ਪੰਜਾਬੀ ਕਵਿਤਾ: ਦੂਜਾ ਦੌਰ (ਪ੍ਰਗਤੀਵਾਦੀ, ਬੌਧਿਕ ਰਹੱਸਵਾਦੀ ਕਵੀ)
ਪ੍ਰੋ . ਮੋਹਨ ਸਿੰਘ (1905-1978)
ਮੋਹਨ ਸਿੰਘ ਨੂੰ ਦੂਜੇ ਦੌਰ ਦੀ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਵੱਜੋ ਜਾਣਿਆ ਜਾਂਦਾਂ ਹੈ। ਇਸ ਦੌਰ ਦੀ ਕਵਿਤਾ ਨੂੰ ਪੰਜਾਬੀ ਆਲੋਚਕ “ਮੋਹਨ ਸਿੰਘ ਅਮ੍ਰਿਤਾ ਕਾਵਿਧਾਰਾ” ਦਾ ਨਾ ਦਿੰਦੇ ਹਨ। ਇਸ ਤੋਂ ਪ੍ਰਤੱਖ ਹੈ ਕਿ ਮੋਹਨ ਸਿੰਘ ਦੀ ਬਤੌਰ ਕਵੀ ਕਿੰਨੀ ਮਾਨ-ਪ੍ਰਤਿਸ਼ਠਾ ਹੈ।
ਮੋਹਨ ਸਿੰਘ ਨੇ ਪੰਜਾਬੀ ਕਾਵਿ ਨੂੰ ਦਸ ਕਾਵਿ-ਸੰਗ੍ਰਹਿ ਪ੍ਰਦਾਨ ਕੀਤੇ ਹਨ :-
ਸਾਵੇ ਪਤਰ (1936) ਕਸੁੰਭੜਾ (1939), ਅਧਵਾਟੇ (1944) ਕਚ ਸਚ (1950) ਆਵਾਜ਼ਾਂ (1954) ਵੱਡਾ ਵੇਲਾ (1958), ਜੰਦਰੇ (1964), ਜੈਮੀਰ (1968), ਨਾਨਕਾਇਣ (ਮਹਾਕਾਵਿ), ਬੂਹੇ (1977) ।
ਮੋਹਨ ਸਿੰਘ ਦੀ ਵਿਸ਼ੈ-ਵਸਤੂ ਨੂੰ ਦੋ ਪ੍ਰਮੁਖ ਪ੍ਰਣਾਲੀਆਂ ਨਾਲ ਸੰਯੁਗਤ ਕੀਤਾ ਜਾਂਦਾ ਹੈ, ਇਕ ਹੈ ਰੋਮਾਂਟਿਕ ਭਾਵ-ਪ੍ਰਣਾਲੀ ਅਤੇ ਦੂਜੀ ਹੈ ਪ੍ਰਗਤੀਵਾਦੀ-ਵਿਚਾਰ ਪ੍ਰਣਾਲੀ । ਇਸ ਲਈ ਮੋਹਨ ਸਿੰਘ ਨਾਲ ਪੰਜਾਬੀ ਵਿਚ ਰੋਮਾਂਟਿਕ-ਪ੍ਰਗਤੀਵਾਦੀ ਧਾਰਾ ਸ਼ੁਰੂ ਹੁੰਦੀ ਹੈ। ਜਿਸ ਨਾਲ ਅਗੋਂ ਜਾਂਦੇ ਅੰਮ੍ਰਿਤਾ ਪ੍ਰੀਤਮ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਮੋਹਨ ਸਿੰਘ ਦੀ ਕਵਿਤਾ ਨਿਸ਼ਚੇ ਹੀ ਵਿਕਾਸ-ਸ਼ੀਲ ਹੈ। ਉਹ ਨਵੀਆਂ ਪਰਸਥਿਤੀਆਂ ਤੇ ਨਵੇਂ ਵਾਤਾਵਰਣ ਪ੍ਰਤੀ ਚੇਤੰਨ ਹੈ ਇਸ ਲਈ ਉਸਦੀ ਕਵਿਤਾ ਆਪਣੇ ਯੁਗ ਦੀ ਹਾਣੀ ਰਹਿੰਦੀ ਹੈ । ਜੇਕਰ ਸਮੁੱਚੇ ਤੌਰ ਤੇ ਝਾਤ ਪਾਈਏ ਤਾਂ ਉਸਦੀ ਕਵਿਤਾ ਦੇ ਚਾਰ ਪੜਾਅ ਦ੍ਰਿਸ਼ਟੀਗੋਚਰ ਹੁੰਦੇ ਹਨ। ਪਹਿਲੇ ਪੜਾਅ ਦਾ ਪ੍ਰਤਿਨਿਧ ਕਾਵਿ ਸੰਗ੍ਰਹਿ “ਸਾਵੇ ਪਤਰ” ਹੈ ਜਿਥੇ ਕਈ ਆਪਣੀਆਂ ਪਰੰਪਰਾਗਤ ਕਾਵਿ-ਰੂੜੀਆਂ ਤੇ ਬਿਆਨ-ਬਾਜ਼ੀਆਂ ਤਕ ਹੀ ਸੀਮਿਤ ਰਹਿੰਦਾ ਹੈ, ਉਸਦਾ ਅਨੁਭਵ ਨਿਰਾ ਪ੍ਰਤੱਖ ਤੇ ਸਥੂਲ ਅਨੁਭਵ ਹੈ । ਇਸ ਪੜਾਅ ਦੀ ਕਵਿਤਾ ਵਿਚ ਸਕੂਲਤਾ, ਬਾਹਰਮੁਖਤਾ, ਸਦਾਚਾਰਕ, ਸਿਖਿਆ, ਵਾਸਨਾ, ਫਾਰਸੀਨੁਮਾ ਅਲੰਕਾਰ, ਉਕਤੀ ਚਮਤਕਾਰ ਤੇ ਰਵਾਇਤੀ ਕਲਾਬਾਜ਼ੀ ਹੀ ਮਿਲਦੀ ਹੈ ਭਾਵੇਂ “ਮੈਂ ਨਹੀਂ ਰਹਿਣਾ ਤੇਰੇ ਗਿਰਾਂ” ਵਰਗੀਆਂ ਕਵਿਤਾਵਾਂ ਵਿਚ ਸਮਕਾਲੀ ਰਾਜਸੀ ਪ੍ਰਬੰਧ ਉਤੇ ਕਾਵਿ-ਕਟਾਕਸ ਦੀ ਸੁੰਦਰ ਵਨੰਗੀ ਮਿਲਦੀ ਹੈ। ਦੂਜੇ ਪੜਾਅ ਵਿਚ ਡੂੰਘਾਈ ਪੈਦਾ ਹੋਈ ਹੈ ਅਤੇ ਕਵੀ ਨਿੱਜੀ ਛੋਹਾਂ ਨੂੰ ਆਦਰਸ਼ਵਾਦੀ ਢੰਗ ਨਾਲ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ ਹੈ। ਇਥੇ ਉਸਦਾ ਆਦਰਸ਼ਵਾਦੀ ਵਿਅਕਤੀਵਾਦ ਖੂਬ ਪ੍ਰਭਾਵਸ਼ਾਲੀ ਹੈ। ਇਸ ਆਦਰਸ਼ਵਾਦੀ ਪੜਾਅ ਦੀ ਕਵਿਤਾ ਵਿਚ ਅੰਤਰਮੁਖਤਾ, ਸੂਖਮਤਾ, ਸੁਫਨਮਈ ਕਲਪਨਾ, ਰੋਮਾਂਟਿਕਤਾ ਤੇ ਪ੍ਰਗੀਤਕ ਅੰਸ਼ ਬੜੇ ਦਿਲ-ਖਿਚਵੇਂ ਢੰਗ ਨਾਲ ਰੂਪਮਾਨ ਹੋਏ ਹਨ। ਇਸ ਤੋਂ ਅੱਗੇ ਮੋਹਨ ਸਿੰਘ ਦੀ ਪ੍ਰੌੜ, ਕਾਵਿ-ਕਲਾ ਦਾ ਯੁੱਗ ਸ਼ੁਰੂ ਹੋਇਆ ਹੈ ਜਿਥੇ ਜਜ਼ਬਿਆਂ ਦੇ ਨਾਲ ਵਿਚਾਰ-ਧਾਰਾ ਵੀ ਸਾਕਾਰ ਹੋਈ ਹੈ। ਵਿਚਾਰਾ ਦੀ ਭਾਵਮਈ ਅਭਿਵਿਅਕਤੀ ਇਸ ਪੜਾਅ ਦੀ ਵਿਸ਼ੇਸ਼ਤਾ ਹੈ। ਮੋਹਨ ਸਿੰਘ ਸੋਚ, ਦਿਲ, ਧਰਮ, ਅਧਰਮ, ਪਿਆਰ, ਭਰਮ, ਯਥਾਰਥ ਦੇ ਦਵੰਦ ਨੂੰ ਤਿਆਗ ਕੇ ਸਮਾਜਕ ਯਥਾਰਥ ਦਾ ਲੜ ਫੜਦਾ ਹੈ ਅਤੇ ਆਪਣੀਆਂ ਕਵਿਤਾਵਾਂ ਵਿਚ ਸਮਾਜਕ ਚਿੰਤਨ, ਯੁੱਗ ਬੋਧ, ਅਗਰਗਾਮੀ ਰੁਚੀਆਂ ਨੂੰ ਮੂਰਤੀਮਾਨ ਕਰਨਾ ਹੈ। ਇਥੇ ਪਹੁੰਚ ਕੇ ਮੋਹਨ ਸਿੰਘ ਰੋਮਾਂਸ, ਆਦਰਸ਼ਵਾਦ, ਵਿਅਕਤੀਵਾਦ, ਕਲਪਨਾ ਤੇ ਜਜ਼ਬਾਤੀ ਬਿਰਤੀ ਤੋਂ ਬਗਾਵਤ ਕਰਦਾ ਹੈ। ਹੁਣ ਉਸਦੀ ਕਵਿਤਾ ਵਿਚ ਬੌਧਿਕਤਾ, ਯਥਾਰਥ, ਧਰਮਪ੍ਰਤੀ ਸੰਕਾ, ਮਨੁੱਖਤਾ, ਸਮਾਜਕ ਨਾ ਬਰਾਬਰੀ, ਕਿਰਤੀ-ਕਾਮਿਆਂ ਪ੍ਰਤੀ ਹਮਦਰਦੀ ਕ੍ਰਾਂਤੀ, ਵਰਤਮਾਨ ਲਈ ਤਾਂਘ, ਵਿਸ਼ਵ-ਭਾਈਚਾਰਾ, ਵਿਸ਼ਵ-ਅਮਨ ਤੇ ਭੌਤਿਕਤਾ ਦੇ ਅੰਸ਼ ਪ੍ਰਵੇਸ਼ ਕਰਦੇ ਹਨ। ਉਸਦੇ ਅਨੁਭਵ ਤੇ ਸ਼ੈਲੀ ਪ੍ਰਪੱਕ ਹੁੰਦੀ ਹੈ ਅਤੇ ਨਵੇਂ ਨਵੇਂ ਪ੍ਰਤੀਕ ਤੇ ਚਿੰਨ੍ਹ ਅਰਥ ਸੰਚਾਰ ਕਰਦੇ ਹਨ ।
ਇਸ ਤੋਂ ਹੋਰ ਅਗੇ “ਜੰਦਰੇ” ਤੇ “ਬੂਹੇ” ਵਿਚ ਮੋਹਨ ਸਿੰਘ ਵਧੇਰੇ ਗੰਭੀਰ ਤੇ ਵਧੇਰੇ ਚਿੰਤਨਸ਼ੀਲ ਹੋ ਨਿਬੜਦਾ ਹੈ । ਜੰਦਰੇ ਦਾ ਮੋਹਨ ਸਿੰਘ ਇਕ ਚਿੰਤਕ ਦੀ ਤਰ੍ਹਾਂ ਬੋਲ ਬੋਲਦਾ ਹੈ, ਸੂਫ਼ੀ ਦੀ ਤਰ੍ਹਾਂ ਰਹੱਸਮਈ ਗੱਲਾਂ ਕਰਦਾ ਹੈ ਅਤੇ ਸਿੱਧ-ਹਸਤ ਕਵੀ ਦੀ ਤਰ੍ਹਾਂ ਕਟਾਖਮਈ ਰਮਜ਼ਾਂ ਪ੍ਰਗਟਾਉਂਦਾ ਹੈ। ਏਥੇ ਕਵੀ ਸਮਾਜ, ਪਿਆਰ ਆਪਾ, ਭੌਤਿਕ ਪਸਾਰਾ, ਜਿੰਦਗੀ ਦੇ ਸੁੱਖ-ਦੁੱਖ, ਸ੍ਰਿਸ਼ਟੀ ਆਦਿ ਸਾਰੇ ਤੱਤਾਂ ਦੀ ਤਹਿ ਤੱਕ ਪਹੁੰਚ ਕੇ ਅਸਲੀਅਤ ਨੂੰ ਪਛਾਨਣ ਲਈ ਬਿਹਬਲ ਹੈ 1 “ਬੂਹੇ” ਵਿਚ ਤਾਂ ਕਵੀ ਦਾ ਸੋਦਰਯ ਬੋਧ ਹੋਰ ਵੀ ਗਹਿਰਾ ਹੋਇਆ ਹੈ। ਉਹ ਇਸ਼ਕ ਜਿੰਦਗੀ ਤੇ ਰੋਮਾਂਸ ਦੇ ਓਪਰੇ ਵਰਣਨ ਨੂੰ ਛੱਡਕੇ ਸੱਚ ਦੀ ਤਲਾਸ਼ ਵਿਚ ਰੁਝਿਆ ਹੈ। ਇਸ ਲਈ ਉਸ ਦੇ ਕਾਵਿ-ਬੰਦ ਵਿਸ਼ਵ- ਸਾਹਿਤ ਵਿਚ ਅਮਰ ਹੋਣ ਦੇ ਹੱਕਦਾਰ ਹਨ :-
ਮੁਹਬੱਤ ਜਿੰਦਗੀ ਦਾ ਨਾਮ ਵੀ ਹੈ
ਮੁਹੱਬਤ ਨਾ ਨਿਰੀ ਗਮ ਖਾਣ ਦੀ ਗੱਲ (ਬੂਹੇ)
ਮੂੰਹ ਜੋਰ ਸਮੇਂ ਦਾ ਵੀ ਕਰੀਏ।
ਜਿਸ ਪਲਕ ਨਾ ਨੌਕਾ ਲਾਣ ਦਿੱਤਾ।
ਉਂਜ ਜੀਵਨ ਦੇ ਇਸ ਰੇਤੜ ਵਿਚ
ਆਏ ਨੇ ਨਖ਼ਲਿਸਤਾਨ ਕਈ (ਬੂਹੇ)
ਰਹਿ ਗਈਆਂ ਉਗਲਾਂ ਅਕਲ ਦੀਆਂ
ਨਾ ਇਸ਼ਕੇ ਦੀ ਹੀ ਪੇਸ਼ ਗਈ।
ਨਾ ਖੁਲ੍ਹਿਆ ਭੇਦ ਸ੍ਰਿਸ਼ਟੀ ਦਾ
ਨਾ ਸਜਨਾ ਦੇ ਮਨ ਰਢ ਪਈ। (ਬੂਹੇ)
ਡਾ . ਅਤਰ ਸਿੰਘ ਦੇ ਸ਼ਬਦਾਂ ਵਿਚ ਪੰਜਾਬੀ ਕਵਿਤਾ ਦੀ ਪਰੰਪਰਾ ਨੂੰ ਅਧਿਆਤਮਵਾਦੀ ਜਿਲ੍ਹਣ ਵਿਚੋਂ ਕੱਢ ਕੇ ਆਧੁਨਿਕ ਤੇ ਸਰਵ-ਜਨਕ ਬਣਾਉਣ ਦਾ ਵਧੇਰੇ ਸਿਹਰਾ ਮੋਹਨ ਸਿੰਘ ਨੂੰ ਹੀ ਪ੍ਰਾਪਤ ਹੈ । ਪ੍ਰਿੰਸੀਪਲ ਗੁਰਬਚਨ ਸਿੰਘ ਤਾਲਬ ਦੀ ਨਿਗਾਹ ਵਿਚ “ਛੁਟੇਰੀ ਭਾਵਾਤਮਕ ਕਵਿਤਾ ਵਿਚ ਮੋਹਨ ਸਿੰਘ ਪਹਿਲਾਂ ਹੋ ਚੁੱਕੇ ਕਵੀਆਂ ਦੀ ਘਾਲਣਾ ਦੀ ਟੀਸੀ ਹੈ”। ਕਈਆਂ ਨੇ ਮੋਹਨ ਸਿੰਘ ਨੂੰ “ਕ੍ਰਾਂਤੀਕਾਰੀ ਰੋਮਾਂਟਿਕਤਾ” ਦਾ ਕਵੀ ਕਿਹਾ ਹੈ । ਨਿਸਚੇ ਹੀ ਮੋਹਨ ਸਿੰਘ ਪ੍ਰਗਤੀਵਾਦੀ ਪੰਜਾਬੀ ਕਾਵਿ- ਧਾਰਾ ਦਾ ਪ੍ਰਵਰਤਕ ਕਵੀ ਹੈ।
ਅੰਮ੍ਰਿਤਾ ਪ੍ਰੀਤਮ (1919 – )
ਅੰਮ੍ਰਿਤਾ ਪ੍ਰੀਤਮ ਪੰਜਾਬੀ ਕਵਿਤਾ ਵਿਚ ਰੋਮਾਂਸਵਾਦ ਤੇ ਪ੍ਰਗਤੀਵਾਦ ਦੀ ਸੰਧੀ ਦੀ ਪ੍ਰਤੀਕ ਕਵਿਤ੍ਰੀ ਹੈ। ਇਸ ਨੇ ਆਪਣੀ ਕਾਵਿ-ਸਾਧਨਾ ਦੁਆਰਾ ਕਈ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ । ਪ੍ਰਮੁਖ ਕਾਵਿ-ਸੰਗ੍ਰਹਿ ਇਹ ਹਨ :- ਠੰਢੀਆਂ ਕਿਰਨਾਂ, ਜੀਉਂਦਾ ਜੀਵਨ, ਅੰਮ੍ਰਿਤ ਲਹਿਰਾਂ, ਤ੍ਰੇਲ ਧੋਤੇ ਫੁੱਲ, ਬੱਦਲਾਂ ਦੇ ਪੱਲੇ ਵਿਚ, ਓ ਗੀਤਾਂ ਵਾਲਿਆ, ਸੰਝ ਦੀ ਲਾਲੀ, ਲੋਕਪੀੜ, ਪੱਥਰ ਗੀਟੇ, ਲੰਮੀਆਂ ਵਾਟਾਂ, ਸਰਘੀ ਵੇਲਾ, ਸੁਨੇਹੜਾ, ਅਸ਼ੋਕਾ-ਚੇਤੀ, ਕਸਤੂਰੀ, ਨਾਗਮਣੀ, ਕਾਗਜ਼ ਤੇ ਕੈਨਵੈਸ, ਛੇ ਰੁੱਤਾਂ, ‘ਸੁਨੇਹੜੇ’ ਪੁਸਤਕ ਉਤੇ ਸਾਹਿਤ ਅਕਾਦਮੀ ਵਲੋਂ ਪੰਜ ਹਜ਼ਾਰ ਰੁਪਏ ਦਾ ਇਨਾਮ ਮਿਲਿਆ ਅਤੇ ‘ਕਾਗਜ਼ ਤੇ ਕੈਨਵੈਸ’ ਉਤੇ ਗਿਆਨ ਪੀਠ ਪੁਰਸਕਾਰ ਵਜੋਂ ਇਕ ਲੱਖ ਰੁਪਏ ਮਿਲੇ ਹਨ। ਡਾ. ਪਿਆਰ ਸਿੰਘ ਨੇ ਅੰਮ੍ਰਿਤਾ ਦੀ ਕਾਵਿ-ਕਲਾ ਦੇ ਵਿਕਾਸ ਨੂੰ ਚਾਰ ਪੜਾਵਾਂ ਵਿਚ ਉਲੀਕਿਆ ਹੈ – ਰਵਾਇਤੀ ਕਵਿਤਾ, ਵਿਅਕਤੀਵਾਦੀ ਕਵਿਤਾ, ਸਮਾਜਕ ਜਾਗ੍ਰਤੀ ਅਤੇ ਸੁਤੰਤਰ ਅਭਿਵਿਅਕਤੀ । ਰਵਾਇਤੀ ਕਾਵਿ-ਕਾਲ ਵਿਚ ਅੰਮ੍ਰਿਤਾ ਪੁਰਾਤਨ ਲੋਕ ਗੀਤਾਂ ਦੀਆਂ ਧਾਰਨਾਵਾਂ, ਕਿੱਸਾਕਾਰੀ ਦੇ ਛੰਦਾਂ ਤੇ ਹੋਰ ਰਵਾਇਤੀ ਤਰਜ਼ਾਂ ਉਤੇ ਆਪਣੀ ਕਵਿਤਾ ਸਿਰਜਦੀ ਸੀ। ਉਸ ਦੀ ਵਸਤੂ ਵੀ ਵਧੇਰੇ ਕਰਕੇ ਬਾਹਰ ਮੁਖੀ ਭਾਂਤ ਦੀ ਸੀ । ਲੋਕ ਗੀਤਾਂ ਦਾ ਰੂਹ ਅੰਮ੍ਰਿਤਾ ਦੇ “ਤ੍ਰਿੰਜਣ” ਵਿਚ ਝਲਕਦੀ ਦਿਸਦੀ ਹੈ :-
ਰੀਝਾਂ ਵਾਲਾ ਰੰਗਲਾ ਚਰਖਾ
ਵੀਰੇ ਦਿਤਾ ਬਣਾ,
ਭਰੇ ਤ੍ਰਿਜਣ ਭੈਣ ਵੀਰ ਦੀ,
ਬੈਠੀ ਚਰਖਾ ਡਾਹ ( ਤ੍ਰਿਜੰਣ)
ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਅੰਮ੍ਰਿਤਾ ਦੀ ਕਾਵਿ-ਚੇਤਨਾ ਡੂੰਘੀ ਤੋਂ ਡੂੰਘੇਰੀ ਹੁੰਦੀ ਗਈ। ਰਵਾਇਤੀ ਕਾਵਿਰੂੜੀਆਂ ਨੂੰ ਟੱਪਕੇ ਉਹ ਨਿੱਜੀ ਭਾਵਾਂ ਦੇ ਭਾਵਾਤਮਕ ਪ੍ਰਤਿਕਰਮਾਂ ਨੂੰ ਕਾਵਿਬੱਧ ਕਰਨ ਵਿਚ ਸਮਰੱਥ ਹੁੰਦੀ ਗਈ। ਅਚਾਨਕ 1947 ਦੀ ਦੇਸ਼ ਵੰਡ ਨੇ ਉਸਦੀ ਕਾਵਿ-ਸੰਵੇਦਨਾ ਨੂੰ ਝੰਜੋੜ ਦਿੱਤਾ, ਉਹ ਕੁਰਲਾ ਉਠੀ, ਉਹ ਕਬਰੀ ਸੁਤੇ ਵਾਰਸ ਸ਼ਾਹ ਨੂੰ ਪੁਕਾਰਨ ਲਗੀ “ਅਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ” ਉਸਦੀ ਭਾਵ- ਸੰਵੇਦਨਾ ਦੀ ਚਰਮ-ਸੀਮਾ ਹੈ। ਹੌਲੀ ਹੌਲੀ ਉਸ ਦੇ ਮਨੋਜਗਤ ਦੇ ਭਾਵ, ਬੌਧਿਕ ਵਿਚਾਰਾਂ ਦੇ ਤਾਬੇ ਹੁੰਦੇ ਗਏ ਅਤੇ ਅੰਮ੍ਰਿਤਾ ਸਮਾਜਕ ਪਰਿਵੇਸ਼ ਤੋਂ ਅਭਿੱਜ ਨਾ ਰਹਿ ਸਕੀ। ਮੋਹਨ ਸਿੰਘ ਦੀ ਤਰ੍ਹਾਂ ਅੰਮ੍ਰਿਤਾ ਦੇ ਕਾਵਿ ਵਿਚ ਕੱਚ ਦੀ ਥਾਂ ਸੱਚ ਤੇ ਕਲਪਨਾ ਦੀ ਥਾਂ ਯਥਾਰਥ ਉਭਰਨ ਲੱਗਾ। ਇਸ ਤਰ੍ਹਾਂ ਉਹ ਸਮਾਜਕ ਯਥਾਰਥ ਨੂੰ ਲੈ ਕੇ ਕ੍ਰਾਂਤੀਕਾਰੀ ਪ੍ਰਗਤੀਵਾਦ ਦੀ ਸਮਰਥਕ ਬਣ ਗਈ। ਉਸਦੇ ਗੀਤ ਸਮਾਜ ਦਾ ਕਰਜ਼ਾ ਅਦਾ ਕਰਨ ਲਗੇ। ਅੱਗੇ ਚੱਲਕੇ ਅੰਮ੍ਰਿਤਾ ਉਤੇ ਪ੍ਰਯੋਗਵਾਦੀ ਧਾਰਾ ਦਾ ਵੀ ਅਸਰ ਪਿਆ ਅਤੇ ਉਸਦੀ ਬਿੰਬਾਵਲੀ ਡਿੱਠ ਤੋਂ ਅਣਡਿੱਠ ਵਲ ਵਹਿ ਤੁਰੀ। ਹੁਣ ਅੰਮ੍ਰਿਤਾ ਅਨੁਭੂਤੀ, ਸੂਖਮ, ਅਹਿਸਾਸ ਤੇ ਅੰਤਰਮੁਖ ਸੰਵੇਦਨਾ ਨੂੰ ਕਾਵਿ ਦੇ ਮਾਧਿਅਮ ਰਾਹੀਂ ਪ੍ਰਗਟਾਉਣ ਦੇ ਆਹਰ ਵਿਚ ਰਹਿੰਦੀ ਹੈ।
ਜੇਕਰ ਸਮੁੱਚੇ ਤੋਰ ਤੇ ਵੇਖੀਏ ਤਾਂ ਅੰਮ੍ਰਿਤਾ ਦੇ ਕਾਵਿ ਦੀਆਂ ਦੋ ਧੁਨੀਆਂ ਹਨ :- ਨਾਰੀ ਭਾਵਨਾ ਤੇ ਵੇਦਨਾਵਾਦ । ਪ੍ਰਿੰਸੀਪਲ ਤੇਜਾ ਸਿੰਘ ਨੇ ਅੰਮ੍ਰਿਤਾ ਨੂੰ ਪੰਜਾਬ ਦੀ ਆਵਾਜ਼ ਕਿਹਾ ਸੀ, ਅਸਲ ਵਿਚ ਉਹ ਪੰਜਾਬ ਨਾਲੋਂ ਪੰਜਾਬਤ ਦੀ ਆਵਾਜ਼ ਵਧੇਰੇ ਹੈ । ਪ੍ਰੋ. ਪ੍ਰਿਤਪਾਲ ਸਿੰਘ ਨੇ ਲਿਖਿਆ ਹੈ ਕਿ ਅੰਮ੍ਰਿਤਾ ਨੇ ਆਪਣੀ ਕਵਿਤਾ ਵਿਚ ਇਸਤਰੀ ਦਾ ਮੁਕੱਦਮਾ ਪੇਸ਼ ਕੀਤਾ ਹੈ। ਅੰਮ੍ਰਿਤਾ ਦੀ ਕਵਿਤਾ ਵਿਚ ਇਸਤਰੀ ਦੇ ਚਰਿਤਰ, ਕਿਰਦਾਰ, ਮਾਨਸਿਕਤਾ, ਸੰਕਿਆ, ਆਸ਼ਾਵਾਂ, ਆਕਾਖਿਆਵਾਂ, ਸੁਪਨੇ-ਸਧਰਾਂ, ਸਮੱਸਿਆਵਾਂ ਤੇ ਮਜ਼ਬੂਰੀਆਂ ਦਾ ਭਰਪੂਰ ਜ਼ਿਕਰ ਮਿਲਦਾ ਹੈ। ਜਿਥੋਂ ਤੱਕ ਵੇਦਨਾਵਾਦ ਦਾ ਸਬੰਧ ਹੈ ਡਾ . ਪ੍ਰੇਮ ਪ੍ਰਕਾਸ਼ ਸਿੰਘ ਦਾ ਇਹ ਕਥਨ ਬੜਾ ਢੁਕਵਾਂ ਹੈ ਕਿ ਅੰਮ੍ਰਿਤਾ ਦੇ ਕਾਵਿ ਵਿਚ ਕਰੁਣਾਮਈ ਸ਼ੋਕ ਹੈ, ਦਿਲ ਪਿਘਲਾਉ ਬਿਰਹੋਂ ਹੈ ਅਤੇ ਸਭ ਤੋਂ ਵੱਧ ਦਰਦ-ਰੰਝਾਣੀ ਵੇਦਨਾ ਹੈ। ਵੇਦਨਾ ਦਾ ਇਹ ਜਜ਼ਬਾ ਇੰਨਾ ਵਿਆਪਤ ਹੈ ਕਿ ਅੰਮ੍ਰਿਤਾ-ਕਾਵਿ ਦਾ ਹਰ ਅੱਖਰ ਉਪਰਾਮ ਤੇ ਉਦਾਸ ਦਿਸਦਾ ਹੈ। ਇਸ ਲਈ ਅੰਮ੍ਰਿਤਾ ਦੇ ਕਾਵਿ ਦਾ ਪ੍ਰਮੁੱਖ ਸ੍ਵਰ ਵੇਦਨਾ ਵਾਦ ਹੈਅੰਮ੍ਰਿਤਾ ਦੀ ਪ੍ਰੌੜ ਕਾਵਿ ਕਲਾ ਦਾ ਜ਼ਿਕਰ ਕਰਦਿਆਂ ਡਾ ਕੁਲਦੀਪ ਕੌਰ ਨੇ ਲਿਖਿਆ ਹੈ ਕਿ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਿਚ ਛੰਦਾਬੰਦੀ ਦੇ ਹੁੰਦਿਆ ਵੀ ਛੰਦਾਬੰਦੀ ਦੇ ਬਝਵੇਂ ਨੇਮਾਂ ਤੇ ਸੁਤੰਰਤਾ ਦੀ ਭਾਵਨਾ ਪ੍ਰਗਟ ਹੁੰਦੀ ਹੈ। ਬੋਲੀ ਦੀ ਸਾਦਗੀ ਵਿਚੋਂ ਸੁੰਦਰਤਾ ਤੇ ਕੋਮਲਤਾ ਦੀ ਭਾਹ ਮਾਰਦੀ ਹੈ। ਲੋਕ ਗੀਤਾਂ ਵਾਲਾ ਠੰਡਾ, ਮਿੱਠਾ ਤੇ ਸੁਖਾਵਾਂ, ਪ੍ਰਭਾਵ ਪਾਉਣ ਵਾਲੇ ਗੀਤਾਂ ਦੀ ਸਿਰਜਨਾ ਵੀ ਉਸਨੇ ਕਾਫੀ ਕੀਤੀ ਹੈ। ਢੁਕਵੀਂ ਸ਼ਬਦ ਚੋਣ, ਅੰਲਕਾਰਾਂ ਦੀ ਮੌਲਿਕਤਾ, ਕਾਵਿ ਵਿਚ ਲੈਅ ਤੇ ਸੰਗੀਤਕਤਾ ਅਤੇ ਵਰਣਨ ਦੀ ਸਾਦਗੀ ਵਿਚ ਵਿਚਾਰਾਂ ਦੀ ਡੂੰਘਾਈ ਅੰਮ੍ਰਿਤਾ ਦੀ ਕਵਿਤਾ ਦੇ ਕੁਝ ਵਿਸ਼ੇਸ਼ ਲੱਛਣ ਹਨ। ਕੁਝ ਵੰਨਗੀਆਂ ਵੇਖੋ :-
ਅੱਜ ਆਖਾਂ ਵਾਰਸਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ਼ਸ਼ਾਹ ਨੂੰ ਕਹਿਣ।
ਇਹ ਲਾਸ਼ ਕਿਹੜੇ ਫੁੱਲ ਦੀ ਅੱਜ ਬਾਗ ਸਾਰਾ ਰੋ ਪਿਆ ।
ਹੁਸਨਾ ਤੇ ਇਸ਼ਕਾਂ ਵਾਲਿਓ, ਜਾਵੋ ਲਿਆਵੋ ਮੋੜਕੇ
ਮਹਿਬੂਬ ਮੇਰੇ ਦੇਸ਼ ਦਾ ਜਿਥੇ ਵੀ ਕਿਧਰੇ ਟੁਰ ਗਿਆ
ਨਾ ਕੋਈ ਵਜ੍ਹਾ ਤੇ ਨਾ ਕੋਈ ਸਜਦਾ, ਨਾ ਮੰਨਤ ਮੰਗਣ ਆਈ,
ਚਾਰ ਚਰਾਗ ਤੇਰੇ ਬਲਣ ਹਮੇਸ਼ਾ, ਮੈਂ ਪੰਜਵਾ ਬਾਲਣ ਆਈ।
(ਮੈਂ ਜਮ੍ਹਾਂ ਤੂੰ)
ਬਾਵਾ ਬਲਵੰਤ (1915-1972)
ਪੰਜਾਬੀ ਕਾਵਿ ਵਿਚ ਪ੍ਰਗਤੀਵਾਦੀ ਧਾਰਾ ਦੇ ਅਸਲ ਪ੍ਰਤੀਨਿਧਾਂ ਵਿਚੋਂ ਬਾਵਾ ਬਲਵੰਤ ਇਕ ਅਜੇਹਾ ਪੰਜਾਬੀ ਕਵੀ ਹੈ ਜਿਸਦੀ ਕਵਿਤਾ ਨੇ ਇਕ ਸੇਧ ਵਿਚ ਵਿਕਾਸ ਕੀਤਾ ਹੈ । ਪ੍ਰੋ ਪ੍ਰਿਤਪਾਲ ਸਿੰਘ ਦੇ ਸ਼ਬਦਾਂ ਵਿਚ “ਬਾਵਾ ਬਲਵੰਤ ਨੇ ਆਪਣੇ ਅਗਰਗਾਮੀ ਵਿਚਾਰਾਂ ਨੂੰ ਆਪਣੇ ਦਾਰਸ਼ਨਿਕ, ਸਾਂਸਕ੍ਰਿਤਿਕ ਤੇ ਸ਼ਾਸਤਰੀ ਵਿਰਸੇ ਦੇ ਪਰਿਗਿਆਨ ਵਿਚੋਂ ਉਪਜੀ ਸੋਝੀ ਨਾਲ ਪੁਸ਼ਟ ਕੀਤਾ ਅਤੇ
ਪ੍ਰਗਤੀਸ਼ੀਲ ਭਾਵਨਾ ਨੂੰ ਬੌਧਿਕ ਤੇ ਵਿਗਿਆਨਿਕ ਚਿੰਤਨ ਨਾਲ ਸਮੇਲਿਆ ਹੈ।”
ਬਾਵਾ ਬਲਵੰਤ ਦੇ ਪੰਜ ਕਾਵਿ-ਸੰਗ੍ਰਹਿ ਉਪਲਬਧ ਹਨ :-
ਮਹਾਨਾਚ (1941) ਅਮਰਗੀਤ (1942) ਜਵਾਲਾਮੁਖੀ (1943) ਬੰਦਰਗਾਹ (1951) ਅਤੇ ਸੁਗੰਧਸਮੀਰ (1959) । ਬਾਵਾ ਜੀ ਦੀ ਕਾਵਿ-ਚੇਤਨਾ ਦੇ ਵਿਕਾਸ ਵਿਚ ਦੋ ਪੜਾਅ ਸਾਹਮਣੇ ਆਉਂਦੇ ਹਨ, ਦੇਸ਼ ਦੀ ਵੰਡ (1947) ਤੋਂ ਪਹਿਲਾਂ ਦੀ ਕਵਿਤਾ ਅਤੇ ਵੰਡ-ਉਪਰੰਤ ਕਵਿਤਾ । ਵੰਡ-ਪੂਰਵ ਪੰਜਾਬੀ ਕਵਿਤਾ ਵਿਚ ਉਸਦੇ ਤਿੰਨ ਸੰਗ੍ਰਹਿ ਮਹਾਨਾਚ, ਅਮਰਗੀਤ, ਜਵਾਲਾਮੁਖੀ ਸ਼ਾਮਲ ਹਨ। ਬਾਵਾ ਜੀ ਦੀ ਮੁਢਲੀ ਕਵਿਤਾ ਵਿਚ ਛਾਇਆਵਾਦ ਦਾ ਰੰਗ ਬਹੁਤ ਗੂੜਾ ਸੀ ਅਤੇ ਪਿਆਰ ਤੇ ਰੋਮਾਂਸ ਦਾ ਰੰਗ ਬਲਵਾਨ ਸੀ । ਉਹ ਨਿੱਜੀ ਪਿਆਰ ਨੂੰ ਬੇਝਿਜਕ ਬਿਆਨ ਕਰਦਾ ਸੀ ਪਰ ਉਸਦੇ ਨਿੱਜੀ ਪਿਆਰ ਵਿਚ ਇਕ ਵਿਲੱਖਣ ਪਾਸਾਰ ਪਸਰਦਾ ਰਿਹਾ। ਜਿਸ ਕਰਕੇ ਸੁਰੂ ਤੋਂ ਹੀ ਦੇਸ਼ ਪਿਆਰ, ਲੋਕ ਪਿਆਰ ਤੇ ਕਲਾ-ਪਿਆਰ ਦੇ ਜ਼ਜ਼ਬੇ ਠਾਠਾਂ ਮਾਰਨ ਲੱਗੇ । ਕਵੀ ਬਾਵਾ ਸਵੈ-ਵਿਸ਼ਵਾਸ਼ ਦਾ ਕਵੀ ਸੀ ਜਿਸ ਦੀ ਮਿਸਾਲ ਵਜੋਂ ਉਸਦੀ ਕਵਿਤਾ “ਬਾਗੀ” ਵੇਖੀ ਜਾ ਸਕਦੀ ਹੈ। ਇਹ ਕਵਿਤਾ ਵੰਗਾਰ ਤੇ ਉਤਸ਼ਾਹਜਨਕ ਮਨੋਦਸ਼ਾ ਦੀ ਧਾਰਨੀ ਹੈ। ਕਵੀ ਲਿਖਦਾ ਹੈ :-
ਮੈਂ ਬਾਗੀ, ਮੈਂ ਬਾਗੀ, ਮੈਂ ਆਕੀ, ਮੈਂ ਆਕੀ,
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ।
ਇਸ ਪੜਾਅ ਦੇ ਕਾਵਿ ਸੰਗ੍ਰਹਿ “ਜਵਾਲਾਮੁਖੀ” ਵਿਚ ਉਸਦੀ ਪ੍ਰਗਤੀਵਾਦੀ, ਵਿਚਾਰਧਾਰਾ ਦਾ ਬਲਵਾਨ ਰੂਪ ਦ੍ਰਿਸ਼ਟੀਗੋਚਰ ਹੁੰਦਾ ਹੈ। ਜਵਾਲਾਮੁਖੀ ਵਿਚ ਕ੍ਰਾਂਤੀ ਦੇ ਸ੍ਵਰ, ਸਮਾਜ ਦਾ ਯਥਾਰਥ ਚਿਤਰਣ, ਪੂੰਜੀਵਾਦ ਪ੍ਰਤੀ ਵਿਅੰਗ ਤੇ ਕਟਾਕਸ਼, ਅਮਨ ਲਈ ਪੁਕਾਰ ਅਤੇ ਸਮੂਹ ਇਨਸਾਨੀਅਤ ਲਈ ਹਮਦਰਦੀ ਆਦਿ ਵਿਸ਼ੇ ਕਲਾਤਮਕ ਸ਼ੈਲੀ ਵਿਚ ਰੂਪਮਾਨ ਹੋਏ ਹਨ। ਵੰਡ-ਉਪਰੰਤ ਪ੍ਰਕਾਸ਼ਿਤ ਹੋਏ ਬੰਦਰਗਾਹ ਤੇ ਸੁਗੰਧ ਸਮੀਰ ਕਾਵਿ ਸੰਗ੍ਰਹਿਆਂ ਵਿਚ ਕਵੀ ਦੀ ਲੋਕ ਪਿਆਰ ਦੀ ਭਾਵਨਾ ਤੇ ਮਾਨਵ ਅਹਿਸਾਸਾਂ ਪ੍ਰਤੀ ਪੂਰੀ ਹਮਦਰਦੀ ਹੋਰ ਵੀ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ। ਇਨ੍ਹਾਂ ਕਾਵਿ ਰਚਨਾਵਾਂ ਵਿਚ ਕਈ ਕਵਿਤਾਵਾਂ ਬੜੀਆਂ ਹੀ ਉਤਕ੍ਰਿਸ਼ਟ ਹਨ ਜਿਵੇਂ ਉਸ਼ਾ, ਜਹਾਜ਼ਰਾਨ, ਧਰਤੀ ਮਾਤਾ, ਅਸ਼ੋਕ ਲਾਠ, ਫੇਰ ਪਾਰੋ ਨੇ ਕਿਹਾ, ਸਮਾਜਵਾਦ, ਰਾਤ ਰਾਣੀ ਦੀ ਸੁਗੰਧ, ਜੰਤਰ-ਮੰਤਰ, ਫੁੱਲ ਜੋ ਮੁਰਝਾ ਗਏ, ਦੁਨੀਆ ਆਦਿ ਇਨ੍ਹਾਂ ਸਨਾਤਨਤਾ ਤੇ ਆਧੁਨਿਕਤਾ ਦਾ ਸੰਜੋਗ ਵੇਖਣ-ਯੋਗ ਹੈ। ਏਥੇ ਬਾਵਾ ਬਲਵੰਤ ਨੇ ਅਗਰਗਾਮੀ ਤੇ ਰਾਸ਼ਟਰਵਾਦੀ ਭਾਵਨਾ ਦਾ ਜਿਸ ਕਲਾਤਮਕ ਨਿਪੁੰਨਤਾ ਨਾਲ ਸੁਮੇਲ ਕੀਤਾ ਹੈ ਉਹ ਅਪਣੀ ਮਿਸਾਲ ਆਪ ਹੈ। ਡਾ ਕੁਲਦੀਪ ਕੌਰ ਨੇ ਠੀਕ ਕਿਹਾ ਹੈ ਕਿ ਬਾਵਾ ਬਲਵੰਤ ਬੌਧਿਕ ਧਾਰਾ ਦਾ ਕਵੀ ਹੈ। ਆਪਣੇ ਸਮਕਾਲੀ ਯੁੱਗ ਦੀ ਸਮਾਜਵਾਦੀ ਵਿਚਾਰਧਾਰਾ ਤੇ ਅਮਨ-ਲਹਿਰ ਨਾਲ ਜੁੜਿਆ ਹੋਣ ਕਰਕੇ ਉਸਨੇ ਕ੍ਰਾਂਤੀ ਦੀ ਭਾਵਨਾ ਨੂੰ ਬੜੀ ਭਾਵੁਕਤਾ ਨਾਲ ਪ੍ਰਗਟਾਇਆ ਪਰ ਬੁੱਧੀ-ਬਲ ਤੇ ਗਿਆਨ-ਭੰਡਾਰ ਦੀ ਸਹਾਇਤਾ ਨਾਲ ਪੌਰਾਣਿਕ, ਇਤਿਹਾਸਿਕ ਤੇ ਮਿਥਿਹਾਸਿਕ ਪ੍ਰਤੀਕਾਂ ਦੀ ਵਰਤੋਂ ਕਰਕੇ ਨਵੇਂ ਵਿਚਾਰਾਂ ਦਾ ਸਬੰਧ ਪਰੰਪਰਾ ਨਾਲ ਜੋੜਿਆ ਹੈ।
ਕਾਵਿ-ਕਲਾ ਦੇ ਪੱਖ ਤੋਂ ਬਾਵਾ ਬਲਵੰਤ ਨੇ ਉੱਚਤਮ ਪ੍ਰਾਪਤੀਆਂ ਕੀਤੀਆਂ ਹਨ । ਕਾਵਿ-ਰੂਪਾਂ ਦੀ ਵੰਨਸੁਵੰਨਤਾ ਉਨ੍ਹਾਂ ਦੀ ਕਵਿਤਾ ਵਿਚ ਰੋਚਕਤਾ ਤੇ ਸਰਸਤਾ ਪ੍ਰਦਾਨ ਕਰਦੀ ਹੈ। ਮੁੱਖ ਤੌਰ ਤੇ ਗ਼ਜ਼ਲਾਂ, ਨਜ਼ਮਾਂ, ਸੌਨੇਟ, ਨਿੱਕੀਆਂ ਕਵਿਤਾਵਾਂ, ਲੰਮੀਆਂ ਕਵਿਤਾਵਾਂ, ਗੀਤ ਉਨ੍ਹਾਂ ਦੀ ਕਵਿਤਾ ਵਿਚ ਵਰਤੇ ਕਾਵਿ ਰੂਪ ਹਨ। ਕਲਾਸੀਕਲ ਤੇ ਆਧੁਨਿਕ ਭਾਸ਼ਾਵਾਂ ਦੇ ਲੋਕਪ੍ਰਿਯ ਬਹਿਰਾਂ ਨੂੰ ਅਪਣਾ ਕੇ ਕਵੀ ਨੇ ਪੰਜਾਬੀ ਕਵਿਤਾ ਨੂੰ ਰੂਪਾਤਮਕ ਦ੍ਰਿਸ਼ਟੀ ਤੋਂ ਅਮੀਰੀ ਪ੍ਰਦਾਨ ਕੀਤੀ ਹੈ। ਭਾਰਤੀ ਇਤਿਹਾਸ ਤੇ ਮਿਥਿਹਾਸ ਵਿਚੋਂ ਅਲੰਕਾਰਾਂ, ਚਿੰਨਾਂ, ਬਿੰਬਾਂ ਤੇ ਦ੍ਰਿਸ਼ਟਾਤਾਂ ਦੀ ਚੋਣ ਇਸ ਕਵੀ ਦੇ ਸ਼ਿਲਪ-ਵਿਧਾਨ ਦਾ ਮੀਰੀ ਗੁਣ ਹੈ।
ਪ੍ਰੀਤਮ ਸਿੰਘ ਸਫੀਰ (1916-1999 )
ਦੂਜੇ ਦੌਰ ਦੇ ਕਵੀਆਂ ਵਿਚ ਪ੍ਰੀਤਮ ਸਿੰਘ ਸਫੀਰ ਇਕ ਅਜੇਹਾ ਹਸਤਾਖਰ ਹੈ ਜਿਸਦਾ ਆਪਣਾ ਹੀ ਨਵੇਕਲਾ ਸ੍ਵਰ ਹੈ। ਪੰਜਾਬੀ ਦੇ ਰਹੱਸਵਾਦੀ, ਰੋਮਾਂਟਿਕ, ਅਗਾਂਹਵਧੂ ਤੇ ਪ੍ਰਗੀਤਕ ਕਾਵਿ ਪ੍ਰਵਿਰਤੀਆਂ ਦਾ ਸਮਕਾਲੀ ਹੁੰਦਾ ਹੋਇਆ ਵੀ ਸਫੀਰ ਆਪਣੀ ਕਵਿਤਾ ਦਾ ਨਿੱਜੀ ਵਿਲੱਖਣ-ਚਿੰਨ੍ਹ, ਸਥਾਪਿਤ ਕਰਨ ਵਿਚ ਸਮਰੱਥ ਹੋ ਸਕਿਆ ਹੈ। ਪਿਛਲੀ ਚਾਰ ਦਹਾਕਿਆਂ ਤੋਂ ਵੱਧ ਅਪਣੀ ਕਾਵਿ- ਸਾਧਨਾ ਵਿਚ ਅਭਿਆਸੀ ਰਹਿਣ ਦੇ ਬਾਵਜੂਦ ਸਫੀਰ ਕਿਸੇ ਵਕਤੀ ਵਾਦ-ਸਿਧਾਂਤ ਦਾ ਸ਼ਿਕਾਰ ਨਹੀਂ ਹੋਇਆ। ਉਸਦਾ ਆਪਣਾ ਕਾਵਿ-ਪੰਧ ਲਗਾਤਾਰ, ਬਦਸਤੂਰ, ਨਿਰੰਤਰ ਇਕਰਸ ਵਹਿ ਰਿਹਾ ਹੈ। ਇਹ ਅਵਸ਼ ਹੈ ਕਿ ਕਵੀ ਸਫੀਰ ਨੇ ਆਪਣੀਆਂ ਸਮਕਾਲੀ ਵਿਚਾਰਧਾਰਾਵਾਂ ਤੋਂ ਲੋੜੀਂਦੀ ਸਮੱਗਰੀ ਗ੍ਰਹਿਣ ਕਰਕੇ ਉਸਨੂੰ ਆਪਣੇ ਵਿਅਕਤਿਤਵ ਦੀ ਪਾਣ ਚੜ੍ਹਾਈ ਹੈ। ਜਿਸ ਕਰਕੇ ਉਸਦੀ ਕਵਿਤਾ ਵਿਚ ਬੇਗਾਨਾਪਣ ਜਾਂ ਓਪਰਾਪਣ ਨਹੀਂ ਚੁੱਭਦਾ। ਇਹ ਕਹਿਣਾ ਦਰੁਸਤ ਹੋਵੇਗਾ ਕਿ ਕਵੀ ਸਫੀਰ ਆਪਣੇ ਆਪ ਇਕ ਕਾਵਿ-ਧਾਰਾ ਹੈ।
ਸਫੀਰ ਦੀ ਕਵਿਤਾ ਵਿਚ ਸਫੀਰ ਦੇ ਪ੍ਰਚੰਡ ਵਿਅਕਤਿਤਵ ਦੀ ਮੁਹਰਛਾਪ ਦੂਰੋਂ ਦਿਸ ਪੈਂਦੀ ਹੈ। ਉਸਦੇ ਵਿਅਕਤਿਤਵ ਵਿਚ ਭਾਂਤ ਭਾਂਤ ਦੇ ਵਿਰੋਧੀ ਅੰਸ਼ ਮੌਜੂਦ ਹਨ । ਡਾ ਦੀਵਾਨ ਸਿੰਘ ਨੇ ਲਿਖਿਆ ਹੈ ਕਿ “ਸਫੀਰ ਦੀ ਸਖ਼ਸੀਅਤ ਵਿਚ ਆਧੁਨਿਕਤਾ ਦੇ ਲੱਗਭੱਗ ਸਾਰੇ ਤੱਤ ਇਕੱਤਰ ਹੋਏ ਮਿਲਦੇ ਹਨ, ਇਕ ਗੁੰਝਲਦਾਰ ਮਿਲਗੋਭਾ ਬੌਧਿਕਤਾ, ਨਵੀਨ ਚੇਤਨਾ ਅਤੇ ਰੂਪਕ ਖੁੱਲ੍ਹ ਦੇ ਨਾਲ ਇਕ ਨਵੀਨ ਪ੍ਰਕਾਰ ਦੇ ਅਧਿਆਤਮਵਾਦ ਤੇ ਆਦਰਸ਼ਵਾਦ ਦਾ ਸੁਮੇਲ ਜੋ ਸ਼ਾਇਦ ਸੁਮੇਲ ਨਹੀਂ ਇਕ ਦਵੰਦ ਹੈ, ਇਕ ਭਟਕਣਾ ਹੈ, ਇਕ ਮਾਨਸਿਕ ਹਲਚਲ ਹੈ”। ਸਫੀਰ ਦੀ ਭਾਵੁਕ ਸਖ਼ਸ਼ੀਅਤ ਤੋਂ ਇਲਾਵਾ ਉਸਦੀ ਕਵਿਤਾ ਦੇ ਪ੍ਰੇਰਕ ਸੋਮਿਆਂ ਵਿਚ ਗੁਰਬਾਣੀ ਦਾ ਰਹੱਸ-ਅਨੁਭਵ ਸਿੱਖ ਧਰਮ ਦੀ ਗਤੀਸ਼ੀਲਤਾ, ਈਸਾਈਅਤ ਦੀ ਕੁਰਬਾਨੀ ਤੇ ਕਰੁਣਾ, ਬੁਧ ਦੀ ਤਰਸ ਭਾਵਨਾ ਤਿਤਿਖਿਆ, ਉਰਦੂ-ਫ਼ਾਰਸੀ ਦਾ ਸੂਫੀਆਨਾ ਇਸ਼ਕ-ਤਖੱਯਲ, ਅੰਗਰੇਜ਼ੀ ਸਾਹਿਤ ਦੀ ਬੌਧਿਕਤਾ, ਨਵੀਨ ਚੇਤਨਾ ਅਤੇ ਰੂਪਕ ਖੁੱਲ੍ਹ ਮਾਰਕਸ ਦਾ ਆਰਥਿਕ ਚਿੰਤਨ ਅਤੇ ਯੂਰਪ ਦੀ ਵਿਚਾਰਧਾਰਾ ਆਦਿ ਵਰਣਨਯੋਗ ਹਨ।
ਸਫੀਰ ਦੇ ਕਾਵਿ ਵਿਚ ਵਿਅਕਤੀਵਾਦ, ਸਮਾਜਵਾਦ, ਬੁਧੀਵਾਦ, ਬੌਧਿਕ ਸੁਹਜਵਾਦ ਅਤੇ ਨਵ- ਰਹੱਸਵਾਦ ਦੇ ਵਿਭਿੰਨ ਰੰਗ ਉਜਾਗਰ ਹੁੰਦੇ ਦਿਸਦੇ ਹਨ। ਸਫੀਰ ਦੀ ਕਵਿਤਾ ਦਾ ਵਿਅਕਤੀਵਾਦੀ ਰੰਗ ਉਸਦੇ ਪਿਆਰ ਅਨੁਭਵ ਤੋਂ ਲਿਸ਼ਕਦਾ ਹੈ। ਪਿਆਰ ਦੇ ਰੋਮਾਂਟਿਕ ਆਦਰਸ਼ਕ ਤੇ ਬੌਧਿਕ ਰੂਪਾਂ ਨੂੰ ਕਵੀ ਨੇ ਬੜੇ ਚਮਤਕਾਰੀ ਅੰਦਾਜ਼ ਵਿਚ ਇਸ ਤਰ੍ਹਾਂ ਵਿਅਕਤ ਕੀਤਾ ਹੈ:
ਪਿਆਰ ਦਾ ਤਾਂ ਸੱਚ ਇਹ ਹੈ
ਜਿਸਮ ਦੀਆ ਕੰਧਾਂ ਨੂੰ .
ਆਤਮਾ ਦੀ ਲਗੇ ਲੋ।
ਇਉਂ ਸਫ਼ੀਰ ਦੇ ਪਿਆਰ ਵਿਚ ਟੀਸ ਹੈ, ਚੀਸ ਹੈ, ਉਹ ਛੁਹਲਾ ਹੈ, ਸ਼ੋਖ ਹੈ, ਉਸਦੀ ਪਕੜ ਚੰਚਲ ਹੈ, ਉਸਦਾ ਰਸ ਤਰਲ ਹੈ ਪਰ ਸਭ ਕੁਝ ਦੇ ਹੁੰਦਿਆਂ ਉਸ ਦੇ ਪਿਆਰ ਦੇ ਮੱਥੇ ਤੇ ਤਿਉੜੀਆਂ ਹਨ। ਸਫੀਰ ਦੇ ਕਾਵਿ ਵਿਚ ਸਮਾਜਵਾਦੀ ਧੁਨੀ ਉਥੇ ਗੂੰਜਦੀ ਹੈ। ਜਿਥੇ ਉਹ ਇਨਸਾਨ ਤੇ ਇਨਸਾਨੀਅਤ ਦਾ ਪੱਖ ਪੂਰਦਾ ਹੈ । ਡਾ. ਪ੍ਰੇਮ ਪ੍ਰਕਾਸ਼ ਸਿੰਘ ਦੇ ਸ਼ਬਦਾਂ ਵਿਚ ਪ੍ਰੀਤਮ ਸਿੰਘ ਸਫੀਰ ਮਨੁੱਖਤਾ ਦਾ ਕਵੀ ਹੈ। ਮਨੁੱਖਤਾ ਅਤੇ ਕਲਿਆਣ ਭਾਵਨਾ ਉਸ ਦੀਆ ਬਹੁਤੀਆ ਕਵਿਤਾਵਾਂ ਦਾ ਧੁਰਾ ਹੈ । ਧਰਮ, ਅਖਲਾਕ, ਆਦਰਸ਼, ਆਸ਼ਾਵਾਦ, ਬਲ ਬੁਧੀ ਆਦਿ ਅੰਸ਼ ਉਸਦੀ ਕਵਿਤਾ ਵਿਚੋਂ ਫੁੱਟ ਫੁੱਟ ਨਿਕਲਦੇ ਹਨ : ਵੰਨਗੀ :
ਕੌਣ ਕਹੇ ਏਸ ਨੂੰ ਨਾ ਰਬ ਦੀ ਪਛਾਣ ਹੈ/ਕੌਣ ਕਹੇ ਦੇਸ਼ ਦਰਦ ਵਲੋਂ ਅਣਜਾਣ ਹੈ ।
ਕੌਣ ਕਹੇ ਏਸ ਨੂੰ ਨ ਸਾਰ ਮਜ਼ਦੂਰ ਦੀ/ਦੇਖਦਾ ਹੈ ਜੀਵ ਵਿਚ ਰੌਸ਼ਨੀ ਜੋ ਤੂਰ ਦੀ।
ਕੌਣ ਕਹੇ ਧਰਮ ਦੀ ਅਫੀਮ ਵਿਚ ਹੋਸ਼ ਨਹੀਂ/ਜੁਗ ਪਲਟਾਣ ਦਾ ਏਸ ਨੂੰ ਜੋਸ਼ ਨਹੀਂ ।
ਪ੍ਰੀਤਮ ਸਿੰਘ ਸਫੀਰ ਨੇ ਹੁਣ ਤੱਕ ਪੰਜਾਬੀ ਸਾਹਿਤ ਨੂੰ ਇਹ ਕਾਵਿ ਸੰਗ੍ਰਹਿ ਪ੍ਰਦਾਨ ਕੀਤੇ ਹਨ : ਕੱਤਕ ਕੂੰਜਾਂ (1941), ਪਾਪ ਦੇ ਸੋਹਿਲੇ (1943), ਰਾਗ ਰਿਸ਼ਮਾਂ (1946), ਰਕਤ ਬੂੰਦਾਂ (1946), ਆਦਿ ਜੁਗਾਦਿ (1958), ਸਰਬ ਕਲਾ (1966) ਅਨਿਕ ਬਿਸਥਾਰ, ਸੰਜੋਗ ਵਿਯੋਗ, ਗੁਰੂ ਗੋਬਿਦ, ਅਪਾਰ ਅਨੂਪ, ਅਗਮ ਅਗੋਚਰ । 1983 ਵਿਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਨੇ”ਅਨਿਕ- ਬਿਸਥਾਰ” ਨੂੰ ਪੁਰਸਕ੍ਰਿਤ ਕੀਤਾ ਹੈ। ਸੰਜੋਗ-ਵਿਯੋਗ ਵਿਚ ਇਕ ਰੁਬਾਈ ਵੰਨਗੀ ਵਜੋਂ ਪੇਸ਼ ਹੈ :
ਤੂੰ ਤੇ ਮੈਂ ਇਕੋ ਹਾਂ ਇਕੋ, ਬਖ਼ਸ਼ੀ ਕਿਸੇ ਖੁਮਾਰੀ ।
ਝੂਮ ਰਹੀ ਰਸ ਰੂਪ ਮਾਣਦੀ, ਜਿੰਦ ਮਾਹੀ ਦੀ ਪਿਆਰੀ ।
ਆਪ ਖੁਦਾ ਜਿਸਮਾਨੀ ਹੋ ਕੇ ਸੀਨੇ ਲਾ ਕੇ ਚੁੰਮਿਆ।
ਕੋਟ ਜੁਗਾਂ ਦੇ ਸ਼ਿਕਵੇ ਪੀ ਗਈ ਆਮਦ ਉਸਦੀ ਨਿਆਰੀ ।
ਅਵਤਾਰ ਸਿੰਘ ਆਜ਼ਾਦ (1906-1972)
ਅਵਤਾਰ ਸਿੰਘ ਆਜ਼ਾਦ ਦੂਜੇ ਦੌਰ ਦੇ ਇਕ ਹੋਰ ਮਾਨਤਾ-ਪ੍ਰਾਪਤ ਕਵੀ ਹਨ। ਕਵੀ ਆਜ਼ਾਦ ਦੀ ਪੰਜਾਬੀ ਕਵਿਤਾ ਦਾ ਸ੍ਵਰ ਅੰਮ੍ਰਿਤਾ ਮੋਹਨ ਸਿੰਘ ਕਾਵਿ ਧਾਰਾ ਤੋਂ ਨਿਰਾਲਾ ਹੈ । ਆਜ਼ਾਦ ਪੱਤਰਕਾਰੀ ਪਰੰਪਰਾ ਦੀ ਉਪਜ ਹੋਣ ਕਰਕੇ ਰਾਜਸੀ, ਅੰਤਰ-ਰਾਸ਼ਟਰੀ ਤੇ ਸਮਾਜਕ ਨੀਤੀਆਂ ਤੋਂ ਚੇਤੰਨ ਹੈ। ਆਜ਼ਾਦੀ ਦੀ ਲਹਿਰ ਦਾ ਭਿਆਲ ਹੋਣ ਕਰਕੇ ਉਸ ਵਿਚ ਦੇਸ਼ ਪਿਆਰ ਦਾ ਜਜ਼ਬਾ ਬਲਵਾਨ ਹੈ। ਇਸ ਲਈ ਡਾ. ਧਰਮਪਾਲ ਸਿੰਗਲ ਨੇ ਲਿਖਿਆ ਹੈ ਕਿ “ਅਵਤਾਰ ਸਿੰਘ ਆਜ਼ਾਦ ਨੂੰ ਹਿੰਦੀ ਦੇ ਮੈਥਿਲੀਸ਼ਰਣ ਗੁਪਤ ਵਾਂਗ ਇਕ ਰਾਸਟਰੀ ਕਵੀ ਦੀ ਪਦਵੀ ਦਿੱਤੀ ਜਾ ਸਕਦੀ ਹੈ। ਰਾਸ਼ਟਰੀ ਭਾਵਨਾ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਆਜ਼ਾਦ ਜੀ ਨੇ ਨਿੱਗਰ ਹਿੱਸਾ ਪਾਇਆ ਹੈ। ਉਹ ਸਮੁੱਚੀ ਮਨੁੱਖਤਾ ਦੀ ਪੀੜ ਨੂੰ ਭਾਰਤੀ ਸੰਸਕ੍ਰਿਤੀ ਵਿਚ ਪੂਰੀ ਤਰ੍ਹਾਂ ਖੁਭ ਕੇ ਬਿਆਨ ਕਰਦੇ ਹਨ।”
ਆਜ਼ਾਦ ਨੇ ਆਪਣੇ ਪੰਜਾਬੀ ਕਾਵਿ ਨੂੰ ਦੋ ਤਰ੍ਹਾਂ ਦੀਆਂ ਰੂਪ ਸ਼ੈਲੀਆਂ ਵਿਚ ਸਿਰਜਿਆ ਹੈ। ਇਕ ਬੰਨੇ ਉਨ੍ਹਾ ਛੋਟੀਆਂ ਮੁਕਤਕ ਕਵਿਤਾਵਾਂ ਰਚੀਆਂ ਹਨ ਅਤੇ ਦੂਜੇ ਬੰਨੇ ਮਹਾਕਾਵਿ ਲਿਖੇ ਹਨ। ਮੁਕਤਕ ਜਾਂ ਛੋਟੀਆਂ ਕਵਿਤਾਵਾਂ ਦੇ ਸੰਗ੍ਰਹਿ ਇਹ ਹਨ :- ਕੈਦੀ ਵੀਰ, ਸਵਾਂਤੀ ਬੂੰਦ (1938), ਸਾਵਣ थींच्या (1941), हिमह देरता (1941), वरुमेभां (1943), भेल महेग (1946), तीहरु-तार, ਰਸਧਾਰਾ, ਨੂਰੀ ਜੋਤਾਂ, ਸੋਨ ਸਿਖਰਾਂ ਅਤੇ ਚੜ੍ਹਦੀ ਕਲਾ। ਲੰਮੀਆਂ ਬਿਰਤਾਂਤਕ ਕਵਿਤਾਵਾਂ ਦੇ ਮਹਾਕਾਵਿ ਇਹ ਹਨ :- ਮਰਦ ਅਰੀਮੜਾ, ਵਿਸ਼ਵਨੂਰ, ਮਹਾਬਲੀ । ਆਜ਼ਾਦ ਦੀਆਂ ਨਿੱਕੀਆਂ
ਕਵਿਤਾਵਾਂ (ਮੁਕਤਕਾਂ) ਵਿਚ ਕਈ ਤਰ੍ਹਾਂ ਦੇ ਵਿਸ਼ੇ ਲਏ ਗਏ ਹਨ ਜਿਨ੍ਹਾਂ ਵਿਚ ਆਜ਼ਾਦੀ ਦੀ ਤਾਂਘ, ਦੇਸ਼ ਭਗਤੀ, ਮਨੁੱਖਤਾ, ਧਾਰਾ, ਸਮਾਜਕ ਇਨਸਾਫੀ, ਨਵੇਂ ਯੁੱਗ ਦੇ ਆਦਰਸ਼, ਭ੍ਰਿਸ਼ਟਾਚਾਰ ਦੀ ਆਲੋਚਨਾ, ਰੋਮਾਂਸ ਤੇ ਪਿਆਰ ਉਲੇਖਯੋਗ ਹਨ। ਕਵੀ ਨੇ ਯੁੱਗ ਲਈ ਤਾਂਘ ਤੇ ਦ੍ਰਿੜਤਾ ਕਿਵੇਂ ਜ਼ੋਰ ਨਾਲ ਕਲਮਬੰਦ ਕੀਤੀ ਹੈ ਵੇਖੋ :-
ਮੈਂ ਹਾਂ ਨਵੇਂ ਜੁਗ ਦਾ ਪਾਂਧੀ ਵਾਗ ਵਰੋਲੇ ਉਡਦਾ ਜਾਵਾਂ।
ਮੈਂ ਨਹੀਂ ਦੱਬੇ ਪੁਟਣ ਆਇਆ, ਮੈਂ ਨਹੀਂ ਬੂ ਖਿਲਾਰਨ ਆਇਆ।
ਮੈਂ ਤਾਂ ਨਵੀਂ ਨਸਲ ਲਈ ਤਾਜ਼ਾ ਮਹਿਕੇ ਨਵੇਂ ਸੁਨੇਹੇ ਲਿਆਇਆ (ਸਾਵਣ ਪੀਘਾਂ)
ਪਰ ਆਜ਼ਾਦ ਜੀ ਦੀ ਪੂਰਨ ਸ਼ਕਤੀ ਦਾ ਚਮਤਕਾਰ ਉਨ੍ਹਾਂ ਦੀਆਂ ਮਹਾਕਾਵਿਕ ਰਚਨਾਵਾਂ ਵਿਚ ਪ੍ਰਗਟ ਹੁੰਦਾ ਹੈ। “ਮਰਦ ਅਗੰਮੜਾ” ਵਿਚ ਗੁਰੂ ਗੋਬਿੰਦ ਸਿੰਘ, ਵਿਸ਼ਵ ਨੂਰ ਵਿਚ ਗੁਰੂ ਨਾਨਕ ਦੇਵ ਅਤੇ ਮਹਾਬਲੀ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਕ੍ਰਮਵਾਰ ਮਹਾਨਾਇਕ ਬਣਾ ਕੇ ਪੰਜਾਬ ਦੇ ਗੌਰਵਮਈ ਇਤਿਹਾਸ ਦਾ ਅੰਕਨ ਕੀਤਾ ਹੈ। ਇੰਨ੍ਹਾਂ ਵਿਚੋਂ “ਮਹਾਬਲੀ” ਮਹਾਕਾਵਿ ਦੇ ਤੌਰ ਤੇ ਵਧੇਰੇ ਸਫਲ ਹੈ । ਪ੍ਰੋ. ਕਿਰਪਾਲ ਸਿੰਘ ਕਸੇਲ ਨੇ ਠੀਕ ਕਿਹਾ ਹੈ ਕਿ “ਮਹਾਬਲੀ ਸਰਵੋਤਮ ਤੇ ਮਹਾਨ ਰਚਨਾ ਹੈ ਜਿਸ ਵਿਚ ਪ੍ਰਾਪਤੀ ਦਾ ਪੱਧਰ ਅਤਿ ਸ਼ਲਾਘਾਯੋਗ ਤੇ ਮਹਾਨ ਹੈ ਸਗੋਂ ਉਸ ਦੇ ਵਿਅਕਤਿਤਵ ਵਿਚੋਂ ਹੀ 19ਵੀਂ ਸਦੀ ਦੇ ਆਰੰਭ ਦੀ ਪੰਜਾਬੀ-ਰਾਸ਼ਟਰੀਅਤਾ ਦੀ ਆਤਮਾ ਪ੍ਰਜਵਲਿਤ ਹੋਈ ਹੈ ਅਤੇ ਇਹ ਬੀਰਰਸੀ ਰਚਨਾ “ਰਾਣਾ ਸੂਰਤ ਸਿੰਘ (ਭਾਈ ਵੀਰ ਸਿੰਘ ਕ੍ਰਿਤ ਮਹਾਕਾਵਿ) ਤੋਂ ਪਿਛੋਂ ਪੰਜਾਬੀ ਕਵਿਤਾ ਦੀ ਦੂਜੀ ਵੱਡੀ ਪ੍ਰਾਪਤੀ ਹੈ।”
ਇਸ ਦੌਰ ਦੇ ਹੋਰ ਕਵੀ
ਆਧੁਨਿਕ ਯੁੱਗ ਦੇ ਇਸ ਕਾਲ-ਖੰਡ ਵਿਚ ਕਈ ਹੋਰ ਪੰਜਾਬੀ ਕਵੀ ਹੋਏ ਹਨ। ਜਿੰਨ੍ਹਾਂ ਨੇ ਕਾਵਿ- ਸਾਧਨਾ ਵਿਚ ਚੋਖਾ ਨਾਮਣਾ ਖਟਿਆ ਹੈ । ਹਰਿੰਦਰ ਸਿੰਘ ਰੂਪ (1901-1954) ਆਧੁਨਿਕ ਵਾਤਾਵਰਣ ਵਿਚ ਵੀ ਵਾਰ-ਪਰੰਪਰਾ ਨੂੰ ਕਾਇਮ ਰਖਣ ਵਾਲਾ ਕਵੀ ਹੈ। ਭਾਵੇਂ ਇਸ ਨੇ ਨਵੇਂ ਪੰਧ (1940), ਡੂੰਘੇ ਵਹਿਣ (1942) ਰੂਪ ਰੇਖਾ (1949) ਮੁਕਤਕ ਕਾਵਿ-ਸੰਗ੍ਰਹਿ ਲਿਖੇ ਹਨ ਪਰ ਉਸਦੀ ਵਿਸ਼ੇਸ਼ ਪ੍ਰਾਪਤੀ ਵਾਰ ਕਾਵਿ ਹੀ ਹੈ। ਰੂਪ ਨੇ “ਸ਼ਾਨਾਂ ਮੇਰੇ ਪੰਜਾਬ ਦੀਆਂ” ਹਿਮਾਲਾ ਦੀ ਵਾਰ, ਮਨੁੱਖ ਦੀ ਵਾਰ, ਸੰਨ ਸੰਤਾਲੀ ਦੀ ਵਾਰ, ਲੋਕਾਂ ਦੀ ਵਾਰ, ਲੋਕ ਦਰਦੀਆਂ ਦੀ ਵਾਰ, ਲੋਕਵਾਰਾਂ, ਆਦਿ ਕੋਈ ਵੀਹ ਤੋਂ ਵਧੀਕ ਵਾਰਾਂ ਰਚੀਆਂ ਹਨ। ਭਾਈ ਗੁਰਦਾਸ ਤੋਂ ਬਾਅਦ ਰੂਪ ਹੀ ਵਾਰ ਦੀ ਤਕਨੀਕ ਨੂੰ ਸਮਝਣ ਵਾਲਾ ਤੇ ਸੁਚੱਜਤਾ ਨਾਲ ਨਿਭਾਉਣ ਵਾਲਾ ਵਾਰ-ਰਚੈਤਾ ਕਵੀ ਹੈ। ਮੁਕਤਕ ਕਾਵਿ ਦੀ ਇਕ ਵੰਨਗੀ ਵੇਖੋ :-
ਭਾਗੋ ਦੀ ਤੂੰ ਵਾਰ ਸੁਣਾ ਦੇ,
ਸਾਹਿਬ ਕੌਰ ਦੇ ਵਾਂਗ ਬਣਾ ਦੇ,
ਭੋਲੇ ” ਜਿੰਦਾਂ” ਨੂੰ ਪਏ ਭੰਡਣ
ਮੈਨੂੰ ਉਹਦੇ ਕਦਮੀ ਪਾ ਦੇ ।
ਚੂੜਾ ਫੇਰ ਚੜ੍ਹਾ ਲਈਂ ਮਾਏ—-
ਪਹਿਲਾਂ ਦੇਸ-ਪਿਆਰੇ ਸਿਖਾ ਦੇ।
ਪਿਆਰਾ ਸਿੰਘ ਸਹਿਰਾਈ (1915—-)
ਮੂਲ ਰੂਪ ਵਿਚ ਮਾਰਕਸਵਾਦੀ ਵਿਚਾਰਧਾਰਾ ਦਾ ਕਵੀ ਹੈ । ਬਦਲਦੀਆਂ ਰਾਜਨੀਤਿਕ ਸਥਿਤੀਆਂ ਉਸ ਦੀ ਕਵਿਤਾ ਦਾ ਵਿਸ਼ੇਸ਼ ਵਿਸ਼ਾ ਹਨ। ਭਵਿੱਖ ਦੇ ਸੋਨ- ਸੁਨਿਹਰੀ ਸਵੇਰ ਨੂੰ ਚਿਤਰਨ ਵਾਲਾ ਸਹਿਰਾਈ ਆਸ਼ਾਵਾਦੀ ਮਨੋਬਿਰਤੀ ਨਾਲ ਲੋਕ ਸ਼ਕਤੀ ਦਾ ਵਰਨਣ ਕਰਦਾ ਹੈ । ਉਸਨੂੰ ਵਿਸ਼ਵਾਸ ਹੈ ਕਿ ਪ੍ਰਗਤੀਵਾਦੀ ਸ਼ਕਤੀਆਂ ਦੀ ਜਿੱਤ ਯਕੀਨੀ ਹੈ। ਸਹਿਰਾਈ ਨੇ ਹੁਣ ਤੱਕ ਸਾਨੂੰ ਸਹਿਰਾਈ ਪੰਛੀ (1940), ਤਾਰਿਆਂ ਦੀ ਲੋਅ (1942), ਧਰਤੀ ਦੇ ਗੀਤ, ਤਿਲੰਗਾਨਾ ਦੀ ਵਾਰ, ਸਮੇਂ ਦੀ ਵਾਰ, ਲਗਰਾਂ (1954), ਰੁਣ-ਝੁਣ (1956), ਵਣਤ੍ਰਿਣ, ਗੁਜ਼ਰਗਾਹ ਕਾਵਿ- ਰਚਨਾਵਾਂ ਦਿੱਤੀਆਂ ਹਨ । ਕਾਲੀਦਾਸ ਦੇ ਵਿਸ਼ਵ-ਪ੍ਰਸਿੱਧ ਸੰਸਕ੍ਰਿਤ ਨਾਟਕ “ਸ਼ਕੁੰਤਲਾ” ਦਾ ਕਾਵਿ- ਅਨੁਵਾਦ ਵੀ ਸਹਿਰਾਈ ਦੀ ਦੇਣ ਹੈ।
ਡਾ . ਗੋਪਾਲ ਸਿੰਘ ਦਰਦੀ (1917-1990 )
ਅੰਗਰੇਜ਼ੀ ਸਾਹਿਤ ਦੇ ਰਸੀਏ ਤੇ ਪ੍ਰਸਿੱਧ ਆਲੋਚਕ ਡਾ ਗੋਪਾਲ ਸਿੰਘ ਦਰਦੀ ਨੇ ਆਪਣੀ ਪਹਿਲੀ ਉਮਰੇ ਰੋਮਾਂਟਿਕ ਤੇ ਸਮਾਜਕ ਭਾਵਨਾਵਾਂ ਵਾਲੀਆਂ ਕਵਿਤਾਵਾਂ ਦੀ ਸਿਰਜਨਾ ਕਰਕੇ ਪੰਜਾਬੀ ਕਾਵਿ-ਸਾਹਿਤ ਵਿਚ ਮਾਨਯੋਗ ਥਾਂ ਬਣਾ ਲਈ ਹੈ। ਉਸਦੇ ਪਹਿਲ ਪਲੇਠੇ ਕਾਵਿ-ਸੰਗ੍ਰਹਿ “ਝਨਾਂ” (1942) ਵਿਚ ਦਰਦੀ ਦੀ ਡੂੰਘੀ ਕਾਵਿ-ਕਲਪਨਾ ਤੇ ਪ੍ਰੌਢ ਅਨੁਭਵ-ਪ੍ਰਣਾਲੀ ਦੀ ਝਲਕ ਮਿਲਦੀ ਹੈ। ਉਸਦੀ ਕਲਪਨਾਸ਼ੀਲ ਰਸਾਤਮਕ ਅਨੁਭਵ ਵਾਲੀ ਕਾਵਿ-ਵੰਨਗੀ ਵੇਖੋ :-
ਜਾਂ ਤੂੰ ਦਿਸਨਾ ਏ ਬਹੁਤ ਪਿਛੇਰੇ,
ਜਾਂ ਤੂੰ ਦਿਸਨਾ ਏ ਬਹੁਤ ਅਗੇਰੇ,
ਮਾਰ ਮਾਰ ਕੇ ਮੰਜ਼ਲਾਂ ਲੰਮੀਆਂ,
ਨਾ ਦਿਸਿਆ ਤੇਰਾ ਨੂਰ ਵੇ ਮਾਹੀਆ ।
ਦਰਦੀ ਜੀ ਦੇ ਅਗਲੇ ਕਾਵਿ-ਸੰਕਲਨਾਂ – ਹਨੇਰ ਸਵੇਰ, ਅਨਹਦ ਨਾਦ, ਚਾਨਣ ਦਾ ਪਹਾੜ, ਵਿਚ ਉਹਨਾਂ ਦੀ ਕਾਵਿ-ਪ੍ਰਤਿਭਾ ਦਾ ਚਮਤਕਾਰ ਹੋਰ ਉਭਰਦਾ ਦਿਸਦਾ ਹੈ। ਪਰ ਡਾ ਦਰਦੀ ਕਵੀ ਨਾਲੋਂ ਵਧੇਰੇ ਆਲੋਚਕ ਦੇ ਤੌਰ ਤੇ ਜਾਣੇ ਜਾਂਦੇ ਹਨ।
ਪ੍ਰਭਜੋਤ ਕੌਰ (1924- )
ਭਾਰਤੀ ਸਭਿਅਤਾ ਅਤੇ ਪੰਜਾਬੀ ਸਭਿਆਚਾਰ ਦੀਆਂ ਸਦਾਚਾਰਕ ਦਹਿਲੀਜ਼ਾਂ ਤੇ ਖੜੀ ਪ੍ਰਭਜੋਤ ਕੌਰ ਆਪਣੀਆਂ ਕਵਿਤਾਵਾਂ ਵਿਚ ਇਸਤਰੀ-ਮਨ ਦੀਆਂ ਕੋਮਲ ਤੇ ਮਧੁਰ ਭਾਵਨਾਵਾਂ ਨੂੰ ਬੋਲ-ਬਾਣੀ ਬਖਸਦੀ ਹੈ । ਆਪਣੀ ਲੰਮੀ ਕਾਵਿ-ਸਾਧਨਾ ਦੇ ਫਲ ਸਰੂਪ ਪ੍ਰਭਜੋਤ ਨੇ ਸਾਨੂੰ ਕਈ ਕਾਵਿ-ਸੰਗ੍ਰਹਿ ਦਿੱਤੇ ਹਨ – ਲਟ ਲਟ ਜੋਤ ਜਗੇ (1943), ਪਲਕਾਂ ਉਹਲੇ, ਅਚਲ ਤੋਂ (1946), ਸੁਪਨੇ ਸਧਰਾਂ (1949), ਪੰਖੇਰੂ ਬਣਕਪਾਸੀ, ਪੱਬੀ (1962), ਭਾਰਤ ਦੇ ਗੀਤ (1963), ਖਾੜੀ (1967) ਚੰਦਰ ਯੁਗ ਆਮ ਕਰਕੇ ਪ੍ਰਭਜੋਤ ਦੀ ਕਾਵਿ-ਪ੍ਰਤਿਭਾ ਗੀਤਾਂ ਦੀ ਮਧੁਰ ਲੈਅ ਵਿਚ ਰੂਪਮਾਨ ਹੋਈ ਹੈ ਪਰ ਉਹ ਆਪਣੇ ਆਲੇ ਦੁਆਲੇ ਦੇ ਜੀਵਨ ਅਤੇ ਉਸ ਦੀਆਂ ਆਲਾ-ਨਿਕਾਸ ਤੇ ਸੁੱਖ-ਦੁੱਖ ਲਈ ਵੀ ਸੰਵੇਦਨਸ਼ੀਲ ਹੈ। ਕੁਲ ਮਿਲਾਕੇ ਪ੍ਰਭਜੋਤ ਕੌਰ ਸਭਿਆਚਾਰਕ ਮਰਿਆਦਾ ਤੇ ਅਨੁਸ਼ਾਸਨ ਦੀ ਕਵਿਤ੍ਰੀ ਹੈ ਜਿਸਦਾ ਸਹਿਜ ਅਨੁਭਵ ਸਹਿਜ ਕਲਾ-ਮਾਧਿਅਮ ਰਾਹੀਂ ਸਾਕਾਰ ਹੋਇਆ ਹੈ।
ਇਨ੍ਹਾਂ ਤੋਂ ਇਲਾਵਾ, ਹਰਦਿਆਲ ਸਿੰਘ ਸੀਕਰੀ ਨੇ ਕਾਵਿ-ਪੁਸਤਕ “ਫੁਟਦੇ ਸਮੇ” (1941) ਲਿਖੀ, ਦੇਵਿੰਦਰ ਸਤਿਆਰਥੀ (1908) ਨੇ “ਧਰਤੀ ਦੀਆਂ ਵਾਜਾਂ” ਮੁੜਕਾ ਤੇ ਕਟਕ ਬੁਢੀ ਨਹੀਂ ਧਰਤੀ, ਲੱਕ ਟੁਣੂ ਟੁਣੂ, ਕਾਵਿ-ਪੁਸਤਕਾਂ ਰਚੀਆਂ। ਨੌਰੰਗ ਸਿੰਘ ਦੀ ਪੁਸਤਕ “ਸੰਝ ਸਵੇਰ” ਪ੍ਰਕਾਸਿਤ ਹੋਈ। ਅਵਤਾਰ ਸਿੰਘ ਦਲੇਰ ਨੇ “ਖੁਲੀਆਂ ਵਾਗਾਂ (1941) ਦੀ ਰਚਨਾ ਕੀਤੀ । ਬਲਜੀਤ ਤੁਲਸੀ ਦੇ ਕਾਵਿ ਸੰਗ੍ਰਹਿ ਨੀਲਾਂਬਰ, ਨੀਲਕਮਲ, ਨੀਲ ਕੰਠ” ਵੀ ਪ੍ਰਕਾਸ਼ਿਤ ਹੋਏ। ਸੰਤ ਇੰਦਰ ਸਿੰਘ ਚਕਰਵਰਤੀ ਨੇ “ਮਾਲਵੇਂਦਰ” ਮਹਾਕਾਵਿ ਲਿਖ ਕੇ ਪੰਜਾਬੀ ਦੀ ਮਹਾਕਾਵਿ-ਧਾਰਾ ਨੂੰ ਅਗ੍ਰਸਰ ਕਰਨ ਦਾ ਜਸ ਪ੍ਰਾਪਤ ਕੀਤਾ ।