ਪਾਸ਼ (ਅਵਤਾਰ ਸਿੰਘ ਸੰਧੂ ) ਦੀ ਜ਼ਿੰਦਗੀ ਦੀਆ ਮਹੱਤਵਪੂਰਨ ਗੱਲਾਂ

ਪੰਜਾਬੀ ਕ੍ਰਾਂਤੀਕਾਰੀ ਕਵਿਤਾ ਦੇ ਮੋਢੀ ਕਵੀਲੇਖਕ, ਚਿੰਤਕ ਅਤੇ ਅਗਾਂਹਵਧੂ ਜਨਤਕ ਲਹਿਰਾਂ ਦੇ ਸਰਗਰਮ ਘੁਲਾਟੀਏ ਪਾਸ਼ ਨੂੰ (ਆਪਣੇ ਮਿੱਤਰ ਹੰਸ ਰਾਜ ਸਮੇਤ), ਫ਼ਿਰਕੂ ਦਹਿਸ਼ਤਗਰਦਾਂ ਨੇ 23 ਮਾਰਚ 1988 ਨੂੰ ਸਾਡੇ ਕੋਲੋਂ ਹਮੇਸ਼ਾਂ ਲਈ ਖੋਹ ਲਿਆ ਸੀ ਪਾਸ਼ ਦੇ ਭੁੱਲੜ ਕਾਤਲਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹਨਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਕਿੱਡਾ ਵੱਡਾ ਧਰੋਹ ਕਮਾਇਆ ਹੈ।ਪਾਸ਼ ਇੱਕ ਵਿਸ਼ੇਸ਼ ਵਿਦਰੋਹੀ ਸੁਰ ਅਤੇ ਨਵੇਂ ਕਾਵਿਕ ਮੁਹਾਵਰੇ ਦਾ ਜਨਮਦਾਤਾ ਸੀ। ਇਹ ਮਹਿਜ਼ ਇਤਫਾਕ ਨਹੀਂ ਹੈ ਕਿ 1970ਵਿਆਂ ਦੀ ਪੰਜਾਬੀ ਕਵਿਤਾ ਦੀ ਇੱਕ ਪੂਰੀ ਦੀ ਪੂਰੀ ਪੀੜ੍ਹੀ ਉੱਤੇ ਪਾਸ਼ ਦਾ ਅਮਿੱਟ ਅਤੇ ਵਿਆਪਕ ਪ੍ਰਭਾਵ ਪਿਆ। ਪਾਸ਼ ਦੀ ਤੁਲਨਾ ਜਗਤ ਪ੍ਰਸਿੱਧ ਲੇਖਕਾਂ: ਨਾਜ਼ਮ ਹਿਕਮਤ, ਪਾਬਲੋ ਨੇਰੂਦਾ, ਫੈਜ਼ ਅਹਿਮਦ ਫੈਜ਼, ਗਾਰਸੀਆ ਲੋਰਕਾ, ਮੈਕਸਿਮ ਗੋਰਕੀ, ਰੈਲਫ ਫ਼ਾਕਸ, ਕ੍ਰਿਸਟੋਫਰ ਕਾਡਵੈੱਲ, ਆਸਤਰੋਵਸਕੀ, ਮੁਕਤੀਬੋਧ, ਅਤੇ ਧੂਮਿਲ ਨਾਲ ਹੋਣ ਲੱਗ ਪਈ ਹੈ। ਪਾਸ਼ ਬਾਰੇ ਡੇਢ ਸੋ ਦੇ ਕਰੀਬ ਕਵਿਤਾਵਾਂ ਲਿਖੀਆਂ ਜਾ ਚੁੱਕੀਆਂ ਹਨਪਾਸ਼ ਬਾਰੇ ਅਨੇਕਾਂ ਪੁਸਤਕਾਂ ਛਪ ਗਈਆਂ/ ਰਹੀਆਂ ਹਨ। ਪਾਸ਼, ਅੱਜ ਹਕੂਮਤੀ ਅਤੇ ਫਿਰਕੂ ਦਹਿਸ਼ਤਗਰਦੀ ਦੇ ਖਿਲਾਫ ਸੰਘਰਸ਼ ਦਾ, ਕ੍ਰਾਂਤੀਕਾਰੀ ਸ਼ਾਇਰੀ ਦਾ, ਅਤੇ ਲੋਕ ਪਿਆਰ ਦਾ ਚਿੰਨ੍ਹ ਬਣ ਗਿਆ ਹੈ।

ਪਾਸ਼ ਦੀ ਯਾਦ ਵਿੱਚ ਨਵੰਬਰ 1988 ਵਿੱਚ ਸਥਾਪਤ ਹੋਣ ਵਾਲ਼ੇ ਪੰਜ-ਮੈਂਬਰੀ ਪਾਸ਼ ਯਾਦਗਾਰੀ ਕੌਮਾਂਤਰੀ ਟੁਸਟ ਦੇ ਹੁਣ ਅੱਠ ਮੈਂਬਰ ਹਨ ਭਾਅ ਜੀ ਗੁਰਸ਼ਰਨ ਸਿੰਘ (ਨਾਟਕਕਾਰ, ਭਾਰਤ), ਡਾ. ਪਰਮਿੰਦਰ ਸਿੰਘ (ਜਮਹੂਰੀ ਅਧਿਕਾਰ ਸਭਾ, ਪੰਜਾਬ, ਭਾਰਤ), ਗੁਰਮੀਤ (ਦੇਸ਼ ਭਗਤ ਯਾਦਗਾਰ ਹਾਲ, ਭਾਰਤ), ਜਗੀਰ ਜੋਸਣ (ਫੁਲਵਾੜੀ ਕੰਨਿਆਂ ਕਾਲਜ, ਭਾਰਤ), ਸੁਖਦੇਵ ਸਿੰਘ ਸਿੱਧੂ (ਇੰਡੀਅਨ ਵਰਕਰਜ਼ ਐਸੋਸੀਏਸ਼ਨ, ਯੂ.ਕੇ.), ਪਾਸ਼ ਦੀ ਭੈਣ ਪੰਮੀ ਸੰਧੂ ਗਿੱਲ (ਗ਼ਦਰ ਹੈਰੀਟੇਜ ਫਾਊਂਡੇਸ਼ਨ, ਕੈਲੇਫੋਰਨੀਆ, ਯੂ.ਐੱਸ.ਏ.), ਸੁਖਵਿੰਦਰ ਕੰਬੋਜ (ਕੈਲੇਫੋਰਨੀਆ, ਯੂ.ਐੱਸ.ਏ.), ਅਤੇ ਸੁਰਿੰਦਰ ਧੰਜਲ (ਕਨਵੀਨਰ, ਪਾਸ਼ ਯਾਦਗਾਰੀ ਕੌਮਾਂਤਰੀ ਸਟ)। ਸਟ ਦੇ ਦੋ ਹੋਰ ਮੈਂਬਰ ਕੈਨੇਡਾ ਅਤੇ ਯੂ.ਕੇ. ਵਿੱਚੋਂ ਨਿਯੁਕਤ ਕੀਤੇ ਜਾਣਗੇ। ਟੂਸਟ ਦੇ ਚਾਰ ਸਾਬਕਾ ਮੈਂਬਰ (ਪਾਸ਼ ਦੇ ਪਿਤਾ ਜੀ ਸੋਹਣ ਸਿੰਘ ਸੰਧੂ ਯੂ.ਐੱਸ.ਏ., ਅਵਤਾਰ ਜੌਹਲ ਯੂ.ਕੇ., ਸਦੀਵੀ ਵਿਛੋੜਾ ਦੇ ਗਏ ਮਹਿੰਦਰ ਸਿੰਘ ਸੰਧੂ ਭਾਰਤ, ਅਤੇ ਹਰਸ਼ਰਨ ਗਿੱਲ ਯੂ.ਐੱਸ.ਏ.) ਆਪਣੀਆਂ ਜ਼ਿੰਮੇਂਵਾਰੀਆਂ ਤਨਦੇਹੀ ਨਾਲ ਨਿਭਾਉਣ ਲਈ ਧੰਨਵਾਦ ਦੇ ਪਾਤਰ ਹਨ। ਟ੍ਰਸਟ ਦੇ ਮੁੱਖ ਉਦੇਸ਼ ਹਨ: ਪਾਸ਼ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਨਾਲ ਸਬੰਧਿਤ ਲਿਖਤਾਂ ਨੂੰ ਸਾਂਭਣਾ, ਲੇਖਕਾਂ ਵਿੱਚ ਪਾਸ਼ ਦੀ ਵਿਸ਼ੇਸ਼ ਕ੍ਰਾਂਤੀਕਾਰੀ ਸਪਿਰਟ ਨੂੰ ਉਤਸ਼ਾਹਿਤ ਕਰਨਾ, ਅਤੇ ਕੌਮਾਂਤਰੀ ਪੱਧਰ ‘ਤੇ ਵੱਧ ਤੋਂ ਵੱਧ ਲੋਕਾਂ ਵਿੱਚ ਪੇਸ਼ ਕਰਨਾ। ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਟ੍ਰਸਟ ਦੀਆਂ ਸੱਤ ਮੁੱਖ ਸਰਗਰਮੀਆਂ ਇਹ ਹਨ:

  1. ਭਾਰਤ ਵਿੱਚ 23 ਮਾਰਚ ਨੂੰ ਪਾਸ਼-ਹੰਸਰਾਜ ਦਾ ਸ਼ਹੀਦੀ ਦਿਨ (ਤਲਵੰਡੀ ਸਲੇਮ) ਅਤੇ 9 ਸਤੰਬਰ ਨੂੰ ਪਾਸ਼ ਦਾ ਜਨਮ ਦਿਨ ਕਵਿਤਾ ਦਿਵਸ ਵਜੋਂ (ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ) ਮਨਾਉਣ ਦੀ ਰਵਾਇਤ ਸ਼ੁਰੂ ਕਰਨਾ।
  2. ਲੋਹ ਕਥਾ ਪ੍ਰਕਾਸ਼ਨ ਦੀ ਸਥਾਪਨਾ। ਹੁਣ ਤੱਕ ਖਿੱਲਰੇ ਹੋਏ ਵਰਕੇ, ਵਰਤਮਾਨ ਦੇ ਰੂਬਰੂ, ਅਸੀਂ ਯੁੱਗ ਸਿਰਜਾਂਗੇ, ਪਾਸ਼ ਦੀ ਯਾਦ ਵਿੱਚ: ਦਸ ਕਵਿਤਾਵਾਂ, ਪਾਸ਼ ਦੀਆਂ ਚਿੱਠੀਆਂ, ਆਪਣੇ ਆਪ——ਨਾਲ ਗੱਲਾਂ (ਪਾਸ਼ ਦੀ ਡਾਇਰੀ), ਕਾਫ਼ਲੇ, ਅੱਖਰ ਅੱਖਰ (ਹਿੰਦੀ), ਪਾਸ਼ ਕਾਵਿ-1, ਸੰਪੂਰਨ ਪਾਸ਼ ਕਾਵਿ, ਪਗੜੀ ਸੰਭਾਲ ਜੱਟਾਂ ਤੋਂ ਆਜ਼ਾਦੀ ਵੱਲ ਅਤੇ ਪਾਸ਼ ਤਾਂ ਸੂਰਜ ਸੀ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ।
  3. ਸੰਘਰਸ਼ਸ਼ੀਲ ਲੇਖਕਾਂ ਨੂੰ ਸਨਮਾਨਿਤ ਕਰਨਾ। ਟ੍ਰਸਟ ਵੱਲੋਂ ਇਹ ਤੇਰ੍ਹਾਂ ਲੇਖਕ ਸਨਮਾਨਿਤ ਕੀਤੇ ਗਏ ਪਿਆਰਾ ਸਿੰਘ ਸਹਿਰਾਈ 1990, ਸੰਤੋਖ ਸਿੰਘ ਧੀਰ 1991, ਸੁਜਾਨ ਸਿੰਘ -1992, ਸੁਰਜੀਤ ਪਾਤਰ-1993, ਲਾਲ ਸਿੰਘ ਦਿਲ-1994, ਗੁਰਦਿਆਲ ਸਿੰਘ ਨਾਵਲਿਸਟ-1995, ਹਰਭਜਨ ਹਲਵਾਰਵੀ-1996, ਡਾ. ਜਗਤਾਰ-1997, ਦਰਸ਼ਨ ਖਟਕੜ-1998, ਅਜਮੇਰ ਸਿੰਘ ਔਲਖ -1999,  ਵਰਿਆਮ ਸੰਧੂ -2000,ਜਸਵੰਤ ਸਿੰਘ ਵਿਰਦੀ -2001,ਅਤਰਜੀਤ 2002, 2002 ਤੋਂ ਬਾਅਦ ਸਨਮਾਨ ਦੀ ਪਿਰਤ ਨੂੰ ਬੰਦ ਕਰਦਿਆਂ, ਟ੍ਰਸਟ ਦੇ ਸਰਬਸੰਮਤੀ ਨਾਲ ਕੀਤੇ ਗਏ ਫੈਸਲੇ ਅਨੁਸਾਰ, ਟੁਸਟ ਦੀ ਓਦੋਂ ਮੌਜੂਦ ਸੱਤ-ਮੈਂਬਰੀ ਸਨਮਾਨ ਕਮੇਟੀ (ਡਾ. ਸਾਧੂ ਸਿੰਘ, ਡਾ. ਸੁਰਜੀਤ ਪਾਤਰ, ਡਾ. ਵਰਿਆਮ ਸੰਧੂ, ਡਾ. ਸੁਖਪਾਲ ਸੰਘੇੜਾ, ਸੁਖਦੇਵ ਸਿੱਧੂ, ਹਰਸ਼ਰਨ ਗਿੱਲ, ਅਤੇ ਸੁਰਿੰਦਰ ਧੰਜਲ) ਭੰਗ ਕਰ ਦਿੱਤੀ ਗਈ ਸੀ। ਇਨ੍ਹਾਂ ਸੱਤ ਮੈਂਬਰਾਂ ਸਮੇਤ ਸਨਮਾਨ ਕਮੇਟੀ ਦੇ ਸਾਰੇ ਸਾਬਕਾ ਮੈਂਬਰ (ਗੁਰਸ਼ਰਨ ਸਿੰਘ, ਮਹਿੰਦਰ ਸਿੰਘ ਸੰਧੂ, ਸੁਦਰਸ਼ਨ ਕੁਮਾਰ, ਜਸਪਾਲ ਜੱਸੀ, ਨਰਭਿੰਦਰ, ਸੁਖਵਿੰਦਰ ਕੰਬੋਜ ਅਤੇ ਰਵਿੰਦਰ ਸਹਿਰਾਅ), ਆਪਣਾ ਕੰਮ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਟ੍ਰਸਟ ਦੇ ਧੰਨਵਾਦ ਦੇ ਪਾਤਰ ਹਨ।
  4. ਤਲਵੰਡੀ ਸਲੇਮ ਵਿੱਚ ਪਾਸ਼-ਹੰਸਰਾਜ ਯਾਦਗਾਰੀ ਕੰਪਲੈਕਸ ਉਸਾਰਨਾ। ਇਸ ਕੰਪਲੈਕਸ ਦੀ ਉਸਾਰੀ ਉੱਤੇ 2000-2007 ਦਰਮਿਆਨ ਸਟ ਵੱਲੋਂ 10 ਲੱਖ ਰੁਪਏ ਤੋਂ ਵੱਧ ਖਰਚਾ ਕੀਤਾ ਜਾ ਚੁੱਕਾ ਹੈ। ਤਸੱਲੀ ਹੈ ਕਿ ਇਹ ਕੰਪਲੈਕਸ, ਹੌਲ਼ੀ ਹੌਲ਼ੀ, ਪਿੰਡ ਦੀਆਂ ਸਮਾਜਿਕ ਸਰਗਰਮੀਆਂ ਦੇ ਨਾਲ ਨਾਲ, ਇਲਾਕੇ ਦੀਆਂ ਪ੍ਰਗਤੀਸ਼ੀਲ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣ ਰਿਹਾ ਹੈ।
  5. ਪਾਸ਼ ਬਾਰੇ ਵੀਡੀਓ ਅਤੇ ਆਡੀਓ ਕੈਸਿਟ ਟੇਪਾਂ ਤਿਆਰ ਕਰਵਾਉਣੀਆਂ। ਹੁਣ ਤੱਕ ਵੀਡੀਓ ਕੈਸਿਟ ਆਪਣਾ ਪਾਸ਼ ਅਤੇ ਆਡੀਓ ਕੈਸਿਟ ਅੰਬਰਾਂ ‘ਤੇ ਤਿਆਰ ਕੀਤੀਆਂ ਜਾ ਚੁੱਕੀਆਂ ਹਨ।
  6. ‘ਨਵੀਂ ਸਦੀ ਦਾ ਪਹੁ-ਫੁਟਾਲਾ’ ਸਿਰਲੇਖ ਹੇਠ, 2001 ਤੋਂ ਜੁਲਾਈ ਵਿੱਚ ਤ੍ਰੈਸਾਲਾ ਵਿਦੇਸ਼ ਲੜੀ ਸਾਹਿਤਕ ਸਮਾਗਮ ਕ੍ਰਮਵਾਰ ਯੂ.ਕੇ., ਕੈਨੇਡਾ ਅਤੇ ਯੂ.ਐੱਸ.ਏ. ਵਿੱਚ ਜਥੇਬੰਦ ਕਰਨ ਦੀ ਰਵਾਇਤ ਸ਼ੁਰੂ ਕਰਨਾ ।ਹੁਣ ਤੱਕ ਯੂ ਕੇ (2001, 2004),ਕੈਨੇਡਾ (2002), ਯੂ ਐਸ ਏ (2003,2006) ਸਮਾਗਮ ਜਥੇਬੰਦ ਕੀਤੇ ਜਾ ਚੁੱਕੇ ਹਨ।
  7. ਪਾਸ਼ ਯਾਦਗਾਰੀ ਲਾਇਬ੍ਰੇਰੀਆਂ ਖੋਲ੍ਹਣਾ। ਹੁਣ ਤੱਕ ਪਾਸ਼-ਹੰਸਰਾਜ ਯਾਦਗਾਰੀ ਕੰਪਲੈਕਸ, ਤਲਵੰਡੀ ਸਲੇਮ ਅਤੇ ਫੁਲਵਾੜੀ ਕੰਨਿਆ ਕਾਲਜ, ਲੋਹੀਆਂ ਖ਼ਾਸ ਵਿੱਚ ਦੋ ਲਾਇਬਰੇਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ।

 

ਟ੍ਰਸਟ ਇੱਕ ਸੀਮਤ ਵਸੀਲਿਆਂ ਵਾਲ਼ੀ, ਪਰ ਅਸੀਮਤ ਸੁਭਾਅ ਵਾਲ਼ੇ ਉਦੇਸ਼ਾਂ ਵਾਲ਼ੀ ਅਜਿਹੀ ਸੰਸਥਾ ਹੈ ਜਿਹੜੀ ਅਨੇਕਾਂ ਦਿਸਦੀਆਂ-ਅਣਦਿਸਦੀਆਂ ਮੁਸ਼ਕਲਾਂ ਨਾਲ ਜੂਝਦੀ ਹੋਈ ਹਾਲੇ ਵਿਕਾਸ ਦੇ ਮੁਢਲੇ ਪੜਾਅ ਉੱਤੇ ਹੀ ਹੈ । ਟ੍ਰਸਟ ਨੂੰ ਤੁਹਾਡੇ ਸੁਝਾਵਾਂ ਅਤੇ ਸਹਿਯੋਗ ਦੀ ਹਮੇਸ਼ਾਂ ਉਡੀਕ ਹੈ

ਪਾਸ਼ ਦੀ ਰੋਹ-ਵਿਦਰੋਹ ਦੀ ਇਸ ਚੰਡ-ਸੁਰ ਦਾ ਕਾਵਿ-ਸ਼ਿਲਪ ਦੇ ਪੱਖ ਤੋਂ ਪ੍ਰਸ਼ੰਸਨੀ ਪੱਖ ਇਹ ਹੈ ਕਿ ਇਸ ਵਿਚ ਜੋ ਸ਼ਬਦਾਵਲੀ ਤੇ ਬਿੰਬ ਵਿਧਾਨ, ਜਿਸ ਨਿਵੇਕਲੇ ਰੂਪ ਵਿਚ ਵਰਤੋਂ ਵਿਚ ਆਇਆ ਹੈ, ਉਹ ਸਾਡੇ ਸਾਧਾਰਨ ਜੀਵਨ ਦੇ ਬਹੁਤ ਜਾਣੇ-ਪਛਾਣੇ ਯਥਾਰਥ ਦਾ ਹਿੱਸਾ ਹੋਣ ਦੇ ਬਾਵਜੂਦ ਪੰਜਾਬੀ ਬਵਿਤਾ ਵਿਚ ਪਹਿਲੀ ਵਾਰ ਪ੍ਰਵੇਸ਼ ਕਰਦਾ ਹੈ। ਇਹ ਹੈਰਾਨੀ ਭਰੀ ਖੁਸ਼ੀ ਹੁੰਦੀ ਹੈ ਕਿ ਉਹ ਸ਼ਬਦ, ਉਹ ਵਸਤਾਂ, ਉਹ ਦ੍ਰਿਸ਼, ਜੋ ਲੋਕਾਂ ਨਾਲ ਨੇੜਤਾ ਦੇ ਦਾਅਵੇ ਦੇ ਬਾਵਜੂਦ, ਪ੍ਰਗਤੀਵਾਦੀ ਕਵਿਤਾ ਵੱਲੋਂ ਵੀ ਅਣ-ਗੌਲਿਆ ਕੀਤੇ ਜਾਂਦੇ ਰਹੇ, ਉਹ ਪਾਸ਼ ਦੀ ਰਚਨਾ ਵਿਚ ਕਾਵਿ-ਸਮੱਗਰੀ ਬਣਦੇ ਹੋਏ ਆਪਣੇ ਅਥਾਹ ਸ਼ਕਤੀ ਦਾ ਵਿਖਾਵਾ ਕਰਦੇ ਹਨ।

ਸ਼ਿਵ ਕੁਮਾਰ ਵਾਂਗ ਪਾਸ਼ ਆਧੁਨਿਕ ਦੌਰ ਦਾ ਇਕ ਅਜਿਹਾ ਪ੍ਰਤਿਭਾਵਾਨ ਕਵੀ ਸੀ ਜੋ ਆਪਣੀ ਵਿਲੱਖਣਤਾ ਕਾਰਨ ਪੰਜਾਬੀ ਕਾਵਿ-ਜਗਤ ਵਿਚ ਇਕ ਨਿਵੇਕਲੀ ਪਛਾਣ ਸਥਾਪਿਤ ਕਰ ਗਿਆ। ਕਲਾ-ਕੌਸ਼ਲ ਅਤੇ ਦ੍ਰਿਸ਼ਟੀ ਦੇ ਪੱਖ ਤੋਂ ਇਨ੍ਹਾਂ ਦੋਵਾਂ ਕਵੀਆਂ ਦਾ ਕੋਈ ਮੇਲ ਨਹੀਂ ਸੀ, ਪਰ ਆਪੋ ਆਪਣੀ ਥਾਂ ਇਹਨਾਂ ਦੋਹਾਂ ਨੇ ਹੀ ਕੁਝ ਅਜਿਹੀ ਮੌਲਿਕਤਾ ਤੇ ਸੱਜਰੇਪਨ ਦਾ ਪ੍ਰਮਾਣ ਦਿੱਤਾ ਕਿ ਸਾਹਿਤ-ਜਗਤ ਵਿਚ ਪ੍ਰਵੇਸ਼ ਕਰਨ ਤੋਂ ਝੱਟ ਪਿੱਛੋਂ, ਬਹੁਤ ਛੋਟੀ ਉਮਰੇ, ਥੋੜ੍ਹੇ ਜਿਹੇ ਸਮੇਂ ਵਿਚ ਹੀ ਇਹਨਾਂ ਨੂੰ, ਭਾਵੇਂ ਵੱਖ-ਵੱਖ ਹਲਕਿਆਂ ਤੋਂ ਹੀ, ਭਰਪੂਰ ਸਾਹਿਤਕ ਪ੍ਰਵਾਨਗੀ ਮਿਲੀ । ਇਹ ਸਾਰਾ ਕੁਝ ਏਨੀ ਤੇਜ਼ੀ ਨਾਲ ਵਾਪਰਿਆ ਕਿ ਇਹਨਾਂ ਦੇ ਸਮਕਾਲੀ ਕਵੀਆਂ ਤੇ ਸਾਹਿਤ-ਆਲੋਚਕਾਂ ਲਈ ਇਸਨੂੰ ਪ੍ਰਵਾਨ ਕਰਨਾ ਨਾ ਕੇਵਲ ਕਠਿਨ ਸਗੋਂ ਅਸੰਭਵ ਜਿਹਾ ਪ੍ਰਤੀਤ ਹੁੰਦਾ ਸੀ। ਇਸ ਵਰਤਾਰੇ ਦੀ ਹਕੀਕਤ ਤੋਂ ਬਚ ਕੇ ਨਿਕਲਣ ਲਈ ਸ਼ਿਵ ਕੁਮਾਰ ਦੇ ਸੰਬੰਧ ਵਿਚ ਇਹ ਗੱਲ ਕੀਤੀ ਜਾਂਦੀ ਸੀ ਕਿ ਉਸਦੀ ਵਿਆਪਕ ਪ੍ਰਵਾਨਗੀ ਤੇ ਲੋਕ-ਪ੍ਰਿਯਤਾ ਦਾ ਆਧਾਰ ਏਨੀ ਉਸਦੀ ਕਵਿਤਾ ਨਹੀਂ ਜਿੰਨੀ ਉਸਦੀ ਸੰਗੀਤਕ ਆਵਾਜ਼ ਸੀ, ਜੋ ਸਰੋਤਿਆਂ ਨੂੰ ਮੰਤਰ ਮੁਗਧ ਕਰਨ ਦੇ ਸਮਰੱਥ ਸੀ। ਇਹ ਤੱਥ ਕਿ ਸ਼ਿਵ ਕੁਮਾਰ ਨੇ ਪੰਜਾਬੀ ਕਵਿਤਾ ਵਿਚ ਅਸਲੋਂ ਹੀ ਨਵੀਂ ਸ਼ਬਦਾਵਲੀ ਤੇ ਬਿੰਬਾਵਲੀ ਲਿਆਂਦੀ ਹੈ, ਜੋ ਅਸਲੋ ਅਸਲੀ ਉਸਦੀ ਕਵਿਤਾ ਦੇ ਸੱਜਰੇਪਨ ਦਾ ਆਧਾਰ ਹੈ, ਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਇਸੇ ਤਰ੍ਹਾਂ ਹੀ ਪਾਸ਼ ਦੇ ਸੰਬੰਧ ਵਿਚ, ਅਚੇਤ ਜਾਂ ਸੁਚੇਤ, ਇਹ ਧਾਰਨਾ ਸਾਹਵੇਂ ਲਿਆਂਦੀ ਜਾਂਦੀ ਸੀ ਕਿ ਉਸਦੀ ਪ੍ਰਵਾਨਗੀ ਪਿੱਛੇ ਤਤਕਾਲੀਨ ਨਕਸਲਵਾਦੀ ਲਹਿਰ ਦੀ ਚੜ੍ਹਤ ਜ਼ਿੰਮੇਵਾਰ ਸੀ, ਜਿਸ ਲਹਿਰ ਨਾਲ ਉਹ ਰਾਜਸੀ ਤੌਰ ‘ਤੇ ਸੰਬੰਧਤ ਸੀ। ਸ਼ਿਵ ਕੁਮਾਰ ਵਾਂਗ ਹੀ ਪਾਸ਼ ਦੇ ਸੰਬੰਧ ਵਿਚ ਵੀ ਇਸ ਹਕੀਕਤ ਤੋਂ ਅਵੇਸਲੇ ਹੋਣ ਦਾ ਯਤਨ ਕੀਤਾ ਜਾਂਦਾ ਸੀ ਕਿ ਉਸ ਨੇ ਪ੍ਰਗਟ ਤੌਰ ‘ਤੇ ਖਰਵੇ ਤੇ ਅਣਕਾਵਿਕ ਜਿਹੇ ਮੁਹਾਵਰੇ ਤੇ ਬਿੰਬ-ਵਿਧਾਨ ਰਾਹੀਂ ਪੰਜਾਬੀ ਕਵਿਤਾਵਾਂ ਦੀ ਦਿੱਖ ਵਿਚ ਇਨਕਲਾਬੀ ਤਬਦੀਲੀ ਲੈ ਆਂਦੀ ਸੀ। ਹੁਣ ਜਦੋਂ ਇਹ ਦੋਵੇਂ ਕਵੀ, ਸਾਡੇ ਵਿਚ ਨਹੀਂ ਰਹੇ, ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਅੰਗ ਬਣ ਚੁਕੇ ਹਨ ਤਾਂ ਆਪਣੀ ਅੰਤਰਮੁਖਤਾ ਤਿਆਗ ਕੇ ਸਮਕਾਲੀ ਸਾਹਿਤਕਾਰਾਂ ਤੇ ਆਲੋਚਕਾਂ ਲਈ ਉਹਨਾਂ ਦਾ ਵਾਜਬ ਮੁਲੰਕਣ ਕਰ ਸਕਣਾ ਮੰਤਰ ਹੋ ਗਿਆ ਹੈ। ਇੰਜ ਹੈ ਪ੍ਰਵਾਨਗੀ ਵਿਆਪਕ ਪਾਠਕ ਤੇ ਸਰੋਤਾ-ਵਰਗ ਵੱਲੋਂ ਉਹਨਾਂ ਨੂੰ ਜਿਉਂਦੇ-ਜੀਅ ਮਿਲ ਗਈ। ਪ੍ਰਵਾਉਹ ਪ੍ਰਵਾਨਗੀ ਹੁਣ ਉਚੇਰੇ ਸਾਹਿਤਕ ਤੇ ਅਕਾਦਮਿਕ ਮੰਡਲਾਂ ਵਿਚੋਂ ਵੀ ਉਹਨਾਂ ਨੂੰ ਮਿਲ ਚੁੱਕੀ ਹੈ।

ਪਾਸ਼ ਉਸ ਸਾਹਿਤਕ ਰੁਝਾਨ ਦਾ ਪ੍ਰਮੁੱਖ ਕਵੀ ਸੀ ਜਿਸਨੂੰ ਜੁਝਾਰ ਧਾਰਾ ਦੇ ਨਾਉਂ ਨਾਲ ਯਾਦ ਕੀਤਾ ਜਾਂਦਾ ਹੈ । ਜੁਝਾਰ ਧਾਰਾ ਦੀ ਇਹ ਕਵਿਤਾ, ਬਿਨਾਂ ਸ਼ੱਕ ਉਸ ਸਮੇਂ ਦੇ ਰਾਜਨੀਤ* ਪ੍ਰਦ੍ਰਿਸ਼ ਉਤੇ ਭਾਰੂ ਨਕਸਲਵਾਦੀ ਲਹਿਰ ਦਾ ਸਾਹਿਤਕ ਪਰਤੋਂ ਸੀ । ਪਾਸ਼ ਇਸ ਧਾਰਾ ਦਾ ਪ੍ਰਮੁੱਖ ਕਵੀ ਹੀ ਨਹੀਂ, ਇਕ ਤਰ੍ਹਾਂ ਮੋਢੀ ਕਵੀ ਸੀ । ਪੰਜਾਬੀ ਵਿਚ ਹਰ ਵੱਡੇ ਰਾਜਨੀਤਕ ਜਾਂ ਸਮਾਜਕ ਅੰਦੋਲਨ ਨੇ ਸਾਹਿਤ-ਰਚਨਾ ਨੂੰ ਪ੍ਰਭਾਵਤ ਕੀਤਾ ਹੈ, ਅਤੇ ਹਰ ਲਹਿਰ ਨਾਲ ਜੁੜੇ, ਵੱਧ ਜਾਂ ਘੱਟ ਪ੍ਰਤਿਭਾ ਵਾਲੇ, ਕੁਝ ਲੇਖਕਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾਂਦੀ ਰਹੀ ਹੈ। ਪਰ ਨਕਸਲਵਾਦੀ ਲਹਿਰ ਇਕ ਅਜਿਹਾ ਰਾਜਨੀਤਕ ਅੰਦੋਲਨ ਸੀ ਜਿਸ ਦੀ ਪਛਾਣ ਇਕ ਹੱਦ ਤਕ, ਉਸਦੇ ਰਾਜਸੀ ਪਿੜ ਦੇ ਅਮਲ ਨਾਲ਼ੋਂ ਵੀ ਵੱਧ ਪ੍ਰਭਾਵ ਅਧੀਨ ਸਾਹਿਤ-ਰਚਨਾ ਤੇ ਹੋਈ। ਬਜਾਏ ਇਸਦੇ ਕਿ ਲੋਕ ਇਸ ਲਹਿਰ ਦੇ ਸੱਚਮੁੱਚ ਦੇ ਆਗੂਆਂ ਦੇ ਅਮਲਾਂ ਤੇ ਐਲਾਨ ਤੋਂ ਇਸ ਬਾਰੇ ਜਾਨਣ, ਇਸ ਲਹਿਰ ਨੇ ਜੋ ਸਾਹਿਤਕਾਰ ਪੈਦਾ ਕੀਤੇ, ਉਹ ਸਗੋਂ ਇਸਦੇ ਬੁਲਾਰਿਆਂ ਤੇ ਆਗੂਆਂ ਵਜੋਂ ਵਧੇਰੇ ਪਛਾਣੇ ਗਏ। ਪਾਸ਼ ਦੀ ਵਿਆਪਕ ਲੋਕ-ਪ੍ਰਿਯਤਾ ਪਿੱਛੇ ਨਿਰਸੰਦੇਹ ਇਸ ਤੱਥ ਦਾ ਕਾਫ਼ੀ ਵੱਡਾ ਦਖ਼ਲ ਸੀ । ਉਹ ਕਵਿਤਾ ਦੇ ਰਾਹੀਂ ਇਸ ਲਹਿਰ ਦੇ ਪ੍ਰਵਕਤਾ ਤੇ ਆਗੂ ਵਜੋਂ ਵੀ ਪ੍ਰਵਾਨ ਚੜ੍ਹਿਆ। ਨਕਸਲਵਾਦੀ ਲਹਿਰ ਦੀ ਚੜ੍ਹਤ ਸਮੇਂ ਇਸ ਲਹਿਰ ਨਾਲ ਸੰਬੰਧਤ ਕੁਝ ਉਨ੍ਹਾਂ ਸਿਰਜਕਾਂ ਨੂੰ ਵੀ ਚੋਖੀ ਲੋਕ-ਪ੍ਰਿਯਤਾ ਮਿਲੀ, ਜੋ ਪ੍ਰਤਿਭਾ ਦੇ ਪੱਖੋਂ ਕਾਫ਼ੀ ਹੌਲੇ ਸਨ । ਪਰ ਸਮੇਂ ਦੀ ਵਿੱਥ ਨਾਲ ਅੱਜ ਜੇ ਪਾਸ਼ ਦਾ ਨਾਉਂ ਹੁਣ ਵੀ ਸਾਹਿਤਕ ਮੰਡਲਾਂ ਵਿਚ ਚਰਚਾ ਦਾ ਵਿਸ਼ਾ ਹੈ ਤਾਂ ਇਹ ਹੀ ਮੰਨਣਾ ਪਏਗਾ ਕਿ ਇਹ ਪ੍ਰਤਿਭਾ ਹੀ ਹੈ ਜੋ ਅਵੇਰ ਜਾਂ ਸਵੇਰ ਆਪਣਾ ਸਿੱਕਾ ਮੰਨਵਾ ਲੈਂਦੀ ਹੈ; ਵਕਤੀ ਤੌਰ ‘ਤੇ ਭਾਵੇਂ ਕੋਈ ਚੁਸਤ ਕਲਾਬਾਜ਼ ਹੀ ਬਹੁਤੀਆਂ ਤਾੜੀਆਂ ਕਿਉਂ ਨਾ ਮਰਵਾ ਗਿਆ ਹੋਵੇ। ਏਸੇ ਲਈ ਏਥੇ

ਇਹ ਆਖਣ ਦਾ ਸਾਹਸ ਕੀਤਾ ਜਾ ਸਕਦਾ ਹੈ ਕਿ ਨਕਸਲਵਾਦੀ ਲਹਿਰ ਦੀ ਚੜ੍ਹਤ ਸਮੇਂ ਜੋ ਕਵੀ ਉਭਰੇ ਸਨ, ਉਹਨਾਂ ਵਿਚੋਂ ਪਾਸ਼ ਦਾ ਨਾਉਂ ਹੀ ਚਿਰ-ਸਥਾਈ ਰਹੇਗਾ। ਪਤਾ ਨਹੀਂ ਕਿ ਪਾਸ਼ ਦੇ ਰਹਿ ਚੁੱਕੇ ਸਾਹਿਤਕ ਤੇ ਰਾਜਨੀਤਕ ਆੜੀ, ਅਮਰਜੀਤ ਚੰਦਨ ਦੇ ਇਸ ਕਥਨ ਪਿੱਛੇ ਕਿੰਨੀ ਕੁ ਸਾਹਿਤਕ ਸੂਝ ਹੈ ਤੇ ਕਿੰਨੀ ਕੁ ਵਿਹਾਰਕ ਚਤੁਰਾਈ ਕਿ ‘ਪਾਸ਼ ਦੀ ਰਚਨਾ ‘ਚ ਅੱਜ ਉਹ ਰੁਚੀ ਨਜ਼ਰ ਨਹੀਂ ਆ ਰਹੀ ਜੋ ਪੰਜ ਸਾਲ ਪਹਿਲਾਂ ਸੀ’ ਜਾਂ ‘ਵੀਹ ਪੰਝੀ ਸਾਲਾਂ ਪਿਛੋਂ ਉਹ ਗੌਲਿਆ ਨਹੀਂ ਜਾਵੇਗਾ’—ਇਹ ਹਕੀਕਤ ਹੈ ਕਿ ਪਾਸ਼ ਦੀ ਲਿਖਤ ਵਿਚ ਪਹਿਲਾਂ ਦੇ ਟਾਕਰੇ ਦਿਲਚਸਪੀ ਸਗੋਂ ਹੋਰ ਵਧੀ ਹੈ। ਹਾਂ, ਅਮਰਜੀਤ ਚੰਦਨ ਜਾਂ ਕੋਈ ਵੀ ਹੋਰ, ਜੋ ਵਿਅਕਤੀ ਮਹਿਜ਼ ਨਕਸਲਵਾਦੀ ਲਹਿਰ ਦੇ ਆਸਰੇ ਹੀ ਸਾਹਿਤਕ ਮੰਡਲਾਂ ਵਿਚ ਵਿਚਰਦੇ ਰਹੇ, ਉਨ੍ਹਾਂ ਦਾ ਕੋਈ ਵੀ ਜ਼ਿਕਰ ਸ਼ਾਇਦ ਹੀ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਵੇ। ਮੈਨੂੰ ਖ਼ੁਦ ਇਹ ਪ੍ਰਵਾਨ ਕਰਨ ਤੋਂ ਕੋਈ ਸੰਕੋਚ ਨਹੀਂ ਕਿ ਪਾਸ਼ ਦੇ ਸਮੇਂ, ਸਾਹਿਤਕ ਗਤੀਵਿਧੀਆਂ ਵਿਚ ਚੋਖੀ ਦਿਲਚਸਪੀ ਲੈਣ ਦੇ ਬਾਵਜੂਦ; ਮੇਰੇ ਲਈ ਉਸਦੇ ਸਾਹਿਤਕ ਮੁੱਲ ਨੂੰ ਪਛਾਨਣਾ ਸੰਭਵ ਨਾ ਹੋ ਸਕਿਆ। ਰਾਜਨੀਤਕ ਤੌਰ ‘ਤੇ ਨਕਸਲਵਾਦੀ ਲਹਿਰ ਨਾਲ ਜੁੜਿਆ ਹੋਣ ਕਰਕੇ ਮੈਨੂੰ ਵੀ, ਕਈ ਹੋਰਾਂ ਵਾਂਗ ਪਾਸ਼ ਦੀ ਲੋਕ-ਪ੍ਰਿਯਤਾ ਵਿਚ ਪਰਾ-ਸਾਹਿਤਕ ਕਾਰਨਾਂ ਦਾ ਦਖ਼ਲ ਕੁਝ ਵਧੇਰੇ ਹੀ ਨਜ਼ਰ ਆਉਂਦਾ ਸੀ । ਮੈਂ ਨਹੀਂ ਸਾਂ ਸਮਝਦਾ, ਤੇ ਹੁਣ ਵੀ ਨਹੀਂ ਸਮਝਦਾ, ਕਿ ਕੋਈ ਲੇਖਕ ਇਸ ਕਰਕੇ ਹੀ ਵੱਡਾ ਜਾਂ ਮਹਾਨ ਹੋ ਸਕਦਾ ਹੈ ਕਿ ਉਹ ਰਾਜਸੀ ਕਾਰਨਾਂ ਕਰਕੇ ਜੇਲ੍ਹ ਵਿਚ ਡੱਕਿਆ ਹੋਇਆ ਹੋਵੇ, ਜਾਂ ਰਾਜ ਸੱਤਾ ਦੇ ਆਤੰਕ ਦਾ ਸ਼ਿਕਾਰ ਹੋਇਆ ਜਾਂ ਹੋ ਰਿਹਾ ਹੋਵੇ। ਇਹ ਤੱਥ ਕਿਸੇ ਦੇ ਦ੍ਰਿੜ੍ਹ ਸੰਗਰਾਮੀਏ ਹੋਣ ਦਾ ਪ੍ਰਮਾਣ ਤਾਂ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਉਸਦੀ ਸਾਹਿਤਕ ਪ੍ਰਤਿਭਾ ਦੀ ਵੀ ਗੁਆਹੀ ਦੇਵੇ । ਜਦੋਂ ਪਾਸ਼ ਦੀਆਂ ਰਸਾਲਿਆਂ, ਅਖ਼ਬਾਰਾਂ ਵਿਚ ਛਪਦੀਆਂ ਕਵਿਤਾਵਾਂ ਦੇ ਹੇਠਾਂ ਉਨ੍ਹਾਂ ਦੇ ਜੇਲ੍ਹ ਵਿਚੋਂ ਲਿਖੀਆਂ ਹੋਣ ਦੇ ਤੱਥ ਦਾ ਹਵਾਲਾ ਦਿੱਤਾ ਜਾਂਦਾ ਸੀ ਤਾਂ ਮੈਨੂੰ ਇਹ ਗੱਲ ਪਰਾ-ਸਾਹਿਤਕ ਲੱਗਦੀ ਸੀ ਤੇ ਇੰਝ ਮੇਰੀ ਨਜ਼ਰ ਵਿਚ ਪਾਸ਼ ਦਾ ਸਾਹਿਤਕ ਕੱਦ ਉਚਾ ਨਹੀਂ ਸੀ ਹੁੰਦਾ । ਹਾਲਾਂਕਿ ਇਹ ਨਿਰ-ਸੰਕੋਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿਚ ‘ਬੰਦੀ ਕਾਵਿ’ ਦੀ ਜੋ ਪਰੰਪਰਾ ਮੌਜੂਦ ਹੈ, ਜਿਸ ਵਿਚ ਹੀਰਾ ਸਿੰਘ ਦਰਦ ਵਰਗੇ ਕਿੰਨੇ ਹੀ ਕਵੀਆਂ ਨੇ ਬਹੁਤ ਸੋਹਣੀਆਂ ਰਚਨਾਵਾਂ ਕੀਤੀਆਂ ਹਨ—ਉਸ ਪਰੰਪਰਾ ਵਿਚ ਪਾਸ਼ ਦੀ ਜੇਲ੍ਹ-ਯਾਤਰਾ ਦੌਰਾਨ ਕੀਤੀ ਰਚਨਾ ਦਾ ਬਹੁਤ ਮੁੱਲ ਹੈ। ‘ਉਡਦਿਆਂ ਬਾਜ਼ਾਂ ਮਗਰ’ ਸੰਗ੍ਰਹਿ ਦੀਆਂ ਕਵਿਤਾਵਾਂ ‘ਜੇਲ੍ਹ’, ‘ਅਸਮਾਨ ਦਾ ਟੁਕੜਾ’, ‘ਜਨਮ ਦਿਨ’, ‘ਦਾਨ’, ‘ਮੇਰੇ ਕੋਲ’, ‘ਅਸਵੀਕਾਰ’ ਤੇ ‘ਹੱਥ’ ਆਦਿ ਬਹੁਤ ਸ਼ਕਤੀਸ਼ਾਲੀ ਰਚਨਾਵਾਂ ਹਨ, ਜਿਹਨਾਂ ਵਿਚੋਂ ਉਚਤਮ ਬੰਦੀ-ਕਾਵਿ ਦੀ ਝਲਕ ਮਿਲਦੀ ਹੈ।

 

ਜਦ ਮੈਂ ਇਸ ਕਮਰੇ ਵਿਚ ਡੱਕਿਆ ਗਿਆ,

ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ

ਬਾਹਰ ਸਫਰ ਨੂੰ ਫੜਾ ਆਇਆ ਸਾਂ,

ਪੌਣਾਂ ਨੂੰ ਰਾਖੀ ਬਿਠਾ ਆਇਆ ਸਾਂ

(ਅਸਵੀਕਾਰ)

 

ਮੇਰੇ ਕੋਲ ਬੜਾ ਕੁਝ ਹੈ

ਸ਼ਾਮ ਹੈ-ਸ਼ਰਾਟਿਆਂ ‘ਚ ਭਿੱਜੀ ਹੋਈ

ਜ਼ਿੰਦਗੀ ਹੈ-ਨੂਰ ‘ਚ ਭਖਦੀ ਹੋਈ

(ਮੇਰੇ ਕੋਲ)

 

ਮੇਰੀ ਤਾਂ ਜਾਨ ਹੈ ਅਸਮਾਨ ਦਾ ਉਹ ਟੁਕੜਾ

ਜੋ ਰੌਸ਼ਨਦਾਨ ਵਿਚੋਂ ਪਲਮ ਆਉਂਦਾ ਹੈ

(ਅਸਮਾਨ ਦਾ ਟੁਕੜਾ)

ਇਹ ਕਵਿਤਾਵਾਂ ਪੜ੍ਹਦਿਆਂ ਹੋਇਆਂ ਇਕ ਸੰਵੇਦਨਸ਼ੀਲ ਕਵੀ ਵਜੋਂ ਪਾਸ਼ ਦਾ ਬਿੰਬ ਉਭਰਦਾ ਹੈ। ਐਪਰ ਇਹੋ ਜਿਹੀਆਂ ਕਵਿਤਾਵਾਂ ਦੇ ਪ੍ਰਸੰਗ ਵਿਚ ਪਾਸ਼ ਦੇ ਨਾਇਕਤਵ ਨੂੰ ਉਭਾਰਨ ਦੀ ਅਚੇਤ ਜਾਂ ਸੁਚੇਤ ਭਾਵਨਾ ਦਾ ਤੱਥ ਹੁਣ ਬਹੁਤ ਪਿੱਛੇ ਰਹਿ ਗਿਆ ਹੈ। ਹੁਣ ਜੇ ਇਹਨਾਂ ਕਵਿਤਾਵਾਂ ਦਾ ਮੁੱਲ ਹੈ ਤਾਂ ਇਨ੍ਹਾਂ ਦੀ ਕਾਵਿਕਤਾ ਕਰਕੇ ਹੀ ਹੈ। ਅਤੇ ਪਾਸ਼ ਦੀ ਕਾਵਿ-ਸਮਰੱਥਾ ਦੇ ਸੰਦਰਭ ਵਿਚ ਬਾਹਰਮੁਖੀ ਤੇ ਸੰਤੁਲਤ ਮੁੱਲਾਂਕਣ ਹੁਣ ਸਗੋਂ ਪਹਿਲਾਂ ਦੇ ਟਾਕਰੇ ਵਧੇਰੇ ਸਹਿਲ ਤੇ ਸੰਭਵ ਹੈ।

ਪਾਸ਼ ਵਰਗੀ ਗ਼ੈਰ-ਮਾਮੂਲੀ ਸਾਹਿਤਕ ਪ੍ਰਤਿਭਾ ਦਾ ਹਰ ਦੌਰ ਵਿਚ ਉਦਘਾਟਨ ਨਹੀਂ ਹੁੰਦਾ, ਜੇ ਸਾਹਿਤਕ ਨਾਇਕਤਵ ਨੂੰ ਪ੍ਰਾਪਤ ਕਰ ਜਾਵੇ। ਬਹੁਤੇ ਸਮਿਆਂ ਵਿਚ ਤਾਂ ਅਜਿਹੀ ਪ੍ਰਤਿਭਾ ਦੇ ਖੱਪੇ ਨੂੰ ਪੂਰਨ ਲਈ ਝੂਠੀ-ਮੂਠੀ ਹੀ ਕਿਸੇ ਨੂੰ ਨਾਇਕਤਵ ਦਾ ਪਦ ਸੌਂਪਣਾ ਪੈ ਜਾਂਦਾ ਹੈ। ਸ਼ਾਇਦ ਸ਼ਿਵ ਤੇ ਪਾਸ਼ ਮਗਰੋਂ ਪੰਜਾਬੀ ਕਾਵਿ-ਜਗਤ ਕੁਝ ਏਸੇ ਤਰ੍ਹਾਂ ਦੇ ਖੱਪੇ ਵਿਚੋਂ ਹੀ ਗੁਜ਼ਰ ਰਿਹਾ ਹੈ।

ਹੁਣ ਜਦੋਂ ਪਾਸ਼ ਦੀ ਕਵਿਤਾ ਦੇ ਨਾਲ ਨਾਲ ਉਸ ਵੱਲੋਂ ਲਿਖੀਆਂ ਚਿੱਠੀਆਂ, ਡਾਇਰੀਆਂ, ਟਿੱਪਣੀਆਂ ਤੇ ਲਘੂ ਨਿਬੰਧਾਂ ਦੇ ਰੂਪ ਵਿਚ ਉਸਦੀ ਵਾਰਤਕ ਲਿਖਤ ਵੀ ਪ੍ਰਾਪਤ ਹੈ ਤਾਂ ਇਹ ਗੱਲ ਹੋਰ ਵੀ ਨਿਖਰ ਕੇ ਸਾਹਵੇਂ ਆ ਗਈ ਹੈ ਕਿ ਉਹ ਕਿਸ ਹੱਦ ਤਕ ਵਿਲੱਖਣ ਪ੍ਰਤਿਭਾ ਨਾਲ ਵਰੋਸਾਇਆ ਹੋਇਆ ਸੀ । ਅਕਾਦਮਿਕ ਤੌਰ ‘ਤੇ ਬਹੁਤ ਥੋੜ੍ਹਾ ਪੜ੍ਹਿਆ ਹੋਇਆ ਪਿੰਡ ਦੇ ਸੀਮਤ ਜਿਹੇ ਚੁਗਿਰਦੇ ਵਿਚ ਵਿਚਰਨ ਵਾਲਾ, ਛੋਟੀ ਉਮਰ ਦਾ ਇਹ ਸ਼ਾਇਰ ਰਾਜਨੀਤੀ, ਦਰਸ਼ਨ, ਇਤਿਹਾਸ, ਮਿਥਿਹਾਸ ਤੇ ਸਮਕਾਲੀ ਸੰਸਾਰ ਦੇ ਹਰ ਪ੍ਰਕਾਰ ਦੇ ਸਮਾਚਾਰਾਂ ਨਾਲ ਕਿਸ ਪ੍ਰਕਾਰ ਦਾ ਲਗਾਉ ਰੱਖਣ ਲੱਗਾ ਸੀ, ਇਸਦਾ ਪ੍ਰਮਾਣ ਉਸਦੀਆਂ ਵਾਰਤਕ ਲਿਖਤਾਂ ਦਿੰਦੀਆਂ ਹਨ। ਅਤੇ ਇਹ ਕਹਿਣਾ ਅਨੁਚਿਤ ਨਹੀਂ ਹੋਵੇਗਾ ਕਿ ਇਹ ਬਹੁ-ਪੱਖੀ ਸਰੋਕਾਰ ਤੇ ਅਨੁਭਵ ਹੀ ਸਨ ਜਿਹਨਾਂ ਨੇ ਪਾਸ਼ ਦੀ ਕਵਿਤਾ ਨੂੰ ਸਾਣ ‘ਤੇ ਚਾੜ੍ਹਿਆ। ਭਾਵੇਂ ਜਿਵੇਂ ਰਸੂਲ ਹਮਜ਼ਾਤੋਵ ਨੇ ਕਿਹਾ ਹੈ, ਸਾਨੂੰ ਵੀ ਮੰਨਣਾ ਚਾਹੀਦਾ ਹੈ, ਪ੍ਰਤਿਭਾ ਕਿਸੇ ਹੱਟੀ ਤੋਂ ਤਾਂ ਮਿਲਦੀ ਨਹੀਂ, ਇਸਦੇ ਹਾਸਲ ਹੋਣ ਜਾਂ ਨਾ ਹੋਣ, ਜਾਂ ਘੱਟ ਵੱਧ ਮਾਤਰਾ ਵਿਚ ਹਾਸਲ ਹੋਣ ਦਾ ਰਹੱਸ ਤਾਂ ਬਣਿਆ ਹੀ ਰਹੇਗਾ।

ਪਾਸ਼ ਨੂੰ ਖ਼ੁਦ ਇਸ ਗੱਲ ਦਾ ਅਹਿਸਾਸ ਸੀ ਕਿ ਉਸ ‘ਚ ਕੋਈ ਵਿਲੱਖਣਤਾ ਅਵੱਸ਼ ਹੈ। ਇਹ ਗੱਲ ਭਾਵੇਂ ਉਸਨੇ ਨਿਰਮਾਣਤਾ ਵੱਸ ਹੀ ਆਖੀ ਹੋਵੇਗੀ ਕਿ ‘ਅਸਲ ਵਿਚ ਕਵਿਤਾ ਵਰਗੀ ਚੀਜ਼ ਉਸ ਕੋਲ ਬਹੁਤ ਘੱਟ ਹੈ ਤੇ ਉਸਦੀਆਂ ਕਵਿਤਾਵਾਂ ਬਹੁਤੀਆਂ ਚੰਗੀਆਂ ਨਹੀਂ ਹਨ’ ਪਰ ਸੁਰਜੀਤ ਪਾਤਰ ਨੂੰ ਇਕ ਖ਼ਤ ਵਿਚ ਉਸਨੇ ਲਿਖਿਆ ਸੀ ਕਿ ਉਸਦੀਆਂ ਕਵਿਤਾਵਾਂ ਦੀ ਸ਼ਕਤੀ ਕੇਵਲ ਉਹਨਾਂ ਦੀ ਵਿਲੱਖਣਤਾ ਵਿਚ ਹੈ। ਕਿਸੇ ਹੋਰ ਥਾਂ ਇਕ ਇੰਟਰਵਿਊ ਵਿਚ ਵੀ ਉਸਨੇ ਕਿਹਾ ਸੀ ਕਿ ਉਸਨੂੰ ‘ਲਗਦੈ ਕਿ ਉਸਦੇ ਵਿਚ ਕੋਈ ਵਿਲੱਖਣਤਾ ਹੈ ਤਾਂ ਸਹੀ। ਇਹ ਉਸਦੇ ਸੁਚੇਤ ਕਵੀ ਹੋਣ ਦਾ ਹੀ ਪ੍ਰਮਾਣ ਹੈ ਕਿ ਉਸਨੇ ਨਾ ਕੇਵਲ ਵਾਰਤਕ ਲਿਖਤਾਂ ਵਿਚ ਕਵਿਤਾ ਦੇ ਆਪਣੇ ਸੰਕਲਪ ਬਾਰੇ ਅਤੇ ਆਪਣੀ ਕਵਿਤਾ ਦੀ ਸਵੈ-ਪੜਚੋਲ ਬਾਰੇ ਕਾਫ਼ੀ ਕੁਝ ਲਿਖਿਆ ਹੈ, ਸਗੋਂ ਆਪਣੀ ਕਾਵਿ-ਰਚਨਾ ਵਿਚ ਵੀ ਕਵਿਤਾ ਬਾਰੇ ਬਹੁਤ ਭਾਵਪੂਰਤ ਗੱਲਾਂ ਕੀਤੀਆਂ ਹਨ। ਇਹ ਕਾਵਿ-ਬੋਲ ਵੀ ਦ੍ਰਿਸ਼ਟੀ ਤੇ ਕਲਾ ਪੱਖੋਂ ਪਾਸ਼ ਦੀ ਵਿਲੱਖਣਤਾ ਦੇ ਪ੍ਰਮਾਣ ਵਜੋਂ ਉਭਰਦੇ ਹਨ। ‘ਮੈਨੂੰ ਚਾਹੀਦੇ ਹਨ ਕੁਝ ਬੋਲ’, ‘ਸ਼ਬਦ ਕਲਾ ਤੇ ਕਵਿਤਾ’, ‘ਸੁਣੋ’, ‘ਹਾਂ ਉਦੋਂ’, ‘ਜਿਥੇ ਕਵਿਤਾ ਖ਼ਤਮ ਹੁੰਦੀ ਹੈ’, ‘ਜਿਥੇ ਕਵਿਤਾ ਖ਼ਤਮ ਨਹੀਂ ਹੁੰਦੀ’, ‘ਮੈਂ ਹੁਣ ਵਿਦਾ ਹੁੰਦਾ ਹਾਂ’, ‘ਤੈਨੂੰ ਪਤਾ ਨਹੀਂ—ਸ਼ੀਰਸ਼ਕ ਵਾਲੀਆਂ ਕਵਿਤਾਵਾਂ ਉਸਦੇ ਕਵੀ ਆਪੇ ਤੇ ਉਸਦੇ ਅਸਲੇ ਨਿਵੇਕਲੇ ਕਾਵਿ-ਮਨੋਰਥ ਦਾ ਕਲਾਮਈ ਪਰਿਚਯ ਹੀ ਤਾਂ ਹਨ :

ਇਹ ਗੀਤ ਮੈਂ ਉਹਨਾਂ ਗੁੰਗਿਆਂ ਨੂੰ ਦੇਣਾ ਹੈ

ਜਿਹਨਾਂ ਨੂੰ ਗੀਤਾਂ ਦੀ ਕਦਰ ਹੈ

(ਮੈਨੂੰ ਚਾਹੀਦੇ ਹਨ ਕੁਝ ਬੋਲ)

 

ਸ਼ਬਦ ਜੋ ਰਾਜਿਆਂ ਦੀ ਘਾਟੀ ‘ਚ ਨੱਚਦੇ ਹਨ

ਜੋ ਮਾਸ਼ੂਕ ਦੀ ਧੁੰਨੀ ਦਾ ਖੇਤਰ ਫਲ ਮਿਣਦੇ ਹਨ

ਜੋ ਮੇਜ਼ਾਂ ਉਤੇ ਟੈਨਿਸ ਵਾਂਗ ਰਿੜ੍ਹਦੇ ਹਨ

ਜੋ ਮੰਚਾਂ ਦੀ ਕੱਲਰ-ਭੋਂ ‘ਤੇ ਉਗਦੇ ਹਨ-ਕਵਿਤਾ ਨਹੀਂ ਹੁੰਦੇ

(ਸ਼ਬਦ, ਕਲਾ ਤੇ ਕਵਿਤਾ)

 

ਤੁਸੀਂ ਚਾਹੁੰਦੇ ਹੋ

ਅਸੀਂ ਮਹਿਕਦਾਰ ਸ਼ੈਲੀ ‘ਚ ਲਿਖੀਏ, ਫੁੱਲਾਂ ਦਾ ਗੀਤ

ਸੁੱਕੇ ਸਲ੍ਹਵਾੜ ‘ਚੋਂ ਲੱਭਦੇ ਹੋ, ਬਹਾਰ ਦੀ ਰੂਹ

ਕਿੰਨੀ ਗਲਤ ਥਾਂ ‘ਤੇ ਆ ਗਏ ਹੋ ਤੁਸੀਂ

(ਹਾਂ ਉਦੋਂ)

ਸਾਡੇ ਚੁਲ੍ਹੇ ਦਾ ਸੰਗੀਤ ਸੁਣੋ

ਸਾਡੀ ਦਰਦ-ਮੰਦਾਂ ਦੀ, ਪੀੜ-ਵਲ੍ਹੇਟੀ ਚੀਕ ਸੁਣੋ

ਮੇਰੀ ਪਤਨੀ ਦੀ ਫਰਮਾਇਸ਼ ਸੁਣੋ

ਮੇਰੀ ਬੱਚੀ ਦੀ ਹਰ ਮੰਗ ਸੁਣੋ

ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ

ਮੇਰੇ ਖੰਘਣ ਦੀ ਮਿਰਦੰਗ ਸੁਣੋ…..

ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ

ਪੜ੍ਹਿਆ-ਲਿਖਿਆ ਗੀਤ ਸੁਣੋ

(ਸੁਣੋ)

ਕਵਿਤਾ ਦੇ ਅਜਿਹੇ ਨਵੇਂ, ਰਵਾਇਤੀ ਸੋਚ ਨੂੰ ਅਕਾਵਿਕ ਜਿਹੇ ਜਾਪਦੇ, ਸੰਕਲਪ ਪੇਸ਼ ਕਰਦਾ ਹੋਇਆ ਅਤੇ ਕਵਿਤਾ ਤੋਂ ਨਵੀਆਂ ਮੰਗਾਂ ਕਰਦਾ ਹੋਇਆ ਪਾਸ਼, ਕਈ ਕੱਚਘਰੜ ਪ੍ਰਗਤੀਵਾਦੀਆਂ ਵਾਂਗ, ਇਸ ਵਹਿਮ ਦਾ ਸ਼ਿਕਾਰ ਨਹੀਂ ਸੀ ਕਿ ਕਵਿਤਾ ਹੀ ਸਮਾਜ ਦੇ ਸਾਰੇ ਮਸਲਿਆਂ ਦਾ ਹੱਲ ਕਰ ਸਕਦੀ ਹੈ। ਉਹ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਸੰਬੋਧਨ ਹੋ ਕੇ ਆਖਦਾ ਹੈ:

ਮਾਫ਼ ਕਰਨਾ ਮੇਰੇ ਪਿੰਡ ਦੇ ਯਾਰੋ

ਮੇਰੀ ਕਵਿਤਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ

(ਜਿਥੇ ਕਵਿਤਾ ਖ਼ਤਮ ਹੁੰਦੀ ਹੈ)

 

ਅਤੇ ਆਪਣੀ ਦੋਸਤ ਨੂੰ ਮੁਖਾਤਬ ਹੋ ਕੇ ਉਹ ਆਖਦਾ ਹੈ :

ਮੈਂ ਇਕ ਕਵਿਤਾ ਲਿਖਣੀ ਚਾਹੀ ਸੀ

ਤੂੰ ਜਿਸ ਨੂੰ ਸਾਰੀ ਉਮਰ ਪੜ੍ਹਦੀ ਰਹਿ ਸਕੇਂ

ਉਸ ਕਵਿਤਾ ਵਿਚ, ਮਹਿਕੇ ਹੋਏ ਧਣੀਏ ਦਾ ਜ਼ਿਕਰ ਹੋਣਾ ਸੀ

ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ

ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ

ਤੇ ਜੇ ਮੈਂ ਉਹ ਲਿਖ ਵੀ ਲੈਂਦਾ, ਉਹ ਸ਼ਗਨਾਂ ਭਰੀ ਕਵਿਤਾ

ਤਾਂ ਉਸਨੇ ਉਂਜ ਹੀ ਦਮ ਤੋੜ ਦੇਣਾ ਸੀ

ਤੈਨੂੰ ਤੇ ਮੈਨੂੰ ਤੇਰੀ ਛਾਤੀ ‘ਤੇ ਵਿਲਕਦਾ ਛੱਡਕੇ

ਮੇਰੀ ਦੋਸਤ ਕਵਿਤਾ ਬਹੁਤ ਨਿਸੱਤੀ ਹੋ ਗਈ ਹੈ….

(ਮੈਂ ਹੁਣ ਵਿਦਾ ਹੁੰਦਾ ਹਾਂ)

ਉਸਦੀ ਕਵਿਤਾ ਰਵਾਇਤੀ ਮਾਪ-ਦੰਡਾਂ ਤੋਂ ਏਨੀ ਦੂਰ ਹੈ ਕਿ ਉਹ ਖ਼ੁਦ ਪਰੰਪਰਾਗਤ ਕਵਿਤਾ ਤੇ ਕਾਵਿ-ਜਗਤ ਤੋਂ ਜਿਵੇਂ ਵਿਛੁੰਨਿਆ ਹੋਇਆ ਮਹਿਸੂਸ ਕਰਦਾ ਹੈ:

ਤੈਨੂੰ ਪਤਾ ਨਹੀਂ ਮੈਂ ਕਵਿਤਾ ਕੋਲ ਕਿਵੇਂ ਜਾਂਦਾ ਹਾਂ

ਕੋਈ ਪੇਂਡੂ ਰਕਾਨ ਘਸ ਚੁੱਕੇ ਫੈਸ਼ਨ ਦਾ ਨਵਾਂ ਸੂਟ ਪਾਈ

ਜਿਵੇਂ ਭਵੈਤਰੀ ਹੋਈ ਸ਼ਹਿਰ ਦੀਆਂ ਹੱਟੀਆਂ ‘ਤੇ ਚੜ੍ਹਦੀ ਹੈ

(ਤੈਨੂੰ ਪਤਾ ਨਹੀਂ)

ਇਸ ਤਰ੍ਹਾਂ ਦੇ ਨਵੇਂ ਕਾਵਿਕ ਮਾਪ-ਦੰਡਾਂ ਨੂੰ ਲੈ ਕੇ ਜਦੋਂ ਪਾਸ਼ ਨੇ ਕਵਿਤਾ ਦੇ ਜਗਤ ਵਿਚ ਪ੍ਰਵੇਸ਼ ਕੀਤਾ ਤਾਂ ਇਕ ਧਮਾਕਾ ਪੈਣਾ ਕੁਦਰਤੀ ਸੀ । ਉਸ ਨੇ ਜੋ ਕੁਝ ਲਿਖਿਆ ਤੇ ਜਿਵੇਂ ਲਿਖਿਆ, ਉਸ ਨਾਲ ਪਹਿਲਾਂ ਲਿਖੀ ਜਾ ਰਹੀ ਹਰ ਪ੍ਰਕਾਰ ਦੀ ਪ੍ਰਯੋਗਸ਼ੀਲ, ਆਧੁਨਿਕ ਅਤੇ ਏਥੋਂ ਤਕ ਕਿ ਪ੍ਰਗਤੀਵਾਦੀ ਕਵਿਤਾ ਨੂੰ ਵੀ, ਚੌਂਕਾ ਕੇ ਰੱਖ ਦਿੱਤਾ।

ਦੇਸ਼ ਦੀ ਪ੍ਰਾਪਤ ਰਾਜਨੀਤਕ, ਸਮਾਜਕ ਵਿਵਸਥਾ ਦੇ ਅਮਾਨਵੀ ਸਰੂਪ ਅਤੇ ਉਸਦੀਆਂ ਕਦਰਾਂ-ਕੀਮਤਾਂ ਵਿਰੁੱਧ ਭਰਵਾਂ ਰੋਹ ਤੇ ਵਿਦਰੋਹ ਪਾਸ਼ ਦੀ ਕਵਿਤਾ ਦਾ ਪਛਾਣ-ਚਿੰਨ੍ਹ ਹੈ। ਭਾਵੇਂ ਉਸਦੀ ਇਸ ਵਿਦਰੋਹੀ ਸੁਰ ਵਿਚੋਂ ਪ੍ਰਗਤੀਵਾਦੀ ਧਾਰਾ ਦੀ ਕਵਿਤਾ ਵੀ ਸੁਣੀ ਜਾ ਸਕਦੀ ਹੈ, ਤਦ ਵੀ ਭਰਵੇਂ ਵਿਦਰੋਹ ਦੀ ਇਹ ਸੁਰ ਏਨੀ ਨਿਵੇਕਲੀ ਤੇ ਬਲਵਾਨ ਹੈ ਕਿ ਇਹ ਆਪਣੀ ਮੌਲਿਕਤਾ ਸਦਕਾ ਇਕ ਦਮ ਪਾਠਕ ਸਰੋਤੇ ਨੂੰ ਆਪਣੇ ਵੱਲ ਆਕਰਸ਼ਤ ਕਰ ਲੈਂਦੀ ਹੈ। ਪਾਸ਼ ਦੇਸ਼ ਅਤੇ ਦੇਸ਼-ਭਗਤੀ ਦੇ ਪ੍ਰਚਲਿਤ ਅਰਥਾਂ ਨੂੰ ਚੁਣੌਤੀ ਦਿੰਦਾ ਹੈ। ਉਸ ਨੂੰ ਅਜਿਹੇ ਦੇਸ਼ ਦੀ ਸੁਰਖਿਅਤਾ ਤੋਂ ਖ਼ਤਰਾ ਹੈ ਕਿ ਜਿਥੇ ਬੇਜ਼ਮੀਰੀ ਜ਼ਿੰਦਗੀ ਦੀ ਸ਼ਰਤ ਬਣਦੀ ਹੈ। ਉਸਦਾ ਦਿਲ ਕਰਦਾ ਹੈ ਕਿ ਅਜਿਹੇ ਦੇਸ਼ ਵਿਚ ਕੌਮੀ ਏਕਤਾ ਦੀ ਗੱਲ ਕਰਨ ਵਾਲਿਆਂ ਦੀ ਟੋਪੀ ਉਹ ਹਵਾ ਵਿਚ ਉਛਾਲ ਦੇਵੇ। ਉਹ ਉਸ ਭਗੌੜੀ ਜੁੰਡੀ ਵਿਰੁੱਧ ਰੋਹ ਨਾਲ ਭਰਿਆ-ਪੀਤਾ ਹੈ, ਜਿਸਨੇ ਉਸ ਅਨੁਸਾਰ ਖੇਤਾਂ ਦਾ ਗਰਭਪਾਤ ਕੀਤਾ ਹੈ। ਦਿੱਲੀ ਦੇ ਗੋਲ ਪਰਬਤ ਯਾਨੀ ਸੰਸਦ ਭਵਨ ‘ਚੋਂ ਉਸ ਨੂੰ ਕੋਝ ਦੀ ਨਦੀ ਸਿੰਮਦੀ ਨਜ਼ਰ ਆਉਂਦੀ ਹੈ। ਭਾਰਤੀ ਲੋਕਤੰਤਰ ਉਸਨੂੰ ਇਕ ਉਪਹਾਸ ਨਾਟਕ ਪ੍ਰਤੀਤ ਹੁੰਦਾ ਹੈ। ਦਿੱਲੀ, ਲਾਲ ਕਿਲਾ, ਸੰਸਦ ਭਵਨ, ਵੱਡੇ ਸ਼ਹਿਰ ਅਤੇ ਹੁਕਮਰਾਨ ਪਾਸ਼ ਲਈ ਮਾਨਵ-ਵਿਰੋਧੀ ਵਿਵਸਥਾ ਦੇ ਪ੍ਰਤੀਕ ਹਨ, ਜਿਨ੍ਹਾਂ ਵਿਰੁੱਧ ਉਹ ਘਿਰਣਾ ਨਾਲ ਨੱਕੋ-ਨੱਕ ਭਰਿਆ ਪਿਆ ਹੈ। ਨਕਸਲਵਾਦ ਦੀ ਪ੍ਰਚੰਡ ਜੁਝਾਰੂ ਭਾਵਨਾ ਅਨੁਸਾਰ ਉਹ, ਆਪਣੀ ਜਿੱਤ ਤੇ ਵਿਸ਼ਵਾਸ ਵਿਚ, ਇਹਨਾਂ ਉਤੇ ਹੱਲਾ ਬੋਲਣ ਦੀ ਤਿਆਰੀ ਕਰਦਾ ਹੈ :

ਦੇਖਿਓ ਹੁਣ,

ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲ

ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ

ਨਿਗਲ ਜਾਣ ਲਈ ਆ ਪਹੁੰਚੇ ਹਨ

(ਗਲੇ-ਸੜੇ ਫੁੱਲਾਂ ਦੇ ਨਾਂ)

ਤੁਸੀਂ ਜਿਸ ਦੇ ਆਦੀ ਹੋ

ਇਹ ਸੁਫ਼ਨਿਆਂ ਭਰੀ ਉਹ ਰਾਤ ਨਹੀਂ

ਇਹ ਰਾਤ ਹਨੇਰੇ ਦਾ ਖੂਨ ਕਰਕੇ

ਪੂਰਬ ਵੱਲ ਨੂੰ ਤੁਰੀ ਜਾਂਦੀ ਵਹਿਸ਼ੀ ਕੁੜੀ ਹੈ

(ਪ੍ਰਤਿਗਿਆ)

ਇਸ ਵਾਰ ਪਾਪ ਦੀ ਜੰਝ ਬੜੀ ਦੂਰੋਂ ਆਈ ਹੈ

ਪਰ ਅਸਾਂ ਬੇਰੰਗ ਮੋੜ ਦੇਣੀ ਹੈ 

ਅਸੀਂ ਲੋਹੇ ਦੇ ਪਾਣੀ ਦੀ ਵਰਖਾ ਕਰਨ ਲੱਗੇ ਹਾਂ

(ਸ਼ਰਧਾਂਜਲੀ)

ਤੁਸੀਂ ਲੋਹੇ ਦੀ ਕਾਰ ਝੂਟਦੇ ਹੋ

ਮੇਰੇ ਕੋਲ ਲੋਹੇ ਦੀ ਬੰਦੂਕ ਹੈ

(ਲੋਹਾ)

ਵਕਤ ਆ ਗਿਆ ਹੈ, ਵਿਚਾਰਾਂ ਦੀ ਲੜਾਈ

ਮੱਛਰਦਾਨੀ ਵਿਚੋਂ ਬਾਹਰ ਹੋ ਕੇ ਲੜੀਏ

(ਪ੍ਰਤਿਗਿਆ)

 

ਤੁਸੀਂ ਮੈਨੂੰ ਕੁਝ ਹੱਕ ਬਖਸ਼ੇ ਹਨ

ਘਰ ਤੋਂ ਜਲਾਵਤਨੀ ਦਾ, ਰੋਟੀ ਲਈ ਮਿੱਟੀ ਹੋਣ ਦਾ

ਮਹਿਬੂਬ ਦੇ ਗ਼ਮਾਂ ‘ਚ ਦੀਦੇ ਖੋਣ ਦਾ

ਪਰ ਇਕ ਹੱਕ ਹੋਰ ਹੁੰਦਾ ਹੈ

ਜੋ ਬਖਸ਼ਿਆ ਨਹੀਂ ਸਿਰਫ ਖੋਹਿਆ ਜਾਂਦਾ ਹੈ

(ਦਾਨ)

 

ਮੈਂ ਹੁਣ ਖ਼ੂਬਸੂਰਤ ਪੈਡ ਲੂਹ ਦਿੱਤੇ ਹਨ।

ਤੇ ਕਲਮ ਨੂੰ ਸੰਗੀਨ ਲਾ ਕੇ

ਜੇਲ੍ਹ ਦੀਆਂ ਕੰਧਾਂ ‘ਤੇ ਲਿਖਣਾ ਲੋਚਦਾ ਹਾਂ

(ਖੂਬਸੂਰਤ ਪੈਡ ਕੰਧਾਂ ਜੇਲ੍ਹ ਦੀਆਂ)

 

ਅਜੇ ਮੈਂ ਉਸਤਰੇ ਨਾਈਆਂ ਦੇ ਖੰਜਰ ‘ਚ ਬਦਲਨੇ ਹਨ

ਅਜੇ ਰਾਜਾਂ ਦੀ ਕੰਡੀ ‘ਤੇ ਮੈਂ ਲਿਖਣੀ ਵਾਰ ਚੌਡੀ ਦੀ

ਚਮਕਦੇ ਨਾਅਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ

ਹੈ ਭਿੱਜ ਕੇ ਜ਼ਹਿਰ ਵਿਚ ਫਿਰਨੀ, ਅਜੇ ਤਾਂ ਆਰ ਮੋਚੀ ਦੀ

ਕ੍ਰਾਂਤੀ ਜਦ ਆਈ ਤਾਂ

ਤੁਹਾਨੂੰ ਵੀ ਤਾਰੇ ਦਖਾ ਦਏਗੀ

(ਖੁੱਲ੍ਹੀ ਚਿੱਠੀ)

ਇਸ ਤਰ੍ਹਾਂ ਦਾ ਪ੍ਰਚੰਡ ਰੋਹ ਅਤੇ ਸੰਘਰਸ਼ ਦਾ ਦਾਈਆ ਮੁੱਖ ਤੌਰ ‘ਤੇ ਉਸਦੇ ਰਚਨਾ- ਕਾਲ ਦੇ ਪਹਿਲੇ ਦੌਰ ਦੀ ਉਪਜ ਹੈ। ਇਸ ਵਿਚ ਤੱਤੇ ਖੂਨ ਤੇ ਕਿਸ਼ੋਰ ਜਜ਼ਬਿਆਂ ਦੀ ਬਹੁਲਤਾ ਹੈ। ਜੁਝਾਰ ਕਵੀ ਹੋਣ ਦੇ ਆਪਣੇ ਇਸ ਬਿੰਬ ਨੂੰ ਪਾਸ਼ ਭਾਵੇਂ ਅਖ਼ੀਰ ਤਕ ਬਣਾਈ ਰੱਖਦਾ। ਹੈ, ਪਰ ਮਗਰਲੇ ਪੜਾਅ ਦੀ ਇਸ ਭਾਂਤ ਦੀ ਰਚਨਾ ਵਿਚ ਵੀ ਇਕ ਠਰੰਮਾ ਤੇ ਗਹਿਰ- ਗੰਭੀਰਤਾ ਹੈ। ਉਸਦਾ ਸਵੈ-ਕਥਨ ਹੈ: “ਪਹਿਲਾਂ ਪਹਿਲ ਸਾਡੇ ਕੋਲ ਇਕ ਕਾਹਲ ਸੀ, ਲਹਿਰ ਦਾ ਸ਼ੋਰ ਸੀ, ਵਿਚਾਰਧਾਰਾ ਦੀ ਇਕ ਤੱਥ-ਭੜੱਥੀ ਸਮਝ ਸੀ… ‘ਲੋਹ ਕਥਾ’ ਵਿਚ ਮੇਰਾ ਸਮੁੱਚਾ ਰਾਜਨੀਤਕ ਅਨੁਭਵ ਕਚੇਰਾ ਸੀ । ਉਦੋਂ ਮੇਰੇ ਵਿਚ ਨਾਅਰੇਬਾਜ਼ੀ ਦੀ ਸੁਰ ਸੀ। ਜਿਵੇਂ-ਜਿਵੇਂ ਮੇਰੀ ਅਨੁਭਵ ਕਰਨ ਦੀ ਸਮਰੱਥਾ ਵਿਸ਼ਾਲ ਹੁੰਦੀ ਗਈ, ਤਿਵੇਂ-ਤਿਵੇਂ ਜੋ ਕੁਝ ਮੈਂ ਕਹਿਣਾ ਹੈ, ਉਸ ’ਚ ਡੂੰਘਾਈ ਤੇ ਸਫ਼ਾਈ ਆਉਂਦੀ ਗਈ…. ਪਹਿਲੀ ਕਿਤਾਬ ਵਿਚ ਮੇਰੇ ਰੋਹ ਦਾ ਕਥਾਰਸਿਸ ਸੀ, ਦੂਜੀ ਕਿਤਾਬ ਵਿਚ ਲਹਿਰ ਦਾ ਖੁਰਦਰਾ ਅਨੁਭਵ ਮੇਰੀ ਚੇਤੰਨਤਾ ਵਿਚ ‘ਪ੍ਰਗਟਾ ਨਹੀਂ ਸਕਿਆ।” ਘੁਲ-ਮਿਲ ਗਿਆ ਸੀ .. ਇਸ ਵਿਚ ਇਕ ਪ੍ਰਤੀਕਰਮ ਹੈ, ਵਿਸ਼ਲੇਸ਼ਣ ਹੈ। ਆਖ਼ਰੀ ਪੁਸਤਕ ਵਿਚ ਪਹਿਲੀਆਂ ਦੋਨਾਂ ਦੇ ਮੁਕਾਬਲੇ ‘ਤੇ ਵਿਕਾਸ ਤਾਂ ਹੋਇਆ। ਪਰ ਜਿੰਨੀ ਮੇਰੇ ਅੰਦਰ ਕਵਿਤਾ ਦੀ ਸੋਝੀ ਸੀ, ਅਕਵਰਨਾਤਮਕ ਸਵੈ-ਕਥਨਾਂ ਵਿਚੋਂ ਇਕ ਅਜਿਹੇ ਸੰਗਾਊ ਜਿਹੇ ਪੇਂਡੂ ਮੁੰਡੇ ਸੀ, ਪਕੜ ਸੀ, ਉਸ ਪੱਧਰ ਤਕ ਮੈਂ ਆਪਣੇ ਅਨੁਭਵ ਨੂੰ ਇਸ ਤਰਾਂ ਦੇ ਤੇ ਨਿਸ਼ਕਪਟਤਾ ਤਾਂ ਝਲਕਦੀ ਹੀ ਹੈ, ਜੋ ਆਪਣੇ ਖ਼ਿਲਾਫ਼ ਹੀ ਜਾਂਦੀ ਸੱਚੀ ਗੱਲੇ ਸਾਹਮਣੇ ਲਿਆਉਣ ਤੋਂ ਨਹੀਂ ਡਰਦਾ-ਪਰ ਇਹਨਾਂ ਕਥਨਾਂ ਵਿਚ ਨਿਰਮਾਣਤਾ ਦਾ ਐਲ ਕੁਝ ਜਿਆਦਾ ਹੀ ਭਾਰੂ ਹੈ। ਨਹੀਂ ਤਾਂ ਇਹ ਹੁਣ ਤਕ ਵਿਆਪਕ ਪੱਧਰ ‘ਤੇ ਪ੍ਰਵਾਨਤਾ ਰੱਥ ਹੈ ਕਿ ਪਾਸ਼ ਦੀ ਇਸ ਪ੍ਰਚੰਡ ਰਾਜਨੀਤਕ ਸੁਰ ਨੇ ਹੀ ਪੰਜਾਬੀ ਕਵਿਤਾ ਵਿਚੋਂ ਜਮੂਦ ਡੁੱਬ ਹੈ ਕਿ ਬੇਸ਼ਤਮ ਕਰਨ ਦਾ ਕਾਰਜ ਨਿਭਾਇਆ। ਹਾਂ, ਇਹ ਪ੍ਰਵਾਨ ਕਰਨਾ ਬਣਦਾ ਹੈ ਵੀ ਸਥਿਤੀ ਇਹ ਪ੍ਰਚੰਡ ਰਾਜਨੀਤਕ ਸੁਰ ਮਗਰਲੇ ਪੜਾਅ ਵਿਚ ਕਈ ਹੋਰ ਦਿਸ਼ਾਵਾਂ ਵਿਚੋਂ ਦੀ ਹੋਈ ਇਕ ਵਿਦਰੋਹ ਦੀ ਇਸ ਪ੍ਰਚੰਡ-ਸੁਰ ਦਾ ਕਾਵਿ-ਸ਼ਿਲਪ ਦੇ ਪੱਖ ਤੋਂ ਪ੍ਰਸੰਸਨੀ ਫ਼ੈਲਦੀ ਹੋਈ ਇਕ ਗਹਿਰਾਈ ਗ੍ਰਹਿਣ ਕਰਦੀ ਹੈ। ਪੰਖ ਇਪਾਸ ਵੀ ਇਸ ਵਿਚ ਜੋ ਸ਼ਬਦਾਵਲੀ ਤੇ ਬਿੰਬ ਵਿਧਾਨ ਜਿਸ ਨਿਵੇਕਲੇ ਰੂਪ ਵਿਚ ਵਰਤੋਂ ਵਿੱਚ ਇਹਇਆ ਹੈ, ਉਹ ਸਾਡੇ ਸਾਧਾਰਨ ਜੀਵਨ ਦੇ ਬਹੁਤ ਜਾਣੇ-ਪਛਾਣੇ ਯਥਾਰਥ ਦਾ ਹਿੱਸਾ ਵਿਚ ਆਇਅਦ ਪੰਜਾਬੀ ਕਵਿਤਾ ਵਿਚ ਪਹਿਲੀ ਵਾਰ ਪ੍ਰਵੇਸ਼ ਕਰਦਾ ਹੈ। ਇਹ ਹੈਰਾਨੀ ਭਰੀ ਖੁਸ਼ੀ ਹੁੰਦੀ ਹੈ ਕਿ ਉਹ ਸ਼ਬਦ, ਉਹ ਵਸਤਾਂ, ਉਹ ਦ੍ਰਿਸ਼, ਜੋ ਲੋਕਾਂ ਨਾਲ ਨੇੜਤਾ ਦੇ ਦਾਅਵੇ ਖ਼ੁਸ਼ੀ ਹੁੰਦਏ, ਪ੍ਰਗਤੀਵਾਦੀ ਕਵਿਤਾ ਵੱਲੋਂ ਵੀ ਅਣ-ਗੌਲਿਆ ਕੀਤੇ ਜਾਂਦੇ ਰਹੇ, ਉਹ ਪਾਸ਼ ਵੀ ਕਾਰਵ-ਸਮੱਗਰੀ ਬਣਦੇ ਹੋਏ ਆਪਣੀ ਅਥਾਹ ਸ਼ਕਤੀ ਦਾ ਵਿਖਾਵਾ ਕਰਦੇ ਹਨ।

ਪਾਸ਼ ਦੇ ਅਸਲੋਂ ਨਵੇਂ ਬਿੰਬ ਤੇ ਅਲੰਕਾਰ ਬਿਲਕੁਲ ਨਵੇਂ ਅਨੁਭਵ ਦੀ ਕਲਾਤਮਕ ਪੇਸ਼ਕਾਰੀ ਦਾ ਮਾਧਿਅਮ ਬਣਦੇ ਹਨ : ‘ਰਾਤ ਹੁਣ ਸੀਰੀ ਦੇ ਕਾਲੇ ਸ਼ਾਹ ਬੁੱਲ੍ਹਾਂ ਵਰਗੀ ਹੈ। ਪੇਰਆਜਦੀ ਝੀਰੀ ਦੀਆਂ ਉਂਗਲਾਂ ‘ਚੋਂ ਰਾਗ ਸਿੰਮਦਾ ਹੈ। ਵਿਦਿਆ ਮਨੁੱਖ ਦੀ ਤੀਜੀ ਅੱਖ ਹੀ ਨਹੀਂ ਸਗੋਂ ਦੋ ਅੱਖਾਂ ਦਾ ਟੀਰ ਹੈ। ਅਖੌਤੀ ਜਮਹੂਰੀਅਤ ਵਿਚਲਾ ਸਾਧਾਰਨ ਮਨੁੱਖ ਇੱਲ ਦੇ ਪੰਜਿਆਂ ‘ਚ ਉਡ ਰਿਹਾ ਆਜ਼ਾਦ ਚੂਹਾ ਹੈ। ਸ਼ਾਂਤੀ ਗੋਡਿਆਂ ‘ਚ ਸਿਰ ਦੇ ਕੇ ਜ਼ਿੰਦਗੀ ਨੂੰ मुढ़ते ‘ਚ ਵੇਖਣ ਦਾ ਯਤਨ ਹੈ। ਗੰਨੇ ਕਿਸੇ ਗਰੀਬੜੀ ਦੀ ਹਿੱਕ ਵਾਂਗ ਪਿਚਕਦੇ ਹਨ। ਕਚਹਿਰੀਆਂ, ਬੱਸ ਅੱਡਿਆਂ ਤੇ ਪਾਰਕਾਂ ਵਿਚ ਸੌ-ਸੌ ਦੇ ਨੋਟ ਤੁਰੇ ਫਿਰਦੇ ਹਨ। ਖੇਤਾਂ ਦਾ ਪੁੱਤਰ ਰੁੱਖਾਂ ਦੇ ਪਰਛਾਵਿਆਂ ਨਾਲ ਵਕਤ ਮਿਣਦੇ ਹਨ। ਘਰੇਲੂ ਆਦਮੀ ਨਿੱਕ-ਸੁੱਕ ਵਿਚ ਖਿਲਰੇ ਘਰ ਨੂੰ ਸਾਂਭਦਾ-ਸਮੇਟਦਾ ਮਰ ਜਾਂਦਾ ਹੈ। ਸੁਫ਼ਨੇ ਬੁੱਢੇ ਬਲਦ ਦੇ ਉਚੜੇ ਹੋਏ ਕੰਨ੍ਹੇ ਵਰਗ ਹਨ।

ਇੰਝ ਹੀ ਲਗਭਗ ਪਹਿਲੀ ਵਾਰ ਪੰਜਾਬੀ ਕਵਿਤਾ ਵਿਚ ਕੋਠਿਆਂ, ਸੁੱਕਦੀਆਂ ਸੁਨਹਿਰੀ ਛੱਲੀਆਂ ਅਤੇ ਚਾਂਦਨੀ ਤੇਲ ਰਾਤ ਨਾਲ ਪੱਥੇ ਹੋਏ ਗੋਹੇ ਉਤੇ ਉਕਰੀਆਂ ਉਂਗਲਾਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਸੁਹਾਗੀ ਹੋਈ ਵੱਤਰ ਭੋਂ, ਚਰੀਆਂ, ਧਰੇਕਾਂ, ਕਪਾਹ, ਕਣਕ ਦੇ ਵੱਢ ਵਿਚ ਕਿਰੇ ਛੋਲਿਆਂ, ਉਦਾਸ ਬਾਜਰੇ, ਸਰ੍ਹੋਂ ਦੇ ਫੁੱਲਾਂ, ਗੰਨਿਆਂ, ਮੂਲੀਆਂ, ਟੇਕ ਦੇ ਢੇਰਾਂ ਦੇ ਨਾਲ- ਨਾਲ ਟਿੱਬੇ, ਕੰਡਿਆਲੀ ਥੋਹਰ, ਪਿੱਪਲ, ਢਾਬ, ਮੈਰੇ, ਕਾਹੀ, ਅਵਾਰਾ ਵੱਗ, ਖਾਰੇ ਖੂਹ, ਉਗਾਲੀ ਕਰਦੇ ਪਸ਼ੂ, ਬਲਦਾਂ ਦੀਆਂ ਟੱਲੀਆਂ, ਟੋਕੇ ‘ਤੇ ਰੁੱਗ ਲਾ ਰਹੇ ਕਾਮਿਆਂ ਤੇ ਟੁੱਟੇ ਹੋਏ ਟੋਕਰਿਆਂ, ਅਹਿਰਨਾਂ, ਸਿਆੜਾਂ, ਕਿੱਕਰਾਂ ਤੇ ਕਿੱਕਰ ਦੇ ਬੀਆਂ ਦੀ ਝਲਕ ਆਪਣੇ ਨਵੇਂ-ਨਵੇਲੇ ਰੂਪ ਵਿਚ ਕੁਝ ਇਸ ਤਰ੍ਹਾਂ ਸਾਹਵੇਂ ਆਉਂਦੀ ਹੈ ਕਿ ਪਾਸ਼ ਦੀ ਵਿਲੱਖਣਤਾ ਦਾ ਸਹਿਜੇ ਹੀ ਆਭਾਸ ਕਰਾ ਜਾਂਦੀ ਹੈ। ਪਾਸ਼ ਅਲੰਕਾਰਾਂ ਦੇ ਓਵਰਕੋਟ ਨਹੀਂ ਪਹਿਨਦਾ। ਲੁਭਾਵਣੇ ਜਾਂ ਕੇਤੇ ਦ੍ਰਿਸ਼ ਨੂੰ ਚਿਤਰਨ ਲਈ ਬਿੰਬ ਤੇ ਅਲੰਕਾਰ ਸਹਿਜ ਰੂਪ ਵਿਚ, ਜਿਵੇਂ ਆਪਣੇ ਆਪ ਹੀ, ਉਸ ਕੋਲ ਪੁੱਜ ਜਾਂਦੇ ਹਨ : ਸੁੱਕਦੀ ਜਾ ਰਹੀ ਸੌਣੀ, ਖੁਰਲੀ ਬੱਝਿਆ ਬਲਦ, ਅਮਲੀ ਦਾ ਹਉਕਾ, ਸਿਉਂਕ ਖਾਧੇ ਬੂਹੇ ਦੀ ਚੁਗਾਠ, ਬਾਂਝ ਔਰਤ ਦਾ ਚੁਰਾਹੇ ‘ਚ ਕੀਤਾ ਟੂਣਾ, ਦੁਸਮਣ ਵੱਲੋਂ ਵਾਹਣਾਂ ਵਿਚ ਬੁਲਾਇਆ ਬੱਕਰਾ, ਰਾਜਸੀ ਹਿੰਸਾ ਦੀ ਸ਼ਿੰਗਾਰੀ ਘੋੜੀ, ਮੂਤ ਦੇ ਫੰਬੇ ‘ਚ ਲਿਪਟੀ ਹੋਈ ਉਂਗਲ, ਛੱਪੜ ‘ਚ ਤਰਦਾ ਨਿੰਮਲ ਦੁਪਹਿਰਾ, ਢੱਠੇ ਹੋਏ ਘਰ ਦੇ ਮਲਬੇ ਬਾਕਦਾ ਆਲਾ, ਸੜੇ ਹੋਏ ਪ੍ਰੇਮ-ਪੱਤਰ ‘ਚੋਂ ਬਚਿਆ ਹਰਫ਼, ਵਿਗੜੇ ਰਹਿੰਦੇ ਇੰਜਣ ਦੀ ਤਕਾਵੀ-ਸਭ ਪਾਸ਼ ਦੀ ਕਵਿਤਾ ਵਿਚ ਬਿੰਬਾਂ ਤੇ ਅਲੰਕਾਰਾਂ ਦਾ ਕੰਮ ਸਾਰਦੇ ਹਨ। ਇਹਨਾਂ ਰਾਹੀਂ ਉਹ ਪਿੰਡ ਦੇ ਖਰ੍ਹਵੇ ਯਥਾਰਥ ਨੂੰ ਕਵਿਤਾ ਦਾ ਜਾਮਾ ਪੁਆਉਂਦਾ ਹੈ—ਇਹ ਗੱਲ ਵੱਖਰੀ ਹੈ ਕਿ ਕਵਿਤਾ ਦੇ ਕਿਸੇ ਪੁਰਾਣੇ ਰਸੀਏ ਲਈ ਇਹ ਸਾਰਾ ਕੁਝ ਕਵਿਤਾ ਨਾਲ ਦੁਰਾਚਾਰ ਜਾਂ ਉਸਦਾ ਨਿਰਾਦਰ ਜਾਪੇ। ਉਂਜ ਇਹ ਪਾਸ਼ ਦੀ ਬਿੰਬਾਵਲੀ ਦੀ ਮੌਲਿਕਤਾ ਦਾ ਹੀ ਕ੍ਰਿਸ਼ਮਾ ਹੈ ਕਿ ਉਹ ਕਠੋਰ ਯਥਾਰਥ ਦੀ ਖਰ੍ਹਵੀ ਪੇਸ਼ਕਾਰੀ ਦੇ ਨਾਲ ਨਾਲ ‘ਸਿੰਜੀ ਰਾਤ ਵਿਚ ਲਗਰ-ਲਗਰ ਖਿੜਦੀ ਸਵੇਰ’ ਜਾਂ ‘ਰਾਤ ਦੀ ਰੋ-ਰੋ ਸੁੱਜੀ ਅੱਖ’ ਵਰਗੇ ਸ਼ਬਦ-ਚਿੱਤਰ ਵੀ ਅੱਖਾਂ ਸਾਹਵੇਂ ਲਟਕਾਉਂਦਾ ਹੈ । 

ਪਾਸ਼ ਨੂੰ ਤੌਖਲਾ ਸੀ ਕਿ ਆਪਣੇ ਪਿੰਡ ਦੇ ਜੀਵਨ ਦੇ ਯਥਾਰਥ ਨੂੰ ਚਿਤਰਨ ਤਕ ਸੀਮਤ ਰਹਿ ਕੇ ਕਿਤੇ ਉਹ ਬਹੁਤ ਹੀ ਸੀਮਤ ਜਿਹੇ ਘੇਰੇ ਵਿਚ ਵਿਚਰਨ ਤੇ ਸੀਮਤ ਜਿਹੀ ਗੱਲ ਕਰਨ ਵਾਲਾ ਕਵੀ ਹੀ ਨਾ ਬਣਕੇ ਰਹਿ ਜਾਵੇ। ਇਸ ਲਈ ਉਸਨੇ ਪਾਬਲੋ ਨੈਰੂਦਾ ਤੇ ਨਾਜ਼ਮ ਹਿਕਮਤ ਵਰਗੇ ਸੰਸਾਰ-ਪ੍ਰਸਿੱਧ ਕਵੀਆਂ ਦੀ ਰਚਨਾ ਨੂੰ ਪੜ੍ਹਿਆ ਤੇ ਮਾਣਿਆ ਹੀ ਨਹੀਂ, ਵਸੀਹ ਪੱਧਰ ‘ਤੇ ਅਧਿਐਨ ਕਰਨ ਦੇ ਨਾਲ ਨਾਲ ਆਪਣੇ ਅਨੁਭਵ-ਖੇਤਰ ਨੂੰ ਵਿਸ਼ਾਲ ਕਰਨ ਦਾ ਯਤਨ ਕੀਤਾ। ਇਸ ਸੁਚੇਤ ਯਤਨ ਦੇ ਬਾਵਜੂਦ ਜਿਵੇਂ ਉਹ ਪਿੰਡ ਦੇ ਸਾਧਾਰਨ ਲੋਕਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੀਆਂ ਤੰਗੀਆਂ-ਤੁਰਸ਼ੀਆਂ, ਤੋਟਾਂ-ਤ੍ਰਿਪਤੀਆਂ ਦੀ ਗੱਲ ਕਰਦਾ ਹੈ, ਉਹ ਉਸਦੇ ਅਨੁਭਵ ਦੀ ਲਘੂਤਾ ਦਾ ਨਹੀਂ ਸਗੋਂ ਯਥਾਰਥ ਦੀ ਡੂੰਘੀ ਸੋਝੀ ਦਾ ਸਬੂਤ ਹਨ। ਖੁਸ਼ੀਆ ਚੂਹੜਾ, ਧੁੰਮਾ ਤਰਖਾਣ, ਜਗੀਰ ਦਰਜੀ, ਚਰਨਾ ਅਮਲੀ, ਦਰਸ਼ੂ ਦਿਹਾੜੀਆ, ਪਿਆਰਾ ਨਾਈ, ਮਰੋ ਦਾਈ, ਧਰਮੋ ਫੌਜਣ, ਟੁੰਡਾ ਹੌਲਦਾਰ, ਮੋਹਣਾ ਲੁਹਾਰ, ਮਹਿੰਦਰ ਵਾਗੀ, ਬੀਰੂ ਬੱਕਰੀਆਂ ਵਾਲਾ, ਬੁੱਢਾ ਮੋਚੀ ਤੇ ਬਜ਼ੁਰਗ ਤੁਲਸੀ ਉਸਦੀ ਕਵਿਤਾ ਵਿਚ ਮਹਿਜ਼ ਪਿੰਡ ਤਲਵੰਡੀ ਸਲੇਮ ਦੇ ਕੁਝ ਖ਼ਾਸ ਵਿਅਕਤੀ ਹੀ ਨਹੀਂ, ਇਹ ਸਭ ਆਮ ਲੋਕਾਈ ਦੇ ਪ੍ਰਤੀਨਿਧ ਪਾਤਰ ਹਨ, ਜਿਨ੍ਹਾਂ ਦੀ ਕਵਿਤਾ ਬਣਾਉਣਾ ਤੇ ਜਿਨ੍ਹਾਂ ਲਈ ਕਵਿਤਾ ਬਣਾਉਣਾ ਪਾਸ਼ ਦਾ ਉਦੇਸ਼ ਹੈ।

ਐਪਰ ਬੌਧਿਕ ਚਿੰਤਨ ਦੇ ਮਾਮਲੇ ਵਿਚ ਸੁਚੇਤ ਯਤਨ ਦੇ ਬਾਵਜੂਦ ਅਸਲੋ ਅਸਲੀ ਪਾਸ਼ ਕਵੀ ਹੈ। ਉਸ ਦੇ ਵਿਚਾਰਾਂ ਵਿਚ ਇਕ ਕਵੀ ਵਰਗੀ ਤਰਲਤਾ ਹੈ, ਜਿਸ ਕਾਰਨ ਉਸ ਦੀ ਸਚਾਈ ਉਤੇ ਤਾਂ ਕਿੰਤੂ ਨਹੀਂ ਕੀਤਾ ਜਾ ਸਕਦਾ, ਪਰ ਉਸਦੀ ਸਿਆਣਪ ਉਤੇ ਕਿਤੇ ਕਿਤੇ ਸ਼ੰਕਾ ਜ਼ਰੂਰ ਲਗਦਾ ਹੈ। ਟੈਗੋਰ, ਗ਼ਾਲਿਬ, ਵਾਰਿਸ ਸ਼ਾਹ, ਸ਼ੈਕਸਪੀਅਰ ਇਕ ਸਮੇਂ ਉਸਨੂੰ ਮੂਲੋਂ ਹੀ ਨਿਕਾਰਨਯੋਗ ਲਗਦੇ ਹਨ, ਯਮਲੇ ਜੱਟ ਦੀ ਤੂੰਬੀ ਵੀ ਉਸਨੂੰ ਨਹੀਂ ਭਾਉਂਦੀ। ਪਰ ਕਿਸੇ ਹੋਰ ਸਮੇਂ ਉਹ ਸਾਹਿਤਕ ਪਰੰਪਰਾ ਨੂੰ ਸਤਿਕਾਰਨ ਵਾਲੇ ਤੇ ਗਾਇਕੀ ਦੇ ਲੋਕ-ਵਿਰਸੇ ਨੂੰ ਸੰਭਾਲਣ ਉਤੇ ਬਲ ਦੇਣ ਵਾਲੇ ਮਨੁੱਖ ਵਜੋਂ ਸਾਹਵੇਂ ਆਉਂਦਾ ਹੈ। ਇਕ ਸਮੇਂ ਉਹ ਮਾਓਵਾਦੀ ਬਣਦਾ ਹੈ ਤਾਂ ਦੂਜੇ ਸਮੇਂ ਤਰਾਤਸਕੀਵਾਦੀਆਂ ਦੀ ਕਤਾਰ ਵਿਚ ਖਲੋਣ ਦੇ ਆਹਰ ਵਿਚ ਹੈ। ਛੇ ਭਾਗਾਂ ਵਿਚ ਲਿਖੀ ਨਜ਼ਮ ‘ਕਾਮਰੇਡ ਨਾਲ ਗੱਲਬਾਤ’ ਜੋ ਉਸਦੀ ਵਿਕਾਸ-ਕ੍ਰਿਆ ਨੂੰ ਵਿਖਾਉਂਦੀ ਹੈ ਤਾਂ ਇਹੀ ਕਵਿਤਾ ਉਸਦੇ ਤਿਲਕਵੇਂ ਬੌਧਿਕ ਆਧਾਰ ਦੀ ਵੀ ਚੁਗਲੀ ਖਾਂਦ ਹੈ । ਇਹ ਕਵਿਤਾ ਉਸਦੀ ਬਹੁਤ ਹੀ ਮਹੱਤਵਪੂਰਨ ਰਚਨਾ ਹੈ ਜਿਸ ਵਿਚ ਈਮਾਨਦਾਰੀ, ਬੌਧਿਆ ਡੂੰਘਾਈ, ਟਕੋਰ, ਵਿਅੰਗ ਤੇ ਸੁੱਚੀ ਹਮਦਰਦੀ ਦੀ ਭਾਵਨਾ ਨਾਲ ਪਰੁੱਚੀ ਕਾਵਿ-ਸ਼ੈਲੀ ਦੇ ਬਹੁਤ ਹੀ ਸੋਹਣਾ ਪ੍ਰਦਰਸ਼ਨ ਹੋਇਆ ਹੈ।

ਪਾਸ਼ ਆਪਣੇ ਨਿਵੇਕਲੇ ਕਲਾ-ਕੌਸ਼ਲ ਅਤੇ ਸ਼੍ਰੇਣੀ ਪਹੁੰਚ ਸਦਕਾ ਅਨੂਠੇ ਬਿੰਬ 2 ਵਿਰੋਧਾਭਾਸੀ ਸ਼ਬਦਾਂ ਦੇ ਜੁੱਟ ਸਿਰਜ ਕੇ ਇਕ ਚਮਤਕਾਰੀ ਪ੍ਰਭਾਵ ਛੱਡਦਾ ਹੈ ਜਿਵੇਂ : ‘ਬੇਪਰਦ ਸੋਮਨਾਥ, ਤਰੇੜਿਆ ਤਾਜ ਮਹੱਲ, ਪਿੱਤਲ ਦਾ ਦਰਬਾਰ ਸਾਹਿਬ, ਖੰਡਰ ਖੰਡਰ ਅਜੰਤਾ, ਮਿੱਟੀ ਦੀ ਚਿੜੀ ਭਾਰਤ।’ ਇੰਝ ਹੀ ‘ਟਾਊਟ ਦੀ ਗਵਾਹੀ’, ‘ਪਟਵਾਰੀ ਦਾ ਈਮਾਨ’, ‘ਆੜ੍ਹਤੀ ਦੀ ਕਸਮ’ ਸਾਡੇ ਆਮ ਮਨੁੱਖ ਦੇ ਅਨੁਭਵ ਅਨੁਸਾਰ ਅਜਿਹੇ ਪਰਸਪਰ-ਵਿਰੋਧੀ ਸ਼ਬਦ-ਜੁੱਟ ਹਨ। ਕਿ ਇਨ੍ਹਾਂ ਦੀ ਕਵਿਤਾ ‘ਚ ਜੜ੍ਹਤ ਤਿੱਖੇ ਪ੍ਰਭਾਵ ਵਾਲੀ ਸਹਿਜ ਕਲਾਤਮਕਤਾ ਦਾ ਆਭਾਸ ਕਰਾਉਂਦੀ ਹੈ। ਐਪਰ ਜਦੋਂ ਪਾਸ਼ ਇਸੇ ਤਰ੍ਹਾਂ ਦੇ ਵਿਰੋਧੀ-ਜੁੱਟਾਂ ਰਾਹੀਂ ਉਤਪਲ ਦੱਤ ਬਨਾਮ ਜਤਿੰਦਰ, ਕੀਟਸ ਬਨਾਮ ਦਰਸ਼ਨ ਖਟਕੜ ਜਾਂ ਕਾਨੂੰ ਸਾਨਿਆਲ ਬਨਾਮ ਭੂਮੀ ਅੰਦੋਲਨ ਦੀ ਗੱਲ ਕਰਦਾ ਹੈ ਤਾਂ ਆਪਣੀ ਸ਼੍ਰੇਣੀਗਤ ਪਹੁੰਚ ਦਾ ਪਰਿਚਯ ਦੇਣ ਦੇ ਨਾਲ ਨਾਲ ਆਪਣੀ ਬੌਧਿਕ ਤਰਲਤਾ ਜਾਂ ਕਚਿਆਈ ਨੂੰ ਵੀ ਸਾਹਵੇਂ ਲੈ ਆਉਂਦਾ ਹੈ। ਕੁਝ ਕਵਿਤਾਵਾਂ ਵਿਚ ਜਿਥੇ ਉਸਨੇ ਕਲਾ ਦੇ ਸੁਹਜ ਦੇ ਨਵੇਂ ਸੰਕਲਪ ਅਤੇ ਆਪਣੀ ਦ੍ਰਿਸ਼ਟੀਗਤ ਪਹੁੰਚ ਨੂੰ ਵਧੇਰੇ ਸਪੱਸ਼ਟਤਾ ਨਾਲ ਦਰਸਾਉਣ ਲਈ ਅਸਲੋਂ ਨਿੱਜੀ ਪ੍ਰਸੰਗ ਤੇ ਹਵਾਲੇ ਦਿੱਤੇ ਹਨ, ਜਿਵੇਂ ‘ਸਾਨੂੰ ਚਾਹੀਦੇ ਹਨ ਕੁਝ ਬੋਲ’, ‘ਮੈਨੂੰ ਬੋਲਣ ਦੇਵੋ’ ਅਤੇ ‘ਅੰਤਿਕਾ’ ਆਦਿ ਕਵਿਤਾਵਾਂ ਵਿਚ, ਉਸ ਉਸਦੀ ਬੌਧਿਕ ਤਰਲਤਾ ਕਦੇ-ਕਦੇ ਅੱਖਰਨ ਲੱਗਦੀ ਹੈ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਪਾਸ਼ ਵਰਗਾ ਸੂਝਵਾਨ ਤੇ ਸੰਵੇਦਨਸ਼ੀਲ ਕਵੀ ਯਮਲੇ ਜੱਟ ਦੀ ਤੂੰਬੀ ਦਾ ਨਿਰਾਦਰ ਕਰੇ, ਟੈਗੋਰ ਦੀ ਰਚਨਾ ਨੂੰ ਗੁਲਸ਼ਨ ਨੰਦਾ ਦੇ ਬਰਾਬਰ ਰੱਖੇ ਜਾਂ ਕਿਤੇ-ਕਿਤੇ ਆਪਣੇ ਆਪ ਨੂੰ ਪੈਗੰਬਰੀ ਰੂਪ ਵਿਚ ਪੇਸ਼ ਕਰੇ। ਪਿੰਡ ਤੇ ਸ਼ਹਿਰ ਸਾਡੀ ਪ੍ਰਾਪਤ ਰਾਜਨੀਤਕ ਤੇ ਸਮਾਜਕ ਵਿਵਸਥਾ ਵਿਚ ਨਿਰਸੰਦੇਹ, ਲੋਕਾਂ ਦੀ ਜ਼ਿੰਦਗੀ ਦੇ ਪੱਧਰ ਅਤੇ ਸ਼੍ਰੇਣੀਗਤ ਕਦਰਾਂ-ਕੀਮਤਾਂ ਦੇ ਵਿਰੋਧਾਂ ਦੇ ਪ੍ਰਤੀਕ ਹਨ। ਪਰ ਇਸ ਵਿਰੋਧ ਨੂੰ ਬਹੁਤ ਹੀ ਸਿੱਧੇ-ਪੱਧਰੇ ਰੂਪ ਵਿਚ ਪੇਸ਼ ਕਰਨਾ ਸ਼ਾਇਦ ਉਚਿਤ ਨਹੀਂ :

 

ਅਸੀਂ ਤਾਂ ਪਿੰਡ ਦੇ ਵਾਸੀ ਹਾਂ

ਤੁਸੀਂ ਸ਼ਹਿਰਾਂ ਦੇ ਵਾਸੀ ਤੇ ਸੜਕਾਂ ਵਾਲੇ ਹੋ

ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ

ਸਾਡਾ ਮਨ-ਪਰਚਾਵਾਂ ਤਾਂ ਹੱਟੀ ਭੱਠੀ ਹੈ

ਤੁਸੀਂ ਕਲੱਬਾਂ ਸਿਨਮੇ ਵਾਲ਼ੇ

ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਜੋ?

(ਗਲੇ ਸਰੈ ਫੁੱਲਾਂ ਦੇ ਨਾਮ)

ਜਿੱਥੇ ਪਾਸ਼ ਨੇ ਉਚੇ ਰੋਹਲੇ ਸੁਰ ਵਾਲੀ ਕਾਵਿ-ਰਚਨਾ ਕੀਤੀ ਹੈ, ਜੋ ਪੰਜਾਬੀ ਕਵਿਤਾ ਦੇ ਸਮੁੱਚੇ ਮੁਹਾਣ ਨੂੰ ਬਦਲਣ ਦਾ ਬਾਇਸ ਬਣਦੀ ਹੈ, ਉਥੇ ਉਸਦੀ ਕਵਿਤਾ ਵਿਚ ਵਿਸ਼ੇ ਦਾ ਇਕਹਿਰਾਪਣ ਹਰਗਿਜ਼ ਮਹਿਸੂਸ ਨਹੀਂ ਹੁੰਦਾ। ਆਪਣੀ ਸਮੁੱਚੀ ਸੰਗਰਾਮੀਆਂ ਪਹੁੰਚ ਦੇ ਅੰਤਰਗਤ ਹੀ ਉਹ ਜ਼ਿੰਦਗੀ, ਵਕਤ ਤੇ ਸ਼ਹਾਦਤ ਵਰਗੇ ਮੁੱਦਿਆਂ ਉਤੇ ਬਹੁਤ ਖੁਲ੍ਹਕੇ ਗੱਲ ਕਰਦਾ ਹੈ, ਉਸ ਤੋਂ ਉਸਦੀ ਨਾ ਕੇਵਲ ਆਪਣੇ ਨਿੱਜ ਲਈ ਸਗੋਂ ਸਮੂਹ ਲੋਕਾਈ ਸਹੀ ਅਰਥਾ ਵਿਚ ਜ਼ਿੰਦਗੀ ਨੂੰ ਭਰਪੂਰ ਰੂਪ ਵਿਚ ਮਾਨਣ ਦੀ ਰੀਝ ਝਾਤੀਆਂ ਮਾਰਦੀ ਹੈ

ਖੁਸ਼ਕ ਰੇਤਲੇ ਇਲਾਕੇ ਵਿਚ,

ਜਿਥੇ ਮੇਰੇ ਜਨਮ ਹੋਇਆ ਮੂੰਗਫਲੀ ਤੇ ਕਣਕ ਤੋਂ ਇਲਾਵਾ,

ਇੱਕ ਮਨੁੱਖ ਨਾਂ ਦੀ ਫਸਲ ਵੀ ਉਗਦੀ ਹੈ

(ਖਿਲਰੇ ਵਰਕੇ)

 

ਅਸੀਂ ਗੀਤਾਂ ਵਰਗੀ ਗੁਜ਼ਰ ਦੇ ਬੇਤਾਬ ਆਸ਼ਕ ਹਾਂ

ਤੇ ਸਾਡੀ ਤੜਪ, ਤੇਰੀ ਉਦਾਸੀ ਦਾ ਨਗ਼ਮਾ ਵੀ ਹੈ

(ਪੁਲਸ ਦੇ ਸਿਪਾਹੀ ਨੂੰ)

 

ਜ਼ਿੰਦਗੀ ਤੇਰੇ ਰਾਹਾਂ ‘ਚ ਸੈਆਂ ਔਝੜਾਂ

ਤੇਰੇ ਸਿਰ ‘ਤੇ ਲੱਖਾਂ ਗੱਡਿਆਂ ਦਾ ਭਾਰ

(ਖਿਲਰੇ ਵਰਕੇ)

 

ਜਿਉਂਦੇ ਆਦਮੀ ! ਮੁੜ੍ਹਕੇ ਦੀ, ਸਾਹਾਂ ਦੀ

ਹਮਕ ਤੋਂ ਬਿਨਾਂ ਤੇਰੇ ਕੋਲ ਹੈ ਈ ਕੀ ?

(ਖਿਲਰੇ ਵਰਕੇ)

 

ਧੁੱਪ ਵਾਂਗੂੰ ਧਰਤੀ ‘ਤੇ ਖਿੜ ਜਾਣਾ

ਤੇ ਫਿਰ ਗਲਵਕੜੀ ਵਿਚ ਸਿਮਟ ਜਾਣਾ

ਬਾਰੂਦ ਵਾਂਗ ਭੜਕ ਉਠਣਾ ਤੇ ਚੌਹਾਂ ਕੂੰਟਾਂ ਅੰਦਰ ਗੂੰਜ ਜਾਣਾ

ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ

ਮੈਨੂੰ ਜੀਣ ਦੀ ਬਹੁਤ ਲੋਚਾ ਸੀ

ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿਚ ਡੁੱਬਣਾ ਚਾਹੁੰਦਾ ਸਾਂ

(ਮੈਂ ਹੁਣ ਵਿਦਾ ਹੁੰਦਾ ਹਾਂ)

 

ਜ਼ਿੰਦਗੀ ਨੂੰ ਭਰਪੂਰ ਰੂਪ ਵਿਚ ਮਾਨਣ ਅਤੇ ਜੂਨ ਹੰਢਾਉਂਦੇ ਲੋਕਾਂ ਨੂੰ ਸੱਚਮੁੱਚ ਜ਼ਿੰਦਗੀ ਦੇਣ ਦੀ ਅਕਾਂਖਿਆ ਵਿਚੋਂ ਹੀ, ਆਪਣੇ ਸੰਗਰਾਮੀ ਚਰਿੱਤਰ ਅਨੁਸਾਰ ਪਾਸ਼ ਪ੍ਰਾਪਤ ਸਮਿਆਂ ਦੀ ਕਰਤੂਤਾਂ ਨੂੰ ਦਰਸਾਉਂਦਾ ਹੋਇਆ ਸਮੇਂ ਨੂੰ ਅੱਗਿਓਂ ਹੋ ਕੇ ਫੜਨ ਦੀ ਗੱਲ ਕਰਦਾ ਹੈ:

ਸਮਾਂ ਸੁਤੰਤਰ ਤੌਰ ਤੇ ਕੋਈ ਸ਼ੈਅ ਨਹੀਂ

ਸਮੇਂ ਨੂੰ ਅਰਥ ਦੇਣ ਲਈ

ਪਲ ਜੀਵੇ ਜਾਂਦੇ ਹਨ, ਵਰ੍ਹੇ ਬਿਤਾਏ ਜਾਂਦੇ ਹਨ

(ਦੇਸ਼ ਭਗਤ)

ਵਧਣ ਵਾਲੇ ਬਹੁਤ ਅੱਗੇ ਚਲੇ ਜਾਂਦੇ ਹਨ।

ਉਹ ਵਕਤ ਨੂੰ ਨਹੀਂ ਪੁੱਛਦੇ

ਵਕਤ ਉਨ੍ਹਾਂ ਨੂੰ ਪੁੱਛ ਕੇ ਗੁਜ਼ਰਦਾ ਹੈ

(ਲਹੂ ਕ੍ਰਿਆ)

ਸ਼ਹਾਦਤ ਨੂੰ ਵਡਿਆਉਣ ਅਤੇ ਜਾਬਰ-ਵਿਵਸਥਾ ਦੇ ਤਸੀਹੇ ਦੇਣ ਦੀ ਜੋ ਗੱਲ ਪਾਸ਼ ਕਰਦਾ ਹੈ, ਉਹ ਮਗਰੋਂ ਜੁਝਾਰ ਧਾਰਾ ਦਾ ਕਵਿਤਾ ਦਾ ਬਹੁਤ ਉਘੜਵਾਂ ਲੱਛਣ ਬਣੀ ਹੈ।ਪਰਤਵੇਂ ਰੂਪ ਵਿਚ ਭਾਵੇਂ ਸ਼ਹਾਦਤ ਦੀ ਜ਼ਿੰਦਗੀ ਨੂੰ ਜਿਉਣਯੋਗ ਬਣਾਉਣ ਦੀ ਭਾਵਨਾ ਦੇ ਹੀ ਪ੍ਰਗਟਾ ਹੈ, ਪਰ ਇਸ ਸੰਕਲਪ ਨੂੰ ਲੋੜੋਂ ਵੱਧ ਉਭਾਰਨਾ, ਮੇਰੀ ਜਾਚੇ, ਪਾਸ਼ ਸਮੇਤ ਸਮੁੱਚ ਜੁਝਾਰ ਧਾਰਾ ਦੀ ਬੌਧਿਕ ਕਮਜ਼ੋਰੀ ਦਾ ਸੰਕੇਤਕ ਹੈ, ਭਾਵੇਂ ਕਿ ਪਾਸ਼ ਦੇ ਇਸ ਤਰ੍ਹਾਂ ਦੇ ਕਾਵਿ ਬੋਲ ਵੀ ਉਸਦੀ ਵਿਲੱਖਣਤਾ ਦੇ ਹੀ ਲਖਾਇਕ ਬਣਦੇ ਹਨ:

ਤੇ ਸ਼ਹਾਦਤ ਦੀ ਸਦਾ ਸੁਹਾਗਣ ਸੜਕ ਨੂੰ

ਆਪਣੇ ਕੁਆਰੇ ਕਦਮਾਂ ਦਾ ਤਾਲ ਦੇਵਾਂਗਾ

(ਸਫ਼ਰ)

ਜਿੰਦਗੀ ਨੂੰ ਭਰਪੂਰ ਰੂਪ ਵਿਚ ਜੀਣ ਦੀ ਤਮੰਨਾ ‘ਚੋਂ ਹੀ ਪਿਆਰ-ਕਾਵਿ ਦੀ ਸਿਰਜਣ ਹੁੰਦੀ ਹੈ। ਇਸ ਸੰਦਰਭ ਵਿਚ ਪਾਸ਼ ਪ੍ਰਗਤੀਵਾਦੀ ਕਾਵਿ-ਧਾਰਾ ਦੀ ਰਵਾਇਤ ਨੂੰ ਅਗਾਂ ਪੱੜਦਾ ਹੋਇਆ ਆਪਣੇ ਨਿਵੇਕਲੇ ਤੇ ਮੌਲਿਕ ਅੰਦਾਜ਼ ਵਿਚ ਗੱਲ ਕਰਦਾ ਹੈ। ਉਸਦਾ ਕਥਨ ਹੈ ਕਿ ਪਿਆਰ-ਕਵਿਤਾ ਕਦੇ ਵੀ ਕਾਤਲਾਂ ਦੇ ਹੱਕ ‘ਚ ਨਹੀਂ ਭੁਗਤ ਸਕਦੀ । ਇਹ ਜ਼ਿੰਦਗੀ ਦੇ ਅਰਥਾਂ ਦੀ ਖੋਜ ਵਿਚ ਤੁਰੇ ਲੋਕਾਂ ਦਾ ਹੀ ਨਸੀਬ ਬਣਦੀ ਹੈ ਅਤੇ ਉਹਨਾਂ ਦੇ ਹੱਕ ਵਿਚ ਖਲੋਂਦੀ ਹੈ। ਪਾਸ਼ ਨੇ ਰੁਮਾਂਸ ਦੇ ਆਕਰਸ਼ਣ ਅਤੇ ਪ੍ਰਾਪਤ ਵਿਵਸਥਾ ਵਿਚ ਰੁਮਾਂਸ ਤੇ ਯਥਾਰ ਦੇ ਵਿਰੋਧ ਨੂੰ ਬਹੁਤ ਖੂਬਸੂਰਤੀ ਨਾਲ ਉਭਾਰਿਆ ਹੈ। ਜਿਵੇਂ ਉਸਨੇ ਖ਼ੁਦ ਵੀ ਸਵੀਕਾਰ ਕੀਤਾ ਹੈ, ਜੁਝਾਰਪੁਣੇ ਦੇ ਪਹਿਲੇ ਪੜਾਅ ਵਿਚ ਜ਼ਿੰਦਗੀ ਦੇ ਇਸ ਮਹਾਨ ਸੱਚ ਦੀ ਗੱਲ ਉਸਨੇ ਘੱਟ ਕੀਤੀ ਹੈ। ਪਰ ਆਪਣੀਆਂ ਮਗਰਲੀਆਂ ਦੋ ਪੁਸਤਕਾਂ ‘ਉਡਦਿਆਂ ਬਾਜ਼ਾਂ ਮਗਰ’ ਅਤੇ ‘ਸਾਡੇ ਸਮਿਆਂ ਵਿਚ’ ਵਿਚ ‘ਉਹਦੇ ਨਾਂ’, ‘ਉਡੀਕ’, ‘ਬੱਸ ਕੁਝ ਹੋਰ ਪਲ’, ‘ਕਲ ਨੂੰ’, ‘ਤੇਰੇ ਕੋਲ’ ‘ਹੈ ਤਾਂ ਬੜਾ ਅਜੀਬ’, ‘ਕਲਾਮ ਮਿਰਜ਼ਾ’, ਬੇਵਫ਼ਾ’ ਅਤੇ ‘ਤੈਥੋਂ ਬਿਨਾਂ’ ਆਦਿ ਕਵਿਤਾਵ ਪਿਆਰ-ਕਾਵਿ ਦਾ ਉਤਮ ਨਮੂਨਾ ਹਨ। ਇਸ ਪਿਆਰ ਕਵਿਤਾ ਵਿਚ ਖ਼ੂਬਸੂਰਤੀ, ਮਿਲਾਪ ਵਿਛੋੜੇ, ਨਹੋਰੇ ਆਦਿ ਦਾ ਜ਼ਿਕਰ ਤਾਂ ਸੁਭਾਵਕ ਹੀ ਸੀ, ਪਰ ਪਾਸ਼ ਦੀ ਵਿਲੱਖਣਤਾ ਇਸ ਤੱਥ ਵਿਚ ਹੈ ਕਿ ਉਹ ਕਵੀਆਂ ਦੇ ਮਨ-ਭਾਉਂਦੇ ਇਸ ਵਿਸ਼ੇ ਨੂੰ ਯਥਾਰਥ ਤੇ ਰੁਮਾਂਸ ਦੇ ਵਿਰੋਧ- ਜੁੱਟ ਵਿਚ ਰੱਖ ਕੇ ਚੋਖੀ ਨਵੀਨਤਾ ਲੈ ਆਉਂਦਾ ਹੈ :

ਆਪਣੀ ਕੀਮਤ, ਮੇਰੀ ਮਹਿਬੂਬ, ਆਪਣੀ ਛਾਂ ਤੋਂ ਪੁੱਛ

ਕਿੰਨੀਆਂ ਕਿਰਨਾਂ ਤੇਰੇ ਤੋਂ ਮਾਤ ਖਾ ਕੇ ਰਾਖ ਹੋ ਚੁੱਕੀਆਂ ਹਨ

(ਤੇਰਾ ਮੁੱਲ ਮੇਰਾ ਮੁੱਲ)

ਨਹੀਂ ਇਹ ਗੱਲ ਤਾਂ ਕਦੇ ਨਹੀਂ ਹੋਣੀ

ਕਿ ਤਾਰੇ ਹੀ ਬਹਿਲਾ ਦੇਣਗੇ ਮਹਿਬੂਬ ਦਾ ਮਨ

ਹੋ ਸਕਦਾ ਏ ਰਾਤਾਂ ਦਾ ਜ਼ਹਿਰ ਘਟ ਜਾਵੇ

ਜਦੋਂ ਹਨੇਰਾ ਜਿੱਤ ਲਿਆ ਜਾਵੇ

ਜਾ, ਤੂੰ ਸ਼ਿਕਾਇਤ ਦੇ ਕਾਬਲ ਹੋ ਕੇ ਆ

ਅਜੇ ਤਾਂ ਮੇਰੀ ਹਰ ਸ਼ਿਕਾਇਤ ਤੇ

ਤੇਰਾ ਕੱਦ ਬਹੁਤ ਛੋਟਾ ਹੈ

(ਤੇਰੇ ਕੋਲ)

 

ਹੋ ਸਕਦੈ ਕਿ ਤੈਨੂੰ ਕੱਢਣ ਤੋਂ ਪਹਿਲਾਂ, ਮੈਨੂੰ ਕੋਈ ਉਧਾਲ ਲਵੇ।

ਤੇ ਜਾਂ ਮੈਂ ਜੰਡ ਦੀ ਬਜਾਏ, ਕਿਸੇ ਕੁਰਸੀ ਦੇ ਥੱਲੇ

ਜਾਗਦਾ ਹੀ ਵੱਢ ਦਿੱਤਾ ਜਾਵਾਂ

(ਕਲਾਮ  ਮਿਰਜ਼ਾ)

ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ

ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦੈ

(ਹੈ ਤਾਂ ਬੜਾ ਅਜੀਬ)

 

ਇਸ ਪ੍ਰਸੰਗ ਵਿਚ ਪਾਸ਼ ਦੀ ਬਹੁ-ਚਰਚਿਤ ਕਵਿਤਾ ‘ਮੈਂ ਹੁਣ ਵਿਦਾ ਹੁੰਦਾ ਹਾਂ” ਉਸਦੇ ਕਵੀ ਮਨ, ਰੁਮਾਂਟਿਕ ਅਨੁਭਵ ਤੇ ਯਥਾਰਥ-ਬੋਧ ਦੀ ਇਕ ਬਹੁਤ ਸੁੰਦਰ ਉਦਾਹਰਣ ਪੇਸ਼ ਕਰਦੀ ਹੈ।

ਪਾਸ਼ ਨੂੰ ਇਸ ਗੱਲ ਦਾ ਬਹੁਤ ਸ਼ਿੱਦਤ ਨਾਲ ਅਹਿਸਾਸ ਸੀ ਕਿ ਜੁਝਾਰ ਕਵਿਤਾ ਦਾ ਅਸਲ ਮੁੱਲ ਉਸਦੇ ਵਿਸ਼ਾਲ ਲੋਕ-ਸਮੂਹ ਤਕ ਪਹੁੰਚਣ ਵਿਚ ਹੈ। ਪਰ ਉਸਦੀ ਇਹ ਸਥਿਤੀ 7 ਦਾ ਇਹ ਵਿਰੋਧਾਭਾਸ ਸੀ ਕਿ ਉਸਨੇ ਖੁੱਲ੍ਹੀ ਛੰਦ-ਮੁਕਤ ਕਵਿਤਾ ਦੀ ਰਚਨਾ ਕੀਤੀ, ਜੋ ਬਿੰਬ- ਵਿਧਾਨ ਅਤੇ ਲੋਕ-ਮੁਹਾਵਰੇ ਦੇ ਪੱਖੋਂ ਬਹੁਤ ਸਰਲ ਹੋਣ ਦੇ ਬਾਵਜੂਦ ਲੋਕਾਂ ਨਾਲ ਵਿਆਪਕ ਨਾਤਾ ਨਹੀਂ ਸੀ ਜੋੜ ਸਕਦੀ। ਇਸ ਲਈ ਉਸਨੇ ਸੁਚੇਤ ਹੋ ਕੇ ਲੈਅ ਤੇ ਤਾਲਬੱਧ ਛੰਦ-ਯੁਕਤ ਰਚਨਾ ਕਰਨ, ਗੀਤ ਲਿਖਣ ਅਤੇ ਲੋਕ ਗੀਤਾਂ ਦੇ ਆਧਾਰ ‘ਤੇ ਨਵੀਂ ਵੱਥ ਤੇ ਦ੍ਰਿਸ਼ਟੀ ਵਾਲੀਆਂ ਰਚਨਾਵਾਂ ਕਰਨ ਦਾ ਪ੍ਰਯਾਸ ਕੀਤਾ। ਇਸ ਤਰ੍ਹਾਂ ਦੇ ਪ੍ਰਯਾਸ ਵਿਚ, ਜਿਥੇ ਅਕਸਰ ਬਹੁਤ ਕਵੀ ਨਾਕਾਮ ਰਹਿ ਜਾਂਦੇ ਹਨ, ਪਾਸ਼ ਨੂੰ ਚੋਖੀ ਸਫਲਤਾ ਮਿਲੀ । ਇਸਦੇ ਪ੍ਰਮਾਣ ਵਜੋਂ ‘ਉਡਦਿਆਂ ਬਾਜ਼ਾਂ ਮਗਰ’ ਸੰਗ੍ਰਹਿ ਵਿਚਲੇ ਗੀਤਾਂ ਤੋਂ ਬਿਨਾਂ ‘ਉਹਦੇ ਨਾਂ’ ਸਿਰਲੇਖ ਵਾਲੀ ਕਵਿਤਾ ਦੀਆਂ ਕੁਝ ਪੰਕਤੀਆਂ ਵੇਖੀਆਂ ਜਾ ਸਕਦੀਆਂ ਹਨ । ਸ਼ਾਇਦ ਇਹਨਾਂ ਪੰਕਤੀਆਂ ਤੋਂ ਪਤਾ ਲੱਗ ਸਕੇਗਾ ਕਿ ਕਵਿਤਾ ਦੀ ਸੁੰਦਰਤਾਈ ਉਚੇ ਨਛੱਤਰੀ ਹੀ ਨਹੀਂ ਵਸਦੀ, ਇਸਦਾ ਇਸ ਧਰਤੀ ਉਤੇ ਵੀ ਵਾਸਾ ਹੈ :

ਮੈਂ ਮਲ ਮਲ ਕੇ ਤਰੇਲਾ ਕਣਕ ਪਿੰਡਾ ਕੂਚਦੀ ਵੇਖੀ

ਮੇਰੇ ਤੱਕਣ ਤੇ ਉਸਦੇ ਮੁਖ ਆਉਂਦੀ ਸੰਗ ਨੂੰ ਤੱਕਿਆ ਹੈ

ਮੈਂ ਵਗਦੀ ਆਡ ‘ਤੇ ਵਿਛਦੀ ਤੱਕੀ ਹੈ ਧੁੱਪ ਚਾਨਣ ਦੀ

ਮੈਂ ਰਾਤੀ ਸੁੱਤਿਆਂ ਬਿਰਛਾਂ ਨੂੰ ਚੁੰਮਦੇ ਤੱਕਿਆ ਹੈ

(ਉਹਦੇ ਨਾਂ)

ਪਾਸ਼ ਦੀਆਂ ਕਵਿਤਾਵਾਂ ਵਿਚੋਂ ਮੋਹਨ ਸਿੰਘ ਜਾਂ ਸੁਰਿੰਦਰ ਗਿੱਲ ਵਰਗੇ ਪੁਰਾਣੀ ਤੇ ਨਵੀਂ ਪੀੜ੍ਹੀ ਦੇ ਪ੍ਰਗਤੀਵਾਦੀ ਕਵੀਆਂ ਵਾਲ਼ੀ ਕਾਵਿ-ਧੁਨੀ ਤਾਂ ਸੁਣੀ ਜਾ ਸਕਦੀ ਹੈ। ਪਰ ਪਾਸ਼ ਕਵਿਤਾ ਭਾਵੇਂ ਰਾਜਨੀਤਕ ਚਰਿੱਤਰ ਵਾਲ਼ੀ ਲਿਖੇ, ਪਿੰਡ ਦੀ ਜ਼ਿੰਦਗੀ, ਦਿੱਲੀ ਦੇ ਹੁਕਮਰਾਨ ਜਾਂ ਕਿਸੇ ਸੰਗਰਾਮੀਏ ਬਾਰੇ ਲਿਖੇ ; ਪਿਆਰ ਦੀ ਗੱਲ ਕਰੇ ਜਾਂ ਤਲਵਾਰ ਦੀ, ਬੌਧਿਕ ਤਰਲਤਾ ਨੂੰ ਦਰਸਾਵੇ ਜਾਂ ਸੁੱਚੀ ਪ੍ਰਤੀਬੱਧਤਾ ਦਾ ਇਜ਼ਹਾਰ ਕਰੇ—ਉਸਦੇ ਹਰ ਤਰ੍ਹਾਂ ਦੇ ਬੋਲ ਵਿਚ ਇਕ ਨਿਵੇਕਲਾਪਨ ਹੈ, ਇੱਕ ਸੱਜਰਾਪਨ ਹੈ, ਇਕ ਵਿਲੱਖਣਤਾ ਹੈ। ਉਸਦੀ ਮੁਖ ਪਛਾਣ, ਕਈ ਪ੍ਰਕਾਰ ਦੇ ਉਤਰਾਵਾਂ-ਚੜ੍ਹਾਵਾਂ ਦੇ ਬਾਵਜੂਦ, ਉਸਦੇ ਰੋਹਲੇ ਸੰਗਰਾਮੀ ਬੋਲਾਂ ਵਿਚ ਹੈ‘ਅਸੀਂ ਲੜਾਂਗੇ ਸਾਥੀ’, ‘ਯੁੱਧ ਤੇ ਸ਼ਾਂਤੀ’ ਅਤੇ ‘ਸਭ ਤੋਂ ਖ਼ਤਰਨਾਕ’ ਸ਼ੀਰਸ਼ਕ ਵਾਲੀਆਂ ਕਵਿਤਾਵਾਂ ਜਿਸਦਾ ਪ੍ਰਤੀਨਿਧ ਨਮੂਨਾ ਹਨ :

 

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ

ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ

ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ

ਤੇ ਅਸੀਂ ਲੜਾਂਗੇ ਸਾਥੀ 

(ਅਸੀਂ ਲੜਾਂਗੇ ਸਾਥੀ)

 

ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ

ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ.

ਅਸੀਂ ਬੇ-ਅਣਖੀ ਦੀਆਂ ਤੰਦਾਂ ‘ਚ

ਅਮਨ ਵਰਗਾ ਕੁਝ ਉਣਦੇ ਰਹੇ

ਅਸੀਂ ਬਰਛੀ ਦੇ ਵਾਂਗ ਹੱਡਾਂ ‘ਚ ਖੁਭੇ ਹੋਏ

ਸਾਲਾਂ ਨੂੰ ਉਮਰ ਕਹਿੰਦੇ ਹਾਂ

(ਯੁਧ ਤੇ ਸ਼ਾਂਤੀ)

ਪਾਸ਼ ਦਾ ਵਿਸ਼ਵਾਸ ਸੀ ਕਿ ਉਸਦੀਆਂ ਕਵਿਤਾਵਾਂ ਲੋਹੇ ਦੀਆਂ ਜ਼ੰਜੀਰਾਂ ਪ੍ਰਤੀ ਮਨੁੱਖ ਦੀ ਅਨੁਭਵਸ਼ੀਲਤਾ ਦਾ ਇਜ਼ਹਾਰ ਹਨ। ਇਸ ਲਈ ਉਸਦਾ ਇਹ ਆਖਣਾ ਵੀ ਹੱਕ-ਬਜਾਨਬ ਹੀ ਸੀ ਕਿ :

ਮੇਰੇ ਤੋਂ ਆਸ ਨਾ ਰੱਖਿਓ

ਕਿ ਮੈਂ ਖੇਤਾਂ ਦਾ ਪੁੱਤ ਹੋ ਕੇ

ਤੁਹਾਡੇ ਚਗਲੇ ਹੋਏ ਸੁਆਦਾਂ ਦੀ ਗੱਲ ਕਰਾਂਗਾ

(ਇਨਕਾਰ)

ਪਾਸ਼ ਨੇ ਤਾਂ ਪੰਜਾਬੀ ਕਵਿਤਾ ਵਿਚ ਸੱਚਮੁੱਚ, ਨਵੇਂ ਸੁਆਦ ਦੀ ਸਿਰਜਣਾ ਕੀਤੀ ਹੈ, ਪਾਸ਼ ਨੇ ਪੰਜਾਬੀ ਕਵਿਤਾ ਵਿੱਚ ਵਿਲੱਖਣ ਸਥਾਨ ਪ੍ਰਾਪਤ ਹੈ। ਪਾਸ਼ ਦੀਆ ਰਚਨਾਵਾਂ ਵਿੱਚ ਅਸੀਂ ਜ਼ੁਲਮ ਦੀ ਖਿਲਾਫ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਲੈਂਦੇ ਹਾਂ । 

 

Leave a comment

error: Content is protected !!