ਪੰਜਾਬੀ ਕਵਿਤਾ ਦਾ ਤੀਜਾ ਦੌਰ (ਪ੍ਰਯੋਗਸ਼ੀਲ ਕਾਵਿਧਾਰਾ)
ਆਧੁਨਿਕ ਪੰਜਾਬੀ ਕਵਿਤਾ ਦਾ ਤੀਜਾ ਦੌਰ “ਪ੍ਰਯੋਗਸ਼ੀਲ” ਕਾਵਿ-ਧਾਰਾ ਨਾਲ ਸ਼ੁਰੂ ਹੁੰਦਾ ਹੈ। ਪ੍ਰਯੋਗਸ਼ੀਲ ਕਾਵਿ ਧਾਰਾ ਮੋਹਨ ਸਿੰਘ-ਅੰਮ੍ਰਿਤਾ ਕਾਵਿ ਧਾਰਾ ਦੇ ਵਿਗਠਨ ਨਾਲ ਹੋਂਦ ਵਿਚ ਆਉਂਦੀ ਹੈ। ਡਾ. ਜਸਬੀਰ ਸਿੰਘ ਆਹਲੂਵਾਲੀਆ ਪ੍ਰਯੋਗਵਾਦੀ ਪ੍ਰਵਿਰਤੀ ਦੇ ਪ੍ਰਚਾਰਕ ਹਨ। ਪ੍ਰਯੋਗਸ਼ੀਲ ਕਵਿਤਾ ਦੀ ਸਿਰਜਨਾ ਵਿਚ ਕਈ ਤਰ੍ਹਾਂ ਦੇ ਪ੍ਰਭਾਵ ਕ੍ਰਿਆਸ਼ੀਲ ਹੋਏ ਹਨ। ਪਹਿਲਾਂ ਪ੍ਰਭਾਵ ਵਿਅਕਤੀਵਾਦ ਸੀ। ਇਸ ਦੇ ਸਿੱਟੇ ਵਜੋਂ ਪ੍ਰਯੋਗਵਾਦ ਵਿਅਕਤੀ ਦੀ ਨਿੱਜੀ ਹੱਦ ਨੂੰ ਸਵੀਕਾਰ ਕਰਕੇ ਉਸ ਦੀਆਂ ਅਨੇਕ ਪ੍ਰਤਿਕ੍ਰਿਆਵਾਂ ਦੇ ਅਨੁਭਵ ਨੂੰ ਬਿਆਨ ਕਰਦਾ ਹੈ। ਇਸ ਉੱਤੇ ਅਸਤਿੱਤਵ-ਵਾਦ ਦਾ ਵੀ ਪ੍ਰਭਾਵ ਪਿਆ ਹੈ। ਜਿਸ ਕਰਕੇ ਇਸ ਵਿਚ ਮੌਤ ਦਾ ਭੈਅ, ਬੇਯਕੀਨੀ, ਇਕੱਲਤਾ, ਕੁੰਠਾ ਆਦਿ ਅੰਸ਼ ਉਭਰਨ ਲੱਗੇ। ਪ੍ਰਯੋਗਸ਼ੀਲ ਕਾਵਿ ਦਾ ਅਗਲਾ ਪ੍ਰਮੁੱਖ ਆਧਾਰ ਮਨੋਵਿਗਿਆਨਿਕ ਯਥਾਰਥਵਾਦ ਹੈ। ਮਨੋਵਿਗਿਆਨਿਕ ਦਰਸ਼ਨ ਦੇ ਅਨੁਸਾਰ ਮਨੁੱਖੀ ਮਨ ਵਿਚ ਅਨੇਕ ਕ੍ਰਿਆਵਾਂ ਨੈਤਿਕ ਦਬਾਉ ਅਧੀਨ ਅਚੇਤ ਤੌਰ ਤੇ ਦਬੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਖੁੱਲ੍ਹਾ ਪ੍ਰਗਟਾਉ ਇਸ ਕਵਿਤਾ ਨੇ ਹੀ ਦਿੱਤਾ। ਡਾ. ਕੁਲਬੀਰ ਸਿੰਘ ਕਾਂਗ ਨੇ ਲਿਖਿਆ ਹੈ ਕਿ ਇਨ੍ਹਾਂ ਪ੍ਰਯੋਗਸ਼ੀਲ ਕਵੀਆਂ ਨੇ ਨਵੇਂ ਬਿੰਬ- ਵਿਧਾਨਾਂ ਨੂੰ ਜਨਮ ਦਿੱਤਾ । ਇਸ ਉਦਯੋਗਿਕ ਸਦੀ ਦੇ ਮਾਹੌਲ ਨੂੰ ਸਮਝਿਆ ਹੈ । ਮਨੁੱਖ ਦੇ ਨਿੱਜ ਨੂੰ ਝੰਜੋੜਿਆ ਹੈ । ਸੁਚੇਤ ਤੌਰ ਤੇ ਇਨ੍ਹਾਂ ਦੇ ਮਨ ਉਤੇ ਕਿਸੇ ਵਾਦ ਦਾ ਗਲਬਾ ਨਹੀਂ ਸੀ, ਸੋ ਇਨ੍ਹਾਂ ਨੇ ਮਨ ਦੀਆਂ ਆਜਾਦ ਉਡਾਰੀਆਂ ਮਾਰੀਆਂ ਸਨ। ਇਨ੍ਹਾਂ ਦੀਆਂ ਕਵਿਤਾਵਾਂ ਵਿਚ ਮਨੁੱਖ ਦੀ ਸ੍ਵੈਚੇਤਨਾ ਬਹੁਤ ਪ੍ਰਬਲ ਰੂਪ ਵਿਚ ਉਜਾਗਰ ਹੁੰਦੀ ਹੈ।
ਇਸ ਤਰ੍ਹਾਂ ਪ੍ਰਯੋਗਸ਼ੀਲ ਕਵਿਤਾ ਵਿਚ ਅਨੇਕ ਤਰ੍ਹਾਂ ਦੇ ਵਿਸ਼ੇ ਅਭਿਵਿਅਕਤ ਹੋਏ ਹਨ ਜਿਵੇਂ ਜੀਵਨ ਪ੍ਰਤੀ ਸੰਕਾ, ਦਿਸਾਹੀਨਤਾ, ਜਿੰਦਗੀ ਦੀ ਤੁੱਛਤਾ, ਡਰ ਤੇ ਸਹਿਮ, ਖੋਖਲੇਪਣ ਦਾ ਅਹਿਸਾਸ, ਜੀਵਨ ਤੋਂ ਨਿਰਾਸ਼ਾ ਤੇ ਸੁੰਨਾਪਣ, ਮਨੁੱਖ ਦੀ ਲਘੂਤਾ, ਖੰਡਿਤ ਆਪੇ ਦਾ ਅਹਿਸਾਸ, ਮਨੋਪੀੜ, ਸੈਕਸ ਦੀ ਖੁੱਲ੍ਹ, ਮਨੋਵਿਗਿਆਨਿਕ ਹਉ ਦਾ ਚਿਤਰਣ, ਰੂੜੀਆਂ ਦਾ ਵਿਰੋਧ ਅਤੇ ਬੌਧਿਕ ਵਿਚਾਰਸ਼ੀਲਤਾ ਆਦਿ ਅਤੇ ਇਸੇ ਤਰ੍ਹਾਂ ਪ੍ਰਯੋਗਸ਼ੀਲ ਕਵਿਤਾ ਦੀ ਸ਼ੈਲੀ ਵਿਚ ਵੀ ਸਮਕਾਲੀ ਸਮਾਜਕ ਆਲੇ-ਦੁਆਲੇ ਨਾਲ ਸਬੰਧਤ ਅਣਛੁਹ ਬਿੰਬਾਵਲੀ, ਨਵੇਂ ਪ੍ਰਤੀਕ, ਨਵੇਂ ਅਲੰਕਾਰ ਤੇ ਨਵੇਂ ਸ਼ਬਦ- ਪ੍ਰਯੋਗ ਸ਼ਾਮਲ ਹੋਏ ਹਨ ਜਿਸ ਨਾਲ ਜਿਥੇ ਅਭਿਵਿਅੰਜਨ ਪ੍ਰਣਾਲੀ ਵਿਚ ਸ਼ਕਤੀ ਦਾ ਸੰਚਾਰ ਹੋਇਆ ਹੈ। ਉਥੇ ਇਸ ਵਿਚ ਤਾਜ਼ਗੀ ਤੇ ਸੱਜਰਾਪਣ ਵੀ ਉਭਰਿਆ ਹੈ।
ਜਿਥੇ ਆਧੁਨਿਕ ਪੰਜਾਬੀ ਕਵਿਤਾ ਦੇ ਪਹਿਲੇ ਦੌਰ ਦੇ ਰਹੱਸਵਾਦੀ ਕਵੀ ਅਲੌਕਿਕ ਸੱਚ ਦੇ ਢੂੰਢਾਉ ਸਨ ਅਤੇ ਪ੍ਰਗਤੀਵਾਦੀ ਕਵੀ ਸਮਾਜਿਕ ਸੱਚ ਦੇ ਮੁਤਲਾਸ਼ੀ ਸਨ ਉਥੇ ਪ੍ਰਯੋਗਵਾਦੀ ਕਵੀ ਮਾਨਸਿਕ ਸੱਚ ਦੇ ਚਿਤੇਰੇ ਸਨ । ਇਸ ਲਈ ਸਥੂਲ ਮਨੁੱਖ ਦੇ ਅੰਦਰ ਲੁਕੇ ਹੋਏ ਲਘੂ ਮਨੁੱਖ (ਅੰਤਰ-ਮਨ) ਦੀਆਂ ਗੁਪਤ-ਪ੍ਰਗਟ ਸੋਚ ਕਿਰਿਆਵਾਂ ਦਾ ਪ੍ਰਗਟਾਉ ਹੀ ਪ੍ਰਯੋਗਵਾਦੀ ਕਾਵਿ ਦਾ ਪਰਮ ਲਕਸ਼ ਹੈ।
ਜਸਬੀਰ ਸਿੰਘ ਆਹਲੂਵਾਲੀਆ (1935-)
ਡਾ. ਜਸਬੀਰ ਸਿੰਘ ਆਹਲੂਵਾਲੀਆ ਪ੍ਰਯੋਗਸ਼ੀਲ ਕਾਵਿਧਾਰਾ ਦਾ ਮੋਢੀ ਤੇ ਪ੍ਰਬਲ ਪ੍ਰਚਾਰਕ ਮੰਨਿਆ ਜਾਂਦਾ ਹੈ । ਡਾ. ਆਹਲੂਵਾਲੀਆ ਅੰਗਰੇਜ਼ੀ ਸਾਹਿਤ, ਪੱਛਮੀ ਦਰਸ਼ਨ, ਭਾਰਤੀ ਵਿਚਾਰ- ਪ੍ਰਣਾਲੀਆਂ ਦਾ ਧੁਰੰਧਰ ਵਿਦਵਾਨ ਹੁੰਦਾ ਹੋਇਆ ਵੀ ਕਾਵਿ-ਸੰਚੇਤਨਾ ਦਾ ਮਾਲਕ ਹੈ। ਪੰਜਾਬੀ ਦੇ ਆਲੋਚਨਾ-ਸ਼ਾਸਤਰ ਵਿਚ ਵੀ ਇਸ ਨੇ ਨਿੱਗਰ ਹਿੱਸਾ ਪਾਇਆ ਹੈ। ਪ੍ਰਯੋਗ-ਵਿਗਿਆਨ ਦੀ ਸੰਸਥਾ ਨੂੰ ਸਥਾਪਿਤ ਕਰਕੇ ਡਾ ਆਹਲੂਵਾਲੀਆ ਨੇ ਪੰਜਾਬੀ ਦੀ ਪ੍ਰਯੋਗਸ਼ੀਲ ਕਵਿਤਾ ਨੂੰ ਦਾਰਸ਼ਨਿਕ, ਵਿਚਾਰਧਾਰਕ ਤੇ ਸਿਧਾਂਤਿਕ ਧਰਾਤਲ ਪ੍ਰਦਾਨ ਕਰਨ ਦੀ ਚੇਸ਼ਟਾ ਕੀਤੀ ਹੈ। ਇਸ ਲਈ ਇਸ ਦੀ ਕਵਿਤਾ ਪਿੱਛੇ ਕਿਸੇ ਨਾ ਕਿਸੇ ਦਰਸ਼ਨ, ਵਿਚਾਰਧਾਰਾ ਜਾਂ ਬੌਧਿਕ ਚਿੰਤਨ ਦਾ ਅੰਸ਼ ਮੌਜੂਦ ਰਹਿੰਦਾ ਹੈ । ਕਵੀ ਆਹਲੂਵਾਲੀਆ ਨੇ ਪ੍ਰਯੋਗਸ਼ੀਲ ਕਵਿਤਾ ਦੇ ਪ੍ਰਤੀਨਿਧ ਕਾਵਿ ਸੰਗ੍ਰਹਿ “ਕਾਗਜ਼ ਦਾ ਰਾਵਣ” (164) ਤੇ “ਕੂੜ ਰਾਜਾ ਕੂੜ ਪਰਜਾ” ਰਚੇ ਹਨ। ਪ੍ਰੋ. ਕਿਰਪਾਲ ਸਿੰਘ ਕਸੇਲ ਨੇ ਲਿਖਿਆ ਹੈ ਕਿ “ਕਾਗਜ਼ ਦਾ ਰਾਵਣ” ਨਾਮ ਦੀ ਕਵਿਤਾ ਸਫਲ ਪ੍ਰਯੋਗਵਾਦੀ ਕਵਿਤਾ ਦੀ ਉੱਤਮ ਉਦਾਹਰਣ ਹੈ। “ਕੂੜ ਰਾਜਾ ਕੂੜ ਪਰਜਾ” ਦੀਆਂ ਕਵਿਤਾਵਾਂ ਵਿਚ ਬੌਧਿਕ ਵਿਅੰਗ ਦੇ ਚਮਤਕਾਰੀ ਨਮੂਨੇ ਮਿਲ ਜਾਂਦੇ ਹਨ । ਆਹਲੂਵਾਲੀਆ ਮਨੁੱਖੀ ਮਨ ਦੀਆਂ ਡੂੰਘਾਈਆ ਵਿਚ ਸਥਿਤ ਸਾਰੀਆਂ ਕ੍ਰਿਆਵਾਂ ਤੇ ਪ੍ਰਤਿਕ੍ਰਿਆਵਾਂ ਦੇ ਸੱਚ ਨੂੰ ਮਨੋਵਿਗਿਆਨਕ ਆਧਾਰ ਉਤੇ ਬਿਆਨ ਕਰਦਾ ਹੈ। ਵਿਸ਼ਵ ਵਿਚ ਰਾਜਨੀਤਿਕ ਕਾਰਨਾਂ ਕਰਕੇ ਮਨੁੱਖ ਅੰਦਰ ਵਹਿਮ ਤੇ ਸਹਿਮ ਦੀ ਜੋ ਦਹਿਸ਼ਤ ਭਾਵਨਾ ਜਨਮਦੀ ਹੈ,ਆਹਲੂਵਾਲੀਆ ਨੇ ਉਸ ਨੂੰ ਬੜੇ ਕਲਾਤਮਕ ਢੰਗ ਨਾਲ ਵਿਅਕਤ ਕੀਤਾ ਹੈ ਜਿਵੇਂ :-
ਹਰ “ਅੱਜ” ਅੰਦਰ ਬੀਤੇ ਕੱਲ ਦੇ ਸੱਲ ਨੂੰ ਹੀ ਭੋਗਦਾ
ਆਉਣ ਵਾਲੇ “ਕੱਲ” ਵੱਡੇ, ਮੂੰਹ ਕਰਾਂ ਤਾਂ ਕਿਸ ਤਰ੍ਹਾਂ,
ਆਉਣ ਵਾਲੇ ਕੱਲ ਅੰਦਰ ਵਹਿਮ ਹੈ, ਕੁਝ ਸਹਿਮ ਹੈ (ਕਾਗਜ਼ ਦਾ ਰਾਵਣ)
ਰਵਿੰਦਰ ਰਵੀ
ਰਵਿੰਦਰ ਰਵੀ ਪ੍ਰਯੋਗਸ਼ੀਲ ਕਵੀਆਂ ਵਿਚੋਂ ਇਕ ਮੋਢੀ ਕਵੀ ਹੈ। ਸਿਰਜਨਾ ਤੋਂ ਆਲੋਚਨਾ ਦੋਹਾਂ ਖੇਤਰਾਂ ਵਿਚ ਰਵੀ ਨੇ ਪ੍ਰਯੋਗਸ਼ੀਲ ਕਾਵਿਧਾਰਾ ਨੂੰ ਮਹੱਤਵ-ਪੂਰਨ ਯੋਗ ਦਾਨ ਦਿੱਤਾ ਹੈ। ਰਵੀ ਨੇ ਕਵਿਤਾ ਕਾਵਿ-ਨਾਟਕ, ਸਫ਼ਰਨਾਮੇ, ਕਹਾਣੀਆਂ, ਸਮੀਖਿਆ ਆਦਿ ਪੰਜਾਬੀ ਸਾਹਿਤ ਨੂੰ ਭੇਂਟ ਕੀਤੀਆਂ ਹਨ। ਉਸਦੇ ਪ੍ਰਸਿੱਧ ਕਾਵਿ-ਸੰਗ੍ਰਹਿ ਇਹ ਹਨ :-
ਦਿਲ ਦਰਿਆ ਸਮੁੰਦਰੋਂ ਡੂੰਘੇ (1961), ਬੁੱਕਲ ਦੇ ਵਿਚ ਚੋਰ (1963), ਬਿੰਦੂ (1965), ਮੌਨ ਹਾਦਸੇ (1967), ਦਿਲ ਟ੍ਰਾਂਸਪਲਾਂਟ ਤੋਂ ਬਾਅਦ (1969), ਸ਼ਹਿਰ ਜੰਗਲੀ ਹੈ (1970), ਮੇਰੇ ਮੌਸਮ ਦੀ ਵਾਰੀ (1972) ਜਲ ਭਰਮ ਜਲ (1976), ਚਿੱਟੇ ਕਾਲ਼ੇ ਧੱਬੇ (1978), ਸੀਮਾਂ ਆਕਾਸ (1980), ਸ਼ੀਸ਼ੇ ਤੇ ਦਸਤਕ (1983) ।
ਰਵੀ ਨੇ 1955-56 ਤੋਂ ਆਪਣੀ ਕਾਵਿ-ਯਾਤਰਾ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਆਪਣੀ ਸਾਹਿਤ-ਸਾਧਨਾ ਵਿਚ ਜੁਟਿਆ ਹੋਇਆ ਚਲਾ ਆ ਰਿਹਾ ਹੈ। ਇਨ੍ਹਾਂ ਵੀਹ-ਪੱਚੀ ਵਰ੍ਹਿਆਂ ਵਿਚ ਰਵੀ ਦੇ ਅਨੁਭਵ ਤੇ ਸ਼ੈਲੀ ਵਿਚ ਨਿਰੰਤਰ ਵਿਕਾਸ ਹੋਇਆ ਹੈ । ਉਸਨੂੰ ਪਰਿਸਥਿਤੀਆਂ ਨੇ ਇਕ ਤਰ੍ਹਾਂ ਦਾ ਵਰਦਾਨ ਦਿੱਤਾ ਹੈ। ਪੰਜਾਬ ਤੋਂ ਬਾਹਰ ਵਿਦੇਸ਼ਾਂ ਦਾ ਭ੍ਰਮਣ ਕਰਕੇ ਉਸ ਦੀ ਦ੍ਰਿਸ਼ਟੀ ਤੇ ਅਨੁਭਵ ਬਹੁਤ ਵਿਸ਼ਾਲ ਹੋਏ ਹਨ ਅਤੇ ਉਹ ਡੂੰਘੇ ਤੋਂ ਡੂੰਘੇਰਾ ਹੁੰਦਾ ਜਾ ਰਿਹਾ ਹੈ । ਡਾ. ਜਸਬੀਰ ਆਹਲੂਵਾਲੀਆ ਦੇ ਅਨੁਸਾਰ, “ਰਵੀ ਆਧੁਨਿਕ ਯੁੱਗ-ਬੋਧ ਤੋਂ ਕਾਵਿ ਪ੍ਰਵਿਰਤੀਆਂ ਪ੍ਰਤੀ ਸੁਚੇਤ ਹੈ। ਸਮਕਾਲੀ ਯਥਾਰਥ ਨੂੰ ਇਸਦੇ ਇਤਿਹਾਸਕ ਨਾਮ ਰੂਪ ਵਿਚ ਗ੍ਰਹਿਣ ਕਰਕੇ ਆਧੁਨਿਕ ਤਕਨੀਕਾਂ ਰਾਹੀਂ ਪ੍ਰਗਟਾਉਣ ਦੀ ਯੋਗਤਾ ਰੱਖਦਾ ਹੈ।” ਰਵੀ ਕੋਲ ਕੱਥ ਵਸਤੂ, ਅਨੁਭਵ ਤੇ ਚਿੰਤਨ ਹੈ। ਅੱਜ ਦਾ ਮਨੁੱਖ ਮਸ਼ੀਨੀ ਕ੍ਰਾਂਤੀ ਦੇ ਭੁਕੰਪ ਨਾਲ ਬੌਂਦਲ ਗਿਆ ਹੈ । ਰਵੀ ਅਜੋਕੇ ਮਨੁੱਖ ਦੀ ਦਿਸ਼ਾਹੀਨਤਾ, ਭਟਕਣਾ, ਦੁਬਿਧਾ, ਖੰਡਿਤ ਆਪੇ ਦੇ ਅਹਿਸਾਸ ਅਤੇ ਦਿਨੋਂ ਦਿਨ ਖੁਰ ਰਹੇ ਅੰਤਰ-ਮਨ ਦੇ ਤਣਾਉ ਪ੍ਰਤੀ ਸੁਚੇਤ ਹੈ ਅਤੇ responsive ਹੈ। ਇਸ ਲਈ ਰਵੀ ਦੇ ਕਾਵਿ ਜਗਤ ਦੇ ਚਿਤ੍ਰਪਟ ਉਤੇ ਬ੍ਰਹਿਮੰਡ, ਜਿੰਦਗੀ, ਮਨੁੱਖੀ ਹਸਤੀ, ਮਨੋਸਥਿਤੀਆਂ, ਮਨੁੱਖੀ ਰਿਸ਼ਤੇ, ਪੁਲਾੜੀ ਦੌੜ ਅੰਤਰ-ਜਾਤੀ ਤੇ ਅੰਤਰ ਸਭਿਆਚਾਰਕ ਮਸਲੇ ਅੰਕਿਤ ਹੋਏ ਹਨ। ਆਧੁਨਿਕ ਜ਼ਿੰਦਗੀ ਪ੍ਰਤੀ ਉਸਦੀ ਕਾਵਿਕ ਟਿੱਪਣੀ ਵੇਖੋ :-
ਜਿੰਦਗੀ ‘ਚ ਰਹਿ ਹੀ ਕੀ ਗਿਆ ਹੈ ?
ਸ੍ਰਿਸ਼ਟੀ ‘ਚ ਵੀ ਕੀ ਪਿਆ ਹੈ ?
ਇਰਾਦੇ ‘ਚ ਨਹੀਂ ਦਮ, ਸੋਚਾਂ ‘ਚ ਨਹੀਂ ਸ਼ਕਤੀ,
ਖਲਾਅ ਵਿਚ ਲਟਕੇ, ਨਾ ਖੜੇ ਨਾ ਤੁਰੇ, ਕਿਹੀ ਹਸਤੀ ?
“ਸੀਮਾਂ ਅਕਾਸ਼” ਨਾਲ ਰਵੀ ਕਾਵਿ – ਪ੍ਰਕ੍ਰਿਆ ਦੇ ਨਵੇਂ ਅਨੁਭਵ ਤੇ ਨਵੀਂ ਤਕਨੀਕ ਨੂੰ ਪੇਸ਼ ਕਰਦਾ ਹੈ । ਅਜੋਕੇ ਮਨੁੱਖ ਦੀ ਪਰਸਪਰ, ਆਤਮ-ਵਿਰੋਧ ਦੀ ਕਿਰਿਆ ਨੂੰ ਉਹ ਰੋਮਨ ਮਿਥਿਹਾਸ ਦੇ ਜੇਨਸ (Janus) ਦੇਵਤੇ ਦੇ ਆਧਾਰ ਉਤੇ ਵਿਰੋਧਾਭਾਸੀ ਤਕਨੀਕ ਰਾਹੀਂ ਰੂਪਮਾਨ ਕਰਦਾ ਹੈ ਜਿਵੇਂ “ਹਰ ਦਰਿਆ ਵਿਚ ‘ਇਕ ਸ਼ਾਤ ਝੀਲ ਹੁੰਦੀ ਹੈ “ਸਮਾਧੀ ਵਾਂਗ ਖੜੋਤੀ” ਇਸ ਤਰ੍ਹਾਂ ਰਵੀ ਲਘੂ ਮਨੁੱਖ ਦੇ ਅੰਤਰ-ਮਨ ਤੋਂ ਲੈ ਕੇ ਬ੍ਰਹਿਮੰਡ (Globe) ਦੇ ਵਿਰਾਟ ਮਨ ਤਕ ਯਾਤਰਾ ਕਰਦਾ ਹੈ।
ਅਜਾਇਬ ਕਮਲ (1932)
ਪ੍ਰਯੋਗਸ਼ੀਲ ਪੰਜਾਬੀ ਕਵੀਆਂ ਦੀ ਸਥਾਪਿਤ ਤ੍ਰਿਕੜੀ ਵਿਚ ਅਜਾਇਬ ਕਮਲ ਇਕ ਸਥਾਪਿਤ ਕਵੀ ਹੈ। ਡਾ. ਕੁਲਬੀਰ ਸਿੰਘ ਕਾਂਗ ਨੇ ਲਿਖਿਆ ਹੈ ਕਿ “ਆਧੁਨਿਕ ਪੰਜਾਬੀ ਕਵਿਤਾ ਵਿਚ ਅਜਾਇਬ ਦੇ ਗੰਭੀਰ ਤੇ ਚਿੰਤਨੀ ਸ੍ਵਰ ਨੇ ਬੌਧਿਕ ਪਾਠਕਾਂ ਤੇ ਆਲੋਚਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਉਸਨੇ ਅੱਜ ਦੇ ਮਸ਼ੀਨੀਯੁੱਗ ਵਿਚ ਮਨੁੱਖ ਦੀ ਸੁਨਯਤਾ (Vacuum) ਨੂੰ ਸ਼ਬਦਾਂ ਵਿਚ ਸਾਕਾਰ ਕੀਤਾ ਹੈ।” ਅਜਾਇਬ ਦਾ ਕਾਵਿ-ਸਾਹਿਤ ਇਸ ਤਰ੍ਹਾਂ ਹੈ :-
ਕਵਿਤਾ :-
ਤਾਸ਼ ਦੇ ਪੱਤੇ (1962), ਸ਼ਤਰੰਜ ਦੀ ਖੇਡ (1965) ਮੈਂ ਜੋ ਪੈਗੰਬਰ ਨਹੀਂ (1970) ਵਿਦਰੋਹੀ ਪੀੜ੍ਹੀ (1971) ਉਲਾਰ ਨਸਲ (1972), ਬੋਦੀਵਾਲਾ ਤਾਰਾ (1976) ਮਨੁੱਖ ਤੇ ਖੁਲਾਅ
ਲੰਮੀਆਂ ਕਵਿਤਾਵਾਂ :-
ਖਲਾਅ `ਚ ਲਟਕੇ ਮਨੁੱਖ, ਵਰਤਮਾਨ ਤੁਰਿਆ ਹੈ, ਇਸ਼ਤਿਹਾਰਾਂ ਚੋਂ ਜੰਮੇ ਮਨੁੱਖ, ਇਕੌਤਰ ਸੌ ਅੱਖਾਂ ਵਾਲਾ ਮਹਾਭਾਰਤ, ਸਿੰਙ ਵਾਲਾ ਦੇਵਤਾ, ਕੰਧਾਂ ਤੇ ਉਕਰੇ ਹਸਤਾਖਰ । ਖਾਲੀ ਕੁਰਸੀ ਦਾ ਦੁਖਾਂਤ, ਅਫਰੀਕਾ ‘ਚ ਨੇਤਰਹੀਣ, ਲਿਖਤਮ ਕਾਲਾ ਘੋੜਾ, ਰੋਜ਼ਨਾਮਚੇ ਦਾ ਸਫਰ
ਕਾਵਿ ਨਾਟਕ :-
ਚਾਣਨ ਅੰਨ੍ਹੇ ਹਨ, ਹਥੇਲੀ ਤੇ ਉਗਿਆ ਸ਼ਹਿਰ, ਦਾੜੀਵਾਲਾ ਘੋੜਾ, ਇਕ ਟੰਗਾ ਮੁਰਗਾ, ਉਰਫ ਉਨੀ ਸੌਂ ਨੜਿੰਨਵੇਂ ।
ਅਜਾਇਬ ਕਮਲ ਪ੍ਰਯੋਗਵਾਦੀ ਹੁੰਦਾ ਹੋਇਆ ਵੀ ਨਿਰੰਤਰ ਵਿਕਾਸਸ਼ੀਲ ਤੇ ਗਤੀਸ਼ੀਲ ਕਵੀ ਹੈ। ਅਸਲ ਵਿਚ ਉਸਨੂੰ ਨਿਰੀ-ਪਰੀ ਪ੍ਰਯੋਗਿਕ ਧਾਰਾ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਉਹ ਤਾਂ “ਹੁਣਵਾਦੀ” ਬਣਨਾ ਲੋਚਦਾ ਹੈ। ਇਸ ਲਈ 1960-61 ਦੀ ਪ੍ਰਯੋਗ-ਪਰੰਪਰਾ ਤੋਂ ਚੱਲਕੇ ਹੁਣ ਉਹ ਬ੍ਰਹਿਮੰਡੀ ਵਿਰਾਟ ਅਨੁਭਵ ਦਾ ਚਿੰਤਕ ਕਲਾਕਾਰ ਬਣ ਨਿਬੜਿਆ ਹੈ। ਉਹ ਕਵੀ ਦੇ ਕਰਤੱਵ ਤੋਂ ਖ਼ਬਰਦਾਰ ਤੇ ਚੇਤੰਨ ਹੋਣਾ ਚਾਹੁੰਦਾ ਹੈ ਇਸ ਲਈ ਸੁਤੰਤਰ ਤੇ ਬੇਰੋਕ ਹੋ ਕੇ ਜੋ ਕੁਝ ਅਨੁਭਵ ਕਰਦਾ ਹੈ। ਵਿਸ਼ਵ ਦੇ ਸੰਦਰਭ ਵਿਚ ਵਿਸ਼ਾਲ ਕੈਨਵਸ ਉੱਤੇ ਵਾਹੋਦਾਹੀ ਚਿਤਰਿਤ ਕਰਦਾ ਜਾਂਦਾ ਹੈ। ਸੁਤੰਤਰਤਾ ਲਈ ਉਸ ਵਿਚ ਅੰਤਾਂ ਦਾ ਮੋਹ ਹੈ। ਉਸਦੀ ਕਵਿਤਾ ਦਾ ਵਿਸ਼ਾ ਸਮੁੱਚਾ ਸੰਸਾਰ ਹੈ ਅਤੇ ਉਸਦੀ ਕਵਿਤਾ ਦਾ ਨਾਇਕ ਅਜੋਕਾ ਮਨੁੱਖ ਹੈ। ਉਸਦੀ ਵਰਣਨਯੋਗ ਖੂਬੀ ਬਿਆਨ ਦੀ ਤਾਜ਼ਗੀ ਹੈ। ਉਹ ਅਣਛੁਹ ਅਨੁਭਵਾਂ ਨੂੰ ਨਵੀਂ ਸ਼ੈਲੀ-ਵਿਧਾਨ ਵਿਚ ਰੂਪਮਾਨ ਕਰਨ ਲਈ ਯਤਨਸ਼ੀਲ ਹੈ। ਇਸ ਲਈ ਉਹ ਨਵੀਆਂ ਤਕਨੀਕਾਂ ਦਾ ਜਨਮਦਾਤਾ ਹੈ । ਉਸਨੇ ਨਵੀਆਂ, ਲੰਮੀਆਂ, ਸਿਨਮੈਟਿਕ, ਨਾਟਕੀ ਤੇ ਆਜ਼ਾਦ ਕਵਿਤਾਵਾਂ ਲਿਖਕੇ ਪੰਜਾਬੀ ਕਵਿਤਾ ਦਾ ਨਖਸ਼ਿਖ ਤਰੋਤਾਜ਼ਾ ਕੀਤਾ ਹੈ। ਅਜਾਇਬ ਕਮਲ ਵਿਸ਼ਵ ਇਤਿਹਾਸ ਖ਼ਾਸ ਕਰਕੇ ਭਾਰਤੀ ਇਤਿਹਾਸ-ਮਿਥਿਹਾਸ ਦੇ ਹਵਾਲਿਆਂ ਨਾਲ ਨਵੇਂ ਪ੍ਰਤੀਕਾਂ ਤੇ ਬਿੰਬਾਂ ਦੀ ਉਸਾਰੀ ਕਰਨ ਵਿਚ ਕੁਸ਼ਲ ਹੈ। ਇਕ ਵੰਨਗੀ ਵੇਖੋ :-
ਤੁਹਾਡੇ ਸਿਰ ‘ਚ ਉਗੀਆਂ ਇਕੋਤਰ ਸੌ ਅਖਾਂ ਤੇ
ਇਤਰਾਜ਼ ਨਹੀਂ;
ਗਲ ਤਾਂ ਚੁਫੇਰੇ ਚਲਦੇ ਸਦੀਵੀ ਸੰਘਰਸ਼ ਦੀ ਹੈ
ਵੀਅਤਨਾਮ, ਵਾਟਰ ਲੂ, ਹਲਦੀਘਾਟ, ਮਹਾਭਾਰਤ,
ਨਵੀਨ ਤੇ ਪੁਰਾਤਨ ਮਹਾਯੁੱਧਾਂ ਦੇ ਨਾਂ ਨਹੀਂ
ਤੁਹਾਡਾ ਤੇ ਮੇਰਾ ਨਾਂ ਹੈ।
ਆਪਣੀ ਸੁਤੰਤਰ ਪਛਾਣ ਨੂੰ ਸਥਾਪਿਤ ਕਰਨ ਲਈ ਅਜਾਇਬ ਕਮਲ ਹੁਣ “ਘੋਰ ਵਿਅਕਤੀਵਾਦ” ਵੱਲ ਉੱਲਰ ਰਿਹਾ ਹੈ ਜਿਸ ਤੋਂ ਬਚਣ ਦੀ ਲੋੜ ਹੈ।
ਗੁਰੂਮੇਲ (1940- )
ਪ੍ਰਯੋਗਸ਼ੀਲ ਕਾਵਿਧਾਰਾ ਦੀ ਕਾਵਿ-ਚੇਤਨਾ ਤੋਂ ਪ੍ਰਫੁੱਲਤ ਹੋਇਆ ਕਵੀ ਗੁਰੂਮੇਲ ਵੀ ਮਾਨਯੋਗ ਥਾਂ ਦਾ ਧਾਰਨੀ ਹੈ। ਰਵਿੰਦਰ ਰਵੀ ਦੇ ਸ਼ਬਦਾਂ ਵਿਚ ਗੁਰੂਮੇਲ ਇਕ ਸਜਰਾ ਤੇ ਚਿੰਤਕ ਕਵੀ ਹੈ ਜਿਸਨੇ ਫੈਸ਼ਨੀ ਰੂਪਵਾਦ ਤੋਂ ਪਰਹੇਜ ਕੀਤਾ ਹੈ ਅਤੇ ਪੂਰਨ ਨਿਸ਼ਚੇ ਨਾਲ ਆਧੁਨਿਕਤ ਦੇ ਸਹਿਜ ਸ੍ਵਰ ਨੂੰ ਕਰਤਾਰੀ ਰੂਪ ਵਿਚ ਅਪਣਾਇਆ ਹੈ। ਗੁਰੂਮੇਲ ਦਾ ਪ੍ਰਧਾਨ ਸ੍ਵਰ ਬੇਚੈਨੀ ਜਾਂ ਉਪਰਾਮਤਾ ਦਾ ਸ੍ਵਰ ਹੈ। ਅਜ ਵਿਸੰਗਤੀ ਤੇ ਅਨਾਸਥਾ ਦੀ ਹਾਲਤ ਵਿਚ ਵਿਚਰਦਾ ਅਜੋਕਾ ਮਨੁੱਖ ਜਿਸ ਪਾਸੇ ਵੀ ਵੇਖਦਾ ਹੈ ਉਸਨੂੰ ਖਲਾਅ ਹੀ ਨਜ਼ਰ ਆਉਂਦਾ ਹੈ। ਸੋ ਅਜੋਕੇ ਮਨੁੱਖ ਦਾ ਅਜਨਬੀਪੁਣਾ, ਲਘੂਤਾ, ਦਿਸ਼ਾਹੀਣਤਾ ਤੇ ਮੈਂ ਅਮੈਂ ਦੀਆ ਮਨੋਸਥਿਤੀਆਂ ਨੂੰ ਗੁਰੂਮੇਲ ਨੇ ਆਪਣੀਆਂ ਕਵਿਤਾਵਾਂ ਵਿਚ ਵਸਤੂ ਰੂਪ ਵਿਚ ਉਜਾਗਰ ਕੀਤਾ ਹੈ। ਉਸਦੇ ਕਾਵਿ-ਸੰਗ੍ਰਹਿ ਦੁਬਿਧਾ, ਬੇਚੈਨ ਸਦੀ, ਅਪੈਰੀਆਂ ਵਾਟਾਂ ਉਸਦੀ ਕਾਵਿ-ਪ੍ਰਤਿਭਾ ਦੇ ਵਿਕਾਸ ਦੇ ਪ੍ਰਮਾਣ ਹਨ। ਵੰਨਗੀ ਵੇਖੋ :-
“ਅੱਜ ਭਾਵਾਂ ਦੀਆਂ ਤਪਸਾਂ ਸਾਹਵੇਂ, ਸ਼ਬਦਾਂ ਦਾ ਪਿਆ ਸਾਹ ਘੁਟੀ ਵੇ ।
ਕੌੜਾ ਘੁੱਟ ਅਬੌਧਿਕਤਾ ਦਾ ਅਕਲਾਂ ਦਾ ਕਰਜ਼ਾਈ ਪੀਵੇ”(ਅਰਥ ਬਨਾਮ ਸ਼ਬਦ)
ਸ਼ਕਤੀਵਾਦੀ ਕਾਵਿ-ਪ੍ਰਵਿਰਤੀ
ਸੁਖਪਾਲਵੀਰ ਸਿੰਘ ਹਸਰਤ (1936- )
ਸੁਖਪਾਲਵੀਰ ਸਿੰਘ ਹਸਰਤ ਆਧੁਨਿਕ ਪੰਜਾਬੀ ਕਾਵਿ ਦੇ ਨਵੇਂ ਦੌਰ ਦਾ ਨਵੇਕਲਾ ਕਵੀ ਹੈ। ਹਸਰਤ ਆਧੁਨਿਕ ਕਵਿਤਾ ਦੇ ਚਿਤਪਟ ਉਤੇ ਕਈਆਂ ਰੰਗਾਂ ਵਿਚ ਪ੍ਰਕਾਸ਼ਮਾਨ ਹੋਇਆ ਹੈ। ਉਸ ਵਿਚ ਸਜੀਵ ਰੋਮਾਂਟਿਕਤਾ ਹੈ, ਉਸਾਰੂ ਪ੍ਰਯੋਗਸ਼ੀਲਤਾ ਹੈ ਅਤੇ ਮਹਾਮਾਨਵੀ ਗਤੀਸ਼ੀਲਤਾ ਹੈ। ਹਸਰਤ ਦੇ ਕਾਵਿ-ਸੰਗ੍ਰਹਿ ਇਹ ਹਨ :-
ਸਰਸਬਜ਼ ਪਤਝੜਾਂ (1956), ਹੁਸਨ ਕਿਨਾਰੇ (1957), ਹਯਾਤੀ ਦੇ ਸੋਮੇ (1960), ਵਣ ਕੰਬਿਆ (1962) ਮੋਹ ਮਾਇਆ, ਸ਼ਕਤੀਨਾਦ (1966), ਸੂਰਜ ਦਾ ਕਾਫਲਾ (1972), ਨੂਰ ਦਾ ਸਾਗਰ (1975), ਕਾਲਮੁਕਤ (1976), ਸੂਰਜ ਤੇ ਕਹਿਕਸ਼ਾ (1979), ਇਕ ਮਹਿਕ ਸਦੀਵੀ (1981)
“ਹਸਰਤ” ਅਹਿਸਾਸਾਂ ਤੇ ਸੰਵੇਦਨਾ ਦਾ ਕਵੀ ਹੈ। ਉਸ ਦੀ ਕਵਿਤਾ ਦੇ ਰੋਮਾਂਟਿਕ ਸੁਰਾਂ ਵਿਚ ਸੁੰਦਰ ਤੇ ਅਸੀਮ ਪਾਸਾਰ ਹੈ ਇਸ ਲਈ ਉਸਦੀ ਰੋਮਾਂਟਿਕਤਾ ਵੀ ਸਜੀਵ ਹੈ। ਉਹ ਨਿਰਾਸ਼ਾ, ਲਘੂਤਾ, ਦੀਨਤਾ, ਸਹਿਮ, ਤ੍ਰਾਸ ਤੇ ਸ਼ੰਕਾ ਦਾ ਹਾਮੀ ਨਹੀਂ ਉਹ ਵਿਰਾਟਤਾ ਤੇ ਆਸ਼ਾਵਾਦ ਦਾ ਉਪਾਸ਼ਕ ਹੈ । ਸੱਚ-ਪੁੱਛੋ ਤਾਂ ਉਹ ਚਾਨਣ ਦਾ ਕਵੀ ਹੈ। ਇਸ ਲਈ ਉਸਦੇ ਕਾਵਿ-ਪਾਸਾਰ ਵਿਚ ਸੂਰਜ, ਜੋਤ ਅਗਨ, ਮਹਾਕਾਲ ਵਰਗੇ ਪੁਰਨੂਰ ਬਿੰਬ ਉਤਰਦੇ ਹਨ । ਆਧੁਨਿਕ ਜਟਿਲ ਜੀਵਨ ਤੇ ਉਦਯੋਗਿਕ ਸਭਿਅਤਾ ਪ੍ਰਤੀ ਸਚੇਤ ਹੋਣ ਕਰਕੇ ਹਸਰਤ ਨੇ ਕਾਵਿ-ਪ੍ਰਯੋਗ ਵੀ ਕੀਤੇ ਹਨ। ਇਸ ਲਈ ਉਸਨੂੰ ਪ੍ਰਯੋਗਸ਼ੀਲ ਕਾਵਿ ਦੇ ਮੋਢੀਆਂ ਵਿਚ ਵੀ ਗਿਣਿਆ ਜਾਂਦਾ ਸੀ ਪਰ ਹੁਣ ਉਹ ਐਲਾਨੀਆਂ ਤੌਰ ਤੇ ਪ੍ਰਯੋਗਸ਼ੀਲਤਾ ਨੂੰ ਛੱਡ ਕੇ ਸ਼ਕਤੀ ਦੇ ਸੰਕਲਪ ਦਾ ਪ੍ਰਵਕਤਾ ਬਣ ਗਿਆ ਹੈ। ਇਸ ਲਈ ਹਸਰਤ ਆਪਣੇ ਕਾਵਿ ਵਿਚ ਪਰੰਪਰਾ ਤੇ ਪ੍ਰਯੋਗ ਦੇ ਦਵੰਦਮਈ ਸੰਘਰਸ਼ ਵਿਚ ਇਕ ਸੰਤੁਲਨ ਸਥਾਪਿਤ ਕਰਨ ਵਿਚ ਸਫਲ ਹੋਇਆ ਹੈ।
ਡਾ. ਕੁਲਬੀਰ ਸਿੰਘ ਕਾਂਗ ਦੇ ਸ਼ਬਦਾਂ ਵਿਚ ਹਸਰਤ ਇਕ ਦ੍ਰਿੜ ਸੰਕਲਪੀ ਸ਼ਾਇਰ ਹੈ। ਉਸ ਦੇ ਕਾਵਿ ਵਿਚ ਨਵਾਂ ਭਰੋਸਾ ਤੇ ਨਰੋਆਪਨ ਬੜੀ ਪ੍ਰਚੰਡਤਾ ਨਾਲ ਉਭਰਦਾ ਹੈ ।ਉਹ ਵਿਰਾਟ, ਉਜਸਵੀ, ਤੇਜਸਵੀ, ਮਹਾਂ ਮਰਦ ਦਾ ਤਸੱਵਰ ਉਲੀਕਦਾ ਹੈ । ਪ੍ਰਯੋਗਵਾਦ ਦੇ ਲਘੂ ਮਾਨਵ ਤੇ ਖੰਡਿਤ ਮਨੁੱਖ ਉਸਦੀ ਕਵਿਤਾ ਦਾ ਦਾਇਆ ਨਹੀਂ। ਉਸ ਦੀ ਕਵਿਤਾ ਸ਼ਕਤੀਸ਼ਾਲੀ ਮਹਾਮਾਨਵ ਨੂੰ ਸਮਰਪਿਤ ਹੈ। ਉਸ ਦੀ ਕਾਵਿ-ਕਲਪਨਾ ਵਿਚ ਅਜੇਹੀ ਵਾਦੀ ਦਾ ਚਿੱਤਰ ਰੇਖਾਂਕਿਤ ਹੈ। ਜਿਥੇ ਮਹਾਂਮਾਨਵ ਮੁਸਕਰਾ ਰਿਹਾ ਹੈ :-
ਇਸ ਧਰਤੀ ਤੇ/ਲਘੂਮਨੁਖ ਦਾ/ਕਿਤੇ ਨਾ ਦਿਸਦਾ ਸਾਇਆ
ਮਹਾ ਮਨੁਖ ਦੀ ਦੁਨੀਆ ਅੰਦਰ ਨਫਰਤ ਦਾ ਕੋਈ ਜਾਮ ਨਹੀਂ ਹੈ
(ਮਹਾਂ ਮਰਦ ਮੁਸਕਾਇਆ)
ਉਸ ਨੇ ਹਰ ਇਕ ਅਣੂ ਮਹਾਨ ਬਣਾਇਆ ਹੈ।
ਤੇ ਹਰ ਲਘੂ ਮਨੁਖ ਨੂੰ ਤਾਜ ਪਹਿਨਾਇਆ ਹੈ।
(ਕੈਸੀ ਗੋਬਿੰਦ ਸਿੰਘ ਨੇ ਰੀਤ ਚਲਾਈ)
ਕਵੀ ਹਸਰਤ ਇਨਸਾਨ ਦੇ ਉਜੱਵਲ ਪਹਿਲੂਆਂ ਦੀ ਗੱਲ ਕਰਦਾ ਹੈ, ਇਸ ਲਈ ਉਸ ਦੇ ਕਾਵਿ ਵਿਚ ਇਨਸਾਨੀਅਤ ਦਾ ਜਜ਼ਬਾ ਉਸਾਰੂ ਤੇ ਸਿਰਜਨਾਤਮਕ ਹੈ । ਉਸਦੀ ਸਿਰਜਨਾ ਪਿਛੇ ਇਕ ਅਜੇਹੀ ਇਤਿਹਾਸਿਕ ਚੇਤਨਾ ਕਰਮਸ਼ੀਲ ਹੈ ਜੋ ਰਾਸ਼ਟਰੀ ਭਾਵਨਾ ਨਾਲ ਪ੍ਰਜਵਲਿਤ ਹੈ। ਡਾ. ਅਤਰ ਸਿੰਘ ਦੇ ਅਨੁਸਾਰ “ਹਸਰਤ ਦਾ ਕਾਵਿ ਆਧੁਨਿਕ ਮਨੁੱਖੀ ਸੰਕਟ ਵਿਚ ਬੀਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਕੋਈ ਸਵਸਥ ਤੇ ਨਰੋਆ ਮਾਰਗ-ਦਰਸ਼ਨ ਦ੍ਰਿੜ ਕਰਨ ਲਈ ਦ੍ਰਿੜ ਸੰਕਲਪੀ ਹੈ।” ਇਸ ਲਈ ਹਸਰਤ ਦੇ ਕਾਵਿ ਵਿਚ ਨਾ ਤਾਂ ਅਧਿ-ਮਾਨਵੀ ਰਹੱਸਵਾਦ ਹੈ ਅਤੇ ਨਾ ਹੀ ਅਧਿ-ਪਦਾਰਥਕ ਪ੍ਰਯੋਗਵਾਦ। ਹਸਰਤ ਦੇ ਕਾਵਿ ਵਿਚ “ਮਾਨਵੀ ਗਤੀਵਾਦ” ਹੈ ਜੇ ਅਜੋਕੇ ਤ੍ਰਾਸਦ ਮਨੁੱਖ ਨੂੰ ਅਗਰਗਾਮੀ ਤੇ ਪਾਰਗਾਮੀ ਬਣਨ ਲਈ ਪ੍ਰੇਰਣਾ ਦੇ ਰਿਹਾ ਹੈ।
ਹਸਰਤ ਦੇ ਕਾਵਿ ਵਿਚ ਦੋ ਅਜੇਹੀਆਂ ਵਿਲੱਖਣਤਾਵਾਂ ਹਨ ਜੋ ਉਸ ਦੇ ਕਾਵਿ ਦੀਆਂ ਵਿਸ਼ਿਸ਼ਟ ਪਛਾਣ-ਚਿੰਨ ਹਨ। ਪਹਿਲੀ ਵਿਲੱਖਣਤਾ ਇਹ ਹੈ ਕਿ ਹਸਰਤ ਭਾਰਤੀ ਮਿਥਿਹਾਸ ਤੇ ਪੰਜਾਬੀ ਸਭਿਆਚਾਰ ਦੀ ਬਹੁ-ਪਾਸਾਰੀ ਸਮੱਗਰੀ ਨੂੰ ਸਮਕਾਲੀ ਯਥਾਰਥ ਦੀ ਭੂਮਿਕਾ ਵਜੋਂ ਪ੍ਰਮਾਣਿਕ ਤੌਰ ਤੇ ਪੇਸ਼ ਕਰਦਾ ਹੈ ਅਤੇ ਇਉਂ ਇਤਿਹਾਸ ਦੀ ਪੁਨਰ-ਸਿਰਜਨਾ ਕਰਕੇ ਆਧੁਨਿਕ ਜੀਵਨ ਦੀਆਂ ਜਟਿਲਤਾਵਾਂ ਨੂੰ ਪ੍ਰਕਾਸ਼ਮਾਨ ਕਰਨ ਲਈ ਯਤਨਸ਼ੀਲ ਹੈ। ਉਸਦੀ ਦੂਜੀ ਵਿਲੱਖਣਤਾ ਇਹ ਹੈ ਕਿ ਹਸਰਤ ਪੰਜਾਬੀ ਕਾਵਿ ਦੀ ਪਰੰਪਰਾਗਤ ਛੰਦ-ਯੋਜਨਾ ਨੂੰ ਨਵੇਂ ਸੰਦਰਭਾਂ ਤੇ ਨਵੇਂ ਕਾਵਿ-ਸੰਕਲਪਾਂ ਦੀ ਪੇਸ਼ਕਾਰੀ ਲਈ ਬੜੀ ਨਿਪੁੰਨਤਾ ਨਾਲ ਵਰਤਦਾ ਹੈ ਪਰ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਰਵਾਇਤੀ ਛੰਦ-ਪ੍ਰਯੋਗਾਂ ਵਿਚ ਕੋਈ ਅਕੇਵਾਂ, ਮੋਨਾਟਨੀ, ਬੇਹਾਪਣ ਜਾ ਬੋਸੀਦਗੀ ਨਹੀਂ ਹੁੰਦੀ ਸਗੋਂ ਇਨ੍ਹਾਂ ਜਾਣੀਆਂ-ਪਛਾਣੀਆਂ ਛੰਦਕ ਜੁਗਤਾਂ ਰਾਹੀਂ ਪਾਠਕ ਨੂੰ ਨਵੀਨ ਕਾਵਿ-ਵਸਤੂ ਮਾਨਣ ਲਈ ਸੌਖਾ ਅਰਥ-ਸੰਚਾਰ ਮਿਲਦਾ ਹੈ। ਇਸ ਤਰ੍ਹਾਂ ਸੁਦੇਸ਼ੀ ਛੰਦਾ ਦਾ ਨਵੀਨੀਕਰਣ ਹਸਰਤ ਦੀ ਦੂਜੀ ਵਿਲੱਖਣਤਾ ਹੈ। ਇਨ੍ਹਾਂ ਦੋਹਾਂ ਵਿਲੱਖਣਤਾਵਾਂ ਦੇ ਬਲਬੂਤੇ ਤੇ ਹਸਰਤ ਦੀ ਕਵਿਤਾ “ ਕਾਮਲ ਕਵਿਤਾ” ਬਣਨ ਦੀ ਸੰਭਾਵਨਾ ਰਖਦੀ ਹੈ । ਪ੍ਰੋ. ਕਿਰਪਾਲ ਸਿੰਘ ਕਸੇਲ ਦੇ ਇਸ ਕਥਨ ਵਿਚ ਸਦਾਕਤ ਹੈ ਕਿ ਸਮਕਾਲੀ ਪੰਜਾਬੀ ਕਵਿਤਾ ਵਿਚ ਹਸਰਤ ਦਾ ਉਚੇਰਾ ਤੇ ਨਿਵੇਕਲਾ ਸਥਾਨ ਹੈ । ਏਥੇ ਡਾ ਅਮਰ ਕੋਮਲ ਦੀ ਰਾਇ ਵੀ ਬੜੀ ਸਾਰਥਕ ਹੈ ਕਿ ਇਸ ਦੌਰ ਦੇ ਪ੍ਰਮੁੱਖ ਕਵੀ ਸੁਖਪਾਲ ਵੀਰ ਸਿੰਘ ਹਸਰਤ ਦੀ ਕਾਵਿ- ਪਰੰਪਰਾ ਦੀ ਸ਼ਕਤੀਸ਼ਾਲੀ ਸੁਰ ਸਹਾਇਕ ਹੋ ਸਕਦੀ ਹੈ । ਹਸਰਤ ਦਾ ਸ਼ਕਤੀਵਾਦ ਹਾਰੇ, ਟੁੱਟੇ, ਖੰਡਿਤ ਮਨੁੱਖ ਲਈ ਪ੍ਰੇਰਨਾ ਦਾ ਕਾਰਜ ਕਰ ਸਕਦਾ ਹੈ। ਸ. ਸ. ਸਹੋਤਾ ਨੇ ਠੀਕ ਕਿਹਾ ਹੈ ਕਿ ਪੰਜਾਬੀ ਵਿਚ ਸ਼ਾਇਦ ਹੀ ਕੋਈ ਹੋਰ ਅਜਿਹਾ ਅਜੋਕਾ ਕਵੀ ਹੈ ਜਿਸ ਦੀ ਰਚਨਾ ਵਿਚ ਹਸਰਤ ਦੀ ਕਵਿਤਾ ਜਿੰਨੀ ਸੰਗੀਤ, ਤਾਲ, ਨਾਦ, ਓਜ ਤੇ ਰਸਿਕਤਾ ਹੋਵੇ – ਇਸਦਾ ਮਹਾਨ ਮਾਨਵਵਾਦੀ-ਸ਼ਕਤੀਵਾਦੀ ਫਲਸਫਾ ਆਧੁਨਿਕ ਮਨੁੱਖ ਦੇ ਅਸੰਪੂਰਨ ਤੇ ਨਪੁੰਸਕ ਅਸਤਿੱਤਵ ਨੂੰ ਸੰਪੂਰਨਤਾ, ਸਾਹਸ ਤੇ ਮਹੱਤਵ ਪ੍ਰਦਾਨ ਕਰਦਾ ਹੈ ।
ਹਸਰਤ ਦਾ ਹੁਣੇ ਹੁਣੇ ਪ੍ਰਕਾਸ਼ਿਤ ਹੋਇਆ ਸਜੱਰਾ ਕਾਵਿ-ਸੰਗ੍ਰਹਿ “ਅਮਰ-ਅੱਖਰ” ਹੈ। ਇਸ ਸੰਗ੍ਰਹਿ ਦੀਆਂ ਨਜ਼ਮਾਂ ਵਿਚ ਪ੍ਰਕਿਰਤੀ ਦੇ ਰਹੱਸਮਈ ਅਨੁਭਵ, ਚਿੰਤਨਸ਼ੀਲ ਬਿਰਤੀ, ਪਿਆਰ ਅਨੁਭਵ ਅਤੇ ਗਹਿਰ-ਗੰਭੀਰ ਕੋਮਲ ਅਹਿਸਾਸ ਰੂਪਮਾਨ ਹੋਏ ਹਨ। “ਚੁਪ ਦੀ ਆਵਾਜ਼” ਕਵਿਤਾ ਵਿਚੋਂ ਇਕ ਬੰਦ ਪੇਸ਼ ਹੈ :-
“ਲੱਖ ਗਲਾਂ ਆਖੀਆਂ ਤੂੰ ਹਰਫ ਇਕ ਬੋਲੇ ਬਿਨਾਂ/ਲੱਖ ਜਾਦੂ ਧੂੜ ਦਿਤੇ ਹੇਂਠ ਇਕ ਖੋਲ੍ਹੇ ਬਿਨਾਂ, ਮੌਨ ਨਗਮਾ ਮੇਰੇ ਦਿਲ ਦਾ ਤੇਰੇ ਨੈਣਾਂ ਦੀ ਕਹਾਣੀ/ਤੂੰ ਮੁਹੱਬਤ ਦੀ ਅਦੁੱਤੀ ਹੋਂਦ ਦੀ ਤਸਵੀਰ ਰਾਣੀ ।”
ਕਾਵਿ-ਵੰਨਗੀਆਂ :-
ਤੂੰ ਜਾਂ ਤਾਂ ਮਹਾ ਮਰਦ ਜਾਂ ਹੈਵਾਨ ਪੈਦਾ ਕਰ ।
ਤੇ ਭੁੱਲ ਕੇ ਵੀ ਨਾ ਲਘੂ ਇਨਸਾਨ ਪੈਦਾ ਕਰ (ਕਰਤਾਰੀ ਸ਼ਕਤੀ)
ਮੁਹੱਬਤ ਦੇ ਰਾਹਾਂ ਦਾ ਨਾਂ ਹੈ ਹਯਾਤੀ/ਜਵਾਨੀ ਦੇ ਬਿਰਖਾਂ ਦੀ ਛਾਂ ਹੈ ਹਯਾਤੀ (ਹਯਾਤੀ)