ਨਾਵਲ (ਉਪਨਿਆਸ) ਆਧੁਨਿਕ ਯੁੱਗ ਦੀ ਉਪਜ ਹੈ। ਮੱਧਕਾਲ ਵਿਚ ਜੋ ਮਹੱਤਵ ਮਹਾਕਾਵਿ ਨੂੰ ਪ੍ਰਾਪਤ ਸੀ ਆਧੁਨਿਕ ਯੁੱਗ ਵਿਚ ਉਹੋ ਮਹੱਤਵ ਨਾਵਲ ਨੂੰ ਉਪਲਬਧ ਹੈ। ਆਧੁਨਿਕ ਵਿਅਕਤੀ, ਸਮਾਜ ਤੇ ਜੀਵਨ ਦਾ ਵਰਤਾਰਾ ਕਿਉਂਕਿ ਜਟਿਲ ਹੈ ਇਸ ਲਈ ਸਾਹਿਤ ਵਿਚ ਕਿਸੇ ਅਜੇਹੇ ਰੂਪਾਕਾਰ ਦੀ ਲੋੜ ਸੀ ਜੋ ਜੀਵਨਗਤ ਜਟਿਲਤਾਵਾਂ ਨੂੰ ਪੂਰੇ ਵਿਸਤਾਰ ਨਾਲ ਰੂਪਮਾਨ ਕਰ ਸਕੇ, ਅੱਜ ਦੀ ਇਹ ਨਾਵਲ-ਕਲਾ ਇਸ ਲੋੜ ਦੀ ਪੂਰਤੀ ਕਰਨ ਦੇ ਸਮਰਥ ਹੈ।
ਪੰਜਾਬੀ ਵਿਚ ਨਾਵਲ ਦੀ ਉਪਜ ਪੱਛਮੀ ਪ੍ਰਭਾਵ ਦਾ ਪ੍ਰਤਿਫਲ ਹੈ। ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਨਾਲ ਪੰਜਾਬ ਦੇ ਸਭਿਆਚਾਰ, ਸਾਹਿਤ, ਜੀਵਨ ਤੇ ਵਿਚਾਰਧਾਰਾ ਉਤੇ ਪੱਛਮ ਦਾ ਪ੍ਰਭਾਵ ਪੈਣਾ ਸ਼ੁਰੂ ਹੋਇਆ। ਪੱਛਮ ਦੇ ਵਿਕਸਿਤ ਨਾਵਲ ਦੀ ਰੀਸੋ ਰੀਸ ਪੰਜਾਬੀ ਸਾਹਿਤ ਵਿਚ ਵੀ ਨਾਵਲ ਲਿਖਣ ਦੀ ਪਰੰਪਰਾ ਦਾ ਸੂਤਰਪਾਤ ਹੋਇਆ। ਭਾਈ ਵੀਰ ਸਿੰਘ ਪੰਜਾਬੀ ਦਾ ਪਹਿਲਾ ਨਾਵਲਕਾਰ ਸੀ।
ਭਾਈ ਵੀਰ ਸਿੰਘ (1872-1957)
ਭਾਈ ਵੀਰ ਸਿੰਘ ਨੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਲਿਖਣਾ ਸ਼ੁਰੂ ਕੀਤਾ ਇਸ ਲਈ ਵੀਰ ਸਿੰਘ ਉਸ ਧਾਰਮਿਕ ਸਕੰਲਪ ਦੀ ਭਾਵਨਾ ਦੀ ਪ੍ਰਤਿਨਿਧਤਾ ਕਰਦਾ ਹੈ। ਜਿਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸਿੰਘ ਸਭਾ ਦਾ ਧਰਮ ਉਦੇਸ਼ ਸੀ। ਸਿੰਘ ਮਭਾ ਦਾ ਮਕਸਦ ਸਿੱਖਾਂ ਵਿਚ ਜਾਗ੍ਰਤੀ ਪੈਦਾ ਕਰਨਾ ਸੀ ਜਿਸ ਨਾਲ ਸਿੱਖਾਂ ਦਾ ਧਾਰਮਿਕ ਉਥਾਨ ਹੋਵੇ। ਇਸ ਲਈ ਭਾਈ ਵੀਰ ਸਿੰਘ ਦੇ ਨਾਵਲ ਸਿੱਖ ਇਤਿਹਾਸ ਤੇ ਸਿੱਖ ਧਰਮ ਦੀ ਹੀ ਕਥਾਤਮਕ ਵਿਆਖਿਆ ਜਾਂ ਸਾਹਿਤਿਕ ਰੂਪਾਂਤਰਣ ਕਹੇ ਜਾ ਸਕਦੇ ਹਨ। ਵੀਰ ਸਿੰਘ ਦੇ ਨਾਵਲ ਇਹ ਹਨ : ਸੁੰਦਰੀ (1897) ਬਿਜੈ ਸਿੰਘ (1898) ਸਤਵੰਤ ਕੌਰ (1900) ਬਾਬਾ ਨੌਧ ਸਿੰਘ, ਸੁਭਾਗ ਜੀ ਦਾ ਸੁਧਾਰ (1917)।
ਭਾਈ ਵੀਰ ਸਿੰਘ ਦੀ ਪਰੰਪਰਾ ਵਿਚ ਇਸ ਦੌਰ ਦੇ ਹੋਰ ਕਈ ਨਾਵਲਕਾਰ ਹੋਏ ਜਿਨ੍ਹਾਂ ਵਿਚ ਇਹ ਵਰਣਨਯੋਗ ਹਨ : ਚਰਨ ਸਿੰਘ ਸ਼ਹੀਦ (ਕਰਤਾ ਬਹਾਦਰ ਦਲੇਰ ਕੌਰ, ਚੰਚਲ ਮੂਰਤੀ, ਜਗਤ ਤਮਾਸ਼ਾ, ਦੋ ਵਹੁਟੀਆਂ, ਬਹਾਦਰ ਰਣਜੀਤ ਕੌਰ, ਬਾਦਸ਼ਾਹੀ ਚੋਜ, ਜੋਗਨ ਜਾਦੂਗਰਨੀ, ਕੌਣ ਜਿਤਿਆ) ਮੋਹਨ ਸਿੰਘ ਵੈਦ (ਕਰਤਾ: ਪਤੀ ਪ੍ਰੇਮਣ ਬਨਵਾਸਣ, ਕਮਾਈ ਦੀ ਬਰਕਤ, ਸੁਭਾਗ ਕੌਰ, ਇਕ ਸਿੱਖ ਘਰਾਣਾ, ਕੁਲਵੰਤ ਕੌਰ, ਪਖੰਡ ਪ੍ਰਹਾਰ, ਸੁਖੀ ਪਰਿਵਾਰ, ਪਤੀ ਪ੍ਰੇਮ, ਸੁਸ਼ੀਲ ਵਿਧਵਾ, ਦੰਪਤੀ ਪਿਆਰ, ਸਰੇਸ਼ਟ ਕੁਲਾਂ ਦੀ ਚਾਲ) ਭਾਈ ਅਮਰ ਸਿੰਘ (ਕਰਤਾ: ਘਰ ਦਾ ਨਿਰਬਾਹ, ਸੁਲਖੀ ਧੀ, ਛੋਟੀ ਨੂੰਹ, ਸੁਚੱਜੀ ਮਾਂ, ਉਤੱਮ ਜੀਵਨ) ਅਮੀਰ ਸਿੰਘ ਹਕੀਮ (ਪ੍ਰਕਾਸ਼ ਕੌਰ) ਗਿਆਨੀ ਗਿਆਨ ਸਿੰਘ (ਬਲਵੰਤ ਕੌਰ) ਆਦਿ ।
ਨਾਨਕ ਸਿੰਘ (1897-1971)
ਸਰਦਾਰ ਨਾਨਕ ਸਿੰਘ ਦੇ ਪ੍ਰਵੇਸ਼ ਨਾਲ ਪੰਜਾਬੀ ਨਾਵਲ ਦਾ ਅਗਲਾ ਦੌਰ ਸ਼ੁਰੂ ਹੁੰਦਾ ਹੈ । ਪੰਜਾਬੀ ਨਾਵਲ ਦੇ ਪ੍ਰਮਾਣਿਕ ਰੂਪ ਨੂੰ ਸਿਰਜਣ ਵਾਲਾ ਨਾਨਕ ਸਿੰਘ ਹੀ ਸੀ । ਨਾਨਕ ਸਿੰਘ ਸੁਧਾਰਵਾਦੀ ਨਾਵਲਕਾਰ ਸੀ ਪਰ ਉਸਦਾ ਸੁਧਾਰਵਾਦ ਜਿਥੇ ਭਾਈਚਾਰਕ ਅਰਥ ਰੱਖਦਾ ਹੈ ਉਥੇ ਵਿਅਕਤੀਗਤ ਪੱਧਰ ਉਤੇ ਵਿਅਕਤੀ ਨੂੰ ਚਰਿਤਰ-ਉਸਾਰੀ ਦੀ ਪ੍ਰੇਰਨਾ ਵੀ ਦੇਂਦਾ ਹੈ। ਨਾਨਕ ਸਿੰਘ ਨੇ ਨਾਵਲ ਸਿੱਖ ਪਰਿਵਾਰਾਂ ਤੱਕ ਹੀ ਸੀਮਤ ਨਹੀ ਸਨ ਉਨ੍ਹਾਂ ਦਾ ਕਰਮ-ਖੇਤਰ ਸਮੁਚੀ ਮਾਨਵ ਜਾਤੀ ਸੀ, ਉਹ ਆਮ ਲੋਕਾਂ ਦੇ ਸੁੱਖ ਦੁੱਖ ਦਾ ਸ਼ਰੀਕ ਸੀ ਅਤੇ ਗਲਤ ਕੀਮਤਾਂ ਤੇ ਕੁਰੀਤੀਆਂ ਨੂੰ ਭੰਡਦਾ ਸੀ । ਉਸ ਦੇ ਨਾਵਲਾਂ ਵਿਚ ਚੋਰੀਆਂ, ਡਾਕੇ, ਉਧਾਲੇ, ਭ੍ਰਿਰਸ਼ਟਾਚਾਰ, ਵੇਸਵਾ, ਜਨਤਕ, ਲੀਡਰਾਂ ਦੇ ਪਖੰਡ, ਅਨਪੜ੍ਹਤਾ, ਜਹਾਲਤ, ਅੰਧ ਵਿਸ਼ਵਾਸ਼, ਇਸਤਰੀ ਦੀ ਦੁਰਦਸ਼ਾ, ਵਿਧਵਾ-ਵਿਆਹ ਆਦਿ ਸਮਾਜਕ ਤੇ ਨੈਤਿਕ ਵਿਸ਼ੇ ਪ੍ਰਸਤੁਤ ਹੋਏ ਹਨ। ਉਸ ਨੇ ਇਤਿਹਾਸਕ ਤੇ ਸਮਕਾਲੀ ਰਾਜਨੀਤਿਕ ਵਿਸ਼ਿਆ ਦਾ ਵੀ ਚਿਤਰਣ ਕੀਤਾ ਹੈ। ਨਾਨਕ ਸਿੰਘ ਦੀ ਨਾਵਲੀ ਜੁਗਤ ਤੇ ਕਥਾਨਕ ਬੜੇ ਹੀ ਰਸਦਾਇਕ ਰੋਚਕ ਤੇ ਦਿਲਚਸਪ ਸਨ । ਇਸ ਲਈ ਪੰਜਾਬੀ ਨੂੰ ਹਰ ਦਿਲ ਅਜ਼ੀਜ਼ ਬਣਾਉਣ ਵਿਚ ਨਾਨਕ ਸਿੰਘ ਦਾ ਇਕ ਇਤਿਹਾਸਿਕ ਯੋਗਦਾਨ ਹੈ। ਨਾਨਕ ਸਿੰਘ ਦੇ ਨਾਵਲਾਂ ਦੀ ਸੂਚੀ ਲੰਮੀ ਹੈ :- ਪ੍ਰੇਮ ਸੰਗੀਤ, ਫੌਲਾਦੀ ਫੁੱਲ, ਚਿੱਟਾ ਲਹੂ, ਕਾਗਤਾਂ ਦੀ ਬੇੜੀ, ਗ਼ਰੀਬ ਦੀ ਦੁਨੀਆ, ਪਿਆਰ ਦੀ ਦੁਨੀਆ, ਅਧਖਿੜਿਆ ਫੁਲ, ਪਵਿਤਰ ਪਾਪੀ, ਧੁੰਧਲੇ ਪਰਛਾਵੇ, ਦੂਰ ਕਿਨਾਰਾ, ਲਵ ਮੈਰਿਜ਼, ਗੰਗਾ ਜਲੀ ਵਿਚ ਸ਼ਰਾਬ, ਟੁੱਟੀ ਵੀਣਾ, ਅੱਗ ਦੀ ਖੇਡ, ਖੂਨ ਦੇ ਸੋਹਿਲੇ, ਆਦਮ ਖੋਰ, ਕਾਲ ਚੱਕਰ, ਮੰਝਧਾਰ, ਕਟੀ ਹੋਈ ਪਤੰਗ, ਸੁਮਨ ਕਾਂਤਾ, ਨਾਸੁਰ, ਚਿਤ੍ਰਕਾਰ, ਆਸਤਕ ਨਾਸਿਤਕ, ਬੰਜਰ, ਪੁਜਾਰੀ, ਛਲਾਵਾਂ, ਮਤਰੇਈ ਮਾਂ, ਸੰਗਮ, ਜੀਵਨ ਸੰਗਰਾਮ, ਪੱਥਰ ਦੇ ਖੰਭ, ਮਿਠਾ ਮਹੁਰਾ, ਕੋਈ ਹਰਿਆ ਬੂਟ ਰਹਿਓ ਹੀ, ਗਗਨ ਦਮਾਮਾ ਬਾਜਿਓ, ਇਕ ਮਿਆਨ ਦੋ ਤਲਵਾਰਾਂ, ਸਰਾਪੀਆਂ ਰੂਹਾਂ ਆਦਿ।
ਸੁਰਿੰਦਰ ਸਿੰਘ ਨਰੂਲਾ (1917- )
ਨਰੂਲਾ ਤੇ ਇਹ ਨਾਵਲ ਹਨ :- ਪਿਉ ਪੁੱਤਰ, ਜਗਰਾਤਾ, ਰੰਗ ਮਹਲ, ਦੀਨ ਤੇ ਦੁਨੀਆ, ਲੋਕ ਦੁਸ਼ਮਣ, ਨੀਲੀਬਾਰ, ਸਿਲ ਆਲੂਣੀ, ਜਗਬੀਤੀ, ਆਪਣੇ ਪਰਾਏ, ਦਿਲ ਦਰਿਆ, ਧਰਤੀ ਲੋਕਾਂ ਦੀ, ਗੱਲਾਂ ਦਿਨ ਰਾਤ ਦੀਆਂ, ਰਾਹੇ ਕੁਰਾਹੇ, ਰਾਤਾਂ ਹੋਈਆਂ ਵੱਡੀਆਂ। ਨਰੂਲਾ ਦੇ ਨਾਵਲ ਪੰਜਾਬੀ ਨਾਵਲ ਪਰੰਪਰਾ ਨੂੰ ਅਗਾਂਹ ਤੋਰਣ ਦੇ ਪ੍ਰਤੀਕ ਹਨ। ਇਨ੍ਹਾਂ ਦਾ ਵਸਤੂ ਆਧਾਰ ਪ੍ਰਮੁੱਖ ਤੌਰ ਤੇ ਸਮਾਜਿਕ ਯਥਾਰਥ ਹੈ ਜਿਸ ਦੁਆਰਾ ਉਹ ਜ਼ਿੰਦਗੀ ਦੀ ਵਾਸਤਵਿਕਤਾ ਨੂੰ ਤਸਵੀਰਦਾ ਹੈ। ਆਮ ਸਮਾਜਕ ਸਥਿਤੀ ਵਿਚ ਮਨੁੱਖੀ ਵਰਤਾਰੇ ਨੂੰ ਗਲਪ-ਬਿੰਬ ਵਿਚ ਉਸਾਰਣ ਦਾ ਉਹ ਕੁਸ਼ਲ ਕਲਾਕਾਰ ਹੈ। ਨਰੂਲਾ ਦੇ ਨਾਵਲਾਂ ਵਿਚ ਸ਼ਹਿਰੀ ਜੀਵਨ ਵਧੇਰੇ ਪ੍ਰਭਾਵ ਨਾਲ ਚਿਤਰਿਤ ਹੋਇਆ ਹੈ।
ਕਰਤਾਰ ਸਿੰਘ ਦੁੱਗਲ (1917- )
ਦੁੱਗਲ ਭਾਵੇਂ ਕਹਾਣੀਕਾਰ ਵਜੋਂ ਵਧੇਰੇ ਸਥਾਪਿਤ ਹੈ ਪਰ ਇਸ ਨੇ ਨਾਵਲ ਲਿਖਕੇ ਵੀ ਆਪਣਾ ਥਾਂ ਬਣਾ ਲਿਆ ਹੈ। ਨਾਵਲ ਇਹ ਹਨ :- ਨਹੁੰ ਤੇ ਮਾਸ, ਆਂਦਰਾਂ, ਇਕ ਦਿਲ ਵਿਕਾਊ ਹੈ, ਦਿਲ ਦਰਿਆ, ਹਾਲ ਮੁਰੀਦਾਂ ਦਾ, ਮੇਰਾ ਦਿਲ ਮੋੜ ਦੇ, ਅੰਮੀ ਨੂੰ ਕੀ ਹੋ ਗਿਆ, ਮਾਂ ਪਿਉ ਜਾਏ, ਮਨ ਪਰਦੇਸੀ ।
ਦੁੱਗਲ ਦੀ ਪਹੁੰਚ-ਵਿਧੀ ਆਮ ਕਰਕੇ ਰੋਮਾਂਟਿਕ ਹੈ ਪਰ ਉਹ ਅੰਤਰ-ਮਨ ਦੀਆਂ ਭਾਵਨਾਵਾਂ ਨੂੰ ਚਿਤਰਿਤ ਕਰਨ ਵਿਚ ਵੀ ਕਮਾਲ ਕਰਦਾ ਹੈ। ਉਸਦੇ ਨਾਵਲ “ਆਂਦਰਾਂ” ਵਿਚ ਪੋਠੋਹਾਰ ਦੇ ਸਥਾਨਿਕ ਪਿਛੋਕੜ ਵਿਚ ਜਗੀਰਦਾਰੀ ਨਿਜਾਮ ਤੇ ਉਭਰ ਰਹੀ ਮੁਜ਼ਾਰਾ ਸ੍ਰੇਣੀ ਦੇ ਸੰਘਰਸ਼ ਦੀ ਗਾਥਾ ਅੰਕਿਤ ਹੈ। ਪਰ ਨਵੀਨ ਕ੍ਰਿਤੀਆਂ ਵਿਚ ਉਹ ਮਨੁੱਖੀ ਸ਼ਖਸ਼ੀਅਤ ਤੇ ਕਿਰਦਾਰ ਦਾ ਚਿਤੱਰਕਾਰ ਬਣਿਆ ਹੈ।
ਸੰਤ ਸਿੰਘ ਸੇਖੋਂ (1908-1997)
ਸੰਤ ਸਿੰਘ ਸੇਖੋਂ ਨੇ ਲਹੂ ਮਿਟੀ ਤੇ ਬਾਬਾ ਆਸਮਾਨ ਦੋ ਨਾਵਲ ਲਿਖੇ ਹਨ ਜਿਨ੍ਹਾਂ ਵਿਚ ਪੰਜਾਬੀ ਦੀ ਜੱਟ ਸ਼੍ਰੇਣੀ ਦੀਆਂ ਸਮਸਿਆਵਾਂ ਨੂੰ ਨਾਵਲੀ ਜੁਗਤਾ ਰਾਹੀਂ ਪੇਸ਼ ਕੀਤਾ ਹੈ।
ਹਰੀ ਸਿੰਘ ਦਿਲਬਾਗ (1925- )
ਹਰੀ ਸਿੰਘ ਦਿਲਬਾਗ ਨੇ ਪੇਂਡੂ ਸਮਾਜਿਕ ਜੀਵਨ ਨੂੰ ਰੋਚਕ ਵਿਧੀ ਨਾਲ ਆਪਣੇ ਨਾਵਲਾਂ ਵਿਚ ਚਿਤਰਿਆ ਹੈ। ਦਿਲਬਰ ਦੇ ਨਾਵਲ ਇਹ ਹਨ :- ਬਾਹਿ ਜਿਨ੍ਹਾਂ ਦੀ ਪਕੜੀਏ, ਨਦੀਆਂ ਦੇ ਵਹਿਣ, ਜੋਰੀ ਮੰਗੇ ਦਾਨ ਵੇ ਲਾਲੋ, ਸਾਨੂੰ ਭੁੱਲ ਨਾ ਜਾਣਾ, ਹਾਲ ਮੁਰੀਦਾਂ ਦਾ ਕਹਿਣਾ, ਕੂੜ ਫਿਰੇ ਪ੍ਰਧਾਨ ਤੈਂ ਕੀ ਦਰਦ ਨਾ ਆਇਆ।
ਗੁਰਬਖਸ਼ ਸਿੰਘ ਪ੍ਰੀਤਲੜੀ (1895-1971)
ਗੁਰਬਖ਼ਸ ਸਿੰਘ ਆਪਣੇ ਨਾਵਲਾਂ (ਅਣਵਿਆਹੀ ਮਾਂ, ਰੁਖਾਂ ਦੀ ਜੀਰਾਂਦ) ਰਾਹੀਂ “ਪਿਆਰ ਕਬਜ਼ਾ ਨਹੀ ਪਹਿਚਾਣ ਹੈ” ਸਿਧਾਂਤ ਦਾ ਪ੍ਰਚਾਰ ਕਰਦਾ ਦਿਸ਼ਟੀਗੋਚਰ ਹੁੰਦਾ ਹੈ ਉਸਦੇ ਦੋਵੇਂ ਨਾਵਲ ਉਪਭਾਵੁਕ ਤੇ ਸ਼ਿੰਗਾਰਕ ਸਥਿਤੀਆਂ ਹਿਤਰਦੇ ਹੋਏ ਕਲਪਨਾ-ਜਗਤ ਦੇ ਚਿਤੱਰ ਪੇਸ਼ ਕਰਦੇ ਹਨ।
ਪ੍ਰੋ. ਕਰਤਾਰ ਸਿੰਘ
ਕਰਤਾਰ ਸਿੰਘ ਵਰਗਵਾਦੀ ਸੰਸਕਾਰਾਂ ਦੇ ਵਿਰੁੱਧ ਲਿਖਣ ਵਾਲਾ ਨਾਵਲਕਾਰ ਹੈ ਜਿਸਨੇ ਦੋ ਨਾਵਲਾਂ ਦੁਖੀਏ ਤੇ ਕਰਮਾਂ ਦੀ ਖੇਡ ਦੇ ਮਾਧਿਅਮ ਦੁਆਰਾ ਸ੍ਰੇਣਿਕ ਵਿਤਕਰਿਆ ਦਾ ਸਹੀ ਵਿਸ਼ਲੇਸ਼ਣ ਕੀਤਾ ਹੈ।
ਨਰਿੰਦਰਪਾਲ ਸਿੰਘ (1923 – )
ਨਰਿੰਦਰਪਾਲ ਸਿਘ ਪੰਜਾਬੀ ਦਾ ਇਕ ਹੋਰ ਅਜੇਹਾ ਨਾਵਲਕਾਰ ਹੈ ਜਿਸਨੇ ਵਿਅਕਤੀ, ਸਮਾਜ, ਰਾਸ਼ਟਰ ਤੇ ਅੰਤਰ ਰਾਸ਼ਟਰ ਦੀਆਂ ਸਮਸਿਆਵਾਂ ਨੂੰ ਪੂਰੀ ਚੇਤੰਨਤਾ ਨਾਲ ਚਿਤਰਿਤ ਕੀਤਾ ਹੈ। ਉਸਦਾ ਵਿਲੱਖਣ ਦ੍ਰਿਸ਼ਟੀਕੋਣ ਹੈ। ਉਸ ਨੂੰ ਮਨੁੱਖੀ ਰਿਸ਼ਤਿਆਂ ਭਾਈਚਾਰਕ ਸਾਂਝਾਂ, ਇਤਿਹਾਸਿਕ ਘਟਨਾਵਾਂ ਤੇ ਵਿਵਹਾਰਿਕ ਯਥਾਰਥ ਦੀ ਪੂਰੀ ਪੂਰੀ ਸੂਝ ਹੈ। ਉਸਦਾ ਬਹੁ ਚਰਚਿਤ ਨਾਵਲ “ਬਾਮੁਲਾਹਜ਼ਾ ਹੋਸ਼ਿਆਰ” ਹੈ ਜਿਸ ਵਿਚ ਉਸਨੇ ਕਾਮੁਕ ਭਾਵਨਾ ਤੇ ਲਿੰਗ ਸਬੰਧਾ ਤੋਂ ਪੈਦਾ ਹੋਈ ਯੌਨ ਪ੍ਰਕਿਰਿਆ ਨੂੰ ਨਗਨ ਸ਼ੈਲੀ ਵਿਚ ਪੇਸ਼ ਕੀਤਾ ਹੈ। ਇਸ ਲਈ ਇਸ ਨਾਵਲ ਦੀ ਸਾਹਿਤਿਕਤਾ ਤੇ ਉਪਨਿਆਸਿਕਤਾ ਪ੍ਰਸ਼ਨਚਿੰਨਿਤ ਬਣ ਗਈ ਹੈ। ਪੰਜਾਬੀ ਦੇ ਇਤਿਹਾਸਿਕ ਨਾਵਲਾਂ ਵਿਚ ਉਸਦਾ ਆਪਣਾ ਸਥਾਨ ਹੈ। ਉਸਦੇ ਪ੍ਰਸਿੱਧ ਨਾਵਲ ਇਹ ਹਨ :- ਮਲਾਹ, ਸੈਨਾਪਤੀ, ਉਨਤਾਲੀ ਵਰ੍ਹੇ, ਇਕ ਰਾਹ ਇਕ ਪੜਾ, ਸ਼ਕਤੀ, ਤ੍ਰੀਆਂ ਜਾਲ, ਏਤਿ ਮਾਰਗ ਜਾਣਾ, ਖੰਨਿਓ ਤਿਖੀ ਵਾਲਹੁ ਨਿਕੀ, ਅਮਨ ਦੇ ਰਾਹ ਪੁਨਿਆ ਕਿ ਮੱਸਿਆ, ਇਕ ਸਰਕਾਰ ਬਾਝੋਂ, ਚਾਨਣ ਖੜਾ ਕਿਨਾਰੇ, ਵਿਕੇਂਦ੍ਰਿਤ, ਸਿਰ ਦੀਜੈ ਕਾਣ ਨਾ ਕੀਜੈ, ਬਾਮੁਲਾਹਜ਼ਾ ਹੋਸ਼ਿਆਰ, ਮੀਨਾ ਬਾਜ਼ਾਰ, ਕੁਮਲਾਇਆ ਫੁੱਲ, ਕਾਲ- ਅਕਾਲ, ਗਗਨ ਰੰਗਾ, ਸੂਤਰਧਾਰ ।
ਜਸਵੰਤ ਸਿੰਘ ਕੰਵਲ (1919- )
ਕੰਵਲ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਤਿਬੱਧ ਨਾਵਲਕਾਰ ਹੈ। ਉਸਦੇ ਨਾਵਲਾਂ ਦੀ ਲੰਮੀ ਸੂਚੀ ਹੈ : ਸੱਚ ਨੂੰ ਫਾਂਸੀ, ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਸਿਵਲ ਲਾਈਨਜ਼, ਰੂਪਧਾਰਾ, ਹਾਣੀ, ਭਵਾਨੀ, ਹੁਨਰ ਦੀ ਜਿੱਤ, ਮਿਤੱਰ ਪਿਆਰੇ ਨੂੰ, ਤਾਰੀਖ ਵੇਖਦੀ ਹੈ, ਜੇਰਾ, ਜੰਗਲ਼ ਦੇ ਸ਼ੇਰ, ਬਰਫ ਦੀ ਅੱਗ, ਗੋਰਾ ਮੁੱਖ ਸਜਨਾ ਦਾ, ਲਹੂ ਦੀ ਲੋਅ, ਸੂਰਮੇ, ਮਨੁੱਖਤਾ, ਮੂਮਲ । ਕੰਵਲ ਨੇ ਪੇਂਡੂ ਜੀਵਨ ਦੀਆਂ ਸਮਸਿਆਵਾਂ ਨੂੰ ਪੇਂਡੂ ਵਾਤਾਵਰਣ ਸਿਰਜ ਕੇ ਬੜੇ ਸੁਚਜੇ ਢੰਗ ਨਾਲ ਪੇਸ਼ ਕੀਤਾ ਹੈ। ਅਧਿਕਤਰ ਮਾਲਵੇ ਦੇ ਪੇਂਡੂ ਜੀਵਨ ਦਾ ਵਰਣਨ ਹੈ। ਉਸਦੇ ਨਾਵਲਾ ਦਾ ਪਰਿਪੇਖ ਪੰਜਾਬ ਦੇ ਕਿਰਸਾਨੀ ਤੇ ਪੇਂਡੂ ਜੀਵਨ ਨਾਲ ਸਬੰਧਤ ਹੋਣ ਕਰਕੇ ਵਧੇਰੇ ਯਥਾਰਥ- ਮੁਖ ਹੈ। ਉਸਦੇ ਮਾਰਕਸਵਾਦੀ ਚਿੰਤਨ ਵਿਚ ਮਾਨਵਵਾਦੀ ਤੇ ਰੋਮਾਂਸਵਾਦੀ ਅਣੂ ਮੌਜੂਦ ਰਹਿੰਦੇ ਹਨ। ਉਸਦੇ ਨਾਵਲਾਂ ਦੇ ਵਿਸ਼ੇ ਬੜੇ ਦੀਰਘ ਤੇ ਵਿਆਪਕ ਹਨ। ਉਸ ਦੇ ਨਾਵਲਾਂ ਵਿਚ ਪਿਆਰ, ਸੱਚ ਝੂਠ, ਗਰੀਬੀ ਅਮੀਰੀ, ਆਜ਼ਾਦੀ ਗੁਲਾਮੀ, ਸ੍ਰੇਣਿਕ ਤਣਾਉ, ਸਮਾਜਕ ਰਿਸ਼ਤਿਆਂ ਦੀ ਟੁੱਟ-ਭੱਜ, ਪੰਜਾਬੀ ਸਭਿਆਚਾਰ, ਸਮਕਾਲੀ ਤਹਿਰੀਕਾਂ, ਇਤਿਹਾਸਕ ਰੋਮਾਸ ਤੇ ਕਿੰਨਾ ਕੁਝ ਹੋਰ ਚਿਤਰਿਆ ਹੁੰਦਾ ਹੈ। ਕੇਵਲ ਨਿਸ਼ਚੇ ਹੀ ਸਾਡੇ ਸਮੇਂ ਦਾ ਵਧੀਆ ਨਾਵਲਕਾਰ ਹੈ।
ਡਾ. ਗੁਰਬਚਨ ਸਿੰਘ (1917)
ਗੁਰਬਚਨ ਸਿੰਘ ਦਾ ਨਾਵਲ “ਵਗਦੀ ਸੀ ਰਾਵੀ” ਨਵੀਂ ਗਲਪ ਚੇਤਨਾ ਦਾ ਪ੍ਰਤੀਕ ਹੈ। ਇਸ ਵਿਚ ਸਮਾਜਕ ਰੂੜੀਆਂ ਦੇ ਵਿਰੁੱਧ ਪੈਦਾ ਹੁੰਦੀ ਬਗਾਵਤ ਨੂੰ ਵਧੀਆ ਢੰਗ ਨਾਲ ਚਿਤਰਿਆ ਗਿਆ ਹੈ।
ਅੰਮ੍ਰਿਤਾ ਪ੍ਰੀਤਮ (1919- )
ਅੰਮ੍ਰਿਤਾ ਬਹੁਪੱਖੀ ਸਾਹਿਤਕਾਰ ਹੈ। ਉਹ ਮੂਲ ਰੂਪ ਵਿਚ ਕਵਿਤਰੀ ਹੈ। ਪਰ ਉਹ ਵਾਰਤਕਕਾਰ, ਸ੍ਵੈ ਜੀਵਨੀਕਾਰ ਤੇ ਗਲਪਕਾਰ ਵੀ ਹੈ। ਉਸ ਨੇ ਪੰਜਾਬੀ ਨਾਵਲ ਸਾਹਿਤ ਵਿਚ ਕਈ ਨਾਵਲ ਲਿਖ ਕੇ ਮਾਨਯੋਗ ਹਿੱਸਾ ਪਾਇਆ ਹੈ। ਉਸ ਦੇ ਨਾਵਲ ਇਹ ਹਨ: ਜੈ ਸ੍ਰੀ, ਡਾਕਟਰ ਦੇਵ, ਪਿੰਜਰ, ਆਲਣਾ, ਅਸੂ, ਇਕ ਸਵਾਲ, ਬੁਲਾਵਾ, ਬੰਦ ਦਰਵਾਜ਼ਾ, ਰੰਗ ਦਾ ਪੱਤਾ, ਚੱਕ ਨੰਬਰ ਛੱਤੀ, ਇਕ ਸੀ ਅਨੀਤਾ, ਧਰਤੀ ਸਾਗਰ ਤੇ ਸਿੱਪੀਆਂ, ਧੁੱਪ ਦੀ ਕਾਤਰ ਅਤੇ ਏਰੀਅਲ, ਜਲਾਵਤਨ, ਅੱਕ ਦਾ ਬੂਟਾ, ਪੱਕੀ ਹਵੇਲੀ, ਦਿੱਲੀ ਦੀਆਂ ਗਲੀਆਂ, ਕੱਚੀ ਸੜਕ, ਅੱਗ ਦੀ ਲਕੀਰ, ਜੇਬ ਕਤਰੇ, ਕੋਈ ਨਹੀਂ ਜਾਣਦਾ, ਯਾਤਰੀ, ਉਨ੍ਹਾਂ ਦੀ ਕਹਾਣੀ, ਇਹ ਸੱਚ ਹੈ, ਤੇਰਵਾਂ ਸੂਰਜ, ਉਨਿੰਜਾ ਦਿਨ, ਕੋਰੇ ਕਾਗਜ਼ ਆਦਿ। ਅੰਮ੍ਰਿਤਾ ਬੁਨਿਆਦੀ ਤੌਰ ਤੇ ਸੰਵੇਦਨਸ਼ੀਲ ਤੇ ਭਾਵੁਕ ਸਾਹਿਤਕਾਰ ਹੈ। ਇਸ ਲਈ ਇਸਦੇ ਨਾਵਲਾਂ ਵਿਚ ਵੀ ਭਾਵੁਕਤਾ ਤੇ ਮਾਨਸਿਕ ਗ੍ਰੰਥੀਆਂ ਦਾ ਅਧਿਕ ਚਿਤਰਣ ਹੈ। ਉਸ ਦੇ ਨਾਵਲ ਇਸਤਰੀ ਦੇ ਮਨੋਜਗਤ, ਉਸ ਦੇ ਜਜ਼ਬਾਤੀ ਰਿਸ਼ਤੇ ਅਤੇ ਉਸ ਦੀਆਂ ਅਨੇਕ ਤ੍ਰਾਸਦਿਕ ਸਥਿਤੀਆਂ ਦੇ ਚਿਤੱਰ ਪੇਸ਼ ਕਰਦੇ ਹਨ। ਅੰਮ੍ਰਿਤਾ ਦੇ ਗਲਪ-ਬਿੰਬ ਆਮ ਤੌਰ ਤੇ ਇਸਤਰੀ ਦੀ ਵਿਥਿਆ ਦੇ ਉਦਾਲੇ ਉਸਰਦੇ ਹਨ। ਕੋਈ ਸਮਾਜਕ ਕ੍ਰਾਂਤੀ ਜਾਂ ਰਾਜਸੀ ਚੇਤਨਾ ਦੇ ਲਖਾਇਕ ਨਹੀਂ ਪਰ ਉਸਦੇ ਨਾਵਲ ਗਲਪ-ਸ਼ੈਲੀ ਦੀ ਰੋਚਕਤਾ ਤੇ ਸਰਸਤਾ ਕਰਕੇ ਕਾਫੀ ਹਰਮਨ ਪਿਆਰੇ ਹਨ।
ਅਜੀਤ ਕੌਰ (1934– )
ਅਜੀਤ ਕੌਰ ਦੇ ਨਾਵਲ ਧੁੱਪ ਵਾਲਾ ਸ਼ਹਿਰ, ਪੋਸਟ ਮਾਰਟਮ, ਉਲੇਖ ਯੋਗ ਹਨ ਜਿਨ੍ਹਾਂ ਵਿਚ ਪਿਆਰ ਦੇ ਰਿਸ਼ਤਿਆਂ ਦਾ ਜਜ਼ਬਾਤੀ ਵਰਣਨ ਹੈ।
ਸੁਰਿੰਦਰ ਜੀਤ ਬਰਾੜ
ਬਰਾੜ ਦੇ ਨਾਵਲਾਂ (ਦਾਵਾਨਲ, ਮਰੀਚਿਕਾ) ਵਿਚ ਇਸਤਰੀ ਦੀ ਸਮਾਜਕ ਸਥਿਤੀ ਦਾ ਯਥਾਰਥਮਈ ਤੇ ਆਕ੍ਰੋਸ਼-ਭਰਪੂਰ ਚਿਤਰਣ ਹੈ।
ਹਰਨਾਮ ਦਾਸ ਸਹਿਰਾਈ (1921-2001)
ਸਹਿਰਾਈ ਦੀ ਗਲਪ-ਚੇਤਨਾ ਬੜੀ ਜੁਰਖੇਜ਼ ਹੈ ਉਸਨੇ ਕਈ ਨਾਵਲ ਲਿਖੇ ਹਨ: ਲੋਹਗੜ, ਪਥਿਕ, ਸਭਰਾਉ, ਅਨੂਪ ਕੌਰ, ਡਾਚੀ, ਤੇਤੀਵਾਂ ਦੰਦ, ਤ੍ਰਿਸ਼ੰਕੂ, ਆਰਸੀ ਵਾਲਾ ਸਿੱਕਾ, ਗਲੀ ਮੁਹਲੇ ਦੇ ਲੋਕ, ਗੁਲਮੋਹਰ, ਜਰ ਜ਼ੋਰੂ ਜ਼ਮੀਨ, ਸ਼ਬੇ-ਮਾਲਵਾ ਆਦਿ । ਸਹਿਰਾਈ ਨੇ ਸਿੱਖ ਇਤਿਹਾਸ ਦੇ ਧਰਾਤਲ ਉਤੇ ਕਈ ਨਾਵਲ ਸਿਰਜੇ ਹਨ।
ਸੋਹਣ ਸਿੰਘ ਸੀਤਲ (1908-1998)
ਇਕ ਵਿਲੱਖਣ ਭਾਂਤ ਦਾ ਨਾਵਲਕਾਰ ਹੈ ਜਿਸ ਕੋਲ ਆਪਣਾ ਸ੍ਵੈ-ਅਨੁਭਵ ਹੈ। ਉਹ ਸਿੱਖ ਵਿਚਾਰਧਾਰਾ ਦਾ ਪ੍ਰਤਿਬੱਧ ਸਾਹਿਤਕਾਰ ਹੋਣ ਦੇ ਬਾਵਜੂਦ ਸਚੇਤਨ ਦੇ ਪ੍ਰਤਿਭਾਸ਼ੀਲ ਨਾਵਲਕਾਰ ਹੈ। ਇਸ ਲਈ ਉਸ ਦੇ ਨਾਵਲ ਸਮਕਾਲੀ ਯਥਾਰਥ ਦੇ ਸਮਾਜਕ ਸਥਿਤੀਆਂ ਦੀ ਜਟਿਲਤਾਵਾਂ ਨੂੰ ਵੀ ਪੇਸ਼ ਕਰਨ ਵਿਚ ਸਫਲ ਹੋਏ ਹਨ। ਉਸਦੇ ਪ੍ਰਸਿੱਧ ਨਾਵਲ ਹਨ :- ਵਿਜੋਗਣ, ਅੰਨ੍ਹੀ ਸੁੰਦਰਤਾ, ਦੀਵੇ ਦੀ ਲੋਅ, ਪਤਵੰਤੇ ਕਾਤਿਲ, ਜੰਗ ਜਾਂ ਅਮਨ, ਧਰਤੀ ਦੇ ਦੇਵਤੇ, ਧਰਤੀ ਦੀ ਬੇਟੀ, ਕਾਲ ਪਰਛਾਵੇਂ, ਤੂਤਾਂ ਵਾਲਾ ਖੂਹ, ਈਚੋਗਿਲ ਨਹਿਰ ਤਕ, ਹਿਮਾਲਾ ਦੇ ਰਾਖੇ, ਜੁਗ ਬਦਲ ਗਿਆ, ਜਵਾਲਾਮੁਖੀ, ਸੁੰਞਾ ਆਹਲਣਾ, ਮੁੱਲ ਦਾ ਮਾਸ, ਬਦਲਾ, ਪ੍ਰੀਤ ਤੇ ਪੈਸਾ, ਪ੍ਰੀਤ ਕਿ ਰੂਪ, ਮਹਾਰਾਣੀ ਜਿੰਦਾ ।
ਗੁਰਦਿਆਲ ਸਿੰਘ (1933- )
ਗੁਰਦਿਆਲ ਸਿੰਘ ਪੰਜਾਬੀ ਦਾ ਇਕ ਹੋਰ ਵਰਣਨਯੋਗ ਨਾਵਲਕਾਰ ਹੈ। ਉਸ ਦੇ ਇਹ ਨਾਵਲ ਹਨ :- ਮੜ੍ਹੀ ਦਾ ਦੀਵਾ, ਅਣਹੋਏ, ਕੁਵੇਲਾ, ਰੇਤੇ ਦੀ ਇਕ ਮੁੱਠੀ, ਅੱਧ ਚਾਨਣੀ ਰਾਤ, ਆਥਣ- ਉੱਗਣ, ਅੰਨ੍ਹੇ ਘੋੜੇ ਦਾ ਦਾਨ । ਗੁਰਦਿਆਲ ਸਿੰਘ ਇਕ ਸਮਾਜ-ਸ਼ਾਸਤੀ ਸੂਖਮ ਦ੍ਰਿਸ਼ਟੀ ਦਾ ਧਾਰਨੀ ਨਾਵਲਕਾਰ ਹੈ ਜਿਸਨੇ ਪੇਂਡੂ ਸਮਾਜ ਦੇ ਅਣਹੋਏ ਤੇ ਅਣਗੌਲੇ ਮਨੁੱਖੀ ਰਿਸ਼ਤਿਆ ਨੂੰ ਬੜੀ ਬਰੀਕੀ ਨਾਲ ਚਿਤਰਿਆ ਹੈ। ਪੇਂਡੂ ਲੋਕਾਂ ਦੀ ਮਾਨਸਿਕ ਬਿਰਤੀ ਨੂੰ ਉਲੀਕਣ ਵਿਚ ਗੁਰਦਿਆਲ ਸਿੰਘ ਲਾਜਵਾਬ ਕਥਾਕਾਰ ਹੈ। ਪੇਂਡੂ ਜੀਵਨ ਦੀਆਂ ਤਣਾਉ-ਪੂਰਨ ਤੇ ਸੰਕਟ-ਗ੍ਰਸਤ ਸਥਿਤੀਆ ਦਾ ਉਸਨੂੰ ਗਿਆਨ ਹੈ ਇਸ ਲਈ ਪੇਂਡੂ ਜੀਵਨ ਤੇ ਸਮਾਜ ਦੀਆਂ ਸਮਸਿਆਵਾਂ ਹੀ ਉਸ ਦੀ ਕਥਾ-ਸਿਰਜਨਾ ਦਾ ਕੱਥ ਤੇ ਤੱਥ ਹੈ। ਉਸਦਾ ਕਥਾ-ਸਿਲਪ ਸਹਿਜ ਤੇ ਸੰਤੁਲਿਤ ਹੈ, ਉਪਭਾਵੁਕ ਤੇ ਉਲਾਰ ਨਹੀਂ ਹੈ। ਸਥਾਨਿਕ ਲੋਕਯਾਨਿਕ ਰੂੜੀਆਂ, ਪਰੰਪਰਾਵਾਂ, ਠੇਠ ਉਪਬੋਲੀ ਤੇ ਪਾਤਰ-ਉਸਾਰੀ ਵਿਚ ਉਸ ਨੂੰ ਕਮਾਲ ਹਾਸਲ ਹੈ। ਉਸ ਦਾ ਬਿਰਤਾਂਤ, ਉਸਦੇ ਪਾਤਰ ਤੇ ਕਥਾਵਸਤੂ ਯਥਾਰਥ ਦਾ ਪ੍ਰਭਾਵਸ਼ਾਲੀ ਆਭਾਸ਼ ਦੇਂਦੇ ਹਨ। ਇਸ ਪਖੋਂ ਉਹ ਆਂਚਲਿਕ ਹੈ। ਪੰਜਾਬੀ ਨਾਵਲ ਦੇ ਇਤਿਹਾਸ ਵਿਚ “ਮੜ੍ਹੀ ਦਾ ਦੀਵਾ” ਦਾ ਸਥਾਨ ਨਿਰਧਾਰਿਤ ਕਰਦਿਆਂ ਡਾ ਜੋਗਿੰਦਰ ਸਿੰਘ ਰਾਹੀ ਨੇ ਲਿਖਿਆ ਹੈ ਕਿ ਨਿਰਸੰਦੇਹ ਇਹ ਨਾਵਲ ਸਾਡੀ ਗਲਪ ਵਿਚ ਇਕ ਵਿਸ਼ੇਸ਼ ਅਹਿਮੀਅਤ ਵਾਲੀ ਰਚਨਾ ਬਣ ਗਈ ਹੈ ਜਿਸਦੇ ਅਧਿਐਨ ਬਿਨਾਂ ਪੰਜਾਬੀ ਨਾਵਲ ਦਾ ਕੋਈ ਵੀ ਅਧਿਐਨ ਪੂਰਨ ਨਹੀਂ ਮੰਨਿਆ ਜਾਵੇਗਾ (ਪੰਜਾਬੀ ਨਾਵਲ-1978)
ਸੁਰਜੀਤ ਸਿੰਘ ਸੇਠੀ (1928-1995)
ਚੇਤਨਾ-ਪ੍ਰਵਾਹ ਸ਼ੈਲੀ ਵਿਚ ਲਿਖਣ ਵਾਲਾ ਇਕ ਸੁਪਰਿਚਿਤ ਨਾਵਲਕਾਰ ਹੈ। ਉਸਦੇ ਪ੍ਰਸਿੱਧ ਨਾਵਲ ਇਹ ਹਨ : ਇਕ ਸ਼ਹਿਰ ਦੀ ਗੱਲ, ਰੇਤ ਦਾ ਪਹਾੜ, ਇਕ ਨਿੱਕਾ ਜਿਹਾ ਸਵਾਲ, ਕੰਧੀ ਉਤੇ ਰੁਖੜਾ, ਇਕ ਖਾਲੀ ਪਿਆਲਾ, ਅਲ ਪੱਥਰ, ਕਲ੍ਹ ਵੀ ਸੂਰਜ ਨਹੀਂ ਚੜ੍ਹੇਗਾ, ਆਬਰਾ ਕਦਾਬਰਾ, ਡੁਬਦੇ ਸੂਰਜ ਨੂੰ ਸਲਾਮ, ਆਦਿ। ਸੇਠੀ ਸ਼ਹਿਰੀ ਮੱਧ ਸ੍ਰੇਣੀ ਦਾ ਚਿਤੇਰਾ ਨਾਵਲਕਾਰ ਹੈ। ਪੜ੍ਹੇ ਲਿਖੇ, ਮੁਹੱਜ਼ਬ ਤੇ ਸੁਸਭਿਆ ਅਖਵਾਉਣ ਵਾਲੇ ਵਰਗ ਦੀਆਂ ਕੁੰਠਾਵਾਂ, ਵਿਸੰਗਤੀਆਂ, ਕੁਰੁਚੀਆਂ, ਲਾਲਸਾਵਾਂ ਤੇ ਅਤ੍ਰਿਪਤੀਆਂ ਦਾ ਸੇਠੀ ਨੇ ਬੜੀਆਂ ਹੀ ਮਨੋਵਿਗਿਆਨਿਕ ਛੁਹਾਂ ਨਾਲ ਵਰਣਨ ਕਰਕੇ ਪਾਠਕ ਵਰਗ ਵਿਚ ਚਕਾਚੌਂਧ ਪੈਦਾ ਕਰਨ ਦਾ ਪ੍ਰਯਾਸ ਕੀਤਾ ਹੈ। ਸੇਠੀ ਦੀ ਅਸਲ ਪਹੁੰਚ-ਵਿਧੀ ਮਨੋਵਿਗਿਆਨਿਕ ਹੈ, ਇਸ ਲਈ ਉਹ ਵਿਅਕਤੀਆਂ ਦੇ ਮਨੋਜਗਤ ਨੂੰ ਆਪਣੇ ਨਾਵਲਾ ਵਿਚ ਕਥਾ- ਵਸਤੂ ਦੇ ਤੌਰ ਦੇ ਵਰਤਦਾ ਹੈ ਅਤੇ ਉਸ ਦੇ ਉਦਾਲੇ ਆਪਣੇ ਗਲਪ-ਬਿੰਬ ਉਸਾਰਦਾ ਹੈ। ਪਰ ਉਸਦੀ ਸ਼ੈਲੀ ਤੇ ਬਿਰਾਤਤਕ ਵਿਧੀ ਵਿਚ ਸੈਕਸ ਤੇ ਨੰਗੇਜ ਦਾ ਵਿਵਰਜਿਤ ਵਾਯੂਮੰਡਲ ਪਸਰਿਆ ਰਹਿੰਦਾ ਹੈ ਇਸ ਲਈ ਸੇਠੀ ਦੇ ਨਾਵਲ ਚੋਣਵੇਂ ਪਾਠਕਾਂ ਦੀ ਪਠਨ-ਸਮੱਗਰੀ ਬਣੇ ਹੋਏ ਹਨ। ਇਸੇ ਕਾਰਨ ਉਨ੍ਹਾਂ ਉੱਤੋ ਅਸ਼ਲੀਲਤਾ ਦਾ ਦੋਸ਼ ਆਰੋਪਿਤ ਕੀਤਾ ਜਾਂਦਾ ਹੈ।
ਦਲੀਪ ਕੌਰ ਟਿਵਾਣਾ (1932- )
ਟਿਵਾਣਾ ਪੰਜਾਬੀ ਨਾਵਲਕਾਰੀ ਦੀ ਇਕ ਸਫਲ ਇਸਤਰੀ ਲੇਖਕਾ ਹੈ। ਉਸ ਦੇ ਪ੍ਰਸਿੱਧ ਨਾਵਲ ਹਨ : ਏਹੁ ਹਮਾਰਾ ਜੀਵਣਾ, ਅਗਨੀ ਪ੍ਰੀਖਿਆ, ਦੂਸਰੀ ਸੀਤਾ, ਵਿਦਇਨ ਵਿਦਾਊਟ, ਸੂਰਜ ਤੇ ਸਮੁੰਦਰ, ਧੁੱਪ ਛਾਂ ਤੇ ਰੁੱਖ, ਸਭ ਦੇਸ ਪਰਾਇਆ, ਤੀਲੀ ਦਾ ਨਿਸ਼ਾਨ, ਵਾਟ ਹਮਾਰੀ, ਸਰਕੰਡਿਆ ਦੇ ਦੇਸ਼, ਪੀਲੇ ਪੱਤਿਆਂ ਦੀ ਦਾਸਦਾਨ, ਹਸਤਾਖਰ ਆਦਿ । ਟਿਵਾਣਾ ਦੀਆਂ ਕਥਾ-ਕ੍ਰਿਤਾਂ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਵਿਚ ਵਿਆਪਕ ਚਿਤ੍ਰਿਪਟ, ਸੰਘਣੀ ਤੇ ਸੂਖਮ ਸੰਵੇਦਨਾ, ਵਸਤੂ-ਸਥਿਤੀ ਦੇ ਦੁਖਾਂਤ ਦੀ ਪੇਸਕਾਰੀ, ਯਥਾਰਥ ਨੂੰ ਵਿਵੇਕ ਸਮੇਤ ਪੇਸ਼ ਕਰਨ ਦੀ ਸਮਰਥਾ (ਟੀ. ਆਰ. ਵਿਨੋਦ : ਪੰਜਾਬੀ ਸਾਹਿਤ ਸਰਵੇਖਣ) ਆਦਿ ਉਲੇਖਯੋਗ ਹਨ। ਟਿਵਾਣਾ ਦੇ ਨਾਵਲ ਪੰਜਾਬੀ ਗਲਪ-ਚੇਤਨਾ ਦੇ ਵਿਕਾਸ ਦੇ ਸੂਚਕ ਹਨ। ਟਿਵਾਣਾ ਦਾ ਭਾਵ ਬੋਧ ਪੇਂਡੂ ਸਮਾਜ ਵਿਚ ਸੰਤਾਪ ਭੋਗਦੀ ਇਸਤਰੀ ਦੀ ਮਾਨਸਿਕਤਾ, ਵਿਆਹ ਦੀਆਂ ਤ੍ਰਾਸਦਿਕ ਸਥਿਤੀਆਂ, ਸਮਾਜਕ ਤੇ ਸਭਿਆਚਾਰਕ ਰਿਸ਼ਤਿਆਂ ਦੇ ਬਣਦੇ-ਟੁੱਟਦੇ ਬਿੰਬ, ਪੇਂਡੂ ਜੀਵਨ ਦੇ ਜਗੀਰਦਾਰੀ ਸੰਸਕਾਰ ਅਤੇ ਪੁਰਸ਼ ਵਰਗ ਦਾ ਇਸਤਰੀ ਪ੍ਰਤੀ ਕਠੋਰ ਰਵਈਆ ਆਦਿ ਤੱਕ ਪਸਰਿਆ ਹੋਇਆ ਹੈ। ਭਾਵੇਂ ਟਿਵਾਣਾ ਦਾ ਬਿਰਤਾਂਤੀ ਤੇ ਕਥਾਤਮਕ ਸਿਲਪ ਉਪਭਾਵੁਕ ਤੇ ਜਜ਼ਬਾਤੀ ਹੁੰਦਾ ਹੈ ਪਰ ਉਹ ਯਥਾਰਥ ਦੇ ਨੇੜੇ ਰਹਿੰਦਾ ਹੈ। ਟਿਵਾਣਾ ਦਾ ਨਾਵਲ “ਇਹੁ ਹਮਾਰਾ ਜੀਵਣ” ਬਹੁਚਰਚਿਤ ਕਥਾ-ਕ੍ਰਿਤੀ ਹੈ। ਨਿਰਸੰਦੇਹ ਦਲੀਪ ਕੌਰ ਟਿਵਾਣਾ ਆਪਣੀਆਂ ਗਲਪ-ਰਚਨਾਵਾਂ ਵਿਚ ਇਸਤਰੀ ਪ੍ਰਤੀ ਆਦਰਸ਼ਕ ਦ੍ਰਿਸ਼ਟੀਕੋਣ ਧਾਰਨ ਕਰਦੀ ਹੋਈ ਵੀ ਕਥਾ-ਚਿਤਰਪਟ ਉਤੇ ਸਮਾਜ ਤੇ ਸਭਿਆਚਾਰਕ ਦੀਆਂ ਵਿਆਪਕ ਸਮਸਿਆਵਾਂ ਪੇਸ਼ ਕਰਨ ਵਿਚ ਸਫਲ ਹੈ।
ਸੁਖਬੀਰ (1936-)
ਸੁਖਬੀਰ ਦੇ ਨਾਵਲਾਂ ਵਿਚ ਮਹਾਨਗਰਾਂ ਦੇ ਅਖੌਤੀ ਆਧੁਨਿਕ ਭੀੜ ਵਿਚ ਗਵਾਚੇ ਮਨੁੱਖ ਦੀਆਂ ਆਰਥਿਕ ਤੇ ਮਾਨਸਿਕ ਸਮਸਿਆਵਾਂ ਦਾ ਕਰੁਣਾਮਈ ਚਿੱਤਰ ਪੇਸ਼ ਹੋਇਆ ਹੈ। ਉਸ ਦੇ ਨਾਵਲ ਹਨ :- ਪਾਣੀ ਦਾ ਪੁੱਲ, ਗਰਦਸ, ਉਖੜੇ ਹੋਏ ਪੈਰ, ਰਾਤ ਦਾ,ਚਿਹਰਾ, ਸੜਕ ਤੇ ਕਮਰੇ, ਟੁੱਟੀ ਹੋਈ ਕੁੜੀ, ਅੱਧੇ ਪੌਣੇ ਆਦਿ।
ਮੋਹਨ ਕਾਹਲੋ
ਇਕ ਹੋਰ ਜਰਖੇਜ ਨਾਵਲਕਾਰ ਹੈ, ਉਸਦੇ ਇਹ ਨਾਵਲ ਹਨ :- ਮਛਲੀ ਇਕ ਦਰਿਆ ਦੀ, ਬੇਰੀ ਤੇ ਬਰੇਤਾ, ਪਰਦੇਸੀ ਰੁਖ, ਗੋਰੀ ਨਦੀ ਦਾ ਗੀਤ, ਬਾਰਾਂਦਰੀ । ਕਾਹਲੋਂ ਇਸਤਰੀ ਪੁਰਸ ਦੇ ਜਿਨਸੀ ਰਿਸ਼ਤਿਆਂ ਤੇ ਮਾਨਸਿਕ ਤਣਾਉ ਨੂੰ ਬੜੀ ਉਤੇਜਕ ਸ਼ੈਲੀ ਵਿਚ ਪ੍ਰਸਤੁਤ ਕਰਦਾ ਹੈ। ਕਾਹਲੋਂ ਦੀ ਗਲਪ-ਸ਼ਿਲਪ ਵਿਧੀ ਕਾਮਲੋਚਾਂ ਨੂੰ ਤਸਵੀਰਨ ਵਿਚ ਉਲਾਰ ਹੋਈ ਦਿਸਦੀ ਹੈ।
ਨਰਿੰਜਨ ਤਸਨੀਮ (1929- )
ਇਹ ਪੰਜਾਬੀ ਦਾ ਸੁਘੜ ਨਾਵਲਕਾਰ ਹੈ ਜਿਸਨੇ ਤਰੇੜਾਂ ਤੇ ਰੂਪ, ਕਸਕ, ਪਰਛਾਵੇਂ, ਹਨੇਰੇ ਹੋਣ ਤਕ, ਇਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ ਆਦਿ ਨਾਵਲ ਲਿਖੇ ਹਨ। ਤਸਨੀਮ ਇਕ ਅਨੁਭਵੀ ਤੇ ਆਧੁਨਿਕ ਭਾਵ ਬੋਧ ਵਾਲਾ ਚੇਤੰਨ ਕਥਾਕਾਰ ਹੈ। ਉਹ ਅਜੋਕੇ ਜੀਵਨ ਦੀ ਜਟਿਲ ਮਾਨਸਿਕਤਾ ਅਤੇ ਅੰਤਰ ਸ਼ਖਸ਼ੀਅਤ ਨੂੰ ਚਿਤਰਣ ਵਿਚ ਸਫਲ ਹੈ। ਉਸ ਦੀ ਗਲਪ-ਵਿਧੀ ਰੋਚਕ ਤੇ ਆਕਰਸ਼ਕ ਹੈ। “ਇਕ ਹੋਰ ਨਵਾਂ ਸਾਲ” ਵਿਚ ਤਸਨੀਮ ਨੇ ਇਕ ਰਿਕਸ਼ਾ-ਚਾਲਕ ਦੀ ਮਨੋਸਥਿਤੀ ਨੂੰ ਨਗਰ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਪਿਛੋਕੜ ਵਿਚ ਆਂਤਰਿਕ ਮਨਬਚਨੀ ਦੀ ਤਕਨੀਕ ਰਾਹੀਂ ਪੇਸ਼ ਕੀਤਾ ਹੈ।
ਜਸਵੰਤ ਸਿੰਘ ਵਿਰਦੀ : (1934 )
ਇਸ ਨੇ ਆਪਣੀ ਆਪਣੀ ਸੀਮਾਂ, ਵਿਖਰੇ ਵਿਖਰੇ, ਅੰਦਰਲੇ ਦਰਵਾਜ਼ੇ, ਆਪਣੇ ਆਪਣੇ ਸੁੱਖ, ਨਾਵਲ ਲਿਖ ਕੇ ਪੰਜਾਬੀ ਕਥਾ ਸਾਹਿਤ ਵਿਚ ਉਲੇਖਯੋਗ ਵਿਕਾਸ ਕੀਤਾ ਹੈ। ਉਹ ਆਧੁਨਿਕ ਜੀਵਨ ਦੀ ਸੂਖਮ ਸੰਵੇਦਨਾ ਨੂੰ ਕਥਾ ਦੇ ਮਾਧਿਅਮ ਰਾਹੀਂ ਪੇਸ਼ ਕਰਨ ਵਿਚ ਸਿੱਧ-ਹਸਤ ਹੈ।
ਓਮ ਪ੍ਰਕਾਸ ਗਾਸੋ (1933-)
ਮਾਲਵਾ-ਅੰਚਲ ਦਾ ਇਕ ਹੋਰ ਬਹੁਤ-ਚਰਚਿਤ ਨਾਵਲਕਾਰ ਹੈ। ਉਸਦੇ ਨਾਵਲ ਇਹ ਹਨ : ਸੁਪਨੇ ਤੇ ਸੰਸਕਾਰ, ਕਪੜਵਾਸ, ਆਸ ਅਥਰੂ, ਪੰਚ ਨਾਦਮਿੱਟੀ ਦਾ ਮੁੱਲ, ਲੋਹੇ ਲਾਖੇ, ਤਾਂਬੇ ਦਾ ਰੰਗ, ਘਰਘੀਣ । ਗਾਸੋ ਸਮਾਜਵਾਦੀ ਯਥਾਰਥ ਬੋਧ ਦਾ ਸਚੇਤਨ ਕਲਾਕਾਰ ਹੈ। ਉਹ ਪੇਂਡੂ ਸਮਾਜ ਦੇ ਭਿੰਨ ਭਿੰਨ ਵਰਗਾਂ ਦੀਆਂ ਆਰਥਿਕ ਤੇ ਸਭਿਆਚਾਰਕ ਸਮਸਿਆਵਾਂ ਭਾਵਨਾਸ਼ੀਲ ਸ਼ੈਲੀ ਰਾਹੀ ਵਿਅਕਤ ਕਰਨ ਵਿਚ ਕੁਸ਼ਲ ਹੈ। ਉਸ ਦੇ ਨਾਵਲਾਂ ਵਿਚ ਵਰਗਵਾਦੀ ਸਮਾਜ ਦਾ ਪਤਨ, ਪੇਂਡੂ ਸਭਿਆਚਾਰ ਦੀ ਸੰਕਟਮਈ ਸਥਿਤੀ, ਜਾਤੀਗਤ ਸੰਕੀਕਰਣਤਾ, ਜਾਗੀਰਦਾਰੀ ਸੰਸਕਾਰ ਦਾ ਦੁਰਪ੍ਰਭਾਵ, ਸਮਾਜਕ ਖੰਡਿਤ ਰਿਸ਼ਤੇ ਵਸਤੂ-ਰੂਪ ਵਿਚ ਅੰਕਿਤ ਹੋਏ ਹਨ ।
ਰਾਮ ਸੁਰੂਪ ਅਣਖੀ (1932- )
ਅਣਖੀ ਭਾਵੇਂ ਕਹਾਣੀਕਾਰ ਦੇ ਤੌਰ ਤੇ ਸਥਾਪਿਤ ਲੇਖਕ ਹੈ ਪਰ ਉਸਦੇ ਨਾਵਲ ਵੀ ਚਰਚਾ ਦੇ ਪਾਤਰ ਬਣੇ ਹੋਏ ਹਨ। ਉਸਦੇ ਨਾਵਲਾਂ ਦਾ ਵੇਰਵਾ ਇਹ ਹੈ : ਪਰਦਾ ਤੇ ਰੌਸ਼ਨੀ, ਸੁਲਗਦੀ ਰਾਤ, ਅੱਧਾ ਆਦਮੀ, ਕਖਾਂ ਕਾਨਿਆਂ ਦੇ ਪੁੱਲ, ਜ਼ਖਮੀ ਅਤੀਤ। ਪਿੰਡਾਂ ਦੇ ਜਗੀਰਦਾਰੀ ਸਮਾਜ ਦੀ ਢਹਿੰਦੀ ਅਵਸਥਾ ਤੋਂ ਉਪਜਣ ਵਾਲੀਆਂ ਅਨੇਕ ਸਭਿਆਚਾਰਕ, ਆਰਥਿਕ, ਸਮਾਜਕ ਤੇ ਪਰਿਵਾਰਿਕ ਸਮਸਿਆਵਾਂ ਅਤੇ ਸ੍ਰੇਣੀਗਤ ਸੰਘਰਸ਼ਾਂ ਨੂੰ ਅਣਖੀ ਨੇ ਆਪਣੇ ਨਾਵਲਾਂ ਵਿਚ ਪੇਸ਼ ਕੀਤਾ ਹੈ।
ਪ੍ਰੇਮ ਪ੍ਰਕਾਸ਼:
ਪ੍ਰੇਮ ਪ੍ਰਕਾਸ਼ ਨੇ ਆਪਣੇ ਨਾਵਲ ਦਸਤਾਵੇਜ਼ ਵਿਚ ਖੱਬੇਪੱਖੀ ਸਿਆਸਤ ਦਾ ਜਾਇਜ਼ਾ ਪੇਸ਼ ਕੀਤਾ ਹੈ । ਡਾ. ਟੀ. ਆਰ. ਵਿਨੋਦ ਅਨੁਸਾਰ ਦਸਤਾਵੇਜ਼ ਦਾ ਵਸਤੂ ਨਕਸਲੀ ਪਾਰਟੀ ਦੇ ਉਤਾਰ ਦੀ ਸਥਿਤੀ ਸੀ, ਨਾਵਲਕਾਰ ਇਸ ਸਥਿਤੀ ਦਾ ਬੌਧਿਕ ਜਾਇਜ਼ਾ ਲੈਂਦਾ ਹੈ । ਸਮੁੱਚੇ ਤੌਰ ਤੇ ਇਹ ਨਾਵਲ ਭਾਰਤੀ ਦੀ ਖੱਬੇਪੱਖੀ ਸਿਆਸਤ ਦਾ ਭਰਮ ਤੋੜਦਾ ਹੈ ।
ਮਹੀਪ ਸਿੰਘ
ਮਹੀਪ ਸਿੰਘ ਦੇ ਨਾਵਲ “ਇਹ ਵੀ ਨਹੀਂ” ਵਿਚ ਨਰਿੰਜਨ ਤਸਨੀਮ ਦੇ ਕਥਨ ਅਨੁਸਾਰ, ਸਾਡੇ ਮਸ਼ੀਨੀ ਯੁੱਗ ਵਿਚ ਆਰਥਿਕ ਨਾਬਰਾਬਰੀ ਦੇ ਦਬਾਅ ਹੇਠ, ਮਨੁੱਖ ਦੇ ਵਿਕੇਂਦ੍ਰਿਤ ਹੋਣ ਅਤੇ ਉਸ ਦੇ ਅਮਾਨਵੀਕਰਣ ਦੀ ਗਾਥਾ ਪ੍ਰਸਤੁਤ ਹੈ।
ਬੂਟਾ ਸਿੰਘ ਸ਼ਾਦ :
ਬੂਟਾ ਸਿੰਘ ਇਕ ਬਹੁ-ਚਰਚਿਤ ਨਾਵਲਕਾਰ ਹੈ। ਉਸਦੇ ਨਾਵਲ ਹਨ: ਅੱਧੀ ਰਾਤ ਪਹਿਰ ਦਾ ਤੜਕਾ, ਰੋਹੀ ਦੇ ਫੁੱਲ, ਦਿਲ ਦਰਿਆ ਸਮੁੰਦਰੋਂ ਡੂੰਘੇ, ਕੁਤਿਆਂ ਵਾਲੇ ਸਰਦਾਰ। ਇਹਨਾਂ ਨਾਵਲਾਂ ਵਿਚ ਕਥਾਤਮਕ ਸੌਂਦਰਯ ਦਾ ਅਨੁਪ੍ਰਾਣਿਤ ਹੈ ਅਤੇ ਪ੍ਰਕ੍ਰਿਤੀਵਾਦੀ ਸੰਵੇਦਨਾ ਦਾ ਪ੍ਰਦਰਸ਼ਨ ਹੈ।
ਕੇਸਰ ਸਿੰਘ :
ਕੇਸਰ ਸਿੰਘ ਦੇ ਪ੍ਰਸਿੱਧ ਨਾਵਲ ਹਨ: ਲਹਿਰ ਵਧਦੀ ਗਈ, ਸ਼ਹੀਦ ਊਧਮ ਸਿੰਘ, ਬਾਬਾ ਹਰੀ ਸਿੰਘ ਉਸਮਾਨ, ਜੰਗੀ ਕੈਦੀ, ਅਮਰ ਸ਼ਹੀਦ ਮਦਨ ਲਾਲ ਢੀਂਗਰਾ, ਅਮਰ ਸ਼ਹੀਦ ਸੇਵਾ ਸਿੰਘ ਲੋਪੇਕੇ, ਜੰਝ ਲਾੜਿਆਂ ਦੀ ਇਨ੍ਹਾਂ ਨਾਵਲਾਂ ਵਿਚ ਰਾਸ਼ਟਰਵਾਦੀ ਭਾਵਨਾ ਗਲਪ ਵਿਧੀ ਰਾਹੀਂ ਸਾਕਾਰ ਹੋਈ ਹੈ। ਇਨ੍ਹਾਂ ਦਾ ਪ੍ਰਭਾਵ ਰਸਾਤਮਕ ਹੈ ਅਤੇ ਉਦੇਸ਼ ਭਾਵਨਾ ਮੂਲਕ ਹੈ।
ਪੰਜਾਬੀ ਦੇ ਹੋਰ ਉਭਰਦੇ ਨਾਵਲਕਾਰ
ਬਸੰਤ ਕੁਮਾਰ ਰਤਨ (ਸਤ ਵਿੱਢਾ ਖੂਹ) ਕਰਮਜੀਤ ਸਿੰਘ ਕੁੱਸਾ (ਰਾਤ ਦੇ ਰਾਹੀਂ) ਇੰਦਰ ਸਿੰਘ ਖਾਮੋਸ਼ (ਰਿਸ਼ਤਿਆਂ ਦੇ ਰੰਗ) ਮੁਖਤਾਰ ਗਿਲ (ਕਾਲੇ ਪਹਿਰ) ਸਵਰਨ ਚੰਦਨ (ਕਦਰਾਂ ਕੀਮਤਾਂ) ਮੋਹਨ ਲਾਲ (ਪੋਟਾ ਪੋਟਾ ਦਰਦ) ਸਵਿੰਦਰ ਸਿੰਘ ਉਪਲ (ਲਛਮਣ ਰੇਖਾ) ਜਗਜੀਤ ਸਿੰਘ ਛਾਬੜਾ (ਨੰਗੀਆਂ ਸਿਖਰਾਂ) ਭੁਪਿੰਦਰ ਸਿੰਘ (ਕਿਰਨਾਂ ਦਾ ਹਉਕਾ) ਸੁਰਿੰਦਰ ਸਿੰਘ ਜੌਹਰ (ਸੁੱਕੇ ਪੁੱਤੇ, ਟੁੱਟੀਆਂ ਤੰਦਾ, ਧੁਆਂਖੇ ਰਾਹ, ਰਾਹ ਦੀ ਧੂੜ, ਚੁੱਪ ਦਾ ਸਫਰ) ਬੂਟਾ ਸਿੰਘ (ਕਾਲੀਆਂ ਰਾਤਾਂ) ਮਿੰਦਰ (ਜ਼ਖ਼ਮ ਦੀ ਆਤਮਕਥਾ) ਮਹਿੰਦਰ ਸਿੰਘ ਜੋਸ਼ੀ (ਤਾਰਿਆਂ ਦੇ ਪੈਰ ਚਿੰਨ ਪ੍ਰਗਟ ਸਿੰਘ ਸਿੱਧੂ (ਪ੍ਰੀਤੋ, ਮੀਤੋ, ਰੇਗਸਤਾਨ ਦਾ ਸਫ਼ਰ) ਸੰਤੋਖ ਸਿੰਘ ਧੀਰ (ਯਾਦਗਾਰ) ਸੁਰਜੀਤ ਹਾਂਸ (ਮਿੱਟੀ ਦੀ ਢੇਰੀ) ਭੁਪਿੰਦਰ ਸੂਦਨ (ਗੁਲ ਮੋਹਰ) ਬਰਜਿੰਦਰ ਸਿੰਘ (ਕੁਝ ਪੱਤਰੇ) ਗੁਰਚਰਨ ਸਿੰਘ ਅਰਸ਼ੀ (ਬੀਮਾਰ ਸੜਕ) ਕੇਵਲ ਸੂਦ (ਮੁਰਗੀਖਾਨਾ) ਕੌਰ ਚੰਦ ਰਾਹੀ (ਕਾਲੇ ਘੋੜੇ ਦੇ ਸਵਾਰ) ਪ੍ਰੀਤਮ ਸੈਣੀ (ਕੋਠੇ ਵਾਲੀ ਮਾਂ, ਧੀਏ ਘਰ ਜਾ ਆਪਣੇ) ਇਕਬਾਲ ਦੀਪ (ਸਿੰਬਲ ਰੁਖ) ਗੁਰਮੁਖਜੀਤ (ਮ੍ਰਿਗ ਤ੍ਰਿਸ਼ਨਾ, ਸੁਰਖ਼ਾਬ ਦੇ ਪਰ) ਬਲਦੇਵ ਸਿੰਘ (ਦੂਸਰਾ ਹੀਰੋਸ਼ੀਮਾ) ਮਹਿੰਦਰ ਸਿੰਘ ਚੱਕਰ (ਕੱਲਰ ਦੇ ਕੰਵਲ) ਰਾਮਲੋਕ ਕੌਸ਼ਲ (ਬਦਨਾਮ ਫਰਿਸ਼ਤੇ) ਮੋਹਨ ਸੰਧੂ (ਇਕ ਸੁਪਨਾ ਇਕ ਸਵਾਲ) ਦਰਸ਼ਨ ਮਿਤਵਾ (ਨੰਗੇ ਸਿਰ ਵਾਲੀ ਤੀਵੀਂ) ਮਨਜਿੰਦਰ ਹੰਸਪਾਲ (ਹੀਰਾ ਮੰਡੀ) ਬਹਾਦਰ ਸਿੰਘ ਬੀਰ (ਚਿਮਨੀ ਦਾ ਧੂੰਆਂ) ਕਰਨੈਲ ਸੰਤੋਖ ਪੁਰੀ (ਅਖੋਂ ਉਹਲੇ) ਛੋਟੇ ਭਰਾਨੀ (ਵਿਦ੍ਰੋਹੀ ਪੂਜਾ) ਕੇ ਐਲ ਗਰਗ (ਦਰਅਸਲ) ਅਤਰਜੀਤ (ਨਵੀਆਂ ਸੋਚਾਂ ਨਵੀਆਂ ਲੀਹਾਂ) ਅਵਤਾਰ ਗਰੇਵਾਲ (ਕੰਵਲ ਦੀਪ) ਰਸਮਿ (ਔਰਤ ਮਨਫੀ ਮਰਦ) ਸੁਰਿੰਦਰ ਗੰਭੀਰ (ਜ਼ਰਬ ਤਕਸੀਮ) ਜਸਵੰਤ ਸਿੰਘ ਰਾਹੀ (ਲਹੂ ਭਿੱਜੀ ਚਾਨਣੀ) ਕੁਲਦੀਪ ਬੱਗਾ (ਛੋਟਾ ਖੁਦਾ) ਕ੍ਰਿਪਾਲ ਕਜ਼ਾਕ (ਕਾਲਾ ਪੱਤਣ) ਓ.ਪੀ. ਸ਼ਰਮਾ ਸਾਰਥੀ (ਬਿਨ ਪੈਰਾਂ ਦੇ ਧਰਤੀ )