ਮੁੱਢਲੀ ਜਾਣ–ਪਛਾਣ ਵਜੋਂ
ਛੋਟੇ ਤੇ ਵੱਡੇ ਘੱਲੂਘਾਰੇ ਦੇ ਵਾਪਰਨ ਵਿਚ ਪੰਦਰਾਂ ਸਾਲ ਤੇ ਸਵਾ ਕੁ ਅੱਠ ਮਹੀਨੇ ਦਾ ਫ਼ਰਕ ਹੈ : ਪਹਿਲਾ ਭਾਵੇਂ ਛੋਟਾ ਘੱਲੂਘਾਰਾ 2 ਜੂਨ ਸੰਨ 1746 ਈਸਵੀ ਨੂੰ ਤੇ ਵੱਡਾ ਘੱਲੂਘਾਰਾ 5 ਫ਼ਰਵਰੀ 1762 ਈਸਵੀ ਨੂੰ ਵਾਪਰਿਆ। ਦੋਹਾਂ ਘੱਲੂਘਾਰਿਆਂ ਦਾ ਨਿਸ਼ਾਨਾ ਇਕ ਹੀ ਸੀ-ਸਿੱਖੀ ਤੇ ਸਿੱਖਾਂ ਨੂੰ ਸਫ਼ਾ-ਹਸਤੀ ਤੋਂ ਮਿਟਾ ਦੇਣਾ। ਪਹਿਲੇ ਘੱਲੂਘਾਰੇ ਦਾ ਮੋਢੀ ਇਕ ਪੰਜਾਬ ਦਾ ਅਰੋੜਾ ਖੱਤਰੀ ਤੇ ਦੂਜੇ ਦਾ ਮੁਲਕੋਂ ਬਾਹਰ ਦਾ ਅਫ਼ਗ਼ਾਨ ਅਹਿਮਦ ਸ਼ਾਹ ਅਬਦਾਲੀ ਸੀ । ਸਿੰਘਾਂ ਮਾਮੂਲੀ ਹਥਿਆਰਾਂ ਨਾਲ ਹੀ ਹਰ ਥੁੜ ਦੇ ਹੁੰਦਿਆਂ ਟਾਕਰਾ ਕੀਤਾ। ਮੁਗ਼ਲ ਚੜ੍ਹ ਕੇ ਆਏ ਤਾਂ ਸਿੱਖੀ ਤੇ ਸਿੱਖਾਂ ਦੇ ਖ਼ਾਤਮੇ ਲਈ ਸਨ, ਪਰ ਉਹ ਆਪ ਹੀ ਖ਼ਤਮ ਹੋ ਗਏ। 9 ਜੂਨ 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਦੀ ਸ਼ਹਾਦਤ ਨਾਲ ਖ਼ਾਲਸੇ ਦੀ ਰਾਜਸੀ ਸ਼ਕਤੀ ਖੇਰੂੰ-ਖੇਰੂੰ ਹੋ ਗਈ। ਅਬਦੁਲ ਸਮਦ ਖ਼ਾਨ ਖ਼ਿਤਾਬ ਦਲੇਰੇ ਜੰਗ ਨੇ ਸਿੰਘਾਂ ਨੂੰ ਚੁਣ-ਚੁਣ ਕੇ ਸ਼ਹੀਦ ਕੀਤਾ। ਪਿੱਛੋਂ ਜਾ ਕੇ ਕੁਝ ਢਿੱਲਾ ਪੈ ਗਿਆ। 1721 ਈ: ਨੂੰ ਲਾਹੌਰੋਂ ਬਦਲਾ ਕੇ ਮੁਲਤਾਨ ਦਾ ਹਾਕਮ ਬਣਾਇਆ ਗਿਆ । ਉਸ ਦੀ ਥਾਂ ਜ਼ਕਰੀਆ ਖ਼ਾਨ ਉਰਫ਼ ਖ਼ਾਨ ਬਹਾਦੁਰ ਲਾਹੌਰ ਦਾ ਗਵਰਨਰ ਬਣਾਇਆ ਗਿਆ। ਉਸ ਨੇ ਆਉਂਦਿਆਂ ਹੀ ਗਸ਼ਤੀ ਫ਼ੌਜਾਂ ਹੋਰ ਵਧਾ ਕੇ ਚਾੜ੍ਹ ਦਿੱਤੀਆਂ। ਆਕਲ ਦਾਸ, ਧਰਮਦਾਸ ਟੋਪੀ, ਰਾਮਾ ਰੰਧਾਵਾ ਤਲਵੰਡੀ ਵਾਲਾ ਅਤੇ ਬਹੁਤ ਸਾਰੇ ਮੁਸਲਮਾਨ ਮੁਖ਼ਬਰਾਂ ਦੀ ਬੜੀ ਚੜ੍ਹ ਮੱਚ ਗਈ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦੀ ਬੇਹੁਰਮਤੀ ਕੀਤੀ ਗਈ। ਭਾਈ ਮਨੀ ਸਿੰਘ, ਭਾਈ ਤਾਰਾ ਸਿੰਘ ਵਾਂ ਤੇ ਉਨ੍ਹਾਂ ਦੇ ਸਾਥੀ ਸ਼ਹੀਦ ਕੀਤੇ ਗਏ, ਸਿੱਖਾਂ ਉੱਤੇ ਇਹ ਬੜਾ ਔਖ ਦਾ ਸਮਾਂ ਸੀ। ਸਿੰਘ ਘਰ-ਘਾਟ ਛੱਡ ਕੇ ਜੰਗਲੀਂ-ਬੇਲੀਂ ਤੇ ਪਹਾੜਾਂ ਵਿਚ ਜਾ ਵੜੇ। ਇਸ ਬਿਖੜੇ ਸਮੇਂ ਦੀਵਾਨ ਦਰਬਾਰਾ ਸਿੰਘ ਉੱਠਿਆ ਤੇ ਸਿੰਘਾਂ ਨੂੰ ਲੱਭ ਲੱਭ ਕੇ ਵਰਤੇ ਭਾਣੇ ਨੂੰ ਸਬਰ ਸਿਦਕ ਨਾਲ ਮੰਨਣਾ ਤੇ ‘ਨਿਸਚੇ ਕਰਿ ਆਪਨੀ ਜੀਤ ਕਰੋਂ’ ‘ਤੇ ਚਟਾਨ ਵਾਂਗ ਦ੍ਰਿੜ੍ਹ ਰਹਿਣ ਦਾ ਦਿੱਤਾ ਹੋਇਆ ਦਸਮੇਸ਼ ਜੀ ਦਾ ਸਬਕ ਯਾਦ ਕਰਵਾਇਆ। ਫਿਰ ਦੀਵਾਨ ਸਾਹਿਬ ਨੇ ਮਤਾ ਠਹਿਰਾਇਆ ਕਿ ਖਿੱਲਰ-ਪੁੱਲਰ ਕੇ ਗੁਜ਼ਾਰਾ ਨਹੀਂ ਹੋਣਾ। ਛੋਟੇ-ਛੋਟੇ ਜਥੇ ਬਣਾਓ ਤੇ ਵੈਰੀ ਨੂੰ ਆਪਣੇ ਪਿੱਛੇ ਨਹੀਂ, ਸਗੋਂ ਆਪਣੇ ਅੱਗੇ ਲਾਓ। ਸ਼ਹੀਦ ਹੋਏ ਤਾਂ ਸਦਾ ਅਮਰ ਰਹਾਂਗੇ, ਦੁਸ਼ਮਣ ਨੂੰ ਪਲ ਵੀ ਟਿਕਣ ਨਾ ਦਿਓ, ਭਾਜੜਾਂ ਪਾਈ ਰੱਖੋ। ਬੱਸ ਫਿਰ ਕੀ ਸੀ, ਖ਼ਾਲਸੇ ਦੇ ਬਹੁਤ ਜਥੇ ਬਣਦੇ ਤੇ ਸਿੰਘਾਂ ਨੇ ਵੈਰੀਆਂ ਦੇ ਨੱਕ ‘ਚ ਦਮ ਕਰ ਦਿੱਤਾ। ਇਥੋਂ ਹੀ ਸਿੱਖ ਮਿਸਲਾਂ ਦਾ ਮੁੱਢ ਬੱਝਾ। ਸ: ਜੱਸਾ ਸਿੰਘ ਆਹਲੂਵਾਲੀਆ, ਸ: ਜੱਸਾ ਸਿੰਘ ਰਾਮਗੜ੍ਹੀਆ, ਸ: ਸੁੱਖਾ ਸਿੰਘ ਮਾੜੀ ਕੰਬੋਕੀ, ਬਾਬਾ ਦੀਪ ਸਿੰਘ (ਸ਼ਹੀਦ) ਤੇ ਚੜ੍ਹਤ ਸਿੰਘ ਵਰਗੇ ਸਿਰਲੱਥ ਆਗੂ ਰਣਤੱਤੇ ਵਿਚ ਨਿੱਤਰ ਪਏ, ਹੁਣ ਬਰਾਬਰ ਦੀਆਂ ਵੱਜਣ ਲੱਗ ਪਈਆਂ। ਸਿੰਘ ਹੁਣ ਉਤਲੇ ਪੱਲੇ ਹੋਈ ਜਾ ਰਹੇ ਸਨ। ਕੱਟੜ ਮੁਸਲਮਾਨ ਤੇ ਮੁਲਾਣੇ ਪਿੰਡ ਛੱਡ-ਛੱਡ ਲਾਹੌਰ ਜਾ ਵੜੇ। ਸਿੰਘਾਂ ਨੇ ਵਧੀਕੀਆਂ ਕਰਨ ਵਾਲਿਆਂ ਤੋਂ ਮਿੱਥ-ਮਿੱਥ ਕੇ ਬਦਲੇ ਲਏ । ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਵੱਜੀ ਬੋਲੀ ਨਾ ਸਹਾਰਦੇ ਹੋਏ ਨੂਰਦੀ ਸਰਾਂ ਲਾਗੇ ਚੜ੍ਹਦੇ ਪਾਸੇ ਸ਼ਾਹ ਰਾਹ ਮੱਲ ਕੇ ਖਲੋ ਗਏ ਤੇ ਉਨ੍ਹਾਂ ਖ਼ਾਲਸਈ ਪ੍ਰਭੂਸੱਤਾ ਸੰਪੰਨਤਾ ਦਾ ਐਲਾਨ ਕਰ ਕੇ ਬਤੌਰ ਹਾਕਮ ਮਹਿਸੂਲ ਉਗਰਾਹੁਣਾ ਆਰੰਭ ਕਰ ਦਿੱਤਾ ਤੇ ਕਿਸੇ ਦਾ ਡਰ-ਡੁੱਕਰ ਨਾ ਮੰਨਿਆ। ਖ਼ਾਨ ਬਹਾਦੁਰ ਨੇ ਚੋਭਾਂ ਤਾਹਨਿਆਂ ਨਾਲ ਭਰੀ ਚਿੱਠੀ ਤੋਂ ਭੜਕ ਕੇ, ਜੋ ਉਸਨੂੰ ਇਨ੍ਹਾਂ ਸਿੰਘਾਂ ਵਲੋਂ ਲਿਖੀ ਗਈ ਸੀ, ਇਨ੍ਹਾਂ ਸਿੰਘਾਂ ਨੂੰ ਜਿਉਂਦਿਆਂ ਫੜ ਕੇ ਲਿਆਉਣ ਲਈ ਫ਼ੌਜ ਦਾ ਤਕੜਾ ਜਥਾ ਚਾੜ੍ਹਿਆ। ਸਿੰਘਾਂ ਨੇ ਪਿੱਠਾਂ ਜੋੜ ਕੇ ਹੱਥ ਵਿਖਾਏ ਤੇ ਤੀਹ ਕੁ ਸਿਪਾਹੀ ਸਦਾ ਦੀ ਨੀਂਦ ਸੁਆ ਕੇ ਸ਼ਹੀਦੀਆਂ ਪਾ ਗਏ। ਇਸ ਰਾਮ-ਰੌਲੇ ਨਾਲ, ਨਜਿੱਠਣ ਲਈ ਕਦੀ ਦਿੱਲੀਓਂ ਮਦਦ ਨਾ ਆਈ। ਕਿਉਂ ? ਦਿੱਲੀ ਨੂੰ ਬਣਦਾ ਮਾਲੀਆ ਸਿੰਘ ਰਾਹ ਵਿਚ ਹੀ ਛਪੋਲ ਮਾਰ-ਮਾਰ ਧੂਹ-ਭਰੂਹ ਲੈਂਦੇ ਸਨ ਤੇ ਫ਼ੌਜ ਦਾ ਖ਼ਰਚ ਕਿਵੇਂ ਸਿਰੇ ਚੜ੍ਹੇ। ਫਿਰ ਵੀ ਖ਼ਾਨ ਬਹਾਦਰ ਨੇ ਸਖ਼ਤਾਈ ਵੱਧ ਤੋਂ ਵੱਧ ਕੀਤੀ, ਸਿੰਘਾਂ ਦੀ ਤਾਕਤ ਵੀ ਵੱਧਦੀ ਹੀ ਗਈ।
ਦਸਮੇਸ਼ ਜੀ ਜਦ ਦੱਖਣ ਨੂੰ ਜਾਂਦੇ ਹੋਏ ਪੁਸ਼ਕਰ (ਰਾਜਸਥਾਨ) ਪਹੁੰਚੇ ਤਾਂ ਭਾਈ ਪ੍ਰਿਥੀ ਜੀ ਨੇ ਬੜੀ ਸੇਵਾ ਕੀਤੀ ਤੇ ਮਹਾਰਾਜ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਅੱਗੇ ਤੁਰਨ ਲੱਗਿਆਂ ਭਾਈ ਪ੍ਰਿਥੀ ਜੀ ਨੇ ਅਗਲਾ ਹੁਕਮ ਪੁੱਛਿਆ ਤਾਂ ਹਜ਼ੂਰ ਨੇ ਫ਼ੁਰਮਾਇਆ ਕਿ ਪੰਜਾਬ ਵੱਲ ਜਾਓ ਤੇ ਮਾਝੇ ਵਿਚ ਲੰਗਰ ਚਲਾਓ। ਕਲਗੀਧਰ ਜੀ ਜਦ ਦਿੱਸਣੋਂ ਹੱਟ ਗਏ, ਭਾਈ ਪ੍ਰਿਥੀ ਜੀ ਮੰਜ਼ਲਾਂ ਮਾਰਦੇ ਲਾਹੌਰ ਆ ਗਏ। ਇਕ ਦਿਨ ਫਿਰਦੇ- ਫਿਰਾਂਦੇ ਮੁਜੰਗੀਂ ਆ ਕੇ ਇਕ ਘੁੰਗਣੀਆਂ ਵੇਚਣ ਵਾਲੇ ਬੱਚੇ ਨਾਲ ਮੇਲ ਹੋਇਆ। ਭਾਈ ਜੀ-“ਬੇਟਾ ਘੁੰਗਣੀਆਂ ਛਕਾਓਗੇ।” ਬੱਚੇ ਨੇ ਟੋਕਰੀ ਅੱਗੇ ਕਰ ਦਿੱਤੀ ਤੇ ਕਿਹਾ, “ਜਿੰਨੀਆਂ ਮਨ ਕਰੇ, ਛਕੋ।” ਭਾਈ ਜੀ— “ਘਰ ਦੇ ਨਰਾਜ਼ ਹੋਣਗੇ।” ਬੱਚਾ—“ਤੁਸੀਂ ਜਿੰਨੀਆਂ ਮਨ ਕਰਦਾ ਲਵੋ, ਮੈਂ ਸਭ ਝੱਲ ਲਵਾਂਗਾ।” ਭਾਈ ਜੀ ਨੇ ਮੁੱਠ ਕੁ ਘੁੰਗਣੀਆਂ ਲੈ ਕੇ ਅਸੀਸ ਦਿੱਤੀ-“ਬੇਟਾ ਤੇਰਾ ਬੜਾ ਜੇਰਾ ਹੈ, ਤੂੰ ਤਾਂ ਦੀਵਾਨ ਹੈਂ।”
ਸਮਾਂ ਬੀਤਿਆ, ਇਹ ਬੱਚਾ ਲਖਪਤ ਰਾਏ ਛੋਟੀ ਜਿਹੀ ਨੌਕਰੀ ਤੋਂ ਬਣਦਾ-ਬਣਦਾ ਇਕ ਦਿਨ ਦੀਵਾਨ ਦੀ ਪਦਵੀ ‘ਤੇ ਜਾ ਬਿਰਾਜਿਆ। ਦਰ-ਹਕੀਕਤ ਲਖਪਤ ਤੇ ਜਸਪਤ (ਛੋਟਾ) ਦੋ ਭਰਾ ਕਲਾਨੌਰ ਦੇ ਇਕ ਸਰੀਰੋਂ ਮਾੜਚੂ ਜਿਹੇ ਅਰੋੜੇ ਖੱਤਰੀ ਹਟਵਾਣੀਏ ਦੀ ਔਲਾਦ ਸਨ। ਕੁਦਰਤ ਦੀ ਕਰਨੀ ਕਿ ਕਲਾਨੌਰ ਵਿਚ ਮੌਤ ਦਾ ਇਕ ਝਾਂਜਾ ਫਿਰਿਆ ਜੋ ਪਿਉ ਨੂੰ ਫੜੰਗ ਕੇ ਲੈ ਗਿਆ। ਸੋ ਵਿਧਵਾ ਮਾਂ ਘਰ-ਹੱਟੀ ਵੇਚ ਕੇ ਦੋਹਾਂ ਪੁੱਤਰਾਂ ਸਮੇਤ ਲਾਹੌਰ ਭਰਾਵਾਂ ਪਾਸ ਆ ਗਈ। ਉਹ ਵੀ ਕੋਈ ਧਨੀ-ਧਨਾਢ ਨਹੀਂ ਸਨ। ਪਰ ਉਨ੍ਹਾਂ ਨੇ ਭੈਣ ਨੂੰ ਇਕ ਖੰਡਰ ਜਿਹਾ ਮਕਾਨ ਲੈ ਕੇ ਮੁਰੰਮਤ ਕਰ ਕੇ ਤੇ ਲਿੰਭ-ਪੋਚ ਕੇ ਘਰ ਵਾਲੇ ਬਣਾ ਦਿੱਤਾ। ਇਥੇ ਹੀ ਲਖਪਤ ਨੇ ਘੁੰਗਣੀਆਂ ਵੇਚਣੀਆਂ ਸ਼ੁਰੂ ਕੀਤੀਆਂ ਸਨ ਤੇ ਹੌਲੀ- ਹੌਲੀ ਦੀਵਾਨ ਦੀ ਪਦਵੀ ਤਕ ਪਹੁੰਚ ਗਿਆ। ਲਖਪਤ ਨੇ ਇਸ ਪਦਵੀ ਨੂੰ ਭਾਈ ਪ੍ਰਿਥੀ ਜੀ ਦੀ ਅਸੀਸ ਹੀ ਸਮਝਿਆ ਤੇ ਉਨ੍ਹਾਂ ਦਾ ਬੜਾ ਆਦਰ ਸਤਿਕਾਰ ਕਰਦਾ ਰਿਹਾ। ਭਾਈ ਜੀ ਲੋੜਵੰਦਾਂ ਦੀ ਮਦਦ ਲਈ ਜੋ ਵੀ ਕਰਨ ਲਈ ਕਹਿੰਦੇ, ਉਹ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਲਾਉਂਦਾ। ਹੁਣ ਸਮਾਂ ਆਇਆ, ਲਖਪਤ ਦੀਵਾਨ ਤੇ ਜਸਪਤ ਫ਼ੌਜਦਾਰ ਸੀ। ਜਦੋਂ ਮਾਲ, ਦੌਲਤ ਤੇ ਸੱਤਾ ਹੱਥ ਵਿਚ ਹੋਵੇ ਤਾਂ ਦਿਮਾਗ਼ ਵਿਗੜਦੇ ਨੂੰ ਚਿਰ ਨਹੀਂ ਲੱਗਦਾ। ‘ਜੈਸੀ ਸੋਭਤ ਤੈਸਾ ਸੁਭਾਅ।’ ਮੁਗ਼ਲਸ਼ਾਹੀ ਵਾਲੀ ਆਕੜ ਤੇ ਹੈਂਕੜ ਬੇਥਵੀਆਂ ਢੀਂਗਾਂ ਤੇ ਬੇਮੁਹਾਰੇ ਗ਼ਰੂਰ ਨੇ ਮੁਗ਼ਲਾਂ ਤੋਂ ਵੀ ਦੋ ਕਦਮ ਅੱਗੇ ਲਿਆ ਖੜਾ ਕੀਤਾ । ਲਖਪਤ ਹੁਣ ਆਪਣਾ ਪਿਛੋਕੜ ਭੁਲਾ ਕੇ ਜਲਾਦ ਬਿਰਤੀ ਵਾਲਾ ਬਣ ਚੁੱਕਾ ਸੀ ।
ਫਿਰ ਇਕ ਸਮੇਂ ਸਿੰਘਾਂ ਦਾ ਇਕ ਤਕੜਾ ਜਥਾ ਮਾਲਵੇ ਵਿਚੋਂ ਮਾਝੇ ਵੱਲ ਵਾਪਸ ਹੋਇਆ ਤੇ ਸਤਲੁਜ ਟੱਪ ਕੇ ਲਾਹੌਰ ਵੱਲ ਉਲਰਿਆ। ਕੁਝ ਸਿੰਘਾਂ ਨੇ ਜਥੇਦਾਰ ਪਾਸੋਂ ਲਾਹੌਰ ਨੂੰ ਛਾਂਗਣ ਦੀ ਆਗਿਆ ਲੈ ਕੇ ਮੋਰੀ ਦਰਵਾਜ਼ੇ ਰਾਹੀਂ ਅੰਦਰ ਲੰਘ ਕੇ ਸਰਾਫ਼ਾ ਬਜ਼ਾਰ ਬੁਰੀ ਤਰ੍ਹਾਂ ਮਾਂਜ ਸੁੱਟਿਆ। ਭਾਈ ਮਨੀ ਸਿੰਘ ਤੇ ਹਕੀਕਤ ਸਿੰਘ ਸਿਆਲਕੋਟੀਆ ਅਤੇ ਭਾਈ ਤਾਰਾ ਸਿੰਘ ਵਾਂ ਵਾਲੇ ਨੂੰ ਸਮੇਤ ਸਾਥੀਆਂ ਦੇ ਸ਼ਹੀਦ ਕਰਵਾਉਣ ਵਾਲੇ ਮੋਢੀ ਲੱਖੂ ਤੇ ਮੁਲਾਣਿਆਂ ਨੂੰ ਧਰ ਦਬੋਚਿਆ । ਲੱਖੂ ਤਾਂ ਕਰੜੇ ਪਹਿਰੇ ਵਿਚ ਹੋਣ ਕਰਕੇ ਬਚ ਗਿਆ, ਪਰ ਮੁਲਾਣੇਂ ਤੇਗ਼ ਦੀ ਧਾਰ ਲੰਘਾ ਦਿੱਤੇ ਗਏ, ਜੋ ਲੀੜਾ-ਕੱਪੜਾ, ਗਹਿਣੇ ਤੇ ਨਕਦ ਮਾਲ ਹੱਥ ਆਇਆ, ਲੈ ਕੇ ਜਿਧਰੋਂ ਆਏ ਸਨ ਓਧਰ ਹੀ ਛਿਪਣ ਹੋ ਗਏ। ਰਾਵੀਓਂ ਪਾਰ ਝੱਲ ਵਿਚ ਜਾ ਵੜੇ, ਸਵੇਰੇ ਲਾਹੌਰ ਵਿਚ ਕੁਹਰਾਮ ਮੱਚ ਗਿਆ। ਲਖਪਤ ਨੇ ਆਪਣੇ ਭਰਾ ਨੂੰ ਜੋ ਫ਼ੌਜਦਾਰ ਸੀ ਤੇ ਉਹਨੀਂ ਦਿਨੀਂ ਖੁਖਰਾਨ ਪਿੰਡ ਵਿਚ ਬੈਠਾ ਮਾਲੀਏ ਦੀ ਉਗਰਾਹੀ ਵਜੋਂ ਲੁੱਟਮਾਰ ਕਰ ਰਿਹਾ ਸੀ, ਨੂੰ ਹੁਕਮ ਭੇਜਿਆ ਕਿ ਸਿੰਘਾਂ ਨੂੰ ਮਾਰ ਕੇ ਇਥੋਂ ਕੱਢ ਦੇਵੇ। ਸੋ ਜਸਪਤ ਫ਼ੌਜ ਤੇ ਬੇਸ਼ੁਮਾਰ ਮੁਲਖਈਆ ਲੈ ਕੇ ਸਿੰਘਾਂ ਨੂੰ ਰੋੜ੍ਹੀ ਸਾਹਿਬ ਤੋਂ ਅੱਗੇ ਧੱਕ ਦਿੱਤਾ। ਸਿੰਘ ਇਸ ਸਮੇਂ ਲੜਾਈ ਨਹੀਂ ਕਰਨਾ ਚਾਹੁੰਦੇ ਸਨ । ਪਰ ਜਸਪਤ ਰਾਇ ਹੰਕਾਰ ਵਿਚ ਅੰਨ੍ਹਾ ਹੋ ਕੇ ਪਿੰਡ ਬਦੋਕੀ ਗੋਸਾਈਂ ਮਨੋਹਰਦਾਸ ਤੀਕ ਪਿੱਛਾ ਕਰਦਾ ਹੋਇਆ ਝਿੜੀ ਵਿਚ ਆਸਰਾ ਲਈ ਟਿਕੇ ਸਿੰਘ ਉਪਰ ਜਾ ਪਿਆ, ਪਰ ਉਥੇ ਲੜਾਈ ਵਿਚ ਮਾਰਿਆ ਗਿਆ। ਭਰਾ ਮਰੇ ਦੀ ਖ਼ਬਰ ਸੁਣ ਕੇ ਲੱਖੂ ਕ੍ਰੋਧ ਨਾਲ ਅੰਨ੍ਹਾ ਹੋ ਗਿਆ । ਲਾਹੌਰ ਤੇ ਦੁਆਲੇ-ਪੁਦਾਲੇ ਹਜ਼ਾਰਾਂ ਬੇਗੁਨਾਹ ਗੁਰਮੁਖ ਸਿੱਖ ਅਤੇ ਜੋ ਮਿਲਵਰਤਨੀਏ ਸਨ, ਸਭ ਫੜ ਲਏ ਤੇ ਹੁਕਮ ਦਿੱਤਾ ਕਿ ਇਸ ਸਾਲ ਫਲਾਣੇ ਦਿਨ ਕਤਲ ਕੀਤੇ ਜਾਣ। ਦੇਵਨੇਤ ਨਾਲ ਉਹ ਦਿਨ ਚੇਤ ਵਿਚ ਸੋਮਾਵਤੀ ਮੱਸਿਆ ਦਾ ਦਿਨ ਸੀ। ਸ਼ਹਿਰ ਦੇ ਬਹੁਤ ਪਤਵੰਤਿਆਂ ਤੇ ਅਹੁਦੇਦਾਰਾਂ ਅਤੇ ਬਾਬੇ ਜਗਤ ਭਗਤ ਨੂੰ ਜੋ ਪਿੰਡ ਮਾਣਕ ਵਿਚ ਭਾਈ ਪ੍ਰਿਥੀ ਜੀ ਦੇ ਸਥਾਨ ‘ਤੇ ਸੀ, ਨੂੰ ਨਾਲ ਲੈ ਕੇ ਮਿੰਨਤ- ਸਮਾਜਤ ਕੀਤੀ ਕਿ ਇਨ੍ਹਾਂ ਬੇਗੁਨਾਹ ਲੋਕਾਂ ਨੂੰ ਕਤਲ ਨਾ ਕੀਤਾ ਜਾਵੇ। ਪਰ ਉਸ ਨੇ ਕਿਸੇ ਦੀ ਨਾ ਮੰਨੀ। ਉਨ੍ਹਾਂ ਪਤਵੰਤਿਆਂ ਵਿਚ ਕੌੜਾ ਮੱਲ, ਦੀਵਾਨ ਸੂਰਤ ਸਿੰਘ, ਲੱਛੀ ਨਾਰਾਇਣ ਆਦਿ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਇਹ ਕਿਹਾ ਕਿ ਇਨ੍ਹਾਂ ਬੇਕਸੂਰਾਂ ਨੂੰ ਸੋਮਾਵਤੀ ਮੱਸਿਆ ‘ਤੇ ਕਤਲ ਨਾ ਕੀਤਾ ਜਾਵੇ । ਉਨ੍ਹਾਂ ਲੋਕਾਂ ਨੇ ਲੱਖੂ ਨੂੰ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਜਿਨ੍ਹਾਂ ਨੇ ਤੇਰੇ ਭਰਾ ਨੂੰ ਮਾਰਿਆ, ਤੂੰ ਉਨ੍ਹਾਂ ਨਾਲ ਵਾਰਾ- ਸਾਰਾ ਲੈ, ਇਨ੍ਹਾਂ ਬੇਕਸੂਰ ਲੋਕਾਂ ਨੇ ਤੇਰਾ ਕੀ ਵਿਗਾੜਿਆ ਹੈ ? ਅੱਗੋਂ ਉਸ (ਲੱਖੂ) ਨੇ ਬੜੇ ਹੰਕਾਰ ਨਾਲ ਆਖਿਆ ਕਿ ਮੈਂ ਸਿੱਖੀ ਤੇ ਸਿੱਖ ਦਾ ਨਾਮੋ- ਨਿਸ਼ਾਨ ਮਿਟਾ ਕੇ ਹੀ ਦਮ ਲਵਾਂਗਾ। ਬਾਬਾ ਜੀ (ਜਗਤ ਭਗਤ ਜੀ) ਨੂੰ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਬੜਾ ਅਫ਼ਸੋਸ ਹੋਇਆ ਤੇ ਦਿਲ ਘੁੱਟ ਕੇ ਰਹਿ ਗਏ । ਸੋਮਾਵਤੀ ਮੱਸਿਆ ਵਾਲੇ ਦਿਨ ਹੀ ਨਿਖ਼ਾਸ ਮੰਡੀ ਵਾਲੇ ਥਾਂ ਇਹ ਸਾਰੇ ਲੋਕ ਕਤਲ ਕਰਵਾ ਦਿੱਤੇ। ਇਸ ਜ਼ਿੱਦ ਤੇ ਹੈਂਕੜ ਨੇ ਉਸ ਦਾ ਨਾਂ ਲੱਖੂ ਭੱਸੂ ਰੱਖਿਆ ਅਤੇ ਇਹੋ ਹੀ ਚੱਲਦਾ ਆ ਰਿਹਾ ਹੈ। ਇਸ ਭ੍ਰਿਸ਼ਟ ਬੁੱਧੀ ਵਾਲੇ ਲੱਖੂ ਨੇ ਹੁਕਮਨ ਜਬਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਬੀੜਾਂ, ਪੋਥੀਆਂ ਤੇ ਗੁਟਕੇ ਸਾਹਿਬ ਖੂਹਾਂ ਵਿਚ ਸੁਟਵਾ ਦਿੱਤੇ। ਹੁਕਮ ਦਿੱਤਾ ਕਿ ਕੋਈ ‘ਗੁੜ’ ਸ਼ਬਦ ਨਾ ਵਰਤੇ। ਜਿਸ ਨੇ ‘ਗੁਰੂ’ ਆਖਿਆ, ਉਸ ਦਾ ਪੇਟ ਚਾਕ ਕਰ ਦਿੱਤਾ ਜਾਵੇਗਾ। ਜਿਨ੍ਹਾਂ ਦੇ ਮੂੰਹੋਂ ‘ਗੁਰੂ’ ਸ਼ਬਦ ਨਿਕਲਿਆ, ਉਨ੍ਹਾਂ ਦੇ ਪੇਟ ਚਾਕ ਕਰ ਦਿੱਤੇ ਗਏ।
ਓਧਰ ਸਿੰਘਾਂ ਨੇ ਬੱਦੋਕੀ ਦੀ ਝਿੜੀਓਂ ਹਿੱਲ ਕੇ ਰਾਵੀਓਂ ਪਾਰ ਹੋ ਕੇ ਕਾਹਨੂੰਵਾਨ ਦੀ ਛੰਭ ਤੇ ਝੱਲ ਵਿਚ ਜਾ ਡੇਰੇ ਲਾਏ। ਅਜੇ ਥੋੜ੍ਹਾ ਹੀ ਸਮਾਂ ਨਿਕਲਿਆ ਸੀ ਕਿ ਮੁਖ਼ਬਰਾਂ ਨੇ ਸਿੰਘਾਂ ਦੇ ਟਿਕਾਣੇ ਦੀ ਜਾ ਖ਼ਬਰ ਦਿੱਤੀ। ਲੱਖੂ ਨੇ ਝੱਟ ਤੋਪਾਂ, ਬੰਦੂਕਾਂ, ਰਹਿਕਲੇ, ਹਾਥੀ ਤੇ ਨੇਜ਼ੇ-ਬਰਦਾਰ ਰਸਾਲੇ ਅਤੇ ਨਾਲ ਅੱਗ ਲਾਉਣ ਵਾਲੇ (ਆਤਿਸ਼ਜਨ) ਵੀ ਸਾਥ ਕੀਤੇ। ਸਿੰਘਾਂ ਉੱਤੇ ਇਸ ਦਾ ਬੜਾ ਅਸਰ ਹੋਇਆ। ਲੱਖੂ ਨੇ ਗੋਲਾਬਾਰੀ ਤੇ ਅੱਗ ਨਾਲ ਝੱਲ ਸਾੜ-ਫੂਕ ਦਿੱਤੀ। ਸੌ ਮਜਬੂਰੀ ਵੱਸ ਸਿੰਘ ਫਿਰ ਰਾਵੀਓਂ ਪਾਰ ਹੋਏ ਪਰ ਲੱਖੂ ਵੀ ਮਗਰੇ ਚੜ੍ਹ ਪਿਆ। ਦਰਿਆ ਰਾਵੀ ਦੇ ਪਾਸ ਪੜੋਲ ਕਠੂਏ (ਪੜੋਲ ਕਠੂਏ ਦੀਆਂ ਪਹਾੜੀਆਂ) ਦੇ ਵਿਚਕਾਰ ਇਕ ਬੜਾ ਲਹੂ ਵੀਟਵਾਂ ਭੇੜ ਪਿਆ। ਦੋਹੀਂ ਪਾਸੀਂ ਸੱਥਰ ਲੱਥ ਗਏ। ਪਰ ਲੱਖੂ ਦੀ ਘੇਰਾ ਪਾ ਕੇ ਸਿੰਘਾਂ ਨੂੰ ਮਾਰ ਮੁਕਾਉਣ ਦੀ ਰੀਝ ਨਾ ਪੂਰੀ ਹੋ ਸਕੀ। ਭਾਵੇਂ ਸਿੰਘਾਂ ਦਾ ਨੁਕਸਾਨ ਵੀ ਬਹੁਤ ਹੋਇਆ। ਬੇਸ਼ਕ ਸਿੰਘਾਂ ਦੀ ਥੋੜ੍ਹੀ ਗਿਣਤੀ ਪਾਸ ਕੁਝ ਕੁ ਰਾਮਜੰਗੇ, ਨੇਜ਼ੇ, ਤਲਵਾਰਾਂ ਤੇ ਧਨੁਸ਼ ਬਾਨ ਹੀ ਸਨ ਪਰ ਫਿਰ ਵੀ ਉਨ੍ਹਾਂ ਦੇ ਤਾਬੜ-ਤੋੜ ਹੱਲੇ ਝੱਲਣੇ ਮੁਗ਼ਲਾਂ ਲਈ ਬਹੁਤ ਔਖੇ ਸਨ। ਆਖ਼ਿਰ ਸਿੰਘਾਂ ਨੇ ਸਥਿਤੀ ‘ਤੇ ਵੀਚਾਰ ਕਰਦਿਆਂ ਘੇਰਾ ਪੈਣ ਤੋਂ ਬਚਣ ਲਈ ਫ਼ੌਜ ਵਿਚਦੀ ਚੀਰ ਕੇ ਨਿਕਲ ਜਾਣ ਦਾ ਫ਼ੈਸਲਾ ਤਹਿ ਕਰ ਲਿਆ। ਪਰ ਅਚਾਨਕ ਹੀ ਏਸ ਵੇਲੇ ਲੱਖੂ ਹਾਥੀ ‘ਤੇ ਸਵਾਰ ਸ: ਸੁੱਖਾ ਸਿੰਘ ਦੀ ਨਜ਼ਰੀਂ ਪਿਆ, ਉਹ ਝੱਟ ਘੋੜਾ ਭਜਾ ਕੇ ਉਸ ਦੁਸ਼ਟ ਕੋਲ ਅੱਪੜ ਗਿਆ ਤੇ ਨੇਜ਼ਾ ਤੋਲ ਕੇ ਮਾਰਨ ਹੀ ਲੱਗਾ ਸੀ ਕਿ ਐਨ ਓਸੇ ਵੇਲੇ ਵੱਜੇ ਗੋਲੇ ਨੇ ਉਸ ਦੀ ਲੱਤ ਤੋੜ ਦਿੱਤੀ । ਸਿੰਘ ਨੇ ਫੁਰਤੀ ਨਾਲ ਲੱਕ ਵਾਲੀ ਚਾਦਰ ਉਤਾਰ ਕੇ ਆਪਣੀ ਲੱਤ ਬੰਨ੍ਹ ਕੇ ਝੱਟ ਹੱਨੇ ਨਾਲ ਬੰਨ੍ਹ ਲਈ। ਇੰਨੇ ਕੁ ਚਿਰ ਵਿਚ ਲੱਖੂ ਹਾਥੀਓਂ ਛਾਲ ਮਾਰ ਕੇ ਘੋੜੇ ‘ਤੇ ਚੜ੍ਹ ਕੇ ਉੜਨ ਛੋਹ ਹੋ ਕੇ ਬਚ ਨਿਕਲਿਆ। ਫਿਰ ਜੋ ਸਿੰਘ ਪਹਾੜੀ ਚੜ੍ਹਨ ਵੱਲ ਹੋਏ, ਉਨ੍ਹਾਂ ਨੂੰ ਅੱਗੋਂ ਪਹਾੜੀਏ ਮਿਲੇ ਜਿਨ੍ਹਾਂ ਨੇ ਲੱਖੂ ਦੇ ਹੁਕਮ ਅਨੁਸਾਰ ਸਿੰਘਾਂ ਨੂੰ ਰੱਸਿਆਂ ਨਾਲ ਥੱਲੇ ਸੁੱਟਿਆ। ਕੁਝ ਜ਼ਖ਼ਮੀ ਕੀਤੇ ਤੇ ਕੁਝ ਫੜ ਕੇ ਲਾਹੌਰ ਵੱਲ ਤੋਰੇ, ਜੋ ਉਥੇ ਸ਼ਹੀਦ ਕਰ ਦਿੱਤੇ ਗਏ। ਰਾਵੀ ਦਰਿਆ ਵੀ ਬੇਸਤ੍ਹਾ ਚੜ੍ਹਿਆ ਹੋਇਆ ਸੀ, ਕੋਈ ਥਾਹ ਨਾ ਆਈ। ਸਿੰਘ ਹੁਣ ਝੱਲੋ-ਝੱਲੀਂ ਲਹਿੰਦੇ ਪਾਣੀ ਨੂੰ ਹੋ ਤੁਰੇ ਪਰ ਸ: ਸੁੱਖਾ ਸਿੰਘ ਨੇ ਕੁਝ ਸਿੰਘਾਂ ਦੇ ਅੱਗੇ ਲੱਗ ਕੇ ਫੋਕੀ ਜਿੱਤ ਦੀ ਖ਼ੁਸ਼ੀ ਦੇ ਜਸ਼ਨ ਮਨਾਉਂਦੇ ਗ਼ਾਜ਼ੀ ਮੋਮਨਾਂ ਉੱਤੇ ਸ਼ਬਖ਼ੂਨ ਮਾਰਿਆ । ਕਾਫ਼ੀ ਵੈਰੀ ਮਾਰ-ਮੁਕਾ ਕੇ ਘੋੜੇ ਅਤੇ ਜੋ ਹਥਿਆਰ ਹੱਥ ਲੱਗੇ, ਲੈ ਕੇ ਦਰਿਆਓਂ ਪਾਰ ਹੋ ਗਏ। ਪੈਦਲ ਸਿੰਘ ਕੱਖਾਂ-ਕਾਨਾਂ ਦੇ ਮਾੜੇ-ਮੋਟੇ ਆਰਜ਼ੀ ਤੁਲੇ ਬਣਾ ਕੇ ਦਰਿਆ ਰਾਵੀ ਤਾਂ ਲੰਘ ਗਏ, ਪਰ ਸੜਦੀ-ਬਲਦੀ ਰੇਤ ਦੇ ਦਰਿਆ ਨੇ ਸਿੰਘਾਂ ਨੂੰ ਬਹੁਤ ਦੁਖੀ ਕੀਤਾ, ਤਨ ਦੇ ਕੱਪੜੇ ਪੈਰੀਂ ਬੰਨ੍ਹ-ਬੰਨ੍ਹ ਕੇ ਤੁਰਨ ਦਾ ਯਤਨ ਕੀਤਾ, ਪਰ ਸੜੀ ਗਰਮ ਰੇਤ ਨੇ ਆਪਣਾ ਪੂਰਾ ਜ਼ੋਰ ਵਿਖਾਇਆ। ਸਿੰਘ ਏਸ ਕੁਦਰਤ ਮੁਸੀਬਤ ਵਿਚੋਂ ਗੁਜ਼ਰ ਹੀ ਰਹੇ ਸਨ ਕਿ ਲੱਗਦੇ ਹੱਥ ਰਾਮੇ ਰੰਧਾਵੇ ਨੇ ਜੋ ਮੁਗ਼ਲ ਸਰਕਾਰ ਦਾ ਬੜਾ ਵੱਡਾ ਪਿੱਠੂ ਸੀ, ਨੇ ਇਕ ਪਾਸਿਓਂ ਹੱਲਾ ਬੋਲ ਦਿੱਤਾ। ਇਥੇ ਵੀ ਸਿੰਘ ਸੜਦੀ-ਬਲਦੀ ਰੇਤ ਉੱਤੇ ਜੂਝੇ ਤੇ ਕਈ ਸਿੰਘ ਸ਼ਹੀਦੀਆਂ ਪਾ ਗਏ। ਜਦੋਂ ਸਿੰਘਾਂ ਨੇ ਰਾਮੇ ਰੰਧਾਵੇ ਦੇ ਇਲਾਕੇ ਵਿਚੋਂ ਗੁਜ਼ਰਦਿਆਂ ਹੋਇਆਂ ਅੱਗੇ ਦਰਿਆ ਬਿਆਸ ਪਾਰ ਕਰ ਕੇ ਪੇਟ ਨੂੰ ਝੁਲਕਾ ਦੇਣ ਲਈ ਢਾਲਾਂ ਉੱਤੇ ਲੰਗਰ ਪਕਾਉਣਾ ਆਰੰਭਿਆ ਤਾਂ ਦੁਆਬੇ ਵਾਲੇ ਪਾਸਿਓਂ ਅਦੀਨਾ ਬੇਗ (ਜੋ ਅਰਾਈਂ ਸੀ, ਤੁਰਕ ਨਹੀਂ ਸੀ) ਫ਼ੌਜ ਚੜ੍ਹਾ ਕੇ ਲੈ ਆਇਆ। ਸਿੰਘਾਂ ਲੰਗਰ ਵਿੱਚੇ ਛੱਡ ਕੇ ਉਸ ਨਾਲ ਤਕੜੀ ਟੱਕਰ ਲੈ ਕੇ ਉਸ ਨੂੰ ਮਾਰ ਭਜਾਇਆ। ਇਥੇ ਹੀ ਖ਼ਬਰ ਲੱਗੀ ਕਿ ਲੱਖੂ ਰਾਵੀ ਦਰਿਆ ਪਾਰ ਕਰ ਕੇ ਬਿਆਸਾ ਵੱਲ ਵੱਧ ਰਿਹਾ ਹੈ। ਸਿੰਘਾਂ ਵੀ ਫ਼ੈਸਲਾ ਕੀਤਾ ਕਿ ਹੁਣ ਮਾਲਵੇ ਵੱਲ ਨਿਕਲ ਚੱਲੋ ਤੇ ਆਪਣੇ ਜਾਣੂਆਂ-ਸਿਆਣੂਆਂ ਤੇ ਰਿਸ਼ਤੇਦਾਰਾਂ ਕੋਲ ਕੁਝ ਚਿਰ ਟਿਕਾਣਾ ਕਰੋ । ਚੌਥੇ ਦਿਨ ਜੈਤੋ ਜਾ ਕੇ ਸ: ਸੁੱਖਾ ਸਿੰਘ ਨੇ ਲੱਤ ਖੋਲ੍ਹੀ ਤੇ ਮਲਵਾਈ। ਦੋ ਢਾਈ ਮਹੀਨੇ ਮੰਜੇ ‘ਤੇ ਰਿਹਾ ਤੇ ਫਿਰ ਕਾਇਮ ਹੋ ਕੇ ਸਿੰਘਾਂ ਨਾਲ ਮੁਹਰਲੀਆਂ ਸਫ਼ਾਂ ਵਿਚ ਤਲਵਾਰਾਂ ਮਾਰਨ ਲੱਗ ਪਿਆ। ਦੂਜਿਆਂ ਸਿੰਘਾਂ ਨੇ ਵੀ ਰਿਸ਼ਤੇਦਾਰੀਆਂ ਤੇ ਜਾਣ-ਪਛਾਣ ਵਾਲਿਆਂ ਦੇ ਘਰੀਂ ਜਾ ਕੇ ਦਿਨ-ਕਟੀ ਕੀਤੀ।
ਉਧਰ ਜਿਹੜੇ ਸਿੰਘ ਬਸੋਹਲੀ ਦੀਆਂ ਪਹਾੜੀਆਂ ਚੜ੍ਹ ਗਏ, ਉਹ ਮੁਸ਼ਕਲਾਂ ਝਾਕਦੇ ਹੋਏ ਪਹਾੜੋਂ-ਪਹਾੜੀ ਨਦੀ ਨਾਲੇ ਲੰਘ ਕੇ ਰਾਤ ਦੇ ਸਮੇਂ ਵੀ ਤੁਰਦੇ ਰਹੇ, ਆਖ਼ਿਰ ਉਹ ਵੀ ਕੀਰਤਪੁਰ ਪਹੁੰਚ ਗਏ ਤੇ ਇਥੋਂ ਫਿਰ ਜੈਤੋ ਵੱਲ ਨੂੰ ਹੋ ਤੁਰੇ । ਹੁਣ ਸਾਰੇ ਸਿੰਘ ਇਕੱਠੇ ਹੋ ਗਏ ਤੇ ਫਿਰ ਮੁਗ਼ਲ ਸਰਕਾਰ ਦੀਆਂ ਜੜ੍ਹਾਂ ਪੁੱਟਣ ਲਈ ਕਮਰਕੱਸੇ ਕਰ ਲਏ, ਜਿੰਨੇ ਹੁਣ ਤੱਕ ਸਿੰਘ ਸ਼ਹੀਦ ਹੋਏ ਭਾਵ ਸੋਮਾਵਤੀ ਮੱਸਿਆ ਨੂੰ ਲਾਹੌਰ ਵਿਚ ਸ਼ਹੀਦ ਕੀਤੇ ਗਏ, ਲੱਖੂ ਨਾਲ ਲੜ ਕੇ ਸ਼ਹੀਦ ਹੋਣ, ਅਤੇ ਪਹਾੜੀਆਂ ਹੱਥੋਂ ਸ਼ਹੀਦ ਹੋਣ ਵਾਲੇ ਜੋ ਉਨ੍ਹਾਂ ਫੜ ਕੇ ਲਾਹੌਰ ਪਹੁੰਚਾਏ ਸਨ, ਦਰਿਆ ਰਾਵੀ ਟੱਪ ਕੇ ਦਰਿਆ ਬਿਆਸ ਵੱਲ ਜਾਣ ਸਮੇਂ ਰਾਮੇ ਰੰਧਾਵੇ ਹੱਲਾ ਕਰ ਕੇ ਜਿੰਨੇ ਸ਼ਹੀਦ ਤੇ ਜ਼ਖ਼ਮੀ ਕੀਤੇ, ਉਨ੍ਹਾਂ ਦੀ ਗਿਣਤੀ ਭਾਵੇਂ ਕੋਈ ਨਹੀਂ ਸੀ ਕਰ ਸਕਿਆ, ਪਰ ਇਤਿਹਾਸਕਾਰਾਂ ਦਾ ਅੰਦਾਜ਼ਾ 12000 ਤੋਂ 15000 ਦੇ ਦਰਮਿਆਨ ਹੈ। ਭਾਵੇਂ ਲੱਖੂ ਤੇ ਹਕੂਮਤ ਦੇ ਕਲੇਜੇ ਠੰਢ ਪਾਉਣ ਵਾਲਿਆਂ ਨੇ ਇਹ ਗਿਣਤੀ ਬਹੁਤ ਵਧਾਅ-ਚੜ੍ਹਾਅ ਕੇ ਕੱਟੜਵਾਦ ਦੇ ਉਲਾਰ ਵਿਚ ਲਿਖੀ ਹੈ। ਗ਼ੈਰ-ਮੁਸਲਮਾਨ ਲਿਖਾਰੀਆਂ ਨੇ ਵੀ ਸੱਚ ਦਾ ਪੱਲਾ ਨਹੀਂ ਫੜਿਆ। ਝੂਠੋ-ਝੂਠ ਮੱਖੀ ’ਤੇ ਮੱਖੀ ਮਾਰੀ ਗਏ ਹਨ ਪਰ ਆਹਿਸਤਾ-ਆਹਿਸਤਾ ਸੱਚ ਉਘੜ ਹੀ ਆਇਆ ਹੈ। ਇੱਡੀ ਵੱਡੀ ਸ਼ਹੀਦਾਂ ਦੀ ਗਿਣਤੀ ਨੂੰ ਸਿੰਘਾਂ ਨੇ ‘ਪਹਿਲੇ ਘੱਲੂਘਾਰੇ’ ਦਾ ਨਾਂ ਦਿੱਤਾ। ਵਿਰੋਧੀ ਲਿਖਾਰੀਆਂ ਨੇ ਮੁਗ਼ਲੀਆ ਫ਼ੌਜ ਤੇ ਮੁਲਖਈਏ ਦੇ ਮਰਨ ਵਾਲਿਆਂ ਦੀ ਗਿਣਤੀ ਤੋਂ ਮੂੰਹ ਬੰਦ ਰੱਖਿਆ ਹੈ। ਇਨ੍ਹਾਂ ਤਾਂ ਇੰਜ ਸਾਬਤ ਕੀਤਾ ਹੈ ਕਿ ਜਿਵੇਂ ਸਿੰਘ ਖ਼ਾਲੀ ਹੱਥ ਸਨ ਤੇ ਉਨ੍ਹਾਂ ਦੀਆਂ ਬਾਹਾਂ ਬੰਨ੍ਹੀਆਂ ਹੋਈਆਂ ਸਨ, ਮਾਨੋ ਹੋਇਆ ਹੀ ਕੱਖ ਨਹੀਂ, ਸਿਰਫ਼ ਲੱਖੂ ਦੀ ਜਿੱਤ ਹੋਈ ਹੈ ਜੋ ਸਰਾ-ਸਰ ਗ਼ਲਤ ਹੈ।“ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” ਦੋਹਾਂ ਪਾਸਿਆਂ ਦੀ ਤਸਵੀਰ ਸੁਹਿਰਦ ਪਾਠਕਾਂ ਦੇ ਸਾਹਮਣੇ ਹੈ ਤੇ ਸੱਚ ਸਾਫ਼ ਜ਼ਾਹਰ ਹੈ।
–ਸਵਰਨ ਸਿੰਘ
ਇਨ੍ਹਾਂ ਗੁਰਮੁਖ ਜੀਆਂ ਦਾ ਜਿਨ੍ਹਾਂ ਇਸ ਖ਼ੂਨੀ ਦਾਸਤਾਨ ਵਿਚ ਯਥਾਯੋਗ ਸਹਾਇਤਾ ਕੀਤੀ। ਸ: ਇਕਬਾਲ ਸਿੰਘ, ਬੀਬੀ ਸੁਖਵੰਤ ਕੌਰ, ਮੇਰੀ ਜ਼ਿੰਦਗੀ ਦਾ ਤੋਰਾ ਤੋਰਨ ਵਾਲੇ ਬੀਬੀ ਕੁਲਵੰਤ ਕੌਰ, ਸ: ਜਗਦੀਪ ਸਿੰਘ, ਰੇਨੂੰ, ਪਿਆਰੀ ਬੱਚੀ ਅਰਪਨਰੀਤ ਕੌਰ ਅਤੇ ਮੇਰੀ ਇਸ ਖੂਨੀ ਦਾਸਤਾਨ ਨੂੰ ਸੰਪੂਰਨ ਕਰਨ ਵਿਚ ਸ: ਰਣਬੀਰ ਸਿੰਘ ਛੱਜਲਵੱਢੀ ਅਤੇ ਬਾਬਾ ਮੌਜੀ ਦਾਸ ਜੀ ਮਾੜੀ ਕੰਬੋਕੀ ਵਾਲਿਆਂ ਦਾ ਸਹਿਯੋਗ ਹਮੇਸ਼ਾ ਮੇਰੇ ਨਾਲ ਰਿਹਾ। ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਅਤੇ ਬਾਬਾ ਮੌਜੀ ਦਾਸ ਜੀ ਮਾੜੀ ਕੰਬੋਕੀ ਵਾਲਿਆਂ ਦੀਆਂ ਅਸੀਸਾਂ ਸਦਾ ਮੇਰੇ ਨਾਲ ਰਹੀਆਂ। ਮੈਂ ਇਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਕਿਤਾਬ ਦੀ ਇਹ ਰੂਪ-ਰੇਖਾ ਸ: ਗੁਰਸਾਗਰ ਸਿੰਘ ਜੀ ਦੀ ਉੱਜਲ ਸੋਚ- ਸਮਝ ਦੀ ਦੇਣ ਹੈ। ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਹੈ।
–ਸਵਰਨ ਸਿੰਘ
ਪਹਿਲਾ ਘੱਲੂਘਾਰਾ
(ਲੱਖੂ ਭੱਸੂ ਦੇ ਹੰਕਾਰ ਤੇ ਜ਼ਿੱਦ ਦਾ ਸਿੱਟਾ)
ਜ਼ਕਰੀਆ ਖ਼ਾਨ ਦਾ 19 ਸਾਲਾ ਜ਼ੁਲਮੀ ਦੌਰ
ਜ਼ਕਰੀਆ ਖ਼ਾਨ 1726 ਤੋਂ ਲੈ ਕੇ ਜੁਲਾਈ 1745 ਤਕ ਲਾਹੌਰ ਸੂਬੇ ਦਾ ਗਵਰਨਰ ਰਿਹਾ। ਇਹਨੇ 19 ਸਾਲ ਸਿੱਖਾਂ ਉੱਤੇ ਜ਼ੁਲਮ, ਜਬਰ, ਮੌਤ ਤੇ ਬਰਬਾਦੀ ਦੀ ਅੰਨ੍ਹੇਰੀ ਝੁਲਦੀ ਰੱਖੀ। ਸਿੱਖਾਂ ਦਾ ਦੁਨੀਆਂ ‘ਚੋਂ ਨਾਮੋ-ਨਿਸ਼ਾਨ ਮਿਟਾ ਦੇਣ ਲਈ ਉਸ ਨੇ ਹਰ ਹੀਲਾ, ਉਪਰਾਲਾ, ਮੱਕਾਰੀ, ਫ਼ਰੇਬ, ਫੁੱਟ-ਪਾਊ ਨੀਤੀ ਨੂੰ ਵਰਤਿਆ, ਪਰ ਉਹ ਸਿੱਖਾਂ ਨੂੰ ਜਿਵੇਂ ਕਿ ਉਹ ਚਾਹੁੰਦਾ ਸੀ ਤੇ ਜਿਵੇਂ ਕਰਨ ਲਈ ਮੁਸਲਮਾਨ ਧਾਰਮਿਕ ਆਗੂ ਉਸ ਨੂੰ ਉਕਸਾਹਟ ਤੇ ਹੱਲਾਸ਼ੇਰੀ ਲਗਾਤਾਰ ਦੇਈ ਜਾਂਦੇ ਸਨ, ਇਸ ਦੁਨੀਆਂ ਦੇ ਤਖ਼ਤੇ ਤੋਂ ਮਲੀਆਮੇਟ ਨਾ ਕਰ ਸਕਿਆ। ਉਹ ਮਾਰਦਾ ਨਾ ਥੱਕਿਆ ਤੇ ਸਿੱਖ ਜ਼ਿੰਦਗੀ ਤੋਂ ਬੇ-ਪਰਵਾਹ ਹੋ ਕੇ ਜਾਨਾਂ ਵਾਰਦੇ ਨਾ ਥੱਕੇ। ਸ਼ਾਇਦ ਕੁਦਰਤ ਨੂੰ ਵੀ ਇਹੋ ਹੀ ਮਨਜ਼ੂਰ ਸੀ। ਸਿੱਖ ਇਸ ਅਤਿ ਕਰੜੀ ਅਜ਼ਮਾਇਸ਼ ਵਿਚੋਂ ਅਕਾਲ ਪੁਰਖ ‘ਤੇ ਭਰੋਸਾ ਤੇ ਆਪਣੇ ਹੱਠ, ਸਬਰ ਤੇ ਉੱਦਮ ਸਦਕਾ ਪੂਰੀ ਤਰ੍ਹਾਂ ਸੁਰਖ਼ਮਈ ਨਾਲ ਕਾਮਯਾਬ ਹੋਏ। ਜ਼ੁਲਮ ਦੀ ਕੁਠਾਲੀ ਵਿਚ ਤਪ ਤਪ ਕੇ, ਉਹ ਸੜ ਕੇ ਸਵਾਹ ਹੋ ਜਾਣ ਦੀ ਥਾਂ, ਕੁੰਦਨ ਬਣਦੇ ਗਏ।
1744 ਦੇ ਅੰਤਲੇ ਮਹੀਨਿਆਂ ਵਿਚ ਜ਼ਕਰੀਆ ਖ਼ਾਨ ਦੀ ਸਿੰਘਾਂ ਵਿਰੁੱਧ ਕੀਤੀ ਜਾ ਰਹੀ ਸਖ਼ਤੀ ਵਿਚ ਕੁਝ ਫ਼ਰਕ ਆ ਗਿਆ। ਸੰਭਵ ਹੈ ਉਹ ਇਸ ਨਰਮੀ ਨੂੰ ਇਕ ਹਥਿਆਰ ਵਜੋਂ ਵਰਤ ਰਿਹਾ ਸੀ ਕਿ ਸਿੰਘ ਟਾਕਰੇ ਦਾ ਰਾਹ ਛੱਡ ਕੇ ਜੰਗਲਾਂ ਝਲਾਂ ਵਿਚੋਂ ਵਾਪਸ ਆ ਕੇ ਵਾਹੀ ਜੋਤੀ ਵਿਚ ਲੱਗ ਜਾਣ ਤੇ ਇੰਜ ਅਮਨ ਹੀ ਹੋ ਜਾਵੇ । ਅਸਲੀਅਤ ਇਹ ਹੈ ਕਿ ਨਾਦਿਰ ਸ਼ਾਹ ਦੇ ਹਮਲੇ ਨੇ ਮੁਗ਼ਲ ਰਾਜ ਨੂੰ ਅਸਲੋਂ ਖੋਖਲਾ ਕਰ ਦਿੱਤਾ ਸੀ। ਨਾਦਿਰ ਸ਼ਾਹ ਨੇ ਦਿੱਲੀ ਨੂੰ ਲੁੱਟ ਪੁੱਟ ਕੇ ਤਬਾਹ ਕਰ ਦਿੱਤਾ ਤੇ ਮੁੜਦਾ ਹੋਇਆ ਪੰਜਾਬ ਵਿਚ ਵੀ ਝਾੜੂ ਫੇਰ ਗਿਆ।
ਸਿੱਖਾਂ ਵਿਰੁੱਧ ਨਿੱਤ ਦੀਆਂ ਮੁਹਿੰਮਾਂ ਨੇ ਖ਼ਜ਼ਾਨਾ ਖ਼ਾਲੀ ਕਰ ਛੱਡਿਆ ਸੀ। ਇਸ ਦੀ ਨਰਮੀ ਤੇ ਢਿੱਲ ਦਾ ਕਾਰਨ ਕਾਫ਼ੀ ਹੱਦ ਤਕ ਉਸ ਦੀ ਬੇਬਸੀ ਤੇ ਸਭ ਤੋਂ ਵੱਧ ਉਸ ਦੇ ਤਜਰਬੇ ਰਾਹੀਂ ਉਸ ਦੇ ਸਾਹਮਣੇ ਆਇਆ ਇਹ ਤੱਥ ਸੀ, ਕਿ ਹਰ ਮਾਰ ਤੋਂ ਬਾਅਦ ਸਿੱਖ ਬਲਵਾਨ ਹੋ ਕੇ ਉਭਰਦੇ ਹਨ।
ਸੋ ਜ਼ਕਰੀਆ ਖ਼ਾਨ ਦੀ ਸਿੰਘਾਂ ਵਿਰੁੱਧ ਤਅੱਦੀ ਵਿਚ ਢਿੱਲ ਦਾ ਅਸਰ ਲਾਜ਼ਮੀ ਸੀ। ਸਿੰਘ ਮਾਝੇ ਦਿਆਂ ਪਿੰਡਾਂ ਵਿਚ ਖੁੱਲ੍ਹੇ ਤੌਰ ‘ਤੇ ਵਿਖਾਲੀ ਦੇਣ ਲੱਗੇ। ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ‘ਤੇ ਪਾਬੰਦੀ ਵਜੋਂ ਲਾਇਆ ਪਹਿਰਾ ਵੀ ਹਟਾ ਲਿਆ ਗਿਆ। ਹੁਣ ਸਿੰਘ ਇਥੇ ਬੇਰੋਕ- ਟੋਕ ਆਉਣ-ਜਾਣ ਲੱਗ ਪਏ ਸਨ। ਸਿੰਘਾਂ ਦੀ ਸ਼ਕਤੀ ਵਿਚ ਦਿਨ- ਬਦਿਨ ਵਾਧਾ ਹੋ ਰਿਹਾ ਸੀ। ਰਾਵੀ ਤੇ ਬਿਆਸ ਦਰਿਆਵਾਂ ਦੇ ਝੱਲ ਸਿੰਘਾਂ ਨਾਲ ਭਰੇ ਪਏ ਸਨ। ਇਨ੍ਹਾਂ ਵਿਚੋਂ ਨਿਕਲ ਕੇ ਉਹ ਕਿਤੇ ਕਿਤੇ ਲਾਹੌਰ ਦੀਆਂ ਕੰਧਾਂ ਤੀਕ ਪੰਜਾ ਮਾਰ ਕੇ ਖੋਹਾ-ਖੋਹੀ ਕਰ ਲਿਆਉਂਦੇ ।
ਜ਼ਕਰੀਆ ਖ਼ਾਨ ਦੀ ਮੌਤ
ਸਿੰਘਾਂ ਨੂੰ ਆਪਣੇ ਵੱਸ ਕਰਦਾ ਕਰਦਾ ਹੀ ਜ਼ਕਰੀਆ ਖ਼ਾਨ 2 ਸਾਵਣ ਸੰਮਤ 1802 ਬਿਕ੍ਰਮੀ ਮੁਤਾਬਕ 1 ਜੁਲਾਈ 1745 ਈ: ਨੂੰ ਆਪ ਕਾਲ-ਵੱਸ ਹੋ ਗਿਆ। ਜ਼ਕਰੀਆ ਖ਼ਾਨ ਇਕ ਤਕੜਾ ਹਾਕਮ ਸੀ ਤੇ ਪੰਜਾਬ ਵਿਚ ਅਮਨ-ਅਮਾਨ ਕਾਇਮ ਰੱਖਣ ਲਈ ਉਸ ਨੇ ਸਿਰਤੋੜ ਕੋਸ਼ਿਸ਼ਾਂ ਜਾਰੀ ਰੱਖੀਆਂ। ਪਰ ਉਸ ਦੇ ਮਰਨ ਨਾਲ ਰਾਮ-ਰੌਲਾ ਮੱਚ ਗਿਆ। ਇਹ ਜ਼ਰੂਰੀ ਸੀ ਕਿ ਪੰਜਾਬ ਵਿਚ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਕੋਈ ਮਜ਼ਬੂਤ ਹਾਕਮ ਥਾਪਿਆ ਜਾਵੇ। ਸੋ ਜ਼ਕਰੀਆ ਖ਼ਾਨ ਦੀ ਮੌਤ ਪਿੱਛੋਂ ਵੱਡੀ ਅਫਰਾ-ਤਫਰੀ ਫੁੱਟ ਖਲੋਣ ਦੀ ਸੰਭਾਵਨਾ ਨੂੰ ਘਟਾਉਣ ਲਈ ਦਿੱਲੀ ਦਰਬਾਰ ਦੇ ਵਜ਼ੀਰ ਕਮਰੁੱਦੀਨ ਖ਼ਾਂ ਨੇ ਤੁਰੰਤ ਆਪਣੇ ਭਰਾ ਅਬਦੁੱਲਾ ਨੂੰ ਕਾਇਮ ਮੁਕਾਮ ਗਵਰਨਰ ਬਣਾ ਦਿੱਤਾ ਤੇ ਮੋਮਨ ਖ਼ਾਨ, ਜੋ ਜ਼ਕਰੀਆ ਖ਼ਾਨ ਦਾ ਨਾਇਬ ਸੀ, ਨੂੰ ਉਸ ਦਾ ਨਾਇਬ ਬਣਾ ਦਿੱਤਾ। ਅਬਦੁੱਲਾ ਖ਼ਾਨ, ਜਿਸ ਦਾ ਖ਼ਿਤਾਬ ‘ਖ਼ਾਨਿ ਜਾਹ’ ਸੀ, ਕੋਈ ਨਿੱਗਰ ਆਦਮੀ ਤੇ ਚੰਗਾ ਸ਼ਾਸਕ ਨਹੀਂ ਸੀ। ਇਹ ਬੜਾ ਲਾਲਚੀ ਤੇ ਭੁੱਖੀ ਨੀਅਤ ਦਾ ਆਦਮੀ ਸੀ। ਇਸ ਨੇ ਇਸ ਥੋੜ੍ਹੇ ਜਿਹੇ ਸਮੇਂ ਦੀ ਹਕੂਮਤ ਨੂੰ ਰੱਬੀ ਦਾਤ ਸਮਝ ਕੇ ਰਿਆਇਆ ਦੀ ਖ਼ੂਬ ਲੁੱਟ ਕੀਤੀ ਤੇ ਇਸ ਵਿਚ ਮੁਸਲਮਾਨਾਂ ਨੂੰ ਵੀ ਨਾ ਬਖ਼ਸ਼ਿਆ। ਹਿੰਦੂ ਸਿੱਖਾਂ ਪਾਸੋਂ ਤਾਂ ਪੈਸਾ ਪੈਸਾ ਤਕ ਹਥਿਆ ਲਿਆ। ਰਿਆਇਆ ਤ੍ਰਾਹ ਤ੍ਰਾਹ ਕਰ ਉੱਠੀ । ਲੋਕ ਆਤੁਰ ਹੋ ਕੇ ਕੁਰਲਾ ਉੱਠੇ, “ਹਕੂਮਤ ਨਵਾਬ ਅਬਦੁੱਲਾ। ਨਾ ਚੱਕੀ ਰਹੀ ਨਾ ਚੁੱਲ੍ਹਾ।” ਘਰਾਂ ਵਿਚ ਭੰਗ ਭੁੱਜਣ ਲੱਗੀ, ਥੁੜ ਤੇ ਭੁੱਖਮਰੀ ਦਾ ਨੰਗਾ ਨਾਚ ਹੋਣ ਲੱਗਾ। ਲੋਕਾਂ ਦੀ ਕੁਰਲਾਹਟ ਤੇ ਕੂਕਾਂ ਦਿੱਲੀ ਦਰਬਾਰ ਵਿਚ ਸੁਣਾਈ ਦੇਣ ਲੱਗੀਆਂ।
ਲਾਹੌਰ ਦੀ ਨਿਜ਼ਾਮਤ ਲਈ ਜ਼ਕਰੀਆ ਖ਼ਾਨ ਦੇ ਪੁੱਤਰਾਂ ਵਿਚ ਝਗੜਾ
ਜ਼ਕਰੀਆ ਖ਼ਾਨ ਦੇ ਪੁੱਤਰਾਂ ਯਾਹੀਆ ਖ਼ਾਨ ਤੇ ਸ਼ਾਹ ਨਿਵਾਜ਼ ਖ਼ਾਨ ਵਿਚ ਆਪਣੇ ਬਾਪ ਦੀ ਜਾਇਦਾਦ ਤੇ ਪਦਵੀ ਲੈਣ ਲਈ ਝਗੜਾ ਉੱਠ ਖਲੋਤਾ ।” ਇਹ ਦੋਵੇਂ ਦਿੱਲੀ ਦੇ ਵਜ਼ੀਰ ਕਮਰੁੱਦੀਨ ਖ਼ਾਨ ਦੇ ਭਣੇਵੇਂ ਲੱਗਦੇ ਸਨ । ਕਮਰੁੱਦੀਨ ਖ਼ਾਨ ਦੀ ਲੜਕੀ ਯਾਹੀਆ ਖ਼ਾਨ ਨਾਲ ਵਿਆਹੀ ਹੋਈ ਸੀ ਤੇ ਇਸ ਸਾਕੋਂ ਉਹ ਵਜ਼ੀਰ ਦਾ ਜਵਾਈ ਵੀ ਸੀ। ਇਸ ਵਾਸਤੇ ਕਮਰੁੱਦੀਨ ਖ਼ਾਨ ਯਾਹੀਆ ਖ਼ਾਨ ਦੀ ਮਦਦ ਵਧੇਰੇ ਕਰਦਾ ਸੀ। ਵਜ਼ੀਰ ਨੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਇਹ ਗੱਲ ਕਹੀ ਕਿ ਸ਼ਾਹ ਨਿਵਾਜ਼ ਨੂੰ ਮੁਲਤਾਨ ਤੇ ਯਾਹੀਆ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਪੱਕਾ ਕਰ ਦਿੱਤਾ ਜਾਵੇ । ਬਾਦਸ਼ਾਹ ਨੂੰ ਇਹ ਸਲਾਹ ਪਸੰਦ ਨਹੀਂ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਇਹ ਤੁਰਾਨੀ ਖ਼ਾਨਦਾਨ ਪੰਜਾਬ ਦੇ ਰਾਜ ਪ੍ਰਬੰਧ ਨੂੰ ਜੱਦੀ ਪੁਸ਼ਤੀ ਬਣਾ ਕੇ ਇੰਨਾ ਤਾਕਤਵਰ ਹੋ ਜਾਵੇ ਕਿ ਬਾਅਦ ਵਿਚ ਪੰਜਾਬ ਦਾ ਖ਼ੁਦ-ਮੁਖ਼ਤਾਰ ਮਾਲਿਕ ਬਣ ਬੈਠੇ। ਬਾਦਸ਼ਾਹ ਨੇ ਇਨ੍ਹਾਂ ਭਰਾਵਾਂ ਨੂੰ ਨਵਾਬੀਆਂ ਪੱਕੀਆਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਮਰੁੱਦੀਨ ਖ਼ਾਨ ਆਪਣੀ ਧੁਨ ਦਾ ਪੱਕਾ ਸੀ । ਉਸ ਨੇ ਚੁੱਪ-ਚੁਪੀਤੇ ਯਾਹੀਆ ਖ਼ਾਨ, ਜੋ ਇਨ੍ਹੀਂ ਦਿਨੀਂ ਦਿੱਲੀ ਵਿਚ ਹੀ ਸੀ, ਨੂੰ ਲਾਹੌਰ ਵੱਲ ਇਹ ਕਹਿ ਕੇ ਤੋਰ ਦਿੱਤਾ ਕਿ ਉਹ ਜਾ ਕੇ ਲਾਹੌਰ ਦੀ ਨਜ਼ਾਮਤ ‘ਤੇ ਕਬਜ਼ਾ ਕਰ ਲਵੇ, ਇਸ ਸੰਬੰਧ ਵਿਚ ਖ਼ਿਲਅਤ ਤੇ ਸ਼ਾਹੀ ਫ਼ੁਰਮਾਨ ਲੈ ਕੇ ਉਹ ਉਸ ਨੂੰ ਲਾਹੌਰ ਪਹੁੰਚਾ ਦੇਵੇਗਾ। ਉਸ ਨੇ ਲਾਹੌਰ ਪਹੁੰਚ ਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਤੇ ਸੂਬੇਦਾਰੀ ਦੀ ਵਾਗਡੋਰ ਸੰਭਾਲ ਲਈ, ਭਾਵੇਂ ਕਿ ਇਸ ਲਈ ਉਸ ਪਾਸ ਕੋਈ ਸ਼ਾਹੀ ਫ਼ੁਰਮਾਨ ਨਹੀਂ ਸੀ। ਉਸ ਨੇ ਬਾਪ ਦੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ। ਸ਼ਾਹ ਨਿਵਾਜ਼ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਇਕ ਤਕੜੀ ਫ਼ੌਜ ਲੈ ਕੇ ਲਾਹੌਰ ਉੱਤੇ ਆ ਚੜ੍ਹਿਆ ਤੇ ਸ਼ਾਲਾਮਾਰ ਬਾਗ਼ ਲਾਗੇ ਖੁੱਲ੍ਹੇ ਥਾਂ ਵਿਚ ਤੰਬੂ ਲਾ ਦਿੱਤੇ। ਲੜਾਈ ਹੋਣੋਂ ਮਸਾਂ ਟਲੀ । ਦੀਵਾਨ ਸੂਰਤ ਸਿੰਘ ਦੀ ਵਿਚੋਲਗੀ ਰਾਹੀਂ ਖ਼ਾਨ ਬਹਾਦਰ ਦੀ ਨਕਦ ਪੂੰਜੀ ਵਿਚੋਂ ਉਸ ਨੂੰ ਕੁਝ ਨਕਦ ਤੇ ਹੀਰੇ ਜ਼ੇਵਰ ਆਦਿ ਦੇ ਕੇ ਤੋਰ ਦਿੱਤਾ। ਨਾਲ ਹੀ ਉਸ ਨੇ ਦੁਆਬੇ ਦੀ ਫ਼ੌਜਦਾਰੀ ਦੇ ਹੱਕ ਛੱਡ ਦਿੱਤੇ ਤੇ ਉਹ ਵਾਪਸ ਮੁਲਤਾਨ ਨੂੰ ਮੁੜ ਗਿਆ।
ਕਮਰੁੱਦੀਨ ਖ਼ਾਨ ਆਪਣੀ ਤਜਵੀਜ਼ ਮਨਾਉਣ ਲਈ ਬਾਦਸ਼ਾਹ ਦੇ ਪਿੱਛੇ ਪਿਆ ਰਿਹਾ ਤੇ ਅੰਤ ਨੂੰ ਇਸ ਗੱਲ ‘ਤੇ ਰਾਜ਼ੀ ਕਰ ਲਿਆ ਕਿ ਕਮਰੁੱਦੀਨ ਖ਼ਾਨ ਨੂੰ ਹੀ ਪੰਜਾਬ ਦੀ ਸੂਬੇਦਾਰੀ ਦੇ ਦਿੱਤੀ ਜਾਵੇ। ਬਾਦਸ਼ਾਹ ਨੇ ਇਸ ਗੱਲ ਨੂੰ ਪਰਵਾਨ ਕਰ ਲਿਆ। ਇਹ ਫ਼ੈਸਲਾ 3 ਜਨਵਰੀ 1746 ਨੂੰ ਹੋਇਆ। ਏਸ ਤਰ੍ਹਾਂ ਲਾਹੌਰ ਛੇ ਮਹੀਨੇ ਤਕ ਬਿਨਾਂ ਸੂਬੇਦਾਰ ਦੇ ਹੀ ਰਿਹਾ। ਵਜ਼ੀਰ ਨੇ ਯਾਹੀਆ ਖ਼ਾਨ ਨੂੰ ਆਪਣਾ ਨਾਇਬ ਬਣਾ ਲਿਆ ਤੇ ਇਸ ਜੁਗਤੀ ਨਾਲ ਆਪਣੀ ਵਿਉਂਤ ਨਾਲ ਕਾਮਯਾਬ ਹੋ ਗਿਆ।
ਸ਼ਾਹ ਨਿਵਾਜ਼ ਖ਼ਾਨ ਨੂੰ ਫ਼ਲੌਰੀ ਖ਼ਾਨ ਵੀ ਕਿਹਾ ਜਾਂਦਾ ਸੀ। ਇਹ ਨਾਦਿਰ ਸ਼ਾਹ ਦੇ ਹੱਲੇ ਵੇਲੇ ਲਾਹੌਰੋਂ ਦਿੱਲੀ ਨੂੰ ਉਸ ਦੇ ਨਾਲ ਹੀ ਗਿਆ ਸੀ। ਨਾਦਿਰ ਸ਼ਾਹ ਨੇ ਦਿੱਲੀਓਂ ਮੁੜਨ ਲੱਗਿਆਂ ਇਸ ਫ਼ਲੌਰੀ ਖ਼ਾਨ ਨੂੰ ਵਾਪਸ ਪੰਜਾਬ ਜ਼ਕਰੀਆ ਖ਼ਾਨ ਪਾਸ ਇਹ ਹੁਕਮ ਦੇ ਕੇ ਭੇਜਿਆ ਕਿ ਉਸਦੇ ਪਹੁੰਚਣ ਤਕ ਇਕ ਕਰੋੜ ਰੁਪਿਆ ਤਿਆਰ ਰੱਖਿਆ ਜਾਵੇ। ਨਾਦਿਰ ਸ਼ਾਹ ਪੰਜਾਬੋਂ ਵਾਪਸ ਜਾਂਦਾ ਇਸ ਨੂੰ ਲਾੜਕਾਣੇ ਤਕ ਨਾਲ ਲੈ ਗਿਆ, ਜਿਥੇ ਇਸ ਨੂੰ ‘ਸ਼ਾਹ ਨਿਵਾਜ਼’ ਦਾ ਖ਼ਿਤਾਬ ਦੇ ਕੇ ਮੁਲਤਾਨ ਦਾ ਗਵਰਨਰ ਥਾਪ ਦਿੱਤਾ ਤੇ ਵਾਪਸ ਮੁੜਨ ਦੀ ਆਗਿਆ ਦਿੱਤੀ ਗਈ।
ਸਿੰਘਾਂ ਨੂੰ ਮੌਕਾ ਮਿਲ ਗਿਆ
ਯਾਹੀਆ ਖ਼ਾਨ ਤੇ ਸ਼ਾਹ ਨਿਵਾਜ਼ ਵਿਚ ਪਿਓ ਦੀ ਜਾਇਦਾਦ ਦੀ ਵੰਡ ਬਦਲੇ ਛੇ ਕੁ ਮਹੀਨੇ ਝਗੜਾ ਚੱਲਦਾ ਰਿਹਾ ਸੀ। ਮੁਲਕ ਦੀ ਕੋਈ ਵਾਤ ਨਹੀਂ ਸੀ ਪੁੱਛਦਾ, ਹਾਕਮਾਂ ਨੂੰ ਆਪਣੀ ਆਪਣੀ ਪਈ ਹੋਈ ਸੀ। ਇਹ ਛੇ ਮਹੀਨੇ ਹੀ ਸਿੰਘਾਂ ਲਈ ਗ਼ਨੀਮਤ ਸਨ। ਕਾਫ਼ੀ ਗਿਣਤੀ ਵਿਚ ਸਿੰਘ ਮਾਝੇ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ । ਨਿੱਕੇ ਨਿੱਕੇ ਗਰੋਹ ਬਣਾ ਕੇ ਸਾਰੇ ਦੇਸ਼ ਵਿਚ ਖਿੱਲਰ ਕੇ ਲੱਗੇ ਮਾਰਾਂ ਮਾਰਨ । ਵੈਰੀਆਂ ਦੇ ਘਰ ਪਈ ਦਾ ਸਿੰਘਾਂ ਬਹੁਤ ਲਾਭ ਉਠਾਇਆ ਤੇ ਲੁੱਟ-ਮਾਰ ਕਰ ਕੇ ਚੰਗੇ ਮਾਲਾ- ਮਾਲ ਹੋ ਗਏ। ਹਥਿਆਰਾਂ ਤੇ ਘੋੜਿਆਂ ਦੀ ਘਾਟ ਸਭ ਪੂਰੀ ਕਰ ਲਈ। ਇਸ ਗੜਬੜ ਕਾਰਨ ਸਾਰਾ ਦੇਸ਼ ਤਬਾਹ ਹੋ ਗਿਆ। ਰਹਿੰਦੀ ਖੂੰਹਦੀ ਕਸਰ ਸਰਕਾਰੀ ਕਰਮਚਾਰੀਆਂ ਨੇ ਲਗਾਨ ਦੀ ਵਸੂਲੀ ਵੇਲੇ ਕੱਢ ਦਿੱਤੀ ਤੇ ਲੋਕਾਂ ਦਾ ਸਾਹ-ਸਤ ਅਸਲੋਂ ਹੀ ਖਿੱਚਿਆ ਗਿਆ। ਉਨ੍ਹਾਂ ਪਾਸ ਨਾ ਖਾਣ ਨੂੰ ਰਿਹਾ ਤੇ ਨਾ ਪਹਿਨਣ ਨੂੰ ।
ਖ਼ਾਲਸਾ ਦਲ ਦੀ ਸ਼ਕਤੀ ਵਿਚ ਵਾਧਾ
ਮਾਝੇ ਦਿਆਂ ਜੱਟਾਂ ਵਾਸਤੇ ਦੋ ਹੀ ਰਾਹ ਰਹਿ ਗਏ ਸਨ ਕਿ ਜਾਂ ਤਾਂ ਸਰਕਾਰੀ ਮਾਮਲਾ ਪੂਰਾ ਕਰਨ ਲਈ ਦਿਨ ਰਾਤ ਖਪਾ ਕਰਨ ਤੇ ਭੁੱਖੇ ਮਰਨ ਜਾਂ ਸਰਕਾਰ ਦੇ ਬਾਗ਼ੀਆਂ ਨਾਲ ਰਲ ਕੇ ਲੁੱਟ-ਮਾਰ ਕਰ ਕੇ ਛਕਣ ਛਕਾਉਣ ਤੇ ਦਿਨ ਰਾਤ ਖੇਤਾਂ ਵਿਚ ਟੁੱਟ ਟੁੱਟ ਮਰਨ ਤੋਂ ਮੁਕਤੀ ਪਾਉਣ, ਕਿਉਂਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਇਹ ਗੱਲ ਦਿਨ ਦੇ ਪ੍ਰਕਾਸ਼ ਵਾਂਗ ਸੀ ਕਿ ਸਰਕਾਰ ਦੇ ਬਾਗ਼ੀ ਸਿੰਘ ਉਨ੍ਹਾਂ ਨਾਲੋਂ ਕਿਤੇ ਸੁਖੀ ਹਨ ਤੇ ਸਰਕਾਰ ਨੂੰ ਵੀ ਟਿੱਚ ਸਮਝਦੇ ਹਨ। ਸੋ ਉਨ੍ਹਾਂ ਮਗਰਲਾ ਰਾਹ ਹੀ ਚੁਣਿਆ। ਰਾਤ ਨੂੰ ਜਦ ਘਰਾਂ, ਸੱਥਾਂ, ਖੁੰਡਾਂ, ਤਖ਼ਤਪੋਸ਼ਾਂ ਤੇ ਧੂਣਿਆਂ ਦੁਆਲੇ ਬੈਠ ਕੇ ਸਿੰਘਾਂ ਦਿਆਂ ਧਾੜਿਆਂ, ਫ਼ੌਜ ਨਾਲ ਲੜਾਈਆਂ ਵਿਚ ਉਨ੍ਹਾਂ ਦਿਆਂ ਕਾਰਨਾਮਿਆਂ ਦਾ ਜ਼ਿਕਰ ਹੁੰਦਾ ਤੇ ਗੱਭਰੂ ਸੁਣਦੇ ਤਾਂ ਉਨ੍ਹਾਂ ਦਾ ਖੂਨ ਉਬਾਲੇ ਖਾਣ ਲੱਗਦਾ ਤੇ ਡੌਲੇ ਫਰਕਣ ਲੱਗ ਪੈਂਦੇ। ਜਵਾਨੀ ਵਿਚ ਨੱਸਣ-ਭੱਜਣ, ਲੜਨ-ਭਿੜਨ ਤੇ ਖਹਿਣ ਦਾ ਬੜਾ ਚਾਅ ਹੁੰਦਾ ਹੈ। ਇਸ ਵਾਸਤੇ ਜਵਾਨਾਂ ਨੂੰ ਜਾਨ ਜੋਖਮ ਵਾਲੇ ਕਾਰਨਾਮੇ ਤੇ ਇਹੋ ਜਿਹੀਆਂ ਸੂਰਮਗਤੀ ਦੀਆਂ ਸਾਖੀਆਂ ਹੀ ਪਸੰਦ ਆਉਂਦੀਆਂ ਹਨ। ਮਨਚਲੇ ਗੱਭਰੂਆਂ ਦਾ ਇਹ ਸੋਚਣਾ ਸੁਭਾਵਿਕ ਸੀ ਕਿ ਗ਼ਰੀਬੀ, ਥੁੜ, ਬੇਪਤੀ ਤੇ ਮੁਗ਼ਲੀਆ ਰਾਜ ਦੀ ਜ਼ੁਲਮੀ ਚੱਕੀ ਵਿਚ ਪੀਸੇ ਜਾਣ ਨਾਲੋਂ ਸਿੰਘਾਂ ਨਾਲ ਰਲ ਕੇ ਸਰਕਾਰ ਨਾਲ ਮੱਥਾ ਡਾਹ ਕੇ ਉਸ ਦੀ ਸਫ਼ ਵਲ੍ਹੇਟੀ ਜਾਵੇ ਜਾਂ ਸ਼ਹੀਦੀ ਪ੍ਰਾਪਤ ਕੀਤੀ ਜਾਵੇ। ਐਵੇਂ ਰੁਲ-ਰੁਲ ਤੇ ਸਹਿ-ਸਹਿ ਕਰਕੇ ਜੀਊਣਾ ਵੀ ਕੋਈ ਜੀਉਣਾ ਹੈ? ਇਹ ਫੁਰਨਾ ਅਨੇਕਾਂ ਦੇ ਸੀਨੇ ਗਰਮਾ ਗਿਆ। ਸਿੰਘਾਂ ਨਾਲ ਮਿਲਣ ਲਈ ਕੋਈ ਬਹੁਤੀਆਂ ਕਰੜੀਆਂ ਸ਼ਰਤਾਂ ਤਾਂ ਹੈ ਨਹੀਂ ਸਨ। ਤਕੜਾ ਸਰੀਰ, ਘੋੜਾ, ਹਥਿਆਰ ਤੇ ਲੜਨ ਭਿੜਨ ਦੀ ਰੀਝ ਹੀ ਵੱਡੀ ਸਿਫ਼ਾਰਸ਼ ਸੀ, ਜਿਸ ਨਾਲ ਕਿਸੇ ਵੀ ਜਥੇ ਵਿਚ ਕੋਈ ਗੱਭਰੂ ਰਲ ਸਕਦਾ ਸੀ। ਜੁਸ਼ੀਲੇ ਤੇ ਮਨਚਲੇ ਗੱਭਰੂ, ਜੇ ਹੋਵੇ ਤਾਂ ਘਰ ਦੀ ਘੋੜੀ ਭਜਾ ਕੇ ਜਾਂ ਘਰੋਂ ਗਹਿਣਾ ਗੱਟਾ ਕੱਢ ਵੇਚ ਕੇ ਚੰਗਾ ਘੋੜਾ, ਬੰਦੂਕ, ਤਲਵਾਰ ਖ਼ਰੀਦ ਕੇ ਸਿੰਘਾਂ ਦੇ ਜਥੇ ਵਿਚ ਰਲਦੇ ਤੇ ਅੰਮ੍ਰਿਤ ਛਕ ਕੇ ਸਿੰਘ ਸਜ ਜਾਂਦੇ। ਇਸ ਤਰ੍ਹਾਂ ਪੰਜਾਬ ਵਿਚ ਸਿੰਘਾਂ ਦੇ ਕਈ ਜਥੇ ਬਣ ਗਏ।
ਜਥਿਆਂ ਵਿਚ ਕੋਈ ਤਨਖ਼ਾਹ ਨਹੀਂ ਸੀ ਮਿਲਦੀ
ਸਿੰਘਾਂ ਸਰਦਾਰਾਂ ਦੇ ਜਥਿਆਂ ਵਿਚ ਸ਼ਾਮਲ ਸਿਪਾਹੀਆਂ ਨੂੰ ਕੋਈ ਬੱਝਵੀਂ ਤਨਖ਼ਾਹ ਨਹੀਂ ਸੀ ਮਿਲਦੀ। ਉਨ੍ਹਾਂ ਨੂੰ ਲੁੱਟ ਮਾਰ ਦੇ ਮਾਲ ਵਿਚੋਂ ਬਰਾਬਰ ਦਾ ਹਿੱਸਾ ਮਿਲਦਾ ਸੀ। ਜਦ ਕਈ ਜਥੇ ਮਿਲ ਕੇ ਕੋਈ ਵੱਡਾ ਸ਼ਿਕਾਰ ਮਾਰਦੇ ਤਾਂ ਹਰ ਇਕ ਸਰਦਾਰ ਨੂੰ ਉਸ ਦੇ ਸਵਾਰਾਂ ਦੀ ਗਿਣਤੀ ਅਨੁਸਾਰ ਹਿੱਸਾ ਮਿਲਦਾ, ਜੋ ਅੱਗੇ ਆਪਣੇ ਸਵਾਰਾਂ ਵਿਚ ਇੱਕੋ ਜਿਹਾ ਵੰਡ ਦੇਂਦਾ। ਕਿਸੇ ਵੀ ਜਥੇ ਵਿਚ ਕਿਸੇ ਕਿਸਮ ਦੀ ਊਚ-ਨੀਚ ਜਾਂ ਭੇਦ- ਭਾਵ ਨਹੀਂ ਸੀ। ਹਰ ਇਕ ਦਾ ਮਾਣ ਸਤਿਕਾਰ ਇੱਕੋ ਜਿਹਾ ਸੀ । ਜਥੇਬੰਦੀ ਨੂੰ ਪੱਕਿਆਂ ਰੱਖਣ ਲਈ ਹਰ ਇਕ ਸਿੰਘ ਆਪਣੇ-ਆਪਣੇ ਸਰਦਾਰ ਦੇ ਹੁਕਮ ਵਿਚ ਚੱਲਦਾ ਸੀ। ਪਰ ਸਮਾਜਿਕ ਤੇ ਧਾਰਮਿਕ ਪੱਖੋਂ ਹਰ ਸਿੱਖ ਦਾ ਹੱਕ ਤੇ ਦਰਜਾ ਇੱਕੋ ਜਿਹਾ ਹੁੰਦਾ ਹੈ।
ਗਰੋਹਾਂ ਦੀ ਪੱਕੇ ਤੌਰ ‘ਤੇ ਛੋਟੇ ਛੋਟੇ ਜਥਿਆਂ ਵਿਚ ਵੰਡ
ਇਹ ਜਿਹੜਾ ਥੋੜ੍ਹਾ ਜਿਹਾ ਸਮਾਂ ਸਿੰਘਾਂ ਨੂੰ ਮਿਲਿਆ, ਇਸ ਵਿਚ ਉਨ੍ਹਾਂ ਦੀ ਗਿਣਤੀ ਕਾਫ਼ੀ ਵੱਧ ਗਈ ਸੀ। ਹੁਣ ਲੋੜ ਇਸ ਗੱਲ ਦੀ ਸੀ ਕਿ ਇਨ੍ਹਾਂ ਨੂੰ ਪੱਕੀ ਜਥੇਬੰਦੀ ਦਾ ਰੂਪ ਦਿੱਤਾ ਜਾਵੇ। ਸਿਆਣੇ ਆਗੂਆਂ ਨੇ ਇਹ ਲੋੜ ਅਨੁਭਵ ਕੀਤੀ ਕਿ ਇਸ ਖਿਲਰੀ ਹੋਈ ਤਾਕਤ ਨੂੰ ਜਥੇਬੰਦ ਕਰ ਕੇ ਹੋਰ ਮਜ਼ਬੂਤ ਕੀਤਾ ਜਾਵੇ। ਇਸ ਲਈ ਖ਼ਾਲਸੇ ਦੇ ਛੋਟੇ ਛੋਟੇ ਜਥੇ ਬਣਾ ਦਿੱਤੇ ਜਾਣ, ਜੋ ਦੁਸ਼ਮਣ ਉੱਤੇ ਹਮਲੇ ਤੇ ਲੁੱਟ- ਮਾਰ ਵੇਲੇ ਆਪਣੇ-ਆਪਣੇ ਸਰਦਾਰ ਦੀ ਕਮਾਨ ਵਿਚ ਸੁਤੰਤਰ ਹੋਣ, ਪਰ ਸਾਂਝੀ ਭੀੜ ਬਣੀ ‘ਤੇ ਸਾਰੇ ਜਥੇ ਪੰਥ ਦੀ ਇਕ ਜਥੇਬੰਦੀ ਵਿਚ ਦੁਸ਼ਮਣ ਨਾਲ ਲੋਹਾ ਲੈਣ। 14 ਅਕਤੂਬਰ 1745 ਨੂੰ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜਾ ਭਾਰੀ ਇਕੱਠ ਹੋਇਆ ਤੇ ਇਸ ਕਿਸਮ ਦੇ ਜਥੇ ਬਣਾਏ ਗਏ, ਜਿਨ੍ਹਾਂ ਦੀ ਸਮੁੱਚੀ ਸਾਂਝੀ ਫ਼ੌਜ ਦਾ ਨਾਂ ‘ਦਲ ਖ਼ਾਲਸਾ’ ਰੱਖਿਆ ਗਿਆ। ਇਸ ਵੇਲੇ ਸਥਾਪਤ ਹੋਏ ਜਥਿਆਂ ਦੇ ਹੇਠ ਲਿਖੇ ਮੁੱਖ ਸਰਦਾਰ ਸਨ:
- ਨਵਾਬ ਕਪੂਰ ਸਿੰਘ ਫ਼ੈਜ਼ੁਲਾਪੁਰੀਆ (ਸਿੰਘਪੁਰੀਆ), 2. ਸ਼ਾਮ ਸਿੰਘ ਪਿੰਡ ਨਾਰੋਕੇ ਜ਼ਿਲ੍ਹਾ ਸਿਆਲਕੋਟ, 3. ਗੁਰਬਖ਼ਸ਼ ਸਿੰਘ ਕਲਸੀਆ, 4. ਕਰੋੜਾ ਸਿੰਘ ਪੈਜਗੜ੍ਹ, 5. ਕਰਮ ਸਿੰਘ ਪੈਜਗੜ੍ਹ, 6. ਗੁਰਦਿਆਲ ਸਿੰਘ ਡੱਲੇਵਾਲ, 7. ਦਿਆਲ ਸਿੰਘ ਡੱਲੇਵਾਲ
- ਨੌਧ ਸਿੰਘ ਸ਼ੁਕਰਚੱਕੀਆ, 9. ਚੰਦਾ ਸਿੰਘ ਸ਼ੁਕਰਚੱਕੀਆ,10. ਕਾਲਾ ਸਿੰਘ ਪਿੰਡ ਕੰਗ, 11. ਖਿਆਲਾ ਸਿੰਘ ਪਿੰਡ ਕੰਗ, 12. ਬਾਘ ਸਿੰਘ ਹੱਲੋਵਾਲ, 13. ਜੱਸਾ ਸਿੰਘ ਪਿੰਡ ਆਹਲੂ, 14. ਹਰੀ ਸਿੰਘ ਪਿੰਡ ਪੰਜਵੜ, 15. ਛੱਜਾ ਸਿੰਘ ਪਿੰਡ ਪੰਜਵੜ,16. ਬਾਬਾ ਦੀਪ ਸਿੰਘ ‘ਸ਼ਹੀਦ’, 17. ਭੋਮਾ ਸਿੰਘ ਕਨ੍ਹਈਆ, 18. ਸੁਧਾ ਸਿੰਘ ‘ਸ਼ਹੀਦ’, 19. ਸੁੱਖਾ ਸਿੰਘ ਮਾੜੀ ਕੰਬੋਕੀ,20. ਜੱਸਾ ਸਿੰਘ ਰਾਮਗੜ੍ਹੀਆ, 21. ਜੈ ਸਿੰਘ ਕਨ੍ਹਈਆ, 22. ਹਕੀਕਤ ਸਿੰਘ ਕਨ੍ਹਈਆ, 23. ਹੀਰਾ ਸਿੰਘ ਨਕਈ, 24. ਸਦਾ ਸਿੰਘ ਨਕਈ, 25. ਕਰਮ ਸਿੰਘ ਸ੍ਰੀ ਅੰਮ੍ਰਿਤਸਰ, 26. ਧਰਮ ਸਿੰਘ ਸ੍ਰੀ ਅੰਮ੍ਰਿਤਸਰ, 27. ਜਿਊਣ ਸਿੰਘ ਮਜ਼੍ਹਬੀ, 28. ਬਚਨ ਸਿੰਘ ਮਜ਼੍ਹਬੀ ਗੁਰੂ ਕਾ ਬੇਟਾ, 29. ਬੀਰ ਸਿੰਘ ਮਜ਼੍ਹਬੀ ਗੁਰੂ ਕਾ ਬੇਟਾ, 30. ਅਘੜ ਸਿੰਘ ਮਜ਼੍ਹਬੀ ਗੁਰੂ ਕਾ ਬੇਟਾ।
ਇਨ੍ਹਾਂ ਜਥਿਆਂ ਦੇ ਸਰਦਾਰ ਕਿਸੇ ਬਾਹਰਲੀ ਜਾਂ ਓਪਰੀ ਤਾਕਤ ਵੱਲੋਂ ਨਹੀਂ ਸਨ ਥਾਪੇ ਗਏ। ਇਹ ਸਿੰਘ ਆਪਣੀਆਂ ਨਿੱਜੀ ਖ਼ੂਬੀਆਂ ਕਰਕੇ, ਆਪਣੇ ਜੰਗੀ ਜੌਹਰਾਂ ਤੇ ਦੇਸ਼ ਧਰਮ ਤੇ ਅਣਖ ਤੋਂ ਆਪਣੇ ਆਪ ਨੂੰ ਵਾਰਨ ਲਈ ਸਦਾ ਤਿਆਰ ਰਹਿਣ ਦੇ ਗੁਣਾਂ ਕਰਕੇ ਸਰਦਾਰੀ ਲਈ ਪਰਵਾਨ ਕੀਤੇ ਜਾਂਦੇ ਸਨ । ਜਦ ਕੋਈ ਜਥਾ ਬਹੁਤਾ ਭਾਰਾ ਹੋ ਜਾਂਦਾ ਤਾਂ ਜਥੇਦਾਰ ਦੀ ਆਗਿਆ ਨਾਲ ਸਿਰਕੱਢ ਸੂਰਮੇ ਆਪਣੇ ਜਥੇ ਵੱਖਰੇ ਥਾਪ ਲੈਂਦੇ। ਮੁਗ਼ਲ ਸਰਕਾਰ ਵਿਰੁੱਧ ਸਾਰਾ ਢੰਗ ਗੁਰੀਲਾ (Guerrilla Warfare) ਵਾਲਾ ਸੀ। ਨਿਸ਼ਾਨਾ ਇਹ ਸੀ ਕਿ ਆਪਣਾ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ, ਦੁਸ਼ਮਣ ਦਾ ਛਾਪੇ ਮਾਰ ਮਾਰ ਕੇ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਵੇ। ਉਸ ਨੂੰ ਟਿਕਣ ਨਾ ਦਿੱਤਾ ਜਾਵੇ। ਨਾਲ-ਨਾਲ ਆਪਣੀ ਤਾਕਤ ਵਧਾਈ ਜਾਵੇ ਤੇ ਮੁਗ਼ਲ ਰਾਜ ਦੀ ਜੜ੍ਹ ਦੇਸ਼ ਵਿਚੋਂ ਪੁੱਟ ਦਿੱਤੀ ਜਾਵੇ।
ਮੁਖ਼ਬਰਾਂ ਤੇ ਸਰਕਾਰੀ ਇਮਦਾਦੀਆਂ ਦੀ ਸੁਧਾਈ
ਦੁਸ਼ਮਣਾਂ ਦੇ ਘਰ ਪਈ ਸਿੰਘਾਂ ਲਈ ਗ਼ਨੀਮਤ ਸੀ । ਉਨ੍ਹਾਂ ਆਪਣੀ ਤਾਕਤ ਵਧਾਈ ਤੇ ਫਿਰ ਉਨ੍ਹਾਂ ਮੁਖ਼ਬਰਾਂ ਤੇ ਸਰਕਾਰੀ ਸਹਾਇਕਾਂ ਦੀ ਖ਼ਬਰ ਲੈਣ ਦਾ ਮਤਾ ਪਾਸ ਕੀਤਾ। ਨੌਸ਼ਹਿਰੇ ਤੇ ਮਜੀਠੇ ਉੱਤੇ ਹੱਲਾ ਕਰ ਕੇ ਇਹ ਪਿੰਡ ਲੁੱਟ ਲਏ। ਨੌਸ਼ਹਿਰੇ (ਢਾਲੇ) ਵਾਲੇ ਸਾਹਿਬ ਰਾਏ, ਰਾਮਾ ਰੰਧਾਵਾ, ਕਰਮਾ ਛੀਨਾ ਕਤਲ ਕੀਤੇ। ਹਰਭਗਤ ਨਿਰੰਜਨੀਆ ਤਾਂ ਬਚ ਕੇ ਨਿਕਲ ਗਿਆ, ਪਰ ਜੰਡਿਆਲਾ ਲੁੱਟਿਆ ਗਿਆ। ਕਾਜ਼ੀ ਫ਼ਜ਼ਲ ਅਹਿਮਦ ਖ਼ਾਨ, ਸ਼ਮਸ਼ੇਰ ਖ਼ਾਨ ਖੋਖਰ ਆਦਿ ਤੇ ਹੋਰ ਕਈ ਛੋਟੇ ਮੋਟੇ ਚੌਧਰੀ ਮੁਖ਼ਬਰ ਤੇ ਮੁਕੱਦਮ ਤਲਵਾਰ ਦੇ ਘਾਟ ਉਤਾਰੇ ਗਏ, ਜਿਨ੍ਹਾਂ ਨੇ ਸਰਕਾਰ ਵੱਲ ਹੋ ਕੇ, ਸਿੰਘਾਂ ਨੂੰ ਫੜਵਾ ਕੇ, ਕਤਲ ਕਰਵਾਇਆ ਸੀ, ਜਾਂ ਉਨ੍ਹਾਂ ਦੇ ਘਰ-ਬਾਰ ਉਜਾੜੇ ਸਨ। ਬਟਾਲਾ, ਜਲੰਧਰ, ਤਲਵਨ, ਬਿਜਵਾੜਾ, ਢਾਗ ਮੰਜਕੀ ਅਤੇ ਫਗਵਾੜਾ ਲੁੱਟ-ਪੁੱਟ ਕੇ ਬਰਬਾਦ ਕਰ ਦਿੱਤੇ।
ਯਾਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ
ਯਾਹੀਆ ਖ਼ਾਨ ਨੂੰ ਆਪਣੇ ਮਾਮੇ ਤੇ ਸਹੁਰੇ ਕਮਰੁੱਦੀਨ ਖ਼ਾਨ ਵਜ਼ੀਰ ਦਿੱਲੀ ਦੇ ਵਸੀਲੇ ਨਾਲ ਲਾਹੌਰ ਦੀ ਸੂਬੇਦਾਰੀ ਮਿਲ ਗਈ। ਜਿਵੇਂ ਕਿ ਨਵੇਂ ਹਾਕਮ ਨੂੰ ਆਪਣੇ ਇਲਾਕੇ ਦੇ ਪ੍ਰਬੰਧ ਦਾ ਬੜਾ ਚਾਅ ਹੁੰਦਾ ਹੈ, ਆਪਣੇ ਸਰਕਾਰੀ ਕਾਰ-ਵਿਹਾਰ ਵਿਚ ਬੜੀ ਦਿਲਚਸਪੀ ਲੈਣ ਲੱਗਾ ਤੇ ਸਿੰਘਾਂ ਮਗਰ ਕੁਝ ਵਧੇਰੇ ਹੀ ਗਹੁ ਨਾਲ ਹੱਥ ਧੋ ਕੇ ਪੈ ਗਿਆ। ਉਹ ਆਪਣੀ ਰਿਆਇਆ, ਮੁਫ਼ਤੀਆਂ, ਕਾਜ਼ੀਆਂ ਤੇ ਮੁਲਾਣਿਆਂ ਨੂੰ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਉਹ ਕਿਸੇ ਪੱਖੋਂ ਵੀ ਆਪਣੇ ਬਾਪ ਨਾਲੋਂ ਘੱਟ ਨਹੀਂ, ਖ਼ਾਸਕਰ ਸਿੱਖਾਂ ਦੇ ਸੰਬੰਧ ਵਿਚ ਤਾਂ ਉਹ ਆਪਣੇ ਬਾਪ ਨਾਲੋਂ ਵੀ ਸਖ਼ਤ ਹੈ। ਇਸ ਤਰ੍ਹਾਂ ਕਰਕੇ ਉਹ ਦਿੱਲੀ ਦਰਬਾਰ ਦਾ ਭਰੋਸਾ ਤੇ ਉਸ ਤੋਂ ਵਡਿਆਈ ਪ੍ਰਾਪਤ ਕਰਨਾ ਚਾਹੁੰਦਾ ਸੀ। ਉਸ ਨੇ ਸਿੱਖਾਂ ਉੱਤੇ ਨਵੇਂ ਸਿਰਿਉਂ ਬਹੁਤ ਜ਼ਿਆਦਾ ਸਖ਼ਤੀ ਸ਼ੁਰੂ ਕਰ ਦਿੱਤੀ। ਯਾਹੀਆ ਖ਼ਾਨ ਨੇ ਆਪਣੇ ਬਾਪ ਵਾਲੀ ਗਸ਼ਤੀ ਫ਼ੌਜਾਂ ਨਾਲ ਹੋਰ ਫ਼ੌਜ ਮਿਲਾ ਕੇ ਸਿੰਘਾਂ ਮਗਰ ਚਾੜ੍ਹ ਦਿੱਤੀਆਂ। ਸਿੰਘ ਵੱਡਿਆਂ ਹਥਿਆਰਾਂ ਤੋਂ ਬਿਨਾਂ ਜੰਮ ਕੇ ਨਹੀਂ ਸਨ ਲੜ ਸਕਦੇ, ਉਨ੍ਹਾਂ ਦਾ ਤਾਂ ‘ਢਾਈ ਫੱਟਾਂ’ ਵਾਲਾ ਲੜਨ-ਢੰਗ ਹੀ ਕਾਮਯਾਬ ਸੀ। ਯਾਹੀਆ ਖ਼ਾਨ ਦੀਆਂ ਫ਼ੌਜਾਂ ਦਾ ਬਲ ਪੈ ਗਿਆ ਤੇ ਸਿੰਘ ਇਕ ਵਾਰ ਫਿਰ ਘਰ-ਘਾਟ ਛੱਡ ਕੇ ਦਰਿਆਵਾਂ ਦੀਆਂ ਝੱਲਾਂ ਤੇ ਜੰਗਲਾਂ ਬੇਲਿਆਂ ਤੇ ਖੱਡਾਂ ਵਿਚ ਜਾ ਵੜੇ। ਜੋ ਫੜੇ ਜਾਂਦੇ, ਉਹ ਲਾਹੌਰ ਲਿਆ ਕੇ ਨਖਾਸ ਚੌਕ ਵਾਲੀ ਥਾਂ ਭਿਆਨਕ ਤਸੀਹੇ ਦੇ ਕੇ ਕਤਲ ਕੀਤੇ ਜਾਂਦੇ। ਇਸ ਵੇਲੇ ਸਿੰਘਾਂ ਉੱਤੇ ਜੋ ਵਾਪਰ ਰਹੀ ਸੀ, ਉਸ ਦਾ ਜ਼ਿਕਰ ਗਨੇਸ਼ ਦਾਸ ਵਡਹਿਰੇ ਨੇ ਆਪਣੇ ਰਸਾਲਾ ਸਾਹਿਬਨੁਮਾ ਚਹਾਰ ਬਾਗ਼- ਏ-ਪੰਜਾਬ ਵਿਚ ਇਸ ਤਰ੍ਹਾਂ ਕੀਤਾ ਹੈ:
“ਵ ਫ਼ੌਜਿ ਸਲਾਤੀਨ ਬਰ ਸ਼ਾਂ ਤੁਰਕ ਦਾਸ਼ਤ ਵ ਹਰ ਰੋਜ਼ ਅਜ਼ (ਦਸਤਿ) ਲਸ਼ਕਰਿ ਇਸਲਾਮ ਬਹ ਕਤਲ ਮੇ ਰਸੀਦੰਦ। ਵ ਹਰ ਸੁਬਾਹ ਸਪਾਹਿ ਸਰਕਾਰ ਬਰਾਏ ਸ਼ਿਕਾਰ ਸਵਾਰ ਸ਼ੁਦਾ। ਮਰਦਮਿ ਖਾਲਸਾ ਰਾ ਅਜ਼ ਜੰਗਲੋ ਸਹਿਰਾ ਬਹ ਤਰੀਕਿ ਸੈਦ ਗ੍ਰਿਫ਼ਤਾਰ ਕਰਦਾ ਮੇ ਆਵੁਰਦੰਦ। ਵ ਬਹ ਅਜ਼ਾਬਿ ਅਲੀਮ ਮੇ ਕੁਸ਼ਤੰਦ। ਚੁਨਾਂਚਿ ਅਜ਼ ਕੁਸ਼ਤਾ ਪੁਸ਼ਤਾ ਮੇ ਸ਼ੁਦੰਦ। ਵ ਅਜ਼ ਸਰਹਾਏ ਬਰੀਦ੍ਰਾ ਮਿਨਾਰ ਦਰ ਲਾਹੌਰ ਵਗ਼ੈਰਾ ਬਰ ਪਾ ਮੇ ਕਰਦੰਦ। ਵ ਆਂ ਮਿਨਾਰ ਰਾ ਬਜ਼ਬਾਨ ਖ਼ਾਲਸਾ ਸ਼ਹੀਦ ਗੰਜ ਮੇ ਗੋਇੰਦ। ਹਰ ਸੁਬਹਿ ਨੌ, ਹਰ ਨੌਅ ਵ ਤਸਦੀਇ ਨੌ ਮੇ ਯਾਫ਼ਤੰਦ। ਅੱਮਾ ਅਜ਼ ਦਸਤ ਦਰਾਜ਼ੀ ਵ ਖ਼ੁਦ ਸਰੀ ਪਹਿਲੂ ਤਹੀ ਨਮੇ ਕਰਦੰਦ। ਵ ਦਾਅਵਾਇ ਰਿਆਸਤ ਮੇ ਦਾਸ਼ਤੰਦ। ਦੀਵਾਨ ਜਸਪਤ ਰਾਏ ਬ੍ਰਾਦਰਿ ਦੀਵਾਨ ਲਖਪਤ ਰਾਏ ਪੇਸ਼ਕਾਰ ਨਵਾਬ ਜ਼ਕਰੀਆ ਖ਼ਾਨ ਰੋਜਾਂ ਵਾ ਸ਼ਬਾਂ ਦੰਬਾਲਿ ਈ ਫ਼ਿਰਕਾਇ ਖ਼ੁਦਸਰ ਤਰਨਾ ਪੋਸ਼ੀ ਮੇ ਦਾਸ਼ਤ। ਬਸਿਆਰੇ ਰਾ ਅਸੀਰ ਵ ਦਸਤਗੀਰ ਵ ਤਕਤੀਲ ਵ ਤਜ਼ਲੀਲ ਮੇ ਕਰਦ।”
[ਅਰਥਾਤ : ਤੇ ਬਾਦਸ਼ਾਹੀ ਫ਼ੌਜ ਉਨ੍ਹਾਂ (ਸਿੰਘਾਂ) ਉੱਤੇ ਚੜ੍ਹਾਈ ਕਰਦੀ ਤੇ ਉਹ ਹਰ ਰੋਜ਼ ਇਸਲਾਮੀ ਸੈਨਿਕਾਂ ਹੱਥੋਂ ਕਤਲ ਹੁੰਦੇ । ਹਰ ਰੋਜ਼ ਸਵੇਰੇ ਫ਼ੌਜ ਸਿੰਘਾਂ ਦਾ ਸ਼ਿਕਾਰ ਕਰਨ ਲਈ ਸਵਾਰ ਹੋ ਕੇ ਸਿੰਘਾਂ ਨੂੰ ਜੰਗਲਾਂ ਝੱਲਾਂ ਤੇ ਬੀਆਬਾਨਾਂ ਵਿਚੋਂ ਸ਼ਿਕਾਰ ਵਾਂਗ ਫੜ ਕੇ ਲਿਆਉਂਦੀ ਤੇ ਉਹ ਬਹੁਤ ਬੁਰੇ ਤਸੀਹੇ ਦੇ ਕੇ ਮਾਰੇ ਜਾਂਦੇ, ਚੁਨਾਂਚਿ ਉਨ੍ਹਾਂ ਦੀਆਂ ਲੋਥਾਂ ਦੇ ਢੇਰ ਲੱਗ ਜਾਂਦੇ ਤੇ ਉਨ੍ਹਾਂ ਦੇ ਕੱਟੇ ਹੋਏ ਸਿਰਾਂ ਨਾਲ ਲਾਹੌਰ ਆਦਿ ਵਿਖੇ ਮਿਨਾਰ ਉਸਾਰੇ ਜਾਂਦੇ । ਇਨ੍ਹਾਂ ਮਿਨਾਰਿਆਂ ਨੂੰ ਸਿੰਘਾਂ ਦਿਆਂ ਬੋਲਿਆਂ ਵਿਚ ‘ਸ਼ਹੀਦ ਗੰਜ’ ਕਹਿੰਦੇ ਹਨ। ਹਰ ਸਵੇਰੇ ਨਿਤ ਨਵੇਂ ਤੋਂ ਨਵੇਂ ਤਸੀਹੇ ਝੱਲਦੇ, ਪਰ ਆਪਣੇ ਸਿਰੜ ਤੇ ਹੱਠ ਤੋਂ ਨਾ ਹੱਟਦੇ ਤੇ ‘ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ’ ਦੇ ਆਵਾਜ਼ੇ ਤੋਂ ਬਾਜ਼ ਨਾ ਆਉਂਦੇ (ਇਸ ‘ਰਾਜ ਕਰੇਗਾ ਖ਼ਾਲਸਾ’ ਦੇ ਦਾਅਵੇ ਨੂੰ ਉੱਚੀ ਉੱਚੀ ਗਜਾਉਂਦੇ।) ਨਵਾਬ ਜ਼ਕਰੀਆ ਖ਼ਾਨ ਦੇ ਪੇਸ਼ਕਾਰ ਦੀਵਾਨ ਲਖਪਤ ਰਾਏ ਦਾ ਭਰਾ ਦੀਵਾਨ ਜਸਪਤ ਰਾਏ ਦਿਨ ਰਾਤ ਇਕ ਕਰਕੇ ਇਸ ਹਠੀਲੇ (ਸਿੰਘਾਂ ਦੇ) ਫ਼ਿਰਕੇ ਮਗਰ ਲੱਗਾ ਹੋਇਆ ਸੀ ਤੇ ਬਹੁਤ ਸਾਰਿਆਂ ਨੂੰ ਫੜ ਕੇ ਬੰਦੀ ਬਣਾ ਕੇ ਬੇਪਤੀ ਕਰ ਕਰ ਕੇ ਕਤਲ ਕਰੀ ਜਾਂਦਾ ਸੀ।’]
ਸਿੰਘਾਂ ਦੇ ਸਿਰ ‘ਤੇ ਬਹੁਤ ਕਰੜਾ ਸਮਾਂ ਆਇਆ ਹੋਇਆ ਸੀ। ਪਰ ਉਹ ਵੀ ਹੱਠ ਦੇ ਪੱਕੇ ਆਪਣੀ ਵਿਧੀ ਨਾਲ ਮੁਗ਼ਲ ਫ਼ੌਜਾਂ ਨਾਲ ਲੋਹਾ ਲੈ ਰਹੇ ਸਨ। ਸਿੰਘਾਂ ਦਾ ਇਕ ਤਕੜਾ ਜਥਾ, ਜਿਸ ਦਾ ਸਰਦਾਰ, ਜੱਸਾ ਸਿੰਘ ਆਹਲੂਵਾਲੀਆ ਸੀ, ਗੋਇੰਦਵਾਲ ਦੇ ਪਤਣੋਂ ਦਰਿਆ ਬਿਆਸ ਟੱਪ ਕੇ ਮਾਝੇ ਵਿਚ ਦੀ ਉਗਰਾਹੀ ਕਰਦਾ ਹੋਇਆ ਲਾਹੌਰੋਂ ਥੱਲੇ ਦਰਿਆ ਰਾਵੀ ਦੀ ਝੱਲ ਵਿਚ ਜਾ ਵੜਿਆ।
ਲਾਹੌਰ ਦਾ ਸਰਾਫ਼ਾ ਬਾਜ਼ਾਰ ਲੁੱਟਿਆ ਗਿਆ
ਇਸ ਜਥੇ ਦਾ ਇਕ ਤਕੜਾ ਹਿੱਸਾ ਆਗਿਆ ਲੈ ਕੇ ਮੁਗ਼ਲ ਫ਼ੌਜੀਆਂ ਦਾ ਭੇਸ ਬਦਲ ਕੇ ਜਨਵਰੀ ਦੀ ਇਕ ਸ਼ਾਮ ਨੂੰ ਮੋਚੀ ਗੇਟ ਥਾਣੀਂ ਲੰਘ ਕੇ ਲਾਹੌਰ ਦੇ ਸਰਾਫ਼ਾ ਬਾਜ਼ਾਰ ਵਿਚ ਜਾ ਵੜਿਆ। ਇਸ ਦਿਨ ਠੰਡ ਬਹੁਤ ਸੀ ਤੇ ਲੋਕ ਅੰਦਰੀਂ ਵੜੇ ਹੋਏ ਸਨ। ਬਾਜ਼ਾਰ ਖ਼ਾਲੀ ਖ਼ਾਲੀ ਪਿਆ ਸੀ, ਦੁਕਾਨਾਂ ਵਿਚ ਦੀਵੇ ਬਲ ਰਹੇ ਸਨ, ਜਿਨ੍ਹਾਂ ਦੀ ਮੱਧਮ ਰੌਸ਼ਨੀ ਵਿਚ ਕੋਈ ਉਨ੍ਹਾਂ ਨੂੰ ਪਛਾਣ ਨਾ ਸਕਿਆ ਤੇ ਨਾ ਹੀ ਕਿਸੇ ਨੂੰ ਖ਼ਬਰ ਹੋਈ ਕਿ ਸਿੰਘ ਕਿਸ ਵੇਲੇ ਬਾਜ਼ਾਰ ਵਿਚ ਆਣ ਵੜੇ ਸਨ। ਬਾਜ਼ਾਰ ਦੀ ਸਭ ਪਾਸਿਓਂ ਨਾਕਾਬੰਦੀ ਕਰ ਲਈ। ਕਈ ਦੁਕਾਨਦਾਰ ਮਾਰੇ ਗਏ। ਲੱਖਾਂ ਰੁਪਏ ਨਕਦ, ਗਹਿਣੇ ਕੱਪੜੇ ਤੇ ਹੋਰ ਲੋੜੀਂਦੀਆਂ ਵਸਤਾਂ ਲੁੱਟ-ਪੁੱਟ ਘੋੜਿਆਂ ਉੱਤੇ ਲੱਦ ਕੇ ਲੈ ਗਏ। ਪਰ ਜਾਣ ਤੋਂ ਪਹਿਲਾਂ ਕਈ ਮੁਫ਼ਤੀ ਤੇ ਕਾਜ਼ੀ, ਜਿਨ੍ਹਾਂ ਜਿਨ੍ਹਾਂ ਸਿੰਘਾਂ ਵਿਰੁੱਧ ਫ਼ਤਵੇ ਦੇ ਦੇ ਕੇ ਉਨ੍ਹਾਂ ਨੂੰ ਮਰਵਾਇਆ ਸੀ, ਤਲਵਾਰ ਦੇ ਘਾਟ ਲੰਘਾ ਦਿੱਤੇ । ਫ਼ੌਜ ਨੂੰ ਖ਼ਬਰ ਹੋਣ ਤੋਂ ਪਹਿਲਾਂ ਹੀ ਸਿੰਘ ਰਾਵੀ ਦੀ ਝੱਲ ਵਿਚ ਜਾ ਵੜੇ। ਫ਼ੌਜ ਉੱਠ ਕੇ ਮਗਰ ਪਈ ਤਾਂ ਸਹੀ, ਪਰ ਉਸ ਦੇ ਸਵਾਰਾਂ ਲਈ ਝੱਲ ਵਿਚ ਵੜਨਾ ਬੜਾ ਕਠਿਨ ਸੀ । ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਸਲਵਾਰਾਂ ਸੁੱਥਣਾਂ, ਦਭ, ਕਾਹੀ, ਪਿਲਛੀ ਤੇ ਹੋਰ ਕੰਡਿਆਲੇ ਝਾੜ-ਬੂਟਾਂ ਨਾਲ ਫਸ ਫਸ ਜਾਂਦੀਆਂ ਤੇ ਉਨ੍ਹਾਂ ਨੂੰ ਅੱਗੇ ਨਾ ਤੁਰਨ ਦਿੰਦੀਆਂ । ਉਨ੍ਹਾਂ ਦੇ ਘੋੜੇ ਦਲਦਲ ਵਿਚ ਵੜਨੋਂ ਵੀ ਝਿਜਕਦੇ । ਸਿੰਘਾਂ ਲਈ ਇਹ ਥਾਵਾਂ ਹੰਢੀਆਂ ਪਰਖੀਆਂ ਸਨ, ਜਿਨ੍ਹਾਂ ਦੇ ਭੇਤੀ ਹੋਣ ਕਰਕੇ ਉਹ ਹੱਥ ਨਾ ਆਉਂਦੇ।
ਯਾਹੀਆ ਖ਼ਾਨ ਨੂੰ ਜਦ ਇਹ ਖ਼ਬਰ ਮਿਲੀ ਕਿ ਸਿੰਘਾਂ ਦੇ ਇਕ ਜਥੇ ਨੇ ਦਲੇਰੀ ਨਾਲ ਮੋਚੀ ਗੇਟ ਰਾਹੀਂ ਸ਼ਹਿਰ ਵਿਚ ਦਾਖ਼ਲ ਹੋ ਕੇ ਇਕ ਬਾਜ਼ਾਰ ਲੁੱਟ ਲਿਆ ਹੈ, ਕਈ ਦੁਕਾਨਦਾਰ ਕਤਲ ਹੋ ਗਏ ਹਨ, ਉਸ ਦੇ ਉੱਘੇ ਮੁਫ਼ਤੀ ਅਤੇ ਕਾਜ਼ੀ ਵੀ ਮਾਰੇ ਗਏ ਹਨ ਤਾਂ ਉਸ ਦੇ ਕਰੋਧ ਦੀ ਕੋਈ ਹੱਦ ਨਾ ਰਹੀ। ਉਹ ਤਾਂ ਨਾਜ਼ਿਮ ਬਣਦਾ ਹੀ ਦਮਗਜੇ ਮਾਰਨ ਲੱਗ ਪਿਆ ਸੀ ਕਿ ਸਿੰਘ ਹੁਣ ਦਿਹਾੜੀ ਡੰਗ ਦੇ ਹੀ ਪਰਾਹੁਣੇ ਹਨ, ਉਨ੍ਹਾਂ ਦਾ ਖ਼ਾਤਮਾ ਬਹੁਤ ਛੇਤੀ ਉਸ ਦੇ ਹੱਥੀਂ ਹੋਵੇਗੇ। ਜੋ ਢਿੱਲ ਉਸ ਦੇ ਦਾਦੇ (ਅਬਦੁੱਸਮੱਦ ਖ਼ਾਨ ਦਲੇਰਿ ਜੰਗ) ਤੇ ਬਾਪ (ਜ਼ਕਰੀਆ ਖ਼ਾਨ, ਖ਼ਾਨ ਬਹਾਦਰ) ਤੋਂ ਰਹਿ ਗਈ ਸੀ, ਉਹ ਕਦਾਚਿਤ ਨਹੀਂ ਰਹਿਣ ਦੇਵੇਗਾ। ਦੁਨੀਆਂ ਲਈ ‘ਸਿੰਘ’ ਸ਼ਬਦ ਅਤੀਤ ਦੀ ਕਹਾਣੀ ਬਣ ਕੇ ਰਹਿ ਜਾਵੇਗਾ। ਲੋਕ ਯਾਦ ਕਰਿਆ ਕਰਨਗੇ ਕਿ ਜਿਨ੍ਹਾਂ ਨੂੰ ਫ਼ਰੁਖ਼ਸੀਅਰ, ਜ਼ਬਰਦਸਤ ਖ਼ਾਨ, ਅਸਲਮ ਖ਼ਾਨ, ਅਬਦੁੱਸਮੱਦ ਖ਼ਾਨ, ਨਾਦਿਰ ਸ਼ਾਹ ਤੇ ਜ਼ਕਰੀਆ ਖ਼ਾਨ, ਨਾ ਮਾਰ ਸਕੇ; ਉਨ੍ਹਾਂ ਨੂੰ ਮਾਰ ਕੇ ਯਾਹੀਆ ਖ਼ਾਨ ਨੇ ਯੁਗਾਂ ਲਈ ਨਾਮਣਾ ਖੱਟ ਲਿਆ ਹੈ। ਇਸ ਕਿਸਮ ਦੀਆਂ ਡੀਂਗਾਂ ਕਚਹਿਰੀ ਵਿਚ ਲਗਪਗ ਰੋਜ਼ ਹੀ ਵੱਜਦੀਆਂ ਰਹਿੰਦੀਆਂ ਸਨ, ਜਿਨ੍ਹਾਂ ਨੂੰ ਸੁਣ ਕੇ ਉਸ ਦੀ ਹਵਾਰੀ ਤੇ ਮੁਫ਼ਤੀ ਮੁਲਾਣੇ ‘ਇਨਸ਼ਾਅ-ਅੱਲਾ, ਇਨਸ਼ਾਅ-ਅੱਲਾ’ ਕਹਿੰਦੇ ਨਾ ਥੱਕਦੇ। ਉਸ ਦੀ ਹਿੰਮਤ ਅਤੇ ਇਰਾਦੇ ਉੱਤੇ ‘ਆਫ਼ਰੀਨ! ਆਫ਼ਰੀਨ!’ ਕਹਿ ਕੇ ਦੁਆਈਂ ਮੰਗਦੇ ਕਿ ਯਾ ਅੱਲਾ ਪਾਕ, ਰਬੁੱਲ ਆਲਮੀਨ! ਉਸ ਨੂੰ ਇਸ ਨੇਕ ਕੰਮ ਵਿਚ ਪੂਰੀ ਕਾਮਯਾਬੀ ਬਖ਼ਸ਼। ਕਾਫ਼ਰਾਂ ਨੂੰ ਗ਼ਾਰਤ ਕਰ ਤੇ ਆਪਣੇ ਦੀਨ ‘ਤੇ ਰਹਿਮਤ ਫ਼ੁਰਮਾ, ਆਦਿ।
ਪਰ ਜਦ ਵੱਡੇ ਵੱਡੇ ਦਾਈਏ ਬੰਨ੍ਹਣ ਵਾਲੇ ਦੇ ਲਾਹੌਰ ਵਿਚ ਬੈਠਿਆਂ ਅਤੇ ਪਾਸ ਬੜੀ ਤੱਕੜੀ ਫ਼ੌਜ ਮੌਜੂਦ ਹੁੰਦਿਆਂ ਸ਼ਹਿਰ ਲੁੱਟਿਆ ਜਾਵੇ, ਦੁਕਾਨਦਾਰ ਮਾਰੇ ਜਾਣ, ਤੇ ਦੀਨੀ ਜੋਸ਼ ਚੜ੍ਹਾਅ ਚੜ੍ਹਾਅ ਭੂਏ ਕਰਨ ਵਾਲੇ ਮੁਫ਼ਤੀ ਮੁਲਾਣੇ ਤੇ ਕਾਜ਼ੀ ਤੇਗ਼ ਦੀ ਭੇਟ ਚੜਾਅ ਦਿੱਤੇ ਜਾਣ ਤਾਂ ਉਸ ਦੀ ਸਿਕਦਾਰੀ ਕਾਹਦੀ ਰਹੀ ! ਬੜੀ ਵੱਡੀ ਨੱਕ-ਵੱਢਣੀ ਹੋਈ। ਉਹ ਰਿਆਇਆ ਨੂੰ ਕੀ ਮੂੰਹ ਵਿਖਾਵੇਗਾ! ਸੋ ਇਸ ਘਟਨਾ ਦੀ ਖ਼ਬਰ ਨੇ ਯਾਹੀਆ ਖ਼ਾਨ ਨੂੰ ਤੜਫਾ ਕੇ ਰੱਖ ਦਿੱਤਾ। ਝੱਟ ਪੱਟ ਆਪਣੇ ਦੀਵਾਨ ਲਖਪਤ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਇਨ੍ਹਾਂ ਸਿੰਘਾਂ ਵਿਰੁੱਧ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ।
ਲਖਪਤ ਰਾਏ ਤੇ ਜਸਪਤ ਰਾਏ ਦੋਵੇਂ ਸਕੇ ਭਰਾ ਕਲਾਨੌਰ ਦੇ ਰਹਿਣ ਵਾਲੇ ਅਰੋੜੇ ਖੱਤਰੀ ਸਨ । ਉਨ੍ਹਾਂ ਦਾ ਛੋਟੇ ਹੁੰਦਿਆਂ ਦਾ ਬਾਪ ਮਰ ਗਿਆ ਸੀ ਤੇ ਰੋਟੀ ਤੋਂ ਆਤੁਰ ਹੋ ਕੇ ਲਾਹੌਰ ਵਿਖੇ ਆਪਣੇ ਰਿਸ਼ਤੇਦਾਰਾਂ ਪਾਸ ਭਾਵ ਨਾਨਕੇ ਆਣ ਟਿਕੇ ਸਨ, ਜੋ ਆਪ ਵੀ ਘਰੋਂ ਕੋਈ ਬਹੁਤੇ ਸੌਖੇ ਨਹੀਂ ਸਨ। ਜਸਪਤ ਰਾਏ ਉਮਰ ਵਿਚ ਛੋਟਾ ਸੀ। ਇਨ੍ਹਾਂ ਦੀ ਮਾਂ ਘੁੰਗਣੀਆਂ ਬਣਾ ਕੇ ਟੋਕਰੀ ਵਿਚ ਪਾ ਦੇਂਦੀ ਤੇ ਲਖਪਤ ਰਾਏ ਬਾਜ਼ਾਰ ਵਿਚ ਫਿਰ ਤੁਰ ਕੇ ਵੇਚ ਆਉਂਦਾ। ਇੰਜ ਤਿੰਨਾਂ ਜੀਆਂ ਦੇ ਨਿੱਕੇ ਜਿਹੇ ਟੱਬਰ ਦੀ ਪੇਟ-ਚਟਾਈ ਹੁੰਦੀ ਜਾਂਦੀ।
ਭਾਈ ਪ੍ਰਿਥੀ ਜੀ ਦੀ ਲਖਪਤ ਨੂੰ ਅਸੀਸ
ਜਦ ਸ੍ਰੀ ਦਸਮੇਸ਼ ਜੀ ਦੱਖਣ ਨੂੰ ਜਾਂਦੇ ਹੋਏ ਪੁਸ਼ਕਰ ਅੱਪੜੇ ਤਾਂ ਭਾਈ ਪ੍ਰਿਥੀ ਜੀ ਦਰਸ਼ਨਾਂ ਨੂੰ ਆਏ ਤੇ ਬੜੇ ਪਿਆਰ ਨਾਲ ਸੇਵਾ ਕੀਤੀ। ਕਲਗੀਧਰ ਜੀ ਬੜੇ ਖ਼ੁਸ਼ ਹੋਏ। ਭਾਈ ਪ੍ਰਿਥੀ ਜੀ ਨੇ ਦਸਮੇਸ਼ ਜੀ ਤੋਂ ਸੇਵਾ ਲਈ ਆਗਿਆ ਮੰਗੀ ਤਾਂ ਉਨ੍ਹਾਂ ਨੇ ਹੁਕਮ ਦਿੱਤਾ ਕਿ ਮਾਝੇ ਵਿਚ ਜਾ ਕੇ ਪ੍ਰਚਾਰ ਕਰੋ ਤੇ ਲੰਗਰ ਚਲਾਉ।
ਭਾਈ ਪ੍ਰਿਥੀ ਜੀ ਹੁਕਮ ਪਾ ਕੇ ਪੰਜਾਬ ਵੱਲ ਆ ਗਏ ਤੇ ਮਾਝੇ ਦੀ ਧਰਤੀ ‘ਤੇ ਫਿਰਦੇ-ਫਿਰਾਂਦੇ ਲਾਹੌਰ ਪਾਸ ਪਿੰਡ ਮੁਜੰਗੀਂ ਅੱਪੜੇ ਤਾਂ ਇਕ ਦਿਨ ਲੱਖੂ ਆਪਣੀ ਘੁੰਗਣੀਆਂ ਵਾਲੀ ਟੋਕਰੀ ਲੈ ਕੇ ਘੁੰਗਣੀਆਂ ਵੇਚਣ ਲਈ ਉਧਰ ਆ ਨਿਕਲਿਆ। ਭਾਈ ਪ੍ਰਿਥੀ ਜੀ ਨੇ ਕਿਹਾ, ‘ਪੁੱਤਰ, ਘੁੰਗਣੀਆਂ ਛਕਾਵੇਂਗਾ?’ ਲੱਖੂ ਨੇ ਟੋਕਰੀ ਆਪ ਜੀ ਦੇ ਅੱਗੇ ਰੱਖ ਕੇ ਬੜੇ ਪ੍ਰਸੰਨ-ਚਿੱਤ ਹੋ ਕੇ ਕਿਹਾ ਕਿ ਮਹਾਰਾਜ, ਜਿੰਨੀਆਂ ਚਾਹੋ ਲੈ ਲਵੋ| ਭਾਈ ਜੀ ਨੇ ਕਿਹਾ ਕਿ ਤੇਰੇ ਘਰ ਦੇ ਗਏ ਨੂੰ ਗ਼ੁੱਸੇ ਹੋਣਗੇ। ਬਾਲਕ ਲਖਪਤ ਨੇ ਬੜੇ ਜੇਰੇ ਨਾਲ ਕਿਹਾ ਕਿ ਕੋਈ ਗੱਲ ਨਹੀਂ ਆਪ ਮਨ- ਚਾਹੀਆਂ, ਮਨ-ਭਾਉਂਦੀਆਂ ਲੈ ਲਵੋ। ਭਾਈ ਪ੍ਰਿਥੀ ਜੀ ਨੇ ਮੁੱਠ ਘੁੰਗਣੀਆਂ ਲੈ ਕੇ ਅਸੀਸ ਦੇਂਦਿਆਂ ਕਿਹਾ ਕਿ ਭਾਈ ਤੂੰ ਤਾਂ ਦੀਵਾਨ ਹੈਂ। ਸਾਧ ਬਚਨ ਅਟਲਾਧਾ। ਸੋ ਸਮਾਂ ਪਾ ਕੇ ਖ਼ਾਨ ਬਹਾਦਰ ਦੇ ਸਮੇਂ ਘੁੰਗਣੀਆਂ ਵੇਚਣ ਵਾਲਾ ਇਹ ਬਾਲਕ ਦੀਵਾਨ ਬਣ ਗਿਆ ਤੇ ਦੀਵਾਨ ਲਖਪਤ ਰਾਏ ਕਰਕੇ ਪ੍ਰਸਿੱਧ ਹੋਇਆ।
ਲਖਪਤ ਰਾਏ ਨੇ ਪਹਿਲਾਂ ਜਦ ਅਜੇ ਗੱਭਰੂ ਹੋਇਆ ਹੀ ਸੀ ਤਾਂ ਅਬਦੁੱਸਮੱਦ ਖ਼ਾਨ (ਜ਼ਕਰੀਆ ਖ਼ਾਨ ਦਾ ਬਾਪ) ਨਾਜ਼ਿਮ ਲਾਹੌਰ ਪਾਸ ਨੌਕਰੀ ਕਰ ਲਈ। ਆਪਣੇ ਭਰਾ ਜਸਪਤ ਨੂੰ ਵੀ ਨੌਕਰ ਕਰਾ ਦਿੱਤਾ। ਉਹ ਬੜਾ ਸੋਹਣਾ ਦਰਸ਼ਨੀ ਜਵਾਨ ਸੀ ਤੇ ਨੱਸ-ਭੱਜ ਦੇ ਕੰਮ ਕਰਨ ਦਾ ਬੜਾ ਸ਼ੌਕੀਨ ਸੀ। ਨਵਾਬ ਲਾਹੌਰ ਨੇ ਉਸ ਦੀਆਂ ਖੂਬੀਆਂ ਵੇਖ ਕੇ ਉਸ ਨੂੰ ਬਿਸਤ ਦੁਆਬ ਦਾ ਫ਼ੌਜਦਾਰ ਬਣਾ ਦਿੱਤਾ। ਜ਼ਕਰੀਆ ਖ਼ਾਨ ਜਦ ਲਾਹੌਰ ਦਾ ਨਾਜ਼ਿਮ ਹੋ ਕੇ ਆਇਆ ਤਾਂ ਇਹ ਬਿਸਤ ਦੁਆਬ ਵਿਚ ਫ਼ੌਜਦਾਰ ਸੀ।
ਦੀਵਾਨ ਹੋ ਕੇ ਵੀ ਲਖਪਤ ਇਹੋ ਸਮਝਦਾ ਰਿਹਾ ਕਿ ਏਡੇ ਵੱਡੇ ਮਰਤਬੇ ‘ਤੇ ਪਹੁੰਚ ਜਾਣਾ ਭਾਈ ਪ੍ਰਿਥੀ ਜੀ ਦੀ ਹੀ ਕਿਰਪਾ ਹੈ। ਆਪਣੇ ਆਪ ਨੂੰ ਤਨੋਂ ਮਨੋਂ ਉਨ੍ਹਾਂ ਦਾ ਰਿਣੀ ਸਮਝਦਾ ਤੇ ਉਨ੍ਹਾਂ ਦਾ ਬੜਾ ਹੀ ਸਤਿਕਾਰ ਕਰਦਾ । ਭਾਈ ਜੀ ਪਾਸ ਜਦ ਕੋਈ ਅਭਿਆਗਤ ਮਾਇਆ ਵਾਸਤੇ ਆਉਂਦਾ ਜਾਂ ਕੋਈ ਦੁਖੀ ਗ਼ਰੀਬ ਮਾਇਆ ਦੀ ਤੰਗੀ ਕਰ ਕੇ ਆਪਣੀ ਪੁੱਤਰੀ ਦੇ ਵਿਆਹ ਵਾਸਤੇ ਕੁਝ ਸਹਾਇਤਾ ਮੰਗਦਾ ਤਾਂ ਆਪ ਕਾਗ਼ਜ਼, ਠੀਕਰੀ ਜਾਂ ਕਿਸੇ ਸੱਕ ਪੱਤੇ ਉੱਤੇ ਕੋਲੇ ਨਾਲ ਰਕਮ ਲਿਖ ਕੇ ਲਖਪਤ ਵੱਲ ਘਲਵਾ ਦੇਂਦੇ ਅਤੇ ਉਹ ਖ਼ੁਸ਼ੀ ਨਾਲ ਰਕਮ ਦੇ ਦੇਂਦਾ, ਇਹ ਸਿਲਸਿਲਾ ਉਨ੍ਹਾਂ ਦੇ ਜੀਂਦੇ-ਜੀ ਚੱਲਦਾ ਰਿਹਾ। ਨਾ ਤਾਂ ਭਾਈ ਜੀ ਨੇ ਹੀ ਕਿਸੇ ਲੋੜਵੰਦ ਨੂੰ ਮੋੜਿਆ ਤੇ ਨਾ ਹੀ ਲਿਖੀ ਰਕਮ ਤੋਂ ਲਖਪਤ ਰਾਏ ਨੇ ਨਾਂਹ ਕੀਤੀ। ਜਦੋਂ ਭਾਈ ਪ੍ਰਿਥੀ ਜੀ ਮਾਣਕ ਪਿੰਡ ਸਮਾਏ ਤਾਂ ਆਪ ਦੀ ਸਮਾਧ ਵੀ ਲਖਪਤ ਨੇ ਹੀ ਬਣਵਾਈ, ਜੋ ਪਾਕਿਸਤਾਨ ਬਣਨ ਤਕ ਕਾਇਮ ਸੀ।
ਜ਼ਕਰੀਆ ਖ਼ਾਨ ਵੇਲੇ ਇਹ ਦੀਵਾਨ ਬਣ ਗਿਆ ਸੀ। ਉਸ ਨੇ ਸਿੱਖਾਂ ਉੱਤੇ ਜਿੰਨਾ ਵੀ ਜ਼ੁਲਮ ਜਬਰ ਦਾ ਝੱਖੜ ਝੁਲਾਇਆ, ਇਹ ਉਸ ਵਿਚ ਬਰਾਬਰ ਦਾ ਭਾਈਵਾਲ ਰਿਹਾ। ਇਸੇ ਲਖਪਤ ਨੇ ਭਾਈ ਮਨੀ ਸਿੰਘ ਜੀ ਨੂੰ ਫੜਵਾਇਆ ਤੇ ਹੋਰ ਕਈ ਸਿੰਘਾਂ ਨੂੰ ਸ਼ਹੀਦ ਕਰਵਾਇਆ ਸੀ। ਸ਼ਾਹ ਨਿਵਾਜ਼ ਵੇਲੇ ਵੀ ਇਹੋ ਦੀਵਾਨ ਸੀ ਤੇ ਜਦ ਉਸ ਨੇ ਸਿੰਘਾਂ ਉੱਤੇ ਸਖ਼ਤੀ ਅਰੰਭੀ ਤਾਂ ਉਨ੍ਹਾਂ ਮੁਹਿੰਮਾਂ ਦਾ ਬੰਦੋਬਸਤ ਵੀ ਇਸ ਨੇ ਹੀ ਕੀਤਾ ਸੀ।
ਭਾਈ ਤਾਰਾ ਸਿੰਘ ਵਾਂ ਵਾਲੇ ਦੀ ਸ਼ਹਾਦਤ, ਭਾਈ ਮਨੀ ਸਿੰਘ ਦੀ ਸ਼ਹੀਦੀ, ਸ੍ਰੀ ਹਰਿਮੰਦਰ ਸਾਹਿਬ ਵਿਚ ਮੱਸੇ ਰੰਘੜ ਰਾਹੀਂ ਜ਼ੁਲਮੀ ਕਾਰਾ, ਭਾਈ ਤਾਰੂ ਸਿੰਘ, ਭਾਈ ਹਕੀਕਤ ਰਾਏ ਤੇ ਹੋਰ ਹਜ਼ਾਰਾਂ ਸਿੰਘਾਂ ਤੇ ਬੱਚਿਆਂ ਦੀਆਂ ਸ਼ਹਾਦਤਾਂ ਇਸ ਦੀ ਦੀਵਾਨੀ ਵਿਚ ਹੀ ਹੋਈਆਂ ਸਨ।
ਹੁਣ ਯਾਹੀਆ ਖ਼ਾਨ ਵੇਲੇ ਵੀ ਇਹੋ ਹੀ ਦੀਵਾਨ ਸੀ। (ਯਾਦ ਰਹੇ ਕਿ ਮੀਰ ਮੰਨੂੰ ਦੇ ਵੇਲੇ ਵੀ ਇਹੋ ਹੀ ਦੀਵਾਨ ਸੀ)। ਹੁਣ ਯਾਹੀਆ ਖ਼ਾਨ ਦੇ ਸਮੇਂ ਇਸ ਨੇ ਸਿੰਘਾਂ ਦਾ ਪੂਰਾ-ਪੂਰਾ ਬੰਦੋਬਸਤ ਕਰਨਾ ਚਾਹਿਆ, ਤੇ ਆਪਣੇ ਭਰਾ ਜਸਪਤ ਨੂੰ ਫ਼ੌਜ ਦੇ ਕੇ ਸਿੰਘਾਂ ਨੂੰ ਝੱਲਾਂ ਵਿਚੋਂ ਫੜਨ ਲਈ ਘੱਲਿਆ ਤੇ ਤਾਕੀਦ ਕੀਤੀ ਕਿ ਇਨ੍ਹਾਂ ਨਾਲ ਕੋਈ ਰੂ-ਰਿਆਇਤ ਜਾਂ ਨਰਮੀ ਨਾ ਵਰਤੀ ਜਾਏ।
ਲਖਪਤ ਰਾਏ ਤੇ ਉਸਦਾ ਭਰਾ ਜਸਪਤ ਰਾਏ ਤਾਂ ਸਿੰਘਾਂ ਨੂੰ ਮਾਰਨ ਮਰਵਾਉਣ ਵਿਚ ਪਹਿਲਾਂ ਹੀ ਬੜਾ ਨਾਮਣਾ ਕਮਾ ਚੁੱਕੇ ਸਨ। ਹੁਣ ਉਸ ਨੇ ਬੜੇ ਸਖ਼ਤ ਹੁਕਮ ਦੇ ਕੇ ਫ਼ੌਜ ਨੂੰ ਸਿੰਘਾਂ ਮਗਰ ਚਾੜ੍ਹ ਦਿੱਤਾ। ਫ਼ੌਜ ਨੇ ਮਾਝੇ, ਰਿਆੜਕੀ ਤੇ ਲਹਿੰਦੇ ਦਾ ਚੱਪਾ ਚੱਪਾ ਛਾਣ ਮਾਰਿਆ। ਜਿਥੇ ਰਤਾ ਮਾਸਾ ਵੀ ਸ਼ੱਕ ਪਿਆ, ਘਰ-ਘਾਟ, ਕਈ ਪੂਰੀਆਂ ਬਸਤੀਆਂ ਤੇ ਫ਼ਸਲਾਂ ਸਾੜ ਫੂਕ ਦਿੱਤੀਆਂ।
ਜਸਪਤ ਰਾਏ ਦਾ ਸਿੰਘਾਂ ਦੇ ਗਲ ਪੈਣ ਤੇ ਉਸ ਦੀ ਮੌਤ
ਜਸਪਤ ਰਾਏ ਇਸ ਵੇਲੇ ਏਮਨਾਬਾਦ ਦਾ ਫ਼ੌਜਦਾਰ ਸੀ। ਜ਼ਕਰੀਆ ਖ਼ਾਨ ਜਦ ਲਾਹੌਰ ਦਾ ਹਾਕਮ ਬਣਿਆ ਸੀ, ਇਸ ਨੇ ਜਸਪਤ ਰਾਏ ਨੂੰ ਜਲੰਧਰ ਦੁਆਬ ਦੀ ਫ਼ੌਜਦਾਰੀ ਤੋਂ ਹਟਾ ਕੇ ਇਸ ਦੀ ਜਗ੍ਹਾ ਅਦੀਨਾ ਬੇਗ ਖ਼ਾਨ ਨੂੰ ਲਾ ਦਿੱਤਾ ਅਤੇ ਜਸਪਤ ਰਾਏ ਨੂੰ ਏਮਨਾਬਾਦ ਦਾ ਫ਼ੌਜਦਾਰ ਬਣਾ ਦਿੱਤਾ ਸੀ। ਜਸਪਤ ਰਾਏ ਆਪਣੇ ਆਕਾ ਪ੍ਰਤੀ ਨਮਕ-ਹਲਾਲੀ ਦਾ ਹੱਦੋਂ ਵੱਧ ਕੇ ਸਬੂਤ ਦੇਣ ਲਈ ਸਿੰਘਾਂ ਉੱਤੇ ਮੌਤ ਦੀ ਘਟਾ ਬਣ ਕੇ ਵੱਸ ਰਿਹਾ ਸੀ। ਹੁਣ ਜਦੋਂ ਯਾਹੀਆ ਖ਼ਾਨ ਦਾ ਨਵਾਂ ਹੁਕਮ ਦੀਵਾਨ ਲਖਪਤ ਰਾਹੀਂ ਪੁੱਜਾ ਤਾਂ ਉਹ ਹੋਰ ਸਰਗਰਮ ਹੋ ਗਿਆ।
ਉਸ ਨੇ ਰਾਵੀ ਦੇ ਝੱਲ ਝਾੜਨੇ ਸ਼ੁਰੂ ਕੀਤੇ ਤੇ ਸਿੰਘਾਂ ਦਾ ਇਕ ਜਥਾ ਜੋ ਝੱਲੋ-ਝੱਲ ਪਹਾੜ ਨੂੰ ਜਾ ਰਿਹਾ ਸੀ, ਜਸਪਤ ਉਸ ਦੇ ਮਗਰ ਲੱਗ ਪਿਆ। ਇੱਕਾ-ਦੁੱਕਾ ਝੜਪਾਂ ਬਾਅਦ ਉਸ ਨੇ ਜਥੇ ਨੂੰ ਝੱਲੋਂ ਕੱਢ ਕੇ ਏਮਨਾਬਾਦ ਦੇ ਰੁਖ਼ ਵੱਲ ਨੂੰ ਧੱਕ ਦਿੱਤਾ।
ਜਸਪਤ ਰਾਏ ਜਥੇ ਦਾ ਪਿੱਛਾ ਨਾ ਕਰ ਸਕਿਆ ਤੇ ਖੁਖਰਾਨ ਪਿੰਡ ਆਣ ਡੇਰੇ ਲਾਏ। ਇਥੇ ਇਕ ਤਾਂ ਇਹ ਮਾਲੀਆ ਉਗਰਾਹੁਣ ਲੱਗ ਪਿਆ ਤੇ ਦੂਸਰੀ ਵਿਉਂਤ ਇਹ ਬਣਾਈ ਕਿ ਜੇ ਮਾਝੇ ਵੱਲੋਂ ਕੋਈ ਜਥਾ ਰਾਵੀ ਟੱਪ ਕੇ ਇਸ ਪਾਸੇ ਨੂੰ ਚੜ੍ਹੇ ਤਾਂ ਝੱਲ ‘ਚੋਂ ਨਿਕਲਦਿਆਂ ਨੂੰ ਘੇਰ ਕੇ ਮਾਰ ਦੇਵੇ ਜਾਂ ਫੜ ਲਵੇ। ਨਾਲ ਹੀ ਚਨਾਬ ਵਾਲੇ ਪਾਸਿਓਂ ਸਿੰਘਾਂ ਨੂੰ ਮਾਰ- ਧਾੜ ਲਈ ਲਾਹੌਰ ਵੱਲ ਨੂੰ ਨਾ ਵਧਣ ਦਿੱਤਾ ਜਾਵੇ।
ਖੁਖਰਾਨ ਪਿੰਡ ਵਿਖੇ ਬੈਠੇ ਜਸਪਤ ਰਾਏ ਨੂੰ ਗੋਂਦਲਾਂਵਾਲੇ ਪਿੰਡ ਦੇ ਇਕ ਵਸਨੀਕ ਨੇ ਖ਼ਬਰ ਦਿੱਤੀ ਕਿ ਸਿੰਘਾਂ ਦਾ ਇਕ ਤਕੜਾ ਜਥਾ ਇਸ ਪਾਸੇ ਆਇਆ ਹੈ ਤੇ ਖੁਖਰਾਨ ਤੇ ਗੋਂਦਲਾਂਵਾਲੇ ਪਿੰਡਾਂ ਦੇ ਚਰਦੇ ਇੱਜੜਾਂ ‘ਚੋਂ ਬੱਕਰੇ ਹਿੱਕ ਕੇ ਲੈ ਗਿਆ ਹੈ। ਇਸ ਵੇਲੇ ਰੋੜੀ ਸਾਹਿਬ (ਗੁਰਦੁਆਰਾ ਸਾਹਿਬ) ਲਾਗੇ ਬੈਠੇ ਬੱਕਰੇ ਭੁੰਨ ਭੁੰਨ ਛਕ ਰਿਹਾ ਹੈ। ਕਾਫ਼ੀ ਬੱਕਰੇ ਉਨ੍ਹਾਂ ਦੇ ਪਾਸ ਸਾਡੇ ਫੜੇ ਹੋਏ ਹਨ।
ਜਸਪਤ ਰਾਏ ਨੇ ਆਪਣੇ ਕੁਝ ਸਵਾਰ ਇਹ ਹੁਕਮ ਦੇ ਕੇ ਭਜਾਏ ਕਿ ਬੱਕਰੇ ਖੋਹ ਲਏ ਜਾਣ ਤੇ ਉਨ੍ਹਾਂ ਨੂੰ ਮਾਰ ਕੇ ਉਥੋਂ ਉਠਾ ਦਿੱਤਾ ਜਾਵੇ।
ਇਹ ਦਸਤਾ ਜਦ ਰੋੜੀ ਸਾਹਿਬ ਵਿਖੇ ਪੁੱਜਾ ਤਾਂ ਸਿੰਘਾਂ ਦੇ ਗਲ ਤਾਂ ਨਾ ਪਿਆ, ਪਰ ਇਸ ਦੇ ਸੈਨਿਕ ਮੁਖੀ ਨੇ ਸਿੰਘਾਂ ਨੂੰ ਕਿਹਾ ਕਿ ਭਲਾ ਇਸੇ ਵਿਚ ਹੈ ਕਿ ਫੜੇ ਹੋਏ ਬੱਕਰੇ ਤੁਰੰਤ ਵਾਪਸ ਕਰ ਦਿਉ ਤੇ ਨਾਲ ਹੀ ਡੇਰਾ ਡੰਡਾ ਚੁੱਕੋ ਤੇ ਚੱਲਦੇ ਬਣੋ। ਫ਼ੌਜਦਾਰ ਸਾਹਿਬ ਦਾ ਇਹ ਹੁਕਮ ਹੈ। ਸਿੰਘਾਂ ਨੇ ਉੱਤਰ ਦਿੱਤਾ ਕਿ ਬੱਕਰੇ ਜਿਥੇ ਤੁਹਾਨੂੰ ਦਿੱਸਦੇ ਹਨ, ਬੇਸ਼ੱਕ ਫੜ ਲਵੋ, ਸਾਨੂੰ ਕੋਈ ਉਜ਼ਰ ਨਹੀਂ। ਦੀਵਾਨ ਸਾਹਿਬ ਨੂੰ ਜਾ ਕੇ ਕਹਿ ਦਿਓ ਕਿ ਅਸੀਂ ਕਈ ਦਿਨਾਂ ਤੋਂ ਕੜਾਕੇ ’ਤੇ ਹਾਂ (ਭਾਵ, ਲੰਗਰ ਛਕੇ ਨੂੰ ਕਈ ਦਿਨ ਹੋ ਗਏ ਹਨ, ਫਾਕੇ ਵਿਚ ਹਾਂ) ਅਤੇ ਲੰਗਰ ਛੱਕ ਕੇ ਚਲੇ ਜਾਵਾਂਗੇ। ਅਸੀਂ ਉਸ ਦੇ ਇਲਾਕੇ ਵਿਚ ਕੋਈ ਲੁੱਟ-ਮਾਰ ਨਹੀਂ ਕੀਤੀ ਤੇ ਨਾ ਸਾਡਾ ਕੋਈ ਇਰਾਦਾ ਹੀ ਹੈ। ਸਾਡੇ ਵੱਲੋਂ ਭਰੋਸਾ ਰੱਖੇ। ਇਥੇ ਰਾਤ ਹੀ ਕੱਟਣੀ ਹੈ। ਸਵੇਰੇ ਅਸਾਂ ਆਪਣੇ ਆਪ ਹੀ ਚਾਲੇ ਪਾ ਜਾਣੇ ਹਨ।
ਇਸ ਸੈਨਿਕ ਦਸਤੇ ਨੇ ਜਦ ਵਾਪਸ ਆ ਕੇ ਇਹ ਸਭ ਕੁਝ ਜਸਪਤ ਰਾਏ ਨੂੰ ਦੱਸਿਆ ਤਾਂ ਉਹ ਸੱਟ ਖਾਧੇ ਸੱਪ ਵਾਂਗ ਵਿਸ ਘੋਲਣ ਲੱਗਾ। ਉਸ ਦੇ ਹੁਕਮ ਕਰ ਕੇ, ਇਲਾਕੇ ਦੇ ਸਾਰੇ ਚੌਧਰੀ ਆਪਣੀਆਂ ਛੇੜਾਂ ਸਣੇ ਉਸ ਦੇ ਨਾਲ ਸਨ ਤੇ ਚੱਠਿਆਂ ਦੇ ਸਵਾਰ ਤੇ ਪਿਆਦਾ ਫ਼ੌਜ ਵੀ ਉਸ ਨਾਲ ਸ਼ਾਮਲ ਸੀ, ਸ਼ੇਰਾ ਚੌਧਰੀ ਸਭ ਤੋਂ ਅੱਗੇ ਸੀ। ਇਸ ਨੇ ਗ਼ਾਜ਼ੀ ਬਣ ਕੇ ਸਿੰਘਾਂ ਵਿਰੁੱਧ ਮਰ ਮਿਟਣ ਲਈ ਸਿਰ ‘ਤੇ ਕਫ਼ਨ ਬੱਧਾ ਹੋਇਆ ਸੀ।
ਇਹ ਸਾਰਾ ਢਿਮ-ਢਾਣਾ ਐਲੀ ਐਲੀ ਕਰਦਾ ਰੋੜੀ ਸਾਹਿਬ ਵਿਖੇ ਸਿੰਘਾਂ ਉੱਤੇ ਜਾ ਪਿਆ। ਸਿੰਘਾਂ ਨੂੰ ਕਈਆਂ ਦਿਨਾਂ ਦੇ ਕੜਾਕੇ ਪਿੱਛੋਂ ਮਸਾਂ- ਮਸਾਂ ਕੁਝ ਖਾਣ ਨੂੰ ਲੱਭਾ ਸੀ, ਪਰ ਵੈਰੀ ਨੇ ਸਾਹ ਨਾ ਲੈਣ ਦਿੱਤਾ ਤੇ ਉਹ ਪੇਟ ਨਾ ਭਰ ਸਕੇ। ਸਿੰਘਾਂ ਨੇ ਮਤਾ ਪਾਸ ਕੀਤਾ ਕਿ ਗੁਰੂ-ਅਸਥਾਨ ‘ਤੇ ਖ਼ੂਨ ਖ਼ਰਾਬਾ ਨਾ ਹੋਣ ਦਿੱਤਾ ਜਾਵੇ। ਪਰ ਜਸਪਤ ਰਾਏ ਬਹੁਤ ਬਿਫਰਿਆ ਹੋਇਆ ਸੀ । ਉਸ ਨੇ ਰੋੜੀ ਸਾਹਿਬ ਨੂੰ ਘੇਰਾ ਪਾ ਲਿਆ ਤੇ ਆਪਣੀ ਫ਼ੌਜ, ਚੱਠਿਆਂ ਦੀ ਫ਼ੌਜ ਤੇ ਚੌਧਰੀਆਂ ਦੀਆਂ ਛੇੜਾਂ ਦੀ ਬੇਸ਼ੁਮਾਰ ਗਿਣਤੀ ਨੇ ਉਸ ਦਾ ਸਿਰ ਹੋਰ ਵੀ ਫੇਰ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਸਾਰੇ ਸਿੰਘਾਂ ਨੂੰ ਜੀਊਂਦਾ ਫੜ ਕੇ ਲਾਹੌਰ ਪਹੁੰਚਾਵੇ ਤੇ ਇਸ ਤਰ੍ਹਾਂ ਆਪਣੀ ਤਾਕਤ ਦੀ ਧਾਂਕ ਬਿਠਾ ਦੇਵੇ। ਇਕੱਲਾ ਇਕ ਚੀਤਾ ਹਰਨਾਂ ਦੀ ਪੂਰੀ ਡਾਰ ਨੂੰ ਅੱਗੇ ਲਾ ਕੇ ਭਜਾ ਸਕਦੈ, ਪਰ ਹਰਨਾਂ ਦੀਆਂ ਡਾਰਾਂ ਦੀਆਂ ਡਾਰਾਂ ਰਲ ਕੇ ਇਕ ਚੀਤੇ ਨੂੰ ਵੀ ਨਹੀਂ ਘੇਰ ਸਕਦੀਆਂ, ਮਾਰ ਲੈਣਾ ਤਾਂ ਇਕ ਪਾਸੇ ਰਿਹਾ। ਸਿੰਘਾਂ ਦੇ ਪਾਸਾ ਕਰਨ ਨੂੰ ਉਹ ਆਪਣੀ ਤਾਕਤ ਸਮਝ ਬੈਠਾ, ਜੋ ਉਸ ਦੀ ਭੁੱਲ ਸੀ। ਸਿੰਘਾਂ ਉਥੋਂ ਨਿਕਲ ਜਾਣਾ ਹੀ ਚੰਗਾ ਸਮਝਿਆ। ਸੋ ਇਕ ਪਾਸੇ ਨੂੰ ਤੇਗ਼ਾਂ ਸੂਤ ਕੇ ਤੇ ਨੇਜ਼ੇ ਉਲਾਰ ਕੇ ਪੈ ਗਏ ਤੇ ਘੇਰਾ ਤੋੜ ਕੇ ਨਿਕਲ ਗਏ। ਜਸਪਤ ਰਾਏ ਦੀ ਫ਼ੌਜ ਨੇ ਉਨ੍ਹਾਂ ਨੂੰ ਰੋੜੀ ਸਾਹਿਬ ਤੋਂ ਦੂਰ ਧੱਕ ਦਿੱਤਾ। ਅੰਨ੍ਹੇਰਾ ਹੋ ਜਾਣ ਕਰਕੇ ਲੜਾਈ ਮੱਠੀ ਪੈ ਗਈ ਤੇ ਸਿੰਘ ਧਕੀਦੇ-ਧਕਾਈਦੇ ਬੱਦੋ-ਕੀ ਗੁਸਾਈਂ ਮਨੋਹਰ ਦਾਸ ਪਿੰਡ ਲਾਗੇ ਅੱਪੜੇ ਤੇ ਇਸ ਦੇ ਲਾਗੇ ਹੀ ਜੋ ਗੁਸਾਈਆਂ ਦੀ ਝਿੜੀ ਸੀ, ਉਸ ਵਿਚ ਸਿਰ ਜਾ ਲੁਕਾਇਆ।
ਰਾਤ ਨਿਕਲੀ, ਦਿਨ ਚੜ੍ਹਿਆ। ਸਿੰਘਾਂ ਸਮਝਿਆ ਕਿ ਜਸਪਤ ਰਾਏ ਮਗਰੋਂ ਲਹਿ ਗਿਆ ਹੋਵੇਗਾ । ਪਰ ਉਹ ਤਾਂ ਵਾੜ ਦੇ ਛਾਪੇ ਵਾਂਗ ਨਾਲ ਚਿੰਬੜਿਆ ਸੀ। ਇਸ ਸਮੇਂ ਕਣਕਾਂ ਨਿਸਰੀਆਂ ਹੋਈਆਂ ਸਨ। ਇਸ ਤੋਂ ਅਨੁਮਾਨ ਕੀਤਾ ਜਾ ਸਕਦਾ ਹੈ ਕਿ ਇਹ ਘਟਨਾ ਫੱਗਣ ਦੇ ਏੜ ਗੇੜ ਦੀ ਹੋਵੇਗੀ (ਜਨਵਰੀ-ਫ਼ਰਵਰੀ 1746 ਈ:)। ਪੇਟ ਨੂੰ ਝੁਲਕਾ ਦੇਣ ਦੇ ਆਹਰ ਵਿਚ ਸਿੰਘਾਂ ਨੇ ਟਿੰਡਾਂ ਵਿਚ ਘਾਸ ਫੂਸ ਪਾ ਕੇ ਉਬਾਲਣ ਲਈ ਧਰਿਆ ਹੀ ਸੀ ਕਿ ਵੈਰੀ ਸਿਰ ‘ਤੇ ਆ ਕੜਕਿਆ। ਮਰਦਾ ਬੰਦਾ ਕੀ ਨਹੀਂ ਕਰਦਾ। ਉਨ੍ਹਾਂ ਸੋਚਿਆ ਕਿ ਭੁੱਖੇ ਮਰਨ ਨਾਲੋਂ ਲੜ ਕੇ ਕਿਉਂ ਨਾ ਮਰੀਏ ? ਸੋ ਟੁੱਟ ਕੇ ਜਸਪਤ ਰਾਏ ਦੇ ਲਸ਼ਕਰ ਉੱਤੇ ਜਾ ਪਏ। ਜਸਪਤ ਰਾਏ ਹਾਥੀ ਉੱਤੇ ਚੜ੍ਹਿਆ ਹੋਇਆ ਫ਼ੌਜ ਨੂੰ ਲਲਕਾਰਦਾ ਹੋਇਆ ਵਧਦਾ ਆ ਰਿਹਾ ਸੀ। ਪਰ ਗਾਂਢਵੀਆਂ ਧਾੜਾਂ ਨੇ ਸਿਰਲੱਥ ਸੂਰਮਿਆਂ ਅੱਗੇ ਕੀ ਅੜਨਾ ਹੋਇਆ ! ਪਹਿਲੇ ਹੱਲੇ ਹੀ ਜਾਨਾਂ ਬਚਾਉਣ ਲਈ ਭੱਜ ਨਿਕਲੇ। ਦੀਵਾਨ ਨੂੰ ਆਪਣੀ ਜਾਨ ਦੀ ਪੈ ਗਈ। ਦੀਵਾਨ ਦੇ ਲਾਮ-ਲਸ਼ਕਰ ਨੂੰ ਭਾਜੜ ਪਈ ਵੇਖ ਕੇ ਭਾਈ ਨਿਬਾਹੂ ਸਿੰਘ ਨਾਮ ਦਾ ਇਕ ਰੰਘਰੇਟਾ ਸਿੰਘ ਉਸ ਦੇ ਹਾਥੀ ਦੀ ਪੂਛਲ ਫੜ ਕੇ ਹਾਥੀ ‘ਤੇ ਚੜ੍ਹ ਗਿਆ ਤੇ ਤੇਗ਼ ਦੇ ਇਕ ਹੀ ਵਾਰ ਨਾਲ ਦੀਵਾਨ ਜਸਪਤ ਰਾਏ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ। ਦੀਵਾਨ ਦੇ ਸ਼ਸਤਰ, ਜ਼ੇਵਰ ਤੇ ਹੋਰ ਕੀਮਤੀ ਮਾਲ- ਮੱਤਾ ਜੋ ਹੌਦੇ ਵਿਚ ਸੀ, ਥੱਲੇ ਸੁੱਟ ਦਿੱਤਾ ਤੇ ਫਿਰ ਸਿਰ ਲੈ ਕੇ ਹੇਠਾਂ ਉਤਰ ਆਇਆ।
ਗਣੇਸ਼ ਦਾਸ ਵਡਹਿਰਾ ਆਪਣੀ ਪੁਸਤਕ ਚਹਾਰ ਬਾਗ਼-ਏ-ਪੰਜਾਬ (ਫ਼ਾਰਸੀ) ਵਿਚ ਉਸ ਦਾ ਮਾਰੇ ਜਾਣਾ ਇੰਜ ਦੱਸਦਾ ਹੈ:
“ਆਖ਼ਰ ਖ਼ੁਦ (ਜਸਪਤ ਰਾਏ) ਹਮ ਅਜ਼ ਦਸਤਿ ਆਂ ਜਮਾਇਤ ਮੁਤਸਿਲ ਮੌਜ਼ਿਆ ਬਦੋ-ਕੀ ਗੁਸਾਈ ਮਨੋਹਰ ਦਾਸ ਦਰ ਮੁਕਾਬਲਾ-
ਇ ਸਿੱਖਾਂ ਜਾਨ ਕੁਰਬਾਨ ਕਰਦਾ। ਬਕੌਲਿ ਆ ਕਿ:
ਸਯਾਦ ਨਾ ਹਰ ਬਾਰ ਸ਼ਿਕਾਰੇ ਬਬੁਰਦ।
ਬਾਸ਼ਦ ਕਿ ਯਕੇ ਰੋਜ਼ ਪਲੰਗਸ਼ ਬਦਰੱਦ।”
[ਅਰਥਾਤ : ਆਖ਼ਰ ਆਪ ਵੀ (ਜਸਪਤ ਰਾਏ) ਇਸ ਫ਼ਿਰਕੇ ਦੇ ਹੱਥੋਂ ਪਿੰਡ ਬੱਦੋ-ਕੀ ਗੁਸਾਈਂ ਮਨੋਹਰ ਦਾਸ ਦੇ ਲਾਗੇ ਸਿੰਘਾਂ ਦੇ ਮੁਕਾਬਲੇ ਵਿਚ ਜਾਨ ਕੁਰਬਾਨ ਕਰ ਗਿਆ। ਕਿਸੇ ਨੇ ਕਿਹਾ ਹੈ ਕਿ : ਜ਼ਰੂਰੀ ਨਹੀਂ ਸ਼ਿਕਾਰੀ ਹਰ ਵਾਰ ਸ਼ਿਕਾਰ ਮਾਰ ਲਿਆਵੇ, ਸੰਭਵ ਹੈ ਕਿ ਇਕ ਦਿਨ ਚੀਤਾ ਉਸ ਨੂੰ ਪਾੜ ਸੁੱਟੇ।]
ਬੱਦੋ-ਕੀ ਗੁਸਾਈਆਂ ਦੇ ਬਾਵਾ ਕਿਰਪਾ ਰਾਮ ਦੇ ਮੰਗਣ ‘ਤੇ ਜਸਪਤ ਰਾਏ ਦਾ ਸਿਰ ਸਿੰਘਾਂ ਨੇ ਉਸ ਨੂੰ ਦੇ ਦਿੱਤਾ, ਜਿਸ ਦੇ ਬਦਲੇ ਬਾਵਾ ਕਿਰਪਾ ਰਾਮ ਨੇ ਉਨ੍ਹਾਂ ਨੂੰ 500/- ਰੁਪਏ ਰਸਦ-ਪਾਣੀ ਲਈ ਭੇਟ ਕੀਤੇ। ਉਸ ਨੇ ਉਸ ਦਾ ਸਸਕਾਰ ਕਰ ਦਿੱਤਾ। ਇੰਜ ਜਾਪਦਾ ਹੈ ਕਿ ਇਹ ਬਾਵਾ ਕਿਰਪਾ ਰਾਮ ਏਮਨਾਬਾਦ ਦੇ ਦੀਵਾਨਾਂ ਦੇ ਗੁਰੂ ਗੁਸਾਈਆਂ ਵਿਚੋਂ ਹੋਣਾ ਹੈ।
ਆਮ ਇਤਿਹਾਸਕਾਰਾਂ ਨੇ ਟੱਪਲਾ ਖਾਧਾ ਹੈ ਤੇ ਲਿਖਿਆ ਹੈ ਕਿ ਸਿੰਘਾਂ ਦੇ ਜਥੇ ਨੇ ਦੀਵਾਨ ਜਸਪਤ ਰਾਏ ਨੂੰ ਖ਼ਾਸ ਏਮਨਾਬਾਦ ਮਾਰਿਆ ਹੈ। ਇਹ ਗੱਲ ਠੀਕ ਨਹੀਂ ਹੈ। ਸੱਚ ਇਹ ਹੈ ਕਿ ਜਸਪਤ ਰਾਏ ਬੱਦੋ-ਕੀ ਗੁਸਾਈਆਂ ਦੀ ਝਿੜੀ ਵਿਚ ਮਾਰਿਆ ਗਿਆ ਸੀ, ਜਿਥੇ ਉਸ ਦੇ ਭਰਾ ਲਖਪਤ ਰਾਏ ਨੇ ਉਸ ਦੀ ਸਮਾਧ ਬਣਵਾਈ ਹੋਈ ਹੈ। ਉਸ ਦੀ ਸਮਾਧ ਤੇ ਖੂਹ ਅਜੇ ਤਕ ਕਾਇਮ ਹੈ।
ਲਖਪਤ ਰਾਏ ਦੀ ਸਹੁੰ ਤੇ ਲਾਹੌਰ ਸਰਕਾਰ ਦੇ ਚਕਰੈਲ ਸਿੱਖਾਂ ਤੇ ਦੁਕਾਨਦਾਰ ਸਿੱਖਾਂ ਦਾ ਕਤਲ
ਜਸਪਤ ਰਾਏ ਦਾ ਸਿੰਘਾਂ ਹੱਥੋਂ ਬੱਦੋ-ਕੀ ਗੁਸਾਈਆਂ ਦੀ ਝਿੜੀ ਵਿਖੇ ਮਾਰੇ ਜਾਣ ਦੀ ਖ਼ਬਰ ਜਦ ਉਸ ਦੇ ਭਰਾ ਲਖਪਤ ਨੂੰ ਮਿਲੀ ਤਾਂ ਬੜਾ ਤੜਫ਼ਿਆ ਤੇ ਕਰੋਧ ਨਾਲ ਆਪੇ ਤੋਂ ਬਾਹਰ ਹੋ ਗਿਆ। ਧਾਹੀਂ ਮਾਰਦਾ ਤੇ ਸਿਰ ਦੁਹੱਥੜੀ ਪਿੱਟਦਾ ਹੋਇਆ ਯਾਹੀਆ ਖ਼ਾਨ ਪਾਸ ਪੁੱਜਾ ਤੇ ਆਪਣੀ ਪੱਗ ਉਸ ਦੇ ਪੈਰਾਂ ‘ਤੇ ਜਾ ਸੁੱਟੀ, ਅਤੇ ਸਹੁੰ ਖਾਧੀ ਕਿ ਮੈਂ ਇਹ ਪੱਗ ਸਿੰਘਾਂ ਦਾ ਖੁਰਾ-ਖੋਜ ਮਿਟਾ ਕੇ ਹੀ ਮੁੜ ਸਿਰ ‘ਤੇ ਬੰਨ੍ਹਣੀ ਹੈ। ਹੁਣ ਮੈਨੂੰ ਇਹ ਪੱਗ ਤੁਸੀਂ ਹੀ ਬੰਨ੍ਹਾਉਗੇ ਤਾਂ ਬੱਝੇਗੀ। ਉਸ ਨੂੰ ਸੁਪਨੇ ਵਿਚ ਵੀ ਚਿੱਤ ਚੇਤਾ ਨਹੀਂ ਸੀ ਕਿ ਉਸ ਦੇ ਏਡੇ ਵੱਡੇ ਜ਼ਬਰਦਸਤ ਤੇ ਦਬਦਬੇ ਵਾਲੇ ਭਰਾ ਨੂੰ ਦੇਸੋਂ ਕੱਢੇ, ਜੰਗਲਾਂ ਵਿਚ ਭੁੱਖੇ ਮਰਦੇ ਤੇ ਲੁੱਕ-ਛਿਪ ਕੇ ਦਿਨ ਕਟੀ ਕਰਨ ਵਾਲੇ ਹਕੀਰ ਸਿੰਘ ਦਿਨ-ਦੀਵੀਂ ਏਡੀ ਦੀਦਾ-ਦਲੇਰੀ ਨਾਲ ਮਾਰ ਦੇਣਗੇ । ਲਖਪਤ ਤਾਂ ਇਹ ਸਮਝੀ ਬੈਠਾ ਸੀ ਕਿ ਸਿੰਘ ਬਚੇ ਹੀ ਮੇਰੀ ਨਰਮੀ ਕਾਰਨ ਹਨ। ਜੇ ਮੈਂ ਇਨ੍ਹਾਂ ਉੱਤੇ ਪੂਰੀ ਸਖ਼ਤੀ ਕਰਦਾ ਤਾਂ ਇਨ੍ਹਾਂ ਦਾ ਕਦੇ ਦਾ ਨਾਮੋ-ਨਿਸ਼ਾਨ ਮਿਟ ਗਿਆ ਹੁੰਦਾ। ਅੱਜ ਨੂੰ ਭਾਲਿਆਂ ਕਿਧਰੇ ਨਜ਼ਰ ਨਾ ਆਉਂਦੇ। ਹੰਕਾਰ ਨੇ ਉਸ ਦਾ ਸਿਰ ਫੇਰ ਦਿੱਤਾ ਤੇ ਉਸ ਨੇ ਇਥੋਂ ਤਕ ਕਹਿ ਦਿੱਤਾ: “ਅੱਛਾ, ਇਹ ਉਸ਼ਟੰਡ (ਖ਼ਾਲਸਾ ਪੰਥ) ਇਕ ਖੱਤਰੀ (ਗੁਰੂ ਨਾਨਕ ਜੀ) ਨੇ ਖੜਾ ਕੀਤਾ ਸੀ, ਹੁਣ ਮੈਂ ਇਕ ਖੱਤਰੀ ਹੀ ਇਸ ਦਾ ਨਾਸ ਕਰਾਂਗਾ।”
‘ਅੰਨ੍ਹਾ ਕੀ ਭਾਲੇ, ਦੋ ਅੱਖੀਆਂ!’ ਯਾਹੀਆ ਖ਼ਾਨ ਨੂੰ ਹੋਰ ਕੀ ਚਾਹੀਦਾ ਸੀ। ਲਖਪਤ ਤੋਂ ਵੱਡਾ ਸਿੱਖਾਂ ਦਾ ਦੋਖੀ ਉਸ ਨੂੰ ਹੋਰ ਕਿਥੋਂ ਲੱਭਣਾ ਸੀ। ਉਸ ਨੇ ਦਿਲਾਸਾ ਤੇ ਸ਼ਾਬਾਸ਼ ਦਿੰਦਿਆਂ ਕਿਹਾ—“ਚੰਗਾ, ਫ਼ੌਜ ਤੇ ਖ਼ਰਚ ਮੇਰਾ, ਜ਼ੋਰ ਤੇਰਾ।” ਯਾਹੀਆ ਖ਼ਾਨ ਨੇ ਝਟਪਟ ਸਿੱਖਾਂ ਦੇ ਕਤਲਾਮ ਦਾ ਐਲਾਨ ਸਾਰੇ ਪੰਜਾਬ ਵਿਚ ਫਿਰਵਾ ਦਿੱਤਾ ਕਿ ‘ਜਿਥੇ ਕਿਤੇ ਵੀ ਸਿੱਖ ਮਿਲੇ, ਮਾਰ ਦਿੱਤਾ ਜਾਵੇ । (ਗੁਰੂ) ਗੋਬਿੰਦ ਸਿੰਘ ਦਾ ਨਾਮ ਲੈਣ ਵਾਲੇ ਦਾ ਢਿੱਡ ਪਾੜ ਦਿੱਤਾ ਜਾਵੇ।’ ਸਿੰਘਾਂ ਦੇ ਸਿਰਾਂ ਦਾ ਇਨਾਮ ਮੁਕੱਰਰ ਕਰ ਦਿੱਤਾ ਗਿਆ।
ਲਖਪਤ ਲਾਹੌਰੋਂ ਬਹੁਤ ਸਾਰੀ ਫ਼ੌਜ ਲੈ ਕੇ ਜਥੇ ਦੇ ਮਗਰ ਚੜ੍ਹ ਪਿਆ। ਪਰੰਤੂ ਸਿੰਘ ਜਸਪਤ ਦੇ ਮਾਰੇ ਜਾਣ ਪਿੱਛੋਂ ਏਮਨਾਬਾਦ ਨੂੰ ਲੁੱਟ- ਪੁੱਟ ਕੇ ਕਦੋਂ ਦੇ ਝੱਲਾਂ ਨੂੰ ਹਰਨ ਹੋ ਚੁੱਕੇ ਸਨ। ਸਿੰਘ ਜਦ ਹੱਥ ਨਾ ਆਏ ਤਾਂ ਉਸ ਨੂੰ ਹੋਰ ਜ਼ਿਆਦਾ ਚਿਪ ਚੜ੍ਹ ਗਈ। ਕਰੋਧ ਨਾਲ ਲੋਹਾ ਲਾਖਾ ਹੋਇਆ ਲਾਹੌਰ ਨੂੰ ਵਾਪਸ ਮੁੜ ਆਇਆ ਤੇ ਲਾਹੌਰੋਂ ਹੀ ਸਿੱਖਾਂ ਦਾ ਵਾਢਾ ਧਰ ਲਿਆ। ਪਹਿਲਾਂ ਉਸ ਦੀ ਵਿਉਂਤ ਇਹ ਸੀ ਕਿ ਜਥੇ ਨੂੰ ਪੂਰੀ ਤਰ੍ਹਾਂ ਫ਼ਨਾਹ ਕਰ ਕੇ ਫਿਰ ਦੂਜਿਆਂ ਸਿੱਖਾਂ ਨੂੰ ਹੱਥ ਪਾਵੇ । ਜਦ ਜਥਾ ਹੱਥ ਨਾ ਆਇਆ ਤਾਂ ਦੂਜਿਆਂ ਸਿੱਖਾਂ ਉਦਾਲੇ ਹੋ ਗਿਆ।
ਹੁਣ ਤਕ ਜਿੰਨੇ ਕਤਲਾਮ ਹੋਏ ਸਨ, ਉਨ੍ਹਾਂ ਵਿਚ ਕੇਵਲ ਜਥਿਆਂ ਦੇ ਰਾਠ ਸਿੰਘ ਹੀ ਮਾਰੇ ਜਾਂਦੇ ਸਨ। ਪਰ ਹੁਣ ਲਖਪਤ ਰਾਏ ਨੇ ਲਾਹੌਰ ਵਿਚ ਅਮਨ ਅਮਾਨ ਨਾਲ ਵੱਸਦੇ ਗੁਰਮੁਖਿ ਸਿੱਖਾਂ ਦਾ ਕਤਲਾਮ ਵੀ ਆਰੰਭ ਦਿੱਤਾ। ਇਸ ਦੇ ਨਾਲ ਸ਼ਹਿਰ ਵਿਚ ਤੇ ਆਸ ਪਾਸ ਹੋਕਾ ਫਿਰਵਾ ਦਿੱਤਾ ਕਿ ਕੋਈ ਗੁਰੂ ਦੀ ਬਾਣੀ ਨਾ ਪੜ੍ਹੇ। ਜੋ ਵੀ ਗੁਰੂ ਦਾ ਨਾਂ ਲੈਂਦਾ ਸੁਣਿਆ ਗਿਆ, ਟੱਬਰ ਟੋਰ ਸਮੇਤ ਕਤਲ ਕੀਤਾ ਜਾਵੇਗਾ। ਸਤਿਨਾਮੁ ਵਾਹਿਗੁਰੂ ਤੋਂ ਬਿਨਾਂ ਹੋਰ ਜੋ ਮਰਜ਼ੀ ਜਪੋ। ਗੁੜ ਨੂੰ ਕੋਈ ਗੁੜ ਨਾ ਕਹੇ, ‘ਰੋੜੀ’ ਜਾਂ ‘ਭੇਲੀ’ ਕਹੇ। ਕਿਉਂਕਿ ਗੁੜ ਆਖਣ ਨਾਲ ‘ਗੁਰੂ’ ਦਾ ਚੇਤਾ ਆ ਜਾਂਦਾ ਹੈ।
ਇਸੇ ਤਰ੍ਹਾਂ ਗ੍ਰੰਥ ਕੋਈ ਨਾ ਆਖੇ, ਗੁਰਬਾਣੀ ਤੇ ਗੁਰ-ਇਤਿਹਾਸ ਦੀਆਂ ਅਨੇਕਾਂ ਪੋਥੀਆਂ ਲੱਭ ਲੱਭ ਕੇ ਖੂਹਾਂ ਵਿਚ ਸੁਟਵਾ ਦਿੱਤੀਆਂ। ਸੈਂਕੜੇ ਧਰਮਸ਼ਾਲਾਂ ਢੁਹਾ ਦਿੱਤੀਆਂ। ਉਹ ਤਾਂ ਧਰਤੀ ਉੱਤੇ ਸਿੱਖ ਤੇ ਸਿੱਖੀ ਦਾ ਕੋਈ ਚਿੰਨ੍ਹ ਹੀ ਨਹੀਂ ਸੀ ਛੱਡਣਾ ਚਾਹੁੰਦਾ । ਸ੍ਰੀ ਦਰਬਾਰ ਸਾਹਿਬ ਤੇ ਹੋਰ ਅਨੇਕਾਂ ਗੁਰਦੁਆਰਾ ਸਾਹਿਬਾਨ ਦੀ ਬੇਅਦਬੀ ਕੀਤੀ, ਪਵਿੱਤਰ ਸਰੋਵਰ ਤਕ ਨੂੰ ਵੀ ਨਾ ਬਖ਼ਸ਼ਿਆ, ਸਗੋਂ ਉਸ ਵਿਚ ਕੂੜਾ ਕਰਕਟ ਸੁੱਟਵਾ ਦਿੱਤਾ। ਪਸ਼ੂਆਂ ਦੀਆਂ ਖੱਲਾਂ ਤਕ ਸੁੱਟਵਾਈਆਂ।
ਲਾਹੌਰ ਵਿਚ ਸਿੱਖਾਂ ਦੀ ਕਤਲਾਮ ਕਿਵੇਂ ਹੋਈ ?
ਸਭ ਤੋਂ ਪਹਿਲਾਂ ਇਹ ਕਤਲਾਮ ਲਾਹੌਰ ਤੋਂ ਆਰੰਭ ਹੋਇਆ। ਲਾਹੌਰ ਵਿਚ ਜਿੰਨੇ ਵੀ ਚਕਰੈਲ ਸਿੱਖ (ਸਰਕਾਰ ਦੀ ਨੌਕਰੀ ਕਰਨ ਵਾਲਿਆਂ ਨੂੰ ਖਾੜਕੂ ਸਿੰਘ ‘ਚਕੈਲ’ ਸੱਦਿਆ ਕਰਦੇ ਸਨ) ਤੇ ਦੁਕਾਨਾਂ ਕਰਨ ਵਾਲੇ ਜਾਂ ਹੋਰ ਛੋਟਾ ਮੋਟਾ ਕਾਰੋਬਾਰ ਕਰਨ ਵਾਲੇ ਜੋ ਸਿੱਖ ਸਨ, ਮਾਰਚ 1746 ਦੇ ਪਹਿਲੇ ਹਫ਼ਤੇ ਫੜ ਕੇ ਜਲਾਦਾਂ ਦੇ ਹਵਾਲੇ ਕਰ ਦਿੱਤੇ ਕਿ 10 ਮਾਰਚ ਸੋਮਵਾਰ ਨੂੰ ਇਨ੍ਹਾਂ ਦੇ ਕੇਸਾਂ ਵਾਲੇ ਸਿਰ ਕਲਮ ਕਰ ਦਿਓ।
ਇਸ ਕਤਲ ਕੀਤੇ ਜਾਣ ਵਾਲੇ ਦਿਨ ਸੋਮਾਵਤੀ ਅਮਾਵਸ ਸੀ- 13 ਚੇਤ, ਦਿਨ ਸੋਮਵਾਰ ਸੰਮਤ 1802 ਬਿ: ਇਸ ਵੇਲੇ ਪਹਾੜ ਦੇ ਰਾਜੇ ਪਾਸ ਜੋ 15 ਸਿੰਘ ਨੌਕਰ ਸਨ, ਉਹ ਵੀ ਫੜ ਕੇ ਲਾਹੌਰ ਲਿਆਂਦੇ ਗਏ। ਇਹ 15 ਸਿੰਘ ਜਿਨ੍ਹਾਂ ਪਿੰਡਾਂ ਦੇ ਰਹਿਣ ਵਾਲੇ ਸਨ, ਉਥੋਂ ਦੇ ਚੌਧਰੀ ਵੀ ਬੰਨ੍ਹ ਮੰਗਵਾਏ। ਇਨ੍ਹਾਂ ਬੱਧੇ ਆਇਆਂ ਸਿੰਘਾਂ ਵਿਚ ਅਮਰੀਕ ਸਿੰਘ ਰਾਜਾ ਜੰਗਵਾਲਾ ਤੇ ਭਾਈ ਸੱਦਾ ਸਿੰਘ ਮੋਕਲ ਵੀ ਸਨ।
ਲਖਪਤ ਵੱਲੋਂ ਇਨ੍ਹਾਂ ਗ਼ਰੀਬ ਬੇਦੋਸ਼ੇ ਸਿੰਘਾਂ ਦੇ ਕਤਲ ਕਰਾਏ ਜਾਣ ਦੇ ਹੁਕਮ ਦੀ ਖ਼ਬਰ ਜਦ ਸ਼ਹਿਰ ਵਿਚ ਹੋਈ ਤਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ। ਇਨਸਾਨੀ ਹਮਦਰਦੀ ਭਰਿਆ ਦਿਲ ਰੱਖਣ ਵਾਲੇ ਧਰਮੀ ਹਿੰਦੂਆਂ ਨੇ ਇਕੱਠ ਕੀਤਾ ਤੇ ਪੰਚਾਇਤ ਬਣ ਕੇ ਲਖਪਤ ਰਾਏ ਪਾਸ ਗਏ, ਤਾਕਿ ਮਿੰਨਤ ਤਰਲਾ ਕਰ ਕੇ ਇਨ੍ਹਾਂ ਬੇਦੋਸ਼ਿਆਂ ਨੂੰ ਕਤਲ ਹੋਣੋਂ ਬਚਾਇਆ ਜਾਵੇ। ਸ਼ਹਿਰ ਦੇ ਪਤਵੰਤੇ ਸਿਰਕੱਢਾਂ ਵਿਚੋਂ ਇਹ ਲੋਕ ਉਨ੍ਹਾਂ ਦੇ ਆਗੂ ਸਨ: ਕਸ਼ਮੀਰੀ ਮਲ ਖੁਰਾਣਾ, ਕੁੰਜਾਹੀ ਮੱਲ, ਦੀਵਾਨ ਕੌੜਾ ਮੱਲ, ਦੀਵਾਨ ਲੱਛੀ ਰਾਮ, ਰਾਏ ਸੂਰਤ ਸਿੰਘ, ਦਿਲੇ ਰਾਮ, ਹਰੀ ਮੱਲ, ਬਹਿਲੂ ਮੱਲ, ਹਰੀ ਸਿੰਘ, ਗੁਲਜ਼ਾਰ ਸਿੰਘ, ਜਵਾਹਰ ਮੱਲ, ਪੰਡਤ ਸੁਰਤ ਰਾਮ ਤੇ ਭਾਈ ਦੇਸ ਰਾਜ। ਇਨ੍ਹਾਂ ਲਖਪਤ ਰਾਏ ਨੂੰ ਸਮਝਾਉਂਦਿਆਂ ਹੋਇਆਂ ਕਿਹਾ, ਤੇਰਾ ਭਰਾ ਜਸਪਤ ਰਾਏ ਸਿੰਘਾਂ ਉੱਤੇ ਹੱਲਾ ਕਰਦਾ ਹੋਇਆ, ਉਨ੍ਹਾਂ ਨੂੰ ਮਾਰਨ ਗਿਆ, ਮਾਰਿਆ ਗਿਆ ਹੈ। ਸਿੰਘਾਂ ਉੱਤੇ ਚੜ੍ਹ ਕੇ ਤਾਂ ਉਹੋ ਹੀ ਗਿਆ ਸੀ, ਸਿੰਘ ਤਾਂ ਨਹੀਂ ਚੜ੍ਹ ਕੇ ਆਏ ਸਨ। ਰੋੜੀ ਸਾਹਿਬ ਤੋਂ ਧਕੀਂਦੇ ਉਹ ਭੁੱਖਣ-ਭਾਣੇ, ਜਿਵੇਂ ਖ਼ਬਰਾਂ ਸੁਣੀਆਂ ਹਨ, ਬੱਦੋ-ਕੀ ਗੁਸਾਈਆਂ ਦੀ ਝਿੜੀ ਵਿਚ ਜਾ ਲੁਕੇ ਤੇ ਕਈਆਂ ਦਿਨਾਂ ਦੇ ਭੁੱਖੇ ਖਾਣ-ਪੀਣ ਦੇ ਆਹਰ ਵਿਚ ਲੱਗੇ ਹੋਏ ਸਨ, ਪਰ ਜਸਪਤ ਰਾਏ ਨੇ ਉਨ੍ਹਾਂ ਨੂੰ ਸੁੱਖ ਦਾ ਸਾਹ ਨਾ ਲੈਣ ਦਿੱਤਾ। ਮਰਦੇ ਹੋਏ ਅੱਗੋਂ ਉਹ ਗਲ ਪਏ ਸਨ ਤੇ ਲੜਾਈ ਹੋਈ। ਜਸਪਤ ਰਾਏ ਉਨ੍ਹਾਂ ਉੱਤੇ ਹੱਲੇ ਕਰਵਾਉਂਦਾ ਹੋਇਆ ਮਾਰਿਆ ਗਿਆ ਹੈ। ਜਿਹੜੀ ਭਾਵੀ ਵਰਤਣੀ ਸੀ, ਉਹ ਵਰਤ ਗਈ। ਹੁਣ ਤੂੰ ਸਿੰਘਾਂ ਉੱਤੇ ਮੌਤ ਦਾ ਅੰਨ੍ਹਾ ਝੱਖੜ ਨਾ ਝੁਲਾ। ਇਹ ਵੀ ਆਪਣੇ ਹੀ ਭਾਈ ਹਨ ਤੇ ਹਿੰਦੂ ਧਰਮ ਦੀ ਰੱਖਿਆ ਲਈ ਸਿਰ ਤਲੀਆਂ ’ਤੇ ਧਰ ਕੇ ਮੁਗ਼ਲ ਸਰਕਾਰ ਨਾਲ ਮੱਥਾ ਡਾਹੀ ਖੜੇ ਹਨ। ਜੇ ਕਿਤੇ ਇਹ ਹਿੰਮਤ ਕਰ ਕੇ ਮੈਦਾਨ ਵਿਚ ਨਾ ਨਿਤਰਦੇ ਤਾਂ ਅੱਜ ਨੂੰ ਤੁਸੀਂ ਅਸੀਂ ਸਭ ਫ਼ਜ਼ਲੂ ਕਰਮੂ ਬਣੇ ਮੁਗ਼ਲਾਂ ਦੇ ਹੁੱਕਿਆਂ ਦੀਆਂ ਚਿਲਮਾਂ ਭਰਦੇ ਤੇ ਮਸੀਤਾਂ ਦੇ ਕੁੱਤੇ ਹਟਾਉਂਦੇ ਹੁੰਦੇ। ਸਾਡੀ ਬਿਪਤਾ ਇਨ੍ਹਾਂ ਸੂਰਮਿਆਂ ਆਪਣੇ ਸਿਰ ਲਈ ਹੋਈ ਹੈ। ਇਨ੍ਹਾਂ ਦੇ ਸਿਰ ਸਦਕਾ ਹੀ ਆਪਾਂ ਬਚੇ ਆ ਰਹੇ ਹਾਂ। ਜ਼ੁਲਮੀ ਤੇਗ਼ਾਂ ਦੇ ਸਿੱਧੇ ਫਟ ਮੱਥਿਆਂ ‘ਚ ਇਹ ਖਾਂਦੇ ਹਨ ਤੇ ਆਪਾਂ ਦੀਵਾਨੀਆਂ ਭੋਗਦੇ ਹਾਂ। ਇਹ ਦੀਵਾਨੀਆਂ ਤਾਂ ਇਕ ਪਾਸੇ ਰਹੀਆਂ, ਇਹ ਨਾ ਹੁੰਦੇ ਤਾਂ ਆਪਣਾ ਹੁਣ ਨੂੰ ਮੁਸ਼ਕ ਵੀ ਨਾ ਲੱਭਦਾ। ਮੰਨਿਆ ਤੁਹਾਨੂੰ ਗ਼ੁੱਸਾ ਹੈ। ਪਰ ਇਹ ਜੋ ਫੜੇ ਹੋਏ ਹਨ, ਇਹ ਤਾਂ ਹਨ ਵੀ ਸਾਰੇ ਬੇਦੋਸ਼ੇ। ਇਨ੍ਹਾਂ ਸਿਰ ਕੋਈ ਗੁਨਾਹ ਜੁਰਮ ਨਹੀਂ ਹੈ। ਇਨ੍ਹਾਂ ਨੂੰ ਮਰਵਾਉਣ ਦਾ ਪਾਪ ਆਪਣੇ ਸਿਰ ਨਾ ਲੈ। ਹਾਂ, ਜਿਨ੍ਹਾਂ ਤੇਰਾ ਭਰਾ ਮਾਰਿਆ ਹੈ, ਉਨ੍ਹਾਂ ਨਾਲ ਜੋ ਤੇਰਾ ਦਿਲ ਚਾਹੇ, ਕਰ। ਉਨ੍ਹਾਂ ਦਾ ਵੈਰ ਇਨ੍ਹਾਂ ਤੋਂ ਨਾ ਲੈ।” ਇਨ੍ਹਾਂ ਸਿਆਣਿਆਂ ਦੀਆਂ ਗੱਲਾਂ ਤੇ ਤਰਲਿਆਂ ਦਾ ਉਸ ਕਠੋਰ- ਦਿਲ ‘ਤੇ ਕੋਈ ਅਸਰ ਨਾ ਹੋਇਆ।
ਭਾਈ ਜਗਤ ਭਗਤ ਜੀ ਦੀ ਵੀ ਨਾ ਮੰਨੀ
ਉਸ ਸਮੇਂ ਭਾਈ ਪ੍ਰਿਥੀ ਜੀ ਦੀ ਥਾਂ ਭਾਈ ਜਗਤ ਭਗਤ ਪਿੰਡ ਮਾਣਕ ਬਿਰਾਜਦੇ ਸਨ ਤੇ ਲਖਪਤ ਉਨ੍ਹਾਂ ਨੂੰ ਆਪਣਾ ‘ਗੁਰੂ’ ਮੰਨਦਾ ਸੀ ਤੇ ਬਹੁਤ ਹੀ ਆਦਰ ਸਤਿਕਾਰ ਕਰਿਆ ਕਰਦਾ ਸੀ । ਲਾਹੌਰ ਦੇ ਇਨ੍ਹਾਂ ਸਿਆਣੇ ਤੇ ਪਤਵੰਤਿਆਂ ਨੂੰ ਖ਼ਿਆਲ ਆਇਆ ਕਿ ਜੇ ਭਾਈ ਜਗਤ ਭਗਤ ਜੀ ਨੂੰ ਲੈ ਆਈਏ ਤੇ ਉਹ ਲਖਪਤ ਰਾਏ ਨੂੰ ਬੇਦੋਸ਼ਿਆਂ ਸਿੰਘਾਂ ਦੇ ਕਤਲ ਤੋਂ ਵਰਜਣ ਤੇ ਇਹ ਉਨ੍ਹਾਂ ਦਾ ਕਿਹਾ ਨਹੀਂ ਮੋੜੇਗਾ। ਸੋ ਉਹ ਜਾ ਕੇ ਭਾਈ ਜਗਤ ਭਗਤ ਜੀ ਨੂੰ ਲੈ ਆਏ, ਤਾਕਿ ਉਨ੍ਹਾਂ ਰਾਹੀਂ ਸੋਮਾਵਤੀ ਅਮਾਵਸ ਨੂੰ ਬੇਦੋਸ਼ਿਆਂ ਸਿੰਘਾਂ ਦਾ ਨਾਹੱਕ ਖੂਨ ਡੁੱਲ੍ਹਣੋਂ ਰੋਕਿਆ ਜਾਵੇ। ਫਿਰ ਬਹੁਤ ਸਾਰੇ ਸ਼ਹਿਰ ਦੇ ਲੋਕ ਤੇ ਸਾਧੂ ਸੰਤ ਵੀ ਰਲ ਕੇ ਭਾਈ ਜੀ ਦੇ ਨਾਲ ਲਖਪਤ ਪਾਸ ਗਏ। ਫਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਮਿੰਨਤਾਂ ਤਰਲੇ ਕੀਤੇ ਕਿ ਇਨ੍ਹਾਂ ਬੇਗੁਨਾਹਾਂ ਨੂੰ ਮਰਵਾਉਣ ਦੀ ਥਾਂ, ਛੱਡ ਦਿਉ। ਅਸੀਂ ਭਾਈ ਜੀ ਨੂੰ ਨਾਲ ਲੈ ਕੇ ਆਏ ਹਾਂ, ਤੈਨੂੰ ਸਾਡੀ ਆਇਆਂ ਦੀ ਲਾਜ ਰੱਖਣੀ ਚਾਹੀਦੀ ਹੈ, ਕਿਉਂਕਿ ਅਸੀਂ ਦੁਬਾਰਾ ਤੇਰੇ ਪਾਸ ਆ ਚੁੱਕੇ ਹਾਂ । ਸਾਨੂੰ ਖ਼ਾਲੀ ਨਾ ਮੋੜੋ। ਪਰ ਪੱਥਰ-ਦਿਲ ਲਖਪਤ ਰਾਏ ਕਦ ਮੰਨਣ ਵਾਲਾ ਸੀ। ਕਹਿਣ ਲੱਗਾ—“ਤੁਸੀਂ ਤਾਂ ਕੀ, ਜੇ ਰੱਬ ਵੀ ਆਪ ਚੱਲ ਕੇ ਆ ਜਾਵੇ ਤਾਂ ਵੀ ਮੈਂ ਇਨ੍ਹਾਂ ਨੂੰ ਨਹੀਂ ਛੱਡਾਂਗਾ।” ਭਾਈ ਜਗਤ ਭਗਤ ਜੀ ਨੇ ਜਦ ਕਿਹਾ-“ਏਡੀ ਅੱਤ ਚੰਗੀ ਨਹੀਂ, ਈਸ਼ਵਰ ਤੋਂ ਡਰ ਤੇ ਨਰਮੀ ਫੜ। ਬੇਦੋਸ਼ਿਆਂ ਨੂੰ ਮਰਵਾਉਣਾ ਨਾ ਕੋਈ ਸੂਰਮਗਤੀ ਹੈ ਨਾ ਸਿਆਣਪ। ਇਸ ਦਾ ਸਿੱਟਾ ਬਹੁਤ ਮਾੜਾ ਨਿਕਲੂ।” ਨਰਮ ਹੋਣ ਦੀ ਥਾਂ ਉਹ ਚਮਕ ਕੇ ਕਹਿਣ ਲੱਗਾ—“ਤੁਹਾਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ ਹੈ। ਤੁਸੀਂ ਡੇਰੇ ਹੀ ਬੈਠਿਆ ਕਰੋ।” ਭਾਈ ਜੀ ਨੇ ਕਿਹਾ— “ਹੱਛਾ, ਜਿਸ ਪਾਣੀਓਂ ਉੱਗੀ ਹੈ, ਉਸੇ ਪਾਣੀ ਮਾਰਾਂਗੇ। ਤੇਰੀ ਜੜ੍ਹ ਨਾ ਰਹੂ ਅਤੇ ਇਹ ਪੰਥ ਦਿਨੋ ਦਿਨ ਵਧੂ।”
ਭਾਈ ਜੀ ਆਪ ਮਾਣਕ ਨੂੰ ਮੁੜ ਗਏ। ਨਾਲ ਆਏ ਬਹੁਤ ਸਾਰੇ ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਪਏ। ਪਰ ਕੁਝ ਸਿਆਣੇ ਅਜੇ ਵੀ ਉਥੇ ਹੀ ਖੜੇ ਰਹੇ ਤੇ ਫਿਰ ਹੀਆ ਕਰ ਕੇ ਹੱਥ ਜੋੜ ਕੇ ਆਖਣ ਲੱਗੇ— “ਵੇਖ, ਜੇ ਹੋਰ ਕੁਝ ਨਹੀਂ ਤਾਂ ਸੋਮਾਵਤੀ ਅਮਾਵਸ ਵਾਲੇ ਦਿਨ ਇਹ ਪਾਪ ਨਾ ਕਰ। ਸੋਮਾਵਤੀ ਮੱਸਿਆ ਕਦੇ ਭਾਗਾਂ ਨਾਲ ਆਉਂਦੀ ਹੈ। ਫਿਰ ਪਤਾ ਨਹੀਂ ਸਾਡੇ ਜੀਉਂਦਿਆਂ-ਜੀ ਆਵੇ ਜਾਂ ਨਾ ਆਵੇ ।” ਪਰ ਉਸ ਜੱਲਾਦ ਦਿਲ ਵਾਲੇ ਲਖਪਤ ਉੱਤੇ ਉਨ੍ਹਾਂ ਬੀਬੀਆਂ ਤੇ ਧੌਲੀਆਂ ਦਾੜ੍ਹੀਆਂ ਵਾਲੇ ਬਜ਼ੁਰਗਾਂ ਦੀਆਂ ਮਿੰਨਤਾਂ ਤਰਲਿਆਂ ਦਾ ਕੋਈ ਅਸਰ ਨਾ ਹੋਇਆ। ਲਖਪਤ ਰਾਏ ਨੇ ਮਿੱਥ ਕੇ ਸੋਮਾਵਤੀ ਅਮਾਵਸ ਵਾਲੇ ਦਿਨ ਉਹ ਫੜੇ ਹੋਏ ਸਾਰੇ ਸਿੰਘ ਜ਼ੁਹਰ ਦੀ ਨਮਾਜ਼ ਤਕ ਦਿੱਲੀ ਦਰਵਾਜ਼ੇ ਲਾਗੇ ਨਖਾਸ ਚੌਕ ਵਾਲੀ ਥਾਂ ‘ਤੇ ਕਤਲ ਕਰਵਾ ਦਿੱਤੇ।
ਇਹ ਸੋਮਾਵਤੀ ਅਮਾਵਸ 10 ਮਾਰਚ ਸੰਨ 1746 ਈ: ਮੁਤਾਬਕ 13 ਚੇਤ ਸੰਮਤ 1802 ਬਿਕ੍ਰਮੀ ਨੂੰ ਸੀ, ਜਿਸ ਦਿਨ ਲਾਹੌਰ ਵਿਚ ਨਖਾਸ ਵਾਲੀ ਥਾਂ ਇਹ ਸਿੰਘ ਸ਼ਹੀਦ ਕੀਤੇ ਗਏ।
ਲਖਪਤ ਰਾਏ ਨੇ ਚੁਫੇਰੇ ਹੁਕਮ ਫੇਰਿਆ ਹੋਇਆ ਸੀ ਕਿ ਇਸ ਅਮਾਵਸ ਵਾਲੇ ਦਿਨ ਜਿਥੇ ਕਿਤੇ ਵੀ ਕੋਈ ਸਿੱਖ ਇਸ਼ਨਾਨ ਕਰਨ ਆਵੇ, ਮਾਰ ਦਿੱਤਾ ਜਾਵੇ। ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ, ਸ੍ਰੀ ਤਰਨ ਤਾਰਨ ਵਿਖੇ ਵੀ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਗਏ। ਤੀਰਥ-ਅਸਥਾਨਾਂ ਉੱਤੇ ਖ਼ੂਨ ਦੀ ਹੋਲੀ ਖੇਡੀ ਗਈ ਤੇ ਇਨ੍ਹਾਂ ਸਿੰਘਾਂ ਦੀਆਂ ਲਾਸ਼ਾਂ ਨਾਲ ਪਵਿੱਤਰ ਸਰੋਵਰ ਭਰ ਦਿੱਤੇ। ਇਸ ਤਰ੍ਹਾਂ ਮਾਝੇ ਵਿਚ ਕੋਈ ਸਿੱਖ ਅਖਵਾਉਣ ਵਾਲਾ ਨਾ ਰਿਹਾ।
ਲਖਪਤ ਰਾਏ ਦੀ ਸਿੰਘਾਂ ਵਿਰੁੱਧ ਤਿਆਰੀ ਤੇ ਕਾਹਨੂੰਵਾਨ ਦਾ ਜੰਗ
ਬੱਦੋ-ਕੀ ਗੁਸਾਈਆਂ ਦੀ ਲੜਾਈ ਤੇ ਏਮਨਾਬਾਦ ਦੀ ਲੁੱਟ ਪਿੱਛੋਂ ਬਹੁਤ ਸਾਰੇ ਸਿੰਘ ਨਵਾਬ ਕਪੂਰ ਸਿੰਘ ਨਾਲ ਰਾਵੀ ਪਾਰ ਜੰਗਲਾਂ ਵਿਚ ਅਲੋਪ ਹੋ ਗਏ ਤੇ ਕੁਝ ਟਾਕਰੂ ਸਿੰਘ ਰਾਵੀ ਦੀਆਂ ਝੱਲਾਂ ਵਿਚ ਹੀ ਡੱਟ ਗਏ ਸਨ। ਲਖਪਤ ਰਾਏ ਨੇ ਲਾਹੌਰ ਸਰਕਾਰ ਦੇ ਸਿੱਖ ਨੌਕਰ ਚਾਕਰਾਂ ਨੂੰ ਕਤਲ ਕਰਵਾ ਕੇ ਲਾਹੌਰ ਦੇ ਆਸ ਪਾਸ ਜੋ ਵੀ ਮਿਲਿਆ, ਸਭ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ। ਪਰ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਸ ਦਾ ਦਿਲ ਠੰਡਾ ਨਹੀਂ ਸੀ ਹੋਇਆ। ਉਸ ਨੇ ਸਿੰਘਾਂ ਵਿਰੁੱਧ ਭਾਰੀ ਮੁਹਿੰਮ ਲਈ ਫ਼ੌਜ ਦੀ ਤਿਆਰੀ ਆਰੰਭ ਦਿੱਤੀ । ਸਾਰੇ ਇਲਾਕਿਆਂ ਦਿਆਂ ਚੌਧਰੀਆਂ ਨੂੰ ਪਰਵਾਨੇ ਭੇਜੇ ਗਏ ਕਿ ਆਪਣੀਆਂ ਛੇੜਾਂ (ਸਵਾਰ ਤੇ ਪੈਦਲ) ਲੈ ਕੇ ਤੁਰੰਤ ਲਾਹੌਰ ਅੱਪੜ ਜਾਵੋ। ਮੁਲਤਾਨ, ਬਹਾਵਲਪੁਰ, ਕਸੂਰ, ਦੁਆਬੇ ਤੇ ਜੰਮੂ ਕਸ਼ਮੀਰ ਦੀਆਂ ਫ਼ੌਜਾਂ ਮੰਗਵਾ ਲਈਆਂ। ਇਸ ਦੇ ਨਾਲ ਨਵੀਂ ਫ਼ੌਜ ਵੀ ਭਰਤੀ ਕੀਤੀ ਗਈ। ਇੰਜ ਲੱਗਦਾ ਸੀ ਜਿਵੇਂ ਸਾਰਾ ਪੰਜਾਬ ਹੀ ਲਖਪਤ ਨੇ ਲਾਹੌਰ ਇਕੱਠਾ ਕਰ ਲਿਆ ਹੋਵੇ। ਇਸ ਸਮੇਂ ਹਕੂਮਤੀ ਸੂਹਿਆਂ ਆ ਕੇ ਖ਼ਬਰ ਦਿੱਤੀ ਕਿ ਬਹੁਤ ਸਾਰੇ ਸਿੰਘ ਕਾਹਨੂੰਵਾਨ ਦੀ ਛੰਭ ਵਿਚ ਜਮ੍ਹਾਂ ਹਨ। ਜਥੇਦਾਰਾਂ ਵਿਚ ਪ੍ਰਸਿੱਧ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਸ: ਗੁਰਦਿਆਲ ਸਿੰਘ ਡੱਲੇਵਾਲੀਆ, ਬਾਬਾ ਦੀਪ ਸਿੰਘ ਸ਼ਹੀਦ, ਸ: ਤਾਰਾ ਸਿੰਘ ਗੈਬਾ, ਸ: ਸੁੱਖਾ ਸਿੰਘ ਮਾੜੀ ਕੰਬੋਕੀ ਤੇ ਸ: ਹਰੀ ਸਿੰਘ ਭੰਗੀ ਨਾਲ मठ।
ਲਖਪਤ ਨੇ ਖ਼ਬਰ ਮਿਲਦਿਆਂ ਹੀ ਤਿਆਰ ਬੈਠੀ ਫ਼ੌਜ ਚੌਧਰੀਆਂ ਤੇ ਲੰਬਰਦਾਰਾਂ ਦੀਆਂ ਛੇੜਾਂ, ਤੋਪਾਂ, ਜ਼ੰਬੂਰੇ ਤੇ ਰਹਿਕਲਿਆਂ ਨਾਲ ਸਿੰਘਾਂ ਉੱਤੇ ਚੜ੍ਹਾਈ ਕਰ ਦਿੱਤੀ। ਇਹ ਲੱਖਾਂ ਦੀ ਗਿਣਤੀ ਵਿਚ ਲਾਮ-ਲਸ਼ਕਰ ਮਾਰੋ-ਮਾਰ ਕਰਦਾ ਹੋਇਆ ਲਾਹੌਰ ਤੋਂ ਭੀਲੋਵਾਲ, ਪੰਜ ਗਰਾਈਆਂ ਨਿੱਜਰਾਂ, ਚਮਿਆਰੀ, ਕਲਾਨੌਰ ਤੇ ਬਟਾਲੇ ਥਾਣੀਂ ਹੁੰਦਾ ਹੋਇਆ ਕਾਹਨੂੰਵਾਨ ਦੀ ਹੱਦ ਵਿਚ ਆਣ ਪੁੱਜਾ ਤੇ ਛੰਭ ਨੂੰ ਘੇਰੇ ਵਿਚ ਲੈ ਲਿਆ। ਇਹ ਛੰਭ ਉਨ੍ਹੀਂ ਦਿਨੀਂ 60 ਕੁ ਵਰਗ ਕਿਲੋਮੀਟਰ ਦੇ ਘੇਰੇ ਵਿਚ ਸੀ। (ਅੱਜ ਕੱਲ੍ਹ ਇਹ ਰਕਬਾ ਖੇਤੀ ਹੇਠ ਹੈ। ਉਸ ਸਮੇਂ ਵਾਲਾ ਕੋਈ ਨਿਸ਼ਾਨ ਨਜ਼ਰ ਨਹੀਂ ਆਉਂਦਾ।) ਇਥੇ ਸੰਘਣੇ ਰੁੱਖ, ਝਾੜੀਆਂ, ਸਰਕੰਢਾ, ਦੱਭ, ਦਲਦਲ ਤੇ ਪਾਣੀ ਦੀਆਂ ਕਈ ਢੰਨਾਂ ਸਨ। ਇਹ ਜੰਗਲੀ ਜਾਨਵਰਾਂ ਦਾ ਘਰ ਸੀ।
ਕਾਹਨੂੰਵਾਨ ਦਾ ਘੇਰਾ
ਲਖਪਤ ਰਾਏ ਦਾ ਟਿੱਡੀ ਦਲ ਬਟਾਲੇ ਤੋਂ 15 ਕਿਲੋਮੀਟਰ ਅੱਗੇ ਹੋ ਕੇ ਕਾਹਨੂੰਵਾਨ ਦੀ ਜੂਹ ਵਿਚ ਖਿਲਰਿਆ ਹੋਇਆ ਸੀ। ਸਿੰਘ ਸੰਘਣੀ ਝੱਲ ਤੇ ਜੰਗਲ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਦੀਆਂ ਠੋਹੀਆਂ ਛੱਡ ਕੇ ਪਿਛਾਂਹ ਹੱਟ ਰਹੇ ਸਨ। ਦੁਸ਼ਮਣ ਸੈਨਾ ਅਗਾਂਹ ਵੱਧ ਰਹੀ ਸੀ ਤੇ ਸਿੰਘਾਂ ਨੂੰ ਪੈਂਤੜੇ ਤੋਂ ਉਖੇੜਨ ਲਈ ਉਨ੍ਹਾਂ ‘ਤੇ ਦਬਾਅ ਪਾਉਂਦੀ ਹੋਈ ਪਿਛਾਂਹ ਧੱਕੀ ਆ ਰਹੀ ਸੀ । ਕਾਹਨੂੰਵਾਨ ਦੀ ਛੰਭ ਦਾ ਆਸਰਾ ਲੈ ਕੇ ਸਿੰਘ ਇਸ ਵਿਚ ਡੱਟ ਗਏ। ਫ਼ੌਜਾਂ ਨੇ ਘੇਰਾ ਕੱਸ ਕੇ ਸਿੰਘਾਂ ਨੂੰ ਬਾਹਰ ਨਿਕਲਣੋਂ ਰੋਕ ਦਿੱਤਾ। ਫਿਰ ਉਹ ਤੋਪਾਂ, ਰਹਿਕਲੇ ਤੇ ਜ਼ੰਬੂਰੇ ਅੱਗੇ ਕਰ ਕੇ ਸਿੰਘਾਂ ਉੱਤੇ ਵਾੜਾਂ ਝਾੜਨ ਲੱਗ ਪਏ। ਸਿੰਘ ਇਨ੍ਹਾਂ ਡਾਢੇ ਸੰਘਣੇ ਤੇ ਕੰਡਿਆਲੇ ਜੰਗਲਾਂ ਦੇ ਭੇਤੀ ਸਨ, ਸੋ ਬੜੀ ਆਸਾਨੀ ਨਾਲ ਮਿਰਗਾਂ ਵਾਂਗ ਚੁੰਗੀਆਂ ਮਾਰਦੇ ਹੋਏ ਵਿਚ ਫਿਰੀ ਜਾਂਦੇ। ਸਰਕਾਰੀ ਫ਼ੌਜ ਡਰਦੀ ਅੰਦਰ ਨਾ ਵੜਦੀ, ਬਾਹਰ ਬਾਹਰ ਹੀ ਦਮਗੱਜੇ ਮਾਰਦੀ। ਮੁਲਖਈਆ ਤੇ ਛੇੜਾਂ ਤਾਂ ਜੰਗਲ ਦੇ ਕੰਢੇ ਤਕ ਵੀ ਨਾ ਆਉਂਦੇ। ਦੂਰੋਂ ਫੋਕੇ ਹੀ “ਅੱਲਾ ਹੂ ਅਕਬਰ” ਤੇ “ਯਾ ਅਲੀ ! ਯਾ ਅਲੀ !” ਦੇ ਨਾਅਰੇ ਮਾਰੀ ਜਾਂਦੇ। ਛੋਟੀਆਂ ਮੋਟੀਆਂ ਝੜਪਾਂ ਹੁੰਦੀਆਂ। ਕਈ ਵਾਰ ਮੌਕਾ ਪਾ ਕੇ ਰਾਤ ਵੇਲੇ ਸਿੰਘ ਆਪਣੇ ਘੁਰਨਿਆਂ ਵਿਚੋਂ ਨਿਕਲ ਕੇ ਫ਼ੌਜ ਉੱਤੇ ਆ ਪੈਂਦੇ। ਰਸਦ ਪੱਠਾ ਤੇ ਜੋ ਹੋਰ ਸਾਜ਼ੋ-ਸਾਮਾਨ ਹੱਥ ਲੱਗਦਾ, ਲੁੱਟ ਖੋਹ ਕੇ ਫਿਰ ਝੱਲ ਵਿਚ ਜਾ ਵੜਦੇ। ਇਸ ਤਰ੍ਹਾਂ ਫ਼ੌਜ ਵਿਚ ਤੜਥੱਲੀ ਮੱਚ ਜਾਂਦੀ। ਕਈ ਵਾਰ ਗਹਿ-ਗੱਚ ਝੜਪਾਂ ਵੀ ਹੁੰਦੀਆਂ, ਪਰ ਬਹੁਤਿਆਂ ਅੱਗੇ ਥੋੜਿਆਂ ਦੀ ਪੇਸ਼ ਨਾ ਜਾਂਦੀ। ਦੁਸ਼ਮਣ ਪਾਏ ਘੇਰੇ ਨੂੰ ਤੰਗ ਕਰੀ ਆ ਰਿਹਾ ਸੀ। ਇਸ ਵੇਲੇ ਸਿੰਘ ਬੁਰੇ ਕੁਥਾਂ ਫਸੇ ਹੋਏ ਸਨ । ਖਾਣੇ ਦਾਣੇ ਦਾ ਸਾਮਾਨ ਮੁੱਕ ਚੁੱਕਾ ਸੀ। ਬਾਹਰੋਂ ਕਿਥੋਂ ਆਉਣਾ ਸੀ । ਸਾਰਾ ਮਾਲ-ਗੁਜ਼ਾਰ ਤਾਂ ਵੈਰੀ ਬਣਿਆ ਹੋਇਆ ਸੀ। ਨਾ ਕਿਸੇ ਪਾਸਿਓਂ ਖਾਣ ਨੂੰ ਮਿਲਣ ਦੀ ਆਸ ਸੀ ਤੇ ਨਾ ਕਿਤਿਓਂ ਦਾਰੂ ਸਿੱਕਾ ਹੀ ਪਹੁੰਚ ਜਾਣ ਦੀ ਉਮੀਦ ਸੀ। ਦੂਜੇ ਪਾਸੇ ਲੱਖੂ ਪਾਸ ਫ਼ੌਜਾਂ, ਤੋਪਾਂ, ਬੰਦੂਕਾਂ, ਘੋੜ-ਰਸਾਲੇ ਤੇ ਲੱਖਾਂ ਦੀ ਗਿਣਤੀ ਵਿਚ ਨਾਲ ਛੇੜਾਂ ਸਨ। ਉਨ੍ਹਾਂ ਨੂੰ ਲਾਹੌਰੋਂ ਗੋਲਾ ਬਾਰੂਦ ਤੇ ਰਸਦ ਪੱਠਾ ਧੜਾ-ਧੜ ਪੁੱਜ ਰਿਹਾ ਸੀ। ਸਿੰਘਾਂ ਅਤੇ ਦੁਸ਼ਮਣ ਦਾ ਲੂਣ ਵਿਚ ਆਟੇ ਦਾ ਵੀ ਮੁਕਾਬਲਾ ਨਹੀਂ ਸੀ। ਪਰ ਫਿਰ ਵੀ ਸਿੰਘ ਅਕਾਲ ਪੁਰਖ ਦਾ ਆਸਰਾ ਲੈ ਕੇ ਦੁਸ਼ਮਨ ਨਾਲ ਲੋਹਾ ਲਈ ਜਾ ਰਹੇ ਸਨ।
ਸਿੰਘਾਂ ਨੇ ਜੰਗਲੀ ਜਾਨਵਰਾਂ ਦੇ ਸ਼ਿਕਾਰ ‘ਤੇ ਗੁਜ਼ਾਰਾ ਕੀਤਾ। ਪਰ ਜਦ ਇਹ ਵੀ ਖ਼ਤਮ ਹੋ ਗਿਆ ਤਾਂ ਸਿੰਘ ਘਾਹ ਤੇ ਮੂਲ-ਕੰਦ ਪੱਠੇ ਖਾ ਖਾ ਕੇ ਵਕਤ-ਕੱਟੀ ਕਰਨ ਲੱਗੇ। ਪਰ ਜੋ ਕੱਚੇ ਪਿੱਲੇ ਸਿੰਘਾਂ ਦੀ ਚੜ੍ਹਤ ਵੇਖ ਕੇ ਤੇ ਸਰਕਾਰੀ ਆਮਲਾਂ ਤੇ ਅਹਿਦੀਆਂ ਦੀ ਮਾਲਗੁਜ਼ਾਰੀ ਦੀ ਵਸੂਲੀ ਵੇਲੇ ਤਅੱਦੀ ਤੇ ਬੇਪਤੀ ਹੱਥੋਂ ਡਰਦੇ ਸਿੰਘਾਂ ਵਾਂਗ ਸਰਕਾਰੀ ਜ਼ਖ਼ੀਰਿਆਂ ਵਿਚੋਂ ਖੋਹ-ਖਿੰਜ ਕੇ ਖਾਣ ਦੇ ਚਾਅ ਨਾਲ ਉਨ੍ਹਾਂ ਨਾਲ ਆ ਰਲੇ ਸਨ ਤੇ ਕਦੀ ਇਹੋ ਜਿਹਾ ਡਾਢਾ ਵਖ਼ਤ ਨਹੀਂ ਸੀ ਵੇਖਿਆ, ਇਸ ਮੁਸੀਬਤ ਦਾ ਟਾਕਰਾ ਨਾ ਕਰ ਸਕੇ ਤੇ ਹੀਆ ਹਾਰ ਕੇ ਭੱਜ ਨਿਕਲੇ। ਲਖਪਤ ਰਾਏ ਨੇ ਪੱਲਾ ਫੇਰ ਦਿੱਤਾ ਕਿ ਜੋ ਸਿੰਘਾਂ ਦਾ ਸਾਥ ਛੱਡ ਕੇ ਸਾਡੇ ਪਾਸ ਆ ਕੇ ਹਥਿਆਰ ਰੱਖ ਦੇਵੇਗਾ, ਕੇਸ ਕਟਾ ਕੇ ਮੁੜ ਹਿੰਦੂ ਬਣ ਜਾਵੇਗਾ, ਮੁਆਫ਼ ਕਰ ਦਿੱਤਾ ਜਾਵੇਗਾ। ਸੋ ਇਸ ਕਠਿਨ ਘੜੀ ਵਿਚ ਭੇਖਧਾਰੀ ਲੋਟੂ ਟੋਲਾ, ਜਿਨ੍ਹਾਂ ਦਾ ਧਰਮ ਤੇ ਅਣਖ ਆਨ ਨਾਲ ਕੋਈ ਸੰਬੰਧ ਨਹੀਂ ਸੀ, ਸਿੰਘਾਂ ਦਾ ਸਾਥ ਛੱਡ, ਬਾਣਾ ਬਦਲ ਕੇ ਪਤਰਾ ਵਾਚ ਗਏ ਤੇ ਮਾਵਾਂ ਪਾਸ ਜਾ ਬੈਠੇ। ਮੁਸੀਬਤ ਦੀ ਕੁਠਾਲੀ ਵਿਚ ਪੈ ਕੇ ਖੋਟ ਝੜ ਗਿਆ ਤੇ ਕੁੰਦਨ ਇਕ ਪਾਸੇ ਹੋ ਗਿਆ। ਸੋ ਪਿੱਛੇ ਸਿਰਫ਼ ਉਹੋ ਹੀ ਰਹਿ ਗਏ ਸਨ, ਸੋ ਸੁੱਚੇ ਫ਼ੌਲਾਦ ਵਰਗੇ ਸੱਚੇ ਸੁੱਚੇ ਸਿੰਘ ਸਨ ਤੇ ਆਪਣੀ ਅਣਖ ਲਈ ਮਰ ਮਿਟਣਾ ਇਕ ਖੇਡ ਸਮਝਦੇ ਸਨ।
ਝੱਲਾਂ ਨੂੰ ਅੱਗ
ਜਦੋਂ ਲਖਪਤ ਨੇ ਵੇਖਿਆ ਕਿ ਫ਼ੌਜ ਰਸਤਿਆਂ ਤੋਂ ਬਿਨਾਂ ਜੰਗਲ ਵਿਚ ਨਹੀਂ ਵੜ ਸਕਦੀ, ਸੋ ਉਸ ਨੇ ਹਜ਼ਾਰ ਬੇਲਦਾਰ ਮੰਗਵਾ ਕੇ ਰਸਤੇ ਬਣਾਉਣੇ ਆਰੰਭ ਕਰ ਦਿੱਤੇ। ਪਰ ਜਦ ਇਹ ਬੇਲਦਾਰ ਸਿੰਘਾਂ ਦੇ ਤੀਰਾਂ ਤੇ ਗੋਲੀਆਂ ਦਾ ਨਿਸ਼ਾਨਾ ਬਣਨ ਲੱਗ ਪਏ ਤਾਂ ਇਸ ਪਾਸੇ ਕੰਮ ਲਈ ਕੋਈ ਮੂੰਹ ਨਾ ਕਰੇ । ਉਸ ਨੇ ਖਿੱਝ ਕੇ ਝੱਲਾਂ ਨੂੰ ਅੱਗ ਲਗਵਾ ਕੇ ਸਾੜਨਾ ਸ਼ੁਰੂ ਕਰ ਦਿੱਤਾ ਅਤੇ ਪਾਸਿਆਂ ਤੋਂ ਤੋਪਾਂ ਮਾਰ ਮਾਰ ਕੇ ਸਿੰਘਾਂ ਨੂੰ ਅੰਦਰੇ ਹੀ ਭੁੰਨਣਾ ਆਰੰਭ ਦਿੱਤਾ। ਜੋ ਸ਼ਹੀਦ ਹੋ ਗਏ, ਮੁਕਤ ਹੋ ਗਏ, ਪਰ ਫੱਟੜਾਂ ਦਾ ਤਾਂ ਬੁਰਾ ਹਾਲ ਸੀ। ਮੱਲ੍ਹਮ ਨਾ ਪੱਟੀ, ਨਾ ਕੋਈ ਫਟ-ਬੰਨ੍ਹ, ਨਾ ਡਿੱਗਿਆਂ ਦੀ ਸੇਵਾ-ਸੰਭਾਲ ਦਾ ਕੋਈ ਪ੍ਰਬੰਧ। ਉਤੋਂ ਛੰਭ ਦਾ ਮੱਛਰ ਤੇ ਜੋਕਾਂ, ਖਾਣ-ਪੀਣ ਨੂੰ ਵੀ ਕੁਝ ਨਾ ਲੱਭੇ। ਪਰ ਸਿੰਘਾਂ ਮੌਤ ਦੇ ਮੂੰਹ ਵਿਚ ਆ ਕੇ ਵੀ ਆਪਣੀ ਆਨ ਸ਼ਾਨ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਆਪਣਾ ਹੱਠ ਨਹੀਂ ਛੱਡਿਆ ਤੇ ਦੁਸ਼ਮਣ ਨਾਲ ਮੱਥਾ ਡਾਹੀ ਰੱਖਿਆ। ਸਰਕਾਰੀ ਢੰਡੋਰਚੀ ਬਾਹਰੋਂ ਉੱਚੀ ਉੱਚੀ ਆਵਾਜ਼ੇ ਦੇ ਕੇ ਕੂਕਣ ਕਿ ਬਾਹਰ ਆ ਕੇ ਹਥਿਆਰ ਸੁੱਟ ਕੇ ਅਧੀਨਗੀ ਮੰਨ ਲਵੋ, ਮੁਆਫ਼ ਕਰ ਦਿੱਤੇ ਜਾਓਗੇ। ਇਸੇ ਮਤਲਬ ਦੀਆਂ ਚਿੱਠੀਆਂ ਤੀਰਾਂ ਨਾਲ ਬੰਨ੍ਹ ਬੰਨ੍ਹ ਕੇ ਅੰਦਰ ਸੁੱਟੀਆਂ ਕਿ ਅਧੀਨਗੀ ਪਰਵਾਨ ਕਰ ਕੇ ਜਾਨਾਂ ਬਚਾ ਲਵੋ। ਜੋ ਸਿਰਾਂ ਧੜਾਂ ਦੀਆਂ ਲਾਈ ਬੈਠੇ ਹੋਣ, ਉਨ੍ਹਾਂ ਨੂੰ ਜ਼ਿੰਦਗੀ ਤੇ ਉਸ ਦੇ ਸੁਖ-ਸੁਆਦਾਂ ਦਾ ਲਾਲਚ ਦੇਣਾ ਤਾਂ ਇੰਜ ਹੈ ਜਿਵੇਂ ਕੋਈ ਸ਼ੇਰ ਦੇ ਰਹਿਣ ਵਾਲੇ ਸੰਘਣੇ ਜੰਗਲ ਲਾਗੇ ਜਾ ਕੇ ਆਖੇ ਕਿ ਜੰਗਲ ਦੇ ਬਾਦਸ਼ਾਹ, ਜੰਗਲੋਂ ਬਾਹਰ ਆ ਕੇ ਇਸ ਪਿੰਜਰੇ ਵਿਚ ਵੜ ਜਾ, ਬੈਠੇ ਨੂੰ ਸਭ ਕੁਝ ਮਿਲੇਗਾ, ਸੁੱਖ ਭੋਗੇਂਗਾ । ਸ਼ੇਰ ਨੂੰ ਧੋਖੇ ਨਾਲ ਫੜ ਕੇ ਬੇਸ਼ੱਕ ਸੌ ਵਾਰ ਕਿਸੇ ਨੇ ਪਿੰਜਰੇ ਪਾ ਲਿਆ ਤਾਂ ਪਾ ਲਿਆ, ਪਰ ਆਪਣੀ ਅਣਖ ਮਰਜ਼ੀ ਨਾਲ, ਆਪਣੀ ਆਨ ਅਣਖ ਆਜ਼ਾਦੀ ਤੱਜ ਕੇ ਉਹ ਪਿੰਜਰੇ ਵਿਚ ਆ ਵੜਿਆ ਹੋਵੇ, ਅੱਜ ਤਕ ਨਾ ਸੁਣਿਆ ਹੈ ਤੇ ਨਾ ਹੀ ਰਹਿੰਦੀ ਦੁਨੀਆਂ ਤਕ ਕੋਈ ਸੁਣੇਗਾ। ਇਹ ਸ਼ੇਰ ਦੀ ਫ਼ਿਤਰਤ ਤੋਂ ਪਰੇ ਹੈ। ਅੱਗ ਵਿਚ ਠੰਡ ਨਹੀਂ ਹੁੰਦੀ, ਜਦ ਤਕ ਬਲਦੀ ਹੈ, ਕੋਈ ਲਾਗੇ ਨਹੀਂ ਜਾ ਸਕਦਾ; ਠੰਡੀ ਹੋਈ ਤੋਂ ਬੇਸ਼ੱਕ ਉਸ ’ਤੇ ਕੁੱਤੇ ਲੇਟਦੇ ਫਿਰਨ। ਪਰ ਬਲਦੀ ਅੱਗ ਆਪਣਾ ਖ਼ਾਸਾ ਨਹੀਂ ਛੱਡਦੀ। ਇਹੋ ਹਾਲ ਸਿੰਘਾਂ ਦਾ ਸੀ। ਢੰਡੋਰਚੀ ਡੱਗਾ ਲਾ ਕੇ ਹਥਿਆਰ ਸੁੱਟਣ ਲਈ ਕੂਕਾਂ ਮਾਰਦੇ, ਪਰ ਸਿੰਘ ਅੱਗੋਂ ਰੋਹ ਨਾਲ ਜੈਕਾਰੇ ਛੱਡਦੇ। ਇੰਜ ਕੁਝ ਦਿਨ ਲੰਘੇ। ਨਾ ਤਾਂ ਸਿੰਘ ਹੀ ਦੁਸ਼ਮਣ ਦਾ ਕੁਝ ਵਿਗਾੜ ਸਕੇ ਤੇ ਨਾ ਵੈਰੀ ਹੀ ਉਨ੍ਹਾਂ ’ਤੇ ਵਿਜੈ ਪਾ ਸਕਿਆ। ਉਂਜ ਸਿੰਘਾਂ ਦੀ ਦਸ਼ਾ ਬਹੁਤ ਪਤਲੀ ਸੀ ਤੇ ਅਤੀ ਮੁਸੀਬਤ ਵਿਚ ਸਨ । ਲਾਹੌਰੀ ਫ਼ੌਜ ਤੇ ਮੁਲਖ਼ੀਏ ਨੂੰ ਕੋਈ ਔਖਿਆਈ ਨਹੀਂ ਸੀ। ਉਨ੍ਹਾਂ ਨੂੰ ਸਭ ਕੁਝ, ਲੀੜਾ ਕੱਪੜਾ, ਖਾਣਾ ਦਾਣਾ, ਗੋਲਾ ਬਾਰੂਦ ਮਿਲੀ ਜਾਂਦਾ ਸੀ ਤੇ ਜ਼ਖ਼ਮੀਆਂ ਬੀਮਾਰਾਂ ਲਈ ਪੂਰਾ ਪੂਰਾ ਪ੍ਰਬੰਧ ਸੀ। ਲਖਪਤ ਵੱਲੋਂ ਜੰਗਲ ਨੂੰ ਲਾਈ ਅੱਗ ਨੇ ਸਿੰਘਾਂ ਨੂੰ ਤਤਕਾਲ ਕੁਝ ਕਰਨ ਲਈ ਸੋਚ ਵਿਚ ਪਾ ਦਿੱਤਾ। ਹੁਣ ਜਥੇਦਾਰਾਂ ਤੇ ਸਿਆਣੇ ਸਿੰਘਾਂ ਨੇ ਵਿਚਾਰਿਆ ਕਿ ਇਸ ਅਸਾਵੀਂ ਲੜਾਈ ਵਿਚ ਇਥੇ ਟਿਕਣਾ ਸੜ-ਭੁੱਜ ਮਰਨਾ ਭਾਵ ਆਤਮਘਾਤ ਕਰਨਾ ਹੈ। ਲੜਾਈ ਦੇ ਢਾਈ ਫਟ ਹੁੰਦੇ ਹਨ : ਇਕ ਈਨ ਮੰਨ ਕੇ ਮਿਲ ਪੈਣਾ; ਦੂਜਾ ਵੇਲਾ ਵੇਖ ਕੇ, ਮੁੜ ਟਾਕਰਾ ਕਰਨ ਦੀ ਆਸ ਨਾਲ ਹਰਨ ਹੋ ਜਾਣਾ ਤੇ ਵੈਰੀ ਦੀ ਮਾਰ ਤੋਂ ਦੂਰ ਨਿਕਲ ਜਾਣਾ; ਤੇ ਅੱਧਾ ਫੱਟ ਹੁੰਦਾ ਹੈ, ਵੈਰੀ ਦੇ ਗਲ ਪੈ ਕੇ ਲੜਦਿਆਂ ਆਪਾ ਵਾਰ ਜਾਣਾ। ਪਹਿਲੇ ਦਾ ਤਾਂ ਨਾਂ ਹੀ ਨਾ ਲਵੋ| ਖ਼ਾਲਸੇ ਲਈ ਇਸ ਪਾਸੇ ਸੋਚਣਾ ਹੀ ਪਾਪ ਹੈ। ਖ਼ਾਲਸਾ ਸਿਰਫ਼ ਗੁਰੂ ਤੋਂ ਬਿਨਾਂ ਕਦੇ ਕਿਸੇ ਦੀ ਈਨ ਨਹੀਂ ਮੰਨਦਾ। ਐਸ ਵੇਲੇ ਪਿਛਲਾ ਡੇਢ ਹੱਥ ਹੀ ਅਸੀਂ ਕਰ ਸਕਦੇ ਹਾਂ। ਵੈਰੀ ਪਾਸ ਤੋਪਾਂ ਬੰਦੂਕਾਂ ਤੇ ਰਸਾਲਾ ਹੈ। ਹਰ ਸਹੂਲਤ ਹੈ। ਸਾਡੇ ਪਾਸ ਤੋਪਾਂ ਬੰਦੂਕਾਂ ਦੀ ਗੱਲ ਤਾਂ ਇਕ ਪਾਸੇ ਰਹੀ, ਤਲਵਾਰਾਂ ਨੇਜ਼ੇ ਵੀ ਪੂਰੇ ਨਹੀਂ। ਸਾਡਾ ਬਹੁਤਾ ਹਿੱਸਾ ਪੈਦਲ ਹੈ। ਪੈਦਲ ਸਿੰਘਾਂ ਨੂੰ ਨਾਲ ਲੈ ਨਿਕਲਣ ਲਈ ਘੋੜਿਆਂ ਦੀ ਲੋੜ ਹੈ ਤੇ ਉਹ ਵੈਰੀ ਪਾਸ ਹਨ ਤੇ ਆਪਾਂ ਉਸ ਤੋਂ ਖੋਹ ਕੇ ਪ੍ਰਾਪਤ ਕਰਨੇ ਹਨ। ਵਿਉਂਤ ਬਣਾ ਕੇ ਵੈਰੀ ਨੂੰ ਭੁਚਲਾਇਆ ਜਾਵੇ।
ਸੋ ਇਕ ਘੜੀ ਗਈ ਗੁਰੀਲਾ ਚਾਲ ਦੇ ਅਧੀਨ ਇਕ ਦਿਨ ਲੌਢੇ ਕੁ ਵੇਲੇ ਸਿੰਘ ਝੱਲੋਂ ਨਿਕਲ ਕੇ ਇਕ ਪਾਸੇ ਨੂੰ ਭੱਜ ਨਿਕਲੇ । ਮਨਚਲੇ ਘੋੜ-ਸਵਾਰਾਂ ਦਾ ਇਕ ਜਥਾ ਜੰਗਲ ਦੇ ਅੰਦਰਵਾਰ, ਕੰਢੇ ਲਾਗੇ ਹੋ ਕੇ ਓਟ ਵਿਚ ਖੜਾ ਰਿਹਾ। ਭੱਜਦਿਆਂ ਸਿੰਘਾਂ ਦੇ ਮਗਰ ਪੈਣ ਵਾਲੀ ਫ਼ੌਜ ਦੇ ਸੱਜੇ ਹਿੱਸੇ ‘ਤੇ ਜਾ ਪਿਆ ਤੇ ਉੱਚੀ ਉੱਚੀ ਜੈਕਾਰੇ ਗਜਾ ਕੇ ਵਾਢ ਸ਼ੁਰੂ ਕਰ ਕੇ ਫ਼ੌਜ ਨੂੰ ਉਲਝਾ ਲਿਆ। ਦੁਵੱਲਿਓਂ ਕਾਫ਼ੀ ਨੁਕਸਾਨ ਹੋਇਆ, ਪਰ ਲਾਹੌਰੀ ਫ਼ੌਜ ਭੱਜ ਨਿਕਲਿਆਂ ਦੇ ਪਿੱਛੇ ਨਾ ਪੈ ਸਕੀ। ਇਥੇ ਹੀ ਉਲਝ ਕੇ ਰਹਿ ਗਈ। ਇਸ ਜਥੇ ਨੇ ਆਪ ਪੁਰਜ਼ਾ ਪੁਰਜ਼ਾ ਹੋ ਕੇ ਵਿਉਂਤ ਸਫਲ ਕਰਾ ਦਿੱਤੀ। ਲਖਪਤ ਨੇ ਸਮਝ ਲਿਆ ਕਿ ਅੱਜ ਦਾ ਮੋਰਚਾ ਮਾਰ ਲਿਆ ਹੈ। ਅੰਨ੍ਹੇਰਾ ਹੋ ਚੁੱਕਾ ਸੀ, ਸੋ ਸਿੰਘਾਂ ਦੇ ਮਗਰ ਲੱਗਣ ਦਾ ਕੰਮ ਕੱਲ੍ਹ ਸਵੇਰ ’ਤੇ ਪੈ ਗਿਆ। ਫ਼ੌਜ ਆਪਣੀ ਜਿੱਤ ਦੀ ਖ਼ੁਸ਼ੀ ਵਿਚ ਅਵੇਸਲੀ ਹੋ ਗਈ, ਪਰ ਪਹਿਰ ਕੁ ਰਾਤ ਗਈ ਨਾਲ ਸਿੰਘਾਂ ਫਿਰ ਆਣ ਦਰਸ਼ਨ ਦਿੱਤੇ ਤੇ ਛਾਪਾ ਮਾਰ ਕੇ, ਉਘਲਾਂਦੇ ਦੁਸ਼ਮਣ ਨੂੰ ਉੱਠਣ ਤੋਂ ਪਹਿਲਾਂ ਹੀ ਦਬੋਚ ਕੇ, ਕਈਆਂ ਦੇ ਆਹੂ ਲਾਹ ਸੁੱਟੇ। ਮੁਗ਼ਲਾਂ ਦੇ ਬਹੁਤ ਸਾਰੇ ਘੋੜੇ ਖੋਹ ਲਏ ਤੇ ਮੱਚੀ ਭਗਦੜ ਵਿਚ ਜੋ ਸਾਮਾਨ ਹੱਥ ਆਇਆ, ਲੈ ਕੇ ਜਿਧਰੋਂ ਆਏ ਸੀ, ਉਧਰ ਹੀ ਚਲੇ ਗਏ।
ਸੜਿਆਂ ਜੰਗਲਾਂ ਤੇ ਝੱਲਾਂ ਵਿਚ ਸਿੰਘਾਂ ਵਾਸਤੇ ਲੁਕਣਾ ਤਾਂ ਇਕ ਪਾਸੇ, ਖੜੇ ਹੋਣ ਨੂੰ ਵੀ ਕਿਧਰੇ ਥਾਂ ਨਹੀਂ ਸੀ। ‘ਕਰੋਧ ਨਾਲ ਕੋਲਾ ਹੋਇਆ ਲਖਪਤ ਹੁਣ ਆਪਣਾ ਤਾਣ ਅੱਗੇ ਨਾਲੋਂ ਵੀ ਬਹੁਤਾ ਲਾਵੇਗਾ’, ਇਹ ਵਿਚਾਰਦਿਆਂ ਹੋਇਆਂ ਫ਼ੈਸਲਾ ਹੋਇਆ ਕਿ ਰਾਵੀ ਪਾਰ ਕਰ ਕੇ ਝੱਲੋ- ਝੱਲੀ ਪਹਾੜਾਂ ਨੂੰ ਨਿਕਲ ਜਾਈਏ । ਸ਼ਾਇਦ ਇਹ ਬਲਾ ਇੰਜ ਮਗਰੋਂ ਲਹਿ ਜਾਵੇ।
ਖ਼ਾਲਸਾ ਰਾਵੀ ਤੋਂ ਪਾਰ ਹੋ ਕੇ ਪੜੋਲ ਕਠੂਹੇ ਵੱਲ
ਖ਼ਾਲਸਾ ਦਲ ਹੁਣ ਰਾਵੀ ਵੱਲ ਨੂੰ ਉਲਰ ਪਿਆ। ਇਕ ਥਾਂ ਗਾਹਣ ਵੇਖ ਕੇ ਸਾਰੇ ਪਾਰ ਸੱਜੇ ਕੰਢੇ ‘ਤੇ ਹੋ ਗਏ।
ਦੂਜੇ ਪਾਸੇ ਲਖਪਤ ਰਾਏ ਕਿਹੜਾ ਘੱਟ ਸੀ। ਝੱਟ ਮਗਰ ਲੱਗ ਤੁਰਿਆ ਤੇ ਉਹ ਵੀ ਕੁਝ ਹੀ ਦਿਨਾਂ ਵਿਚ ਸਾਰਾ ਲਾਮ-ਲਸ਼ਕਰ ਲੈ ਕੇ, ਰਾਵੀ ਪਾਰ ਹੋ ਕੇ, ਸਿੰਘਾਂ ਦਾ ਖੁਰਾ ਨੱਪਦਾ ਹੋਇਆ ਆਣ ਪਹੁੰਚਾ ਤੇ ਝੱਲਾਂ ਝਾੜਨ ਲੱਗ ਪਿਆ। ਸੱਜੇ ਹੱਥ ਦਰਿਆ, ਪਿੱਛੇ ਤੋਪਖ਼ਾਨਾ ਤੇ ਖੱਬੇ ਹੱਥ ਘੋੜ-ਚੜ੍ਹੇ ਬਰਕ-ਅੰਦਾਜ਼ (ਵੱਡੀਆਂ-ਵੱਡੀਆਂ ਬੰਦੂਕਾਂ ਵਾਲੇ) ਤੇ ਪਿੰਡਾਂ ਦੀਆਂ ਛੇੜਾਂ। ਸਿੰਘ ਝੱਲੋ-ਝੱਲੀ ਪਹਾੜ ਵੱਲ ਨੂੰ ਵੱਧ ਰਹੇ ਸਨ। ਇਥੇ ਵੀ ਖਾਣੇ ਦਾਣੇ ਵਲੋਂ ਮੰਦਾ ਹੀ ਹਾਲ ਸੀ। ਜਦੋਂ ਮੌਕਾ ਵੇਖਦੇ, ਝੱਲ ‘ਚੋਂ ਬਾਹਰ ਨਿਕਲ ਕੇ ਝਪਟਾ ਮਾਰਦੇ, ਜੋ ਕੁਝ ਹੱਥ ਆਉਂਦਾ, ਫ਼ੌਜ ਪਾਸੋਂ ਖੋਹ-ਖਿੰਜ ਕੇ ਝੱਲ ਵਿਚ ਜਾ ਵੜਦੇ। ਲਖਪਤ ਨੇ ਇਥੇ ਵੀ ਝੱਲਾਂ ਨੂੰ ਅੱਗ ਲੁਆ ਕੇ ਸਾੜਨੀਆਂ ਸ਼ੁਰੂ ਕਰ ਦਿੱਤੀਆਂ। ਸਿੰਘਾਂ ਵਾਸਤੇ ਝੱਲਾਂ ਵਿਚਦੀ ਅਗਾਂਹ ਤੁਰਨਾ ਔਖਾ ਨਹੀਂ ਸੀ। ਫ਼ੌਜ ਭਾਵੇਂ ਵਿਚ ਨਹੀਂ ਸੀ ਵੜਦੀ, ਪਰ ਪਾਸਿਆਂ ਤੋਂ ਦੱਬੀ ਆ ਰਹੀ ਸੀ।
ਪੜੋਲ ਕਠੂਹੇ ਵੱਲ
ਅੰਤ ਸਿੰਘਾਂ ਸੋਚਿਆ ਕਿ ਪੜੋਲ ਕਠੂਹੇ ਵੱਲ ਵੱਧ ਚਲੋ। ਇਹ ਪਹਾੜੀ ਹਿੰਦੂ ਹਨ। ਅਸਾਂ ਇਨ੍ਹਾਂ ਸਿਰੋਂ ਤੁਰਕਾਨੀ ਜ਼ੁਲਮ ਦੀ ਛੱਟ ਲਾਹੀ ਹੋਈ ਹੈ, ਇਸ ਲਈ ਸਾਡੀ ਸਹਾਇਤਾ ਜ਼ਰੂਰ ਕਰਨਗੇ। ਪਰ ਸਿੰਘਾਂ ਦਾ ਇਹ ਭੋਲਾਪਨ ਸੀ। ਇਹ ਪਹਾੜੀਏ ਸਿੰਘਾਂ ਦੇ ਕਿਧਰ ਦੇ ਯਾਰ ਸਨ। ਬਹੁਤ ਚਿਰ ਨਹੀਂ ਸੀ ਹੋਇਆ, ਅਜੇ ਕੱਲ੍ਹ ਦੀ ਗੱਲ ਸੀ ਕਿ ਜਦ ਤੁਰਕਾਂ ਨੇ ਇਨ੍ਹਾਂ ਦਾ ਜੀਉਣਾ ਹਰਾਮ ਕਰ ਛੱਡਿਆ ਸੀ, ਇਨ੍ਹਾਂ ਦੀਆਂ ਇੱਜ਼ਤਾਂ ਪੈਰਾਂ ਵਿਚ ਰੋਲਦੇ ਸਨ, ਨਵੇਂ ਸੂਰਜ ਨਵੇਂ ਅੱਤਿਆਚਾਰ ਇਨ੍ਹਾਂ ਉੱਤੇ ਢਹਿ ਰਹੇ ਸਨ, ਤਾਂ ਇਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਪਾਸ ਸਹਾਇਤਾ ਲਈ ਗੁਰੂ ਦਾ ਵਾਸਤਾ ਪਾ ਕੇ ਫ਼ਰਿਆਦ ਕੀਤੀ। ਜਦ ਸਿੰਘ ਸਾਹਿਬ ਨੇ ਇਨ੍ਹਾਂ ਦੇ ਵੈਰੀ ਸੋਧ ਕੱਢੇ, ਤਾਂ ਸਿਰ ਪਈ ਬਿਪਤਾ ਟਲ ਗਈ ਤੋਂ ਪਿੱਛੋਂ ਇਹ ਉਸ ਦੀ ਜਾਨ ਦੇ ਹੀ ਲਾਗੂ ਹੋ ਗਏ ਸਨ ਤੇ ਬੰਦਾ ਸਿੰਘ ਬਹਾਦਰ ਦੇ ਕਈ ਸਿੰਘ ਧੋਖੇ ਨਾਲ ਵੈਰੀਆਂ ਨੂੰ ਫੜਵਾ ਕੇ ਮਰਵਾ ਦਿੱਤੇ ਸਨ। ਭੋਲੇ ਖ਼ਾਲਸੇ ਇਹ ਸਭ ਕੁਝ ਭੁੱਲ-ਭੁਲਾ ਕੇ ਤੇ ਪੜੋਲ-ਬਸੋਹਲੀ ਦੀਆਂ ਪਹਾੜੀਆਂ ਵੱਲ ਨੂੰ ਹੋਏ ਕਿ ਪਹਾੜੀ ਹਿੰਦੂ ਇਨ੍ਹਾਂ ਦਾ ਇਹਸਾਨ ਮੰਨਦੇ ਹੋਏ ਆਸਰਾ ਦੇਣਗੇ। ਪਰ ‘ਪਹਾੜੀਏ ਮਿਤ ਕਿਸ ਕੇ’ ਤੇ ਉਤੋਂ ਲਖਪਤ ਨੇ ਯਾਹੀਆ ਖ਼ਾਨ ਤੋਂ ਪਹਿਲਾਂ ਹੀ ਸਖ਼ਤ ਹੁਕਮ ਭਿਜਵਾ ਕੇ ਸਿੰਘਾਂ ਵਿਰੁੱਧ ਪ੍ਰਬੰਧ ਕਰ ਛੱਡਿਆ ਸੀ। ਸਿੰਘ ਪਹਾੜਾਂ ਵੱਲ ਚੜ੍ਹਨ ਲੱਗੇ ਤਾਂ ਅੱਗੇ ਪਹਾੜੀਆਂ ਦੇ ਪਰ੍ਹੇ ਨਜ਼ਰ ਆਏ, ਜੋ ਉਥੇ ਹਕੂਮਤੀ ਹੁਕਮ ਅਧੀਨ ਮਿੱਥ ਕੇ ਇਕੱਠੇ ਹੋਏ ਹੋਏ ਸਨ। ਮੁਸੀਬਤਾਂ ਝਾਗਦੇ ਸਿੰਘਾਂ ਸਮਝਿਆ ਕਿ ਇਹ ਪਹਾੜੀਏ ਸਾਨੂੰ ਲੈਣ ਲਈ ਅਗਲਵਾਂਢੀ ਆਏ ਹਨ, ਸੋ ਸਿੰਘ ਬੇ-ਖਟਕੇ ਉਨ੍ਹਾਂ ਵੱਲ ਵੱਧ ਗਏ, ਪਰ ਜੋ ਵੀ ਸਿੰਘ ਉਨ੍ਹਾਂ ਪਹਾੜੀਆਂ ਦੇ ਕਾਬੂ ਆਏ, ਥਾਂ ‘ਤੇ ਮਾਰ ਦਿੱਤੇ ਗਏ। ਹੁਣ ਸਿੰਘਾਂ ਨੂੰ ਪਤਾ ਲੱਗਾ ਕਿ ਅਸੀਂ ਕੁਥਾਂ ਫਾਥੇ ਹਾਂ।
ਸਾਹਮਣੇ ਪਹਾੜ ਹੈ, ਜਿਥੇ ਪਹਾੜੀਏ ਬੰਦੂਕਾਂ, ਨੇਜ਼ੇ ਤੇ ਤਲਵਾਰਾਂ ਫੜੀ ਲੜਨ ਲਈ ਤਿਆਰ ਖੜੇ ਹਨ। ਪਿੱਛੋਂ ਲਖਪਤ ਮੌਤ ਦੀ ਕਾਂਗ ਬਣ ਕੇ ਚੜ੍ਹਿਆ ਆ ਰਿਹਾ ਹੈ ਤੇ ਕਿਤੇ ਪਲ ਭਰ ਲਈ ਵੀ ਚੈਨ ਨਹੀਂ ਲੈਣ ਦੇਂਦਾ। ਸਲਾਹ ਹੋਈ ਕਿ ਰਾਵੀ ਟੱਪ ਕੇ ਰਿਆੜਕੀ, ਮਾਝੇ ਦੁਆਬੇ ਵੱਲ ਖਿੰਡ ਚਲੋ ਤੇ ਕਿਵੇਂ ਨਾ ਕਿਵੇਂ ਇਸ ਮੁਸ਼ਕਲ ‘ਚੋਂ ਨਿਕਲੋ। ਫਿਰ ਕਦੇ ਇਕੱਠੇ ਹੋ ਕੇ ਲੱਖੂ ਨਾਲ ਸਿੱਝ ਲਵਾਂਗੇ। ਸੋ ਪਹਾੜੀਆਂ ਵੱਲੋਂ ਹਟ ਕੇ ਉਨ੍ਹੀਂ ਪੈਰੀਂ ਰਾਵੀ ਵੱਲ ਨੂੰ ਹੋਏ। ਅੱਗੇ ਸਰਕਾਰੀ ਫ਼ੌਜਾਂ ਰਾਹ ਰੋਕੀ ਖੜੀਆਂ ਸਨ। ਪਰ ਸਿੰਘ ਖੁੰਢੀਆਂ ਹੋ ਚੁੱਕੀਆਂ ਕਿਰਪਾਨਾਂ, ਟੁੱਟੀਆਂ ਭੱਜੀਆਂ ਕਮਾਨਾਂ, ਵਿੰਗੇ ਹੋ ਚੁੱਕੇ ਤੇ ਉਖੜੇ ਫਲਾਂ ਵਾਲੇ ਨੇਜ਼ੇ ਤਾਣ ਕੇ ਅਕਾਲ ਅਕਾਲ ਗਜਾ ਕੇ ਵੈਰੀਆਂ ’ਤੇ ਟੁੱਟ ਪਏ। ਸਿੰਘ ਏਨੇ ਜੋਸ਼ ਨਾਲ ਲੜੇ ਕਿ ਵੈਰੀ ਸੈਨਾ ਵਿਚ ਭਗਦੜ ਮੱਚ ਗਈ। ਬਹੁਤ ਸਾਰੇ ਹਥਿਆਰ ਖੋਹ ਲਏ ਤੇ ਲੜਾਈ ਦਾ ਰੰਗ ਹੀ ਬਦਲ ਗਿਆ। ਸਿੰਘ ਦੁਸ਼ਮਣ ਦੀਆਂ ਸਫ਼ਾਂ ਨੂੰ ਚੀਰ ਕੇ ਵਿਚਦੀ ਨਿਕਲ ਗਏ। ਸੂਰਮਿਆਂ ਲਖਪਤ ਦੀ ਵੀ ਭਾਲ ਕੀਤੀ ਕਿ ਜਾਂਦੇ ਜਾਂਦੇ ਉਸ ਦੇ ਵੀ ਹੱਥ ਧੁਆ ਦਈਏ, ਪਰ ਉਹ ਕਿਧਰੇ ਨਜ਼ਰ ਨਾ ਆਇਆ ਤੇ ਬਚ ਗਿਆ। ਖ਼ਾਲਸਾ ਅੱਗੇ ਵਧਿਆ, ਪਰ ਰਾਵੀ ਨੇ ਡੱਕਾ ਪਾ ਦਿੱਤਾ। ਬਰਫ਼ ਦੇ ਪੰਘਰਨ ਨਾਲ ਦਰਿਆ ਵਿਚ ਚੜ੍ਹਾਅ ਆਇਆ ਹੋਇਆ ਸੀ । ਪਾਣੀ ਦਾ ਰੋੜ੍ਹ ਏਨਾ ਤਿੱਖਾ ਸੀ ਕਿ ਕੋਈ ਠਿੱਲ੍ਹ ਨਹੀਂ ਸਕਦਾ ਸੀ। ਸਲਾਹ ਹੋਈ ਕਿ ਕੁਝ ਸਿੰਘ ਜਾ ਕੇ ਗਾਹਣ ਦਾ ਪਤਾ ਕਰਨ । ਸ: ਗੁਰਦਿਆਲ ਸਿੰਘ ਡੱਲੇਵਾਲੀਏ ਦੇ ਛੋਟੇ ਦੋ ਭਰਾਵਾਂ ਨੇ ਹਿੰਮਤ ਕਰ ਕੇ ਰਾਵੀ ਵਿਚ ਘੋੜੇ ਸੁੱਟੇ ਕਿ ਗਾਹਣ ਦਾ ਪਤਾ ਕਰੀਏ। ਪਰ ਨਾ ਘੋੜਿਆਂ ਦਾ ਪਤਾ ਲੱਗਾ ਤੇ ਨਾ ਸਿੰਘਾਂ ਦੇ ਅੰਤ ਦਾ। ਇਥੋਂ ਰਾਵੀ ਪਾਰ ਹੋਣ ਦੀ ਸਲਾਹ ਛੱਡ ਦਿੱਤੀ ਗਈ।
ਪਹਾੜੀਆਂ ‘ਤੇ ਹੱਲਾ
ਸ: ਜੱਸਾ ਸਿੰਘ ਆਹਲੂਵਾਲੀਆ, ਸ: ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ, ਸ: ਗੁਰਦਿਆਲ ਸਿੰਘ ਡੱਲੇਵਾਲੀਏ ਆਦਿ ਸਰਦਾਰਾਂ ਨੇ ਮਸ਼ਵਰਾ ਕਰ ਕੇ ਸਿੰਘਾਂ ਨੂੰ ਲਲਕਾਰ ਕੇ ਕਿਹਾ ਕਿ ਡੁੱਬ ਕੇ ਮਰਨ ਨਾਲੋਂ ਸਾਹਮਣੇ ਮੱਥੇ ਲਾ ਮਰਨਾ ਚੰਗਾ ਹੈ। ਇਹ ਸੁਣ ਕੇ ਸਭ ਖਲੋ ਗਏ। ਸੋਚਿਆ ਕਿ ਐਸ ਵੇਲੇ ਲਖਪਤ ਰਾਏ ਨਾਲੋਂ ਪਹਾੜੀਆਂ ਨੂੰ ਜਿੱਤ ਕੇ ਰਸਤਾ ਸਾਫ਼ ਕਰ ਲੈਣਾ ਸੌਖਾ ਹੈ। ਸੋ ‘ਸਤਿ ਸ੍ਰੀ ਅਕਾਲ’ ਗਜਾ ਕੇ ਪਹਾੜੀਆਂ ਉੱਤੇ ਹੱਲਾ ਬੋਲ ਦਿੱਤਾ ਅਤੇ ਇਕ ਮੋਰਚਾ ਸਰ ਕਰ ਕੇ ਇਕ ਪਹਾੜੀ ‘ਤੇ ਕਬਜ਼ਾ ਵੀ ਕਰ ਲਿਆ। ਫਿਰ ਇਕ ਹੋਰ ਮੋਰਚੇ ਤੋਂ ਪਹਾੜੀਆਂ ਨੂੰ ਕੱਟ ਵੱਢ ਕੇ ਨਾਲ ਦੀ ਉਚਾਈ ਵੀ ਕਾਬੂ ਕਰ ਲਈ। ਪਰ ਔਖੀ ਗੱਲ ਇਹ ਸੀ ਕਿ ਸਿੱਧੀਆਂ ਪਹਾੜੀਆਂ ਤੇ ਘੋੜਿਆਂ ਦੇ ਚੜ੍ਹਨ ਲਈ ਕੋਈ ਰਾਹ ਪੈੜਾ ਨਹੀਂ ਸੀ। ਕੇਵਲ ਪੈਦਲ ਹੀ ਪਹਾੜ ਉੱਤੇ ਚੜ੍ਹ ਸਕਦੇ ਸਨ। ਘੋੜਿਆਂ ਲਈ ਬਹੁਤ ਔਖ ਸੀ। ਅੱਗੋਂ ਪਹਾੜੀਆਂ ਨੇ ਫਿਰ ਇਕੱਠੇ ਹੋ ਕੇ ਬੜੇ ਜ਼ੋਰ ਨਾਲ ਹੱਲਾ ਕਰ ਦਿੱਤਾ। ਪਹਾੜੀਏ ਉੱਚੇ ਥਾਂ ‘ਤੇ ਸਨ ਤੇ ਸਿੰਘ ਹੇਠੋਂ ਉਤਾਂਹ ਚੜ੍ਹਨ ਦਾ ਜਤਨ ਕਰਦੇ ਸਨ। ਸੋ ਉਹ ਉਤੋਂ ਗੋਲੀਆਂ, ਤੀਰਾਂ, ਪੱਥਰਾਂ ਦਾ ਮੀਂਹ ਵਰ੍ਹਾ ਕੇ ਸਿੰਘਾਂ ਦਾ ਬਹੁਤ ਨੁਕਸਾਨ ਕਰ ਰਹੇ ਸਨ । ਸਿੰਘ ਕੁਥਾਵੇਂ ਫਾਥੇ ਫੱਟੜ ਹੋ ਕੇ ਬਿਫਰੇ ਸ਼ੇਰ ਵਾਂਗ ਟੁੱਟ ਪਏ ਤੇ ਦੋ ਟਿੱਬੇ ਉਨ੍ਹਾਂ ਪਾਸੋਂ ਛੁਡਾ ਲਏ। ਪਰ ਘੋੜੇ ਉਤਾਂਹ ਨਾ ਚੜ੍ਹ ਸਕਣ। ਤਲਵਾਰਾਂ ਤੇ ਨੇਜ਼ਿਆਂ ਨਾਲ ਪੁੱਟ ਪੁੱਟ ਕੇ ਘੋੜਿਆਂ ਦੇ ਪੌੜ ਧਰਨ ਲਈ ਰਸਤਾ ਬਣਾਉਣ। ਪਰ ਇਸ ਸਿੱਧੀ ਚੜ੍ਹਾਈ ‘ਤੇ ਕੋਈ ਵਿਰਲਾ ਹੀ ਚੜ੍ਹ ਸਕੇ ਤੇ ਬੇਅੰਤ ਘੋੜੇ ਹੇਠ ਖੱਡਾਂ ਵਿਚ ਡਿੱਗ ਪਏ ਤੇ ਕਈਆਂ ਨੂੰ ਜੋ ਉਪਰ ਚੜ੍ਹ ਰਹੇ ਸਨ, ਨਾਲ ਲੈ ਡਿੱਗੇ। ਜੋ ਥੋੜ੍ਹੇ ਬਹੁਤੇ ਚੜ੍ਹੇ, ਪਹਾੜ ਦੀ ਵੱਖੀ ‘ਤੇ ਇਕ ਟੇਢਾ ਜਿਹਾ ਰਾਹ ਵੇਖ ਕੇ ਉਸ ਰਾਹੇ ਅੱਗੇ ਨੂੰ ਹੋਏ। ਇਸ ਪਹਾੜੀ ਨੂੰ ਦਰਿਆ ਨੇ ਢਾਹ ਲਾ ਕੇ ਵਿਚ ਸੁੱਟ ਸੁੱਟ ਕੇ ਸਾਰਾ ਪਾਸਾ ਸਿੱਧੀ ਕੰਧ ਵਾਂਗ ਕੀਤਾ ਹੋਇਆ ਸੀ।
ਇਥੋਂ ਰਾਹ ਅੱਗੇ ਕਿਸੇ ਪਾਸੇ ਨਾ ਜਾਵੇ ਤੇ ਇਸ ਵੱਖੀ ‘ਤੇ ਚੋਖੀ ਭੀੜ ਹੋ ਗਈ। ਅਗਲੇ ਅਗਾਂਹ ਨਾ ਹਿੱਲ ਸਕਣ, ਕਿਉਂਕਿ ਪਹਾੜ ਦਾ ਪਾਸਾ ਹੇਠਾਂ ਨੂੰ ਸਿੱਧਾ ਹੀ ਵੱਢਿਆ ਹੋਇਆ ਸੀ। ਪਹਾੜ ਦੀ ਖੱਬੇ ਪਾਸੇ ਵਾਲੀ ਚੜ੍ਹਾਈ ਵੀ ਸਿੱਧੀ ਹੀ ਸੀ, ਇਸ ਵੱਲ ਘੋੜਿਆਂ ਨੂੰ ਲੈ ਕੇ ਚੜ੍ਹਨਾ ਵੀ ਬੜਾ ਔਖਾ ਸੀ। ਪਿਛਲੇ, ਜੋ ਹੇਠੋਂ ਉਤਾਂਹ ਨੂੰ ਆ ਰਹੇ ਸਨ, ਉਹ ਪਿਛਾਂਹ ਨਾ ਮੁੜ ਸਕਣ। ਚੜ੍ਹਾਈ ਨਾਲੋਂ ਘੋੜਿਆਂ ਲਈ ਉਤਰਾਈ ਬਹੁਤੀ ਕਠਿਨ ਸੀ। ਇਸ ਉੱਚੇ ਥਾਂ ਤੋਂ ਕਈ ਘੋੜੇ ਥੱਲੇ ਡਿੱਗਦੇ ਹੋਏ ਉਨ੍ਹਾਂ ਸਿੰਘਾਂ ਨੂੰ ਵੀ ਨਾਲ ਹੀ ਦਰਿਆ ਵਿਚ ਲੈ ਡਿੱਗੇ, ਜੋ ਉਨ੍ਹਾਂ ਨੂੰ ਡਿੱਗਣੋਂ ਬਚਾਉਣ ਦਾ ਜਤਨ ਕਰ ਰਹੇ ਸਨ। ਬਹੁਤ ਸਾਰੇ ਸਿੰਘ ਤੇ ਘੋੜੇ ਇਸ ਥਾਂ ਦਰਿਆ ਦੀ ਭੇਟ ਚੜ੍ਹ ਗਏ।
ਸਵਾਰ ਤੇ ਪੈਦਲ ਵੱਖ–ਵੱਖ ਰਾਹਾਂ ਉੱਤੇ
ਕੋਈ ਚਾਰਾ ਨਾ ਚੱਲਦਾ ਵੇਖ ਕੇ ਇਹ ਮਤਾ ਸੋਧਿਆ ਕਿ ਜੋ ਕੋਈ ਪੈਦਲ ਹੈ ਉਹ ਤਾਂ ਹਿੰਮਤ ਕਰ ਕੇ ਪਹਾੜ ਉੱਤੇ ਚੜ੍ਹ ਜਾਵੇ ਅਤੇ ਜਿਵੇਂ ਬਣ ਪਵੇ, ਆਪਣੇ ਆਪ ਨੂੰ ਬਚਾ ਕੇ ਕਿਧਰੇ ਨਿਕਲ ਜਾਵੇ। ਜੋ ਸਵਾਰ ਹਨ, ਉਹ ਪਹਾੜੋਂ ਉਤਰ ਕੇ ਲਖਪਤ ਨਾਲ ਟਾਕਰਾ ਕਰਨ ਤੇ ਉਸਦੀਆਂ ਫ਼ੌਜਾਂ ਨੂੰ ਚੀਰ ਕੇ ਮਾਝੇ ਵੱਲ ਨੂੰ ਨਿਕਲ ਜਾਣ।
ਇਸ ਫ਼ੈਸਲੇ ਤਹਿਤ ਪੈਦਲ ਤਾਂ ਪਹਾੜ ਵੱਲ ਉੱਪਰ ਨੂੰ ਵੱਧ ਗਏ, ਪਰ ਕਈ ਦਿਨਾਂ ਦਿਆਂ ਭੁੱਖਿਆਂ ਨੇ ਕੀਕਣ ਲੜ ਸਕਣਾ ਸੀ। ਇਨ੍ਹਾਂ ਤੋਂ ਪਹਾੜੀਏ ਜਿੱਤੇ ਨਾ ਜਾ ਸਕੇ ਤੇ ਬੇ-ਸ਼ੁਮਾਰ ਸਿੰਘ ਪਹਾੜੀਆਂ ਦੇ ਹੱਥੋਂ ਮਾਰੇ ਗਏ। ਜੋ ਲੁੱਕ ਛਿੱਪ ਕੇ ਬਚੇ, ਉਹ ਰੁਲਦੇ ਖੁੱਲਦੇ ਡਿੱਗਦੇ ਢਹਿੰਦੇ ਪਹਾੜੋਂ-ਪਹਾੜ ਹਜ਼ਾਰਾਂ ਮੁਸੀਬਤਾਂ ਝਾਗਦੇ ਹੋਏ, ਖੱਡਾਂ ਨਾਲਿਆਂ ਵਿਚਦੀ ਹੁੰਦੇ ਹੋਏ ਕੀਰਤਪੁਰ ਅੱਪੜ ਪਏ। ਅਤੇ ਛਿਆਂ ਮਹੀਨਿਆਂ ਮਗਰੋਂ ਪਤਾ ਕੱਢ ਕੱਢ ਆਪਣੇ ਜਥਿਆਂ ਵਿਚ ਜਾ ਰਲੇ।
ਲਹੂ ਵੀਟਵਾਂ ਘੋਰ ਯੁੱਧ
ਘੋੜ-ਸਵਾਰ ਪਹਾੜੋਂ ਹੇਠਾਂ ਉਤਰ ਕੇ ਇਕ ਥਾਂ ਇਕੱਤਰ ਹੋਏ, ਪੰਥ ਦੇ ਅਸਲ ਸੂਰਮੇ ਘੋੜਿਆਂ ਵਾਲੇ ਹੀ ਸਨ। ਇਹ ਹੁਣ ਲਖਪਤ ਦੀ ਫ਼ੌਜ ਸਾਹਮਣੇ ਹੋਏ ਤੇ ਉਸ ਦੇ ਇਕ ਮੋਰਚੇ ਉੱਤੇ ਜਾ ਪਏ। ਭਾਵੇਂ ਗਿਣਤੀ ਪੱਖੋਂ ਹੁਣ ਇਹ ਆਟੇ ਵਿਚ ਲੂਣ ਬਰਾਬਰ ਵੀ ਨਹੀਂ ਸਨ, ਪਰ ਜਿਸ ਤੁੰਦੀ ਨਾਲ ਇਹ ਫ਼ੌਜ ‘ਤੇ ਪਏ, ਫ਼ੌਜ ਬਹੁਤਾ ਚਿਰ ਅੜ ਨਾ ਸਕੀ, ਮੋਰਚਾ ਛੱਡ ਕੇ ਬਹੁਤ ਸਾਰਾ ਹਥਿਆਰ ਪੱਤਾ ਤੇ ਘੋੜੇ ਖੁਹਾ ਕੇ ਪਿਛਾਂਹ ਹਟ ਗਈ । ਲਖਪਤ ਨੂੰ ਜਦ ਇਸ ਪਾਸੇ ਵਾਲੀ ਫ਼ੌਜ ਦੇ ਮਾਰ ਖਾ ਜਾਣ ਤੇ ਘੋੜੇ ਖੁਹਾ ਲੈਣ ਦੀ ਖ਼ਬਰ ਮਿਲੀ ਤਾਂ ਬੜਾ ਲੋਹਾ ਲਾਖਾ ਹੋਇਆ। ਪਰ ਕਰੇ ਕੀ? ਉਸ ਨੇ ਫਿਰ ਸਫ਼-ਬੰਦੀ ਕੀਤੀ। ਘੋੜਿਆਂ ਵਾਲੀਆਂ ਤੋਪਾਂ ਅੱਗੇ ਕੀਤੀਆਂ, ਉਨ੍ਹਾਂ ਤੋਂ ਮਗਰ ਰੱਥਾਂ ਵਾਲੀਆਂ (ਪਹੀਆਂ ਵਾਲੀਆਂ) ਤੋਪਾਂ ਲਾਈਆਂ ਤੇ ਇਨ੍ਹਾਂ ਤੋਂ ਪਿੱਛੇ ਜੰਬੂਰੇ ਤੇ ਰਹਿਕਲੇ ਸਿੰਘਾਂ ਵੱਲ ਸਿੰਨ੍ਹੇ। ਸਾਰਿਆਂ ਤੋਂ ਪਿੱਛੇ ਘੋੜ-ਸਵਾਰ ਬਰਕ-ਅੰਦਾਜ਼, ਪਿਆਦਾ ਫ਼ੌਜ ਤੇ ਮੁਲਖਈਆ। ਸਿੰਘਾਂ ਨੂੰ ਘੇਰ ਕੇ ਮਾਰਨ ਲਈ ਜੰਮੂ ਦੀ ਧਰਤੀ ‘ਤੇ ਇਹ ਮੱਕੜੀ-ਜਾਲ ਬੁਣਿਆ ਗਿਆ, ਪਰ ਉਹ ਇਨ੍ਹਾਂ ਵਲਾਵਿਆਂ ਤੇ ਜਾਲਾਂ ਵਿਚ ਕਦ ਫਸਣ ਵਾਲੇ ਸਨ। ਸਿੰਘ ਭੱਜਦੇ ਭੱਜਦੇ ਇਕਦਮ ਮੁੜ ਕੇ ਲੜਾਈ ਕਰਨ ਲੱਗ ਪੈਣ ਤੇ ਜਦ ਨੂੰ ਸਰਕਾਰੀ ਫ਼ੌਜ ਖਲੋ ਕੇ ਸਫ਼-ਬੰਦੀ ਕਰ ਕੇ ਉਨ੍ਹਾਂ ਦੇ ਟਾਕਰੇ ਲਈ ਤਿਆਰ ਹੋ ਸਕੇ, ਉਹ ਆਪਣਾ ਵੱਤਰ ਵਾਹ ਕੇ ਐਸੇ ਥਾਂ ਜਾ ਲੁਕਣ, ਜਿਥੇ ਫ਼ੌਜ ਛੇਤੀ ਨਾਲ ਪਹੁੰਚ ਹੀ ਨਾ ਸਕੇ। ਇਹ ਅਸਾਵੀਂ ਲੜਾਈ ਸੀ। ਇਸ ਵਿਚ ਲੜਦੇ ਲੜਦੇ ਵੈਰੀ ਦਾ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਨੁਕਸਾਨ ਕਰ ਕੇ ਅਨੇਕਾਂ ਸਿੰਘ ਸ਼ਹੀਦ ਹੋ ਗਏ, ਪਰ ਲਖਪਤ ਰਾਏ ਨੂੰ ਕੋਈ ਖ਼ਾਸ ਸਫਲਤਾ ਪ੍ਰਾਪਤ ਨਾ ਹੋਈ।
ਸਿੰਘ ਅਜੇ ਵੀ ਉਸ ਦੇ ਘੇਰੇ ਵਿਚ ਸਨ ਤੇ ਇਹ ਘੇਰਾ ਕੋਹਾਂ ਵਿਚ ਫੈਲਿਆ ਹੋਇਆ ਸੀ ਤੇ ਉਹ ਇਸ ਘੇਰੇ ਨੂੰ ਪਲੋ ਪਲੀ ਕੱਸਦਾ ਆ ਰਿਹਾ ਸੀ। ਸਿੰਘ ਇਸ ਵੇਲੇ ਡਾਢੀ ਬਿਪਤਾ ਦੇ ਮੂੰਹ ਆਏ ਹੋਏ ਸਨ। ਖਾਣ- ਪੀਣ ਨੂੰ ਤਾਂ ਰਸਦ ਪਾਣੀ ਅੱਗੇ ਹੀ ਕੋਲ ਨਹੀਂ ਸੀ। ਕੋਈ ਸਮਾਂ ਨਹੀਂ ਸੀ ਮਿਲਦਾ ਕਿ ਖੁੰਢੀਆਂ ਹੋ ਚੁੱਕੀਆਂ ਤਲਵਾਰਾਂ ਤਿੱਖੀਆਂ ਕਰ ਲੈਣ, ਨੇਜ਼ਿਆਂ ਭਾਲਿਆਂ ਦੀ ਜੜ-ਜੜਾਈ ਹੋ ਜਾਵੇ। ਕਈਆਂ ਦੇ ਫਲ ਵੈਰੀਆਂ ਦੇ ਸਰੀਰਾਂ ਵਿਚ ਹੀ ਰਹਿ ਗਏ ਸਨ ਜਾਂ ਕਈ ਸਾਹਮਣੀਆਂ ਚੋਟਾਂ ਨਾਲ ਝੜ ਚੁੱਕੇ ਸਨ । ਕਈਆਂ ਦੇ ਹੱਥਾਂ ਵਿਚ ਤਾਂ ਫਲਾਂ ਤੋਂ ਬਗ਼ੈਰ ਲੰਮੇ- ਲੰਮੇ ਸੋਟੇ ਹੀ ਸਨ। ਖ਼ਾਲੀ ਹੋ ਚੁੱਕੇ ਭੱਥੇ ਕਿਥੋਂ ਭਰੇ ਜਾਣ। ਕਈਆਂ ਦੀਆਂ ਕਮਾਨਾਂ ਹੀ ਟੁੱਟ ਚੁੱਕੀਆਂ ਸਨ । ਇਨ੍ਹਾਂ ਨੂੰ ਮੁਰੰਮਤ ਕਰਨ ਦਾ ਨਾ ਸਮਾਂ ਸੀ ਨਾ ਕੋਈ ਸਾਧਨ । ਦਾਣੇ ਪੱਠੇ ਬਿਨਾਂ ਘੋੜਿਆਂ ਦੇ ਪੇਟ ਲੱਕਾਂ ਨੂੰ ਜਾ ਲੱਗੇ ਸਨ। ਉਪਰੋਂ ਵਿਸਾਖ ਦੇ ਮਹੀਨੇ ਦੇ ਪਿਛਲੇ ਪੱਖ ਦੀ ਧੁੱਪ ਨੰਗਿਆਂ ਪਿੰਡਿਆਂ ਨੂੰ ਸਾੜ ਰਹੀ ਸੀ । ਛਕਣ ਛਕਾਉਣ ਨੂੰ ਤਾਂ ਇਕ ਪਾਸੇ ਰਿਹਾ, ਇਸ ਕਾਛੜ ਤੇ ਝੱਲ ਦੀ ਓਬੜ ਖੋਬੜ ਧਰਤੀ ‘ਤੇ ਪੀਣ ਨੂੰ ਪਾਣੀ ਵੀ ਔਖਾ ਲੱਭਦਾ ਸੀ। ਸਿਆਣੇ ਕਿਹਾ ਕਰਦੇ ਹਨ ਕਿ ‘ਅੱਧੀ ਮੌਤ ਮੁਸਾਫ਼ਰੀ, ਸਾਰੀ ਮੌਤ ਸੁ ਭੁੱਖ’ ਪਰ ਖ਼ਾਲਸੇ ਲਈ ਤਾਂ ਹੁਣ ਦੋਵੇਂ ਹੀ ਆਣ ਇਕੱਠੀਆਂ ਹੋਈਆਂ ਸਨ। ਉਤੋਂ ਦੁਸ਼ਮਣ ਚੁਫੇਰਿਓਂ ਮੌਤ ਵਰਗੀ ਅੱਗ ਵਰ੍ਹਾਉਂਦਾ ਚਲਿਆ ਆ ਰਿਹਾ ਸੀ। ਤੋਪਾਂ ਦੀ ‘ਧੜ ਧੜ’, ਗੋਲਿਆਂ ਨਾਲ ਲੱਗ ਕੇ ਮਚਦੀ ਝੱਲ ਦੀਆਂ ‘ਸੜ ਸੜ’ ਦੀਆਂ ਆਵਾਜ਼ਾਂ, ਢੋਲਾਂ ਨਗਾਰਿਆਂ ਦੀ ‘ਦੈਂਘੜ ਦੈਂਘੜ’, ਵੈਰੀ ਸੈਨਾ ਦੇ ਸੂਰਮਿਆਂ ਦੇ ‘ਅੱਲ੍ਹਾ ਹੂ ਅਕਬਰ’ ਤੇ ‘ਯਾ ਅਲੀ ! ਯਾ ਅਲੀ’ ਦੇ ਸਮਾਨ ਗੁੰਜਾਊ ਅਤੇ ਸ਼ੂਕਦੀਆਂ ਗੋਲੀਆਂ ਤੇ ਘੋੜਿਆਂ ਦੀ ਹਿਣਹਿਣਾਹਟ ਨਾਲ ਕਿਆਮਤ ਵਰਗਾ ਸਮਾਂ ਬਣਿਆ ਹੋਇਆ ਸੀ। ਦੂਜੇ ਪਾਸੇ ਸਿੰਘਾਂ ਨੂੰ ਸਿਰਫ਼ ਅਕਾਲ ਪੁਰਖ ਦਾ ਆਸਰਾ ਸੀ, ਜੋ ਉਨ੍ਹਾਂ ਦੇ ਮਨੋ-ਬਲ ਤੇ ਹੱਠ ਦਾ ਆਧਾਰ ਸੀ। ਜੰਗੀ ਸਾਜ਼ੋ-ਸਾਮਾਨ ਦੀ ਥੁੜ ਘਾਟ ਤੇ ਢਿੱਡੋਂ ਭੁੱਖੇ ਹੁੰਦੇ ਹੋਏ ਵੀ ਵੈਰੀ ਨੂੰ ਲੋਹੇ ਦੇ ਚਨੇ ਚਬਾ ਰਹੇ ਸਨ। ਮੌਤ ਨੂੰ ਸਾਹਮਣੇ ਵੇਖ ਕੇ ਵੀ ਚੜ੍ਹਦੀ ਕਲਾ ਵਿਚ ਸਨ। ਛੱਤੀ ਪਦਾਰਥਾਂ ਨਾਲ ਲੇੜ੍ਹ ਕੇ ਮਾਇਆ ਦੀ ਰੇਲ ਪੇਲ ਸਦਕਾ ਬੇ-ਫ਼ਿਕਰੀ ਨਾਲ ਡਨਲਪ ਤੇ ਫੋਮ ਦੇ ਗੱਦਿਆਂ ‘ਤੇ ਲੇਟਣ ਵਾਲਾ ਤਾਂ ਹਾਲ-ਚਾਲ ਪੁੱਛਣ ’ਤੇ ਕਹੇਗਾ ਕਿ ‘ਚੜ੍ਹਦੀ ਕਲਾ ਵਿਚ ਹਾਂ’ ਪਰ ਸਿੰਘਾਂ ਵਾਲੀ ਉਪਰ ਦੱਸੀ ਚੜ੍ਹਦੀ ਕਲਾ ਤੇ ਇਸ ਦੂਜੀ ਚੜ੍ਹਦੀ ਕਲਾ (ਨਹੀਂ ਗੱਦਿਆਂ ‘ਤੇ ਲੇਟਦੀ ਹੋਈ ਕਲਾ) ਵਿਚ ਕਿੰਨਾ ਅੰਤਰ ਹੈ। ਇਸ ਨੂੰ ਕੋਈ ਸਹੀ ਅਨੁਭਵ ਵਾਲਾ ਹੀ ਸਮਝ ਸਕਦੈ। ਮੌਤ ਨੂੰ ਸਾਖਸ਼ਾਤ ਸਾਹਮਣੇ ਤੱਕ ਕੇ, ਕੀ ਮਜਾਲ ਕਿਸੇ ਨੇ ਦਿਲ ਡੁਲਾਇਆ ਹੋਵੇ। ਉਹ ਭੁੱਖੇ ਤਿਹਾਏ ਵੀ ਜਦ ਜੈਕਾਰੇ ਗਜਾਉਂਦੇ, ਪਹਾੜੀਆਂ ਤੇ ਜੰਗਲ ਬੇਲੇ ਗੂੰਜ ਉੱਠਦੇ। ਵੱਧ ਰਹੇ ਵੈਰੀ ਸੈਨਿਕਾਂ ਦੇ ਪੈਰ ਥੰਮ੍ਹ ਜਾਂਦੇ ਕਿ ਹੁਣ ਕੋਈ ਨਵੀਂ ਬਿਪਤਾ ਪੈਣ ਵਾਲੀ ਹੈ, ਇਕ ਵਾਰ ਤਰਥੱਲੀ ਮੱਚ ਜਾਂਦੀ। ਵੈਰੀ ਸੰਭਲ ਕੇ ਫਿਰ ਅੱਗੇ ਵਧਦਾ।
ਇਹ ਅਤਿ ਕਠਨ ਸਮਾਂ ਵੇਖ ਕੇ ਸ: ਸੁੱਖਾ ਸਿੰਘ ਮਾੜੀ ਕੰਬੋਕੀ ਵਾਲਿਆਂ ਨੇ ਦੂਜਿਆਂ ਸਰਦਾਰਾਂ ਨੂੰ ਕਿਹਾ ਕਿ ਹੁਣ ਲਖਪਤ ਰਾਏ ‘ਤੇ ਹਮਲਾ ਕਰੀਏ। ਜਿੰਨਾ ਚਿਰ ਇਸ ਦੁਸ਼ਟ ਦੀ ਅਲਖ ਨਾ ਲੱਥੀ, ਇਸ ਨੇ ਮਗਰੋਂ ਨਹੀਂ ਲਹਿਣਾ ਤੇ ਇਹ ਟੈਂਟਾ ਨਹੀਂ ਮੁੱਕਣਾ। ਸੋ ਹੁਣ ਇਸ ਨੂੰ ਦਾਖੂ ਦਾਣਾ ਦੇ ਦਿੱਤਾ ਜਾਵੇ । ਮੈਂ ਮੂਹਰੇ ਲੱਗਦਾ ਹਾਂ। ਮੇਰੇ ਨਾਲ ਉਹੋ ਹੀ ਆਵੇ, ਜਿਸ ਨੇ ਸਿਰ ਤਲੀ ‘ਤੇ ਰੱਖ ਕੇ ਮਰਨ ਮਿੱਥ ਲਿਆ ਹੋਵੇ। ਝਟਪਟ ਸਿਰ-ਲੱਥਾਂ ਦਾ ਇਕ ਤਕੜਾ ਜਥਾ ਨਿਤਰ ਪਿਆ।
ਲਖਪਤ ਰਾਏ ਫ਼ੌਜ ਵਿਚ ਕਿਥੇ ਕੁ ਹੈ, ਇਸ ਦਾ ਪਤਾ ਕਰਨ ਲਈ ਸੂਹੀਏ ਅੱਗੇ ਭੇਜੇ। ਉਨ੍ਹਾਂ ਸੂਹ ਕੱਢ ਕੇ ਛੇਤੀ ਹੀ ਆਣ ਦੱਸਿਆ ਕਿ ਜ਼ੰਬੂਰਿਆਂ ਦੇ ਵਿਚਕਾਰ ਉਹ ਲਾਲ ਅੰਬਾਰੀ ਵਾਲੇ ਹਾਥੀ ‘ਤੇ ਸਵਾਰ ਹੈ ਤੇ ਉਸ ਦੇ ਆਲੇ-ਦੁਆਲੇ ਬੇਅੰਤ ਫ਼ੌਜ ਹੈ। ਇਹ ਖ਼ਬਰ ਪਾ ਕੇ ਸਿੰਘਾਂ ਨੇ ਜੋੜ ਕੇ ਧਾਵਾ ਬੋਲਿਆ ਤੇ ਸੁੱਖਾ ਸਿੰਘ ਇਨ੍ਹਾਂ ਸੂਰਮਿਆਂ ਦੀ ਅਗਵਾਈ ਕਰਦਾ ਹੋਇਆ ਲਖਪਤ ਰਾਏ ਦੀ ਸੇਧ ਕਰ ਕੇ ਅੱਗੇ ਵਧਿਆ। ਜੋ ਦੁਸ਼ਮਣ ਅੱਗੇ ਅੜਿਆ, ਗਾਜਰ ਮੂਲੀ ਵਾਂਗ ਕੱਟ ਕੇ ਭੁੰਜੇ ਸੁੱਟ ਦਿੱਤਾ। ਕਈਆਂ ਭੱਜ ਭੱਜ ਜਾਨਾਂ ਬਚਾਈਆਂ।
ਸ: ਸੁੱਖਾ ਸਿੰਘ ਨੇ ਲਖਪਤ ਨੂੰ ਦੂਰੋਂ ਵੇਖ ਕੇ ਲਲਕਾਰਿਆ ਕਿ ‘ਕਰਾੜਾ ! ਜੇ ਪਿਉ ਆਪਣੇ ਦਾ ਪੁੱਤ ਹੈਂ ਤਾਂ ਹੁਣ ਨੱਠੀ ਨਾ। ਜ਼ਰਾ ਮੈਦਾਨ ਵਿਚ ਦੋ ਹੱਥ ਕਰ ਕੇ ਜਾਵੀਂ। ਫਿਰ ਨੇਜ਼ੇ ਅੱਗੇ ਨੂੰ ਸਿੰਨ੍ਹ ਕੇ ‘ਸਤਿ ਸ੍ਰੀ ਅਕਾਲ’ ਗਜਾਉਂਦਿਆਂ ਤੁਰੰਗ ਛੇੜ ਦਿੱਤੇ। ਲੜਾਈ ਬੜੀ ਗਹਿਗੱਚ ਹੋਈ। ਇਨ੍ਹਾਂ ਦੇ ਸਾਹਮਣੇ ਵਾਲੀ ਸੈਨਾ ਸਿੰਘਾਂ ਦੇ ਹੱਲੇ ਨੂੰ ਠੱਲ੍ਹ ਨਾ ਸਕੀ। ਸ: ਸੁੱਖਾ ਸਿੰਘ ਤੇ ਉਸ ਦੇ ਸਿਰਲੱਥਾਂ ਨੂੰ ਆਪਣੇ ਵੱਲ ਆਉਂਦੇ ਵੇਖ ਕੇ ਲਖਪਤ ਰਾਏ ਏਨਾ ਡਰ ਗਿਆ ਕਿ ਹਾਥੀ ਤੋਂ ਉਤਰ ਕੇ ਝੱਟ ਘੋੜੇ ’ਤੇ ਸਵਾਰ ਹੋ ਕੇ ਪਿਛਾਂਹ ਨੂੰ ਹੋਇਆ। ਘੋੜਾ ਸ਼ਾਇਦ ਇਸੇ ਲਈ ਹਾਥੀ ਲਾਗੇ ਰੱਖਿਆ ਸੀ ਕਿ ਜੇ ਲੋੜ ਪਈ ਤਾਂ ਨੱਸ ਕੇ ਜਾਨ ਬਚਾ ਸਕੇ। ਇਸ ਜੰਗ ਤੇ ਸਾਰੀ ਮੁਹਿੰਮ ਦਾ ਪਾਸਾ ਪਲਟਣ ਹੀ ਵਾਲਾ ਸੀ ਕਿ ਭਾਣਾ ਕਰਤਾਰ ਦਾ ਵਾਪਰਿਆ, ਜ਼ੰਬੂਰੇ ਦਾ ਇਕ ਗੋਲਾ ਸਰਦਾਰ ਸੁੱਖਾ ਸਿੰਘ ਦੇ ਆਣ ਲੱਗਾ, ਜਿਸ ਨੇ ਲੱਤ ਦੀ ਹੱਡੀ ਤੋੜ ਦਿੱਤੀ। ਉਹ ਇਸ ਜ਼ਖ਼ਮ ਨਾਲ ਬਿਹਬਲ ਹੋਣ ਕਰਕੇ ਲਖਪਤ ਤੱਕ ਅੱਪੜ ਨਾ ਸਕਿਆ। ਲਖਪਤ ਨੂੰ ਮੌਤ ਦੇ ਮੂੰਹੋਂ ਬਚਾਉਣ ਲਈ ਉਸ ਦੇ ਆਲੇ-ਦੁਆਲੇ ਦੀ ਫ਼ੌਜ ਨੇ ਉਸ ਨੂੰ ਵਿਚਕਾਰ ਲੈ ਲਿਆ ਤੇ ਅੱਗੋਂ ਜੰਮ ਕੇ ਲੜਨ ਲੱਗ ਪਏ। ਹੁਣ ਮਲ੍ਹਮ ਪੱਟੀ ਦਾ ਵੇਲਾ ਨਹੀਂ ਸੀ ਤੇ ਨਾ ਹੀ ਪਿੱਛੇ ਹਟਣ ਦਾ । ਸੂਰਮੇ ਨੇ ਕਮਰਕੱਸੇ ਦੀ ਚਾਦਰ ਪਾੜ ਕੇ ਉਸ ਨਾਲ ਲੱਤ ਨੂੰ ਹੱਨੇ ਨਾਲ ਬੰਨ੍ਹ ਲਿਆ, ਤੇ ਮਾਰੂ ਸੱਟ ਦਾ ਖ਼ਿਆਲ ਨਾ ਕਰਕੇ ਆਪਣੇ ਸਿਰਲੱਥ ਸਿੰਘਾਂ ਦੀ ਅਗਵਾਈ ਕਰਦਾ ਹੋਇਆ ਪਹਿਲਾਂ ਵਾਂਗ ਹੀ ਲੜਦਾ ਰਿਹਾ। ਜਿਥੇ ਦੁਸ਼ਮਣ ਨੂੰ ਜ਼ੋਰ ਫੜਦਾ ਵੇਖਦਾ, ਝੱਟ ਉਥੇ ਪੁੱਜ ਕੇ ਅਗਵਾਈ ਕਰ ਕੇ ਉਸ ਦਾ ਮੂੰਹ ਭਵਾਂ ਦੇਂਦਾ।
ਉਧਰ ਸ: ਜੱਸਾ ਸਿੰਘ ਆਹਲੂਵਾਲੀਆ, ਸ: ਚੜ੍ਹਤ ਸਿੰਘ, ਸ: ਗੁਰਦਿਆਲ ਸਿੰਘ ਡੱਲੇਵਾਲੀਆ, ਸ: ਦੀਪ ਸਿੰਘ (ਬਾਬਾ ਦੀਪ ਸਿੰਘ ਸ਼ਹੀਦ) ਸ਼ਹੀਦ ਤੇ ਭੰਗੀ ਸਰਦਾਰ ਆਪਣੇ ਸੂਰਮੇ ਵਧਾਉਂਦੇ ਹੋਏ ਵੈਰੀ ਦਲ ‘ਤੇ ਟੁੱਟ ਪਏ ਤੇ ਦੁਸ਼ਮਣ ਨੂੰ ਪਿੱਛੇ ਧੱਕ ਦਿੱਤਾ।
ਇਸ ਲੜਾਈ ਵਿਚ ਦੀਵਾਨ ਲਖਪਤ ਰਾਏ ਦੇ ਪੁੱਤਰ ਹਰਭੱਜ ਰਾਏ, ਨਵਾਬ ਯਾਹੀਆ ਖ਼ਾਨ ਦੇ ਪੁੱਤਰ ਨਾਹਰ ਖ਼ਾਨ, ਸੈਫ਼ ਅਲੀ ਫ਼ੌਜਦਾਰ, ਨਵਾਬ ਕਰਮ ਬਖ਼ਸ਼ ਰਸੂਲ ਨਗਰੀਏ ਤੇ ਮਿਰਜ਼ਾ ਹਿੰਮਤ ਬੇਗ ਆਦਿ ਸਰਕਾਰੀ ਫ਼ੌਜ ਦਿਆਂ ਸੂਰਮਿਆਂ ਨੇ ਸਿੰਘਾਂ ਵਿਰੁੱਧ ਵੱਧ ਵੱਧ ਕੇ ਹੱਲੇ ਕੀਤੇ ਤੇ ਆਪਣੀ ਜਵਾਨ-ਮਰਦੀ ਦਾ ਸਬੂਤ ਦਿੱਤਾ। ਪਰ ਸਿੰਘ ਇਨ੍ਹਾਂ ਦੇ ਪਾਏ ਘੇਰੇ ਵਿਚ ਰੋਕੇ ਨਾ ਰੁਕੇ। ਜ਼ਮੀਨ ਖ਼ੂਨ ਨਾਲ ਰੰਗੀ ਗਈ। ਹਰਭੱਜ ਰਾਏ, ਨਾਹਰ ਖ਼ਾਂ, ਕਰਮ ਬਖ਼ਸ਼, ਨਵਾਬ ਰਸੂਲ ਨਗਰੀਆ, ਅਸਗ਼ਰ ਖ਼ਾਨ, ਮਖ਼ਮੂਰ ਖ਼ਾਂ ਆਦਿ ਨਾਮੀ ਸੂਰਮੇ ਮਾਰੇ ਗਏ। ਇਸ ਵੇਲੇ ਸਿੰਘਾਂ ਦਾ ਵੀ ਬੜਾ ਜਾਨੀ ਨੁਕਸਾਨ ਹੋਇਆ। ਇਧਰ ਵੀ ਕੋਈ ਕਸਰ ਨਾ ਰਹੀ। ਲਖਪਤ ਰਾਏ ਵਾਲੇ ਪਾਸਿਓਂ ਸ: ਸੁੱਖਾ ਸਿੰਘ ਵੀ ਮੁੜ ਆਏ। ਉਹ ਖ਼ੂਨ ਨਾਲ ਲੱਥ ਪੱਥ ਸੀ, ਪਰ ਚਿਹਰੇ ‘ਤੇ ਪੀੜ ਦਾ ਕੋਈ ਨਿਸ਼ਾਨ ਨਹੀਂ ਸੀ, ਪਹਿਲਾਂ ਵਰਗਾ ਹੀ ਜਲਾਲ ਸੀ।
ਸਿੰਘਾਂ ਦਾ ਵੈਰੀ ਦਲ ਨੂੰ ਚੀਰ ਕੇ ਨਿਕਲ ਜਾਣਾ
ਸਿੱਖ ਸਰਦਾਰਾਂ ਨੇ ਮਤਾ ਪਕਾਇਆ ਕਿ ਹੁਣ ਤਾਂ ਇੱਕੋ ਦਾਉ ਰਹਿ ਗਿਆ ਹੈ ਕਿ ਇਥੇ ਖਲੋ-ਬੱਝ ਕੇ ਨਾ ਲੜਿਆ ਜਾਵੇ। ਜਿਵੇਂ ਵੀ ਹੋ ਸਕੇ, ਵੈਰੀਆਂ ਨੂੰ ਚੀਰ ਕੇ, ਵਿਚਦੀ ਨਿਕਲਣ ਦੀ ਕਰੀਏ ਤੇ ਦਰਿਆ ਟੱਪ ਕੇ ਮਾਲਵੇ ਦੇਸ ਚੱਲ ਵੜੀਏ। ਕੋਈ ਕਹੇ ਕਿ ਚੁਫੇਰੇ ਲੱਖੂ ਨੇ ਤੋਪਾਂ ਬੀੜੀਆਂ ਹੋਈਆਂ ਹਨ, ਕਿਸੇ ਪਾਸੇ ਨਿਕਲ ਸਕਣ ਲਈ ਕੋਈ ਰਾਹ ਜਾਂ ਵਿੱਥ ਨਹੀਂ ਹੈ। ਕੋਈ ਕਹੇ ਕਿ ਧਾਹ ਕੇ ਦਰਿਆ ਵਿਚ ਚੱਲ ਵੜੋ ਤੇ ਘੋੜਿਆਂ ਤੋਂ ਉਤਰ ਕੇ ਅਯਾਲ (ਘੋੜੇ ਦੀ ਧੌਣ ਦੇ ਵਾਲ) ਫੜ ਕੇ ਤਰ ਕੇ ਪਾਰ ਹੋ ਜਾਈਏ। ਕੋਈ ਸਲਾਹ ਦੇਵੇ ਕਿ ਜਿਸ ਪਾਸੇ ਫ਼ੌਜ ਥੋੜ੍ਹੀ ਹੈ, ਉਸ ਪਾਸੇ ਨੂੰ ਨਿਕਲ ਚੱਲੀਏ। ਕਿਸੇ ਨੇ ਇਹ ਰਾਏ ਦਿੱਤੀ ਕਿ ਮੁੜ ਪਹਾੜੀ ਹੀ ਚੜ੍ਹੋ। ਇਹ ਗੱਲਾਂ ਸੁਣ ਕੇ ਸ: ਸੁੱਖਾ ਸਿੰਘ ਜੀ ਨੇ ਕਿਹਾ ਕਿ ਸਭ ਕਮਜ਼ੋਰ ਦਲੀਲਾਂ ਹਨ, ਤੇ ਇਨ੍ਹਾਂ ਨੂੰ ਇਥੇ ਹੀ ਛੱਡੋ। ਹੁਣ ਸਿੱਧਾ ਹੋ ਕੇ ਡਟੋ ਤੇ ਦੁਸ਼ਮਣ ਦੇ ਨਾਲ ਮੱਥਾ ਜੋੜੋ। ਆਉ ਮੈਂ ਅੱਗੇ ਲੱਗਦਾ ਹਾਂ, ਜਾਨਾਂ ਪਿਆਰੀਆਂ ਨਾ ਕਰੋ, ਸਗੋਂ ਤਲੀ ’ਤੇ ਟਿਕਾ ਕੇ ਮੇਰੇ ਮਗਰ ਆਉ। ਇਹ ਕਹਿ ਕੇ ਘੋੜਾ ਛੇੜ ਕੇ ਉਹ ਮੂਹਰੇ ਹੋਏ ਤੇ ਕਸੀਸ ਵੱਟ ਕੇ ਜ਼ੋਰਦਾਰ ਧਾਵਾ ਬੋਲ ਦਿੱਤਾ, ਵੈਰੀ ਨੂੰ ਇਸ ਦੀ ਉਮੀਦ ਹੀ ਨਹੀਂ ਸੀ। ਇਸ ਅਚਨਚੇਤ ਹੱਲੇ ਨੇ ਦੁਸ਼ਮਣ ਦੀਆਂ ਸਫ਼ਾਂ ਖਿੰਡਾ ਦਿੱਤੀਆਂ। ਸਿੰਘਾਂ ਦੀ ਤਲਵਾਰ ਨੇ ਕਾਲ ਦਾ ਰੂਪ ਧਾਰ ਲਿਆ। ਉਹ ਵੈਰੀ ਨੂੰ ਮਾਰਦੇ ਕੱਟਦੇ ਚੀਰਦੇ ਹੋਏ ਦੁਸ਼ਮਣਾਂ ਦੀਆਂ ਤੋਪਾਂ ਤੇ ਸੈਨਿਕਾਂ ਦੇ ਸੰਘਣੇ ਪਰ੍ਹਿਆਂ ਵਿਚ ਦੀ ਨਿਕਲ ਗਏ। ਜਿਨ੍ਹਾਂ ਦੇ ਘੋੜੇ ਜ਼ਖ਼ਮੀ ਸਨ ਜਾਂ ਆਪ ਘਾਇਲ ਸਨ, ਉਹ ਪਿੱਛੇ ਰਹਿ ਗਏ ਤੇ ਵੈਰੀ ਨੇ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ’ਤੇ ਹੱਲਾ ਬੋਲ ਦਿੱਤਾ। ਜਿਹੜਾ ਵੀ ਸਿੰਘ ਵੈਰੀ ਦੇ ਹੱਥ ਆਇਆ, ਕਤਲ ਕੀਤਾ ਗਿਆ। ਜਿਸ ਪਾਸੇ ਨੂੰ ਸ: ਸੁੱਖਾ ਸਿੰਘ ਜੀ ਨਿਕਲੇ ਸਨ, ਉਨ੍ਹਾਂ ਦੇ ਮਗਰ ਲਖਪਤ ਵੀ ਲੱਗ ਤੁਰਿਆ। ਪੁੱਤਰ ਦੀ ਮੌਤ ਨੇ ਉਸ ਨੂੰ ਹੋਰ ਵੀ ਕਰੋਧ ਚੜ੍ਹਾਅ ਦਿੱਤਾ ਸੀ, ਪਰ ਉਹ ਸਿੰਘਾਂ ਨੂੰ ਰੋਕ ਨਾ ਸਕਿਆ। ਉਹ ਲੜਦੇ ਭਿੜਦੇ ਅੱਗੇ ਨਿਕਲ ਗਏ ਤੇ ਝੱਲ ਬੇਲੇ ਵਿਚ ਜਾ ਵੜੇ।
ਹੁਣ ਰਾਤ ਪੈ ਗਈ ਸੀ ਤੇ ਸਿੰਘ ਬੇਲੇ ਵਿਚ ਗ਼ਾਇਬ ਹੋ ਚੁੱਕੇ ਸਨ। ਪਿੱਛੇ ਆ ਰਹੀ ਵੈਰੀ ਸੈਨਾ ਸਿੰਘਾਂ ਨੂੰ ਹੱਥੋਂ ਨਿਕਲ ਗਿਆ ਜਾਣ, ਨਿਰਾਸ਼ ਹੋ ਕੇ ਵਾਪਸ ਮੁੜ ਆਈ। ਇਸ ਦਿਨ ਸਿੰਘਾਂ ਦਾ ਵੀ ਬਹੁਤ ਨੁਕਸਾਨ ਹੋਇਆ ਸੀ। ਇਸ ਤੋਂ ਪਹਿਲਾਂ ਖ਼ਾਲਸੇ ਦਾ ਇਕ ਦਿਨ ਵਿਚ ਕਦੀ ਏਨਾ ਨੁਕਸਾਨ ਨਹੀਂ ਸੀ ਹੋਇਆ। ਸਿੰਘਾਂ ਨੇ ਇਸ ਘਟਨਾ ਨੂੰ ਘੱਲੂਘਾਰੇ ਦਾ ਨਾਂ ਦਿੱਤਾ। ਇਹ ਪਹਿਲਾ ਘੱਲੂਘਾਰਾ ਸੀ। ਇਹ ਵਾਕਿਆ ਦੋ ਜੇਠ 1803 ਬਿਕ੍ਰਮੀ ਦਾ ਹੈ।
ਸਿੰਘਾਂ ਨੇ ਰਾਤ ਸਮੇਂ ਪਰਤ ਕੇ ਫੇਰ ਹੱਲਾ ਬੋਲਿਆ
ਸੰਘਣੀ ਝੱਲ ਅੰਦਰ ਸਿੰਘ ਕਾਫ਼ੀ ਦੂਰ ਤੱਕ ਚਲੇ ਗਏ ਸਨ। ਪਿੱਛੇ ਆ ਰਹੇ ਸਿੰਘਾਂ ਨੂੰ ਰਾਤ ਦੇ ਅੰਨ੍ਹੇਰੇ ਵਿਚ ਗੁਪਤ ਇਸ਼ਾਰਿਆਂ ਰਾਹੀਂ ਸੇਧ ਦੇ ਕੇ ਆਪਣੇ ਟਿਕਾਣੇ ਪਾਸ ਬੁਲਾ ਲਿਆ। ਦਲ ਦੀ ਗਿਣਤੀ ਬਹੁਤ ਘੱਟ ਗਈ ਸੀ, ਕਿਉਂਕਿ ਅੱਜ ਦੇ ਘੋਰ ਯੁੱਧ ਵਿਚ ਬਹੁਤ ਸਾਰੇ ਸਿੰਘ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਕੁਝ ਪਹਾੜੀਂ ਚੜ੍ਹਦੇ ਹੋਏ ਪਹਾੜੀਆਂ ਹੱਥੋਂ ਗੋਲੀਆਂ, ਪੱਥਰਾਂ ਤੇ ਤੀਰਾਂ ਨਾਲ ਸ਼ਹੀਦ ਹੋ ਗਏ, ਕਈ ਪਹਾੜੋਂ ਦਰਿਆ ਵਿਚ ਡਿੱਗ ਕੇ ਜਾਨਾਂ ਨਿਛਾਵਰ ਕਰ ਗਏ ਸਨ, ਅਤੇ ਚੋਖੇ ਸਿੰਘ ਘਾਇਲ ਹੋ ਚੁੱਕੇ ਸਨ। ਭਾਵੇਂ ਇਸ ਗਹਿਗੱਚ ਯੁੱਧ ਵਿਚ ਕਿਸੇ ਇਕ ਧਿਰ ਦੀ ਦੋ ਟੁਕ ਜਿੱਤ ਨਹੀਂ ਸੀ ਹੋਈ, ਪਰ ਫਿਰ ਵੀ ਲਖਪਤ ਦਾ ਪੱਲਾ ਭਾਰੀ ਹੀ ਰਿਹਾ ਸੀ। ਸੂਰਜ ਡੁੱਬਣ ਤਕ ਲੋਹੇ ਨਾਲ ਲੋਹਾ ਖੜਕਦਾ ਰਿਹਾ ਸੀ ਤੇ ਦੁਵੱਲੇ ਉੱਚੀ ਉੱਚੀ ‘ਫੜ ਲੌ, ਜਾਵੇ ਨਾ’ ਦੇ ਲਲਕਾਰੇ ਵੱਜਦੇ ਰਹੇ ਸਨ। ਰਾਤ ਦੇ ਪਸਰ ਰਹੇ ਅੰਨ੍ਹੇਰੇ ਨੇ ਹੁਣ ਦੋਹਾਂ ਧਿਰਾਂ ਨੂੰ ਵੱਖੋ ਵੱਖ ਕਰ ਦਿੱਤਾ ਸੀ। ਇਸ ਅੰਨ੍ਹੇਰੇ ਦਾ ਫ਼ਾਇਦਾ ਉਠਾ ਕੇ ਸਿੰਘਾਂ ਨੇ ਆਪਣੇ ਆਪ ਨੂੰ ਸ਼ਤਰੂ ਤੋਂ ਦੂਰ ਦੁਰੇਡੇ ਲੈ ਜਾਣ ਦੀ ਨਹੀਂ ਸੋਚੀ। ਉਹ ਇਸ ਅਸਾਵੀਂ ਤੇ ਅਸੁਖਾਵੀਂ ਸਥਿਤੀ ਵਿਚ ਆਪਣੇ ਵੈਰੀ ‘ਤੇ ਕਾਰੀ ਸੱਟ ਮਾਰਨ ਦੀ ਸੋਚ ਰਹੇ ਸਨ। ਦੂਜੇ ਪਾਸੇ ਲਖਪਤ ਮਨ ਵਿਚ ਖ਼ੁਸ਼ ਸੀ ਕਿ ਅਧਮੋਏ ਹੋ ਚੁੱਕੇ ਵੈਰੀ ਨੂੰ ਦਿਨ ਚੜ੍ਹਦੇ ਨਾਲ ਘੇਰ ਕੇ ਝੱਲ ਵਿਚ ਹੀ ਸਮਾਪਤ ਕਰ ਦਿੱਤਾ ਜਾਵੇਗਾ। ਆਪਣੀ ਅੱਜ ਦੀ ਇਸ ਕਾਫ਼ੀ ਵੱਡੀ ਕਾਮਯਾਬੀ ਦੇ ਨਸ਼ੇ ਵਿਚ ਆਪਣੇ ਮੁਸਾਹਿਬ ਅਫ਼ਸਰਾਂ ਤੇ ਜੰਗੀ ਸੂਰਮਿਆਂ ਨੂੰ ਇਥੋਂ ਤਕ ਕਹਿ ਗਿਆ ਕਿ ‘ਜੇ ਅੰਨ੍ਹੇਰਾ ਨਾ ਹੋ ਗਿਆ ਹੁੰਦਾ ਤਾਂ ਇਸ ਉਸ਼ਟੰਡ ‘ਖ਼ਾਲਸਾ ਪੰਥ’ ਲਈ ਇਹ ਆਖ਼ਰੀ ਦਿਨ ਹੋਣਾ ਸੀ। ਅੱਜ ਦਾ ਸੂਰਜ ਇਨ੍ਹਾਂ ਵਾਸਤੇ ਹਮੇਸ਼ਾ ਲਈ ਛਿਪ ਜਾਂਦਾ। ਅੱਛਾ ! ਇਕ ਰਾਤ ਹੋਰ ਜੀਉਂ ਲੈਣ। ਕੱਲ੍ਹ ਵਾਲਾ ਦਿਨ ਇਨ੍ਹਾਂ ਲਈ ਆਖ਼ਰੀ ਦਿਨ ਹੋਵੇਗਾ। ਇਹ ਝੱਲ ਇਨ੍ਹਾਂ ਦੀਆਂ ਲੋਥਾਂ ਨਾਲ ਅੱਟ ਦਿਆਂਗਾ।” ਦੂਜੇ ਪਾਸੇ ਸਿੰਘਾਂ ਜਦ ਇਕ ਦੂਜੇ ਦੇ ਫੱਟ ਬੰਨ੍ਹ ਲਏ ਤਾਂ ਘੋੜਿਆਂ ਦੀਆਂ ਮਾਲਸ਼ਾਂ ਕਰ ਕੇ ਉਨ੍ਹਾਂ ਨੂੰ ਤੇ ਆਪ ਨੂੰ ਤਾਜ਼ਾ ਦਮ ਕਰ ਲਿਆ। ਸਾਰਾ ਦਿਨ ਦੋਵੇਂ ਧਿਰਾਂ ਇਕ ਦੂਜੇ ਨੂੰ ਮੁਕਾ ਦੇਣ ਦੀ ਧਾਰ ਕੇ ਟੱਕਰੇ ਰਹੇ। ਸਿਰ ਤੇ ਸਰੀਰਾਂ ਦੇ ਹੋਰ ਅੰਗ ਝੜ ਝੜ ਡਿੱਗਦੇ ਰਹੇ। ਤੀਰਾਂ, ਗੋਲੀਆਂ ਤੇ ਗੋਲਿਆਂ ਦੀ ਵਰਖਾ ਹੁੰਦੀ ਰਹੀ ਸੀ। ਮੁਗ਼ਲ ਫ਼ੌਜਾਂ ਲਈ ਸਰਕਾਰੀ ਪ੍ਰਬੰਧ ਤਹਿਤ ਹਰ ਸੁੱਖ ਸਹੂਲਤ ਮੌਜੂਦ ਸੀ। ਉਨ੍ਹਾਂ ਦੇ ਜ਼ਖ਼ਮੀ ਸੰਭਾਲੇ ਗਏ। ਦੂਸਰਿਆਂ ਲੇਹੜ ਕੇ ਰਸਦਾਂ ਖਾਧੀਆਂ। ਪਰ ਸਿੰਘਾਂ ਪਾਸ ਇਸ ਅੰਨ੍ਹੇਰੇ ਵਿਚ ਖਾਣ ਨੂੰ ਕੀ ਸੀ। ਉੱਤੋਂ ਝੱਲ ਦਾ ਮੱਛਰ ਉਨ੍ਹਾਂ ਨੂੰ ਵੱਢ ਵੱਢ ਖਾ ਰਿਹਾ ਸੀ। ਜ਼ਖ਼ਮਾਂ ਤੇ ਭੁੱਖ-ਤੇਹ ਨੂੰ ਨਾ ਗੌਲਦੇ ਹੋਏ ਅਕਾਲ ਪੁਰਖ ਦਾ ਕੋਟਿ ਕੋਟਿ ਧੰਨਵਾਦ ਕਰ ਰਹੇ ਸਨ ਕਿ ਉਸ ਦੇ ਭਾਣੇ ਵਿਚ ਦਿਨ ਸੁਖ ਦਾ ਬਤੀਤ ਹੋਇਆ ਹੈ। ਜੋਦੜੀ ਕੀਤੀ ਗਈ ਕਿ ਚਾਰ ਪਹਿਰ ਰਾਤ ਤੇਰੇ ਭਾਣੇ ਵਿਚ ਸੁਖ ਦੇ ਗੁਜ਼ਰੇ। ਜਦ ਸਿੰਘਾਂ ‘ਸਤਿ ਸ੍ਰੀ ਅਕਾਲ’
ਦਾ ਜੈਕਾਰਾ ਗਜਾਇਆ ਤਾਂ ਪਹਿਰ ਰਾਤ ਜਾ ਚੁੱਕੀ ਸੀ।
ਸ: ਸੁੱਖਾ ਸਿੰਘ, ਜੋ ਅਜੇ ਵੀ ਘੋੜੇ ਉੱਤੇ ਹੀ ਸੀ ਤੇ ਲੱਤ ਉਸੇ ਤਰ੍ਹਾਂ ਹੀ ਕਾਠੀ ਦੇ ਹੱਨੇ ਨਾਲ ਬੱਧੀ ਹੋਈ ਸੀ, ਅਤੇ ਸ: ਜੱਸਾ ਸਿੰਘ ਆਹਲੂਵਾਲੀਏ ਨੇ ਸਿੰਘਾਂ ਨੂੰ ਕਿਹਾ—ਖ਼ਾਲਸਾ ਜੀ, ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤੇ ਬੜਾ ਸੋਹਣਾ ਮੌਕੇ ਬਖ਼ਸ਼ਿਆ ਹੈ। ਸੋ ਇਸ ਤੋਂ ਭਰਪੂਰ ਲਾਭ ਉਠਾਉਣ ਲਈ ਵੈਰੀਆਂ ਨੂੰ ਹੱਥ ਵਿਖਾਉਣ ਦਾ ਹੁਣ ਵੇਲਾ ਹੈ। ਸਾਨੂੰ ਹਰਨ ਹੋ ਗਏ ਵੇਖ ਕੇ ਇਸ ਨੂੰ ਆਪਣੀ ਜਿੱਤ ਸਮਝ ਕੇ ਨਿਸਚਿੰਤ ਹੋ ਕੇ ਖਾ ਪੀ ਕੇ ਸੌਂ ਗਏ ਹਨ । ਹੁਣ ਥਕਾਵਟ ਤੇ ਊਂਘ ਨੇ ਉਨ੍ਹਾਂ ਨੂੰ ਦਬਾਇਆ ਹੋਇਆ ਹੈ। ਸਾਡੇ ਵੱਲੋਂ ਉਹ ਬਿਲਕੁਲ ਬੇਫ਼ਿਕਰ ਹੋ ਚੁੱਕੇ ਹਨ। ਅਗਲੇ ਸਫ਼ਰ ਨੂੰ ਤੈਅ ਕਰਨ ਤੇ ਜੰਗ ਜਾਰੀ ਰੱਖਣ ਲਈ ਹੁਣ ਅਚਨਚੇਤ ਹੱਲਾ ਕਰ ਕੇ ਉਨ੍ਹਾਂ ਪਾਸੋਂ ਘੋੜੇ ਤੇ ਸ਼ਸਤਰ ਸੌਖੇ ਹੀ ਲਿਆ ਸਕਾਂਗੇ। ਇਹ ਰਾਏ ਸਾਰਿਆਂ ਸਿੰਘਾਂ ਨੇ ਪਰਵਾਨ ਕਰ ਲਈ। ਸ: ਸੁੱਖਾ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਚੜ੍ਹਤ ਸਿੰਘ ਆਦਿ ਸਰਦਾਰਾਂ ਦੀ ਅਗਵਾਈ ਵਿਚ ਸਾਰੇ ਸਿੰਘ ਅਚਨਚੇਤ ਧਾਵਾ ਕਰ ਕੇ ਨੀਂਦ ਵਿਚ ਗ੍ਰਸੇ ਵੈਰੀਆਂ ‘ਤੇ ਜਾ ਪਏ। ਰਾਤ ਦੇ ਅੰਨ੍ਹੇਰੇ ਵਿਚ ਤੇਗ਼ਾਂ ਲਿਸ਼ਕੀਆਂ ਤੇ ਅਸਮਾਨੀ ਬਿਜਲੀ ਵਾਂਗ ਸਿਰਾਂ ‘ਤੇ ਡਿੱਗੀਆਂ। ਸੁੱਤੇ ਹੋਏ ਸਦਾ ਦੀ ਨੀਂਦ ਸੌਂ ਗਏ। ਨੇਜ਼ੇ ਸੀਨਿਆਂ ਨੂੰ ਪਾੜਦੇ ਹੋਏ ਧਰਤੀ ਵਿਚ ਜਾ ਖੁੱਭੇ। ਖ਼ਾਲਸੇ ਨੇ ਐਸੇ ਫੁਰਤੀਲੇ ਹੱਥ ਮਾਰੇ ਕਿ ਬੇਸ਼ੁਮਾਰਾਂ ਨੂੰ ਚੀਰ ਪਾੜ ਕੇ ਘੋੜੇ ਤੇ ਹਥਿਆਰ ਖਸ ਕੇ ਵੈਰੀ ਦੇ ਸੁਚੇਤ ਹੋਣ ਤੋਂ ਪਹਿਲਾਂ ਹੀ ਹਵਾ ਹੋ ਗਏ। ਪੈਦਲ ਸਿੰਘਾਂ ਨੂੰ ਘੋੜੇ ਤੇ ਸ਼ਸਤਰ ਵੰਡ ਅੱਗੇ ਨੂੰ ਚਾਲੇ ਪਾ ਦਿੱਤੇ। ਸਿੰਘਾਂ ਦੇ ਇਸ ਸ਼ਬਖ਼ੂਨ (ਛਪੋਲ) ਨੇ ਲਖਪਤ ਦਾ ਇਹ ਸੁਪਨਾ ਕਿ ਭਲਕ ਵਾਲੇ ਦਿਨ ਇਨ੍ਹਾਂ ਦਾ ਪੂਰਾ ਫ਼ਸਤਾ ਵੱਢ ਦਿਆਂਗਾ, ਚਕਨਾਚੂਰ ਕਰ ਦਿੱਤਾ। ਪਰ, ਉਹ ਛੇਤੀ ਹੀ ਮਗਰੋਂ ਖੋਜ ਕਰਦਾ ਹੋਇਆ ਸਿੰਘਾਂ ਪਿੱਛੇ ਲੱਗ ਤੁਰਿਆ। ਵੈਰੀ ਸੈਨਾ ਡਿੱਗਿਆਂ ਢੱਠਿਆਂ ਤੇ ਘਾਇਲ ਸਿੰਘਾਂ ਉੱਤੇ ਆਪਣਾ ਗੁੱਸਾ ਕੱਢ ਰਹੀ ਸੀ। ਜੇ ਕਿਤੇ ਦੋ ਚਾਰ ਸਿੰਘ ਹੱਥ ਆ ਜਾਂਦੇ ਤਾਂ ਉਨ੍ਹਾਂ ਨੂੰ ਮਾਰ ਮੁਕਾਉਂਦੇ। ਉਨ੍ਹਾਂ ਦੇ ਸ਼ਹੀਦ ਹੋਏ ਸਰੀਰਾਂ ਦੇ ਟੁਕੜੇ ਟੁਕੜੇ ਕਰ ਕੇ ਆਪਣਾ ਗੱਚ ਕੱਢਦੇ। ਵੈਰੀ ਫ਼ੌਜ ਦੇ ਜਿੰਨੇ ਵੀ ਯੋਧੇ ਦਲੇਰੀ ਕਰ ਕੇ ਅੱਗੇ ਵੱਧ ਕੇ ਝੱਲ ਵਿਚ ਵੜੇ, ਸਿੰਘਾਂ ਤੇਗ਼ਾਂ ਤੇ ਨੇਜ਼ਿਆਂ ਨਾਲ ਝਾੜ ਸੁੱਟੇ।
ਪੈਦਲ ਸਿੰਘਾਂ ਦੇ ਬਚਾਅ ਦੇ ਯਤਨ
ਦੁਸ਼ਮਣ ਪਾਸੋਂ ਖੋਹ ਕੇ ਲਿਆਂਦੇ ਘੋੜਿਆਂ ਨਾਲੋਂ ਪੈਦਲ ਬਹੁਤ ਜ਼ਿਆਦਾ ਸਨ। ਘੋੜਿਆਂ ਵਾਲਿਆਂ ਸਿੰਘਾਂ ਲਈ ਜ਼ਰੂਰੀ ਸੀ ਕਿ ਪੈਦਲ ਵਹੀਰ ਨੂੰ ਬਚਾਅ ਕੇ ਲੈ ਨਿਕਲਣ। ਸਿੱਖ ਸਰਦਾਰਾਂ ਮਤਾ ਪਕਾਇਆ ਕਿ ਵਹੀਰ ਨੂੰ ਅੱਗੇ ਕਰ ਘੋੜਿਆਂ ਵਾਲੇ ਸਿੰਘ ਇਨ੍ਹਾਂ ਦੇ ਪਿੱਛੇ ਤੇ ਸ਼ਤਰੂ ਸੈਨਾ ਦੇ ਮੂਹਰੇ ਹੋ ਜਾਣ। ਵਹੀਰ ਅੱਗੇ ਨੂੰ ਤੁਰੀ ਜਾਵੇ, ਘੋੜ-ਸਵਾਰ ਸਿੰਘ ਪਿੱਛੇ ਮੁੜ ਮੁੜ ਵੈਰੀ ਨਾਲ ਲੜਨ ਤੇ ਮਾਰ ਮਾਰ ਉਨ੍ਹਾਂ ਨੂੰ ਪਿੱਛੇ ਹਟਾਈ ਰੱਖਣ। ਦਾਅ ਬਚਾਅ ਫਿਰ ਅੱਗੇ ਨੂੰ ਤੁਰਨ। ਵੈਰੀ ਨੂੰ ਪਿਆਦਾ ਵਹੀਰ ਦੇ ਨਜ਼ਦੀਕ ਨਾ ਢੁਕਣ ਦੇਣ। ਇਨ੍ਹਾਂ ਛੋਟੇ ਝੱਲਾਂ ਵਿਚ ਦੁਸ਼ਮਣ ਦਾ ਕੱਸ ਪੈ ਜਾਵੇਗਾ ਤਾਂ ਸਾਨੂੰ ਖ਼ਰਾਬ ਕਰਨਗੇ। ਇਸ ਲਈ ਇਨ੍ਹਾਂ ‘ਚੋਂ ਛੇਤੀ ਨਿਕਲ ਜਾਣਾ ਚਾਹੀਦਾ ਹੈ। ਇਕ ਵਾਰ ਵੱਡੇ ਝੱਲਾਂ ਵਿਚ ਜਾ ਵੜੇ ਤਾਂ ਮਾਰ ਮਾਰ ਵੈਰੀਆਂ ਨੂੰ ਸੁਰਤ ਭੁਲਾ ਦਿਆਂਗੇ। ਹੁਣ ਧਾਹ ਕੇ ਵੱਡੇ ਸੰਘਣੇ ਝੱਲਾਂ ਵਿਚ ਘੁਸ ਚੱਲੋ। ਪੈਦਲ ਵਹੀਰ ਨੂੰ ਸਿਰਫ਼ ਇਸੇ ਢੰਗ ਨਾਲ ਬਚਾਇਆ ਜਾ ਸਕਦਾ ਸੀ । ਸੋ ਸਿੰਘ ਚੱਲਦੇ ਚੱਲਦੇ ਪਿੱਛੇ ਮੁੜ ਕੇ ਲੜਦੇ ਸਨ ਤੇ ਲੜਦੇ ਲੜਦੇ ਵਹੀਰ ਨੂੰ ਬਚਾਉਂਦੇ ਹੋਏ ਅਗਾਂਹ ਨੂੰ ਤੁਰੀ ਜਾਂਦੇ मठ।
ਲਖਪਤ ਰਾਏ ਵੀ ਫ਼ੌਜ ਲਈ ਕਾਂਗ ਵਾਂਗ ਚੜ੍ਹਿਆ ਆ ਰਿਹਾ ਸੀ। ਉਸ ਨੇ ਪਿੰਡਾਂ ਦੀਆਂ ਛੇੜਾਂ ਝੱਲਾਂ ਵਿਚ ਵਾੜ ਦਿੱਤੀਆਂ। ਮੂਹਰੇ ਢੋਲ ਵੱਜਦੇ ਤੇ ਮਗਰ ਮਗਰ ਬੰਦੂਕਾਂ, ਸੇਲੇ, ਛਵੀਆਂ, ਕੁਹਾੜੀਆਂ ਤੇ ਤਲਵਾਰਾਂ ਫੜੀ ਪਿੰਡਾਂ ਦੀਆਂ ਮਛਰੀਆਂ ਛੇੜਾਂ ਸਿੰਘਾਂ ਨੂੰ ਝੱਲਾਂ ਵਿਚੋਂ ਇੰਜ ਲੱਭਣ ਲੱਗੀਆਂ ਜਿਵੇਂ ਸ਼ਿਕਾਰੀ ਕੁੱਤੇ ਹਰਨਾਂ ਮਗਰ ਪਏ ਹੁੰਦੇ ਹਨ। ਇਹ ਵੇਲਾ ਸਿੰਘਾਂ ਉੱਤੇ, ਖ਼ਾਸਕਰ ਪੈਦਲ ਵਹੀਰ ਲਈ ਬੜਾ ਔਖ ਦਾ ਵੇਲਾ ਸੀ। ਪਰ ਖ਼ਾਲਸੇ ਨੇ ਸਤਿਗੁਰੂ ਨੂੰ ਧਿਆ ਕੇ ਅੱਗੇ ਵਧੀ ਜਾਂਦਿਆਂ ਮੁੜ ਮੁੜ ਕੇ ਉਹ ਹੱਲੇ ਕੀਤੇ ਕਿ ਮੁਲਖਈਏ ਦੀ ਹੁਰਲ ਹੋ ਗਈ ਤੇ ਐਸੀ ਭਗਦੜ ਮੱਚੀ ਕਿ ਜਿਧਰ ਕਿਸੇ ਦੀਆਂ ਲੱਤਾਂ ਉਸ ਨੂੰ ਲੈ ਗਈਆਂ, ਜਾਨ ਬਚਾਉਣ ਲਈ ਉਧਰ ਹੀ ਭੱਜ ਨਿਕਲਿਆ। ਢੋਲਚੀ ਵੀ ਢੋਲ ਛੱਡ ਨੱਸ ਤੁਰੇ। ਹਰ ਕੋਈ ਚਾਹੇ ਕਿ ਉਹ ਪਿੱਛੇ ਨਾ ਰਹਿ ਜਾਵੇ। ਸੱਟ ਖਾ ਕੇ ਬਿਫਰੇ ਸ਼ੇਰ ਦਾ ਮੁਕਾਬਲਾ ਕਰਨਾ ਕੋਈ ਖੇਡ ਨਹੀਂ ਹੁੰਦੀ। ਜਾਨਾਂ ਤਲੀ ‘ਤੇ ਧਰ ਕੇ ਲੜਨ ਵਾਲਿਆਂ ਦੇ ਸਾਹਮਣੇ ਇਨਾਮ ਦੇ ਲਾਲਚ ਵਿਚ ਪਿੰਡਾਂ ਦੀਆਂ ਛੇੜਾਂ ਅਤੇ ਤਨਖ਼ਾਹਦਾਰ ਸਿਪਾਹੀਆਂ ਨੇ ਕੀ ਅੜਨਾ ਸੀ? ਸਿੰਘਾਂ ਦੇ ਤਲਵਾਰਾਂ ਧੂਹ ਕੇ ਤੇ ਨੇਜ਼ੇ ਸਿੰਨ੍ਹ ਕੇ ਰੋਹ ਵਿਚ ‘ਅਕਾਲ’ ‘ਅਕਾਲ’ ਗਜਾਉਂਦੇ ਇਨ੍ਹਾਂ ਵੱਲ ਹੋਣ ਦੀ ਦੇਰ ਸੀ ਕਿ ਸਭ ਨੂੰ ਮੂਹਰੇ ਮੌਤ ਵਿਖਾਲੀ ਦੇਣ ਲੱਗੀ। ਸਭ ਨੂੰ ਆਪੋ-ਧਾਪੀ ਪੈ ਗਈ ਤੇ ਉਨ੍ਹਾਂ ਨੇ ਜਾਨਾਂ ਬਚਾ ਕੇ ਡਰੇ ਹੋਏ ਭੇਡਾਂ ਦੇ ਇੱਜੜ ਵਾਂਗ ਭੱਜਣ ਦੀ ਕੀਤੀ। ਲਖਪਤ ਤੇ ਉਸ ਦੇ ਅਫ਼ਸਰਾਂ ਬਥੇਰੀ ਹੱਲਾਸ਼ੇਰੀ ਦਿੱਤੀ, ਲਾਲਚ ਤੇ ਡਰਾਵੇ ਵੀ ਦਿੱਤੇ, ਪਰ ਪਿੜੋਂ ਉਖੜਿਆਂ ਦੀ ਕੌਣ ਧੀਰ ਧਰਾਵੇ।
ਸਿੰਘ ਰਾਵੀ ਕੰਢੇ ਕੰਢੇ ਵਾਪਸ ਲਾਹੌਰ ਵੱਲ ਨੂੰ
ਸਿੰਘਾਂ ਦੀ ਮਾਰ ਤੋਂ ਤਰੱਠਿਆ ਹੋਇਆ ਮੁਲਖਈਆ, ਹੁਣ ਸਿੰਘਾਂ ਪਿੱਛੇ ਪੈਣ ਲਈ ਝੱਲ ਵਿਚ ਵੜਨ ਵਾਸਤੇ ਮੂੰਹ ਨਾ ਕਰੇ। ਫ਼ੌਜ ਦੇ ਹੁਣ ਕਾਫ਼ੀ ਸਵਾਰ ਤੇ ਪਿਆਦਾ ਸਿਪਾਹੀ ਝੱਲ ਵਿਚ ਵਾੜੇ ਗਏ। ਧਾੜਾਂ ਨੂੰ ਧੱਕ ਕੇ ਨਾਲ ਕੀਤਾ। ਕਿਸੇ ਦਾ ਦਿਲ ਸਾਥ ਨਾ ਦੇਵੇ ਕਿ ਸੰਘਣੇ ਝੱਲ ਵਿਚ ਅੱਗੇ ਵੱਧ ਕੇ ਸਿੰਘਾਂ ਦੇ ਗਲ ਪਵੇ। ਸਾਰਿਆਂ ਦੀ ਦਿਲੀ ਖ਼ਾਹਿਸ਼ ਸੀ ਕਿ ਝੱਲ ਵਿਚ ਸਿੰਘਾਂ ਤੋਂ ਖ਼ਾਸੀ ਵਿੱਥ ‘ਤੇ ਹੀ ਰਹੇ। ਇਸ ਆਨਾ- ਕਾਨੀ ਵਿਚ ਫ਼ੌਜ ਨੇ ਕਾਫ਼ੀ ਸਮਾਂ ਗੁਆ ਲਿਆ, ਜਿਸ ਤੋਂ ਲਾਭ ਉਠਾ ਕੇ ਸਿੰਘ ਬਹੁਤ ਅੱਗੇ ਵੱਧ ਗਏ ਸਨ। ਲਖਪਤ ਨੇ ਫ਼ੌਜ ਤੇ ਮੁਲਖਈਏ ਨੂੰ ਦਿਲ ਛੱਡੀ ਬੈਠੇ ਵੇਖ ਕੇ ਆਪਣਾ ਹਾਥੀ ਝੱਲ ਵਿਚ ਵਧਾਇਆ ਤੇ ਸਾਰਿਆਂ ਨੂੰ ਕੁਝ ਕਰ ਗੁਜ਼ਰਨ ਲਈ ਡਾਢਾ ਵੰਗਾਰਿਆ। ਇਕ ਵਾਰ ਜੋਸ਼ ਵਿਚ ਨਾਅਰੇ ਗੂੰਜੇ, ਜਵਾਨਾਂ ਦੇ ਸੀਨਿਆਂ ਵਿਚ ਤਿੱਖ ਆਈ ਤੇ ਅੱਗੇ ਵੱਧ ਤੁਰੇ।
ਸਿੰਘ ਰਾਵੀ ਦੇ ਸੱਜੇ ਕੰਢੇ ਸੰਘਣੇ ਝੱਲੋ ਝੱਲ ਲਾਹੌਰ ਵੱਲ ਨੂੰ ਆ ਰਹੇ ਸਨ ਤੇ ਲਖਪਤ ਵੀ ਫ਼ੌਜਾਂ ਨੂੰ ਲਲਕਾਰਦਾ ਹੋਇਆ ਮਗਰੋਂ ਦੱਬੀ ਆ ਰਿਹਾ ਸੀ। ਪੈਦਲ ਵਹੀਰ ਤੇ ਜ਼ਖ਼ਮੀਆਂ ਕਾਰਨ ਸਿੰਘਾਂ ਵਾਸਤੇ ਦੁਸ਼ਮਣ ਨਾਲੋਂ ਕਾਫ਼ੀ ਵਿੱਥ ‘ਤੇ ਰਹਿਣਾ ਔਖਾ ਹੋ ਰਿਹਾ ਸੀ। ਪੈਰੋਂ ਪੈਰ ਇਹ ਵਿੱਥ ਘਟਦੀ ਵੇਖ ਕੇ ਫ਼ੈਸਲਾ ਕੀਤਾ ਕਿ ਰਾਵੀ ਟੱਪ ਕੇ ਖੱਬੇ ਕੰਢੇ ‘ਤੇ ਹੋ ਜਾਈਏ ਤੇ ਇਥੋਂ ਰਿਆੜਕੀ ਅਤੇ ਮਾਝੇ ਵਿਚਦੀ ਲੰਘ ਕੇ ਮਾਲਵੇ ਵਿਚ ਖਿਲਰ ਜਾਈਏ। ਜਦ ਝੱਲ ਵਿਚਦੀ ਹੋ ਕੇ ਦਰਿਆ ਦੇ ਕੰਢੇ ‘ਤੇ ਪੁੱਜੇ ਤਾਂ ਸਿਖਰ ਦੁਪਹਿਰ ਹੋ ਚੁੱਕੀ ਸੀ। ਦੱਭ, ਕਾਹੀ ਤੇ ਸਰਕੜੇ ਦੇ ਤੁਲ੍ਹੇ ਬਣਾ ਕੇ ਪਾਰ ਹੋਣਾ ਆਰੰਭ ਕਰ ਦਿੱਤਾ।
ਫ਼ੌਜ ਸਿੰਘਾਂ ਦੀ ਖੋਜ ਵਿਚ ਮਗਰ ਮਗਰ ਝੱਲ ਅੰਦਰ ਟੱਕਰਾਂ ਮਾਰਦੀ ਆ ਰਹੀ ਸੀ ਕਿ ਸਿੰਘ ਰਾਵੀ ਟੱਪ ਕੇ ਖੱਬੇ ਕੰਢੇ ‘ਤੇ ਹੋ ਗਏ। ਇਨ੍ਹਾਂ ਦੇ ਇੰਜ ਪਾਰ ਹੋ ਜਾਣ ਦੀ ਅਜੇ ਫ਼ੌਜ ਨੂੰ ਖ਼ਬਰ ਨਹੀਂ ਸੀ ਮਿਲੀ। ਹੁਣ ਲਖਪਤ ਦੀ ਫ਼ੌਜ ਤੇ ਸਿੰਘਾਂ ਵਿਚਕਾਰ ਝੱਲ ਅਤੇ ਚੜ੍ਹਿਆ ਹੋਇਆ ਵਹਿੰਦਾ ਦਰਿਆ ਸੀ। ਪਰ ਸਿੰਘਾਂ ਸਿਰੋਂ ‘ਬਿਪਤਾ’ ਟਲਣ ਦੀ ਥਾਂ ਸਗੋਂ ਇਕ ਹੋਰ ਭਿਆਨਕ ਰੂਪ ਧਾਰੀ ਖੜੀ ਸੀ। ਦਰਿਆ ਦੇ ਇਸ ਖੱਬੇ ਕੰਢੇ ਨਾਲ ਢਾਈ ਕੋਹ (ਤਿੰਨ ਕੁ ਮੀਲ) ਦੀ ਇਕ ਤਕੜੀ ਬਰੇਤੀ (ਦਰਿਆਈ ਮੋਟੀ ਰੇਤ ਦੀ) ਸੀ, ਜਿਸ ਦੀ ਰੇਤ ਜੇਠ ਦੀ ਸਿਖਰ ਦੁਪਹਿਰ ਦੀ ਗਰਮੀ ਨਾਲ ਅੰਗਿਆਰਾਂ ਵਾਂਗ ਭੱਖ ਰਹੀ ਸੀ। ਮਾਨੋ ਇਹ ਤਿੰਨ ਮੀਲ ਚੌੜੀ, ਗਰਮੀ ਨਾਲ ਭੱਖ ਰਹੀ ਲੋਹ ਸੀ, ਜਿਸ ਉਪਰ ਦੀ ਸਿੰਘਾਂ ਗੁਜ਼ਰਨਾ ਸੀ; ਤੇ ਗੁਜ਼ਰਨਾ ਵੀ ਇਨ੍ਹਾਂ ਹੁਣੇ ਹੁਣੇ ਸੀ, ਕਿਉਂ ਜੁ ਸੂਰਜ ਨੂੰ ਨੀਵਾਂ ਹੋਣ ਤੇ ਰੇਤ ਦੇ ਕੁਝ ਕੁ ਠੰਢੇ ਹੋਣ ਤਕ ਖਲੋ ਕੇ ਉਡੀਕਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਦੁਸ਼ਮਣ ਮੌਤ ਦਾ ਤੂਫ਼ਾਨ ਬਣ ਕੇ ਮਗਰ ਚੜ੍ਹਿਆ ਆ ਰਿਹਾ ਸੀ। ਸੋ ਇਸ ਅੱਗ ਦੇ ਦਰਿਆ ਵਿਚਦੀ ਹੋ ਤੁਰੇ। ਘੋੜਿਆਂ ਵਾਲੇ ਤਾਂ ਬਿਨਾਂ ਬਹੁਤੀ ਔਖ ਦੇ ਜਿਵੇਂ ਕਿਵੇਂ ਇਸ ਆਫ਼ਤ ਨੂੰ ਚੀਰਦੇ ਹੋਏ ਨਿਕਲ ਗਏ। ਪਰ ਪੈਦਲ ਸਿੰਘਾਂ ਦੇ ਨੰਗੇ ਵਾਹਣੇ ਪੈਰ ਸੜ ਸੜ ਭੜਥਾ ਹੋ ਗਏ ਤੇ ਉਹ ਲੱਗੇ ਫੁੜਕ ਫੁੜਕ ਢੇਰੀ ਹੋਣ। ਜ਼ਖ਼ਮੀ ਜੋ ਹੁਣੇ ਹੁਣੇ ਦਰਿਆ ਵਿਚਦੀ ਲੰਘਾਏ ਸਨ, ਉਹ ਦਰਿਆ ਦਾ ਪਾਣੀ ਲੱਗਣ ਨਾਲ ਫੱਟਾਂ ਵਿਚ ਚੀਸਾਂ ਪੈਣ ਨਾਲ ਬਿਹਬਲ ਹੋਏ ਪਏ ਸਨ, ਹੁਣ ਜਦ ਪੈਰ ਵੀ ਥੱਲਿਓਂ ਮਚਣ ਲੱਗੇ ਤੇ ਉਤੋਂ ਜੇਠ ਦੀ ਕੜਕਦੀ ਧੁੱਪ ਨੇ ਆਪਣਾ ਕਹਿਰ ਢਾਹਿਆ ਤਾਂ ਉਹ ਬੁਰੀ ਤਰ੍ਹਾਂ ਨਿਢਾਲ ਹੋ ਗਏ। ਫੱਟੜ ਵੀ ਨੰਗੇ ਪੈਰੀਂ ਤੇ ਉਨ੍ਹਾਂ ਨੂੰ ਸਹਾਰਾ ਦੇ ਕੇ ਜਾਂ ਚੁੱਕ ਕੇ ਲਈ ਆਉਂਦੇ ਸਿੰਘ ਵੀ ਨੰਗੇ ਪੈਰੀਂ। ਤਨ ਉੱਤੇ ਤਾਂ ਪੂਰੇ ਕੱਪੜੇ ਵੀ ਨਹੀਂ ਸਨ, ਪੈਰੀਂ ਜੋੜੇ ਕਿਥੋਂ! ਕਿਸੇ ਪਾਸ ਵਾਧੂ ਕੱਪੜੇ ਨਹੀਂ ਸਨ। ਇਸ ਬਿਪਤਾ ਮੂੰਹ ਫਸਿਆ ਤਨ ‘ਤੇ ਜੋ ਥੋੜ੍ਹੇ ਬਹੁਤ ਕੱਪੜੇ ਸਨ, ਉਹ ਪਾੜ ਪਾੜ ਕੇ ਪੈਰਾਂ ਨੂੰ ਬੰਨ੍ਹੇ । ਜਦ ਬੈਠ ਕੇ ਪੈਰਾਂ ਦੁਆਲੇ ਕੱਪੜੇ ਬੰਨ੍ਹਣ ਤਾਂ ਹੇਠੋਂ ਪੱਟ ਤੇ ਚਿੱਤੜ ਸੜਨ। ਵੱਡੇ ਵੱਡੇ ਛਾਲੇ ਤੇ ਫਲੂਹੇ ਪੈ ਗਏ ਤੇ ਤੁਰਨੋਂ ਆਰੀ ਹੋ ਗਏ। ਕਈ ਦਿਨਾਂ ਦੇ ਢਿੱਡੋਂ ਭੁੱਖੇ, ਉਨੀਂਦਰਾ, ਥਕਾਵਟ, ਜ਼ਖ਼ਮਾਂ ਨਾਲ ਵਿੰਨ੍ਹੇ ਪਾਟੇ ਸਰੀਰ, ਜੇਠ ਮਹੀਨੇ ਦੀ ਕਹਿਰ ਭਰੀ ਗਰਮੀ ਤੇ ਸਾੜ ਭੁੰਨ ਕੇ ਰੱਖ ਦੇਣ ਵਾਲੀ ਲੋਅ, ਪੈਰਾਂ ਥੱਲੇ ਮੱਘਦੀ ਭੱਠੀ ਵਾਂਗ ਹੋਈ ਬਰੇਤੀ, ਪਿੱਛੇ ਪੱਥਰ-ਦਿਲ ਤੇ ਬੇ-ਰਹਿਮ ਵੈਰੀ ਹੈ, ਜੋ ਮਾਰ ਮੁਕਾਉਣ ਲਈ ਦੱਬੀ ਆ ਰਿਹਾ ਹੈ ਅਤੇ ਅਗਲੀ ਮੰਜ਼ਲ ਦਾ ਕੋਈ ਪਤਾ ਨਹੀਂ ਕਿ ਕਿਥੇ ਅਪੜਨਾ ਹੈ, ਉਥੇ ਕਿਸੇ ਖਲੋਣ ਵੀ ਦੇਣਾ ਹੈ ਕਿ ਨਹੀਂ। ਪਰ ਆਫ਼ਰੀਨ ਹੈ ਸਿੰਘਾਂ ਦੇ ਸਿਰੜ ਦੇ! ਅਕਾਲ ਪੁਰਖ ਉੱਤੇ ਭਰੋਸਾ ਤੇ ‘ਆਪਨੀ ਜੀਤ’ ਦੇ ਨਿਸਚੇ ਉੱਤੇ ਦ੍ਰਿੜ੍ਹ ਕਸੀਸ ਵੱਟ ਕੇ ਤੁਰੀ ਗਏ ਤੇ ਇਸ ਦੋਜ਼ਖ਼ ਦੀ ਅੱਗ ਦੇ ਦਰਿਆ ਨੂੰ ਪਾਰ ਕਰ ਗਏ।
ਕਿੰਨੇ ਕੁ ਸਿੰਘ ਸ਼ਹੀਦ ਹੋਏ
ਦੋ ਜੇਠ ਸੰਮਤ 1803 ਦਾ ਦਿਨ ਸਿੱਖ ਇਤਿਹਾਸ ਵਿਚ ਪਹਿਲਾ ਦਿਨ ਸੀ ਜਦ ਕਿਸੇ ਇੱਕੋ ਦਿਨ ਏਨੀ ਵੱਡੀ ਗਿਣਤੀ ਵਿਚ ਸਿੰਘ ਸ਼ਹੀਦ ਹੋਏ ਹੋਣ। ਜਦ ਲਖਪਤ ਰਾਏ ਨੇ ਲਾਹੌਰੋਂ ਸਿੰਘਾਂ ਵਿਰੁੱਧ ਚੜ੍ਹਾਈ ਕੀਤੀ ਸੀ, ਉਸ ਵੇਲੇ ਕੋਈ ਪੰਦਰਾਂ ਕੁ ਹਜ਼ਾਰ ਸਿੰਘ ਕਾਹਨੂੰਵਾਨ ਦੇ ਛੰਭ ਵਿਚ ਸਨ। ਜੋ ਸਿੰਘ ਇਥੋਂ ਨਿਕਲ ਕੇ ਪੜੋਲ, ਕਠੂਹੇ ਤੇ ਬਸੋਹਲੀ ਦੀਆਂ ਪਹਾੜੀਆਂ ਤੇ ਫਿਰ ਇਥੋਂ ਪਿਛਾਂਹ ਨੂੰ ਹਟੇ, ਫਿਰ ਦੋ ਜੇਠ ਦੇ ਘੋਰ ਯੁੱਧ ਪਿੱਛੋਂ ਦੁਸ਼ਮਣ ਨੂੰ ਚੀਰ ਕੇ ਮੁੜ ਰਾਵੀ ਨੂੰ ਪਾਰ ਕਰ ਕੇ ਬਚ ਕੇ ਸ: ਸੁੱਖਾ ਸਿੰਘ ਦੇ ਜਥੇ ਨਾਲ ਮਾਲਵੇ ਪੁੱਜੇ, ਉਹ ਤਿੰਨ ਕੁ ਹਜ਼ਾਰ ਦੇ ਲਗਪਗ ਸਨ। ਕੁਝ ਦੂਜੇ ਸਿੱਖ ਸਰਦਾਰਾਂ ਨਾਲ ਵੀ ਸਨ। ਕੁਝ ਥੋੜ੍ਹੇ-ਥੋੜ੍ਹੇ ਕਰ ਕੇ ਬਸੋਹਲੀ ਦੀਆਂ ਪਹਾੜੀਆਂ ਤੋਂ ਅੱਗੇ ਪਹਾੜੋਂ ਪਹਾੜ ਹੋ ਕੇ ਬਚ ਨਿਕਲੇ ਹੋਣਗੇ, ਜੋ ਬੇਸ਼ੁਮਾਰ ਕਸ਼ਟ ਸਹਾਰਦੇ ਹੋਏ ਕੀਰਤਪੁਰ ਆਣ ਪੁੱਜੇ ਸਨ। ਇਨ੍ਹਾਂ ਦੀ ਗਿਣਤੀ ਬਹੁਤੀ ਨਹੀਂ ਹੋ ਸਕਦੀ। ਸਾਰੇ ਮਿਲ ਮਿਲਾ ਕੇ ਪੰਜ ਕੁ ਹਜ਼ਾਰ ਦੇ ਕਰੀਬ ਹੋਣਗੇ। ਇਸ ਹਿਸਾਬ ਨਾਲ 9-10 ਹਜ਼ਾਰ ਦੇ ਵਿਚਕਾਰ ਇਸ ਜੰਗ ਵਿਚ ਸ਼ਹੀਦੀਆਂ ਪਾ ਗਏ ਸਨ। ਇਸ ਗਿਣਤੀ ਵਿਚ ਉਹ ਸਿੰਘ ਵੀ ਸਨ, ਜਿਹੜੇ ਬਸੋਹਲੀ ਦੇ ਪਹਾੜੀਆਂ ਦੇ ਫੰਧੇ ਵਿਚ ਫਸੇ ਹੋਏ ਸਨ। ਉਨ੍ਹਾਂ ਨੂੰ ਦੀਵਾਨ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ ਸੀ ਤੇ ਇਨ੍ਹਾਂ ਦੀ ਗਿਣਤੀ ਇਕ ਹਜ਼ਾਰ ਸੀ। ਇਨ੍ਹਾਂ ਨੂੰ ਬੰਦੀ ਬਣਾ ਕੇ ਲਾਹੌਰ ਭੇਜਿਆ ਗਿਆ। ਲਖਪਤ ਰਾਏ ਨੇ ਮੁਹਿੰਮ ਤੋਂ ਵਾਪਸ ਆ ਕੇ ਇਨ੍ਹਾਂ ਸੂਰਮਿਆਂ ਨੂੰ ਖੋਤਿਆਂ ’ਤੇ ਚੜ੍ਹਾਅ ਕੇ ਲਾਹੌਰ ਦੇ ਬਾਜ਼ਾਰਾਂ ਵਿਚ ਫੇਰਿਆ ਤੇ ਆਪਣੇ ਵਲੋਂ ਰੱਜ ਕੇ ਜ਼ਲੀਲ ਕੀਤਾ। ਫਿਰ ਇਹ ਸਾਰੇ ਸਿੱਖ ਦਿੱਲੀ ਦਰਵਾਜ਼ਿਓਂ ਬਾਹਰ ਘੋੜ ਮੰਡੀ (ਬਾਜ਼ਾਰ ਨਖਾਸ-ਅਜੋਕੇ ਵੱਡੇ ਰੇਲਵੇ ਸਟੇਸ਼ਨ ਦੇ ਲਾਗੇ) ਵਾਲੇ ਥਾਂ ‘ਤੇ ਬੜੀ ਬੇਰਹਿਮੀ ਨਾਲ ਤਸੀਹੇ ਦੇ ਦੇ ਕੇ ਕਤਲ ਕਰਵਾ ਦਿੱਤੇ। ਇਹ ਥਾਂ ਸੂਬੇਦਾਰ ਜ਼ਬਰਦਸਤ ਖ਼ਾਨ, ਅਸਲਮ ਖ਼ਾਨ ਤੇ ਅਬਦੁੱਸਮੱਦ ਖ਼ਾਨ ਦੇ ਪੁੱਤਰ ਜ਼ਕਰੀਆ ਖ਼ਾਨ, ਖ਼ਾਨ ਬਹਾਦਰ ਦੇ ਵੇਲੇ ਤੋਂ ਸਿੰਘਾਂ ਦੀ ਕਤਲਗਾਹ ਬਣਿਆ ਰਿਹਾ ਸੀ। ਮੀਰ ਮੰਨੂੰ ਨੇ ਤਾਂ ਪਿੱਛੋਂ ਹੱਦ ਹੀ ਮੁਕਾ ਦਿੱਤੀ ਸੀ। ਉਸ ਨੇ ਏਨੇ ਸਿੱਖ ਮਰਵਾਏ ਸਨ ਕਿ ਉਨ੍ਹਾਂ ਦੇ ਸਿਰਾਂ ਦੇ ਮੁਨਾਰ ਉਸਾਰਦੇ ਰਹੇ, ਖੂਹ ਸਿਰਾਂ ਨਾਲ ਭਰ ਦਿੱਤੇ, ਲਾਸ਼ਾਂ ਦੇ ਢੇਰਾਂ ਦੇ ਢੇਰ ਲੱਗ ਜਾਂਦੇ ਰਹੇ। ਇਸ ਲਈ ਇਹ ਥਾਂ ‘ਸ਼ਹੀਦਗੰਜ’ ਦੇ ਨਾਉਂ ਨਾਲ ਪ੍ਰਸਿੱਧ ਹੋ ਗਿਆ।
ਦੀਵਾਨ ਲਖਪਤ ਰਾਏ ਦੀ ਇਸ ਮੁਹਿੰਮ, ਜਿਸ ਨੂੰ ਉਸ ਨੇ ‘ਖ਼ਾਲਸਾ ਪੰਥ ਦਾ ਨਾਉਂ ਦੁਨੀਆਂ ਤੋਂ ਮਿਟਾ ਦੇਣ’ ਦੀ ਸਹੁੰ ਖਾ ਕੇ ਬੜੀ ਭਾਰੀ ਫ਼ੌਜੀ ਤਿਆਰੀ ਨਾਲ ਆਰੰਭ ਕੀਤਾ ਸੀ, ਵਿਚ ਇਕ ਦਿਨ ਅੰਦਰ ਸਿੰਘਾਂ ਦੇ ਹੋਏ ਏਡੇ ਵੱਡੇ ਜਾਨੀ ਨੁਕਸਾਨ ਦੇ ਕਾਰਨ ਹੀ ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ‘ਪਹਿਲਾ ਘੱਲੂਘਾਰਾ’ ਜਾਂ ‘ਛੋਟਾ ਘੱਲੂਘਾਰਾ’ ਦਾ ਨਾਮ ਦਿੱਤਾ ਗਿਆ।
ਦੂਸਰਾ ਤੇ ਵੱਡਾ ਘੱਲੂਘਾਰਾ ਇਸ ਵਾਕਿਆ ਤੋਂ ਪੌਣੇ ਸੋਲ੍ਹਾਂ (16) ਸਾਲ ਪਿੱਛੋਂ ਕੁੱਪ-ਰਹੀੜੇ ਦੇ ਮੈਦਾਨ ਤੋਂ ਆਰੰਭ ਹੋ ਕੇ ਕੁਤਬਾ ਬਾਹਮਣੀਆਂ, ਮੂਮ, ਗਹਿਲਾਂ ਪਿੰਡਾਂ ਤਕ 28 ਮਾਘ ਸੰਮਤ 1819 ਬਿਕ੍ਰਮੀ, ਮੁਤਾਬਕ 5 ਫ਼ਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹੱਲੇ ਵੇਲੇ ਵਾਪਰਿਆ ਸੀ, ਜਿਸ ਵਿਚ 18-20 ਹਜ਼ਾਰ ਦੇ ਦਰਮਿਆਨ ਵਹੀਰ ਦੇ ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਸਨ। ਇਸ ਵੇਲੇ ਸਿੰਘਾਂ ਵਿਰੁੱਧ ਅਹਿਮਦ ਸ਼ਾਹ ਅਬਦਾਲੀ ਤੇ ਉਸ ਦੀ ਦੁਰਾਨੀ ਫ਼ੌਜ, ਜਿਸ ਵਿਚ ਸ਼ਾਹਵਲੀ ਖ਼ਾਨ ਬਾਮਜ਼ਈ ਤੇ ਜਹਾਨ ਖ਼ਾਨ ਵਰਗੇ ਉੱਘੇ ਜਰਨੈਲ ਸ਼ਾਮਲ ਸਨ, ਨਾਲ ਸਰਹੰਦ ਦੇ ਗਵਰਨਰ ਜ਼ੈਨ ਖ਼ਾਨ ਤੇ ਉਸ ਦੇ ਦੀਵਾਨ ਲਛਮੀ ਨਾਰਾਇਣ ਫ਼ੌਜ ਸਮੇਤ, ਭੀਖਣ ਖ਼ਾਨ ਮਲੇਰਕੋਟਲੀਆ ਤੇ ਕਾਸਮ ਖ਼ਾਨ ਮੜ੍ਹਲ ਅਤੇ ਤਹਿਮਾਸ ਖ਼ਾਨ ਆਪਣੀਆਂ ਫ਼ੌਜਾਂ ਨਾਲ ਅਬਦਾਲੀ ਦੇ ਮਦਦਗਾਰ ਸਨ। ਉਸ ਦਿਨ ਵੀ ਅਹਿਮਦ ਸ਼ਾਹ ਅਬਦਾਲੀ ਦਿਲੋਂ ਧਾਰ ਕੇ ਗਿਆ ਸੀ ਕਿ ਸਿੱਖਾਂ ਦਾ ਖੁਰਾ-ਖੋਜ ਜਹਾਨ ‘ਚੋਂ ਮਿਟਾ ਦੇਣਾ ਹੈ।
ਸਿੰਘਾਂ ਦਾ ਮਾਲਵੇ ਵੱਲ ਨਿਕਲ ਜਾਣਾ
ਜਿਥੋਂ ਸਿੰਘਾਂ ਨੇ ਦਰਿਆ ਟੱਪ ਕੇ ਬਰੇਤੀ ਪਾਰ ਕੀਤੀ, ਉਸ ਤੋਂ ਅੱਗੇ ਚੌਧਰੀ ਰਾਮੇ ਰੰਧਾਵੇ ਦਾ ਇਲਾਕਾ ਸੀ । ਇਹ ਜੱਟ ਸਰਵਰ ਸੁਲਤਾਨੀਆ ਸੀ ਤੇ ਸਿੰਘਾਂ ਨਾਲ ਰੱਬ ਵਾਸਤੇ ਦਾ ਵੈਰ ਸੀ। ਇਹ ਉਨ੍ਹਾਂ ਵਿਰੁੱਧ ਬੜਾ ਵੱਡਾ ਮੁਖ਼ਬਰ ਤੇ ਜ਼ਕਰੀਆ ਖ਼ਾਨ ਦਾ ਡਾਢਾ ਹਮਾਇਤੀ ਸੀ। ਇਸ ਨੇ ਖ਼ਾਨ ਬਹਾਦਰ ਪਾਸ ਮੁਖ਼ਬਰੀ ਕਰ ਕੇ ਕਈ ਵਾਰ ਸਿੰਘ ਫੜਵਾਏ ਅਤੇ ਮਰਵਾਏ ਸਨ। ਇਕੱਲਾ ਦੁਕੱਲਾ ਜੇ ਅਣਭੋਲ ਇਸ ਦੇ ਇਲਾਕੇ ਵਿਚ ਆ ਨਿਕਲਦਾ ਤਾਂ ਉਸ ਨੂੰ ਮਾਰ ਕੇ ਉਸ ਦਾ ਸਿਰ ਜਾਂ ਜਿਉਂਦੇ ਨੂੰ ਬੰਨ੍ਹ ਕੇ ਲਾਹੌਰ ਪਹੁੰਚਾ ਦੇਂਦਾ। ਇਹ ਹੁਣ ਯਾਹੀਆ ਖ਼ਾਨ ਤੇ ਲਖਪਤ ਦਾ ਹਮਾਇਤੀ ਬਣਿਆ ਹੋਇਆ ਸੀ। ਇਸ ਦੇ ਕਠੋਰ ਮਨ ਵਿਚ ਸਿੰਘਾਂ ਪ੍ਰਤਿ ਦਰਦ ਕਿਥੋਂ ਹੋਣਾ ਸੀ ? ਉਨ੍ਹਾਂ ਨੂੰ ਵੀ ਇਸ ਤੋਂ ਕੋਈ ਆਸ ਨਹੀਂ ਸੀ। ਇਸ ਰੰਧਾਵੇ ਜੱਟ ਬਾਰੇ ਤਾਂ ਮਾਝੇ ਦੇ ਸਿੰਘ ਕਿਹਾ ਕਰਦੇ ਸਨ :
ਦੇਸ ਨ ਰਾਮੇ ਕੇ ਤੁਮ ਜਾਈਓ।
ਡੇਲਾ ਬਾਟਾ ਮਾਝੇ ਖਾਈਓ।
[ਅਰਥਾਤ : ਸਿਰੋਂ ਪਰੇ ਬਿਪਤਾ ਆ ਬਣੇ ਤਾਂ ਕਰੀਰਾਂ ਦਾ ਡੇਲਾ, ਬਾਟਾ ਤੇ ਘਾਸ ਪੱਤੇ ਖਾ ਕੇ ਸਿਰ ਪਈ ਕੱਟ ਲੈਣੀ, ਪਰ ਰਾਮੇ ਰੰਧਾਵੇ ਦੇ ਇਲਾਕੇ ਵਿਚ ਨਾ ਜਾਣਾ ।]
ਰਾਮੇ ਨੂੰ ਵੀ ਸੂਹ ਮਿਲ ਚੁੱਕੀ ਸੀ ਤੇ ਉਹ ਵੀ ਆਪਣੀਆਂ ਛੇੜਾਂ ਇਕੱਠੀਆਂ ਕਰ ਰਿਹਾ ਸੀ । ਸਿੰਘ ਵੀ ਜਾਂਦੇ ਜਾਂਦੇ ਇਸ ਦੀ ਸੁੱਖ-ਸਾਂਦ ਪੁੱਛਣਾ ਚਾਹੁੰਦੇ ਸਨ, ਪਰ ਵਹੀਰ ਤੇ ਫੱਟੜਾਂ ਦੇ ਨਾਲ ਹੋਣ ਕਰਕੇ ਉਹ ਬਹੁਤੇ ਸਮੇਂ ਲਈ ਅਟਕ ਨਹੀਂ ਸਨ ਸਕਦੇ। ਇਸ ਲਈ ਉਨ੍ਹਾਂ ਇਕ ਅੱਧ ਦਿਨ ਝੱਲਾਂ ਵਿਚ ਕੱਟਿਆ ਤੇ ਇਕਦਮ ਰਾਮੇ ਦੀਆਂ ਛੇੜਾਂ ਉੱਤੇ ਹੱਲਾ ਬੋਲ ਦਿੱਤਾ। ਕੁਝ ਘੋੜ-ਸਵਾਰ ਸਿੰਘ ਵਹੀਰ ਨੂੰ ਛੇੜਾਂ ਤੋਂ ਪਾਸੇ ਪਾਸੇ ਲੈ ਨਿਕਲੇ ਤੇ ਬਾਕੀ ਘੋੜਿਆਂ ਵਾਲਿਆਂ ਯੋਧਿਆਂ ਨੇ ਇਕੱਠੀਆਂ ਹੋਈਆਂ ਧਾੜਾਂ ਨੂੰ ਤੇਗ਼ਾਂ ਅੱਗੇ ਧਰ ਲਿਆ। ਕਿਸੇ ਮੁਲਖਈਏ ਨੂੰ ਧਿਆਨ ਨਾ ਆਇਆ ਕਿ ਨਾਲ ਵਹੀਰ ਵੀ ਹੈ, ਤੇ ਉਹ ਕਿਸ ਪਾਸੇ ਜਾ ਰਿਹਾ ਹੈ। ਸਿੰਘਾਂ ਨੇ ਪਹਿਰ ਕੁ ਤਕ ਇਨ੍ਹਾਂ ਸਰਕਾਰ ਦੇ ‘ਨਮਕ-ਹਲਾਲਾਂ’ ਨੂੰ ਕਣਕਾਂ ਦਿਆਂ ਵੱਢਾਂ ਵਿਚ ਰੋਲ ਰੋਲ ਮਾਰਿਆ। ਕਈ ਹੱਲੇ ਪਛਾੜੇ। ਮੁਲਖਈਏ ਦੀ ਤਾਂ “ਲਾਲਾ ਲਾਲਾ ਤੇ ਫੜ ਲੌ, ਫੜ ਲੌ” ਹੁੰਦੀ ਹੈ। ਜੰਮ ਕੇ ਲੜ ਮਰਨ ਮਾਰਨ ਵਾਲਾ ਤਾਂ ਇਨ੍ਹਾਂ ਵਿਚ ਹੌਸਲਾ ਨਹੀਂ ਹੁੰਦਾ। ਇਸ ਹਜੂਮ ਨੇ ਬੁਰੀ ਮਾਰ ਖਾਧੀ। ਛੇਕੜ ਜਿਸ ਕਿਸੇ ਦੇ ਜਿਧਰ ਸਿੰਗ ਸਮਾਏ, ਪ੍ਰਾਣ ਬਚਾਉਣ ਲਈ ਨੱਸ ਤੁਰਿਆ। ਰਾਮਾ ਆਪ ਬੁਰੀ ਤਰ੍ਹਾਂ ਫੱਟੜ ਹੋਇਆ ਤੇ ਘੇਸਲ ਮਾਰ ਗਿਆ। ਉਸ ਦੇ ਕਈ ਸੂਰਮੇ, ਸਿੰਘਾਂ ਨੇ ਦੁਫਾੜ ਕਰ ਛੱਡੇ। ਕਿਸੇ ਨੂੰ ਸੁੱਧ ਨਾ ਰਹੀ ਕਿ ਸਿੰਘਾਂ ਦਾ ਤੂਫ਼ਾਨ ਕਿਧਰੋਂ ਆਇਆ ਤੇ ਕਿਧਰ ਚਲਿਆ ਗਿਆ ? ਮੁਲਖਈਆ ਬੱਦਲਾਂ (ਗਰਦ) ਵਾਂਗ ਉੱਡ ਪੁੱਡ ਗਿਆ ਸੀ ਤੇ ਹੁਣ ਰਸਤਾ ਬਿਲਕੁਲ ਸਾਫ਼ ਸੀ। ਉਹ ਸ੍ਰੀ ਹਰਿਗੋਬਿੰਦਪੁਰ ਦੇ ਪੱਤਣ ਵੱਲ ਨੂੰ ਉਲਰ ਪਏ। ਇਥੇ ਪਹੁੰਚੇ ਤਾਂ ਡਿੱਠਾ ਕਿ ਮਲਾਹਾਂ ਨੇ ਬੇੜੀਆਂ ਖਿੱਚ ਲਈਆਂ ਹਨ ਤੇ ਉਹ ਖੱਬੇ ਕੰਢੇ ਵੱਲ ਬਹੁਤ ਥੱਲੇ ਲੈ ਗਏ ਹਨ। ਪਰ ਉਨ੍ਹਾਂ ਗਾਹਣ ਥਾਣੀਂ ਪੈ ਕੇ ਬਿਆਸ ਦਰਿਆ ਪਾਰ ਕਰ ਕੇ ਅੱਗੇ ਵੱਧ ਕੇ ਮੀਰਕੋਟ ਦੀ ਝਿੜੀ ਵਿਚ ਜਾ ਕੇ ਡੇਰਾ ਕੀਤਾ।
ਆਲੇ-ਦੁਆਲੇ ਦਿਆਂ ਪਿੰਡਾਂ ਵਿਚੋਂ ਰਸਦ ਪੱਠਾ ਲਿਆਂਦਾ । ਘੋੜੇ ਚਰਨੇ ਛੱਡ ਦਿੱਤੇ ਤੇ ਆਪ ਲੰਗਰ ਤਿਆਰ ਕਰਨ ਦੇ ਆਹਰ ਵਿਚ ਰੁੱਝ ਗਏ। ਸਿੰਘ ਕਈਆਂ ਦਿਨਾਂ ਦੇ ਭੁੱਖੇ ਸਨ। ਇਸ ਘੋਰ ਯੁੱਧ ਤੇ ਭਾਜੜ ਦੀ ਹਾਲਤ ਵਿਚ ਉਨ੍ਹਾਂ ਪਾਸ ਲੰਗਰ ਤਿਆਰ ਕਰਨ ਲਈ ਕੋਈ ਭਾਂਡਾ ਟੀਂਡਾ ਨਹੀਂ ਸੀ ਤੇ ਨਾ ਹੀ ਮੰਗਿਆਂ ਕੋਈ ਦੇਣ ਨੂੰ ਤਿਆਰ ਸੀ। ਇਸ ਲਈ ਜਿਨ੍ਹਾਂ ਸਿੰਘਾਂ ਪਾਸ ਲੋਹੇ ਦੀਆਂ ਢਾਲਾਂ ਸਨ, ਉਨ੍ਹਾਂ ਢਾਲਾਂ ਉੱਤੇ, ਤੇ ਜਿਨ੍ਹਾਂ ਪਾਸ ਨਹੀਂ ਸਨ, ਉਨ੍ਹਾਂ ਨੇ ਭੋਏਂ ਤਪਾ ਕੇ ਉਸ ’ਤੇ ਪ੍ਰਸ਼ਾਦੇ ਸਜਾਏ। ਅਜੇ ਸਾਰਿਆਂ ਸਿੰਘਾਂ ਪ੍ਰਸ਼ਾਦੇ ਨਹੀਂ ਸਨ ਛਕੇ ਕਿ ਜਲੰਧਰ ਦਾ ਹਾਕਮ ਆਦੀਨਾ ਬੇਗ ਆਪਣੇ ਪਠਾਣਾਂ ਤੇ ਅਲਾਵਲਪੁਰ ਦਿਆਂ ਮੁਸਲਮਾਨਾਂ ਨੂੰ ਨਾਲ ਲੈ ਕੇ ਆਣ ਕੜਕਿਆ। ਉਸ ਦੇ ਲਾਮ-ਲਸ਼ਕਰ ਨੂੰ ਤਾਂ ਸਿੰਘ ਸੋਧ ਕੱਢਦੇ, ਪਰ ਪਿਛੋਂ ਸਿੱਖ ਸੂਹਿਆਂ ਆ ਕੇ ਖ਼ਬਰ ਦਿੱਤੀ ਕਿ ਲਖਪਤ ਵੀ ਆਪਣੀ ਫ਼ੌਜ ਤੇ ਤੋਪਾਂ ਜ਼ੰਬੂਰੇ ਲੈ ਕੇ ਬਿਆਸ ਲੰਘ ਆਇਆ ਹੈ। ਇਸ ਕਰਕੇ ਸਿੰਘਾਂ ਸਬਰ ਦੇ ਘੁੱਟ ਭਰ ਕੇ ਘੋੜਿਆਂ ਦੀਆਂ ਪਿੱਠਾਂ ‘ਤੇ ਹੋ ਕੇ, ਅਲਾਵਲਪੁਰ ਵੱਲ ਦੀ ਵਾਹਰ ਵੱਲ ਤੁਰੰਗ ਸਿੱਧੇ ਕੀਤੇ ਤੇ ‘ਅਕਾਲ’ ‘ਅਕਾਲ’ ਗੁੰਜਾਉਂਦਿਆਂ ਹੋਇਆਂ ਉਨ੍ਹਾਂ ‘ਤੇ ਹੱਲਾ ਬੋਲਿਆ। ਇਕ ਅੱਖ ਦੇ ਪਲਕਾਰੇ ਵਿਚ ਸਿੰਘਾਂ ਮੂਹਰੇ ਇੰਜ ਖਿੰਡ ਪੁੰਡ ਗਏ ਜਿਵੇਂ ਤੇਜ਼ ਹਵਾ ਦੇ ਸਾਹਮਣੇ ਸੁੱਕੇ ਪੱਤੇ । ਸਿੰਘ ਇਥੇ ਜੰਗ ਵਿਚ ਉਲਝਣਾ ਨਹੀਂ ਸਨ ਚਾਹੁੰਦੇ। ਇਨ੍ਹਾਂ ਦੀਆਂ ਪੂਛਾਂ ਚੁਕਾ ਕੇ, ਸਿੰਘ ਆਪ ਦੁਆਬੇ ਵਿਚਦੀ ਹੁੰਦੇ ਹੋਏ ਅਲੀਵਾਲ ਦੇ ਪੱਤਣੋਂ ਸਤਲੁਜ ਪਾਰ ਲੰਘ ਕੇ ਮਾਲਵੇ ਵਿਚ ਜਾ ਵੜੇ। ਅੱਗੇ ਬਰਾੜਾਂ ਦੇ ਦੇਸ਼ ਵਿਚ, ਜਿਥੇ ਜਿਥੇ ਕਿਸੇ ਦੀ ਰਿਸ਼ਤੇਦਾਰੀ ਜਾਂ ਸੂਹ ਸਿਆਣ ਸੀ, ਉਤਰ ਪਏ ਤੇ ਸੁੱਖ ਦਾ ਸਾਹ ਲੈਣ ਲੱਗੇ । ਮਾਲਵੇ ਦੇ ਇਨ੍ਹਾਂ ਪਿੰਡਾਂ ਨੇ ਸਿੰਘਾਂ ਨੂੰ ‘ਜੀ ਆਇਆਂ’ ਆਖਿਆ ਤੇ ਸੇਵਾ ਕੀਤੀ-ਘੱਲ, ਮੋਗਾ, ਜ਼ੀਰਾ, ਚਵਾਰਾ, ਚੜਿੱਕ, ਘੋਲੀਆਂ, ਖੋਸੇ, ਡਰੌਲੀ, ਕੋਟ ਕਪੂਰਾ, ਇੰਦਗੜ੍ਹ, ਢੁੱਡੀਕੇ, ਰੋਡੇ, ਲੰਡੇ, ਬੱਧਣੀ, ਹਿੰਮਤ ਪੁਰ, ਨਹੀਏਕੇ, ਵਿੰਝੂਕੇ, ਸਣੀਯਰ, ਜੈਤੋ, ਭਾਈ ਰੂਪਾ, ਭਾਈ ਭਗਤਾ, ਸੁਖਾਨੰਦ ਆਦਿ ਬਰਾੜਾਂ ਨੇ ਬੜਾ ਪ੍ਰੇਮ ਵਿਖਾਇਆ ਤੇ ਬੜੀ ਟਹਿਲ ਕੀਤੀ।
ਦਲ ਦੇ ਸਰਦਾਰ ਵੱਖ-ਵੱਖ ਥਾਵਾਂ ‘ਤੇ ਜਾ ਟਿਕੇ। ਸ: ਜੱਸਾ ਸਿੰਘ ਕੋਟ ਕਪੂਰੇ ਜਾ ਠਹਿਰਿਆ, ਨਵਾਬ ਕਪੂਰ ਸਿੰਘ ਵਿੰਝੂਕੇ, ਸ: ਹਰੀ ਸਿੰਘ ਦਿਆਲਪੁਰੇ, ਸ: ਚੜ੍ਹਤ ਸਿੰਘ ਪੱਕੇ ਪਥਰਾਲੇ, ਸ: ਦੀਪ ਸਿੰਘ (ਬਾਬਾ ਦੀਪ ਸਿੰਘ ਸ਼ਹੀਦ) ਆਪਣੇ ਸਿੰਘਾਂ ਨੂੰ ਨਾਲ ਲੈ ਕੇ ਲੱਖੀ ਜੰਗਲ ਵੱਲ ਆ ਗਏ ਤੇ ਫਿਰ ਤਲਵੰਡੀ ਸਾਬੋ ਜਾ ਟਿਕੇ। ਇਸ ਤਰ੍ਹਾਂ ਸਿੰਘ ਮਾਲਵੇ ਦਿਆਂ ਪਿੰਡਾਂ ਵਿਚ ਖਿਲਰ ਪੁਲਰ ਗਏ।
ਸ: ਸੁੱਖਾ ਸਿੰਘ ਜੀ ਨੇ ਜੈਤੋ ਜਾ ਕੇ ਕਮਰਕੱਸਾ ਖੋਲ੍ਹ ਲਿਆ ਤੇ ਪੰਜ ਦਿਨਾਂ ਪਿੱਛੋਂ ਲੱਤ ਦੀ ਮਾਲਸ਼ ਕਰਵਾਈ। ਛੇ ਕੁ ਮਹੀਨਿਆਂ ਤਕ ਤਾਂ ਇਹ ਸੂਰਮਾ ਮੰਜੇ ‘ਤੇ ਹੀ ਰਿਹਾ। ਇਥੇ ਸਿੰਘਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸੇਵਾ ਕੀਤੀ । ਫਿਰ ਜਦ ਤਕੜਾ ਹੋ ਗਿਆ ਤਾਂ ਪਹਿਲਾਂ ਵਾਂਗ ਹੀ ਮੂਹਰਲੀਆਂ ਸਫ਼ਾਂ ਵਿਚ ਹੋ ਕੇ ਮੁਹਿੰਮਾਂ ਮਾਰਨ ਲੱਗੇ।
ਪਹਾੜੀਆਂ ਵੱਲ ਵਧਣ ਵਾਲੇ ਸਿੰਘਾਂ ਨਾਲ ਕੀ ਬੀਤੀ
ਪੜੋਲ, ਕਠੂਹੇ ਤੇ ਬਸੋਹਲੀ ਦੀਆਂ ਪਹਾੜੀਆਂ ਵੱਲ ਵਧਣ ਵਾਲੇ ਸਿੰਘਾਂ ਨਾਲ ਕੀ ਬੀਤੀ, ਉਨ੍ਹਾਂ ਬਾਰੇ ਦੱਸਣਾ ਵੀ ਜ਼ਰੂਰੀ ਹੈ । ਕਾਹਨੂੰਵਾਨੋਂ ਸਿੰਘ ਇਹ ਸੋਚ ਕੇ ਨਿਕਲੇ ਸਨ ਕਿ ਰਾਵੀ ਟੱਪ ਕੇ ਪੜੋਲ, ਕਠੂਹੇ ਵੱਲ ਪਹਾੜੀਆਂ ਦੇ ਇਲਾਕੇ ਵਿਚ ਨਿਕਲ ਚੱਲੀਏ। ਉਨ੍ਹਾਂ ਉੱਤੇ ਖ਼ਾਲਸੇ ਦੇ ਬੜੇ ਇਹਸਾਨ ਹਨ ਤੇ ਸੰਭਵ ਹੈ ਕਿ ਇਸ ਭੀੜ ਦੇ ਸਮੇਂ ਉਹ ਦਿਨ ਕਟੀ ਲਈ ਆਸਰਾ ਦੇਣਗੇ। ਪੜੋਲ ਕਠੂਹੇ ਦੀ ਲੜਾਈ ਸਮੇਂ ਬਹੁਤ ਸਾਰੇ ਪੈਦਲ ਸਿੰਘ ਪਹਾੜਾਂ ਵੱਲ ਵਧੇ ਸਨ ਕਿ ਪਹਾੜੀਂ ਚੜ੍ਹ ਕੇ ਲਖਪਤ ਦੀ ਫ਼ੌਜ ਦੀ ਮਾਰ ਤੋਂ ਪਰੇਡੇ ਨਿਕਲ ਚੱਲੀਏ। ਇਨ੍ਹਾਂ ਵਿਚੋਂ ਬਹੁਤੇ ਤਾਂ ਪਹਾੜਾਂ ’ਤੇ ਚੜ੍ਹਨ ਤੋਂ ਪਹਿਲਾਂ ਹੀ ਸ਼ਹੀਦ ਹੋ ਗਏ ਸਨ। ਪਰ ਜਿਹੜੇ ਉਪਰ ਚੜ੍ਹ ਜਾਣ ਵਿਚ ਸਫਲ ਹੋ ਗਏ, ਉਨ੍ਹਾਂ ਨੂੰ ਪਹਾੜੀਆਂ ਨੇ ਰੱਸਿਆਂ ਨਾਲ ਰੋਕ ਕੇ ਪਹਾੜਾਂ ਤੋਂ ਹੇਠਾਂ ਖੱਡਾਂ ਜਾਂ ਦਰਿਆ ਵਿਚ ਠੇਲ੍ਹ ਦਿੱਤਾ ਤੇ ਇਸ ਤਰ੍ਹਾਂ ਮਾਰ ਖਪਾਇਆ। ਕਈਆਂ ਨੂੰ ਗਲਾਂ ਵਿਚ ਫੰਧੇ ਪਾ ਕੇ ਫਸਾ ਲਿਆ ਤੇ ਇਨਾਮ ਦੀ ਖ਼ਾਤਰ ਲਖਪਤ ਦੇ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ। ਫਿਰ ਵੀ ਕੁਝ ਕੁ ਲੜਦੇ ਭਿੜਦੇ ਪਹਾੜਾਂ ‘ਤੇ ਚੜ੍ਹੀ ਗਏ ਤੇ ਪਹਾੜੋਂ-ਪਹਾੜੀ ਅੱਗੇ ਨੂੰ ਹੋ ਤੁਰੇ। ਪਹਾੜੀਏ ਤਾਂ ਭਾਵੇਂ ਉਨ੍ਹਾਂ ਨੂੰ ਫੜ ਨਾ ਸਕੇ, ਪਰ ਭੁੱਖ ਨੇ ਉਨ੍ਹਾਂ ਨੂੰ ਡਾਢਾ ਲਾਚਾਰ ਕੀਤਾ। ਉਨ੍ਹਾਂ ਨੂੰ ਖਾਣ-ਪੀਣ ਨੂੰ ਤਾਂ ਕਿਸੇ ਕੀ ਦੇਣਾ ਸੀ, ਲਾਗੇ ਵੀ ਨਾ ਢੁਕਣ ਦੇਣ। ਜਦ ਕੋਈ ਚੀਜ਼ ਮੁੱਲ ਨਾਲ ਵੀ ਨਾ ਮਿਲੇ ਤਾਂ ਇਨਸਾਨ ਕਿਧਰ ਨੂੰ ਜਾਵੇ। ਜਦ ਭੁੱਖ ਹੱਥੋਂ ਆਤੁਰ ਹੋ ਗਏ ਤਾਂ ਮਜਬੂਰ ਹੋ ਕੇ ਲੁੱਟ-ਮਾਰ ਕਰਨ ਲੱਗੇ। ਹੁਣ ਆਲੇ-ਦੁਆਲੇ ਦੇ ਪਹਾੜੀਏ ਇਕੱਠੇ ਹੋ ਕੇ ਉਨ੍ਹਾਂ ਦੇ ਖੱਤੇ ਪੈ ਗਏ। ਉਨ੍ਹਾਂ ਲਈ ਡਾਢੀ ਮੁਸੀਬਤ ਬਣ ਗਈ। ਸਿੰਘਾਂ ਵਾਸਤੇ ਦਿਨੇ ਤੁਰਨਾ ਮੁਸ਼ਕਲ ਹੋ ਗਿਆ। ਰਾਤ ਦੇ ਸਮੇਂ ਅੰਨ੍ਹੇਰੇ ਵਿਚ ਨਾ ਵੇਖੇ ਡਿੱਠੇ ਪਹਾੜਾਂ ਉਤੋਂ ਦੀ ਤੇ ਖੱਡਾਂ ਵਿਚਦੀ ਲੰਘਣਾ ਬਹੁਤ ਹੀ ਕਠਿਨ ਸੀ। ਢਿੱਡੋਂ ਭੁੱਖੇ, ਨੰਗੇ ਪੈਰ ਤੇ ਨੰਗੇ ਪਿੰਡੇ। ਅੰਨ੍ਹੇਰੇ ਵਿਚ ਪੱਥਰਾਂ ਤੋਂ ਡਿੱਗ ਡਿੱਗ ਕੇ ਕਈਆਂ ਦੇ ਲੱਤਾਂ ਗੋਡੇ ਤੇ ਹੱਥ ਪੈਰ ਜ਼ਖ਼ਮੀ ਹੋ ਗਏ ਸਨ। ਰਾਤ ਫਿਰ ਵੀ ਸੁਖਾਲੀ ਸੀ, ਪਰ ਦਿਨ ਉਨ੍ਹਾਂ ਲਈ ਪੁੱਜ ਕੇ ਮਾਰੂ ਹੁੰਦਾ ਸੀ । ਸਾਰਾ ਦਿਨ ਲੁੱਕ ਛਿਪ ਕੇ ਕੱਟਦੇ। ਨਾ ਕੋਈ ਦਰਦੀ, ਨਾ ਕੋਈ ਯਾਰ! ਕੋਈ ਲਾਗੇ ਵੀ ਨਾ ਢੁਕਣ ਦੇਵੇ। ਜੇ ਕਿਤੇ ਲੁਕੇ ਹੋਏ ਦਿੱਸ ਪੈਣ ਤਾਂ ਪਹਾੜੀਏ ਉੱਚੀ ਉੱਚੀ ਕੂਕ ਕੇ ਦੂਜਿਆਂ ਨੂੰ ਵੀ ਇਕੱਠਿਆਂ ਕਰ ਕੇ ਮਗਰ ਪੈ ਜਾਣ, ਤੇ ਜੇ ਆਪ ਉੱਚੇ ਥਾਂ ਹੋਣ ਤਾਂ ਉਤੋਂ ਸਿੰਘਾਂ ਉੱਤੇ ਵੱਟੇ ਪੱਥਰ ਚਲਾਉਣ। ਕਿਤੇ ਪਨਾਹ ਨਾ ਮਿਲੇ। ਕੋਈ ਪਹਾੜੀ ਰਾਜਾ ਵੀ ਉਨ੍ਹਾਂ ਨੂੰ ਧੀਰ ਨਾ ਦੇਵੇ। ਜਿਧਰ ਨੂੰ ਜਾਣ, ਅੱਗੇ ਨੇਜ਼ੇ ਤਲਵਾਰਾਂ ਪੱਥਰ ਹੱਥਾਂ ਵਿਚ ਫੜੀ ਪਰਬਤੀ ਰਾਹ ਰੋਕੀ ਖੜੇ ਹੋਣ। ਸਿੰਘਾਂ ਵੀ ਸਿਰੜ ਤੇ ਹੱਠ ਨੂੰ ਹੱਥੋਂ ਨਾ ਛੱਡਿਆ। ਆਖ਼ਿਰ ਉਹ ਭੇਸ ਬਦਲ ਕੇ ਮੰਡੀ ਤੇ ਕੁੱਲੂ ਨੂੰ ਚੜ੍ਹ ਗਏ। ਨੌਕਰੀਆਂ ਤੇ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਨ ਲੱਗੇ। ਇਥੇ ਨਾਨਕੀ ਨਾਮਕ ਰਾਣੀ ਪਾਸ ਸਿੰਘਾਂ ਨੂੰ ਸੁੱਖ ਦਾ ਸਮਾਂ ਕੱਟਣਾ ਨਸੀਬ ਹੋਇਆ। ਇਸ ਤਰ੍ਹਾਂ ਮਜ਼ਦੂਰੀਆਂ ਮੁਸ਼ੱਕਤਾਂ ਕਰ ਕੇ ਕਸ਼ਟ ਤੇ ਔਕੜਾਂ ਝਾਗਦੇ ਹੋਏ ਛੇ ਕੁ ਮਹੀਨਿਆਂ ਪਿੱਛੋਂ ਕੀਰਤਪੁਰ ਨੂੰ ਉਤਰ ਆਏ। ਇਥੇ ਰਹਿ ਕੇ ਸੂਹਾਂ ਕੱਢ ਕੱਢ ਮਾਲਵੇ ਨੂੰ ਤੁਰ ਗਏ ਤੇ ਆਪੋ-ਆਪਣੇ ਜਥਿਆਂ ਵਿਚ ਜਾ ਮਿਲੇ।
ਜਿਹੜੇ ਸਿੰਘ ਬਸੋਹਲੀ ਦੇ ਪਹਾੜੀਆਂ ਦੇ ਫੰਧੇ ਵਿਚ ਫਸ ਗਏ ਸਨ, ਉਨ੍ਹਾਂ ਨੇ ਸਰਕਾਰ ਦੀ ਪ੍ਰਸੰਸਾ ਤੇ ਇਨਾਮ ਹਾਸਲ ਕਰਨ ਲਈ ਲਖਪਤ ਦੀ ਫ਼ੌਜ ਦੇ ਹਵਾਲੇ ਕਰ ਦਿੱਤਾ। ਇਹ ਬੰਦੀ ਬਣਾ ਕੇ ਲਾਹੌਰ ਨੂੰ ਤੋਰੇ ਗਏ। ਮੁਹਿੰਮ ਤੋਂ ਵਾਪਸ ਲਾਹੌਰ ਆ ਕੇ ਲਖਪਤ ਨੇ ਇਹ ਸਾਰੇ ਫੜ ਕੇ ਲਿਆਂਦੇ ਸਿੰਘ ਨਖਾਸ ਮੰਡੀ ਵਾਲੀ ਥਾਂ ਜਿਸ ਬੇਦਰਦੀ ਨਾਲ ਕਤਲ ਕਰਵਾ ਦਿੱਤੇ, ਉਸ ਦਾ ਜ਼ਿਕਰ ਪਿੱਛੇ ਆ ਚੁੱਕਾ ਹੈ।
ਲਖਪਤ ਰਾਏ ਵਾਪਸ ਲਾਹੌਰ ਨੂੰ
ਲਖਪਤ ਰਾਏ ਬਿਆਸ ਨਦੀ ਪਾਰ ਕਰ ਕੇ ਜਦ ਸਿੰਘਾਂ ਦੀ ਪੈੜ ਕੱਢਦਾ ਹੋਇਆ ਮੀਰ-ਕੋਟ ਦੀ ਝਿੜੀ ਪਾਸ ਪੁੱਜਾ, ਉਸ ਨੂੰ ਖ਼ਬਰ ਮਿਲੀ ਕਿ ਦਲ ਖ਼ਾਲਸਾ ਕਪੂਰਥਲੇ ਵੱਲ ਉਲਰ ਗਿਆ ਹੈ ਤੇ ਸਤਲੁਜ ਦਰਿਆ ਵੱਲ ਵੱਧ ਰਿਹਾ ਹੈ। ਸੋ ਉਸ ਨੇ ਇਸ ਨੂੰ ਆਪਣੀ ਬਹੁਤ ਵੱਡੀ ਜਿੱਤ ਸਮਝਿਆ ਤੇ ਕਿਹਾ ਕਿ ਮੈਂ ਇਨ੍ਹਾਂ ਬਦਬਖ਼ਤਾਂ ਨੂੰ ਐਸੀ ਮਾਰ ਮਾਰੀ ਹੈ ਕਿ ਹੁਣ ਮੁੜ ਪੰਜਾਬ ਵੱਲ ਮੂੰਹ ਨਹੀਂ ਕਰਨਗੇ। ਇਸ ਤੋਂ ਅੱਗੇ ਸਿੰਘਾਂ ਮਗਰ ਬਹੁਤਾ ਪੈਣ ਦਾ ਖ਼ਿਆਲ ਛੱਡ ਕੇ ਵਾਪਸ ਲਾਹੌਰ ਵੱਲ ਕੂਚ ਕਰ ਦਿੱਤਾ। ਅਗਲੇ ਦਿਨ ਦਰਿਆ ਬਿਆਸ ਨੂੰ ਬੇੜੀਆਂ ਰਾਹੀਂ ਪਾਰ ਕਰ ਕੇ ਤੀਜੇ ਦਿਨ ਲਾਹੌਰ ਜਾ ਪੁੱਜਾ। ਲਾਹੌਰ ਆ ਕੇ ਉਸ ਨੇ ਹੋਰ ਅੱਤ ਚੁੱਕ ਲਈ, ਭਾਵੇਂ ਉਸ ਨੇ ਪਹਿਲਾਂ ਹੀ ਕੋਈ ਕਸਰ ਨਹੀਂ ਸੀ ਛੱਡੀ। ਕਾਹਨੂੰਵਾਨ ਵੱਲ ਸਿੱਖਾਂ ਵਿਰੁੱਧ ਚੜ੍ਹਾਈ ਕਰਨ ਵੇਲੇ ਜੋ ਲਾਹੌਰ ਵਿਖੇ ਅਤੇ ਆਸ ਪਾਸ ਪਿੰਡਾਂ ਵਿਚ ਗੁਰਦੁਆਰੇ, ਉਸ ਪਾਸ ਸਮਾਂ ਥੋੜ੍ਹਾ ਹੋਣ ਕਰਕੇ ਢੁਆਹੁਣੋਂ ਬਚ ਗਏ ਸਨ, ਉਹ ਹੁਣ ਆ ਕੇ ਢਾਹ-ਢੇਰੀ ਕਰਵਾਏ। ਗੁਰੂ ਗ੍ਰੰਥ ਸਾਹਿਬ ਤੇ ਬਾਣੀ ਦੀਆਂ ਪੋਥੀਆਂ ਨੂੰ ਲੱਭ ਲੱਭ ਕੇ ਅੱਗ ਲਗਵਾਈ ਜਾਂ ਦਰਿਆ ਵਿਚ ਸੁੱਟਵਾ ਦਿੱਤੀਆਂ। ਝੌਂਡੀ ਪਿਟਵਾ ਕੇ ਬੜੇ ਹੰਕਾਰ ਨਾਲ ਇਹ ਐਲਾਨ ਕੀਤਾ ਕਿ ਇਕ ਖੱਤਰੀ ਨੇ ਇਹ ਪੰਥ ਚਲਾਇਆ ਸੀ, ਮੈਂ ਇਕ ਖੱਤਰੀ ਨੇ ਇਸ ਨੂੰ ਬਰਬਾਦ ਕਰ ਕੇ ਮਿਟਾ ਦੇਣ ਦੀ ਕਸਮ ਖਾਧੀ ਸੀ, ਉਹ ਪੂਰੀ ਕਰ ਦਿੱਤੀ ਹੈ ਤੇ ਇਸ ‘ਉਸ਼ਟੰਡ’ ਨੂੰ ਜਹਾਨ ‘ਚੋਂ ਖ਼ਤਮ ਕਰ ਦਿੱਤਾ ਹੈ। ਆਪਣੇ ਆਪ ਨੂੰ ਖ਼ਾਲਸਾ ਪੰਥ ਅਖਵਾਉਣ ਵਾਲਿਆਂ ਨੂੰ ਤੈ-ਤੇਗ਼ ਕਰ ਦਿੱਤਾ ਹੈ। ਜੇ ਕੋਈ ਲੁਕ ਛਿਪ ਕੇ ਬਚਿਆ ਸੀ, ਮਾਰ ਮਾਰ ਦੇਸ਼ੋਂ ਕੱਢ ਦਿੱਤਾ ਹੈ। ਹੁਣ ਅੱਗੇ ਤੋਂ ਕੋਈ ਭੁੱਲ ਕੇ ਵੀ ਗੁਰਬਾਣੀ ਨਾ ਪੜ੍ਹੇ, ਗੁਰੂ ਨਾਨਕ ਨੂੰ ‘ਨਾਨੂ’ ਆਖੇ । ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਜੋ ਵੀ ਨਾਉਂ ਲਵੇਗਾ, ਉਸ ਦਾ ਪੇਟ ਚਾਕ ਕਰ ਦਿੱਤਾ ਜਾਵੇਗਾ। ਜੋ ਬਾਣੀ ਪੜ੍ਹੇਗਾ, ਉਸ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਵੇਗਾ। ਹਰ ਕੋਈ ‘ਗੁੜ’ ਸ਼ਬਦ ਦੀ ਥਾਂ ‘ਭੇਲੀ’ ਆਖੇ, ਕਿਉਂਕਿ ਗੁੜ ਆਖਣ ਨਾਲ, ‘ਗੁਰ’ ਯਾਦ ਆਉਂਦਾ ਹੈ। ਕੇਸ ਦਾੜ੍ਹੀ ਕੋਈ ਨਾ ਰੱਖੇ ਅਤੇ ਨਾ ਹੀ ਕੋਈ ਸਿੱਖਾਂ ਵਾਲਾ ਨਾਉਂ ਹੀ ਰੱਖੇ। ਉਸ ਦਾ ਇਹ ਨਿਸਚਾ ਬਣ ਗਿਆ ਸੀ ਕਿ ਸ਼ਾਇਦ ਇਸ ਤਰ੍ਹਾਂ ਦੀ ਸਖ਼ਤੀ ਕਰ ਕੇ ਉਹ ਸਿੰਘਾਂ ਅਤੇ ਸਿੱਖੀ ਨੂੰ ਜਹਾਨ ਵਿਚੋਂ ਉੱਕਾ ਹੀ ਮਿਟਾ ਦੇਵੇਗਾ, ਪਰ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਪ੍ਰਬਲ ਹੈ।
ਇਸ ਤੋਂ ਪਿੱਛੋਂ ਕਾਬਲ, ਦਿੱਲੀ ਤੇ ਪੰਜਾਬ ਦੇ ਹਾਲਾਤ ਨੇ ਬੜੀ ਤੇਜ਼ੀ ਨਾਲ ਐਸੇ ਪਲਟੇ ਖਾਧੇ ਕਿ ਨਾ ਯਾਹੀਆ ਖ਼ਾਨ ਦਾ ਰਾਜ ਰਿਹਾ ਅਤੇ ਨਾ ਲਖਪਤ ਰਾਏ ਦੀ ਦੀਵਾਨੀ।
ਯਾਹੀਆ ਖ਼ਾਨ ਦਾ ਭਰਾ ਸ਼ਾਹ ਨਿਵਾਜ਼ ਲਾਹੌਰ ਦਾ ਸੂਬੇਦਾਰ ਬਣਿਆ ਅਤੇ ਅਹਿਮਦ ਸ਼ਾਹ ਦੁਰਾਨੀ ਦਾ ਪਹਿਲਾ ਹਮਲਾ
10 ਮਾਰਚ 1746 ਨੂੰ ਸੋਮਾਵਤੀ ਮੱਸਿਆ ਦੇ ਦਿਨ ਲਖਪਤ ਰਾਏ ਨੇ ਲਾਹੌਰ ਸਰਕਾਰ ਦੇ ਕਈ ਬੇਦੋਸ਼ੇ ਚਕਰੈਲ ਤੇ ਸ਼ਹਿਰ ਦੇ ਕਈ ਦੁਕਾਨਦਾਰ ਸਿੱਖ ਕਤਲ ਕਰਵਾ ਦਿੱਤੇ ਸਨ ਅਤੇ ਦੀਵਾਨ ਲੱਛੀ ਰਾਮ, ਦੀਵਾਨ ਕੌੜਾ ਮੱਲ, ਦੀਵਾਨ ਸੂਰਤ ਸਿੰਘ ਤੇ ਹੋਰ ਬਹੁਤ ਸਾਰੇ ਲਾਹੌਰ ਦੇ ਪਤਵੰਤਿਆਂ ਦੀਆਂ ਮਿੰਨਤਾਂ ਅਤੇ ਆਪਣੇ ਗੁਰੂ ਭਾਈ ਜਗਤ ਭਗਤ ਦੀ ਨਸੀਹਤ ਤੇ ਮਿੰਨਤ ਨੂੰ ਕਿ ਇਨ੍ਹਾਂ ਬੇਦੋਸ਼ਿਆਂ ਨੂੰ ਸੋਮਾਵਤੀ ਮੱਸਿਆ ਵਾਲੇ ਦਿਨ ਨਾ ਕਤਲ ਕੀਤਾ ਜਾਵੇ, ਠੁਕਰਾ ਦਿੱਤਾ ਸੀ। ਓਦੋਂ ਲੋਕ ਬਹੁਤ ਮਾਯੂਸ ਹੋਏ ਸਨ। ਆਖ਼ਿਰ ਭਾਈ ਜਗਤ ਭਗਤ ਜੀ ਨੇ ਤਾਂ ਅਤਿ ਨਿਰਾਸਤਾ ਵਿਚ ਲਖਪਤ ਨੂੰ ਸਰਾਪ ਹੀ ਦੇ ਦਿੱਤਾ ਸੀ ਕਿ “ਤੇਰੀ ਜੜ੍ਹ ਨਾ ਰਹੂ।” ਦੀਵਾਨ ਕੌੜਾ ਮੱਲ ਲਾਹੌਰ ਛੱਡ ਕੇ ਮੁਲਤਾਨ ਨੂੰ ਤੁਰ ਗਿਆ। ਜਿਥੋਂ ਦਾ ਯਾਹੀਆ ਖ਼ਾਨ ਦਾ ਛੋਟਾ ਭਾਈ ਮਿਰਜ਼ਾ ਹਯਾਤੁਲਾ ਖ਼ਾਨ (ਪ੍ਰਸਿੱਧ ਫ਼ਲੌਰੀ ਖ਼ਾਨ)—ਜਿਸ ਨੂੰ ਨਾਦਿਰ ਸ਼ਾਹ ਨੇ ਸ਼ਾਹ ਨਿਵਾਜ਼ ਦਾ ਖ਼ਿਤਾਬ ਅਤੇ ਮੁਲਤਾਨ ਦੀ ਹਕੂਮਤ ਦਿੱਤੀ ਸੀ—ਸੂਬੇਦਾਰ ਸੀ। ਦੀਵਾਨ ਕੌੜਾ ਮੱਲ ਲਾਹੌਰ ਵਿਖੇ ਯਾਹੀਆ ਖ਼ਾਨ ਹੱਥੋਂ ਸਿੰਘਾਂ ਦੀ ਕਤਲੇਆਮ ਹਟਾਉਣ ਵਿਚ ਕੋਈ ਚਾਰਾ ਨਾ ਚੱਲਦਾ ਵੇਖ ਕੇ ਮੁਲਤਾਨ ਨੂੰ ਇਹ ਮਨ ਬਣਾ ਕੇ ਗਿਆ ਜਾਪਦਾ ਹੈ, ਜੋ ਮਗਰੋਂ ਦੇ ਵਾਕਿਆਤ ਨੇ ਸਪੱਸ਼ਟ ਵੀ ਕਰ ਦਿੱਤਾ ਸੀ, ਕਿ ਜਿਵੇਂ ਕਿਵੇਂ ਸਿੰਘਾਂ ਉੱਤੇ ਹੋ ਰਹੀ ਸਖ਼ਤੀ ਰੋਕਣ ਦੀ ਕੋਈ ਬਿੱਧ ਬਣ ਸਕੇ। ਜਿੰਨਾ ਚਿਰ ਯਾਹੀਆ ਖ਼ਾਨ ਲਾਹੌਰ ਦਾ ਗਵਰਨਰ ਸੀ, ਸਿੱਖਾਂ ਦੀ ਇਕ-ਵੱਢੋਂ ਕਤਲਾਮ ਦੇ ਰੁਕਣ ਦੀ ਕੋਈ ਆਸ ਨਹੀਂ ਸੀ। ਇਸ ਲਈ ਇਸ ਘੋਰ ਅੱਤਿਆਚਾਰ ਨੂੰ ਰੋਕਣ ਲਈ ਯਾਹੀਆ ਖ਼ਾਨ ਦੇ ਜ਼ੁਲਮੀ ਰਾਜ ਦਾ ਖ਼ਾਤਮਾ ਜ਼ਰੂਰੀ ਸੀ । ਮੁਲਤਾਨ ਆ ਕੇ ਕੌੜਾ ਮੱਲ ਨੇ ਆਪਣੀ ਲਿਆਕਤ ਤੇ ਪੁਰਾਣੇ ਰਸੂਖ਼ ਨਾਲ ਕਾਫ਼ੀ ਤਾਕਤ ਪੈਦਾ ਕਰ ਲਈ। ਸ਼ਾਹ ਨਿਵਾਜ਼ ਨੂੰ ਇਕ ਲਾਇਕ ਤੇ ਤਜਰਬੇਕਾਰ ਸਲਾਹਕਾਰ ਤੇ ਪ੍ਰਬੰਧਕ ਮਿਲ ਗਿਆ।
ਜ਼ਕਰੀਆ ਖ਼ਾਨ ਦੇ ਮਰਨ ਪਿਛੋਂ ਯਾਹੀਆ ਖ਼ਾਨ ਲਾਹੌਰ ਦਾ ਹਾਕਮ ਬਣਿਆ ਸੀ । ਮੁਗ਼ਲੀਆ ਕਾਨੂੰਨ ਦੇ ਤਹਿਤ ਜ਼ਕਰੀਆ ਖ਼ਾਨ ਦੀ ਮੌਤ ਪਿੱਛੋਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਸੀ। ਯਾਹੀਆ ਖ਼ਾਨ ਦਿੱਲੀ ਗਿਆ ਤੇ ਵਜ਼ੀਰ ਕਮਰੁੱਦੀਨ ਦੀ ਸਿਫ਼ਾਰਸ਼ ਨਾਲ ਇਹ ਜਾਇਦਾਦ ਜ਼ਕਰੀਆ ਖ਼ਾਨ ਦੇ ਪੁੱਤਾਂ ਨੂੰ ਵਾਪਸ ਹੋ ਜਾਣ ਦੇ ਹੁਕਮ ਜਾਰੀ ਕਰਵਾ ਲਏ। ਲਾਹੌਰ ਵਾਪਸ ਆ ਕੇ ਸਾਰੀ ਜਾਇਦਾਦ, ਜੋ ਕਰੋੜਾਂ ਰੁਪਏ ਦੀ ਮਾਲੀਅਤ ਦੀ ਸੀ, ਦਾ ਇਕੱਲਾ ਮਾਲਕ ਬਣ ਬੈਠਾ ਤੇ ਆਪਣੇ ਭਰਾ ਸ਼ਾਹ ਨਿਵਾਜ਼ ਨੂੰ ਇਸ ਜਾਇਦਾਦ ਵਿਚੋਂ ਉਸ ਦਾ ਹਿੱਸਾ ਦੇਣ ਤੋਂ ਇਨਕਾਰੀ ਹੋ ਗਿਆ। ਆਪਣੀ ਜਾਇਦਾਦ ਵੰਡਾਉਣ ਲਈ ਸ਼ਾਹ ਨਿਵਾਜ਼ ਨਵੰਬਰ 1746 ਈਸਵੀ ਵਿਚ ਲਾਹੌਰ ਆਇਆ। ਦੀਵਾਨ ਸੂਰਤ ਸਿੰਘ ਰਾਹੀਂ ਗੱਲਬਾਤ ਸ਼ੁਰੂ ਕੀਤੀ, ਪਰ ਯਾਹੀਆ ਖ਼ਾਨ ਨੇ ਇੱਕ ਨਾ ਸੁਣੀ। ਸ਼ਾਹ ਨਿਵਾਜ਼ ਵੀ ਆਪਣਾ ਐਡਾ ਵੱਡਾ ਹਿੱਸਾ ਵਿਚੇ ਛੱਡਣ ਵਾਲਾ ਨਹੀਂ ਸੀ। ਉਸ ਨੇ ਦੁਆਬੇ ਦੇ ਫ਼ੌਜਦਾਰ ਅਦੀਨਾ ਬੇਗ ਨੂੰ ਆਪਣੇ ਨਾਲ ਗੰਢ ਲਿਆ ਅਤੇ ਉਸ ਨੂੰ ਨਾਲ ਲੈ ਕੇ ਦੀਵਾਨ ਕੌੜਾ ਮੱਲ ਤੇ ਹਸ਼ਮਤੁੱਲਾ ਖ਼ਾਨ ਆਪਣੇ ਭਰੋਸੇ ਵਾਲੇ ਸਰਦਾਰਾਂ ਸਣੇ ਸ਼ਾਲਾਮਾਰ ਬਾਗ਼ ਦੇ ਲਾਗੇ ਆਪਣੇ ਬਾਪ ਜ਼ਕਰੀਆ ਖ਼ਾਨ ਦੀ ਕਬਰ ਪਾਸ ਆਣ ਡੇਰੇ ਲਾਏ। 13 ਮਾਰਚ ਸੰਨ 1747 (ਮੁਤਾਬਕ 12 ਰਬੀਉਲ ਅਵਲ 1160 ਹਿ:) ਨੂੰ ਈਦ ਮੀਲਾਦਿ ਨਬੀ (ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ) ਦੇ ਦਿਨ ਦੋਵੇਂ ਧਿਰਾਂ ਈਦਗਾਹ ਵਿਚ ਨਿਮਾਜ਼ ਪੜ੍ਹਨ ਗਈਆਂ। ਅੱਗ ਤਾਂ ਪਹਿਲਾਂ ਹੀ ਸੁਲਗ ਰਹੀ ਸੀ। ਇਥੇ ਨਮਾਜ਼ ਪਿੱਛੋਂ ਮਾਮੂਲੀ ਝਗੜੇ ਨੇ ਸੁਲਗਦੀ ਅੱਗ ਨੂੰ ਭਾਂਬੜ ਦਾ ਰੂਪ ਦੇ ਦਿੱਤਾ। ਦੁਵੱਲੀ ਤਲਵਾਰ ਚੱਲੀ। ਯਾਹੀਆ ਖ਼ਾਨ ਆਪਣੇ ਬਹੁਤ ਸਾਰੇ ਸਾਥੀ ਮਰਵਾ ਕੇ ਜਾਨ ਬਚਾਉਣ ਲਈ ਭੱਜ ਨਿਕਲਿਆ ਤੇ ਜ਼ਨਾਨਾ ਹਵੇਲੀ ਵਿਚ ਜਾ ਲੁਕਿਆ। ਇਥੇ ਹੀ ਸ਼ਾਹ ਨਿਵਾਜ਼ ਨੇ ਪਿੱਛਾ ਕਰ ਕੇ ਉਸ ਨੂੰ ਕੈਦ ਕਰ ਲਿਆ ਅਤੇ ਲਾਹੌਰ ਉੱਤੇ ਕਬਜ਼ਾ ਜਮਾ ਲਿਆ। ਇਸ ਤਰ੍ਹਾਂ ਯਾਹੀਆ ਖ਼ਾਨ ਵੱਲੋਂ ਸਿੰਘਾਂ ਦੇ ਕਤਲਾਮ ਦਾ ਅੰਤ ਹੋ ਗਿਆ। ਨੌਂ ਵਰ੍ਹਿਆਂ ਪਿੱਛੋਂ ਖ਼ਾਲਸੇ ਨੂੰ ਸੁਖ ਦਾ ਸਾਹ ਲੈਣਾ ਨਸੀਬ ਹੋਇਆ।
ਹੀ ਦੂਰ-ਅੰਦੇਸ਼ ਸੀ। ਉਸ ਨੇ ਸ਼ਾਹ ਨਿਵਾਜ਼ ਨੂੰ ਬੜੀਆਂ ਫੁਲਾਹੁਣੀਆਂ ਲਿਖ ਭੇਜੀਆਂ। ਆਪਣੇ ਖ਼ਾਨਦਾਨ ਦੇ ਮੁਗ਼ਲੀਆ ਸਰਕਾਰ ਪ੍ਰਤੀ ਨਮਕ ਹਲਾਲੀ ਵਫ਼ਾਦਾਰੀ ਤੇ ਆਪਣੇ ਤੁਰਕਮਾਨੀ ਖ਼ਾਨਦਾਨ ਦੀ ਅਣਖ ਦੇ ਵਾਸਤੇ ਪਾ ਕੇ ਉਸ ਨੂੰ ਮਨਾ ਲਿਆ ਕਿ ਉਹ ਅਹਿਮਦ ਸ਼ਾਹ ਦੁਰਾਨੀ ਦਾ ਟਾਕਰਾ ਕਰੇ। ਮੁਗ਼ਲ ਬਾਦਸ਼ਾਹ ਵੱਲੋਂ ਲਾਹੌਰ ਦੀ ਹਾਕਮੀ ਉਸ ਦੇ ਨਾਂ ਪੱਕੀ ਕਰਾਉਣ ‘ਤੇ ਸਹਾਇਤਾ ਲਈ ਦਿੱਲੀਓਂ ਫ਼ੌਜ ਭੇਜਣ ਦਾ ਵਾਅਦਾ ਕੀਤਾ। ਪਰ ਅਹਿਮਦ ਸ਼ਾਹ ਦੁਰਾਨੀ ਨੂੰ ਰੋਕ ਲੈਣਾ ਸ਼ਾਹ ਨਿਵਾਜ਼ ਦੇ ਵੱਸ ਦੀ ਗੱਲ ਨਹੀਂ ਸੀ। ਜਦ ਦੁਰਾਨੀ 10 ਜਨਵਰੀ 1748 ਈ: ਰਾਵੀ ਪਾਰ ਕਰ ਆਏ ਤੇ ਲਾਹੌਰ ਦੀਆਂ ਕੰਧਾਂ ਹੇਠ ਆਣ ਪੁੱਜੇ ਤਾਂ ਸ਼ਾਹ ਨਿਵਾਜ਼ 11-12 ਜਨਵਰੀ ਦੀ ਰਾਤ ਨੂੰ ਦਿੱਲੀ ਨੂੰ ਦੌੜ ਗਿਆ। 12 ਜਨਵਰੀ 1748 ਨੂੰ ਅਹਿਮਦ ਸ਼ਾਹ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ । ਲਾਹੌਰ ਨੂੰ ਦੁਰਾਨੀਆਂ ਨੇ ਬੜੀ ਬੇ-ਰਹਿਮੀ ਨਾਲ ਲੁੱਟਿਆ। ਇਸ ਲੁੱਟ ਨੇ ਦੁਰਾਨੀਆਂ ਦੀਆਂ ਭੁੱਖਾਂ ਮਿਟਾ ਦਿੱਤੀਆਂ।
ਅਹਿਮਦ ਸ਼ਾਹ ਅਬਦਾਲੀ ਲਾਹੌਰ 37 ਦਿਨ ਰਿਹਾ। ਆਪਣੀ ਜਿੱਤ ਦੀ ਖ਼ੁਸ਼ੀ ਵਿਚ ਤੇ ਇਸ ਦੀ ਯਾਦਗਾਰ ਵਜੋਂ ਇਕ ਸਿੱਕਾ ਜਾਰੀ ਕੀਤਾ, ਜਿਸ ਪਰ ਇਹ ਲਿਖਿਆ ਹੋਇਆ ਸੀ :
ਦੁੱਰਿ-ਦੁਰਾਨ ਅਹਿਮਦ ਸ਼ਾਹ ਬਾਦਸ਼ਾਹ
ਜ਼ਰਬ ਦਾਰੁਲ ਸਲਤਨਤ ਲਾਹੌਰ
ਜਲੂਸ ਮੈਮਨ ਮਾਨੂਸ ਅਹਿਦ
[ਅਰਥਾਤ: ਅਹਿਮਦ ਸ਼ਾਹ ਬਾਦਸ਼ਾਹ ਦੁੱਰਿ ਦੁਰਾਨ (ਮੋਤੀਆਂ ਦਾ ਮੋਤੀ) ਟਕਸਾਲ ਰਾਜਧਾਨੀ ਲਾਹੌਰ ਰਾਜ ਦਾ ਖ਼ੁਸ਼ੀਆਂ ਭਰਿਆ ਸਾਲ ਪਹਿਲਾ]
ਅਹਿਮਦ ਸ਼ਾਹ ਦਾ ਦਿੱਲੀ ਵੱਲ ਕੂਚ
ਨੌਂ ਸਾਲ ਪਹਿਲਾਂ ਨਾਦਿਰ ਸ਼ਾਹ ਦੇ ਦਿੱਲੀ ਉੱਤੇ ਹਮਲੇ ਵੇਲੇ ਅਹਿਮਦ ਸ਼ਾਹ ਉਸ ਦੇ ਅੰਗ ਰੱਖਿਅਕ (ਬਾਡੀਗਾਰਡ, ਜ਼ਾਤੀ ਮੁਹਾਫ਼ਿਜ਼) ਦੇ ਰੂਪ ਵਿਚ ਨਾਲ ਆਇਆ ਸੀ। ਦਿੱਲੀ ਦੀ ਮੁਗ਼ਲ ਹਕੂਮਤ ਕਿੰਨੀ ਬੋਡੀ (ਜਰਜਰੀ) ਹੋ ਚੁੱਕੀ ਸੀ, ਉਸ ਨੇ ਇਸ ਪੋਲ ਨੂੰ ਚੰਗੀ ਤਰ੍ਹਾਂ ਵੇਖਿਆ ਸੀ। ਅੱਜ ਵੀ ਉਹੋ ਅਯਾਸ਼ ਤੇ ਪਰਲੇ ਦਰਜੇ ਦਾ ਨਿਕੰਮਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਤਖ਼ਤ ‘ਤੇ ਬਿਰਾਜਮਾਨ ਸੀ। ਉਸ ਵੇਲੇ ਦੀ ਲੁੱਟ ਦਾ ਨਕਸ਼ਾ ਅਹਿਮਦ ਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਸੀ। ਦਿੱਲੀ ਨੂੰ ਮੁੜ ਮੁੜ ਲੁੱਟਣ ਦੀ ਪ੍ਰਬਲ ਇੱਛਾ ਉਸ ਦੇ ਮਨ ਵਿਚ ਘਰ ਕਰੀ ਬੈਠੀ ਸੀ । ਹੁਣ ਸਬੱਬ ਨਾਲ ਹੱਥ ਆਏ ਮੌਕਿਆਂ ਤੋਂ ਭਰਪੂਰ ਫ਼ਾਇਦਾ ਉਠਾਉਣ ਵਾਸਤੇ ਦਿੱਲੀ ਹਕੂਮਤ ਨਾਲ ਟੱਕਰ ਲੈਣ ਦੀ ਤਿਆਰੀ ਕਰਨ ਲੱਗਾ। ਸੋ ਉਸ ਨੇ ਜੱਲ੍ਹੇਖ਼ਾਨ ਕਸੂਰੀ ਪਠਾਣ ਨੂੰ ਲਾਹੌਰ ਦਾ ਹਾਕਮ ਥਾਪਿਆ, ਮੋਮਨ ਖ਼ਾਨ ਨੂੰ ਉਸ ਦਾ ਨਾਇਬ ਤੇ ਲਖਪਤ ਰਾਏ ਨੂੰ ਦੀਵਾਨ। ਇਹ ਪ੍ਰਬੰਧ ਕਰ ਕੇ ਆਪ 19 ਫ਼ਰਵਰੀ 1748 ਨੂੰ ਲਾਹੌਰੋਂ ਦਿੱਲੀ ਨੂੰ ਚੜ੍ਹ ਪਿਆ।
ਸਿੰਘਾਂ ਦੀਆਂ ਦੁਰਾਨੀਆਂ ਉੱਤੇ ਝਪਟਾਂ
ਲਾਹੌਰੋਂ ਕੂਚ ਕਰ ਕੇ ਅਹਿਮਦ ਸ਼ਾਹ ਨੂਰਦੀ ਸਰਾਂ ਡੇਰਾ ਕਰੀ ਬੈਠਾ ਸੀ। ਜਿਹੜੇ ਖ਼ਾਲਸਾ ਪੰਥ ਨੂੰ ਲਖਪਤ ਰਾਏ ਨੇ ਮਾਰ ਕੇ ਖ਼ਤਮ ਕਰ ਦਿੱਤਾ ਸੀ ਤੇ ਜਿਨ੍ਹਾਂ ਬਾਰੇ ਉਹ ਕਹਿੰਦਾ ਨਹੀਂ ਸੀ ਥੱਕਦਾ ਕਿ ਮੇਰੀ ਮਾਰ ਤੋਂ ਜੋ ਬਚ ਨਿਕਲੇ ਹਨ, ਉਹ ਜਿਉਂਦੇ-ਜੀ ਪੰਜਾਬ ਵੱਲ ਮੂੰਹ ਨਹੀਂ ਕਰਨਗੇ, ਉਸੇ ਖ਼ਾਲਸਾ ਪੰਥ ਦੇ ਜਰਨੈਲ ਨਵਾਬ ਕਪੂਰ ਸਿੰਘ ਤੇ ਸ: ਜੱਸਾ ਸਿੰਘ ਇਸ ਵੇਲੇ ਤਰਨ ਤਾਰਨ ਸਨ ਅਤੇ ਸਰਦਾਰ ਚੜ੍ਹਤ ਸਿੰਘ, ਕਰੋੜਾ ਸਿੰਘ, ਖ਼ੁਸ਼ਹਾਲ ਸਿੰਘ, ਸ: ਮਿਤ ਸਿੰਘ ਡੱਲੇਵਾਲੀਆ ਅਤੇ ਸਰਦਾਰ ਸ਼ਾਮ ਸਿੰਘ ਵੀ ਉਥੇ ਹੀ ਸਨ। ਉਹ ਸ਼ਾਇਦ ਇਹ ਵੇਖ ਰਹੇ ਸਨ ਕਿ ਰਾਜ ਦੇ ਬਦਲਦੇ ਹਾਲਾਤ ਵਿਚ ਉਨ੍ਹਾਂ ਦਾ ਕੋਈ ਦਾਉ ਭਰਦਾ ਹੈ ਕਿ ਨਹੀਂ। ਝਪਟਣ ਤੋਂ ਪਹਿਲਾਂ ਸ਼ੇਰ ਵਾਂਗ ਨਿਗਾਹ ਲਾਈ ਬੈਠੇ ਸਨ । ਏਨੇ ਨੂੰ ਦਿੱਲੀ ਨੂੰ ਜਾਂਦਾ ਹੋਇਆ ਅਹਿਮਦ ਸ਼ਾਹ ਏਧਰ ਆ ਗਿਆ ਤੇ ਜਦ 21-22 ਫ਼ਰਵਰੀ ਨੂੰ ਉਸ ਨੂਰਦੀ ਸਰਾਂ ਡੇਰਾ ਕੀਤਾ ਤਾਂ ਸਿੰਘਾਂ ਜਾ ਧਾਵਾ ਬੋਲਿਆ। ਅਹਿਮਦ ਸ਼ਾਹ ਦਿੱਲੀ ਨੂੰ ਫ਼ਤਹਿ ਕਰਨ ਲਈ ਕਾਫ਼ੀ ਜੰਗੀ ਸਾਮਾਨ ਤੇ ਹੋਰ ਸਾਜ਼ੋ-ਸਾਮਾਨ ਲੱਦੀ ਨਾਲ ਲਈ ਜਾ ਰਿਹਾ ਸੀ। ਸਿੰਘਾਂ ਲਈ ਇਹੋ ਜਿਹਾ ਸ਼ਿਕਾਰ ਗਨੀਮਤ ਸੀ। ਦੂਜਾ ਉਹ ਦੁਰਾਨੀਆਂ ਦਾ ਲੜਨ-ਢੰਗ ਤੇ ਲੜਾਈ ਵਿਚ ਉਨ੍ਹਾਂ ਦੀ ਪੈਂਤੜੇਬਾਜ਼ੀ ਵੇਖਣਾ ਚਾਹੁੰਦੇ ਸਨ। ਤੋਪਾਂ ਜ਼ੰਬੂਰਿਆਂ ਤੋਂ ਬਿਨਾਂ ਤਾਂ ਉਹ ਫਸ ਕੇ ਲੜ ਹੀ ਨਹੀਂ ਸਨ ਸਕਦੇ। ਇਸ ਲਈ ਇਸ ਸ਼ਬਖ਼ੂਨ ਵਿਚ ਜੋ ਹੱਥ ਲੱਗਾ, ਲੈ ਕੇ ਪਾਸੇ ਹਟ ਗਏ। ਅਗਲੇ ਦਿਨ ਅਬਦਾਲੀ ਨੇ ਕੂਚ ਕੀਤਾ ਤੇ ਸਿੰਘਾਂ ਨੇ ਉਸ ਨੂੰ ਵੈਰੋਵਾਲ ਦੇ ਰਾਹ ਵਿਚ ਹੀ ਜਾ ਘੇਰ ਲਿਆ ਅਤੇ ਇਕ ਤਕੜਾ ਝਪਟਾ ਮਾਰ ਕੇ ਪਿੱਛੇ ਹਟ ਗਏ।
ਇਸ ਵੇਲੇ ਹਾਲਤ ਇਹ ਸੀ ਕਿ ਨਾ ਤਾਂ ਸਿੰਘ ਹੀ ਅਬਦਾਲੀ ਨਾਲ ਮੱਥਾ ਜੋੜ ਕੇ ਟੱਕਰ ਲੈ ਸਕਦੇ ਸਨ, ਤੇ ਨਾ ਹੀ ਸਿੰਘਾਂ ਨਾਲ ਉਲਝਣ ਦੀ ਦੁਰਾਨੀ ਨੂੰ ਹੀ ਵੇਹਲ ਸੀ। ਉਂਜ ਉਹ ਨਾਦਿਰ ਸ਼ਾਹ ਨਾਲ ਮੁੜਦੇ ਸਮੇਂ ਕੀਰਤਪੁਰ-ਅਨੰਦਪੁਰ ਦੀਆਂ ਪਹਾੜੀਆਂ ਤੇ ਫਿਰ ਦੁਆਬੇ ਵਿਚ ਸਿੰਘਾਂ ਦਿਆਂ ਹੱਲਿਆਂ ਸਮੇਂ ਉਨ੍ਹਾਂ ਦੇ ਲੜਨ-ਢੰਗਾਂ ਬਾਰੇ ਕੁਝ ਕੁ ਤਜਰਬਾ ਰੱਖਦਾ ਸੀ। ਸਿੰਘਾਂ ਦੇ ਮਗਰ ਪੈ ਕੇ ਸਮਾਂ ਗਵਾਉਣਾ ਉਸ ਲਈ ਘਾਟੇਵੰਦਾ ਸੀ, ਕਿਉਂਕਿ ਦਿੱਲੀ ਵੱਲੋਂ ਇਕ ਵੱਡੀ ਫ਼ੌਜ ਸ਼ਹਿਜ਼ਾਦਾ ਅਹਿਮਦ ਤੇ ਵਜ਼ੀਰ ਕਮਰੁੱਦੀਨ ਦੀ ਅਗਵਾਈ ਹੇਠ ਉਸ ਦੇ ਟਾਕਰੇ ਲਈ ਚੜ੍ਹੀ ਆ ਰਹੀ ਸੀ। ਉਹ ਮੁਗ਼ਲ ਫ਼ੌਜ ਦੇ ਪੁੱਜਣ ਤੋਂ ਪਹਿਲਾਂ ਹੀ ਸਰਹੰਦ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਸੋ ਉਸ ਨੇ ਸਿੰਘਾਂ ਦੀ ਇਸ ਲੁੱਟ-ਖੋਹ ਦੀ ਕੋਈ ਪਰਵਾਹ ਨਾ ਕੀਤੀ। ਜਦ ਅਹਿਮਦ ਸ਼ਾਹ ਅੱਗੇ ਨੂੰ ਚਲਾ ਗਿਆ ਤਾਂ ਨਵਾਬ ਕਪੂਰ ਸਿੰਘ ਤੇ ਸ: ਜੱਸਾ ਸਿੰਘ ਦੁਆਬੇ ਵਿਚ ਹੀ ਰਹੇ ਅਤੇ ਸਰਦਾਰ ਸੁੱਖਾ ਸਿੰਘ, ਸ: ਚੜ੍ਹਤ ਸਿੰਘ ਅਤੇ ਦੂਸਰੇ ਸਰਦਾਰ ਬਿਆਸਾ ਟੱਪ ਕੇ ਮਾਝੇ ਵਿਚ ਦੀ ਹੁੰਦੇ ਹੋਏ ਕਲਾਨੌਰ ਜਾ ਉਤਰੇ।
ਕਲਾਨੌਰ ਪਾਸ ਕੋਟ ਬੁੱਢਾ ਵਿਖੇ ਸਿੰਘਾਂ ਅਤੇ ਅਫ਼ਗ਼ਾਨਾਂ ਦੀ ਝਪਟ
ਅਹਿਮਦ ਸ਼ਾਹ ਉੱਤੇ ਨੂਰਦੀ ਸਰਾਂ ਤੇ ਵੈਰੋਵਾਲ ਦੇ ਰਾਹ ਵਿਚ ਸਿੰਘਾਂ ਦਿਆਂ ਹੱਲਿਆਂ ਦੀ ਖ਼ਬਰ ਜਦ ਲਾਹੌਰ ਪੁੱਜੀ ਤਾਂ ਨਵੇਂ ਆਕਾ ਦੇ ਨਵੇਂ ਦੀਵਾਨ ਨੇ ਆਪਣੀ ਨਮਕ-ਹਲਾਲੀ ਵਿਖਾਉਣ ਲਈ ਇਹ ਮੌਕਾ ਚੰਗਾ ਸਮਝਿਆ। ਨਾਲੇ ਲੋਕ ਵੀ ਕਹਿਣ ਲੱਗੇ ਕਿ ਦੀਵਾਨ ਸਾਹਿਬ ਦਾ ਸਦਾ ਲਈ ਖ਼ਤਮ ਕੀਤਾ ਹੋਇਆ ‘ਉਸ਼ਟੰਡ’ ਕਿਥੋਂ ਆਣ ਹਾਜ਼ਰ ਹੋਇਆ ਹੈ? ਅਹਿਮਦ ਸ਼ਾਹ ਉੱਤੇ ਵੀ ਦੋ ਹੱਲੇ ਕੀਤੇ ਹਨ ਤੇ ਹੁਣ ਕਲਾਨੌਰ ਲਾਗੇ ਡੇਰੇ ਲਾਈ ਬੈਠੇ ਹਨ। ਕਲਾਨੌਰੋਂ ਭਲਾ ਉਨ੍ਹਾਂ ਲਈ ਲਾਹੌਰ ਕਿੰਨੀ ਕੁ ਦੂਰ ਹੈ? ਲੋਕਾਂ ਦੀਆਂ ਦਿਲ-ਵੱਢਵੀਆਂ ਤੇ ਕੱਟਵੀਆਂ ਸੁਣ ਸੁਣ ਕੇ ਦੀਵਾਨ ਨੂੰ ਕਾਫ਼ੀ ਨਮੋਸ਼ੀ ਹੋਈ। ਸਿੰਘਾਂ ਵਿਰੁੱਧ ਭਰਾ ਤੇ ਪੁੱਤ ਦੇ ਕਤਲ ਵਜੋਂ ਕਰੋਧ ਨੇ ਫਿਰ ਉਬਾਲ ਖਾਧਾ। ਜੱਲ੍ਹੇ ਖ਼ਾਨ ਕਸੂਰੀਏ, ਨਾਇਬ ਹਾਕਮ ਲਾਹੌਰ ਨਾਲ ਸਲਾਹ ਕਰ ਕੇ ਸਿੰਘਾਂ ਵਿਰੁੱਧ ਕਾਰਵਾਈ ਕਰਨ ਦਾ ਚੰਗਾ ਬਹਾਨਾ ਤਾਂ ਮਿਲ ਹੀ ਗਿਆ ਸੀ । ਉਸ ਨੇ ਲਾਹੌਰ ਵਿਖੇ ਅਫ਼ਗ਼ਾਨੀ ਦਸਤੇ, ਜੋ ਅਹਿਮਦ ਸ਼ਾਹ ਪਿੱਛੇ ਸਥਿਤ ਕਰ ਗਿਆ ਸੀ, ਨੂੰ ਮੋਮਨ ਖ਼ਾਨ ਕਸੂਰੀਏ ਦੀ ਅਗਵਾਈ ਵਿਚ ਸਿੰਘਾਂ ਵਿਰੁੱਧ ਚੜ੍ਹਾਅ ਦਿੱਤਾ। ਇਹ ਮਾਰੋ-ਮਾਰ ਕਰਦਾ ਹੋਇਆ ਕਲਾਨੌਰ ਦੇ ਪਾਸ ਕੋਟ ਬੁੱਢੇ ਲਾਗੇ ਸ: ਸੁੱਖਾ ਸਿੰਘ ਤੇ ਸ: ਚੜ੍ਹਤ ਸਿੰਘ ਦੇ ਜਥੇ ਦੇ ਨਜ਼ਦੀਕ ਜਾ ਢੁਕਾ।
ਇਸ ਤੋਂ ਪਹਿਲਾਂ ਕਿ ਮੋਮਨ ਖ਼ਾਨ ਦੀਆਂ ਲਾਹੌਰੀ ਫ਼ੌਜਾਂ ਤੇ ਦੁਰਾਨੀ ਫ਼ੌਜਾਂ ਮਿਲ ਕੇ ਸਿੰਘਾਂ ਨੂੰ ਘੇਰੇ ਵਿਚ ਲੈ ਲੈਣ, ਸਿੰਘ ਦਰਿਆਉਂ ਪਾਰ ਹੋ ਗਏ। ਇਹ ਦੁਰਾਨੀ ਫ਼ੌਜ ਲਾਹੌਰੋਂ ਮਾਰੋ-ਮਾਰ ਕਰਦੀ ਆਈ ਸੀ ਕਿ ਇਕ ਤਾਂ ਸਿੱਖ ਮਾਰਨ ਦਾ ਸਵਾਬ ਮਿਲੇਗਾ ਤੇ ਦੂਸਰਾ ਲਾਹੌਰੀ ਫ਼ੌਜ ਉੱਤੇ ਆਪਣੀ ਤਾਕਤ ਤੇ ਬਰਤਰੀ ਦਾ ਸਿੱਕਾ ਬਿਠਾ ਲਵੇਗੀ। ਪਰ ਸ਼ਿਕਾਰ ਹੱਥੋਂ ਨਿਕਲ ਗਿਆ ਵੇਖ ਕੇ ਅਫ਼ਗ਼ਾਨ ਬੜੇ ਤਲੀਉਂ-ਮੱਛੀ ਹੋਏ, ਦੰਦ ਪੀਹਣ ਲੱਗੇ। ਪਰ ਹੁਣ ਬਣ ਕੁਝ ਨਹੀਂ ਸਕਦਾ। ਮੋਮਨ ਖ਼ਾਨ ਸਿੱਖਾਂ ਦੀ ਖਉ/ਖੌਅ ਤੋਂ ਵਾਕਿਫ਼ ਸੀ ਅਤੇ ਸਮਝਦਾ ਸੀ ਕਿ ਜੇ ਇਨ੍ਹਾਂ ਦੀ ਗ਼ੈਰਤ ਨੂੰ ਵੰਗਾਰਿਆ ਜਾਵੇ ਤਾਂ ਇਹ ਥੋੜ੍ਹਿਆਂ ਬਹੁਤਿਆਂ ਤੇ ਨਫ਼ੇ ਨੁਕਸਾਨ ਦੀਆਂ ਸੋਚਾਂ-ਵਿਚਾਰਾਂ ਛੱਡ ਕੇ ਮੈਦਾਨ ਵਿਚ ਆ ਡੱਟਦੇ ਹਨ ਤੇ ਆਪਣੀ ਅਣਖ ‘ਤੇ ਮਰ ਮਿਟਦੇ ਹਨ। ਮੋਮਨ ਖ਼ਾਨ ਨੇ ਇਹ ਮਿਥ ਕੇ ਅਫ਼ਗ਼ਾਨ ਅਫ਼ਸਰਾਂ ਵਲੋਂ ਸਿੰਘਾਂ ਨੂੰ ਇਕ ਚਿੱਠੀ ਲਿਖਵਾਈ ਕਿ ਅਸੀਂ ਅਫ਼ਗ਼ਾਨ ਅਹਿਮਦ ਸ਼ਾਹ ਦੇ ਭਾਈਬੰਦ ਹਾਂ। ਤੁਸੀਂ ਵੀ ਜਹਾਨ ਵਿਚ ਜੰਗਜੂ ਪ੍ਰਸਿੱਧ ਹੋ। ਅਸੀਂ ਤੁਹਾਡੇ ਨਾਲ ਲੜਾਈ ਵਿਚ ਹੱਥ ਵੇਖਣ ਆਏ ਸਾਂ। ਪਰ ਤੁਸੀਂ ਤਾਂ ਬਿਨ ਲੜੇ ਹੀ ਕਾਇਰਾਂ ਵਾਂਗ ਪਹਿਲਾਂ ਹੀ ਦੌੜ ਗਏ ਹੋ। ਜੇ ਸੱਚਮੁੱਚ ਦੇ ਸਿੰਘ ਹੋ ਤਾਂ ਆਉ ਮੈਦਾਨ ਵਿਚ, ਤਲਵਾਰਾਂ ਨਾਲ ਲੜੋ ਤੇ ਦਿਲਾਂ ਦੀਆਂ ਸੱਧਰਾਂ ਲਾਹ ਲਈਏ। ਜੇ ਇਸ ਤਰ੍ਹਾਂ ਨਹੀਂ ਲੜਨਾ ਤਾਂ ਇਕ ਦੁਰਾਨੀ ਨਾਲ ਦੋ ਦੋ ਸਿੰਘ ਹੋ ਕੇ ਲੜ ਲਉ। ਬਾਕੀ ਸਾਡੀ ਸਾਰੀ ਫ਼ੌਜ ਦੂਰ ਖੜੀ ਵੇਖਦੀ ਰਹੇਗੀ। ਖ਼ੁਦਾ ਗਵਾਹ ਹੈ ਅਸੀਂ ਆਪਣੇ ਹਰਫ਼ ‘ਤੇ ਕਾਇਮ ਰਹਾਂਗੇ। ਸਾਡੇ ਵੱਲੋਂ ਕੋਈ ਦਗ਼ਾ ਨਹੀਂ ਹੋਵੇਗਾ। ਜੇ ਲੜ ਨਹੀਂ ਸਕਦੇ ਤਾਂ ਸਿੰਘ ਨਾਮ ਤੇ ਸ਼ਸਤਰ ਛੱਡ ਕੇ ਘਰਾਂ ਨੂੰ ਜਾਉ, ਖੇਤੀ ਵਾਹੀ ਕਰੋ ਤੇ ਜੱਟ ਸਦਵਾਉ। ਦੁਰਾਨੀਆਂ ਦੀ ਇਹ ਵੰਗਾਰ ਸਿੰਘਾਂ ਵਿਚਦੀ ਤਾਰ ਵਾਂਗ ਫਿਰ ਗਈ। ਅੱਗੋਂ ਸਿੰਘਾਂ ਨੇ ਉੱਤਰ ਭੇਜਿਆ—ਤੁਹਾਡੇ ਸਾਡੇ ਜੰਗ ਦਾ ਤਾਂ ਸਵਾਦ ਹੈ ਕਿ ਤੁਹਾਡੇ ਵੱਲੋਂ ਦਸ ਦੁਰਾਨੀ ਬੰਦੂਕਾਂ ਤਲਵਾਰਾਂ ਲੈ ਕੇ ਆਉਣ, ਇਧਰੋਂ ਕੇਵਲ ਪੰਜ ਭੁਚੰਗੀ ਸਿੰਘ, ਰਾਮਜੰਗੇ ਤੇ ਢਾਲਾਂ ਤਲਵਾਰਾਂ ਲੈ ਕੇ ਟਾਕਰੇ ਲਈ ਨਿਤਰਨਗੇ। ਕਿਉਂਕਿ ਸਾਨੂੰ ਸਾਡੇ ਸਤਿਗੁਰੂ ਜੀ ਦਾ ਹੁਕਮ ਹੈ ਕਿ ਸਵਾ ਲੱਖ ਤੁਰਕ ਨਾਲ ਇਕ ਸਿੰਘ ਨੂੰ ਲੜਾਉਣਾ ਹੈ, ਪਰ ਉਹ ਸਮਾਂ ਅਜੇ ਆਇਆ ਨਹੀਂ। ਅਫ਼ਗ਼ਾਨਾਂ ਨੇ ਅੱਗੋਂ ਉੱਤਰ ਘੱਲਿਆ ਕਿ ਸਾਨੂੰ ਬੰਦੂਕਾਂ ਦੀ ਲੜਾਈ ਪਰਵਾਨ ਨਹੀਂ, ਅਸੀਂ ਸਿਰਫ਼ ਸ਼ਮਸ਼ੀਰਾਂ-ਤਲਵਾਰਾਂ ਨਾਲ ਹੀ ਲੜਨਾ ਚਾਹੁੰਦੇ ਹਾਂ। ਸਿੰਘਾਂ ਵੀ ਅੱਗੋਂ ਜਵਾਬ ਦੇ ਘਲਾਇਆ ਕਿ ਅਸੀਂ ਤਾਂ ਬੰਦੂਕਾਂ ਦੀ ਲੜਾਈ ਲੜਾਂਗੇ। ਤੁਸਾਂ ਲੜਾਈ ਦੀ ਖ਼ਾਹਿਸ਼ ਜ਼ਾਹਰ ਕੀਤੀ ਹੈ, ਆਉ ਨਜ਼ਾਰੇ ਵੇਖ ਲਈਏ। ਪਰ ਗੱਲ ਕਿਸੇ ਸਿਰੇ ਨਾ ਲੱਗੀ । ਸਿੰਘ ਬੰਦੂਕਾਂ ਦੀ ਲੜਾਈ ਪਰ ਅੜੇ ਰਹੇ ਤੇ ਦੁਰਾਨੀ ਸਿਰਫ਼ ਤਲਵਾਰਾਂ ਨਾਲ ਹੀ ਲੜਨਾ ਚਾਹੁੰਦੇ ਸਨ। ਵਿਚੋਂ ਅਸਲ ਗੱਲ ਇਹ ਸੀ ਕਿ ਅਫ਼ਗ਼ਾਨਾਂ ਦੇ ਪਿੰਡਿਆਂ ‘ਤੇ ਜ਼ਹ-ਬਕਤਰਾਂ ਪਾਈਆਂ ਹੋਈਆਂ ਸਨ ਤੇ ਸਿਰਾਂ ‘ਤੇ ਲੋਹੇ ਦੇ ਖੋਦ ਸਨ, ਤੇੜ ਲੋਹੇ ਦੀਆਂ ਸੁਥਣੀਆਂ ਚਾੜ੍ਹੀਆਂ ਹੋਈਆਂ ਸਨ। ਉਹ ਸਿਰਾਂ ਤੋਂ ਲੈ ਕੇ ਪੈਰਾਂ ਤਕ ਲੋਹੇ ਵਿਚ ਮੜ੍ਹੇ ਹੋਏ ਸਨ । ਦੂਜੇ ਪਾਸੇ ਸਿੰਘਾਂ ਦੇ ਤਨ ‘ਤੇ ਕੱਪੜਾ ਵੀ ਪੂਰਾ ਕਿਸੇ ਦੇ ਹੀ ਸੀ। ਸੰਜੋਅ, ਚਿਲਤਾ ਤੇ ਖੋਦ ਸ਼ਾਇਦ ਕਿਸੇ ਇਕ ਅੱਧੇ ਪਾਸ ਹੋਵੇ। ਇਹੋ ਕਾਰਨ ਸੀ ਕਿ ਦੁਰਾਨੀ ਮੁੜ ਮੁੜ ਤਲਵਾਰਾਂ ਦੀ ਲੜਾਈ ਉੱਤੇ ਜ਼ੋਰ ਦੇ ਰਹੇ ਸਨ । ਦੂਜੇ ਪਾਸੇ ਸਿੰਘਾਂ ਦੇ ਬੰਦੂਕਾਂ ਦੇ ਨਿਸ਼ਾਨੇ ਦੀ ਦੂਰ-ਦੂਰ ਤਕ ਧੁੰਮ ਪਈ ਹੋਈ ਸੀ, ਜਿਸ ਦਾ ਜ਼ਿਕਰ ਸੱਯਦ ਗ਼ੁਲਾਮ ਅਲੀ ਆਪਣੀ ਪ੍ਰਸਿੱਧ ਪੁਸਤਕ ਇਮਾਦੁ-ਸਆਦਤ ਵਿਚ ਕਰਦਾ ਹੋਇਆ ਲਿਖਦਾ ਹੈ ਕਿ “… ਉਨ੍ਹਾਂ (ਸਿੰਘਾਂ) ਦੀ ਬੰਦੂਕ ਨੌਂ ਸੌ ਕਦਮ ‘ਤੇ 66 ਆਦਮੀ ਦੀ ਜਾ ਖ਼ਬਰ ਲੈਂਦੀ ਹੈ।” ਸਿੰਘਾਂ ਦੇ ਇਸ ਵਸਫ਼ ਨੇ ਦੁਰਾਨੀਆਂ ਦੇ ਦਿਲਾਂ ‘ਤੇ ਬਹੁਤ ਦਹਿਸ਼ਤ ਬਿਠਾਈ ਹੋਈ ਸੀ। ਇਹੋ ਕਾਰਨ ਸੀ ਕਿ ਉਹ ਬੰਦੂਕਾਂ ਨਾਲ ਲੜਾਈ ਵਾਲੇ ਪਾਸੇ ਨਹੀਂ ਸਨ ਆਉਂਦੇ।
ਅਗਲੇ ਦਿਨ ਇਕ ਅੱਖੜ ਜਿਹਾ ਹਰਕਾਰਾ ਆਇਆ ਤੇ ਬੜੀ ਕੁਰੱਖ਼ਤ ਬੋਲੀ ਵਿਚ ਕਹਿਣ ਲੱਗਾ ਕਿ ਜੇ ਤੁਹਾਡੇ ਵਿਚ ਕੋਈ ਦਾੜ੍ਹੀ ਮੁੱਛ ਵਾਲੇ ਮਰਦ ਹਨ ਤਾਂ ਇਕੱਲਾ ਇਕੱਲਾ ਆ ਕੇ ਤਲਵਾਰ ਨਾਲ ਹੱਥ ਕਰ ਵੇਖੇ। ਤੁਸੀਂ ਗੁਰੂ ਦੇ ਸਿੰਘ ਅਖਵਾਉਂਦੇ ਹੋ, ਤੁਹਾਨੂੰ ਗੁਰੂ ਦੀ ਸੁਗੰਦ ਹੈ, ਜੇ ਤੁਸੀਂ ਸਾਡੇ ਨਾਲ ਜਵਾਨਾਂ ਵਾਂਗ ਹੱਥ ਕਰ ਕੇ ਨਿਤਾਰਾ ਨਾ ਕਰੋ। ਫਿਰ ਉਸ ਨੇ ਇਕੱਲੇ ਇਕੱਲੇ ਸਿੰਘ ਦਾ ਨਾਉਂ ਲੈ ਕੇ ਧਿਤਕਾਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਦੇ ਸਿੰਘ ਬਣ ਕੇ ਬਾਣੇ ਨੂੰ ਲਾਜ ਲਾ ਰਹੇ ਹੋ। ਤੁਹਾਡੀ ਇਸ ਸੂਰਮਗਤੀ ਖੁਣੋਂ ਕੀ ਥੁੜਿਆ ਪਿਆ ਹੈ। ਸ਼ਸਤਰ ਛੱਡ ਕੇ ਘਰਾਂ ਨੂੰ ਤੁਰ ਜਾਉ। ਆਪਣੇ ਪੁਰਖਿਆਂ ਦੇ ਨਾਂ ਨੂੰ ਲਾਜ ਨਾ ਲਾਉ। ਇਹ ਸੁਣ ਕੇ ਸ: ਚੜ੍ਹਤ ਸਿੰਘ ਨੂੰ ਰੋਹ ਚੜ੍ਹ ਗਿਆ। ਉਸ ਦਾ ਸਰੀਰ ਤਾਂਬੇ ਵਾਂਗ ਭੱਖ ਉੱਠਿਆ। ਬੰਦੂਕ ਪਰ੍ਹਾਂ ਰੱਖ ਕੇ ਖੰਡਾ ਸੂਤ ਕੇ ਦੁਰਾਨੀਆਂ ਦੇ ਟਾਕਰੇ ਲਈ ਤੁਰ ਪਿਆ ਤੇ ਹਰਕਾਰੇ ਨੂੰ ਆਖਿਆ ਕਿ ਜਾਹ ਲਿਆ ਆਪਣੀ ਫ਼ੌਜ ਵਿਚੋਂ ਜਿਸ ਨੂੰ ਸਭ ਤੋਂ ਵੱਡਾ ਸੂਰਮਾ ਮਿੱਥੀ ਬੈਠੇ ਹੋ। ਜਦ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਸਰਦਾਰ ਚੜ੍ਹਤ ਸਿੰਘ ਨੂੰ ਦੁਰਾਨੀਆਂ ਵੱਲ ਇਸ ਤਰ੍ਹਾਂ ਤਿਆਰ ਹੋ ਤੁਰਿਆ ਡਿੱਠਾ ਤਾਂ ਉਸ ਨੇ ਘੋੜਾ ਛੇੜ ਕੇ ਉਸ ਨੂੰ ਜਾ ਰੋਕਿਆ ਤੇ ਆਖਿਆ ਕਿ ‘ਸਿੰਘਾ! ਤੂੰ ਅਜੇ ਚੜ੍ਹਦੀ ਉਮਰ ਦਾ ਮੁੰਡਾ ਹੈਂ । ਰੋਹ, ਬਲ ਦੇ ਨਾਲ ਤਜਰਬੇ ਦੀ ਵੀ ਲੋੜ ਹੈ। ਇਨ੍ਹਾਂ ਦੁਰਾਨੀਆਂ ਵਿਚੋਂ ਹਰ ਕੋਈ ਤੇਰੇ ਨਾਲੋਂ ਚੌਗੁਣੀ ਤਾਕਤ ਦਾ ਹੈ। ਇਸ ਤੋਂ ਇਲਾਵਾ ਹਰ ਕੋਈ ਸੰਜੋਆਂ, ਜ਼ਰਹ-ਬਕਤਰਾਂ ਨਾਲ ਮੜ੍ਹਿਆ ਹੋਇਆ ਹੈ। ਸਰੀਰ ਦਾ ਕੋਈ ਹਿੱਸਾ ਵੀ ਨੰਗਾ ਨਹੀਂ। ਸ਼ਾਇਦ ਇਨ੍ਹਾਂ ਦੀ ਸੰਜੋਅ ਦੀ ਤੂੰ ਇਕ ਕੜੀ ਵੀ ਨਾ ਤੋੜ ਸਕੇਂ। ਦੁਰਾਨੀ ਸਿਪਾਹੀ ਤਾਂ ਇਕ ਪਾਸੇ ਰਹੇ, ਇਨ੍ਹਾਂ ਦੇ ਘੋੜੇ ਵੀ ਲੋਹੇ ਨਾਲ ਮੜ੍ਹੇ ਹੋਏ ਹਨ। ਇਸ ਬਲ ‘ਤੇ ਹੀ ਤਾਂ ਇਹ ਤਲਵਾਰ ਦੀ ਲੜਾਈ ਲਈ ਜ਼ੋਰ ਦੇ ਰਹੇ ਹਨ। ਸਾਡੇ ਪਾਸ ਸੰਜੋਆਂ ਹੈ ਕੋਈ ਨਹੀਂ, ਉਨ੍ਹਾਂ ਦੀਆਂ ਅਸੀਂ ਲੁਹਾ ਸਕਦੇ ਨਹੀਂ। ਸ: ਚੜ੍ਹਤ ਸਿੰਘ ਨੇ ਉੱਤਰ ਦਿੱਤਾ ਕਿ ਮੈਂ ਮੰਨਦਾ ਹਾਂ ਕਿ ਮੈਂ ਬਾਲਕ ਹਾਂ, ਮੈਨੂੰ ਬਹੁਤਾ ਤਜਰਬਾ ਨਹੀਂ। ਦੁਰਾਨੀ ਤਕੜੇ ਵੀ ਹਨ ਤੇ ਸੰਜੋਆਂ ਵਿਚ ਡੁੱਬੇ ਹੋਏ ਹਨ। ਪਰ ਮੈਂ ਜਿਉਂਦੇ-ਜੀ ਪੰਥ ਦੀ ਹਾਨੀ ਵਾਲੇ ਸ਼ਬਦ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦਾ। ਪੰਥ ਦੀ ਸ਼ਾਨ ਲਈ ਲੜ ਕੇ ਮਰ ਜਾਣਾ ਮੈਂ ਚੰਗਾ ਸਮਝਦਾ ਹਾਂ। ਜਿੱਤ ਹਾਰ ਜਾਂ ਮਰਨਾ ਮਾਰਨਾ ਸਤਿਗੁਰੂ ਦੇ ਹੱਥ ਹੈ, ਪਰ ਸਾਹਸ ਤੇ ਉੱਦਮ ਕਰਨਾ ਤਾਂ ਸਿੰਘ ਦਾ ਧਰਮ ਹੈ। ਮੈਂ ਸਿੰਘਾਂ ਵਿਚ ਜੰਮ ਪਲ ਕੇ ਸਿੰਘ ਸਜਿਆ ਹਾਂ, ਸਿੰਘਾਂ ਨੂੰ ਵੰਗਾਰ ਕੇ ਇਹ ਦੁਰਾਨੀ ਜਾਣਗੇ ਕਿਥੇ? ਤੁਸੀਂ ਜ਼ਰਾ ਜਲਵਾ ਵੇਖੋ। ਸਤਿਗੁਰੂ ਦੀ ਕ੍ਰਿਪਾ ਨਾਲ ਮੈਂ ਟਾਕਰੇ ਲਈ ਆਏ ਦੁਰਾਨੀ ਦੇ ਸੰਜੋਆਂ ਸਮੇਤ ਪੁਰਜ਼ੇ ਉਡਾ ਦਿਆਂਗਾ। ਭਰੋਸਾ ਰੱਖੋ, ਮੈਂ ਪੰਥ ਦੀ ਸ਼ਾਨ ਨੂੰ ਵੱਟਾ ਨਹੀਂ ਲੱਗਣ ਦੇਂਦਾ।
ਇਹ ਸੁਣ ਕੇ ਸ: ਸੁੱਖਾ ਸਿੰਘ ਗਦ ਗਦ ਹੋ ਗਿਆ। ਫਿਰ ਆਖਿਆ ਕਿ ਮੁੰਡਿਆ, ਤੈਥੋਂ ਬਲਿਹਾਰ ਹਾਂ! ਤੂੰ ਧੰਨ ਹੈਂ! ਪਰ ਤੂੰ ਹੁਣ ਖੜੋ ਕੇ ਨਜ਼ਾਰਾ ਤੱਕ ਤੇ ਦੁਰਾਨੀ ਨਾਲ ਸਾਡੀ ਚਾਲ ਤੇ ਹੱਥ ਵੇਖ! ਇੰਜ ਸ: ਚੜ੍ਹਤ ਸਿੰਘ ਨੂੰ ਰੋਕ ਕੇ ਸ: ਸੁੱਖਾ ਸਿੰਘ ਨੇ ਸੰਜੋਅ ਅਤੇ ਫ਼ੌਲਾਦੀ ਦਸਤਾਨੇ ਸਜਾਏ। ਸਿਰ ‘ਤੇ ਲੋਹ ਖੋਦ ਟਿਕਾਈ। ਘੋੜੇ ‘ਤੇ ਉਹ ਪਾਖਰ ਪਾਈ ਜੋ ਗਿਲਜ਼ਈਆਂ ਪਾਸੋਂ ਖੋਹੀ ਹੋਈ ਸੀ । ਪੇਸ਼ਕਬਜ਼ ਤੇ ਦੋ ਸਰੋਹੀਆਂ ਗਾਤਰੇ ਸਜਾ ਕੇ ਢਾਲ ਲੈ ਕੇ ਤਿਆਰ ਹੋ ਗਿਆ। ਪੰਜਾਂ ਸਿੰਘਾਂ ਨੇ ਅਰਦਾਸ ਕੀਤੀ। ਸ: ਸੁੱਖਾ ਸਿੰਘ ਨੇ ਮੱਥਾ ਟੇਕਿਆ ਤੇ ਚਾਲੇ ਪਾ ਦਿੱਤੇ। ਘੋੜਾ ਛੇੜ ਕੇ ਸੰਨ੍ਹ ਵਾਲੀ ਪਾਣੀ ਦੀ ਫਾਟ ਲੰਘ ਕੇ ਦਰਿਆ ਦੀ ਬਰੇਤੀ ‘ਤੇ ਜਾ ਦੁਰਾਨੀਆਂ ਨੂੰ ਲਲਕਾਰਿਆ। ਮਿਥਿਆ ਇਹ ਗਿਆ ਸੀ ਕਿ ਲੜਾਈ ਦਰਿਆ ਵਿਚਕਾਰ ਪਈ ਬਰੇਤੀ ਉੱਤੇ ਹੋਵੇਗੀ। ਦੋਵੇਂ ਧਿਰਾਂ ਕੰਢਿਆਂ ‘ਤੇ ਖੜੋ ਕੇ ਆਪਣੇ ਆਪਣੇ ਸੂਰਮੇ ਨੂੰ ਲੜਦਾ ਵੇਖਣਗੀਆਂ। ਕੋਈ ਅੱਗੇ ਹੋ ਕੇ ਦਖ਼ਲ ਨਹੀਂ ਦੇਵੇਗਾ। ਜਿੱਤ ਹਾਰ ਇਕ ਧਿਰ ਦੀ ਮੌਤ ਨਾਲ ਹੋਵੇਗੀ। ਦੁਰਾਨੀਆਂ ਵਾਲੇ ਪਾਸਿਉਂ ਇਕ ਮੁਨਾਰੇ ਵਰਗਾ ਡਾਢਾ ਜਵਾਨ ਸੰਜੋਅ, ਖੋਦ ਨਾਲ ਢਕਿਆ ਹੋਇਆ “ਯਾ ਐਲੀ, ਯਾ ਐਲੀ” ਦੇ ਨਾਅਰੇ ਮਾਰਦਾ ਹੋਇਆ ਘੋੜਾ ਭਜਾ ਕੇ ਬਰੇਤੀ ‘ਤੇ ਆ ਨਿਤਰਿਆ ਤੇ ਆਉਂਦੇ ਸਾਰ ਹੀ ਸ: ਸੁੱਖਾ ਸਿੰਘ ਉੱਤੇ ਟੁੱਟ ਪਿਆ । ਲੜਾਈ ਸ਼ੁਰੂ ਹੋ ਪਈ। ਦੋਹਾਂ ਦਾ ਬਰਾਬਰ ਦਾ ਜੋੜ ਸੀ। ਵਦਾਨਾਂ ਵਾਂਗ ਢਾਲਾਂ ਉੱਤੇ ਸੱਟਾਂ ਪੈਣ ਲੱਗੀਆਂ । ਜਦ ਬਿਜਲੀ ਸਮਾਨ ਲਿਸ਼ਕਦੀਆਂ ਤੇਗ਼ਾਂ ਆਪੋ ਵਿਚ ਟਕਰਾਉਂਦੀਆਂ ਤਾਂ ਚੰਗਿਆੜੇ ਝੜ ਝੜ ਪੈਂਦੇ। ਲੜਦੇ ਲੜਦੇ ਦੋਵੇਂ ਸੂਰਮੇ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਘੋੜੇ ਵੀ ਜ਼ਖ਼ਮਾਂ ਤੇ ਥਕੇਵੇਂ ਨਾਲ ਚੂਰ ਹੋ ਚੁੱਕੇ ਸਨ। ਇਕ ਵਾਰ ਲੜਦੇ ਹੋਏ ਦੋਵੇਂ ਯੋਧੇ ਇੰਨੇ ਲਾਗੇ ਹੋ ਗਏ ਕਿ ਜੱਫੋ-ਜੱਫੀ ਹੋਏ ਥੱਲੇ ਜ਼ਮੀਨ ‘ਤੇ ਆ ਡਿੱਗੇ। ਇਸ ਵੇਲੇ ਸ: ਸੁੱਖਾ ਸਿੰਘ ਨੇ ਦੁਰਾਨੀ ਉੱਤੇ ਇਕ ਦਾਉ ਭਰ ਲਿਆ। ਉਸ ਨੇ ਆਪਣੀ ਗਿੱਚੀ ਉਠਾਈ ਤੇ ਦੁਰਾਨੀ ਦੀ ਸੰਜੋਅ ਚੁੱਕ ਕੇ ਕਟਾਰ (ਪੇਸ਼ਕਬਜ਼) ਉਸ ਦੇ ਢਿੱਡ ਵਿਚ ਖੋਭ ਦਿੱਤੀ ਤੇ ਦੁਰਾਨੀ ਨੂੰ ਮਾਰ ਕੇ ਸ: ਸੁੱਖਾ ਸਿੰਘ ਨੇ ਗੱਜ ਕੇ ਫ਼ਤਹਿ ਬੁਲਾਈ। ਜੈਕਾਰਾ ਛੁੱਟਣ ਦੀ ਦੇਰ ਸੀ ਕਿ ਸਾਹਮਣੇ ਮਰੇ ਪਏ ਸਾਥੀ ਨੂੰ ਵੇਖ ਕੇ ਗ਼ੁੱਸੇ ਵਿਚ ਆਏ ਦੁਰਾਨੀਆਂ ਨੇ ਹੱਲਾ ਬੋਲ ਦਿੱਤਾ। ਅੱਲਹ ਨੂੰ ਗਵਾਹ ਮੰਨਿਆ ਸੀ, ਸੋ ਸਭ ਭੁੱਲ ਗਏ। ਦੂਜੇ ਪਾਸੇ ਸਿੰਘ ਵੀ ਤਿਆਰ-ਬਰ-ਤਿਆਰ ਖੜੇ ਸਨ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਅਫ਼ਗ਼ਾਨ ਆਪਣੇ ਬੋਲ ਤੇ ਕਸਮ ਦੇ ਕਿੰਨੇ ਕੁ ਪੱਕੇ ਹੁੰਦੇ ਹਨ। ਸ: ਚੜ੍ਹਤ ਸਿੰਘ ਘੋੜਾ ਭਜਾ ਕੇ ਬਿਜਲੀ ਵਾਂਗ ਗਿਆ ਤੇ ਸ: ਸੁੱਖਾ ਸਿੰਘ ਨੂੰ ਬਾਹੋਂ ਫੜ ਕੇ ਘੋੜੇ ‘ਤੇ ਚੜਾਅ ਉਰਾਰ ਸਿੰਘਾਂ ਪਾਸ ਲੈ ਆਇਆ। ਜਿਹੜੇ ਦੁਰਾਨੀ ਹੱਲਾ ਕਰ ਕੇ ਅੱਗੇ ਵਧੇ ਸਨ, ਉਨ੍ਹਾਂ ਨਾਲ ਸਿੰਘ ਜੁੱਟ ਪਏ ਤੇ ਮਾਰ ਮਾਰ ਕੇ ਉਨ੍ਹਾਂ ਨੂੰ ਪਿਛਾਂਹ ਹਟਾ ਦਿੱਤਾ। ਦੁਰਾਨੀਆਂ ਦਾ ਐਸਾ ਹੰਕਾਰ ਟੁੱਟਾ ਕਿ ਫਿਰ ਕਦੀ ਸਿੰਘਾਂ ਨੂੰ ਵੰਗਾਰ ਕੇ ਐਸੀ ਖੇਡ ਖੇਡਣ ਦਾ ਉਨ੍ਹਾਂ ਨੂੰ ਹੌਸਲਾ ਨਹੀਂ ਪਿਆ।
ਸੰਨ 1842 ਈਸਵੀ ਤਕ ਸਿੰਘਾਂ ਤੇ ਪਠਾਣਾਂ ਦੀ ਤਲਵਾਰੀ ਖਹਿਮ ਖਹਿ ਹੁੰਦੀ ਰਹੀ, ਪਰ ਕੀ ਮਜਾਲ ਜੋ ਫਿਰ ਕਦੀ ਇੰਜ ਵੰਗਾਰਨ ਦਾ ਕਿਸੇ ਨੂੰ ਸੁਪਨਾ ਵੀ ਆਇਆ ਹੋਵੇ।
ਅਹਿਮਦ ਸ਼ਾਹ ਦਾ ਸਰਹੰਦ ਉੱਤੇ ਕਬਜ਼ਾ ਪਰ ਮਾਨੂਪੁਰ ਦੀ ਲੜਾਈ ਵਿਚ ਹਾਰ ਗਿਆ
ਅਹਿਮਦ ਸ਼ਾਹ ਨੇ ਦੁਆਬੇ ਵਿਚਦੀ ਲੰਘ ਕੇ 1 ਮਾਰਚ 1748 ਈਸਵੀ ਨੂੰ ਸਤਲੁਜ ਦਰਿਆ ਪਾਰ ਕੀਤਾ ਤੇ 40 ਮੀਲ (65 ਕਿ: ਮੀ:) ਦਾ ਪੰਧ ਮਾਰ ਕੇ ਦੂਸਰੇ ਦਿਨ ਸਰਹੰਦ ਆ ਪੁੱਜਾ। ਅੱਗੋਂ ਕੋਈ ਟਾਕਰਾ ਕਰਨ ਵਾਲਾ ਨਹੀਂ ਸੀ, ਸਹਿਜੇ ਹੀ ਸਰਹੰਦ ਉੱਤੇ ਉਸ ਨੇ ਕਬਜ਼ਾ ਕਰ ਲਿਆ। ਵਜ਼ੀਰ ਕਮਰੁੱਦੀਨ ਦਾ ਮਾਲ ਅਸਬਾਬ, ਖ਼ਜ਼ਾਨਾ ਤੇ ਉਸ ਦਾ ਟੱਬਰ-ਟੀਹਰ ਦੁਰਾਨੀ ਦੇ ਹੱਥ ਆ ਗਿਆ। ਸਬੱਬ ਇਹ ਬਣਿਆ ਕਿ ਦੁਰਾਨੀ ਦਾ ਟਾਕਰਾ ਕਰਨ ਆਈ ਮੁਗ਼ਲ ਫ਼ੌਜ ਦਾ ਮੋਹਰੀ ਦਿੱਲੀ ਦਾ ਵੱਡਾ ਵਜ਼ੀਰ ਕਮਰੁੱਦੀਨ ਬਹੁਤ ਪਹਿਲਾਂ ਸਰਹੰਦ ਆ ਪਹੁੰਚਾ ਸੀ, ਜਦ ਕਿ ਅਹਿਮਦ ਸ਼ਾਹ ਅਜੇ ਦੁਆਬੇ ਵਿਚ ਹੀ ਸੀ। ਉਹ ਆਪਣਾ ਵਾਧੂ ਸਾਮਾਨ ਸਰਹੰਦ ਛੱਡ ਕੇ ਦੁਰਾਨੀ ਫ਼ੌਜ ਨੂੰ ਰੋਕਣ ਲਈ ਮਾਛੀਵਾੜੇ ਨੂੰ ਤੁਰ ਗਿਆ ਸੀ। ਅਹਿਮਦ ਸ਼ਾਹ ਨੂੰ ਸੂਹ ਮਿਲ ਗਈ ਸੀ ਕਿ ਉਸ ਦਾ ਦਰਿਆ ਟੱਪਦੇ ਦਾ ਹੀ ਰਸਤਾ ਰੋਕਿਆ ਜਾਵੇਗਾ। ਸੋ, ਉਹ ਮਾਛੀਵਾੜੇ ਦੇ ਪਤਣ ਵੱਲ ਜਾਣ ਦੀ ਬਜਾਏ ਲੁਧਿਆਣੇ ਪਾਸੋਂ ਕਿਸੇ ਗਾਹਣ ਰਾਹੀਂ ਦਰਿਆ ਪਾਰ ਕਰ ਕੇ 2 ਮਾਰਚ 1748 ਨੂੰ ਰਵਾਂ-ਰਵੀਂ ਜਾ ਕੇ ਸਰਹੰਦ ਕਿਲ੍ਹੇ ਤੇ ਸ਼ਹਿਰ ਉੱਤੇ ਕਾਬਜ਼ ਹੋ ਗਿਆ। ਕਿਲ੍ਹੇ ਵਿਚ ਜੋ ਹਿਫ਼ਾਜ਼ਤੀ ਦਸਤਾ ਕਮਰੁੱਦੀਨ ਪਿੱਛੇ ਛੱਡ ਗਿਆ ਸੀ, ਉਹ ਸ਼ਾਹ ਦੁਰਾਨੀ ਨੇ ਤਲਵਾਰ ਦੇ ਘਾਟ ਉਤਾਰ ਦਿੱਤੇ । ਅਹਿਮਦ ਸ਼ਾਹ ਨੇ ਸਖ਼ਤ ਹੁਕਮ ਦਿੱਤਾ ਕਿ ਉਸ ਦੇ ਕੰਪੂ ਤੇ ਇਸ ਦੇ ਆਸ ਪਾਸ ਦੂਰ ਤਕ ਕੋਈ ਵੀ ਹਿੰਦੁਸਤਾਨੀ ਜ਼ਿੰਦਾ ਨਾ ਛੱਡਿਆ ਜਾਵੇ । ਕਈ ਅਮੀਰ ਤੇ ਹੋਰ ਮੁਗ਼ਲ ਸਰਕਾਰ ਦੇ ਖ਼ੈਰ-ਖ਼ਾਹ ਜੋ ਸਰਕਾਰ ਲਈ ਕੋਈ ਸੂਹ ਲੈਣ ਜਾਂ ਡਿੱਠ ਵੇਖਣ ਗਏ ਸਨ, ਜਿਉਂਦੇ ਵਾਪਸ ਨਾ ਪਰਤੇ।
ਸਰਹੰਦ ਉੱਤੇ ਕਬਜ਼ੇ ਦੀ ਖ਼ਬਰ ਪੁੱਜਣ ‘ਤੇ ਵਜ਼ੀਰ ਕਮਰੁੱਦੀਨ, ਸ਼ਹਿਜ਼ਾਦਾ ਅਹਿਮਦ ਤੇ ਵਜ਼ੀਰ ਦਾ ਪੁੱਤਰ ਮੀਰ ਮੁਈਨੁਦੀਨ (ਪ੍ਰਸਿੱਧ ਮੀਰ ਮਨੂੰ) ਸਣੇ ਫ਼ੌਜ ਦੇ ਕੂਚ ਕਰ ਕੇ ਤੇਜ਼ੀ ਨਾਲ ਵਾਪਸ ਸਰਹੰਦ ਵੱਲ ਆਏ ਤੇ ਸਰਹੰਦੋਂ ਚੜ੍ਹਦੇ ਵਿਚ 2 ਕੁ ਮੀਲ ਦੇ ਫ਼ਾਸਲੇ ‘ਤੇ ਪਿੰਡ ਮਾਨੂਪੁਰ ਕੋਲ ਆ ਡੇਰੇ ਲਾਏ।
ਮਾਨੂਪੁਰ ਦੀ ਲੜਾਈ ਵਿਚ ਦੁਰਾਨੀਆਂ ਦੀ ਹਾਰ
ਦਿੱਲੀ ਦੀ ਮੁਗ਼ਲ ਫ਼ੌਜ ਦੇ ਆਉਂਦਿਆਂ ਸਾਰ ਛੋਟੀਆਂ ਮੋਟੀਆਂ ਝੜਪਾਂ ਦੁਰਾਨੀਆਂ ਨਾਲ ਹੋਣੀਆਂ ਸ਼ੁਰੂ ਹੋ ਗਈਆਂ ਸਨ, ਪਰ ਗਹਿਗੱਚ ਲੜਾਈ 11 ਮਾਰਚ 1748 ਈ: ਵਾਲੇ ਦਿਨ ਆਰੰਭ ਹੋਈ। ਦੁਪਹਿਰ ਦੀ ਨਮਾਜ਼ ਵੇਲੇ ਕਮਰੁੱਦੀਨ ਨੂੰ ਦੁਰਾਨੀ ਤੋਪਖ਼ਾਨੇ ਦਾ ਇਕ ਗੋਲਾ ਆ ਵੱਜਾ, ਜਿਸ ਨਾਲ ਉਹ ਬੁਰੀ ਤਰ੍ਹਾਂ ਘਾਇਲ ਹੋ ਗਿਆ। ਪਰ ਮਰਨ ਤੋਂ ਪਹਿਲਾਂ ਉਸ ਨੇ ਆਪਣੇ ਪੁੱਤਰ ਮੀਰ ਮੁਈਨੁਦੀਨ ਨੂੰ ਕਿਹਾ, “ਮੇਰਾ ਕੰਮ ਤਮਾਮ ਹੋ ਗਿਆ ਹੈ, ਮੇਰਾ ਅੰਤ ਸਮਝੋ। ਬਾਦਸ਼ਾਹ ਵਲੋਂ ਜੋ ਫ਼ਰਜ਼ ਆਪਣੇ ਸਿਰ ਹੈ ਉਹ ਅਦਾ ਨਹੀਂ ਹੋਇਆ। ਵੇਖੀਂ ਮੇਰੇ ਬਾਰੇ ਬਾਹਰ ਸੁੰਧਿਕ ਨਾ ਨਿਕਲੇ ਤੇ ਤੂੰ ਘੋੜੇ ‘ਤੇ ਸਵਾਰ ਹੋ ਕੇ ਮੋਹਰੇ ਲੱਗ ਕੇ ਹੱਲਾ ਕਰਵਾ। ਗੱਲ ਕਿਸੇ ਪਾਸੇ ਲਾ ਕੇ ਫੇਰ ਮੇਰੀ ਖ਼ਬਰ ਸਾਰ ਲੈ ਲਵੀਂ।” ਗੱਲ ਸਾਫ਼ ਸੀ ਕਿ ਵਜ਼ੀਰ ਦੀ ਮੌਤ ਦੀ ਖ਼ਬਰ ਫ਼ੌਜ ਵਿਚ ਉਨਾਂ ਚਿਰ ਨਾ ਜਾਵੇ, ਜਿੰਨਾ ਚਿਰ ਲੜਾਈ ਜਿੱਤੀ ਨਹੀਂ ਜਾਂਦੀ। ਮਨੂੰ ਨੇ ਪਿਉ ਦੀ ਲੋਥ ਨੂੰ ਸਿਰਹਾਣਿਆਂ ਦਾ ਸਹਾਰਾ ਦੇ ਕੇ ਬੈਠੀ ਹੋਈ ਹਾਲਤ ਵਿਚ ਦਿਸਦਾ ਕਰ ਕੇ ਹਾਥੀ ਉੱਤੇ ਰੱਖ ਦਿੱਤਾ। ਫਿਰ ਉਸ ਨੇ ਅਗਵਾਈ ਕਰ ਕੇ ਦੁਰਾਨੀਆਂ ਉੱਤੇ ਏਡੇ ਜ਼ੋਰ ਦਾ ਹੱਲਾ ਕੀਤਾ ਕਿ ਉਨ੍ਹਾਂ ਨੂੰ ਸੰਭਲਣਾ ਔਖਾ ਹੋ ਗਿਆ।
ਦੁਰਾਨੀ ਫ਼ੌਜ ਦੇ ਪੈਰ ਉਖੜਦੇ ਉਖੜਦੇ ਸੰਭਲੇ ਤੇ ਲੜਾਈ ਇਕ ਵਾਰ ਫਿਰ ਸਿਖਰ ਦੀ ਮੱਘ ਪਈ। ਦੁਰਾਨੀਆਂ ਦਾ ਪੈਂਤੜਾ ਚੰਗਾ ਜੰਮ ਗਿਆ ਸੀ, ਜਦ ਉਨ੍ਹਾਂ ਦੇ ਮੰਦਿਆਂ ਭਾਗਾਂ ਨੂੰ ਅੱਗ ਦੀ ਇਕ ਚੰਗਿਆੜੀ ਉੱਡ ਕੇ ਬਾਰੂਦ ਦੇ ਰਾਕਟਾਂ ਨਾਲ ਭਰੇ ਹੋਏ ਇਕ ਗੱਡੇ ਵਿਚ ਆਣ ਡਿੱਗੀ, ਜਿਹੜੇ ਗੱਡੇ ਦੁਰਾਨੀ ਲਾਹੌਰੋਂ ਫੜ ਕੇ ਲਿਆਏ ਸਨ। ਇਸ ਨਾਲ ਉਹ ਰਾਕਟ ਚੱਲਣ ਲੱਗ ਪਏ। 1000 ਦੁਰਾਨੀ ਤਾਂ ਥਾਂ ‘ਤੇ ਹੀ ਮਰ ਗਏ। ਇਹ ਰਾਕਟ ਉੱਡਣ ਵੇਲੇ ‘ਸ਼ ਸ਼ ਸ਼ਾ ਸ਼ਾਕੂ ਸ਼ਕੁ! ਸ਼ਾਕੂ…’ (ਬਾਦਸ਼ਾਹ ਕਿਥੇ ਹੈ? ਬਾਦਸ਼ਾਹ ਕਿਥੇ ਹੈ…) ਦੀ ਆਵਾਜ਼ ਦੇਂਦੇ ਸਨ।
ਵਹਿਮ ਦੇ ਮਾਰਿਆਂ ਪਠਾਣਾਂ ਸਮਝਿਆ ਕਿ ਇਹ ਕੋਈ ਬਲਾ ਹੈ ਜੋ ਹਿੰਦੁਸਤਾਨ ਤੋਂ ਆਈ ਹੈ ਤੇ ਕਹਿ ਰਹੀ ਹੈ ਕਿ ਬਾਦਸ਼ਾਹ ਕਿਥੇ ਹੈ ? ਅਤੇ ਬਾਦਸ਼ਾਹ (ਅਹਿਮਦ ਸ਼ਾਹ) ਨੂੰ ਲੱਭ ਰਹੀ ਹੈ। ਇਸ ਵਹਿਮ ਨਾਲ ਕਿ ਜਿਹੜੀ ਬਲਾ ਬਾਦਸ਼ਾਹ ਨੂੰ ਲੱਭਦੀ ਫਿਰਦੀ ਹੈ, ਉਹ ਉਨ੍ਹਾਂ ਨੂੰ ਕਦ ਛੱਡਣ ਲੱਗੀ ਹੈ। ਦੁਰਾਨੀਆਂ ਦੀਆਂ ਸਫ਼ਾਂ ਵਿਚ ਭਗਦੜ ਮੱਚ ਗਈ ਤੇ ਜਾਨਾਂ ਬਚਾਉਣ ਲਈ ਉਹ ਸਾਰੀ ਪਾਸੀਂ ਨੱਠ ਉੱਠੇ। ਇਸ ਵੇਲੇ ਉੱਤੋਂ ਮੁਗ਼ਲ ਫ਼ੌਜ ਦੇ ਸਰਦਾਰ ਸਫ਼ਦਰਜੰਗ ਦੇ ਪੈ-ਦਰ-ਪੈ ਹੱਲਿਆਂ ਨੇ ਦੁਰਾਨੀਆਂ ਨੂੰ ਮੈਦਾਨੋਂ ਐਸਾ ਉਖੇੜਿਆ ਕਿ ਫਿਰ ਉਨ੍ਹਾਂ ਦੇ ਪੈਰ ਲੱਗਣੇ ਔਖੇ ਹੋ ਗਏ। ਅਹਿਮਦ ਸ਼ਾਹ ਨੂੰ ਇਸ ਨਤੀਜੇ ਦੀ ਉਮੀਦ ਨਹੀਂ ਸੀ। ਨਿਰਾਸ਼ ਹੋ ਕੇ ਸਰਹੰਦ ਨੂੰ ਮੁੜ ਗਿਆ।
ਸਰਹੰਦ ਜਾ ਕੇ ਹੁਣ ਉਸ ਨੇ ਸੁਲਹ ਲਈ ਜਤਨ ਆਰੰਭੇ, ਪਰ ਜਿੱਤੀ ਹੋਈ ਮੁਗ਼ਲ ਫ਼ੌਜ ਦੇ ਆਗੂ ਸ਼ਹਿਜ਼ਾਦਾ ਅਹਿਮਦ ਨੇ ਉਸ ਦੀ ਇਕ ਵੀ ਗੱਲ ਨਾ ਮੰਨੀ। ਇਸ ਹਾਲਤ ਵਿਚ ਅਹਿਮਦ ਸ਼ਾਹ ਪਾਸ ਆਪਣੇ ਦੇਸ਼ ਨੂੰ ਮੁੜ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਮੁਗ਼ਲ ਫ਼ੌਜ ਨੇ ਅੱਗੇ ਵੱਧ ਕੇ ਨਿਸਲ ਹੋ ਚੁੱਕੀ ਦੁਰਾਨੀ ਫ਼ੌਜ ‘ਤੇ ਕਾਰੀ ਸੱਟ ਮਾਰ ਕੇ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਥਾਂ ਆਪਣੇ ਕੰਪੂ ਵਿਚ ਹੀ ਅਗਲੇ ਚਾਰ ਪੰਜ ਦਿਨ ਆਰਾਮ ਕੀਤਾ। ਇੰਨੇ ਦਿਨ ਅਹਿਮਦ ਸ਼ਾਹ ਵੀ ਸਰਹੰਦ ਹੀ ਰੁਕਿਆ ਰਿਹਾ। 17 ਮਾਰਚ 1748 ਈ: ਨੂੰ ਉਸ ਨੇ ਸਰਹੰਦੋਂ ਅੰਤਿਮ ਕੂਚ ਕੀਤਾ। ਲਾਹੌਰ ਆ ਕੇ ਬਿਨਾਂ ਠਹਿਰਨ ਤੋਂ ਅੱਗੇ ਕੰਧਾਰ ਨੂੰ ਤੁਰ ਗਿਆ। ਪੰਜਾਬ ਦਾ ਸੂਬਾ ਫਿਰ ਮੁਗ਼ਲ ਹਕੂਮਤ ਦੇ ਝੰਡੇ ਥੱਲੇ ਆ ਗਿਆ।
ਸਿੰਘਾਂ ਅਟਕ ਤਕ ਦੁਰਾਨੀ ਨੂੰ ਦਬੱਲਿਆ
ਅਹਿਮਦ ਸ਼ਾਹ ਜਦ ਲਾਹੌਰੋਂ ਤੁਰਿਆ ਤਾਂ ਸ: ਚੜ੍ਹਤ ਸਿੰਘ ਵੀ ਖ਼ਬਰ ਪਾ ਕੇ ਮਗਰ ਲੱਗ ਪਿਆ । ਉਸ ਨੂੰ ਦੁਰਾਨੀਆਂ ਨੂੰ ਸੁਕ-ਮਾਂਜ ਕਰਨ ਦਾ ਤੇ ਵਹੀਰ ਲੁੱਟਣ ਦਾ ਚੰਗਾ ਮੌਕਾ ਹੱਥ ਲੱਗ ਗਿਆ। ਚਨਾਬ ਦਰਿਆ ਪਾਰ ਕਰ ਰਹੀ ਦੁਰਾਨੀ ਫ਼ੌਜ ‘ਤੇ ਉਸ ਨੇ ਹੱਲਾ ਬੋਲ ਦਿੱਤਾ। ਹਾਰ ਖਾ ਕੇ ਵਾਹੋ-ਦਾਹੀ ਮੁੜੀ ਜਾਂਦੀ ਫ਼ੌਜ ਨੂੰ ਬਚ ਨਿਕਲਣ ਦੀ ਕਾਹਲ ਸੀ ਸੋ ਬਹੁਤ ਸਾਰਾ ਆਪਣਾ ਮਾਲ ਅਸਬਾਬ ਤੇ ਚੰਗੇ ਚੰਗੇ ਘੋੜੇ ਖੂਹਾ ਕੇ ਦਰਿਆ ਟੱਪ ਗਏ। ਖੱਬੇ ਕੰਢੇ ‘ਤੇ ਲੁੱਟਿਆ ਸਾਰਾ ਮਾਲ ਅਸਬਾਬ ਸਮੇਟ ਕੇ ਸ: ਚੜ੍ਹਤ ਸਿੰਘ ਦਰਿਆ ਟੱਪ ਕੇ ਦੁਰਾਨੀਆਂ ਨੂੰ ਅਟਕ ਤਕ ਦੱਬੀ ਗਿਆ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਘਰਕਾ ਸੁੱਟਿਆ। ਇਸ ਦੇ ਦੋ ਫ਼ਾਇਦੇ ਹੋਏ। ਇਕ ਤਾਂ ਜਾਂਦੀ ਵਾਰੀ ਦੁਮ ਦਬਾ ਕੇ ਭੱਜੇ ਜਾਂਦੇ ਦੁਰਾਨੀ ਰਾਹ ਵਿਚ ਕਿਧਰੇ ਲੁੱਟ ਮਾਰ ਨਾ ਕਰ ਸਕੇ ਤੇ ਦੇਸ਼ ਉਨ੍ਹਾਂ ਦੇ ਹੱਥੋਂ ਉਜੜਨ ਤੋਂ ਬਚ ਗਿਆ; ਦੂਸਰਾ, ਸ: ਚੜ੍ਹਤ ਸਿੰਘ ਦੀ ਬਹਾਦਰੀ ਤੇ ਦਲੇਰੀ ਦਾ ਰੁਹਬ ਇਸ ਸਾਰੇ ਇਲਾਕੇ ’ਤੇ ਛਾ ਗਿਆ।
ਨੂਰਪੁਰ ਦੇ ਰਾਜੇ ਨੇ ਸਿੰਘਾਂ ਦੀ ਅਧੀਨਗੀ ਮੰਨ ਲਈ
ਕਲਾਨੌਰ ਕੋਟ ਬੁੱਢੇ ਪਾਸ ਸਿੰਘਾਂ ਨਾਲ ਹੋਈ ਝੜਪ ਪਿੱਛੋਂ ਦੁਰਾਨੀ ਫ਼ੌਜ ਲਾਹੌਰ ਨੂੰ ਮੁੜ ਗਈ। ਸਿੱਖ ਸਰਦਾਰ ਸੁੱਖਾ ਸਿੰਘ, ਚੜ੍ਹਤ ਸਿੰਘ, ਹਰੀ ਸਿੰਘ, ਜੈ ਸਿੰਘ ਕਨ੍ਹਈਆ ਆਦਿ ਪਠਾਨਕੋਟ ਵੱਲ ਹੋ ਤੁਰੇ। ਰਸਤੇ ਵਿਚ ਲਖਪਤ ਰਾਏ ਦੇ ਹਮਾਇਤੀਆਂ ਨੂੰ ਸੋਧਦੇ ਹੋਏ ਪਠਾਨਕੋਟ ਦੇ ਚੜ੍ਹਦੇ ਵਿਚ ਨੂਰਪੁਰ (ਹਿਮਾਚਲ ਪ੍ਰਦੇਸ਼) ਜਾ ਪੁੱਜੇ। ਨੂਰਪੁਰ ਦਾ ਰਾਜਾ ਸਿੰਘਾਂ ਦਾ ਲਾਮ-ਲਸ਼ਕਰ ਵੇਖ ਕੇ ਬਹੁਤ ਭੈ-ਭੀਤ ਹੋ ਗਿਆ। ਲੜਨ ਦੀ ਥਾਂ ਈਨ ਮੰਨ ਕੇ ਲੰਗਰ ਲਈ ਮਾਇਆ ਦੇ ਗੱਫੇ ਭੇਟ ਕਰ ਕੇ ਸਿੰਘਾਂ ਨਾਲ ਦੋਸਤਾਨਾ ਗੰਢ ਲਿਆ।
ਰਾਜਾ ਗੁਰਦਿੱਤ ਮੱਲ ਨੂੰ ਕਰੜੀ ਹਾਰ
ਇਸ ਵੇਲੇ ਪਹਾੜ ਦੀ ਕੰਢੀ ਦਾ ਫ਼ੌਜਦਾਰ ਗੁਰਦਿੱਤ ਮੱਲ ਸੀ। ਲਖਪਤ ਰਾਏ ਨੇ ਗੁਰਦਿੱਤ ਮੱਲ ਨੂੰ ਸਿੰਘਾਂ ਉੱਤੇ ਹੱਲਾ ਕਰਨ ਲਈ ਪਹਿਲਾਂ ਹੀ ਹੁਕਮ ਭੇਜਿਆ ਹੋਇਆ ਸੀ। ਲਖਪਤ ਰਾਏ ਨੇ ਪੰਜਾਬ ਦੇ ਸਾਰੇ ਹੀ ਫ਼ੌਜਦਾਰਾਂ ਨੂੰ ਇਹ ਹੁਕਮ ਦਿੱਤਾ ਹੋਇਆ ਸੀ ਕਿ ਜਿਸ ਦੇ ਵੀ ਇਲਾਕੇ ਵਿਚ ਸਿੰਘ ਆਉਣ, ਉਹ ਫ਼ੌਜਦਾਰ ਆਸਿਉਂ ਪਾਸਿਉਂ ਸਹਾਇਤਾ ਇਕੱਠੀ ਕਰ ਕੇ ਸਿੰਘਾਂ ਉੱਤੇ ਹੱਲੇ ਕਰੇ, ਮਾਰ ਦੇਵੇ ਜਾਂ ਫੜ ਕੇ ਲਾਹੌਰ ਪਹੁੰਚਾ ਦੇਵੇ, ਤੇ ਆਪਣੇ ਇਲਾਕੇ ਵਿਚ ਕਿਧਰੇ ਟਿਕਣ ਨਾ ਦੇਵੇ, ਇੰਜ ਉਸ ਨੇ ਸਿੰਘਾਂ ਵਿਰੁੱਧ ਇਕ ਕਰੜਾ ਬਾਨ੍ਹਣੂ ਬੰਨ੍ਹਿਆ ਹੋਇਆ ਸੀ। ਇਹ ਫ਼ੌਜਦਾਰ ਸਿੰਘਾਂ ਵਿਰੁੱਧ ਪੂਰੀ ਤਿਆਰੀ ਵਿਚ ਬੈਠਾ ਹੋਇਆ ਸੀ। ਸਦਰਾ ਬਦਰਾ ਪਿੰਡ ਲਾਗੇ ਦੋਹਾਂ ਦਲਾਂ ਦੀ ਮੁੱਠ ਭਿੜ ਹੋ ਗਈ। ਰਾਜਾ ਗੁਰਦਿੱਤ ਮੱਲ ਪਾਸ ਆਪਣੀ ਪੰਜ ਹਜ਼ਾਰ ਸਵਾਰ ਤੇ ਸੱਤ ਹਜ਼ਾਰ ਪਿਆਦਾ ਫ਼ੌਜ ਤੋਂ ਬਿਨਾਂ ਰਣਜੀਤ ਦੇਵ ਜੰਮੂਵਾਲੀਏ, ਜਸਰੋਟੀਏ ਅਤੇ ਮਾਣਕੋਟੀਏ ਡੋਗਰਿਆਂ ਦੀਆਂ ਫ਼ੌਜਾਂ ਵੀ ਨਾਲ ਸਨ। ਸਿੰਘ ਕੁਲ ਮਿਲਾ ਕੇ ਦੋ ਕੁ ਹਜ਼ਾਰ ਦੇ ਏੜ-ਗੇੜ ਸਨ । ਲੜਾਈ ਬੰਦੂਕਾਂ ਨਾਲ ਆਰੰਭ ਹੋਈ। ਸਿੰਘਾਂ ਉੱਤੇ ਦਬਾਅ ਵੱਧਦਾ ਵੇਖ ਕੇ ਸ: ਹਰੀ ਸਿੰਘ ਨੇ ਕਿਹਾ ਕਿ ਨਿਰੇ ਰਾਮਜੰਗਿਆਂ ਨਾਲ ਪੂਰਾ ਟਾਕਰਾ ਨਹੀਂ ਹੋਣਾ, ਤੇਗ਼ਾਂ ਸੂਤ ਕੇ ਵੈਰੀ ਦੀਆਂ ਕਤਾਰਾਂ ਵਿਚ ਘੁਸ ਜਾਉ। ਸਾਰਿਆਂ ਸਰਦਾਰਾਂ ਗੁਰਮਤਾ ਕਰ ਕੇ ਹੱਥੋ-ਹੱਥ ਤਲਵਾਰ ਦੀ ਲੜਾਈ ਦੀ ਧਾਰ ਲਈ । ਹੁਣ ਉਹ ਬੰਦੂਕਾਂ ਦੀਆਂ ਵਾੜਾਂ ਝਾੜਦੇ ਹੋਏ ਹੌਲੀ ਹੌਲੀ ਚੀਤਾ-ਚਾਲ ਅੱਗੇ ਨੂੰ ਵਧੀ ਗਏ ਤੇ ਜਦ ਵਾਹਵਾ ਲਾਗੇ ਪਹੁੰਚ ਗਏ ਤਾਂ ਫਿਰ ਏਕਾ-ਏਕ ਹੱਲਾ ਕਰ ਕੇ ਉਨ੍ਹਾਂ ਵਿਚ ਰਲ ਗਏ ਤੇ ਤੇਗ਼ਾਂ ਨਾਲ ਗੱਭੇ ਵਾਢ ਆਰੰਭ ਕਰ ਦਿੱਤੀ। ਇਹ 20 ਕੁ ਹਜ਼ਾਰ ਡੋਗਰੇ ਲੜਾਕੂ ਸਿੰਘਾਂ ਦੀ ਤੇਗ਼ ਦੀ ਕਾਟ ਅੱਗੇ ਟਿਕ ਨਾ ਸਕੇ। ਆਪਣੇ ਕਾਫ਼ੀ ਬੰਦੇ ਮਰਵਾ ਕੇ ਤੇ ਘਾਇਲ ਕਰਵਾ ਕੇ, ਜਾਨਾਂ ਬਚਾਉਣ ਲਈ ਜਿਧਰ ਕਿਸੇ ਨੂੰ ਰਾਹ ਲੱਭਾ, ਹਵਾ ਹੋ ਗਏ। ਬਹੁਤ ਸਾਰਿਆਂ ਹਥਿਆਰ ਸੁੱਟ ਮੂੰਹਾਂ ਵਿਚ ਘਾਹ ਲੈ “ਅਸੀਂ ਖ਼ਾਲਸੇ ਦੀ ਗਊ ! ਅਸੀਂ ਖ਼ਾਲਸੇ ਦੀ ਗਊ!” ਕੂਕ ਕੂਕ ਕੇ ਜਾਨਾਂ ਬਚਾ ਲਈਆਂ। ਰਾਜਾ ਗੁਰਦਿੱਤ ਮੱਲ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਨਿਕਲ ਸਕਿਆ ਤੇ ਬਿਨਾਂ ਅੱਗਾ ਪਿੱਛਾ ਡਿੱਠੇ ਜੰਮੂ ਵੱਲ ਭੱਜਾ ਤੇ ਉਥੇ ਹੀ ਜਾ ਕੇ ਦਮ ਲਿਆ। ਸਿੰਘਾਂ ਨੇ ਉਸ ਦਾ ਡੇਰਾ ਲੁੱਟ ਲਿਆ। ਵਧੀਆ ਘੋੜੇ ਤੇ ਸ਼ਸਤਰ ਕਾਬੂ ਕਰ ਲਏ। ਇਹ ਘਟਨਾ ਮਾਰਚ ਸੰਨ 1748 ਦੇ ਦੂਜੇ ਹਫ਼ਤੇ ਦੀ ਹੈ ਜਦ ਕਿ ਅਹਿਮਦ ਸ਼ਾਹ ਦੁਰਾਨੀ ਨੂੰ ਮਾਨੂਪੁਰ ਦੀ ਲੜਾਈ ਵਿਚ ਹਾਰ ਹੋ ਗਈ ਸੀ ਅਤੇ ਉਹ ਅਫ਼ਗ਼ਾਨਿਸਤਾਨ ਨੂੰ ਵਾਪਸ ਮੁੜਨ ਦੀਆਂ ਤਿਆਰੀਆਂ ਕਰ ਰਿਹਾ ਸੀ।
ਸਿੰਘਾਂ ਦੀ ਆਦੀਨਾ ਬੇਗ ਨਾਲ ਟੱਕਰ
ਗੁਰਦਿੱਤ ਮੱਲ ਦੇ ਇਲਾਕੇ ਦੀ ਸੁਧਾਈ ਕਰ ਕੇ ਸਿੰਘ ਪਹਾੜ ਦੀ ਕੰਢੀ ਦੇ ਨਾਲ-ਨਾਲ ਅਨੰਦਪੁਰ ਸਾਹਿਬ ਆ ਗਏ। ਇਸ ਵਾਰ 4-5 ਮਾਰਚ ਨੂੰ ਹੋਲੇ-ਮਹੱਲੇ ਦਾ ਮੇਲਾ ਸੀ। ਉਸ ਮੌਕੇ ਸਿੰਘ ਹਾਜ਼ਰ ਨਹੀਂ ਸਨ ਹੋ ਸਕੇ। ਇਸ ਲਈ ਹੁਣ ਗੁਰ-ਅਸਥਾਨਾਂ ਦੇ ਦਰਸ਼ਨ ਕਰਦੇ ਹੋਏ ਦੁਆਬੇ ਵਿਚ ਆ ਗਏ। ਇਸ ਵੇਲੇ ਆਦੀਨਾ ਬੇਗ ਜੋ ਜਾਤ ਦਾ ਅਰਾਈਂ ਤੇ ਸ਼ਰਕਪੁਰ ਪੱਟੀ (ਲਾਹੌਰ) ਦਾ ਰਹਿਣ ਵਾਲਾ ਸੀ, ਬਿਸਤ ਦੁਆਬੇ ਦਾ ਫ਼ੌਜਦਾਰ ਸੀ। ਦੁਆਬੇ ਦਾ ਪ੍ਰਬੰਧ ਕਰਨ ਲਈ ਇਹ ਆਮ ਤੌਰ ‘ਤੇ ਹੁਸ਼ਿਆਰਪੁਰ ਲਾਗੇ ਬਜਵਾੜੇ ਜਾਂ ਖ਼ਾਨਪੁਰ (ਹਰਦੋ ਖ਼ਾਨਪੁਰ) ਰਿਹਾ ਕਰਦਾ ਸੀ। ਅਹਿਮਦ ਸ਼ਾਹ ਜਦ ਮਾਨੂਪੁਰ ਦੀ ਲੜਾਈ ਵਿਚ ਹਾਰ ਖਾ ਕੇ ਵਾਪਸ ਆਪਣੇ ਦੇਸ਼ ਨੂੰ ਮੁੜ ਗਿਆ ਤਾਂ ਆਦੀਨਾ ਬੇਗ, ਮੀਰ ਮਨੂੰ ਤੇ ਸ਼ਹਿਜ਼ਾਦਾ ਅਹਿਮਦ ਪਾਸੋਂ ਛੁੱਟੀ ਲੈ ਕੇ ਹੁਸ਼ਿਆਰਪੁਰ ਨੂੰ ਮੁੜਿਆ ਹੀ ਸੀ ਕਿ ਸਿੰਘਾਂ ਨਾਲ ਟਾਕਰਾ ਹੋ ਗਿਆ। ਇਸ ਨੂੰ ਵੀ ਹੋਰਨਾਂ ਫ਼ੌਜਦਾਰਾਂ ਵਾਂਗ ਸਿੰਘਾਂ ਵਿਰੁੱਧ ਕਰੜੀ ਕਾਰਵਾਈ ਕਰਨ ਦਾ ਹੁਕਮ ਪੁੱਜਾ ਹੋਇਆ ਸੀ। ਪਰ ਇਹ ਆਦੀਨਾ ਬੇਗ ਬੜਾ ਚਤੁਰ ਤੇ ਗੁੜ੍ਹਿਆ ਹੋਇਆ ਆਦਮੀ ਸੀ। ਉਹ ਸਿੰਘਾਂ ਦੀ ਤਾਕਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਤੇ ਉਹਨਾਂ ਨਾਲ ਖਾਹਮ-ਖਾਹ ਵੈਰ ਸਹੇੜਨਾ ਨਹੀਂ ਸੀ ਚਾਹੁੰਦਾ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਿੰਘਾਂ ਦੇ ਖੜਕੇ ਦੜਕੇ ਕਰਕੇ ਹੀ ਉਸਦੀ ਸਰਦਾਰੀ ਬਣੀ ਹੋਈ ਹੈ। ਆਦੀਨਾ ਬੇਗ ਮੁਗ਼ਲ ਸਰਕਾਰ ਦੇ ਦਿਲ ਵਿਚ ਸਿੰਘਾਂ ਦਾ ਹਊਆ ਬਣਿਆ ਰੱਖਣਾ ਚਾਹੁੰਦਾ ਸੀ। ਦੂਜੀ ਗੱਲ ਇਹ ਵੀ ਸੀ ਕਿ ਇਹ ਇਲਾਕਾ ਗਸ਼ਤੀ ਫ਼ੌਜਾਂ ਦੇ ਫੇਰੇ ਤੋਰੇ ਤੋਂ ਬਾਹਰ ਸੀ। ਫ਼ੌਜਾਂ ਇਸ ਪਾਸੇ ਬਹੁਤ ਹੀ ਘੱਟ ਆਉਂਦੀਆਂ ਸਨ। ਇਸ ਕਰਕੇ ਸਰਕਾਰੀ ਅਫ਼ਸਰਾਂ ਨੇ ਇੱਧਰ ਸਿੰਘਾਂ ਉੱਤੇ ਘੱਟ ਹੀ ਵਧੀਕੀਆਂ ਕੀਤੀਆਂ ਸਨ ਤੇ ਸਿੰਘ ਵੀ ਇਨ੍ਹਾਂ ਨਾਲ ਕੋਈ ਬਹੁਤਾ ਵੈਰ-ਵਿਰੋਧ ਨਹੀਂ ਸਨ ਰੱਖਦੇ। ਇਸ ਇਲਾਕੇ ਵਿਚ ਸਿੰਘਾਂ ਵੱਲੋਂ ਲੁੱਟ-ਮਾਰ ਦੀਆਂ ਕੋਈ ਸ਼ਿਕਾਇਤਾਂ ਨਹੀਂ ਸਨ ਪੁੱਜਦੀਆਂ। ਇਸ ਲਈ ਲਾਹੌਰ ਸਰਕਾਰ ਦੇ ਮਨ ਵਿਚ ਇਹ ਪੱਕਾ ਭਰਮ ਬਣਿਆ ਹੋਇਆ ਸੀ ਕਿ ਇਸ ਇਲਾਕੇ ਵਿਚ ਸਿਰਫ਼ ਆਦੀਨਾ ਬੇਗ ਹੀ ਅਮਨ ਚੈਨ ਕਾਇਮ ਰੱਖ ਸਕਦਾ ਹੈ। ਉੱਪਰਲੀ ਝੜਪ ਦਾ ਕੋਈ ਦੋ ਟੁੱਕ ਫ਼ੈਸਲਾ ਨਾ ਹੋ ਸਕਿਆ। ਦੋਵੇਂ ਧਿਰਾਂ ਹੀ ਪਿੱਛੇ ਹਟ ਗਈਆਂ। ਆਦੀਨਾ ਬੇਗ ਆਪਣੇ ਡੇਰੇ ਖ਼ਾਨਪੁਰ ਨੂੰ ਚਲਾ ਗਿਆ, ਜੋ ਹੁਸ਼ਿਆਰਪੁਰੋਂ ਉੱਤਰ-ਲਹਿੰਦੇ ਵਿਚ ਨਾਲ ਹੀ ਸੀ। ਸਿੰਘ ਦੁਆਬੇ ਵਿਚਦੀ ਵਿਚਰਦੇ ਹੋਏ ਸ੍ਰੀ ਅੰਮ੍ਰਿਤਸਰ ਨੂੰ ਚਲੇ ਗਏ। ਇਹ ਵਾਕਿਆ ਮਾਰਚ ਸੰਨ 1748 ਦੇ ਤੀਸਰੇ ਹਫ਼ਤੇ ਦਾ ਹੈ। ਅਹਿਮਦ ਸ਼ਾਹ ਅਫ਼ਗ਼ਾਨਿਸਤਾਨ ਨੂੰ ਮੁੜਿਆ ਜਾ ਰਿਹਾ ਲਾਹੌਰ ਦੇ ਕਿਤੇ ਲਾਗੇ-ਚਾਗੇ ਹੀ ਹੋਵੇਗਾ। ਸਿੰਘਾਂ ਨੇ ਇਸ ਵੇਲੇ ਤਕ ਦੁਆਬੇ, ਰਿਆੜਕੀ ਅਤੇ ਮਾਝੇ ਵਿਚ ਹੱਥ ਮਾਰ ਕੇ ਵਾਹਵਾ ਸਾਜ਼ੋ-ਸਾਮਾਨ, ਸ਼ਸਤਰ ਅਤੇ ਘੋੜੇ ਕਾਬੂ ਕਰ ਲਏ ਤੇ ਆਪਣੀ ਕਾਫ਼ੀ ਤਾਕਤ ਬਣਾ ਲਈ।
ਜ਼ਕਰੀਆ ਖ਼ਾਨ ਨੇ ਆਪਣੇ ਅੰਤਲੇ ਦਿਨਾਂ ਵਿਚ ਸਿੱਖਾਂ ਪ੍ਰਤੀ ਕੁਝ ਨਰਮੀ ਫੜ ਲਈ ਤੇ ਇੰਜ ਸਿੱਖਾਂ ਉੱਤੇ ਹੋ ਰਹੀ ਸਖ਼ਤੀ ਇਕ ਹੱਦ ਤਕ ਬੰਦ ਹੋ ਗਈ। ਸ੍ਰੀ ਦਰਬਾਰ ਸਾਹਿਬ ਦੇ ਦੁਆਲਿਓਂ ਪਹਿਰੇ ਉਠਾ ਲਏ ਗਏ ਸਨ। ਸਿੰਘ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਦੇ ਸਨ। ਪਰ ਇਹ ਖੁੱਲ੍ਹ ਬਹੁਤੇ ਸਮੇਂ ਤਕ ਨਾ ਰਹੀ। ਸਿੰਘਾਂ ਹੱਥੋਂ ਜਸਪਤ ਰਾਏ ਦੇ ਮਾਰੇ ਜਾਣ ਕਾਰਨ ਲਖਪਤ ਨੇ ਯਾਹੀਆ ਖ਼ਾਨ ਪਾਸੋਂ ਸਿੱਖਾਂ ਦੀ ਸਮੁੱਚੇ ਤੌਰ ‘ਤੇ ਕਤਲਾਮ ਦੇ ਹੁਕਮ ਲੈ ਲਏ ਸਨ। ਸਿੱਖਾਂ ਉੱਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤੀ ਦਾ ਦੌਰ ਅਰੰਭ ਹੋ ਗਿਆ। ਦਰਬਾਰ ਸਾਹਿਬ ਦੁਆਲੇ ਬੜਾ ਕਰੜਾ ਪਹਿਰਾ ਲਾ ਦਿੱਤਾ । ਹੁਕਮ ਸੀ ਕਿ ਜੋ ਦਰਸ਼ਨ ਇਸ਼ਨਾਨ ਨੂੰ ਆਵੇ, ਥਾਂ ‘ਤੇ ਹੀ ਮਾਰ ਦਿੱਤਾ ਜਾਵੇ।
ਤਰਨ ਤਾਰਨ ਤੇ ਉੱਤਰ-ਪੱਛਮ ਵਿਚ 6-7 ਕਿ: ਮੀ: ਦੀ ਵਿੱਥ ਉੱਤੇ ਨੂਰਦੀਨ ਦੀ ਸਰਾਂ ਦੇ ਪਹਾੜ ਬਾਹੀ ਵਿਚ ਇਕ ਪਿੰਡ ਠਰੂ ਹੈ। ਇਥੋਂ ਦਾ ਰੰਘੜ ਸਲਾਬਤ ਖ਼ਾਨ (ਰਾਜਪੂਤਾਂ ਵਿਚੋਂ ਜੋ ਮੁਸਲਮਾਨ ਬਣ ਜਾਣ, ਸਿੰਘ ਉਨ੍ਹਾਂ ਨੂੰ ‘ਰੰਘੜ’ ਕਿਹਾ ਕਰਦੇ ਹਨ) ਲਖਪਤ ਰਾਏ ਦੇ ਹੁਕਮ ਅਧੀਨ 1747 ਤੋਂ ਫ਼ੌਜ ਲੈ ਕੇ ਸ੍ਰੀ ਦਰਬਾਰ ਸਾਹਿਬ ਟਿਕਿਆ ਹੋਇਆ ਸੀ ਅਤੇ ਸ੍ਰੀ ਦਰਬਾਰ ਸਾਹਿਬ ਤੇ ਸਰੋਵਰ ਦੁਆਲੇ ਬੜੇ ਸਖ਼ਤ ਪਹਿਰੇ ਲਾਏ ਹੋਏ ਸਨ। ਚਹੁੰ ਪਾਸੀਂ ਛੋਟੀਆਂ ਛੋਟੀਆਂ ਗੜ੍ਹੀਆਂ ਅਤੇ ਉੱਚੇ ਉੱਚੇ ਬੁਰਜ ਬਣਾ ਕੇ ਉਨ੍ਹਾਂ ਉੱਤੇ ਟਾਂਗੂ ਤੇ ਚੰਗੇ ਨਿਸ਼ਾਨਚੀ ਬੰਦੂਕਾਂ ਵਾਲੇ ਬਿਠਾਏ ਹੋਏ ਸਨ, ਤਾਂ ਕਿ ਵੇਲੇ ਕੁਵੇਲੇ ਦਰਸ਼ਨ ਇਸ਼ਨਾਨ ਕਰਨ ਆਏ ਸਿੰਘਾਂ ਨੂੰ ਦੂਰੋਂ ਹੀ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ। ਇਨ੍ਹਾਂ ਸਖ਼ਤੀਆਂ ਦੇ ਬਾਵਜੂਦ ਸਿੰਘ ਸਿਰ ਤਲੀ ਉੱਤੇ ਧਰ ਕੇ ਆਉਂਦੇ, ਕਈ ਸ਼ਹੀਦੀ ਜਾਮ ਪੀ ਜਾਂਦੇ, ਕਈ ਇਸ਼ਨਾਨ ਕਰ ਵੀ ਜਾਂਦੇ।
ਅਹਿਮਦ ਸ਼ਾਹ ਹਾਰ ਖਾ ਕੇ ਆਪਣੇ ਦੇਸ਼ ਅਫ਼ਗ਼ਾਨਿਸਤਾਨ ਨੂੰ ਮੁੜ ਗਿਆ ਸੀ। ਸਿੰਘ ਸਮਝਦੇ ਸਨ ਕਿ ਹੁਣ ਲਾਹੌਰ ਦੇ ਰਾਜ-ਪ੍ਰਬੰਧ ਵਿਚ ਛੇਤੀ ਹੀ ਅਦਲਾ ਬਦਲੀ ਹੋਵੇਗੀ। ਦੁਰਾਨੀ ਵੱਲੋਂ ਥਾਪੇ ਗਏ ਹਾਕਮ ਜੱਲ੍ਹੇ ਖ਼ਾਨ ਅਤੇ ਦੀਵਾਨ ਲਖਪਤ ਰਾਏ ਆਪਣੇ ਅਹੁਦਿਆਂ ਉੱਤੇ ਟਿਕੇ ਨਹੀਂ ਰਹਿਣਗੇ। ਇਹ ਵੱਡੇ ਅਹੁਦੇਦਾਰ ਆਪ ਵੀ ਨਹੀਂ ਸਨ ਜਾਣਦੇ ਕਿ ਇਨ੍ਹਾਂ ਦਾ ਕੀ ਬਣੇਗਾ। ਇਨ੍ਹਾਂ ਦੇ ਹੁਕਮ ਦਾ ਤੋਰਾ-ਟਿਕਾ ਵੀ ਖ਼ਤਮ ਹੋ ਚੁੱਕਾ ਸੀ। ਦਿੱਲੀ ਵੱਲੋਂ ਨਿਯੁਕਤ ਹੋ ਕੇ ਕੋਈ ਨਵਾਂ ਹਾਕਮ ਅਜੇ ਆਇਆ ਨਹੀਂ ਸੀ। ਇਸ ਅਸਥਿਰਤਾ ਤੋਂ ਫ਼ਾਇਦਾ ਉਠਾਉਣ ਲਈ ਦਲ ਖ਼ਾਲਸਾ ਦੇ ਸਰਦਾਰਾਂ ਆਪਸ ਵਿਚ ਗੁਰਮਤਾ ਕਰ ਕੇ ਅੰਮ੍ਰਿਤਸਰ ਨੂੰ ਆਜ਼ਾਦ ਕਰਾਉਣ ਲਈ ਤਿਆਰੀ ਕਰ ਲਈ। ਨਵਾਬ ਕਪੂਰ ਸਿੰਘ ਨੇ ਇਸ ਹੱਲੇ ਦੀ ਅਗਵਾਈ ਦਾ ਕੰਮ ਸ: ਜੱਸਾ ਸਿੰਘ ਆਹਲੂਵਾਲੀਏ ਨੂੰ ਸੌਂਪਿਆ। ਹੁਕਮ ਮਿਲਦੇ ਸਾਰ ਸਿੰਘਾਂ ਕੂਚ ਕਰ ਦਿੱਤਾ ਤੇ ਆ ਕੇ ਸ੍ਰੀ ਅੰਮ੍ਰਿਤਸਰ ਨੂੰ ਘੇਰ ਲਿਆ। ਸਲਾਬਤ ਖ਼ਾਨ ਵੀ ਇਕ ਮੰਨਿਆ- ਪ੍ਰਮੰਨਿਆ ਸੂਰਮਾ ਸੀ। ਆਪਣੇ ਜਵਾਨ ਲੈ ਕੇ ਉਸ ਨੇ ਸਿੰਘਾਂ ਨੂੰ ਆ ਲਲਕਾਰਿਆ। ਸਲਾਬਤ ਖ਼ਾਨ ਦੇ ਕਦਾਵਰ ਜਵਾਨ, ਜੋ ਬੈਠ ਕੇ ਖ਼ੁਰਾਕਾਂ ਖਾਣ ਵਾਲੇ ਸਨ, ਉਹ ਸੈਂਕੜੇ ਜੰਗਾਂ ਯੁੱਧਾਂ ਤੇ ਜੰਗਲਾਂ ਬੇਲਿਆਂ ਵਿਚ ਰਹਿ ਕੇ ਮੁਸੀਬਤਾਂ ਝੱਲ ਝੱਲ ਫ਼ੌਲਾਦ ਵਰਗੇ ਮਜ਼ਬੂਤ ਬਣੇ ਤੇ ਚਿਤਰੇ ਵਾਂਗ ਫੁਰਤੀਲੇ ਸਿੰਘਾਂ ਦੀ ਮਾਰ ਅੱਗੇ ਟਿਕ ਨਾ ਸਕੇ। ਸਲਾਬਤ ਖ਼ਾਨ ਫ਼ੌਜਦਾਰ ਨੂੰ ਇਹ ਖ਼ਿਆਲ ਵੀ ਨਹੀਂ ਸੀ ਕਿ ਮਾਰ ਮਾਰ ਦੇਸੋਂ ਕੱਢੇ ਹੋਏ ਸਿੰਘ ਕਦੇ ਆ ਕੇ, ਉਸ ਉੱਤੇ ਹਮਲਾ ਕਰ ਕੇ ਇੰਜ ਘੇਰੇ ਵਿਚ ਲੈ ਲੈਣਗੇ। ਉਹ ਆਪਣੇ ਦੁੰਬੇ-ਖਾਣੇ ਸੂਰਮਿਆਂ ਨੂੰ ਅਜਿੱਤ ਸਮਝਦਾ ਸੀ। ਪਰ ਜਦ ਉਸ ਨੇ ਇਸ ਘੋਰ ਯੁੱਧ ਵਿਚ ਉਮੀਦੋਂ ਉਲਟ, ਆਪਣੇ ਜਵਾਨਾਂ ਦੇ ਪੈਰ ਉਖੜਦੇ ਵੇਖੇ ਤਾਂ ਉਸ ਨੂੰ ਬੜਾ ਰੋਹ ਚੜ੍ਹਿਆ । ਘੋੜਾ ਭਜਾ ਕੇ ਆਪਣੇ ਲੜਾਕਿਆਂ ਦੀਆਂ ਮੋਹਰਲੀਆਂ ਸਫ਼ਾਂ ਵਿਚ ਆ ਕੇ ਹੱਲਾਸ਼ੇਰੀ ਦੇਣ ਲਈ ਉਨ੍ਹਾਂ ਨੂੰ ਲਲਕਾਰਨ ਲੱਗਾ ਕਿ “ਸਿੱਖਾਂ ਨੂੰ ਅਜ਼ਲ ਘੇਰ ਲਿਆਈ ਹੈ। ਇਕ ਵੀ ਕਾਫ਼ਰ ਬਚ ਕੇ ਨਾ ਜਾਵੇ—ਗ਼ਾਜ਼ੀਓ!” ਇਹ ਵੇਖ ਕੇ ਨਵਾਬ ਕਪੂਰ ਸਿੰਘ, ਸ: ਜੱਸਾ ਸਿੰਘ, ਸ: ਤਾਰਾ ਸਿੰਘ ਗੈਬਾ ਤੇ ਚੂਹੜ ਸਿੰਘ ਭਕਣੀਆਂ ਆਦਿ ਖ਼ਾਨ ਉੱਤੇ ਜਾ ਪਏ। ਸ: ਜੱਸਾ ਸਿੰਘ ਨੇ ਮੂਹਰੇ ਹੋ ਕੇ ਸਲਾਬਤ ਖ਼ਾਨ ਨੂੰ ਵੰਗਾਰਿਆ ਕਿ “ਆ ਖ਼ਾਨਾ, ਬਣ ਮਰਦ ਬੱਚਾ ਤੇ ਜ਼ਰਾ ਵੇਖ ਦੋ ਹੱਥ ਮੇਰੇ ਨਾਲ।” ਖ਼ਾਨ ਨੇ ਤਮਕ ਖਾ ਕੇ ਬੜੇ ਕਰੋਧ ਨਾਲ ਇਕ ਭਰਵਾਂ ਮਾਰੂ ਵਾਰ ਸ: ਜੱਸਾ ਸਿੰਘ ਉੱਤੇ ਕੀਤਾ। ਪਰ ਸ: ਜੱਸਾ ਸਿੰਘ ਨੇ ਇਹ ਵਾਰ ਆਪਣੇ ਢਾਲੇ ਉੱਤੇ ਰੋਕ ਲਿਆ। ਇਸ ਤੋਂ ਪਹਿਲਾਂ ਕਿ ਸਲਾਬਤ ਖ਼ਾਨ ਉਸ ਉੱਤੇ ਦੂਜਾ ਵਾਰ ਕਰੇ, ਸਰਦਾਰ ਨੇ ਆਪਣੇ ਦੁਧਾਰੇ ਖੰਡੇ ਦਾ ਇਕ ਐਸਾ ਤੁਲਵਾਂ ਹੱਥ ਉਸ ਉੱਤੇ ਝਾੜਿਆ ਕਿ ਖ਼ਾਨ ਦਾ ਸਿਰ ਭੋਇਂ ਉੱਤੇ ਆਣ ਡਿੱਗਾ। ਆਪਣੇ ਚਾਚੇ ਦਾ ਲੱਥਾ ਸਿਰ ਤੇ ਜ਼ਮੀਨ ਉੱਤੇ ਧੜ ਤੜਫਦਾ ਵੇਖ ਕੇ ਉਸ ਦਾ ਭਤੀਜਾ ਨਜਾਬਤ ਖ਼ਾਨ, ਜੋ ਚੜ੍ਹਦੀ ਜਵਾਨੀ ਤੇ ਬੁਰਜ ਵਰਗਾ ਕੜੀਅਲ ਜਵਾਨ ਸੀ, ਨੇਜ਼ਾ ਤਾਣ ਕੇ ਚੰਘਿਆੜਦਾ ਹੋਇਆ ਸ: ਜੱਸਾ ਸਿੰਘ ਵੱਲ ਵਧਿਆ। ਨੇਜ਼ਾ ਸ: ਜੱਸਾ ਸਿੰਘ ਦੇ ਸੀਨੇ ਵੱਲ ਵਾਹੁਣ ਹੀ ਲੱਗਾ ਸੀ ਕਿ ਨਵਾਬ ਕਪੂਰ ਸਿੰਘ ਨੇ ਖਿੱਚ ਕੇ ਇਕ ਐਸਾ ਤੀਰ ਮਾਰਿਆ ਜੋ ਉਸ ਦੇ ਸੀਨਿਓਂ ਪਾਰ ਲਹਿ ਗਿਆ ਤੇ ਨਜਾਬਤ ਖ਼ਾਨ ਡਿੱਗਦਾ ਹੀ ਪ੍ਰਾਣ ਤਿਆਗ ਗਿਆ। ਫ਼ੌਜ ਨੇ ਜਦ ਆਪਣੇ ਆਗੂਆਂ ਦੀਆਂ ਲਾਸ਼ਾਂ ਭੋਇਂ ’ਤੇ ਤੜਫ਼ਦੀਆਂ ਵੇਖੀਆਂ ਤਾਂ ਉਸ ਨੇ ਹੌਸਲੇ ਹਾਰ ਦਿੱਤੇ । ਫ਼ੌਜ ਨਿਰਾਸ਼ ਹੋ ਕੇ ਮੈਦਾਨੋਂ ਭੱਜ ਨਿਕਲੀ। ਖ਼ਾਲਸੇ ਨੇ ਮਗਰ ਲੱਗ ਕੇ ਗੱਭੇ-ਵਾਢ ਕੀਤੀ। ਇਹ ਘਟਨਾ ਮਾਰਚ ਦੇ ਤੀਜੇ ਹਫ਼ਤੇ ਦੇ ਅੰਤ ਜਾਂ ਚੌਥੇ ਦੇ ਆਰੰਭ ਦੀ ਹੈ। ਸਿੰਘਾਂ ਦਾ ਸ੍ਰੀ ਅੰਮ੍ਰਿਤਸਰ ਉੱਤੇ ਕਬਜ਼ਾ ਹੋ ਗਿਆ। ਉਹ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ਜਾ ਪੁੱਜੇ, ਜਿਸ ਦੇ ਖੁੱਲ੍ਹੇ ਦਰਸ਼ਨ ਖ਼ਾਲਸੇ ਨੂੰ ਕਈ ਵਰ੍ਹਿਆਂ ਪਿੱਛੋਂ ਹੋਏ। ਦਰਬਾਰ ਸਾਹਿਬ ਦੇ ਇਰਦ ਗਿਰਦ ਮੁਗ਼ਲ ਫ਼ੌਜਦਾਰਾਂ ਨੇ ਜੋ ਗੜ੍ਹੀਆਂ ਤੇ ਬੁਰਜ ਖ਼ਾਲਸੇ ਨੂੰ ਇਸ਼ਨਾਨ ਤੇ ਦਰਸ਼ਨਾਂ ਨੂੰ ਆਇਆਂ ਨੂੰ ਦੂਰੋਂ ਗੋਲੀਆਂ ਮਾਰ ਕੇ ਮਾਰਨ ਲਈ ਉਸਾਰੇ ਹੋਏ ਸਨ, ਸਭ ਢਾਹ ਕੇ ਭੋਇਂ ਨਾਲ ਮਿਲਾ ਦਿੱਤੇ।
ਸੰਨ 1748 ਦੀ ਵਿਸਾਖੀ, ਰਾਮ ਰਾਉਣੀ ਦੀ ਉਸਾਰੀ
ਖ਼ਾਲਸੇ ਲਈ ਵਿਸਾਖੀ ਦਾ ਦਿਨ ਬੜਾ ਵਡਭਾਗਾ ਤੇ ਗੌਰਵਮਈ ਦਿਹਾੜਾ ਹੈ। 49 ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਦਿਨ ਤੇ ਦਸਮੇਸ਼ ਜੀ ਨੇ ਸਿੱਖਾਂ ਦੀ ਪਰਖ ਕਰਦਿਆਂ ਪੰਜ ਸਿਰ ਲੈ ਕੇ ਅੰਮਿ੍ਤ ਦੀ ਦਾਤਿ ਬਖ਼ਸ਼ੀ ਤੇ ਖ਼ਾਲਸਾ ਪੰਥ ਸਾਜਿਆ ਸੀ। ਆਪਣੇ ਜਨਮ-ਦਿਹਾੜੇ ਨੂੰ ਕੌਣ ਵਡਭਾਗਾ ਤੇ ਖ਼ੁਸ਼ੀਆਂ ਭਰਪੂਰ ਨਹੀਂ ਸਮਝਦਾ। ਸ੍ਰੀ ਅੰਮ੍ਰਿਤਸਰ ਹੁਣ ਆਜ਼ਾਦ ਸੀ ਤੇ ਸਿੰਘਾਂ ਵਾਸਤੇ ਇਹ ਦਿਨ ਇਸ ਵਾਰ ਵਿਸ਼ੇਸ਼ ਖ਼ੁਸ਼ੀਆਂ ਲੈ ਕੇ ਆਇਆ ਸੀ। ਇਸ ਵਾਰ ਵਿਸਾਖੀ 29 ਮਾਰਚ ਨੂੰ ਸੀ। ਅਜੇ ਵਿਸਾਖੀ ਵਿਚ ਥੋੜ੍ਹੇ ਦਿਨ ਰਹਿੰਦੇ ਸਨ। ਨਵਾਬ ਕਪੂਰ ਸਿੰਘ ਪਾਸੋਂ ਆਦੇਸ਼ ਪਾ ਕੇ ਸ: ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਸੰਗਤਾਂ ਤੇ ਪੰਥ ਦੇ ਦੂਰ-ਦੁਰਾਡੇ ਤਕ ਖਿੰਡੇ ਹੋਏ ਜਥਿਆਂ ਨੂੰ ਸੂਚਨਾ ਦੇਣ ਲਈ ਤੇਜ਼ ਰਫ਼ਤਾਰ ਘੋੜ-ਅਸਵਾਰ ਸਿੰਘ ਰਵਾਨਾ ਕਰ ਦਿੱਤੇ ਕਿ ਇਸ ਵਾਰ ਵਿਸਾਖੀ ਦਾ ਜੋੜ-ਮੇਲਾ ਉਚੇਰੀ ਸ਼ਾਨੋ-ਸ਼ੌਕਤ ਵਾਲਾ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ। ਸਭ ਸੰਗਤਾਂ ਤੇ ਪੰਥ ਦੇ ਰਾਠ ਸਿੰਘ ਹੁੰਮ-ਹੁਮਾ ਕੇ ਇਥੇ ਇਕੱਤਰ ਹੋਣ।ਇਮ ਤੀ ਲਕੀ 8 ਸਾਰੇ ਸਿੱਖ ਸਰਦਾਰ ਆਪੋ-ਆਪਣੇ ਘੋੜ-ਸਵਾਰ ਤੇ ਵਹੀਰਾਂ ਸਮੇਤ ਸ੍ਰੀ ਅੰਮ੍ਰਿਤਸਰ ਆ ਇਕੱਠੇ ਹੋਏ। ਇਥੋਂ ਤਕ ਕਿ ਸ: ਚੜ੍ਹਤ ਸਿੰਘ ਸ਼ੁਕਰਚੱਕੀਆ, ਜੋ ਦੁਰਾਨੀਆਂ ਦੀ ਗਿੱਦੜ-ਧਾਂਸ ਕਰਾਉਂਦਾ ਹੋਇਆ ਦਰਿਆ ਸਿੰਧ ਦੇ ਉਰਲੇ ਕੰਢੇ ਤਕ ਚਲਾ ਗਿਆ ਸੀ, ਆਪਣਾ ਜਥਾ ਲੈ ਕੇ ਮੰਜ਼ਲਾਂ ਮਾਰਦਾ ਹੋਇਆ ਸ੍ਰੀ ਅੰਮ੍ਰਿਤਸਰ ਵਿਖੇ ਜੁੜੇ ਭਰਾਵਾਂ ਵਿਚ ਆ ਰਲਿਆ ਦੇ ਇਕ ਲੰਮੇ ਸਮੇਂ ਤਕ ਮੁਗ਼ਲ ਸਰਕਾਰ ਦੀ ਸਖ਼ਤੀ ਕਾਰਨ, ਸ੍ਰੀ ਅੰਮ੍ਰਿਤਸਰ ਵਿਖੇ ਕਦੇ ਵੀ ਕੋਈ ਜੋੜ ਮੇਲਾ ਨਹੀਂ ਸੀ ਹੋਇਆ। ਇਕ ਲੰਮੀ ਮੁੱਦਤ ਪਿੱਛੋਂ ਇਹ ਆਪਣੀ ਅਨੋਖੀ ਚੜ੍ਹਤ ਵਾਲਾ ਪਹਿਲਾ ਵਿਸਾਖੀ ਦਾ ਮੇਲਾ ਸੀ। ਵਰ੍ਹਿਆਂ ਪਿੱਛੋਂ ਸਿੰਘਾਂ ਖੁੱਲ੍ਹੇ ਦਰਸ਼ਨ ਇਸ਼ਨਾਨ ਕੀਤੇ। ਆਪਣੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵੱਧ ਸਿੱਖ ਲਈ ਕੋਈ ਨਿਆਮਤ ਨਹੀਂ। ਭਰਾਵਾਂ ਨੂੰ ਰੱਜ ਰੱਜ ਕੇ ਮਿਲੇ। ਪੰਥ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ। ਮੁਗ਼ਲ ਹਕੂਮਤ ਦੇ ਸ਼ਸਤ੍ਰੀ ਟਾਕਰੇ ਤੇ ਇਸਦੇ ਅਸਲੋਂ ਖ਼ਾਤਮੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਦੇ ਪ੍ਰਣ ਕੀਤੇ ਗਏ। ਇਨ੍ਹਾਂ ਚੱਲਦੀਆਂ ਵਿਚਾਰਾਂ ਵਿਚ ਨਵਾਬ ਕਪੂਰ ਸਿੰਘ ਨੇ ਹੋਰ ਸਿੰਘਾਂ ਨਾਲ ਰਲ ਕੇ ਰਾਇ ਦਿੱਤੀ ਕਿ ਖ਼ਾਲਸਾ ਜੰਗਲਾਂ ਬੇਲਿਆਂ ਤੇ ਖੱਡਾਂ ਪਹਾੜਾਂ ਵਿਚ ਲੁਕ ਛਿੱਪ ਕੇ ਕਿੰਨੇ ਕੁ ਦਿਨ ਗੁਜ਼ਾਰਾ ਕਰੇਗਾ ਤੇ ਇੰਜ ਸਰਕਾਰ ਦਾ ਕੋਈ ਬਹੁਤਾ ਨੁਕਸਾਨ ਵੀ ਨਹੀਂ ਕਰ ਸਕੇਗਾ। ਕੋਈ ਪੱਕਾ ਪੈਂਤੜਾ ਲੈਣ ਲਈ ਖ਼ਾਲਸੇ ਪਾਸ ਵੀ ਕੋਈ ਕੋਟ ਗੜ੍ਹੀ ਜਾਂ ਕਿਲ੍ਹਾ ਹੋਣਾ ਚਾਹੀਦਾ ਹੈ। ਕਿਸੇ ਓਟ-ਆਸਰੇ ਨਾਲ ਲੜਨਾ ਸੌਖਾ ਹੁੰਦਾ ਹੈ। ਸ਼ੇਰ ਵੀ ਝੱਲ ਦਾ ਆਸਰਾ ਲੈਂਦਾ ਹੈ। ਸਾਨੂੰ ਵੀ ਸਮੇਂ ਮੂਜਬ ਕੋਈ ਢੁੱਕਵਾਂ ਆਸਰਾ ਬਣਾ ਲੈਣਾ ਚਾਹੀਦਾ ਹੈ। ਇਸ ਵਿਚਾਰ ਨੂੰ ਤੁਰੰਤ ਪਰਵਾਨ ਕਰ ਲਿਆ ਗਿਆ। ਹੁਣ ਸਾਰੇ ਸੋਚਣ ਲੱਗੇ ਕਿ ਇਹ ਗੜ੍ਹੀ ਜਾਂ ਕੋਟ ਬਣੇ ਕਿੱਥੇ ? ਹਰ ਇਕ ਨੇ ਆਪਣੀ ਆਪਣੀ ਦਲੀਲ ਦਿੱਤੀ। ਸ: ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਅਤੇ ਕੁਝ ਹੋਰ ਸਿਦਕੀ ਸਿੰਘਾਂ ਨੇ ਕਿਹਾ ਕਿ ਸਾਨੂੰ ਤਾਂ ਕੇਵਲ ਗੁਰੂ-ਘਰ ਦਾ ਹੀ ਆਸਰਾ ਹੈ। ਸੋ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਛੱਡ ਕੇ ਹੋਰ ਕਿਥੇ ਜਾਣਾ ਹੈ ? ਖ਼ਾਲਸਾ ਸਮਰੱਥ ਹੈ, ਇਹ ਮਤਾ ਵਿਚਾਰ ਕੇ ਪਰਵਾਨ ਕਰੇ ਤੇ ਇਹ ਕਿਲ੍ਹਾ ਇਸੇ ਪਾਵਨ ਧਰਤੀ ਉੱਤੇ ਬਣਾਇਆ ਜਾਵੇ । ‘ਜੇ ਜੀਵੀਏ ਤਾਂ ਗੁਰੂ ਕੇ ਚਰਨਾਂ ਵਿਚ, ਜੇ ਮਰੀਏ ਤਾਂ ਹਰਿ ਕੇ ਦੁਆਰ।’ ਸਾਰਿਆਂ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾ ਕੇ ਇਸ ਗੁਰਮਤੇ ਦੀ ਪਰਵਾਨਗੀ ਦੇ ਦਿੱਤੀ।
ਰਾਮ ਰਾਉਣੀ ਦੀ ਬੁਨਿਆਦ ਤੇ ਉਸਦੀ ਉਸਾਰੀ (ਅਪ੍ਰੈਲ 1748)
ਇਹ ਗੁਰਮਤਾ ਸੋਧੇ ਜਾਣ ਪਿੱਛੋਂ ਉਸਾਰੀ ਦਾ ਕੰਮ ਝਟਪਟ ਆਰੰਭ ਕਰ ਦਿੱਤਾ ਗਿਆ। ਜਿਸ ਜਗ੍ਹਾ ‘ਤੇ ਗੁਰੂ ਸਾਹਿਬ ਨੇ ਖੂਹੀ ਲਗਵਾਈ ਸੀ, ਉਸ ਦੇ ਲਾਗੇ ਨੀਂਹ ਧਰੀ ਗਈ ਤੇ ਇਸ ਖੂਹੀ ਨੂੰ ਅੰਦਰ ਲੈ ਲਿਆ ਗਿਆ। ਇਸ ਕੰਮ ਲਈ ਰਾਜ ਕਾਰੀਗਰ ਬਾਹਰੋਂ ਮੰਗਵਾਉਣ ਦੀ ਲੋੜ ਨਹੀਂ ਸੀ। ਸਿੰਘ ਹੀ ਰਾਜ ਮਿਸਤਰੀ ਤੇ ਮਜ਼ਦੂਰ ਸਨ। ਪ੍ਰੇਮ-ਸੇਵਾ ਦੇ ਚਾਉ ਨਾਲ ਸਿੰਘ ਇਕ ਦੂਜੇ ਨਾਲੋਂ ਵੱਧ ਵੱਧ ਕੇ ਸੇਵਾ ਕਰਨ ਲੱਗੇ। ਕੋਈ ਵੱਡਾ ਛੋਟਾ ਨਹੀਂ ਸੀ, ਨਾ ਹੀ ਕਿਸੇ ਦੇ ਸਿਰ ਵਿਚ ਚੌਧਰ ਵਡਿਆਈ, ਆਗੂਪੁਣੇ ਜਾਂ ਸਰਦਾਰੀ ਦੀ ਬੋ ਸੀ। ਹਰ ਇਕ ਬਰਾਬਰ ਸੀ। ਪ੍ਰੇਮ-ਸੇਵਾ ਚਾਅ ਤੇ ਜੋਸ਼ ਦਾ ਇਹ ਹਾਲ ਸੀ ਕਿ ਹਰ ਕੋਈ ਦੂਸਰੇ ਨਾਲੋਂ ਅੱਗੇ ਵਧਣਾ ਚਾਹੁੰਦਾ ਸੀ। ਆਪੇ ਹੀ ਪੁੱਟਦੇ, ਪੀਂਹਦੇ, ਪਕਾਉਂਦੇ, ਚਿਣਾਈ ਤੇ ਮਜ਼ੂਰੀ ਦਾ ਕੰਮ ਕਰਦੇ ਸਨ। ਇੱਕੋ ਵੇਰੀ ਹੀ ਚਾਰੇ ਲਾਂਗਾਂ ਲੈ ਤੁਰੇ ਅਤੇ ਥੋੜ੍ਹੇ ਦਿਨਾਂ ਵਿਚ ਹੀ ਰਾਉਣੀ ਦੀ ਰਚਨਾ ਕਰ ਦਿੱਤੀ ਗਈ। ਇਸ ਦੇ ਬੁਰਜ ਵੀ ਬਣਾਏ ਗਏ, ਜਿਨ੍ਹਾਂ ਉੱਤੇ ਟਾਂਗੂ ਬੈਠ ਕੇ ਦੁਸ਼ਮਣ ਦੀ ਤੱਕ ਰੱਖਦੇ ਸਨ। ਖ਼ਤਰੇ ਵੇਲੇ ਨਗਾਰੇ ਵਜਾ ਕੇ ਲਾਗਲੇ ਜੰਗਲਾਂ ਬੀੜਾਂ ਵਿਚ ਛੁਪੇ ਹੋਏ ਸਿੰਘਾਂ ਨੂੰ ਖ਼ਬਰਦਾਰ ਕਰ ਦੇਂਦੇ ਸਨ।
ਸ: ਰਤਨ ਸਿੰਘ ਭੰਗੂ ਨੇ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਸਦੀ ਉਸਾਰੀ ਵੇਲੇ ਦੇ ਨਜ਼ਾਰੇ ਨੂੰ ਇਸ ਪ੍ਰਕਾਰ ਚਿਤਰਿਆ ਹੈ :
ਚੌਪਈ : ਤਬੈ ਭੂਮਕਾ ਦੇਖਨ ਚਹੈ।
ਕਹੀ ਬਾਤ ਇਕ ਸਾਨੇ ਅਹੈ।
ਪਾਂਚੋ ਸਰ ਜੋ ਗੁਰੂ ਬਨਾਏ ।
ਕੁਲਛੇਤਰ ਤੇ ਅਧਿਕ ਰਚਾਏ ।੬।
ਇਸ ਤੇ ਭੂਮ ਔਰ ਕਤ ਭਲੀ।
ਇਹ ਤਜਿ ਔਰ ਲਈਏ ਜਹਿ ਚਲੀ।
ਗੁਰਦ੍ਵਾਰੇ ਹੀ ਮਰਨੋ ਚਹਿਯੈ।
ਔਰ ਠੌਰ ਕਿਮ ਜਾਨ ਗਵੱਯੈ ।੭।
ਦੋਹਰਾ : ਈਹਾਂ ਸੁ ਕੰਧ ਬਣਾਇ ਕਿਛੁ ਤੁਰਕਨ ਸੋਂ ਕਰੋ ਜੰਗ।
ਮਰੈਂ ਤਾਂ ਸ੍ਵਰਗ ਸਿਧਾਰ ਹੈਂ, ਬਚ ਲਏਂ ਪਾਤਿਸ਼ਾਹੀ ਅੰਗ।…
ਚੌਪਈ : ਤਬ ਇਕ ਸਿੰਘ ਸਿਆਣੇ ਕਹੀ।
‘ਸਭੀ ਬਾਤ ਈਹਾਂ ਮਿਲ ਅਹੀ।
ਪੰਚੋਂ ਸਰ ਜੋ ਗੁਰੂ ਬਨਾਏ।
ਤਿਨ ਹੀ ਮੇਂ ਇਕ ਬਚਨ ਮਿਲਾਏ ।੧੨।
ਦੋਹਰਾ : ਅੰਮ੍ਰਿਤਸਰ ਬਿਬੇਕ-ਸਰ ਕੌਲਸਰਾ ਲੀਓ ਥਾਪ।
ਸੰਤੋਖਸਰ ਔਰ ਰਾਮਸਰ ਗੁਰ ਰਾਮਦਾਸ ਕਰੇ ਆਪ।੧੩।
ਚੌਪਈ : ਰਾਮਦਾਸ ਸਰ ਜੋ ਪੰਜ ਬਨਾਏ।
ਇਕ ਥਾਂ ਲੀਜੇ ਕੰਧ ਚਿਣਾਏ।
ਮਰੈਂ ਤੁਰਕ ਤਹਿ ਆਪੇ ਆਇ।
ਜਾਬ ਤਿਲ ਮਾਂ ਦਾ ਬੁਝਾ ਗੜੀ ਬਨਾਓ ਰਣ ਥੰਮ੍ਹ ਭਾਇ॥੧੪॥
ਹੁਤੀ ਖੂਹੀ ਤਹਿਂ ਗੁਰੂ ਲਵਾਈ।
ਇਮਾਈ ਤਿਹ ਥਾਂ ਲੀਨੀ ਨੀਂਹ, ਧਰਾਈ।
ਆਪੈ ਰਾਜ ਸਿੰਘ ਆਪੇ ਮਜੂਰ
ਬਡੇ ਭੁਜੰਗੀ ਦਿਲ ਕੇ ਸੂਰ ੧੫
ਆਪੈ ਪੀਸੈਂ, ਆਪ ਪਕਾਵੈਂ।
ਤੇਤੋ ਬਡੇ ਦਾਰ ਕਹਾਵੈਂ।
ਜੋਉ ਕਰੈ ਸਿੰਘ ਬਹੁਤੋ ਕੰਮ।
‘ਧੰਨ ਧੰਨ’ ਕਹੈ ‘ਸਿੰਘ ਤਿਸੈ ਜੰਮ’ 1੧੬
ਕੋਊ ਕਰੈ ਨਾ ਕਿਸੀ ਸ਼ਰੀਕਾ।
ਕੋਈ ਨ ਸੁਨਾਵੈ ਦੁਖ ਨਿਜ ਜੀ ਕਾ
ਨਾਮ ਤੋਂ ਘਸੀ ਬੰਦੇ ਕੰਧ ਬਨਾਵੈਂ ਦੌੜ ਦੌੜ।
ਜਿਮ ਬੰਦਰ ਪੁਲ ਬੰਧਤ ਧੌੜ ।੧੭।
ਦੋਹਰਾ : ਚਾਰੇ ਲੰਗਾਂ ਲੈ ਤੁਰੇ ਨਿਸਦਿਨ ਨਾਹਿਂ ਥਕਾਇਂ।
ਹੌਲੀ ਹੌਲੀ ਜਿਉਂ ਕਹੈ ਤਿਮ ਤਿਮ ਦੌੜ ਕਮਾਹਿਂ ।੧੮।
ਚੌਪਈ : ਬੁਰਜ ਦਰਵਾਜੇ ਬਨਾਯੋ ਬਡ ਖਾਸ।
ਮੰਡਯੋ ਸੋ ਮਰਨੋਂ ਤਿਹ ਥਾਂ ਵਾਸ।
ਜੋ ਲਭਯੋ ਕਿਛ ਖਰਚ ਸੁ ਪਾਯੋ।
ਲੁਦ੍ਯੋ ਕੁਦ੍ਯੋ ਥੋ ਜੋ ਭੁਜ ਚਾਯੋ
ਚਾਰ ਓਰ ਤਿਹ ਰੌਣੀ ਬਣਾਈ।
ਇਮ ਕਰ ਰੌਣੀ ਨਾਮ ਸਦਾਈ।
ਗਿਰਦੈ ਲਏ ਭੁਇਂ ਮੋਰਚੇ ਪੁਟਾਇ।
ਖਾਈ ਲਈ ਅਤਿ ਗਹਰੁ ਕਰਾਇ।
ਆਪੇ ਪੱਟੈਂ ਆਪ ਉਸਾਰੈਂ ।
ਰਾਜ ਮਜ਼ੂਰ ਸਿੰਘ ਗੁਰੂ ਪਿਆਏ
ਰਾਤ ਦਿਵਸ ਕਰ ਕੰਧ ਚਿਨਾਈ
ਕਿਛਕੁ ਆਸਰੋ ਲਯੋ ਬਨਾਈ । ੨੧॥
ਸਿੰਘ ਪੰਜ ਸੈ ਭਯੋ ਉਹਾਂ ਸਾਰੋ।
ਸ਼ਹੀਦ ਹੋਨ ਕੋ ਉਨ ਪ੍ਰਣ ਧਾਰੇ
ਔਰ ਜ੍ਯਾਦ ਕੀ ਜਗਾ ਥੀ ਨਾਹੀਂ ।
ਇਸ ਬਿਧ ਸਿੰਘ ਵੜੇ ਘਣੇ ਨਾਂਹੀਂ ।੨੨।
ਰਾਉਣੀ ਕੋਈ ਕਿਲ੍ਹੇ ਜਾਂ ਕੋਟ ਗੜ੍ਹ ਵਰਗੀ ਮਜ਼ਬੂਤ ਚੀਜ਼ ਨਹੀਂ ਹੁੰਦੀ, ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ। ਇਹ ਇਕ ਮਜ਼ਬੂਤ ਦੀਵਾਰ ਹੁੰਦੀ ਹੈ ਜਿਸ ਦੀ ਓਟ ਲੈ ਕੇ ਵੈਰੀ ਨਾਲ ਲੜਦਿਆਂ ਹੋਇਆਂ ਉਸਦੇ ਤੋਪਖ਼ਾਨੇ ਜਾਂ ਘੋੜ-ਸਵਾਰ ਨੇਜ਼ੇ-ਬਰਦਾਰਾਂ ਦੇ ਹਮਲੇ ਤੋਂ ਬਚਿਆ ਜਾ ਸਕਦੈ। ਸਮਝ ਲਿਆ ਜਾਵੇ ਕਿ ਇਹ ਇਕ ਚਾਰ-ਚੁਫੇਰੇ ਕੱਢੀ ਹੋਈ ਮਜ਼ਬੂਤ ਕੰਧ ਦੀ ਵਲਗਣ ਸੀ, ਜਿਸ ਵਿਚ ਦਰਵਾਜ਼ੇ ਤੇ ਟਾਂਗੂਆਂ ਲਈ ਉੱਚੇ ਬੁਰਜ ਬਣਾਏ ਗਏ। ਸਾਰੇ ਵਲਗਣ, ਭਾਵ, ਰਾਉਣੀ ਦੇ ਦੁਆਲੇ ਇਕ ਡੂੰਘੀ ਖਾਈ ਪੁੱਟ ਲਈ। ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ਇਸ ਦਾ ਨਾਮ ‘ਰਾਮ ਰਾਉਣੀ’, ਭਾਵ ਸਤਿਗੁਰੂ ਦੀ ਓਟ (ਵਾਲੀ ਕੰਧ) ਰੱਖਿਆ।
ਰਾਮ ਰਾਉਣੀ ਕੋਈ ਬਹੁਤ ਵੱਡੇ ਰਕਬੇ ਉੱਤੇ ਨਹੀਂ ਸੀ ਬਣਾਈ ਗਈ। ਇਹ ਸਿਰਫ਼ ਪੰਜ ਕੁ ਸੌ ਘੋੜ-ਸਵਾਰਾਂ ਵਾਸਤੇ ਸਿਰ ਲੁਕਾਉਣੀ ਸੀ। ਇੰਨਿਆਂ ਕੁ ਲਈ ਦਾਰੂ ਸਿੱਕਾ ਤੇ ਰਸਦ ਪੱਠਾ ਕੁਝ ਕੁ ਮਹੀਨਿਆਂ ਲਈ ਇਸ ਵਿਚ ਜ਼ਖ਼ੀਰਾ ਹੋ ਸਕਦਾ ਸੀ । ਇਸ ਅੰਦਰ ਸਿਰਲੱਥ ਸੂਰਮੇ ਡੇਰੇ ਲਾ ਕੇ ਬੈਠ ਗਏ ਤੇ ਬਾਕੀ ਦੇ ਸਿੰਘ ਲਾਗੇ ਦੀਆਂ ਬੀੜਾਂ ਅਤੇ ਪਿੰਡਾਂ ਵਿਚ ਜਾ ਰਹੇ, ਜਿਥੋਂ ਲੋੜ ਵੇਲੇ (ਦੁਸ਼ਮਣ ਦੇ ਹੱਲੇ ਸਮੇਂ) ਬੁਰਜਾਂ ਤੋਂ ਟਾਂਗੂਆਂ ਦੇ ਨਗਾਰਿਆਂ ਦੀ ਆਵਾਜ਼ ਸੁਣਦੇ ਸਾਰ ਪੁੱਜ ਸਕਣ। ਮੁਗ਼ਲ ਸਰਕਾਰ ਨਾਲ ਮਿਥਵੀਂ ਟੱਕਰ ਲੈਣ ਲਈ ਇਹ ਵੀ ਇਕ ਜ਼ਰੂਰੀ ਉਪਰਾਲਾ ਸੀ। ਉਨ੍ਹਾਂ ਲਈ ਇਹ ਸਮੇਂ ਦੀ ਲੋੜ ਸੀ।
ਮੀਰ ਮਨੂੰ ਪੰਜਾਬ ਦਾ ਨਾਜ਼ਿਮ ਬਣਿਆ
ਜੇ ਓਮਾਨੂਪੁਰ ਤੋਂ ਹਾਰ ਖਾ ਕੇ ਅਹਿਮਦ ਸ਼ਾਹ ਅਫ਼ਗ਼ਾਨਿਸਤਾਨ ਨੂੰ ਮੁੜ ਗਿਆ ਤੇ ਸ਼ਹਿਜ਼ਾਦਾ ਅਹਿਮਦ ਤੇ ਮੀਰ ਮਨੂੰ ਸਰਹੰਦ ਹੀ ਟਿਕੇ ਰਹੇ। ਬਾਦਸ਼ਾਹ ਮੁਹੰਮਦ ਸ਼ਾਹ ਨੇ, ਜੋ ਮਰਨ ਕਿਨਾਰੇ ਸੀ, ਜਦੋਂ 9 ਅਪ੍ਰੈਲ ਨੂੰ ਸ਼ਹਿਜ਼ਾਦਾ ਅਹਿਮਦ ਨੂੰ ਵਾਪਸ ਸੱਦ ਘੱਲਿਆ ਤਾਂ ਸ਼ਹਿਜ਼ਾਦੇ ਨੇ ਮੀਰ ਮਨੂੰ ਨੂੰ ਪੰਜਾਬ ਦਾ ਹਾਕਮ ਥਾਪ ਕੇ ਲਾਹੌਰ ਨੂੰ ਤੋਰ ਦਿੱਤਾ ਤੇ ਆਪ ਦਿੱਲੀ ਵੱਲ ਮੁੜ ਗਿਆ
ਲਖਪਤ ਰਾਏ ਨੂੰ ਕੈਦ
ਮੀਰ ਮਨੂੰ ਨੇ ਲਾਹੌਰ ਪੁੱਜ ਕੇ ਅਹਿਮਦ ਸ਼ਾਹ ਦੁਰਾਨੀ ਵੱਲੋਂ ਨਿਯਤ ਕੀਤੇ ਹਾਕਮ ਜੱਲ੍ਹੇ ਖ਼ਾਨ ਅਤੇ ਦੀਵਾਨ ਲਖਪਤ ਰਾਏ ਨੂੰ ਕੈਦ ਕਰ ਕੇ ਬੰਦੀਖ਼ਾਨੇ ਵਿਚ ਡੱਕ ਦਿੱਤਾ। ਲਖਪਤ ਰਾਏ ਨੂੰ 30 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਸ ਦੀ ਥਾਂ ਦੀਵਾਨ ਕੌੜਾ ਮੱਲ ਨੂੰ ਆਪਣਾ ਨਾਇਬ ਅਤੇ ਦੀਵਾਨਿ-ਅਦਾਲਤ ਨੀਯਤ ਕੀਤਾ। 30 ਲੱਖ ਦੀ ਚੱਟੀ ਵਿਚੋਂ ਲਖਪਤ ਰਾਏ ਸਿਰਫ਼ 18 ਲੱਖ ਰੁਪਏ ਭਰ ਸਕਿਆ। ਦੋ ਲੱਖ ਵਿਚ ਉਸਦੇ ਘਰ ਘਾਟ ਤੇ ਹੋਰ ਜਾਇਦਾਦ ਕੁਰਕ ਕਰ ਲਏ ਗਏ। ਬਾਕੀ ਰਹਿੰਦੇ 10 ਲੱਖ ਬਦਲੇ ਲਖਪਤ ਰਾਏ ਨੂੰ ਉਮਰ ਕੈਦ ਸੁਣਾਈ ਗਈ। ਸਾਰੇ ਲਾਹੌਰ ਸ਼ਹਿਰ ਦੇ ਉੱਘੇ ਹਿੰਦੂਆਂ ਵਿਚੋਂ ਕੋਈ ਲਖਪਤ ਦੀ ਸਹਾਇਤਾ ਵਾਸਤੇ ਨਾ ਆਇਆ, ਨਾ ਹੀ ਕਿਸੇ ਨੇ ਉਸਦੀ ਹਾਮੀ ਭਰੀ। ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਉਸ ਨੇ ਸ਼ਹਿਰ ਦੇ ਪਤਵੰਤਿਆਂ ਨੂੰ ਨਿਰਾਸ਼ ਕਰ ਕੇ ਮੋੜਿਆ ਸੀ, ਜਦ ਉਹ ਨਿਰਦੋਸ਼ ਸਿੱਖਾਂ ਦੇ ਕਤਲਾਮ ਤੋਂ, ਜੋ ਉਹ ਸੋਮਾਵਤੀ ਮੱਸਿਆ ਵਾਲੇ ਦਿਨ ਕਰ ਰਿਹਾ ਸੀ, ਉਸ ਨੂੰ ਮਿੰਨਤਾਂ ਕਰ ਕੇ ਰੋਕਣ ਆਏ ਸਨ।
ਦੀਵਾਨ ਕੌੜਾ ਮੱਲ ਦੀਆਂ ਅੱਖਾਂ ਦੇ ਸਾਹਮਣੇ ਉਹ ਨਜ਼ਾਰੇ ਸਨ ਕਿ ਕਿਵੇਂ ਲਖਪਤ ਰਾਏ ਆਪਣੀ ਦੀਵਾਨੀ ਸਮੇਂ ਸਿੱਖਾਂ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਮਰਵਾਉਂਦਾ ਰਿਹਾ ਸੀ । ਨਾ-ਹੱਕ ਤੇ ਬੇਦੋਸ਼ ਲਾਹੌਰ ਦੇ ਦੁਕਾਨਦਾਰ ਤੇ ਚਕਰੈਲ ਸਿੱਖਾਂ ਨੂੰ ਸੋਮਾਵਤੀ ਮੱਸਿਆ ਵਾਲੇ ਦਿਨ ਮਿੱਥ ਕੇ ਕਤਲ ਕੀਤਾ ਸੀ । ਉਸਨੂੰ ਇਸ ਘੋਰ ਪਾਪ ਤੋਂ ਵਰਜਣ ਗਿਆਂ ਨੂੰ ਬੇਪੱਤ ਕਰ ਕੇ ਵਾਪਸ ਮੋੜਿਆ ਗਿਆ ਸੀ। ਲਖਪਤ ਰਾਏ ਨੇ ਕਿਸੇ ਦੀ ਨਹੀਂ ਮੰਨੀ। ਸਗੋਂ ਆਪਣੇ ਗੁਰੂ ਭਾਈ ਜਗਤ ਭਗਤ ਨੂੰ ਵੀ ਪੁੱਠਾ ਹੀ ਬੋਲਿਆ ਸੀ। ਦੀਵਾਨ ਕੌੜਾ ਮੱਲ ਨੇ ਮੀਰ ਮਨੂੰ ਨੂੰ ਬੇਨਤੀ ਕੀਤੀ ਕਿ ਉਹ ਲਖਪਤ ਦੇ ਜ਼ਿੰਮੇ ਰਹਿੰਦਾ 10 ਲੱਖ ਭਰਨ ਨੂੰ ਤਿਆਰ ਹੈ, ਜੇ ਲਖਪਤ ਰਾਏ ਦੇ ਹੱਡਾਂ ਵਿੱਚੋਂ 10 ਲੱਖ ਖਰਾ ਹੋ ਗਿਆ। ਦੀਵਾਨ ਕੌੜਾ ਮੱਲ ਨੇ ਇਹ ਰਕਮ ਭਰ ਦਿੱਤੀ ਤੇ ਲਖਪਤ ਨੂੰ ਕੌੜਾ ਮੱਲ ਦੇ ਹਵਾਲੇ ਕਰ ਦਿੱਤਾ ਗਿਆ। ਦੀਵਾਨ ਕੌੜਾ ਮੱਲ ਨੇ ਉਸ ਦੁਸ਼ਟ ਨੂੰ ਸਿੰਘਾਂ ਦੇ ਹਵਾਲੇ ਕਰ ਦਿੱਤਾ।
ਸਿੰਘ ਉਸ ਦੁਸ਼ਟ ਲੱਖੂ ਨੂੰ ਫੜ ਕੇ ਜਥੇ ਵਿਚ ਲੈ ਗਏ। ਉਸ ਨੂੰ ਤੱਕ ਕੇ ਸਿੰਘਾਂ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਮਨਚਲੇ ਤੇ ਗਰਮ ਸੁਭਾ ਵਾਲੇ ਸਿੰਘ ਕਹਿਣ ਕਿ ਇਸ ਦੁਸ਼ਟ ਨੂੰ ਸਾਡੇ ਹਵਾਲੇ ਕਰੋ, ਤਾਂ ਕਿ ਇਸ ਦਾ ਪੁਰਜ਼ਾ ਪੁਰਜ਼ਾ ਕਰੀਏ। ਕੁਝ ਕਹਿਣ ਕਿ ਇਸ ਦੀ ਪੁੱਠੀ ਖੱਲ ਲਾਹ ਕੇ ਉੱਤੇ ਲੂਣ ਮਲਿਆ ਜਾਵੇ । ਸਿਆਣਿਆਂ ਕਿਹਾ ਕਿ ਇਸ ਦੇ ਜ਼ੁਲਮ ਦੇ ਮੁਕਾਬਲੇ ਵਿਚ ਇਹ ਸਭ ਸਜ਼ਾਵਾਂ ਮਾਮੂਲੀ ਹਨ। ਇਸ ਲਈ ਇਸ ਦੁਸ਼ਟ ਨੂੰ ਇਸ ਦੇ ਅਪਰਾਧ ਮੂਜਬ ਦੰਡ ਮਿਲੇਗਾ। ਸੋ ਸਿੰਘਾਂ ਨੇ ਉਸ ਲਈ ਡੂੰਘਾ ਕੁੰਭਲ (ਕੱਚਾ ਟੋਆ) ਪੁੱਟ ਕੇ, ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਟੋਏ ਵਿਚ ਉਤਾਰ ਦਿੱਤਾ ਤੇ ਉਤੋਂ ਛੱਤ ਕੇ ਸਿਰ ‘ਤੇ ਥੋੜ੍ਹਾ ਜਿਹਾ ਮੋਘਾ ਛੱਡ ਦਿੱਤਾ। ਇਕ ਸੰਗਲ ਲੱਕ ਨਾਲ ਮਾਰਿਆ ਹੋਇਆ ਜੋ ਬਾਹਰ ਕੱਢ ਕੇ ਬੱਧਾ ਹੋਇਆ ਸੀ, ਤਾਂ ਜੋ ਉਹ ਕਿਸੇ ਪਾਸੇ ਹਿੱਲੇ ਜੁੱਲੇ ਵੀ ਨਾ। ਸਾਰਿਆਂ ਨੂੰ ਹੁਕਮ ਦਿੱਤਾ ਗਿਆ ਕਿ ਪਿਸ਼ਾਬ ਤੇ ਜੰਗਲ-ਮੈਦਾਨ ਇਸ ਟੱਟੀ-ਖ਼ਾਨੇ ਦੇ ਮੋਘੇ ਉੱਤੇ ਬੈਠ ਕੇ ਕਰੇ, ਜੋ ਸਿੱਧਾ ਲਖਪਤ ਦੇ ਸਿਰ ਵਿਚ ਡਿੱਗਦਾ। ਇਸ ਰਸਤੇ ਹੀ ਉਸ ਨੂੰ ਰੋਟੀ ਪਾਣੀ ਸੁੱਟਿਆ ਜਾਂਦਾ। ਮਹੀਨਿਆਂ ਬੱਧੀ ਇਹੋ ਹਾਲਤ ਰਹੀ, ਵਿਚੇ ਕੀੜੇ ਚੱਲ ਪਏ । ਥੱਲਿਓਂ ਕੁਰਲਾਵੇ, ਪਰ ਬਹੁੜੀ ਕੌਣ ਕਰੇ ? ਇੰਜ ਕੋੜ੍ਹੀ ਤੇ ਨਰਕੀ ਜੀਵਨ ਭੋਗਦਾ ਹੋਇਆ ਇਹ ਦੁਸ਼ਟ ਖੱਤਰੀ, ਜਿਸ ਨੇ ਇਕ ਖੱਤਰੀ ਦੇ ਚਲਾਏ ਹੋਏ ‘ਉਸ਼ਟੰਡ’ ਭਾਵ ‘ਖ਼ਾਲਸਾ ਪੰਥ’ ਨੂੰ ਦੁਨੀਆਂ ਵਿੱਚੋਂ ਖ਼ਤਮ ਕਰ ਕੇ ਸਿਰ ‘ਤੇ ਪੱਗ ਬੰਨ੍ਹਣ ਦਾ ਬੀੜਾ ਚੁੱਕਿਆ ਸੀ, ਉਲਟਾ ਉਸ ਉਸ਼ਟੰਡ ਦੇ ਟੱਟੀ ਪਿਸ਼ਾਬ ਵਿਚ ਗਲ ਗਲ ਕੇ ਨਰਕ ਸਿਧਾਰ ਗਿਆ। ਉਸੇ ਕੁੰਭਲ ਉੱਤੇ ਮਿੱਟੀ ਪਾ ਕੇ ਵਿੱਚੇ ਦੱਬ ਦਿੱਤਾ ਗਿਆ। ਮਹਾਂ ਦੁਸ਼ਟ ਲੱਖੂ ਨੂੰ ਅੰਤਮ ਸੰਸਕਾਰ ਤੇ ਗੰਗਾ ਦਾ ਅਵਸਰ ਭੀ ਪ੍ਰਾਪਤ ਨਾ ਹੋਇਆ, ਜੋ ਹਿੰਦੂ ਧਰਮ ਅਨੁਸਾਰ ਪ੍ਰਾਣੀ ਦੀ ਮੁਕਤੀ ਲਈ ਜ਼ਰੂਰੀ ਹੈ। ਸੋ ਇਸ ਤਰ੍ਹਾਂ ਦੁਸ਼ਟ ਖੱਤਰੀ ਅਵਗਤ ਹੀ ਸੰਸਾਰ ਤੋਂ ਚੱਲਦਾ ਬਣਿਆ। ਆਖ਼ਿਰ ਕੌਮ ਘਾਤੀਆਂ ਦਾ ਇਹੀ ਇਤਿਹਾਸ ਹੈ।
ਤਸਵੀਰਾਂ
Credit – ਸਵਰਨ ਸਿੰਘ