ਆਧੁਨਿਕ ਪੰਜਾਬੀ ਕਵਿਤਾ ਦਾ ਹੁਣ ਦਾ ਕਾਲ ਖੰਡ “ਨਵੀਂ ਕਵਿਤਾ” ਦਾ ਦੌਰ ਹੈ। ਜਿਵੇਂ ਮੋਹਨ ਸਿੰਘ ਅੰਮ੍ਰਿਤਾ ਦੀ ਰੋਮਾਂਟਿਕ-ਪ੍ਰਗਤੀਵਾਦੀ ਕਵਿਤਾ ਦੇ ਵਿਗਠਨ ਪਿਛੋਂ ਪ੍ਰਯੋਗਸ਼ੀਲ ਕਾਵਿ- ਪ੍ਰਵਿਰਤੀ ਹੋਂਦਸ਼ੀਲ ਹੁੰਦੀ ਹੈ ਉਸੇ ਤਰ੍ਹਾਂ ਪ੍ਰਯੋਗਸ਼ੀਲ ਪ੍ਰਵਿਰਤੀ ਦੇ ਵਿਗਠਨ ਪਿਛੋਂ ਨਵੀਂ ਚੇਤਨਾ ਦੀ “ਨਵੀਂ ਕਵਿਤਾ” ਹੋਂਦ ਵਿਚ ਆਉਂਦੀ ਹੈ। ਨਵੀਂ ਕਵਿਤਾ ਦੇ ਇਸ ਦੌਰ ਵਿਚ ਪੰਜਾਬੀ ਕਵਿਤਾ ਕਈ ਰੂਪਾਂ ਤੇ ਕਈ ਰੰਗਾਂ ਵਿਚ ਫੈਲਦੀ ਹੈ। ਇਸ ਕਾਲ ਖੰਡ ਵਿਚ ਭਾਵੇਂ ਕਈ ਤਰ੍ਹਾਂ ਦੇ ਸਿਧਾਂਤਿਕ ਸੰਕਲਪ ਜਾਂ ਵਿਚਾਰਧਾਰਾਵਾਂ ਪੰਜਾਬੀ ਕਵਿਤਾ ਦੇ ਪ੍ਰੇਰਕ-ਸੋਮੇ ਬਣਦੀਆਂ ਹਨ ਪਰ ਇਨ੍ਹਾਂ ਸਾਰੀਆਂ ਅਨੇਕ- ਸੰਕਲਪੀ ਕਾਵਿ-ਸ਼ੈਲੀਆਂ ਵਿਚ ਜੋ ਸਰਬਸਾਂਝੀ ਵਿਸ਼ੇਸ਼ਤਾ ਦਿੱਸ ਪੈਂਦੀ ਹੈ ਉਹ ਹੈ “ਨਵੀਨਤਾ ਦਾ ਮੋਹ” । ਨਵੀਨਤਾ ਦੀ ਇਹ ਰੁਚੀ ਅਜੋਕੇ ਸਮਕਾਲੀ ਕਵੀ ਦੇ ਜਜ਼ਬਿਆਂ, ਵਿਚਾਰਾਂ, ਸੰਕਲਪਾਂ, ਮਨੋਰਥਾਂ, ਕਦਰਾਂ-ਕੀਮਤਾਂ ਅਹਿਸਾਸਾਂ, ਪ੍ਰਤੀਕਾਂ, ਚਿੰਨ੍ਹਾਂ ਭਾਸ਼ਾ-ਪ੍ਰਯੋਗਾਂ ਤੇ ਸ਼ੈਲੀ-ਪ੍ਰਯੋਗਾਂ ਵਿਚ ਉਭਰਦੀ ਦਿਸਦੀ ਹੈ। ਇਸ ਲਈ ਅੱਜ ਦਾ ਪੰਜਾਬੀ ਕਵੀ ਆਪਣੀ ਅਨੁਭੂਤੀ ਤੇ ਆਪਣੀ ਅਭਿਵਿਅਕਤੀ ਵਿਚ ਅਸਲੋ ਨਵਾਂ, ਤਾਜ਼ਾ ਤੇ ਸੱਜਰਾ ਹੈ । ਜੋ ਕੁਝ ਵੀ ਉਸਨੇ ਆਪਣੇ ਪੂਰਵ-ਯੁਗ ਤੋਂ ਵਿਰਸੇ ਵਿਚ ਕਬੂਲਿਆ ਹੈ ਉਸਨੂੰ ਨਵੀਂ ਦਿੱਖ ਤੇ ਨਵੀਂ ਪਾਣ ਚੜ੍ਹਾਈ ਹੈ ਅਤੇ ਜਿਵੇਂ ਵੀ ਅਤੇ ਜਿਸ ਵਿਉਂਤ ਨਾਲ ਵੀ ਕਿਹਾ ਹੈ ਉਸ ਵਿਚ ਤਰੋ-ਤਾਜ਼ਗੀ ਭਰ ਦਿੱਤੀ ਹੈ।
ਪਰ ਨਵੀਨਤਾ ਦੇ ਆਵਰਣ ਵਿਚ ਨਵੀਂ ਪੰਜਾਬੀ ਕਵਿਤਾ ਨੇ ਅਜੋਕੇ ਕੂਟਨੀਤਕ ਮਨੁੱਖ, ਵਿਵਿਧ- ਮੁੱਖੀ ਜੀਵਨ, ਸਚੇਤਨ ਸਮਾਜ, ਤਰਕਸ਼ੀਲ ਚਿੰਤਨ ਤੇ ਵਿਗਿਆਨਿਕ ਕ੍ਰਾਂਤੀ ਦੀਆਂ ਸਮਸਿਆਵਾਂ ਦੇ ਚੈਲੰਜ ਨੂੰ ਕਬੂਲਿਆ ਹੈ। ਕਵੀ ਦੇ ਹਜੂਰ ਜਿੰਨਾ ਵਿਸ਼ਾਲ ਦੀਰਘ-ਪਾਸਾਰੀ ਤੇ ਬ੍ਰਹਿਮੰਡੀ ਖੇਤਰ ਹੈ ਉਤਨਾ ਵਿਸ਼ਾਲ, ਡੂੰਘਾ ਤੇ ਵਿਵਿਧ-ਮੁੱਖੀ ਅਨੁਭਵ ਵੀ ਹੈ। ਰਵਿੰਦਰ ਰਵੀ ਦੀ ਕਾਵਿ-ਟਿੱਪਣੀ ਬੜੀ ਢੁਕਵੀਂ ਹੈ ਕਿ ਨਵੀਂ ਕਵਿਤਾ ਦੀ ਸਘਨ ਪ੍ਰਕ੍ਰਿਤੀ ਵਿਚ ਨਾ ਕੇਵਲ ਵਿਵਿਧ-ਮੁੱਖੀ ਜੀਵਨ ਜਿੰਨੀ ਵਿਸ਼ਾਲਤਾ ਹੈ ਅਗੋਂ ਬਹੁਦਿਸ਼ਾਵੀ ਤੇ ਬ੍ਰਹਿਮੰਡਕ ਚੇਤਨਾ ਵੀ ਹੈ। ਨਤੀਜੇ ਵਜੋਂ ਨਵੀਂ ਪੰਜਾਬੀ ਕਵਿਤਾ ਇਸ ਵਿਰਾਟ ਪਾਸਾਰ ਨੂੰ ਆਪਣੀ ਬੁੱਕਲ ਵਿਚ ਸਮੋਣ ਲਈ ਬੇਕਰਾਰ ਹੈ।
ਨਵੀਂ ਪੰਜਾਬੀ ਕਵਿਤਾ ਵਿਚ ਸਮਕਾਲੀ ਯਥਾਰਥ ਦੇ ਕਿਹੜੇ ਪਹਿਲੂ ਨੂੰ ਪ੍ਰਮੁੱਖਤਾ ਹਾਸਲ ਹੋਈ। ਹੈ ਇਸ ਆਧਾਰ ਉਤੇ ਇਸ ਵਿਚ ਤਿੰਨ ਰੁਝਾਨ ਉਭਰਦੇ ਦਿਸਦੇ ਹਨ :- ਨਵਂ ਸੁਹਜਵਾਦੀ ਪੰਜਾਬੀ ਕਵਿਤਾ, ਨਵ-ਰਹੱਸਵਾਦੀ ਕਵਿਤਾ ਅਤੇ ਨਵ-ਪ੍ਰਗਤੀਵਾਦੀ ਕਵਿਤਾ। ਭਾਵੇਂ ਨਵੇਂ ਕਵੀਆਂ ਦੇ ਬਹੁ- ਆਯਾਮੀ ਕਾਵਿ-ਚਿੰਤਨ ਨੂੰ ਕਿਸੇ ਇਕੋ ਵਰਗ ਵਿਚ ਰੱਖਣਾ ਔਖਾ ਹੈ ਪਰ ਸਥੂਲ ਰੂਪ ਵਿਚ ਨਵ- ਸੁਹਜਵਾਦੀ ਕਾਵਿ-ਧਾਰਾ ਵਿਚ ਹਰਿਭਜਨ ਸਿੰਘ, ਸ਼ਿਵ ਕੁਮਾਰ ਆਦਿ ਰਖੇ ਜਾ ਸਕਦੇ ਹਨ। ਨਵ- ਰਹੱਸਵਾਦੀ ਕਵਿਤਾ ਵਿਚ ਜਸਵੰਤ ਸਿੰਘ ਨੇਕੀ, ਬਲਜੀਤ ਤੁਲਸੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਅਤੇ ਇਸੇ ਤਰ੍ਹਾਂ ਨਵ ਪ੍ਰਗਤੀਵਾਦੀ ਕਾਵਿ-ਪ੍ਰਵਿਰਤੀ ਵਿਚ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਸੁਰਜੀਤ ਪਾਤਰ, ਜੋਗਾ ਸਿੰਘ ਆਦਿ ਇਕ ਪਾਸੇ ਅਤੇ ਪਾਸ਼, ਹਰਿਭਜਨ ਹਲਵਾਰਵੀ, ਲਾਲ ਸਿੰਘ ਦਿਲ ਆਦਿ ਦੂਜੇ ਪਾਸੇ ਰੱਖੇ ਜਾ ਸਕਦੇ ਹਨ।
ਪੰਜਾਬੀ ਦੀ ਨਵ-ਸੁਹਜਵਾਦੀ ਕਵਿਤਾ ਵਿਚ ਸੁਹਜ-ਅਨੁਭਵ ਦਾ ਨਵੀਨ ਕਲਾ-ਪ੍ਰਬੰਧ, ਨਵ- ਰਹੱਸਵਾਦੀ ਕਵਿਤਾ ਵਿਚ ਵਿਗਿਆਨ-ਮੁੱਖੀ ਰਹੱਸ-ਅਨੁਭਵ ਦੀ ਬੌਧਿਕ ਪੇਸ਼ਕਾਰੀ ਅਤੇ ਨਵ- ਪ੍ਰਗਤੀਵਾਦੀ ਕਵਿਤਾ ਵਿਚ ਸਮਾਜਕ ਯਥਾਰਥ ਦੀ ਇਤਿਹਾਸਮੁੱਖੀ ਪ੍ਰਸਤੁਤੀ ਨਵੇਂ ਪਰਿਪੇਖਾਂ ਤੇ ਨਵੇਂ ਸੰਦਰਭਾਂ ਵਿਚ ਉਜਾਗਰ ਕੀਤੀ ਜਾ ਰਹੀ ਹੈ। ਇਸ ਬਹੁ-ਸਕੰਲਪੀ ਆਧੁਨਿਕ ਅਨੁਭਵ-ਪ੍ਰਣਾਲੀਆਂ ਕਰਕੇ ਹੁਣ ਦੇ ਇਸ ਦੌਰ ਵਿਚ ਐਂਟੀ ਕਵਿਤਾ, ਅਕਵਿਤਾ, ਮਿੰਨੀ ਕਵਿਤਾ, ਗੱਦ-ਕਵਿਤਾ ਮਾਈਕਰੋ- ਕਵਿਤਾ (Micro) ਕੈਮਰਾ-ਕਲਿਕ ਕਵਿਤਾ, ਅਗਜ਼ਲ, ਨਵੀਨ ਗਜ਼ਲ ਆਦਿ ਨਵੀਆਂ ਕਾਵਿ-ਵਿਧਾਵਾਂ ਉਸਰਦੀਆਂ ਤੇ ਬਿਨਸ ਰਹੀਆਂ ਹਨ।
ਇਨ੍ਹਾਂ ਨਵੇਂ ਕਾਵਿ-ਰੁਝਾਨਾਂ ਵਿਚੋਂ ਨਵ-ਪ੍ਰਗਤੀਵਾਦੀ ਕਵਿਤਾ ਦਾ ਸੁਰ ਵਧੇਰੇ ਬੁਲੰਦ ਹੈ। ਆਮ ਕਰਕੇ ਪੰਜਾਬੀ ਆਲੋਚਕ ਨਕਸਲਵਾਦੀ, ਜੁਝਾਰੂ, ਵਿਦਰੋਹੀ, ਕ੍ਰਾਂਤੀਸ਼ੀਲ, ਇਤਿਹਾਸਿਕ ਚੇਤਨਾ ਮੁਖੀ ਕਾਵਿਧਾਰਵਾਂ ਨੂੰ ਨਵ ਪ੍ਰਗਤੀਵਾਦੀ ਕਵਿਤਾ ਦੇ ਸਿਰਲੇਖ ਹੇਠ ਰੱਖ ਲੈਂਦੇ ਹਨ ਪਰ ਨਕਸਲਵਾਦੀ/ਜੁਝਾਰ ਕਵਿਤਾ ਨੂੰ ਡਾ. ਰਵਿੰਦਰ ਸਿੰਘ ਰਵੀ ਦੇ ਸ਼ਬਦਾਂ ਵਿਚ, “ਪ੍ਰਗਤੀਵਾਦੀ ਲਹਿਰ ਦਾ ਕੋਈ ਵੀ ਨਵਾਂ, ਵਿਕਸਿਤ ਜਾਂ ਅਜੋਕਾ ਰੂਪ ਕਹਿਣਾ ਉਚਿਤ ਨਹੀਂ” ਪਰ ਡਾ ਅਮਰ ਕੋਮਲ (ਆਧੁਨਿਕ ਪੰਜਾਬੀ ਕਵਿਤਾ-ਖੋਜ ਪੱਤਰ) ਦੇ ਅਨੁਸਾਰ “ਪ੍ਰਗਤੀਵਾਦੀ ਧਾਰਾ ਜਿਹੜੀ ਸਮੇਂ ਤੋਂ ਪਿਛੜ ਗਈ ਸੀ, ਇਸ ਸ਼੍ਰੇਣੀ-ਘੋਲ ਕਾਰਨ ਨਵੇਂ ਜੁਝਾਰੂ ਵਿਦਰੋਹੀ ਰੂਪ ਵਿਚ ਪੁਨਰ ਸਥਾਪਿਤ ਹੋਣ ਲੱਗੀ। ਇਸ ਦੌਰ ਦੇ ਗਿਣਤੀ ਦੇ ਕਵੀਆਂ ਨੇ ਸਮੇਂ ਤੇ ਸਥਿਤੀ ਦੀ ਯਥਾਰਥਕ ਅਭਿਵਿਅਕਤੀ ਰਾਹੀਂ ਸਮਕਾਲੀਨ ਜੀਵਨ ਨੂੰ ਪਦਾਰਥਵਾਦੀ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਚਿਤਰਣ ਦੇ ਮੁਢਲੇ ਉਪਰਾਲੇ ਹੀ ਨਹੀਂ ਕੀਤੇ ਬਲਕਿ ਉਸ ਵਿਦਰੋਹ ਨੂੰ ਵੀ ਕਵਿਤਾਇਆ ਜੋ ਤਸ਼ੱਦਦ, ਜੁਲਮ ਅਨਿਆਇ ਅਤੇ ਰੂੜੀਵਾਦੀ ਫਿਊਡਲ ਸੰਸਕਾਰਾਂ ਦੀ ਜਕੜ ਦੇ ਪ੍ਰਤਿਕਰਮ ਵਜੋਂ ਪੈਦਾ ਹੁੰਦਾ ਹੈ ਜੁਝਾਰੂ ਕਵਿਤਾ ਦੀ ਮੂਲ ਪ੍ਰਵਿਰਤੀ ਪ੍ਰਗਤੀਵਾਦੀ ਹੈ ।” ਇਸ ਵਿਚਾਰ-ਭਿੰਨਤਾ ਦੇ ਬਾਵਜੂਦ ਇਹ ਸਪਸ਼ਟ ਜਾਪਦਾ ਹੈ ਕਿ ਜੁਝਾਰੂ ਕਵਿਤਾ, ਪ੍ਰਗਤੀਵਾਦੀ ਕਵਿਤਾ ਦਾ ਸਮਾਨ-ਅਰਥਕ ਪਰਿਆਇ ਨਹੀਂ ਹੈ ਪਰ ਪਦਾਰਥਵਾਦੀ ਯਥਾਰਥਵਾਦੀ ਦ੍ਰਿਸ਼ਟੀਕੋਣ ਆਦਿ ਮੁਢਲੇ ਮੂਲ-ਆਧਾਰਾਂ ਦੀ ਹੋਂਦ ਵਿਚ ਇਸ ਚੌਥੇ ਦੌਰ ਦੀਆਂ ਦੋਵੇ ਪ੍ਰਗਤੀਵਾਦੀ ਤੇ ਜੁਝਾਰੂ ਕਾਵਿ-ਪ੍ਰਵਿਰਤੀਆਂ ਨੂੰ “ਨਵ ਪ੍ਰਗਤੀਵਾਦੀ ਕਵਿਤਾ” ਦੇ ਇਕੋ ਸਿਰਲੇਖ ਹੇਠ ਵਿਚਾਰਿਆ ਜਾਣਾ ਜਾਇਜ਼ ਪ੍ਰਤੀਤ ਹੁੰਦਾ ਹੈ।
1967-68 ਤੋਂ 1974-75 ਦੌਰਾਨ ਪੰਜਾਬੀ ਕਵਿਤਾ ਦੇ ਇਕ ਭਾਗ ਵਜੋਂ ਨਕਸ਼ਲਵਾਦੀ ਜੁਝਾਰੂ ਕਵਿਤਾ ਇਕ ਲਹਿਰ ਵਾਂਗ ਵਿਕਸਿਤ ਹੋਈ ਅਤੇ ਪਾਸ, ਹਰਿਭਜਨ ਹਲਵਾਰਵੀ, ਲਾਲ ਸਿੰਘ ਦਿਲ ਆਦਿ ਚੌਥੇ ਕਵੀਆਂ ਨੇ ਇਸ ਨੂੰ ਅੱਗੇ ਤੋਰਿਆ ਪਰ ਛੇਤੀ ਹੀ ਇਹ ਧੀਮੀ ਪੈ ਗਈ ਪਰੰਤੂ ਨਿਸਚੇ ਹੀ ਜੁਝਾਰੂ ਕਵਿਤਾ ਆਪਣਾ ਨਿਵੇਕਲਾ ਪਛਾਣ-ਚਿੰਨ੍ਹ ਸਥਾਪਿਤ ਕਰਨ ਵਿਚ ਕਾਮਯਾਬ ਹੋਈ ਹੈ। ਡਾ. ਗੁਰਦੀਪ ਸਿੰਘ ਗਰੇਵਾਲ (ਪੰਜਾਬੀ ਕਵਿਤਾ ਦੇ ਝੁਕਾਅ– ਪੀ.ਐਚ.ਡੀ ਥੀਸਿਸ) ਅਨੁਸਾਰ ਵਿਦਰੋਹੀ (ਜੁਝਾਰੂ) ਕਵਿਤਾ ਵਿਚ ਹੇਠ ਲਿਖੀਆਂ ਰੁਚੀਆਂ ਦਾ ਸਮਾਵੇਸ਼ ਵੇਖ ਸਕਦੇ ਹਾਂ :- ਹਥਿਆਰਬੰਦ ਕ੍ਰਾਂਤੀ ਲਈ ਪੁਕਾਰ, ਸੱਤਧਾਰੀ ਸ਼ੋਸ਼ਕ ਵਰਗ ਦਾ ਵਿਰੋਧ, ਕਿਸਾਨ ਕਾਮਿਆਂ ਪ੍ਰਤੀ ਹਮਦਰਦੀ, ਸਮਾਜਵਾਦੀ ਯਥਾਰਥ ਆਲੋਚਨਾਤਮਕ ਵਿਅੰਗਾਤਮਕ ਅਭਿਵਿਅੰਜਨਾ, ਹਿੰਸਕ ਤੇ ਦਹਿਸ਼ਤ ਪਸੰਦ ਰੁਚੀਆਂ ਦਾ ਸਮਾਵੇਸ਼, ਉਪਭਾਵੁਕਤਾ ਤੇ ਨਾਅਰੇਬਾਜ਼ੀ, ਇਨਕਲਾਬੀ ਇਤਿਹਾਸਿਕ ਵਿਰਸੇ ਪ੍ਰਤੀ ਮੋਹ ਅਤੇ ਅੰਤਰ ਰਾਸ਼ਟਰੀ ਚੇਤਨਾ। ਸਮੁਚੇ ਰੂਪ ਵਿਚ ਡਾ ਰਵਿੰਦਰ ਸਿੰਘ ਰਵੀ ਦੇ ਸ਼ਬਦਾਂ ਵਿਚ ਜੁਝਾਰੂ/ਇਤਿਹਾਸਿਕ ਚੇਤਨਾਮੁੱਖੀ ਕਾਵਿਧਾਰਾ ਪ੍ਰਯੋਗਵਾਦੀ ਆਧੁਨਿਕ ਕਵਿਤਾ ਦੇ ਉਲਟ ਅੰਤਰਮੁੱਖਤਾ ਦੇ ਵਿਰੋਧ ਵਿਚ ਬਾਹਰਮੁੱਖੀ, ਵਿਅਕਤੀ ਦੇ ਵਿਰੋਧ ਵਿਚ ਸਮਾਜਮੁੱਖੀ, ਸੁੰਗੇੜ ਦੇ ਵਿਰੋਧ ਵਿਚ ਪਸਾਰਮੁੱਖੀ, ਨਿਰਾਰਥਕਤਾ ਦੇ ਵਿਰੋਧ ਵਿਚ ਸਾਰਥਕਤਾ ਮੁੱਖੀ, ਅਚੇਤਨਤਾ ਦੇ ਵਿਰੋਧ – ਵਿਚ ਚੇਤਨਾ ਮੁੱਖੀ ਭਾਵਾਂ ਨੂੰ ਪੰਜਾਬੀ ਸੰਸਕ੍ਰਿਤੀ ਅਤੇ ਸਮਕਾਲੀਨ ਯਥਾਰਥ ਦੇ ਮੁਹਾਵਰੇ ਦੁਆਰਾ ਪ੍ਰਗਟ ਕਰਨ ਦਾ ਯਤਨ ਹੈ।
ਹੁਣ ਅਸੀਂ ਚੌਥੇ ਦੌਰ ਦੀ ਨਵੀਂ ਕਵਿਤਾ ਦੀਆਂ ਤਿੰਨ ਪ੍ਰਮੁੱਖ ਕਾਵਿਧਾਰਾਵਾਂ – ਨਵ ਸੁਹਜਵਾਦੀ, ਨਵ ਰਹੱਸਵਾਦੀ ਤੇ ਨਵ-ਪ੍ਰਗਤੀਵਾਦੀ ਦਾ ਦਿਗਦਰਸ਼ਨ ਪੇਸ਼ ਕਰਦੇ ਹਾਂ।
ਹਰਿਭਜਨ ਸਿੰਘ (1920 )
ਹਰਿਭਜਨ ਸਿੰਘ ਆਧੁਨਿਕ ਯੁੱਗ ਦੀ ਨਵੀਨ ਪੰਜਾਬੀ ਕਵਿਤਾ ਦਾ ਨਵ-ਸੁਹਜਵਾਦੀ ਕਵੀ ਹੈ। ਉਹ ਸਾਹਿਤ-ਸ਼ਾਸ਼ਤਰੀ, ਵਿਦਵਾਨ ਤੇ ਆਲੋਚਕ ਹੁੰਦਾ ਹੋਇਆ ਵੀ ਲਲਿਤ ਸ਼ਬਦਾਂ ਦੀ ਸੁਹਜ ਆਤਮਾ ਦਾ ਜਾਣੂ ਹੈ। ਆਧੁਨਿਕ ਪੰਜਾਬੀ ਕਾਵਿ ਦੀਆਂ ਕਈ ਪ੍ਰਵਿਰਤੀਆਂ ਦਾ ਸਮਕਾਲੀ ਹੁੰਦਾ ਹੋਇਆ ਵੀ ਉਹ ਕਿਸੇ ਧਾਰਾ ਨਾਲ ਪ੍ਰਤੀਬੱਧ ਦਿਖਾਈ ਨਹੀਂ ਦਿੰਦਾ ਭਾਵੇਂ ਉਸਨੇ ਸਮਕਾਲੀ ਕਾਵਿ-ਪ੍ਰਵਿਰਤੀਆਂ ਦੇ ਪ੍ਰਭਾਵ ਨੂੰ ਅਵੱਸ਼ ਕਬੂਲਿਆ ਹੈ । ਲਾਸਾਂ ਤੋਂ ਲੈ ਕੇ ਮੱਥਾ ਦੀਵੇ ਵਾਲਾ ਤੱਕ ਉਸ ਦੇ ਸਾਰੇ ਕਾਵਿ- ਲੋਕ ਵਿਚ ਜਿਹੜੀ ਮੂਲ ਪ੍ਰਵਿਰਤੀ ਉਭਰਵੀਂ ਪ੍ਰਤੱਖ ਹੁੰਦੀ ਹੈ ਉਹ ਸੁਹਜਵਾਦੀ ਪ੍ਰਵਿਰਤੀ ਕਵੀ ਹਰਿਭਜਨ ਦਾ ਸੁਹਜਵਾਦ ਰੂੜੀਆਂ ਤੋਂ ਪਰ੍ਹੇ ਹੱਟਕੇ ਨਵੀਂ ਕਾਵਿ ਸੁਹਜਪਰੰਪਰਾ ਵਿਚ ਉਜਾਗਰ ਹੁੰਦਾ ਦਿਸਦਾ ਹੈ। ਇਸ ਲਈ ਹਰਭਜਨ ਸਿੰਘ ਓੜਕ ਨੂੰ ਇਕ ਨਵ-ਸੁਹਜਵਾਦੀ ਕਵੀ ਹੈ।
ਕਵੀ ਹਰਿਭਜਨ ਸਿੰਘ ਦੀ ਵਿਲੱਖਣਤਾ ਉਸ ਦੀ ਨਵੀਂ ਕਾਵਿ-ਸੰਰਚਨਾ ਹੈ। ਆਧੁਨਿਕ ਬੋਧ ਦੀ ਵਸਤੂ-ਸੰਰਚਨਾ ਨੂੰ ਉਹ ਨਵੀਨ ਕਲਾ-ਸੰਗਤਾਂ ਵਿਚ ਰੂਪਾਂਤਰਿਤ ਕਰਨ ਵਿਚ ਕੁਸ਼ਲ ਹੈ। ਉਸਦੇ ਵਿਸ਼ੇ ਭਾਵੇਂ ਬਹੁਤ ਨਵੀਨ ਨਹੀਂ ਪਰ ਉਸਦੀ ਅਭਿਵਿਅਕਤੀ ਅਸਚਰਜ-ਜਨਕ ਨਵੀਨ ਹੈ। ਆਪਣੇ ਪ੍ਰਥਮ ਕਾਵਿ ਸੰਗ੍ਰਹਿ “ਲਾਸਾ” ਤੇ “ਅਧਿਰੈਣੀ” ਵਿਚ ਉਸਦੀ ਇਹ ਸੁਹਜ ਬਿਰਤੀ ਪ੍ਰਗੀਤਕ ਸ਼ੈਲੀ ਦੇ ਮਧੁਰ ਗੀਤਾਂ ਵਿਚ ਰੂਪਮਾਨ ਹੋਈ ਹੈ ਜਿਥੇ ਉਸਦੀ ਕਾਵਿ-ਕਲਪਨਾ, ਸੁਹਜ ਅਨੁਭਤੀ ਤੇ ਪਿਆਰ- ਅਨੁਭਵ ਨੂੰ ਸੁਕੋਮਲ ਤੇ ਸੰਗੀਤਮਈ ਕਾਵਿ-ਬਾਣੀ ਮਿਲੀ ਹੈ। “ਵੇ ਮੈਂ ਭਰੀ ਸੁੰਗਧੀਆਂ ਪੌਣ ਸੱਜਣ ਤੇਰੇ ਬੂਹੇ” ਜਾਂ “ਰਾਤੀ ਤਾਰਿਆਂ ਦੇ ਨਾਲ ਅਸਾਂ ਗੱਲਾਂ ਕੀਤੀਆਂ” ਇਸ ਪ੍ਰਗੀਤਕ ਸੁਹਜ- ਅਭਿਵਿਅਕਤੀ ਦੇ ਢੁਕਵੇਂ ਨਮੂਨੇ ਹਨ। ਇਸ ਪੜਾਅ ਤੇ ਉਸਦੇ ਤਿਖੇ, ਬੇਚੈਨ ਤੇ ਸੰਘਣੇ ਰੋਮਾਂਟਿਕ ਅਹਿਸਾਸ ਕਵਿਤਾ ਦੇ ਬੋਲਾਂ ਵਿਚ ਜਿਵੇਂ ਦ੍ਰਵੀਭੂਤ ਹੋ ਕੇ ਵਹਿ ਤੁਰੇ ਹਨ ਪਰ ਹੌਲੀ ਹੌਲੀ ਉਸ ਦੀ ਕਾਵਿ-ਅਨੁਭੂਤੀ ਉਤੇ ਬੌਧਿਕਤਾ, ਵਿਦਵਤਾ, ਸਮਕਾਲੀ ਸਮਾਜ-ਦਰਸ਼ਨ ਅਤੇ ਨਵੀਨ ਕਾਵਿ-ਸ਼ਾਸ਼ਤਰ ਦੀ ਪਿਉਂਦ ਚੜ੍ਹਦੀ ਗਈ । ਇਸ ਲਈ “ਨਾ ਧੁੱਪੇ ਨਾ ਛਾਵੇ” ਸੜਕ ਦੇ ਸਫ਼ੇ ਉਤੇ, ਟੁਕੀਆਂ ਜੀਭਾਂ ਵਾਲੇ, ਤਾਰ ਤੁਪਕਾ, – ਕਾਵਿ ਸੰਗ੍ਰਹਿਆਂ ਦੀਆਂ ਕਵਿਤਾਵਾਂ ਵਿਚ ਉਹ ਸਮਕਾਲੀ ਯਥਾਰਥ ਨੂੰ ਚਮਤਕਾਰੀ ਤੇ ਵਿਅੰਗਮਈ ਸ਼ੈਲੀ ਰਾਹੀਂ ਪੇਸ਼ ਕਰਨ ਲਈ ਉਤਾਵਲਾ ਦਿਖਾਈ ਦਿੰਦਾ ਹੈ । ਹੁਣ ਉਸ ਵਿਚ ਸ਼ਬਦ-ਚੇਤਨਾ ਦੇ ਨਾਲ-ਨਾਲ ਯੁੱਗ ਚੇਤਨਾ ਵੀ ਪ੍ਰਬੁੱਧ ਹੋ ਉੱਠੀ ਹੈ। “ਨਾ ਧੁੱਪੇ ਨਾ ਛਾਵੇਂ” ਵਿਚ ਉਸਦੀ ਸ਼ਬਦ-ਕ੍ਰੀੜਾ ਬੜੀ ਵਿਸਮੈਕਾਰੀ ਹੈ। ਉਹ ਸ਼ਬਦ-ਰੂੜੀਆਂ ਦਾ ਤਿਆਗ ਕਰਕੇ ਨਬਿਰਛੇ ਰਾਹ, ਅਪੈਰਾ ਆਦਮੀ, ਨਮਿਤਰਾ ਸਫਰ, ਨਿਪਤਰਾ ਬਿਰਛ ਆਦਿ ਸ਼ਬਦ ਪ੍ਰਯੋਗਾਂ ਵਿਚ ਕਲੋਲਾਂ ਕਰਦਾ ਹੈ ਪਰ “ਸੜਕ ਦੇ ਸਫ਼ੇ ਉਤੇ” ਵਾਲੇ ਪੜਾਅ ਤੇ ਉਸਨੂੰ ਸਮਕਾਲੀ ਪ੍ਰਯੋਗਸ਼ੀਲਤਾ ਦਾ ਮੋਹ ਵੀ ਖਿਚੱਦਾ ਰਿਹਾ ਹੈ। ਇਸ ਲਈ ਆਧੁਨਿਕ ਯੁੱਗ ਦੇ ਖੰਡਿਤ ਮਨੁੱਖ ਦੀਆਂ ਵਿਵਿਧ ਮਨੋ- ਗਤੀਆਂ ਨੂੰ ਉਹ ਖੁਦਕੁਸ਼ੀ, ਸਲੀਬ, ਪੇਪਰਵੇਟ, ਕਤਲ, ਸਿਵਾ, ਅੱਗ, ਸੂਲੀ ਆਦਿ ਤ੍ਰਾਸਦ ਪ੍ਰਤੀਕਾਂ ਦੇ ਮਾਧਿਅਮ ਦੁਆਰਾਂ ਪੇਸ਼ ਕਰਨ ਲਈ ਬੇਕਰਾਰ ਹੈ। ਇਹ ਰੁਚੀ “ਅਲਫ ਦੁਪਹਿਰ” “ਟੁਕੀਆਂ ਜੀਭਾ ਵਾਲੇ” ਕਾਵਿ ਸੰਕਲਨਾ ਵਿਚ ਉਭਰੀ ਹੈ। ਇਸ ਪੱਧਰ ਤੇ ਆਧੁਨਿਕਤਾਵਾਦ (Modernism) ਦਾ ਸਮੱਰਥਕ ਹੋ ਨਿਬੜਦਾ ਹੈ ।
ਹਰਿਭਜਨ ਸਿੰਘ ਦੀ ਕਾਵਿ-ਦ੍ਰਿਸ਼ਟੀ ਪੈਨੀ ਤੇ ਤ੍ਰਿਖੀ ਹੈ। ਉਹ ਸਮਕਾਲੀ ਜੀਵਨ ਤੇ ਸਮਾਜ ਦੇ ਮਾਨਸਿਕ ਉਲਾਹਾਂ, ਅਨਾਚਾਰਾਂ, ਅਤ੍ਰਿਪਤੀਆਂ ਤੇ ਘੋਰ ਤ੍ਰਾਸਦੀਆਂ ਦਾ ਕਟਾਖਮਈ ਸ਼ੈਲੀ ਨਾਲ ਉਪਹਾਸ ਕਰਦਾ ਹੈ । ਪ੍ਰੋ. ਪ੍ਰਿਤਪਾਲ ਸਿੰਘ ਨੇ ਠੀਕ ਕਿਹਾ ਹੈ ਕਿ ਹਰਿਭਜਨ ਸਿੰਘ ਦੀ ਕਾਵਿ-ਅਨੁਭੂਤੀ ਚਿੰਤਨ, ਵਿਸ਼ਾਲ ਗਿਆਨ, ਸੁਚੇਤ ਤੇ ਸੁਦ੍ਰਿੜ ਆਤਮ-ਵਿਸ਼ਵਾਸ਼ ਵਿਚੋਂ ਜਨਮਦੀ ਹੈ, ਇਸ ਲਈ ਉਹ ਮਨੁੱਖ ਦੀ ਹੋਣੀ ਨੂੰ ਦਰਸ਼ਨ ਤੇ ਗਿਆਨ ਦੀਆ ਨਵੀਆਂ ਖੋਜਾਂ ਦੇ ਸੰਦਰਭ ਵਿਚ ਰੱਖਕੇ ਵਾਚਦਾ ਹੈ।
ਸਹੀ ਗੱਲ ਤਾਂ ਇਹ ਹੈ ਕਿ ਹਰਿਭਜਨ ਸਿੰਘ ਕਲਾ-ਜੁਗਤਾਂ ਦਾ ਉਸਤਾਦ ਕਵੀ ਹੈ। ਜਰਜਰੇ ਅਲੰਕਾਰਾਂ, ਹੰਢਾਏ ਹੋਏ ਰੂਪਕਾਂ ਤੇ ਬੇਹੇ ਉਪਮਾਨਾ ਨੂੰ ਇਕਦਮ ਤਿਆਗ ਕੇ ਉਨ੍ਹਾਂ ਦੀ ਥਾਂ ਸੱਜਰੇ ਸੱਜਰੇ ਉਪਮਾਨਾਂ ਦੀਆ ਲੜੀਆਂ ਨਾਲ ਉਹ ਆਪਣੀ ਕਵਿਤਾ ਨੂੰ ਸ਼ਿੰਗਾਰਦਾ ਹੈ । ਨਵੀਨ ਅੰਲਕਾਰ ਯੋਜਨਾ ਦੀ ਇਕ ਵੰਨਗੀ ਵੇਖੋ :-
ਨੈਣ ਤੇਰੇ ਵਿਚ ਹੰਝੂ ਜੀਕਣ
ਮਾਲ ਰੋਡ ਤੇ ਇਕ ਦਿਹਾਤੀ।
ਜਾਂ
ਮੇਰਾ ਦਰਵਾਜ਼ਾ ਇਕ ਉਬਾਸੀ ਵਾਂਗੂ ਖੁਲ੍ਹਦਾ ਹੈ।
ਇਉਂ ਬੋਦੀਆਂ ਕਾਵਿ-ਰੂੜੀਆਂ ਦਾ ਪਰਿਤਿਆਗ ਅਤੇ ਅਣਛੁਹ ਕਲਾ-ਜੁਗਤਾਂ ਦਾ ਸਵੀਕਾਰ ਹਰਿਭਜਨ ਸਿੰਘ ਦੀ ਕਾਵਿ-ਪ੍ਰਤਿਭਾ ਦੀ ਸਵਸਥ ਉਪਲਬਧੀ ਹੈ । ਹਰਿਭਜਨ ਸਿੰਘ ਸ਼ਬਦਾਂ ਦੀ ਆਤਮਾ ਦਾ ਰਹੱਸ-ਦਰਸ਼ੀ ਕਵੀ ਹੈ। ਉਸ ਦੇ ਕੋਲ ਅਜੇਹੀ ਸ਼ਬਦ-ਰਾਸ਼ੀ ਹੈ। ਜੋ ਉਸਦੇ ਵਿਰਾਟ ਮਹਾਨਗਰੀ ਅਹਿਸਾਸਾਂ ਨੂੰ ਗ੍ਰਾਮ ਸੰਸਕ੍ਰਿਤੀ ਦੇ ਖੁਦ-ਹੰਢਾਏ ਦ੍ਰਿਸ਼ਾਂ ਨਾਲ ਇਕਸੁਰ ਕਰਨ ਦੀ ਯੋਗਤਾ ਰੱਖਦੀ ਹੈ। ਇਸ ਲਈ ਉਸ ਦੀ ਕਾਵਿ ਕਲਾ ਮਾਸੂਮ ਗ੍ਰਾਮ-ਪ੍ਰਕ੍ਰਿਤੀ ਤੋਂ ਜਟਿਲ ਨਾਗਰਿਕ ਸੰਸਕ੍ਰਿਤੀ ਤੱਕ ਦੀ ਯਾਤਰਾ ਕਰਦੀ ਹੈ।
ਪਰ ਸਭ ਕੁਝ ਦੇ ਹੁੰਦਿਆਂ ਸਹੁੰਦਿਆਂ ਕਵੀ ਹਰਿਭਜਨ ਸਿੰਘ ਨੇ ਆਪਣੇ ਸਮੁੱਚੇ ਕਾਵਿ-ਪਾਸਾਰ ਵਿਚੋਂ ਕੋਈ ਬੱਝਵੀ ਕਾਵਿ-ਧੁਨੀ ਜਾਂ ਕਾਵਿ-ਪੈਰਾਡਾਈਮ ਉਸਾਰਨ ਦਾ ਇਕਰਾਰ ਅਜੇ ਪੂਰਾ ਕਰਨਾ ਹੈ। ਉਸਦੇ ਕਾਵਿ ਸੰਗ੍ਰਹਿ ਇਹ ਹਨ: ਲਾਸਾਂ (1955) ਅਧਰੈਣੀ (1962), ਤਾਰ ਤੁਪਕਾ (1959) ਨਾ ਧੁੱਪੇ ਨਾ ਛਾਵੇਂ (1967) ਅਲਫ ਦੁਪਹਿਰ, ਸੜਕ ਦੇ ਸਫੇ ਉਤੇ (1970) ਟੁੱਕੀਆਂ ਜੀਭਾਂ ਵਾਲੇ, ਮੱਥਾ ਦੀਵੇ ਵਾਲ਼ਾ (1982)
ਕਾਵਿ ਵੰਨਗੀਆਂ ;-
“ਸਾਰੇ ਸੁਪਨੇ ਹਸਪਤਾਲ ਨੇ
ਹਰ ਮੰਜੇ ਤੇ ਆਪਣਾ ਆਪ ਹੂੰਗਦਾ ਜਾਪੇ,
ਤੜਕਸਾਰ ਹੀ ਆਪਣੇ ਵਿਚੋਂ ਰੋਗੀ ਮਾਦਾ ਤਿਪ ਤਿਪ ਚੋਏ (ਮੱਥਾ ਦੀਵੇ ਵਾਲਾ)
ਸ਼ਿਵ ਕੁਮਾਰ (1936-1973)
ਸ਼ਿਵ ਕੁਮਾਰ ਬਟਾਲਵੀ ਇਸ ਦੌਰ ਦਾ ਇਕ ਹੋਰ ਲੋਕ-ਪ੍ਰਿਅ ਕਵੀ ਹੈ ਜਿਸ ਦੀ ਕਵਿਤਾ ਦੇ ਪ੍ਰਗੀਤਕ ਸੁਰ ਪੰਜਾਬੀਆਂ ਦੇ ਤੱਤੇ ਸਾਹਾਂ ਵਿਚ ਮਿਸਰੀ ਘੋਲਦੇ ਦਿਸਦੇ ਹਨ । ਡਾ. ਜੀਤ ਸਿੰਘ ਸੀਤਲ ਨੇ ਕਿਹਾ ਹੈ ਕਿ “ਪੰਜਾਬੀ ਵਿਚ ਕਿੱਸਾ ਕਾਵਿ ਤੇ ਸੂਫ਼ੀ-ਕਾਵਿ ਪਰੰਪਰਾ ਦੇ ਸੁਮਿਲਵੇਂ ਸ੍ਵਰ ਨੂੰ ਪੁਨਰ ਸੁਰਜੀਤ ਕਰਕੇ ਆਧੁਨਿਕ ਕਾਵਿ ਮੁਹਾਵਰੇ ਵਿਚ ਢਾਲਣ ਵਾਲਾ ਲਾਡਲਾ ਪੰਜਾਬੀ ਸ਼ਾਇਰ ਸ਼ਿਵ ਕੁਮਾਰ” ਹੈ । ਸ਼ਿਵ ਦਾ ਵਿਅਕਤਿਤ੍ਰ ਤੇ ਉਸਦਾ ਕਾਵਿ-ਜਗਤ ਨਿਰੰਤਰ ਉਦਾਸਿਆ ਰਿਹਾ ਹੈ ਪਰ ਉਸਦੀ ਕਵਿਤਾ ਦੀ ਲੋਕਪ੍ਰਿਅਤਾ ਦਾ ਕਾਰਨ ਹੈ ਉਸਦੀ ਕਵਿਤਾ ਦਾ ਲੋਕ-ਮਾਨਸ ਨਾਲ ਇਕਸੁਰ ਹੋਣਾ । ਇਸ ਕਾਰਨ ਉਸਨੇ ਅਨੇਕ ਨਵੇਂ ਲੋਕ-ਚਿੰਨ੍ਹ ਤੇ ਲੋਕ ਧੁਨਾਂ ਲੈ ਕੇ ਸੱਜਰੇ ਤੇ ਤਾਜ਼ੇ ਲੋਕ ਬਿੰਬਾਂ ਰਾਹੀਂ ਆਪਣੀ ਰੋਮਾਂਟਿਕ ਭਾਵਨਾ ਨੂੰ ਸਾਕਾਰ ਕੀਤਾ ਹੈ। ਸ਼ਿਵ ਆਪਣੇ ਗਮ ਤੇ ਬਿਰਹਾਂ ਨੂੰ ਸਾਰਿਆਂ ਨਾਲ ਸਾਝਾਂ ਕਰਨ ਵਿਚ ਉਸਤਾਦ ਸੀ ਉਸਦੇ ਸਰਬ-ਸਾਂਝੀਕਰਨ ਦੇ ਇਸ ਗੁਣ ਨੇ ਉਸਦੀ ਕਵਿਤਾ ਨੂੰ ਘਰ ਘਰ ਦੀ ਦਰਦ-ਕਹਾਣੀ ਬਣਾ ਦਿੱਤਾ। ਇਸ ਲਈ ਸ਼ਿਵ ਹਰਮਨ ਪਿਆਰਾ ਕਵੀ ਬਣ ਗਿਆ। ਪਰ ਸ਼ਿਵ ਦਾ ਸਾਰਾ ਕਾਵਿ ਵਿਅਕਤੀਗਤ ਰੁਦਨ ਦਾ ਕਾਵਿ ਬਣ ਨਿਬੜਿਆ ਹੈ । ਉਸਦਾ ਸਾਰਾ ਰੁਦਨ ਹਿਜਰ, ਮੌਤ, ਬਨਵਾਸ, ਬਿਰਹੜੇ, ਸਲੀਬ, ਬੀਮਾਰ, ਸੋਗ, ਕੁਮਲਾਏ ਫੁੱਲ, ਪੀੜਾਂ ਦਾ ਪਰਾਸ਼ਾਵ ਆਦਿ ਨਕਾਰਾਤਮਕ ਬਿੰਬਾਂ ਰਾਹੀਂ ਰੂਪਮਾਨ ਹੁੰਦਾ ਹੈ ਜਿਸ ਕਰਕੇ ਜੀਵਨ ਦਾ ਕੋਈ ਉਸਾਰੂ ਪੱਖ ਸ਼ਿਵ ਦੀ ਕਵਿਤਾ ਵਿਚ ਨਹੀਂ ਉਭਰ ਸਕਿਆ। ਉਸ ਵਿਚ ਸੁੰਦਰ ਤਾਂ ਹੈ ਪਰ ਸ਼ਿਵ ਤੇ ਸਤਿਅੰ ਨਹੀਂ। ਪ੍ਰੋ ਸਰਵਜੀਤ ਸਿੰਘ ਗਿੱਲ ਨੇ ਸ਼ਿਵ ਦੀ ਵਿੱਲਖਣਤਾ ਨੂੰ ਸਪਸ਼ਟ ਕਰਦਿਆਂ ਲਿਖਿਆ ਹੈ ਕਿ “ਆਪਣੇ ਸਮਕਾਲੀ ਕਵੀਆਂ ਨਾਲੋਂ ਇਹ ਕਵੀ ਇਸ ਗੱਲ ਵਿਚ ਭਿੰਨ ਹੈ ਕਿ ਉਸ ਨੇ ਲੋਕ-ਮਾਨਸ (Psyche) ਦੇ ਸੰਬੋਧਨ ਦੀ ਵਿਧੀ ਵਰਤ ਕੇ ਲੋਕਬਿੰਬਾਂ ਅਤੇ ਚੇਤਨਾ ਦੁਆਰਾ ਆਧੁਨਿਕ ਮਨੁੱਖ ਦੀ ਪੀੜਾ ਅਤੇ ਦੁਬਿਧਾ ਨੂੰ (ਜਿਹੜੀ ਮਸ਼ੀਨੀਕ੍ਰਿਤ ਸਮਾਜ ਵਿਚ ਇਕੱਲਾਪਣ, ਸ੍ਵੈ-ਓਪਰਾਪਣ, ਅਸੁਰਖਿਆ ਦੀ ਭਾਵਨਾ ਅਤੇ ਮਨੁੱਖੀ ਰਿਸ਼ਤਿਆਂ ਦੇ ਮਕਾਨਕੀ ਰੂਪ ਵਿਚੋਂ ਪੈਦਾ ਹੋਈ ਹੈ) ਸ਼ਬਦੀ ਜਾਮਾ ਪਹਿਨਾਇਆ ਹੈ” (ਕਾਵਿ-ਸੰਚੇਤਨਾ-ਪੰਨਾ 159)
ਸ਼ਿਵ ਦੇ ਕਾਵਿ-ਸੰਗ੍ਰਹਿ ਇਹ ਹਨ :-
ਪੀੜਾਂ ਦਾ ਪਰਾਗਾ (1960) ਲਾਜਵੰਤੀ (1961) ਆਟੇ ਦੀਆਂ ਚਿੜੀਆਂ (1962) ਮੈਨੂੰ ਵਿਦਾ ਕਰੋ (1963) ਬਿਰਹਾਂ ਤੂ ਸੁਲਤਾਨ (1964) ਦਰਦਮੰਦਾਂ ਦੀਆਂ ਆਹੀ (1964) ਲੂਣਾ (1965) ਮੈਂ ਤੇ ਮੈਂ (1970) ਆਰਤੀ (1971) ਅਲਵਿਦਾ (1974) ਮ੍ਰਿਤੂ ਉਪਰੰਤ ਪ੍ਰਕਾਸ਼ਿਤ ।