ਪੰਜਾਬੀ ਪਹਿਰਾਵਾ
ਪਹਿਰਾਵਾ ਜਾਂ ਪੁਸ਼ਾਕ ਜਿਸਮ ਨੂੰ ਢਕਣ ਵਾਸਤੇ ਜ਼ਰੂਰੀ ਹੈ । ਨਿੱਕਾ ਜਿਹਾ ਬੱਚਾ ਵੀ ਉਦੋਂ ਤੱਕ ਹੀ ਨੰਗ-ਧੜੰਗ ਫਿਰਨ ਦੀ ਬਾਦਸ਼ਾਹੀ ਕਰਦਾ ਹੈ ਜਦੋਂ ਤੱਕ ਉਹ ਸੁਰਤ ਨਹੀਂ ਸੰਭਾਲਦਾ । ਸੁਰਤ ਸੰਭਾਲਦਿਆਂ ਸਾਰ ਹੀ ਬੱਚੇ ਆਪਣੇ ਮਾਪਿਆਂ ਕੋਲੋਂ ਕਪੜੇ ਮੰਗਣ ਲੱਗ ਜਾਂਦੇ ਹਨ। ਬੱਚੇ ਦੀ ਸਭ ਤੋਂ ਪਹਿਲੀ ਪੁਸ਼ਾਕ ਝੱਗੀ ਤੇ ਕੱਛੀ (ਹਰਿਆਣੇ ਵਿਚ ਘਾਗਰੀ) ਹੈ। ਪੁਸ਼ਾਕ ਦਾ ਲਿੰਗ-ਚੇਤਨਤਾ ਨਾਲ ਬੜਾ ਗੂੜ੍ਹਾ ਸਬੰਧ ਹੈ। ਇਹ ਚੇਤਨਤਾ ਜਿਸਮ ਨੂੰ ਪੁਸ਼ਾਕ ਨਾਲ ਢਕ ਕੇ ਰੱਖਣ ਲਈ ਪ੍ਰੇਰਦੀ ਹੈ।
ਪੁਸ਼ਾਕ ਦੀ ਬਣਤਰ ਦਾ ਇਤਿਹਾਸ ਬੜਾ ਦਿਲਚਸਪ ਹੈ। ਵੈਦਿਕ ਸਮੇਂ ਵਿਚ ਪੁਸ਼ਾਕ ਕੇਲੋਂ, ਫਰਵਾਂਹ, ਕੁਸ਼ਾ, ਘਾਹ, ਚਮੜਾ, ਰੇਸ਼ਮ ਤੇ ਉੱਨ ਦੀ ਬਣਾਈ ਜਾਂਦੀ ਸੀ। ਮੁਹੰਮਦ ਲਤੀਫ ਪੁਰਾਣੇ ਪੰਜਾਬ ਦੇ ਸ਼ਿੰਗਾਰ ਬਾਰੇ ਆਪਣੇ ‘ਪੰਜਾਬ ਦੇ ਇਤਿਹਾਸ’ ਵਿਚ ਲਿਖਦਾ ਹੈ, ‘ਪੁਰਾਣੇ ਹਿੰਦੂ ਸੂਤੀ, ਕਪੜਾ ਪਾਉਂਦੇ ਸਨ । ਸੂਤੀ ਕਮੀਜ਼ਾਂ ਗੋਡਿਆਂ ਤੱਕ ਲੰਮੀਆਂ ਹੁੰਦੀਆਂ ਸਨ । ਕਮੀਜ਼ ਦੇ ਉੱਪਰ ਇਕ ਪਟਕਾ ਹੁੰਦਾ ਸੀ ਜਿਹੜਾ ਖੱਬੇ ਮੋਢੇ ਦੇ ਉਪਰ ਤੇ ਸੱਜੇ ਮੋਢੇ ਦੇ ਹੇਠ ਕਰ ਕੇ ਬੰਨ੍ਹਿਆ ਜਾਂਦਾ ਸੀ । ਸਰੀਰ ਦਾ ਇਕ ਪਾਸਾ ਮੋਢੇ ਉੱਤੇ ਚਾਦਰ ਸੁੱਟ ਕੇ ਢਕਿਆ ਜਾਂਦਾ ਸੀ । ਇਹ ਚਾਦਰ ਗੋਡਿਆਂ ਤਕ ਲਮਕਦੀ ਰਹਿੰਦੀ ਸੀ। ਸਾਰੇ ਜਣੇ ਧੋਤੀ ਪਹਿਨਦੇ ਸਨ । ਮਰਦਾਂ ਦੀਆਂ ਲੰਮੀਆਂ ਲੰਮੀਆਂ ਦਾੜ੍ਹੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਉਹ ਲਾਲ, ਸਬਜ਼, ਪੀਲੀਆਂ ਜਾਂ ਨੀਲੀਆਂ ਰੰਗ ਲੈਂਦੇ ਸਨ । ਤੀਵੀਆਂ ਕਪੜਿਆਂ ਨਾਲ ਸਜੀਆਂ ਹੁੰਦੀਆਂ। ਉਹ ਤੰਗ ਪੁਸ਼ਾਕ ਨਹੀਂ ਸਨ ਪਾਉਂਦੀਆਂ। ਉਹ ਆਪਣੇ ਹੱਥਾਂ ਤੇ ਪੈਰਾਂ ਨੂੰ ਮਹਿੰਦੀ, ਚੰਦਨ ਤੇ ਲਾਖ ਨਾਲ ਰੰਗਦੀਆਂ ਸਨ। ਉਨ੍ਹਾਂ ਦੇ ਭਰਵੱਟੇ ਤੇ ਮੱਥੇ ਕਸਤੂਰੀ ਨਾਲ ਰੰਗੇ ਹੁੰਦੇ ਅਤੇ ਕੇਸ ਫੁੱਲਾਂ ਨਾਲ ਸ਼ਿੰਗਾਰੇ ਜਾਂਦੇ ਸਨ । ਹੈਸੀਅਤ ਅਨੁਸਾਰ ਵਖੋ ਵੱਖਰੇ ਜ਼ੇਵਰ ਤੇ ਗਹਿਣੇ ਪਹਿਨਣ ਦਾ ਵੀ ਰਿਵਾਜ ਸੀ।
ਅੱਜ ਦੇ ਪੰਜਾਬ ਦੀ ਪੁਸ਼ਾਕ ਵੀ ਕੋਈ ਘੱਟ ਸਜੀਲੀ ਨਹੀਂ। ਕਿਸੇ ਵੱਡੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਉੱਤੇ ਜਾ ਕੇ ਵੇਖੋ, ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵੱਖੋ ਵੱਖਰੇ ਪਹਿਰਾਵੇ ਵਾਲੇ ਬੰਦੇ ਵਿਖਾਈ ਦੇਣਗੇ । ਸਾਧੂ ਤੋਂ ਲੈ ਕੇ, ਯੂਰਪੀ ਪਹਿਰਾਵੇ ਵਾਲੇ ਫੈਸ਼ਨਦਾਰ ਜੈਂਟਲਮੈਨ, ਇੱਥੇ ਵੇਖੇ ਜਾ ਸਕਦੇ ਹਨ। ਹਰਿਆਣੇ ਦੀ ਭਾਰੀ ਘਗਰੀ ਤੇ ਕੁੜਤੀ ਜਾਂ ਅੰਗੀ, ਪੁਰਾਣੀਆਂ ਬੁੱਢੀਆਂ ਦੇ ਲੰਮੇ ਕੁੜਤੇ ਤੇ ਰੇਬਦਾਰ ਪਜਾਮੇ ਜਾਂ ਸੂਸੀ ਦੀਆਂ ਸੁੱਥਣਾਂ, ਪੰਜਾਬਣ ਮੁਟਿਆਰ ਦੀ ਸਲਵਾਰ ਤੇ ਕਮੀਜ਼ ਮਰਦਾਂ ਦੀ ਪਿੱਛੇ ਮਰੋੜੀ ਦੇ ਕੇ ਟੰਗੀ ਹੋਈ ਧੋਤੀ ਜਾਂ ਖੁੱਲ੍ਹਾ ਚਾਦਰਾ ਤਹਿਮਤ), ਵੱਡੇ ਪਹੁੰਚਿਆਂ ਵਾਲੀ ਸਲਵਾਰ ਤੇ ਚੂੜੀਦਾਰ ਪਜਾਮੇ ਸਭ ਮਿਲਣਗੇ। ਮੇਲਿਆਂ, ਤਿਉਹਾਰਾਂ ਅਤੇ ਵਿਆਹ-ਸ਼ਾਦੀਆਂ ਉੱਤੇ ਗੂੜ੍ਹੇ ਲਾਲ, ਪੀਲੇ, ਨੀਲੇ ਰੰਗਦਾਰ ਪਹਿਰਾਵੇ ਵੇਖਣ ਵਿਚ ਆਉਂਦੇ ਹਨ।
ਕੇਂਦਰੀ ਪੰਜਾਬ ਦਾ ਉਚੇ, ਲੰਮੇ, ਸਡੌਲ ਜਿਸਮ ਦੇ ਚੌੜੇ ਮੋਢਿਆਂ ਵਾਲਾ ਪੁਰਸ਼ ਸਿਰ ਉਤੇ ਪੂਰੇ ਬਰ ਦਾ ਸਾਫਾ ਜਾਂ ਅੱਧੇ ਬਰ ਦੀ ਪੱਗ ਬੰਨ੍ਹਦਾ ਹੈ । ਛੋਟੀ ਪੱਗ, ਸਾਫੇ ਦੇ ਥੱਲੇ, ਕੇਵਲ ਸਿੱਖ ਹੀ ਬੰਨ੍ਹਦੇ ਸਨ ਪਰ ਹੁਣ ਇਸ ਦਾ ਰਿਵਾਜ ਹਟਦਾ ਜਾ ਰਿਹਾ ਹੈ । ਗੱਭਰੂ ਸਾਫੇ ਦਾ ਲੜ ਕੰਨ ਕੋਲ ਛੱਡ ਕੇ ਪਿੱਛਿਓਂ ਗਿੱਚੀ ਦੇ ਕਾਲੇ ਵਾਲ ਨੰਗੇ ਰੱਖਦੇ ਹਨ ਅਤੇ ਜੁੜੇ ਜਾਂ ਬੋਦੀ ਦੇ ਖੱਬੇ ਪਾਸਿਓਂ ਥੋੜ੍ਹਾ ਜਿਹਾ ਸੱਜੇ ਹੱਥ ਨੂੰ ਝੁਕਿਆ ਹੋਇਆ ਟੌਰਾ ਛੱਡਦੇ ਹਨ, “ਟੌਰੇ ਬਾਝ ਨਾ ਸੁੰਹਦਾ ਗੱਭਰੂ”। ਬਹਾਵਲਪੁਰ ਦੇ ਵਸਨੀਕ ਰੱਸੇ ਵਾਂਙ ਵੱਟ ਚਾੜ੍ਹ ਕੇ ਚਾਲ੍ਹੀ ਚਾਲ੍ਹੀ ਗਜ਼ ਲੰਮੀਆਂ ਪੱਗਾਂ ਵੀ ਬੰਨ੍ਹਦੇ ਸਨ। ਕੇਂਦਰੀ ਪੰਜਾਬ ਵਿਚ ਪੱਗ ਦਾ ਲੜ ਜ਼ਰਾ ਛੋਟਾ ਰੱਖਿਆ ਜਾਂਦਾ ਹੈ ਤੇ ਸ਼ਮਲਾ (ਟੋਰਾ) ਵੱਡਾ । ਜਾਂਗਲੀ, ਪੱਗ ਬੰਨ੍ਹ ਕੇ ਸਿਰ ਨੂੰ ਵਿਚਕਾਰੋ ਨੰਗਾ ਰੱਖਦੇ ਹਨ। ਉਂਜ ਪੱਗ ਬੰਨ੍ਹਣੀ ਤੇ ਲੜ ਛੱਡਣ ਦਾ ਵੱਲ ਵੀ ਕਿਸੇ ਕਿਸੇ ਨੂੰ ਹੀ ਆਉਂਦਾ ਹੈ :-
‘ਤੈਨੂੰ ਪੱਗ ਬੰਨ੍ਹਣੀ,
ਤੈਨੂੰ ਲੜ ਛਡਣਾ,
ਤੈਨੂੰ ਹਲ ਵਾਹੁਣਾ ਨਾ ਆਵੇ, ਵੇ ਤੇਰੇ ਘਰ ਕੀ ਵਸਣਾ।’
ਪੰਜਾਬਣ ਮੁਟਿਆਰ ਆਪਣੇ ਸਾਥੀ ਨੂੰ ਵਿਅੰਗ ਨਾਲ ਕਹਿੰਦੀ ਹੈ। ਪੱਗ ਵਧੇਰੇ ਕਰਕੇ ਮੋਟੀ ਮਲਮਲ ਜਾਂ ਖੱਦਰ ਦੀ ਹੀ ਹੁੰਦੀ ਹੈ। 376 ਦੀ ਬਰੀਕ ਮਲਮਲ, ਸੰਧੂਰੀ ਰੰਗ ਕੇ, ਖ਼ਾਸ ਮੌਕਿਆਂ ਉਤੇ ਹੀ ਬੰਨ੍ਹੀ ਜਾਂਦੀ ਹੈ :
‘ਮੈਨੂੰ ਮੱਸਿਆ ‘ਚ ਪੈਣ ਭੁਲੇਖੇ, ਤੇਰੀ ਵੇ ਸੰਧੂਰੀ ਪੱਗ ਦੇ ।’
ਪੜ੍ਹੇ-ਲਿਖੇ ਮੁੰਡੇ ਲੜ ਅਤੇ ਸ਼ਮਲਾ ਨਹੀਂ ਛੱਡਦੇ ਅਤੇ ਗੋਲ ਪਟਿਆਲੇ-ਸ਼ਾਹੀ ਪੱਗਾਂ ਬੰਨ੍ਹਦੇ ਹਨ । ਬੁੱਢਿਆਂ ਦੀ ਪੱਗ ਫਿੱਕੇ ਰੰਗ ਦੀ ਸਾਦੀ ਹੁੰਦੀ ਹੈ ਅਤੇ ਗਭਰੂਆਂ ਦੀ ਰੰਗਦਾਰ । ਹਿੰਦੂ ਸਾਦਾ ਗੋਲ ਜਾ ਗਾਂਧੀ ਟੋਪੀ ਪਹਿਨਦੇ ਹਨ ਜਾਂ ਨੰਗਾ ਸਿਰ ਰੱਖ ਕੇ ਪਟੇ ਵਾਹ ਲੈਂਦੇ ਹਨ।
ਬਾਕੀ ਕਪੜੇ ਵੀ ਘਰ ਦੇ ਕੱਤੇ, ਪਿੰਡ ਦੇ ਜੁਲਾਹੇ ਦੇ ਬੁਣੇ ਹੋਏ, ਪਿੰਡ ਦੇ ਦਰਜ਼ੀ ਜਾਂ ਘਰ ਦੇ ਸੀਤੇ, ਸਾਦਾ ਹੀ ਹੁੰਦੇ ਹਨ। ਗਲ ਵਿਚ ਕੁੜਤਾ ਜਾਂ ਕਮੀਜ਼ ਪਹਿਨਦੇ ਹਨ। ਕਮੀਜ਼ ਦਾ ਫੈਸ਼ਨ ਨਵਾਂ ਹੈ। ਪੰਜਾਬੀ ਇਸ ਨੂੰ ਝੱਗਾ ਕਹਿੰਦੇ ਹਨ। ਇਸ ਦੇ ਕਾਲਰ ਵੀ ਕੋਟ ਦੇ ਕਾਲਰਾਂ ਵਰਗੇ ਗੋਲ ਹੀ ਹੁੰਦੇ ਹਨ। ਤਿੱਖੇ ਕਾਲਰਾਂ ਵਾਲੀ ਕਮੀਜ਼ ਤਾਂ ਥੋੜੇ ਜਿਹੇ ਸ਼ੁਕੀਨ ਹੀ ਪਹਿਨਦੇ ਹਨ। ਆਮ ਕਿਰਸਾਣ ਕਮੀਜ਼ ਦੇ ਥੱਲੇ ਕੁਝ ਨਹੀਂ ਪਾਉਂਦੇ । ਜੇ ਪਾਉਣ ਤਾਂ ਘਰ ਦੀ ਸੀਤੀ ਇਕ ਝੱਗੀ ਹੀ ਪਹਿਨਦੇ ਹਨ । ਸਰਦੀਆਂ ਵਿਚ ਰੂੰ ਵਾਲੀ ਫਤੂਹੀ, ਜੈਕਟ ਤੇ ਸਵੈਟਰ ਪਹਿਨਣ ਦਾ ਰਿਵਾਜ ਹੈ। ਕੋਟ ਤਾਂ ਕੋਈ ਸ਼ੁਕੀਨ ਜਾਂ ਪੜ੍ਹਾਕੂ ਹੀ ਪਹਿਨਦਾ ਹੈ। ਪਿੰਡਾਂ ਵਿਚ ਖੱਦਰ ਦੇ ਦੋ ਕੁੜਤੇ ਉਪਰ-ਥੱਲੇ ਪਾਉਣ ਦਾ ਰਿਵਾਜ ਵੀ ਆਮ ਹੈ। ਬਹੁਤ ਸਰਦੀ ਹੋਵੇ ਤਾਂ ਖੇਸੀ, ਖੇਸ, ਦੋਹਰ (ਦੂਹਰੀ ਚਾਦਰ), ਚੌਹਰ ਜਾਂ ਲੋਈ ਦੀ (ਵਾਂਢੇ ਆਦਿ ਜਾਣ ਸਮੇਂ) ਬੁੱਕਲ ਮਾਰ ਲਈ ਜਾਂਦੀ ਹੈ । ਬਾਣੀਏ ਹਾਲੀ ਤੱਕ ਵੀ ਅੰਗਰਖਾ ਪਹਿਨਦੇ ਹਨ ਅਤੇ ਇਸ ਦੇ ਥੱਲੇ ਪੈਸੇ ਪਾਉਣ ਲਈ ਜੇਬਾਂ ਵਾਲੀ ਝੱਗੀ ਰੱਖਦੇ ਹਨ।
ਕੰਮ ਵੇਲੇ, ਤੇੜ ਦੀ ਪੁਸ਼ਾਕ ਸਾਫਾ, ਪਟਕਾ, ਲੰਗੋਟੀ, ਜਾਂਘੀਆ ਜਾਂ ਕੱਛਾ ਹੈ ਅਤੇ ਪੂਰੇ ਬਰ ਦਾ ਚਾਦਰਾ (ਤਹਿਮਤ), ਖੁੱਲ੍ਹਾ ਪਜਾਮਾ, ਪੋਠੋਹਾਰੀ ਸਲਵਾਰ ਤੇ ਚੂੜੀਦਾਰ ਪਜਾਮਾ ਬਾਕੀ ਮੌਕਿਆਂ ਦੀ। ਪੈਂਟ ਦਾ ਰਿਵਾਜ ਵੀ ਵੱਧ ਰਿਹਾ ਹੈ। ਬ੍ਰਾਹਮਣ ਖੱਤਰੀ ਧੋਤੀ ਬੰਨ੍ਹਦੇ ਹਨ ਜਿਸ ਦੀ ਮਰੋੜੀ ਧੁੰਨੀ ਉੱਤੇ ਦਿੱਤੀ ਜਾਂਦੀ ਹੈ । ਇਸ ਦੀ ਖੱਬੀ ਲਾਂਗ ਲੱਤਾਂ ਵਿੱਚੋਂ ਮੋੜ ਕੇ ਪਿੱਛੇ ਟੰਗ ਲਈ ਜਾਂਦੀ ਹੈ ਤੇ ਸੱਜੀ ਸੱਜੇ ਗੋਡੇ ਉੱਪਰੋਂ ਖੁਲ੍ਹੀ ਲਟਕਦੀ ਰਹਿੰਦੀ ਹੈ । ਪਹਿਲੀ ਕਿਸਮ ਦੀ ਧੋਤੀ ਨੂੰ ਨਾਗਬਲੀ ਅਤੇ ਦੂਸਰੀ ਕਿਸਮ ਦੀ ਨੂੰ ਮਰੋੜੀਦਾਰ ਕਹਿੰਦੇ ਹਨ। ਆਮ ਤੌਰ ਤੇ, ਹਿੰਦੂ ਸਿੱਖ ਕਿਰਸਾਨ, ਗੋਡਿਆਂ ਤੋਂ ਨੀਵਾਂ ਪਰਨਾ ਅਤੇ ਮੁਸਲਮਾਨ ਗਿੱਟਿਆਂ ਤੋਂ ਉਚੀ ਲੁੰਗੀ ਪਹਿਨਦੇ ਸਨ। ਕਛਹਿਰਾ ਸਿੱਖਾਂ ਦੀ ਧਾਰਮਕ ਪੁਸ਼ਾਕ ਹੈ ਪਰ ਹੋਰ ਲੋਕ ਵੀ ਪਹਿਨਦੇ ਹਨ ਅਤੇ ਪਜਾਮਾ ਕੋਈ ਪਿਨਸ਼ਨੀਆਂ ਫੌਜੀ ਜਾਂ ਪੜ੍ਹਨ ਵਾਲਾ ਸਕੂਲੀਆ ਹੀ ਪਹਿਨਦਾ ਹੈ । ਚਾਦਰਾ ਲੱਠੇ ਦਾ ਡੇਢ ਪੱਟ ਜੋੜ ਕੇ ਬਣਾਇਆ ਜਾਂਦਾ ਹੈ, ਇਸ ਨੂੰ ਆਮ ਪੇਂਡੂ ਨੌਜੁਆਨ ਪਹਿਨ ਕੇ ਖੁਸ਼ ਹੁੰਦੇ ਹਨ। ਇਸ ਦੇ ਦੋਵੇਂ ਲੜ ਬਗਲਾਂ ਉਤੇ ਛੱਡੇ ਜਾਂਦੇ ਹਨ ਅਤੇ ਇਹ ਇਸ ਤਰ੍ਹਾਂ ਸੂਤ ਕੇ ਬੰਨ੍ਹਿਆ ਜਾਂਦਾ ਹੈ ਕਿ ਪਿੰਞਣੀ ਨਾਲ ਘਸਰਦਾ ਰਹੇ, ‘ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਪਿੰਞਣੀ ਨਾਲ ਸੁਹਾਵੇ’। ਪਟਿਆਲੇ ਦੀ ਦਰਬਾਰੀ ਪੁਸ਼ਾਕ ਗੋਲ ਪਗੜੀ, ਲੰਮਾ ਚੋਗਾ, ਘੁੱਟਵਾਂ ਪਜਾਮਾ, ਜੁਰਾਬਾਂ ਤੇ ਗੁਰਗਾਬੀ ਸੀ। ਇਸ ਨਾਲ ਕਮਰਬੰਦ ਵੀ ਬੰਨ੍ਹਦੇ ਸਨ ।
ਪੈਰਾਂ ਵਿਚ ਪਿੰਡ ਦੇ ਮੋਚੀ ਦੀ ਬਣਾਈ ਜੁੱਤੀ ਜਾਂ ਖ਼ਾਸ ਮੌਕਿਆਂ ਲਈ ਸ਼ਹਿਰ ਤੋਂ ਖਰੀਦੀ ਗੁਰਗਾਬੀ ਜਾਂ ਪਿਸ਼ੌਰੀ ਚੱਪਲ ਪਹਿਨਦੇ ਹਨ। ਜੁੱਤੀ ਵਧੇਰੇ ਕਰ ਕੇ ਧੌੜੀ ਦੀ ਅਤੇ ਬਿਨਾਂ ਨੋਕ ਤੋਂ ਹੁੰਦੀ ਹੈ। ’ਜੁੱਤੀ ਖੱਲ ਦੀ, ਮਰੋੜਾ ਨਹੀਂ ਝੱਲਦੀ, ਜ਼ੋਰ ਜਵਾਨੀ ਦਾ।’ ਖ਼ਾਸ ਮੌਕਿਆਂ ਲਈ ਜ਼ਰੀ ਦੀ, ਤਿੱਲੇਦਾਰ ਤੇ ਨੋਕ ਵਾਲੀ ਜੁੱਤੀ ਬਣਾਉਣ ਦਾ ਵੀ ਰਿਵਾਜ ਹੈ। ਬਹਾਵਲਪੁਰ ਵਿਚ ਇਸਤਰੀ ਪੁਰਸ਼ ਸਾਰੇ ਫੁੱਲ ਬੂਟੇ ਕਢਾ ਕੇ, ਗੁਲ ਵਾਲੀ, ਸਰੂਵਾਲੀ, ਸੱਤ-ਗੁਲੀ ਤੇ ਡੇਢ-ਵੇਲੀ ਜੁੱਤੀ ਬੜੇ ਚਾਉ ਨਾਲ ਪਹਿਨਦੇ ਹਨ ।
ਜ਼ਨਾਨੀਆਂ ਦੀ ਪੁਰਾਣੀ ਪੁਸ਼ਾਕ ਕੁੜਤੀ ਤੇ ਸੁੱਥਣ (ਜਿਹੜੀ ਕਿ ਸੂਸੀ ਦੀ ਬਣੀ ਹੋਈ ਹੁੰਦੀ ਸੀ) ਜਾਂ ਰੇਬ ਪਜਾਮਾ ਸੀ : ‘ਨੰਦ ਕੁਰ ਸੱਪ ਬਣ ਗਈ, ਰੇਬ ਪਜਾਮਾ ਪਾ ਕੇ’। ਮੁਟਿਆਰ ਦੀ ਪੁਸ਼ਾਕ ਗੋਡਿਆਂ ਤੱਕ ਨੀਵੀਂ ਕਮੀਜ਼ ਤੇ ਸਲਵਾਰ ਕਹੀ ਜਾ ਸਕਦੀ ਹੈ। ਕਮੀਜ਼ ਦੀ ਥਾਂ ਜੰਪਰ ਦਾ ਰਿਵਾਜ ਆਮ ਹੋ ਗਿਆ ਹੈ। ਕਮੀਜ਼ ਵਧੇਰੇ ਮਰਦਾਵੀਂ ਕਿਸਮ ਦੀ ਹੀ ਹੁੰਦੀ ਸੀ । ਸਲਵਾਰ ਖੁੱਲ੍ਹੇ ਪਹੁੰਚਿਆਂ ਵਾਲੀ ਹੁੰਦੀ ਹੈ ਅਤੇ ਸੁੱਥਣ ਤੰਗ ਪਹੁੰਚਿਆਂ ਵਾਲੀ । ਵਿਆਹ ਤੋਂ ਪਿੱਛੋਂ ਸਲਵਾਰ ਦੇ ਉਪਰੋਂ ਕਾਲੀ ਸੂਫ ਦਾ ਘੱਗਰਾ ਪਹਿਨਣ ਦਾ ਰਿਵਾਜ ਹੈ। ਇਸ ਦੇ ਨਾਲ ਹੀ ਟਸਰ ਦੀ ਚਾਦਰ ਦੀ ਬੁੱਕਲ ਵੀ ਮਾਰੀ ਜਾਂਦੀ ਹੈ । ਘੱਗਰੇ ਦਾ ਘੇਰਾ ਕਈ ਵਾਰੀ ਵੀਹ ਵੀਹ ਗਜ਼ ਲੰਮਾ ਹੁੰਦੀ ਸੀ ਅਤੇ ਇਹ ਗਿੱਟਿਆਂ ਦੇ ਥੱਲੇ ਤੱਕ ਏਨਾਂ ਨੀਵਾਂ ਲਟਕਦਾ ਹੈ ਕਿ ਪੈਰ ਦੀ ਜੁੱਤੀ ਵਿਖਾਈ ਨਹੀਂ ਦਿੰਦੀ। ਇਹ ਤੁਰਨ ਵੇਲੇ ਧਰਤੀ ਤੇ ਘਸਰਦਾ ਰਹਿੰਦਾ ਹੈ । ਉਂਞ, ਘੱਗਰਾ, ਘਰੋਂ ਬਾਹਰ ਨਿਕਲਣ ਸਮੇਂ ਹੀ ਪਹਿਨਿਆ ਜਾਂਦਾ ਹੈ। ਸਿਰ ਉਤੇ ਕੇਵਲ ਦੁਪੱਟਾ, ਲੀੜਾ ਜਾਂ ਚੁੰਨੀ ਲਈ ਜਾਂਦੀ ਹੈ । ਇਸ ਦੀ ਬੁੱਕਲ ਕੁਝ ਏਸ ਤਰ੍ਹਾਂ ਮਾਰੀ ਜਾਂਦੀ ਹੈ ਕਿ ਛਾਤੀ ਦਾ ਸ਼ਿੰਗਾਰ ਪੂਰੀ ਤਰ੍ਹਾਂ ਲੁਕ ਨਾ ਜਾਵੇ । ਚੁੰਨੀ ਲਈ ਦੁੱਧਾ ਕਾਸਣੀ ਤੇ ਅਲਸੀ ਦੇ ਫੁੱਲ ਵਰਗਾ ਰੰਗ ਪਸੰਦ ਕੀਤਾ ਜਾਂਦਾ ਹੈ : ‘ਚੁੰਨੀ ਰੰਗ ਦੇ ਲਲਾਰੀਆ ਮੇਰੀ, ਅਲਸੀ ਦੇ ਫੁੱਲ ਵਰਗੀ’। ਪੰਦਰਾਂ ਕੁ ਵਰ੍ਹੇ ਪਹਿਲਾਂ ਘਰ ਦੇ ਰੰਗੇ ਚੀਰੇ ਪਹਿਨਣ ਦਾ ਵੀ ਬਹੁਤ ਰਿਵਾਜ ਸੀ । ਝੰਗ ਦੀਆਂ ਸ਼ਰਨਾਰਥੀ ਇਸਤਰੀਆਂ ਹਾਲੀ ਤੱਕ ਵੀ ਤੇੜ ਲੁੰਝੀ ਹੀ ਪਹਿਨਦੀਆਂ ਹਨ।
ਘੱਗਰੇ ਦਾ ਸ਼ਿੰਗਾਰ ਪਹਿਲਾਂ ਪਹਿਲਾਂ ਕਾਫ਼ੀ ਰਿਹਾ ਹੈ। ਪਰ ਇਹ ਕੋਈ ਸੌਖਾ ਪਹਿਰਾਵਾ ਨਹੀਂ ਹੈ, ‘ਤੇਰਾ ਘੱਗਰਾ ਰਾਸ ਨਾ ਆਵੇ ਸਹੁਰਿਆਂ ਦਾ ਪਿੰਡ ਆ ਗਿਆ’ ਜਾਂ ‘ਲੱਕ ਪਤਲਾ ਨਾੜ ਦਾ ਤੀਲਾ, ਘੱਗਰੇ ਦਾ ਭਾਰ ਨਾ ਝੱਲੇ।’ ਇਹ ਪੰਜਾਬੀ ਟੱਪੇ ਇਸ ਦੀ ਸਾਖੀ ਭਰਦੇ ਹਨ। ਫੇਰ ਵੀ ਸੁਹਾਗਣ ਇਸਤਰੀ ਆਪਣਾ ਘੱਗਰਾ ਆਪਣੇ ਪੁੱਤਰ ਦੇ ਵਿਆਹ ਤੱਕ ਤਾਂ ਜ਼ਰੂਰ ਹੀ ਪਹਿਨਦੀ ਹੈ। ਸਰਦੀਆਂ ਵਿਚ ਸਵੈਟਰ ਅਤੇ ਪੱਛਮੀ ਕਿਸਮ ਦੇ ਸ਼ਾਲ ਓੜ੍ਹਨ ਦਾ ਵੀ ਰਿਵਾਜ ਪੈ ਗਿਆ ਹੈ ਪਰ ਪਹਿਲਾਂ ਕੇਵਲ ਸਲਾਰੀ, ਫੁਲਕਾਰੀ ਜਾਂ ਡੱਬੀਦਾਰ ਖੇਸੀ ਦੀ ਹੀ ਬੁੱਕਲ ਮਾਰ ਛੱਡਦੀਆਂ ਸਨ। ਆਮ ਤੌਰ ਤੇ ਇਹ ਕਪੜੇ ਖੱਦਰ ਦੇ ਹੋਣ ਕਾਰਨ ਕਿੱਕਰ ਦਾ ਸੱਕ ਉਬਾਲ ਕੇ ਉਸ ਨਾਲ ਘਸਮੈਲੇ ਜਿਹੇ ਰੰਗ ਲਏ ਜਾਂਦੇ ਹਨ । ਮੇਲੇ, ਤਿਉਹਾਰ, ਜਨਮ, ਵਿਆਹ ਆਦਿ ਦੇ ਮੌਕਿਆਂ ਲਈ ਕਪੜਿਆਂ ਦੀ ਕਾਟ ਤਾਂ ਉਹੀਓ ਰਖੀ ਜਾਂਦੀ ਹੈ ਪਰ ਇਨ੍ਹਾਂ ਲਈ ਕਪੜਾ ਜ਼ਰਾ ਚੰਗਾ ਤੇ ਢੁਕਵਾਂ ਫਬਵਾਂ ਚੁਣਿਆ ਜਾਂਦਾ ਹੈ। ਹੁਣ ਖੱਦਰ ਕਰੇਬ, ਛੀਂਟ, ਲਿਲਣ, ਲੱਠਾ, ਮਲਮਲ, ਪਾਪਲੀਨ, ਗਬਰੂਨ ਆਦਿ ਦੀ ਵਰਤੋਂ ਆਮ ਹੋ ਗਈ ਹੈ। ਛੀਂਟ ਤਾਂ ਜੱਟੀ ਦੇ ਮਨਭਾਉਂਦਾ ਕਪੜਾ ਹੈ :
‘ਜੱਟੀ ਹੱਟੀ ਤੇ ਸ਼ਰਾਬਣ ਹੋਈ, ਸੱਪ-ਰੰਗੀ ਛੀਂਟ ਵੇਖ ਕੇ ।’
ਵਰ੍ਹੇ ਪਹਿਲਾਂ ਬੋਸਕੀ ਤੇ ਸੂਫ ਦਾ ਰਿਵਾਜ ਆਮ ਸੀ, ਵੀਹ
‘ਤੈਨੂੰ ਬਾਬੇ ਮਰੇ ਤੋਂ ਪਾਵਾਂ, ਸੁੱਥਣੇ ਸੂਫ ਦੀਏ !’
ਕੁੜਤੇ ਉਤੇ ਜ਼ਨਾਨੀਆਂ ਫੁੱਲ-ਬੂਟੇ ਕੱਢ ਲੈਂਦੀਆ ਸਨ, ਸੂਫ਼ ਦੀ ਘਗਰੀ ਵੀ ਆਮ ਪਹਿਨੀ ਜਾਂਦੀ ਸੀ । ਕੁੜੀਆਂ ਪੈਰਾਂ ਵਿਚ ਚਮੜੇ ਦੇ ਕਾਲੇ ਸਲੀਪਰ ਪਾ ਕੇ ਮੁਕਲਾਵੇ ਜਾਂਦੀਆਂ ਸਨ,
‘ਗੋਰਾ ਰੰਗ ਤੇ ਸਲੀਪਰ ਕਾਲੇ, ਗੱਡੀ ਵਿੱਚੋਂ ਲੱਤ ਲਮਕੇ ।
ਜਾਂ
‘ਮੈਨੂੰ ਲੈ ਦੇ ਸਲੀਪਰ ਕਾਲੇ, ਜੇ ਤੂੰ ਮੇਰੀ ਚਾਲ ਵੇਖਣੀ ।’
ਦੋਵੇਂ ਟੱਪੇ ਇਸ ਕਥਨ ਦੀ ਪੁਸ਼ਟੀ ਕਰਦੇ ਹਨ ਤੇ ਪ੍ਰੇਮੀ ਉੱਤਰ ਦਿੰਦਾ ਸੀ :
‘ਤੈਨੂੰ ਲੈ ਦਊਂ ਸਲੀਪਰ ਕਾਲੇ, ਭਾਵੇਂ ਮੇਰੀ ਮਹਿੰ ਵਿਕ ਜੇ।’
ਜ਼ਰੀ ਦੀ ਕੱਢੀ ਹੋਈ ਜੁੱਤੀ ਅਤੇ ਗੁਰਗਾਬੀ ਦਾ ਵੀ ਰਿਵਾਜ ਹੈ। ਖ਼ਾਸ ਮੌਕਿਆਂ ਉਤੇ ਕਪੜਿਆਂ ਤੇ ਅਤਰ ਫੁਲੇਲ ਛਿੜਕਿਆ ਜਾਂਦਾ ਹੈ । ਬੁੱਲ੍ਹਾਂ ਤੇ ਸੱਕ ਮਲਣ, ਹੱਥਾਂ ਪੈਰਾਂ ਨੂੰ ਮਹਿੰਦੀ ਲਾਉਣ ਅਤੇ ਅੱਖਾਂ ਵਿਚ ਸੁਰਮਾ ਪਾਉਣ ਦਾ ਫੈਸ਼ਨ ਵੀ ਆਮ ਹੈ।
ਹਰਿਆਣੇ ਦੇ ਮਰਦ ਸਿਰ ਉਤੇ ਪਗੜੀ ਜਾਂ ਦੁਪੱਟਾ ਬੰਨ੍ਹਦੇ ਹਨ। ਗੱਭਰੂਆਂ ਦੀ ਪਗੜੀ ਸਾਫ ਤੇ ਬਜ਼ੁਰਗਾਂ ਦੀ ਵੱਟ-ਚਾੜ੍ਹਵੀ ਹੁੰਦੀ ਹੈ, ਜਿਸ ਨੂੰ ਖੰਡਵਾ ਕਹਿੰਦੇ ਹਨ। ਗੱਭਰੂ ਗੂੜੇ ਰੰਗ ਦਾ ਚੀਰਾ ਵੀ ਬੰਨ੍ਹਦੇ ਹਨ। ਗਲ ਵਿਚ ਸਾਹਮਣੇ ਵੱਲ ਦੇ ਬਟਣਾਂ ਵਾਲਾ ਕੁੜਤਾ ਅਤੇ ਉਸ ਦੇ ਉਪਰ ਸਰਦੀਆਂ ਵਿਚ ਅੰਗਰਖਾ ਪਹਿਨਦੇ ਹਨ। ਇਹ ਵੱਧਰੀ ਨਾਲ ਇਕ ਪਾਸੇ ਬੰਨ੍ਹਿਆ ਜਾਂਦਾ ਹੈ । ਮੁਸਲਮਾਨ ਇਸ ਨੂੰ ਖੱਬੇ ਪਾਸੇ ਤੇ ਹਿੰਦੂ ਸੱਜੇ ਪਾਸੇ ਬੰਨ੍ਹਦੇ ਹਨ। ਤੋੜ ਪੂਰੇ ਪੱਟ ਦੀ ਧੋਤੀ, ਅੱਧੇ ਪੱਟ ਦੀ ਤਹਿਮਤ ਜਾਂ ਨਿਰੀ ਲੰਗਾਰ ਪਹਿਨਣ ਦਾ ਰਿਵਾਜ ਹੈ। ਧੋਤੀ ਦੇ ਦੋਵੇਂ ਲੜ, ਟੰਗਾਂ ਦੇ ਵਿਚਾਲਿਉਂ ਲੰਘਾ ਕੇ, ਪਿੱਛੇ ਟੰਗ ਲਏ ਜਾਂਦੇ ਹਨ। ਗਰਮੀਆਂ ਵਿਚ ਕੁੜਤੇ ਉੱਪਰੋਂ ਚੰਦਰ ਅਤੇ ਸਰਦੀਆਂ ਵਿਚ ਦੋਹਰ ਜਾਂ ਰਜਾਈ ਦਾ ਉਛਾੜ ਓੜ੍ਹਨ ਦਾ ਰਿਵਾਜ ਹੈ। ਅਮੀਰ ਲੋਕ ਆਪਣਾ ਵਡੱਪਣ ਵਿਖਾਉਣ ਲਈ ਮੋਢਿਆਂ ਉਤੇ ਦੁਪੱਟਾ ਸੁੱਟ ਛੱਡਦੇ ਹਨ। ਇਹ ਮਾਣ ਤੇ ਸਤਿਕਾਰ ਦਾ ਚਿੰਨ੍ਹ ਸਮਝਿਆ ਜਾਂਦਾ ਹੈ । ਗੁੜਗਾਉਂ ਦੇ ਪੂਰਬੀ ਇਲਾਕੇ ਵਿਚ ਸਰਦੀਆਂ ਨੂੰ ਰੂੰ ਵਾਲੇ ਪਜਾਮੇ ਵੀ ਪਹਿਨੇ ਜਾਂਦੇ ਹਨ।
ਇਸਤਰੀਆਂ ਸਿਰ ਉੱਤੇ ਓੜ੍ਹਨਾ ਲੈਂਦੀਆਂ ਹਨ ਜਿਸ ਦੀ ਸੱਜੀ ਕੰਨੀ, ਛਾਤੀ ਦੇ ਉੱਪਰੋਂ ਲੰਘਾ ਕੇ ਕਮੀਜ਼ ਦੇ ਖੱਬੇ ਖੀਸੇ ਕੋਲ ਘੱਗਰੀ ਦੇ ਨੇਫੇ ਵਿਚ ਟੰਗ ਲਈ ਜਾਂਦੀ ਹੈ। ਕੁਆਰੀਆਂ ਕੁੜੀਆਂ ਗਲ ਵਿਚ ਕੁੜਤੀ ਅਤੇ ਵਿਆਹੀਆਂ ਹੋਈਆਂ ਅੰਗੀ ਪਹਿਨਦੀਆਂ ਹਨ। ਅੰਗੀ ਦੀਆ ਬਾਰਾਂ, ਬਾਰਡਰ ਅਤੇ ਗਲ ਦੇ ਸਿਰੇ ਚਾਂਦੀਆਂ ਦੀਆਂ ਤਾਰਾਂ ਨਾਲ ਕੱਢੇ ਹੋਏ ਹੁੰਦੇ ਹਨ । ਤੇੜ, ਫੁੱਲ-ਬੂਟਿਆਂ ਦੀ ਗੂੜ੍ਹੇ ਰੰਗ ਦੀ ਕਢਾਈ ਕਰਵਾ ਕੇ, ਘੱਗਰੀ ਜਾਂ ਲਹਿੰਗਾ ਪਹਿਨਿਆ ਜਾਂਦਾ, ਹੈ ਜਿਸ ਦੀ ਲੈਣ ਸਿਲਮੇ-ਸਿਤਾਰੇ ਨਾਲ ਸ਼ਿੰਗਾਰੀ ਹੁੰਦੀ ਹੈ। ਲੋਕ-ਗੀਤਾਂ ਵਿਚ ਲਹਿੰਗੇ ਨੂੰ 52 ਗਜ਼ ਕਪੜਾ ਲੱਗਣ ਦਾ ਜ਼ਿਕਰ ਹੈ,
‘ਬਾਵਨ ਗਜ ਕੀ ਲਹਿਰ ਸੀਮਾਈ, ਚਾਵਲ ਚੀਣ ਬੰਧਾਈ ਹੈ।
ਅਹੀਰ ਇਸਤਰੀ ਨੀਲੀ ਘੱਗਰੀ ਤੇ ਲਾਲ ਓੜ੍ਹਨ ਪਹਿਨਦੀ ਹੈ ਜਿਸ ਉੱਤੇ ਚਿੱਟੀ ਗੁਲਕਾਰੀ ਕੀਤੀ ਹੁੰਦੀ ਹੈ। ਓੜ੍ਹਨੀ ਦੀ ਸੱਜੇ ਪਾਸੇ ਦੀ ਕੰਨੀ ਨਾਲ ਜ਼ੰਜੀਰਾਂ ਵਿਚ ਘੁੰਗਰੂ ਪਰੋ ਲਏ ਜਾਂਦੇ ਹਨ। ਇਸੇ ਤਰ੍ਹਾਂ, ਇਸ ਦਾ ਉਹ ਹਿੱਸਾ ਜਿਹੜਾ ਘੁੰਡ ਬਣ ਕੇ ਮੂੰਹ ਉੱਤੇ ਪੈਂਦਾ ਹੈ, ਸ਼ਿੰਗਾਰ ਲਿਆ ਜਾਂਦਾ ਹੈ। ਘੱਗਰੀ ਦਾ ਨਾਲਾ ਸੱਜੇ ਪਾਸੇ ਬੰਨ੍ਹਿਆ ਜਾਂਦਾ ਹੈ ਤੇ ਇਸ ਨਾਲ ਇਕ ਚਾਂਦੀ ਦਾ ਛੱਬਾ ਲਟਕਦਾ ਰਹਿੰਦਾ ਹੈ । ਬਿਸ਼ਨੋਈ ਇਸਤਰੀਆਂ ਸਿਰ ਉੱਤੇ ਕਈ ਰੰਗਾਂ ਵਾਲਾ ਚੀਰਾ ਜਾਂ ਲਹਿਰੀਆ ਲੈਂਦੀਆਂ ਹਨ।
ਉੱਞ ਬਟਵਾਰੇ ਤੋਂ ਉਪਰੰਤ, ਇਨ੍ਹਾਂ ਦੀ ਪੁਸ਼ਾਕ ਵਿਚ ਪਰਿਵਰਤਨ ਆ ਰਿਹਾ ਹੈ। ਜਿਹੜੀਆਂ ਮੁਟਿਆਰਾਂ ਸਕੂਲਾਂ ਵਿਚ ਪੜ੍ਹ ਰਹੀਆਂ ਹਨ ਉਨ੍ਹਾਂ ਵਿਚ ਪੱਗਾ ਤੇ ਸੁੱਥਣ ਪਹਿਨਣ ਦਾ ਰਿਵਾਜ ਪੈ ਰਿਹਾ ਹੈ। ਵਡੇਰੀ ਉਮਰ ਦੀਆਂ ਕਈ ਸਿਆਣੀਆਂ ਨੇ ਵੀ ਆਪਣੀ ਘੱਗਰੀ ਤਿਆਗ ਦਿੱਤੀ ਹੈ ਤੇ ਉਸ ਦੀ ਥਾਂ ਸਲਵਾਰ ਨੂੰ ਅਪਣਾ ਲਿਆ ਹੈ । ਇਸ ਲਿਸ਼ ਕਰਦੀਆ ਨੀਲੀਆਂ ਤੇ ਲਾਲ ਰੰਗ ਦੀਆਂ ਘੱਗਰੀਆਂ ਦਾ ਅਲੋਪ ਹੋ ਜਾਣਾ ਸੱਚਮੁੱਚ ਹੀ ਇਕ ਦੁਖਦਾਇਕ ਗੱਲ ਹੈ। ਨਿਰਸੰਦੇਹ ਸਲਵਾਰ ਬਹੁਤ ਹੀ ਲਾਭਦਾਇਕ ਤੇ ਸਸਤੀ ਪੁਸ਼ਾਕ ਹੈ ਪਰ ਉੱਚੀਆਂ ਲੰਮੀਆ ਸਡੌਲ ਜਾਟਣੀਆਂ ਘੱਗਰੀਆਂ ਵਿਚ ਬਹੁਤ ਹੀ ਸੁੰਦਰ ਪ੍ਰਤੀਤ ਹੁੰਦੀਆ ਹਨ ਅਤੇ ਉਨ੍ਹਾਂ ਦੇ ਗੂੜ੍ਹੇ ਰੰਗ ਦੇ ਬਸਤਰ ਹਰਿਆਣੇ ਦੇ ਰੁੱਖੇ ਵਿੱਕੇ ਵਾਤਾਵਰਣ ਨੂੰ ਅਜੀਬ ਸਜੀਲਾ ਤੇ ਰੰਗੀਲਾ ਬਣਾ ਦਿੰਦੇ ਹਨ। (ਮਹਿੰਦਰ ਸਿੰਘ ਰੰਧਾਵਾ, ਸੰਪਾਦਿਤ ‘ਹਰਿਆਣੇ ਦੇ ਲੋਕ ਗੀਤ) ਕਿਧਰੇ ਕਿਧਰੇ ਅੰਗੀ ਤੇ ਘੱਗਰੀ ਦੀ ਥਾਂ ਸਾੜ੍ਹੀ, ਬਲਾਊਜ਼ ਪਹਿਨ ਕੇ ਸਿਰ ਦੇ ਵਾਲਾਂ ਦਾ ਜਲੇਬੀ-ਜੂੜਾ ਬਣਾਉਣ ਦਾ ਰਿਵਾਜ ਵੱਧ ਰਿਹਾ ਹੈ ਅਤੇ ਇਹ ਰਿਵਾਜ ਲੱਗਭੱਗ ਸਾਰੇ ਹੀ ਪੰਜਾਬ ਦਾ ਫੈਸ਼ਨ ਬਣਦਾ ਜਾ ਰਿਹਾ ਹੈ।
ਕਾਂਗੜੇ ਵਿਚ ਮਰਦ ਸਿਰ ਤੇ ਟੋਪੀ, ਗਲੇ ਵਿਚ ਲੱਕ ਤੱਕ ਨੀਵੀਂ ਕੁੜਤੀ ਜਾਂ ਲੰਮਾ ਚੋਲੂ ਅਤੇ ਤੇੜ ਕੱਛ ਜਾਂ ਸਰਦੀਆਂ ਵਿਚ ਤੰਗ ਪਜਾਮਾ ਪਹਿਨਦੇ ਹਨ। ਕਿਰਸਾਣ, ਗਰਮ ਪੱਟੁ (ਕੰਬਲ) ਵੀ ਮੋਢਿਆਂ ਤੇ ਰੱਖਦੇ ਹਨ’ ਜਿਸ ਨੂੰ ਗਰਮੀਆਂ ਵਿਚ ਮੋੜ ਕੇ ਸਿਰ ਉਤੇ ਰੱਖ ਲੈਂਦੇ ਹਨ ਤਾਂ ਜੋ ਧੁੱਪ ਤੋਂ ਬਚੇ ਰਹਿਣ। ਇਹ ਪੱਟੂ ਘਰ ਦੀਆਂ ਭੇਡਾਂ ਦੀ ਉੱਨ ਕੱਤ ਕੇ ਪਿੰਡ ਦੇ ਜੁਲਾਹੇ ਤੋਂ ਬਣਵਾ ਲਿਆ ਜਾਂਦਾ ਹੈ। ਇਹ ਲੋਕੀ ਪੈਰ ਵਿਚ ਜੁੱਤੀ ਪਹਿਨਦੇ ਹਨ। ਬਰਸਾਤ ਵਿਚ ਤਾਂ ਨੰਗੇ ਪੈਰੀਂ ਹੀ ਫਿਰਦੇ ਰਹਿੰਦੇ ਹਨ। ਅਮੀਰ ਆਦਮੀ ਸਿਰ ਦੇ ਉੱਤੇ ਦੋ ਤਿੰਨ ਰੰਗ-ਬਰੰਗੀਆਂ ਪੱਗਾਂ ਜੋੜ ਕੇ ਬੰਨ੍ਹਦੇ ਹਨ । ਇਨ੍ਹਾ ਦੀ ਪੱਗ ਦਾ ਸੱਜਾ ਪਾਸਾ ਭਾਰਾ ਹੁੰਦਾ ਹੈ। ਉਂਞ ਹੇਠਾਂ ਲਾਲ ਤੇ ਉੱਪਰ ਚਿਟੀ ਪਗੜੀ ਦਾ ਰਿਵਾਜ ਹੈ। ਗੱਦੀਆਂ ਦਾ ਪਹਿਰਾਵਾ ਬਿਲਕੁਲ ਵੱਖਰਾ ਹੁੰਦਾ ਹੈ ।’ ਇਹ ਲੋਕ ਢਿੱਲਾ ਜਿਹਾ ਇਕ ਊਨੀ ਚੋਲਾ ਪਾਉਂਦੇ ਹਨ ਜਿਸ ਨੂੰ ਲੱਕ ਉਤੇ ਉਨ ਦੀਆਂ ਡੋਰਾਂ ਨਾਲ ਬੰਨ੍ਹ ਲੈਂਦੇ ਹਨ। ਇਨ੍ਹਾਂ ਦੇ ਚੋਲਿਆਂ ਉੱਤੇ ਅਕਸਰ ਲਾਲ ਫੁੱਲ ਕੱਢੇ ਹੋਏ ਹੁੰਦੇ ਹਨ। ਬਹਿਰੂਨੀ ਸਰਾਜ ਵਿਚ ਪਗੜੀ ਵੀ ਬੰਨ੍ਹੀ ਜਾਂਦੀ ਹੈ। ਆਜੜੀ ਇਕ ਤਿੱਖੀ ਤੇ ਨੋਕਦਾਰ ਟੋਪੀ ਪਹਿਨਦੇ ਹਨ ਜਿਹੜੀ ਕੰਨਾਂ ਕੋਲੋਂ ਹੇਠਾਂ ਨੂੰ ਲਟਕਦੀ ਰਹਿੰਦੀ ਹੈ। ਤਿਉਹਾਰਾਂ ਉਤੇ ਮਰਦ ਆਪਣੇ ਗਲਾਂ ਵਿਚ ਨਗਰਸ ਤੇ ਗੇਂਦੇ ਦੇ ਹਾਰ ਪਰੋ ਕੇ ਪਾ ਲੈਂਦੇ ਹਨ ਅਤੇ ਆਪਣੀਆਂ ਟੋਪੀਆਂ ਤੇ ਵਾਲਾਂ ਵਿਚ ਵੀ ਨਰਗਸ ਦੇ ਫੁੱਲਾਂ ਦੇ ਗੁੱਛੇ ਰੱਖਦੇ ਹਨ। ਨੱਚਣ ਵੇਲੇ ਮਰਦ ਆਪਣੇ ਸਿਰ ਉਤੇ ਖੰਭਾਂ ਦੀਆਂ ਕਲਗ਼ੀਆਂ ਸਜਾ ਲੈਂਦੇ ਹਨ।
ਔਰਤਾਂ ਦੀ ਪੁਸ਼ਾਕ ਸੁੱਥਣ, ਘੱਗਰਾ, ਨਿੱਕੀ ਜਿਹੀ ਚੋਲੀ ਤੇ ਦੁਪੱਟਾ ਹੈ। ਸਰਦੀਆਂ ਵਿਚ ਖੁਰਦਰੀ ਜਿਹੀ ਛੀਂਟ ਦਾ ਡੋਰੂ (ਵਡਾ ਚੋਲਾ) ਪਹਿਨਦੀਆਂ ਹਨ ਜਿਸ ਦਾ ਗਲਾ ਬੰਦ ਹੁੰਦਾ ਹੈ ਅਤੇ ਜਿਹੜਾ ਏਨਾ ਲੰਮਾ ਹੁੰਦਾ ਹੈ ਕਿ ਸਾਰੇ ਜਿਸਮ ਨੂੰ ਕੱਜ ਲੈਂਦਾ ਹੈ। ਘੱਗਰੇ ਦੀ ਲੌਣ ਉੱਤੇ ਹਰਿਆਣੇ ਵਾਂਗ ਹੀ ਗੋਟੇ ਕਿਨਾਰੀ ਤੇ ਸਿਲਮੇ ਸਿਤਾਰੇ ਦੀ ਕਢਾਈ ਕਰਾਈ ਜਾਂਦੀ ਹੈ । ਖ਼ਾਸ ਮੌਕਿਆਂ ਲਈ, ਘੱਗਰੀ ਤੇ ਚੋਲੀ ਮਿਲ ਦੇ ਕਪੜੇ ਦੀ ਬਣੀ ਹੋਈ ਪਹਿਨੀ ਜਾਂਦੀ ਹੈ ਅਤੇ ਸਿਰ ਉਤੇ ਪੀਲਾ-ਸੋਸਨੀ ਦੁਪੱਟਾ ਲਿਆ ਜਾਂਦਾ ਹੈ । ਮੁਸਲਮਾਨ ਇਸਤਰੀਆਂ ਘੱਗਰੇ ਦੀ ਥਾਂ ਖੁਲ੍ਹੀ ਮੂਹਰੀ ਵਾਲੀ ਸਲਵਾਰ ਅਤੇ ਡੋਰੂ ਦੀ ਥਾਂ ਪੇਸ਼ਵਾਜ਼ ਪਹਿਨਦੀਆਂ ਸਨ । ‘ਗੱਦਣਾ ਰੰਗ-ਬਰੰਗੇ ਰੁਮਾਲਾਂ ਦੀਆਂ ਬਹੁਤ ਸ਼ੁਕੀਨ ਹੁੰਦੀਆਂ ਹਨ। ਇਨ੍ਹਾਂ ਨੂੰ ਉਹ ਬੜੇ ਚਾਉ ਨਾਲ ਵਿਖਾਉਂਦੀਆਂ ਫਿਰਦੀਆਂ ਹਨ। ਉਹ ਆਪਣੇ ਮਰਦਾਂ ਨੂੰ ਵੀ ਚੋਲਿਆਂ ਤੇ ਟੋਪੀਆਂ ਵਿਚ ਹੀ ਵੇਖ ਕੇ ਖੁਸ਼ ਹੁੰਦੀਆ ਹਨ
ਉਨ੍ਹਾਂ ਦਾ ਚੌਲਾ ਗੱਦਣੀ ਛੋੜੀ ਦੇਣਾ ਛੋੜੀ ਦੇਣਾ,
ਰੇਸ਼ਮੀ ਪੁਸ਼ਾਕਾਂ ਜੋ ਆ, ਮੇਰੀਏ ਬਾਂਕੀਏ ਗੱਦਣੇ !
ਰੇਸਮੀ ਪੁਸ਼ਾਕਾਂ ਰਾਜਾ ਜੀ ਰਾਣੀਆਂ ਜੋ ਬਣੀਆਂ,
ਊਨੀ ਦਾ ਚੋਲਾ ਪਿਆਰਾ, ਮੇਰਿਆਂ ਬਾਂਕਿਆਂ ਗੱਦੀਆ !
‘ਕੁਲੂ’ ਦੀ ਇਸਤਰੀ ਬੜੀ ਸਿਆਣਪ ਤੇ ਸਫਾਈ ਨਾਲ ਇਕ ਕੰਬਲ ਆਪਣੇ ਦੁਆਲੇ ਵਲ੍ਹੇਟ ਛੱਡਦੀ ਹੈ । ਛਾਤੀ ਉੱਤੇ, ਇਸ ਨੂੰ ਇਕ ਪਿੰਨ ਲਗਾਉਂਦੀ ਤੇ ਲੱਕ ਉਤੇ ਇਸ ਨੂੰ ਇਕੱਠਾ ਕਰ ਕੇ ਕਪੜੇ ਦੀ ਇਕ ਪੇਟੀ ਨਾਲ ਬੰਨ੍ਹ ਲੈਂਦੀ ਹੈ । ਕੰਬਲ ਸਾਰੇ ਜਿਸਮ ਨੂੰ ਪੂਰੀ ਤਰ੍ਹਾਂ ਢਕ ਵੀ ਲੈਂਦਾ ਹੈ ਤੇ ਹਿੱਕ-ਉਭਾਰਾਂ ਨੂੰ ਵੀ ਦਰਸਾਉਂਦਾ ਰਹਿੰਦਾ ਹੈ। ਉਨੀ ਕੱਪੜੇ ਦਾ ਇਕ ਟੋਟਾ ਲੈ ਕੇ ਗਿੱਟਿਆਂ ਉਪਰ ਜੁੱਤੀ ਦੇ ਅੰਦਰ ਤਕ ਵਲ੍ਹੇਟ ਲਿਆ ਜਾਂਦਾ ਹੈ । ਕੁੱਲੂ ਦੀ ਸਵਾਣੀ ਸਿਰ ਦੇ ਪਹਿਰਾਵੇ ਨੂੰ ਬਹੁਤ ਸ਼ਿੰਗਾਰਦੀ ਹੈ । ਪੁੜਪੁੜੀਆਂ ਤੋਂ ਜ਼ਰਾ ਉੱਤੇ ਇਕ ਛੋਟਾ ਜਿਹਾ ਨਖਰੀਲਾ ਰੁਮਾਲ ਬੰਨ੍ਹਿਆ ਜਾਂਦਾ ਹੈ । ਸਿਰ ਦਾ ਸਭ ਤੋਂ ਮਨ-ਭਾਉਂਦਾ ਓਢਣ, ਕਾਲਾ ਜਾਂ ਗੂੜਾ ਲਾਲ ਠਿੱਪੂ (ਰੁਮਾਲ) ਹੁੰਦਾ ਹੈ, ਜਿਹੜਾ ਸਾਰੇ ਦੇ ਸਾਰੇ ਵਾਲਾਂ ਨੂੰ ਢਕ ਲੈਂਦਾ ਹੈ। ਗਰਦਨ ਦੇ ਪਿੱਛੇ ਰੁਮਾਲ ਦੀ ਗੱਠ ਬੰਨ੍ਹ ਲਈ ਜਾਂਦੀ ਹੈ। ਤਿਉਹਾਰਾਂ ਸਮੇਂ ਇਸਤਰੀਆਂ ਲਾਲ ਤੇ ਕਾਲਾ ਲਿਬਾਸ ਪਹਿਨਦੀਆਂ ਹਨ ਤੇ ਹੱਥ ਵਿਚ ਰੁਮਾਲ ਫੜਦੀਆਂ ਹਨ
‘ਤੇਰੇ ਹਥੜੂਏ ਰੁਮਾਲ ਸੋਹੇ ।`
ਨਿਹੰਗ ਸਿੰਘ ਸਿਰ ਤੇ ਨੀਲਾ ਦੁਮਾਲਾ, ਗਲ, ਨੀਲਾ ਚੰਗਾ ਅਤੇ ਤੇੜ ਕਛਹਿਰਾ ਪਹਿਨਦੇ ਹਨ। ਨਾਮਧਾਰੀ ਸਿੱਖ ਇਹੀਓ ਬਸਤਰ ਚਿੱਟੇ ਰੰਗ ਦੇ ਪਹਿਨਦੇ ਹਨ ਪਰ ਉਹ ਪਗੜੀ ਮੁਗਲਈ ਢੰਗ ਦੀ ਤਿਰਛੀ ਜਿਹੀ ਬੰਨ੍ਹ ਕੇ ਇਸ ਨੂੰ ਘੁੰਮਾ ਕੇ ਅੱਗੇ ਪਿੱਛੇ ਦਾ ਹਿੱਸਾ ਕੰਨਾ ਤੇ ਕਰ ਲੈਂਦੇ ਹਨ।
ਮੋਟੇ ਰੂਪ ਵਿਚ ਸਿਰ ਦੇ ਵਾਲ ਬਣਾਉਣੇ ਵੀ ਇਸਤਰੀਆਂ ਦਾ ਖ਼ਾਸ ਸਿੰਗਾਰ ਹੈ। ਬਹੁਤ ਨਿੱਕੀ ਕੁੜੀ ਦੇ ਵਾਲ ਵਿਚਕਾਰ ਚੀਰਵੀਂ ਰੱਖ ਕੇ ਆਲੇ-ਦੁਆਲੇ ਨੂੰ ਵਾਹੇ ਜਾਂਦੇ ਹਨ ਤੇ ਗੁੱਤ ਕੀਤੀ ਜਾਂਦੀ ਹੈ। ਥੋੜੀ ਵੱਡੀ ਹੋਣ ਉੱਤੇ ਉਸ ਦੇ ਆਲੇ-ਦੁਆਲੇ ਦੇ ਵਾਲ ਮੀਂਢੀਆਂ ਨਾਲ ਗੁੰਦੇ ਜਾਂਦੇ ਹਨ। ਵਿਆਹ ਸਮੇਂ ਇਹ ਮੀਂਢੀਆਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ, ਇਸ ਤੋਂ ਪਿੱਛੇ ਗੁੱਤ ਜਾਂ ਜੂੜਾ ਕਰ ਲਿਆ ਜਾਂਦਾ ਹੈ ।
ਕਿਧਰੇ ਕਿਧਰੇ, ਮੱਥੇ, ਗੱਲ੍ਹਾਂ, ਬੁੱਲ੍ਹ, ਡੋਲੇ, ਬਾਹਾਂ, ਵੀਣੀ, ਮੁੱਠ, ਪਿੰਝਣੀਆਂ, ਛਾਤੀ ਤੇ ਲੱਕ ਉਤੇ ਕਾਲੇ ਮੋਰ ਤੇ ਬੂਟੇ ਉਕਰਵਾਉਣਾ ਵੀ ਸ਼ਿੰਗਾਰ ਵਿਚ ਸ਼ਾਮਲ ਹੈ। ਇਹ ਰਿਵਾਜ, ਬਹੁਤ ਪੁਰਾਣੇ ਵਸਨੀਕਾਂ ਨੂੰ ਛੱਡ ਕੇ ਕੇਵਲ ਭਾਰਤ ਵਿਚ ਹੀ ਮਿਲਦਾ ਹੈ। ਇਨ੍ਹਾਂ ਵੇਲ ਬੂਟਿਆਂ ਨੂੰ ਵਿਖਾਉਣ ਵਾਸਤੇ ਜਿਸਮ ਦਾ ਬਹੁਤ ਸਾਰਾ ਹਿੱਸਾ ਨੰਗਾ ਰੱਖਿਆ ਜਾਂਦਾ ਹੈ। ਕੱਪੜੇ ਛੋਟੇ ਪਹਿਨੇ ਜਾਂਦੇ ਹਨ। ਜੋ ਗਹਿਣਿਆਂ ਵਾਸਤੇ ਪੰਜਾਬਣ ਕਹਿੰਦੀ ਹੈ :
‘ਮੈਨੂੰ ਸੋਨੇ ਦਾ ਤਵੀਤ ਘੜਾ ਦੇ, ਚਾਂਦੀ ਦਾ ਕੀ ਤਾਰ ਚੁੱਕਣਾ ।‘
ਤਾਂ ਪੁਸ਼ਾਕ ਬਾਰੇ ਇਹ ਵੀ ਕਹਿ ਲੈਂਦੀ ਹੈ :
ਲੋਕ ਪਹਿਨਦੇ ਵਲੈਤੀ ਟੋਟੇ, ਫੂਕਾਂ ਫੁਲਕਾਰੀ ਨੂੰ ।
ਮਿਲ ਦਾ ਕਪੜਾ ਪਹਿਨਣ ਦਾ ਸ਼ੌਕ ਤੇਜ਼ ਹੋ ਰਿਹਾ ਹੈ। ਪਰ ਗਾਂਧੀ ਜੀ ਦੀ ਚਰਖਾ-ਤਹਿਰੀਕ ਨੇ ਇਸਤਰੀਆਂ ਪੁਰਸ਼ਾਂ ਵਿਚ ਖੱਦਰ ਦਾ ਰਿਵਾਜ ਵਧਾ ਦਿੱਤਾ ਹੈ। ਮਰਦ ਸਿਰ ਉਤੇ ਗਾਂਧੀ ਟੋਪੀ ਬੜੇ ਚਾਉ ਨਾਲ ਲੈਂਦੇ ਹਨ ਤੇ ਨਹਿਰੂ ਵਾਸਕਟ ਦਾ ਕਾਫ਼ੀ ਰਿਵਾਜ ਹੋ ਚਲਿਆ ਹੈ।
ਪੱਛਮੀ ਪੰਜਾਬ ਤੋਂ ਆਏ ਸ਼ਰਨਾਰਥੀਆਂ ਨੇ ਇਧਰ ਦੇ ਵਸਨੀਕਾਂ ਦੇ ਪਹਿਰਾਵੇ ਤੇ ਹਾਰਸ਼ਿੰਗਾਰ ਉੱਤੇ ਬਹੁਤ ਜ਼ਿਆਦਾ ਅਸਰ ਪਾਇਆ ਹੈ। ਉਨ੍ਹਾਂ ਨੂੰ ਗਹਿਣਿਆਂ ਦਾ ਸ਼ੌਕ ਘੱਟ ਹੈ ਤੇ ਪਹਿਰਾਵੇ ਦਾ ਬਹੁਤਾ। ਇਹੋ ਦ੍ਰਿਸ਼ਟੀਕੋਣ ਅੱਜ ਦੀ ਮੁਟਿਆਰ ਦਾ ਬਣ ਰਿਹਾ ਹੈ। ਸ਼ਹਿਰਾਂ ਵਿਚ ਪੜ੍ਹਨ ਵਾਲੀਆਂ ਕੁੜੀਆਂ ਵੇਖੋ ਤਾਂ ਚਿੱਟੀ ਸਲਵਾਰ, ਚਿੱਟੇ ਜੰਪਰ ਤੇ ਚਿੱਟੇ ਹੀ ਦੁਪੱਟੇ ਨਾਲ ਬਗਲੇ ਵਰਗੀਆਂ ਹੁਸੀਨ ਲਗਦੀਆਂ ਹਨ। ਇੱਥੋਂ ਤੱਕ ਕਿ ਉਹ ਕਾਲੇ ਵਾਲ ਵੀ ਚਿੱਟੇ ਦੁਪੱਟੇ ਨਾਲ ਢਕ ਕੇ ਰੱਖਦੀਆਂ ਹਨ। ਮਰਦ ਵੀ ਸਾਦਗੀ-ਪਸੰਦ ਹੋ ਰਹੇ ਹਨ ਤੇ ਕੰਠੇ ਆਦਿ ਗਹਿਣਿਆਂ ਦਾ ਭਾਰ ਚੁੱਕਣ ਲਈ ਤਿਆਰ ਨਹੀਂ । ਉਂਞ ਹਰ ਇਲਾਕੇ ਵਿਚ ਆਪਣੀ ਹੀ ਕਿਸਮ ਦੀ ਸ਼ੁਕੀਨੀ ਵੱਧ ਰਹੀ ਹੈ। ਦੁਆਬੇ ਦੇ ਸ਼ੁਕੀਨ ਗਭਰੂ ਪੈਰੀਂ ਗੁਰਗਾਬੀ, ਤੇੜ ਗਿੱਟਿਆਂ ਤੋਂ ਉੱਚੀ ਤੇ ਖੁੱਲ੍ਹੀ ਪੈਂਟ, ਗਲ ਕਮੀਜ਼ ਜਿਸ ਨੂੰ ਉਹ ਪੈਂਟ ਦੇ ਵਿਚ ਨਹੀਂ ਦਬਾਂਦੇ ਅਤੇ ਸਿਰ ਤੇ ਗੋਲ ਪਗੜੀ ਬੰਨ੍ਹਦੇ ਹਨ ਜਿਸ ਦਾ ਗਿੱਠ ਕੁ ਭਰ ਲੰਮਾ ਲੜ ਆਪਣੀ ਪਿੱਠ ਤੇ ਮੋਢਿਆਂ ਉੱਤੇ ਖਿਲਾਰ ਛੱਡਦੇ ਹਨ। ਹਿੰਦੂ ਮੁੰਡੇ ਪਟੇ ਵਾਹ ਕੇ ਜ਼ਰਾ ਸੁਰਮਾ ਵੀ ਪਾ ਲੈਂਦੇ ਹਨ। ਪੰਜਵੀਂ ਪਾਸ ਕੁੜੀ ਵੀ ਵਹੁਟੀ ਬਣ ਕੇ, ਰੇਸ਼ਮੀ ਚਾਦਰ ਦੀ ਬੁੱਕਲ ਤਾਂ ਭਾਵੇਂ ਮਾਰ ਲਵੇ ਪਰ ਨੱਥ, ਚੂੜਾ ਤੇ ਘੱਗਰੀ ਨਹੀਂ ਪਹਿਨਦੀ। ਵਲਾਇਤੋਂ ਖੱਟੀ ਖਟ ਕੇ ਲਿਆਏ ਅੱਧ-ਖੜ ਬੁੱਢੇ ਵੀ ਆਪਣੇ ਹਾਣੀ ਪੰਜਾਬੀਆਂ ਉੱਤੇ ਭਾਰਤੀ-ਅੰਗਰੇਜ਼ੀ ਮਿਲਵੇਂ ਜਿਹੇ ਪਹਿਰਾਵੇ ਦਾ ਅਸਰ ਪਾ ਰਹੇ ਹਨ। ਪੰਜਾਬਣ ਦੀ ਸਲਵਾਰ ਕਮੀਜ਼ ਤਾਂ ਸਾਰੇ ਹੀ ਭਾਰਤ ਵਿਚ ਹਰਮਨ-ਪਿਆਰੀ ਹੋ ਰਹੀ ਹੈ, ਇੱਥੋਂ ਤੱਕ ਕਿ ਟੈਰੀਟੋਰੀਅਲ ਆਰਮੀ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਲਈ ਤਾਂ ਇਹ ਵਰਦੀ ਨੀਅਤ ਹੀ ਹੋ ਗਈ ਹੈ। ਵਿਆਂਹਦੜ ਨਾਰ ਦੇ ਉਹ ਚੋਪ ਵੀ ਨਹੀਂ ਮਿਲਦੇ ਜਿਨ੍ਹਾਂ ਦੀ ਤਹਿ ਚਾਰ ਆਦਮੀ’ਮਿਲ ਕੇ ਲਾਉਂਦੇ ਸਨ ਅਤੇ ਪੁਰਾਣੇ ਤਿਉਰ (ਘਗਰਾ ਕੁੜਤੀ) ਦਿਨ-ਬ-ਦਿਨ ਲੋਪ ਹੁੰਦੇ ਜਾਂਦੇ ਹਨ।