ਪੁਰਾਤਨ ਸਮੇਂ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੱਕ ਦਾ ਪੰਜਾਬ ਬਾਰੇ ਗੱਲ ਕਰੀਏ ਤਾਂ ਕੁਦਰਤ ਵੱਲੋਂ ਨੀਅਤ ਕੀਤੀਆਂ ਗਈਆਂ ਹੱਦਾਂ ਦੀ ਵਿਚਕਾਰਲੀ ਧਰਤੀ ਨੂੰ ਭੂਗੋਲਕ ਖੇਤਰ ਕਿਹਾ ਜਾਂਦਾ ਹੈ । ਪਰ ਕੁਝ ਖੇਤਰਾਂ ਦੀਆਂ ਹੱਦਾ ਵਿਅਕਤੀਆਂ ਦੁਆਰਾ ਕਾਇਮ ਕੀਤੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਰਾਜਨੀਤਕ ਖੇਤਰ ਦਾ ਨਾ ਦਿੱਤਾ ਜਾਂਦਾ ਹੈ। ਰਾਜਨੀਤਕ ਹੱਦਾਂ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ ਪਰ ਭੂਗੋਲਕ ਹੱਦਾਂ ਹਰ ਸਮੇਂ ਸਥਿਰ ਰਹਿੰਦੀਆਂ ਹਨ । ਜਿੱਥੋਂ ਤੱਕ ਪੰਜਾਬ ਦੇ ਭੂਗੋਲਕ ਖੇਤਰ ਦਾ ਸੰਬੰਧ ਹੈ ਉਸ ਅਨੁਸਾਰ ਪੰਜਾਬ ਉਸ ਖੇਤਰ ਦਾ ਨਾਂ ਹੈ ਜਿਸ ਵਿਚ ਪੰਜ ਦਰਿਆ ਵਹਿੰਦੇ ਹਨ, ਜਿੱਥੇ ਦੀ ਬੋਲੀ ਪੰਜਾਬੀ ਹੈ ਅਤੇ ਜਿੱਥੋਂ ਦਾ ਸਭਿਆਚਾਰ ਵੀ ਪੰਜਾਬੀ ਹੈ । ਇਸ ਤਰ੍ਹਾਂ ਪੰਜਾਬ ਦੀ ਭੂਗੋਲਕ ਪਰੀਭਾਸ਼ਾ ਵਿਚ ਦਰਿਆ, ਬੋਲੀ ਅਤੇ ਸਭਿਆਚਾਰ ਇਹ ਤਿੰਨ ਪੱਖ ਸ਼ਾਮਲ ਹਨ । ਇਨ੍ਹਾਂ ਤਿੰਨਾ ਪੱਖਾ ਉਪਰ ਆਧਾਰਤ ਵਿਆਖਿਆ ਅਨੁਸਾਰ ਪੰਜਾਬ ਦਾ ਭੂਗੋਲਕ ਖੇਤਰ ਨੀਅਤ ਹੁੰਦਾ ਹੈ। ਇਸ ਅਨੁਸਾਰ ਪੰਜ ਦਰਿਆਵਾਂ ਦੇ ਆਲੇ-ਦੁਆਲੇ ਦੇ ਮੈਦਾਨੀ ਖੇਤਰ ਨੂੰ ਪੰਜਾਬ ਕਿਹਾ ਜਾਂਦਾ ਹੈ । ਪੰਜਾਬ ਦੇ ਸ਼ਬਦਾਂ ਪੰਜ ਅਤੇ ਆਬ ਦਾ ਜੋੜ ਹੈ। ‘ਪੰਜ’ ਤੇ ਭਾਵ ਪੰਜ ਦੀ ਗਿਣਤੀ ਤੇ ਹੈ ਅਤੇ ‘ਆਬ’ ਤੋਂ ਭਾਵ ਪਾਣੀ ਹੈ। ਪੰਜ ਪਾਣੀ ਪੰਜ ਦਰਿਆਵਾਂ ਦੇ ਪ੍ਰਤੀਕ ਹਨ। ਇਹ ਪੰਜ ਦਰਿਆ ਹਨ ਜਿਹਲਮ, ਚਿਨਾਬ, ਰਾਵੀ, ਬਿਆਸ ਅਤੇ ਸਤਲੁਜ।
ਉਪਰੋਕਤ ਬਿਰਤਾਂਤ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਅੱਜ ਕਈ ਵਿਦਵਾਨ ਪੰਜਾਬ ਦੀਆਂ ਹੱਦਾਂ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਖੇਤਰਾਂ ਨੂੰ ਵੀ ਇਸ ਵਿਚ ਸ਼ਾਮਲ ਕਰ ਦਿੰਦੇ ਹਨ ਜਿਹੜੇ ਨਾ ਤਾਂ ਪੰਜ ਦਰਿਆਵਾਂ ਦੀ ਪਰੀਭਾਸ਼ਾ ਵਿਚ ਠੀਕ ਬੈਠਦੇ ਹਨ, ਨਾ ਹੀ ਪੰਜਾਬੀ ਬੋਲੀ ਦੇ ਤੌਰ ‘ਤੇ ਪੂਰੇ ਉਤਰਦੇ ਹਨ ਅਤੇ ਨਾ ਹੀ ਪੰਜਾਬੀ ਸਭਿਆਚਾਰ ਦੇ ਤੌਰ ‘ਤੇ। ਪੰਜ ਦਰਿਆਵਾਂ, ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਨਾਲ ਮੇਲ ਨਾ ਰੱਖਣ ਵਾਲਾ ਖੇਤਰ ਕਿਸ ਤਰ੍ਹਾਂ ਪੰਜਾਬ ਅਖਵਾ ਸਕਦਾ ਹੈ ? ਬਰਿਟਿਸ਼ ਲੋਕ ਦੁਨੀਆ ਦੇ ਵੱਡੇ ਭਾਗਾਂ ਨੂੰ ਜਿੱਤਦੇ ਜਿੱਤਦੇ ਸਾਰੇ ਹਿੰਦੁਸਤਾਨ ਉੱਪਰ ਕਈ ਸਦੀਆਂ ਤੱਕ ਰਾਜ ਕਰਦੇ ਰਹੇ ਸਨ ਪਰ ਉਹ ਇੰਗਲੈਂਡ ਦੀ ਭੂਗੋਲਕ ਪਰਿਭਾਸ਼ਾ ਬਿਆਨ ਕਰਨ ਲੱਗੇ ਇਹ ਕਦੇ ਨਹੀਂ ਕਹਿੰਦੇ ਸੀ ਕਿ ਇੰਗਲੈਂਡ ਦੀਆਂ ਭੂਗੋਲਿਕ ਹੱਦਾਂ ਯੂਰਪ ਤੋਂ ਲੈ ਕੇ ਹਿੰਦੁਸਤਾਨ ਦੀ ਪੂਰਬੀ ਹੱਦ ਤੱਕ ਸਨ । ਇਹ ਗੱਲ ਉਨ੍ਹਾ ਦੀ ਰਾਜਨੀਤਕ ਚੜ੍ਹਤ ਦੀ ਪ੍ਰਤੀਕ ਤਾਂ ਹੋ ਸਕਦੀ ਸੀ ਪਰ ਇੰਗਲੈਂਡ ਦੀਆਂ ਭੂਗੋਲਕ ਹੱਦਾਂ ਦੀ ਪ੍ਰਤੀਕ ਕਦੇ ਨਹੀਂ। ਭੂਗੋਲਕ ਤੌਰ ‘ਤੇ ਅੰਗਰੇਜਾਂ ਲਈ ਇੰਗਲੈਂਡ ਸਿਰਫ ਉਤਨਾ ਕੁ ਹੀ ਸਮੁੰਦਰ ਵਿਚ ਘਿਰਿਆ ਹੋਇਆ ਟਾਪੂ ਹੈ ਜਿਹੜਾ ਯੂਰਪ ਦੇ ਪੱਛਮੀ ਕੋਨੇ ‘ਤੇ ਸਥਿਤ ਹੈ। ਇਸ ਲਈ ਜਦੋਂ ਕੋਈ ਇਤਿਹਾਸਕਾਰ ਇਹ ਲਿਖਦਾ ਹੈ ਕਿ ਪੰਜਾਬ ਦੀਆਂ ਹੱਦਾਂ ਸਿੰਧ ਦਰਿਆ ਤੋਂ ਲੈ ਕੇ ਜਮੁਨਾ ਦਰਿਆ ਤੱਕ ਹਿੰਦੂਕੁਸ਼ ਪਰਬਤ ਤੋਂ ਲੈ ਕੇ ਰਾਜਪੁਤਾਨੇ ਤੱਕ ਸਮੇਤ ਕਾਂਗੜਾ, ਮੰਡੀ, ਬਿਲਾਸਪੁਰ, ਲਾਹੌਲ ਸਪਿਤੀ, ਕਸ਼ਮੀਰ, ਸ਼ਿਮਲਾ, ਨਾਹਨ ਦੀਆਂ ਪਹਾੜੀ ਥਾਵਾ ਦੇ, ਤਾਂ ਇਸ ਤੋਂ ਇਹ ਹੀ ਭਾਵ ਲਿਆ ਜਾ ਸਕਦਾ ਹੈ ਕਿ ਨਾ ਤਾਂ ਉਸ ਇਤਿਹਾਸਕਾਰ ਨੂੰ ਭੂਗੋਲਕ ਸ਼ਬਦ ਦਾ ਗਿਆਨ ਹੈ ਅਤੇ ਨਾ ਹੀ ਰਾਜਨੀਤਕ ਸ਼ਬਦ ਦਾ। ਜੇਕਰ ਸਿੰਧ ਤੋਂ ਲੈ ਕੇ ਜਮੁਨਾ ਦਰਿਆ ਤੱਕ ਪੰਜਾਬ ਮੰਨ ਲਿਆ ਜਾਵੇ ਤਾਂ ਪੰਜਾਬ ਦੇ ਆਪਣੇ ਨਾਂ (ਪੰਜ+ਆਬ) ਦੇ ਅਰਥ ਕੀ ਰਹਿ ਜਾਂਦੇ ਹਨ? ਇਸ ਖਿਤੇ ਵਿਚਲੇ ਜੇਕਰ ਛੋਟੇ ਬਰਸਾਤੀ ਦਰਿਆਵਾਂ ਅਟਕ, ਘੱਗਰ ਅਤੇ ਸਰਸਵਤੀ ਨੂੰ ਨਾ ਵੀ ਵਿਚ ਗਿਣਿਆ ਜਾਵੇ ਤਾਂ ਵੀ ਸਿੰਧ ਅਤੇ ਜਮੁਨਾ ਦੇ ਵੱਡੇ ਦਰਿਆਵਾ ਸਮੇਤ ਪੰਜਾਬ ਦੇ ਸੱਤ ਦਰਿਆ ਬਣ ਜਾਂਦੇ ਹਨ। ਕੀ ਪੰਜਾਬ ਨਾ ਸੱਤ ਦਰਿਆਵਾਂ ਦਾ ਸੂਚਕ ਹੈ? ਦੂਸਰੀ ਗੱਲ, ਨਾ ਹੀ ਸਿੰਧ ਦਰਿਆ ਦੇ ਇਲਾਕੇ ਦੀ ਬੋਲੀ ਅਤੇ ਸਭਿਆਚਾਰ ਪੰਜਾਬੀ ਹੈ ਅਤੇ ਨਾ ਹੀ ਜਮੁਨਾ ਦਰਿਆ ਦੇ ਖੇਤਰ ਦੀ। ਕਾਂਗੜਾ ਤੋਂ ਲੈ ਕੇ ਲਾਹੌਲ ਸਪਿਤੀ ਤੱਕ ਦੇ ਪਹਾੜੀ ਖੇਤਰ ਦਾ ਸਾਰਾ ਸਭਿਆਚਾਰ ਹੀ ਪੰਜਾਬ ਤੋਂ ਵੱਖਰਾ ਹੈ। ਨਾ ਉਨ੍ਹਾਂ ਦਾ ਰਹਿਣ-ਸਹਿਣ, ਨਾ ਉਨ੍ਹਾਂ ਦੇ ਰਸਮੇਂ-ਰਿਵਾਜ, ਨਾ ਉਨ੍ਹਾਂ ਦੇ ਕੰਦ-ਕਾਠ ਅਤੇ ਨਾ ਹੀ ਖਾਣ-ਪੀਣ, ਕੁਝ ਵੀ ਪੰਜਾਬ ਨਾਲ ਨਹੀਂ ਮਿਲਦਾ। ਇਤਨੇ ਵਖਰੇਵਿਆ ਭਰਿਆ ਖੇਤਾ ਇਕੋ ਭੂਗੋਲਕ ਇਕਾਈ ਵਿਚ ਕਿਵੇਂ ਪਰੋਇਆ ਜਾ ਸਕਦਾ ਹੈ? ਹਾਂ ਰਾਜਨੀਤਕ ਤੌਰ ‘ਤੇ ਕਿਸੇ ਵੀ ਇਲਾਕੇ ਨੂੰ ਅਧੀਨ ਕੀਤਾ ਜਾ ਸਕਦਾ ਹੈ। ਇਸ ਕਰਕੇ ਉਪਰੋਕਤ ਵਿਆਖਿਆ ਦੀ ਰੌਸਨੀ ਅਨੁਸਾਰ ਪੰਜਾਬ ਦੀ ਭੂਗੋਲਕ ਵਿਆਖਿਆ ਵਿਚ ਜਦੋਂ ਸਿੱਧ ਤੇ ਜਮੁਨਾ ਦਰਿਆ ਅਤੇ ਪਹਾੜੀ ਸਭਿਆਚਾਰ ਵਾਲੇ ਪਹਾੜੀ ਇਲਾਕੇ ਸ਼ਾਮਲ ਕੀਤੇ ਜਾਂਦੇ ਹਨ ਤਾਂ ਉਹ ਪੰਜਾਬ ਦੀ ਰਾਜਨੀਤਕ ਚੜ੍ਹਤ ਤਾਂ ਕਹੀ ਜਾ ਸਕਦੀ ਹੈ ਭੂਗੋਲਿਕ ਨਹੀਂ। ਭੂਗੋਲਕ ਪਰੀਭਾਸ਼ਾ ਸਿਰਫ ਪੰਜ ਦਰਿਆਵਾਂ ਦੇ ਆਲੇ-ਦੁਆਲੇ ਦੇ ਮੈਦਾਨੀ ਖੇਤਰ ਉਪਰ ਹੀ ਪੂਰੀ ਢੁੱਕਦੀ ਹੈ।
ਪੰਜ ਦਰਿਆਵਾਂ ਦੇ ਮੈਦਾਨੀ ਖੇਤਰ ਨੂੰ ਪੱਛਮ ਵੱਲ ਜਿਹਲਮ ਦਰਿਆ ਨੀਅਤ ਕਰਦਾ ਹੈ। ਜਿਹਲਮ ਤੋਂ ਪਰਲਾ ਖਿੱਤਾ ਸਿੰਧ ਸਾਗਰ ਦੁਆਬ ਹੈ ਤੇ ਉਸ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ। ਪੂਰਬ ਵੱਲ ਭਾਵੇਂ ਸਤਲੁਜ ਦਰਿਆ ਪੂਰਬੀ ਹੱਦ ਨੂੰ ਨੀਅਤ ਕਰਦਾ ਹੈ ਪਰ ਸਤਲੁਜ ਦੇ ਪੂਰਬ ਵੱਲ ਮਾਲਵੇ ਦਾ ਇਕ ਵੱਡਾ ਖਿੱਤਾ ਸਤਲੁਜ ਦਰਿਆ ਦਾ ਹੀ ਇਲਾਕਾ ਹੈ। ਇਹ ਇਲਾਕਾ ਮੋਟੇ ਤੌਰ ‘ਤੇ ਘੱਗਰ ਤੱਕ ਹੈ। ਇਸ ਲਈ ਪੰਜਾਬ ਦੀ ਭੂਗੋਲਕ ਤੌਰ ‘ਤੇ ਪੂਰਬੀ ਹੱਦ ਘੱਗਰ ਦੀ ਬਰਸਾਤੀ ਨਦੀ ਬਣ ਜਾਂਦੀ ਹੈ ਅਤੇ ਜਿੱਥੇ ਘੱਗਰ ਖਤਮ ਹੁੰਦੀ ਹੈ ਉੱਥੇ ਸਤਲੁਜ ਦਰਿਆ ਪੂਰਬੀ ਹੱਦ ਹੈ। ਉਤਰ ਵੱਲ ਜਿੱਥੇ ਪਹਾੜੀ ਖੇਤਰ ਸ਼ੁਰੂ ਹੁੰਦਾ ਹੈ ਉਹ ਪੰਜਾਬ ਦੀ ਉਤਰੀ ਹੱਦ ਹੈ ਅਤੇ ਦੱਖਣ ਵੱਲ ਸਿੰਧ ਦਰਿਆ ਦੇ ਜਿਸ ਥਾਂ ‘ਤੇ ਪੰਜਾ ਦਰਿਆਵਾਂ ਦਾ ਸਾਂਝਾ ਪਾਣੀ ਇਕੱਠਾ ਹੋ ਕੇ ਜਿਹਲਮ ਦੁਆਰਾ ਮਿਲਦਾ ਹੈ ਉਹ ਦੱਖਣੀ ਹੱਦ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਪੰਜਾਬ ਦੇ ਪੰਜੇ ਦਰਿਆਵਾਂ ਦਾ ਪਾਣੀ ਆਖਰਕਾਰ ਸਿੰਧ ਦਰਿਆ ਵਿਚ ਜਾ ਰਲਦਾ ਹੈ । ਸਭ ਤੋਂ ਪਹਿਲਾਂ ਬਿਆਸ, ਹਰੀ ਕੇ ਪੱਤਣ ‘ਤੇ ਸਤਲੁਜ ਵਿਚ ਮਿਲ ਜਾਂਦਾ ਹੈ। ਫਿਰ ਚਨਾਬ ਦਰਿਆ ਜਿਹਲਮ ਵਿਚ ਮਿਲ ਜਾਂਦਾ ਹੈ। ਫਿਰ ਰਾਵੀ ਵੀ ਜਿਹਲਮ ਵਿਚ ਮਿਲ ਜਾਂਦੀ ਹੈ। ਆਖੀਰ ਸਤਲੁਜ ਅਤੇ ਜਿਹਲਮ ਸ਼ਾਹਪੁਰ ਦੇ ਅਸਥਾਨ ‘ਤੇ ਇਕੱਠੇ ਹੋ ਜਾਂਦੇ ਹਨ । ਬੱਸ ਪੰਜਾਬ ਦਾ ਦੱਖਣ ਵੱਲ ਇਹੀ ਅਖੀਰਲਾ ਕੋਨਾ ਹੈ। ਇਸ ਤੋਂ ਅੱਗੇ ਸਿੰਧ ਦਰਿਆ ਵਿਚ ਮਿਲਣ ਤੱਕ ਸਾਗਰ ਹੀ ਸਾਗਰ ਬਣਿਆ ਹੋਇਆ ਹੈ।
ਪੰਜਾਬ ਦਾ ਨਾ ਕਦੇ ਤੋਂ ਪਰਚੱਲਤ ਹੋਇਆ ਅਤੇ ਕਿਸ ਤਰ੍ਹਾਂ ਪਰਚੱਲਤ ਹੋਇਆ ਇਸ ਬਾਰੇ ਨਾ ਹੀ ਤਾਂ ਹੁਣ ਤੱਕ ਬਹੁਤੀ ਬਹਿਸ ਹੀ ਹੋਈ ਹੈ ਅਤੇ ਨਾ ਹੀ ਖੋਜ। ਆਮ ਧਾਰਨਾ ਇਹੀ ਕੰਮ ਕਰ ਰਹੀ ਹੈ ਕਿ ਪੰਜਾਬ ਸ਼ਬਦ ਕਿਉਂਕਿ ਅਰਬੀ-ਫਾਰਸੀ ਦਾ ਹੈ ਇਸ ਲਈ ਇਹ ਮੁਗਲਾ ਦੇ ਆਉਣ ਨਾਲ ਸ਼ੁਰੂ ਹੋਇਆ ਹੈ। ਇਹ ਧਾਰਨਾ ਗਲਤ ਹੈ। ਪੰਜਾਬ ਸ਼ਬਦ ਨਾ ਹੀ ਅਰਬੀ ਫਾਰਸੀ ਦਾ ਹੈ ਅਤੇ ਨਾ ਹੀ ਇਹ ਮੁਗ਼ਲਾਂ ਦੀ ਦੇਣ ਹੈ। ਘੱਟੋ ਘੱਟ ‘ਪੰਜਾਬ’ ਸ਼ਬਦ ਵਾਲਾ ਨਾਂ ਅਲਬਰੂਨੀ (ਅਬੂ-ਰਿਹਾਨ ਮੁਹੰਮਦ) ਦੀ ਲਿਖਤ ਤਹਿਰੀਕ-ਏ-ਹਿੰਦ ਵਿਚ ਵੀ ਵਰਤਿਆ ਗਿਆ ਹੈ ਜਿਹੜੀ 1030 ਈ. ਦੇ ਸਮੇਂ ਦੀ ਹੈ। ਅਸਲ ਵਿਚ ਇਹ ਨਾ ਉਤਨਾ ਹੀ ਪੁਰਾਣਾ ਹੈ ਜਿੰਨੇ ਪੁਰਾਣੇ ਦਰਿਆ ਹਨ। ਜੇਕਰ ਦਰਿਆ ਮੁਗਲਾ ਦੇ ਸਮੇਂ ਹੀ ਹੋਂਦ ਵਿਚ ਆਏ ਸਨ ਫਿਰ ਤਾਂ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਸ਼ਬਦ ਵੀ ਮੁਗ਼ਲਾਂ ਦੀ ਦੇਣ ਹੋਵੇ ਪਰ ਜੇ ਪੰਜ ਦਰਿਆ ਬਰਿਹਮੰਡ ਦੀ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਹਨ ਤਾਂ ਦਰਿਆਵਾਂ ਦੇ ਨਾਵਾਂ ਉੱਪਰ ਪਰਚੱਲਤ ਹੋਇਆ ਇਹ ਵਿਸ਼ੇਸ਼ ਖਿੱਤਾ ਵੀ ਬਰਿਹਮੰਡ ਦੀ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਹੈ । ਹਾਂ ਇਸ ਨਾਂ ਵਿਚ ਉਚਾਰਣ ਦਾ ਅਤੇ ਬੋਲੀਆਂ ਦੇ ਵਖਰੇਵੇਂ ਦਾ ਫ਼ਰਕ ਜਰੂਰ ਰਿਹਾ ਹੈ।
ਪਿਛਲੇਰੇ ਸਮੇਂ ਵਿਚ ਇਸ ਦਾ ਨਾਂ ਪੰਚਾਲ ਅਤੇ ਪੰਚਨਦ ਵੀ ਸੀ । ਯੂਨਾਨੀਆਂ ਨੇ ਇਸ ਨੂੰ ਪੈਂਟਾਪੇਟੈਮੀਆ ਕਿਹਾ ਅਤੇ ਪਿੱਛੇ ਇਸ ਨੂੰ ਪੰਜਾਬ ਕਿਹਾ ਜਾਣਾ ਸ਼ੁਰੂ ਹੋਇਆ। ਪੰਜਾਬ ਵਿਚੋਂ ਬਾਹਰੋਂ ਆਉਣ ਵਾਲੇ ਹਮਲਾਵਾਰ ਆਪਣੀ ਆਪਣੀ ਬੋਲੀ ਨੂੰ ਹੀ ਵਰਤਦੇ ਰਹੇ ਸਨ। ਹਮਲਾਵਰਾਂ ਦੀ ਬੋਲੀ ਅਲੱਗ ਅਲੱਗ ਹੋ ਸਕਦੀ ਸੀ ਅਤੇ ਅਲੱਗ ਅਲੱਗ ਹੀ ਇਨ੍ਹਾਂ ਦੀ ਲਿਪੀ । ਪਰ ਪੰਜਾਬ ਦੇ ਲੋਕਾ ਦੀ ਮਾਂ-ਬੋਲੀ ਪੰਜਾਬੀ ਹੀ ਰਹੀ ਹੈ। ਇੱਥੇ ਪਹਿਲਾ ਆਰੀਆ ਲੋਕ ਹਮਲਾਵਰਾਂ ਦੇ ਰੂਪ ਵਿਚ ਆਏ ਉਨ੍ਹਾਂ ਦੀ ਬੋਲੀ ਸੰਸਕਰਿਤ ਸੀ ਜਾ ਸੰਸਕਰਿਤ ਨਾਲ ਮਿਲਦੀ ਜੁਲਦੀ ਸੀ । ਫਿਰ ਯੂਨਾਨੀ ਆਏ । ਉਨ੍ਹਾਂ ਦੀ ਬੋਲੀ ਯੂਨਾਨੀ ਸੀ । ਅਰਬੀ ਅਤੇ ਅਫ਼ਗਾਨੀ ਹਮਲਾਵਰਾਂ ਦੇ ਆਉਣ ਨਾਲ ਅਰਬੀ ਅਤੇ ਫਾਰਸੀ ਬੋਲੀਆਂ ਪਰਚੱਲਤ ਹੋਈਆਂ। ਇਸੇ ਤਰ੍ਹਾਂ ਹਮਲਾਵਰਾਂ ਦੇ ਹਮਲਿਆਂ ਕਾਰਣ ਨਾ ਹੀ ਪੰਜਾਬੀ ਬੋਲੀ ਉਭਰ ਸਕੀ ਅਤੇ ਨਾ ਹੀ ਇਸ ਦੀ ਕੋਈ ਇਕ ਪਰਵਾਣਤ ਲਿਪੀ ਹੀ ਬਣਾਈ ਜਾ ਸਕੀ । ਸੰਸਕਰਿਤ ਵਾਲੇ ਦੇਵਨਾਗਰੀ ਲਿਪੀ ਵਿਚ ਲਿਖਦੇ ਰਹੇ, ਯੂਨਾਨੀਆਂ ਨੇ ਆਪਣੀ ਲਿਪੀ ਵਰਤੀ, ਅਰਬਾਂ ਨੇ ਅਰਬੀ ਅਤੇ ਮੁਗ਼ਲਾਂ ਨੇ ਫਾਰਸੀ ਲਿਪੀ ਵਰਤੀ। ਕਹਿਣ ਦਾ ਭਾਵ ਹੈ ਕਿ ਪੰਜਾਬੀ ਬੋਲੀ ਸਿਰਫ ਪੰਜਾਬ ਦੇ ਆਪਣੇ ਸਪੂਤਾਂ ਦੀ ਬੋਲ-ਚਾਲ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ।
ਪੰਜਾਬ ਨਾਂ ਦੇ ਸ਼ਬਦਾਂ ‘ਪੰਜ’ ਅਤੇ ‘ਆਬ’ ਦਾ ਸੁਮੇਲ ਹੈ। ‘ਪੰਜ’ ਸ਼ਬਦ ਪੰਜਾਬੀ ਸ਼ਬਦ ਹੈ’ ਜਦੋਂ ਕਿ ‘ਆਬਾ’ ਸ਼ਬਦ ਨੂੰ ਸੰਸਕਰਿਤ ਅਤੇ ਫਾਰਸੀ ਦੋਹਾਂ ਦਾ ਕਿਹਾ ਜਾ ਸਕਦਾ ਹੈ । ਇਉਂ ਪੰਜਾਬੀ ਅਤੇ ਸੰਸਕਰਿਤ-ਫਾਰਸੀ ਦੇ ਮਿਲਵੇਂ ਪਰਭਾਵ ਨਾਲ ਪੰਜਾਬ ਸ਼ਬਦ ਹੋਂਦ ਵਿਚ ਆਇਆ ਹੈ। ਪੰਜ ਦਾ ਮੂਲ ਸ਼ਬਦ ‘ਪੰਚ’ ਹੈ ਜੋ ਸੰਸਕਰਿਤ ਦਾ ਸ਼ਬਦ ਹੈ। ਪੰਚ ਤੋਂ ਹੀ ‘ਪੰਜ’ ਬਣਿਆ ਸੀ। ‘ਪੰਜ’ ਸ਼ਬਦ ਪੰਜਾਬੀ ਵਿਚ ਵੀ ਵਰਤਿਆ ਜਾਂਦਾ ਹੈ ਅਤੇ ਅਰਬੀ-ਫਾਰਸੀ ਵਿਚ ਵੀ। ‘ਆਬਾ’ ਜਿਸ ਦਾ ਅਰਥ ਪਾਣੀ ਹੈ, ਵੀ ਸੰਸਕਰਿਤ ਮੂਲ ਦਾ ਸ਼ਬਦ ਹੈ। ਸੰਸਕਰਿਤ ਵਿਚ ‘ਅਪ’ ਜਾਂ ‘ਅਪਿ’ ਸ਼ਬਦ ਹੈ ਜੋ ਪਾਣੀ ਲਈ ਵਰਤਿਆ ਜਾਂਦਾ ਹੈ। ਅਰਬੀ-ਫਾਰਸੀ ਵਿਚ ਵੀ ‘ਆਬ’ ਸ਼ਬਦ ਪਾਣੀ ਦਾ ਲਖਾਇਕ ਹੈ । ਬੇਸ਼ੱਕ ਅਰਬੀ-ਫਾਰਸੀ ਸੰਸਕ੍ਰਿਤ ਨਾਲੋਂ ਇਕ ਦਮ ਵੱਖਰੀਆਂ ਬੋਲੀਆ ਹਨ ਪਰ ਭਾਰਤੀ ਪਰੰਪਰਾ ਵਿਚ ਨਿਸ਼ਚੇ ਹੀ ਸੰਸਕਰਿਤ ਪੁਰਾਣੀ ਭਾਸ਼ਾ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ‘ਪੰਜਾਬ’ ਸ਼ਬਦ ਦਾ ਮੂਲ ਅਰਬੀ-ਫਾਰਸੀ ਪਰੰਪਰਾ ਨਾਲੋਂ ਭਾਰਤੀ ਪਰੰਪਰਾ ਅਤੇ ਸੰਸਕਰਿਤ ਭਾਸ਼ਾ ਵਿਚ ਜਿਆਦਾ ਹੈ। ਇਸ ਨਾਲ ਇਹ ਧਾਰਨਾ ਗਲਤ ਹੋ ਜਾਂਦੀ ਹੈ ਕਿ ਪੰਜਾਬ ਸ਼ਬਦ ਮੁਗ਼ਲਾਂ ਦੀ ਦੇਣ ਹੈ । ਹਾਂ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਪੰਜਾਬ ਸ਼ਬਦ ਮੁਗਲਾ ਦੇ ਰਾਜ ਸਮੇਂ ਇਲਾਕਾਈ ਪਛਾਣ ਵਜੋਂ ਜਿਆਦਾ ਵਰਤਿਆ ਜਾਣਾ ਸ਼ੁਰੂ ਹੋ ਗਿਆ ਹੋਵੇ। ਆਰੀਆ ਲੋਕਾ ਦੇ ਆਗਮਨ ਤੋਂ ਪਿੱਛੋਂ ਇੱਥੇ ਯੂਨਾਨੀ ਹਮਲਾਵਰ ਆਏ ਸਨ ਜਿਨ੍ਹਾ ਦੀਆਂ ਲਿਖਤਾਂ ਵਿਚ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਨਾਂ ਆਏ ਹਨ ਭਾਵੇਂ ਕਿ ਇਨ੍ਹਾਂ ਦੇ ਨਾ ਉਨ੍ਹਾਂ ਨੇ ਆਪਣੀ ਬੋਲੀ ਵਿਚ ਹੀ ਨਵੇਂ ਜਿਹੇ ਰੱਖੇ ਸਨ ਜਿਵੇਂ ਕਿ ਜਿਹਲਮ ਨੂੰ ਹਾਈਡੈਸਪਸ (Hydaspes), ਚਿਨਾਬ ਨੂੰ ਅਸੈਸੀਨਸ (Acesines). ਰਾਵੀ ਨੂੰ ਹਾਈਡਰੌਟਸ (Hydrotes), ਬਿਆਸ ਨੂੰ ਹਾਈਫੈਸਿਸ (Hyphasis) ਅਤੇ ਸਤਲੁਜ ਨੂੰ ਹੈਸੂਡਰੱਸ (Hesudrus) ਲਿਖਿਆ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਪੰਜਾਬ ਦਾ ਨਾਂ ਵੀ ਪੈਟਾਪੋਟੈਮੀਆ (Pentapotamia) ਰੱਖਿਆ ਸੀ । ਦੇਖਣ ਵਿਚ ਅਤੇ ਪੜ੍ਹਨ ਵਿਚ ਸਾਨੂੰ ਇਹ ਨਾਂ ਬਹੁਤ ਅਜੀਬ ਜਿਹੇ ਅਤੇ ਓਪਰੇ ਜਿਹੇ ਲੱਗਦੇ ਹਨ ਪਰ ਭਾਵ ਇਨ੍ਹਾਂ ਦਾ ਵੀ ਪੰਜ ਦਰਿਆਵਾ ਅਤੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੋਂ ਹੀ ਹੈ।
ਯੂਨਾਨੀਆਂ ਤੋਂ ਪਹਿਲਾਂ ਆਰੀਆ ਲੋਕ ਇੱਥੇ ਹਮਲਾਵਰਾਂ ਦੇ ਰੂਪ ਵਿਚ ਆਏ ਸਨ ਉਨ੍ਹਾਂ ਨੇ ਪਹਿਲਾਂ ਪਹਿਲਾਂ ਤਾਂ ਇਸ ਵਿਸ਼ੇਸ ਖਿੱਤੇ ਦੀ ਭੂਗੋਲਕ ਤੌਰ ‘ਤੇ ਪਛਾਣ ਨਹੀਂ ਕੀਤੀ ਕਿਉਂਕਿ ਉਹ ਇੱਥੇ ਆ ਕੇ ਰਹੇ ਹੀ ਕੁਝ ਐਸੇ ਤਰੀਕੇ ਨਾਲ ਸਨ ਕਿ ਉਨ੍ਹਾਂ ਸਾਹਮਣੇ ਪੰਜਾਬ ਦੇ ਭੂਗੋਲਕ ਖਿੱਤੇ ਦੀ ਕੋਈ ਮਹੱਤਤਾ ਨਹੀਂ ਸੀ। ਉਹ ਪਹਿਲਾਂ ਪਹਿਲ ਸਿੰਧ ਦਰਿਆ ਉੱਪਰ ਰਹੇ ਸਨ। ਜਾਪਦਾ ਹੈ ਕਿ ਆਰੀਆ ਲੋਕ ਸੋਕੇ ਵਾਲੇ ਖੇਤਰਾਂ ਵਿਚੋਂ ਆਏ ਸਨ ਅਤੇ ਉਨ੍ਹਾਂ ਨੇ ਸਿੰਧ ਵਰਗਾ ਵਿਸ਼ਾਲ ਦਰਿਆ ਪਹਿਲੀ ਵਾਰ ਹੀ ਦੇਖਿਆ ਸੀ। ਇਸੇ ਕਰਕੇ ਹੀ ਉਹ ਆਪਣੇ ਗਰੰਥਾਂ ਵਿਚ ਸਿੰਧ ਦਰਿਆ ਦੀ ਇਕ ਦੇਵਤੇ ਵਾਂਗ ਪੂਜਾ ਕਰਦੇ ਹਨ। ਸਿੰਧ ਦਰਿਆ ਉਪਰ ਕਾਫੀ ਸਮਾਂ ਰਹਿਣ ਪਿੱਛੋਂ ਆਰੀਆ ਲੋਕ ਅੱਗੇ ਪੰਜਾਬ ਵੱਲ ਵਧੇ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਿੰਧ ਦਰਿਆ ਤੇ ਪਿੱਛੋਂ ਪਹਿਲਾਂ ਜਿਹਲਮ ਦਰਿਆ ਦਾ ਪਤਾ ਲੱਗਿਆ ਫੇਰ ਪਿੱਛੇ ਚਿਨਾਬ ਦਾ ਅਤੇ ਇਉਂ ਇਕ ਦੂਜੇ ਦੇ ਪਿੱਛੋਂ ਰਾਵੀ, ਬਿਆਸ, ਸਤਲੁਜ, ਘੱਗਰ, ਸਰਸਵਤੀ, ਜਮੁਨਾ ਅਤੇ ਗੰਗਾ ਦਰਿਆਵਾਂ ਦਾ ਪਤਾ ਲੱਗਿਆ। ਜਦੋਂ ਉਹ ਸਰਸਵਤੀ ਦਰਿਆ (ਅੱਜ ਕਲ੍ਹ ਸਿਰਫ ਇਕ ਬਰਸਾਤੀ ਨਦੀ) ਤੱਕ ਪਹੁੰਚੇ ਸਨ ਤਾਂ ਉਨ੍ਹਾਂ ਸਾਹਮਣੇ ਸੱਤ ਦਰਿਆ ਆ ਚੁੱਕੇ ਸਨ । ਘੱਗਰ ਨੂੰ ਉਨ੍ਹਾਂ ਨੇ ਦਰਿਆ ਨਹੀਂ ਮੰਨਿਆ ਸੀ। ਇਨ੍ਹਾਂ ਸੱਤ ਦਰਿਆਵਾਂ ਨੂੰ ਉਨ੍ਹਾਂ ਨੇ ਸਪਤ ਸਿੰਧੂ ਦੇ ਨਾਂ ਹੇਠ ਵਰਨਣ ਕੀਤਾ ਹੈ। ਕਿਉਂਕਿ ਆਰੀਆ ਦਾ ਪਹਿਲਾ ਮੁੱਖ ਆਧਾਰ ਸਿਰਫ ਸਿੰਧ ਦਰਿਆ ਹੀ ਸੀ ਇਸ ਕਰਕੇ ਉਹ ਸਿੱਧ ਦਰਿਆ ਨੂੰ ਹੀ ਮੁੱਖ ਆਧਾਰ ਮੰਨ ਕੇ ਚਲਦੇ ਸਨ। ਉਨ੍ਹਾਂ ਸਾਹਮਣੇ ਸਿਰਫ ਸਿੰਧ ਦਰਿਆ ਦੀ ਹੀ ਮਹੱਤਤਾ ਸੀ ਅਤੇ ਪੰਜਾਬ ਦੇ ਪੰਜ ਦਰਿਆ ਆਖਰਕਾਰ ਸਿੰਧ ਦਰਿਆ ਵਿਚ ਹੀ ਜਾ ਮਿਲਦੇ ਹਨ ਇਸ ਕਰਕੇ ਉਨ੍ਹਾਂ ਨੇ ਇਨ੍ਹਾਂ ਪੰਜ ਦਰਿਆਵਾਂ ਦੇ ਖਿੱਤੇ ਨੂੰ ਅਤੇ ਇਸ ਖਿੱਤੇ ਦੇ ਦਰਿਆਵਾਂ ਨੂੰ ਸਿੰਧ ਦਰਿਆ ਨਾਲ ਜੋੜ ਕੇ ਹੀ ਦੇਖਿਆ ਹੈ। ਇਸ ਤਰ੍ਹਾਂ ਉਨ੍ਹਾਂ ਨੇ ਸਿੰਧ ਦਰਿਆ ਤੋਂ ਲੈ ਕੇ ਸਰਸਵਤੀ ਤੱਕ ਦੇ ਖਿੱਤੇ ਨੂੰ ਸਪਤ-ਸਿੰਧੂ ਦੇ ਨਾ ਨਾਲ ਲਿਖਿਆ ਹੈ। ਇਸ ਸਪਤ-ਸਿੰਧੂ ਦੇ ਵਿਚਾਰ ਸਾਹਮਣੇ ਪੰਜ ਦਰਿਆਵਾਂ ਦੀ ਵੀ ਵੱਖਰੀ ਪਛਾਣ ਦਬ ਕੇ ਰਹਿ ਗਈ ਸੀ ਅਤੇ ਇਨ੍ਹਾਂ ਦਰਿਆਵਾਂ ਦੇ ਖਿੱਤੇ ਦੀ ਵੀ । ਇਸ ਦਾ ਦੂਜਾ ਕਾਰਣ ਇਹ ਵੀ ਸੀ ਕਿ ਪੰਜ ਦਰਿਆਵਾਂ ਦੀ ਧਰਤੀ ਉੱਪਰ ਆਰੀਆ ਲੋਕ ਜਿਆਦਾ ਸਮਾਂ ਠਹਿਰ ਨਹੀਂ ਸਕੇ। ਜਿਉਂ ਜਿਉਂ ਆਰੀਆ ਲੋਕ ਧੱਕੇ ਹੋਏ ਜਾਂ ਪਾਸਾਰ ਕਰਦੇ ਹੋਏ ਗੰਗਾ ਦਰਿਆ ਤੱਕ ਵੱਧ ਗਏ ਸਨ ਤਾਂ ਉਨ੍ਹਾਂ ਦਾ ਪੱਕਾ ਠਹਿਰਾ ਸਰਸਵਤੀ ਤੋਂ ਲੈ ਕੇ ਗੰਗਾ ਦਰਿਆ ਤੱਕ ਦੀ ਧਰਤੀ ਉੱਪਰ ਹੋ ਗਿਆ ਸੀ । ਇਉਂ ਉਨ੍ਹਾਂ ਦੇ ਮਨਾਂ ਵਿਚੋਂ ਸਿੰਧ ਦਰਿਆ ਦਾ ਜਜਬਾਤੀ ਲਗਾਉ ਘਟਦਾ ਗਿਆ ਸੀ । ਜਿਉਂ ਜਿਉਂ ਰਾਜਨੀਤਕ ਘਟਨਾਵਾਂ ਘਟਦੀਆਂ ਗਈਆਂ ਸਨ ਆਰੀਆ ਲੋਕ ਸਰਸਵਤੀ ਅਤੇ ਗੰਗਾ ਦੇ ਵਿਚਕਾਰਲੀ ਧਰਤੀ ਉੱਪਰ ਹੀ ਕੇਂਦਰਤ ਹੁੰਦੇ ਗਏ ਸਨ । ਪੰਜਾਬ ਦਾ ਖਿੱਤਾ ਉਨ੍ਹਾਂ ਦੇ ਵਿਰੋਧ ਵਿਚ ਖੜ੍ਹਾ ਹੁੰਦਾ ਗਿਆ ਸੀ । ਇਉਂ ਆਰੀਆ ਲੋਕਾ ਦੇ ਗਰੰਥਾਂ ਵਿਚ ਪੰਜਾਂ ਦਰਿਆਵਾਂ ਦੀ ਧਰਤੀ ਦੀ ਪਛਾਣ ਸਿੰਧ ਦਰਿਆ ਨਾਲੋਂ ਟੁੱਟ ਕੇ ਵੱਖ ਹੁੰਦੀ ਗਈ। ਇਹੀ ਕਾਰਣ ਹੈ ਕਿ ਆਰੀਆ ਲੋਕਾਂ ਦੇ ਪਿਛਲੇਰੇ ਗ੍ਰੰਥਾਂ ਵਿਚ ਸਪਤ-ਸਿੰਧੂ ਦੇ ਖੇਤਰ ਦਾ ਵਰਨਣ ਨਹੀਂ ਆਉਂਦਾ ਸਗੋਂ ਜਾਂ ਉਤਰਪੱਥ ਦਾ ਨਾਂ ਆਉਂਦਾ ਹੈ ਅਤੇ ਜਾਂ ਫਿਰ ਪਿਛਲੇਰੀਆਂ ਆਰੀਆ ਪੁਸਤਕਾਂ ਵਿਚ ਪੰਚਨਦ ਦਾ ਨਾਂ ਵਾਰ ਵਾਰ ਆਉਂਦਾ ਹੈ । ਪ੍ਰੋ. ਬੁੱਧ ਪਰਕਾਸ਼ ਲਿਖਦਾ ਹੈ ਕਿ ਪੁਰਾਤਨ ਭਾਰਤ ਦੀ ਭੂਗੋਲਕ ਪਰੰਪਰਾ ਪੰਜਾਬ ਨੂੰ ਉਤਰ ਪੱਥ ਦੇ ਨਾਂ ਨਾਲ ਸੰਬੋਧਨ ਕਰਦੀ ਸੀ। ਉਤਰਪੱਥ ਦਾ ਭਾਵ ਹੈ ਭਾਰਤ ਦਾ ਉਤਰੀ ਮਾਰਗ । ਰਾਜਸ਼ੇਖਰ ਨੇ ਆਪਣੇ ਕਾਵਿਯਾ ‘ਮੀਮਾਂਸਾ’ ਵਿਚ ਦੱਸਿਆ ਹੈ ਕਿ ਉਤਰਪੱਥ ਪਰਥੁਦੱਕ ਜਾਂ ਪਿਹੋਵਾ ਦੇ ਉਤਰ ਵਾਲੇ ਪਾਸੇ ਹੈ। ਇਸ ਉਤਰਪੱਥ ਦੇ ਰਹਿਣ ਵਾਲੇ ਲੋਕ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਸਨ ਅਤੇ ਕਦੇ ਵੀ ਲੜਨ ਤੋਂ ਅੱਕਦੇ ਨਹੀਂ ਸਨ। ਕਹਿਣ ਦਾ ਭਾਵ ਹੈ। ਕਿ ਜਦੋਂ ਵੀ ਆਰੀਆ ਲੋਕਾਂ ਨੂੰ ਸਾਰੇ ਉਤਰੀ ਭਾਰਤ ਦੇ ਇਲਾਕੇ ਦੀ ਪਛਾਣ ਹੋਈ ਤਾਂ ਉਨ੍ਹਾਂ ਨੂੰ ਪੰਜ ਦਰਿਆਵਾਂ ਦੇ ਖੇਤਰ ਦੀ ਵੱਖਰੀ ਭੂਗੋਲਕ ਪਛਾਣ ਵੀ ਹੋ ਗਈ ਸੀ ਅਤੇ ਉਨ੍ਹਾਂ ਨੇ ਇਸ ਨੂੰ ‘ਪੰਚਨਦ’ ਦਾ ਨਾਂ ਦਿੱਤਾ ਸੀ ।’ ‘ਪੰਚ’ ਸ਼ਬਦ ਦਾ ਭਾਵ ਪੰਜ ਤੋਂ ਹੈ ਅਤੇ ‘ਨਦ’ ਦਾ ਭਾਵ ‘ਨਦੀਆਂ ਜਾਂ ਦਰਿਆਵਾਂ’ ਤੋਂ ਹੈ। ਇਸ ਤਰ੍ਹਾਂ ਜਿਵੇਂ ਕਿ ਪਹਿਲਾ ਲਿਖਿਆ ਜਾ ਚੁੱਕਿਆ ਹੈ ‘ਪੰਜ’ ਸ਼ਬਦ ਮੁੱਢ ਕਦੀਮੋਂ ਹੀ ਪਰਚੱਲਤ ਰਿਹਾ ਹੈ ਪਰ ਇਸ ਦਾ ਉਚਾਰਣ ਅਤੇ ਇਸ ਨਾਲ ਜੁੜੇ ਦੂਸਰੇ ਸ਼ਬਦ ਦੀ ਅਦਲਾ-ਬਦਲੀ ਹੁੰਦੀ ਰਹੀ ਹੈ। ‘ਪੰਚ’ ਪੰਜ ਦਾ ਅਤੇ ‘ਨਦ’ ਦਰਿਆਵਾਂ ਦਾ ਸੰਸਕਰਿਤ ਰੂਪ ਹੈ। ਆਰੀਆ ਲੋਕਾਂ ਨੇ ਪੰਜ ਦਰਿਆਵਾਂ ਦੇ ਨਾਂ ਵੀ ਸੰਸਕਰਿਤ ਵਿਚ ਰੱਖੇ ਅਤੇ ਪੰਜਾਬ ਦਾ ਨਾਂ ਵੀ ਸੰਸਕਰਿਤ ਵਿਚ ਰੱਖਿਆ। ਇਸ ਤਰ੍ਹਾਂ ਜਿਹਲਮ ਦਾ ਨਾਂ ਵੀਤਾਸਤਾ, ਚਿਨਾਬ ਦਾ ਨਾਂ ਆਸਿਕਨੀ ਜਾਂ ਚੰਦਰਭਾਗਾ, ਰਾਵੀ ਦਾ ਨਾਂ ਪਾਰਸਨੀ ਜਾਂ ਇਰਾਵਤੀ, ਬਿਆਸ ਦਾ ਨਾਂ ਵਿਪਾਸਾ ਅਤੇ ਸਤਲੁਜ ਦਾ ਸਤਾਦਰੂ ਸੀ । ਪੰਜਾਬ ਦਾ ਨਾ ਉਤਰ ਪੱਥ ਅਤੇ ਪੰਚਨਦ ਸੀ | ਭਾਵ ਸਭ ਦਾ ਹੀ ਉਹ ਹੈ ਜੋ ਅਸੀਂ ਅੱਜ ਪੰਜਾਬੀ ਵਿਚ ਲੈ ਰਹੇ ਹਾਂ। ਇਸ ਤਰ੍ਹਾਂ ਇਹ ਗੱਲ ਬਹੁਤ ਹੀ ਭਰੋਸੇ ਅਤੇ ਤਰਕ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਦਾ ਅਤੇ ਪੰਜ ਦਰਿਆਵਾ ਦੇ ਨਾਂ ਮੁੱਢ-ਕਦੀਮੋ ਹੀ ਪਰਚੱਲਤ ਰਹੇ ਹਨ ਭਾਵੇਂ ਕਿ ਇਨ੍ਹਾਂ ਦਾ ਸ਼ਬਦ-ਜੋੜ ਬੋਲੀਆਂ ਦੇ ਵਖਰੇਵੇਂ ਦੇ ਕਾਰਣ ਬਦਲਦਾ ਰਿਹਾ ਹੈ। ਆਰੀਆ ਲੋਕਾਂ ਨੇ ਇਸ ਨੂੰ ਪੰਚਨਦ ਕਿਹਾ ਸੀ. ਯੂਨਾਨੀਆਂ ਨੇ ਪੈਂਟਾਪੋਟਾਮੀਆਂ ਅਤੇ ਮੁਗ਼ਲਾਂ ਨੇ ਇਸ ਨੂੰ ਪੰਜਾਬ ਕਿਹਾ ਹੈ । ਪੰਜਾਬ ਸ਼ਬਦ ਕਿਉਂਕਿ ਪੰਜਾਬੀ ਦੇ ਪੰਜ ਸ਼ਬਦ ਤੋਂ ਹੀ ਬਣਿਆ ਹੋਇਆ ਹੈ ਇਸ ਲਈ ਪੰਜਾਬੀਆਂ ਨੇ ਇਸੇ ਨਾਂ ਨੂੰ ਹੀ ਅਪਣਾ ਕੇ ਰੱਖਿਆ ਹੈ। ਇੱਥੋਂ ਤੱਕ ਕਿ 1947 ਈ. ਵਿਚ ਪੰਜਾਬ ਦੀ ਧਰਮ ਅਤੇ ਰਾਜਨੀਤੀ ‘ਤੇ ਆਧਾਰਤ ਹੋਈ ਵੰਡ ਨਾਲ ਵੀ ਇਸ ਦੇ ਨਾਂ ਵਿਚ ਕੋਈ ਫਰਕ ਨਹੀਂ ਪਿਆ। ਪੱਛਮੀ ਪੰਜਾਬ (ਪਾਕਿਸਤਾਨ) ਵਿਚ ਵੀ ਦੋ ਦਰਿਆ ਰਹਿ ਗਏ ਹਨ ਅਤੇ ਪੂਰਬੀ ਪੰਜਾਬ (ਭਾਰਤ)ਵਿਚ ਵੀ ਦੋ ਦਰਿਆ ਰਹਿ ਗਏ ਹਨ। ਪੰਜਵਾਂ ਦਰਿਆ ਰਾਵੀ ਦੋਹਾਂ ਪੰਜਾਬਾਂ ਦੀ ਸਾਂਝੀ ਹੱਦ ਉਪਰ ਹੈ। ਪਰ ਦੋਵੇਂ ਪਾਸਿਆਂ ਦੇ ਪੰਜਾਬੀਆਂ ਨੇ ਆਪੋ ਆਪਣੇ ਰਾਜਾਂ ਦਾ ਨਾਂ ਪੰਜਾਬ ਹੀ ਰੱਖਿਆ ਹੋਇਆ ਹੈ।
ਰਾਜਨੀਤਕ ਤੌਰ ‘ਤੇ ਵੀ ਇਹ ਨਾਂ ਉਪਰ ਦੱਸੇ ਤੱਥਾਂ ਮੁਤਾਬਕ ਮੁੱਢ ਕਦੀਮੇ ਵਰਤੀਦਾ ਆ ਰਿਹਾ ਹੈ। ਮਹਾਂਭਾਰਤ ਵਿਚ ਇਸ ਗੱਲ ਦਾ ਜਿਕਰ ਆਉਂਦਾ ਹੈ ਕਿ ਪਹਿਲਾ ਕਰਣ ਨੇ ਪੰਚਨਦ ਉਪਰ ਬਹੁਤ ਤਕੜੀ ਫ਼ੌਜੀ ਚੜਾਈ ਕੀਤੀ ਸੀ । ਇਸ ਮੁਹਿੰਮ ਸਮੇਂ ਉਸ ਨੇ ਪੰਜਾਬ ਦੇ ਲੋਕਾਂ ਪਰੱਤੀ ਮਾੜੀ ਤੇ ਮਾੜੀ ਭਾਸ਼ਾ ਦਾ ਪ੍ਰਯੋਗ ਕੀਤਾ ਸੀ । ਫਿਰ ਪਾਂਡਵਾਂ ਸਮੇਂ ਨਕੁਲ ਨੇ ਸੈਨਿਕ ਮੁਹਿੰਮ ਦੀ ਅਗਵਾਈ ਕੀਤੀ ਸੀ । ਪੰਜਾਬ ਕੌਰਵਾਂ ਦੇ ਪੱਖ ਦਾ ਰਾਜ ਸੀ। ਇਸ ਕਰਕੇ ਇਹ ਹੋ ਸਕਦਾ ਹੈ ਕਿ ਪਾਂਡਵਾਂ ਸਮੇਂ ਕੌਰਵਾਂ ਦੇ ਹਮਾਇਤੀ ਰਾਜਾਂ ਨੂੰ ਸੋਧਣ ਲਈ ਫ਼ੌਜੀ ਮੁਹਿੰਮਾ ਭੇਜੀਆਂ ਗਈਆਂ ਹੋਣ । ਭਾਵੇਂ ਮਹਾਂਭਾਰਤ ਦਾ ਵਰਨਣ ਮਿਥਿਹਾਸਕ ਹੈ ਪਰ ਮਿਥਿਹਾਸ ਵਿਚੋਂ ਵੀ ਉਸ ਸਮੇਂ ਦੇ ਆਰੀਆ ਲੋਕਾਂ ਦੀ ਪੰਜਾਬ ਪਰਤੀ ਸੋਚ ਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ।
327-26 ਈ. ਪੂ. ਵਿਚ ਜਦੋਂ ਪੋਰਸ ਅਤੇ ਸਿਕੰਦਰ ਦੀ ਲੜਾਈ ਅਜੇ ਚੱਲ ਰਹੀ ਸੀ ਤਾਂ ਜਦੋਂ ਸਿਕੰਦਰ ਪੋਰਸ ਦੀ ਫ਼ੌਜ ਨੂੰ ਅੱਠ ਘੰਟਿਆ ਤੱਕ ਹਰਾ ਨਹੀਂ ਸਕਿਆ ਤਾਂ ਉਸ ਨੇ ਪੋਰਸ ਨਾਲ ਸਮਝੌਤਾ ਕਰਨ ਲਈ ਫੈਸਲਾ ਕਰ ਲਿਆ ਸੀ। ਇਸ ਮਕਸਦ ਲਈ ਉਸ ਨੇ ਆਪਣੇ ਕਈ ਦੂਤ ਪੋਰਸ ਵੱਲ ਭੇਜੇ। ਅਖੀਰ ਤੇ ਜਦੋਂ ਪਹਿਲੇ ਕੁਝ ਦੂਤਾ ਦੇ ਅਸਫਲ ਰਹਿ ਜਾਣ ਬਾਅਦ ਸਿਕੰਦਰ ਨੇ ਇਕ ਹਿੰਦੁਸਤਾਨੀ ਰਾਜੇ ਮੀਰੋਜ ਨੂੰ ਭੇਜਿਆ ਕਿਉਂਕਿ ਉਹ ਪੋਰਸ ਦਾ ਚੰਗਾ ਦੋਸਤ ਰਹਿ ਚੁੱਕਿਆ ਸੀ। ਮੀਰੋਜ਼ ਨੇ ਪੋਰਸ ਦੇ ਹਾਥੀ ਦੇ ਕੋਲ ਆ ਕੇ ਉੱਚੀ ਆਵਾਜ ਵਿਚ ਪੋਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਸਿਕੰਦਰ ਦੀ ਮਦਦ ਨਾਲ ਪੋਰਸ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਇਕੋ ਝੰਡੇ ਹੇਠ ਇਕੱਠਾ ਕਰ ਸਕਦਾ ਹੈ ਤਾਂ ਸਿਕੰਦਰ ਨਾਲ ਸਮਝੌਤਾ ਕਰਨ ਵਿਚ ਕੀ ਹਰਜ ਹੈ? ਇਹ ਬਿਆਨ ਪ੍ਰੋ ਬੁੱਧ ਪਰਕਾਸ਼ ਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਪੋਰਸ ਦੇ ਸਾਹਮਣੇ ਵੀ ਪੰਜ ਦਰਿਆਵਾਂ ਦੀ ਇਕ ਵੱਖਰੀ ਅਤੇ ਵਿਸ਼ੇਸ਼ ਧਰਤੀ ਉਪਰ ਰਾਜ ਕਰਨ ਦੇ ਇਰਾਦੇ ਸਨ । ਨਾਂ ਭਾਵੇਂ ਕੋਈ ਵੀ ਹੋਵੇ ਪਰ ਉਸ ਸਮੇਂ ਪੰਜ ਦਰਿਆਵਾਂ ਵਾਲੀ ਧਰਤੀ ਦਾ ਭੂਗੋਲਕ ਖੇਤਰ ਹੋਂਦ ਵਿਚ ਸੀ।
ਕਿਉਂਕਿ ਪੰਜਾਬ ਦੀ ਮਹੱਤਤਾ ਇਸ ਦੇ ਦਰਿਆਵਾਂ ਕਰਕੇ ਹੈ ਇਸ ਲਈ ਇਸ ਦੇ ਭੂਗੋਲਕ ਵਰਨਣ ਵਿਚ ਇਸ ਦੇ ਦਰਿਆਵਾਂ ਦਾ ਵਰਨਣ ਕਰਨਾ ਜਰੂਰੀ ਹੈ। ਪੱਛਮ ਵੱਲੋਂ ਸ਼ੁਰੂ ਕੀਤਿਆਂ ਸਭ ਤੋਂ ਪਹਿਲਾਂ ਜਿਹਲਮ ਦਰਿਆ ਹੈ। ਇਸ ਦਾ ਵਰਨਣ ਇਸ ਤਰ੍ਹਾਂ ਹੈ :
ਜਿਹਲਮ :
ਇਹ ਦਰਿਆ ਭਾਵੇਂ ਕਸ਼ਮੀਰ ਵਾਦੀ ਦੇ ਉਤਰ-ਪੂਰਬੀ ਹਿੱਸੇ ਵਿਚੋਂ ਨਿਕਲਦਾ ਹੈ ਪਰ ਇਸ ਦਾ ਨਾਂ ਇਸ ਦੇ ਕੰਢੇ ਉਪਰ ਵਸੇ ਸ਼ਹਿਰ ਜਿਹਲਮ ਤੋਂ ਹੀ ਪਰਚੱਲਤ ਹੋਇਆ ਹੈ । ਇਹ ਸ਼ਹਿਰ ਪੰਜਾਬ ਵਿਚ ਹੈ ਅਤੇ ਇਸ ਦੇ ਨੇੜੇ ਹੀ 327 ਈ. ਪੂ. ਵਿਚ ਸਿਕੰਦਰ ਅਤੇ ਪੋਰਸ ਦੇ ਵਿਚਕਾਰ ਗਹਿਗੱਚ ਲੜਾਈ ਹੋਈ ਸੀ । ਇੱਥੇ ਇਸ ਦਰਿਆ ਦੀ ਚੌੜਾਈ ਤਕਰੀਬਨ ਪੌਣਾ ਕਿਲੋਮੀਟਰ ਹੈ। ਦਰਿਆ ਦੇ ਮੁੱਢ ਤੋਂ ਲੈ ਕੇ ਚਾਰ ਸੌ ਅੱਠ ਕਿਲੋਮੀਟਰ ਤੱਕ ਇਹ ਕਸ਼ਮੀਰ ਵਾਦੀ ਵਿਚ ਹੀ ਰਹਿੰਦਾ ਹੈ। ਇਸ ਤੋਂ ਅੱਗੇ ਇਹ ਓਹੀਦਾ ਪਿੰਡ ਕੋਲੋਂ ਪੰਜਾਬ ਦੇ ਇਲਾਕੇ ਵਿਚ ਸ਼ਾਮਲ ਹੁੰਦਾ ਹੈ। ਪੰਜਾਬ ਵਿਚਲੀ ਸਮੁੱਚੀ ਲੰਮਾਈ ਤਕਰੀਬਨ ਇਕ ਸਾਰ ਹੈ ਅਤੇ ਇਸ ਵਿਚ ਕਿਸਤੀਆਂ ਰਾਹੀਂ ਆਵਾਜਾਈ ਹੋ ਸਕਦੀ ਹੈ। ਕਸ਼ਮੀਰ ਵਿਚੋਂ ਬੜੀ ਵੱਡੀ ਮਾਤਰਾ ਵਿਚ ਇਸ ਵਿਚ ਲੱਕੜ ਦੇ ਸ਼ਤੀਰ ਅਤੇ ਹੋਰ ਬਾਲੇ ਬਗੇਰਾ ਰੋੜ੍ਹੇ ਜਾਂਦੇ ਹਨ। ਇਨ੍ਹਾਂ ਨੂੰ ਰਸਤੇ ਵਿਚਲੀਆਂ ਨੀਅਤ ਥਾਵਾਂ ‘ਤੇ ਪਕੜ ਲਿਆ ਜਾਂਦਾ ਹੈ। ਇਸ ਦੇ ਕੰਢਿਆਂ ਉਪਰ ਜਿਹੜੇ ਪਰਮੁੱਖ ਸ਼ਹਿਰ ਵਸੇ ਹੋਏ ਹਨ ਉਨ੍ਹਾਂ ਵਿਚ ਸਿਰੀ ਨਗਰ, ਜਿਹਲਮ, ਪਿੰਡੀ ਦਾਦਨ ਖ਼ਾਨ, ਭੇਰਾ ਅਤੇ ਸ਼ਾਹਪੁਰ ਆਦਿ ਹਨ । ਮੁਲਤਾਨ ਤੋਂ ਕਾਫੀ ਅੱਗੇ ਜਾ ਕੇ ਮਿੱਠਨਕੋਟ ਤੋਂ ਤਕਰੀਬਨ ਇਕ ਸੌ ਕਿਲੋਮੀਟਰ ਨੀਚੇ ਜਾ ਕੇ ਇਹ ਸਿੰਧ ਦਰਿਆ ਵਿਚ ਜਾ ਮਿਲਦਾ ਹੈ। ਇੱਥੇ ਪਹੁੰਚ ਕੇ ਇਸ ਦੀ ਹੋਂਦ ਖ਼ਤਮ ਹੋ ਜਾਂਦੀ ਹੈ।” ਇਸ ਦਰਿਆ ਦੇ ਕੰਢੇ ‘ਤੇ ਦੋ ਮਸ਼ਹੂਰ ਲੜਾਈਆਂ ਹੋਈਆਂ ਹਨ। ਪਹਿਲੀ, ਜਿਸ ਦਾ ਕਿ ਉਪਰ ਜਿਕਰ ਵੀ ਕੀਤਾ ਗਿਆ ਹੈ, ਸਿਕੰਦਰ ਅਤੇ ਪੋਰਸ ਦੇ ਵਿਚਕਾਰ ਹੋਈ ਸੀ ਜਿਸ ਵਿਚੋਂ ਪੋਰਸ ਤਾਕਤਵਰ ਹੋ ਕੇ ਨਿਕਲਿਆ ਸੀ ਅਤੇ ਜਿਸ ਦੇ ਪਿੱਛੋਂ ਪੰਜਾਬ ਦੁਨੀਆਂ ਦੇ ਨਕਸੇ ‘ਤੇ ਪਹਿਲੀ ਵਾਰ ਇਕ ਸੁਤੰਤਰ ਦੇਸ਼ ਦੇ ਤੌਰ ‘ਤੇ ਸਾਹਮਣੇ ਆਇਆ ਸੀ । ਦੂਜੀ ਲੜਾਈ 1848 ਈ. ਵਿਚ ਖਾਲਸਾ ਫ਼ੌਜ ਅਤੇ ਅੰਗਰੇਜਾਂ ਵਿਚਕਾਰ ਚੇਲਿਆਂਵਾਲਾ ਦੇ ਸਥਾਨ ‘ਤੇ ਹੋਈ ਸੀ । ਇਸ ਵਿਚ ਖਾਲਸਾ ਫ਼ੌਜ ਦੀ ਸ਼ਾਨਦਾਰ ਜਿੱਤ ਹੋਈ ਸੀ । ਸਰਦਾਰ ਸ਼ੇਰ ਸਿੰਘ ਅਟਾਰੀਵਾਲਾ ਇਸ ਲੜਾਈ ਦਾ ਨਾਇਕ ਸੀ ।
ਚਿਨਾਬ :
ਪੱਛਮ ਵੱਲੋਂ ਦੂਸਰਾ ਦਰਿਆ ਚਨਾਬ ਜਾਂ ਚਿਨਾਬ ਹੈ। ਇਹ ਪੰਜਾਬ ਦੇ ਸਾਰੇ ਦਰਿਆਵਾਂ ਨਾਲੋਂ ਤੇਜ ਚੱਲਦਾ ਹੈ। ਇਹ ਕਸ਼ਮੀਰ ਦੇ ਧੁਰ ਉਪਰਲੇ ਬਰਫਾਨੀ ਖੇਤਰ ਵਿਚੋਂ ਚੰਦਰ ਅਤੇ ਭਾਗਾ ਦੇ ਛੋਟੀਆਂ ਨਦੀਆਂ ਦੇ ਸੰਗਮ ਰਾਹੀਂ ਦਰਿਆ ਦਾ ਰੂਪ ਧਾਰਦਾ ਹੈ। ਇਸ ਕਰਕੇ ਇਸ ਖੇਤਰ ਦੇ ਲੋਕ ਇਸ ਦਰਿਆ ਨੂੰ ਚੰਦਰ ਭਾਗਾ ਦੇ ਨਾਂ ਨਾਲ ਹੀ ਪੁਕਾਰਦੇ ਹਨ ਪਰ ਪੰਜਾਬ ਵਿਚ ਸ਼ਾਮਲ ਹੋਣ ਪਿੱਛੋਂ ਇਸ ਦਾ ਨਾ ਚਿਨਾਬ ਸ਼ੁਰੂ ਹੋ ਜਾਂਦਾ ਹੈ । ਇਸ ਦਾ ਇਹ ਨਾਂ ਇਸ ਕਰਕੇ ਪਿਆ ਹੈ ਕਿਉਂਕਿ ਪੰਜਾਬ ਦੇ ਲੋਕਾਂ ਵਿਚ ਪਹਿਲਾਂ ਇਹ ਵਿਸ਼ਵਾਸ ਪਰਚੱਲਤ ਸੀ ਕਿ ਸ਼ਾਇਦ ਇਹ ਦਰਿਆ ਚੀਨ ਵਿਚੋਂ ਸ਼ੁਰੂ ਹੋ ਕੇ ਇੱਧਰ ਆਉਂਦਾ ਹੈ। ਚੀਨ ਵਿਚੋਂ ਸ਼ੁਰੂ ਹੋਣ ਕਾਰਣ ਪੰਜਾਬ ਦੇ ਲੋਕਾਂ ਨੇ ਇਸ ਨੂੰ ਚੀਨ ਦਾ ਆਬ (ਪਾਣੀ) ਕਹਿਣਾ ਸ਼ੁਰੂ ਕਰ ਦਿੱਤਾ ਸੀ। ਇੱਥੋਂ ਚੀਨਆਬ ਜਾਂ ਚਿਨਾਬ ਨਾਂ ਪਰਚੱਲਤ ਹੋ ਗਿਆ। ਪਰਬਤੀ ਖੇਤਰ ਦੀਆਂ ਉਚਾਈਆਂ ਤੋਂ ਡਿੱਗਦਾ ਹੋਇਆ, ਟਿਲਬਟ ਅਤੇ ਰੀਤਾਂਕਾ ਪਾਸ ਦੀ 13000 ਫੁੱਟ ਦੀ ਉਚਾਈ ਤੋਂ ਗੁਜਰਦਾ ਹੋਇਆ ਇਹ ਟਾਂਡੀ ਨਦੀ ਨਾਲ ਮਿਲ ਜਾਂਦਾ ਹੈ। ਕਿਸ਼ਤਵਾੜ ਕੋਲ ਪਹੁੰਚ ਕੇ ਇਹ ਸਮੁੰਦਰੀ ਤਟ ਤੋਂ ਪੰਜ ਹਜਾਰ ਫੁੱਟ ਦੀ ਉਚਾਈ ਤੇ ਰਹਿ ਜਾਂਦਾ ਹੈ। ਜੰਮੂ ਦੇ ਉਪਰੋ ਅਖਨੂਰ ਕੋਲ ਦੀ ਲੰਘਦਾ ਹੋਇਆ ਇਹ ਦਰਿਆ ਸਿਆਲਕੋਟ ਜਿਲ੍ਹੇ ਵਿਚ ਪੰਜਾਬ ਵਿਚੋਂ ਸ਼ਾਮਲ ਹੁੰਦਾ ਹੈ। ਸਿਆਲਕੋਟ ਜਿਲ੍ਹੇ ਦਾ ਖੇਰੀ ਰਹਿਲ ਪਿੰਡ ਪਹਿਲਾ ਪਿੰਡ ਹੈ ਜੋ ਇਸ ਦੇ ਕੰਢੇ ‘ਤੇ ਵਸਿਆ ਹੋਇਆ ਹੈ। ਇੱਥੋਂ ਹੀ ਇਸ ਦਾ ਨਾ ਚਿਨਾਬ ਸ਼ੁਰੂ ਹੁੰਦਾ ਹੈ। ਫਿਰ ਵਜੀਰਾਬਾਦ ਅਤੇ ਰਾਮ ਨਗਰ ਦੇ ਸ਼ਹਿਰਾਂ ਵਿਚੋਂ ਦੀ ਗੁਜ਼ਰਦਾ ਹੋਇਆ ਝੰਗ ਜਿਲ੍ਹੇ ਵਿਚ ਦਾਖ਼ਲ ਹੁੰਦਾ ਹੈ। ਉੱਚ ਤੋਂ 288 ਕਿਲੋਮੀਟਰ ਦੀ ਦੂਰੀ ‘ਤੇ ਅਤੇ ਮੁਲਤਾਨ ਤੋਂ ਉਪਰ 82 ਕਿਲੋਮੀਟਰ ਦੀ ਦੂਰੀ ‘ਤੇ ਇਸ ਵਿਚ ਰਾਵੀ ਆ ਸ਼ਾਮਲ ਹੁੰਦੀ ਹੈ। ਆਖਰ ਇਹ ਆਪਣੇ ਲਾਲ ਰੰਗੇ ਪਾਣੀ ਨਾਲ ਤਰਿਮੂ ਦੇ ਥਾ ‘ਤੇ ਜਿਹਲਮ ਵਿਚ ਜਾ ਰਲਦਾ ਹੈ। ਜਿੱਥੇ ਇਹ ਦਰਿਆ ਜਿਹਲਮ ਵਿਚ ਰਲਦਾ ਹੈ ਉੱਥੇ ਇਸ ਦੇ ਪਾਣੀ ਦਾ ਵੱਖਰਾਪਣ ਕਾਫੀ ਦੂਰ ਤੱਕ ਬਿਨਾਂ ਰਲਿਆਂ ਹੀ ਚਲਦਾ ਰਹਿੰਦਾ ਹੈ। ਇਸ ਦੀ ਕੁੱਲ ਲੰਬਾਈ 765 ਮੀਲ ਦੀ ਹੈ। ਪਰਬਤੀ ਇਲਾਕੇ ਵਿਚ ਜਲਾਲਾਬਾਦ ਦੇ ਲਾਂਘੇ ਪਾਸ ਇਸ ਦਰਿਆ ਵਿਚ ਬਹੁਤ ਵੱਡੀ ਮਾਤਰਾ ਵਿਚ ਲੱਕੜਾ ਸੁੱਟੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਰਸਤੇ ਵਿਚੋਂ ਆਪੋ ਆਪਣੀ ਥਾਂ ‘ਤੇ ਪਕੜ ਲਿਆ ਜਾਂਦਾ ਹੈ । ਰਾਮ ਨਗਰ, ਜਿਹੜਾ ਇਸ ਦੇ ਕੰਢੇ ‘ਤੇ ਵਸਿਆ ਨਗਰ ਹੈ, ਵਿਖੇ 1848 ਈ. ਵਿਚ ਅੰਗਰੇਜ਼ਾਂ ਅਤੇ ਸਿੰਘਾਂ ਵਿਚ ਬੜੀ ਭਿਆਨਕ ਲੜਾਈ ਹੋਈ ਸੀ ਜਿਸ ਵਿਚ ਸਿੰਘਾਂ ਦੀ ਹਾਰ ਹੋ ਜਾਣ ਕਾਰਣ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ ।
ਰਾਵੀ :
ਪੰਜਾ ਦਰਿਆਵਾਂ ਵਿਚੋਂ ਰਾਵੀ ਦਰਿਆ ਸਭ ਤੋਂ ਵੱਧ ਵਲ-ਵਲੇਵਿਆਂ ਵਾਲਾ ਦਰਿਆ ਹੈ। ਇਸ ਦਾ ਅੰਦਾਜਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਇਸ ਦੇ ਆਪਣੇ ਮੁੱਖ ਥਾਂ ਤੋਂ, ਜਿੱਥੋਂ ਇਸ ਦੀ ਸ਼ੁਰੂਆਤ ਹੁੰਦੀ ਹੈ, ਲਾਹੌਰ ਸਿੱਧਾ ਸਿਰਫ 280 ਕਿਲੋਮੀਟਰ ਦੀ ਦੂਰੀ ‘ਤੇ ਹੈ ਪਰ ਦਰਿਆ ਦੀ ਵਿੰਗ-ਵਲੇਵਿਆਂ ਵਾਲੀ ਲੰਮਾਈ 608 ਕਿਲੋਮੀਟਰ ਦੀ ਹੈ। ਇਹ ਹਿਮਾਚਲ ਪਰਦੇਸ਼ (ਭਾਰਤ) ਦੇ ਰੋਹਤਾਂਗ ਪਾਸ ਤੋਂ ਕੁਝ ਉਪਰੋ ਦਲ ਕੁੰਡ ਅਤੇ ਗੌਰੀ ਕੁੰਡ ਦੇ ਝਰਨਿਆਂ ਤੋਂ ਸ਼ੁਰੂ ਹੁੰਦਾ ਹੈ। ਰਾਵੀ ਦਾ ਪਾਣੀ ਲਾਲ ਜਾਂ ਗੇਰੂਏ ਰੰਗ ਦਾ ਹੈ। ਇਸ ਦੇ ਕੰਢੇ ਉੱਚੇ ਹਨ। ਭਾਵ ਕਿ ਦਰਿਆ ਡੂੰਘਾ ਵਹਿੰਦਾ ਹੈ । ਕਈ ਥਾਈਂ ਤਾਂ ਇਸ ਦੇ ਕੰਢਿਆਂ ਦੀ ਉਚਾਈ ਚਾਲੀ ਚਾਲੀ ਫੁੱਟ ਤੱਕ ਦੀ ਹੈ। ਇਸ ਕਰਕੇ ਇਹ ਹਰ ਥਾਂ ਤੋਂ ਲੰਘਣ ਯੋਗ ਨਹੀਂ ਹੈ।” ਲਾਹੌਰ ਇਸ ਦਰਿਆ ਦੇ ਉਪਰ ਵੱਸਣ ਵਾਲੇ ਸ਼ਹਿਰਾਂ ਵਿਚੋਂ ਮੁੱਖ ਸ਼ਹਿਰ ਹੈ। ਲਾਹੌਰ ਦਾ ਪੱਤਣ (ਲਾਂਘਾ) ਹੀ ਮੁੱਢ-ਕਦੀਮੋ ਇਕੋ-ਇਕ ਲਾਂਘਾ ਸੀ ਜਿੱਥੇ ਪੱਛਮੀ ਏਸ਼ੀਆ ਤੋਂ ਆਉਣ ਵਾਲੇ ਵਪਾਰੀ ਲੋਕ ਲੰਘਦੇ ਸਨ । ਇਹ ਮੁੱਖ ਪੱਤਣ ਹੋਣ ਕਰਕੇ ਇਸ ਇਲਾਕੇ ਦਾ ਸਰਦਾਰ ਇੱਥੇ ਆਪਣੀ ਚੂੰਗੀ ਲਗਾ ਦਿੰਦਾ ਸੀ । ਚੂੰਗੀ ਲੈਣ ਸਮੇਂ ਵਪਾਰੀਆ ਨੂੰ ਕਿਹਾ ਜਾਂਦਾ ਸੀ ਕਿ ਆਪਣੇ ਸਮਾਨ ਵਿਚੋਂ ਹੋਰ ਲਾਹੇ। ਇਹ ਹੋਰ ਲਾਹੋ ਜਾਂ ਲਾਹੇ ਹੋਰ ਇੱਥੋਂ ਦੇ ਮਹਿਸੂਲੀਆਂ ਦਾ ਤਕੀਆ ਕਲਾਮ ਹੀ ਬਣ ਗਿਆ ਸੀ। ਇਸ ਲਾਹੇ ਹੋਰ ਦੇ ਸ਼ਬਦਾਂ ਦੀ ਸੁਮੇਲਤਾ ਤੋਂ ਲਾਹੌਰ ਨਾਂ ਪਰਚੱਲਤ ਹੋ ਗਿਆ । ਲਾਹੌਰ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਇਆ ਅਸਥਾਨ ਕਰਤਾਰਪੁਰ ਵੀ ਰਾਵੀ ਦੇ ਉਪਰ ਹੀ ਹੈ। ਗੁਰੂ ਜੀ ਦੇ ਅੰਤਮ ਸੰਸਕਾਰ ਵਾਲੀ ਥਾਂ ਗੁਰਦੁਆਰਾ ਡੇਰਾ ਬਾਬਾ ਨਾਨਕ ਵੀ ਰਾਵੀ ਦੇ ਕੰਢੇ ਉਪਰ ਹੀ ਹੈ। ਇਹ ਗੁਰਦਾਸਪੁਰ ਜਿਲ੍ਹੇ ਵਿਚੋਂ ਪੰਜਾਬ ਵਿਚ ਦਾਖ਼ਲ ਹੁੰਦਾ ਹੈ ਅਤੇ ਅੰਮ੍ਰਿਤਸਰ, ਲਾਹੌਰ, ਮਿੰਟਗੁਮਰੀ ਅਤੇ ਮੁਲਤਾਨ ਜਿਲ੍ਹਿਆਂ ਵਿਚੋਂ ਦੀ ਹੁੰਦਾ ਹੋਇਆ ਅਹਿਮਦਪੁਰ ਦੇ ਅਸਥਾਨ ‘ਤੇ ਚਿਨਾਬ ਦਰਿਆ ਵਿਚ ਮਿਲ ਜਾਂਦਾ ਹੈ । ਇਸ ਦੀ ਕੁੱਲ ਲੰਮਾਈ 720 ਕਿਲੋਮੀਟਰ ਹੈ। 1661 ਈ. ਵਿਚ ਬਾਦਸ਼ਾਹ ਔਰੰਗਜੇਬ ਨੇ ਲਾਹੌਰ ਦੇ ਪੱਤਣ ਨੂੰ ਅਤੇ ਲਾਹੌਰ ਦੇ ਨਾਲ ਲੱਗਦੇ ਕੰਢਿਆਂ ਨੂੰ ਪੱਕਾ ਕਰਵਾਇਆ ਸੀ ਤਾਂ ਕਿ ਇਹ ਖੁਰ ਨਾ ਸਕਣ ਅਤੇ ਦੁਕਾਨਦਾਰ ਲੋਕ ਆਪਣੇ ਘਰਾਂ ਵਿਚ ਇਸ ਦੇ ਥਾਂ ਨੂੰ ਸ਼ਾਮਲ ਨਾ ਕਰ ਸਕਣ। ਅੱਜ ਰਾਵੀ ਪੰਜਾਬ ਨੂੰ ਦੋ ਹਿੱਸਿਆ ਵਿਚ ਵੰਡਦਾ ਹੈ । ਕਿਸੇ ਸਮੇਂ ਇਹ ਪੰਜਾਬ ਦਾ ਵਿਚਕਾਰਲਾ ਦਰਿਆ ਹੁੰਦਾ ਸੀ । ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਰਾਵੀ ਦੇ ਕੰਢੇ ‘ਤੇ ਹੀ ਹੋਈ ਸੀ। ਅੱਜ ਕਲ੍ਹ ਪੰਜਾਬ ਸਰਕਾਰ ਵੱਲੋ ਥੀਨ ਡੈਮ, ਰਾਵੀ ਦਰਿਆ ਉਪਰ ਹੀ ਬਣਾਇਆ ਜਾ ਰਿਹਾ ਹੈ। ਇਹ ਦਰਿਆ ਅੱਜ ਦੋਵੇਂ ਪੰਜਾਬਾਂ ਦੀ ਜ਼ਮੀਨ ਨੂੰ ਸਿੰਜ ਰਿਹਾ ਹੈ ।
ਬਿਆਸ :
ਬਿਆਸ ਦਰਿਆ ਪੰਜਾਬ ਦੇ ਪੰਜੇ ਦਰਿਆਵਾਂ ਵਿਚੋਂ ਲੰਮਾਈ ਦੇ ਹਿਸਾਬ ਨਾਲ ਸਭ ਤੋਂ ਛੋਟਾ ਹੈ। ਇਸ ਦੀ ਕੁੱਲ ਲੰਮਾਈ 464 ਕਿਲੋਮੀਟਰ ਹੈ। ਇਹ ਹਿਮਾਚਲ ਪਰਦੇਸ਼ ਦੇ ਲਾਹੁਲ ਖੇਤਰ ਦੇ ਰੀਤਾਂਕਾ ਪਾਸ ਦੇ ਬਰਫੀਲੇ ਖੇਤਰ ਵਿਚੋਂ ਪੈਦਾ ਹੁੰਦਾ ਹੈ। ਇਹ ਥਾਂ ਸਮੁੰਦਰੀ ਤਟ ਤੋਂ 13,326 ਫੁੱਟ ਉੱਚੀ ਹੈ। ਬਿਆਸ ਨਾਂ ਦੇ ਪਰਚੱਲਤ ਹੋਣ ਦੀ ਗੱਲ ਭਾਵੇਂ ਹਿੰਦੂ ਗਰੰਥਾਂ ਵਿਚ ਬਿਆਸ ਰਿਸ਼ੀ ਨਾਲ ਜੋੜੀ ਜਾਂਦੀ ਹੈ ਪਰ ਇਹ ਸਿਰਫ ਇਕ ਮਿਥਿਹਾਸਕ ਗੱਲ ਹੀ ਹੈ। ਅਸਲ ਵਿਚ ਹਿਮਾਚਲ ਦੇ ਪਹਾੜੀ ਖੇਤਰ ਵਿਚ ਇਸ ਦਾ ਬਹਾਅ ਇਤਨਾ ਤੇਜ ਹੈ ਕਿ ਇਸ ਵਿਚ ਡਿੱਗਿਆ ਵਿਅਕਤੀ ਬਚ ਨਹੀਂ ਸਕਦਾ ਸੀ। ਇਸ ਕਰਕੇ ਇਸ ਬਾਰੇ ਇਹ ਗੱਲ ਪ੍ਰਚੱਲਤ ਹੋ ਗਈ ਕਿ ਇਸ ਵਿਚ ਡਿੱਗੇ ਵਿਅਕਤੀ ਜਾਂ ਜੀਵ ਦੇ ਜੀਵਨ ਬਚਾਓ ਬਾਰੇ ਬੇਆਸ ਹੀ ਹੋ ਜਾਣਾ ਚਾਹੀਦਾ ਹੈ। ਇਸ ਬੇਆਸ ਦੀ ਧਾਰਨਾ ਤੋਂ ਹੀ ਇਸ ਦਾ ਨਾਂ ਬਿਆਸ ਪਰਚੱਲਤ ਹੋਇਆ ਹੈ। ਇਹ ਹਿਮਾਚਲ ਪਰਦੇਸ਼ ਦੇ ਤੰਤਰ ਸ਼ਹਿਰ ਕੋਲ ਆ ਕੇ ਪੂਰਾ ਦਰਿਆ ਬਣਦਾ ਹੈ। ਅੱਗੋਂ ਮੰਡੀ ਅਤੇ ਨਾਦੇਣ ਸ਼ਹਿਰਾਂ ਵਿਚੋਂ ਦੀ ਲੰਘਦਾ ਹੋਇਆ ਹੁਸਿਆਰਪੁਰ ਦੇ ਜਿਲ੍ਹੇ ਰਾਹੀਂ ਪੰਜਾਬ ਵਿਚ ਸ਼ਾਮਲ ਹੁੰਦਾ ਹੈ। ਹਿਮਾਚਲ ਪਰਦੇਸ਼ ਦੇ ਸੁੰਦਰ ਨਗਰ ਤੋਂ ਉਪਰ ਇਕ ਵਿਸ਼ੇਸ ਡੈਮ ਰਾਹੀਂ ਬਿਆਸ ਦਾ ਪਾਣੀ ਸਤਲੁਜ ਵਿਚ ਪਾਇਆ ਗਿਆ ਹੈ। ਇਸ ਨੂੰ ਸਤਲੁਜ-ਬਿਆਸ ਲਿੰਕ ਪਰਾਜੈਕਟ ਦਾ ਨਾਂ ਦਿੱਤਾ ਗਿਆ ਹੈ । ਪੰਜਾਬ ਵਿਚ ਇਹ ਗੁਰਦਾਸਪੁਰ ਅਤੇ ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਜਿਲ੍ਹਿਆਂ ਦੀ ਹੱਦ ਨੂੰ ਅਲੱਗ ਅਲੱਗ ਕਰਦਾ ਹੋਇਆ ਲੰਘਦਾ ਹੈ । ਪੰਜਾਬ ਵਿਚ ਇਸ ਨੂੰ ਪਾਰ ਕਰਨ ਦਾ ਮੁੱਖ ਪੱਤਣ ਗੋਇੰਦਵਾਲ ਸਾਹਿਬ ਵਿਖੇ ਹੀ ਸੀ । ਪੰਜਾਬ ਦੇ ਵਿਚ ਬਿਆਸ ਅਤੇ ਗੋਇੰਦਵਾਲ ਸਾਹਿਬ ਇਸ ਦੇ ਬਿਲਕੁਲ ਕੰਢਿਆ ਉਪਰ ਬਸੇ ਹੋਏ ਨਗਰ ਹਨ। ਹਰੀ ਕੇ ਪੱਤਣ ਵਿਖੇ ਪਹੁੰਚ ਕੇ ਇਹ ਦਰਿਆ ਸਤਲੁਜ ਵਿਚ ਜਾ ਰਲਦਾ ਹੈ।
ਇਤਿਹਾਸਕ ਘਟਨਾਵਾਂ ਦੇ ਤੌਰ ਤੇ ਸਿਕੰਦਰ ਮਹਾਨ ਪੰਜਾਬ ਦੇ ਰਾਜਾ ਪੋਰਸ ਦੇ ਨਾਲ ਬਿਆਸ ਦਰਿਆ ਤੱਕ ਪਹੁੰਚ ਗਿਆ ਸੀ। ਇੱਥੇ ਕਿਉਂਕਿ ਉਸ ਦੀ ਫ਼ੌਜ ਬਿਆਸ ਤੋਂ ਅੱਗੇ ਜਾਣ ਤੋਂ ਇਨਕਾਰੀ ਹੋ ਗਈ ਸੀ ਇਸ ਲਈ ਸਿਕੰਦਰ ਮਹਾਨ ਨੂੰ ਇੱਥੇ ਹੀ ਵਾਪਸ ਮੁੜਨਾ ਪਿਆ ਸੀ । ਫਿਰ 1805 ਈ. ਵਿਚ ਜਦੋਂ ਬਰਿਟਿਸ਼ ਜਰਨੈਲ ਲਾਰਡ ਲੇਕ, ਹਾਰੇ ਹੋਏ ਮਰਹੱਟਾ ਆਗੂ ਜਸਵੰਤ ਰਾਓ ਹੋਲਕਰ ਦਾ ਪਿੱਛਾ ਕਰਦਾ ਆ ਰਿਹਾ ਸੀ ਤਾਂ ਲਾਰਡ ਲੇਕ ਦਰਿਆ ਬਿਆਸ ‘ਤੇ ਹੀ ਰੁਕ ਗਿਆ ਸੀ। ਇੱਥੇ ਹੀ ਲਾਰਡ ਲੇਕ ਅਤੇ ਮਹਾਰਾਜਾ ਰਣਜੀਤ ਸਿੰਘ ਵਿਚ ਇਕ ਅਹਿਦਨਾਮਾ ਹੋਇਆ ਸੀ ।
ਸਤਲੁਜ :
ਸਤਲੁਜ ਪੰਜਾਬ ਦਾ ਪੰਜਵਾ ਦਰਿਆ ਹੈ ਅਤੇ ਪੰਜਾਬ ਦੇ ਪੂਰਬ ਵਾਲੇ ਪਾਸੇ ਹੈ । ਇਸ ਬਾਰੇ ਕਿਹਾ ਜਾਦਾ ਹੈ ਕਿ ਇਸ ਦੀ ਉਤਪਤੀ ਮਾਨਸਰੋਵਰ ਝੀਲ ਵਿਚੋਂ ਹੁੰਦੀ ਹੈ । ਕੁਝ ਵਿੰਗ-ਵਲੇਵੇਂ ਪਾ ਕੇ ਸਿੰਧ ਅਤੇ ਬਰੱਹਮ ਪੁੱਤਰ ਦਰਿਆ ਵੀ ਤਕਰੀਬਨ ਉੱਥੇ ਹੀ ਉਤਪੰਨ ਹੁੰਦੇ ਹਨ। ਸਤਲੁਜ ਨਾਂ ਇਸ ਵਿਚ ਪੈ ਰਹੀਆਂ ਨਦੀਆਂ, ਝਰਨਿਆਂ ਨੂੰ ਦਰਸਾਉਂਦਾ ਹੈ। ਸਤ ਤੋਂ ਭਾਵ ਸੌ ਦਾ ਹੈ ਅਤੇ ਲੁਜ ਤੋਂ ਭਾਵ ਧਾਰਾਂ ਤੋਂ ਹੈ । ਭਾਵ ਕਿ ਸੌ ਧਾਰਾ ਜਾਂ ਸੋ ਨਦੀਆਂ ਨਾਲੇ ਇਸ ਵਿਚ ਪੈ ਰਹੇ ਹਨ ਇਸੇ ਕਰਕੇ ਇਸ ਦਾ ਨਾਂ ਸੋ ਧਾਰਾਂ ਵਾਲਾ ਅਰਥਾਤ ਸਤਲੁਜ ਪਰਚੱਲਤ ਹੋ ਗਿਆ। ਹਿਮਾਚਲ ਪਰਦੇਸ਼ ਦੇ ਬਿਲਾਸਪੁਰ ਜਿਲ੍ਹੇ ਵਿਚ ਭਾਰਤ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਪਰ ਗੋਬਿੰਦ ਸਾਗਰ ਡੈਮ ਬਣਾਇਆ ਗਿਆ ਹੈ। ਇਹ ਡੈਮ ਬਹੁਤ ਹੀ ਵੱਡੇ ਪੱਧਰ ਦਾ ਅਤੇ ਬਹੁਤ ਹੀ ਬਹੁਮੁਖੀ ਹੈ। ਇੱਥੋਂ ਪੈਦਾ ਕੀਤੀ ਬਿਜਲੀ ਸਾਰੇ ਉੱਤਰੀ ਭਾਰਤ ਨੂੰ ਰੁਸ਼ਨਾ ਰਹੀ ਹੈ। ਗੋਬਿੰਦ ਸਾਗਰ ਵਿਚੋਂ ਬੜੀ ਵਿਸ਼ਾਲ ਭਾਖੜਾ ਨਹਿਰ ਕੱਢੀ ਗਈ ਹੈ ਜਿਹੜੀ ਹਿਮਾਚਲ, ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਖੇਤਾਂ ਨੂੰ ਸਿੰਜਦੀ ਹੈ। ਪੰਜਾਬ ਦੇ ਰੋਪੜ ਜਿਲ੍ਹੇ ਦੇ ਨੰਗਲ ਸ਼ਹਿਰ ਵਿਚ ਇਸ ਦੇ ਪਾਣੀ ਨੂੰ ਹੈੱਡ ਵਰਕਸ ਬਣਾ ਕੇ ਫਿਰ ਰੋਕਿਆ ਗਿਆ ਹੈ ਅਤੇ ਇੱਥੇ ਭਾਖੜਾ ਨਹਿਰ ਫਿਰ ਤੋਂ ਸ਼ੁਰੂ ਹੁੰਦੀ ਹੈ। ਬਿਲਾਸਪੁਰ ਦਾ ਪੁਰਾਣਾ ਸ਼ਹਿਰ ਸਾਰੇ ਦਾ ਸਾਰਾ ਗੋਬਿੰਦ ਸਾਗਰ ਵਿਚ ਡੁੱਬ ਗਿਆ ਹੈ। ਵਰਤਮਾਨ ਬਿਲਾਸਪੁਰ ਸ਼ਹਿਰ ਪਿੱਛੋਂ ਵਸਾਇਆ ਗਿਆ ਸੀ । ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ਵਿਚੋਂ ਵਾਧੂ ਪਾਣੀ ਨਿਕਲ ਕੇ ਫਿਰ ਦਰਿਆ ਦਾ ਰੂਪ ਧਾਰਦੇ ਹਨ। ਇਨ੍ਹਾਂ ਪਾਣੀਆਂ ਨੂੰ ਰੋਪੜ ਵਿਖੇ ਹੈੱਡ ਵਰਕਸ ਬਣਾ ਕੇ ਫਿਰ ਰੋਕਿਆ ਗਿਆ ਹੈ। ਇੱਥੋਂ ਕਈ ਨਹਿਰਾਂ ਨਿਕਲਦੀਆਂ ਹਨ ਜਿਨ੍ਹਾਂ ਵਿਚ ਇਕ ਦੋਰਾਹਾ ਨਹਿਰ ਹੈ। ਇਸ ਤਰ੍ਹਾਂ ਅੱਜ ਸਤਲੁਜ ਦਰਿਆ ਦਾ ਸਾਰਾ ਪਾਣੀ ਜਮੀਨ ਦੀ ਸਿੰਜਾਈ ਕਰਨ ਲਈ ਵਰਤਿਆ ਜਾ ਰਿਹਾ ਹੈ। ਇਹ ਦਰਿਆ ਨੰਗਲ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਰੋਪੜ ਕੋਲੋਂ ਦੀ ਲੰਘਦਾ ਹੋਇਆ ਬਹੁਤ ਥੋੜ੍ਹੇ ਜਿਹੇ ਪਾਣੀ ਨਾਲ ਲੁਧਿਆਣਾ ਅਤੇ ਜਲੰਧਰ ਜਿਲ੍ਹਿਆਂ ਨੂੰ ਅਲੱਗ ਅਲੱਗ ਕਰਦਾ ਹੋਇਆ ਹਰੀ ਕੇ ਪੱਤਣ ਤੋਂ ਬਿਆਸ ਨੂੰ ਆਪਣੇ ਵਿਚ ਰਲਾ ਕੇ ਅੱਗੇ ਉੱਚ ਦੇ ਅਸਥਾਨ ਕੋਲ ਰਾਵੀ ਵਿਚ ਜਾ ਰਲਦਾ ਹੈ । ਸਤਲੁਜ ਦਾ ਪਾਣੀ ਨੀਲੀ ਭਾਹ ਮਾਰਨ ਵਾਲਾ ਠੰਡਾ-ਠਾਰ ਹੈ।
1809 ਈ. ਵਿਚ ਅੰਮ੍ਰਿਤਸਰ ਦੇ ਅਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਜੋ ਅਹਿਦਨਾਮਾ ਹੋਇਆ ਸੀ ਉਸ ਅਨੁਸਾਰ ਸਤਲੁਜ ਨੂੰ ਦੋਵਾਂ ਬਾਦਸ਼ਾਹੀਆਂ ਦੀ ਹੱਦ ਮੰਨਿਆ ਗਿਆ ਸੀ । 1831 ਈ. ਵਿਚ ਰੋਪੜ ਦੇ ਅਸਥਾਨ ‘ਤੇ ਸਤਲੁਜ ਦੇ ਬਿਲਕੁਲ ਕੰਢਿਆਂ ਉਪਰ ਮਹਾਰਾਜਾ ਰਣਜੀਤ ਸਿੰਘ ਅਤੇ ਭਾਰਤ ਦੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿਕ ਦੀ ਮੁਲਾਕਾਤ ਹੋਈ ਸੀ । 1845-46 ਵਿਚ ਸਤਲੁਜ ਦੇ ਕੰਢੇ ਉਪਰ ਹੀ ਪਹਿਲੀ ਐਂਗਲੋ-ਸਿੱਖ ਜੰਗ ਹੋਈ ਸੀ।
ਪੰਜਾਬ ਦੇ ਦੁਆਬ :
ਪੰਜਾਬ ਦੇ ਸਮੁੱਚੇ ਮੈਦਾਨੀ ਖੇਤਰ ਨੂੰ ਅੱਗੇ ਦਰਿਆਵਾਂ ਦੇ ਹੀ ਆਧਾਰ ‘ਤੇ ਵੱਖ ਵੱਖ ਦੁਆਬਾ ਵਿਚ ਵੰਡਿਆ ਗਿਆ ਹੈ। ਇਹ ਕੁੱਲ ਪੰਜ ਦੁਆਬ ਹਨ। ਚਾਰ ਦੁਆਬ ਦਰਿਆਵਾਂ ਦੇ ਵਿਚਕਾਰਲੀ ਭੂਮੀ ਦੇ ਹਨ ਅਤੇ ਇਕ ਦੁਆਬ ਸਿਰਫ ਖੇਤਰ ਦੇ ਤੌਰ ‘ਤੇ ਹੀ ਬਣਿਆ ਹੋਇਆ ਹੈ। ਇਹ ਮਾਲਵਾ ਹੈ। ਸਤਲੁਜ ਤੋਂ ਦੱਖਣ-ਪੂਰਬ ਵੱਲ ਮੋਟੇ ਤੌਰ ‘ਤੇ ਘੱਗਰ ਦੀ ਬਰਸਾਤੀ ਨਦੀ ਤੱਕ ਗਿਆਰਾਂ ਜਿਲ੍ਹਿਆਂ ਵਿਚ ਵੰਡਿਆ ਹੋਇਆ ਮਾਲਵਾ ਖੇਤਰ ਹੈ। ਇਸ ਵਿਚ ਇਹ ਜ਼ਿਲ੍ਹੇ ਹਨ : ਰੋਪੜ, ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮਾਨਸਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ ਅਤੇ ਫਿਰੋਜਪੁਰ । ਇਹ ਮਾਲਵਾ ਨਾਂ ਪੈਣ ਦਾ ਵਿਸ਼ੇਸ਼ ਕਾਰਣ ਇਹ ਹੀ ਹੈ ਕਿ ਇੱਥੇ ਮੁੱਢ ਤੋਂ ਹੀ ਮਾਲਵ ਨਾਂ ਦੇ ਜੱਟ ਕਬੀਲਿਆਂ ਦੇ ਲੋਕ ਰਹਿੰਦੇ ਸਨ । ਮਾਲਵ ਕਬੀਲਿਆਂ ਦੇ ਰਹਿਣ ਕਰਕੇ ਇਸ ਦਾ ਨਾਂ ਮਾਲਵਾ ਪਰਚੱਲਤ ਹੋਇਆ। ਇਕ ਹੋਰ ਧਾਰਨਾ ਅਨੁਸਾਰ ਇੱਥੇ ਬਹੁਤ ਸੰਘਣੇ ਜੰਗਲ ਸਨ । ਇਨ੍ਹਾਂ ਜੰਗਲਾਂ ਵਿਚ ਬਣਾਂ ਦੇ ਦਰੱਖਤ ਜਿਆਦਾ ਸਨ । ਬਣ ਦੇ ਭਾਰੀ ਦਰੱਖਤ ਨੂੰ ਸਥਾਨਕ ਬੋਲੀ ਵਿਚ ਮਾਲ੍ਹ ਕਿਹਾ ਜਾਂਦਾ ਹੈ । ਇਨ੍ਹਾਂ ਭਾਰੀ ਭਾਰੀ ਬਣਾ ਦੇ ਦਰੱਖਤਾ ਕਰਕੇ ਇਸ ਨੂੰ ਮਾਲ੍ਹਾਂ ਦੀ ਧਰਤੀ ਕਿਹਾ ਜਾਣ ਲੱਗਾ ਸੀ । ਇਹ ਮਾਲ੍ਹ ਇਤਨੀ ਸੰਘਣੀ ਅਤੇ ਫੈਲੀ ਹੋਈ ਹੁੰਦੀ ਸੀ ਕਿ ਉਸ ਹੇਠ ਕਿਸਾਨ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਆਪਣੇ ਪਰਿਵਾਰ ਨੂੰ ਗਰਮੀ-ਸਰਦੀ ਵਿਚ ਰੱਖ ਸਕਦਾ ਸੀ। ਇੱਥੇ ਮੁੱਢ ਤੋਂ ਹੀ ਜੱਟ ਕਬੀਲਿਆਂ ਦਾ ਵਾਸਾ ਰਿਹਾ ਹੈ । ਇਹ ਜੰਗਲਾਂ-ਬੇਲਿਆਂ ਵਿਚ ਰਹਿਣ ਵਾਲੇ ਕਬੀਲੇ ਸਨ । ਮਾਲ੍ਹਾ ਦੀ ਬਹੁਤਾਤ ਹੋਣ ਕਰਕੇ ਇਸ ਖੇਤਰ ਨੂੰ ਮਾਲਾ ਵਾਲਾ ਅਤੇ ਹੌਲੀ ਹੌਲੀ ਮਾਲਵਾ ਕਿਹਾ ਜਾਣ ਲੱਗ ਪਿਆ । ਮਾਲਵੇ ਦੇ ਲੋਕਾਂ ਦੀ ਬੋਲੀ ਨੂੰ ਮਲਵਈ ਪੰਜਾਬੀ ਅਤੇ ਲੋਕਾਂ ਨੂੰ ਮਲਵਈ ਕਿਹਾ ਜਾਂਦਾ ਹੈ ।
ਬਿਸਤ ਦੁਆਬ :
ਇਹ ਦੁਆਬ ਸਤਲੁਜ ਅਤੇ ਬਿਆਸ ਦਰਿਆ ਦੀ ਵਿਚਕਾਰਲੀ ਭੂਮੀ ਦਾ ਹੈ। ਬਿਸਤ ਨਾਂ ਬਿਆਸ ਅਤੇ ਸਤਲੁਜ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣਾਇਆ ਗਿਆ ਹੈ। ਜਿਵੇਂ ਕਿ ਬਿਆਸ ਸ਼ਬਦ ਦਾ ‘ਬਿ’ ਅਤੇ ਸਤਲੁਜ ਦਾ ‘ਸਤ’ ਜੁੜ ਕੇ ਬਿਸਤ ਬਣ ਗਿਆ ਹੈ। ਇਸ ਨੂੰ ਇਕੱਲਾ ਦੁਆਬਾ ਵੀ ਕਿਹਾ ਜਾਂਦਾ ਹੈ । ਇੱਥੋਂ ਦੀ ਲੋਕਾਂ ਦੀ ਬੇਲੀ ਨੂੰ ਦੁਆਬੀ ਪੰਜਾਬੀ ਅਤੇ ਵਸਨੀਕਾਂ ਨੂੰ ਦੁਆਬੀਏ ਕਿਹਾ ਜਾਂਦਾ ਹੈ। ਇਸ ਵਿਚ ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ ਅਤੇ ਕਪੂਰਥਲਾ ਦੇ ਜ਼ਿਲ੍ਹੇ ਹਨ।
ਬਾਰੀ ਦੁਆਬ ਜਾਂ ਮਾਝਾ :
ਇਹ ਦੁਆਬ, ਬਿਆਸ ਅਤੇ ਰਾਵੀ ਦਰਿਆਵਾਂ ਦੀ ਵਿਚਕਾਰਲੀ ਧਰਤੀ ਨੂੰ ਕਿਹਾ ਜਾਂਦਾ ਹੈ। ਭਾਵੇਂ ਦਰਿਆਵਾਂ ਦੇ ਨਾਵਾ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਿਰਾ ਸ਼ਬਦ ਬਣਦਾ ਹੈ ਪਰ ਇਸ ਨੂੰ ਮੁੱਢ ਤੋਂ ਹੀ ਬਾਰੀ ਦੁਆਬ ਕਿਹਾ ਜਾਂਦਾ ਹੈ, ਵੈਸੇ ਇਸ ਇਲਾਕੇ ਦਾ ਜਿਆਦਾ ਹਰਮਨ ਪਿਆਰਾ ਨਾਂ ਮਾਝਾ ਹੈ । ਬੋਲੀ ਨੂੰ ਮਾਝੀ ਪੰਜਾਬੀ ਅਤੇ ਵਸਨੀਕਾਂ ਨੂੰ ਮਝੈਲ ਕਿਹਾ ਜਾਂਦਾ ਹੈ । ਇਹ ਖੇਤਰ ਪੰਜਾਬ ਦਾ ਬਿਲਕੁਲ ਵਿਚਕਾਰਲਾ ਦੁਆਬ ਹੈ । ਮਾਝਾ ਦਾ ਅਰਥ ਵੀ ਵਿਚਕਾਰਲਾ ਹੈ। ਪੰਜਾਬ ਦਾ ਵਿਚਕਾਰਲਾ ਹਿੱਸਾ ਹੋਣ ਕਰਕੇ ਇਸ ਦੀ ਬੋਲੀ ਨੂੰ ਅਤੇ ਇੱਥੋਂ ਦੇ ਸਭਿਆਚਾਰ ਨੂੰ ਪੰਜਾਬ ਦੀ ਟਕਸਾਲੀ ਬੋਲੀ ਅਤੇ ਪੰਜਾਬ ਦਾ ਟਕਸਾਲੀ ਸਭਿਆਚਾਰ ਮੰਨਿਆ ਜਾਂਦਾ ਹੈ । ਇਸ ਵਿਚ ਇਹ ਜਿਲ੍ਹੇ ਸ਼ਾਮਲ ਹਨ : ਲਾਹੌਰ, ਅੰਮ੍ਰਿਤਸਰ, ਮਿੰਟਗੁਮਰੀ, ਮੁਲਤਾਨ ਅਤੇ ਗੁਰਦਾਸਪੁਰ । ਲਾਹੌਰ ਅਤੇ ਅੰਮ੍ਰਿਤਸਰ ਵਰਗੇ ਅੰਤਰ-ਰਾਸ਼ਟਰੀ ਪੱਧਰ ਦੇ ਸ਼ਹਿਰ ਇਸ ਦੁਆਬ ਵਿਚ ਹੋਣ ਕਰਕੇ ਇਹ ਪੰਜਾਬ ਦਾ ਸਿਰਮੌਰ ਦੁਆਬ ਸੀ। ਪਰ 1947 ਈ. ਦੀ ਵੰਡ ਕਾਰਣ ਇਹ ਦੁਆਬ ਵਿਚਕਾਰੋਂ ਵੰਡਿਆ ਗਿਆ ਹੈ । ਪੂਰਬੀ ਪੰਜਾਬ ਵਿਚ ਸਿਰਫ ਗੁਰਦਾਸਪੁਰ ਅਤੇ ਅੰਮ੍ਰਿਤਸਰ ਹੀ ਹਨ ਜਦੋਂ ਕਿ ਬਾਕੀ ਦੇ ਜ਼ਿਲ੍ਹੇ ਪੱਛਮੀ ਪੰਜਾਬ ਵਿਚ ਹਨ।
ਰਚਨਾ ਦੁਆਬ :
ਇਹ ਦੁਆਬ ਰਾਵੀ ਅਤੇ ਚਿਨਾਬ ਦਰਿਆਵਾਂ ਦੇ ਵਿਚਕਾਰਲਾ ਹਿੱਸਾ ਹੈ। ਰਾਵੀ ਤੋਂ ‘ਰ’ ਅਤੇ ਚਨਾਬ ਤੋਂ ‘ਚਨਾ’ ਲੈ ਕੇ ਰਚਨਾ ਨਾਂ ਪਰਚੱਲਤ ਹੋਇਆ ਹੈ। ਪੰਜਾਬ ਦੀਆਂ ਪ੍ਰਚੱਲਤ ਬਾਰਾਂ ਇਸੇ ਦੁਆਬ ਵਿਚ ਹੀ ਹਨ। ਜਿਵੇਂ ਕਿ ਨੀਲੀ ਬਾਰ, ਗੰਜੀ ਬਾਰ ਅਤੇ ਸਾਂਦਲ ਬਾਰ ਆਦਿ । ਇਨ੍ਹਾਂ ਬਾਰਾਂ ਕਰਕੇ ਹੀ ਇੱਥੋਂ ਦੇ ਵਸਨੀਕਾਂ ਨੂੰ ਬਾਰੀਏ ਅਤੇ ਬੋਲੀ ਨੂੰ ਬਾਰੀ ਪੰਜਾਬੀ ਕਿਹਾ ਜਾਂਦਾ ਹੈ। ਸਿਆਲਕੋਟ, ਗੁਜਰਾਂਵਾਲਾ, ਨਾਰੋਵਾਲ, ਸ਼ੇਖੂਪੁਰਾ, ਨਨਕਾਣਾ ਸਾਹਿਬ, ਲਾਇਲਪੁਰ, ਝੰਗ, ਸ਼ੇਰਕੋਟ ਆਦਿ ਪਰਸਿੱਧ ਸ਼ਹਿਰ ਇਸੇ ਦੁਆਬ ਵਿਚ ਹਨ। ਮਹਾਰਾਜਾ ਰਣਜੀਤ ਸਿੰਘ ਇਸੇ ਦੁਆਬ ਦੀ ਹੀ ਪੈਦਾਇਸ਼ ਸੀ।
ਚੱਜ ਦੁਆਬ :
ਇਹ ਦੁਆਬ ਚਿਨਾਬ ਅਤੇ ਜਿਹਲਮ ਦੇ ਵਿਚਕਾਰਲੇ ਖੇਤਰ ਦਾ ਨਾਂ ਹੈ। ਦਰਿਆ ਚਨਾਬ ਦਾ ‘ਚ’ ਅੱਖਰ ਅਤੇ ਜਿਹਲਮ ਦਾ ‘ਜ’ ਅੱਖਰ ਜੋੜ ਕੇ ‘ਚੱਜ` ਸ਼ਬਦ ਬਣਿਆ ਹੈ। ਗੁਜਰਾਤ, ਸ਼ਾਹਪੁਰ ਅਤੇ ਸਾਹੀਵਾਲ ਇਸ ਦੇ ਪਰਸਿੱਧ ਸ਼ਹਿਰ ਹਨ। ਇਸ ਦੀ ਬੋਲੀ ਨੂੰ ਜਟਕੀ ਜਾ ਭਰੋਚੀ ਕਿਹਾ ਜਾਂਦਾ ਹੈ। ਇੱਥੋਂ ਦੇ ਵਸਨੀਕਾਂ ਨੂੰ ਖਾਲਿਸ ਜੱਟ ਮੰਨਿਆ ਜਾਂਦਾ ਹੈ। ਰਾਜਾ ਪੋਰਸ ਇਸੇ ਦੁਆਬ ਦਾ ਜੱਟ ਸੀ ਜਿਸ ਨੇ ਦਰਿਆ ਜਿਹਲਮ ਦੇ ਕੰਢਿਆਂ ‘ਤੇ ਸਿਕੰਦਰ ਨਾਲ ਪੂਰੀ ਗਹਿਗੱਚ ਹੋਈ ਲੜਾਈ ਵਿਚ ਆਪਣੀ ਤਾਕਤ ਦਾ ਸਿੱਕਾ ਮਨਵਾਇਆ ਸੀ।
ਪੰਜਾਬ ਦੇ ਵਸਨੀਕ :
ਸਿੰਧ ਘਾਟੀ ਦੀ ਸਭਿਅਤਾ ਭੂਗੋਲਕ ਪੰਜਾਬ ਦੇ ਪੂਰੇ ਖੇਤਰ ਵਿਚ ਫੈਲੀ ਹੋਈ ਸੀ। ਇਹ ਸਭਿਅਤਾ ਸ਼ਹਿਰੀ ਜੀਵਨ ਦੇ ਤੌਰ ‘ਤੇ ਬਹੁਤ ਵਿਕਸਤ ਸੀ । ਨਾਗਰਿਕ ਸਭਿਆ ਲੋਕ ਸਨ, ਵਿਕਸਤ ਸ਼ਹਿਰੀ ਜੀਵਨ ਤੋਂ ਜਾਣੂ ਸਨ ਅਤੇ ਆਰਥਿਕ ਤੌਰ ‘ਤੇ ਅਮੀਰ ਸਨ। ਇਸ ਰੌਸ਼ਨੀ ਵਿਚ ਦੇਖਿਆ ਕਿਹਾ ਜਾ ਸਕਦਾ ਹੈ ਕਿ ਆਪਣੇ ਆਲੇ ਦੁਆਲੇ ਦੇ ਖੇਤਰਾਂ ਦੇ ਵਸਨੀਕਾਂ ਦੀ ਤਰ੍ਹਾਂ ਪੰਜਾਬ ਦੇ ਵਸਨੀਕ ਵੀ ਸਭਿਆ ਲੋਕ ਸਨ ਅਤੇ ਮਜਬੂਤ ਆਰਥਿਕ ਸਥਿਤੀ ਵਾਲੇ ਸਨ । ਮੁੱਖ ਤੌਰ ‘ਤੇ ਲੋਕਾਂ ਦਾ ਕੰਮ ਖੇਤੀਬਾੜੀ ਕਰਨਾ ਸੀ । ਇਹ ਖੇਤੀਬਾੜੀ ਸਾਰੀ ਦੀ ਸਾਰੀ ਵਰਖਾ ‘ਤੇ ਹੀ ਨਿਰਭਰ ਹੁੰਦੀ ਸੀ। ਜਿਆਦਾਤਰ ਜੰਗਲ ਅਤੇ ਚਾਰਗਾਹਾਂ ਹੀ ਸਨ। ਬਹੁਤ ਘੱਟ ਹਿੱਸੇ ਵਿਚ ਹੀ ਖੇਤੀ ਕੀਤੀ ਜਾਂਦੀ ਸੀ । ਘਰੇਲੂ ਤੌਰ ‘ਤੇ ਪਾਲੇ ਜਾਣ ਵਾਲੇ ਪਸੂਆ ਵਿਚ ਗਊਆਂ, ਬਲਦ, ਊਠ ਅਤੇ ਮੱਝਾਂ ਹੀ ਸਨ।
ਪੰਜਾਬ ਦੇ ਵਸਨੀਕ ਜੱਟ ਕਬੀਲੇ ਸਨ । ਇਹ ਕਬੀਲਿਆਂ ਦੇ ਰੂਪ ਵਿਚ ਰਹਿੰਦੇ ਸਨ ਅਤੇ ਜੰਗਲਾਂ ਰੋਹੀਆਂ ਦੇ ਇਹ ਮਾਲਕ ਸਨ । ਪੰਜਾਬ ਦਾ ਸਭ ਤੋਂ ਪੁਰਾਣਾ ਗਰੰਥ ਰਿਗਵੇਦ ਹੈ ਇਹ ਆਰੀਆ ਲੋਕਾਂ ਦਾ ਪਹਿਲਾ ਗਰੰਥ ਹੈ ਜਿਸ ਵਿਚ ਪੰਜਾਬ ਵਿਚਲੇ ਉਨ੍ਹਾਂ ਕਬੀਲਿਆਂ ਦੇ ਨਾਂ ਦਰਜ ਹਨ ਜਿਹੜੇ ਆਰੀਆ ਲੋਕਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿਚ ਰਹਿੰਦੇ ਸਨ ਅਤੇ ਜਿਨ੍ਹਾਂ ਨੂੰ ਆਰੀਆ ਲੋਕਾਂ ਨੇ ਆਪਣਾ ਦੁਸ਼ਮਣ ਮੰਨਿਆ ਸੀ । ਇਨ੍ਹਾਂ ਕਬੀਲਿਆਂ ਵਿਚ ਸੰਧਵਾ, ਮਾਲਵ ਅਤੇ ਮਦਰ ਆਦਿ ਕਬੀਲਿਆਂ ਦੇ ਮੁੱਖ ਤੌਰ ‘ਤੇ ਨਾਂ ਮਿਲਦੇ ਹਨ। ਮਾਲਵ ਕਬੀਲਿਆਂ ਨੂੰ ਮਲੋਈ ਵੀ ਲਿਖਿਆ ਗਿਆ ਹੈ। ਸੰਧਵਾਂ, ਮਦਰ ਅਤੇ ਮਾਲਵ ਕਬੀਲਿਆਂ ਦੀ ਪਛਾਣ ਵਰਤਮਾਨ ਸੰਧੂ ਜੱਟਾ, ਮੰਡੇਰ ਜੱਟਾਂ ਅਤੇ ਮੱਲੀ ਜੱਟਾਂ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ। ਇਨ੍ਹਾਂ ਨੂੰ ਬਾਹੀਕ ਜਾਂ ਵਾਹੀਕ ਕਿਹਾ ਜਾਂਦਾ ਸੀ । ਵਾਹੀਕ ਦਾ ਅਰਥ ਵਾਹੀ ਕਰਨ ਵਾਲੇ ਤੋਂ ਹੈ । ਭਾਵ ਕਿ ਪੰਜਾਬ ਦੇ ਲੋਕ ਆਪਣੇ ਖੇਤਾਂ ਦੀ ਵਾਹੀ ਕਰਨ ਵਾਲੇ ਸਨ । ਇਸ ਦਾ ਇਕ ਹੋਰ ਅਰਥ ਬਾਹਰਲੇ ਵੀ ਲਿਆ ਗਿਆ ਹੈ। ਬਾਹਰਲੇ ਦਾ ਭਾਵ ਹੈ ਆਰੀਆ ਸਮਾਜ ਤੋਂ ਬਾਹਰ ਦੇ ਲੋਕ । ਜੱਟ ਕਬੀਲਿਆਂ ਨੂੰ ਆਰੀਆ ਲੋਕਾਂ ਨੇ ਆਪਣੇ ਧਰਮ ਤੋਂ ਅਤੇ ਆਪਣੇ ਸਭਿਆਚਾਰ ਤੋਂ ਬਾਹਰਲੇ ਲੋਕ ਮੰਨਿਆ ਸੀ । ਰਿਗਵੇਦ ਤੋਂ ਪਿੱਛੋਂ ਮਹਾਭਾਰਤ ਵਿਚ ਜਿਨ੍ਹਾਂ ਪੰਜਾਬੀ ਕਬੀਲਿਆ ਦੇ ਨਾਂ ਮਿਲਦੇ ਹਨ ਉਨ੍ਹਾਂ ਵਿਚ ਜਰਟਿਕ, ਅਰੰਟ, ਮਦਰ, ਭੱਲਣ, ਸਾਲਵ, ਭੁਲਿੰਗ, ਮਲੋਈ ਆਦਿ ਕਬੀਲਿਆਂ ਦੇ ਨਾਵਾਂ ਦਾ ਜ਼ਿਕਰ ਹੈ।” ਜਰਟਿਕ ਅਤੇ ਅਰੰਟ ਤੋਂ ਭਾਵ ਸਿੱਧਾ ਹੀ ਜੱਟਾਂ ਤੋਂ ਹੈ, ਮਦਰ ਤੋਂ ਭਾਵ ਮੰਡੇਰ, ਭੱਲਣ ਤੋਂ ਭਾਵ ਭੁੱਲਣ ਖਾਸ ਜਾਂ ਭੁੱਲਰਾਂ ਤੋਂ ਹੈ, ਸਾਲਵ ਤੋਂ ਭਾਵ ਸੱਲ, ਭੁਲਿੰਗ ਤੋਂ ਬਲਿੰਗ ਅਤੇ ਮਾਲਵ ਜਾ ਮੁਲੇਈ ਤੋਂ ਭਾਵ ਮੱਲੀ ਤੋਂ ਹੈ।
ਮਹਾਂਭਾਰਤ ਵਿਚ ‘ਪੰਚਨਦ’ ਦੇ ਨਾਂ ਹੇਠ ਪੰਜਾਬ ਬਾਰੇ ਜੋ ਹੋਰ ਜਾਣਕਾਰੀ ਮਿਲਦੀ ਹੈ ਉਸ ਅਨੁਸਾਰ ਪੰਚਨਦ ਨੂੰ ਅਰਟ ਦੇਸ ਕਿਹਾ ਜਾਂਦਾ ਸੀ ਅਤੇ ਇਸ ਦੇ ਵਾਸੀਆਂ ਨੂੰ ਵਾਹੀਕ । ਇਸ ਦੇਸ਼ ਵਿਚ ਅਲੱਗ ਜਨਪਦ ਸਨ ਅਤੇ ਇਹ ਲੋਕ ਅਤੇ ਜਨਪਦ ਮੁੱਖ ਤੌਰ ਤੇ ਬਿਆਸ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਰਹਿੰਦੇ ਸਨ। ਅਰੱਟ ਦੇਸ਼ ਤੋਂ ਭਾਵ ਜੱਟਾਂ ਦੇ ਦੇਸ਼ ਤੋਂ ਹੈ ਅਤੇ ਜਨਪਦ ਤੋਂ ਭਾਵ ਛੋਟੇ ਛੋਟੇ ਕਬੀਲਿਆਂ ਦੇ ਰਾਜਾਂ ਤੋਂ ਹੈ । ਭਾਵ ਕਿ ਜੱਟ ਕਬੀਲੇ ਆਪਣੇ ਆਪਣੇ ਅਧਿਕਾਰ ਖੇਤਰਾਂ ਵਿਚ ਰਾਜ ਕਰਦੇ ਸਨ । ਹੌਲੀ ਹੌਲੀ ਇਹ ਵਾਹੀਕ ਨਾਂ ਇਸ ‘ਅਰੱਟ ਦੇਸ ਵਿਚ ਜਾਂ ‘ਪੰਚਨਦ’ ਵਿਚ ਰਹਿਣ ਵਾਲੇ ਸਾਰੇ ਹੀ ਲੋਕਾਂ ਦੇ ਨਾਲ ਜੁੜ ਗਿਆ ਸੀ। ਸਿਆਲਕੋਟ ਵਿਚ ਅਰਥਾਤ ਰਾਵੀ ਅਤੇ ਚਿਨਾਬ ਦੇ ਵਿਚਕਾਰਲੇ ਮੈਦਾਨੀ ਖੇਤਰ ਵਿਚ ਮਦਰ ਲੋਕ ਰਹਿੰਦੇ ਸਨ । ਸਾਕਾਲ (ਸਿਆਲਕੋਟ) ਇਨ੍ਹਾਂ ਦਾ ਕੇਂਦਰ ਸੀ। ਮਦਰਾਂ ਨੂੰ ਮਹਾਂਭਾਰਤ ਵਿਚ ਜੱਟ (ਜਰਟਿਕ) ਮੰਨਿਆ ਗਿਆ ਹੈ। ਘੱਗਰ ਅਤੇ ਸਰਸਵਤੀ ਨਦੀਆਂ ਦੇ ਵਿਚਕਾਰਲੀ ਥਾਂ ਵਿਚ ਬਰਾਹਮਣ ਰਹਿੰਦੇ ਸਨ ਜੋ ਵੇਦਾਂ ਆਦਿ ਨੂੰ ਲਿਖਦੇ ਸਨ । ਇਸ ਕਰਕੇ ਇਸ ਛੋਟੀ ਜਿਹੀ ਟੁਕੜੀ ਨੂੰ ਉਨ੍ਹਾਂ ਨੇ ‘ਬਰੱਹਮਵਰਤ’ ਦਾ ਨਾਂ ਦਿੱਤਾ ਹੋਇਆ ਸੀ । ਬਰੱਹਮਵਰਤ ਤੋਂ ਭਾਵ ਹੈ ਬਰਾਹਮਣਾਂ ਦਾ ਦੇਸ਼। ਇਸ ਨੂੰ ‘ਆਰੀਆਵਰਤ’ ਵੀ ਕਿਹਾ ਗਿਆ ਹੈ।
ਜੱਟ ਨਾਂ ਅਸਲ ਵਿਚ ਸਿਰ ਉਪਰਲੀਆਂ ਜਟਾਂ ਅਤੇ ਸਰੀਰ ਉਪਰਲੀ ਵਾਲਾਂ ਵਾਲੀ ਜੱਤ ਤੋਂ ਪਰਚੱਲਤ ਹੋਇਆ ਹੈ। ਜੱਟ ਕਬੀਲੇ ਮੁੱਖ ਤੌਰ ‘ਤੇ ਖੇਤੀਬਾੜੀ ਕਰਨ ਵਾਲੇ ਲੋਕ ਸਨ । ਇਹ ਜੰਗਲਾਂ ਵਿਚ ਰਹਿੰਦੇ ਸਨ ਅਤੇ ਸ਼ਹਿਰੀ ਜਿੰਦਗੀ ਤੋਂ ਦੂਰ ਸਨ । ਜਦੋਂ ਆਰੀਆ ਲੋਕ ਪੰਜਾਬ ਦੀ ਧਰਤੀ ‘ਤੇ ਆਏ ਤਾਂ ਜੱਟ ਕਬੀਲਿਆਂ ਦੇ ਲੋਕਾਂ ਨੂੰ, ਸਿਰਾ ਉੱਪਰ ਲੰਮੇ ਲੰਮੇ ਅਤੇ ਖੁਰਦਰੇ ਜਿਹੇ ਵਾਲ ਦੇਖ ਕੇ, ਸਰੀਰਾਂ ਉਪਰ ਲੰਮੀ ਲੰਮੀ ਜੰਤ ਦੇਖ ਕੇ, ਜਟਾਂ ਵਾਲੇ ਉਚਾਰਣ ਤੋਂ ਜੱਟ ਸ਼ਬਦ ਪਰਚੱਲਤ ਹੋ ਗਿਆ ।”
ਰਿਗਵੇਦ, ਦੂਸਰੇ ਵੇਦ ਅਤੇ ਪੁਰਾਣਿਕ ਪੁਸਤਕਾਂ ਵਿਚ ਜੱਟਾ ਸੰਬੰਧੀ ਅਤੇ ਪੰਜਾਬ ਦੇ ਵਸਨੀਕਾਂ ਸੰਬੰਧੀ ਬੜੀਆਂ ਭਾਵਪੂਰਤ ਗੱਲਾ ਲਿਖੀਆਂ ਹੋਈਆਂ ਹਨ। ਇਹ ਸਭ ਆਰੀਆ ਲੋਕਾਂ ਦੇ ਗਰੰਥ ਹਨ। ਇਸ ਲਈ ਇਹ ਗਰੰਥ ਸਿਰਫ ਆਰੀਆ ਲੋਕਾਂ ਦੇ ਗੁਣਾ ਅਤੇ ਉਨ੍ਹਾਂ ਦੇ ਦੇਵਤਿਆਂ ਦੀ ਪਰਸੰਸਾ ਨਾਲ ਭਰੇ ਹੋਏ ਹਨ। ਆਪਣੇ ਦੁਸਮਣਾਂ ਪਰਤੀ ਇਨ੍ਹਾਂ ਵਿਚ ਪੂਰੀ ਨਫ਼ਰਤ ਨਾਲ ਲਿਖਿਆ ਗਿਆ ਹੈ। ਇਸ ਪਰਸੰਸਾ ਅਤੇ ਨਫ਼ਰਤ ਵਿਚੋਂ ਹੀ ਅਸੀਂ ਪੰਜਾਬ ਦੇ ਵਸਨੀਕਾ ਬਾਰੇ ਜਾਣ ਸਕਦੇ ਹਾਂ ਅਤੇ ਇਹ ਵੀ ਕਿ ਆਰੀਆ ਲੋਕਾਂ ਦਾ ਪੰਜਾਬ ਪਰੱਤੀ ਕੀ ਰਵਈਆ ਰਿਹਾ ਸੀ ।
ਸਭ ਤੋਂ ਪਹਿਲਾ ਨੁਕਤਾ ਇਹ ਹੈ ਕਿ ਰਿਗਵੇਦ ਵਿਚ ਪੰਜਾਬ ਦੇ ਕਿਸੇ ਵੀ ਦਰਿਆ ਦੀ ਪਰਸੰਸਾ ਨਹੀਂ ਕੀਤੀ ਗਈ। ਹਾਲਾਂ ਕਿ ਸਿੰਧ ਦਰਿਆ ਅਤੇ ਸਰਸਵਤੀ ਦਰਿਆਵਾਂ ਦੀ ਪੂਰੀ ਪਰਸੰਸਾ ਕੀਤੀ ਗਈ ਹੈ । ਸਰਸਵਤੀ ਦਰਿਆ ਨੂੰ ਤਾਂ ਇਨ੍ਹਾਂ ਨੇ ਇਕ ਦੇਵੀ ਦੀ ਮੂਰਤ ਵੀ ਮੰਨਿਆ ਹੋਇਆ ਹੈ। ਪਰ ਜਿਹਲਮ, ਚਿਨਾਬ, ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਵਿਚੋਂ ਕਿਸੇ ਦੀ ਵੀ ਕਿਸੇ ਕਿਸਮ ਦੀ ਪਰਸੰਸਾ ਨਹੀਂ ਕੀਤੀ ਗਈ । ਹਾਲਾਂਕਿ ਇਹ ਦਰਿਆ ਸਰਸਵਤੀ ਨਾਲੋਂ ਕਿਤੇ ਜਿਆਦਾ ਵੱਡੇ ਅਤੇ ਵਿਸ਼ਾਲ ਫਾਇਦਿਆਂ ਵਾਲੇ ਹਨ। ਹਾਂ ਇਨ੍ਹਾਂ ਦਰਿਆਵਾਂ ਦੇ ਨਾਂ ਜਰੂਰ ਵਰਨਣ ਕੀਤੇ ਗਏ ਹਨ। ਇਸ ਤੋਂ ਇਕ ਗੱਲ ਸਮਝ ਵਿਚ ਆਉਂਦੀ ਹੈ ਉਹ ਇਹ ਕਿ ਆਰੀਆ ਲੋਕ ਪੰਜਾਬ ਦੇ ਦਰਿਆਵਾਂ ਉਪਰ ਰਹਿ ਹੀ ਨਹੀਂ ਸਕੇ । ਇਸ ਕਰਕੇ ਇਨ੍ਹਾਂ ਦੀ ਇਨ੍ਹਾਂ ਦਰਿਆਵਾਂ ਨਾਲ ਜਜਬਾਤੀ ਸਾਂਝ ਨਹੀਂ ਪੈ ਸਕੀ । ਪੰਜਾਬ ਦੇ ਦਰਿਆਵਾਂ ਉਪਰ ਨਾ ਰਹਿ ਸਕਣ ਦਾ ਇਕ ਵੱਡਾ ਕਾਰਣ ਇਹ ਸੀ ਕਿ ਆਰੀਆ ਲੋਕਾਂ ਦਾ ਛੇਤੀ ਹੀ ਇੱਥੋਂ ਦੇ ਜੱਟ ਕਬੀਲਿਆਂ ਨਾਲ ਝਗੜਾ ਖੜਾ ਹੋ ਗਿਆ ਸੀ । ਜੱਟ ਕਬੀਲੇ ਪੰਜਾਬ ਦੇ ਜੰਗਲਾਂ, ਖੇਤੀਬਾੜੀ ਅਤੇ ਦਰਿਆਵਾਂ ਦੇ ਮਾਲਕ ਸਨ । ਜਦੋਂ ਆਰੀਆ ਲੋਕਾਂ ਦੀਆਂ ਗਾਵਾਂ ਦੇ ਵੱਗਾਂ, ਉਨਾਂ ਦੇ ਝੁੰਡਾ, ਭੇਡਾਂ ਅਤੇ ਬੱਕਰੀਆਂ ਦੇ ਇੱਜੜਾਂ ਦਾ ਬੋਲਿਆ ਹੋਇਆ ਧਾਵਾ ਪੰਜਾਬੀਆਂ ਦੀਆਂ ਆਪਣੀਆ ਚਾਰਗਾਹਾਂ, ਜੰਗਲ ਬੇਲਿਆਂ ਅਤੇ ਖੇਤੀ ਦੀਆਂ ਫਸਲਾਂ ਉਜਾੜਨ ਲੱਗ ਪਿਆ ਤਾਂ ਉਨ੍ਹਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਸੀ । ਇਹ ਵਿਰੋਧ ਕਈ ਵਾਰ ਗਹਿਗੱਚ ਲੜਾਈਆਂ ਦਾ ਰੂਪ ਵੀ ਧਾਰਨ ਕਰ ਜਾਂਦਾ ਸੀ । ਇਨ੍ਹਾਂ ਲੜਾਈਆਂ ਵਿਚ ਆਰੀਆ ਲੋਕ ਹਾਰ ਗਏ ਅਤੇ ਉਨ੍ਹਾਂ ਨੂੰ ਪੰਜਾਬ ਦੇ ਜੱਟ ਕਬੀਲਿਆਂ ਨੇ ਪੰਜਾਬ ਦੀਆਂ ਹੱਦਾਂ ਤੋਂ ਪਰੇ ਧੱਕ ਦਿੱਤਾ ਸੀ ।” ਲਤੀਫ ਦਾ ਕਥਨ ਹੈ ਕਿ ਰਿਗ ਵੇਦ ਦੇ ਸਲੋਕ ਇਸ ਗੱਲ ਦਾ ਪਰਤੱਖ ਸਬੂਤ ਹਨ ਕਿ ਪਹਿਲੇ ਆਰੀਆ ਲੋਕਾਂ ਨੂੰ ਬਿਨਾਂ ਲੜਾਈ ਝਗੜੇ ਦੇ ਪੰਜਾਬ ਵਿਚ ਟਿਕਣ ਨਹੀਂ ਦਿੱਤਾ ਗਿਆ ਸੀ । ਪੰਜਾਬ ਦੇ ਜੰਗ ਜੂ ਰਾਖਸ਼ਸ਼ਾਂ, ਅਸੁਰਾ ਅਤੇ ਭੂਰੇ ਰੰਗ ਵਾਲੇ ਦੈਂਤਾਂ ਨਾਲ ਇਨ੍ਹਾਂ ਨੂੰ ਲੰਮੀਆਂ ਅਤੇ ਭਿਆਨਕ ਲੜਾਈਆਂ ਕਰਨੀਆਂ ਪਈਆਂ ਸਨ।” ਇਸ ਗੱਲ ਦੀ ਪੁਸ਼ਟੀ ਜੇਮਜ ਐਡਗਰ ਸਵੇਨ ਨੇ ਵੀ ਇਉਂ ਲਿਖ ਕੇ ਕੀਤੀ ਹੈ : “ਵੈਦਿਕ ਕਵੀ ਇਕ ਕਾਲੇ ਰੰਗ ਦੀ ਜਾਤੀ ਦਾ ਕਥਨ ਕਰਦੇ ਹਨ ਜਿਸ ਨੇ 1200 ਈ. ਪੂ. ਦੇ ਕਰੀਬ ਆਰੀਆ ਲੋਕਾਂ ਦੇ ਆਗਮਨ ਨੂੰ ਰੋਕਣਾ ਚਾਹਿਆ। ਹੋਰ ਆਰੀਆ ਗਣਾ ਦੇ ਧਾਵਿਆਂ ਦਾ ਵਰਨਣ ਵੀ ਹੈ ਤੇ ਇਨ੍ਹਾਂ ਸਹਜਾਤ ਲੋਕਾਂ ਦੇ ਆਪਸੀ ਸੰਘਰਸ਼ਾਂ ਦੀ ਜਿਹੜੇ ਉਸੇ ਸੰਸਕਰਿਤਕ ਵਰਗ ਦੇ ਸਨ ਜਿਸ ਦੇ ਭਾਰਤ-ਯੂਰਪੀ ਲੋਕ ।”” ਪੰਜਾਬ ਵਿਚ ਆਉਣ ਤੋਂ ਪਹਿਲਾਂ ਆਰੀਆ ਲੋਕ ਸਿੰਧ ਦਰਿਆ ਉੱਤੇ ਵਸੇ ਸਨ । ਇਸੇ ਕਰਕੇ ਉਨ੍ਹਾਂ ਨੇ ਸਿੰਧ ਦਰਿਆ ਦੇ ਵਸਨੀਕਾਂ ਨੂੰ ਸੰਧਵਾ ਜਾਂ ਸੰਧਵਈ ਲਿਖਿਆ ਹੈ। ਸਿੰਧ ਦਰਿਆ ਦੇ ਕੰਢਿਆਂ ਉਪਰ ਆਰੀਆ ਲੋਕ ਕਾਫੀ ਸਮਾਂ ਰਹੇ ਸਨ। ਇਸੇ ਕਰਕੇ ਉਨ੍ਹਾਂ ਦੀ ਇਸ ਦਰਿਆ ਨਾਲ ਜਜਬਾਤੀ ਸਾਂਝ ਪੈ ਗਈ । ਸਿੰਧ ਦਰਿਆ ਤੋਂ ਬਾਅਦ ਜਦੋਂ ਆਰੀਆ ਲੋਕ ਪੰਜਾਬ ਦੀ ਧਰਤੀ ਉਪਰ ਆਏ ਤਾਂ ਇਨ੍ਹਾਂ ਨੂੰ ਇੱਥੇ ਉਸ ਤਰ੍ਹਾਂ ਨਾ ਰਹਿਣਾ ਮਿਲਿਆ ਜਿਸ ਤਰ੍ਹਾਂ ਉਹ ਸਿੰਧ ਦਰਿਆ ਉਪਰ ਰਹੇ ਸਨ। ਪੰਜਾਬ ਵਿਚੋਂ ਇਹ ਲੋਕ ਧੱਕ ਦਿੱਤੇ ਗਏ ਸਨ । ਪੰਜਾਬ ਵਿਚੋਂ ਧੱਕੇ ਹੋਏ ਇਹ ਸਰਸਵਤੀ ਦਰਿਆ ਉਪਰ ਵਸ ਗਏ ਸਨ। ਰਿਗ ਵੈਦ ਵਿਚ ਅਤੇ ਹੋਰਨਾਂ ਪੁਰਾਣਾ ਵਿਚ ਸਰਸਵਤੀ ਨੂੰ ਬਹੁਤ ਵੱਡਾ ਦਰਿਆ ਲਿਖਿਆ ਗਿਆ ਹੈ ਪਰ ਜਦੋ ਤੋਂ ਇਤਿਹਾਸਕ ਜਾਣਕਾਰੀ ਮਿਲਦੀ ਹੈ ਉਦੋਂ ਤੋਂ ਹੀ ਸਰਸਵਤੀ ਇਕ ਵਰਖਾ ਰੁੱਤ ਵਾਲੀ ਮੌਸਮੀ ਨਦੀ ਹੀ ਹੈ। ਪਤਾ ਨਹੀਂ ਆਰੀਆ ਲੋਕਾਂ ਨੇ ਇਕ ਬਰਸਾਤੀ ਨਦੀ ਨੂੰ ਹੀ ਵੱਡਾ ਦਰਿਆ ਬਣਾ ਦਿੱਤਾ ਹੈ ਜਾਂ ਇਹ ਪਿੱਛੇ ਮੌਸਮੀ ਨਦੀ ਬਣ ਗਈ ਹੈ ਇਹ ਤਾਂ ਇਹ ਆਰੀਆ ਗਰੰਥਾਂ ਦੇ ਲੇਖਕ ਹੀ ਜਾਣਦੇ ਹਨ ਪਰ ਸਰਸਵਤੀ ਕਦੇ ਇਕ ਵੱਡਾ ਦਰਿਆ ਵੀ ਸੀ ਇਸ ਦੇ ਹੱਕ ਵਿਚ ਇਤਿਹਾਸਕ ਗਵਾਹੀ ਕੋਈ ਨਹੀਂ ਹੈ।
ਦੂਸਰਾ ਮੁੱਖ ਨੁਕਤਾ ਆਰੀਆ ਗਰੰਥਾਂ ਵਿਚੋਂ ਇਹ ਮਿਲਦਾ ਹੈ ਕਿ ਆਰੀਆ ਲੋਕਾਂ ਨੇ ਸਰਸਵਤੀ ਦਰਿਆ ਨੂੰ ਪੰਜਾਬ ਦੀ ਹੱਦ ਮੰਨਿਆ ਹੈ। ਪੰਜਾਬ ਨੂੰ ਉਹ ਕਾਲੇ, ਜੱਟਾਂ ਵਾਲੇ, ਜੱਤ ਵਾਲੀ ਚਮੜੀ ਵਾਲੇ, ਭੈੜੀ ਬਿਰਤੀ ਵਾਲੇ, ਚੋਰੀ ਕਰਨ ਵਾਲੇ ਅਤੇ ਰਾਕਸ਼ਸ਼ ਕਿਸਮ ਦੇ ਲੋਕ ਮੰਨਿਆ ਹੈ। ਇਸ ਕਰਕੇ ਆਰੀਆ ਗਰੰਥਾਂ ਵਿਚ ਇਹ ਲਿਖਿਆ ਹੋਇਆ ਹੈ ਕਿ ਸਰਸਵਤੀ ਦੇ ਪੱਛਮ ਵੱਲ ਦੀ ਧਰਤੀ ਅਪਵਿੱਤਰ ਹੈ ਅਤੇ ਇਸ ਦੇ ਪੂਰਬ ਵੱਲ ਪਵਿੱਤਰ ਧਰਤੀ ਹੈ। ਸਰਸਵਤੀ ਦੀ ਧਰਤੀ ਨੂੰ ਆਰੀਆ ਲੋਕਾਂ ਨੇ ਬਰਹਮਵਰਤ ਜਾਂ ਆਰੀਆਂ ਦਾ ਦੇਸ਼ ਵੀ ਕਿਹਾ ਹੈ। ਇਸ ਦਾ ਭਾਵ ਹੈ ਕਿ ਸਰਸਵਤੀ ਤੋਂ ਲੈ ਕੇ ਪਹਿਲਾਂ ਜਮੁਨਾ ਤੱਕ ਅਤੇ ਪਿੱਛੋਂ ਗੰਗਾ ਦਰਿਆ ਤੱਕ ਦਾ ਇਲਾਕਾ ਆਰੀਆ ਲੋਕਾਂ ਵਾਸਤੇ ਬਹੁਤ ਪਵਿੱਤਰ ਧਰਤੀ ਸੀ। ਪਿੱਛੋਂ ਮਹਾਂਭਾਰਤ ਦੇ ਗਰੰਥ ਵਿਚ ਵੀ ਪੰਜਾਬ ਨੂੰ ਕੌਰਵਾਂ ਦਾ ਦੇਸ਼ ਦੱਸਿਆ ਗਿਆ ਹੈ ਅਤੇ ਸਰਸਵਤੀ ਤੋਂ ਪੂਰਬ ਵੱਲ ਦਾ ਇਲਾਕਾ ਪਾਂਡਵਾਂ ਦਾ ਦੇਸ਼ ਮੰਨਿਆ ਗਿਆ ਹੈ। ਭਾਵ ਕਿ ਕੌਰਵਾਂ ਅਤੇ ਪਾਂਡਵਾਂ ਦੇ ਰਾਜ ਦੀ ਹੱਦ ਸਰਸਵਤੀ ਸੀ। ਕੁਰਕਸ਼ੇਤਰ ਵੀ ਸਰਸਵਤੀ ਉਪਰ ਸਥਿਤ ਸ਼ਹਿਰ ਹੈ। ਇਹੀ ਵਜਾ ਸੀ ਕਿ ਕੁਰਕਸ਼ੇਤਰ ਦੋਹਾਂ ਧਿਰਾਂ ਦੀ ਲੜਾਈ ਦਾ ਮੈਦਾਨ ਬਣਿਆ ਸੀ । ਇਸ ਤਰ੍ਹਾਂ ਸਰਸਵਤੀ ਪੰਜਾਬ ਦੀ ਪੂਰਬੀ ਹੱਦ ਸੀ ਅਤੇ ਪੰਜਾਬ ਦੇ ਜੱਟ ਕਬੀਲਿਆਂ ਨੇ ਆਰੀਆ ਲੋਕਾਂ ਨੂੰ ਘੱਗਰ ਦੀ ਹੱਦ ਤੇ ਪਰੇ ਧੱਕ ਦਿੱਤਾ ਸੀ ਅਤੇ ਪੰਜਾਬ ਦੇ ਜੱਟ ਕਬੀਲੇ ਵੀ ਪੰਜਾਬ ਦੀ ਪੂਰਬੀ ਹੱਦ ਘੱਗਰ ਅਤੇ ਸਰਸਵਤੀ ਤੱਕ ਹੀ ਸਮਝਦੇ ਸੀ। ਆਰੀਆ ਲੋਕ ਪੰਜਾਬ ਵਿਚੋਂ ਧੱਕੇ ਹੋਏ ਸਰਸਵਤੀ ਦੇ ਕੰਢਿਆਂ ‘ਤੇ ਵਸ ਗਏ ਸਨ । ਇੱਥੇ ਹੀ ਉਨ੍ਹਾਂ ਨੇ ਆਪਣੇ ਵੇਦ ਰਚੇ ਸਨ ਅਤੇ ਇੱਥੇ ਹੀ ਬਾਕੀ ਦੇ ਗਰੰਥ। ਇਸ ਨਾਲ ਆਰੀਆ ਲੋਕਾਂ ਵਿਚ ਸਰਸਵਤੀ ਨਦੀ ਪੜਨ-ਲਿਖਣ ਦੀ ਪਰੇਰਨਾ ਦੇਣ ਵਾਲੀ ਨਦੀ ਬਣ ਗਈ ਸੀ ਅਤੇ ਅਖੀਰ ਨੂੰ ਸਰਸਵਤੀ ਨੂੰ ਇਸੇ ਕਰਕੇ ਹੀ ਵਿੱਦਿਆ ਦੀ ਦੇਵੀ ਮੰਨ ਲਿਆ ਗਿਆ ਸੀ । ਵੈਸੇ ਵੀ ਸਰਸਵਤੀ ਗੰਗਾ ਦਰਿਆ ਦੀ ਸਹਾਇਕ ਨਦੀ ਹੈ ਕਿਉਂਕਿ ਅਲਾਹਬਾਦ ਦੇ ਅਸਥਾਨ ‘ਤੇ ਜੋ ਤਿਰਬੈਣੀ ਵਾਲੀ ਥਾਂ ਹੈ ਉੱਥੇ ਜਮੁਨਾ ਦੇ ਨਾਲ ਸਰਸਵਤੀ ਦੇ ਮਿਲ ਜਾਣ ਦੀ ਗੱਲ ਕਹੀ ਜਾਂਦੀ ਹੈ। ਜੇਕਰ ਸਰਸਵਤੀ ਗੰਗਾ, ਜਮੁਨਾ ਨਾਲ ਜਾ ਕੇ ਮਿਲਦੀ ਹੈ ਅਤੇ ਤਿਰਬੈਣੀ ਦਾ ਸੰਗਮ ਬਣਾਉਂਦੀ ਹੈ ਫਿਰ ਇਹ ਕਿਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਸਰਸਵਤੀ ਨੂੰ ਪੰਜਾਬ ਦਾ ਇਲਾਕਾ ਕਿਹਾ ਜਾਵੇ ਜਾਂ ਪੰਜਾਬ ਦਾ ਦਰਿਆ ਕਿਹਾ ਜਾਵੇ? ਜਿਹਲਮ, ਚਿਨਾਬ, ਰਾਵੀ, ਬਿਆਸ ਅਤੇ ਸਤਲੁਜ ਸਿੰਧ ਦਰਿਆ ਦੇ ਸਹਾਇਕ ਦਰਿਆ ਹਨ ਕਿਉਂਕਿ ਇਹ ਸਾਰੇ ਹੀ ਅਖੀਰ ਸਿੰਧ ਦਰਿਆ ਵਿਚ ਜਾ ਮਿਲਦੇ ਹਨ । ਇਸੇ ਕਰਕੇ ਹੀ ਪੰਜਾਬ ਨੂੰ ਸਿੰਧ ਦਾ ਬੇਸਿਨ ਮੰਨਿਆ ਗਿਆ ਹੈ। ਸਰਸਵਤੀ ਅਤੇ ਜਮੁਨਾ ਗੰਗਾ ਦਰਿਆ ਵਿਚ ਮਿਲਦੀਆਂ ਹਨ ਇਸ ਲਈ ਗੰਗਾ ਦਾ ਬੇਸਿਨ ਸਰਸਵਤੀ ਨਦੀ ਤੱਕ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਸਰਸਵਤੀ ਪੰਜਾਬ ਅਤੇ ਹਿੰਦੁਸਤਾਨ ਦੀ ਹੱਦ ਹੈ। ਬਰਾਹਮਣਵਾਦ ਨੇ ਤਾਂ ਹਿੰਦੂਆਂ ਨੂੰ ਸਰਸਵਤੀ ਨੂੰ ਪਾਰ ਕਰਕੇ ਪੰਜਾਬ ਦੇ ਇਲਾਕੇ ਵਿਚ ਦਾਖ਼ਲ ਹੋਣ ‘ਤੇ ਇਹ ਕਹਿ ਕੇ ਪਾਬੰਦੀ ਲਾ ਦਿੱਤੀ ਸੀ ਕਿ ਹਿੰਦੂ ਸਰਸਵਤੀ ਨੂੰ ਪਾਰ ਕਰਕੇ ਭਰਿਸ਼ਟੇ ਜਾਂਦੇ ਹਨ। ਪੰਜਾਬ ਦੇ ਇਲਾਕੇ ਨੂੰ ਉਹ ਭਰਿਸ਼ਟ ਇਲਾਕਾ ਮੰਨਦੇ ਸਨ।
ਤੀਜਾ ਨੁਕਤਾ ਇਹ ਉਭਰਦਾ ਹੈ ਕਿ ਆਰੀਆ ਲੋਕਾਂ ਨੇ ਪੰਜ ਦਰਿਆਵਾਂ ਨੂੰ ਇਕ ਵੱਖਰੇ ਮੁਲਕ ਦੇ ਦਰਿਆਵਾਂ ਦੇ ਤੌਰ ‘ਤੇ ਮਾਣਤਾ ਹੀ ਨਹੀਂ ਦਿੱਤੀ। ਆਰੀਆ ਗਰੰਥਾਂ ਵਿਚ ਕਿਤੇ ਵੀ ਪੰਜ ਦਰਿਆਵਾਂ ਵਾਲੀ ਧਰਤੀ ਨੂੰ ਇਕ ਵੱਖਰੇ ਭੂਗੋਲਕ ਖਿੱਤੇ ਦੇ ਤੌਰ ‘ਤੇ ਨਹੀਂ ਬਿਆਨ ਕੀਤਾ ਗਿਆ। ਉਨ੍ਹਾਂ ਨੇ ਇਸ ਧਰਤੀ ਨੂੰ ਜਾਂ ਤਾਂ ਸਪਤ-ਸਿੰਧੂ ਦੇ ਨਾਂ ਨਾਲ ਵਰਨਣ ਕੀਤਾ ਹੈ ਅਤੇ ਜਾਂ ਫਿਰ ਬਰੱਹਮਵਰਤ ਦੇ ਨਾਂ ਨਾਲ । ਭਾਵ ਇਸ ਦਾ ਇਹ ਵੀ ਲਿਆ ਜਾ ਸਕਦਾ ਹੈ ਕਿ ਆਰੀਆ ਲੋਕਾਂ ਨੇ ਪੰਜਾਬ ਦਾ ਨਾਂ ਛੱਡ ਕੇ ਜਾਂ ਇਸ ਦੇ ਪੰਜ ਦਰਿਆਵਾਂ ਦੀ ਵਿਸ਼ੇਸਤਾ ਖ਼ਤਮ ਕਰਕੇ ਇਸ ਨੂੰ ਸਿੰਧ ਅਤੇ ਸਰਸਵਤੀ ਸਮੇਤ ਸੱਤ ਦਰਿਆਵਾਂ ਦੀ ਧਰਤੀ ਬਣਾ ਦਿੱਤਾ ਸੀ । ਇਹ ਗੱਲ ਭੂਗੋਲਿਕ ਨਿਯਮਾਂ ਦੇ ਉਲਟ ਸੀ। ਜਿਵੇਂ ਕਿ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਸਿੰਧ ਅਤੇ ਸਰਸਵਤੀ ਦੋਵੇਂ ਦਰਿਆ ਨਾ ਤਾਂ ਇਕੋ ਭੂਗੋਲਿਕ ਖਿੱਤੇ ਦੇ ਦਰਿਆ ਹਨ ਅਤੇ ਨਾ ਹੀ ਪੰਜਾਬੀ ਸਭਿਆਚਾਰ ਵਾਲੇ । ਇਸ ਲਈ ਇਨ੍ਹਾਂ ਦਾ ਸੁਮੇਲ ਗੈਰ-ਕੁਦਰਤੀ ਸੀ । ਇਹੀ ਕਾਰਣ ਹੈ ਕਿ ਨਾ ਤਾਂ ਇਸ ਖਿੱਤੇ ਦਾ ਨਾਂ ਪੰਜਾਬ ਦੀ ਥਾਂ ‘ਤੇ ਸਪਤ-ਸਿੰਧੂ ਹੀ ਪਰਚੱਲਤ ਹੋ ਸਕਿਆ ਅਤੇ ਨਾ ਹੀ ਸਰਸਵਤੀ ਪੰਜਾਬ ਦੇ ਦਰਿਆਵਾਂ ਨਾਲ ਹੀ ਮਿਲ ਸਕੀ । ਬਰੱਹਮਵਰਤ ਨਾਂ ਵੈਸੇ ਹੀ ਪਰਚੱਲਤ ਨਹੀਂ ਹੋ ਸਕਿਆ ਕਿਉਂਕਿ ਇਹ ਸਿਰਫ ਬਰਾਹਮਣ ਸ਼ਰੇਣੀ ਵੱਲੋਂ ਦਿੱਤਾ ਗਿਆ ਸੀ। ਅਸਲ ਵਿਚ ਬਰੱਹਮਵਰਤ ਨਾ ਸਿਰਫ ਸਰਸਵਤੀ ਅਤੇ ਘੱਗਰ ਦੇ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਦਾ ਹੀ ਨਾਂ ਸੀ । ਆਰੀਆ ਲੋਕਾਂ ਦੇ ਲਗਭਗ ਸਾਰੇ ਧਾਰਮਿਕ ਗਰੰਥ ਸਰਸਵਤੀ ਦਰਿਆ ਦੇ ਕੰਢਿਆਂ ਉਪਰ ਹੀ ਰਚੇ ਗਏ ਸਨ। ਇਸ ਨਾਲ ਇਸ ਖਿੱਤੇ ਦੀ ਇਕ ਵਿਸ਼ੇਸ਼ ਧਾਰਮਿਕ ਮਹੱਤਤਾ ਜਿਹੀ ਬਣ ਗਈ ਸੀ । ਇਸ ਮਹੱਤਤਾ ਨੂੰ ਦਰਸਾਉਣ ਲਈ ਹੀ ਇਸ ਦਾ ਨਾਂ ਬਰੱਹਮਵਰਤ ਪਰਚੱਲਤ ਕੀਤਾ ਗਿਆ ਸੀ। ਇਸ ਨੂੰ ਆਰੀਆਵਰਤ ਵੀ ਕਿਹਾ ਜਾਂਦਾ ਸੀ। ਵਰਤ ਦਾ ਮਤਲਬ ਭੂਮੀ ਤੋਂ ਹੈ। ਇਸ ਦਾ ਭਾਵ ਸੀ ਕਿ ਘੱਗਰ ਅਤੇ ਸਰਸਵਤੀ ਦਰਿਆਵਾਂ ਵਿਚਕਾਰਲਾ ਖਿੱਤਾ ਸ਼ੁੱਧ ਆਰੀਆ ਭੂਮੀ ਸੀ ਜਾਂ ਇਹ ਬਰਾਹਮਣਾਂ ਦੇ ਰਹਿਣ ਵਾਲੀ ਪਵਿੱਤਰ ਭੂਮੀ ਸੀ ।
ਪੰਜਾਬ ਉਪਰ ਬਦੇਸ਼ੀ ਹਮਲੇ :
ਪੰਜਾਬ ਦੀ ਜਰਖੇਜ ਭੂਮੀ ਆਪਣੀ ਜਰਖੇਜਤਾ ਅਤੇ ਮਹੱਤਵਪੂਰਨ ਭੂਗੋਲਕ ਸਥਿਤੀ ਰੱਖਣ ਦੇ ਕਾਰਣ ਪੱਛਮੀ ਅਤੇ ਕੇਂਦਰੀ ਏਸ਼ੀਆ ਦੇ ਹੁਕਮਰਾਨਾਂ ਦੀਆਂ ਲਾਲਸੀ ਨਿਗਾਹਾਂ ਦਾ ਸ਼ਿਕਾਰ ਬਣੀ ਰਹੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਐਸੀ ਸੀ ਕਿ ਹਿੰਦੁਸਤਾਨ ਵਿਚ ਇੱਥੋਂ ਦੀ ਲੰਘ ਕੇ ਹੀ ਜਾਇਆ ਜਾ ਸਕਦਾ ਸੀ। ਜਦੋਂ ਹਮਲਾਵਰ ਪੰਜਾਬ ਨੂੰ ਜਿੱਤ ਲੈਂਦਾ ਸੀ ਤਾਂ ਬਾਕੀ ਦਾ ਸਾਰਾ ਹਿੰਦੁਸਤਾਨ ਉਸ ਦੇ ਪੈਰਾਂ ਉਪਰ ਪਿਆ ਦਿੱਸ ਰਿਹਾ ਹੁੰਦਾ ਸੀ । ਹਿੰਦੁਸਤਾਨ ਹੋਰ ਸਭ ਪਾਸਿਓ ਸੁਰੱਖਿਅਤ ਸੀ। ਇਸ ਕਰਕੇ ਹਿੰਦੁਸਤਾਨ ਦੇ ਦੱਖਣੀ, ਪੱਛਮੀ ਅਤੇ ਕੇਂਦਰੀ ਰਿਆਸਤਾਂ ਦੇ ਰਾਜੇ-ਮਹਾਰਾਜੇ ਸਦੀਆਂ ਤੋਂ ਬਾਹਰਲੇ ਹਮਲਾਵਰਾਂ ਦੇ ਹਮਲਿਆਂ ਤੋਂ ਬਚੇ ਆ ਰਹੇ ਸਨ । ਪੰਜਾਬ ਵੱਲੋਂ ਗਿਆ ਹੋਇਆ ਹਮਲਾਵਰ ਹਿੰਦੁਸਤਾਨ ਵਿਚ ਸਿਰਫ ਪੰਜਾਬ ਨੂੰ ਹਰਾ ਕੇ ਹੀ ਦਾਖ਼ਲ ਹੋ ਸਕਦਾ ਸੀ ਪਰ ਇਸ ਨੂੰ ਹਰਾਉਣਾ ਸੌਖਾ ਨਹੀਂ ਸੀ । ਕਈ ਵਾਰ ਤਾਂ ਪੰਜਾਬ ਨੂੰ ਹਰਾਉਂਦਾ ਹੋਇਆ ਹੀ ਬਾਹਰਲਾ ਹਮਲਾਵਰ ਆਪਣੀ ਸ਼ਕਤੀ ਖੋ ਬੈਠਦਾ ਸੀ ਇਸ ਕਰਕੇ ਉਹ ਘੱਟ ਹੀ ਗੰਗਾ-ਜਮੁਨਾ ਦੇ ਖਿੱਤੇ ਤੱਕ ਪਹੁੰਚਦਾ ਸੀ।
ਪੰਜਾਬ ਦੇ ਉਪਰ ਹਮਲਿਆ ਦੀ ਵਾਰਤਾ ਸਿੰਧ ਘਾਟੀ ਦੀ ਸਭਿਅਤਾ ਦੇ ਅਖੀਰਲੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਆਰੀਆ ਲੋਕਾਂ ਨੇ ਇਸ ਦੀ ਸ਼ੁਰੂਆਤ ਕੀਤੀ। ਸ਼ਾਂਤੀ ਅਤੇ ਅਮਨ ਨਾਲ ਵਸਦੇ ਸਿੰਧ ਘਾਟੀ ਦੀ ਸਭਿਅਤਾ ਦੇ ਲੋਕਾਂ ਨੂੰ ਪੱਛਮੀ ਅਤੇ ਕੇਂਦਰੀ ਏਸ਼ੀਆ ਦੀ ਭੁੱਖਮਰੀ ਨੇ ਦਬੋਚ ਸੁੱਟਿਆ। ਆਰੀਆ ਲੋਕ ਇਨਾਂ ਹੀ ਖਿੱਤਿਆਂ ਵਿਚ ਵਸਣ ਵਾਲੇ ਭੁੱਖਮਰੀ ਦਾ ਸ਼ਿਕਾਰ ਹੋਏ ਲੋਕ ਸਨ । ਜਦੋਂ ਇਨ੍ਹਾਂ ਨੂੰ ਪਤਾ ਲੱਗਿਆ ਕਿ ਸਿੰਧ ਦਰਿਆ ਦੇ ਆਲੇ ਦੁਆਲੇ ਦੇ ਵਿਸ਼ਾਲ ਖੇਤਰ ਵਿਚ ਮਣਾਂ-ਮੂੰਹੀ ਅਨਾਜ ਹੁੰਦਾ ਹੈ, ਹਰੇ ਹਰੇ ਘਾਹ ਵਾਲੀਆਂ ਵਿਸ਼ਾਲ ਚਾਰਗਾਹਾਂ ਅਤੇ ਜੰਗਲ ਹਨ: ਦਰਿਆਵਾ ਦਾ ਨਿਰਮਲ ਅਤੇ ਠੰਢਾ-ਠਾਰ ਪਾਣੀ ਵਹਿੰਦਾ ਹੈ ਤਾਂ ਉਹ ਟਿੱਡੀ ਦਲਾਂ ਵਾਂਗ ਆਪਣੇ ਗਊਆਂ ਦੇ ਵੱਗ, ਉਠਾਂ ਦੇ ਝੁੰਡ, ਭੇਡਾਂ ਬੱਕਰੀਆਂ ਦੇ ਇੱਜੜ ਲੈ ਕੇ ਇੱਧਰ ਨੂੰ ਰਵਾਨਾ ਹੋ ਗਏ ।” ਸਾਲਾਂ ਵਿਚ ਹੀ ਇਨ੍ਹਾਂ ਭੁੱਖ ਮਰੀ ਦਾ ਸ਼ਿਕਾਰ ਆਰੀਆ ਲੋਕਾ ਨੇ ਸਿੰਧ ਘਾਟੀ ਦੇ ਲੋਕਾਂ ਦੀ ਪਵਿੱਤਰ ਧਰਤੀ ਨੂੰ ਆਪਣੇ ਪਸ਼ੂਆਂ ਦੇ ਗੋਹੇ ਅਤੇ ਮਲਮੂਤਰ ਨਾਲ ਥਾਂ ਥਾਂ ਤੋਂ ਗੰਦੀ ਕਰ ਸੁੱਟਿਆ। ਸ਼ਹਿਰਾਂ ਵਿਚ ਰਹਿਣ ਦੀ ਸਮੱਸਿਆ ਪੈਦਾ ਹੋ ਗਈ, ਚਾਰਗਾਹਾਂ, ਖੇਤੀਬਾੜੀ ਅਤੇ ਜੰਗਲ ਉਜੜਨੇ ਸ਼ੁਰੂ ਹੋ ਗਏ ਅਤੇ ਦਰਿਆਵਾਂ ਦੇ ਪਾਣੀ ਪਲੀਤ ਹੋਣੇ ਸ਼ੁਰੂ ਹੋ ਗਏ। ਸਿੱਟਾ ਸਦੀਆਂ ਤੋਂ ਘੁੱਗ ਵਸਦੀ ਆ ਰਹੀ ਸਿੰਧ ਘਾਟੀ ਦੀ ਸਭਿਅਤਾ ਦੀ ਤਬਾਹੀ ਵਿਚ ਨਿਕਲਿਆ । ਬਾਹਰੋਂ ਇੰਨੀ ਤਾਦਾਦ ਵਿਚ ਭੁੱਖੇ ਲੋਕ ਅਤੇ ਪਸ਼ੂ ਇੱਥੇ ਆ ਗਏ ਕਿ ਸਿੰਧ ਘਾਟੀ ਦੇ ਲੋਕ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕੇ । ਸਿੰਧ ਘਾਟੀ ਦੀ ਸਭਿਅਤਾ ਉਜੜ-ਪੁੱਜੜ ਗਈ, ਸ਼ਹਿਰ ਢਹਿ ਗਏ, ਲੋਕ ਮਾਰ ਦਿੱਤੇ ਗਏ, ਬਾਜ਼ਾਰ ਲੁੱਟ ਲਏ ਗਏ ਅਤੇ ਸ਼ਹਿਰੀ ਜੀਵਨ ਤਬਾਹ ਹੋ ਗਿਆ ਸੀ ।” ਇੱਥੋਂ ਸ਼ੁਰੂ ਹੋ ਗਿਆ ਪੰਜਾਬ ਦਾ ਨਵਾਂ ਇਤਿਹਾਸ। ਉਹ ਇਤਿਹਾਸ ਜੋ ਹਮਲਾਵਰਾਂ ਦੇ ਹਮਲਿਆਂ ਦੀ ਤਬਾਹੀ ਨਾਲ ਭਰਪੂਰ ਹੈ । ਆਰੀਆ ਲੋਕਾਂ ਦਾ ਪਹਿਲਾ ਮੁਕਾਬਲਾ ਸਿੰਧ ਘਾਟੀ ਦੀ ਸਭਿਅਤਾ ਦੇ ਸ਼ਹਿਰੀ ਲੋਕਾਂ ਨਾਲ ਹੋਇਆ ਸੀ । ਉਨ੍ਹਾਂ ਨੂੰ ਇਹ ਹਰਾਉਣ ਵਿਚ ਕਾਮਯਾਬ ਹੋ ਗਏ ਸਨ । ਫਿਰ ਇਨ੍ਹਾਂ ਦਾ ਝਗੜਾ ਹੋਇਆ ਖੇਤੀਬਾੜੀ ਕਰਨ ਵਾਲੇ ਜਾਂ ਜੰਗਲਾ ਵਿਚ ਰਹਿਣ ਵਾਲੇ ਜੱਟ ਕਬੀਲਿਆਂ ਨਾਲ । ਜੱਟ ਕਬੀਲੇ ਪੰਜਾਬ ਦੀ ਮਿੱਟੀ ਦੇ ਪੁੱਤਰ ਸਨ। ਉਨ੍ਹਾਂ ਨੇ ਆਪਣੇ ਦਰਿਆਵਾਂ ਉਪਰ ਆਰੀਆ ਲੋਕਾਂ ਨੂੰ ਵਸਣ ਨਹੀਂ ਦਿੱਤਾ, ਆਪਣੀਆਂ ਚਾਰਗਾਹਾਂ ਵਿਚ ਆਰੀਆ ਲੋਕਾ ਦੇ ਵੱਗਾਂ ਅਤੇ ਇੱਜੜਾਂ ਨੂੰ ਬੜਨ ਨਹੀਂ ਦਿੱਤਾ। ਇਸ ਤਰ੍ਹਾਂ ਆਰੀਆ ਲੋਕਾਂ ਅਤੇ ਜੱਟ ਕਬੀਲਿਆਂ ਵਿਚ ਗਹਿਗੱਚ ਲੜਾਈਆਂ ਹੋਈਆ। ਇਨ੍ਹਾਂ ਦੇ ਸਿੱਟੇ ਵਜੋਂ ਆਰੀਆ ਲੋਕ ਪੰਜਾਬ ਦੇ ਖੇਤਾ ਮਾਲਕ ਨਹੀਂ ਬਣ ਸਕੇ ਅਤੇ ਉਹ ਅੱਗੇ ਧੱਕੀਦੇ ਗਏ ਅਤੇ ਅਖੀਰ ਨੂੰ ਪੰਜਾਬ ਦੀਆਂ ਪੂਰਬੀ ਹੱਦਾਂ ਤੋਂ ਬਾਹਰ ਹੋ ਕੇ ਸਰਸਵਤੀ ਦੇ ਕੱਢਿਆ ਉਪਰ ਵਸ ਗਏ ਸਨ। ਜਿਵੇਂ ਕਿ ਪਹਿਲਾਂ ਵੀ ਲਿਖਿਆ ਗਿਆ ਹੈ ਕਿ ਸਰਸਵਤੀ ਦੇ ਕੰਢਿਆਂ ਉਪਰ ਹੀ ਇਨ੍ਹਾਂ ਨੇ ਆਪਣੇ ਵੇਦ ਰਚੇ ਅਤੇ ਹੋਰ ਗਰੰਥ ਲਿਖੇ । ਘੱਗਰ ਅਤੇ ਸਰਸਵਤੀ ਦੇ ਵਿਚਕਾਰਲੀ ਥਾਂ ਆਰੀਆ ਲੋਕਾਂ ਦੀ ਪਹਿਲੇ ਵਸੇਬੇ ਵਾਲੀ ਥਾਂ ਸੀ। ਇਸ ਨੂੰ ਇਨ੍ਹਾਂ ਨੇ ਆਰੀਆਵਰਤ ਵੀ ਕਿਹਾ ਹੈ, ਬਰੱਹਮਵਰਤ ਵੀ ਅਤੇ ਦੇਵਤਿਆ ਦੀ ਧਰਤੀ ਵੀ। ਪਰ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਨੇ ਨਫਰਤ ਨਾਲ ਜੰਗਲੀ, ਚੋਰ, ਰਾਕਸ਼ਸ਼ ਅਤੇ ਕਾਲੀ ਚਮੜੀ ਵਾਲੇ ਲੋਕ ਕਿਹਾ ਹੈ। ਆਰੀਆ ਲੋਕਾਂ ਦੇ ਭਿਆਨਕ ਹਮਲਿਆਂ ਤੋਂ ਪਿੱਛੋਂ ਜੋ ਕਿਸੇ ਹੋਰ ਭਿਆਨਕ ਹਮਲੇ ਦਾ ਇਤਿਹਾਸਕ ਵੇਰਵਾ ਮਿਲਦਾ ਹੈ ਉਹ ਪੋਰਸ ਦੇ ਸਮੇਂ ਦਾ ਹੈ। ਇਹ 327 ਈ. ਪੂ. ਤੋਂ ਅੱਗੋਂ ਦਾ ਹੈ। ਇਸ ਸਮੇਂ ਪੋਰਸ ਪੰਜਾਬ ਦਾ ਸੁਤੰਤਰ ਬਾਦਸ਼ਾਹ ਸੀ। ਜਿਹਲਮ ਤੋਂ ਲੈ ਕੇ ਰਾਵੀ ਦਰਿਆ ਤੱਕ ਉਸ ਦਾ ਰਾਜ ਸੀ । ਸਿਕੰਦਰ ਮਹਾਨ ਦੇ ਹਮਲੇ ਤੋਂ ਪਿੱਛੇ ਪੋਰਸ ਦੀ ਤਾਕਤ ਹੋਰ ਵੱਧ ਗਈ ਸੀ। ਇਸ ਨਾਲ ਉਸ ਨੇ ਬਿਆਸ ਤੱਕ ਆਪਣਾ ਰਾਜ ਸਥਾਪਤ ਕਰ ਲਿਆ ਸੀ । ਪੋਰਸ ਦੇ ਮਨ ਵਿਚ ਸਮੁੱਚੇ ਪੰਜਾਬ ਦੀ ਧਰਤੀ ਨੂੰ ਇਕੋ ਝੰਡੇ ਹੇਠ ਇਕੱਠੀ ਕਰਨ ਦਾ ਬੜਾ ਦਰਿੜ ਇਰਾਦਾ ਸੀ । ਆਪਣੇ ਅਖੀਰਲੇ ਸਾਲਾਂ ਤੱਕ ਉਸ ਨੇ ਸਾਰੇ ਪੰਜਾਬੀ ਇਲਾਕਿਆਂ ਨੂੰ ਆਪਣੇ ਰਾਜ ਵਿਚ ਸ਼ਾਮਲ ਕਰਕੇ ਇਕ ਤਾਕਤਵਰ ਰਾਜ ਕਾਇਮ ਕਰ ਲਿਆ ਸੀ । ਉਸ ਦੀ ਤਾਕਤ ਦੀ ਧਾਂਕ ਸਮੁੱਚੇ ਹਿੰਦੁਸਤਾਨ ਅਤੇ ਏਸ਼ੀਆ ਅੰਦਰ ਫੈਲੀ ਹੋਈ ਸੀ । ਜਦੋਂ ਸਿਕੰਦਰ ਅਜੇ ਪੱਛਮੀ ਏਸ਼ੀਆ ਦੇ ਮੁਲਕਾਂ ਨੂੰ ਹੀ ਫਤਿਹ ਕਰ ਰਿਹਾ ਸੀ ਪੋਰਸ ਦਾ ਧਿਆਨ ਉਸ ਸਮੇਂ ਹੀ ਸਿਕੰਦਰ ਵੱਲ ਖਿੱਚਿਆ ਗਿਆ ਸੀ । ਜਦੋਂ ਸਿਕੰਦਰ ਨੇ ਇਰਾਨ ਨੂੰ ਫਤਿਹ ਕਰਕੇ ਇਸ ਦੇ ਰਾਜਾ ਦਾਰਾ ਨੂੰ ਹਰਾ ਦਿੱਤਾ ਸੀ ਤਾਂ ਪੋਰਸ ਨੇ ਨਿਸ਼ਚਾ ਕਰ ਲਿਆ ਸੀ ਕਿ ਸਿਕੰਦਰ ਨੂੰ ਇਰਾਨ ਦੀ ਧਰਤੀ ਤੋਂ ਇਧਰ ਨਹੀਂ ਆਉਣ ਦੇਵੇਗਾ। ਇਸ ਸਮੇਂ ਪੋਰਸ ਦੀ ਫ਼ੌਜ ਬਹੁਤ ਸ਼ਕਤੀਸ਼ਾਲੀ ਅਤੇ ਪੂਰੇ ਜਾਬਤੇ ਵਾਲੀ ਸੀ। ਪੋਰਸ ਨੂੰ ਆਪਣੀ ਸੈਨਿਕ ਸ਼ਕਤੀ ਉੱਤੇ ਇਤਨਾ ਭਰੋਸਾ ਸੀ ਕਿ ਉਹ ਸਿਕੰਦਰ ਨੂੰ ਅੱਗੇ ਵੱਧ ਕੇ ਉਸ ਨੂੰ ਇਰਾਨ ਦੇ ਵਿਚ ਹੀ ਹਰਾਉਣਾ ਚਾਹੁੰਦਾ ਸੀ । ਇਸ ਮਕਸਦ ਲਈ ਉਸ ਨੇ ਇਰਾਨ ਦੇ ਹਾਰੇ ਹੋਏ ਰਾਜਾ ਦਾਰਾ ਨੂੰ ਹੱਲਾਸ਼ੇਰੀ ਦਿੱਤੀ ਅਤੇ ਆਪਣੇ ਖੌਫ਼ਨਾਕ ਹਾਥੀਆਂ ਦਾ ਇਕ ਦਸਤਾ ਪੇਸਗੀ ਸਹਾਇਤਾ ਵਜੋਂ ਉਸ ਵੱਲ ਭੇਜ ਦਿੱਤਾ ਸੀ । ਪੋਰਸ ਨੇ ਦਾਰਾ ਦੀ ਪੂਰੀ ਤਿਆਰੀ ਹੋ ਜਾਣ ਬਾਅਦ ਆਪ ਵੀ ਆਪਣੀ ਪੰਜਾਬੀ ਸੈਨਾ ਨੂੰ ਲੈ ਕੇ ਉਧਰ ਰਵਾਨਾ ਹੋਣਾ ਸੀ । ਇਸ ਗੱਲ ਦੀ ਕਨਸੋਅ ਸਿਕੰਦਰ ਨੂੰ ਮਿਲ ਗਈ ਸੀ। ਸਿਕੰਦਰ ਨੇ ਬੜੀ ਤੇਜੀ ਨਾਲ ਪੋਰਸ ਦੇ ਹਾਥੀਆਂ ਦਾ ਦਸਤਾ ਦਾਰਾ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਤੇ ਪੋਰਸ ਦੇ ਆਪਣੀ ਫ਼ੌਜ ਨਾਲ ਤੁਰਨ ਤੋਂ ਪਹਿਲਾਂ ਹੀ. ਦਾਰਾ ਦੀ ਫੌਜ ਉਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦਿੱਤਾ ਸੀ। ਦਾਰਾ ਇਸ ਹਮਲੇ ਦਾ ਟਾਕਰਾ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੀ। ਇਸ ਕਰਕੇ ਉਹ ਇਸ ਹਮਲੇ ਦੌਰਾਨ ਮਾਰਿਆ ਗਿਆ ਅਤੇ ਉਸ ਦੀ ਸੈਨਾ ਤਬਾਹ ਹੋ ਗਈ ਸੀ। ਪੋਰਸ ਦੀ ਸਕੀਮ ਧਰੀ-ਧਰਾਈ ਹੀ ਰਹਿ ਗਈ ਸੀ । ਹੁਣ ਦਾਰਾ ਨੂੰ ਖਤਮ ਕਰਨ ਤੋਂ ਬਾਅਦ ਸਿਕੰਦਰ ਦੇ ਸਾਹਮਣੇ ਸਿਰਫ ਪੋਰਸ ਦੀ ਤਾਕਤ ਹੀ ਮੁੱਖ ਅੜਿੱਕਾ ਸੀ । ਏਸ਼ੀਆ ਨੂੰ ਪੂਰਨ ਰੂਪ ਵਿਚ ਫਤਿਹ ਕਰਨ ਲਈ ਉਸ ਲਈ ਪੋਰਸ ਨੂੰ ਹਰ ਹਾਲਤ ਵਿਚ ਹਰਾਉਣਾ ਜ਼ਰੂਰੀ ਸੀ । ਇਹ ਖਤਰਾ ਉਸ ਨੇ ਛੇਤੀ ਹੀ ਮੁੱਲ ਲੈ ਲਿਆ ਸੀ । ਮਈ, 327 ਈ. ਪੂ. ਵਿਚ ਸਿਕੰਦਰ ਨੇ ਪੂਰੀ ਸੈਨਿਕ ਤਿਆਰੀ ਨਾਲ ਪੰਜਾਬ ‘ਤੇ ਹਮਲਾ ਕੀਤਾ ਪਰ ਪੋਰਸ ਨੇ ਵੀ ਪੂਰੀ ਤਾਕਤ ਨਾਲ ਇਸ ਹਮਲੇ ਨੂੰ ਰੋਕਣ ਦਾ ਨਿਸ਼ਚਾ ਕੀਤਾ ਹੋਇਆ ਸੀ। ਸਿੱਟੇ ਵਜੋਂ ਸਿਕੰਦਰ ਨੇ ਜਿਹਲਮ ਦੇ ਬਾਹਰਲੇ ਕੰਢੇ ‘ਤੇ ਲਗਾਤਾਰ ਤਿੰਨ ਮਹੀਨਿਆਂ ਤੱਕ ਡੇਰਾ ਲਾਈ ਰੱਖਿਆ ਸੀ । ਉਸ ਦੀ ਹਿੰਮਤ ਨਹੀਂ ਪਈ ਸੀ ਕਿ ਉਹ ਪੋਰਸ ਦੇ ਸਾਹਮਣਿਓ ਜਿਹਲਮ ਨੂੰ ਪਾਰ ਕਰ ਸਕੇ । ਪੋਰਸ ਦਾ ਦਾਅਵਾ ਸੀ ਕਿ ਉਹ ਸਿਕੰਦਰ ਨੂੰ ਜਿਹਲਮ ਨਹੀਂ ਪਾਰ ਕਰਨ ਦੇਵੇਗਾ। ਪੋਰਸ ਦੇ ਪਾਸ ਇਸ ਸਮੇਂ 50,000 ਪੈਦਲ ਪੰਜਾਬੀ ਫ਼ੌਜ, 3000 ਘੋੜ-ਸੁਆਰ, 1000 ਤੋਂ ਵੱਧ ਜੰਗੀ ਰੱਥ ਅਤੇ 130 ਜੰਗੀ ਹਾਥੀ ਸਨ। ਇਹ ਪੂਰੀ ਟਰੈਂਡ ਅਤੇ ਜ਼ਾਬਤਾਦਾਰ ਸੈਨਾ ਸੀ । ਪਰੋਫੈਸਰ ਬੁੱਧ ਪਰਕਾਸ਼ ਦੇ ਸਬਦਾਂ ਵਿਚ “ਫ਼ੌਜ ਦੀ ਇੰਨੀ ਭਾਰੀ ਗਿਣਤੀ ਤੇ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਵਿਤੀ ਵਸੀਲੇ ਬਹੁਤ ਵਿਸ਼ਾਲ ਹੋਣਗੇ । ਇਕ ਜਾਂ ਦੋ ਜਿਲ੍ਹਿਆਂ ਦਾ ਕੋਈ ਛੋਟਾ ਮੋਟਾ ਰਾਜਾ ਇੰਨੀ ਭਾਰੀ ਫ਼ੌਜ ਨਹੀਂ ਰੱਖ ਸਕਦਾ ਸੀ। ਇਹ ਗੱਲ ਵੀ ਧਿਆਨ-ਯੋਗ ਹੈ ਕਿ ਇੰਨੀ ਵਿਸ਼ਾਲ ਫ਼ੌਜ ਇਕੱਲੇ ਪੋਰਸ ਦੀ ਕਮਾਨ ਥੱਲੇ ਲੜੀ ਸੀ ।”। ਇਹ ਸਾਰੀ ਪੰਜਾਬੀ ਫ਼ੌਜ ਸਿਰਾਂ ਉਪਰ ਪੱਗਾਂ ਬੰਨ੍ਹਦੀ ਸੀ, ਚੇਹਰਿਆਂ ਤੇ ਪੂਰੀਆ ਦਾੜ੍ਹੀ-ਮੁੱਛਾ ਰੱਖਦੀ ਸੀ । ਸਿਰਾ ਉਪਰ ਪੂਰੇ ਲੰਮੇ ਕੇਸ ਰੱਖੇ ਹੁੰਦੇ ਸਨ। ਫ਼ੌਜੀਆਂ ਦੇ ਕੱਦ ਸੱਤ ਸੱਤ ਫੁੱਟ ਤੋਂ ਵੀ ਵਧੇਰੇ ਉੱਚੇ ਸਨ। ਪੈਰਾਂ ਵਿਚ ਚਮੜੇ ਦੀਆਂ ਨੋਕਦਾਰ ਜੁੱਤੀਆਂ ਪਹਿਨੀਆਂ ਹੁੰਦੀਆਂ ਸਨ । ਸੈਨਿਕ ਲਿਬਾਸ ਗੂੜੇ ਨੀਲੇ ਰੰਗ ਦਾ ਸੀ । ਇਹ ਪੰਜਾਬੀ ਸੈਨਿਕ ਸ਼ੇਰਾਂ ਦੀ ਤਰ੍ਹਾਂ ਭਬਕਾਂ ਮਾਰਦੇ ਸਨ ਅਤੇ ਯੁੱਧ-ਕਲਾ ਵਿਚ ਉਸ ਸਮੇਂ ਦੇ ਏਸ਼ੀਆਈ ਲੋਕਾਂ ਵਿਚੋਂ ਕਿਤੇ ਵੱਧ ਸਨ।”
ਪੋਰਸ ਦੀ ਆਪਣੀ ਸ਼ਖ਼ਸੀਅਤ ਬੜੀ ਹੀ ਦਿਲ ਖਿੱਚਵੀਂ ਅਤੇ ਪਰਭਾਵਸਾਲੀ ਸੀ । ਉਸ ਦਾ ਆਪਣਾ ਕੱਦ ਸਾਢੇ ਸੱਤ ਫੁੱਟ ਸੀ ਅਤੇ ਸਾਰਾ ਸਰੀਰ ਲੋਹੇ ਦੀ ਸੰਜੋਅ ਨਾਲ ਢੱਕਿਆ ਹੋਇਆ ਸੀ । ਦਾੜਾ ਖੁੱਲਾ, ਮੁੱਛਾ ਕੁੰਢੀਆਂ, ਸਿਰ ਉਪਰ ਬੰਨੀ ਹੋਈ ਪੱਗ ਨਾਲ ਸਭ ਤੋਂ ਉੱਚੇ ਹਾਥੀ ਉੱਤੇ ਬੈਠਾ ਪੋਰਸ ਇਕ ਪਹਾੜ ਦੀ ਤਰ੍ਹਾਂ ਲੱਗਦਾ ਸੀ। ਪੋਰਸ ਦੇ ਹਾਥੀ ਅਤੀ ਭਿਆਨਕ ਅਤੇ ਉੱਚੇ ਕੱਦਾਂ ਵਾਲੇ ਸਨ । ਉਸ ਦਾ ਆਪਣਾ ਹਾਥੀ ਸਭ ਤੋਂ ਉੱਚੇ ਕੱਦ ਵਾਲਾ ਸੀ । ਸਾਰੇ ਹਾਥੀ ਪੋਰਸ ਦੇ ਸ਼ਾਹੀ ਹਾਥੀ ਦੀ ਨਕਲ ਕਰਨ ਲਈ ਪੂਰੇ ਸਿਖਾਏ ਹੋਏ ਸਨ। ਜਿਸ ਤਰ੍ਹਾਂ ਦੀਆਂ ਹਰਕਤਾਂ ਪੋਰਸ ਦਾ ਹਾਥੀ ਕਰਦਾ ਸੀ ਉਸ ਦੀ ਫ਼ੌਜ ਦੇ ਬਾਕੀ ਸਾਰੇ ਹਾਥੀ ਵੀ ਉਸ ਨੂੰ ਦੇਖ ਕੇ ਉਸੇ ਤਰ੍ਹਾਂ ਦੀਆਂ ਹਰਕਤਾਂ ਕਰਦੇ ਸਨ ।
ਮਈ ਦੇ ਅਖੀਰ ਵਿਚ ਪਹੁੰਚਿਆ ਸਿਕੰਦਰ ਲਗਾਤਾਰ ਅਗਸਤ ਦੇ ਮਹੀਨੇ ਤੱਕ ਜਿਹਲਮ ਦੇ ਕੰਢੇ ‘ਤੇ ਹੀ ਬੈਠਾ ਰਿਹਾ। ਉਸ ਦਾ ਡੇਰਾ ਸ਼ਹਿਰ ਜਿਹਲਮ ਖਾਸ ਵਿਖੇ ਸੀ । ਜਦੋਂ ਸਿਕੰਦਰ ਦਾ ਪੋਰਸ ਦੇ ਸਾਹਮਣਿਓ ਜਿਹਲਮ ਪਾਰ ਕਰਨ ਦਾ ਹੌਸਲਾ ਨਾ ਪਿਆ ਤਾਂ ਉਸ ਨੇ ਧੋਖੇ ਨਾਲ, ਆਪਣੀ ਥਾਂ ‘ਤੇ ਆਪਣਾ ਹਮਸ਼ਕਲ ਬਿਠਾ ਕੇ ਸ਼ਹਿਰ ਜਿਹਲਮ ਤੋਂ ਸਤਾਰਾਂ ਕਿਲੋਮੀਟਰ ਦੂਰ ਜਾ ਕੇ ਇਕ ਐਸੇ ਮੋੜ ਤੋਂ ਦਰਿਆ ਪਾਰ ਕੀਤਾ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਸੀ । ਸਿਕੰਦਰ ਦੇ ਦਰਿਆ ਪਾਰ ਕਰਨ ਸਮੇਂ ਹੀ ਪੋਰਸ ਦਾ ਵੱਡਾ ਪੁੱਤਰ ਉਸ ‘ਤੇ ਝਪਟ ਪਿਆ ਸੀ । ਭਾਵੇਂ ਪੋਰਸ ਦਾ ਪੁੱਤਰ ਇਸ ਜੰਗ ਵਿਚ ਮਾਰਿਆ ਗਿਆ ਸੀ ਪਰ ਉਸ ਨੇ ਸਿਕੰਦਰ ਨੂੰ ਪੋਰਸ ਦੀ ਫ਼ੌਜ ਉਪਰ ਅਚਨਚੇਤ ਹਮਲਾ ਕਰਨ ਤੋਂ ਅਸਮਰਥ ਕਰ ਦਿੱਤਾ ਸੀ । ਪੋਰਸ ਨੂੰ ਪਤਾ ਲੱਗਣ ‘ਤੇ ਉਸ ਦੀ ਫ਼ੌਜ ਸਿਕੰਦਰ ‘ਤੇ ਟੁੱਟ ਪਈ ਅਤੇ ਜਿਹਲਮ ਦੇ ਉਰਲੇ ਕੰਢੇ ‘ਤੇ ਪੂਰੇ ਘਮਸਾਨ ਦੀ ਗਹਿ-ਗੱਚ ਲੜਾਈ ਹੋਈ । ਇਹ ਲੜਾਈ ਸਿਰਫ ਇਕੋ ਦਿਨ ਹੀ ਹੋਈ ਸੀ ਪਰ ਇਕੋ ਦਿਨ ਦੀ ਇਸ ਗਹਿ-ਗੱਚ ਲੜਾਈ ਨੇ ਦੋਹਾਂ ਧਿਰਾਂ ਨੂੰ ਇਤਨਾ ਨਿੱਸਲ ਕਰ ਦਿੱਤਾ ਸੀ ਕਿ ਉਨ੍ਹਾਂ ਪਾਸ ਸਿਵਾਏ ਆਪਸੀ ਸਮਝੌਤਾ ਕਰਨ ਤੋਂ ਹੋਰ ਕੋਈ ਚਾਰਾ ਨਹੀਂ ਰਿਹਾ ਸੀ । ਅੱਠ ਘੰਟਿਆਂ ਦੀ ਹੱਥੋਂ-ਹੱਥ ਲੜਾਈ ਦੇ ਬਾਅਦ ਵੀ ਜਦੋਂ ਸਿਕੰਦਰ ਪੋਰਸ ਨੂੰ ਹਰਾ ਨਹੀਂ ਸਕਿਆ ਤਾਂ ਉਸ ਨੇ ਪੋਰਸ ਨਾਲ ਸਮਝੌਤਾ ਕਰਨ ਦੀ ਗੱਲ ਠਾਣ ਲਈ ਸੀ । ਉਸ ਨੇ ਇਸ ਮਨੋਰਥ ਲਈ ਆਪਣੇ ਉਹ ਹਿੰਦੁਸਤਾਨੀ ਰਾਜੇ ਪੋਰਸ ਪਾਸ ਭੇਜੇ ਜਿਹੜੇ ਪੋਰਸ ਦੇ ਵੀ ਜਾਣਕਾਰ ਸਨ। ਪੋਰਸ ਨੇ ਪਹਿਲਾਂ ਪਹਿਲਾਂ ਅਜਿਹੇ ਸੁਨੇਹੇ ਲਿਆਉਣ ਵਾਲੇ ਕਈ ਵਿਚੋਲਿਆਂ ਨੂੰ ਗੱਲ ਸੁਣਨ ਤੋਂ ਬਾਅਦ ਹੀ ਮਾਰ ਮੁਕਾ ਦਿੱਤਾ ਸੀ । ਇਨ੍ਹਾਂ ਵਿਚ ਮੁੱਖ ਰਾਜਾ ਟੈਕਸਾਈਲ ਸੀ । ਪਰ ਇਕ ਹੋਰ ਰਾਜਾ ਮੀਰੋਜ ਨੇ, ਜਿਹੜਾ ਪੋਰਸ ਦਾ ਕਿਸੇ ਸਮੇਂ ਦੋਸਤ ਰਹਿ ਚੁੱਕਿਆ ਸੀ, ਪੋਰਸ ਨੂੰ ਇਹ ਕਹਿ ਕੇ ਆਪਣੀ ਗੱਲ ਸੁਣਾਈ ਕਿ ਪੰਜਾਬ ਨੂੰ ਇਕੋ ਝੰਡੇ ਹੇਠ ਇਕੱਠਾ ਕਰਨ ਲਈ ਅਤੇ ਗੰਗਾ-ਜਮੁਨਾ ਦੇ ਦੁਆਬ ਨੂੰ ਜਿੱਤਣ ਲਈ ਜੇ ਸਿਕੰਦਰ ਦੀ ਮਦਦ ਸਮਝੌਤਾ ਕਰਨ ਤੋਂ ਬਾਅਦ ਮਿਲਦੀ ਹੋਵੇ ਤਾਂ ਇਸ ਦਾ ਪੋਰਸ ਨੂੰ ਕੀ ਨੁਕਸਾਨ ਹੋਵੇਗਾ? ਜਦੋਂ ਇਹ ਗੱਲ ਪੋਰਸ ਨੇ ਸੁਣੀ ਤਾਂ ਉਸ ਨੇ ਮੀਰੋਜ ਨੂੰ ਆਪਣੇ ਹਾਥੀ ਉਪਰ ਆਉਣ ਲਈ ਕਿਹਾ। ਸਿੱਟੇ ਵਜੋਂ ਮੀਰੋਜ ਦੀ ਵਿਚੋਲਗਿਰੀ ਨਾਲ ਪੋਰਸ ਅਤੇ ਸਿਕੰਦਰ, ਹੋ ਰਹੀ ਲੜਾਈ ਵਿਚ ਹੀ ਇਕ ਦੂਜੇ ਨੂੰ ਮਿਲੇ । ਸਿਕੰਦਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪੋਰਸ ਪੰਜਾਬ ਦਾ ਬਾਦਸ਼ਾਹ ਰਹੇਗਾ ਅਤੇ ਅਗਲੀਆਂ ਸਾਂਝੀਆਂ ਜਿੱਤਾਂ ਉਨ੍ਹਾਂ ਦੀਆਂ ਅੱਧੇ-ਅੱਧ ਹੋਣਗੀਆਂ। ਪਰੋਫੈਸਰ ਬੁੱਧ ਪਰਕਾਸ਼ ਲਿਖਦਾ ਹੈ : “ਸਿਕੰਦਰ ਨੇ ਪੋਰਸ ਨਾਲ ਗੱਲਬਾਤ ਸ਼ੁਰੂ ਕਰਨ ਵਿਚ ਪਹਿਲ ਕੀਤੀ ਤੇ ਇਸ ਦੇ ਲਈ ਇੰਨੀ ਦਿਰੜਤਾ ਵਿਖਾਈ ਕਿ ਇਸ ਮੰਤਵ ਲਈ ਉਹ ਪੋਰਸ ਕੋਲ ਦੂਤ ‘ਤੇ ਦੂਤ ਭੇਜੀ ਗਿਆ। ਪੋਰਸ ਸਿਕੰਦਰ ਨਾਲ ਕਿਸੇ ਸਮਝੌਤੇ ਲਈ ਤਿਆਰ ਨਹੀਂ ਸੀ ਤੇ ਉਸ ਨੇ ਉਸ ਦੇ ਦੂਤਾਂ ਤੇ ਵਕੀਲਾਂ ਨੂੰ ਝਾੜ ਪਾ ਕੇ ਦੁਰਕਾਰ ਦਿੱਤਾ । ਅੰਤ ਇਕ ਪੁਰਾਣੇ ਮਿੱਤਰ ਦੀ ਵਿਚੋਲਗੀ ‘ਤੇ ਪਰੇਰਨਾ ਦੇ ਕਾਰਣ ਉਸ ਨੇ ਸਿਕੰਦਰ ਨਾਲ ਮੁਲਾਕਾਤ ਕਰਨੀ ਮੰਨ ਲਈ । ਸੁਲ੍ਹਾ ਦੀ ਗੱਲਬਾਤ ਦਾ ਨਤੀਜਾ ਪੋਰਸ ਦੇ ਰਾਜ ਦੇ ਪਾਸਾਰ ਵਿਚ ਨਿਕਲਿਆ ਤੇ ਸਿਕੰਦਰ ਨੇ ਬਹੁਤ ਵੱਡਾ ਇਲਾਕਾ ਉਸ ਦੇ ਹਵਾਲੇ ਕਰ ਦਿੱਤਾ।
ਸਿੱਟੇ ਵਜੋਂ ਦੋ ਮਹਾਨ ਸੈਨਿਕ ਸ਼ਕਤੀਆਂ ਇਕੱਠੀਆਂ ਹੋ ਕੇ ਬਿਆਸ ਦਰਿਆ ਤੱਕ ਪਹੁੰਚ ਗਈਆਂ। ਪੋਰਸ ਨੇ ਸਾਰੇ ਪੰਜਾਬ ਨੂੰ ਇਕੱਠਾ ਕਰ ਲਿਆ ਸੀ । ਬਿਆਸ ਉਪਰ ਠਹਿਰੇ ਹੋਏ ਦੋਵੇਂ ਮਹਾਨ ਨੇਤਾ ਬਿਆਸ ਤੋਂ ਅੱਗੇ ਗੰਗਾ ਦੇ ਮੈਦਾਨਾਂ ਅਤੇ ਮਗਧ ਦੇਸ਼ ਨੂੰ ਜਿੱਤਣ ਲਈ ਮਨਸੂਬੇ ਬਣਾ ਰਹੇ ਸਨ ਕਿ ਸਿਕੰਦਰ ਦੀ ਫ਼ੌਜ ਵਿਚ ਬਗ਼ਾਵਤ ਫੈਲ ਗਈ। ਇਸ ਬਗ਼ਾਵਤ ਵਿਚ ਉਸ ਦੇ ਕਈ ਉੱਘੇ ਜਰਨੈਲ ਵੀ ਸ਼ਾਮਲ ਸਨ । ਫ਼ੌਜ ਵਾਪਸ ਆਪਣੇ ਵਤਨ ਜਾਣਾ ਚਾਹੁੰਦੀ ਸੀ। ਸਿਕੰਦਰ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਉਹ ਫੌਜ ਨੂੰ ਹਿੰਦੁਸਤਾਨ ਉਪਰ ਹਮਲਾ ਕਰਨ ਲਈ ਤਿਆਰ ਕਰ ਲਵੇ ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਅਖੀਰ ਪੋਰਸ ਨੇ ਕਿਹਾ ਕਿ ਜੇਕਰ ਉਸ ਦੀ ਫ਼ੌਜ ਵਾਪਸ ਜਾਂਦੀ ਹੈ ਤਾਂ ਜਾਣ ਦੇਵੇ ਹਿੰਦੁਸਤਾਨ ਉਪਰ ਹਮਲਾ ਕਰਨ ਲਈ ਸਿਕੰਦਰ ਅਤੇ ਪੋਰਸ ਦੋਹਾਂ ਦੀ ਅਗਵਾਈ ਹੇਠ ਉਸ ਦੀ ਆਪਣੀ ਪੰਜਾਬੀ ਸੈਨਾ ਹੀ ਵਾਧੂ ਹੈ। ਪਰ ਸਿਕੰਦਰ ਆਪਣੇ ਦੋਸਤ ਬਾਦਸ਼ਾਹ ਦੀ ਸੈਨਾ ‘ਤੇ ਨਿਰਭਰ ਨਹੀਂ ਹੋਣਾ ਚਾਹੁੰਦਾ ਸੀ । ਸਿੱਟੇ ਵਜੋਂ ਉਨ੍ਹਾਂ ਨੂੰ ਪੰਜਾਬ ਦਾ ਇਲਾਕਾ ਇਕੱਠਾ ਕਰਨ ਤੱਕ ਹੀ ਸੰਤੁਸ਼ਟ ਹੋਣਾ ਪਿਆ। ਸਿਕੰਦਰ ਆਪਣੀ ਸੈਨਾ ਨਾਲ ਬਿਆਸ ਤੋਂ ਹੀ ਵਾਪਸ ਮੁੜ ਗਿਆ ਸੀ। ਪੰਜਾਬ ਪੋਰਸ ਦੀ ਬਾਦਸ਼ਾਹਤ ਅਧੀਨ ਦੁਨੀਆਂ ਦੇ ਨਕਸ਼ੇ ‘ਤੇ ਪਹਿਲੀ ਵਾਰ ਇਕ ਸੁਤੰਤਰ ਦੇਸ਼ ਦੇ ਰੂਪ ਵਿਚ ਸਥਾਪਤ ਹੋਇਆ ਸੀ।
ਪੋਰਸ ਦੇ ਬਿਰਤਾਂਤ ਨਾਲ ਸੰਖੇਪ ਜਿਹਾ ਵਰਨਣ ਚੰਦਰ ਗੁਪਤ ਮੋਰੀਆ ਅਤੇ ਕੁੱਟਲਿਆ ਦਾ ਕਰਨਾ ਪਰਸੰਗ ਰਹਿਤ ਨਹੀਂ ਹੋਵੇਗਾ ਕਿਉਂਕਿ ਇਨ੍ਹਾਂ ਦੋਹਾਂ ਦੀ ਰਾਜਨੀਤਕ ਪਰਾਪਤੀ ਪੋਰਸ ਨਾਲ ਜੁੜੀ ਹੋਈ ਸੀ । ਇਹ ਦੋਵੇਂ ਵੀ ਪੰਜਾਬੀ ਸਨ। ਜਦੋਂ ਸਿਕੰਦਰ ਅਜੇ ਜਿਹਲਮ ਦੇ ਪਰਲੇ ਕੰਢੇ ਉੱਤੇ ਹੀ ਬੈਠਾ ਸੀ ਉਸ ਸਮੇਂ ਹੀ ਇਹ ਚੰਦਰ ਗੁਪਤ ਇਕ ਅਵਾਰਾ ਧਾੜਵੀ ਟੁਕੜੀ ਦਾ ਮਾਲਕ ਸੀ ਅਤੇ ਆਪਣੇ ਗੁਰੂ ਕੁਟੱਲਿਆ (ਚਾਣਕੀਆ) ਨੂੰ ਨਾਲ ਲੈ ਕੇ ਸਿਕੰਦਰ ਨੂੰ ਮਿਲਿਆ ਸੀ ।” ਇਹੀ ਚੰਦਰ ਗੁਪਤ ਪਿੱਛੋਂ ਮੋਰੀਆ ਖਾਨਦਾਨ ਦਾ ਬਾਦਸ਼ਾਹ ਬਣਿਆ ਸੀ ਅਤੇ ਅਸ਼ੋਕ ਮਹਾਨ ਇਸ ਦਾ ਪੋਤਰਾ ਸੀ । ਇਨ੍ਹਾਂ ਨੇ ਇਸ ਉਮੀਦ ਨਾਲ ਆਪਣੀਆਂ ਸੇਵਾਵਾਂ ਸਿਕੰਦਰ ਨੂੰ ਅਰਪਣ ਕੀਤੀਆਂ ਕਿ ਸ਼ਾਇਦ ਪੋਰਸ ਨੂੰ ਹਰਾਉਣ ਬਾਅਦ ਸਿਕੰਦਰ ਵੱਲੋਂ ਇਸ ਨੂੰ ਪੰਜਾਬ ਵਿਚ ਕੋਈ ਇਲਾਕਾ ਰਾਜ ਕਰਨ ਲਈ ਦੇ ਦਿੱਤਾ ਜਾਵੇਗਾ। ਪਰ ਇਸ ਦਾ ਗੁਰੂ ਕੁਟੱਲਿਆ ਬਹੁਤ ਚਲਾਕ ਬਰਾਹਮਣ ਸੀ। ਇਸ ਦੀਆਂ ਗੱਲਾਂ ਉਪਰ ਸਿਕੰਦਰ ਦਾ ਵਿਸ਼ਵਾਸ ਕਾਇਮ ਨਹੀਂ ਹੋ ਸਕਿਆ ਸੀ। ਇਸ ਕਰਕੇ ਸਿਕੰਦਰ ਇਨ੍ਹਾਂ ਨਾਲ ਨਾਰਾਜ ਹੋ ਗਿਆ ਸੀ ਅਤੇ ਇਨ੍ਹਾਂ ਨੂੰ ਫੜ੍ਹ ਕੇ ਮਾਰਨ ਦੇ ਹੁਕਮ ਦਿੱਤੇ ਗਏ ਸਨ । ਪਰ ਇਹ ਕਿਸੇ ਤਰੀਕੇ ਨਾਲ ਸਿਕੰਦਰ ਦੇ ਪੰਜੇ ਵਿਚੋਂ ਨਿਕਲਣ ਵਿਚ ਕਾਮਯਾਬ ਹੋ ਗਏ ਸਨ ਅਤੇ ਇਹ ਕੇਂਦਰੀ ਭਾਰਤ ਵਿਚ ਆ ਕੇ ਆਪਣਾ ਦਲ ਕਾਇਮ ਕਰਨ ਵਿਚ ਰੁੱਝ ਗਏ ਸਨ।
ਕੁਟੱਲਿਆ, ਜਿਸ ਨੂੰ ਅੱਜ ਕਲ੍ਹ ਚਾਣਕੀਆਂ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ, ਰਾਵਲ ਪਿੰਡੀ ਦੇ ਇਲਾਕੇ ਦਾ ਰਹਿਣ ਵਾਲਾ ਬਰਾਹਮਣ ਸੀ । ਇਹ ਇਕ ਚਲਾਕ ਬਰਾਹਮਣ ਸੀ ਅਤੇ ਆਪਣੀ ਹੱਦੋਂ ਵੱਧ ਚਲਾਕੀ (Over cleverness) ਕਰਕੇ ਨਾ ਹੀ ਇਸ ਦੀ ਪੋਰਸ ਨਾਲ ਬਣ ਸਕੀ ਅਤੇ ਨਾ ਹੀ ਸਿਕੰਦਰ ਨਾਲ। ਇਹ ਬਦਲਾ ਲਊ ਸੁਭਾਅ ਵਾਲਾ ਸੀ । ਪਰੋਫੈਸਰ ਬੁੱਧ ਪਰਕਾਸ ਇਸ ਬਾਰੇ ਲਿਖਦਾ ਹੈ: “ਕੁਟੱਲਿਆ ਇਹ ਵੀ ਜਾਣਦਾ ਸੀ ਕਿ ਪੋਰਸ, ਚੰਦਰਗੁਪਤ ਨਾਲੋਂ ਵਧੇਰੇ ਬਲਵਾਨ ਤੇ ਮਹੱਤਤਾ ਵਾਲਾ ਹੈ, ਇਸ ਲਈ ਉਹ ਕਿਸੇ ਦਿਨ ਸਹਿਜੇ ਹੀ ਉਸ (ਚਾਣਕੀਆ) ਦਾ ਪੱਤਾ ਕੱਟ ਸਕਦਾ ਹੈ। ਇਸ ਲਈ ਚਲਾਕ ਬਰਾਹਮਣ ਨੇ ਸੋਚਿਆ ਕਿ ਕਿਸੇ ਜੁਗਤ ਨਾਲ ਪੋਰਸ ਦਾ ਫਾਹਾ ਵੱਢਣਾ ਚਾਹੀਂਦਾ ਹੈ। ਇਸ ਇਰਾਦੇ ਦੀ ਪੂਰਤੀ ਲਈ ਉਸ ਨੇ ਪੋਰਸ ਦੇ ਕਤਲ ਦੀ ਗੇਂਦ ਗੁੰਦੀ ।”26
ਇਸ ਸੰਦਰਭ ਵਿਚ, ਜਦੋਂ ਸਿਕੰਦਰ ਦੇ ਜਾਣ ਬਾਅਦ ਪੋਰਸ ਸਮੁੱਚੇ ਪੰਜਾਬ ਦਾ ਨਿਰਵਿਰੋਧ ਬਾਦਸ਼ਾਹ ਬਣ ਗਿਆ ਸੀ ਤਾਂ ਚੰਦਰ ਗੁਪਤ ਮੇਰੀਆ ਅਤੇ ਕੁਟੱਲਿਆ ਨੇ ਹੋਰ ਕੋਈ ਰਸਤਾ ਨਾ ਦਿਖਦਾ ਹੋਣ ਕਰਕੇ ਪੋਰਸ ਨਾਲ ਸਮਝੌਤਾ ਕਰ ਲਿਆ । ਚੰਦਰ ਗੁਪਤ ਦਾ ਮੁੱਢਲਾ ਰਾਜ ਰਾਜਪੂਤਾਨਾ, ਗੁਜਰਾਤ ਅਤੇ ਕੇਂਦਰੀ ਪਰਾਂਤਾਂ ਵਿਚ ਹੀ ਸੀ । ਇਨ੍ਹਾਂ ਦੇ ਬਿਲਕੁਲ ਗੁਆਂਢ ਵਿਚ ਨੰਦ ਰਾਜਿਆਂ ਦਾ ਬੜਾ ਸ਼ਕਤੀਸ਼ਾਲੀ ਰਾਜ ਸੀ ਜਿਸ ਨੂੰ ਮਗਧ ਦੇਸ਼ ਕਿਹਾ ਜਾਂਦਾ ਸੀ । ਇਸ ਦੀ ਰਾਜਧਾਨੀ ਪਾਟਲੀਪੁੱਤਰ ਸੀ। ਚੰਦਰ ਗੁਪਤ ਅਤੇ ਕੁਟਲਿਆ ਨੇ ਸੋਚਿਆ ਕਿ ਇਸ ਸਮੇਂ ਸਿਰਫ ਪੋਰਸ ਹੀ ਮਗਧ ਰਾਜ ਨੂੰ ਹਰਾਉਣ ਦੀ ਤਾਕਤ ਰੱਖਦਾ ਹੈ। ਇਸ ਲਈ ਇਨ੍ਹਾਂ ਨੇ ਦੋ ਮੁੱਖ ਮੁੱਦਿਆਂ ‘ਤੇ ਪੋਰਸ ਨਾਲ ਸੰਧੀ ਕਰ ਲਈ । ਪਹਿਲੇ ਮੁੱਦੇ ਅਨੁਸਾਰ ਉਨ੍ਹਾਂ ਨੇ ਪੰਜਾਬ ਨੂੰ ਇਕ ਸੁਤੰਤਰ ਰਾਜ ਦੇ ਤੌਰ ‘ਤੇ ਮਾਣਤਾ ਦਿੱਤੀ ਅਤੇ ਦੂਜੇ ਮੁੱਦੇ ਅਨੁਸਾਰ ਪੋਰਸ ਅਤੇ ਚੰਦਰ ਗੁਪਤ ਦੀਆਂ ਸਾਂਝੀਆਂ ਫ਼ੌਜਾਂ ਨੇ ਮਗਧ ਉਪਰ ਹਮਲਾ ਕਰਨਾ ਸੀ ਅਤੇ ਦੋਹਾਂ ਨੇ ਮਗਧ ਰਾਜ ਨੂੰ ਅੱਧੋ-ਅੱਧ ਵੰਡ ਲੈਣਾ ਸੀ। ਸਿੱਟੇ ਵਜੋਂ ਦੋਵਾਂ ਬਾਦਸ਼ਾਹਾਂ ਦੀਆਂ ਜੁੜਵੀਆਂ ਫ਼ੌਜਾਂ ਨੇ ਮਗਧ ‘ਤੇ ਹਮਲਾ ਕੀਤਾ ਅਤੇ ਜਿੱਤ ਲਿਆ। ਪੋਰਸ ਅਤੇ ਚੰਦਰ ਗੁਪਤ ਪਾਟਲੀਪੁੱਤਰ ਵਿਚ ਜਿੱਤ ਦੇ ਸ਼ਗਨ ਮਨਾ ਰਹੇ ਸਨ । ਕੁਟਲਿਆ (ਚਾਣਕੀਆ) ਨੇ ਆਪਣੇ ਮਨ ਦੀ ਬੇਈਮਾਨੀ ਨੂੰ ਛੁਪਾ ਕੇ ਰੱਖਿਆ ਹੋਇਆ ਸੀ। ਉਸ ਨੇ ਪੋਰਸ ਦੇ ਖਾਣੇ ਵਿਚ ਥੋੜ੍ਹੀ ਥੋੜ੍ਹੀ ਜਹਿਰ ਮਿਲਾ ਕੇ ਦੇਣੀ ਸ਼ੁਰੂ ਕਰ ਦਿੱਤੀ । ਜਦੋਂ ਪੋਰਸ ਦੀ ਸਿਹਤ ਬਿਗੜਨ ਲੱਗੀ ਤਾਂ ਉਸ ਨੇ ਆਪਣੀਆਂ ਦਾਸੀਆਂ ਨੂੰ ਆਪਣੀਆਂ ਛਾਤੀਆਂ ‘ਤੇ ਜਹਿਰ ਮੱਲ ਕੇ ਪੋਰਸ ਕੋਲ ਜਾਣ ਲਈ ਕਿਹਾ। ਇਨ੍ਹਾਂ ਦਾਸੀਆਂ ਨੇ ਪੀੜਤ ਪੋਰਸ ਨੂੰ ਹੋਰ ਪੀੜਤ ਕਰਨ ਲਈ ਆਪਣੀਆਂ ਛਾਤੀਆਂ ਉਸ ਦੇ ਮੂੰਹ ਨਾਲ ਛੁਹਾਈਆਂ। ਸਿੱਟੇ ਵਜੋਂ ਪੋਰਸ ਦੀ ਮੌਤ ਹੋ ਗਈ। ਮਗਧ ਨੂੰ ਅੱਧੋ-ਅੱਧ ਵੰਡਣ ਦੀ ਗੱਲ ਖ਼ਤਮ ਹੋ ਗਈ ਸੀ । ਪੋਰਸ ਦਾ ਛੋਟਾ ਪੁੱਤਰ ਮੱਲਕੀਤ ਉੱਥੇ ਹਾਜਰ ਸੀ । ਉਸ ਨੂੰ ਜਦ ਕੁਟੱਲਿਆ ਦੀ ਬੇਈਮਾਨੀ ਦਾ ਪਤਾ ਲੱਗਿਆ ਤਾਂ ਉਹ ਇਕ ਦਮ ਆਪਣੀ ਪੰਜਾਬੀ ਫ਼ੌਜ ਨੂੰ ਲੈ ਕੇ ਹਾਰੇ ਹੋਏ ਨੰਦ ਰਾਜਿਆਂ ਨਾਲ ਮਿਲਣ ਲਈ ਰਵਾਨਾ ਹੋ ਗਿਆ ਤਾਂ ਕਿ ਉਨ੍ਹਾਂ ਨਾਲ ਮਿਲ ਕੇ ਉਹ ਇਕੱਠੇ ਚੰਦਰ ਗੁਪਤ ‘ਤੇ ਹਮਲਾ ਕਰ ਸਕਣ। ਪਰ ਕੁਟੱਲਿਆ ਇਤਨਾ ਚਲਾਕ ਸੀ ਕਿ ਉਸ ਨੇ ਮੱਲਕੀਤ ਦੇ ਪਹੁੰਚਣ ਤੋਂ ਪਹਿਲੋਂ ਹੀ ਨੰਦ ਰਾਜਿਆਂ ਨਾਲ ਸਮਝੌਤਾ ਕਰ ਲਿਆ ਸੀ । ਮੱਲਕੀਤ ਇਕੱਲਾ, ਪੂਰੀ ਨਿਰਾਸਤਾ ਵਿਚ ਪੰਜਾਬ ਵਾਪਸ ਪਰਤ ਆਇਆ। ਪੰਜਾਬ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਸੈਨਿਕ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਇਤਨੇ ਨੂੰ ਇਰਾਨ ਦੇ ਰਾਜਾ ਯੂਮੈਨਜ ਨੇ ਮੌਲਕੀਤ ਨੂੰ ਆਪਣੀ ਸਹਾਇਤਾ ਲਈ ਬੁਲਾ ਲਿਆ। ਮੱਲਕੀਤ ਇਹ ਸੋਚ ਕੇ ਕਿ ਇਸ ਤਰ੍ਹਾਂ ਉਹ ਇਰਾਨ ਦੇ ਰਾਜਾ ਦੀ ਸੈਨਾ ਨੂੰ ਵੀ ਮਗਧ ਉਪਰ ਹਮਲਾ ਕਰਨ ਲਈ ਲੈ ਸਕੇਗਾ, ਇਰਾਨ ਪਹੁੰਚ ਗਿਆ। ਉੱਥੇ 316 ਈ. ਪੂ. ਵਿਚ ਬਹੁਤ ਤਕੜੀ ਲੜਾਈ ਹੋਈ । ਮੱਲਕੀਤ ਇਸ ਲੜਾਈ ਵਿਚ ਲੜਦਾ ਹੋਇਆ ਮਾਰਿਆ ਗਿਆ ਸੀ । ਇਸ ਨਾਲ ਪੋਰਸ ਦਾ ਖ਼ਾਨਦਾਨ ਖਤਮ ਹੋ ਗਿਆ ਸੀ । ਮੱਲਕੀਤ ਦੀਆ ਦੋ ਮਹਾਰਾਣੀਆਂ ਸਨ। ਇਕ ਗਰਭਵਤੀ ਸੀ । ਦੂਜੀ ਉਸ ਦੇ ਨਾਲ ਹੀ ਸਤੀ ਹੋ ਗਈ ਸੀ । ਪਰ ਗਰਭਵਤੀ ਰਾਣੀ ਪੁੱਤਰ ਹੋਣ ਦੀ ਉਡੀਕ ਵਿਚ ਪੰਜਾਬ ਦੇ ਰਾਜ-ਭਾਗ ਨੂੰ ਚਲਾਉਣ ਲੱਗੀ । ਛੇਤੀ ਹੀ ਚੰਦਰ ਗੁਪਤ ਮੋਰੀਆ ਅਤੇ ਕੁਟਲਿਆ ਨੇ ਹਮਲਾ ਕਰਕੇ ਪੰਜਾਬ ਨੂੰ ਮਗਧ ਰਾਜ ਵਿਚ ਮਿਲਾ ਲਿਆ ਸੀ ਅਤੇ ਮਲਕੀਤ ਦੀ ਗਰਭਵਤੀ ਰਾਣੀ ਨੂੰ ਗਰਿਫ਼ਤਾਰ ਕਰ ਕੇ ਮਰਵਾ ਦਿੱਤਾ ਸੀ।
ਪੰਜਾਬ ਨੂੰ ਮਗਧ ਰਾਜ ਵਿਚ ਮਿਲਾਉਣ ਤੋਂ ਬਾਅਦ ਚੰਦਰ ਗੁਪਤ ਮੋਰੀਆ ਨੇ ਸਿਲਿਉਕਸ ਨਾਲ ਮਿੱਤਰਤਾ ਸਥਾਪਤ ਕਰਨ ਦੀ ਗੱਲ ਸੋਚੀ। ਚਾਣਕੀਆ ਨੇ ਵਿਚੋਲਗਿਰੀ ਕਰਕੇ ਸਿਲਿਉਕਸ ਅਤੇ ਚੰਦਰ ਗੁਪਤ ਵਿਚਕਾਰ ਵਿਆਹ ਦਾ ਰਿਸ਼ਤਾ ਕਾਇਮ ਕਰਵਾ ਦਿੱਤਾ। ਸਿਲਿਊਕਸ ਨੇ ਆਪਣੀ ਯੂਨਾਨੀ ਸ਼ਹਿਜ਼ਾਦੀ ਚੰਦਰਗੁਪਤ ਨਾਲ ਵਿਆਹ ਦਿੱਤੀ ਅਤੇ ਕਾਬੁਲ, ਕੰਧਾਰ ਅਤੇ ਹੋਰ ਆਲੇ ਦੁਆਲੇ ਦਾ ਇਲਾਕਾ ਚੰਦਰ ਗੁਪਤ ਨੂੰ ਦਾਜ ਵਜੋਂ ਦੇ ਦਿੱਤਾ। ਇਸ ਤਰ੍ਹਾਂ ਪੱਛਮ ਵੱਲ ਆਪਣੀਆਂ ਹੱਦਾਂ ਤੋਂ ਬੇਫਿਕਰ ਹੋ ਕੇ ਚੰਦਰ ਗੁਪਤ ਨੇ ਬਾਕੀ ਦੇ ਹਿੰਦੁਸਤਾਨ ਦੇ ਰਹਿੰਦੇ ਇਲਾਕੇ ਜਿੱਤਣ ਵੱਲ ਧਿਆਨ ਦਿੱਤਾ। ਇਸ ਸਭ ਕੁਝ ਵਿਚ ਚਾਣਕੀਆਂ (ਕੁਟੱਲਿਆ) ਉਸ ਲਈ ਬਹੁਤ ਸਹਾਈ ਹੋ ਰਿਹਾ ਸੀ । ਚਾਣਕੀਆ ਰਾਜਨੀਤੀ ਵਿਚ ਅਜਿਹੀ ਸੋਚ ਰੱਖਦਾ ਸੀ ਕਿ ਉਸ ਦੇ ਸਾਹਮਣੇ ਉਸ ਦੇ ਆਪਣੇ ਸੁਆਰਥ ਨੂੰ ਪੂਰਾ ਕਰਨ ਤੋਂ ਇਲਾਵਾ ਹੋਰ ਕੋਈ ਵੀ ਨਿਸ਼ਾਨਾ ਨਹੀਂ ਹੁੰਦਾ ਸੀ। ਅਰਥ ਸ਼ਾਸਤਰ ਵਿਚ, ਜੋ ਚਾਣਕੀਆ ਦੀ ਲਿਖਤ ਮੰਨੀ ਜਾਂਦੀ ਹੈ, ਉਸ ਨੇ ਟੈਕਸ ਲਗਾਉਣ ਲਈ ਹਰ ਕਿਸਮ ਦੀ ਚਲਾਕੀ ਵਰਤਣ ਦੀ ਅਤੇ ਜਿਸ ਤਰੀਕੇ ਨਾਲ ਵੀ ਧਨ ਇਕੱਠਾ ਕੀਤਾ ਜਾ ਸਕਦਾ ਹੈ ਉਹ ਹੀ ਢੰਗ ਤਰੀਕਾ ਅਪਣਾਉਣ ਦੀ ਸਲਾਹ ਦਿੱਤੀ ਹੈ।
300 ਜਾ 299 ਈ. ਪੂ. ਵਿਚ ਚੰਦਰ ਗੁਪਤ ਦੀ ਮੌਤ ਹੋ ਗਈ ਸੀ। ਉਸ ਤੋਂ ਪਿੱਛੋਂ ਉਸ ਦਾ ਪੁੱਤਰ ਬਿੰਦੂਸਾਰ ਉਤਰਅਧਿਕਾਰੀ ਬਣਿਆ। ਇਸ ਦੇ ਸਮੇਂ ਪੰਜਾਬ ਵਿਚ ਕਾਫੀ ਬੇਚੈਨੀ ਫੈਲੀ ਹੋਈ ਸੀ । ਬਿੰਦੂਸਾਰ ਦੇ ਅਧਿਕਾਰੀਆ ਤੋਂ ਪੰਜਾਬ ਦੇ ਲੋਕ ਬਹੁਤ ਤੰਗ ਸਨ । ਅਸਲ ਵਿਚ ਮੋਰੀਆ ਰਾਜ ਦੀ ਰਾਜਧਾਨੀ ਪਾਟਲੀਪੁੱਤਰ (ਪਟਣਾ) ਸੀ ਅਤੇ ਮੋਰੀਆ ਰਾਜ ਵਿਚ ਪੰਜਾਬ ਨੂੰ ਇਕ ਗੈਰ-ਆਰੀਅਨ ਇਲਾਕਾ ਮੰਨਿਆ ਜਾਂਦਾ ਸੀ । ਇਸ ਕਰਕੇ ਮੋਰੀਆ ਰਾਜ ਵਿਚ ਪੰਜਾਬ ਦੇ ਲੋਕ ਆਪਣੇ ਆਪ ਨਾਲ ਗੁਲਾਮੀ ਵਾਲਾ ਵਰਤਾਓ ਹੋ ਰਿਹਾ ਮਹਿਸੂਸ ਕਰਦੇ ਸਨ । ਨਤੀਜੇ ਵਜੋਂ ਟੈਕਸਿਲਾ ਵਿਚ ਬਿੰਦੂਸਾਰ ਦੀ ਸੈਨਾ ਦੇ ਖਿਲਾਫ਼ ਬਹੁਤ ਤਕੜਾ ਲੋਕ-ਵਿਦਰੋਹ ਹੋਇਆ। ਬਿੰਦੂਸਾਰ ਨੇ ਆਪਣੇ ਪੁੱਤਰ ਅਸ਼ੋਕ ਨੂੰ ਇਸ ਵਿਦਰੋਹ ਨੂੰ ਦਬਾਉਣ ਲਈ ਭੇਜਿਆ। ਵਿਦਰੋਹ ਨੂੰ ਦਬਾ ਦਿੱਤਾ ਗਿਆ ਅਤੇ ਅਸ਼ੋਕ ਨੂੰ ਇਸ ਸਾਰੇ ਇਲਾਕੇ ਦਾ ਗਵਰਨਰ ਬਣਾ ਦਿੱਤਾ ਗਿਆ ਸੀ। ਅਸ਼ੋਕ ਨੇ ਆਪਣੇ ਡੰਡੇ ਦੀ ਰਾਜਨੀਤੀ ਨਾਲ ਪੰਜਾਬ ਨੂੰ ਪੂਰੀ ਸਫਲਤਾ ਨਾਲ ਦਬਾਈ ਰੱਖਿਆ । 268 ਈ. ਪੂ. ਵਿਚ ਬਿੰਦੂਸਾਰ ਦੀ ਮੌਤ ਹੋ ਗਈ ਸੀ ਅਤੇ ਅਸ਼ੋਕ ਹਿੰਦੁਸਤਾਨ ਦਾ ਸਮਰਾਟ ਬਣ ਗਿਆ ਸੀ।
ਸਮਰਾਟ ਅਸ਼ੋਕ ਦੇ ਰਾਜ ਦਾ ਪਹਿਲਾ ਸਮਾਂ ਬੜਾ ਕਠੋਰ ਸੀ । ਉਹ ਮਾਰੇ ਅਤੇ ਦਬਾਓ ਦੀ ਨੀਤੀ ਉਪਰ ਹਮਲਾ ਕਰਦਾ ਸੀ । ਬੁੱਧ ਧਰਮ ਵਿਚ ਪਰਿਵਰਤਤ ਹੋਣ ਤੱਕ ਅਸ਼ੋਕ ਇਕ ਜਾਬਰ ਅਤੇ ਜਾਲਮ ਸਮਰਾਟ ਮੰਨਿਆ ਜਾਂਦਾ ਸੀ । ਬੁੱਧ ਧਰਮ ਵਿਚ ਤਬਦੀਲ ਹੋਣ ਪਿੱਛੇ ਉਸ ਦੀਆਂ ਨੀਤੀਆਂ ਵਿਚ ਵੀ ਤਬਦੀਲੀ ਆ ਗਈ ਸੀ । ਉਸ ਦੇ ਬੁੱਧ ਧਰਮ ਵਿਚ ਸ਼ਾਮਲ ਹੋ ਜਾਣ ਕਰਕੇ, ਬਰਾਹਮਣ ਸਮਾਜ ਉਸ ਦੇ ਖਿਲਾਫ਼ ਹੋ ਗਿਆ ਸੀ । ਬਰਾਹਮਣ ਸ਼ਰੇਣੀ ਵੱਲੋਂ ਵਿਰੋਧ ਹੋਣ ਕਰਕੇ ਅਸ਼ੋਕ ਨੂੰ ਉਨ੍ਹਾਂ ਗੈਰ-ਬਰਾਹਮਣ ਸ਼ਰੈਣੀਆਂ ਦੀ ਮਦਦ ਲੈਣ ਦੀ ਲੋੜ ਪਈ ਸੀ ਜਿਹੜੀਆਂ ਬਰਾਹਮਣਵਾਦ ਦੀਆਂ ਸਤਾਈਆਂ ਹੋਈਆਂ ਸਨ । ਬਿਨਾਂ ਸੱਕ ਮੋਰੀਆ ਰਾਜ ਦੀ ਨੀਂਹ ਕੁਟੱਲਿਆ ਜੈਸੇ ਚਲਾਕ ਬਰਾਹਮਣ ਦੀਆਂ ਨੀਤੀਆਂ ਉਪਰ ਰੱਖੀ ਹੋਈ ਸੀ। ਇਸ ਕਰਕੇ ਚੰਦਰ ਗੁਪਤ, ਬਿੰਦੂਸਾਰ ਅਤੇ ਅਸ਼ੋਕ ਦੇ ਮੁੱਢਲੇ ਸਾਲਾਂ ਵਿਚ ਰਾਜ ਦੀਆਂ ਨੀਤੀਆਂ ਉਪਰ ਅਤੇ ਸਮਰਾਟ ਦੀ ਰਾਜ ਸਭਾ ਵਿਚ ਬਰਾਹਮਣ ਹੀ ਭਾਰੂ ਸਨ। ਇਹੀ ਵਜ੍ਹਾ ਸੀ ਕਿ ਗੈਰ-ਆਰਿਆਈ ਲੋਕ ਮੋਰੀਆ ਖਾਨਦਾਨ ਦੇ ਰਾਜ ਤੋਂ ਬਹੁਤ ਤੰਗ ਸਨ। ਅਸ਼ੋਕ ਨੇ ਬੁੱਧ ਧਰਮ ਨੂੰ ਅਪਣਾ ਲੈਣ ਤੋਂ ਬਾਅਦ ਉਨ੍ਹਾਂ ਹੀ ਗੈਰ-ਆਰੀਆ ਸ਼ਰੈਣੀਆਂ ਦੀ ਭਲਾਈ ਵੱਲ ਧਿਆਨ ਦਿੱਤਾ । ਇਸ ਤਰ੍ਹਾ ਅਸ਼ੋਕ ਦੀਆਂ ਨੀਤੀਆਂ ਵਿਚ ਗੰਗਾ-ਜਮੁਨਾ ਦਾ ਖੇਤਰ ਸਮਾਉਣ ਦੀ ਥਾਂ ਪੰਜਾਬ, ਸਿੰਧ ਅਤੇ ਕਾਬਲ-ਕੰਧਾਰ ਦੇ ਖੇਤਰ ਜ਼ਿਆਦਾ ਸਮਾਏ ਹੋਏ ਸਨ । ਇਨ੍ਹਾਂ ਖੇਤਰਾਂ ਵਿਚੋਂ ਉਸ ਨੂੰ ਬਰਾਹਮਣ ਸਰੈਣੀ ਦੇ ਖਿਲਾਫ ਭਰਪੂਰ ਸਹਾਇਤਾ ਮਿਲੀ ਸੀ। ਇਹੀ ਕਾਰਣ ਹੈ ਕਿ ਪਿਛਲੇਰੀਆ ਬਰਾਹਮਣਵਾਦੀ ਲਿਖਤਾਂ ਵਿਚ ਜਿੱਥੇ ਚੰਦਰਗੁਪਤ ਅਤੇ ਬਿੰਦੂਸਾਰ ਦਾ ਬਹੁਤ ਤਕੜੀ ਪਰਸੰਸਾ ਵਾਲਾ ਜ਼ਿਕਰ ਆਉਂਦਾ ਹੈ ਉੱਥੇ ਅਸ਼ੋਕ ਸਮਰਾਟ ਦਾ ਜਿਕਰ ਉੱਕਾ ਹੀ ਅਲੋਪ ਹੈ। ਪ੍ਰੋ. ਐਲ. ਐਮ. ਜੋਸ਼ੀ ਦੇ ਸ਼ਬਦਾਂ ਵਿਚ “ਭਾਰਤ ਵਿਚ ਬੁੱਧ ਮੱਤ ਦੇ ਸਭਿਆਚਾਰ ਅਤੇ ਵਿਚਾਰ ਧਾਰਾ ਦੇ ਪਾਸਾਰ ਨੂੰ ਪੁਰਾਣਾਂ ਵਿਚ ਕਾਲੇ ਯੁੱਗ ਦਾ ਚਿੰਨ੍ਹ ਸਮਝ ਕੇ ਨਫ਼ਰਤ ਕੀਤੀ ਜਾਂਦੀ ਹੈ । ਇਨ੍ਹਾਂ ਲਿਖਤਾਂ ਦੇ ਲੇਖਕ ਇਸ ਕਾਲੇ ਯੁੱਗ ਵਿਚਲੇ ਹਰ ਛੋਟੇ ਬਰਾਹਮਣ ਰਾਜਿਆਂ ਅਤੇ ਸਥਾਨਕ ਹਾਕਮਾਂ ਦੀਆਂ ਕਥਾ-ਕਹਾਣੀਆਂ ਦੱਸਦੇ ਹਨ ਪਰ ਦੁਨੀਆਂ ਵਿਚ ਮਹਾਨ ਬਾਦਸ਼ਾਹਾਂ ਵਿਚ ਗਿਣੇ ਜਾਣ ਵਾਲੇ ਸਮਰਾਟ ਅਸ਼ੋਕ ਬਾਰੇ ਇਹ ਉੱਕਾ ਹੀ ਚੁੱਪ ਹਨ।”27
ਅਸ਼ੋਕ ਨੇ ਜਿਹੜੇ ਆਪਣੇ ਸੰਦੇਸ਼ ਸਤੰਭਾਂ ਅਤੇ ਚਟਾਨਾ ਉਪਰ ਖੁਦਵਾਏ ਸਨ ਉਹ ਉਕਤ ਬਿਆਨ ਕੀਤੇ ਗਏ ਖੇਤਰਾਂ ਵਿਚ ਹੀ ਸਭ ਤੋਂ ਜਿਆਦਾ ਮਿਲੇ ਹਨ। ਇਹ ਸੰਦੇਸ਼ ਦੋ ਭਾਸ਼ਾਵਾਂ ਦੇ ਮਿਲਵੇਂ ਰੂਪ ਵਿਚ ਲਿਖਵਾਏ ਗਏ ਸਨ । ਇਹ ਦੋ ਭਾਸ਼ਾਵਾਂ ਹਨ ਆਰਮਾਇਕ ਅਤੇ ਯੂਨਾਨੀ । ਇਨ੍ਹਾਂ ਦੀ ਲਿਪੀ ਬਰਹੱਮੀ ਅਤੇ ਖਰੋਸ਼ਟੀ ਦੇ ਮਿਲਵੇਂ ਰੂਪ ਵਿਚ ਸੀ । ਖਰੋਸ਼ਟੀ ਲਿਪੀ ਇੰਡੋ-ਇਰਾਨੀ ਲਿਪੀ ਦਾ ਮਿਲਵਾ ਰੂਪ ਸੀ ਜਦੋਂ ਕਿ ਬਰਹੱਮੀ ਲਿਪੀ ਅਰਮਾਇਕ ਅਤੇ ਯੂਨਾਨੀ ਲਿਪੀਆਂ ਦਾ ਮਿਲਵਾਂ ਰੂਪ ਸੀ । ਇਹ ਭਾਸ਼ਾਵਾਂ ਅਤੇ ਲਿਪੀਆਂ ਸੰਸਕਰਿਤ ਦਾ ਬਦਲ ਸਨ । ਇਸ ਬਦਲ ਨੂੰ ਪਰਾਕਰਿਤ ਭਾਸ਼ਾ ਵੀ ਕਿਹਾ ਗਿਆ ਹੈ।” ਸੰਸਕਰਿਤ ਭਾਸ਼ਾ ਦਾ ਇਹ ਬਦਲ ਆਰੀਆ ਲੋਕਾਂ ਦੀ ਡੋਮੀਨੇਸ਼ਨ ਅਤੇ ਬਰਾਹਮਣਵਾਦ ਦੇ ਗਲਬੇ ਉਪਰ ਇਕ ਬਹੁਤ ਤੱਕੜੀ ਸੱਟ ਸੀ । ਅਸ਼ੋਕ ਦੇ ਰਾਜ ਦਾ ਸਭ ਤੋਂ ਵੱਧ ਵਿਰੋਧ ਵੀ ਬਰਾਹਮਣਾਂ ਵੱਲੋਂ ਕੀਤਾ ਗਿਆ ਸੀ । ਬਰਾਹਮਣਾ ਨੇ ਅਸ਼ੋਕ ਦੀਆਂ ਨੀਤੀਆਂ ਦੇ ਵਿਰੁੱਧ ਧੂੰਆਂਧਾਰ ਪਰਚਾਰ ਕੀਤਾ। ਉਸ ਨੂੰ ‘ਅਨਾਰੀਆ’ ਤੱਕ ਵੀ ਕਿਹਾ ਗਿਆ ਸੀ। ਪੁਰਾਣਿਕ ਗਰੰਥਾਂ ਵਿਚ ਮੋਰੀਆ ਵੰਸ਼ ਦੇ ਪਿਛਲੇ ਹਾਕਮਾਂ ਨੂੰ ਅਸੁਰ ਕਿਹਾ ਗਿਆ ਹੈ। ਮੋਰੀਆ ਵੰਸ਼ ਦੇ ਅਖੀਰਲੇ ਸਮਰਾਟ ਨੂੰ ਉਸ ਦੀ ਆਪਣੀ ਫ਼ੌਜ ਦੇ ਇਕ ਬਰਾਹਮਣ ਸੈਨਾਪਤੀ ਵੱਲੋਂ ਫ਼ੌਜ ਦੇ ਸਾਹਮਣੇ ਹੀ ਮਾਰ ਦਿੱਤਾ ਗਿਆ ਸੀ। ਉਸ ਨੂੰ ਮਾਰਨ ਪਿੱਛੋਂ ਇਹ ਐਲਾਨਿਆ ਗਿਆ ਸੀ ਕਿ ਅਸੁਰਾਂ ਦੇ ਰਾਜ ਨੂੰ ਖ਼ਤਮ ਕਰਕੇ ਬਰੱਹਮਵਰਤ (ਆਰੀਆਵਰਤ) ਦੀ ਪਵਿੱਤਰ ਭੂਮੀ ਨੂੰ ਮੁਕਤ ਕਰਾ ਲਿਆ ਗਿਆ ਹੈ। ਸਿੱਟੇ ਵਜੋਂ ਸੁੰਗ ਵੰਸ਼ ਦਾ ਬਰਾਹਮਣ ਸਾਮਰਾਜ ਉਤਰੀ ਅਤੇ ਮੱਧ ਭਾਰਤ ਵਿਚ ਸਥਾਪਤ ਹੋ ਗਿਆ। ਇਹ ਸ਼ੁੰਗ ਵੰਸ਼ ਦੇ ਸਮਰਾਟ ਭਾਰਦੁਆਜ ਗੋਤ ਦੇ ਬਰਾਹਮਣ ਸਨ।
ਸ਼ੁੰਗ ਵੰਸ਼ ਦਾ ਪਹਿਲਾ ਸਮਰਾਟ ਪੁਸ਼ਯਾਮਿੱਤਰ ਸੀ। ਇਸ ਨੇ ਮੋਰੀਆ ਵੰਸ਼ ਨੂੰ ਖ਼ਤਮ ਕਰਕੇ ਦੋ ਅਸ਼ਵਮੇਧ ਯੱਗ ਕੀਤੇ । “ਇਸ ਧਾਰਮਿਕ ਰੀਤ ਦੇ ਦੋ ਮਹੱਤਵ ਸਨ। ਇਕ ਪਾਸੇ ਤਾਂ ਉਹ ਮੋਰੀਆ ਸਾਮਰਾਜ ਦੇ ਖੰਡਰਾਂ ਉੱਤੇ ਨਵੇਂ ਸਾਮਰਾਜ ਦੀ ਚੜ੍ਹਤ ਨੂੰ ਦਰਸਾ ਰਿਹਾ ਸੀ, ਜੋ ਸੀਮਾ ਪਰਾਂਤਾਂ ਦੇ ਜਰਵਾਣਿਆਂ ਤੋਂ ਆਰੀਆਵਰਤ ਨੂੰ ਬਚਾਉਣ ਵਿਚ ਸਫਲ ਹੋਇਆ: ਦੂਜੇ ਪਾਸੇ ਇਸ ਨਾਲ ਬਰਾਹਮਣ ਧਰਮ ਦੇ ਨਵੇਂ ਅੰਦੋਲਨ ਦੇ ਆਉਣ ਦਾ ਸੰਕੇਤ ਦਿੰਦਾ ਹੈ ਜੋ ਗੁਪਤ ਰਾਜਿਆਂ ਦੇ ਲੰਮੇਰੇ ਸ਼ਾਸਨ ਵਿਚ ਚੋਟੀ ਤੱਕ ਪੁੱਜਿਆ।” ਸ਼ੁੰਗ ਵੰਸ਼ੀ ਰਾਜੇ ਨੇ ਸਾਰੇ ਬੋਧੀ ਭਿਕਸ਼ੂਆਂ ਅਤੇ ਅਧਿਕਾਰੀਆਂ ਨੂੰ ਜਾਂ ਤਾਂ ਮਾਰ ਸੁੱਟਿਆ ਸੀ ਤੇ ਜਾਂ ਕੈਦ ਕਰ ਲਿਆ ਸੀ । ਪਾਟਲੀਪੁੱਤਰ ਦੀ ਥਾਂ ਨਵੀਂ ਰਾਜਧਾਨੀ ਵਿਦਿਸ਼ਾ ਨਗਰ ਬਣਾਈ ਗਈ। ਗੈਰ-ਸੰਸਕਰਿਤ ਭਾਸ਼ਾਵਾਂ ਨੂੰ ਰੱਦ ਕਰਕੇ ਸੰਸਕਰਿਤ ਭਾਸ਼ਾ ਵਰਤੀ ਜਾਣੀ ਸ਼ੁਰੂ ਕੀਤੀ ਗਈ । ਪੰਜਾਬ ਵਿਚ ਸਿਆਲਕੋਟ ਦੇ ਅਸਥਾਨ ‘ਤੇ ਉਸ ਨੇ ਭਿਕਸ਼ੂ ਅਤੇ ਗੈਰ-ਆਰਿਆਈ ਲੋਕਾ ਨੂੰ ਸ਼ਰੇਆਮ ਕਤਲ ਕਰ ਦੇਣ ਦਾ ਐਲਾਨ ਵੀ ਕੀਤਾ ਸੀ। ਆਰ. ਐਸ. ਤਿਰਪਾਠੀ ਦੇ ਅਨੁਸਾਰ “ਦਿਵਈਆਵਦਾਨ ਦੀ ਲਿਖਤ ਅਨੁਸਾਰ ਪੁਸ਼ਯਮਿੱਤਰ ਬੁੱਧ ਧਰਮ ਦਾ ਕੱਟੜ ਵੈਰੀ ਸੀ ਤੇ ਦੱਸਿਆ ਜਾਂਦਾ ਹੈ ਕਿ ਉਸ ਨੇ ਸਾਕਲ (ਸਿਆਲਕੋਟ) ਦੇ ਸਥਾਨ ਉੱਤੇ ਇਕ ਅਤਿ ਕੋਝਾ ਐਲਾਨ ਕੀਤਾ ਕਿ ਹਰੇਕ ਬੋਧੀ ਭਿਕਸ਼ੂ ਦੇ ਸਿਰ ਬਦਲੇ ਇਕ ਸੌ ਸੋਨੇ ਦੇ ਦੀਨਾਰ ਮਿਲਣਗੇ। ਤਾਰਨਾਥ ਵੀ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਪੁਸ਼ਯਾਮਿੱਤਰ ਬੁੱਧ ਧਰਮ ਵਿਚ ਵਿਸਵਾਸ ਨਾ ਰੱਖਣ ਵਾਲਿਆਂ ਦੀ ਹਮਾਇਤ ਕਰਦਾ ਸੀ ਤੇ ਉਸ ਨੇ ਆਪ ਵੀ ਵਿਹਾਰਾਂ ਸਾੜੀਆਂ ਤੇ ਭਿਕਸ਼ੂ ਕਤਲ ਕੀਤੇ ।” ਸੁੰਗ ਵੰਸ ਨੇ ਤਕਰੀਬਨ 112 ਜਾਂ 120 ਵਰ੍ਹੇ ਰਾਜ ਕੀਤਾ। ਇਸ ਤੋਂ ਪਿੱਛੋਂ ਤਕਰੀਬਨ 72-73 ਈ. ਪੂ. ਵਿਚ ਸੱਤਵਾਹਨ ਵੰਸ਼ ਦੇ ਰਾਜਿਆਂ ਦਾ ਰਾਜ ਸਥਾਪਤ ਹੋਇਆ।
ਸੱਤਵਾਹਨ ਰਾਜਿਆ ਦੀ ਮੁੱਖ ਦਿਲਚਸਪੀ ਦੱਖਣ ਵੱਲ ਸੀ । ਉਤਰੀ ਭਾਰਤ ਦੇ ਇਲਾਕਿਆ ਵਿਚ ਉਨ੍ਹਾਂ ਦਾ ਸਾਸ਼ਨ ਕਮਜੋਰ ਸੀ। ਸਿੱਟੇ ਵਜੋਂ ਪੰਜਾਬ ਉਪਰ ਬਾਖ਼ਤਰੀਆ ਅਤੇ ਯੂਨਾਨੀ ਹਮਲਾਵਰਾਂ ਨੇ ਫਿਰ ਤੋਂ ਹਮਲੇ ਕਰਨੇ ਅਰੰਭ ਦਿੱਤੇ ਸੀ । ਪਹਿਲਾਂ ਬਾਖ਼ਤਰੀਆਂ ਨੇ ਹਮਲੇ ਦੀ ਸ਼ੁਰੂਆਤ ਕੀਤੀ। ਇਸ ਦੇ ਰਾਜਾ ਯੂਥਾਈਡੈਮਸ ਦੇ ਪੁੱਤਰ ਡੈਮੇਟਰੀਅਸ ਨੇ ਅਫ਼ਗਾਨਿਸਤਾਨ, ਪੰਜਾਬ ਅਤੇ ਸਿੰਧ ਦੇ ਵੱਡੇ ਭਾਗਾਂ ਨੂੰ ਆਪਣੇ ਅਧੀਨ ਕਰ ਲਿਆ। ਆਪਣੇ ਜਿੱਤੇ ਹੋਏ ਇਲਾਕਿਆਂ ਵਿਚ ਨਵੇਂ ਨਗਰ ਵਸਾਏ, ਇਨ੍ਹਾਂ ਦੇ ਨਾਂ ਆਪਣੇ ਪਿਤਾ ਦੇ ਨਾਂ ਉਪਰ ਰੱਖੇ ਅਤੇ ਇਨ੍ਹਾਂ ਨੂੰ ਸੁੰਦਰ ਬਣਵਾਇਆ। ਕੁਝ ਸਮੇਂ ਬਾਅਦ ਯੂਕਰੇਟੇਡੀਜ ਨੇ ਇਸ ਦੇ ਖਿਲਾਫ਼ ਵਿਦਰੋਹ ਕਰ ਦਿੱਤਾ ਅਤੇ ਸਰਹੱਦੀ ਪਰਾਂਤਾ ਦਾ ਮਾਲਕ ਬਣ ਗਿਆ ਸੀ । ਇਸ ਦੇ ਹੀ ਇਕ ਪਿੱਛੇ ਦੇ ਉਤਰਅਧਿਕਾਰੀ ਮੈਨੇਦਰ ਨੇ ਸਿਆਲਕੋਟ (ਸ਼ਾਕਲ) ਉਪਰ ਰਾਜ ਸਥਾਪਤ ਕਰ ਲਿਆ ਸੀ ਅਤੇ ਕਾਫੀ ਸਮਾਂ ਸ਼ਾਨ ਨਾਲ ਰਾਜ ਕੀਤਾ ਸੀ । ਇਸ ਦੇ ਪੰਜਵੇਂ ਵਰ੍ਹੇ ਦਾ ਬਜੌਰ ਪਰਦੇਸ਼ ਵਿਚ ਇਕ ਸ਼ਿਲਾਲੇਖ ਵੀ ਮਿਲਿਆ ਹੈ। ਇਸ ਨੇ ਅਖੀਰ ਵਿਚ ਬਿਆਸ ਦਰਿਆ ਤੱਕ ਦਾ ਸਾਰਾ ਇਲਾਕਾ ਫਤਿਹ ਕਰ ਲਿਆ ਸੀ।”
ਇਕ ਹੋਰ ਬਾਗੀ ਰਾਜੇ ਐਂਟੀਅਲਸ ਨੇ ਗੰਧਾਰ ਅਤੇ ਟੈਕਸਲਾ (ਰਾਵਲਪਿੰਡੀ ਦਾ ਆਲਾ ਦੁਆਲਾ) ਵਿਚ ਰਾਜ ਸਥਾਪਤ ਕਰ ਲਿਆ ਸੀ । ਇਸ ਨੇ ਸੱਤਵਾਹਨ ਰਾਜਿਆਂ ਦੀ ਰਾਜਧਾਨੀ ਵਿਦਿਸ਼ਾ ਨਗਰ ਵਿਚ ਆਪਣਾ ਇਕ ਰਾਜਦੂਤ ਵੀ ਭੇਜਿਆ ਸੀ। ਭਾਵੇਂ ਪਿੱਛੋਂ ਦੇ ਇਹ ਯੂਨਾਨੀ ਮੂਲ ਦੇ ਰਾਜੇ ਆਲੇ ਦੁਆਲੇ ਦੇ ਵਾਤਾਵਰਣ ਤੋਂ ਪਰਭਾਵਤ ਹੋ ਕੇ ਬੁੱਧ ਧਰਮ ਅਤੇ ਵੈਸ਼ਵ ਧਰਮ ਦੇ ਪੈਰੋਕਾਰ ਬਣ ਗਏ ਸਨ । ਕੁਝ ਸਮੇਂ ਬਾਅਦ ਇਨ੍ਹਾਂ ਰਾਜਿਆ ਦੇ ਉਪਰ ਵੀ ਪਾਰਥੀਅਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਪਹਿਲਾ ਪਾਰਥੀਅਨ ਹਮਲਾ ਸਿਥਰਟਤੇਸ ਪਹਿਲੇ ਦੀ ਅਗਵਾਈ ਵਿਚ ਹੋਇਆ ਅਤੇ ਪਹਿਲੀ ਈਸਵੀ ਸਦੀ ਤੱਕ ਇਸ ਨੇ ਪੰਜਾਬ ਵਿਚੋਂ ਯੂਨਾਨੀ ਸ਼ਾਸਨ ਦੇ ਹਰ ਤਰ੍ਹਾਂ ਦੇ ਚਿੰਨ੍ਹ ਮਿਟਾ ਦਿੱਤੇ ਸਨ । ਪੰਜਾਬ ਵਿਚ ਅੰਤਮ ਯੂਨਾਨੀ ਰਾਜਾ ਹਰਮੇਅਜ਼ ਸੀ ਜਿਸ ਨੇ ਪਾਰਥੀਅਨ ਤੇ ਕੁਸਾਨ ਰਾਜਿਆਂ ਲਈ ਮੈਦਾਨ ਛੱਡ ਦਿੱਤਾ ਸੀ। ਈਸਵੀ ਸੰਨ ਦੀ ਤੀਜੀ ਸ਼ਤਾਬਦੀ ਤੱਕ ਪੰਜਾਬ ਵਿਚ ਅਨੇਕਾਂ ਹੀ ਧਾੜਵੀ ਆ ਕੇ ਰਾਜ ਸਥਾਪਤ ਕਰਦੇ ਰਹੇ ਜਿਨ੍ਹਾਂ ਦੀ ਮਿਤੀ ਬੱਧ ਜਾਣਕਾਰੀ ਦੇਣੀ ਅਸੰਭਵ ਹੀ ਹੈ। ਇਨ੍ਹਾਂ ਵਿਚ ਮੁੱਖ ਤੌਰ ਤੇ ਯਵਨ, ਮਰੁੰਡ, ਪਹਿਲਵੀ ਅਤੇ ਕੁਸਾਨ ਹਾਕਮ ਸਨ। ਇਹ ਸਾਰਾ ਸਮਾਂ ਹੀ ਭਗਦੜ ਵਾਲਾ, ਭੰਬਲਭੂਸੇ ਵਾਲਾ ਅਤੇ ਗੈਰ-ਯਕੀਨੀ ਸੀ ਪਰ ਇਸ ਵਿਚ ਇਕ ਉਸਾਰੂ ਪੱਖ ਇਹ ਸੀ ਕਿ ਪੰਜਾਬ ਦੇ ਸਭਿਆਚਾਰ ਵਿਚ ਬਾਹਰਲੇ ਸਭਿਆਚਾਰਾ ਦਾ ਮਿਲਾਪ ਹੋਇਆ। ਬਾਹਰਲੇ ਹਾਕਮ ਆਪਣੀਆਂ ਪਰੰਪਰਾਵਾਂ ਲੈ ਕੇ ਆਏ ਅਤੇ ਇੱਥੋਂ ਦੀਆਂ ਪਰੰਪਰਾਵਾਂ ਨੂੰ ਅਪਣਾਇਆ । ਇਉਂ ਪੰਜਾਬ ਵਿਚ ਪਰਚੱਲਤ ਵਿਸ਼ਵਾਸ, ਵਿਚਾਰਾਂ ਅਤੇ ਰਿਵਾਜਾਂ ਵਿਚ ਨਵੀਂ ਚੇਤੰਨਤਾ ਵਿਕਸਤ ਹੋਈ।
ਚੌਥੀ ਈਸਵੀ ਸਦੀ ਦੇ ਦੂਜੇ ਦਹਾਕੇ ਵਿਚ ਸਥਾਪਤ ਹੋਏ ਗੁਪਤ ਸਾਮਰਾਜ ਦੀ ਤਾਕਤ ਮੁੱਖ ਤੌਰ ਉੱਤੇ ਮੱਧ ਭਾਰਤ ਦੇ ਇਲਾਕਿਆਂ ਤੱਕ ਹੀ ਸੀਮਤ ਸੀ । ਪੰਜਾਬ ਵਿਚ ਇਨ੍ਹਾਂ ਦੇ ਸਾਮਰਾਜ ਦਾ ਪ੍ਰਭਾਵ ਕੋਈ ਬਹੁਤਾ ਨਹੀਂ ਸੀ । 544 ਈ. ਦੇ ਨੇੜੇ ਤੇੜੇ ਇਹ ਗੁਪਤ ਸਾਮਰਾਜ ਲਗਭਗ ਖ਼ਤਮ ਹੋ ਗਿਆ ਸੀ । ਗੁਪਤ ਰਾਜਿਆਂ ਦੇ ਅੰਤਲੇ ਸਮੇਂ ਪੰਜਾਬ ਵਿਚ ਹੂਨ ਜਾਤੀ ਦੇ ਹਮਲਾਵਰਾਂ ਨੇ ਆਪਣਾ ਰਾਜ ਕਾਇਮ ਕਰ ਲਿਆ ਸੀ । ਇਹ ਹਨ ਭਿਆਨਕ ਕਿਸਮ ਦੇ ਅਸੱਭਿਆ ਜਾਤੀਆਂ ਦੇ ਲੋਕ ਸਨ ਜਿਹੜੇ ਮੱਧ ਏਸ਼ੀਆ ਦੇ ਮੈਦਾਨਾਂ ਵਿਚੋਂ ਉਠ ਕੇ ਪੱਛਮ ਵੱਲ ਰੋਮਨ ਸਾਮਰਾਜ ਅਤੇ ਦੱਖਣ ਵੱਲ ਭਾਰਤ ਦੇ ਗੁਪਤ ਸਾਮਰਾਜ ਦੇ ਇਲਾਕਿਆ ਵਿਚ ਆਕਰਮਣ ਕਰ ਕਰ ਕੇ ਵਸ ਗਏ ਸਨ । ਇਨ੍ਹਾਂ ਹੁਨਾ ਦਾ ਮੁਖੀ ਤੋਰਮਾਨ ਸੀ । ਤੇਰਮਾਨ ਦਾ ਪੁੱਤਰ ਮਿਹਰ ਗੁਲ ਬਹੁਤ ਸ਼ਕਤੀਸ਼ਾਲੀ ਹਾਕਮ ਸੀ । ਹੂਨਾ ਦਾ ਰਾਜ ਖਿੰਡਵੇਂ ਜਿਹੇ ਰੂਪ ਵਿਚ ਡਿੱਗਦਾ-ਢਹਿੰਦਾ ਕਾਫੀ ਸਮਾਂ ਚਲਦਾ ਰਿਹਾ ਸੀ। ਨਾ ਹੀ ਤਾਂ ਹਨ ਹੀ ਪੰਜਾਬ ਉਪਰ ਟਿਕ ਕੇ ਰਾਜ ਕਰ ਸਕੇ ਸਨ ਅਤੇ ਨਾ ਹੀ ਮਗਧ ਦੇਸ਼ ਦੇ ਭਾਰਤੀ ਰਾਜੇ ਉਨ੍ਹਾਂ ਨੂੰ ਹਰਾ ਕੇ ਪੰਜਾਬ ਵਿਚੋਂ ਕੱਢ ਸਕੇ ਸਨ । ਸਿੱਟਾ ਇਸ ਦਾ ਇਹ ਹੋਇਆ ਸੀ ਕਿ 544 ਈ. ਤੋਂ ਲੈ ਕੇ 606 ਈ. ਤੱਕ ਜਦੋ ਕਿ ਉੱਤਰੀ ਭਾਰਤ ਵਿਚ ਹਰਸ਼ ਵਰਧਨ ਦਾ ਰਾਜ ਸ਼ੁਰੂ ਹੁੰਦਾ ਹੈ, ਪੰਜਾਬ ਦੀ ਧਰਤੀ ਤੇ ਹਫੜਾ-ਦਫੜੀ ਵਾਲੇ ਹਾਲਾਤ ਬਣੇ ਹੋਏ ਸਨ। ਹਰਸ਼ ਵਰਧਨ ਦੇ ਰਾਜ ਦੀਆਂ ਹੱਦਾਂ ਬਾਰੇ ਕੋਈ ਨਿਸ਼ਚਤ ਸੀਮਾ ਨਹੀਂ ਉਲੀਕੀ ਜਾ ਸਕਦੀ। ਖਾਸ ਕਰਕੇ ਪੰਜਾਬ ਦੇ ਇਲਾਕਿਆਂ ਉਪਰ ਉਸ ਦੇ ਰਾਜ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪੰਜਾਬ, ਸਿੰਧ ਅਤੇ ਕਾਬਲ ਦੇ ਕੁਝ ਖੇਤਰਾਂ ਵਿਚ ਸੁਤੰਤਰ ਰਾਜ ਸਨ । ਪਰ ਡਾ. ਫ਼ੌਜਾਂ ਸਿੰਘ ਦਾ ਕਥਨ ਹੈ ਕਿ, “ਜਿੱਥੋਂ ਤੱਕ ਪੰਜਾਬ ਦਾ ਸੰਬੰਧ ਹੈ ਥਾਨੇਸਰ ਦੇ ਪਰਭਾਕਰ ਵਰਮਨ ਦੀਆਂ ਜਿੱਤਾਂ ਕਾਰਣ ਇਸ ਦਾ ਵਡੇਰਾ ਭਾਗ ਥਾਨੇਸਰ ਰਾਜ ਦਾ ਅੰਗ ਬਣ ਚੁੱਕਾ ਸੀ । ਉਸ ਸਮੇਂ ਪੰਜਾਬ ਦੀ ਰਾਜਨੀਤਕ ਵੰਡ ਕਿਸ ਪਰਕਾਰ ਸੀ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ । ਹਾਂ, ਇੱਨਾ ਪਤਾ ਜਰੂਰ ਚਲਦਾ ਹੈ ਕਿ ਜਲੰਧਰ ਦੇ ਇਲਾਕੇ ਵਿਚ ਇਕ ਰਾਜਾ ਉਦੀਤੋਂ ਦਾ ਰਾਜ-ਪਰਬੰਧ ਸੀ। ਇਹ ਰਾਜਾ ਪਹਿਲਾਂ ਹਿੰਦੂ ਧਰਮ ਵਿਚ ਸੀ। ਮਗਰੋਂ ਇਕ ਬੋਧੀ ਅਰਹਟ ਨੇ ਇਸ ਦੇ ਮਨ ‘ਤੇ ਡੂੰਘਾ ਪਰਭਾਵ ਪਾਇਆ ਅਤੇ ਉਹ ਬੁੱਧ ਧਰਮ ਦਾ ਅਨੁਯਾਈ ਹੀ ਨਹੀਂ ਸਗੋਂ ਸਰਗਰਮ ਪਰਚਾਰਕ ਵੀ ਬਣ ਗਿਆ ਸੀ ।” ਇਸ ਜਾਣਕਾਰੀ ਤੋਂ ਇਲਾਵਾ ਹਰਸ਼ ਦੇ ਪੰਜਾਬ ਨਾਲ ਸੰਬੰਧਾਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ। ਇਹ ਵੀ ਇਕ ਵਿਚਾਰ ਹੈ ਕਿ ਹਰਸ਼ ਦਾ ਆਪਣਾ ਸਿੱਧਾ ਰਾਜ ਸਿਰਫ ਸਰਸਵਤੀ ਦਰਿਆ ਤੱਕ ਹੀ ਸੀਮਤ ਸੀ।
ਭੋਰਾ, ਮੁਲਤਾਨ (ਟੱਕ) ਅਤੇ ਜਲੰਧਰ ਲਗਭਗ ਸੁਤੰਤਰ ਰਾਜ ਹੀ ਸਨ । ਕਾਬੁਲ ਵਿਚ ਤੁਰਕਸ਼ਾਹੀ ਘਰਾਣਾ ਰਾਜ ਕਰਦਾ ਸੀ। ਇਸ ਘਰਾਣੇ ਦਾ ਅੰਤਮ ਸਮਰਾਟ ਲਗਤੁਰਮਾਨ ਸੀ । ਲਗਤੁਰਮਾਨ ਦਾ ਸੈਨਾਪਤੀ ਇਕ ਕੱਲਰ ਨਾਂ ਦਾ ਬਰਾਹਮਣ ਸੀ। ਕੱਲਰ ਨੇ ਭਾਵੇਂ ਇਸਲਾਮ ਧਾਰਨ ਕਰ ਲਿਆ ਸੀ ਪਰ ਜਦੋਂ ਇਸ ਨੇ ਲਗਤੁਰਮਾਨ ਨੂੰ ਮਾਰ ਕੇ ਕਾਬੁਲ ਦਾ ਰਾਜ ਆਪ ਸੰਭਾਲ ਲਿਆ ਸੀ ਤਾਂ ਇਸ ਨੇ ਮੁੜ ਤੋਂ ਹਿੰਦੂ ਰੀਤੀ-ਰਿਵਾਜ ਅਪਣਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਕਰਕੇ ਅਲਪਤਿਜਿਨ ਦੀ ਅਗਵਾਈ ਹੇਠ ਇਸਲਾਮ ਦੇ ਪੈਰੋਕਾਰਾਂ ਨੇ ਇਸ ਨੂੰ ਕਾਬੁਲ ਵਿਚੋਂ ਕੱਢ ਦਿੱਤਾ ਸੀ । ਕੱਲਰ ਨੇ ਕਾਬਲ ਵਿਚੋਂ ਨਿਕਲ ਕੇ ਦਰਿਆ ਸਿੰਧ ਦੇ ਉਰਲੇ ਪਾਸੇ (ਪੂਰਬ ਵੱਲ) ਅਟਕ ਦਰਿਆ ਦੇ ਉਪਰ ਵਸੇ ਸ਼ਹਿਰ ਵੈਹਿੰਦ ਜਾਂ ਓਹਿੰਦ ਵਿਖੇ ਆਪਣਾ ਹੈਡਕੁਆਰਟਰ ਸਥਾਪਤ ਕਰ ਲਿਆ। ਇੱਥੇ ਉਸ ਨੇ ਆਪਣੇ ਆਪ ਨੂੰ ਹਿੰਦੂ ਸ਼ਾਹੀ ਬਾਦਸ਼ਾਹ ਐਲਾਨ ਕਰ ਦਿੱਤਾ। ਇਨ੍ਹਾਂ ਹਿੰਦੂ ਸਾਹੀ ਮੋਢੀਆਂ ਦੇ ਪਹਿਲਾਂ ਇਸਲਾਮ ਧਾਰਨ ਕਰ ਜਾਣ ਨਾਲ ਉਤਰੀ ਅਤੇ ਮੱਧ ਭਾਰਤ ਦੇ ਜੋ ਆਰੀਆ ਅਤੇ ਬਰਾਹਮਣ ਲੋਕ ਸਨ, ਇਨ੍ਹਾਂ ਨੂੰ ਭਰਿਸਟ ਹੋਏ ਹਿੰਦੂ ਮੰਨਦੇ ਸਨ । ਇਸ ਕਰਕੇ ਇਹ ਹਿੰਦੂ ਸ਼ਾਹੀ ਨਾ ਹੀ ਤਾਂ ਆਰੀਆ ਲੋਕਾਂ ਦੀਆਂ ਨਜ਼ਰਾਂ ਵਿਚ ਬਰਾਹਮਣ ਸਨ ਅਤੇ ਨਾ ਹੀ ਇਸਲਾਮ ਦੇ ਧਾਰਨੀਆ ਦੀਆਂ ਨਿਗਾਹਾਂ ਵਿਚ ਮੁਸਲਮਾਨ । ਪਰ ਇਹ ਆਪਣੇ ਆਪ ਨੂੰ ਹਿੰਦੂ ਸਾਹੀ ਅਖਵਾਉਂਦੇ ਸਨ । ਇਨ੍ਹਾਂ ਨੇ ਸਮੇਂ ਦੀ ਕਮਜੋਰੀ ਤੋਂ ਲਾਭ ਉਠਾਉਂਦਿਆਂ ਆਪਣੇ ਰਾਜ ਨੂੰ ਸਰਹਿੰਦ ਅਤੇ ਮੁਲਤਾਨ ਤੱਕ ਫੈਲਾ ਲਿਆ ਸੀ । ਤਾਕਤ ਫੜ ਜਾਣ ਬਾਅਦ ਇਨ੍ਹਾਂ ਨੇ ਆਪਣੇ ਵਿਆਹ ਆਦਿ ਕਸ਼ਮੀਰ ਅਤੇ ਕਾਂਗੜੇ ਦੇ ਰਾਜਪੂਤ ਘਰਾਣਿਆਂ ਵਿਚ ਕਰਨੇ ਸ਼ੁਰੂ ਕਰ ਦਿੱਤੇ ਸਨ।
ਉਧਰ ਕਾਬੁਲ ਵਿਚ ਅਲਪਤਿਜਿਨ ਦੀ ਮੌਤ ਬਾਅਦ 969 ਈ. ਵਿਚ ਉਸ ਦਾ ਜੁਆਈ ਸੁਬਕਤਿਜਿਨ ਬਾਦਸ਼ਾਹ ਬਣ ਗਿਆ ਸੀ। ਇਸ ਨੇ ਕੱਲਰ ਦੇ ਰਾਜ ਉੱਪਰ ਕਈ ਹਮਲੇ ਕੀਤੇ ਸਨ । ਕੱਲਰ ਕਾਫੀ ਸਮੇਂ ਲਈ ਇਨ੍ਹਾਂ ਹਮਲਿਆਂ ਨੂੰ ਰੋਕਦਾ ਰਿਹਾ ਸੀ । ਉਸ ਦੀ ਮੌਤ ਬਾਅਦ ਉਸ ਦੇ ਉਤਰਅਧਿਕਾਰੀਆਂ ਵਿਚ ਭਾਵੇਂ ਸਾਮੰਤ ਅਤੇ ਕਮਾਲੂ ਦੇ ਨਾਂ ਵੀ ਮਿਲਦੇ ਹਨ ਪਰ ਉਸ ਦਾ ਪ੍ਰਸਿੱਧ ਅਤੇ ਦਲੇਰ ਉਤਰਅਧਿਕਾਰੀ ਰਾਜਾ ਜੈਪਾਲ ਸੀ ਜਿਸ ਨੇ ਪੰਜਾਬ ਵਿਚ ਆਪਣੇ ਰਾਜ ਨੂੰ ਬੜੀ ਮਜ਼ਬੂਤੀ ਨਾਲ ਸਥਾਪਤ ਕਰ ਲਿਆ ਸੀ । ਇਸ ਨੇ ਆਪਣੀ ਰਾਜਧਾਨੀ ਵੈਹਿੰਦ ਤੋਂ ਬਦਲ ਕੇ ਲਾਹੌਰ ਕਰ ਲਈ ਸੀ । ਇਸ ਤਰ੍ਹਾਂ ਰਾਜਨੀਤਕ ਤੌਰ ‘ਤੇ ਲਾਹੌਰ ਪਹਿਲੀ ਵਾਰ ਰਾਜਾ ਜੈਪਾਲ ਦੇ ਸੁਤੰਤਰ ਰਾਜ ਦੀ ਰਾਜਧਾਨੀ ਬਣਿਆ ਸੀ । ਇਹ ਸ਼ਹਿਰ ਰਾਵੀ ਦਰਿਆ ਦੇ ਬਿਲਕੁਲ ਕੰਢੇ ਉਪਰ ਵਸਿਆ ਹੋਇਆ ਸੀ ਅਤੇ ਪੂਰਬ ਵੱਲ ਆਉਣ ਲਈ ਰਾਵੀ ਦਰਿਆ ਦਾ ਮੁੱਖ ਪੱਤਣ ਸੀ।
ਲਾਹੌਰ, ਕਾਬੁਲ ਦੇ ਹੁਕਮਰਾਨਾਂ ਦੀਆਂ ਨਿਗਾਹਾਂ ਤੇ ਵੈਹਿੰਦ ਦੇ ਸਥਾਨ ਤੋਂ ਕਾਫੀ ਦੂਰ ਵੀ ਸੀ । ਜੈਪਾਲ ਨੇ ਲਾਹੌਰ ਨੂੰ ਰਾਜਧਾਨੀ ਬਣਾ ਕੇ ਕਾਬੁਲ ਦੇ ਹਾਕਮ ਸੁਬਕਤਿਜਿਨ ਦੇ ਉਪਰ ਉਲਟਾ ਹਮਲੇ ਕਰਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ । ਇਨ੍ਹਾਂ ਤਿਆਰੀਆਂ ਦੇ ਸਿੱਟੇ ਵੱਜੋਂ ਉਸ ਨੇ ਇਕ ਬਹੁਤ ਤਾਕਤਵਰ ਸੈਨਾ ਇਕੱਠੀ ਕੀਤੀ । ਇਸ ਸੈਨਾ ਦੀ ਵਰਦੀ ਕਾਲੇ ਰੰਗ ਦੀ ਸੀ । ਕਾਲੇ ਲਿਬਾਸ ਵਿਚ ਹਾਥੀਆਂ ਉਪਰ ਅਸਵਾਰ ਸੈਨਿਕ ਜਦੋਂ ਲਮਘਾਨ ਉਪਰ ਹਮਲਾ ਕਰਨ ਲਈ ਜਾ ਰਹੇ ਸਨ ਤਾਂ ਇਹ ਸੈਨਾ ਸੁਬਕਤਿਜਿਨ ਅਤੇ ਉਸ ਦੇ ਪੁੱਤਰ ਮਹਿਮੂਦ ਨੂੰ ਇਉਂ ਲੱਗ ਰਹੀ ਸੀ ਜਿਵੇਂ ਕਿ ਸੂਰਜ ਛਿਪਣ ਤੋਂ ਪਹਿਲਾਂ ਹੀ ਕਾਲੀ ਰਾਤ ਪਸਰ ਗਈ ਹੋਵੇ । ਇਹ ਸੈਨਿਕ ਕਾਲੀ ਰਾਤ ਵਾਂਗ ਕਾਲੇ ਅਤੇ ਹੜ੍ਹ ਵਾਂਗ ਬੇਸਬਰੇ (Soldiers black as night and impetuous as a torrent) ਲੱਗ ਰਹੇ ਸਨ। ਦੋਹਾਂ ਧਿਰਾਂ ਵਿਚ ਕਈ ਦਿਨ ਲੜਾਈ ਹੁੰਦੀ ਰਹੀ । ਜੈਪਾਲ ਦੀ ਹਮਲਾਕਰੂ ਫ਼ੌਜ ਚਾਰੇ ਪਾਸੇ ਭਾਰੂ ਹੋ ਰਹੀ ਸੀ ਅਤੇ ਇਉਂ ਲੱਗ ਰਿਹਾ ਸੀ ਜਿਵੇਂ ਕਿ ਜੈਪਾਲ ਨੇ ਕਾਬਲ ਦਾ ਤਖ਼ਤ ਸੰਭਾਲ ਲੈਣਾ ਹੈ । ਪਰ ਕੁਦਰਤ ਦੀ ਕਰੋਪੀ ਨੇ ਜੈਪਾਲ ਦੀਆਂ ਸਾਰੀਆਂ ਉਮੀਦਾ ‘ਤੇ ਪਾਣੀ ਫੇਰ ਦਿੱਤਾ। ਰਾਤ ਨੂੰ ਐਸਾ ਬਰਫਾਨੀ ਤੂਫਾਨ ਆਇਆ ਕਿ ਜੈਪਾਲ ਦੇ ਘੋੜੇ ਅਤੇ ਹਾਥੀ ਬੇਕਾਬੂ ਹੋ ਕੇ ਦੌੜ ਗਏ ਸਨ । ਆਪਣੀ ਫ਼ੌਜ ਅਤੇ ਦੁਸ਼ਮਣ ਦੀ ਫ਼ੌਜ ਦੀ ਕੋਈ ਪਛਾਣ ਨਹੀਂ ਰਹੀ ਸੀ। ਸੈਨਿਕ ਬਰਫ ਹੇਠਾਂ ਦੱਬ ਗਏ ਸਨ। ਜਿੱਤ ਵੱਲ ਵਧ ਰਹੀ ਪੰਜਾਬੀ ਸੈਨਾ ਨੂੰ, ਬਰਫੀਲੇ ਤੂਫਾਨ ਦੀ ਕਰੋਪੀ ਕਾਰਣ ਬੜੀ ਜਿੱਲਤ ਭਰੀ ਹਾਲਤ ਵਿਚ ਦੁਸ਼ਮਣ ਨਾਲ ਸੰਧੀ ਕਰਨੀ ਪਈ ਸੀ । ਸੰਧੀ ਅਨੁਸਾਰ ਜੈਪਾਲ ਨੂੰ ਦਸ ਲੱਖ ਦਿਰਹਾਮ (ਰੁਪਏ), ਪੰਜਾਹ ਹਾਥੀ ਅਤੇ ਵੈਹਿੰਦ ਦਾ ਸਾਰਾ ਇਲਾਕਾ ਨਜ਼ਰਾਨੇ ਵਜੋਂ ਸੁਬਕਤਿਜਿਨ ਦੀ ਭੇਟਾ ਕਰਨੇ ਪਏ ਤਾਂ ਜਾ ਕੇ ਉਸ ਨੂੰ ਵਾਪਸੀ ਦਾ ਰਸਤਾ ਖੁੱਲ੍ਹਿਆ ਸੀ ।
ਲਮਘਾਨ ਤੋਂ ਵਾਪਸ ਲਾਹੌਰ ਪਹੁੰਚਣ ਸਾਰ ਜੈਪਾਲ ਨੇ ਉਕਤ ਸੰਧੀ ਦੀਆਂ ਸਾਰੀਆਂ ਸ਼ਰਤਾਂ ਤੋੜ ਦਿੱਤੀਆਂ ਸਨ। ਅਤੇ ਆਪਣੀ ਜਿੱਲਤ ਭਰੀ ਹਾਰ ਦਾ ਬਦਲਾ ਲੈਣ ਲਈ ਉਸ ਨੇ ਫਿਰ ਤੋਂ ਹਮਲੇ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਸਿੱਟੇ ਵੱਜੋਂ ਇਕ ਲੱਖ ਸਿਪਾਹੀਆਂ ਦੀ ਸੈਨਾ ਨਾਲ ਜੈਪਾਲ ਨੇ ਫਿਰ ਲਮਘਾਨ ਨੂੰ ਜਾ ਘੇਰਿਆ।” ਇਤਨੇ ਵੱਡੇ ਫ਼ੌਜੀ ਦਲ ਨੂੰ ਦੇਖ ਕੇ ਪਹਿਲਾਂ ਤਾਂ ਸੁਬਕਤਿਜਿਨ ਅਤੇ ਮਹਿਮੂਦ ਘਬਰਾ ਗਏ ਸਨ ਪਰ ਛੇਤੀ ਹੀ ਉਨ੍ਹਾਂ ਨੂੰ ਇਸ ਵਿਚ ਕੇਂਦਰੀ ਕਮਾਂਡ ਦੀ ਅਤੇ ਏਕਤਾ ਦੀ ਅਣਹੋਂਦ ਜਾਪਣ ਲੱਗ ਪਈ ਸੀ । ਇਸ ਕਰਕੇ ਉਹ ਸਿੱਧੀ ਲੜਾਈ ਕਰਨ ਤੋਂ ਗੁਰੇਜ ਅਤੇ ਜੈਪਾਲ ਦੀ ਸੈਨਾ ਵੱਲੋਂ ਪਹਿਲਾਂ ਲੜਾਈ ਸ਼ੁਰੂ ਕਰਨ ਦੀ ਉਡੀਕ ਕਰਨ ਲੱਗੇ। ਉਨ੍ਹਾਂ ਪੰਜ ਪੰਜ ਸੌ ਦੇ ਘੋੜਸਵਾਰ ਦਸਤਿਆ ਨਾਲ ਜੈਪਾਲ ਦੀ ਸੈਨਾ ‘ਤੇ ਗੁਰੀਲਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਕੁਝ ਹੀ ਦਿਨਾਂ ਵਿਚ ਇਸ ਤਰ੍ਹਾਂ ਦੀ ਗੁਰੀਲਾ ਲੜਾਈ ਪਿਛੋਂ ਜੈ ਪਾਲ ਦੇ ਸਾਥੀ ਰਾਜੇ ਉਰਾ-ਪਰਾ ਬਿਖਰਨੇ ਸ਼ੁਰੂ ਹੋ ਗਏ ਸਨ ਅਤੇ ਇਸ ਤਰ੍ਹਾਂ ਦੀ ਹਾਲਤ ਵਿਚ ਸੁਬਕਤਿਜਿਨ ਅਤੇ ਮਹਿਮੂਦ ਨੇ 25,000 ਸੈਨਾ ਨਾਲ ਐਸਾ ਜ਼ੋਰਦਾਰ ਹੱਲਾ ਬੋਲਿਆ ਕਿ ਜੈਪਾਲ ਦਾ ਇਕ ਲੱਖ ਸਿਪਾਹੀ ਬਿਨਾ ਲੜੇ ਦੇ ਹੀ ਭੱਜ ਤੁਰਿਆ। ਜੈਪਾਲ ਨੇ ਇਕ ਲੱਖ ਸਿਪਾਹੀ ਤਾਂ ਇਕੱਠਾ ਕਰ ਲਿਆ ਸੀ ਪਰ ਇਨ੍ਹਾਂ ਨੂੰ ਇਕ ਸੈਨਾਪਤੀ ਦੀ ਕਮਾਂਡ ਹੇਠ ਜੱਥੇਬੰਦ ਨਹੀਂ ਕੀਤਾ ਸੀ। ਇਹ ਇਕ ਲੱਖ ਸਿਪਾਹੀ ਜੈਪਾਲ ਦੀ ਆਪਣੀ ਫ਼ੌਜ ਦਾ ਨਹੀਂ ਸੀ ਸਗੋਂ ਗੁਆਂਢੀ ਰਾਜਿਆਂ ਦੀ ਫ਼ੌਜ ਦੀਆਂ ਟੁਕੜੀਆਂ ਇਕੱਠੀਆਂ ਕੀਤੀਆ ਹੋਈਆਂ ਸਨ । ਕੋਈ ਕੇਂਦਰੀ ਕਮਾਂਡ ਨਹੀਂ ਸੀ, ਕੋਈ ਜਾਬਤਾ ਨਹੀਂ ਸੀ ਅਤੇ ਲਮਘਾਨ ਜਿੱਤ ਲੈਣ ਦੀ ਸੂਰਤ ਵਿਚ ਸੈਨਾ ਲਈ ਲੁੱਟ ਮਾਰ ਕਰਨ ਦਾ ਕੋਈ ਮਨਸੂਬਾ ਨਹੀਂ ਸੀ। ਸਿੱਟੇ ਵਜੋਂ ਇਤਨੀ ਵੱਡੀ ਸੈਨਾ ਪੱਚੀ ਹਜ਼ਾਰ ਸਿਪਾਹੀਆਂ ਦੀ ਤਾਕਤਵਰ ਏਕਤਾ ਅੱਗੇ ਟਿੱਡੀ ਦਲ ਵਾਂਗ ਬਿਖਰ ਗਈ ਸੀ।
ਸੁਬਕਤਿਜਿਨ 997 ਈ. ਵਿਚ ਮਰ ਗਿਆ ਸੀ । ਉਸ ਦੇ ਪਿੱਛੋਂ ਉਸ ਦਾ ਪੁੱਤਰ ਮਹਿਮੂਦ ਗਜਨਵੀ ਸੁਲਤਾਨ ਬਣਿਆ। ਉਸ ਨੇ 1000 ਈ. ਵਿਚ ਪੰਜਾਬ ‘ਤੇ ਪਹਿਲਾ ਹਮਲਾ ਕੀਤਾ ਪਰ ਕੁਝ ਕੁ ਹੀ ਸਰਹੱਦੀ ਕਿਲਿਆਂ ਨੂੰ ਫਤਿਹ ਕਰਕੇ ਵਾਪਸ ਕਾਬਲ ਨੂੰ ਮੁੜ ਗਿਆ ਸੀ । ਸੰਨ 1001 ਵਿਚ ਉਸ ਨੇ ਦਸ ਹਜ਼ਾਰ ਸਿਪਾਹੀਆਂ ਨਾਲ ਹਮਲਾ ਕਰਕੇ ਪਿਸ਼ਾਵਰ ਨੂੰ ਆ ਘੇਰਿਆ। ਉਸ ਦਾ ਮੁਕਾਬਲਾ ਕਰਨ ਲਈ ਜੈਪਾਲ ਬਾਰਾਂ ਹਜ਼ਾਰ ਘੋੜ ਸਵਾਰ, ਤੀਹ ਹਜਾਰ ਪੈਦਲ ਫ਼ੌਜ ਅਤੇ ਤਿੰਨ ਸੌ ਹਾਥੀਆਂ ਨਾਲ ਅੱਗੇ ਵਧਿਆ। 25 ਨਵੰਬਰ, 1001 ਈ. ਵਿਚ ਦੋਵੇਂ ਧਿਰਾਂ ਵਿਚਕਾਰ ਗਹਿਗੱਚ ਲੜਾਈ ਹੋਈ । ਇਸ ਵਿਚ ਜੈਪਾਲ ਫੜ੍ਹਿਆ ਗਿਆ। ਉਸ ਦੇ ਨਾਲ ਹੀ ਪੰਦਰਾਂ ਹੋਰ ਰਾਜਪੂਤ ਰਾਜੇ ਫੜ੍ਹੇ ਗਏ। ਪੰਜ ਹਜਾਰ ਸਿਪਾਹੀ ਮਾਰਿਆ ਗਿਆ । ਜਿਹਲਮ ਦੇ ਪਾਰ ਦਾ ਸਾਰਾ ਇਲਾਕਾ ਮਹਿਮੂਦ ਨੇ ਆਪਣੇ ਰਾਜ ਵਿਚ ਮਿਲਾ ਲਿਆ। ਇਸ ਨਾਲ ਜੈਪਾਲ ਦੇ ਰਾਜ ਦੀ ਪਹਿਲੀ ਰਾਜਧਾਨੀ ਵੈਹਿੰਦ ਕਾਬਲ ਦੇ ਰਾਜ ਦਾ ਹਿੱਸਾ ਬਣ ਗਈ। ਲਾਹੌਰ ਵਿਚ ਜੈਪਾਲ ਦੀ ਕਾਫੀ ਸੈਨਾ ਅਜੇ ਹੋਰ ਮੌਜੂਦ ਸੀ। ਉਸ ਦੇ ਹਮਲੇ ਦੇ ਡਰੋਂ ਮਹਿਮੂਦ ਨੇ ਜੈਪਾਲ ਨੂੰ ਮਾਰਨ ਤੋਂ ਤਾਂ ਗੁਰੇਜ ਕੀਤਾ ਪਰ ਉਸ ਕੋਲੋਂ ਭਾਰੀ ਨਜਰਾਨਾ ਲੈ ਕੇ ਜੈਪਾਲ ਅਤੇ ਬਾਕੀ ਦੇ ਪੰਦਰਾ ਰਾਜਪੂਤ ਰਾਜਿਆਂ ਨੂੰ ਛੱਡ ਦਿੱਤਾ ਸੀ । ਇਸ ਜਿੱਲਤ ਭਰੀ ਹਾਰ ਤੇ ਜੈਪਾਲ ਬਹੁਤ ਨਿਰਾਸ ਹੋ ਗਿਆ ਸੀ। ਇਹ ਲਗਾਤਾਰ ਤੀਜੀ ਹਾਰ ਸੀ । ਇਸ ਨਿਰਾਸ਼ਤਾ ਵਿਚ ਡੁੱਬੇ ਹੋਏ ਜੈਪਾਲ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ ਸੀ ਅਤੇ ਉਸ ਦਾ ਪੁੱਤਰ ਅਨੰਦ ਪਾਲ ਪੰਜਾਬ ਦਾ ਬਾਦਸ਼ਾਹ ਬਣ ਗਿਆ ਸੀ।
1004-5 ਵਿਚ ਮਹਿਮੂਦ ਨੇ ਸਿੰਧ ਉਪਰ ਚੜ੍ਹਾਈ ਕੀਤੀ । ਸਿੰਧ ਦੇ ਰਾਜੇ ਦਾਊਦ ਨੇ ਆਨੰਦ ਪਾਲ ਨੂੰ ਆਪਣੀ ਸਹਾਇਤਾ ਲਈ ਬੁਲਾਇਆ। ਅਨੰਦਪਾਲ ਨੇ ਇਹ ਸੋਚ ਕੇ ਕਿ ਸ਼ਾਇਦ ਸਿੰਧ ਦੇ ਦਾਊਦ ਦੀ ਮਦਦ ਕਰਨ ਨਾਲ ਉਹ ਉਸ ਦੀ ਸੈਨਿਕ ਤਾਕਤ ਨੂੰ ਮਹਿਮੂਦ ਗਜ਼ਨਵੀ ਦੇ ਖਿਲਾਫ ਵਰਤ ਸਕੇ. ਉਸ ਦੀ ਮਦਦ ਕਰਨ ਦਾ ਫੈਸਲਾ ਕਰ ਲਿਆ। ਮਹਿਮੂਦ ਨੇ ਦੋਹਾਂ, ਦਾਊਦ ਅਤੇ ਆਨੰਦਪਾਲ ਦੀ ਫ਼ੌਜ ਨੂੰ ਹਰਾ ਦਿੱਤਾ । ਆਨੰਦਪਾਲ ਦੇ ਇਕ ਪੁੱਤਰ ਸੁੱਖਪਾਲ ਨੇ ਮਹਿਮੂਦ ਅੱਗੇ ਪੇਸ਼ ਹੋ ਕੇ ਇਸਲਾਮ ਧਾਰਨ ਕਰ ਲਿਆ। ਇਉਂ ਉਹ ਸੁੱਖ ਪਾਲ ਤੋਂ ਨਵਾਸ਼ਾ ਸ਼ਾਹ ਬਣ ਗਿਆ। ਮਹਿਮੂਦ ਨੇ 1006 ਈ. ਵਿਚ ਤੇਰਾ ਨੂੰ ਜਿੱਤ ਕੇ ਨਵਾਸ਼ਾ ਸ਼ਾਹ ਨੂੰ ਇਸ ਦਾ ਗਵਰਨਰ ਬਣਾ ਦਿੱਤਾ ਸੀ । ਜਦੋਂ ਮਹਿਮੂਦ ਕਾਬੁਲ ਵੱਲ ਇਕ ਤੁਰਕੀ ਹਮਲੇ ਨੂੰ ਰੋਕਣ ਲਈ ਇਧਰੋਂ ਵਾਪਸ ਗਿਆ ਸੀ ਤਾਂ ਨਵਾਸਾ ਸਾਹ ਨੇ ਉਸ ਨੂੰ ਰੁੱਝਿਆ ਹੋਇਆ ਦੇਖ ਕੇ ਇਸਲਾਮ ਛੱਡ ਦਿੱਤਾ ਅਤੇ ਮਹਿਮੂਦ ਦੇ ਅਧਿਕਾਰੀ ਜੇਲ੍ਹ ਵਿਚ ਬੰਦ ਕਰ ਦਿੱਤੇ ਸਨ । ਨਵਾਸ਼ਾ ਸ਼ਾਹ ਦੀ ਇਸ ਬਗਾਵਤ ਦਾ ਪਤਾ ਜਦੋਂ ਮਹਿਮੂਦ ਨੂੰ ਲੱਗਿਆ ਤਾਂ ਉਹ ਤੁਰਕਾਂ ਦੇ ਹਮਲੇ ਨੂੰ ਪਛਾੜਨ ਪਿੱਛੋਂ ਭੋਰਾ ‘ਤੇ ਹਮਲਾ ਕਰਨ ਆਇਆ। ਪਰ ਉਸ ਦੇ ਪਹੁੰਚਣ ਤੋਂ ਪਹਿਲਾ ਹੀ ਤੇਰਾ ਦੇ ਅਮੀਰਾਂ ਨੇ ਨਵਾਸ਼ਾ ਸ਼ਾਹ ਨੂੰ ਪਕੜ ਲਿਆ ਸੀ ਤੇ ਮਹਿਮੂਦ ਦੇ ਅੱਗੇ ਪੇਸ਼ ਕਰ ਦਿੱਤਾ ਸੀ। ਮਹਿਮੂਦ ਨੇ ਉਸ ਕੋਲੋਂ ਸਭ ਕੁਝ ਖੋਹ ਕੇ ਉਸ ਨੂੰ ਉਮਰ ਭਰ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ।
ਆਨੰਦਪਾਲ ਇਸ ਸਭ ਕੁਝ ਤੋਂ ਬਹੁਤ ਦੁੱਖੀ ਸੀ ਪਰ ਉਹ ਸੈਨਿਕ ਤਾਕਤ ਨਾਲ ਕੁਝ ਨਹੀਂ ਕਰ ਸਕਦਾ ਸੀ । ਹੁਣ ਉਸ ਨੇ ਮਹਿਮੂਦ ਨੂੰ ਖੁਸ਼ ਕਰਕੇ ਆਪਣੇ ਪੁੱਤਰ ਨੂੰ ਬਚਾਉਣਾ ਚਾਹਿਆ ਸੀ। ਜਦੋਂ ਮਹਿਮੂਦ ਅਫਗਾਨਿਸਤਾਨ ਵਿਚ ਕਾਸ਼ਗਰ ਫ਼ੌਜ ਨਾਲ ਲੜਾਈ ਵਿਚ ਉਲਝਿਆ ਹੋਇਆ ਸੀ ਤਾਂ ਆਨੰਦਪਾਲ ਨੇ ਉਸ ਦੀ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ । ਇਸ ਭਾਵ ਦੀ ਜੇ ਇਕ ਚਿੱਠੀ ਲਿਖ ਕੇ ਭੇਜੀ ਗਈ ਸੀ ਉਸ ਵਿਚ ਆਨੰਦਪਾਲ ਨੇ ਲਿਖਿਆ ਸੀ: ਤੁਰਕ ਤੁਹਾਡੇ ਖਿਲਾਫ਼ ਬਗਾਵਤ ਕਰ ਰਹੇ ਹਨ ਅਤੇ ਖੁਰਾਸਾਨ ਵਿਚ ਫੈਲ ਰਹੇ ਹਨ। ਜੇ ਤੁਸੀਂ ਚਾਹੇ ਤਾਂ ਮੈਂ ਪੰਜ ਹਜਾਰ ਘੋੜ ਸਵਾਰ, ਦਸ ਹਜਾਰ ਪੈਦਲ ਸਿਪਾਹੀਆਂ ਅਤੇ ਇਕ ਸੌ ਹਾਥੀਆਂ ਨਾਲ ਤੁਹਾਡੀ ਮਦਦ ‘ਤੇ ਆ ਸਕਦਾ ਹਾਂ। ਜੇ ਤੁਸੀਂ ਚਾਹੋ ਤਾਂ ਮੈਂ ਆਪਣੇ ਪੁੱਤਰ ਨੂੰ ਇਸ ਤੋਂ ਵੀ ਦੁੱਗਣੀ ਤਾਕਤ ਨਾਲ ਤੁਹਾਡੇ ਵੱਲ ਭੇਜ ਸਕਦਾ ਹਾਂ। ਇਸ ਤਰ੍ਹਾਂ ਕਰਨ ਨਾਲ ਮੈਂ ਇਹ ਅੰਦਾਜਾ ਨਹੀਂ ਲਗਾ ਸਕਦਾ ਕਿ ਇਸ ਦਾ ਤੁਹਾਡੇ ‘ਤੇ ਕੀ ਪ੍ਰਭਾਵ ਪਵੇਗਾ। ਮੈਂ ਤੁਹਾਡੇ ਰਾਹੀਂ ਜਿੱਤਿਆ ਗਿਆ ਹਾਂ ਅਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਤੁਹਾਨੂੰ ਜਿੱਤੇ ।” ਇਸ ਪੱਤਰ ਨੇ ਬੇਸ਼ੱਕ ਮਹਿਮੂਦ ਉਪਰ ਬਹੁਤ ਅੱਛਾ ਪਰਭਾਵ ਪਾਇਆ ਸੀ ਅਤੇ ਤਿੰਨ ਸਾਲ ਸ਼ਾਂਤੀ ਦੇ ਨਿਕਲ ਗਏ ਸੀ । ਪਰ ਮਹਿਮੂਦ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਹਿੰਦੁਸਤਾਨ ‘ਤੇ ਹਮਲਾ ਕਰਨ ਲਈ ਹਰ ਹਾਲਤ ਵਿਚ ਆਨੰਦਪਾਲ ਨੂੰ ਖਤਮ ਕਰਕੇ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾਉਣਾ ਜਰੂਰੀ ਸੀ । ਅਖੀਰ ਮਹਿਮੂਦ ਨੇ 1008 ਈ. ਵਿਚ ਹਿੰਦੁਸਤਾਨ ਨੂੰ ਲੁੱਟਣ ਲਈ ਹਮਲਾ ਕੀਤਾ। ਆਨੰਦਪਾਲ ਉਸ ਨੂੰ ਅਟਕ
ਦਰਿਆ ਉਪਰ ਹੀ ਰੋਕਣ ਲਈ ਬਹੁਤ ਤਕੜੀ ਸੈਨਾ ਲੈ ਕੇ ਅੱਗੇ ਪਹੁੰਚ ਗਿਆ । ਗਿਣਤੀ ਦੇ ਪੱਖੋਂ ਆਨੰਦਪਾਲ ਦੀ ਸੈਨਾ ਲੱਖਾਂ ਦੀ ਤਾਦਾਦ ਵਿਚ ਸੀ ਪਰ ਏਕਤਾ ਪੱਖੋਂ ਬਹੁਤ ਕਮਜ਼ੋਰ ਸੀ। ਮਹਿਮੂਦ ਇਤਨੀ ਤਾਦਾਦ ਵਿਚ ਪਹੁੰਚੀ ਸੈਨਾ ਦੇਖ ਕੇ ਘਬਰਾ ਗਿਆ ਸੀ। ਉਹ ਚਾਲੀ ਦਿਨਾਂ ਤੱਕ ਇਸ ਵੱਡੀ ਸੈਨਾ ‘ਤੇ ਹਮਲਾ ਕਰਨ ਲਈ ਰੁਕਿਆ ਰਿਹਾ। ਜਦੋ ਇਕ ਦਿਨ ਆਨੰਦਪਾਲ ਦੀ ਫ਼ੌਜ ਦੇ ਰੱਖੜ ਕਬੀਲੇ ਦੇ ਲੋਕ ਬਿਨਾ ਕਿਸੇ ਪਰੋਗਰਾਮ ਦੇ ਆਪ-ਮੁਹਾਰੇ ਹੀ ਮਹਿਮੂਦ ਦੇ ਆਪਣੇ ਟੈਂਟ ਉਪਰ ਟੁੱਟ ਕੇ ਪੈ ਗਏ ਤਾਂ ਮਹਿਮੂਦ ਨੂੰ ਅਚਨਚੇਤ ਹੀ ਲੜਾਈ ਕਰਨੀ ਪਈ ਸੀ । ਇਉਂ ਆਨੰਦਪਾਲ ਦੇ ਸੈਨਿਕਾਂ ਵੱਲੋਂ ਸ਼ੁਰੂ ਕੀਤੀ ਹੋਈ ਲੜਾਈ ਹੀ ਉਨ੍ਹਾਂ ਦੀ ਹਾਰ ਦਾ ਕਾਰਣ ਬਣ ਗਈ । ਆਨੰਦਪਾਲ ਦਾ ਹਾਥੀ ਉਪਰੋਕਤ ਮੁੱਠ-ਭੇੜ ਵਿਚ ਹੋਏ ਕਿਸੇ ਧਮਾਕੇ ਤੋਂ ਡਰ ਕੇ ਦੌੜ ਗਿਆ। ਆਨੰਦਪਾਲ ਨੇ ਹਾਥੀ ਤੋਂ ਉਤਰ ਕੇ ਦੂਸਰੀ ਸਵਾਰੀ ਦਾ ਇੰਤਜਾਮ ਕੀਤਾ। ਪਰ ਸੈਨਿਕਾਂ ਨੇ ਆਨੰਦਪਾਲ ਦੇ ਇਕੱਲੇ ਹਾਥੀ ਨੂੰ ਦੇਖ ਕੇ ਸਮਝ ਲਿਆ ਕਿ ਆਨੰਦਪਾਲ ਮਾਰਿਆ ਗਿਆ ਹੈ। ਬੱਸ ਇਹੀ ਸੋਚ ਕੇ ਉਸ ਦੀ ਪਹਿਲੇ ਹੀ ਬੇਮੁਹਾਰਾ ਹੋਈ ਫ਼ੌਜ ਦੌੜ ਪਈ। ਪੂਰੇ ਦੋ ਦਿਨ ਤੇ ਦੋ ਰਾਤਾਂ ਮਹਿਮੂਦ ਉਸ ਭੱਜ ਰਹੀ ਫ਼ੌਜ ਦਾ ਪਿੱਛਾ ਕਰਦਾ ਰਿਹਾ। ਦੌੜ ਰਹੀ ਫ਼ੌਜ ਦਾ ਤਾਂ ਪਤਾ ਨਹੀਂ ਲੱਗਿਆ ਕਿ ਉਹ ਕਿਧਰ ਜਾ ਕੇ ਛੁਪੀ ਜਾ ਬਿਖਰੀ ਪਰ ਇਸੇ ਤਰ੍ਹਾਂ ਪਿੱਛਾ ਕਰਦਾ ਕਰਦਾ ਮਹਿਮੂਦ ਕਾਂਗੜੇ ਪਹੁੰਚ ਗਿਆ । ਕਾਗੜੇ ਦੀ ਰਾਜਪੂਤ ਫੌਜ ਲੜਾਈ ਵਿਚ ਗਈ ਹੋਈ ਸੀ। ਇਸ ਕਰਕੇ ਕਾਂਗੜਾ ਖਾਲੀ ਸੀ। ਮਹਿਮੂਦ ਨੇ ਕਾਂਗੜੇ ਦੇ ਕਿਲ੍ਹੇ ਨੂੰ ਅਤੇ ਮੰਦਰਾਂ ਨੂੰ ਜੀਅ ਭਰ ਕੇ ਲੁੱਟਿਆ। ਇੱਥੋਂ ਸੱਤ ਲੱਖ ਸੋਨੇ ਦੀਆਂ ਮੁਹਰਾਂ, ਸੱਤ ਸੌ ਮਣ ਸੋਨਾ ਅਤੇ ਚਾਂਦੀ ਦੇ ਗਹਿਣੇ ਅਤੇ ਬਰਤਨ, ਦੋ ਸੌ ਮਣ ਸ਼ੁੱਧ ਸੋਨਾ, ਦੋ ਹਜਾਰ ਮਣ ਕੱਚੀ ਅਸ਼ੁੱਧ ਚਾਂਦੀ ਅਤੇ ਬੀਹ ਮਣ ਹੀਰੇ ਜਵਾਹਰਾਤ ਆਦਿ ਇਕੱਠਾ ਕਰਕੇ ਲਿਜਾਇਆ ਗਿਆ ।
ਇਤਨੀ ਵੱਡੀ ਫ਼ੌਜ ਦੇ ਹੋਣ ਦੇ ਬਾਵਜੂਦ ਵੀ ਹਾਰ ਹੋ ਜਾਵੇ ਇਹ ਗੱਲ ਆਨੰਦਪਾਲ ਲਈ ਬਹੁਤ ਵੱਡੀ ਨਮੋਸ਼ੀ ਵਾਲੀ ਸੀ। ਹਿੰਦੁਸਤਾਨ ਦੇ ਕਿਸੇ ਵੀ ਗੁਆਂਢੀ ਰਾਜੇ ਨੇ ਸਿਵਾਏ ਆਪਣੇ ਕੁਝ ਸੈਨਿਕ ਦਸਤੇ ਭੇਜਣ ਤੋਂ ਹੋਰ ਕਿਸੇ ਕਿਸਮ ਦੀ ਗੰਭੀਰ ਸਹਾਇਤਾ ਨਹੀਂ ਕੀਤੀ ਸੀ। ਇਸ ਤੋਂ ਅੱਕ ਕੇ ਅਤੇ ਲਗਾਤਾਰ ਹੋ ਰਹੀਆਂ ਹਾਰਾ ਤੇ ਉਕਤਾ ਕੇ ਆਨੰਦਪਾਲ ਨੇ ਮਹਿਮੂਦ ਦੀ ਅਧੀਨਗੀ ਮੰਨ ਲਈ ਅਤੇ ਉਸ ਨੇ ਮਹਿਮੂਦ ਅੱਗੇ ਪੇਸ਼ ਹੋ ਕੇ ਅਧੀਨਤਾ ਸਵੀਕਾਰ ਕਰਨ ਵਾਲੀ ਸੰਧੀ ਕਰ ਲਈ । ਹੁਣ ਸਤਲੁਜ ਤੱਕ ਦਾ ਸਾਰਾ ਇਲਾਕਾ ਮਹਿਮੂਦ ਦੇ ਰਾਜ ਨਾਲ ਜੁੜ ਗਿਆ ਸੀ । ਪੰਜਾਬ ਦੀ ਸੁਤੰਤਰਤਾ ਖ਼ਤਮ ਹੋ ਗਈ ਸੀ। ਇਸ ਸਮੇਂ ਆਨੰਦਪਾਲ ਪੰਜਾਬ ਦਾ ਰਾਜਾ ਤਾਂ ਸੀ ਪਰ ਇਸ ਦੇ ਨਾਲ ਨਾਲ ਉਹ ਮਹਿਮੂਦ ਗਜਨਵੀਂ ਦਾ ਇਕ ਅਧਿਕਾਰੀ ਵੀ ਸੀ ਅਤੇ ਆਪਣੇ ਮਾਲਕ ਦੀ ਭਵਿੱਖ ਵਿਚਲੀ ਖੁਸਹਾਲੀ ਲਈ ਸ਼ੁੱਭ ਇੱਛਾਵਾਂ ਰੱਖਣ ਵਾਲਾ ਸੁਭਚਿੰਤਕ ਸੀ । ਇਸ ਤਰ੍ਹਾਂ 1010-11 ਈ. ਤੱਕ ਪੰਜ ਦਰਿਆਵਾਂ ਦਾ ਸਮੁੱਚਾ ਇਲਾਕਾ ਕਾਬਲ ਦੇ ਰਾਜ ਨਾਲ ਮਿਲ ਗਿਆ ਸੀ ।
1011-12 ਈ. ਵਿਚ ਮਹਿਮੂਦ ਨੇ ਆਨੰਦਪਾਲ ਦੀ ਸੈਨਾ ਨੂੰ ਨਾਲ ਲੈ ਕੇ ਥਾਨੇਸਰ (ਕੁਰਕਸ਼ੇਤਰ) ਨੂੰ ਜਾ ਘੇਰਿਆ। ਪਿਛਲੀਆਂ ਲੜਾਈਆਂ ਵਿਚ ਥਾਨੇਸਰ ਦੇ ਰਾਏ ਨੇ ਆਨੰਦਪਾਲ ਦੀ ਕਿਸੇ ਵੀ ਲੜਾਈ ਵਿਚ ਕੋਈ ਮਦਦ ਨਹੀਂ ਕੀਤੀ ਸੀ । ਉਸ ਦਾ ਖਿਆਲ ਸੀ ਕਿ ਕਾਬਲ ਦੇ ਹਾਕਮ ਨੂੰ ਥਾਨੇਸਰ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਪਰ ਜਦੋਂ ਪੰਜਾਬੀ ਸੈਨਾ ਦੀ ਮਦਦ ਨਾਲ ਥਾਨੇਸਰ ਨੂੰ ਘੇਰ ਲਿਆ ਗਿਆ ਤਾਂ ਥਾਨੇਸਰ ਦਾ ਰਾਏ ਬਿਨਾਂ ਲੜੇ ਹੀ ਭੱਜ ਗਿਆ। ਆਨੰਦਪਾਲ ਦਾ ਛੋਟਾ ਭਰਾ ਇਸ ਸੈਨਾ ਦੀ ਅਗਵਾਈ ਕਰ ਰਿਹਾ ਸੀ। ਮਹਿਮੂਦ ਨੇ ਆਪਣੀ ਸੈਨਾ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹ ਪੰਜਾਬ ਵਿਚੋਂ ਲੰਘਦੀ ਹੋਈ ਕਿਸੇ ਵੀ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਕਰੇ। ਥਾਨੇਸਰ ਦੇ ਮੰਦਰ ਵਿਚ ਬਿਸ਼ਨੂੰ ਦਾ ਸੋਨੇ ਦਾ ਬੁੱਤ ਚੁੱਕ ਕੇ ਗਜਨੀ ਪਹੁੰਚਾਇਆ ਗਿਆ। ਉੱਥੇ ਸ਼ਹਿਰ ਦੇ ਚੁਰਸਤੇ ਵਿਚ ਲੋਕਾਂ ਨੂੰ ਲੁੱਟ ਦਾ ਮਾਲ ਦਿਖਾਉਣ ਦੇ ਤੌਰ ‘ਤੇ ਰੱਖਿਆ ਗਿਆ ਸੀ। ਆਨੰਦਪਾਲ ਨੇ ਮਹਿਮੂਦ ਨੂੰ ਹੋਰ ਅੱਗੇ ਪੂਰਬ ਵੱਲ ਦੂਜੇ ਹਿੰਦੂ ਮੰਦਰਾਂ ਤੱਕ ਜਾਣ ਲਈ ਵੀ ਕਿਹਾ ਸੀ ਪਰ ਮਹਿਮੂਦ ਇਤਨਾ ਚਲਾਕ ਅਤੇ ਸਿਆਣਾ ਜਰਨੈਲ ਸੀ ਕਿ ਉਹ ਆਪਣੇ ਆਪ ਨੂੰ ਕਿਸੇ ਦੂਜੇ ਗੈਰ-ਮੁਸਲਮਾਨੀ ਦੋਸਤ ਦੇ ਰਹਿਮੋ-ਕਰਮ ‘ਤੇ ਨਿਰਭਰ ਨਹੀਂ ਰੱਖਣਾ ਚਾਹੁੰਦਾ ਸੀ । ਇਸ ਲਈ ਉਹ ਲੰਮੇ ਰਸਤੇ ਦੀਆਂ ਸੁਪਲਾਈ ਲਾਈਨਾਂ ਦੇ ਸੰਬੰਧਾਂ ਨੂੰ ਟੁੱਟਣ ਤੋਂ ਰੋਕਣ ਲਈ ਥਾਨੇਸਰ ਤੋਂ ਹੀ ਵਾਪਸ ਮੁੜ ਗਿਆ ਸੀ ।
1012 ਈ. ਵਿਚ ਆਨੰਦਪਾਲ ਮਰ ਗਿਆ ਸੀ। ਇਸ ਨਾਲ ਮਹਿਮੂਦ ਨੂੰ ਹਮਲਿਆਂ ਦੀ ਪਰੇਰਨਾ ਦੇਣ ਵਾਲਾ ਇਕ ਵਧੀਆ ਸਾਥੀ ਵਿਛੜ ਗਿਆ ਸੀ। ਆਨੰਦਪਾਲ ਦੇ ਪੁੱਤਰ ਤਿਰਲੋਚਨ ਪਾਲ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ। ਉਸ ਨੇ ਪੂਰੀ ਤਰ੍ਹਾਂ ਆਪਣੇ ਪਿਤਾ ਵਾਲੀ ਨੀਤੀ ਅਪਣਾ ਕੇ ਰੱਖੀ ਸੀ । ਤਿਰਲੋਚਨ ਪਾਲ ਦੇ ਪੁੱਤਰ ਭੀਮ ਪਾਲ ਨੇ ਬਗਾਵਤ ਕਰਕੇ ਆਪਣੇ ਪਿਤਾ ਨੂੰ ਕੈਦ ਕਰ ਲਿਆ ਅਤੇ ਆਪ ਇਕ ਸੁਤੰਤਰ ਹਾਕਮ ਵਜੋਂ ਹਕੂਮਤ ਕਰਨ ਲੱਗ ਪਿਆ । ਇਸ ਲਈ ਇਕ ਵਾਰ ਫਿਰ ਮਹਿਮੂਦ ਨੂੰ ਲਾਹੌਰ ਆਉਣਾ ਪਿਆ ਤਾਂ ਕਿ ਉਹ ਪੰਜਾਬ ਨੂੰ ਆਪਣੇ ਰਾਜ ਅਧੀਨ ਰੱਖ ਸਕੇ । ਮਹਿਮੂਦ ਦੇ ਪਹੁੰਚਦਿਆਂ ਹੀ ਭੀਮ ਪਾਲ ਭੱਜ ਗਿਆ ਸੀ ਅਤੇ ਮਹਿਮੂਦ ਨੇ ਹੁਣ ਪੰਜਾਬ ਨੂੰ ਪੂਰੀ ਤਰ੍ਹਾਂ ਕਾਬਲ ਦੇ ਰਾਜ ਨਾਲ ਮਿਲਾ ਲਿਆ ਅਤੇ ਆਪਣੇ ਅਧਿਕਾਰੀ ਲਾਹੌਰ ਵਿਖੇ ਤਾਇਨਾਤ ਕਰ ਦਿੱਤੇ ਸਨ। ਲਾਹੌਰ ਦੇ ਕਿਲ੍ਹੇ ਵਿਚ ਮਹਿਮੂਦ ਦੀ ਆਪਣੀ ਫ਼ੌਜ ਤਾਇਨਾਤ ਕਰ ਦਿੱਤੀ ਗਈ ਸੀ।
ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਹਿੰਦੂ ਸ਼ਾਹੀ ਰਾਜਿਆ ਦੇ ਸਮੇਂ ਪੰਜਾਬ ਨੇ ਮਹਾਨ ਪੋਰਸ ਤੋਂ ਪਿੱਛੇ ਪਹਿਲੀ ਵਾਰ ਸੁਤੰਤਰ ਦੇਸ਼ ਦਾ ਦਰਜਾ ਹਾਸਲ ਕੀਤਾ ਸੀ। ਰਾਜਾ ਜੈਪਾਲ ਅਤੇ ਉਸ ਦਾ ਪੁੱਤਰ ਆਨੰਦਪਾਲ ਭਾਵੇਂ ਵਾਰ ਵਾਰ ਦੁਸਮਣ ਕੋਲੋਂ ਹਾਰਦੇ ਰਹੇ ਸਨ ਪਰ ਉਨ੍ਹਾਂ ਦੇ ਦਿਲਾ ਵਿਚ ਪੰਜਾਬ ਨੂੰ ਸੁਤੰਤਰਤ ਰੱਖਣ ਦੀ ਇੱਛਾ ਸੀ ਅਤੇ ਲੜ-ਮਰਨ ਦਾ ਦਿਰੜ ਇਰਾਦਾ ਸੀ। ਇਹ ਉਸ ਦੀ ਬਦਕਿਸਮਤੀ ਹੀ ਸਮਝਣੀ ਚਾਹੀਦੀ ਹੈ ਕਿ ਇਹ ਰਾਜੇ ਅਥਾਹ ਫ਼ੌਜਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਦੁਸਮਣ ਦੀ ਬਹੁਤ ਥੋੜੀ ਗਿਣਤੀ ਵਾਲੀ ਫ਼ੌਜ ਕੋਲੋਂ ਵੀ ਹਾਰਦੇ ਰਹੇ ਸਨ । ਇਸ ਵਿਚ ਇਕ ਕਾਰਣ ਤਾਂ ਇਹ ਸੀ ਕਿ ਹਿੰਦੂ ਸ਼ਾਹੀ ਰਾਜਿਆਂ ਨੇ ਕਦੇ ਵੀ ਆਪਣੀ ਸੈਨਾ ਵਿਚ ਉਹ ਜੋਸ਼ ਨਹੀਂ ਭਰਿਆ ਜਿਹੜਾ ਇਕ ਲੜ-ਮਰਨ ਵਾਲੀ ਸੈਨਾ ਵਿਚ ਹੋਣਾ ਚਾਹੀਦਾ ਸੀ। ਬਿਨਾਂ ਸ਼ੱਕ ਜੈਪਾਲ ਅਤੇ ਆਨੰਦਪਾਲ ਖੁਦ ਬੜੇ ਬਹਾਦੁਰ ਰਾਜੇ ਸਨ ਪਰ ਇਹੀ ਗੁਣ ਉਨ੍ਹਾ ਦੀ ਸੈਨਾਂ ਵਿਚੋਂ ਗਾਇਬ ਸੀ। ਮਹਿਮੂਦ ਕੋਲ ਇਕ ਜਾਬਤੇ ਵਿਚ ਪਰੋਈ ਹੋਈ ਅਤੇ ਇਸਲਾਮ ਦੇ ਨਾਂ ਉਪਰ ਮਰ-ਮਿਟਣ ਵਾਲੀ ਸੈਨਾ ਸੀ । ਉਹ ਇਸ ਖਿਆਲ ਨਾਲ ਲੜਦੀ ਸੀ ਕਿ ਜੇ ਉਹ ਜਿੱਤਣਗੇ ਤਾਂ ਦੁਨੀਆਂ ਉਪਰ ਰਾਜ ਕਰਨਗੇ ਅਤੇ ਜੇ ਉਹ ਮਰਨਗੇ ਤਾਂ ਇਸਲਾਮ ਦੀ ਖਾਤਰ ਸ਼ਹੀਦ ਹੋਣਗੇ। ਇਹੀ ਕਾਰਣ ਸੀ ਕਿ ਮਹਿਮੂਦ ਦੇ ਮੁਸਲਮਾਨ ਸੈਨਿਕ ਲੱਖਾ ਲੋਕਾਂ ਦੇ ਘੇਰਿਆਂ ਵਿਚ ਵੀ ਨਹੀਂ ਘਬਰਾਉਂਦੇ ਸਨ । ਇਧਰ ਜੈਪਾਲ ਅਤੇ ਪਿੱਛੋਂ ਆਨੰਦਪਾਲ ਨਾ ਹੀ ਆਪਣੇ ਸੈਨਿਕਾਂ ਵਿਚ ਦੇਸ਼ ਪਿਆਰ ਹੀ ਭਰ ਸਕੇ ਸਨ ਅਤੇ ਨਾ ਹੀ ਉਹ ਧਰਮ ਦਾ ਜਜਬਾ ਹੀ ਪੈਦਾ ਕਰ ਸਕੇ ਸਨ । ਉਹ ਜਾਤ ਦੇ ਬਰਾਹਮਣ ਸਨ । ਉਨ੍ਹਾਂ ਦੇ ਮਨਾਂ ਵਿਚ ਬਰਾਹਮਣਵਾਦ ਹੀ ਭਾਰੂ ਸੀ । ਸਿਤਮ ਦੀ ਗੱਲ ਇਹ ਸੀ ਕਿ ਸਰਸਵਤੀ ਪਾਰ ਦੇ ਬਰਾਹਮਣ ਉਨ੍ਹਾਂ ਨੂੰ ਬਰਾਹਮਣ ਤਾਂ ਕੀ ਹਿੰਦੂ ਵੀ ਨਹੀਂ ਸਮਝਦੇ ਸਨ । ਉਹ ਇਕ ਵਾਰ ਮੁਸਲਮਾਨ ਬਣ ਚੁੱਕੇ ਸੀ । ਕੁਝ ਸਮਾਂ ਮੁਸਲਮਾਨ ਬਣੇ ਰਹਿਣ ਪਿੱਛੋਂ ਉਹ ਮੁੜ ਕੇ ਹਿੰਦੂ ਬਣੇ ਸਨ। ਇਸ ਲਈ ਨਾ ਹੀ ਤਾਂ ਉਹ ਹਿੰਦੂ ਜਗਤ ਵਿਚ ਹੀ ਅਪਣਾਏ ਗਏ ਸਨ ਅਤੇ ਨਾ ਹੀ ਇਸਲਾਮੀ ਸਮਾਜ ਵਿਚ। ਪੰਜਾਬ ਦੇ ਸੁਤੰਤਰ ਹਾਕਮ ਬਣਨ ਪਿੱਛੋਂ ਵੀ ਉਹ ਸੈਨਿਕ ਸ਼ਕਤੀ ਲਈ ਹਿੰਦੁਸਤਾਨ ਦੇ ਬਰਾਹਮਣਾਂ ਅਤੇ ਰਾਜਪੂਤ ਰਾਜਿਆਂ ਦੀ ਮਦਦ ਵੱਲ ਹੀ ਝਾਕਦੇ ਰਹੇ ਸਨ । ਉਨ੍ਹਾਂ ਨੇ ਆਪਣੀ ਸੈਨਾ ਨਹੀਂ ਖੜੀ ਕੀਤੀ ਸਗੋਂ ਲੋੜ ਪੈਣ ‘ਤੇ ਆਪਣੇ ਗੁਆਂਢੀ ਰਾਜਪੂਤ ਰਾਜਿਆਂ ਦੀਆਂ ਸੈਨਿਕ ਟੁਕੜੀਆਂ ਹੀ ਮਾਂਗਵੀਆਂ ਲੈਂਦੇ ਸਨ । ਇਹ ਵੱਖ ਵੱਖ ਰਾਜਿਆਂ ਦੀਆਂ ਸੈਨਿਕ ਟੁਕੜੀਆਂ ਨਾ ਹੀ ਜਜ਼ਬਾਤੀ ਤੌਰ ‘ਤੇ ਇਕ ਹੁੰਦੀਆਂ ਸਨ ਅਤੇ ਨਾ ਹੀ ਇਕ ਸੈਨਾਪਤੀ ਦੇ ਹੁਕਮ ਹੇਠ ਹੁੰਦੀਆਂ ਸਨ । ਲੱਖਾਂ ਦੀ ਤਾਦਾਦ ਵਿਚ ਹੋਣ ਦੇ ਬਾਵਜੂਦ ਵੀ ਇਹ, ਦੁਸ਼ਮਣ ਦੇ ਜਾਬਤਾਦਾਰ ਅਤੇ ਇਸਲਾਮੀ ਜੋਸ਼ ਨਾਲ ਲਾਲੋ-ਲਾਲ ਹੋਏ ਸੈਨਿਕਾਂ ਸਾਹਮਣੇ, ਕੱਖਾਂ-ਕਾਨਿਆਂ ਵਾਂਗ ਰੁੜ ਜਾਂਦੇ ਸਨ । ਹਮਲਾ ਕਰਨ ਸਮੇਂ ਵੀ ਇਹ ਇਕ ਨਹੀਂ ਹੁੰਦੇ ਸਨ। ਜਦੋਂ ਵੀ ਕੋਈ ਸੈਨਿਕ ਟੁਕੜੀ ਆਪਣੇ ਸਾਹਮਣੇ ਦੁਸ਼ਮਣ ਦੀ ਕਮਜ਼ੋਰ ਪੁਜੀਸ਼ਨ ਵੇਖਦੀ ਤਾਂ ਆਪ ਮੁਹਾਰੇ ਹੀ ਉਸ ਉਪਰ ਹਮਲਾ ਕਰ ਦਿੰਦੀ ਸੀ । ਇਸ ਨਾਲ ਇਕ ਕਮਾਂਡ ਦੀ ਤਾਕਤ ਬਿਖਰ ਜਾਂਦੀ ਸੀ ਅਤੇ ਸੈਨਾ ਦੀ ਸਾਂਝੀ ਅਤੇ ਗੁੰਦਵੀਂ ਤਾਕਤ ਨਹੀਂ ਬਣਦੀ ਸੀ । ਆਨੰਦਪਾਲ ਦੀ ਦੂਸਰੀ ਲੜਾਈ ਵਿਚ ਸਿਰਫ ਇਸੇ ਕਰਕੇ ਹੀ ਉਸ ਦੀ ਫ਼ੌਜ ਭੱਜ ਗਈ ਸੀ ਕਿ ਗੱਖੜ ਕਬੀਲੇ ਦੇ ਲੋਕਾਂ ਨੇ, ਬਿਨਾਂ ਆਨੰਦਪਾਲ ਦੇ ਹੁਕਮ ਦੇ ਅਤੇ ਬਿਨਾਂ ਬਾਕੀ ਸੈਨਾ ਨੂੰ ਨਾਲ ਲਏ ਦੇ ਮਹਿਮੂਦ ਦੇ ਸ਼ਾਹੀ ਟੈਟ ਉਪਰ ਹਮਲਾ ਕਰ ਦਿੱਤਾ ਸੀ । ਜੇਕਰ ਆਨੰਦਪਾਲ ਨੇ ਆਪਣੀ ਹੀ ਇਕ ਤਾਕਤਵਰ ਸੈਨਾ ਜੱਥੇਬੰਦ ਕੀਤੀ ਹੁੰਦੀ, ਜੇਕਰ ਆਨੰਦਪਾਲ ਹਿੰਦੁਸਤਾਨੀ ਬਰਾਹਮਣਾਂ ਅਤੇ ਰਾਜਪੂਤਾਂ ਤੋਂ ਅਗਵਾਈ ਲੈਣ ਦੀ ਥਾਂ ਪੰਜਾਬੀ ਭਾਈਚਾਰੇ ਨੂੰ ਆਪਣੇ ਦੇਸ਼ ਪਿਆਰ ਵਿਚ ਸ਼ਰਸ਼ਾਰ ਕਰਨ ਦੀ ਕੋਸ਼ਿਸ਼ ਕਰਦਾ ਅਤੇ ਜੇਕਰ ਉਹ ਕਾਬਲ ਅਤੇ ਗਜ਼ਨੀ ਪਰਤੀ ਹਮਲਾਵਰ ਰੁੱਖ ਨਾ ਅਪਣਾ ਕੇ ਸਗੋਂ ਆਪਣੇ ਰਾਜ ਨੂੰ ਮਜਬੂਤ ਕਰਨ ਦੀ ਗੱਲ ਸੋਚਦਾ ਤਾਂ ਨਿਸ਼ਚੇ ਹੀ ਹਾਲਾਤ ਕੁਝ ਹੋਰ ਹੋਣੇ ਸਨ । ਨਾ ਹੀ ਜੈਪਾਲ ਦੇ ਮਨ ਵਿਚੋਂ ਅਤੇ ਨਾ ਹੀ ਆਨੰਦਪਾਲ ਦੇ ਮਨ ਵਿਚੋਂ ਕਾਬਲ ਦਾ ਤਖਤ ਲੈਣ ਦੀ ਗੱਲ ਖ਼ਤਮ ਹੋਈ ਸੀ । ਜਦੋਂ ਕੱਲਰ (ਹਿੰਦੂ ਸਾਹੀ ਘਰਾਣੇ ਦਾ ਮੋਢੀ) ਨੂੰ ਕਾਬਲ ਤੋਂ ਕੱਢ ਦਿੱਤਾ ਗਿਆ ਸੀ ਤਾਂ ਉਸ ਨੇ ਕਾਬਲ ਤੋਂ ਦੂਰ ਪੰਜਾਬ ਦੇ ਕਿਸੇ ਸ਼ਹਿਰ ਵਿਚ ਆਪਣੀ ਰਾਜਧਾਨੀ ਸਥਾਪਤ ਨਹੀਂ ਕੀਤੀ ਸਗੋਂ ਨੇੜੇ ਹੀ ਵੈਹਿੰਦ ਵਿਖੇ ਆਪਣਾ ਮੁੱਖ ਕੇਂਦਰ ਸਥਾਪਤ ਕਰ ਲਿਆ ਸੀ । ਖਿਆਲ ਉਸ ਦਾ ਇਹੀ ਸੀ ਕਿ ਜਦੋਂ ਵੀ ਮੌਕਾ ਲੱਗੇਗਾ ਉਹ ਕਾਬਲ ਜਾ ਪਹੁੰਚੇਗਾ। ਸੁਬਕਤਿਗਿਨ ਨੇ ਵਾਰ ਵਾਰ ਹੱਲੇ ਕਰਕੇ ਉਸ ਨੂੰ ਵੈਹਿੰਦ ਤੋਂ ਵੀ ਕੱਢ ਦਿੱਤਾ ਸੀ । ਫਿਰ ਜਦੋਂ ਰਾਜਧਾਨੀ ਲਾਹੌਰ ਬਣਾਈ ਗਈ ਤਾਂ ਲਾਹੌਰ ਤੋਂ ਹੀ ਕਾਬਲ ਅਤੇ ਗਜਨੀ ਉਪਰ ਹਮਲਾ ਕਰਨ ਦੀ ਤਿਆਰੀ ਕਰ ਲਈ ਸੀ । ਇਨ੍ਹਾਂ ਗੱਲਾਂ ਦੀ ਜਰੂਰਤ ਨਹੀਂ ਸੀ । ਇਨ੍ਹਾਂ ਗੱਲਾਂ ਕਰਕੇ ਜੈਪਾਲ ਅਤੇ ਆਨੰਦਪਾਲ ਆਪਣੇ ਰਾਜ ਨੂੰ ਅਤੇ ਆਪਣੀ ਸੈਨਾ ਨੂੰ ਮਜਬੂਤ ਨਹੀਂ ਕਰ ਸਕੇ ।
ਅਖੀਰ ਵਿਚ ਆਨੰਦਪਾਲ ਨੇ ਆਪਣੀ ਇਸ ਗਲਤੀ ਨੂੰ ਮਹਿਸੂਸ ਵੀ ਕਰ ਲਿਆ ਸੀ । ਜਿਨ੍ਹਾਂ ਹਿੰਦੁਸਤਾਨੀ ਬਰਾਹਮਣਾ ਅਤੇ ਰਾਜਪੂਤਾਂ ਕੋਲੋਂ ਉਹ ਅਗਵਾਈ ਅਤੇ ਮਦਦ ਲੈਂਦਾ ਰਿਹਾ ਸੀ, 1009-10 ਦੇ ਹਮਲੇ ਸਮੇਂ ਉਹੀ ਆਨੰਦਪਾਲ ਇਨ੍ਹਾਂ ਹੀ ਬਰਾਹਮਣਾਂ ਅਤੇ ਰਾਜਪੂਤਾਂ ਦੇ ਕੇਂਦਰਾਂ ਉਪਰ ਮਹਿਮੂਦ ਨੂੰ ਹਮਲੇ ਕਰਨ ਲਈ ਉਕਸਾ ਰਿਹਾ ਸੀ। ਥਾਨੇਸਰ ਦੀ ਲੁੱਟ ਵਿਚ ਆਨੰਦਪਾਲ ਖੁਦ ਸ਼ਾਮਲ ਸੀ। ਮਹਿਮੂਦ ਨਾਲ ਉਸ ਨੇ ਸੰਧੀ ਕਰ ਲਈ ਸੀ । ਇਸ ਸੰਧੀ ਦੇ ਬਾਅਦ ਪੰਜਾਬ ਵਿਚ ਵੀ ਲੁੱਟ-ਮਾਰ ਦਾ ਖ਼ਤਰਾ ਟਲ ਗਿਆ ਸੀ ਅਤੇ ਆਨੰਦਪਾਲ ਦੀ ਹਕੂਮਤ ਵੀ ਮਜਬੂਤ ਹੋ ਗਈ ਸੀ । ਜੇਕਰ ਆਨੰਦਪਾਲ ਦੀ ਮੌਤ ਇਤਨੀ ਛੇਤੀ ਨਾ ਹੁੰਦੀ ਤਾਂ ਨਿਸ਼ਚੇ ਹੀ ਪੰਜਾਬ ਵਿਚ ਮਜਬੂਤ ਰਾਜਸੀ ਪਰਕਿਰਿਆ ਦੇ ਪੈਰ ਲੱਗ ਜਾਣੇ ਸਨ। ਉਸ ਦੀ ਮੌਤ ਦੇ ਕੁਝ ਹੀ ਸਾਲਾਂ ਪਿੱਛੋਂ ਉਸ ਦੇ ਪੋਤਰੇ ਭੀਮਪਾਲ ਨੇ ਉਹੀ ਪੁਰਾਣੀਆਂ ਬਦਲਾ ਲਊ ਨੀਤੀਆਂ ਅਪਣਾ ਕੇ ਪੰਜਾਬ ਦੇ ਰਾਜ ਨੂੰ ਖ਼ਤਮ ਕਰਵਾ ਦਿੱਤਾ ਸੀ । 1012-13 ਵਿਚ ਪੰਜਾਬ ਦੇ ਵੱਖਰੇ ਦੇਸ਼ ਦੀ ਹੋਂਦ ਖ਼ਤਮ ਕਰਕੇ ਗਜਨੀ ਦੇ ਸਾਮਰਾਜ ਵਿਚ ਮਿਲਾ ਲਿਆ ਗਿਆ ਸੀ । ਇਸ ਤੋਂ ਬਾਅਦ ਗੋਰੀਆਂ, ਤੁਗਲਕਾਂ, ਖਿਲਜੀਆਂ, ਲੋਧੀਆ ਅਤੇ ਮੁਗਲਾਂ ਦਾ ਐਸਾ ਦੌਰ ਸ਼ੁਰੂ ਹੋਇਆ ਸੀ ਕਿ ਪੰਜਾਬ ਉਨ੍ਹਾਂ ਦੇ ਸਾਮਰਾਜਾਂ ਵਿਚ ਹੀ ਦੱਬ ਕੇ ਰਹਿ ਗਿਆ ਸੀ।
ਮੁਹੰਮਦ ਗੌਰੀ ਦੇ ਗੁਲਾਮ ਉਤਰਅਧਿਕਾਰੀ ਕੁਤੁਬਦੀਨ ਐਬਕ ਨੇ ਲਾਹੌਰ ਵਿਚ ਹੀ ਆਪਣੀ ਤਾਜਪੋਸੀ ਕਰਵਾਈ ਅਤੇ ਲਾਹੌਰ ਨੂੰ ਹੀ ਉਸ ਨੇ ਆਪਣੇ ਸਾਮਰਾਜ ਦੀ ਰਾਜਧਾਨੀ ਬਣਾਇਆ ਸੀ। ਲਾਹੌਰ ਵਿਚ ਰਾਜਧਾਨੀ ਹੋਣ ਦਾ ਕਾਰਣ ਉਸ ਦਾ ਪੰਜਾਬੀ ਹੋਣਾ ਨਹੀਂ ਸੀ ਅਤੇ ਨਾ ਹੀ ਇਹ ਪੰਜਾਬ ਦੇ ਰਾਜ ਦਾ ਪ੍ਰਤੀਕ ਸੀ। ਇਹ ਤਾਂ ਸਿਰਫ ਇਕ ਮਜਬੂਰੀ ਬੱਸ ਵਾਪਰੀ ਹੋਈ ਘਟਨਾ ਸੀ । ਕੁਤੁਬਦੀਨ ਐਬਕ ਦਾ ਗੋਰੀ ਦੇ ਹਿੰਦੁਸਤਾਨੀ ਇਲਾਕਿਆਂ ਦਾ ਵਾਰਸ ਬਣਨਾ ਵੀ ਇਕ ਅੱਚਨਚੇਤ ਵਾਪਰੀ ਘਟਨਾ ਸੀ । ਗੋਰੀ ਦੀ ਮੌਤ ਅਚਾਨਕ ਹੀ ਗੱਖੜਾਂ ਦੇ ਹੱਥੋਂ ਹੋ ਗਈ ਸੀ। ਉਸ ਦੇ ਜਿੰਨੇ ਵੀ ਅਮੀਰ ਇਧਰ ਪੰਜਾਬ ਵਿਚ ਸਨ ਸਭ ਨੇ ਇਕ ਮੱਤ ਹੋ ਕੇ ਕੁਤਬ ਦੀਨ ਐਬਕ ਦੀ ਚੋਣ ਕਰ ਲਈ ਅਤੇ ਉਹ ਗੌਰੀ ਦੇ ਹਿੰਦੁਸਤਾਨੀ ਇਲਾਕਿਆਂ ਦਾ ਅਧਿਕਾਰੀ ਬਣ ਗਿਆ ਸੀ । ਇਹ ਚੋਣ ਇਤਨੀ ਅਚਾਨਕ ਅਤੇ ਤੇਜੀ ਨਾਲ ਕੀਤੀ ਗਈ ਸੀ ਕਿ ਉਸ ਨੂੰ ਦਿੱਲੀ ਜਾਣ ਦਾ ਵੀ ਮੌਕਾ ਨਹੀਂ ਮਿਲਿਆ ।” ਉਹ ਉਸ ਸਮੇਂ ਲਾਹੌਰ ਵਿਚ ਸੀ ਅਤੇ ਲਾਹੌਰ ਤੋਂ ਹੀ ਉਸ ਨੇ ਸੁਲਤਾਨ ਬਣ ਕੇ ਰਾਜ ਚਲਾਉਣਾ ਸ਼ੁਰੂ ਕਰ ਦਿੱਤਾ ਸੀ । ਜੇਕਰ ਇਹ ਗੱਲ ਇਕ ਪੰਜਾਬੀ ਦੇ ਤੌਰ ‘ਤੇ ਅਤੇ ਪੰਜਾਬ ਦੇ ਰਾਜ ਦੇ ਤੌਰ ‘ਤੇ ਕੀਤੀ ਗਈ ਹੁੰਦੀ ਤਾਂ ਪੰਜਾਬ ਦੇ ਇਤਿਹਾਸ ਵਿਚ ਇਹ ਇਕ ਬਹੁਤ ਮਹੱਤਵਪੂਰਨ ਘਟਨਾ ਹੋਣੀ ਸੀ । ਪਰ ਇਉਂ ਨਹੀਂ ਹੋਇਆ । ਕੁਤਬਦੀਨ ਬਦਕਿਸਮਤੀ ਨਾਲ ਥੋੜ੍ਹੇ ਹੀ ਸਾਲਾਂ ਬਾਅਦ ਪੋਲੋ ਖੇਡਦਾ ਹੋਇਆ ਮਾਰਿਆ ਗਿਆ ਸੀ । ਉਸ ਨੇ ਸਿਰਫ 1206 ਈ. ਤੋਂ ਲੈ ਕੇ 1210 ਈ ਤੱਕ ਹੀ ਰਾਜ ਕੀਤਾ ਸੀ । ਜੇਕਰ ਇਸ ਦਾ ਸਮਾਂ ਕੁਝ ਲੰਮਾ ਹੁੰਦਾ ਤਦ ਵੀ ਹੋ ਸਕਦਾ ਸੀ ਕਿ ਸ਼ਾਇਦ ਲਾਹੌਰ ਵੀ ਦਿੱਲੀ ਦੀ ਤਰ੍ਹਾਂ ਹੀ ਸੁਲਤਾਨਾ ਦਾ ਕੇਂਦਰ ਬਣ ਜਾਂਦਾ। ਕੁਤਬਦੀਨ ਦੇ ਪੈਰ ਅਜੇ ਜੰਮੇ ਨਹੀਂ ਸਨ । ਉਸ ਦਾ ਪੁੱਤਰ ਆਰਾਮ ਬਖ਼ਸ਼ ਨਾਲਾਇਕ ਸੀ । ਬੇਸ਼ੱਕ ਆਰਾਮ ਬਖ਼ਸ਼ ਨੂੰ ਲਾਹੌਰ ਵਿਖੇ ਸੁਲਤਾਨ ਘੋਸ਼ਤ ਕਰ ਦਿੱਤਾ ਗਿਆ ਸੀ ਪਰ ਕੁਤਬਦੀਨ ਦੇ ਇਕ ਹੋਰ ਜਰਨੈਲ ਅਲਤਮਸ਼ ਨੇ ਦਿੱਲੀ ਵਿਚ ਸੁਲਤਾਨ ਹੋਣ ਦਾ ਐਲਾਨ ਕਰ ਦਿੱਤਾ ਸੀ । ਆਰਾਮ ਸ਼ਾਹ ਉਸ ਦੇ ਮੁਕਾਬਲੇ ਦਾ ਨਹੀਂ ਸੀ । ਇਸ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ ਪਰ ਆਪਣੀ ਨਾਲਾਇਕੀ ਨਾਲ ਹੀ ਮਾਰਿਆ ਗਿਆ ਸੀ । ਅਲਤਮਸ਼ ਪੰਜਾਬ ਸਮੇਤ ਸਾਰੇ ਹਿੰਦੁਸਤਾਨੀ ਇਲਾਕੇ ਦਾ ਸੁਲਤਾਨ ਬਣ ਗਿਆ ਸੀ । ਪੰਜਾਬ ਨੂੰ ਚਾਰ-ਪੰਜ ਕੁ ਸਾਲਾਂ ਦੇ ਸਮੇਂ ਤੱਕ ਦਾ, ਸ਼ਾਹੀ ਕੇਂਦਰ ਬਣਨ ਦਾ ਜੋ ਮਾਣ ਹਾਸਲ ਹੋਇਆ ਸੀ ਉਹ ਵੀ ਖ਼ਤਮ ਹੋ ਗਿਆ ਸੀ । ਅਲਤਮਸ਼ ਪੰਜਾਬ ਦਾ ਕੱਟੜ ਵਿਰੋਧੀ ਸੀ ਕਿਉਂਕਿ ਪੰਜਾਬ ਦੇ ਅਮੀਰਾਂ ਨੇ ਪੰਜਾਬੀ ਸੈਨਾ ਨਾਲ ਹੀ ਦਿੱਲੀ ਵਿਖੇ ਅਲਤਮਸ਼ ਤੋਂ ਰਾਜ ਖੋਹਣ ਲਈ ਹਮਲਾ ਕੀਤਾ ਸੀ । ਉਸ ਦੇ ਮਨ ਵਿਚ ਇਹ ਵਿਚਾਰ ਬੈਠ ਗਿਆ ਸੀ ਕਿ ਜੇਕਰ ਉਸ ਨੇ ਆਪਣੇ ਰਾਜ ਨੂੰ ਪੱਕਾ ਕਰਨਾ ਹੈ ਤਾਂ ਪੰਜਾਬ ਨੂੰ ਸਖ਼ਤਾਈ ਨਾਲ ਦਬਾ ਕੇ ਰੱਖਣਾ ਪਵੇਗਾ।” ਇਸ ਵਿਚਾਰ ਨਾਲ ਉਸ ਨੇ ਇਕ ਪੂਰੇ ਪਰੋਗਰਾਮ ਤਹਿਤ ਪੰਜਾਬ ਵਿਚ ਫ਼ੌਜੀ ਮੁਹਿੰਮਾਂ ਭੇਜੀਆਂ ਅਤੇ ਇਨ੍ਹਾਂ ਦੀ ਖੁਦ ਅਗਵਾਈ ਕੀਤੀ। ਸਿੱਟੇ ਵਜੋਂ ਲਾਹੌਰ, ਬਠਿੰਡਾ, ਘੁੜਾਮ, ਮੁਲਤਾਨ ਆਦਿ ਜਿਹੜੇ ਸੈਨਿਕ ਕੇਂਦਰ ਸਨ, ਸਭ ਦੇ ਸਭ ਲਤਾੜ ਦਿੱਤੇ ਗਏ ਸਨ। ਇਉਂ ਜੋ ਕੁਝ ਕੁਤਬਦੀਨ ਦੇ ਸਮੇਂ ਪੰਜਾਬ ਦੀ ਰਾਜਨੀਤਕ ਮਹੱਤਤਾ ਬਣੀ ਸੀ ਉਹ ਸਭ ਖ਼ਤਮ ਕਰ ਦਿੱਤੀ ਗਈ ਸੀ। ਬਹਿਲੋਲ ਲੋਧੀ ਨੇ ਦਿੱਲੀ ਵਿਚ ਲੋਧੀ ਸਲਤਨਤ ਦੀ ਨੀਂਹ ਰੱਖੀ ਸੀ। ਉਹ ਪਹਿਲਾਂ ਪੰਜਾਬ ਦਾ ਹੀ ਗਵਰਨਰ ਸੀ।
ਇਸ ਨੇ ਆਪਣੀ ਅਕਲ ਅਤੇ ਨੀਤੀਆਂ ਨਾਲ ਦਿੱਲੀ ਵਿਚ ਐਸੇ ਹਾਲਾਤ ਪੈਦਾ ਕਰ ਲਏ ਸਨ ਕਿ ਇਹ ਬੜੇ ਹੀ ਸੌਖੇ ਢੰਗ ਨਾਲ ਦਿੱਲੀ ਦਾ ਸੁਲਤਾਨ ਬਣ ਗਿਆ ਸੀ । ਬਹਿਲੋਲ ਲੋਧੀ ਦਿੱਲੀ ਸਲਤਨਤ ਨੂੰ ਪੰਜਾਬ ਦੀ ਹੀ ਦੇਣ ਸੀ। ਇਸ ਪਿੱਛੋਂ ਲਗਾਤਾਰ ਲੋਧੀਆਂ ਦੇ ਰਾਜ ਦੇ ਅੰਤ ਤੱਕ ਪੰਜਾਬ ਦਿੱਲੀ ਸਲਤਨਤ ਦਾ ਇਕ ਹਿੱਸਾ ਬਣਿਆ ਰਿਹਾ ਸੀ। ਇਸ ਦੌਰਾਨ ਇਹ ਗੱਲ ਤਾਂ ਠੀਕ ਹੈ ਕਿ ਪੰਜਾਬ ਦਿੱਲੀ ਸੁਲਤਾਨਾਂ ਦੀਆਂ ਨਿਗਾਹਾਂ ਵਿਚ ਮਹੱਤਵਪੂਰਨ ਇਲਾਕਾ ਬਣਿਆ ਰਿਹਾ ਸੀ। ਕਿਉਂਕਿ ਇਕ ਤਾਂ ਪੰਜਾਬ ਦਾ ਖੇਤਰ ਦਿੱਲੀ ਅਤੇ ਕਾਬਲ ਨੂੰ ਆਪਸ ਵਿਚ ਜੋੜਦਾ ਸੀ । ਦੂਜਾ ਪੰਜਾਬ, ਸੁਲਤਾਨਾਂ ਦੀ ਫ਼ੌਜੀ ਭਰਤੀ ਲਈ ਇਕ ਬਹੁਤ ਹੀ ਵਧੀਆ ਪਰਾਤ ਸੀ। ਇੱਥੋਂ ਬੜੀ ਆਸਾਨੀ ਨਾਲ ਨੌਜੁਆਨ ਮਿਲ ਜਾਂਦੇ ਸੀ ਅਤੇ ਉਹ ਹਿੰਦੁਸਤਾਨ ਦੇ ਹੋਰ ਪਰਾਂਤਾਂ ਦੇ ਨਿਵਾਸੀਆਂ ਦੇ ਮੁਕਾਬਲੇ ਜ਼ਿਆਦਾ ਇਸਲਾਮੀ ਸਭਿਆਚਾਰ ਦੇ ਨੇੜੇ ਸਨ । ਅਫਗਾਨਿਸਤਾਨ ਦੇ ਪਠਾਣ, ਬਲੋਚਸਤਾਨ ਦੇ ਬਲੋਚ ਅਤੇ ਪੰਜਾਬ ਦੇ ਜੱਟ, ਜੰਗਜੂ ਤਾਂ ਹੈਨ ਹੀ ਸਨ. ਇਸ ਦੇ ਨਾਲ ਉਨ੍ਹਾਂ ਵਿਚ ਇਕ ਦੂਜੇ ਨਾਲ ਰਲਣ-ਮਿਲਣ ਵਾਲੇ ਗੁਣ ਵੀ ਸਨ। ਇਸ ਤਰ੍ਹਾਂ ਦਿੱਲੀ ਦੇ ਬਾਦਸ਼ਾਹਾਂ ਨੂੰ ਪੰਜਾਬ ਵਿਚੋਂ ਐਸੀ ਫ਼ੌਜੀ ਭਰਤੀ ਮਿਲ ਜਾਂਦੀ ਸੀ ਜਿਹੜੀ ਜਜਬਾਤੀ ਤੌਰ ‘ਤੇ ਉਨ੍ਹਾਂ ਦੇ ਨਾਲ ਹੁੰਦੀ ਸੀ। ਇਸ ਨਾਲ ਪੰਜਾਬ ਦੀ ਫ਼ੌਜੀ ਮਹੱਤਤਾ ਸੀ । ਇੱਥੇ ਫ਼ੌਜਾ ਬਹੁਤ ਵੱਡੀ ਗਿਣਤੀ ਵਿਚ ਰੱਖੀਆਂ ਜਾਂਦੀਆਂ ਸਨ । ਇਸ ਤਰ੍ਹਾਂ ਇਹ ਪਰਾਤ ਜਾਂ ਤਾਂ ਬਾਦਸ਼ਾਹ ਦੀ ਆਪਣੀ ਦੇਖ ਰੇਖ ਹੇਠ ਹੀ ਹੁੰਦਾ ਸੀ ਤੇ ਜਾਂ ਫਿਰ ਇੱਥੇ ਵਲੀ ਅਹਿਦ ਜੈਸਾ ਸ਼ਾਹਜਾਦਾ ਨਿਗਰਾਨ ਦੇ ਤੌਰ ‘ਤੇ ਨਿਯੁਕਤ ਹੁੰਦਾ ਰਹਿੰਦਾ ਸੀ। ਕਾਬਲ ਤੇ ਕਾਬਲ ਜਰਨੈਲ ਇੱਥੇ ਤਾਇਨਾਤ ਰੱਖੇ ਜਾਂਦੇ ਸਨ । ਸਾਰਾ ਪੰਜਾਬ ਹੀ ਇਕ ਕਿਸਮ ਦੀ ਸੈਨਿਕ ਛਾਉਣੀ ਬਣਿਆ ਹੋਇਆ ਸੀ । ਸਿੰਧ ਦਰਿਆ ਤੋਂ ਲੈ ਕੇ ਘੁੜਾਮ (ਘੱਗਰ) ਤੱਕ ਕਿਲ੍ਹਿਆਂ ਦੀ ਇਕ ਪੂਰੀ ਲੜੀ ਕਾਇਮ ਕੀਤੀ ਹੋਈ ਸੀ। ਇਨ੍ਹਾਂ ਕਿਲ੍ਹਿਆਂ ਵਿਚ ਵਧੀਆਂ ਤੋਂ ਵਧੀਆ ਸੈਨਾ ਰੱਖੀ ਹੁੰਦੀ ਸੀ ਤਾਂ ਕਿ ਕਿਸੇ ਵੀ ਸਮੇ ਲੋੜ ਪੈਣ ਤੇ ਇਸ ਸੈਨਾ ਨੂੰ ਬੁਲਾਇਆ ਜਾ ਸਕੇ । ਘੁੜਾਮ, ਸੁਨਾਮ, ਸਮਾਣਾ, ਬਠਿੰਡਾ, ਸਰਹਿੰਦ, ਰੋਪੜ, ਕਾਂਗੜਾ, ਲਾਹੌਰ, ਮੁਲਤਾਨ, ਸ਼ੇਰ ਕੇਟ, ਦੀਪਾਲਪੁਰ, ਸਿਆਲਕੋਟ, ਪਿਸ਼ਾਵਰ, ਭੇਰਾ, ਵੈਹਿੰਦ ਆਦਿ ਥਾਵਾਂ ਸੈਨਿਕ ਕੇਂਦਰ ਸਨ । ਇਤਨੇ ਸੈਨਿਕ ਕੇਂਦਰ, ਮੁਕਾਬਲਤਨ ਹੋਰ ਕਿਸੇ ਵੀ ਪਰਾਤ ਵਿਚ ਨਹੀਂ ਸਨ। ਇਸ ਤਰ੍ਹਾਂ ਸੁਲਤਾਨਾ ਦੇ ਰਾਜ ਵਿਚ ਪੰਜਾਬ ਦੀ ਸੈਨਿਕ ਮਹੱਤਤਾ ਨੂੰ ਦੇਖਿਆ ਜਾ ਸਕਦਾ
141 ਸੈਨਾ ਪੱਖੋਂ ਇਤਨਾ ਮਹੱਤਵਪੂਰਨ ਸਥਾਨ ਰੱਖਣ ਦੇ ਬਾਵਜੂਦ ਵੀ ਪੰਜਾਬ ਦਿੱਲੀ ਸੁਲਤਾਨਾਂ ਦਾ ਇਕ ਅਧੀਨ ਸੂਬਾ ਸੀ। ਇਸ ਦੀ ਜੋ ਸੁਤੰਤਰਤਾ ਪੋਰਸ ਦੇ ਸਮੇਂ ਜਾਂ ਕੁਝ ਹੱਦ ਤੱਕ ਹਿੰਦੂ ਸ਼ਾਹੀ ਹਾਕਮਾਂ ਦੇ ਸਮੇਂ ਸੀ ਉਹ ਮੁੜ ਕੇ ਪਰਾਪਤ ਨਹੀਂ ਹੋਈ। ਮੰਗੋਲਾਂ ਦੇ ਅਨੇਕਾਂ ਹਮਲੇ ਹੋਏ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਵੀ ਕੀਤਾ ਅਤੇ ਪੰਜਾਬੀਆਂ ਨੂੰ ਸੈਨਿਕ ਤੌਰ ‘ਤੇ ਜਾਗਰਤ ਵੀ ਕੀਤਾ। ਇਹੀ ਪਰਭਾਵ ਤੈਮੂਰ ਦੇ ਹਮਲੇ ਦਾ ਪਿਆ ਸੀ । ਤੈਮੂਰ ਨੇ ਦਿੱਲੀ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਸਾਰੇ ਸੈਨਿਕ ਅਤੇ ਪਰਬੰਧਕੀ ਕੇਂਦਰਾ ਨੂੰ ਲਤਾੜ ਸੁੱਟਿਆ ਸੀ। ਜਿਹੜਾ ਪਰਾਂਤ ਇਸ ਤਰ੍ਹਾਂ ਤਬਾਹੀ ਦਾ ਅਤੇ ਲੜਾਈ ਦਾ ਅਖਾੜਾ ਬਣਿਆ ਰਿਹਾ ਹੋਵੇ ਉਸ ਪਰਾਂਤ ਵਿਚ ਖੁਸ਼ਹਾਲੀ ਅਤੇ ਅਮੀਰ ਵਿਰਾਸਤ ਦੀ ਗੱਲ ਤਾਂ ਸੋਚੀ ਵੀ ਨਹੀਂ ਜਾ ਸਕਦੀ। ਪਰ ਜਿਵੇਂ ਹਰ ਤਸਵੀਰ ਦੇ ਦੋ ਪਾਸੇ ਹੁੰਦੇ ਹਨ। ਇਸੇ ਤਰ੍ਹਾਂ ਤਬਾਹੀ ਅਤੇ ਲੜਾਈ ਦਾ ਅਖਾੜਾ ਬਣਨ ਵਾਲੇ ਖੇਤਰ ਨੂੰ ਵੀ ਨਫਾ ਅਤੇ ਨੁਕਸਾਨ ਦੋਵੇਂ ਹੀ ਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਨਫਾ ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ ਨੁਕਸਾਨ ਕਿਸ ਤਰ੍ਹਾਂ ਦਾ । ਲਗਾਤਾਰ ਲੜਾਈ ਦਾ ਮੈਦਾਨ ਬਣੇ ਰਹਿਣ ਦਾ, ਪੰਜਾਬ ਨੂੰ ਮੁੱਖ ਫਾਇਦਾ ਇਹ ਹੋਇਆ ਸੀ ਕਿ ਇੱਥੋਂ ਦੇ ਲੋਕਾਂ ਵਿਚ ਜੰਗਜੂ ਬਿਰਤੀਆਂ ਵਸ ਗਈਆਂ ਸਨ । ਇਨ੍ਹਾਂ ਦੀ ਸੋਚ ਵਿਚ, ਇਨ੍ਹਾਂ ਦੇ ਰੋਜਾਨਾ ਦੇ ਕੰਮਾਂ-ਕਾਜਾਂ ਵਿਚ, ਨਿੱਤ ਦੀ ਬੋਲਚਾਲ ਵਿਚ, ਗੀਤਾ ਵਿਚ, ਕਹਾਣੀਆਂ ਵਿਚ, ਲੜਾਈਆਂ ਦੀਆਂ, ਸੂਰਮਗਤੀ ਦੀਆਂ, ਸ਼ਹਾਦਤਾਂ ਦੀਆਂ ਗੱਲਾ ਸਮਾ ਗਈਆਂ ਸਨ। ਭਾਵ ਕਿ ਲੋਕ ਲੜਾਕੇ ਅਤੇ ਬਹਾਦਰ ਬਣ ਗਏ ਸਨ। ਜੇ ਲੜਾਈ ਤੋਂ ਮੁਕਤ ਖੇਤਰਾਂ ਨੇ ਕਲਾ, ਸਾਹਿਤ ਅਤੇ ਆਰਥਕ ਪੱਖੋਂ ਤਰੱਕੀ ਕੀਤੀ ਹੈ ਤਾਂ ਉੱਥੇ ਦੂਜਾ ਮਾੜਾ ਪਰਭਾਵ ਇਹ ਵੀ ਪਿਆ ਹੈ ਕਿ ਉੱਥੋਂ ਦੇ ਲੋਕ ਡਰਪੋਕ ਕਿਸਮ ਦੇ ਬਣ ਗਏ ਸਨ । ਅਜਿਹੇ ਲੋਕਾਂ ਵਿਚ ਦਾਸ ਭਾਵਨਾ ਪੈਦਾ ਹੋ ਗਈ ਸੀ । ‘ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ’ ਜਾਂ ‘ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ’ ਆਦਿ ਕਹਾਉਤਾਂ ਇਸੇ ਕਰਕੇ ਹੀ ਪਰਚੱਲਤ ਹੋਈਆਂ ਸਨ। ਇਸ ਕਰਕੇ ਲੜਾਈਆਂ ਦੇ ਮਾਹੌਲ ਨੇ ਜੇ ਪੰਜਾਬ ਦੇ ਅਮੀਰ ਸਾਹਿਤਕ ਅਤੇ ਸਭਿਆਚਾਰਕ ਵਿਰਸੇ ਨੂੰ ਪਨਪਣ ਨਹੀਂ ਦਿੱਤਾ ਤਾਂ ਇਸ ਨੇ ਪੰਜਾਬੀਆਂ ਦੇ ਦਿਮਾਗਾਂ ਵਿਚ ਜੰਗਜੂ ਸਪਿਰਟ ਤਾਂ ਭਰੀ ਹੀ ਹੈ ਅਤੇ ਇਨ੍ਹਾਂ ਲੋਕਾਂ ਦੇ ਸਰੀਰਕ ਜੁੱਸਿਆਂ ਨੂੰ ਕੱਦਾਵਰ ਬਣਾਇਆ ਹੈ।
ਦਿੱਲੀ ਸਲਤਨਤ ਦੇ ਅਖੀਰਲੇ ਸਮੇਂ ਵਿਚ ਥੋੜਾ ਮੋਟਾ ਦੌਲਤ ਖ਼ਾਨ ਲੋਧੀ ਨੇ ਪੰਜਾਬ ਨੂੰ ਇਕ ਵੱਖਰੇ ਮੁਲਕ ਦੇ ਤੌਰ ‘ਤੇ ਸੁਤੰਤਰ ਕਰਵਾਉਣ ਦੀ ਗੱਲ ਸੋਚੀ ਸੀ ਪਰ ਉਹ ਵੀ ਉਸ ਦੀ ਆਪਣੀ ਲੋੜ ਸੀ ਨਾ ਕਿ ਪੰਜਾਬੀਅਤ ਦੇ ਪਿਆਰ ਕਰਕੇ। ਉਸ ਦਾ ਇਰਾਦਾ ਸੀ ਕਿ ਉਹ ਪੰਜਾਬ ਦਾ ਸੁਤੰਤਰ ਗਵਰਨਰ ਬਣ ਜਾਵੇ । ਇਸ ਮਕਸਦ ਲਈ ਉਸ ਨੇ ਕਾਬਲ ਦੇ ਅਮੀਰ ਬਾਬਰ ਨੂੰ ਵੀ ਬੁਲਾਇਆ। ਪਰ ਉਸ ਦੀ ਕਿਸੇ ਪਾਸੇ ਵੀ ਦਾਲ ਨਹੀਂ ਗਲੀ । ਅਸਲ ਵਿਚ ਦੌਲਤ ਖ਼ਾਨ ਲੋਧੀ ਹੱਦੋਂ ਵੱਧ ਹੁਸ਼ਿਆਰ ਸੀ । ਉਸ ਦੀ ਇਹ ਜ਼ਿਆਦਾ ਹੁਸ਼ਿਆਰੀ ਹੀ ਉਸ ਦੀ ਹਾਰ ਦਾ ਅਤੇ ਅਖੀਰ ਨੂੰ ਮੌਤ ਦਾ ਕਾਰਣ ਬਣ ਗਈ ਸੀ। ਇਸ ਬਿਰਤਾਂਤ ਨੂੰ ਅਗਲੇ ਅਧਿਆਇ ਵਿਚ ਵਰਨਣ ਕੀਤਾ ਗਿਆ ਹੈ।