਸੀਂ ਪੰਜਾਬੀ ਸ਼ਬਦ-ਸਮੂਹ ਦਾ ਸਿੱਧ ਕਰ ਚੁੱਕੇ ਹਾਂ । ਵਧ ਤੋਂ ਵਧ ਜੇ ਫ਼ਰਕ ਹੈ ਤਾਂ ਨੇੜੇ ਜਾਂ ਦੂਰ ਦਾ ਹੈ । ਇਸ ਤਰ੍ਹਾਂ, ਉੱਤਰੀ-ਭਾਰਤ ਵਿਚ ਇੱਕੋ ਭਾਸ਼ਾਈ ਪਰਿਵਾਰ ਪੱਸਰਿਆ ਹੋਇਆ ਦਿੱਸਦਾ ਹੈ, ਜਿਸ ਦੀ ਵਡਿੱਕੀ ਸੰਸਕ੍ਰਿਤ ਸੀ ।
ਸੰਸਕ੍ਰਿਤ ਉਨ੍ਹਾਂ ਆਰੀਆ ਜਾਤੀ ਦੇ ਲੋਕਾਂ ਦੀ ਭਾਸ਼ਾ ਦਾ ਨਾਂ ਹੈ, ਜਿਨ੍ਹਾਂ ਨੇ ਸਾਡੇ ਇਤਿਹਾਸ ਦੇ ਆਰੰਭ ਵਿਚ ਉੱਤਰ-ਭਾਰਤ ਨੂੰ ਆਪਣਾ ਵਸੇਬਾ ਬਣਾਇਆ। ਇਨ੍ਹਾਂ ਦੀ ਭਾਸ਼ਾ ਦਾ ਸਭ ਤੋਂ ਪਹਿਲਾ ਨਮੂਨਾ ਰਿਗ ਵੇਦ ਵਿੱਚੋਂ ਮਿਲਦਾ ਹੈ, ਜਿਸ ਦਾ ਰਚਣ-ਕਾਲ 1200 -1000 ਪੂਰਵ-ਈਸਾ ਮੰਨਿਆ ਜਾਂਦਾ ਹੈ । ਈਰਾਨ ਦੀ ਪੁਰਾਣੀ ਰਚਨਾ ‘ਅਵੇਸਤਾ’ ਦਾ ਰਿਗ ਨਾਲ ਬਹੁਤ ਨੇੜੇ ਦਾ ਭਾਸ਼ਾਈ ਸਬੰਧ ਹੈ । ਏਥੋਂ ਤਕ ਕਿ ‘ਅਵੇਸਤਾ’ ਦੇ ਪਰਾਚੀਨਤਮ ਭਾਗ ਵਿਚ ਅਜੇਹੀਆਂ ਤੁਕਾਂ ਲੱਭਣੀਆਂ ਸੰਭਵ ਹਨ ਜਿਨ੍ਹਾਂ ਵਿਚ ਬੱਝੇ ਨਿਯਮਾਂ ਅਨੁਸਾਰ ਧੁਨੀਆਤਮਕ ਤਬਦੀਲੀਆਂ ਕਰ ਕੇ ਸਮਝ ਆ ਸਕਣ ਵਾਲੀ ਸੰਸਕ੍ਰਿਤ ਬਣਾਈ ਜਾ ਸਕਦੀ ਹੈ । ਭਾਰਤ ਤੇ ਈਰਾਨ ਤੋਂ ਛੁੱਟ, ਏਸ਼ੀਆ ਤੇ ਯੂਰਪ ਦੇ ਹੋਰ ਜਿਨ੍ਹਾਂ ਦੇਸ਼ਾਂ ਵਿਚ ਆਰੀਆ ਜਾਤੀ ਦੇ ਲੋਕ ਪਹੁੰਚੇ, ਆਪਣੀ ਭਾਸ਼ਾ ਨਾਲ ਲੈ ਗਏ । ਇਨ੍ਹਾਂ ਦੀ ਤੁਲਨਾ ਕਰ ਕੇ ਵਿਦਵਾਨਾਂ ਨੇ ਸਿੱਧ ਕੀਤਾ ਹੈ ਕਿ ਭਾਰੋਪੀ (ਭਾਰਤੀ-ਯੂਰਪੀ) ਤੇ ਭਰੀਆਈ (ਭਾਰਤੀ-ਆਰੀਆਈ) ਭਾਸ਼ਾਵਾਂ ਵਿਚ ਰਿਗ ਵੇਦ ਤੋਂ ਪਹਿਲਾਂ ਦੇ ਸਮੇਂ ਵਿਚ ਹੀ ਉਪਭਾਸ਼ਾਵਾਂ ਮੌਜੂਦ ਸਨ। ਰਿਗ ਵਿਚ ਭਾਸ਼ਾਈ ਪ੍ਰਯੋਗਾਂ ਦੀ ਅਨੇਕਤਾ ਤੋਂ ਵੀ ਇਹੀ ਨਤੀਜਾ ਨਿਕਲਦਾ ਹੈ। ਮਿਸਾਲ ਵਜੋਂ, ਸੰਪਰਦਾਨ ਕਾਰਕ ਵਾਸਤੇ ਵੈਦਿਕ ਵਿਚ ਤੇਰ੍ਹਾਂ ਪੱਤੈ ਪ੍ਰਾਪਤ ਹਨ : ਤ੍ਰੈ, ਤੇ, ਧਯੈ, ਤੁਮਨ, ਆਦਿ, ਕਰਤਾ ਕਾਰਕ ਦੇ ਬਹੁਵਚਨ ਦੋ ਤਰ੍ਹਾਂ ਬਣਾਏ ਜਾਂਦੇ ਸਨ : ‘ਦੇਵਾ :’ ਤੇ ‘ਦੇਵਾਸ’ ਤੇ ਇਸੇ ਤਰ੍ਹਾਂ ਕਰਣ ਕਾਰਕ ਦੇ ਬਹੁਵਚਨਾਂ ਦੇ ਵੀ ਦੋ ਰੂਪ ਪ੍ਰਾਪਤ ਹਨ : ‘ਦੇਵੈ : ਤੇ ‘ਦੇਵੇਭਿ’ । ਇਹ ਅਨੇਕਤਾ ‘ਲੌਕਿਕ ਸੰਸਕ੍ਰਿਤ’ ਵਿਚ ਬਹੁਤ ਘੱਟ ਮਿਲਦੀ ਹੈ ਕਿਉਂਕਿ ਪਾਣਿਨੀ, ਕਾਤਯਾਯਨ ਤੇ ਪਤੰਜਲੀ ਵਰਗੇ ਵਿਦਵਾਨਾਂ ਨੇ ਉੱਚਾਰਣ, ਵਿਆਕਰਣ ਤੇ ਸ਼ਬਦਾਵਲੀ ਨੂੰ ਸਥਿਰ ਕਰਨ ਲਈ ਅਜੇਹੇ ਬਲਵਾਨ ਯਤਨ ਕੀਤੇ ਤੇ ਐਸੇ ਪੱਕੇ ਨਿਯਮ ਘੜੇ ਕਿ ਇਸ ਬੋਲੀ ਵਿਚ ਪਰਿਵਰਤਨ ਦੀ ਰੁਚੀ ਨੂੰ ਠੱਲ੍ਹ ਪੈ ਗਈ । ਸੰਸਕ੍ਰਿਤ, ਸਿੱਕੇਬੰਦ, ਵਿਆਕਰਣ-ਅਨੁਸਾਰੀ ਅਤੇ ਸਥਾਨਕ ਤੇ ਸਾਮਿਅਕ ਪ੍ਰਭਾਵਾਂ ਦੀ ਉਪੇਖਿਆ ਕਰਨ ਵਾਲੀ ਭਾਸ਼ਾ ਬਣ ਗਈ । ਇਉਂ ਲੌਕਿਕ ਸੰਸਕ੍ਰਿਤ ਨੇ ਵਿਭਕਤੀਆਂ ਤੇ ਕ੍ਰਿਆ-ਰੂਪਾਂ ਵਿਚ ਬਹੁਤ ਸਾਰੀ ਛਾਂਟੀ ਕਰ ਦਿੱਤੀ, ਵੈਦਿਕ ਵਾਲੇ ਕਈ ਸ਼ਬਦ ਤਿਆਗ ਦਿੱਤੇ ਤੇ ਨਵੀਂ ਸ਼ਬਦਾਵਲੀ ਲਈ ਉਪਸਰਗਾਂ ਤੇ ਪੱਤੈਆਂ ਦੀ ਵਰਤੋਂ ਵਧਾ ਦਿੱਤੀ। ਸਮਾਜ ਤੇ ਸੰਧੀ ਰਾਹੀਂ ਕਈ ਕਈ ਸ਼ਬਦਾਂ ਨੂੰ ਜੋੜ ਕੇ ਇਕ ਬਣਾਉਣ ਦੀਆਂ ਜੁਗਤਾਂ ਵਿਚ ਬਹੁਤ ਵਾਧਾ ਹੋਇਆ। ਸਾਰੇ ਭਾਰਤ ਦੇ ਸਾਹਿੱਤਕਾਰਾਂ, ਕਲਾਕਾਰਾਂ, ਗਿਆਨੀਆਂ, ਵਿਗਿਆਨੀਆਂ, ਰਿਸ਼ੀਆਂ, ਮੁਨੀਆਂ, ਸਿੱਧਾਂ ਤੇ ਸਾਧਕਾਂ ਦੇ ਸਾਹਿੱਤਿਕ ਅਭਿਆਸ ਦਾ ਮਾਧਿਅਮ ਬਣ ਜਾਣ ਦੇ ਕਾਰਨ ਇਸ ਭਾਸ਼ਾ ਦੀਆਂ ਪ੍ਰਾਪਤੀਆਂ ਨਿਰਸੰਦੇਹ ਅਦੁੱਤੀ ਤੇ ਸਿਖਰੀ ਹਨ। ਸੰਸਕ੍ਰਿਤ ਦੇ ਇਕ ਲੇਖਕ ‘ਬਾਣ’ ਬਾਰੇ ਕਹਾਵਤ ਹੈ ਕਿ ਸਾਹਿੱਤ ਦੀ ਸਾਰੀ ਸ੍ਰਿਸ਼ਟੀ ਉਸ ਦੀ ਜੂਠੀ ਕੀਤੀ ਹੋਈ ਹੈ – ਉਸ ਤੋਂ ਪਿਛੋਂ ਕੋਈ ਸੁੱਚੀ, ਕੋਈ ਨਵੀਂ ਗੱਲ ਨਹੀਂ ਕਹੀ ਜਾ ਸਕਦੀ। ਇਉਂ ਵਿਦਵਾਨ ਬ੍ਰਾਹਮਣਾਂ ਦਾ ਸਾਰਾ ਜ਼ੋਰ ਤਾਂ ਇਕ ਸੋਧੇ-ਸੰਵਾਰੇ, ਸ੍ਰੇਸ਼ਟ, ਮਰਿਆਦਾ-ਨਿਪੁੰਨ ਸਾਹਿੱਤਿਕ ਮਾਧਿਅਮ ਦੀ ਪ੍ਰਾਪਤੀ ਵੱਲ ਲਗਦਾ ਰਿਹਾ ਤੇ ਇਸ ਵਿਚ ਉਹ ਬੇਹੱਦ ਸਫਲ ਵੀ ਹੋਏ ਪਰ ਲੋਕਾਂ ਦੀ ਭਾਸ਼ਾ ਦਾ ਗਤੀ-ਪ੍ਰਵਾਹ ਕਿਵੇਂ ਰੁਕ ਸਕਦਾ ਸੀ ? ਘਰ ਦੀ ਤੇ ਬਾਜ਼ਾਰ ਦੀ ਭਾਸ਼ਾ ਵਿਚ ਉਸੇ ਤਰ੍ਹਾਂ ਤਬਦੀਲੀਆਂ ਵਾਪਰਦੀਆਂ ਰਹੀਆਂ, ਜਿਵੇਂ ਲੌਕਿਕ ਸੰਸਕ੍ਰਿਤ ਦੀ ਘਾੜਤ ਤੋਂ ਪਹਿਲਾਂ ਵਾਪਰ ਰਹੀਆਂ ਸਨ ਤੇ ਇਸ ਤਰ੍ਹਾਂ ਵਿਭਾਸ਼ਾਈ ਅੰਸਾਂ ਵਿਚ ਵਾਧਾ ਹੁੰਦਾ ਗਿਆ ।
ਇਹ ਪ੍ਰਗਟ ਹੋ ਗਿਆ ਹੋਵੇਗਾ ਕਿ ਅਸੀਂ ਰਿਗ ਤੋਂ ਪਾਣਿਨੀ ਜਾਂ ਪੰਤਜਲੀ ਤਕ ਪਹੁੰਚਣ ਵਾਲੀ ਸਮੁੱਚੀ ਸਾਹਿੱਤਕ ਭਾਸ਼ਾ ਨੂੰ ‘ਸੰਸਕ੍ਰਿਤ’ ਕਹਿ ਲਿਆ ਹੈ । ਇਸੇ ਤਰ੍ਹਾਂ ਰਿਗ ਤੋਂ ਜਾਤਕਾਂ, ਅਸ਼ੋਕੀ ਸ਼ਿਲਾ-ਲੇਖਾਂ ਤੇ ਸੰਸਕ੍ਰਿਤ ਨਾਟਕਾਂ ਦੇ ਉੱਪਰਲੀ ਸ਼੍ਰੇਣੀ ਤੋਂ ਥੱਲੇ ਦੇ ਪਾਤਰਾਂ ਰਾਹੀਂ ਪ੍ਰਗਟ ਹੋਣ ਵਾਲੀ ਬੋਲੀ ਨੂੰ ਅਸੀਂ ‘ਪ੍ਰਾਕ੍ਰਿਤ’ ਕਹਿੰਦੇ ਹਾਂ । ਪ੍ਰਾਕ੍ਰਿਤ ਜਨ-ਸਾਧਾਰਨ ਦੀ ਬੋਲ-ਚਾਲ ਦੇ ਨੇੜੇ ਦੀ ਭਾਸ਼ਾ ਸੀ, ਇਸ ਲਈ ਉਹ ਸੰਸਕ੍ਰਿਤ ਵਾਂਗ, ਵਿਭਾਸ਼ਾਈ ਭੇਦਾਂ ਤੋਂ ਤਹਿੰਦੀ ਨਹੀਂ ਸੀ । ਸੰਸਕ੍ਰਿਤ ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤਕ ਕਰੀਬ ਕਰੀਬ ਇੱਕੋ ਸੀ ਪਰ ਅਸ਼ੋਕ ਦੇ ਸਿਲਾ-ਲੇਖਾਂ ਵਿੱਚੋਂ ਹੀ ਤਿੰਨ ਤਰ੍ਹਾਂ ਦੀਆਂ ਪ੍ਰਾਕ੍ਰਿਤਾਂ ਪ੍ਰਾਪਤ ਹਨ । ਈਸਾ ਤੋਂ ਕੋਈ ਅੱਧੀ ਸਹੰਸ੍ਵਾਬਦੀ ਪਹਿਲਾਂ ਜੈਨ ਤੇ ਬੁੱਧ ਮੱਤ ਨੇ ਸਥਾਪਿਤ ਬ੍ਰਾਹਮਣੀ ਜਾਂ ਵੈਦਿਕ ਮੱਤ ਦੇ ਵਿਰੁੱਧ ਬਗ਼ਾਵਤ ਕੀਤੀ । ਉਸ ਸਮੇਂ ਬਣਾਉਟੀ ਤੇ ਕਿਰਤਮ ਸੰਸਕ੍ਰਿਤ ਬ੍ਰਾਹਮਣੀ ਛੱਪੇ ਦਾ ਸੰਕੇਤ ਬਣੀ ਤੇ ਜਨ-ਸਾਧਾਰਨ ਦੇ ਨੇੜੇ ਦੀ ਭਾਸ਼ਾ, ਵਧੇਰੇ ਲੋਕ-ਵਾਦੀ ਮੰਨੀ ਜਾਣ ਲੱਗ ਪਈ। ਜੈਨੀਆਂ ਤੇ ਬੋਧੀਆਂ ਦਾ ਸਾਰਾ ਮੁੱਢਲਾ ਸਾਹਿੱਤ ਪ੍ਰਾਕ੍ਰਿਤਾਂ ਵਿਚ ਹੀ ਮਿਲਦਾ ਹੈ । ਜਿਸ ਪ੍ਰਾਕ੍ਰਿਤ ਦੀ ਸਰਪਰਸਤੀ ਮਹਾਤਮਾ ਬੁੱਧ ਤੇ ਉਸ ਦੇ ਅਨੁਯਾਈਆਂ ਨੇ ਕੀਤੀ ਉਸ ਦਾ ਨਾਂ ‘ਪਾਲੀ’ ਕਰ ਕੇ ਪ੍ਰਸਿੱਧ ਹੈ। ਇਹੀ, ਇਕ ਤਰ੍ਹਾਂ, ਪਹਿਲੀ ਪ੍ਰਾਕ੍ਰਿਤ ਮੰਨੀ ਜਾਂਦੀ ਹੈ। ਇਸ ਤੋਂ ਬਿਨਾਂ ਜਿਨ੍ਹਾਂ ਵੱਡੀਆਂ ਵੱਡੀਆਂ ਪ੍ਰਾਕ੍ਰਿਤਾਂ ਦਾ ਵਿਆਕਰਣਾਂ ਵਿਚ ਵੇਰਵਾ ਮਿਲਦਾ ਹੈ, ਉਹ ਹਨ ਮਹਾਰਾਸ਼ਟਰੀ, ਸ਼ੈਰਸੈਨੀ, ਮਾਗਧੀ,ਅਰਧ-ਮਾਗਧੀ ਤੇ ਪੈਸਾਚੀ । ਇਨ੍ਹਾਂ ਸਾਰੀਆਂ ਦੀ ਆਪੋ-ਵਿਚੀ ਕਾਫ਼ੀ ਸਾਂਝ ਸੀ ਕਿਉਂਕਿ ਬਹੁਤ ਹੱਦ ਤਕ, ਇਹ ਉਨ੍ਹਾਂ ਵਿਭਾਸ਼ਾਵਾਂ ਦਾ ਹੀ ਵਿਗਸਿਤ ਰੂਪ ਸਨ, ਜਿਨ੍ਹਾਂ ਦੀ ਹੋਂਦ ਅਸੀਂ ਰਿਗ ਤੋਂ ਵੀ ਪਹਿਲਾਂ ਮੰਨੀ ਹੈ।ਅਸੀਂ ਇਹ ਦੱਸ ਚੁੱਕੇ ਹਾਂ ਕਿ ਪ੍ਰਾਕ੍ਰਿਤਾਂ ਜਕੜਬੰਦ ਲਿਖਤੀ ਰੂਪ ਨਾਲੋਂ ਮੌਖਿਕ ਰੂਪਾਂ ਦੀ ਪ੍ਰਤੀਨਿੱਧਤਾ ਵਧੇਰੇ ਕਰਦੀਆਂ ਹਨ ਪਰ ਕਿਉਂਕਿ ਮੌਖਿਕ ਰੂਪ ਹਮੇਸ਼ਾ ਤਰਲ ਤੇ ਪਰਿਵਰਤਨਸ਼ੀਲ ਹੁੰਦੇ ਹਨ, ਇਸ ਲਈ ਜਿਉਂ ਜਿਉਂ ਸਾਹਿੱਤਕਾਰ ਪ੍ਰਾਕ੍ਰਿਤਾਂ ਨੂੰ ਸਾਹਿੱਤ-ਰਚਨਾ ਦਾ ਮਾਧਿਅਮ ਬਣਾਉਂਦੇ ਗਏ, ਤਿਉਂ ਤਿਉਂ ਇਨ੍ਹਾਂ ਦੇ ਲੱਛਣਾਂ ਵਿਚ ਵੀ ਉਹੀ ਸੰਸਕ੍ਰਿਤ ਵਾਲੀ ਸਥਿਰਤਾ ਆਉਣੀ ਆਰੰਭ ਹੋ ਗਈ: ਤੇ ਇਸ ਸਥਿਰਤਾ ਜਾਂ ਪ੍ਰਮਾਣੀਕਰਨ ਦਾ ਨਤੀਜਾ, ਅਸੀਂ ਸੰਸਕ੍ਰਿਤ ਦੀ ਹਾਲਤ ਵਿਚ ਵੇਖ ਆਏ ਹਾਂ, ਲੋਕਾਂ ਤੋਂ ਦੂਰੀ ਵਿਚ ਨਿੱਬੜਦਾ ਹੈ। ਸਾਇਦ ਡਾਕਟਰ ਸ੍ਰੀਟ ਦਾ ਕਥਨ ਹੈ ਤੇ ਕਿੰਨਾ ਠੀਕ ਹੈ ਕਿ ਕਿਸੇ ਵੀ ਭਾਸ਼ਾ ਦਾ ਪਹਿਲਾ ਵਿਆਕਰਣ ਉਸ ਦੀ ਮੌਤ ਦਾ ਸੂਚਕ ਹੁੰਦਾ ਹੈ ! ਪ੍ਰਾਕ੍ਰਿਤਾਂ, ਸੰਸਕ੍ਰਿਤ ਦੀ ਜਕੜਬੰਦੀ ਦੇ ਵਿਰੁੱਧ ਸਨ ਤੇ ਨਿਯਮ- ਪਾਲ, ਸ਼ੁੱਧ ਸੰਸਕ੍ਰਿਤੱਗਾਂ ਦੀ ਘ੍ਰਿਣਾ ਤੇ ਹਾਸ-ਵਿਅੰਗ ਦੇ ਬਾਵਜੂਦ, ਆਪਣੀ ਹੋਂਦ ਨੂੰ ਜਤਾਉਣ ਵਿਚ ਸੰਗਦੀਆਂ ਨਹੀਂ ਸਨ ਪਰ ਨਿੱਤ-ਵਰਤੋਂ ਦੀ ਭਾਸ਼ਾ ਨੂੰ ਸਾਹਿੱਤ ਦਾ ਆਧਾਰ ਬਣਾਉਣ ਵਾਲੇ ਲੋਕ-ਵਾਦੀਆਂ ਦੀ ਜਿਹੜੀ ਦੁਖੀ ਦਸਾ ਸਦਾ ਹੁੰਦੀ ਹੈ, ਉਹੀ ਪ੍ਰਾਕ੍ਰਿਤ ਵਾਲਿਆਂ ਦੀ ਵੀ ਹੋਈ। ਨਿੱਤ ਦੀ ਭਾਸ਼ਾ ਬਦਲਨੀ ਸ਼ੁਰੂ ਹੈ ਗਈ, ਜਿਸ ਕਰ ਕੇ ਉਨ੍ਹਾਂ ਨੂੰ ਉਸ ਦੇ ਗਤੀ-ਰੋਧ ਲਈ ਹੱਥ ਪੈਰ ਮਾਰਨੇ ਪਏ । ਗਤੀਰੋਧ ਹੋਇਆ ਤਾਂ ਲੋਕਾਂ ਤੋਂ ਦੂਰੀ ਹੋ ਗਈ ਤੇ ਜੇ ਲੋਕਾਂ ਤੋਂ ਦੂਰ ਹੋਈ ਬੋਲੀ ਦਾ ਹੀ ਸਾਹਿੱਤਿਕ ਮਾਧਿਅਮ ਬਣਾਉਣਾ ਸੀ ਤਾਂ ਸੰਸਕ੍ਰਿਤ ਸਾਰੇ ਭਾਰਤ ਵਿਚ ਸਮਝੀ ਜਾਣ ਵਾਲੀ ਅਨੂਪਮ ਭਾਸ਼ਾ ਮੌਜੂਦ ਸੀ, ਸੋ ਅਸ਼ਘੋਸ਼ ਵਰਗੇ ਕਈ ਮਹਾਨ ਬੋਧੀ ਚਿੰਤਕਾਂ ਨੇ ਮੁੜ ਕੇ ਸੰਸਕ੍ਰਿਤ ਨੂੰ ਆਪਣਾ ਮਾਧਿਅਮ ਬਣਾ ਲਿਆ । ਦੂਜੇ ਪਾਸੇ ਉਹ ਲੋਕਵਾਦੀ ਨਿੱਤਰੇ ਜਿਨ੍ਹਾਂ ਨੇ ਵਿਆਕਰਣ-ਬੱਧ ਪ੍ਰਾਕ੍ਰਿਤਾਂ ਨਾਲੋਂ, ਬਦਲ ਚੁੱਕੀਆਂ ਲੋਕ-ਭਾਸ਼ਾਵਾਂ ਨੂੰ ਤਰਜੀਹ ਦਿੱਤੀ । ਲੋਕ-ਭਾਸ਼ਾਵਾਂ ਦੇ ਇਸ ਰੂਪ ਨੂੰ ‘ਅਪਭ੍ਰੰਸ਼’ ਕਿਹਾ ਗਿਆ ਹੈ, ਜਿਸ ਨੂੰ ਉੱਤਰੀ ਭਾਰਤ ਦੀਆਂ ਆਧੁਨਿਕ ਬੋਲੀਆਂ ਦੇ ਸੰਪੂਰਣ ਨਿਖਾਰ ਤੋਂ ਝੱਟ ਹੀ ਪਹਿਲਾਂ ਦਾ ਰੂਪ ਸਮਝਣਾ ਚਾਹੀਦਾ ਹੈ ।
ਪ੍ਰਾਚੀਨ ਭਾਰਤੀ ਆਰੀਆ ਭਾਸ਼ਾ ਨੇ ਪਾਲੀ, ਸਾਹਿੱਤਿਕ ਪ੍ਰਾਕ੍ਰਿਤਾਂ ਤੇ ਅਪਭ੍ਰੰਸ਼ਾਂ ਤਕ ਦੇ ਪੜਾਅ, ਬਹੁਤ ਹੱਦ ਤਕ, ਨਿਸਚਿਤ ਭਾਸ਼ਾਈ ਨਿਯਮਾਂ ਅਨੁਸਾਰ ਤੈਅ ਕੀਤੇ ਪ੍ਰਤੀਤ ਹੁੰਦੇ ਹਨ। ਪਾਲੀ ਦੇ ਕਈ ਲੱਛਣ ਵੈਦਿਕ ਭਾਸ਼ਾ ਨਾਲ ਸਾਂਝੇ ਪਰ ਲੌਕਿਕ ਸੰਸਕ੍ਰਿਤ ਤੋਂ ਭਿੰਨ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਪਾਲੀ ਦਾ ਸਬੰਧ ਚਾਲੂ ਭਾਸ਼ਾ-ਪ੍ਰਵਾਹ ਨਾਲ ਵਧੇਰੇ ਨੇੜੇ ਦਾ ਹੈ। ਪਾਲੀ ਸਾਹਿੱਤ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਚਾਲੂ ਰੀਤ ਅਨੁਸਾਰ ਸੰਸਕ੍ਰਿਤ ਦੀਆਂ ‘ਐ’ ਤੇ ‘ਔ’ ਧੁਨੀਆਂ ਬਦਲ ਕੇ ‘ਏ’ ਤੇ ‘ਓ’ ਬਣ ਚੁੱਕੀਆਂ ਸਨ । ‘ਗੌਤਮ’ ਨੂੰ ਜਦੋਂ ਅਸੀਂ ‘ਗੋਤਮ’ ਉਚਾਰਦੇ ਹਾਂ ਜਾਂ ਪੋਠੋਹਾਰੀ ਵੀਰ ਜਦੋਂ ‘ਸੌ’ ਨੂੰ ‘ਸੋ’ ਬੋਲਦੇ ਹਨ ਤਾਂ ਇਸੇ ਧੁਨੀ- ਪਰਿਵਰਤਨ ਦਾ ਵਿਖਾਲਾ ਹੁੰਦਾ ਹੈ । ਸੰਯੁਕਤ ਵਿਅੰਜਨਾਂ ਤੋਂ ਪਹਿਲੇ ਦੀਰਘ ਸ੍ਵਰ, ਹ੍ਰਸਵ ਵਿਚ ਬਦਲਣ ਲੱਗ ਪਿਆ, ਜਿਵੇਂ ਮਾਰਗ ਦੀ ਥਾਂ ਮੱਗ (ਮੰਨੈ ਮਗੁ ਨ ਚਲੈ ਪੰਥੁ-ਜਪੁ), ਦੋ ਤੋਂ ਵਧ ਵਿਅੰਜਨਾਂ ਦਾ ਇਕੱਠਾ ਪ੍ਰਯੋਗ ਪਾਲੀ ਨੇ ਤਿਆਗ ਦਿੱਤਾ । ਤਿੰਨਾਂ ਵਚਨਾਂ ਦੀ ਥਾਂ ਦੋ – ਇਕ ਵਚਨ ਤੇ ਬਹੁ ਵਚਨ – ਰਹਿ ਗਏ, ਦ੍ਰਿ-ਵਚਨ ਲੋਪ ਹੋ ਗਿਆ । ਰਿ, ਇ ਤੇ ਵਿਸਰਗਾਂ ਦੀ ਵਰਤੋਂ ਵੀ ਪਾਲੀ ਵਿਚ ਨਹੀਂ ਮਿਲਦੀ । ਦੁਹਾਂ ਸ਼ਸ਼ਿਆਂ ( श ਤੇ ष ) ਦੀ ਥਾਂ ਵੀ ਸੱਸਾ ਹੀ ਕੰਮ ਸਾਰਦਾ ਸੀ । ਸੰਯੁਕਤ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਵਿਚ ਅਗ੍ਰਗਾਮ ਹੁੰਦਾ ਸੀ, ਜਿਵੇਂ, ਸ੍ਰੀ (स्त्री ) < ਇਸਤੀ < ਇਥੀ । ਅਘੋਸ਼ ਵਿਅੰਜਨਾਂ (ਕ, ਚ, ਟ, ਤ, ਆਦਿ) ਦੀ ਥਾਂ ਸਘੋਸ਼ (ਲਾਟ = ਲਾਡ) ਦੀ ਵਰਤੋਂ ਵੀ ਆਮ ਹੋ ਗਈ ਸੰਯੁਕਤ ਵਿਅੰਜਨਾਂ ਵਿਚ ਵਿਅੰਜਨ-ਸਮੀਕਰਣ ਦੀ ਰੁਚੀ ਦਾ ਪ੍ਰਦਰਸ਼ਨ ਬਹਤ ਹੁੰਦਾ ਹੈ – ਪੁਤ੍ਰ < ਪੁੱਤ, ਤਵੈ, ਤਵੇ ਤ੍ਵੇ , ਤ੍ਰੈ (Same form) दैव : = ਦੇਵੈ: ਕੰਨ ਦਾ ਦਰਦ, कणि पीड़ = भू = ਭ੍ਰ = ਭਰਵੱਟੇ ਸੰਸਕ੍ਰਿਤ ਵਿਚ ਤਿੰਨ ਨੰਬਰ ਹੁੰਦੇ ਹਨ (Singular Second Plural) दृौ (ਦ੍ਵੌ ) ਧਰਮ < ਧੱਮ ।
ਪਾਲੀ ਤੋਂ ਪਿੱਛੋਂ ਸਾਹਿੱਤਿਕ ਪ੍ਰਾਕ੍ਰਿਤਾਂ ਵਿਚ ਪਰਿਵਰਤਨ ਦੀ ਰੁਚੀ ਦੇ ਹੋਰ ਨਮੂਨੇ ਬਹੁਤ ਮਿਲਦੇ ਹਨ। ਅਸੀਂ ਦੱਸ ਆਏ ਹਾਂ ਕਿ ਅਘੋਸ਼ ਵਿਅੰਜਨਾਂ ਦੀ ਥਾਂ ਸਘੋਸ਼ ਵਿਅੰਜਨਾਂ ਦੀ ਵਰਤੋਂ ਸ਼ੁਰੂ ਹੋ ਚੁੱਕੀ ਸੀ, ਪ੍ਰਾਕ੍ਰਿਤਾਂ ਵਿਚ ਸਘੋਸ਼ ਮਹਾਪ੍ਰਾਣ ਵਿਅੰਜਨਾਂ (ਖ, ਘ, ਠ, ਥ, ਆਦਿ) ਦੀ ਥਾਂ ‘ਹ’ ਨੇ ਆ ਮੱਲੀ (ਮੁਖ < ਮੂਹ, ਕਥਾ < ਕਹਾ) । ਸੰਯੁਕਤ ਵਿਅੰਜਨਾਂ ਵਿੱਚੋਂ ਮ੍ਰ, ਵ, ਤੇ ਲ੍ਹ ਤੋਂ ਬਿਨਾਂ ਹੋਰ ਸਭ ਦਾ ਸਮੀਕਰਣ ਹੋਣ ਲਗ ਪਿਆ । ਦੋ ਸ੍ਵਰਾਂ ਦੇ ਵਿਚਕਾਰ ਦੇ ਸਪਰਸ਼ ਵਿਅੰਜਨ ਦਾ ਲੋਪ ਪ੍ਰਾਕ੍ਰਿਤਾਂ ਦਾ ਵਿਸ਼ੇਸ਼ ਲੱਛਣ ਹੈ : ਕਾਕ: < ਕਾਉ, ਕਥਿ < ਕਹਇ, ਨਦੀ < ਨਈ । ਅਨੇਕ ਸ੍ਵਰਾਂ ਦਾ ਇਕੱਠਾ ਪ੍ਰਯੋਗ ਇਸ ਸਮੇਂ ਦੀਆਂ ਪ੍ਰਾਕ੍ਰਿਤਾਂ ਦਾ ਇਕ ਹੋਰ ਲੱਛਣ ਹੈ, ਜੋ ਪਾਲੀ ਵਿਚ ਹੀ ਪ੍ਰਗਟ ਹੋਣ ਲਗ ਪਿਆ ਸੀ । ਕ੍ਰਿਆ-ਰੂਪਾਂ, ਸ਼ਬਦ-ਰੂਪਾਂ ਤੇ ਕਾਰਕਾਂ ਵਿਚ ਹੋਰ ਸਰਲਤਾ ਆ ਗਈ ਤੇ ਆਧੁਨਿਕ ਭਾਸ਼ਾਵਾਂ ਵਾਲੇ ਅਨੁਸਰਗ ਤੇ ਪਰਸਰਗ ਬੀਜ-ਰੂਪ ਵਿਚ ਪ੍ਰਗਟ ਹੋਣ ਲਗ ਪਏ।
ਅਸੀਂ ਦੱਸ ਆਏ ਹਾਂ ਕਿ ਸਾਹਿਤਿਕ ਪ੍ਰਾਕ੍ਰਿਤਾਂ ਤੋਂ ਪਿੱਛੋਂ ਤੇ ਆਧੁਨਿਕ ਬੋਲੀਆਂ ਦੀ ਉਤਪੱਤੀ ਤੋਂ ਪਹਿਲਾਂ ਜਿਸ ਭਾਸ਼ਾ ਦਾ ਪ੍ਰਚਾਰ ਹੋਇਆ, ਉਸ ਨੂੰ ‘ਅਪਭ੍ਰੰਸ਼’ ਕਿਹਾ ਜਾਂਦਾ ਹੈ । ਕਿਸੇ ਬੋਲੀ ਲਈ ਅਪਭ੍ਰੰਸ ਸ਼ਬਦ ਦੀ ਰਚਨਾ ਹੀ ਦੱਸਦੀ ਹੈ ਕਿ ਸਾਹਿਤਿਕ ਜਾਂ ਪ੍ਰਮਾਣਿਕ ਬੋਲੀ ਵਰਤਣ ਵਾਲੇ ਭੱਦਰ ਪੁਰਸ਼, ਸਾਧਾਰਨ ਲੋਕਾਂ ਦੀ ਭਾਸ਼ਾ ਨੂੰ ਕਿੰਨੀ ਨਫ਼ਰਤ ਨਾਲ ਵੇਖਦੇ ਹੋਣਗੇ । ਪਤੰਜਲੀ ਸੰਸਕ੍ਰਿਤ ਦੇ ਅਪ੍ਰਮਾਣਿਕ, ਵਿਕ੍ਰਿਤ ਰੂਪ ਨੂੰ ‘ਅਪਭ੍ਰੰਸ਼’ ਕਹਿੰਦਾ ਹੈ । ਮਗਰੋਂ ਇਸ ਦਾ ਜ਼ਿਕਰ ਆਭੀਰਾਂ ਜਾਂ ‘ਅਹੀਰਾਂ ਦੀ ਬੋਲੀ’ ਦੇ ਰੂਪ ਵਿਚ ਆਉਂਦਾ ਹੈ (ਮਹਾਭਾਰਤ ਵਿਚ ਇਸ ਜਾਤੀ ਦੇ ਸਬੰਧ ਵਿਚ ਆਏ ਹਵਾਲਿਆਂ ਤੋਂ ਪ੍ਰਗਟ ਹੈ ਕਿ ਇਹ ਲੋਕ ਓਦੋਂ ਭਾਰਤ ਦੇ ਪੱਛਮੋਤਰੀ ਭਾਗ ਜਾਂ ਪੰਜਾਬ ਵਿਚ ਰਹਿੰਦੇ ਸਨ) । ਨੌਂਵੀਂ ਸਦੀ ਤੋਂ ਅਪਭ੍ਰੰਸ ਸਰਬ ਸਾਧਾਰਨ ਦੀ ਭਾਸ਼ਾ ਦੀ ਹੈਸੀਅਤ ਵਿਚ ਸਾਹਮਣੇ ਆਉਂਦੀ ਹੈ ਤੇ ਯਾਰ੍ਹਵੀਂ ਸਦੀ ਵਿਚ ਇਹ ਮੰਨਿਆ ਜਾਣਾ ਸ਼ੁਰੂ ਹੁੰਦਾ ਹੈ ਕਿ ਇਸ ਦੇ ਕਈ ਸਥਾਨ-ਭੇਦ ਹਨ। ਇਸ ਭਾਸ਼ਾ ਦੇ ਕੁੱਝ ਲੱਛਣ ਇਹ ਹਨ :
ਕਈ ਵਾਰੀ ਆਦਿ ਸ੍ਵਰ ਲੋਪ ਹੋ ਜਾਂਦਾ ਹੈ, ਜਿਵੇਂ ‘ਅਪਿ’ ਦਾ ‘ਪਿ’ ਜਾਂ ‘ਵਿ’ ਜੋ ਪੰਜਾਬੀ ਵਿਚ ‘ਵੀ’ ਬਣ ਗਿਆ ਹੈ। ਪਹਿਲੇ ਅੱਖਰ ਦੇ ਸ੍ਵਰ ਨੂੰ ਕੁਝ ਸ਼ਬਦਾਂ ਵਿਚ ਜਿਉਂ ਦਾ ਤਿਉਂ ਰੱਖਣ ਦੀ ਰੁਚੀ ਹੈ, ਜਿਵੇਂ ‘ਗੰਭੀਰ’ ਦਾ ‘ਗਹਿਰ’, ‘ਬਹੁਤ’ ਦਾ ‘ਬਹੁਤ’ । ਕਈ ਥਾਂ ਗ਼ੈਰ ਅਨੁਨਾਸਿਕ ਧੁਨੀਆਂ ਨੂੰ ਅਨੁਨਾਸਿਕ ਬਣਾਇਆ ਗਿਆ ਹੈ, ਜਿਵੇਂ ਪਕਸ਼ਿਨ < ਪੱਖਿ ਜਾਂ ਪੱਛਿ ਪੰਖਿ ਜਾਂ ਪੰਛਿ, ਜਿਸ ਨੂੰ ਅਸੀਂ ‘ਪੰਛੀ’ ਲਿਖਦੇ ਹਾਂ। ਪ੍ਰਾਕ੍ਰਿਤਾਂ ਵਾਂਗ ਵਿਚਕਾਰਲਾ ਵਿਅੰਜਨ ਅਪਭ੍ਰੰਸ਼ ਵਿਚ ਲੋਪ ਹੋ ਜਾਂਦਾ ਹੈ ਤੇ ਮਹਾਪ੍ਰਾਣ ਵਿਅੰਜਨਾਂ ਦੀ ਥਾਂ ‘ਹ’ ਰਹਿ ਜਾਂਦਾ ਹੈ, ਜਿਵੇਂ ‘ਰਾਜਨ’ ਦਾ ‘ਰਾਅ’, ‘ਚਤੁਰਥ’ ਦਾ ‘ਚਉਥ’, ‘ਸਖਿ’ ਦਾ ‘ਸਹਿ’ (ਪੰਜਾਬੀ, ਸਹੀ ਜਾਂ ਸਈ) ਕਿਤੇ ਕਿਤੇ ਲੋਪ ਹੋਣ ਵਾਲੇ ਵਿਚਕਾਰਲੇ ਵਿਅੰਜਨ ਦੀ ਥਾਂ ‘ਯ’ ਜਾਂ ‘ਵ’ ਬਣ ਜਾਂਦਾ ਹੈ, ਜਿਵੇਂ ‘ਲੋਚਨ’ ਤੋਂ ਲੋਧਣ (ਜਿਨ ਲੈਇਣ ਜਗ ਮੋਹਿਆ ) । ਸੰਯੁਕਤ ਅੱਖਰ ‘ਕਸ਼’ ਦਾ ‘ਖ’ ਜਾਂ ‘ਛ’, ਬਣ ਜਾਂਦਾ ਹੈ,ਜਿਵੇਂ ਪਹਿਲਾਂ ਪ੍ਰਾਕ੍ਰਿਤਾਂ ਵਿਚ ਹੁੰਦਾ ਸੀ, ‘ਦ੍ਰ’ ਦਾ ‘ਬ’ ਬਣ ਗਿਆ, ਜਿਵੇਂ ‘ਦਸ਼ < ਬਾਰਹ < ਪੰ. ਬਾਰਾਂ, ‘ਦਾਰ < ‘ਬਾਰ’ (ਬਾਰ ਪਰਾਏ ਬੈਸਣਾ ) । ਸੰਯੁਕਤ ‘ਰ’ ਲੌਪ ਹੋ ਜਾਂਦਾ ਹੈ ਤੇ ‘ਸਣ’ (ਕਸ) ‘ਨ੍ਹ’ ਦਾ ਰੂਪ ਧਾਰ ਲੈਂਦਾ ਹੈ, ਜਿਵੇਂ ਕ੍ਰਿਸ਼ਣ < ਕਾਨ੍ਹ । ਅਪਭ੍ਰੰਸ਼ ਵਿਚ ਨਿਪੁੰਸਕ ਲਿੰਗ ਨਹੀਂ ਸੀ ਰਿਹਾ।
ਅਪਭ੍ਰੰਸ਼ ਵਾਲੇ ਪੜਾਅ ਤੋਂ ਛੇਤੀ ਹੀ ਪਿੱਛੋਂ ਅਸੀਂ ਆਧੁਨਿਕ ਬੋਲੀਆਂ ਵਾਲੇ ਪੜਾਅ ਉੱਤੇ ਪਹੁੰਚ ਜਾਂਦੇ ਹਾਂ। ਹੁਣ ਤਕ ਅਸੀਂ ਦੱਸ ਬੈਠੇ ਹਾਂ ਕਿ ਮੂਲ ਵਜੋਂ, ਪੰਜਾਬੀ ਭਾਸ਼ਾ, ਭਾਰਤੀ-ਆਰੀਆਈ ਭਾਸ਼ਾ-ਪਰਿਵਾਰ ਨਾਲ ਸਬੰਧਿਤ ਹੈ ਤੇ ਇਸ ਦਾ ਪਿੱਛਾ ਪ੍ਰਾਪਤ ਸਾਹਿਤਿਕ ਗਵਾਹੀਆਂ ਦੀ ਮਦਦ ਨਾਲ, ਉੱਤਰ-ਪੱਛਮੀ ਭਾਰਤ ਦੀ ਭਾਸ਼ਾ ਦੇ ਪ੍ਰਚੀਨਤਮ ਨਮੂਨੇ, ਰਿਗ ਵੇਦ ਨਾਲ ਜਾ ਜੁੜਦਾ ਹੈ । ਇਸ ਨੂੰ ਅਸੀਂ ‘ਵੈਦਿਕ ਸੰਸਕ੍ਰਿਤ ਕਹਿ ਲਿਆ ਹੈ। ਅਸੀਂ ਇਹ ਵੀ ਵੇਖ ਚੁੱਕੇ ਹਾਂ ਕਿ ਜਦੋਂ ਵਿਦਵਾਨ ਵਿਆਕਰਣੀਏ ਇਸ ਬੋਲ-ਚਾਲ ਦੀ ਸੰਸਕ੍ਰਿਤ ਨੂੰ ਸੋਧ-ਸਵਾਰ ਕੇ ਇਕ ਸਾਹਿਤਿਕ ਤੇ ਪ੍ਰਮਾਣਿਕ ਭਾਸ਼ਾਈ ਮਾਧਿਅਮ ਬਣਾਉਣ ਦਾ ਯਤਨ ਕਰ ਰਹੇ ਸਨ, ਜਿਸ ਨੂੰ ‘ਲੋਕਿਕ’ ਸੰਸਕ੍ਰਿਤ ਦਾ ਨਾਂ ਦਿੱਤਾ ਗਿਆ ਹੈ, ਓਦੋਂ, ਸਾਧਾਰਨ ਲੋਕ ਅਨੇਕ ਕੁਦਰਤੀ ਕਾਰਨਾਂ ਕਰ ਕੇ ਬਦਲ ਚੁੱਕੀ ਤੇ ਕਾਫ਼ੀ ਵੱਡੀਆਂ ਉਪਭਾਸ਼ਾਵਾਂ ਵਿਚ ਵੰਡੀ ਜਾ ਚੁੱਕੀ ਬੋਲੀ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਨੂੰ ‘ਪ੍ਰਾਕ੍ਰਿਤਾਂ’ ਕਹਿ ਲਿਆ ਜਾਂਦਾ ਹੈ। ਜਦੋਂ ਪ੍ਰਾਕ੍ਰਿਤਾਂ ਸਾਹਿੱਤਿਕ ਤੇ ਬੱਝਵਾਂ ਰੂਪ ਧਾਰ ਰਹੀਆਂ ਸਨ, ਓਦੋਂ ਲੋਕਾਂ ਵਿਚ ‘ਅਪਭ੍ਰੰਸ’ ਦੇ ਇਨ੍ਹਾਂ ਤੋਂ ਵਧੇਰੇ ਲੋਕ-ਨਿਕਟੀ ਤੇ ਵਿਗਸਿਤ ਰੂਪ ਪ੍ਰਚਲਿਤ ਸਨ । ਮੁਲਤਾਨ ਦੇ ਜੁਲਾਹੇ ਕਈ ਅੱਦਹਮਾਣ ਦਾ ਗ੍ਰੰਥ ਸੰਨੇਹ ਰਾਸਇ (ਸੰਦੇਸ਼ ਰਾਸਕ) ਜਿਸ ਦੀ ਰਚਨਾ 1175 ਬਿ. ਤੋਂ 1225 ਬਿ. ਦੇ ਅੰਦਰ ਅੰਦਰ ਹੋਈ ਮਿੱਥੀ ਗਈ ਹੈ, ਉਸ ਸਮੇਂ ਦੀ ਪੰਜਾਬ ਦੀ ਅਪਭ੍ਰੰਸ਼ ਦਾ ਨਮੂਨਾ ਮੰਨਿਆ ਜਾ ਸਕਦਾ ਹੈ। ਇਸ ਤੋਂ ਪਿੱਛੋਂ ਬਾਬਾ ਫ਼ਰੀਦ ਤੇ ਗੁਰੂ ਨਾਨਕ ਦੀ ਬੋਲੀ ਆ ਜਾਂਦੀ ਹੈ, ਜਿਸ ਨੂੰ ਅਸੀਂ ਪੰਜਾਬੀ ਕਹਿੰਦੇ ਹਾਂ। ਏਥੇ ਪੰਜਾਬ ਦੀਆਂ ਦੋ ਤਿੰਨ ਖ਼ਾਸ ਗੱਲਾਂ, ਜਿਨ੍ਹਾਂ ਨੇ ਇਸ ਦੀ ਭਾਸ਼ਾ ਦੇ ਸੁਭਾਅ ਨੂੰ ਨਿਸਚਿਤ ਕੀਤਾ ਹੈ, ਚਿਤਾਰਨੀਆਂ ਜ਼ਰੂਰੀ ਹਨ :
(1) ਪੱਛਮੀ ਪੰਜਾਬ ਪ੍ਰਾਚੀਨ ਆਰੀਆ ਸੰਸਕ੍ਰਿਤੀ ਦਾ ਘਰ ਸੀ । ਸੰਸਕ੍ਰਿਤ ਕਿਸੇ ਵੇਲੇ ਏਥੋਂ ਦੇ ਸਾਧਾਰਨ ਲੋਕਾਂ ਦੀ ਭਾਸ਼ਾ ਸੀ । ਇਹੀ ਕਾਰਨ ਹੈ ਕਿ ਪੰਜਾਬੀ ਵਿਚ, ਖ਼ਾਸ ਕਰਕੇ, ਪੱਛਮੀ ਪੰਜਾਬੀ ਵਿਚ, ਪ੍ਰਾਚੀਨ ਸੰਸਕ੍ਰਿਤ ਵਾਲੇ ਸ਼ਬਦਾਂ ਤੇ ਸ੍ਵਰਾਂ ਜਾਂ ਵਿਅੰਜਨਾਂ ਦੇ ਉੱਚਾਰਣ ਕਾਫ਼ੀ ਵੱਡੀ ਮਾਤਰਾ ਵਿਚ ਮਿਲਦੇ ਹਨ। ਜਿੱਥੇ ਕੋਈ ਤਬਦੀਲੀ ਹੋਈ ਹੈ, ਓਥੇ ਵੀ ਸੋਮੇ ਦਾ ਨੇੜ ਸਪਸ਼ਟ ਦਿੱਸ ਪੈਂਦਾ ਹੈ, ਜਿਵੇਂ ਸੰ. ‘ਪੁਤ੍ਰ’ < ਪੱਛਮੀ ਪੰਜਾਬੀ ‘ਪੁੜ’ < ਪੂਰਬੀ ਪੰ. ‘ਪੁੱਤ’ ਜਾਂ ਸੰ. ‘ਕੁੰਭਕਾਰ’ < ਪੱਛਮੀ ਪੰ. ‘ਕੁੰਭਾਰ’ ਜਾਂ ‘ਕੁਭਾਰ’ < ਪੂ. ਪੰ. ਕੁਮ੍ਹਾਰ ਜਾਂ ਕੁਮ੍ਹਿਆਰ । ਇਸੇ ਤਰ੍ਹਾਂ ਬਹੁਤ ਸੂਰਤਾਂ ਵਿਚ ਪੰਜਾਬੀ ਸ਼ਬਦਾਵਲੀ ਪ੍ਰਾਕ੍ਰਿਤ ਵਾਲੇ ਪੜਾਅ ਉੱਤੇ ਖੜੀ ਹੈ। ਮਸਲਨ, ਉਹ ਸੰਯੁਕਤ ਦਾ ਦੁੱਤ ਬਣਾ ਲੈਂਦੀ ਹੈ ਪਰ ਇਸ ਤੋਂ ਅੱਗੇ ਦੋਹਾਂ ਵਿਅੰਜਨਾਂ ਦੇ ਵਿਚਕਾਰਲੇ ਹਥ ਸ੍ਵਰ
ਨੂੰ ਲੰਮਿਆ ਕੇ ਦੀਰਘ ਸ੍ਵਰ ਬਣਾਉਣ ਤੇ ਦੁੱਤ ਨੂੰ ਹਟਾਉਣ ਦਾ ਲਾਲਚ ਨਹੀਂ ਕਰਦੀ, ਜਿਵੇਂ ਸੰ. ਲਕੁਸ਼ < ਪ੍ਰਾ. ਤੇ ਪੰ. ਲੱਖ, ਪਰ ਹਿੰ. ਲਾਖ: ਸੰ. ਦੁਧ < ਪ੍ਰਾ ਤੇ ਪੰ. ਦੁੱਧ, ਪਰ ਹਿੰਦੀ ਦੂਧ, ਸੰ. ਅਸ਼ਟ < ਪ੍ਰਾ. ਤੇ ਪੰ. ਅੱਠ ਪਰ ਹਿੰ. ਆਠ: ਸੰ. ਕਰਮ < ਪ੍ਰਾ. ਤੇ ਪੰ. ਕੰਮ, ਪਰ ਹਿੰ. ਕਾਮ ਆਦਿ। ਉਂਞ ਤਾਂ ਪਰਿਵਰਤਨ ਦੀ ਵਿਆਪਕ ਰੁਚੀ ਦੇ ਬਾਵਜੂਦ ਹਰ ਬੋਲੀ ਖ਼ਾਸੀ ਰੂੜ੍ਹੀਵਾਦੀ ਹੁੰਦੀ ਹੈ ਪਰ ਪੰਜਾਬੀ ਵਿਚ ਹਜਾਰਾਂ ਵਰ੍ਹੇ ਪਹਿਲਾਂ ਦੇ ਉਨ੍ਹਾਂ ਸ਼ਬਦ-ਰੂਪਾਂ ਦੀ ਸੁਰੱਖਿਆ, ਜਿਹੜੇ ਗਵਾਂਢੀ ਬੋਲੀਆਂ ਵਿਚ ਬਦਲ ਚੁੱਕੇ ਹਨ, ਇਕ ਰਹੱਸ-ਭਰਿਆ ਨਜ਼ਾਰਾ ਹੈ। ਤੇ ਬਹੁਤਾ ਰਹੱਸ ਇਸ ਗੱਲ ਵਿਚ ਹੈ ਕਿ ਜਿਹੜੀ ਉਥੱਲ-ਪੁਥੱਲ ਪੰਜਾਬ ਵਿਚ ਹੁੰਦੀ ਰਹੀ ਹੈ, ਉਹ ਹੋਰ ਥਾਵਾਂ ਉਤੇ ਬਹੁਤ ਘੱਟ ਹੋਈ ਹੈ।
(2) ਪੰਜਾਬ ਦੀ ਪ੍ਰਾਚੀਨ ਆਰੀਆ ਜਾਤੀ, ਜਿਵੇਂ ਕਿ ਮਹਾਭਾਰਤ ਤੋਂ ਪ੍ਰਗਟ ਹੈ, ਕਬੀਲਿਆਂ ਵਿਚ ਵੰਡੀ ਹੋਈ ਸੀ ਤੇ ਹਰ ਕਬੀਲੇ ਦੀ ਭਾਸ਼ਾ ਦਾ ਦੂਜੇ ਕਬੀਲੇ ਦੀ ਭਾਸ਼ਾ ਨਾਲ ਕੁਝ ਨਾ ਕੁਝ ਭੇਦ ਜ਼ਰੂਰ ਹੁੰਦਾ ਸੀ । ਇਸ ਤੋਂ ਛੁੱਟ ਪੰਜਾਬ ਦੇ ਉੱਤਰ-ਪੱਛਮ ਵੱਲ ਦੇ ਪਹਾੜੀ ਦੱਰਿਆਂ ਰਾਹੀਂ ਅਨੇਕ ਆਰੀਆ ਤੇ ਅਨਾਰੀਆ ਜਾਤੀਆਂ, ਸਮੇਂ ਸਮੇਂ, ਪੰਜਾਬ ਵਿਚ ਦਾਖ਼ਲ ਹੁੰਦੀਆਂ ਰਹੀਆਂ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਪੰਜਾਬ ਦੇ ਖ਼ਾਸ ਖ਼ਾਸ ਇਲਾਕਿਆਂ ਵਿਚ ਸੰਗਠਿਤ ਰੂਪ ਵਿਚ ਵੱਸ ਗਈਆਂ ਤੇ ਕੁੱਝ ਪੰਜਾਬ ਤੇ ਪੰਜਾਬ ਤੋਂ ਅਗਾਂਹ ਸਾਰੇ ਉੱਤਰੀ ਭਾਰਤ ਵਿਚ ਖਿੱਲਰ ਗਈਆਂ। ਦੂਜੇ ਪਾਸੇ, ਜੈਸਲਮੇਰ ਦੇ ਇਲਾਕੇ ਵਿਚੋਂ ਸਿੱਧੂ-ਬਰਾੜ, ਸੇਖੋਂ ਆਦਿ ਗੋਤਾਂ ਦੀਆਂ ਪਰਛੱਲਾਂ ਪੰਜਾਬ ਵਿਚ ਹੇਠਲੇ ਪਾਸਿਓਂ ਆ ਪਈਆਂ। ਦੇਸ ਤੇ ਕਾਲ ਦੀ ਗਤੀ ਦੇ ਕਾਰਨ ਅਤੇ ਰਾਜਸੀ ਤੇ ਪ੍ਰਬੰਧਕ ਵੰਡਾਂ ਕਰਕੇ ਉਪਜੇ ਭੇਦਾਂ ਤੋਂ ਛੁੱਟ ਉਪਰੋਕਤ ਕਾਰਨ ਵੀ ਪੰਜਾਬ ਵਿਚ ਉਪਭਾਸ਼ਾਈ ਭੇਦ ਪ੍ਰਚਲਿਤ ਕਰਨ ਦੇ ਜ਼ਿੰਮੇਵਾਰ ਰਹੇ ਹਨ । ਪੰਜਾਬ ਦੀਆਂ ਪ੍ਰਸਿੱਧ ਵਰਤਮਾਨ ਉਪਭਾਸ਼ਾਵਾਂ ਹਿੰਦਕੋ, ਮੁਲਤਾਨੀ, ਪੋਠੋਹਾਰੀ, ਮਾਝੀ, ਮਲਵਈ, ਪੁਆਧੀ, ਦੁਆਬੀ, ਡੋਗਰੀ, ਪਹਾੜੀ, ਆਦਿ ਵਿਚੋਂ ਕਈਆਂ ਦਾ ਇਤਿਹਾਸ ਭਾਰਤ ਦੀਆਂ ਅਨੇਕ ਆਧੁਨਿਕ ਭਾਸ਼ਾਵਾਂ ਜਿੰਨਾ ਹੀ ਪੁਰਾਣਾ ਹੈ ਤੇ ਕਈਆਂ ਵਿਚ ਸਦੀਆਂ ਪੁਰਾਣਾ ਜ਼ਬਾਨੀ ਤੇ ਲਿਖਤੀ ਸਾਹਿਤ ਵੀ ਮਿਲਦਾ ਹੈ । ਮੁਲਤਾਨੀ ਬਾਰੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇ ਰਾਜਸੀ ਹਾਲਾਤ ਸਾਜ਼ਗਾਰ ਰਹਿੰਦੇ ਤੇ ਗੁਰੂ ਨਾਨਕ ਸਾਹਿਬ ਆਪ ਜਾਂ ਉਨ੍ਹਾਂ ਵਰਗਾ ਕੋਈ ਹੋਰ ਸਾਹਿਤਕਾਰ ਇਸ ਉਪਭਾਸ਼ਾ ਨੂੰ ਅਪਣਾ ਲੈਂਦਾ ਤਾਂ ਇਹ ਇਕ ਮੁਕੰਮਲ ਭਾਸ਼ਾ ਬਣ ਸਕਦੀ ਸੀ । ਅਨੇਕ ਇਤਿਹਾਸਿਕ ਤੇ ਰਾਜਸੀ ਕਾਰਨਾਂ ਕਰਕੇ, ਨਾ ਮੁਲਤਾਨੀ ਤੇ ਨਾ ਕੋਈ ਹੋਰ ਉਪਭਾਸ਼ਾ ਸੁਤੰਤਰ ਭਾਸ਼ਾ ਦਾ ਰੂਪ ਧਾਰ ਸਕੀ (ਹੁਣ ਪਾਕਿਸਤਾਨ ਵਿਚ ‘ਸਰਾਇਕੀ’ ਕੇ ਦੇ ਨਾਂ ਹੇਠ ਕੁੱਝ ਲੋਕ ਇਹ ਕਸਰ ਪੂਰੀ ਕਰਨ ਦਾ ਯਤਨ ਕਰ ਰਹੇ ਹਨ) ਤੇ ਨਾ ਜਿੰਨੀ ਛੇਤੀ ਚਾਹੀਦਾ ਸੀ, ਇਨ੍ਹਾਂ ਸਾਰੀਆਂ ਉਪਭਾਸ਼ਾਵਾਂ ਦਾ ਇਕ ਕੇਂਦਰੀ ਪ੍ਰਮਾਣਿਕ ਪੰਜਾਬੀ ਰੂਪ ਉੱਘੜ ਸਕਿਆ ਤੇ ਇਹੀ ਕਾਰਨ ਹੈ ਕਿ ਪੰਜਾਬ ਵਿਚ ਹੀ ਪੰਜਾਬੀ ਦਾ ਸਥਾਨ ਮਸਾਂ ਮਸਾਂ ਬਣਿਆ ਹੈ । ਰਾਜ-ਪ੍ਰਬੰਧਕ ਵੰਡਾਂ ਨੇ ਪੰਜਾਬ ਵਿਚ ਪੰਜਾਬੀ ਕੌਮੀਅਤ ਦਾ ਇਤਿਹਾਸ ਪੈਦਾ ਨਹੀਂ ਹੋਣ ਦਿੱਤਾ, ਜਿਸ ਕਰਕੇ ਇਕੋ ਕੇਂਦਰੀ ਮੁਹਾਵਰੇ ਨੂੰ ਸਥਿਰ ਹੋਣ ਵਿਚ ਕਾਫ਼ੀ ਦੇਰ ਲੱਗੀ ਹੈ।
(3) ਬਾਹਰੋਂ ਆਕ੍ਰਮਣ ਕਰ ਕੇ ਆਉਣ ਵਾਲਿਆਂ ਵਿਚ ਕੁਝ ਇਹੋ ਜਿਹੇ ਲੋਕ ਸਨ, ਜਿਨ੍ਹਾਂ ਦੀ ਬੋਲੀ ਵਿਚ ਪ੍ਰਭਾਵ-ਪਾਉਣੀ ਸ਼ਕਤੀ ਹੈ ਹੀ ਨਹੀਂ ਸੀ । ਹੂਣਾਂ ਨੂੰ ਅਸੀਂ ਅਜੇਹੇ ਲੋਕਾਂ ਵਿਚ ਹੀ ਗਿਣ ਸਕਦੇ ਹਾਂ ਪਰ ਕੁਝ ਹੋਰ ਸਨ ਜਿਨ੍ਹਾਂ ਨਾਲ ਸਾਡਾ ਸੰਪਰਕ ਬੜਾ ਪੱਕਾ ਤੇ ਵਿਸ਼ਾਲ ਰਿਹਾ ਹੈ ਤੇ ਜਿਨ੍ਹਾਂ ਦੀਆਂ ਬੋਲੀਆਂ ਵੀ ਅਵਿਗਸਿਤ ਨਹੀਂ ਸਨ। ਇਨ੍ਹਾਂ ਵਿਚੋਂ ਮੁਸਲਮਾਨ ਤੋਂ ਅੰਗਰੇਜ਼ ਵਰਣਨ-ਯੋਗ ਹਨ। ਮੁਸਲਮਾਨਾਂ ਨਾਲ ਅਰਬੀ, ਫਾਰਸੀ ਤੇ ਨਾਂ-ਮਾਤਰ ਤੁਰਕੀ ਆਈ ਤੇ ਅੰਗਰੇਜ਼ਾ ਨਾਲ ਅੰਗਰੇਜ਼ੀ । ਇਨ੍ਹਾਂ ਬੋਲੀਆਂ ਦੇ ਅਸਰ, ਪੰਜਾਬੀ ਸਾਹਿਤ ਵਾਂਗ, ਸਾਡੀ ਬੋਲੀ ਉੱਤੇ ਵੀ ਹੋਏ ਹਨ। ਫ਼ਾਰਸੀ ਤੇ ਅੰਗਰੇਜ਼ੀ ਨੇ ਸਾਡੇ ਵਿਆਕਰਣ : ਵਾਰ- ਵਿਉਂਤ, ਸ਼ਬਦ-ਰੂਪਾਂ, ਕ੍ਰਿਆ-ਰੂਪਾਂ, ਆਦਿ ਉੱਤੇ ਕੋਈ ਪ੍ਰਭਾਵ ਨਹੀਂ ਪਾਇਆ ਪਰ ਸ਼ਬਦ-ਕੋਸ਼ ਵਧਾਉਣ ਵਿਚ ਬੜੀ ਸੇਵਾ ਕੀਤੀ ਹੈ । ਰਾਜ-ਪ੍ਰਬੰਧ, ਧਰਮ, ਆਦਿ ਦੇ ਜਿਹੜੇ ਸ਼ਬਦ ਪੰਜਾਬੀ ਲਈ ਨਵੇਂ ਸਨ, ਉਨ੍ਹਾਂ ਤੋਂ ਛੁੱਟ, ਅਰਬੀ, ਫ਼ਾਰਸੀ ਦੇ ਅਜੇਹੇ ਨਿੱਤ ਦੇ ਘਰੋਗੀ ਸ਼ਬਦ ਵੀ ਪ੍ਰਚਲਿਤ ਹੋ ਗਏ, ਜਿਨ੍ਹਾਂ ਵਾਸਤੇ ਸਾਡੇ ਪਾਸ ਅੱਗੇ ਹੀ ਕਾਫ਼ੀ ਸ਼ਾਬਦਿਕ ਮਸਾਲਾ ਮੌਜੂਦ ਸੀ। ਜੇ ਬਾਹਰੋਂ ਆਏ ਮੁਸਲਮਾਨਾਂ ਨੇ ਪੰਜਾਬ ਨੂੰ ਆਪਣਾ ਘਰ ਬਣਾਇਆ. ਤਾਂ ਬਹੁਤ ਸਾਰੇ ਹਿੰਦੁਸਤਾਨੀ ਆਪ ਵੀ ਮੁਸਲਮਾਨ ਬਣ ਗਏ। ਇਕ ਪਾਸੇ ਇਸਲਾਮ, ਰਾਜ-ਗੱਦੀ ਉੱਤੇ ਬੈਠਾ ਹੋਇਆ ਸੀ, ਦੂਜੇ ਪਾਸੇ ਉਸ ਨੇ ਪਿੰਡਾਂ ਵਿਚ ਜਾ ਜੜ੍ਹਾਂ ਗੱਡੀਆਂ । ਫੇਰ ਬੋਲੀ ਉੱਤੇ ਅਸਰ ਕਿਵੇਂ ਨਾ ਪੈਂਦਾ ? ਅੰਗਰੇਜ਼ ਗੱਦੀ ਉਤੇ ਤਾਂ ਬੈਠਾ ਪਰ ਪਿੰਡ ਵਿਚ ਨਾ ਉਹ ਆਪ ਪਹੁੰਚਿਆ, ਨਾ ਉਸ ਦਾ ਧਰਮ । ਇਸ ਕਰਕੇ ਅੰਗਰੇਜ਼ੀ ਦਾ ਪ੍ਰਭਾਵ ਪੰਜਾਬੀ ਉੱਤੇ, ਬਹੁਤ ਕਰਕੇ, ਉਨ੍ਹਾਂ ਸ਼ਬਦਾਂ ਤੱਕ ਹੀ ਮਹਿਦੂਦ ਰਿਹਾ ਹੈ, ਜਿਹੜੇ ਰਾਜ ਜਾਂ ਸਮਾਜ-ਪ੍ਰਬੰਧ ਤੇ ਗਿਆਨ-ਵਿਗਿਆਨ ਦੇ ਨਵੇਂ ਸੰਕਲਪ ਪੇਸ਼ ਕਰਦੇ ਹਨ।
ਹੁਣ ਪਾਕਿਸਤਾਨ ਬਣਨ ਨਾਲ ਪੰਜਾਬ ਭਾਸ਼ਾਈ ਤੌਰ ਉੱਤੇ ਵੀ ਵੰਡਿਆ ਜਾ ਚੁੱਕਾ ਹੈ। ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਨੂੰ ਕੋਈ ਸਰਕਾਰੀ ਸਵੀਕਾਰਤਾ ਅਜੇ ਨਹੀਂ ਮਿਲੀ ਹੋਈ ਤੇ ਨਾ ਉਸ ਵਿਚ ਹਿੰਦੋਸਤਾਨੀ ਪੰਜਾਬ ਦੀ ਪੱਧਰ ਦੀ ਕੋਈ ਉਚੇਰੀ ਲਿਖਾਈ -ਪੜ੍ਹਾਈ ਹੀ ਹੋ ਰਹੀ ਹੈ। ਰੋਮਾਨੀ ਗੀਤਾਂ ਤੇ ਹਲਕੀਆਂ ਕਹਾਣੀਆਂ ਦੀ ਪੱਧਰ ਵਾਲੇ ਸਾਹਿਤ ਲਈ ਜਿਹੋ ਜਿਹੀ ਬੋਲੀ ਲੋੜੀਂਦੀ ਹੈ, ਉਸ ਤੋਂ ਉੱਪਰ ਉੱਠਣ ਦੇ ਮੌਕੇ ਪੱਛਮੀ ਪੰਜਾਬ ਦੀ ਬੋਲੀ ਨੂੰ ਨਹੀਂ ਮਿਲ ਰਹੇ ਜਦੋਂ ਕਦੀ ਪਰਿਭਾਸ਼ਿਕ ਸ਼ਬਦਾਂ ਦੀ ਲੋੜ ਪੈਂਦੀ ਹੈ, ਅਰਬੀ-ਫ਼ਾਰਸੀ ਨੂੰ ਆਧਾਰ ਬਣਾਇਆ ਜਾਂਦਾ ਹੈ ਪਰ ਕਿਉਂਕਿ ਇਹ ਲੋੜ ਪੈਂਦੀ ਹੀ ਘੱਟ-ਵੱਧ ਹੈ, ਇਸ ਲਈ ਇਉਂ ਸਮਝਣਾ ਚਾਹੀਦਾ ਹੈ ਕਿ ਬੋਲੀ ਨੂੰ ਅਜੋਕੀਆ ਦਿਮਾਗੀ ਲੋੜਾਂ ਪੂਰੀਆਂ ਕਰਨ ਦੇ ਯੋਗ ਬਣਾਉਣ ਲਈ ਕੋਈ ਬਾਕਾਇਦਾ ਉੱਦਮ ਨਹੀਂ ਹੋ ਰਿਹਾ। ਜੇ ਇਹੀ ਹਾਲ ਲਗਾਤਾਰ ਚਾਲ੍ਹੀ, ਪੰਜਾਹ ਵਰ੍ਹੇ ਇਸੇ ਤਰ੍ਹਾਂ ਰਹਿ ਜਾਵੇ ਤਾਂ ਪੱਛਮੀ ਤੇ ਪੂਰਬੀ ਪੰਜਾਬ ਵਿਚ ਬੋਲੀਆਂ ਦੀ ਵਿੱਥ ਦਾ ਵਧ ਜਾਣਾ ਅਸਲੋਂ ਸੁਭਾਵਿਕ ਹੋਵੇਗਾ।
ਇਸ ਦੇ ਮੁਕਾਬਲੇ ਉੱਤੇ ਭਾਰਤੀ ਪੰਜਾਬ ਵਿਚ ਪੰਜਾਬੀ ਛਾਲਾਂ ਮਾਰ ਕੇ ਅੱਗੇ ਵਧ ਰਹੀ ਹੈ। ਹਠ ਤੇ ਅਗਿਆਨ ਉੱਤੇ ਆਧਾਰਿਤ ਵਿਰੋਧ ਕਾਫ਼ੀ ਹੱਦ ਤਕ ਮੁਕ ਚੁੱਕਾ ਹੈ । ਪੰਜਾਬੀ ਦਾ ਇਕ ਟਕਸਾਲੀ, ਸਾਹਿਤਿਕ ਰੂਪ ਬੱਝ ਚੁੱਕਾ ਹੈ, ਸੰਪਰਦਾਇਕਤਾ ਲੋਪ ਹੋ ਰਹੀ ਹੈ । ਯੂਨੀਵਰਸਿਟੀਆਂ ਤੇ ਸਰਕਾਰ ਵਿਚ ਚਾਹੇ ਪੂਰੀ ਨਹੀਂ, ਪਰ ਅਧੂਰੀ ਮਾਨਤਾ ਜ਼ਰੂਰ ਮਿਲ ਗਈ ਹੈ । ਸਾਇੰਸ ਦੀਆਂ ਮੁੱਢਲੀਆਂ ਕਿਤਾਬਾਂ ਛਪਣ ਲਗ ਪਈਆਂ ਹਨ। ਪੰਜਾਬੀ ਲੇਖਕ ਹਾਬੜਿਆ ਹੋਇਆਂ ਵਾਂਗ ਸੰਸਕ੍ਰਿਤ ਦਾ ਸ਼ਬਦ-ਭੰਡਾਰ ਫਰੋਲਣ ਲਗ ਪਏ ਹਨ। ਕਾਹਲੀ ਲੋੜ ਵਿਚ ਕਈ ਲੋਕ ਸੰਸਕ੍ਰਿਤ ਦੀ ਸ਼ਬਦਾਵਲੀ ਨੂੰ ਗ਼ਲਤ-ਮਲਤ ਵੀ ਵਰਤ ਰਹੇ ਹਨ ਪਰ ਇਹ ਤਾਂ ਇਕ ਤਰ੍ਹਾਂ ਸਾਡੀ ਨਵੀਂ ਜਾਗੀ ਭੁੱਖ ਦੀ ਨਿਸ਼ਾਨੀ ਹੈ ਜੋ ਅਲਗਮ-ਸਲਗਮ ਨੂੰ ਹਜ਼ਮ ਕਰੀ ਜਾ ਰਹੀ ਹੈ।