ਪਾਕਿਸਤਾਨੀ ਪੰਜਾਬੀ ਸਾਹਿਤ
ਸੰਨ 1947 ਵਿਚ ਪਾਕਿਸਤਾਨ ਦੀ ਸਥਾਪਨਾ ਤੋਂ ਬਾਅਦ ਪਾਕਿਸਤਾਨ ਵਿਚ ਵੀ ਪੰਜਾਬੀ ਸਾਹਿਤ ਦੀ ਰਚਨਾ ਹੁੰਦੀ ਆ ਰਹੀ ਹੈ। ਭਾਵੇਂ ਉਥੇ ਪੰਜਾਬੀ ਨੂੰ ਹਾਲੀ ਤੱਕ ਕੋਈ ਰਾਜਭਾਸ਼ਾ ਦੀ ਪਦਵੀ ਨਸੀਬ ਨਹੀਂ ਹੋਈ ਪਰ ਪਾਕਿਸਤਾਨ ਦੇ ਪੰਜਾਬੀਆਂ ਦੀ ਮਾਤ ਭਾਸ਼ਾ ਹੋਣ ਕਰਕੇ ਪੰਜਾਬੀ ਦਾ ਉਥੇ ਮਾਨਯੋਗ ਤੇ ਗੌਰਵਮਈ ਸਥਾਨ ਹੈ। ਇਸ ਲਈ ਪੰਜਾਬੀ ਭਾਸ਼ੀ ਪਾਕਿਸਤਾਨੀ ਲੋਕਾਂ ਦੀ ਮਾਨਸਿਕਤਾ ਵਿਚ ਪੰਜਾਬੀ ਜ਼ਬਾਨਾਂ ਲਈ ਡੂੰਘੀ ਜਜ਼ਬਾਤੀ ਸਾਂਝ ਤੇ ਇਕਸੁਰਤਾ ਹੈ ਉਸਦੇ ਸਿੱਟੇ ਵਜੋਂ ਉਨ੍ਹਾਂ ਲੋਕਾਂ ਦੀ ਕਲਾ ਸੰਵੇਦਨਾ ਸਿਰਜਨਾ ਲਈ ਗਤੀਸ਼ੀਲ ਹੁੰਦੀ ਰਹਿੰਦੀ ਹੈ। ਉਹ ਆਪਣੇ ਜਜ਼ਬਿਆਂ, ਖਿਆਲਾਂ ਤੇ ਭਾਵਾਂ ਨੂੰ ਆਪਣੀ ਮਾਤਬੋਲੀ ਰਾਹੀਂ ਭਿੰਨ ਭਿੰਨ ਸਾਹਿਤਿਕ ਰੂਪਾਂ ਵਿਚ ਪ੍ਰਗਟ ਕਰਦੇ ਰਹਿੰਦੇ ਹਨ। ਇਸ ਲਈ ਪਿਛਲੇ ਸੈਂਤੀ-ਅਠੱਤੀ ਸਾਲਾਂ ਵਿਚ ਪਾਕਿਸਤਾਨ ਵਿਚ ਕਵਿਤਾ, ਨਾਵਲ, ਕਹਾਣੀ, ਨਾਟਕ, ਵਾਰਤਕ, ਸਫਰਨਾਮੇ, ਆਲੋਚਨਾ ਤੇ ਖੋਜ ਦਾ ਚੋਖਾ ਕੰਮ ਹੋਇਆ ਹੈ।
ਸਭ ਤੋਂ ਵੱਧ ਕਵਿਤਾ ਦੀ ਰਚਨਾ ਹੋਈ ਹੈ। ਬਾਜੇ ਪਾਕਿਸਤਾਨੀ ਸ਼ਾਇਰ ਪੁਰਾਣੇ ਖਿਆਲਾਂ ਨੂੰ ਨਵੇਂ ਅੰਦਾਜ਼ ਵਿਚ ਢਾਲਦੇ ਆ ਰਹੇ ਹਨ। ਕਈਆਂ ਕਵੀਆਂ ਦੇ ਖਿਆਲ ਵੀ ਨਵੇਂ ਨਕੋਰ ਹਨ ਅਤੇ ਬਿਆਨ ਵੀ ਨਵਾਂ ਹੈ । ਆਧੁਨਿਕ ਕਿਸਮ ਦੀ ਪਾਕਿਸਤਾਨੀ ਸ਼ਾਇਰੀ ਵਿਚ ਜਿਹੜੀਆਂ ਪ੍ਰਮੁਖ ਪ੍ਰਵਿਰਤੀਆਂ ਉਦੈ ਹੋ ਰਹੀਆਂ ਹਨ ਉਨ੍ਹਾਂ ਦਾ ਵਰਣਨ ਕਰਦਿਆਂ ਸ਼ਾਹਬਾਜ਼ ਮਲਿਕ (ਸਿਰਜਣਾ-1982) ਨੇ ਲਿਖਿਆ ਹੈ ਕਿ ਪਾਕਿਸਤਾਨੀ ਜਦੀਦ ਸ਼ਾਇਰੀ ਵਿਚ ਇਕਲਾਪੇ ਦਾ ਅਹਿਸਾਸ, ਸਿਹਤਮੰਦ ਕਦਰਾਂ ਦਾ ਪਤਨ ਦਾ ਪ੍ਰਤਿਕਰਮ ਦੰਭ ਦਾ ਅਹਿਸਾਸ ਤੇ ਨਫਰਤ ਦਾ ਇਜ਼ਹਾਰ, ਬੁਰਾਈਆਂ ਤੇ ਕੋਝਾਂ ਦਾ ਖੰਡਨ, ਦੀਨੀ ਵਿਸ਼ਵਾਸ਼, ਜਹਾਦ ਦਾ ਜ਼ਜ਼ਬਾ, ਰਵਾਇਤੀ ਬਹਾਦਰੀ ਤੇ ਆਜ਼ਾਦੀ ਉਤੇ ਮਾਣ-ਫਖ਼ਰ ਆਦਿ ਵਿਸ਼ੇ ਉਭਰ ਰਹੇ ਹਨ। ਮਹਿਕੂਮ (ਦਲਿਤ) ਮਨੁੱਖਤਾ ਲਈ ਹਮਦਰਦੀ ਦਾ ਇਜ਼ਹਾਰ ਵੀ ਆਧੁਨਿਕ ਪਾਕਿਸਤਾਨੀ ਸ਼ਾਇਰੀ ਦਾ ਇਕ ਹੋਰ ਪ੍ਰਮੁਖ ਵਿਸ਼ਾ ਹੈ। ਇਨ੍ਹਾਂ ਕਵੀਆਂ ਵਿਚੋਂ ਕੁਝ ਵਰਣਨ- ਯੋਗ ਹਨ ਇਹ ਨਾਂ ਹਨ :-
ਰਉਫ ਸ਼ੇਖ (ਬਲਦਾ ਸ਼ਹਿਰ), ਅਨਵਰ ਮਸਊਦ (ਮੇਲਾ ਅਖੀਆਂ ਦਾ), ਗੁਲਾਮ ਯਾਕੂਬ ਅਨਵਰ (ਚੰਨ ਦੀ ਖਾਰੀ), ਇਸਮਾਈਲ ਭੱਟੀ (ਤਾਂਘਾਂ ਦੀ ਲੋਅ), ਮੁਨੀਰ ਨਿਆਜ਼ੀ (ਰਸਤਾ ਦੱਸਣ ਵਾਲੇ ਤਾਰੇ), ਅਜਮਲ ਵਜੀਹ (ਚਾਦਰ ਜ਼ਖ਼ਮਾਂ ਦੀ), ਯੂਨਸ ਅਹਕਰ, (ਸੋਚ ਦਾ, ਸਫਰ), ਤਨਵੀਰ ਬੁਖ਼ਾਰੀ (ਸ਼ੀਸ਼ਾ), ਸ਼ਰੀਫ ਕੁੰਜਾਹੀ (ਝਾਤੀਆਂ, ਜਗਰਾਤੇ), ਆਰਫ ਅਬਦੁਲ ਮਤੀਨ (ਇਕਲਾਪੇ ਦਾ ਮੁਸਾਫਰ), ਅਕਬਰ ਕਾਜ਼ਮੀ (ਵੇਲੇ ਦਾ ਮਨਸੂਰ), ਅਖਤਰ ਕਾਸ਼ਮੀਰੀ (ਬੋਲਦੇ ਪੱਥਰ), ਕਿਊਮ ਨਜ਼ਰ (ਤੂੰ ਤੇ ਮੈਂ), ਮਨਜੂਰ ਵਜ਼ੀਰਾਬਾਦੀ (ਵੇਲੇ ਹਥ ਨਿਆਂ),ਅਖਤਰ ਲਾਹੌਰੀ (ਅਖਤਰ ਦੇ ਬੋਲ), ਰਸ਼ਦ ਹਸਨ ਰਾਣਾ (ਚੁਪ ਚੁਪੀਤੀ ਸ਼ਾਮ), ਸੁਲੇਮਾਨ ਸਈਅਦ (ਸੱਜਰੇ ਹਰਫ), ਫਜ਼ਲ ਹੁਸੈਨ ਫਜ਼ਲ (ਡੂੰਘੇ ਪੈਂਡੇ) ।
ਇਨ੍ਹਾ ਤੋਂ ਇਲਾਵਾ ਅਬਦੁਲ ਮਜੀਦ ਭੱਟੀ, ਸੂਫੀ, ਤਬੱਸੁਮ, ਅਕਬਰ ਲਾਹੌਰੀ, ਮੁਨੀਰ ਨਿਆਜ਼ੀ, ਜ਼ਫਰ ਇਕਬਾਲ, ਅਨੀਸ ਨਾਗੀ, ਅਜ਼ੀਮ ਭੱਟੀ, ਨੱਜਮ ਹੂਸੈਨ ਸਯਦ, ਰਜ਼ੀਆ ਨਾਹਿਦ, ਅਜ਼ਹਰ ਨਜ਼ਾਮੀ, ਕੰਵਲ ਮੁਸਤਾਕ, ਇਕਬਾਲ ਸਲਾਹੂਦੀਨ ਆਦਿ ਵੀ ਲੋਕਪ੍ਰਿਅ ਸ਼ਾਇਰ ਹਨ। ਪਾਕਿਸਤਾਨੀ ਪੰਜਾਬੀ ਕਵਿਤਾ ਦੀਆਂ ਵੰਨਗੀਆਂ :-
ਚਿਹਰੇ ਅੰਦਰ ਦਾ ਨਹੀਂ ਸ਼ੀਸ਼ਾ ਅੰਦਰ ਨੇ ਤੂਫਾਨ ਬੜੇ ।
ਸੱਚ ਲੁਕਾਵਣ ਦੇ ਵਿਚ ਮਾਹਿਰ ਹੋ ਗਏ ਨੇ ਇਨਸਾਨ ਬੜੇ (ਸਲੀਮ ਕਾਸਰ)
ਸਾਡੇ ਲਈ ਤੇ ਮੁਸ਼ਕਿਲ ਹੋਇਆ ਤੇਰੇ ਸ਼ਹਿਰ ‘ਚ ਰਹਿਣਾ,
ਤੇਰੇ ਸ਼ਹਿਰ ਦੇ ਵਸਨੀਕਾਂ ਦੇ ਰੰਗ ਚਿੱਟੇ ਦਿਲ ਕਾਲੇ (ਮਨਜੂਰ ਵਜ਼ੀਰਾਬਾਦ)
ਫੁੱਲ ਲਗਦੇ ਨੇ ਓੜਕ ਉਹਨਾਂ ਰੁਖਾਂ ਨੂੰ
ਜੋ ਵੇਲੇ ਦੀਆਂ ਤੱਤੀਆਂ ਠੰਡੀਆਂ ਜਰਦੇ ਨੇ (ਯੂਨਸ ਅਹਿਕਰ)
ਫਲਵਾਲੇ ਨੂੰ ਢੀਮਾਂ ਏਥੇ ਬੇਫਲ ਨੂੰ ਕਲਵੱਤਰ,
ਮਾਲੀ ਬਾਗ਼ ਤੇਰੇ ਵਿਚ ਉਗਕੇ ਹਰ ਬੂਟਾ ਪਛਤਾਏ (ਸ਼ਰੀਫ ਕੁੰਜਾਹੀ)
ਕਵਿਤਾ ਤੋਂ ਇਲਾਵਾ ਕੁਝ ਨਾਵਲ ਵੀ ਲਿਖੇ ਗਏ ਹਨ, ਜਿਨ੍ਹਾ ਵਿਚ ਫਖਰ ਜ਼ਮਾਂ ਦੇ ਸੱਤ ਗਵਾਚੇ ਲੋਕ ਤੇ ਇਕ ਮੋਏ ਬੰਦੇ ਦੀ ਕਹਾਣੀ। ਹੂਸੈਨ ਤਾਰੜ ਦਾ ਪੰਖੇਰੂ, ਜ਼ਫਰ ਲਾਸਾਰੀ ਦਾ ਲਾਜੋ, ਮੁਹੰਮਦ ਬਾਕਰ ਦਾ ਹੱਠ, ਰਾਜਾ ਮੁਹੰਮਦ ਅਹਿਮਦ ਦਾ ਖੇਡ ਮੁਕੱਦਰਾਂ ਦੀ, ਰਜ਼ੀਆਂ ਨੂਰ ਮਹੁੰਮਦ ਦਾ ਬਲਦੇ ਦੀਵੇ, ਆਗਾ ਅਸਰਫ ਦਾ ਦਿਲ ਇਕ ਦੀਵਾ, ਅਹਿਸਾਨ ਬਟਾਲਵੀ ਦਾ ਇਕ ਇੱਜੜ ਦੀ ਕਹਾਣੀ, ਗੁਲਾਮ ਹੁਸੈਨ ਸੁਹੇਲ ਦਾ ਟਾਹਲੀਆਂ ਦੀ ਛਾਂ, ਅਸਗਰ ਸਾਮੀ ਦਾ ਪ੍ਰੇਤ ਆਦਿ ਬਹੁਚਰਚਿਤ ਨਾਵਲ ਹਨ। ਨਾਵਲਾਂ ਨਾਲੋਂ ਕਹਾਣੀਆਂ ਵੱਧ ਲਿਖੀਆਂ ਗਈਆਂ ਹਨ ਤੇ ਉਹ ਬਹੁਤ ਲੋਕ ਪ੍ਰਿਅ ਹਨ। ਪਾਕਿਸਤਾਨ ਦੇ ਪੰਜਾਬੀ ਕਹਾਣੀਕਾਰਾਂ ਵਿਚ ਨਿਵਾਜ਼ (ਡੂੰਘੀਆਂ ਸ਼ਾਮਾ), ਰਫਾਤ (ਇਕ ਓਪਰੀ ਕੁੜੀ), ਅਫਜਲ ਅਹਿਸਨ (ਰੰਨ, ਤਲਵਾਰ ਤੇ ਘੋੜਾ) ਨਜ਼ਰ ਨਾਜ਼ਿਮਾ (ਸ਼ਾਹਕਾਰ ਕਹਾਣੀ) ਅਨਵਰ ਅਲੀ (ਕਾਲੀਆਂ ਇਟਾਂ ਕਾਲੇ ਰੋੜ) ਸਫਕਤ ਸੁਲਤਾਨਾ (ਚਾਨਣੀ ਦਾ ਰੂਪ) ਖਾਲਿਦਾ ਮਲਿਕ (ਜੁਲਫਾ ਛੱਲੇ ਛੱਲੇ) ਕੁਝ ਉਲੇਖਯੋਗ ਨਾਮ ਹਨ। ਨਾਟਕ ਦੇ ਖੇਤਰ ਵਿਚ ਬਹੁਤ ਘੱਟ ਕੰਮ ਹੋਇਆ ਹੈ। ਫਿਰ ਵੀ ਨਜ਼ਮ ਹੁਸੈਨ (ਤਖ਼ਤ ਲਾਹੌਰ) ਅਸ਼ਫਾਕ ਅਹਿਮਦ (ਟਾਹਲੀ ਦੇ ਥੱਲੇ) ਮੇਜਰ ਇਸਹਾਕ ਮੁਹੰਮਦ (ਕੁਕਨੂਸ ਤੇ ਮੁਸੱਲੀ) ਨਿਵਾਜ਼ (ਇਸ ਸੋਨੇ ਰੰਗੀ ਕੁੜੀ) ਆਦਿ ਨਾਟਕਕਾਰ ਜ਼ਿਕਰ-ਯੋਗ ਹਨ। ਗੱਦ ਸਾਹਿਤ, ਸਫ਼ਰਨਾਮਾ, ਖੋਜ ਆਲੋਚਨਾ ਆਦਿ ਵਿਚ ਵੀ ਪਾਕਿਸਤਾਨੀ ਪੰਜਾਬੀ ਲੇਖਕਾਂ ਨੇ ਕਲਮ ਚਲਾਈ ਹੈ । ਪਾਕਿਸਤਾਨ ਦੇ ਪੰਜਾਬੀ ਆਲੋਚਕ ਸ਼ਾਹਬਾਜ ਮਲਿਕ ਨੇ ਠੀਕ ਕਿਹਾ ਹੈ ਕਿ “ਗਿਣਤੀ ਪਾਰੋਂ (ਪਖੋਂ) ਅਸੀਂ ਭਾਵੇਂ ਮਸ਼ਰਕੀ (ਪੂਰਬੀ) ਪੰਜਾਬ ਦੇ ਅਦਬ (ਸਾਹਿਤ) ਤੋਂ ਪਿਛੋਂ ਹੋਈਏ, ਮਿਆਰ ਤੇ ਜ਼ੁਬਾਨ ਦੀ ਨਿਰੋਲਤਾ ਪਾਰੋਂ ਅਸੀਂ ਪਿਛੇ ਉੱਕਾ ਨਹੀਂ ਆਂ।”