ਪੰਛੀਆਂ ਦੀ ਮਜਲਿਸ ਮਤਾ
“ਖੰਭ ਵਿਕਾਂਦੜੇ ਜੇ ਲਹਾਂ ਜਿੰਨਾ ਸਾਵੀ ਤੋਲਿ॥
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥”
੧ਓ ਆਦਿ ਸਚੁ ਜੁਗਾਦਿ ਸਚੁ॥
“ਤੇਰੇ ਮੱਥੇ ‘ਚ ਬੇ-ਆਬਾਦ ਥਾਂਵਾਂ ਦੀ ਧੂੜ ਉੱਡਦੀ ਹੈ। ਤੂੰ ਜ਼ਰੂਰ ਹੀ ਧਰਤੀ ਨੂੰ ਹਥੇਲੀ ‘ਤੇ ਰੱਖ ਕੇ ਤੁਰੇਂਗਾ। ਇਸ਼ਕ ਹੈ। ਸੋ….. ਤੁਰੇਂਗਾ। ਨੱਚੇਂਗਾ। ਮਰ ਜਾਵੇਂਗਾ।” ਇਹ ਆਵਾਜ਼ ਕਿੰਨੇ ਹੀ ਸਾਲ ਪਹਿਲਾਂ ਪੰਜਾਬ ਦੀਆਂ ਨਿਰੰਜਣੀ ਧੁੱਪਾਂ ‘ਚ ਗੁਆਚੇ ਇੱਕ ਆਜੜੀ ਨੂੰ ਵੇਖ ਕੇ ਜ਼ਿਹਨ ਦੇ ਕਿਸੇ ਮੋੜ-ਮੰਦਰ ‘ਚੋਂ ਉੱਭਰੀ ਸੀ। ਹੱਥਲੀ ਪੋਥੀ ਦਾ ਪਾਠ ਕਰਦਿਆਂ ਫੇਰ ਉਹੀ ਆਵਾਜ਼ ਮੇਰੀਆਂ ਪਿੰਜਣੀਆਂ ‘ਚ ਰੇਂਗਦੀ ਰਹੀ। ਕਿਸੇ ਜਲੌਅ ਨਾਲ਼। ਕਿਸੇ ਪ੍ਰਕਾਸ਼ ਨਾਲ਼। ਤੁਹਾਨੂੰ ਕੀ ਲਗਦੈ ਕਿ ਇਹ ਆਜੜੀ ਸਦਵਾਉਣ ਵਾਲੇ ਸਾਧਾਰਨ ਜਿਹੇ ਬੰਦੇ ਬੱਸ ਭੇਡਾਂ-ਬੱਕਰੀਆਂ ਚਾਰਦੇ ਨੇ? ਹਜ਼ੂਰ ! ਇਹ ਅਕਲਾਂ ਨੂੰ ਵੀ ਚਾਰਦੇ ਨੇ । ਬੇਪਰਵਾਹੀ ਦੀ ਢਾਂਗੀ ਨਾਲ਼ ਤਰਕਾਂ ਦੇ ਤੁੱਕੇ ਝਾੜਦੇ ਔਹ ਲੰਘ ਜਾਂਦੇ ਨੇ। ਪੈਰੀਂ ਝਾੜ-ਬੂਟ ਦੀਆਂ ਕਨਾਤਾਂ ਤਣਦੀਆਂ। ਕੀੜੇ-ਕੀੜੀਆਂ ਦੀਆਂ ਬਰਾਤਾਂ ਨਿਕਲਦੀਆਂ। ਫਿਰ ਜਦੋਂ ਭੌਣਾਂ ਦੇ ਨੱਗਰ-ਖੇੜਿਆਂ ’ਤੇ ਕਿੱਕਰਾਂ ਦੀ ਲੁੰਗ ਦੀ ਬਰਸਾਤ ਹੁੰਦੀ ਏ ਤਾਂ ਇਹਨਾਂ ਦੀ ਪਤੀਲੀ ਵਿੱਚ ‘ਕੱਲੀ ਚਾਹ ਨੀਂ ਉੱਬਲਦੀ, ਕੋਈ ਦੈਵੀ ਉਦਾਸੀ ਵੀ ਨਾਲ਼ੋ- ਨਾਲ਼ ਉੱਬਲਦੀ ਏ। ਇਹ ਉਦਾਸੀ ਕਿਸੇ ਰਹਿਨਮਾਈ ਦਾ ਮਰਕਜ਼ ਵੀ ਬਣਦੀ ਹੈ ਤੇ ਸਹਿਜਤਾ ਦਾ ਬਨਿਆਦੀ ਤੇ ਅੰਦਰਲਾ ਰਾਹ ਵੀ। ਚਿਹਨ-ਚੱਕਰ ਦੀ ਹਰ ਘਾੜਤ ਨੂੰ ਸਹੀ ਤਰੀਕੇ ਉਭਾਰਦੀ ਇਹ ਹਸੀਨ ਉਦਾਸੀ ਨਿਰਾਸ਼ਾ ਦੇ ਘੇਰਿਆਂ ਦੇ ਨੇੜੇ-ਤੇੜੇ ਵੀ ਨਹੀਂ ਹੁੰਦੀ। ਰੱਬ ਦੀ ਇਸ ਮਿਹਰ ‘ਤੇ ਕੰਨ ਧਰ ਕੇ ਅਗਲੇਰੀਆਂ ਬਣਤਰਾਂ ਦੀ ਥਰਥਰਾਹਟ ਸੁਣੀਂਦੀ ਹੈ । ਕਾਰਜ ਵਿੱਢੇ ਜਾਂਦੇ ਨੇ । ਗੱਲ ਅੱਗੇ ਤੁਰਦੀ ਹੈ। ਰੱਬ ਦੇ ‘ਥਾਪੇ’ ਲਿਖ਼ਾਰੀ ਵੀ ਇਹਨਾਂ ਆਜੜੀਆਂ ਵਰਗੇ ਹੁੰਦੇ ਨੇ। ਦੋਵਾਂ ਦੀਆਂ ਦਲੇਰ ਉਦਾਸੀਆਂ ਇਸ਼ਕ ਦੇ ਇੱਕੋ ਪਰਬਤ ‘ਤੇ ਆਕਾਰ ਲੈਂਦੀਆਂ । ਇੱਕੋ ਰੂਪ ਨਾਲ਼ ਜਲਵਾਨੁਮਾ ਹੁੰਦੀਆਂ। ਰੱਬ ਦੋਵਾਂ ਦੀ ਨੇੜੇ ਹੋ ਕੇ ਸੁਣਦਾ। ਇੱਕ ਕੋਲ਼ੇ ਭੇਡਾਂ-ਬੱਕਰੀਆਂ ਦਾ ਵੱਗ ਤੇ ਦੂਜੇ ਕੋਲ਼ੇ ਵੱਗ ਅਸਮਾਨੀ ਖ਼ਿਆਲਾਂ ਦਾ । ਉਂਞ ਭੇਡਾਂ-ਬੱਕਰੀਆਂ ਕਿਹੜਾ ਅਸਮਾਨੀ ਖ਼ਿਆਲਾਂ ਤੋਂ ਘੱਟ ਸੋਹਣੀਆਂ ਹੁੰਦੀਆਂ। ਭੇਡਾਂ ਦੇ ਸੋਗੀ ਜਿਹੇ ਨੈਣਾਂ ਦੀ ਗਾਥਾ ਮੱਕੇ ਦੀਆਂ ਖੁਸ਼ਕ ਪਹਾੜੀਆਂ ਦੀ ਕਿਸੇ ਗੁੰਮਨਾਮ ਗੁਫ਼ਾ ‘ਚੋਂ ਤੁਰਦੀ ਹੈ। ਗੱਲ ਤਾਂ ਵਿਸ਼ਵਾਸ ਦੀ ਹੈ। ਬੋਲਣ ਨੂੰ ਪੱਥਰ ਕਿਹੜਾ ਬੋਲਦੇ ਨੀਂ? ਗੱਲ ਤਾਂ ਸੁਣਨ ਦੀ ਹੈ। ਰੂਹਾਨੀ ਮੰਡਲਾਂ ‘ਚ ਵਿਚਰਦੇ ਕਿਸੇ ਪੁਰਖ਼ ਨੇ ਤਨ ਅਤੇ ਮਨ ਦੇ ਵਧਵੇਂ ਪੱਧਰਾਂ ਨੂੰ ਮਹਿਸੂਸਿਆ ਤਾਂ ‘ਤਰਕਸ਼ੀਲਾਂ’ ਨੇ ਸਾਨੂੰ ਕਿਹਾ ਕਿ ਚਮਤਕਾਰਾਂ ਤੋਂ ਦੂਰ ਰਹੋ। ਗੁਰੂ ਕੇ ਵਾਕ ਸਾਡੇ ਸਾਹਾਂ ‘ਚ ਘੁਲੇ; ਅਸੀਂ ਰਾਜੀ ਹੋਏ; ਤਾਂ ‘ਵਿਦਵਾਨਾਂ’ ਆਖਿਆ ਕਿ ਅਸੀਂ ਜ਼ਮਾਨੇ ਅਤੇ ਵਿਗਿਆਨ ਤੋਂ ਦੂਰ ਕਿਸੇ ਹੋਰ ਦੁਨੀਆ ‘ਚ ਰਹਿੰਦੇ ਬੂਝੜ ਲੋਕ ਹਾਂ। ਅਸੀਂ ਪਵਿੱਤਰ ਸਰੋਵਰਾਂ ਦਾ ਸੁੱਚਾ ਆਬ ਛੋਹਿਆ ਤਾਂ ‘ਬੁੱਧੀਜੀਵੀ’ ਡਰ ਗਏ। ਅਸੀਂ ਸ਼ਸਤਰਾਂ ਦੀ ਪਾਵਨਤਾ ਦੇ ਗੀਤ ਗਾਏ ਤਾਂ ਉਹਨਾਂ ਧਰਮ ਨੂੰ ਬਿਮਾਰੀ ਦੱਸਿਆ ਤੇ ਚੁਟਕਲੇ ਘੜੇ। ਅਸੀਂ ਸੱਚਮੁੱਚ ਹੀ ਕਿਸੇ ਹੋਰ ਦੁਨੀਆ ‘ਚ ਰਹਿੰਦੇ ਲੋਕ ਹਾਂ। ਵਿਸ਼ਵਾਸ ਦੀ ਨਗਰੀ ਵਿੱਚ। ਜਿੱਥੇ ਟੇਕ ਦੇ ਤਲਾਬਾਂ ਤੋਂ ਅਕੀਦੇ ਦੇ ਪੰਖੇਰੂ ਉੱਡਦੇ ਨੇ। ਅਸੀਂ ਮੱਥਾ ਟੇਕਣਾ ਸਿੱਖਿਆ। ਹੋਰ ਕੁਝ ਨਹੀਂ। ਇਹ ਪੋਥੀ ਵੀ ਟੇਕਿਆ ਹੋਇਆ ਮੱਥਾ ਹੀ ਹੈ। ਝੁਕਿਆ ਹੋਇਆ ਸਿਰ ਹੀ ਹੈ। ਲਹੂ ਦੀ ਮਹਿਕ ਹੀ ਹੈ। ਸਮਰਪਣ ਦੀ ਤਾਲ ਹੀ ਹੈ। ਚੁੱਪ ਦੀ ਚਾਲ ਹੀ ਹੈ। ਚੁੱਪ ਜਿਸ ‘ਚੋਂ ਗੀਤ ਨਿੱਕਲਦੇ ਨੇ। ਰੰਗਦਾਰ ਪੂਛਾਂ ਵਾਲਾ ਰੱਬੀ ਧੂੰਆਂ ਉੱਠਦਾ। ਇਹ ਪੋਥੀ ਹੋਕਾ ਹੀ ਹੈ ਕਿ ਅਸਲ ਜੰਗ ਤੇ ਚੁੱਪ ਤਾਂ ਇੱਕੋ ਹੀ ਚੀਜ਼ਾਂ ਨੇ। ਹੌਲੀ ਤੇ ਤੇਜ਼ ਤਾਂ ਸਮਅਰਥੀ ਨੇ। ਜਨਮ ਬਰਾਬਰ ਹੈ ਮੌਤ ਹੀ ਹੈ। ਸਿੱਧ-ਪੁੱਠ ਤਾਂ ਕਿਤੇ ਹੈ ਹੀ ਨਹੀਂ। ਇਹ ਪੋਥੀ ਕੁਦਰਤ ਦੇ ‘ਸਰਬੱਤ’ ਜੀਆਂ ਦੀ ਸੁੱਚੀ ਕੰਗਰੋੜ ‘ਚੋਂ ਲੰਘਦਾ ਧਾਗਾ ਹੀ ਹੈ ਅਤੇ ਉਸਤਤ ਹੀ ਹੈ ‘ਅਕਾਲ ਪੁਰਖ਼’ ਦੀ ਹਰ ਇੱਕ ਰਚਨਾ ਦੀ। ਉਸ ਦੇ ਬੇਅੰਤ ਖ਼ਜ਼ਾਨੇ ਦੀ। ਉਸ ਦੀ ਨਿੱਕੀ ਤੋਂ ਨਿੱਕੀ ਕਰਵਟ ਦੀ। ਉਸ ਦੇ ਦਾਨੇ-ਬੀਨੇ ਦਰਿਆਵਾਂ ਦੀ। ਮੈਂ ਪੰਛੀਆਂ ਦੀ ਮਜਲਿਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਤੁਸੀਂ ਕਿ ਜਿਨ੍ਹਾਂ, ਰੇਸ਼ਮੀ ਪਰਦਿਆਂ ਤੇ ਪਸ਼ਮੀਨਿਆਂ ਦੀ ਛਾਂ ‘ਚੋਂ ਨਿੱਕਲ ਕੇ ਲਿਸ਼ਕਦੀਆਂ ਬਿਜਲੀਆਂ ਵੱਲ ਰੁਖ਼ ਕੀਤਾ।
ਹਰਮਨ (ਰਾਣੀਤੱਤ) ਆਦਿ
ਸਚੁ ਜੁਗਾਦਿ ਸਚੁ ॥
ਮੈਂ ਮੁਕਤ ਹੋ ਗਿਆ ਹਾਂ ਤੇ ਸਬੂਤ ਵਜੋਂ ਮੇਰੀ ਇਹ ਪੋਥੀ ਹਾਜ਼ਰ ਹੈ।
.
ਇੱਕ ‘
(ਮੰਗਲਾਚਰਨ)
ਸਿਫਤ ਉਸ ਅਕਾਲ ਪੁਰਖ ਦੀ ਜਿਸ ਨੇ ਪਾਣੀਆਂ ਉੱਤੇ ਆਪਣਾ ਸਿੰਘਾਸਨ ਲਗਾਇਆ ਤੇ ਸਮੁੱਚੇ ਜਗਤ ਦਾ ਨਿਰਮਾਣ ਕੀਤਾ। ਸਵਰਗਾਂ ਨੂੰ ਜਿਸਨੇ ਪ੍ਰਭੁਤਾ ਦਿੱਤੀ ਤੇ ਧਰਤੀ ਨੂੰ ਨਿਰਭਰਤਾ, ਸਵਰਗਾਂ ਨੂੰ ਗਤੀ ਤੇ ਧਰਤੀ ਨੂੰ ਸੈਨਾ। ਆਕਾਸ਼ ਨੂੰ ਜਿਸ ਨੇ ਧਰਤੀ ਦੀ ਛੱਤ ਬਣਾਇਆ ਤੇ ਅਸਚਰਜਤਾ ਇਹ ਕਿ ਇਹ ਛੱਤ ਬਿਨਾ ਥੰਮਾਂ ਤੋਂ ਟਿਕਾਈ (1) ਛੇ ਦਿਨਾਂ ਵਿੱਚ ਉਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਦੋ ਸ਼ਬਦਾਂ ਨਾਲ਼ ਸਵਰਗਾਂ ਦੇ ਖ਼ੂਬਸੂਰਤ ਗੁੰਬਦ ਬਣਾ ਦਿੱਤੇ। ਸ਼ੁਰੂਆਤ ਵਿੱਚ ਉਸਨੇ ਤਾਰਿਆਂ ਨੂੰ ਚਾਂਦੀ ਦਾ ਮੁਲੰਮਾ ਚਾੜ੍ਹਿਆ ਤਾਂ ਕਿ ਰਾਤਾਂ ਨੂੰ ਉਹਨਾਂ ਦੇ ਦੂਧੀਆ ਚਾਨਣ ਵਿੱਚ ਸਵਰਗੀਂ ਕਲੋਲਾਂ ਹੋ ਸਕਣ। ਸਾਰੀਆਂ ਸਿਫ਼ਤਾਂ ਦਾ ਮਾਲਕ ਉਹ, ਜਿਸਨੇ ਧੂੜ ਨੂੰ ਆਤਮਾਂ ਬਖ਼ਸ਼ੀ, ਤਾਂ ਕਿ ਇਹ ਜਿੰਦਾ ਸ਼ੈਆਂ ਵਾਂਗ ਚੱਲ ਫਿਰ ਸਕੇ। ਮੁਕਤਲਿਫ ਸ਼ੈਆਂ ਤੋਂ ਉਸ ਨੇ ਮਨੁੱਖੀ ਸਰੀਰ ਰੂਪੀ ਤਾਣਾ ਬੁਣਿਆਂ ਤੇ ਫਿਰ ਇਸ ਮਿੱਟੀ ਦੇ ਕਲਬੂਤ ਵਿੱਚ ਪੰਛੀ ਰੂਪੀ ਸਾਹ ਫੂਕੇ। ਮੁੜ ਉਸ ਨੇ ਸਮੁੰਦਰੀ ਪਾਣੀਆਂ ਦੀ ਦਾਸਤਾਨ ਲਿਖੀ ਤੇ ਪਹਾੜਾਂ ਦੀਆਂ ਚੋਟੀਆਂ ਨੂੰ ਆਪਣੇ ਪਿਆਰ ਵਰਗੀ ਠੰਡੀ ਬਰਫ ਨਾਲ ਢਕਿਆ। ਉਸਨੇ ਸਮੁੰਦਰਾਂ ਨੂੰ ਮੌਨ ਕੀਤਾ, ਉਹਨਾਂ ਦੇ ਪੱਥਰਾਂ ਤੋਂ ਰਤਨ-ਜਵਾਹਰ ਬਣਾਏ ਤੇ ਖੂਨ ਤੋਂ ਕਸਤੂਰੀ। ਪਹਾੜਾਂ ਨੂੰ ਉਸਨੇ ਕਟਾਰਾਂ ਵਰਗੀਆਂ ਚੋਟੀਆਂ ਦਿੱਤੀਆਂ ਤੇ ਉਹਨਾਂ ਨੂੰ ਵਾਦੀਆਂ ਦੇ ਕਮਰਬੰਦ ਪਹਿਨਾਏ ਤਾਂ ਜੋ ਉਹ ਆਪਣੇ ਸਿਰ ਮਾਣ ਨਾਲ਼ ਉੱਚੇ ਚੁੱਕ ਸਕਣ। (1) (ਬਿਨ ਥੰਮਾ ਗਗਨ ਰਹਾਇਆ) ਕਦੇ-ਕਦੇ ਉਹ ਬਹਾਰ ਵਿੱਚ ਗੁਲਾਬਾਂ ਦੇ ਗੁੱਛਿਆਂ ਨੂੰ ਅੱਗ ਦੀ ਸ਼ਕਲ ਦੇ ਦਿੰਦਾ ਹੈ; ਕਦੇ-ਕਦੇ ਪਾਣੀਆਂ ਦੇ ਚਿਹਰਿਆਂ ਤੇ ਤੀਰਥਾਂ ਵਰਗੇ ਪੁਲ ਟਿਕਾ ਦਿੰਦਾ ਹੈ। ਉਸ ਨੇ ਹੀ ਨਮਰੂਦ ਬਾਦਸ਼ਾਹ ਦੇ ਦਿਮਾਗ ਵਿੱਚ ਮੱਛਰਾਂ ਦੇ ਡੰਗ ਮਰਵਾਏ ਜਿਸ ਨਾਲ ਉਹ ਸੈਕੜੇ ਸਾਲ ਤੜਪਦਾ ਰਿਹਾ। ਮਾਨਵੀ ਉਚਾਈਆਂ ਦੀ ਰੱਖਿਆ ਲਈ ਉਸ ਦੀ ਸਿਆਨਪ ਨੇ ਹੀ ਮੱਕੜੀਆਂ ਨੂੰ ਜਾਲ ਬੁਣਨੇ ਸਿਖਾਏ। ਉਸ ਨੇ ਹੀ ਕੀੜੀਆਂ ਦੇ ਲੱਕ ਨਿਚੋੜ ਕੇ ਕੇਸਾਂ ਵਰਗੇ ਬਣਾਏ ਤੇ ਉਹ ਸੁਲੇਮਾਨ ਦੇ ਸਾਥੀ ਬਣੇ। ਜਦੋਂ ਉਸ ਨੇ ਕੁਦਰਤ ਰੂਪੀ ਗਲੀਚੇ ਵਿੱਚ ਦਾਗ ਦੇਖੇ ਤਾਂ ਕਮਾਲ ਦੀ ਕਲਾਕਾਰੀ ਨਾਲ਼ ਇਹਨਾਂ ਨੂੰ ਧੋਇਆ। ਟਯੂਲਿਪ ਦੇ ਰੰਗ ਨਾਲ਼ ਉਸ ਨੇ ਕਿਰਪਾਨ ਰੱਤੀ ਤੇ ਭਾਫ ਤੋਂ ਨੀਲ- ਕਮਲਾਂ ਦੀ ਸੇਜ ਵਿਛਾਈ। ਧਰਤੀ ਰੂਪੀ ਪਿੰਡ (ਸਰੀਰ) ਨੂੰ ਉਸ ਨੇ ਆਪਣਾ ਲਹੂ ਦਿੱਤਾ ਤਾਂ ਜੋ ਇਸ ਵਿੱਚੋਂ ਲਾਲ-ਜਵਾਹਰ-ਮਾਣਿਕ ਨਿਕਲ ਸਕਣ। ਸੂਰਜ ਤੇ ਚੰਦ; ਇੱਕ ਦਿਨ ਤੇ ਦੂਜਾ ਰਾਤ, ਉਸਦੇ ਪ੍ਰੇਮ ਵਿੱਚ ਰੱਤੇ ਹੋਏ ਸ਼ਰਧਾ ਨਾਲ਼ ਝੁਕਦੇ ਹਨ ਤੇ ਉਹਨਾਂ ਦੀ ਇਹੀ ਇਬਾਦਤ ਉਹਨਾਂ ਨੂੰ ਚਲਾਇਮਾਨ ਰੱਖਦੀ ਹੈ(2) ਇਹ ਅਕਾਲ ਪੁਰਖ ਹੀ ਹੈ ਜਿਸ ਨੇ ਦਿਨ ਦੁਧੀਆ ਚਾਨਣਾ ਨਾਲ਼ ਭਰ ਦਿੱਤੇ ਤੇ ਇਹ ਤਹਿ ਕੀਤਾ ਕਿ ਰਾਤਾਂ ਕਾਲੀਆਂ ਹੋਣਗੀਆਂ। ਤੋਤੇ ਨੂੰ ਉਸਨੇ ਸੁਨਿਹਰੀ ਪਟਾ ਬਖ਼ਸ਼ਿਆ; ਤੇ ਹੁਦਹੁਦ ਨੂੰ ਰਸਤਿਆਂ ਦਾ ਸੰਦੇਸ਼ਵਾਹਕ ਬਣਾਇਆ। ਆਕਾਸ਼ਾਂ ਨੂੰ ਉਸਨੇ ਗਰਜਨਾਂ ਦਿੱਤੀ, ਜਿਵੇਂ ਕੋਈ ਆਪਣੇ ਹਥੌੜੇ ਵਰਗੇ ਸਿਰ ਨਾਲ਼ ਜ਼ੋਰ-ਜ਼ੋਰ ਦੀ ਦਰਵਾਜ਼ੇ ਖੜਕਾ ਰਿਹਾ ਹੋਵੇ, ਜਿਵੇਂ ਪੰਛੀ ਉੱਡਦੇ ਹੋਏ ਆਪਸ ਵਿੱਚ ਆਪਣੇ ਖੰਭ ਫੜਫੜਾਉਂਦੇ ਹਨ। ਪਰਮਾਤਮਾਂ ਨੇ ਆਕਾਸ਼ਾਂ ਨੂੰ ਪਰਕਰਮਾਂ ਦੀ ਦਾਤ ਵੀ ਬਖ਼ਸ਼ੀ, ਰਾਤ ਦੇ ਮਗਰ ਦਿਨ ਤੇ ਦਿਨ ਦੇ ਮਗਰ ਰਾਤ। (2) (ਭੈ ਵਿਚ ਸੂਰਜ ਭੈ ਵਿਚ ਚੰਦ)
.
ਚੀਕਣੀ ਮਿੱਟੀ ਵਿੱਚ ਜਦੋਂ ਉਸ ਨੇ ਸਾਹ ਭਰੇ ਤਾਂ ਮਨੁੱਖ ਦੀ ਰਚਨਾ ਹੋਈ; ਤੇ ਥੋੜੀ ਜਹੀ ਭਾਫ ਤੋਂ ਉਸ ਨੇ ਸੰਸਾਰ ਦੇ ਕਿੰਨੇ ਰੂਪ ਬਣਾਏ। ਕਦੇ-ਕਦੇ ਉਹ ਕੁੱਤੇ ਯਾਤਰੀਆਂ ਦੇ ਅੱਗੇ ਤੋਰਦਾ ਹੈ ਤੇ ਕਦੇ-ਕਦੇ ਬਿੱਲੀਆਂ ਨੂੰ ਰਾਹ ਦਸੇਰੀਆਂ ਬਣਾਉਂਦਾ ਹੈ। ਕਦੇ-ਕਦੇ ਉਹ ਸੁਲੇਮਾਨ ਦੀਆਂ ਸ਼ਕਤੀਆਂ ਇੱਕ ਛੜੀ ਨੂੰ ਦੇ ਦਿੰਦਾ ਹੈ ਤੇ ਕਦੇ-ਕਦੇ ਉੱਤਮ ਬੋਲੀ ਬਖ਼ਸ਼ ਦਿੰਦਾ ਹੈ ਕੀੜੀਆਂ ਨੂੰ। ਲੱਕੜੀ ਦੇ ਟੁਕੜੇ ਤੋਂ ਸੱਪ ਬਣਾ ਦਿੰਦਾ ਹੈ; ਤੇ ਛੜੀ ਰਾਹੀਂ ਅੱਗੇ ਤੋਰਦਾ ਹੈ ਪਾਣੀ ਦੀਆਂ ਧਾਰਾਵਾਂ ਨੂੰ । ਉਹ ਹੀ ਆਕਾਸ਼ਾਂ ਵਿੱਚ ਟਿਕਾਉਂਦਾ ਹੈ ਹੰਕਾਰ ਦੇ ਗੋਲੇ; ਤੇ ਜਦੋਂ ਉਹ ਚਮਕੀਲੇ ਲਾਲ ਹੋ ਕੇ ਪਤਨ ਵੱਲ ਵਧਦੇ ਹਨ ਤਾਂ ਜਕੜ ਦਿੰਦਾ ਹੈ ਉਹਨਾਂ ਨੂੰ ਲੋਹੇ ਨਾਲ਼। ਉਹ ਹੀ ਊਠਾਂ ਨੂੰ ਚੱਟਾਨਾਂ ‘ਚੋਂ ਬਾਹਰ ਕੱਢ ਲਿਆਉਂਦਾ ਹੈ ਤੇ ਚਿੰਘਾੜਣਾ ਸਿਖਾਉਂਦਾ ਹੈ ਸੁਨਿਹਰੀ ਬੱਛੜਿਆਂ ਨੂੰ । ਠੰਡ ਵਿੱਚ ਉਹ ਚਾਂਦੀ ਰੰਗੀ ਬਰਫ ਦਾ ਛਿੜਕਾਅ ਕਰਦਾ ਹੈ; ਅਤੇ ਪਤਝੜ ਵਿੱਚ ਬਿਖੇਰਦਾ ਹੈ ਪੀਲੇ ਪੱਤਿਆਂ ਦਾ ਸੋਨਾ। ਉਹ ਲੁਕੋ ਕੇ ਰੱਖਦਾ ਹੈ ਕੰਡਿਆਂ ਨੂੰ ਤੇ ਮਗਰੋਂ ਬਖ਼ਸ਼ਦਾ ਹੈ ਇਹਨਾਂ ਨੂੰ ਲਹੂ ਦਾ ਸਵਾਦ। ਚੰਮੇਲੀ ਨੂੰ ਨਿਵਾਜ਼ਦਾ ਹੈ ਚਾਰ ਪੰਖੁੜੀਆਂ ਨਾਲ਼ ਤੇ ਟਯੂਲਿਪ ਦੇ ਸਿਰ ਤੇ ਟਿਕਾਉਂਦਾ ਹੈ ਲਾਲ ਟੋਪ। ਉਹ ਟਿਕਾਉਂਦਾ ਹੈ ਨਰਗਿਸ ਦੇ ਮੱਥੇ ‘ਤੇ ਸੁਨਿਹਰੀ ਤਾਜ; ਤੇ ਇਸ ਦੀਆਂ ਕਿਸੇ ਪਵਿੱਤਰ ਤੀਰਥ ਸਥਾਨ ਵਰਗੀਆਂ ਪੱਤੀਆਂ ‘ਤੇ ਰੱਖ ਦਿੰਦਾ ਹੈ ਮੋਤੀਆਂ ਵਰਗੀਆਂ ਤੇਲ ਦੀਆਂ ਬੂੰਦਾਂ। ਅਕਾਲ ਪੁਰਖ ਦੇ ਇਹਨਾਂ ਕਲਪਨਾਂ ਤੋਂ ਪਰੇ ਦੇ ਵਿਚਾਰਾਂ ਨਾਲ਼ ਦਿਮਾਗ ਚਕਰਾ ਜਾਂਦਾ ਹੈ, ਤਰਕ ਫੇਲ੍ਹ ਹੋ ਜਾਂਦੇ ਨੇ, ਕਿਉਂਕਿ ਪਰਮਾਤਮਾਂ ਹੀ ਸਵਰਗਾਂ ਨੂੰ ਪਲਟਾ ਰਿਹਾ ਹੈ ਤੇ ਘੁੰਮਾ ਰਿਹਾ ਹੈ ਧਰਤੀ ਨੂੰ। ਮੱਛੀ ਦੀ ਪਿੱਠ ਤੋਂ ਲੈ ਕੇ ਚੰਦ ਤੱਕ ਹਰ ਕਣ ਗਵਾਹੀ ਭਰਦਾ ਹੈ ਉਸ ਦੀ ਹੋਂਦ ਦੀ।
.
ਧਰਤੀ ਦੀ ਡੰਘਾਈ ਤੇ ਸਵਰਗਾਂ ਦੀ ਉਚਾਈ ਵਾਰ-ਵਾਰ ਉਸ ਨੂੰ ਆਪਣੀ ਖਾਸ ਸ਼ਰਧਾ ਪੇਸ਼ ਕਰ ਰਹੇ ਹਨ। ਪਰਮਾਤਮਾਂ ਨੇ ਹਵਾ, ਧਰਤੀ, ਅੱਗ, ਲਹੂ ਬਣਾਏ ਤੇ ਇਹਨਾਂ ਰਾਹੀਂ ਉਸ ਨੇ ਆਪਣਾ ਰਹੱਸਮਈ ਆਪਾ ਪਰਗਟ ਕੀਤਾ। ਉਸ ਨੇ ਚੀਕਣੀ ਮਿੱਟੀ ਲਈ ਤੇ ਉਸ ਨੂੰ ਪਾਣੀ ਨਾਲ਼ ਗੁੰਨ੍ਹਿਆਂ, ਤੇ ਚਾਲੀ ਦਿਨਾਂ ਮਗਰੋਂ ਇਸ ਸਰੀਰ ਰੂਪੀ ਮਿੱਟੀ ਵਿੱਚ ਰੂਹ ਫੂਕੀ। ਪਰਮਾਤਮਾਂ ਨੇ ਇਸ ਨੂੰ ਬੁੱਧੀ ਦਿੱਤੀ ਤਾਂ ਜੋ ਉਸ ਨੂੰ ਵਸਤਾਂ ਦੀ ਸੂਝ-ਬੂਝ (ਬਿਬੇਕ) ਹੋ ਸਕੇ। ਜਦੋਂ ਉਸ ਨੇ ਵੇਖਿਆ ਕਿ ਬੁੱਧੀ ਕੋਲ਼ ਸੋਝੀ ਆ ਗਈ ਹੈ ਤਾਂ ਉਸ ਨੇ ਗਿਆਨ ਬਖ਼ਸ਼ਿਆ ਤਾਂ ਕਿ ਹੁਣ ਵਿਚਾਰ ਕਰਨਾ ਵੀ ਆ ਜਾਵੇ; ਪਰ, ਜਦੋਂ ਮਨੁੱਖ ਇਹਨਾਂ ਸਭ ਸਹੂਲਤਾਂ ਨੂੰ ਆਪਣੇ ਅਧਿਕਾਰ ਖੇਤਰ ‘ਚ ਲੈ ਕੇ ਆਇਆ ਤਾਂ ਆਪਣੀ ਨਿਰਬਲਤਾ ਦਾ ਪਤਾ ਲੱਗਾ ਤੇ ਉਹ ਆਪਣੀ ਕਮਜ਼ੋਰੀ ਕਬੂਲ ਕਰਨ ਲੱਗਾ ਅਤੇ ਜਦੋਂ ਮਾਨਵੀ ਸਰੀਰ ਨੇ ਬਾਹਰੀ ਕਰਮਾਂ ਨੂੰ ਛੱਡ ਦਿੱਤਾ ਤਾਂ ਉਸ ਨੇ ਅਸਚਰਜਤਾਂ ਨਾਲ਼ ਇਸ ‘ਤੇ ਕਾਬੂ ਪਾਇਆ। ਦੋਸਤ ਜਾਂ ਦੁਸ਼ਮਨ, ਸਭ ਨੇ ਪਰਮਾਤਮਾਂ ਦੀ ਪੰਜਾਲੀ ਅੱਗੇ ਨਮਨ ਕੀਤਾ, ਤੇ ਵਿਸਮਾਦੀ ਅਸਚਰਜਤਾ ਹੋਈ ਇਹ ਜਾਣ ਕੇ ਕਿ ਉਹ ਕਿਸ ਤਰ੍ਹਾਂ ਸਭ ਉੱਪਰ ਮਿਹਰ ਦੀ ਨਜ਼ਰ ਰੱਖ ਰਿਹਾ ਹੈ। ਆਰੰਭਕ ਸਦੀਆਂ ਵਿੱਚ ਅਕਾਲ ਪੁਰਖ ਨੇ ਧਰਤੀ ਨੂੰ ਸਜਾਉਣ ਲਈ ਪਹਾੜਾਂ ਨੂੰ ਆਪਣੇ ਨੌਹਾਂ (ਹਲਾਂ ਵਾਂਗ) ਵਜੋਂ ਵਰਤਿਆ ਤੇ ਧਰਤ ਦਾ ਚਿਹਰਾ ਸਮੁੰਦਰਾਂ ਦੇ ਪਾਣੀ ਨਾਲ਼ ਧੋਤਾ। ਫਿਰ ਉਸ ਨੇ ਧਰਤੀ ਨੂੰ ਬਲਦ ਦੀ ਪਿੱਠ ‘ਤੇ ਟਿਕਾਇਆ ਤੇ ਬਲਦ ਨੂੰ ਮੱਛੀ ‘ਤੇ ਅਤੇ ਮੱਛੀ ਨੂੰ ਹਵਾ ਵਿੱਚ; ਪਰ ਹਵਾ ਦੇ ਆਰਾਮ ਲਈ ਕੀ ਸੀ? ਕੁਝ ਵੀ ਨਹੀਂ; ਤੇ ਕੁਝ ਨਹੀਂ ਤਾਂ ਕੁਝ ਵੀ ਨਹੀਂ; ਤੇ ਸਭ ਕੁਝ, ਕੁਝ ਵੀ ਨਹੀਂ, ਤਾਂ ਗੁਣ ਗਾਓ, ਸਰਬ ਸਮਰੱਥ ਦੀ ਕਾਰ ਦੇ; ਹਾਲਾਂਕਿ ਉਹ ਆਪਣੇ ਆਪ ਨੂੰ ਵੀ ਕੁਝ ਨਹੀਂ ਤਸੱਵੁਰ ਕਰਦਾ ਹੈ, ਪਰ ਵੇਖੋ ਕਿ ਸਿਰਫ ਉਸਦਾ ਅਰਕ ਰੂਪੀ ਵਜ਼ੂਦ ਹੀ ਮੌਜ਼ੂਦ ਹੈ ਤੇ ਇਹ ਨਿਸਚਿਤ ਹੈ ਕਿ ਇੱਥੇ ਕੁਝ ਵੀ ਨਹੀਂ ਪਰ ‘ਉਹ ਹੈ’। ਉਸ ਦਾ ਸਿੰਘਾਸਨ ਪਾਣੀਆਂ ਦੇ ਉੱਪਰ ਹੈ ਤੇ ਸੰਸਾਰ ਹਵਾ ਵਿੱਚ; ਪਰ ਛੱਡੋ ਪਾਣੀਆਂ ਤੇ ਹਵਾ ਨੂੰ, ਸਭ ਕੁਝ ਪਰਮਾਤਮਾਂ ਹੈ; ਸਿੰਘਾਸਨ ਤੇ ਸੰਸਾਰ ਸਭ ਤਿਲਿਸਮ (ਜਾਦੂਈ)। ਪਰਮਾਤਮਾਂ ਸਭ ਕੁਝ ਹੈ ਤੇ ਵਸਤਾਂ ਦੀ ਕੀਮਤ ਸਿਰਫ ਸੰਕੇਤਕ । ਇਹ ਦਿਸਦਾ ਤੇ ਅਣਦਿਸਦਾ ਸੰਸਾਰ ਸਿਰਫ ਉਹੀ ਹੈ। ਇੱਥੇ ਹੋਰ ਕੁਝ ਨਹੀਂ ਬਸ ਉਹੀ ਹੈ; ਪਰ, ਆਹ! ਕੋਈ ਉਸ ਨੂੰ ਦੇਖ ਨਹੀਂ ਸਕਦਾ। ਅੱਖਾਂ ਅਸਮਰੱਥ ਹਨ, ਭਾਵੇਂ ਕਿ ਸੰਸਾਰ ਵਿੱਚ ਚਾਨਣ ਹੈ ਚਮਕਦਾਰ ਸੂਰਜ ਦਾ। ਕੀ ਤੁਸੀਂ ਝੱਲ ਸਕਦੇ ਹੋ ਉਸਦੀ ਇੱਕ ਛੋਟੀ ਜਹੀ ਝਲਕ? ਨਹੀਂ, ਸਿਰ ਚਕਰਾ ਜਾਵੇਗਾ ਤੇ ਜੇ ਤੁਸੀਂ ਉਸ ਨੂੰ ਪੂਰੇ ਦਾ ਪੂਰਾ ਤੱਕ ਲਵੋ? ਤਾਂ ਤੁਸੀਂ ਆਪਣਾ ਆਪਾ ਗਵਾ ਲਵੋਗੇ । ਸਾਰੇ ਉਹ ਮਨੁੱਖ ਜੋ ਆਪਣੀ ਅਗਿਆਨਤਾ ਤੋਂ ਜਾਣੂ ਨੇ ਪੱਲੇ ਨਾਲ਼ ਆਪਣੇ ਮੂੰਹ ਢਕ ਕੇ ਚਾਅ ਵਿੱਚ ਬੋਲਦੇ ਨੇ: ‘ਹੇ ਪਰਮੇਸ਼ਰ ਹਾਲਾਂਕਿ ਤੈਨੂੰ ਸਾਡਾ ਰੂਪ ਪਤਾ ਹੈ; ਸਭ ਕੁਝ ਤੇਰਾ ਹੈਂ ਤੇ ਤੇਰੇ ਬਿਨਾ ਕੁਝ ਵੀ ਬਿਆਨਣ ਯੋਗ ਨਹੀਂ। ਆਤਮਾਂ ਲੁਕੀ ਹੋਈ ਹੈ ਸਰੀਰ ਵਿੱਚ ਤੇ ‘ਤੂੰ’ ਲੁਕਿਆਂ ਹੋਇਆ ਹੈਂ ਆਤਮਾਂ ਵਿੱਚ। ਹੇ ਪਰਮ ਪਿਤਾ ਜੋ ਕਲਾ ਲੁਕੀ ਹੋਈ ਹੈ ਉਸ ਲੁਕੇ ਹੋਏ ਵਿੱਚ ਸਭ ਤੋਂ ਵਧ ‘ਤੂੰ’ ਹੈਂ। ਸਭ ਤੋਰੇ ਵਿੱਚ ਆਪਣੇ ਆਪ ਨੂੰ ਵੇਖਦੇ ਹਨ ਤੇ ਉਹ ਤੈਨੂੰ ਹੀ ਤੱਕਦੇ ਹਨ ਹਰ ਸ਼ੈਅ ਵਿੱਚ। ਜਦੋਂ ਕਿ ਤੇਰਾ ਨਿਵਾਸ ਘਿਰਿਆ ਹੋਇਆ ਹੈ ਪਹਿਰੇਦਾਰਾਂ ਨਾਲ਼ ਤਾਂ ਅਸੀਂ ਕਿਵੇਂ ਤੇਰੇ ਨਜ਼ਦੀਕ ਆ ਸਕਦੇ ਹਾਂ? ਨਾ ਤਾਂ ਬੁੱਧੀ ਤੇ ਨਾ ਹੀ ਕੋਈ ਤਰਕ ਫੜ੍ਹ ਸਕਦਾ ਹੈ ਤੇਰੀ ਖੁਸ਼ਬੋ ਤੇ ਨਾ ਹੀ ਕੋਈ ਬਿਆਨ ਸਕਦਾ ਹੈ ਤੇਰੇ ਗੁਣਾ ਨੂੰ, ਕਿਉਂਕਿ ‘ਤੂੰ’ ਅਨੰਤ ਤੇ ਸਰਬ ਕਲਾ ਸਮਰੱਥ ਹੈਂ ਤੇ ਤੇਰਾ ਥਾਹ ਪਾ ਲੈਣ ਦੇ ਦਾਅਵੇ ਕਰਨ ਵਾਲੇ ਸਿਆਣੇ ਸਦਾ ਭੌਂਚੁੱਕੇ ਰਹਿ ਜਾਂਦੇ ਹਨ। ਹੋਰ ਹੁਣ ਅਸੀਂ ਕੀ ਕਹਿ ਸਕਦੇ ਹਾਂ ਜਦੋਂ ਕਿ ‘ਤੂੰ’ ਵਰਨਣ ਹੋ ਸਕਣ ਦੀਆਂ ਵਲਗਣਾ ਵਿੱਚ ਸਮਾ ਹੀ ਨਹੀਂ ਸਕਦਾ। ਹੇ ਮੇਰੇ ਮਨ! ਜੇ ਤੂੰ ਸਮਝਣ ਵਾਲੇ ਰਸਤੇ ਦੀ ਸ਼ੁਰੂਆਤ ਕਰਨੀ ਚਾਹੁੰਦਾ ਹੈ ਤਾਂ ਧਿਆਨ ਨਾਲ਼ ਕਦਮ ਪੁੱਟ। ਧਰਤੀ ਦੇ ਹਰੇਕ ਕਣ ਦਾ ਆਪਣਾ ਦਰਵਾਜ਼ਾ ਹੈ ਤੇ ਆਪਣਾ ਪੰਥ ਹੈ ਹਰੇਕ ਅਣੂ ਦਾ, ਜੋ ਉਸ ਨਾ ਬਿਆਨੇ ਜਾ ਸਕਣ ਵਾਲੇ ਵਲ ਜਾਂਦਾ ਹੈ, ਜਿਸਨੂੰ ਮੈਂ ਦਰਸਾਉਣਾ ਚਾਹੁੰਦਾ ਹਾਂ। ਆਪਣੇ ਆਪ ਨੂੰ ਜਾਨਣ ਲਈ ਸਦੀਆਂ ਲੱਗ ਜਾਂਦੀਆਂ ਹਨ ਤੇ ਅਕਾਲ ਪੁਰਖ ਨੂੰ ਤੇਰੇ ਉਸ ਆਪੇ ਦੁਆਰਾ ਜਾਣਿਆ ਜਾ ਸਕੇਗਾ ਜਿੱਥੇ ਤੂੰ ਨਹੀਂ ਹੋਵੇਂਗਾ; ਇਹ ਉਹੀ ਹੈ ਜੋ ਤੇਰੇ ਲਈ ਇਹ ਪੰਧ ਖੋਲ੍ਹੇਗਾ ਕੋਈ ਮਨੁੱਖੀ ਸੂਝ ਨਹੀਂ। ‘ਉਸ’ ਦਾ ਗਿਆਨ ਬਿਆਨਬਾਜੀ ਦੇ ਦਰਵਾਜ਼ਿਆਂ ਤੋਂ ਪਾਰ ਹੈ। ਗਿਆਨ ਤੇ ਅਗਿਆਨ ਏਥੇ ਇੱਕੋ ਹੀ ਹਨ, ਉਹਨਾਂ ਲਈ ਜੇ ਨਾ ਤਾਂ ਵਿਆਖਿਆ ਕਰ ਸਕਦੇ ਹਨ ਤੇ ਨਾ ਹੀ ਵਰਨਣ । ਮਨੁੱਖੀ ਸਮਝ ਏਥੇ ਸਿਰਫ ਕਲਪਨਾਵਾਂ ਦੇ ਘੜੇ ਹੀ ਦੌੜਾ ਸਕਦੀ ਹੈ ਤੇ ਇਹਨਾਂ ਕਲਪਨਾਵਾਂ, ਜੋ ਉਹਨਾਂ ਆਪਣੇ ਆਪ ਘੜੀਆਂ ਹੋਣ, ਦੇ ਕੋਈ ਵੀ ਅਰਥ, ਭਾਵੇਂ ਉਹ ਬਿਮਾਰ ਅਤੇ ਬੇਹੇ ਜਹੇ ਲੱਗਣ ਭਾਵੇਂ ਤੰਦਰੁਸਤ ਤੇ ਤਾਜ਼ੇ, ਬੇਤੁਕੇ ਹੀ ਹੋਣਗੇ। ਅਕਾਲ ਪੁਰਖ ਗਿਆਨ ਤੇ ਗਵਾਹੀ ਜਾਂ ਸਬੂਤਾਂ ਤੋਂ ਪਾਰ ਹੈ ਤੇ ਕੁਝ ਵੀ ਜਾਂ ਕੋਈ ਵੀ ਉਸ ਦੀ ਪਵਿੱਤਰ ਮਹਿਮਾਂ ਬਾਰੇ ਕਿਨਕਾ ਵੀ ਬਿਆਨ ਨਹੀਂ ਸਕਦਾ। ਤੇ ਤੁਸੀਂ ਜਿਹੜੇ ਸਚ ਦੀ ਕੀਮਤ ਜਾਣਦੇ ਹੋ, ਸਮਾਨਤਾ ਬਾਰੇ ਨਾ ਸੋਚੋ; ਇਸ ਦੀ ਹੋਂਦ ਬਰਾਬਰਤਾ ਤੋਂ ਬਿਨਾ ਕਿਸੇ ਇਕ ਨੂੰ ਸਵੀਕਾਰ ਨਹੀਂ ਕਰਦੀ। ਜਦੋਂ ਕਿ ਨਾ ਤਾਂ ਪੈਗੰਬਰਾਂ ਦੇ ਤੇ ਨਾ ਹੀ ਸਵਰਗ ਦੂਤਾਂ ਦੀ ਕਿਨਕੇ ਮਾਤਰ ਵੀ ਸਮਝ ਵਿੱਚ ਆ ਰਿਹਾ ਹੈ, ਉਹ ਆਪਣੇ ਮੱਥੇ ਧਰਤੀ ‘ਤੇ ਰਗੜਦੇ ਹੋਏ ਬੋਲ ਰਹੇ ਹਨ, “ਅਸੀਂ ‘ਉਸ’ ਨੂੰ ਉਵੇਂ ਨਹੀਂ ਜਾਣਦੇ ਜਿਵੇਂ ‘ਉਹ’ ਸਚਮੁੱਚ ਹੈ।” ਤਾਂ ਮੈਂ ਕੀ ਹਾਂ, ਇਹ ਵਧਾ-ਚੜਾ ਕੇ ਕਹਿਣ ਵਾਲਾ ਕਿ ਮੈ ਜਾਣਦਾ ਹਾਂ ‘ਉਸ’ ਨੂੰ? ਹੇ ਪਹਿਲੇ ਆਦਮ ਦੇ ਅਣਜਾਣ ਪੁੱਤਰ, ਧਰਤੀ ‘ਤੇ ਅੱਲਾਹ ਦੇ ਖਲੀਫੇ, ਆਪਣੇ ਪਿਤਾ ਦੇ ਅਧਿਆਤਮਿਕ ਗਿਆਨ ਨੂੰ ਸਮਝਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ। ਸਾਰੇ ਜੀਵ ਜੋ ਪਰਮਾਤਮਾਂ ਨੇ ਸਿਫਰ ਤੋਂ ਘੜ੍ਹੇ ਹਨ, ਆਪਣੀ ਹੋਂਦ ਲਈ (ਪੈਦਾਇਸ਼ ਦੇ ਸ਼ੁਕਰਾਨੇ ਵਜੋਂ) ਉਸ ਅੱਗੇ ਡੰਡਉਤ ਕਰ ਰਹੇ ਹਨ। ਜਦੋਂ ਉਸ ਨੂੰ ਫੁਰਨਾ ਹੋਇਆ ਆਦਮ ਨੂੰ ਪੈਦਾ ਕਰਨ ਦਾ, ਤਾਂ ਉਸ ਨੇ ਆਦਮ ਨੂੰ ਸੈਕੜੇ ਪਰਦਿਆਂ ਤੋਂ ਬਾਹਰ ਕੱਢਿਆ ਤੇ ਕਿਹਾ, “ਹੇ ਆਦਮ, ਸਭ ਜੀਵ ਮੈਨੂੰ ਪਿਆਰ ਕਰਦੇ ਹਨ, ਹੁਣ ਅਰਾਧਨ ਦੀ ਮਿੱਤ ਤੇਰੀ ਹੈ।” ਇੱਕ ਮਾਤਰ ਉਹ ਫਰਿਸ਼ਤਾ ਜਿਸ ਨੇ ਇਬਾਦਤ ਤੋਂ ਮੂੰਹ ਫੇਰਿਆ, ਪਲ ਵਿੱਚ ਸ਼ੈਤਾਨ (ਇਬਲੀਸ)) (3) (ਇੱਕ ਰਿਵਾਇਤ ਮੁਤਾਬਿਕ, ਜਦੋਂ ਖ਼ੁਦਾਵੰਦ ਸ਼ਹਿਨਸ਼ਾਹ ਨੇ ਆਦਮ ਦੀ ਰਚਨਾ ਕੀਤੀ ਤਾਂ ਕੁਲ ਫ਼ਰਿਸ਼ਤਿਆਂ ਨੂੰ ਨਮਨ ਕਰਨ ਲਈ ਕਿਹਾ। ਪਰ ਇਬਲੀਸ ਇਨਕਾਰੀ ਹੋ ਗਿਆ, ਇਹ ਕਹਿੰਦੇ ਹੋਏ ਕਿ ਇਹ ਖ਼ੁਦਾ ਦੀ ਚੰਗੀ ਕਿਤ ਨਹੀਂ। ਮੁਨਕਰ ਹੋਣ ਦੇ ਉਸੇ ਪਲ ਉਹ ਸ਼ੈਤਾਨ ਹੋ ਗਿਆ। ਤਦੋਂ ਤੋਂ ਆਦਮ ਜ਼ਾਤ ਜਦ ਵੀ ਕਿਸੇ ਗਲਤ ਕੰਮ ਵੱਲ ਕਦਮ ਵਧਾਉਂਦੀ ਹੈ ਤਾਂ ਇਬਲੀਸ ਉਹਨਾਂ ਨੂੰ ਹੋਰ ਉਕਸਾਉਂਦਾ ਹੈ ਤੇ ਉਹ ਬੁਰਾ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਤਾਂ ਕਿ ਅੱਲਾਹ ਨੂੰ ਕਹਿ ਸਕੇ ਕਿ. ‘ਵੇਖ ਤੇਰੀ ਇਹ ਰਚਨਾ ਕਿੰਨੀਆਂ ਗਲਤੀਆਂ ਕਰਦੀ ਹੈ। ਇਸੇ ਲਈ ਕਿਸੇ ਵੱਡੀ ਗਲਤੀ ਕਰ ਚੁੱਕੇ ਆਦਮ ਬਾਰੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਸ ’ਤੇ ਇਬਲੀਸ ਭਾਰੂ ਹੋ ਗਿਆ। ਸ਼ੈਤਾਨ ਦਾ ਇਹ ਸੰਕਲਪ ਸਿਖ ਪ੍ਰੰਪਰਾ ਦੇ ਵਿਕਾਰਾਂ ਵਾਂਗ ਹੀ ਹੈ।) ਹੋ ਗਿਆ, ਤੇ ਜੋ ਰਹੱਸ ਦਾ ਗਿਆਨ ਉਸ ਕੋਲ਼ ਸੀ ਛਿਨ ਵਿੱਚ ਉਡਾਰੀ ਮਾਰ ਗਿਆ, ਕਿਉਂਕਿ ਉਹ ਸ਼ਰਾਪਿਤ ਹੋ ਗਿਆ ਸੀ । ਉਸ ਨਿੰਦਕ ਦਾ ਮੂੰਹ ਕਾਲਾ ਹੋ ਗਿਆ ਤੇ ਉਹ ਬੋਲਿਆ, “ ਹੇ ਪਰਮ ਪਿਤਾ, ਪੂਰਨ ਸੁਤੰਤਰਤਾ ਤੇ ਕਲਾਵਾਂ ਦੇ ਮਾਲਕ, ਮੈਨੂੰ ਨਾ ਤਿਆਗ।” ਸਰਵ ਉੱਚ ਨੇ ਜਵਾਬ ਵਿੱਚ ਕਿਹਾ, “ਤੂੰ, ਜੋ ਕਿ ਸਰਾਪਿਆ ਗਿਆ ਹੈ ਇਹ ਜਾਣ ਲੈ ਕਿ ਆਦਮ ਕੁਦਰਤ ਦਾ ਰਾਜਾ ਤੇ ਪ੍ਰਬੰਧਕ ਹੈ। ਅੱਜ ਉਸ ਦੇ ਅੱਗੇ ਹੈ ਤੇ ਆਉਣ ਵਾਲਾ ਕੱਲ ਉਸ ਲਈ ਦੀਵੇਂ ਵਾਂਗ ਬਲੇਗਾ। ਜਦੋਂ ਆਤਮਾਂ ਨੂੰ ਸਰੀਰ ਨਾਲ਼ ਜੋੜਿਆ ਗਿਆ ਤਾਂ ਇਹ ਸਾਰੇ ਦਾ ਹਿੱਸਾ ਸੀ; ਐਸਾ ਅਦਭੁਤ ਜਾਦੂ ਪਹਿਲਾਂ ਕਦੇ ਨਹੀਂ ਕੀਤਾ ਗਿਆ। ਆਤਮਾਂ, ਪਰਮਆਤਮਾਂ, ਜੋ ਸਰਵ ਉੱਚ ਹੈ, ਦਾ ਹਿੱਸਾ ਹੈ; ਤੇ ਸਰੀਰ ਮਿੱਟੀ ਤੋਂ ਬਣਿਆਂ ਹੈ। ਇਸਦਾ ਨਿਰਮਾਣ ਹੋਇਆ ਹੈ ਭਾਰੀ ਮਿੱਟੀ ਤੇ ਸ਼ੁੱਧ ਆਤਮਾਂ ਦੇ ਮਿਸ਼ਰਨ ਤੋਂ; ਤੇ ਇਸ ਮਿਸ਼ਰਨ ਰਾਹੀ ਮਾਨਵ ਆਸ਼ਚਰਜ-ਜਨਕ ਰਹੱਸਮਈ ਬਣ ਗਿਆ ਹੈ। ਅਸੀਂ ਨਹੀਂ ਜਾਣਦੇ ਤੇ ਨਾ ਹੀ ਸਮਝ ਸਕਦੇ ਹਾਂ ਬਹੁਤ ਥੋੜਾ ਜਿਹਾ ਜਾਂ ਕਹਿ ਲਉ ਨਾਮ-ਮਾਤਰ ਵੀ ਆਪਣੀ ਆਤਮਾਂ ਨੂੰ । ਜੇ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਬਿਹਤਰ ਹੈ ਕਿ ਤੁਸੀਂ ਸ਼ਾਂਤ ਰਹੋ। ਬਹੁਤੇ ਜਾਣਦੇ ਹਨ ਸਮੁੰਦਰ ਦੀ ਸਤਹ ਨੂੰ, ਪਰ ਉਹ ਕੱਖ ਨਹੀਂ ਜਾਣਦੇ ਇਸ ਦੀਆਂ ਡੂੰਘਾਈਆਂ ਬਾਰੇ; ਤੇ ਜਾਦੂਈ ਹੈ ਇਹ ਦਿਸਦਾ ਜਗਤ, ਜੋ ਰੱਖਿਆ ਕਰਦਾ ਹੈ। ਪਰ ਇਹ ਤਿਲਿਸਮੀਂ ਸਰੀਰਕ ਬੰਧਨ ਅੰਤ ਵਿੱਚ ਟੁੱਟ ਜਾਣਗੇ, ਤੇ ਜਦੋਂ ਇਹ ਜਾਦੂਈ ਦੀਵਾਰ ਗਾਇਬ ਹੋ ਜਾਵੇਗੀ ਤਾਂ ਤੁਹਾਨੂੰ ਲੱਭੇਗਾ ਖ਼ਜ਼ਾਨਾਂ; ਆਤਮਾਂ ਆਪਣੇ ਆਪ ਪਰਗਟ ਹੋ ਜਾਵੇਗੀ ਜਦੋਂ ਸਰੀਰ ਪਾਸੇ ਰੱਖਿਆ ਜਾਵੇਗਾ। ਪਰ ਤੁਹਾਡੀ ਆਤਮਾਂ ਹੋਰ ਵਿਸਮਈ ਹੈ, ਇਹ ਹੈ, ਇਸ ਰਹੱਸ ਲਈ ਹੋਰ ਵਾਸਤਵਿਕਤਾ ਲੋੜੀਂਦੀ ਹੈ। ਤੇ ਜਦੋਂ ਮੈਂ ਇਸ਼ਾਰਾ ਕਰਾਂ ਤਾਂ ਤੁਰਿਓ, ਪਰ ਕੋਈ ਸਵਾਲ-ਜਵਾਬ ਕੀਤੇ ਬਿਨਾ। ਇਸ ਬਹੁਤ ਹੀ ਵਿਸ਼ਾਲ ਬ੍ਰਹਿਮੰਡ ਵਿੱਚ ਸਾਰਾ ਆਲਮ ਇੱਕ ਅਣੂ ਦੀ ਨਿਆਈਂ ਹੈ ਤੇ ਇੱਕ ਅਣੂ ਹੀ ਸਾਰਾ ਸੰਸਾਰ ਹੈ। ਕੌਣ ਜਾਣਦਾ ਹੈ ਕਿਸ ਦਾ ਮੁੱਲ ਵਧੇਰੇ ਹੈ ਇੱਕ ਲਾਲ ਦਾ ਜਾਂ ਇੱਕ ਕੰਕਰ ਦਾ? ਅਸੀਂ ਆਪਣਾ ਜੀਵ ਦਾਵ ‘ਤੇ ਲਾ ਦਿੱਤਾ ਹੈ, ਸਾਡੀ ਆਤਮਾਂ, ਸਾਡਾ ਧਰਮ; ਇੱਕ ਕਣ ਦੀ ਸੰਪੂਰਨਤਾ ਨੂੰ ਸਮਝਣ ਵਿੱਚ। ਆਪਣੇ ਬੁੱਲ ਸਿਉਂ ਲਓ ਤੇ ਕੁਝ ਨਾ ਪੁੱਛੋ ਬੈਕੁੰਠ ਤੇ ਪਰਮਾਤਮਾਂ ਦੇ ਸਿੰਘਾਸਨ ਬਾਰੇ। ਅਸਲ ਵਿੱਚ ਕੋਈ ਨਹੀਂ ਜਾਣਦਾ, ਇੱਕ ਕਿਨਕੇ ਦੀ ਵੀ ਸਾਰ, ਭਾਵੇਂ ਕਿਸੇ ਨੂੰ ਵੀ ਪੁੱਛ ਕੇ ਵੇਖ ਲਓ। ਸਵਰਗ ਇੱਕ ਉਲਟੇ ਗੁੰਬਦ ਵਾਂਗ ਹਨ, ਅਸਥਿਰ, ਡਾਵਾਂ-ਡੋਲ। ਕੋਈ ਇਸ ਤਰ੍ਹਾਂ ਦੇ ਕਿਸੇ ਰਹੱਸ ਵਿੱਚ ਗੁਆਚ ਗਿਆ ਹੈ । ਇੱਥੇ ਪਰਦੇ ‘ਤੇ ਪਰਦੇ ਹਨ; ਕੋਈ ਕੰਧ ‘ਤੇ ਬਣੀ ਕਿਸੇ ਆਕ੍ਰਿਤੀ ਵਾਂਗ ਹੈ ਤੇ ਦੂਜਾ ਸਿਰਫ ਆਪਣੇ ਦੰਦ ਕਰੀਚ ਰਿਹਾ ਹੈ। ਸੋਚੋ ਉਹਨਾਂ ਬਾਰੇ, ਜੋ ਆਤਮਾਂ ਦੇ ਰਸਤੇ ‘ਤੇ ਦਾਖਲ ਹੋ ਗਏ ਹਨ। ਦੇਖੋ ਕੀ ਵਾਪਰਿਆ ਹੈ ਆਦਮ ਨਾਲ਼; ਦੇਖੋ ਕਿੰਨੇ ਸਾਲ ਬਿਤਾ ਦਿੱਤੇ ਨੇ ਉਸ ਨੇ ਵਿਰਲਾਪ ਵਿੱਚ। ਚੇਤੇ ਕਰੋ ਨੂਹ ਦੇ ਸਮੇਂ ਆਈ ਜਲ ਪਰਲੋ ਅਤੇ ਸਾਰੇ ਕੁਲਪਤੀਆਂ ਨੇ ਕਿਵੇਂ ਭੋਗਿਆ ਸ਼ੈਤਾਨੀ ਪ੍ਰਕੋਪ। ਯਾਦ ਕਰੋ, ਇਬਰਾਹਿਮ ਨੂੰ, ਜੋ ਪਰਮ ਪਿਤਾ ਦੇ ਪਿਆਰ ਨਾਲ਼ ਗੜੁੱਚ ਸੀ; ਉਸ ਨੇ ਵੀ ਤਸ਼ੱਦਦ ਸਿਹਾ ਤੇ ਸੁੱਟਿਆ ਗਿਆ ਅੱਗ ਵਿੱਚ। ਵੇਖੋ ਉਸ ਬਦਕਿਸਮਤ ਇਸਮਾਈਲ ਵੱਲ ਜੋ ਰੱਬੀ ਪਿਆਰ ਦੇ ਰਸਤੇ ਦੀ ਭੇਂਟ ਕੀਤਾ ਗਿਆ। ਯਾਕੂਬ ਵੱਲ ਮੁੜੋ, ਜੋ ਆਪਣੇ ਪੁੱਤਰ ਲਈ ਰੋਂਦਾ ਅੰਨ੍ਹਾ ਹੋ ਗਿਆ। ਯੂਸਫ ਵੱਲ ਤੱਕੋ, ਜਿਸ ਨੇ ਗੁਲਾਮੀ ਵਿੱਚ ਵੀ ਸਰਾਹੁਨਯੋਗ ਸ਼ਕਤੀ ਵਿਖਾਈ, ਫੇਰ ਭਾਵੇਂ ਉਹ ਖੰਦਕ ਵਿੱਚ ਰਿਹਾ ਭਾਵੇਂ ਕੈਦਖਾਨੇ ਵਿੱਚ ਤੇ ਯਾਦ ਰੱਖੋ ਧਰਤੀ ਦੇ ਉਹਨਾਂ ਅਭਾਗੇ ਪਲਾਂ ਨੂੰ ਜਦ ਉਹ ਕੀੜਿਆਂ ‘ਤੇ ਲੂੰਬੜਾਂ ਦਾ ਸ਼ਿਕਾਰ ਬਣੇ। ਚੇਤੇ ਕਰੋ ਯੂਨਸ (ਜੋਨਾਹ) 4) ਨੂੰ, ਕਿਵੇਂ ਉਹ ਰਸਤੇ ਤੋਂ ਭਟਕ ਗਿਆ ਤੇ ਚੰਦ ਤੋਂ ਵੇਲ੍ਹ ਦੇ ਪੇਟ ਵਿੱਚ ਪੁੱਜ ਗਿਆ। ਪਿੱਛਾ ਕਰੋ ਮੂਸਾ ਦਾ ਉਸ ਦੇ ਜਨਮ ਤੋਂ, ਇੱਕ ਬਕਸਾ ਉਸ ਦਾ ਪਾਲਨਾ ਬਣਿਆਂ ਤੇ ਫਿਰਾਉਨ ਨੇ ਉਸ ਨੂੰ ਉੱਚਾ ਚੁੱਕਿਆ। ਦਾਊਦ ਬਾਰੇ ਸੋਚੋ, ਜਿਸ ਨੇ ਆਪਣੇ ਆਪ ਨੂੰ ਇੱਕ ਢਾਲ ਬਣਾ ਲਿਆ ਤੇ ਜਿਸ ਦੀ ਆਹ ਨੇ ਲੋਹੇ ਨੂੰ ਮੋਮ ਵਾਂਗ ਪਿਘਲਾ ਦਿੱਤਾ। ਸੁਲੇਮਾਨ ਵੱਲ ਤੱਕੋ ਜਿਸ ਦਾ ਰਾਜ ਪ੍ਰਬੰਧ ਜਿੰਨਾਂ ਦੁਆਰਾ ਚਲਾਇਆ ਜਾਂਦਾ ਸੀ। ਜ਼ਕਾਰੀਆ ਯਾਦ ਹੈ, ਜੋ ਪਰਮਾਤਮਾਂ ਦੇ ਪਿਆਰ ਨਾਲ਼ ਏਨਾ ਭਰਿਆ ਹੋਇਆ ਸੀ ਕਿ ਜਦੋਂ ਉਹਨਾਂ ਉਸ ਨੂੰ ਕਤਲ ਕੀਤਾ ਤਾਂ ਵੀ ਉਹ ਸ਼ਾਂਤ ਰਿਹਾ। ਤੇ ਬਪਤਿਸਮਾਂ ਦਾ ਦਾਤਾ, ਯੋਹੰਨਾ, ਜਿਸ (4) (ਯੂਨਸ ਜਾਂ ਜੋਨਾਹ ਦਾ ਜ਼ਿਕਰ ਹਿਬਰੂ ਬਾਈਬਲ ਵਿੱਚ ਜੋਨਾਹ ਦੀ ਪੋਥੀ ਵਿਚ, ਨਵੇਂ ਅਹਿਦਨਾਮੇ ਅਤੇ ਕੁਰਾਨ ਦੇ ਸੂਰਾਹ ਅਸ ਸਾਫ਼ਾਤ ਦੀਆਂ ਆਇਤਾਂ 139-148 ਵਿੱਚ ਆਇਆ ਹੈ।)
ਨੂੰ ਲੋਕਾਂ ਦੇ ਸਾਹਮਣੇ ਜ਼ਲੀਲ ਕੀਤਾ ਗਿਆ ਤੇ ਜਿਸਦਾ ਸਿਰ ਕੱਟ ਕੇ ਥਾਲੀ ਵਿੱਚ ਸਜਾਇਆ ਗਿਆ। ਸਲੀਬ ਦੇ ਪੈਰਾਂ ਵਿੱਚ ਖਲੋਤੇ ਈਸਾ ਨੂੰ ਅਸਚਰਜਤਾ ਨਾਲ਼ ਤੱਕੋ, ਜਦੋਂ ਉਸ ਨੇ ਆਪਣੇ ਆਪ ਨੂੰ ਯਹੂਦੀਆਂ ਹੱਥੋਂ ਬਚਾਇਆ। ਤੇ ਆਖ਼ਿਰਕਾਰ ਮੰਥਨ ਕਰੋ ਕਿ ਨਬੀਆਂ ਦੇ ਸਰਦਾਰ ਨੂੰ ਕਿਵੇਂ ਸ਼ੈਤਾਨਾਂ ਤੋਂ ਤ੍ਰਿਸਕਾਰ ਤੇ ਜ਼ਖ਼ਮ ਸਹਿਣੇ ਪਏ। ਇਹ ਸਭ ਤੱਕਣ ਤੋਂ ਬਾਅਦ, ਕੀ ਤੁਸੀਂ ਹਲੇ ਵੀ ਸੋਚਦੇ ਹੋ ਕਿ ਅਧਿਆਤਮਿਕ ਸ਼ੈਆਂ ਦਾ ਗਿਆਨ ਹਾਸਲ ਕਰਨਾ ਬਹੁਤ ਸੌਖਾ ਹੈ? ਇਸ ਸਭ ਲਈ ਮਰ ਜਾਣਾ ਘੱਟ ਤੋਂ ਘੱਟ ਹੈ। ਹੁਣ ਅੱਗੇ ਮੈਂ ਕੀ ਕਹਾਂ, ਜਦੋਂ ਕਿ ਮੇਰੇ ਕੋਲ਼ ਕਹਿਣ ਲਈ ਹੋਰ ਕੁਝ ਨਹੀਂ ਅਤੇ ਏਥੇ ਝਾੜੀਆਂ ਵਿੱਚ ਇੱਕ ਵੀ ਗੁਲਾਬ ਨਹੀਂ ਬਚਿਆ; ਓ ਮੇਰੀ ਸਿਆਨਪ, ਤੂੰ ਇੱਕ ਦੁੱਧ ਚੁੰਘਦੇ ਬੱਚੇ ਤੋਂ ਵੱਧ ਕੁਝ ਨਹੀਂ; ਇਸੇ ਕਾਰਨ ਪੁਰਾਣੇ ਅਨੁਭਵੀ ਭਟਕੇ ਹੋਏ ਨੇ ਖੋਜ ਦੇ ਰਸਤੇ ‘ਤੇ। ਕਿਸ ਤਰ੍ਹਾਂ ਮੈਂ, ਮੂਰਖ, ਉਸ ਦੀ ਸਾਰ ਪਾ ਸਕਦਾ ਹਾਂ; ਤੇ ਜੇ ਮੈਂ ਮਾੜਾ ਮੋਟਾ ਨੇੜੇ ਹੋ ਵੀ ਜਾਵਾਂ, ਤਾਂ ਮੈਂ ਦਰਵਾਜ਼ੇ ਤੋਂ ਅੰਦਰ ਕਿਵੇਂ ਦਾਖਲ ਹੋਵਾਂਗਾ? ਹੇ ਪਵਿੱਤਰ ਨਿਰਮਾਤਾ! ਮੁੜ ਤੋਂ ਸਜੀਵ ਕਰ ਮੇਰੀ ਆਤਮਾਂ ! ਆਸਤਿਕ ਤੇ ਨਾਸਤਿਕ ਬਰਾਬਰ ਦੇ ਗੋਤੇ ਖਾਣਗੇ ਲਹੂ ਵਿੱਚ, ਤੇ ਇਸ ਤਸੱਵੁਰ ਨਾਲ਼ ਮੇਰਾ ਸਿਰ ਆਕਾਸ਼ ਵਾਂਗ ਚਕਰਾ ਜਾਂਦਾ ਹੈ। ਮੈਂ ਆਸ ਨਹੀਂ ਛੱਡੀ, ਬਸ ਮੈਂ ਥੋੜਾ ਕਾਹਲਾ ਹਾਂ। ਮੇਰੇ ਮਿੱਤਰੋ! ਅਸੀਂ ਇੱਕ ਦੂਜੇ ਦੇ ਗਵਾਂਢੀ ਹਾਂ; ਮੈਂ ਆਪਣੇ ਇਹ ਬਚਨ ਤੁਹਾਡੇ ਅੱਗੇ ਦਿਨ-ਰਾਤ ਦੁਹਰਾਉਂਦਾ ਰਹਾਂਗਾ, ਤਾਂ ਕਿ ਤੁਸੀਂ ਸੱਚ ਦੀ ਖੋਜ ਕਰਨੋਂ ਇੱਕ ਪਲ ਵੀ ਨਾ ਰੁਕੋ। ਅਲੀ ਤੇ ਅਬੂ ਬਕਰ ਇਹ ਦੋਹੇਂ, ਅਲੀ ਤੇ ਅਬੂ ਬਕਰ ਸੱਚ ਦਾ ਸਮੁੰਦਰ, ਜੋ ਇਹਨਾਂ ਤਰ ਲਿਆ ਸੀ, ਵਿੱਚ ਪੂਰੀ ਤਰਾਂ ਸਮਾ ਚੁੱਕੇ ਸਨ। ਤੇ ਜਦ ਪੈਗੰਬਰ ਪਹਾੜੀ ਗੁਫਾ ਵਿੱਚ ਸਨ ਤਾਂ ਇਹ ਅਲੀ ਹੀ ਸੀ ਜੋ ‘ਉਹਨਾਂ’ ਦੇ ਮੰਜੇ ਉੱਪਰ ਸੁੱਤਾ ਸੀ। ਆਪਣੇ ਰਾਹ ਦਸੇਰੇ ਤੇ ਪਿਆਰੇ ਆਗੂ ਦੀ ਜਾਨ ਬਚਾਉਣ ਲਈ ਉਸ ਨੇ ਮੌਤ ਅੱਗੇ ਆਪਣਾ ਆਪਾ ਸਮਰਪਨ ਕਰ ਦਿੱਤਾ ਸੀ।
ਅਬੂ ਬਕਰ, ਕਿੰਨੀ ਬਹਾਦਰੀ ਨਾਲ ਉਸ ਨੇ ਗੁਫਾ ਵਿੱਚੋਂ ਜਹਿਰੀਲੇ ਸੱਪ ਬਾਹਰ ਭਜਾਏ। ਦੋਹੇਂ ਤਿਆਰ ਸਨ, ਲੋੜ ਪੈਣ ‘ਤੇ ਆਪਣੇ ਪ੍ਰਾਣ ਕੁਰਬਾਨ ਕਰਨ ਲਈ। ਤੇ ਤੁਸੀਂ? ਰੋ ਰਹੇ ਹੋ ਇੱਛਾਵਾਂ ਦੀ ਕੈਦ ਤੇ ਚਕਾਚੌਂਧ ਵਿੱਚ ਫਸੇ ਹੋਏ, ਇਹ ਕਹਿੰਦੇ ਹੋਏ ਕਿ ਤੁਸੀਂ ‘ਉਸ’ ਦੇ ਹੋ ਤੇ ‘ਉਹ’ ਤੁਹਾਡਾ? ਕਿੱਥੇ ਨੇ ਉਹ ਪੀੜਾਂ, ਜੋ ਉਹਨਾਂ ਦੋ ਸ੍ਰੇਸ਼ਟ ਮਨੁੱਖਾਂ ਦੇ ਰਾਹ ਵਿੱਚ ਸਨ, ਜਿਹਨਾਂ ਵਿੱਚੋਂ ਉਹ ਗੁਜਰੇ । ਤਿਆਰ ਰਹੋ, ਜੇ ਇਸ ਪੰਥ ‘ਤੇ ਆਉਣਾ ਲੋਚਦੇ ਹੋ ਤਾਂ ਤਿਆਰ ਰਹੋ, ਉਹਨਾਂ ਦੋਹਾਂ ਵਾਂਗ ਸੀਸ ਭੇਟ ਕਰਨ ਲਈ ਤੇ ਨਹੀਂ ਤਾਂ ਬੰਦ ਕਰੋ ਆਪਣੀਆਂ ਇਹ ਧੋਖੇਬਾਜ ਤੇ ਨੁਕਤਾਚੀਨ ਚਿੰਘਾੜਾਂ। ਬੜੇ ਹੁਭ ਕੇ ਨਾਮ ਲੈਂਦੇ ਹੋ ਤੁਸੀਂ, ‘ਅਲੀ’ ਤੇ ‘ਅਬੂ ਬਕਰ’ ਦੇ, ਪਰ ਕਿੱਥੇ ਹੈ ਤੁਹਾਡੇ ਕੋਲ਼ ਪਰਮਪਿਤਾ ਦਾ ਉਹ ਪ੍ਰੇਮ, ਜੋ ਹੋਣਾ ਚਾਹੀਦਾ ਸੀ। ਸੋ ਛੱਡੋ ਇਹ ਪਾਖੰਡ ਤੇ ਲੜੋ ਆਪਣੇ ਆਪ ਨਾਲ਼ ਦਿਨ ਰਾਤ, ਰਾਬੀਆ ਵਾਂਗ; ਹਜ਼ਾਰਾਂ ਮਨੁੱਖਾਂ ਦੇ ਹਿੱਸੇ ਦਾ ਇਕੱਲੀ ਪ੍ਰੇਮ ਕਰਨ ਵਾਲੀ ਉਹ ਆਸ਼ਿਕ, ਸਿਰ ਤੋਂ ਪੈਰਾਂ ਤੱਕ ਪੈਗੰਬਰ ਦੇ ਇਸ਼ਕ ਵਿੱਚ ਗੜੁੱਚ ਤੇ ਫਜ਼ੂਲ ਬਕਵਾਸ ਤੋਂ ਮੁਕਤ ਰਾਬੀਆ। ਉਹ ਸਮਾ ਗਈ ਉਸੇ ਪ੍ਰਕਾਸ਼ ਵਿੱਚ ਜੋ ਉਸ ਨੇ ਖੋਜਿਆ ਸੀ। ਰਾਬੀਆ ਕਿਸੇ ਨੇ ਰਾਬੀਆ ਨੂੰ ਪੁੱਛਿਆ, ‘ਹੇ ਭਲੀਏ ਲੋਕੇ; ਕੀ ਤੂੰ ਕੁਝ ਬਿਆਨ ਸਕਦੀ ਹੈਂ ਪੈਗੰਬਰ ਦੇ ਮਿੱਤਰਾਂ ਬਾਰੇ?’ ਉਹ ਬੋਲੀ, ‘ਅਜੇ ਤਾਂ ਮੇਰਾ ਅੱਲਾਹ ਨਾਲ਼ ਹੀ ਨਿਬੇੜਾ ਨਹੀਂ ਹੋਇਆ, ਸੋ ਅਜੇ ਮੈਂ ਪੈਗੰਬਰ ਦੀ ਮਿੱਤਰਤਾ ਬਾਰੇ ਕੀ ਕਹਿ ਸਕਦੀ ਹਾਂ? ‘ਕੀ ਮੈਂ ਉਹ ਨਹੀਂ, ਜੋ ਕਦੇ ਅਰਦਾਸ ਕਰ ਰਹੀ ਹੋਵੇ ਤਾਂ ਕੋਈ ਕੰਡਾ ਅੱਖ ਵਿੰਨ ਜਾਏ ਤੇ ਖੂਨ ਦੇ ਤਪਕੇ ਮਸੱਲੇ ਉੱਪਰ ਡਿੱਗਣ ’ਤੇ ਵੀ ਬੇਪਰਵਾਹੀ ਦੇ ਆਲਮ ਵਿੱਚ ਅਰਦਾਸ ਕਰਦੀ ਰਹੇ। ਉਹ, ਜਿਹਨਾਂ ਦੇ ਨਾਤੇ ਰੁਹਾਨੀ ਹੋ ਜਾਣ o (ਜਾਂ ਉਹਨਾਂ ਪੰਜਾਂ ਵਾਂਗ ਜੋ ਸਿਰ ਦੇ ਕੇ ਜੀਵਿਤ ਹੋਏ ਤੇ ਪਿਆਰੇ ਸਦਵਾਏ) ਕਿਵੇਂ ਸਰੀਰਾਂ ਦੀਆਂ ਬਾਤਾਂ ਪਾਵੇ? ਆਦਮੀ ਜਾਂ ਔਰਤਾਂ ਦੇ ਸਰੀਰ। ਤੇ ਜਦਕਿ ਮੈਂ ਆਪਣੇ ਬਾਰੇ ਵੀ ਪੂਰਾ ਨਹੀਂ ਜਾਣਦੀ, ਆਪਣੇ ਆਪ ਦੀ ਥਾਹ ਵੀ ਪੂਰੀ ਤਰ੍ਹਾਂ ਨਹੀਂ ਪਾ ਸਕੀ ਤਾਂ ਕਿਵੇਂ ਮੈਂ ਕਿਸੇ ਹੋਰ ਦੀ ਸਿਫਤ ਜਾਂ ਬਦਖੋਈ ਕਰਾਂ?’ ਤੁਸੀਂ ਨਾ ਤਾਂ ਪਰਮਾਤਮਾਂ ਹੋ ਨਾ ਹੀ ਪੈਗੰਬਰ, ਤੁਸੀਂ ਨਹੀਂ ਕਹਿ ਸਕਦੇ; ਤੁਸੀਂ ਕਿਸੇ ਨੂੰ ਇਸ ਰਾਹ ’ਤੇ ਪ੍ਰਵਾਨ ਜਾਂ ਰੱਦ ਨਹੀਂ ਸਕਦੇ; ਤੁਸੀਂ ਇਸ ਰਾਹ ਦੀ ਖਾਕ ਹੋ ਤੇ ਉਹੀ ਬਣ ਕੇ ਰਹੋ, ਇਹ ‘ਹਾਂ’ ‘ਨਾਂਹ’ ਬੰਦ ਕਰੋ, ਇਹ ਕੁਝ ਨਹੀਂ; ਤੁਸੀਂ ਖਾਕ ਹੋ ਸੋ ਖਾਕ ਦੀਆਂ ਬਾਤਾਂ ਪਾਓ, ਖਾਕ ਤੋਂ ਸ਼੍ਰੇਸ਼ਟ ਕੀ ਹੈ ਪਰ ਯਾਦ ਰੱਖਿਓ ਸਦਾ, ਜਿਸ ਨੂੰ ਵੀ ਤੁਸੀਂ ਮਿਲਦੇ ਹੋ ਪਵਿੱਤਰਤਾ ਤੇ ਨਿਰਮਲਤਾ ਤੋਂ ਬਣਾਇਆ ਗਿਆ ਹੈ। [ਤਸਵੀਰ: ਦਰੱਖਤ ਹੇਠ ਇੱਕ ਔਰਤ ਕੁਝ ਪੀਸ ਰਹੀ ਹੈ]
‘ਸਤਸੰਗਤਿ’ ਜੀ ਆਇਆਂ ਨੰ, ਐ ਹੁਦਹੁਦ! ਤੇ ਮਾਰਗ ਦਰਸ਼ਕ ਹੈਂ ਰਾਜਾ ਸੁਲੇਮਾਨ ਦੀ ਅਤੇ ਘਾਟੀ ਦੀ ਸੱਚੀ ਸੰਦੇਸ਼ਵਾਹਕ, ਚੰਗੇ ਭਾਗ ਸਨ ਕਿ ਤੂੰ ਸ਼ੀਬਾ ਸਤਲਨਤ ਦੀਆਂ ਸੀਮਾਵਾਂ ਤੋਂ ਪਾਰ ਜਾ ਕੇ ਆਈ ਹੈਂ। ਤੇਰਾ, ਰਾਜੇ ਸੁਲੇਮਾਨ ਨਾਲ਼ ਸੰਗਤਮਈ ਭਾਸ਼ਨ ਆਨੰਦ ਦੇਣ ਵਾਲਾ ਸੀ; ਅਤੇ ਉਸ ਦੀ ਸਾਥੀ ਬਣ ਕੇ ਤੂੰ ਮਹਿਮਾਂ ਰੂਪੀ ਤਾਜ ਹਾਸਲ ਕੀਤਾ ਹੈ। ਤੂੰ ਰਸਤੇ ਤੋਂ ਭਟਕਾ ਦੇਣ ਵਾਲੇ ਸ਼ੈਤਾਨ ਨੂੰ ਜਰੂਰ ਜੰਜ਼ੀਰਾਂ ਵਿੱਚ ਜਕੜੇਂਗੀ ਤੇ ਇਹ ਕਰਦੇ ਹੋਏ ਤੂੰ ਸੁਲੇਮਾਨ ਦੇ ਮਹਿਲਾਂ ਵਿੱਚ ਦਾਖਲ ਹੋਵੇਂਗੀ। ਹੇ ਖੰਜਨ 2), ਤੂੰ ਜੋ ਮੂਸਾ ਦੀ ਯਾਦ ਦਿਵਾਉਂਦੀ ਰਹਿੰਦੀ ਹੈਂ, ਆਪਣਾ ਸਿਰ ਉੱਪਰ ਚੁੱਕ ਤੇ ਚਹਿਚਹਾਉਂਦੀ ਹੋਈ ਪਰਮਾਤਮਾਂ ਦੇ ਸੱਚੇ ਗਿਆਨ ਦਾ ਜਸ਼ਨ ਮਨਾ । ਤੂੰ ਵੀ ਮੂਸਾ ਵਾਂਗ ਦੂਰ ਝਾੜੀ ‘ਚੋਂ ਅੱਗ ਨਿਕਲਦੀ ਵੇਖੀ ਸੀ; ਤੇ ਸਚਮੁੱਚ ਤੂੰ ਵੀ ਸਿਨਾਈ ਪਰਬਤ ‘ਤੇ ਛੋਟਾ ਜਿਹਾ ਮੂਸਾ ਸੈਂ। ਮੇਰੇ ਬਿਨਾ ਸ਼ਬਦਾਂ, ਬਿਨਾ ਜੀਭ ਤੇ ਬਿਨਾ ਧੁਨੀ ਦੇ ਬਚਨ, ਸਮਝ ਲੈ ਇਹਨਾਂ ਨੂੰ ਬਿਨਾ ਬੁੱਧੀ ਤੇ ਬਿਨਾ ਕੰਨਾਂ ਤੋਂ। ਆਪਣੇ ਖੂਬਸੂਰਤ ਜਾਮੇ ਤੇ ਗਲ ਵਿੱਚ ਪਹਿਨੇ ਸੁਨਿਹਰੀ ਪਟੇ ਵਾਲੇ ਐ ਤੋਤੇ! ਸਵਾਗਤ ਹੈ ਤੇਰਾ, ਭਾਵੇਂ ਕਿ ਤੇਰਾ ਪਟਾ ਤਾਂ ਹੰਕਾਰੀ ਲੱਗਦਾ ਹੈ ਪਰ ਤੇਰਾ ਜਾਮਾਂ ਤਾਂ ਸਵਰਗ ਦੇ ਤੁਲ ਹੈ। ਕੀ ਇਬਰਾਹਮ ਆਪਣੇ ਆਪ ਨੂੰ ਬਚਾ ਸਕਦਾ ਸੀ ਨਮਰੂਦ ਦੀ ਅੱਗ ਤੋਂ? ਭੰਨ ਸੁੱਟ ਨਮਰੂਦ (ਹੰਕਾਰੀ ਮਨ) ਦਾ ਸਿਰ ਤੇ ਯਾਰੀ ਪਾ ਲੈ ਇਬਰਾਹਮ ਨਾਲ਼ ਜੋ ਰੱਬ ਦਾ ਮਿੱਤਰ ਹੈ। ਜਦੋਂ ਤੈਨੂੰ ਨਮਰੂਦ ਦੇ ਹੱਥੋਂ ਕੁਝ ਦਿੱਤਾ ਗਿਆ ਤਾਂ ਆਪਣੇ ਮਹਿਮਾਂ ਰੂਪੀ ਜਾਮੇ ਨੂੰ ਪਹਿਨ ਲਈਂ ਤੇ ਡਰੀਂ ਨਾ ਪਟੇ ਦੀ ਅੱਗ ਤੋਂ। ਜੀ ਆਇਆਂ ਨੂੰ, ਐ ਚਕੋਰ! ਤੂੰ ਜੋ ਬੜੀ ਨਿਮਰਤਾ ਨਾਲ਼ ਤੁਰਦਾ ਹੈਂ (1) (ਚੱਕੀਰਾਹਾ) (2) (ਇੱਕ ਤਰ੍ਹਾਂ ਦੀ ਚਿੜੀ ਜਿਸਦੀ ਪੂਛ ਸਦਾ ਹਿੱਲਦੀ ਰਹਿੰਦੀ ਹੈ) ਅਤੇ ਤ੍ਰਿਪਤ ਹੁੰਦਾ ਹੈ ਜਦੋਂ ਤੂੰ ਉਡਾਰੀ ਲਾਉਂਦਾ ਹੈਂ ਅਧਿਆਤਮਿਕ ਗਿਆਨ ਰੂਪੀ ਪਹਾੜਾਂ ਤੋਂ। ਆਪਣੇ ਆਪ ਨੂੰ ਹੁਲਾਸ ਵਿੱਚ ਉੱਪਰ ਚੁੱਕ ਤੇ ਸੋਚ ਉਹਨਾਂ ਹਾਸਲਾਂ ਬਾਰੇ ਜੋ ਇਸ ਰਸਤੇ ਤੇ ਮਿਲਣਗੇ । ਪਰਮਾਤਮਾਂ ਦੇ ਘਰ ਦਾ ਦਰ ਖੜਕਾ; ਤੇ ਨਿਮਰਤਾ ਨਾਲ਼ ਪਿਘਲਾ ਦੇ ਖੋਟੀਆਂ ਇੱਛਾਵਾਂ ਦੇ ਪਹਾੜਾਂ ਨੂੰ ਤਾਂ ਕਿ ਊਠ ਬਾਹਰ ਆ ਸਕੇ। ਨਮਸਕਾਰ ਤੈਨੂੰ, ਐ ਤਿੱਖੀ ਨਜ਼ਰ ਵਾਲੇ ਸ਼ਾਹੀ ਬਾਜ਼! ਕਿੰਨੀ ਦੇਰ ਤੂੰ ਇੰਝ ਗਰਮ ਮਿਜਾਜ਼ ਤੇ ਹਿੰਸਕ ਰਹੇਂਗਾ? ਅਨੰਤ ਪਿਆਰ ਦੇ ਸ਼ਬਦਾਂ ਨੂੰ ਸੌਂਪ ਦੇ ਆਪਣੇ ਪੰਜੇ ਤੇ ਵਾਅਦਾ ਨਾ ਤੋੜੀਂ ਅਮਰਪਦ ਦੀ ਪ੍ਰਾਪਤੀ ਤੱਕ। ਰੂਹ ਤੇ ਬਿਬੇਕ ਦਾ ਮਿਸ਼ਰਨ ਬਣਾ ਤੇ ਤੱਕ ਅਮਰਤਾ ਨੂੰ ਭੂਤ ਤੇ ਭਵਿੱਖ ਵਿੱਚ ਇੱਕ ਦੇ ਤੌਰ ‘ਤੇ। ਭੰਨ ਸੁੱਟ ਇਸ ਸਰੀਰ ਦਾ ਠੀਕਰਾ ਤੇ ਆਪਣੇ ਆਪ ਨੂੰ ਸਥਾਪਿਤ ਕਰ ਇੱਕਮਿੱਕਤਾ ਦੀ ਗੁਫਾ ਵਿੱਚ ਤੇ ਯਾਦ ਰੱਖੀਂ ਮੁਹੰਮਦ ਖੁਦ ਤੇਰੇ ਕੋਲ਼ ਆਉਣਗੇ। ਐ ਬਟੇਰ! ਨਮਨ ਹੈ ਤੈਨੂੰ । ਜਦੋਂ ਤੂੰ ਪਿਆਰ ਦੀ ਗੂੰਜ ਨੂੰ ਆਪਣੀ ਅੰਤਰ-ਆਤਮਾਂ ਨਾਲ਼ ਸੁਣਦਾ ਹੈਂ, ਤਾਂ ਤੇਰਾ ਵਾਸਨਾਵਾਂ ਨਾਲ਼ ਭਰਿਆ ਬੋਰੇ ਜਿਹਾ ਸਰੀਰ ਅਪ੍ਰਸੰਨਤਾ ਨਾਲ਼ ਜਵਾਬ ਦਿੰਦਾ ਹੈ। ਆਪਣੇ ਇਸ ਇੱਛਾਵਾਂ ਨਾਲ਼ ਲਬਰੇਜ਼ ਸਰੀਰ ਨੂੰ ਨਸ਼ਟ ਕਰ ਈਸਾ ਦਾ ਗਧਾ ਬਣਾ ਕੇ ਤੇ ਫੇਰ ਮਸੀਹਾ (ਈਸਾ ਮਸੀਹ) ਵਾਂਗ ਉਸ ਸਿਰਜਨਹਾਰ ਦੇ ਪਿਆਰ ਦੀ ਜੋਤ ਜਗਾ ਆਪਣੇ ਅੰਤਰਮਨ ਵਿੱਚ। ਸਾੜ ਸੁੱਟ ਇਸ ਸਰੀਰ ਰੂਪੀ ਗਧੇ ਨੂੰ ਤੇ ਬਦਲੇ ਵਿੱਚ ਚੁਣ ਪਿਆਰ ਦੇ ਪੰਛੀ ਨੂੰ ਤਾਂ ਕਿ ਪਰਮਾਤਮਾਂ ਦੀ ਅੰਸ਼ ਆਤਮਾਂ ਖੁਸ਼ੀ-ਖੁਸ਼ੀ ਤੇਰੇ ਨਜ਼ਦੀਕ ਆਵੇ। ਸਲਾਮ ਹੈ ਤੈਨੂੰ, ਇਸ਼ਕ ਦੇ ਬਾਗ ਦੀ ਐ ਬੁਲਬੁਲ! ਗਾ, ਪਿਆਰ ਦੇ ਜ਼ਖ਼ਮਾਂ ਦੀ ਚੀਸ ‘ਚੋਂ ਉਪਜੇ ਵਿਛੋੜੇ ਦੇ ਵੈਰਾਗਮਈ ਗੀਤ, ਤੇ ਦਿਲੋਂ ਗਾ, ਦਾਊਦ ਵਾਂਗ ਵਿਛੋੜੇ ਦੇ ਆਨੰਦ ਵਿੱਚੋਂ, ਇਸ ਲਈ ਖੋਲ੍ਹ ਆਪਣੀ ਸ਼ਹਿਦ ਜਹੀ ਮਿੱਠੀ ਕੰਠ ਤੇ ਗਾ ਪ੍ਰਭੂ ਪਿਆਰ ਨਾਲ਼ ਗੜੁੱਚ ਪ੍ਰਵਚਨਾਂ ਜਹੇ ਅਧਿਆਤਮਿਕ ਗੀਤ ਤੇ ਦਿਖਾ ਸੱਚਾ ਪੰਧ ਭਟਕੇ ਹੋਏ ਮਨੁੱਖ ਨੂੰ। ਆਪਣੇ ਦਿਲ ਦੇ ਲੋਹੇ ਨੂੰ ਮੋਮ ਜਿਹਾ ਕੋਮਲ ਬਣਾ, ਤੇ ਤੂੰ ਦਾਊਦ ਹੋ ਜਾਏਂਗੀ, ਪਰਮਾਤਮਾਂ ਦੇ ਪਿਆਰ ਦੇ ਜੋਸ਼ ਨਾਲ਼ ਲਬਰੇਜ਼। ਸਵਾਗਤ ਹੈ ਤੇਰਾ, ਅੱਠਾਂ ਦਰਵਾਜ਼ਿਆਂ ਵਾਲੇ ਬਾਗ³) ਦੇ ਐ ਮੋਰ! (3) (ਜੰਨਤ-ਤੌਹੀਦ ਦੇ ਪਾਂਧੀਆਂ ਦੀ ਅਨੰਤ ਮੰਜਿਲ) ਅਤੇ ਤ੍ਰਿਪਤ ਹੁੰਦਾ ਹੈ ਜਦੋਂ ਤੂੰ ਉਡਾਰੀ ਲਾਉਂਦਾ ਹੈਂ ਅਧਿਆਤਮਿਕ ਗਿਆਨ ਰੂਪੀ ਪਹਾੜਾਂ ਤੋਂ। ਆਪਣੇ ਆਪ ਨੂੰ ਹੁਲਾਸ ਵਿੱਚ ਉੱਪਰ ਚੁੱਕ ਤੇ ਸੋਚ ਉਹਨਾਂ ਹਾਸਲਾਂ ਬਾਰੇ ਜੋ ਇਸ ਰਸਤੇ ਤੇ ਮਿਲਣਗੇ । ਪਰਮਾਤਮਾਂ ਦੇ ਘਰ ਦਾ ਦਰ ਖੜਕਾ; ਤੇ ਨਿਮਰਤਾ ਨਾਲ਼ ਪਿਘਲਾ ਦੇ ਖੋਟੀਆਂ ਇੱਛਾਵਾਂ ਦੇ ਪਹਾੜਾਂ ਨੂੰ ਤਾਂ ਕਿ ਊਠ ਬਾਹਰ ਆ ਸਕੇ। ਨਮਸਕਾਰ ਤੈਨੂੰ, ਐ ਤਿੱਖੀ ਨਜ਼ਰ ਵਾਲੇ ਸ਼ਾਹੀ ਬਾਜ਼! ਕਿੰਨੀ ਦੇਰ ਤੂੰ ਇੰਝ ਗਰਮ ਮਿਜਾਜ਼ ਤੇ ਹਿੰਸਕ ਰਹੇਂਗਾ? ਅਨੰਤ ਪਿਆਰ ਦੇ ਸ਼ਬਦਾਂ ਨੂੰ ਸੌਂਪ ਦੇ ਆਪਣੇ ਪੰਜੇ ਤੇ ਵਾਅਦਾ ਨਾ ਤੋੜੀਂ ਅਮਰਪਦ ਦੀ ਪ੍ਰਾਪਤੀ ਤੱਕ। ਰੂਹ ਤੇ ਬਿਬੇਕ ਦਾ ਮਿਸ਼ਰਨ ਬਣਾ ਤੇ ਤੱਕ ਅਮਰਤਾ ਨੂੰ ਭੂਤ ਤੇ ਭਵਿੱਖ ਵਿੱਚ ਇੱਕ ਦੇ ਤੌਰ ‘ਤੇ। ਭੰਨ ਸੁੱਟ ਇਸ ਸਰੀਰ ਦਾ ਠੀਕਰਾ ਤੇ ਆਪਣੇ ਆਪ ਨੂੰ ਸਥਾਪਿਤ ਕਰ ਇੱਕਮਿੱਕਤਾ ਦੀ ਗੁਫਾ ਵਿੱਚ ਤੇ ਯਾਦ ਰੱਖੀਂ ਮੁਹੰਮਦ ਖੁਦ ਤੇਰੇ ਕੋਲ਼ ਆਉਣਗੇ। ਐ ਬਟੇਰ! ਨਮਨ ਹੈ ਤੈਨੂੰ । ਜਦੋਂ ਤੂੰ ਪਿਆਰ ਦੀ ਗੂੰਜ ਨੂੰ ਆਪਣੀ ਅੰਤਰ-ਆਤਮਾਂ ਨਾਲ਼ ਸੁਣਦਾ ਹੈਂ, ਤਾਂ ਤੇਰਾ ਵਾਸਨਾਵਾਂ ਨਾਲ਼ ਭਰਿਆ ਬੋਰੇ ਜਿਹਾ ਸਰੀਰ ਅਪ੍ਰਸੰਨਤਾ ਨਾਲ਼ ਜਵਾਬ ਦਿੰਦਾ ਹੈ। ਆਪਣੇ ਇਸ ਇੱਛਾਵਾਂ ਨਾਲ਼ ਲਬਰੇਜ਼ ਸਰੀਰ ਨੂੰ ਨਸ਼ਟ ਕਰ ਈਸਾ ਦਾ ਗਧਾ ਬਣਾ ਕੇ ਤੇ ਫੇਰ ਮਸੀਹਾ (ਈਸਾ ਮਸੀਹ) ਵਾਂਗ ਉਸ ਸਿਰਜਨਹਾਰ ਦੇ ਪਿਆਰ ਦੀ ਜੋਤ ਜਗਾ ਆਪਣੇ ਅੰਤਰਮਨ ਵਿੱਚ। ਸਾੜ ਸੁੱਟ ਇਸ ਸਰੀਰ ਰੂਪੀ ਗਧੇ ਨੂੰ ਤੇ ਬਦਲੇ ਵਿੱਚ ਚੁਣ ਪਿਆਰ ਦੇ ਪੰਛੀ ਨੂੰ ਤਾਂ ਕਿ ਪਰਮਾਤਮਾਂ ਦੀ ਅੰਸ਼ ਆਤਮਾਂ ਖੁਸ਼ੀ-ਖੁਸ਼ੀ ਤੇਰੇ ਨਜ਼ਦੀਕ ਆਵੇ। ਸਲਾਮ ਹੈ ਤੈਨੂੰ, ਇਸ਼ਕ ਦੇ ਬਾਗ ਦੀ ਐ ਬੁਲਬੁਲ! ਗਾ, ਪਿਆਰ ਦੇ ਜ਼ਖ਼ਮਾਂ ਦੀ ਚੀਸ ‘ਚੋਂ ਉਪਜੇ ਵਿਛੋੜੇ ਦੇ ਵੈਰਾਗਮਈ ਗੀਤ, ਤੇ ਦਿਲੋਂ ਗਾ, ਦਾਊਦ ਵਾਂਗ ਵਿਛੋੜੇ ਦੇ ਆਨੰਦ ਵਿੱਚੋਂ, ਇਸ ਲਈ ਖੋਲ੍ਹ ਆਪਣੀ ਸ਼ਹਿਦ ਜਹੀ ਮਿੱਠੀ ਕੰਠ ਤੇ ਗਾ ਪ੍ਰਭੂ ਪਿਆਰ ਨਾਲ਼ ਗੜੁੱਚ ਪ੍ਰਵਚਨਾਂ ਜਹੇ ਅਧਿਆਤਮਿਕ ਗੀਤ ਤੇ ਦਿਖਾ ਸੱਚਾ ਪੰਧ ਭਟਕੇ ਹੋਏ ਮਨੁੱਖ ਨੂੰ। ਆਪਣੇ ਦਿਲ ਦੇ ਲੋਹੇ ਨੂੰ ਮੋਮ ਜਿਹਾ ਕੋਮਲ ਬਣਾ, ਤੇ ਤੂੰ ਦਾਊਦ ਹੋ ਜਾਏਂਗੀ, ਪਰਮਾਤਮਾਂ ਦੇ ਪਿਆਰ ਦੇ ਜੋਸ਼ ਨਾਲ਼ ਲਬਰੇਜ਼। ਸਵਾਗਤ ਹੈ ਤੇਰਾ, ਅੱਠਾਂ ਦਰਵਾਜ਼ਿਆਂ ਵਾਲੇ ਬਾਗ³) ਦੇ ਐ ਮੋਰ! (3) (ਜੰਨਤ-ਤੌਹੀਦ ਦੇ ਪਾਂਧੀਆਂ ਦੀ ਅਨੰਤ ਮੰਜਿਲ) ਤੂੰ ਪੀੜਤ ਹੈਂ ਅੱਠ ਸਿਰਾਂ ਵਾਲੇ ਨਾਗ ਦੁਆਰਾ, ਜਿਸ ਕਰਕੇ ਤੈਨੂੰ ਅਦਨ ਦੇ ਬਾਗ ‘ਚੋਂ ਕੱਢਿਆ ਗਿਆ। ਜੇ ਤੂੰ ਆਪਣਾ ਆਪਾ ਛੁਡਾ ਲਵੇਂ ਇਸ ਘਿਨਾਉਣੇ ਨਾਗ ਕੋਲ਼ੋਂ ਤਾਂ ਆਦਮ ਤੈਨੂੰ ਆਪਣੇ ਨਾਲ਼ ਸਵਰਗੀਂ ਲੈ ਜਾਵੇਗਾ। ਬੰਦਨਾ ਤੈਨੂੰ ਐ ਸਰਵਟ ਤਿੱਤਰ! ਤੂੰ ਵੇਖ ਸਕਦਾ ਹੈਂ ਜੋ ਬਹੁਤ ਦੂਰ ਹੈ ਅਤੇ ਸਮਝ ਸਕਦਾ ਹੈਂ ਰੌਸ਼ਨੀ ਦੇ ਸਮੁੰਦਰ ਵਿੱਚ ਲੀਨ ਦਿਲ ਰੂਪੀ ਬੀਜ ਨੂੰ ਹਲਾਂਕਿ ਤੂੰ ਰਹਿੰਦਾ ਹੈਂ ਹਨੇਰ ਕੰਦਰਾਂ ਤੇ ਅਨਿਸਚਿਤ ਕੈਦਖਾਨਿਆਂ ਵਿੱਚ। ਆਪਣੇ ਆਪ ਨੂੰ ਉਭਾਰ ਇਹਨਾਂ ਖੱਡਿਆਂ ਵਿੱਚੋਂ ਤੇ ਸਿਰ ਉੱਚਾ ਚੁੱਕ ਦੈਵੀ ਸਿੰਘਾਸਨ ਅੱਗੇ। ਹੇ ਧੀਮੀ ਆਵਾਜ਼ ਵਿੱਚ ਵਿਰਲਾਪ ਕਰਨ ਵਾਲੀ ਘੁੱਗੀਏ’ 4) ਨਮਨ ਹੈ! ਤੂੰ ਪੂਰੀ ਤਰ੍ਹਾਂ ਸੰਤੁਸ਼ਟ ਬਾਹਰ ਜਾਂਦੀ ਹੈਂ ਪਰ ਵਾਪਸ ਆਉਂਦੀ ਹੈਂ ਉਦਾਸ ਮਨ ਨਾਲ਼, ਜਿਵੇਂ ਯੂਨਸ (ਜੋਨਾਹ)(5) ਸੀ ਸੰਕੀਰਨ ਕੈਦਖਾਨੇ (ਮੱਛੀ ਦੇ ਪੇਟ) ਵਿੱਚ। ਤੇ ਤੂੰ ਜੋ ਇੱਧਰ-ਓਧਰ ਭਟਕ ਰਹੀ ਹੈਂ ਮੱਛੀ ਵਾਂਗ, ਕਦ ਤਕ ਦਿਨ ਕਟੀ ਕਰ ਸਕਦੀ ਹੈਂ ਦਵੈਸ਼ ਨਾਲ਼? ਵੱਢ ਸੁੱਟ ਏਸ ਮੱਛੀ ਦਾ ਸਿਰ ਤਾਂ ਕਿ ਸਵਾਰ ਸਕੇਂ ਆਪਣੇ ਜਕੜੇ ਹੋਏ ਪਰ, ਆਪਣੀ ਚੁੰਝ ਨਾਲ਼, ਆਉਂਦੀ ਪੂਰਨਮਾਸ਼ੀ ਤੱਕ। ਨਮਸਕਾਰ ਐ ਕਬੂਤਰ! ਉੱਚੀ ਆਵਾਜ਼ ਵਿੱਚ ਗੀਤ ਗਾ ਤਾਂ ਕਿ ਮੈਂ ਤੇਰੀ ਪਰਕਰਮਾਂ ਕਰਦਾ ਹੋਇਆ ਤੇਰੇ ਆਲੇ ਦੁਆਲੇ ਖਿਲਾਰ ਸਕਾਂ ਮੋਤੀਆਂ ਨਾਲ਼ ਭਰੇ ਸੱਤ ਥਾਲ। ਜਦ ਤੋਂ ਤੇਰੀ ਧੌਣ ਦੁਆਲੇ ਆਈ ਹੈ ਆਸਥਾ ਰੂਪੀ ਇਹ ਗਾਨੀ ਤਾਂ ਤੇਰੇ ਅਵਿਸ਼ਵਾਸੀ ਹੋਣ ਦਾ ਡਰ ਮੁੱਕ ਗਿਆ ਹੈ । ਜਦ ਤੂੰ ਜਾਣ ਲੈਣ ਦੇ ਇਸ ਰਸਤੇ ਤੇ ਤੁਰ ਪਿਆ ਤਾਂ ਖ਼ਿਜ਼ਰ ਲੈ ਕੇ ਆਵੇਗਾ ਤੇਰੇ ਲਈ ਆਬੇ ਹਯਾਤ। (4) (ਕੱਛੂ-ਕਬੂਤਰ-ਯੂਰਪ ਵਸਦੀ ਇੱਕ ਕਬੂਤਰ ਦੀ ਨਸਲ) (5) (139 ਅਤੇ ਬੇਸ਼ਕ ਯੂਨਸ ਵੀ ਸਾਡੇ ਭੇਜੇ ਹੋਏ ਸੰਦੇਸ਼ਵਾਹਕਾਂ ਵਿੱਚੋਂ ਸੀ।…. 142 ਫੇਰ ਉਸ ਨੂੰ ਮੱਛੀ ਨੇ ਨਿਗ਼ਲ ਲਿਆ ।… 144 ਤਾਂ ਕਿਆਮਤ ਦੇ ਦਿਨ ਤਕ ਉਹ ਮੱਛੀ ਦੇ ਢਿੱਡ ਵਿੱਚ ਹੀ ਰਹਿੰਦਾ। (ਕੁਰਾਨ ਅਧਿ: 37) So also was Jonah among those sent (by Us). When he ran away (like a slave from captivity) to the ship (fully) laden, He (agreed to) cast lots, and he was condemned: Then the big Fish did swallow him, and he had done acts worthy of blame. Had it not been that he (repented and) glorified Allah, He would certainly have remained inside the Fish till the Day of Resurrection, Qur’an, chapter 37 (As-Saaffat), verse 139-144 22
ਸਵਾਗਤ ਐ ਸ਼ਿਕਰੇ! ਤੂੰ ਜਿਸ ਨੇ ਕਿ ਉੱਚੀਆਂ ਉਡਾਣਾਂ ਲਈ ਖੰਭ ਚੁਣੇ ਤੇ ਬਾਗੀ ਹੋਣ ਤੋਂ ਬਾਅਦ ਜਦੋਂ ਆਪਣੇ ਮਾਲਕ ਅੱਗੇ ਸਿਰ ਝੁਕਾਇਆ ਤਾਂ ਆਪਣੇ ਆਪ ਨੂੰ ਮੰਦਾ ਜਾਣਿਆਂ। ਤੂੰ ਜਕੜਿਆ ਹੋਇਆ ਹੈਂ ਆਪਣੇ ਸਰੀਰ ਨੂੰ ਇਸ ਸੰਸਾਰ (ਮਾਇਆ) ਨਾਲ਼ ਤਾਂ ਹੀ ਦੂਜਿਆਂ ਤੋਂ ਦੂਰ ਹੋ ਰਿਹਾ ਹੈਂ। ਜਦੋਂ ਤੂੰ ਮੁਕਤ ਹੋ ਜਾਵੇਂਗਾ ਸੰਸਾਰ ਦੇ ਬੰਧਨਾਂ ਤੋਂ, ਵਰਤਮਾਨ ਤੇ ਭਵਿੱਖ ਤੋਂ ਤਾਂ ਆਰਾਮ ਕਰੇਂਗਾ ਸਿਕੰਦਰ ਦੇ ਹੱਥ ‘ਤੇ। ਏਧਰ ਆ ਐ ਆਨੰਦ ਵਿੱਚ ਉੱਡਦੀ ਹੋਈ ਸੋਨੇ ਰੰਗੀ ਚਿੜੀਏ(6), ਸਵਾਗਤ ਹੈ ਤੇਰਾ! ਉਤਸੁਕਤਾ ਨਾਲ਼ ਕਰਮ ਕਰ ਤੇ ਅੱਗ ਵਾਂਗ ਆ। ਜਦੋਂ ਤੂੰ ਆਪਣੇ ਸਭ ਬੰਧਨਾਂ ਤੋਂ ਮੁਕਤ ਹੋ ਜਾਏਂਗੀ ਤਾਂ ਰੱਬੀ ਪ੍ਰਕਾਸ਼ ਆਪਣੇ ਆਪ ਹੋਰ-ਹੋਰ-ਹੋਰ ਪ੍ਰਗਟ ਹੁੰਦਾ ਜਾਏਗਾ। ਜਦਕਿ ਤੇਰਾ ਦਿਲ ਜਾਣਦਾ ਹੈ ਪਰਮ ਪਿਤਾ ਦੇ ਰਹੱਸਾਂ ਨੂੰ ਤਾਂ ਵਫਾਦਾਰ ਰਹਿ । ਜਦ ਤੂੰ ਆਪਣੇ ਆਪ ਨੂੰ ਸੰਪੂਰਨ ਕਰ ਲਿਆ ਤਾਂ ਕੋਈ ਹੋਂਦ ਨਹੀਂ ਰਹੇਗੀ। ਪਰ ਸਦਾ ਰਹੇਗਾ ਪਰਮਾਤਮਾਂ ਦਾ ਨਾਮ।
(6) (ਗੋਲਡ-ਫਿੰਚ-ਇੱਕ ਸੁਨਿਹਰੀ ਅਮਰੀਕੀ ਚਿੜੀ) Matthew Bohan | BohanArt.com 23
ਤਿੰਨ ਪੰਛੀਆਂ ਦੀ ਮਜਲਿਸ ਸਭਾ ਦੀ ਪ੍ਰਰੰਭਤਾ ਦੁਨੀਆਂ ਦੇ ਸਾਰੇ ਪੰਛੀ, ਜਾਣੇ-ਪਛਾਣੇ ਤੇ ਅਜਨਬੀ, ਇਕੱਤ੍ਰ ਹੋਏ। ਉਹ ਬੋਲੇ; ‘ਦੁਨੀਆਂ ਦਾ ਕੋਈ ਵੀ ਦੇਸ਼ ਰਾਜੇ ਤੋਂ ਬਿਨਾ ਨਹੀਂ, ਤਾਂ ਫੇਰ ਇਹ ਕਿਵੇਂ ਹੋਇਆ ਕਿ ਪੰਛੀਆਂ ਦੀ ਇਹ ਸਲਤਨਲ ਬਗੈਰ ਮਾਲਕ ਤੋਂ ਹੈ! ਏਹੋ ਜਹੇ ਮਾਲਕ ਵਿਹੀਨ ਰਾਜ ਢਹਿੰਦਿਆਂ ਦੇਰ ਨਹੀਂ ਲੱਗਦੀ। ਸਾਨੂੰ ਇਕੱਤ੍ਰ ਹੋ ਕੇ ਹੰਭਲਾ ਮਾਰਨਾ ਪਵੇਗਾ ਤੇ ਵੱਡੇ ਉਪਰਾਲੇ ਕਰਨੇ ਹੀ ਪੈਣਗੇ ਆਪਣਾ ਕੋਈ ਰਾਜਾ ਲੱਭਣ ਲਈ। ਕਿਸੇ ਵੀ ਦੇਸ਼ ਦੇ ਚੰਗੇ ਸ਼ਾਸ਼ਨ ਪ੍ਰਬੰਧ ਤੇ ਵਧੀਆ ਸੰਗਠਨ ਚੱਲ ਹੀ ਨਹੀਂ ਸਕਦੇ ਇੱਕ ਚੰਗੇ ਰਾਜੇ ਬਿਨਾ। ਸੋ ਉਹਨਾਂ ਆਪਣੀ ਇਸ ਖੋਜ ਬਾਰੇ ਸਲਾਹਾਂ ਕਰਨੀਆਂ ਸ਼ੁਰੂ ਕੀਤੀਆਂ। ਉਤਸ਼ਾਹ ਤੇ ਭਰੋਸੇ ਨਾਲ਼ ਭਰੀ ਹੋਈ ਹੁਦਹੁਦ ਆਪਣੇ ਆਪ ਨੂੰ ਸਾਰੀ ਸਭਾ ਦੇ ਵਿਚਾਲੇ ਲੈ ਕੇ ਆਈ । ਉਸ ਨੇ ਆਪਣੀ ਛਾਤੀ ਤੇ ਇਲਾਹੀ ਜਵਾਹਰਾਤ ਪਹਿਣ ਰੱਖੇ ਸਨ, ਜੋ ਕਿ ਇਸ਼ਾਰਾ ਸਨ ਇਸ ਦਾ ਕਿ ਉਹ ਇਲਾਹੀ ਗਿਆਨ ਦੇ ਪੰਥ ਦੀ ਪਾਂਧੀ ਹੈ; ਸੱਚਾਈ ਦੇ ਤਾਜ ਜਹੀ ਕਲਗੀ ਉਸ ਦੇ ਸਿਰ ‘ਤੇ ਸੁਭਾਇਮਾਨ ਸੀ ਤੇ ਉਹ ਚੰਗਿਆਈਆਂ-ਬੁਰਿਆਈਆਂ ਨਾਲ਼ ਵਾਕਫ ਸੀ। ‘ਪਿਆਰੇ ਪੰਛੀਓ’ ਉਸ ਨੇ ਬੋਲਣਾ ਸ਼ੁਰੂ ਕੀਤਾ, ‘ਮੈਂ ਹੀ ਹਾਂ ਉਹ ਜੋ ਧਰਮ ਯੁੱਧ ਵਿੱਚ ਰੁੱਝੀ ਰਹੀ ਹਾਂ ਤੇ ਮੈਂ ਹੀ ਅਣਦਿਸਦੇ ਜਗਤ ਦੀ ਕਾਸਦ ਹਾਂ। ਮੈਨੂੰ ਪਰਮ ਸੱਤਾ ਦਾ ਗਿਆਨ ਹੈ ਤੇ ਸਿਰਜਨ ਪ੍ਰਕਿਰਿਆ ਦੇ ਰਹੱਸਾਂ ਤੋਂ ਵੀ ਵਾਕਫ ਹਾਂ। ਜਦੋਂ ਕੋਈ ਆਪਣੀ ਚੁੰਝ ਵਿੱਚ ਭਰ ਕੇ ਲੈ ਜਾਂਦਾ ਹੈ ਇਲਾਹੀ ਸੰਦੇਸ਼, ਪਰਮੇਸ਼ਰ ਦਾ ਨਾਮ, ਜਿਵੇਂ ਕਿ ਮੈਂ ਕੀਤਾ, ਤਾਂ ਉਹ ਬਹੁਤੇ ਭੇਦਾਂ ਤੋਂ ਵੀ ਜਾਣੂ ਹੋ ਜਾਂਦਾ ਹੈ। ਮੇਰਾ ਸਮਾਂ ਹੁਣ ਥੋਤੀ ਵਿਆਕਲਤਾ ਵਿੱਚ ਲੰਘ ਰਿਹਾ ਹੈ ਤੇ ਮੈਂ ਕਿਸੇ ਦੇ ਸੰਪਰਕ ਵਿੱਚ ਨਹੀਂ। ਸਿਰਫ ਪਰਮਾਤਮਾਂ ਦੇ ਇਸ਼ਕ ਦਾ ਕਬਜ਼ਾ ਹੈ ਮੇਰੇ ਉੱਤੇ। ਆਪਣੀ ਸਹਿਜ ਪ੍ਰਵ੍ਰਿਤੀ ਨਾਲ਼ ਹੀ ਮੈਂ ਪਾਣੀ ਲੱਭ ਸਕਦੀ ਹਾਂ ਤੇ ਇਸੇ ਤਰ੍ਹਾਂ ਕਈ ਹੋਰ ਰਹੱਸਮਈ ਸ਼ੈਆਂ। ਮੈਂ ਸੁਲੇਮਾਨ ਨਾਲ਼ ਬਚਨ ਸਾਂਝੇ ਕੀਤੇ ਤੇ ਮੈਂ ਉਸ ਦੇ ਪਹਿਲੀ ਕਤਾਰ ਦੇ ਅਨੁਯਾਈਆਂ ਵਿੱਚੋਂ ਹਾਂ। ਮੇਰੇ ਲਈ ਇਹ ਹੈਰਾਨਗੀ ਵਾਲੀ ਗੱਲ ਹੈ ਕਿ ਜੋ ਸੁਲੇਮਾਨ ਦੀ ਛਤਰ ਛਾਇਆ ਹੇਠੋਂ ਇੱਕ ਵਾਰ ਪਾਸੇ ਹੋਇਆ, ਉਸ ਨੇ ਨਾ ਤਾਂ ਉਸ ਬਾਰੇ ਕਦੇ ਪੁੱਛਿਆ ਤੇ ਨਾ ਹੀ ਕੋਈ ਬੁਲਾਵਾ ਭੇਜਿਆ, ਪਰ, ਮੈਂ ਉਸ ਤੋਂ ਜਦ ਕਦੇ ਇੱਕ ਦਿਨ ਲਈ ਵੀ ਪਾਸੇ ਹੋ ਜਾਵਾਂ ਤਾਂ ਉਹ ਹਰ ਪਾਸੇ ਮੇਰੀ ਭਾਲ ਲਈ ਹਰਕਾਰੇ ਭੇਜ ਦਿੰਦਾ ਹੈ, ਮੇਰੇ ਬਿਨਾ ਉਹ ਇੱਕ ਪਲ ਵੀ ਨਹੀਂ ਰਹਿ ਸਕਦਾ, ਇਸ ਕਰਕੇ ਮੇਰੀ ਕੀਮਤ ਕਿਆਮਤ ਦੇ ਦਿਨ ਤੱਕ ਲਈ ਸਥਾਪਿਤ ਹੋ ਚੁੱਕੀ ਹੈ। ਮੈਂ ਉਸ ਦੀਆਂ ਚਿੱਠੀਆਂ ਲਿਜਾਣ ਵਾਲਾ, ਉਸਦੇ ਗੁਪਤ ਭੇਦਾਂ ਦਾ ਜਾਣੂ ਸਾਥੀ ਹਾਂ । ਜੋ ਪੰਛੀ, ਪੈਗੰਬਰ ਦਾ ਏਨਾ ਪ੍ਰਿਅ ਹੋ ਜਾਵੇਗਾ, ਉਸ ਦੇ ਸਿਰ ‘ਤੇ ਤਾਜ ਤਾਂ ਸਜੇਗਾ ਹੀ । ਪੰਛੀ, ਜਿਸ ਨੂੰ ਪਰਮਾਤਮਾਂ ਨੇ ਮਿਠ-ਬੋਲੜਾ ਬਣਾਇਆ ਹੋਵੇਗਾ, ਉਸ ਦੇ ਖੰਭਾਂ ਤੇ ਕਦ ਉਹ ਧੂੜ ਪੈਣ ਦੇਵੇਗਾ। ਸਾਲਾਂ ਤੱਕ ਮੈਂ ਜਲਾਂ-ਥਲਾਂ ਦਾ ਭ੍ਰਮਨ ਕੀਤਾ ਹੈ, ਪਹਾੜਾਂ ਤੇ ਘਾਟੀਆਂ ਦੀ ਯਾਤਰਾ ਕੀਤੀ ਹੈ। ਜਿੰਨੀਆਂ ਵੀ ਪਰਲੋਆਂ ਤੇ ਕਿਆਮਤਾਂ ਆਈਆਂ ਉਹਨਾਂ ਵਿੱਚ ਮੈਨੂੰ ਬਚਾ ਕੇ ਕੱਢਿਆ ਗਿਆ। ਸੁਲੇਮਾਨ ਦੀਆਂ ਯਾਤਰਾਵਾਂ ਦੌਰਾਨ ਮੈਂ ਉਸ ਦੇ ਨਾਲ਼ ਰਿਹਾ, ਮੈਂ ਸੰਸਾਰ ਦੀਆਂ ਸੀਮਾਵਾਂ ਨੂੰ ਸਮਝਿਆ ਹੈ । ਭਾਵੇਂ ਕਿ ਮੈਂ ਚੰਗੀ ਤਰ੍ਹਾਂ ਵਾਕਫ ਹਾਂ ਆਪਣੇ ਮਾਲਕ ਨਾਲ਼, ਪਰ ਤਾਂ ਵੀ ਮੈਂ ਇਕੱਲੀ ਉੱਥੇ ਨਹੀਂ ਜਾ ਸਕਦੀ। ਤਿਆਗ ਦਿਓ ਆਪਣੀ ਕਾਇਰਤਾ, ਭੰਨ ਦਿਓ ਆਪਣੇ ਦੰਭ ਤੇ ਛੱਡ ਦਿਓ ਆਪਣੀ ਅਵਿਸ਼ਵਾਸ਼ਤਾ। ਜਿਸ ਨੇ ਵੀ ਆਪਣੇ ਅੰਦਰ ਗਿਆਨ ਦੀਪਕ ਬਾਲ ਲਿਆ ਉਹ ਚੰਗੇ-ਮੰਦੇ ਦੇ ਭੇਦਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਿਆ। ਆਪਣੇ ਅੰਦਰ ਦਿਆਲਤਾ ਲਿਆਓ, ਖੇੜੇ ਵਿੱਚ ਧਰਤੀ ਤੋਂ ਕਦਮ ਚੁੱਕੋ ਤੇ ਹੁਲਾਸ ਵਿੱਚ ਰੱਖੋ, ਜਿਵੇਂ ਕੋਈ ਖੁਸ਼ੀ ਵਿੱਚ ਝੂਮਦਾ ਹੈ ਤੇ ਇਸ ਤਰ੍ਹਾਂ ਨੱਚਦੇ-ਟੱਪਦੇ ਸਿਰ ਭੇਂਟ ਕਰ ਦਿਓ ‘ਉਸਦੇ’ ਚਰਨਾਂ ਵਿੱਚ। ਸਾਡਾ ‘ਸਜਣ ਸਚਾ ਪਾਤਸ਼ਾਹ’, ਜਿਸ ਦਾ ਨਾਮ ‘ਸੀਮੁਰਗ਼’ ਹੈ, ਕਾਫ ਦਿਆਂ ਪਹਾੜਾਂ ਤੋਂ ਪਾਰ ਵਸਦਾ ਹੈ। ਉਹ ਵਾਲ ਤੋਂ ਵੀ ਜਿਆਦਾ ਨੇੜੇ ਹੈ ਸਾਡੇ, ਪਰ, ਅਸੀਂ ਦੂਰ ਹਾਂ ਉਸ ਤੋਂ। ਦੁਰਲੱਭ ਹੈ ਉਹ ਥਾਂ, ਲਗਭਗ ਪਹੁੰਚ ਤੋਂ ਬਾਹਰ, ਜਿੱਥੇ ਉਹ ਵਸਦਾ ਹੈ ਤੇ ਕੋਈ ਰਸਨਾ ਉਸ ਨੂੰ ਪੂਰਾ ਬਿਆਨਣ ਤੋਂ ਅਸਮਰਥ ਹੈ1) ਚਾਨਣ ਤੇ ਹਨੇਰੇ ਨਾਲ਼ ਲਬਰੇਜ਼ ਹਜ਼ਾਰਾਂ-ਲੱਖਾਂ ਪਰਦੇ ਉਸ ਅੱਗੇ ਲਟਕ ਰਹੇ ਹਨ, ਕਿਸੇ ਦੀ ਕੀ ਮਜ਼ਾਲ ਕਿ ਉਸ ਨਾਲ਼ ਤਕਰਾਰ ਵਿੱਚ ਪੈ ਸਕੇ। ਉਹ ਸਰਵ ਸ਼ਕਤੀਮਾਨ ਪਿਤਾ ਆਪਣੀ ਪੂਰਨ ਮਹਿਮਾਂ ਵਿੱਚ ਇਸ਼ਨਾਨ (1) (ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ) ਕਰਦਾ ਹੈ। ਉਹ ਆਪਣੇ ਆਪੇ ਨੂੰ ਤੇ ਆਪਣੇ ਰਹਿਣ ਦੀ ਥਾਂ ਨੂੰ ਪੂਰੀ ਤਰ੍ਹਾਂ ਪਰਗਟ ਨਹੀਂ ਕਰਦਾ ਤੇ ਕਿਸੇ ਵੀ ਤਰ੍ਹਾਂ ਦੀ ਸਿਆਨਪ ਤੇ ਗਿਆਨ ਉੱਥੋਂ ਤੱਕ ਪਹੁੰਚ ਨਹੀਂ ਸਕਦਾ। ਅਨਜਾਣ ਪੰਧ ਹੈ ਤੇ ਕੋਈ ਵੀ ਦ੍ਰਿੜਤਾ ਉਸ ਨੂੰ ਲੱਭਣ ਵਿੱਚ ਅਸਮਰਥ ਹੈ, ਹਲਾਂਕਿ ਕਿ ਫਿਰ ਵੀ ਹਜ਼ਾਰਾਂ ਪਾਂਧੀਆਂ ਨੇ ਇਸ ਤੜਪ ਵਿੱਚ ਆਪਣੇ ਜੀਵਨ ਕੁਰਬਾਨ ਕਰ ਦਿੱਤੇ। ਕੋਈ ਪੂਰਨ ਖ਼ਰੀ ਆਤਮਾਂ ਵੀ ਉਸ ਨੂੰ ਪੂਰਾ ਨਹੀਂ ਬਿਆਨ ਸਕਦੀ ਤੇ ਨਾ ਹੀ ਕੋਈ ਤਰਕ ਉਸ ਨੂੰ ਸਮਝ ਸਕਦਾ ਹੈ, ਬਹੁਤਿਆਂ ਨੇ ਇਹ ‘ਨੈਨ’ ਉਸ ਨੂੰ ਤੱਕਣ ਲਈ ਸੰਭਾਲ ਕੇ ਰੱਖੇ ਪਰ ਇਹਨਾਂ ਅੱਖਾਂ ਨਾਲ਼ ਉਸ ਨੂੰ ਦੇਖਿਆ ਹੀ ਨਹੀਂ ਜਾ ਸਕਦਾ ।(2) ‘ਸਹਸ ਸਿਆਣਪਾ’ ਵੀ ਉਸ ਦੀ ਥਾਹ ਨਹੀਂ ਪਾ ਸਕੀਆਂ ਤੇ ਨਾ ਹੀ ਬੁੱਧੀਆਂ ਦਾ ਮਾਲਕ ਕਹਾਉਣ ਵਾਲਾ ਕੋਈ ਵੀ ਬੁਧੀਮਾਨ ਮਨੁੱਖ ਉਸ ਦੀ ਸੁੰਦਰਤਾ ਮਹਿਸੂਸ ਕਰ ਸਕਿਆ। ਹਰ ਤਰ੍ਹਾਂ ਦੇ ਪ੍ਰਾਣੀ ਉਸ ਨੂੰ ਪਾਉਣ ਦੀ ਲਾਲਸਾ ਰੱਖਦੇ ਹਨ ਤੇ ਆਪਣੀਆਂ ਕਲਪਨਾਵਾਂ ਨਾਲ਼ ਉਸ ਨੂੰ ਬਿਆਨਦੇ ਵੀ ਹਨ, ਪਰ, ਕੀ ਸਿਰਫ ਕਲਪਨਾਵਾਂ ਦੇ ਆਸਰੇ ਇਸ ਰਸਤੇ ‘ਤੇ ਚੱਲਿਆ ਜਾ ਸਕਦਾ ਹੈ? ਇਕ ਵੱਡੀ ਮੱਛੀ ਦੇਖ ਕੇ ਤਾਂ ਚੰਦ ਦੀ ਵਿਸ਼ਾਲਤਾ ਨਹੀਂ ਨਾ ਬਿਆਨੀ ਜਾ ਸਕਦੀ, ਸੋ ਲੱਖਾਂ-ਹਜ਼ਾਰਾਂ ਬੁੱਧੀਮਾਨ ਏਥੇ-ਉੱਥੇ ਕਰਦੇ ਭਉਂਦੇ ਫਿਰਦੇ ਹਨ। ਪਰ, ਬਿਰਹੋਂ ਦਾ ਵਿਰਲਾਪ ਤੇ ਤੜਪ ਦੇ ਹਉਂਕੇ ਹੀ ਸੁਣੇ ਜਾਣਗੇ ਤੇ ਉਸ ਤੱਕ ਪਹੁੰਚਨਗੇ।(3) ਇਸ ਰਸਤੇ ਤੇ ਸਮੁੰਦਰ ਤੇ ਬਹੁਤ ਧਰਤੀਆਂ ਆਉਣਗੀਆਂ, ਇਹ ਨਾ ਸਮਝਿਓ ਕਿ ਰਸਤਾ ਆਸਾਨ ਤੇ ਛੋਟਾ ਹੋਵੇਗਾ; ਸ਼ੇਰ ਜਿਹਾ ਦਿਲ ਚਾਹੀਦਾ ਹੈ ਅਜਿਹੇ ਬਿਖੜੇ ਪੈਂਡੇ ’ਤੇ ਤੁਰਨ ਲਈ, ਜੋ ਬਹੁਤ ਲੰਬਾ ਤੇ ਬਹੁਤ ਡੂੰਘੇ ਸਮੁੰਦਰਾਂ ਵਾਲਾ ਹੈ। ਇਸ ਅਸ਼ਚਰਜ ਪੰਧ ‘ਤੇ ਪੈਰ ਘਸੀਟ ਕੇ ਚੱਲਦੇ ਹੋਏ ਅਸੀਂ ਕਦੇ ਹੱਸਾਂਗੇ ਤੇ ਕਦੇ ਰੋਵਾਂਗੇ। ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਕਹਾਂਗਾ ਕਿ ਮੈਂ ਬਹੁਤ ਖੇੜੇ ਵਿੱਚ ਹੋਵਾਂਗਾ ਕਿ ਸ਼ਾਇਦ ਅਸੀਂ ਉਸਦਾ ਕੋਈ ਇੱਕ ਚਿੰਨ ਵੀ ਲੱਭ ਸਕੀਏ। ਭਾਵੇਂ ਕਿ ਇਹ ਥੋੜਾ ਲੱਗੇ ਪਰ ਉਸ ਦੀ ਯਾਦ ਬਿਨਾਂ ਜਿਊਣਾ ਤਾਂ ਸ਼ਰਮਿੰਦਾ ਕਰਨ ਵਾਲਾ ਹੈ ਨਾ। ਆਪਣੇ ਪ੍ਰਾਣ ਕੁਰਬਾਨ ਕਰ ਦੇਣੇ ਚਾਹੀਦੇ ਹਨ ਪਿਆਰੇ ਦੇ ਚਰਨਾਂ ਵਿੱਚ ਤਾਂ ਕਿ ਆਤਮਾਂ ਨੂੰ ਉਸ ਦੇ ਦਰਬਾਰ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ। ਪਰਮ ਪਿਤਾ ਦੇ ਰੰਗ ਵਿੱਚ ਰੱਤਿਆ ਹੋਇਆ ਜੋ ਮਨੁੱਖ ਆਪਣੇ ਇਸ ਸਰੀਰ ਦਾ ਠੀਕਰਾ ਫੋੜ ਦੇਵੇਗਾ ਉਹੀ ਸੂਰਮਾ (2) (ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ) (3) (ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ) ਕਹਾਏਗਾ (4) ਸੋ ਆਪਣੇ ਪਿਆਰੇ ਦੀ ਗਲੀ ਵਿੱਚ ਪੈਰ ਧਰਨ ਤੋਂ ਪਹਿਲਾਂ ਸਿਰ ਤਲੀ ’ਤੇ ਟਿਕਾ ਲਓ ਸੂਰੇ ਮਨੁੱਖ ਵਾਂਗ ਤੇ ਪ੍ਰੇਮ ਨਾਲ਼ ਭੇਂਟ ਕਰ ਦਿਓ ਪਿਆਰੇ ਮਹਿਬੂਬ ਅੱਗੇ ਤੇ ਸੱਚ ਜਾਣਿਓ ਉਹ ਅਮਰਤਾ ਬਖ਼ਸ਼ ਦੇਵੇਗਾ ਤੁਹਾਨੂੰ। ਸੀਮੁਰਗ਼ ਦੀ ਪਹਿਲੀ ਝਲਕ ਇਹ ਵਿਸਮਾਦੀ ਗੱਲ ਹੈ ਕਿ ਸੀਮੁਰਗ਼ ਦਾ ਪਹਿਲਾ ਝਲਕਾਰਾ ਚੀਨ ਵਿੱਚ ਪਿਆ, ਅੱਧੀ ਰਾਤ ਨੂੰ ਉਸਦਾ ਇੱਕ ਖੰਭ ਚੀਨ ਵਿੱਚ ਡਿੱਗਿਆ ਤੇ ਆਲਮੀਂ ਪੱਧਰ ‘ਤੇ ਉਸਦੀ ਮਹਿਮਾਂ ਫੈਲ ਗਈ। ਹਰ ਕਿਸੇ ਨੇ ਆਪਣੀਆਂ ਕਾਲਪਨਿਕ ਉਡਾਣਾਂ ਨਾਲ਼ ਉਸ ਖੰਭ ਦੀ ਤਸਵੀਰ ਬਣਾਈ ਤੇ ਇਸ ਨਾਲ਼ ਹਰ ਕਿਸੇ ਦੀਆਂ ਆਪਣੀਆਂ ਆਤਮਿਕ ਉਡਾਰੀਆਂ ਸਾਹਮਣੇ ਆਈਆਂ। ਇੱਕ ਅਜੀਬ ਜਹੀ ਖਲਬਲੀ ਫੈਲ ਗਈ। ਇਹ ਖੰਭ ਹਜੇ ਵੀ ਸੁਭਾਇਮਾਨ ਹੈ ਚੀਨ ਦੀ ਇੱਕ ਚਿਤਰਸ਼ਾਲਾ ਵਿੱਚ ਤੇ ਇਹ ਸੁਣ ਕੇ ਯਾਦ ਆਉਂਦੇ ਨੇ ਉਹ ਪੈਗੰਬਰੀ ਬੋਲ, “ਗਿਆਨ ਦੀ ਭਾਲ ਕਰੋ ਫੇਰ ਭਾਵੇਂ ਚੀਨ ਹੀ ਜਾਣਾ ਪਵੇ”।(5) ‘ਉਸ ਦੀ ਇਸ ਇੱਕ ਝਲਕ ਨਾਲ਼ ਹੀ ਸੰਸਾਰ ਵਿੱਚ ਰਹੱਸਵਾਦੀ ਸੱਤਾ ਦਾ ਸ਼ੋਰ ਸ਼ੁਰੂ ਹੋਇਆ। ਉਸ ਦੀ ਇਹ ਨਿਸ਼ਾਨੀ ਉਸਦੀ ਮਹਿਮਾਂ ਦਾ ਪ੍ਰਤੀਕ ਬਣੀ। ਹਰ ਇੱਕ ਰੂਹ ‘ਤੇ ਉਸ ਦੇ ਇਸ ਖੰਭ ਦੀ ਝਲਕ ਨੇ ਪ੍ਰਭਾਵ ਛੱਡਿਆ। ਹਲਾਂਕਿ ਵਰਨਣ ਨਹੀਂ ਕੀਤਾ ਜਾ ਸਕਿਆ ਨਾ ਸਿਰ ਸੀ ਨਾ ਹੀ ਪੂਛ, ਨਾ ਆਦਿ ਨਾ ਅੰਤ, ਤੇ ਜਰੂਰਤ ਨਹੀਂ ਕਿ ਇਸ ਤੋਂ ਵੱਧ ਹੋਰ ਕੁਝ ਕਿਹਾ ਜਾਵੇ। ਹੁਣ, ਤੁਹਾਡੇ ਵਿੱਚੋਂ ਜੋ ਵੀ ਇਸ ਇਸ਼ਕ ਦੇ ਪੰਥ ਦਾ ਪਾਂਧੀ ਹੈ, ਆਪਣਾ ਪਹਿਲਾ ਕਦਮ ਚੁੱਕੋ।’ ਜਦੋਂ ਹੁਦਹੁਦ ਨੇ ਬੋਲਣਾ ਬੰਦ ਕੀਤਾ ਤਾਂ ਸਾਰੇ ਪੰਛੀ ਉਤਸ਼ਾਹ ਵਿੱਚ ਆਪਣੇ ਰਾਜੇ ਦੀ ਮਹਿਮਾਂ ਦਾ ਗੁਨ-ਗਾਣ ਕਰਨ ਲੱਗੇ ਤੇ ਆਪਣੇ ਉਸ ਸਮਰਾਟ ਨੂੰ ਪਾਉਣ ਦੀ ਤੜਪ ਸਭ ਦੇ ਅੰਦਰ ਪ੍ਰਬਲ ਹੋ ਗਈ। ਉਹਨਾਂ ਇਕੱਠਿਆ ਨੇ ਜਾਣ ਦੀ ਰਾਇ ਕੀਤੀ। ਹਰ ਕੋਈ ਇੱਕ ਦੂਜੇ ਦਾ ਮਿੱਤਰ ਹੋ ਗਿਆ ਤੇ ਆਪਣੇ ਆਪ ਦਾ ਵਿਰੋਧੀ। ਪਰ ਜਦੋਂ ਉਹਨਾਂ ਅਹਿਸਾਸ ਕਰਨਾ ਸ਼ੁਰੂ ਕੀਤਾ ਕਿ ਇਹ ਪੰਧ ਕਿੰਨਾ ਬਿਖੜਾ ਤੇ ਮੁਸ਼ਕਿਲਾਂ ਭਰਿਆ ਹੋਵੇਗਾ ਤਾਂ ਉਹ ਝਿਜਕਣ ਲੱਗੇ ਪਰ ਬਾਵਜੂਦ ਇਸ ਦੇ ਉਹਨਾਂ ਇਹ ਆਭਾਸ ਨਾ ਹੋਣ ਦਿੱਤਾ, ਪਰ ਕੋਈ ਨਾ ਕੋਈ ਬਹਾਨੇ ਘੜ੍ਹਣ ਲੱਗੇ, ਹਰ ਕੋਈ ਆਪੋ ਆਪਣੇ ਵਿਤ ਅਨੁਸਾਰ। (4) (ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ) (5) (ਅਤਲਬਵਾ ਅਲਇਲਮ ਵਲੋ ਬਿਸੀਨ-ਹਦੀਸ ਨਬਵੀ) (Utlub il ‘ilma wa law fis-Sin) ਚਾਰ ਬੁਲਬੁਲ ਪ੍ਰੇਮ ਪਰੁੱਤੀ ਤੇ ਜੋਸ਼ ਭਰਪੂਰ ਬੁਲਬੁਲ ਸਭ ਤੋਂ ਪਹਿਲਾਂ ਅੱਗੇ ਆਈ। ਉਸ ਨੇ ਆਪਣੇ ਗੀਤ ਦੇ ਹਜ਼ਾਰਾਂ ਬੋਲਾਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਤੇ ਹਰ ਬੋਲ ਵਿੱਚ ਸੰਸਾਰ ਦੇ ਰਹੱਸ ਸਨ। ਜਦੋਂ ਉਹ ਇਹਨਾਂ ਰਹੱਸਾਂ ਨੂੰ ਗਾ ਰਹੀ ਸੀ ਤਾਂ ਸਭ ਪੰਛੀ ਸੁੰਨ ਸਨ। ‘ਇਸ਼ਕ ਦੇ ਸਾਰੇ ਭੇਦਾਂ ਤੋਂ ਜਾਣੂ ਹਾਂ ਮੈਂ’, ਉਹ ਬੋਲੀ, ‘ਠੀਕ ਹੈ ਮੈਂ ਦੁਹਰਾਉਂਦੀ ਹਾਂ ਆਪਣੇ ਪ੍ਰੇਮ ਗੀਤ। ਕੀ ਏਥੇ ਕੋਈ ਦਾਊਦ ਜਿਹਾ ਉਦਾਸ ਨਹੀਂ ਜਿਸ ਅੱਗੇ ਮੈਂ ਇਸ਼ਕ ਵਿੱਚ ਪਏ ਵਿਛੋੜੇ ਦੇ ਗੀਤ ਗਾ ਸਕਾਂ? ਬੰਸਰੀ ਦੇ ਮਿੱਠੇ ਸੁਰਾਂ ਵਿਚ ਮੇਰਾ ਹੀ ਵਿਰਲਾਪ ਹੈ ਤੇ ਵੀਣਾਂ ਦੀਆਂ ਤਾਰਾਂ ਵਿਚ ਵੀ ਮੇਰੀਆਂ ਚੀਕਾਂ। ਬਾਗਾਂ ਵਿੱਚ ਹੰਗਾਮਾਂ ਮੇਰੇ ਕਰਕੇ ਹੈ ਤੇ ਆਸ਼ਿਕਾਂ ਦੇ ਦਿਲਾਂ ਵਿੱਚ ਵੀ। ਹਰ ਪਲ ਮੈਂ ਨਵੇਂ ਰਹੱਸ ਉਜਾਗਰ ਕਰਦੀ ਹਾਂ ਤੇ ਹਮੇਸ਼ਾਂ ਗਾਉਂਦੀ ਹਾਂ ਉਦਾਸੀ ਦੇ ਨਵੇਂ ਗੀਤ। ਜਦੋਂ ਜਦੋਂ ਇਸ਼ਕ ਮੈਨੂੰ ਆਪਣੇ ਕਲਾਵੇ ਵਿੱਚ ਘੁੱਟ ਕੇ ਜਕੜਦਾ ਹੈ ਤਾਂ ਮੇਰੀ ਆਤਮਾਂ ਵਿੱਚ ਸਾਗਰਾਂ ਦੀਆਂ ਲਹਿਰਾਂ ਜਿੱਡੀ ਤੜਪ ਉੱਠਦੀ ਹੈ। ਜੋ ਵੀ ਮੈਨੂੰ ਸੁਣਦਾ ਹੈ ਉਸਦੇ ਸਭ ਤਰਕ ਖਿੰਡ-ਪੁੰਡ ਜਾਂਦੇ ਹਨ ਚਾਹੇ ਉਹ ਕਿੱਡਾ ਵੀ ਬੁੱਧੀਮਾਨ ਕਿਉਂ ਨਾ ਸਦਵਾਉਂਦਾ ਹੋਵੇ। ਜਦੋਂ ਮੈਂ ਗੁਲਾਬ ਜਹੇ ਮੇਰੇ ਪਿਆਰੇ ਤੋਂ ਜੁਦਾ ਹੁੰਦੀ ਹਾਂ ਤਾਂ ਮੈਂ ਨਿਰਜਿੰਦ, ਇਕੱਲੜੀ ਹੋ ਜਾਂਦੀ ਹਾਂ, ਮੇਰੇ ਗੀਤ ਅਲੋਪ ਹੋ ਜਾਂਦੇ ਹਨ ਤੇ ਸਭ ਰਹੱਸ ਖਾਮੋਸ਼ । ਮੇਰੇ ਭੇਦਾਂ ਤੋਂ ਹਰ ਕੋਈ ਵਾਕਫ ਨਹੀਂ ਸਿਰਫ ਗੁਲਾਬ ਹੀ ਦ੍ਰਿੜਤਾ ਨਾਲ਼ ਕਹਿ ਸਕਦੇ ਹਨ ਇਹਨਾਂ ਬਾਰੇ । ਗੁਲਾਬਾਂ ਨਾਲ ਮੇਰਾ ਬਹੁਤ ਗਹਰਾ ਇਸ਼ਕ ਹੈ ਤੇ ਉਹਨਾਂ ਬਿਨਾ ਮੇਰਾ ਕੋਈ ਵਜੂਦ ਨਹੀਂ; ਮੈਨੂੰ ਸਿਰਫ ਫੁੱਲ ਚਾਹੀਦੇ ਹਨ ਤੇ ਉਹਨਾਂ ਦੀਆਂ ਕੋਮਲ ਪੱਤੀਆਂ ਨਾਲ਼ ਮੇਰੀ ਪ੍ਰੀਤ ਹੈ। ਸੀਮੁਰਗ਼ ਤੱਕ ਪਹੁੰਚਣਾ ਮੇਰੀ ਸਮਰਥਾ ਤੋਂ ਬਾਹਰ ਹੈ, ਬੁਲਬੁਲ ਲਈ ਤਾਂ ਗੁਲਾਬ ਦਾ ਇਸ਼ਕ ਹੀ ਕਾਫੀ ਹੈ। ਮੈਨੂੰ ਫੁੱਲਾਂ ਦੀਆਂ ਸੈਕੜੇ ਪੱਤੀਆਂ ਹੀ ਲੋੜੀਦੀਆਂ ਹਨ ਇਸ ਤੋਂ ਵਧ ਮੇਰੀ ਹੋਰ ਕੋਈ ਇੱਛਾ ਨਹੀਂ। ਅੱਜ ਖਿੜੇ ਗੁਲਾਬ ਲਾਲਸਾਵਾਂ ਨਾਲ਼ ਭਰਪੂਰ ਹਨ ਤੇ ਮੇਰੇ ਲਈ ਮੁਸਕੁਰਾਉਂਦੇ ਹਨ ਖੇੜੇ ਵਿੱਚ। ਜਦੋਂ ਕਲੀ ਆਪਣਾ ਨਕਾਬ ਲਾਹ ਕੇ ਬਾਹਰ ਆਉਂਦੀ ਹੈ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਇਹ ਮੇਰੇ ਲਈ ਹੈ। ਕਿਵੇਂ ਇੱਕ ਬੁਲਬੁਲ ਇੱਕ ਪਲ ਲਈ ਵੀ ਦੂਰ ਹੋ ਸਕਦੀ ਹੈ ਇਸ ਮੋਹ ਲੈਣ ਵਾਲੀ ਪ੍ਰੀਤ ਤੋਂ। ਹੁਦਹੁਦ ਹੁਦਹੁਦ ਨੇ ਜਵਾਬ ਦਿੱਤਾ, ‘ਹੇ ਬੁਲਬੁਲ, ਤੂੰ, ਜੋ ਕਿ ਦੌੜ ਰਹੀਂ ਹੈ ਪਦਾਰਥਾਂ ਦੀ ਚਕਰਾ ਦੇਣ ਵਾਲੀ ਬਾਹਰੀ ਸੁੰਦਰਤਾ ਦੇ ਮਗਰ, ਵਰਜ ਲੈ ਆਪਣੇ ਆਪ ਨੂੰ ਇਸ ਮੋਹ ਤੋਂ। ਗੁਲਾਬ ਦੇ ਮੋਹ ਵਿਚ ਹਜ਼ਾਰਾਂ ਕੰਡੇ ਹਨ; ਜੋ ਤੈਨੂੰ ਜਕੜ ਲੈਣਗੇ ਤੇ ਤੂੰ ਪਰੇਸ਼ਾਨੀ ਦੇ ਆਲਮ ਵਿੱਚ ਚਲੀ ਜਾਏਂਗੀ। ਹਲਾਂਕਿ ਗੁਲਾਬ ਬਹੁਤ ਸੁੰਦਰ ਹੈ ਪਰ ਯਾਦ ਰੱਖ ਉਸ ਦੀ ਖੂਬਸੂਰਤੀ ਚਾਰ ਦਿਨਾਂ ਦੀ ਪ੍ਰਾਹੁਣੀ ਹੈ। ਸੰਪੂਰਨਤਾ ਵਲ ਜਾ ਰਿਹਾ ਕੋਈ, ਬਿਨਸ ਜਾਣ ਵਾਲੇ ਦੇ ਮੋਹ ਦਾ ਗੁਲਾਮ ਕਿਵੇਂ ਹੋ ਸਕਦਾ ਹੈ। ਜੇ ਗੁਲਾਬ ਦੀ ਮੁਸਕੁਰਾਹਟ ਤੇਰੇ ਅੰਦਰ ਇੱਛਾਵਾਂ ਉਤਪੰਨ ਕਰਦੀ ਹੈ ਤਾਂ ਇਹ ਤੇਰੇ ਦਿਨ-ਰਾਤ ਮਾਤਮ ਨਾਲ਼ ਭਰ ਦੇਵੇਗੀ ।ਹਰ ਨਵੀਂ ਬਹਾਰ ਵਿੱਚ ਉਹ ਤੇਰੇ ‘ਤੇ ਹੱਸਦੇ ਹਨ, ਸੋ ਤਿਆਗ ਦੇ ਇਸ ਬਾਹਰੀ ਸੁਹੱਪਣ ਦੇ ਮੋਹ ਨੂੰ ਤੇ ਆਪਣੇ ਆਪ ‘ਤੇ ਸ਼ਰਮਿੰਦਾ ਹੋ । ਰਾਜਕੁਮਾਰੀ ਤੇ ਦਰਵੇਸ਼ ਦੀ ਕਹਾਣੀ ਇੱਕ ਰਾਜੇ ਦੀ ਚੰਦ ਜਿਹੀ ਸੋਹਣੀ ਇੱਕ ਧੀ ਸੀ, ਹਰ ਕੋਈ ਉਸ ਨੂੰ ਪਿਆਰ ਕਰਦਾ ਸੀ। ਉਸ ਦੇ ਨਿਦ੍ਰਾਲੇ ਨੈਨ ਜੋਸ਼ ਭਰ ਦਿੰਦੇ ਸਨ ਤੇ ਉਸ ਦੀ ਮੌਜੂਦਗੀ ਮਿੱਠਾ ਜਿਹਾ ਨਸ਼ਾ ਫੈਲਾ ਦਿੰਦੀ ਸੀ। ਉਸ ਦਾ ਰੰਗ ਮੋਮ ਜਿਹਾ ਚਿੱਟਾ ਸੀ ਤੇ ਕੇਸ ਕਾਲੇ-ਭੂਰੇ ਜਹੇ ।ਉਸ ਦੇ ਲਬਾਂ ਦਾ ਸੇਕ ਫਿੱਕਾ ਕਰ ਦਿੰਦਾ ਸੀ ਲਾਲਾਂ ਦੀ ਲਾਲੀ ਤੇ ਸ਼ੱਕਰ ਸ਼ਰਮ ਨਾਲ਼ ਪਿਘਲ ਜਾਂਦੀ ਸੀ । ਪਰਮਾਤਮਾਂ ਦੀ ਕਰਨੀ, ਇੱਕ ਦਰਵੇਸ਼ ਦੀ ਨਜ਼ਰ ਰਾਜਕੁਮਾਰੀ ‘ਤੇ ਪਈ ਤੇ ਰੋਟੀ ਦਾ ਜੋ ਟੁਕੜਾ ਦਰਵੇਸ਼ ਦੇ ਹੱਥ ਵਿੱਚ ਸੀ, ਉਹ ਡਿੱਗ ਪਿਆ। ਉਹ ਉਸ ਕੋਲ਼ੋਂ ਅੱਗ ਦੀ ਲਾਟ ਵਾਂਗ ਲੰਘੀ ਤੇ ਲੰਘਦੀ ਹੋਈ ਹੱਸ ਕੇ ਗਈ। ਦਰਵੇਸ਼ ਧੂੜ ਵਿੱਚ ਡਿੱਗ ਪਿਆ ਦੇ ਉਸਦੇ ਪ੍ਰਾਣ ਲਗਭਗ ਨਿਕਲ ਗਏ ਸਨ। ਉਸ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉੱਡ ਗਈ ਤੇ ਉਹ ਲਗਾਤਾਰ ਜ਼ਾਰ-ਜ਼ਾਰ ਰੋਂਦਾ ਰਹਿੰਦਾ। ਜਦੋਂ-ਜਦੋਂ ਉਹ ਉਸ ਦੀ ਮੁਸਕੁਰਾਹਟ ਬਾਰੇ ਸੋਚਦਾ, ਉਸਦੇ ਹੰਝੂ ਮੀਂਹ ਵਾਂਗ ਵਰ੍ਹਨ ਲੱਗਦੇ। ਇਹ ਪਾਗਲ ਇਸ਼ਕ ਸੱਤ ਸਾਲ ਤੱਕ ਚੱਲਿਆ ਤੇ ਦਰਵੇਸ਼ ਇਸ ਸਮੇਂ ਦੌਰਾਨ ਰਾਜਕੁਮਾਰੀ ਦੇ ਮਹਿਲ ਦੇ ਨਜ਼ਦੀਕੀ ਗਲੀਆਂ ਦੇ ਕੁੱਤਿਆਂ ਨਾਲ ਸੌਂਦਾ ਰਿਹਾ। ਅੰਤ, ਰਾਜਕੁਮਾਰੀ ਨੂੰ ਜਦ ਇਸ ਪਾਗਲਪਨ ਬਾਰੇ ਪਤਾ ਲੱਗਿਆ ਤਾਂ ਉਸ ਨੇ ਇਸ ਸਭ ਦਾ ਅੰਤ ਕਰਨ ਲਈ ਆਪਣੇ ਅੰਗ ਰੱਖਿਅਕ ਭੇਜੇ। ਦਰਵੇਸ਼ ਨੂੰ ਪੇਸ਼ ਕੀਤਾ ਗਿਆ ਤੇ ਰਾਜਕੁਮਾਰੀ ਨੇ ਇਕਾਂਤ ਵਿੱਚ ਉਸ ਨਾਲ਼ ਗੱਲ-ਬਾਤ ਕੀਤੀ, ‘ਕਿਸ ਤਰ੍ਹਾਂ ਸੰਭਵ ਹੈ, ਤੇਰੇ ਤੇ ਮੇਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਜ਼ਦੀਕੀ ਰਿਸ਼ਤਾ? ਹੁਣੇ ਚਲਾ ਜਾ ਏਥੋਂ ਨਹੀਂ ਤਾਂ ਤੇਰੀ ਮੌਤ ਅਟੱਲ ਹੈ, ਸੋਚੀਂ ਵੀ ਨਾ ਮੇਰੇ ਦਰ ਅੱਗੇ ਪਲ ਵੀ ਹੋਰ ਬੈਠਣ ਬਾਰੇ, ਹੁਣੇ ਉੱਠ ਤੇ ਚਲਾ ਜਾ।’ ਗਰੀਬ ਦਰਵੇਸ਼ ਬੋਲਿਆ, ‘ਮੌਤ?…. ਜਾਨ ਤਾਂ ਮੈਂ ਉਸੇ ਦਿਨ ਤੇਰੇ ਚਰਨਾਂ ਤੋਂ ਕੁਰਬਾਨ ਕਰ ਦਿੱਤੀ ਸੀ, ਜਿਸ ਦਿਨ ਮੈਂ ਤੈਨੂੰ ਪਹਿਲੀ ਵਾਰ ਤੱਕਿਆ ਸੀ ਤੇ ਮੈਨੂੰ ਇਸ਼ਕ ਹੋ ਗਿਆ ਸੀ ਤੇਰੇ ਨਾਲ਼। ਹਜ਼ਾਰਾਂ ਨੇ ਆਪਣੇ ਪ੍ਰਾਣ ਨਿਸ਼ਾਵਰ ਕੀਤੇ ਹੋਣਗੇ ਤੇਰੀ ਸੁੰਦਰਤਾ ਤੋਂ। ਹਲਾਂਕਿ ਤੇਰੇ ਆਦਮੀਂ ਮੇਰੇ ਅਨਿਆਂਪੂਰਨ ਕਤਲ ‘ਤੇ ਉਤਾਰੂ ਹੋ ਹੀ ਚੁੱਕੇ ਹਨ, ਪਰ ਫਿਰ ਵੀ ਇੱਕ ਸਾਦੇ ਸਵਾਲ ਦਾ ਉੱਤਰ ਤੇਰੇ ਕੋਲ਼ੋਂ ਚਾਹੁੰਦਾ ਹਾਂ, ‘ਉਸ ਪਹਿਲੇ ਦਿਨ, ਪਹਿਲੀ ਵਾਰ ਜਦੋਂ ਤੂੰ ਮੈਨੂੰ ਮਿਲੀ ਸੀ, ਤੇ ਉਹੀ ਪਹਿਲਾ ਦਿਨ ਜੋ ਅੱਜ ਮੇਰੇ ਕਤਲ ਦਾ ਕਾਰਨ ਬਣਿਆਂ ਹੈ, ਤੂੰ ਮੈਨੂੰ ਤੱਕ ਕੇ ਹੱਸੀ ਕਿਉਂ ਸੀ?’ ‘ਹੇ ਮੂਰਖ਼ ਇਨਸਾਨ’, ਉਹ ਬੋਲੀ, ‘ਜਦ ਮੈਂ ਤੈਨੂੰ ਤੱਕਿਆ ਸੀ ਤਾਂ ਤੂੰ ਆਪਣੇ-ਆਪ ਦਾ ਨਿਰਾਦਰ ਕਰ ਰਿਹਾ ਸੀ, ਮੈਂ ਤਰਸ ਨਾਲ਼ ਮੁਸਕੁਰਾਈ ਸੀ, ਮੇਰੀ ਉਹ ਮੁਸਕਾਨ ਕਿਸੇ ਮਜ਼ਾਕ ਵਿੱਚੋਂ ਨਹੀਂ ਸਗੋਂ ਤਰਸ ਵਿੱਚੋਂ ਉਪਜੀ ਸੀ’, ਇਹ ਕਹਿ ਕੇ ਉਹ ਧੂਏਂ ਦੀ ਲਟ ਵਾਂਗ ਗਾਇਬ ਹੋ ਗਈ, ਤੇ ਦਰਵੇਸ਼ ਬੈਠਾ ਸੀ, ਰੋਹੀ ਦੇ ਥੋਹਰ ਵਾਂਗ ਇਕੱਲਾ, ਉਜਾੜ, ਸੁੰਨ। ਪੰਜ ਤੋਤਾ ਬੁਲਬੁਲ ਤੋਂ ਮਗਰੋਂ ਮਿਠਾਸ ਨਾਲ਼ ਭਰੀ ਚੁੰਝ ਲੈ ਕੇ ਤੋਤਾ ਅੱਗੇ ਆਇਆ, ਹਰੀ ਪੁਸ਼ਾਕ ਤੇ ਗਲੇ ਦੁਆਲੇ ਸੁਨਿਹਰੀ ਗਾਨੀ ਪਹਿਨੀਂ । ਜਿਸਦੀ ਪ੍ਰਤਿਭਾ ਅੱਗੇ ਸ਼ਿਕਰਾ ਇੱਕ ਪਿੱਸੂ ਸਮਾਨ ਹੈ। ਜਿਸ ਹਰੀ ਚਾਦਰ ਦੀ ਧਰਤੀ ਨੇ ਬੁੱਕਲ ਮਾਰੀ ਹੋਈ ਹੈ ਉਹ ਚਾਦਰ ਤੋਤੇ ਦੇ ਪਰਛਾਵੇਂ ਕਾਰਨ ਹੀ ਹਰੀ ਭਾਅ ਮਾਰਦੀ ਹੈ। ਉਸਦੇ ਸ਼ਬਦਾਂ ‘ਚੋਂ ਸ਼ਹਿਦ ਚਿਉਂਦਾ ਹੈ, ਆਪ ਹੀ ਸੁਣ ਲਵੋ, ‘ਦੇਖੋ ਕਿੰਨਾ ਆਕਰਸ਼ਕ ਹਾਂ ਮੈਂ, ਪਰ, ਪਿੰਜਰੇ ਵਿੱਚ ਕੈਦ ਕਰ ਦਿੰਦੇ ਨੇ ਲੋਹੇ ਦੇ ਦਿਲ ਵਾਲੇ ਨੀਚ ਮਨੁੱਖ ਮੈਨੂੰ। ਤੇਜ਼ੀ ਨਾਲ਼ ਬੀਤ ਜਾਣ ਵਾਲੀ ਇਸ ਕੈਦ ਵਿੱਚ ਮੈਂ ਆਬੇ ਹਯਾਤ ਲੋਚਦਾ ਹਾਂ, ਜਿਸ ਦੀ ਖ਼ਵਾਜ਼ਾ ਖ਼ਿਜ਼ਰ ਰੱਖਿਆ ਕਰਦਾ ਹੈ। ਮੈਂ ਵੀ ਹਰਾ ਲਿਬਾਸ ਪਹਿਨਿਆਂ ਹੈ, ਖ਼ਿਜ਼ਰ ਵਾਂਗ ਤੇ ਪੰਛੀਆਂ ਲਈ ਤਾਂ ਮੈਂ ਖ਼ਿਜ਼ਰ ਹੀ ਹਾਂ। ਮੈਨੂੰ ਵੀ ਆਬੇ ਹਯਾਤ ਦੀ ਲਾਲਸਾ ਹੈ, ਪਰ ਇੱਕ ਛੋਟੇ ਪਤੰਗੇ ਜਹੇ ਤੋਤੇ ਵਿੱਚ ਏਨੀ ਤਾਕਤ ਕਿੱਥੇ ਕਿ ਉਹ ਸੀਮੁਰਗ਼ ਦੇ ਮਹਾਨ ਖੰਭ ਤੱਕ ਪਹੁੰਚਣ ਦਾ ਹੀਆ ਕਰ ਸਕੇ, ਖ਼ਿਜ਼ਰ ਤੱਕ ਦੀ ਛਲਾਂਗ ਹੀ ਮੇਰੇ ਲਈ ਕਾਫੀ ਹੈ। ਹੁਦਹੁਦ ਦਾ ਤੋਤੇ ਨੂੰ ਜਵਾਬ ‘ਹੇ ਪਰਮ-ਆਨੰਦ ਦੀ ਅਵਸਥਾ ਤੋਂ ਅਨਜਾਣ! ਜੋ ਆਪਣੇ ਸਰੀਰ ਦਾ ਤਿਆਗ ਹੀ ਨਾ ਕਰ ਸਕੇ, ਕਾਹਦਾ ਜੀਵ। ਸਿਰ ਤੈਨੂੰ ਦਿੱਤਾ ਹੀ ਯਾਰ ਦੀ ਗਲੀ ਤੋਂ ਕੁਰਬਾਨ ਕਰਨ ਲਈ ਗਿਆ ਹੈ। ਤੂੰ ਕੋਈ ਬਦਾਮ ਨਹੀਂ ਕਿ ਖੋਲ ਵਿੱਚ ਲੁਕ ਕੇ ਬੈਠਾ ਰਹੇਂ, ਸਿਰ ਨੂੰ ਤਲੀ ’ਤੇ ਟਿਕਾ ਕੇ ਬਾਹਰ ਆ ਤੇ ਸ਼ਹਾਦਤ ਵਿਆਹੁਣ ਚੱਲੇ ਬੇਖੌਫ ਲਾੜਿਆਂ ਦੀ ਢਾਣੀ ਵਿੱਚ ਸ਼ਾਮਲ ਹੋ ਜਾ ਤੇ ਉਹਨਾਂ ਦੀ ਇਸ ਬਾਰਾਤ ਦਾ ਬਾਰਾਤੀ ਬਣ। ਪਰਮਾਤਮਾਂ ਦਾ ਦੀਵਾਨਾ ਅਤੇ ਖ਼ਿਜ਼ਰ ਇਕ ਆਦਮੀਂ ਸੀ, ਮਿੱਤਰ ਪਿਆਰੇ ਦੇ ਇਸ਼ਕ ਵਿੱਚ ਪਾਗਲ। ਖ਼ਿਜ਼ਰ ਨੇ ਉਸ ਨੂੰ ਕਿਹਾ, ‘ਹੇ ਪਰਮ-ਮਨੁੱਖ, ਕੀ ਤੂੰ ਮੇਰਾ ਮਿੱਤਰ ਬਣੇਂਗਾ?’ ਮਸਤਾਨੇ ਨੇ ਜਵਾਬ ਦਿੱਤਾ, ‘ਆਪਾਂ ਦੋਵੇਂ ਸਮਾਨ ਨਹੀਂ, ਤੂੰ ਅਮਰ ਕਰ ਦੇਣ ਵਾਲੇ ਆਬੇ ਹਯਾਤ ਦੇ ਕਈ ਘੁੱਟ ਪੀਤੇ ਹਨ ਸੋ ਤੂੰ ਅਮਰ ਹੈਂ, ਤੇ ਮੈਂ ਆਪਣੀ ਜਾਨ ਕੁਰਬਾਨ ਕਰ ਦੇਣੀ ਲੋਚਦਾ ਹਾਂ। ਮੇਰੇ ਕੋਈ ਮਿੱਤਰ ਨਹੀਂ ਤੇ ਮੈਂ ਤਾਂ ਇਹ ਵੀ ਨਹੀਂ ਜਾਣਦਾ ਕਿ ਆਪਣੇ ਆਪ ਦੀ ਰੱਖਿਆ ਕਿਵੇਂ ਕਰਾਂ। ਜਦਕਿ ਤੂੰ ਆਪਣੇ ਜੀਵਨ ਦੀ ਸੰਭਾਲ ਵਿੱਚ ਲੱਗਿਆ ਹੋਇਆ ਹੈਂ, ਮੈਂ ਆਪਣੇ ਆਪ ਨੂੰ ਹਰ ਪਲ ਨਿਸ਼ਾਵਰ ਕਰਦਾ ਹਾਂ। ਸੋ ਚੰਗਾ ਹੈ ਕਿ ਮੇਰੇ ਨਾਲ਼ ਦੋਸਤੀ ਨਾ ਕਰ, ਮੇਰਾ ਕੀ ਪਤਾ ਕਦੋਂ ਛੱਡ ਜਾਵਾਂ ਇਹ ਸਭ, ਉਹਨਾਂ ਪੰਛੀਆਂ ਵਾਂਗ ਜੋ ਜਾਲ ਵਿੱਚੋਂ ਬਚ ਕੇ ਨਿਕਲ ਜਾਂਦੇ ਹਨ, ਇਸ ਲਈ ਅਲਵਿਦਾ।
ਛੇ ਮੋਰ ਹੁਣ ਵਾਰੀ ਆਈ ਸੈਕੜੇ ਖੰਭਾਂ ਵਾਲੇ ਸੁਨਿਹਰੀ ਮੋਰ ਦੀ, ਉਸ ਬਾਰੇ ਕੀ ਕਿਹਾ ਜਾਵੇ? ਸੈਕੜੇ, ਹਜ਼ਾਰਾਂ ਰੰਗਾਂ ਵਿੱਚ ਲਿਪਟਿਆ ਹੋਇਆ ਉਹ ਆਪਣੇ ਸੁਹੱਪਣ ਦਾ ਪ੍ਰਦਰਸ਼ਨ ਕਰ ਰਿਹਾ ਸੀ ਕਿਸੇ ਵਿਹਾਂਦੜ ਕੁੜੀ ਵਾਂਗ। ‘ਸੰਸਾਰ ਦਾ ਚਿੱਤਰਕਾਰ’, ਉਹ ਬੋਲਿਆ, ‘ਮੈਨੂੰ ਸਜਾਉਣ ਲਈ ਉਸ ਨੇ ਆਪ ਬੁਰਸ਼ ਆਪਣੇ ਹੱਥਾਂ ਵਿੱਚ ਫੜਿਆ। ਹਲਾਂਕਿ ਮੈਂ ਪੰਛੀਆਂ ਵਿੱਚ ਜ਼ਿਬਰਾਈਲ ਹਾਂ ਪਰ ਮੇਰੇ ਨਾਲ਼ ਵੀ ਸਾੜ ਦੇਣ ਵਾਲਾ ਕਈ ਕੁਝ ਵਾਪਰਿਆ। ਮੈਂ ਇਸ ਲੌਕਿਕ ਸਵਰਗ ‘ਤੇ ਸੱਪ ਨਾਲ਼ ਯਾਰੀ ਪਾ ਲਈ ਤੇ ਇਸੇ ਕਾਰਨ ਮੈਨੂੰ ਬਦਨਾਮੀਂ ਮਿਲੀ ਤੇ ਬਾਹਰ ਸੁੱਟ ਦਿੱਤਾ ਗਿਆ, ਅਦਨ ਦੇ ਬਾਗ ਵਿੱਚੋਂ। ਉਹਨਾਂ ਮੈਨੂੰ ਵਿਸ਼ਵਾਸ਼ੀ ਪਦ ਤੋਂ ਲਾਂਭੇ ਕਰ ਦਿੱਤਾ, ਉਹ ਜਿਹਨਾਂ ਨੂੰ ਮੇਰੇ ‘ਤੇ ਵਿਸ਼ਵਾਸ਼ ਸੀ, ਤੇ ਮੇਰੇ ਪੈਰ ਹੀ ਮੇਰੇ ਲਈ ਕੈਦ ਬਣ ਗਏ। ਪਰ ਮੈਂ ਸਦਾ ਇਸ ਆਸ ਵਿੱਚ ਹਾਂ ਕੋਈ ‘ਸਿਖੁ ਸਖਾ ਬੰਧਪੁ’ ਮੈਨੂੰ ਇਸ ਹਨੇਰ ਕੋਠੜੀ ਵਿੱਚੋਂ ਕੱਢ ਕੇ ਸਦਾ ਥਿਰ ਰਹਿਣ ਵਾਲੇ ਘਰ ਲੈ ਜਾਵੇਗਾ। ਮੈਂ ਉਮੀਦ ਵੀ ਨਹੀਂ ਕਰਦਾ ਕਿ ਉਸ ਰਾਜੇ ਤੱਕ ਪਹੁੰਚ ਸਕਾਂ, ਜਿਸ ਦੀਆਂ ਬਾਤਾਂ ਤੁਸੀਂ ਪਾ ਰਹੇ ਹੋ, ਮੇਰੇ ਲਈ ਇਹੀ ਬਹੁਤ ਹੈ ਕਿ ਮੈਂ ਉਸ ਦਰ ‘ਤੇ ਹੀ ਪਹੁੰਚ ਜਾਵਾਂ। ਤੁਸੀਂ ਮੇਰੇ ਤੋਂ ਇਹ ਆਸ ਨਾ ਰੱਖੋ ਕਿ ਮੈਂ ਸੀਮੁਰਗ਼ ਤੱਕ ਪਹੁੰਚ ਜਾਵਾਂਗਾ ਜਦਕਿ ਮੈਂ ਸੰਸਾਰਿਕ ਸਵਰਗ ਵਿੱਚ ਰਿਹਾ ਹਾਂ? ਤੇ ਮੇਰੀ ਉੱਥੇ ਦੁਬਾਰਾ ਵਸਣ ਦੀ ਇੱਛਾ ਤੋਂ ਬਿਨਾ ਹੋਰ ਕੋਈ ਇੱਛਾ ਨਹੀਂ । ਹੋਰ ਕਿਸੇ ਸ਼ੈਅ ਦਾ ਮੇਰੇ ਲਈ ਕੋਈ ਮਤਲਬ ਨਹੀਂ। ਹੁਦਹੁਦ ਦਾ ਉੱਤਰ ‘ਤੂੰ ਭਟਕ ਰਿਹਾ ਹੈਂ ਸੱਚੇ ਰਸਤੇ ਤੋਂ। ਮੇਰੇ ਮਾਲਕ ਦਾ ਦਰ ਤੇਰੇ ਦੁਨਿਆਵੀ ਸਵਰਗ (ਸੰਸਾਰਿਕ ਸੁਖ) ਨਾਲ਼ੋਂ ਕਿਤੇ ਚੰਗਾ ਹੈ। ਇਸ ਤੋਂ ਚੰਗਾ ਕੁਝ ਨਹੀਂ ਕਿ ਤੂੰ ਉੱਦਮ ਕਰੇਂ ਉੱਥੇ ਪਹੁੰਚਣ ਲਈ। ਉਹੀ ਨਿਵਾਸ ਹੈ ਸਾਡੀ ਆਤਮਾਂ ਦਾ, ਅਨੰਤ ਤੱਕ। ਉਹੀ ਅਸਲ ਮਨੋਰਥਾਂ ਦਾ ਦਰ ਹੈ, ਹਿਰਦੇ ਦਾ ਨਿਵਾਸ, ਸੱਚਾ ਸਿੰਘਾਸਨ। ਸਭ ਤੋਂ ਉੱਚਾ ਤੇ ਵਿਸ਼ਾਲ ਸਾਗਰਾਂ ਜਿਹਾ, ਤੇਰੇ ਸੰਸਾਰਿਕ ਸਵਰਗਾਂ ਦੇ ਸੁਖ ਤਾਂ ਉਸ ਅੱਗੇ ਇੱਕ ਤੁਪਕੇ ਦੀ ਨਿਆਈਂ ਹਨ; ਸਭ ਤੋ ਉੱਪਰ ਇਹ ਕਿ ਇਹ ਸਾਗਰਾਂ ਦਾ ਸਾਗਰ ਸਭ ਭਟਕਣਾ ਮੇਟ ਦਿੰਦਾ ਹੈ। ਜਦੋਂ ਤੇਰੇ ਕੋਲ਼ ਸਮੁੰਦਰ ਹੈ ਤਾਂ ਤੈਨੂੰ ਆਥਨ ਦੀ ਤ੍ਰੇਲ ਦੇ ਤੁਪਕੇ ਮਗਰ ਭੱਜਣ ਦੀ ਕੀ ਲੋੜ ਹੈ? ਕੀ ਸੂਰਜਾਂ ਦੇ ਭੇਤ ਜਾਨਣ ਵਾਲਾ ਧੂੜ ਦੇ ਇੱਕ ਕਣ ਦੀਆਂ ਬਾਤਾਂ ਪਾਉਂਦਾ ਹੈ? ਕੀ ਉਹ ਜਿਸ ਕੋਲ਼ ਸਭ ਕੁਝ ਹੈ ਕਿਸੇ ਇੱਕ ਹਿੱਸੇ ਨਾਲ਼ ਹੀ ਜੁੜਿਆ ਰਹਿ ਸਕਦਾ ਹੈ? ਕੀ ਆਤਮਾਂ ਮੋਹ ਪਾਉਂਦੀ ਹੈ ਸ਼ਰੀਰ ਦੇ ਵੱਖ- ਵੱਖ ਹਿੱਸਿਆਂ ਨਾਲ਼? ਜੇ ਤੂੰ ‘ਪੂਰੇ’ ਨੂੰ ਜਾਣਨ ਵੱਲ ਜਾਂਦੇ ਰਸਤੇ ਦਾ ਸੱਚਾ ਪਾਂਧੀ ਹੈਂ, ਤਾਂ ਪੂਰੇ ਨੂੰ ਚੁਣ ਤੇ ਪੂਰਾ ਹੋ ਜਾ।’ ਆਦਮ ਬਾਰੇ ਚੇਲੇ ਨੇ ਉਸਤਾਦ ਨੂੰ ਪੁੱਛਿਆ, ‘ਕਿਉਂ ਕੱਢਿਆ ਗਿਆ ਆਦਮ ਨੂੰ ਅਦਨ ਦੇ ਬਾਗ ਵਿੱਚੋਂ?” ਉਸਤਾਦ ਨੇ ਜਵਾਬ ਦਿੱਤਾ, ‘ਜਦੋਂ ਆਦਮ, ਪਰਮੇਸ਼ਰ ਦੀ ਸਰਵਸ਼੍ਰੇਸ਼ਟ ਰਚਨਾ, ਅਦਨ ਦੇ ਬਾਗ ਵਿੱਚ ਦਾਖਲ ਹੋਇਆ ਤਾਂ ਉਸ ਨੇ ਪ੍ਰਧਾਨਤਾ ਕਰਨ ਵਾਲੀ ਇੱਕ ਸ਼ਾਨਦਾਰ ਅਦ੍ਰਿਸ਼ ਆਵਾਜ਼ ਸੁਣੀ, “ਤੁਸੀਂ, ਜੋ ਵੀ ਸਬੰਧਤ ਕੀਤੇ ਗਏ ਹੋ ਇਸ ਸਵਰਗ ਨਾਲ਼ ਸੈਕੜੇ ਸਮਝੌਤਿਆਂ ਰਾਹੀਂ, ਯਾਦ ਰੱਖਿਓ ਕਿ ਦੋਹਾਂ ਜਹਾਨਾਂ ਵਿੱਚੋਂ ਜੋ ਵੀ ਆਦਮ ਤੇ ਮੇਰੇ ਵਿਚਕਾਰ ਆਵੇਗਾ, ਪਛਾਣ ਲਿਆ ਜਾਵੇਗਾ ਤੇ ਮੈਂ ਅਲੋਪ ਕਰ ਦਿਆਂਗਾ ਸਭ ਕੁਝ, ਜੋ ਵੀ ਦਿਖਾਈ ਦਿੰਦਾ ਹੈ, ਤਾਂ ਕਿ ਆਦਮ ਸਿਰਫ ਮੇਰੇ ਨਾਲ਼ ਜੁੜਿਆ ਰਹਿ ਸਕੇ, ਆਪਣੇ ਮਿੱਤਰ ਪਿਆਰੇ ਨਾਲ਼।” ਇੱਕ ਆਸ਼ਿਕ ਲਈ ਲੱਖਾਂ-ਕਰੋੜਾਂ ਜਿੰਦਗੀਆਂ ਕੋਈ ਮਾਇਨੇ ਨਹੀਂ ਰੱਖਦੀਆਂ ਜੇ ਉਸ ਦਾ ਮਹਿਬੂਬ ਹੀ ਕੋਲ਼ ਨਹੀਂ। ਇਸ ਲਈ ਜੋ ਕੁਝ ਵੀ ਸਣੇ ਆਦਮ, ਜਿਉਂਣ ਲੱਗ ਪਿਆ ਸੀ ਪ੍ਰਮਾਤਮਾਂ ਨੂੰ ਛੱਡ ਤੇ ਪਦਾਰਥਾਂ ਨਾਲ਼ ਮੋਹ ਲਾ ਕੇ, ਉਹ ਚਲਦਾ ਕਰ ਦਿੱਤਾ ਗਿਆ। ਸਵਰਗ (ਅਦਨ ਦਾ ਬਾਗ) ਨਿਵਾਸੀ ਜਾਣਦੇ ਸਨ ਕਿ ਜੋ ਸਭ ਤੋਂ ਪਹਿਲੀ ਚੀਜ਼ ਨਿਸ਼ਾਵਰ ਕਰਨੀ ਹੈ ਉਹ ਹੈ ਦਿਲ। ਸੱਤ ਬੱਤਖ਼ ਡਰਦੀ-ਡਰਦੀ ਬੱਤਖ਼ ਪਾਣੀ ਤੋਂ ਬਾਹਰ ਆਈ ਤੇ ਸਭਾ ਵਿੱਚ ਦਾਖਲ ਹੋਈ, ਆਪਣੇ ਸਭ ਤੋਂ ਸੁੰਦਰ ਲਿਬਾਸ ਵਿੱਚ। ‘ਕਿਸੇ ਨੇ ਕਦੇ ਬਚਨ ਨਹੀਂ ਕੀਤੇ ਹੋਣੇ ਮੇਰੇ ਤੋਂ ਵੱਧ ਪਾਕ-ਸਾਫ ਜੀਵ ਨਾਲ਼’, ਉਹ ਬੋਲੀ। ‘ਹਰ ਪਲ ਮੈਂ ਪਵਿੱਤਰ ਜਲ ਨਾਲ਼ ਵੁਜ਼ੂ ਕਰਦੀ ਹਾਂ ਤੇ ਪਾਣੀ ‘ਤੇ ਮੁਸੱਲਾ ਵਿਛਾ ਕੇ ਨਮਾਜ਼ਾਂ ਪੜ੍ਹਦੀ ਹਾਂ। ਮੇਰੇ ਤੋਂ ਵਧ ਹੋਰ ਕੌਣ ਏਨਾ ਪਾਕ-ਪਵਿੱਤਰ ਤੇ ਕਰਾਮਾਤੀ ਪੰਛੀ ਹੈ, ਜੋ ਪਾਣੀ ਉੱਪਰ ਤੁਰ ਸਕੇ? ਪੰਛੀਆਂ ਵਿੱਚੋਂ ਸਭ ਤੋਂ ਵਧ ਪਾਕ-ਦ੍ਰਿਸ਼ਟੀ ਨਾਲ਼ ਮੈਂ ਹੀ ਪਸਚਾਤਾਪ ਕਰਦੀ ਹਾਂ, ਪਾਕ ਲਿਬਾਸ ਪਹਿਨ ਕੇ, ਤੇ ਮੇਰੀ ਰਿਹਾਇਸ਼ਗਾਹ ਤੋਂ ਵਧ ਪਵਿੱਤਰ ਵੀ ਹੋਰ ਕੋਈ ਥਾਂ ਨਹੀਂ। ਜਲ ਤੋਂ ਵਧ ਲੁਭਾਵਣਾ ਮੇਰੇ ਲਈ ਹੋਰ ਕੁਝ ਨਹੀਂ। ਇੱਥੇ ਹੀ ਮੇਰੇ ਲਈ ਰਿਜ਼ਕ ਹੈ ਤੇ ਇਹੀ ਮੇਰਾ ਨਿਵਾਸ ਹੈ। ਜੇ ਚਿੰਤਾਵਾਂ ਮੈਨੂੰ ਤੰਗ ਕਰਨ ਤਾਂ ਪਵਿੱਤਰ ਜਲ ਉਹਨਾਂ ਨੂੰ ਧੋ ਦਿੰਦਾ ਹੈ। ਸਾਫ ਪਾਣੀ ਹੀ ਜੀਵਨ ਬਖ਼ਸ਼ਦਾ ਹੈ, ਉਹਨਾਂ ਧਾਰਾਵਾਂ ਨੂੰ ਜਿੱਥੇ ਮੈਂ ਵਸਦੀ ਹਾਂ। ਮੈਨੂੰ ਕੋਈ ਪ੍ਰੇਮ ਨਹੀਂ ਥਲਾਂ ਨਾਲ਼ । ਇਸ ਲਈ, ਜਦ ਕਿ ਮੇਰੇ ਸਾਰੇ ਨਾਤੇ ਹੀ ਪਾਣੀਆਂ ਨਾਲ਼ ਹਨ, ਫੇਰ ਮੈਂ ਇਸ ਨੂੰ ਕਿਵੇਂ ਛੱਡਾਂ? ਜਿੱਥੇ ਵੀ ਜੀਵਨ ਦਿਖਾਈ ਦਿੰਦਾ ਹੈ ਉਸ ਦੀ ਹੋਂਦ ਪਾਣੀ ਨਾਲ਼ ਹੀ ਹੈ। ਕਿਸ ਤਰ੍ਹਾਂ ਮੈਂ ਵਾਦੀਆਂ ਟੱਪ ਕੇ ਸੀਮੁਰਗ਼ ਤੱਕ ਪੁੱਜ ਸਕਦੀ ਹਾਂ? ਕਿਸ ਤਰ੍ਹਾਂ ਮੇਰੇ ਜਹੇ ਕਿਸੇ ਅੰਦਰ, ਜੋ ਸੰਤੁਸ਼ਟ ਹੈ ਮੁਸੱਲੇ ਰੂਪੀ ਪਾਣੀ ਉੱਤੇ, ਤੜਪ ਜਾਗੇਗੀ ਸੀਮੁਰਗ਼ ਨੂੰ ਤੱਕਣ ਦੀ? ਹੁਦਹੁਦ ਦਾ ਉੱਤਰ ‘ਹੇ ਬੱਤਖ਼, ਤੈਨੂੰ ਰਸ ਪੈ ਗਿਆ ਹੈ ਪਾਣੀ ਦਾ, ਤੇ ਇਸ ਰਸ ਨੇ ਕਬਜ਼ਾ ਕੀਤਾ ਹੋਇਆ ਹੈ ਤੇਰੇ ਸਾਰੇ ਜੀਵਨ ਤੇ! ਉੱਥੇ ਹੀ ਸੌਂ ਜਾਂਦੀ ਹੈਂ ਤੂੰ, ਪਰ ਇੱਕ ਛੱਲ ਆਉਂਦੀ ਹੈ ਤੇ ਵਹਾ ਕੇ ਲੈ ਜਾਂਦੀ ਹੈ ਤੇਰੇ ਸਾਰੇ ਸੁਪਨੇ। ਪਾਣੀ ਚੰਗਾ ਹੈ ਸਿਰਫ ਉਹਨਾਂ ਲਈ, ਜਿਹਨਾਂ ਦੇ ‘ਮੁਖ ਉਜਲੇ’ ਹਨ, ਜੇ ਤੇਰਾ ਹੈ ਤਾਂ ਠੀਕ ਹੈ! ਪਰ, ਕਿੰਨਾ ਚਿਰ ਤੂੰ ਪਾਣੀ ਜਹੀ ਪਾਕ-ਸਾਫ ਰਹਿ ਸਕੇਂਗੀ?
ਇੱਕ ਪਵਿੱਤਰ ਇਨਸਾਨ ਦੀ ਕਹਾਣੀ ਕਿਸੇ ਨੇ ਰੱਬ ਦੇ ਮਸਤਾਨੇ ਨੂੰ ਪੁੱਛਿਆ, ‘ਕਿਹੜੇ ਹਨ ਉਹ ਦੋ ਜਹਾਨ, ਜਿਨ੍ਹਾਂ ਸਾਡੇ ਵਿਚਾਰਾਂ ‘ਤੇ ਕਬਜ਼ਾ ਕੀਤਾ ਹੋਇਆ ਹੈ?’ ਸੰਤ ਨੇ ਉੱਤਰ ਦਿੱਤਾ, ‘ਦੋਵੇਂ, ਉਤਲਾ ਤੇ ਹੇਠਲਾ, ਜਹਾਨਾਂ ਦੀ ਮਨਿਆਦ ਪਾਣੀ ਦੇ ਬੁਲਬੁਲੇ ਸਮਾਨ ਹਨ । ਜੋ ਹਨ ਵੀ ਤੇ ਨਹੀਂ ਵੀ | ਪਾਣੀ ਦਾ ਤੁਪਕਾ, ਜੋ ਸ਼ੁਰੂ ਵਿੱਚ ਖੁਦ ਨੂੰ ਪ੍ਰਗਟ ਕਰਦਾ ਹੈ ਤੇ ਮਗਰੋਂ ਕਿੰਨੇ ਸੁੰਦਰ ਰੂਪ ਧਾਰਨ ਕਰਦਾ ਹੈ | ਸਾਰੇ ਭੇਖ ਪਾਣੀ ਵਰਗੇ ਹੀ ਹੁੰਦੇ ਹਨ। ਕੋਈ ਵੀ ਸਖ਼ਤ (ਬਰਫ ਜਿਹਾ) ਨਹੀਂ ਹੁੰਦਾ, ਜਿਵੇਂ ਕਿ ਅਸੀਂ ਜਾਣਦੇ ਹਾਂ ਪਾਣੀ ਬਾਰੇ, ਜਿਵੇਂ ਇਹ ਸੀ ਬ੍ਰਹਿਮੰਡ ਦੀ ਰਚਨਾ ਵੇਲੇ। ਪਰ ਜਿਸ ਕਿਸੇ ਦਾ ਵੀ ਆਧਾਰ ਪਾਣੀ ਕਰਕੇ ਹੈ, ਏਥੋਂ ਤੱਕ ਕਿ ਲੋਹੇ ਦਾ ਵੀ, ਸਭ ਸੁਪਨੇਂ ਦੀ ਨਿਆਈਂ ਹਨ ਤੇ ਬਿਨਸ ਜਾਣ ਵਾਲੇ ਹਨ। ਪਾਣੀ ਵੀ ਸਦਾ ਰਹਿਣ ਵਾਲਾ ਨਹੀਂ, ਸਿਰਫ ਅਕਾਲ ਪੁਰਖ਼ ਹੈ। ਅੱਠ ਪਹਾੜੀ ਤਿੱਤਰ ਅਗਲੀ ਵਾਰੀ ਪਹਾੜੀ ਤਿੱਤਰ ਦੀ ਸੀ, ਉਹ ਆਪਣੇ ਆਪ ਵਿੱਚ ਤ੍ਰਿਪਤ ਖੇੜੇ ਨਾਲ਼ ਭਰੀ ਹੋਈ ਅੱਗੇ ਆਈ, ਝਿਪਦੀ-ਝਿਪਦੀ, ਆਪਣੀ ਪ੍ਰਭਾਤ ਦੀ ਰੌਸ਼ਨੀ ਜਹੀ ਪੁਸ਼ਾਕ ਵਿੱਚ ਭਰੇ ਹੋਏ ਮੋਤੀਆਂ ਦੇ ਖਜ਼ਾਨੇ ਸਮੇਤ। ਲਹੂ ਲਿੱਬੜੀਆਂ ਕੋਰਾਂ ਵਾਲੀਆਂ ਅੱਖਾਂ ਤੇ ਲਾਲ ਚੁੰਝ, ਆਪਣੇ ਹਲਕੇ ਜਹੇ ਘੁੰਮਣ ਵਾਲੇ ਸਿਰ ਨਾਲ਼ ਉਸ ਨੇ ਉਡਾਣ ਭਰੀ। ਕਿਸੇ ਜੁਝਾਰੂ ਦੇ ਕਮਰਕੱਸੇ ਵਿੱਚ ਲਮਕਦੀ ਕਿਰਪਾਨ ਜਹੇ ਉਸ ਦੇ ਸੁਨਿਹਰੀ ਖੰਭ। ਉਹ ਬੋਲੀ, ‘ਮੈਨੂੰ ਭਉਣਾ ਚੰਗਾ ਲੱਗਦਾ ਹੈ ਕੀਮਤੀ ਪੱਥਰਾਂ ਦੀ ਭਾਲ ਵਿੱਚ। ਉਹ ਮੇਰੇ ਦਿਲ ਵਿੱਚ ਇਸ਼ਕ ਦੀ ਅੱਗ ਪੈਦਾ ਕਰਦੇ ਹਨ ਤੇ ਇਹ ਮੈਨੂੰ ਸੰਤੁਸ਼ਟ ਕਰਦੀ ਹੈ। ਜਦੋਂ ਮੈਂ ਤੜਪ ਰਹੀ ਹੁੰਦੀ ਹਾਂ ਇਹਨਾਂ ਬਿਲੌਰਾਂ ਦੇ ਇਸ਼ਕ ਵਿੱਚ ਤਾਂ ਮੈਂ ਇਹਨਾਂ ਲਹੂ ਰੰਗਿਆਂ ਨੂੰ ਨਿਗਲ ਵੀ ਲੈਂਦੀ ਹਾਂ। ਆਮ ਤੌਰ ‘ਤੇ ਮੈਂ ਆਪਣੇ ਆਪ ਨੂੰ ਇਹਨਾਂ ਪੱਥਰਾਂ ਤੇ ਅੱਗ ਦੇ ਵਿਚਕਾਰ ਪਾਉਂਦੀ ਹਾਂ, ਪ੍ਰਭਾਵਹੀਨ ਤੇ ਘਬਰਾਈ ਹੋਈ। ਮੇਰੇ ਮਿੱਤਰੋ, ਦੇਖੋ ਮੈਂ ਕਿਵੇਂ ਜਿਊਂਦੀ ਹਾਂ! ਕੀ ਸੌਖਾ ਹੈ, ਜਗਾਉਣਾ, ਕਿਸੇ ਅਜਿਹੇ ਨੂੰ ਜੋ ਪੱਥਰਾਂ ‘ਤੇ ਸੌਂਦਾ ਹੈ ਤੇ ਪੱਥਰ ਹੀ ਖਾਂਦਾ ਹੈ? ਮੇਰਾ ਦਿਲ ਜਖ਼ਮੀਂ ਹੈ ਤੇ ਭਰਿਆ ਹੋਇਆ ਹੈ ਸੈਕੜੇ ਦੁੱਖਾਂ ਨਾਲ਼ ਕਿਉਂਕਿ ਕੀਮਤੀ ਪੱਥਰਾਂ ਦੇ ਮੋਹ ਨੇ ਮੈਨੂੰ ਪਹਾੜਾਂ ਨਾਲ਼ ਜੂੜ ਦਿੱਤਾ ਹੈ। ਹੋਰ ਚੀਜਾਂ ਨਾਲ਼ ਪ੍ਰੀਤ ਅਸਥਾਈ ਹੈ, ਹੀਰੇ-ਮੋਤੀਆਂ ਦਾ ਸਾਮਰਾਜ ਅਵਿਨਾਸ਼ੀ ਹੈ, ਉਹਨਾਂ ਵਿੱਚ ਖ਼ੁਸ਼ਬੋ ਹੈ ਸਦਾ ਰਹਿਣ ਵਾਲੇ ਪਹਾੜਾਂ ਦੀ। ਮੈਂ ਪਹਾੜਾਂ ਤੇ ਕੀਮਤੀ ਪੱਥਰਾਂ ਨਾਲ਼ ਵਾਕਫ ਹਾਂ । ਆਪਣਾ ਕਮਰਕੱਸਾ ਤੇ ਤਲਵਾਰ ਪਹਿਨੀਂ ਮੈਂ ਸਦਾ ਹੀਰਿਆਂ ਦੀ ਭਾਲ ਵਿੱਚ ਰਹਿੰਦੀ ਹਾਂ। ਅਜੇ ਤਾਂ ਮੈਂ ਖੋਜ ਕਰਨੀ ਹੈ ਮਹਾਨ ਕੁਦਰਤ ਦੇ ਹੀਰਿਆਂ ਤੋਂ ਵੀ ਉੱਤਮ ਪਦਾਰਥ ਦੀ, ਏਥੋਂ ਤਕ ਕਿ ਮੋਤੀ ਵੀ ਏਨਾ ਸੋਹਣਾ ਨਹੀਂ। ਨਾਲ਼ੇ ਸੀਮੁਰਗ਼ ਨੂੰ ਜਾਂਦਾ ਰਾਹ ਤਾਂ ਬਹੁਤ ਕਠਿਨ ਹੈ ਤੇ ਮੇਰੇ ਪੈਰ ਪੱਥਰਾਂ ਨਾਲ਼ ਇਸ ਤਰ੍ਹਾਂ ਜੁੜੇ ਹੋਏ ਹਨ ਜਿਵੇਂ ਕੋਈ ਦਲਦਲ ਵਿੱਚ ਫਸਿਆ ਹੋਵੇ। ਮੈ ਕਿਵੇਂ ਸੋਚ ਸਕਦਾ ਹਾਂ ਕਿ ਮੈਂ ਬਹਾਦਰੀ ਨਾਲ਼ ਮਹਾਨ ਸੀਮੁਰਗ਼ ਦੀ ਹਾਜ਼ਰੀ ਭਰ ਸਕਦਾ ਹਾਂ, ਮੇਰੇ ਹੱਥ ਮੇਰੇ ਸਿਰ ‘ਤੇ ਹਨ ਤੇ ਪੈਰ ਚਿੱਕੜ ਵਿੱਚ? ਜਾਂ ਤਾਂ ਮੈਂ ਕੀਮਤੀ ਪੱਥਰ ਲੱਭਾਂਗਾ ਤੇ ਜਾਂ ਮਰ ਜਾਵਾਂਗਾ। ਮੇਰੀ ਮਹਾਨਤਾ ਇਸੇ ਰਾਹੀਂ ਪਰਗਟ ਹੋਵੇਗੀ, ਤੇ ਉਹ ਸਭ ਜੋ ਮੇਰੇ ਉਦੇਸ਼ ਦਾ ਹਿੱਸਾ ਨਹੀਂ ਧਿਆਨ ਦੇਣ ਯੋਗ ਹੀ ਨਹੀਂ”। ਹੁਦਹੁਦ ਦਾ ਉੱਤਰ ‘ਹੇ ਤਿੱਤਰ, ਤੂੰ ਜਿਸ ਕੋਲ਼ ਹੀਰੇ-ਮੋਤੀਆਂ ਦੇ ਸਾਰੇ ਰੰਗ ਹਨ, ਕਦ ਤੱਕ ਲੰਗੜਾਏਂਗਾ ਤੇ ਲੰਗੜੇ ਬਹਾਨੇ ਦਿੰਦਾ ਰਹੇਂਗਾ। ਤੇਰੇ ਹਿਰਦੇ ਦੇ ਲਹੂ ਦੇ ਦਾਗ਼ ਪੈ ਗਏ ਹਨ, ਤੇਰੇ ਪੰਜਿਆਂ ਅਤੇ ਤੇਰੀ ਚੁੰਝ ਉੱਤੇ, ਤੇਰੀ ਖੋਜ ਤੈਨੂੰ ਨਿਘਾਰ ਵੱਲ ਲਿਜਾ ਰਹੀ ਹੈ। ਕੀ ਨੇ ਹੀਰੇ-ਮੋਤੀ, ਬਸ ਕੁਝ ਰੰਗੀਨ ਪੱਥਰ? ਤੇ ਇਹਨਾਂ ਦਾ ਮੋਹ ਤੈਨੂੰ ਵੀ ਪੱਥਰ ਦਿਲ ਬਣਾ ਰਿਹਾ ਹੈ। ਜੇ ਇਹ ਰੰਗ ਵਿਹੂਣੇ ਹੋਣ ਤਾਂ ਇਹ ਵੀ ਆਮ ਕੰਕਰਾਂ ਜਹੇ ਹਨ। ਸੁਗੰਧੀਆਂ ਦਾ ਮਾਲਕ ਰੰਗਾਂ ਦਾ ਗਾਹਕ ਨਹੀਂ ਹੁੰਦਾ। ਜਿਸ ਵਿੱਚ ‘ਗੁਣਾ ਕਾ ਹੋਵੈ ਵਾਸੁਲਾ’ ਉਹ ਬਾਹਰੀ ਰੂਪਾਂ ਨੂੰ ਤਿਆਗ ਦਿੰਦਾ ਹੈ, ਭਾਵੇਂ ਕਿੰਨੇ ਵੀ ਚਮਕਦਾਰ ਕਿਉਂ ਨਾ ਹੋਣ। ਸੋ ਮਜਬੂਤ ਆਚਰਨ ਵਾਲੇ ‘ਸੱਚੇ’ ਗਹਿਣੇ ਦੀ ਭਾਲ ਕਰ ਤੇ ਪੱਥਰਾਂ ਦੇ ਮੋਹ ਤੋਂ ਸੰਤੁਸ਼ਟੀ ਨਾ ਭਾਲ। ਸੁਲੇਮਾਨ ਦੀ ਮੁੰਦਰੀ ਕੋਈ ਵੀ ਪੱਥਰ ਸੁਲੇਮਾਨ ਦੀ ਮੁੰਦਰੀ ਵਿੱਚ ਜੜੇ ਪੱਥਰ ਜਿੰਨਾ ਪ੍ਰਸਿੱਧ ਨਹੀਂ, ਹਜੇ ਕਿ ਉਹ ਵੀ ਦੋ ਰੱਤੀ ਭਾਰਾ ਇੱਕ ਆਮ ਪੱਥਰ ਸੀ । ਪਰ ਜਦ ਸੁਲੇਮਾਨ ਨੇ ਇਸ ਦੀ ਮੋਹਰ ਬਣਾਈ ਤਾਂ ਸਾਰੀ ਧਰਤ ਇਸ ਦੇ ਪ੍ਰਭਾਵ ਹੇਠ ਆ ਗਈ। ਉਸਦੀ ਸੱਤਾ ਸਥਾਪਿਤ ਹੋ ਗਈ ਅਤੇ ਉਸਦਾ ਰਾਜ ਫੈਲ ਗਿਆ ਅਸਮਾਨਾਂ ਤੱਕ। ਏਥੋਂ ਤਕ ਕਿ ਹਵਾ ਲਿਜਾਂਦੀ ਸੀ ਉਸਦੇ ਸੰਦੇਸ਼ ਦਸਾਂ ਦਿਸ਼ਾਵਾਂ ਵਿੱਚ, ਤੇ ਉਸ ਨੇ ਪਹਿਨਿਆਂ ਸੀ ਸਿਰਫ ਦੋ ਰੱਤੀਆਂ ਦਾ ਪੱਥਰ । ਉਹ ਬੋਲਿਆ, ‘ਮੇਰਾ ਰਾਜ ਤੇ ਸਾਸ਼ਨ ਨਿਰਭਰ ਹੈ ਇਸ ਪੱਥਰ ਉੱਤੇ, ਤੇ ਭਵਿੱਖ ਵਿੱਚ ਕਿਸੇ ਕੋਲ਼ ਐਸੀਆਂ ਤਾਕਤਾਂ ਨਹੀਂ ਹੋਣਗੀਆਂ।’ ਹਲਾਂਕਿ ਸੁਲੇਮਾਨ ਆਪਣੀ ਇਸ ਸੀਲ ਨਾਲ਼ ਮਹਾਨ ਰਾਜਾ ਬਣਿਆਂ, ਪਰ ਇਹ ਕਿਸੇ ਨਾ ਕਿਸੇ ਤਰ੍ਹਾਂ ਉਸ ਦੇ ਅਧਿਆਤਮਿਕ ਰਸਤੇ ਦੀ ਰੁਕਾਵਟ ਬਣਿਆਂ। ਉਹ ਅਦਨ ਦੇ ਬਾਗ ਵਿੱਚ ਬਾਕੀ ਪੈਗੰਬਰਾਂ ਨਾਲ਼ੋਂ ਪੰਜ ਸੌ ਸਾਲ ਪਿੱਛੋਂ ਪਹੁੰਚਿਆ। ਜੇ ਦੋ ਰੱਤੀਆਂ ਦਾ ਇੱਕ ਪੱਥਰ ਸੁਲੇਮਾਨ ਦਾ ਲਿਹਾਜ ਨਹੀਂ ਕਰਦਾ ਤੇ ਉਸ ਦਾ ਇਹ ਹਾਲ ਕਰ ਦਿੰਦਾ ਹੈ ਤਾਂ ਇਹ ਤੇਰੇ ਜਹੇ ਮਾਮੂਲੀ ਤਿੱਤਰ ਦਾ ਕੀ ਹਾਲ ਕਰ ਸਕਦਾ ਹੈ? ਸੋ ਵਰਜ ਲੈ ਆਪਣੇ ਦਿਲ ਨੂੰ ਮਾਮੂਲੀ ਜਵਾਹਰਾਤਾਂ ਦੇ ਮੋਹ ਤੋਂ। ‘ਸੱਚੇ’ ਰਤਨ ਦੀ ਸਦਾ ਸੰਗਤ ਵਿੱਚ ਰਹਿ, ਖੋਜ ਕਰ ਕਿਸੇ ਚੰਗੇ ਜੌਹਰੀ (ਸੰਤ) ਦੀ। ਨੌਂ ਹੁਮਾ ਹੁਣ, ਖੰਭਾਂ ਰਾਹੀਂ ਬਖ਼ਸ਼ਿਸ਼ਾਂ ਵੰਡਣ ਵਾਲਾ, ਹੁਮਾ(1) ਖਲੋਤਾ ਸੀ ਸਭਾ ਦੇ ਅੱਗੇ, ਜਿਸਦਾ ਪਰਛਾਵਾਂ ਹੀ ਬਾਦਸ਼ਾਹਤਾਂ ਪ੍ਰਦਾਨ ਕਰ ਦਿੰਦਾ ਹੈ। ਇਸੇ ਕਰਕੇ ਉਸ ਦਾ ਨਾਮ ‘ਹੂਮਾਯੂੰ’ (ਸ਼ਾਹੀ ਕਿਸਮਤ ਵਾਲਾ) ਪੈ ਗਿਆ, ਸਾਰੇ ਜੀਵਾਂ ਤੋਂ ਵੱਧ ਕਰਮਾਂ ਵਾਲਾ ਹੁਮਾ ਹੀ ਸਭ ਤੋਂ ਵਧੇਰੇ ਉਮੰਗ ਭਰਪੂਰ ਹੈ। ਉਹ ਬੋਲਿਆ, ‘ਸਾਰੇ ਜਹਾਨ ਦੇ ਜਲਾਂ ਤੇ ਥਲਾਂ ਦੇ ਪੰਛੀਓ, ਮੈਂ ਤੁਹਾਡੇ ਜਿਹਾ ਨਹੀਂ ਹਾਂ। ਮੇਰੀਆਂ ਉੱਚੀਆਂ ਉਡਾਣਾਂ, ਵੱਡੀਆਂ ਕਰਾਮਾਤਾਂ ਕਰਦੀਆਂ ਹਨ ਅਤੇ ਇਹੀ ਸੰਤੁਸ਼ਟੀ ਮੈਨੂੰ ਦੂਜਿਆਂ ਜੀਵਾਂ ਨਾਲ਼ੋਂ ਅੱਡ ਕਰਦੀ ਹੈ। ਮੈਂ ਵਸ ਵਿੱਚ ਕੀਤਾ ਹੋਇਆ ਹੈ ਲਾਲਸਾਵਾਂ ਤੇ ਇੱਛਾਵਾਂ ਰੂਪੀ ਕੁੱਤੇ (ਮਨ) ਨੂੰ, ਇਸੇ ਲਈ ਫਰੀਦੂੰ ਤੇ ਜਮਸ਼ੇਦ ਨੂੰ ਵਡਿਆਈ ਮਿਲੀ। ਰਾਜਿਆਂ ਦਾ ਰਸੂਖ਼ ਉੱਚਾ ਚੁੱਕਦਾ ਹੈ ਮੇਰਾ ਪਰਛਾਵਾਂ, ਪਰ, ਭਿਖਾਰੀ ਪਰਵਿਰਤੀ ਦੇ ਲੋਕ ਮੈਨੂੰ ਨਹੀਂ ਭਾਉਂਦੇ। ਮੈਂ ਆਪਣੀਆਂ ਵਾਸਨਾਵਾਂ ਦੇ ਕੁੱਤੇ ਅੱਗੇ ਹੱਡੀ ਸੁੱਟ ਦਿੰਦਾ ਹਾਂ, ਤੇ ਆਪਣੀ ਰੂਹ ਨੂੰ ਬਚਾ ਕੇ ਰੱਖਦਾ ਹਾਂ ਇਸ ਦੇ ਇਵਜ਼ਾਨੇ ਵਜੋਂ। ਕਿਵੇਂ ਕੋਈ ਪਿੱਠ ਕਰ ਸਕਦਾ ਹੈ ਮੇਰੇ ਤੋਂ, ਜਿਸਦਾ ਪਰਛਾਵਾਂ ਹੀ ਰਾਜੇ ਬਣਾ ਦਿੰਦਾ ਹੈ? ਹਰ ਕੋਈ ਸ਼ਰਨ ਲੱਭਦਾ ਹੈ, ਮੇਰੇ ਖੰਭਾਂ ਥੱਲੇ। ਕੀ ਲੋੜ ਹੈ ਮੈਨੂੰ ਮਹਾਨ ਸੀਮੁਰਗ਼ ਦੀ ਯਾਰੀ ਦੀ, ਜਦਕਿ ਮੇਰਾ ਸੁਭਾਅ ਹੀ ਬਾਦਸ਼ਾਹਤ ਦਾ ਪ੍ਰਤੀਕ ਹੈ?’ ਹੁਦਹੁਦ ਦਾ ਉੱਤਰ ‘ਓ ਹੰਕਾਰ ਦੇ ਗੁਲਾਮ! ਆਪਣੇ ਖੰਭ ਸਮੇਟ ਲੈ ਤੇ ਇਹਨਾਂ ਦੀਆਂ (1) (ਕਹਿੰਦੇ ਨੇ, ਹੁਮਾ ਪੰਛੀ ਦਾ ਪਰਛਾਵਾਂ ਜਿਸ ਉੱਤੇ ਵੀ ਪੈ ਜਾਵੇ, ਉਹ ਬਾਦਸ਼ਾਹ ਬਣ ਜਾਂਦਾ ਹੈ) (ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ-ਜਫਰਨਾਮਹ) (ਹਰ ਕਿ ਬਾ-ਮਰਦਾਨਿ ਹੱਕ ਸ਼ੁਦ ਆਸ਼ਨਾ ਸਾਇਆਇ ਊ ਬਿਹਤਰ ਅਜ਼ ਬਾਲਿ ਹੁਮਾ ॥ (ਭਾਈ ਨੰਦ ਲਾਲ ਜੀ) ਕਿ ਜਿਹਨਾਂ ਵੀ ਪਰਮਾਤਮਾਂ ਦੇ ਪਿਆਰਿਆਂ ਨਾਲ਼ ਪਿਆਰ ਪਾਇਆ, ਸਮਝੋ ਉਸ ਦਾ ਪਰਛਾਵਾਂ ਹੁਮਾ ਪੰਛੀ ਦੇ ਪਰਾਂ ਨਾਲ਼ੋਂ ਵੀ ਵਧੇਰੇ ਸੁਭਾਗਾ ਹੁੰਦਾ ਹੈ।)
ਸ਼ੇਖੀਆਂ ਬੰਦ ਕਰ। ਇਸ ਪਲ, ਜਦਕਿ ਤੂੰ ਦੂਰ ਹੈਂ ਰਾਜਿਆਂ ਨੂੰ ਤਾਕਤਾਂ ਬਖ਼ਸ਼ਨ ਤੋਂ, ਇੱਕ ਹੱਡੀ ਚੂੰਢ ਰਹੇ ਕੁੱਤੇ ਸਮਾਨ ਹੈਂ। ਪਰਮਾਤਮਾਂ ਵਰਜਿਤ ਕਰ ਦੇਵੇਗਾ ਤੇ ਖੋਹ ਲਵੇਗਾ ਤੇਰੇ ਦੁਆਰਾ ਬਖ਼ਸ਼ੇ ਗਏ ਸਿੰਘਾਸਨ। ਕਲਪਨਾ ਕਰ ਕਿ ਤੇਰਾ ਪਰਛਾਵਾਂ ਤਖ਼ਤ ਦੇਵੇ ਰਾਜਿਆਂ ਨੂੰ ਤੇ ਕੱਲ ਨੂੰ ਉਹਨਾਂ ਦੀ ਕਿਸਮਤ ਸਾਥ ਛੱਡ ਦੇਵੇ ਤੇ ਉਹ ਸਦਾ ਲਈ ਵੰਚਿਤ ਹੋ ਜਾਣ ਆਪਣੀ ਰਾਜਸੀ ਸੱਤਾ ਤੋਂ, ਤੇ ਦੁਬਾਰਾ ਉਹਨਾਂ ਨੂੰ ਤੇਰਾ ਪਰਛਾਵਾਂ ਨਾ ਮਿਲੇ ਤਾਂ ਸੋਚ ਕਿ ਕਿਆਮਤ ਦੇ ਦਿਨ ਜਦ ਹਿਸਾਬ-ਕਿਤਾਬ ਕੀਤਾ ਜਾਵੇਗਾ ਤਾਂ ਉਹ ਅੱਲਾਹ ਅੱਗੇ ਕਿੰਝ ਜਾਣਗੇ ਆਪਣਾ ਕਰੂਪ ਚਿਹਰਾ ਲੈ ਕੇ। ਕਿੰਨਾ ਚੰਗਾ ਹੁੰਦਾ ਜੇ ਉਹ ਪਹਿਲਾਂ ਹੀ ਤੇਰੇ ਪਰਛਾਵੇਂ ਹੇਠ ਨਾ ਆਏ ਹੁੰਦੇ। ਸੁਲਤਾਨ ਮਹਿਮੂਦ ਤੇ ਇਕ ਸੰਤ ਇੱਕ ਸੂਫ਼ੀ ਫ਼ਕੀਰ, ਜੋ ਪਰਮਾਤਮਾਂ ਦੇ ਸੱਚੇ ਰਸਤੇ ਉੱਤੇ ਸੀ, ਨੇ ਸੁਲਤਾਨ ਮਹਿਮੂਦ ਨੂੰ ਸੁਪਨੇਂ ਵਿੱਚ ਵੇਖਿਆ ਤੇ ਉਸ ਨੂੰ ਕਿਹਾ, ‘ਹੇ ਦਾਨਵੀਰ ਰਾਜੇ, ਕਾਲ ਤੋਂ ਪਾਰ ਦੀ ਦੁਨੀਆਂ (ਅਨੰਤ ਕਾਲ) ਕਿਵੇਂ ਹੈ?” ਸੁਲਤਾਨ ਨੇ ਉੱਤਰ ਦਿੱਤਾ, ‘ਜੇ ਤੂੰ ਚਾਹੁੰਦਾ ਹੈਂ ਤਾਂ ਮੇਰਾ ਸਰੀਰ ਵੱਢ ਸੁੱਟ ਪਰ ਮੇਰੀ ਆਤਮਾਂ ਨੂੰ ਛੱਡ ਦੇ। ਕੁਝ ਨਾ ਕਹਿ ਤੇ ਚਲਾ ਜਾ, ਏਥੇ ਕੋਈ ਨਹੀਂ ਪੁੱਛਦਾ ਦੁਨਿਆਵੀ ਰਾਜਸੀ ਸੱਤਾ ਨੂੰ । ਮੇਰੀਆਂ ਤਾਕਤਾਂ ਹੰਕਾਰ ਤੇ ਸਵੈਮਾਣ ਦਾ ਪ੍ਰਗਟਾਵਾ ਸਨ, ਦੰਭੀ ਤੇ ਅਸ਼ੁੱਧ। ਕੀ ਸੱਤਾ ਇੱਕ ਮੁੱਠੀ ਮਿੱਟੀ ਜਿੰਨਾ ਵੀ ਉੱਚਾ ਚੁੱਕ ਸਕਦੀ ਹੈ? ਬ੍ਰਹਿਮੰਡਾਂ ਦੇ ਮਾਲਕ ਅਕਾਲ ਪੁਰਖ ਨਾਲ਼ ਜੁੜੀਆਂ ਨੇ ਸਭ ਤਰ੍ਹਾਂ ਦੀਆਂ ਆਜ਼ਾਦੀਆਂ। ਹੁਣ ਜਦੋਂ ਕਿ ਮੈਂ ਜਾਣੂ ਹੋ ਗਿਆ ਹਾਂ, ਆਪਣੀਆਂ ਕਮਜ਼ੋਰੀਆਂ ਤੇ ਲਾਚਾਰੀਆਂ ਤੋਂ, ਮੈਂ ਸ਼ਰਮਿੰਦਾ ਹਾਂ ਆਪਣੀ ਰਾਜਸੀ ਸੱਤਾ ਤੋਂ। ਤੇ ਜੇ ਤੂੰ ਮੈਨੂੰ ਕੋਈ ਲਕਬ ਦੇਣਾ ਚਾਹੁੰਦਾ ਹੈਂ ਤਾਂ ਕਹਿ ਮੈਨੂੰ ‘ਇੱਕ ਪੀੜਿਤ’। ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਅਕਾਲ ਪੁਰਖ਼ ਕੁਦਰਤਾਂ ਦਾ ਮਾਲਕ ਹੈ, ਇਸ ਲਈ ਮੈਨੂੰ ਰਾਜਾ ਨਾ ਕਹਿ । ਸਭ ਸਾਮਰਾਜ ਉਸ ਨਾਲ਼ ਸਬੰਧਤ ਹਨ, ਤੇ ਮੈਂ ਹੁਣ ਧਰਤੀ ‘ਤੇ ਇੱਕ ਅਦਨਾ ਜਿਹਾ ਫ਼ਕੀਰ ਬਣ ਕੇ ਖੁਸ਼ੀ ਮਾਣਾਗਾ। ਆਪਣੀ ਇੱਛਾ ਪੇਸ਼ ਕਰਾਂਗਾ ਸਰਵ ਸ਼ਕਤੀਮਾਨ ਅੱਗੇ, ਕਿ ਮੇਰਾ ਇਹ ਨਾਸ਼ਵੰਤ ਰਾਜ ਲੈ ਲੈ ਤੇ ਤੇਰੇ ਕੋਲ਼ ਹਜ਼ਾਰਾਂ ਕਲਿਆਣਕਾਰੀ ਝਰਨੇਂ ਹਨ, ਕਿਸੇ ਇੱਕ ਵਿੱਚ ਮੈਨੂੰ ਸੁੱਟ ਦੇ, ਬਜਾਇ ਇਸ ਦੇ ਕਿ ਮੈਂ ਪਦਾਰਥ ਇਕੱਤਰ ਕਰਦਾ ਰਹਾਂ। ਮਹਿਮੂਦ ਨੂੰ ਗੁਲਾਮ ਕਹੋ, ਸੱਚੀ ਸਰਕਾਰ ਦਾ ਤੇ ਉਹ ਕੁਝ ਵੀ ਕਰੇ ਆਪਣੇ ਗੁਲਾਮ ਨਾਲ਼(2) ਮੇਰਾ ਪਿਆਰ ਦਿਓ ਮੇਰੇ ਪੁੱਤਰ ਮੌਸੂਦ ਨੂੰ ਤੇ ਉਹਨੂੰ ਕਿਹਾ, ‘ਆਪਣੇ ਪਿਤਾ ਦੀ ਅਵਸਥਾ ਤੋਂ ਸਿੱਖਿਆ ਲੈ ਜੇ ਤੂੰ ਕੁਝ ਸਮਝ ਸਕਦਾ ਹੈਂ, ਰੱਬ ਕਰੇ ਮੁਰਝਾ ਜਾਣ ਹੁਮਾ ਦੇ ਉਹ ਖੰਭ, ਜਿਹਨਾਂ ਦੇ ਪਰਛਾਵੇਂ ਨੇ ਮੈਨੂੰ ਇਹ ਦਿਨ ਦਿਖਾਏ। (2) (ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥ ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥ ਬੰਦੇ ਬੰਦਗੀ ਇਕਤੀਆਰ ॥ ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥ ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥
ਦਸ ਬਾਜ਼ ਦੇ ਉਜ਼ਰ ਅਗਲੀ ਵਾਰੀ ਉੱਚਾ ਸਿਰ ਰੱਖਣ ਵਾਲੇ ਬਾਜ਼ ਦੀ ਸੀ, ਉਹ ਸਿਪਾਹੀਆਂ ਵਾਲੇ ਪ੍ਰਭਾਵ ਨਾਲ਼ ਅੱਗੇ ਆਇਆ ਤੇ ਬੋਲਿਆ, ‘ਮੈਂ ਰਾਜਿਆਂ ਦੀ ਸੰਗਤ ਵਿੱਚ ਆਨੰਦਿਤ ਰਹਿੰਦਾ ਹਾਂ ਤੇ ਮੇਰੇ ਮਨ ਵਿੱਚ ਕੋਈ ਆਦਰ ਜਾਂ ਸਤਿਕਾਰ ਨਹੀਂ ਦੂਜੇ ਜੀਵਾਂ ਪ੍ਰਤੀ । ਮੈਂ ਆਪਣੀਆਂ ਅੱਖਾਂ ਟੋਪੀ ਹੇਠ ਢਕ ਕੇ ਰੱਖਦਾ ਹਾਂ ਤਾਂ ਕਿ ਮੈਂ ਆਪਣੇ ਪੈਰ ਬਗੈਰ, ਕਿਸੇ ਹੋਰ ਪਾਸੇ ਤੱਕੇ, ਸਿੱਧੇ ਬਾਦਸ਼ਾਹ ਦੇ ਹੱਥਾਂ ‘ਤੇ ਜਾ ਟਿਕਾਵਾਂ। ਮੈਨੂੰ ਅਦਬ ਤੇ ਪਰਹੇਜ਼ ਨਾਲ਼ ਪੂਰੀ ਤਰ੍ਹਾਂ ਜਾਣੂ ਕਰਵਾਇਆ ਗਿਆ ਹੈ, ਤੇ ਕਿਸੇ ਤਪੱਸਵੀ ਵਾਂਗ ਮੈਂ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹਾਂ, ਤਾਂ ਕਿ ਜਦੋਂ ਮੈਨੂੰ ਰਾਜੇ ਦੇ ਹਜੂਰ ਪੇਸ਼ ਕੀਤਾ ਜਾਵੇ ਤਾਂ ਮੈਂ ਆਪਣੀਆਂ ਉਹ ਸਾਰੀਆਂ ਜਿੰਮੇਵਾਰੀਆਂ ਤੋਂ ਜਾਣੂ ਹੋਵਾਂ, ਜਿਨ੍ਹਾਂ ਦੀ ਆਸ ਮੇਰੇ ਤੋਂ ਕੀਤੀ ਜਾਂਦੀ ਹੈ। ਮੈਂ ਕਿਉਂ ਜਾਵਾਂ ਸੀਮੁਰਗ਼ ਦੇ ਦੀਦਾਰਾਂ ਲਈ, ਸੁਪਨੇਂ ਵਿੱਚ ਵੀ ਕਿਉਂ? ਮੈਂ ਕਿਉਂ ਆਪਣਾ ਸਿਰ ਭੇਂਟ ਕਰਾਂ ਉਸ ਅੱਗੇ? ਮੈਂ ਨਹੀਂ ਸੋਚਦਾ ਕਿ ਮੈਨੂੰ ਬੁਲਾਇਆ ਜਾਣਾ ਚਾਹੀਦਾ ਹੈ ਇਸ ਯਾਤਰਾ ਵਿੱਚ ਨਾਲ਼ ਚੱਲਣ ਲਈ । ਮੈਂ ਸੰਤੁਸ਼ਟ ਹਾਂ ਕਿ ਮੈਨੂੰ ਰਾਜਿਆਂ ਦੇ ਹੱਥੋਂ ਮਾਸ ਦਾ ਨਿਵਾਲਾ ਖਾਣ ਲਈ ਮਿਲਦਾ ਹੈ; ਉਸ ਦੇ ਰਾਜ ਦਰਬਾਰ ਵਿੱਚ ਰਹਿਣਾ ਕਾਫੀ ਹੈ ਮੇਰੇ ਲਈ ਉਹ, ਜੋ ਆਪਣੀਆਂ ਇੱਛਾਵਾਂ ਦੀ ਪੂਰਤੀ ਸ਼ਾਹੀ ਛਤਰ-ਛਾਇਆ ਹੇਠ ਹੱਸਦਾ-ਖੇਡਦਾ ਕਰ ਰਿਹਾ ਹੈ, ਤੇ ਸਵੀਕਾਰਤ ਹੈ ਜਿਸਨੂੰ ਬਾਦਸ਼ਾਹ ਦਾ ਹਰ ਹੁਕਮ, ਕੀ ਲੋੜ ਹੈ ਉਸ ਨੂੰ ਉਹਨਾਂ ਵਾਦੀਆਂ ਵਿੱਚ ਉਡਾਣਾਂ ਭਰਨ ਦੀ ਜੋ ਅਸੀਮ ਹਨ। ਆਪਣੀ ਜ਼ਿੰਦਗੀ ਇਸੇ ਅਨੰਦਮਈ ਫਿਜ਼ਾ ਵਿੱਚ ਗੁਜ਼ਾਰਨ ਤੋਂ ਬਿਨਾ ਮੇਰੀ ਹੋਰ ਕੋਈ ਕਾਮਨਾ ਨਹੀਂ; ਜਾਂ ਤਾਂ ਰਾਜੇ ਦੀ ਉਡੀਕ ਵਿੱਚ ਤੇ ਜਾਂ ਰਾਜੇ ਦੇ ਸ਼ੌਂਕ ਲਈ ਸ਼ਿਕਾਰ ਕਰਦੇ ਹੋਏ। (1) (ਸ਼ਾਇਦ ਬਾਜ਼ ਦੇ ਇਹ ਬੋਲ ਸੁਣ ਕੇ ਹੀ ਆਲਾਮਾ ਇਕਬਾਲ ਨੇ ਕਿਹਾ ਹੋਵੇਗਾ: ਨਹੀਂ ਤੇਰਾ ਨਸ਼ੇਮਨ ਕਸਰ-ਏ-ਸਲਤਾਨੀ ਕੇ ਗੁੰਬਦ ਪਰ, ਤੂੰ ਸ਼ਾਹੀਨ ਹੈਂ ਬਸੇਰਾ ਕਰ ਪਹਾੜੋਂ ਕੀ ਚੱਟਾਨੋਂ ਪਰ)
ਹੁਦਹੁਦ ਦਾ ਬਾਜ਼ ਨੂੰ ਉੱਤਰ ‘ਹੇ ਪਦਾਰਥਾਂ ਦੇ ਬਾਹਰੀ ਰੂਪਾਂ ਨਾਲ਼ ਜੁੜੇ ਹੋਏ ਬਾਜ਼, ਤੂੰ ਅੰਦਰੂਨੀ ਕੀਮਤਾਂ ਤੋਂ ਅਣਜਾਣ ਹੈਂ। ਸੀਮੁਰਗ਼ ਉਹ ਹੈ ਜਿਸਦੀ ਸਲਤਨਲ ਸਰਵਉੱਚ ਤੇ ਲਾਸਾਨੀ ਹੈ ਕਿਉਂਕਿ ਉਸ ਦੀਆਂ ਸ਼ਕਤੀਆਂ ਅਦੁੱਤੀ ਹਨ ਤੇ ਉਸ ਜਿਹਾ ਹੋਰ ਕੋਈ ਨਹੀਂ ਕੋਈ ਅਸਲੀ ਰਾਜਾ ਉਹੀ ਹੋ ਸਕਦਾ ਹੈ, ਜੋ ਵਿਸ਼ਵਾਸ਼ੀ ਤੇ ਦਿਆਲੂ ਹੋਵੇ ਤੇ ਉਸ ਦਾ ਕੋਈ ਸਾਨੀ ਵੀ ਨਾ ਹੋਵੇ । ਇਹਨਾਂ ਰਾਜਿਆਂ ਜਹੇ ਤਾਂ ਕਈ ਹਨ ਜਹਾਨ ਵਿੱਚ। ਤੇ ਯਾਦ ਰੱਖ ਇਹਨਾਂ ਰਾਜਿਆਂ ਦੇ ਨਜ਼ਦੀਕੀਆਂ ਦੇ ਪਦ ਵੀ ਨਾਜ਼ੁਕ ਹੀ ਹੁੰਦੇ ਹਨ ਕਿਉਂ ਜੋ ਰਾਜਾ ਤਾਂ ਖੁਦ ਨਾਸ਼ਵੰਤ ਹੈ। ਇਸ ਲਈ ਦੁਨਿਆਵੀ ਤਖ਼ਤਾਂ ਦੇ ਮਾਲਕ ਰਾਜਿਆਂ ਦੀ ਅਕਸਰ ਭੰਡੀ ਹੋ ਜਾਂਦੀ ਹੈ, ਤੇ ਉੱਤੋਂ ਉਹ ਅਨਿਆਂ ਕਰਨ ਦੇ ਦੋਸ਼ੀ ਵੀ ਹੋ ਸਕਦੇ ਹਨ। ਰਾਜਿਆਂ ਨਾਲ਼ ਦੋਸਤੀ ਵੀ ਜ਼ੋਖਿਮ ਭਰੀ ਹੋ ਸਕਦੀ ਹੈ ਕਿਉਂਕਿ ਇੱਕ ਪਲ ਵਿੱਚ ਉਹ ਦੋਸਤਾਂ ਨੂੰ ਵੀ ਕੈਦ ਕਰ ਦਿੰਦੇ ਹਨ। ਵਿਸ਼ਵਾਸ਼ਪਾਤਰ ਵੀ ਰਾਜਿਆਂ ਨੂੰ ਨਾਰਾਜ਼ ਨਹੀਂ ਕਰ ਸਕਦੇ ਕਿਉਂਕਿ ਜਾਨ ਦਾ ਖਤਰਾ ਬਣਿਆਂ ਰਹਿੰਦਾ ਹੈ। ਇਸੇ ਲਈ ਰਾਜਿਆਂ ਦੀ ਤੁਲਨਾਂ ਜਵਾਲਾਮੁਖੀਆਂ ਨਾਲ਼ ਕੀਤੀ ਜਾਂਦੀ ਹੈ, ਸੋ ਬਚ ਸਕਦਾ ਹੈਂ ਤਾਂ ਬਚ। ਮਹਾਨ ਰਾਜਾ ਤੇ ਪਿਆਰਾ ਗੁਲਾਮ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਹਾਨ ਰਾਜਾ ਸੀ ਤੇ ਉਸ ਦਾ ਇੱਕ ਚਾਂਦੀ ਰੰਗਾ ਗੁਲਾਮ ਸੀ। ਰਾਜੇ ਨੇ ਗੁਲਾਮ ਨੂੰ ਬਹੁਤ ਪਿਆਰ ਕੀਤਾ ਤਾਂ ਕਿ ਉਹ ਇੱਕ ਪਲ ਲਈ ਵੀ ਉਸ ਤੋਂ ਦੂਰ ਨਾ ਹੋਵੇ। ਉਹ ਗੁਲਾਮ ਨੂੰ ਬਹੁਤ ਸੁੰਦਰ ਪੁਸ਼ਾਕਾਂ ਦਿੰਦਾ ਸੀ ਪਹਿਨਣ ਲਈ ਤੇ ਆਪਣੇ ਸਾਥੀਆਂ ਦੀ ਮੁੱਢਲੀ ਕਤਾਰ ਵਿੱਚ ਰੱਖਦਾ ਸੀ। ਪਰ ਰਾਜਾ ਕਦੇ-ਕਦੇ ਆਪਣਾ ਮਨੋਰੰਜਨ ਕਰਦਾ ਸੀ ਨਿਸ਼ਾਨੇਬਾਜ਼ੀ ਕਰ ਕੇ; ਤੇ ਜਦ ਉਸ ਦਾ ਇਹ ਸ਼ੌਕ ਸਿਖ਼ਰ ‘ਤੇ ਹੁੰਦਾ ਸੀ ਤਾਂ ਉਹ ਆਪਣੇ ਕਿਸੇ ਪਿਆਰੇ ਦੇ ਸਿਰ ‘ਤੇ ਸੇਬ ਟਿਕਾਉਂਦਾ ਤੇ ਉਸ ਨੂੰ ਨਿਸ਼ਾਨਾਂ ਬਣਾਉਂਦਾ। ਤੇ ਜਦ ਉਹ ਤੀਰ ਛੱਡਦਾ ਤਾਂ ਗੁਲਾਮ (ਜਿਸ ਦੇ ਸਿਰ ‘ਤੇ ਸੇਬ ਹੁੰਦਾ) ਦਾ ਰੰਗ ਪੀਲਾ ਪੈ ਜਾਂਦਾ। ਇੱਕ ਦਿਨ ਕਿਸੇ ਨੇ ਰਾਜੇ ਦੇ ਉਸ ਪਸੰਦੀਦਾ ਗੁਲਾਮ ਨੂੰ ਪੁੱਛਿਆ, ‘ਤੇਰਾ ਚਿਹਰਾ ਸੋਨੇ ਰੰਗਾ ਕਿੰਝ ਹੈ? ਤੂੰ ਤਾਂ ਸਭ ਤੋਂ ਵਧ ਮਨਭਾਉਂਦਾ ਹੈਂ ਰਾਜੇ (1)(ਕੋਊ ਹਰਿ ਸਮਾਨ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥) ਦਾ, ਫਿਰ ਇਹ ਮੁਰਦੇ ਜਿਹਾ ਪੀਲਾਪਨ ਕਿਉਂ?’ ਗੁਲਾਮ ਨੇ ਉੱਤਰ ਦਿੱਤਾ, ‘ਜੇ ਰਾਜਾ ਸੇਬ ਦੀ ਬਜਾਏ ਮੇਰੇ ਮੱਥੇ ਵਿੱਚ ਤੀਰ ਮਾਰ ਦੇਵੇ ਤਾਂ ਉਹ ਕਹੇਗਾ ‘ਇਹ ਗੁਲਾਮ ਰਾਜ ਦਰਬਾਰ ਦੇ ਵਿਹੜੇ ਦੀ ਸਭ ਤੋਂ ਬੇਕਾਰ ਸ਼ੈਅ ਸੀ’; ਪਰ ਜਦੋਂ ਉਸ ਦਾ ਤੀਰ ਆਪਣਾ ਨਿਸ਼ਾਨਾਂ (ਸੇਬ) ਫੁੰਡ ਦੇਵੇ ਤਾਂ ਸਭ ਰਾਜੇ ਦੇ ਚੰਗਾ ਨਿਸ਼ਾਨਚੀ ਹੋਣ ਦੇ ਗੁਣ ਗਾਉਣਗੇ। ਤੇ, ਇਸ ਦਰਦਨਾਕ ਅਵਸਥਾ ਵਿੱਚ ਮੈਂ ਬਸ ਇਹੀ ਉਮੀਦ ਕਰ ਸਕਦਾਂ ਕਿ ਰਾਜੇ ਦਾ ਨਿਸ਼ਾਨਾਂ ਸਦਾ ਸਹੀ ਤੇ ਸਿੱਧਾ ਲੱਗੇ।’ ਗਿਆਰਾਂ ਬਗ਼ਲਾ ਬਗ਼ਲਾ ਬੜੀ ਕਾਹਲੀ ਨਾਲ਼ ਅੱਗੇ ਆਇਆ ਤੇ ਤੁਰੰਤ ਆਪਣੇ ਬਾਰੇ ਬੋਲਣਾ ਸ਼ੁਰੂ ਕੀਤਾ, ‘ਮੇਰਾ ਬਹੁਤ ਹੀ ਸੁੰਦਰ ਤੇ ਰਮਣੀਕ ਘਰ ਸਾਗਰ ਦੇ ਨੇੜਲੀ ਝੀਲ ਵਿੱਚ ਹੈ. ਜਿੱਥੇ ਕੋਈ ਮੇਰੇ ਗੀਤ ਨਹੀਂ ਸੁਣ ਸਕਦਾ। ਮੈਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਤਾਂ ਕਿ ਕਿਸੇ ਨੂੰ ਮੇਰੇ ਪ੍ਰਤੀ ਕੋਈ ਸ਼ਿਕਾਇਤ ਨਾ ਹੋਵੇ। ਦਰਦ ਤੇ ਉਦਾਸੀ ਦੇ ਆਲਮ ਵਿੱਚ ਮੈਂ ਚਿੰਤਾਗ੍ਰਸਤ ਖੜਾ ਰਹਿੰਦਾ ਹਾਂ ਨਮਕੀਨ ਸਾਗਰ ਦੇ ਕੰਢੇ ’ਤੇ, ਮੇਰਾ ਦਿਲ ਪਾਣੀ ਦੀ ਤੜਪ ਨਾਲ਼ ਭਰਿਆ ਹੋਇਆ ਹੈ। ਜੇ ਉੱਥੇ ਕੁਝ ਨਾ ਹੋਵੇ ਤਾਂ ਮੇਰਾ ਕੀ ਹੋਵੇਗਾ! ਪਰ ਜਦਕਿ ਮੈਂ ਉਹਨਾਂ ਵਿੱਚੋਂ ਨਹੀਂ ਹਾਂ ਜੋ ਸਮੁੰਦਰ ਵਿੱਚ ਰਹਿੰਦੇ ਹਨ, ਮੈਂ ਮਰ ਰਿਹਾ ਹਾਂ, ਮੇਰੇ ਬੁੱਲ ਸੁੱਕ ਗਏ ਹਨ, ਤੇ ਮੈਂ ਦਰਿਆ ਦੇ ਕੰਢੇ ‘ਤੇ ਖਲੋਤਾ ਹਾਂ । ਹਲਾਂਕਿ ਪਾਣੀ ਉੱਛਲ ਰਿਹਾ ਹੈ, ਤੇ ਧਾਰਾਵਾਂ ਮੇਰੇ ਪੈਰ ਭੰਨ ਰਹੀਆਂ ਹਨ, ਪਰ ਮੈਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਪੀਂਦਾ; ਤੇ ਜੇ ਸਾਗਰ ਪਾਣੀ ਦੀ ਇੱਕ ਬੂੰਦ ਵੀ ਗਵਾ ਦੇਵੇ ਜਾਂ ਦਰਿਆ ਵਿੱਚੋਂ ਪਾਣੀ ਦਾ ਤੁਪਕਾ ਵੀ ਘਟ ਜਾਵੇ ਤਾਂ ਮੇਰੇ ਦਿਲ ਵਿੱਚ ਪੀੜ ਹੋਣ ਲੱਗਦੀ ਹੈ। ਮੇਰੇ ਵਰਗੇ ਜੀਵ ਲਈ ਸਾਗਰ ਦੇ ਪਾਣੀ ਦਾ ਜਨੂੰਨ ਹੀ ਕਾਫੀ ਹੈ। ਮੇਰੇ ਵਿੱਚ ਤਾਕਤ ਨਹੀਂ ਕਿ ਸੀਮੁਰਗ਼ ਦੀ ਭਾਲ ਲਈ ਜਾ ਸਕਾਂ, ਇਸ ਲਈ ਮੈਂ ਮੁਆਫੀ ਚਾਹੁੰਦਾ ਹਾਂ। ਕਿਵੇਂ ਮੇਰੇ ਜਹੇ ਕਿਸੇ ਲਈ, ਜਿਸ ਦੀ ਲੋਚਾ ਇੱਕ ਪਾਣੀ ਦੀ ਬੂੰਦ ਹੈ, ਸੰਭਵ ਹੈ ਸੀਮੁਰਗ਼ ਨਾਲ਼ ਮੇਲ ਪ੍ਰਾਪਤ ਕਰਨਾ?’ ਹੁਦਹੁਦ ਦਾ ਜਵਾਬ ‘ਹੇ ਸਮੁੰਦਰ ਤੋਂ ਅਣਜਾਣ, ਕੀ ਤੂੰ ਇਹ ਵੀ ਨਹੀਂ ਜਾਣਦਾ ਕਿ ਸਮੁੰਦਰ ਮਗਰਮੱਛ ਤੇ ਉਹਨਾਂ ਜਹੇ ਹੋਰ ਖਤਰਨਾਕ ਜੀਵਾਂ ਨਾਲ਼ ਭਰਿਆ ਹੋਇਆ ਹੈ? ਕਦੇ ਇਹਨਾਂ ਸਾਗਰਾਂ ਦਾ ਪਾਣੀ ਕੜੱਤਣ ਨਾਲ਼ ਭਰਿਆ ਹੁੰਦਾ ਹੈ ਤੇ ਕਰੇ ਖਾਰਾ; ਕਦੇ ਇਹ ਸ਼ਾਂਤ ਹੋ ਜਾਂਦਾ ਹੈ ਤੇ ਕਦੇ ਪ੍ਰਚੰਡ; ਸਦਾ ਬਦਲਦਾ ਰਹਿਣ ਵਾਲਾ, ਸਹਿਜਤਾ ਤੋਂ ਕੋਹਾਂ ਦੂਰ, ਕਦੇ ਇਹ ਚੜ੍ਹ ਜਾਂਦਾ ਹੈ ਤੇ ਕਦੇ ਉਤਾਰ ਵਿੱਚ ਆ ਜਾਂਦਾ ਹੈ। ਕਈ ਕਹਿੰਦੇ ਕਹਾਉਂਦੇ ਧਸ ਗਏ ਹਨ ਇਸ ਦਿਆਂ ਰਸਾਤਲਾਂ ਵਿੱਚ। ਇਸ ਦੀਆਂ ਡੂੰਘਾਣਾਂ ਵਿੱਚ ਗਏ ਹੋਏ ਤਾਰੁ ਆਪਣੇ ਸਾਹ ਰੋਕ ਕੇ ਰੱਖਦੇ ਹਨ ਨਹੀਂ ਤਾਂ ਇਹ ਘਾਹ ਦੇ ਤਿਨਕੇ ਵਾਂਗ ਉਹਨਾਂ ਨੂੰ ਵਗਾਹ ਮਾਰੇਗਾ। ਸਮੁੰਦਰ ਵਿੱਚ ਵਫਾਦਾਰੀ ਦਾ ਕੋਈ ਤੱਤ ਨਹੀਂ। ਇਸ ‘ਤੇ ਵਿਸ਼ਵਾਸ਼ ਨਾ ਕਰ, ਯਾਦ ਰੱਖ ਇੱਕ ਦਿਨ ਇਹ ਤੈਨੂੰ ਵੀ ਨਿਗਲ ਲਵੇਗਾ। ਇਹ ਖੁਦ ਬੇਚੈਨ ਹੈ ਆਪਣੇ ਮਿੱਤਰ (ਦਰਿਆ, ਸਾਗਰ, ਨਦੀਆਂ,ਝੀਲਾਂ ਆਦਿ) ਦੇ ਇਸ਼ਕ ਵਿੱਚ। ਕਦੇ ਇਹ ਦਹਾੜਦਾ ਹੈ ਤੇ ਕਦੇ ਵੱਡੀਆਂ ਲਹਿਰਾਂ ਬਣਾਉਂਦਾ ਹੈ। ਸਮੁੰਦਰ ਜਦਕਿ ਖੁਦ ਹੀ ਸ਼ਾਂਤ ਨਹੀਂ ਕਰ ਸਕਿਆ ਆਪਣੀਆਂ ਇੱਛਾਵਾਂ, ਕਿਸ ਤਰ੍ਹਾਂ ਇਹ ਤੇਰੇ ਦਿਲ ਲਈ ਆਰਾਮਗਾਹ ਬਣ ਸਕਦਾ ਹੈ! ਸਮੁੰਦਰ ਇੱਕ ਨਦੀ ਸਮਾਨ ਹੈ ਜੋ ਚੜ੍ਹਦਾ ਹੈ ਆਪਣੇ ਮਿੱਤਰ ਦੀ ਭਾਲ ਵਿੱਚ; ਤੂੰ ਕਿਵੇਂ ਏਥੇ ਸੰਤੁਸ਼ਟ ਖਲੋਤਾ ਹੈਂ? ਕੀ ਸੀਮੁਰਗ਼ ਦੇ ਮੁੱਖੜੇ ਦੀ ਝਲਕ ਦੀ ਭੁੱਖ ਨਹੀਂ ਜਾਗ ਰਹੀ ਤੇਰੇ ਅੰਦਰ? ਇੱਕ ਸੰਤ ਤੇ ਸਮੁੰਦਰ ਸੰਤ, ਜਿਸਨੂੰ ਤਲਬ ਰਹਿੰਦੀ ਸੀ ਵਸਤੂਆਂ ਦੇ ਅਰਥ ਜਾਨਣ-ਸਮਝਣ ਦੀ, ਸਮੁੰਦਰ ਕੋਲ਼ ਗਿਆ ਤੇ ਪੁੱਛਿਆ, ‘ਕਿਉਂ ਤੂੰ ਨੀਲੇ ਬਸਤਰ ਪਹਿਨਦਾ ਹੈਂ, ਜਦਕਿ ਇਹ ਰੰਗ ਤਾਂ ਮਾਤਮ ਦਾ ਹੈ, ਤੇ ਤੂੰ ਅੱਗ ਤੋਂ ਬਿਨਾਂ ਹੀ ਕਿਉਂ ਉਬਾਲੇ ਖਾਂਦਾ ਰਹਿੰਦਾ ਹੈ?’ ਸਮੁੰਦਰ ਨੇ ਉਸ ਚਿੰਤਨ ਦੇ ਆਸ਼ਿਕ ਨੂੰ ਉੱਤਰ ਦਿੱਤਾ, ‘ਮੈਂ ਬਹੁਤ ਤੰਗ ਹਾਂ ਕਿਉਂਕਿ ਆਪਣੇ ਮਿੱਤਰ ਨਾਲ਼ੋਂ ਜੁਦਾ ਕਰ ਦਿੱਤਾ ਗਿਆ ਹਾਂ ਤੇ ਕਿਉਂਕਿ ਮੈਂ ਅਪੂਰਨ ਹਾਂ, ਮੈਂ ਉਸ ਦੇ ਯੋਗ ਨਹੀਂ, ਇਸ ਲਈ ਮੈਂ ਪਸ਼ਚਾਤਾਪ ਵਜੋਂ ਨੀਲੇ ਬਸਤਰ ਪਹਿਨ ਕੇ ਰੱਖਦਾ ਹਾਂ। ਮੇਰੀ ਬਿਪਤਾ ਵਿੱਚ ਮੇਰੇ ਤਟਾਂ ਜਹੇ ਬੁੱਲ ਸੁੱਕ ਜਾਂਦੇ ਹਨ ਤੇ ਕਿਉਂਕਿ ਇਸ਼ਕ ਦੀ ਅੱਗ ਮੇਰੇ ਅੰਦਰ ਬਲ ਰਹੀ ਹੈ ਇਸੇ ਲਈ ਖਲਬਲੀ ਮੱਚੀ ਰਹਿੰਦੀ ਹੈ ਮੇਰੇ ਅੰਦਰ ਤੇ ਮੈਂ ਉਬਾਲੇ ਖਾਂਦਾ ਰਹਿੰਦਾ ਹਾਂ। ਕੀ ਮੈਨੂੰ ਨਸੀਬ ਹੋ ਸਕਦੀ ਹੈ ਕੌਸਰ) ਦੇ ਸਵਰਗੀ ਚਸ਼ਮੇਂ ਦੇ ਪਾਣੀ ਦੀ ਇੱਕ ਬੂੰਦ, ਤਾਂ ਕਿ ਮੈਂ ਵੀ ਸਦੀਵੀ ਜੀਵਨ ਦੇ ਦਰ ‘ਤੇ ਪਹੁੰਚ ਸਕਾਂ। ਏਸ ਇੱਕ ਬੂੰਦ ਬਿਨਾਂ ਮੈਂ ਵੀ ਸੜ ਜਾਵਾਂਗਾ ਵਾਸਨਾਵਾਂ ਦੀ ਅੱਗ ਵਿੱਚ ਉਹਨਾਂ ਹਜ਼ਾਰਾਂ ਵਾਂਗ ਜੋ ਪਹਿਲਾਂ ਇਸ ਪੰਧ ‘ਤੇ ਨਸ਼ਟ ਹੋ ਗਏ।’ ਬਾਰ੍ਹਾਂ ਉੱਲੂ ਘਬਰਾਹਟ ਜਹੀ ਵਿੱਚ ਉੱਲੂ ਅੱਗੇ ਆਇਆ ਤੇ ਬੋਲਿਆ, “ਮੈਂ ਉਜਾੜ ਤੇ ਫ਼ੰਡਰਾਤ ਚੁਣੇ ਨੇ ਆਪਣੇ ਰਹਿਨ ਲਈ। ਮੈਂ ਉਜਾੜਾਂ ਵਿੱਚ ਹੀ ਜੰਮਿਆਂ ਤੇ ਏਥੇ ਹੀ ਮਦਹੋਸ਼ ਰਹਿੰਦਾ ਹਾਂ, ਬਿਨਾ ਸ਼ਰਾਬ ਪੀਤੇ। ਮੈਂ ਉਲਝਣ ਤੇ ਨਫਰਤ ਵਿੱਚ ਗ੍ਰਸਤ ਹਜ਼ਾਰਾਂ ਆਬਾਦ ਥਾਵਾਂ ਵੇਖੀਆਂ ਹਨ। ਉਹ ਜੋ ਸ਼ਾਂਤੀ ਵਿੱਚ ਰਹਿਣਾ ਚਾਹੁੰਦਾ ਹੈ, ਉਸ ਲਈ ਉਜਾੜਾਂ ਤੋਂ ਬਿਹਤਰ ਹੋਰ ਕੋਈ ਥਾਂ ਨਹੀਂ, ਜਿਵੇਂ ਮਸਤਾਨੇ ਕਰਦੇ ਹਨ। ਜੇ ਮੈਂ ਉਦਾਸ ਵੀ ਹੋਵਾਂ ਉਜਾੜਾਂ ਵਿੱਚ ਤਾਂ ਵੀ ਉੱਥੇ ਹੀ ਰਹਾਂਗਾ ਕਿਉਂਕਿ ਅਸਲੀ ਖਜ਼ਾਨਾਂ (ਸ਼ਾਂਤੀ) ਉਜਾੜਾਂ ਵਿੱਚ ਹੀ ਹੁੰਦਾ ਹੈ। ਖਜ਼ਾਨੇ ਦਾ ਇਸ਼ਕ ਮੈਨੂੰ ਉੱਥੇ ਖਿੱਚ ਕੇ ਲੈ ਜਾਂਦਾ ਹੈ, ਤੇ ਉਹ ਇਹਨਾਂ ਖੰਡਰਾਂ ਵਿੱਚੋਂ ਹੀ ਲੱਭਦਾ ਹੈ। ਨਾਲ਼ ਹੀ ਏਥੇ ਮੈਂ ਆਪਣੀ ਖੋਜ ਦੀ ਬੇਚੈਨੀ ਵੀ ਸਭ ਤੋਂ ਲੁਕੋ ਕੇ ਰੱਖ ਸਕਦਾ ਹਾਂ, ਤੇ ਨਾਲ਼ ਹੀ ਖਜ਼ਾਨਾਂ ਮਿਲਣ ਦੀ ਆਸ ਵੀ ਜਾਗਦੀ ਰਹਿੰਦੀ ਹੈ, ਜਿਸਨੂੰ ਕਿਸੇ ਜਾਦੂ-ਟੂਣੇ ਨਾਲ਼ ਸੁਰੱਖਿਅਤ ਨਹੀਂ ਕੀਤਾ ਗਿਆ ਹੋਵੇਗਾ। ਜੇ ਮੇਰੇ ਪੈਰ ਨੇੜੇ-ਤੇੜੇ ਵੀ ਪਹੁੰਚ ਜਾਣ ਤਾਂ ਮੇਰੇ ਦਿਲ ਦੀਆਂ ਸਭ ਆਸਾਂ ਪੂਰਨ ਹੋ ਜਾਣਗੀਆਂ। ਮੇਰਾ ਪੂਰਾ ਵਿਸ਼ਵਾਸ਼ ਹੈ ਕਿ ਸੀਮੁਰਗ਼ ਦਾ ਇਸ਼ਕ ਕਿਸੇ ਕਾਲਪਨਿਕ ਕਹਾਣੀ ਜਿਹਾ ਹੈ, ਤੇ ਜੇ ਇਹ ਸੱਚ ਹੈ ਵੀ ਤਾਂ ਵੀ ਮੇਰੇ ਜਹੇ ਕਿਸੇ ਹਾਰੀ-ਸਾਰੀ ਦੇ ਵਸ ਦੀ ਖੇਡ ਨਹੀਂ। ਮੇਰੀ ਅਵਸਥਾਂ ਅਜਿਹੇ ਇਸ਼ਕ ਦੀ ਪ੍ਰਾਪਤੀ ਤੋਂ ਲੱਖਾਂ ਕੋਹਾਂ ਦੂਰ ਹੈ, ਜਦਕਿ ਮੈਨੂੰ ਸਿਰਫ ਆਪਣੇ ਉਜਾੜਾਂ ਦੇ ਖਜ਼ਾਨੇ ਨਾਲ਼ ਪਿਆਰ ਹੈ। ਹੁਦਹੁਦ ਦਾ ਜਵਾਬ (ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ) ‘ਹੇ ਧਨ ਦੇ ਨਸ਼ੇ ਵਿੱਚ ਮਦਹੋਸ਼ ਉੱਲੂ, ਮੰਨ ਲੈ ਤੈਨੂੰ ਖਜ਼ਾਨਾਂ ਮਿਲ ਵੀ ਜਾਵੇ! ਫੇਰ? ਤਾਂ ਵੀ ਤੂੰ ਇਸੇ ਖਜ਼ਾਨੇ ਉੱਤੇ ਇੱਕ ਦਿਨ ਮਰ ਜਾਣਾ ਹੈ। ਏਨਾ ਕੁ ਤਾਂ ਤੂੰ ਘੱਟ ਤੋਂ ਘੱਟ ਜਾਣਦਾ ਹੀ ਹੈਂ ਕਿ ਤੇਰਾ ਅਨਮੋਲ ਜੀਵਨ ਤੇਰੇ ਹੱਥਾਂ ਵਿੱਚੋਂ ਕਿਰਦਾ ਜਾ ਰਿਹਾ ਹੈ ਤੇ ਹਲੇ ਕਿਸੇ ਵੀ ਵੱਡੀ ਪ੍ਰਾਪਤੀ ਦੇ ਨੇੜੇ ਤੇੜੇ ਵੀ ਨਹੀਂ ਹੈਂ, ਜਿਸ ਲਈ ਤੈਨੂੰ ਜਨਮ ਮਿਲਿਆ ਸੀ । ਕਾਫਿਰ ਕਰ ਦਿੰਦਾ ਹੈ ਸੋਨੇ ਤੇ ਹੋਰ ਮਾਲ-ਅਸਬਾਬ ਦਾ ਮੋਹ । ਸੋਨੇ ਦੇ ਬੁੱਤਾਂ ਨੂੰ ਪੂਜਣ ਵਾਲਾ, ਉਹਨਾਂ ਜਿਹਾ ਹੀ ਹੋ ਜਾਂਦਾ ਹੈ। ਸ਼ਾਇਦ ਤੂੰ ਨਹੀਂ ਬਣਨਾ ਚਾਹੇਂਗਾ, ਉਹਨਾਂ ਸਮੀਰੀ ਇਜ਼ਰਾਇਲੀਆਂ ਵਿੱਚੋਂ ਇੱਕ, ਜਿਹਨਾਂ ਨੇ, ਜਦ ਮੂਸਾ ਸਿਨਾਈ ਪਹਾੜ ‘ਤੇ ਚਲੇ ਗਏ ਸਨ, ਉਹਨਾਂ ਨੂੰ ਗ਼ੈਰਹਾਜ਼ਰ (ਜਾਂ ਚਲੇ ਗਏ) ਜਾਣ ਕੇ ਸੋਨੇ ਦਾ ਬੁੱਤ (ਬੱਛੜਾ) ਪੂਜਣਾ ਸ਼ੁਰੂ ਕਰ ਦਿੱਤਾ ਸੀ? ਕੀ ਤੂੰ ਇਹ ਵੀ ਨਹੀਂ ਜਾਣਦਾ ਕਿ ਉਹ ਸਾਰੇ, ਜੋ ਸੋਨੇ ਜਾਂ ਪਦਾਰਥਾਂ ਦੇ ਮੋਹ ਵਿੱਚ ਮਸਤ ਹਨ ਤੇ ਭ੍ਰਿਸ਼ਟੇ ਗਏ ਹਨ, ਕਿਆਮਤ ਦੇ ਦਿਨ, ਪਲ ਵਿੱਚ ਪਛਾਣੇ ਜਾਣਗੇ ਕਿਉਂਕਿ ਉਹਨਾਂ ਦੇ ਚਿਹਰੇ ਖੋਟੇ ਸਿੱਕਿਆਂ ਵਰਗੇ ਹੋ ਜਾਣਗੇ। ਇੱਕ ਚੂਹੇ ਦੇ ਸਮਾਨ। ਇੱਕ ਕੰਜੂਸ ਦੀ ਕਹਾਣੀ ਇੱਕ ਨਸ਼ੇੜੀ ਨੂੰ ਸੋਨੇ ਦਾ ਭਰਿਆ ਇੱਕ ਸੰਦੂਕ ਮਿਲਿਆ ਤੇ ਉਸ ਨੇ ਲੁਕੋ ਕੇ ਰੱਖ ਲਿਆ, ਤੇ ਇਸ ਦੇ ਬਾਅਦ ਜਲਦੀ ਹੀ ਉਹ ਚਲਾਣਾ ਕਰ ਗਿਆ। ਉਸ ਦੇ ਮਰਨ ਤੋਂ ਇੱਕ ਸਾਲ ਬਾਅਦ, ਉਸ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਸੁਪਨੇ ਵਿੱਚ ਵੇਖਿਆ, ਇੱਕ ਚੂਹੇ ਦੇ ਰੂਪ ਵਿੱਚ, ਦੋਵੇਂ ਅੱਖਾਂ ਅੱਥਰੂਆਂ ਨਾਲ਼ ਭਰੀਆਂ ਹੋਈਆਂ। ਉਹ ਅੱਗੇ-ਪਿੱਛੇ ਦੌੜ ਰਿਹਾ ਸੀ, ਉਸ ਥਾਂ ਜਿੱਥੇ ਉਸ ਨੇ ਸੋਨੇ ਦਾ ਬਕਸਾ ਲਕੋ ਕੇ ਰੱਖਿਆ ਸੀ। ਉਸ ਦੇ ਪੁੱਤਰ ਨੇ ਪੁੱਛਿਆ, ‘ਤੁਸੀ ਏਥੇ ਕੀ ਕਰ ਰਹੇ ਹੋ?’ ਪਿਤਾ ਨੇ ਉੱਤਰ ਦਿੱਤਾ, ‘ਏਥੇ ਮੈਂ ਸੋਨਾ ਲੁਕੋਇਆ ਸੀ ਤੇ ਵੇਖਣ ਆਇਆ ਹਾਂ ਕਿ ਕਿਸੇ ਨੇ ਉਸ ਨੂੰ ਲੱਭਿਆ ਹੈ ਕਿ ਨਹੀਂ’। (ਗਉੜੀ ਬੈਰਾਗਣਿ ਰਵਿਦਾਸ ਜੀਉ॥ ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥ ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਰਾਪਾਰੁ ॥ ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥ ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥ ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥ ਜੈਸਾ ਰੰਗ ਕਸੁੰਭ ਕਾ ਤੈਸਾ ਇਹੁ ਸੰਸਾਰੁ ॥ ਮੇਰੇ ਰਮਈਏ ਰੰਗ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥) ‘ਤੁਸੀਂ ਚੂਹੇ ਦੇ ਰੂਪ ਵਿੱਚ ਕਿਉਂ ਹੋ?’ ਪੁੱਤਰ ਨੇ ਪੁੱਛਿਆ। ਪਿਤਾ ਨੇ ਜਵਾਬ ਦਿੱਤਾ, ‘ਕਿਸੇ ਵੀ ਅਜਿਹੇ ਆਦਮੀਂ ਦੀ ਆਤਮਾਂ, ਜਿਸ ਨੇ ਸਭ ਕੁਝ ਤਿਆਗ ਦਿੱਤਾ ਹੋਵੇ ਧਨ-ਪਦਾਰਥਾਂ ਦੇ ਲੋਭ ਵਿੱਚ ਤੇ ਵਿਸਾਰ ਦਿਤਾ ਹੋਵੇ ਦਾਤੇ ਨੂੰ, ਇਹੀ ਰੂਪ ਧਾਰਨ ਕਰਦੀ ਹੈ। ਮੇਰੀ ਗੱਲ ਯਾਦ ਰੱਖੀਂ, ਮੇਰੇ ਪੁੱਤਰ, ਤੇ ਲਾਭ ਉਠਾਈਂ, ਇਹ ਸਭ ਤੂੰ ਜੋ ਹੁਣੇ ਤੱਕਿਆ ਹੈ ਇਸ ਤੋਂ, ਕਦੇ ਮੋਹ ਨਾ ਪਾਈਂ ਮਾਲ-ਅਸਬਾਬ ਨਾਲ਼।’ ਤੇਰ੍ਹਾਂ ਚਿੜੀ ਫੇਰ ਆਈ ਚਿੜੀ, ਕਮਜ਼ੋਰ ਸਰੀਰ ਤੇ ਨਾਜ਼ੁਕ ਦਿਲ ਵਾਲੀ ਚਿੜੀ, ਅੱਗ ਵਾਂਗ ਕੰਬਦੀ ਹੋਈ ਸਿਰ ਤੋਂ ਪੈਰਾਂ ਤੱਕ। ਉਹ ਬੋਲੀ, ‘ਮੈਂ ਉਦਾਸੀ ਤੇ ਪਰੇਸ਼ਾਨੀ ਨਾਲ਼ ਚਕਰਾ (ਭੌਂਚੱਕੀ) ਰਹੀ ਹਾਂ। ਮੇਰੇ ਵਿੱਚ ਕੀੜੀ ਜਿੰਨੀ ਤਾਕਤ ਵੀ ਨਹੀਂ ਬਚੀ ਤੇ ਮੇਰਾ ਕੋਈ ਮਦਦਗਾਰ ਨਹੀਂ । ਨਾ ਤਾਂ ਮੇਰੇ ਕੋਲ਼ ਪੰਜੇ ਹਨ ਤਾ ਨਾ ਹੀ ਖੰਭ, ਕੁਝ ਨਹੀਂ । ਕਿਵੇਂ ਕੋਈ ਮੇਰੇ ਜਿਹਾ ਕਮਜ਼ੋਰ, ਸੀਮੁਰਗ਼ ਨੂੰ ਜਾਂਦੀ ਇਸ ‘ਖੰਡੇਧਾਰ’ ਤੇ ‘ਅਤਿ ਭੀੜੀ’ ‘ਗਲੀ’ ਉੱਤੇ ਚੱਲਣ ਦੀ ਹਿੰਮਤ ਕਰ ਸਕਦਾ ਹੈ? ਇੱਕ ਚਿੜੀ ਤਾਂ ਇਹ ਕਦੇ ਵੀ ਨਹੀਂ ਕਰ ਸਕਦੀ। ਕਮੀਂ ਨਹੀਂ ਹੈ ਸੰਸਾਰ ਵਿੱਚ ਐਸਿਆਂ ਦੀ, ਜੋ ਮਿਲਾਪ ਰੂਪੀ ਇਸ ਵਿਸਮਾਦੀ ਪੂੰਜੀ ਦੇ ਗਾਹਕ ਹਨ, ਪਰ ਮੇਰੇ ਜਹੇ ਕਿਸੇ ਅਦਨੇ ਜੀਵ ਲਈ ਇਹ ਸੁਹਾਵਣਾ ਤੇ ਆਸਾਨ ਨਹੀਂ ਹੋਵੇਗਾ। ਮੇਰੀ ਚਾਹਤ ਨਹੀਂ ਜਾਂ ਕਹਿ ਲਉ ਮੈਂ ਇੱਛਾ ਕਰ ਵੀ ਨਹੀਂ ਸਕਦੀ, ਇਹਨਾਂ ਬਿਖ਼ੜੇ ਪੈਂਡਿਆਂ ‘ਤੇ ਚੱਲਣ ਦੀ ਜਦਕਿ ਮੈਨੂੰ ਅੰਜ਼ਾਮ ਪਤਾ ਹੈ, ਯਕੀਨਨ ਮੌਤ। ਜੇ ਮੈਂ ਸੀਮੁਰਗ਼ ਦੇ ਦਰ ਨੂੰ ਤੁਰ ਵੀ ਪਵਾਂ ਤਾਂ ਮੈਂ ਰਸਤਿਆਂ ਦੇ ਲੇਖੇ ਲੱਗ ਜਾਵਾਂਗੀ। ਸੋ, ਜਦੋਂ ਕਿ ਮੇਰੇ ਲਈ ਸੌਖਾ ਨਹੀਂ ਹੈ, ਬੇਲਿਆਂ ਵਿੱਚ ਰੋਜ਼ ਚੂਰੀ ਲੈ ਕੇ ਜਾਣਾ, ਤਾਂ ਮੈਂ ਆਪਣੇ ਯੂਸਫ਼ ਜਹੇਂ ਸੋਹਣੇ ਨੂੰ ਇੱਥੇ ਹੀ ਖੂਹ ਵਿੱਚ ਹੀ ਢੂੰਡ ਲਵਾਂਗੀ। ਜੇ ਮੈਂ ਉਸ ਨੂੰ ਲੱਭ ਲਿਆ ਤੇ ਖਿੱਚ ਕੇ ਬਾਹਰ ਕੱਢ ਲਿਆ ਤਾਂ ਮੈਂ ਉਸ ਨਾਲ਼ ਉੱਚੀ ਉਡਾਨ ਭਰਾਂਗੀ, ਸਮੁੰਦਰਾਂ ਤੋਂ ਚੰਦ ਜਿੰਨੀ ਉੱਚੀ। ਹੁਦਹੁਦ ਦਾ ਉੱਤਰ ‘ਹੇ ਭੋਲੀਏ ਚਿੜੀਏ, ਤੂੰ ਜੋ ਕਦੇ ਨਿਰਾਸ਼ਾ ਦੇ ਆਲਮ ਵਿੱਚ ਚਲੀ ਜਾਂਦੀ ਹੈਂ ਤੇ ਕਦੇ ਖੇੜੇ ਵਿੱਚ, ਮੈਂ ਨਹੀਂ ਫਸਾਂਗਾ ਤੇਰੇ ਇਹਨਾਂ ਚਾਲਾਕ ਤਰਕਾਂ ਵਿੱਚ। ਤੂੰ ਇੱਕ ਨਿੱਕੀ ਜਹੀ ਪਖੰਡੀ ਹੈਂ। ਤੇਰੀ ਇਸ ਨਿਮਰਤਾ ਵਿੱਚੋਂ ਵੀ ਦਿਖਾਈ ਦੇ ਰਹੇ ਨੇ ਦੰਭ ਤੇ ਹੰਕਾਰ ਦੇ ਲੱਖਾਂ ਚਿੰਨ। ਹੋਰ ਕੁਝ ਨਾ ਬੋਲ, ਸਿਉਂ ਲੈ ਆਪਣੇ ਬੁੱਲ ਤੇ ਪੈਰ ਬਾਹਰ ਕੱਢ ਜੇ ਤੂੰ ਇਸ ਰਸਤੇ ‘ਤੇ ਲੇਖੇ ਲੱਗ ਵੀ ਜਾਵੇਂ ਤਾਂ ਤੇਰੇ ਭਲੇ ਕਰਮ। ਜੇ ਸੜ ਜਾਵੇਂ ਤਾਂ ਹੋਰ ਵੀ ਹਜ਼ਾਰਾਂ ਹੋਣਗੇ ਤੇਰੇ ਨਾਲ਼, ਤੇ ਆਪਣੇ ਆਪ ਦੀ ਤੁਲਨਾ ਯੂਸਫ ਨਾਲ਼ ਕਰਨੀਂ ਵੀ ਬੰਦ ਕਰ। ਯਾਕੂਬ ਦੀ ਕਹਾਣੀ ਜਦੋਂ ਯੂਸਫ ਨੂੰ ਲਿਜਾਇਆ ਗਿਆ, ਤਾਂ ਯਾਕੂਬ ਦੀਆਂ ਅੱਖਾਂ ਦੀ ਰੌਸ਼ਨੀਂ ਜਾਂਦੀ ਰਹੀ ਕਿਉਂ ਜੋ ਉਹ ਸਾਰਾ ਦਿਨ ਲਹੂ ਦੇ ਅੱਥਰੂ ਵਹਾਉਂਦਾ ਰਹਿੰਦਾ ਸੀ। ਯੂਸਫ਼ ਦਾ ਨਾਮ ਸਾਰਾ ਦਿਨ ਉਸ ਦੇ ਬੁੱਲਾਂ ‘ਤੇ ਰਹਿੰਦਾ ਸੀ। ਅੰਤ ਜ਼ਿਬਰਾਈਲ ਫਰਿਸ਼ਤਾ ਆਇਆ ਤੇ ਯਾਕੂਬ ਨੂੰ ਕਹਿਣ ਲੱਗਾ, ‘ਜੇ ਤੂੰ ਹੁਣ ਕਦੇ ਵੀ ਇਹ ਨਾਮ ਮੂੰਹੋਂ ਕੱਢਿਆ, ‘ਯੂਸਫ਼’ ਤਾਂ ਮੈਂ ਤੇਰਾ ਨਾਮ ਤੇ ਪ੍ਰਤਾਪ ਪੈਗ਼ੰਬਰਾਂ ਤੇ ਪਰਮ ਪਿਤਾ ਦੇ ਸ਼ੰਦੇਸ਼ਵਾਹਕਾਂ ਦੀ ਸੂਚੀ ਵਿੱਚੋਂ ਕੱਟ ਦੇਵਾਂਗਾ।’ ਜਦੋਂ ਯਾਕੂਬ ਨੂੰ ਪਰਮੇਸ਼ਰ ਦਾ ਇਹ ਸੁਨੇਹਾਂ (ਜ਼ਿਬਰਾਈਲ ਰਾਹੀਂ) ਮਿਲ ਗਿਆ ਤਾਂ ‘ਯੂਸਫ਼’ ਉਸ ਦੀ ਜ਼ੁਬਾਨ ਤੋਂ ਗਾਇਬ ਹੋ ਗਿਆ, ਪਰ, ਉਹ ਆਪਣੇ ਹਿਰਦੇ ਵਿੱਚ ਦੁਹਰਾਉਣਾ ਬੰਦ ਨਾ ਕਰ ਸਕਿਆ। ਇੱਕ ਰਾਤ ਉਸ ਨੂੰ ਸੁਪਨੇਂ ਵਿੱਚ ਯੂਸਫ਼ ਦਿਸਿਆ, ਯਾਕੂਬ ਉਸ ਨੂੰ ਕੋਲ਼ ਬੁਲਾਉਣਾ ਚਾਹੁੰਦਾ ਸੀ, ਪਰ ਪਰਮਾਤਮਾਂ ਦਾ ਹੁਕਮ ਵੀ ਚੇਤੇ ਸੀ। ਉਸ ਨੇ ਆਪਣੀ ਛਾਤੀ ਪਿੱਟਣੀ ਸ਼ੁਰੂ ਕੀਤੀ ਤੇ ਆਪਣੇ ਨਿਰਮਲ ਦਿਲ ਵਿੱਚੋਂ ਉਦਾਸ ਸੰਦੇਸ਼ ਭੇਜਣੇ ਸ਼ੁਰੂ ਕੀਤੇ, ਤਦੇ ਜ਼ਿਬਰਾਈਲ ਆਇਆ, ‘ਪਰਮ ਪਿਤਾ ਨੇ ਕਿਹਾ ਹੈ ਕਿ ਹਲਾਂਕਿ ਤੂੰ ਆਪਣੀ ਜ਼ੁਬਾਨ ਨਾਲ਼ ਨਹੀਂ ਉਚਾਰਿਆ ਹੈ ਯੂਸਫ਼ ਦਾ ਨਾਮ, ਤੂੰ ਭੇਜਿਆ ਹੈ ਉਦਾਸ ਸੰਦੇਸ਼ ਛਾਤੀ ਪਿੱਟ ਕੇ, ਇੰਝ ਕਰਕੇ ਤਬਾਹ ਕਰ ਲਿਆ ਹੈ ਆਪਣੇ ਪਸਚਾਤਾਪ ਦਾ ਪ੍ਰਭਾਵ।’
ਚੌਦਾਂ ਹੁਦਹੁਦ ਤੇ ਪੰਛੀਆਂ ਵਿਚਕਾਰ ਗੱਲਬਾਤ ਇਸ ਤੋਂ ਪਿੱਛੋਂ ਸਾਰੇ ਪੰਛੀ, ਇੱਕ ਦੇ ਮਗਰ ਇੱਕ, ਮੂਰਖ਼ਾਂ ਵਾਲੇ ਬਹਾਨੇ ਘੜਣ ਲੱਗੇ। ਜੋ ਮੈਂ ਉਹਨਾਂ ਸਾਰਿਆਂ ਬਾਰੇ ਨਾ ਕਹਿ ਸਕਾਂ ਤਾਂ ਮੈਨੂੰ ਮੁਆਫ ਕਰਿਓ ਪਾਠਕੋ, ਕਿਉਂ ਜੋ ਇਸ ਤਰ੍ਹਾਂ ਗੱਲ ਬਹੁਤ ਲੰਬੀ ਹੋ ਜਾਵੇਗੀ। ਪਰ ਕਿਸ ਤਰ੍ਹਾਂ ਪੰਛੀ ਇਹ ਸੋਚ ਵੀ ਸਕਦੇ ਹਨ ਕਿ ਸੀਮੁਰਗ਼ ਨੂੰ ਆਪਣੇ ਪੰਜਿਆਂ ਵਿੱਚ ਉਲਝਾ ਸਕਦੇ ਹਨ? ਸੋ ਹੁਦਹੁਦ ਨੇ ਆਪਣੇ ਉਪਦੇਸ਼ ਜਾਰੀ ਰੱਖੇ, ‘ਉਹ, ਜਿਸ ਨੇ ਚੁਣ ਲਿਆ ਹੈ ਸੀਮੁਰਗ਼ ਵੱਲ ਜਾਂਦਾ ਰਸਤਾ, ਆਪਣੇ ਆਪ ਨਾਲ਼ ਸੰਘਰਸ਼ ਲਈ ਤਿਆਰ ਰਹੋ, ਬਹਾਦਰੀ ਨਾਲ਼। ਜੇ ਤੁਹਾਡਾ ਗਲਾ ਇੱਕ ਦਾਣਾ ਹੀ ਨਹੀਂ ਨਿਗਲ ਰਿਹਾ ਤਾਂ ਕਿਵੇਂ ਸੀਮੁਰਗ਼ ਦੀ ਦਾਅਵਤ ਦਾ ਆਨੰਦ ਮਾਣ ਸਕੋਗੇ, ਸੱਚੇ ਪਿਤਾ ਬਾਰੇ ਇੱਕ ਗੱਲ ਹੀ ਪਚਾਈ ਨਹੀਂ ਜਾ ਰਹੀ ਤਾਂ ਉਸ ਦੁਆਰਾ ਦਿੱਤੇ ਗਏ ਇਲਾਹੀ ਪ੍ਰਵਚਨ ਕਿੰਝ ਪਚਾਉਗੇ? ਇੱਕ ਘੁੱਟ ਮਦ ਪੀ ਕੇ ਮਦਹੋਸ਼ ਹੋ ਜਾਣ ਵਾਲੇ ਐ ਸੂਰਮੇਂ ਕਿੰਝ ਝੱਲੇਂਗਾ ਨਾਮ ਦੀ ਖ਼ੁਮਾਰੀ ਦਾ ਅਮਲ। ਕਿਉਂਕਿ ਸੱਚੇ ਅਮਲੀ ਤਾਂ ਉਹੀ ਨੇ ਜੋ ਨਾਮ ਦੇ ਰਸ ਵਿੱਚ ਰੰਗੇ ਹੋਏ ਨੇ। ਜੇ ਤੇਰੇ ਵਿੱਚ ਊਰਜਾ ਨਹੀਂ ਇੱਕ ਅਣੂ ਦੀ ਤਾਬ ਝੱਲਣ ਦੀ, ਤਾਂ ਸੂਰਜ ਜਿੱਡੇ ਹੀਰੇ ਕਿੰਝ ਲੱਭ ਸਕੇਂਗਾ? ਜਿਸਨੂੰ ਪਾਣੀ ਦੇ ਤੁਪਕੇ ਵਿੱਚ ਡੁੱਬ ਜਾਣ ਦਾ ਡਰ ਹੈ ਉਹ ਕਿਵੇਂ ਸਮੁੰਦਰ ਦੀਆਂ ਡੂੰਘਾਈਆਂ ਤੇ ਸਵਰਗੀ ਉਚਾਣਾਂ ਦੀ ਥਾਹ ਪਾ ਸਕਦਾ ਹੈ? ਹਰ ਕੋਈ ਨਹੀਂ ਝੱਲ ਸਕਦਾ ਇਸ ਸੁਗੰਧੀ ਨੂੰ। ਕਰੂਪ ਚਿਹਰਿਆਂ ਵਾਲੇ ਸਦਾ ਡਰਦੇ ਰਹਿਣਗੇ ਤੇ ਨਾਮ ਦੇ ਸਮੁੰਦਰ ਵਿਚ ਤਾਰੀਆਂ ਲਾ ਕੇ ‘ਮੁਖ ਉਜਲੇ’ ਕਰ ਲੈਣ ਵਾਲੇ ‘ਸਚੇ ਦਰਬਾਰ’ ਵਿੱਚ ਪ੍ਰਵਾਨ ਹੋਣਗੇ। 0 ਪੰਛੀਆਂ ਦੇ ਸਵਾਲ ਜਦੋਂ ਪੰਛੀਆਂ ਨੇ ਇਸ ਬਾਰੇ ਦੁਬਾਰਾ ਸੋਚਿਆ ਤਾਂ ਉਹ ਮੁੜ ਹੁਦਹੁਦ ¤ (ਨਾਮ ਰਸਾਇਣ ਜੋ ਰਤੇ ਨਾਨਕ ਸਚ ਅਮਲੀ)
ਨੂੰ ਮੁਖ਼ਾਤਿਬ ਹੋਏ, ‘ਤੂੰ ਆਪਣੇ ਆਪ ਨੂੰ ਮੁਖੀ ਚੁਣਿਆਂ ਹੈ, ਸਾਨੂੰ ਰਸਤਾ ਦਿਖਾਉਣ ਵਾਲੇ ਇਸ ਪੰਧ ਦਾ । ਤੂੰ, ਸ਼੍ਰੇਸ਼ਟ ਤੇ ਸਭ ਤੋਂ ਵੱਧ ਤਾਕਤਵਰ ਹੈਂ ਪੰਛੀਆਂ ਵਿੱਚੋਂ। ਪਰ ਅਸੀਂ ਕਮਜ਼ੋਰ ਹਾਂ, ਸਾਡੇ ਕੋਲ਼ ਉੱਚੀਆਂ ਉਡਾਣਾਂ ਲਈ ਨਾ ਤਾਂ ਖੰਭ ਹਨ ਤੇ ਨਾ ਹੀ ਪੰਜੇ, ਆਖ਼ਰਕਾਰ, ਕਿਵੇਂ ਅਸੀਂ ਪਹੁੰਚ ਸਕਦੇ ਹਾਂ ਮਹਾਨ ਸੀਮੁਰਗ਼ ਤੱਕ? ਇਹ ਚਮਤਕਾਰ ਹੀ ਹੋਵੇਗਾ, ਜੇ ਸਾਡੇ ਵਿੱਚੋਂ ਕੋਈ ਪਹੁੰਚ ਸਕੇ। ਸਾਨੂੰ ਕੁਝ ਦੱਸ ਉਸ ਚਮਤਕਾਰੀ ਦੇ ਰੂਪ ਬਾਰੇ, ਜਦੋਂਕਿ ਇਸ ਬਾਰੇ ਅਸੀਂ ਤਾਂ ਲਗਭਗ ਨੇਤਰਹੀਣ ਹਾਂ, ਉਸ ਦੇ ਗਿਆਨ ਤੋਂ ਅਭਿੱਜ, ਤੇ ਕੁਝ ਨਹੀਂ ਜਾਣ ਸਕਦੇ ਰਹੱਸਮਈ ਤਰੀਕਿਆਂ ਰਾਹੀਂ। ਜੇ ਕੋਈ ਰਿਸ਼ਤਾ ਜਾਂ ਸਬੰਧ ਹੈ ਸਾਡੇ ‘ਤੇ ‘ਉਸ’ ਵਿਚਾਲੇ ਤਾਂ ਸਾਡੇ ਲਈ ਸੌਖਾ ਹੋ ਜਾਵੇਗਾ ਉਸ ਨੂੰ ਖੋਜਣ ਲਈ ਚੱਲਣਾ। ਪਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਉਸ ਦੀ ਤੁਲਨਾਂ ਸੁਲੇਮਾਨ ਨਾਲ਼ ਕੀਤੀ ਜਾਂਦੀ ਹੈ ਤੇ ਅਸੀਂ ਭਿਖ਼ਾਰੀ ਕੀੜੀਆਂ ਜਹੇ ਹਾਂ। ਕਿਵੇਂ ਕੋਈ ਨਾਲ਼ੇ ਦਾ ਕੀਟ, ਮਹਾਨ ਸੀਮੁਰਗ਼ ਦੀਆਂ ਉਚਾਣਾਂ ਨੂੰ ਛੂਹ ਸਕਦਾ ਹੈ। ਕੀ ਭਿਖ਼ਾਰੀ ਹਿੱਸੇਦਾਰ ਹੋ ਸਕਦਾ ਹੈ ਬਾਦਸ਼ਾਹਤ ਦਾ? ਕਿੱਥੇ ਉਹ ਤੇ ਕਿੱਥੇ ਅਸੀਂ।’ ਹੁਦਹੁਦ ਦਾ ਪੰਛੀਆਂ ਨੂੰ ਜਵਾਬ ‘ਹੇ ਦਰਸ਼ਨਾਂ ਦੀ ਭੁੱਖ ਦੀ ਲਾਲਸਾ ਤੋਂ ਰਹਿਤ ਪੰਛੀਓ, ਭਾਵਕੁਤਾ ਤੋਂ ਸੱਖਣੇ ਹਿਰਦੇ ਵਿੱਚ ਪਿਆਰ ਦੀ ਬਸੰਤ ਦੇ ਫੁੱਲ ਨਹੀਂ ਖਿੜ ਸਕਦੇ। ਕੈਸੇ ਮੰਗਤੇ ਜਹੇ ਸਵਾਲ ਨੇ ਤੁਹਾਡੇ, ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸੰਤੁਸ਼ਟੀ ਦੇ ਰਹੇ ਹਨ, ਅਸਲ ਵਿੱਚ ਤੁੱਛ ਹਨ। ਤੁਸੀ ਸਭ ਡਰਪੋਕ ਆਪਣੇ ਦਿਲ ਸਮਝਾ ਰਹੇ ਹੋ, ਯਾਦ ਰੱਖਿਓ ਇਸ਼ਕ ਦੇ ਮੈਦਾਨ ਉਹਨਾਂ ਸੂਰਮਿਆਂ ਲਈ ਹਨ, ਜਿਹਨਾਂ ਸਿਰ ਤਲੀ ‘ਤੇ ਟਿਕਾਏ ਹੋਏ ਹਨ, ਡਰਪੋਕਾਂ ਤੇ ਸੌਦੇਬਾਜ਼ਾਂ ਦਾ ਏਥੇ ਕੋਈ ਕੰਮ ਨਹੀਂ। ਉਹ, ਜੋ ਆਸ਼ਿਕ ਹੈ, ਸਰੀਰ ਨੂੰ ਖਿਡੌਣਾ ਜਾਣ ਕੇ ਬਾਹਰ ਨਿਕਲੇਗਾ ਤੇ ਬੇਝਿਜਕ ਇਸ ਪ੍ਰੇਮ ਦੀ ਗਲ਼ੀ ’ਤੇ ਤੁਰੇਗਾ। ‘ਜਦ ਸੀਮੁਰਗ਼ ਨੇ ਪਹਿਲੀ ਵਾਰ, ਆਪਣੇ ਸੂਰਜਾਂ ਵਾਂਗ ਦਗ਼ਦੇ ਮੁੱਖੜੇ ਤੋਂ ਘੁੰਡ ਚੁੱਕਿਆ, ਤਾਂ ਉਸ ਨੇ ਧਰਤੀ ’ਤੇ ਹਜ਼ਾਰਾਂ ਪਰਛਾਵਿਆਂ ਨੂੰ ਜਨਮ ਦਿੱਤਾ। ਉਸਦੀ ਇਸ ਪਹਿਲੀ ਝਲਕ ਦੇ ਪਰਛਾਵਿਆਂ ‘ਚੋਂ ਹੀ ਪੰਛੀਆਂ ਦੀਆਂ ਹਜ਼ਾਰਾਂ ਪਰਜਾਤੀਆਂ ਪਰਗਟ ਹੋਈਆਂ। ਅੱਜ ਜੋ ਲੱਖਾਂ ਕਿਸਮ ਦੇ ਪੰਛੀ ਸੰਸਾਰ ਵਿੱਚ ਦਿਸਦੇ ਹਨ ਇਹ ਸਭ ਸੀਮੁਰਗ਼ ਦਾ ਪਰਛਾਵਾਂ ਹੀ ਹਨ। ਇਸ ਲਈ ਇਹ ਜਾਣ ਲਓ, ਹੇ ਅਣਜਾਣੋ, ਕਿ ਜਦੋਂ ਤੁਸੀਂ ਪਰਛਾਵੇਂ ‘ਚੋਂ ਉਤਪੰਨ ਹੋਣ ਦੀ ਇਹ ਖੇਡ ਸਮਝ ਗਏ ਤਾਂ ਤੁਸੀਂ ਉਸ ਨਾਲ਼ ਆਪਣਾ ਰਿਸ਼ਤਾ ਵੀ ਜਾਣ ਲਓਗੇ। ਵਿਚਾਰ ਕਰੋ ਏਸ ਰਹੱਸ ‘ਤੇ, ਪਰ ਇਸਨੂੰ ਪ੍ਰਕਾਸ਼ਿਤ ਨਾ ਕਰਿਓ । ਉਹ, ਜੋ ਇਹ ਗਿਆਨ ਪਾ ਲਵੇਗਾ, ਅਭੇਦ ਹੋ ਜਾਵੇਗਾ, ਸੀਮੁਰਗ਼ ਦੀ ਅਸੀਮ ਵਿਸ਼ਾਲਤਾ ਵਿੱਚ, ਹਲਾਂਕਿ ਉਸ ਨੇ ਕਦੇ ਵੀ ਆਪਣੇ ਆਪ ਨੂੰ ਪਰਮੇਸ਼ਰ ਤਸੱਵੁਰ ਨਹੀਂ ਕੀਤਾ। ‘ਜੇ ਤੁਸੀਂ ਮੇਰੇ ਦੱਸੇ ਇਸ ਮਾਰਗ ‘ਤੇ ਤੁਰ ਪਏ, ਤਾਂ ਤੁਸੀਂ ਖ਼ੁਦਾ ਨਹੀਂ ਹੋ ਜਾਓਗੇ, ਪਰ ਉਸ ਵਿੱਚ ਸਮਾ ਜਾਓਗੇ। ਕੀ ਕਿਸੇ ਮਨੁੱਖ ਦਾ ਪਹਿਲਾਂ ਕਦੇ ਇਸ ਤਰ੍ਹਾਂ ਰੁਪਾਂਤ੍ਰਨ ਹੋਇਆ ਹੈ? ਜਦ ਤੁਸੀਂ ਆਪਣੇ ਆਪ ਦਾ ਥਾਹ ਪਾ ਲਿਆ ਤਾਂ ਤੁਸੀਂ ਕਿਸੇ ਵੱਖਰੀ ਕਿਸਮ ਦੇ ‘ਪੰਖੀ’ ਹੋ ਜਾਓਗੇ, ਜਨਮ ਤੇ ਮਰਨ ਦੇ ਬੰਧਨਾਂ ਤੋਂ ਪਾਰ। ਜੇ ਸੀਮੁਰਗ਼ ਨੂੰ ਫੁਰਨਾਂ ਨਾ ਫੁਰਦਾ ਆਪਣੇ ਆਪ ਨੂੰ ਜ਼ਾਹਰ ਕਰਨ ਦਾ ਤੇ ਨਾ ਹੀ ਉਹ ਪਰਗਟ ਕਰਦਾ ਆਪਣਾ ਪਰਛਾਵਾਂ; ਜਾਂ ਲੁਕੋ ਕੇ ਰੱਖਦਾ ਆਪਣੀ ਹੋਂਦ ਸੰਸਾਰ ਤੋਂ, ਤਾਂ ਇਸ ਸਭ, ਜੋ ਉਸ ਦੇ ਪਰਛਾਵੇਂ ਨਾਲ਼ ਪਰਗਟ ਹੋਇਆ ਹੈ, ਦੀ ਕੋਈ ਹੋਂਦ ਨਾ ਹੁੰਦੀ। ਜੇ ਤੇਰੀ ਆਤਮਾਂ ਸੀਮੁਰਗ਼ ਦੀ ਝਲਕ ਲਈ ਤਿਆਰ ਨਹੀਂ, ਤਾਂ ਤੇਰਾ ਹਿਰਦਾ ਵੀ ਉਸ ਦੇ ਇਸ਼ਕ ਵਿੱਚ ਨਹੀਂ ਬਲੇਗਾ, ਤੇ ਉਸ ਦਾ ਪ੍ਰਤੀਬਿੰਬ ਨਹੀਂ ਬਣੇਗਾ ਤੇਰੇ ਅੰਦਰ। ਇਹ ਸੱਚ ਹੈ ਕਿ ਕੋਈ ਵੀ ਅੱਖ, ਉਸ ਦੀ ਅਚੰਭਿਤ ਕਰਨ ਵਾਲੀ ਖੂਬਸੂਰਤੀ ਦੀ ਤਾਬ ਨਹੀਂ ਝੱਲ ਸਕਦੀ, ਤੇ ਨਾ ਹੀ ਉਹ ਕੈਦ ਕੀਤਾ ਜਾ ਸਕਦਾ ਹੈ ਬੁੱਧੀ ‘ਚੋਂ ਉਤਪੰਨ ਤਰਕਾਂ ਵਿੱਚ; ਜਿਸ ਤਰ੍ਹਾਂ ਸੰਸਾਰਿਕ ਸੁੰਦਰਤਾ ਨੂੰ ਵੇਖਿਆ ਜਾਂ ਸਮਝਿਆ ਜਾਂਦਾ ਹੈ, ਸੀਮੁਰਗ਼ ਨੂੰ ਉਸ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ। ਪਰ ਇਹ ਉਸ ਦੀ ਮਿਹਰ ਹੀ ਹੈ ਸਾਡੇ ’ਤੇ ਕਿ ਉਸ ਨੇ ਸਾਨੂੰ ਸ਼ੀਸ਼ੇ ਰੂਪੀ ਦਿਲ ਬਖ਼ਸ਼ਿਆ ਹੈ ਆਪਣੇ ਆਪ ਜਾਨਣ ਲਈ ਤੇ ਆਪਣੀ ਅੰਦਰੂਨੀ ਖ਼ੂਬਸੂਰਤੀ ਵੇਖਣ ਲਈ। ਸੋ ਤੱਕੋ ਆਪਣੇ ਦਿਲ ਦੇ ਸ਼ੀਸ਼ੇ ਰਾਹੀਂ, ਤੇ ਤੁਸੀਂ ਉਸ ਨੂੰ ਆਪਣੇ ਅੰਦਰ ਮੌਜੂਦ ਪਾਓਗੇ। ਇੱਕ ਖ਼ੂਬਸੂਰਤ ਤੇ ਆਕਰਸ਼ਕ ਰਾਜਾ ਇੱਕ ਬਹੁਤ ਹੀ ਸੁੰਦਰ ਤੇ ਆਕਰਸ਼ਕ ਰਾਜਾ ਸੀ, ਜਿਸਦੀ ਤੁਲਨਾ ਕਿਸੇ ਨਾਲ਼ ਨਹੀਂ ਕੀਤੀ ਜਾ ਸਕਦੀ ਸੀ। ਪ੍ਰਭਾਤ ਉਸਦੇ ਮੱਖੜੇ ਤੋਂ ਚਾਨਣ ਉਧਾਰਾ ਮੰਗਦੀ ਸੀ, ਤੇ ਇਲਹਾਮ ਭੇਜਣ ਦਾ ਫਰਿਸ਼ਤਾ, ਜ਼ਿਬਰਾਈਲ, ਸੁਹੱਪਣ ਦੀ ਸਲਤਨਤ ‘ਕੁਰਾਨ’ ਪਰਗਟ ਕਰਨ ਵੇਲੇ, ਇਲਹਾਮ ਵਿੱਚ ਉਸ ਦੀਆਂ ਸੁਗੰਧੀਆਂ ਘੋਲ ਕੇ ਲਿਆਉਂਦਾ ਸੀ। ਦਸਾਂ ਦਿਸ਼ਾਵਾਂ ਵਿੱਚ ਉਸਦੀ ਪ੍ਰਸਿੱਧੀ ਦੀਆਂ ਗੂੰਜਾਰਾਂ ਪੈ ਗਈਆਂ, ਉਸਦੇ ਇਸ਼ਕ ਨੇ ਹਰੇਕ ਜੀਵ ਦਾ ਦਿਲ ਰੁਸ਼ਨਾਂ ਦਿੱਤਾ। ਜਦ ਉਹ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘਦਾ ਤਾਂ ਸੁਰਖ਼ ਲਾਲ ਪਰਦੇ ਨਾਲ਼ ਆਪਣਾ ਚਿਹਰਾ ਢਕ ਲੈਂਦਾ; ਪਰ ਜੋ ਉਸ ਦੇ ਕੱਜੇ ਹੋਏ ਮੁੱਖ ਵਲ ਵੀ ਤੱਕ ਲੈਂਦੇ, ਗਸ਼ ਖਾ ਕੇ ਡਿੱਗ ਪੈਂਦੇ, ਤੇ ਜਿਹੜੇ ਇੱਕ ਵਾਰ ਉਸ ਦਾ ‘ਨਾਮ’ ਉਚਾਰ ਲੈਂਦੇ, ਆਪਣੀਆਂ ਜ਼ੁਬਾਨਾਂ ਕੱਟ ਲੈਂਦੇ ਤਾਂ ਕਿ ਮੁੜ ਹੋਰ ਕੁਝ ਨਾ ਬੋਲ ਸਕਣ। ਹਜ਼ਾਰਾਂ ਕੁਰਬਾਨ ਹੋ ਗਏ ਉਸਦੇ ਇਸ਼ਕ ਤੋਂ, ਤੇ ਬਾਕੀ ਸਿਰ ਤਲੀ ‘ਤੇ ਟਿਕਾਈ ਫਿਰਦੇ ਸਨ, ਇਹ ਸੋਚਦੇ ਹੋਏ ਕਿ ਉਸ ਤੋਂ ਦੂਰ ਰਹਿ ਕੇ ਹਿਜ਼ਰ ਵਿੱਚ ਹਜ਼ਾਰਾਂ ਜਨਮ ਤੜਪਣ ਨਾਲ਼ੋਂ ਚੰਗਾ ਹੈ, ਇੱਕੋ ਝਟਕੇ ਜਾਨ ਲੇਖੇ ਲਾ ਦਿੱਤੀ ਜਾਵੇ। ਹੈ ਨਾ ਹੈਰਾਨ ਕਰ ਦੇਣ ਵਾਲੀ ਗੱਲ! ਕਿ ਉਸ ਦੇ ਇਸ਼ਕ ਵਿੱਚ ਮਸਤਾਨੇ ਹੋ ਚੁੱਕੇ ਜੀਵ, ਨਾ ਤਾਂ ਉਸ ਦੀ ਮੌਜ਼ੂਦਗੀ ਝੱਲ ਸਕਦੇ ਸਨ, ਤੇ ਨਾ ਹੀ ਉਸ ਦੇ ਵਿਛੋੜੇ ਵਿੱਚ ਜਿਉਂ ਸਕਦੇ ਸਨ। ਇਸ ਲਈ, ਜੋ ਸਹਿ ਸਕਦੇ ਸਨ ਉਸ ਦੇ ਮੁੱਖੜੇ ਦਾ ਤਾਪ, ਉਹਨਾਂ ਅੱਗੇ ਉਹ ਬੇਪਰਦਾ ਹੋ ਗਿਆ। ਪਰ, ਜਿਹੜੇ ਨਹੀਂ ਝੱਲ ਸਕਦੇ ਸਨ, ਨੂੰ ਆਵਾਜ਼ ਸੁਣ ਕੇ ਹੀ ਸੰਤੋਖ਼ ਕਰਨਾ ਪਿਆ। ਨਤੀਜੇ ਵਜੋਂ, ਰਾਜੇ ਨੇ ਇੱਕ ਦਰਪਨ ਬਣਾਉਣ ਦਾ ਹੁਕਮ ਜਾਰੀ ਕੀਤਾ, ਤਾਂ ਕਿ ਉਸ ਦਾ ਮੁੱਖੜੇ ਦਾ ਪ੍ਰਤਾਪ ਨਾ ਸਹਿ ਸਕਣ ਵਾਲੇ, ਸ਼ੀਸ਼ੇ ਰਾਹੀਂ ਦੇਖ ਸਕਣ। ਸ਼ੀਸ਼ਾ ਇੱਕ ਥਾਂ ‘ਤੇ ਟਿਕਾਇਆ ਗਿਆ, ਰਾਜਾ ਸ਼ੀਸ਼ੇ ਅੱਗੇ ਜਾ ਕੇ ਬੇਪਰਦਾ ਹੋ ਗਿਆ, ਤਾਂ ਕਿ ਸਾਰੇ ਉਸ ਦਾ ਪ੍ਰਤੀਬਿੰਬ ਵੇਖ ਸਕਣ। ਹੁਦਹੁਦ ਪੰਛੀਆਂ ਨੂੰ ਮੁਖਾਤਿਬ (ਇਕੋ ਆਪਿ ਫਿਰੈ ਪਰਛੰਨਾ) ਇਹੀ ਤੁਹਾਡੇ ਨਾਲ਼ ਹੈ। ਜੇ ਤੁਹਾਨੂੰ ਆਪਣੇ ਮਿੱਤਰ ਦੀ ਸੁੰਦਰਤਾ ਦਿਖਾਈ ਦੇ ਰਹੀ ਹੈ ਤੇ ਉਸ ਦੇ ਗੁਣ ਹੀ ਤੁਹਾਡੇ ਅੰਦਰ ਸਮਾ ਰਹੇ ਹਨ ਤਾਂ ਜਾਣ ਲਓ ਕਿ ਤੁਹਾਡਾ ਦਿਲ ਸ਼ੀਸ਼ਾ ਬਣ ਚੁੱਕਿਆ ਹੈ, ਤੇ ਮਹਿਮਾਂ ਰੂਪੀ ਇਸ ਭਵਨ ਵਿੱਚੋਂ ਸਭ ਨੂੰ ਤੇ ਆਪਣੇ ਆਪ ਨੂੰ ਤੱਕੋ) ਸਭ ਦਿਖਾਵੇ, ਭੇਖ, ਹੋਂਦ ਕੁਝ ਨਹੀਂ ਬਸ ਸੀਮੁਰਗ਼ ਦਾ ਰਹੱਸਮਈ ਪਰਛਾਵਾਂ ਹਨ। ਉਸ ਨੇ ਆਪਣੀ ਸੁੰਦਰਤਾ ਤੁਹਾਡੇ ਅੱਗੇ ਪ੍ਰਗਟ ਕੀਤੀ ਹੈ, ਤੇ (1) (ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥) ਤੁਸੀਂ ਉਸ ਦੇ ਇਸੇ ਪਰਛਾਵੇਂ ਰਾਹੀਂ ਪਛਾਣ ਲਓ ਉਸ ਨੂੰ । ਤੁਸੀਂ ਜਿੰਨੇ ਵੀ ਹਾਜ਼ਰ ਹੋ ਏਥੇ, ਆਪਣੇ ਆਪ ਨੂੰ ਉਸ ਦਾ ਪਰਛਾਵਾਂ ਜਾਣੋ । ਸੀਮਰਗ਼ ਆਪਣੇ ਪਰਛਾਵੇਂ ਤੋਂ ਵੱਖ ਨਹੀਂ, ਵੱਖ ਸਮਝਣਾ ਵੱਡੀ ਭੁੱਲ ਹੋਵੇਗੀ। ਪਰਛਾਵਾਂ, ਹੋਂਦ ਨਾਲ਼ ਹੀ ਹੈ; ਖੋਜੋ ਤੇ ਲੋਚੋ ਪੁਨਰ-ਮਿਲਨ, ਤੇ ਇਸ ਤੋਂ ਵੀ ਚੰਗਾ ਹੈ ਕਿ ਤਿਆਗ ਦਿਓ ਸੰਸਾਰ ਤੇ ਮਗਰੋਂ ਲਾਹ ਸੁੱਟੋ ਸਰੀਰ ਰੂਪੀ ਠੀਕਰਾ ਤੇ ਤੁਸੀਂ ਸਭ ਰਹੱਸਾਂ ਤੋਂ ਜਾਣੂ ਹੋ ਜਾਓਗੇ। ਚੰਗੇ ਭਾਗ ਹੋਏ ਤਾਂ ਪਰਾਛਾਵੇਂ ਵਿੱਚੋਂ ਵੀ ਸੂਰਜ ਦਿਖਾਈ ਦੇ ਦੇਵੇਗਾ। ਪਰ ਜੇ ਤੁਸੀਂ ਖਚਿਤ ਕਰ ਦਿੱਤਾ ਆਪਣਾ ਆਪਾ ਇਸ ਪਰਛਾਵੇ(2) ਜਾਂ ਸੁਪਨੇ(3) ਰੂਪੀ ਸੰਸਾਰ ਵਿੱਚ, ਤਾਂ ਕਿਵੇਂ ਇੱਕ-ਮਿੱਕਤਾ ਪ੍ਰਾਪਤ ਕਰੋਗੇ ਸੀਮੁਰਗ਼ ਨਾਲ਼। ਮਹਿਮੂਦ ਤੇ ਅਯਾਜ਼ ਅਯਾਜ਼ ਬੁਰੀ ਨਜ਼ਰ ਤੋਂ ਪੀੜਿਤ ਸੀ ਤੇ ਬਿਮਾਰ ਹੋ ਗਿਆ। ਉਸ ਨੂੰ ਸੁਲਤਾਨ ਮਹਿਮੂਦ ਦਾ ਦਰਬਾਰ ਛੱਡ ਕੇ ਜਾਣਾ ਪਿਆ ।ਇਸ ਬੇਦਿਲੀ ਵਿੱਚੋਂ ਉਹ ਨਿਰਾਸ਼ਾ ਦੇ ਆਲਮ ਵਿੱਚ ਚਲਾ ਗਿਆ, ਉਹ ਮੰਜੇ ਉੱਤੇ ਡਿੱਗ ਪਿਆ ਤੇ ਰੋਣਾ ਸ਼ੁਰੂ ਕਰ ਦਿੱਤਾ। ਜਦ ਸੁਲਤਾਨ ਨੇ ਇਸ ਬਾਰੇ ਸੁਣਿਆਂ ਤਾਂ ਉਸ ਨੇ ਆਪਣੇ ਇੱਕ ਮੁਲਾਜ਼ਮ ਨੂੰ ਸੱਦਿਆ ਤੇ ਕਿਹਾ, ‘ਅੱਯਾਜ਼ ਕੋਲ਼ ਜਾਓ ਤੇ ਉਸ ਨੂੰ ਕਹੋ, ‘ਮੈਂ ਜਾਣਦਾਂ ਕਿ ਤੂੰ ਉਦਾਸ ਹੈਂ, ਪਰ ਮੈਂ ਵੀ ਇਸੇ ਆਲਮ ਵਿੱਚ ਹਾਂ। ਭਾਵੇਂ ਕਿ ਮੈਂ ਸਰੀਰਕ ਰੂਪ ਵਿੱਚ ਤੈਥੋਂ ਦੂਰ ਹਾਂ ਪਰ ਮੇਰੀ ਰੂਹ ਤੇਰੇ ਕੋਲ਼ ਹੀ ਹੈ। ਹੇ ਮੇਰੇ ਪਿਆਰੇ, ਭਾਵੇਂ ਕਿ ਤੈਨੂੰ, ਬੇਹਦ ਖ਼ੂਬਸੂਰਤ ਨੂੰ, ਚੰਦਰੀ ਨਜ਼ਰ, ਹਲਾਂਕਿ ਨਜ਼ਰ ਤੇਰੇ ਜਿਹਾਂ ਨੂੰ ਹੀ ਲੱਗਦੀ ਹੈ, ਨੇ ਪੀੜਿਤ ਕਰ ਦਿਤਾ ਹੈ, ਬੀਮਾਰੀ ਤੋਂ, ਪਰ ਮੈਂ ਇੱਕ ਪਲ ਲਈ ਵੀ ਤੇਰੇ ਵਿੱਚੋਂ ਮਨਫੀ ਨਹੀਂ ਹੁੰਦਾ।’ ਉਸ ਨੇ ਮੁਲਾਜ਼ਮ ਨੂੰ ਕਿਹਾ, (2) (ਬੈਰ ਭਾਇ ਪੇਖਿ ਪਰਛਾਈ ਕੂਪੰਤਰਿ ਪਰੈ ਸਿੰਘੁ ਦੁਰਮਤਿ ਲਗਿ ਦੁਬਿਧਾ ਕੈ ਜਾਨੀਐ) (ਭਾਈ ਗੁਰਦਾਸ ਜੀ) (3) (ਰਾਗੁ ਬਸੰਤੁ ਹਿੰਡੋਲ ਮਹਲਾ ੯ ॥ ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥੧॥ ਰਹਾਉ ॥ ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ॥ ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ॥੧॥ ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ॥ ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ॥੨॥੧॥) ‘ਹੁਣੇ ਜਾ, ਹਨੇਰੀ ਵਾਂਗ, ਪਹਾੜਾਂ ‘ਚੋਂ ਡਿੱਗਦੇ ਪਾਣੀ ਦੇ ਝਰਨੇਂ ਵਾਂਗ, ਤੂਫਾਨਾਂ ਤੋਂ ਵੀ ਪਹਿਲਾਂ ਗਰਜਨ ਵਾਲੀ ਬਿਜਲੀ ਵਾਂਗ । ‘ ਸੇਵਕ ਝੱਖੜ ਵਾਂਗ ਦੌੜਿਆਂ ‘ਤੇ ਬਗੈਰ ਸਮਾਂ ਗਵਾਏ ਅੱਯਾਜ਼ ਕੋਲ ਪੁੱਜ ਗਿਆ। ਪਰ ਉਸ ਨੇ ਦੇਖਿਆ ਕਿ ਸੁਲਤਾਨ ਪਹਿਲਾਂ ਹੀ ਉੱਥੇ ਮੌਜੂਦ ਸੀ, ਤੇ ਆਪਣੇ ਦਾਸ ਤੋਂ ਪਹਿਲਾਂ ਪਹੁੰਚ ਗਿਆ ਸੀ । ਕੰਬਦਾ ਹੋਇਆ ਸੇਵਕ ਆਪਣੇ ਮਨ ਵਿੱਚ ਸੋਚਣ ਲੱਗਾ, ‘ਮੰਦੇ ਭਾਗੀਂ ਮੈ ਰਾਜੇ ਦਾ ਸੇਵਕ ਬਣਿਆਂ, ਅੱਜ ਯਕੀਨਨ ਮੇਰਾ ਲਹੂ ਵਹੇਗਾ।’ ਉਹ ਝਿਜਕਦਾ ਹੋਇਆ ਬੋਲਿਆ, ‘ਹੇ ਸੁਲਤਾਨ, ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਮੈਂ ਇੱਕ ਪਲ ਲਈ ਵੀ ਕਿਤੇ ਨਹੀਂ ਰੁਕਿਆ, ਨਾ ਖਲੋਤਾ ਨਾ ਬੈਠਾ, ਫਿਰ ਕਿਸ ਤਰ੍ਹਾਂ ਮੇਰੇ ਮਾਲਿਕ ਤੁਸੀਂ ਏਥੇ ਮੇਰੇ ਨਾਲ਼ੋਂ ਪਹਿਲਾਂ ਪਹੁੰਚ ਗਏ? ਕੀ ਤੁਹਾਨੂੰ ਮੇਰੇ ‘ਤੇ ਵਿਸ਼ਵਾਸ਼ ਹੈ ਰਾਜਨ? ਜੇ ਕਿਸੇ ਵੀ ਤਰੀਕੇ ਮੇਰੀ ਲਾਪਰਵਾਹੀ ਜਾਂ ਕੁਤਾਹੀ ਸਾਬਤ ਹੋ ਜਾਵੇ, ਮੈਂ ਆਪਣੀ ਗਲਤੀ ਸਵੀਕਾਰ ਕਰ ਲਵਾਂਗਾ।’ ‘ਤੈਨੂੰ ਲੋੜ ਨਹੀਂ ਹੈ, ਮੁਹਰਮ’, ਰਾਜਾ ਬੋਲਿਆ, ‘ਤੂੰ ਕਿਸ ਤਰ੍ਹਾਂ ਪਹੁੰਚ ਸਕਦਾ ਸੀ ਮੇਰੇ ਤੋਂ ਪਹਿਲਾਂ? ਜਦਕਿ ਮੈਂ ਰਹੱਸਮਈ ਰਸਤੇ ਰਾਹੀਂ ਆਇਆ ਹਾਂ। ਜਦ ਮੈਂ ਅੱਯਾਜ਼ ਦੀ ਖ਼ਬਰ ਪੁੱਛੀ ਸੀ ਤਾਂ ਮੇਰੀ ਰੂਹ ਤਾਂ ਪਹਿਲਾਂ ਹੀ ਏਥੇ ਮੌਜੂਦ ਸੀ।’ ਪੰਦਰਾਂ ਪੰਛੀਆਂ ਦਾ ਹੁਦਹੁਦ ਨੂੰ ਸਫਰ ਬਾਰੇ ਪੁੱਛਣਾ ਜਦ ਹੁਦਹੁਦ ਨੇ ਬੋਲਣਾ ਬੰਦ ਕੀਤਾ ਤਾਂ ਪੰਛੀਆਂ ਨੇ ਇਹਨਾਂ ਪੁਰਾਤਨ ਰਹੱਸਾਂ ਨੂੰ ਤੇ ਸੀਮੁਰਗ਼ ਨਾਲ਼ ਆਪਣੇ ਸਬੰਧਾਂ ਨੂੰ ਥੋੜਾ-ਬਹੁਤ ਸਮਝਣ ਦੀ ਕੋਸ਼ਿਸ਼ ਕੀਤੀ । ਹੁਣ ਜਦਕਿ ਉਹ ਇਸ ਇੱਛਾ ਨਾਲ਼ ਭਰ ਗਏ ਸਨ ਕਿ ਉਹ ਇਸ ਮਾਰਗ ‘ਤੇ ਚੱਲਣਗੇ, ਜਿਸ ਤੋਂ ਉਹ ਬਚ ਨਿਕਲਣਾ ਚਾਹੁੰਦੇ ਸਨ, ਪਰ ਕੁਝ ਸ਼ੰਕੇ ਅਜੇ ਵੀ ਉਹਨਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ, ਇਸ ਲਈ ਉਹਨਾਂ ਹੁਦਹੁਦ ਨੂੰ ਪੁੱਛਿਆ, ‘ਕੀ ਤੂੰ ਸਾਡੇ ਤੋਂ ਇਹ ਆਸ ਰੱਖਦਾ ਹੈਂ ਕਿ ਅਸੀਂ ਆਪਣੇ ਸੁਖੀ ਬਤੀਤ ਕਰ ਰਹੇ ਜੀਵਨ ਛੱਡ ਕੇ ਇਕਦਮ ਤੇਰੇ ਨਾਲ਼ ਤੁਰ ਪਈਏ? ਅਸੀਂ ਆਪਣੇ ਆਪ ਨੂੰ ਨਿਰਬਲ ਤੇ ਕਮਜ਼ੋਰ ਜਾਨਣ ਵਾਲੇ ਪੰਛੀ, ਸੋਚ ਵੀ ਨਹੀਂ ਸਕਦੇ ਕਿ ਅਸੀਂ ਲੱਭ ਸਕਦੇ ਹਾਂ ਉਹ ਮਹਾਨ ਨਿਵਾਸ, ਜਿੱਥੇ ਸੀਮੁਰਗ਼ ਵੱਸਦਾ ਹੈ।’ ਹੁਦਹੁਦ ਦਾ ਉੱਤਰ ‘ਮੈਂ ਤੁਹਾਡੇ ਮਾਰਗ-ਦਰਸ਼ਕ ਦੇ ਤੌਰ ‘ਤੇ ਬੋਲ ਰਿਹਾਂ। ਡਰਪੋਕ ਬੰਦੇ ਇਸ਼ਕ ਨਹੀਂ ਕਰ ਸਕਦੇ। ਆਸ਼ਿਕ ਕਦੇ ਮੌਤ ਦੀ ਪਰਵਾਹ ਨਹੀਂ ਕਰਦੇ; ਇਸ਼ਕ ਦੀ ਪਹਿਲੀ ਸ਼ਰਤ ਹੈ ਆਪਣੇ ਆਪ ਨੂੰ ਭੁੱਲ ਜਾਣਾ, ਮੈਂ ਦਾ ਤਿਆਗ ਹੀ ਇਸ਼ਕ ਦੀ ਮੰਜ਼ਿਲ ਦੀ ਪਹਿਲੀ ਪੌੜੀ ਹੈ, ਐਸਾ ਜੋਗੀ ਹੋ ਤੇ ਤੋੜ ਸੁੱਟ ਸਾਰੇ ਸੰਸਾਰਿਕ ਨੈਤਿਕ ਬੰਧਨ। ਜੇ ਇੱਛਾਵਾਂ ਜਾਂ ਲਾਲਸਾਵਾਂ ਤੇਰੀ ਅੰਤਰ-ਆਤਮਾਂ ਨਾਲ਼ ਸਹਿਮਤ ਨਹੀਂ ਹੋ ਰਹੀਆਂ ਤੇ ਭਟਕਾ ਰਹੀਆਂ ਹਨ ਤਾਂ ਫੂਕ ਸੁੱਟ ਇਹਨਾਂ ਨੂੰ, ਤਾਂ ਹੀ ਤੂੰ ਮੰਜ਼ਿਲ ‘ਤੇ ਪਹੁੰਚ ਸਕੇਂਗਾ। ਜੇ ਤੇਰੀ ਜਾਨ ਰਾਹ ਦਾ ਰੋੜਾ ਬਣ ਰਹੀ ਹੈ ਤਾਂ ਤਿਆਗ ਦੇ ਇਸ ਨੂੰ, ਹੁਣ ਮੂੰਦ ਲੈ ਆਪਣੀਆਂ ਅੱਖਾਂ ਤੇ ਵਿਚਾਰ ਕਰ। ਅਨਜਾਣ ਮਨੁੱਖ ਕਹੇਗਾ, ‘ਕੀ ਵਾਸਤਾ ਹੈ ਆਪਸ ਵਿੱਚ, ਈਮਾਨ ਜਾਂ ਕੁਫ਼ਰ ਤੇ ਇਸ਼ਕ ਦਾ?’ ਪਰ ਇਸ਼ਕ, ਈਮਾਨ ਤੇ ਕੁਫਰ ਸਭ ਤੋਂ ਉੱਪਰ ਹੈ। ਮੈਂ ਕਹਿੰਦਾ (1) (ਈਮਾਨ ਸਲਾਮਤ ਹਰ ਕੋਈ ਮੰਗੇ ਇਸ਼ਕ ਸਲਾਮਤ ਕੋਈ ਹੁ॥ ਮੰਗਣ ਈਮਾਨ ਸ਼ਰਮਾਵਨ ਇਸ਼ਕੋਂ ਦਿਲ ਨੂੰ ਹੈਰਤ ਹੋਈ ਹੁ ॥) ਬਾਬਾ ਬੁੱਲ੍ਹੇ ਸ਼ਾਹ ਹਾਂ, ‘ਕੀ ਆਸ਼ਿਕ ਪਰਵਾਹ ਕਰਦੇ ਹਨ ਜਾਨ ਦੀ? ਆਸ਼ਿਕ ਤਾਂ ਫੂਕ ਦਿੰਦੇ ਨੇ ਆਪਣੇ ਘਰ ਤੇ ਪੱਕੀਆਂ ਫਸਲਾਂ, ਉਹ ਚਿਰਵਾ ਲੈਂਦੇ ਨੇ ਆਪਣੇ ਧੜ ਆਰਿਆਂ ਨਾਲ਼, ਬੰਦ-ਬੰਦ ਕੱਟੇ ਜਾਣ ਦੀ ਕੋਈ ਪਰਵਾਹ ਨਹੀਂ ਇਸ਼ਕ ਦੀ ਮੰਜ਼ਿਲ ਦੇ ਪਾਂਧੀਆਂ ਨੂੰ (2) । ਪਿਆਰ ਤਾਂ ਨਾਲ਼ ਲੈ ਕੇ ਆਉਂਦਾ ਹੈ ਦੁੱਖ-ਤੜਪ, ਤੇ ਮੰਗਦਾ ਹੈ ਦਿਲ ਦਾ ਖ਼ੂਨ। ਇਸ਼ਕ, ਇਸ਼ਕ ਕਰਦਾ ਹੈ ਮੁਸੀਬਤਾਂ ਨੂੰ । (*3) ‘ਹੇ ਸਾਕੀ, ਭਰ ਦੇ ਮੇਰਾ ਪਿਆਲਾ ਮੇਰੇ ਦਿਨ ਦੇ ਖੂਨ ਨਾਲ਼ ਤੇ ਜੇ ਨਹੀਂ ਬਚਿਆ ਹੈ ਖ਼ੂਨ ਤਾਂ ਚਰਬੀ ਨਾਲ਼ ਹੀ ਭਰ ਦੇ। ਬਹੁਤ ਨਿਰਦਈ ਨੇ ਇਸ਼ਕ ਦੇ ਭਾਂਬੜ ਜੋ ਸਭ ਕੁਝ ਪਿਘਲਾ ਦਿੰਦੇ ਨੇ। ਕਦੇ-ਕਦੇ ਇਹ ਆਸ਼ਿਕ ਤੇ ਮਹਿਬੂਬ ਵਿਚਕਾਰ ਪਰਦੇ ਵੀ ਕਰ ਦਿੰਦਾ ਹੈ, ਪਰ ਕਈ ਵਾਰ ਇਹ ਆਤਮਾਂ ‘ਤੇ ਪਏ ਪੜਦੇ ਸਾੜ ਵੀ ਦਿੰਦੇ ਹਨ। ਇਸ਼ਕ ਦਾ ਇੱਕ ਕਤਰਾ ਬਿਹਤਰ ਹੈ, ਬ੍ਰਹਿਮੰਡੀ ਵਲਗਣਾਂ ਵਿੱਚ ਮੌਜੂਦ ਸਭ ਅਸਿਤਿਤਵਵਾਦੀ ਸ਼ੈਆਂ ਤੋਂ। ਆਸ਼ਿਕ ਖੇੜੇ ਨਾਲ਼ੋਂ ਕਿਤੇ ਉੱਤਮ ਮੰਨਦੇ ਨੇ ਦਰਦ ਦੀ ਇੱਕ ਕਣੀਂ, ਤੇ ਹਿਜ਼ਰ ਦੀ ਤੜਪ ਨੂੰ। ਇਸ਼ਕ ਕੁਲ ਆਲਮ ਦੀ ਜਿੰਦ-ਜਾਨ ਹੈ, ਪਰ ਕਾਹਦਾ ਇਸ਼ਕ ਜਿਸਨੇ ਪੀੜ ਹੀ ਨਾ ਦਿੱਤੀ। ਜੋ ਵੀ ਦ੍ਰਿੜਤਾ ਨਾਲ਼ ਲੰਮਾ ਪੈ ਗਿਆ ਇਸ਼ਕ ਦੀ ਜ਼ਮੀਨ ‘ਤੇ, ਉਹ ਤਿਆਗ ਦੇਵੇਗਾ ਜਾਂ ਮੁਕਤ ਹੋ ਜਾਵੇਗਾ ਵਿਸ਼ਵਾਸ਼ਾਂ, ਅਵਿਸ਼ਵਾਸ਼ਾਂ, ਪੰਥਾਂ, ਈਮਾਨ, ਕੁਫਰ ਤੇ ਮਜ਼ਹਬੀ ਜਕੜਣਾਂ ਤੋਂ (4) । ਇਸ਼ਕ ਖੋਲ੍ਹੇਗਾ ਉਹ ਸਭ ਦਰਵਾਜ਼ੇ ਜੋ ਮਿਟਾ ਦੇਣਗੇ ਤੇਰੀ ਅਧਿਆਤਮਿਕ ਭੁੱਖ ਤੇ ਇਹੀ ਭੁੱਖ ਤੇਰੇ ਕੁਫਰ ਨੂੰ ਸੱਚੇ ਮਾਰਗ ‘ਤੇ ਲਿਆਏਗੀ। ਜਦੋਂ ਏਥੇ ਨਾ ਤਾਂ ਕੋਈ ਕੁਫਰ ਰਹੇਗਾ ਨਾ ਈਮਾਨ ਨਾ ਮਜ਼ਹਬ, ਤੇਰਾ ਸਰੀਰ ਤੇ ਤੇਰੀ ਆਤਮਾਂ ਅਦ੍ਰਿਸ਼ ਹੋ ਜਾਏਗੀ ਤਾਂ ਤੂੰ ਯੋਗ ਹੋ ਜਾਏਂਗਾ ਸਭ ਰਹੱਸਾਂ ਦੇ, ਤੇ ਜੇ ਤੂੰ ਇਹਨਾਂ ਡੂੰਘਾਣਾਂ ਦੀ ਥਾਹ ਪਾ ਲਈ ਤਾਂ ਜਾਣ ਲਏਂਗਾ ਕਿ ਇਹੀ ਹੈ ਅਸਲੀ ਪੰਥ।’ ‘ਸੋ ਅੱਗੇ ਵਧ, ਬਿਨਾ ਕਿਸੇ ਭੈਅ ਤੋਂ। ਤਿਆਗ ਦੇ ਬਾਲਕਾਂ ਵਾਲੀਆਂ ਸ਼ੈਆਂ ਤੇ ਸਭ ਤੋਂ ਜਰੂਰੀ ਇਹ ਕਿ ਹੌਸਲਾ ਦਿਖਾ; ਭਾਵੇਂ ਹਜ਼ਾਰਾਂ ਉਤਾਰ-ਚੜਾਅ ਤੇ ਸੁਖ-ਦੁਖ ਅਚਾਨਕ ਵੀ ਆ ਜਾਣ, ਪਰ ਡੋਲੀਂ ਨਾ । ਇਹ ਸੂਰਮਿਆਂ ਦਾ ਕੰਮ (2) (ਸੂਲੀ ਚੜ੍ਹਨਾ ਤੇ ਜਰਾ ਨਾ ਫਿਕਰ ਕਰਨਾ ਮੁੱਢ ਇਸ਼ਕ ਦੀ ਰਸਮ ਆਈਨ ਕਾਜ਼ੀ॥ ਵਾਰਿਸ ਕੌਲ਼ ਜ਼ੁਬਾਨ ਤੋਂ ਹਾਰ ਜਾਣਾ ਨਹੀਂ ਆਸ਼ਿਕਾਂ ਦਾ ਮਜ਼ਹਬ ਦੀਨ ਕਾਜ਼ੀ ॥) ਬਾਬਾ ਵਾਰਿਸ ਸ਼ਾਹ (3) (ਤਾਬ ਇਸ਼ਕ ਦੀ ਝੱਲਣੀ ਬੁਰੀ ਔਖੀ ਬਾਬਾ ਵਾਰਿਸ) (4) (‘ਕਬੀਰ ਪੰੁਗਰਾ ਰਾਮ ਅਲਾਹ ਕਾ ਸਭ ਗੁਰ ਪੀਰ ਹਮਾਰੇ’) ਨਹੀਂ। ਆਸ਼ਿਕ ਤੇ ਯੋਧੇ ਸਦਾ ਅਡੋਲ ਰਹਿੰਦੇ ਹਨ) ਸ਼ੇਖ਼ ਸਨਨ ਦੀ ਕਹਾਣੀ ਸ਼ੇਖ਼ ਸਨਨ ਆਪਣੇ ਸਮੇਂ ਦੀ ਬਹੁਤ ਪਵਿੱਤਰ ਆਤਮਾਂ ਸੀ, ਤੇ ਆਪਣੇ ਆਪ ਨੂੰ ਏਨਾ ਸ਼ੁੱਧ ਕਰ ਲਿਆ ਸੀ ਕਿ ਸਿੱਧੀਆਂ ਮਗਰ ਲੱਗੀਆਂ ਫਿਰਦੀਆਂ ਸਨ । ਲਗਭਗ 400 ਸ਼ਿਸ਼ਾਂ, ਜੋ ਚੱਤੇ ਪਹਿਰ ਆਪਣੇ-ਆਪ ‘ਤੇ ਕੰਮ ਕਰ ਰਹੇ ਸਨ, ਨਾਲ਼ ਉਹ 50 ਸਾਲ ਤੱਕ ਆਪਣੇ ਆਸ਼ਰਮ ਵਿੱਚ ਟਿਕਿਆ ਰਿਹਾ। ਉਹ ਨਿਰਵਾਨ ਪ੍ਰਾਪਤ ਕਰ ਕੇ ਸਰਵਉੱਚ ਗਿਆਨ ਹਾਸਲ ਕਰ ਚੁੱਕੇ ਸਨ, ਤੇ ਲਾਹਾ ਲੈ ਰਹੇ ਸਨ ਇਸ ਇਲਹਾਮ ਤੋਂ। ਉਹਨਾਂ ਦੇ ਜੀਵਨ ਦਾ ਬਹੁਤਾ ਸਮਾਂ ਮੱਕੇ ਦੀ ਜ਼ਿਆਰਤ ਵਿੱਚ ਹੀ ਬੀਤਦਾ ਸੀ । ਉਸ ਦੀਆਂ ਨਮਾਜ਼ਾਂ ਤੇ ਰੋਜ਼ੇ ਗਿਣਤੀਆਂ ਤੋਂ ਪਾਰ ਸਨ, ਤੇ ਉਸ ਨੇ ਸੁੰਨੀਆਂ ਦੁਆਰਾ ਨਿਭਾਈ ਜਾਣ ਵਾਲੀ ਸ਼ਰੀਅਤ ਦਾ ਕੋਈ ਅੰਸ਼ ਵੀ ਨਹੀਂ ਛੱਡਿਆ ਸੀ । ਉਹ ਕਰਾਮਾਤਾਂ ਨਾਲ਼ ਵਾਕਫ਼ ਸੀ ਤੇ ਕਰ ਵੀ ਸਕਦਾ ਸੀ, ਤੇ ਉਸ ਦੀ ਇੱਕ ਫੂਕ ਬਿਮਾਰਾਂ ਤੇ ਉਦਾਸਾਂ ਨੂੰ ਭਲੇ ਕਰ ਦਿੰਦੀ ਸੀ। ਇੱਕ ਰਾਤ ਉਸ ਨੇ ਸੁਪਨੇਂ ਵਿੱਚ ਦੇਖਿਆ, ਕਿ ਉਹ ਮੱਕੇ ਤੋਂ ਰੋਮ ਚਲਾ ਗਿਆ ਤੇ ਉੱਥੇ ਮੂਰਤੀ ਪੂਜਾ ਕੀਤੀ; ਜਦੋਂ ਇਹ ਦਮਘੋਟੂ ਸੁਪਨਾਂ ਮੁੱਕਿਆ ਤੇ ਉਹ ਨੀਂਦ ਵਿੱਚੋਂ ਜਾਗਿਆ ਤਾਂ ਗਹਰੇ ਦੁੱਖ ਵਿੱਚ ਸੀ, ਉਸ ਨੇ ਆਪਣੇ ਸ਼ਿਸ਼ਾਂ ਨੂੰ ਕਿਹਾ, ‘ਮੈਨੂੰ ਇਸ ਸੁਪਨੇਂ ਦੇ ਅਰਥ ਜਾਨਣ ਲਈ ਇੱਕ ਵਾਰ ਰੋਮ ਦੀ ਯਾਤਰਾ ਕਰਨੀਂ ਹੀ ਪਵੇਗੀ।’ ਆਪਣੇ ਚਾਰ ਸੌ ਚੇਲਿਆਂ ਨਾਲ਼ ਉਹ ਮੱਕੇ ਤੋਂ ਰੋਮ ਆ ਗਿਆ। ਉਹਨਾਂ ਇਸ ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਭ੍ਰਮਣ ਕੀਤਾ। ਇੱਕ ਦਿਨ ਉਹ ਦੇਵ-ਨੇਤ ਨਾਲ਼ ਉੱਥੇ ਆਏ ਜਿੱਥੇ ਇੱਕ ਸੁਨੱਖ਼ੀ ਜਵਾਨ ਕੁੜੀ ਬਰਾਮਦੇ ‘ਤੇ ਬੈਠੀ ਹੋਈ ਸੀ। ਇਹ ਕੁੜੀ ਈਸਾਈ ਸੀ, ਤੇ ਉਸ ਦੇ ਚਿਹਰੇ ਦੇ ਹਾਵ-ਭਾਵ ਤੋਂ ਲੱਗਦਾ ਸੀ ਕਿ ਉਹ ਲੀਨ ਸੀ, ਪਰਮਪਿਤਾ ਦੇ ਚੋਜ਼ ਜਾਨਣ ਦੇ ਵਿਚਾਰਾਂ ਵਿੱਚ। ਉਸ ਦੀ ਸੁੰਦਰਤਾ ਸੂਰਜ ਦੀ ਨਿਆਈਂ ਚਾਨਣ ਬਿਖੇਰ ਰਹੀ ਸੀ, ਤੇ ਉਸ ਦੀ ਇੱਜ਼ਤ ਰਾਸ਼ੀਆਂ ਦੇ ਚਿੰਨਾਂ ਜਹੀ ਸਾਫ ਸੀ। ਉਸ ਦੀ ਚਮਕ ਦੇ ਸਾੜੇ ਵਿੱਚ ਸਵੇਰ ਦਾ ਤਾਰਾ ਟਾਲ-ਮਟੋਲ ਕਰਦਾ ਸੀ ਉਸ ਦੇ ਘਰ ਉੱਪਰੋਂ ਲੰਘਣ ਵਿੱਚ। ਉਸ ਦੀਆਂ (5) (ਵਾਰਿਸ ਇਸ਼ਕ ਦੇ ਆਣਿ ਮੈਦਾਨ ਲੱਥੇ, ਬੁਰਾ ਸੂਰਮੇਂ ਨੂੰ ਰਣੋਂ ਹੱਲਣਾ ਜੀ) ਜ਼ੁਲਫਾਂ ਵਿੱਚ ਗਵਾਚਣੋ ਕੌਣ ਰੋਕ ਸਕਦਾ ਸੀ ਆਪਣੇ ਦਿਲ ਨੂੰ । ਜਿਸਦੀਆਂ ਵੀ ਇੱਛਾਵਾਂ ਨੂੰ ਪ੍ਰਬਲ ਕਰ ਦਿੰਦੇ ਸਨ ਉਸ ਦੇ ਮਾਣਿਕਾਂ ਜਹੇ ਬੁੱਲ, ਆਪਣੀ ਬੁੱਧੀ ਗਵਾ ਬਹਿੰਦਾ ਸੀ । ਪ੍ਰਭਾਤ ਦੀ ਤਾਸੀਰ ਵਿੱਚ ਜੋ ਹਲਕੀ ਜਹੀਂ ਕਾਲੋਂ ਆਉਂਦੀ ਸੀ, ਉਹ ਉਸ ਦੇ ਕਾਲੇ ਕੇਸਾਂ ਕਰਕੇ ਸੀ, ਰੋਮ ਦੀ ਧਰਤੀ ‘ਤੇ ਝੁਰੜੀਆਂ ਦਾ ਕਾਰਨ ਉਸ ਦੇ ਮੁੱਖੜੇ ਦੀਆਂ ਛਾਈਆਂ ਦੀ ਖੂਬਸੂਰਤੀ ਸੀ । ਉਸ ਦੀਆਂ ਅੱਖਾਂ, ਆਸ਼ਿਕਾਂ ਅੰਦਰ ਖਿੱਚ ਪੈਦਾ ਕਰ ਦਿੰਦੀਆਂ ਸਨ ਤੇ ਉਹ ਇਸ ਤਰ੍ਹਾਂ ਦੌੜੇ ਆਉਂਦੇ ਸਨ, ਜਿਵੇਂ ਕੋਈ ਪਤੰਗਾ ਅੱਗ ਵੱਲ ਭੱਜਿਆ ਆਉਂਦਾ ਹੈ। ਉਸਦੀਆਂ ਮਹਿਰਾਬਦਾਰ ਭਵਾਂ (ਸੇਲੀਆਂ) ਇੰਝ, ਜਿਵੇਂ ਦੋ ਜੁੜਵਾਂ ਚੰਦ ਹੋਣ ਤੇ ਉੱਪਰ ਦਾਤੀ ਧਰ ਦਿੱਤੀ ਹੋਵੇ। ਜਦ ਸੁਹੱਪਣ ਨਾਲ਼ ਉਸਦੀਆਂ ਪੁਤਲੀਆਂ ਚਮਕਦੀਆਂ ਸਨ, ਤਾਂ ਹਜ਼ਾਰਾਂ ਦਿਲ ਪ੍ਰਾਰਥਨਾ ਵਿੱਚ ਜੁੜ ਜਾਂਦੇ ਸਨ। ਉਸਦਾ ਚਿਹਰਾ ਬਲ ਰਹੀ ਅੱਗ ਵਾਂਗ ਦਗ਼ਦਾ ਸੀ ਤੇ ਉਸ ਦੇ ਨਮ ਮੋਤੀਆਂ ਜਹੇ ਲਬ ਸਾਰੇ ਸੰਸਾਰ ਨੂੰ ਧਿਹਾਇਆ ਕਰ ਦਿੰਦੇ ਸਨ । ਉਸ ਨੇ ਬੰਦ ਪਲਕਾਂ ਵਿੱਚ ਹਜ਼ਾਰਾਂ ਕਟਾਰਾਂ ਲੁਕੋ ਰੱਖੀਆਂ ਸਨ, ਤੇ ਉਸ ਦਾ ਮੂੰਹ ਏਨਾ ਛੋਟਾ ਸੀ ਕਿ ਸ਼ਬਦ ਵੀ ਮਸਾਂ ਬਾਹਰ ਆਉਂਦੇ ਸਨ। ਉਸਦਾ ਲੱਕ ਵਾਲ ਜਿਹਾ ਪਤਲਾ ਸੀ, ਜੋ ਇੰਜ ਜਾਪਦਾ ਦੀ ਕਿ ਉਸ ਦੇ ਜ਼ੁਨਾਰ(1) ਵਿੱਚ ਜਿਵੇਂ ਨਿਚੋੜਿਆ ਗਿਆ ਹੋਵੇ । ਉਸ ਦੀ ਠੋਡੀ ਦਾ ਚਾਂਦੀ ਰੰਗਾ ਟੋਆ, ਈਸਾ ਦੇ ਉਪਦੇਸ਼ਾਂ ਵਾਂਗ, ਮੁਰਦੇ ਜਿਵਾ ਦਿੰਦਾ ਸੀ। ਜਦ ਉਸ ਨੇ ਪਰਦੇ ਦਾ ਇੱਕ ਕਿਨਾਰਾ ਉਠਾਇਆ ਤਾਂ ਸ਼ੇਖ਼ ਦੇ ਦਿਲ ਵਿੱਚ ਭਾਂਬੜ ਬਲ ਪਏ। ਉਸ ਨੇ ਆਪਣੀਆਂ ਅੱਖਾਂ ਝਪਕਾਉਣੀਆਂ ਵੀ ਬੰਦ ਕਰ ਦਿੱਤੀਆਂ ਤੇ ਇੱਕ ਟਿਕ ਉਸ ਈਸਾਈ ਕੁੜੀ ਵੱਲ ਵੇਖਣ ਲੱਗਾ। ਇਹੀ ਪਿਆਰ ਸੀ ਕਿ ਉਸ ਦਾ ਈਮਾਨ ਉਸ ਦੇ ਹੱਥੋਂ ਤਿਲਕਣ ਲੱਗਾ। ਉਸ ਦੀਆਂ ਜ਼ੁਲਫਾਂ ਦੇ ਕਾਫ਼ਰ ਕੁੰਡਲਾਂ ਨੇ ਸ਼ੇਖ਼ ਦਾ ਈਮਾਨ ਬਿਖ਼ੇਰ ਦਿੱਤਾ। ਉਹ ਚੀਖ਼ਣ ਲੱਗਾ, ‘ਹਾਏ, ਕਿੰਨਾ ਭਿਆਨਕ ਤੇ ਘਾਤਕ ਹੈ ਇਹ ਇਸ਼ਕ, ਜੋ ਮੈਂ ਇਸ ਲਈ ਮਹਿਸੂਸ ਕਰ ਰਿਹਾਂ। ਜਦ ਦੀਨ ਛੱਡ ਜਾਂਦਾ ਹੈ ਤੁਹਾਨੂੰ ਤਾਂ ਦਿਲ ਕਿੰਨਾ ਚੰਗਾ ਹੋ ਜਾਂਦਾ ਹੈ !’ ਜਦ ਤਕ ਉਸ ਦੇ ਚੇਲਿਆਂ ਨੇ ਕੁਝ ਸਮਝਿਆ ਕਿ ਕੀ ਵਾਪਰ ਗਿਆ ਹੈ ਤੇ ਦੇਖਿਆ ਕਿ ਉਹ ਕਿਸ ਅਵਸਥਾ ਵਿੱਚ ਚਲਾ ਗਿਆ ਹੈ, ਤਾਂ ਉਹਨਾਂ (1) (ਲੱਕ ਦੁਆਲੇ ਪਹਿਨੀ ਜਾਣ ਵਾਲੀ ਬੈਲਟ-ਕਮਰਬੰਦ) ਆਪਣੇ ਸਿਰ ਆਪਣਿਆਂ ਹੱਥਾਂ ਵਿੱਚ ਫੜ੍ਹ ਲਏ। ਕੁਝ ਉਸ ਨਾਲ ਵਿਵਾਦ ਕਰਨ ਲੱਗੇ, ਪਰ ਉਹ ਕੁਝ ਨਹੀਂ ਸੁਣ ਰਿਹਾ ਸੀ । ਉਹ ਤਾਂ ਬਸ ਸੰਨ ਖਲੋਤਾ ਰਹਿ ਸਕਦਾ ਸੀ, ਮੂੰਹ ਅੱਡੀ, ਟਿਕਟਿਕੀ ਲਗਾ ਕੇ ਬਰਾਮਦੇ ਵੱਲ ਵੇਖਦਾ ਹੋਇਆ। ਆਸਮਾਨ ਵਿੱਚ ਜੋ ਤਾਰੇ ਦੀਵਿਆਂ ਵਾਂਗ ਬਲ ਰਹੇ ਸਨ, ਇਸ ਪਵਿੱਤਰ ਆਦਮੀਂ ਤੋਂ ਲਾਟ ਉਧਾਰੀ ਲੈ ਰਹੇ ਸਨ, ਜਿਸਦਾ ਦਿਲ ਬਲ ਰਿਹਾ ਸੀ । ਉਸਦਾ ਇਸ਼ਕ ਪ੍ਰਚੰਡ ਹੋ ਰਿਹਾ ਸੀ ਜਦੋਂ ਤੱਕ ਉਹ ਆਪਣੇ ਦੁਆਲੇ ਘੁੰਮ ਰਿਹਾ ਸੀ। ‘ਹੇ ਪਰਮ ਪਿਤਾ’, ਉਸ ਨੇ ਅਰਦਾਸ ਸ਼ੁਰੂ ਕੀਤੀ, ‘ਮੇਰੀ ਜ਼ਿੰਦਗੀ ਵਿੱਚ, ਮੈਂ ਰੋਜ਼ੇ ਰੱਖੇ ਤੇ ਬਹੁਤ ਕਸ਼ਟ ਸਹਿਨ ਕੀਤੇ, ਪਰ ਪਿਤਾ ਮੈਂ ਇਸ ਤਰ੍ਹਾਂ ਤਾਂ ਪਹਿਲਾਂ ਕਦੇ ਨਹੀਂ ਤੜਪਿਆ; ਮੈਂ ਕਸ਼ਟ ਵਿੱਚ ਹਾਂ। ਇਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਲੰਬੀ ਰਾਤ ਹੈ ਤੇ ਉਸ ਦੀਆਂ ਜ਼ੁਲਫ਼ਾਂ ਜਹੀ ਹਨੇਰੀ। ਕਿੱਥੇ ਹੈ ਬਹਿਸ਼ਤੀ ਜੋਤ? ਕੀ ਮੇਰੀ ਆਹ ਨੇ ਬੁਝਾ ਦਿੱਤਾ ਹੈ ਇਸ ਨੂੰ ਜਾਂ ਇਹ ਈਰਖਾ ਨਾਲ਼ ਹੀ ਅਲੋਪ ਹੋ ਗਈ ਹੈ? ਮੇਰੀ ਚੰਗੀ ਕਿਸਮਤ ਕਿੱਥੇ ਹੈ? ਕਿਉਂ ਇਹ ਮੇਰੀ ਮਦਦ ਨਹੀਂ ਕਰ ਰਹੀ ਤੇ ਨਹੀਂ ਦਿਵਾ ਰਹੀ ਮੈਨੂੰ ਏਸ ਕੁੜੀ ਦਾ ਪਿਆਰ? ਕਿੱਥੇ ਹੈ ਮੇਰੀ ਚੇਤਨਾਂ ਤੇ ਕਿਉਂ ਨਹੀਂ ਵਰਤ ਰਹੀ ਮੇਰਾ ਗਿਆਨ? ਕਿੱਥੇ ਨੇ ਮੇਰੇ ਹੱਥ ਤੇ ਕਿਉਂ ਨਹੀਂ ਪਾ ਰਹੇ ਧੂੜ ਚੁੱਕ ਕੇ ਮੇਰੇ ਸਿਰ ਵਿੱਚ? ਕਿੱਥੇ ਨੇ ਮੇਰੇ ਪੈਰ, ਜਦੋਂ ਕਿ ਮੈਂ ਤੁਰ ਕੇ ਜਾਣਾ ਚਾਹੁੰਣਾ ਆਪਣੇ ਯਾਰ ਕੋਲ਼ ਤੇ ਮੇਰੀਆਂ ਅੱਖਾਂ, ਜਿਹਨਾਂ ਨਾਲ਼ ਮੈਂ ਉਸ ਨੂੰ ਤੱਕਣਾ ਹੈ? ਕਿੱਥੇ ਹੈ ਮੇਰਾ ਪਿਆਰਾ ਤੇ ਕਿਉਂ ਨਹੀਂ ਦੇ ਰਿਹਾ ਮੈਨੂੰ ਆਪਣਾ ਦਿਲ? ਕੈਸਾ ਹੈ ਤੇ ਕੀ ਇਹੀ ਹੈ ਇਸ਼ਕ; ਏਨਾ ਦੁੱਖ, ਏਨੀ ਪੀੜ?’ ਸ਼ੇਖ਼ ਦੇ ਮਿੱਤਰ ਫਿਰ ਉਸ ਕੋਲ਼ ਆਏ। ਇੱਕ ਬੋਲਿਆ, ‘ਹੇ ਮਹਾਨ ਸ਼ੇਖ਼, ਆਪਣੇ ਆਪ ਨੂੰ ਜਗਾ ਤੇ ਬਾਹਰ ਨਿਕਲ ਇਸ ਮਜਾਜੀ ਇਸ਼ਕ ਦੇ ਲੋਭ ‘ਚੋਂ। ਸੰਭਾਲ ਆਪਣੇ ਆਪ ਨੂੰ ਤੇ ਵੁਜ਼ੂ ਕਰ।’ ਉਸ ਨੇ ਜਵਾਬ ਦਿਤਾ, ‘ਕੀ ਤੈਨੂੰ ਨਹੀਂ ਪਤਾ, ਕਿੱਥੇ ਸੈਂ ਤੂੰ, ਇਸ ਰਾਤ ਮੈਂ ਹਜ਼ਾਰਾਂ ਵਾਰ ਵੁਜ਼ੂ ਕੀਤਾ ਹੈ, ਤੇ ਉਹ ਵੀ ਆਪਣੇ ਦਿਲ ਦੇ ਖੂਨ ਨਾਲ਼?’ ਇੱਕ ਹੋਰ ਬੋਲਿਆ, ‘ਕਿੱਥੇ ਹੈ ਤੇਰੀ ਤਸਬੀ? ਉਸ ਤੋਂ ਬਿਨਾ ਤੂੰ ਕਿਵੇਂ ਪ੍ਰਾਰਥਨਾ ਕਰ ਸਕਦਾ ਹੈ?’ ਸ਼ੇਖ਼ ਬੋਲਿਆ, ‘ਮੈਂ ਸੁੱਟ ਦਿੱਤੀ ਹੈ ਤਸਬੀ ਤਾਂ ਕਿ ਉਹ ਕਮਰਬੰਦ ਪਹਿਨ ਸਕਾਂ ਜੋ ਈਸਾਈ ਪਾਉਂਦੇ ਹਨ।’ ਇੱਕ ਹੋਰ ਬੋਲਿਆ, ‘ਹੇ ਪਵਿੱਤਰ ਬਜ਼ੁਰਗ, ਜੇ ਤੂੰ ਪਾਪ ਕਰੇ ਲਿਆ ਹੈ ਤਾਂ ਪਸ਼ਚਾਤਾਪ ਕਰ ਲੈ ਬਿਨਾ ਦੇਰ ਕੀਤੇ।’ ‘ਮੈਂ ਹੁਣੇ ਤੌਬਾ ਕਰਦਾ ਹਾਂ’, ਉਹ ਬੋਲਿਆ, ‘ਸ਼ਰੀਅਤ ਦੀ ਪਾਲਣਾ ਤੋਂ, ਤੇ ਦੁਆ ਕਰਦਾ ਹਾਂ ਕਿ ਇਸ ਮੂਰਖ਼ਤਾ ਤੋਂ ਮੈਨੂੰ ਬਚਾਵੇ।’ ਇੱਕ ਹੋਰ ਸ਼ਿਸ਼ ਬੋਲਿਆ, ‘ਹੁਣੇ ਤਿਆਗ ਦੇ ਇਹ ਥਾਂ ਤੇ ਇਬਾਦਤ ਕਰ ਸੱਚੇ ਰੱਬ ਦੀ।’ ਸ਼ੇਖ਼ ਬੋਲਿਆ, ‘ਜਿਸ ਦੀ ਇਬਾਦਤ ਕਰਨੀਂ ਹੈ, ਜਦ ਉਹ ਹੀ ਏਥੇ ਹੈ ਫੇਰ ਕਿੱਥੇ ਜਾਵਾਂ, ਹੁਣ ਤਾਂ ਉਸ ਦੇ ਅੱਗੇ ਝੁਕਣਾ ਹੀ ਇਬਾਦਤ ਹੈ ਮੇਰੀ।’ ਇੱਕ ਹੋਰ ਬੋਲਿਆ, ‘ਫੇਰ ਤੂੰ ਕੋਸ਼ਿਸ਼ ਵੀ ਨਹੀਂ ਕੀਤੀ ਹੈ ਤੌਬਾ ਦੀ! ਕੀ ਤੂੰ ਇਸਲਾਮ ਦਾ ਪੈਰੋਕਾਰ ਵੀ ਨਹੀਂ ਰਿਹਾ?’ ਸ਼ੇਖ਼ ਨੇ ਜਵਾਬ ਦਿੱਤਾ, ‘ਮੇਰੇ ਜਿੰਨੀ ਤੌਬਾ ਕੋਈ ਨਹੀਂ ਕਰ ਸਕਦਾ, ਪਰ ਮੈਂ ਇਸ ਤੋਂ ਪਹਿਲਾਂ ਇਸ਼ਕ ਵਿੱਚ ਨਹੀਂ ਸੀ।’ ਇੱਕ ਹੋਰ ਬੋਲਿਆ, ‘ਸ਼ੈਤਾਨ ਰਾਹ ਤਕ ਰਿਹਾ ਹੈ ਤੇਰੀ, ਜੇ ਤੂੰ ਇਸੇ ਰਸਤੇ ‘ਤੇ ਚੱਲਦਾ ਰਿਹਾ, ਪਰ ਆਪਣੇ ਆਪ ਨੂੰ ਵੇਖ ਤੇ ਤੂੰ ਬਚ ਸਕਦਾ ਹੈਂ ਹਜੇ ਵੀ।’ ‘ਜੇ ਕੋਈ ਜ਼ਹੰਨੁਮ ਹੈ ਤਾਂ ਮੇਰੀ ‘ਆਹ’ ਹੀ ਹੈ, ਜੋ ਸੱਤਾਂ ਨਰਕਾਂ ਦੀ ਭੁੱਖ ਮਿਟਾ ਦੇਵੇਗੀ। ਉਸ ਨੇ ਜਵਾਬ ਦਿੱਤਾ। ਇਹ ਜਾਣਦੇ ਹੋਏ ਵੀ ਕਿ ਉਹਨਾਂ ਦੇ ਤਰਕਾਂ ਦਾ ਸ਼ੇਖ਼ ਉੱਤੇ ਕੋਈ ਅਸਰ ਨਹੀਂ ਹੋ ਰਿਹਾ, ਉਹ ਸਾਰੀ ਰਾਤ ਉਸ ਨਾਲ਼ ਬਹਿਸਦੇ ਰਹੇ। ਤੇ ਅੰਤ ਥੱਕ ਹਾਰ ਕੇ ਚਲੇ ਗਏ। ਇਸ ਦੌਰਾਨ ਸਵੇਰ ਆਪਣੀ ਕਿਰਪਾਨ ਤੇ ਢਾਲ ਪਹਿਨੀਂ, ਕਿਰਨਾਂ ਦੇ ਘੋੜੇ ‘ਤੇ ਸਵਾਰ ਹੋ ਕੇ ਆਈ ਤੇ ਕਾਲੀ-ਬੋਲੀ ਰਾਤ ਦਾ ਸਿਰ ਕਲਮ ਕਰ ਦਿੱਤਾ ਤਾਂ ਕਿ ਇਹ ਕਲਪਨਾਵਾਂ ਦਾ ਸੰਸਾਰ ਸੂਰਜ ਦੇ ਪ੍ਰਕਾਸ਼ ਵਿੱਚ ਇਸ਼ਨਾਨ ਕਰ ਸਕੇ। ਇਧਰ, ਇਸ਼ਕ ਦੇ ਹੱਥਾਂ ਦਾ ਖਿਡੌਣਾ ਬਣ ਚੁੱਕਾ ਸ਼ੇਖ਼, ਕੁੱਤਿਆਂ ਨਾਲ਼ ਭਉਂਦਾ ਫਿਰਦਾ ਸੀ। ਇੱਕ ਮਹੀਨਾਂ ਉਹ ਇਹਨਾਂ ਗਲੀਆਂ ਵਿੱਚ ਇੱਕ ਹੋਰ ਝਲਕ ਦੀ ਆਸ ਨਾਲ਼ ਫਿਰਦਾ ਰਿਹਾ। ਧੂੜ, ਉਸ ਦਾ ਆਸਨ ਸੀ ਤੇ ਸਿਰਹਾਣਾ ਉਸ ਕੁੜੀ ਦਾ ਦਰ। ਤੇ ਫੇਰ ਜਦ ਉਸ ਖੂਬਸੂਰਤ ਕੁੜੀ ਨੂੰ ਪਤਾ ਲੱਗਾ ਕਿ ਉਹ ਉਸਦੇ ਪਿਆਰ ਵਿੱਚ ਨਿਰਾਸ਼ਾ ਦੇ ਆਲਮ ਵਿੱਚ ਜਾ ਚੁੱਕਾ ਹੈ ਤਾਂ ਉਹ ਬੁਰਕੇ ਜਿਹਾ ਲਿਬਾਸ ਪਹਿਨ ਕੇ ਬਾਹਰ ਆਈ ਤੇ ਉਸਨੂੰ ਬੋਲੀ, ‘ਹੇ ਸ਼ੇਖ਼, ਇਹ ਕਿਵੇਂ ਹੋ ਗਿਆ ਕਿ ਤੇਰੇ ਜਿਹਾ ਕੋਈ ਤਪੱਸਵੀ, ਬਹੁਦੇਵਵਾਦ ਦੀ ਮਦ ਦੇ ਖ਼ੁਮਾਰ ਨਾਲ਼ ਭਰ ਗਿਆ ਹੈ, ਤੇ ਏਸ ਹਾਲਤ ਵਿੱਚ ਇੱਕ ਈਸਾਈ ਦੇ ਦਰ ‘ਤੇ ਬੈਠਾ ਹੈ? ਜੇ ਤੂੰ ਮੈਨੂੰ ਇਸੇ ਤਰ੍ਹਾਂ ਤੱਕਦਾ ਰਹੇਂਗਾ ਤਾਂ ਕਾਫਰ ਹੋ ਜਾਏਂਗਾ।’ ਸ਼ੇਖ਼ ਬੋਲਿਆ, ‘ਇਹ ਤਾਂ ਹੋਏਗਾ ਹੀ, ਕਿਉਂਕਿ ਤੂੰ ਮੇਰਾ ਦਿਲ ਚੁਰਾ ਲਿਆ ਹੈ। ਜਾਂ ਤਾਂ ਮੋੜ ਦੇ ਤੇ ਜਾਂ ਮੇਰਾ ਪਿਆਰ ਕਬੂਲ ਕਰ। ਜੇ ਤੋਂ ਚਾਹਵੇਂ ਤਾਂ ਮੈਂ ਆਪਣੀ ਜਾਨ ਤੇਰੇ ਉੱਤੋਂ ਕੁਰਬਾਨ ਕਰ ਦੇਵਾਂਗਾ, ਪਰ ਤੇਰਾ ਸਪਰਸ਼, ਤੇਰੀ ਛੋਹ ਦੁਬਾਰਾ ਜ਼ਿੰਦਾ ਕਰ ਦੇਵੇਗੀ ਮੈਨੂੰ। ਤੇਰੇ ਕਰਕੇ ਹੀ ਮੇਰੇ ਅੰਦਰ ਭਾਂਬੜ ਬਲ ਰਹੇ ਹਨ। ਮੀਂਹ ਵਾਂਗ ਮੇਰੇ ਹੰਝੂ ਵਗ ਰਹੇ ਨੇ ਤੇ ਜਾਪਦਾ ਹੈ ਮੇਰੀਆਂ ਅੱਖਾਂ ਦੀ ਜੋਤ ਵੀ ਜਾਂਦੀ ਰਹੀ ਹੈ, ਕਿਉਂ ਜੋ ਮੈਨੂੰ ਤੇਰੇ ਸਿਵਾ ਹੋਰ ਕੁਝ ਦਿਸਦਾ ਹੀ ਨਹੀਂ। ਮੇਰਾ ਦਿਲ ਗਾਇਬ ਹੈ ਤੇ ਅੰਦਰ ਸਿਰਫ ਖ਼ੂਨ ਹੀ ਹੈ । ਤੇਰੇ ਨਾਲ਼ ਜੁੜ ਕੇ ਹੀ ਸਭ ਕੁਝ ਠੀਕ ਹੋ ਸਕਦਾ ਹੈ। ਤੂੰ ਸੂਰਜ ਦੀ ਨਿਆਈਂ ਹੈਂ ਤੇ ਮੈਂ ਪਰਛਾਵਾਂ । ਮੈਂ ਗਵਾਚ ਗਿਆ ਹਾਂ ਤੇ ਇਸ ਗਲੀ ਵਿੱਚ ਤੇ ਥੱਕ-ਹਾਰ ਕੇ ਡਿੱਗ ਪਿਆ ਹਾਂ, ਜੇ ਤੂੰ ਝੁਕਕੇ ਮੈਨੂੰ ਉਠਾ ਲਵੇਂ ਤਾਂ ਮੈਂ ਸੰਸਾਰ ਦੇ ਸੱਤੇ ਗੁੰਬਦਾਂ ਨੂੰ ਆਪਣੇ ਖੰਭਾਂ ਹੇਠ ਲੁਕੋ ਸਕਦਾ ਹਾਂ। ਮੇਰੀ ਪ੍ਰਾਰਥਨਾਂ ਹੈ ਤੇਰੇ ਅੱਗੇ, ਮੈਨੂੰ ਛੱਡ ਕੇ ਨਾ ਜਾ ।’ ‘ਹੇ ਬਜ਼ੁਰਗ, ਮੂਰਖ਼ਾਂ ਵਾਲਾ ਵਿਹਾਰ ਨਾ ਕਰ’, ਉਹ ਬੋਲੀ, ‘ਤੈਨੂੰ ਕੋਈ ਸ਼ਰਮਿੰਦਗੀ ਨਹੀਂ ਹੋ ਰਹੀ, ਅਜਿਹਾ ਕਰਨ ‘ਤੇ? ਤੈਨੂੰ ਲੱਜਿਤ ਹੋਣਾ ਚਾਹੀਦਾ ਹੈ ਕਿ ਤੂੰ ਠੰਡੇ ਹਉਂਕੇ ਭਰਦਾ ਹੋਇਆ, ਮੈਨੂੰ ਇਹ ਸਲਾਹ ਦੇ ਰਿਹਾ ਹੈਂ ਕਿ ਮੈਂ ਤੇਰੇ ਨਾਲ਼ ਸੰਬੰਧ ਬਣਾਵਾਂ । ਆਪਣੇ ਲਈ ਕਫ਼ਨ ਦਾ ਇੰਤਜ਼ਾਮ ਕਰ ਬਜਾਏ ਇਸ ਦੇ ਕਿ ਮੇਰੇ ‘ਤੇ ਸਮਾਂ ਬਰਬਾਦ ਕਰੇਂ । ਤੂੰ ਮੇਰੇ ਅੰਦਰ ਆਪਣੇ ਲਈ ਇਸ਼ਕ ਪੈਦਾ ਨਹੀਂ ਕਰ ਸਕਦਾ, ਸੋ ਦਫਾ ਹੋ ਜਾ।’ ਸ਼ੇਖ਼ ਬੋਲਿਆ, ‘ਜੋ ਕੁਝ ਕਹਿਣਾ ਹੈ ਕਹਿ ਲੈ, ਪਰ ਮੈਂ ਹਜੇ ਵੀ ਤੈਨੂੰ ਪਿਆਰ ਕਰਦਾ ਹਾਂ। ਇਹ ਕੀ ਮਾਈਨੇ ਰੱਖਦਾ ਹੈ ਕਿ ਕੋਈ ਜਵਾਨ ਹੈ ਜਾਂ ਬੁੱਢਾ, ਇਸ਼ਕ ਦਾ ਸਬੰਧ ਤਾਂ ਦਿਲ ਨਾਲ਼ ਹੈ ਤੇ ਇਹ ਕਿਸੇ ਵੀ ਦਿਲ ਵਿੱਚ ਵਾਸਾ ਕਰ ਸਕਦਾ ਹੈ।’ ਉਹ ਬੋਲੀ, ‘ਠੀਕ ਹੈ, ਜੇ ਤੈਨੂੰ ਨਾਂਹ ਸਵੀਕਾਰ ਨਹੀਂ, ਤਾਂ ਸੁਣ ਮੇਰੀ ਗੱਲ। ਤੈਨੂੰ ਤਿਆਗਣਾ ਪਵੇਗਾ ‘ਇਸਲਾਮ’ ਤੇ ਆਪਣੇ ਹੱਥ ਧੋਣੇ ਪੈਣਗੇ ਆਪਣੇ ਪੰਥ ਤੋਂ; ਪਿਆਰ ਲਈ, ਜਿਸਦੀ ਪਛਾਣ ਸਿਰਫ ਸੁੰਦਰਤਾ ਜਾਂ ਸੁਗੰਧੀ ਨਾਲ ਨਹੀਂ।’ ਉਹ ਬੋਲਿਆ, ‘ਜੋ ਕਹੇਂਗੀ ਉਹੀ ਕਰਾਂਗਾ, ਉਸੇ ਦੀ ਬਿਨਾ ਦੇਰੀ ਸ਼ੁਰੂਆਤ ਕਰ ਦਿਆਂਗਾ ਜੋ ਤੂੰ ਆਦੇਸ਼ ਕਰੇਂਗੀ, ਤੂੰ, ਜੋ ਚਾਂਦੀ ਰੰਗੇ ਸਰੀਰ ਵਾਲੀ ਹੈਂ। ਮੈਂ ਤੇਰਾ ਗੁਲਾਮ ਹਾਂ । ਆਪਣੀਆਂ ਜ਼ੁਲਫਾਂ ਨਾਲ਼ ਮੈਨੂੰ ਕੈਦ ਕਰ ਲੈ ਤੇ ਯਾਦ ਕਰਵਾਉਂਦੀ ਰਹਿ ਮੈਨੂੰ ਮੇਰੀ ਗੁਲਾਮੀਂ ।’ ‘ਜੇ ਤੂੰ ਕਹਿਨੀ ਤੇ ਕਰਨੀਂ ਦਾ ਸੂਰਾ ਹੈਂ’, ਨੌਜੁਆਨ ਈਸਾਈ ਕੁੜੀ ਬੋਲੀ, ‘ਤਾਂ ਤੈਨੂੰ ਚਾਰ ਗੱਲਾਂ ਕਰਨੀਆਂ ਪੈਣਗੀਆਂ; ਡੰਡਉਤ ਕਰ ਮੂਰਤੀਆਂ ਅੱਗੇ, ਸਾੜ ਦੇ ‘ਕੁਰਾਨ’, ਸ਼ਰਾਬ(2) ਪੀ ਤੇ ‘ਇਸਲਾਮ’ ਵੱਲੋਂ ਮੁੱਖ ਮੋੜ ਲੈ।’ ‘ਮੈਂ ਪੀ ਲਈ ਹੈ ਤੇਰੀ ਸੁੰਦਰਤਾ ਦੀ ਸ਼ਰਾਬ, ਜੇ ਕਹੇਂ ਤਾਂ ਹੋਰ ਪੀ ਲਵਾਂਗਾ, ਪਰ ਬਾਕੀ ਤਿੰਨ ਗੱਲਾਂ ਕਰਨ ਤੋਂ ਅਸਮਰੱਥ ਹਾਂ ਮੈਂ।’ ਸ਼ੇਖ਼ ਨੇ ਜਵਾਬ ਦਿੱਤਾ। ‘ਠੀਕ ਹੈ’, ਉਹ ਬੋਲੀ, ‘ਆ ਤੇ ਮੇਰੇ ਨਾਲ਼ ਪੀ, ਤੇ ਫੇਰ ਤੂੰ ਆਪ ਹੀ ਮੰਨੇਂਗਾ ਬਾਕੀ ਸ਼ਰਤਾਂ।’ ਉਹ ਉਸ ਨੂੰ ਕਰਾਮਾਤੀ ਮੰਦਰ ਵਿੱਚ ਲੈ ਗਈ, ਜਿੱਥੇ ਉਸ ਨੇ ਬੜੀ ਵਚਿਤਰ ਜਹੀ ਸੰਗਤ ਵੇਖੀ। ਉਹ ਭੋਜ ਲਈ ਬੈਠੇ ਸਨ ਤੇ ਉਹਨਾਂ ਦੀ ਮਾਲਕਣ ਪ੍ਰਸਿੱਧ ਸੀ, ਸੁੰਦਰਤਾ ਲਈ। ਮਹਿਬੂਬ ਨੇ ਮਦ ਦਾ ਪਿਆਲਾ ਅੱਗੇ ਕੀਤਾ ਆਸ਼ਿਕ ਦੇ, ਤੇ ਜਦ ਉਸ ਨੇ ਫੜਿਆ ਤੇ ਮਹਿਬੂਬ ਦੇ ਮੁਸਕੁਰਾ ਰਹੇ ਮੋਤੀਆਂ ਜਹੇ ਬੁੱਲ ਤੱਕੇ, ਜਿਵੇਂ ਸੁਹਾਗ-ਪਿਟਾਰੀ ਦੇ ਦੋ ਡੱਕਣ ਹੋਣ, ਭਾਂਬੜ ਬਲ ਪਏ ਉਸ ਦੇ ਦਿਲ ਵਿੱਚ ਤੇ ਲਹੂ ਭਾਫ ਬਣ ਕੇ ਅੱਖਾਂ ਰਾਹੀਂ ਵਹਿ ਤੁਰਿਆ। ਉਸ ਨੇ ਯਾਦ ਕੀਤੇ ਸਾਰੀਆਂ ਪਵਿੱਤਰ ਪੋਥੀਆਂ, ਜੋ ਉਸ ਨੇ ਪੜ੍ਹੀਆਂ ਸਨ, ਦੇ ਬਚਨ, ਸਾਰੀਆਂ, ਜੋ ਵੀ ਧਰਮਾਂ ਬਾਰੇ ਲਿਖੀਆਂ ਗਈਆਂ ਹਨ ਤੇ ‘ਕੁਰਾਨ’, ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ; ਪਰ, ਜਦ ਇਸ ਸ਼ਰਾਬ ਨੇ ਉਸ ਦੇ ਗਲੇ ਨੂੰ ਪਾਰ ਕਰਦੇ ਹੋਏ ਅੰਦਰ ਪ੍ਰਵੇਸ਼ ਕੀਤਾ, ਉਹ ਸਭ ਭੁੱਲ ਗਿਆ, ਸਾਰਾ ਅਧਿਆਤਮਿਕ ਗਿਆਨ ਪਲ ਵਿੱਚ ਜਾਂਦਾ ਰਿਹਾ। ਉਸ ਦੀ ਸੁਤੰਤਰ ਸਵੈ-ਇੱਛਾ ਗਵਾਚ ਗਈ ਤੇ ਉਸ ਦਾ ਦਿਲ ਉਸ ਦੇ ਹੱਥਾਂ ਵਿੱਚੋਂ ਤਿਲਕ ਗਿਆ। ਜਦ ਉਸ ਨੇ ਆਪਣਾ ਹੱਥ ਕੁੜੀ ਦੀ ਧੌਣ ਛੂਹਣ ਲਈ ਉਠਾਇਆ, ਉਹ ਬੋਲੀ, ‘ਤੂੰ ਸਿਰਫ ਪਿਆਰ ਦਾ ਨਾਟਕ ਕਰ ਰਿਹਾ ਹੈਂ। ਤੂੰ ਕੁਝ ਵੀ ਨਹੀਂ ਜਾਣਦਾ ਇਸ਼ਕ ਦੇ ਰਹੱਸ ਬਾਰੇ, ਤੇ ਜੇ ਤੈਨੂੰ ਯਕੀਨ ਹੈ ਆਪਣੇ ਪਿਆਰ ‘ਤੇ, ਤਾਂ ਸ਼ਾਇਦ ਤੈਨੂੰ ਮਿਲ ਜਾਵੇ ਮੇਰੇ ਘੁੰਗਰਾਲੇ ਵਾਲਾਂ ਦੇ ਕੁੰਡਲਾਂ ਵਿੱਚ ਕੈਦ ਹੋਣ ਦਾ ਰਸਤਾ, ਤੇ ਇਹਨਾਂ ਕੁੰਡਲਾਂ ਦੇ ਰਸਤੇ ‘ਤੇ ਹੀ ਆਪਣੇ ਆਪ ਨੂੰ ਮਿਟਾ ਦੇ ਕੁਫ਼ਰ ਵਿੱਚ ਤਾਂ ਸ਼ਾਇਦ ਤੂੰ ਛੂਹ ਸਕਦਾ ਹੈਂ ਮੇਰੀ ਮੁਲਾਇਮ ਧੌਣ। ਪਰ ਜੇ ਤੂੰ ਨਹੀਂ ਚੱਲਣਾ ਚਾਹੁੰਦਾ ਇਸ ਰਸਤੇ ‘ਤੇ ਤਾਂ ਉੱਠ ਤੇ ਚਲਾ ਜਾ; ਤੇ ਲੈ ਜਾ (2) (ਚਰਚ ਵਿੱਚ ਪੀਤੀ ਜਾਣ ਵਾਲੀ ਵਾਈਨ) ਫ਼ਕੀਰਾਂ ਵਾਲਾ ਆਪਣਾ ਚੋਲਾ ਤੇ ਸੋਟੀ ਵੀ।’ ਇਹ ਸੁਣ, ਸ਼ੇਖ਼ ਉਦਾਸੀ ਨਾਲ਼ ਭਰ ਗਿਆ; ਤੇ ਆਪਣੇ ਭਾਗਾਂ ਨੂੰ ਕੋਸਣ ਲੱਗਾ। ਜੋ ਸ਼ਰਾਬ ਉਸ ਨੇ ਪੀ ਲਈ ਸੀ, ਉਸ ਨਾਲ਼ ਉਸ ਦੀ ਬੁੱਧੀ ਕਿਸੇ ਖ਼ਰਾਬ ਦਿਸ਼ਾ ਸੂਚਕ ਯੰਤਰ ਜਹੀ ਹੋ ਗਈ । ਸ਼ਰਾਬ ਪੁਰਾਣੀ ਸੀ ਤੇ ਇਸ਼ਕ ਜਵਾਨ। ਕੀ ਇਸ ਤੋਂ ਬਿਨਾ ਹੋਰ ਕੁਝ ਨਹੀਂ ਹੋ ਸਕਦਾ ਸੀ, ਆਸ਼ਿਕ ਉੱਤੋਂ ਨਸ਼ੇ ਵਿੱਚ? ‘ਹੇ ਚਮਕ ਰਹੇ ਚੰਦ ਦੇ ਪ੍ਰਕਾਸ਼’, ਉਹ ਬੋਲਿਆ, ‘ਮੈਨੂੰ ਦੱਸ ਤੇਰੀ ਕੀ ਚਾਹਤ ਹੈ। ਮੈਂ ਮੂਰਤੀ ਪੂਜਕ ਨਹੀਂ ਸੀ, ਆਪਣਾ ਬਿਬੇਕ ਗਵਾਉਣ ਤੋਂ ਪਹਿਲਾਂ, ਹੁਣ ਜਦਕਿ ਮੈਂ ਨਸ਼ੇ ‘ਚ ਹਾਂ ਤਾਂ ਮੈਂ ‘ਕੁਰਾਨ’ ਤਿਆਗ ਦੇਵਾਂਗਾ ਮੂਰਤੀਆਂ ਦੇ ਅੱਗੇ।’ ਸੁੰਦਰ ਕੰਨਿਆਂ ਬੋਲੀ, ‘ਹੁਣ ਤੂੰ ਆਇਆ ਹੈਂ ਰਸਤੇ ‘ਤੇ, ਤੇ ਸਚਮੁੱਚ ਮੇਰੇ ਆਸ਼ਿਕ ਵਾਂਗ ਬੋਲ ਰਿਹਾ ਹੈਂ । ਹੁਣ ਤੂੰ ਮੇਰੇ ਕਾਬਿਲ ਹੋ ਗਿਆ ਹੈਂ। ਅਜੇ ਤੱਕ ਤੂੰ ਇਸ਼ਕ ਦਾ ਸੇਕ ਸਹਿ ਰਿਹਾ ਸੀ, ਪਰ ਹੁਣ ਤੂੰ ਅਨੁਭਵ ਪ੍ਰਾਪਤ ਕਰ ਲਿਆ ਹੈ ਤੇ ਪੱਕ ਚੁੱਕਾ ਹੈਂ, ਬਹੁਤ ਵਧੀਆ!’ ਜਦੋਂ ਈਸਾਈਆਂ ਨੇ ਸੁਣਿਆਂ ਕਿ ਸ਼ੇਖ਼ ਨੇ ਉਹਨਾਂ ਦਾ ਦੀਨ ਕਬੂਲ ਲਿਆ ਹੈ ਤਾਂ ਉਹ ਉਸ ਨੂੰ ਲੈ ਗਏ, ਨਸ਼ੇ ਦੀ ਹਾਲਤ ਵਿੱਚ ਹੀ, ਚਰਚ ਦੇ ਅੰਦਰ ਤੇ ਕਹਿਣ ਲੱਗੇ ਕਿ ਈਸਾਈਆਂ ਵਾਲਾ ਕਮਰਬੰਦ ਪਹਿਨ ਲਵੇ। ਉਸ ਨੇ ਇਸੇ ਤਰ੍ਹਾਂ ਕੀਤਾ ਤੇ ਨਾਲ਼ ਹੀ ਆਪਣਾ ਫ਼ਕੀਰਾਂ ਵਾਲਾ ਲਿਬਾਸ ਵੀ ਅੱਗ ਵਿੱਚ ਸੁੱਟ ਦਿੱਤਾ, ਦੀਨ ਤਿਆਗ ਦਿੱਤਾ ਤੇ ਈਸਾਈ ਮਤ ਦੀਆਂ ਪ੍ਰਥਾਵਾਂ ਕਬੂਲ ਕਰ ਲਈਆਂ। ਉਸ ਨੇ ਕੁੜੀ ਨੂੰ ਕਿਹਾ, ‘ਹੇ ਮੋਹਨੀ, ਕਿਸੇ ਨੇ ਅੱਜ ਤੱਕ ਕਿਸੇ ਔਰਤ ਲਈ ਏਨਾ ਕੁਝ ਨਹੀਂ ਕੀਤਾ, ਜਿੰਨਾ ਮੈਂ ਤੇਰੇ ਲਈ ਕੀਤਾ ਹੈ। ਮੈਂ ਤੇਰੇ ਦੁਆਰਾ ਪੂਜੀਆਂ ਜਾਂਦੀਆਂ ਮੂਰਤੀਆਂ ਅੱਗੇ ਸਿਰ ਨਿਵਾਇਆ, ਸ਼ਰਾਬ ਦਾ ਸੇਵਨ ਕੀਤਾ ਤੇ ਸੱਚਾ ਪੰਥ ਛੱਡ ਦਿੱਤਾ। ਇਹ ਸਭ ਕੁਝ ਮੈਂ ਤੇਰਾ ਪਿਆਰ ਪਾਉਣ ਲਈ ਕੀਤਾ।’ ਮੁੜ ਉਹ ਕੁੜੀ ਬੋਲੀ, ‘ਪਿਆਰ ਦੇ ਗੁਲਾਮ ਮੂਰਖ਼ ਬੁੱਢੇ, ਮੇਰੇ ਜਹੀ ਕੋਈ ਔਰਤ ਤੇਰੇ ਜਹੇ ਫ਼ਕੀਰ ਨਾਲ਼ ਰਿਸ਼ਤਾ ਕਿਵੇਂ ਬਣਾ ਸਕਦੀ ਹੈ? ਮੈਂ ਸੋਨਾ ਤੇ ਚਾਂਦੀ ਲੋਚਦੀ ਹਾਂ ਤੇ ਤੇਰੇ ਕੋਲ ਕੱਖ ਵੀ ਨਹੀਂ, ਸੋ ਜਾਹ ਚਲਾ ਜਾ ਏਥੋਂ ।’ ਸ਼ੇਖ਼ ਬੋਲਿਆ, ‘ਹੇ ਪਿਆਰੀ ਔਰਤ, ਤੇਰਾ ਸਰੂ ਜਿਹਾ ਸਰੀਰ ਹੀ ਸੋਨੇ- ਚਾਂਦੀ ਦਾ ਬਣਿਆਂ ਹੈ। ਜੇ ਤੂੰ ਮੈਨੂੰ ਏਥੋਂ ਖਦੇੜ ਦੇਵੇਂਗੀ ਤਾਂ ਤੂੰ ਮੈਨੂੰ ਨਿਰਾਸ਼ਾ ਵਿੱਚ ਧੱਕ ਦੇਵੇਂਗੀ। ਤੈਨੂੰ ਛੱਡ ਕੇ ਜਾਣ ਦਾ ਖਿਆਲ ਹੀ ਮੇਰੇ ਅੰਦਰ ਬੇਚੈਨੀ ਪੈਦਾ ਕਰ ਦਿੰਦਾ ਹੈ। ਤੇਰੇ ਕਰਕੇ ਹੀ ਮੇਰੇ ਮਿੱਤਰ ਮੇਰੇ ਦੁਸ਼ਮਨ ਹੋ ਗਏ । ਜਿਹਾ ਤੂੰ ਕਰ ਰਹੀ ਹੈਂ ਉਵੇਂ ਹੀ ਉਹ ਕਰ ਰਹੇ ਨੇ; ਮੈਂ ਕੀ ਕਰਾਂ? ਤੇਰੇ ਬਿਨਾ ਬਹਿਸ਼ਤ ਵਿੱਚ ਹੋਣ ਨਾਲ਼ੋਂ ਮੈਂ ਤੇਰੇ ਨਾਲ਼ ਜ਼ਹੰਨੁਮ ਵਿੱਚ ਹੋਣਾ ਪਸੰਦ ਕਰਾਂਗਾ।’ ਅੰਤ ਉਹ ਕੁੜੀ ਕੁਝ ਕੋਮਲ ਹੋਈ ਤੇ ਸ਼ੇਖ਼ ਨੂੰ ਕਬੂਲਨ ਲਈ ਤਿਆਰ ਹੋ ਗਈ, ਅਸਲ ਵਿੱਚ ਉਹ ਥੋੜਾ ਪਿਘਲ ਵੀ ਗਈ ਸੀ ਸ਼ੇਖ਼ ਦਾ ਇਸ਼ਕ ਤੱਕ ਕੇ, ਪਰ ਉਸ ਦੀ ਹੋਰ ਪਰਖ਼ ਲਈ ਬੋਲੀ, ‘ਹੁਣ ਮੇਰੇ ਪਿਆਰ ਦੇ ਇਵਜ਼ਾਨੇ ਵਜੋਂ ਤੂੰ, ਜੋ ਕੇ ਅਜੇ ਪੂਰਨ ਨਹੀਂ ਹੈ, ਜਾ ਤੇ ਮੇਰੇ ਸੂਰਾਂ ਦੇ ਝੁੰਡ ਦਾ ਖ਼ਿਆਲ ਰੱਖ, ਇੱਕ ਸਾਲ ਲਈ ਤੇ ਉਸ ਤੋਂ ਮਗਰੋਂ ਆਪਾਂ ਆਪਣੀ ਜ਼ਿੰਦਗੀ ਇਕੱਠੇ ਬਿਤਾਵਾਂਗੇ।’ ਬਿਨਾ ਕਿਸੇ ਵਿਰੋਧ ਦੇ, ‘ਕਾਬੇ’ ਦਾ ਸ਼ੇਖ਼, ਇਹ ਸੰਤ, ਸੂਰਾਂ ਦੀ ਦੇਖਭਾਲ ਲਈ ਪੁਰਾਣੇ ਅਹੁਦੇ ਛੱਡ ਗਿਆ। ਸਾਡੇ ਸੁਭਾਅ ਵਿੱਚ ਹਜ਼ਾਰਾਂ ਸੂਰ ਵਸਦੇ ਹਨ। ਹੇ ਮਨਮੁਖ, ਤੂੰ ਸੋਚ ਰਿਹਾ ਹੈਂ ਕਿ ਸਿਰਫ ਸ਼ੇਖ਼ ਖਤਰੇ ਵਿੱਚ ਹੈ! ਅਸੀਂ ਸਭ ਹਾਂ, ਤੇ ਇਹ ਸਭ ਸ਼ੁਰੂ ਹੁੰਦਾ ਹੈ ਜਦ ਅਸੀਂ ਤਿਆਗ ਦਿੰਦੇ ਹਾਂ ਆਤਮ-ਗਿਆਨ ਦਾ ਰਾਹ। ਜੇ ਤੂੰ ਆਪਣੇ ਅੰਦਰ ਵਸਦੇ ਸੂਰਾਂ ਤੋਂ ਜਾਣੂ ਨਹੀਂ ਤਾਂ ਤੂੰ ਰਸਤੇ ਤੋਂ ਵੀ ਅਣਜਾਣ ਹੈਂ। ਪਰ ਜੇ ਤੂੰ ਰਾਹ ਪਛਾਣ ਲਿਆ ਹੈ ਤਾਂ ਜਲਦੀ ਹੀ ਹਜ਼ਾਰਾਂ ਸੂਰਾਂ ਨਾਲ਼ ਵੀ ਭੇਂਟ ਹੋਣ ਵਾਲੀ ਹੈ । ਹਜ਼ਾਰਾਂ ਮੂਰਤੀਆਂ, ਭੱਜ ਜਾ ਇਹਨਾਂ ਤੋਂ ਦੂਰ ਤੇ ਜਾਂ ਭੰਨ ਸੁੱਟ ਇਹਨਾਂ ਨੂੰ ਪਿਆਰ ਦੇ ਮੈਦਾਨ ‘ਤੇ; ਨਹੀਂ ਤਾਂ ਤਿਆਰ ਹੋ ਜਾ ਸ਼ੇਖ਼ ਜਿਹਾ ਹੋਣ ਲਈ, ਇਸ਼ਕ ਦਾ ਦੁਰਕਾਰਿਆ ਹੋਇਆ। ਖ਼ੈਰ, ਜਦੋਂ ਇਹ ਖ਼ਬਰ ਚਾਰੇ ਪਾਸੇ ਫੈਲੀ ਕਿ ਸ਼ੇਖ਼ ਨੇ ਈਸਾਈ ਹੋ ਗਿਆ ਹੈ, ਉਸ ਦੇ ਸਾਥੀ ਬਹੁਤ ਪੀੜ ਵਿੱਚ ਆ ਗਏ ਤੇ ਉਹਨਾਂ ਵਿੱਚੋਂ ਇੱਕ ਸ਼ੇਖ਼ ਕੋਲ਼ ਗਿਆ ਤੇ ਉਸ ਨੂੰ ਪੁੱਛਿਆ, ‘ਸਾਨੂੰ ਵੀ ਇਸ ਰਹੱਸ ਤੋਂ ਜਾਣੂ ਕਰਵਾ ਤਾਂ ਕਿ ਅਸੀਂ ਸਾਰੇ ਵੀ ਈਸਾਈ ਹੋ ਸਕੀਏ ਤੇਰੇ ਵਾਂਗ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਕੱਲੇ ਪਤਿਤ ਰਹਿ ਜਾਈਏ, ਅਸੀਂ ਵੀ ਈਸਾਈ ਕਮਰਬੰਦ ਧਾਰਨ ਕਰਨਾ ਚਾਹੁੰਦੇ ਹਾਂ। ਜੇ ਤੂੰ ਸਹਿਮਤ ਨਹੀਂ ਤਾਂ ਅਸੀਂ ‘ਕਾਬੇ’ ਨੂੰ ਮੁੜ ਜਾਂਦੇ ਹਾਂ ਤੇ ਨਮਾਜ਼ਾਂ ਵਿੱਚ ਬਿਤਾਉਂਦੇ ਹਾਂ ਆਪਣਾ ਸਾਰਾ ਸਮਾਂ, ਤਾਂ ਕਿ ਇਹ ਨਾ ਦੇਖ ਸਕੀਏ ਜੋ ਹੁਣ ਦੇਖ ਰਹੇ ਹਾਂ।’ ਸ਼ੇਖ਼ ਬੋਲਿਆ, ਮੇਰੀ ਆਤਮਾਂ ਨਿਰਾਸ਼ਾ ਨਾਲ਼ ਭਰ ਚੁੱਕੀ ਹੈ। ਜਿੱਥੇ ਤੁਹਾਡੀ ਪ੍ਰਾਰਥਨਾਂ ਤੁਹਾਨੂੰ ਲਿਜਾਂਦੀ ਹੈ ਉੱਥੇ ਜਾਉ। ਮੇਰੇ ਲਈ ਹੁਣ ਚਰਚ ਹੀ ਮੇਰੀ ਥਾਂ ਹੈ, ਤੇ ਜਵਾਨ ਈਸਾਈ ਕੁੜੀ ਮੇਰੀ ਮੰਜ਼ਿਲ । ਤੁਸੀਂ ਜਾਣਦੇ ਹੋ ਕਿ ਤੁਸੀਂ ਆਜ਼ਾਦ ਕਿਉਂ ਹੋ? ਕਿਉਂਕਿ ਤੁਸੀਂ ਮੇਰੀ ਅਵਸਥਾ ਵਿੱਚ ਨਹੀਂ। ਜੇ ਤੁਸੀਂ ਹੁੰਦੇ, ਤਾਂ ਮੇਰਾ ਵੀ ਕੋਈ ਸਾਥੀ ਹੁੰਦਾ ਇਸ ਤੜਪਾਉਣ ਵਾਲੇ ਇਸ਼ਕ ਵਿੱਚ। ਵਾਪਸ ਚਲੇ ਜਾਓ, ਪਿਆਰੇ ਮਿੱਤਰੋ, ਮੁੜ ਜਾਓ ‘ਕਾਬੇ’ ਨੂੰ, ਕੋਈ ਨਹੀਂ ਵੰਡਾ ਸਕਦਾ ਮੇਰਾ ਦੁੱਖ। ਜੇ ਕੋਈ ਮੇਰੇ ਬਾਰੇ ਪੁੱਛੇ ਤਾਂ ਕਹਿ ਦੇਣਾ, ‘ਉਸ ਦੀਆਂ ਅੱਖਾਂ ‘ਚੋਂ ਲਹੂ ਚੋਅ ਰਿਹਾ ਸੀ, ਮੂੰਹ ਵਿੱਚੋਂ ਜ਼ਹਿਰ; ਹਿੰਸਕ ਦੈਂਤ ਦੇ ਜਬਾੜਿਆਂ ਵਿੱਚੋਂ ਉਹ ਏਨਾ ਕੁ ਬਚਿਆ ਹੈ। ਕਿਸਮਤ ਨੇ ਜੋ ਇਸ ਮੋਮਨ ਤੋਂ ਕਰਵਾਇਆ ਹੈ ਉਹ ਕੋਈ ਕਾਫ਼ਰ ਵੀ ਨਹੀਂ ਕਰਦਾ। ਜਵਾਨ ਈਸਾਈ ਕੁੜੀ ਦੀਆਂ ਜ਼ੁਲਫਾਂ ਦਾ ਫਾਹਾ ਉਸਦੀ ਧੌਣ ਦੁਆਲੇ ਹੈ।’ ਜੇ ਉਹ ਮੇਰੀ ਨਿੰਦਾ ਕਰਨ, ਤਾਂ ਕਹਿਣਾ ਕਿ ਇਸ ਰਾਹ ‘ਤੇ ਬਹੁਤ ਡਿੱਗਦੇ ਹਨ, ਜੋ ਨਾ ਤਾਂ ਸ਼ੁਰੂਆਤ ਹੈ ਤੇ ਨਾ ਹੀ ਅੰਤ, ਪਰ, ਕੁਝ ਬਚ ਜਾਂਦੇ ਹਨ ਇਸ ਖਤਰੇ ਤੋਂ।’ ਇਹ ਕਹਿ ਕੇ ਸ਼ੇਖ਼ ਨੇ ਆਪਣੇ ਮਿੱਤਰ ਤੋਂ ਮੂੰਹ ਭੁਆਂ ਲਿਆ ਤੇ ਸੂਰਾਂ ਦੇ ਵਾੜੇ ਵਿੱਚ ਚਲਾ ਗਿਆ। ਉਸ ਦੇ ਪੈਰੋਕਾਰ, ਜੋ ਦੂਰੋਂ ਦੇਖ ਰਹੇ ਸਨ, ਬਹੁਤ ਰੋਏ। ਅੰਤ ਉਹ ‘ਕਾਬੇ’ ਨੂੰ ਪਰਤ ਗਏ ਅਤੇ ਸ਼ਰਮਿੰਦਗੀ ਤੇ ਘਬਰਾਹਟ ਵਿੱਚ ਆਪਣੇ ਆਪ ਨੂੰ ਕਿਸੇ ਕੋਨੇ ਵਿੱਚ ਲੁਕੋ ਕੇ ਬੈਠ ਗਏ। ਏਥੇ ‘ਕਾਬੇ’ ਵਿੱਚ, ਸ਼ੇਖ਼ ਦਾ ਇੱਕ ਮਿੱਤਰ ਸੀ ਜੋ ਸਿੱਧ ਪੁਰਸ਼ ਸੀ ਤੇ ਸੱਚੇ ਰਾਹ ਉੱਤੇ ਸੀ। ਉਸ ਵਾਂਗ ਸ਼ੇਖ਼ ਨੂੰ ਕੋਈ ਨਹੀਂ ਜਾਣਦਾ ਸੀ, ਹਲਾਂਕਿ ਉਹ ਸ਼ੇਖ਼ ਨਾਲ਼ ਰੋਮ ਨਹੀਂ ਗਿਆ। ਜਦ ਉਸ ਨੇ ਸ਼ੇਖ਼ ਦੀ ਖ਼ਬਰ ਪੁੱਛੀ ਤਾਂ ਸ਼ਿਸ਼ਾਂ ਨੇ ਸਭ ਵਿਸਥਾਰ ਨਾਲ਼ ਦੱਸ ਦਿੱਤਾ। ਪੁੱਛਣ ’ਤੇ ਇਹ ਵੀ ਕਿ ਰੁੱਖ ਦੀ ਕਿਸ ਭੱਦੀ ਟਾਹਣੀ ਨੇ ਉਸ ਦੀ ਛਾਤੀ ਵਿੰਨ ਦਿੱਤੀ ਸੀ ਤੇ ਇਹ ਸਭ ਤਕਦੀਰ ਦੀ ਮਰਜ਼ੀ ਨਾਲ਼ ਹੋਇਆ ਸੀ। ਉਹਨਾਂ ਦੱਸਿਆ ਕਿ ਉਸ ਜਵਾਨ ਕਾਫਰ ਨੇ ਉਸ ਨੂੰ ਆਪਣੇ ਇੱਕ ਵਾਲ ਨਾਲ਼ ਜੂੜ ਰੱਖਿਆ ਸੀ, ਤੇ ਵਰਜਿਤ ਕਰ ਦਿੱਤੇ ਸਨ ਉਸ ਲਈ ਇਸਲਾਮ ਦੇ ਸਭ ਰਸਤੇ। ਉਹ ਉਸਦੀਆਂ ਛਾਹੀਆਂ ਤੇ ਜ਼ੁਲਫ਼ਾਂ ਦੇ ਕੁੰਡਲਾਂ ਦਾ ਦੀਵਾਨਾ ਹੋ ਗਿਆ ਹੈ ਤੇ ਆਪਣਾ ਖਿਰਕਾ ਵੀ ਸਾੜ ਦਿੱਤਾ ਹੈ। ਉਸ ਨੇ ਦੀਨ ਤਿਆਗ ਕੇ ਈਸਾਈ ਕਮਰਬੰਦ ਧਾਰਨ ਕਰ ਲਿਆ ਹੈ। ਹੁਣ ਉਹ ਸੂਰਾਂ ਦੀ ਦੇਖਭਾਲ ਕਰਦਾ ਹੈ। ਤੇ ਇਸ ਤਰ੍ਹਾਂ ਆਪਣੀ ਆਤਮਾਂ ਦਾਉ ‘ਤੇ ਲਾ ਕੇ ਵੀ ਉਹ ਮਹਿਸੂਸ ਕਰਦਾ ਹੈ ਕਿ ਕੋਈ ਆਸ ਦੀ ਕਿਰਨ ਹੈ।’ ਇਹ ਸਭ ਕਹਿੰਦੇ ਹੋਏ, ਚੇਲਿਆਂ ਦਾ ਰੰਗ ਪੀਲਾ ਪੈ ਗਿਆ ਤੇ ਉਹ ਵਿਰਲਾਪ ਕਰਨ ਲੱਗੇ। ਫੇਰ ਸ਼ੇਖ਼ ਦਾ ਮਿੱਤਰ ਬੋਲਿਆ, ‘ਮੰਦੇ ਭਾਗਾਂ ਵਾਲੇ ਸਾਥੀਓ, ਧਰਮ ਵਿੱਚ ਇਹ ਫਰਕ ਹੁੰਦੇ ਹੀ ਨਹੀਂ ਕਿ ਆਹ ਔਰਤ ਹੈ ਤੇ ਔਹ ਮਰਦ । ਜਦ ਕਿਸੇ ਦੁਰਭਾਗੇ ਮਿੱਤਰ ਨੂੰ ਮਦਦ ਚਾਹੀਦੀ ਹੁੰਦੀ ਹੈ ਤਾਂ ਕਦੇ-ਕਦੇ ਹੁੰਦਾ ਇਹ ਹੈ ਕਿ ਲੱਖਾਂ ਵਿੱਚੋਂ ਕੋਈ ਇੱਕ ਹੀ ਹੁੰਦਾ ਹੈ ਜੋ ਕੰਮ ਦਾ ਹੁੰਦਾ ਹੈ।’ ਫੇਰ ਉਸ ਨੇ, ਸ਼ੇਖ਼ ਨੂੰ ਛੱਡ ਆਉਣ ਦੇ ਉਹਨਾਂ ਦੇ ਫੈਸਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਤੁਹਾਨੂੰ ਸਭ ਨੂੰ ਵੀ ਸ਼ੇਖ਼ ਦੇ ਮਗਰ ਹੀ ਈਸਾਈ ਬਣ ਜਾਣਾ ਚਾਹੀਦਾ ਸੀ। ਉਸ ਨੇ ਹੋਰ ਕਿਹਾ, ‘ਦੋਸਤ, ਦੋਸਤ ਹੀ ਰਹਿਣਾ ਚਾਹੀਦਾ ਹੈ। ਜਦੋਂ ਕਿਸਮਤ ਸਾਥ ਛੱਡ ਦੇਵੇ ਓਦੋਂ ਹੀ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸ ‘ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ, ਨਹੀਂ ਤਾਂ ਚੰਗੇ ਦਿਨਾਂ ਵਿੱਚ ਤਾਂ ਤੁਹਾਡੇ ਕੋਲ਼ ਹਜ਼ਾਰਾਂ ਮਿੱਤਰ ਹੁੰਦੇ ਹਨ। ਹੁਣ, ਜਦੋਂ ਕਿ ਸ਼ੇਖ਼ ਇੱਕ ਤਰ੍ਹਾਂ ਨਾਲ਼ ਮਗਰਮੱਛ ਦੇ ਜਬਾੜਿਆਂ ਵਿੱਚ ਫਸ ਗਿਆ ਹੈ, ਹਰ ਕੋਈ ਉਸ ਤੋਂ ਦੂਰ ਭੱਜੇਗਾ ਆਪਣੇ ਆਪ ਨੂੰ ਬਚਾਉਣ ਲਈ। ਜੇ ਤੁਸੀਂ ਇਸ ਅਜੀਬ ਵਰਤਾਰੇ ਕਰਕੇ ਉਸ ਨੂੰ ਤਿਆਗ ਆਏ ਹੋ, ਤੁਸੀਂ ਪਰਖ਼ੇ ਗਏ ਹੋ ‘ਤੇ ਕਮੀਂ ਪਾਈ ਗਈ ਹੈ ਤੁਹਾਡੇ ਵਿੱਚ।’ ‘ਅਸੀਂ ਪੇਸ਼ਕਸ਼ ਕੀਤੀ ਸੀ ਉਸ ਕੋਲ਼ ਰੁਕਣ ਦੀ’, ਉਹ ਬੋਲੇ, ‘ਤੇ ਮੂਰਤੀ ਪੂਜਕ ਬਣਨ ਲਈ ਵੀ ਸਹਿਮਤ ਹੋ ਗਏ ਸੀ, ਪਰ ਉਹ ਅਨੁਭਵੀ ਤੇ ਗਿਆਨਵਾਨ ਮਨੁੱਖ ਹੈ ਤੇ ਅਸੀਂ ਉਸ ’ਤੇ ਵਿਸ਼ਵਾਸ਼ ਕਰਦੇ ਹਾਂ, ਇਸ ਲਈ ਜਦ ਉਸ ਨੇ ਸਾਨੂੰ ਚਲੇ ਜਾਣ ਲਈ ਕਿਹਾ ਤਾਂ ਅਸੀਂ ਪਰਤ ਆਏ।’ ਇੱਕ ਵਿਸ਼ਵਾਸ਼ੀ ਸ਼ਿਸ਼ ਬੋਲਿਆ, ‘ਜੇ ਤੁਸੀਂ ਸਚਮੁੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਰਮਾਤਮਾਂ ਦਾ ਦਰ ਖੜਕਾਉਣਾ ਪਵੇਗਾ। ਫੇਰ, ਪ੍ਰਾਰਥਨਾਂ ਰਾਹੀਂ, ਤੁਸੀਂ ‘ਉਸ’ ਦੇ ਨਜ਼ਦੀਕ ਲਿਜਾਏ ਜਾਓਗੇ। ਉੱਥੇ ਤੁਸੀਂ ਪਰਮਪਿਤਾ ਅੱਗੇ ਸ਼ੇਖ਼ ਲਈ ਦੁਆ ਕਰੋਗੇ, ਹਰ ਕੋਈ; ਤੇ ਜਦ ਅੱਲਾਹ, ਤੁਹਾਡੀ ਇਹ ਵਿਲਕਣਾ ਦੇਖੇਗਾ, ਤਾਂ ਸ਼ੇਖ਼ ਤੁਹਾਨੂੰ ਵਾਪਸ ਦੇ ਦੇਵੇਗਾ। ਤੁਸੀਂ ਕਿਉਂ ਝਿਜਕ ਰਹੇ ਹੋ ਪਰਮਾਤਮਾਂ ਦਾ ਦਰ ਖੜਕਾਉਣ ਤੋਂ?’ ਇਹ ਸੁਣ ਕੇ ਉਹਨਾਂ ਦੇ ਸਿਰ ਸ਼ਰਮ ਨਾਲ਼ ਝੁਕ ਗਏ। ਪਰ ਉਹ ਬੋਲਿਆ, ‘ਇਹ ਪਛਤਾਵੇ ਦਾ ਸਮਾਂ ਨਹੀਂ। ਹੁਣ ਸਭ ਪਰਮਪਿਤਾ ਦੀ ਕਚਿਹਰੀ ਵਿੱਚ ਦਾਖਲ ਹੋਵੋ। ਝੁਕ ਜਾਓ ਧੂੜ ‘ਤੇ, ਪਹਿਨ ਲਓ ਪ੍ਰਾਰਥਨਾਂ ਦੇ ਲਿਬਾਸ ਤਾਂ ਜੋ ਅਸੀਂ ਆਪਣੇ ਮੁਖੀ ਨੂੰ ਵਾਪਸ ਲਿਆ ਸਕੀਏ।’ ਇਕਦਮ ਸਾਰੇ ਚੇਲਿਆਂ ਨੇ ਰੋਮ ਨੂੰ ਚਾਲੇ ਪਾ ਦਿੱਤੇ ਤੇ ਪਹੁੰਚ ਕੇ ਸ਼ੇਖ਼ ਦੇ ਨੇੜੇ ਹੀ ਟਿਕਾਣਾ ਕਰ ਲਿਆ। ਚਾਲੀ ਦਿਨ ਤੇ ਚਾਲੀ ਰਾਤਾਂ ਉਹ ਪ੍ਰਾਰਥਨਾਂ ਕਰਦੇ ਰਹੇ। ਇਸ ਸਮੇਂ ਦੌਰਾਨ ਉਹਨਾਂ ਨਾ ਤਾਂ ਕੁਝ ਖਾਧਾ ਤੇ ਨਾ ਹੀ ਸੁੱਤੇ। ਨਾ ਰੋਟੀ ਤੇ ਨਾ ਪਾਣੀ ਦਾ ਤੁਪਕਾ ਹੀ ਅੰਦਰ ਲੰਘਾਇਆ। ਅੰਤ ਨਮਾਜ਼ਾਂ ਕਬੂਲ ਹੋਈਆਂ ਤੇ ਉਹ ਵਿਸਮਾਦ ਮਹਿਸੂਸ ਕਰਨ ਲੱਗੇ। ਫਰਿਸ਼ਤੇ, ਮੁੱਖ ਸੰਦੇਸ਼ਵਾਹਕ ਤੇ ਉੱਚੀਆਂ ਅਵਸਥਾਵਾਂ ਪ੍ਰਾਪਤ ਹਰੇ ਲਿਬਾਸਾਂ ਵਾਲੇ ਸਭ ਸੰਤ, ਸਭ ਨੇ ਆਪਣੇ ਆਪ ਨੂੰ ਇਸ ਵਿਰਲਾਪ ਰੂਪੀ ਚੋਗੇ ਵਿੱਚ ਸ਼ਾਮਿਲ ਕਰ ਲਿਆ । ਪ੍ਰਾਰਥਨਾਂ ਦਾ ਤੀਰ ਬਿਲਕੁਲ ਨਿਸ਼ਾਨੇ ‘ਤੇ ਲੱਗਾ ਸੀ। ਫੇਰ ਪ੍ਰਭਾਤ ਹੋਈ, ਕਸਤੂਰੀ ਦੀਆਂ ਸੁਗੰਧੀਆਂ ਨਾਲ਼ ਭਰੀ ਹਵਾ ਚੱਲੀ ਤੇ ਦੁਆ ਕਰ ਰਹੇ ਉਸ ਸ਼ਿਸ਼ ਦੇ ਚਿਹਰੇ ਨੂੰ ਚੁੰਮ ਕੇ ਲੰਘਣ ਲੱਗੀ। ਉਸ ਦੀ ਆਤਮਾਂ ਤੋਂ ਸਭ ਪਰਦੇ ਉੱਠ ਗਏ ਤੇ ਕੁਲ ਆਲਮ ਉਸ ਨਾਲ਼ ਰੁਸ਼ਨਾ ਗਿਆ। ਉਸ ਨੂੰ ‘ਪੈਗੰਬਰ’ (ਮੁਹੰਮਦ ਸਾਹਿਬ) ਦੇ ਇਲਾਹੀ ਦਰਸ਼ਨ ਹੋਏ, ਜੋ ਉਸ ਨੂੰ ਕੋਲ਼ ਆ ਰਹੇ ਪ੍ਰਤੀਤ ਹੋ ਰਹੇ ਸਨ, ਅੰਮ੍ਰਿਤ ਵੇਲੇ ਜਹੇ, ਇਲਹਾਮ ਦਾ ਜਾਮਾ ਪਹਿਨੀ, ਕੇਸਾਂ ਦੀਆਂ ਦੋ ਲਟਾਂ ਛਾਤੀ ਨੂੰ ਛੂਹਦੀਆਂ ਹੋਈਆਂ; ਪਰਮਾਤਮਾਂ ਦਾ ਪਰਛਾਵਾਂ ਉਹਨਾਂ ਦੇ ਚਿਹਰੇ ਨੂੰ ਨੂਰ ਨਾਲ਼ ਭਰ ਰਿਹਾ ਸੀ, ਤੇ ਚਿਹਰੇ ’ਚੋਂ ਪੂਰਾ ‘ਕੁਰਾਨ’ ਨਜ਼ਰ ਆ ਰਿਹਾ ਸੀ, ਹਜ਼ਾਰਾਂ ਸੰਸਾਰਾਂ ਦੀਆਂ ਇੱਛਾਵਾਂ ਦੀ ਪੂਰਤੀ ਉਹਨਾਂ ਦਾ ਇੱਕ ਵਾਲ ਕਰ ਸਕਦਾ ਸੀ। ਉਹਨਾਂ ਦੀ ਬਹੁਤ ਹੀ ਕਰੁਣਾਮਈ ਤੇ ਦਿਆਲੂ ਮੁਸਕਾਨ ਸਭ ਕੁਝ ਉਹਨਾਂ ਵੱਲ ਖਿੱਚ ਰਹੀ ਸੀ। ਸ਼ਿਸ਼ ਉੱਠਿਆ ਤੇ ਬੋਲਿਆ, ‘ਹੇ ਪੈਗ਼ੰਬਰ, ਸਭ ਜੀਵਾਂ ਦੇ ਮਾਰਗ- ਦਰਸ਼ਕ, ਮਦਦ ਕਰੋ, ਸਾਡਾ ਸ਼ੇਖ਼ ਰਸਤਾ ਭਟਕ ਗਿਆ ਹੈ, ਉਸ ਨੂੰ ਸਹੀ ਪੰਧ ਦਿਖਾਓ, ਮੈਂ ਤੁਹਾਡੇ ਅੱਗ, ਜੋ ‘ਸਭ ਤੇ ਉਚੇ’ ਹੋ, ਅਰਦਾਸ ਕਰਦਾ ਹਾਂ।’ ਆਵਾਜ਼ ਆਈ, ‘ਤੂੰ ਜੋ ਸਭ ਕੁਝ ਅੰਦਰੂਨੀ ਅੱਖਾਂ ਨਾਲ਼ ਵੇਖਦਾ ਹੈਂ, ਤੇਰੀਆਂ ਦੁਆਵਾਂ ਕਰਕੇ ਤੇਰੀਆਂ ਪਵਿੱਤਰ ਇੱਛਾਵਾਂ ਪੂਰਨ ਹੋਣਗੀਆਂ। ਖ਼ੁਦਾ ਤੇ ਸ਼ੇਖ਼ ਵਿਚਾਲੇ ਲੰਬੇ ਸਮੇਂ ਲਈ ਇੱਕ ਕਾਲਾ ਧੱਬਾ ਆ ਗਿਆ ਹੈ, ਪਰ ਮੈਂ ਉਸ ਦਾਗ਼ ‘ਤੇ ਇਹਨਾਂ ਪ੍ਰਾਰਥਨਾਵਾਂ ਦੀ ਤੇਲ ਡੋਲ੍ਹ ਦਿੱਤੀ ਹੈ ਤੇ ਬਿਖੇਰ ਦਿੱਤਾ ਹੈ ਇਸ ਨੂੰ ਉਸਦੀ ਮੌਜ਼ੂਦਗੀ ਦੀ ਧੂੜ ਉੱਤੇ। ਉਸ ਨੂੰ ਪਛਤਾਵਾ ਹੈ ਤੇ ਉਸ ਦਾ ਪਾਪ ਧੋ ਦਿੱਤਾ ਗਿਆ ਹੈ। ਹਜ਼ਾਰਾਂ ਸ਼ਬਦਾਂ ਦੇ ਗੁਨਾਂਹ, ਪਛਤਾਵੇ ਦੇ ਇੱਕ ਬੋਲ ਦੀ ਭਾਫ ਨਾਲ਼ ਉੱਡ ਜਾਂਦੇ ਹਨ। ਜਦ ਦਿਆਲਤਾ ਤੇ ਨਿਮਰਤਾ ਦਾ ਸਾਗਰ ਉੱਛਲਦਾ ਹੈ ਤਾਂ ਉਸਦੀਆਂ ਲਹਿਰਾਂ ਧੋ ਦਿੰਦੀਆਂ ਹਨ ਮਨੁੱਖਾਂ ਦੇ ਸਭ ਪਾਪ।’ ਉਹ ਸ਼ਿਸ਼ ਰੋਣ ਲੱਗਾ, ਐਸਾ ਰੋਣਾ ਜਿਸ ਨੇ ਸਵਰਗ ਹਿਲਾ ਦਿੱਤੇ। ਉਸ ਨੇ ਕਾਹਲੀ ਨਾਲ਼ ਜਾ ਕੇ ਇਹ ਖ਼ੁਸ਼ਖਬਰੀ ਸਾਥੀਆਂ ਨੂੰ ਸੁਣਾਈ, ਫੇਰ ਖੁਸ਼ੀ ਵਿੱਚ ਰੋਂਦਾ ਹੋਇਆ ਓਧਰ ਨੂੰ ਭੱਜਿਆ ਜਿੱਥੇ ਸ਼ੇਖ਼ ਸੂਰਾਂ ਨਾਲ਼ ਰੱਖਿਆ ਹੋਇਆ ਸੀ । ਉਹ ਅੱਗ ਵਾਂਗ ਬਲ ਰਿਹਾ ਸੀ । ਉਸ ਨੇ ਈਸਾਈ ਕਮਰਬੰਦ ਉਤਾਰ ਦਿੱਤਾ ਸੀ, ਮਾਦਕਤਾ ਦੀ ਟੋਪੀ ਲਾਹ ਕੇ ਪਾੜ ਦਿੱਤੀ ਤੇ ਤਿਆਗ ਦਿਤਾ ਨਵਾਂ ਧਾਰਨ ਕੀਤਾ ਦੀਨ। ਉਹ ਆਪਣੇ ਹੱਥ ਉਤਾਂਹ ਚੱਕੀ ਪਸ਼ਚਾਤਾਪ ਦੇ ਹੰਝੂ ਵਹਾ ਰਿਹਾ ਸੀ । ਜੋ ਕੁਝ ਵੀ ਉਸ ਕੋਲ਼ ਸੀ ਉਸ ਨੇ ਤਿਆਗ ਦਿੱਤਾ। ‘ਕੁਰਾਨ’, ਰਹੱਸ, ਤੇ ਭਵਿੱਖਵਾਣੀਆਂ ਸਭ ਕੁਝ ਵਾਪਸ ਆ ਗਿਆ ਅਤੇ ਉਸ ਦੇ ਕਸ਼ਟ ਤੇ ਮੂਰਖ਼ਤਾ ਵਿੱਚ ਲਏ ਗਏ ਫੈਸਲੇ, ਸਭ ਕੱਟੇ ਗਏ। ਉਹ ਸ਼ੇਖ਼ ਨੂੰ ਕਹਿਨ ਲੱਗੇ, ‘ਇਹ ਪਲ ਹੈ, ਸ਼ੁਕਰਾਨੇ ਦਾ। ਪੈਗ਼ੰਬਰ ਨੇ ਤੇਰੀ ਰੱਖਿਆ ਕੀਤੀ। ਸ਼ੁਕਰਾਨਾਂ ਕਰ ਖ਼ੁਦਾਵੰਦ ਦਾ, ਕਿ ਉਸ ਨੇ ਤੈਨੂੰ, ਡੂੰਘਾਣਾਂ ਵਿੱਚ ਡਿੱਗੇ ਪਏ ਨੂੰ ਚੁੱਕ ਕੇ ਸੱਚੇ ਪੰਥ ’ਤੇ ਤੋਰ ਲਿਆ। ‘ ਸ਼ੇਖ਼ ਨੇ ਆਪਣਾ ਖ਼ਿਰਕਾ (ਫ਼ਕੀਰੀ ਲਿਬਾਸ) ਫਿਰ ਲਿਆ, ਵੁਜ਼ੂ ਕੀਤਾ ਤੇ ਹਿਜ਼ਰਤ ਲਈ ਨਿਕਲ ਪਿਆ। ਜਦ ਇਹ ਸਭ ਕੁਝ ਵਾਪਰ ਰਿਹਾ ਸੀ ਤਾਂ ਉਸ ਈਸਾਈ ਕੁੜੀ ਨੇ ਸੁਪਨੇਂ ਵਿੱਚ ਦੇਖਿਆ ਕਿ ਸੂਰਜ ਉਸ ਕੋਲ਼ ਆਇਆ ਤੇ ਬੋਲਿਆ, ‘ਪਿੱਛੇ ਚੱਲ ਸ਼ੇਖ਼ ਦੇ, ਉਸ ਦੇ ਈਮਾਨ ਨੂੰ ਗਲੇ ਲਗਾ, ਧੂੜ ਬਣ ਉਸ ਦੇ ਚਰਨਾਂ ਦੀ । ਤੂੰ, ਜੋ ਕਿ ਮਲੀਨ ਹੋ ਚੁੱਕੀ ਹੈਂ, ਉਸ ਜਹੀ ਪਵਿੱਤਰ ਹੋ ਜਾ। ਤੂੰ ਉਸ ਨੂੰ ਆਪਣੇ ਪੰਥ ‘ਤੇ ਚਲਾਇਆ, ਹੁਣ ਦਾਖਲ ਹੋ ਉਸ ਦੇ ਰਾਹ ‘ਤੇ।’ ਉਹ ਜਾਗੀ, ਪ੍ਰਕਾਸ਼ ਨੇ ਉਸ ਦੀ ਆਤਮਾਂ ਨੂੰ ਝੰਜੋੜ ਦਿੱਤਾ, ਉਹ ਆਪਣੀ ਇਸ ਖੋਜ ਤੇ ਚੱਲਣ ਦਾ ਇੰਤਜ਼ਾਰ ਕਰਨ ਲੱਗੀ। ਉਸਨੇ ਦਿਲ ਹੱਥਾਂ ਵਿੱਚ ਫੜ੍ਹ ਲਿਆ ਪਰ ਉਹ ਹੱਥਾਂ ਵਿੱਚੋਂ ਤਿਲਕ ਗਿਆ। ਉਸ ਨੇ ਅਹਿਸਾਸ ਕੀਤਾ ਕਿ ਉਹ ਇਕੱਲੀ ਹੈ ਤੇ ਉਸਨੂੰ ਰਸਤੇ ਦਾ ਕੁਝ ਪਤਾ ਨਹੀਂ। ਉਸਦਾ ਖੇੜਾ, ਉਦਾਸੀ ਵਿੱਚ ਬਦਲ ਗਿਆ ਤੇ ਉਹ ਬਾਹਰ ਦੌੜੀ, ਧੂੜ ਚੁੱਕ ਕੇ ਆਪਣੇ ਸਿਰ ਵਿੱਚ ਪਾਉਣ ਲਈ। ਫੇਰ ਉਸ ਨੇ ਸ਼ੇਖ਼ ਤੇ ਉਸ ਦੇ ਸਾਥੀਆਂ ਦਾ ਪਿੱਛਾ ਸ਼ੁਰੂ ਕੀਤਾ, ਪਰ ਉਸਦੀ ਥਕਾਨ ਤੇ ਵਿਆਕੁਲਤਾ ਵਧ ਰਹੀ ਸੀ, ਸਾਰੀ ਮੁੜ੍ਹਕੇ ਨਾਲ਼ ਭਿੱਜ ਗਈ, ਉਹ ਜ਼ਮੀਨ ‘ਤੇ ਡਿੱਗ ਪਈ ਤੇ ਰੋਣ ਲੱਗੀ, ‘ਹੇ ਪਰਮੇਸ਼ਰ ਮੁਆਫ ਕਰੀਂ ਮੈਨੂੰ! ਮੈਂ ਘ੍ਰਿਣਾ ਕਰਨ ਯੋਗ ਹਾਂ । ਮੈਨੂੰ ਨਾ ਤਿਆਗ, ਮੇਰੇ ਇਹ ਕੁਫ਼ਰ ਲਈ ਕਿ ਮੈਂ ਤੈਨੂੰ ਭੁਲਾ ਦਿੱਤਾ ਅਤੇ ਇਸੇ ਕਾਰਨ ਮੈਂ ਸੈਕੜੇ ਗਲਤੀਆਂ ਕੀਤੀਆਂ। ਮੁਆਫ ਕਰ ਮੇਰੇ ਕੀਤੇ ਸਾਰੇ ਗੁਨਾਂਹ । ਮੈਂ ਕਬੂਲ ਕਰਦੀ ਹਾਂ ਸੱਚਾ ਦੀਨ।’ ਸ਼ੇਖ਼ ਦੇ ਅੰਤਰ ਮਨ ਨੇ ਉਸ ਨੂੰ ਕੁੜੀ ਦੀ ਅਵਸਥਾ ਤੋਂ ਜਾਣੂ ਕਰਵਾਇਆ। ਉਹ ਰੁਕ ਗਿਆ ਤੇ ਬੋਲਿਆ, ‘ਉਹ ਜਵਾਨ ਕੁੜੀ ਹੁਣ ਕਾਫ਼ਰ ਨਹੀਂ ਰਹੀ। ਅੱਲਾਹ ਨੇ ਪ੍ਰਕਾਸ਼ ਕਰ ਦਿੱਤਾ ਉਸ ਅੱਗੇ ਤੇ ਉਹ ਦੀਨ ਦੇ ਰਸਤੇ ‘ਤੇ ਤੁਰ ਪਈ ਹੈ। ਆਓ ਮੁੜੀਏ, ਹੁਣ ਅਸੀਂ ਇੱਕ-ਮਿੱਕ ਹੋ ਸਕਦੇ ਹਾਂ ਮੂਰਤਾਂ ਨਾਲ਼, ਬਗੈਰ ਪਾਪੀ ਹੋਏ।’ ਪਰ ਉਸ ਦੇ ਸਾਥੀ ਬੋਲੇ, ‘ਤੇਰੇ ਪਛਤਾਵਿਆਂ ਤੇ ਪਸ਼ਚਾਤਾਪਾਂ ਦਾ ਕੀ ਫਾਇਦਾ! ਕੀ ਤੂੰ ਪਰਤ ਰਿਹਾ ਹੈਂ ਉਸੇ ਇਸ਼ਕ ਵੱਲ?’ ਉਸ ਨੇ ਉਹਨਾਂ ਨੂੰ ਆਪਣੇ ਅੰਦਰੋਂ ਆ ਰਹੀ ਆਵਾਜ਼ ਨਾਲ਼ ਜਾਣੂ ਕਰਵਾਇਆ ਤੇ ਉਹਨਾਂ ਨੂੰ ਇਹ ਵੀ ਯਾਦ ਕਰਵਾਇਆ ਕਿ ਉਹ ਸਚਮੁੱਚ ਤਿਆਗ ਚੁੱਕਾ ਹੈ ਉਸ ਸਭ। ਉਹ ਵਾਪਸ ਤੁਰ ਪਏ ਤੇ ਉਦੋਂ ਤਕ ਤੁਰਦੇ ਰਹੇ ਜਦ ਤਕ ਜ਼ਮੀਨ ‘ਤੇ ਡਿੱਗੀ ਪਈ ਉਸ ਕੁੜੀ ਕੋਲ਼ ਪਹੁੰਚ ਨਹੀਂ ਗਏ। ਉਸ ਦੇ ਚਿਹਰੇ ਦਾ ਰੰਗ ਉੱਡ ਚੁੱਕਾ ਸੀ, ਪੈਰ ਨੰਗੇ ਸਨ, ਲਿਬਾਸ ਪਾਟ ਚੁੱਕਾ ਸੀ। ਸ਼ੇਖ਼ ਉਸ ਨੂੰ ਉਠਾਉਣ ਲਈ ਝੁਕਿਆ, ਪਰ ਉਹ ਬੇਸੁਧ ਸੀ। ਜਦ ਉਹ ਹੋਸ਼ ‘ਚ ਆਈ ਤਾਂ ਉਸ ਦੇ ਹੰਝੂ ਇਸ ਤਰ੍ਹਾਂ ਡਿੱਗ ਰਹੇ ਸਨ, ਜਿਵੇਂ ਤ੍ਰੇਲ ਦੇ ਤੁਪਕੇ ਗੁਲਾਬ ਦੀਆਂ ਪੱਤੀਆਂ ਤੋਂ ਡਿੱਗਦੇ ਹਨ। ਉਹ ਬੋਲੀ, ‘ਮੈਂ ਸ਼ਰਮ ਵਿੱਚ ਡੁੱਬ ਚੁੱਕੀ ਹਾਂ, ਤੇਰੇ ਨਾਲ਼ ਕੀਤੇ ਵਿਹਾਰ ਕਰਕੇ। ਰਹੱਸਾਂ ਦੇ ਪਰਦੇ ਉਠਾ ਤੇ ਦੀਨ ਦੀ ਸੇਧ ਦੇ ਮੈਨੂੰ ਤਾਂ ਜੋ ਮੈਂ ਵੀ ਇਸ ‘ਸਚੇ ਮਾਰਗ’ ‘ਤੇ ਚਲ ਸਕਾਂ। ਜਦ ਇਹ ਸੁੰਦਰ ਮੂਰਤੀ ਈਮਾਨ ਵਾਲਿਆਂ ਵਿੱਚ ਸਭ ਤੋਂ ਮਗਰ ਖੜੀ ਤੱਕੀ ਤਾਂ ਸ਼ੇਖ਼ ਦੇ ਸਾਥੀਆਂ ਨੇ ਖ਼ੁਸ਼ੀ ਵਿੱਚ ਅੱਥਰੂ ਵਹਾਏ। ਪਰ ਉਸਦਾ ਦਿਲ ਦੁੱਖਾਂ ਵਿੱਚੋਂ ਉਭਰ ਜਾਣ ਦੀ ਕਾਹਲ ਵਿੱਚ ਸੀ । ‘ਹੇ ਸ਼ੇਖ਼’, ਉਹ ਬੋਲੀ, ‘ਮੇਰੀ ਤਾਕਤ ਜਵਾਬ ਦੇ ਗਈ ਹੈ। ਮੈਂ ਇਸ ਧੂੜ ਭਰੀ ਦੁਨੀਆਂ ਨੂੰ ਛੱਡ ਜਾਣਾ ਚਾਹੁੰਦੀ ਹਾਂ। ਅਲਵਿਦਾ, ਸ਼ੇਖ਼ ਸਨਨ। ਮੈਂ ਕਬੂਲ ਕਰਦੀ ਹਾਂ ਆਪਣੀਆਂ ਸਭ ਗਲਤੀਆਂ। ਮੁਆਫ ਕਰੀਂ ਤੇ ਜਾਣ ਦੇ ਮੈਨੂੰ ।’ ਸੋ ਇਹ ਸੁੰਦਰਤਾ ਦਾ ਚੰਦ, ਜਿਸਨੇ ਹਲੇ ਜਵਾਨੀ ਦੀ ਦਹਿਲੀਜ਼ ‘ਤੇ ਕਦਮ ਰੱਖਿਆ ਸੀ, ਦੀ ਜ਼ਿੰਦਗੀ ਤਿਲਕ ਗਈ ਉਸਦੇ ਹੱਥਾਂ ਵਿੱਚੋਂ। ਸੂਰਜ ਨੇ ਆਪਣੇ ਆਪ ਨੂੰ ਬੱਦਲਾਂ ਓਹਲੇ ਕਰ ਲਿਆ, ਜਦੋਂ ਉਸਦੀ ਖ਼ੂਬਸੂਰਤ ਆਤਮਾਂ ਸਰੀਰ ਨਾਲ਼ੋਂ ਵੱਖ ਹੋ ਰਹੀ ਸੀ। ਉਹ, ਮਿਥਿਆ ਦੇ ਸਮੁੰਦਰ ਦੀ ਇੱਕ ਬੂੰਦ, ਸੱਚੇ ਸਾਗਰ ਵਿੱਚ ਪਹੁੰਚ ਗਈ। ਅਸੀਂ ਸਭ ਹਵਾ ਦੀ ਤਰ੍ਹਾਂ ਉੱਡ ਜਾਵਾਂਗੇ; ਉਹ ਚਲੀ ਗਈ ਤੇ ਅਸੀਂ ਵੀ ਚਲੇ ਜਾਵਾਂਗੇ। ਇਹ ਸਭ ਕੁਝ ਵਾਪਰਦਾ ਹੀ ਰਹਿੰਦਾ ਹੈ ਇਸ਼ਕ ਦੇ ਰਸਤੇ ‘ਤੇ। ਇੱਥੇ ਨਿਰਾਸ਼ਾ ਵੀ ਹੈ ਤੇ ਦਇਆ ਵੀ, ਮਿਥਿਆ ਵੀ ਤੇ ਸੁਰੱਖਿਆ ਵੀ। ਹਲਾਂਕਿ ਇਛਾਵਾਂ ਤੇ ਲਾਲਸਾਵਾਂ ਨਾਲ਼ ਭਰਪੂਰ ਇਹ ਸਰੀਰ ਨਹੀਂ ਸਮਝ ਸਕਦਾ ਇਹਨਾਂ ਰਹੱਸਾਂ ਨੂੰ । ਇਹਨਾਂ ਨੂੰ ਸੁਨਣ ਤੇ ਸਮਝਣ ਲਈ ਦਿਮਾਗ ਵਿੱਚ ਵੀ ਇੱਕ ਦਿਲ ਹੋਣਾ ਚਾਹੀਦਾ ਹੈ, ਸਿਰ ਵਿੱਚ ਪਏ ਦਿਮਾਗ ਦੇ ਵੱਸ ਦੀ ਖੇਡ ਨਹੀਂ। ਇਸ ਲਾਲਸਾਵਾਂ ਨਾਲ਼ ਭਰੇ ਸਰੀਰ ਨਾਲ਼ ਆਤਮਾਂ ਦਾ ਸੰਘਰਸ਼, ਅਸੀਮ ਹੈ।
ਸੋਲ੍ਹਾਂ ਸੀਮੁਰਗ ਵੱਲ ਜਾਣ ਵਾਲੀ ਪ੍ਰਸਤਾਵਿਤ ਯਾਤਰਾ ਬਾਰੇ ਪੰਛੀਆਂ ਦੀ ਆਪਸ ਵਿੱਚ ਸਲਾਹ ਜਦ ਉਹਨਾਂ ਸ਼ੇਖ਼ ਸਨਨ ਦੀ ਸਾਖੀ ‘ਤੇ ਵਿਚਾਰ ਕੀਤਾ, ਤਾਂ ਸਾਰੇ ਪੰਛੀਆਂ ਨੇ ਆਪਣੇ ਪੁਰਾਣੇ ਰਾਹ ਤਿਆਗਣ ਦਾ ਫੈਸਲਾ ਕਰ ਲਿਆ। ਸੀਮੁਰਗ਼ ਨੂੰ ਮਿਲਣ ਦੇ ਵਿਚਾਰ ਨੇ ਉਹਨਾਂ ਨੂੰ ਨਿਰਾਸ਼ਾ ਦੀ ਖਾਈ ਵਿੱਚੋਂ ਕੱਢ ਲਿਆ। ਸਿਰਫ ਆਪਣੇ ਮਾਲਕ ਦੀ ਪ੍ਰੀਤ ਨਾਲ਼ ਉਹਨਾਂ ਦੇ ਦਿਲ ਭਰ ਗਏ ਅਤੇ ਉਹ ਯਾਤਰਾ ਸ਼ੁਰੂ ਕਰਨ ਲਈ ਵਿਚਾਰ ਕਰਨ ਲੱਗੇ ।ਉਹ ਬੋਲੇ, ‘ਸਭ ਤੋਂ ਪਹਿਲਾਂ ਸਾਨੂੰ ਇੱਕ ਆਗੂ ਚਾਹੀਦਾ ਹੈ ਜੋ ਸਾਡਾ ਮਾਰਗ ਦਰਸ਼ਨ ਕਰ ਸਕੇ ਤੇ ਸਾਡੀ ‘ਬੰਦ ਖ਼ਲਾਸੀ’ ਕਰਵਾ ਸਕੇ, ਇੱਕ ਐਸਾ ਆਗੂ, ਜੋ ਗੰਢਾਂ ਖੋਲ੍ਹ ਸਕੇ ਤੇ ਦੱਸ ਸਕੇ ਕਿ ਅੱਗੇ ਕੀ ਕਰਨਾ ਹੈ? ਕੋਈ ਅਜਿਹਾ ਜੋ ਸਾਨੂੰ ਭਵਸਾਗਰ ਤੋਂ ਪਾਰ ਕਰਵਾ ਸਕੇ। ਅਸੀਂ ਆਪਣੇ ਦਿਲ ਨਾਲ਼ ਉਸ ਦੇ ਹੁਕਮਾਂ ਦੀ ਪਾਲਣਾ ਕਰਾਂਗੇ, ਜੋ ਵੀ ਉਹ ਕਹੇਗਾ ‘ਸਤਬਚਨ’ ਕਹਿ ਕੇ ਮੰਨਾਂਗੇ, ਭਾਵੇਂ ਚੰਗਾ ਲੱਗੇ ਭਾਵੇਂ ਮਾੜਾ। ਫੇਰ ਹੀ ਕਿਨਕਾ ਰਹੱਸਮਈ ਸੂਰਜ ਵਿੱਚ ਸਮਾ ਸਕੇਗਾ; ਅਤੇ ਸੀਮੁਰਗ਼ ਦਾ ਪਰਛਾਵਾਂ ਸਾਡੇ ’ਤੇ ਪਵੇਗਾ। ਆਉ ਸਭ ਰਲ ਕੇ ਇੱਕ ਨੇਤਾ ਚੁਣੀਏਂ ਜੋ ਸਾਡਾ ਰਾਹ ਦਸੇਰਾ ਬਣ ਸਕੇ। ਉਹ ਸਾਡੇ ਵਿੱਚੋਂ ਸਭ ਤੋਂ ਉੱਤਮ ਹੋਵੇਗਾ।’ ਉਤੇਜਨਾ ਨਾਲ਼ ਸਾਰੇ ਪਾਸੇ ਰੌਲਾ-ਗੌਲਾ ਸ਼ੁਰੂ ਹੋ ਗਿਆ, ਹਰ ਕੋਈ ਸਲਾਹ ਦੇ ਰਿਹਾ ਸੀ, ਇਹ ਸਭ ਇੱਕ ਸਮਾਗਮ ਵਾਂਗ ਕੀਤਾ ਗਿਆ ਤੇ ਜਦ ਸਭ ਸੰਪੰਨ ਹੋਇਆ ਤਾਂ ਸਭ ਪਾਸੇ ਸ਼ਾਤੀ ਹੋ ਗਈ, ਜੋ ਵਿਧੀ ਨੇਤਾ ਚੁਨਣ ਲਈ ਸੋਚੀ ਗਈ ਸੀ ਉਸ ਰਾਹੀਂ ਸਾਹਸੀ ਹੁਦਹੁਦ ਨੂੰ ਮੁਖੀ ਚੁਣ ਲਿਆ ਗਿਆ। ਸਭ ਦੀ ਸਹਿਮਤੀ ਨਾਲ਼ ਇਹ ਸਮਝੌਤਾ ਕੀਤਾ ਗਿਆ ਕਿ ਹੁਣ ਤੋਂ ਸਾਰੇ ਹੁਦਹੁਦ ਦੇ ਹੁਕਮਾਂ ਦੇ ਪਾਬੰਦ ਹੋਣਗੇ, ਭਾਵੇਂ ਜਾਨ ਚਲੀ ਜਾਣ ਦਾ ਖਤਰਾ ਕਿਉਂ ਨਾ ਹੋਵੇ, ਆਤਮਾਂ ਤੇ ਸਰੀਰ ਸਭ ਉਸ ਨੂੰ ਸੌਂਪ ਦਿਓ। ਹੁਦਹੁਦ ਅੱਗੇ ਆਇਆ ਅਤੇ ਤਾਜ ਉਸ ਦੇ ਸਿਰ ‘ਤੇ ਰੱਖਿਆ ਗਿਆ। ਯਾਤਰਾ ਸ਼ੁਰੂ ਕਰਨ ਵਾਲੀ ਥਾਂ ਪੰਛੀਆਂ ਦਾ ਵੱਡਾ ਹਜ਼ੂਮ ਸੀ, ਏਡਾ ਵੱਡਾ ਕਿ ਮੱਛੀ ਤੋਂ ਚੰਦ ਤੱਕ ਦੀ ਕਤਾਰ ਬਣਾ ਦੇਣ, ਪਰ ਜਦ ਉਹਨਾਂ ਪਹਿਲੀ ਵਾਦੀ ਦਾ ਦਰਵਾਜ਼ਾ ਦੇਖਿਆ, ਉਹ ਭੈ ਨਾਲ਼ ਬੱਦਲਾਂ ਓਹਲੇ ਛਿਪ ਗਏ। ਪਰ ਫੇਰ ਉਹ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਹੋਰ ਜ਼ੋਰ ਨਾਲ਼ ਖੰਭ ਫੜਫੜਾਉਣ ਲੱਗੇ ਤੇ ਸਭ ਤਰ੍ਹਾਂ ਦੇ ਡਰ ਤਿਆਗਦੇ ਹੋਏ ਦਰਸ਼ਨਾਂ ਦੀ ਭੁੱਖ ਨੂੰ ਪੁਨਰ ਸੁਰਜੀਤ ਕੀਤਾ। ਹਲਾਂਕਿ ਰਸਤਾ ਸਚਮੁੱਚ ਬਹੁਤ ਲੰਬਾ ਤੇ ਪੀੜਾਦਾਇਕ ਸੀ, ਪਰ ਉਹ ਸ਼ਾਂਤਮਈ ਉੱਡਦੇ ਜਾ ਰਹੇ ਹਨ ਇਸ ਫੈਲੇ ਹੋਏ ਵਿਸ਼ਾਲ ਰਸਤੇ ਤੋਂ। ਤਦ ਇੱਕ ਪੰਛੀ ਨੇ ਹੁਦਹੁਦ ਨੂੰ ਪੁੱਛਿਆ, ‘ਇਹ ਪੰਧ ਏਨਾਂ ਸੁੰਨਸਾਨ ਕਿਉਂ ਹੈ?’ ‘ਰਾਜੇ ਦੇ ਭੈਅ ਤੇ ਮਹਿਮਾਂ ਕਾਰਨ’ ਉਸ ਨੇ ਜਵਾਬ ਦਿੱਤਾ। ਬਾਇਜ਼ਿਦ ਬਸਤਾਮੀ ਦੀ ਛੋਟੀ ਕਹਾਣੀ ਇੱਕ ਰਾਤ ਜਦ ਸ਼ੇਖ਼ ਬਾਇਜ਼ਿਦ ਸ਼ਹਿਰ ਤੋਂ ਬਾਹਰ ਆਏ ਤਾਂ ਉਹਨਾਂ ਦੇਖਿਆ ਕਿ ਇੱਕ ਗਹਿਰਾ ਸੰਨਾਟਾ ਪਸਰਿਆ ਹੋਇਆ ਸੀ ਮੈਦਾਨਾਂ ‘ਤੇ। ਚੰਦ ਦੀ ਚਮਕ ਰਾਤ ਨੂੰ ਵੀ ਦਿਨ ਵਾਂਗ ਰੁਸ਼ਨਾ ਰਹੀ ਸੀ। ਤਾਰੇ, ਆਪਣੇ ਸੁਭਾਅ ਮੁਤਾਬਿਕ, ਝੁੰਡਾਂ ਵਿਚ ਹੀ ਸਨ ਤੇ ਹਰ ਨਖਯਤ੍ਰ ਆਪਣੇ ਵਿਸ਼ੇਸ਼ ਖੇੜੇ ਵਿੱਚ ਸੀ। ਸ਼ੇਖ਼ ਤੁਰਦਾ ਰਿਹਾ, ਕੋਈ ਹਲਚਲ ਨਹੀਂ ਦਿਸੀ ਨਾ ਕੋਈ ਪ੍ਰਾਣੀ ਨਾ ਆਤਮਾਂ। ਉਸਦਾ ਦਿਲ ਤੇਜ਼ ਧੜਕ ਰਿਹਾ ਸੀ। ਉਹ ਬੋਲਿਆ, ‘ਹੇ ਪਰਮਪਿਤਾ, ਤਿੱਖੀ ਜਹੀ ਪੀੜ ਮੈਨੂੰ ਤੰਗ ਕਰ ਰਹੀ ਹੈ। ਕੀ ਕਾਰਨ ਹੈ ਕਿ ਇਹ ਸਭਾ ਪੂਜਨੀਕ ਤੇ ਉਤਸੁਕ ਭਗਤਾਂ ਤੋਂ ਸੱਖਣੀ ਹੈ?” ‘ਹੈਰਾਨ ਨਾ ਹੋ’, ਪੈਗ਼ੰਬਰੀ ਆਵਾਜ਼ ਆਈ, ‘ਰਾਜਾ ਹਰ ਕਿਸੇ ਨੂੰ ਦਾਖਲਾ ਨਹੀਂ ਦਿੰਦਾ ਆਪਣੀ ਸਭਾ ਵਿੱਚ। ਉਹ ਮਹਿਮਾਂ ਦਾ ਭੁੱਖਾ ਨਹੀਂ ਕਿ ਕਿਸੇ ਐਰੇ-ਗੈਰੇ, ਤੋਰਾ-ਫੇਰਾ ਕਰਨ ਵਾਲੇ ਜਾਂ ਨੀਂਦ ਵਿੱਚ ਚੱਲਣ ਵਾਲੇ ਨੂੰ ਵੀ ਆਪਣੇ ਦਰਾਂ ਤੇ ਝੱਲੀ ਜਾਵੇ। ਰਾਤਾਂ ਨੂੰ ਵੀ ਆਪਣੇ ‘ਮੁਖ ਉਜਲੇ’ ਦਾ ਪ੍ਰਕਾਸ਼ ਦੇਣ ਵਾਲੇ ਹੀ ‘ਸਚੇ ਦਰਬਾਰ’ ਵਿਚ ਦਾਖਲ ਹੋ ਸਕਦੇ ਹਨ, ਸੁਸਤ ਤੇ ਗ਼ਾਫਿਲ ਤਾਂ ਬਸ ਘ੍ਰਿਣਾ ਦੇ ਪਾਤਰ ਹੋਣਗੇ। ਤੂੰ ਉਹਨਾਂ ਹਜ਼ਾਰਾਂ ਵਿੱਚੋਂ ਹੈਂ, ਜੋ ਅੰਦਰ ਆਉਣਾ ਲੋਚਦੇ ਹਨ, ਤੈਨੂੰ ਸਹਿਜ ਨਾਲ਼ ਉਡੀਕ ਕਰਨੀ ਪਵੇਗੀ।’ ਸਤਾਰਾਂ ਪੰਛੀਆਂ ਦਾ ਹੁਦਹੁਦ ਤੋਂ ਰਸਤੇ ਦੀਆਂ ਮੁਸ਼ਕਿਲਾਂ ਬਾਰੇ ਪੁੱਛਣਾ ਤੇ ਰਵਾਨਾਂ ਹੋਣਾ ਡਰ ਤੇ ਸ਼ੰਕਿਆਂ ਨੇ ਪੰਛੀਆਂ ਦਾ ਵਿਰਲਾਪ ਹੋਰ ਵਧਾ ਦਿੱਤਾ, ਉਹਨਾਂ ਨੂੰ ਲੱਗਾ ਕਿ ਉਹ ਐਸੇ ਰਸਤੇ ‘ਤੇ ਚੱਲ ਪਏ ਹਨ, ਜਿਸਦਾ ਕੋਈ ਅੰਤ ਨਹੀਂ। ਜਿੱਥੇ ਅਲਹਿਦਗੀ ਦੀ ਤੇਜ਼ ਹਵਾ ਸੰਸਾਰਿਕ ਵਸਤਾਂ ਤੋਂ ਸਵਰਗੀ ਗੁੰਬਦ ਅਲਹਿਦਾ ਕਰ ਦੇਵੇਗੀ। ਆਪਣੀ ਚਿੰਤਾ ਵਿੱਚ ਉਹ ਇਕੱਤਰ ਹੋਏ ਤੇ ਹੁਦਹੁਦ ਤੋਂ ਸਲਾਹ ਮੰਗਣ ਲੱਗੇ ਲੱਗੇ। ਉਹ ਬੋਲੇ, ‘ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਬਾਦਸ਼ਾਹ ਅੱਗੇ ਕਿਸ ਸ਼ਰਧਾ ਨਾਲ਼ ਪੇਸ਼ ਹੋਣਾ ਚਾਹੀਦਾ ਹੈ, ਪਰ ਤੂੰ ਸੁਲੇਮਾਨ ਨਾਲ਼ ਰਿਹਾ ਹੈਂ ਤੇ ਸਭ ਮਰਿਆਦਾਵਾਂ ਤੇ ਸ਼ਿਸ਼ਟਾਚਾਰਾਂ ਤੋਂ ਭਲੀਭਾਂਤ ਜਾਣੂ ਹੈਂ, ਤੇ ਤੂੰ ਇਹਨਾਂ ਰਾਹਾਂ ਦਾ ਪਹਿਲਾਂ ਵੀ ਰਾਹੀ ਰਿਹਾ ਹੈਂ ਤੇ ਕਈ ਵਾਰ ਧਰਤੀ ਦਾ ਚੱਕਰ ਲਗਾ ਚੁੱਕਾ ਹੈਂ । ਤੂੰ ਹੀ ਸਾਡੇ ਏਸ ਬਿਖ਼ੜੇ ਪੈਂਡੇ ਦੀ ਨਮਾਜ਼ ਦਾ ਇਮਾਮ ਹੈਂ, ਤੇਰੇ ਹਥ ਹੈ ਸਾਡੀ ਬੰਦ-ਖ਼ਲਾਸੀ । ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ‘ਮਿੰਬਰ(1) ‘ਤੇ ਜਾਹ ਤੇ ਸਾਨੂੰ ਸੇਧ ਦੇ। ਰਾਹ ਬਾਰੇ ਦੱਸ, ਬਾਦਸ਼ਾਹ ਦੇ ਦਰਬਾਰ ਬਾਰੇ, ਉੱਥੇ ਪਾਲਣ ਕੀਤੇ ਜਾਣ ਵਾਲੇ ਸ਼ਿਸ਼ਟਾਚਾਰ, ਉੱਥੋਂ ਦੇ ਸਮਾਰੋਹ, ਸਭ ਕਾਸੇ ਨਾਲ਼ ਸਾਨੂੰ ਜਾਣੂ ਕਰਵਾ, ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉੱਥੇ ਕੋਈ ਮੂਰਖ਼ਾਂ ਵਾਲੀ ਹਰਕਤ ਕਰ ਦੇਈਏ। ਨਾਲ਼ ਹੀ ਸਾਡੇ ਮਨਾਂ ‘ਚ ਉੱਠ ਰਹੇ ਸਭ ਸ਼ੰਕੇ ਦੂਰ ਕਰ, ਇਸ ਪੰਧ ‘ਤੇ ਤੁਰਨ ਵਾਲਾ ਹਰ ਪੰਛੀ ਬੇਚੈਨੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਸਾਡੇ ਮਨਾਂ ਵਿੱਚ ਬਹੁਤ ਸ਼ੰਕੇ ਹਨ, ਤੇ ਅਸੀਂ ਤੇਰੇ ਤੋਂ ਇਹ ਆਸ ਰੱਖਦੇ ਹਾਂ ਕਿ ਤੂੰ ਸਾਡੇ ਇਹ ਡਰ, ਗਲਤ-ਫਹਿਮੀਆਂ ਤੇ ਸੰਦੇਹ ਦੂਰ ਕਰੇਂਗਾ, ਨਹੀਂ ਤਾਂ ਇਸ ਸਫਰ ਨੂੰ ਜਾਂਦੀ ਗਲੀ ਸਾਨੂੰ ਧੁੰਦਲੀ ਹੀ ਦਿਸਦੀ ਰਹੇਗੀ।’ ਹੁਦਹੁਦ ਨੇ ਆਪਣੇ ਸਿਰ ਦਾ ਤਾਜ ਠੀਕ ਕੀਤਾ, ਸਿੰਘਾਸਨ ‘ਤੇ ਬੈਠਾ ਤੇ ਉਹਨਾਂ ਨੂੰ ਸੰਬੋਧਨ ਹੋਣ ਲਈ ਅੱਗੇ ਆਇਆ। ਜਦ ਪੰਛੀਆਂ ਦੀ ਇਹ ਸੈਨਾ (1) (ਮਸਜ਼ਿਦ ਵਿੱਚ ਇਮਾਮ ਦੇ ਸੰਬੋਧਨ ਕਰਨ ਲਈ ਬਣਾਇਆ ਉੱਚਾ ਥੜਾ) ਉਸ ਸਾਹਮਣੇ ਅਹੁਦਿਆਂ ਦੇ ਹਿਸਾਬ ਨਾਲ਼ ਖਲੋ ਗਈ, ਲਗਭਗ ਇੱਕੋ ਜਹੀ ਆਵਾਜ਼ ਵਾਲੀਆਂ, ਬੁਲਬੁਲ ਤੇ ਘੁੱਗੀ ਉੱਪਰ ਆਈਆਂ, ਦੋ ਬੁਲਾਰਿਆਂ ਵਾਂਗ ਤੇ ਇਕੱਠੀਆਂ ਨੇ ਇੱਕ ਮਿੱਠਾ ਜਿਹਾ ਰਾਗ ਗਾਇਨ ਕੀਤਾ ਤੇ ਜਿਸ ਨੇ ਵੀ ਸੁਣਿਆਂ ਉਸ ਨੇ ਆਪਣੇ ਆਪ ਨੂੰ ਤਿਆਗ ਦਿੱਤਾ। ਫਿਰ ਇੱਕ ਤੋਂ ਬਾਅਦ ਇੱਕ, ਕਈ ਪੰਛੀ ਉੱਪਰ ਆਏ, ਹੁਦਹੁਦ ਨਾਲ਼ ਆਪਣੀਆਂ ਮੁਸ਼ਕਿਲਾਂ ਤੇ ਖ਼ਿਮਾਂ ਸਾਂਝੀ ਕਰਨ ਲਈ।
ਅਠਾਰਾਂ ਪਹਿਲੇ ਪੰਛੀ ਦਾ ਭਾਸ਼ਨ ਪਹਿਲੇ ਪੰਛੀ ਨੇ ਹੁਦਹੁਦ ਨੂੰ ਪੁੱਛਿਆ, ‘ਤੂੰ, ਜਿਸ ਨੂੰ ਕਿ ਸਾਡਾ ਆਗੂ ਚੁਣਿਆਂ ਗਿਆ ਹੈ, ਦੇਖਣ ਨੂੰ ਤਾਂ ਸਾਡੇ ਜਿਹਾ ਹੀ ਹੈਂ, ਫਿਰ ਉਹ ਕੀ ਹੈ ਜੋ ਤੈਨੂੰ ਸਾਡੇ ਨਾਲ਼ੋਂ ਵਖ਼ਰਿਆਉਂਦਾ ਹੈ ਤੇ ਤੂੰ ਮੁਖੀ ਚੁਣਿਆਂ ਗਿਆ? ਸਾਡੀ ਆਤਮਾਂ ਜਾਂ ਸਰੀਰ ਨੇ ਅਜਿਹੇ ਕੀ ਪਾਪ ਕੀਤੇ ਨੇ ਕਿ ਸਾਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਤੇ ਤੈਨੂੰ ਚੁਣ ਲਿਆ ਗਿਆ?’ ਹੁਦਹੁਦ ਨੇ ਜਵਾਬ ਦਿੱਤਾ, ‘ਮੈਂ ਦੱਸਦਾ ਹਾਂ, ਹੇ ਮਿੱਤਰ ਪੰਛੀ, ਕਿ ਇੱਕ ਵਾਰ ਕੁਦਰਤੀ ਸੁਲੇਮਾਨ ਦੀ ਨਜ਼ਰ ਮੇਰੇ ‘ਤੇ ਪੈ ਗਈ; ਅਤੇ ਮੇਰੇ ਇਹ ਚੰਗੇ ਭਾਗ ਕਿਸੇ ਸੋਨੇ-ਚਾਂਦੀ ਜਿਹੇ ਪਦਾਰਥਾਂ ਕਰਕੇ ਨਹੀਂ, ਉਸ ਮਿਹਰ ਦੀ ਇੱਕ ਨਜ਼ਰ ਕਰਕੇ ਹਨ। ਨਹੀਂ ਤਾਂ ਕਿਵੇਂ ਇੱਕ ਅਦਨਾ ਜੀਵ ਸਿਰਫ ਆਗਿਆਕਾਰੀ ਹੋਣ ਕਰਕੇ ਹੀ ਪ੍ਰਵਾਨ ਹੋ ਸਕਦਾ ਹੈ? ਇਬਲੀਸ ਨੂੰ ਵੇਖੋ, ਆਗਿਆਕਾਰੀ ਤਾਂ ਉਹ ਵੀ ਸੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਹੁਕਮ ਮੰਨਣਾ ਜਰੂਰੀ ਨਹੀਂ, ਜੇ ਕੋਈ ‘ਹੁਕਮ’ ਮੰਨਣ ਤੋਂ ਇਨਕਾਰੀ ਹੋਵੇਗਾ ਤਾਂ ਫਿਟਕਾਰਾਂ ਹੀ ਉਸ ਦੇ ਹਿੱਸੇ ਆਉਣਗੀਆਂ,(1) ਸੋ ਆਗਿਆਕਾਰਤਾ ਨੂੰ ਅਮਲ ਵਿੱਚ ਲਿਆਉਣਾ ਸ਼ੁਰੂ ਕਰੋ ਤੇ ਤੁਸੀਂ ਮਿਹਰ ਦੀ ਇੱਕ ਨਜ਼ਰ ਦੇ ਅਧਿਕਾਰੀ ਹੋਵੋਗੇ।’ ਮਹਿਮੂਦ ਤੇ ਮਛੇਰਾ ਸੁਲਤਾਨ ਮਹਿਮੂਦ ਇੱਕ ਵਾਰ ਆਪਣੀ ਫੌਜ ਤੋਂ ਅਲੱਗ ਹੋ ਗਏ, ਤੇ ਇਕੱਲੇ ਹਵਾ ਵਾਂਗ ਸਰਪਟ ਚੱਲਦੇ ਰਹੇ। ਕੁਝ ਚਿਰ ਮਗਰੋਂ ਉਹਨਾਂ ਇੱਕ ਛੋਟੇ ਬੱਚੇ ਨੂੰ ਨਦੀ ਦੇ ਕਿਨਾਰੇ ‘ਤੇ ਬੈਠੇ ਦੇਖਿਆ, ਜਿਸ ਵਿੱਚ ਉਸ ਨੇ ਆਪਣਾ ਜਾਲ ਸੁੱਟਿਆ ਹੋਇਆ ਸੀ। ਸੁਲਤਾਨ ਨੇ ਕੋਲ ਜਾ ਕੇ ਦੇਖਿਆ ਤਾਂ ਬੱਚਾ ਬੇਦਿਲੀ ਤੇ ਉਦਾਸੀ ਦੇ ਆਲਮ ਵਿੱਚ ਸੀ। ਉਸ ਨੇ ਪੁੱਛਿਆ, ‘ਪਿਆਰੇ ਬੱਚੇ, ਤੂੰ ਉਦਾਸ ਕਿਉਂ ਹੈਂ? ਮੈਂ ਕਦੇ ਕਿਸੇ ਨੂੰ ਨਹੀਂ ਦੇਖਿਆ, ਜਿਸਦਾ ਮੁੰਹ ਏਨਾ ਉਤਰਿਆ ਹੋਵੇ।’ (1) (ਹੁਕਮ ਮੰਨਿਐ ਹੋਵੈ ਪਰਵਾਨੁ ਤ ਖਸਮੈ ਕ ਮਹਲ ਪਾਇਸੀ) ‘ਹੇ ਮਹਾਨ ਰਾਜਨ’, ਬੱਚੇ ਨੇ ਜਵਾਬ ਦੇਣਾ ਸ਼ੁਰੂ ਕੀਤਾ, ‘ਅਸੀਂ ਪਰਿਵਾਰ ਵਿੱਚ ਸੱਤ ਜਣੇ ਹਾਂ, ਪਿਤਾ ਜਹਾਨ ਤੋਂ ਚਲਾ ਗਿਆ ਹੈ ਤੇ ਮਾਂ ਬਹੁਤ ਗਰੀਬ ਹੈ। ਹਰ ਰੋਜ਼ ਮੈਂ ਏਥੇ ਏਸ ਆਸ ਨਾਲ਼ ਆਉਂਦਾ ਹਾਂ ਕਿ ਜੇ ਮੱਛੀ ਮਿਲ ਜਾਵੇ ਤਾਂ ਸਾਡੇ ਰਾਤ ਦੇ ਖਾਣੇ ਦਾ ਪ੍ਰਬੰਧ ਹੋ ਸਕੇ ਤੇ ਜੇ ਮੇਰੀ ਆਸ ਨੂੰ ਬੂਰ ਪਵੇ ਤਾਂ ਹੀ ਸਾਨੂੰ ਰਾਤ ਨੂੰ ਅੰਨ ਨਸੀਬ ਹੋਵੇਗਾ, ਨਹੀਂ ਤਾਂ…..’ ‘ਮੈਂ ਕੋਸ਼ਿਸ਼ ਕਰਾਂ?’ ਸੁਲਤਾਨ ਨੇ ਪੁੱਛਿਆ। ਬੱਚੇ ਦੀ ਸਹਿਮਤੀ ਨਾਲ਼ ਉਸ ਨੇ ਜਾਲ ਦੁਬਾਰਾ ਨਦੀ ਵਿੱਚ ਸੁਟਿਆ, ਚੰਗੇ ਭਾਗੀਂ ਪਲਾਂ ਵਿੱਚ ਹੀ ਉਸ ਵਿੱਚ ਸੈਕੜੇ ਮੱਛੀਆਂ ਭਰ ਗਈਆਂ। ਇਹ ਵੇਖ ਕੇ ਮੁੰਡਾ ਆਪਣੇ ਆਪ ਨਾਲ਼ ਬੋਲਣ ਲੱਗਾ, ‘ਕਿੰਨੀ ਅਜੀਬ ਕਿਸਮਤ ਹੈ ਮੇਰੀ । ਕਮਾਲ ਦੇ ਮੇਰੇ ਕਰਮ ਕਿ ਇਹ ਮੱਛੀਆਂ ਮੇਰੇ ਜਾਲ ਵੱਲ ਖਿੱਚੀਆਂ ਆਈਆਂ ।’ ਸੁਲਤਾਨ ਬੋਲਿਆ, ‘ਆਪਣੇ ਆਪ ਨੂੰ ਧੋਖ਼ਾ ਨਾ ਦੇ, ਮੇਰੇ ਬੱਚੇ। ਇਹਨਾਂ ਦੇ ਜਾਲ ਵਿੱਚ ਡਿੱਗ ਪੈਣ ਦੇ ਚੰਗੇ ਭਾਗਾਂ ਦਾ ਕਾਰਨ ਮੈਂ ਹਾਂ। ਸੁਲਤਾਨ ਕਰਕੇ ਹੀ ਇਹ ਤੇਰੇ ਜਾਲ ਵਿੱਚ ਫਸ ਗਈਆਂ।’ ਇਹ ਕਹਿੰਦੇ ਹੋਏ ਉਹ ਘੋੜੇ ‘ਤੇ ਸਵਾਰ ਹੋ ਗਿਆ। ਬੱਚੇ ਨੇ ਪੁੱਛਿਆ ਕਿ ਕੀ ਉਹ ਆਪਣਾ ਹਿੱਸਾ ਨਹੀਂ ਲਵੇਗਾ? ਪਰ ਸੁਲਤਾਨ ਨੇ ਨਾਂਹ ਕਰ ਦਿੱਤੀ ਤੇ ਕਿਹਾ ਕਿ ਕੱਲ ਤੂੰ ਜੋ ਮੱਛੀ ਫੜ੍ਹੇਗਾ, ਮੈਂ ਉਸ ਵਿੱਚੋਂ ਹਿੱਸਾ ਲਵਾਂਗਾ। ਇਹ ਕਹਿ ਕੇ ਉਹ ਮਹਿਲਾਂ ਨੂੰ ਪਰਤ ਗਿਆ। ਅਗਲੇ ਦਿਨ ਸੁਲਤਾਨ ਨੇ ਆਪਣੇ ਇੱਕ ਅਫਸਰ ਨੂੰ ਮੁੰਡੇ ਵੱਲ ਭੇਜਿਆ। ਜਦੋਂ ਉਹ ਮੁੰਡੇ ਨੂੰ ਨਾਲ਼ ਲੈ ਕੇ ਪਰਤੇ ਤਾਂ ਸੁਲਤਾਨ ਨੇ ਮੁੰਡੇ ਨੂੰ ਆਪਣੇ ਨਾਲ਼ ਦੇ ਸਿੰਘਾਸਨ ‘ਤੇ ਬਿਠਾਇਆ; ‘ਹਜ਼ੂਰ’ ਇੱਕ ਅਹਿਲਕਾਰ ਬੋਲਿਆ, ‘ਇਹ ਬੱਚਾ ਭਿਖ਼ਾਰੀ ਹੈ!’ ‘ਤਾਂ ਕੀ ਹੋਇਆ, ਫਿਕਰ ਨਾ ਕਰੋ’, ਸੁਲਤਾਨ ਬੋਲਿਆ, ‘ਹੁਣ ਇਹ ਮੇਰਾ ਸਾਥੀ ਹੈ। ਜਾਣ ਲਓ ਕਿ ਸਾਡੀ ਸਾਂਝੇਦਾਰੀ ਹੋ ਚੁੱਕੀ ਹੈ, ਸੋ ਮੈਂ ਇਸ ਨੂੰ ਦੂਰ ਕਿਵੇਂ ਭੇਜ ਸਕਦਾ ਹਾਂ?’ ਸੁਲਤਾਨ ਨੇ ਉਸ ਨਾਲ਼ ਬਰਾਬਰ ਦਾ ਸਲੂਕ ਕੀਤਾ। ਅੰਤ ਕਿਸੇ ਨੇ ਬੱਚੇ ਨੂੰ ਪੁੱਛਿਆ, ‘ਇਹ ਕਿਵੇਂ ਸੰਭਵ ਹੋਇਆ, ਕਿ ਬਾਦਸ਼ਾਹ ਨੇ ਤੈਨੂੰ ਏਨਾ ਸਤਿਕਾਰ ਦਿੱਤਾ?’ ਬੱਚੇ ਦਾ ਜਵਾਬ ਸੀ, ‘ਖੇੜਾ ਜ਼ਿੰਦਗੀ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਤੇ ਦੁੱਖਾਂ ਨੇ ਅਲਵਿਦਾ ਕਹਿ ਦਿੱਤੀ ਹੈ, ਇਹ ਕੱਲ ਹੀ ਹੋ ਗਿਆ ਸੀ, ਜਦ ਮੇਰੀ ਭੇਂਟ ਹੋਈ ਸੀ ਕਿਸਮਤ ਦੇ ਧਨੀ ਇੱਕ ਮਹਾਨ ਸਮਰਾਟ ਨਾਲ਼।’ ਕਾਤਲ, ਜੋ ਪ੍ਰਵਾਨ ਹੋਇਆ ਕਾਨੂੰਨ ਨੇ ਉਸ ਨੂੰ ਕਾਤਲ ਘੋਸ਼ਿਤ ਕੀਤਾ ਸੀ, ਦੋਸ਼ ਸਾਬਤ ਵੀ ਹੋ ਗਏ ਸਨ। ਉਸ ਨੂੰ ਮਰਵਾ ਦਿੱਤਾ ਗਿਆ, ਰਾਜੇ ਦੁਆਰਾ। ਉਸੇ ਰਾਤ, ਜਦ ਉਸਦਾ ਕਤਲ ਹੋਇਆ, ਉਹ ਰਾਜੇ ਨੂੰ ਸੁਪਨੇਂ ਵਿੱਚ ਦਿਸਿਆ, ਹੈਰਾਨੀ ਦੀ ਗੱਲ ਇਹ ਕਿ ਉਹ ਬਹਿਸ਼ਤ ਵਿੱਚ ਸੀ । ਰਾਜਾ ਚੀਖ਼ਿਆ, ‘ਤੂੰ ਅਦਨ ਦੇ ਬਾਗ ਜਹੇ ਇਸ ਸੁੰਦਰ ਸਥਾਨ ‘ਤੇ ਕਿਵੇਂ, ਸਾਰੀ ਉਮਰ ਤੂੰ ਭੈੜੇ ਕੰਮ ਕੀਤੇ, ਤੂੰ ਇਸ ਲਾਇਕ ਕਿਵੇਂ ਹੋਇਆ?” ਉਹ ਆਦਮੀਂ ਬੋਲਿਆ, ‘ਜਦੋਂ ਮੈਂ ਮਰ ਰਿਹਾ ਸੀ ਤਾਂ ਪ੍ਰਮਾਤਮਾਂ ਦਾ ਕੋਈ ਪਿਆਰਾ ਮੇਰੇ ਕੋਲ਼ੋਂ ਲੰਘ ਰਿਹਾ ਸੀ। ਗੁਪਤ ਜਹੇ ਰੂਪ ਵਿੱਚ, ਉਸ ਸੱਚ ਦੀ ਰਾਹ ਦੀ ਪਾਂਧੀ ਨੇ ਮਿਹਰ ਦੀ ਇੱਕ ਨਜ਼ਰ ਮੈਨੂੰ ਬਖ਼ਸ਼ ਦਿੱਤੀ ਤੇ ਉਸੇ ਪਲ ਮੇਰੇ ਸਭ ਐਬ-ਪਾਪ ਧੋਤੇ ਗਏ, ਤੇ ਮੈਂ ਹੁਣ ਇਸ ਗੋਦ ਦਾ ਨਿੱਘ ਮਾਣ ਰਿਹਾਂ। ਸਿਖ ਪ੍ਰੰਪਰਾ ਕਹਿੰਦੇ ਨੇ ਕਿ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਨਾਲ਼ ਕਿਸੇ ਜੰਗਲ ਵਿੱਚ ਸਨ ਤਾਂ ਭੋਜਨ ਦੀ ਤਿਆਰੀ ਲਈ ਅੱਗ ਦੀ ਲੋੜ ਪਈ। ਸਤਿਗੁਰਾਂ ਨੇ ਦੂਰ ਬਲ ਰਹੀ ਅੱਗ ਵੱਲ ਉਂਗਲ ਨਾਲ਼ ਇਸ਼ਾਰਾ ਕਰਕੇ ਭਾਈ ਸਾਹਿਬ ਨੂੰ ਓਥੋਂ ਅੱਗ ਲੈ ਆਉਣ ਲਈ ਘੱਲਿਆ। ਭਾਈ ਮਰਦਾਨਾ ਜੀ ਓਥੇ ਗਏ ਤਾਂ ਅੱਗੇ ਫਰਿਸ਼ਤਿਆਂ ਤੇ ਜਮਾਂ ਦੀ ਬਹਿਸ ਚੱਲ ਰਹੀ ਸੀ। ਅਸਲ ਵਿੱਚ ਉਹ ਕਿਸੇ ਦੀ ਚਿਖ਼ਾ ਸੀ। ਬਹਿਸ ਇਸ ਗੱਲ ‘ਤੇ ਸੀ ਕਿ ਇਸ ਨੂੰ ਅਸੀਂ ਲਿਜਾਣਾ ਹੈ। ਦੋਹੇਂ ਧਿਰਾਂ ਉਸ ਮਰ ਚੁੱਕੇ ਦੀ ਆਤਮਾਂ ਨੂੰ ਆਪਣੇ ਨਾਲ਼ ਲਿਜਾਣ ਲਈ ਬਜਿਦ ਸਨ। ਜਮ ਕਹਿ ਰਹੇ ਸਨ ਕਿ ਇਸ ਪਾਪੀ ਨੇ ਸਾਰੀ ਜਿੰਦਗੀ ਇੱਕ ਵੀ ਭਲਾ ਕੰਮ ਨਹੀਂ ਕੀਤਾ, ਸੋ ਇਸ ਨੂੰ ਅਸਾਂ ਨਰਕਾਂ ਵਿੱਚ ਲਿਜਾਣਾ ਹੈ। ਫਰਿਸ਼ਤੇ ਬੋਲੇ ਕਿ ਅਸੀਂ ਸਹਿਮਤ ਹਾਂ ਕਿ ਇਹ ਪਾਪੀ ਹੈ…. ਪਰ ਦੀਨ ਦੁਨੀ ਦੇ ਵਾਲੀ ਗੁਰੂ ਨਾਨਕ ਜੀ ਦੀ ਉਂਗਲ ਇਸ ਵੱਲ ਹੋ ਗਈ ਹੈ ਤੇ ਇਸ ਦੇ ਸਭ ਪਾਪ ਜਾਂਦੇ ਰਹੇ ਤੇ ‘ਮੁਖ ਉਜਲਾ’ ਹੋ ਗਿਆ ਹੈ, ਸੋ ਇਹ ਹੁਣ ਸਾਡੇ ਨਾਲ਼ ਜਾਏਗਾ।) ਮਹਿਮੂਦ ਅਤੇ ਲੱਕੜਹਾਰਾ ਇੱਕ ਹੋਰ ਦਫਾ, ਜਦ ਸੁਲਤਾਨ ਮਹਿਮੂਦ ਇਕੱਲੇ ਘੋੜੇ ‘ਤੇ ਜਾ ਰਹੇ ਸਨ, ਉਹ ਇੱਕ ਬਜ਼ੁਰਗ ਲੱਕੜਹਾਰੇ ਨੂੰ ਮਿਲੇ, ਜੋ ਆਪਣੇ ਗਧੇ ਦੀ ਪਿੱਠ ‘ਤੇ ਕੰਡਿਆਲੀ ਝਾੜੀ ਲੱਦ ਕੇ ਲਿਜਾ ਰਿਹਾ ਸੀ । ਜਿਸ ਪਲ ਗਧਾ ਠੇਡਾ ਖਾ ਕੇ ਡਿੱਗਿਆ ਤਾਂ ਕੰਢੇ, ਬੁੱਢੇ ਲੱਕੜਹਾਰੇ ਦੇ ਸਿਰ ਵਿੱਚ ਧਸ ਗਏ। ਸੁਲਤਾਨ, ਜਿਸ ਨੇ ਝਾੜੀਆਂ ਥੱਲੇ ਡਿੱਗੀਆਂ ਵੇਖੀਆਂ, ਗਧਾ ਪੁੱਠਾ ਪਿਆ ਤੱਕਿਆ ਤੇ ਆਦਮੀਂ ਆਪਣਾ ਸਿਰ ਮਲ ਰਿਹਾ ਸੀ, ਨੇ ਪੁੱਛਿਆ, ‘ਹੇ ਦੁਖੀ ਬਜ਼ੁਰਗ, ਕੀ ਤੈਨੂੰ ਕਿਸੇ ਮਿੱਤਰ ਦੀ ਜਰੂਰਤ ਹੈ?’ ‘ਹਾਂ, ਕਿਉਂ ਨਹੀਂ’, ਲੱਕੜਹਾਰੇ ਨੇ ਉੱਤਰ ਦਿੱਤਾ। ‘ਦਿਆਲੂ ਘੋੜਸਵਾਰ, ਤੇਰੀ ਮਦਦ ਨਾਲ਼ ਮੈਨੂੰ ਲਾਭ ਮਿਲੇਗਾ ਤੇ ਤੇਰਾ ਕੋਈ ਨੁਕਸਾਨ ਨਹੀਂ ਹੋਵੇਗਾ । ਤੇਰਾ ਏਧਰ ਆਉਣਾ ਮੇਰੇ ਲਈ ਸ਼ੁਭ ਸੰਕੇਤ ਹੈ। ਜੱਗ ਜਾਣਦਾ ਹੈ ਕਿ ਤੇਰੇ ਜਹੇ ਦਿਆਲੂ ਤੇ ਸੀਰਤ ਦੇ ਭਲੇ ਇਨਸਾਨ ਸਦਾ ਮਦਦਗਾਰ ਹੁੰਦੇ ਨੇ।’ ਨਰਮ ਦਿਲ ਸੁਲਤਾਨ ਆਪਣੇ ਘੋੜੇ ਤੋਂ ਉਤਰਿਆ, ਗਧੇ ਨੂੰ ਖੜ੍ਹਾ ਕੀਤਾ, ਆਪਣੇ ਗੁਲਾਬ ਜਹੇ ਹੱਥਾਂ ਨਾਲ਼ ਕੰਡਿਆਲੀਆਂ ਝਾੜੀਆਂ ਦੀ ਪੰਡ ਇਕੱਠੀ ਕੀਤੀ ਤੇ ਗਧੇ ਦੀ ਪਿੱਠ ‘ਤੇ ਰੱਖ ਦਿੱਤੀ। ਫੇਰ ਉਹ ਆਪਣੇ ਲਸ਼ਕਰ ਵੱਲ ਚਲਾ ਗਿਆ। ਉਸ ਨੇ ਜਾ ਕੇ ਆਪਣੇ ਸਿਪਾਹੀਆਂ ਨੂੰ ਕਿਹਾ, ‘ਇੱਕ ਬਜ਼ੁਰਗ ਲੱਕੜਹਾਰਾ, ਆਪਣੇ ਗਧੇ ਦੀ ਪਿੱਠ ‘ਤੇ ਪੰਡ ਲੱਦੀ ਆ ਰਿਹਾ ਹੈ।ਬਾਕੀ ਸਭ ਰਸਤੇ ਬੰਦ ਕਰ ਦਿਓ, ਮੈਂ ਚਾਹੁਣਾ ਕਿ ਉਹ ਏਥੋਂ ਮੇਰੇ ਅੱਗੋਂ ਦੀ ਲੰਘੇ।’ ਜਦ ਬਜ਼ੁਰਗ, ਘੋੜਸਵਾਰ ਸਿਪਾਹੀਆਂ ਦੇ ਨੇੜੇ ਆਇਆ ਤਾਂ ਆਪਣੇ ਆਪ ਨੂੰ ਕਹਿਣ ਲੱਗਾ, ‘ਮੈਂ ਆਪਣੇ ਇਸ ਕਮਜ਼ੋਰ ਜਾਨਵਰ ਨਾਲ਼ ਇਹਨਾਂ ਦੇ ਅੱਗੋਂ ਕਿਵੇਂ ਲੰਘਾਂਗਾ?’ ਤੇ ਉਸ ਨੇ ਰਸਤਾ ਬਦਲ ਲਿਆ, ਪਰ ਜਦ ਦੂਰੋਂ ਉਸ ਦੀ ਨਜ਼ਰ ਸ਼ਾਨਦਾਰ ਛਤਰ ’ਤੇ ਪਈ ਤਾਂ ਉਹ ਘਬਰਾ ਗਿਆ। ਜਿਸ ਰਸਤੇ ਰਾਹੀਂ ਜਾਣ ਲਈ ਉਹ ਮਜ਼ਬੂਰ ਸੀ, ਉਸ ’ਤੇ ਤਾਂ ਉਹ ਸਿੱਧਾ ਰਾਜੇ ਨਾਲ਼ ਰੂਬਰੂ ਹੋ ਕੇ ਲੰਘੇਗਾ। ਜਿਵੇਂ-ਜਿਵੇਂ ਉਹ ਨਜ਼ਦੀਕ ਆ ਰਿਹਾ ਸੀ ਤਾਂ ਉਸਨੂੰ ਥੋੜੀ ਪਰੇਸ਼ਾਨੀ ਵੀ ਘੇਰ ਰਹੀ ਸੀ, ਕਿਉਂਕਿ ਜਿਸ ਘੋੜਸਵਾਰ ‘ਤੇ ਛਤਰ ਦੀ ਛਾਂ ਪੈ ਰਹੀ ਸੀ, ਉਸਦਾ ਚਿਹਰਾ ਕੁਝ ਜਾਣਿਆਂ ਪਛਾਣਿਆਂ ਜਾਪ ਰਿਹਾ ਸੀ। ‘ਯਾ ਖ਼ੁਦਾ’, ਆਪਣੇ ਆਪ ਉਸਦੇ ਮੂੰਹੋਂ ਨਿਕਲ ਗਿਆ, ‘ਇਹ ਕੀ ਭਾਣਾ ਵਾਪਰਿਆ ਅੱਜ ਮੇਰੇ ਨਾਲ਼!, ਮਹਿਮੂਦ ਮੇਰਾ ਭਾਰ ਚੁੱਕਣ ਵਾਲਾ?’ ਜਦ ਉਹ ਹੋਰ ਅੱਗੇ ਆਇਆ ਤਾਂ ਸੁਲਤਾਨ ਬੋਲਿਆ, ‘ਮੇਰੇ ਗ਼ਰੀਬ ਮਿੱਤਰ, ਤੇਰਾ ਗੁਜ਼ਾਰਾ ਕਿਵੇਂ ਚੱਲਦਾ ਹੈ?” ਬਜ਼ੁਰਗ ਨੇ ਜਵਾਬ ਦਿੱਤਾ, ‘ਤੁਸੀ ਸਭ ਜਾਣਦੇ ਹੋ। ਇਮਾਨਦਾਰੀ ਨਾਲ਼ ਕਹੋ ਕੀ ਤੁਸੀਂ ਮੈਨੂੰ ਨਹੀਂ ਪਛਾਣਿਆਂ? ਮੈਂ ਉਹੀ ਗਰੀਬ ਬੁੱਢਾ ਹਾਂ, ਜੋ ਲੱਕੜਾਂ ਕੱਟਣ ਦਾ ਕੰਮ ਕਰਦਾ ਹੈ: ਦਿਨ ਰਾਤ ਮੈਂ ਮਾਰੂਥਲ ਵਿੱਚੋਂ ਲੱਕੜਾਂ-ਝਾੜੀਆਂ ਇਕੱਤਰ ਕਰਦਾ ਹਾਂ ਤੇ ਉਹਨਾਂ ਨੂੰ ਸ਼ਹਿਰ ਲਿਜਾ ਕੇ ਵੇਚਦਾ ਹਾਂ, ਮੇਰਾ ਖੋਤਾ ਵੀ ਭੁੱਖ ਨਾਲ਼ ਮਰ ਰਿਹਾ ਹੈ। ਜੇ ਤੁਸੀਂ ਮੇਰਾ ਭਲਾ ਲੋਚਦੇ ਹੋ ਤਾਂ ਮੈਨੂੰ ਰੋਟੀ ਦਾ ਟੁਕੜਾ ਬਖ਼ਸ਼ ਦਿਓ।’ ‘ਤੈਨੂੰ ਕਿੰਨੇ ਪੈਸੇ ਮਿਲ ਜਾਣ ਦੀ ਉਮੀਦ ਹੈ ਇਹਨਾਂ ਕੰਡਿਆਲੀਆਂ ਝਾੜੀਆਂ ਦੀ ਪੰਡ ਬਦਲੇ?’ ਰਾਜੇ ਨੇ ਬਜ਼ੁਰਗ ਨੂੰ ਪੁੱਛਿਆ। ‘ਜਦ ਕਿ ਤੁਸੀਂ ਇਸ ਨੂੰ ਮੁਫਤ ਵੀ ਲੈਣਾ ਨਹੀਂ ਚਾਹੋਗੇ ਤੇ ਮੈਂ ਇਹ ਵੇਚਣੀ ਵੀ ਨਹੀਂ ਚਾਹੁੰਦਾ, ਫੇਰ ਵੀ ਦੇ ਦਿਓ ਸੋਨੇ ਦੀਆਂ ਮੋਹਰਾਂ ਦੀ ਭਰੀ ਇੱਕ ਥੈਲੀ।’ ਬਜ਼ੁਰਗ ਲੱਕੜਹਾਰੇ ਨੇ ਜਵਾਬ ਦਿੱਤਾ। ਇਹ ਸੁਣ ਕੇ ਸਿਪਾਹੀ ਗੁੱਸੇ ਵਿੱਚ ਚੀਖ਼ੇ, ‘ਆਪਣੀ ਜ਼ਬਾਨ ਸੰਭਾਲ, ਮੂਰਖ਼ ਬੁੱਢੇ! ਇੱਕ ਮੁੱਠ ਜੌਂ ਤੋਂ ਵੱਧ ਕੀਮਤ ਨਹੀਂ ਤੇਰੀ ਇਸ ਪੰਡ ਦੀ। ਤੈਨੂੰ ਤਾਂ ਚਾਹੀਦਾ ਹੈ ਕਿ ਕੁਝ ਵੀ ਨਾ ਮੰਗੇਂ ਇਸ ਬਦਲੇ।’ ਬਜ਼ੁਰਗ ਬੋਲਿਆ, ‘ਤੁਸੀਂ ਠੀਕ ਕਹਿ ਰਹੇ ਹੋ, ਪਰ ਤੁਸੀਂ ਨਹੀਂ ਜਾਣਦੇ। ਇਹ ਤਾਂ ਅਨਮੋਲ ਹੋ ਚੁੱਕੀ ਹੈ, ਜਦ ਤੋਂ ਇੱਕ ਮਹਾਨ ਸਮਰਾਟ, ਸੁਲਤਾਨ ਮਹਿਮੂਦ ਜਿਹਾ, ਦੇ ਹੱਥ ਇਸ ਨੂੰ ਛੂਹ ਗਏ ਹਨ, ਇਹ ਕੰਡੇ ਤਾਂ ਹੁਣ ਗੁਲਾਬ ਦੇ ਗੁਲਦਸਤੇ ਬਣ ਗਏ ਹਨ। ਜੇ ਤੁਸੀਂ ਖ੍ਰੀਦਨਾਂ ਚਾਹੁੰਦੇ ਹੋ ਤਾਂ ਸੁਲਤਾਨ ਨੂੰ ਇੱਕ ਝਾੜੀ ਦਾ ਇੱਕ ਦੀਨਾਰ ਦੇਣਾ ਪਵੇਗਾ, ਕਿਉਂ ਜੋ ਇੱਕ ਮਹਾਨ ਛੋਹ ਨੇ ਇਹਨਾਂ ਨੂੰ ਅਨਮੋਲ ਕਰ ਦਿੱਤਾ ਹੈ।’ (ਇਹਨਾਂ ਸਾਖੀਆਂ ਦੇ ਅਨੁਵਾਦ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਬੜਾ ਚੇਤੇ ਆਏ। ਮੋਚੀ ਦੀ ਪੰਡ ਚੁੱਕ ਕੇ ਲਿਜਾਣਾ ਹੋਵੇ, ਮਹਾਰਾਜੇ ਨੂੰ ਪਾਰਸ ਜਾਣ ਕੇ ਇੱਕ ਮਾਤਾ ਦਾ ਉਹਨਾਂ ਦੇ ਪੈਰ ਨਾਲ਼ ਲੋਹੇ ਦਾ ਤਵਾ ਰਗੜਣਾ ਹੋਵੇ ਤਾਂ ਕਿ ਤਵਾ ਸੋਨੇ ਦਾ ਹੋ ਜਾਵੇ, ਬੱਚਿਆਂ ਨੂੰ ਵੱਟੇ ਮਾਰਨ ਦੇ ਇਵਜ਼ਾਨੇ ਵਜੋਂ ਸੋਨੇ ਦੀਆਂ ਮੋਹਰਾਂ ਦੇਣੀਆਂ…. ਸਚਮੁੱਚ ਮਹਾਨ ਦਿਆਲੂ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ) ਉੱਨੀਂ ਦੂਜੇ ਪੰਛੀ ਦਾ ਭਾਸ਼ਨ ਦੂਜਾ ਪੰਛੀ ਹੁਦਹੁਦ ਕੋਲ਼ ਆਇਆ ਤੇ ਬੋਲਿਆ, ‘ਸੁਲੇਮਾਨ ਦੀਆਂ ਸੈਨਾਵਾਂ ਦੇ ਰੱਖਿਅਕ ਹੇ ਹੁਦਹੁਦ! ਮੇਰੇ ਵਿੱਚ ਇਹ ਯਾਤਰਾ ਸ਼ੁਰੂ ਕਰਨ ਦੀ ਸਮਰਥਾ ਨਹੀਂ। ਘਾਟੀਆਂ ਨੂੰ ਪਾਰ ਕਰ ਸਕਣ ਲਈ ਮੈਂ ਬਹੁਤ ਕਮਜ਼ੋਰ ਹਾਂ। ‘ਖੰਡੇਧਾਰ’ ਜਹੀ ‘ਗਲੀ’ ਹੈ, ਸੋ ਮੈਂ ਤਾਂ ਪਹਿਲੇਂ ਕੁਝ ਪਲਾਂ ਵਿੱਚ ਹੀ ਡਿੱਗ ਪਵਾਂਗਾ ਤੇ ਮਰ ਜਾਵਾਂਗਾ। ਰਾਹ ਵਿੱਚ ਹਜ਼ਾਰਾਂ ਵਾ-ਵਰੋਲੇ ਹਨ। ਇਸ ਤਰ੍ਹਾਂ ਦੇ ਜ਼ੋਖਿਮ ਦੇ ਕੰਮ ਵਿੱਚ ਸ਼ਾਮਿਲ ਹੋਣਾ ਵੀ ਹਰ ਕਿਸੇ ਲਈ ਫਾਇਦੇਮੰਦ ਨਹੀਂ। ਹਜ਼ਾਰਾਂ ਸਿਰ ਖਿੱਦੋਆਂ ਵਾਂਗ ਰੁੜੇ ਫਿਰਨਗੇ। ਲੱਖਾਂ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ, ਸੀਮੁਰਗ਼ ਦੀ ਇਸ ਖੋਜ ਵਿੱਚ । ਇਸ ਰਸਤੇ ‘ਤੇ, ਜਿੱਥੇ ਬਹੁਤ ਖ਼ਰੇ ਜੀਵ ਵੀ ਡਰ ਨਾਲ਼ ਆਪਣੇ ਸਿਰ ਲੁਕੋ ਲੈਂਦੇ ਹਨ, ਮੇਰੇ ਜਹੇ ਦਾ ਕੀ ਹੋਵੇਗਾ, ਮੈਂ ਜੋ ਕਿਸੇ ਧੂੜ ਦੇ ਕਣ ਸਮਾਨ ਹਾਂ?’ ‘ਇਤੁ ਮਾਰਗਿ ਪੈਰੁ ਧਰੀਜੈ’ ਹੁਦਹੁਦ ਨੇ ਉੱਤਰ ਦਿੱਤਾ, ‘ਓ ਮਾਤਮੀਂ ਚਿਹਰੇ ਵਾਲੇ ਜੀਵ! ਕਿਉਂ ਤੇਰਾ ਦਿਲ ਡਰ ਨਾਲ਼ ਏਨਾ ਪੀੜਿਤ ਹੈ? ਕਦੋਂ ਤੂੰ ਇਸ ਕਾਇਰਤਾ ਤੋਂ ਬਾਹਰ ਆਏਂਗਾ? ਕੀ ਕੀਮਤ ਹੈ ਤੇਰੀ ਸੰਸਾਰ ਵਿੱਚ ਬਹੁਤ ਅਦਨੀਂ ਜਹੀ? ਕਿੰਨੀ ਕੁ ਉਮਰ ਹੈ ਤੇਰੀ ਬਚੀ ਹੋਈ? ਕੀ ਫਰਕ ਪੈਂਦਾ ਹੈ ਕਿ ਤੁਸੀਂ ਜਵਾਨ ਤੇ ਬਹਾਦੁਰ ਹੋ ਜਾਂ ਬੁੱਢੇ ਤੇ ਕਮਜ਼ੋਰ? ਸੰਸਾਰ ਮਲੀਨਤਾ ਤੇ ਪਾਪਾਂ ਨਾਲ਼ ਭਰ ਚੁੱਕਾ ਹੈ, ਹਰ ਪਲ ਜੀਵ ਗਰਕ ਰਹੇ ਹਨ ਤੇ ਨਾਸ਼ ਹੋ ਰਿਹਾ ਹੈ। ਇਹ ਸਦੀਵ ਨਹੀਂ, ਬੇਘਰੇ ਹੀ ਆਉਂਦੇ ਹਨ ਤੇ ਬੇਘਰੇ ਹੀ ਤੁਰ ਜਾਂਦੇ ਹਨ। ਰੰਗ ਉੱਡ ਚੁੱਕੇ ਹਨ ਤੇ ਦੁਖਾਂ ਤੇ ਹੰਝੂਆਂ ਵਿੱਚ ਪਿਸ ਰਹੇ ਹਨ । ਐਸੀ ਭੈਅ ਤੇ ਦੁਰਬਲਤਾ ਨਾਲ਼ ਭਰੀ ਹੋਈ ਜ਼ਿੰਦਗੀ ਜਿਉਣ ਨਾਲ਼ੋਂ ਚੰਗਾ ਹੈ ਕਿ ਪਿਆਰੇ ਦੀ ਭਾਲ ਵਿੱਚ ਜਾਨ ਲੇਖੇ ਲਾ ਦੇਈਏ। ਚਾਹੇ ਅਸੀਂ ਸਫਲ ਨਾ ਵੀ ਹੋਈਏ, ਪਰ ਜੇ ਏਥੇ ਇਸੇ ਤਰ੍ਹਾਂ ਮਾਤਮ ਕਰਦੇ ਮਰ ਗਏ, ਇਹ ਤਾਂ ਬਦ ਤੋਂ ਵੀ ਬਦਤਰ ਹੋਏਗਾ, ਭਾਵੇਂ ਏਥੇ ਸੰਸਾਰ ਵਿੱਚ ਹਜ਼ਾਰਾਂ ਗਲਤੀਆਂ ਹੁੰਦੀਆਂ ਰਹਿੰਦੀਆਂ ਹਨ, ਪਰ ਨਵੀਆਂ ਕਰਨ ਤੋਂ ਤਾਂ ਬਚੀਏ। ਸ਼ਰਮਿੰਦਗੀ ਭਰਿਆ ਜੀਵਨ ਬਤੀਤ ਕਰਨ ਨਾਲੋਂ ਹਜ਼ਾਰ ਦਰਜ਼ੇ ਚੰਗਾ ਹੈ ਇਸ਼ਕ ਦਾ ਪੀੜਿਤ ਸਦਵਾਉਣਾ। ਇਸ ਲਈ ਜੇ ਤੂੰ ਸਭ ਛਲ-ਕਪਟ ਤਿਆਗ ਕੇ ਆਪਣੇ ਆਪ ਨੂੰ ਪਿਆਰ ਦੇ ਇਸ ਵਣਜ ਵਿੱਚ ਲਗਾ ਲਵੇਂਗਾ ਤਾਂ ਤੂੰ ਆਪਣੇ ਦਿਲ ਨੂੰ ਇਸ਼ਕ ਦਾ ਦਰਿਆ ਬਣਾਉਣ ਵਿੱਚ ਸਫਲ ਹੋ ਜਾਵੇਂਗਾ। ਕਹਿ ਸਕਦੇ ਨੇ ਕੁਝ ਲੋਕ ਹੰਕਾਰ ਵਿੱਚ ਕਿ ਇਹ ‘ਸਾਚੀ ਪ੍ਰੀਤ’ ਕੇਵਲ ਕਲਪਨਾ ਮਾਤਰ ਹੈ, ਤੇ ਕੋਈ ਵੀ ਜਣਾ-ਖਣਾ ਇਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਪਰ ਕੀ ਇਹ ਚੰਗਾ ਨਹੀਂ ਕਿ ਕੋਈ ਆਪਣੀ ਜਾਨ ਕੁਰਬਾਨ ਕਰ ਦੇਵੇ ਇਸ ਮੰਜ਼ਲ ਦੀ ਖੋਜ ਵਿੱਚ ਬਜਾਏ ਇਸ ਦੇ ਕਿ ਉਹ ਵਪਾਰੀ ਜਾਂ ਬਾਣੀਏਂ ਦੇ ਤੌਰ ‘ਤੇ ਜਾਣਿਆਂ ਜਾਵੇ। ਅਸੀਂ ਬਹੁਤ ਕੁਝ ਦੇਖ-ਸੁਣ ਲਿਆ ਹੈ, ਪਰ ਕੁਝ ਵੀ ਮੈਨੂੰ ਸੰਕਲਪ ਤੋਂ ਥਿੜਕਾ ਨਹੀਂ ਸਕਿਆ। ਮੈਂ ਹੈਰਾਨ ਹਾਂ ਕਿ ਕਿੰਨੇ ਥੋੜੇ ਲੋਕ ਹਨ ਜਿਹਨਾਂ ਆਪਣੇ ਆਪ ਨੂੰ ਪਦਾਰਥਾਂ ਦੀ ਜਕੜ ਤੋਂ ਮੁਕਤ ਕਰ ਲਿਆ ਹੈ। ਕਿੰਨੇ ਸਮੇਂ ਤੋਂ ਅਸੀਂ ਆਪਣੇ ਆਪ ਲਈ ਨਹੀਂ ਮਰੇ ਤੇ ਕਿੰਨੇ ਸਮੇਂ ਤੋਂ ਹੀ ਅਸੀਂ ਪਛਾਣੇ ਜਾਂਦੇ ਰਹੇ ਹਾਂ ਕਿਸੇ ਮਨੁੱਖ ਜਾਂ ਪਦਾਰਥ ਨਾਲ਼ ਜੋੜ ਕੇ। ਅਸੀਂ ਕਦੇ ਮੁਕਤ ਨਹੀਂ ਹੋਏ। ਇਹ ਇਲਾਹੀ ਪ੍ਰੀਤ ਦਾ ਅਧਿਆਤਮਕ ਪੰਧ ਉਹਨਾਂ ਲਈ ਨਹੀਂ ਹੈ, ਜਿਹਨਾਂ ਨੇ ਆਪਣੇ ਆਪ ਨੂੰ ਕੈਦ ਕਰ ਰੱਖਿਆ ਹੈ ਬਾਹਰੀ ਸੰਸਾਰ ਨਾਲ਼ ਜਾਂ ਜੋ ਸਰੀਰ ਨਾਲ਼ ਬੁਰੀ ਤਰ੍ਹਾਂ ਜੁੜ ਚੁੱਕੇ ਹਨ। ਆਪਣੇ ਪੈਰ ਇਸ ਰਾਹ ‘ਤੇ ਤਾਂ ਹੀ ਰੱਖਿਓ, ਜੇ ਤੁਸੀਂ ਗੁਫਤਾਰ ਦੇ ਨਾਲ਼ ਕਿਰਦਾਰ ਦੇ ਵੀ ਸੂਰੇ ਹੋ। ਨਾਲ਼ ਹੀ ਜੇ ਤੁਸੀਂ ਇਸਤਰੀਆਂ ਜਾਂ ਪੁਰਖਾਂ ਦੇ ਸਰੀਰਕ ਸੁਖ ਰਾਹੀਂ ਤ੍ਰਿਪਤ ਹੋਣਾ ਛੱਡ ਦਿੱਤਾ ਹੈ। ਇਹ ਵੀ ਪੱਕਾ ਕਰ ਲਓ ਕਿ ਜੇ ਇਹ ਰਾਹ ਜਾਂ ਖੋਜ ਅਧਰਮੀਂ ਵੀ ਹੋਵੇ ਤਾਂ ਵੀ ਇਸ ’ਤੇ ਚੱਲਣਾ ਜਰੂਰੀ ਹੈ। ਨਿਸਚਿਤ ਰੂਪ ਵਿੱਚ ਇਹ ਆਸਾਨ ਨਹੀਂ ਹੋਵੇਗਾ। ਇਸ਼ਕ ਦੇ ਰੁੱਖ ਨੂੰ ਗ਼ੁਰਬਤ ਦਾ ਫਲ ਲੱਗਿਆ ਹੈ, ਜੋ ਇਹ ਜਾਣ ਗਿਆ ਉਹ ਨਿਮਰ ਹੋ ਗਿਆ। ਸੋ ਜੇ ਇਸ ਫਲ ਦੀ ਚਾਹਤ ਹੈ ਤਾਂ ਤਿਆਗ ਦਿਓ ਪੱਤਿਆਂ ਦਾ ਮੋਹ। ‘ਜਦੋਂ ਇਸ਼ਕ ਕਿਸੇ ਮਨੁੱਖ ਅੰਦਰ ਡੇਰਾ ਲਾਉਂਦਾ ਹੈ ਤਾਂ ਇਹ ਚੁਰਾ ਲੈਂਦਾ ਹੈ ਉਸਦਾ ਦਿਲ ਤੇ ਡੋਬਦਾ ਹੈ ਉਸ ਨੂੰ ਲਹੂ ਦੇ ਸਾਗਰ ਵਿੱਚ ਇਸ਼ਕ ਸਭ ਤਰ੍ਹਾਂ ਦੇ ਨਕਾਬ ਤੇ ਪਰਦੇ ਲਾਹ ਸੱਟਦਾ ਹੈ। ਪਲ ਭਰ ਦਾ ਆਰਾਮ ਵੀ ਖੋਹ ਲੈਂਦਾ ਹੈ; ਮਾਰ ਵੀ ਦਿੰਦਾ ਹੈ ਤੇ ਮੁੱਲ ਵੀ ਮੰਗਦਾ ਹੈ। ਪੀੜਿਤ ਮਨੁੱਖ ਹੰਝੂਆਂ ਦਾ ਪਾਣੀ ਪੀਂਦਾ ਹੈ ਤੇ ਖ਼ਮੀਰੀ ਰੋਟੀ ਖਾਂਦਾ ਹੈ ਵਿਰਲਾਪ ਕਰਦੇ ਹੋਏ ਤੇ ਜੇ ਉਹ ਕੀੜੀ ਤੋਂ ਵੀ ਵੱਧ ਕਮਜ਼ੋਰ ਹੋ ਜਾਵੇ, ਇਸ਼ਕ ਉਸਨੂੰ ਯੋਧੇ ਜਿੰਨੀ ਤਾਕਤ ਬਖ਼ਸ਼ਦਾ ਹੈ।’ ਇੱਕ ਚਿੰਤਨਸ਼ੀਲ ਦੀ ਛੋਟੀ ਕਹਾਣੀ ਇੱਕ ਮਸਤਾਨਾ, ਰੱਬ ਦੇ ਪਿਆਰ ਵਿੱਚ ਦੀਵਾਨਾ ਹੋਇਆ ਗਲੀਆਂ ਵਿੱਚ ਨਿਰਵਸਤਰ ਭਉਂਦਾ ਫਿਰਦਾ ਸੀ, ਜਦ ਕਿ ਦੂਜੇ ਲੋਕਾਂ ਦੇ ਕੱਪੜੇ ਪਾਏ ਹੋਏ ਸਨ । ਉਹ ਹੱਥ ਉੱਪਰ ਉਠਾ ਕੇ ਬੋਲਿਆ, ‘ਹੇ ਖ਼ੁਦਾ, ਮੈਨੂੰ ਵੀ ਸੋਹਣੇ ਬਸਤਰ ਦੇ, ਤਾਂ ਕਿ ਮੈਂ ਵੀ ਲੋਕਾਂ ਜਿਹਾ ਲੱਗ ਸਕਾਂ।’ ਅਣਦਿਸਦੀ ਦੁਨੀਆਂ ‘ਚੋਂ ਇੱਕ ਆਵਾਜ਼ ਆਈ, ‘ਮੈਂ ਤੈਨੂੰ ਦਿੱਤਾ ਤਾਂ ਹੈ ਸੂਰਜ, ਬੈਠ ਤੇ ਇਸਦਾ ਆਨੰਦ ਲੈ।’ ਮਸਤਾਨਾ ਬੋਲਿਆ, ‘ਮੇਰੇ ਲਈ ਇਹ ਸਜ਼ਾ ਕਿਉਂ? ਕੀ ਤੇਰੇ ਕੋਲ਼ ਸੂਰਜ ਤੋਂ ਚੰਗਾ ਲਿਬਾਸ ਨਹੀਂ?’ ‘ਸ਼ਾਂਤੀ ਨਾਲ਼ ਦਸ ਦਿਨ ਉਡੀਕ ਕਰ, ਤੇ ਬਿਨਾ ਹੋਰ ਕਸ਼ਟ ਦਿੱਤੇ ਮੈਂ ਤੈਨੂੰ ਹੋਰ ਪੁਸ਼ਾਕ ਦੇਵਾਂਗਾ।’ ਆਵਾਜ਼ ਨੇ ਜਵਾਬ ਦਿੱਤਾ। ਸੂਰਜ ਉਸ ਨੂੰ ਅੱਠ ਦਿਨ ਤੱਕ ਝੁਲਸਾਉਂਦਾ ਰਿਹਾ; ਫਿਰ ਇੱਕ ਗਰੀਬ ਆਦਮੀਂ ਆਇਆ ਤੇ ਉਸ ਨੂੰ ਕੁਝ ਕੱਪੜੇ ਦੇ ਕੇ ਗਿਆ, ਜਿਹੜੇ ਥਾਂ-ਥਾਂ ਤੋਂ ਟਾਕੀਆਂ ਲਾ ਕੇ ਸਿਉਂਤੇ ਹੋਏ ਸਨ। ਮਸਤਾਨਾ ਫਿਰ ਰੱਬ ਨੂੰ ਕਹਿਣ ਲੱਗਾ, ‘ਤੂੰ, ਜੋ ਸਰਵ-ਗਿਆਤਾ ਹੈਂ, ਤੂੰ ਮੇਰੇ ਲਈ ਏਨੀਆਂ ਟਾਕੀਆਂ ਵਾਲੀ ਪੁਸ਼ਾਕ ਭੇਜੀ? ਕੀ ਤੂੰ ਬਾਕੀ ਸਭ ਲਿਬਾਸ ਸਾੜ ਦਿੱਤੇ ਹਨ ਜੋ ਮੇਰੇ ਲਈ ਇਹ ਪੁਰਾਣੇ ਕੱਪੜੇ ਠੀਕ ਕਰਕੇ ਭੇਜਣੇ ਪਏ? ਤੂੰ ਹਜ਼ਾਰਾਂ ਲੀਰਾਂ ਇਕੱਠੀਆਂ ਕਰਕੇ ਇੱਕ ਚੋਲਾ ਸਿਉਂਤਾ, ਕਮਾਲ ਦਾ ਦਰਜ਼ੀ ਹੈਂ ਤੂੰ, ਵੈਸੇ ਤੂੰ ਇਹ ਕਲਾਕਾਰੀ ਸਿੱਖੀ ਕਿੱਥੋਂ?’ ਜਵਾਬ ਮਿਲਿਆ, ‘ਸੌਖਾ ਨਹੀਂ, ਪਰਮਾਤਮਾਂ ਨਾਲ਼ ਲੈਣ-ਦੇਣ ਕਰਨਾਂ। ਬੰਦਾ, ਉਸ ਵੱਲ ਜਾਂਦੀ ਗਲੀ ਦੀ ਧੂੜ ਬਣ ਜਾਵੇ। ਬਹੁਤ ਮੁਸ਼ੱਕਤਾਂ ਤੋਂ ਬਾਅਦ ਤੂੰ ਸੋਚਦਾ ਹੈਂ ਕਿ ਮੰਜ਼ਿਲ ਸਰ ਕਰ ਲਈ ਹੈ, ਤੇਰੇ ਲਈ ਜਰੂਰੀ ਹੈ ਕਿ ਇਹ ਜਾਣ ਲਵੇਂ, ਅਜੇ ਤਾਂ ਸੇਰ ‘ਚੋਂ ਪੂਣੀ ਨਹੀਂ ਕੱਤੀ।’ ਰਾਬੀਆ ਦੀ ਕਹਾਣੀ ਰਾਬੀਆ, ਵੱਡੇ-ਵੱਡੇ ਅਧਿਕਾਰੀ ਨਹੀਂ ਹੋ ਸਕੇ ਜਿਸ ਤਾਜ ਦੇ, ਉਹ ਉਸ ਦੇ ਸਿਰ ‘ਤੇ ਸੀ। ਇੱਕ ਵਾਰ ਉਸ ਨੇ ਕਾਬੇ ਦੀ ਯਾਤਰਾ ਕੀਤੀ, ਜਿਸ ਵਿੱਚ ਉਸਨੂੰ ਅੱਠ ਸਾਲ ਲੱਗ ਗਏ, ਕਿਉਂਕਿ ਉਹ ਡੰਡਾਉਤ ਕਰਦੀ ਹੋਈ ਗਈ ਸੀ ਤੇ ਸਾਰਾ ਰਸਤਾ ਲੰਬੇ ਪੈ ਕੇ ਤੈਅ ਕੀਤਾ। ਅੰਤ ਜਦ ਉਹ ਮੱਕੇ ਦੇ ਦਰ ‘ਤੇ ਪਹੁੰਚ ਗਈ ਤਾਂ ਉਸ ਨੇ ਸੋਚਿਆ, ‘ਆਖ਼ਿਰਕਾਰ ! ਕੀ ਮੈਂ ਆਪਣਾ ਟੀਚਾ ਸਰ ਕਰ ਲਿਆ ਹੈ?” ਤੇ ਜਿਸ ਪਵਿੱਤਰ ਦਿਨ ਉਹ ਕਾਬੇ ਪਹੁੰਚੀ ਤੇ ਅੰਦਰ ਪੈਰ ਧਰਨ ਲੱਗੀ ਸੀ ਤਾਂ ਉਸ ’ਤੇ ਉਹ ਦਿਨ ਤਾਰੀ ਹੋ ਗਏ ਜੋ ਔਰਤਾਂ ਨੂੰ ਮਹੀਨੇ ਵਿੱਚ ਕੁਝ ਦਿਨ ਨਿਭਾਉਣੇ ਪੈਂਦੇ ਹਨ। ਰਾਬੀਆ ਨੇ ਆਪਣਾ ਪੈਰ ਪਿਛਾਂਹ ਖਿੱਚ ਲਿਆ ਤੇ ਬੋਲੀ, ‘ਹੇ ਮਿਹਰਾਂ ਦੇ ਦਾਤੇ ਪਰਮਪਿਤਾ, ਅੱਠ ਸਾਲ, ਮੈਂ ਤੇਰੇ ਦਰ ਦਾ ਪੰਧ ਆਪਣੇ ਸਰੀਰ ਨਾਲ਼ ਭੋਇੰ ਦੀ ਮਿਣਤੀ ਕਰਕੇ ਅੱਠ ਸਾਲ ਵਿੱਚ ਪੂਰਾ ਕੀਤਾ, ਤੇ ਹੁਣ, ਜਦ ਮਸਾਂ ਉਡੀਕ ਦੀਆਂ ਘੜੀਆ ਮੁੱਕੀਆਂ ਸਨ ਤਾਂ ਮੇਰੀਆਂ ਅਰਦਾਸਾਂ ਦੇ ਬਦਲੇ ਵਿੱਚ ਤੂੰ ਮੇਰੇ ਰਾਹ ਵਿੱਚ ਕੰਡੇ ਵਿਛਾ ਦਿੱਤੇ!’ ਇਸ ਘਟਨਾਂ ਦੀ ਮਹਾਨਤਾ ਨੂੰ ਸਮਝਣ ਲਈ ਜਰੂਰੀ ਹੈ ਕਿ ਰਾਬੀਆ ਜਿਹਾ ਕੋਈ ਆਸ਼ਿਕ ਲੱਭਿਆ ਜਾਵੇ, ਬਹੁਤ ਔਖਾ ਹੈ, ਪਰ ਤੱਕੋ ਕਿ ਉਸ ਦੇ ਰਾਹ ਵਿੱਚ ਵੀ ਰੁਕਾਵਟਾਂ ਆ ਗਈਆਂ। ਜਦ ਪਹਿਲੀ ਵਾਰ ਤੁਸੀਂ ਬੁਧੀਮਤਾ ਦੇ ਸਾਗਰ ਵਿੱਚ ਤੈਰਨ ਲਈ ਉਤਰੋਗੇ, ਤਾਂ ਇਸਦੀਆਂ ਦੁਬਿਧਾ ਰੂਪੀ ਲਹਿਰਾਂ ਤੁਹਾਡਾ ਸਵਾਗਤ ਕਰਕੇ ਮੁੜ ਪਿੱਛੇ ਧੱਕਦੀਆਂ ਰਹਿਣਗੀਆਂ। ਤੇ ਜਿਸ ਸਮੇਂ ਤੁਸੀਂ ‘ਕਾਬੇ’ ਦਾਖਲ ਹੋ ਗਏ ਤਾਂ ਹੋ ਸਕਦਾ ਹੈ ਤੁਹਾਨੂੰ ‘ਦੈਰ’ (ਬੁੱਤਖਾਨਾ) ਵਿੱਚ ਧੱਕ ਦਿੱਤਾ ਜਾਵੇ। ਜੇ ਤੁਸੀਂ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਸਕੇ ਤਾਂ ਤੁਸੀਂ ਪਰਮ-ਅਨੰਦ ਦੀ ਪ੍ਰਾਪਤੀ ਕਰ ਸਕੋਗੇ; ਪਰ ਜੇ ਤੁਸੀਂ ਪਦਾਰਥਾਂ ਤੋਂ ਮੁਕਤ ਨਾ ਹੋ ਸਕੇ ਤਾਂ ਤੁਹਾਨੂੰ ਆਪਣਾ ਸਿਰ ਚੱਕੀ ਦੇ ਪੁੜਾਂ ਵਾਂਗ ਮਹਿਸੂਸ ਹੋਵੇਗਾ। ਛੋਟੀ ਤੋਂ ਛੋਟੀ ਮੱਖੀ ਵੀ ਤੁਹਾਡਾ ਧਿਆਨ ਭਟਕਾ ਦੇਵੇਗੀ ਤੇ ਹੱਥ ਨਹੀਂ ਆਵੇਗੀ ਉਹ ਸ਼ਾਂਤੀ ਜਿਸ ਦੀ ਤੁਹਾਨੂੰ ਆਸ ਹੈ ਕਿ ਤੁਸੀਂ ਖੋਜ ਲਓਗੇ। ਰੱਬ ਦਾ ਕੀਤਾ ਹੋਇਆ ਬਉਰਾ ਰੱਬ ਦੇ ਇਸ਼ਕ ਵਿੱਚ ਬਉਰੇ ਹੋਏ ਇੱਕ ਦੀਵਾਨੇ ਦੀ ਇਹ ਆਦਤ ਸੀ ਕਿ ਉਹ ਇੱਕ ਨਿਸਚਿਤ ਜਗ੍ਹਾ ‘ਤੇ ਖਲੋਤਾ ਰਹਿੰਦਾ ਸੀ। ਇੱਕ ਦਿਨ ਮਿਸਰ ਦਾ ਰਾਜਾ, ਜੋ ਅਕਸਰ ਆਪਣੇ ਦਰਬਾਰੀਆਂ ਨਾਲ਼ ਉੱਥੋਂ ਲੰਘਦਾ ਸੀ, ਮਸਤਾਨੇ ਕੋਲ਼ ਰਕਿਆ ਤੇ ਬੋਲਿਆ, ‘ਮੈਂ ਲਗਾਤਾਰ ਤੇਰੇ ਵਿੱਚ ਸਹਿਜ, ਸ਼ਾਂਤੀ ਤੇ ਵਿਸ਼ਰਾਮ ਦੇ ਗੁਣ ਦੇਖਦਾ ਹਾਂ।’ ਬਉਰਾ ਬੋਲਿਆ, ‘ਮੈਂ ਸ਼ਾਂਤ ਕਿਵੇਂ ਹੋ ਸਕਦਾਂ, ਤੁਸੀਂ ਦੇਖਿਆ ਨਹੀਂ ਕਿ ਮੈਂ ਪਿੱਸੂਆਂ ਤੇ ਮੱਖੀਆਂ ਨਾਲ਼ ਭਰਿਆ ਹਾਂ? ਸਾਰਾ ਦਿਨ ਮੱਖੀਆਂ ਮੈਨੂੰ ਸਤਾਉਂਦੀਆਂ ਹਨ ਤੇ ਰਾਤਾਂ ਨੂੰ ਪਿੱਸੂ ਨਹੀਂ ਸੌਣ ਦਿੰਦੇ । ਇੱਕ ਛੋਟਾ ਜਿਹਾ ਮੱਛਰ, ਜੋ ਨਮਰੂਦ ਦੇ ਦਿਮਾਗ ਵਿੱਚ ਚਲਾ ਗਿਆ ਸੀ, ਉਸ ਮੂਰਖ਼ ਨੂੰ ਸਦੀਆਂ ਤੱਕ ਸਤਾਉਂਦਾ ਰਿਹਾ। ਸ਼ਾਇਦ ਮੈਂ ਅੱਜ ਦਾ ਨਮਰੂਦ ਹਾਂ, ਇਸੇ ਲਈ ਮੇਰੇ ਕੋਲ਼ ਮੇਰੇ ਹਿੱਸੇ ਦੇ ਮੇਰੇ ਮਿੱਤਰ ਹਨ, ਪਿੱਸੂ, ਮੱਖੀਆਂ, ਮੱਛਰ।’ਵੀਹ ਤੀਜੇ ਪੰਛੀ ਦਾ ਭਾਸ਼ਨ ਤੀਜਾ ਪੰਛੀ ਹੁਦਹੁਦ ਨੂੰ ਕਹਿਣ ਲੱਗਾ, ‘ਮੈਂ ਗੁਨਾਹਾਂ ਨਾਲ਼ ਭਰਿਆ ਹੋਇਆ ਹਾਂ, ਸੋ ਏਨੇ ਬੋਝ ਨਾਲ਼ ਮੈਂ ਇਸ ਰਾਹ ‘ਤੇ ਕਿਵੇਂ ਚੱਲ ਸਕਦਾ ਹਾਂ? ਕੀ ਕੋਈ ਵਿਸ਼ਟਾ ਦੀ ਮੱਖੀ ਵੀ ਕੀਮਤ ਰੱਖਦੀ ਹੈ ਕੋਹ-ਕਾਫ਼ ਵਸਦੇ ਸੀਮੁਰਗ਼ ਦੇ ਦਰਸ਼ਨਾਂ ਦੀ? ਕਿਵੇਂ ਕੋਈ ਪਾਪੀ, ਜਿਸ ਨੇ ਸੱਚੇ ਪੰਥ ਵੱਲ ਪਿੱਠ ਕਰ ਲਈ ਹੈ, ‘ਸੱਚੇ ਪਾਤਸ਼ਾਹ’ ਦੇ ਦਰਬਾਰ ਵਿੱਚ ਦਾਖਲ ਹੋ ਸਕਦਾ ਹੈ?’ ਹੁਦਹੁਦ ਨੇ ਜਵਾਬ ਦਿੱਤਾ, ‘ਹੇ ਹਤਾਸ਼ ਪੰਛੀ, ਚਿੱਤ ਵਿੱਚ ਆਸ ਜਿਉਂਦੀ ਰੱਖ, ਅਰਦਾਸ ਕਰ ਕ੍ਰਿਪਾ ਤੇ ਹਿੱਤ ਲਈ। ਹਲਕੇ ਜਹੇ ਆਪਣੀ ਢਾਲ ਲਾਹ ਕੇ ਸੁੱਟ ਦੇ, ਹਲਾਂਕਿ ਤੇਰੇ ਲਈ ਸਚਮੁਚ ਮੁਸ਼ਕਿਲ ਹੋਵੇਗੀ। ਜੇ ਤੂੰ ਸੱਚੇ ਮਨੋਂ ਯਾਤਰਾ ਕਰੇਂ ਤਾਂ ਤੂੰ ਵੀ ਮਹਾਨ ਰਸਤੇ ਦੇ ਜੇਤੂਆਂ ਵਿੱਚ ਸ਼ਾਮਿਲ ਹੋਵੇਂਗਾ।’ ਇੱਕ ਅਪਰਾਧੀ ਦੀ ਛੋਟੀ ਕਹਾਣੀ ਬਹੁਤ ਪਾਪ ਕਰ ਚੁੱਕਾ ਇੱਕ ਅਪਰਾਧੀ, ਬਹੁਤ ਪਛਤਾਵੇ ਵਿੱਚ ਸੀ ਤੇ ਸਹੀ ਰਸਤੇ ‘ਤੇ ਮੁੜ ਆਇਆ ਸੀ। ਪਰ ਸਮਾਂ ਬੀਤਣ ਨਾਲ਼, ਉਸ ਦੀਆਂ ਪਦਾਰਥਕ ਇੱਛਾਵਾਂ ਪ੍ਰਬਲ ਹੋ ਰਹੀਆਂ ਸਨ ਅਤੇ ਉਸ ਨੇ ਆਪਣਾ ਆਪਾ ਮੁੜ ਸ਼ੈਤਾਨ ਨੂੰ ਸੌਂਪ ਦਿੱਤਾ ਤੇ ਮੁੜ ਗੁਨਾਹ ਕਰਨ ਲੱਗਾ। ਦੁੱਖਾਂ ਨੇ ਉਸ ਦਾ ਦਿਲ ਨਿਚੋੜ ਦਿੱਤਾ ਤੇ ਉਸ ਨੂੰ ਬਹੁਤ ਮਾੜੀ ਹਾਲਾਤ ਵੱਲ ਧੱਕ ਦਿੱਤਾ। ਮੁੜ ਉਸ ਨੇ ਆਪਣਾ ਵਤੀਰਾ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਹਿੰਮਤ ਜਵਾਬ ਦੇ ਚੁੱਕੀ ਸੀ। ਉਸ ਦਾ ਦਿਲ, ਗਰਮ ਰੇਤ ਵਿੱਚ ਭੁੱਜ ਰਹੇ ਮੱਕੀ ਦੇ ਦਾਣੇ ਵਾਂਗ, ਦਿਨ- ਰਾਤ ਧੜਕਦਾ ਰਹਿੰਦਾ ਸੀ। ਉਸ ਦੇ ਹੰਝੂ ਭੋਇੰ ਗਿੱਲੀ ਕਰ ਦਿੰਦੇ ਸਨ। ਇੱਕ ਸਵੇਰ, ਇੱਕ ਰਹੱਸਮਈ ਆਵਾਜ਼ ਨੇ ਉਸ ਨਾਲ਼ ਗੱਲ ਕੀਤੀ, ‘ਸੁਣ, ਬ੍ਰਹਿਮੰਡਾਂ ਦੇ ਸੁਆਮੀਂ ਨੂੰ । ਜਦ ਤੂੰ ਪਹਿਲੀ ਵਾਰ ਤੌਬਾ ਕੀਤੀ ਤਾਂ ਉਹ ਮਨਜ਼ੂਰ ਕੀਤੀ ਗਈ। ਹਲਾਂਕਿ ਤੂੰ ਸਜ਼ਾ ਦਾ ਭਾਗੀ ਸੀ, ਪਰ ਬਖ਼ਸ਼ ਦਿੱਤਾ ਗਿਆ। ਦੂਜੀ ਵਾਰ ਜਦੋਂ ਤੂੰ ਗੁਨਾਹ ਕੀਤੇ ਤਾਂ ਤੈਨੂੰ ਮੁਹਲਤ ਦਿੱਤੀ ਗਈ, ਤੇ ਹੁਣ, ਜਦ ਕਿ ਨਰਾਜ਼ਗੀ ਹੈ ਤੇਰੇ ਨਾਲ਼, ਫਿਰ ਵੀ ਤੈਨੂੰ ਮੌਤ ਨਹੀਂ ਦਿੱਤੀ ਗਈ। ਅੱਜ, ਹੈ ਨਾਸਮਝ, ਤੂੰ ਫੇਰ ਸਵੀਕਾਰ ਕਰ ਰਿਹਾ ਹੈਂ ਆਪਣਾ ਕਪਟ ਤੇ ਚਾਹੁੰਦਾ ਹੈਂ ਕਿ ਤੀਜੀ ਵਾਰ ਤੈਨੂੰ ਅਪਨਾ ਲਿਆ ਜਾਵੇ । ਜਾ ਮੁੜ ਸੱਚੇ ਪੰਧ ਉੱਤੇ, ਮੈਂ ਤੇਰੇ ਲਈ ਮੁੜ ਖੋਲ੍ਹ ਦੇਵਾਂਗਾ ਆਪਣੇ ਦਰ ਤੇ ਉਡੀਕ ਕਰੀਂ, ਜਦ ਤੂੰ ਤਿਆਗ ਦਿੱਤੇ ਸਭ ਪਾਪ ਤੇ ਸਚਮੁਚ ਬਦਲ ਗਿਆ ਤਾਂ ਤੇਰੇ ਪਾਪ ਫੇਰ ਮੁਆਫ ਕਰ ਦਿੱਤੇ ਜਾਣਗੇ।’ ਜ਼ਿਬਰਾਈਲ ਫਰਿਸ਼ਤਾ ਅਤੇ ਚੰਗੀ ਭਾਵਨਾ ਇੱਕ ਰਾਤ, ਜਦ ਜ਼ਿਬਰਾਈਲ ਫਰਿਸ਼ਤਾ ਸਿਦਰਾਹ) ਕੋਲ ਸੀ ਤਾਂ ਉਸ ਨੇ ਸੁਣਿਆਂ ਕਿ ਪਰਮੇਸ਼ਰ ਸਹਿਮਤੀ ਦੇ ਸ਼ਬਦ ਬੋਲ ਰਿਹਾ ਸੀ, ‘ਮੈਂ ਏਥੇ ਹਾਂ’। ਫੇਰ ਉਸ ਸੁਣਿਆਂ ਕਿ ਇੱਕ ਹੋਰ ਆਵਾਜ਼ ਆਈ ਜੋ ਰੋਂਦੀ ਹੋਈ ਪ੍ਰਾਰਥਨਾਂ ਕਰ ਰਹੀ ਸੀ, ‘ਕੌਣ ਜਾਣਦੈ ਕਿ ਇਹ ਕਿਸਦੀ ਆਵਾਜ਼ ਹੈ?’ ਜ਼ਿਬਰਾਈਲ ਬੋਲਿਆ, ‘ਮੈਂ ਦਾਅਵੇ ਨਾਲ਼ ਕਹਿ ਸਕਦਾਂ ਕਿ ਇਹ ਉਹ ਹੈ, ਜਿਸਨੇ ਹਉਮੈ ਮਾਰ ਲਈ ਹੈ ਤੇ ਜਿਸਦੀ ਆਤਮਾਂ ਸਭ ਤੋਂ ਪਵਿੱਤਰ ਤੇ ਸ਼ੁੱਧ ਹੈ।’ ਪਰ ਬਹਿਸ਼ਤਾਂ ਵਿੱਚ ਇਸ ਨੂੰ ਕੋਈ ਨਹੀਂ ਜਾਣਦਾ। ਜ਼ਿਬਰਾਈਲ, ਇਸ ਵਿਸਮਾਦੀ ਰੂਹ ਜੋ ਕਿਸੇ ਨਾਸ਼ਵੰਤ ਸਰੀਰ ਵਿੱਚ ਹੀ ਸੀ, ਨੂੰ ਲੱਭਣ ਲਈ ਤੁਰਿਆ। ਉਸਨੇਂ ਧਰਤੀ, ਪਹਾੜ, ਟਾਪੂ, ਮੈਦਾਨ ਸਭ ਛਾਣ ਦਿੱਤੇ, ਪਰ ਉਸ ਨੂੰ ਨਾ ਲੱਭ ਸਕਿਆ। ਅੰਤ ਉਹ ਪਰਮਾਤਮਾਂ ਦੇ ਦਰ ‘ਤੇ ਆਇਆ ਤੇ ਮਦਦ ਲਈ ਪ੍ਰਰਾਥਨਾ ਕੀਤੀ, ‘ਹੇ ਪਰਮੇਸ਼ਰ, ਕਿਹੜਾ ਰਸਤਾ ਮੈਨੂੰ ਤੇਰੇ ਇਸ ਸੇਵਕ ਕੋਲ਼ ਲੈ ਕੇ ਜਾਏਗਾ?’ ‘ਖੋਜ, ਰੋਮ ਵਿੱਚ,’ ਆਵਾਜ਼ ਆਈ, ‘ਤੇ ਇੱਕ ਚਰਚ ਵਿੱਚ ਉਹ ਤੈਨੂੰ ਲੱਭ ਪਵੇਗਾ।’ ਜ਼ਿਬਰਾਈਲ ਉੱਥੇ ਪਹੁੰਚਿਆ ਤੇ ਦੇਖਿਆ ਕਿ ਇੱਕ ਸਵਰਗੀ ਸ਼ੈਅ ਮੂਰਤੀਆਂ ਅੱਗੇ ਝੁਕ ਰਹੀ ਸੀ, ‘ਹੇ ਸੰਸਾਰਾਂ ਦੇ ਮਾਲਕ’, ਜ਼ਿਬਰਾਈਲ ਬੋਲਿਆ, ‘ਇਸ ਰਹੱਸ ਤੋਂ ਪਰਦੇ ਲਾਹ ਸੁੱਟ। ਕਿਸ ਤਰ੍ਹਾਂ ਤੂੰ ਚਰਚ ਵਿੱਚ ਦੁਆ ਕਰ ਰਹੇ ਕਿਸੇ ਮੂਰਤੀ ਪੂਜਕ ਦੀ ਪ੍ਰਾਰਥਨਾ ਦਾ ਜਵਾਬ ਦੇ ਸਕਦਾ ਹੈ?’ ‘ਇਸ ਦਾ ਦਿਲ ਹਨੇਰੇ ਵਿੱਚ ਹੈ। ਇਹ ਸੱਚੇ ਰਾਹ ਤੋਂ ਅਣਜਾਣ ਹੈ ਤੇ ਨਹੀਂ ਜਾਣਦਾ ਕਿ ਇਹ ਰਸਤਾ ਭਟਕ ਚੁੱਕਾ ਹੈ ਤੇ ਜਦ ਕਿ ਇਹ ਭੁਲੇਖੇ ਵਿੱਚ ਭਟਕਿਆ ਹੈ ਮੇਰੇ ਪਿਆਰ ਤੇ ਦਇਆ ਨੇ ਇਸ ਨੂੰ ਬਖ਼ਸ਼ ਦਿੱਤਾ ਹੈ ਤੇ ਮੈਂ ਇਸ (1) (ਸੱਤਵੇਂ ਆਕਾਸ਼ ਦਾ ਇੱਕ ਪਵਿੱਤਰ ਰੁੱਖ) ਲਈ ਉੱਚ ਅਵਸਥਾ ਤੇ ਬਹਿਸ਼ਤ ਦਾ ਰਾਹ ਖੋਲ੍ਹ ਦਿੱਤਾ ਹੈ ।’ ਇਲਾਹੀ ਆਵਾਜ਼ ਨੇ ਜਵਾਬ ਦਿੱਤਾ। ਕਿਸੇ ਨੂੰ ਵੀ ਛੋਟੀਆਂ ਲੱਗਣ ਵਾਲੀਆਂ ਚੀਜ਼ਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਤਿਆਗ ਕਿਸੇ ਬਜ਼ਾਰ ਵਿੱਚ ਮੁੱਲ ਨਹੀਂ ਵਿਕਦਾ; ਤੇ ਨਾ ਹੀ ਪਰਮਪਿਤਾ ਦੇ ਦਰਬਾਰ ਵਿੱਚ ਥੋੜੀ ਯੋਗਤਾ ਨਾਲ਼ ਪਹੁੰਚਿਆ ਜਾ ਸਕਦਾ ਹੈ। ਭਾਵਨਾ ਸ਼ੁੱਧ ਤੇ ਚੰਗੀ ਹੋਣੀ ਜਰੂਰੀ ਹੈ। ਸੂਫੀ ਇੱਕ ਸੂਫੀ ਬਗਦਾਦ ਨੂੰ ਜਾਣ ਦੀ ਕਾਹਲ ਵਿੱਚ ਸੀ, ਉਸ ਨੇ ਕਿਸੇ ਨੂੰ ਕਹਿੰਦੇ ਸੁਣਿਆਂ ਸੀ, ‘ਮੇਰੇ ਕੋਲ਼ ਬਹੁਤ ਸ਼ਹਿਦ ਹੈ ਤੇ ਬਹੁਤ ਘੱਟ ਮੁੱਲ ‘ਤੇ ਦੇ ਦੇਵਾਂਗਾ ਜੇ ਕੋਈ ਖ੍ਰੀਦਾਰ ਮਿਲ ਗਿਆ ਤਾਂ।’ ਸੂਫੀ ਬੋਲਿਆ, ‘ਪਿਆਰੇ ਮਿੱਤਰ, ਕੀ ਤੂੰ ਮੈਨੂੰ ਥੋੜਾ ਜਿਹਾ ਦੇ ਸਕਦਾ ਹੈ, ਸ਼ੁਕਰਾਨੇ ਜਾਂ ‘ਕੁਝ ਨਹੀਂ” ਦੇ ਬਦਲੇ ਵਿੱਚ?’ ਉਹ ਆਦਮੀਂ ਗੁੱਸੇ ਵਿੱਚ ਬੋਲਿਆ, ‘ਭੱਜ ਜਾ ਏਥੋਂ ਤੂੰ ਪਾਗਲ ਲਾਲਚੀ । ਕੀ ਤੂੰ ਨਹੀਂ ਜਾਣਦਾ ਕਿ ‘ਕੁਝ ਨਹੀਂ’ ਦੇ ਬਦਲੇ ਵਿੱਚ ‘ਕੁਝ ਨਹੀਂ’ ਮਿਲਦਾ ਹੈ?’ ਸੂਫੀ ਦੇ ਅੰਦਰੋਂ ਆਵਾਜ਼ ਆਈ, ‘ਹੁਣੇ ਤਿਆਗ ਦੇ ਇਹ ਥਾਂ ਤੇ ਮੈਂ ਤੈਨੂੰ ਦੇਵਾਂਗਾ, ਜੋ ਪੈਸੇ ਨਾਲ਼ ਨਹੀਂ ਖ੍ਰੀਦਿਆ ਜਾ ਸਕਦਾ; ਚੰਗੇ ਭਾਗ ਤੇ ਸਭ ਜੋ ਤੂੰ ਅਸਲ ਵਿੱਚ ਲੋਚਦਾ ਹੈਂ। ਪਰਮਾਤਮਾਂ ਦੀ ਦਯਾ ਦਗ਼ਦੇ ਸੂਰਜ ਵਾਂਗ ਹੈ ਜੋ ਹਰ ਛੋਟੇ ਤੋਂ ਛੋਟੇ ਕਣ (ਅਣੂ) ਤੱਕ ਪਹੁੰਚਦੀ ਹੈ। ਏਥੋਂ ਤਕ ਕਿ ਪਰਮੇਸ਼ਰ ਨੇ ਮੂਸਾ ਨੂੰ ਵੀ ਝਿੜਕਿਆ ਸੀ ਇੱਕ ਨਾਸਤਿਕ ਕਰਕੇ।’ ਪਰਮੇਸ਼ਰ ਦੀ ਮੂਸਾ ਨੂੰ ਝਿੜਕ ਇੱਕ ਦਿਨ ਪਰਮਪਿਤਾ ਨੇ ਮੂਸਾ ਨੂੰ ਪੁੱਛਿਆ, ‘ਕੋਰਾਹ, ਜਦੋਂ ਰੁਦਨ ਕਰ ਰਿਹਾ ਸੀ, ਨੇ ਸੱਤਰ ਵਾਰ ਤੈਨੂੰ ਆਵਾਜ਼ ਦਿੱਤੀ ਤੇ ਤੂੰ ਇੱਕ ਵਾਰ ਵੀ ਜਵਾਬ ਨਹੀਂ ਦਿੱਤਾ। ਜੇ ਉਹ ਮੈਨੂੰ ਇੱਕ ਵਾਰ ਵੀ ਪੁਕਾਰਦਾ, ਤਾਂ ਮੈਂ ਕੱਢ ਲੈਣਾ ਸੀ ਉਸ ਦਾ ਦਿਲ ਬਹੁਦੇਵਵਾਦ ਦੇ ਖੂਹ ਵਿੱਚੋਂ, ਤੇ ਢਕ ਦੇਣੀ ਸੀ ਉਸ ਦੀ ਛਾਤੀ ਵਿਸ਼ਵਾਸ਼ ਦੇ ਲਿਬਾਸ ਨਾਲ਼ । ਹੋ ਮੁਸਾ, ਤੂੰ ਉਸ ਦੇ ਸੈਕੜੇ ਸੰਤਾਪ ਭੋਗਣ ਦਾ (1) (ਇਜ਼ਹਾਰ ਦਾ ਪੱਤਰ ਤੇ ਮੁਸਾ ਵਿਰੁੱਧ ਹੋਈ ਬਗਾਵਤ ਦਾ ਮੁਖੀ-ਕੂਚ 6:21 ਤੇ ਗਿਣਤੀ 16:1-40)
ਕਾਰਨ ਹੈਂ, ਤੂੰ ਉਸ ਨੂੰ ਅਪਮਾਨ ਦੀ ਅੱਗ ਵਿੱਚ ਧਰਤੀ ‘ਤੇ ਛੱਡ ਦਿੱਤਾ ਹੈ। ਜੇ ਤੂੰ ਉਸ ਦਾ ਸਿਰਜਨਹਾਰ ਪਿਤਾ ਹੁੰਦਾ ਤਾਂ ਤੂੰ ਉਸ ਪ੍ਰਤੀ ਘੱਟ ਕਠੋਰਤਾ ਵਿਖਾਉਂਦਾ।’ ਉਹ ਜੋ ਨਿਮਰ ਹੁੰਦੇ ਹਨ ਤੇ ਭਲਾ ਕਰਦੇ ਹਨ ਉਹਨਾਂ ਦਾ ਵੀ ਜੋ ਬੁਰੇ ਹੋਣ,(2) ਦਿਆਲਤਾ ਦੇ ਸੋਮੇਂ ਕਹਿ ਕੇ ਸਤਿਕਾਰੇ ਜਾਣਗੇ ‘ਸਚੇ ਦਰਬਾਰ’ ਵਿੱਚ। ਪਰਮਾਤਮਾਂ ਕਿਰਪਾ, ਮਿਹਰ ਤੇ ਦਿਆਲਤਾ ਦਾ ਸਮੁੰਦਰ ਹੈ ਤੇ ਸਾਡੇ ਪਾਪ ਜਦ ਹੰਝੂ ਬਣਕੇ ਉਸ ਸਮੁੰਦਰ ਵਿੱਚ ਡਿੱਗਣਗੇ ਤਾਂ ਪਲ ਵਿੱਚ ਬਖ਼ਸ਼ ਦਿੱਤੇ ਜਾਣਗੇ। ਜੇ ਤੁਸੀਂ ਵੀ ਉਹੀ ਗਲਤੀਆਂ ਦੁਹਰਾਉਗੇ ਜੋ ਉਹ ਕਰਦੇ ਨੇ, ਜਿਹਨਾਂ ਨੂੰ ਬੁਰੇ ਕਿਹਾ ਜਾਂਦਾ ਹੈ, ਤਾਂ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਜਾਓਗੇ ਤੇ ਸ਼ੈਤਾਨ ਦੇ ਰਾਹ ‘ਤੇ ਤੁਰ ਪਓਗੇ। ਪਾਪੀ ਜੋ ਸਵਰਗ ਨਿਵਾਸੀ ਬਣਿਆਂ ਇੱਕ ਗੁਨਾਹ ਤੇ ਪਾਪ ਕਰਨ ਵਾਲੇ ਬੰਦੇ ਦੀ ਮੌਤ ਹੋ ਗਈ। ਜਦੋਂ ਉਸ ਦਾ ਜ਼ਨਾਜ਼ਾ ਕਬਰਿਸਤਾਨ ਵੱਲ ਜਾ ਰਿਹਾ ਸੀ ਤਾਂ ਇੱਕ ਧਰਮੀਂ, ਜੋ ਪੱਕਾ ਨਮਾਜ਼ੀ ਸੀ ਤੇ ਰੋਜ਼ੇ ਰੱਖਦਾ ਸੀ, ਨੇ ਦਿਖਾਵੇ ਤੇ ਦੰਭ ਵਿੱਚ ਅਰਥੀ ਵੱਲ ਪਿੱਠ ਕਰ ਲਈ, ਉਹ ਕਿਵੇਂ ਤੱਕ ਸਕਦਾ ਸੀ ਐਸੇ ਪਾਪੀ ਦੀ ਰੂਹ ਤਿਆਗ ਚੁੱਕੀ ਦੇਹ ਵੀ? ਉਸੇ ਰਾਤ ਮਰ ਚੁੱਕੇ ਪਾਪੀ ਨੂੰ ਉਸ ਨੇ ਸੁਪਨੇਂ ਵਿੱਚ ਤੱਕਿਆ, ਉਸਦਾ ਰੂਪ ਤਾਂ ਬਿਲਕੁਲ ਬਦਲ ਚੁੱਕਾ ਸੀ, ਇਲਾਹੀ ਪ੍ਰਕਾਸ਼ ਉਸਦੇ ਮੁੱਖੜੇ ਨੂੰ ਨੂਰ ਬਖ਼ਸ਼ ਰਿਹਾ ਸੀ। ‘ਕਿਵੇਂ?, ਬਹਿਸ਼ਤਾਂ ਦੇ ਦਰਵਾਜ਼ੇ ਤੇਰੇ ਜਹੇ ਲਈ ਕਿਵੇਂ ਖੁੱਲ ਗਏ?’ ਉਸ ਨੇ ਪੁੱਛਿਆ, ‘ਗੰਦਗੀ ਤੇ ਧੱਬਿਆਂ ਨਾਲ਼ ਪੈਰਾਂ ਤੋ ਸਿਰ ਤਕ ਭਰੇ ਹੋਏ ਇੱਕ ਪਾਪੀ ਲਈ?’ ‘ਪਰਮਪਿਤਾ ਨੇ ਤੇਰੀ ਬੇਰਹਿਮੀ, ਘ੍ਰਿਣਾ ਤੇ ਹੰਕਾਰ ਤੱਕਿਆ, ਤੇ ਉਸ ਨੂੰ ਮੇਰੀ ਵਿਚਾਰੀ ਗਰੀਬ, ਤ੍ਰਿਸਕਾਰੀ ਗਈ ਆਤਮਾਂ ’ਤੇ ਤਰਸ ਆ ਗਿਆ’, ਉੱਤਰ ਮਿਲਿਆ। ਮਾਨਵ ਜਾਤੀ ਨਾਲ਼ ਫਰਿਸ਼ਤਿਆਂ ਦਾ ਸਾੜਾ ਅੱਬਾਸ ਬੋਲਿਆ, ‘ਕਿਆਮਤ ਦੇ ਦਿਨ, ਜਦ ਡਰ ਮਨੁੱਖ ਨੂੰ ਭੱਜਣ (2) (ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥)
ਲਈ ਮਜ਼ਬੂਰ ਕਰੇਗਾ, ਪਰ ਅਪੰਗਤਾ ਭੱਜਣ ਨਹੀਂ ਦੇਵੇਗੀ ਉਹਨਾਂ ਨੂੰ । ਜਦ ਪਾਪੀ, ਦੋਸ਼ੀ ਸ਼ਰਮ ਨਾਲ਼ ਸਿਰ ਝੁਕਾ ਕੇ ਭੱਜਦੇ ਹੋਏ ਠੋਕਰਾਂ ਖਾਣਗੇ, ਜਦ ਦਹਿਸ਼ਤ ਜਕੜ ਲਏਗੀ ਮਾਨਵ ਜਾਤੀ ਨੂੰ ਤੇ ਹਰ ਮਨੁੱਖ ਆਪਣਾ ਦੁਖੀ ਚਿਹਰਾ ਲਕੋਣ ਲਈ ਥਾਂ ਲੱਭੇਗਾ। ਫੇਰ ਪਰਮੇਸ਼ਰ, ਜਿਸਨੂੰ ਧਿਆਉਂਦੇ ਹਨ, ਸਭ ਧਰਤੀਆਂ ਤੇ ਸਵਰਗ, ਕੀ ਉਹ ਬਖ਼ਸ਼ੇਗਾ ਮਨੁੱਖਾਂ ਨੂੰ ਆਪਣਾ ਆਸ਼ੀਰਵਾਦ ਜਾਂ ਧੂੜ ਦੀ ਇੱਕ ਮੁੱਠ ।’ ਫਰਿਸ਼ਤੇ ਚੀਖ਼ਣਗੇ, ‘ਪਰਮਾਤਮਾਂ, ਕੀ ਇਹੀ ਹੈ ਮਨੁੱਖ, ਜਿਸਨੂੰ ਸਾਡੇ ਸਭ ਨਾਲ਼ੋਂ ਜਿਆਦਾ ਤਰਜੀਹ ਦਿੱਤੀ ਗਈ?’ ਜਵਾਬ ਮਿਲੇਗਾ, ‘ਏਥੇ ਤੁਹਾਡੇ ਵਿੱਚ ਲਾਭ ਜਾਂ ਹਾਨੀ ਨਾਲ਼ ਕੋਈ ਫਰਕ ਨਹੀਂ ਪੈਂਦਾ, ਪਰ ਮਨੁੱਖ ਆਪਣੇ ਸੰਸਾਰਿਕ ਕਾਲ ਦੀ ਸੀਮਾਂ ‘ਤੇ ਪਹੁੰਚ ਗਿਆ ਹੈ, ਭੁੱਖ ਦੀ ਪੂਰਤੀ ਰੋਟੀ ਨਾਲ਼ ਹੀ ਹੁੰਦੀ ਹੈ, ਸੋ ਨਾਸ਼ਵੰਤ ਟੋਲਾ ਰੌਲਾ ਤਾਂ ਪਾਏਗਾ ਹੀ ਜਦ ਭੁੱਖ ਲੱਗੇਗੀ।’
.