ਮੁੱਢਲੀ ਬੇਨਤੀ
ਜਦੋਂ ਮੈਂ ‘ਸਿੱਖ ਰਾਜ ਕਿਵੇਂ ਗਿਆ ?” ਲਿਖ ਰਿਹਾ ਸਾਂ, ਓਦੋਂ ਹੀ ਮੇਰੇ ਦਿਲ ਵਿਚ ਇਹ ‘ਦੁਖੀਏ ਮਾਂ-ਪੁੱਤ’ ਪੁਸਤਕ ਲਿਖਣ ਦੇ ਵਿਚਾਰ ਪੈਦਾ ਹੋਏ ।
ਜਿਉਂ-ਜਿਉਂ ਮੈਂ ਮਹਾਰਾਣੀ ਜਿੰਦ ਕੌਰ ਤੇ ਉਸ ਦੇ ਇਕੋ ਇਕ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਹਾਲ ਖੋਜਦਾ ਗਿਆ, ਮੇਰਾ ਦਿਲ ਅਥਾਹ ਪੀੜ ਨਾਲ ਭਰਦਾ ਗਿਆ। ਦੁਨੀਆਂ ਉੱਤੇ ਕੇਈ ਨਿਭਾਗੇ ਹੋਏ ਹਨ, ਦੁੱਖੀ ਤੋਂ ਦੁੱਖੀ ਤੇ ਕੰਗਾਲ ਤੋਂ ਕੰਗਾਲ, ਪਰ ਇਹਨਾਂ ਦੋਹਾਂ ਦੀ ਮਿਸਾਲ ਨਹੀਂ ਮਿਲੇਗੀ । ਦੁਨੀਆਂ ਭਰ ਵਿਚੋਂ ਬਹਾਦਰ ਕੌਮ ਤੇ ਜਗਤ ਪ੍ਰਸਿੱਧ ਬਾਦਸ਼ਾਹ ਦੀ ਪਟਰਾਣੀ ਜਿੰਦ ਕੌਰਾਂ ਨੂੰ ਇਕ ਰੋਟੀ ਬਦਲੇ ਤਰਲੇ ਲੈਣੇ ਪਏ ਤੇ ਉਮਰ ਦਾ ਚੰਗਾ ਹਿੱਸਾ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਕੱਟਣਾ ਪਿਆ । ਮਰ ਕੇ ਵੀ ਦੁਸ਼ਮਣਾਂ ਦੇ ਦਿਲੋਂ ਉਸਦਾ ਵੈਰ ਨਾ ਗਿਆ ।
ਉਹਦੀ ਲੋਥ ਨੂੰ ਵੀ ਕਈ ਮਹੀਨੇ ਪਰਦੇਸ ਵਿਚ ਰੁਲਣਾ ਪਿਆ । ਉਸ ਦੇ ਸਿਵੇ ਦੀ ਭਬੂਤੀ ਵੀ ਆਪਣੀ ਜਨਮ ਭੂਮੀ ਨੂੰ ਤਰਸਦੀ ਰਹਿ ਗਈ । ਹੋਰ ਕੋਈ ਨਹੀਂ ਹੋਇਆ, ਜਿਸ ਨਾਲ ਇਸ ਨਿਰਦਈ ਦੁਨੀਆਂ ਨੇ ਐਨਾ ਵੈਰ ਕਮਾਇਆ ਹੋਵੇ ।
ਦੂਜਾ, ਮਹਾਰਾਜਾ ਦਲੀਪ ਸਿੰਘ, ਜੋ ਬਿਨਾਂ ਕਿਸੇ ਗੁਨਾਹ ਦੇ ਆਦਮ ਵਾਂਗ ਬਹਿਸ਼ਤ ਵਿਚੋਂ ਕੱਢ ਦਿੱਤਾ ਗਿਆ । ਸਾਰੀ ਉਮਰ ਵਿਚ ਉਹਨੇ ਇਕੋ ਪਾਪ ਕੀਤਾ ਸੀ; ਇਹ ਕਿ ਉਹਨੇ ਇਕ ਭਲੇਮਾਣਸ ਤੇ ਬਲਵਾਨ ਗੁਆਂਢੀ ਦੇ ਯਰਾਨੇ ਉੱਤੇ ਭਰੋਸਾ ਕਰ ਲਿਆ ਸੀ । ਇਸ ਦਾ ਫਲ ਉਹਨੂੰ ਰਾਜ ਭਾਗ ਤਿਆਗ ਕੇ ਉਮਰ ਭਰ ਦੇ ਦੁੱਖ, ਕਲੇਸ਼ ਤੇ ਝੋਰੇ ਖਰੀਦਣੇ ਪਏ । ਅਨੋਖਾ ਵਪਾਰੀ ਸੀ ਉਹ, ਜਿਸ ਨੇ ਕਿਸਮਤ ਦੇ ਕੇ ਬਦਕਿਸਮਤੀ ਵਟਾ ਲਈ ਸੀ । ਕੋਹਿਨੂਰ ਪਹਿਨਣ ਵਾਲਾ ਤੇ ਹੀਰੇ ਮੋਤੀ ਦਾਨ ਕਰਨ ਵਾਲਾ, ਇਕ ਦਿਨ ਮਾਸਕੋ (ਰੂਸ) ਦੇ ਬਜ਼ਾਰਾਂ ਵਿਚ ਭਿੱਛਿਆ ਮੰਗਦਾ ਫਿਰਦਾ ਸੀ । ਭਾਗਾਂ ਭਰੇ ਪੰਜਾਬ ਦਾ ਮਾਲਕ ਅੰਤ ਰੋਟੀ ਨੂੰ ਤਰਸਦਾ ਮਰ ਗਿਆ । ਉਸ ਨੂੰ ਜਿਉਂਦੇ-ਜੀ ਕਦੇ ਸੁੱਖ ਨਸੀਬ ਨਹੀਂ ਹੋਇਆ ।
ਇਸ ਪੁਸਤਕ ਦਾ ਪਹਿਲਾ ਕਾਂਡ ਬੜੇ ਥੋੜ੍ਹੇ ਸ਼ਬਦਾਂ ਵਿਚ ਲਿਖਿਆ ਗਿਆ ਹੈ, ਤੇ ਮੋਟੀਆਂ-ਮੋਟੀਆਂ ਗੱਲਾਂ ਹੀ ਕਹੀਆਂ ਹਨ, ਕਿਉਂਕਿ ‘ਸਿੱਖ-ਰਾਜ ਕਿਵੇਂ ਗਿਆ ?’ ਵਿਚ ਸਾਰੇ ਹਾਲ ਬੜੇ ਖੁਹਲ ਕੇ ਲਿਖੇ ਗਏ ਹਨ। ਚੰਗਾ ਹੋਵੇ, ਜੇ ਪਾਠਕ ਇਹ ਪੁਸਤਕ ‘ਦੁਖੀਏ ਮਾਂ-ਪੁੱਤ’ ਪੜ੍ਹਨ ਤੋਂ ਪਹਿਲਾਂ ‘ਸਿੱਖ ਰਾਜ ਕਿਵੇਂ ਗਿਆ ?” ਪੜ੍ਹ ਲੈਣ । ਇਸ ਤਰ੍ਹਾਂ ਇਸਦਾ ਪਹਿਲਾ ਕਾਂਡ ਸੌਖਾ ਸਮਝਿਆ ਜਾਵੇਗਾ।
ਜਿਨ੍ਹਾਂ ਕਿਤਾਬਾਂ ਦੀ ਸਹਾਇਤਾ ਨਾਲ ਇਹ ਪੁਸਤਕ ਲਿਖੀ ਹੈ, ਮੈਂ ਉਹਨਾਂ ਦੇ ਲਿਖਾਰੀਆਂ ਦਾ ਧੰਨਵਾਦੀ ਹਾਂ ।
ਕਾਦੀ ਵਿੰਡ (ਕਸੂਰ)
ਹੁਣ, ਸੀਤਲ ਭਵਨ,
ਮਾਡਲ ਗਰਾਮ, ਲੁਧਿਆਣਾ-੨
ਸੋਹਣ ਸਿੰਘ ‘ਸੀਤਲ ੫ ਅਪ੍ਰੈਲ, ੧੯੪੬ ਈ.
ਪਹਿਲਾ ਕਾਂਡ
ਮਹਾਰਾਣੀ ਜਿੰਦਾਂ
ਮਹਾਰਾਣੀ ਜਿੰਦ ਕੌਰ, ਘੋੜ ਸਵਾਰ ਸ: ਮੰਨਾ ਸਿੰਘ‘ਔਲਖ’ ਜੱਟ, ਪਿੰਡ ਚਾਹੜ, ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਸਿਆਲਕੋਟ ਦੇ ਰਹਿਣ ਵਾਲੇ ਦੀ ਛੋਟੀ ਲੜਕੀ ਸੀ । ਇਹ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀ । ਸੁੰਦਰਤਾ, ਸੁਭਾ ਤੇ ਸਮਝ ਦਾ ਸਦਕਾ ਇਹਨੇ ਮਹਾਰਾਜੇ ਦੇ ਜੀਵਨ ਵਿਚ ਆਪਣੇ ਵਾਸਤੇ ਚੰਗਾ ਥਾਂ ਬਣਾ ਲਿਆ ਸੀ । ਇਸ ਤੋਂ ਪਿਛੋਂ ਸ਼ੇਰੇ-ਪੰਜਾਬ ਨੇ ਹੋਰ ਵਿਆਹ ਨਹੀਂ ਕਰਵਾਇਆ । ਚੰਗੇ ਰੂਪ, ਸੁਘੜਤਾ, ਸਿਆਣਪ ਨਾਲ ਇਹਨੇ ਸੁਆਮੀ ਦਾ ਦਿਲ ਮੋਹ ਲਿਆ ਸੀ । ਮਹਾਰਾਜੇ ਨੇ ਰੀਝ ਕੇ ਇਸ ਨੂੰ ਮਹਾਰਾਣੀ ਦੀ ਪਦਵੀ ਤੇ ‘ਮਹਿਬੂਬਾ’ (ਪਿਆਰੀ) ਦਾ ਖਿਤਾਬ ਦਿੱਤਾ । ਪਲ ਭਰ ਵਾਸਤੇ ਵੀ ਮਹਾਰਾਜ ਇਸ ਦਾ ਵਿਛੋੜਾ ਨਹੀਂ ਸਨ ਸਹਿ ਸਕਦੇ । ਇਹ ਦਿਨ ਜਿੰਦਾਂ ਵਾਸਤੇ ਜੀਵਨ ਵਿਚ ਸਭ ਨਾਲੋਂ ਖੁਸ਼ੀ ਦੇ ਸਨ ।
ਦਲੀਪ ਸਿੰਘ ਦਾ ਜਨਮ
ਵਾਹਿਗੁਰੂ ਨੇ ਭਾਗ ਲਾਇਆ ਤੇ ਜਿੰਦ ਕੌਰ ਇਕ ਪੁੱਤਰ ਦੀ ਮਾਂ ਬਣੀ ।P ੪ ਸਤੰਬਰ, ੧੮੩੮ ਈ. ਨੂੰ ਇਸਦੀ ਕੁੱਖੋਂ ਬਾਲ ਨੇ ਜਨਮ ਲਿਆ, ਜਿਸ ਦਾ ਨਾਮ ਸ਼ੇਰੇ-ਪੰਜਾਬ ਨੇ ਕੰਵਰ ਦਲੀਪ ਸਿੰਘ ਰੱਖਿਆ । ਖੁਸ਼ੀ ਦੇ ਵਾਜੇ ਵੱਜੇ, ਵਧਾਈਆਂ ਨਾਲ ਮਹਿਲ ਗੂੰਜ ਉਠੇ ਤੇ ਪੁੰਨ ਦਾਨ ਨਾਲ ਅਨੇਕਾਂ ਗਰੀਬਾਂ ਨੂੰ ਮਾਲਾ ਮਾਲ ਕਰ ਦਿੱਤਾ । ਦਲੀਪ ਸਿੰਘ ਦਾ ਮੁਹਾਂਦਰਾ ਆਪਣੀ ਮਾਂ ਨਾਲ ਮਿਲਦਾ ਜੁਲਦਾ ਸੀ । ਆਪਣੀ ਮਹਿਬੂਬਾ ਦੀ ਗੋਦ ਵਿਚ ਉਸ ਹੱਸਦੇ ਬਾਲ ਰੂਪ ਨੂੰ ਵੇਖਦੇ, ਤਾਂ ਮਹਾਰਾਜ ਦਾ ਦਿਲ ਖੁਸ਼ੀ ਨਾਲ ਭਰ ਉਛਲਦਾ। ਇਸ ਵੇਲੇ ਸਭ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ।
ਸ਼ੇਰੇ ਪੰਜਾਬ ਤੋਂ ਪਿੱਛੋਂ
ਛੇਤੀ ਹੀ ਖੁਸ਼ੀਆਂ ਨੇ ਗਮੀਆਂ ਦਾ ਰੂਪ ਧਾਰਨ ਕਰ ਲਿਆ । ਸ਼ੇਰੇ ਪੰਜਾਬ ਕਈ ਮਹੀਨੇ ਬਿਮਾਰ ਰਹਿ ਕੇ ਪੂਰਨਮਾਸ਼ੀ ਦੇ ਦਿਨ ਵੀਰਵਾਰ, ੧੫ ਹਾਡ, ੧੮੯੬ ਬਿਕਮੀ (੨੭ ਜੂਨ, ੧੮੩੯ ਈ.) ਨੂੰ ਗੁਰਪੁਰੀ ਸਿਧਾਰ ਗਏ । ਦਿਨ ਦੀਵੀਂ ਜਿੰਦ ਕੌਰ ਦੇ ਤਾਂ ਦਾ ਹਨੇਰ ਪੈ ਗਿਆ। ਦੁਨੀਆਂ ਦੇ ਸਾਰੇ ਮੁੱਖ ਤੇ ਚਾ ਸੁਹਾਗ ਦੇ ਨਾਲ ਹੀ ਜਾਂਦੇ ਰਹੇ । ਦਲੀਪ ਸਿੰਘ ਉਸ ਦਿਨ ੯ ਮਹੀਨੇ ਤੇ ੨੪ ਦਿਨ ਦਾ ਸੀ।
ਪੰਜਾਬ ਦਾ ਸ਼ੇਰ ਅੰਤਮ ਸੇਜਾ ‘ਤੇ ਲਿਟਾਇਆ ਗਿਆ । ਟਿੱਕਾ ਖੜਕ ਸਿੰਘ ਪਿਤਾ ਦੀ ਚਿਖਾ ਨੂੰ ਲੰਬੂ ਲਾਉਣ ਵਾਸਤੇ ਤਿਆਰ ਖਲੋਤਾ ਸੀ । ੧੧ ਰਾਣੀਆਂ ਆਪਣੇ ਸੁਆਮੀ ਨਾਲ ਸਤੀ ਹੋਣ ਵਾਸਤੇ ਚਿਖਾ ਵਿਚ ਬੈਠੀਆਂ ਸਨ । ਇਹ ਸਮਾਂ ਜਿੰਦਾਂ ਵਾਸਤੇ ਸਭ ਤੋਂ ਔਖਾ ਸੀ। ਜਿਸਨੂੰ ਸਾਰੀਆਂ ਰਾਣੀਆਂ ਨਾਲੋਂ ਸੁਆਮੀ ਵੱਧ ਪਿਆਰ ਕਰਦਾ ਸੀ, ਜਿਸਨੂੰ ਸਦਾ ਪ੍ਰਾਣ-ਪਿਆਰੀ (ਮਹਿਬੂਬਾ) ਕਹਿ ਕੇ ਬੁਲਾਉਂਦਾ ਸੀ, ਜਿਸਨੂੰ ਵੇਖਿਆਂ ਬਿਨਾਂ ਇਕ ਪਲ ਨਹੀਂ ਰਹਿ ਸਕਦਾ ਸੀ, ਜਿਸਨੂੰ ਪ੍ਰਾਪਤ ਕਰਕੇ ਉਹ ਸਾਰੀ ਦੁਨੀਆਂ ਦੇ ਹੁਸਨ ਨੂੰ ਭੁੱਲ ਗਿਆ ਸੀ, ਕੀ ਉਹ ਜਿੰਦਾਂ ਇਹ ਸਹਾਰ ਲਵੇਗੀ, ਕਿ ਹੋਰ ਰਾਣੀਆਂ ਮਹਾਰਾਜ ਨਾਲ ਸਤੀ ਹੋ ਜਾਣ ਤੇ ਉਹ ਰੰਡੇਪੇ ਦੇ ਭਾਰ ਥੱਲੇ ਦੱਬ-ਦੱਬ ਕੇ ਮਰਨ ਵਾਸਤੇ ਰਹਿ ਜਾਵੇ ? ਉਹਦੀ ਛਾਤੀ ਪਾੜ ਕੇ ਦਿਲ ਬਾਹਰ ਨਿਕਲਨ ਨੂੰ ਕਰਦਾ ਸੀ । ਪਰ ਜਦੋਂ ਉਹ ਚਿਖਾ ਵਿਚ ਛਾਲ ਮਾਰਨ ਵਾਸਤੇ ਅੱਗੇ ਵਧਦੀ, ਉਹਦੀ ਗੋਦ ਵਿਚ ਮੁਸਕਰਾ ਰਿਹਾ ੯-੧੦ ਮਹੀਨੇ ਦਾ ਦਲੀਪ ਸਿੰਘ ਉਹਨੂੰ ਹਿੱਲਣ ਨਾ ਦੇਂਦਾ । ਉਸ ਘੜੀ ਜਿੰਦ ਕੌਰ ਦਾ ਦਿਲ ਮੌਤ ਤੇ ਜਿੰਦਗੀ ਦੇ ਘੋਲ ਦਾ ਅਖਾੜਾ ਬਣ ਰਿਹਾ ਸੀ । ਉਹ ਮਰਨਾ ਚਾਹੁੰਦੀ ਸੀ, ਪਰ ਪੈਰਾਂ ਦੀਆਂ ਜ਼ੰਜੀਰਾਂ (ਬਾਲਕ ਦਲੀਪ ਸਿੰਘ) ਉਹਦੀ ਪੇਸ਼ ਨਹੀਂ ਸਨ ਜਾਣ ਦੇਂਦੀਆਂ।
ਹਜ਼ਾਰੋਂ ਮੁਸ਼ਕਲੋਂ ਮੇਂ ਏਕ ਮੁਸ਼ਕਲ ਸਖਤ ਯਿਹ ਭੀ ਹੈ,
ਤਮੰਨਾ ਮੌਤ ਕੀ ਹੈ, ਔਰ ਮਰ ਜਾਨਾ ਨਹੀਂ ਆਤਾ।
ਉਹਨੇ ਲੰਮਾ ਹਉਕਾ ਲਿਆ, ਪੁੱਤਰ ਨੂੰ ਘੁੱਟ ਕੇ ਹਿੱਕ ਨਾਲ ਲਾਇਆ ਤੇ ਕਿਹਾ, “ਦਲੀਪ ! ਮੈਂ ਤੇਰੇ ਬਦਲੇ ਜੀਵਾਂਗੀ।” ਪੁੱਤਰ ਦੀਆਂ ਖੁਸ਼ੀਆਂ ਬਦਲੇ ਜਿੰਦਾਂ ਨੇ ਰੰਡੇਪੇ ਦੇ ਦੁੱਖ ਝੱਲਣੇ ਪਰਵਾਨ ਕਰ ਲਏ ।
ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਦੀ ਢਿੱਲ ਸੀ, ਜਾਂ ਸਿੱਖ ਰਾਜ ਦੀ ਦੁਪਹਿਰ ਢਲਣੀ ਸ਼ੁਰੂ ਹੋ ਗਈ। ਸਿੱਖਾਂ ਦੀ ਜਿਸ ਤਲਵਾਰ ਤੋਂ ਕਾਬਲ, ਕੰਧਾਰ ਪਏ ਕੰਬਦੇ ਸਨ, ਉਹ ਆਪਸ ਵਿਚ ਖੜਕਣ ਲੱਗ ਪਈ। ਕਈ ਮਹਾਰਾਜੇ, ਸ਼ਹਿਜ਼ਾਦੇ ਤੇ ਵਜ਼ੀਰ ਆਪਣਿਆਂ ਹੱਥੋਂ ਕਤਲ ਹੋ ਗਏ ।
ਮ: ਰਣਜੀਤ ਸਿੰਘ ਦੇ ਪਿੱਛੋਂ ਮਹਾਰਾਜਾ ਖੜਕ ਸਿੰਘ ਤਖਤ ‘ਤੇ ਬੈਠਾ, ਜੋ ੩ ਮਹੀਨੇ ੧੧ ਦਿਨ ਰਾਜ ਕਰਨ ਪਿੱਛੋਂ ਮੰਗਲਵਾਰ, ੮ ਅਕਤੂਬਰ, ੧੮੩੯ ਈ. ਨੂੰ ਡੋਗਰਾ ਭਰਾਵਾਂ ਹੱਥੋਂ ਤਖਤੋਂ ਲਾਹਿਆ ਗਿਆ। ਰਾਜਾ ਧਿਆਨ ਸਿੰਘ ਦੀ ਕੈਦ ਵਿਚ ਉਹ ਇਕ ਸਾਲ ਤੇ ਅਠਾਈ ਦਿਨ ਰਿਹਾ, ਤੇ ਅੰਤ ਜ਼ਹਿਰ ਦੇ ਕੇ ਵੀਰਵਾਰ ੫ ਨਵੰਬਰ, ੧੮੪੦ ਈ. ਨੂੰ ਮਾਰਿਆ ਗਿਆ ।
ਏਸੇ ਹੀ ਦਿਨ ਮ. ਖੜਕ ਸਿੰਘ ਦਾ ਇਕੋ ਇਕ ਪੁੱਤਰ ਕੰਵਰ ਨੌਨਿਹਾਲ ਸਿੰਘ (ਜੋ ੮ ਅਕਤੂਬਰ, ੧੮੩੯ ਈ. ਤੋਂ ਪੰਜ ਨਵੰਬਰ, ੧੮੪੦ ਈ. ਤਕ ਸਿੱਖਾਂ ਦਾ ਮਹਾਰਾਜਾ ਰਿਹਾ) ਵੀ ਡੋਗਰਿਆਂ ਹੱਥੋਂ ਮਾਰਿਆ ਗਿਆ।
ਫਿਰ ਕੰਵਰ ਨੌਨਿਹਾਲ ਸਿੰਘ ਦੀ ਮਾਤਾ, ਮਹਾਰਾਣੀ ਚੰਦ ਕੌਰ ੨ ਮਹੀਨੇ, ੯ ਦਿਨ ਰਾਜ ਕਰਦੀ ਰਹੀ। ਉਸ ਤੋਂ ਪਿਛੋਂ ਕੇਵਰ ਸ਼ੇਰ ਸਿੰਘ ‘ਮਹਾਰਾਜਾ’ ਬਣ ਕੇ ਤਖਤ ‘ਤੇ ਬੈਠਾ, ਜੋ ੨ ਸਾਲ, ੭ ਮਹੀਨੇ ਤੇ ੨੭ ਦਿਨ ਰਾਜ ਕਰਨ ਪਿਛੋਂ ੧੫ ਸਤੰਬਰ, ੧੮੪੩, ਨੂੰ ਸੰਧਾਵਾਲੀਆਂ ਹੱਥੋਂ ਕਤਲ ਹੋਇਆ ।
ਏਸੇ ਹੀ ਦਿਨ ਸੰਧਾਵਾਲੀਆਂ (ਸ: ਲਹਿਣਾ ਸਿੰਘ ਤੇ ਅਜੀਤ ਸਿੰਘ) ਨੇ ਕਿਲ੍ਹੇ ਵਿਚ ਰਾਜਾ ਧਿਆਨ ਸਿੰਘ ਵਜੀਰ ਨੂੰ ਕਤਲ ਕਰ ਦਿੱਤਾ । ਗਿਆਨੀ ਗੁਰਮੁਖ ਸਿੰਘ ਦੇ ਹੱਥੀਂ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਗਿਆ । ਦਲੀਪ ਸਿੰਘ ਉਸ ਦਿਨ ੫ ਸਾਲ ਤੇ ੧੧ ਦਿਨ ਦਾ ਸੀ ।
ਅਗਲੇ ਹੀ ਦਿਨ ਧਿਆਨ ਸਿੰਘ ਦੇ ਪੁੱਤਰ ਰਾਜਾ ਹੀਰਾ ਸਿੰਘ ਨੇ ਆਪਣੇ ਪਿਤਾ ਦਾ ਬਦਲਾ ਲੈ ਲਿਆ । ਖਾਲਸਾ ਫੌਜਾਂ ਦੀ ਮਦਦ ਨਾਲ ਉਸ ਨੇ ਸੰਧਾਵਾਲੀਏ ਲਹਿਣਾ ਸਿੰਘ, ਅਜੀਤ ਸਿੰਘ ਨੂੰ ਕਤਲ ਕਰ ਦਿੱਤਾ ਤੇ ਆਪ ਪੰਜਾਬ ਦੀ ਵਜ਼ਾਰਤ ਸੰਭਾਲੀ । ਵਿਰੋਧੀਆਂ ਨੂੰ ਚੰਗੀ ਤਰ੍ਹਾਂ ਦਬਾ ਕੇ, ਰਾਜਾ ਹੀਰਾ ਸਿੰਘ ਨੇ ੧੮ ਸਤੰਬਰ, ੧੮੪੩ ਈ: ਨੂੰ ਇਕ ਵੱਡਾ ਦਰਬਾਰ ਕੀਤਾ, ਜਿਸ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਦੀ ਤਾਜ ਪੋਸ਼ੀ ਦੀ ਰਸਮ ਅਦਾ ਕੀਤੀ ਗਈ, ਭਾਵ ਦਲੀਪ ਸਿੰਘ ਦੇ ‘ਮਹਾਰਾਜਾ’ ਤੇ ਹੀਰਾ ਸਿੰਘ ਦੇ ‘ਵਜ਼ੀਰ’ ਹੋਣ ਦਾ ਐਲਾਨ ਕੀਤਾ ਗਿਆ ।
ਨਾ ਜਿੰਦ ਕੌਰਾਂ ਨੂੰ ਤੇ ਨਾ ਹੀ ਉਸਦੇ ਭਰਾ ਜਵਾਹਰ ਸਿੰਘ ਨੂੰ ਮਨਜ਼ੂਰ ਸੀ, ਕਿ ਹੀਰਾ ਸਿੰਘ ਵਜ਼ੀਰ ਬਣੇ । ਸੋ ਸ: ਜਵਾਹਰ ਸਿੰਘ ਨੇ ਆਪਣੀ ਤਾਕਤ ਵਧਾਉਣ ਵਾਸਤੇ ਹੱਥ ਪੈਰ ਮਾਰਨੇ ਆਰੰਭ ਕਰ ਦਿੱਤੇ । ਇਕ ਦਿਨ ਉਹ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਫੌਜਾਂ ਵਿਚ ਗਿਆ ਤੇ ਕਹਿਣ ਲੱਗਾ, “ਰਾਜਾ ਹੀਰਾ ਸਿੰਘ, ਮਹਾਰਾਜਾ ਦਲੀਪ ਸਿੰਘ ਤੇ ਇਸ ਦੀ ਮਾਤਾ-ਜਿੰਦ ਕੌਰ-ਨੂੰ ਬੜਾ ਤੰਗ ਕਰਦਾ ਹੈ। ਜੇ ਤੁਸੀਂ ਇਨ੍ਹਾਂ ਦੀ ਮਦਦ ਨਾ ਕਰੋਗੇ, ਤਾਂ ਮੈਂ ਇਸ ਨੂੰ ਅੰਗਰੇਜ਼ਾਂ ਕੋਲ ਲੈ ਜਾਵਾਂਗਾ ।” ਉਸਨੇ ਤਾਂ ਆਪਣੇ ਵਲੋਂ ਇਹ ਧਮਕੀ ਦਿੱਤੀ ਸੀ ਕਿ ਇਸ ਗੱਲੋਂ ਡਰ ਕੇ ਫੌਜਾਂ ਉਸ ਦੀ ਮਦਦ ਕਰਨਗੀਆਂ, ਪਰ ਉਸਨੂੰ ਇਹ ਧਮਕੀ ਉਲਟੀ ਪਈ । ਕਿਉਂਕਿ ਹੀਰਾ ਸਿੰਘ ਨੇ ਇਹ ਗੱਲ ਫੌਜਾਂ ਵਿਚ ਪਹਿਲਾਂ ਹੀ ਧੁਮਾ ਛੱਡੀ ਸੀ ਕਿ ਸ: ਜਵਾਹਰ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ। ਸੋ ਫੌਜਾਂ ਨੇ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਮਗਰਲੇ ਨੇ ਪਹਿਲੇ ਨੂੰ ਕੈਦ ਕਰ ਦਿੱਤਾ, ਪਰ ਥੋੜ੍ਹੇ ਹੀ ਚਿਰ ਪਿੱਛੋਂ ਮਹਾਰਾਣੀ ਜਿੰਦ ਕੌਰ ਨੇ ਫੌਜਾਂ ਵਿਚ ਆਪਣਾ ਰਸੂਖ ਪੈਦਾ ਕਰ ਕੇ ਆਪਣੇ ਭਰਾ ਨੂੰ ਛੁਡਾ ਲਿਆ।
ਹੀਰਾ ਸਿੰਘ ਨੇ ੭ ਮਈ, ੧੮੪੪ ਈ: ਨੂੰ ਸ਼ੇਰੇ ਪੰਜਾਬ ਦੇ ਪੁੱਤਰ ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਏ ਤੇ ਨੌਰੰਗਾਬਾਦੀਏ ਸੰਤ ਭਾਈ ਬੀਰ ਸਿੰਘ ਨੂੰ ਕਤਲ ਕਰਾ ਦਿੱਤਾ । ਇਹਨੀਂ ਹੀ ਦਿਨੀਂ ਜੱਲ੍ਹਾ ਪੰਡਤ ਨੇ ਮਹਾਰਾਣੀ ਜਿੰਦੂ ਕੌਰ ਨੂੰ ਜ਼ਹਿਰ ਦੇਣ ਦੀ ਸਾਜ਼ਿਸ਼ ਕੀਤੀ, ਜੋ ਨੇਪਰੇ ਨਾ ਚੜ੍ਹੀ। ਇਹਨਾਂ ਕਾਰਨਾਂ ਤੋਂ ਖਾਲਸਾ ਫੌਜਾਂ ਭੜਕ ਉਠੀਆਂ ਤੇ ਉਹਨਾਂ ਨੇ ਰਾਜਾ ਹੀਰਾ ਸਿੰਘ ਨੂੰ ਸਣੇ ਸਾਥੀਆਂ (ਜੱਲ੍ਹਾ ਪੰਡਤ, ਮੀਆਂ ਸੋਹਣ ਸਿੰਘ, ਮੀਆਂ ਲਾਭ ਸਿੰਘ, ਆਦਿ) ਦੇ ੨੧ ਦਸੰਬਰ, ੧੮੪੪ ਈ: ਨੂੰ ਕਤਲ ਕਰ ਦਿੱਤਾ ।
ਜੱਲ੍ਹੇ ਨੇ ਇਹ ਵੀ ਖੜਯੰਤ੍ਰ ਰਚਿਆ ਸੀ, ਕਿ ਦਲੀਪ ਸਿੰਘ ਨੂੰ ਤਖਤੋਂ ਉਤਾਰ ਕੇ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਤਖਤ ‘ਤੇ ਬਿਠਾ ਦਿੱਤਾ ਜਾਵੇ”, ਪਰ ਜਿੰਦਾਂ ਨੇ ਇਹ ਸਾਰੀਆਂ ਚਾਲਾਂ ਨਿਸਫਲ ਕਰ ਦਿੱਤੀਆਂ । ਵਿਚਾਰਾ ਪੰਡਤ ਦਿਲ ਦੀਆਂ ਦਿਲ ਵਿਚ ਹੀ ਲੈ ਕੇ ਤੁਰ ਗਿਆ ।
ਹੀਰਾ ਸਿੰਘ ਦੇ ਮਰਨ ‘ਤੇ ਜਿੰਦ ਕੌਰ ਦਾ ਭਰਾ ਸ: ਜਵਾਹਰ ਸਿੰਘ ਵਜ਼ੀਰ ਬਣਿਆ । ਉਸ ਨੇ ਸ਼ੇਰੇ-ਪੰਜਾਬ ਦੇ ਪੁੱਤਰ ਪਸ਼ੌਰਾ ਸਿੰਘ ਨੂੰ ੩੦ ਅਗਸਤ, ੧੮੪੫ ਨੂੰ ਕਤਲ ਕਰਾ ਦਿੱਤਾ । ਇਸ ਗੱਲ ਤੋਂ ਖਾਲਸਾ ਫੌਜਾਂ ਬੜੀਆਂ ਨਾਰਾਜ਼ ਹੋ ਗਈਆਂ। ੨੧ ਸਤੰਬਰ, ੧੮੪੫ ਈ: ਨੂੰ ਫੌਜਾਂ ਨੇ ਸ: ਜਵਾਹਰ ਸਿੰਘ ਨੂੰ ਮਹਾਰਾਣੀ ਜਿੰਦ ਕੌਰ ਤੇ ਦਲੀਪ ਸਿੰਘ ਦੇ ਸਾਹਮਣੇ ਕਤਲ ਕੀਤਾ ।
ਜਿੰਦਾਂ ਸਰਪ੍ਰਸਤ
ਹੁਣ ਵਜ਼ੀਰ ਕੋਈ ਨਾ ਬਣੇ । ਰਾਜਾ ਗੁਲਾਬ ਸਿੰਘ ਨੂੰ ਕਿਹਾ, ਪਰ ਉਸ ਨੇ ਨਾਂਹ ਕਰ ਦਿੱਤੀ । ਫਿਰ ਹੋਰ ਇਕ ਦੋ ਸਿਰਕਰਦੇ ਸਰਦਾਰਾਂ ਨੂੰ ਆਖਿਆ, ਪਰ ਹਾਂ ਕਿਸੇ ਨਾ ਕੀਤੀ । ਅੰਤ ਸਭ ਕੰਮ ਕਾਜ ਮਹਾਰਾਣੀ ਜਿੰਦ ਕੌਰ ਨੇ ਆਪਣੇ ਹੱਥ ਵਿਚ ਲੈ ਲਿਆ । ਉਹ ਬਾਲਕ ਮਹਾਰਾਜੇ ਦੀ ਪਤਿਪਾਲਕਾ (Regent, ਸਰਪ੍ਰਸਤ) ਬਣੀ, ਤੇ ਦੀਵਾਨ ਦੀਨਾ ਨਾਥ, ਭਾਈ ਰਾਮ ਸਿੰਘ, ਮਿਸਰ ਲਾਲ ਸਿੰਘ ਆਦਿ ਦੀ ਸਭਾ ਬਣਾ ਕੇ, ਉਸ ਦੀ ਸਹਾਇਤਾ ਨਾਲ ਰਾਜ ਕਰਨ ਲੱਗੀ ।
ਜਿੰਦਾਂ ਬਾਰੇ ‘ਲੇਡੀ ਲਾਗਨ’ ਆਪਣੀ ਕਿਤਾਬ ਦੇ ਪੰਨਾ ੧੦੬ ‘ਤੇ ਲਿਖਦੀ ਹੈ, “ਮਹਾਰਾਣੀ ਜਿੰਦਾਂ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿਚ, ਉਸ ਦੀ ਪ੍ਰਤਿਪਾਲਕਾ (Regent) ਥਾਪੀ ਗਈ । ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ, ਜਿਸ ਦਾ ਪੰਚਾਇਤਾਂ ਵਿਚ ਬੜਾ ਅਸਰ ਸੀ । ਉਹ ਬੜੀ ਨੀਤੀ ਨੂੰ ਸਮਝਣ ਵਾਲੀ (ਸਾਜ਼ਸ਼ਾਂ ਕਰਨ ਵਾਲੀ) ਤੇ ਵੱਡੇ ਹੌਂਸਲੇ ਵਾਲੀ ਇਸਤਰੀ ਸੀ।”
ਲਾਲ ਸਿੰਘ ਤੇ ਤੇਜ ਸਿੰਘ
ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨੀ ਚਾਹੁੰਦੇ ਸਨ, ਪਰ ਖਾਲਸਾ ਫੌਜਾਂ ਨੂੰ ਕਾਬੂ ਵਿਚ ਰੱਖਣ ਦੀ ਸ਼ਕਤੀ ਕਿਸੇ ਵਿਚ ਵੀ ਨਹੀਂ ਸੀ। ਅੰਤ ਦੋਹਾਂ ਨੂੰ ਇਹ ਤਜਵੀਜ਼ ਸੁੰਝੀ ਕਿ ਅੰਗਰੇਜ਼ੀ ਸਰਕਾਰ ਨਾਲ ਮਿਲ ਕੇ ਖਾਲਸਾ ਫੌਜਾਂ ਨੂੰ ਤਬਾਹ ਕਰ ਦਿੱਤਾ ਜਾਵੇ । ਅੰਗਰੇਜ਼ ਕਰਮਚਾਰੀਆਂ ਦੀਆਂ ਨਿੱਤ ਦੀਆਂ ਵਧੀਕੀਆਂ ਤੋਂ ਖਾਲਸਾ ਫੌਜਾਂ ਚਿੜੀਆਂ ਬੈਠੀਆਂ ਸਨ । ਸੋ ਕਈ ਸੱਚੀਆਂ ਝੂਠੀਆਂ ਹੋਰ ਲਾ ਕੇ ਲਾਲ ਸਿੰਘ ਦੇ ਧੜੇ ਨੇ ਫੌਜਾਂ ਨੂੰ ਭੜਕਾ ਦਿੱਤਾ । ਅੰਤ ੧੭ ਸਤੰਬਰ ੧੮੪੫ ਈ: ਨੂੰ ਸਰਕਾਰ ਅੰਗਰੇਜ਼ੀ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ । ਮਹਾਰਾਣੀ ਜਿੰਦ ਕੌਰ ਤੇ ਸ਼ਾਮ ਸਿੰਘ (ਅਟਾਰੀ) ਦਾ ਧੜਾ ਇਹ ਲੜਾਈ ਛੇੜਨ ਦੇ ਵਿਰੁੱਧ ਸੀ, ਪਰ ਉਹ ਲੜਾਈ ਟਾਲ ਨਾ ਸਕੇ ।
ਸਤਲੁਜ ਯੁੱਧ
ਅੰਤ ਸਤਲੁਜ ਦੇ ਕੰਢੇ ਪੰਜ ਘਮਸਾਣ ਦੀਆਂ ਲੜਾਈਆਂ ਹੋਈਆਂ ਤੇ ਖਾਲਸਾ ਫੌਜਾਂ ਆਪਣੇ ਦੇਸ਼-ਧਰੋਹੀ ਜਰਨੈਲਾਂ (ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ ਆਦਿ) ਦੀ ਬੇਈਮਾਨੀ ਦਾ ਸਦਕਾ ਹਾਰ ਗਈਆਂ । ਕੁਲ-ਘਾਤੀਆਂ ਦੀ ਖੋਟੀ ਕਰਤੂਤ ਦਾ ਪਤਾ, ਜਿੰਦ ਕੌਰ ਨੂੰ ਓਦੋਂ ਲੱਗਾ, ਜਦੋਂ ਸਭਰਾਵਾਂ ਦੇ ਮੈਦਾਨ ਵਿਚ ਸਭ ਕੁਝ ਨਸ਼ਟ ਹੋ ਗਿਆ ।
ਜਿੰਦਾਂ ਸਿਰ ਝੂਠੇ ਇਲਜ਼ਾਮ
ਮਿਸਰ ਲਾਲ ਸਿੰਘ ਤੇ ਤੇਜ ਸਿੰਘ ਨੇ ਆਪਣੀ ਕੌਮ-ਗੱਦਾਰੀ ਦੇ ਉਲਾਹਮੇ, ਮਹਾਰਾਣੀ ਜਿੰਦ ਕੌਰ ਦੇ ਸਿਰ ਮੜੇ । ਉਹਨੂੰ ਬਦਨਾਮ ਕਰਨ ‘ਚ ਕੋਈ ਕਸਰ ਨਾ ਛੱਡੀ । ਓਦੋਂ ਦੀਆਂ ਉਡਾਈਆਂ ਗਈਆਂ ਝੂਠੀਆਂ ਅਫਵਾਹਾਂ ਅਜੇ ਤੱਕ ਅਨਪੜ੍ਹ ਤੇ ਇਤਿਹਾਸ ਤੋਂ ਅਨਜਾਣ ਲੋਕਾਂ ਵਿਚ ਪ੍ਰਚੱਲਤ ਹਨ। ਅਖੇ: ਮਹਾਰਾਣੀ ਜਿੰਦ ਕੌਰ ਨੇ ਖਾਲਸਾ ਫੌਜਾਂ ਨੂੰ ਭੜਕਾ ਕੇ ਅੰਗਰੇਜ਼ਾਂ ਨਾਲ ਲੜਾਈ ਕਰਾਈ । ਉਸ ਨੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਤੇ ਸਭਰਾਵਾਂ ਦੇ ਮੈਦਾਨ ਵਿਚ ਬਾਰੂਦ ਦੀ ਥਾਂ ਸਰ੍ਹੋਂ ਦੀਆਂ ਬੋਰੀਆਂ ਘੱਲ ਦਿੱਤੀਆਂ, ਜਿਸ ਵਾਸਤੇ ਸਿੱਖ ਹਾਰ ਗਏ । ਵਿਚਾਰ ਕਰਨ ਤੋਂ ਇਹ ਸਾਰੀਆਂ ਗੱਲਾਂ ਝੂਠੀਆਂ ਸਿੱਧ ਹੁੰਦੀਆਂ ਹਨ । ਜਿੰਦ ਕੌਰ ਇਹ ਲੜਾਈ ਛੇੜਨ ਦੇ ਵਿਰੁੱਧ ਸੀ । ਅੰਗਰੇਜ਼ ਕਰਮਚਾਰੀਆਂ ਨੇ ਆਪ ਸਿੱਖਾਂ ਨੂੰ ਮਜਬੂਰ ਕੀਤਾ ਸੀ ਕਿ ਉਹ ਉਹਨਾਂ ਨਾਲ ਲੜਨ* ਤੇ ਰਹਿੰਦੀ ਕਸਰ ਪੰਜਾਬ ਦੇ ਦੇਸ਼-ਧਰੋਹੀ ਸਰਦਾਰਾਂ ਨੇ ਪੂਰੀ ਕੀਤੀ ਸੀ । ਅੰਗਰੇਜ਼ਾਂ ਨੂੰ ਚਿੱਠੀਆਂ ਲਿਖਣ ਵਾਲੇ ਮਿਸਰ ਲਾਲ ਸਿੰਘ, ਤੇਜ ਸਿੰਘ ਤੇ ਰਾਜਾ ਗੁਲਾਬ ਸਿੰਘ ਸਨ, ਜਿਨ੍ਹਾਂ ਦੇ ਹਵਾਲੇ ਪੰਜਾਬ ਦੇ ਸਰਕਾਰੀ ਕਾਗਜ਼ਾਂ ਤੇ ਅੰਗਰੇਜ਼ ਲਿਖਾਰੀਆਂ ਦੀਆਂ ਕਿਤਾਬਾਂ ਵਿਚੋਂ ਮਿਲਦੇ ਹਨ । ਜਿੰਦ ਕੌਰ ਦੀ ਲਿਖੀ ਹੋਈ ਕੋਈ ਚਿੱਠੀ (ਇਸ ਮਤਲਬ ਦੀ) ਕਿਤੋਂ ਨਹੀਂ ਮਿਲਦੀ । ਬਾਕੀ ਗੱਲ ਰਹੀ ਬਾਰੂਦ ਦੀ ਥਾਂ ਸਰ੍ਹੋਂ ਭੇਜਣ ਦੀ । ਇਹ ਕਰਤੂਤ ਤੇਜ ਸਿੰਘ ਦੀ ਸੀ । ਸੋ ਇਹ ਸਾਰੇ ਇਲਜ਼ਾਮ ਜਿੰਦ ਕੌਰ ਸਿਰ ਝੂਠੇ ਥੋਪੇ ਗਏ ।
ਅੰਗਰੇਜ਼ ਸਿੱਖ-ਰਾਜ ਵਿਚ
੧੦ ਫਰਵਰੀ, ੧੮੪੬ ਈ: ਨੂੰ ਸਭਰਾਵਾਂ ਦੇ ਮੈਦਾਨ ਵਿਚ ਸਿੱਖ ਹਾਰੇ ਤੇ ੧੨ ਫਰਵਰੀ ਨੂੰ ਜੇਤੂ ਅੰਗਰੇਜ਼ ਕਸੂਰ ਆ ਬੈਠੇ । ੧੮ ਫਰਵਰੀ ਨੂੰ ਰਾਜਾ ਗੁਲਾਬ ਸਿੰਘ ਬਾਲਕ ਦਲੀਪ ਸਿੰਘ ਨੂੰ ਨਾਲ ਲੈ ਕੇ ਲਾਰਡ ਹਾਰਡਿੰਗ ਨੂੰ ਲਲਿਆਣੀ ਆ ਮਿਲਿਆ। ਮੋਟੀਆਂ ਮੋਟੀਆਂ ਸ਼ਰਤਾਂ ਦਾ ਜ਼ੁਬਾਨੀ ਫੈਸਲਾ ਹੋਇਆ । ਅੰਤ ੨੦ ਫਰਵਰੀ ਨੂੰ ਅੰਗਰੇਜ਼ ਲਾਹੌਰ ਜਾ ਪੁੱਜੇ ।
੨੬ ਫਰਵਰੀ ਨੂੰ ਹਾਰਡਿੰਗ ਨੇ ਲਾਹੌਰ ਵਿਚ ਇਕ ਆਮ ਦਰਬਾਰ ਕੀਤਾ। ਅੰਗਰੇਜ਼ ਕਰਮਚਾਰੀ ਸੱਜੇ ਹੱਥ ਤੇ ਸਿੱਖ ਸਰਦਾਰ ਖੱਬੇ ਹੱਥ ਬੈਠੇ । ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਰਾਜ-ਸਿੰਘਾਸਣ ‘ਤੇ ਬਿਠਾਇਆ ਗਿਆ । ਰੰਗ ਢੰਗ ਤੋਂ ਏਹਾ ਪ੍ਰਗਟ ਕੀਤਾ ਗਿਆ ਕਿ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਰਾਜ ਭਿੱਛਿਆ ਵਜੋਂ ਦਿੱਤਾ ਹੈ । ਹਾਰਡਿੰਗ ਨੇ ਮਹਾਰਾਜਾ ਦਲੀਪ ਸਿੰਘ ਦੇ ਮਾਤਹਿਤ ਮਿਸਰ ਲਾਲ ਸਿੰਘ ਦੇ ਵਜ਼ੀਰ, ਤੇ ਤੇਜਾ ਸਿੰਘ ਦੇ ਸੈਨਾਪਤੀ ਹੋਣ ਦਾ ਐਲਾਨ ਕੀਤਾ । ਹਾਰਡਿੰਗ ਨੇ ‘ਕੋਹਿਨੂਰ ਹੀਰਾ ਵੇਖਣ ਵਾਸਤੇ ਮੰਗਿਆ, ਜੋ ਗੁਲਾਬ ਸਿੰਘ ਨੇ ਲਿਆ ਕੇ ਦਿੱਤਾ। ਆਪਣੇ ਹੱਥੀਂ ਹਾਰਡਿੰਗ ਨੇ ਸਾਰੇ ਅੰਗਰੇਜ਼ ਅਫਸਰਾਂ ਨੂੰ ਉਹ ਵਿਖਾਇਆ ਤੇ ਫਿਰ ਮਹਾਰਾਜਾ ਦਲੀਪ ਸਿੰਘ ਦੇ ਡੌਲੇ ‘ਤੇ ਬੰਨ੍ਹ ਦਿੱਤਾ ।
ਪਹਿਲੀ ਸੁਲ੍ਹਾ
੯ ਮਾਰਚ, ੧੮੪੬ ਈ: ਨੂੰ ਅੰਗਰੇਜ਼ੀ ਸਰਕਾਰ ਦੀ ਲਾਹੌਰ ਦਰਬਾਰ ਨਾਲ ਪਹਿਲੀ ਸੁਲ੍ਹਾ ਹੋਈ, ਜਿਸ ਰਾਹੀਂ ਸਤਲੁਜ ਬਿਆਸ ਦੇ ਵਿਚਲਾ ਇਲਾਕਾ (ਦੁਆਬਾ ਜਲੰਧਰ) ਤੇ ਡੇਢ ਕਰੋੜ ਰੁਪਿਆ ਹਰਜਾਨੇ ਵਜੋਂ ਲਿਆ ਗਿਆ । ਰੁਪਏ ਵਿਚੋਂ ੫੦ ਲੱਖ ਨਗਦ ਤੇ ਇਕ ਕਰੋੜ ਵਿਚ ਜੰਮੂ ਤੇ ਕਸ਼ਮੀਰ ਲੈ ਕੇ, ਗੁਲਾਬ ਸਿੰਘ ਡੋਗਰੇ ਨੂੰ ਦੇ ਕੇ ਵੱਖਰਾ ‘ਮਹਾਰਾਜਾ’ ਬਣਾ ਦਿੱਤਾ । ੧੧ ਮਾਰਚ ਨੂੰ ਕੁਝ ਸ਼ਰਤਾਂ ਹੋਰ ਵਧਾਈਆਂ ਗਈਆਂ, ਜਿਨ੍ਹਾਂ ਰਾਹੀਂ ਕੁਝ ਅੰਗੇਰਜ਼ੀ ਫੌਜ ਇਕ ਸਾਲ ਵਾਸਤੇ ਲਾਹੌਰ ਰੱਖੀ ਗਈ।
ਲਾਲ ਸਿੰਘ ਨੂੰ ਦੇਸ ਨਿਕਾਲਾ
ਹੁਣ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ ਸੀ । ਦੇਸ਼ ਨਾਲ ਐਨਾ ਘਾਤ ਕਰਕੇ ਲਾਲ ਸਿੰਘ ਨੇ ਇਸ ਨਾਮ-ਧਰੀਕ ਰਾਜ ਦੀ ਵਜ਼ਾਰਤ ਸੰਭਾਲੀ, ਪਰ ਉਹ ਵੀ ਬਹੁਤ ਚਿਰ ਨਾ ਰੱਖ ਸਕਿਆ । ਗੁਲਾਬ ਸਿੰਘ ਜੰਮੂ ਦੇ ਵਿਰੁੱਧ ਸਾਜ਼ਿਸ਼ ਕਰਨ ਦੇ ਗੁਨਾਹ ਵਿਚ ੩ ਦਸੰਬਰ, ੧੮੪੬ ਈ: ਨੂੰ ਪੰਜਾਬ ਦੀ ਵਜ਼ਾਰਤ ਤੋਂ ਹਟਾ ਕੇ, ਦੋ ਹਜ਼ਾਰ ਮਾਹਵਾਰ ਪੈਨਸ਼ਨ ਦੇ ਕੇ ਲਾਲ ਸਿੰਘ ਨੂੰ ਬਨਾਰਸ ਵਿਚ ਨਜ਼ਰਬੰਦ ਕਰ ਦਿੱਤਾ ਗਿਆ ।
ਭਰੋਵਾਲ ਦੀ ਸੁਲ੍ਹਾ
ਥੋੜ੍ਹੇ ਹੀ ਚਿਰ ਪਿੱਛੋਂ ਲਾਰਡ ਹਾਰਡਿੰਗ ਵਲੋਂ ੧੬ ਦਸੰਬਰ, ੧੮੪੬ ਈ: ਨੂੰ ਭਰੋਵਾਲ ਦਾ ਅਹਿਦਨਾਮਾ ਬਦੋ-ਬਦੀ ਦਲੀਪ ਸਿੰਘ ਦੇ ਸਿਰ ਮੜ੍ਹਿਆ ਗਿਆ। ਇਸ ਅਹਿਦਨਾਮੇ ਦੀਆਂ ੧੧ ਸ਼ਰਤਾਂ ਸਨ, ਜਿਨ੍ਹਾਂ ਵਿਚੋਂ ਕੁਝ ਇਹ ਹਨ : (੨) ਗਵਰਨਰ ਜਨਰਲ ਵਲੋਂ ਥਾਪਿਆ ਹੋਇਆ ਇਕ ਅੰਗਰੇਜ਼ ਅਫਸਰ—ਸਣੇ ਆਪਣੇ ਮਾਤਹਿਤਾਂ ਦੇ—ਲਾਹੌਰ ਰਹੇਗਾ, ਤੇ ਉਸ ਅਫਸਰ ਨੂੰ ਰਾਜ ਦੇ ਹਰ ਮਹਿਕਮੇ ਤੇ ਹਰ ਤਰ੍ਹਾਂ ਦੇ ਕੰਮਾਂ ਵਿਚ ਪੂਰੇ-ਪੂਰੇ ਤੇ ਸਿੱਧੇ ਅਖਤਿਆਰ ਹੋਣਗੇ । (੪) (ਕੌਂਸਲ ਬਣੇਗੀ) ਕੌਂਸਲ ਦੇ ਮੈਂਬਰ ਵੱਡੇ ਵੱਡੇ ਸਰਦਾਰ ਹੋਣਗੇ, ਜੋ ਹਰ ਤਰ੍ਹਾਂ ਅੰਗਰੇਜ਼ੀ ਰੈਜ਼ੀਡੈਂਟ ਦੇ ਮਾਤਹਿਤ ਹੋਣਗੇ । (੫) ਹੇਠ ਲਿਖੇ ਸਰਦਾਰ ਕੌਂਸਲ ਦੇ ਮੈਂਬਰ ਹੋਣਗੇ : ਸ: ਤੇਜ ਸਿੰਘ, ਰਾਜਾ ਸ਼ੇਰ ਸਿੰਘ ਅਟਾਰੀ ਵਾਲਾ, ਦੀਵਾਨ ਦੀਨਾ ਨਾਥ, ਫਕੀਰ ਨੂਰਦੀਨ, ਸ: ਰਣਜੋਧ ਸਿੰਘ ਮਜੀਠਾ, ਭਾਈ ਨਿਧਾਨ ਸਿੰਘ, ਸ: ਅਤਰ ਸਿੰਘ ਕਾਲਿਆਂ ਵਾਲਾ, ਤੇ ਸ: ਸ਼ਮਸ਼ੇਰ ਸਿੰਘ ਸੰਧਾਵਾਲੀਆ । ਗਵਰਨਰ-ਜੈਨਰਲ ਦੇ ਬਣਾਏ ਹੋਏ ਰੈਜ਼ੀਡੈਂਟ ਦੀ ਮਰਜ਼ੀ ਤੋਂ ਬਿਨਾਂ ਇਹਨਾਂ ਥਾਪੇ ਹੋਏ (ਨਾਮਜ਼ਦ) ਮੈਂਬਰਾਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। (੭) ਇਕ ਅੰਗਰੇਜ਼ੀ ਫੌਜ, ਜਿੰਨੀ ਗਵਰਨਰ- ਜੈਨਰਲ ਠੀਕ ਸਮਝੇ, ਲਾਹੌਰ ਰਹੇਗੀ। (੧੦) ਮਹਾਰਾਜਾ ਦਲੀਪ ਸਿੰਘ ਦੀ ਮਾਤਾ, ਮਹਾਰਾਣੀ ਜਿੰਦ ਕੌਰ ਨੂੰ ਉਸ ਦੇ ਤੇ ਉਸ ਦੇ ਨੌਕਰਾਂ ਦੇ ਗੁਜ਼ਾਰੇ ਵਾਸਤੇ ਡੂਢ ਲੱਖ ਰੁਪਿਆ ਸਾਲਾਨਾ ਦਿੱਤਾ ਜਾਇਆ ਕਰੇਗਾ । ਇਸ ਰੁਪੈ ਨੂੰ ਖਰਚਣ ਦਾ ਮਹਾਰਾਣੀ ਨੂੰ ਪੂਰਾ ਅਖਤਿਆਰ ਹੋਵੇਗਾ । (੧੧) ੪ ਸਤੰਬਰ, ੧੮੫੪ ਈ: ਨੂੰ ਜਦ ਮਹਾਰਾਜਾ ੧੬ ਸਾਲ ਦਾ ਹੋ ਜਾਵੇਗਾ, ਇਹ ਅਹਿਦਨਾਮਾ ਮੁੱਕ ਜਾਵੇਗਾ।
ਭਰੋਵਾਲ ਦੀ ਸੁਲ੍ਹਾ ਤੇ ਜਿੰਦਾਂ
ਬੜੇ ਰਾਜਸੀ ਢੰਗ ਨਾਲ ਪੰਜਾਬ ਦੇ ਸਰਦਾਰਾਂ ਨੂੰ ਪਲੋਸ ਕੇ, ਹਾਰਡਿੰਗ ਦੇ ਏਜੰਟ ‘ਕਰੀ’ ਨੇ ਇਹ ਅਹਿਦਨਾਮਾ ਤੋੜ ਚੜ੍ਹਾਇਆ । ਮਹਾਰਾਣੀ ਜਿੰਦ ਕੌਰ, ਦੀਵਾਨ ਦੀਨਾ ਨਾਥ ਤੇ ਹੋਰ ਕਈ ਸਰਦਾਰ ਇਸ ਦੇ ਉਲਟ ਸਨ। ਜਿਸ ਵੇਲੇ ਹਾਰਡਿੰਗ ਦੇ ਹੱਥਾਂ ‘ਤੇ ਚੜ੍ਹੇ ਹੋਏ ਤੇਜ ਸਿੰਘ ਦੇ ਆਦਮੀ ਇਸ ਨਵੇਂ ਅਹਿਦਨਾਮੇ ਦੇ ਹੱਕ ਵਿਚ ਕੁਛ ਸਰਦਾਰਾਂ ਨੂੰ ਕਰ ਰਹੇ ਸਨ, ਉਦੋਂ ਮਹਾਰਾਣੀ ਤੇ ਦੀਵਾਨ ਦੀਨਾ ਨਾਥ ਨਵਾਂ ਰਾਜ-ਪ੍ਰਬੰਧ ਆਪਣੇ ਹੱਥਾਂ ਵਿਚ ਲੈਣ ਵਾਸਤੇ (ਜਿਸ ਵਿਚ ਅੰਗਰੇਜ਼ੀ ਸਰਕਾਰ ਦਾ ਕੋਈ ਹੱਥ ਨਾ ਹੋਵੇ) ਸਰਦਾਰਾਂ ਨੂੰ ‘ਕੱਠਾ ਕਰਨ ਲਈ ਸਾਰਾ ਜ਼ੋਰ ਲਾ ਰਹੇ ਸਨ, ਪਰ ‘ਕਰੀ’ ਵਲੋਂ ਜਾਣ ਬੁੱਝ ਕੇ ਅਹਿਦਨਾਮੇ ਦੇ ਵੇਲੇ ਮਹਾਰਾਣੀ ਨੂੰ ਦੂਰ ਰੱਖਿਆ ਗਿਆ । ਦੀਨਾ ਨਾਥ ਨੇ ਕਿਹਾ ਸੀ, ਕਿ ਮਹਾਰਾਣੀ ਦੀ ਸਲਾਹ ਲਈ ਜਾਵੇ, ਪਰ ‘ਕਰੀ’ ਨੇ ਉਹਨੂੰ ਝਾੜ ਪਾਉਂਦਿਆਂ ਕਿਹਾ, “ਗਵਰਨਰ ਜੈਨਰਲ ਮਹਾਰਾਣੀ ਦੀ ਸਲਾਹ ਨਹੀਂ ਪੁੱਛ ਰਿਹਾ, ਰਾਜ ਦੇ ਸਰਦਾਰਾਂ ਤੇ ਥੰਮ੍ਹਾਂ ਦੀ ਸਲਾਹ ਪੁੱਛ ਰਿਹਾ ਹੈ* ।
ਲਾਰੰਸ ਰੈਜ਼ੀਡੈਂਟ
ਮੁੱਕਦੀ ਗੱਲ, ਅਹਿਦਨਾਮਾ ਭਰੋਵਾਲ ਹੋ ਗਿਆ । ਹੁਣ ਪੰਜਾਬ ਦਾ ਅਸਲੀ ਹਾਕਮ ਗਵਰਨਰ-ਜੈਨਰਲ ਦਾ ਥਾਪਿਆ ਹੋਇਆ ਰੈਜ਼ੀਡੈਂਟ ਹੈਨਰੀ ਲਾਰੰਸ ਸੀ, ਤੇ ਜਿੰਦ ਕੌਰ ਡੂਢ ਲੱਖ ਸਾਲਾਨਾ ਪੈਨਸ਼ਨ ਦੇ ਕੇ ਰਾਜ ਦੇ ਸਾਰੇ ਕੰਮਾਂ ਤੋਂ ਵੱਖ ਕਰ ਦਿੱਤੀ ਗਈ ਸੀ ।
ਹਾਰਡਿੰਗ ਜਿੰਦਾਂ ਦੇ ਵਿਰੁੱਧ
ਬਾਕੀ ਸਭ ਕੰਮ ਠੀਕ ਚੱਲ ਰਿਹਾ ਸੀ । ਪੰਜਾਬ ਦੇ ਸਰਦਾਰ ਰੈਜ਼ੀਡੈਂਟ ਦੇ ਇਸ਼ਾਰੇ ‘ਤੇ ਕਠਪੁਤਲੀਆਂ ਵਾਂਗ ਨੱਚ ਰਹੇ ਸਨ । ਪਰ ਗਵਰਨਰ-ਜੈਨਰਲ ਹਾਰਡਿੰਗ ਤੇ ਰੈਜ਼ੀਡੈਂਟ ਲਾਰੰਸ ਦੇ ਦਿਲ ਵਿਚ ਮਹਾਰਾਣੀ ਜਿੰਦ ਕੌਰ ਦੀ ਹੋਂਦ ਕੰਡੇ ਵਾਂਗ ਰੜਕ ਰਹੀ ਸੀ । ਇਹ ਗੱਲ ਹਾਰਡਿੰਗ ਦੀਆਂ ਚਿੱਠੀਆਂ ਤੋਂ ਸਾਫ ਸਿੱਧ ਹੈ । ੭ ਦਸੰਬਰ, ੧੮੪੬ ਈ: ਨੂੰ ਹਾਰਡਿੰਗ ‘ਕਰੀ’ ਨੂੰ ਲਿਖਦਾ ਹੈ: “ਸਾਡੇ ਲਾਹੌਰ ਵਿਚ ਕਬਜ਼ਾ ਜਾਰੀ ਰੱਖਣ ਦੇ ਕਿਸੇ ਵੀ ਅਹਿਦਨਾਮੇ ਵਿਚ ਇਹ ਸ਼ਰਤ ਹੋਣੀ ਜ਼ਰੂਰੀ ਹੈ, ਕਿ ਮਹਾਰਾਣੀ ਦੇ ਹੱਥ ਵਿਚ ਕੋਈ ਤਾਕਤ ਨਾ ਰਹੇ ।” ੧੦ ਦਸੰਬਰ ਨੂੰ ਫਿਰ ਲਿਖਦਾ ਹੈ, “ਮੈਨੂੰ ਨਹੀਂ ਪਤਾ, ਕਿ ਕਿਸ ਬਾਕਾਇਦਾ ਰਸਮ ਅਨੁਸਾਰ ਰਾਣੀ ਕਾਰ-ਮੁਖਤਿਆਰ ਬਣੀ ਹੈ । ਮੇਰਾ ਅਨੁਭਵ ਇਹ ਹੈ, ਕਿ ਉਹ ਮਹਾਰਾਜੇ ਦੀ ਮਾਤਾ ਤੇ ਪ੍ਰਤਿਪਾਲਕਾ (Guardian) ਹੋਣ ਦੀ ਕੁਦਰਤੀ ਤੇ ਅਣਪੁੱਛੀ ਹੈਸੀਅਤ ਵਿਚ ਕਾਰ-ਮੁਖਤਿਆਰ ਬਣੀ ਹੋਈ ਹੈ । …ਜੇ ਸਰਦਾਰ ਤੇ ਰਸੂਖ ਵਾਲੇ ਹਾਕਮ, ਖਾਸ ਕਰਕੇ ਅਟਾਰੀ ਵਾਲੇ ਸਰਦਾਰ ਮਹਾਰਾਜੇ ਦੇ ਛੋਟੀ ਉਮਰ ਦੇ ਦਿਨਾਂ ਵਿਚ, ਸਰਕਾਰ ਅੰਗਰੇਜ਼ੀ ਨੂੰ ਉਸ ਦੇ ਸਰਪ੍ਰਸਤ ਬਣਨ ਲਈ ਪ੍ਰੇਰਨਾ ਭਰੀ ਬੇਨਤੀ ਕਰਨ, ਤਾਂ ਚੁੱਪ-ਚਪੀਤੇ ਹੀ ਰਾਣੀ ਦੀ ਤਾਕਤ ਖਤਮ ਹੋ ਜਾਏਗੀ, ਕਿਉਂਕਿ ਇਹ ਗੱਲ ਸਾਫ ਤੌਰ ‘ਤੇ ਲਿਖਤ ਵਿਚ ਲਿਆਂਦੀ ਜਾਏਗੀ, ਕਿ ਨੌਜਵਾਨ ਮਹਾਰਾਜੇ ਦੇ ਸਰਪ੍ਰਸਤ ਦੀ ਹੈਸੀਅਤ ਵਿਚ ਅਤੇ ਰਾਜ ਪ੍ਰਬੰਧ ਕਰਨ ਲਈ ਮਹਾਰਾਜੇ ਦੀ ਤਰਫੋਂ ਕਾਰ-ਮੁਖ਼ਤਿਆਰੀ ਦੇ ਸਾਰੇ ਅਖਤਿਆਰ ਤੇ ਕੰਮ ਸਰਕਾਰ ਅੰਗਰੇਜ਼ੀ ਦੇ ਹੱਥਾਂ ਵਿਚ ਹੋਣੇ ਹਨ ।”
ਇਹ ਤਾਂ ਹੋਈ ਅਖਤਿਆਰ ਖੋਹਣ ਦੀ ਗੱਲ । ਅੱਗੇ ਹੋਰ ਸੁਣੋ : ੧੬ ਦਸੰਬਰ, ੧੮੪੬ ਈ: ਤਿੰਨ ਵਜੇ ਲੌਢੇ ਵੇਲੇ ਦੀ ਚਿੱਠੀ ਵਿਚ ਹਾਰਡਿੰਗ, ਕਰੀ ਨੂੰ ਲਿਖਦਾ ਹੈ,“ਜੇ ਕੋਈ ਗੱਲ ਬਹਿਸ ਵਾਲੀ ਹੈ, ਤਾਂ ਉਹ ਹੈ ਰਾਣੀ ਨੂੰ ਬਿੱਲੇ ਲਾਉਣਾ। ਅਸੀਂ ਇਸ ਗੱਲ ‘ਤੇ ਸਹਿਮਤ ਹਾਂ, ਤੇ ਇਹ ਗੱਲ ਬਿਲਕੁਲ ਯੋਗ ਹੈ, ਕਿ ਰਾਣੀ ਦੇ ਹੱਥ ਵਿਚ ਕਾਰ-ਮੁਖਤਿਆਰ ਦੀ ਹੈਸੀਅਤ ਵਿਚ ਕੋਈ ਤਾਕਤ ਨਾ ਰਹੇ । … ਉਸ ਦੀ ਰਿਹਾਇਸ਼ ਦੇ ਥਾਂ ਦਾ ਫੈਸਲਾ ਕਰਨ ਵੇਲੇ ਨਵੇਂ ਰਾਜ-ਪ੍ਰਬੰਧ ਦੇ ਵਿਰੁੱਧ ਰਾਣੀ ਵਲੋਂ ਹੋਣ ਵਾਲੀਆਂ ਰਾਜਸੀ ਸਾਜ਼ਸ਼ਾਂ ਦੇ ਆਧਾਰ ‘ਤੇ ਉਸ ਨੂੰ ਉਹਦੇ ਪੁੱਤਰ ਤੋਂ ਵੱਖਰਾ ਕਰ ਦੇਣ ਦੇ ਵਿਰੁੱਧ ਇਤਰਾਜ਼ ਹੋ ਸਕਦਾ ਹੈ, ਕਿਉਂਕਿ ਇਹ ਆਖਿਆ ਜਾ ਸਕਦਾ ਹੈ, ਤੇ ਲੋਕਾਂ ਦੀ ਇਸ ਨਾਲ ਹਮਦਰਦੀ ਵੀ ਹੋ ਜਾਏਗੀ, ਕਿ ਰਾਣੀ ਨੂੰ ਉਸ ਵਲੋਂ ਹੋਏ ਕਿਸੇ ਰਾਜਸੀ ਗੁਨਾਹ ਤੋਂ ਪਹਿਲਾਂ ਹੀ ਸਜ਼ਾ ਦਿੱਤੀ ਗਈ ਹੈ ।”
“ਮੇਰਾ ਖਿਆਲ ਹੈ, ਉਹ ਪੰਜਾਬ ਵਿਚ ਕਿਸੇ ਹੋਰ ਥਾਂ ਨਾਲੋਂ ਲਾਹੌਰ ਵਿਚ ਘੱਟ ਖ਼ਤਰਨਾਕ ਹੋਵੇਗੀ । ਜੇ ਉਹ ਕੁਛ ਔਖਿਆਂ ਕਰਨ ਲੱਗ ਪਵੇ, ਤੇ ਉਹਨੂੰ ਦੇਸ-ਨਿਕਾਲਾ ਦੇਣਾ ਯੋਗ ਹੋ ਜਾਏ, ਤਾਂ ਜ਼ਰੂਰ ਉਸ ਨੂੰ ਸਤਲੁਜੋਂ ਪਾਰ ਭੇਜ ਦਿੱਤਾ ਜਾਏ ।” ਇਹ ਉਸ ਵੇਲੇ ਦੀਆ ਸਲਾਹੀਂ ਸਨ, ਜਦੋਂ ਅਹਿਦਨਾਮਾ ਹੋ ਰਿਹਾ। ਸੀ । ਤੇ ਜਦੋਂ ਅਹਿਦਨਾਮਾ ਹੋ ਗਿਆ, ਸਾਰੀ ਤਾਕਤ ਰੈਜ਼ੀਡੈਂਟ ਦੇ ਹੱਥ ਵਿਚ ਆ ਗਈ, ਫਿਰ ਉਹਨਾਂ ਨੂੰ ਕਿਸ ਗੱਲ ਦਾ ਭੈ ਸੀ, ਜਿੰਦ ਕੌਰ ਦੇ ਵਿਰੁੱਧ ਮਨ-ਮਾਨੀਆਂ ਕਰਨ ਵਿਚ ।
ਰੈਜ਼ੀਡੈਂਟ ਦੀ ਜਿੰਦਾਂ ਨੂੰ ਚਿੱਠੀ
ਮਹਾਰਾਣੀ ਦੀਆਂ ਛੋਟੀਆਂ ਛੋਟੀਆਂ ਗੱਲਾਂ ‘ਤੇ ਵੀ ਰੈਜ਼ੀਡੈਂਟ ਨੂੰ ਸ਼ੱਕ ਹੋਣ ਲੱਗਾ । ਉਹਨੇ ਬੜੀ ਤਾੜਨਾ ਭਰੀ ਚਿੱਠੀ ਮਹਾਰਾਣੀ ਨੂੰ ਲਿਖੀ: “ਭਰੋਵਾਲ ਦੀ ਸੁਲ੍ਹਾ ਅਨੁਸਾਰ ਪੰਜਾਬ ਦੇ ਰਾਜ-ਕਾਜ ਵਿਚ ਦਖਲ ਦੇਣ ਦਾ ਮਹਾਰਾਣੀ ਨੂੰ ਕੋਈ ਹੱਕ ਨਹੀਂ । ਸੁਤੰਤ੍ਰਤਾ ਤੇ ਆਨੰਦ ਨਾਲ ਉਹ ਆਪਣਾ ਜੀਵਨ ਨਿਰਬਾਹ ਕਰ ਸਕੇ, ਇਸ ਵਾਸਤੇ ਉਸ ਲਈ ਡੂਢ ਲੱਖ ਰੁਪੈ ਸਾਲਾਨਾ ਪੈਨਸ਼ਨ ਨੀਯਤ ਕੀਤੀ ਗਈ ਹੈ । ਪਰ ਅਫਵਾਹ ਹੈ ਕਿ ਮਹਾਰਾਣੀ ਕਦੇ ੧੫, ਕਦੇ ੨੦ ਸਰਦਾਰਾਂ ਨੂੰ ਘਰ ਸੱਦ ਕੇ ਉਹਨਾਂ ਨਾਲ ਸਲਾਹ ਕਰਦੀ ਹੈ, ਤੇ ਕਈ ਸਰਦਾਰ ਤੇ ਕਰਮਚਾਰੀ ਲੁਕ ਕੇ ਉਸ ਨੂੰ ਮਿਲਦੇ ਹਨ । ਇਹ ਵੀ ਸੁਣਿਆ ਜਾਂਦਾ ਹੈ ਕਿ ਪਿਛਲੇ ਮਹੀਨੇ ਵਿਚ ਮਹਾਰਾਣੀ ਨਿੱਤ ਰਾਜ ਮਹਿਲ ਵਿਚ ਪੰਜਾਹ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੀ ਤੇ ਆਪ ਉਹਨਾਂ ਦੇ ਪੈਰ ਧੋਂਦੀ ਰਹੀ ਹੈ । ਇਸ ਤੋਂ ਬਿਨਾਂ ਪਰਮ-ਮੰਡਲ ਵਿਚ ਵੀ ਸੌ ਬ੍ਰਾਹਮਣਾਂ ਦੇ ਭੋਜਨ ਦੀ ਖਬਰ ਸੁਣੀ ਜਾਂਦੀ ਹੈ । ਮਹਾਰਾਜਾ ਰਣਜੀਤ ਸਿੰਘ ਦੇ ਪਰਵਾਰ ਦੀ ਮਾਨ ਮਰਯਾਦਾ ਦੀ ਜ਼ਿੰਮੇਵਾਰੀ ਦਾ ਭਾਰ ਮੇਰੇ ਸਿਰ ‘ਤੇ ਹੈ । ਇਸ ਵਾਸਤੇ ਆਖਣਾ ਪੈਂਦਾ ਹੈ ਕਿ ਇਹ ਸਾਰੇ ਕੰਮ ਮਹਾਰਾਣੀ ਦੀ ਪਦਵੀ (Position) ਦੇ ਅਨੁਕੂਲ ਨਹੀਂ ਹਨ, ਉਹਦੀ ਸ਼ਾਨ ਨੂੰ ਵੱਟਾ ਲਾਉਣ ਵਾਲੇ ਹਨ । ਅੱਗੇ ਤੋਂ ਮਹਾਰਾਣੀ ਆਪਣੀਆਂ ਸਹੇਲੀਆਂ ਤੇ ਦਾਸ ਦਾਸੀਆਂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਮਿਲਿਆ ਕਰੇ । ਇਸ ਵਿਚ ਉਸ ਦੀ ਹੁਣ ਵੀ ਤੇ ਅੱਗੋਂ ਵੀ ਭਲਾਈ ਹੈ । ਇਸ ਵਾਸਤੇ ਮੈਂ ਇਹ ਗੱਲ ਮਹਾਰਾਣੀ ਨੂੰ ਲਿਖ ਰਿਹਾ ਹਾਂ । ਜੇ ਮਹਾਰਾਣੀ ਦੀ ਇਛਿਆ ਲੋੜਵੰਦਾਂ ਤੇ ਧਾਰਮਕ ਪੁਰਸ਼ਾਂ ਨੂੰ ਭੋਜਨ ਛਕਾਉਣ ਦੀ ਹੋਵੇ, ਤਾਂ ਹਰ ਮਹੀਨੇ ਦੀ ਪਹਿਲੀ ਨੂੰ, ਜਾਂ ਸ਼ਾਸਤਰ ਅਨੁਸਾਰ ਕਿਸੇ ਹੋਰ ਚੰਗੇ ਦਿਨ ਇਹ ਕੰਮ ਕਰਿਆ ਕਰੇ । ਭਾਵ ਇਹ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੂਰਨਿਆਂ ‘ਤੇ ਮਹਾਰਾਣੀ ਨੂੰ ਚੱਲਣਾ ਚਾਹੀਏ । ਜੇ ਕਿਸੇ ਸਰਦਾਰ ਨੂੰ ਮਹਾਰਾਣੀ ਦਾ ਜੋਗ ਸਨਮਾਨ ਕਰਨ ਲਈ ਜਾਂ ਵਿਚਾਰ ਕਰਨ ਲਈ ਉਸ ਨੂੰ ਮਿਲਣ ਦੀ ਲੋੜ ਪਵੇ, ਤਾਂ ਮਹਾਰਾਣੀ ਨੂੰ ਇਸਤਰੀਆਂ ਵਾਂਗ ਨਮਰਤਾ ਤੇ ਸ਼ੀਲਤਾ ਨਾਲ ਮਿਲਣਾ ਚਾਹੀਦਾ ਹੈ । ਕਿਸੇ ਇਕ ਮਹੀਨੇ ਵਿਚ ਪੰਜ-ਛੇ ਸਰਦਾਰਾਂ ਤੋਂ ਵੱਧ ਕੱਠੇ ਮਹਾਰਾਣੀ ਨੂੰ ਨਾ ਮਿਲਣ । ਇਹਨਾਂ ਸਰਦਾਰਾਂ ਦੇ ਮਿਲਣ ਸਮੇਂ ਮਹਾਰਾਣੀ ਨੂੰ ਜੋਧਪੁਰ, ਜੈਪੁਰ ਤੇ ਨੇਪਾਲ ਦੀਆਂ ਰਾਜਕੁਮਾਰੀਆਂ ਵਾਂਗ ਪਰਦੇ ਵਿਚ ਜਾ ਕੇ ਮਿਲਣਾ ਚਾਹੀਦਾ ਹੈ । ਜੇ ਕਦੀ ਮਹਾਰਾਣੀ ਕਿਰਪਾ ਪੂਰਬਕ ਮਹਿਲ ਵਿਚ ਕਿਸੇ ਓਪਰੇ ਪੁਰਸ਼ ਨੂੰ ਨਾ ਆਉਣ ਦੇਵੇਗੀ, ਤਾਂ ਅੱਗੋਂ ਲਈ ਸਰਦਾਰਾਂ ਤੇ ਹੋਰ ਰਾਜ-ਕਰਮਚਾਰੀਆਂ ਨੂੰ ਰਾਜ-ਪਰਬੰਧ ਦੇ ਕੰਮਾਂ ਵਿਚ ਘੱਟ ਮਿਹਨਤ ਕਰਨੀ ਪਵੇਗੀ ।”
ਏਸ ਚਿੱਠੀ ਨੂੰ ਠੰਢੇ ਦਿਲ ਨਾਲ ਪੜ੍ਹੋ ਤੇ ਵਿਚਾਰ ਕੇ ਵੇਖੋ, ਕਿ ਕਿੰਨੇ ਹਾਕਮਾਨਾ ਢੰਗ ਨਾਲ ਰੋਹਬ ਭਰੇ ਸ਼ਬਦਾਂ ਵਿਚ ਲਿਖੀ ਗਈ ਹੈ । ਇਸ ਦੇ ਇਕ- ਇਕ ਅੱਖਰ ਵਿਚ ਮਹਾਰਾਣੀ ਦੀ ਹੱਤਕ ਕੀਤੀ ਹੋਈ ਹੈ । ਮਹਾਰਾਣੀ ਨੂੰ ਡੂਢ ਲੱਖ ਰੁਪਿਆ ਪੈਨਸ਼ਨ ਮਿਲਦੀ ਹੈ, ਉਹ ਰੁਪਇਆ ਹਰ ਤਰ੍ਹਾਂ ਖਰਚਣ ਦਾ ਮਹਾਰਾਣੀ ਨੂੰ ਹੱਕ ਹੈ, ਪਰ ਉਹ ਰੈਜ਼ੀਡੈਂਟ ਨੂੰ ਪੁੱਛੇ ਬਿਨਾਂ ਕਿਸੇ ਭੁੱਖੇ ਨੂੰ ਰੋਟੀ ਨਹੀਂ ਖੁਆ ਸਕਦੀ। ਉਹ ਆਜ਼ਾਦੀ ਤੇ ਆਨੰਦ ਨਾਲ ਰਹੇ, ਪਰ ਆਪਣੇ ਸਾਕ ਸਰਬੰਦੀ ਸਰਦਾਰਾਂ ਨੂੰ ਵੀ ਨਹੀਂ ਮਿਲ ਸਕਦੀ । ਆਪਣੇ ਨੌਕਰ ਨੌਕਰਾਣੀਆਂ ਤੋਂ ਬਿਨਾਂ ਕਿਸੇ ਨਾਲ ਗੱਲ ਵੀ ਨਾ ਕਰੇ । ਇਸਨੂੰ ਕਹਿੰਦੇ ਹਨ ਆਜ਼ਾਦੀ ।
ਕਿਆ ਗਨੀਮਤ ਨਹੀਂ ਯਿਹ ਆਜ਼ਾਦੀ ?
ਕਿ ਸਾਂਸ ਲੇਤੇ ਹੈਂ, ਬਾਤ ਕਰਤੇ ਹੈਂ ।
ਪਰ ਏਥੇ ਤਾਂ ਗੱਲ ਕਰਨ ਦੀ ਵੀ ਖੁੱਲ੍ਹ ਨਹੀਂ । ਜੇ ਭਰੋਵਾਲ ਦੀ ਸੁਲ੍ਹਾ ਨੇ ਕੋਈ ਕਸਰ ਛੱਡੀ ਸੀ, ਤਾਂ ਉਹ ਇਸ ਚਿੱਠੀ ਨੇ ਪੂਰੀ ਕਰ ਦਿੱਤੀ ।
ਜਿੰਦਾਂ ਦਾ ਉਤਰ
ਮਹਾਰਾਣੀ ਨੇ ਇਹ ਚਿੱਠੀ ਬੜੀ ਧੀਰਜ ਨਾਲ ਪੜ੍ਹੀ ਤੇ ੯ ਜੂਨ, ੧੮੪੭ ਈ. ਨੂੰ ਇਸਦਾ ਉੱਤਰ ਲਿਖਿਆ:- “ਮੈਂ ਤੁਹਾਡਾ ਪੱਤਰ ਆਦ ਤੋਂ ਲੈ ਕੇ ਅੰਤ ਤਕ ਪੜ੍ਹਿਆ । ਆਪ ਨੇ ਇਹ ਲਿਖਣ ਦੀ ਕਿਰਪਾ ਕੀਤੀ ਹੈ ਕਿ ਮੈਨੂੰ ਰਾਜ ਦੇ ਕੰਮਾਂ ਵਿਚ ਦਖਲ ਦੇਣ ਦਾ ਕੋਈ ਹੱਕ ਨਹੀਂ । ਸਰਕਾਰ ਅੰਗਰੇਜ਼ੀ ਤੇ ਸਿੱਖ ਰਾਜ ਵਿਚ ਚਿਰਾਂ ਤੋਂ ਮਿੱਤਰਤਾ ਹੋਣ ਦੇ ਕਾਰਨ, ਪ੍ਰਾਰਥਨਾ ਕੀਤੀ ਗਈ ਸੀ ਕਿ ਰਾਜ-ਦਰੋਹੀ ਕਰਮਚਾਰੀਆਂ ਦੇ ਦਬਾਉਣ ਬਦਲੇ, ਤੇ ਮਹਾਰਾਜ ਦੀ, ਮੇਰੀ ਤੇ ਪਰਜਾ ਦੀ ਰੱਖਿਆ ਕਰਨ ਲਈ ਅੰਗਰੇਜ਼ੀ ਸੈਨਾ ਤੇ ਅੰਗਰੇਜ਼ ਕਰਮਚਾਰੀ ਲਾਹੌਰ ਵਿਚ ਰਹਿਣ, ਪਰ ਉਸ ਵੇਲੇ ਇਸ ਗੱਲ ਦਾ ਕੋਈ ਫੈਸਲਾ ਨਹੀਂ ਹੋਇਆ ਸੀ ਕਿ ਰਾਜ ਦੇ ਕੰਮਾਂ ਵਿਚ ਮੇਰਾ ਕਿਸੇ ਤਰ੍ਹਾਂ ਦਾ ਵੀ ਸੰਬੰਧ ਨਹੀਂ ਰਹੇਗਾ । ਹਾਂ, ਇਹ ਗੱਲ ਜ਼ਰੂਰ ਪੱਕੀ ਹੋਈ ਸੀ ਕਿ ਰਾਜ ਦੇ ਕੰਮਾਂ ਵਿਚ ਮੇਰੇ ਕਰਮਚਾਰੀਆਂ ਦੀ ਸਲਾਹ ਜ਼ਰੂਰ ਲਈ ਜਾਵੇਗੀ। ਜਿਤਨੇ ਦਿਨਾਂ ਤਕ ਬਾਲਕ ਦਲੀਪ ਸਿੰਘ ਪੰਜਾਬ ਦੇ ਮਹਾਰਾਜਾ ਹਨ, ਉਤਨੇ ਦਿਨਾਂ ਤਕ ਮੈਂ ਪੰਜਾਬ ਦੀ ਮਹਾਰਾਣੀ (Regent) ਹਾਂ । ਫਿਰ ਵੀ ਜੇ ਰਾਜ ਦੀ ਭਲਾਈ ਲਈ ਨਵੇਂ ਅਹਿਦਨਾਮੇ ਅਨੁਸਾਰ ਕੋਈ ਹੋਰ ਪਰਬੰਧ ਕੀਤਾ ਗਿਆ ਹੋਵੇ, ਤਾਂ ਮੈਂ ਉਸ ਵਿਚ ਵੀ ਰਾਜ਼ੀ ਹਾਂ ।
“ਆਪਣੀ ਡੂਢ ਲੱਖ ਸਾਲਾਨਾ ਪੈਨਸ਼ਨ ਬਾਰੇ ਮੈਂ ਏਨਾ ਹੀ ਆਖਣਾ ਹੈ ਕਿ ਹੁਣ ਇਸ ਗੱਲ ਦੀ ਚਰਚਾ ਕਰਨੀ ਬੇਅਰਥ ਹੈ । ਕਾਰਨ ਇਹ ਹੈ ਕਿ ਮਨੁੱਖ ਦੀ ਜੇਹੋ ਜੇਹੀ ਹਾਲਤ ਹੋ ਜਾਵੇ, ਉਹ ਉਸੇ ਅਨੁਸਾਰ ਆਪਣੇ ਦਿਹਾੜੇ ਕੱਟ ਲੈਂਦਾ ਹੈ । ਫਿਰ ਇਸ ਗੱਲ ਦੇ ਜਾਨਣ ਦਾ ਕੀ ਭਾਵ ਕਿ ਉਹਦਾ ਜੀਵਨ ਕਿਸ ਢੰਗ ਦਾ ਬੀਤ ਰਿਹਾ ਹੈ ? ਕਿਉਂਕਿ ਇਹ ਪਰਬੰਧ ਮਹਾਰਾਜ ਦੇ ਜੁਆਨ ਹੋਣ ਤਕ ਰਾਜ ਦੇ ਭਲੇ ਵਾਸਤੇ ਕੀਤਾ ਗਿਆ ਹੈ, ਏਸ ਲਈ, ਮੈਂ ਇਸ ਵਿਚ ਪਰਸੰਨ ਹਾਂ ।
“ਸਰਦਾਰਾਂ ਨੂੰ ਇਕਾਂਤ ਵਿਚ ਮਿਲਣ ਤੇ ਸਲਾਹ ਕਰਨ ਬਾਰੇ, ਅਸਲੀ ਗੱਲ ਇਹ ਹੈ ਕਿ ਮੈਂ ਕੇਵਲ ਦੋ ਵਾਰ ਸਰਦਾਰਾਂ ਨੂੰ ਬੁਲਾ ਕੇ ਸਲਾਹ ਕੀਤੀ ਸੀ, ਇਕ ਵਾਰ ਅੰਮ੍ਰਿਤਸਰ ਤੋਂ ਲਾਹੌਰ ਆਉਣ ਵੇਲੇ, ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਸੀ, ਕਿ ਪਰਮੇਂ ਦੇ ਲਾਹੌਰ ਆਉਣ ਵਿਚ ਕੋਈ ਭਲਾਈ ਨਹੀਂ; ਤੇ ਦੂਜੀ ਵਾਰ ਮਹਾਰਾਜ ਦੇ ਨਿੱਜੀ ਖਰਚ ਬਾਰੇ ਕੁਝ ਸਲਾਹ ਕਰਨ ਲਈ ਮੈਂ ਉਹਨਾਂ ਨੂੰ ਸੱਦਿਆ ਸੀ । ਇਸ ਤੋਂ ਬਿਨਾਂ ਮੈਂ ਕਦੇ-ਕਦੇ ਸ. ਤੇਜ ਸਿੰਘ ਤੇ ਦੀਵਾਨ ਦੀਨਾ ਨਾਥ ਨੂੰ ਸੱਦ ਲੈਂਦੀ ਹਾਂ । ਅੱਗੋਂ ਆਪ ਦੀ ਸਲਾਹ ਅਨੁਸਾਰ ਪੰਜ-ਛੇ ਸਰਦਾਰਾਂ ਨੂੰ ਸੱਦਿਆ ਕਰਾਂਗੀ । ਮੇਰੇ ਅਧੀਨ ਚਾਰ-ਪੰਜ ਵਿਸ਼ਵਾਸੀ ਨੌਕਰ ਹਨ। ਮੈਂ ਉਹਨਾਂ ਨੂੰ ਨਹੀਂ ਛੱਡਾਂਗੀ । ਉਸ ਦਿਨ ਮੁਲਾਕਾਤ ਕਰਨ ਵੇਲੇ, ਮੈਂ ਆਪ ਨੂੰ ਆਖ ਵੀ ਦਿੱਤਾ ਸੀ ਕਿ ਇਹਨਾਂ ਲੋਕਾਂ ਤੋਂ ਬਿਨਾਂ ਮੈਨੂੰ ਹੋਰ ਕਿਸੇ ਨਾਲ ਮਿਲਣ ਦੀ ਲੋੜ ਨਹੀਂ ।
“ਆਪ ਨੇ ਪੰਜਾਹ ਬ੍ਰਾਹਮਣਾਂ ਨੂੰ ਭੋਜਨ ਛਕਾਉਣ ਤੇ ਉਹਨਾਂ ਦੇ ਪੈਰ ਧੋਣ ਬਾਰੇ ਲਿਖਿਆ ਹੈ । ਇਸਦੀ ਬਾਬਤ ਮੈਂ ਏਨਾ ਹੀ ਆਖਣਾ ਹੈ ਕਿ ਸ਼ਾਸਤਰ ਦੀ ਰੀਤੀ ਅਨੁਸਾਰ ਇਹ ਇਕ ਮਾਮੂਲੀ ਕੰਮ ਹੈ । ਇਸ ਮਹੀਨੇ ਤੇ ਇਸ ਤੋਂ ਪਹਿਲੇ ਮਹੀਨੇ ਵਿਚ ਮੈਂ ਇਹ ਕੰਮ ਕੀਤਾ ਸੀ, ਪਰ ਜਿਸ ਦਿਨ ਤੋਂ ਆਪ ਦੀ ਚਿੱਠੀ ਮਿਲੀ ਹੈ, ਉਸ ਦਿਨ ਤੋਂ ਮੈਂ ਇਹ ਕੰਮ ਛੱਡ ਦਿੱਤਾ ਹੈ । ਅੱਗੋਂ ਲਈ ਮੈਂ ਆਪ ਦੇ ਨੀਯਤ ਕੀਤੇ ਸਮਿਆਂ ‘ਤੇ ਹੀ ਪੁੰਨ ਦਾਨ ਕਰਿਆ ਕਰਾਂਗੀ ।
“ਪਰਮ-ਮੰਡਲ ਦੇ ਬ੍ਰਾਹਮਣ ਭੋਜਨ ਬਾਰੇ ਵੀ ਇਹੋ ਆਖਣਾ ਹੈ ਕਿ ਉਹ ਬੜਾ ਪਵਿੱਤਰ ਅਸਥਾਨ ਕਿਹਾ ਜਾਂਦਾ ਹੈ । ਇਸ ਲਈ ਓਥੇ ਬ੍ਰਹਿਮਣ ਭੇਜੇ ਗਏ ਸਨ।
“ਆਪ ਲਿਖਦੇ ਹੋ, ਕਿ ਆਪ ਪੰਜਾਬ ਵਿਚ ਸੁੱਖ ਵਰਤਾਉਣ ਦੇ, ਮਹਾਰਾਜਾ ਰਣਜੀਤ ਸਿੰਘ ਦੇ ਪਰਵਾਰ ਤੇ ਸਾਡੇ ਸਨਮਾਨ ਦੀ ਰੱਖਿਆ ਦੇ ਵਧੇਰੇ ਚਾਹਵਾਨ ਹੋ। ਸਾਡੇ ਸਤਕਾਰ ਲਈ ਅੰਗਰੇਜ਼ੀ ਸਰਕਾਰ ਜੋ ਕੁਝ ਉਪਾ ਕਰੇਗੀ, ਉਸ ਲਈ ਅਸੀਂ ਅੰਗਰੇਜ਼ਾਂ ਦੇ ਧੰਨਵਾਦੀ ਹੋਵਾਂਗੇ ।
“ਆਪ ਨੇ ਜੈਪੁਰ, ਜੋਧਪੁਰ ਤੇ ਨੇਪਾਲ ਦੀਆਂ ਰਾਜਕੁਮਾਰੀਆਂ ਵਾਂਗ ਮੈਨੂੰ ਵੀ ਪਰਦੇ ਵਿਚ ਰਹਿਣ ਵਾਸਤੇ ਕਿਹਾ ਹੈ । ਇਸ ਦੇ ਸੰਬੰਧ ਵਿਚ ਕੇਵਲ ਏਨਾ ਹੀ ਆਖਣਾ ਹੈ ਕਿ ਉਹ ਰਾਜਕੁਮਾਰੀਆਂ ਰਾਜ ਦੇ ਕੰਮਾਂ ਵਿਚ ਕੋਈ ਹਿੱਸਾ ਨਹੀਂ ਲੈਂਦੀਆਂ। ਇਸ ਲਈ ਉਹਨਾਂ ਦਾ ਪਰਦੇ ਵਿਚ ਰਹਿਣਾ ਸੁਖਾਲਾ ਹੈ । ਕਿਉਂਕਿ ਉਹਨਾਂ ਦੇ ਰਾਜ ਵਿਚ ਸੁਆਮੀ-ਭਗਤ (ਰਾਜ-ਭਗਤ) ਬੁਧਵਾਨ ਤੇ ਵਿਸ਼ਵਾਸੀ ਰਾਜ-ਕਰਮਚਾਰੀ ਆਪਣੇ ਪ੍ਰਾਣ ਲਾ ਕੇ ਵੀ ਆਪਣੇ ਰਾਜ ਦੀ ਭਲਿਆਈ ਚਾਹੁੰਦੇ ਹਨ । ਪਰ ਏਥੇ ਜਿਸ ਰਾਜ-ਭਗਤੀ ਨਾਲ ਰਾਜ-ਕਰਮਚਾਰੀ ਕੰਮ ਕਰਦੇ ਹਨ, ਆਪ ਤੋਂ ਗੁੱਝੀ ਨਹੀਂ ਹੈ ।
“ਆਪ ਇਸ ਗੱਲ ‘ਤੇ ਭਰੋਸਾ ਰੱਖੋ ਕਿ ਕੋਈ ਓਪਰਾ ਆਦਮੀ ਸਾਡੇ ਰਣਵਾਸ ਵਿਚ ਨਹੀਂ ਆਉਂਦਾ ਤੇ ਨਾ ਹੀ ਕੋਈ ਓਪਰਾ ਆਦਮੀ ਅੱਗੋਂ ਆਵੇਗਾ । ਤਾਂ ਵੀ ਮੇਰੀ ਆਪ ਅੱਗੇ ਪ੍ਰਾਰਥਨਾ ਹੈ ਕਿ ਆਪ ਕੁਝ ਐਹੋ ਜੇਹੇ ਇਤਬਾਰੀ ਸਰਦਾਰ ਨੀਯਤ ਕਰ ਦੇਵੋ, ਜਿਹੜੇ ਆਪ ਨੂੰ ਮੇਰੇ ਸੰਬੰਧ ਵਿਚ ਖਬਰਾਂ ਦੇਂਦੇ ਰਹਿਣ, ਪਰ ਦਰਬਾਰ ਦਾ ਕੋਈ ਵੀ ਸਰਦਾਰ ਏਸ ਕੰਮ ਲਈ ਨਾ ਲਾਇਆ ਜਾਵੇ ।
“ਇਹ ਵੱਡੀ ਖੁਸ਼ੀ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲ ਮਿੱਤਰਤਾ ਕਰ ਗਏ ਹਨ, ਜਿਸ ਦਾ ਅੰਮ੍ਰਿਤ ਫਲ ਮੈਂ ਤੇ ਬਾਲਕ ਮਹਾਰਾਜਾ ਦੋਵੇਂ ਭੋਗ ਰਹੇ ਹਾਂ । ਜਦ ਕਦੇ ਲੋੜ ਸਮਝੋ, ਮੈਨੂੰ ਸਿੱਖਿਆ ਦੇਣ ਤੋਂ ਨਾ ਉਕਣਾ ।”
ਇਹ ਚਿੱਠੀ ਪੜ੍ਹ ਕੇ ਰੈਜ਼ੀਡੈਂਟ ਨੂੰ ਅੱਗ ਲੱਗ ਉਠੀ । ਉਹਦੇ ਦਿਲ ਵਿਚ ਜਿੰਦਾਂ ਵਾਸਤੇ ਵੈਰ-ਭਾਵ ਹੋਰ ਵਧ ਗਿਆ। ਉਹ ਉਸਦੀਆਂ ਸਾਧਾਰਣ ਗੱਲਾਂ ‘ਚੋਂ ਵੀ ਕੋਈ ਨਾ ਕੋਈ ਸਾਜ਼ਸ਼ ਭਾਲਣ ਲੱਗਾ । ਇਕ ਵਾਰ ਮਹਾਰਾਣੀ ਦੀ ਸਹੇਲੀ ਉਸ ਵਾਸਤੇ ਮੁਲਤਾਨ ਤੋਂ ਸਫੈਦ ਗੰਨਾ ਲਿਆਈ । ਰੈਜ਼ੀਡੈਂਟ ਨੂੰ ਖੁੜਕੀ ਕਿ ਜਿੰਦ ਕੌਰ ਮੂਲ ਰਾਜ ਮੁਲਤਾਨ ਨਾਲ ਮਿਲ ਕੇ ਅੰਗਰੇਜ਼ਾਂ ਵਿਰੁਧ ਕੋਈ ਸਾਜ਼ਸ਼ ਕਰਨ ਲੱਗੀ ਹੈ। ਪਰ ਉਹਦੇ ਵਿਚ ਸੀ ਕੀ ?
ਪਰਮੇ ਨੂੰ ਫਾਂਸੀ
ਇਹਨੀਂ ਹੀ ਦਿਨੀਂ ‘ਪਰਮੇ’ ਨੈੱ ਤੇਜ ਸਿੰਘ ਨੂੰ ਮਾਰਨ ਦੀ ਸਾਜ਼ਸ਼ ਕੀਤੀ। ਰੈਜ਼ੀਡੈਂਟ ਨੇ ਇਸ ਵਿਚ ਵੀ ਜਿੰਦਾਂ ਦਾ ਹੱਥ ਸਮਝਿਆ । ਮੁਕੱਦਮਾ ਲਾਰਡ ਹਾਰਡਿੰਗ ਤਕ ਪੁੱਜਾ । ਉਸ ਨੇ ਜਿੰਦਾਂ ਨੂੰ ਨਿਰਦੋਸ਼ ਮੰਨਿਆ ਤੇ ‘ਪਰਮੇ’ ਨੂੰ ਫਾਂਸੀ ਦੀ ਸਜ਼ਾ ਦਿੱਤੀ ।
ਤੇਜ ਸਿੰਘ ਰਾਜਾ ਬਣਿਆ
ਹੁਣ ਗੱਲੇ ਕੱਥੇ ਰੈਜ਼ੀਡੈਂਟ ਬਹਾਨੇ ਟੋਲਣ ਲੱਗਾ, ਜਿਵੇਂ ਉਹ ਮਹਾਰਾਣੀ ਨੂੰ ਦੇਸ਼-ਨਿਕਾਲਾ ਦੇ ਸਕੇ। ਤੇ ਬਹਾਨਾ ਵੀ ਛੇਤੀ ਹੀ ਮਿਲ ਗਿਆ । ੭ ਅਗਸਤ, ੧੮੪੭ ਈ. ਨੂੰ ਰੈਜ਼ੀਡੈਂਟ ਲਾਰੰਸ ਨੇ ਇਕ ਦਰਬਾਰ ਕੀਤਾ, ਜਿਸ ਵਿਚ ਕੁਝ ਸਰਦਾਰਾਂ ਨੂੰ ਖਿਤਾਬ ਦਿੱਤੇ ਗਏ । ਇਹਨਾਂ ਵਿਚ ਦੇਸ਼-ਧਰੋਹੀ ਤੇਜ ਸਿੰਘ ਵੀ ਸੀ, ਜਿਸਨੂੰ ‘ਰਾਜੇ’ ਦਾ ਖਿਤਾਬ ਮਿਲਣਾ ਸੀ । ਇਹ ਓਹਾ ਤੇਜ ਸਿੰਘ ਹੈ, ਜਿਸਨੇ ਲਾਲ ਸਿੰਘ ਨਾਲ ਮਿਲ ਕੇ ਸਤਲੁਜ ਦੇ ਕੰਢੇ, ਸਿੱਖਾਂ ਦੀਆਂ ਬੇੜੀਆਂ ਡੋਬੀਆਂ ਸਨ । ਭਲਾ ਮਹਾਰਾਣੀ ਕਿਵੇਂ ਵੇਖ ਸੁਖਾਂਦੀ ਕਿ ਪੰਜਾਬ ਦੇ ਵੱਡੇ ਵੈਰੀ ਤੇਜ ਸਿੰਘ ਨੂੰ ਇਹ ਪਦਵੀ ਮਿਲੇ ? ਉਸਨੇ ਮਹਾਰਾਜਾ ਦਲੀਪ ਸਿੰਘ ਨੂੰ ਵਕਤ ਤੋਂ ਇਕ ਘੰਟਾ ਪਿਛੋਂ ਘੱਲਿਆ । ਅੱਗੇ ਰੈਂਜ਼ੀਡੈਂਟ ਤੇ ਸਾਰੇ ਦਰਬਾਰੀ ਉਡੀਕ ਰਹੇ ਸਨ । ਸਿੱਖ ਦਰਬਾਰ ਵਿਚ ਇਹ ਰਵਾਜ ਚਲਿਆ ਆਉਂਦਾ ਸੀ ਕਿ ਜਿਸਨੂੰ ਰਾਜੇ ਦੀ ਪਦਵੀ ਮਿਲਦੀ, ਮਹਾਰਾਜਾ ਆਪ ਉਸਦੇ ਮੱਥੇ ‘ਤੇ ਹੱਥੀਂ ਤਿਲਕ ਲਾਉਂਦਾ । ਰੈਜ਼ੀਡੈਂਟ ਨੇ ਦਲੀਪ ਸਿੰਘ ਨੂੰ ਤੇਜ ਸਿੰਘ ਦੇ ਮੱਥੇ ‘ਤੇ ਤਿਲਕ ਲਾਉਣ ਵਾਸਤੇ ਕਿਹਾ, ਪਰ ਉਸਨੇ ਇਸ ਕੰਮ ਤੋਂ ਨਾਂਹ ਕਰ ਦਿੱਤੀ । ਅੰਤ ਇਕ ਗ੍ਰੰਥੀ (ਪ੍ਰੋਹਤ) ਕੋਲੋਂ ਰਸਮ ਪੂਰੀ ਕਰਾਈ ਗਈ। ਇਸ ਖੁਸ਼ੀ ਵਿਚ ਰਾਤੀਂ ਆਤਸ਼ਬਾਜ਼ੀ ਚੱਲੀ, ਪਰ ਮਹਾਰਾਣੀ ਨੇ ਦਲੀਪ ਸਿੰਘ ਨੂੰ ਨਾ ਆਉਣ ਦਿੱਤਾ । ਲਾਰਡ ਹਾਰਡਿੰਗ ਇਸ ਘਟਨਾ ਨੂੰ ਇਉਂ ਬਿਆਨ ਕਰਦਾ ਹੈ :- “ਦਲੀਪ ਸਿੰਘ ਨੇ ਆਪਣਾ ਕੰਮ ਬੜੀ ਦ੍ਰਿੜਤਾ ਨਾਲ ਨਿਭਾਇਆ । ਉਸ ਨੇ ਆਪਣੇ ਨਿੱਕੇ-ਨਿੱਕੇ ਹੱਥ ਪਿੱਛੇ ਕਰ ਲਏ ਤੇ ਕੁਰਸੀ ਨਾਲ ਕੰਡ ਲਾ ਲਈ। ਇਕ ਪ੍ਰੋਹਤ ਨੇ ਇਹ ਰਸਮ ਪੂਰੀ ਕੀਤੀ । ਸ਼ਾਮ ਨੂੰ ਮਹਾਰਾਣੀ ਨੇ ਮਹਾਰਾਜੇ ਨੂੰ ਆਤਸ਼ਬਾਜ਼ੀ ਵੇਖਣ ਆਉਣ ਵਾਸਤੇ ਲੀੜੇ ਨਾ ਪਾਉਣ ਦਿੱਤੇ । ਮੁੱਕਦੀ ਗੱਲ, ਮਹਾਰਾਣੀ ਉਸਨੂੰ ਇਸ ਗੱਲ ਲਈ ਪੱਕਿਆਂ ਕਰਦੀ ਜਾ ਰਹੀ ਸੀ ਕਿ ਉਹ ਸਰਕਾਰ ਤੇ ਅੰਗਰੇਜ਼ੀ ਸੰਬੰਧ ਦੀ ਵਿਰੋਧਤ ਕਰੇ । ਮੈਂ ਲਾਰੰਸ (L.) ਨਾਲ ਗੁਪਤ ਚਿੱਠੀ ਪੱਤਰ ਕਰ ਰਿਹਾ ਹਾਂ, ਤੇ ਮੈਨੂੰ ਇਸ ਤੋਂ ਬਿਨਾਂ ਹੋਰ ਕੋਈ ਉਪਾ ਨਹੀਂ ਸੁਝਦਾ ਕਿ ਮਹਾਰਾਣੀ ਨੂੰ ਲਾਹੌਰੋਂ ਹਟਾ ਦਿੱਤਾ ਜਾਵੇ । …ਛੇਤੀ ਜਾਂ ਚਿਰਾਕੀ ਇਹ ਨੌਬਤ ਆ ਜਾਵੇਗੀ । ਜਿਉਂ ਜਿਉਂ ਉਹ ਵੱਡਾ ਹੁੰਦਾ ਹੈ, ਉਹਦਾ ਸਰਪ੍ਰਸਤ ਹੋਣ ਦੇ ਕਾਰਨ ਸਾਡਾ ਇਹ ਧਰਮ ਹੈ ਕਿ ਅਸੀਂ ਉਹਨੂੰ ਮਹਾਰਾਣੀ ਦਿਆਂ ਖੋਟਿਆਂ ਪੂਰਨਿਆਂ ਤੋਂ ਬਚਾਈਏ।੧”
ਮਹਾਰਾਜਾ ਦਲੀਪ ਸਿੰਘ ਨੇ ਤੇਜ ਸਿੰਘ ਨੂੰ ਤਿਲਕ ਦੇਣੋ ਨਾਂਹ ਕਰ ਦਿੱਤੀ। ਜਿੰਦ ਕੌਰ ਦੇ ਵਿਰੋਧੀਆਂ ਨੂੰ ਉਹਦੇ ਉਲਟ ਬਹਾਨਾ ਮਿਲ ਗਿਆ । ਤੇ ਬਹਾਨਾ ਹੀ ਉਹ ਚਾਹੁੰਦੇ ਸਨ, ਨਹੀਂ ਤਾਂ ਉਸਦੇ ਦੇਸ਼-ਨਿਕਾਲੇ ਦਾ ਫੈਸਲਾ ਤਾਂ ਲਾਰਡ ਹਾਰਡਿੰਗ ਦਸੰਬਰ, ੧੮੪੬ ਵਿਚ ਹੀ ਕਰ ਚੁੱਕਾ ਸੀ । ੭ ਅਗਸਤ ਵਾਲੀ ਘਟਨਾ ਮਹਾਰਾਣੀ ਦੇ ਵਿਰੁਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ ।
ਰੈਜ਼ੀਡੈਂਟ ਨੂੰ ਹਾਰਡਿੰਗ ਦੀ ਚਿੱਠੀ, ਜਿੰਦਾਂ ਵਿਰੁੱਧ
੧੬ ਅਗਸਤ, ੧੮੪੭ ਈ. ਨੂੰ ਗਵਰਨਰ-ਜਨਰਲ ਨੇ ਰੈਜ਼ੀਡੈਂਟ ਨੂੰ ਲਿਖਿਆ: “ਹੁਣ ਵਾਂਗ ਜੇ ਮਹਾਰਾਣੀ, ਬਾਲਕ ਮਹਾਰਾਜੇ ’ਤੇ ਆਪਣਾ ਪੂਰਾ ਅਸਰ ਪਾਉਂਦੀ ਰਹੀ, ਤਾਂ ਸਰਕਾਰ ਦਾ ਪਰਬੰਧ ਨਹੀਂ ਚੱਲ ਸਕੇਗਾ । ਕੌਂਸਲ ਨੂੰ ਏਸ ਗੱਲ ਦਾ ਨਿਰਾ ਅੰਦੇਸ਼ਾ ਹੀ ਨਹੀ; ਸਗੋਂ ਪੂਰਾ ਡਰ ਹੈ ਕਿ ਜੇ ਮਹਾਰਾਣੀ ਸਾਰੇ ਜ਼ਿੰਮੇਵਾਰ ਸਰਦਾਰਾਂ ਤੇ ਪੰਜਾਬ ਸਰਕਾਰ ਦੇ ਪ੍ਰਬੰਧ ਵਿਰੁਧ ਮਹਾਰਾਜੇ ਦੇ ਦਿਲ ਵਿਚ ਜ਼ਹਿਰ ਭਰਦੀ ਰਹੀ, ਤਾਂ ਅੱਗੇ ਵਾਸਤੇ ਬੜੇ ਖ਼ਤਰਨਾਕ ਨਤੀਜੇ ਨਿਕਲਣਗੇ।” ਫਿਰ, “ਇਸ ਵਾਸਤੇ ਗਵਰਨਰ-ਜੈਨਰਲ ਦੀ ਰਾਏ ਵਿਚ ਰਾਜਸੀ ਤੌਰ ‘ਤੇ ਇਹ ਬਿਲਕੁਲ ਠੀਕ ਹੈ, ਕਿ ਸ਼ਹਿਜ਼ਾਦੇ ਨੂੰ ਉਸਦੀ ਮਾਂ ਤੋਂ ਹੁਣੇ ਵੱਖਰਾ ਕਰ ਦਿੱਤਾ ਜਾਵੇ । ਇਸ ਵੇਲੇ ਮਹਾਰਾਜਾ ਪੂਰੀ ਤਰ੍ਹਾਂ ਮਹਾਰਾਣੀ ਦੇ ਕਾਬੂ (ਵੱਸ) ਵਿਚ ਹੈ । ਉਸਦਾ (ਮਹਾਰਾਜੇ ਦਾ) ਉਸ ਹੁਸ਼ਿਆਰ ਇਸਤਰੀ (ਜਿੰਦਾਂ) ਦੇ ਖਿਆਲਾਂ ਦੇ ਪਰਭਾਵ ਤੋਂ ਬਚਣਾ ਅਸੰਭਵ ਹੈ, ਜਿਹੜੀ (ਜਿੰਦਾਂ) ਸਰਕਾਰ ਅੰਗਰੇਜ਼ੀ ਤੇ ਸਰਦਾਰਾਂ ਨਾਲ ਜ਼ਾਤੀ ਵੈਰ ਦੇ ਕਾਰਨ ਮਹਾਰਾਜੇ ਉੱਤੇ ਅਸਰ ਪਾਉਣਾ ਚਾਹੁੰਦੀ ਹੈ। ਮਹਾਰਾਜੇ ਦੀ ਭਲਾਈ ਤੇ ਅਹਿਦਨਾਮੇ ਦੀਆਂ ਸ਼ਰਤਾਂ ਨਿਭਾਉਣ ਵਾਸਤੇ ਇਸ ਗੱਲ ਦੀ ਲੋੜ ਹੈ, ਕਿ ਮਹਾਰਾਜੇ ਨੂੰ ਏਹੋ ਜੇਹੇ ਸਾਰਿਆਂ ਅਸਰਾਂ ਤੋਂ ਬਚਾਇਆ ਜਾਵੇ, ਜੋ ਕੇਵਲ ਏਸੇ ਸੂਰਤ ਵਿਚ ਹੋ ਸਕਦਾ ਹੈ, ਕਿ ਮਹਾਰਾਜੇ ਨੂੰ ਮਹਾਰਾਣੀ ਤੋਂ ਵੱਖਰਾ ਕਰ ਦਿੱਤਾ ਜਾਵੇ । ਪਰ ਇਨ੍ਹਾਂ ਰਾਜਸੀ ਮਾਮਲਿਆਂ ਦੇ ਨਾਲ-ਨਾਲ ਗਵਰਨਰ-ਜੈਨਰਲ ਉਹਨਾਂ ਜ਼ਿੰਮੇਵਾਰੀਆਂ ਵਿਚ ਵੀ ਬੱਧਾ ਹੋਇਆ ਹੈ, ਜੋ ਉਸ ਉੱਤੇ ਸਰਕਾਰ ਅੰਗਰੇਜ਼ੀ ਨੇ ਮਹਾਰਾਜੇ ਦੀ ਬਾਲਕ ਅਵਸਥਾ ਵਿਚ ਉਸਦੀ ਰੱਖਯਕ ਬਣਨ ਦਾ ਇਕਰਾਰ ਕਰ ਕੇ ਲਈਆਂ ਹਨ।”
ਏਸੇ ਖਤ ਵਿਚ ਗਵਰਨਰ-ਜੈਨਰਲ ਨੇ ਰੈਜ਼ੀਡੈਂਟ ਨੂੰ ਇਹ ਵੀ ਲਿਖਿਆ ਕਿ ਮਹਾਰਾਣੀ ਨੂੰ ਲਾਹੌਰੋਂ ਕੱਢਣ ਬਾਰੇ ਦਰਬਾਰ ਵਿਚ ਪਰਗਟ ਤੌਰ ‘ਤੇ ਸਲਾਹ ਲਈ ਜਾਵੇ ।
ਅੰਗਰੇਜ਼ ਕਰਮਚਾਰੀ ਹੁਣ ਹੀ ਜਿੰਦਾਂ ਨੂੰ ਦੇਸ਼-ਨਿਕਾਲਾ ਦੇ ਦੇਣਾ ਚਾਹੁੰਦੇ ਸਨ, ਪਰ ਦਰਬਾਰ ਦੇ ਸਰਦਾਰ ਨਾ ਮੰਨੇ । ਈਵਾਨਸ ਬੈਲ (Evans Bell) ਲਿਖਦਾ ਹੈ :-“ਅਸੀਂ ਜਾਣਦੇ ਹਾਂ ਕਿ ਅਗਸਤ, ੧੮੪੭ ਵਿਚ ਮਹਾਰਾਣੀ ਨੂੰ ਦੇਸ਼ੋਂ ਕੱਢ ਦੇਣ ਦੀ ਸਲਾਹ ਵਿਚ ਸਰਦਾਰਾਂ ਨੇ ਕਿਸੇ ਤਰ੍ਹਾਂ ਦਾ ਕਲੰਕ ਦਾ ਟਿੱਕਾ ਆਪਣੇ ਮੱਥੇ ਲੈਣਾ ਨਾ ਮੰਨਿਆ । ਇਸ ਵਾਸਤੇ ਲਾਹੌਰੋਂ ੨੦ ਮੀਲ ਦੀ ਵਿੱਥ ਉੱਤੇ ਮਹਾਰਾਣੀ ਸ਼ੇਖੂਪੁਰ ਕਿਲ੍ਹੇ ਵਿਚ ਘੱਲ ਦਿੱਤੀ ਗਈ।
ਜਿੰਦਾਂ ਸ਼ੇਖੂਪੁਰੇ ਕੈਦ
ਮੁਕਦੀ ਗੱਲ, ਲਾਰੰਸ ਨੇ ਜਿੰਦ ਕੌਰ ਨੂੰ ਕਿਲ੍ਹਾ ਸ਼ੇਖੂਪੁਰੇ ਵਿਚ ਨਜ਼ਰ-ਬੰਦ ਕਰਨ ਦਾ ਫੈਸਲਾ ਦੇ ਦਿੱਤਾ, ਤੇ ਉਹਦੀ ਪੈਨਸ਼ਨ ਘਟਾ ਕੇ ੪ ਹਜ਼ਾਰ ਰੁਪੈ ਮਹੀਨਾ (ਡੂਢ ਲੱਖ ਸਾਲਾਨਾ ਦੀ ਥਾਂ ੮੪ ਹਜ਼ਾਰ ਸਾਲਾਨਾ) ਕਰ ਦਿੱਤੀ। ਇਹ ਦੁਖਦਾਈ ਖਬਰ ਸੁਨਾਉਣ ਵਾਸਤੇ ਮਹਾਰਾਣੀ ਕੋਲ ਉਸਦਾ ਭਰਾ ਹੀਰਾ ਸਿੰਘ ਗਿਆ। ਜਿੰਦ ਕੌਰ ਨੇ ਬੜੇ ਹੌਸਲੇ ਨਾਲ ਸੁਣਿਆ ਤੇ ਕਿਹਾ, “ਜਿਸ ਵਿਚ ਉਹਨਾਂ ਨੂੰ ਭਲਿਆਈ ਸੁੱਝੀ, ਮੈਂ ਓਹਾ ਕੁਝ ਕਰਨ ਲਈ ਤਿਆਰ ਹਾਂ।”
ਮਹਾਰਾਣੀ ਨੇ ਸ਼ੇਖੂਪੁਰ ਜਾਣ ਤੋਂ ਪਹਿਲਾਂ ਇਕ ਵਾਰ ਰੈਜ਼ੀਡੈਂਟ ਨੂੰ ਮਿਲਣਾ ਚਾਹਿਆ, ਪਰ ਉਹਨੇ ਆਗਿਆ ਨਾ ਦਿੱਤੀ ।
ਸੰਤ ਨਿਹਾਲ ਸਿੰਘ ਦਾ ਲੇਖ
ਸੰਤ ਨਿਹਾਲ ਸਿੰਘ ਨੇ ੧੯੬੮ ਬਿ. ਦੇ ਜੇਠ ਮਹੀਨੇ ਦੀ ‘ਮਰਯਾਦਾ’ ਵਿਚ ਇਉਂ ਲਿਖਿਆ ਹੈ: “ਇਸ (ਤੇਜ ਸਿੰਘ ਨੂੰ ਤਿਲਕ ਨਾ ਦੇਣ) ਦਾ ਫਲ ਇਹ ਹੋਇਆ ਕਿ ਇਸ ਘਟਨਾ ਤੋਂ ਕੁਝ ਦਿਨ ਪਿਛੋਂ ਰਾਜ ਮਹਿਲ ਵਿਚੋਂ ਸਭ ਨੌਕਰ ਹਟਾ ਦਿੱਤੇ ਗਏ । ਮਹਾਰਾਜਾ ਦੀ ਆਤਮਾ ਨੇ ਉਸ ਨੂੰ ਦੱਸ ਦਿਤਾ, ਕਿ ਕੋਈ ਔਕੜ ਆਉਣ ਵਾਲੀ ਹੈ । ਸੰਧਿਆ (੧੮ ਅਗਸਤ) ਨੂੰ ਫਿਰ ਦਰਬਾਰ ਹੋਇਆ, ਜਿਸ ਵਿਚ ਮਹਾਰਾਜਾ ਵੀ ਬਿਰਾਜਮਾਨ ਸਨ । ਲਾਰੰਸ ਨੇ ਮਹਾਰਾਜਾ ਨੂੰ ਘੋੜੇ ‘ਤੇ ਚੜ੍ਹ ਕੇ ਹਵਾ ਖਾਣ ਜਾਣ ਵਾਸਤੇ ਕਿਹਾ। ਕੁਵੇਲਾ ਹੋਣ ਦੇ ਕਾਰਨ ਮਹਾਰਾਜਾ ਬੜੇ ਹੈਰਾਨ ਹੋਏ, ਪਰ ਉਹਨਾਂ ਇਹ ਪ੍ਰਾਰਥਨਾ ਮੰਨ ਲਈ । ਉਹ ਗੁਲਾਬ ਸਿੰਘ ਅਟਾਰੀ ਵਾਲੇ ਤੇ ਕੁਝ ਹੋਰ ਸਰਦਾਰਾਂ ਸਣੇ ਸ਼ਾਲਾਮਾਰ ਬਾਗ਼ ਵੱਲ ਚਲੇ ਗਏ । ਥੋੜ੍ਹੇ ਚਿਰ ਨੂੰ ਹਨ੍ਹੇਰਾ ਹੋ ਗਿਆ, ਤਾਂ ਮਹਾਰਾਜੇ ਨੇ ਮੁੜਨਾ ਚਾਹਿਆ । ਇਸ ਵਿਚਾਰ ਨਾਲ ਉਹਨਾਂ ਸ਼ਹਿਰ ਵੱਲ ਘੋੜਾ ਮੋੜਿਆ । ਗੁਲਾਬ ਸਿੰਘ ਨੇ ਇਹ ਆਖ ਕੇ ਰੋਕਿਆ: “ਕੀ ਆਪ ਸ਼ਹਿਰ ਮੁੜ ਕੇ ਸਾਡਾ ਨੱਕ ਵਢਾਉਗੇ ? ਲਾਰੰਸ ਸਾਹਿਬ ਦੀ ਆਗਿਆ ਹੈ ਕਿ ਮੈਂ ਆਪ ਨਾਲ ਸ਼ਾਲਾਮਾਰ ਜਾਵਾਂ ।” ਮਹਾਰਾਜ ਨੇ ਦੁੱਖ ਨਾਲ ਜਾਣਾ ਮੰਨ ਲਿਆ । ਓਥੇ ਪੁੱਜੇ, ਤਾਂ ਬਾਗ਼ ਵਿਚ ਆਪਣੇ ਨੌਕਰਾਂ ਨੂੰ ਵੇਖਿਆ, ਤੇ ਇਹ ਵੀ ਡਿੱਠਾ ਕਿ ਰਾਤ ਕੱਟਣ ਲਈ ਸਾਰਾ ਸਾਮਾਨ ਪਿਆ ਹੈ । ਇਸ ‘ਤੇ ਆਪ ਨੇ ਰਤੀ ਵੀ ਗੁੱਸਾ ਪਰਗਟ ਨਹੀਂ ਕੀਤਾ, ਪਰ ਪ੍ਰਸ਼ਾਦ ਨਾ ਛਕਿਆ । ਦੂਜੇ ਦਿਨ ਆਪ ਨੂੰ ਪਤਾ ਲੱਗਾ, ਕਿ ਆਪ ਦੀ ਮਾਤਾ ਨਜ਼ਰਬੰਦ ਕਰ ਕੇ ਸ਼ੇਖੂਪੁਰ ਭੇਜੀ ਗਈ ਹੈ । ਇਹ ਸੁਣ ਕੇ ਮਹਾਰਾਜੇ ਦਾ ਗਮ ਨਾਲ ਦਿਲ ਟੁੱਟ ਗਿਆ, ਕਿਉਂਕਿ ਆਪ ਦਾ ਆਪਣੀ ਮਾਤਾ ਨਾਲ ਬਹੁਤ ਪਿਆਰ ਸੀ । ਲਾਹੌਰ ਪੁੱਜ ਕੇ ਆਪ ਨੇ ਆਪਣੇ ਪਹਿਲੇ ਨਿਵਾਸ ਅਸਥਾਨ ਸੰਮਨ-ਬੁਰਜ ਵਿਚ ਨਾ ਰਹਿਣ ਦੀ ਇਛਿਆ ਪਰਗਟ ਕੀਤੀ ਤੇ ਤਖਤਗਾਹ ਦੇ ਉਪਰਲੇ ਕਮਰਿਆਂ ਵਿਚ ਰਹਿਣ ਲੱਗੇ । ਕੁਛ ਦਿਨ ਮਗਰੋਂ ਆਪ ਦੀ ਮਾਤਾ ਨੇ ਆਪ ਨੂੰ ਰਾਜ਼ੀ ਖੁਸ਼ੀ ਦਾ ਸੁਨੇਹਾ ਘੱਲਿਆ, ਤੇ ਆਪ ਲਈ ਕੁਝ ਖਿਡਾਉਣੇ ਤੇ ਮਿਠਿਆਈ ਘੱਲੀ । ਮਾਤਾ ਦੀ ਰਾਜ਼ੀ ਖੁਸ਼ੀ ਦਾ ਸਮਾਚਾਰ ਪਾ ਕੇ ਆਪ ਨੂੰ ਬੜੀ ਖੁਸ਼ੀ ਹੋਈ, ਪਰ ਇਹ ਸੁਭਾਗ ਵੀ ਆਪ ਨੂੰ ਮੁੜ ਪ੍ਰਾਪਤ ਨਾ ਹੋਇਆ । ਰੈਜ਼ੀਡੈਂਟ ਦੀ ਆਗਿਆ ਨਾਲ ਚਿੱਠੀ-ਪੱਤਰ ਵੀ ਬੰਦ ਕਰ ਦਿੱਤਾ ਗਿਆ ।
੧੯ ਅਗਸਤ ਨੂੰ ਜਿੰਦ ਕੌਰ ਸ਼ੇਖੂਪੁਰ ਪੁੱਜੀ । ਉਸ ਦੀ ਰਾਖੀ ਦਾ ਭਾਰ ਸ: ਬੂੜ ਸਿੰਘ ਨੂੰ ਸੌਂਪਿਆ ਗਿਆ । ਅਗਲੇ ਦਿਨ ਗਵਰਨਰ-ਜੈਨਰਲ ਦਾ ਇਹ ਐਲਾਨ ਨਿਕਲਿਆ :
ਜਿੰਦਾਂ ਦੀ ਕੈਦ ਬਾਰੇ ਹਾਰਡਿੰਗ ਦਾ ਐਲਾਨ
“ਲਾਹੌਰ ਦਰਬਾਰ ਦੇ ਸਰਦਾਰਾਂ, ਧਾਰਮਿਕ ਆਗੂਆਂ, ਬਜ਼ੁਰਗਾਂ ਤੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੇ ਵਸਨੀਕਾਂ ਦੇ ਗਿਆਨ ਵਾਸਤੇ ਆਮ ਐਲਾਨ ।
“ਲਾਹੌਰ, ੨੦ ਅਗਸਤ, ੧੮੪੭ ਈ. । ਲਾਹੌਰ ਦਰਬਾਰ ਤੇ ਸਰਕਾਰ ਅੰਗਰੇਜ਼ੀ ਵਿਚ ਮਿੱਤਰਤਾ ਹੋਣ ਦੇ ਕਾਰਨ, ਮਹਾਰਾਜੇ ਦੀ ਬਾਲਕ ਅਵਸਥਾ ਵਿਚ ਉਸਨੂੰ ਵਿੱਦਿਆ ਦੇਣ ਤੇ ਉਸਦੀ ਪਾਲਣਾ ਤੇ ਰੱਖਿਆ ਕਰਨ ਵਿਚ ਗਵਰਨਰ- ਜੈਨਰਲ ਪਿਤਾ ਵਰਗਾ ਸ਼ੌਕ ਰੱਖਦਾ ਹੈ ।
“ਇਸ ਕਾਰਜ-ਸਿੱਧੀ ਵਾਸਤੇ ਗਵਰਨਰ-ਜੈਨਰਲ ਬੜਾ ਹੀ ਜ਼ਰੂਰੀ ਸਮਝਦਾ ਹੈ ਕਿ ਮਹਾਰਾਜੇ ਨੂੰ ਉਸਦੀ ਮਾਤਾ-ਮਹਾਰਾਣੀ ਤੋਂ ਅਲੱਗ ਕਰ ਦਿੱਤਾ ਜਾਵੇ। ਇਸ ਸਲਾਹ ਵਿਚ ਦਰਬਾਰ ਨੇ ਸਰਬ ਸੰਮਤੀ ਪ੍ਰਗਟ ਕੀਤੀ ਹੈ । ਸੋ ੧੯ ਅਗਸਤ, ੧੮੪੭ ਈ. ਨੂੰ ਮਹਾਰਾਣੀ ਸਾਹਿਬਾ ਨੇ ਲਾਹੌਰ ਦੇ ਰਾਜ ਮਹਿਲ ਨੂੰ ਛੱਡਿਆ ਤੇ ਉਹਨੂੰ ਸ਼ੇਖੂਪੁਰ ਪੁਚਾਇਆ ਗਿਆ ।
“ਇਹ ਕਦਮ ਉਠਾਉਣ ਦੇ ਹੇਠ ਲਿਖੇ ਸਬੱਬ ਹਨ :- ਪਹਿਲਾ : ਭਰੋਵਾਲ ਦੀ ਸੁਲ੍ਹਾ ਵੇਲੇ ਇਹ ਜ਼ਰੂਰੀ ਸਮਝਿਆ ਗਿਆ ਸੀ ਕਿ ਪਰਜਾ ਦੀ ਭਲਾਈ ਵਾਸਤੇ ਹਰ ਤਰ੍ਹਾਂ ਦੇ ਰਾਜਸੀ ਕੰਮਾਂ ਦੇ ਪਰਬੰਧ ਤੋਂ ਮਹਾਰਾਣੀ ਨੂੰ ਅਲੱਗ ਰੱਖਿਆ ਜਾਵੇ ।
ਉਸਨੂੰ ਵੱਖਰਾ ਗੁਜ਼ਾਰਾ ਦਿੱਤਾ ਗਿਆ, ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਇੱਜ਼ਤ ਨਾਲ ਗੁਜ਼ਾਰ ਸਕੇ । ਇਹ ਸਭ ਕੁਛ ਹੁੰਦਿਆਂ ਹੋਇਆਂ ਮਹਾਰਾਣੀ, ਗੌਰਮਿੰਟ ਨੂੰ ਉਲਟਾਣ ਦੀਆਂ ਚਾਲਾਂ ਚਲਦੀ ਰਹੀ, ਤੇ ਵਜ਼ੀਰਾਂ ਦੀ ਐਨੀ ਵਿਰੋਧਤਾ ਕਰਦੀ ਰਹੀ ਹੈ ਕਿ ਸਰਕਾਰੀ ਕੰਮਾਂ ਵਿਚ ਰੁਕਾਵਟਾਂ ਤੇ ਔਕੜਾਂ ਪੈਦਾ ਹੁੰਦੀਆਂ ਰਹੀਆਂ ਹਨ ।
“ਦੂਜਾ : ਮਹਾਰਾਜਾ ਅਜੇ ਬਾਲਕ ਹੈ, ਤੇ ਉਹ ਵੱਡਾ ਹੋ ਕੇ ਉਹੋ ਜਿਹਾ ਬਣੇਗਾ, ਜੇਹੋ ਜਿਹਾ ਉਸਨੂੰ ਬਣਾਇਆ ਜਾਵੇਗਾ । । ਸੋ ਇਹ ਸੰਭਵ ਹੈ ਕਿ ਉਹਦੀ ਮਾਤਾ ਆਪਣੇ ਜ਼ਾਤੀ ਵਿਰੋਧ ਦੇ ਕਾਰਨ, ਸਰਦਾਰਾਂ ਦੇ ਵਿਰੁਧ ਉਹਦੇ ਮਨ ਵਿਚ ਜ਼ਹਿਰ ਭਰਦੀ ਰਹੇਗੀ । ਰਾਜ ਦੇ ਵਜ਼ੀਰਾਂ ਤੇ ਸਰਦਾਰਾਂ ਦੀ ਵਿਰੋਧਤਾ ਦੀ ਸਿੱਖਿਆ ਉਸਨੂੰ ਦਿੱਤੀ ਜਾਵੇਗੀ, ਤੇ ਅਜਿਹੀ ਸਿੱਖਿਆ ਦੀ ਕਦੇ ਆਗਿਆ ਨਹੀਂ ਦਿੱਤੀ ਜਾ ਸਕਦੀ । ਮਹਾਰਾਜੇ ਦੀ ਸਿੱਖਿਆ, ਮਨ ਦੀ ਉਚਾਈ, ਕੁਦਰਤੀ ਵਿੱਦਿਆ ਤੇ ਇਨਸਾਨੀ ਗੁਣਾਂ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ, ਤਾਂ ਕਿ ਇਸ ਅਹਿਦਨਾਮੇ ਦੇ ਮੁਕਣ ਉੱਤੇ ਮਹਾਰਾਜੇ ਤੇ ਉਸਦੀ ਪਰਜਾ ਦੀ ਹਰ ਸ਼ਰੇਣੀ ਵਿਚ ਅਮਨ ਬਹਾਲ ਰਹਿ ਸਕੇ, ਤੇ ਉਹ ਇਕ ਦੂਜੇ ਨੂੰ ਮਿਹਰਬਾਨ ਸਮਝਣ । ਅਮਨ ਇਕ ਰੱਬੀ ਦਾਤ ਹੈ, ਪਰ ਜੇ ਮਹਾਰਾਜਾ ਆਪਣੀ ਮਾਂ ਕੋਲ ਰਿਹਾ, ਤਾਂ ਉਹਦੀ ਆਸ ਨਹੀਂ ਰਖੀ ਜਾ ਸਕਦੀ ।
“ਤੀਜਾ : ਜਦੋਂ ਤਕ ਮਹਾਰਾਣੀ ਲਾਹੌਰ ਦੇ ਰਾਜ ਮਹਿਲ ਵਿਚ ਹੈ, ਓਪਰੇ ਬੰਦੇ ਬਿਨਾਂ ਰੁਕਾਵਟ ਉਸਨੂੰ ਮਿਲ ਸਕਦੇ ਨੇ ਤੇ ਹਰ ਇਕ ਫਸਾਦੀ-ਜੋ ਹੁਣ ਵਾਲੇ ਪਰਬੰਧ ‘ਤੇ ਖੁਸ਼ ਨਹੀਂ,- ਮਹਾਰਾਣੀ ਨੂੰ ਰਾਜ ਦਾ ਸਿਰਤਾਜ ਸਮਝਦਾ ਹੈ, ਤੇ ਵਿਚੋਂ ਕਈਆਂ ਨੇ ਤਾਂ ਖਾਲਸਾ ਸਰਕਾਰ ਨੂੰ ਉਲਟ ਦੇਣ ਦੇ ਵੀ ਯਤਨ ਕੀਤੇ ਹਨ।
“ਪੰਜਾਬ ਰਾਜ ਦੇ ਹਰ ਸੱਜਣ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਗਵਰਨਰ- ਜੈਨਰਲ ਹਿੰਦ ਜਨਤਾ ਦੇ ਅਮਨ, ਮੁਲਕ ਦੀ ਰਾਖੀ, ਸਰਕਾਰ ਦੀ ਸਥਿਰਤਾ, ਮਹਾਰਾਜੇ ਤੇ ਉਸਦੇ ਵਜ਼ੀਰਾਂ ਦੀ ਇੱਜ਼ਤ ਬਹਾਲ ਰੱਖਣ ਦਾ ਦਿਲੋਂ ਚਾਹਵਾਨ ਹੈ”।”
੯ ਸਾਲ ਦੇ ਬੱਚੇ ਨੂੰ ਉਸਦੀ ਮਾਂ ਤੋਂ ਵਿਛੋੜ ਦਿੱਤਾ ਗਿਆ । ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ‘ਮਹਿਬੂਬਾ’ ਜਿੰਦ ਕੌਰ ਨੂੰ ਸ਼ੇਖੂਪੁਰ ਦੇ ਕਿਲ੍ਹੇ ਵਿਚ ਮਾਮੂਲੀ ਕੈਦੀਆਂ ਵਾਂਗ ਬੰਦ ਕਰ ਦਿੱਤਾ ਗਿਆ । ਉਸਦੀ ਪੈਨਸ਼ਨ—ਭਰੋਵਾਲ ਦੀ Bge ਸੁਲ੍ਹਾ ਦੇ ਉਲਟ-ਘਟਾ ਦਿੱਤੀ ਗਈ । ਉਸਨੂੰ ਆਪਣੇ ਪੁੱਤਰ ਨੂੰ ਸੁੱਖ ਸੁਨੇਹਾ ਘੱਲਣੋਂ ਵੀ ਬੰਦ ਕਰ ਦਿੱਤਾ ਗਿਆ । ਇਹ ਕੁਝ ਉਸ ਹੈਨਰੀ ਲਾਰੰਸ ਤੇ ਲਾਰਡ ਹਾਰਡਿੰਗ ਨੇ ਕੀਤਾ, ਜਿਨ੍ਹਾਂ ਨੂੰ ਨੇਕ ਦਿਲ, ਚੰਗੇ ਭਲੇ ਪੁਰਸ਼ ਤੇ ਨਰਮ ਸੁਭਾ ਦੇ ਕਿਹਾ ਜਾਂਦਾ ਹੈ । ਤੇ ਅੱਗੋਂ ਤਾਂ ਅਫਸਰ ਵੀ ਦੋਵੇਂ ਸਖਤ ਆ ਗਏ । ਵੇਖੀਏ, ਫਿਰ ਮਹਾਰਾਣੀ ਨਾਲ ਕੀ ਸਲੂਕ ਹੁੰਦਾ ਹੈ ।
ਗਵਰਨਰ-ਜੈਨਰਲ ਹੈਨਰੀ ਹਾਰਡਿੰਗ ਦੀ ਥਾਂ ਮਾਰਕੁਈਸ ਆਫ ਡਲਹੌਜ਼ੀ (Marquess of Dalhousie) ੧੨ ਜਨਵਰੀ, ੧੮੪੮ ਈ. ਨੂੰ ਕਲਕੱਤੇ ਆਇਆ, ਤੇ ੨੧ ਜਨਵਰੀ ਨੂੰ ਦਫਤਰ ਸਾਂਭਿਆ । ਰੈਜ਼ੀਡੈਂਟ ਹੈਨਰੀ ਲਾਰੰਸ ਦੀ ਥਾਂ ਫਰੈਡਰਿਕ ਕਰੀ (Frederick Currie) ੬ ਮਾਰਚ, ੧੮੪੮ ਈ. ਨੂੰ ਲਾਹੌਰ ਪੁੱਜਾ ਤੇ ੯ ਮਾਰਚ ਨੂੰ ਦਫਤਰ ਦਾ ਕੰਮ ਸੰਭਾਲਿਆ । ਹੁਣ ਜਿੰਦਾਂ ਦੇ ਦੁੱਖ ਹੋਰ ਵੀ ਵਧ ਗਏ ।
ਸਾਹਿਬ ਸਿੰਘ
ਰੈਜ਼ੀਡੈਂਟ ਨੂੰ ਸ਼ੱਕ ਪਿਆ ਕਿ ਮਿਸਰ ਲਾਲ ਸਿੰਘ ਦਾ ਵਕੀਲ ਸਾਹਿਬ ਸਿੰਘ ਚੋਰੀ ਮਹਾਰਾਣੀ ਨੂੰ ਮਿਲਦਾ ਹੈ । ਉਸਨੇ ਚਿੱਠੀ ਰਾਹੀਂ ਮਹਾਰਾਣੀ ਨੂੰ ਬੜੀ ਤਾੜਨਾ ਕੀਤੀ, ਤੇ ਸਾਹਿਬ ਸਿੰਘ ਨੂੰ ਵੀ ਡਾਂਟਿਆ, ਕਿ ਜੇ ਫੇਰ ਉਹ ਸ਼ੇਖੂਪੁਰ ਦੇ ਨੇੜੇ ਵੇਖਿਆ ਗਿਆ, ਤਾਂ ਸਜ਼ਾ ਦਿੱਤੀ ਜਾਵੇਗੀ । ਥੋੜ੍ਹੇ ਦਿਨਾਂ ਪਿੱਛੋਂ ਇਹ ਅਫਵਾਹ ਉਡੀ ਕਿ ਮਹਾਰਾਣੀ ਨੇ ਇਕ ਫਕੀਰ ਕਸ਼ਮੀਰ ਦੇ ਰਾਜਾ ਗੁਲਾਬ ਸਿੰਘ ਕੋਲ ਭੇਜਿਆ ਹੈ, ਤੇ ਇਕ ਲਾਹੌਰ ਵਿਚ ਮਹਾਰਾਜਾ ਦਲੀਪ ਸਿੰਘ ਕੋਲ, ਪਰ ਪੜਤਾਲ ਕਰਨ ‘ਤੇ ਕਿਤੋਂ ਕੋਈ ਸੁੰਧਕ ਨਾ ਨਿਕਲੀ । ਝੂਠੀ ਅਫਵਾਹ ਦੇ ਆਧਾਰ ‘ਤੇ ਹੀ ਮਹਾਰਾਣੀ ਦੀ ਕੈਦ ਸਖਤ ਕਰ ਦਿੱਤੀ ਗਈ । ਇਹਨੀਂ ਦਿਨੀਂ ਹੀ ਮਹਾਰਾਣੀ ਨੇ ਆਪਣੇ ਨੌਕਰਾਂ ਨੂੰ ਸੱਠ- ਸੱਠ ਰੁਪੈ ਦੀਆਂ ਬੁਤਕੀਆਂ ਇਨਾਮ ਦਿੱਤੀਆਂ । ਜਦੋਂ ਰੈਜ਼ੀਡੈਂਟ ਨੂੰ ਪਤਾ ਲੱਗਾ, ਤਾਂ ਉਹਦੇ ਗੁੱਸੇ ਦੀ ਹੱਦ ਨਾ ਰਹੀ । ਉਹਨੇ ਬੁਤਕੀਆਂ ਵਾਪਸ ਕਰਾ ਦਿੱਤੀਆਂ, ਤੇ ਸਾਰੇ ਪੁਰਾਣੇ ਨੌਕਰਾਂ ਨੂੰ ਹਟਾ ਕੇ, ਨਵੇਂ ਹੋਰ ਰੱਖ ਲਏ । ਦਿੱਤਾ ਹੋਇਆ ਇਨਾਮ ਵਾਪਸ ਕਰਾਉਣਾ ਮਹਾਰਾਣੀ ਦੀ ਖੁੱਲ੍ਹ-ਮਖੁੱਲ੍ਹਾ ਹੱਤਕ ਸੀ, ਪਰ ਡਾਢੇ ਨੂੰ ਪੁੱਛੇ ਕੌਣ?
ਜਿਹੜੇ ਨਵੇਂ ਨੌਕਰ ਨੌਕਰਾਣੀਆਂ ਰੱਖੇ ਗਏ, ਉਹ ਸਾਰੇ ਮਹਾਰਾਣੀ ਦੇ ਵਿਰੋਧੀ ਰੱਖੇ ਗਏ, ਤੇ ਉਹਨਾਂ ਨੂੰ ਸਮਝਾ ਦਿੱਤਾ ਗਿਆ ਕਿ ਮਹਾਰਾਣੀ ਨਾਲ ਕੇਹੋ ਜਿਹਾ ਵਰਤਾਓ ਕਰਨਾ ਹੈ । ਰੈਜ਼ੀਡੈਂਟ ਨੇ ਹੁਕਮ ਦਿੱਤਾ ਕਿ ਜਿਹੜਾ ਨੌਕਰ ਮਹਾਰਾਣੀ ਕੋਲੋਂ ਇਨਾਮ ਵਜੋਂ ਕੁਛ ਲਵੇਗਾ, ਉਸ ਨੂੰ ਸਜ਼ਾ ਦਿੱਤੀ ਜਾਵੇਗੀ । ਨਾਲ ਹੀ ਮਹਾਰਾਣੀ ਨੂੰ ਵੀ ਸੁਣਾਇਆ ਗਿਆ ਕਿ ਆਪਣੀਆਂ ਖਾਸ ਨੌਕਰਾਣੀਆਂ ਤੋਂ ਬਿਨਾਂ ਉਹ ਕਿਸੇ ਨਾਲ ਗੱਲ ਬਾਤ ਨਹੀਂ ਕਰ ਸਕਦੀ । ਜੇ ਉਸ ਨੇ (ਮਹਾਰਾਣੀ ਨੇ) ਕਿਸੇ ਨੂੰ ਕੋਈ ਚਿੱਠੀ ਪੱਤਰ ਭੇਜਣਾ ਹੋਵੇ, ਤਾਂ ਕਿਲ੍ਹੇ ਦੇ ਹਾਕਮ ਨੂੰ ਵਿਖਾ ਕੇ ਭੇਜੇ । ਏਥੋਂ ਤਕ ਵੀ ਸੁਣਿਆ ਹੈ, ਕਿ ਮਹਾਰਾਣੀ ਨੂੰ ਖਾਣਾ ਵੀ ਉਸ ਦੀ ਮਨ ਮਰਜ਼ੀ ਦਾ ਨਹੀਂ ਮਿਲਦਾ ਸੀ । ਉਸ ਦੀ ਕੈਦ ਇਖਲਾਕੀ ਗੁਨਾਹੀਆਂ ਨਾਲੋਂ ਵੀ ਕਰੜੀ ਸੀ ।
ਜੀਵਨ ਸਿੰਘ ਜਿੰਦਾਂ ਦਾ ਵਕੀਲ
ਇਸ ਸਖਤੀ ਤੋਂ ਤੰਗ ਆ ਕੇ ਮਹਾਰਾਣੀ ਨੇ ਆਪਣਾ ਵਕੀਲ ਜੀਵਨ ਸਿੰਘ ਕਲਕੱਤੇ ਲਾਰਡ ਡਲਹੌਜ਼ੀ ਕੋਲ ਭੇਜਿਆ । ੨ ਫਰਵਰੀ, ੧੮੪੮ ਨੂੰ ਜੀਵਨ ਸਿੰਘ ਨੇ ਲਾਰਡ ਡਲਹੌਜ਼ੀ ਕੋਲ ਪ੍ਰਾਰਥਨਾ ਕੀਤੀ, “ਮਹਾਰਾਣੀ ਨਹੀਂ ਜਾਣਦੀ ਕਿ ਉਸ ਨਾਲ ਏਨਾ ਕਠੋਰ ਵਰਤਾਓ ਕਿਉਂ ਕੀਤਾ ਜਾ ਰਿਹਾ ਹੈ। ਜੇ ਰੈਜ਼ੀਡੈਂਟ ਨੂੰ ਕਿਸੇ ਖੜਯੰਤੁ ਦਾ ਸ਼ੱਕ ਹੈ, ਤਾਂ ਮੁਕੱਦਮਾ ਚਲਾ ਕੇ ਪੜਤਾਲ ਕਰ ਲਈ ਜਾਵੇ । ਮਹਾਰਾਣੀ ਨਿਰਦੋਸ਼ ਹੈ। ਉਸ ਨਾਲ ਰਾਜ-ਮਾਤਾ ਵਾਲਾ ਸਲੂਕ ਕੀਤਾ ਜਾਵੇ ਤੇ ਉਸਨੂੰ ਆਪਣੇ ਸਾਕ ਸੰਬੰਧੀਆਂ ਨੂੰ ਮਿਲਣ ਦੀ ਖੁੱਲ੍ਹ ਦਿਤੀ ਜਾਵੇ । ਰੈਜ਼ੀਡੈਂਟ ਨੇ ਉਸ ਦੇ ਰਖਵਾਲੇ ਹਾਕਮ, ਉਸ ਦੇ ਵੈਰੀ ਸਰਦਾਰ ਲਾਏ ਹਨ । ਕਿਰਪਾ ਕਰ ਕੇ ਕਿਸੇ ਨੇਕ ਅੰਗਰੇਜ਼ ਅਫਸਰ ਨੂੰ ਉਸ ਦਾ ਰਖਵਾਲਾ ਬਣਾਇਆ ਜਾਵੇ ।”
ਡਲਹੌਜ਼ੀ ਦਾ ਉਤਰ
ਇਸ ਦਾ ਉੱਤਰ ੧੮ ਫਰਵਰੀ ਨੂੰ ਡਲਹੌਜ਼ੀ ਵੱਲੋਂ ਮਿਲਿਆ, “ਸਰਕਾਰ ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਲ ਨਹੀਂ ਮੰਨਦੀ । ਉਸ ਨੇ ਜੋ ਕੁਛ ਕਹਿਣਾ ਹੋਵੇ, ਰੈਜ਼ੀਡੈਂਟ ਰਾਹੀਂ ਕਹੇ ।” ਵਾਹ ! ਕਿਆ ਸੋਹਣਾ ਉੱਤਰ ਹੈ । ਜਿਸ ਹਾਕਮ ਵਿਰੁੱਧ ਮਹਾਰਾਣੀ ਨੂੰ ਕੋਈ ਰੋਸ ਹੈ, ਓਸੇ ਰਾਹੀਂ ਬੇਨਤੀ ਕਰੇ ।
ਜੀਵਨ ਸਿੰਘ ਨੇ ਫਿਰ ਯਤਨ ਕਰ ਕੇ ੨੩ ਫਰਵਰੀ ਨੂੰ ਡਲਹੌਜ਼ੀ ਪਾਸ ਫਰਿਆਦ ਕੀਤੀ, “ਆਪ ਆਪਣੇ ਬੀਤ ਚੁੱਕੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ-ਪਤਨੀ ਤੇ ਆਪਣੇ ਆਸਰੇ ਥੱਲੇ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਇਨਸਾਫ ਕਰੋ ।” ਅੱਗੋਂ ਡਲਹੌਜ਼ੀ ਨੇ ਬੜੇ ਕੌੜੇ ਸ਼ਬਦਾਂ ਵਿਚ ਉੱਤਰ ਦਿੱਤਾ, “ਮਹਾਰਾਣੀ ਜਿੰਦਾਂ ਨੇ ਆਪਣੇ ਆਪ ਨੂੰ ਰਣਜੀਤ ਸਿੰਘ ਦੀ ਵਿਧਵਾ ਤੇ ਵਰਤਮਾਨ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਕਹਿ ਕੇ ਮੇਰੇ ਪਾਸ ਪ੍ਰਾਰਥਨਾ ਕੀਤੀ ਹੈ, ਇਸ ਵਾਸਤੇ ਉਹ ਮੈਥੋਂ ਕਿਸੇ ਗੱਲ ਦੀ ਆਸ ਨਾ ਰੱਖੇ ।” ਮਾਨੋ, ਰਣਜੀਤ ਸਿੰਘ ਦੀ ਰਾਣੀ ਤੇ ਦਲੀਪ ਸਿੰਘ ਦੀ ਮਾਤਾ ਕਹਿ ਕੇ ਜਿੰਦਾਂ ਨੇ ਉਹ ਪਾਪ ਕੀਤਾ ਹੈ, ਜਿਸ ਦੀ ਮਾਫੀ ਡਲਹੌਜ਼ੀ ਦੀ ਦਰਗਾਹ ਵਿਚ ਬਿਲਕੁਲ ਨਹੀਂ ਸੀ । ਵਿਚਾਰਾ ਜੀਵਨ ਸਿੰਘ ਟੱਕਰਾਂ ਮਾਰ ਕੇ ਨਿਰਾਸ ਮੁੜ ਆਇਆ ।
ਮੁਲਤਾਨ ਬਗ਼ਾਵਤ
ਅਪ੍ਰੈਲ, ੧੮੪੮ ਈ. ਵਿਚ ਮੁਲਤਾਨ ਬਗਾਵਤ ਹੋ ਗਈ । ਕੁਛ ਨਾਮ- ਕਟੇ ਸਿਪਾਹੀਆਂ ਨੇ ਦੋ ਅੰਗਰੇਜ਼ ਅਫਸਰ ਕਤਲ ਕਰ ਦਿੱਤੇ । ਮੁਲਰਾਜ ਵੀ ਬਾਗੀਆਂ ਤੋਂ ਡਰਦਾ ਉਹਨਾਂ ਨਾਲ ਮਿਲ ਗਿਆ । ਰੈਜ਼ੀਡੈਂਟ ਕਰੀ ਤੇ ਡਲਹੌਜ਼ੀ ਨੇ ਜਾਣ ਬੁਝ ਕੇ ਉਸ ਬਗਾਵਤ ਨੂੰ ਨਾ ਦਬਾਇਆ, ਜੋ ਸਹਿਜ-ਸਹਿਜ ਬਹੁਤ ਵਧ ਗਈ ।
ਗੰਗਾ ਰਾਮ ਤੇ ਕਾਹਨ ਸਿੰਘ ਨੂੰ ਫਾਂਸੀ
੮ ਮਈ, ੧੮੪੮ ਈ. ਨੂੰ ਲਾਹੌਰ ਦੇ ਅੰਗਰੇਜ਼ ਅਫਸਰਾਂ ਤੇ ਖਾਸ ਕਰ ਰੈਜ਼ੀਡੈਂਟ ਦੇ ਵਿਰੁੱਧ ਇਕ ਸਾਜ਼ਸ਼ ਪਕੜੀ ਗਈ, ਜਿਸ ਦੇ ਗੁਨਾਹ ਵਿਚ ਮਹਾਰਾਣੀ ਦੇ ਵਕੀਲ ਗੰਗਾ ਰਾਮ ਤੇ ਇਕ ਸਿੱਖ ਫੌਜ ਦੇ ਨਾਮ-ਕਟੇ ਕਰਨਲ ਸ: ਕਾਹਨ ਸਿੰਘ ਨੂੰ ਫਾਂਸੀ ਦਿੱਤੀ ਗਈ। ਇਸ ਵਿਚ ਮਹਾਰਾਣੀ ਦਾ ਹੱਥ ਵੀ ਸਮਝਿਆ ਗਿਆ। ਮਹਾਰਾਣੀ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ, ਤੇ ਕਿਹਾ ਕਿ ਖੁੱਲ੍ਹੀ ਅਦਾਲਤ ਵਿਚ ਮੁਕੱਦਮਾ ਚਲਾ ਕੇ ਇਸ ਗੱਲ ਦਾ ਇਨਸਾਫ ਕੀਤਾ ਜਾਵੇ । ਪਰ ਰੈਜ਼ੀਡੈਂਟ ਕੋਲ ਮਹਾਰਾਣੀ ਦੇ ਗੁਨਾਹੀਂ ਹੋਣ ਦਾ ਸਬੂਤ ਕੋਈ ਨਹੀਂ ਸੀ, ਇਸ ਵਾਸਤੇ ਉਸ ਨੇ ਮੁਕੱਦਮਾ ਨਾ ਚਲਾਇਆ । ਇਕ ਚਿੱਠੀ ਵਿਚ ਰੈਜ਼ੀਡੈਂਟ ਗਵਰਨਰ-ਜੈਨਰਲ ਨੂੰ ਲਿਖਦਾ ਹੈ,“ਖੁੱਲ੍ਹੇ ਤੌਰ ’ਤੇ ਰਣਜੀਤ ਸਿੰਘ ਦੀ ਵਿਧਵਾ (ਦੇ ਮੁਕੱਦਮੇ) ਦਾ ਵਿਚਾਰ ਹੋਣਾ, ਪੰਜਾਬ ਦੇ ਲੋਕਾਂ ਨੂੰ ਚੁਭੇਗਾ ।” ਮੁਕੱਦਮਾ ਚਲਾਉਣਾ—ਜਿਸ ਵਿਚ ਮਹਾਰਾਣੀ ਨੇ ਨਿਰਦੋਸ਼ ਸਿੱਧ ਹੋਣਾ ਸੀ—ਤਾਂ ਚੁਭਣਾ ਸੀ, ਪਰ ਚੁੱਪ-ਚਾਪ ਦੇਸ-ਨਿਕਾਲਾ ਦੇਣਾ ਕੀ ਚੁਭਣਾ ਸੀ ? ਸੋ ਹੁਕਮ ਦੇ ਦਿੱਤਾ ।
ਜਿੰਦਾਂ ਨੂੰ ਦੇਸ-ਨਿਕਾਲਾ
ਜਿੰਦਾਂ ਦੇ ਦੇਸ਼-ਨਿਕਾਲੇ ਦੇ ਕਾਗਜ਼ ਉੱਤੇ ਕੌਂਸਲ ਦੇ ਤਿੰਨ ਮੈਂਬਰਾਂ ਦੇ ਦੂਸਤਖਤ ਕਰਾਏ ਗਏ : ਇਕ ਸਿੱਖ ਤੇਜ ਸਿੰਘ (ਮਹਾਰਾਣੀ ਦਾ ਸਭ ਤੋਂ ਵੱਡਾ ਵੈਰੀ), ਇਕ ਮੁਸਲਮਾਨ ਫਕੀਰ ਨੂਰ ਦੀਨ ਤੇ ਇਕ ਮੈਂਬਰ ਰਾਜਾ ਸ਼ੇਰ ਸਿੰਘ ਦੀ ਥਾਂ ਉੱਤੇ ਉਹਦੇ ਭਰਾ ਗੁਲਾਬ ਸਿੰਘ ਦੇ ਦਸਤਖਤ ਕਰਾਏ ਗਏ । (ਕਿਉਂ ? ਹੈ ਕਿ ਨਾ ਰੈਜ਼ੀਡੈਂਟ ਕਰੀ ਦਾ ਘਰੋਗੀ ਕਾਨੂੰਨ । ਜੇ ਮੈਂਬਰ ਨਹੀਂ ਤਾਂ ਉਹਦੇ ਭਰਾ ਤੋਂ ਦਸਤਖਤ ਕਰਾ ਲਏ) ਇਸ ਵਿਚ ਇਹ ਵੀ ਲਿਖ ਦਿੱਤਾ ਗਿਆ ਕਿ ਜੇ ਬਨਾਰਸ ਵਿਚ ਜਿੰਦਾਂ ਕੋਈ ਹੋਰ ਸਾਜ਼ਸ਼ ਰਚੇਗੀ, ਤਾਂ ਉਹਨੂੰ ਚੁਨਾਰ ਵਿਚ ਕੈਦ ਕੀਤਾ ਜਾਏਗਾ, ਜੋ ਕੈਦ ਉਸ ਨਾਲੋਂ ਵੀ ਸਖਤ ਹੋਵੇਗੀ ।
੧੪ ਮਈ, ੧੮੪੮ ਈ: ਨੂੰ ਰੈਜ਼ੀਡੈਂਟ ਦਾ ਹੁਕਮ ਲੈ ਕੇ ਅਫਸਰ ਜਿੰਦ ਕੌਰ ਕੋਲ ਸ਼ੇਖੂਪੁਰੇ ਪੁੱਜੇ । ਲਿਖਿਆ ਸੀ, “ਮੈਂ ਆਪਣੇ ਅਫਸਰਾਂ—ਕਪਤਾਨ ਲਿਮਸਡਨ ਤੇ ਲੈਫਟੀਨੈਂਟ ਹੁਡਸਨ ਦੇ ਨਾਲ ਕੁਛ ਇਤਬਾਰੀ ਪਤਵੰਤੇ ਸਰਦਾਰ ਭੇਜਦਾ ਹਾਂ । ਇਹ ਲੋਕ ਆਪ ਨੂੰ ਸ਼ੇਖੂਪੁਰਿਓਂ ਬਾਹਰ ਜਾਣ ਬਾਰੇ ਜੋ ਕੁਛ ਕਹਿਣ, ਬਿਨਾ ਦੇਰ ਆਪ ਨੇ ਓਹਾ ਕਰਨਾ । ਇਹ ਆਪ ਨੂੰ ਆਦਰ ਨਾਲ ਲੈ ਜਾਣਗੇ । ਆਪ ਦਾ ਕਿਸੇ ਤਰ੍ਹਾਂ ਦਾ ਅਪਮਾਨ ਕਰਨਾ, ਜਾਂ ਸਰੀਰਕ ਦੁੱਖ ਦੇਣਾ ਸਾਡਾ ਭਾਵ ਨਹੀਂ” ।” ਬਾਲਕ ਮਹਾਰਾਜੇ ਦੀ ਮੋਹਰ ਵਾਲੀ ਇਹ ਚਿੱਠੀ ਜਿੰਦਾਂ ਨੂੰ ਦਿੱਤੀ ਗਈ । ਉਸ ਨੇ ਇਸ ਭਾਵੀ ਦੇ ਸਾਹਮਣੇ ਵੀ ਸਿਰ ਝੁਕਾ ਦਿੱਤਾ । ਬੜੇ ਧੀਰਜ ਨਾਲ ਉਸ ਨੇ ਹੁਕਮ ਪੜ੍ਹਿਆ ਤੇ ਲਿਮਸਡਨ ਨੂੰ ਪੁੱਛਿਆ, “ਦੱਸੋ ਮੈਨੂੰ ਕਿਥੇ ਲੈ ਜਾਓਗੇ ?” ਅੱਗੋਂ ਲਿਮਸਡਨ ਨੇ ਉੱਤਰ ਦਿੱਤਾ, “ਮੈਨੂੰ ਇਹ ਦੱਸਣ ਦੀ ਆਗਿਆ ਨਹੀਂ । ਹਾਂ, ਇਹ ਕਹਿ ਸਕਦਾ ਹਾਂ ਕਿ ਮਹਾਰਾਣੀ ਦੀ ਰੱਖਿਆ ਦਾ ਭਾਰ ਮੇਰੇ ਸਿਰ ਹੈ । ਸੋ, ਆਪ ਨੂੰ ਬੜੇ ਆਦਰ ਤੇ ਇੱਜ਼ਤ ਨਾਲ ਲਿਜਾਇਆ ਜਾਏਗਾ ।” ਅੱਗੋਂ ਮਹਾਰਾਣੀ ਨੇ ਫਿਰ ਕਿਹਾ, “ਹੁਣ ਆਦਰ ਤੇ ਇੱਜ਼ਤ ਦੀ ਗੱਲ ਛੱਡੋ । ਮੈਂ ਏਨਾ ਹੀ ਪੁੱਛਦੀ ਹਾਂ ਕਿ ਮੈਨੂੰ ਕਿੱਥੇ ਲੈ ਜਾਓਗੇ ?” ਅਫਸੋਸ! ਇਸ ਗੱਲ ਦਾ ਉੱਤਰ ਮਹਾਰਾਣੀ ਨੂੰ ਨਾ ਹੀ ਦਿੱਤਾ ਗਿਆ ।
੧੫ ਮਈ, ੧੮੪੮ ਈ: ਨੂੰ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿਚੋਂ ਕੱਢ ਕੇ ਲੈ ਤੁਰੇ । ਸੁਣੀਦਾ ਹੈ, ਉਸ ਨੂੰ ਲਾਹੌਰ ਜਾਣ ਵਾਸਤੇ ਦੱਸਿਆ ਗਿਆ ਸੀ । ਇਕ ਪਾਸੇ ਉਸ ਦੇ ਦਿਲ ਵਿਚ ਇਸ ਤਰ੍ਹਾਂ ਦੇ ਖਿਆਲ ਉਠ ਰਹੇ ਸਨ, ਭਾਵੇਂ ਮੇਰੀ ਕੈਦ ਅੱਗੇ ਨਾਲੋਂ ਕਰੜੀ ਹੀ ਹੋ ਜਾਏ, ਪਰ ਲਾਹੌਰ ਵਿਚ ਮੈਂ ਕਦੇ ਨਾ ਕਦੇ ਆਪਣੇ ਪੁੱਤਰ ਨੂੰ ਤਾਂ ਦੇਖ ਲਿਆ ਕਰਾਂਗੀ । ਜੇ ਸ਼ਾਹਦੀ ਨਹੀਂ, ਤਾਂ ਚੋਰੀ ਹੀ ਸਹੀ। ਮੈਂ ਆਪਣੇ ਪੁੱਤਰ ਨੂੰ ਵੇਖਣ ਵਾਸਤੇ ਦੁਨੀਆਂ ਦੇ ਸਾਰੇ ਦੁੱਖ ਸਹੇੜ ਸਕਦੀ ਹਾਂ । ਤੇ ਦੂਜੇ ਪਾਸੇ ਉਹਦੇ ਦਿਲ ਵਿਚ ਇਹ ਡਰ ਵੀ ਸੀ, ਕਿ ‘ਕੀ ਜਾਣਾ ? ਮੇਰੇ ਨਾਲ ਵੀ ਗੰਗਾ ਰਾਮ ਵਾਲਾ ਹੱਥ ਹੋਵੇ ।’
ਜਿਸ ਵੇਲੇ ਲਾਹੌਰੋਂ ਅਗ੍ਹਾਂ ਵੀਰੋਜ਼ਪੁਰ ਵੱਲ ਵਧੇ, ਤਾਂ ਜਿੰਦ ਕੌਰ ਨੇ ਰਾਹ ਪਛਾਣ ਕੇ ਲਿਮਸਡਨ ਨੂੰ ਕੋਲ ਬੁਲਾ ਕੇ ਪੁੱਛਿਆ, “ਲਾਹੌਰ ਲੈ ਜਾਣ ਦੀ ਥਾਂ ਤੁਸੀਂ ਮੈਨੂੰ ਕਿੱਥੇ ਲੈ ਜਾ ਰਹੇ ਹੋ ? ਅਸੀਂ ਹੁਣ ਫੀਰੋਜ਼ਪੁਰ ਵਾਲੀ ਸੜਕ ‘ਤੇ ਜਾ ਰਹੇ ਮਾਲੂਮ ਹੁੰਦੇ ਹਾਂ।”
ਲਿਮਸਡਨ ਨੇ ਇਕ ਰੁੱਖੀ ਜੇਹੀ ਮੁਸਕਰਾਹਟ ਤੋਂ ਬਿਨਾਂ ਇਸ ਗੱਲ ਦਾ ਕੋਈ ਉੱਤਰ ਨਾ ਦਿੱਤਾ ।
ਜਿੰਦਾਂ ਸਤਲੁਜ ਦੇ ਕੰਢੇ ‘ਤੇ
ਜਿਸ ਵੇਲੇ ਸਤਲੁਜ ਦੇ ਪੱਤਣ ‘ਤੇ ਪੁੱਜੀ, ਤਾਂ ਜਿੰਦ ਕੌਰ ਸਭ ਕੁਝ ਸਮਝ ਗਈ, ਕਿ ਉਹਨੂੰ ਕਿੱਥੇ ਲੈ ਜਾ ਰਹੇ ਨੇ । ਦਰਿਆ ਦੇ ਉਰਾਰਲੇ ਕੰਢੇ ‘ਤੇ ਉਹ ਜ਼ਰਾ ਕੁ ਅਝਕ ਗਈ । ਇਸ ਵੇਲੇ ਉਹਦੇ ਖਿਆਲਾਂ ਵਿਚ ਤੂਫਾਨ ਮੱਚ ਰਿਹਾ ਸੀ । ਉਹਦੇ ਇਕ ਪਾਸੇ ਉਹਦਾ ਆਪਣਾ ਦੇਸ਼, ਆਪਣਾ ਰਾਜ, ਆਪਣੀ ਪਰਜਾ ਤੇ ਦੂੱਜੇ ਪਾਸੇ ਸਭ ਕੁਝ ਦੁਸ਼ਮਣ ਦਾ । ਉਸ ਦਾ ਸਵਾਮੀ ਦਾ ਸੱਲ, ਪੁੱਤਰ ਦਾ ਵਿਛੋੜਾ, ਰਾਜ ਭਾਗ ਦਾ ਤਿਆਗ, ਸਭ ਕੁਝ ਦੇਸ-ਨਿਕਾਲੇ ਦੇ ਗਮ ਹੇਠ ਦੱਬਿਆ ਗਿਆ । ਉਹ ਨਿਰ੍ਹਾ ਟਿਕਾਈ ਸਤਲੁਜ ਦੇ ਵਗਦੇ ਪਾਣੀ ਵੱਲੇ ਵੇਖ ਰਹੀ ਸੀ । ਇਸ ਵੇਲੇ ਸੂਰਜ ਛਿਪ ਰਿਹਾ ਸੀ, ਮਾਨੋਂ ਉਸ ਦੇ ਆਪਣੇ ਰਾਜ ਦਾ ਸੂਰਜ ਓਪਰੀ ਸਰਕਾਰ ਦੀ ਹੱਦ ਅੰਦਰ ਉਹਦੇ ਨਾਲ ਨਹੀਂ ਸੀ ਜਾਣਾ ਚਾਹੁੰਦਾ ।
ਡੁੱਬਦੇ ਸੂਰਜ ਦੀਆਂ ਟੇਢੀਆਂ ਕਿਰਣਾਂ ਪਾਣੀ ‘ਤੇ ਪੈ ਕੇ ਲਹਿਰਾਂ ਵਿਚ ਅੱਗ ਲਾ ਰਹੀਆਂ ਸਨ । ਜਿੰਦਾਂ ਦੀ ਛਾਤੀ ਵਿਚ ਭਖਦੇ ਅੰਗਿਆਰਾਂ ਵਾਂਗ, ਲਹੂ-ਵੰਨੇ ਬੁਲਬੁਲੇ ਦੁਖੀ ਦਿਲ ਦੇ ਛਾਲਿਆਂ ਵਾਂਗ ਭਰ-ਭਰ ਫਿਸਦੇ ਸਨ । ਮਹਾਰਾਣੀ ਨੂੰ ਸਤਲੁਜ ਦੀਆਂ ਲਹਿਰਾਂ ਵਿਚ ਸਭਰਾਵਾਂ ਦੇ ਮੈਦਾਨ ਅੰਦਰ ਸ਼ਹੀਦ ਹੋਏ ਸ: ਸ਼ਾਮ ਸਿੰਘ ਵਰਗਿਆਂ ਦਾ ਲਹੂ ਵਗਦਾ ਨਜ਼ਰ ਆ ਰਿਹਾ ਸੀ, ਜਿਸ ਵਿਚ ਸਿੱਖਾ-ਸ਼ਾਹੀ ਦਾ ਤਾਜ ਡੁੱਬਦਾ ਨਜ਼ਰ ਆ ਰਿਹਾ ਸੀ।
ਇਸ ਮਨਹੂਸ ਦਿਹਾੜੇ ਪੰਜਾਬ ਤੋਂ ਬਾਹਰ ਪੈਰ ਧਰਿਆ ਤੇ ਫਿਰ ਪਰਤ ਕੇ ਇਸ ਪਵਿੱਤਰ ਦੇਸ ਦੀ ਧੂੜੀ ਪਰਸਣੀ ਨਸੀਬ ਨਾ ਹੋਈ । ਕੁਝ ਦਿਨ ਫੀਰੋਜ਼ਪੁਰ ਰੱਖ ਕੇ, ਮਹਾਰਾਣੀ ਬਨਾਰਸ ਭੇਜ ਦਿੱਤੀ ਗਈ ।
ਰੈਜ਼ੀਡੈਂਟ ਦੀ ਰਿਪੋਰਟ
ਅਗਲੇ ਦਿਨ,੧੮ ਮਈ, ੧੮੪੮ ਈ: ਨੂੰ ਰੈਜ਼ੀਡੈਂਟ ਨੇ ਲਿਖਿਆ, “ਮਹਾਰਾਜ ਦਲੀਪ ਸਿੰਘ ਦੀ ਮਾਤਾ, ਮਹਾਰਾਣੀ ਜਿੰਦ ਕੌਰ ਨੂੰ ਕੱਲ੍ਹ ਲੌਢੇ ਵੇਲੇ ਮੇਰੇ ਹੁਕਮ ਨਾਲ ਸ਼ੇਖੂਪੁਰ ਦੇ ਕਿਲ੍ਹੇ ‘ਚੋਂ ਕੱਢ ਕੇ, ਅਫਸਰਾਂ ਦੀ ਨਿਗਰਾਨੀ ਅੰਦਰ ਫੀਰੋਜ਼ਪੁਰ ਨੂੰ ਤੋਰ ਦਿੱਤਾ ਗਿਆ । ਮਹਾਰਾਣੀ ਦਾ ਪੰਜਾਬ ਵਿਚੋਂ ਦੇਸ਼-ਨਿਕਾਲਾ ਤੇ ਗਵਰਨਰ-ਜੈਨਰਲ ਦੇ ਏਜੰਟ ਦੀ ਨਿਗਰਾਨੀ ਵਿਚ ਬਨਾਰਸ ਵਿਚ ਨਜ਼ਰਬੰਦੀ ਤੇ ਉਹਦੀ ਕੈਦ, ਅਤੇ ਬੰਦਸ਼ਾਂ ਲਾਉਣੀਆਂ, ਤਾਂ ਕਿ ਉਹ ਅੱਗੋਂ ਲਈ ਕੋਈ ਸਾਜ਼ਸ਼ ਜਾਂ ਚਿੱਠੀ ਪੱਤਰ ਨਾ ਕਰ ਸਕੇ, ਮੇਰੇ ਖਿਆਲ ਵਿਚ ਸਭ ਤੋਂ ਚੰਗਾ ਢੰਗ ਹੈ, ਜੋ ਅਸਾਂ ਇਸ ਵੇਲੇ ਵਰਤਿਆ ਹੈ”।” ਅੱਗੇ ਫਿਰ ਆਪਣੀ ਰਿਪੋਰਟ ਵਿਚ ਰੈਜ਼ੀਡੈਂਟ ਲਿਖਦਾ ਹੈ, “ਚੰਗੇ ਭਾਗਾਂ ਨੂੰ ਰਤਾ ਵੀ ਵਿਰੋਧਤਾ ਨਹੀਂ ਹੋਈ । ਸਾਰੇ ਲੋਕ ਰਜ਼ਾਮੰਦੀ ਤੇ ਭਲਮਣਸਊ ਪ੍ਰਗਟ ਕਰ ਰਹੇ ਸਨ, ਤੇ ਇਹ ਦਿਨ (ਰਜ਼ਾਮੰਦੀ ਤੇ ਭਲਮਣਸਊ) ਉਹਨਾਂ ਮੌਤਾਂ ਦਾ ਨਤੀਜਾ ਸੀ, ਜੋ ਕੁਛ ਦਿਨ ਪਹਿਲਾਂ (ਗੰਗਾ ਰਾਮ ਤੇ ਕਾਹਨ ਸਿੰਘ ਨੂੰ) ਫਾਂਸੀ ਦੇਣ ਨਾਲ ਹੋਈਆਂ P” ਪਿਛਲੇ ਖਤ ਵਿਚ ਰੈਜ਼ੀਡੈਂਟ ਪ੍ਰਗਟ ਕਰਦਾ ਹੈ, ਕਿ ਉਸ ਦਾ ਏਹਾ ਕਿਆਸ ਸੀ, ਕਿ ਮਹਾਰਾਣੀ ਵੀ ਖਿਆਲ ਕਰੇਗੀ ਕਿ ਉਸ ਨੂੰ ਵੀ ਓਸੇ ਬਦਕਿਸਮਤੀ ਦਾ ਮੂੰਹ ਵੇਖਣਾ ਪਵੇਗਾ, ਜੋ ਉਸ ਦੇ ਨਿੱਜੀ ਵਕੀਲ ਮੁਨਸ਼ੀ ਗੰਗਾ ਰਾਮ ਨੇ ਵੇਖਿਆ, ਜਿਸ ਨੂੰ ਕੁਛ ਦਿਨ ਪਹਿਲਾਂ ਫਾਂਸੀ ਦਿੱਤਾ ਗਈ ਸੀ*।
ਏਸ ਘਟਨਾ ਉਤੇ ਵਿਚਾਰ ਪ੍ਰਗਟ ਕਰਦਾ ਹੋਇਆ ਈਵਾਨਸ ਬੈੱਲ ਲਿਖਦਾ। ਹੈ,“ਇਸ ਤਰ੍ਹਾਂ ਮਹਾਰਾਜੇ ਦੀ ਮਾਤਾ ਤੇ ਸਾਡੇ ਸਾਥੀ (ਰਣਜੀਤ ਸਿੰਘ) ਦੀ ਵਿਧਵਾ ਨੂੰ ਦੋ ਅੰਗਰੇਜ਼ ਅਫਸਰਾਂ ਤੇ ਇਕ ਮੁਸਲਮਾਨ ਸਰਦਾਰ ਦੀ ਕਰੜੀ ਨਿਗਰਾਨੀ ਹੇਠਾਂ, ਫਾਂਸੀ ਦੇ ਝੱਟ-ਪੱਟ ਦੇ ਤਕੜੇ ਡਰ ਵਿਚ ਦੇਸ-ਨਿਕਾਲਾ ਦਿੱਤਾ ਗਿਆ । ਅੰਗਰੇਜ ਅਫਸਰਾਂ ਨੇ ਇਹ ਢੰਗ ਏਸ ਵਾਸਤੇ ਅਖਤਿਆਰ ਕੀਤਾ, ਕਿ ਪਤਵੰਤੇ ਘਰਾਣੇ ਦੀਆਂ ਇਸਤਰੀਆਂ ਦੀ ਇੱਜ਼ਤ ਵਿਚ ਅਕਾਰਣ ਦਖਲ ਦੇਣ ਨਾਲ ਗੁਸੈਲ ਸਿੱਖ ਸਿਪਾਹੀਆਂ ਤੇ ਆਮ ਲੋਕਾਂ ਦੇ ਜਜ਼ਬਾਤ ਭੜਕ ਪੈਣਗੇ।” ਸੋ ਓਹਾ ਗੱਲ ਹੋਈ ।
ਜਿੰਦਾਂ ਦੇ ਦੇਸ-ਨਿਕਾਲੇ ਦਾ ਲੋਕਾਂ ‘ਤੇ ਅਸਰ
ਡਲਹੌਜ਼ੀ ਤੇ ਕਰੀ ਦੀ ਮਨ ਦੀ ਮੁਰਾਦ ਪੂਰੀ ਹੋਈ । ਮਹਾਰਾਣੀ ਦੇ ਦੇਸ- ਨਿਕਾਲੇ ਦੀ ਖਬਰ ਸੁਣ ਕੇ, ਥਾਂ ਥਾਂ ਸਿਪਾਹੀ ਭੜਕ ਉਠੇ, ਤੇ ਮੁਲਤਾਨ ਦੀ ਛੋਟੀ ਜਿਹੀ ਬਗ਼ਾਵਤ ਇਕ ਵੱਡਾ ਬਲਵਾ ਬਣ ਗਈ ।
੨੫ ਮਈ, ੧੮੪੮ ਈ: ਨੂੰ ਰੈਜ਼ੀਡੈਂਟ, ਗਵਰਨਰ-ਜੈਨਰਲ ਨੂੰ ਲਿਖਦਾ ਹੈ, “ਰਾਜਾ ਸ਼ੇਰ ਸਿੰਘ ਦੇ ਡੇਰੇ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਮਹਾਰਾਣੀ ਦੇ ਦੇਸ- ਨਿਕਾਲੇ ਦੀ ਖਬਰ ਸੁਣ ਕੇ ਖਾਲਸਾ ਫੌਜ ਬੜੀ ਬੇਚੈਨ ਹੋ ਰਹੀ ਹੈ । ਸਿਪਾਹੀ ਆਖਦੇ ਨੇ, ਮਹਾਰਾਣੀ ਖਾਲਸਾ ਫੌਜ ਦੀ ਮਾਤਾ ਹੈ । ਜਦ ਉਹ (ਜਿੰਦਾਂ) ਤੇ ਬਾਲਕ ਦਲੀਪ ਸਿੰਘ ਹੀ ਉਹਨਾਂ ਤੋਂ ਦੂਰ ਕਰ ਦਿੱਤੇ ਗਏ ਨੇ, ਤਾਂ ਉਹ ਕੀਹਦੇ ਬਦਲੇ ਲੜਨ ? ਹੁਣ ਉਹਨਾਂ ਨੂੰ ਮੂਲ ਰਾਜ ਦੀ ਵਿਰੋਧਤਾ ਕਰਨ ਦੀ ਲੋੜ ਨਹੀਂ । ਜੇ ਮੂਲ ਰਾਜ ਨੇ ਉਹਨਾਂ ਉੱਤੇ ਹਮਲਾ ਕੀਤਾ, ਤਾਂ ਉਹ ਸਰਦਾਰਾਂ ਨੂੰ ਫੜ ਲੈਣਗੇ ਤੇ ਮੂਲ’ ਰਾਜ ਨਾਲ ਮਿਲ ਜਾਣਗੇ ।”
ਈਵਾਨਸ ਬੈੱਲ ਆਪਣੀ ਕਿਤਾਬ ਦੇ ਪੰਨਾ ੧੫ ਉੱਤੇ ਲਿਖਦਾ ਹੈ, “ਰਾਜਾ ਸ਼ੇਰ ਸਿੰਘ ਦੇ ਡੇਰੇ ਵਿਚ ਜੋ ਘਿਰਣਾ ਤੇ ਬੇਚੈਨੀ ਵੱਧ ਗਈ ਹੈ, ਉਸ ਨੂੰ ਖਾਸ ਥਾਂ ਦਿੱਤੀ ਜਾਂਦੀ ਹੈ । ਪੰਜਾਬ ਦੇ ਸਾਰੇ ਵਸਨੀਕਾਂ ਨੂੰ, ਸਭ ਸਿੱਖਾਂ ਨੂੰ, ਅਸਲ ਵਿਚ ਸਾਰੀ ਦੁਨੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਕਿੰਨੀਆਂ ਨਾਵਾਜਬ ਸਖ਼ਤੀਆਂ, ਧੱਕੇ ਤੇ ਜ਼ੁਲਮ ਨਾਲ ਫਰੰਗੀਆਂ ਨੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਬੁਰਾ ਵਰਤਾਉ ਕੀਤਾ ਹੈ ।”
“ਆਪਣੀ ਪਰਜਾ ਦੀ ਮਾਤਾ ਮਹਾਰਾਣੀ ਨੂੰ ਕੈਦ ਕਰਕੇ ਹਿੰਦੁਸਤਾਨ ਵਿਚ ਭੇਜਣ ਨਾਲ ਅੰਗਰੇਜ਼ਾਂ ਨੇ ਸੁਲ੍ਹਾ ਤੋੜ ਦਿੱਤੀ ਹੈ? ।”
ਕਾਬਲ ਦਾ ਹਾਕਮ ਦੋਸਤ ਮੁਹੰਮਦ ਖਾਨ, ਐਬਟ ਨੂੰ ਲਿਖਦਾ ਹੈ, “ਏਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਦਿਨੋਂ-ਦਿਨ ਬੜੇ ਬੇਚੈਨ ਹੋ ਰਹੇ ਹਨ । ਕਈਆਂ ਨੂੰ ਨੌਕਰੀਆਂ ਤੋਂ ਹਟਾ ਦਿੱਤਾ ਗਿਆ ਹੈ, ਤੇ ਖਾਸ ਕਰ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨੂੰ ਕੈਦ ਵਿਚ ਸੁੱਟਿਆ ਗਿਆ ਤੇ ਉਸ ਨਾਲ ਬੁਰਾ ਸਲੂਕ ਕੀਤਾ ਗਿਆ ਹੈ। ਐਹੋ ਜੇਹੇ ਵਰਤਾਉ ਨੂੰ ਸਾਰੇ ਮਜ਼੍ਹਬਾਂ ਦੇ ਲੋਕ ਬੁਰਾ ਸਮਝਦੇ ਹਨ, ਤੇ ਸਾਰੇ ਅਮੀਰ ਗਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ ।”
ਐਡਵਿਨ ਆਰਨੋਲਡ ਲਿਖਦਾ ਹੈ, “ਮਹਾਰਾਣੀ ਨੂੰ ਆਪਣੇ ਬਾਲਕ ਪੁੱਤਰ ਤੇ ਪਰਜਾ ਪਾਸੋਂ ਦੂਰ ਕਰਨ ‘ਤੇ ਸਿੱਖਾਂ ਨੇ ਜਿੰਨਾ ਰੋਸ ਪ੍ਰਗਟ ਕੀਤਾ, ਉਸ ਨਾਲੋਂ ਕਿਤੇ ਵਧੇਰੇ ਆਪਣੇ ਹਿਰਦਿਆਂ ਵਿਚ ਰੱਖਦੇ ਹਨ”।”
ਈਵਾਨਸ ਬੈੱਲ ਇਕ ਹੋਰ ਥਾਂ ਲਿਖਦਾ ਹੈ, “ਮਹਾਰਣੀ ਨੂੰ ਕੈਦ ਕਰਨ ਤੇ ਦੇਸ-ਨਿਕਾਲਾ ਦੇਣ ਬਾਰੇ ਲਾਰਡ ਡਲਹੌਜ਼ੀ ਦਾ ਐਲਾਨ ਅਮਨ ਬਹਾਲ ਰੱਖਣ ਦੇ ਤੌਰ ’ਤੇ ਨਹੀਂ, ਸਗੋਂ ਉਸ ਨੂੰ ਸਜ਼ਾ ਦੇ ਤੌਰ ‘ਤੇ ਸੀ । ਮੇਰੇ ਖਿਆਲ ਵਿਚ ਇਹ ਐਲਾਨ ਨਾ-ਵਾਜਬ, ਨਾ-ਮੁਨਾਸਬ ਤੇ ਬੇ-ਇਨਸਾਫੀ ਵਾਲਾ ਸੀ । ਰਾਣੀ ਦਾ ਦੇਸ-ਨਿਕਾਲਾ ਉਹਨਾਂ ‘ ਸਭ ਲੋਕਾਂ ਦੀਆਂ ਨਜ਼ਰਾਂ ਵਿਚ—ਜਿਨ੍ਹਾਂ ‘ ਦਾ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹੀ ਨਾਲ ਸੰਬੰਧ ਸੀ—ਇਕ ਕੌਮੀ ਹੱਤਕ ਸੀ, ਤੇ ਇਹ ਰਾਣੀ ਦੇ ਪੁੱਤਰ ਨੂੰ ਤਖਤ ਤੋਂ ਉਤਾਰਨ ਤੇ ਰਾਜ ਨੂੰ ਤਬਾਹ ਕਰਨ ਬਦਲੇ ਪਹਿਲਾ ਕਦਮ ਸੀ।”
ਸਿੱਧ ਹੋਇਆ ਕਿ ਮਹਾਰਾਣੀ ਦੇ ਦੇਸ-ਨਿਕਾਲੇ ਨੇ ਬਹੁਤ ਥਾਂਈਂ ਫੌਜਾਂ ਵਿਚ ਅੱਗ ਭੜਕਾ ਦਿੱਤੀ, ਤੇ ਜਿਥੇ ਅਜੇ ਅੱਗ ਭੜਕਣ ਵਿਚ ਕੁਛ ਦੇਰ ਸੀ, ਓਥੇ ਧੁਖ ਰਹੀ ਸੀ ।
ਜਿੰਦਾਂ ਬਨਾਰਸ ਵਿਚ
ਮਹਾਰਾਣੀ ਜਿੰਦ ਕੌਰ ਬਨਾਰਸ ਭੇਜ ਦਿੱਤੀ ਗਈ । ਉਸ ਦੀ ਪੈਨਸ਼ਨ ਦੂਜੀ ਵਾਰ ਘਟਾ ਦਿੱਤੀ ਗਈ । ਜਦ ਸ਼ੇਖੂਪੁਰੇ ਕੈਦ ਕੀਤੀ ਗਈ ਸੀ, ਤਾਂ ਡੂਢ ਲੱਖ ਸਾਲਾਨਾ ਦੀ ਥਾਂ ੪੮ ਹਜ਼ਾਰ ਸਾਲਾਨਾ ਕਰ ਦਿੱਤੀ ਸੀ, ਤੇ ਬਨਾਰਸ ਪਹੁੰਚਣ ‘ਤੇ ੧੨ ਹਜ਼ਾਰ (੧ ਹਜ਼ਾਰ ਮਾਹਵਾਰ) ਰਹਿਣ ਦਿੱਤੀ ਗਈ । ਕਿਹਾ ਗਿਆ, “ਮਹਾਰਾਣੀ ਆਪਣੇ ਨਾਲ ਬਹੁਤ ਸਾਰੇ ਗਹਿਣੇ ਤੇ ਨਕਦ ਰੁਪਇਆ ਲੈ ਗਈ ਹੈ ।” ਪਰ ਭਰੋਵਾਲ ਦੀ ਸੁਲ੍ਹਾ ਵੇਲੇ ਵੀ ਤਾਂ ਇਹ ਸਭ ਕੁਛ ਮਹਾਰਾਣੀ ਦੇ ਕੋਲ ਹੀ ਸੀ ? ਤੇ ਉਸ ਅਹਿਦਨਾਮੇ ਵਿਚ ਐਹੋ ਜੇਹੀ ਕੋਈ ਸ਼ਰਤ ਨਹੀਂ, ਜਿਸ ਨਾਲ ਮਹਾਰਾਣੀ ਦੀ ਪੈਨਸ਼ਨ ਘਟਾਈ ਜਾ ਸਕਦੀ । ਪਰ ਜਦੋਂ ਝਗੜਾ ਤਗੜੇ ਤੇ ਮਾੜੇ ਵਿਚ ਹੋਵੇ, ਓਦੋਂ ਅਹਿਦਨਾਮੇ ਦੇ ਕਾਗਜ਼, ਰੱਦੀ ਦੇ ਟੁਕੜਿਆਂ ਬਰਾਬਰ ਹੁੰਦੇ ਹਨ ।
ਬਨਾਰਸ ਵਿਚ ਮਹਾਰਾਣੀ ਦੀ ਨਿਗਰਾਨੀ ‘ਤੇ ਮੈਕਗ੍ਰੇਗਰ ਥਾਪਿਆ ਗਿਆ। ੩੦ ਜੂਨ, ੧੮੪੮ ਈ: ਨੂੰ ਰੈਜ਼ੀਡੈਂਟ ਨੇ ਜਿੰਦਾਂ ਬਾਰੇ ਮਗਰੋਂ ਚਿੱਠੀ ਲਿਖ ਘੱਲੀ, “ਸਾਜ਼ਸ਼ ਬਾਰੇ ਕੁਝ ਚਿੱਠੀਆਂ ਨੇ, ਪਰ ਕਿਹਾ ਨਹੀਂ ਜਾ ਸਕਦਾ, ਕਿ ਉਹ ਸੱਚੀਆਂ ਨੇ ਜਾਂ ਝੂਠੀਆਂ । ਜੇ ਸੱਚੀਆਂ ਨੇ, ਤਾਂ ਮਹਾਰਾਣੀ ਬੜੀ ਘਿਰਣਾ ਭਰੀ ਸਾਜ਼ਸ਼ ਵਿਚ ਫਸੀ ਹੋਈ ਹੈ । ਲਾਹੌਰ ਵਿਚ ਜੋ ਜ਼ਰੂਰੀ ਕਾਗਜ਼ ਪੱਤਰ ਮਿਲੇ ਹਨ, ਉਹਨਾਂ ਵਿਚ ਮਹਾਰਾਣੀ ਦੀਆਂ ਕੁਛ ਅਸਲੀ ਚਿੱਠੀਆਂ ਵੀ ਹਨ । ਪੰਜਾਬ ਵਿਚੋਂ ਝਟ-ਪਟ ਦੇਸ- ਨਿਕਾਲਾ ਦੇ ਦੇਣ ਦੇ ਕਾਰਨ ਉਹ ਉਸ ਨੂੰ ਦਿੱਤੀਆਂ ਨਹੀਂ ਗਈਆਂ? ।
ਜਿੰਦਾਂ ਦੀ ਤਲਾਸ਼ੀ
ਇਨ੍ਹਾਂ ਸ਼ੱਕੀ ਚਿੱਠੀਆਂ (ਜਿਨ੍ਹਾਂ ਬਾਰੇ ਮੈਕਗ੍ਰੇਗਰ ਨੇ ਮੰਨਿਆ ਕਿ ਜਿੰਦਾਂ ਨਿਰਦੋਸ਼ ਹੈ) ਦੇ ਗੁਨਾਹ ਵਿਚ ਮਹਾਰਾਣੀ ਨੂੰ ਸਜ਼ਾ ਦੇ ਦਿੱਤੀ ਗਈ । ਗਵਰਨਰ- ਜੈਨਰਲ ਡਲਹੌਜ਼ੀ ਦੇ ਹੁਕਮ ਨਾਲ ੧੪ ਜੁਲਾਈ, ੧੮੪੮ ਈ: ਨੂੰ ਮਹਾਰਾਣੀ ਦੇ ਗਹਿਣੇ (੫੦ ਲੱਖ ਦੇ) ਤੇ ਦੋ ਲੱਖ ਨਕਦ ਖੋਹ ਲਿਆ ਗਿਆ । ਏਥੇ ਹੀ ਬੱਸ ਨਹੀਂ, ਐਲਨ ਤੇ ਸਟੈਨਲੀ ਦੋ ਮੇਮਾਂ ਕੋਲੋਂ ਜਿੰਦ ਕੌਰ ਤੇ ਉਸ ਦੀਆਂ ਦਾਸੀਆਂ ਦੀ (ਲਿਖਦਿਆਂ ਛਾਤੀ ਫਟਦੀ ਹੈ) ਸਾਰੇ ਕੱਪੜੇ ਉਤਾਰ ਕੇ ਤਲਾਸ਼ੀ ਕੀਤੀ ਗਈ । ਅੰਗਰੇਜ਼ ਕੌਮ, ਜੋ ਦੁਨੀਆਂ ਭਰ ਵਿਚ ਆਪਣੇ ਆਪ ਨੂੰ ਭਲਮਣਸਊ ਤੇ ਤਹਿਜ਼ੀਬ ਵਿਚ ਸਭ ਨਾਲੋਂ ਅੱਗੇ ਦੱਸਦੀ ਹੈ, ਉਸ ਦਾ ਇਕ ਮੁਦੱਬਰ ਹਾਕਮ (ਲਾਰਡ ਡਲਹੌਜ਼ੀ) ਆਪਣੇ ਮੋਏ ਮਿੱਤਰ ਰਣਜੀਤ ਸਿੰਘ ਦੀ ਵਿਧਵਾ ਦੀ ਪਤ ਲਾਹੁਣੋਂ (ਨੰਗੀ ਕਰਕੇ ਤਲਾਸ਼ੀ ਕਰਨੋਂ) ਨਾ ਝਿਜਕਿਆ ।
ਓਹਾ ਮਹਾਰਾਣੀ ਜਿੰਦ ਕੌਰ, ਜੋ ਪਤੀ ਦਾ ਸੁਰਗਵਾਸ ਹੋਣਾ, ਪੁੱਤਰ ਦਾ ਵਿਛੋੜਿਆ ਜਾਣਾ, ਰਾਜ-ਭਾਗ ਦਾ ਖੁੱਸਣਾ, ਤੇ ਬਿਨਾ ਗੁਨਾਹੋਂ ਦੇਸ-ਨਿਕਾਲਾ ਮਿਲਣਾ, ਧੀਰਜ ਨਾਲ ਸਹਿ ਗਈ ਸੀ, ਪਰ ਬੇ-ਪਤੀ ਨੂੰ ਨਾ ਸਹਾਰ ਸਕੀ ਤੇ ਫੁਟ ਫੁਟ ਕੇ ਰੋ ਪਈ ।
ਤਲਾਸ਼ੀ ਵਿਚ ਜਿੰਦ ਕੌਰ ਦੇ ਸੂਟਕੇਸ ਵਾਲੇ ਕੱਪੜਿਆਂ ਵਿਚੋਂ ੩੩ ਚਿੱਠੀਆਂ (ਸੰਬੰਧੀਆਂ ਵਲੋਂ ਲਿਖੀਆਂ ਹੋਈਆਂ) ਨਿਕਲੀਆਂ । ਮੈਕਗ੍ਰੇਗਰ ਮੰਨਦਾ ਹੈ ਕਿ ਇਨ੍ਹਾਂ ਵਿਚੋਂ ਅੰਗਰੇਜ਼ਾਂ ਵਿਰੁੱਧ ਬੂ ਤਕ ਵੀ ਨਹੀਂ ਆਉਂਦੀ ਸੀ । ਜਿੰਦਾਂ ਦਾ ਗੁਨਾਹ ਕੋਈ ਨਹੀਂ ਸੀ, ਪਰ ਕੀ ਉਸ ਦਾ ਏਨਾ ਹੀ ਗੁਨਾਹ ਥੋੜ੍ਹਾ ਸੀ, ਕਿ ਉਹ ਬੇ- ਗੁਨਾਹ ਸੀ ? ਉਸ ਦੀ ਕੈਦ ਅੱਗੇ ਨਾਲੋਂ ਸਖ਼ਤ ਕਰ ਦਿੱਤੀ ਗਈ, ਤੇ ਪੈਨਸ਼ਨ ਮਾਹਵਾਰ ਇਕ ਹਜ਼ਾਰ ਹੀ ਰਹਿਣ ਦਿੱਤੀ ਗਈ ।
ਚਤਰ ਸਿੰਘ ਤੇ ਸ਼ੇਰ ਸਿੰਘ ਦੀ ਬਗ਼ਾਵਤ
ਹੁਣ ਪੰਜਾਬ ਵਿਚ ਸਿਪਾਹੀਆਂ ਦੇ ਦਿਲਾਂ ਵਿਚ ਬਲਦੀ ਅੱਗ ‘ਤੇ ਤੇਲ ਪਾਉਣ ਵਾਲੀ ਕਸਰ ਪੂਰੀ ਹੋ ਚੁੱਕੀ ਸੀ । ਇਹ ਖ਼ਬਰ ਸੁਣੀ ਤਾਂ ਅੰਦਰੋਂ-ਅੰਦਰ ਧੁਖਦੀ ਭਾਂਬੜ ਬਣ ਕੇ ਬਲ ਉਠੀ । ਓਧਰੋਂ ਰੈਜ਼ੀਡੈਂਟ ਨੇ ਮਹਾਰਾਜਾ ਦਲੀਪ ਸਿੰਘ ਦੇ ਵਿਆਹ ਦਾ ਦਿਨ ਪੱਕਾ ਕਰਨੋਂ ਨਾਂਹ ਕਰ ਦਿੱਤੀ। ਸੋ ਸਾਰੇ ਪੱਛਮੀ ਪੰਜਾਬ ਵਿਚ ਫੌਜਾਂ ਨੇ ਬਗਾਵਤ ਕਰ ਦਿੱਤੀ । ਹਜ਼ਾਰੇ ਵਿਚ ਸ: ਚਤਰ ਸਿੰਘ ਅਟਾਰੀ ਤੇ ਮੁਲਤਾਨ ਵਿਚ ਉਸ ਦੇ ਪੁੱਤਰ ਰਾਜਾ ਸ਼ੇਰ ਸਿੰਘ ਨੇ ਬਗ਼ਾਵਤ ਕਰ ਦਿੱਤੀ । ੧੪ ਸਤੰਬਰ, ੧੮੪੮ ਈ: ਨੂੰ ਰਾਜਾ ਸ਼ੇਰ ਸਿੰਘ ਨੇ ਹੇਠ ਲਿਖਿਆ ਐਲਾਨ ਕੱਢਿਆ,”ਸਾਰੇ ਪੰਜਾਬੀਆਂ ਤੇ ਹੋਰਨਾਂ ਲੋਕਾਂ ਤੋਂ ਇਹ ਗੱਲ ਲੁਕੀ ਹੋਈ ਨਹੀਂ, ਕਿ ਸੱਚ-ਖੰਡ ਵਾਸੀ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਮਹਾਰਾਣੀ ਜਿੰਦ ਕੌਰ ਉਤੇ ਫਰੰਗੀਆਂ ਨੇ ਕਿਸ ਤਰ੍ਹਾਂ ਅੱਤਿਆਚਾਰ ਕੀਤਾ ਹੈ । ਉਸ ਦੀ ਜੋ ਬੇ-ਪਤੀ ਕੀਤੀ ਹੈ, ਤੇ ਪਰਜਾ ਉੱਤੇ ਫਰੰਗੀਆਂ ਨੇ ਜੋ ਸਖਤੀਆਂ ਕੀਤੀਆਂ ਹਨ, ਉਹ ਵੀ ਕਿਸੇ ਕੋਲੋਂ ਗੁੱਝੀਆਂ ਨਹੀਂ । ਪਹਿਲਾਂ ਤਾਂ ਪੰਜਾਬੀਆਂ ਦੀ ਮਾਤਾ ਜੇਹੀ ਰਾਣੀ ਜਿੰਦ ਕੌਰ ਨੂੰ ਦੇਸ-ਨਿਕਾਲਾ ਦੇ ਕੇ ਸੁਲ੍ਹਾ ਤੋੜੀ ਹੈ, ਤੇ ਦੁੱਜੀ ਗੱਲ ਸਾਡੇ—ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਵਰਗੇ ਸਿੰਘਾਂ—ਉੱਤੇ ਅਜਿਹਾ ਅਨਿਆਂ ਤੇ ਜ਼ੁਲਮ ਕੀਤਾ ਹੈ ਕਿ ਅਸੀਂ ਧਰਮੋਂ ਵੀ ਹੀਣ ਹੋ ਗਏ ਹਾਂ । ਭਿੱਜੀ ਗੱਲ; ਸਿੱਖ ਰਾਜ ਦੀ ਪਹਿਲੀ ਵਡਿਆਈ ਨਹੀਂ ਰਹੀ। ਸੋ, ਹੁਣ ਕੀ ਵੇਖਦੇ ਹੋ ? ਆਓ, ਆਪਣੇ ਸਰਬੰਸ ਦੀ ਰੱਖਿਆ ਵਾਸਤੇ ਇਕ ਹੋ না।”
ਸ਼ੇਰ ਸਿੰਘ ਦੀਆਂ ਲੜਾਈਆਂ
ਇਹ ਹੈ, ਜਿਸ ਨੂੰ ‘ਸਿੱਖਾਂ ਦੀ ਦੂਸਰੀ ਲੜਾਈ’ ਆਖਦੇ ਹਨ । ਰਾਜਾ ਸ਼ੇਰ ਸਿੰਘ ਦੇ ਬਾਗ਼ੀ ਹੋਣ ਨਾਲ ੩੦-੩੨ ਹਜ਼ਾਰ ਫੌਜ ਬਾਗ਼ੀ ਹੋ ਗਈ । ਲਾਰਡ ਡਲਹੌਜ਼ੀ ਦੀ ਮਨ ਦੀ ਮੁਰਾਦ ਪੂਰੀ ਹੋ ਗਈ । ਪੰਜਾਬ ਦੇ ਇਕ ਹਿੱਸੇ ਵਿਚ ਖੁੱਲ੍ਹੀ ਬਗਾਵਤ ਹੋ ਗਈ, ਜਿਸ ਬਹਾਨੇ ਉਹ ਪੰਜਾਬ ਨੂੰ ਹੜੱਪ ਕਰ ਸਕੇ । ਲਾਰਡ ਗਫ (ਸਰਕਾਰ ਅੰਗਰੇਜ਼ੀ ਦਾ ਪ੍ਰਧਾਨ ਸੈਨਾਪਾਤੀ) ਬੜੀ ਤਗੜੀ ਫੌਜ ਲੈ ਕੇ ਮਹਾਰਾਜਾ ਦਲੀਪ ਸਿੰਘ ਦੇ ਮੁਲਕ ਵਿਚ ਵੜਿਆ । ਰਾਜਾ ਸ਼ੇਰ ਸਿੰਘ ਨਾਲ ਚਾਰ ਤਗੜੀਆਂ ਲੜਾਈਆਂ ਹੋਈਆਂ, (ਰਾਮ ਨਗਰ ੨੨ ਨਵੰਬਰ, ੧੮੪੮, ਸੈਦਲਾਪੁਰ ੪ ਦਸੰਬਰ, ਚੇਲੀਆਂ ਵਾਲੀ ੧੩ ਜਨਵਰੀ ੧੮੪੯, ਗੁਜਰਾਤ ੨੧ ਫਰਵਰੀ, ੧੮੪੯ ਈ.-I) ਪਹਿਲੀਆਂ ਤਿੰਨਾਂ ਵਿਚ ਸਿੱਖਾਂ ਦਾ ਪਾਸਾ ਭਾਰਾ ਰਿਹਾ, ਪਰ ਚੌਥੀ ਲੜਾਈ ਗੁਜਰਾਤ ਵਿਚ ਬਾਰੂਦ ਸਿੱਕਾ ਮੁਕਣ ਦੇ ਨਾਲ ਸਿੱਖ ਹਾਰ ਗਏ । ਏਥੇ ਹਾਰਨਾ ਹੀ ਸੀ, ਕਿ ਡਲਹੌਜ਼ੀ ਦੀ ਸਰਕਾਰ ਨੇ ਸਾਰੇ ਅਹਿਦਨਾਮੇ ਤੇ ਐਲਾਨਾਂ ਦੇ ਇਕਰਾਰ ਭੁੱਲ ਕੇ ਆਪਣੀ ਰੱਖਿਆ ਵਿਚ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੇ ਮੁਲਕ ‘ਤੇ ਕਬਜ਼ਾ ਕਰ ਲਿਆ ।
ਗੁਜਰਾਤ ਵਿਚ ਹਾਰ ਕੇ ਨੱਸੇ ਹੋਏ ਸਿੱਖਾਂ ਨੂੰ ੧੪ ਮਾਰਚ ਨੂੰ ਰਾਵਲਪਿੰਡੀ ਘੇਰ ਲਿਆ । ਸਿਪਾਹੀਆਂ ਨ—ਹਥਿਆਰ ਖੋਹ ਕੇ-ਘਰੋ ਘਰੀ ਘੱਲ ਦਿੱਤਾ ਗਿਆ ਤੇ ਵੱਡੇ-ਵੱਡੇ ਸਰਦਾਰਾਂ ਨੂੰ ਕੈਦ ਕਰ ਲਿਆ ਗਿਆ । ਸਾਰੇ ਪੰਜਾਬ ਵਿਚ ਅਮਨ ਹੋ ਗਿਆ । ਹੁਣ ਇਨਸਾਫ ਦਾ ਵੇਲਾ ਆਇਆ । ਪਰ ਰਾਜਨੀਤੀ ਕੀ ਤੇ ਇਨਸਾਫ ਕੀ ? ਫਿਰ ਡਲਹੌਜ਼ੀ ਤੋਂ ਇਨਸਾਫ ਦੀ ਆਸ ? ਜਿਸ ਦਲੀਪ ਸਿੰਘ ਨੂੰ ਗਵਰਨਰ- ਜੈਨਰਲ ਨੇ ਭਰੋਵਾਲ ਦੀ ਸੁਲ੍ਹਾ ਅਨੁਸਾਰ ਆਪਣੀ ਰੱਖਿਆ ਵਿਚ ਲਿਆ ਹੋਇਆ ਸੀ, ਜਿਸ ਮਹਾਰਾਜੇ ਦੇ ਨਾਮ ਥੱਲੇ ਮੁਲਤਾਨ ਤੇ ਸ਼ੇਰ ਸਿੰਘ ਦੀਆਂ ਲੜਾਈਆਂ ਲੜੀਆਂ ਗਈਆਂ ਸਨ, ਜਿਸ ਬਾਲਕ ਦਲੀਪ ਸਿੰਘ ਨੂੰ ਡਲਹੌਜ਼ੀ ਆਪਣਾ ਪੁੱਤਰ ਆਖਦਾ ਸੀ, ਓਸੇ ੧੧ ਸਾਲ ਦੇ ਨਿਰਦੋਸ਼ ਤੇ ਮਾਸੂਮ ਦਲੀਪ ਸਿੰਘ ਦੀ ਗਰਦਨ ਉੱਤੇ ਡਲਹੌਜ਼ੀ ਨੇ ਕਲਮ ਦੀ ਛੁਰੀ ਚਲਾ ਦਿੱਤੀ । ੨੯ ਮਾਰਚ, ੧੮੪੯ ਈ: ਨੂੰ ਪੰਜਾਬ ਦੀ ਜ਼ਬਤੀ ਦਾ ਐਲਾਨ ਕਰ ਦਿੱਤਾ ਗਿਆ ।
੨੮ ਮਾਰਚ ਨੂੰ ਇਲੀਅਟ (ਡਲਹੌਜ਼ੀ ਦਾ ਐਲਾਨ ਲੈ ਕੇ) ਲਾਹੌਰ ਆਇਆ।
ਉਸ ਨੇ ਕੌਂਸਲ ਦੇ ਕੁਝ ਮੈਂਬਰਾਂ ਤੋਂ ਡਰਾ ਧਮਕਾ ਕੇ ਰਾਤ ਨੂੰ ਸੁਲ੍ਹਾ ‘ਤੇ ਦਸਤਖ਼ਤ ਕਰਾ ਲਏ । ਅਗਲੇ ਦਿਨ ੨੯ ਮਾਰਚ ਨੂੰ ਦਰਬਾਰ ਹੋਇਆ, ਜਿਸ ਵਿਚ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਅੰਤ ਦੀ ਵਾਰ ਸਿੱਖ ਰਾਜ ਦੇ ਸਿੰਘਾਸਣ ’ਤੇ ਬਿਠਾਇਆ ਗਿਆ । ਸਭ ਸਿੱਖ ਦਰਬਾਰੀ ਮਾਤਮੀ ਕੱਪੜੇ ਪਹਿਨ ਕੇ ਆਏ ਹੋਏ ਸਨ । ਇਕ ਪਾਸੇ ਸਿੱਖ ਤੇ ਇਕ ਪਾਸੇ ਅੰਗਰੇਜ਼ ਕਰਮਚਾਰੀ ਬੈਠੇ ਹੋਏ ਸਨ । ਲਾਰਡ ਡਲਹੌਜ਼ੀ ਦਾ ਲੰਮਾ ਸਾਰਾ ਐਲਾਨ ਪੜ੍ਹਿਆ ਗਿਆ, ਤੇ ਫਿਰ ਆਖਰੀ ਅਹਿਦਨਾਮੇ ਦੀਆਂ ਸ਼ਰਤਾਂ ਸੁਣਾਈਆਂ ਗਈਆਂ, ਜੋ ਇਸ ਪ੍ਰਕਾਰ ਸਨ :
ਆਖਰੀ ਸੁਲ੍ਹਾ ਦੀਆਂ ਸ਼ਰਤਾਂ
1 ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ, ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉਤਰ ਅਧਿਕਾਰੀਆਂ(ਜਾਂ-ਨਸ਼ੀਨਾਂ) ਵੱਲੋਂ ਪੰਜਾਬ ਰਾਜ ਦੇ ਸਾਰੇ ਹੱਕ ਤੇ ਦਾਅਵਿਆਂ ਨੂੰ ਤਿਆਗਦਾ ਹੈ ।
२. ਲਾਹੌਰ ਦਰਬਾਰ ਸਿਰ ਸਰਕਾਰ ਅੰਗਰੇਜ਼ੀ ਦਾ ਜੋ ਕਰਜ਼ਾ ਹੈ, ਉਸ ਬਦਲੇ ਤੇ ਇਸ ਲੜਾਈ ਦੇ ਖਰਚਾਂ ਬਦਲੇ ਲਾਹੌਰ ਰਿਆਸਤ ਦੀ ਹਰ ਤਰ੍ਹਾਂ ਦੀ ਜਾਇਦਾਦ, ਜਿਥੇ ਵੀ ਹੋਵੇ, ਸਰਕਾਰ ਅੰਗਰੇਜ਼ੀ ਜ਼ਬਤ ਕਰ ਲਵੇਗੀ।
३. ਕੋਹਿਨੂਰ ਹੀਰਾ, ਜੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਕੋਲੋਂ ਲਿਆ ਸੀ, ਲਾਹੌਰ ਦਾ ਮਹਾਰਾਜਾ ਇੰਗਲੈਂਡ ਦੀ ਮਲਕਾ ਦੀ ਭੇਂਟ ਕਰੇਗਾ।
४. ਮਹਾਰਾਜਾ ਦਲੀਪ ਸਿੰਘ ਆਪਣੀ, ਆਪਣੇ ਸੰਬੰਧੀਆਂ ਦੀ ਤੇ ਰਿਆਸਤ ਦੇ ਨੌਕਰਾਂ ਦੀ ਸਹਾਇਤਾ ਲਈ, ਈਸਟ ਇੰਡੀਆ ਕੰਪਨੀ ਪਾਸੋਂ ਇਕ ਰਕਮ (ਪੈਨਸ਼ਨ) ਲਵੇਗਾ, ਜੋ ਕੰਪਨੀ ਦੇ ਰੁਪੈ ਚਾਰ ਲੱਖ ਤੋਂ ਘੱਟ ਤੇ ਪੰਜ ਲੱਖ ਤੋਂ ਵੱਧ ਨਹੀਂ ਹੋਵੇਗੀ ।
ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰੱਖਿਆ ਜਾਵੇਗਾ। ਉਹ ‘ਮਹਾਰਾਜਾ ਦਲੀਪ ਸਿੰਘ ਬਹਾਦੁਰ’ ਦਾ ਖਿਤਾਬ ਰੱਖੇਗਾ ਤੇ ਉਹ ਆਪਣੀ ਉਮਰ ਭਰ, ਉਪਰ ਦੱਸੀ ਪੈਨਸ਼ਨ ਦਾ ਓਨਾ ਹਿੱਸਾ ਲਿਆ ਕਰੇਗਾ ਜੋ ਉਸ ਨੂੰ ਜ਼ਾਤੀ ਤੌਰ ‘ਤੇ ਦਿੱਤਾ ਜਾਵੇਗਾ, ਪਰ ਜੇ ਉਹ ਅੰਗਰੇਜ਼ਾਂ ਦਾ ਤਾਬਿਆਦਾਰ ਰਹੇਗਾ, ਤੇ ਓਥੇ ਰਿਹਾਇਸ਼ ਰੱਖੇਗਾ, ਜਿਥੇ ਗਵਰਨਰ-ਜੈਨਰਲ ਉਸ ਲਈ ਥਾਂ ਤਜਵੀਜ਼ ਕਰੇਗਾ ।
ਰੀਜੈਂਨਸੀ ਦੇ ਕਮਿਸ਼ਨਰ ਨੇ ਸੁਲ੍ਹਾ ਦਾ ਕਾਗਜ਼ ਅੱਗੇ ਕੀਤਾ, ਜੋ ਤੇਜ ਸਿੰਘ ਨੇ ਫੜ ਕੇ ਮਹਾਰਾਜਾ ਦਲੀਪ ਸਿੰਘ ਦੇ ਪੇਸ਼ ਕੀਤਾ। ਉਸ ਨੇ ਬੜੀ ਛੇਤੀ ਨਾਲ ਕਾਗਜ਼ ਫੜਿਆ ਤੇ ਉਪਰ ਦਸਤਖਤ ਕਰ ਦਿੱਤੇ । ਜਿਸ ਕਾਹਲੀ ਨਾਲ ਉਸ ਨੇ ਦਸਤਖਤ ਕੀਤੇ, ਮਾਲੂਮ ਹੁੰਦਾ ਹੈ ਕਿ ਉਹਨੂੰ ਸਮਝਾਇਆ ਗਿਆ ਸੀ ਕਿ ਢਿੱਲ ਕਰਨ ਨਾਲ ਕੰਮ ਅਸਲੋਂ ਵਿਗੜ ਜਾਏਗਾ, ਤੇ ਇਹ ਵੀ ਪ੍ਰਗਟ ਹੁੰਦਾ ਸੀ ਕਿ ਬਾਲਕ ਹੋਣ ਦੇ ਕਾਰਨ ਉਸ ਨੂੰ ਏਨਾ ਗਿਆਨ ਨਹੀਂ ਸੀ ਕਿ ਉਹ ਬਾਦਸ਼ਾਹੀ ਤਖਤ ਤੋਂ ਉਤਾਰ ਕੇ ਧੂੰਏਂ ਦਾ ਫਕੀਰ ਬਣਾਇਆ ਜਾ ਰਿਹਾ ਹੈ ।
ਸੁਲ੍ਹਾ ਦੇ ਕਾਗਜ਼ ‘ਤੇ ਦਸਤਖਤ ਕਰਾਉਣ ਵਾਲਾ ਕਮਿਸ਼ਨਰ ਆਪ ਮੰਨਦਾ। ਹੈ, “ਕਾਗਜ਼ ਮਹਾਰਾਜੇ ਦੇ ਹਵਾਲੇ ਕੀਤੇ ਗਏ, ਜਿਸ ਨੇ ਝਟ-ਪਟ ਉਸ ਉੱਤੇ ਦਸਤਖਤ ਕਰ ਦਿੱਤੇ । ਜਿਸ ਫੁਰਤੀ ਨਾਲ ਉਸ ਨੇ ਕਾਗਜ਼ ਫੜੇ, ਸਭ ਨੂੰ ਹੈਰਾਨ ਕਰਨ ਵਾਲੀ ਗੱਲ ਸੀ, ਤੇ ਇਸ ਤੋਂ ਪ੍ਰਗਟ ਹੁੰਦਾ ਹੈ, ਕਿ ਉਹਦੇ ਸਲਾਹਕਾਰਾਂ ਨੇ ਉਹਨੂੰ ਸਿਖਾਇਆ ਹੋਇਆ ਸੀ ਕਿ ਉਸ ਨੇ ਰਤਾ ਵੀ ਦੇਰ ਕੀਤੀ, ਤਾਂ ਇਹਨਾਂ ਦੇ ਬਦਲੇ ਵਿਚ ਇਸ ਤੋਂ ਵੀ ਘੱਟ ਫਾਇਦੇ ਵਾਲੀਆਂ ਸ਼ਰਤਾਂ ਉਹਦੇ ਸਾਹਮਣੇ ਰੱਖੀਆਂ ਜਾਣਗੀਆਂ ।
ਈਵਾਨਸ ਬੈੱਲ ਲਿਖਦਾ ਹੈ, “ਅਸੀਂ ਜਾਣਦੇ ਹਾਂ ਕਿ ਉਹਦੇ ਸਲਾਹਕਾਰਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਸ਼ਰਤਾਂ ਨਾ ਪ੍ਰਵਾਨ ਕਰਨ ‘ਤੇ ਉਹਨਾਂ ਦੇ ਤੇ ਉਹਨਾਂ ਦੇ ਸ਼ਾਹਜ਼ਾਦੇ ਦੇ ਦੇਸ-ਨਿਕਾਲੇ ਦਾ ਤੇ ਤਬਾਹੀ ਦਾ ਹੁਕਮ ਦਿੱਤਾ ਜਾਵੇਗਾ । ਮਹਾਰਾਜੇ ਨੇ ਜਿਸ ਖਿਆਲ, ਜਿਸ ਫੁਰਤੀ, ਜਿਸ ਕਾਹਲੀ ਤੇ ਬੇਚੈਨੀ ਨਾਲ ਕਾਗਜ਼ਾਂ ਨੂੰ ਫੜਿਆ ਤੇ ਦਸਤਖਤ ਕੀਤੇ, ਏਨਾ ਕਹਿਣਾ ਹੀ ਕਾਫੀ ਹੈ, ਕਿ ਉਹ ੧੧ ਸਾਲ ਦਾ ਬੱਚਾ ਸੀ, ਤੇ ਏਹੋ ਜੇਹੇ ਮਾਮਲਿਆਂ ਵਿਚ ਆਪਣੀ ਰਾਏ ਪ੍ਰਗਟ ਕਰਨ ਦੇ ਕਾਬਲ ਨਹੀਂ ਸੀ?।”
ਐਲਾਨ ਪੜ੍ਹਿਆ ਗਿਆ, ਅਹਿਦਨਾਮੇ ‘ਤੇ ਦਸਤਖਤ ਹੋ ਗਏ, ਤੇ ਬਾਲਕ ਮਹਾਰਾਜੇ ਨੂੰ ਖਾਲਸਈ ਤਖਤ ਤੋਂ ਸਦਾ ਵਾਸਤੇ ਉਤਾਰ ਦਿੱਤਾ ਗਿਆ । ਉਸ ਵੇਲੇ ਧਰਮ ਤੇ ਇਨਸਾਫ ਡਲਹੌਜ਼ੀ ਦੀ ਨੀਤੀ ਦੇ ਸਾਹਮਣੇ ਸਿਰ ਝੁਕਾਈ ਰੋ ਰਹੇ ਸਨ।
ਦੁੱਜਾ ਕਾਂਡ
ਜਿੰਦਾਂ ਬਨਾਰਸ ਵਿਚ
ਅਸੀਂ ਮਹਾਰਾਣੀ ਜਿੰਦ ਕੌਰ ਨੂੰ ਬਨਾਰਸ ਵਿਚ ਮੈਕਗ੍ਰੇਗਰ ਦੀ ਕੈਦ ਵਿਚ ਛੱਡ ਆਏ ਸਾਂ । ੧੪ ਜੁਲਾਈ, ੧੮੪੮ ਈ: ਨੂੰ ਉਸ ਦ ਜਾਮਾ ਤਲਾਸ਼ੀ ਕੀਤੀ ਗਈ,ਤੇ ਉਸ ਦੇ ਗਹਿਣੇ ਤੇ ਨਕਦੀ ਖੋਹ ਲਈ ਗਈ, ਭਰੋਵਾਲ ਦੀ ਸੁਲ੍ਹਾ ਦੇ ਉਲਟ ਉਸ ਦੀ ਪੈਨਸ਼ਨ ਘਟਾ ਕੇ ਇਕ ਹਜ਼ਾਰ ਮਹੀਨਾ (ਡੂਢ ਲੱਖ ਦੀ ਥਾਂ, ੧੨ ਹਜ਼ਾਰ ਸਾਲਾਨਾ) ਕਰ ਦਿੱਤੀ ਗਈ । ਕੈਦ ਏਨੀ ਸਖਤ ਸੀ ਕਿ ਉਹ ਆਪਣੇ ਬਿਗਾਨੇ ਦੇ ਸਾਹਮਣੇ ਦਿਲ ਦੀ ਹਵਾੜ ਵੀ ਨਹੀਂ ਕੱਢ ਸਕਦੀ ਸੀ ।
ਜੀਵਣ ਸਿੰਘ ਤੇ ਨਿਊ ਮਾਰਚ
ਮਹਾਰਾਣੀ ਦੇ ਪੁਰਾਣੇ ਵਕੀਲ ਜੀਵਣ ਸਿੰਘ ਨੇ ਮਹਾਰਾਣੀ ਨੂੰ ਮਿਲਣ ਦੀ ਆਗਿਆ ਮੰਗੀ, ਪਰ ਸਰਕਾਰ ਨੇ ਪਰਵਾਨ ਨਾ ਕੀਤੀ । ਜੀਵਣ ਸਿੰਘ ਕਲਕੱਤੇ ਗਿਆ । ਉਸ ਨੇ ਕਈ ਵਾਰ ਗਵਰਨਰ-ਜੈਨਰਲ ਕੋਲ ਬੇਨਤੀ ਕੀਤੀ, ਪਰ ਮਹਾਰਾਣੀ ਨੂੰ ਮਿਲਣ ਦੀ ਆਗਿਆ ਉਸ ਨੂੰ ਨਹੀਂ ਮਿਲੀ । ਹੋਰ ਕੋਈ ਉਪਾਅ ਨਾ ਵੇਖ ਕੇ ਜੀਵਣ ਸਿੰਘ ਨੇ ਇਕ ਅੰਗਰੇਜ਼ ਨਿਊ ਮਾਰਚ ਨੂੰ ਮਹਾਰਾਣੀ ਦਾ ਵਕੀਲ ਨੀਯਤ ਕੀਤਾ । ਗਵਰਨਰ-ਜੈਨਰਲ ਨੇ ਨਿਊ ਮਾਰਚ ਨੂੰ ਇਕੱਲਿਆਂ ਮਹਾਰਾਣੀ ਨੂੰ ਮਿਲਣ ਦੀ ਆਗਿਆ ਦਿੱਤੀ । ਨਿਊ ਮਾਰਚ ਬਨਾਰਸ ਆਇਆ, ਤੇ ਅੱਠ ਦਿਨ ਏਥੇ ਰਿਹਾ। ਉਹ ਇਕੱਲਾ ਕਈ ਵਾਰ ਮਹਾਰਾਣੀ ਨੂੰ ਮਿਲਿਆ । ਉਹਨੇ ਮਹਾਰਾਣੀ ਦੇ ਖਰਚਾਂ ਦਾ ਇਕ ਚਿੱਠਾ (ਫ਼ਹਿਰਿਸਤ) ਤਿਆਰ ਕੀਤਾ ਤੇ ਦੋ ਹਜ਼ਾਰ ਮਾਹਵਾਰ ਖਰਚ ਦੀ ਸਿਫਾਰਸ਼ ਕਰਕੇ ਮੈਕਗ੍ਰੇਗਰ ਦੇ ਪਾਸ ਭੇਜ ਦਿੱਤਾ । ਨਾਲ ਹੀ ਆਪਣੀ ਰਿਪੋਰਟ ਵਿਚ ਲਿਖਿਆ,“ਅੰਗਰੇਜ਼ੀ ਵਿਚਾਰ ਤੋਂ ਮਹਾਰਾਣੀ ਦੇ ਖਰਚ ਦੀ ਏਨੀ ਰਕਮ ਵਿਅਰਥ ਹੈ, ਤੇ ਖਰਚ ਦੀ ਕਿੰਨੀ ਹੀ ਰਕਮ ਹਾਸੋ-ਹੀਣੀ ਹੈ, ਪਰ ਮਹਾਰਾਣੀ ਆਖਦੀ ਹੈ, ਕਿ ਉਹ ਖਰਚ ਪਹਿਲਾਂ ਕਰਦੀ ਰਹੀ ਹੈ, ਜੇ ਉਸ ਨੇ ਹੁਣ ਇਹ ਸਾਰੇ ਬੰਦ ਕਰ ਦਿੱਤੇ, ਤਾਂ ਉਹਦੀ ਨੌਕਰਾਂ ਚਾਕਰਾਂ ਵਿਚ ਕਿੰਨੀ ਹਾਨੀ ਹੋਵੇਗੀ
ਮੈਕਗ੍ਰੇਗਰ ਨੇ ਆਪਣੀ ਸਫ਼ਾਰਸ਼ ਕਰਕੇ ਇਹ ਚਿੱਠਾ ੨੩ ਅਕਤੂਬਰ, ੧੮੪੮ ਈ. ਨੂੰ ਗਵਰਨਰ-ਜੈਨਰਲ ਨੂੰ ਭੇਜ ਦਿਤਾ । ਅੱਗੋਂ ਪੰਜ ਨਵੰਬਰ ਨੂੰ ਗਵਰਨਰ-ਜੈਨਰਲ ਦਾ ਜਵਾਬ ਆਇਆ, “ਇਸ ਵੇਲੇ ਜੋ ਰਕਮ ਮਹਾਰਾਣੀ ਨੂੰ ਖਰਚ ਵਾਸਤੇ ਮਿਲਦੀ ਹੈ, ਉਹ ਉਸ ਨਾਲ ਚੰਗੀ ਤਰ੍ਹਾਂ ਨਿਰਬਾਹ ਕਰ ਸਕਦੀ ਹੈ।” ਦੋਬਾਰਾ ਚੇਤਾਵਨੀ ਕਰਾਉਣ ਉੱਤੇ ਗਵਰਨਰ-ਜੈਨਰਲ ਨੇ ੧੧ ਨਵੰਬਰ ਨੂੰ ਲਿਖਿਆ, “ਗਵਰਨਰ-ਜੈਨਰਲ ਮਹਾਰਾਣੀ ਦੇ ਬੇਨਤੀ ਪੱਤਰ ‘ਤੇ ਵਿਚਾਰ ਕਰਨ ਦੀ ਕੋਈ ਲੋੜ ਨਹੀਂ ਸਮਝਦੇ । ਉਸਨੇ ਮਹਾਰਾਣੀ ਦੀ ਪ੍ਰਾਰਥਨਾ ਪਰਵਾਨ ਨਹੀਂ ਕੀਤੀ।”
ਮੁੱਕਦੀ ਗੱਲ, ਮਹਾਰਾਣੀ ਦੀਆਂ ਬੇਨਤੀਆਂ ‘ਤੇ ਕੋਈ ਧਿਆਨ ਨਾ ਦਿੱਤਾ ਗਿਆ ।
ਹਰਚੰਦ ਮੇਂ ਝੁਕ ਝੁਕ ਕੇ ਕੀਏ ਸੈਂਕੜੋਂ ਸਜਦੇ, ਪਰ ਖਮ ਨਾ ਹੂਈ ਉਸ ਬੁਤੇ ਮਗਰੂਰ ਕੀ ਗਰਦਨ
ਫਿਰ ਨਿਊਮਾਰਚ ਨੇ ਕਲਕੱਤੇ ਸੁਪਰੀਮ-ਕੋਰਟ ਵਿਚ ਅਪੀਲ ਕੀਤੀ, ਪਰ ਓਥੇ ਵੀ ਕੋਈ ਨਾ ਸੁਣੀ ਗਈ । ਫਿਰ ਉਸਨੇ ਮਹਾਰਾਣੀ ਨੂੰ ਵਲਾਇਤ ਵਿਚ ਕੋਰਟ ਆਫ ਡਾਇਰੈਕਟਰਜ਼ ਪਾਸ ਬੇਨਤੀ ਕਰਨ ਦੀ ਸਲਾਹ ਦਿੱਤੀ, ਤੇ ਇਸ ਕੰਮ ਦੇ ਖਰਚ ਵਾਸਤੇ ਪੰਜਾਹ ਹਜ਼ਾਰ ਰੁਪਇਆ ਮੰਗਿਆ । ਪਰ ਜੇ ਮਹਾਰਾਣੀ ੫੦ ਹਜ਼ਾਰ ਰੁਪਇਆ ਦੇਣ ਜੋਗੀ ਹੁੰਦੀ, ਤਾਂ ਫਿਰ ਇਕ ਹਜ਼ਾਰ ਵਾਸਤੇ ਡਲਹੌਜ਼ੀ ਸਾਮ੍ਹਣੇ ਕਿਉਂ ਤਰਲੇ ਕਰਦੀ ? ਸੋ, ਇਹ ਰੋਣਾ ਧੋਣਾ ਏਥੇ ਦਾ ਏਥੇ ਹੀ ਰਹਿ ਗਿਆ। ਪੈਨਸ਼ਨ ਇਕ ਹਜ਼ਾਰ ਹੀ ਰਹੀ ।
ਜਿਉਂ-ਜਿਉਂ ਪੱਛਮੀ ਪੰਜਾਬ ਵਿਚ ਬਗ਼ਾਵਤ ਦੀ ਅੱਗ ਜ਼ੋਰ ਫੜਦੀ ਗਈ, ਤਿਉਂ-ਤਿਉਂ ਮਹਾਰਾਣੀ ਦੀ ਕੈਦ ਸਖ਼ਤ ਹੁੰਦੀ ਗਈ । ੧੩ ਜਨਵਰੀ, ੧੮੪੯ ਨੂੰ ਚੇਲੀਆਂ ਵਾਲੀ ਦੇ ਯੁੱਧ ਵਿਚ ਅੰਗਰੇਜ਼ ਫੌਜ ਦਾ ਬਹੁਤ ਬੁਰਾ ਹਾਲ ਹੋਇਆ । ਇਸ ਦੇ ਨਤੀਜੇ ਵੇਖ ਕੇ ਅੰਗਰੇਜ਼ ਜਰਨੈਲ ਬਹੁਤ ਘਬਰਾ ਰਹੇ ਸਨ, ਤੇ ਬਹੁਤੇ ਏਸ ਅੱਗ ਨੂੰ ਛੇਤੀ ਤੋਂ ਛੇਤੀ ਸ਼ਾਂਤ ਜਾਂ ਖਤਮ ਕਰਨਾ ਚਾਹੁੰਦੇ ਸਨ । ਮਾਊਂਟੇਨ (Mountain) ਨੇ ਗਵਰਨਰ-ਜੈਨਰਲ ਡਲਹੌਜ਼ੀ ਕੋਲ ਬੇਨਤੀ ਵੀ ਕੀਤੀ ਕਿ ਜੇ ਮਹਾਰਾਣੀ ਨੂੰ ਪੰਜਾਬ ਵਿਚ ਵਾਪਸ ਲੈ ਆਂਦਾ ਜਾਵੇ, ਤਾਂ ਇਹ ਬਗ਼ਾਵਤ ਦੀ ਅੱਗ ਠੰਢੀ ਹੋ ਸਕਦੀ ਹੈ । ਅੱਗੋਂ ਡਲਹੌਜ਼ੀ ਨੇ ਫ਼ੀਰੋਜ਼ਪੁਰ ਤੋਂ ੩੧ ਜਨਵਰੀ, ੧੮੪੯ ਨੂੰ ਮਾਉਂਟੇਨ ਨੂੰ ਲਿਖਿਆ :-
ਜਿੰਦਾਂ ਬਾਰੇ ਡਲਹੌਜ਼ੀ ਦੀ ਚਿੱਠੀ
“ਰਾਣੀ ਨੂੰ ਵਾਪਸ ਲਿਆਉਣ ਦੀ ਤਾਂਘ ਵਾਲੇ ਸਿੱਖਾਂ ਦੇ ਬਹਾਨੇ ਸਭ ਵਿਅਰਥ ਹਨ । ਜੇ ਭਲਾ ਸਿੱਖ ਵਧੇਰੇ ਇਸ ਗੱਲ ਵਿਚ ਸੱਚੇ ਤੇ ਸੰਜੀਦਾ ਹੋਣ, ਤਾਂ ਇਹ ਇਸ ਗੱਲ ਲਈ ਹੋਰ ਵਧੇਰੇ ਪੱਕੇ ਸਬੱਬ ਹਨ ਕਿ ਉਹਨਾਂ ਦੀ ਇਹ ਗੱਲ ਨਾ ਮੰਨੀ ਜਾਏ । ਪੰਜਾਬ ਵਿਚ ਕੇਵਲ ਓਹੋ (ਮਹਾਰਾਣੀ) ਹੀ ਮਰਦਾਂ ਵਾਲੀ ਸਮਝ ਰੱਖਦੀ ਹੈ, ਤੇ ਉਸਦਾ ਵਾਪਸ ਲਿਆਉਣਾ ਸਿਰਫ ਇਕ ਉਹ ਚੀਜ਼ ਮੁੜ ਲਿਆ ਖਲੀ ਕਰੇਗਾ, ਜਿਸਦਾ ਵਰਤਮਾਨ (ਸਿੱਖਾਂ ਦੀ ਦੂਜੀ ਲੜਾਈ) ਨੂੰ ਸੱਚ-ਮੁੱਚ ਭਿਆਨਕ ਬਨਾਉਣ ਲਈ ਘਾਟਾ ਹੈ, ਭਾਵ ਇਕ ਨਸ਼ਾਨਾ ਤੇ ਇਕ ਦਿਮਾਗ ।
“ਨਿਸਚੇ ਜਾਣੋ ਕਿ ਹੁਣ ਪਿਛੇ ਹਟਣ, ਜਾਂ ਕੁਛ ਵਾਪਸ ਦੇਣ, ਜਾਂ ਅੱਖ ਝਮਕਣ ਦਾ ਵੇਲਾ ਨਹੀਂ ।”
ਜਿੰਦਾਂ ਚੁਨਾਰ ਵਿਚ
ਜਿੰਦ ਕੌਰ ਨੂੰ ਕੈਦ ਵਿਚੋਂ ਰਿਹਾ ਕਰਨਾ, ਪੰਜਾਬ ਵਿਚ ਵਾਪਸ ਲਿਆਉਣਾ ਤਾਂ ਇਕ ਪਾਸੇ ਰਿਹਾ, ਡਲਹੌਜ਼ੀ ਤਾਂ ਉਹਨੂੰ ਸਗੋਂ ਹੋਰ ਘੋਰ ਨਰਕ ਵਿਚ ਸੁੱਟਣਾ ਚਾਹੁੰਦਾ ਸੀ । ੨੯ ਮਾਰਚ, ੧੮੪੯ ਈ: ਨੂੰ ਪੰਜਾਬ ਅੰਗਰੇਜ਼ੀ ਰਾਜ ਵਿਚ ਮਿਲਾ ਕੇ ਸਿੱਖ ਰਾਜ ਦਾ ਸਦਾ ਵਾਸਤੇ ਅੰਤ ਕੀਤਾ ਗਿਆ ਤੇ ੬ ਅਪ੍ਰੈਲ, ੧੮੪੯ ਨੂੰ ਬਿਨਾਂ ਕਿਸੇ ਗੁਨਾਹ ਦੇ ਜਿੰਦ ਕੌਰ ਨੂੰ ਚੁਨਾਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਗਿਆ । ਅੱਗੇ ਤਾਂ ਉਹਦੇ ਉੱਤੇ ਕੋਈ ਸਖਤੀ ਕਰਨ ਲੱਗਿਆਂ ਕਿਸੇ ਬਹਾਨੇ ਦੀ ਲੋੜ ਹੁੰਦੀ ਸੀ, ਪਰ ਹੁਣ ਤਾਂ ਉਸਦੀ (ਸਿੱਖ) ਕੌਮ ਦੀ ਤਾਕਤ ਬਿਲਕੁਲ ਹੀ ਖਤਮ ਹੋ ਚੁੱਕੀ ਸੀ, ਸੋ ਬਹਾਨਾ ਵੀ ਨਾ ਟੋਲਣਾ ਪਿਆ । ਚੁਨਾਰ ਕਿਲ੍ਹੇ ਦੀ ਕੈਦ ਕਿੰਨੀ ਕਰੜੀ ਸੀ ? ਏਸ ਗੱਲ ਤੋਂ ਹੀ ਸਮਝਿਆ ਜਾ ਸਕਦਾ ਹੈ ਕਿ ਓਹਾ ਜਿੰਦ ਕੌਰ, ਜੋ ਐਨੇ ਅਨਰਥ ਤੇ ਅੱਤਿਆਚਾਰ ਹੌਂਸਲੇ ਨਾਲ ਸਹਾਰਦੀ ਆਈ ਸੀ, ਉਹ ਐਥੇ ਕੁਛ ਦਿਹਾੜੇ ਵੀ ਨਾ ਕੱਟ ਸਕੀ । ਮਨ ਮਰਜ਼ੀ ਦੀ ਖੁਰਾਕ ਤੇ ਰਿਹਾਇਸ਼ ਤਾਂ ਇਕ ਪਾਸੇ ਰਹੀ, ਉਹ ਆਪਣੇ ਨੌਕਰਾਂ ਜਾਂ ਪਹਿਰੇਦਾਰਾਂ ਨਾਲ ਗੱਲ ਤੱਕ ਨਹੀਂ ਸੀ ਕਰ ਸਕਦੀ । ਉਹਦੇ ਕੈਦਖਾਨੇ ਦੇ ਉਦਾਲੇ ਬੜਾ ਸਖਤ ਪਹਿਰਾ ਸੀ । ਇਹ ਓਹਾ ਜਿੰਦਾਂ ਹੈ, ਜੋ ਇਕ ਦਿਨ ਸ਼ੇਰੇ-ਪੰਜਾਬ ਦੇ ਮਹਿਲਾਂ ਦੀ ਸਰਦਾਰ ਸੀ, ਤੇ ਅੱਜ ਪੱਥਰ ਦੀਆਂ ਸਖ਼ਤ ਕੰਧਾਂ ਵਿਚ ਘਿਰੀ ਹੋਈ, ਮੂੰਹੋਂ ‘ਹਾਇ’ ਤੱਕ ਨਹੀਂ ਸੀ ਕੱਢ ਸਕਦੀ ।
ਨਾ ਤੜਪਨੇ ਕੀ ਇਜਾਜ਼ਤ ਹੈ, ਨਾ ਫਰਿਯਾਦ ਕੀ ਹੈ, ਦਮ ਘੁਟ ਕੇ ਮਰ ਜਾਊਂ, ਯੇਹ ਮਰਜ਼ੀ ਮਿਰੇ ਸਯਾਦ ਕੀ ਹੈ।
ਜਿੰਦਾਂ ਦੇ ਅੰਦਰ ਦੁੱਖਾਂ ਦੇ ਭਾਂਬੜ ਬਲਦੇ ਸਨ । ਬੀਤੀਆਂ ਯਾਦਾਂ ਦਿਲ ਵਿਚ ਅੰਗਿਆਰਾਂ ਵਾਂਗ ਭਖਦੀਆਂ ਸਨ । ਉਹ ਉਠਦੀਆਂ ਆਹੀਂ ਨੂੰ ਅੰਦਰ ਰੋਕਦੀ ਸੀ, ਤਾਂ ਅੰਦਰ ਸੜਦਾ ਸੀ, ਜੇ ਬਾਹਰ ਕੱਢਦੀ ਸੀ, ਤਾਂ ਬਾਹਰ ਸੜਦਾ ਸੀ । ਉਹਦੇ ਦੁੱਖਾਂ ਦਾ ਦਾਰੂ ਕੋਈ ਨਹੀਂ ਸੀ ਰਿਹਾ । ਉਹ ਆਪ ਹੀ ਦੁੱਖ ਰੂਪ ਬਣ ਚੁੱਕੀ ਸੀ।
ਤਬੀਬੋਂ ਕੋ ਕਿਆ ਪੂਛੂ ਇਲਾਜ ਦਰਦੇ ਦਿਲ ਅਪਨਾ ਮਰਜ਼ ਜਬ ਜ਼ਿੰਦਗੀ ਖੁਦ ਹੋ, ਤੋ ਫਿਰ ਉਸ ਕੀ ਦਵਾ ਕਿਆ ਹੈ। ਉਹ ਅਸਮਾਨ ਦੇ ਤਾਰਿਆਂ ਵੱਲੇ ਵੇਖਦੀ। ਕਿਸ ਕਾਲੀ ਬਦਲੀ ਨੂੰ ਪਾੜ ਕੇ ਵਿਚੋਂ ਕੋਈ ਤਾਰਾ ਡਲ੍ਹਕਦਾ ਦਿਸਦਾ, ਤਾਂ ਰੀਸੋ-ਰੀਸ ਉਸ ਦੀਆਂ ਕਾਲੀਆਂ ਅੱਖਾਂ ਵਿਚ ਵੀ ਹੰਝੂ ਡਲ੍ਹਕ ਪੈਂਦੇ । ਉਹ ਨੇਤਰ ਭਰ-ਭਰ ਪਲਟਦੀ ਕਿ ਕਿਵੇਂ ਹਿੱਕ ਵਿਚ ਲੱਗੀ ਬੁਝੇ ।
ਸਮਝਤੇ ਥੇ, ਕਿ ਰੋ ਰੋ ਕੇ ਲਗੀ ਦਿਲ ਕੀ ਬੁਝਾ ਲੇਂਗੇ
ਬੜਾ ਹੀ ਆਸਰਾ ਤੇਰਾ ਹਮੇਂ ਐ ਚਸ਼ਮੇ-ਗਿਰੀਆਂ ਥਾ ।
ਪਰ
ਕਿਆ ਫਾਇਦਾ ਹੈ ਰੋਨੇ ਸੇ ਐ ਚਸ਼ਮਿ ਜ਼ਾਰ ! ਬਸ,
ਕਬ ਅਸ਼ਕ ਦਿਲ ਕੀ ਆਗ ਲਗੀ ਕੋ ਬੁਝਾ ਸਕਾ ।
ਉਹ ਆਪੇ ਰੋਂਦੀ ਤੇ ਆਪੇ ਚੁੱਪ ਕਰ ਜਾਂਦੀ । ਇਹ ਓਹਾ ਜਿੰਦਾਂ ਹੈ, ਜਿਸ ਦੇ ਚਿਹਰੇ ‘ਤੇ ਆਈ ਮੁਸਕਰਾਹਟ ਸ਼ੇਰੇ-ਪੰਜਾਬ ਵਾਸਤੇ ਅੰਮ੍ਰਿਤ-ਜੀਵਨ ਹੁੰਦੀ ਸੀ। ਜਿਸ ਦੀਆਂ ਅੱਖਾਂ ਵਿਚ ਆਏ ਦੋ ਹੰਝੂ ਪ੍ਰਿਥਵੀ ਕੰਬਾ ਦੇਂਦੇ ਸਨ, ਜਿਸ ਦੇ ਮੱਥੇ ‘ਤੇ ਪਏ ਵੱਟ ਅਨੇਕਾਂ ਯੋਧਿਆਂ ਦੀਆਂ ਕਮਾਨਾਂ ਝੁਕਾ ਦੇਂਦੇ ਸਨ । ਪਰ ਅੱਜ ਨਾ ਉਸ ਦੇ ਹਾਸਿਆਂ ਵਿਚ ਕੋਈ ਕਰਾਮਾਤ ਹੈ, ਨਾ ਹੰਝੂਆਂ ਵਿਚ ਕੋਈ ਤਾਸੀਰ । ਹੰਝੂ ਵੀ ਸਦਾ ਇਕੇ ਭੀ ਨਹੀਂ ਵਿਕਦੇ, ਕਦੇ ਮੋਤੀਆਂ ਤੋਂ ਮਹਿੰਗੇ ਹੁੰਦੇ ਹਨ, ਤੇ ਕਦੇ ਤਰੇਲ ਦੀਆਂ ਬੂੰਦਾਂ ਤੋਂ ਵੀ ਸਸਤੇ ।
ਕਿਲ੍ਹੇ ਦੀਆਂ ਕੰਧਾਂ ਨਾਲ ਖਹਿੰਦੀਆਂ ਨਦੀ ਦੀਆਂ ਲਹਿਰਾਂ ਵੱਲੇ ਉਹ ਵੇਖਦੀ ਤੇ ਸੋਚਦੀ, “ਇਹਨਾਂ ਕਈ ਬੰਨ੍ਹੇ ਢਾਹੇ ਹਨ, ਕਈ ਪਿੰਡ ਰੋੜ੍ਹੇ ਹਨ, ਕਈ ਬੇੜੀਆਂ ਡੋਬੀਆਂ ਹਨ, ਕਈ ਜਾਨਾਂ ਬਰਬਾਦ ਕੀਤੀਆਂ ਹਨ, ਪਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਦੇਂਦਾ । ਇਹ ਐਨੇ ਪਾਪ ਕਰਨ ਉੱਤੇ ਵੀ ਆਜ਼ਾਦ ਹਨ, ਪਰ ਮੈਂ ਕੋਈ ਗੁਨਾਹ ਨਹੀਂ ਕੀਤਾ ਤੇ ਫਿਰ ਵੀ ਕੈਦ ਹਾਂ । ਕਿਉਂਕਿ ਮੈਂ ਕੈਦ ਰਹਿਣਾ ਪਰਵਾਨ ਕਰ ਲਿਆ ਹੈ ਤੇ ਇਹ ਕੈਦ ਰਹਿਣਾ ਨਹੀਂ ਮੰਨਦੀਆਂ । ਠੀਕ ਹੈ, ਬੰਦੀਖਾਨੇ ਕੇਵਲ ਉਹਨਾਂ ਵਾਸਤੇ ਹਨ, ਜੋ ਬੰਦੀ ਰਹਿਣਾ ਪਰਵਾਨ ਕਰ ਲੈਣ, ਪਰ ਕੀ ਮੈਂ ਇਸ ਕੈਦ ਵਿਚੋਂ ਆਜ਼ਾਦ ਨਹੀਂ ਹੋ ਸਕਦੀ ?”
ਜਿੰਦਾਂ ਚੁਨਾਰ ਵਿਚੋਂ ਨੱਸ ਗਈ
੧੮ ਅਪ੍ਰੈਲ, ੧੮੪੯ ਦੀ ਅੱਧੀ ਰਾਤ ਉਹ ਉਦਾਸੀ ਸੰਤਣੀ ਦਾ ਭਗਵਾ ਵੇਸ ਕਰਕੇ ਕਿਲ੍ਹਿਓਂ ਬਾਹਰ ਨਿਕਲੀ । ਪਹਿਰੇ ਵਾਲੇ ਨੇ ਪੁੱਛਿਆ, “ਕੌਣ ਹੈ ?” ਤਾਂ ਜਿੰਦਾਂ ਨੇ ਅੱਗੋਂ ਉਤਰ ਦਿੱਤਾ, “ ਮੈਂ ਜੰਗਲ ਵਿਚ ਰਹਿਣ ਵਾਲੀ ਇਕ ਉਦਾਸੀ ਸੰਤਣੀ ਹਾਂ । ਮਹਾਰਾਣੀ ਨੇ ਧਰਮ ਉਪਦੇਸ਼ ਲੈਣ ਵਾਸਤੇ ਮੈਨੂੰ ਸੱਦਿਆ ਸੀ । ਉਸ ਨੂੰ ਉਪਦੇਸ਼ ਦੇ ਕੇ ਮੈਂ ਜਿਸ ਤਰ੍ਹਾਂ ਚੋਰੀ ਰਾਤ ਨੂੰ ਆਈ ਸਾਂ, ਓਸੇ ਤਰ੍ਹਾਂ ਚੋਰੀ ਬਾਹਰ ਜਾ ਰਹੀ ਹਾਂ । ਪਹਿਰੇਦਾਰ ਡਰ ਨਾਲ ਕੰਬ ਉਠਿਆ । ਉਹ ਸੋਚਦਾ, “ਜੇ ਹਕੂਮਤ ਨੂੰ ਪਤਾ ਲੱਗ ਗਿਆ, ਕਿ ਕੋਈ ਬਾਹਰੋਂ ਮਹਾਰਾਣੀ ਨੂੰ ਮਿਲਣ ਆਉਂਦਾ ਹੈ, ਤਾਂ ਪਤਾ ਨਹੀਂ ਕੀ ਸਜ਼ਾ ਮਿਲੇ । ਸੋ, ਚੰਗਾ ਹੈ ਕਿ ਜਿਵੇਂ ਇਹ ਚੋਰੀ ਆਈ ਹੈ, ਓਸੇ ਤਰ੍ਹਾਂ ਚਲੀ ਜਾਏ, ਤੇ ਕਿਸੇ ਦੂਸਰੇ ਨੂੰ ਪਤਾ ਨਾ ਲੱਗੇ ।” ਸੋ ਉਸ ਨੇ ਮੁੜ ਕੇ ਨਾ ਆਉਣ ਦੀ ਤਾੜਨਾ ਕਰਕੇ ਜਿੰਦਾਂ ਨੂੰ ਬਾਹਰ ਚਲੀ ਜਾਣ ਦਿੱਤਾ । ਪਹਿਰੇਦਾਰ ਦਾ ਡਰ ਮਹਾਰਾਣੀ ਦੀ ਰਿਹਾਈ ਦਾ ਵਸੀਲਾ ਬਣਿਆ ।
ਮਹਾਰਾਣੀ ਕਿਲ੍ਹਿਓਂ ਬਾਹਰ ਹੋਈ ਤੇ ਵਗਦੀ ਨਦੀ ਵਿਚ ਛਾਲ ਮਾਰ ਦਿੱਤੀ । ਲਹਿਰਾਂ ਨਾਲ ਲੜਦੀ ਤੇ ਆਪਣੀ ਕਿਸਮਤ ਨਾਲ ਘੋਲ ਕਰਦੀ ਉਹ ਨਦੀਓਂ ਪਾਰ ਹੋਈ । ਸੂਰਜ ਚੜ੍ਹਿਆ, ਸਾਰੇ ਚਾਨਣ ਹੋ ਗਿਆ, ਪਰ ਜਿੰਦਾਂ ਦੇ ਜੀਵਨ-ਪੰਧ ਵਿਚ ਅੱਗੇ ਨਾਲੋਂ ਵੀ ਵਧੇਰੇ ਹਨ੍ਹੇਰਾ ਵੱਧ ਗਿਆ । ਉਸ ਨੂੰ ਸੁੱਝਦਾ ਨਹੀਂ ਸੀ ਕਿ ਉਹ ਕਿੱਧਰ ਜਾਏ ?
‘ਚੁਨਾਰ ਵਿਚੋਂ ਜਿੰਦਾਂ ਦੇ ਨੱਸ ਜਾਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਸਾਰੇ ਖਿੱਲਰ ਗਈ । ਸਿਪਾਹੀ ਥਾਂ-ਥਾਂ ਉਸ ਦੀ ਭਾਲ ਵਿਚ ਫਿਰ ਰਹੇ ਸਨ । ਦੂਰੋਂ ਦਰੱਖਤਾਂ ਦੇ ਹਿੱਲਦੇ ਪਰਛਾਵੇਂ ਵੀ ਮਹਾਰਾਣੀ ਨੂੰ ਉਸ ਦੀ ਭਾਲ ਵਿਚ ਫਿਰ ਰਹੇ ਅੰਗਰੇਜ਼ੀ ਸਿਪਾਹੀ ਭਾਸਦੇ ਸਨ । ਬਿਰਛਾਂ ਵਿਚ ਦੀ ‘ਸ਼ਾਂ-ਸ਼ਾਂ’ ਕਰਦਿਆਂ ਲੰਘਦਿਆਂ ਪੌਣ ਦੇ ਬੁੱਲਿਆਂ ਵਿਚੋਂ ਉਸ ਨੂੰ ਵੈਰੀ ਦੀ ਗੋਲੀ ਦੀ ਅਵਾਜ਼ ਆਉਂਦੀ । ਜ਼ਰਾ-ਕੁ ਪੱਤਰ ਵੀ ਹਿੱਲਦਾ, ਤਾਂ ਸ਼ਿਕਾਰੀ ਦੇ ਡਰ ਨਾਲ ਟੁੱਟੇ ਹੋਏ ਪਰਾਂ ਵਾਲੇ ਪੰਛੀ ਵਾਂਗ ਉਸ ਦੀ ਛਾਤੀ ਧੜਕਣ ਲੱਗ ਪੈਂਦੀ । ਉਹ ਦਿਨੇ ਝਾੜੀਆਂ ਵਿਚ ਲੁਕ ਕੇ ਕੱਟਦੀ ਤੇ ਰਾਤੀਂ ਪੰਧ ਪੈ ਜਾਂਦੀ । ਪਾਂਧੀ ਤੁਰਿਆ ਜਾ ਰਿਹਾ ਸੀ, ਪਰ ਉਸ ਨੂੰ ਆਪ ਨੂੰ ਵੀ ਪਤਾ ਨਹੀਂ ਸੀ, ਕਿ ਉਹਨੇ ਪਹੁੰਚਣਾ ਕਿੱਥੇ ਹੈ ? ਸੁੰਞੀ ਦੁਨੀਆਂ ਵਿਚ ਇਕੱਲੀ ਜਿੰਦਾਂ ਜਾ ਰਹੀ ਸੀ । ਉਹਦੇ ਸੰਬੰਧੀ, ਉਸ ਦੇ ਆਪਣੇ, ਉਸਦੇ ਨਸੀਬ, ਉਸ ਦੇ ਭਾਗ, ਸਭ ਸਾਂਝਾਂ ਤੋੜ ਗਏ मठ ।
ਸਿਆਹ ਬਖ਼ਤੀ ਮੇਂ ਕਬ ਕੋਈ ਕਿਸੀ ਕਾ ਸਾਥ ਦੇਤਾ ਹੈ, ਕਿ ਤਾਰੀਕੀ ਮੇਂ ਸਾਇਆ ਭੀ ਜੁਦਾ ਹੋਤਾ ਹੈ ਇਨਸਾਂ ਸੇ ।
ਸਾਰੇ ਸਾਥ ਛੱਡ ਗਏ ਤੇ ਕੇਵਲ ਦੁੱਖ ਤੇ ਗਮ ਹੀ ਨਾਲ ਰਹਿ ਗਏ ।
“ਅਖੀਰ ਆਇਆ ਜੋ ਵਕਤਿ ਬਦ, ਤੋ ਸਭ ਨੇ ਰਾਹ ਲੀ ਅਪਨੀ ਹਜ਼ਾਰੋਂ ਸੈਂਕੜੋਂ ਮੇਂ ਦਰਦ-ਉ-ਗਮ ਦੋ ਆਸ਼ਨਾਂ ਠਹਿਰੇ ।
ਜਿੰਦਾਂ ਨੇਪਾਲ ਵਿਚ
ਅੰਤ ਭਟਕਦੀ-ਭਟਕਦੀ ਜਿੰਦਾਂ ਨੇਪਾਲ ਜਾ ਪਹੁੰਚੀ । ਨੇਪਾਲੀ ਸਿਪਾਹੀਆਂ ਨੇ ਪੰਜਾਬ ਦੀਆਂ ਲੜਾਈਆਂ ਵਿਚ ਅੰਗਰੇਜ਼ਾਂ ਦੀ ਬੜੀ ਮਦਦ ਕੀਤੀ ਸੀ । ਜਿੰਦਾਂ ਨੂੰ ਉਹਨਾਂ ਦਾ ਨਾਮ ਸੁਣ ਕੇ ਅੱਗ ਲੱਗ ਉਠਦੀ ਸੀ । ਉਹ ਨੇਪਾਲ ਨੂੰ ਆਪਣਾ ਵੈਰੀ ਸਮਝਦੀ ਸੀ, ਪਰ ਜਦੋਂ ਹੋਰ ਕੋਈ ਆਸਰਾ ਨਾ ਰਹਿ ਗਿਆ, ਤਾਂ ਜਿੰਦਾਂ ਨੂੰ ਰੋਟੀ ਬਦਲੇ ਓਸੇ ਨੇਪਾਲ ਦੇ ਰਾਣਾ ਜੰਗ ਬਹਾਦਰ ਅੱਗੇ ਝੋਲੀ ਅੱਡਣੀ ਪਈ । ਕੁਦਰਤ ਦੇ ਰੰਗ ਨੇ, ਹੀਰੇ ਤੇ ਮੋਤੀ ਦਾਨ ਕਰਨ ਵਾਲੇ ਕਦੇ ਰੋਟੀ ਦੀ ਭਿੱਛਿਆ ਮੰਗਦੇ ਫਿਰਦੇ ਹਨ ।”
ਜਿਸ ਸ਼ੇਰੇ-ਪੰਜਾਬ ਦੀ ਧਾਂਕ ਸਾਰੀ ਦੁਨੀਆਂ ‘ਤੇ ਪਈ ਹੋਈ ਸੀ, ਜਿਸ ਦੇ ਬੂਹੇ ਉਤੇ ਵੱਡੇ ਬਾਦਸ਼ਾਹਾਂ ਦੇ ਰਾਜਦੂਤ ਯਰਾਨੇ ਵਾਸਤੇ ਬੇਨਤੀ ਕਰਨ ਲਈ ਖਲੇ ਰਹਿੰਦੇ ਸਨ, ਜਿਸ ਦੀ ਮਿੱਤਰਤਾ ਨੂੰ ਅੰਗਰੇਜ਼ ਸੁਭਾਗ ਸਮਝਦੇ ਸਨ, ਜਿਸ ਦੀ ‘ਤੇਗ’ ਤੇ ‘ਦੇਗ’ ਦੋਵੇਂ ਮਸ਼ਹੂਰ ਸਨ, ਜਿਸ ਦੇ ਦਾਨ ਨਾਲ ਕੰਗਾਲ ਸ਼ਾਹ ਹੋ ਗਏ ਸਨ, ਜਿਸ ਦੇ ਰਾਜ ਵਿਚ ਭੁੱਖਾ ਕੋਈ ਨਹੀਂ ਰਿਹਾ ਸੀ, ਅੱਜ ਓਸੇ ਸ਼ੇਰੇ-ਪੰਜਾਬ ਦੀ ‘ਮਹਿਬੂਬਾ’ ਮਹਾਰਾਣੀ ਜਿੰਦ ਕੌਰ ਫਕੀਰਨੀ ਵਾਂਗ ਝੋਲੀ ਅੱਡ ਕੇ ਰਾਣਾ ਜੰਗ ਬਹਾਦਰ ਦੇ ਸਾਹਮਣੇ ਰੋਟੀ ਦੀ ਭੀਖ ਮੰਗ ਰਹੀ ਸੀ।
ਜਿੰਦਾਂ ਨੂੰ ਗੁਜ਼ਾਰਾ ਦਿੱਤਾ ਗਿਆ
ਦੁਖੀ ਜਿੰਦਾਂ ਦੇ ਹਾਲ ਉੱਤੇ ਰਾਣਾ ਜੰਗ ਬਹਾਦਰ (ਨੇਪਾਲ) ਨੂੰ ਤਰਸ ਆ ਗਿਆ । ਉਸ ਨੇ ਆਪਣੇ ਰਾਜ ਵਿਚ ਉਸ ਅਭਾਗਣੀ ਨੂੰ ਆਸਰਾ ਦੇਣਾ ਮੰਨ ਲਿਆ। ੨੦ ਹਜ਼ਾਰ ਰੁਪਿਆ ਸਾਲਾਨਾ ਆਪਣੇ ਖਜ਼ਾਨੇ ਵਿਚੋਂ ਮਹਾਰਾਣੀ ਦੇ ਨਿਰਬਾਹ ਵਾਸਤੇ ਨੀਯਤ ਕਰ ਦਿੱਤਾ, ਪਰ ਨਾਲ ਹੀ ਮਹਾਰਾਣੀ ਨੂੰ ਖਟਮੰਡ (ਨੇਪਾਲ) ਵਿਚ ਰਹਿਣ ਵਾਲੇ ਅੰਗਰੇਜ਼ ਰੈਜ਼ੀਡੈਂਟ ਦੀ ਨਿਗਰਾਨੀ ਵਿਚ ਦੇ ਦਿੱਤਾ । ਏਥੇ ਉਹ 12 ਸਾਲ ਕੈਦ ਰਹੀ ।
ਜਿੰਦਾਂ ਨੇਪਾਲ ਚਲੀ ਗਈ । ਡਲਹੌਜ਼ੀ ਦੇ ਇਹ ਵੀ ਦਿਲ ਦੀ ਹੋਈ। ਉਹ ੧ ਮਈ, ੧੮੪੯ ਈ: ਦੇ ਖਤ ਵਿਚ ਲਿਖਦਾ ਹੈ, “ਜਿੰਦਾਂ ਚੁਨਾਰ ਵਿਚੋਂ ਨੱਸ ਗਈ ਹੈ। ਉਹ ਨੇਪਾਲ ਚਲੀ ਗਈ ਤਾਂ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ । ਉਹਦੇ ਕੋਲ ਪੈਸਾ ਨਹੀਂ । ਉਹ ਸਾਡਾ ਕੁਝ ਵਿਗਾੜ ਨਹੀਂ ਸਕੇਗੀ ।
ਭਰੋਵਾਲ ਦੀ ਸੁਲ੍ਹਾ ਵਿਚ ਮਹਾਰਾਣੀ ਨੂੰ ਡੂਢ ਲੱਖ ਸਾਲਾਨਾ ਪੈਨਸ਼ਨ ਦੇਣੀ ਕੀਤੀ ਸੀ, ਜੋ ਬਨਾਰਸ ਆਉਣ ‘ਤੇ ੧੨ ਹਜ਼ਾਰ ਰੁਪਿਆ ਸਾਲਾਨਾ ਰਹਿਣ ਦਿੱਤੀ ਗਈ ਸੀ । ਭਲਾ ਹੋਇਆ, ਕਿ ਉਸ ੧੨ ਹਜ਼ਾਰ ਤੋਂ ਵੀ ਛੁੱਟੀ ਹੋਈ ।
(ਹੁਣ ਅਸੀਂ ਮਹਾਰਾਜਾ ਦਲੀਪ ਸਿੰਘ ਦਾ ਹਾਲ ਲਿਖਦੇ ਹਾਂ)
ਮਹਾਰਾਜਾ ਦਲੀਪ ਸਿੰਘ ਤੇ ਉਸ ਦੀ ਰਹਿਣੀ
ਦਲੀਪ ਸਿੰਘ ੫ ਸਾਲ, ੧੧ ਦਿਨ ਦਾ ਸੀ, ਜਦ ਮਹਾਰਾਜ ਸ਼ੇਰ ਸਿੰਘ ਦੇ ਕਤਲ ਹੋਣ ਉੱਤੇ ਸਿੱਖਾਂ ਦਾ ਬਾਦਸ਼ਾਹ ਬਣਿਆ। ਓਸੇ ਸਮੇਂ ਤੋਂ ਉਸ ਦੀ ਉੱਚੀ ਸਿੱਖਿਆ ਦਾ ਪ੍ਰਬੰਧ ਆਰੰਭ ਕਰ ਦਿੱਤਾ ਗਿਆ । ਦੋ ਵਿਦਵਾਨ ਗ੍ਰੰਥੀ ਉਸ ਨੂੰ ਪੰਜਾਬੀ (ਗੁਰਮੁਖੀ) ਤੇ ਧਾਰਮਿਕ ਵਿੱਦਿਆ ਦੇਣ ਵਾਸਤੇ ਨੀਯਤ ਕੀਤੇ ਗਏ । ਹਰ ਰੋਜ਼ ਦੋਵੇਂ ਵੇਲੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦਾ । ਨੇਮ ਨਾਲ ਉਸ ਨੂੰ ਸ਼ਬਦ ਦੀ ਕਥਾ ਸਮਝਾਈ ਜਾਂਦੀ । ਅੰਮ੍ਰਿਤ ਵੇਲੇ ਉਹ ਗੁਰ-ਕੀਰਤਨ ਸੁਣਦਾ, ਤੇ ਸੰਧਿਆ ਨੂੰ ਰਹਿਰਾਸ ਦੇ ਪਾਠ ਵਿਚ ਬੜੀ ਸ਼ਰਧਾ ਨਾਲ ਬੈਠਦਾ । ਪੁਰਾਤਨ ਸਿੱਖਾਂ ਤੇ ਗੁਰੂਆਂ ਦੇ ਕਾਰਨਾਮੇ ਉਹ ਬੜੇ ਚਾਅ ਨਾਲ ਸੁਣਦਾ ਹੁੰਦਾ ਸੀ ।
ਇਕ ਉਸਤਾਦ (ਮੌਲਵੀ) ਉਸ ਨੂੰ ਫਾਰਸੀ ਪੜ੍ਹਾਇਆ ਕਰਦਾ ਸੀ । ਉਸ ਦੀ ਹਰ ਤਰ੍ਹਾਂ ਦੀ ਸਿੱਖਿਆ ਮਹਾਰਾਣੀ ਜਿੰਦ ਕੌਰ ਦੇ ਪ੍ਰਬੰਧ ਹੇਠ ਸੀ, ਇਸ ਵਾਸਤੇ ਉਹ ਉਹਨੂੰ ਹਰ ਤਰ੍ਹਾਂ ਚੰਗਾ ਤੇ ਯੋਗ ਮਹਾਰਾਜਾ ਬਣਾਉਣ ਦੇ ਯਤਨ ਕਰਦੀ ਸੀ।
ਮਹਾਰਾਜੇ ਦੀ ਉਮਰ ਦੇ ੬੦ ਸਿੱਖ ਲੜਕੇ ਉਸ ਦੀ ਖੇਡ ਦੇ ਸਾਥੀ ਸਨ । ਉਹ ਫੌਜੀ ਵਰਦੀ ਵਿਚ ਜੰਗੀ ਖੇਡਾਂ ਤੇ ਕਵਾਇਦ ਕਰਦੇ ਤੇ ਮਹਾਰਾਜਾ ਉਹਨਾਂ ਦਾ ਸੈਨਾਪਤੀ ਹੁੰਦਾ । ਲੜਕਿਆਂ ਤੋਂ ਫੋਕੀਆਂ ਲੜਾਈਆਂ ਕਰਾ ਕੇ ਮਹਾਰਾਜੇ ਨੂੰ ਯੁੱਧ ਵਿੱਦਿਆ ਸਿਖਾਈ ਜਾਂਦੀ । ਬੰਦੂਕ ਦਾ ਨਿਸ਼ਾਨਾ, ਤਲਵਾਰ ਚਲਾਉਣੀ, ਘੋੜੇ ਦੀ ਅਸਵਾਰੀ ਉਹਨੂੰ ਨਿੱਤ ਸਿਖਾਈ ਜਾਂਦੀ ਸੀ? ।
੨੦ ਦਰਬਾਰੀ ਡਾਕਟਰ ਮਹਾਰਾਜੇ ਦੀ ਅਰੋਗਤਾ ਦੀ ਸੰਭਾਲ ਵਾਸਤੇ ਨੀਯਤ ਕੀਤੇ ਹੋਏ ਸਨ । ਉਹਦੇ ਸਰੀਰ ਦੀ ਰਾਖੀ ਵਾਸਤੇ (ਬਾਡੀਗਾਰਡ) ੨੦ ਘੋੜ ਅਸਵਾਰ, ੨ ਕੰਪਨੀਆਂ ਪੈਦਲ ਤੇ ਇਕ ਤੋਪ ਹੁੰਦੀ ਸੀ । ਜਦ ਉਹ ਹਾਥੀ ਤੇ ਚੜ੍ਹ ਕੇ ਸੈਰ ਜਾਂਦਾ ਸੀ, ਗਰੀਬਾਂ ਦੀ ਭੀੜ ਵਿਚ ਰੁਪੈ ਸੁੱਟਿਆ ਕਰਦਾ ਸੀ । ਹਰ ਮਹੀਨੇ ਦੀ ਸੰਗਰਾਂਦ ਨੂੰ ਮਹਾਰਾਜੇ ਦਾ ਭਾਰ ਕਰਕੇ (ਕਦੇ ਅਨਾਜ, ਕਦੇ ਤੇਲ, ਕਦੇ ਘਿਉ, ਕਦੇ ਧਾਤ) ਦਾਨ ਕੀਤਾ ਜਾਂਦਾ । ਦੁਸਹਿਰੇ ਨੂੰ ਵੱਡੇ ਖੁੱਲ੍ਹੇ ਦਰਬਾਰ ਵਿਚ ਸਰਦਾਰਾਂ ਤੇ ਜਾਗੀਰਦਾਰਾਂ ਕੋਲੋਂ ਨਜ਼ਰਾਨੇ ਲਏ ਜਾਂਦੇ, ਤੇ ਯੋਗ ਅਧਿਕਾਰੀਆਂ ਨੂੰ ਇਨਾਮ ਦਿੱਤੇ ਜਾਂਦੇ ।
ਅਗਸਤ, ੧੮੪੭ ਤੋਂ ਪਿਛੋਂ
੭ ਅਗਸਤ, ੧੮੪੭ ਤੋਂ ਪਹਿਲਾਂ ਦਲੀਪ ਸਿੰਘ ਦੀ ਰੋਜ਼ਾਨਾ ਜ਼ਿੰਦਗੀ ਵਿਚ ਕੋਈ ਫਰਕ ਨਹੀਂ ਸੀ ਪਿਆ । ਤੇਜ ਸਿੰਘ ਦੇ ਤਿਲਕ ਦੀ ਘਟਨਾ ਦੇ ਪਿਛੋਂ ਸਾਰਾ ਢੰਗ ਕੁਛ-ਕੁਛ ਬਦਲ ਦਿੱਤਾ ਗਿਆ । ੯ ਮਾਰਚ, ੧੮੪੮ ਈ: ਨੂੰ ਫਰੈਡਰਿਕ ਕਰੀ (Fredrick Curri) ਪੰਜਾਬ ਦਾ ਰੈਜ਼ੀਡੈਂਟ ਬਣਿਆਂ। ਉਸ ਦੇ ਆਉਣ ਉੱਤੇ ਦਲੀਪ ਸਿੰਘ ਦੇ ਰਹਿਣ ਸਹਿਣ ਵਿਚ ਵਧੇਰੇ ਫਰਕ ਪੈ ਗਿਆ । ਕਰੀ ਨੇ ਦਲੀਪ ਸਿੰਘ ਨੂੰ ਅੰਗਰੇਜ਼ੀ ਪੜ੍ਹਾਉਣ ਵਾਸਤੇ ਦੋ ਉਸਤਾਦ ਮੈਲਵਿਲ (Melvile) ਤੇ ਰਿਚਰਡ ਪੋਲਕ (Richard Pollock) ਰੱਖ ਲਏ ।
ਬਗ਼ਾਵਤ ਸਮੇਂ
ਅਪ੍ਰੈਲ, ੧੮੪੯ ਈ: ਵਿਚ ਬਗਾਵਤ ਹੋ ਗਈ, ਜੋ ਵੇਲੇ ਸਿਰ ਨਾ ਦਬਾਉਣ ਕਾਰਨ ਦਿਨੋ-ਦਿਨ ਵੱਧਦੀ ਹੀ ਗਈ । ਸਾਰੀ ਗੜਬੜ ਸਮੇਂ ਲਾਹੌਰ ਵਿਚ ਪੂਰਾ ਅਮਨ ਰਿਹਾ । ਓਧਰ ਐਬਟ ਦੇ ਕਾਰਨ ਹਜ਼ਾਰੇ ਵਿਚ ਸ: ਚਤਰ ਸਿੰਘ ਨਾਲ ਝਗੜਾ ਵੱਧ ਗਿਆ । ੨੯ ਅਗਸਤ, ੧੮੪੮ ਈ: ਨੂੰ ਮੁਲਤਾਨ ਤੋਂ ਮੇਜਰ ਐਡਵਾਰਡਸ (Major Adwardes) ਨੇ ਰੈਜ਼ੀਡੈਂਟ ਨੂੰ ਚਿੱਠੀ ਲਿਖੀ, “ਮਹਾਰਾਜੇ ਦੀ ਅੱਛੀ ਤਰ੍ਹਾਂ ਰਾਖੀ ਕਰੋ । ਕਿਉਂਕਿ ਸ਼ਮਸ਼ੇਰ ਸਿੰਘ ਕਹਿੰਦਾ ਹੈ, ਕਿ ਜਦੋਂ ਮਹਾਰਾਜਾ ਸ਼ਾਲੀਮਾਰ ਬਾਗ਼ ਵਿਚ ਜਾਂ ਕਿਤੇ ਘੋੜੇ ‘ਤੇ ਸੈਰ ਕਰ ਰਿਹਾ ਹੋਵੇਗਾ, ਸ: ਚਤਰ ਸਿੰਘ ਮਹਾਰਾਜੇ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰੇਗਾ, ਤੇ ਫਿਰ ਦਲੀਪ ਸਿੰਘ ਨਾਲ ਲੜਾਈ ਕਰਨ ਦੇ ਸਾਥੋਂ ਕਾਰਨ ਪੁੱਛੇਗਾ, ਜਿਸ (ਦਲੀਪ ਸਿੰਘ) ਨਾਲ ਅਸਾਂ ਸੁਲ੍ਹਾ ਕੀਤੀ ਹੋਈ ਹੈ।”
ਗੁਲਾਬ ਸਿੰਘ ਤੇ ਹੋਰ ਨੌਕਰ
ਉਪਰਲੀ ਚਿੱਠੀ ਪਹੁੰਚਦਿਆਂ ਹੀ ਰੈਜ਼ੀਡੈਂਟ ਨੇ ਦਲੀਪ ਸਿੰਘ ਦੇ ਸਾਰੇ ਦੇਸੀ ਨੌਕਰ ਹਟਾ ਦਿੱਤੇ ਤੇ ਓਪਰੇ ਉਹਨਾਂ ਦੀ ਥਾਂ ਲਾ ਦਿੱਤੇ । ਕਿਲ੍ਹੇ ਤੇ ਮਹਾਰਾਜੇ ਦੇ ਮਹਿਲ ਦੀ ਰਾਖੀ ਵਾਸਤੇ ਅੰਗਰੇਜ਼ੀ ਰਜਮੈਂਟ ਲਾ ਦਿੱਤੀ । ਸ: ਚਤਰ ਸਿੰਘ ਅਟਾਰੀ ਵਾਲੇ ਦਾ ਛੋਟਾ ਪੁੱਤਰ ਗੁਲਾਬ ਸਿੰਘ ਹਰ ਵੇਲੇ ਮਹਾਰਾਜੇ ਦੇ ਕੋਲ ਰਹਿੰਦਾ ਹੁੰਦਾ ਸੀ। ਰਾਤ ਵੀ ਉਹ ਮਹਾਰਾਜੇ ਦੇ ਕੋਲ ਸੌਂਦਾ ਸੀ । ਉਹਨੂੰ ਮਹਾਰਾਜੇ ਤੋਂ ਨਿਖੇੜ ਕੇ ਕੈਦ ਕਰ ਦਿੱਤਾ ਗਿਆ । ਇਹਨਾਂ ਤਬਦੀਲੀਆਂ ਤੋਂ ਦਲੀਪ ਸਿੰਘ ਸਮਝਦਾ ਸੀ, ਕਿ ਬਾਹਰ ਕੁਛ ਹੋ ਰਿਹਾ ਹੈ, ਨਹੀਂ ਤਾਂ ਏਸ ਲੜਾਈ ਦੇ ਹਾਲ ਉਸ ਨੂੰ ਨਹੀਂ ਦੱਸੇ ਜਾਂਦੇ ਸਨ ।
ਆਖ਼ਰੀ ਐਲਾਨ ਤੇ ਦਲੀਪ ਸਿੰਘ
ਅੰਤ ਲੜਾਈ ਖਤਮ ਹੋ ਗਈ ਤੇ ਗਵਰਨਰ-ਜੈਨਰਲ ਡਲਹੌਜ਼ੀ ਦਾ ਆਖਰੀ ਐਲਾਨ ਲੈ ਕੇ ਇਲੀਅਟ ਲਾਹੌਰ ਪੁੱਜਾ । ੨੯ ਮਾਰਚ, ੧੮੪੯ ਨੂੰ ਉਹ ਐਲਾਨ ਦਰਬਾਰ ਵਿਚ ਇਲੀਅਟ ਨੇ ਅੰਗਰੇਜ਼ੀ ਵਿਚ ਪੜ੍ਹਿਆ । ਫਿਰ ਉਸ ਦਾ ਉਲਥਾ ਫਾਰਸੀ ਤੇ ਹਿੰਦੀ ਵਿਚ ਕਰਕੇ ਸੁਣਾਇਆ ਗਿਆ । ਮਹਾਰਾਜਾ ਦਲੀਪ ਸਿੰਘ ਓਦੋਂ ੧੦ ਸਾਲ, ੬ ਮਹੀਨੇ, ੨੯ ਦਿਨ ਦਾ ਸੀ । ਸੋ, ਉਹ ਉਸ ਐਲਾਨ ਦੇ ਅਰਥ ਸਮਝ ਨਾ ਸਕਿਆ, ਤੇ ਕੇਵਲ ਨੌਕਰਾਂ ਦੇ ਆਖਣ ਉੱਤੇ ਉਸ ਨੇ ਸੁਲ੍ਹਾ ‘ਤੇ ਦਸਤਖਤ ਕਰ ਦਿੱਤੇ । ਜਿੰਨਾ-ਕ ਉਹ ਸਮਝ ਸਕਦਾ ਸੀ, ਉਸ ਦੇ ਖਿਆਲ ਵਿਚ ਅਹਿਦਨਾਮੇ ਦੀਆਂ ਸ਼ਰਤਾਂ ਸਖਤ ਸਨ ।
ਸਰ ਜੌਹਨ ਲਾਗਨ (Sir John Login), ਜੋ ਸੁਲ੍ਹਾ ਪਿਛੋਂ ਕਈ ਸਾਲ ਮਹਾਰਾਜੇ ਦਾ ਰਖਵਾਲਾ ਰਿਹਾ, ਲਿਖਦਾ ਹੈ, “ਬਾਲਕ ਮਹਾਰਾਜਾ ਹੋਰ ਤਾਂ ਕੁਛ ਨਹੀਂ। ਸਮਝ ਸਕਿਆ, ਪਰ ਇਹ ਜ਼ਰੂਰ ਅਨੁਭਵ ਕਰਦਾ ਸੀ, ਕਿ ਉਸ ਉੱਤੇ ਲਾਈਆਂ ਗਈਆਂ ਸ਼ਰਤਾਂ ਬੜੀਆਂ ਕਰੜੀਆਂ ਤੇ ਮਾਰੂ ਹਨ, ਖਾਸ ਕਰ ਉਸ ਵੱਲੋਂ ਬਿਨਾਂ ਕਿਸੇ ਗੁਨਾਹ ਕੀਤੇ ਦੇ ਉਹਦਾ ਤਖਤ ਖੋਹਿਆ ਜਾਣਾ, ਨਿਰਾ ਉਹਨਾਂ ਲੋਕਾਂ ਦੀਆਂ ਦਗੇਬਾਜ਼ੀਆਂ ਦੇ ਕਾਰਨ, ਜਿੰਨ੍ਹਾਂ ਨੂੰ ਅਸਾਂ (ਅੰਗਰੇਜ਼ਾਂ) ਉਹਦੇ ਉਦਾਲੇ ਤਾਕਤਵਰ ਬਣਾ ਦਿੱਤਾ ਸੀ। ਸਰਕਾਰ ਅੰਗਰੇਜ਼ੀ ਦੀ ਰੱਖਿਆ ਵਿਚ ਆਉਣ ਤੋਂ ਪਹਿਲਾਂ ਦੀ ਡਾਵਾਂਡੋਲ ਹਾਲਤ ਵਿਚ ਉਹ ਜਿੰਨ੍ਹਾਂ ਔਕੜਾਂ ਵਿਚ ਘਿਰਿਆ ਹੋਇਆ ਸੀ, ਉਹਨਾਂ ਵੀ ਉਸ ਦੇ ਦਿਲ ‘ਤੇ ਡੂੰਘਾ ਅਸਰ ਪਾਇਆ। ਇਹਨਾਂ ਕਾਰਨਾਂ ਕਰਕੇ ਉਹ (ਰਾਜ ਭਾਗ ਛੱਡ ਕੇ) ਨਵੇਕਲੀ ਜ਼ਿੰਦਗੀ ਗੁਜ਼ਾਰਨ ਵਾਸਤੇ ਮਜਬੂਰ ਹੋ ਗਿਆ ।”
ਲਾਰਡ ਡਲਹੌਜ਼ੀ ਨੇ ਜਿਸ ਦਲੀਪ ਸਿੰਘ ਨੂੰ ਆਪਣੀ ਰੱਖਿਆ ਵਿਚ ਲਿਆ ਹੋਇਆ ਸੀ, ਜਿਸ ਦੇ ਰਾਜ ਵਿਚ ਅਮਨ ਕਾਇਮ ਰੱਖਣ ਦਾ ਉਹ ਠੇਕੇਦਾਰ ਸੀ, ਜਿਸ ਨੂੰ ਉਹ ਆਪਣਾ ਪੁੱਤਰ ਆਖਦਾ ਸੀ, ਉਸ ਬਾਲਕ ਮਹਾਰਾਜੇ ਦਾ ਰਾਜ ਖੋਹ ਕੇ ਉਹ ਖੁਸ਼ੀ ਵਿਚ ਫੁੱਲਿਆ ਨਾ ਸਮਾਇਆ।
ਜੋ ਤੂਨੇ ਕੀ, ਸੋ ਦੁਸ਼ਮਨ ਭੀ ਨਹੀਂ ਦੁਸ਼ਮਨ ਸੇ ਕਰਤਾ ਹੈ,
ਗਲਤ ਥਾ ਜਾਨਤੇ ਥੇ ਤੁਝ ਕੋ ਜੋ ਹਮ ਮਿਹਰਬਾਂ ਅਪਨਾ ।
੩੦ ਮਾਰਚ, ੧੮੪੯ ਨੂੰ ਡਲਹੌਜ਼ੀ ਆਪਣੀ ਜ਼ਾਤੀ ਚਿੱਠੀ ਵਿਚ ਲਿਖਦਾ ਹੈ : “ਜੋ ਕੁਛ ਮੈਂ ਕੀਤਾ, ਆਪਣੀ ਜ਼ਿੰਮੇਵਾਰੀ ‘ਤੇ ਕੀਤਾ ਹੈ । ਹਰ ਇਕ ਦਿਨ ਐਸਾ ਨਹੀਂ ਆਉਂਦਾ, ਜਿਸ ਦਿਨ ਹਕੂਮਤ ਦਾ ਇਕ ਅਫਸਰ ਸਰਕਾਰ ਅੰਗਰੇਜ਼ੀ ਦੀ ੪੦ ਲੱਖ ਪਰਜਾ ਹੋਰ ਵਧਾ ਦੇਵੇ, ਤੇ ਮੁਗਲਾਂ ਵਾਲਾ ਇਤਿਹਾਸਕ ਹੀਰਾ (ਕੋਹਿਨੂਰ) ਆਪਣੇ ਸ਼ਾਹੀ ਤਾਜ ਵਿਚ ਟਿਕਾ ਦੇਵੇ । ਇਹ ਕੁਛ ਮੈਂ ਕੀਤਾ ਹੈ” ।”
ਲੁਡਲੋ ਦੀ ਰਾਏ
ਇਸ ਨੂੰ ਕਹਿੰਦੇ ਹਨ ‘ਬਾਂਹ ਫੜੀ ਦੀ ਲਾਜ’ । ਵੇਖੋ ਦਲੀਪ ਸਿੰਘ ਦੇ ਰਾਜ ਦੀ ਕੇਹੀ ਚੰਗੀ ਰੱਖਿਆ ਡਲਹੌਜ਼ੀ ਨੇ ਕੀਤੀ ਹੈ। ਮਿਸਟਰ ਲੁਡਲੋ (Ludlow) ਨੇ ਬੜੇ ਸੋਹਣੇ ਸ਼ਬਦਾਂ ਵਿਚ ਇਸ ਨੂੰ ਬਿਆਨ ਕੀਤਾ ਹੈ : “ਦਲੀਪ ਸਿੰਘ ਇਕ ਬੱਚਾ ਸੀ । ਉਸ ਦੀ ਬਾਲਕ-ਅਵਸਥਾ ੧੮੫੪ ਵਿਚ ਪੂਰੀ ਹੋਣੀ ਸੀ । ਅਸੀਂ (ਅੰਗਰੇਜ਼) ਉਸ ਦੇ ਰੱਖਿਅਕ ਬਣੇ ਹੋਏ ਸਾਂ । ਜਦੋਂ ਅਸੀਂ ਆਖਰੀ ਵਾਰ ਉਹਦੇ ਮੁਲਕ ਵਿਚ ਦਾਖਲ ਹੋਏ, ਅਸਾਂ (੧੮ ਨਵੰਬਰ, ੧੮੪੮ ਈ: ਨੂੰ) ਐਲਾਨ ਕੀਤਾ, ਕਿ ਅਸੀਂ ਬਾਗ਼ੀਆਂ ਨੂੰ ਸਜ਼ਾ ਦੇਣ ਵਾਸਤੇ ਤੇ ਸਿੱਖ ਦਰਬਾਰ (ਦਲੀਪ ਸਿੰਘ ਦੀ ਸਰਕਾਰ) ਦੇ ਵਿਰੋਧੀਆਂ ਨੂੰ ਦਬਾਉਣ ਵਾਸਤੇ ਦਾਖਲ ਹੋਏ ਹਾਂ । ਪਰ ਅਸਾਂ ਏਸ ਇਕਰਾਰ ਨੂੰ ਏਸ ਤਰ੍ਹਾਂ ਪੂਰਾ ਕੀਤਾ, ਉਸ ਦੇ ਸਾਰੇ ਮੁਲਕ ਨੂੰ ਛੇ ਮਹੀਨੇ ਵਿਚ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ । ੨੯ ਮਾਰਚ, ੧੮੪੯ ਨੂੰ ਪੰਜਾਬ ਦੇ ਰਾਜ ਦੇ ਖਤਮ ਹੋਣ ਦਾ ਐਲਾਨ ਕਰ ਦਿੱਤਾ ਤੇ ਆਪਣੇ ਰੱਖਿਆ ਅਧੀਨ ਬਾਲਕ ਨੂੰ ਪੈਨਸ਼ਨ ਦੇ ਕੇ ਉਸ ਦੀ ਸਾਰੀ ਜਾਇਦਾਦ ਖੋਹ ਲਈ । ਜਗਤ ਪ੍ਰਸਿੱਧ (ਕੋਹਿਨੂਰ) ਹੀਰਾ ਮਲਕਾ ਦੀ ਭੇਟਾ ਵਾਸਤੇ ਲੈ ਲਿਆ । ਦੂਜੇ ਸ਼ਬਦਾਂ ਵਿਚ ਅਸਾਂ ਆਪਣੇ ਰੱਖਿਆ- ਅਧੀਨ ਦੀ ਰੱਖਿਆ ਏਸ ਤਰ੍ਹਾਂ ਕੀਤੀ, ਕਿ ਉਸ ਦਾ ਸਾਰਾ ਮੁਲਕ ਉਸ ਤੋਂ ਖੋਹ ਲਿਆ ।
“ਜੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾਉਣਾ ਠੀਕ ਸੀ, ਤਾਂ ਉਹ ਪਹਿਲੇ ਸਿੱਖ-ਯੁੱਧ ਵੇਲੇ ਹੋਣਾ ਚਾਹੀਦਾ ਸੀ । ਓਦੋਂ ਸਿੱਖਾਂ ਨੇ ਹਮਲਾ ਕਰਨ ਵਿਚ ਪਹਿਲ ਕੀਤੀ ਸੀ, ਓਦੋਂ ਸਾਡਾ ਬਾਲਕ ਮਹਾਰਾਜੇ ਨਾਲ ਕੋਈ ਇਕਰਾਰ ਨਹੀਂ ਸੀ, ਸੋ ਜੇਤੂ ਹੋਣ ਦੀ ਹੈਸੀਅਤ ਵਿਚ ਓਦੋਂ ਅਸੀਂ ਉਹਦੇ ਉੱਤੇ ਮਨ-ਮੰਨੀਆਂ ਸ਼ਰਤਾਂ ਲਾਉਣ ਦੇ ਹੱਕਦਾਰ ਸਾਂ । ਦੂਰ ਦੀ ਸੋਚਣ ਵਾਲ਼ੇ ਸਰ ਚਾਰਲਸ ਨੇਪੀਅਰ (Sir Charles Napier) ਨੇ ਇਸ ਭੁੱਲ ਨੂੰ ਤਾੜ ਕੇ ਇਸ ‘ਤੇ ਬੜਾ ਇਤਰਾਜ਼ ਕੀਤਾ। ਸੀ । ਪਰ ਇਕ ਵਾਰ ਦਲੀਪ ਸਿੰਘ ਦੀ ਬਾਦਸ਼ਾਹੀ ਮੰਨ ਲੈਣ ਤੇ ਉਸ ਨੂੰ ਆਪਣੀ ਰੱਖਿਆ ਵਿਚ ਲੈ ਲੈਣ ਪਿੱਛੋਂ ਉਸ ਦੀ ਪਰਜਾ ਦੇ ਗੁਨਾਹਾਂ ਬਦਲੇ ਉਸ ਨੂੰ ਸਜ਼ਾ ਦੇਣਾ ਮਖੌਲ ਹੈ। ਜਿਥੋਂ ਤੱਕ ਬਾਗੀਆਂ ਨੂੰ ਦਬਾਉਣ ਦਾ ਸਵਾਲ ਹੈ, ਅਸੀਂ ਸਿਰਫ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸਾਂ । ਉਸ ਦੀ ਪਰਜਾ ਦਾ ਕੋਈ ਅਜਿਹਾ ਕੰਮ ਸਾਨੂੰ ਉਸਦੇ ਵਿਰੁੱਧ ਕੋਈ ਅਧਿਕਾਰ ਨਹੀਂ ਦੇਂਦਾ । (ਅੱਗੇ ਮਿਸਟਰ ਲੁਡਲੋ ਇਕ ਬੜੀ ਸੁੰਦਰ ਮਿਸਾਲ ਦੇਂਦਾ ਹੈ) ਜ਼ਰਾ ਧਿਆਨ ਦਿਓ । ਇਕ ਵਿਧਵਾ ਇਸਤਰੀ ਦੇ ਘਰ ਵਿਚੋਂ ਕੁਛ ਬਾਗੀ ਨੌਕਰ ਬਾਹਰ ਨਿਕਲ ਕੇ ਪੋਲੀਸ ‘ਤੇ ਹਮਲਾ ਕਰ ਦੇਂਦੇ ਹਨ । ਪੋਲੀਸ ਉਨ੍ਹਾਂ ਬਾਗੀਆਂ ਨੂੰ ਸਜ਼ਾ ਦੇ ਦੇਂਦੀ ਹੈ, ਤੇ ਘਰ ਵਿਚ ਦਾਖਲ ਹੋ ਕੇ ਉਹਨਾਂ ਬਾਗੀਆਂ ਦੀ ਕਿਸੇ ਕਿਸਮ ਦੀ ਗੜਬੜ ਤੋਂ ਉਸ ਵਿਧਵਾ ਦੀ ਰੱਖਿਆ ਦਾ ਭਾਰ ਆਪਣੇ ਸਿਰ ਲੈ ਲੈਂਦੀ ਹੈ । ਝਗੜਾ ਫਿਰ ਹੋ ਪੈਂਦਾ ਹੈ, ਤੇ ਪੋਲੀਸ ਉਸ ਨੂੰ ਦਬਾਉਣ ਵਿਚ ਸਫਲ ਹੋ ਜਾਂਦੀ ਹੈ, ਤਾਂ ਇਨਸਪੈਕਟਰ ਬੜੀ ਨਮਰਤਾ ਨਾਲ ਉਸ ਵਿਧਵਾ ਨੂੰ ਸੁਣਾ ਦੇਂਦਾ ਹੈ, ਕਿ ਉਸ ਦਾ ਘਰ ਤੇ ਜਾਗੀਰ—ਜਿਸ ਵਿਚ ਉਹ ਘਰ ਹੈ—ਹੁਣ ਉਸ (ਵਿਧਵਾ) ਦੇ ਨਹੀਂ ਰਹੇ, ਸਗੋਂ (ਉਸ ਦੀ ਰੱਖਿਆ ਕਰਨ ਦੀ ਫੀਸ ਵਜੋਂ) ਪੋਲੀਸ ਦੇ ਕਬਜ਼ੇ ਵਿਚ ਹੀ ਰਹਿਣਗੇ । ਤੇ ਉਸ ਵਿਧਵਾ ਨੂੰ ਕਬਜ਼ਾ ਛੱਡਣ ਉੱਤੇ ਉਸ ਦੀ ਆਮਦਨੀ ਵਿਚੋਂ ਰੁਪੈ ਵਿਚੋਂ ਛੇ ਆਨੇ ਪੈਨਸ਼ਨ ਮਿਲੇਗੀ ਤੇ ਵਿਧਵਾ ਆਪਣੇ ਗਲ ਵਾਲਾ ਹੀਰਿਆਂ ਦਾ ਬਹੁਮੁੱਲਾ ਹਾਰ ਚੀਫ-ਕਮਿਸ਼ਨਰ ਨੂੰ ਦੇਵੇ । ਜੋ ਵਰਤਾਓ ਅਸਾਂ (ਅੰਗਰੇਜ਼ਾਂ) ਉਸ ਬੇਗੁਨਾਹ ਬਾਲਕ ਦਲੀਪ ਸਿੰਘ ਨਾਲ ਕੀਤਾ, ਕੀ ਇਹ ਉਸ ਦੀ ਸੱਚੀ ਤਸਵੀਰ ਨਹੀਂ ?”9
ਪੈਨਸ਼ਨ
ਮਹਾਰਾਜਾ ਦਲੀਪ ਸਿੰਘ ਦਾ ਰਾਜ ਭਾਗ ਖੋਹ ਕੇ ਉਸ ਨੂੰ ਘੱਟ ਤੋਂ ਘੱਟ ਚਾਰ ਲੱਖ ਤੇ ਵੱਧ ਤੋਂ ਵੱਧ ਪੰਜ ਲੱਖ ਰੁਪੈ ਸਾਲਾਨਾ ਪੈਨਸ਼ਨ (ਤੇ ਉਹ ਵੀ ਉਸ ਦੀ ਜ਼ਿੰਦਗੀ ਤੱਕ) ਦੇਣੀ ਕੀਤੀ ਗਈ । ਏਸ ਦੀ ਵੰਡ ਡਲਹੌਜ਼ੀ ਨੇ ਏਸ ਤਰ੍ਹਾਂ ਕੀਤੀ: ੧੮੪੯ ਤੋਂ ਮਹਾਰਾਜੇ ਦੀ ਜ਼ਾਤ ਵਾਸਤੇ ੧ ਲੱਖ ੨੦ ਹਜ਼ਾਰ ਰੁਪੈ ਸਾਲਾਨਾ, ਤੇ ਬਾਕੀ ਰਿਸ਼ਤੇਦਾਰਾਂ ਅਤੇ ਨੌਕਰਾਂ ਵਾਸਤੇ ੧ ਲੱਖ, ੮੦ ਹਜ਼ਾਰ ਰੁਪੈ ਸਾਲਾਨਾ, (ਜੋ ੧੮੫੯ ਵਿਚ ੧ ਲੱਖ, ੫੦ ਹਜ਼ਾਰ ਰੁਪੈ ਰਹਿ ਗਏ । ਜੋ ਮਰਦੇ ਗਏ; ਉਹਨਾਂ ਦੀ ਪੈਨਸ਼ਨ ਜ਼ਬਤ ਹੁੰਦੀ ਗਈ) ਮਿਲਣੇ ਆਰੰਭ ਹੋਏ ।
ਨੌਕਰ ਹਟਾਏ
੩੧ ਮਾਰਚ, ੧੮੪੯ ਤੱਕ ਦਲੀਪ ਸਿੰਘ ਦੇ ਸਾਰੇ ਨੌਕਰ ਪੈਨਸ਼ਨ ਦੇ ਕੇ ਹਟਾ ਦਿੱਤੇ ਗਏ । ੪੦ ਸਾਲ ਤੋਂ ਉਪਰ ਨੌਕਰੀ ਵਾਲੇ ਨੂੰ ਤਨਖਾਹ ਦਾ ਅੱਧ, ੩੫ ਸਾਲ ਦੇ ਨੌਕਰੀ ਵਾਲੇ ਨੂੰ ਤਨਖਾਹ ਦਾ ਤੀਜਾ ਹਿੱਸਾ, ੨੫ ਸਾਲ ਵਾਲੇ ਨੂੰ ਚੌਥਾ ਹਿੱਸਾ, ੨੦ ਸਾਲ ਵਾਲੇ ਨੂੰ ਪੰਜਵਾਂ ਹਿੱਸਾ ਪੈਨਸ਼ਨ ਮਿਲੀ । (ਇਹ ਪੈਨਸ਼ਨ ਉਹਨਾਂ ਨੂੰ ਮਿਲੀ, ਜਿਨ੍ਹਾਂ ਕੋਲ ਜਾਗੀਰ ਜਾਂ ਮਾਫੀ ਕੋਈ ਨਹੀਂ ਸੀ) ੧੦ ਸਾਲਾ ਨੌਕਰੀ ਵਾਲੇ ਨੂੰ ਇਕੇ ਵਾਰ ੬ ਮਹੀਨੇ ਦੀ ਤਨਖਾਹ, ਪੰਜ ਸਾਲਾ ਨੂੰ ੪ ਮਹੀਨੇ ਦੀ ਤਨਖਾਹ, ਤੇ ੧ ਸਾਲਾ ਨੂੰ ਇਕ ਮਹੀਨੇ ਦੀ ਤਨਖਾਹ ਦੇ ਕੇ ਹਟਾ ਦਿੱਤਾ ਗਿਆ ।
ਲਾਗਨ ਤੇ ਦਲੀਪ ਸਿੰਘ
ਡਾ: ਲਾਗਨ (Login) ਜਲੰਧਰ ਤੋਂ ਬੁਲਾ ਕੇ ਮਹਾਰਾਜਾ ਦਲੀਪ ਸਿੰਘ ਦਾ ਰੱਖਿਅਕ (Govemor) ਬਣਾਇਆ ਗਿਆ, ਜਾਂ ਇਉਂ ਸਮਝੋ ਕਿ ਦਲੀਪ ਸਿੰਘ ਨੂੰ ਉਸ ਦੀ ਕੈਦ ਵਿਚ ਦਿੱਤਾ ਗਿਆ । ੬ ਅਪ੍ਰੈਲ, ੧੮੪੯ ਨੂੰ ਲਾਗਨ ਨੇ ਆਪਣਾ ਅਹੁਦਾ ਸੰਭਾਲਿਆ । ਉਸ ਦੀ ਤਨਖਾਹ ੧੨੦੦ ਰੁਪੈ ਮਹੀਨਾ ਨੀਯਤ ਕੀਤੀ ਗਈ।
ਲਾਗਨ ਨੇ ਆਉਂਦਿਆਂ ਹੀ ਪਹਿਲਾਂ ਮਹਾਰਾਜੇ ਦੇ ਤੋਸ਼ੇਖਾਨੇ ਦੀ ਪੜਤਾਲ ਸ਼ੁਰੂ ਕੀਤੀ । ਮਹਾਰਾਜਾ ਰਣਜੀਤ ਸਿੰਘ ਦਾ ਤੋਸ਼ੇਖਾਨਾ-ਖਾਸ ਕਰ ਜਵਾਹਰਾਤ ਘਰ-ਦੁਨੀਆਂ ਵਿਚ ਪ੍ਰਸਿੱਧ ਸੀ । ਉਸ ਵਿਚ ਅਨੇਕਾਂ ਕਿਸਮ ਦੇ ਹੀਰੇ ਜਵਾਹਰਾਤ, ਨੀਲਮ, ਪੁਖਰਾਜ, ਹੀਰਿਆਂ ਜੜੀਆਂ ਤਲਵਾਰਾਂ, ਜੜਾਊ ਗਹਿਣੇ, ਸੋਨੇ ਚਾਂਦੀ ਦੇ ਬਰਤਨ, ਹਾਥੀਆਂ ਦੇ ਸੁਨਹਿਰੀ ਹੌਦੇ, ਕਾਠੀਆਂ, ਕਸ਼ਮੀਰੀ ਦੁਸ਼ਾਲੇ, ਜ਼ਰੀ ਦੀਆਂ ਪੁਸ਼ਾਕਾਂ ਤੇ ਹੋਰ ਕਈ ਕੀਮਤੀ ਚੀਜ਼ਾਂ ਸਨ । ਇਨ੍ਹਾਂ ਵਿਚੋਂ ਬਹੁਤ ਸਾਰੀਆਂ ਚੀਜ਼ਾਂ ਬਾਜ਼ਾਰ ਵਿਚ ਨੀਲਾਮ ਕੀਤੀਆਂ ਗਈਆਂ । ਬਹੁਤ ਸਾਰੇ ਚੰਗੇ-ਚੰਗੇ ਜਵਾਹਰਾਤ ਕੋਹਿਨੂਰ ਹੀਰੇ ਦੇ ਨਾਲ ਵਲਾਇਤ ਭੇਜ ਦਿੱਤੇ ਗਏ । ਤੇ ਬਾਕੀਆਂ ਵਿਚੋਂ ਬਹੁਤ ਸਾਰੇ ਵੇਚੇ ਗਏ, ਜਿੰਨ੍ਹਾਂ ਦੇ ਮੁੱਲ ਵਜੋਂ ੧੫ ਲੱਖ ਰੁਪੈ* ਵਸੂਲ ਹੋਏ, ਜੋ ਮਹਾਰਾਜਾ ਦਲੀਪ ਸਿੰਘ ਦੀ ਮਾਲਕੀ ਸੀ ।
ਲਾਗਨ ਨੂੰ ਦਲੀਪ ਸਿੰਘ ਦਾ ਰੱਖਿਅਕ ਕਿਸ ਵਾਸਤੇ ਬਣਾਇਆ ਗਿਆ ਸੀ, ਇਹ ਉਹ ਚੰਗੀ ਤਰ੍ਹਾਂ ਜਾਣਦਾ ਸੀ । ਲਾਰਡ ਡਲਹੌਜ਼ੀ ਤੇ ਹੈਨਰੀ ਲਾਰੰਸ ਵੱਲੋਂ ਉਸ ਨੂੰ ਸਮਝਾਇਆ ਗਿਆ ਸੀ ਕਿ ਉਹ ਬਾਲਕ ਦਲੀਪ ਸਿੰਘ ਨੂੰ ਆਪਣੇ ਹੱਥਾਂ ‘ਤੇ ਪਾਵੇ ਤੇ ਹਰ ਤਰ੍ਹਾਂ ਖੁਸ਼ ਰੱਖੇ । ਓਧਰ ਦਲੀਪ ਸਿੰਘ ਨੂੰ ਸਮਝਾ ਦਿੱਤਾ ਗਿਆ ਕਿ ਤੇਰਾ ਰੱਖਿਅਕ ਤੇ ਸਭ ਤੋਂ ਚੰਗਾ ਮਿੱਤਰ ਲਾਗਨ ਹੀ ਹੈ । ਲਾਗਨ ਆਪਣੀ ਚਿੱਠੀ ਵਿਚ ਲਿਖਦਾ ਹੈ, “ਦਲੀਪ ਸਿੰਘ ਬੜੇ ਚੰਗੇ ਸੁਭਾਅ ਦਾ, ਹੋਸ਼ਿਆਰ ਤੇ ਖੂਬਸੂਰਤ ਲੜਕਾ ਹੈ। ਉਹ ਵਾਰਸੀ ਚੰਗੀ ਲਿਖ ਪੜ੍ਹ ਸਕਦਾ ਹੈ । ਉਸ ਨੇ ਮੈਨੂੰ ਆਪਣੀ ਆਖਰੀ ਕਾਪੀ ਦਿਖਾਈ । ਉਸ ਨੇ ਅੰਗਰੇਜ਼ੀ ਵਿਚ ਵੀ ਕੁਛ ਤਰੱਕੀ ਕੀਤੀ ਹੈ, ਜੋ ਮੈਨੂੰ ਆਸ ਹੈ, ਉਸ ਨੂੰ ਲਾਇਕ ਬਣਾ ਦੇਵੇਗੀ । ਉਸ ਨਾਲ ਕੁਛ ਚਿਰ ਗੱਲਾਂ ਕਰਨ ਪਿਛੋਂ ਮੈਂ ਉਹ ਥਾਂ ਵੇਖਣ ਗਿਆ, ਜਿਹੜੀ ਮੇਰੇ ਰਹਿਣ ਵਾਸਤੇ ਨੀਯਤ ਕੀਤੀ ਗਈ ਸੀ । ਮਹਾਰਾਜੇ ਦੀ ਰਹਿਣ ਵਾਲੀ ਥਾਂ ਦੇ ਨੇੜੇ ਹੀ ਇਕ ਸੁੰਦਰ ਬਾਗ਼ ਵਿਚ ਮਹਿਲ ਸੀ, ਜਿਸ ਦੇ ਨਾਲ ਚਿੱਟੇ ਪੱਥਰ (ਸੰਗਮਰਮਰ) ਦੀ ਬਾਰਾਂਦਰੀ ਤੇ ਉਦਾਲੇ ਫੁਹਾਰੇ ਸਨ ।”
ਏਹੋ ਜਿਹੇ ਸ਼ਾਨਦਾਰ ਮਹਿਲ ਵਿਚ ਲਾਗਨ ਨੂੰ ਨਿਵਾਸ ਦਿੱਤਾ ਗਿਆ। ਕੁਛ ਦਿਨਾਂ ਪਿਛੋਂ ਦਲੀਪ ਸਿੰਘ ਤੇ ਲਾਗਨ ਦੇ ਕਮਰਿਆਂ ਨੂੰ ਬਾਰੀ ਕੱਢ ਕੇ ਮੇਲ ਦਿੱਤਾ। ਗਿਆ । ਲਾਗਨ ਹਰ ਵੇਲੇ ਤੇ ਹਰ ਥਾਂ ਦਲੀਪ ਸਿੰਘ ਦੇ ਨਾਲ ਰਹਿੰਦਾ । ਉਸ ਨੇ ਬਾਲਕ ਨੂੰ ਲੁਭਾਉਣੀਆਂ ਗੱਲਾਂ ਤੇ ਉਚੇਚੇ ਪਿਆਰ ਨਾਲ ਹੱਦ ਤੋਂ ਵਧੇਰੇ ਵਿਸਾਹ ਲਿਆ । ਉਹ ੧੦ ਅਪ੍ਰੈਲ ਨੂੰ ਆਪਣੀ ਇਸਤਰੀ ਨੂੰ ਲਿਖਦਾ ਹੈ, “ਵਿਚਾਰਾ ਛੋਟਾ ਬੱਚਾ (ਦਲੀਪ ਸਿੰਘ) ਮੇਰੇ ਕੋਲ ਬੜਾ ਖੁਸ਼ ਦਿਸਦਾ ਹੈ। ਮੈਨੂੰ ਆਸ ਹੈ, ਅਸੀਂ ਇਕ ਦੁੱਜੇ ਨੂੰ ਪਸੰਦ ਕਰਾਂਗੇ । ਉਹ ਬੜਾ ਆਗਿਆਕਾਰ ਹੈ । …ਹੁਣ ਉਹ ਫਾਰਸੀ ਤੇ ਅੰਗਰੇਜ਼ੀ ਪੜ੍ਹਦਾ ਹੈ, ਵਿਹਲੇ ਵੇਲੇ ਬਾਜ਼ਾਂ ਨਾਲ ਸ਼ਿਕਾਰ ਖੇਡਦਾ ਹੈ ਤੇ ਬਾਜ਼ਾਂ ਦੀਆਂ ਤਸਵੀਰਾਂ ਬਣਾਉਂਦਾ ਹੈ । …ਮਹਾਰਾਜਾ ਵਲਾਇਤ ਬਾਰੇ ਗੱਲਾਂ ਸੁਣਨ ਦਾ ਬਹੁਤ ਸ਼ੌਕ ਰੱਖਦਾ ਹੈ । ਹੈਨਰੀ ਲਾਰੰਸ ਚਾਹੁੰਦਾ ਹੈ, ਕਿ ਉਸ ਨੂੰ ਵਲਾਇਤ ਵਿਚ ਵਿੱਦਿਆ ਪੜ੍ਹਾਈ ਜਾਵੇ ।”
ਇਹ ਲਾਗਨ ਦੀ ਚਾਤਰੀ ਸੀ ਕਿ ਉਹਨੇ ਏਨੇ ਥੋੜ੍ਹੇ ਚਿਰ ਵਿਚ ਦਲੀਪ ਸਿੰਘ ਨੂੰ ਖੁਸ਼ ਕਰ ਲਿਆ । ਸਾਰੀ ਦੁਨੀਆਂ ਨਾਲੋਂ ਟੁੱਟੇ ਹੋਏ ਦਲੀਪ ਸਿੰਘ ਨੂੰ ਵੀ ਕਿਸੇ ਆਸਰੇ ਦੀ ਲੋੜ ਸੀ । ਮਾਂ ਦੀ ਗੋਦ ਵਿਚੋਂ ਡਿੱਗਾ ਹੋਇਆ ਬੱਚਾ ਪਿਆਰ ਦਾ ਭੁੱਖਾ ਹੁੰਦਾ ਹੈ; ਭਾਵੇਂ ਉਸ ਨੂੰ ਫਫੇ ਕੁੱਟਣੀ ਹੀ ਪਿਆਰ ਕਰੇ । ਓਹਾ ਗੱਲ ਏਥੇ ਸੀ ।
ਮਹਾਰਾਜੇ ਦੀ ਵਿੱਦਿਆ
ਮਹਾਰਾਜੇ ਦੀ ਵਿੱਦਿਆ ਬਾਰੇ ਲਾਗਨ ਫਾਰਸੀ ਤੇ ਅੰਗਰੇਜ਼ੀ ਦਾ ਹੀ ਜ਼ਿਕਰ ਕਰਦਾ ਹੈ । ਪੰਜਾਬੀ (ਗੁਰਮੁਖੀ) ਉਸ ਦੇ ਆਉਂਦਿਆਂ ਹੀ ਬੰਦ ਕਰ ਦਿੱਤੀ ਗਈ ਸੀ ।
ਹਾਂ, ਅੰਗਰੇਜ਼ੀ ਪੜ੍ਹਾਉਣ ਵਾਸਤੇ ਇਕ ਹੋਰ ਉਸਤਾਦ (Thomas Lambert Barlow) ਬਾਰਲੋ ਰੱਖ ਲਿਆ ਗਿਆ ਸੀ । ਲਾਗਨ ਆਪ ਹਰ ਵੇਲੇ ਮਹਾਰਾਜੇ ਦੇ ਨਾਲ ਰਹਿੰਦਾ ਸੀ, ਤੇ ਉਸ ਨੂੰ ਲਾਹੌਰੋਂ ਬਾਹਰ ਲੈ ਜਾਣ ਵਾਸਤੇ ਵਰਗਲਾਉਂਦਾ ਰਹਿੰਦਾ ਸੀ । ਖ਼ਾਸ ਕਰ ਵਲਾਇਤ ਦੀਆਂ ਗੱਲਾਂ ਐਸੇ ਢੰਗ ਨਾਲ ਸੁਣਾਈਆਂ ਜਾਂਦੀਆਂ ਜਿਸ ਨਾਲ ਉਹਦੇ ਦਿਲ ‘ਤੇ ਚੰਗਾ ਅਸਰ ਪਵੇ ਤੇ ਵੇਖਣ ਦਾ ਚਾਹ ਪੈਦਾ ਹੋਵੇ । ਲਾਗਨ ਤਾਂ ਲਾਹੌਰ ਆਉਣ ਤੋਂ ਪਹਿਲਾਂ ਹੀ ਇਹ ਇਰਾਦਾ ਰੱਖਦਾ ਸੀ । ੨ ਅਪ੍ਰੈਲ ਨੂੰ ਉਹ ਲਿਖਦਾ ਹੈ, “ਹੋ ਸਕਦਾ ਹੈ, ਮਹਾਰਾਜਾ ਪੰਜਾਬ ਵਿਚੋਂ ਬਾਹਰ ਲੈ ਜਾਇਆ ਜਾਵੇ । ਮੇਰੀ ਚਾਹ ਹੈ ਵਲਾਇਤ ਲੈ ਜਾਇਆ ਜਾਵੇ ।”
ਸਾਰਿਆਂ ਨਾਲੋਂ ਉਚੇਚਾ ਕੰਮ ਸੀ, ਮਹਾਰਾਜੇ ਦੇ ਦਿਲ ਵਿਚੋਂ ਆਪਣਿਆਂ ਦਾ ਪਿਆਰ ਕੱਢਣ ਦਾ । ਸਿਆਣਿਆਂ ਦਾ ਕਥਨ ਹੈ, ‘ਸਿੱਖਿਆ ਪੱਥਰ ਪਾੜ ਦਿੰਦੀ ਹੈ ।’
ਬਾਲਕ ਦਲੀਪ ਸਿੰਘ ਦੇ ਕੰਨਾਂ ਵਿਚ ਸਦਾ ਏਹਾ ਕਹਾਣੀ ਸੁਣਾਈ ਜਾਂਦੀ ਕਿ ਤੇਰਾ ਜੋ ਕੁਛ ਵਿਗਾੜਿਆ ਹੈ, ਸਿੱਖਾਂ ਨੇ ਵਿਗਾੜਿਆ ਹੈ । ਉਹਨਾਂ ਜਾਣ-ਬੁੱਝ ਕੇ ਦੂਜੀ ਲੜਾਈ ਛੇੜੀ ਤੇ ਤੈਨੂੰ ਏਥੋਂ ਤੱਕ ਪੁਚਾਇਆ । ਤੇਰਾ ਜੋ ਕੁਝ ਨਸ਼ਟ ਕੀਤਾ, ਸਿੱਖਾਂ ਨੇ ਕੀਤਾ। ਅੰਗਰੇਜ਼ਾਂ ਫਿਰ ਵੀ ਤੇਰੇ ‘ਤੇ ਤਰਸ ਖਾ ਕੇ ਤੈਨੂੰ ਪੈਨਸ਼ਨ ਦੇ ਦਿੱਤੀ ਹੈ ।
ਮੁਕਦੀ ਗੱਲ, ਉਸ ਦੇ ਦਿਲ ਵਿਚ ਇਹ ਗੱਲ ਬਿਠਾ ਦਿੱਤੀ ਗਈ ਕਿ ਸਿੱਖ ਉਸ ਦੀ ਜਾਨ ਦੇ ਵੈਰੀ ਹਨ, ਤੇ ਅੰਗਰੇਜ਼ ਸਭ ਤੋਂ ਵੱਡੇ ਹਮਦਰਦ । ਜਾਦੂ ਸੋ, ਜੋ ਸਿਰ ਚੜ੍ਹ ਕੇ ਬੋਲੇ । ਇਹ ਗੱਲ ਲਾਗਨ ਦੀ ਸਿੱਖਿਆ ਨੇ ਸੱਚ ਕਰ ਦਿਖਾਈ । ਉਹ ੨੯ ਅਪ੍ਰੈਲ ੧੮੪੯ ਦੀ ਚਿੱਠੀ ਵਿਚ ਲਿਖਦਾ ਹੈ, “ਦਲੀਪ ਸਿੰਘ ਨੇ ਬੜੇ ਦੁੱਖ ਨਾਲ ਮੈਨੂੰ ਦੱਸਿਆ ਕਿ ਉਸ ਨੂੰ (ਦਲੀਪ ਸਿੰਘ) ਸਿੱਖਾਂ ’ਤੇ ਭਰੋਸਾ ਨਹੀਂ ਰਿਹਾ । ਮੇਰੇ ਨਾਲ ਹੋਏ ਬਿਨਾਂ ਉਹ ਬਾਹਰ ਸੈਰ ਵਾਸਤੇ ਵੀ ਨਹੀਂ ਜਾਂਦਾ ।”
ਇਸ ਨੂੰ ਕਹਿੰਦੇ ਹਨ ਰਾਜਨੀਤੀ ।
ਅਕਲ ਖੋ ਦੀ ਥੀ, ਜੋ ਐ ‘ਨਾਸਿਖ ਜਨੂਨੇ ਇਸ਼ਕ ਨੇ,
ਆਸ਼ਨਾ ਸਮਝਾ ਕੀਏ ਇਕ ਉਮਰ ਬੇਗਾਨੇ ਕੋ ਹਮ ।
ਪਿੱਛੇ ਲਿਖਿਆ ਗਿਆ ਹੈ ਕਿ ਮਹਾਰਾਜੇ ਦੀ ਪੰਜਾਬੀ (ਗੁਰਮੁਖੀ) ਤੇ ਧਾਰਮਕ ਵਿੱਦਿਆ ਬੰਦ ਕਰ ਦਿੱਤੀ ਗਈ । ਜਿੱਥੇ ਉਹ ਅੱਗੇ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ, ਗੁਰ-ਕੀਰਤਨ, ਸ਼ਬਦ ਦੀ ਕਥਾ ਤੇ ਗੁਰ-ਇਤਿਹਾਸ ਸੁਣਦਾ ਸੀ, ਹੁਣ ਉਸ ਦੀ ਥਾਂ ਈਸਾਈ ਮੱਤ ਦੀਆਂ ਕਹਾਣੀਆਂ ਤੇ ਅੰਜੀਲ ਦੀਆਂ ਆਇਤਾਂ ਨੇ ਲੈ ਲਈ । ਲਾਗਨ ਮਹਾਰਾਜੇ ਨੂੰ ਅੰਗਰੇਜ਼ੀ ਲਿਖਣੀ ਸਿਖਾਉਂਦਾ ਹੈ, ਤਾਂ ਕੀ ਲਿਖਾਉਂਦਾ , Do unto others as you would they should do unto you (ਜੈਸਾ ਵਰਤਾਉ ਦੂਜਿਆਂ ਪਾਸੋਂ ਲੋੜਦੇ ਹੋ, ਓਹੋ ਜਿਹਾ ਉਨ੍ਹਾਂ ਨਾਲ ਕਰੋ) ਫਿਰ ਇਸ ਦਾ ਅਰਥ ਸਮਝਾਉਂਦਾ, ਤੇ ਮਹਾਰਾਜੇ ਨੂੰ ਦੱਸਦਾ ਕਿ ਅਜਿਹੀਆਂ ਚੰਗੀਆਂ ਸਿਖਿਆਵਾਂ ਅੰਜੀਲ ਵਿਚ ਹਜ਼ਰਤ ਈਸਾ ਨੇ ਦਿੱਤੀਆਂ ਹਨ । ਭਾਈ ਗੁਰਦਾਸ ਜੀ ਦਾ ਕਥਨ :
ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ ।
ਜੇਹਾ ਮੂੰਹ ਕਰ ਭਾਲੀਐ ਤੇਵੇਹਾ ਵਿਖਾਲਾ ।
ਮਹਾਰਾਜੇ ਦੇ ਦਿਲ ਵਿਚੋਂ ਕੱਢ ਕੇ ਅੰਜੀਲ ਦਾ ਸਿਧਾਂਤ ‘ਜੈਸਾ ਲੋੜੋ, ਤੈਸਾ ਵਰਤੋਂ’ ਬਿਠਾਇਆ ਜਾਂਦਾ । ੬ ਮਈ, ੧੮੪੯ ਦੀ ਚਿੱਠੀ ਵਿਚ ਲਾਗਨ ਆਪ ਲਿਖਦਾ ਹੈ, “ਮੇਰੇ ਕੋਲੋਂ ਅੰਗਰੇਜ਼ੀ ਸਬਕ ਲਿਖਣ ਦਾ ਦਲੀਪ ਸਿੰਘ ਨੂੰ ਬੜਾ ਚਾਅ ਹੈ। ਮੈਂ ਉਸ ਨੂੰ ਇਕ ਸਿਧਾਂਤ (ਹੁਕਮ, ਆਇਤ) ਲਿਖਣ ਵਾਸਤੇ ਤੇ ਉਲਥਾ ਕਰਨ ਵਾਸਤੇ ਦਿੱਤਾ : ਜੈਸਾ ਵਰਤਾਉ ਦੂਜਿਆਂ ਪਾਸੋਂ ਲੋੜਦੇ ਹੋ, ਓਹੋ ਜਿਹਾ ਉਹਨਾਂ ਨਾਲ ववे ।” (Do unto. ਉਪਰਲਾ) ਮੇਰਾ ਇਰਾਦਾ ਹੈ, ਪਰ ਅਜੇ ਮੈਂ ਉਹਦੇ ਹੱਥਾਂ ਵਿਚ ਅੰਜੀਲ ਦੇ ਨਹੀਂ ਸਕਦਾ । ਮੈਂ ਚਾਹੁੰਦਾ ਹਾਂ ਕਿ ਉਹ ਇਹਨਾਂ ਅਸੂਲਾਂ (ਸਿਧਾਂਤਾਂ) ਉੱਤੇ ਅਮਲ ਕਰਕੇ, ਆਪਣੇ ਗਿਆਨ (ਮੁਤਾਲਿਆ) ਨੂੰ ਪੱਕਾ ਕਰੇ । ਮੈਂ ਆਪਣਿਆਂ ਕੰਮਾਂ (ਜਿਨ੍ਹਾਂ ਦੇ ਭਾਰ ਹੇਠ ਮੈਂ ਦੱਬਿਆ ਹੋਇਆਂ ਹਾਂ) ਤੋਂ ਵਿਹਲਾ ਹੋ ਕੇ, ਉਸ ਨੂੰ ਵਧੇਰੇ ਚਿਰ ਵੇਖਣ ਦੀ ਚਾਹ ਰੱਖਦਾ ਹਾਂ । ਉਹ ਮੇਰੇ ਨਾਲ ਵਧੇਰੇ ਖੁਲਾਸਾ (ਬੇ-ਤਕੱਲਫ) ਹੁੰਦਾ ਜਾਂਦਾ ਹੈ, ਤੇ ਮੇਰੇ ਉਪਰ ਭਰੋਸਾ ਕਰਦਾ ਹੈ ।”
ਜਿੱਥੇ ਦਲੀਪ ਸਿੰਘ ਨੂੰ ਪੰਜਾਬ ਤੋਂ ਦੂਰ ਕਰਨ ਦਾ ਪੱਕ ਪਕਾਇਆ ਹੋਇਆ ਸੀ, ਓਥੇ ਪੰਜਾਬ ਦੇ ਸਿੱਖਾਂ ਤੇ ‘ਸਿੱਖੀ’ ਤੋਂ ਦੂਰ ਕਰਨ ਦੇ ਯਤਨ ਵੀ ਆਰੰਭ ਦਿੱਤੇ ਗਏ ਸਨ । ਉਪਰਲੇ ਸਾਰੇ ਕੰਮ ਏਸੇ ਗੱਲ ਨੂੰ ਮੁੱਖ ਰੱਖ ਕੇ ਹੋ ਰਹੇ ਸਨ ।
ਮਹਾਰਾਜੇ ਦਾ ਜਨਮ ਦਿਨ
੪ ਸਤੰਬਰ (੧੮੪੯) ਨੂੰ ਮਹਾਰਾਜੇ ਦਾ ਜਨਮ-ਦਿਨ ਸੀ । ਇਹ ਖੁਸ਼ੀ ਮਨਾਉਣ ਵਾਸਤੇ ਲਾਗਨ ਨੇ ਪੁੱਜ ਸਰ ਆਉਂਦੀ ਤਿਆਰੀ ਕੀਤੀ। ਮਹਿਲ ਸਜਾਇਆ, ਆਤਸ਼ਬਾਜੀ ਚਲਾਈ । ਮਹਾਰਾਜੇ ਨੂੰ ਨਵੇਂ ਬਸਤਰ ਪਹਿਨਾਏ, ਤੇ ਉਸ ਦੇ ਤੋਸ਼ੇਖਾਨੇ ਵਿਚੋਂ ਇਕ ਲੱਖ ਦੇ ਹੀਰੇ ਕੱਢ ਕੇ ਦਿੱਤੇ । ਜਦੋਂ ਉਸ ਨੇ ਸਾਰੇ ਪਹਿਨ ਲਏ, ਤਾਂ ਉਸ ਨੇ ਭੋਲੇ-ਭਾਲੇ ਹੀ ਕਿਹਾ, “ਪਿਛਲੇ ਜਨਮ-ਦਿਨ ’ਤੇ ਮੈਂ ਕੋਹਿਨੂਰ ਵੀ ਪਹਿਨਿਆ ਸੀ ।” (ਵਿਚਾਰਾ ਦਲੀਪ ਸਿੰਘ ਕੀ ਜਾਣੇ ਕਿ ਕੋਹਿਨੂਰ ਉਸ ਤੋਂ ਹੀ ਨਹੀਂ, ਉਸ ਦੇ ਦੇਸ ਤੋਂ ਵੀ ਦੂਰ ਕਰ ਦਿੱਤਾ ਗਿਆ ਹੈ ।)
ਡਲਹੌਜ਼ੀ ਤੇ ਮਹਾਰਾਜੇ ਦੀ ਮੁਲਾਕਾਤ ਲਾਹੌਰ ਵਿਚ
੨੮ ਨਵੰਬਰ, ੧੮੪੯ ਈ: ਨੂੰ ਲਾਰਡ ਡਲਹੌਜ਼ੀ ਲਾਹੌਰ ਆਇਆ, ਜਿਸ ਦੇ ਆਉਣ ਦੀ ਖੁਸ਼ੀ ਵਿਚ ਸ਼ਹਿਰ ਵਿਚ ਉਚੇਚੀ ਤਿਆਰੀ ਕੀਤੀ ਗਈ । ਪਹਿਲੀ ਮੁਲਾਕਾਤ ਵਿਚ ਹੀ ਡਲਹੌਜ਼ੀ ਨੇ ਲਾਗਨ ਨੂੰ ਦੱਸ ਦਿੱਤਾ ਕਿ ਮਹਾਰਾਜੇ ਨੂੰ ਫਤਿਹਗੜ੍ਹ ਜਾਣ ਵਾਸਤੇ ਤਿਆਰ ਕਰੇ । ੩ ਦਸੰਬਰ ਨੂੰ ਡਲਹੌਜ਼ੀ ਤੇ ਮਹਾਰਾਜੇ ਦੀ ਮੁਲਾਕਾਤ ਹੋਈ । ਮਹਾਰਾਜਾ ਸ਼ੇਰ ਸਿੰਘ ਦਾ ਲੜਕਾ ਸ਼ਿਵਦੇਵ ਸਿੰਘ ਡਲਹੌਜ਼ੀ ਨੂੰ ਉਸ ਦੇ ਡੇਰੇ ਤੋਂ ਲੈਣ ਗਿਆ । ਕਿਲ੍ਹੇ ਦੇ ਬੂਹੇ ਵਿਚ ਮਹਾਰਾਜਾ ਦਲੀਪ ਸਿੰਘ ਹਾਥੀ ਉਤੇ ਚੜ੍ਹ ਕੇ ਡਲਹੌਜ਼ੀ ਨੂੰ ਮਿਲਿਆ । ਲਾਗਨ ਦੇ ਸਿਖਾਏ ਹੋਏ ਅੰਗਰੇਜ਼ੀ ਸ਼ਬਦਾਂ ਵਿਚ ਮਹਾਰਾਜੇ ਨੇ ਡਲਹੌਜ਼ੀ ਨੂੰ ਸੰਬੋਧਨ ਕੀਤਾ,”I am happy to meet you my Lord” (ਮੇਰੇ ਸੁਆਮੀ ! ਮੈਂ ਆਪ ਨੂੰ ਮਿਲ ਕੇ ਬੜਾ ਪ੍ਰਸੰਨ ਹਾਂ।) ਮਹਾਰਾਜੇ ਦੇ ਮਹਿਲ ਵਿਚ ਡਲਹੌਜ਼ੀ ਤੇ ਉਸ ਦੇ ਸਾਥੀ ਸੱਜੇ ਪਾਸੇ ਤੇ ਮਹਾਰਾਜਾ ਤੇ ਉਸ ਦੇ ਸਾਥੀ ਖੱਬੇ ਪਾਸੇ ਬੈਠੇ । ਡਲਹੌਜ਼ੀ ਵੱਲੋਂ ਮਹਾਰਾਜੇ ਨੂੰ ਪੰਜ ਹਜ਼ਾਰ ਦੀ ਥੈਲੀ ਪੇਸ਼ ਕੀਤੀ ਗਈ । ਇਸ ਦੇ ਬਦਲੇ ਵਿਚ ਮਹਾਰਾਜੇ ਵਲੋਂ ਕੀਮਤੀ ਚੀਜ਼ਾਂ ਦੇ ਭਰੇ ਹੋਏ ੫੧ ਥਾਲ, ੭ ਘੋੜੇ ਤੇ ਇਕ ਹਾਥੀ ਸੁਨਹਿਰੀ ਹੌਦੇ ਸਣੇ ਡਲਹੌਜ਼ੀ ਦੀ ਭੇਟਾ ਹੋਏ ਤੇ ਡਲਹੌਜ਼ੀ ਦੇ ਬਾਕੀ ਦਿਆਂ ਸਾਥੀਆਂ ਦੀ ਭੇਟਾ ਵੀ ਓਹੋ ਜੇਹੇ ਥਾਲ ਕੀਤੇ ਗਏ । ਡਲਹੌਜ਼ੀ ਦੇ ਕਿਲ੍ਹੇ ਵਿਚ ਆਉਣ ਉਤੇ ਇੱਕੀ ਤੋਪਾਂ ਦੀ ਸਲਾਮੀ ਹੋਈ । ਇਹ ਸਭ ਕੁਝ ਸਰਕਾਰ ਦੇ ਪਹਿਲਾਂ ਹੀ ਕੀਤੇ ਹੋਏ ਹੁਕਮ ਅਨੁਸਾਰ ਹੋਇਆ ।
ਦੇਸ਼-ਨਿਕਾਲੇ ਦਾ ਹੁਕਮ
ਹੁਣ ਪੰਜਾਬ ਵਿਚੋਂ ਮਹਾਰਾਜੇ ਦੇ ਦੇਸ਼-ਨਿਕਾਲੇ ਦੀ ਤਿਆਰੀ ਹੋਣ ਲੱਗੀ। ੧੧ ਦਸੰਬਰ, ੧੮੪੯ ਈ: ਨੂੰ ਗਵਰਨਰ-ਜੈਨਰਲ ਦੇ ਸਕੱਤਰ ਨੇ ਪੰਜਾਬ ਸਰਕਾਰ ਨੂੰ ਲਿਖਿਆ, “ਇਹ ਪਹਿਲਾਂ ਹੀ ਫੈਸਲਾ ਹੋ ਚੁੱਕਾ ਹੈ ਕਿ ਰਾਜ ਖੋਹੇ ਜਾਣ ਪਿਛੋਂ ਦਲੀਪ ਸਿੰਘ ਪੰਜਾਬ ਵਿਚ ਨਹੀਂ ਰਹੇਗਾ । ਅਪ੍ਰੈਲ ਵਿਚ ਸਫਰ ਦੀ ਗਰਮੀ ਤੋਂ ਡਰਦਿਆਂ ਨਹੀਂ ਸੀ ਤੋਰਿਆ, ਪਰ ਹੁਣ ਹੋਰ ਦੇਰ ਨਹੀਂ ਹੋ ਸਕਦੀ । ਫਤਹਿਗੜ੍ਹ ਵਿਚ ਮਹਾਰਾਜੇ ਵਾਸਤੇ ਘਰ ਤਿਆਰ ਹੈ । ਉਸ ਨੂੰ ਲੈ ਜਾਣ ਲਈ ਫੌਜ ਤਿਆਰ ਹੈ : ਇਕ ਦਸਤਾ ਸਰੀਰ ਰੱਖਿਆ ਵਾਸਤੇ (Body Guard) ਲਾਹੌਰ ਆਵੇਗਾ ਤੇ ਮਲਕਾ ਦੀ ਅਨ੍ਹਾਰਵੀਂ ਰੈਜੀਮੈਂਟ ਦੀਆਂ ਦੋ ਕੰਪਨੀਆਂ ਪਹਿਲਾਂ ਹੀ ਓਥੇ ਹਨ। ਪ੍ਰਧਾਨ ਸੈਨਾਪਤੀ ਨੂੰ ਵੀ ਕਿਹਾ ਜਾਵੇਗਾ, ਕਿ ਇਸ ਫੌਜ ਦੀ ਮਦਦ ਵਾਸਤੇ ਇਕ ਰੈਜਮੈਂਟ ਹੋਰ ਦੇਵੇ । ਲਾਗਨ ੧੨੦੦ ਰੁਪੈ ਮਹੀਨੇ ਦੀ ਤਨਖਾਹ ‘ਤੇ ਮਹਾਰਾਜੇ ਦਾ ਰਖਵਾਲਾ ਰਹੇਗਾ । ਇਹ ਇਨਸਾਫ਼ ਨਹੀਂ, ਕਿ ਸਾਰੀ ਤਨਖਾਹ ਸਰਕਾਰ ਦੇਵੇ । ਸੋ ਲਾਟ ਸਾਹਿਬ ਦੀ ਸਲਾਹ ਹੈ ਕਿ ਇਸ ਦੇ ਯੋਗ ਹਿੱਸੇ ਕੀਤੇ ਜਾਣ, ਅੱਧੀ ਸਰਕਾਰ ਅੰਗਰੇਜ਼ੀ ਦੇਵੇ ਤੇ ਅੱਧੀ ਮਹਾਰਾਜੇ ਦੀ ਸਾਲਾਨਾ ਪੈਨਸ਼ਨ ਵਿਚੋਂ ਕੱਟੀ ਜਾਵੇ । ਮਹਾਰਾਜੇ ਦੀ ਬਾਲਕ ਅਵਸਥਾ ਵਿਚ ਉਸ ਦੇ ਘਰ ਦੇ ਸਾਰੇ ਪ੍ਰਬੰਧ ਬਾਰੇ ਲਾਗਨ ਨੂੰ ਪੂਰੇ ਅਖ਼ਤਿਆਰ ਹੋਣਗੇ । ਉਹ ਸਿੱਧਾ ਗਵਰਨਰ-ਜੈਨਰਲ ਦੇ ਹੁਕਮ ਵਿਚ ਰਹੇਗਾ, ਤੇ ਹਰ ਮਹੀਨੇ ਸਰਕਾਰ ਦੇ ਸਕੱਤਰ ਨੂੰ ਰਿਪੋਰਟ ਤੇ ਹਿਸਾਬ ਭੇਜਦਾ ਰਹੇਗਾ । ਰਾਹ ਵਿਚ ਲਾਗਨ ਮਹਾਰਾਜੇ ਦੀ ਰਾਖੀ ਦਾ ਬੰਦੋਬਸਤ ਰੱਖੇ । ਗਵਰਨਰ-ਜੈਨਰਲ ਚਾਹੁੰਦਾ ਹੈ ਕਿ ਮਹਾਰਾਜੇ ਦੇ ਨਾਲ ਹੀ ਸ: ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਵੀ ਪੰਜਾਬ ਵਿਚੋਂ ਕੱਢਿਆ ਜਾਵੇ । ਇਨ੍ਹਾਂ ਦੇ ਸਾਥ ਵਾਸਤੇ ਲਾਹੌਰੋਂ ਚੁਣੇ ਹੋਏ ਆਦਮੀ—ਜਿਨ੍ਹਾਂ ਉਤੇ ਲਾਗਨ ਨੂੰ ਭਰੋਸਾ ਹੋਵੇ—ਲਏ ਜਾਣ ।”
ਪੰਜਾਬ ਸਰਕਾਰ ਦੇ ਸਕੱਤਰ ਨੇ ਕੁਝ ਹਦਾਇਤਾਂ ਹੋਰ ਨਾਲ ਲਿਖ ਕੇ ਉਪਰਲਾ ਹੁਕਮ ਲਾਗਨ ਨੂੰ ਦਿੱਤਾ:”ਕਿਸੇ ਸ਼ੱਕੀ ਆਦਮੀ ਨੂੰ ਮਹਾਰਾਜੇ ਦੇ ਡੇਰੇ ਨਾਲ ਜਾਣ ਦੀ ਆਗਿਆ ਨਾ ਦਿੱਤੀ ਜਾਵੇ । ਹਥਿਆਰ-ਬੰਦ ਰਖਵਾਲੀ ਫੌਜ ਦੇ ਨਾਲ-ਨਾਲ ਆਪ ਨੂੰ ਦੋ ਤਿੰਨ ਭਰੋਸੇਯੋਗ ਆਦਮੀ ਮਹਾਰਾਜੇ ਦੇ ਹਰ ਵੇਲੇ ਨਾਲ ਰੱਖਣੇ ਚਾਹੀਦੇ ਹਨ । ਏਸ ਗੱਲ ਦਾ ਧਿਆਨ ਰੱਖਣਾ, ਕਿ ਉਹਨੂੰ ਰਾਤ ਨੂੰ ਕੋਈ ਉਠਾ ਕੇ ਨਾ ਲੈ ਜਾਏ। ਲੋੜ ਪਈ ‘ਤੇ ਹਥਿਆਰ ਬੰਦ ਟਾਕਰੇ ਵਾਸਤੇ ਵੀ ਤਿਆਰ ਰਹਿਣਾ ।”
ਜਿੰਨਾ ਵੱਡਾ ਕੋਈ ਪਾਪ ਕਰਨ ਲੱਗਦਾ ਹੈ, ਓਨਾ ਹੀ ਵਧੇਰੇ ਉਸ ਦੇ ਅੰਦਰ ਡਰ ਹੁੰਦਾ ਹੈ । ਸੋ ਦਲੀਪ ਸਿੰਘ ਨੂੰ ਦੇਸ-ਨਿਕਾਲਾ ਦੇਣ ਉੱਤੇ ਗੜਬੜ ਹੋਣ ਦਾ ਸਰਕਾਰੀ ਅਫਸਰਾਂ ਨੂੰ ਬੜਾ ਡਰ ਸੀ । ਪੰਜਾਬ ਸਰਕਾਰ ਲਾਗਨ ਨੂੰ ਵਾਰ-ਵਾਰ ਏਸ ਗੱਲ ਦੀਆਂ ਹਦਾਇਤਾਂ ਕਰਦੀ ਰਹੀ । ਹੁਕਮ ਸੀ, ੨੧ ਦਸੰਬਰ, ੧੮੪੯ ਈ: ਨੂੰ ਸਵੇਰੇ ਸੱਤ ਵਜੇ ਮਹਾਰਾਜ ਲਾਹੌਰੋਂ ਕੱਢਿਆ ਜਾਵੇ ।
ਤਿਆਰੀ
੨੧ ਦਸੰਬਰ ਨੂੰ ਸਵੇਰੇ ਮਹਾਰਾਜਾ ਉਠਿਆ, ਆਖਰੀ ਵਾਰ ਆਪਣੇ ਪਿਤਾ ਸ਼ੇਰ-ਪੰਜਾਬ ਦੀ ਸਮਾਧ ਉੱਤੇ ਗਿਆ ਤੇ ਸੁਰਗਵਾਸੀ ਦੇ ਪੈਰਾਂ ਵੱਲੇ ਬੈਠਾ ਚੋਖਾ ਚਿਰ ਹਉਕੇ ਭਰਦਾ ਰਿਹਾ । ਦਲੀਪ ਸਿੰਘ ਚੁੱਪ ਸੀ, ਪਰ ਉਹਦੀ ਚੁੱਪ ਵਿਚੋਂ ਵੀ ਅਨੇਕਾਂ ਕੀਰਨਿਆਂ ਦੀ ਆਵਾਜ਼ ਆ ਰਹੀ ਸੀ ।
ਯਿਹ ਫੁਰਮਾਨੇ ਜ਼ੁਬਾਂ-ਬੰਦੀ ਬਜਾ, ਬਿਲਕੁਲ ਬਜਾ, ਲੇਕਨ ਖਾਮੋਸ਼ੀ ਭੀ ਲਬੇ ਫਰਯਾਦ ਬਨ ਕਰ ਬੋਲ ਸਕਤੀ ਹੈ ।
ਉਸਦੇ ਮੂੰਹ ਕੋਈ ’ਵਾਜ਼ ਨਹੀਂ ਸੀ ਨਿਕਲਦੀ, ਪਰ ਉਹਦੀਆਂ ਆਹੀਂ ਕੰਧਾਂ ਵਿਚੋਂ ਵੀ ਫੁੱਟ-ਫੁੱਟ ਕੇ ਨਿਕਲ ਰਹੀਆਂ ਸਨ । ਪਿਤਾ ਦਾ ਸੱਥਰ ਮੱਲ ਬੈਠਣਾ ਵੀ ਵਧੇਰੇ ਚਿਰ ਨਸੀਬ ਨਾ ਹੋਇਆ, ਤਿਆਰੀ ਦਾ ਹੁਕਮ ਆ ਗਿਆ । ਹਰ ਤਰ੍ਹਾਂ ਦੀ ਤਿਆਰੀ ਹੋ ਜਾਣ ‘ਤੇ ਸਵਰੇ ੯ ਵਜੇ ਦਲੀਪ ਸਿੰਘ ਲਾਗਨ ਦੀ ਰਾਖੀ ਵਿਚ ਲਾਹੌਰੋਂ ਨਿਕਲਿਆ । ਕੇਹਾ ਚੰਦਰਾ ਸਮਾਂ ਸੀ, ਜਦ ਲੇਖਾਂ ਦੇ ਬਲੀ ਮਹਾਰਾਜੇ ਨੇ ਘਰੋਂ ਪੈਰ ਬਾਹਰ ਕੱਢਿਆ ।
ਦੇਸ-ਨਿਕਾਲਾ
ਕੈਸੀ ਘੜੀ ਥੀ ਘਰ ਸੇ ਜੋ ਨਿਕਲਾ ਥਾ ਵੁਹ ਗਰੀਬ
ਫਿਰ ਦੇਖਨਾ ਨਸੀਬ ਨਾ ਉਸ ਕੋ ਵਤਨ ਹੂਆ ।
੭ ਵਜੇ ਦੀ ਥਾਂ ਲਾਗਨ ੯ ਵਜੇ ਤੁਰਿਆ ਤੇ ਸਿਰਫ 20 ਸਿਪਾਹੀ ਨਾਲ ਲੈ ਕੇ । ਇਹ ਵੇਖ ਕੇ ਪੰਜਾਬ ਸਰਕਾਰ ਦਾ ਪ੍ਰਧਾਨ ਲਾਰੰਸ ਘਬਰਾ ਉਠਿਆ । ਉਹਨੇ ਓਸੇ ਵੇਲੇ ਲਾਗਨ ਨੂੰ ਹੁਕਮ ਭਿਜਵਾਇਆ,“ਵਕਤ ੭ ਵਜੇ ਦਾ ਦਿੱਤਾ ਗਿਆ ਸੀ, ਪਰ ਸਰਕਾਰ ਦੇ ਪ੍ਰਧਾਨ ਨੇ ਵੇਖਿਆ ਹੈ ਕਿ ਤੁਸੀਂ ੯ ਵਜੇ ਤੁਰੇ ਹੋ । ਉਹ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਤੁਹਾਡੇ ਨਾਲ ਕੇਵਲ ੨੦ ਸਿਪਾਹੀ ਸਨ, ਤੇ ਅਫਸਰ ਕੋਈ ਨਹੀਂ ਸੀ । ਯਾਦ ਰਹੇ, ਕਿ ਸਭ ਤੋਂ ਵੱਡਾ ਡਰ ਤੁਹਾਨੂੰ ਰਾਹ ਵਿਚ ਹੈ । ਸੋ, ਘੱਟ ਤੋਂ ਘੱਟ ਸੌ ਅਸਵਾਰ ਤੁਹਾਨੂੰ ਨਾਲ ਰੱਖਣਾ ਚਾਹੀਦਾ ਹੈ । ਇਸ ਤੋਂ ਵੱਖਰੀ ਇਕ ਪੈਦਲ ਫੌਜ ਹਰ ਪੜਾਅ ਉਤੇ ਚਾਹੀਦੀ ਹੈ, ਜੋ ਅੱਧੇ ਰਾਹ ਤੱਕ ਤੋਰ ਕੇ ਆਵੇ, ਤੇ ਅਗਲੀ ਫੌਜ ਅੱਧ ਤੋਂ ਲੈ ਲਵੇ । ਜਿਸ ਤੋਂ ਤੁਹਾਨੂੰ ਰਾਖੀ ਕਰਨੀ ਪਵੇਗੀ, ਉਹ ਫੌਜੀ ਹਮਲਾ ਨਹੀਂ ਹੋਵੇਗਾ, ਸਗੋਂ ਸੈਂਕੜੇ ਉਹਨਾਂ ਬੰਦਿਆਂ ਦਾ ਟਾਕਰਾ ਕਰਨਾ ਪਵੇਗਾ, ਜੋ ਬੇਖੋਫੀ ਨਾਲ ਆਪਣੀਆਂ ਜਾਨਾਂ ਵਾਰਨ ਵਾਸਤੇ ਤਿਆਰ ਹੋਣਗੇ । ਰਾਤ ਨੂੰ ਮਹਾਰਾਜੇ ਦੇ ਡੇਰੇ ਵਿਚ ਚਾਨਣ ਰੱਖਿਆ ਜਾਵੇ, ਤੇ ਦੁਹਰੇ ਪਹਿਰੇ ਲਾਏ ਜਾਣ । ਖਾਸ ਕਰ ਰਾਤ ਨੂੰ ਗੋਰੇ ਸਿਪਾਹੀ ਪਹਿਰਾ ਦੇਣਾ ।”
ਮਹਾਰਾਜਾ ਦਲੀਪ ਸਿੰਘ, ਸ਼ਿਵਦੇਵ ਸਿੰਘ (ਮਹਾਰਾਜਾ ਸ਼ੇਰ ਸਿੰਘ ਦਾ ਪੁੱਤਰ) ਤੇ ਉਸ ਦੀ ਮਾਤਾ’ ਫੀਰੋਜ਼ਪੁਰ ਨੂੰ ਜਾ ਰਹੇ ਸਨ । ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਅੱਜ ਛੱਡਿਆ ਮੁੜ ਕੇ ਵੇਖਣਾ ਨਸੀਬ ਨਹੀਂ ਹੋਣਾ । ਸਦਾ ਵਾਸਤੇ ਜਾ ਰਹੇ ਆਪਣੇ ਮਹਾਰਾਜ ਨੂੰ ਪੰਜਾਬ ਦੀ ਪਵਿੱਤਰ ਮਿੱਟੀ ਦੇ ਜ਼ੱਰਰੇ ਆਪਣਾ ਆਉਣ ਵਾਲਾ ਦੁੱਖ ਸੁਨਾਉਣ ਵਾਸਤੇ ਉਡ-ਉਡ ਕੇ ਮਿਲ ਰਹੇ ਸਨ।
੨੩ ਦਸੰਬਰ ਨੂੰ ਮਹਾਰਾਜ ਸਰਕਾਰ ਵਲੋਂ ਲਾਗਨ ਨੂੰ ਫਿਰ ਹੁਕਮ ਪੁੱਜਾ, “ਸਾਰੀ ਰਖਵਾਲੀ ਫੌਜ ਮਹਾਰਾਜੇ ਦੇ ਨਾਲ ਰਿਹਾ ਕਰੇ । ਜਮਨਾ ਪਾਰ ਹੋਣ ਤੱਕ ਰੋਜ਼ਾਨਾ ਹਾਲ ਭੇਜਦੇ ਰਹੋ, ਤੇ ਫੇਰ ਹਫਤੇ ਪਿਛੋਂ, ਜਦ ਤਕ ਫਤਹਿਗੜ੍ਹ ਨਾ ਪਹੁੰਚ ਜਾਓ ।”
ਏਸੇ ਦਿਨ ਫੀਰੋਜ਼ਪੁਰ, ਲੁਧਿਆਣਾ ਤੇ ਅੰਬਾਲਾ ਦੇ ਕਮਿਸ਼ਨਰਾਂ ਨੂੰ ਤੇ ਸਹਾਰਨਪੁਰ, ਮੁਜ਼ਫਰ ਨਗਰ ਤੇ ਬੁਲੰਦ ਸ਼ਹਿਰ ਦੇ ਮੈਜਿਸਟਰੇਟਾਂ ਨੂੰ ਵੀ ਸਰਕਾਰੀ ਹੁਕਮ ਪਹੁੰਚੇ ਕਿ ਉਹ ਆਪੋ-ਆਪਣੇ ਥਾਵਾਂ ‘ਤੇ ਮਹਾਰਾਜੇ ਦੇ ਡੇਰੇ ਦੀ ਰਾਖੀ ਕਰਨ। ਇਹ ਵੀ ਹੁਕਮ ਸੀ, ਕਿ ਰਾਹ ਵਿਚ ਆਮ ਲੋਕਾਂ ਨੂੰ ਮਹਾਰਾਜੇ ਨੂੰ ਮਿਲਨ ਦੀ, ਜਾਂ ਉਸ ਦਾ ਸਵਾਗਤ ਕਰਨ ਦੀ ਆਗਿਆ ਨਾ ਦਿੱਤੀ ਜਾਵੇ ।
ਫਤਹਿਗੜ੍ਹ ਪੁੱਜਣਾ
ਜੀਵਨ-ਖੇਡ ਵਿਚ ਹਾਰੇ ਹੋਏ ਰਾਹੀ ਵਾਂਗ ਦਲੀਪ ਸਿੰਘ ਫਤਹਿਗੜ੍ਹ ਨੂੰ ਜਾ ਰਿਹਾ ਸੀ । ਅੰਬਾਲੇ ਵਿਚ ਉਸ ਨੇ ਪਹਿਲੋਂ ਪਹਿਲ ਅੰਗਰੇਜ਼ੀ ਨਾਚ ਵੇਖਿਆ। ੨੦ ਜਨਵਰੀ, ੧੮੫੦ ਨੂੰ ਉਹ ਸਹਾਰਨਪੁਰ ਪੁੱਜਾ । ੨੯ ਜਨਵਰੀ ਨੂੰ ਜਮੁਨਾ ਤੋਂ ਪਾਰ ਹੋਇਆ ਤੇ ੧੭-੧੮ ਫਰਵਰੀ ਨੂੰ ਫਤਹਿਗੜ੍ਹ ਜਾ ਪੁੱਜਾ । ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਤੇ ਉਸ ਦਾ ਪੁੱਤਰ ਸ਼ਿਵਦੇਵ ਸਿੰਘ ਵੀ ਨਾਲ ਫਤਹਿਗੜ੍ਹ ਗਏ ।
ਗੁਰੂ ਗ੍ਰੰਥ ਸਾਹਿਬ ਤੇ ਗ੍ਰੰਥੀ ਨਾਲ ਨਹੀਂ ਗਏ
ਇਹ ਪੱਕ ਹੋ ਚੁੱਕਾ ਸੀ ਕਿ ਮਹਾਰਾਜੇ ਵਿਚੋਂ ਸਿੱਖੀ ਬਿਲਕੁਲ ਕੱਢ ਦਿੱਤੀ । ਲਾਹੌਰੋਂ ਤੁਰਨ ਲੱਗਿਆਂ ਏਸ ਗੱਲ ਦਾ ਖ਼ਾਸ ਖਿਆਲ ਰੱਖਿਆ ਗਿਆ ਸੀ ।
ਜਾਵੇ ਲਾਗਨ ਲਿਖਦਾ ਹੈ, “ਲਾਹੌਰੋਂ ਤੁਰਨ ਵੇਲੇ ਮਹਾਰਾਜੇ ਨਾਲੋਂ ਬਹੁਤ ਸਾਰੇ ਸਿੱਖ ਹਟਾ ਦਿੱਤੇ ਗਏ, ਤੇ ਜਲੂਸ ਨਾਲ ਆਮ ਮੁਸਲਮਾਨ ਰੱਖੇ ਗਏ । ਸਿੱਖ ਗ੍ਰੰਥੀ ਤੇ ਪੰਡਤ, ਜੋ ਹਰ ਵੇਲੇ ਮਹਾਰਾਜੇ ਦੇ ਕੋਲ ਰਹਿੰਦੇ ਸੀ, ਲਾਹੌਰ ਹੀ ਛੱਡ ਦਿੱਤੇ ਗਏ । ਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਲਈ ਤੇ ਨਾ ਕੋਈ ਗ੍ਰੰਥੀ । ਇਕ ਪਰੋਹਤ ਛੇ ਮਹੀਨੇ ਵਾਸਤੇ ਨਾਲ ਲੈ ਲਿਆ ਗਿਆ । ਫਤਹਿਗੜ੍ਹ ਪੁੱਜਣ ’ਤੇ ਮਹਾਰਾਜੇ ਦਾ ਪੁਰਾਣਾ ਨੌਕਰ ਮੁਸਲਮਾਨ ਮੀਆਂ ਕਾਇਮ (ਕਰੀਮ ਬਖ਼ਸ਼) ਹਟਾ ਦਿੱਤਾ ਗਿਆ ਤੇ ਉਸ ਦੀ ਥਾਂ ਇਕ ਜੁਆਨ ਪੰਡਤ ਭਜਨ ਲਾਲ ਜੋ ਫਰੁਖ਼ਾਬਾਦ ਅਮਰੀਕਨ ਮਿਸ਼ਨ ਸਕੂਲ ਵਿਚ ਪੜ੍ਹਿਆ ਸੀ, ਰੱਖ ਲਿਆ ਤੇ ਉਸ ਨੂੰ ਹਰ ਵੇਲੇ ਮਹਾਰਾਜੇ ਕੋਲ ਰੱਖਿਆ ਜਾਂਦਾ ।”
ਜਦ ਏਥੋਂ ਤੱਕ ਯਤਨ ਹੋ ਰਹੇ ਸਨ, ਫਿਰ ਸਿੱਖੀ ਕਿੰਨਾ-ਕੁ-ਚਿਰ ਰਹਿ ਸਕਦੀ ? ਪੰਜਾਬੀ ਵਿੱਦਿਆ, ਗੁਰੂ ਇਤਿਹਾਸ ਤੇ ਗੁਰਬਾਣੀ ਦੇ ਸੁਫਨੇ ਵੀ ਬੰਦ ਕਰ ਦਿੱਤੇ । ਹਾਂ, ਅੰਗਰੇਜ਼ੀ ਵਿੱਦਿਆ ਤੇ ਚਲਨ ਦਾ ਪ੍ਰਚਾਰ ਦਿਨੋਂ ਦਿਨ ਵੱਧਦਾ ਰਿਹਾ।
ਵਾਲਟਰ ਗਾਈਜ਼
ਮੇਰਠ ਵਿਚ ਇਕ ਅੰਗਰੇਜ਼ ਵਾਲਟਰ ਗਾਈਜ਼ (Walter Guise) ਨੌਕਰੀ ਲੱਭਦਾ ਫਿਰਦਾ ਲਾਗਨ ਨੂੰ ਮਿਲਿਆ । ਉਸ ਨੂੰ ਮਹਾਰਾਜੇ ਦਾ ਉਸਤਾਦ (Tutor) ਬਣਾ ਲਿਆ । ਓਧਰ ੧੫ ਫ਼ਰਵਰੀ, ੧੮੫੦ ਨੂੰ ਲਾਗਨ ਨੇ ਆਪਣੀ ਇਸਤਰੀ ਨੂੰ ਲਿਖਿਆ, “ਮੇਰੀ ਪਰਬਲ ਇੱਛਾ ਹੈ ਕਿ ਬਾਲਕ ਮਹਾਰਾਜੇ ਤੇ ਸ਼ਹਿਜ਼ਾਦੇ (ਸ਼ਿਵਦੇਵ ਸਿੰਘ) ਉੱਤੇ ਸਾਡਾ ਬਤੌਰ ਈਸਾਈ ਚੰਗਾ ਪ੍ਰਭਾਵ ਪਵੇ ।”
ਲਾਰੰਸ ਦੀ ਚਿੱਠੀ
੧੮ ਫਰਵਰੀ ਨੂੰ ਪਿੱਛੋਂ ਲਾਰੰਸ ਦੀ ਚਿੱਠੀ ਗਈ : “
ਮੇਰੇ ਪਿਆਰੇ ਮਹਾਰਾਜ ਜੀ !
ਇਹ ਸੁਣ ਕੇ ਮੈਂ ਪਰਸੰਨ ਹਾਂ, ਕਿ ਆਪ ਰਾਜ਼ੀ ਖੁਸ਼ੀ ਹੋ। ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣਾ ਘਰ ਤੇ ਮੈਦਾਨ ਪਸੰਦ ਕਰਦੇ ਹੋਵੋਗੇ । ਨਾਲ ਹੀ ਗੰਗਾ ਜੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ । ਮੈਨੂੰ ਹਰ ਵੇਲੇ ਤੁਹਾਡਾ ਹੀ ਧਿਆਨ ਰਹਿੰਦਾ ਹੈ । ਆਸ ਹੈ, ਤੁਸੀਂ ਰੋਜ਼ ਲਿਖਦੇ ਪੜ੍ਹਦੇ ਹੋਵੋਗੇ।
ਤੁਹਾਡੀ ਅਰੋਗਤਾ ਤੇ ਪਰਸੰਨਤਾ ਦਾ ਚਾਹਵਾਨ,
ਤੁਹਾਡਾ ਸੱਚਾ ਮਿੱਤਰ, ਹੈਨਰੀ ਲਾਰੰਸ ।”
ਇਹ ਚਿੱਠੀ ਹੈ ਤਾਂ ਬਿਲਕੁਲ ਸਾਦੀ, ਪਰ ਇਹ ਪਰਗਟ ਕਰਨ ਵਾਸਤੇ ਕਿ ਅਸੀਂ (ਅੰਗਰੇਜ਼) ਤੁਹਾਡੇ ਕਿੰਨੇ ਹੇਜਲੇ ਤੇ ਆਪਣੇ ਹਾਂ, ਕਾਫੀ ਅਸਰ ਰੱਖਦੀ ਹੈ। ਖੈਰ, ਦਲੀਪ ਸਿੰਘ ਨੂੰ ਕਿਵੇਂ ਆਪਣੀ ਮਰਜ਼ੀ ਦਾ ਬਣਾਇਆ ਗਿਆ, ਜ਼ਰਾ ਅੱਗੇ ਚੱਲ ਕੇ ਵੇਖਾਂਗੇ ।
ਫਤਿਹਗੜ੍ਹ ਵਿਚ
ਫਤਿਹਗੜ੍ਹ ਗੰਗਾ ਦੇ ਕਿਨਾਰੇ, ਦੋਹੀਂ ਪਾਸੀਂ ਫੌਜੀ ਚੌਕੀਆਂ ਵਿਚ ਘਿਰਿਆ ਹੋਇਆ ਸੀ । ਘਰ ਦੇ ਚਾਰ ਚੁਫੇਰੇ ਦਿਨੇ ਰਾਤ ਸਿਪਾਹੀ ਪਹਿਰੇ ‘ਤੇ ਲੱਗੇ ਰਹਿੰਦੇ ਸਨ ।
ਪੱਕੀ ਛਾਉਣੀ ਦਲੀਪ ਸਿੰਘ ਦੇ ਘਰ ਤੋਂ ਤਿੰਨ ਮੀਲ ਸੀ । ਲਾਗਨ ਨੇ ਉਦਾਲੇ ਦੇ ਕੁਛ ਬੰਗਲੇ ਖਰੀਦ ਕੇ ਮਹਾਰਾਜੇ ਵਾਸਤੇ ਨਵਾਂ ਵੱਡਾ ਘਰ ਬਣਵਾਇਆ । ਪੁਰਾਣੇ ਪੰਜਾਬੀ ਨੌਕਰ (ਜੋ ਥੋੜੇ ਬਹੁਤੇ ਨਾਲ ਆਏ ਸਨ) ਹਟਾ ਕੇ, ਉਹਨਾਂ ਦੀ ਥਾਂ ਨਵੇਂ ਆਦਮੀ ਰੱਖ ਲਏ । ੨੫੦ ਰੁਪੈ ਮਹੀਨੇ ‘ਤੇ ਗਾਈਜ਼ ਰੱਖਿਆ ਗਿਆ । ਬਾਰਲੋ ਦੀ ਥਾਂ ਇਕ ਹੋਰ ਅੰਗਰੇਜ਼ ਰੱਖ ਲਿਆ । ਬੱਘੀ ਦਾ ਕੋਚਵਾਨ ਵੀ ਇਕ ਅੰਗਰੇਜ਼ ੧੫੦ ਰੁਪੈ ਮਹੀਨੇ ‘ਤੇ ਰੱਖ ਲਿਆ । ਮੁਕਦੀ ਗੱਲ, ਚੁਫੇਰੇ ਆਪਣੇ ਇਤਬਾਰੀ ਤੇ ਈਸਾਈ ਖਿਆਲਾਂ ਦੇ ਨੌਕਰ ਲਾ ਦਿੱਤੇ ਗਏ । ਏਥੇ ਮਹਾਰਾਜੇ ਕੋਲ ੩-੪ ਸੌ ਨੌਕਰ, ੩-੪ ਬੱਘੀਆਂ, ੨੦-੩੦ ਘੋੜੇ ਤੇ ੫-੬ ਹਾਥੀ ਸਨ ।
ਸਵੇਰ ਸ਼ਾਮ ਰੋਜ਼ ਮਹਾਰਾਜਾ ਸੈਰ ਕਰਨ ਜਾਇਆ ਕਰਦਾ ਸੀ । ਕਦੇ ੪ ਅਰਬੀ ਘੋੜਿਆਂ ਦੀ ਬੱਘੀ-ਅੰਗਰੇਜ਼ ਕੋਚਵਾਨ ਵਾਲੀ—ਹੁੰਦੀ, ਕਦੇ ਚਾਂਦੀ ਦੇ ਹੌਦੇ ਵਾਲਾ ਹਾਥੀ, ਤੇ ਕਦੇ ਵਧੀਆ ਘੋੜਾ । ਮਹਾਰਾਜਾ ਘੋੜੇ ਦਾ ਚੰਗਾ ਅਸਵਾਰ ਸੀ। ਉਸਦੇ ਨਾਲ ਸ਼ਹਿਜ਼ਾਦਾ ਸ਼ਿਵਦੇਵ ਸਿੰਘ ਤੇ ਕੁਛ ਅੰਗਰੇਜ਼ ਮਿੱਤਰ ਹੁੰਦੇ । ਹਰ ਵੇਲੇ ਲਾਗਨ ਜਾਂ ਗਾਈਜ਼ ਨਾਲ ਰਹਿੰਦੇ ਤੇ ਰਾਖੀ ਵਾਸਤ—ਗਵਰਨਰ-ਜੈਨਰਲ ਦੇ ਇਤਬਾਰੀ- ੨੫ ਸਿਪਾਹੀ ਤੇ ਅਫਸਰ ਵੀ ਹੁੰਦੇ । ਅਸਲ ਵਿਚ ਮਹਾਰਾਜਾ ਏਥੇ ਕੈਦੀ ਸੀ ।
ਲਾਗਨ ਦਾ ਦਲੀਪ ਸਿੰਘ ‘ਤੇ ਕਿੰਨਾ ਸਖਤ ਕਾਬੂ ਸੀ ? ਇਸ ਛੋਟੀ ਜੇਹੀ ਘਟਨਾ ਤੋਂ ਪਤਾ ਲੱਗ ਜਾਵੇਗਾ, ਜੋ ਲਾਗਨ ਨੇ ੧੬ ਜੁਲਾਈ, ੧੮੫੦ ਦੀ ਚਿੰਨ ਵਿਚ ਲਿਖੀ ਹੈ । “ਇਕ ਦਿਨ ਮਹਾਰਾਜਾ ਮੀਂਹ ਵਰ੍ਹਦੇ ਵਿਚ ਬਾਗ ਵਿਚ ਭਿੱਜ ਗਿਆ । ਲਾਗਨ ਨੇ ਉਸਨੂੰ ਭਿੱਜੇ ਹੋਏ ਕੱਪੜੇ ਉਤਾਰਨ ਵਾਸਤੇ ਕਿਹਾ, ਤਾਂ ਉਹਨੇ ਅੱਗੋਂ ਇਨਕਾਰ ਕਰ ਦਿੱਤਾ । ਲਾਗਨ ਨੇ ਮਹਾਰਾਜੇ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਤੇ ਅੱਧਾ ਘੰਟਾ ਵਕਤ ਸੋਚਣ ਵਾਸਤੇ ਦਿੱਤਾ । ਕੁਛ ਮਿੰਟਾਂ ਪਿੱਛੋਂ ਹੀ ਉਹ ਹਉਕੇ ਭਰਦਾ ਲਾਗਨ ਕੋਲ ਗਿਆ ਤੇ ਕਿਹਾ, “ਅਹਿਦਨਾਮੇ ਅਨੁਸਾਰ ਮੈਂ ਜਿਵੇਂ ਚਾਹਵਾਂ ਕਰ ਸਕਦਾ ਹਾਂ ।” ਅੱਗੋਂ ਲਾਗਨ ਨੇ ਤਾੜਨਾ ਕਰਦਿਆਂ ਕਿਹਾ, “ਅਹਿਦਨਾਮੇ ਵਿਚ ਕੋਈ ਅਜਿਹੀ ਸ਼ਰਤ ਨਹੀਂ । ਮੈਨੂੰ ਤੇਰੇ ਉਤੇ ਹਾਕਮ ਲਾਇਆ ਗਿਆ ਹੈ, ਤੇ ਇਸ ਵੇਲੇ ਮੈਂ ਹੀ ਤੇਰਾ ਮਾਂ-ਬਾਪ ਹਾਂ । ਮੈਂ ਹੀ ਸੋਚ ਸਕਦਾ ਹਾਂ ਕਿ ਤੇਰੀ ਭਲਾਈ ਕਿਸ ਵਿਚ ਹੈ ।” ਉਸ ਤੋਂ ਪਿੱਛੋਂ ਦਲੀਪ ਸਿੰਘ ਬੜਾ ਆਗਿਆਕਾਰ ਰਿਹਾ । (ਡਰਦਾ)
ਮਹਾਰਾਜਾ ਸ਼ੇਰ ਸਿੰਘ ਦੀ ਰਾਣੀ
ਨੇੜੇ ਹੀ ਵੱਖਰੇ ਬੰਗਲੇ ਵਿਚ ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਰਹਿੰਦੀ ਸੀ । ਉਹ ਕਾਂਗੜੇ ਦੇ ਉਘੇ ਘਰਾਣੇ ਵਿਚੋਂ ਮਹਾਰਾਜੇ ਦੀ ਸਭ ਤੋਂ ਛੋਟੀ ਰਾਣੀ ਸੀ। ਉਹ ਬਿਲਕੁਲ ਸਾਦਾ ਲਿਬਾਸ ਵਿਚ ਰਹਿੰਦੀ ਸੀ, ਤੇ ਗਹਿਣਾ ਕਦੇ ਨਹੀਂ ਸੀ ਪਾਉਂਦੀ । ਉਹ ਆਮ ਸਫੈਦ ਮਲਮਲ ਦਾ ਦੁਪੱਟਾ ਸਿਰ ‘ਤੇ ਰੱਖਦੀ ਸੀ । ਉਹ ਹਰ ਵੇਲੇ ਘਰ ਵਿਚ ਹੀ ਰਹਿੰਦੀ ਸੀ, ਤੇ ਕੋਲ ਉਸ ਦਾ ਭਰਾ ਮੀਆਂ ਉੱਤਮ ਰਹਿੰਦਾ ਸੀ। ਸ਼ਿਵਦੇਵ ਸਿੰਘ ਦਿਨੇ ਮਹਾਰਾਜਾ ਦਲੀਪ ਸਿੰਘ ਕੋਲ ਰਹਿੰਦਾ ਸੀ, ਤੇ ਰਾਤ ਨੂੰ ਆਪਣੀ ਮਾਂ ਕੋਲ ਸੌਂਦਾ ਸੀ । ਦੋਵੇਂ ਚਾਚਾ ਭਤੀਜਾ ਖੇਡਦੇ ਚੰਗੇ ਲੱਗਦੇ ਸਨ। ਮਹਾਰਾਜੇ ਦੇ ਗਲ ਵਿਚ ਮੋਤੀਆਂ ਦੀ ਮਾਲਾ ਹੁੰਦੀ ਸੀ, ਤੇ ਸ਼ਹਿਜ਼ਾਦਾ ਪੱਗ ਦੇ ਉੱਤੇ ਸੋਨੇ ਦੀ ਜ਼ੰਜੀਰੀ ਪਹਿਨਿਆ ਕਰਦਾ ਸੀ ।
ਰਾਣੀ ਸ਼ਿਵਦੇਵ ਸਿੰਘ ਨੂੰ ਰੋਟੀ ਘਰ ਵਿਚ ਸਦਾ ਆਪ ਖੁਆਉਂਦੀ ਸੀ, ਤੇ ਮਹਾਰਾਜਾ ਵੀ ਬਹੁਤ ਵਾਰ ਉਹਦੇ ਘਰ ਜਾਂਦਾ ਸੀ । ਉਹ ਬੜੀ ਖੂਬਸੂਰਤ ਸਮਝਦਾਰ, ਪਤੀਬ੍ਰਤਾ ਵਿਧਵਾ ਸੀ । ਲੋਕਾਂ ਦਾ ਖਿਆਲ ਸੀ ਕਿ ਵੱਡੀ ਭਰਜਾਈ ਹੋਣ ਦੇ ਕਾਰਨ, ਮਹਾਰਾਜਾ ਉਸ ਨਾਲ ਪੁਨਰ-ਵਿਆਹ ਕਰ (ਚਾਦਰ ਪਾ) ਲਵੇਗਾ। ਪਰ ਲੋਕ ਇਹ ਕੀ ਜਾਨਣ, ਕਿ ਡਲਹੌਜ਼ੀ ਕਿਸੇ ਵੀ ਸਿੱਖ ਜਾਂ ਸਿੱਖ ਘਰਾਣੇ ਨਾਲ ਮਹਾਰਾਜੇ ਦਾ ਮੇਲ-ਜੋਲ ਪਸੰਦ ਨਹੀਂ ਕਰਦਾ ।
ਮਹਾਰਾਜੇ ਦੇ ਜਨਮ-ਦਿਨ ਉੱਤੇ ਅੰਗਰੇਜ਼ ਅਫਸਰਾਂ ਨੂੰ ਨਿਉਂਦੇ (ਦਾਅਵਤਾਂ ਦਿੱਤੇ ਜਾਂਦੇ, ਤੇ ਦਿਲ ਖੋਲ੍ਹ ਕੇ ਪੈਸੇ ਲੁਟਾਏ ਜਾਂਦੇ । ਜਿਹੜਾ ੧੦ ਹਜ਼ਾਰ ਰੁਪਿਆ ਮਹੀਨਾ ਉਸ ਨੂੰ ਮਿਲਦਾ ਸੀ, ਉਹ ਏਸੇ ਤਰਾਂ ਉਡਾਇਆ ਜਾਂਦਾ, ਕੁਛ ਅੰਗਰਾ ਨੌਕਰਾਂ ਨੂੰ ਵਧੇਰੇ ਤਨਖਾਹਾਂ ਦੇਣ ਵਿਚ, ਤੇ ਕੁਛ ਪ੍ਰੀਤੀ ਭੋਜਨਾਂ (ਦਾਅਵਤਾਂ) ਜਾਂ ਤੋਹਫਿਆਂ ਤੇ ਇਨਾਮਾਂ ਵਿਚ । ਜੇਬ ਦਲੀਪ ਸਿੰਘ ਦੀ ਸੀ, ਤੇ ਹੱਥ ਲਾਗਨ ਦਾ: ਫਿਰ ਸਰਫਾ ਕੇਹਾ ? ਲਾਗਨ ਆਪਣੀ ਇਸਤਰੀ ਨੂੰ ਲਿਖਦਾ ਹੈ, “ਸੱਚ ਜਾਣੋ ਕਿ ਮੈਂ ਮਹਾਰਾਜੇ ਦੇ ਖਰਚ ਉੱਤੇ ਮਨ-ਮਰਜ਼ੀ ਦੀਆਂ ਮੌਜਾਂ ਮਾਣ ਸਕਦਾ ਹਾਂ, ਜਿਵੇਂ ਉਹ ਸਭ ਕੁਛ ਮੇਰਾ ਆਪਣਾ ਹੁੰਦਾ ਹੈ ।
ਮਹਾਰਾਜਾ ਤੇ ਸ਼ੇਰ ਸਿੰਘ ਦੀ ਭੈਣ ਤੇ ਕੁਰਗ ਦੀ ਸ਼ਹਿਜ਼ਾਦੀ
ਮਹਾਰਾਜਾ ਦਲੀਪ ਸਿੰਘ ਛੋਟਾ ਹੁੰਦਾ ਹੀ, ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਦੀ ਭੈਣ ਨਾਲ ਮੰਗਿਆ ਹੋਇਆ ਸੀ । ਅੰਗਰੇਜ਼, ਸ਼ੇਰ ਸਿੰਘ ਨੂੰ ਸਭ ਤੋਂ ਵੱਡਾ ਵੈਰੀ ਸਮਝਦੇ ਸਨ । ਡਲਹੌਜ਼ੀ ਤੇ ਲਾਗਨ ਇਹ ਕਿਵੇਂ ਸਹਿ ਸਕਦੇ ਸਨ ਕਿ ਮਹਾਰਜਾ, ਸ਼ੇਰ ਸਿੰਘ ਦੀ ਭੈਣ ਨਾਲ ਵਿਆਹ ਕਰਾਵੇ ? ਸੋ, ਰੋਜ਼ ਸ਼ੇਰ ਸਿੰਘ ਦੇ ਵਿਰੁੱਧ ਮਹਾਰਾਜੇ ਦੇ ਮਨ ਵਿਚ ਜ਼ਹਿਰ ਭਰਿਆ ਜਾਂਦਾ । ਇਸ ਚੁੱਕਣਾ ਦਾ ਸਦਕਾ ਅੰਤ ਮਹਾਰਾਜੇ ਨੇ ਆਖ ਦਿੱਤਾ, ਕਿ ਮੈਂ ਸ਼ੇਰ ਸਿੰਘ ਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ । ਲਾਗਨ ੧੬ ਜੁਲਾਈ ੧੮੫੦ ਦੀ ਚਿੱਠੀ ਵਿਚ ਲਿਖਦਾ ਹੈ, “ਦਲੀਪ ਸਿੰਘ ਨੇ ਸ਼ੇਰ ਸਿੰਘ ਦੀ ਭੈਣ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਮੈਂ ਚਾਹੁੰਦਾ ਹਾਂ ਕਿ ਰਾਜਾ ਕੁਰਗ (ਜੋ ਈਸਾਈ ਹੋ ਚੁੱਕਾ ਹੈ) ਦੀ ਲੜਕੀ, ਜੋ ਬਨਾਰਸ ਵਿਚ ਆਈ ਹੋਈ ਹੈ, ਤੇ ਜਿਸ ਨੂੰ ਅੰਗਰੇਜ਼ ਬੱਚਿਆਂ ਵਾਂਗ ਪਾਲਿਆ ਗਿਆ ਹੈ, ਜਿਸ ਨੂੰ ਰਾਜਾ ਉਚੀ ਵਿੱਦਿਆ ਵਾਸਤੇ ਵਲਾਇਤ ਭੇਜਣ ਨੂੰ ਤਿਆਰ ਹੈ, ਦਲੀਪ ਸਿੰਘ ਆਪਣੀ ਰਾਣੀ ਬਨਾਉਣ ਵਾਸਤੇ ਚੁਣ ਲਵੇ । ਲੜਕੀ ਅੱਠ ਸਾਲ ਦੀ ਉਮਰ ਦੀ ਬੜੀ ਸੁਸ਼ੀਲ ਤੇ ਸੁੰਦਰ ਹੈ ।”
ਲਾਗਨ ਇਹ ਵੀ ਚਾਹੁੰਦਾ ਸੀ ਕਿ ਦਲੀਪ ਸਿੰਘ ਆਪਣੇ ਸ਼ਾਹੀ ਮਹਿਲ ਖੁਹਾ ਬੈਠਾ ਹੈ, ਉਸ ਦੇ ਵਾਸਤੇ ਫਤਹਿਗੜ੍ਹ ਵਿਚ ਸੁੰਦਰ ਬਾਗ਼ ਤੇ ਸ਼ਾਨਦਾਰ ਘਰ ਬਣਾਇਆ ਜਾਵੇ । ਪਰ ਇਹ ਸਭ ਕੁਛ ਕਰਨ ਵਾਸਤੇ ਗਵਰਨਰ-ਜੈਨਰਲ ਦੀ ਮਨਜ਼ੂਰੀ ਚਾਹੀਦੀ ਸੀ । ਲਾਗਨ ਇਹ ਸਾਰੇ ਸਵਾਲ ਡਲਹੌਜ਼ੀ ਪਾਸੋਂ ਪੁੱਛਦਾ ਹੈ, ਜਿਸ ਦਾ ਜਵਾਬ ਡਲਹੌਜ਼ੀ ਵੱਲੋਂ ਅੱਧ ਅਪ੍ਰੈਲ, ੧੮੫੦ ਵਿਚ ਆਉਂਦਾ ਹੈ :“ਮੇਰੀ ਸਰਕਾਰੀ ਚਿੱਠੀ ਜੋ ਦੇਰ ਨਾਲ ਭੇਜੀ ਗਈ ਹੈ, ਤੁਹਾਨੂੰ ਜਾਣੂ ਕਰਵਾ ਦੇਵੇਗੀ ਕਿ, ਮੇਰੇ ਖਿਆਲ ਵਿਚ ਮਹਾਰਾਜੇ ਵਾਸਤੇ ਤੁਹਾਡੇ ਸਾਰੇ ਨਕਸ਼ੇ ਵਿਤੋਂ ਵੱਧ ਕੇ ਹਨ। ਉਸ ਦਾ ਆਉਣ ਵਾਲਾ ਜੀਵਨ ਏਨੀ ਸ਼ਾਨ ਵਾਲਾ ਨਹੀਂ ਹੋਵੇਗਾ, ਜਿੰਨਾ ਤੁਸੀਂ ਖਿਆਲ ਕਰਦੇ ਹੋ । ਮਹਾਰਾਜੇ ਦੇ ਵਿਆਹ ਦਾ ਪ੍ਰਬੰਧ ਕਰਨਾ ਸਾਡੇ ਵਾਸਤੇ ਔਖਾ ਹੈ । ਮੈਂ ਕਦੇ ਨਹੀਂ ਚਾਹੁੰਦਾ ਕਿ ਮਹਾਰਾਜੇ ਤੇ ਸਿੱਖਾਂ ਵਿਚ ਕੋਈ ਸੰਬੰਧ (ਰਿਸ਼ਤਾ) ਹੋਵੇ, ਸਗੋਂ ਮੈਂ ਡੱਟ ਕੇ ਇਸ ਗੱਲ ਦੀ ਵਿਰੋਧਤਾ ਕਰਾਂਗਾ । ਨਾ ਸਿੱਖੀ ਜਜ਼ਬਾਤ ਤੇ ਨਾ ਕਿਸੇ ਸਿੱਖ ਘਰਾਣੇ ਨਾਲ ਕੋਈ ਮੇਲ ਹੋਣ ਦਿਆਂਗਾ । ਮਹਾਰਾਜਾ ਆਪ ਹੀ ਚਤਰ ਸਿੰਘ (ਰਾਜਾ ਸ਼ੇਰ ਸਿੰਘ ਦਾ ਪਿਤਾ) ਦੀ ਲੜਕੀ ਨਾਲੋਂ ਮੰਗਣੀ (ਨਾਤਾ) ਤੋੜਨੀ ਚਾਹੁੰਦਾ ਹੈ, ਸ਼ਾਇਦ ਉਹ ਵਿਆਹ ਕਰਾਵੇ । ਉਹ ਰਾਜਾ ਕੁਰਗ ਦੀਆਂ ਲੜਕੀਆਂ ਵਿਚੋਂ ਵਿਆਹ ਵਾਸਤੇ ਇਕ ਨੂੰ ਚੁਣ ਲਵੇ, ਤਾਂ ਮੈਂ ਨਾਂਹ ਨਹੀਂ ਕਰਾਂਗਾ ।”
ਡਲਹੌਜ਼ੀ ਫ਼ਤਹਿਗੜ੍ਹ ਵਿਚ
ਚਿੱਠੀ ਪੜ੍ਹ ਕੇ ਹਿਸਾਬ ਲਾ ਲਵੋ, ਕਿ ਡਲਹੌਜ਼ੀ ਦੇ ਇਰਾਦੇ ਦਲੀਪ ਸਿੰਘ ਬਾਰੇ ਕੀ ਸਨ । ੨੫ ਦਸੰਬਰ, ੧੮੫੦ ਨੂੰ ਡਲਹੌਜ਼ੀ ਫ਼ਤਹਿਗੜ੍ਹ ਆਇਆ ਤੇ ਮਹਾਰਾਜੇ ਦੇ ਘਰ ਪਰਾਹੁਣਾ ਰਿਹਾ । ਅਗਲੀਆਂ ਗਰਮੀਆਂ ਵਿਚ ਮਹਾਰਾਜੇ ਨੂੰ ਮਸੂਰੀ ਜਾਣ ਦੀ ਆਗਿਆ ਮਿਲ ਗਈ ।
ਏਸ ਸਮੇਂ ਡਲਹੌਜ਼ੀ ਨੇ ਇਕ ਦਰਬਾਰ ਕੀਤਾ, ਜਿਸ ਵਿਚ ਬਹੁਤ ਸਾਰੇ ਦੇਸੀ ਰਾਜੇ ਸੌਦੇ । ਮਹਾਰਾਜਾ ਦਲੀਪ ਸਿੰਘ ਇਸ ਦਰਬਾਰ ਵਿਚ ਸ਼ਾਮਲ ਨਹੀਂ ਹੋਇਆ, ਕਿਉਂਕਿ, ਉਹ ਆਪਣੇ ਆਪ ਨੂੰ ਸਾਰਿਆਂ ਤੋਂ ਵੱਖਰਾ ਰੱਖਣਾ ਚਾਹੁੰਦਾ ਸੀ। |
ਮਹਾਰਾਜਾ ਹਰਦੁਆਰ ਤੇ ਮਸੂਰੀ
ਦਲੀਪ ਸਿੰਘ ਮਸੂਰੀ ਜਾਂਦਾ ਹੋਇਆ ਰਾਹ ਵਿਚ ਆਗਰਾ, ਦਿੱਲੀ, ਮੇਰਠ ਆਦਿ ਸ਼ਹਿਰਾਂ ਦੀ ਸੈਰ ਕਰਦਾ ਗਿਆ ਤੇ ਅੰਗਰੇਜ਼ ਅਫਸਰਾਂ ਦੇ ਘਰ ਪਰਾਹੁਣਾ ਰਿਹਾ । ਰਾਹ ਵਿਚ ਹਰਦੁਆਰ ਦੇ ਦਰਸ਼ਨ ਵਾਸਤੇ ਵੀ ਗਿਆ । ਓਥੇ ਉਹਨੀਂ ਦਿਨੀਂ ਬਹੁਤ ਸਾਰੇ ਪੰਜਾਬੀ ਗਏ ਹੋਏ ਸਨ । ਇਸ ਵਾਸਤੇ ਮਹਾਰਾਜੇ ਦੇ ਰਾਖੇ ਬੜੇ ਡਰਦੇ ਸਨ । ਉਹਨਾਂ ਡੇਰਾ ਤਾਂ ਇਕ ਪਾਸੇ ਤੋਰ ਦਿੱਤਾ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ, ਤੇ ਮਹਾਰਾਜੇ ਨੂੰ ਹਾਥੀ ‘ਤੇ ਬਿਠਾ ਕੇ ਹਰਦੁਆਰ ਘਾਟ ਉਤੇ ਲੈ ਗਏ । ਓਥੇ ਮਹਾਰਾਜੇ ਦੀ ਪੁਰਾਣੀ ਪਰਜਾ ਪੰਜਾਬੀਆਂ ਨੇ ਉਸ ਨੂੰ ਪਛਾਣ ਲਿਆ ਤੇ ਉਹਦੇ ਹਾਥੀ ਨੂੰ ਘੇਰਾ ਪਾ ਲਿਆ । ਬੜੀ ਔਖਿਆਈ ਨਾਲ ਭੀੜ ਵਿਚੋਂ ਹਾਥੀ ਨੂੰ ਭਜਾ ਕੇ ਡੇਹਰਾਦੂਨ ਪੁੱਜੇ। ਏਥੇ ਕੁਛ ਦਿਨ ਮਹਾਰਾਜਾ ਗਵਰਨਰ-ਜੈਨਰਲ ਦੀ ਰਖਵਾਲੀ ਫੌਜ (ਬਾਡੀ-ਗਾਰਡ) ਦੀ ਰਾਖੀ ਵਿਚ ਰਿਹਾ । ਮਸੂਰੀ ਪਹੁੰਚ ਕੇ ਮਹਾਰਾਜੇ ਵਾਸਤੇ ਜ਼ਰਾ ਦੁਰੇਡੇ ਬੰਗਲੇ ਵਿਚ ਨਿਵਾਸ ਦਾ ਪਰਬੰਧ ਕੀਤਾ ਗਿਆ । ਪਹਿਲਾ ਤਾਂ ਉਥੇ ਜਾਣ ਦਾ ਚਾ ਸੀ, ਤੇ ਫਿਰ ਸਿਆਲ ਉਤਰ ਆਉਣ ‘ਤੇ ਵੀ ਕਿੰਨਾ ਚਿਰ ਡਲਹੌਜ਼ੀ ਦੀ ਮਨਜ਼ੂਰੀ ਉਡੀਕਣੀ ਪਈ । ਅਸਲ ਵਿਚ ਗਵਰਨਰ-ਜੈਨਰਲ ਦੇ ਹੁਕਮ ਤੋਂ ਬਿਨਾਂ ਮਹਾਰਾਜਾ ਇਕ ਥਾਂ ਤੋਂ ਦੂਜੇ ਥਾਂ ‘ਤੇ ਨਹੀਂ ਸੀ ਜਾ ਸਕਦਾ ।
ਦਸੰਬਰ, ੧੮੫੦ ਵਿਚ ਲਾਗਨ ਦੀ ਇਸਤਰੀ ਵੀ ਆ ਗਈ । ਸੋ, ਦਲੀਪ ਸਿੰਘ ਦੇ ਦਿਲ ‘ਤੇ ਕਾਬੂ ਪਾਣਾ ਵਧੇਰੇ ਸੌਖਾ ਹੋ ਗਿਆ । ਕੁਛ ਅੰਗਰੇਜ਼ ਲੜਕੇ ਮਹਾਰਾਜੇ ਦੇ ਖਰਚੇ ਉੱਤੇ ਉਸ ਦੇ ਨਾਲ ਰਹਿੰਦੇ ਸਨ । ਜਿਥੇ ਦਲੀਪ ਸਿੰਘ ਜਾਂਦਾ, ਇਹ ਸਾਰਾ ਢਿੱਮ-ਢਾਣਾ ਨਾਲ ਹੀ ਜਾਂਦਾ । ‘ਮਾਲਿ ਮੁਫਤ ਦਿਲੇ ਬੇਰਹਿਮ’ ਵਾਲੀ ਗੱਲ ਬਣੀ ਹੋਈ ਸੀ । ਤੇ ਫਿਰ ਪ੍ਰਗਟ ਇਹ ਕੀਤਾ ਜਾਂਦਾ ਕਿ ਇਹ ਸਭ ਕੁਛ ਮਹਾਰਾਜੇ ਦੀ ਭਲਾਈ ਵਾਸਤੇ ਕੀਤਾ ਜਾਂਦਾ ਹੈ । The Maharaja Duleep Singh and the Government (ਮਹਾਰਾਜਾ ਦਲੀਪ ਸਿੰਘ ਤੇ ਗੌਰਮਿੰਟ) ਦਾ ਕਰਤਾ ਪੰਨਾ ੮੯ ‘ਤੇ ਲਿਖਦਾ ਹੈ, “ਮਹਾਰਾਜੇ ਦੇ ਬਚਪਨ ਤੋਂ ਹੀ ਹਰ ਘਟਨਾ ਬਾਰੇ ਉਹਦੇ ਦਿਲ ‘ਤੇ ਏਹਾ ਅਸਰ ਜਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਕਿ ਉਹਨੂੰ ਬੜੀ ਵੱਡੀ ਸ਼ਾਨ ਵਿਚ ਰੱਖਿਆ ਜਾ ਰਿਹਾ ਹੈ । ਈਸਟ ਇੰਡੀਆ ਕੰਪਨੀ ਦੇ ਵੱਡੀ-ਵੱਡੀ ਤਨਖਾਹ ਵਾਲੇ ਨੌਕਰਾਂ ਦਾ ਮਹਾਰਾਜੇ ਦੇ ਅਫਸਰ ਤੇ ਰੱਖਿਅਕ ਨੀਯਤ ਕਰਨਾ, ਸਾਥੀਆਂ ਦਾ ਚੁਣਾਓ ਤੇ ਦੋਸਤਾਂ ਦਾ ਉਹਦੇ ਖਰਚ ਉੱਤੇ ਉਹਦੇ ਨਾਲ ਰਹਿਣਾ, ਸਭ ਕੁਛ ਉਸਦੇ ਭਲੇ ਵਾਸਤੇ ਹੈ । ਉਸ ਦਾ ਜਾਣ-ਆਉਣ, ਉਸ ਦੀ ਰਹਿਣੀ-ਬਹਿਣੀ, ਉਸ ਦੀ ਵਿੱਦਿਆ, ਖੇਲ ਤਮਾਸ਼ਾ ਤੇ ਛੋਟੇ-ਛੋਟੇ ਕੰਮਾਂ ਉੱਤੇ ਬੰਦਸ਼ਾਂ ਤੇ ਸਰਕਾਰੀ ਹਦਾਇਤਾਂ ਤੋਂ ਏਹਾ ਪ੍ਰਗਟ ਕੀਤਾ ਜਾਂਦਾ ਕਿ ਉਸ ਦੀ ਸ਼ਾਨ—ਬਹੈਸੀਅਤ ਸ਼ਾਹਜ਼ਾਦੇ ਦੇ—ਕਾਇਮ ਰੱਖਣ ਵਾਸਤੇ ਸਾਰੇ ਸਰਕਾਰੀ ਹੁਕਮਾਂ ਨੂੰ ਮੰਨਣਾ ਜ਼ਰੂਰੀ ਹੈ । ਉਸ ਨੂੰ ਇਹ ਆਜ਼ਾਦੀ ਨਹੀਂ ਸੀ ਕਿ ਜੋ ਉਹ ਠੀਕ ਸਮਝੇ, ਉਹ ਕਰ ਸਕੇ, ਜਾਂ ਆਪਣੇ ਮੁਲਕ ਵਿਚ ਆਪਣੀ ਸ਼ਾਹੀ ਸ਼ਾਨ ਦੇ ਮੁਤਾਬਕ ਰਹਿ ਸਕੇ ।”
ਇਹ ਦਲੀਪ ਸਿੰਘ ਦੀ ਬਾਹਰਲੀ ਹਾਲਤ ਸੀ । ਉਹ ਚੁਫੇਰਿਓਂ ਅੰਗਰੇਜ਼ਾਂ ਜਾਂ ਈਸਾਈਆਂ ਨਾਲ ਘਿਰਿਆ ਹੋਇਆ ਸੀ, ਜੋ ਮੂੰਹੋਂ ਉਸ ਦੇ ਮਿੱਤਰ ਸਨ, ਤੇ ਅੰਦਰੋਂ ਵਿਰੋਧੀ । ਫਤਹਿਗੜ੍ਹ ਵਿਚ ਉਹ ਪੂਰੀ ਤਰ੍ਹਾਂ ਕੈਦ ਸੀ । ਸੁਆਦੀ ਗੱਲ ਇਹ ਹੈ, ਕਿ ਜਿਹੜੇ ਉਸ ਉੱਤੇ ਪਹਿਰੇਦਾਰ ਲਾਏ ਸਨ, ਉਹ ਵੀ ਓਸੇ ਤੋਂ ਤਨਖਾਹ ਲੈਂਦੇ ਸਨ । ਉਸ ਨੂੰ ਇਕੇ ਵਾਰ ਆਪਣਿਆਂ ਤੋਂ ਵਿਛੋੜ ਕੇ ਓਪਰਿਆਂ ਦੇ ਵੱਸ ਪਾ ਦਿੱਤਾ ਗਿਆ ਸੀ ।
ਮਹਾਰਾਜਾ ਈਸਾਈ ਕਿਵੇਂ ਬਣਿਆ
ਬਾਲਕ ਮਹਾਰਾਜੇ ਦਾ ਰਾਜ-ਭਾਗ ਤੇ ਦੇਸ਼ ਖੋਹ ਕੇ ਸੱਜਣ-ਠੱਗਾਂ ਨੇ ਬੱਸ ਨਹੀਂ ਕੀਤੀ, ਅੰਤ ਉਹਦਾ ਧਰਮ ਵੀ ਉਸ ਤੋਂ ਖੋਹ ਲਿਆ । ਉਸ ਨੂੰ ਕਿਵੇਂ ਭੁਚਲਾ ਕੇ ਈਸਾਈ ਬਣਾਇਆ ਗਿਆ ? ਹੁਣ ਇਸ ‘ਤੇ ਵਿਚਾਰ ਕਰਦੇ ਹਾਂ ।
ਜਦ ਮਹਾਰਾਜੇ ਨੂੰ ਪੰਜਾਬ ਵਿਚੋਂ ਬਾਹਰ ਕੱਢਿਆ ਗਿਆ, ਉਸ ਦੇ ਨਾਲ ਧਾਰਮਕ ਵਿੱਦਿਆ ਦਾ ਕੋਈ ਬੰਦੋਬਸਤ ਨਹੀਂ ਕੀਤਾ ਗਿਆ । ਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਨਾ ਹੀ ਕੋਈ ਗ੍ਰੰਥੀ ਉਸ ਦੇ ਨਾਲ ਫਤਹਿਗੜ੍ਹ ਲਿਜਾਇਆ ਗਿਆ । ਉਸ ਦੇ ਨੌਕਰਾਂ ਚਾਕਰਾਂ ਵਿਚੋਂ ਕੋਈ ਵੀ ਸਿੱਖ ਉਹਦੇ ਨਾਲ ਨਹੀਂ ਰਹਿਣ ਦਿੱਤਾ ਗਿਆ। ਪੰਜਾਬ ਦੇ ਕਿਸੇ ਪਤਵੰਤੇ ਸਿੱਖ ਨੂੰ ਮਹਾਰਾਜੇ ਨੂੰ ਮਿਲਣ ਦੀ ਆਗਿਆ ਨਹੀਂ ਸੀ। ਮਹਾਰਾਜਾ ਆਪਣੀ ਮਾਂ ਨਾਲ ਵੀ ਚਿੱਠੀ-ਪੱਤਰ ਨਹੀਂ ਸੀ ਕਰ ਸਕਦਾ । ਅਸਲ ਵਿਚ ਲਾਹੌਰ ਛੱਡਣ ਦੇ ਸਮੇਂ ਤੋਂ ਹੀ ਉਹ ਆਪਣੇ ਸਾਰੇ ਮਿੱਤਰਾਂ ਤੇ ਸੰਬੰਧੀਆਂ ਤੇ ਵੱਖ ਕਰ ਦਿੱਤਾ ਗਿਆ ਸੀ ।”
ਤੇ ਜਿਹੜਾ ਮਹਾਰਾਜੇ ਦਾ ਰੱਖਿਅਕ (Governor) ਬਣਾਇਆ ਗਿਆ— ਡਾਕਟਰ ਲਾਗਨ—ਉਸ ਦੇ ਦਿਲ ਵਿਚ ਮਹਾਰਾਜੇ ਨੂੰ ਈਸਾਈ ਬਣਾਉਣ ਦੀ ਕਿੰਨੀ ਪ੍ਰਬਲ ਇੱਛਾ ਸੀ, ਇਹ ਉਸ ਦੀਆਂ ਨਿੱਜੀ ਚਿੱਠੀਆਂ ਤੋਂ ਹੀ ਸਿੱਧ ਹੋ ਜਾਂਦਾ ਹੈ। ਉਹ ੬ ਮਈ, ੧੮੪੯ ਈ: ਦੀ ਚਿੱਠੀ ਵਿਚ ਆਪਣੀ ਪਤਨੀ ਨੂੰ ਲਿਖਦਾ ਹੈ,“ਮਹਾਰਾਜਾ ਮੇਰੇ ਕੋਲੋਂ ਅੰਗਰੇਜ਼ੀ ਸਬਕ ਲਿਖਣ ਵਿਚ ਬੜਾ ਖੁਸ਼ ਹੈ । ਮੈਂ ਉਸ ਨੂੰ भेतील रा मियांउ Do unto others as you would they should do unto you” ਲਿਖਣ ਤੇ ਤਰਜਮਾ ਕਰਨ ਵਾਸਤੇ ਦਿੱਤਾ । ਮੈਂ ਇਰਾਦਾ ਹੁੰਦਿਆਂ ਹੋਇਆਂ ਵੀ ਉਸ ਦੇ ਹੱਥ ਵਿਚ ਅਜੇ ਅੰਜੀਲ ਨਹੀਂ ਦੇ ਸਕਦਾ । ਉਸ ਨੂੰ ਆਪਣਾ ਗਿਆਨ ਵਧਾਉਣ ਵਾਸਤੇ ਏਹੋ ਜੇਹੇ ਸਿਧਾਂਤ (Principles) ਦੇਂਦਾ ਹਾਂ ।”
ਲਾਗਨ ਫਿਰ ੧੫ ਫ਼ਰਵਰੀ ੧੮੫੦ ਈ: ਦੇ ਖਤ ਵਿਚ ਲਿਖਦਾ ਹੈ,“ਮੇਰੀ ਪ੍ਰਬਲ ਇੱਛਾ ਹੈ, ਕਿ ਇਸ ਬਾਲਕ ਮਹਾਰਾਜੇ (ਤੇ ਸ਼ਹਿਜ਼ਾਦੇ ਸ਼ਿਵਦੇਵ ਸਿੰਘ) ਉੱਤੇ ਬਤੌਰ ਈਸਾਈ ਸਾਡਾ ਚੰਗਾ ਅਸਰ ਪਵੇ, ਤੇ ਸਾਡੀ ਵਲਾਇਤ ਦੀ ਰਹਿਣੀ ਤੇ ਅੰਗਰੇਜ਼ ਇਸਤਰੀ ਦੇ ਚਲਨ ਦੀ ਸ਼ਰਧਾ ਉਸ ਦੇ ਦਿਲ ਵਿਚ ਪੈਦਾ ਕੀਤੀ ਜਾਵੇ ।”
੨੭ ਜਨਵਰੀ, ੧੮੫੧ ਦੀ ਸਰਕਾਰੀ ਰੀਪੋਰਟ ਵਿਚ ਲਾਗਨ ਲਿਖਦਾ ਹੈ,”ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਜੇ ਮਹਾਰਾਜਾ ਮੈਥੋਂ ਅੰਜੀਲ ਪੜ੍ਹਨ ਦੀ ਆਗਿਆ ਮੰਗਦਾ, ਤਾਂ ਮੈਂ ਵਿਰੋਧ ਨਾ ਕਰਦਾ ।” ਏਸੇ ਰੀਪੋਰਟ ਵਿਚ ਅੱਗੇ ਚੱਲ ਕੇ ਉਹ ਲਿਖਦਾ ਹੈ, “ਪਿਛਲੇ ਕਈ ਵਰ੍ਹਿਆਂ ਤੋਂ ਮਹਾਰਾਜੇ ਨੂੰ ਸਿੱਖ ਧਰਮ ਦੇ ਅਸੂਲਾਂ ਵੱਲੇ ਧਿਆਨ ਦੇਣ ਦਾ ਸਮਾਂ ਨਹੀਂ ਮਿਲਿਆ।”
ਮਹਾਰਾਜੇ ਦੇ ਈਸਾਈ ਹੋਣ ‘ਤੇ ੨ ਜੂਨ, ੧੮੫੩ ਈ. ਨੂੰ ਲਾਗਨ ਲਿਖਦਾ ਹੈ : “ਭਾਵੇਂ ਮਹਾਰਾਜੇ ਦੇ ਈਸਾਈ ਹੋਣ ਤੋਂ ਪਹਿਲਾਂ ਹੀ ਮੇਰੀ ਏਹਾ ਖਾਹਿਸ਼ ਸੀ, ਪਰ ਹੁਣ ਤਾਂ ਮੈਂ ਦੱਸ ਨਹੀਂ ਸਕਦਾ, ਕਿ ਇਸ ਘਟਨਾ (ਈਸਾਈ ਹੋਣ) ਨਾਲ ਮੇਰੀ ਖੁਸ਼ੀ ਕਿੰਨੀ ਵਧ ਗਈ ਹੈ।”
ਸੋ ਜਿੱਥੇ ਪਹਿਲਾਂ ਤੋਂ ਹੀ ਏਨੀ ਪਰਬਲ ਇਛਿਆ ਸੀ ਦਲੀਪ ਸਿੰਘ ਨੂੰ ਈਸਾਈ ਬਨਾਉਣ ਦੀ, ਤੇ ਖ਼ਾਸ ਕਰ ਓਸ ਆਦਮੀ ਦੇ ਦਿਲ ਵਿਚ, ਜਿਸ ਨੈ ਨਿਆਸਰੇ ਬਾਲਕ ਨੂੰ ਆਪਣੀ ਗੋਦ ਵਿਚ ਲਿਆ ਸੀ, ਤਾਂ ਉਹ ਈਸਾਈ ਬਣਦਾ ਵੀ ਕਿਵੇਂ ਨਾ ? ਉਸ ਦੇ ਦਿਲ ਨੂੰ ਸਿੱਖੀ ਵੱਲੋਂ ਮੋੜ ਕੇ ਈਸਾਈ ਧਰਮ ਵੱਲੇ ਲਾਉਣ ਬਦਲੇ ਲਾਗਨ ਨੇ ਬੜੀ ਚਾਤਰੀ ਨਾਲ ਕੰਮ ਕੀਤਾ । ਲਾਹੌਰ ਛੱਡਣ ਪਿਛੋਂ ਗੁਰਬਾਣੀ ਤੇ ਗੁਰ-ਇਤਿਹਾਸ ਤਾਂ ਮਹਾਰਾਜੇ ਵਾਸਤੇ ਸੁਫਨਾ ਹੋ ਗਏ ਸਨ । ਹਾਂ, ਅੰਜੀਲ ਤੇ ਈਸਾਈ ਮੱਤ ਦੀ ਚਰਚਾ ਚੁਫੇਰੇ ਜ਼ਰੂਰ ਖਿੱਲਰ ਗਈ ਸੀ । ਉਸਦੇ ਫਾਰਸੀ ਪੜ੍ਹਾਉਣ ਵਾਲੇ ਉਸਤਾਦ ਕੋਲ ਤੇ ਉਹਦੇ ਹਜ਼ੂਰੀ ਨੌਕਰ ਕਰੀਮ ਬਖਸ਼ ਕੋਲ ਫਾਰਸੀ ਦੀ ਅੰਜੀਲ ਸੀ, ਜੋ ਉਸਨੂੰ ਪੜ੍ਹ ਕੇ ਸੁਣਾਈ ਜਾਂਦੀ ਸੀ । ਜਿੰਨ੍ਹਾਂ ਕਿਤਾਬਾਂ ਰਾਹੀਂ ਮਹਾਰਾਜੇ ਨੂੰ ਵਿੱਦਿਆ ਦਿੱਤੀ ਜਾਂਦੀ ਸੀ, ਉਹਨਾਂ ਵਿਚ ਵੀ ਬਹੁਤੇ ਹਿੱਸੇ ਈਸਾਈ ਮੱਤ ਦੀ ਵਡਿਆਈ ਦੇ ਸਨ।
ਭਜਨ ਲਾਲ
ਫਤਿਹਗੜ੍ਹ ਪੁੱਜਣ ਤੋਂ ਥੋੜ੍ਹਾ ਚਿਰ ਪਿਛੋਂ ਹੀ ਕਰੀਮ ਬਖਸ਼ ਨੌਕਰੀ ਛੱਡ ਕੇ ਪੰਜਾਬ ਆ ਗਿਆ, ਤੇ ਉਹਦੀ ਥਾਂ ਹਜ਼ੂਰੀ ਖਿਦਮਤਗਾਰ ਭਜਨ ਲਾਲ ਰੱਖ ਲਿਆ ਗਿਆ । ਉਹ ਵਰਖਾਬਾਦ ਦਾ ਰਹਿਣ ਵਾਲਾ ਪੰਡਤ ਤੋਂ ਈਸਾਈ ਹੋਇਆ ਹੋਇਆ ਸੀ । ਉਸ ਨੇ ਫਰਖਾਬਾਦ ਅਮਰੀਕਨ ਮਿਸ਼ਨ ਸਕੂਲ ਵਿਚ ਵਿੱਦਿਆ ਪਾਈ ਸੀ । ਉਹ ਹਰ ਵੇਲੇ ਮਹਾਰਾਜੇ ਦੇ ਕੋਲ ਰਹਿੰਦਾ, ਤੇ ਉਸ ਨੂੰ ਅੰਜੀਲ ਪੜ੍ਹ ਕੇ ਸੁਣਾਉਂਦਾ । ਇਉਂ ਸਮਝੋ ਕਿ ਉਸ ਨੂੰ ਨੌਕਰ ਹੀ ਇਸ ਵਾਸਤੇ ਰੱਖਿਆ ਗਿਆ ਸੀ ਕਿ ਉਹ ਮਹਾਰਾਜੇ ਵਿਚੋਂ ਸਿੱਖੀ ਕੱਢ ਕੇ, ਉਸ ਦੀ ਥਾਂ ਈਸਾਈ ਧਰਮ ਭਰ ਦੇਵੇ । ਮਹਾਰਾਜੇ ਨੂੰ ਜਾਂ ਤਾਂ ਬ੍ਰਹਿਮਣ ਮੱਤ ਦੇ ਨਾਮ ਥੱਲੇ ਅਜੇਹੀਆਂ ਮਨ-ਘੜਤ ਸਾਖੀਆਂ ਸੁਣਾਈਆਂ ਜਾਂਦੀਆਂ, ਜਿੰਨ੍ਹਾਂ ਨੂੰ ਇਨਸਾਨੀ ਅਕਲ ਮੰਨੇ ਨਾ, ਤੇ ਜਾਂ ਉਹਨਾਂ ਦਾ ਅਸਰ ਉਡਾਉਣ ਵਾਸਤੇ ਈਸਾਈ ਧਰਮ ਦੀਆਂ ਸਿੱਧੀਆਂ ਸਾਦੀਆਂ ਕਹਾਣੀਆਂ । ਏਸ ਰੋਜ਼ ਦੀ ਸਿੱਖਿਆ ਦਾ ਸਿੱਟਾ ਓਹਾ ਨਿਕਲਿਆ, ਜਿਸ ਬਦਲੇ ਇਹ ਸਾਰਾ ਚਾਰਾ ਕੀਤਾ ਜਾ ਰਿਹਾ ਸੀ । ਦਲੀਪ ਸਿੰਘ ਮੰਨ ਗਿਆ ਕਿ ਮੈਂ ਈਸਾਈ ਹੋਣਾ ਚਾਹੁੰਦਾ ਹਾਂ ।
ਹੁਣ ਅੰਗਰੇਜ਼ ਬੱਚਿਆਂ ਨਾਲ ਖੇਡਦਿਆਂ ਦਲੀਪ ਸਿੰਘ ਨੂੰ ਆਪਣੇ ਵਾਲ ਓਪਰੇ ਓਪਰੇ ਲੱਗਣ ਲੱਗ ਪਏ, ਕਿਉਂਕਿ ਸਾਰੇ ਸਾਥੀਆਂ ਵਿਚੋਂ ਇਕ ਉਹ ਆਪ ਹੀ ਕੇਸਾਂ ਵਾਲਾ ਸੀ ।
ਮ. ਸ਼ੇਰ ਸਿੰਘ ਦੀ ਰਾਣੀ ਤੇ ਦਲੀਪ ਸਿੰਘ
ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਨੇ ਇਹ ਅਫਵਾਹ ਸੁਣੀ, ਤਾਂ ਉਸ ਦੇ ਦਿਲ ਵਿਚ ਏਸ ਗੱਲ ਦਾ ਪੱਕਾ ਪਤਾ ਕਰਨ ਦੀ ਇਛਿਆ ਹੋਈ । ਇਕ ਦਿਨ ਉਸ ਨੇ ਲੇਡੀ ਲਾਗਨ ਨੂੰ ਕਿਹਾ ਕਿ ਮਹਾਰਾਜਾ ਮੈਨੂੰ ਮਿਲਣ ਕਿਉਂ ਨਹੀਂ ਆਉਂਦਾ ? ਇਸ ਦੇ ਉੱਤਰ ਵਿਚ ਇਕ ਦਿਨ ਮਹਾਰਾਜਾ ਦਲੀਪ ਸਿੰਘ ਤੇ ਲੇਡੀ ਲਾਗਨ, ਦੋਵੇਂ ਰਾਣੀ ਦੇ ਘਰ ਗਏ । ਅੱਗੋਂ ਸ਼ਹਿਜ਼ਾਦੇ ਸ਼ਿਵਦੇਵ ਸਿੰਘ ਤੇ ਓਸ ਦੇ ਮਾਮੇ ਮੀਏਂ ਉੱਤਮ ਨੇ ਉਹਨਾਂ ਦਾ ਬੜੀ ਚੰਗੀ ਤਰ੍ਹਾਂ ਸਵਾਗਤ ਕੀਤਾ । ਰਾਣੀ ਫਲਾਂ ਦੇ ਸ਼ਰਬਤ ਬਨਾਉਣ ਵਿਚ ਬੜੀ ਸਿਆਣੀ ਸੀ । ਰਸਮੀ ਗੱਲਾਂ ਕਰਨ ਪਿਛੋਂ ਉਸਨੇ ਇਕ ਗਲਾਸ ਵਿਚ ਸ਼ਰਬਤ ਪਾ ਕੇ ਮਹਾਰਾਜੇ ਦੇ ਪੇਸ਼ ਕੀਤਾ । ਉਸ ਨੇ ਗਲਾਸ ਲੇਡੀ ਲਾਗਨ ਦੇ ਹਵਾਲੇ ਕੀਤਾ । ਲੇਡੀ ਲਾਗਨ ਨੇ ਇਹ ਸਮਝ ਕੇ ਕਿ ਮਹਾਰਾਜੇ ਵਾਸਤੇ ਹੋਰ ਆਵੇਗਾ, ਉਹ ਸ਼ਰਬਤ ਪੀ ਲਿਆ ਤੇ ਗਲਾਸ ਥਾਲ ਵਿਚ ਰੱਖ ਦਿਤਾ । ਰਾਣੀ ਨੇ ਓਸੇ ਤਰ੍ਹਾਂ ਲੇਡੀ ਲਾਗਨ ਦੇ ਜੂਠੇ ਗਲਾਸ ਵਿਚ ਹੋਰ ਸ਼ਰਬਤ ਪਾ ਦਿੱਤਾ ਤੇ ਮਹਾਰਾਜੇ ਵੱਲੇ ਵਧਾਇਆ। ਲੇਡੀ ਲਾਗਨ ਨੇ ਕਿਹਾ, “ਮਹਾਰਾਜ ! ਜੂਠੇ ਗਲਾਸ ਵਿਚ ਨਾ ਪੀਓ ।” ਪਰ ਦਲੀਪ ਸਿੰਘ ਨੇ ਏਸ ਗੱਲ ਦੀ ਕੋਈ ਪਰਵਾਹ ਨਾ ਕੀਤੀ ਤੇ ਗਲਾਸ ਫੜ ਕੇ ਸ਼ਰਬਤ ਪੀ. ਲਿਆ । ਪਰ ਓਸੇ ਵੇਲੇ ਭਰਜਾਈ ਨੂੰ ਨਮਸਕਾਰ ਕਰ ਕੇ ਦਲੀਪ ਸਿੰਘ ਬਾਹਰ ਨਿਕਲ ਆਇਆ । ਬਾਹਰ ਆ ਕੇ ਲੇਡੀ ਲਾਗਨ ਨੇ ਫਿਰ ਕਿਹਾ, “ਮਹਾਰਾਜ ! ਤੁਸੀਂ ਜੂਠੇ ਗਲਾਸ ਵਿਚ ਸ਼ਰਬਤ ਕਿਉਂ ਪੀ ਲਿਆ ?” ਅੱਗੋਂ ਦਲੀਪ ਸਿੰਘ ਨੇ ਉੱਤਰ ਦਿਤਾ, “ਅਜੇਹਾ ਨਾ ਕਰਕੇ ਮੈਂ ਤੁਹਾਡਾ ਨਿਰਾਦਰ ਕਰਦਾ ? ਹੁਣ ਰਾਣੀ ਸਭ ਕੁਝ ਸਮਝ ਗਈ ਹੈ, ਤੇ ਮੈਂ ਕਿਸੇ ਤੋਂ ਕੋਈ ਸ਼ਰਮ ਨਹੀਂ ਕਰਦਾ, ਮੈਂ ਧਰਮ ਤਿਆਗ ਚੁਕਾ ਹਾਂ ।”
ਰਾਣੀ ਨੂੰ ਡਲਹੌਜ਼ੀ ਦੀ ਤਾੜਨਾ
ਏਸ ਘਟਨਾ ਤੋਂ ਰਾਣੀ ਨੂੰ ਤਸੱਲੀ ਹੋ ਗਈ ਕਿ ਦਲੀਪ ਸਿੰਘ ਸਿੱਖੀ ਤੋਂ ਪਤਤ ਹੋ ਚੁੱਕਾ ਹੈ । ਉਸ ਦੇ ਅੰਦਰ ਖਿਆਲ ਪੈਦਾ ਹੋਇਆ ਕਿ ਦਲੀਪ ਸਿੰਘ ਦੇ ਈਸਾਈ ਹੋਣ ਪਿਛੋਂ ਕੇਵਲ ਉਸ ਦਾ ਪੁੱਤਰ-ਸ਼ਿਵਦੇਵ ਸਿੰਘਹੀ ਸਿੱਖਾਂ ਦਾ ਸਹੀ ਆਗੂ ਰਹਿ ਜਾਂਦਾ ਹੈ । ਅੰਤ ਓਹਾ ਸਿੱਖਾਂ ਦੀ ਰਾਜ-ਗੱਦੀ ‘ਤੇ ਬਹੇਗਾ । ਸ਼ਿਵਦੇਵ ਸਿੰਘ ਨੇ ਵੀ ਮੂੰਹੋਂ ਕੁਛ ਅਜੇਹੀਆਂ ਗੱਲਾਂ ਕਹਿਣੀਆਂ ਆਰੰਭ ਕਰ ਦਿੱਤੀਆਂ। ਜਦੋਂ ਏਸ ਗੱਲ ਦਾ ਲਾਰਡ ਡਲਹੌਜ਼ੀ ਨੂੰ ਪਤਾ ਲੱਗਾ, ਉਸਨੇ ਡਾਕਟਰ ਲਾਗਨ ਨੂੰ ਇਹ ਚਿੱਠੀ ਲਿਖਵਾਈ, “ਤੁਸੀਂ ਰਾਣੀ ਨੂੰ ਸਾਫ ਦੱਸ ਦਿਓ, ਕਿ ਪੰਜਾਬ ਦਾ ਰਾਜ ਸਦਾ ਲਈ ਖਤਮ ਕਰ ਦਿੱਤਾ ਗਿਆ ਹੈ । ਉਸਦੇ ਦੁਬਾਰਾ ਹਾਸਲ ਕਰਨ ਬਾਰੇ ਸੋਚਣਾ, ਉਸ ਦੇ ਪੁੱਤਰ ਦੀ ਜਾਂ ਕਿਸੇ ਹੋਰ ਦੀ ਬਾਦਸ਼ਾਹੀ ਦੇ ਸੁਫਨੇ ਲੈਣੇ ਸਰਕਾਰ ਦੇ ਵਿਰੁੱਧ ਜੁਰਮ ਕਰਨਾ ਹੈ। ਇਹ ਉਸਦਾ ਫਰਜ਼ ਹੈ ਕਿ ਇਸ ਬਾਰੇ ਉਹ ਆਪਣੇ ਪੁੱਤਰ ਨੂੰ ਸਮਝਾ ਕੇ ਰੱਖੇ। ਅੱਗੇ ਵਾਸਤੇ ਜੇ ਕਦੇ ਉਹਨੇ ਜਾਂ ਉਹਦੇ ਪੁੱਤਰ ਨੇ ਆਪਣੀ ਤਾਕਤ ਵਧਾਉਣ ਦੀ ਆਸ ਜਾਂ ਫੁਰਨੇ ਪਰਗਟ ਕੀਤੇ, ਜਾਂ ਜਿਸ ਹਾਲਤ ਵਿਚ ਉਹ ਹੁਣ ਹਨ, ਇਸ ਨਾਲੋਂ ਵਧੇਰੇ ਸੋਚਣ ਬਾਬਤ ਪਤਾ ਲੱਗਾ, ਤਾਂ ਉਹਨਾਂ ਦੇ ਹੱਕ ਵਿਚ ਇਹ ਬਹੁਤ ਬੁਰਾ ਸਾਬਤ ਹੋਵੇਗਾ ।”
ਲਾਗਨ ਨੇ ਰਾਣੀ ਨੂੰ ਬੜੇ ਹਾਕਮਾਨਾ ਢੰਗ ਨਾਲ ਤਾੜਨਾ ਕੀਤੀ ਕਿ ਮੁੜ ਕੇ ਕਦੇ ਅਜੇਹੀ ਗੱਲ ਉਹਨਾਂ ਦੇ ਮੂੰਹੋਂ ਨਾ ਨਿਕਲੇ । ਵਿਚਾਰੇ ਸ਼ਿਵਦੇਵ ਸਿੰਘ ਦੇ ਸੁਫਨੇ ਏਥੇ ਹੀ ਮੁੱਕ ਗਏ ।
ਇਸ ਸ਼ਰਬਤ ਵਾਲੀ ਘਟਨਾ ਤੋਂ ਪਿਛੋਂ ਦਲੀਪ ਸਿੰਘ ਖੁੱਲ੍ਹ-ਮਖੁੱਲ੍ਹਾ ਆਖਣ ਲੱਗ ਪਿਆ, ਕਿ ਮੈਂ ਈਸਾਈ ਹੋ ਜਾਣਾ ਹੈ ।
ਮਹਾਰਾਜਾ ਦਲੀਪ ਸਿੰਘ ਦੇ ਈਸਾਈ ਹੋਣ ਦਾ ਤਾਂ ਫੈਸਲਾ ਹੋ ਗਿਆ । .ਹੁਣ ਬਾਕੀ ਸੀ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ, ਇਹ ਸਾਬਤ ਕਰਨਾ ਕਿ ਮਹਾਰਾਜਾ ਆਪਣੇ ਆਪ ਈਸਾਈ ਹੋਇਆ ਹੈ, ਅਸਾਂ (ਲਾਗਨ ਆਦਿ) ਇਸ ਵਿਚ ਹਿੱਸਾ ਕੋਈ ਨਹੀਂ ਲਿਆ । ਲਾਗਨ ਨੇ ਏਸ ਕੰਮ ਨੂੰ ਬੜੀ ਚਾਤਰੀ ਨਾਲ ਨਿਭਾਇਆ।
ਕੈਮਬਲ
ਨਵੰਬਰ, ੧੮੫੦ ਵਿਚ ਡਾਕਟਰ ਲਾਗਨ ਇਕ ਮਹੀਨੇ ਦੀ ਛੁੱਟੀ ਲੈ ਕੇ ਆਪਣੀ ਇਸਤਰੀ ਨੂੰ ਲੈਣ ਵਾਸਤੇ ਕਲਕੱਤੇ ਗਿਆ । ਪਿੱਛੇ ਉਸ ਦੀ ਥਾਂ ਕੈਪਟਨ ਕੈਮਬਲ Cambell ਫਤਿਹਗੜ੍ਹ ਰਿਹਾ । ਏਸੇ ਸਮੇਂ ਦਲੀਪ ਸਿੰਘ ਦਾ ਈਸਾਈ ਹੋਣ ਦਾ ਇਰਾਦਾ ਪਰਗਟ ਕੀਤਾ ਗਿਆ ।
ਭਜਨ ਲਾਲ ਹਰ ਵੇਲੇ ਮਹਾਰਾਜੇ ਦੇ ਕੋਲ ਰਹਿੰਦਾ ਸੀ, ਤੇ ਉਸ ਨੂੰ ਅੰਜੀਲ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ । ਇਸ ਦਾ ਜ਼ਿਕਰ ਮਹਾਰਾਜੇ ਦੀ ਚਿੱਠੀ ਵਿਚ ਹੈ, ਜੋ ਉਸ ਨੇ ੨ ਦਸੰਬਰ, ੧੮੫੦ ਨੂੰ ਫਤਿਹਗੜ੍ਹ ਤੋਂ ਲਾਗਨ ਨੂੰ ਲਿਖੀ ।
“ਕੀ ਕਿਰਪਾ ਕਰ ਕੇ ਮੈਨੂੰ ਇਕ ਸੁੰਦਰ ਅੰਜੀਲ ਭੇਜੋਗੇ ? ਮੈਂ ਉਸ ਨੂੰ ਪੜ੍ਹਨ ਦਾ ਬੜਾ ਚਾਹਵਾਨ ਹਾਂ । ਭਜਨ ਲਾਲ ਕੱਲ੍ਹ ਮੈਨੂੰ ਪੜ੍ਹ ਕੇ ਸੁਣਾ ਰਿਹਾ ਸੀ…..
ਆਪ ਦਾ ਸੱਚਾ ਮਿੱਤਰ ਦਲੀਪ ਸਿੰਘ ਮਹਾਰਾਜਾ”
ਫਿਰ ੭ ਦਸੰਬਰ ਨੂੰ ਮਹਾਰਾਜਾ ਲਿਖਦਾ ਹੈ, “ਮੈਂ ਅੰਜੀਲ ਸ਼ੁਰੂ ਕਰ ਦਿੱਤੀ ਹੈ, ਤੇ ਇਕ ਦੋ ਕਾਂਡ ਰੋਜ਼ ਸੁਣਦਾ ਹਾਂ ।”
ਤੇ ਅੰਤ ੯ ਦਸੰਬਰ ਨੂੰ ਮਹਾਰਾਜਾ ਲਿਖਦਾ ਹੈ, “ਤੁਸੀਂ ਹੈਰਾਨ ਹੋਵੋਗੇ ਕਿ ਮੈਂ ਈਸਾਈ ਧਰਮ ਧਾਰਨ ਕਰਨ ਦਾ ਪੱਕਾ ਇਰਾਦਾ ਕਰ ਲਿਆ ਹੈ । ਜਿਸ ਧਰਮ ਵਿਚ ਮੈਂ ਪਲਿਆ ਹਾਂ, ਉਹਦੀ ਸਚਾਈ ਉੱਤੇ ਮੈਨੂੰ ਚਿਰ ਤੋਂ ਸ਼ੱਕ ਹੈ । ਮੈਨੂੰ ਅੰਜੀਲ ਮੱਤ ਦੀ ਸਚਾਈ ਉੱਤੇ ਭਰੋਸਾ ਹੋ ਗਿਆ ਹੈ । ਮੈਂ ਕੈਪਟਨ ਕੈਮਬਲ ਨੂੰ ਕਿਹਾ ਹੈ ਕਿ ਉਹ ਆਪ ਨੂੰ ਇਸ ਸੰਬੰਧ ਵਿਚ ਲਿਖੇ ।”
ਪਾਠਕ ਇਹ ਨਾ ਭੁੱਲਣ ਕਿ ਇਸ ਵੇਲੇ ਦਲੀਪ ਸਿੰਘ ਦੀ ਉਮਰ ਸਵਾ ਬਾਰਾਂ ਸਾਲ ਦੀ ਸੀ । ਤੇ ਏਨੀ ਉਮਰ ਦੇ ਬਾਲਕ ਨੇ ਇਕ ਹਫਤੇ ਵਿਚ ਅੰਜੀਲ ਸੁਣ ਕੇ ਇਹ ਫੈਸਲਾ ਕਰ ਲਿਆ, ਕਿ ਸਿੱਖੀ ਨਾਲੋਂ ਈਸਾਈ ਧਰਮ ਚੰਗਾ ਹੈ । ਹੈ ਕਿ ਨਹੀਂ ਅਨੋਖੀ ਸਚਾਈ ? ਇਹ ਕਿਉਂ ਨਹੀਂ ਕਿਹਾ ਗਿਆ ਕਿ ੧੧ ਸਾਲ ਦੇ ਬੱਚੇ ਨੂੰ ਸਿੱਖੀ ਨਾਲੋਂ ਬਿਲਕੁਲ ਵੱਖ ਕਰਕੇ ਉਸ ਦੇ ਦਿਲ ਵਿਚ ਹਰ ਢੰਗ ਨਾਲੋਂ ਈਸਾਈ ਧਰਮ ਦਾ ਢੰਗ ਜਮਾਉਣ ਦੇ ਯਤਨ ਕੀਤੇ ਗਏ (ਜਿਨ੍ਹਾਂ ਨੂੰ ਕਈ ਥਾਂਈਂ ਲਾਗਨ ਆਪਣੀਆਂ ਚਿੱਠੀਆਂ ਵਿਚ ਮੰਨਦਾ ਹੈ) । ਦਲੀਪ ਸਿੰਘ ਦੇ ਮੁਸਲਮਾਨ ਹਜ਼ੂਰੀਏ ਨੌਕਰ ਕੋਲ ਫਾਰਸੀ ਦੀ ਅੰਜੀਲ ਸੀ, ਜੋ ਉਸ ਨੂੰ ਸੁਣਾਉਂਦਾ ਹੁੰਦਾ ਸੀ । ਉਹਦੀਆਂ ਨਿੱਤ ਪੜ੍ਹਨ ਵਾਲੀਆਂ ਕਿਤਾਬਾਂ ਵਿਚ ਥਾਂ ਥਾਂ ਈਸਾਈ ਧਰਮ ਦੀ ਚਰਚਾ ਸੀ। ਭਜਨ ਲਾਲ ਰੋਜ਼ ਅੰਜੀਲ ਸੁਣਾਉਂਦਾ ਸੀ, ਤੇ ਉਹਨੂੰ ਲਾਇਆ ਹੀ ਏਸ ਕੰਮ ਵਾਸਤੇ ਗਿਆ ਸੀ ।
ਕੈਮਬਲ ਦੀ ਰੀਪੋਰਟ
ਗੌਰਮਿੰਟ ਨੂੰ ਰੀਪੋਰਟ ਭੇਜਦਾ ਹੈ,“ ੮ ਦਸੰਬਰ ਐਤਵਾਰ ਨੂੰ ਮਾਸਟਰ ਥੌਮਸ ਹੁਣ ਕੈਪਟਨ ਕੈਮਬਲ ਦੀ ਸੁਣੇ । ਉਹ ੨੦ ਦਸੰਬਰ, ੧੮੫੦ ਸਕਾਟ Thomas Scott ਰਾਹੀਂ ਮਹਾਰਾਜੇ ਨੇ ਆਪਣੀ ਈਸਾਈ ਬਣਨ ਦੀ ਇਛਿਆ ਪਰਗਟ ਕੀਤੀ । ਇਸ ਤੋਂ ਘੰਟਾ ਕੁ ਪਿਛੋਂ ਮੈਂ ਮਹਾਰਾਜੇ ਨੂੰ ਵਖਰਾ ਲੈ ਗਿਆ, ਤੇ ਬੜੇ ਧਿਆਨ ਨਾਲ ਇਸ ਵਿਸ਼ੇ ਉੱਤੇ ਪੁੱਛ ਗਿੱਛ ਕੀਤੀ। ਉਸ ਦੇ ਉੱਤਰ ਦਾ ਭਾਵ ਇਹ ਸੀ, “ਮੈਂ ਬੜੇ ਚਿਰ ਤੋਂ ਸਮਝ ਚੁੱਕਾ ਹਾਂ ਕਿ ਪੰਡਤ ਮੇਰੇ ਸਾਮ੍ਹਣੇ ਕੋਰਾ ਝੂਠ ਬਕਦੇ ਆਏ ਹਨ (ਜਾਂ ਜੋ ਪੰਡਤ ਦੱਸਦੇ ਹਨ, ਝੂਠ ਹੈ) ਹੁਣ ਮੈਂ ਇਹ ਦਸਣੋਂ ਨਹੀਂ ਰੁਕ ਸਕਦਾ ਕਿ ਮੇਰਾ ਨਿਸਚਾ ਅੰਜੀਲ ਵਿਚ ਹੈ, ਜੋ ਮੇਰਾ ਇਕ ਆਦਮੀ ਮੈਨੂੰ ਚਿਰ ਤੋਂ ਸੁਣਾਉਂਦਾ ਆ ਰਿਹਾ ਹੈ । ਹੁਣ ਮੈਂ ਈਸਾਈ ਬਣਨ ਦਾ ਪੱਕਾ ਫੈਸਲਾ ਕਰ ਲਿਆ ਹੈ ।” ਮਹਾਰਾਜੇ ਦੇ ਕਹਿਣ ਉੱਤੇ ਮੈਂ ਅਗਲੇ ਦਿਨ ਹੀ ਸਭ ਕੁਛ ਲਾਗਨ ਨੂੰ ਲਿਖ ਦਿੱਤਾ, ਜਿਸ ਦਾ ਉੱਤਰ ਮੈਨੂੰ ਅੱਜ ਸਵੇਰੇ ਮਿਲਿਆ । ਲਾਗਨ ਨਹੀਂ ਚਾਹੁੰਦਾ ਕਿ ਮਹਾਰਾਜਾ ਆਪਣੀ ਰਹਿਣੀ ਬਹਿਣੀ ਜਾਂ ਧਰਮ ਵਿਚ ਕੋਈ ਅਦਲਾ ਬਦਲੀ ਕਰੇ, ਜਿਸ ਨਾਲ ਉਹਦੇ ਸਿੱਖ ਸੇਵਕਾਂ ਨੂੰ ਕੋਈ ਦੁੱਖ ਹੋਵੇ । ਉਸ ਦੀ ਰਾਏ ਹੈ ਕਿ ਮਹਾਰਾਜੇ ਦਾ ਅਜੇਹੇ ਭਾਵ ਹੁਣੇ ਪਰਗਟ ਕਰਨਾ ਅਜੇ ਅਗੇਤਰਾ ਹੈ ।
ਸੋ, ਹੋਰ ਕੋਈ ਗੱਲ ਨਹੀਂ, ਸਿਰਫ ਇਹ, ਕਿ ਅਜੇ ਸਮਾਂ ਨਹੀਂ ਆਇਆ । ਵੇਲੇ ਤੋਂ ਅਗੇਤਰੀ ਘਟਨਾ ਹੋਣ ਦਾ ਡਰ ਸੀ ।
ਲਾਗਨ ਦੀ ਚਿੱਠੀ
ਕੈਮਬਲ ਦੀ ਰੀਪੋਰਟ ਪੜ੍ਹ ਕੇ ਗਵਰਨਰ-ਜੈਨਰਲ ਨੇ ਕੇਈ ਸਵਾਲ ਪੁੱਛੇ, ਜਿਨ੍ਹਾਂ ਦੇ ਉੱਤਰ ਵਿਚ ਲਾਗਨ ਨੇ ਫਤਿਹਗੜ੍ਹ ਤੋਂ ੨੦ ਜਨਵਰੀ, ੧੮੫੧ ਨੂੰ लिखिभा, “.. .ਮੈਂ ਹਜ਼ੂਰ ਦੇ ਪੜ੍ਹਨ ਵਾਸਤੇ ਭਜਨ ਲਾਲ ਦੇ ਬਿਆਨ ਭੇਜਦਾ ਹਾਂ, ਜੋ ਉਸ ਨੇ ਮੈਨੂੰ ਲਿਖਾਏ । ਜਦ ਤੋਂ ਮਹਾਰਾਜੇ ਨੇ ਆਪਣਾ ਧਰਮ ਤਿਆਗਣ ਦੇ ਵਿਚਾਰ ਕਰਨੇ ਆਰੰਭੇ ਹਨ, ਤਦ ਤੋਂ ਉਹ ਉਸ ਦਾ ਭੇਤੀ ਹੈ । ਉਸ ਦੇ ਬਿਆਨ ਭਾਵੇਂ ਅਨੋਖੇ ਸ਼ਬਦਾਂ ਵਿਚ ਹਨ, ਪਰ ਮੇਰੇ ਖਿਆਲ ਵਿਚ ਭਰੋਸੇਯੋਗ ਹਨ । ਪਹਿਲਾਂ ਤਾਂ ਮੇਰਾ ਖਿਆਲ ਸੀ ਕਿ ਮਹਾਰਾਜੇ ਦੀ ਈਸਾਈ ਬਣਨ ਦੀ ਇੱਛਿਆ ਐਵੇਂ ਦਿਲੀ ਉਬਾਲ ਹੈ, ਜੋ ਮਿੱਤਰਤਾ ਤੇ ਸ਼ੁੱਭ ਇੱਛਿਆ ਦੇ ਉਹਨਾਂ ਖਿਆਲਾਂ ਦਾ ਨਤੀਜਾ ਹੈ, ਜਿਹੜੇ ਮਹਾਰਾਜੇ ਦੇ ਦਿਲ ਵਿਚ ਈਸਾਈਆਂ ਬਾਰੇ ਹਨ । ਮੈਂ ਚਿੱਠੀ ਰਾਹੀਂ ਉਸ ਨੂੰ ਵਰਜਿਆ ਕਿ ਜਦ ਤਕ ਉਹ ਆਪਣੇ ਸਿੱਖ ਨੌਕਰਾਂ ਨੂੰ ਧਰਮ ਤਿਆਗਣ ਦੇ ਕਾਰਨ ਚੰਗੀ ਤਰ੍ਹਾਂ ਆਪ ਨਾ ਸਮਝਾ ਲਵੇ, ਤਦ ਤੱਕ ਉਹ ਆਪਣੀ ਰਹਿਣੀ ਬਹਿਣੀ ਤੇ ਧਾਰਮਕ ਕੰਮਾਂ ਵਿਚ ਕੋਈ ਤਬਦੀਲੀ ਨਾ ਕਰੇ, ਤਾਂ ਕਿ ਉਸ ਦੇ ਸਿੱਖ ਸਾਥੀਆਂ ਨੂੰ ਕੋਈ ਨਰਾਜ਼ਗੀ ਨਾ ਹੋਵੇ । ਮੈਂ ਹਜ਼ੂਰ ਨੂੰ ਯਕੀਨ ਦੁਆਉਂਦਾ ਹਾਂ ਕਿ ਮਹਾਰਾਜੇ ਨੂੰ ਆਪਣੇ ਲੋਕਾਂ ਦਾ ਧਰਮ (ਸਿੱਖੀ) ਤਿਆਗਣ ਦੀ ਪ੍ਰੇਰਨਾ ਕਰਨ ਵਿਚ ਕੋਈ ਅਯੋਗ ਰਸੂਖ ਨਹੀਂ ਵਰਤਿਆ ਗਿਆ ।”
ਸਾਫ ਸਿੱਧ ਹੈ ਕਿ, ਅਯੋਗ ਨਹੀਂ, ਪਰ ਯੋਗ ਰਸੂਖ ਜ਼ਰੂਰ ਵਰਤੇ ਗਏ ਹਨ । ਅੰਦਰਲਾ ਡਰਦਾ ਸੀ ਨਾ ਪਿਆ; ਸੋ ਆਪਣੇ ਕੀਤੇ ਗੁਨਾਹਾਂ ਤੋਂ ਬਚਣ ਲਈ, ਇਹ ਵੀ ਜ਼ਰੂਰੀ ਸੀ ਕਿ ਦਲੀਪ ਸਿੰਘ ਈਸਾਈ ਬਣਨ ਬਾਰੇ ਸਾਰਿਆਂ ਨੂੰ ਆਪਣੇ ਮੂੰਹੋਂ ਦੱਸ ਲਵੇ ।
ਭਜਨ ਲਾਲ ਦੇ ਬਿਆਨ
ਭਜਨ ਲਾਲ ਦੇ ਬਿਆਨ, ਜੋ ਡਾਕਟਰ ਲਾਗਨ ਨੂੰ ਲਿਖਵਾਏ :
ਫਤਿਹਗੜ੍ਹ, ੧੭ ਜਨਵਰੀ, ੧੮੫੧ ।
“……तटें डें ‘ ਮੈਂ ਮਹਾਰਾਜੇ ‘ ਦੀ ਨੌਕਰੀ ਵਿਚ ਆਇਆ ਹਾਂ, ਹੁਣ ਤਕ ਮੈਂ ਜੋ ਕੁਛ ਉਹਨਾਂ ਦੇ ਧਰਮ ਛੱਡਣ ਬਾਰੇ ਜਾਣਦਾ ਹਾਂ, ਬਿਆਨ ਕਰਦਾ ਹਾਂ :
“ਜਦੋਂ ਮਹਾਰਾਜ ਨੇ ਇਕ ਅੰਗਰੇਜ਼ੀ ਕਿਤਾਬ “English Instructor” ਪੜ੍ਹਨੀ ਸ਼ੁਰੂ ਕੀਤੀ, ਜਿਸ ਦੇ ਅਖੀਰ ਵਿਚ ਕੁਝ ਸਤਰਾਂ ਈਸਾਈ ਮੱਤ ਬਾਰੇ ਸਨ। ਤੁਸਾਂ ਇਕੇਰਾਂ ਮਹਾਰਾਜ ਨੂੰ ਕਿਹਾ ਸੀ, ‘ਇਹ ਗੱਲਾਂ ਸਾਡੇ ਧਰਮ ਦੀਆਂ ਹਨ, ਜੇ ਪੜ੍ਹਨਾ ਚਾਹੋ ਤਾਂ ਪੜ੍ਹੋ, ਨਹੀਂ ਤਾਂ ਛੱਡ ਦਿਓ । ਮਹਾਰਾਜੇ ਨੇ ਮੈਨੂੰ ਕਿਹਾ,‘ਕੁਛ ਪਰਵਾਹ ਨਹੀਂ, ਮੈਂ ਇਹ ਪੜ੍ਹਾਂਗਾ, ਕਿਉਂਕਿ ਮੈਂ ਸਭ ਕੁਛ ਜਾਨਣਾ ਚਾਹੁੰਦਾ ਹਾਂ ।’ ਫਿਰ ਉਹ ਪੜ੍ਹੀਆਂ ਗਈਆਂ । ਮੈਂ ਹਰ ਵੇਲੇ ਉਹਨਾਂ ਦੇ ਕੋਲ ਰਹਿੰਦਾ ਸਾਂ । ਉਹ ਮੈਥੋਂ ਸਾਡੇ ਧਰਮ ਸ਼ਾਸਤਰਾਂ ਬਾਰੇ ਕਈ ਸਵਾਲ ਪੁਛਿਆ ਕਰਦੇ ਸਨ, ਜਿਵੇ; ‘ਗੰਗਾ ਜੀ ਵਿਚ ਇਸ਼ਨਾਨ ਕਰਨ ਦਾ ਕੀ ਲਾਭ ਹੈ ? ਜੇ ਅਸੀਂ ਮਾੜੇ ਕੰਮ ਕਰੀਏ ਤੇ ਨਹਾਈਏ ਗੰਗਾ ਵਿਚ, ਤਾਂ ਕੀ ਅਸੀਂ ਸੁਰਗ ਵਿਚ ਜਾ ਸਕਾਂਗੇ ?” ਮੈਂ ਉੱਤਰ ਵਿਚ ਕਿਹਾ, ‘ਮਹਾਰਾਜ ! ਸਾਡੇ ਸ਼ਾਸਤਰਾਂ ਵਿਚ ਇਹ ਲਿਖਿਆ ਹੈ, ਪਰ ਮੈਂ ਇਹ ਨਹੀਂ ਜਾਣਦਾ ਕਿ ਅਸੀਂ ਸੁਰਗ ਵਿਚ ਜਾਵਾਂਗੇ ਜਾਂ ਨਰਕ ਵਿਚ । ਤਾਂ ਉਹਨਾਂ ਨੇ ਕਿਹਾ, ‘ਠੀਕ, ਇਹ ਸਾਡੇ ਕਰਮਾਂ ‘ਤੇ ਨਿਰਭਰ ਹੈ ।’ ਉਹ ਅਜੇਹੀਆਂ ਗੱਲਾਂ ਕਰਿਆ ਕਰਦੇ ਸਨ ।
“ਵਿਸਾਖ ਦੇ ਮਹੀਨੇ ਵਿਚ ਮਹਾਰਾਜ ਨੇ ਸਾਡੀਆਂ ਕੁਛ ਧਰਮ ਪੁਸਤਕਾਂ ਸੁਣਨੀਆਂ ਆਰੰਭ ਕੀਤੀਆਂ । ਇਕ ਪੋਥੀ ਵਿਚ ਇਕ ਰਾਜੇ ਦੀ ਸਾਖੀ ਸੀ, ਜਿਹੜਾ ਰੋਜ਼ ਰੋਟੀ ਖਾਣ ਤੋਂ ਪਹਿਲਾਂ ੧੦ ਹਜ਼ਾਰ ਗਊਆਂ ਦਾਨ ਕਰਦਾ ਸੀ । ਏਸ ਤਰ੍ਹਾਂ ਉਹ ੧੦ ਹਜ਼ਾਰ ਗਊਆਂ • ਰੋਜ਼ ਪੁੰਨ ਕਰਦਾ ਰਿਹਾ । ਇਕ ਵਾਰ ਉਹਨਾਂ ਗਊਆਂ ਵਿਚੋਂ ਇਕ ਗਊ ਉਹਦੇ ਨੌਕਰ ਭੁਲੇਖੇ ਨਾਲ ਮੁੱਲ ਲੈ ਆਏ, ਤੇ ਰਾਜੇ ਨੇ ਉਹ ਪੁੰਨ ਕੀਤੀ. ਜਿਸ ਕਾਰਨ ਉਹ ਰਾਜਾ ਨਰਕਾਂ ਵਿਚ ਗਿਆ । ਕਥਾ ਮੁੱਕੀ ਤੇ ਪੰਡਤ ਚਲਾ ਗਿਆ। ਮਹਾਰਾਜੇ ਦੇ ਨੌਕਰ ਜਵੰਦੇ ਨੇ ਕਿਹਾ, ‘ਵੇਖੋ ਮਹਾਰਾਜ ! ਇਹ ਅਸੰਭਵ ਨਹੀਂ, ਕਿ ਰਾਜਾ ਰੋਜ਼ ਏਨੀਆਂ ਨਵੀਆਂ ਗਊਆਂ ਲੈ ਸਕਦਾ ਸੀ ? ਮਹਾਰਾਜੇ ਨੇ ਉੱਤਰ ਵਿਚ ਕਿਹਾ, ‘ਹਾਂ, ਇਹ ਬਕਵਾਸ ਹੈ । ਏਸੇ ਵਾਸਤੇ ਪੰਡਤਾਂ ਦੇ ਦੱਸੇ ਉੱਤੇ ਮੈਂ ਭਰੋਸਾ ਨਹੀਂ ਕਰਦਾ ।’
“ਏਸ ਤਰ੍ਹਾਂ ਦੀ ਚਰਚਾ ਕਈ ਵਾਰ ਹੁੰਦੀ, ਤੇ ਉਨ੍ਹਾਂ ਦੀ ਰਾਏ ਬੜੀ ਉੱਚੀ ਤੇ ਨਿੱਗਰ ਹੁੰਦੀ ।
“ਸਾਹਿਬ ! ਆਪ ਦੇ ਕਲਕੱਤੇ ਜਾਣ ਤੋਂ ਥੋੜ੍ਹਾ ਚਿਰ ਪਿੱਛੋਂ ਮਹਾਰਾਜਾ ਨੇ ਮੇਰੇ ਹੱਥ ਵਿਚ ਅੰਜੀਲ ਮੁਕੱਦਸ ਵੇਖੀ, ਤੇ ਕਿਹਾ, ‘ਇਹ ਮੈਨੂੰ ਮੁੱਲ ਦੇਵੇਂਗਾ ?? ਉੱਤਰ ਵਿਚ ਮੈਂ ਕਿਹਾ,‘ਮਹਾਰਾਜ ! ਮੈਂ ਇਹ ਵੇਚਣੀ ਨਹੀਂ ਚਾਹੁੰਦਾ, ਪਰ ਮੈਂ ਇਹ ਆਪ ਦੀ ਭੇਟਾ ਕਰ ਸਕਦਾ ਹਾਂ, ਜੇ ਆਪ ਕਿਸੇ ਦੀ ਮਦਦ ਬਿਨਾਂ ਇਸ ਦਾ ਇਕ ਕਾਂਡ ਪੜ੍ਹ ਲਵੋ ਤਾਂ ।’ ਉਹਨਾਂ ਪੜ੍ਹ ਲਿਆ, ਤੇ ਮੈਂ ਅੰਜੀਲ ਉਹਨਾਂ ਨੂੰ ਭੇਟਾ ਕਰ ਦਿੱਤੀ । ਫਿਰ ਮੈਂ ਉਨ੍ਹਾਂ ਦੀ ਆਗਿਆ ਅਨੁਸਾਰ ਪੜ੍ਹ ਕੇ ਸੁਣਾਉਂਦਾ ਰਿਹਾ।…….ਮੈਨੂੰ ਯਕੀਨ ਹੈ ਕਿ ਮੈਂ ਕਦੇ ਕਿਸੇ ਅੰਗਰੇਜ਼ ਨੂੰ ਉਹਨਾਂ ਨਾਲ ਧਾਰਮਕ ਵਿਸ਼ੇ ਉੱਤੇ ਗੱਲਾਂ ਬਾਤਾਂ ਕਰਦਿਆਂ ਨਹੀਂ ਸੁਣਿਆ ਸੀ’ ।
“ਏਸ ਤੋਂ ਇਕ ਸਾਤਾ ਪਿੱਛੋਂ ਮਹਾਰਾਜਾ ਨੇ ਕੈਪਟਨ ਕੈਮਬਲ ਤੇ ਮਿਸਟਰ ਗਾਈਜ਼ (Guise) ਨੂੰ ਆਪਣਾ ਇਰਾਦਾ ਦੱਸਿਆ ਕਿ ਮੈਨੂੰ ਈਸਾਈ ਧਰਮ ਸੱਚਾ ਤੇ ਆਪਣਾ ਝੂਠਾ ਮਾਲੂਮ ਹੁੰਦਾ ਹੈ । ਤਦ ਉਹਨਾਂ ਨੇ ਕਿਹਾ, ‘ਚੰਗਾ ਮਹਾਰਾਜ ! ਜੇ ਤੁਸੀਂ ਦਿਲੋਂ ਇਹ ਸਮਝਦੇ ਹੋ, ਤਾਂ ਬੜਾ ਚੰਗਾ ਹੈ, ਤੇ ਅਸੀਂ ਬੜੇ ਪਰਸੰਨ ਹੋਵਾਂਗੇ, ਜੇ ਤੁਸੀਂ ਇਸ ਨੂੰ ਸਮਝ ਸਕੋ ਤਾਂ । ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮਹਾਰਾਜਾ ਨੇ ਜੋ ਕੁਛ ਕਿਹਾ ਜਾਂ ਕੀਤਾ, ਉਹ ਆਪਣੀ ਮਰਜ਼ੀ ਨਾਲ, ਕਿਸੇ ਦੇ ਲੁਭਾਉਣ ਫੁਸਲਾਉਣ ’ਤੇ ਨਹੀਂ।
“ਜਦੋਂ ਮੈਂ ਮਹਾਰਾਜਾ ਨੂੰ ਪੁੱਛਿਆ, ‘ਕੀ ਆਪ ਦਾ ਸੱਚਾ ਨਿਸਚਾ ਹੈ, ਜਾਂ ਠੱਠਾ ਕਰਦੇ ਹੋ ?” ਤਾਂ ਉਹਨਾਂ ਨੇ ਉੱਤਰ ਦਿੱਤਾ, ‘ਮੇਰਾ ਪੱਕਾ ਨਿਸਚਾ ਹੈ, ਤੇ ਮੈਂ ਜ਼ਰੂਰ ਈਸਾਈ ਧਰਮ ਧਾਰਨ ਕਰਾਂਗਾ, ਕਿਉਂਕਿ ਬਹੁਤ ਚਿਰ ਪਹਿਲਾਂ ਤੋਂ ਮੇਰੀ ਏਹਾ ਕੁਛ ਕਰਨ ਦੀ ਸਲਾਹ ਹੈ’੩।”
ਇਸ ਤੋਂ ਅੱਗੇ ਭਜਨ ਲਾਲ, ਮਹਾਰਾਜੇ ਦਾ ਅੰਗਰੇਜ਼ ਲੜਕਿਆਂ (ਟੌਮੀ ਸਕਾਟ ਤੇ ਰੌਬੀ ਕਾਰਸ਼ੋਰ) ਨਾਲ ਚਾਹ ਪੀਣ ਦਾ ਜ਼ਿਕਰ ਕਰਦਾ ਹੈ । ਤੇ ਅੰਤ ਵਿਚ ਫਿਰ ਲਿਖਦਾ ਹੈ, “ਮੈਂ ਜੋ ਕੁਛ ਜਾਣਦਾ ਹਾਂ, ਸੱਚੋ ਸੱਚ ਦੱਸਿਆ ਹੈ।”
ਲਾਗਨ ਦੀ ਰੀਪੋਰਟ
ਇਸ ਤੋਂ ਅੱਗੇ ਲਾਗਨ ਦੀ ਸਰਕਾਰੀ ਰੀਪੋਰਟ, ਜੋ ਉਹਨੇ ੨੭ ਜਨਵਰੀ, ੧੮੫੧ ਨੂੰ ਭੇਜੀ, ਉਹ ਵੀ ਪੜ੍ਹ ਲਵੋ ।
“ ਕਲਕੱਤੇ ਨੂੰ ਤੁਰਨ ਤੋਂ ਪਹਿਲਾਂ, ਮੇਰੇ ਕੋਲ ਏਸ ਗੱਲ ਦੇ ਮੰਨਣ ਦਾ ਕੋਈ ਸਬੱਬ ਨਹੀਂ ਕਿ ਮਹਾਰਾਜੇ ਨੇ ਈਸਾਈ ਧਰਮ ਦੀਆਂ ਗੱਲਾਂ ਵੱਲੇ ਕਦੇ ਧਿਆਨ ਦਿੱਤਾ ਹੋਵੇ । ਪਰ ਮੈਂ ਇਹ ਜ਼ਰੂਰ ਡਿੱਠਾ ਸੀ ਕਿ ਨਾ ਸਿੱਖ ਧਰਮ ਤੇ ਨਾ ਹੀ ਹਿੰਦੂ ਧਰਮ ਨੇ ਉਹਦੇ ਦਿਲ ‘ਤੇ ਕੋਈ ਡੂੰਘਾ ਅਸਰ ਪਾਇਆ ਸੀ । ਕਈ ਵਾਰ ਪੰਡਤਾਂ ਦੀਆਂ ਦੱਸੀਆਂ ਹੋਈਆਂ ਸ਼ਾਸਤਰਾਂ ਦੀਆਂ ਸਾਖੀਆਂ ਉੱਤੇ ਉਸਨੇ ਸ਼ੱਕ ਕੀਤਾ । ਕਈ ਵਾਰ ਸਿੱਖਾਂ ਤੇ ਹਿੰਦੂਆਂ ਦੇ ਭਰਮਾਂ ਤੇ ਪੰਡਤਾਂ ਤੇ ਗ੍ਰੰਥੀਆਂ ਦੀ ਖੁਦਗਰਜ਼ੀ ਤੇ ਅਗਿਆਨਤਾ ਬਾਬਤ ਉਸਨੇ ਬੜੀਆਂ ਬਰੀਕ ਗੱਲਾਂ ਕੀਤੀਆਂ ਸਨ । ਉਸਦੇ ਦਿਲ ਦਾ ਝੁਕਾਉ ਦੱਸਣ ਲਈ ਮੈਂ, ਇਕ ਮਸਾਲ ਦਸਦਾ ਹਾਂ : ਮੇਰੇ ਕਲਕੱਤੇ ਨੂੰ ਤੁਰਨ ਤੋਂ ਪੰਦਰਾਂ-ਕੁ ਦਿਨ ਪਹਿਲਾਂ ਇਕ ਦਿਨ ਉਹ ਆਪਣੇ ਨੌਕਰ ਸਣੇ ਮੇਰੇ ਕਮਰੇ ‘ਚ ਆਇਆ, ਜਿਸ ਤਰ੍ਹਾਂ ਉਹ ਕਈ ਵਾਰ ਆਉਂਦਾ ਹੁੰਦਾ ਸੀ । ਮੈਂ ਬੱਤੀ ਦੇ ਚਾਨਣੇ ਪੜ੍ਹ ਰਿਹਾ ਸਾਂ ਏਸ ਵਿਸ਼ੇ ‘ਤੇ ਗੱਲਾਂ ਚੱਲ ਪਈਆਂ ਕਿ ‘ ਸਤਾਰਿਆਂ ਦੇ ਪਰਬੰਧ ਵਿਚ ਪ੍ਰਿਥਵੀ ਦਾ ਕੀ ਦਰਜਾ ਹੈ ? ਉਹਨੇ ਮੈਨੂੰ ਪੁੱਛਿਆ, ‘ਚੰਦ ਗ੍ਰਹਿਣ ਕਿਵੇਂ ਲੱਗਦਾ ਹੈ?” ਮੈਂ ਉਸਨੂੰ ਬੜੇ ਸਾਦੇ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ । ਪਰਤੀਤ ਹੁੰਦਾ। ਸੀ, ਮੈਨੂੰ ਸਫਲਤਾ ਹੋਈ, ਤੇ ਉਸਦੀ ਤਸੱਲੀ ਹੋ ਗਈ। ਉਹ ਹਿੰਦੁਸਤਾਨੀ ਵਿਚ ਭੁੜਕ ਉਠਿਆ, ‘ਦੋ ਤਿੰਨ ਸਾਲ ਹੋਰ ਠਹਿਰੋ, ਤਦੋਂ ਤਕ ਮੈਂ ਸਭ ਕੁਛ ਸਿੱਖ ਲਵਾਂਗਾ। ਫਿਰ ਮੈਂ ਪੰਡਤਾਂ ਨੂੰ ਚੰਗਾ ਪਿਟਾਵਾਂਗਾ । ਮੈਨੂੰ ਯਕੀਨ ਹੈ, ਇਸ ਤੋਂ ਵਧੇਰੇ ਇਸ ਵਿਸ਼ੇ ‘ਤੇ ਕੁਛ ਨਹੀਂ ਕਿਹਾ ਗਿਆ ਸੀ । ਜਦੋਂ ਮੈਂ ਕਲਕੱਤੇ ਸਾਂ, ਮਹਾਰਾਜੇ ਨੇ ਮੈਨੂੰ ਉਰਦੂ ਤੇ ਅੰਗਰੇਜ਼ੀ ਵਿਚ ਚਿੱਠੀਆਂ ਲਿਖੀਆਂ । ੨ ਦਸੰਬਰ ਦੀ ਚਿੱਠੀ ਵਿਚ ਉਸ ਨੇ ਮੈਨੂੰ ਪਹਿਲੀ ਵਾਰ ਦੱਸਿਆ, ਕਿ ਉਸਦਾ ਨੌਕਰ ਭਜਨ ਲਾਲ ਉਸਨੂੰ ਪਵਿੱਤਰ ਅੰਜੀਲ ਸੁਣਾਉਂਦਾ ਹੈ । ਉਸ ਨੇ ਇਹ ਵੀ ਇੱਛਿਆ ਪਰਗਟ ਕੀਤੀ ਕਿ ਮੈਂ ਉਸ ਵਾਸਤੇ ਅੰਜੀਲ ਲਈ ਆਵਾਂ । ੭ ਦਸੰਬਰ ਨੂੰ ਵੀ ਉਸ ਨੇ ਏਹਾ ਲਿਖਿਆ, ਕਿ ਮੈਂ ਅੰਜੀਲ ਸੁਣਦਾ ਹਾਂ । ਇਸਦੇ ਮਗਰੋਂ ੯ ਦਸੰਬਰ ਨੂੰ ਮਹਾਰਾਜੇ ਦੇ ਆਪਣੇ ਹੱਥੀਂ ਲਿਖਿਆ’ ਖਤ ਮਿਲਿਆ, ਜਿਸ ਵਿਚ ਉਹਨੇ ਈਸਾਈ ਮੱਤ ਧਾਰਨ ਕਰਨ ਦਾ ਪੱਕਾ ਇਰਾਦਾ ਪਰਗਟ ਕੀਤਾ ਸੀ । ਕਿਉਂਕਿ ਜਿਸ ਧਰਮ ਵਿਚ ਉਹ ਜੰਮਿਆ ਪਲਿਆ ਸੀ, ਉਹਦੀ ਸਚਾਈ ਉੱਤੇ ਉਸਨੂੰ ਸ਼ੱਕ ਅਤੇ ਅੰਜੀਲ ਦੇ ਧਰਮ ਦੀ ਸਚਾਈ ਉੱਤੇ ਨਿਸਚਾ ਸੀ, ਜੋ ਚਿਰ ਤੋਂ ਉਹ ਭਜਨ ਲਾਲ ਕੋਲੋਂ ਸੁਣਿਆ ਕਰਦਾ ਸੀ । ਕਪਤਾਨ ਕੈਮਬਲ ਨੇ ਵੀ ਚਿੱਠੀ ਵਿਚ ਮਹਾਰਾਜੇ ਦੀ ਏਹਾ ਚਰਚਾ ਲਿਖੀ ਸੀ । ਜਿਹੜੀਆਂ ਨਿਤ ਉਸ ਨਾਲ ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਸਨ, ਉਸ ਤੋਂ ਏਹਾ ਪਰਤੀਤ ਹੁੰਦਾ ਸੀ, ਕਿ ਛੋਟੀ ਉਮਰ ਤੋਂ ਹੀ ਉਸ ਨੂੰ ਸਿੱਖ ਧਰਮ ਤੇ ਹਿੰਦੂ ਮਤ ਦੀ ਸਚਾਈ ਉੱਤੇ ਸ਼ੱਕ ਉਠਦੇ ਰਹੇ ਸਨ, ਤੇ ਮੁਸਲਮਾਨੀ ਤੇ ਈਸਾਈ ਮੱਤ ਨੂੰ ਉਹ ਚੰਗਾ ਜਾਣਦਾ ਰਿਹਾ ਸੀ । ਜਿਉਂ- ਜਿਉਂ ਉਹ ਵੱਡਾ ਹੁੰਦਾ ਗਿਆ, ਤੇ ਉਹਦਾ ਸੰਬੰਧ ਈਸਾਈਆਂ ਨਾਲ ਵਧਦਾ ਗਿਆ, ਉਸ ਦਾ ਝੁਕਾਓ ਉਹਨਾਂ ਦੇ ਮੱਤ (ਈਸਾਈ ਧਰਮ) ਵੱਲ ਵਧੇਰੇ ਹੁੰਦਾ ਗਿਆ । ਭਾਵੇਂ ਉਹ ਉਹਨਾਂ ਦੇ ਅਸੂਲਾਂ ਬਾਬਤ ਮਾਮੂਲੀ ਜਾਣਦਾ ਸੀ, ਤੇ ਇਸ ਵਿਸ਼ੇ ਉੱਤੇ ਉਸਨੂੰ ਬਹੁਤ ਥੋੜ੍ਹਾ ਦੱਸਿਆ ਗਿਆ ਸੀ । … (ਅੱਗੇ ਕੁਛ ਭਜਨ ਲਾਲ ਦਾ ਜ਼ਿਕਰ ਹੈ, ਜੋ ਅਸੀਂ ਲਿਖ ਆਏ ਹਾਂ) ਇਸ ਤੋਂ ਮਹੀਨਾ ਕੁ ਪਹਿਲਾਂ ਮਹਾਰਾਜੇ ਨੇ ਆਪਣੀ ਖੇਹਡ ਦੇ ਹਾਣੀ ਸਕਾਟ ਨੂੰ ਵੀ ਦੱਸਿਆ ਕਿ ਮੈਂ ਵੀ ਈਸਾਈ ਹੋਣਾ ਹੈ। ਕਈ ਕਾਰਨਾਂ ਕਰਕੇ ਤਾਂ ਇਹ ਚੰਗੇ ਭਾਗਾਂ ਦੀ ਗੱਲ ਹੈ, ਮਹਾਰਾਜੇ ਨੇ ਆਪਣਾ ਇਰਾਦਾ ਅਜੇਹੇ ਸਮੇਂ ਪਰਗਟ ਕੀਤਾ, ਜਦੋਂ ਉਸਦਾ ਅੰਗਰੇਜ਼ੀ ਦਾ ਗਿਆਨ ਅਜੇ ਅਧੂਰਾ ਹੈ, ਤੇ ਇਸ ਬੋਲੀ ਵਿਚ ਦੱਸੀ ਗਈ ਧਾਰਮਿਕ ਸਿੱਖਿਆ ਨੂੰ ਸਮਝਣਾ ਉਸ ਵਾਸਤੇ ਅਸੰਭਵ ਹੈ, ਜਦ ਤਕ ਉਹਨੂੰ ਓਹੋ ਕੁਛ ਹਿੰਦੁਸਤਾਨੀ ਵਿਚ ਨਾ ਸਮਝਾਇਆ ਜਾਵੇ। ਦੇਸੀ ਆਦਮੀ, ਜੋ ‘ਉਸ ਦੇ ਨਾਲ ਹਨ ਤੇ ਉਸ ਦੇ ਦੇਸੀ ਨੌਕਰ ਇਸ ਦੀ ਵਿਚਾਰ ਕਰ ਸਕਦੇ ਹਨ, ਕਿ ਉਸ ਦੇ ਧਾਰਮਿਕ ਨਿਸਚਿਆਂ ਨੂੰ ਬਦਲਣ ਵਾਸਤੇ ਕੋਈ ਅਯੋਗ ਢੰਗ ਨਹੀਂ ਵਰਤਿਆ ਗਿਆ । ਤਿੰਨ ਦੇਸੀ ਭਲੇ ਪੁਰਸ਼ਾਂ ਤੇ ਮਹਾਰਾਜੇ ਦੇ ਪ੍ਰੋਹਤ ਦੇ ਬਿਆਨ ਦੇਸੀ ਬੋਲੀ ਵਿਚ ਨਾਲ ਭੇਜਦਾ ਹਾਂ, ਜਿਸ ਤੋਂ ਤਸੱਲੀ ਹੋ ਜਾਵੇਗੀ, ਕਿ ਉਹਨਾਂ ਦੀ ਰਾਇ ਵਿਚ ਕੋਈ ਨਾ-ਵਾਜਬ ਰੁਹਬ ਨਹੀਂ ਵਰਤਿਆ ਗਿਆ । ਮਹਾਰਾਜੇ ਦੀ ਸਲਾਹ ਆਪਣੇ ਆਪ ਬਣੀ ਹੈ । ਮੈਂ ਸਦਾ ਇਸ ਗੱਲ ਨੂੰ ਮੁੱਖ ਰੱਖਿਆ ਕਿ ਈਸਾਈ ਸਦਾਚਾਰ ਦੇ ਅਸੂਲ, ਜਿਹੜੇ ਮਹਾਰਾਜੇ ਨੂੰ ਛੋਟੀ ਉਮਰੇ ਹੀ ਸਿਖਾਉਣ ਦੀ ਮੇਰੀ ਇੱਛਿਆ ਸੀ, ਕੇਵਲ ਮਿਸਾਲ ਬਣ ਕੇ ਉਹਦੇ ਸਾਮ੍ਹਣੇ ਰੱਖੇ ਜਾ ਸਕਦੇ ਹਨ। ਜੋ ਕੁਛ ਕਰਨ ਦੀ ਮੇਰੇ ਸੁਭਾ ਤੇ ਇਨਸਾਫ ਨੇ ਆਗਿਆ ਦਿੱਤੀ ਮੈਂ ਉਹ ਕੁਛ ਕਰਨ ਦਾ ਯਤਨ ਕੀਤਾ, ਤੇ ਬਾਕੀ ਖ਼ੁਦਾ ਤੇ ਛੱਡ ਦਿੱਤਾ ।……..”
ਇਹ ਰੀਪੋਰਟ ਬੜੀ ਲੰਮੀ ਹੈ, ਤੇ ਚੰਗੇ ਨੀਤਕ ਢੰਗ ਨਾਲ ਲਿਖੀ ਗਈ ਹੈ। ਥਾਂ ਥਾਂ ਇਸ ਗੱਲ ‘ਤੇ ਜ਼ੋਰ ਦਿੱਤਾ ਹੈ, ਕਿ ਅਸਾਂ ਕੋਈ ਨਾਜਾਇਜ਼ ਰੋਹਬ ਜਾਂ ਅਸਰ ਪਾ ਕੇ ਈਸਾਈ ਧਰਮ ਨਹੀਂ ਮਨਾਇਆ, ਸਗੋਂ ਮਹਾਰਾਜਾ ਆਪ ਸ਼ੌਕ ਨਾਲ ਮੰਨਿਆ ਹੈ । ਮਹਾਰਾਜੇ ਦਾ ਸਿੱਖੀ ਵੱਲੋਂ ਉਪਰਾਮ ਹੋਣ ਦਾ ਕਾਰਨ ਬੜਾ ਸੁਆਦੀ ਲਿਖਿਆ ਹੈ। ਇਹੀ ਕਿ ਸ. ਜਵਾਹਰ ਸਿੰਘ-ਮਹਾਰਾਜੇ ਦਾ ਮਾਮਾ-ਸਿੱਖ ਫੌਜ ਨੇ ਉਸਦੇ ਸਾਮ੍ਹਣੇ ਕਤਲ ਕੀਤਾ ਸੀ, ਇਸ ਵਾਸਤੇ ਮਹਾਰਾਜਾ ਸਿੱਖੀ ਤੋਂ ਤੇ ਆਪਣੇ ਸਿੱਖ ਭਰਾਵਾਂ ਤੋਂ ਘਿਰਣਾ ਕਰਨ ਲੱਗ ਪਿਆ । ਲਾਗਨ ਨੂੰ ਕੋਈ ਪੁੱਛੇ, ਦਲੀਪ ਸਿੰਘ ਨੇ ਤਾਂ ਆਪਣੇ ਮਾਮੇ ਦੀ ਮੌਤ ਵੇਖ ਕੇ ਸਿੱਖੀ ਛੱਡੀ, ਪਰ ਇੰਗਲੈਂਡ ਦੇ ਬਾਦਸ਼ਾਹ ਚਾਰਲਸ ਪਹਿਲੇ ਨੂੰ ਉਸਦੇ ਦੇਸ਼-ਵਾਸੀਆਂ ਨੇ ਫਾਂਸੀ ਦਿੱਤੀ ਸੀ, ਉਸ ਸਾਕੇ ਨੂੰ ਵੇਖ ਕੇ ਕਿੰਨੇ-ਕੁ ਅੰਗਰੇਜ਼ ਬੱਚੇ ਈਸਾਈ ਧਰਮ ਤੋਂ ਪਤਤ ਹੋਏ ? ਜਾਂ ਉਹਨਾਂ ਦੇ ਦਿਲਾਂ ਵਿਚ ਦੇਸ ਵਾਸੀਆਂ ਵਾਸਤੇ ਘਿਰਣਾ ਪੈਦਾ ਹੋਈ ।
ਅਸਲ ਵਿਚ ਦਲੀਪ ਸਿੰਘ ਨੂੰ ਏਨੀ ਛੇਤੀ ਈਸਾਈ ਬਨਾਉਣ ਦਾ ਯਤਨ ਏਸ ਵਾਸਤੇ ਕੀਤਾ ਗਿਆ ਸੀ, ਕਿ ਸਿੱਖ ਜਨਤਾ ਵਿਚ ਉਸ ਵਾਸਤੇ ਕੋਈ ਹਮਦਰਦੀ ਨਾ ਰਹੇ ।
ਫੈਸਲਾ ਹੋ ਗਿਆ ਸੀ, ਤੇ ਹੁਣ ਸਿਰਫ ਉਪਰੋਂ ਹੁਕਮ ਦੀ ਢਿੱਲ ਸੀ, ਸੋ ਉਹ ਵੀ ਮਿਲ ਗਿਆ । ੨੪ ਸਤੰਬਰ, ੧੮੫੨ ਦੇ ਖਤ ਵਿਚ ਡਲਹੌਜ਼ੀ ਨੇ ਲਾਗਨ ਨੂੰ ਲਿਖਿਆ,”ਜੇ ਦਲੀਪ ਸਿੰਘ ਵਲਾਇਤ ਜਾਣਾ ਚਾਹੁੰਦਾ ਹੈ, ਤਾਂ ਜਾਣ ਤੋਂ ਪਹਿਲਾਂ ਚੁੱਪ-ਚਾਪ ਉਸਨੂੰ (ਬੈਪਤਿਸਮਾ ਦੇ ਕੇ) ਈਸਾਈ ਬਣਾ ਲਿਆ ਜਾਵੇ, ਪਰ ਨਾਮ ਦਲੀਪ ਸਿੰਘ ਹੀ ਰਹੇ ।”
ਮਹਾਰਾਜਾ ਈਸਾਈ ਬਣਿਆ
ਦਲੀਪ ਸਿੰਘ ਨੂੰ ਈਸਾਈ ਬਨਾਉਣ ਦੀਆਂ ਤਿਆਰੀਆਂ ਹੋਣ ਲੱਗੀਆਂ। ਫੈਸਲਾ ਹੋਇਆ ਕਿ ਇਹ ਰਸਮ ਉਹਦੇ ਘਰ ਵਿਚ ਹੀ ਅਦਾ ਕੀਤੀ ਜਾਵੇ, ਕਿਉਂਕਿ ਏਹਾ ਥਾਂ ਸੱਭ ਨਾਲੋਂ ਸੁਰੱਖਯਤ ਸੀ, ਤੇ ਏਥੇ ਹੋਣ ਵਾਲੀ ਘਟਨਾ ਦਾ ਬਾਹਰਲੇ ਲੋਕਾਂ ਨੂੰ ਵਕਤ ਤੋਂ ਪਹਿਲਾਂ ਪਤਾ ਲੱਗਣ ਦਾ ਥੋੜ੍ਹਾ ਡਰ ਸੀ । ਸਾਧਾਰਨ ਜਿਹਾ ਘਰ ਨੂੰ ਸਜਾਇਆ ਗਿਆ, ਤੇ ਬਿਨਾਂ ਬਹੁਤੀ ਧੂਮ ਧਾਮ ਦੇ ੨੦-ਕੁ ਅੰਗਰੇਜ਼ਾਂ ਤੇ ਏਨੇ ਕੁ ਦੇਸੀ ਨੌਕਰਾਂ ਦੇ ਸਾਮ੍ਹਣੇ ਦਲੀਪ ਸਿੰਘ ਨੇ ਬੈਪਤਿਸਮਾ ਲੈ ਲਿਆ । ਇਹ ਘਟਨਾ ੮ ਮਾਰਚ, ੧੮੫੩ ਨੂੰ ਹੋਈ । ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇ ਸਿੱਖਾਂ ਦੇ ਤਖਤੋਂ ਲੱਥੇ ਬਾਦਸ਼ਾਹ ਦਲੀਪ ਸਿੰਘ ਨੇ ਸਿੱਖੀ ਤਿਆਗ ਕੇ ਈਸਾਈ ਧਰਮ ਧਾਰਨ ਕਰ ਲਿਆ । ਉਸ ਵੇਲੇ ਉਹ ੧੪ ਸਾਲ, ੬ ਮਹੀਨੇ, ੪ ਦਿਨ ਦਾ ਸੀ। ਮਹਾਰਾਜਾ ਦਲੀਪ ਸਿੰਘ ਦੇ ਸਵਾ-ਸਵਾ ਗਜ਼ ਲੰਮੇ ਕੇਸ ਲੇਡੀ ਲਾਗਨ ਦੀ
ਭੇਟਾ ਹੋ ਗਏ । ਜਿਹੜੀ ਸਿੱਖੀ ਸਰਦਾਰ ਬੁੱਢਾ ਸਿੰਘ ਨੇ ਹਾਸਲ ਕੀਤੀ ਸੀ, ਉਹ ਦਲੀਪ ਸਿੰਘ ਨੇ ਈਸਾਈ ਮੱਤ ਤੋਂ ਕੁਰਬਾਨ ਕਰ ਦਿੱਤੀ। ਉਸ ਦੇ ਈਸਾਈ ਹੋਣ ਉੱਤੇ ਬੋਮਸਨ, ਹੈਨਰੀ ਲਾਰੰਸ, ਫਰੈਡ੍ਰਿਕ ਕਰੀ, ਬਿਸ਼ਪ ਵਿਲਸਨ, ਲਾਰਡ ਡਲਹੌਜ਼ੀ ਆਦਿ ਵੱਲੋਂ ਵਧਾਈ ਪੱਤਰ ਪੁੱਜੇ । ਡਲਹੌਜ਼ੀ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹ ੧੨ ਮਾਰਚ ਨੂੰ ਲਿਖਦਾ ਹੈ, “ਹਿੰਦ ਦੇ ਇਤਿਹਾਸ ਵਿਚ ਇਹ ਅਨੋਖੀ ਤੇ ਸੁਹਾਵਣੀ ਘਟਨਾ ਹੈ । ਸਾਡੇ ਰਾਜ ਵਿਚ ਆਇਆਂ ਹੋਇਆਂ ਵਿਚੋਂ ਇਹ ਪਹਿਲਾ ਸ਼ਹਿਜ਼ਾਦਾ ਹੈ, ਜਿਸ ਨੇ ਓਪਰਿਆਂ ਦਾ ਧਰਮ ਧਾਰਨ ਕੀਤਾ ਹੈ ।”
ਵਲਾਇਤ ਭੇਜਣ ਦੇ ਵਿਚਾਰ
ਹੁਣ ਦਲੀਪ ਸਿੰਘ ਨੂੰ ਹਿੰਦੁਸਤਾਨ ਵਿਚੋਂ ਕੱਢਣ ਦੀ ਵਾਰੀ ਆਈ । ਜਦੋਂ ਤੋਂ ਲਾਗਨ ਆਇਆ, ਓਦੋਂ ਤੋਂ ਦਲੀਪ ਸਿੰਘ ਦੇ ਦਿਲ ਵਿਚ ਵਲਾਇਤ ਦੇਖਣ ਦਾ ਖਿਆਲ ਭਰਨ ਲੱਗਾ । ਸ਼ਾਇਦ ਮੁੱਲਾਂ ਕਿਸੇ ਮੋਮਨ ਦੇ ਦਿਲ ਵਿਚ ਬਹਿਸ਼ਤ ਵੇਖਣ ਦਾ ਏਨਾ ਚਾਅ ਪੈਦਾ ਨਾ ਕਰ ਸਕਿਆ ਹੋਵੇ, ਜਿੰਨਾ ਲਾਗਨ ਨੇ ਮਹਾਰਾਜੇ ਦੇ ਅੰਦਰ ਵਲਾਇਤ ਵੇਖਣ ਦਾ ਕਰ ਦਿੱਤਾ । ਹੁਣ ਬਹਿਸ ਏਸ ਗੱਲ ਦੀ ਸੀ ਕਿ ਦਲੀਪ ਸਿੰਘ ਇਕੱਲਾ ਵਲਾਇਤ ਭੇਜਿਆ ਜਾਵੇ, ਜਾਂ ਸ਼ਿਵਦੇਵ ਸਿੰਘ ਵੀ ਨਾਲ ਹੀ । ਲਾਗਨ ਨੇ ਮਹਾਰਾਜੇ ਦੇ ਦਿਲ ਵਿਚ ਇਹ ਇੱਛਿਆ ਵੀ ਪੈਦਾ ਕਰ ਦਿੱਤੀ ਕਿ ਸ਼ਿਵਦੇਵ ਸਿੰਘ ਉਸ ਦੇ ਨਾਲ ਵਲਾਇਤ ਜਾਵੇ । ਮਗਰ ਡਲਹੌਜ਼ੀ ਦੀ ਰਾਏ ਇਸ ਦੇ ਉਲਟ ਸੀ। ਉਹ ਕਹਿੰਦਾ ਸੀ ਕਿ ਏਡੇ ਛੋਟੇ ਬੱਚੇ ਨੂੰ ਉਸ ਦੀ ਮਾਂ ਤੋਂ ਵਿਛੋੜਨਾ ਠੀਕ ਨਹੀਂ। ਪਰ ਲਾਗਨ ਏਸ ਗੱਲ ‘ਤੇ ਬੜਾ ਜ਼ੋਰ ਦੇਂਦਾ ਸੀ ਕਿ ਸ਼ਿਵਦੇਵ ਸਿੰਘ ਨਾਲ ਹੀ ਵਲਾਇਤ ਭੇਜ ਦਿੱਤਾ ਜਾਏ । ਆਪਣੀ ਰਾਏ ਦੀ ਪੁਸ਼ਟੀ ਵਾਸਤੇ ਉਸ ਨੇ ਲਿਖਿਆ, “ਕਿਉਂਕਿ ਮਹਾਰਾਜੇ ਨੇ ਸਾਡਾ ਮਜ਼੍ਹਬ ਧਾਰਨ ਕਰਕੇ ਆਪਣੇ ਦੇਸ-ਵਾਸੀਆਂ ‘ਚੋਂ ਸਭ ਰਾਜਸੀ ਅਸਰ ਗੁਆ ਲਿਆ ਹੈ । ਹੁਣ ਉਹ ਸ਼ਹਿਜ਼ਾਦੇ ਨੂੰ ਹੀ ਪੁਰਾਣੇ ਸ਼ਾਹੀ ਘਰਾਣੇ ਵਿਚੋਂ ਆਪਣਾ ਸੱਚਾ ਆਗੂ ਸਮਝਦੇ ਹਨ । ਸੋ ਚੰਗੀ ਸਲਾਹ ਏਹਾ ਹੈ ਕਿ ਜਿਥੋਂ ਤੱਕ ਹੋ ਸਕੇ, ਸ਼ਹਿਜ਼ਾਦੇ ਨੂੰ ਮਹਾਰਾਜੇ ਦੇ ਨਾਲ ਰੱਖਿਆ ਜਾਵੇ । ਮਹਾਰਾਜੇ ਦੇ ਵਲਾਇ ਰਹਿਣ ਸਮੇਂ ਸ਼ਹਿਜ਼ਾਦੇ ਨੂੰ ਹਿੰਦੁਸਤਾਨ ਵਿਚ ਰਹਿਣ ਦੀ ਖੁੱਲ੍ਹ ਦੇਣ ਤੋਂ ਮੈਂ ਡਰਦ ਹਾਂ ਕਿ ਆਪਣੀ ਵੱਖਰੀ ਤਾਕਤ ਬਨਾਉਣ ਵਿਚ ਉਸ ਦਾ ਹੌਂਸਲਾ ਹੋਰ ਵੱਧ ਜਾਵੇਗਾ, ਤੇ ਉਸ ਨੂੰ ਕਾਬੂ ਵਿਚ ਰੱਖਣਾ ਔਖਾ ਹੋ ਜਾਵੇਗਾ । ਪਰ ਮਹਾਰਾਜੇ ਦੇ ਨਾਲ ਹੁੰਦਿਆਂ ਉਹ ਸੁਭਾਵਕ ਹੀ ਦਬਿਆ ਰਹੇਗਾ ।” ਇਹ ਦਲੀਲ ਸੁਣ ਕੇ ਡਲਹੌਜ਼ੀ ਮੰਨ ਗਿਆ ਕਿ ਸ਼ਿਵਦੇਵ ਸਿੰਘ ਨੂੰ ਵਲਾਇਤ ਭੇਜਿਆ ਜਾਵੇ । ਵਲਾਇਤ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ।
ਗਾਈਜ਼ ਨੂੰ ਇਨਾਮ
ਮਿਸਟਰ ਗਾਈਜ਼ (Guise) ਨੂੰ ਨੌਕਰੀ ਛੱਡਣ ਉੱਤੇ ਮਹਾਰਾਜੇ ਵੱਲੋਂ ਪੰਜ ਹਜ਼ਾਰ ਰੁਪਏ ਇਨਾਮ ਦਿਵਾਇਆ ਗਿਆ । (ਜੋ ਕੁਛ ਗਰੀਬ ਕੋਲੋਂ ਕਿਸੇ ਨੇ ਕਿਸੇ ਢੰਗ ਨਾਲ ਲੈ ਲਿਆ ਜਾਵੇ, ਲਾਹੇ ਦਾ ਹੈ) ਟੋਮੀ ਸਕਾਟ-ਜੋ ਹੁਣ ਤੱਕ ਮਹਾਰਾਜੇ ਦੇ ਖਰਚ ‘ਤੇ ਪਲਦਾ ਰਿਹਾ ਸੀ-ਵਾਸਤੇ ਵੱਖਰਾ ਭੱਤਾ (Allowance) ਨੀਯ ਕਰ ਦਿੱਤਾ ਗਿਆ ।
ਵਲਾਇਤ ਜਾਣ ਦੀ ਆਗਿਆ
ਕੋਰਟ ਆਫ ਡਾਇਰੈਕਟਰਜ਼ (Court of Directors) ਵੱਲੋਂ ਮਹਾਰਾਜੇ ਨੂੰ ਵਲਾਇਤ ਜਾਣ ਦੀ ਆਗਿਆ ਮਿਲ ਗਈ, ਜਿਸ ਦੀ ਖਬਰ ਡਲਹੌਜ਼ੀ ਨੇ ੩੧ ਜਨਵਰੀ, ੧੮੫੪ ਈ: ਨੂੰ ਦਿੱਤੀ :
“ਮੇਰੇ ਪਿਆਰੇ ਮਹਾਰਾਜਾ !
“ਮੈਂ ਆਪ ਨੂੰ ਇਹ ਦੱਸਣ ਵਿਚ ਬੜਾ ਖੁਸ਼ ਹਾਂ, ਕਿ ਹੁਣੇ ਹੀ ਕੋਰਟ ਆਫ ਡਾਇਰੈਕਟਰਜ਼ ਵੱਲੋਂ ਆਪਦੇ ਵਲਾਇਤ ਜਾਣ ਦਾ ਆਗਿਆ-ਪੱਤਰ ਮੈਨੂੰ ਮਿਲਿਆ ਹੈ। ਇਸ ਭਰੋਸੇ ਕਿ ਆਪ ਨੂੰ ਇਹ ਖ਼ਬਰ ਬੜੀ ਪ੍ਰਸੰਨਤਾ ਬਖਸ਼ੇਗੀ, ਮੈਂ ਬੜੀ ਛੇਤੀ ਆਪਣੇ ਹੱਥੀਂ ਭੇਜ ਰਿਹਾ ਹਾਂ । ਹੋਰ ਲਿਖਣ ਦੀ ਲੋੜ ਨਹੀਂ । ਮੈਨੂੰ ਯਕੀਨ ਹੈ ਕਿ ਮੈਂ ਇਕ ਵਾਰ ਮਹਾਰਾਜਾ ਦੇ ਫਿਰ ਦਰਸ਼ਨ ਕਰਨ ਦੀ ਖੁਸ਼ੀ ਪਰਾਪਤ ਕਰਾਂਗਾ।
ਆਪਦਾ ਸੱਚਾ ਤੇ ਵਫ਼ਾਦਾਰ ਮਿੱਤਰ
ਡਲਹੌਜ਼ੀ ।”
ਭਜਨ ਲਾਲ ਨੂੰ ਇਨਾਮ
ਹੁਣ ਤੱਕ ਭਜਨ ਲਾਲ ਮਹਾਰਾਜ ਦੇ ਨਾਲ ਵਲਾਇਤ ਜਾਣ ਵਾਸਤੇ ਤਿਆਰ ਸੀ, ਪਰ ਉਹਦੇ ਘਰਦਿਆਂ ਵੱਲੋਂ ਰੁਕਾਵਟ ਪਾਉਣ ਉੱਤੇ ਝੱਟ-ਪੱਟ ਹੀ ਇਹ ਸਲਾਹ ਬਦਲ ਗਈ । ਉਸ ਨੂੰ ਵੀ ਨੌਕਰੀ ਛੱਡਣ ਉੱਤੇ ਇਕ ਘੋੜਾ ਤੇ ਚੰਗੀ ਰਕਮ ਮਹਾਰਾਜੇ ਵੱਲੋਂ ਇਨਾਮ ਦੁਆਇਆ ਗਿਆ । ਜਿਸ ਨੇਕ ਬੰਦੇ ਨੇ ਮਹਾਰਾਜੇ ਨੂੰ ਈਸਾਈ ਬਨਾਉਣ ਵਿਚ ਲਾਗਨ ਦੀ ਏਨੀ ਸੇਵਾ ਕੀਤੀ ਸੀ, ਉਸ ਨੂੰ ਜੋ ਕੁਝ ਵੀ ਦਿੱਤਾ ਜਾਂਦਾ, ਥੋੜ੍ਹਾ ਸੀ । ਸ਼ਾਇਦ ਏਸੇ ਵਾਸਤੇ ਲੇਡੀ ਲਾਗਨ ਨੇ ਗਿਣਤੀ ਨਹੀਂ ਲਿਖੀ , ” A handsome present of money and a horse were given him on leaving” (ਚੋਖੀ ਰਕਮ ਤੇ ਇਕ ਘੋੜਾ) ਲਿਖਿਆ ਹੈ ।
ਫਤਹਿਗੜ੍ਹ ਛੱਡਣਾ
18 22 ਮਹਾਰਾਜਾ ਦਲੀਪ ਸਿੰਘ, ਸ਼ਹਿਜ਼ਾਦਾ ਸ਼ਿਵਦੇਵ ਸਿੰਘ, ਡਾਕਟਰ ਲਾਗਨ, ਲੇਡੀ ਲਾਗਨ ਤੇ ਕੁਛ ਨੌਕਰ, ਮਾਰਚ, ੧੮੫੪ ਈ: ਵਿਚ ਫ਼ਤਹਿਗੜ੍ਹ ਤੋਂ ਰਵਾਨਾ ਹੋਏ । ਕਾਨ੍ਹਪੁਰ ਤੋਂ ਹੁੰਦੇ ਹੋਏ ਸਭ ਲਖਨਊ ਪੁੱਜੇ, ਤੇ ਓਥੇ ਕੁਛ ਦਿਨ ਰੈਜ਼ੀਡੈਂਟ ਸੁਲੇਮਾਨ (Colonel Sleeman) ਦੇ ਪਰਾਹੁਣੇ ਰਹੇ । ਏਥੋਂ ਅੱਗੇ ਬਨਾਰਸ ਵਿਚ बुद्ध रि(Colonel Sleeman)ਦੇਪ੍ਰਾਹੁਣ.ਰਹੇ (Nehemiah Goreh) ਜੋ ਈਸਾਈ ਧਰਮ ਧਾਰਨ ਕਰਣ ਏਥੇ ਮਿਸ਼ਨਰੀ ਵਿਚ ਕੰਮ ਕਰਦਾ ਸੀ—ਨੂੰ ਮਹਾਰਾਜੇ ਦਾ ਦੇਸੀ ਬੋਲੀਆਂ ਦਾ (Tutor,ਟਿਊਟਰ) ਦੋਭਾਸ਼ੀਆ ਬਣਾ ਕੇ ਵਲਾਇਤ ਨੂੰ ਨਾਲ ਲੈ ਗਏ ।
ਬਾਰਕਪੁਰ ਵਿਚ
ਚੜ੍ਹਦੇ ਅਪ੍ਰੈਲ ਮਹਾਰਾਜਾ ਕਲਕੱਤੇ ਪੁੱਜਾ । ੪ ਅਪ੍ਰੈਲ ਵਾਲੇ ਦਿਨ ਉਸ ਨੇ ਗੌਰਮਿੰਟ ਹਾਊਸ ਬਾਰਕਪੁਰ ਵਿਚ ਡਲਹੌਜ਼ੀ ਨਾਲ ਖਾਣਾ ਖਾਧਾ । ਏਥੇ ਦਲੀਪ ਸਿੰਘ ਨੂੰ ੨੧ ਤੋਪਾਂ ਦੀ ਸਲਾਮੀ ਹੋਈ । ਪਿਛਲੇ ਪੜਾਵਾਂ ਉੱਤੇ ਵੀ ਏਸੇ ਤਰ੍ਹਾਂ ੨੧ ਤੋਪਾਂ ਦੀ ਸਲਾਮੀ ਹੁੰਦੀ ਰਹੀ ਸੀ । ਏਥੇ ਮਹਾਰਾਜਾ ਗੌਰਮਿੰਟ ਹਾਊਸ ਬਾਰਕਪੁਰ ਵਿਚ ਹੀ। ਠਹਿਰਿਆ ।
ਸ਼ਿਵਦੇਵ ਸਿੰਘ ਵਾਪਸ ਮੁੜਿਆ
ਮਾਹਾਰਾਜਾ ਸ਼ੇਰ ਸਿੰਘ ਦੀ ਰਾਣੀ ਸ਼ਿਵਦੇਵ ਸਿੰਘ ਨੂੰ ਵਲਾਇਤ ਨਾ ਭੇਜਣ ਬਾਰੇ ਬੇਨਤੀਆਂ ਕਰਦੀ ਆ ਰਹੀ ਸੀ । ਉਸ ਨੇ ਆਪਣੇ ਚਾਚੇ ਮੀਆਂ ਮਲਕ ਨੂੰ ਕਲਕੱਤੇ ਲਾਰਡ ਡਲਹੌਜ਼ੀ ਪਾਸ ਬੇਨਤੀ ਕਰਨ ਵਾਸਤੇ ਭੇਜਿਆ । ਅੰਤ ਰਾਣੀ ਦੇ ਏਨੇ ਯਤਨ ਕਰਨ ‘ਤੇ ਸ਼ਹਿਜ਼ਾਦਾ ਸ਼ਿਵਦੇਵ ਸਿੰਘ ਵਲਾਇਤ ਨਾ ਭੇਜਿਆ ਗਿਆ, ਤੇ ਕਲਕੱਤਿਓਂ ਵਾਪਸ ਆ ਗਿਆ ।
ਅੰਜੀਲ ਭੇਟਾ
੫ ਅਪ੍ਰੈਲ ੧੮੫੪ ਨੂੰ ਡਲਹੌਜ਼ੀ ਨੇ ਮਹਾਰਾਜੇ ਨੂੰ ਅੰਜੀਲ ਭੇਟਾ ਕੀਤੀ, ਜਿਸ ਦੇ ਪਹਿਲੇ ਪੰਨੇ ‘ਤੇ ਲਿਖਿਆ ਹੋਇਆ ਸੀ :
“To his Highness Maharaja Duleep Singh.
“This Holy Book in which he has been led by God’s grace to find an inheritance richer by far than all earthly kingdoms is presented with sincere respect and regard, by his faithful friend.
Dalhousie, April 5, 1854.
ਇਸ ਦਾ ਅਰਥ ਹੈ :
“ਮਹਾਰਾਜਾ ਦਲੀਪ ਸਿੰਘ ਦੀ ਸੇਵਾ ਵਿਚ,
ਨੀ ਇਹ ਪਵਿੱਤਰ ਕਿਤਾਬ, ਜਿਸ ਨੂੰ ਮਹਾਰਾਜਾ ਖੁਦਾ ਦੀ ਕਿਰਪਾ ਨਾਲ ਸਾਰੀ ਦੁਨੀਆਂ ਦੀਆਂ ਬਾਦਸ਼ਾਹੀਆਂ ਨਾਲੋਂ ਚੰਗਾ ਸਸਤਾ ਪੱਗ ਦੇਹਨ ਉਹਨਾਂ ਦੇ ਵਿਸ਼ਵਾਸੀ ਤੇ ਵਫਾਦਾਰ ਮਿੱਤਰ ਡਲਹੌਜ਼ੀ ਵੱਲੋਂ ਸਤਿਕਾਰ ਸਹਿਤ ਭੇਟਾ ।
ਅਪ੍ਰੈਲ ੫, ੧੮੫੪.”
ਵਲਾਇਤ ਨੂੰ ਜਹਾਜ਼ੇ ਚੜ੍ਹਨ ਤੋਂ ਇਕ ਦਿਨ ਪਹਿਲਾਂ ਡਲਹੌਜ਼ੀ ਨੇ ਮਹਾਰਾਜੇ ਨੂੰ ਇਕ ਵਿਦਾਇਗੀ ਪੱਤਰ ਲਿਖਿਆ
“ਗੋਰਮਿੰਟ ਹਾਊਸ : ੧੮ ਅਪ੍ਰੈਲ, ੧੮੫੪.
“ਮੇਰੇ ਪਿਆਰ ਮਹਾਰਾਜਾ !
“ਹਿੰਦੁਸਤਾਨ ਛੱਡਣ ਤੋਂ ਪਹਿਲਾਂ ਵਿਦਾਇਗੀ ਵਜੋਂ ਮੈਂ ਉਹ ਚੀਜ਼ ਆਪ
ਦੀ ਭੇਟਾ ਕਰਦਾ ਹਾਂ, ਜੋ ਆਉਣ ਵਾਲੇ ਸਮੇਂ ਵਿਚ ਆਪ ਨੂੰ ਮੇਰੀ ਯਾਦ ਕਰਾਉਂਦੀ ਰਹੇਗੀ ।
“ਆਪ ਬੱਚੇ ਹੀ ਸਉ, ਜਾਂ ਦੁਨੀਆਂ ਦੇ ਹੇਰ ਫੇਰ ਨੇ ਆਪ ਨੂੰ ਮੇਰੀ ਰੱਖਿਆ ਵਿਚ ਦਿੱਤਾ । ਓਦੋਂ ਤੋਂ ਕਈ ਹਾਲਤਾਂ ਵਿਚ ਮੈਂ ਆਪ ਨੂੰ ਆਪਣੇ ਪੁੱਤਰ ਸਮਾਨ ਸਮਝਦਾ ਹਾਂ । ਇਸ ਵਾਸਤੇ ਵਿਛੜਨ ਤੋਂ ਪਹਿਲਾਂ ਮੈਂ ਆਪ ਪਾਸ ਉਸ ਪੁਸਤਕ ਦੇ ਪਰਵਾਨ ਕਰਨ ਦੀ ਪ੍ਰਾਰਥਨਾ ਕਰਦਾ ਹਾਂ, ਜੋ ਮੈਂ ਸਾਰੇ ਤੋਹਫਿਆਂ ਨਾਲੋਂ ਉੱਤਮ ਸਮਝ ਕੇ ਆਪਣੇ ਪੁੱਤਰ ਨੂੰ ਦੇਂਦਾ । ਇਸ ਦੁਨੀਆਂ ਤੇ ਆਉਣ ਵਾਲੀ ਦੁਨੀਆਂ ਵਿਚ ਇਹ ਇਕੱਲੀ ਕਿਤਾਬ ਹੀ ਸਾਰੇ ਸੁੱਖਾਂ ਦੀ ਕੁੰਜੀ ਆਪ ਨੂੰ ਪਰਾਪਤ ਹੋਵੇਗੀ ।
“ਮੇਰੇ ਪਿਆਰੇ ਮਹਾਰਾਜ ! ਆਪ ਨੂੰ ਅੰਤਮ ਨਮਸਕਾਰ ਕਰਦਾ ਹਾਂ, ਤੇ ਪ੍ਰਾਰਥਨਾ ਕਰਦਾ ਹਾਂ ਕਿ ਸਦਾ ਮੇਰੇ ‘ਤੇ ਭਰੋਸਾ ਰੱਖਣਾ ।
ਆਪ ਦਾ ਵਿਸ਼ਵਾਸੀ ਮਿੱਤਰ
ਡਲਹੌਜ਼ੀ”
ਲਾਰਡ ਡਲਹੌਜ਼ੀ! ਕੀ ਤੇਰਾ ਖਿਆਲ ਹੈ, ਦਲੀਪ ਸਿੰਘ ਤੈਨੂੰ ਭੁਲਾ ਦੇਵੇਗਾ ? ਉਸ ਦੀ ਤਾਂ ਰੂਹ ਵੀ ਕਈ ਜਨਮ ਤੱਕ ਤੇਰੀਆਂ ਕੀਤੀਆਂ ਨੂੰ ਨਹੀਂ ਭੁਲਾਵੇਗੀ ।
ਹਿੰਦੁਸਤਾਨ ਤੋਂ ਕੂਚ
ਅਗਲੇ ਦਿਨ, ੧੯ ਅਪ੍ਰੈਲ, ੧੮੫੪ ਨੂੰ ਮਹਾਰਾਜਾ ਦਲੀਪ ਸਿੰਘ ਆਪਣੀ ਪਾਰਟੀ ਸਣੇ ਵਲਾਇਤ ਜਾਣ ਵਾਸਤੇ ਕਲਕੱਤੇ ਤੋਂ ਜਹਾਜ਼ੇ ਚੜ੍ਹਿਆ ।
ਤਿੱਜਾ ਕਾਂਡ
ਕਲਕੱਤੇ ਤੋਂ ਤੁਰਨਾ
੧੯ ਅਪ੍ਰੈਲ, ੧੮੫੪ ਨੂੰ ਮਹਾਰਾਜਾ ਦਲੀਪ ਸਿੰਘ ਵਲਾਇਤ ਜਾਣ ਵਾਸਤੇ ਕਲਕੱਤੇ ਤੋਂ ਜਹਾਜ਼ ‘ਤੇ ਚੜ੍ਹਿਆ । ਬੰਗਾਲ ਸਮੁੰਦਰ ਨੂੰ ਚੀਰਦਾ ਹੋਇਆ ਜਹਾਜ਼ ਇਕ ਪਾਸੇ ਹਿੰਦ ਤੇ ਇਕ ਪਾਸੇ ਕਾਲੇ ਪਾਣੀਆਂ ਦੇ ਟਾਪੂ ਛੱਡੀ ਜਾ ਰਿਹਾ ਸੀ। ਏਸ ਸਫਰ ਵਿਚ ਕੋਈ ਖਾਸ ਘਟਨਾ ਨਹੀਂ ਹੋਈ । ‘ਅਦਨ’ ਆਦਿ ਰਾਹ ਦੀਆਂ ਖਾਸ ਥਾਵਾਂ ਉਤੇ ਮਹਾਰਾਜੇ ਨੂੰ ੨੧ ਤੋਪਾਂ ਦੀ ਸਲਾਮੀ ਹੁੰਦੀ ਰਹੀ ।
ਮਿਸਰ ਵਿਚ
ਮਿਸਰ ਵਿਚ ਮਹਾਰਾਜੇ ਦੇ ਸੈਰ ਦਾ ਪ੍ਰਬੰਧ ਹੋਇਆ-ਹੋਇਆ ਸੀ । ਏਥੇ ਸਕੰਦਰੀਆ (Alexandria) ਤੇ ਕਾਹਿਰਾ (Cairo)—ਦੋਹਾਂ ਸ਼ਹਿਰਾਂ ਦੀ ਸੈਰ ਕੀਤੀ । ਕਾਹਿਰਾ ਵਿਚ ਅਮਰੀਕਨ ਮਿਸ਼ਨ ਸਕੂਲ ਵੇਖਿਆ, ਜਿਸ ਵਿਚ ਯਤੀਮ ਲੜਕੀਆਂ ਨੂੰ ਈਸਾਈ ਧਰਮ ਦੀ ਵਿੱਦਿਆ ਪੜ੍ਹਾਈ ਜਾਂਦੀ ਸੀ । ਫਿਰ ਮਿਸਰ ਦੇ ਮਸ਼ਹੂਰ ਮੁਨਾਰੇ ਵੇਖੇ । ਏਥੇ ਇਹ ਸੁਣ ਕੇ, ਕਿ ਇਹ ਹਿੰਦੁਸਤਾਨੀ ਸ਼ਹਿਜ਼ਾਦਾ ਹੈ, ਮੰਗਤਿਆਂ ਦੀ ਭੀੜ ਉਦਾਲੇ ਆ ਹੋਈ, ਜਿਨ੍ਹਾਂ ਨੂੰ ਮਹਾਰਾਜੇ ਨੇ ਲੋੜ ਅਨੁਸਾਰ ਦਾਨ ਦਿੱਤਾ ।
ਫਿਰ ਮਾਲਟਾ ਵੇਖਿਆ । ਏਥੇ ਵੀ ਸਕੰਦਰੀਆ ਵਾਂਗ ੨੧ ਤੋਪਾਂ ਦੀ ਸਲਾਮੀ ਹੋਈ । ‘ਜਬਰਾਲਟਰ’ ਵਿਚ ਸ਼ਾਹੀ ਸਲਾਮੀ ਤਾਂ ਹੋਈ, ਪਰ ਮਹਾਰਾਜਾ ਜਹਾਨੋਂ ਉਤਰਿਆ ਨਹੀਂ ।ਜਿਪਸ ਬੋਰ
ਵਲਾਇਤ ਪੁੱਜਣਾ
੧੮੫੪ ਦੇ ਜੂਨ ਦੇ ਮਹੀਨੇ ਦੇ ਅੱਧਾ ਬੀਤਣ ਤੱਕ ਮਹਾਰਾਜਾ ਲੰਡਨ ਪੁੱਜ ਗਿਆ । ਮਹਾਰਾਜੇ ਦੇ ਵਲਾਇਤ ਵਿਚ ਰਹਿਣ ਵਾਸਤੇ ਕੋਰਟ ਆਫ ਡਾਇਰੈਕਟਰਜ਼ ਉਚੇਚਾ ਮਕਾਨ ਬਣਵਾ ਰਹੀ ਸੀ । ਉਹ ਅਜੇ ਤਿਆਰ ਨਹੀਂ ਸੀ ਹੋਇਆ । ਇਸ ਵਾਸਤੇ ਮਹਾਰਾਜੇ ਨੂੰ ‘ਮਿਵਾਰਟ’ ਦੇ ਕਲੈਰਿਜ ਹੋਟਲ (‘Mivart’s (Claridge’s) Hotel ) ਵਿਚ ਠਹਿਰਨਾ ਪਿਆ ।
ਮਹਾਰਾਜੇ ਦਾ ਲਿਬਾਸ
ਵਲਾਇਤ ਦੇ ਵੱਡੇ-ਵੱਡੇ ਆਦਮੀ ਮਹਾਰਾਜੇ ਨੂੰ ਮਿਲੇ । ਉਸ ਦਾ ਸੁੰਦਰ ਰੂਪ ਤੇ ਮਿਲਨਸਾਰ ਸੁਭਾਅ ਵੇਖ ਕੇ ਸਭ ਬੜੇ ਖੁਸ਼ ਹੋਏ । ਮਹਾਰਾਜਾ ਏਥੇ ਵੀ ਦੇਸੀ ਲਿਬਾਸ ਪਹਿਨਦਾ ਸੀ । ਈਸਾਈ ਹੋ ਕੇ ਤੇ ਵਲਾਇਤ ਵਿਚ ਜਾ ਕੇ ਵੀ ਉਸ ਨੇ ਆਪਣੀ ਪੰਜਾਬੀ ਪੁਸ਼ਾਕ ਨਹੀਂ ਸੀ ਛੱਡੀ । ਉਹ ਰੇਸ਼ਮੀ ਕੁੜਤਾ ਤੇ ਉਪਰ ਸੁਨਹਿਰੀ ਕੰਮ ਵਾਲਾ ਕੋਟ ਪਹਿਨਦਾ ਸੀ, ਸਿੱਖਾਂ ਵਰਗੀ ਪੱਗ ਦੇ ਉੱਤੇ ਹੀਰਿਆਂ ਜੜੀ ਕਲਗੀ ਲਾਉਂਦਾ ਸੀ, ਗਲ ਵਿਚ ਹੀਰਿਆਂ ਤੇ ਮੋਤੀਆਂ ਦੀ ਤਿੱਲੜੀ ਮਾਲਾ ਪਾਉਂਦਾ ਸੀ । ਉਹ ਹਰ ਥਾਂ—ਰਾਜ ਮਹਿਲ ਤੇ ਕੋਰਟ ਆਫ ਡਾਇਰੈਕਟਰਜ਼ ਵਿਚ ਵੀ-ਏਸੇ ਲਿਬਾਸ ਵਿਚ ਜਾਂਦਾ ਸੀ । ਪਿੱਛੇ ਜਹੇ ਉਹ ਅੰਗਰੇਜ਼ੀ ਢੰਗ ਦੇ ਕੋਟ ਪਤਲੂਨ ਵੀ ਪਾਉਣ ਲੱਗ ਪਿਆ ਸੀ’, ਪਰ ਉਸ ਨੇ ਸਿੱਖਾਂ ਵਰਗੀ ਪੱਗ ਆਖਰ ਉਮਰ ਤੱਕ ਨਹੀਂ ਤਿਆਗੀ । ਤੇ ਇਹ ਉਸ ਦੀ ਪੱਗ ਡਲਹੌਜ਼ੀ ਦੀਆਂ ਅੱਖਾਂ ਵਿਚ ਕੰਡੇ ਵਾਂਗ ਰੜਕਦੀ ਸੀ । ੨੨ ਅਕਤੂਬਰ, ੧੮੫੪ ਨੂੰ ਡਲਹੌਜ਼ੀ ਲਿਖਦਾ ਹੈ, “ਉਸ ਦੀ ਪੱਗੜੀ ਹੀ ਉਸ ਦਾ ਵੱਡਾ ਭਾਰਾ ਕੌਮੀ ਨਿਸ਼ਾਨ ਹੈ । ਉਸ ਨੂੰ (ਪੱਗ ਨੂੰ) ਦੂਰ ਕਰ ਦਿਓ, ਫਿਰ ਉਹਦੇ (ਸਰੀਰ) ਵਿਚ ਸਿੱਖੀ ਦਾ ਕੋਈ ਪ੍ਰਗਟ ਨਿਸ਼ਾਨ ਨਹੀਂ ਰਹਿ ਜਾਏਗਾ ।”
ਮਹਾਰਾਜੇ ਦੀ ਰਹਿਣੀ ਬਹਿਣੀ
ਮਹਾਰਾਜਾ ਕੇਸ ਕਟਾ ਕੇ ਤੇ ਈਸਾਈ ਬਣ ਕੇ ਵੀ ਕਲਗੀ ਵਾਲੀ ਪੱਗ ਹੀ ਬੰਨ੍ਹਦਾ ਰਿਹਾ ਸੀ । ਤੇ ਦੁੱਜੀ ਸਿਫਤ, ਬਚਪਨ ਤੋਂ ਹੀ ਈਸਾਈਆਂ ਵਿਚ ਰਹਿੰਦਾ ਹੋਇਆ, ਤੇ ਯੂਰਪ ਦੇ ਮੁਲਕਾਂ ਵਿਚ ਚਾਲੀ ਵਰ੍ਹੇ ਉਮਰ ਦੇ ਕੱਟ ਕੇ ਵੀ ਉਹ ਸ਼ਰਾਬ ਤੋਂ ਬਚਿਆ ਰਿਹਾ । ਲੇਡੀ ਲਾਗਨ ਮੰਨਦੀ ਹੈ, ਕਿ ਉਸ ਨੇ ਉਮਰ ਭਰ ਸ਼ਰਾਬ ਕਦੇ ਨਹੀਂ ਸੀ ਪੀਤੀ* । ਖਾਣੇ ਵਿਚ ਉਹ ਵਿਦੇਸ਼ੀ ਨਾਲੋਂ ਦੇਸੀ ਚੀਜ਼ਾਂ ਵਧੇਰੇ ਪਸੰਦ ਕਰਦਾ ਸੀ ।
ਮਲਕਾ ਤੇ ਦਲੀਪ ਸਿੰਘ
ਮਲਕਾ ਵਿਕਟੋਰੀਆ ਨੇ ਦਲੀਪ ਸਿੰਘ ਨੂੰ ਆਪਣੇ ਮਹਿਲ ਵਿਚ ਪ੍ਰੀਤੀ- ਭੋਜਨ ਦਿੱਤਾ । ਮਹਾਰਾਜੇ ਨੂੰ ਵੇਖ ਕੇ ਮਲਕਾ ਤੇ ਉਸ ਦਾ ਪਤੀ ਪ੍ਰਿੰਸ ਐਲਬਰਟ (Prince Albert) ਬੜੇ ਖੁਸ਼ ਹੋਏ । ਦੋਹਾਂ ਨੇ ਮਹਾਰਾਜੇ ਦਾ ਹੱਦੋਂ ਵੱਧ ਆਦਰ ਕੀਤਾ । ਮਲਕਾ ਨੇ ਮਹਾਰਾਜੇ ਦੀ ਆਦਮ ਕੱਦ ਤਸਵੀਰ ਖਿਚਾਉਣ ਵਾਸਤੇ ਕਿਹਾ, ਜਿਸ ਨੂੰ ਉਹ ਬੜੀ ਖੁਸ਼ੀ ਨਾਲ ਮੰਨ ਗਿਆ । ਤਸਵੀਰ ਖਿਚਵਾਉਣ ਦਾ ਪ੍ਰਬੰਧ ਬੁਕਿੰਘਮ ਮਹਿਲ (Buckingham Palace) ਵਿਚ ਹੋਇਆ, ਜਿਥੇ ਮਹਾਰਾਜਾ ਸਤਵਾਰੇ ਵਿਚ ਦੋ ਵਾਰ ਜਾਂਦਾ । ਹਰ ਵਾਰ ਮਲਕਾ ਤੇ ਪ੍ਰਿੰਸ ਐਲਬਰਟ ਮਹਿਲ ਵਿਚ ਹੁੰਦੇ, ਜੋ ਮਹਾਰਾਜੇ ਨੂੰ ਬੜੇ ਸਤਿਕਾਰ ਨਾਲ ਮਿਲਦੇ ਤੇ ਉਸ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ। ਏਸ ਤਰ੍ਹਾਂ ਇਹਨਾਂ ਵਿਚ ਚੰਗਾ ਮੇਲ-ਮਿਲਾਪ ਹੈ ਗਿਆ ।
ਇਨ੍ਹਾਂ ਦਿਨਾਂ ਵਿਚ ਹੀ ਮਲਕਾ ਵੱਲੋਂ ਡਾਕਟਰ ਲਾਗਨ ਨੂੰ ‘ਸਰ’ (Sir (Knight) ਦਾ ਖਿਤਾਬ ਦਿੱਤਾ ਗਿਆ । ਮਹਾਰਾਜੇ ਦਾ ਦਰਜਾ ਵਲਾਇਤ ਵਿਚ ਯੂਰਪ ਦੇ ਸ਼ਹਿਜ਼ਾਦਿਆਂ ਬਰਾਬਰ ਮੰਨਿਆ ਜਾਂਦਾ ਸੀ । ਜਦੋਂ ਏਸ ਗੱਲ ਦਾ ਆਮ ਲੋਕਾਂ ਵਿਚ ਐਲਾਨ ਕੀਤਾ ਗਿਆ, ਤਾਂ ਮਹਾਰਾਜੇ ਵੱਲੋਂ ਇਕ ਸ਼ਾਨਦਾਰ ਪ੍ਰੀਤੀ-ਭੋਜਨ ਦਾ ਪ੍ਰਬੰਧ ਕੀਤਾ ਗਿਆ ।
ਕੋਹਿਨੂਰ ਤੇ ਮਹਾਰਾਜਾ
ਵਲਾਇਤ ਵਿਚ ਮਹਾਰਾਜੇ ਨਾਲ ਕਦੇ ਕਿਸੇ ‘ਕੋਹਿਨੂਰ’ ਦੀ ਗੱਲ ਕੱਥ ਨਹੀਂ ਸੀ ਕੀਤੀ । ਜਦੋਂ ਉਹ ਮਲਕਾ ਦੇ ਮਹਿਲ ਵਿਚ ਜਾਂਦਾ ਸੀ, ਲੇਡੀ ਲਾਗਨ ਸਦਾ ਨਾਲ ਹੁੰਦੀ ਸੀ । ਇਕ ਦਿਨ ਮਲਕਾ ਨੇ ਲੇਡੀ ਲਾਗਨ ਨੂੰ ਪੁੱਛਿਆ,“ਮਹਾਰਾਜੇ ਨੇ ਕਦੇ ‘ਕੋਹਿਨੂਰ’ ਬਾਬਤ ਕੁਛ ਪੁੱਛਿਆ ਹੈ ? ਉਸ ਬਾਬਤ ਉਹਨੇ ਕਦੇ ਅਫਸੋਸ ਤਾਂ ਨਹੀਂ ਕੀਤਾ ?” ਲੇਡੀ ਲਾਗਨ ਨੇ ਉਤਰ ਦਿੱਤਾ, “ਹਿੰਦ ਵਿਚ ਤਾਂ ਕਈ ਵਾਰ ਉਹ ਹੀਰੇ ਦੀਆਂ ਗੱਲਾਂ ਕਰਦਾ ਹੁੰਦਾ ਸੀ, ਪਰ ਜਦ ਤੋਂ ਵਲਾਇਤ ਵਿਚ ਆਇਆ ਹੈ, ਕਦੇ ਨਾਂ ਨਹੀਂ ਲਿਆ ।” ਮਲਕਾ ਨੇ ਪੱਕੀ ਕੀਤੀ, “ਗਲੀਂ ਬਾਤੀਂ ਮਹਾਰਾਜੇ ਦੇ ਦਿਲੀ ਭਾਵਾਂ ਦਾ ਪਤਾ ਕਰਨਾ, ਤੇ ਪੁੱਛਣਾ ਕਿ ਉਹ ਕੋਹਿਨੂਰ ਵੇਖਣਾ ਚਾਹੁੰਦਾ ਹੈ? ਦੁੱਜੀ ਮੁਲਾਕਾਤ ਵਿਚ ਮੈਨੂੰ ਸਭ ਕੁਛ ਦੱਸਣਾ ।”
ਇਕ ਦਿਨ ਮਹਾਰਾਜਾ ਤੇ ਲੇਡੀ ਲਾਗਨ ਰਿਚਮੰਡ ਪਾਰਕ (Richmand Park) ਵਿਚ ਘੋੜਿਆਂ ਉੱਤੇ ਸੈਰ ਕਰ ਰਹੇ ਸਨ । ਗੱਲਾਂ ਬਾਤਾਂ ਕਰਦਿਆਂ- ਕਰਦਿਆਂ ਲੇਡੀ ਲਾਗਨ ਨੇ ਪੁੱਛਿਆ, “ਮਹਾਰਾਜ! ਕੀ ਕੋਹਿਨੂਰ ਫੇਰ ਵੇਖਣਾ ਚਾਹੁੰਦੇ ਹੋ
ਦਲੀਪ ਸਿੰਘ ਨੇ ਕਿਹਾ, “ ਹਾਂ । ਮੈਂ ਇਕ ਵਾਰ ਆਪਣੇ ਹੱਥ ਵਿਚ ਲੈ ਕੇ ਵੇਖਣਾ ਚਾਹੁੰਦਾ ਹਾਂ ।”
ਲੇਡੀ ਲਾਗਨ :”ਕਿਉਂ? ਕਿਸ ਵਾਸਤੇ ?”
ਦਲੀਪ ਸਿੰਘ :”ਮੈਂ ਇਕ ਵਾਰ ਆਪਣੇ ਹੱਥੀਂ ਮਲਕਾ ਦੀ ਭੇਟਾ ਕਰਨਾਂ’ ਚਾਹੁੰਦਾ ਹਾਂ । ਜਦੋਂ ਅਹਿਦਨਾਮੇ ਰਾਹੀਂ ਮੈਥੋਂ ਕੋਹਿਨੂਰ ਲਿਆ ਗਿਆ ਸੀ, ਓਦੋਂ ਮੈਂ ਅਜੇ ਬੱਚਾ ਸਾਂ, ਤੇ ਹੁਣ ਮੈਂ ਕਾਫੀ ਵੱਡਾ ਹਾਂ, ਤੇ ਸਭ ਕੁਛ ਸਮਝਦਾ ਹਾਂ ।”
ਅਗਲੇ ਦਿਨ ਲੇਡੀ ਲਾਗਨ ਨੇ ਸਭ ਕੁਛ ਮਲਕਾ ਨੂੰ ਜਾ ਦੱਸਿਆ । ਇਕ ਦਿਨ ਦਲੀਪ ਸਿੰਘ ਬੈਠਾ ਤਸਵੀਰ ਖਿਚਵਾ ਰਿਹਾ ਸੀ, ਮਲਕਾ ਨੇ ਕੋਹਿਨੂਰ ਮੰਗਵਾਇਆ ਤੇ ਸਹਿਜ ਨਾਲ ਦਲੀਪ ਸਿੰਘ ਦੇ ਹੱਥ ‘ਤੇ ਜਾ ਧਰਿਆ। ਮਹਾਰਾਜੇ ਨੂੰ ਇਸ ਸਾਰੀ ਗੋਂਦ ਦਾ ਪਤਾ ਨਹੀਂ ਸੀ । ਅਚਨਚੇਤ ਉਸ ਨੇ ਕੋਹਿਨੂਰ ਆਪਣੇ ਹੱਥਾਂ ਵਿਚ ਡਿੱਠਾ । ਹੋਰ ਕੋਈ ਬੰਦਾ ਹੁੰਦਾ, ਤਾਂ ਸ਼ਾਇਦ ਉਸ ਦੇ ਮਨ ਦੀ ਕੀ ਹਾਲਤ ਹੁੰਦੀ, ਪਰ ਦਲੀਪ ਸਿੰਘ ਓਸੇ ਤਰ੍ਹਾਂ ਸ਼ਾਂਤ ਚਿੱਤ ਉਸ ਨੂੰ ਉਲਟਾ ਕੇ ਵੇਖਦਾ ਰਿਹਾ ।
ਮਲਕਾ ਨੇ ਪੁੱਛਿਆ, “ਆਪ ਇਸ ਨੂੰ ਪਛਾਣਦੇ ਹੋ ?”
ਦਲੀਪ ਸਿੰਘ ਨੇ ਬਾਰੀ ਕੋਲ ਜਾ ਕੇ ਉਸ ਨੂੰ ਚੰਗੀ ਤਰ੍ਹਾਂ ਵੇਖਿਆ, ਤੇ ਉੱਤਰ ਦਿੱਤਾ, “ਹਾਂ, ਇਹ ਕੋਹਿਨੂਰ ਹੈ। ਚਮਕ ਤਾਂ ਅੱਗੇ ਨਾਲੋਂ ਵੱਧ ਗਈ ਹੈ, ਪਰ ਪਹਿਲਾਂ ਨਾਲੋਂ ਛੋਟਾ ਹੋ ਗਿਆ ਹੈ ।” ਫਿਰ ਬੜੇ ਆਦਰ ਨਾਲ ਉਸ ਨੇ ਕੋਹਿਨੂਰ ਮਲਕਾ ਦੀ ਭੇਟਾ ਕੀਤਾ, ਤੇ ਚੁੱਪ-ਚਾਪ ਆਪਣੀ ਥਾਂ (ਜਿਥੇ ਬੈਠਾ ਤਸਵੀਰ ਖਿਚਵਾ ਰਿਹਾ ਸੀ) ‘ਤੇ ਜਾ ਬੈਠਾ । ਉਹਦੇ ਚਿਹਰੇ ਉੱਤੇ ਘਬਰਾਹਟ ਜਾਂ ਅਫਸੋਸ ਦਾ ਕੋਈ ਨਿਸ਼ਾਨ ਨਹੀਂ ਸੀ ।
ਮਲਕਾ ਤੇ ਸ਼ਹਿਜ਼ਾਦਿਆਂ ਨਾਲ ਦਲੀਪ ਸਿੰਘ ਦਾ ਮੇਲ ਵੱਧ ਗਿਆ । ਬਹੁਤ ਵਾਰੀ ਮਹਾਰਾਜੇ ਨੂੰ ਪ੍ਰੀਤੀ ਭੋਜਨ ਦਿੱਤੇ ਜਾਂਦੇ ਸਨ । ਉਹ ਔਸਬੋਰਨ (Osborne) ਵਿਚ ਮਲਕਾ ਤੇ ਪ੍ਰਿੰਸ ਕੰਨਸਰਟ (Prince Consirt) ਨੂੰ ਮਿਲਨ ਗਿਆ ।
ਮਹਾਰਾਜੇ ਦਾ ਆਦਰ, ਤੇ ਡਲਹੌਜ਼ੀ ਨੂੰ ਸਾੜਾ
ਇਹ ਫੋਕਾ ਆਦਰ ਵੇਖ ਕੇ ਵੀ ਡਲਹੌਜ਼ੀ ਸਹਾਰ ਨਾ ਸਕਿਆ। ਤੇ ਸਹਾਰਦਾ ਵੀ ਕਿਵੇਂ ? ਉਹ ਨਹੀਂ ਸੀ ਚਾਹੁੰਦਾ ਕਿ ਜਿਸ ਮਹਾਰਾਜੇ ਨੂੰ ਉਸ ਨੇ ਬੜੀ ਬੇਰਹਿਮੀ ਤੇ ਬੇਇਨਸਾਫੀ ਨਾਲ * ਤਖਤੋਂ ਲਾਹ ਕੇ ਧੂੰਏਂ ਦਾ ਫਕੀਰ ਬਣਾ ਦਿੱਤਾ ਸੀ, ਉਸ ਨੂੰ ਵਲਾਇਤ ਦੀ ਮਲਕਾ ਤੇ ਸ਼ਹਿਜ਼ਾਦੇ ਨਾਲ ਬਿਠਾ ਕੇ ਖਾਣਾ ਖੁਆਉਣ । ਉਹ ੨੨ ਅਕਤੂਬਰ, ੧੮੫੪ ਨੂੰ ਲਿਖਦਾ ਹੈ, “ਇਹ ਚੰਗਾ ਹੈ ਕਿ ਮਹਾਰਾਜੇ ਤੇ ਸ਼ਾਹੀ ਘਰਾਣੇ ਦਾ ਮਿਲਾਪ ਔਸਬੈਰਨ (Osborne) ਵਿਚ ਚੰਗੇ ਸਮੇਂ ਹੋਇਆ, ਪਰ ਮੈਨੂੰ ਡਰ ਹੈ ਕਿ ਨਿੱਤ ਵੱਧਦਾ ਰਸੂਖ ਉਸ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਲਾਭਦਾਇਕ ਨਹੀਂ ਹੋਵੇਗਾ । ਜੇ ਉਹ ਵਲਾਇਤ ਵਿਚ ਹੀ ਰਹੇ ਤੇ ਓਥੇ ਹੀ ਮਰ ਜਾਏ, ਤਾਂ ਸਭ ਅੱਛਾ ਹੈ, ਪਰ ਜੇ ਉਸ ਨੇ ਹਿੰਦੁਸਤਾਨ ਵਿਚ ਵਾਪਸ ਆਉਣਾ ਹੈ, ਤਾਂ ਜਿਸ ਦਾ ਵਲਾਇਤ ਵਿਚ ਐਨਾ ਆਦਰ ਕੀਤਾ ਜਾਂਦਾ ਹੈ, ਜੋ ਓਥੇ ਮਲਕਾ ਤੇ ਸ਼ਹਿਜ਼ਾਦਿਆਂ ਦੇ ਨਾਲ ਬਹਿ ਕੇ ਪ੍ਰੀਤੀ-ਭੋਜਨ ਛਕਦਾ ਹੈ, ਉਹ ਏਥੇ ਆਪਣੀ ਪਦਵੀ ਤੇ ਸ਼ਾਨ ਵਿਚ ਤਬਦੀਲੀ ਵੇਖ ਕੇ ਨਿਰਾਸ਼ ਹੋਵੇਗਾ । ਕਿਉਂਕਿ ਹਿੰਦੁਸਤਾਨ ਵਿਚ ਜਦੋਂ ਉਸ ਨੂੰ ਵਾਇਸਰਾਏ ਦੀ ਮੁਲਾਕਾਤ ਵਾਸਤੇ ਹਾਜ਼ਰ ਹੋਣਾ ਪਵੇਗਾ, ਤਾਂ ਉਸ ਨੂੰ ਵਾਇਸਰਾਏ ਦੀ ਦਹਿਲੀਜ਼ ਉੱਤੇ ਜੁੱਤੀ ਲਾਹੁਣੀ ਪਵੇਗੀ, ਤੇ ਇਹ ਕੁਛ ਜ਼ਰੂਰੀ ਕਰਨਾ ਪਵੇਗਾ, ਤਾਂ ਉਹ ਇਸ ਕੰਮ ਨੂੰ ਪਸੰਦ ਨਹੀਂ ਕਰੇਗਾ’ ।”
ਪ੍ਰਿੰਸ ਆਫ ਵੇਲਜ਼ Prince of Wales, ਪ੍ਰਿੰਸ ਐਲਫਰਡ Alfred ਤੇ ਦਲੀਪ ਸਿੰਘ ਵਿਚ ਪਿਆਰ ਦੇ ਚਿੱਠੀ ਪੱਤਰ ਸ਼ੁਰੂ ਹੋ ਗਏ ਸਨ । ਉਹਨਾਂ ਆਪਸ ਵਿਚ ਆਪਣੇ ਫੋਟੋ ਵਟਾਏ ਸਨ, ਤੇ ਇਕ ਦੁੱਜੇ ਦੇ ਜਨਮ ਦਿਨ ਉੱਤੇ ਮਿਤਰਾਨੇ ਵਜੋਂ ਤੁਹਫੇ ਭੇਜੇ ਜਾਂਦੇ ਸਨ । ਮਹਾਰਾਜੇ ਦੇ ਜਨਮ ਦਿਨ ਉੱਤੇ ਮਲਕਾ ਵੀ ਤੁਹਫੇ ਘਲਦੀ ਹੁੰਦੀ ਸੀ । ਪਾਰਲੀਮੈਂਟ ਵਿਚ ਵੀ ਮਹਾਰਾਜਾ ਮਲਕਾ ਦੇ ਕੋਲ ਬਹਿੰਦਾ ਹੁੰਦਾ ਸੀ ।
ਲਾਰਡ ਹਾਰਡਿੰਗ ਨੇ ਮਹਾਰਾਜੇ ਨੂੰ ਆਪਣੇ ਘਰ ਬੁਲਾ ਕੇ ਪ੍ਰੀਤੀ ਭੋਜਨ ਦਿੱਤਾ । ਫਿਰ ਕੁਛ ਸਮੇਂ ਵਾਸਤੇ ਉਹ ਸਕਾਟਲੈਂਡ ਵਿਚ ਸੈਰ ਕਰਨ ਗਿਆ । ਈਡਨਬਰਗ Edinburg ਵਿਚ ਉਹ ਲਾਰਡ ਮਾਰਟਨ Morton ਦੇ ਘਰ ਰਿਹਾ। ਵਾਪਸ ਮੁੜਦਾ ਹੋਇਆ ਯਾਰਕਸ਼ਾਇਰ Yarkshaire ਵਿਚ ਸਰ ਚਾਰਲਸ ਵੁੱਡ Charles Wood ਦੇ ਘਰ ਹਿਕਲਟਨ ਹਾਲ Hickleton Hall ਵਿਚ ਮਹਾਰਾਜਾ ਇਕ ਹਫਤਾ ਰਿਹਾ।
ਯੂਨੀਵਰਸਿਟੀ ਵਿਚ ਦਾਖ਼ਲ ਹੋਣ ਦੀ ਆਗਿਆ ਨਾ ਮਿਲੀ
ਵਲਾਇਤ ਪੁੱਜਣ ਉੱਤੇ ਕੰਪਨੀ ਵੱਲੋਂ ਪਹਿਲਾਂ ਕੁਛ ਚਿਰ ਵਿੰਬਲਡਨ Winbledon ਵਿਚ ਤੇ ਫਿਰ ਰੋਹੈਂਪਟਨ Roehampton ਵਿਚ ਮਹਾਰਾਜੇ ਨੂੰ ਨਿਵਾਸ ਦਿੱਤਾ ਗਿਆ । ਏਥੇ ਉਸਨੇ ਯੂਨੀਵਰਸਿਟੀ ਪਾਸ ਕਰਨ ਦੀ ਇੱਛਿਆ ਪ੍ਰਗਟ ਕੀਤੀ, ਪਰ ਸਰਕਾਰ ਹਿੰਦ ਵੱਲੋਂ ਇਸਦੀ ਆਗਿਆ ਨਾ ਮਿਲੀ । ਡਲਹੌਜ਼ੀ ਤਾਂ ਪਹਿਲਾਂ ਹੀ ਮਹਾਰਾਜੇ ਨੂੰ ਉੱਚੀ ਵਿੱਦਿਆ ਦੇਣ ਦੇ ਵਿਰੁੱਧ ਸੀ । ਫਤਿਹਗੜ੍ਹ ਵਿਚ ਵੀ ਉਸਨੇ ਇਸ ਗੱਲ ‘ਤੇ ਇਤਰਾਜ਼ ਕੀਤਾ ਸੀ । ਵਲਾਇਤ ਵਿਚ ਵੀ ਉਹ ਮਹਾਰਾਜੇ ਦਾ ਯੂਨੀਵਰਸਿਟੀ ਦੇ ਸਕੂਲ ਵਿਚ ਦਾਖਲ ਹੋਣਾ ਨਾ ਮੰਨਿਆ, ਤੇ ਬਹਾਨਾ ਇਹ ਕੀਤਾ, ਕਿ ਨਾ ਜਾਣੀਏ ਮਹਾਰਾਜੇ ਨੂੰ ਸਕੂਲ ਵਿਚ ਕਦੇ ਮਾਰ ਪਵੇ, ਤਾਂ ਸਰਕਾਰ ਹਿੰਦ ਇਹ ਦੁੱਖ ਸਹਾਰ ਨਹੀਂ ਸਕੇਗੀ । ਲਾਗਨ ਨੇ (ਡਲਹੌਜ਼ੀ ਦਾ ਭਾਵ) ਮਹਾਰਾਜੇ ਨੂੰ ਸਮਝਾਇਆ ਕਿ ਯੂਨੀਵਰਸਿਟੀ ਵਿਚ ਦਾਖਲ ਹੋਣ ਨਾਲ ਉਸਦੀ ਉੱਚੀ ਪਦਵੀ ਤੇ ਸ਼ਾਨ ਵਿਚ ਫਰਕ ਆਉਂਦਾ ਹੈ ਤੇ ਗੌਰਮਿੰਟ ਨੂੰ ਇਹ ਪਰਵਾਨ ਨਹੀਂ । ਪਰ ਹੈਰਾਨੀ ਦੀ ਗੱਲ ਹੈ ਕਿ ਮਲਕਾ ਨੇ ਆਪਣੇ ਪੁੱਤਰ ਉਸ ਵੇਲੇ ਔਕਸਫੋਰਡ Oxford ਤੇ ਕੈਂਬਰਿਜ Cambridge ਯੂਨੀਵਰਸਿਟੀ ਵਿਚ ਦਾਖਲ ਕਰਾਏ ਸਨ।
ਏਥੇ ਮਹਾਰਾਜਾ ਜਰਮਨੀ, ਫਰਾਂਸ ਤੇ ਇਟਲੀ ਦੀਆਂ ਬੋਲੀਆਂ ਪੜ੍ਹਦਾ ਸੀ । ਰੋਹੈਂਪਟਨ ਵਿਚ ਰਹਿੰਦਿਆਂ ਹੋਇਆਂ ਉਹ ਪਰਥਸ਼ਾਇਰ (Parthshire) ਵਿਚ ਸ਼ਕਾਰ ਖਿਹਡਣ ਗਿਆ ਸੀ ।
ਮੈਨਜੀਜ਼
ਏਥੇ ਕੁਛ ਚਿਰ ਵਾਸਤੇ ਮਹਾਰਾਜੇ ਨੇ ਕੈਸਲ ਮੈਨਜੀਜ਼ Castle Menzies ਕਰਾਏ ‘ਤੇ ਲੈ ਲਿਆ । ਜਿੰਨਾ ਚਿਰ ਏਥੇ ਰਿਹਾ, ਉਸ ਕੋਲ ਪਰਾਹੁਣਿਆਂ ਤੇ ਸ਼ਕਾਰੀਆਂ ਦੀ ਭੀੜ ਲੱਗੀ ਰਹੀ। ਪੰਜਾਬ ਵਿਚ ਤੇ ਫਿਰ ਫਤਿਹਗੜ ਵਿਚ ਵੀ ਉਹ ਬਾਜ਼ਾਂ ਨਾਲ ਸ਼ਕਾਰ ਖਿਹਡਦਾ ਹੁੰਦਾ ਸੀ, ਤੇ ਏਹਾ ਸਭਾ ਵਲਾਇਤ ਵਿਚ ਵੀ ਰਿਹਾ। ਡਲਹੌਜ਼ੀ ਨੂੰ ਇਹ ਵੀ ਰੜਕਦਾ ਸੀ । ਉਹ ਲਿਖਦਾ ਹੈ,“ (ਉਸਦਾ) ਬਾਜ਼ਾਂ ਨਾਲ ਸ਼ਿਕਾਰ ਖਿਹਡਣ ਦਾ ਸ਼ੌਕ ਨਿਰੋਲ ਸਿੱਖੀ ਸੁਭਾ ਹੈ । ਸਿੱਖ ਬਾਜ਼ ਬਹੁਤੇ ਰਖਦੇ ਸਨ ।”
ਬੰਦਸ਼ਾਂ ਹਟਾਓ ਤੇ ਪੈਨਸ਼ਨ ਦਾ ਹਿਸਾਬ ਦਿਹੋ
ਭਰੋਵਾਲ ਦੀ ਸੁਲ੍ਹਾ ਅਨੁਸਾਰ ੪ ਸਤੰਬਰ, ੧੮੫੪ ਈ. ਨੂੰ ਮਹਾਰਾਜੇ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ ਜਾਣੀਆਂ ਸਨ । ਇਸ ਵੇਲੇ ਉਸਨੇ ੧੬ ਸਾਲ ਦੀ ਉਮਰ ਦਾ ਜੁਆਨ (ਬਾਲਗ) ਹੋ ਜਾਣਾ ਸੀ । ਅਕਤੂਬਰ ੧੯੫੪ ਵਿਚ ਮਹਾਰਾਜੇ ਨੇ ਲਾਗਨ ਨੂੰ ਕਿਹਾ, “ਹਿੰਦੀ ਕਾਨੂੰਨ ਅਨੁਸਾਰ ਮੈਂ ਹੁਣ ਜੁਆਨ (ਬਾਲਗ) ਹੋ ਗਿਆ ਹਾਂ, ਸੋ ਮੇਰੇ ਘਰ ਤੋਂ ਸਭ ਬੰਦਸ਼ਾਂ ਹਟਾ ਦਿੱਤੀਆਂ ਜਾਣ । ਮੈਨੂੰ ਆਪਣਾ ਪਰਬੰਧ ਆਪ ਕਰਨ ਦੀ ਆਗਿਆ ਮਿਲ ਜਾਏ, ਤੇ ਸੁਲ੍ਹਾ ਅਨੁਸਾਰ ਘੱਟ ਤੋਂ ਘੱਟ ਚਾਰ ਲੱਖ ਦਾ ਹਿਸਾਬ ਮੇਰੇ ਹੱਥਾਂ ਵਿਚ ਦਿੱਤਾ ਜਾਵੇ ।” ਮਹਾਰਾਜੇ ਦੇ ਆਖਣ ਉੱਤੇ ਲਾਗਨ ਨੇ ਡਲਹੌਜ਼ੀ ਨੂੰ ਲਿਖਿਆ, ਜਿਸਦਾ ਡਲਹੌਜ਼ੀ ਨੇ ਕੋਈ ਤਸੱਲੀ-ਬਖਸ਼ ਉੱਤਰ ਨਾ ਦਿੱਤਾ।
ਦਲੀਪ ਸਿੰਘ ਦੋ ਸਾਲ ਵਾਸਤੇ ਵਲਾਇਤ ਗਿਆ ਸੀ । ਸਮਾਂ ਪੂਰਾ ਹੋਣ ਪਿੱਛੋਂ ਉਸਨੇ ਹਿੰਦੁਸਤਾਨ ਮੁੜਨ ਦੀ ਆਗਿਆ ਮੰਗੀ, ਪਰ ਸਿਰਫ ਯੂਰਪ ਦੇ ਕੁਛ ਮੁਲਕਾਂ ਦੀ ਸੈਰ ਕਰਨ ਦੀ ਆਗਿਆ ਮਿਲੀ ।
ਦਸੰਬਰ, ੧੮੫੬ ਵਿਚ ਇੰਗਲੈਂਡ ਤੋਂ ਮਹਾਰਾਜਾ ਤੁਰਿਆ । ਉਸਦੇ ਨਾਲ ਲਾਗਨ, ਲੇਡੀ ਲਾਗਨ ਤੇ ਮਹਾਰਾਜੇ ਦਾ ਦੋਸਤ ਰੋਨਲਡ ਲੈਜ਼ਲੀ ਮੈਲਵਿਲ Ronald Laslie Melville ਸੀ । ਇਹ ਫੈਸਲਾ ਸੀ ਕਿ ਮਹਾਰਾਜਾ ਗੁਪਤ ਤੌਰ ‘ਤੇ ਮਿਸਟਰ ਲਾਗਨ ਨਾਮ ਰਖਕੇ ਸਫਰ ਕਰੇ ।
ਇਟਲੀ ਵਿਚ, ਕਾਲਾ ਸ਼ਹਿਜ਼ਾਦਾ
ਪੁਰਾਤਨ ਢੰਗ ਅਨੁਸਾਰ ਸਾਮਾਨ ਆਪਣਿਆਂ ਛਕੜਿਆਂ ‘ਤੇ ਲੱਦ ਕੇ ਇਹ ਪਾਰਟੀ (ਜਥਾ) ਤੁਰੀ । ਪਹਿਲਾ ਪੜਾ ਮਾਰਸੇਲਜ਼ Marseilles ਵਿਚ ਕੀਤਾ । ਏਥੋਂ ਅੱਗੇ ਰੂਮ ਸਾਗਰ ਦੇ ਕੰਢੇ ਕੈਨਸ (Cannes) ਪੁੱਜੇ । ਏਥੇ ੨ ਜਨਵਰੀ, ੧੮੫੭ ਤੋਂ ਪਹਿਲਾਂ ਜਾ ਪੁੱਜੇ ਸਨ । ਏਥੇ ਇਕ ਅਨੋਖੀ ਘਟਨਾ ਹੋਈ । ਇਕ ਘਰ ਲਾਗਨ ਆਦਿ ਬੁਲਾਏ ਹੋਏ ਰੋਟੀ ਖਾਣ ਗਏ, ਪਰ ਮਹਾਰਾਜਾ ਨਾ ਗਿਆ । ਘਰ ਵਾਲੀ ਮਹਾਰਾਜੇ ਦੇ ਨਾ ਆਉਣ ਉੱਤੇ ਅਫਸੋਸ ਕਰ ਰਹੀ ਸੀ, ਜਾਂ ਉਸਦੀ ਛੋਟੀ ਲੜਕੀ ਲੇਡੀ ਲਾਗਨ ਦੇ ਕੋਲ ਆ ਕੇ ਪੁੱਛਣ ਲੱਗੀ, “ਕੀ ਮਹਾਰਾਜਾ ਸੱਚਮੁੱਚ ਕਾਲਾ ਹੈ?” ਇਹ ਸੁਣ ਕੇ ਘਰ ਵਾਲੀ ਬੜੀ ਸ਼ਰਮਸਾਰ ਹੋਈ, ਤੇ ਲੜਕੀ ਨੂੰ ਘੂਰੀ ਵੱਟ ਕੇ ਕਹਿਣ ਲੱਗੀ, “ਤੈਨੂੰ ਕੀਹਨੇ ਦੱਸਿਆ ਏ ?” ਤਾਂ ਲੜਕੀ ਨੇ ਭੋਲੇ-ਭਾ ਹੀ ਕਹਿ ਦਿੱਤਾ, “ਤੁਸੀਂ ਜੋ ਸਵੇਰੇ ਕਾਲੇ ਮਹਾਰਾਜੇ ਦੀਆਂ ਗੱਲਾਂ ਕਰਦੇ ਸੀ ।” ਇਹ ਸਾਰੀ ਕਹਾਣੀ ਮਹਾਰਾਜੇ ਨੂੰ ਸੁਣਾਈ ਗਈ, ਤਾਂ ਉਸਨੇ ਛੋਟੀ ਲੜਕੀ ਨੂੰ ਕੋਲ ਸੱਦ ਕੇ, ਉਸ ਨਾਲ ਹੱਸਦਿਆਂ ਗੱਲਾਂ ਬਾਤਾਂ ਕੀਤੀਆਂ । ਲੜਕੀ ਬੜੀ ਖੁਸ਼ ਹੋਈ, ਤੇ ਘਰ ਜਾ ਕੇ ਕਹਿਣ ਲੱਗੀ,“ਮਹਾਰਾਜਾ ਕਾਲਾ ਨਹੀਂ। ਲੋਕ ਐਵੇਂ ਕਹਿੰਦੇ ਨੇ । ਉਹ ਬਹੁਤ ਸੋਹਣਾ वै।”
ਰੋਮ ਵਿਚ
ਕੈਨਸ ਦੇ ਨੇੜੇ ਤੇੜੇ ਪਹਾੜੀਆਂ ਦੀ ਸੈਰ ਕਰਕੇ ਉਹ ਫਿਰ ਅਰ੍ਹਾਂ ਤੁਰੇ ਤੇ ੧੯ ਜਨਵਰੀ ਤੋਂ ਪਹਿਲਾਂ ਜਨੋਆ (Genoa) ਪੁੱਜ ਗਏ । ਏਥੋਂ ਦੀਆਂ ਮਸ਼ਹੂਰ ਥਾਂਵਾਂ ਦੀ ਸੈਰ ਕਰਕੇ ਫਲੋਰੈਂਸ (Florence) ਪੁੱਜੇ, ਜੋ ਖਾਸ ਕਰ ਵੰਨ ਸੁਵੰਨੇ ਫੁੱਲਾਂ ਕਰਕੇ ਮਸ਼ਹੂਰ ਹੈ । ਏਥੇ ਕੁਛ ਪਤਵੰਤਿਆਂ ਬੰਦਿਆਂ ਨੂੰ ਮਿਲ ਮਿਲਾ ਕੇ ਮਸ਼ਹੂਰ ਸ਼ਹਿਰ ਰੋਮ (Rome) ਪੁੱਜੇ । ਇਕ ਦਿਨ ਏਥੇ ਪੋਪ ਦੀ ਅਸਵਾਰੀ ਜਾਂਦੀ ਵੇਖੀ, ਜਿਸਨੂੰ ਰੋਮ ਦੇ ਲੋਕ ਗੋਡਿਆਂ ਭਾਰ ਹੋ ਕੇ ਸਲਾਮ ਕਰਦੇ ਸਨ । ਰੋਮ ਵਿਚ ਮਹੀਨਾ-ਕੁ ਰਹੇ। ਏਥੋਂ ਦੇ ਖਾਸ ਖਾਸ ਥਾਂ, ਪੋਪ ਦਾ ਮਹਿਲ, ਪਾਰਲੀਮੈਂਟ ਘਰ, ਗਿਰਜੇ, ਲੈਕਚਰ ਹਾਲ, ਥੀਏਟਰ ਤੇ ਫੋਟੋਗ੍ਰਾਫਰਾਂ ਦੇ ਮੂਰਤ-ਘਰ (Studio) ਵੇਖੋ ਤੇ ਲੈਕਚਰ ਤੇ ਰਾਗ ਸੁਣੇ ।
ਪੌਂਪੇ ਦੇ ਖੰਡਰ
੧੨ ਮਾਰਚ ਨੂੰ ਰੋਮ ਤੋਂ ਤੁਰੇ ਤੇ ਸਹਿਜ-ਸਹਿਜ ਨੇਪਲਜ਼ (Naples) ਜਾ ਪੁੱਜੇ । ਏਥੇ ਵਿਕਟੋਰੀਆ (Victoria) ਹੋਟਲ ਵਿਚ ਠਹਿਰੇ । ਏਥੋਂ ਹੀ ਪੌਪੇ (Pompeii) ਤੇ ਹਰਕੂਲੇਨੀਅਮ (Herculaneum) ਦੇ ਮਸ਼ਹੂਰ ਖੰਡਰ ਵੇਖੇ । ਇਕ ਪਾਸੇ ਸਮੁੰਦਰ ਤੇ ਇਕ ਪਾਸੇ ਉੱਚਾ ਜਵਾਲਾਮੁਖੀ ਵਿਸੂਵੀਅਸ (Vesuvius) ਪਹਾੜ ਸੀ । ਕਦੇ, ਦੋ ਕੁ ਹਜ਼ਾਰ ਸਾਲ ਪਹਿਲਾਂ ਇਹ ਦੋਵੇਂ-ਪੌਂਪੇ ਤੇ ਹਰਕੂਲੇਨੀਅਮ—ਸ਼ਹਿਰ ਬੜੀ ਸ਼ਾਨ ਨਾਲ ਵਸਦੇ ਸਨ । ਇਕ ਦਿਨ ਏਸੇ ਜਵਾਲਾਮੁਖੀ ਵਿਸੂਵੀਅਸ ਵਿਚੋਂ ਐਨੀ ਬਲਦੀ ਰਾਖ ਨਿਕਲ ਕੇ ਏਸ ਪਾਸੇ ਪਈ, ਜਿਸ ਥੱਲੇ ਦੋਵੇਂ ਸ਼ਹਿਰ ਦੱਬੇ ਗਏ । ਘੁੱਗ ਵਸਦੇ ਸ਼ਹਿਰ, ਸੁੰਦਰ ਅਟਾਰੀਆਂ ਤੇ ਰਮਣੀਕ ਸੈਰਗਾਹਾਂ ਸਭ ਸੁਆਹ ਦੇ ਢੇਰ ਵਿਚ ਬਦਲ ਗਈਆਂ । ਏਥੋਂ ਤੱਕ ਕਿ ਬਾਕੀ ਦੁਨੀਆਂ ਨੂੰ ਯਾਦ ਵੀ ਨਾ ਰਿਹਾ ਕਿ ਏਥੇ ਵੀ ਕਦੇ ਕੋਈ ਵਸੋਂ ਸੀ । ਕਈ ਸਦੀਆਂ ਪਿਛੋਂ ਇਕੇਰਾਂ ਨੇਪਲਜ਼ ਸ਼ਹਿਰ ਵਾਸਤੇ ਪਾਣੀ ਦੇ ਨਲਕੇ ਦੱਬਣ ਲਈ ਖੁਦਾਈ ਕਰਦਿਆਂ, ਦੱਬੀ ਹੋਈ ਵਸੋਂ ਦੇ ਕੁਝ ਨਿਸ਼ਾਨ ਮਿਲੇ, ਤੇ ਸਹਿਜ-ਸਹਿਜ ਦੋਵੇਂ ਸ਼ਹਿਰ ਕੱਢ ਲਏ ਗਏ। ਛੱਤਾਂ ਤੋਂ ਬਿਨਾਂ ਮਕਾਨ ਖਲੇ ਨੇ, ਉਚੇ ਸਿੱਧੇ ਥੰਮ, ਬਾਰਾਂਦਰੀਆਂ, ਮਹਿਲ, ਅਦਾਲਤਾਂ, ਪੱਥਰ ਦੀਆਂ ਮੂਰਤੀਆਂ । ਦੁਨੀਆਂ ਦੇ ਮਸ਼ਹੂਰ ਅਚੰਭਿਆਂ ਵਿਚੋਂ ਇਕ ਹੈ, ਜੋ ਬੀਤੀਆਂ ਜ਼ਿੰਦਗੀਆਂ ਦੀ ਰਹਿ ਚੁੱਕੀ ਯਾਦ ਹੈ ।
੨੪ ਮਾਰਚ ਨੂੰ ਨੇਪਲਜ਼ ਤੋਂ ਤੁਰੇ, ਲੈਘੋਰਨ (Leghorn) ਤੱਕ ਸਟੀਮਰ (ਸਟੀਮ ਨਾਲ ਚੱਲਣ ਵਾਲਾ ਛੋਟਾ ਜਹਾਜ਼) ਉੱਤੇ ਗਏ, ਤੇ ਫਿਰ ਫਲੌਰੈਂਸ ਤੇ ਬੋਲੋਗਨਾ (Bologna) ਰਾਹੀਂ ਪਾਡਾ (Padua) ਪੁੱਜੇ । ਏਥੋਂ ਰੇਲ ਰਾਹੀਂ ਪਹਿਲੀ ਅਪ੍ਰੈਲ ਨੂੰ ਵੀਨਸ (Venice) ਅਪੜੇ । ਦੋ-ਕੁ ਹਫਤੇ ਏਥੇ ਰਹਿ ਕੇ ਫਿਰ ਪਾਡਾ ਵਿਚ ਆਏ। ਏਥੇ ਮਹਾਰਾਜਾ ਕੁਛ ਦਿਨ ਬੀਮਾਰ ਰਿਹਾ । ੨੦ ਅਪ੍ਰੈਲ ਨੂੰ ਬਰੇਸੀਆ (Brescia) ਪੁੱਜੇ । ੨੨ ਅਪ੍ਰੈਲ ਨੂੰ ਮੀਲਾਨ (Milan) ਤੇ ਪਹਿਲੀ ਮਈ ਨੂੰ ਤੁਰਨ (Turin) ਆ ਅਪੜੇ । ਵਾਪਸੀ ਉੱਤੇ ੬ ਮਈ ਨੂੰ ਜਨੀਵਾ (Geneva) ਪੁੱਜੇ । ਏਥੇ ਪੰਜ ਦਿਨ ਰਹੇ, ਤੇ ਫਿਰ ਸਹਿਜ-ਸਹਿਜ ਵਲਾਇਤ ਨੂੰ ਮੁੜ ਪਏ । ਅੰਤ ਏਸੇ ਮਹੀਨੇ ਇੰਗਲੈਂਡ ਪੁੱਜ ਗਏ ।
ਅਵਧ ਰਾਜ ਜ਼ਬਤ
੭ ਫਰਵਰੀ, ੧੮੫੬ ਈ: ਨੂੰ ਡਲਹੌਜ਼ੀ ਨੇ ਅਵਧ ਰਾਜ ਜ਼ਬਤ ਕੀਤਾ। ਓਥੋਂ ਦੇ ਬਾਦਸ਼ਾਹ ਵਾਜਿਦ ਅਲੀ ਨੂੰ ੧੫ ਲੱਖ ਰੁਪਏ ਸਾਲਾਨਾ ਪੈਨਸ਼ਨ (ਸਿਰਫ ਉਸ ਦੇ ਜ਼ਾਤੀ ਖਰਚਾਂ ਵਾਸਤੇ) ਦਿੱਤੀ, ਤੇ ਉਸ ਦੇ ਬਾਕੀ ਸੰਬੰਧੀਆਂ ਤੇ ਨੌਕਰਾਂ ਵਾਸਤੇ ਇਸ ਤੋਂ ਵੱਖਰਾ ਗੁਜ਼ਾਰਾ ਦਿੱਤਾ ਗਿਆ । ਇਹ ਪਹਿਲੀ ਘਟਨਾ ਸੀ, ਜਿਸ ਨੂੰ ਦਲੀਪ ਸਿੰਘ ਆਪਣੇ ਨਾਲ ਤੋਲ ਸਕਦਾ ਸੀ । ਇਸ ਨੇ ਮਹਾਰਾਜੇ ਦੇ ਦਿਲ ‘ਤੇ ਬੜਾ ਅਸਰ ਕੀਤਾ । ਉਹ ਹੈਰਾਨ ਸੀ ਕਿ ਐਨਾ ਫਰਕ ਕਿਉਂ ? ਵਾਜਿਦ ਅਲੀ ਇਕੱਲੇ ਵਾਸਤੇ ੧੫ ਲੱਖ ਸਾਲਾਨਾ ਤੇ ਮੇਰੇ ਤੇ ਮੇਰੇ ਪਰਿਵਾਰ ਤੇ ਨੌਕਰਾਂ ਵਾਸਤੇ ੪- ੫ ਲੱਖ ?
੯ ਦਸੰਬਰ, ੧੮੫੬ ਦੀ ਚਿੱਠੀ
ਮਹਾਰਾਜੇ ਦੇ ਹਿੰਦੁਸਤਾਨ ਮੁੜਨ ਦਾ ਸਮਾਂ ਵੀ ਨੇੜੇ ਆ ਰਿਹਾ ਸੀ । ਸੋ ਉਸ ਨੇ ਸਰਕਾਰ ਨਾਲ ਲਿਖਾ ਪੜ੍ਹੀ ਸ਼ੁਰੂ ਕਰ ਦਿੱਤੀ । ਇਟਲੀ ਨੂੰ ਤੁਰਨ ਤੋਂ ਪਹਿਲਾਂ ੯ ਦਸੰਬਰ, ੧੮੫੬ ਨੂੰ ਉਸ ਨੇ ਈਸਟ ਇੰਡੀਆ ਕੰਪਨੀ, ਕੋਰਟ ਆਫ ਡਾਇਰੈਕਟਰਜ਼ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਚਿੱਠੀ ਲਿਖੀ ।
“ਹਿੰਦੁਸਤਾਨ ਦੇ ਕਾਨੂੰਨ ਅਨੁਸਾਰ ਮੈਂ ਜੁਆਨ (ਬਾਲਗ) ਹੋ ਗਿਆ ਹਾਂ। ਹੁਣ ਮੈਂ ਆਪਣਾ ਪ੍ਰਬੰਧ ਆਪ ਕਰਨ ਦਾ ਹੱਕਦਾਰ ਹਾਂ ਤੇ ਖਾਹਸ਼ਮੰਦ ਵੀ । ਅਗਲੇ ਅਕਤੂਬਰ ਵਿਚ ਮੇਰੇ ਹਿੰਦੁਸਤਾਨ ਤੁਰਨ ਤੋਂ ਪਹਿਲਾਂ, ਮੇਰੀ ਆਉਣ ਵਾਲੀ ਜ਼ਿੰਦਗੀ ਤੇ ਪਦਵੀ ਬਾਰੇ ਹਰ ਗੱਲ ਦਾ ਸਾਫ-ਸਾਫ ਫੈਸਲਾ ਹੋ ਜਾਣਾ ਚਾਹੀਦਾ ਹੈ । ਮੈਂ ਬੇਨਤੀ ਕਰਦਾ ਹਾਂ ਕਿ ਆਪ ਆਪਣੀ ਪਹਿਲੀ ਫੁਰਸਤ ਵਿਚ ਇਹ ਮਾਮਲਾ ਕੋਰਟ ਆਫ ਡਾਇਰੈਕਟਰਜ਼ ਦੇ ਧਿਆਨ ਵਿਚ ਲਿਆਓ, ਤਾਂ ਕਿ ਗਵਰਨਰ-ਜੈਨਰਲ ਨੂੰ ਆਪਣਾ ਫੈਸਲਾ ਦੇਣ ਵਾਸਤੇ ਕਾਫੀ ਸਮਾਂ ਮਿਲ ਜਾਵੇ ।
“ਮੈਂ ਆਸ ਰੱਖਦਾ ਹਾਂ ਕਿ ਮੇਰੀ ਆਉਣ ਵਾਲੀ ਜ਼ਿੰਦਗੀ ਦੇ ਪ੍ਰਬੰਧ ਬਾਰੇ ਫੈਸਲਾ ਕਰਨ ਵੇਲੇ, ਉਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ, ਜਿਸ ਹਾਲਤ ਥੱਲੇ ਮੈਂ ਸਰਕਾਰ ਅੰਗਰੇਜ਼ੀ ਦੀ ਰੱਖਿਆ ਵਿਚ ਲਿਆ ਗਿਆ ਸਾਂ ।
“ਦਸ ਸਾਲ ਦੀ ਛੋਟੀ ਉਮਰ ਵਿਚ ਮੈਨੂੰ ਪੰਜਾਬ ਦਾ ਤਖਤ ਛੱਡਣ ਵਾਸਤੇ ਕਿਹਾ ਗਿਆ ਸੀ । ਮੈਂ ਆਪਣੇ ਉਸ ਸਮੇਂ ਦੇ ਵਜ਼ੀਰ ਬਜ਼ੁਰਗਾਂ ਦੀ ਸਲਾਹ ਤੇ ਉਪਦੇਸ਼ ਨਾਲ ਉਹ ਸ਼ਰਤਾਂ ਮੰਨ ਲਈਆਂ, ਜੋ ਸਰਕਾਰ ਹਿੰਦ ਨੇ ਮੇਰੇ ਉੱਤੇ ਲਾਈਆਂ । ਕਿਉਂਕਿ ਉਹਨਾਂ ਹਾਲਤਾਂ ਵਿਚ ਉਹ ਸਭ ਨਾਲੋਂ ਚੰਗੀਆਂ ਤੇ ਲਾਭਦਾਇਕ ਦੱਸੀਆਂ ਗਈਆਂ ਸਨ ।
ਮੈਂ ਸਰਕਾਰ ਦੀ ਰਾਖੀ ਵਿਚ ਰੱਖਿਆ ਗਿਆ, ਤੇ ਮੇਰੀ ਰਿਹਾਇਸ਼ ਉੱਤੇ ਕੁਛ ਬੰਦਸ਼ਾਂ ਲਾਈਆਂ ਗਈਆਂ। ਮੈਨੂੰ ਉਹਨਾਂ ਦਾ ਕੋਈ ਅਫਸੋਸ ਨਹੀਂ। ਪਰ ਹੁਣ ਮੇਰੇ ਬਦਲੇ ਹੋਏ ਹਾਲਾਤ ਵਿਚ ਉਹ ਦੁਖਦਾਈ ਪ੍ਰਤੀਤ ਹੁੰਦੀਆਂ ਹਨ । ਖਾਸ ਕਰ ਆਮਦਨ, ਜੋ ਮੇਰੇ ਹਿੱਸੇ ਆਉਂਦੀ ਹੈ, ਜੇ ਅਹਿਦਨਾਮੇ ਦੇ ਅੱਖਰੀ ਅਰਥ ਲਏ ਜਾਣ, ਤਾਂ ਜਿਨ੍ਹਾਂ ਵਜ਼ੀਰਾਂ ਨੇ ਮੇਰੇ ਵੱਲੋਂ ਅਹਿਦਨਾਮਾ ਕੀਤਾ ਸੀ, ਉਹਨਾਂ ਤੇ ਉਬਲਏ ਘਰਾਣਿਆਂ ਨਾਲੋਂ ਮੈਨੂੰ ਤੇ ਮੇਰੇ ਖਾਨਦਾਨ ਨੂੰ ਘੱਟ ਲਾਭ ਹੈ। ਮੈਂ ਆਸ ਰੱਖਦਾ ਹਾਂ ਕਿ ਮੇਰੇ ਆਉਣ ਵਾਲੇ ਜੀਵਨ ਦੇ ਨਿਰਬਾਹ ਲਈ, ਮੇਰੇ ਸਭ ਹਾਲਾਤ ਤੇ ਮੇਰੀ ਪਦਵੀ ਦਾ ਖਿਆਲ ਰੱਖ ਕੇ ਮੇਰੇ ਮਾਮਲੇ ‘ਤੇ ਨਵੇਂ ਸਿਰਿਓਂ ਵਿਚਾਰ ਕੀਤੀ ਜਾਵੇਗੀ । ਤੇ ਜੋ ਗੁਜ਼ਾਰਾ ਮੈਨੂੰ ਦਿੱਤਾ ਜਾਵੇਗਾ, ਉਹ ਮੈਨੂੰ ਜੱਦੀ ਦਰਜੇ ਤੇ ਵਰਤਮਾਨ ਪਦਵੀ ਦੇ ਖਰਚਾਂ ਮੁਤਾਬਕ ਪੂਰਾ ਤੇ ਲਾਭਵੰਦ ਹੋਵੇਗਾ ।”
* ਇਸ ਦਾ ਉਤਰ ਮਹਾਰਾਜੇ ਨੂੰ ਰੋਮ ਵਿਚ ਮਾਰਚ, ੧੮੫੭ ਨੂੰ ਮਿਲਿਆ ।
ਉਪਰਲੀ ਚਿੱਠੀ ਦਾ ਉਤਰ
“ਈਸਟ ਇੰਡੀਆ ਹਾਊਸ, ੧੯ ਫ਼ਰਵਰੀ, ੧੮੫੭, “ਮੈਨੂੰ ਜਵਾਬ ਲਿਖਣ ਦਾ ਹੁਕਮ ਹੋਇਆ ਹੈ, ਕਿ ਇੰਗਲੈਡ ਵਿਚ ਰਹਿਣ ਸਮੇਂ ਮਹਾਰਾਜੇ ਦੇ ਵਿਹਾਰ ਤੋਂ ਕੋਰਟ ਆਫ ਡਾਇਰੈਕਟਰਜ਼ ਪ੍ਰਸੰਨ ਹੈ । ਸੋ ਆਪ ਜੀ ਦੀ ਰਿਹਾਇਸ਼ ਤੋਂ ਬੰਦਸ਼ਾਂ ਹਟਾਉਣ ਨੂੰ ਤਿਆਰ ਹੈ ।
“ਕੋਰਟ ਆਫ ਡਾਇਰੈਕਟਰਜ਼ ਸਰਕਾਰ ਹਿੰਦ ਪਾਸੋਂ ਪੁੱਛ ਕਰੇਗੀ ਕਿ ਅਹਿਦਨਾਮੇ ਵਿਚ ਨੀਯਤ ਰਕਮ ਆਪ ਵਾਸਤੇ, ਆਪ ਦੇ ਖਾਨਦਾਨ ਤੇ ਬਾਕੀ ਅਧਿਕਾਰੀਆਂ ਵਾਸਤੇ ਹੁਣ ਤੇ ਆਉਣ ਵਾਲੇ ਸਮੇਂ ਵਿਚ ਕਿਸ ਹਿਸਾਬ ਵਿਚ ਵੰਡੀ ਹੈ। ਸਰਕਾਰ ਹਿੰਦ ਵੱਲੋਂ ਉਤਰ ਆਉਣ ‘ਤੇ ਆਪ ਨੂੰ ਪਤਾ ਦਿੱਤਾ ਜਾਵੇਗਾ ।”
ਗ਼ਦਰ
ਮਈ, ੧੮੫੭ ਈ: ਵਿਚ ਇੰਗਲੈਡ ਪੁੱਜ ਕੇ ਮਹਾਰਾਜੇ ਨੂੰ ਪਤਾ ਲੱਗਾ, ਕਿ ਅਜੇ ਤਕ ਉਸ ਦੀ ਚਿੱਠੀ ਦਾ ਕੋਈ ਉੱਤਰ ਨਹੀਂ ਸੀ ਆਇਆ । ਇਸ ਢਿੱਲ ਨੇ ਉਸ ਦੇ ਦਿਲ ਵਿਚ ਬੇਚੈਨੀ ਪੈਦਾ ਕਰ ਦਿੱਤੀ । ਉਹ ਲਿਖਣ ਵਾਲਾ ਹੀ ਸੀ, ਜਾਂ ਜੂਨ ਵਿਚ ਵਲਾਇਤ ਵਿਚ ਖਬਰ ਪੁੱਜੀ ਕਿ ਦਿੱਲੀ, ਮੇਰਠ, ਲਖਨਊ ਆਦਿ ਥਾਵਾਂ ‘ਤੇ ਸਿਪਾਹੀਆਂ ਨੇ ਗਦਰ ਕਰ ਦਿੱਤਾ ਹੈ । ਇਸ ਵਾਸਤੇ ਮਹਾਰਾਜੇ ਨੇ ਆਪਣਾ ਮਾਮਲਾ ਕੁਛ ਸਮੇਂ ਵਾਸਤੇ ਮੁਲਤਵੀ ਕਰ ਦਿੱਤਾ ।
ਨੈਪੋਲੀਅਨ ਤਿੱਜਾ
ਨੈਪੋਲੀਅਨ ਭਿੱਜਾ (Napoleon III) ਤੇ ਉਸ ਦੀ ਰਾਣੀ ਇੰਗਲੈਂਡ ਗਏ, ਜਿਥੇ ਮਲਕਾ ਵਿਕਟੋਰੀਆ ਨੇ ਮਹਾਰਾਜੇ ਨਾਲ ਜਾਣ-ਪਛਾਣ ਕਰਾਈ । ਨੈਪੋਲੀਅਨ ਦੀ ਰਾਣੀ ਮਹਾਰਾਜੇ ਨੂੰ ਮਿਲ ਕੇ ਬਹੁਤ ਖੁਸ਼ ਹੋਈ ।
ਜਿੰਦਾਂ ਨੂੰ ਬਣਾਉਟੀ ਚਿੱਠੀ
ਨਵੰਬਰ, ੧੮੫੬ ਈ: ਵਿਚ ਕਿਸੇ ਨੇ ਦਲੀਪ ਸਿੰਘ ਦੇ ਨਾਮ ਹੇਠਾਂ ਮਹਾਰਾਣੀ ਜਿੰਦਾਂ ਨੂੰ ਚਿੱਠੀ ਲਿਖੀ, ਜਿਸ ਦਾ ਮਤਲਬ ਧੋਖਾ ਦੇ ਕੇ ਮਹਾਰਾਣੀ ਤੋਂ ਪੈਸੇ ਠੱਗਣਾ ਸੀ । ਉਹ ਚਿੱਠੀ ਨੇਪਾਲ ਦਰਬਾਰ ਵਿਚ ਫੜੀ ਗਈ, ਜੋ ਪਿਛੋਂ ਸਰਕਾਰ ਹਿੰਦ ਨੇ ਵਲਾਇਤ ਕੋਰਟ ਆਫ ਡਾਇਰੈਕਟਰਜ਼ ਨੂੰ ਭੇਜ ਦਿੱਤੀ। ਕੋਰਟ ਨੇ ਪੜਤਾਲ ਕਰਨ ਵਾਸਤੇ ਲਾਗਨ ਨੂੰ ਦਿੱਤੀ, ਜਿਸ ਨੇ ਉਸ ਚਿੱਠੀ ਨੂੰ ਝੂਠੀ (ਫਰਜ਼ੀ, ਜਾਹਲੀ) ਮੰਨਿਆ । ਏਸ ਤਰ੍ਹਾਂ ਏਹ ਗੱਲ ਏਥੇ ਮੁੱਕੀ ।
ਨੇਹੇਮੀਆਂ ਗੋਰੇ ਹੱਥ ਚਿੱਠੀ
ਇਸ ਘਟਨਾ ਨੇ ਮਹਾਰਾਜੇ ਦੇ ਦਿਲ ਵਿਚ ਮਹਾਰਾਣੀ ਦਾ ਹਾਲ ਜਾਨਣ ਵਾਸਤੇ ਇਕ ਨਵਾਂ ਫਿਕਰ ਲਾ ਦਿੱਤਾ । ਅਸਲ ਵਿਚ ਜਦੋਂ ਉਸ ਨੂੰ ਮਾਂ ਨਾਲੋਂ ਵਿਛੋੜਿਆ ਗਿਆ ਸੀ, ਉਸ ਤੋਂ ਪਿਛੋਂ ਉਹਨਾਂ ਦਾ ਚਿੱਠੀ-ਪੱਤਰ ਸਰਕਾਰ ਨੇ ਪ੍ਰਵਾਨ ਨਹੀਂ ਸੀ ਕੀਤਾ । ਜਦੋਂ ਜਨਵਰੀ, ੧੮੫੭ ਨੂੰ ਪੰਡਤ ਨੇਹੇਮੀਆਂ ਗੋਰੇ ਹਿੰਦੁਸਤਾਨ ਨੂੰ ਆਉਣ ਲੱਗਾ, ਤਾਂ ਮਹਾਰਾਜੇ ਨੇ ਮਹਾਰਾਣੀ ਜਿੰਦ ਕੌਰ ਦੇ ਨਾਮ ਚਿੱਠੀ ਦਿੱਤੀ ਤੇ ਉਸ ਨੂੰ ਪੱਕੀ ਕੀਤੀ ਕਿ ਉਹ ਆਪ ਨੇਪਾਲ ਜਾ ਕੇ ਇਹ ਚਿੱਠੀ ਮਹਾਰਾਣੀ ਨੂੰ ਦੇਵੇ। ਹਿੰਦ ਵਿਚ ਆ ਕੇ ਨੇਹੇਮੀਆਂ ਗੋਰੇ ਆਪ ਤਾਂ ਨੇਪਾਲ ਨਾ ਗਿਆ, ਪਰ ਉਹਨੇ ਚਿੱਠੀ ਇਕ ਉਦਾਸੀ ਸੰਤ ਮਨੀ ਰਾਮ ਹੱਥ ਮਹਾਰਾਣੀ ਨੂੰ ਭੇਜ ਦਿੱਤੀ ।
ਲਾਗਨ ਇਹ ਨਹੀਂ ਸੀ ਚਾਹੁੰਦਾ ਕਿ ਜਿੰਦ ਕੌਰ ਕਦੇ ਵੀ ਇੰਗਲੈਂਡ ਵਿਚ ਆਵੇ, ਜਾਂ ਮਹਾਰਾਜੇ ਨੂੰ ਮਿਲੇ । ਸੋ ਉਹਨੇ ੩੦ ਜਨਵਰੀ, ੧੮੫੭ ਨੂੰ ਪਿਛੋਂ ਨੇਹੇਮੀਆਂ ਗੋਰੇ ਨੂੰ ਚਿੱਠੀ ਲਿਖੀ ਕਿ ਆਪ ਜਾ ਕੇ ਰਾਣੀ ਨੂੰ ਕਹੋ : “ਮਹਾਰਾਜ ਚਾਹੁੰਦਾ ਹੈ ਕਿ ਜਿੰਦਾਂ ਨੇਪਾਲ ਵਿਚ ਹੀ ਰਹੇ, ਉਹਦੇ ਵਾਸਤੇ ਇਸ ਤੋਂ ਚੰਗੀ ਥਾਂ ਕੋਈ ਨਹੀਂ ।” ਨੇਹੇਮੀਆਂ ਗੋਰੇ ਦੇ ਸਫਰ ਖਰਚ ਵਾਸਤੇ ਲਾਗਨ ਨੇ ਕੁਛ ਰੁਪੈ ਵੀ ॉले ।
ਅੱਗੋਂ ਨੇਹੇਮੀਆਂ ਗੋਰੇ ਨੇ ੨੬ ਫਰਵਰੀ ਨੂੰ ਉੱਤਰ ਲਿਖਿਆ ਕਿ ਲਾਰਵ ਕੈਨਿੰਗ (Canning) ਨੇ ਮੇਰੇ ਜਾਣ ਦੀ ਆਗਿਆ ਨਹੀਂ ਦਿੱਤੀ। ਪਰ ਜਿੰਦਾਂ ਨੂੰ ‘ ਰੈਜ਼ੀਡੈਂਟ ਰਾਹੀਂ ਸਭ ਹਾਲ ਪੁਚਾ ਦਿੱਤੇ ਗਏ ਹਨ । ਉਸ ਨੇ ਇਹ ਵੀ ਦੱਸਿਆ ਓ ਅੱਗੇ ਕਿਸੇ ਆਦਮੀ ਨੇ ਏਸ ਤਰ੍ਹਾਂ ਦੀ ਚਿੱਠੀ ਪੱਤਰ ਦੇ ਬਹਾਨੇ ਜਿੰਦਾਂ ਕੋਲੋਂ ਕੁਛ ਰੂ ਠੱਗ ਲਏ ਹਨ ।
ਫਤਹਿਗੜ੍ਹ ਲੁਟਿਆ ਗਿਆ
ਦਲੀਪ ਸਿੰਘ ਕੈਸਲ ਮੈਨਜ਼ੀਜ਼ ਵਿਚ ਫੋਟੋਗ੍ਰਾਫੀ ਦਾ ਅਭਿਆਸ ਕਰਦਾ ਸੀ, ਜਾਂ ਉਸ ਨੂੰ ਫਤਹਿਗੜ੍ਹ ਦੀ ਪੂਰੀ ਖ਼ਬਰ ਪਹੁੰਚੀ ਕਿ ਬਲਵਈਆਂ ਨੇ ਉਹਦਾ ਮਾਲ ਅਸਬਾਬ ਲੁੱਟ ਲਿਆ ਹੈ, ਤੇ ਘਰ ਸਾੜ ਦਿੱਤਾ ਹੈ, ਨਾਲ ਹੀ ਸਭ ਨੌਕਰ ਚਾਕਰ ਕਤਲ ਕਰ ਦਿੱਤੇ ਹਨ। ਉਹ ਦੋ ਸਾਲ ਵਾਸਤੇ ਵਲਾਇਤ ਗਿਆ ਸੀ, ਇਸ ਵਾਸਤੇ ਸਭ ਕੀਮਤੀ ਸਾਮਾਨ ਫਤਹਿਗੜ੍ਹ ਹੀ ਰਿਹਾ, ਜਿਸ ਦੀ ਰਾਖੀ ਵਾਸਤੇ ਸਾਰਜੰਟ ਇਲੀਅਟ (Sergeant Elliot) ਥਾਪਿਆ ਗਿਆ ਸੀ । ਬਲਵਈਆਂ ਨੇ ਇਲੀਅਟ ਨੂੰ ਸਣੇ ਬਾਲ ਬੱਚਿਆਂ ਦੇ ਕਤਲ ਕਰ ਦਿੱਤਾ । ਵਾਲਟਰ ਗਾਈਜ਼ (ਮਹਾਰਾਜੇ ਦਾ ਪੁਰਾਣਾ ਅੰਗਰੇਜ਼ੀ ਮਾਸਟਰ) ਤੇ ਬਾਕੀ ਦੇ ਸਭ ਅੰਗਰੇਜ਼ ਵੀ ਮਾਰੇ ਗਏ ।
ਕਾਲਾ ਸ਼ਹਿਜ਼ਾਦਾ
ਦਲੀਪ ਸਿੰਘ ਨੂੰ ਵਲਾਇਤ ਵਿਚ ਕਾਲਾ ਸ਼ਹਿਜ਼ਾਦਾ (Black Prince) ਕਹਿੰਦੇ ਸਨ । ਇਕੇਰਾਂ ਇਕ ਓਪਰਾ ਆਦਮੀ ਏਹਾ ਵੇਖਣ ਆਇਆ । ਉਹ ਵੇਖ ਕੇ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, “ਸ਼ਹਿਜ਼ਾਦਾ ਕਾਲਾ ਨਹੀਂ ਹੈ, ਲੋਕ ਐਵੇਂ ਕਹਿੰਦੇ ਹਨ ।”
ਅਗਸਤ, ੧੮੫੭ ਵਿਚ ਲਾਗਨ ਨੇ ਸਰ ਜੇਮਜ਼ ਮੈਲਵਿਲ (Sir James Melvill) ਤੋਂ ਪੁੱਛਿਆ ਕਿ ਮਹਾਰਾਜੇ ਬਾਬਤ ਹਿੰਦੁਸਤਾਨ ਵਿਚੋਂ ਕੋਈ ਉੱਤਰ ਆਇਆ ਹੈ ਜਾਂ ਨਹੀਂ । ਨਾਲ ਹੀ ਲਾਗਨ ਨੇ ਸਲਾਹ ਦਿੱਤੀ ਕਿ ਮਹਾਰਾਜਾ ਹਮੇਸ਼ਾ ਵਲਾਇਤ ਵਿਚ ਹੀ ਰਹੇ, ਤਾਂ ਚੰਗਾ ਹੈ । ਜੇ ਕੋਰਟ ਆਫ ਡਾਇਰੈਕਟਰਜ਼ ਉਸ ਨੂੰ ਵਲਾਇਤ ਵਿਚ ਕੋਈ ਜਾਗੀਰ ਦੇ ਦੇਵੇ, ਤਾਂ ਹਿੰਦੁਸਤਾਨ ਦੀ ਥਾਂ ਉਹ ਵਲਾਇਤ ਵਿਚ ਹੀ ਆਪਣਾ ਘਰ ਬਣਾ ਲਵੇਗਾ, ਕਿਉਂਕਿ ਇਸ ਵੇਲੇ ਉਸ ਦੇ ਖਿਆਲ ਥਿਰ ਨਹੀਂ, ਤੇ • ਉਹ ਆਪਣੇ ਬਾਬਤ ਪੱਕੀ ਤਰ੍ਹਾਂ ਨਾਲ ਕੁਛ ਨਹੀਂ ਸੋਚ ਸਕਦਾ । । ਜੋ ਉਸ ਬਾਬਤ ਤਜਵੀਜ਼ ਕਰ ਦਿਉਗੇ, ਉਹ ਓਹੋ ਮੰਨ ਲਵੇਗਾ ।
ਉਪਰਲੀ ਰਾਏ ਅਨੁਸਾਰ ਹੈਦਰਟਨ (Hatherton) ਨੇ ਇਕ ਵਾਰ ਮਹਾਰਾਜੇ ਨੂੰ ਕਿਹਾ ਕਿ ਆਪ ਨੂੰ ਲੰਡਨ ਵਿਚ ਜਾਂ ਇਸ ਦੇ ਲਾਗੇ ਕੋਈ ਚੰਗਾ ਮਹਿਲ ਖਰੀਦਣਾ ਚਾਹੀਦਾ ਹੈ । ਅੱਗੋਂ ਮਹਾਰਾਜੇ ਨੇ ਉੱਤਰ ਦਿੱਤਾ ਕਿ ਮੈਂ ਆਪਣੀ ਬਾਬਤ ਆਪ ਸੋਚ ਸਕਦਾ ਹਾਂ । ਇਸ ਗੱਲ ਤੋਂ ਪਤਾ ਲੱਗ ਸਕਦਾ ਹੈ ਕਿ ਉਸ ਦੇ ਦਿਲ ਵਿਚ ਉਸ ਵੇਲੇ ਕਿੰਨੀਆਂ ਕੁ ਗੱਲਾਂ ਆਉਂਦੀਆਂ ਹੋਣਗੀਆਂ ।
ਸ਼ਹਿਜ਼ਾਦੀ ਦਾ ਵਿਆਹ
ਜਨਵਰੀ, ੧੮੫੮ ਵਿਚ ਮਲਕਾ ਦੀ ਸ਼ਹਿਜ਼ਾਦੀ ਦਾ ਵਿਆਹ ਹੋਇਆ, ਜਿਸ ਉੱਤੇ ਮਲਕਾ ਦਾ ਬੁਲਾਇਆ ਹੋਇਆ ਮਹਾਰਾਜਾ ਵੀ ਗਿਆ ਤੇ ਯਥਾ ਸ਼ਕਤ ਕੀਮਤੀ ਤੋਹਫੇ ਸ਼ਹਿਜ਼ਾਦੀ ਵਾਸਤੇ ਲੈ ਗਿਆ ।
ਮੁਲਗਰੇਵ ਕੈਸਲ
ਵਿਆਹ ਤੋਂ ਵਿਹਲਾ ਹੋ ਕੇ ਮਹਾਰਾਜਾ ਸਾਰਡੀਨੀਆ (Sardinia) ਵਿਚ ਸ਼ਿਕਾਰ ਖੇਡਣ ਗਿਆ । ਪਿੱਛੋਂ ਉਸ ਵਾਸਤੇ ਮੁਲਗਰੇਵ ਕੈਸਲ (Mulgrave Castle) ਕਿਰਾਏ ‘ਤੇ ਲਿਆ ਗਿਆ, ਕਿਉਂਕਿ ਮਿਆਦ ਪੂਰੀ ਹੋਣ ਉੱਤੇ ਕੈਸਲ ਮੈਨਜ਼ੀਜ਼ ਛੱਡ ਦਿੱਤਾ ਗਿਆ ਸੀ । ਸ਼ਿਕਾਰ ਤੋਂ ਵਾਪਿਸ ਆ ਕੇ ਮਹਾਰਾਜਾ ਮੁਲਗਰੇਵ ਕੈਸਲ ਆ ਵਸਿਆ।
੨੯ ਦਸੰਬਰ, ੧੮੫੭ ਨੂੰ ਕੋਰਟ ਆਫ ਡਾਇਰੈਕਟਰਜ਼ ਨੇ ਮਹਾਰਾਜੇ ਨੂੰ ਲਿਖਿਆ ਕਿ ਉਸ ਤੋਂ ਹਰ ਤਰ੍ਹਾਂ ਦੀਆਂ ਬੰਦਸ਼ਾਂ ਹਟਾ ਦਿੱਤੀਆਂ ਗਈਆਂ ਹਨ, ਤੇ ਉਸ ਨੂੰ ਬਾਲਗ (ਜੁਆਨ) ਮੰਨ ਲਿਆ ਗਿਆ ਹੈ। ਹੁਣ ਮਹਾਰਾਜੇ ਨੂੰ ਆਪਣਾ ਪ੍ਰਬੰਧ ਆਪ ਕਰਨ ਦਾ ਅਧਿਕਾਰ ਹੈ । ਇਸ ਵੇਲੇ ਮਹਾਰਾਜਾ ਹਿੰਦੀ ਬਾਲਗ਼ ਨਾਲੋਂ ਤਿੰਨ ਸਾਲ ਤੇ ਅੰਗਰੇਜ਼ ਬਾਲਗ਼ ਨਾਲੋਂ ਇਕ ਸਾਲ ਵੱਡਾ ਸੀ । ਪਤਾ ਨਹੀਂ, ਵੇਲੇ ਸਿਰ ਪਾਬੰਦੀਆਂ ਨਾ ਹਟਾਉਣ ਵਿਚ ਏਨੀ ਬੇਕਾਨੂੰਨੀ ਕਿਉਂ ਵਰਤੀ ਗਈ ? ਹੁਣ ਸਰਕਾਰ ਵੱਲੋਂ ਲਾਗਨ ਦੀ ਤਨਖਾਹ ਬੰਦ ਕਰ ਦਿੱਤੀ ਗਈ, ਤੇ ਉਸ ਨੇ ਬੜੇ ਮਰਦੇ ਜੀ ਨਾਲ ੨੭ ਫ਼ਰਵਰੀ, ੧੮੫੮ ਨੂੰ ਮਹਾਰਾਜੇ ਦੇ ਨਵੇਂ ਸਕੱਤਰ ਕਾਵੁਡ (Cawood) ਦੇ ਹਵਾਲੇ ਹਿਸਾਬ ਕਿਤਾਬ ਕੀਤਾ (ਚਾਰਜ ਦਿੱਤਾ) ।
ਲਾਗਨ ਦੀ ਸਰਪ੍ਰਸਤੀ ਮੁਕੀ
ਮਹਾਰਾਜੇ ਦਾ ਰੱਖਿਅਕ (Guardianship) ਤੋਂ ਹਟਣਾ ਲਾਗਨ ਵਾਸਤੇ ਬਾਦਸ਼ਾਹੀ ਛੱਡਣ ਦੇ ਬਰਾਬਰ ਸੀ । ਕਿਉਂਕਿ ਨੌਂ ਸਾਲ ਤੋਂ ਉਹ ਮਹਾਰਾਜੇ ਦੇ ਧਨ ਨਾਲ ਮੌਜਾਂ ਉਡਾ ਰਿਹਾ ਸੀ । ਇਸ ਗੱਲ ਨੂੰ ੧੯ ਮਈ, ੧੮੫੦ ਦੀ ਚਿੱਠੀ ਵਿਚ ਉਹ ਆਪ ਵੀ ਮੰਨਦਾ ਹੈ । ਜੇਬ ਮਹਾਰਾਜ ਦੀ ਤੇ ਹੱਥ ਲਾਗਨ ਦਾ ਸੀ, ਜਿਵੇਂ ਦਿਲ ਕੀਤਾ, ਖਰਚ ਕਰੀ ਗਿਆ । ਜਿਸ ਨੂੰ ਦਿਲ ਚਾਹੇ ਇਨਾਮ ਵੀ ਦੁਆ ਦੇਵੇ, ਤੇ ਜਿੱਥੇ ਜੀ ਚਾਹੇ ਦਾਨ ਵੀ ਕਰਾ ਦੇਵੇ । ਜਦ ਉਹ ਏਸ ਅਹੁਦੇ ਤੋਂ ਹੱਟਣ ਲੱਗਾ, ਤਾਂ ਆਪਣੇ ਵਾਸਤੇ ਵੀ ਗੱਫਾ ਲਾਹੁਣ ਦੀ ਸੁੱਝੀ । ਉਸ ਨੇ ਆਪਣੇ ਵਾਸਤੇ ਮਹਾਰਾਜੇ ਕੋਲੋਂ ਕੁਛ ਸਾਲਾਨਾ ਲਿਖਾ ਵੀ ਲਿਆ । ਪ੍ਰਗਟ ਇਹ ਕੀਤਾ, ਕਿ ਨੌਂ ਸਾਲ ਦੀ ਨੌਕਰੀ ਵਿਚ ਮੈਂ ਆਪਣੇ ਬਾਲ ਬੱਚੇ ਵਾਸਤੇ ਕੁਛ ਬਚਾ ਨਹੀਂ ਸਕਿਆ, ਇਸ ਵਾਸਤੇ ਮਹਾਰਾਜਾ ਖੁਸ਼ੀ ਨਾਲ ਮੈਨੂੰ ਇਹ ਕੁਛ ਦੇਣਾ ਚਾਹੁੰਦਾ ਹੈ। ਮਹਾਰਾਜੇ ਕੋਲੋਂ ਕੋਰਟ ਆਫ ਡਾਇਰੈਕਟਰਜ਼ ਨੂੰ ਖਤ ਵੀ ਲਿਖਵਾਇਆ ਗਿਆ ਕਿ ਕੰਪਨੀ ਮੇਰੀ ਪੈਨਸ਼ਨ ਵਿਚੋਂ ਲਾਗਨ ਨੂੰ ੮੩੩ ਰੁਪੈ, ੫ ਆਨੇ, ੪ ਪਾਈ ਮਾਹਵਾਰਾਂ* ਦੇਂਦੀ ਰਹੇ । ਜਿਸ ਦੇ ਉੱਤਰ ਵਿਚ ਕੰਪਨੀ ਦੇ ਸਕੱਤਰ ਨੇ ੧੦ ਮਾਰਚ, ੧੮੫੮ ਨੂੰ ਲਿਖਿਆ ਕਿ ਲਾਗਨ ਮਹਾਰਾਜੇ ਕੋਲੋਂ ਕੁਛ ਲੈ ਨਹੀਂ ਸਕਦਾ । ਇਸ ਤਰ੍ਹਾਂ ਲਾਗਨ ਵਿਚਾਰੇ ਦਾ ਬਣਿਆ ਬਣਾਇਆ ਕੰਮ ਰਹਿ ਗਿਆ। ਅਪ੍ਰੈਲ ਵਿਚ ਲਾਗਨ ਨੇ ਕੰਪਨੀ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ, ਤੇ ਫੇਰ ਦਰਖਾਸਤ ਕੀਤੀ ਕਿ ਜੋ ਕੁਛ ਮਹਾਰਾਜਾ ਮੈਨੂੰ ਦੇਂਦਾ ਹੈ, ਮਿਲਣਾ ਚਾਹੀਦਾ ਹੈ। ਪਰ ਅਫਸੋਸ, ਕੰਪਨੀ ਦੇ ਪ੍ਰਧਾਨ ਕਰਮਚਾਰੀ ਫੇਰ ਵੀ ਨਾ ਮੰਨੇ ।
ਹਿੰਦ ਕੰਪਨੀ ਹੱਥੋਂ ਬਾਦਸ਼ਾਹ ਨੂੰ
੨ ਅਗਸਤ, ੧੮੫੮ ਨੂੰ ਹਿੰਦੁਸਤਾਨ, ਈਸਟ ਇੰਡੀਆ ਕੰਪਨੀ ਕੋਲੋਂ ਸਰਕਾਰ ਬਰਤਾਨੀਆਂ ਨੇ ਲੈ ਲਿਆ, ਤੇ ਪਹਿਲੀ ਨਵੰਬਰ ਨੂੰ ਮਲਕਾ ਵਿਕਟੋਰੀਆ ਨੇ ਏਸ ਗੱਲ ਦਾ ਐਲਾਨ ਕੀਤਾ ।
ਕੁਰਗ ਦੀ ਸ਼ਹਿਜ਼ਾਦੀ
ਕੁਰਗ ਦੀ ਸ਼ਹਿਜ਼ਾਦੀ ਜਦ ਤੋਂ ਈਸਾਈ ਬਣੀ, ਮਲਕਾ ਨੇ ਧਰਮ ਦੀ ਧੀ ਬਣਾਈ ਹੋਈ ਸੀ । ਵਲਾਇਤ ਵਿਚ ਉਹ ਪਹਿਲਾਂ ਵੀ ਇਕ ਵਾਰ ਮਹਾਰਾਜੇ ਨੂੰ ਮਿਲੀ ਸੀ, ਪਰ ਜੁਲਾਈ ੧੮੫੮ ਤੋਂ ਤਾਂ ਉਹ ਲੇਡੀ ਲਾਗਨ ਦੀ ਰੱਖਿਆ ਵਿਚ ਦਿੱਤੀ ਗਈ । ਇਸ ਵਾਸਤੇ ਮਹਾਰਾਜੇ ਨਾਲ ਮਿਲਾਪ ਕੁਛ ਵੱਧ ਗਿਆ । ਲੇਡੀ ਲਾਗਨ ਤੇ ਡਾ: ਲਾਗਨ ਮੁੱਦਤ ਤੋਂ ਚਾਹੁੰਦੇ ਸਨ ਕਿ ਮਹਾਰਾਜਾ ਕੁਰਗ ਦੀ ਸ਼ਹਿਜ਼ਾਦੀ ਨੂੰ ਆਪਣੀ ਰਾਣੀ ਬਣਾ ਲਵੇ । ਲੇਡੀ ਲਾਗਨ ਨੇ ਹੁਣ ਕਈ ਵਾਰ ਮਹਾਰਾਜੇ ਨੂੰ ਇਸ ਗੱਲ ਦੇ ਇਸ਼ਾਰੇ ਕੀਤੇ। ਅੰਤ ਸਤੰਬਰ, ੧੮੫੮ ਵਿਚ ਮਹਾਰਾਜੇ ਨੇ ਆਪਣਾ ਪੱਕਾ ਇਰਾਦਾ ਦੱਸ ਦਿੱਤਾ, ਕਿ ਮੈਂ ਕੁਰਗ ਦੀ ਸ਼ਹਿਜ਼ਾਦੀ (ਵਿਕਟੋਰੀਆ ਗੋਰਮਾ Victoria
Gouramma) ਨਾਲ ਵਿਆਹ ਨਹੀਂ ਕਰਾਉਣਾ । ਸ਼ਿਵਦੇਵ ਸਿੰਘ ਨੂੰ ਜਾਗੀਰ ਸ਼ਹਿਜ਼ਾਦਾ ਸ਼ਿਵਦੇਵ ਸਿੰਘ ਨੇ ਮਹਾਰਾਜੇ ਨੂੰ ਲਿਖਿਆ ਕਿ ਮੈਂ ਆਪਣੀ ਮਾਂ ਦੀ ਪੈਨਸ਼ਨ ‘ਤੇ ਗੁਜ਼ਾਰਾ ਕਰਦਾ ਹਾਂ, ਹਕੂਮਤ ਨੂੰ ਆਖ ਕੇ ਮੈਨੂੰ ਕੁਛ ਜਾਗੀਰ ਦੁਆਓ, ਤਾਂ ਜੋ ਮੈਂ ਵਿਆਹ ਕਰਾ ਸਕਾਂ । ਮਹਾਰਾਜੇ ਦੇ ਆਖਣ ਵੇਖਣ ‘ਤੇ ਸ਼ਹਿਜ਼ਾਦੇ ਨੂੰ ਨਵੰਬਰ, ੧੮੫੮ ਵਿਚ ੮ ਹਜ਼ਾਰ ਸਾਲਾਨਾ ਜਾਗੀਰ ਦੇ ਦਿੱਤੀ ।
ਨਵੰਬਰ, ੧੮੫੯ ਵਿਚ ਦਲੀਪ ਸਿੰਘ ਨੇ ਲਾਗਨ ਨੂੰ ਅਖਤਿਆਰ ਦਿੱਤੇ ਕਿ ਉਹ ਗੌਰਮਿੰਟ ਨਾਲ ਉਸ ਦਾ ਹਿਸਾਬ ਕਰੇ, ਪਰ ਗੌਰਮਿੰਟ ਨੇ ਲਾਗਨ ਨੂੰ ਮਹਾਰਾਜੇ ਦਾ ਮੁਖਤਿਆਰ ਮੰਨਣ ਤੋਂ ਨਾਂਹ ਕਰ ਦਿੱਤੀ ।
ਹਿੰਦ ਨੂੰ ਜਾਣਾ
ਦਸੰਬਰ, ੧੮੬੦ ਵਿਚ ਮਹਾਰਾਜੇ ਨੇ ਹਿੰਦੁਸਤਾਨ ਜਾਣ ਦਾ ਬੰਦੋਬਸਤ ਕਰ ਲਿਆ । ਜਾਣ ਦੇ ਦੋ ਕਾਰਣ ਸਨ, ਇਕ ਸ਼ੇਰ ਦਾ ਸ਼ਿਕਾਰ ਕਰਨਾ ਤੇ ਦੁੱਜਾ ਮਹਾਰਾਣੀ ਦਾ ਸਰਕਾਰੀ ਇਲਾਕੇ ਵਿਚ ਰਹਿਣ ਦਾ ਪ੍ਰਬੰਧ ਕਰਨਾ । ਇਸ ਵੇਲੇ ਮਹਾਰਾਜਾ ਆਪਣੀ ਮਾਂ ਨੂੰ ਮਿਲਣ ਵਾਸਤੇ ਬਿਹਬਲ ਹੋਇਆ-ਹੋਇਆ ਸੀ । ਉਹ ਪੰਜਾਬ ਵਿਚ ਜਾ ਕੇ ਆਪਣੀ ਜਨਮ ਭੂਮੀ ਤੇ ਲਾਹੌਰ ਤੇ ਗੁਰੂ ਰਾਮਦਾਸ ਦਾ ਪਵਿੱਤਰ ਅਸਥਾਨ-ਸ੍ਰੀ ਅੰਮ੍ਰਿਤਸਰ-ਵੀ ਵੇਖਣਾ ਚਾਹੁੰਦਾ ਸੀ, ਜਿਨ੍ਹਾਂ ਦਾ ਜ਼ਿਕਰ ਉਹ ਕਿਤਾਬਾਂ ਵਿਚ ਪੜ੍ਹਦਾ ਸੀ ।
ਗਵਰਨਰ-ਜੈਨਰਲ ਦੀ ਚਿੱਠੀ ਪੁੱਜੀ, “ਮਹਾਰਾਜਾ ਹਿੰਦੁਸਤਾਨ ਵਿਚ ਆ ਸਕਦਾ ਹੈ, ਪਰ ਪੰਜਾਬ ਵਿਚ ਨਹੀਂ ਜਾ ਸਕਦਾ । ਉਹ ਆਪਣੀ ਮਾਂ ਨੂੰ ਵੀ ਮਿਲ ਸਕਦਾ ਹੈ । ਉਹ ਅੰਨ੍ਹੀ ਹੋ ਚੁੱਕੀ ਹੈ ।”
ਮਹਾਰਾਜਾ ਕਲਕੱਤੇ
ਮਹਾਰਾਜਾ ਜਨਵਰੀ ਦੇ ਅਖੀਰ (੧੮੬੧) ਵਿਚ ਕਲਕੱਤੇ ਪੁੱਜਾ । ਜਹਾਥੋਂ ਉਤਰਨ ‘ਤੇ ੨੧ ਤੋਪਾਂ ਦੀ ਸਲਾਮੀ ਹੋਈ। ਕਲਕੱਤੇ ਵਿਚ ਉਹ ਸਪੈਨਸਿਜ਼ ਹੋਟਲ (Spence’s Hotel) दिस उतिभा ।
ਜਨਵਰੀ, ੧੮੬੧ ਨੂੰ ਲਾਗਨ ਨੇ ਆਪਣੇ ਨਾਂ ਦਾ ਇਕ ਹੋਰ ਮੁਖਤਾਰਨਾਮਾ ਬਣਾ ਕੇ ਮਹਾਰਾਜੇ ਦੀ ਸਹੀ ਵਾਸਤੇ ਕਲਕੱਤੇ ਭੇਜਿਆ, ਮਹਾਰਾਜੇ ਨੇ ਸਹੀ ਪਾ ਦਿੱਤੀ, ਪਰ ਗੌਰਮਿੰਟ ਨੇ ਇਹ ਨਾ-ਮਨਜ਼ੂਰ ਕਰ ਦਿੱਤਾ ।
ਦਲੀਪ ਸਿੰਘ ਦਾ ਕਲਕੱਤੇ ਆਉਣਾ ਸੁਣ ਕੇ ਉਸ ਦੇ ਬਹੁਤ ਸਾਰੇ ਪੁਰਾਣੇ ਦੇਸੀ ਨੌਕਰ ਉਦਾਲੇ ਆ ਕੱਠੇ ਹੋਏ, ਤੇ ਰੰਗ ਰੰਗ ਦੇ ਸਵਾਲ ਪੁੱਛਣ ਲੱਗੇ । ਸ਼ਹਿਜ਼ਾਦਾ ਸ਼ਿਵਦੇਵ ਸਿੰਘ ਵੀ ਇਥੇ ਆ ਕੇ ਮਹਾਰਾਜੇ ਨੂੰ ਮਿਲਿਆ । ਦੋਵੇਂ ਚਾਚਾ ਭਤੀਜਾ ਚਿਰ ਪਿੱਛੋਂ ਵਿਛੜੇ ਮਿਲੇ ।
ਜਿੰਦਾਂ ਤੇ ਜੰਗ ਬਹਾਦਰ
ਪਿਛਲੇ ਕਾਂਡ ਵਿਚ ਅਸੀਂ ਪੜ੍ਹ ਆਏ ਹਾਂ ਕਿ ਮਹਾਰਾਣੀ ਜਿੰਦ ਕੌਰ ਨੂੰ ਨੇਪਾਲ ਦਰਬਾਰ ਨੇ ਆਸਰਾ ਦਿੱਤਾ, ਤੇ ੨੦ ਹਜ਼ਾਰ ਰੁਪੈ ਸਾਲਾਨਾ ਪੈਨਸ਼ਨ ਲਾ ਦਿੱਤੀ ਸੀ । ਅਮਲੀ ਤੌਰ ‘ਤੇ ਜਿੰਦਾਂ ਏਥੇ ਕੈਦਣ ਸੀ । ਹੁਣ ਨੇਪਾਲ ਦੇ ਰਾਣਾ ਜੰਗ ਬਹਾਦਰ ਨੂੰ ਜਿੰਦ ਕੌਰ ਦਾ ਏਥੇ ਰਹਿਣਾ ਭਾਰ ਪ੍ਰਤੀਤ ਹੋ ਰਿਹਾ ਸੀ । ਉਹ ਕਿਸੇ ਨਾ ਕਿਸੇ ਬਹਾਨੇ ਮਹਾਰਾਣੀ ਤੋਂ ਖਲਾਸੀ ਪਾਉਣੀ ਚਾਹੁੰਦਾ ਸੀ, ਤਾਂ ਕਿ ਉਸ ਨੂੰ ੨੦ ਹਜ਼ਾਰ ਸਾਲਾਨਾ ਦੇਣਾ ਨਾ ਪਵੇ । ਸੋ ਉਸ ਨੇ ਮਹਾਰਾਣੀ ਨੂੰ ਹੁਕਮ ਦੇ ਦਿੱਤਾ ਕਿ ਜੇ ਉਹ ਇਕ ਵਾਰ ਨੇਪਾਲ ‘ਚੋਂ ਬਾਹਰ ਗਈ, ਤਾਂ ਮੁੜ ਕੇ ਆਸਰਾ ਨਹੀਂ ਦਿੱਤਾ ਜਾਵੇਗਾ । ਦਲੀਪ ਸਿੰਘ ਨੇ ਕਲਕੱਤੇ ਆਉਂਦਿਆਂ ਹੀ ਆਪਣੀ ਮਾਤਾ ਨੂੰ ਲੈਣ ਵਾਸਤੇ ਆਦਮੀ ਭੇਜ ਦਿੱਤੇ । ਜਿਸ ਪੁੱਤਰ ਦੀ ਯਾਦ ਵਿਚ ਜਿੰਦ ਕੌਰ ਨੇ ਰੋ ਰੋ ਅੱਖਾਂ ਦੀ ਜੋਤ ਗੁਆ ਲਈ ਸੀ (ਇਸ ਵੇਲੇ ਉਹ ਬਿਲਕੁਲ ਅੰਨ੍ਹੀ ਹੋ ਚੁੱਕੀ ਸੀ) ਉਸ ਦਾ ਲਾ ਸੁਣਦਿਆਂ ਸਭ ਕੁਛ ਭੁਲਾ ਕੇ ਉਸ ਨੂੰ ਮਿਲਣ ਵਾਸਤੇ ਤਿਆਰ ਹੋ ਪਈ । ਜੰਗ ਬਹਾਦਰ ਵੱਲੋਂ ਫਿਰ ਤਾੜਨਾ ਕੀਤੀ ਗਈ ਕਿ ਜੇ ਮਹਾਰਾਣੀ ਨੇ ਇਕ ਵਾਰ ਨੇਪਾਲ ਦੀ ਹੱਦੋਂ ਬਾਹਰ ਪੈਰ ਧਰਿਆ, ਤਾਂ ਫਿਰ ਵਾਪਸ ਏਥੇ ਨਹੀਂ ਆ ਸਕੇਗੀ, ਤੇ ਨਾ ਹੀ ਨੇਪਾਲ ਦਰਬਾਰ ਵੱਲੋਂ ਉਸ ਨੂੰ ਕੋਈ ਗੁਜ਼ਾਰਾ ਦਿੱਤਾ ਜਾਵੇਗਾ । ਏਧਰੋਂ ਮਹਾਰਾਣੀ ਨੂੰ ਜਵਾਬ ਮਿਲ ਗਿਆ, ਤੇ ਸਰਕਾਰ ਅੰਗਰੇਜ਼ੀ ਵੱਲੋਂ ਕਿਸੇ ਸਹਾਇਤਾ ਦੀ ਆਸ ਨਹੀਂ ਸੀ । ਫਿਰ ਵੀ ਉਹ ਕਲਕੱਤੇ ਨੂੰ ਤਿਆਰ ਹੋ ਪਈ । ਆਪਣੇ ਪੁੱਤਰ ਨੂੰ ਮਿਲਣ ਬਦਲੇ ਉਹ ਐਨੀ ਬੇਵੱਸ ਹੋ ਚੁੱਕੀ ਸੀ ਕਿ ਜੇ ਇਸ ਬਦਲੇ ਉਹਨੂੰ ਕੇਈ ਜਨਮ ਦਾ ਦੋਜ਼ਖ ਵੀ ਸਾਹਮਣੇ ਨਜ਼ਰ ਆਉਂਦਾ, ਤਾਂ ਉਹ ਪਿਛੇ ਨਾ ਹੱਟਦੀ ।
ਜਿੰਦਾਂ ਕਲਕੱਤੇ ਨੂੰ
ਦੁਖੀਆ ਮਹਾਰਾਣੀ ਕਲਕੱਤੇ ਨੂੰ ਤੁਰੀ ਜਾ ਰਹੀ ਸੀ । ਉਹਦੇ ਮਨ ਵਿਚ ਕੇਈ ਆਉਂਦੀਆਂ ਸਨ । ਉਹ ਦਿਲ ਹੀ ਦਿਲ ਵਿਚ ਸੋਚਦੀ, “ਦਲੀਪ ! ਤੂੰ ਨਵਾਂ- ਕੁ ਮਹੀਨਿਆਂ ਦਾ ਸੈਂ, ਜਦ ਤੇਰੇ ਪਿਤਾ ਜੀ ਪਰਲੋਕ ਸਿਧਾਰ ਗਏ । ਤੇਰੇ ਚੰਨ ਮੁਖੜੇ ਦੀ ਪਲ ਭਰ ਦੀ ਮੁਸਕਰਾਹਟ ਵੇਖਣ ਬਦਲੇ ਮੈਂ ਉਮਰ ਭਰ ਦਾ ਰੰਡੇਪਾ ਪ੍ਰਵਾਨ ਕਰ ਲਿਆ । ਤੂੰ ਪੰਜਾਂ ਵਰ੍ਹਿਆਂ ਦਾ ਸੈਂ, ਜਦ ਨਸੀਬ ਨੇ ਤੈਨੂੰ ਮਹਾਰਾਜਾ ਬਣਾ ਦਿੱਤਾ । ਮੈਂ ਹੱਥੀਂ ਕਲਗੀ ਲਾ ਕੇ ਤੈਨੂੰ ਖਾਲਸਾ ਰਾਜ ਦੇ ਤਖ਼ਤ ‘ਤੇ ਬੈਠਣ ਵਾਸਤੇ ਘੱਲਿਆ ਕਰਦੀ ਸਾਂ । ਓਦੋਂ ਮੈਂ ਹੀ ਪੰਜਾਬ ਦੀ ਮਹਾਰਾਣੀ ਸਾਂ । ਓਦੋਂ ਸੁਫਨੇ ਜਿੰਨੇ ਸੁਖ ਨੂੰ ਪਾ ਕੇ ਮੈਂ ਸਾਰੀਆਂ ਚਿੰਤਾਵਾਂ ਨੂੰ ਪੈਰਾਂ ਥੱਲੇ ਲਤਾੜ ਛੱਡਿਆ ਸੀ । ਨਹੀਂ ਜਾਣਦੀ ਸਾਂ ਕਿ ਇਹਨਾਂ ਥੋੜ੍ਹੇ ਜਿਹੇ ਸੁਖਾਂ ਓਹਲੇ ਉਮਰ ਭਰ ਦੇ ਦੁੱਖ ਲੁਕੇ ਹੋਏ ਨੇ । ਕਿਸਮਤ ਨੇ ਪਲਟਾ ਖਾਧਾ, ਮੈਨੂੰ ਤਖਤੋਂ ਲਾਹ ਕੇ ਜੇਲ੍ਹ ਵਿਚ ਸੁੱਟ ਦਿੱਤਾ । ਜਦ ਤੈਨੂੰ ਮੈਥੋਂ ਵਿਛੋੜ ਲਿਆ, ਮੇਰਾ ਸਭ ਕੁਛ ਬਰਬਾਦ ਹੋ ਗਿਆ ।” ਨਾ ਜਾਣਾ ਉਹ ਕਿੰਨਾ ਚਿਰ ਏਸ ਵਹਿਣ ਵਿਚ ਪਈ ਰਹੀ । ਕਦੇ ਫਿਰ ਦਿਲ ਵਿਚ ਆਉਂਦੀ, ‘ਅੱਜ ਸਾਢੇ ਤੇਰ੍ਹਾਂ ਵਰ੍ਹੇ ਹੋ ਗਏ ਨੇ, ਮੈਨੂੰ ਪੁੱਤਰ ਤੋਂ ਵਿਛੜਿਆਂ । ਓਦੋਂ ਉਹ ਨਵਾਂ ਵਰ੍ਹਿਆਂ ਦਾ ਸੀ । ਤੇ ਹੁਣ ਉਹ ਬਾਈਆਂ ਵਰ੍ਹਿਆਂ ਤੋਂ ਵੀ ਵੱਡਾ । ਛੋਟਾ ਹੁੰਦਾ ਉਹ ਬੜਾ ਸੋਹਣਾ ਤੇ ਭੋਲਾ ਜਿਹਾ ਲੱਗਦਾ ਸੀ । ਪਤਾ ਨਹੀਂ, ਹੁਣ ਕਿਸ ਤਰ੍ਹਾਂ ਦਾ ਲੱਗਦਾ ਹੋਵੇਗਾ । ਮੈਂ ਉਸ ਨੂੰ ਛਾਤੀ ਨਾਲ ਲਾਵਾਂਗੀ, ਪਰ ਉਸ ਦਾ ਚੰਨ ਮੁੱਖ ਨਹੀਂ ਵੇਖ ਸਕਾਂਗੀ। ਹੇ ਤਕਦੀਰ ! ਤੂੰ ਮੇਰਾ ਸਭ ਕੁਛ ਖੋਹ ਲੈਂਦੀਓ, ਪਰ ਅੱਖਾਂ ਨਾ ਖੋਂਹਦੀਓਂ । ਮੈਂ ਆਪਣੇ ਪੁੱਤਰ ਨੂੰ ਰੱਜ ਕੇ ਵੇਖ ਲੈਂਦੀ । ਅਜੇ ਵੀ ਪਰ ਘਰ ਕਿਸ ਗੱਲ ਦਾ ਘਾਟਾ ਏ ? ਖਬਰੇ, ਮੇਰਾ ਗੁਆਚਿਆ ਪੂਰਨ ਮਿਲ ਪਵੇ, ਤਾਂ ਮੇਰਿਆਂ ਨੇਤਰਾਂ ਵਿਚ ਵੀ ਇੱਛਰਾਂ ਮਾਂ ਵਾਂਗ ਜੋਤ ਆ ਜਾਵੇ । ਬਹੁਤਾ ਨਹੀਂ, ਮੈਨੂੰ ਦੋ ਦਿਨ ਵਾਸਤੇ ਅੱਖਾਂ ਮੰਗਵੀਆਂ ਮਿਲ ਜਾਣ, ਤਾਂ ਮੈਂ ਲਾਲ ਨੂੰ ਵੇਖਣ ਦੀ ਰੀਝ ਲਾਹ ਲਵਾਂ।”
ਮਾਂ-ਪੁੱਤ ਦਾ ਮਿਲਾਪ
ਏਹੋ ਜਿਹੀਆਂ ਕੇਈ ਗਿਣਤੀਆਂ ਗਿਣਦੀ ਮਹਾਰਾਣੀ ਫਰਵਰੀ, ੧੮੬੧ ਵਿਚ ਕਲਕੱਤੇ ਪੁੱਜੀ । ਚਿਰੀਂ ਵਿਛੁੰਨੇ ਮਾਂ-ਪੁੱਤ ਮਿਲੇ । ਦੋਹਾਂ ਦਿਆਂ ਨੇਤਰਾਂ ਵਿਚੋਂ ਪਾਣੀ ਵਹਿ ਰਿਹਾ ਸੀ । ਜਿੰਦਾਂ ਘੁੱਟ-ਘੁੱਟ ਕੇ ਕਲੇਜੇ ਦੀ ਅੱਗ ਨੂੰ ਛਾਤੀ ਨਾਲ ਲਾਉਂਦੀ ਸੀ । ਸਹਿਜ ਸਹਿਜ ਬਾਹੀਂ ਢਿੱਲੀਆਂ ਹੋਈਆਂ । ਹੁਣ ਦਲੀਪ ਸਿੰਘ ਮਾਤਾ ਦੇ ਮੋਢੇ ਨਾਲ ਬੱਚਿਆਂ ਵਾਂਗ ਲੱਗਾ ਹੋਇਆ ਸੀ, ਤੇ ਜਿੰਦਾਂ ਪੁੱਤਰ ਦੀ ਕੰਡ ‘ਤੇ ਹੌਲੀ-ਹੌਲੀ ਹੱਥ ਫੇਰ ਰਹੀ ਸੀ.। ਸਹਿਜ-ਸਹਿਜ ਹੱਥ ਪੁੱਤਰ ਦੇ ਮੋਢੇ ਤੱਕ ਅਪੜਿਆ । ਇਸ ਤੋਂ ਅੱਗੋਂ ਉਹ ਉਸ ਦੇ ਸਿਰ ‘ਤੇ ਹੱਥ ਫੇਰ ਕੇ ਕੁਛ ਵੇਖਣਾ ਚਾਹੁੰਦੀ ਸੀ । ਪਰ ਇਸ ਵੇਲੇ ਉਸ ਦੀ ਹਿੱਕ ਏਨੀ ਧੜਕ ਰਹੀ ਸੀ, ਕਿ ਸ਼ਾਇਦ ਸਿਰ ‘ਤੇ ਹੱਥ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਦਿਲ ਦੀ ਧੜਕਣ ਬੰਦ ਹੋ ਜਾਵੇ । ਉਹਨੇ ਕਈ ਵਾਰ ਹੱਥ ਉਤਾਂਹ ਚੁੱਕਿਆ, ਤੇ ਫੇਰ ਨੀਵਾਂ ਕਰ ਲਿਆ । ਅੰਤ ਬੜਾ ਕਰੜਾ ਜੇਰਾ ਕਰ ਕੇ ਮਾਂ ਨੇ ਬੱਚੇ ਦੇ ਸਿਰ ‘ਤੇ ਹੱਥ ਜਾ ਫੇਰਿਆ । ਰੀਝਾਂ ਤੇ ਮੱਖਣਾਂ ਨਾਲ ਪਾਲੇ ਹੋਏ ਲੰਮੇ-ਲੰਮੇ ਕੇਸਾਂ ਦਾ ਜੂੜਾ ਨਾ ਲੱਭਾ, ਤਾਂ ਦੁਖੀਆ ਦੀਆਂ ਧਾਹਾਂ ਨਿਕਲ ਗਈਆਂ । ਉਹ ਹਟਕੋਰੇ ਲੈਂਦੀ ਬੋਲੀ, “ਹੇ ਬੁਰੀ ਤਕਦੀਰ ! ਤੂੰ ਮੇਰਾ ਸਰਤਾਜ ਖੋਹਿਆ, ਮੇਰਾ ਰਾਜ-ਭਾਗ ਖੋਹਿਆ, ਪਵਿੱਤਰ ਭੂਮੀ ਮੇਰਾ ਪੰਜਾਬ ਖੋਹ ਲਿਆ ਤੇ ਅੰਤ ਪ੍ਰਾਣਾਂ ਤੋਂ ਪਿਆਰੀ ਸਿੱਖੀ ਵੀ ਮੇਰੀ ਜੱਦ ਵਿਚੋਂ ਖੋਹ ਲਈ ? ਤੂੰ ਇਹ ਵੀ ਨਾ ਵੇਖ ਸੁਖਾਈਓਂ ? ਅੱਜ ਮੇਰੇ ਬੰਸ ਦੀਆਂ ਰਗਾਂ ਵਿਚੋਂ ਕਲਗੀਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ।”
ਇਹ ਵਾਕ ਉਹਦਾ ਸੀਨਾ ਪਾੜ ਕੇ ਨਿੱਕਲ ਰਹੇ ਸਨ। ਉਹਦਾ ਸਾਰਾ ਸਰੀਰ ਥਰਥਰਾ ਰਿਹਾ ਸੀ, ਤੇ ਰੋਂਦੀ-ਰੋਂਦੀ ਹਿੱਚਕੀ ਬੱਝ ਗਈ ਸੀ । ਦਲੀਪ ਸਿੰਘ ਤੋਂ ਵੇਖ ਕੇ ਸਹਾਰਿਆ ਨਾ ਗਿਆ । ਉਹ ਮਾਂ ਦੇ ਚਰਨਾਂ ‘ਤੇ ਡਿੱਗਾ ਭੁੱਬੀਂ ਭੁੱਬੀ ਰੋ ਰਿਹਾ ਸੀ। ਮਾਂ ਨੇ ਚੁੱਕ ਕੇ ਫੇਰ ਬੱਚੇ ਨੂੰ ਗਲ ਨਾਲ ਲਾ ਲਿਆ । ਭੜਾਂਦੀ ਵਾਜ ਵਿਚ ਦਲੀਪ ਸਿੰਘ ਬੋਲਿਆ, “ਮਾਂ ! ਮੈਂ ਤੇਰੀ ਉਜੜੀ ਦੁਨੀਆਂ ਫਿਰ ਨਹੀਂ ਵਸਾ ਸਕਦਾ। ਤੇਰਾ ਗੁਆਚਿਆ ਰਾਜ-ਭਾਗ ਫਿਰ ਕਾਇਮ ਨਹੀਂ ਕਰ ਸਕਦਾ, ਪਰ ਤੇਰੀ ਕੁਲ ਵਿਚੋਂ ਗਈ ਸਿੱਖੀ ਫੇਰ ਪਰਤਾ ਲਿਆਵਾਂਗਾ । ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਮੇਰੇ ਇਸ ਪ੍ਰਣ ਨੂੰ ਤੋੜ ਨਿਭਾਉਣ ।”
ਦਲੀਪ ਸਿੰਘ ਦੀ ਇਛਿਆ ਹਿੰਦੁਸਤਾਨ ਦੇ ਪਹਾੜਾਂ ‘ਤੇ ਇਹ ਗਰਮੀਆਂ ਕੱਟਣ ਦੀ ਸੀ, ਪਰ ਜਿੰਦਾਂ ਨੂੰ ਪਹਾੜਾਂ ‘ਤੇ ਜਾਣ ਦੀ ਆਗਿਆ ਨਾ ਮਿਲੀ, ਤੇ ਉਹ ਪੁੱਤਰ ਨਾਲੋਂ ਇਕ ਮਿੰਟ ਵੀ ਵਿਛੜਨਾ ਨਹੀਂ ਸੀ ਚਾਹੁੰਦੀ । ਸੋ ਮਹਾਰਾਜਾ ਵੀ ਪਹਾੜਾਂ ‘ਤੇ ਨਾ ਗਿਆ ।
ਮਹਾਰਾਜੇ ਨੇ ਆਪਣੀ ਮਾਤਾ ਨਾਲ ਹਿੰਦੁਸਤਾਨ ਵਿਚ ਰਹਿਣ ਦੀ ਇਛਿਆ ਪ੍ਰਗਟ ਕੀਤੀ। ਉਸ ਨੇ ਚਾਹਿਆ ਕਿ ਮਹਾਰਾਣੀ ਵਾਸਤੇ ਕਲਕੱਤੇ ਦੇ ਬਾਹਰ ਕੋਈ ਮਕਾਨ ਬਣਾ ਦਿੱਤਾ ਜਾਵੇ । ਉਸ ਨੇ ਸਰਕਾਰ ਕੋਲ ਇਹ ਵੀ ਬੇਨਤੀ ਕੀਤੀ ਕਿ ਉਹ ਮਹਾਰਾਣੀ ਦੇ ਖੋਹੇ ਹੋਏ ਗਹਿਣੇ ਵਾਪਸ ਕਰੇ, ਤੇ ਉਸ ਦੇ ਗੁਜ਼ਾਰੇ ਵਾਸਤੇ ਵਾਜਬ ਪੈਨਸ਼ਨ ਦੇਵੇ ।
ਸਰਕਾਰ ਹਿੰਦ ਤੇ ਜਿੰਦਾਂ
“ਸਰਕਾਰ ਹਿੰਦ ਅਜੇ ਵੀ ਡਰਦੀ ਸੀ ਕਿ ਸ਼ਾਇਦ ਮਹਾਰਾਣੀ ਕਿਸੇ ਕਿਸਮ ਦੀ ਬਗਾਵਤ ਕਰੇ । ਇਸ ਵਾਸਤੇ ਉਸ ਦਾ ਹਿੰਦੁਸਤਾਨ ਵਿਚ ਆਉਣਾ ਸਰਕਾਰ ਪ੍ਰਵਾਨ ਨਹੀਂ ਕਰਦੀ । ਮਹਾਰਾਣੀ ਦੀ ਨਿੱਜੀ ਜਾਇਦਾਦ—ਗਹਿਣੇ ਤੇ ਹੀਰੇ ਜਵਾਹਰਾਤ-ਸਰਕਾਰ ਦੇ ਕਬਜ਼ੇ ਵਿਚ ਸਨ ਤੇ ਸਰਕਾਰ ਉਹ ਹੀਰੇ ਜਵਾਹਰਾਤ ਤਦ ਤੱਕ ਵਾਪਸ ਕਰਨ ਨੂੰ ਤਿਆਰ ਨਹੀਂ ਸੀ, ਜਦ ਤੱਕ ਮਹਾਰਾਣੀ ਆਪਣੀ ਰਿਹਾਇਸ਼ ਵਾਸਤੇ ਹਿੰਦੁਸਤਾਨ ਤੋਂ ਬਾਹਰ ਥਾਂ ਨਾ ਚੁਣ ਲਵੇ । ਗੌਰਮਿੰਟ ਲੰਕਾ ਟਾਪੂ ਉਸ ਵਾਸਤੇ ਤਜਵੀਜ਼ ਕਰਦੀ ਸੀ ।”
ਬਾਕੀ ਗੱਲ ਰਹੀ ਪੈਨਸ਼ਨ ਦੀ । ਸਰਕਾਰ ਨੇ ਘੱਟ ਤੋਂ ਘੱਟ ਦੋ ਹਜ਼ਾਰ ਤੇ ਵੱਧ ਤੋਂ ਵੱਧ ਤਿੰਨ ਹਜ਼ਾਰ ਸਾਲਾਨਾ ਮਹਾਰਾਣੀ ਨੂੰ ਦੇਣਾ ਮੰਨਿਆ । ਉਹ ਵੀ ਏਸ ਸ਼ਰਤ ਉੱਤੇ ਕਿ ਉਹ ਰਿਸ਼ੀਆਂ ਦੀ ਧਰਤੀ ਹਿੰਦੁਸਤਾਨ ਨੂੰ ਛੱਡ ਕੇ, ਰਾਵਣ ਦੇ ਮੁਲਕ-ਲੰਕਾ—ਵਿਚ ਕੈਦ ਰਹਿਣਾ ਪ੍ਰਵਾਨ ਕਰੇ । ਮਹਾਰਾਜੇ ਨੇ ਇਹ ਸ਼ਰਤ ਨਾ ਮੰਨੀ, ਤੇ ਮਹਾਰਾਣੀ ਨੂੰ ਨਾਲ ਵਲਾਇਤ ਲੈ ਜਾਣ ਦਾ ਫੈਸਲਾ ਕਰ ਲਿਆ ।
ਮਹਾਰਾਜਾ ਤੇ ਸਿੱਖ ਫੌਜਾਂ
ਜਦੋਂ ਦਲੀਪ ਸਿੰਘ ਕਲਕੱਤੇ ਉਤਰਿਆ ਹੋਇਆ ਸੀ, ਕੁਛ ਸਿੱਖ ਰਜਮੈਂਟਾਂ ਚੀਨ ਤੋਂ ਵਾਪਸ ਆਈਆਂ । ਪਤਾ ਲੱਗਣ ਉੱਤੇ ਉਹਨਾਂ ਮਹਾਰਾਜੇ ਦਾ ਹੋਟਲ ਘੇਰ ਲਿਆ, ਤੇ ਆਪਣੇ ਪੁਰਾਣੇ ਬਾਦਸ਼ਾਹ ਵਾਸਤੇ ਖੁਸ਼ੀ ਤੇ ਸ਼ਰਧਾ ਪ੍ਰਗਟ ਕਰਨ ਲੱਗੇ । ਭਾਵੇਂ ਉਹ ਫੌਜੀ ਨੇਮਾਂ (Discipline) ਤੋਂ ਬਾਹਰ ਨਹੀਂ ਹੋਏ, ਪਰ ਉਹਨਾਂ ਦਾ ਜੋਸ਼ ਅਥਾਹ ਸੀ। ਇਹ ਵੇਖ ਕੇ ਲਾਰਡ ਕੈਨਿੰਗ (Canning) ਵਾਇਸਰਾਏ ਨੇ ਮਹਾਰਾਜੇ ਨੂੰ ਕਿਹਾ ਕਿ ਹੁਣੇ ਹਿੰਦੁਸਤਾਨ ਛੱਡ ਕੇ ਵਲਾਇਤ ਚਲਾ ਜਾਏ । ਸੋ ਪਹਿਲੇ ਜਹਾਜ ਵਿਚ ਹੀ ਮਹਾਰਾਜਾ ਆਪਣੀ ਮਾਂ ਸਣੇ ਵਲਾਇਤ ਨੂੰ ਤੁਰ ਪਿਆ । ਉਹਨੇ ਲਾਗਨ ਨੂੰ ਲਿਖਿਆ ਕਿ ਮੇਰੇ ਨੇੜੇ ਤੇੜੇ ਹੀ ਮਹਾਰਾਣੀ ਵਾਸਤੇ ਕਿਸੇ ਘਰ ਦਾ ਪ੍ਰਬੰਧ ਕਰ ਲਵੇ। ਹਿੰਦੁਸਤਾਨ ਛੱਡਣ ਲੱਗਿਆਂ ਸਰਕਾਰ ਨੇ ਮਹਾਰਾਣੀ ਦੇ ਕੁਛ ਗਹਿਣੇ ਤੇ ਜਵਾਹਰਾਤ ਉਸ ਨੂੰ ਮੋੜ ਦਿੱਤੇ । ਮਹਾਰਾਣੀ ਕੁਛ ਦੇਸੀ ਨੌਕਰ ਨੌਕਰਾਣੀਆਂ ਵੀ ਨਾਲ ਲੈ ਗਈ। ਮਹਾਰਾਜੇ ਦਾ ਸ਼ੇਰ ਦਾ ਸ਼ਿਕਾਰ ਕਰਨ ਦਾ ਸ਼ੌਕ ਪੂਰਾ ਨਾ ਹੋਇਆ । ਇਸ ਕੰਮ ਵਾਸਤੇ ਉਹ ਜੋ ਨਵੇਂ ਢੰਗ ਦੇ ਕੀਮਤੀ ਹਥਿਆਰ ਲਿਆਇਆ ਸੀ, ਐਵੇਂ ਬੇਕਾਰ ਗਏ।
ਇਸ ਵੇਲੇ ਜਿੰਦ ਕੌਰ ਦੀ ਅਰੋਗਤਾ ਨਸ਼ਟ ਹੋ ਚੁੱਕੀ ਸੀ । ਉਸ ਦੇ ਮਸਾਲਾਂ ਵਾਂਗ ਬਲਦੇ ਰੁਹਬ ਤੇ ਸ਼ਾਹੀ ਸ਼ਾਨ ਵਾਲੇ ਨੇਤਰ ਗਰੀਬ ਦੇ ਦੀਵੇ ਵਾਂਗ ਸਦਾ ਵਾਸਤੇ ਬੁੱਝ ਚੁੱਕੇ ਸਨ । ਸ਼ੇਰੇ-ਪੰਜਾਬ ਦਾ ਮਨ ਮੋਹਣ ਵਾਲੀ ਖੂਬਸੂਰਤੀ ਉਸ ਤੋਂ ਸਦਾ ਵਾਸਤੇ ਦੂਰ ਹੋ ਚੁੱਕੀ ਸੀ । ਬੁਢਾਪੇ ਨੇ ਸਮੇਂ ਤੋਂ ਪਹਿਲਾਂ ਹੀ ਉਹਨੂੰ ਰਾਣ ਲਿਆ ਸੀ। ਅੱਜ ਕੋਈ ਵੇਖ ਕੇ ਯਕੀਨ ਨਹੀਂ ਕਰ ਸਕਦਾ ਸੀ ਕਿ ਇਹ ਓਹਾ ਜਿੰਦਾਂ— ਮਹਾਰਾਜਾ ਰਣਜੀਤ ਸਿੰਘ ਦੀ ‘ਮਹਿਬੂਬਾ’—ਹੈ ।
ਵਲਾਇਤ ਪੁੱਜੇ
ਮਹਾਰਾਜਾ ਦਲੀਪ ਸਿੰਘ ਤੇ ਉਸ ਦੀ ਮਾਤਾ ਜੁਲਾਈ, ੧੮੬੧ ਵਿਚ ਵਲਾਇਤ ਪਹੁੰਚੇ । ਮਹਾਰਾਣੀ ਵਾਸਤੇ ਨੇੜੇ ਹੀ ਲੈਨਕੈਸਟਰ ਗੇਟ (Lancaster Gate) ਵਿਚ ਇਕ ਵੱਖਰਾ ਘਰ ਲਿਆ ਗਿਆ ਸੀ, ਪਰ ਉਹ ਆਪਣੇ ਪੁੱਤਰ ਨਾਲ ਮੁਲਗਰੇਵ ਕੈਸਲ ਵਿਚ ਹੀ ਰਹਿਣ ਲੱਗੀ। ਇਸ ਤੋਂ ਪਹਿਲਾਂ ਮਹਾਰਾਜਾ ਈਸਾਈ ਧਰਮ ਵਿਚ ਬੜੀ ਸ਼ਰਧਾ ਪ੍ਰਗਟ ਕਰਦਾ ਸੀ । ਉਹ ਹਰ ਐਤਵਾਰ ਗਿਰਜੇ ਜਾਂਦਾ ਹੁੰਦਾ ਸੀ। ਪਰ ਮਹਾਰਾਣੀ ਦੇ ਕੋਲ ਆ ਜਾਣ ਕਰਕੇ ਉਸ ਦਾ ਇਹ ਸ਼ੌਕ ਕੁਛ ਮੱਠਾ ਪੈ ਗਿਆ ।
ਮਹਾਰਾਣੀ ਨੇ ਹਰ ਗੱਲ ਵਿਚ ਮਹਾਰਾਜੇ ‘ਤੇ ਆਪਣਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ । ਉਸ ਮਹਾਰਾਜੇ ਨੂੰ ਉਸ ਦੀ ਪੰਜਾਬ ਵਿਚਲੀ ਨਿੱਜੀ ਜਾਇਦਾਦ (Private Property or Private Estates) घाघउ ही ताटु राष्टिभा, ਜਿਸ ਦਾ ਜ਼ਿਕਰ ਪਹਿਲੋਂ ਪਹਿਲ ਮਹਾਰਾਜਾ ਜੁਲਾਈ ੧੮੬੧ ਵਿਚ ਕਰਦਾ ਹੈ। ਪਿੱਛੋਂ ਮਹਾਰਾਜੇ ਨੇ ਲੰਡਨ ਦੇ ਅਜਾਇਬ ਘਰ ਵਿਚੋਂ ਨੀਲੀ ਕਿਤਾਬ (Blue Book) ਵਿਚੋਂ ਵੀ ਰਣਜੀਤ ਸਿੰਘ ਦੇ ਬਾਦਸ਼ਾਹ ਬਣਨ ਤੋਂ ਪਹਿਲਾਂ ਦੀਆਂ ਜਾਗੀਰਾਂ ਦਾ ਪਤਾ ਕੀਤਾ ।
ਜਿੰਦਾਂ ਦੀ ਵਿਰੋਧਤਾ
ਲਾਗਨ ਚਾਹੁੰਦਾ ਸੀ ਕਿ ਜਿੰਨੀ ਛੇਤੀ ਹੋ ਸਕੇ, ਮਹਾਰਾਜੇ ਨੂੰ ਜਿੰਦਾਂ ਤੋਂ ਵੱਖਰਾ ਕੀਤਾ ਜਾਵੇ । ਉਹਨੇ ਮਹਾਰਾਜੇ ਨੂੰ ਕਿਹਾ ਕਿ ਜਿੰਦਾਂ ਲਾਈਥ ਹਾਲ (Lythe Hall) ਵਿਚ ਰਹੇ, ਤਾਂ ਚੰਗਾ ਹੈ । ਮਹਾਰਾਜੇ ਨੇ ਅੱਗੋਂ ਉਤਰ ਦਿੱਤਾ ਕਿ ਉਹ ਮੇਰੇ ਨਾਲ ਮੁਲਗਰੇਵ ਕੈਸਲ ਵਿਚ ਹੀ ਰਹਿਣਾ ਚਾਹੁੰਦੀ ਹੈ । ਮੈਥੋਂ ਵਿੱਛੜ ਕੇ ਉਹ ਕਿਤੇ ਵੀ ਨਹੀਂ ਰਹਿਣਾ ਚਾਹੁੰਦੀ ।
ਚਾਰ ਅਗਸਤ ਨੂੰ ਫਿਪਸ ਨੇ ਲਾਗਨ ਨੂੰ ਲਿਖਿਆ ਕਿ ਜਿੰਦਾਂ ਦਾ ਵਲਾਇਤ ਵਿਚ ਆਉਣਾ ਸਾਡੀ ਬਦ-ਕਿਸਮਤੀ ਹੈ ।
ਮਹਾਰਾਣੀ ਦਾ ਸਿੱਖਿਆ ਦਾ ਇਹ ਅਸਰ ਹੋਇਆ ਕਿ ਮਹਾਰਾਜੇ ਦੀ ਸਲਾਹ ਹਿੰਦੁਸਤਾਨ ਵਿਚ ਆਪਣੀ ਮਾਤਾ ਨਾਲ ਰਹਿਣ ਦੀ ਹੋ ਗਈ । ਉਸ ਨੇ ਆਪਣੀ ਇਛਿਆ ਲੇਡੀ ਲਾਗਨ ਕੋਲ ਪ੍ਰਗਟ ਕੀਤੀ । ਲੇਡੀ ਲਾਗਨ ਨੇ ਚੱਜ ਨਾਲ ਮਹਾਰਾਜੇ ਨੂੰ ਇਸ ਗੱਲੋਂ ਵਰਜਿਆ ਤੇ ਲਿਖਿਆ, “ਮਹਾਰਾਜਾ ਨੂੰ ਏਸ ਕੰਮ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ, ਸਗੋਂ ਧੀਰਜ ਨਾਲ ਕੁਛ ਚਿਰ ਸੋਚਣਾ ਚਾਹੀਦਾ ਹੈ ।”
ਹੁਣ ਲਾਗਨ ਨੂੰ ਬੜਾ ਫਿਕਰ ਬਣਿਆ । ਉਸ ਨੇ ਸਰ ਚਾਰਲਸ ਨੂੰ ਦਸੰਬਰ, ੧੮੬੧ ਵਿਚ ਚਿੱਠੀ ਲਿਖੀ, ਜਿਸ ਦਾ ਭਾਵ ਸੀ, “ਜਿੰਨੀ ਛੇਤੀ ਹੋ ਸਕੇ, ਮਹਾਰਾਜੇ ਨੂੰ ਜਿੰਦਾਂ ਦੇ ਬੁਰੇ ਅਸਰ ਤੋਂ ਬਚਾਇਆ ਜਾਵੇ । ਮਹਾਰਾਣੀ ਵਾਸਤੇ ਵੱਖਰੇ ਘਰ ਵਿਚ ਰਹਿਣ ਦਾ ਪ੍ਰਬੰਧ ਕੀਤਾ ਜਾਵੇ, ਤੇ ਮਹਾਰਾਜੇ ਦੀ ਉਮਰ ਦਾ ਉਸ ਵਾਸਤੇ ਹੋਰ ਸਾਥੀ ਲੱਭਿਆ ਜਾਵੇ । ਮਹਾਰਾਜਾ ਹਿੰਦੁਸਤਾਨ ਵਿਚ ਵੱਸਣਾ ਚਾਹੁੰਦਾ ਹੈ, ਤੇ ਓਥੇ ਹੀ ਆਪਣੀ ਜਾਗੀਰ ਬਨਾਉਣਾ ਚਾਹੁੰਦਾ ਹੈ ।”
ਹੁਣ ਖਾਸ ਕਰਮਚਾਰੀਆਂ ਨੂੰ ਬੜਾ ਫਿਕਰ ਹੋਇਆ ਕਿ ਛੇਤੀ ਤੋਂ ਛੇਤੀ ਮਹਾਰਾਜੇ ਨੂੰ ਜਿੰਦਾਂ ਤੋਂ ਵੱਖਰਾ ਕੀਤਾ ਜਾਵੇ । ੧੬ ਜੂਨ, ੧੮੬੨ ਨੂੰ ਫਿਪਸ ਲਿਖਦਾ ਹੈ,“ਮਹਾਰਾਣੀ ਨੂੰ ਵਾਪਸ ਹਿੰਦੁਸਤਾਨ ਵਿਚ ਜਾਣ ਤੋਂ ਨਾ ਰੋਕਿਆ ਜਾਵੇ । ਮੈਨੂੰ ਡਰ ਹੈ ਕਿ ਜਿੰਨਾ ਚਿਰ ਮਹਾਰਾਜਾ ਉਸ ਦੇ ਬੁਰੇ ਅਸਰ ਥੱਲੇ ਰਹੇਗਾ, ਉਹ ਵਿਗੜਦਾ ਜਾਏਗਾ।”
ਲਾਗਨ ਨੇ ਕਹਿ ਕਹਾ ਕੇ ਮਹਾਰਾਜੇ ਨੂੰ ਮਨਾ ਲਿਆ ਕਿ ਮਹਾਰਾਣੀ ਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇ, ਪਰ ਸਰਕਾਰ ਹਿੰਦ ਇਹ ਗੱਲ ਨਾ ਮੰਨੀ । ਲਾਰੰਸ ਨੇ ਲਿਖਿਆ, “ਮਹਾਰਾਣੀ ਹਿੰਦੁਸਤਾਨ ਵਿਚੋਂ ਬਾਹਰ ਹੀ ਰਹੇ, ਤਾਂ ਚੰਗਾ ਹੈ । ਕਿਉਂਕਿ ਏਥੇ ਆ ਕੇ ਉਹ ਕੋਈ ਹੋਰ ਪਵਾੜਾ ਖਲਾ ਕਰ ਦੇਵੇਗੀ ।”
ਜਿੰਦਾਂ ਵੱਖਰੇ ਘਰ ਵਿਚ
ਨਾ ਤਾਂ ਜਿੰਦਾਂ ਦਾ ਆਪਣੇ ਪੁੱਤਰ ਕੋਲ ਰਹਿਣਾ ਲਾਗਨ ਆਦਿ ਨੂੰ ਸੁਖਾਂਦਾ ਸੀ, ਤੇ ਨਾ ਸਰਕਾਰ ਹਿੰਦ ਉਸ ਨੂੰ ਹਿੰਦੁਸਤਾਨ ਵਿਚ ਆਉਣ ਦੀ ਆਗਿਆ ਦੇਂਦੀ ਸੀ। ਕੁਛ ਚਿਰ ਪਿੱਛੋਂ ਉਸ ਨੂੰ ਐਬਿੰਗਡਨ ਹਾਊਸ (Abingdon House) ਵਿਚ ਰਿਹਾਇਸ਼ ਦਿੱਤੀ ਗਈ। ਅੰਤ ਲਾਗਨ ਨੇ ਮਾਂ-ਪੁੱਤ ਨੂੰ ਵਿਛੋੜ ਕੇ ਹੀ ਬੱਸ ਕੀਤੀ ।
ਹੁਣ ਹਫਤੇ ਵਿਚ ਇਕ-ਦੋ ਵਾਰ ਦਲੀਪ ਸਿੰਘ ਮਾਂ ਨੂੰ ਮਿਲਣ ਜਾਂਦਾ ਸੀ ।
ਬਹੁਤ ਸਾਰੇ ਅੰਗਰੇਜ਼ ਕਰਮਚਾਰੀ ਚਾਹੁੰਦੇ ਸਨ ਕਿ ਮਹਾਰਾਜਾ ਸਦਾ ਵਲਾਇਤ ਵਿਚ ਹੀ ਰਹੇ । ਇਸ ਦਾ ਖਾਸ ਕਾਰਨ ਇਹ ਸੀ ਕਿ ਮਹਾਰਾਜਾ ਜਦੋਂ ਵੀ ਹਿੰਦ ਵਿਚ ਜਾਵੇਗਾ, ਸਿੱਖਾਂ ਦੀ ਹਮਦਰਦੀ ਹਾਸਲ ਕਰ ਲਵੇਗਾ, ਪਰ ਉਸ ਨੂੰ ਹਮੇਸ਼ਾਂ ਲਈ ਇੰਗਲੈਂਡ ਵਾਸੀ ਬਣਾਉਣ ਵਾਸਤੇ ਪੱਕੇ ਜਾਲ ਵਿਛਾਉਣ ਦੀ ਲੋੜ ਸੀ। ੧੮੬੧ ਵਿਚ भावइत भाद सरी मटात भाद ष्टिंडीला (Order of the Star of India) ਘੜਿਆ ਗਿਆ, ਤੇ ਇਹ ਖਿਤਾਬ ਮਹਾਰਾਜੇ ਨੂੰ ਦਿੱਤਾ ਗਿਆ । ਉਸ ਨੂੰ ਇੰਗਲੈਂਡ ਵਿਚ ਸ਼ਹਿਰੀ ਹੱਕ ਵੀ ਦਿੱਤੇ ਗਏ ।
ਲਾਗਨ ਨੇ ਮਹਾਰਾਜੇ ਨੂੰ ਸਲਾਹ ਦਿੱਤੀ ਕਿ ਉਹ ਵਲਾਇਤ ਵਿਚ ਹੀ ਰਹੇ, ਏਥੇ ਕਿਸੇ ਚੰਗੇ ਘਰਾਣੇ ਵਿਚ ਵਿਆਹ ਕਰਵਾ ਲਵੇ, ਏਥੇ ਹੀ ਚੰਗੀ ਜਾਗੀਰ ਬਣਾਵੇ, ਜੋ ਉਸ ਨੂੰ ਚੰਗਾ ਅਮੀਰ ਬਣਾ ਦੇਵੇਗੀ । ਨਾਲ ਹੀ ਇਹ ਵੀ ਕਿਹਾ ਕਿ ਮਾਹਾਰਾਜਾ ਇਸ ਕਿਸਮ ਦੀ ਵਸੀਅਤ ਕਰ ਦੇਵੇ ਕਿ ਜੇ ਉਸ ਦੀ ਔਲਾਦ ਨਾ ਹੋਵੇ, ਤਾਂ ਉਸ ਦੀ ਜਾਇਦਾਦ ਵਿਚੋਂ ਤਿੱਜਾ ਹਿੱਸਾ ਉਸ ਦੇ ਭਤੀਜੇ ਸ਼ਿਵਦੇਵ ਸਿੰਘ ਨੂੰ ਮਿਲੇ ਤੇ ਦੋ ਹਿੱਸੇ ਸਿੱਖਾਂ ਵਿਚ ਈਸਾਈ ਮੱਤ ਦਾ ਪ੍ਰਚਾਰ ਕਰਨ ਦੇ ਕੰਮ ਆਉਣ ।
ਹੈਦਰੂਪ ਤੇ ਐਲਵੇਡਨ
੧੮੬੨ ਵਿਚ ਗੌਰਮਿੰਟ ਨੇ ਮਹਾਰਾਜੇ ਨੂੰ ਜਾਗੀਰ ਖਰੀਦਣ ਵਾਸਤੇ ਕੁਛ ਰਕਮ ਦਿੱਤੀ ਤੇ ਉਸ ਨੇ ਗਲਾਊਸੈਸਟਰ ਸ਼ਾਇਰ (Gloucestershire) ਵਿਚ ਹੈਦਰੁਪ ਐਸਟੇਟ (Hetherop Estate) ਇਕ ਲੱਖ ਪਚਾਸੀ ਹਜ਼ਾਰ ਪੌਂਡ ਤੋਂ ਖਰੀਦ ਲਈ । ਜਿਸ ਵੇਲੇ ਉਸ ਨੇ ਆਪ ਜਾ ਕੇ ਉਹ ਥਾਂ ਵੇਖੀ, ਤਾਂ ਉਹ ਵੱਸਣ ਦੇ ਲਾਇਕ ਨਹੀਂ ਸੀ । ਸੋ ਸਰਕਾਰ ਦੀ ਮਨਜ਼ੂਰੀ ਨਾਲ ੧੮੬੩ ਵਿਚ ਉਹ ਜਾਗੀਰ देस वे मॅदेव (Suffolk) हिच भेलदेडत भैमटेट (Elveden Estate) ਖਰੀਦ ਲਈ, ਜਿਸ ਦਾ ਕਬਜ਼ਾ ਉਸ ਨੇ ੨੯ ਸਤੰਬਰ ਨੂੰ ਲਿਆ ।
ਜਿੰਦਾਂ ਦਾ ਅੰਤ ਸਮਾਂ
ਨੇਪਾਲ ਵਿਚ ਹੀ ਮਹਾਰਾਣੀ ਦੀ ਅਰੋਗਤਾ ਵਿਗੜ ਗਈ ਸੀ । ਵਲਾਇਤ ਵਿਚ ਵੀ ਉਹ ਅੱਛੀ ਨਾ ਹੋਈ, ਸਗੋਂ ਕਮਜ਼ੋਰੀ ਵੱਧਦੀ ਹੀ ਗਈ । ਅੰਤ ਉਹ ਦਿਨ ਨੇੜੇ ਆ ਗਿਆ, ਜਿਸ ਦੀ ਉਡੀਕ ਵਿਚਾਰੀ ਦੁਖੀਆ ਜਿੰਦਾਂ ਚਿਰ ਤੋਂ ਕਰ ਰਹੀ ਸੀ। ਦਲੀਪ ਸਿੰਘ ਨੇ ਬੜਾ ਇਲਾਜ ਕਰਵਾਇਆ, ਪਰ ਕੋਈ ਫਰਕ ਨਾ ਪਿਆ। ਹੁਣ ਜਿੰਦ ਕੌਰ ਕੁਛ ਪਲਾਂ ਦੀ ਪਰਾਹੁਣੀ ਸੀ । ਉਹਦਾ ਸਵਾਸ ਰੁਕ ਰੁਕ ਕੇ ਚੱਲਦਾ ਸੀ।
ਦਲੀਪ ਸਿੰਘ ਉਸ ਦੀ ਛਾਤੀ ‘ਤੇ ਲੇਟ ਜਾਂਦਾ, ਤੇ ਬੱਚਿਆਂ ਵਾਂਗ ਰੋਣ ਲੱਗ ਪੈਂਦਾ । ਆਪਣੇ ਦੇਸ ਤੇ ਆਪਣੇ ਸਾਕਾਂ ਸੰਬੰਧੀਆਂ ਤੋਂ ਵਿਛੜਿਆ ਹੋਇਆ ਮਹਾਰਾਜਾ ਪਰਦੇਸ ਵਿਚ ਇਕੱਲਾ ਹੋ ਰਿਹਾ ਜਾਪਦਾ ਸੀ । ਬੁਝਣ ਤੋਂ ਪਹਿਲਾਂ ਦੀਵੇ ਦੀ ਲੋਅ ਜ਼ਰਾ ਚਮਕ ਆਉਂਦੀ ਹੈ । ਏਸੇ ਤਰ੍ਹਾਂ ਮਰਨ ਤੋਂ ਪਹਿਲਾਂ ਜਿੰਦਾਂ ਦੀ ਸੁਰਤ ਜ਼ਰਾ ਠੀਕ ਹੋਈ, ਤਾਂ ਉਹਨੇ ਘੁੱਟ ਕੇ ਪੁੱਤਰ ਨੂੰ ਹਿੱਕ ਨਾਲ ਲਾ ਲਿਆ । ਏਨਾ ਨੇੜੇ ਹੁੰਦਾ ਹੋਇਆ ਵੀ ਦਲੀਪ ਸਿੰਘ ਉਹਨੂੰ ਸੈਂਕੜੇ ਕੋਹਾਂ ਦੀ ਵਿੱਥ ਪਾਈ ਜਾ ਰਿਹਾ ਨਜ਼ਰ ਆ ਰਿਹਾ ਸੀ । ਉਹ ਆਪਣੇ ਸਰੀਰ ਦੀ ਸਾਰੀ ਸ਼ਕਤੀ ਕੱਠੀ ਕਰਕੇ ਹੌਲੀ-ਹੌਲੀ ਬੋਲੀ, “ਦਲੀਪ ! ਤੂੰ ਨਹੀਂ ਜਾਣਦਾ ਕਿ ਤੇਰੇ ਬਾਰੇ ਮੇਰੇ ਦਿਲ ਵਿਚ ਕਿੰਨੀਆਂ ਕੁ ਰੀਝਾਂ ਸਨ । ਪਰ ਹਾਇ! ਤਕਦੀਰ ਨੇ ਸਮੇਂ ਤੋਂ ਪਹਿਲਾਂ ਹੀ ਸਭ ਕੁਛ ਨਸ਼ਟ ਕਰ ਦਿੱਤਾ । ….ਤੂੰ ਮੇਰੀਆਂ ਸਾਰੀਆਂ ਸੱਧਰਾਂ ਪੂਰੀਆਂ ਨਹੀਂ ਕਰ ਸਕੇਂਗਾ, ਪਰ ਇਕ ਅਰਦਾਸ ਜ਼ਰੂਰ ਮੰਨ ਲਈਂ। ਮੇਰੀ ਅਰਥੀ—ਇਹ ਪੰਜ ਸੇਰ ਮਿੱਟੀ-ਪੰਜਾਬ ਦੀ ਅਮਾਨਤ ਹੈ, ਇਸ ਨੂੰ ਓਪਰੀ ਮਿੱਟੀ ਵਿਚ ਨਾ ਮਿਲਣ ਦੇਈਂ । …ਜਦ ਮੇਰੇ ਸਵਾਸ ਪੂਰੇ ਹੋ ਜਾਣ, ਮੇਰੀ ਲੋਥ ਨੂੰ ਏਥੋਂ ਚੁਕ ਲਈਂ, ਪੰਜਾਬ-ਖਾਸ ਕਰ ਲਾਹੌਰ-ਵਿਚ ਪਹੁੰਚ ਜਾਈਂ ਤੇ ਮੇਰਾ ਸਿਰ ਮੇਰੇ ਸਿਰਤਾਜ ਦੇ ਚਰਨਾਂ ‘ਤੇ ਧਰ ਦੇਵੀਂ । ਉਸ ਵੇਲੇ ਮੇਰੀ ਰੂਹ ਬੱਦਲ ਬਣ ਕੇ ਅਸਮਾਨ ‘ਤੇ ਛਾ ਰਹੀ ਹੋਵੇਗੀ, ਤੇ ਮੇਰੀਆਂ ਰੀਝਾਂ ਹੰਝੂ ਬਣ ਕੇ ਆਪਣੇ ਸ਼ੇਰੇ-ਪੰਜਾਬ ਦੀ ਸਮਾਧ ‘ਤੇ ਵੱਸ ਰਹੀਆਂ ਹੋਣਗੀਆਂ । …ਇਕ ਗੱਲ ਹੋਰ ਚੇਤੇ ਰਖੀਂ । ਮੈਂ ਵੇਖਿਆ ਹੈ ਕਿ ਮਰਨ ਤੋਂ ਪਿਛੋਂ ਮ੍ਰਿਤਕ ਦੀਆਂ ਅੱਖਾਂ ਬੰਦ ਕਰ ਦੇਂਦੇ ਹਨ, ਤੇ ਨੈਣਾਂ ਵਿਚ ਆਏ ਦੋ ਹੰਝੂ-ਜੀਵਨ ਦੀ ਆਖਰੀ ਨਿਸ਼ਾਨੀ—ਧਰਤੀ ‘ਤੇ ਢਹਿ ਕੇ ਮਿਟ ਜਾਇਆ ਕਰਦੇ ਨੇ । ਪਰ ਮੇਰੇ ਨਾਲ ਇਹ ਅਨਰਥ ਨਾ ਕਰੀਂ । ਮਤਾਂ ਮੇਰੇ ਮੋਈ ਦੇ ਹੰਝੂ ਬਿਗਾਨਿਆਂ ਦੀ ਧਰਤੀ ‘ਤੇ ਢਹਿ ਕੇ ਉਸ ਨਿਰਦਈ ਅੱਗੇ ਫਰਿਆਦ ਕਰਦੇ ਹੋਣ, ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ ਨਹੀਂ ਕੀਤਾ ।
…ਇਹ ਮੇਰੀ ਆਖਰੀ ਭੇਟਾ ਮੇਰੇ ਮਹਾਰਾਜ ਵਾਸਤੇ ਲੈ ਜਾਈਂ …।”
ਜਿੰਦਾਂ ਸੁਰਗਵਾਸ
ਅੰਤ, ਪਹਿਲੀ ਅਗਸਤ, ੧੮੬੩ ਨੂੰ ਜਿੰਦ ਕੌਰ ਦੇ ਸਵਾਸ ਕੈਨਸਿੰਘਟਨ (Kensington) ਵਿਚ ਐਬਿੰਗਡਨ ਹਾਊਸ (Abingdon House) ਅੰਦਰ ਪੂਰੇ ਹੋਏ । ਵਿਚਾਰੀ ਦੀ ਸਾਰੀ ਉਮਰ ਕਿਸ ਤਰ੍ਹਾਂ ਗੁਜਰੀ?
ਦਿਨ ਕਟਾ ਫਰਯਾਦ ਮੇਂ ਔਰ ਰਾਤ ਜ਼ਾਰੀ ਮੇਂ ਕਟੀ । ਉਮਰ ਕਟਨੇ ਕੋ ਕਟੀ, ਪਰ ਹੈ ਖਵਾਰੀ ਮੇਂ ਕਟੀ ।
ਜਿੰਦਾਂ ਦੀ ਦੁਖੀ ਜ਼ਿੰਦਗੀ ਦਾ ਅੰਤ ਹੋ ਗਿਆ । ਇਸ ਗੱਲ ਦੀ ਲਾਗਨ ਨੂੰ ਵੀ ਤਾਰ ਦਿੱਤੀ ਗਈ । ਉਹ ਸਣੇ ਪਰਿਵਾਰ ਪੁੱਜਾ । ਹਰ ਜਿਸ ਨੇ ਸੁਣਿਆ, ਮਾਤਮ ਵਾਸਤੇ ਆਇਆ । ਜਿੰਨੇ ਹਿੰਦੁਸਤਾਨੀ ਨੇੜੇ ਦੂਰ ਸਨ, ਸੁਣਕੇ ਜਿੰਦਾਂ ਦੇ ਸੋਗ ਵਿਚ ਹਾਜ਼ਰ ਹੋਏ । ਜਿੰਨਾ ਚਿਰ ਸਰਕਾਰ ਵੱਲੋਂ ਪੰਜਾਬ ਵਿਚ ਲਿਜਾਣ ਦੀ ਆਗਿਆ ਨਾ ਮਿਲੀ, ਓਨਾ ਚਿਰ ਵਾਸਤੇ ਜਿੰਦਾਂ ਦੀ ਅਰਥੀ ਇਕ ਕਬਰਸਤਾਨ ਵਿਚ ਰੱਖੀ ਗਈ।
ਇਸ ਤੋਂ ਦੋ ਮਹੀਨੇ ਪਿਛੋਂ ੧੮ ਅਕਤੂਬਰ, ੧੮੬੩ ਨੂੰ ਲਾਗਨ ਵੀ ਮਰ ਗਿਆ । ਦਲੀਪ ਸਿੰਘ ਦੇ ਦਿਲ ‘ਤੇ ਇਹਨਾਂ ਦੋਹਾਂ ਮੌਤਾਂ ਦਾ ਬੜਾ ਅਸਰ ਹੋਇਆ। ਫੈਲਿਕਸਟੋਵ (Felixtove) ਵਿਚ ਲਾਗਨ ਦੀ ਕਬਰ ਬਣਵਾਈ ਗਈ । ਲਾਗਨ ਦੇ ਬੱਚਿਆਂ ਦੀ ਮਹਾਰਾਜਾ ੧੮੮੩ ਤਕ (ਜਿੰਨਾ ਚਿਰ ਵਲਾਇਤ ਵਿਚ ਰਿਹਾ) ਮਾਇਕ ਸਹਾਇਤਾ ਵੀ ਕਰਦਾ ਰਿਹਾ ।
ਹੁਣ ਬਾਕੀ ਸੀ, ਜਿੰਦਾਂ ਦੀ ਆਖਰੀ ਖਾਹਸ਼ (ਸਸਕਾਰ ਸ਼ੇਰੇ-ਪੰਜਾਬ ਦੀ ਸਮਾਧ ਕੋਲ ਕਰਨਾ) ਪੂਰੀ ਕਰਨੀ । ਮਹਾਰਾਜੇ ਦੇ ਅਨੇਕਾਂ ਵਾਰ ਗੌਰਮਿੰਟ ਦਾ ਬੂਹਾ ਖੜਕਾਉਣ ‘ਤੇ ਏਨੀ ਹੀ ਆਗਿਆ ਮਿਲੀ ਕਿ ਮਹਾਰਾਜਾ ਆਪਣੀ ਮਾਤਾ ਦੀ ਅਰਥੀ ਹਿੰਦੁਸਤਾਨ ਵਿਚ ਬੰਬਈ ਦੇ ਨੇੜੇ ਲਿਜਾ ਕੇ ਸਸਕਾਰ ਕਰ ਸਕਦਾ ਹੈ, ਪੰਜਾਬ ਵਿਚ ਜਾਂ ਪੰਜਾਬ ਦੇ ਨੇੜੇ ਨਹੀਂ ਜਾ ਸਕਦਾ । ਏਨੀ ਆਗਿਆ ਵੀ ਕਿਤੇ ਛੇ ਮਹੀਨੇ ਪਿੱਛੋਂ ਮਿਲੀ ।
ਜਿੰਦਾਂ ਦਾ ਸਸਕਾਰ
ਦਲੀਪ ਸਿੰਘ ਜਿੰਦ ਕੌਰ ਦੀ ਅਰਥੀ ਲੈ ਕੇ ੧੮੬੪ ਵਿਚ ਬੰਬਈ ਉਤਰਿਆ । ਏਥੋਂ ਅੱਗੇ ਦਰਿਆ ਨਰਬਦਾ ਦੇ ਕੰਢੇ ਪੁੱਜਾ, ਉਸ ਪਵਿੱਤਰ ਪਾਣੀ ਦੇ ਕੰਢੇ ਉੱਤੇ ਚਿਖਾ ਬਣਾਈ ਗਈ, ਤੇ ਮਹਾਰਾਣੀ ਦਾ ਸਰੀਰ ਅਗਨੀ ਦੀ ਭੇਟਾ ਕੀਤਾ ਗਿਆ । ਆਪਣੇ ਸਿਰਤਾਜ-ਸ਼ੇਰੇ-ਪੰਜਾਬ-ਦੇ ਚਰਨਾਂ ਵਿਚ ਪਹੁੰਚਣ ਦੀ ਉਹਦੀ ਮਨ ਦੀ ਮਨ ਵਿਚ ਹੀ ਰਹੀ । ਕਹਿੰਦੇ ਹਨ, ਦੁਨੀਆਂ ’ਤੇ ਆ ਕੇ ਕਦੇ ਕੋਈ ਕੁਛ ਲੈ ਕੇ ਨਹੀਂ ਗਿਆ, ਪਰ ਜਿੰਦਾਂ ਦੀ ਆਤਮਾ ਸੱਚੀ ਦਰਗਾਹ ਨੂੰ ਜਾਂਦੀ ਹੋਈ ਵੀ ਕਹਿ ਰਹੀ ਸੀ :
‘ਸੌਦਾ’ ਜਹਾਂ ਸੇ ਆ ਕੇ ਕੋਈ ਕੁਛ ਨਾ ਲੇ ਗਿਆ,
ਜਾਤੀ ਹੂੰ ਏਕ ਮੈਂ ਹੀ ਦਿਲ ਮੇਂ ਆਰਜ਼ੂ ਲੀਏ ।
ਲਾਟਾਂ ਚਿਖਾ ਵਿਚੋਂ ਉੱਚੀਆਂ ਉਠ ਰਹੀਆਂ ਸਨ । ਉਹਨਾਂ ਦਾ ਪਰਤੋ (Reflection ਅਕਸ) ਵਗਦੇ ਪਾਣੀ ਵਿਚ ਪੈ ਕੇ ਦੂਣੀਆਂ ਬਾਲ ਰਿਹਾ ਸੀ । ਮਹਾਰਾਜਾ ਮਾਤਾ ਦੇ ਚਰਨਾਂ ਵਿਚ ਖਲੋਤਾ ਹਉਕੇ ਭਰ ਰਿਹਾ ਸੀ । ਉਹਦੇ ਅੰਦਰ ਦੀ ਲੱਗੀ, ਠੰਢੀਆਂ ਆਹੀਂ ਤੋਂ ਪਰਗਟ ਹੋ ਰਹੀ ਸੀ । ਉਹਦੇ ਬਲਦੇ ਹੰਝੂ ਦਰਿਆ ਵਿਚ ਡਿਗਦੇ, ਤਾਂ ਪਾਣੀ ਦੀ ਛਾਤੀ ‘ਤੇ ਵੀ ਛਾਲੇ ਪਾ ਦੇਂਦੇ :
ਕਿਆ ਆਗ ਕੀ ਚਿੰਗਾਰੀਆਂ ਸੀਨੇ ਮੇਂ ਭਰੀ ਹੈਂ, ਜੋ ਆਂਸੂ ਮੇਰੀ ਆਂਖ ਸੇ ਗਿਰਤਾ ਹੈ, ਸ਼ਰਰ ਹੈ ।
ਜਿੰਦਾਂ ਦੀਆਂ ਹਸਰਤਾਂ ਵਾਂਗ ਉਹਦਾ ਸਿਵਾ ਵੀ ਬਲ ਕੇ ਠੰਢਾ ਹੋ ਗਿਆ । ਮਹਾਰਾਜਾ ਉਸਦੀ ਭਬੂਤੀ ਦਰਿਆ ਵਿਚ ਪਰਵਾਹ ਕੇ ਵਾਪਸ ਮੁੜ ਪਿਆ ।
‘ਦੁਖੀਏ ਮਾਂ-ਪੁੱਤ’ ਅੱਜ ਸਦਾ ਵਾਸਤੇ ਵਿਛੜ ਗਏ । ਹੁਣ ਮਹਾਰਾਜੇ ਨੂੰ ਚਾਰ ਚੁਫੇਰੇ ਇਕੱਲ ਭਾਸਣ ਲੱਗਾ । ਬੰਬਈ ਤੋਂ ਜਹਾਜ਼ ਚੜ੍ਹ ਕੇ ਉਹ ਵਲਾਇਤ ਨੂੰ ਤੁਰ ਪਿਆ ।
ਦਲੀਪ ਸਿੰਘ ਇਹ ਚਿਰੋਕਣਾ ਫੈਸਲਾ ਕਰ ਚੁੱਕਾ ਸੀ ਕਿ ਕਿਸੇ ਅਮੀਰ ਤੇ ਉੱਚੇ ਘਰਾਣੇ ਦੀ ਲੜਕੀ ਨਾਲ ਵਿਆਹ ਨਹੀਂ ਕਰਾਵਾਂਗਾ । ਉਸਨੂੰ ਭਾਸਦਾ ਸੀ ਕਿ ਉਸਦਾ ਆਉਣ ਵਾਲਾ ਜੀਵਨ ਸੁੱਖ ਵਿਚ ਨਹੀਂ ਗੁਜ਼ਰੇਗਾ। ਕਿਉਂਕਿ ਗੌਰਮਿੰਟ ਉਸ ਨਾਲ ਇਨਸਾਫ ਨਹੀਂ ਕਰੇਗੀ । ਸੋ ਉਸਨੂੰ ਜੀਵਨ-ਸਾਥਣ ਉਹ ਚਾਹੀਦੀ ਸੀ, ਜੋ ਦੁੱਖਾਂ ਵਿਚ ਵੀ ਉਹਦੀ ਭਾਈਵਾਲ ਰਹੇ ।
ਸਕੰਦਰੀਆ
ਬੰਬਈ ਤੋਂ ਵਾਪਸ ਮੁੜਦਾ ਹੋਇਆ ਉਹ ਮਿਸਰ ਵਿਚ ਸਕੰਦਰੀਆ Alexandria ਉਤਰਿਆ। ਸੈਰ ਕਰਦਿਆਂ ਉਹਨੇ ਮਿਸ ਬੰਬਾ ਨੂੰ ਵੇਖਿਆ, ਤਾਂ ਮੋਹਤ ਹੋ ਗਿਆ । ਦਿਲ ਨੇ ਫੈਸਲਾ ਕੀਤਾ ਕਿ ਇਹ ਮੇਰੀ ਜ਼ਿੰਦਗੀ ਵਿਚ ਸ਼ਾਂਤੀ ਪੈਦਾ ਕਰ ਸਕੇਗੀ ।
ਕਿਆ ਸ਼ੈਖ ਉ ਕਿਆ ਬ੍ਰਹਿਮਨ ਜਬ ਆਸ਼ਕੀ ਮੇਂ ਆਵੇ, ਤਸਬੀ ਕਰੇ ਫਰਾਮੋਸ਼ ਜੁੱਨਾਰ ਭੁੱਲ ਜਾਵੇ ।
ਬੰਬਾ ਮੂਲਰ ਨਾਲ ਮਹਾਰਾਜੇ ਦਾ ਵਿਆਹ
ਅੰਤ ੭ ਜੂਨ, ੧੮੬੪ ਨੂੰ ਮਹਾਰਾਜੇ ਨੇ ਬੰਬਾ ਮੂਲਰ (Bamba Mullar) ਨਾਲ ਸਕੰਦਰੀਆ ਵਿਚ ਵਿਆਹ ਕਰਵਾ ਲਿਆ । ਇਹ ਇਕ ਜਰਮਨ ਸੋਦਾਗਰ ਮੂਲਰ-ਜਿਸਦੀ ਦੁਕਾਨ ਸਕੰਦਰੀਆ ਵਿਚ ਸੀ—ਦੀ ਲੜਕੀ ਸੀ । ਲੜਕੀ ਦੀ ਮਾਂ ਐਬੇਸੀਨੀਅਨ (Abysinian) ਸੀ । ਮਿਸ ਬੰਬਾ ਅਮਰੀਕਨ ਮਿਸ਼ਨ ਸਕੂਲ ‘ਕਾਹਿਰਾ’ ਵਿਚ ਪੜ੍ਹੀ ਸੀ । ਮਹਾਰਾਜੇ ਨੇ ਇਕ ਵਾਰ ਪਹਿਲਾਂ ਵੀ ਉਸਨੂੰ ਸਕੂਲ ਵਿਚ ਵੇਖਿਆ ਸੀ । ਉਸਦੇ ਪਿਤਾ ਦੇ ਘਰ ਵਿਚ ਹੀ ਵਿਆਹ ਦੀ ਰਸਮ ਅਦਾ ਹੋਈ, ਤੇ ਬੰਬਾ ਮੂਲਰ ਮਹਾਰਾਣੀ ਬਣੀ । ਉਹ ੧੫-੧੬ ਸਾਲ ਦੀ ਬਹੁਤ ਰੂਪਵਤੀ ਤੇ ਹੌਲੇ ਸਰੀਰ ਵਾਲੀ ਸੀ । ਉਹ ਸਿਰਫ ਅਰਬੀ ਬੋਲੀ ਜਾਣਦੀ ਸੀ, ਸੋ ਕੁਝ ਚਿਰ ਵਾਸਤੇ ਮਹਾਰਾਜੇ ਨੇ ਇਕ ਦੋਭਾਸ਼ੀਆ( Interpreter) ਰੱਖ ਲਿਆ ।
ਮਹਾਰਾਜਾ ਨਵੀਂ ਮਹਾਰਾਣੀ ਨੂੰ ਲੈ ਕੇ ਆਪਣੇ ਘਰ ਐਲਵੇਡਨ ਵਿਚ ਪੁੱਜਾ। ਮਹਾਰਾਣੀ ਨੂੰ ਅੰਗਰੇਜ਼ੀ ਪੜ੍ਹਾਉਣ ਵਾਸਤੇ ਇਕ ਉਸਤਾਨੀ ਰੱਖ ਲਈ । ਕੁਛ ਚਿਰ ਮਹਾਰਾਜਾ ਆਪ ਵੀ ਪੜ੍ਹਾਉਂਦਾ ਸੀ । ਮਹਾਰਾਣੀ ਬੜੀ ਸ਼ਾਂਤ ਸੁਭਾ ਤੇ ਹੌਸਲੇ ਵਾਲੀ ਸੀ । ਕੁਛ ਚਿਰ ਪਿੱਛੋਂ ਮਲਕਾ ਵਿਕਟੋਰੀਆ ਨੇ ਮਹਾਰਾਜੇ ਤੇ ਮਹਾਰਾਣੀ ਨੂੰ ਸ਼ਾਹੀ ਮਹਿਲ ਵਿਚ ਸੱਦ ਕੇ ਬੜਾ ਆਦਰ ਕੀਤਾ ।
ਔਲਾਦ
ਮਹਾਰਾਜੇ ਦੇ ਘਰ ਤਿੰਨ ਲੜਕੇ-ਸ਼ਾਹਜ਼ਾਦਾ ਵਿਕਟਰ (Victor) ਦਲੀਪ ਸਿੰਘ, ਸ਼ਾਹਜ਼ਾਦਾ ਫਰੈਡਰਿਕ (Frederick) ਦਲੀਪ ਸਿੰਘ ਤੇ ਸ਼ਾਹਜ਼ਾਦਾ ਐਡਵਰਡ (Edward) ਦਲੀਪ ਸਿੰਘ ਤੇ ਇਕ ਲੜਕੀ ਮਿਸ ਬੰਬਾ ਦਲੀਪ ਸਿੰਘ ਮਹਾਰਾਣੀ ਬੰਬਾ ਮੂਲਰ ਵਿਚੋਂ ਹੋਈ। ਤੇ ਦੋ ਲੜਕੀਆਂ (ਸੋਫੀਆ ਦਲੀਪ ਸਿੰਘ ਤੇ ਕੇਥੇਰਾਈਨ ਦਲੀਪ ਸਿੰਘ) ਦੂਸਰੀ ਸ਼ਾਦੀ ਵਿਚੋਂ ਹੋਈਆਂ? ।
ਚੌਥਾ ਕਾਂਡ
ਦਲੀਪ ਸਿੰਘ ਦਾ ਮੁਕੱਦਮਾ
ਇਸ ਕਾਂਡ ਵਿਚ ਅਸੀਂ ਦਲੀਪ ਸਿੰਘ ‘ਤੇ ਗੌਰਮਿੰਟ ਵਿਚ ਕਦੇ ਨਾ ਨਜਿੱਠੇ ਗਏ ਮੁਕੱਦਮੇ ਦਾ ਹਾਲ ਲਿਖਦੇ ਹਾਂ । ਹੋਰ ਸੱਜਣਾਂ ਦੀਆਂ ਰਾਵਾਂ ਜਾਂ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਹੋਈਆਂ ਘਟਨਾਵਾਂ ਤੇ ਚਿੱਠੀ ਪੱਤਰ ਦੇਂਦੇ ਹਾਂ ।
ਅਕਤੂਬਰ, ੧੮੫੪ ਵਿਚ ਮਹਾਰਾਜੇ ਨੇ (ਲਾਗਨ ਰਾਹੀਂ) ਸਰਕਾਰ ਨੂੰ ਲਿਖਿਆ ਕਿ ਹਿੰਦੀ ਨਿਯਮ ਅਨੁਸਾਰ ਮੈਂ ਜੁਆਨ ਹੋ ਗਿਆ ਹਾਂ । ਸੋ ਮੇਰੇ ਉਪਰੋਂ (ਰਿਹਾਇਸ਼ ਦੀਆਂ) ਬੰਦਸ਼ਾਂ ਹਟਾਈਆਂ ਜਾਣ ਤੇ ਪੈਨਸ਼ਨ ਦਾ ਹਿਸਾਬ ਮੈਨੂੰ ਦਿਤਾ ਜਾਵੇ, ਪਰ ਸਰਕਾਰ ਹਿੰਦ ਨੇ ਕੋਈ ਤਸੱਲੀ ਬਖ਼ਸ਼ ਉਤਰ ਨਾ ਦਿੱਤਾ ।
੯ ਦਸੰਬਰ, ੧੮੫੬ ਨੂੰ ਮਹਾਰਾਜੇ ਨੇ ਫਿਰ ਕੋਰਟ ਆਫ ਡਾਇਰੈਕਟਰਜ਼ ਨੂੰ ਲਿਖਿਆ, ਕਿ ਮੈਨੂੰ ਪਰਬੰਧ ਕਰਨ ਦੇ ਪੂਰੇ ਅਧਿਕਾਰ ਦਿੱਤੇ ਜਾਣ ਤੇ ਪੈਨਸ਼ਨ ਆਦਿ ਦਾ ਪੂਰਾ ਹਿਸਾਬ ਕਰਕੇ ਮੇਰੇ ਨਾਲ ਪੱਕਾ ਫੈਸਲਾ ਕੀਤਾ ਜਾਵੇ । ਇਸਦਾ ਉੱਤਰ ਗੌਰਮਿੰਟ (੧੯ ਫਰਵਰੀ, ੧੮੫੭ ਦਾ ਲਿਖਿਆ ਹੋਇਆ) ਵੱਲੋਂ ਮਿਲਿਆ, ਕਿ ਬੰਦਸ਼ਾਂ ਹਟਾਈਆਂ ਗਈਆਂ ਹਨ, ਤੇ ਪੈਨਸ਼ਨ ਦੇ ਹਿਸਾਬ ਬਾਰੇ ਸਰਕਾਰ ਹਿੰਦ ਵੱਲੋਂ . ਉਤਰ ਆਉਣ ‘ਤੇ ਪਤਾ ਦਿੱਤਾ ਜਾਵੇਗਾ ।
ਅਗਸਤ, ੧੮੫੭ ਵਿਚ ਲਾਗਨ ਨੇ ਫਿਰ ਪੁਛਿਆ, ਕਿ ਸਰਕਾਰ ਹਿੰਦੂ ਵੱਲੋਂ ਕੋਈ ਜਵਾਬ ਆਇਆ ਹੈ, ਜਾਂ ਨਹੀਂ ? ਪਰ ਇਸ ਵੇਲੇ ਤਕ ਕੋਈ ਉੱਤਰ ਨਹੀਂ ਸੀ ਆਇਆ ।
ਅਮਲੀ ਤੌਰ ਉਤੇ ੨੯ ਦਸੰਬਰ ੧੮੫੭, ਨੂੰ ਮਹਾਰਾਜੇ ਤੋਂ ਸਭ ਬੰਦਸ਼ਾਂ ਦੂਰ ਹੋਈਆਂ, ਤੇ ਗੌਰਮਿੰਟ ਨੇ ਉਸਨੂੰ ਬਾਲਗ (ਜੁਆਨ) ਮੰਨਿਆ ।
੧੮੫੭ ਵਿਚ ਹਿੰਦੁਸਤਾਨ ਅੰਦਰ ਸਿਪਾਹੀਆਂ ਨੇ ਗਦਰ ਕਰ ਦਿਤਾ। ਇਸ ਵਾਸਤੇ ਮਹਾਰਾਜੇ ਨੇ ਆਪਣਾ ਝਗੜਾ ਕੁਛ ਚਿਰ ਵਾਸਤੇ ਬੰਦ ਕਰ ਦਿਤਾ, ਤੇ ੧੮੫੯ ਵਿਚ ਇਹ ਮਾਮਲਾ ਫਿਰ ਸ਼ੁਰੂ ਹੋਇਆ ।
੨੦ ਮਈ, ੧੮੫੯ ਨੂੰ ਗੌਰਮਿੰਟ ਨੇ ਮਹਾਰਾਜੇ ਨੂੰ ਲਿਖਿਆ ਕਿ ਹੁਣ ਆਪਨੂੰ ਢਾਈ ਲੱਖ ਰੁਪੈ ਸਲਾਨਾ ਮਿਲਨਗੇ ।
੩ ਜੂਨ, ੧੮੫੯ ਨੂੰ ਮਹਾਰਾਜੇ ਨੇ ਪੁੱਛਿਆ ਕਿ ਇਹ ਪੈਨਸ਼ਨ ਮੈਨੂੰ ਮੇਰੀ ਉਮਰ ਤਕ ਹੀ ਮਿਲੇਗੀ, ਜਾਂ ਇਹ ਸਾਰੀ ਜਾਂ ਇਸਦਾ ਕੁਛ ਹਿੱਸਾ ਮੇਰੀ ਔਲਾਦ ਨੂੰ ਵੀ ਮਿਲੇਗਾ ?
ਇਸਦਾ ਉਤਰ ੨੪ ਅਕਤੂਬਰ, ੧੮੫੯ ਨੂੰ ਸਰਕਾਰ ਵੱਲੋਂ ਚਾਰਲਸ ਵੁੱਡ ਨੇ ਲਿਖਿਆ, “ਢਾਈ ਲੱਖ ਰੁਪੈ ਸਾਲਾਨਾ ਵਿਚੋਂ ਡੂਢ ਲੱਖ ਲੱਖ ਰੁਪੈ ਮਹਾਰਾਜੇ ਨੂੰ ਉਹਨਾਂ ਦੀ ਜ਼ਿੰਦਗੀ ਤਕ ਮਿਲਣਗੇ । ਬਾਕੀ ਦਾ ਇਕ ਲੱਖ ਰੁਪੈ ਜਮ੍ਹਾਂ ਰਹੇਗਾ, ਜਿਸਦੀ ਆਮਦਨ ਵਜੋਂ ੩੦ ਹਜ਼ਾਰ ਰੁਪੈ ਸਾਲਾਨਾ ਮਹਾਰਾਣੀ ਨੂੰ ਤੇ ਪਿੱਛੋਂ ਮਹਾਰਾਜੇ ਦੀ ਔਲਾਦ ਨੂੰ ਮਿਲਦੇ ਰਹਿਣਗੇ ।
੧ ਨਵੰਬਰ, ੧੮੫੯ ਨੂੰ ਮਹਾਰਾਜੇ ਨੇ ਆਪਣੀ ਮੰਗ ਫਿਰ ਦੁਹਰਾਈ ਤੇ ਨਾਲੇ ਫਤਿਹਗੜ੍ਹ ਵਿਚ ਲੁੱਟੇ ਗਏ ਮਾਲ ਦੀ ਮੰਗ ਕੀਤੀ ।
੨੧ ਮਾਰਚ, ੧੮੬੦ ਨੂੰ ਕੌਂਸਲ ਆਫ ਇੰਡੀਆ (Council of India) ਵੱਲੋਂ ਚਾਰਲਸ ਵੁੱਡ ਨੇ ਇਕ ਲੰਮਾ ਚੌੜਾ ਬਿਆਨ ਦਿੱਤਾ, ਜਿਸ ਵਿਚ ਝਗੜੇ ਵਾਲੀ ਖਾਸ ਗੱਲ ੧੮੪੯ ਦੀ ਸੁਲ੍ਹਾ ਦੀ ਚੌਥੀ ਤੇ ਪੰਜਵੀਂ ਸ਼ਰਤ ਸੀ । ਮਹਾਰਾਜ ਕਹਿੰਦਾ ਸੀ ਕਿ ਅਹਿਦਨਾਮਾ ਮੇਰੇ ਨਾਲ ਹੋਇਆ ਹੈ, ਸੋ ਚੌਥੀ ਸ਼ਰਤ ਅਨੁਸਾਰ ਘੱਟ ਤੋਂ ਘੱਟ ਚਾਰ ਲੱਖ ਦਾ ਹਿਸਾਬ ਮੈਨੂੰ ਦਿਓ । ਤੇ ਸਰਕਾਰ ਕਹਿੰਦੀ ਸੀ, ਕਿ ਪੰਜਵੀਂ ਸ਼ਰਤ ਵਿਚ ਲਿਖਿਆ ਹੈ, ਮਹਾਰਾਜੇ ਨੂੰ ਜ਼ਿੰਦਗੀ ਤਕ ਓਹਾ ਮਿਲੇਗਾ, ਜੋ ਗੌਰਮਿੰਟ ਉਸ ਵਾਸਤੇ ਪਰਵਾਨ ਕਰੇਗੀ । ਸੋ ਮਹਾਰਾਜਾ ਹਿਸਾਬ ਲੈਣ ਦਾ ਹੱਕਦਾਰ ਨਹੀਂ । ਚਾਰਲਸ ਵੁੱਡ ਇਹ ਵੀ ਮੰਨਦਾ ਹੈ ਕਿ ਸਾਰੀ ਪੈਨਸ਼ਨ (ਘੱਟ ਤੋਂ ਘੱਟ ਚਾਰ ਲੱਖ) ਖਰਚ ਨਹੀਂ ਹੁੰਦੀ ਰਹੀ । ਤੇ ੧੮੬੦ ਤਕ ਉਸ ਵਿਚੋਂ ਪੰਦਰਾਂ ਲੱਖ ਤੋਂ ਵੀਹ ਲੱਖ ਰੁਪੈ ਦੇ ਵਿਚਕਾਰ ਗੌਰਮਿੰਟ ਨੂੰ ਬੱਚਤ ਹੋਈ ।
ਮਹਾਰਾਜੇ ਨੂੰ ੧੮੪੯ ਤੋਂ ੧੮੫੬ ਤਕ ੧ ਲੱਖ ੨੦ ਹਜ਼ਾਰ ਰੁਪੈ, ਤੇ ੧੮੫੬ ਤੋਂ ੧੮੫੮ ਤਕ ਇਕ ਲੱਖ ਪੰਜਾਹ ਹਜ਼ਾਰ ਰੁਪੈ ਮਿਲਦੇ ਰਹੇ । ਇਸ ਤੋਂ ਉਪਰੰਤ ਕੰਪਨੀ ਨੇ ਪੈਨਸ਼ਨ ਢਾਈ ਲੱਖ ਕਰ ਦਿੱਤੀ, ਪਰ ਮਿਲਦੇ ਡੂਢ ਲੱਖ ਹੀ ਰਹੇ ।
ਬਾਕੀ ਸੁਲ੍ਹਾ ਵਿਚ ਆਏ ਸਾਰੇ (ਹਿੱਸੇਦਾਰਾਂ ਤੇ ਨੌਕਰਾਂ) ਬੰਦਿਆਂ ਨੂੰ ੧੮੪੯ ਵਿਚ ਇਕ ਲੱਖ ਅੱਸੀ ਹਜ਼ਾਰ ਮਿਲਣਾ ਆਰੰਭ ਹੋਇਆ । ਜਿਹੜੇ ਮਰਦੇ ਗਏ, ਉਹਨਾਂ ਦੀ ਪੈਨਸ਼ਨ ਜ਼ਬਤ ਹੁੰਦੀ ਗਈ । ੧੮੫੯ ਵਿਚ ਇਹ ਪੈਨਸ਼ਨ ਡੂਢ ਲੱਖ ਰਹਿ ਗਈ ਸੀ ।
। ਏਸ ਪੈਨਸ਼ਨ ਦੇ ਝਗੜੇ ਦਾ ਫੈਸਲਾ ਕਰਨ ਵਾਸਤੇ ਮਹਾਰਾਜਾ ਆਪ ਚਾਰਲਸ ਵੁੱਡ ਨੂੰ ਮਿਲਿਆ । ਗੱਲਾਂ ਬਾਤਾਂ ਪਿਛੋਂ ਚਾਰਲਸ ਨੇ ਪੁੱਛਿਆ ਕਿ ਅੰਤ ਮਹਾਰਾਜਾ ਚਾਹੁੰਦੇ ਕੀ ਹਨ ? ਤਾਂ ਪੈਨਸ਼ਨ ਦਾ ਸਾਰਾ ਝਗੜਾ ਨਿਬੇੜਨ ਵਾਸਤੇ ਮਹਾਰਾਜੇ ਨੇ ੨੦ ਜਨਵਰੀ ੧੮੬੦ ਨੂੰ ਇਹ ਮੁਤਾਲਬਾ ਲਿਖ ਦਿੱਤਾ: “ਮੈਨੂੰ ਮੇਰੀ ਜ਼ਿੰਦਗੀ ਤਕ ਢਾਈ ਲੱਖ ਰੁਪੈ ਸਾਲਾਨਾ ਮਿਲਦੇ ਰਹਿਣ । 20 ਲੱਖ ਰੁਪੈ ਆਬਾਦ ਹੋਣ ਲਈ ਮਿਲਣ, ਤੇ ਉਸ ਉੱਤੇ ਉਸ ਦਾ ਤੇ ਉਸਦੀ ਔਲਾਦ ਦਾ ਵੀ ਹੱਕ ਹੋਵੇ । ਔਲਾਦ ਨਾ ਹੋਣ ਦੀ ਹਾਲਤ ਵਿਚ ਮੇਰੀ ਸਭ ਬਚੀ ਜਾਇਦਾਦ ਹਿੰਦੁਸਤਾਨ ਵਿਚ ਲੋਕ-ਭਲਾਈ ਵਾਸਤੇ ਖਰਚ ਹੋਵੇ ।”
ਪੈਨਸ਼ਨ ਬਾਰੇ ਮਹਾਰਾਜੇ ਦਾ ਇਹ ਘੱਟ ਤੋਂ ਘੱਟ ਤੇ ਵਾਜਬ ਮੁਤਾਲਬਾ ਸੀ, ਪਰ ਗੌਰਮਿੰਟ ਇਹ ਮੰਨਣ ਵਿਚ ਵੀ ਢਿੱਲ ਮੱਠ ਹੀ ਕਰਦੀ ਰਹੀ ।
੨੭ ਜੁਲਾਈ ੧੮੬੧ ਨੂੰ ਇੰਡੀਆ ਆਫਿਸ ਨੇ ਲਿਖਿਆ, ਕਿ ਚਾਰ ਲੱਖ ਪੈਨਸ਼ਨ ਵਿਚੋਂ ਹੁਣ ਤਕ ਸਿਰਫ ੭੬੪੨੬੩ ਰੁਪੈ ਬਚਦੇ ਹਨ । ਪਤਾ ਨਹੀਂ, ਇਹ ਕਿਸ ਹਿਸਾਬ ਨਾਲ ਬੱਚਤ ਕੱਢੀ ਹੈ ? ਨਹੀਂ ਤਾਂ ੧੮੪੯ ਵਿਚ ਮਹਾਰਾਜੇ ਤੇ ਬਾਕੀ ਹਿੱਸੇਦਾਰਾਂ ਨੂੰ ਸਾਰੀ ਪੈਨਸ਼ਨ ੩ ਲੱਖ ( ਵੱਧ ਤੋਂ ਵੱਧ) ਮਿਲਦੀ ਸੀ । ੧੮੫੬ ਵਿਚ ੩ ਲੱਖ ੩੦ ਹਜ਼ਾਰ । ਤੇ ੪ ਲੱਖ ਸਾਲਾਨਾ ਤੋਂ ਕਦੇ ਵੀ ਨਹੀਂ ਸੀ ਵਧੀ । ਚਾਰਲਸ ਵੁੱਡ ਦਾ ਅੰਦਾਜ਼ਾ-ਬੱਚਤ ਪੰਦਰਾਂ ਲੱਖ ਤੇ ੨੦ ਲੱਖ ਦੇ ਵਿਚਕਾਰ—ਠੀਕ ਮਾਲੂਮ ਹੁੰਦਾ ਹੈ ।
੨੬ ਜੁਲਾਈ, ੧੮੬੨ ਨੂੰ ਸਰਕਾਰ ਦੇ ਸਕੱਤਰ ਚਾਰਲਸ ਨੇ ਲਿਖਿਆ ਕਿ ਮਹਾਰਾਜੇ ਨੂੰ ਢਾਈ ਲੱਖ ਪੈਨਸ਼ਨ ਸਾਲਾਨਾ ਤੋਂ ਵੱਖਰਾ ੧੦ ਲੱਖ ੫੦ ਹਜ਼ਾਰ ਰੁਪਇਆ ਜਾਗੀਰ ਖਰੀਦਣ ਲਈ ਮਿਲੇਗਾ । ਇਸ ਰੁਪੈ ਤੋਂ ਹੈਦਰੁਪ ਐਸਟੇਟ ਖ਼ਰੀਦੀ ਗਈ।
ਜੁਲਾਈ, ੧੮੬੧ ਵਿਚ ਮਹਾਰਾਜੇ ਨੇ ਆਪਣੀ ਘਰੋਗੀ ਜਾਇਦਾਦ (ਜੋ ਪੰਜਾਬ ਵਿਚ ਜ਼ਮੀਨ ਤੇ ਤੋਸ਼ੇਖਾਨੇ ਦੇ ਜਵਾਹਰਾਤ ਸਨ) ਦੀ ਮੰਗ ਕੀਤੀ ਸੀ। ਅਕਤੂਬਰ ੧੮੬੨ ਵਿਚ ਫਤਹਿਗੜ੍ਹ ਵਿਚ ਨਸ਼ਟ ਹੋਏ ਮਾਲ ਬਾਰੇ ਵੀ ਲਿਖਿਆ।
੧੮੫੭ ਦੇ ਗ਼ਦਰ ਵਿਚ ਫਤਹਿਗੜ੍ਹ ਲੁੱਟਿਆ ਗਿਆ ਸੀ। ਦਲੀਪ ਸਿੰਘ ਦਾ ਏਥੇ ਢਾਈ ਲੱਖ ਰੁਪੈ ਦਾ ਸਾਮਾਨ ਲੁੱਟਿਆ ਗਿਆ ਸੀ । ਪਰ ਇਸ ਬਦਲੇ ਗੌਰਮਿੰਟ ਨੇ ਉਸਨੂੰ ਸਿਰਫ ੩੦ ਹਜ਼ਾਰ ਰੁਪੈ ਦੇਣ ਵਾਸਤੇ ਕਿਹਾ, ਜੋ ਮਹਾਰਾਜੇ ਨੇ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਢਾਈ ਲੱਖ ਬਦਲੇ ੩੦ ਹਜ਼ਾਰ ਲੈਣੇ ਹੱਤਕ ਸੀ। ਕੀ ਇਹ ਇਨਸਾਫ ਹੈ ? ਮਹਾਰਾਜਾ ਏਥੇ ਖੁਸ਼ੀ ਨਾਲ ਨਹੀਂ ਸੀ ਵੱਸਿਆ, ਸਗੋਂ ਗੌਰਮਿੰਟ ਦੇ ਹੁਕਮ ਥੱਲੇ ਓਥੇ ਵਸਾਇਆ ਗਿਆ ਸੀ, ਤੇ ਓਥੇ ਪਏ ਉਸਦੇ ਮਾਲ ਅਸਬਾਬ ਦੀ ਰਾਖੀ ਦੀ ਜ਼ਿੰਮੇਵਾਰੀ ਗੌਰਮਿੰਟ ਦੇ ਸਿਰ ਸੀ । ਸੋ, ਉਸ ਦੇ ਸਾਰੇ ਨੁਕਸਾਨ ਦੀ ਜ਼ਿੰਮੇਵਾਰ ਗੌਰਮਿੰਟ ਸੀ ।
ਬਾਕੀ ਪੈਨਸ਼ਨ ਦਾ ਹਿਸਾਬ ਕਰਨ ਦੀ ਥਾਂ ਗੌਰਮਿੰਟ ਨੇ ਮਹਾਰਾਜੇ ਨੂੰ ਕਰਜ਼ਾ ਦੇਣਾ ਸ਼ੁਰੂ ਕਰ ਦਿੱਤਾ । ੧੮੬੩ ਵਿਚ ਯਾਰਾਂ ਲੱਖ ਕਰਜ਼ਾ ਚਾਰ ਰੁਪੈ ਸੈਂਕੜੇ ਵਿਆ ‘ਤੇ ਦਿੱਤਾ ਗਿਆ, ਜੋ ਵਧਦਾ ਵਧਦਾ ੧੮੮੨ ਵਿਚ ਉਨੀ ਲੱਖ ਅੱਸੀ ਹਜ਼ਾਰ ਰੁਪੈ ਤਕ ਪੁੱਜ ਗਿਆ । ੧੮੮੦ ਵਿਚ ਗੌਰਮਿੰਟ ਨੇ ਮਹਾਰਾਜੇ ਨੂੰ ਕਿਹਾ, ਕਿ ਉਸਦੇ ਮਰਨ ਪਿੱਛੋਂ ਉਸ ਦੀਆਂ ਸਾਰੀਆਂ ਜਾਗੀਰਾਂ ਵੇਚ ਦਿੱਤੀਆਂ ਜਾਣਗੀਆਂ ਤੇ ਉਸ ਦੀ ਔਲਾਦ a s ਉੱਤੇ ਕੋਈ ਹੱਕ ਨਹੀਂ ਹੋਵੇਗਾ। ੧੮੮੨ ਵਿਚ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਕਿ ਦਲੀਪ ਸਿੰਘ ਦੀਆਂ ਵਲਾਇਤ ਦੀਆਂ ਸਾਰੀਆਂ ਜਾਗੀਰਾਂ, ਜੋ ਦੋ ਲੱਖ, ੯੩ ਹਜ਼ਾਰ ਪੌਂਡ, ਭਾਵ ੨੮ ਲੱਖ, ੩੦ ਹਜ਼ਾਰ ਰੁਪੈ (੧ ਪੌਂਡ ੧੦ ਰੁਪੈ ਦੇ ਬਰਾਬਰ ਸੀ) ਦੀਆਂ ਸਨ, ਤੇ ਕਰਜ਼ਾ ਇਕ ਲੱਖ ੯੮ ਹਜ਼ਾਰ ਪੌਂਡ । ਸੋ ਕਰਜ਼ੇ ਦਾ ਵਿਆਜ, ਬੀਮੇ ਦੀ ਕਿਸ਼ਤ ਤੇ ਹੋਰ ਖਰਚ ਜਾਗੀਰਾਂ ਦੀ ਆਮਦਨ ਪੂਰੇ ਨਹੀਂ ਕਰ ਸਕਦੀ । ਇਸ ਵਾਸਤੇ ਉਸਦੀ ਪੈਨਸ਼ਨ ਢਾਈ ਲੱਖ ਰੁਪੈ ਦੀ ਥਾਂ ੧੭੭੬੧੦ ਰੁਪੈ (੫੬੬੪੦ ਰੁਪੈ ਸੂਦ ਵਜੋਂ ਤੇ ੧੫੭੪੦ ਰੁਪੈ ਬੀਮੇ ਦੀ ਕਿਸ਼ਤ ਵਜੋਂ ਕੱਟ ਕੇ, ਬਾਕੀ) ਕਰ ਦਿੱਤੀ ਗਈ।
ਇਸ ਦੀਆਂ ਘਰੋਗੀ ਜਾਇਦਾਦਾਂ ਤੇ ਹੀਰੇ ਜਵਾਹਰਾਤ (ਤੋਸ਼ੇਖਾਨੇ ਵਿਚੋਂ ੧੮੪੯ ਵਿਚ ੧੫ ਲੱਖ ਰੁਪੈ ਦੇ ਜਵਾਹਰਾਤ ਵੇਚੇ ਗਏ ਸਨ) ਜੋ ਸਰਕਾਰ ਦੇ ਕਬਜ਼ੇ ਵਿਚ ਸਨ, ਤੇ ਸਰਕਾਰ ਕੇਵਲ ਉਸਦੀ ਰਖਵਾਲੀ Trustee ਸੀ। ਸਰਕਾਰ ਨੇ ਉਹ ਮਹਾਰਾਜੇ ਨੂੰ ਕਦੇ ਵੀ ਵਾਪਸ ਨਾ ਕੀਤੀਆਂ । ਬਿਨਾਂ ਕਿਸੇ ਕਾਨੂੰਨ ਦੇ ਹਜ਼ਮ ਕਰ ਲਈਆਂ ।
ਇਨਸਾਫ ਕੀਤਾ ਜਾਂਦਾ, ਤਾਂ ਦਲੀਪ ਸਿੰਘ ਦੇ ਸਿਰ ਗੌਰਮਿੰਟ ਦਾ ਕੋਈ ਕਰਜ਼ਾ ਨਹੀਂ ਸੀ ਰਹਿੰਦਾ, ਕਿਉਂਕਿ ੧੫ ਲੱਖ ਰੁਪੈ ਦੇ ਹੀਰੇ ਜਵਾਹਰਾਤ ੧੮੪੯ ਵਿਚ ਉਸ ਦੇ ਤੋਸ਼ੇਖਾਨੇ ਵਿਚੋਂ ਵੇਚੇ ਗਏ ਸਨ । ਢਾਈ ਲੱਖ ਦਾ ਨੁਕਸਾਨ ਫਤਿਹਗੜ੍ਹ ਹੋਇਆ ਸੀ । ਸਾਢੇ ਸਤਾਰਾਂ ਲੱਖ (੧੫ ਤੇ ੨੦ ਲੱਖ ਦੇ ਵਿਚਕਾਰ) ਪੈਨਸ਼ਨ ਵਿਚੋਂ ਬਚਦਾ ਸੀ । ਸੋ ਸਭ ਮਿਲਾ ਕੇ ੩੫ ਲੱਖ ਹੋਇਆ । ਤੇ ਗੌਰਮਿੰਟ ਦਾ ਕਰਜ਼ਾ ਸੀ ਉਨੀ ਲੱਖ, ੮੦ ਹਜ਼ਾਰ, ਤੇ ਦਸ ਲੱਖ, ੫੦ ਹਜ਼ਾਰ ਹੈਦਰੁਪ ਖਰੀਦਣ ਵਾਸਤੇ ਦਿੱਤਾ ਗਿਆ ਸੀ । ਜੇ ਇਹ ਸਾਰਾ ਰੁਪਇਆ ਕੱਟ ਲਿਆ ਜਾਂਦਾ, ਤਾਂ ਫਿਰ ਵੀ ਮਹਾਰਾਜੇ ਦਾ ੪ ਲੱਖ, ੭੦ ਹਜ਼ਾਰ ਗੌਰਮਿੰਟ ਵੱਲੇ ਬਾਕੀ ਬਚਦਾ ਸੀ ਤੇ ਘਰੋਗੀ ਜਾਇਦਾਦ (ਪੰਜਾਬ ਵਿਚ ਕਈ ਪਿੰਡ ਤੇ ਲੂਣ ਦੀਆਂ ਖਾਣਾਂ) ਵੱਖਰੀ ਸੀ ।
ਰਣਜੀਤ ਸਿੰਘ ੧੮੦੦ ਈ. ਵਿਚ ਲਾਹੌਰ ਦਾ ‘ਮਹਾਰਾਜਾ’ ਬਣਿਆ ਸੀ । ਇਸ ਤੋਂ ਪਹਿਲਾਂ ਜੋ ਉਸ ਦੇ ਕਬਜ਼ੇ ਵਿਚ ਸੀ, ਉਹ ਘਰੋਗੀ ਜਾਇਦਾਦ (Private Property) ਸੀ, ਜਿਨ੍ਹਾਂ ਦਾ ਦਾਅਵਾ ਦਲੀਪ ਸਿੰਘ ਕਰਦਾ ਸੀ ।
ਜ਼ਿਲ੍ਹਾ ਗੁਜਰਾਂਵਾਲਾ ਵਿਚ ਇਕਾਹਠ ਪਿੰਡ, ਜਿਨ੍ਹਾਂ ਵਿਚੋਂ ੩੩ ਸ. ਚੜ੍ਹਤ ਸਿੰਘ ਦੇ ਸਮੇਂ ਤੋਂ ਸਨ ।
ਜ਼ਿਲ੍ਹਾ ਗੁਜਰਾਤ ਵਿਚ ਦਸ ਪਿੰਡ, ਜਿਨ੍ਹਾਂ ਵਿਚੋਂ ੬ ਸ. ਚੜ੍ਹਤ ਸਿੰਘ ਦੇ ਸਮੇਂ ਤੋਂ ਸਨ ।
ਜ਼ਿਲ੍ਹਾ ਜਿਹਲਮ ਵਿਚ ੫੫ ਪਿੰਡ, ਜੋ ਸਾਰੇ ਚੜ੍ਹਤ ਸਿੰਘ ਦੇ ਸਮੇਂ ਤੋਂ ਸਨ ।
(ਏਥੇ ਪਿੰਡ ਦਾਦਨ ਖਾਂ ਦੀਆਂ ਲੂਣ ਦੀਆਂ ਖਾਣਾਂ ਵੀ ਸਨ)
ਜ਼ਿਲ੍ਹਾ ਸਿਆਲਕੋਟ ਵਿਚ ਅਠਾਰਾਂ ਪਿੰਡ, ਜਿਨ੍ਹਾਂ ਵਿਚੋਂ ੯ ਸ. ਚੜ੍ਹਤ ਸਿੰਘ ਦੇ ਸਮੇਂ ਤੋਂ ਸਨ ।
ਜ਼ਿਲ੍ਹਾ ਗੁਰਦਾਸਪੁਰ ਵਿਚ ੬ ਪਿੰਡ, ਜੋ ਸਾਰੇ ਮਹਾਂ ਸਿੰਘ ਦੇ ਸਮੇਂ ਤੋਂ ਸਨ। ਜ਼ਿਲ੍ਹਾ ਅੰਮ੍ਰਿਤਸਰ ਵਿਚ ੨ ਪਿੰਡ, ਜੋ ਸ. ਨੌਧ ਸਿੰਘ ਦੇ ਸਮੇਂ ਤੋਂ ਸਨ। ਕੁਛ ਹੋਰ, ਰਣਜੀਤ ਸਿੰਘ ਦੇ ਮਹਾਰਾਜਾ ਬਣਨ ਤੋਂ ਪਹਿਲਾਂ ਦੇ ਸਨ । ਉਪਰ ਲਿਖੇ ਪਿੰਡਾਂ ਦੀ ਸਾਲਾਨਾ ਆਮਦਨ ੨੦੪੯੯੦ ਰੁਪੈ ਸੀ । ੧੮੬੯ ਵਿਚ
ਸਿਰਫ ਲੂਣ ਦੀਆਂ ਖਾਣਾਂ ਦੀ ਆਮਦਨ ਸਾਲਾਨਾ ੪੪੯੧੪੫੮ ਰੁਪੈ ਸੀ । ਇਹਨਾਂ ਤੋਂ ਵੱਖਰੇ ਕੁਛ ਪਿੰਡ ਜ਼ਿਲ੍ਹਾ ਰਾਵਲਪਿੰਡੀ ਵਿਚ ਵੀ ਸਨ।
ਇਸ ਘਰੋਗੀ ਜਾਇਦਾਦ ਦੀ ਵਾਰ ਵਾਰ ਮੰਗ ਕਰਨ ਉੱਤੇ ਸਰਕਾਰ ਹਿੰਦ ਵੱਲੋਂ ਲਾਰਡ ਕਰਾਨ ਬਰੁਕ (Cronbrook) ਨੇ ੧੦ ਮਾਰਚ ੧੮੮੦ ਨੂੰ ਮਹਾਰਾਜੇ ਨੂੰ ਲਿਖਿਆ, “ਇਹ ਮੇਰਾ ਫਰਜ਼ ਹੈ ਕਿ ਮਹਾਰਾਜਾ ਨੂੰ ਝੱਟ ਪਤਾ ਦਿਆਂ ਕਿ ਆਪਦੇ ਮਾਮਲੇ ਬਾਰੇ ਪਿਛੋਂ ਭਾਵੇਂ ਕੋਈ ਢੰਗ ਅਖਤਿਆਰ ਕੀਤਾ ਜਾਵੇ, ਆਪ ਜੀ ਦੀਆਂ ਪੰਜਾਬ ਵਿਚਲੀਆਂ ਘਰੋਗੀ ਜਾਗੀਰਾਂ ਜਾਂ ਜਵਾਹਰਾਤ ਬਾਰੇ ਦੱਸੇ ਹੋਏ ਹੱਕਾਂ ਉੱਤੇ ਵਿਚਾਰ ਕਰਨ ਲਈ ਸਰਕਾਰ ਹਿੰਦ ਇਕ ਮਿੰਟ ਵਾਸਤੇ ਵੀ ਤਿਆਰ ਨਹੀਂ ।”
੧੮੫੪ ਤੋਂ ਲੈ ਕੇ ੧੮੮੨ ਤਕ ਕਿੰਨਾ ਰੌਲਾ ਪਾਉਣ ‘ਤੇ ਵੀ ਗੌਰਮਿੰਟ ਨੇ ਮਹਾਰਾਜਾ ਦਲੀਪ ਸਿੰਘ ਨਾਲ ਇਨਸਾਫ ਨਾ ਕੀਤਾ । ਅੰਤ ਮਹਾਰਾਜੇ ਨੇ ਆਪਣਾ ਮਾਮਲਾ ਅਖ਼ਬਾਰਾਂ ਰਾਹੀਂ ਅੰਗਰੇਜ਼ ਕੌਮ ਦੇ ਸਾਮ੍ਹਣੇ ਰੱਖਣ ਦਾ ਯਤਨ ਕੀਤਾ। ਉਸਨੇ ੨੮ ਅਗਸਤ, ੧੮੮੨ ਨੂੰ ਅਖਬਾਰ ਟਾਈਮਜ਼ ਦੇ ਐਡੀਟਰ ਨੂੰ ਚਿੱਠੀ ਲਿਖੀ, ਜੋ ੩੧ ਅਗਸਤ ਦੇ ਪਰਚੇ ਵਿਚ ਛਪੀ ।
“ਇਕ ਹਿੰਦੀ ਰਾਜਕੁਮਾਰ ਦੀਆਂ ਮੰਗਾਂ”
“ਸੇਵਾ ਵਿਖੇ ਐਡੀਟਰ ਆਫ ਦੀ ਟਾਈਮਜ਼ Times,
੩੧ ਅਗਸਤ, ੧੮੮੨
“ਸ੍ਰੀਮਾਨ ਜੀ !
“ਬਜ਼ੁਰਗ ਗਲੈਡਸਟੋਨ (Gladstone) ਦੀ ਲਿਬਰਲ (Liberal)
ਗੌਰਮਿੰਟ ਦੇ ਅੱਜ ਕੱਲ੍ਹ ਦੇ ਸੱਚੇ ਸੁੱਚੇ ਨਿਆਂ ਭਰਪੂਰ ਖੁੱਲ੍ਹ-ਦਿਲੀ ਦੇ ਕੰਮਾਂ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਨਸਾਫ ਦਾ ਤੇ ਅਮਾਨਤ ਮੋੜਨ ਦਾ ਸਮਾਂ ਆ ਗਿਆ ਹੈ । ਸੋ, ਮੈਨੂੰ ਵੀ ਹਿੰਮਤ ਪਈ ਹੈ ਕਿ ਅਖਬਾਰ ਟਾਈਮਜ਼ ਰਾਹੀਂ ਅੰਗਰੇਜ਼ ਕੌਮ ਨੂੰ ਉਸ ਅਨਿਆਇ ਦੀ ਵਾਰਤਾ ਸੁਣਾਵਾਂ, ਜਿਹੜਾ ਪਰ ਮਲਾ ਹੋਇਆ ਹੈ । ਮੈਂ ਆਸ ਕਰਦਾ ਹਾਂ ਕਿ ਜੇ ਮੇਰੇ ‘ਤੇ ਓਨੀ ਕਿਰਪਾਲਤਾ ਜਿੰਨੀ ਕੋਟੀਵਾਯੋ (Ceteway ਦੇ ਰਾਜੇ ‘ਤੇ ਕੀਤੀ ਗਈ ਹੈ—ਨਾ ਵੀ ਕੀਤੀ ਜਾ ਸਕੇ, ਤਾਂ ਫਿਰ ਵੀ ਇਹ ਵੱਡੀ
ਈਸਾਈ ਸਰਕਾਰ ਮੇਰੇ ਨਾਲ ਕੁਛ ਦਰਿਆ-ਦਿਲੀ ਦਾ ਵਰਤਾਓ ਕਰੇਗੀ। “ਮੈਂ ਬੱਚਾ ਹੀ ਸਾਂ, ਜਦੋਂ ਪੰਜਾਬ ਦੇ ਤਖਤ ਤੇ ਬੈਠਾ ਸਾਂ । ਮੇਰੇ ਮਾਮੇ ਤੇ ਮੇਰੀ ਮਾਤਾ ਦੀ ਰਾਜ ਮੁਖ਼ਤਿਆਰੀ ਦੇ ਸਮੇਂ ਵਿਚ ਖਾਲਸਾ ਫੌਜ ਵਧੇਰੇ ਬਾਗੀ ਤੇ ਬੇਕਾਬੂ ਹੁੰਦੀ ਗਈ । ਅੰਤ ਬਿਨਾਂ ਕਿਸੇ ਛੇੜ-ਛਾੜ ਦੇ ਦਰਿਆ ਸਤਲੁਜ ਟੱਪ ਕੇ ਅੰਗਰੇਜ਼ੀ ਸਰਕਾਰ—ਜੋ ਮਿੱਤਰ ਸੀ-‘ਤੇ ਹਮਲਾ ਕਰ ਦਿੱਤਾ ਤੇ ਅੰਗਰੇਜ਼ੀ ਫੌਜ ਕੋਲੋਂ ਪੂਰੀ ਤਰ੍ਹਾਂ ਹਾਰ ਗਈ ਤੇ ਤਬਾਹ ਹੋ ਗਈ ।
“ਜੇ ਮੇਰਾ ਰਾਜ ਉਸ ਵੇਲੇ ਅੰਗਰੇਜ਼ੀ ਇਲਾਕੇ ਵਿਚ ਮਿਲਾ ਲਿਆ ਜਾਂਦਾ, ਤਾਂ ਹੁਣ ਮੈਂ ਇਕ ਲਫਜ਼ ਵੀ ਨਾ ਕਹਿ ਸਕਦਾ, ਕਿਉਂਕਿ ਓਦੋਂ ਮੈਂ ਆਜ਼ਾਦ ਪਰਜਾ ਦਾ ਸੁਤੰਤਰ ਬਾਦਸ਼ਾਹ ਸਾਂ । ਤੇ ਓਦੋਂ ਜੋ ਵੀ ਡੰਨ ਮੈਨੂੰ ਲਾਇਆ ਜਾਂਦਾ, ਬਿਲਕੁਲ ਇਨਸਾਫ ਸੀ । ਪਰ ਉਸ ਨੇਕਦਿਲ ਕਿਰਪਾਲੂ ਅੰਗਰੇਜ਼ (ਸੁਰਗਵਾਸੀ ਲਾਰਡ ਹਾਰਡਿੰਗ) ਨੇ ਉਸ ਮਿੱਤਰਚਾਰੀ—ਜੋ ਸ਼ੇਰੇ ਪੰਜਾਬ ਤੇ ਸਰਕਾਰ ਅੰਗਰੇਜ਼ੀ ਵਿਚ ਚੱਲੀ ਆਉਂਦੀ ਸੀ—ਦਾ ਧਿਆਨ ਰੱਖ ਕੇ, ਮੈਨੂੰ ਮੁੜ ਤਖਤ ‘ਤੇ ਬਿਠਾ ਦਿੱਤਾ, ਤੇ ਭਰੇ ਦਰਬਾਰ ਵਿਚ ਕੋਹਿਨੂਰ ਹੀਰਾ ਮੇਰੇ ਡੌਲੇ ‘ਤੇ ਬੰਨ੍ਹ ਦਿੱਤਾ । ਮੇਰੀ ਬਾਲ ਅਵਸਥਾ ਸਮੇਂ ਰਾਜ ਕਰਨ ਵਾਸਤੇ ਜੋ ਰਾਜ ਸਭਾ (Council of Regency) ਬਣਾਈ ਗਈ ਸੀ, ਉਸ ਨੇ ਸਮਝਿਆ ਕਿ ਉਹ ਕਿਸੇ ਸਹਾਇਤਾ ਤੋਂ ਬਿਨਾਂ ਰਾਜ ਨਹੀਂ ਕਰ ਸਕਦੀ । ਇਸ ਵਾਸਤੇ ਉਸ ਨੇ ਅੰਗਰੇਜ਼ੀ ਸਰਕਾਰ ਦੇ ਪ੍ਰਤੀਨਿੱਧ ਪਾਸ ਸਹਾਇਤਾ ਵਾਸਤੇ ਬੇਨਤੀ ਕੀਤੀ । ਉਸ ਨੇ ਰਾਜ ਦੇ ਹਰ ਮਹਿਕਮੇ ਵਿਚ ਪੂਰੇ ਅਖ਼ਤਿਆਰ ਦੇ ਰੱਖਣ ਦੀ ਸ਼ਰਤ ਉੱਤੇ ਮੇਰੇ ਨਾਲ ਭਰੋਵਾਲ ਦੀ ਸੁਲ੍ਹਾ ਕੀਤੀ । ਇਸ ਰਾਹੀਂ ਮੈਨੂੰ ਭਰੋਸਾ (Guarantee) ਦੁਆਇਆ ਗਿਆ ਕਿ ਜਦ ਤਕ ਮੈਂ ਸੋਲਾਂ ਸਾਲ ਦਾ ਨਹੀਂ ਹੁੰਦਾ, ਮੇਰੀ ਤੇ ਮੇਰੇ ਰਾਜ ਦੀ ਰੱਖਿਆ ਕੀਤੀ ਜਾਵੇਗੀ । ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਤੇ ਦੇਸ ਵਿਚ ਅਮਨ ਬਹਾਲ ਰੱਖਣ ਵਾਸਤੇ ਅੰਗਰੇਜ਼ੀ ਫੌਜ ਵੀ ਰੱਖੀ ਗਈ । ਇਸ ਫੌਜ ਦੇ ਖਰਚਾਂ ਵਾਸਤੇ ਮੇਰੇ ਦਰਬਾਰ ਨੇ ਇਕ ਖ਼ਾਸ ਰਕਮ ਦੇਣੀ ਮੰਨੀ ।
“ਮੁਕਦੀ ਗੱਲ, ਅੰਗਰੇਜ਼ ਕੌਮ ਨੇ ਚੰਗੀ ਤਰ੍ਹਾਂ ਸੋਚ ਸਮਝ ਕੇ ਰੱਖਿਆ ਸਰਪ੍ਰਸਤੀ, (Guardianship) ਦੀ ਜ਼ਿੰਮੇਵਾਰੀ ਚੁੱਕੀ । ਇਹ ਗੱਲ ਉਸ ਐਲਾਨ ਵਿਚ ਚੰਗੀ ਤਰ੍ਹਾਂ ਮੰਨੀ ਗਈ, ਜੋ ਲਾਰਡ ਹਾਰਡਿੰਗ ਨੇ ੨੦ ਅਗਸਤ, ੧੮੪੭੧ ਨੂੰ ਪ੍ਰਕਾਸ਼ਤ ਕੀਤਾ । ਹਾਰਡਿੰਗ ਨੇ ਮੰਨਿਆ, ਕਿ ਮਹਾਰਾਜਾ ਦਲੀਪ ਸਿੰਘ ਦੇ ਬਚਪਨ ਸਮੇਂ ਉਹਦੀ ਵਿੱਦਿਆ ਤੇ ਪਾਲਣ ਵਿਚ ਉਹ ਪਿਤਾ ਵਰਗਾ ਸ਼ੌਕ ਰੱਖਦਾ ਹੈ ।
“ਦੋ ਅੰਗਰੇਜ਼ ਅਫਸਰਾਂ ਨੂੰ ਮੇਰੀ ਸਹੀ ਵਾਲੀਆਂ ਚਿੱਠੀਆਂ ਦੇ ਕੇ, ਮੇਰੇ ਦਰਬਾਰ ਦੀ ਸਲਾਹ ਨਾਲ ਰੈਜ਼ੀਡੈਂਟ ਨੇ ਕਿਲ੍ਹਾ ਮੁਲਤਾਨ ਤੇ ਆਸਪਾਸ ਦੇ ਇਲਾਕੇ ਉੱਤੇ ਮੇਰੇ ਨਾਮ ਥੱਲੇ ਕਬਜ਼ਾ ਕਰਨ ਵਾਸਤੇ ਭੇਜਿਆ । ਪਰ ਮੇਰੇ ਨੌਕਰ ਮੂਲਰਾਜ ਨੇ ਮੇਰਾ ਹੁਕਮ ਨਾ ਮੰਨਿਆ, ਤੇ ਉਹਨਾਂ ਦੋਹਾਂ ਅਫਸਰਾਂ ਨੂੰ ਕਤਲ ਕਰ ਦਿੱਤਾ । ਇਸ ਕਰਕੇ ਸੁਰਗਵਾਸੀ ਫਰੈਡਰਿਕ ਕਰੀ (F. Currie) ਤੇ ਬਹਾਦਰ ਹਰਬਰਟ ਐਡਵਾਰਡਸ (Sir Herbert Edwardes) ਨੇ ਅੰਗਰੇਜ਼ੀ ਫੌਜਾਂ ਦੇ ਪ੍ਰਧਾਨ ਸੈਨਾਪਤੀ ਕੋਲ ਸ਼ਿਮਲੇ ਬੇਨਤੀ ਕੀਤੀ ਕਿ ਲਾਹੌਰ ਵਿਚ ਗੋਰੇ ਸਿਪਾਹੀ ਲੋੜ ਨਾਲੋਂ ਘੱਟ ਹਨ, ਸੋ, ਬਿਨਾਂ ਦੇਰ ਹੋਰ ਅੰਗਰੇਜ਼ੀ ਫੌਜ ਘੱਲੋ, ਤਾਂ ਕਿ ਇਸ ਬਗਾਵਤ ਨੂੰ ਸਿਰ ਚੁੱਕਦਿਆਂ ਹੀ ਦਬਾ ਦਿੱਤਾ ਜਾਵੇ । ਉਹਨਾਂ ਇਹ ਚੰਗੀ ਤਰ੍ਹਾਂ ਪ੍ਰਗਟ ਕੀਤਾ ਕਿ ਜੇ ਇਹ ਬਗਾਵਤ ਫੈਲਣ ਦਿੱਤੀ ਗਈ, ਤਾਂ ਜੋ ਇਸ ਦੇ ਨਤੀਜੇ ਨਿਕਲਣਗੇ, ਉਹਨਾਂ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ । ਪਰ ਪਰਲੋਕ ਵਾਸੀ ਲਾਰਡ ਡਲਹੌਜ਼ੀ ਦੇ ਇਸ਼ਾਰੇ ਉੱਤੇ ਚੱਲਣ ਵਾਲੇ ਲਾਰਡ ਗਫ (Gough) ਨੇ ਉਸ ਦੀ ਇੱਛਿਆ ਅਨੁਸਾਰ: ਭੈੜੀ ਰੁੱਤ ਦਾ ਬਹਾਨਾ ਲਾ ਕੇ ਫੌਜ ਭੇਜਣ ਤੋਂ ਨਾਂਹ ਕਰ ਦਿੱਤੀ ।
“ਮੇਰੀ ਹਾਲਤ ਓਦੋਂ ਏਹਾ ਸੀ, ਜੋ ਹੁਣ ਖਦੀਵ (Khediva) ਦੀ ਹੈ। ਵਰਤਮਾਨ ਸਮੇਂ ਵਿਚ ਜਿਵੇਂ ਅਰਬੀ ਆਪਣੇ ਮਾਲਕ ਤੋਂ ਬਾਗੀ ਹਨ, ਏਸੇ ਤਰ੍ਹਾਂ ਮੂਲ ਰਾਜ ਮੈਥੋਂ ਬਾਗੀ ਸੀ ।
“ਅੰਤ ਬੜੀ ਦੇਰ ਪਿਛੋਂ ਅੰਗਰੇਜ਼ੀ ਸਰਕਾਰ ਨੇ ਬਗ਼ਾਵਤ ਦਬਾਉਣ ਬਦਲੇ • ਫੌਜਾਂ ਭੇਜੀਆਂ (ਜਿਵੇਂ ਮਿਸਰ ਵਿਚ ਹੋਇਆ) ਓਦੋਂ ਤਕ ਸਾਰੇ ਪੰਜਾਬ ਵਿਚ ਬਗਾਵਤ ਖਿੱਲਰ ਗਈ ਸੀ । ਲਾਰਡ ਡਲਹੌਜ਼ੀ ਦੇ ਹੁਕਮ ਨਾਲ ਪ੍ਰਕਾਸ਼ਿਤ ਕੀਤਾ ਹੋਇਆ- ਅੱਗੇ ਲਿਖਿਆ—ਐਲਾਨ ਲੈ ਕੇ ਫੌਜਾਂ ਮੇਰੇ ਇਲਾਕੇ ਵਿਚ ਆਈਆਂ :
“ਮਹਾਰਾਜਾ ਦਲੀਪ ਸਿੰਘ ਦੇ ਮੁਲਕ ਵਿਚ ਵੱਸਣ ਵਾਲੇ ਲੋਕਾਂ, ਨੌਕਰਾਂ, ਰਿਆਸਤ ਅਧੀਨ ਬੰਦਿਆਂ ਤੇ ਹਰ ਇਕ ਮਜ਼੍ਹਬ ਤੇ ਕੌਮ ਦੇ ਆਦਮੀਆਂ—ਸਿੱਖ ਜਾਂ ਮੁਸਲਮਾਨ, ਜਾਂ ਹੋਰ ਕੋਈ ਹੋਣ—ਨੂੰ ਸੁਣਾਈ ਕੀਤੀ ਜਾਂਦੀ ਹੈ ਕਿ ਕੁਝ ਬਦਕਾਰਾਂ ਤੇ ਬਲਵਈਆਂ ਨੇ ਬਗ਼ਾਵਤ ਕਰਕੇ ਗੜਬੜ ਮਚਾ ਦਿੱਤੀ ਹੈ, ਤੇ ਪੰਜਾਬ ਦੀ ਵਸੋਂ ਦੇ ਕੁਛ ਹਿੱਸੇ ਨੂੰ ਸ਼ਾਹੀ ਹੁਕਮ ਦੇ ਵਿਰੁੱਧ ਖਲੇ ਹੋਣ ਵਾਸਤੇ ਉਭਾਰਿਆ ਹੈ, ਤੇ ਸਰਕਾਰ ਅੰਗਰੇਜ਼ੀ ਦੀ ਹਥਿਆਰਾਂ ਨਾਲ ਵਿਰੋਧਤਾ ਕੀਤੀ ਹੈ । ਕਿਉਂਕਿ ਇਹਨਾਂ ਬਾਗੀਆਂ ਨੂੰ ਵਾਜਬ ਸਜ਼ਾ ਦੇਣੀ ਜ਼ਰੂਰੀ ਹੈ, ਇਸ ਵਾਸਤੇ ਅੰਗਰੇਜ਼ੀ ਫੌਜ ਆਨਰੇਬਲ ਕਮਾਂਡਰ- ਇਨ-ਚੀਫ (ਪ੍ਰਧਾਨ ਸੈਨਾਪਤੀ) ਦੇ ਅਧੀਨ ਪੰਜਾਬ ਦੇ ਜ਼ਿਲ੍ਹਿਆਂ ਵਿਚ ਦਾਖਲ ਹੋਈ ਹੈ । ਫੌਜ ਆਪਣੀਆਂ ਛਾਉਣੀਆਂ ਵਿਚ ਵਾਪਸ ਨਹੀਂ ਜਾਏਗੀ, ਜਦੋਂ ਤਕ ਬਾਗੀਆਂ ਨੂੰ ਪੂਰੀ ਸਜ਼ਾ ਨਹੀਂ ਮਿਲਦੀ, ਸਰਕਾਰ ਦੇ ਵਿਰੁਧ ਹੱਥਿਆਰ-ਬੰਦ ਬਗਾਵਤ ਦਬਾਈ ਨਹੀਂ ਜਾਂਦੀ ਤੇ ਅਮਨ ਚੈਨ ਬਹਾਲ ਨਹੀਂ ਹੋ ਜਾਂਦਾ ।
“ਬੱਸ, ਉਪਰਲੀ ਲਿਖਤ ਤੋਂ ਸਾਫ ਸਿੱਧ ਹੈ, ਕਿ ਅੰਗਰੇਜ਼ੀ ਸੈਨਾਪਤੀ ਜੇਤੂ (ਫ਼ਾਤਿਹ Conqueror) ਬਣ ਕੇ ਮੇਰੇ ਮੁਲਕ ਵਿਚ ਨਹੀਂ ਵੜਿਆ ਸੀ ਤੇ ਨਾ ਹੀ ਓਥੇ ਫੌਜ ਠਹਿਰਨ ਵਾਸਤੇ ਆਈ ਸੀ । ਇਸ ਲਈ ਇਹ ਆਖਣਾ ਠੀਕ ਨਹੀਂ— ਜਿਸ ਤਰ੍ਹਾਂ ਕਈ ਆਖਦੇ ਨੇ—ਕਿ ਪੰਜਾਬ ਫੌਜਾਂ ਨਾਲ ਜਿੱਤਿਆ ਗਿਆ ਹੈ ।
“(ਉਪਰਲੇ ਐਲਾਨ ਵਿਚੋਂ ਕੁਛ ਹਿੱਸਾ ਹੋਰ) ‘ਕਿਉਂਕਿ ਸਰਕਾਰ ਅੰਗਰੇਜ਼ੀ ਦੀ ਇਹ ਇਛਿਆ ਨਹੀਂ ਹੈ ਕਿ ਉਹਨਾਂ ਲੋਕਾਂ ਨੂੰ, ਜੋ ਉਪਰ ਦੱਸੇ ਦੋਸ਼ ਤੋਂ ਬਰੀ ਹਨ, ਜਾਂ ਜਿਨ੍ਹਾਂ ਗੁਪਤ ਜਾਂ ਪਰਗਟ ਤੌਰ ‘ਤੇ ਇਸ ਬਗਾਵਤ ਵਿਚ ਹਿੱਸਾ ਨਹੀਂ ਲਿਆ, ਅਤੇ ਜੋ ਮਹਾਰਾਜਾ ਦਲੀਪ ਸਿੰਘ ਦੀ ਸਰਕਾਰ ਦੀ ਆਗਿਆ ਪਾਲਣ ਵਿਚ ਵਫਾਦਾਰ ਰਹੇ ਹਨ, ਦੋਸ਼ੀਆਂ ਨਾਲ ਸਜ਼ਾ ਦੇਵੇ ।’
“ਪਰ ਜਦੋਂ ਅਮਨ ਬਹਾਲ ਹੋ ਗਿਆ, ਤਾਂ ਇਹ ਵੇਖ ਕੇ ਕਿ ਹੁਣ ਇਹ ਨਿਆਸਰੇ ਬਾਲਕ ਨਾਲ ਵਾਸਤਾ ਹੈ, ਬੜੇ ਵੱਡੇ ਲਾਲਚ ਵਿਚ ਆ ਕੇ ਲਾਰਡ ਡਲਹੌਜ਼ੀ ਨੇ ਪੰਜਾਬ ਜ਼ਬਤ ਕਰ ਲਿਆ । ਅੰਗਰੇਜ਼ੀ ਸਰਕਾਰ ਵੱਲੋਂ ਭਰੋਵਾਲ ਦੀ ਕੀਤੀ ਹੋਈ ਸੁਲ੍ਹਾ ਦਾ ਧਰਮ ਪਾਲਣ ਦੀ ਥਾਂ, ਮੇਰੀ ਜ਼ਾਤੀ ਤੇ ਘਰੋਗੀ ਜਾਇਦਾਦ-ਹੀਰੇ ਜਵਾਹਰਾਤ, ਸੋਨੈ ਚਾਂਦੀ ਦੇ ਥਾਲ, ਬਹੁਤ ਸਾਰੇ ਹੰਢਾਉਣ ਦੇ ਤੇ ਘਰ ਦੀ ਵਰਤੋਂ ਦੇ ਸਾਮਾਨ- ਵੇਚ ਵੱਟ ਕੇ, ਜੋ ੨੫ ਲੱਖ ਦੇ (ਮੈਨੂੰ ਦੱਸੇ ਗਏ) ਸਨ, ਲੁੱਟ ਦਾ ਮਾਲ ਸਮਝ ਕੇ ਉਹਨਾਂ ਫੌਜਾਂ ਵਿਚ ਵੰਡੇ ਗਏ, ਜੋ ਮੇਰੀ ਸਰਕਾਰ ਦੇ ਵਿਰੁਧ ਹੋਈ ਬਗ਼ਾਵਤ ਦਬਾਉਣ ਵਾਸਤੇ ਆਈਆਂ ਸਨ ।
“ਇਸ ਤਰ੍ਹਾਂ ਉਪਰ ਦਿੱਤੇ ਐਲਾਨ ਦੇ ਹੁੰਦਿਆਂ ਹੋਇਆਂ ਕਿ ‘ਸਰਕਾਰ ਅੰਗਰੇਜ਼ੀ ਦੀ ਇਛਿਆ ਇਹ ਨਹੀਂ ਹੈ ਕਿ ਦੋਸ਼ੀਆਂ ਦੇ ਨਾਲ ਨਿਰਦੋਸ਼ਾਂ ਨੂੰ ਵੀ ਸਜ਼ਾ ਦਿੱਤੀ ਜਾਵੇ,’ ਮੈਨੂੰ ਬੇਗੁਨਾਹ ਨੂੰ—ਜਿਸਨੇ ਸਰਕਾਰ ਅੰਗਰੇਜ਼ੀ ਦੇ ਵਿਰੁਧ ਇਕ ਚੀਚੀ ਵੀ ਨਹੀਂ ਉਠਾਈ—ਮੇਰੀ ਉਸ ਪਰਜਾ ਦੇ ਨਾਲ ਜਿਸ ਨੇ ਮੇਰਾ ਹੁਕਮ ਮੰਨਣ ਤੋਂ ਨਾਂਹ ਕੀਤੀ ਸੀ, ਸਜ਼ਾ ਭੁਗਤਣੀ ਪਈ ।
“ਲਾਰਡ ਡਲਹੌਜ਼ੀ ਨੇ ਆਪਣੇ ਬੇ-ਇਨਸਾਫ਼ੀ ਦੇ ਕੰਮ ਨੂੰ ਇਨਸਾਫ ਸਿੱਧ ਕਰਨ ਬਦਲੇ, ਹੋਰ ਕੇਈ ਦਲੀਲਾਂ ਦੇ ਨਾਲ ਇਕ ਇਹ ਦਲੀਲ ਵੀ ਪਿਛਲੀ ਕੋਰਟ ਆਫ ਡਾਇਰੈਕਟਰਜ਼ ਦੀ ਚੁਣਵੀਂ ਕਮੇਟੀ (Secret Committee) ਨੂੰ ਲਿਖੀ ਹੈ, ਉਹ ਕਹਿੰਦਾ ਹੈ: ‘ਇਹ ਇਤਰਾਜ਼ ਕੀਤਾ ਗਿਆ ਹੈ ਕਿ ਪੰਜਾਬ ਦਾ ਮੌਜੂਦਾ ਖ਼ਾਨਦਾਨ ਨਿਆਂ ਨਾਲ ਰਾਜ ਤੋਂ ਹਟਾਇਆ ਨਹੀਂ ਜਾ ਸਕਦਾ, ਕਿਉਂਕਿ ਮ. ਦਲੀਪ ਸਿੰਘ ਛੋਟੀ ਉਮਰ ਦਾ ਹੋਣ ਕਰਕੇ ਕੌਮ ਦਾ ਜ਼ਿੰਮੇਵਾਰ ਨਹੀਂ ਬਣਾਇਆ ਜਾ ਸਕਦਾ। ਇਹ ਰਾਇ ਰੱਖਣ ਵਾਲਿਆਂ ਨਾਲ ਮਤ-ਭੇਦ ਹੈ, ਤੇ ਮੈਂ ਏਸ ਅਸੂਲ ਤੋਂ ਉੱਕਾ ਹੀ ਇਨਕਾਰੀ ਹਾਂ । ਮੈਂ ਇਹ ਮੰਨਣ ਦਾ ਹੌਸਲਾ ਕਰਦਾ ਹਾਂ ਕਿ ਇਹ ਅਸੂਲ ਮੂਲੋਂ ਹੀ ਕੱਚਾ ਹੈ । ਵਰਤੋਂ ਵਿਚ ਜਿਸ ਤਰ੍ਹਾਂ ਅੱਗੇ ਇਸ ਅਸੂਲ ਨੂੰ ਅੱਖਾਂ ਤੋਂ ਓਹਲੇ ਰੱਖਿਆ ਜਾਂਦਾ ਰਿਹਾ ਹੈ, ਓਸੇ ਤਰ੍ਹਾਂ ਦਲੀਪ ਸਿੰਘ ਦੇ ਮਾਮਲੇ ਵਿਚ ਵੀ ਇਸ ਵੱਲੇ ਧਿਆਨ ਨਹੀਂ ਦਿੱਤਾ ਗਿਆ । ਜਦੋਂ ੧੮੪੫ ਵਿਚ ਖ਼ਾਲਸਾ ਫੌਜ ਨੇ ਸਾਡੇ ਇਲਾਕੇ ਉੱਤੇ ਹਮਲਾ ਕੀਤਾ ਸੀ, ਓਦੋਂ ਮਹਾਰਾਜਾ ਜ਼ਿੰਮੇਂਵਾਰੀ ਤੋਂ ਬਰੀ ਨਹੀਂ ਕੀਤਾ ਗਿਆ ਸੀ, ਤੇ ਨਾ ਹੀ ਉਸਨੂੰ ਆਪਣੀ ਪਰਜਾ ਦੇ ਕੰਮਾਂ ਦਾ ਫਲ ਭੁਗਤਣੋਂ ਛੱਡਿਆ ਗਿਆ ਸੀ । ਇਸਦੇ ਉਲਟ ਸਰਕਾਰ ਹਿੰਦ ਨੇ ਮਹਾਰਾਜੇ ਦੇ ਸਭ ਤੋਂ ਚੰਗੇ ਉਪਜਾਊ ਸੂਬੇ ਜ਼ਬਤ ਕਰ ਲਏ, ਤੇ ਰਹਿੰਦੇ ਹੋਰ ਸੂਬੇ ਨਾ ਜ਼ਬਤ ਕਰਨ ਦੀ ਉਸਤਤ ਕੀਤੀ ਗਈ ਸੀ । ਜੇ ਓਦੋਂ ਉਸਨੂੰ ਅੱਠ ਵਰ੍ਹੇ ਦੀ ਛੋਟੀ ਉਮਰ ਵਿਚ ਇਸ ਜ਼ਿੰਮੇਂਵਾਰੀ ਤੋਂ ਬਰੀ ਨਹੀਂ ਕੀਤਾ ਗਿਆ, ਤਾਂ ਹੁਣ ਜਦ ਉਹ ਓਦੋਂ ਨਾਲੋਂ ਤਿੰਨ ਸਾਲ ਵੱਡਾ ਹੈ, ਛੋਟੀ ਉਮਰ ਦੇ ਬਹਾਨੇ ਇਸ ਜ਼ਿੰਮੇਂਵਾਰੀ ਤੋਂ ਬਰੀ ਨਹੀਂ ਕੀਤਾ ਜਾ ਸਕਦਾ ।’
“ਇਸ ਤਰ੍ਹਾਂ ਦੀਆਂ ਦਲੀਲਾਂ ਦੇਂਦਿਆਂ ਲਾਰਡ ਡਲਹੌਜ਼ੀ ਨੇ ਇਸ ਗੱਲ ਵੱਲੋਂ ਅੱਖਾਂ ਮੀਟ ਲਈਆਂ ਸਨ ਕਿ ੧੮੪੫ ਵਿਚ ਜਦੋਂ ਇਸ ਖਾਲਸਾ ਫੌਜ ਨੇ ਅੰਗਰੇਜ਼ੀ ਇਲਾਕੇ ‘ਤੇ ਹਮਲਾ ਕੀਤਾ ਸੀ, ਓਦੋਂ ਮੈਂ ਸੁਤੰਤਰ (ਖੁਦ ਮੁਖਤਿਆਰ) ਰਾਜਾ ਸਾਂ, ਭਰੋਵਾਲ ਦੀ ਸੁਲ੍ਹਾ ਮੰਨ ਲੈਣ ਪਿੱਛੋਂ ਮੈਂ ਅੰਗਰੇਜ਼ ਕੌਮ ਦਾ ਰੱਖਿਆਧੀਨ (Ward) ਸਾਂ। ਇਹਨਾਂ ਹਾਲਤਾਂ ਵਿਚ ਆਪਣੇ ਰੱਖਯਕ (Guardian) ਦੀ ਸੁਸਤੀ ਬਦਲੇ ਮੈਂ ਜ਼ਿੰਮੇਵਾਰ ਕਿਵੇਂ ਬਣਾਇਆ ਜਾ ਸਕਦਾ ਹਾਂ ? ਇਹ ਸੁਸਤੀ ਮੇਰੇ ਸਰਪ੍ਰਸਤਾਂ ਨੇ ਮੂਲ ਰਾਜ ਦੀ ਬਗਾਵਤ ਛੇਤੀ ਨਾ ਦਬਾਉਣ ਵਿਚ ਕੀਤੀ ਸੀ, ਤੇ ਪਿੱਛੋਂ ਛੇਤੀ ਹੀ ਲਾਹੌਰ ਦੇ ਅੰਗਰੇਜ਼ ਰੈਜ਼ੀਡੈਂਟ ਨੇ ਇਸ ਲੋੜ ਨੂੰ ਸਾਫ ਤੌਰ ‘ਤੇ ਮੰਨਿਆ ਸੀ ।
“ਅੱਗੇ ਚੱਲ ਕੇ ਲਾਰਡ ਡਲਹੌਜ਼ੀ ਫਿਰ ਕਹਿੰਦਾ ਹੈ; ‘ਸਰਕਾਰ ਅੰਗਰੇਜ਼ੀ ਨੇ ਅਹਿਦਨਾਮੇ ਦੀਆਂ ਸ਼ਰਤਾਂ ਜੋ ਉਸਦੇ ਜ਼ਿੰਮੇ ਸਨ-ਪੂਰੀ ਤਰ੍ਹਾਂ ਤੋੜ ਨਿਭਾਈਆਂ, ਤੇ ਸੁਲ੍ਹਾ ਦੇ ਅਰਥਾਂ ਉੱਤੇ ਅੱਖਰ-ਅੱਖਰ ਪੂਰਾ ਅਮਲ ਕੀਤਾ।’ ਇਸਦੇ ਸਭ ਸੱਚ ਹੋਣ ਜਾਂ ਹੋ ਸਕਣ ਵਿਚ ਸ਼ੱਕ ਨਹੀਂ, ਸਵਾਏ ਇਸਦੇ ਕਿ ਨਾ ਤਾਂ ਦੇਸ ਵਿਚ ਅਮਨ ਕਾਇਮ ਰੱਖਿਆ ਗਿਆ ਤੇ ਨਾ ਹੀ ਮੇਰੀ ਤੇ ਮੇਰੇ ਰਾਜ ਦੀ—ਮੇਰੀ ੧੬ ਸਾਲ ਦੀ ਉਮਰ ਹੋਣ ਤਕ—ਰੱਖਿਆ ਕੀਤੀ ਗਈ । ਇਹ ਦੋਵੇਂ ਉਸ ਅਹਿਦਨਾਮੇ ਦੀਆਂ ਵੱਡੀਆਂ ਸ਼ਰਤਾਂ ਹਨ ।
“ਉਹ ਇਹ ਵੀ ਲਿਖਦਾ ਹੈ, ‘ਅੰਗਰੇਜ਼ੀ ਫੌਜ ਦੀ ਸਹਾਇਤਾ ਲੈਣ ਬਦਲੇ ਉਹਨਾਂ (ਮੇਰੇ ਦਰਬਾਰ) ਨੇ ਸਾਨੂੰ ੨੨ ਲੱਖ ਰੁਪੈ ਸਾਲਾਨਾ ਦੇਣੇ ਮੰਨੇ ਸਨ, ਪਰ ਸੁਲ੍ਹਾ ਹੋਣ ਦੇ ਦਿਨ ਤੋਂ ਲੈ ਕੇ ਹੁਣ ਤਕ ਇਕ ਰੁਪਇਆ ਵੀ ਨਹੀਂ ਦਿਤਾ ਗਿਆ’ ।
“ਉਪਰਲਾ ਬਿਆਨ ਠੀਕ ਨਹੀਂ, ਕਿਉਂਕਿ ਲਾਹੌਰ ਦਾ ਰੈਜ਼ੀਡੈਂਟ (ਚਿੱਠੀ ਨੰ: ੨੩, ਨੱਥੀ ੫ ਵਿਚ) ਮੰਨਦਾ ਹੈ; ਕਿ ਦਰਬਾਰ ਨੇ ਇਸ ਖਜ਼ਾਨੇ ਵਿਚ ੧੩੬੫੬੩੭)।। ਦੇ ਮੁੱਲ ਦਾ ਸੋਨਾ ਜਮ੍ਹਾਂ ਕਰਾਇਆ ਹੈ । (ਭਾਵ, ਆਪਣੇ ਖ਼ਜ਼ਾਨੇ ਵਿਚੋਂ ਸਿੱਖ ਦਰਬਾਰ ਨੇ ਏਨਾ ਅੰਗਰੇਜ਼ਾਂ ਨੂੰ ਦਿੱਤਾ ਹੈ) ।
“ਏਸ ਤਰ੍ਹਾਂ ਲਾਰਡ ਡਲਹੌਜ਼ੀ ਨੇ ਸਰਦਾਰ ਚਤੁਰ ਸਿੰਘ ਦੇ ਚਲਨ ਵੱਲ ਇਸ਼ਾਰਾ ਕੀਤਾ ਹੈ। ਜਿਹੜੇ ਸਜਣ ਨੰ: ੩੬ ਦੀ ਨੱਥੀ ੧੯ (Enclosure 19 in No. 36) ਵੇਖਣ ਦੀ ਖੇਚਲ ਕਰਨਗੇ, ਉਹਨਾਂ ਨੂੰ ਮਾਲੂਮ ਹੋਵੇਗਾ ਕਿ ਉਸ ਸਰਦਾਰ ਨਾਲ ਕਪਤਾਨ ਐਬਟ (Abbott) ਨੇ ਜੋ ਸਲੂਕ ਕੀਤਾ, ਉਸ ਬਦਲੇ ਰੈਜ਼ੀਡੈਂਟ ਨੇ ਉਸਨੂੰ ਝਾੜ ਪਾਈ ਸੀ । ਇਸ ਤੋਂ ਪਿਛੋਂ ਸਰਦਾਰ ਤੇ ਉਸਦੇ ਪੁੱਤਰਾਂ ਨੂੰ ਨਿਸਚਾ ਹੋ ਗਿਆ ਕਿ ਭਰੋਵਾਲ ਦੇ ਅਹਿਦਨਾਮੇ ‘ਤੇ ਅਮਲੇ ਨਹੀਂ ਹੋ ਰਿਹਾ । ਜੇ ਪਿੱਛੋਂ ਹੋਈਆਂ ਘਟਨਾਵਾਂ ‘ਤੇ ਵਿਚਾਰ ਕਰੀਏ, ਤਾਂ ਦੱਸੋ, ਉਹ ਇਹ ਸਮਝਣ ਵਿਚ ਸੱਚੇ ਸਨ, ਜਾਂ ਝੂਠੇ ?
“੧. ਏਸ ਤਰ੍ਹਾਂ ਬੜੀ ਬੇਇਨਸਾਫੀ ਨਾਲ ਮੇਰਾ ਰਾਜ ਖੋਹਿਆ ਗਿਆ । ਜਿਸਦੀ ਖਾਲਸ ਆਮਦਨੀ—ਲਾਰਡ ਡਲਹੌਜ਼ੀ ਦੇ ਅੰਦਾਜ਼ੇ ਅਨੁਸਾਰ(ਮੇਰਾ ਖਿਆਲ ਹੈ। ੧੮੫੦ ਵਿਚ ੫੦ ਲੱਖ ਰੁਪੈ ਸੀ, ਤੇ ਇਸ ਵਿਚ ਸ਼ੱਕ ਨਹੀਂ ਕਿ ਹੁਣ ਉਹ ਵਧ ਗਈ ਹੈ ।
“੨. ਬੇਇਨਸਾਫੀ ਨਾਲ ਮੈਨੂੰ ਮੇਰੀਆਂ ਪੰਜਾਬ ਵਿਚਲੀਆਂ ਘਰੋਗੀ ਜਾਗੀਰਾਂ (ਵੇਖੋ ਪ੍ਰਿੰਨਸਪ Prinsep ਦੀ ਲਿਖੀ ਸਿੱਖਾਂ ਦੀ ਤਾਰੀਖ਼, ਜੋ ਸਰਕਾਰ ਹਿੰਦ ਵਾਸਤੇ ਤਿਆਰ ਕੀਤੀ ਗਈ) ਦਾ ਲਗਾਨ ਵੀ ਨਾ ਲੈਣ ਦਿੱਤਾ ਗਿਆ, ਜੋ ੧੮੪੯ ਵਿਚ ੧੩ ਲੱਖ ਰੁਪੈ ਸੀ । ਹਾਲਾਂਕਿ ਰਾਜ ਖੋਹਣ ਦੀਆ ਸ਼ਰਤਾਂ ਦੁਆਰਾ ਮੇਰੀ ਘਰੋਗੀ ਜਾਇਦਾਦ ਜ਼ਬਤ ਨਹੀਂ ਕੀਤੀ ਗਈ ਸੀ । ਮੈਂ ਓਦੋਂ ਬੱਚਾ (ਨਾਬਾਲਗ) ਸਾਂ, ਜਦੋਂ ਮੇਰੇ ਸਰਪ੍ਰਸਤਾਂ (Guardians) ਨੇ ਮੈਨੂੰ ਸੁਲ੍ਹਾ ਉੱਤੇ ਦਸਤਖਤ ਕਰਨ ਵਾਸਤੇ ਮਜਬੂਰ ਕੀਤਾ ਸੀ। ਇਸ ਲਈ ਉਸ ਅਹਿਦਨਾਮੇ ਨੂੰ ਮੈਂ ਕਾਨੂੰਨ ਵਿਰੁੱਧ ਮੰਨਦਾ ਹਾਂ । ਨਿਆਂ ਨਾਲ ਮੈਂ ਅਜੇ ਵੀ ਪੰਜਾਬ ਦਾ ਹੱਕੀ ਬਾਦਸ਼ਾਹ ਹਾਂ, ਪਰ ਇਹ ਬੇਫ਼ਾਇਦਾ ਹੈ, ਕਿਉਂਕਿ ਮੈਂ ਆਪਣੀ ਅੱਤ ਦਿਆਲੂ ਮਹਾਰਾਣੀ ਦੀ ਪਰਜਾ ਰਹਿਣ ਵਿਚ ਸੰਤੁਸ਼ਟ ਹਾਂ, ਭਾਵੇਂ ਮੈਂ ਕਿਸੇ ਢੰਗ ਨਾਲ ਵੀ ਪਰੋਜਾ ਬਣਾਇਆ ਗਿਆ ਹਾਂ । ਕਿਉਂਕਿ ਮਲਕਾ ਦੀ ਮੇਰੇ ਉਪਰ ਅਪਾਰ ਕਿਰਪਾ ਹੈ ।
“੩. ਮੇਰਾ ਸਾਰਾ ਜ਼ਾਤੀ ਧਨ ਵੀ ਮੈਥੋਂ ਲੈ ਲਿਆ ਗਿਆ । ਉਸ ਵਿਚੋਂ ਸਿਰਫ ੨ ਲੱਖ ਦੀਆਂ ਚੀਜ਼ਾਂ ਮੈਨੂੰ ਫਤਿਹਗੜ੍ਹ ਨਾਲ ਲੈ ਜਾਣ ਦੀ ਆਗਿਆ ਮਿਲੀ, ਜਦੋਂ ਮੈਨੂੰ ਦੇਸ ਨਿਕਾਲਾ ਦਿੱਤਾ ਗਿਆ । ਇਹ ਗੱਲ ਪ੍ਰਲੋਕ ਵਾਸੀ ਸਰ ਜੌਹਨ ਲਾਗਨ ਨੇ ਮੈਨੂੰ ਦੱਸੀ ਸੀ । ਬਾਕੀ ਦਾ ੨੫ ਲੱਖ ਰੁਪੈ ਦਾ ਮਾਲ—ਜਿਵੇਂ ਮੈਂ ਉਪਰ ਦੱਸਿਆ ਹੈ—ਵੰਡ ਲਿਆ ਗਿਆ । ਮੇਰੇ ਮਾਮਲੇ ਵਿਚ ਵੱਡੀ ਬੇਇਨਸਾਫੀ ਇਹ ਹੈ ਕਿ ਮੇਰੇ ਨੌਕਰਾਂ ਵਿਚੋਂ ਬਹੁਤਿਆਂ ਨੂੰ—ਜੋ ਮੇਰੇ ਆਗਿਆਕਾਰ ਰਹੇ—ਸਾਰੀ ਜ਼ਾਤੀ ਤੇ ਘਰੋਗੀ ਜਾਇਦਾਦ ਰੱਖੀ ਰੱਖਣ ਤੋਂ ਜਾਗੀਰਾਂ ਦੇ ਲਗਾਨ ਲੈਣ ਦੀ ਆਗਿਆ ਦਿੱਤੀ ਗਈ, ਜੋ ਜਾਗੀਰਾਂ ਮੈਂ ਜਾਂ ਮੇਰੇ ਵੱਡਿਆਂ ਨੇ ਉਹਨਾਂ ਨੂੰ ਦਿੱਤੀਆਂ ਸਨ, ਪਰ ਮੈਨੂੰ ਭਾਵ, ਉਹਨਾਂ ਦੇ ਬਾਦਸ਼ਾਹ ਨੂੰ—ਜਿਸਨੇ ਅੰਗਰੇਜ਼ ਕੌਮ ਦੇ ਵਿਰੁਧ ਉਂਗਲ ਵੀ ਨਹੀਂ ਉਠਾਈ ਸੀ— ਇਸ ਯੋਗ ਵੀ ਨਾ ਸਮਝਿਆ ਗਿਆ ਕਿ ਮੇਰੇ ਨਾਲ ਉਹਨਾਂ ਵਰਗਾ ਸਲੂਕ ਕੀਤਾ ਜਾਂਦਾ । ਮੇਰੇ ਖਿਆਲ ਵਿਚ ਮੇਰਾ ਏਹਾ ਗੁਨਾਹ ਸੀ ਕਿ ਮੈਂ ਈਸਾਈ ਬਾਦਸ਼ਾਹ ਦਾ ਰੱਖਿਆਧੀਨ (Ward) ਸਾਂ ।
“ਵੱਡੀ ਸਰਕਾਰ ਬਰਤਾਨੀਆਂ ਨੇ ਮੈਨੂੰ ਢਾਈ ਲੱਖ ਰੁਪੈ ਸਾਲਾਨਾ ਪੈਨਸ਼ਨ ਦੇਣੀ ਮੰਨੀ, ਜਿਸ ਵਿਚੋਂ ਕਈ ਖਰਚ ਖਰਚਾ ਕੱਟ ਕੱਟਾ ਕੇ (ਜਿਵੇਂ ਵੱਡੇ ਕਰਮਚਾਰੀ ਜਾਣਦੇ ਨੇ) ਮੈਨੂੰ ਸਿਰਫ ਇਕ ਲੱਖ ੩੦ ਹਜ਼ਾਰ ਰੁਪੈ ਮਿਲਦੇ ਨੇ, ਜੋ ਹਿੰਦੁਸਤਾਨ ਦੇ ਮਾਮਲੇ ਵਿਚੋਂ ਦਿੱਤੇ ਜਾਂਦੇ ਨੇ ।
“ਕੁਛ ਚਿਰ ਹੋਇਆ—ਕੁਛ ਮਹੀਨੇ ਹੀ ਪਹਿਲਾਂ—ਪਾਰਲੀਮੈਂਟ ਨੇ ਇਕ ਕਾਨੂੰਨ ਪਾਸ ਕੀਤਾ, ਜਿਸ ਰਾਹੀਂ ਮੇਰੀ ਪੈਨਸ਼ਨ ਵਿਚ ੨੦ ਹਜ਼ਾਰ ਰੁਪੈ ਦਾ ਵਾਧਾ ਕੀਤਾ ਗਿਆ, ਪਰ ਨਾਲ ਹੀ ਇਹ ਪੱਕਾ ਫੈਸਲਾ ਕੀਤਾ ਗਿਆ ਕਿ ਮੇਰੀ ਮੌਤ ਪਿੱਛੋਂ ਮੇਰੀਆਂ ਸਭ ਜਾਗੀਰਾਂ ਵੇਚ ਦਿੱਤੀਆਂ ਜਾਣਗੀਆਂ । ਏਸ ਤਰ੍ਹਾਂ ਇੰਗਲੈਂਡ ਵਿਚਲਾ ਮੇਰਾ ਪਿਆਰਾ ਘਰ ਬਰਬਾਦ ਕਰ ਦਿੱਤਾ ਜਾਵੇਗਾ ਤੇ ਮੇਰੀ ਔਲਾਦ ਸਿਰ ਲੁਕਾਵੇ ਵਾਸਤੇ ਕੋਈ ਹੋਰ ਟਿਕਾਣਾ ਭਾਲਣ ‘ਤੇ ਮਜਬੂਰ ਕਰ ਦਿੱਤੀ ਜਾਵੇਗੀ ।
“ਇਸ ਬੁਰੀ ਤਕਦੀਰ ਨੇ ਕਿੱਥੋਂ ਤਕ ਮੈਨੂੰ ਤੇ ਮੇਰੀ ਔਲਾਦ ਨੂੰ ਰੋਟੀ ਤੋਂ ਆਤਰ ਕਰ ਦਿਤਾ ਹੈ ?
“ਦੁਨੀਆਂ ਭਰ ਵਿਚੋਂ ਇਹਨਾਂ ਦੋਂਹ ਧੋਖੇਬਾਜ਼ ਸ਼ਹਿਰਾਂ ਵਿਚ ਜੇ ਇਕ ਵੀ ਸੱਚਾ ਆਦਮੀ ਮਿਲਦਾ, ਤਾਂ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਘੱਟ ਤੋਂ ਘੱਟ ਇਕ ਪਤਵੰਤਾ ਨਿਆਂਕਾਰ ਤੇ ਸ਼ਰੀਫ ਅੰਗਰੇਜ਼ ਇਸ ਇਨਸਾਫ ਪਸੰਦ ਈਸਾਈ ਦੁਨੀਆਂ ਵਿਚ ਪੈਦਾ ਹੋਇਆ ਹੈ, ਜੋ ਮੇਰੇ ਨਿਆਂ ਦੀ ਪਾਰਲੀਮੈਂਟ ਵਿਚ ਹਮਾਇਤ ਕਰੇਗਾ । ਨਹੀਂ ਤਾਂ ਮੇਰੇ ਵਾਸਤੇ ਇਨਸਾਫ ਹਾਸਲ ਕਰਨ ਦੀ ਕਿਹੜੀ ਆਸ ਹੈ ? ਜਦ ਕਿ ਮੈਨੂੰ ਲੁੱਟਣ ਵਾਲੇ, ਮੇਰੇ ਰਖਵਾਲੇ, ਮੁਨਸਫ (ਜੱਜ Judge), ਵਕੀਲ, ਪੰਚਾਇਤ, ਸਭ ਅੰਗਰੇਜ਼ ਕੌਮ ਆਪ ਹੀ ਹੈ ।
“ਨੇਕ ਦਿਲ ਈਸਾਈ ਧਰਮ ਨੂੰ ਮੰਨਣ ਵਾਲੇ ਅੰਗਰੇਜ਼ੋ ! ਆਪਣੀ ਕੌਮ ਦੀ ਨੇਕਨਾਮੀ ਦਾ ਸਦਕਾ—ਜਿਸ ਕੌਮ ਦਾ ਕੁਦਰਤੀ ਮੈਂਬਰ ਹੋਣ ਦਾ ਮੈਨੂੰ ਮਾਣ ਹੈ—ਮੇਰੇ ਨਾਲ ਇਨਸਾਫ ਤੇ ਖੁੱਲ੍ਹਦਿਲੀ ਵਾਲਾ ਸਲੂਕ ਕਰੋ, ਕਿਉਂਕਿ ਕਿਸੇ ਕੋਲੋਂ ਕੁਛ ਖੋਹ ਲੈਣ ਨਾਲੋਂ, ਉਸ ਨੂੰ ਕੁਛ ਦੇਣਾ ਰੱਬ ਨੂੰ ਵਧੇਰੇ ਭਾਉਂਦਾ ਹੈ।
ਆਪਦਾ ਸਦਾ ਆਗਿਆਕਾਰ ਰਹਿਣ ਵਾਲਾ
ਦਾਸ ਦਲੀਪ ਸਿੰਘ”
ਇਸ ਚਿੱਠੀ ਵਿਚ ਕੋਈ ਐਹੋ ਜਿਹੀ ਗੱਲ ਨਹੀਂ ਸੀ, ਜੋ ਦਲੀਪ ਸਿੰਘ ਦੇ ਵਿਰੁੱਧ ਜੁਰਮ ਸਮਝੀ ਜਾਵੇ । ਕੌਮ ਦੇ ਨੇਕ ਦਿਲ ਬੰਦਿਆਂ ਸਾਮ੍ਹਣੇ ਰਹਿਮ ਤੇ ਇਨਸਾਫ ਦੀ ਅਪੀਲ ਸੀ, ਪਰ ਇਸ ਦਾ ਜੋ ਉੱਤਰ ਬੜੇ ਕੌੜੇ ਤੇ ਕੋਰੇ ਸ਼ਬਦਾਂ ਵਿਚ ‘ਟਾਈਮਜ਼’ ਦੇ ਐਡੀਟਰ ਨੇ ਦਿੱਤਾ, ਉਸ ਨੇ ਮਹਾਰਾਜੇ ਦੇ ਦਿਲ ’ਤੇ ਸੱਟ ਮਾਰੀ।
ਐਡੀਟਰ ਨੇ ੩੧ ਅਗਸਤ, ੧੮੮੨ ਦੇ ਪਰਚੇ (ਟਾਈਮਜ਼) ਵਿਚ ਲਿਖਿਆ:
‘ਟਾਈਮਜ਼’ ਦਾ ਮੁਖ ਲੇਖ
“ਕਿਸੇ ਹੋਰ ਥਾਂ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਚਿੱਠੀ ਛਾਪ ਰਹੇ ਹਾਂ। ਮਾਲੂਮ ਹੁੰਦਾ ਹੈ, ਕੇਟੀਵਾਓ (Cetewayo) ਦੀ ਬਹਾਲੀ ਵੇਖ ਕੇ ਉਹਨੂੰ ਹੌਂਸਲਾ ਹੋਇਆ ਹੈ ਕਿ ਉਹ ਪੁਰ-ਦਰਦ ਸ਼ਬਦਾਂ ਵਿਚ ਆਪਣੀਆਂ ਮੰਗਾਂ ਸਾਡੇ ਸਾਹਮਣੇ ਰੱਖੇ । ਪਹਿਲੀ ਨਜ਼ਰ ਨਾਲ ਤੱਕਿਆਂ ਉਹਦੀ ਚਿੱਠੀ ਵਿਚ ਇਸ ਤੋਂ ਬਿਨਾਂ ਹੋਰ ਕੋਈ ਮੰਗ ਨਹੀਂ ਕਿ ਉਸਨੂੰ ਦੋਬਾਰਾ ਪੰਜਾਬ ਦੇ ਤਖਤ ‘ਤੇ ਬਿਠਾ ਦਿੱਤਾ ਜਾਵੇ । ਪਹਿਲਾਂ ਉਹ ਆਪਣੇ ਹੱਕਾਂ ਨੂੰ ਪਦਵੀ ਅਨੁਸਾਰ ਆਪਣੇ ਸਿੱਧ ਕਰਦਾ ਹੈ, ਤੇ ਫਿਰ ਉਹਨਾਂ ਨੂੰ ਤਿਆਗਦਾ ਹੋਇਆ ਦਿਲੀ ਦਾ ਪਰਗਟ ਕਰਦਾ ਹੈ ਕਿ ਉਹ ਬਹੁਤ ਕਿਰਪਾਲੂ ਹੁਕਮਰਾਨ ਦੀ ਪਰਜਾ ਬਣਨ ਵਿਚ ਸੰਤੁਸ਼ਟ ਹੈ, ਜਿਸਦੀ ਉਸ ਉੱਤੇ ਅਪਾਰ ਕਿਰਪਾ ਹੈ । ਅਸਲ ਵਿਚ ਉਸਦੀ ਮੰਗ ਤ੍ਰਿਸ਼ਨਾ ਭਰਪੂਰ ਹੈ । ਉਹ ਚਾਹੁੰਦਾ ਹੈ ਕਿ ਜਾਤੀ ਮਾਮਲੇ ਵਿਚ ਸਰਕਾਰ ਹਿੰਦ ਉਹਦੇ ਨਾਲ ਖੁੱਲ-ਦਿਲੀ ਦਾ ਵਰਤਾਉ ਕਰੇ । ਬੇਅੰਤ ਤਾਕਤ ਤੇ ਅਣਗਿਣਤ ਵਸੀਲਿਆਂ ਵਾਲੀ ਪੰਜਾਬ ਦੀ ਹਕੂਮਤ ਛੱਡਣ ਬਦਲੇ ਉਹ ਸਰਕਾਰ ਬਰਤਾਨੀਆਂ ਪਾਸ ਉਜ਼ਰ ਕਰਦਾ ਹੈ ਕਿ ਉਸਦੇ ਜੀਵਨ ਭਰ ਦੇ ਗੁਜ਼ਾਰੇ ਢਾਈ ਲੱਖ ਰੁਪੈ ਨੂੰ ਕਾਟਾਂ ਕੱਟ ਕੇ ਇਕ ਲੱਖ, ੩੦ ਹਜ਼ਾਰ ਨਾ ਕੀਤਾ ਜਾਵੇ। ਭਾਵ ਢਾਈ ਲੱਖ ਹੀ ਦਿੱਤਾ ਜਾਵੇ । ਜੋ ਕੁਛ ਵੀ ਉਹ ਸਰਕਾਰ ਹਿੰਦ ਕੋਲੋਂ ਹਾਸਲ ਕਰਨ ਵਿਚ ਸਫਲ ਹੋਇਆ ਹੈ, ਉਹ ਪਾਰਲੀਮੈਂਟ ਦੇ ਪਿਛਲੇ ਪਾਸ ਕੀਤੇ ਕਾਨੂੰਨ ਅਨੁਸਾਰ ਹੈ, ਜਿਸ ਦੇ ਰਾਹੀਂ ਉਸਨੂੰ ੨੦ ਹਜ਼ਾਰ ਰੁਪੈ ਸਾਲਾਨਾ ਵਧੇਰੇ ਮਿਲਣਗੇ, ਪਰ ਨਾਲ ਸ਼ਰਤ ਇਹ ਹੈ ਕਿ ਉਹਦੇ ਮਰਨ ਉੱਤੇ ਉਹਦਾ ਸਾਰਾ ਹਿਸਾਬ (ਕਰਜ਼ ਆਦਿ) ਸਾਫ ਕਰਨ ਬਦਲੇ ਉਹਦੀ ਸਭ ਜਾਇਦਾਦ ਵੇਚ ਦਿੱਤੀ ਜਾਵੇਗੀ, ਤੇ ਉਸਦੇ ਬੱਚਿਆਂ ਤੇ ਉਸਦੀ ਵਿਧਵਾ ਦੀ ਪਾਲਣਾ ਦਾ ਪ੍ਰਬੰਧ ਕੀਤਾ ਜਾਵੇਗਾ । ਮਹਾਰਾਜੇ ਦੀ ਬੇਨਤੀ ਤੋਂ ਪਰਗਟ ਹੁੰਦਾ ਹੈ ਕਿ ਉਹ ਇਸ ਪ੍ਰਬੰਧ ਦੇ ਮੂਲੋਂ ਉਲਟ ਹੈ । ਪੰਜਾਬ ਦਾ ਰਾਜ ਹਾਸਲ ਕਰਨ ਦੀ ਉਸਦੀ ਮੰਗ ਕੇਵਲ ਆਪਣੀ ਮਾਲੀ ਹਾਲਤ ਚੰਗੀ ਕਰਨ ਵਾਸਤੇ ਹੈ । ਜੇ ਉਸਦੀ ਤਸੱਲੀ ਕਰਾ ਦੇਣ ਵਾਲਾ ਫੈਸਲਾ ਹੋ ਜਾਵੇ, ਤਾਂ ਇਸ ਵਿਚ ਸ਼ੱਕ ਨਹੀਂ ਕਿ ਉਹ ਸੰਤੁਸ਼ਟ ਹੋ ਜਾਵੇਗਾ, ਸਗੋਂ ਸੰਤੁਸ਼ਟ ਨਾਲੋਂ ਵੀ ਕੁਛ ਵਧੇਰੇ, ਡਰ ਹੈ ਕਿ ਉਹ ਖੁਸ਼ੀ ਨਾਲ ਹੀ ਮਰ ਜਾਏ, ਕਿਉਂਕਿ ਇੰਗਲੈਂਡ ਵਿਚ ਉਹ ਇਕ ਪਤਵੰਤੇ ਆਦਮੀ ਦੀ ਹੈਸੀਅਤ ਵਿਚ ਵਸਦਾ ਹੈ, ਤੇ ਉਹਦੀਆਂ ਜਾਗੀਰਾਂ ਦੀ ਆਮਦਨੀ ਉਹਦੀਆਂ ਸਭ ਲੋੜਾਂ ਤੇ ਫਜ਼ੂਲ ਖਰਚੀਆਂ ਵਾਸਤੇ ਕਾਫੀ ਹੈ । ਇਹ ਹੈ ਉਸਦੀ ਇਨਸਾਫ ਤੇ ਚੰਗੇ ਸਲੂਕ ਵਾਸਤੇ ਅਪੀਲ, ਜਿਸਨੂੰ ਹਰ ਇਕ ਅੰਗਰੇਜ਼ ਜਾਣਦਾ ਹੈ । ਦਲੀਪ ਸਿੰਘ ਪਹਿਲਾ ਹਿੰਦੀ ਸ਼ਹਿਜ਼ਾਦਾ ਨਹੀਂ, ਜਿਸਨੂੰ ਤਖਤੋਂ ਉਤਾਰਿਆ ਗਿਆ ਹੈ, ਤੇ ਜੋ ਸਰਕਾਰ ਹਿੰਦ ਦੇ ਇਸ ਵਰਤਾਉ ਤੋਂ ਦੁੱਖ ਮਹਿਸੂਸ ਕਰਦਾ ਹੈ, ਤੇ ਨਾ ਹੀ ਇਹ ਪਹਿਲਾ ਮੌਕਿਆ ਹੈ ਕਿ ਉਹਨੇ ਆਪਣੀਆਂ ਮੰਗਾਂ ਸੁਣਾਈਆਂ ਹਨ । ਚਿਰ ਤੋਂ ਉਹ ‘ਕੋਹਿਨੂਰ’ ਹੀਰੇ ਦੀ ਮੰਗ ਕਰ ਰਿਹਾ ਹੈ ਕਿ ਉਹ ਉਸ ਤੋਂ ਧੱਕੇਸ਼ਾਹੀ ਨਾਲ ਖੋਹਿਆ ਗਿਆ ਹੈ। ਹੁਣ ਉਸ ਦੀਆਂ ਹਿੰਦ ਵਿਚਲੀਆਂ ਘਰੋਗੀ ਜਾਗੀਰਾਂ ਦਾ ਝਗੜਾ ਹੈ, ਜੋ ਉਹ ਕਹਿੰਦਾ ਹੈ ਕਿ ਬਿਨਾਂ ਸਹੀ ਮੁੱਲ (ਜਾਇਜ਼ ਮੁਆਵਜ਼ਾ) ਦਿੱਤਿਆਂ ਜ਼ਬਤ ਕਰ ਲਈਆਂ ਨੇ । ਇਹ ਕੋਈ ਵੀ ਪਸੰਦ ਨਹੀਂ ਕਰੇਗਾ, ਕਿਸੇ ਸ਼ਹਿਜ਼ਾਦੇ ਨਾਲ—ਜਿਸ ਹਾਲਤ ਵਿਚ ਮਹਾਰਾਜਾ ਹੈ-ਬੇਇਨਸਾਫੀ ਵਾਲਾ ਸਲੂਕ ਕੀਤਾ ਜਾਵੇ, ਜਿਵੇਂ ਹੋਇਆ ਹੈ । ਉਹ ਅੰਗਰੇਜ਼ੀ ਕੌਮ ਦਾ ਰੱਖਿਆਧੀਨ (Ward) ਹੈ, ਫਿਰ ਵੀ ਉਹਦੀਆਂ ਫਜ਼ੂਲ ਖਰਚੀਆਂ ਨੂੰ ਨਰਮੀ ਨਾਲ ਵੇਖਿਆ ਗਿਆ ਹੈ । ਪਰ ਮਹਾਰਾਜੇ ਦੀ ਮੰਗ, ਜੋ ਉਸਨੇ ਜਨਤਾ ਸਾਮ੍ਹਣੇ ਪਰਗਟ ਕੀਤੀ ਹੈ, ਹਿੰਦੁਸਤਾਨ ਤੇ ਇਸ ਦੇਸ ਦੀਆਂ ਹਕੂਮਤਾਂ ਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਠੁਕਰਾਈ ਹੈ । ਇਸਦਾ ਬੁਰਾ ਮਨਾਉਣਾ ਠੀਕ ਨਹੀਂ, ਕਿਉਂਕਿ ਉਸਦੀ ਮੰਗ-ਜਿਵੇਂ ਉਹ ਸਮਝਦਾ ਹੈ—ਕਿਸੇ ਦਲੀਲ ਨਾਲ ਬਲਵਾਨ ਨਹੀਂ ।
“ਸਿੱਖਾਂ ਦੀਆਂ ਦੋਹਾਂ ਲੜਾਈਆਂ ਦੀਆਂ ਘਟਨਾਵਾਂ ਤੇ ਉਹਨਾਂ ਦੇ ਨਤੀਜੇ ਸਾਡੇ ਪਾਠਕਾਂ ਨੂੰ ਭੁੱਲ ਚੁੱਕੇ ਨੇ । ਮਹਾਰਾਜੇ ਦੀ ਚਿੱਠੀ ਵਿਚ—ਜਿੱਥੇ ਤਕ ਉਹਨਾਂ ਦੀਆਂ ਖਾਸ ਘਟਨਾਵਾਂ ਦਾ ਸੰਬੰਧ ਹੈ—ਲਿਖਿਆ ਜਾ ਚੁੱਕਾ ਹੈ । ਕੁਛ ਉਹ ਸਬੱਬ, ਜਿਨ੍ਹਾਂ ਦਾ ਮਹਾਰਾਜੇ ਦੇ ਮਾਮਲੇ ਵਿਚ ਸਾਡੇ ਨਾਲ ਕੋਈ ਸੰਬੰਧ ਨਹੀਂ, ਉਸਨੇ ਪਰਗਟ ਕਰਨ ਦੀ ਲੋੜ ਨਹੀਂ ਸਮਝੀ । ਇਹ ਸੱਚ ਹੈ ਕਿ ਸਭਰਾਵਾਂ ਦੀ ਲਹੂ ਡੋਲਵੀਂ ਲੜਾਈ ਵਿਚ ਸਿੱਖਾਂ ਦੀ ਤਾਕਤ ਤਬਾਹ ਕਰਨ ਪਿਛੋਂ ਲਾਰਡ ਹਾਰਡਿੰਗ ਨੇ ਮਹਾਰਾਜੇ ਨੂੰ—ਉਸਦੀ ਮਾਤਾ ਰਾਣੀ ਦੀ ਸਰਪ੍ਰਸਤੀ ਵਿਚ-ਦੋਬਾਰਾ ਤਖਤ ‘ਤੇ ਬਿਠਾ ਦਿੱਤਾ ਤੇ ਰਾਣੀ ਦੀ ਸਹਾਇਤਾ ਵਾਸਤੇ ਸਰਦਾਰਾਂ ਦੀ ਸਭਾ ਬਣਾ ਦਿੱਤੀ । ਇਹ ਪਰਬੰਧ ਸਫਲ ਨਾ ਹੋਇਆ, ਤਾਂ ਫਿਰ ਭਰੋਵਾਲ ਦੀ ਸੁਲ੍ਹਾ ਰਾਹੀਂ ਨਵਾਂ ਪਰਬੰਧ ਕਾਇਮ ਕੀਤਾ ਗਿਆ, ਜਿਸ ਰਾਹੀਂ ਹਰ ਤਰ੍ਹਾਂ ਦੇ ਕੰਮਾਂ ਦੇ ਅਖ਼ਤਿਆਰ ਤੇ ਹਰ ਗੱਲ ਵਿਚ ਅਗਵਾਈ ਅੰਗਰੇਜ਼ੀ ਰੈਜ਼ੀਡੈਂਟ ਦੇ ਸਪੁਰਦ ਕੀਤੀ ਗਈ, ਤੇ ਜਦੋਂ ਤਕ ਮਹਾਰਾਜਾ ਜੁਆਨ (ਬਾਲਗ) ਨਾ ਹੋ ਜਾਵੇ, ਓਦੋਂ ਤਕ ਅੰਗਰੇਜ਼ੀ ਫ਼ੌਜ ਦਾ ਓਥੇ ਰਹਿਣਾ ਪਰਵਾਨ ਕੀਤਾ ਗਿਆ ।
“ਸਿੱਖਾਂ ਦੀ ਦੂਸਰੀ ਲੜਾਈ-ਜੋ ੧੮੪੮ ਵਿਚ ਮੂਲਰਾਜ ਦੀ ਬਗ਼ਾਵਤ ਨਾਲ ਸ਼ੁਰੂ ਹੋਈ—ਨੇ ਇਸ ਪਰਬੰਧ ਨੂੰ ਨਕਾਰਾ ਕਰ ਦਿੱਤਾ । ਮੁਲਤਾਨ ਤੇ ਗੁਜਰਾਤ ਦੀਆਂ ਲੜਾਈਆਂ—ਜੋ ਗਈ ਹੋਈ ਤਾਕਤ ਹਾਸਲ ਕਰਨ ਵਾਸਤੇ ਸਿੱਖਾਂ ਦਾ ਆਖਰੀ ਚਾਰਾ ਸੀ—ਫ਼ਤਿਹ ਕਰਨ ਪਿੱਛੋਂ ਲਾਰਡ ਡਲਹੌਜ਼ੀ—ਜੋ ਲਾਰਡ ਹਾਰਡਿੰਗ ਦੀ ਥਾਂ ਗਵਰਨਰ-ਜੈਨਰਲ ਬਣਿਆ—ਨੇ ਫੈਸਲਾ ਕਰ ਲਿਆ ਕਿ ਹੁਣ ਪੰਜਾਬ ਨੂੰ ਅੰਗਰੇਜ਼ੀ ਹਿੰਦੁਸਤਾਨ ਵਿਚ ਮਿਲਾ ਲੈਣ ਦਾ ਸਮਾਂ ਆ ਗਿਆ ਹੈ। ਉਸ ਵੇਲੇ ਦਲੀਪ ਸਿੰਘ ਸਿਰਫ ੧੧ ਸਾਲ ਦਾ ਸੀ । ਪਰ ਉਹ ਤਿੰਨ ਸਾਲ ਤੋਂ ਵਧੇਰੇ ਚਿਰ ਦਾ ਪੰਜਾਬ ਦਾ ਬਾਦਸ਼ਾਹ ਮੰਨਿਆ ਹੋਇਆ ਸੀ, ਤੇ ਉਸਨੇ ਆਪਣੇ ਲਾਹੌਰ ਵਿਚਲੇ ਦਰਬਾਰ ਦੀ ਸਲਾਹ ਨਾਲ ਅੰਗਰੇਜ਼ੀ ਕਮਿਸ਼ਨਰ ਦੀਆਂ ਦੱਸੀਆਂ ਹੋਈਆਂ ਸ਼ਰਤਾਂ ਵਾਲੇ ਅਹਿਦਨਾਮੇ ਉੱਤੇ ਦਸਤਖਤ ਕੀਤੇ ਸਨ, ਜਿਸ ਰਾਹੀਂ ਉਸਨੇ ‘ਆਪਣੇ ਵਾਰਸਾਂ ਦੇ, ਹੱਕਦਾਰਾਂ ਦੇ, ਸਾਰੇ ਅਧਿਕਾਰ, ਖਿਤਾਬ ਤੇ ਪੰਜਾਬ ਦੀ ਬਾਦਸ਼ਾਹੀ ਤੇ ਸ਼ਾਹੀ ਤਾਕਤ ਦੇ ਹਰ ਤਰ੍ਹਾਂ ਦੇ ਦਾਅਵੇ ਤਿਆਗ ਦਿੱਤੇ । ਓਸੇ ਅਹਿਦਨਾਮੇ ਦੀਆਂ ਅੰਤਲੀਆਂ ਸ਼ਰਤਾਂ ਅਨੁਸਾਰ, ‘ਸਭ ਰਾਜਸੀ ਜਾਇਦਾਦ, ਜਿਸ ਬਾਰੇ ਪਰਗਟ ਕੀਤਾ ਗਿਆ ਤੇ ਜਿੱਥੋਂ ਮਿਲੀ’, ਈਸਟ ਇੰਡੀਆ ਕੰਪਨੀ ਦੇ ਹੱਕ ਵਿਚ ਜ਼ਬਤ ਕਰ ਲਈ ਗਈ । ਕੋਹਿਨੂਰ ਵਲਾਇਤ ਦੀ ਮਲਕਾ ਦੇ ਹਵਾਲੇ ਕੀਤਾ ਗਿਆ । ਘੱਟ ਤੋਂ ਘੱਟ ਚਾਰ ਲੱਖ ਤੇ ਵੱਧ ਤੋਂ ਵੱਧ ਪੰਜ ਲੱਖ ਰੁਪੈ ਪੈਨਸ਼ਨ ਮਹਾਰਾਜੇ ਨੂੰ ਦਿੱਤੀ ਗਈ, ਜੋ ‘ਉਸਦੀ ਜ਼ਾਤ, ਉਸਦੇ ਸੰਬੰਧੀਆਂ ਤੇ ਰਾਜ ਦੇ ਨੌਕਰਾਂ ਦੇ ਗੁਜ਼ਾਰੇ ਵਾਸਤੇ ਸੀ’ । ਕੰਪਨੀ ਨੇ ਮਹਾਰਾਜੇ ਦਾ ਆਦਰ ਸਤਕਾਰ ਕਰਨ ਦਾ ਇਕਰਾਰ ਕੀਤਾ, ਤੇ ਉਸਨੂੰ ‘ਮਹਾਰਾਜਾ ਦਲੀਪ ਸਿੰਘ ਬਹਾਦੁਰ’ ਦਾ ਖਿਤਾਬ ਰੱਖੀ ਰੱਖਣ ਦੀ ਆਗਿਆ ਦੇ ਦਿੱਤੀ । ਇਸ ਅਹਿਦਨਾਮੇ ਬਾਰੇ ਮਹਾਰਾਜਾ ਹੁਣ ਆਖਦਾ ਹੈ ਕਿ ਉਹਦੇ ਰਖਵਾਲਿਆਂ (ਸਰਪ੍ਰਸਤਾਂ) ਨੇ ਦਸਤਖਤ ਕਰਨ ਵਾਸਤੇ ਉਹਨੂੰ ਮਜਬੂਰ ਕਰ ਦਿੱਤਾ ਸੀ, ਜਦੋਂ ਉਹ ਅਜੇ ਨਾਬਾਲਗ (Minor) ਸੀ । ਉਹ ਹੁਣ ਇਹ ਉਜ਼ਰ ਕਰਦਾ ਤੇ ਉਹਨਾਂ ਰਾਜਸੀ ਲੋੜਾਂ ਬਾਬਤ ਲਿਖਦਾ ਹੈ, ਜੋ ਸਰਕਾਰ ਹਿੰਦ ਨੇ ਭਰੋਵਾਲ ਦੇ ਇਕਰਾਰ ਪੂਰੇ ਕਰਨ ਵਿਚ ਸੁਸਤੀ ਵਿਖਾਈ, ਤੇ ਮੂਲਰਾਜ ਦੀ ਬਗਾਵਤ ਨੂੰ ਸਿੱਖਾਂ ਦੀ ਬਗਾਵਤ ਵਿਚ ਬਦਲ ਜਾਣ ਦੀ ਆਗਿਆ ਦਿੱਤੀ । ਏਸ ਉਜ਼ਰ ਦੇ ਉੱਤਰ ਵਿਚ ਅੰਗਰੇਜ਼ੀ ਕਮਿਸ਼ਨਰ- ਜਿਸਨੇ ਸ਼ਰਤਾਂ ‘ਤੇ ਦਸਤਖਤ ਕਰਾਏ ਸਨ— ਦੀ ਰੀਪੋਰਟ ਕਾਫੀ ਹੈ । ਉਹ ਕਹਿੰਦਾ ਹੈ, ‘ਕਾਗਜ਼ ਮਹਾਰਾਜੇ ਦੇ ਹੱਥ ਦਿੱਤਾ ਗਿਆ। ਉਹਨੇ ਉਹਦੇ ਉੱਤੇ ਝੱਟ ਪਟ ਦਸਤਖਤ ਕਰ ਦਿੱਤੇ । ਜਿੰਨੀ ਕਾਹਲੀ ਨਾਲ ਉਹਨੇ ਪੇਸ਼ ਕਰਦਿਆਂ ਹੀ ਕਾਗਜ਼ ਫੜਿਆ, ਇਹ ਸਭ ਨੂੰ ਹੈਰਾਨ ਕਰਨ ਵਾਲੀ ਗੱਲ ਸੀ, ਜਿਸ ਤੋਂ ਸਾਫ ਸਿੱਧ ਹੈ ਕਿ ਉਹਦੇ ਸਲਾਹਕਾਰਾਂ ਨੇ ਉਹਨੂੰ ਹਰ ਯੋਗ ਢੰਗ ਨਾਲ ਸਿਖਾਇਆ ਹੋਇਆ ਸੀ ਕਿ ‘ਜੇ ਉਹਨੇ ਦਸਤਖ਼ਤ ਕਰਨ ਵਿਚ ਜ਼ਰਾ ਵੀ ਢਿੱਲ ਕੀਤੀ, ਤਾਂ ਇਹਨਾਂ ਸ਼ਰਤਾਂ ਨਾਲੋਂ ਘੱਟ ਫਾਇਦੇ ਵਾਲੀਆ ਸ਼ਰਤਾਂ ਉਹਦੇ ਪੇਸ਼ ਕੀਤੀਆਂ ਜਾਣਗੀਆਂ।’ ਅਤੇ ਮਹਾਰਾਜੇ ਦਾ ਇਹ ਉਜ਼ਰ ਕਿ ਉਹ ਨਾਬਾਲਗ ਸੀ, ਇਸ ਵਾਸਤੇ ਆਪਣੇ ਕੰਮਾਂ ਦਾ ਸੁਤੰਤਰ ਕਰਤਾ ਨਹੀਂ ਸੀ, ਸਗੋਂ ਉਸ ਦੇ ਆਪਣੇ ਆਪ ਦੇ ਉਲਟ ਜਾਂਦਾ ਹੈ । ਜਦੋਂ ਉਹਨੇ ਭੈਰੋਵਾਲ ਦੀ ਸੁਲ੍ਹਾ ‘ਤੇ ਦਸਤਖਤ ਕੀਤੇ ਸਨ, ਇਸ ਨਾਲੋਂ ਦੋ ਸਾਲ ਛੋਟਾ ਸੀ ਤੇ ਓਦੋਂ ਉਸ ਨਾਲੋਂ ਵੀ ਛੋਟਾ ਸੀ, ਜਦੋਂ ਲਾਰਡ ਹਾਰਡਿੰਗ ਦੇ ਪਰਬੰਧ ਅਨੁਸਾਰ ਉਹ ਦੁਬਾਰਾ ਤਖਤ ‘ਤੇ ਬਿਠਾਇਆ ਗਿਆ ਤੇ ਉਸਨੂੰ ਬਾਦਸ਼ਾਹੀ ਦਿੱਤੀ ਗਈ, ਜਿਸਨੂੰ ਉਹ ਹੁਣ ਵੀ ਮੰਨਦਾ ਹੈ ਕਿ ਉਸ ਵੇਲੇ ਜੋ ਵੀ ਜ਼ਬਤ ਕੀਤਾ ਜਾਂਦਾ, ਠੀਕ ਸੀ। ਸਾਨੂੰ ਏਸ ਗੱਲ ਦੀ ਵਧੇਰੇ ਪੜਚੋਲ ਕਰਨ ਦੀ ਲੋੜ ਨਹੀਂ । ਮਹਾਰਾਜਾ ਆਪ ਵੀ ਇਸਨੂੰ ਸੌਖਾ ਸਿੱਧ ਨਹੀਂ ਕਰ ਸਕੇਗਾ । ਉਸਦੀ ਬਾਦਸ਼ਾਹੀ ਦੀ ਮੰਗ ਥੱਲੇ ਕੇਵਲ ਉਸਦੀ ਪੈਸੇ ਦੀ ਮੰਗ ਲੁਕੀ ਹੋਈ ਹੈ । ਮੁੱਢ ਤੋਂ ਹੀ ਉਹ ਪੰਜਾਬ ਦਾ ਨਾਮ-ਧਰੀਕ ਬਾਦਸ਼ਾਹ ਰਿਹਾ ਹੈ, ਤੇ ਹੁਣ ਵੀ ਉਸਨੂੰ ਸਿਰਫ ਬਾਦਸ਼ਾਹੀ ਹੱਕਾਂ ਦੀ ਹੀ ਲੋੜ ਹੈ। ਉਹਦਾ ਮੁਲਕੀ ਸਵਾਲ ਕਦੇ ਦਾ ਖਤਮ ਹੋ ਚੁੱਕਾ ਹੈ । ਹੁਣ ਤਾਂ ਕੇਵਲ ਉਸਦਾ ਜ਼ਾਤੀ ਤੇ ਮਾਲੀ ਸਵਾਲ ਹੀ ਚੱਲ ਰਿਹਾ ਹੈ । ਮਹਾਰਾਜਾ ਇਤਰਾਜ਼ ਕਰਦਾ ਹੈ ਕਿ ਉਸਦੀ ਜ਼ਾਤੀ ਤੇ ਘਰੋਗੀ ਜਾਇਦਾਦ ਖੋਹ ਲਈ ਗਈ ਹੈ, ਸਣੇ ਜ਼ਮੀਨਾਂ ਦੇ ਮਾਮਲੇ ਦੇ, ਸਵਾਏ ਕੁਛ ਨਾਮ ਮਾਤਰ (ਰਕਮ) ਦੇ । ਜੋ ਸ਼ਰਤਾਂ ਮਹਾਰਾਜੇ ਨੇ ਪਰਵਾਨ ਕੀਤੀਆਂ ਸਨ, ਉਹਨਾਂ ਵਿਚ ਨਿੱਜੀ (Private) ਜਾਇਦਾਦ ਦਾ ਕਿਤੇ ਜ਼ਿਕਰ ਤਕ ਨਹੀਂ । ੧੮੫੫ ਵਿਚ ਲਾਰਡ ਡਲਹੌਜ਼ੀ ਆਪਣੇ ਬਿਆਨ ਵਿਚ ਲਿਖਦਾ ਹੈ ਕਿ ਜਦੋਂ ਪੰਜਾਬ ਜ਼ਬਤ ਕੀਤਾ ਗਿਆ ਸੀ, ਓਦੋਂ ਉਸ ਦੇ ਕਬਜ਼ੇ ਵਿਚ ਨਾ ਕੋਈ ਇਲਾਕਾ ਸੀ, ਨਾ ਜ਼ਮੀਨਾਂ, ਤੇ ਨਾ ਕੋਈ ਹੋਰ ਜਾਇਦਾਦ, ਜਿਸਦਾ ਉਹ ਮਾਲਕ ਬਣਿਆ ਰਹਿੰਦਾ । ਈਸਟ ਇੰਡੀਆ ਕੰਪਨੀ ਨੇ ਪੈਨਸ਼ਨ ਏਸੇ ਵਾਸਤੇ ਦਿੱਤੀ ਸੀ ਕਿ ਉਹ ਆਪਣੀ ਹਾਲਤ ਚੰਗੀ ਬਣਾ ਸਕੇ ਤੇ ਆਪਣੇ ਸੰਬੰਧੀਆਂ ਦੀ ਪਾਲਣਾ ਕਰ ਸਕੇ । ਸਰਕਾਰ ਬਰਤਾਨੀਆਂ ਨੂੰ ਪੂਰਾ ਹੱਕ ਸੀ ਕਿ ਚਾਰ ਲੱਖ ਪੈਨਸ਼ਨ ਵਿਚੋਂ ਮਹਾਰਾਜੇ ਦੇ ਜ਼ਾਤੀ ਖ਼ਰਚਾਂ ਵਾਸਤੇ ਉਹ ਖਾਸ ਹਿੱਸਾ ਪੱਕਾ ਕਰ ਸਕੇ। ੧੮੫੩ ਵਿਚ ਲਾਰਡ ਡਲਹੌਜ਼ੀ ਨੇ ਇਕ ਚਿੱਠੀ ਵਿਚ ਸਾਫ ਲਿਖਿਆ ਸੀ ਕਿ ਮਹਾਰਾਜੇ ਦੇ ਦਿਲ ਵਿਚੋਂ ਇਹ ਖਿਆਲ ਨਿਕਲ ਜਾਣਾ ਚਾਹੀਏ ਕਿ ਚਾਰ ਲੱਖ ਪੈਨਸ਼ਨ ਨਿਰੀ ਪੁਰੀ ਓਸੇਵਾਸਤੇ ਹੈ, ਸਗੋਂ ਅਜੇਹਾ ਖਿਆਲ ਰੱਖਣਾ ਹੀ ਬੇਅਰਥ ਹੈ।
“ਯਕੀਨੀ ਤੌਰ ‘ਤੇ ਸਰਕਾਰ ਹਿੰਦ ਨੇ ਮਹਾਰਾਜੇ ਨਾਲ ਕੋਈ ਮਾੜਾ ਸਲੂਕ ਨਹੀਂ ਕੀਤਾ । ਇਹ ਸੱਚ ਹੈ ਕਿ ਉਸਦੀ ਘਰੋਗੀ ਜਾਇਦਾਦ—ਜਿਸਦੀ ਕੋਈ ਲਿਖਤ ਨਹੀਂ—ਦੀ ਮੰਗ ਕਦੇ ਵੀ ਨਹੀਂ ਮੰਨੀ ਗਈ । ਜਿਸ ਅਹਿਦਨਾਮੇ ਰਾਹੀਂ ਉਸਦੀ ਬਾਦਸ਼ਾਹੀ ਖੋਹੀ ਗਈ ਸੀ, ਉਸਦੇ ਪੂਰਾ ਨਿਭਾਉਣ ਬਾਰੇ ਉਹਦੀ ਗੱਲ ਵੀ ਨਹੀਂ ਸੁਣੀ ਗਈ । ਰਾਜ ਜ਼ਬਤ ਕਰਨ ਤੋਂ ਕੁਝ ਸਾਲ ਪਿਛੋਂ ਚਾਰ ਲੱਖ ਪੈਨਸ਼ਨ ਵਿਚੋਂ ਉਸਦੇ ਜ਼ਾਤੀ ਗੁਜ਼ਾਰੇ ਵਾਸਤੇ ਸਵਾ ਲੱਖ ਪੱਕਾ ਕੀਤਾ ਗਿਆ, ਤੇ ਇਹ ਰਕਮ ਹੀ ਉਸਦੇ ਦਰਬਾਰ ਦੇ ਆਗੂ ਵਜ਼ੀਰਾਂ—ਜਿਨ੍ਹਾਂ ਨੇ ੧੮੪੯ ਵਿਚ ਅਹਿਦਨਾਮਾ ਪਰਵਾਨ ਕਰਨ ਦੀ ਮਹਾਰਾਜੇ ਨੂੰ ਸਲਾਹ ਦਿੱਤੀ ਸੀ—ਨੇ ਉਹਦੇ ਵਾਸਤੇ ਕਾਫ਼ੀ ਸਮਝੀ ਸੀ । ਮਗਰ ੧੮੫੯ ਵਿਚ ਇਹ ਗੁਜ਼ਾਰਾ ਦੂਣਾ ਕਰ ਦਿੱਤਾ ਗਿਆ, ਤੇ ਜੋ ਪਰਬੰਧ ਕੀਤਾ ਗਿਆ, ਪਿਛਲੇ ਸਾਲਾਂ ਵਿਚ ਮਹਾਰਾਜੇ ਨੇ ਕਈ ਵਾਰ ਉਹਨੂੰ ਚੰਗਾ ਮੰਨਿਆ । ਮਹਾਰਾਜੇ ਨੇ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਉਹਦੀ ਪੈਨਸ਼ਨ ਢਾਈ ਲੱਖ ਤੋਂ ਘਟਾ ਕੇ ਇਕ ਲੱਖ, ੩੦ ਹਜ਼ਾਰ ਕਰ ਦਿੱਤੀ ਗਈ ਹੈ । ਇਹ ਸਰਕਾਰ ਹਿੰਦ ਦੇ ਕਿਸੇ ਕਾਨੂੰਨ ਨਾਲ ਨਹੀਂ ਹੋਈ । ਪਰ ਜੇ ਤਾਂ ਉਹ ਇਸ ਮੁਲਕ ਦਾ ਵਸਨੀਕ ਅੰਗਰੇਜ਼ ਹੈ, ਤਾਂ ਉਸਨੂੰ ਫਜ਼ੂਲ ਖਰਚ ਕਿਹਾ ਜਾਵੇਗਾ, ਤੇ ਜੇ ਉਹ ਹਿੰਦੀ ਸ਼ਹਿਜ਼ਾਦਾ ਹੈ, ਤਾਂ ਉਹਨੂੰ ਬੜਾ ਭਾਗਾਂ ਵਾਲਾ ਕਹਾਂਗੇ । * । ਪਹਿਲਾਂ ਉਹਨੇ ਗਲਾਉਸੈਸਟਰ मष्टि (Gloucestershire ਵਿਚ ਜਾਇਦਾਦ ਖਰੀਦੀ, ਜੋ ਕੁਝ ਸਾਲਾਂ ਪਿਛੋਂ ਵੇਚੀ ਗਈ । ਤੇ ਹੁਣ ਵਾਲੀ ਉਹਦੀ ਜਾਇਦਾਦ ਐਲਵੇਡਨ, ਸੌਫੋਕ ਵਿਚ ੧੩ ਲੱਖ, ੮੦ ਹਜ਼ਾਰ ਰੁਪੈ ਤੋਂ ਖਰੀਦੀ ਗਈ। ਇਹ ਰਕਮ ਗੌਰਮਿੰਟ ਨੇ ਕਰਜ਼ ਦਿੱਤੀ ਸੀ, ਜਿਸਦੇ ਬਿਆਜ ਵਜੋਂ ੫੬੬੪੦ ਰੁਪੈ ਸਾਲਾਨਾ ਮਹਾਰਾਜਾ ਦੇਂਦਾ ਹੈ । ਦੋ ਤਿੰਨ ਸਾਲਾਂ ਪਿਛੋਂ ਹਿੰਦ ਦੀ ਹੋਮ ਗੋਰਮਿੰਟ Home Government of India) हे मेसिभा वि भगाते है भाटे माल ਰਕਮ ਭਰਨ ਤੋਂ ਬਰੀ ਕਰ ਦਿੱਤਾ ਜਾਵੇ, ਪਰ ਇਸ ਸ਼ਰਤ ਉੱਤੇ ਕਿ ਉਹ ਆਪਣੀ ਜਾਇਦਾਦ ਹੁਣੇ ਜਾਂ ਆਪਣੀ ਮੌਤ ਉੱਤੇ ਵੇਚਣ ਨੂੰ ਤਿਆਰ ਹੋ ਜਾਵੇ, ਕਿਉਂਕਿ ਕਰਜ਼ ਦੀ ਰਕਮ ਦੁਬਾਰਾ ਦੇਣੀ ਪਵੇਗੀ, ਤਾਂ ਵਧ ਜਾਵੇਗੀ । ਇਹ ਤਜਵੀਜ਼ ਸਰਕਾਰ ਹਿੰਦ ਨੇ ਨਾ ਮੰਨੀ । ਉਸ ਨੇ ਖੁੱਲ੍ਹੇ ਸ਼ਬਦਾਂ ਵਿਚ ਕਿਹਾ ਕਿ ਮਹਾਰਾਜੇ ਨਾਲ ਅੱਗੇ ਹੀ ਬੜਾ ਖੁੱਲ੍ਹ-ਦਿਲੀ ਦਾ ਸਲੂਕ ਕੀਤਾ ਗਿਆ ਹੈ, ਜੇ ਉਸ ਨੂੰ ਹੋਰ ਰੁਪੈ ਦੀ ਲੋੜ ਹੈ, ਤਾਂ ਉਹ ਆਪਣੀ ਜਾਇਦਾਦ ਵੇਚ ਦੇਵੇ ।
“ਮਹਾਰਾਜੇ ਨੇ ਐਲਵੇਡਨ ਵਿਚ ਛੇ ਲੱਖ ਰੁਪੈ ਖ਼ਰਚ ਕੇ ਘਰ ਬਣਾਇਆ ਹੈ, ਜਿਸ ਬਦਲੇ ਚਾਰ ਲੱਖ ਲੰਡਨ ਦੀ ਇਕ ਸ਼ਾਹੂਕਾਰਾ ਆੜ੍ਹਤ (Firm) ਤੋਂ ਕਰਜ਼ ਲਿਆ ਹੈ । ਇਸ ਕਰਜ਼ ਬਦਲੇ ੨੦ ਹਜ਼ਾਰ ਰੁਪੈ ਬਿਆਜ ਦੇਣਾ ਪੈਣਾ ਸੀ, ਪਰ ਇੰਡੀਆ ਆਫਸ ਨੇ ਬਿਨਾਂ ਹੋਰ ਵਾਧੂ ਖਰਚ ਪਾਏ ਦੇ ਮਹਾਰਾਜੇ ਨੂੰ ਅਸਲ ਰਕਮ ਵਾਪਸ ਕਰਨ ਦੀ ਆਗਿਆ ਦੇ ਦਿੱਤੀ । ਇਸ ਪਰਬੰਧ—ਤੇ ਇਸੇ ਬਾਬਤ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਸੀ—ਬਾਰੇ ਮਹਾਰਾਜੇ ਨੇ ਆਪਣੇ ਖਤ ਦੇ ਅੰਤ ਵਿਚ ਬੜੇ ਕੌੜੇ ਸ਼ਬਦ ਲਿਖੇ ਨੇ । ਉਸ ਦਾ ਝਗੜਾ ਨਿਬੇੜਨ ਬਦਲੇ ਤੇ ਉਸ ਦੀ ਸੁਪਤਨੀ ਤੇ ਉਸ ਦੇ ਪਰਵਾਰ ਦੀ ਪਾਲਣਾ ਬਦਲੇ ਹੀ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਸੀ ਕਿ ਉਸ ਦੇ ਮਰਨ ਪਿਛੋਂ ਐਲਵੇਡਨ ਦੀ ਜਾਗੀਰ ਵੇਚ ਦਿੱਤੀ ਜਾਵੇ । ਇਸ ਤਰ੍ਹਾਂ ਸ਼ੇਰੇ-ਪੰਜਾਬ ਦੇ ਪੁੱਤਰ ਦਾ ਦਾਅਵਾ ਬਾਦਸ਼ਾਹੀ ਦੀ ਮੰਗ ਤੋਂ ਆਰੰਭ ਹੁੰਦਾ ਹੈ, ਤੇ ਬਿਨਾਂ ਕਿਸੇ ਜੋਸ਼ ਦੇ ਹਾਸੋਹੀਣੀ ਹਾਲਤ ਵਿਚ, ਐਲਵੇਡਨ ਦੀ ਜ਼ਿਮੀਂਦਾਰੀ ਦੇ ਗਮ ਵਿਚ ਆ ਅੰਤ ਹੁੰਦਾ ਹੈ। ਦਲੀਪ ਸਿੰਘ ਦਾ ਜੀਵਨ ਪੰਜਾਬ ਦਾ ਮਹਾਰਾਜਾ ਹੋਣ ਵਿਚ ਆਰੰਭ ਹੁੰਦਾ ਹੈ, ਜਿਸ ਕੋਲ ਤਕੜੀ ਤਾਕਤ ਤੇ ਬੇਅੰਤ ਦੌਲਤ ਸੀ, ਜੇ ਉਹ ਵੱਡਾ ਹੋ ਕੇ ਉਸ ਨੂੰ ਮਾਣ ਸਕਦਾ ਤੇ ਖਾਲਸਾ ਫੌਜ ਉਸ ਨੂੰ ਇਹ ਆਨੰਦ ਭੋਗਣ ਦੀ ਆਗਿਆ ਦੇਂਦੀ । ਉਸ ਨੂੰ ਇਸ ਮੁਲਕ ਵਿਚ ਇਕ ਸ਼ਰੀਫ ਅੰਗਰੇਜ਼ ਵਾਂਗ ਵੀ ਜ਼ਿੰਦਗੀ ਕੱਟਣ ਦੀ ਆਗਿਆ ਨਾ ਮਿਲੀ, ਜਿਸ ਦੇ ਪਿੱਛੇ ਉਹ ਇਕ ਚੰਗੀ ਜਾਗੀਰ ਤੇ ਉਸਦਾ ਵਾਰਸ ਛੱਡ ਜਾਂਦਾ । ਸਾਰੇ ਝਗੜੇ ਦਾ ਇਹ ਠੀਕ ਦੁੱਖਾਂ ਭਰਿਆ ਅੰਤ ਹੈ । ਕਿਸਮਤ ਤੇ ਅੰਗਰੇਜ਼ੀ ਤਾਕਤ ਨੇ ਮਹਾਰਾਜੇ ਤੋਂ ਉਹ ਬਾਦਸ਼ਾਹੀ ਖੋਹ ਲਈ, ਜਿਸ ਵਾਸਤੇ ਉਹ ਪੈਦਾ ਹੋਇਆ ਸੀ । ਉਸ ਨੇ ਇੰਗਲੈਂਡ ਦਾ ਪਤਵੰਤਾ ਵਾਸੀ ਬਣਨ ਵਾਸਤੇ ਸਾਰੇ ਯਤਨ ਕੀਤੇ ਨੇ । ਜੇ ਉਹ ਆਪਣੀ ਆਮਦਨ ਨਾਲੋਂ ਵਧੇਰੇ ਖਰਚ ਕਰਦਾ ਹੈ, ਤਾਂ ਇਸ ਵਾਸਤੇ ਕਿ ਜਿੰਨ੍ਹਾਂ ਆਦਮੀਆਂ ਨਾਲ ਉਹਦਾ ਮੇਲ ਜੋਲ ਹੈ, ਉਹਨਾਂ ਵਿਚੋਂ ਅਜੇਹੀਆਂ ਕਈ ਮਿਸਾਲਾਂ ਉਹਦੇ ਸਾਮ੍ਹਣੇ ਨੇ। ਇਸ ਦੇ ਸਭ ਨਤੀਜੇ ਉਹਨੂੰ ਆਪ ਨੂੰ ਹੀ ਭੁਗਤਣੇ ਪੈਣਗੇ, ਨਾ ਕਿ ਉਸ ਦੇ ਬੱਚਿਆਂ ਤੇ ਆਉਣ ਵਾਲੀ ਔਲਾਦ ਨੂੰ । ਅਜਿਹਾ ਹੀ ਹਰ ਅੰਗਰੇਜ਼ ਪਤਵੰਤੇ ਨਾਲ ਹੁੰਦਾ ਹੈ। ਇਹ ਸਾਰਾ ਮਾਮਲਾ ਅਜੇਹਾ ਹੈ ਜਿਸ ਦਾ ਫੈਸਲਾ ਕਿਸੇ ਪੱਕੇ ਅਸੂਲ ਅਨੁਸਾਰ ਹੋਣਾ ਔਖਾ ਹੈ । ਇਹਦੇ ਵਿਚ ਸ਼ੱਕ ਨਹੀਂ ਕਿ ਹਰ ਇਕ ਆਦਮੀ ਦਾ ਧਰਮ ਹੈ ਕਿ ਉਹ ਆਪਣੀ ਆਮਦਨੀ ਅਨੁਸਾਰ ਜੀਵਨ ਬਸਰ ਕਰੇ, ਤੇ ਜੇ ਮਹਾਰਾਜਾ ਇਹਨਾਂ ਗੁਣਾਂ ਤੋਂ ਖਾਲੀ ਹੈ, ਖਾਸ ਕਰ ਹਿੰਦੀ ਸ਼ਹਿਜ਼ਾਦਿਆਂ ਵਿਚ ਜਾਂ ਉਸ ਸ਼ਰੇਣੀ ਵਿਚ, ਜਿਸ ਨਾਲ ਉਹ ਰਹਿੰਦਾ ਹੈ, ਤਾਂ ਹਰ ਇਕ ਅੰਗਰੇਜ਼ ਨੂੰ ਇਸ ਗੱਲ ਦੀ ਸ਼ਰਮ ਆਵੇਗੀ ਕਿ ਮਹਾਰਾਜੇ, ਜਾਂ ਉਹਦੀ ਔਲਾਦ ਦੀਆਂ ਲੋੜਾਂ ਪੂਰੀਆਂ ਨਾ ਹੋਣ । ਨਾਲ ਹੀ ਸਰਕਾਰ ਹਿੰਦ ਵਾਸਤੇ ਇਹ ਅਸੰਭਵ ਹੈ ਕਿ ਉਸ ਦੀਆਂ ਉਹ ਮੰਗਾਂ ਪੂਰੀਆਂ ਕਰੇ, ਜੋ ਉਸਨੇ ਆਪਣੇ ਭਵਿੱਖ ਦੀ ਵਿਚਾਰ ਦੇ ਉਲਟ ਐਲਵੇਡਨ ਦੇ ਸ਼ਾਨਦਾਰ ਜ਼ਿਮੀਂਦਾਰ ਦੀ ਹੈਸੀਅਤ ਨੂੰ ਕਾਇਮ ਰੱਖਣ ਵਾਸਤੇ ਕੀਤੀਆਂ ਹਨ । ਹਰ ਹਾਲ ਉਸ ਦੀਆਂ ਜ਼ਾਤੀ ਮੰਗਾਂ-ਜੋ ਰਾਜਸੀ ਤੌਰ ‘ਤੇ ਅਸਲੋਂ ਮੰਨਣ ਯੋਗ ਨਹੀਂ—ਦੇ ਵਿਰੁੱਧ ਉਸਨੂੰ ਤਾੜਨਾ ਕਰ ਦੇਣੀ ਚੰਗੀ ਹੈ । ਉਹ ਆਪਣੀ ਹਿੰਮਤ ਨਾਲ ਆਪਣੀ ਮਾਲੀ ਔਕੜਾਂ ਬਦਲੇ ਨਾਮ ਮਾਤਰ ਹਮਦਰਦੀ ਹਾਸਲ ਕਰ ਸਕਦਾ ਹੈ, ਪਰ ਇਹ ਸਿੱਧ ਕਰਨ ਵਿਚ ਸਫਲ ਨਹੀਂ ਹੋਇਆ, ਕਿ ਜੇ ਉਹ ਆਪਣੇ ਵੱਸ ਵਿਚ ਜੀਵਨ ਗੁਜ਼ਾਰਦਾ, ਤਾਂ ਹੁਣ ਪੰਜਾਬ ਦਾ ਸਹੀ ਅਰਥਾਂ ਵਿਚ ਬਾਦਸ਼ਾਹ ਹੁੰਦਾ ।”
ਟਾਈਮਜ਼ ਦਾ ਐਡੀਟਰ ਇਸ ਲੇਖ ਵਿਚ ਜਿੰਨੀ ਕੁ ਨਿਰਾਦਰੀ ਮਹਾਰਾਜੇ ਦੀ ਕਰ ਸਕਦਾ ਸੀ, ਕੀਤੀ । ਨਾ ਜਾਣਾ, ਕਿ ਉਸਦਾ ਮਹਾਰਾਜੇ ਨਾਲ ਕੋਈ ਜਮਾਂਦਰੂ ਵੈਰ ਸੀ, ਜਾਂ ਇਹ ਅੰਗਰੇਜ਼ੀ ਸੁਭਾ ਸੀ । ਅਸੀਂ ਆਪ ਇਸਦਾ ਉਤਰ ਦੇਣ ਦੀ ਥਾਂ, ਮਹਾਰਾਜੇ ਦੀ ਉਹ ਚਿੱਠੀ ਲਿਖਦੇ ਹਾਂ, ਜੋ ਉਸਨੇ ੬ ਸਤੰਬਰ, ੧੮੮੨ ਨੂੰ ਟਾਈਮਜ਼ ਦੇ ਐਡੀਟਰ ਦੇ ਜਵਾਬ ਵਜੋਂ ਲਿਖੀ, ਤੇ ੮ ਸਤੰਬਰ ਦੇ ਪਰਚੇ ਵਿਚ ਛਪੀ ।
“ਦੀ ਟਾਈਮਜ਼, ਸ਼ੁਕਰਵਾਰ, ੮ ਸਤੰਬਰ, ੧੮੮੨,
ਮਹਾਰਾਜਾ ਦਲੀਪ ਸਿੰਘ ਦੀਆਂ ਮੰਗਾਂ
“ਸੇਵਾ ਵਿਖੇ ਐਡੀਟਰ ਟਾਈਮਜ਼
“ਮੈਂ ਆਪ ਦਾ ਧੰਨਵਾਦੀ ਹਾਂ ਕਿ ਆਪ ਨੇ ਮੇਰੀ ੨੮ ਅਗਸਤ ਦੀ ਚਿੱਠੀ ਛਾਪਣ ਦੀ ਕਿਰਪਾ ਕੀਤੀ ਹੈ । ਉਸਦੇ ਉੱਤਰ ਵਿਚ ਜੋ ਆਪ ਨੇ ੩੧ ਅਗਸਤ ਨੂੰ ਮੁਖ ਲੇਖ Leading Article ਲਿਖਿਆ ਹੈ, ਉਸ ਵਿਚ ਸੱਚੀਆਂ ਘਟਨਾਵਾਂ ਬਾਰੇ ਕੁਛ ਭੁੱਲਾਂ ਰਹਿ ਗਈਆਂ ਹਨ, ਜਿਨ੍ਹਾਂ ਨੂੰ ਮੇਰੇ ਬਿਨਾਂ ਹੋਰ ਕੋਈ ਵੀ ਠੀਕ ਨਹੀਂ ਕਰ ਸਕਦਾ । ਮੈਨੂੰ ਭਰੋਸਾ ਹੈ ਕਿ ਆਪ ਮੈਨੂੰ ਉਹ ਭੁੱਲਾਂ ਸੋਧਣ ਦੀ ਆਗਿਆ ਦਿਓਗੇ, ਤੇ ਕੁਛ ਪੜਚੋਲ ਵੀ ਕਰੋਗੇ ।
“੧. ਆਪ ਕਹਿੰਦੇ ਓ, ‘ਜੋ ਕੁਛ ਵੀ ਉਹ ਹੁਣ ਤਕ ਸਰਕਾਰ ਹਿੰਦ ਗੋਲ ਹਾਸਲ ਕਰਨ ਵਿਚ ਸਫਲ ਹੋਇਆ ਹੈ, ਉਹ ਪਾਰਲੀਮੈਂਟ ਦੇ ਪਿਛਲੇ ਪਾਸ ਕੀਤੇ ਕਾਨੂੰਨ ਅਨੁਸਾਰ ਹੈ, ਜਿਸਦੇ ਰਾਹੀਂ ਉਸਨੂੰ ੨੦ ਹਜ਼ਾਰ ਰੁਪੇ ਸਾਲਾਨਾ ਵਧੇਰੇ ਮਿਲਨਗੇ ਪਰ ਨਾਲ ਸ਼ਰਤ ਇਹ ਹੈ, ਕਿ ਉਹਦੇ ਮਰਨ ਉੱਤੇ ਉਹਦਾ ਸਾਰਾ ਹਿਸਾਬ ਸਾਫ਼ ਕਰਨ ਬਦਲੇ, ਉਹਦੀ ਸਭ ਜਾਇਦਾਦ ਵੇਚ ਦਿੱਤੀ ਜਾਵੇਗੀ, ਤੇ ਉਸਦੇ ਬੱਚਿਆਂ ਤੇ ਉਸ ਦੀ ਵਿਧਵਾ ਦੀ ਪਾਲਣਾ ਦਾ ਪਰਬੰਧ ਕੀਤਾ ਜਾਵੇਗਾ । ਮਹਾਰਾਜੇ ਦੀ ਬੇਨਤੀ ਤੋਂ ਪਰਗਟ ਹੁੰਦਾ ਹੈ ਕਿ ਉਹ ਇਸ ਪਰਬੰਧ ਦੇ ਮੂਲੋਂ ਉਲਟ ਹੈ ।
“ਮੈਂ ਅਸਲ ਵਿਚ ਉਪਰ ਲਿਖੇ ਪਰਬੰਧ ਦੇ ਵਿਰੁੱਧ ਪ੍ਰਰਥਨਾ ਨਹੀਂ ਕਰਦਾ, ਸਗੋਂ ਮੇਰੇ ਖਿਆਲ ਵਿਚ ਬੇਇਨਸਾਫ਼ੀ ਇਹ ਹੈ ਕਿ ਮੈਨੂੰ ਆਪਣੇ ਜੀਵਨ ਵਿਚ ਉਹ ਕਰਜ਼ਾ ਅਦਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ, ਜੋ ਇਸ ਕਾਨੂੰਨ ਰਾਹੀਂ ਮਿਥਿਆ ਗਿਆ ਹੈ, ਜਿਸ ਵਿਚੋਂ ਇਕ ਲੱਖ, ੬੦ ਹਜ਼ਾਰ ਰੁਪੈ ਮੈਨੂੰ ਅਗਾਊਂ ਦਿੱਤੇ ਗਏ ਸਨ । ਇਸ ਤਰ੍ਹਾਂ—ਆਪਣੇ ਆਪ ਨੂੰ ਕੁਰਬਾਨ ਕਰਕੇ ਵੀ-ਆਪਣੀ ਔਲਾਦ ਵਾਸਤੇ ਉਸਦਾ ਅੰਗਰੇਜ਼ੀ ਘਰ ਕਾਇਮ ਰੱਖਣ ਤੋਂ ਮੈਨੂੰ ਰੋਕਿਆ ਗਿਆ ਹੈ । ਪਿਛਲੇ ਅਪ੍ਰੈਲ ਵਿਚ ੩੫੪੨੭ ਰੁਪੈ ਦਾ ਚੈਕ—ਮੂਲ ਰਕਮ, ਸਣੇ ੫ ਰੁਪੈ ਸੈਂਕੜਾ ਵਿਆਜ ਦੇ—ਮੈਂ ਇੰਡੀਆ ਆਫਸ ਨੂੰ ਭੇਜਿਆ ਸੀ, ਜੋ ਮੈਨੂੰ ਮੋੜ ਦਿੱਤਾ ਗਿਆ ।
“ਇਹ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਮੇਰੀ ਵਿਧਵਾ ਤੇ ਬੱਚਿਆਂ- ਜੇ ਮੇਰੇ ਪਿਛੋਂ ਕੋਈ ਰਹਿਣ—ਦੀ ਪਾਲਣਾ ਦਾ ਪਰਬੰਧ ਹੋਇਆ ਹੋਇਆ ਸੀ ।
“੨. ਜੋ ਹਵਾਲਾ ਆਪ ਨੇ ਅੰਗਰੇਜ਼ੀ ਕਮਿਸ਼ਨਰ ਦੀ ਲਿਖਤ ਵਿਚੋਂ—ਮੇਰੇ ਛੇਤੀ ਨਾਲ ਅਹਿਦਨਾਮੇ ‘ਤੇ ਸਹੀ ਪਾਉਣ ਦਾ—ਦਿੱਤਾ ਹੈ, ਉਸ ਬਾਰੇ ਮੈਂ ਏਨਾ ਹੀ ਕਹਿਣਾ ਹੈ ਕਿ ਬੱਚਾ ਹੋਣ ਦੇ ਕਾਰਨ ਮੈਨੂੰ ਸਮਝ ਨਹੀਂ ਸੀ ਕਿ ਮੈਂ ਕਾਹਦੇ ਉੱਤੇ ਦਸਤਖਤ ਕਰ ਰਿਹਾ ਸਾਂ ।
“੩. ਆਪ ਹੋਰ ਲਿਖਦੇ ਹੋ; ‘ਮਹਾਰਾਜੇ ਦਾ ਉਜ਼ਰ ਕਿ ਉਹ ਨਾਬਾਲਗ ਸੀ, ਇਸ ਵਾਸਤੇ ਆਪਣੇ ਕੰਮਾਂ ਦਾ ਸੁਤੰਤਰ ਕਰਤਾ (agent) ਨਹੀਂ ਸੀ, ਸਗੋਂ ਉਸ ਦੇ ਆਪਣੇ ਆਪ ਉਲਟ ਜਾਂਦਾ ਹੈ । ਜਦੋਂ ਉਹਨੇ ਭਰੋਵਾਲ ਦੀ ਸੁਲ੍ਹਾ ਉੱਤੇ ਦਸਤਖਤ ਕੀਤੇ ਸਨ, ਇਸ ਨਾਲੋਂ ਦੋ ਸਾਲ ਛੋਟਾ ਸੀ, ਤੇ ਓਦੋਂ ਉਸ ਨਾਲੋਂ ਵੀ ਛੋਟਾ ਸੀ, ਜਦੋਂ ਲਾਰਡ ਹਾਰਡਿੰਗ ਦੇ ਪਰਬੰਧ ਅਨੁਸਾਰ ਦੋਬਾਰਾ ਤਖਤ ‘ਤੇ ਬਿਠਾਇਆ ਗਿਆ, ਤੇ ਉਹਨੂੰ ਬਾਦਸ਼ਾਹੀ ਦਿੱਤੀ ਗਈ, ਜਿਸਨੂੰ ਉਹ ਹੁਣ ਵੀ ਮੰਨਦਾ ਹੈ ਕਿ ਉਸ ਵੇਲੇ ਜੋ ਵੀ ਜ਼ਬਤ ਕੀਤਾ ਜਾਂਦਾ, ਠੀਕ ਸੀ । ਸਾਨੂੰ ਏਸ ਗੱਲ ਦੀ ਵਧੇਰੇ ਪੜਚੋਲ ਕਰਨ ਦੀ ਲੋੜ ਨਹੀਂ । ਮਹਾਰਾਜਾ ਆਪ ਵੀ ਇਸਨੂੰ ਸੌਖਾ ਸਿੱਧ ਨਹੀਂ ਕਰ ਸਕੇਗਾ।
“ਪਰ, ਭਾਵੇਂ ਇਹ ਮੇਰੇ ਮਾਮਲੇ ਨੂੰ ਹਾਨੀ ਪੁਚਾਵੇ, ਭਾਵੇਂ ਨਾ ਪੁਚਾਵੇ, ਮੈਂ ਇਸ ‘ਤੇ ਜ਼ੋਰ ਦੇਂਦਾ ਤੇ ਕਹਿੰਦਾ ਹਾਂ ਕਿ ਭਰੋਵਾਲ ਦੀ ਸੁਲ੍ਹਾ ਪਿਛੋਂ ਮੈਂ ਅੰਗਰੇਜ਼ ਕੌਮ ਦਾ ਰੱਖਿਆਧੀਨ (Ward) ਸਾਂ ਤੇ ਰਖਵਾਲਿਆਂ ਹੱਥੋਂ-ਜੋ ਰੱਖਿਆ ਕਰਨ ਵਿਚ ਸਫਲ ਨਾ ਹੋਏ—ਮੇਰਾ ਰਾਜ ਖੋਹਿਆ ਜਾਣਾ ਬੇ-ਇਨਸਾਫੀ ਸੀ ।
“ਲਾਰਡ ਹਾਰਡਿੰਗ ਦੇ ਆਪਣੇ ਲਫਜ਼ ਹਨ : ‘ਰਾਜਸੀ ਮਾਮਲਿਆਂ ਦੇ ਵਿਚਾਰਾਂ ਦੇ ਨਾਲ ਨਾਲ ਗਵਰਨਰ-ਜੈਨਰਲ ਵਾਸਤੇ ਜ਼ਰੂਰੀ ਹੈ ਕਿ ਉਹ ਉਹਨਾਂ ਜ਼ਿੰਮੇਵਾਰੀਆਂ ਨੂੰ ਸਾਮ੍ਹਣੇ ਰੱਖ ਕੇ ਕੰਮ ਕਰੇ, ਜੋ ਸਰਕਾਰ ਅੰਗਰੇਜ਼ੀ ਨੇ ਓਦੋਂ ਆਪਣੇ ਸਿਰ ਲਈਆਂ, ਜਦੋਂ ਉਸ ਨੇ ਸ਼ਹਿਜ਼ਾਦੇ ਦੀ ਬਾਲ-ਉਮਰ ਵਿਚ ਉਸ ਦੇ ਰਖਵਾਲੇ (Guardian) ਹੋਣਾ ਪਰਵਾਨ ਕੀਤਾ । ੧
“੪. ਤੁਸੀਂ ਕਹੋਗੇ: ‘ਮਹਾਰਾਜਾ ਇਤਰਾਜ਼ ਕਰਦਾ ਹੈ, ਕਿ ਉਸਦੀ ਜ਼ਾਤੀ ਤੇ ਘਰੋਗੀ ਜਾਇਦਾਦ ਖੋਹ ਲਈ ਗਈ ਹੈ, ਸਣੇ ਜ਼ਮੀਨਾਂ ਦੇ ਮਾਮਲੇ ਦੇ, ਸਵਾਏ ਕੁਛ ਨਾਮ ਮਾਤਰ (ਰਕਮ) ਦੇ । ਜੋ ਸ਼ਰਤਾਂ ਮਹਾਰਾਜੇ ਨੇ ਪਰਵਾਨ ਕੀਤੀਆਂ ਸਨ, ਉਹਨਾਂ ਵਿਚ ਨਿੱਜੀ ਜਾਇਦਾਦ ਦਾ ਕਿਤੇ ਜ਼ਿਕਰ ਤਕ ਨਹੀਂ । ੧੮੮੫ ਵਿਚ ਲਾਰਡ ਡਲਹੌਜ਼ੀ ਆਪਣੇ ਬਿਆਨ ਵਿਚ ਲਿਖਦਾ ਹੈ ਕਿ ਜਦੋਂ ਪੰਜਾਬ ਜ਼ਬਤ ਕੀਤਾ ਗਿਆ ਸੀ, ਓਦੋਂ ਉਸ ਦੇ (ਮਹਾਰਾਜੇ ਦੇ) ਕਬਜ਼ੇ ਵਿਚ ਨਾ ਕੋਈ ਇਲਾਕਾ ਸੀ, ਨਾ ਜ਼ਮੀਨਾਂ ਤੇ ਨਾ ਕੋਈ ਜਾਇਦਾਦ, ਜਿਸ ਦਾ ਉਹ ਮਾਲਕ ਬਣਿਆ ਰਹਿੰਦਾ ।’ ਮੇਰਾ ਉਤਰ ਹੈ ਕਿ ਰਾਜ ਖੋਹੇ ਜਾਣ ਵੇਲੇ ਮੈਂ ਇਲਾਕੇ, ਜ਼ਮੀਨਾਂ ਤੇ ਜ਼ਾਤੀ ਜਾਇਦਾਦ ਦਾ ਮਾਲਕ ਸੀ, ਤੇ ਇਹ ਸਭ ਕੁਛ ਮੇਰੇ ਕਬਜ਼ੇ ਵਿਚ ਸੀ । ਇਹ ਚੀਜ਼ਾਂ ਸੁਲ੍ਹਾ ਅਨੁਸਾਰ ਸਰਕਾਰ ਅੰਗਰੇਜ਼ੀ ਕੋਲ ਅਮਾਨਤ ਰਹੀਆਂ ਤੇ ਓਹਾ ਉਹਨਾਂ ਦਾ ਪਰਬੰਧ ਕਰਦੀ ਰਹੀ ।
“ਇਹ ਇਕ ਇਤਿਹਾਸਕ ਗੱਲ ਹੈ, ਤੇ ਆਮ ਜਨਤਾ ਦੇ ਧਿਆਨ ਵਿਚ ਆ ਚੁੱਕੀ ਹੈ ਕਿ ਘਰੋਗੀ ਜਾਗੀਰਾਂ ਮੈਨੂੰ ਵਿਰਸੇ ਵਿਚ ਮਿਲੀਆਂ ਤੇ ਮੈਂ ਉਹਨਾਂ ਦਾ ਮਾਲਕ ਬਣਿਆ । ਬਹੁਤਾ ਕੀ ਕਹਾਂ, ਇਹ ਜਾਗੀਰਾਂ ਮੇਰੇ ਖ਼ਾਨਦਾਨ ਦੀਆਂ ਸਨ ਤੇ ਇਹਨਾਂ ਵਿਚੋਂ ਇਕ ਮੇਰੇ ਪਿਤਾ ਜੀ ਨੂੰ—ਬਾਦਸ਼ਾਹ ਬਣਨ ਤੋਂ ਪਹਿਲਾਂ-ਵਿਆਹ ਸਮੇਂ ਦਾਜ ਵਿਚ ਮਿਲੀ ਸੀ । ਲਾਰਡ ਡਲਹੌਜ਼ੀ ਦਾ ਬਿਆਨ ਇਉਂ ਹੈ, ਜਿਵੇਂ ਕੋਈ ਅੰਨ੍ਹਾ ਸੂਰਜ ਦੀ ਹੋਂਦ ਤੋਂ ਇਨਕਾਰ ਕਰੇ । ਤੇ ਜਿਹੜਾ ਅੱਖੀਂ ਹੁੰਦਿਆਂ ਨਾ ਵੇਖੇ, ਉਹਦੇ ਨਾਲੋਂ ਵੱਡਾ ਅੰਨ੍ਹਾ ਕੌਣ ਹੈ ?
“ਤੇ ਹੁਣ ਮੇਰੀ ਬਣਾਉਟੀ ਫਜ਼ੂਲ ਖਰਚੀ ਬਾਰੇ, ਇਸ ਦੇ ਕਾਰਨ ਇਹ ਹਨ। ਮੇਰੇ ਗੁਜ਼ਾਰੇ ਵਾਸਤੇ ਢਾਈ ਲੱਖ ਰੁਪੈ ਨੀਯਤ ਹੋਏ ਹਨ । ਇਸ ਵਿਚੋਂ ਹੇਠ ਲਿਖੀ ਕਾਟ ਕੀਤੀ ਗਈ ਹੈ: (੧) ੫੬੬੪੦ ਰੁਪੈ ਵਿਆਜ, ਜੋ ਸਰਕਾਰ ਹਿੰਦ ਲੈਂਦੀ ਹੈ (੨) ਅਟਸਟੇ ੩੦ ਹਜ਼ਾਰ ਰੁਪੈ ਜ਼ਿੰਦਗੀ ਬੀਮੇ ਦੀ ਕਿਸ਼ਤ ਵਜੋਂ—ਜੋ ਮੇਰੀ ਔਲਾਦ ਤੇ ਹੱਕਦਾਰਾਂ ਦੇ ਥੋੜ੍ਹੇ ਗੁਜ਼ਾਰੇ ਵਿਚ ਵਾਧਾ ਕਰਨ ਵਾਸਤੇ ਸਰਕਾਰ ਅੰਗਰੇਜ਼ੀ ਨੇ ਉੱਦਮ ਕੀਤਾ—ਤੇ ਕੁਛ ਸ਼ਾਹੂਕਾਰਾਂ ਦੇ ਕਰਜ਼ ਦੀ ਜ਼ਮਾਨਤ ਵਜੋ । (੩) ੧੦ ਹਜ਼ਾਰ ਰੁਪੈ ਦੋ ਪੈਨਸ਼ਨਾਂ—ਹਰ ਇਕ ਪੰਜ ਹਜ਼ਾਰ ਸਾਲਾਨਾ ਦੀ-ਵਾਸਤੇ, ਜੋ ਮੇਰੇ ਪਰਬੰਧਕਾਂ (Superintedents) ਦੀਆਂ ਵਿਧਵਾਵਾਂ ਵਾਸਤੇ ਹਨ, ਇਕ ਉਹ ਪਰਬੰਧਕ, ਜੋ ਪੰਜਾਬ ਜ਼ਬਤ ਕਰਨ ਪਿਛੋਂ ਲਾਰਡ ਡਲਹੌਜ਼ੀ ਨੇ ਮੇਰੀ ਸੰਭਾਲ ਵਾਸਤੇ ਨੀਯਤ ਕੀਤਾ, ਤੇ ਇਕ ਮੇਰਾ ਮਿਹਰਬਾਨ ਦੋਸਤ, ਜਿਸ ਨੇ ਮੇਰੇ ਰਹਿਣ ਸਹਿਣ ਦੀ ਸੰਭਾਲ ਕੀਤੀ। ਇਸ ਤੋਂ ਅੱਡ ੩ ਹਜ਼ਾਰ ਰੁਪੈ ਮੈਨੂੰ ਹਿੰਦੁਸਤਾਨ ਵਿਚ ਰਹਿਣ ਵਾਲੇ ਪੁਰਾਣੇ ਨੌਕਰਾਂ ਨੂੰ ਦੇਣੇ ਪੈਂਦੇ ਨੇ ।
“ਪ੍ਰਿੰਸ ਆਫ ਵੇਲਜ਼ (ਵਲੀ ਅਹਿਦ ਇੰਗਲੈਂਡ) ਦਾ ਮੇਲ ਮਿਲਾਪ ਮੇਰੀ ਆਪਣੀ ਪਦਵੀ ਦੇ ਬੰਦਿਆਂ ਨਾਲ ਵਰਤੋਂ ਵਿਹਾਰ, ਤੇ ਮਹਾਰਾਣੀ ਦੀ ਬਖਸ਼ੀ ਹੋਈ ਪਦਵੀ ਅਨੁਸਾਰ—ਕਿਉਂਕਿ ਮੈਨੂੰ ਇਹੀ ਸਲਾਹ ਦਿੱਤੀ ਗਈ ਸੀ, ਤੇ ਮੈਂ ਇਸ ਨੂੰ ਜ਼ਰੂਰੀ ਵੀ ਸਮਝਦਾ ਸਾਂ—ਇਸ ਜਾਗੀਰ ਦੇ ਪੁਰਾਣੇ ਘਰ ਨੂੰ ਬਦਲਣ ਤੇ ਬਣਾਉਣ ਵਾਸਤੇ ਮੈਨੂੰ ਦੋ ਲੱਖ ੨੦ ਹਜ਼ਾਰ ਰੁਪੈ (ਆਪਦੇ ਆਖਣ ਵਾਂਗ ੬ ਲੱਖ ਨਹੀਂ) ਖਰਚਣੇ ਪਏ । ੮੦ ਹਜ਼ਾਰ ਦਾ ਸਜਾਵਟ ਦਾ ਸਾਮਾਨ ਵੀ ਰਖਿਆ ।
“ਉਪਰ ਦੱਸੀਆਂ ਦੋ ਵਿਧਵਾ ਦੇਵੀਆਂ ਵਾਸਤੇ-ਜੇ ਉਹ ਮੇਰੇ ਪਿਛੋਂ ਜਿਉਂਦੀਆਂ ਰਹਿਣ—ਸਾਲਾਨਾ ਬੀਮਾ ੩੦ ਹਜ਼ਾਰ ਰੁਪੈ ਬਦਲੇ ਖਰੀਦ ਲਿਆ ।
“ਇਸ ਜਾਗੀਰ ਦਾ ਮੁੱਲ ਪੂਰਾ ਕਰਨ ਬਦਲੇ ੮੦ ਹਜ਼ਾਰ ਰੁਪੈ ਮੈਂ ਸ਼ਾਹੂਕਾਰਾਂ ਤੋਂ ਕਰਜ਼ ਲਏ, ਕਿਉਂਕਿ ਜੋ ਰਕਮ ਸਰਕਾਰ ਹਿੰਦ ਨੇ ਮੈਨੂੰ ਕਰਜ਼ ਦਿੱਤੀ ਸੀ, ਉਹ ਮੁੱਲ ਨਾਲੋਂ ਘੱਟ ਸੀ । ਇਸ ਤਰ੍ਹਾਂ ਮੇਰਾ ਕਰਜ਼ਾ ਅਟਸਟੇ ੪ ਲੱਖ, ੪੦ ਹਜ਼ਾਰ ਹੈ, ਜਿਸ ਵਿਚੋਂ ੩ ਲੱਖ ਬੀਮੇ ਦਾ ਵਸੂਲ ਹੋ ਜਾਵੇਗਾ, ੮੦ ਹਜ਼ਾਰ ਕੁਛ ਗਹਿਣੇ ਰੱਖ ਕੇ ਤੇ ਬਾਕੀ ਮੇਰੀ ਜਾਇਦਾਦ ਤੋਂ ਮਿਲ ਜਾਏਗਾ । ਇਸ ਵਾਸਤੇ ਮੇਰੀ ਜਾਗੀਰ ਕਰਜ਼ ਦੇ ਭਾਰ ਥੱਲੇ ਦੱਬੀ ਹੁੰਦੀ ਹੋਇਆਂ ਵੀ—ਜੇ ਮੈਂ ਹੁਣੇ ਮਰ ਜਾਵਾਂ, ਤਾਂ ਮੇਰੀ ਔਲਾਦ ੩ ਲੱਖ ਤੋਂ ਵਧੇਰੇ ਮੁੱਲ ਦੇ ਘਰ ਦੇ ਸਾਮਾਨ, ਅਤੇ ੭ ਲੱਖ ਦੇ ਬੀਮੇ ਦੀ ਮਾਲਕ ਹੋਵੇਗੀ ।
“ਮੈਨੂੰ ਆਸ ਹੈ, ਕਿ ਐਲਵੇਡਨ ਦੇ ਜ਼ਿਮੀਂਦਾਰ ਨੂੰ ਫਜ਼ੂਲ ਖਰਚ ਸਮਝਣ ਤੋਂ ਆਪ ਬਰੀ ਕਰੋਗੇ ।
“ਜਦੋਂ ਜ਼ਮੀਨ ਦੀ ਪੈਦਾਵਾਰ ਵਿਚ ਕੁਛ ਘਾਟਾ ਹੋਇਆ, ਤਾਂ ਮੈਂ ਹੋਮ ਗੌਰਮਿੰਟ ਕੋਲ ਬੇਨਤੀ ਕੀਤੀ ਕਿ ਮੈਨੂੰ ਆਪਣੀ ਪਦਵੀ ਤੇ ਸ਼ਾਨ ਨੂੰ ਬਹਾਲ ਰੱਖਣ ਵਾਸਤੇ—ਕੁਛ ਹੋਰ ਗੁਜ਼ਾਰਾ (allowance) ਦਿੱਤਾ ਜਾਵੇ । ਗੌਰਮਿੰਟ ਨੇ ਬੜੀ ਕਿਰਪਾਲਤਾ ਨਾਲ ਮੇਰੇ ਸਭ ਹਿਸਾਬ ਦੀ ਪੜਤਾਲ ਕਰਕੇ ਇਕ ਲੱਖ ਰੁਪੈ ਦਿੱਤੇ, ਪਰ ਮੈਨੂੰ ਫਜ਼ੂਲ ਖਰਚ ਨਹੀਂ ਕਿਹਾ । ਥੋੜ੍ਹਾ ਚਿਰ ਪਿੱਛੋਂ ਮੇਰੀ ਹਾਲਤ ਉੱਤੇ ਵਿਚਾਰ ਕਰਕੇ ਸੱਠ ਜਾਂ ਸੱਤਰ ਹਜ਼ਾਰ ਰੁਪੈ ਮੈਨੂੰ ਹੋਰ ਅਗਾਊਂ ਦਿੱਤੇ ਗਏ, ਤਾਂ ਕਿ ਮੈਂ ਬਿੱਲ ਤਾਰ ਸਕਾਂ, ਕਿਉਂਕਿ ਓਦੋਂ ਮੈਂ ਘਰ ਦੇ ਖਰਚ ਘਟਾਉਣ ਦਾ ਪਰਬੰਧ ਨਹੀਂ ਕਰ ਸਕਿਆ ਸਾਂ । ਉਪਰਲੇ ਕਰਜ਼ੇ ਵਿਚੋਂ ਇਕ ਲੱਖ ਰੁਪੈ ਦੇ ਲਗਪਗ ਮੈਨੂੰ ਜੀਵਨ ਨਿਰਬਾਹ ਤੇ ਜਾਗੀਰ ਦੇ ਪਰਬੰਧ ਵਾਸਤੇ ਮਿਲੇ ਸਨ, ਜੋ ਜ਼ਰਾ ਕੁ ਮੰਗਣ ਉੱਤੇ ਮੈਂ ਹਾਜ਼ਰ ਕਰ ਦੇਂਦਾ ।
“ਸੋ ਇਹ ਫਜ਼ੂਲ ਖਰਚੀ, ਮੇਰੇ ਐਲਵੇਡਨ ਵਿਚ ਵੱਸਣ ‘ਤੇ ਉਹ ਅਖੌਤੀ ਰਕਮ ਇਕ ਲੱਖ, ੨੦ ਹਜ਼ਾਰ ਰੁਪੈ ਦੀ ਘੱਟ ਕਰ ਦਿੱਤੀ ਗਈ ਹੈ । ਇਹ ਕਰਜ਼ ਆਦਿ ਦੀ ਵਿਚਾਰ ਗੋਚਰਾ ਸਾਰੀ ਰਕਮ ਅਦਾ ਕਰਨ ਨਾਲੋਂ ਮੇਰੀ ਹੈਸੀਅਤ ਵਧੇਰੇ ਹੈ, ਤੇ ਬਾਕੀ ੬੦ ਹਜ਼ਾਰ ਮੇਰੀ ਮੌਤ ਤਕ ਰਹਿਣਗੇ ।
“ਸੋ ਐਡੀਟਰ ਸਾਹਿਬ ! ਜਿਹੜੀਆਂ ਉਡੀਆਂ ਉਡਾਈਆਂ ਗੱਲਾਂ ਦੇ ਆਧਾਰ ‘ਤੇ ਤੁਸਾਂ ਆਪਣੇ ਪਰਸਿੱਧ ਅਖ਼ਬਾਰ ਵਿਚ ਫਜ਼ੂਲ ਖ਼ਰਚ ਲਿਖਿਆ ਹੈ, ਜੇ ਇਨਸਾਫ ਨਾਲ ਤੱਕੋ, ਤਾਂ ਮੈਂ ਓਸੇ ਤਰ੍ਹਾਂ ਉਸਨੂੰ ਝੂਠਾ ਸਿੱਧ ਕਰ ਸਕਦਾ ਹਾਂ।
“ਆਪ ਨੇ ਵੀਰਵਾਰ, ੩੧ ਅਗਸਤ ਦੇ ਮੁਖ ਲੇਖ ਦੇ ਪਹਿਲੇ ਪੈਰ੍ਹੇ ਵਿਚ ਕਿਹਾ ਹੈ ; ‘ਮਹਾਰਾਜੇ ਦੀ ਮੰਗ, ਜੋ ਉਸਨੇ ਜਨਤਾ ਸਾਹਮਣੇ ਪਰਗਟ ਕੀਤੀ ਹੈ, ਹਿੰਦੁਸਤਾਨ ਤੇ ਇਸ ਦੇਸ ਦੀਆਂ ਹਕੂਮਤਾਂ ਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਠੁਕਰਾਈ ਹੈ । ਠੀਕ ਹੈ, ਅਸਲੀ ਦਾਅਵੇਦਾਰ ਦੀ ਸੁਣੇ ਬਿਨਾਂ, ਉਸਦੀ ਮੰਗ ਨੂੰ ਠੁਕਰਾ ਦੇਣਾ ਬੜਾ ਸੌਖਾ ਹੈ ।
“ਅੰਗਰੇਜ਼ੀ ਕਾਨੂੰਨ ਅਪਰਾਧੀ ਨੂੰ ਸਮਾਂ ਦੇਂਦਾ ਹੈ ਕਿ ਉਹ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰੇ, ਪਰ ਮੇਰੀ ਸੁਣੇ ਬਿਨਾਂ ਹੀ ਮੈਨੂੰ ਸਜ਼ਾਵਾਰ ਸਮਝਿਆ ਗਿਆ ਹੈ। ਕੀ ਇਹ ਇਨਸਾਫ ਹੈ ?
ਆਪ ਦਾ ਸਦਾ ਅਹਿਸਾਨ-ਮੰਦ— ਦਲੀਪ ਸਿੰਘ”
ਟਾਈਮਜ਼ ਵਿਚ ਛਪੀਆਂ ਮਹਾਰਾਜੇ ਦੀਆ ਚਿੱਠੀਆਂ ਤੇ ਉਹਨਾਂ ਦੇ ਉੱਤਰ ਵਿਚ ਲਿਖੇ ਹੋਏ ਐਡੀਟਰ ਦੇ ਲੇਖ ਉੱਤੇ ਇਕ ਨੇਕ ਦਿਲ ਅੰਗਰੇਜ਼ (ਈਵਾਨਸ ਬੈੱਲ Ev`ns Bell) ਦੀ ਰਾਏ ਲਿਖਦੇ ਹਾਂ ।
ਈਵਾਨਸ ਬੈੱਲ ਦੀ ਰਾਏ
ਉਹ ਆਪਣੀ ਕਿਤਾਬ The Annexation of the Punjab and the Maharaja Duleep Singh ਵਿਚ ਲਿਖਦਾ ਹੈ, “ਪੰਜਾਬ ਦੇ ਜ਼ਬਤ ਕਰ ਲੈਣ ਪਿਛੋਂ ਵੀ ਸਰਕਾਰ ਅੰਗਰੇਜ਼ੀ ਮਹਾਰਾਜੇ ਦੀ ਸਰਪ੍ਰਸਤ ਬਣੀ ਰਹੀ, ਤੇ ਉਸਦੇ ਬਾਲਗ ਹੋਣ ਤਕ ਪਹਿਲਾਂ ਵਾਂਗ ਹੀ ਸੁਲ੍ਹਾ ਦੀਆਂ ਸ਼ਰਤਾਂ ਦੀ ਵਿਆਖਿਆ ਕਰਨ ਤੇ ਚੌਥੀ ਸ਼ਰਤ ਅਨੁਸਾਰ ਨੀਯਤ ਹੋਈ ਪੈਨਸ਼ਨ ਦੇਣ ਦਾ ਕੰਮ ਨਿਭਾਉਂਦੀ ਰਹੀ। ਇਹ ਮੰਨਦੇ ਹੋਏ ਕਿ ਇਸ ਹੱਕ ਦੀ ਮੰਗ ਕਰਨੀ ਵਾਜਬ ਹੈ, ਤੇ ਇਸ ਨੂੰ ਤਿਆਗਣਾ ਧਰਮ ਵਿਰੁੱਧ ਹੈ, ਸਗੋਂ ਇਸ ਪਵਿੱਤਰ ਜ਼ਿੰਮੇਵਾਰੀ ਨੂੰ ਬੜੀ ਸ਼ਰਧਾ ਨਾਲ ਨਿਭਾਉਣਾ ਚਾਹੀਦਾ ਹੈ, ਅਤੇ ਦੂਜੀ ਧਿਰ—ਮਹਾਰਾਜਾ ਦਲੀਪ ਸਿੰਘ, ਜਿਸ ਨੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ ਸਨ—ਦੀ ਵਾਜਬ ਪੁੱਛ-ਗਿੱਛ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ। ਮਹਾਰਾਜੇ ਨੂੰ ਹੱਕ ਹਾਸਲ ਹੈ, ਤੇ ਉਹਦਾ ਫਰਜ਼ ਵੀ ਹੈ ਕਿ ੧੮੪੯ ਦੇ ਅਹਿਦਨਾਮੇ ਦੀਆਂ ਸ਼ਰਤਾਂ ਅਨੁਸਾਰ ਉਹ ਆਪਣੇ ਲਾਭ ਤੇ ਆਪਣੀ ਔਲਾਦ ਤੇ ਹੱਕਦਾਰਾਂ—ਜਿਨ੍ਹਾਂ ਵੱਲੋਂ ਉਹਨੇ ਦਸਤਖਤ ਕੀਤੇ ਸਨ—ਦੇ ਲਾਭ ਲਈ ਲੜੇ (ਦਾਅਵਾ ਕਰੇ) ।
“ਕੋਈ ਤੀਸਰੀ ਤਾਕਤ—੧੮੪੯ ਦੇ ਅਹਿਦਨਾਮੇ ਦੀਆਂ ਸ਼ਰਤਾਂ ਬਾਰੇ— ਦੋਹਾਂ ਧਿਰਾਂ ਵਿਚ ਦਖ਼ਲ ਨਹੀਂ ਦੇ ਸਕਦੀ (ਜਾਂ ਸਾਲਸੀ ਨਹੀਂ ਕਰ ਸਕਦੀ) ਸੀ, ਕਿਉਂਕਿ ਮਹਾਰਾਜਾ ਇਕ ਕਮਜ਼ੋਰ ਧਿਰ ਸੀ, ਤੇ ਹੈ । ਉਹ ਕਿਸੇ ਬਾਹਰਲੀ ਤਾਕਤ ਕੋਲ ਅਪੀਲ ਨਹੀਂ ਕਰ ਸਕਦਾ । ਸਰਕਾਰ ਬਰਤਾਨੀਆਂ ਨੂੰ ਧਰਮ ਤੇ ਨਿਆਇ ਦੇ ਤੌਰ ‘ਤੇ ਚਾਹੀਦਾ ਹੈ ਕਿ ਉਹਨਾਂ ਸ਼ਰਤਾਂ ਨੂੰ ਬੜੇ ਹੀ ਧਿਆਨ ਨਾਲ ਸਹੀ ਅਰਥਾਂ ਵਿਚ ਵਿਚਾਰੇ ਤੇ ਪੂਰਾ ਕਰੇ । ਸਰਬ ਕੌਮੀ (International) ਤੇ ਲੋਕਰਾਇ (Common Law) ਦਾ ਮੰਨਿਆ ਪਰਮੰਨਿਆ ਸਿਧਾਂਤ ਹੈ ਕਿ ਝਗੜੇ ਵਾਲੀ ਗੱਲ ‘ਤੇ ਵਿਚਾਰ ਕਰਦਿਆਂ ਹੋਇਆਂ ਕਮਜ਼ੋਰ ਧਿਰ ਦੇ ਹੱਕ ਵਿਚ ਵਧੇਰੇ ਕਹਿਣਾ ਚਾਹੀਏ ਤੇ ਇਹ ਕੁਛ ਕੇਵਲ ਰਹਿਮ ਤੇ ਖੁੱਲ੍ਹ-ਦਿਲੀ ਕਾਰਨ ਹੀ ਨਹੀਂ ਕਰਨਾ ਚਾਹੀਦਾ, ਸਗੋਂ ਇਸ ਵਾਸਤੇ ਕਿ ਬਲਵਾਨ ਧਿਰ ਨੇ ਮਾੜੀ ਧਿਰ ਉੱਤੇ ਜ਼ਰੂਰ ਕਰੜੀਆਂ ਤੇ ਮਾਰੂ ਸ਼ਰਤਾਂ ਲਾਈਆਂ ਹੋਣਗੀਆਂ, ਜੋ ਵੀ ਉਸ ਦੀ ਸਮਝ ਅਨੁਸਾਰ ਲੱਗ ਸਕਦੀਆਂ ਸਨ। ਪਿੱਛੋਂ ਬਲਵਾਨ ਧੜੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਉਹ ਉਹਨਾਂ ਬੰਦਸ਼ਾਂ ਨੂੰ ਵਧਾਵੇ, ਜਾਂ ਉਹਨਾਂ ਸ਼ਰਤਾਂ ਅਨੁਸਾਰ ਜੋ ਰਿਆਇਤ ਮਾੜੀ ਧਿਰ ਨੂੰ ਮਿਲ ਸਕਦੀ ਹੈ, ਉਸਨੂੰ ਘੱਟ ਕਰੇ ।
“ਇਹ ਫਰਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਚਾਰ ਲੱਖ ਪੈਨਸ਼ਨ ਦੀ ਠੀਕ ਵੰਡ ਉੱਤੇ ਏਥੇ ਇਤਰਾਜ਼ ਹੁੰਦਾ ਹੈ । ਵਰਤਮਾਨ ਲਿਖਾਰੀ ਦੇ ਸਾਮ੍ਹਣੇ ਇਤਿਹਾਸ ਨਹੀਂ ਹੈ। ਇਸ ਕੰਮ ਵਾਸਤੇ ਤਾਂ ਕਿਸੇ ਹਿਸਾਬ ਦੇ ਪੱਕੇ ਜਾਣੂ ਦੀ ਲੋੜ ਹੈ, ਜੋ ਫੈਸਲਾ ਕਰੇ ਕਿ ਮਹਾਰਾਜਾ ਦਲੀਪ ਸਿੰਘ ਨੂੰ ਸਾਲਾਨਾ ਗੁਜ਼ਾਰਾ ਜਾਂ ਕੁਛ ਹੋਰ ਉਚੇਚਾ ਆਪਣੇ ਵਾਸਤੇ, ਆਪਣੇ ਸੰਬੰਧੀਆਂ ਤੇ ਰਾਜ ਦੇ ਨੌਕਰਾਂ ਵਾਸਤੇ ਜੋ ਚੌਥੀ ਸ਼ਰਤ ਵਿਚ ਵੱਧ ਤੋਂ ਵੱਧ (ਪੰਜ ਲੱਖ) ਜਾਂ ਘੱਟ ਤੋਂ ਘੱਟ (ਚਾਰ ਲੱਖ) ਨੀਯਤ ਹੈ— ਮਿਲਿਆ ਵੀ ਹੈ, ਜਾਂ ਨਹੀਂ । ਇਸ ਗੱਲ ਬਾਰੇ ਸਰ ਜੋਹਨ ਕੇ Sir John Kaye ਨਾਲੋਂ ਵਧੇਰੇ ਕੋਈ ਨਹੀਂ ਜਾਣਦਾ, ਪਰ ਇੰਡੀਆ ਆਫਿਸ ਵਿਚ ਨੌਕਰ ਹੋਣ ਦੇ ਕਾਰਨ ਉਹਦੀ ਬੋਲੀ ਤੇ ਲਿਖਤ ਕੁਛ ਬੰਦਸ਼ਾਂ ਥੱਲੇ ਠੀਕ ਕੀਤੀ ਹੋਈ ਹੋਵੇਗੀ । ਉਹ ਲਿਖਦਾ ਹੈ : ‘ਸਰਕਾਰ ਬਰਤਾਨੀਆਂ ਨੇ ਬਾਲਕ ਸ਼ਹਿਜ਼ਾਦੇ ਤੇ ਉਸਦੇ ਘਰਾਣੇ ਨੂੰ ਚਾਰ ਜਾਂ ਪੰਜ ਲੱਖ ਦੇਣਾ ਮੰਨਿਆ ।’ ਅਤੇ ਉਹ ਇਕ ਹੋਰ ਲਿਖਤ ਵਿਚ ਦੱਸਦਾ ਹੈ, ਏਸ ਲਿਖਤ ਵਿਚ ਜ਼ਰਾ ਭਰ ਵੀ ਸ਼ੱਕ ਨਹੀਂ ਕਿ ਸਰਕਾਰ ਬਰਤਾਨੀਆਂ ਨੇ ਘੱਟ ਤੋਂ ਘੱਟ ਚਾਰ ਤੇ ਵੱਧ ਤੋਂ ਵੱਧ ਪੰਜ ਲੱਖ ਰੁਪੈ ਮਹਾਰਾਜੇ ਨੂੰ ਦੇਣ ਦਾ ਇਕਰਾਰ ਕੀਤਾ ਸੀ ।
“ਟਾਈਮਜ਼ ਦੇ ਮੁਖ ਲੇਖ ਦਾ ਕਰਤਾ ਮਹਾਰਾਜੇ ਦੀ ਜ਼ਾਤੀ ਤੇ ਘਰੋਗੀ ਜਾਇਦਾਦ ਦਾ ਸਵਾਲ ਪੈਦਾ ਕਰਦਾ ਹੈ । ਉਹ ਲਿਖਦਾ ਹੈ, ‘ਸੁਲ੍ਹਾ ਦੀਆਂ ਉਹਨਾਂ ਸ਼ਰਤਾਂ ਵਿਚ—ਜੋ ਮਹਾਰਾਜੇ ਨੇ ਪਰਵਾਨ ਕੀਤੀਆਂ—ਉਸ ਦੀ ਜ਼ਾਤੀ ਜਾਇਦਾਦ ਦਾ ਜ਼ਿਕਰ ਤਕ ਨਹੀਂ ।’ ਅਸਲ ਵਿਚ ਰਾਜਸੀ ਜਾਇਦਾਦ ਦਾ ਜ਼ਿਕਰ ਹੈ, ਤੇ ਉਹ ਜ਼ਬਤ ਕਰ ਲਈ ਗਈ ਹੈ। ਕੋਹਿਨੂਰ ਦਾ ਜ਼ਿਕਰ ਹੈ, ਤੇ ਉਹ ਲੈ ਲਿਆ ਗਿਆ ਹੈ। ਜੇ ਨਿੱਜੀ ਤੇ ਘਰੋਗੀ ਜਾਇਦਾਦ ਦੇ ਜ਼ਬਤ ਕਰਨ ਦਾ ਖਿਆਲ ਹੁੰਦਾ, ਤਾਂ ਸੁਲ੍ਹਾ ਦੀਆਂ ਸ਼ਰਤਾਂ · ਵਿਚ ਉਹਦਾ ਜ਼ਿਕਰ ਜ਼ਰੂਰ ਹੁੰਦਾ । ਪਰ ਓਥੇ ਨਿੱਜੀ ਜਾਇਦਾਦ ਦਾ ਕੋਈ ਜ਼ਿਕਰ ਨਹੀਂ ।
“ਪਬਲਿਕ ਰੀਕਾਰਡ (Public Records) ਦੀ ਪੜਤਾਲ ਕੀਤਿਆਂ ਬਿਨਾਂ—ਉਸ ਅਸਲੀ ਤੇ ਘਰੋਗੀ ਜਾਇਦਾਦ ਦਾ ਵੇਰਵਾ, ਜੋ ਮਹਾਰਾਜੇ ਨੂੰ ਵਿਰਾਸਤ ਵਿਚ ਮਿਲੀ ਸੀ ਤੇ ਸੁਲ੍ਹਾ ਪਰਵਾਨ ਕਰਨ ਵੇਲੇ ਉਸਦੇ ਰਖਵਾਲਿਆਂ (ਸਰਪ੍ਰਸਤਾਂ) ਦੇ ਕਬਜ਼ੇ ਵਿਚ ਗਈ-ਪੰਜਾਬ ਦੇ ਜ਼ਬਤ ਹੋਣ ਪਿੱਛੋਂ ਉਹਦੇ ਬਰਬਾਦ ਹੋ ਜਾਣ ਦਾ ਪਤਾ ਨਹੀਂ ਮਿਲਦਾ ।
“ਮਹਾਰਾਜਾ ਦਲੀਪ ਸਿੰਘ ਆਪਣੀਆਂ ਉਹਨਾਂ ਚਿੱਠੀਆਂ ਵਿਚ, ਜੋ ਉਸਨੇ ਟਾਈਮਜ਼ ਅਖਬਾਰ ਨੂੰ ਲਿਖੀਆਂ ਨੇ, ਲਿਖਦਾ ਹੈ ਕਿ ਸੁਲ੍ਹਾ ਦੀਆਂ ਸ਼ਰਤਾਂ ਅਨੁਸਾਰ ਉਸਦੀ ਨਿੱਜੀ ਜਾਇਦਾਦ ਜ਼ਬਤ ਨਹੀਂ ਕੀਤੀ ਗਈ ਸੀ, ਪਰ ਉਹਨੂੰ ਉਹਨਾਂ ਜਾਗੀਰਾਂ ਦਾ ਮਾਮਲਾ ਲੈਣ ਤੋਂ ਵਰਜ ਦਿਤਾ ਗਿਆ ਸੀ, ਜੋ ਉਸਨੂੰ ਵਿਰਸੇ ਵਿਚ ਮਿਲੀਆਂ ਸਨ ਤੇ ਉਸਦੇ ਸਵਰਗਵਾਸੀ ਪਿਤਾ ਦੇ ਬਾਦਸ਼ਾਹ ਬਣਨ ਤੋਂ ਪਹਿਲਾਂ ਦੀਆਂ ਉਹਦੇ ਖ਼ਾਨਦਾਨ ਦੇ ਕਬਜ਼ੇ ਵਿਚ ਸਨ । ਉਹ । ਉਹ ਹੋਰ ਲਿਖਦਾ ਹੈ ਕਿ ੧੮੪੯ ਦੀ ਸੁਲ੍ਹਾ ਅਨੁਸਾਰ ਉਹਦੀ ਨਿੱਜੀ ਜਾਇਦਾਦ—ਜੋ ਉਸਨੂੰ ਵਿਰਸੇ ਵਿਚ ਮਿਲੀ ਸੀ, ਤੇ ਸਰਕਾਰ ਬਰਤਾਨੀਆਂ ਦੀ ਸਰਪ੍ਰਸਤੀ ਅੰਦਰ ਉਹਦੇ ਕਬਜ਼ੇ ਵਿਚ ਸੀ—ਜ਼ਬਤ ਨਹੀਂ ਕੀਤੀ ਗਈ ਸੀ, ਪਰ ਉਹਦੇ ਜਵਾਹਰਾਤ ਦੇ ਥਾਲ-ਜਿਨ੍ਹਾਂ ਦੀ ਕੀਮਤ ਪੰਝੀ ਲੱਖ ਰੁਪੈ ਸੀ—ਲਾਹੌਰ ਕਿਲ੍ਹੇ ਵਿਚ ਅੰਗਰੇਜ਼ਾਂ ਦੇ ਕਬਜ਼ੇ ਵਿਚ ਆਏ, ਤੇ ਅੰਗਰੇਜ਼ੀ ਫੌਜਾਂ ਵਿਚ ਇਨਾਮ ਵਜੋਂ ਵੰਡੇ ਗਏ ।
“ਠੀਕ ਹੀ ਸੁਲ੍ਹਾ ਦੀਆਂ ਸ਼ਰਤਾਂ ਵਿਚ ਨਿੱਜੀ ਜਾਇਦਾਦ ਦਾ ਜ਼ਿਕਰ ਤਕ ਨਹੀਂ, ਜਿਸਨੂੰ ਟਾਈਮਜ਼ ਦਾ ਲਿਖਾਰੀ ਵੀ ਮੰਨਦਾ ਹੈ । ਸੋ ਜ਼ਾਤੀ ਜਾਇਦਾਦ ਬਿਲਕੁਲ ਜ਼ਬਤ ਨਹੀਂ ਕੀਤੀ ਗਈ । ਹਰ ਕਿਸਮ ਦੀ ਰਾਜਸੀ ਜਾਇਦਾਦ ਦੂੱਜੀ ਸ਼ਰਤ ਅਨੁਸਾਰ ਜ਼ਬਤ ਹੋ ਗਈ ਸੀ । ਤਿੱਜੀ ਸ਼ਰਤ ਅਨੁਸਾਰ ਮਹਾਰਾਜੇ ਨੇ ਆਪਣੇ ਵੱਲੋਂ ਕੋਹਿਨੂਰ ਦਾ ਹੀਰਾ ਇੰਗਲੈਂਡ ਦੀ ਮਲਕਾ ਦੀ ਭੇਟਾ ਕੀਤਾ ਸੀ । ਇਹ ਜ਼ਬਤ ਨਹੀਂ ਕੀਤਾ ਗਿਆ ਸੀ । ਜੇ ਇਹ ਹੀਰਾ ਰਾਜਸੀ ਜਾਇਦਾਦ ਹੁੰਦਾ, ਤਾਂ ਦੁੱਜੀ ਸ਼ਰਤ ਅਨੁਸਾਰ ਹੀ ਜ਼ਬਤ ਹੋ ਜਾਂਦਾ ।
“੧੯੪੯ ਵਿਚ ਮਹਾਰਾਜਾ ਦਲੀਪ ਸਿੰਘ ਦੇ ਕਬਜ਼ੇ ਵਿਚ ਕੋਹਿਨੂਰ ਤੋਂ ਬਿਨਾਂ ਹੋਰ ਬਹੁਤ ਸਾਰੇ ਹੀਰੇ ਸਨ, ਜੋ ਉਸ ਤੋਂ ਖੋਹੇ ਨਹੀਂ ਗਏ ਸਨ । ਜਵਾਹਰਾਤ ਘਰ ਵਿਚ ਜੋ ਹੀਰੇ ਸਨ, ਉਹ ਰਾਜ ਦੀ ਮਾਲਕੀ ਨਹੀਂ ਸਨ । ਜੇ ਰਾਜਸੀ ਜਾਇਦਾਦ ਹੁੰਦੇ, ਤਾਂ ਸਣੇ ਕੋਹਿਨੂਰ ਦੁੱਜੀ ਸ਼ਰਤ ਅਨੁਸਾਰ ਜ਼ਬਤ ਹੋ ਜਾਂਦੇ । ਮਹਾਰਾਜੇ ਨੇ ਉਹ ਹੀਰੇ ਆਪ ਸਰਕਾਰ ਦੇ ਹਵਾਲੇ ਨਹੀਂ ਕੀਤੇ, ਸਗੋਂ ਸਰਕਾਰ ਹਿੰਦ ਨੇ ਬਲ ਨਾਲ ਕਾਬੂ ਕਰ ਲਏ ਸਨ ।
“ਜੇ ਕੋਹਿਨੂਰ ਲੈਣ ਵੇਲੇ ਮਹਾਰਾਜੇ ਦੀ ਜ਼ਾਤੀ ਰਜ਼ਾਮੰਦੀ ਜ਼ਰੂਰੀ ਸੀ, ਤਾਂ ਬਾਕੀ ਹੀਰੇ ਤੇ ਜ਼ਾਤੀ ਜਾਇਦਾਦ ਲੈਣ ਵੇਲੇ ਵੀ ਉਸਦੀ ਆਗਿਆ ਜ਼ਰੂਰੀ ਸੀ । ਪਰ ਕੋਈ ਅਜੇਹੀ ਰਜ਼ਾਮੰਦੀ ਦੀ ਆਗਿਆ ਨਹੀਂ ਦਿੱਤੀ ਗਈ ਸੀ। ਇਸ ਵਾਸਤੇ ਲਾਰਡ ਡਲਹੌਜ਼ੀ ਦਾ ਮਹਾਰਾਜੇ ਦੀ ਜ਼ਾਤੀ ਜਾਇਦਾਦ ‘ਤੇ ਕਬਜ਼ਾ ਕਰ ਲੈਣਾ ਬਿਲਕੁਲ ਨਾਜਾਇਜ਼ ਤੇ ਨਾਵਾਜਬ ਸੀ ।
“ਜਵਾਹਰਾਤ ਘਰ ਵਿਚਲਾ ਮਾਲ ਮਹਾਰਾਜੇ ਦੀ ਜ਼ਾਤੀ ਜਾਇਦਾਦ ਸੀ, ਰਾਜਸੀ ਨਹੀਂ ਸੀ । ਇਸ ਦਾ ਹੋਰ ਸਬੂਤ ਇਹ ਹੈ ਕਿ ਉਸ ਦੀ ਵੰਡ ਵੰਡਾਈ ਵੇਲੇ ਲਾਰਡ ਡਲਹੌਜ਼ੀ ਨੇ ਮਹਾਰਾਜੇ ਨੂੰ ਮਨ ਮਰਜ਼ੀ ਅਨੁਸਾਰ ਮਹਿਲ ਦੇ ਹੀਰਿਆਂ ਵਿਚੋਂ ਬਾਰ੍ਹਵਾਂ ਹਿੱਸਾ—ਜਿਸਦਾ ਮੁੱਲ ੨ ਲੱਖ ਰੁਪੈ ਸੀ—ਆਪਣੀਆਂ ਨਿੱਜੀ ਲੋੜਾਂ ਵਾਸਤੇ ਰੱਖ ਲੈਣ ਦੀ ਆਗਿਆ ਦਿਤੀ । ਠੀਕ ਜਾਣੋਂ, ਇਹ ਹੀਰੇ ਮਹਾਰਾਜੇ ਨੂੰ ਭੇਟਾ ਵਜੋਂ ਨਹੀਂ ਦਿੱਤੇ ਗਏ ਸਨ । ਸਾਧਾਰਨ ਤੌਰ ‘ਤੇ ਇਹ ਉਹਦੇ ਕਬਜ਼ੇ ਵਿਚ ਰਹਿਣ ਦਿੱਤੇ ਗਏ ਸਨ ।
“ਉਹਨਾਂ ਬਾਕੀ ਹੀਰਿਆਂ ਦਾ ਕੀ ਬਣਿਆ, ਜੋ ਉਹਦੇ ਕਬਜ਼ੇ ਵਿਚੋਂ ਲੈ ਲਏ ਗਏ ਸਨ ? ਮਾਲੂਮ ਹੁੰਦਾ ਹੈ ਕਿ ਉਹ ਪੰਜਾਬ ਫ਼ਤਿਹ ਕਰਨ ਵਾਲੀ ਫੌਜ ਦੇ ਇਨਾਮ ਖਾਤੇ ਵਿਚ ਜਮ੍ਹਾਂ ਕਰ ਦਿੱਤੇ ਗਏ ਸਨ । ਜੇ ਇਹ ਸੱਚ ਹੈ, ਤਾਂ ਇਹ ਜਾਇਦਾਦ ਦੀ ਖੋਟੀ ਤੇ ਠੱਗੀ ਭਰੀ ਵਰਤੋਂ ਸੀ । ਹੀਰਾ ਘਰ ਦੀ ਦੌਲਤ—ਭਾਵੇਂ ਉਸ ਨੂੰ ਜ਼ਾਤੀ ਤੇ ਭਾਵੇਂ ਜਨਤਾ ਦੀ ਸਮਝਿਆ ਜਾਵੇ—ਕਿਸੇ ਤਰ੍ਹਾਂ ਲੁੱਟ ਦਾ ਮਾਲ ਨਹੀਂ ਕਹੀ ਜਾ ਸਕਦੀ। ਲੁੱਟ ਦਾ ਮਾਲ ਉਹ ਹੁੰਦਾ ਹੈ, ਜੋ ਵੈਰੀ ਕੋਲੋਂ ਲੜਾਈ ਵਿਚ ਖੋਹਿਆ ਜਾਵੇ, ਜਿਵੇਂ ਮੈਦਾਨਿ ਜੰਗ ਵਿਚ; ਜਾਂ ਕਿਸੇ ਸ਼ਹਿਰ ਦੀ ਤਬਾਹੀ ਵੇਲੇ । ਲਾਹੌਰ ਸ਼ਹਿਰ ਦੇ ਨੇੜੇ ਕੋਈ ਲੜਾਈ ਨਹੀਂ ਹੋਈ ਸੀ । ਮਹਾਰਾਜਾ ਦਲੀਪ ਸਿੰਘ ਵੈਰੀ ਨਹੀਂ ਸੀ । ਉਹ ਸਰਕਾਰ ਬਰਤਾਨੀਆਂ ਦਾ ਮਿੱਤਰ ਤੇ ਰੱਖਿਆਧੀਨ (Ward) ਸੀ, ਤੇ ਬਗ਼ਾਵਤ ਸਮੇਂ ਉਸ ਨੂੰ ਏਹਾ ਕੁਛ ਸਮਝੀਦਾ ਤੇ ਕਹੀਦਾ ਰਿਹਾ ਸੀ । ਉਹਦਾ ਮਹਿਲ, ਉਸਦੀ ਜਾਇਦਾਦ, ਤੇ ਉਹਦਾ ਸਰੀਰ ਪੂਰੇ ਤਿੰਨ ਸਾਲ ਤਕ ਲਾਹੌਰ ਦੇ ਅੰਗਰੇਜ਼ੀ ਰੈਜ਼ੀਡੈਂਟ ਦੇ ਅਧੀਨ ਰਿਹਾ ਤੇ ੧੮੪੯ ਦੀ ਸੁਲ੍ਹਾ ਤਕ ਏਸੇ ਤਰ੍ਹਾਂ ਰਿਹਾ ਸੀ।
“ਜੇ ਇਹ ਸਭ ਕੁਝ ਏਸੇ ਤਰ੍ਹਾਂ ਹੋਇਆ ਹੋਵੇ, ਤਾਂ ਸਾਫ ਸਿੱਧ ਹੈ ਕਿ ੧੮੪੯ ਦੇ ਅਹਿਦਨਾਮੇ ਦੀਆਂ ਸ਼ਰਤਾਂ ਦੇ ਉਲਟ ਤੇ ਉਹਦੀ ਹੱਦੋਂ ਬਾਹਰ ਹੋ ਕੇ ਅਹਿਦਨਾਮਾ ਹੋਣ ਤੋਂ ਛੇਤੀ ਹੀ ਪਿੱਛੋਂ, ਲਾਰਡ ਡਲਹੌਜ਼ੀ ਨੇ ਮਹਾਰਾਜਾ ਦਲੀਪ ਸਿੰਘ ਨੂੰ ਨੁਕਸਾਨ ਪੁਚਾਣ ਦਾ ਚਾਰਾ ਕੀਤਾ, ਸ਼ਰਤਾਂ ਅਨੁਸਾਰ ਜਿਸ ਦਾ ਉਸ ਨੂੰ ਕੋਈ ਹੱਕ ਨਹੀਂ ਸੀ ।
“ਜੇ ਇਹ ਸਭ ਕੁਛ ਏਸੇ ਤਰ੍ਹਾਂ ਹੋਇਆ ਹੋਵੇ, ਉਸ ਦਾ ਦਰਜਾ (Position) ਭਾਵੇਂ ਕੋਈ ਵੀ ਹੋਵੇ, ੧੮੪੯ ਦੀ ਸੁਲ੍ਹਾ ਉੱਤੇ ਸਹੀ ਪਾਉਣ ਵੇਲੇ ਉਹ ਤੇ ਉਹਦੇ ਸਲਾਹਕਾਰ ਕੁਛ ਢਿੱਲ ਕਰਨ ਕਰ ਕੇ ਲਾਰਡ ਡਲਹੌਜ਼ੀ ਦੇ ਰਹਿਮ ਉੱਤੇ ਛੱਡ ਦਿਤੇ ਜਾਂਦੇ, ਤਾਂ ਮਹਾਰਾਜਾ ਦਲੀਪ ਸਿੰਘ ਉਹਨਾਂ ਸ਼ਰਤਾਂ ਦੀ ਅਪੀਲ ਕਰਨ ਵੇਲੇ ਉਸ ਆਦਮੀ ਦੀ ਹਾਲਤ ਵਿਚ ਹੁੰਦਾ, ਜਿਸ ਨਾਲ ਸੌਦਾ ਕੀਤਾ ਗਿਆ ਹੋਵੇ ਤੇ ਫਿਰ ਉਸ ਸੌਦੇ ਦੀ ਵਾਜਬ ਬੱਚਤ ਉਸ ਤੋਂ ਖੋਹ ਲਈ ਜਾਵੇ । ਕਾਨੂੰਨੀ ਤੇ ਇਖਲਾਕੀ ਤੌਰ ‘ਤੇ ਉਸ ਦੀ ਹਾਲਤ ਕਮਜ਼ੋਰ ਨਹੀਂ, ਸਗੋਂ ਬਲਵਾਨ ਹੈ, ਕਿਉਂਕਿ ਸੌਦਾ ਕਰਨ ਵੇਲੇ ਉਹ (ਮਹਾਰਾਜਾ) ਬੱਚਾ ਤੇ ਮਾੜੀ ਧਿਰ ਸੀ, ਤੇ ਦੁੱਜੀ ਤਕੜੀ ਧਿਰ ਉਸਦੀ ਸਰਪ੍ਰਸਤੀ ਤੇ ਉਸ ਦੀ ਮੋਦੀ Trustee ਬਣ ਰਹੀ ਸੀ ।”
ਮੈਲੀਸਨ ਦੀ ਰਾਏ
ਹੋਰ ਸੁਣੋ : ਕਰਨਲ ਮੈਲੀਸਨ Malleson ਆਪਣੀ ਕਿਤਾਬ’ ਵਿਚ ਲਿਖਦਾ ਹੈ, “ਪਾਠਕਾਂ ਨੂੰ ਯਾਦ ਆ ਜਾਵੇਗਾ ਕਿ ਲਾਹੌਰ ਦਰਬਾਰ ਨਾਲ ੧੬ ਦਸੰਬਰ, ੧੮੪੬ ਨੂੰ ਕੀਤੀ ਸੁਲ੍ਹਾ ਅਨੁਸਾਰ, ਮਹਾਰਾਜੇ ਦੇ ੧੬ ਸਾਲ ਦੇ ਹੋਣ ਤਕ ਸਰਕਾਰ ਅੰਗਰੇਜ਼ੀ ਨੇ ਆਪਣੇ ਖ਼ਾਸ ਅਫਸਰ ਨੂੰ ਸਿੱਖ ਰਾਜ ਦੇ ਹਰ ਮਹਿਕਮੇ ਵਿਚ ਹਰ ਤਰ੍ਹਾਂ ਦੇ ਅਖ਼ਤਿਆਰ ਸੌਂਪ ਦਿੱਤੇ। ਇਹ ਅਹਿਦਨਾਮਾ ਜਿੱਥੇ ਸਰਕਾਰ ਅੰਗਰੇਜ਼ੀ ਨੂੰ ਪੰਜਾਬ ਵਿਚ ਅਮਨ ਬਹਾਲ ਰੱਖਣ ਦੀ ਜ਼ਿੰਮੇਂਵਾਰ ਬਣਾਉਂਦਾ ਸੀ, ਓਥੇ ਮਹਾਰਾਜੇ ਦੀ ਰਖਵਾਲੀ ਤੇ ਸਰਪ੍ਰਸਤ ਵੀ ਬਣਾਉਂਦਾ ਸੀ । ਏਹੋ ਜੇਹੀਆਂ ਅੰਗਰੇਜ਼ੀ ਬੰਦਸ਼ਾਂ ਦੇ ਵਿਰੁੱਧ ਸਿੱਖ ਫੌਜ ਭੜਕ ਉਠੀ, ਜੋ ਅਸਲ ਵਿਚ ਬਦੇਸ਼ੀ ਹਕੂਮਤ ਦੇ ਵਿਰੁੱਧ ਕੌਮੀ ਅਹਿਸਾਸ ਪਰਗਟ ਕਰਨਾ ਸੀ । ਅੰਗਰੇਜ਼ੀ ਫੌਜ ਨੇ ਉਸ ਬਲਵੇ ਨੂੰ ਦਬਾ ਲਿਆ, ਤੇ ਪੰਜਾਬ ਫਤਿਹ ਕਰ ਲਿਆ । ਤਾਂ ਸਵਾਲ ਪੈਦਾ ਹੋਇਆ ਕਿ ਪੰਜਾਬ ਕੀਹਦੇ ਵਾਸਤੇ ਫਤਿਹ ਕੀਤਾ ਗਿਆ ? ਸਰ ਹੈਨਰੀ ਲਾਰੰਸ ਦਾ ਉੱਤਰ ਬੜੇ ਸਾਫ ਤੇ ਥੋੜ੍ਹੇ ਸ਼ਬਦਾਂ ਵਿਚ ਸੀ । ਉਹ ਕਹਿੰਦਾ ਹੈ, “ਅਸੀਂ ਉਸ ਬਾਲਕ ਮਹਾਰਾਜੇ ਵਾਸਤੇ ਪੰਜਾਬ ਫਤਿਹ ਕੀਤਾ ਹੈ, ਜਿਸ ਦੇ ਅਸੀਂ ਸਰਪ੍ਰਸਤ ਹਾਂ ।” ਮਗਰ ਬਾਕੀ ਦੇ ਦਿੱਤੇ ਹੋਏ ਉੱਤਰਾਂ ਵਿਚੋਂ ਅੰਗਰੇਜ਼ਾਂ ਦੀ ਧੱਕੇਸ਼ਾਹੀ ਪਰਗਟ ਹੁੰਦੀ ਹੈ । ਇਹਨਾਂ ਉੱਤਰਾਂ ਦਾ ਲਾਰਡ ਡਲਹੌਜ਼ੀ ‘ਤੇ ਬੜਾ ਅਸਰ ਹੋਇਆ, ਤੇ ਉਹਨੇ ਫੈਸਲਾ ਕੀਤਾ ਕਿ ਪੰਜਾਬ ਇੰਗਲੈਂਡ ਵਾਸਤੇ ਫਤਿਹ ਕੀਤਾ ਗਿਆ ਹੈ । ਸੋ ਪੰਜਾਬ ਜ਼ਬਤ ਕਰ ਲਿਆ ਗਿਆ । ਜ਼ਬਤੀ ਦੇ ਵਿਰੁਧ ਮੈਂ ਇਕ ਸ਼ਬਦ ਵੀ ਕਹਿਣ ਦੀ ਦਲੇਰੀ ਨਹੀਂ ਕਰਦਾ। ਇਹ ਛੇਤੀ ਜਾਂ ਚਿਰਾਕੀ ਜ਼ਰੂਰ ਹੋਣੀ ਸੀ (ਇਹ ਬਹੁਤ ਹਿੰਦੀ ਅੰਗਰੇਜ਼ਾਂ ਦੀ ਰਾਏ ਹੈ) ਇਕ ਖੁੱਲ੍ਹੀ ਲੜਾਈ ਪਿੱਛੋਂ ਉਸ ‘ਤੇ ਕਬਜ਼ਾ ਕਰਨਾ ਚੰਗਾ ਸੀ, ਇਸ ਨਾਲੋਂ ਕਿ ਉਸ ਨੂੰ ਚੋਰਾਂ ਵਾਂਗ ਚੁਰਾਇਆ ਜਾਂਦਾ, ਜੋ ਢੰਗ ਅਸਾਂ ਪੰਜ ਸਾਲਾਂ ਪਿਛੋਂ ਅਵਧ ਨਾਲ ਵਰਤਿਆ । ਮਗਰ ਉਸ ਨਿਰਦੋਸ਼ ਬਾਲਕ, ਉਸ ਛੋਟੇ ਮਹਾਰਾਜਾ, ਜਿਸ ਦੇ ਹੱਕਾਂ ਦੇ ਅਸੀਂ ਰਖਵਾਲੇ ਸਾਂ, ਉਸ ਦਲੀਪ ਸਿੰਘ ਵਾਸਤੇ ਉਸ ਦੀ ਪਦਵੀ ਦੇ ਅਨੁਸਾਰ ਸਾਨੂੰ ਉਸ ਦੇ ਗੁਜ਼ਾਰੇ ਦਾ ਪਰਬੰਧ ਜ਼ਰੂਰ ਕਰਨਾ ਚਾਹੀਦਾ ਸੀ । ਜੇ ਇਹ ਮੰਨ ਵੀ ਲਿਆ ਜਾਵੇ ਕਿ ਅਸਾਂ ਉਹਦਾ ਰਾਜ ਖੋਹ ਲੈਣ ਵਿਚ ਚੰਗਾ ਕੀਤਾ ਹੈ, ਤਾਂ ਉਹਦੀਆਂ ਘਰੋਗੀ ਜਾਗੀਰਾਂ ਅਸਾਂ ਕਿਹੜੇ ਨਿਆਇ ਨਾਲ ਜ਼ਬਤ ਕੀਤੀਆਂ ? ਇਹ ਸਵਾਲ ਹੈ, ਜਿਸ ਨਾਲ ਮੁਲਕ ਦੀ ਇੱਜ਼ਤ ਦਾ ਸੰਬੰਧ ਹੈ। ਉਸ ਦੀ ਇਹ ਮੰਗ ਸੱਚੀ ਹੈ ਕਿ ਕੀ ਰਾਜ ਖੋਹ ਲੈਣ ‘ਤੇ ਸਦਾ ਰਹਿਣ ਵਾਲੀ ਘਰੋਗੀ ਜਾਇਦਾਦ ਜ਼ਬਤ ਕਰ ਲੈਣ ਦੇ ਬਦਲੇ ਵਿਚ ਇਕ ਅਸਥਿਰ ਜੀਵਨ ਤਕ ਪੈਨਸ਼ਨ ਦੇ ਦੇਣੀ ਕਾਫੀ ਹੈ ?”
ਦਲੀਪ ਸਿੰਘ ਦੀ ਲਿਖਵਾਈ ਪੁਸਤਕ
ਇਸ ਉੱਤੇ ਵਧੇਰੇ ਲਿਖਣ ਦੀ ਲੋੜ ਨਹੀਂ । ਟਾਈਮਜ਼ ਦੇ ਲੇਖ ਤੇ ਅਜੇਹੇ ਧੜੇ ਦੇ ਹੋਰ ਆਦਮੀਆਂ ਨੇ ਮਹਾਰਾਜੇ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਾ ਛੱਡੀ । ਇਸ ਚਰਚਾ ਵਿਚ ਆਪਣੀ ਸਫਾਈ ਪੇਸ਼ ਕਰਨ ਲਈ ਮਹਾਰਾਜੇ ਨੇ ਇਕ भगवेत्त लेभव वेलें विङग्घ (The Maharajah Duleep Singh and the Government) ਲਿਖਵਾਈ ਤੇ ਜੂਨ, ੧੮੮੪ ਵਿਚ ਛਪਵਾ ਕੇ ਆਪਣੇ ਮਿੱਤਰਾਂ ਵਿਚ ਵੰਡੀ । ਇਸ ਪੁਸਤਕ ਦਾ ਕਰਤਾ ਇਸ ਝਗੜੇ ਬਾਰੇ-ਖਾਸ ਕਰਕੇ ਅਹਿਦਨਾਮੇ ਦੀਆਂ ਸ਼ਰਤਾਂ ਉੱਤੇ-ਬੜੇ ਚੰਗੇ ਵਿਚਾਰ ਦੇਂਦਾ ਹੈ । ਉਹ ਲਿਖਦਾ ਹੈ: ਅਹਿਦਨਾਮੇ ਦੀ “੧. ਪਹਿਲੀ ਸ਼ਰਤ ਰਾਜਸੀ ਅਧਿਕਾਰਾਂ ਨੂੰ ਤਿਆਗਣ ਬਾਰੇ ਹੈ। ਇਸ ਉੱਤੇ ਵਧੇਰੇ ਕਹਿਣ ਕਹਾਉਣ ਦੀ ਲੋੜ ਨਹੀਂ, ਸਵਾਏ ਇਸਦੇ ਕਿ ਤਿਆਗ ਪੱਤਰ ਵਿਚ ਕੇਵਲ ਮਹਾਰਾਜੇ ਦਾ ਹੀ ਜ਼ਿਕਰ ਨਹੀਂ, ਸਗੋਂ ਉਸ ਦੀ ਔਲਾਦ ਤੇ ਹੱਕਦਾਰਾਂ ਦਾ ਵੀ ਹੈ, ਜੋ ਉਸ ਦੇ ਹੱਕਾਂ ਦੇ ਹਿੱਸੇਦਾਰ ਹਨ । ਮਗਰਲੀਆ ਸਾਰੀਆਂ ਸ਼ਰਤਾਂ ਗੁਜ਼ਾਰੇ (ਪੈਨਸ਼ਨ) ਬਾਰੇ ਹਨ, ਜਿਨ੍ਹਾਂ ਦਾ ਸੰਬੰਧ ਪਿਛੋਂ ਬਣਨ ਵਾਲੇ ਵਾਰਸਾਂ ਤੇ ਹੱਕਦਾਰਾਂ ਨਾਲ ਹੈ । ਕਿਉਂਕਿ ਜੇ ਅਜੇਹਾ ਅਰਥ ਨਾ ਕਢਿਆ ਜਾਵੇ, ਤਾਂ ਅਹਿਦਨਾਮਾ ਅਸਲੋਂ ਨਾਵਾਜਬ ਤੇ ਨਕਾਰਾ ਹੋ ਜਾਂਦਾ ਹੈ ।
੨. ਦੁੱਜੀ ਸ਼ਰਤ ਰਾਜਸੀ ਜਾਇਦਾਦ ਜ਼ਬਤ ਕਰਨ ਬਾਰੇ ਹੈ, ਜਿਸ ਦਾ ਅਰਥ ਲਾਹੌਰ ਰਿਆਸਤ ਦੀ ਜਾਇਦਾਦ ਹੈ । ਇਸ ਦੀ ਬੋਲੀ ਬੜੀ ਸਾਫ ਹੈ । ਇਹ ਬਿਲਕੁਲ ਸਪਸ਼ਟ ਹੈ ਕਿ ਇਸ ਵਿਚ ਮਹਾਰਾਜੇ ਦੀ ਉਹ ਜੱਦੀ ਜਾਇਦਾਦ ਸ਼ਾਮਲ ਨਹੀਂ, ਜੋ ਉਸ ਦੇ ਪਿਤਾ ਰਣਜੀਤ ਸਿੰਘ ਨੂੰ ਵਿਰਸੇ ਵਿਚ ਮਿਲੀ ਸੀ, ਤੇ ਜਿਸ ਉੱਤੇ ਉਹਦਾ ਬਾਦਸ਼ਾਹ ਬਣਨ ਤੋਂ ਪਹਿਲਾਂ ਦਾ ਕਬਜ਼ਾ ਸੀ । ‘ਜ਼ਬਤੀ’ (Confiscate) ਦਾ ਸਬਦ ਨਹੀਂ ਵਰਤਿਆ ਜਾ ਸਕਦਾ, ਜਦ ਤਕ ਬਾਦਸ਼ਾਹ ਤੇ ਉਸ ਦੇ ਅਧੀਨ ਹਾਕਮ ਨਾਲ ਉਸ ਦਾ ਸੰਬੰਧ ਨਾ ਹੋਵੇ, ਤੇ ਇਸ ਅਹਿਦਨਾਮੇ ਦੀਆਂ ਦੋਹਾਂ ਧਿਰਾਂ ਵਿਚ ਇਹ ਸੰਬੰਧ ਕਦੇ ਵੀ ਨਹੀਂ ਸੀ । ਪਰ ਜੇ ਇਹ ਵੀ ਫਰਜ਼ ਕਰ ਲਿਆ ਜਾਵੇ, ਕਿ ਸਰਕਾਰ ਅੰਗਰੇਜ਼ੀ ਦੀ ਓਹਾ ਪਦਵੀ ਤੇ ਅਖ਼ਤਿਆਰ ਸਨ, ਜੋ ਸ਼ਾਹ ਜ਼ਮਾਨ ਦੁਰਾਨੀ ਬਾਦਸ਼ਾਹ ਦੇ ਸਨ, ਜਿਸ ਨੇ ੧੭੯੯ ਵਿਚ ਰਣਜੀਤ ਸਿੰਘ ਨੂੰ ਲਾਹੌਰ ਦੀ ਬਾਦਸ਼ਾਹੀ ਦਿੱਤੀ ਸੀ, ਜਾਂ ਇਹ ਸਮਝ ਲਿਆ ਜਾਵੇ ਕਿ ਸਰਕਾਰ ਅੰਗਰੇਜ਼ੀ ਮੁਗ਼ਲਾਂ ਦੇ ਤਖ਼ਤ ਦੀ ਮਾਲਕ ਬਣੀ ਹੋਈ ਹੈ, ਜਿਸ ਨੇ ਦੁਰਾਨੀ ਨੂੰ ਦੋਬਾਰਾ ਤਖਤ ਦਿੱਤਾ, ਤਾਂ ਵੀ ਆਗਿਆਕਾਰ ਬਾਲਕ ਮਹਾਰਾਜੇ ਦੀ ਜ਼ਾਤੀ ਜਾਇਦਾਦ ਜ਼ਬਤ ਕਰਨ ਦਾ ਕੋਈ ਕਾਰਨ ਨਹੀਂ, ਕਿਉਂਕਿ ਉਸ ਦੇ ਹਰ ਤਰ੍ਹਾਂ ਦੇ ਕੰਮ ਸਰਕਾਰ ਅੰਗਰੇਜ਼ੀ ਦੇ ਬੜੇ ਕਰੜੇ ਕਾਬੂ ਵਿਚ ਸਨ ।
“ਇਸ ਮਾਮਲੇ ਨੂੰ ਨਜਿੱਠਣ ਵਿਚ ਸਰਕਾਰ ਨੂੰ ਸੱਚ ਮੁੱਚ ਬੜੀ ਔਕੜ ਬਣੀ, ਕਿਉਂਕਿ ੧੮੪੯ ਵਿਚ ਇਸ ਗੱਲ ਦੀ ਨਾ ਕੋਈ ਪੜਤਾਲ ਹੀ ਹੋਈ ਤੇ ਨਾ ਕਾਨੂੰਨੀ ਰਾਏ ਹੀ ਲਈ ਗਈ ਕਿ ਰਿਆਸਤ ਦੀ ਕਿਹੜੀ ਜਾਇਦਾਦ ਸੀ, ਤੇ ਕਿਹੜੀ ਨਹੀਂ ਸੀ । ਸ਼ਾਇਦ ਏਸੇ ਕਾਰਨ ਕਰਕੇ ਇੰਡੀਆ ਆਫਸ ਵੱਖਰੇ ਵੱਖਰੇ ਬਿਆਨ ਦੇਂਦਾ ਰਿਹਾ ਹੈ । ਕਦੇ ਉਸਨੇ ਕਿਸੇ ਵੀ ਰਾਜਸੀ ਜਾਇਦਾਦ ਦੀ ਹੋਂਦ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਸੇ ਹੋਰ ਸਮੇਂ ਏਸ ਬਹਿਸ ‘ਤੇ ਤੁੱਲ ਗਿਆ ਕਿ ਖੁਦ-ਮੁਖਤਿਆਰ ਬਾਦਸ਼ਾਹ ਦੀ ਸਭ ਜਾਇਦਾਦ ਰਿਆਸਤ ਦੀ ਜਾਇਦਾਦ ਹੁੰਦੀ ਹੈ । ਇਸ ਬਹਿਸ ਵਿਚ ਇਸ ਗੱਲ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਗਿਆ ਕਿ ਸੁਤੰਤਰ ਬਾਦਸ਼ਾਹ ਦੇ ਰਾਜ ਵਿਚ ਪਰਜਾ ਦਾ ਬਾਦਸ਼ਾਹ ਦੀ ਕਿਸੇ ਜਾਇਦਾਦ ਨਾਲ ਕੋਈ ਵਾਸਤਾ ਨਹੀਂ ਹੁੰਦਾ, ਇਹ ਸਿਧਾਂਤ ਬਾਦਸ਼ਾਹੀ ਕਾਨੂੰਨ ਅਨੁਸਾਰ ਠੀਕ ਹੈ । ਪਰ ਅਸੀਂ ਜਾਣਦੇ ਹਾਂ.
ਕਿ ਪੰਜਾਬ ਸੁਤੰਤਰ ਰਾਜ ਨਹੀਂ ਸੀ । ਲਈ “ਇਹ ਸੱਚ ਹੈ ਕਿ ੧੮੪੯ ਵਿਚ ਇਸ ਗੱਲ ਦੀ ਰਤਾ ਵੀ ਲੋੜ ਨਹੀਂ ਸੀ ਕਿ ਬਾਲਕ ਮਹਾਰਾਜੇ ਤੋਂ ਉਹਦੀ ਜੱਦੀ ਜਾਇਦਾਦ ਖੋਹ ਕੇ, ਉਹਦੀ ਹੈਸੀਅਤ ਉਸ ਦੇ ਅਧੀਨ ਸਰਦਾਰਾਂ, ਉਸ ਦੇ ਨੌਕਰਾਂ ਤੇ ਉਹਦੀ ਪਰਜਾ ਤੋਂ ਵੀ ਘੱਟ ਕਰ ਦਿੱਤੀ ਜਾਵੇ । ਅਹਿਦਨਾਮੇ ਵਿਚ ਸਿਰਫ ਉਹਦੇ ਤਖ਼ਤ ਤੇ ਕੋਹਿਨੂਰ ਹੀਰੇ ਦਾ ਹੀ ਜ਼ਿਕਰ ਹੈ । ਮਹਾਰਾਜੇ ਦੀ ਜ਼ਾਤ ਵੱਲੋਂ ਕੋਈ ਭੁੱਲ ਜਾਂ ਗੁਨਾਹ ਨਹੀਂ ਸੀ ਹੋਇਆ, ਜਿਸ ਦੇ ਕਾਰਨ ਉਸ ਦੀ ਜਾਇਦਾਦ ਤੇ ਜਾਗੀਰਾਂ ਉਸ ਧੱਕੇ-ਖੋਰ ਤਕੜੇ ਹਾਕਮ ਦੇ ਹੱਕ ਵਿੱਚ ਜ਼ਬਤ ਕਰ ਲੈਣੀਆਂ ਠੀਕ ਮੰਨੀਆਂ ਜਾਣ ।
“੩. ਤਿੱਜੀ ਸ਼ਰਤ ਵਿਚ ਕੋਹਿਨੂਰ ਹੀਰਾ ਮਲਕਾ ਦੀ ਭੇਟਾ ਕੀਤਾ ਗਿਆ ਹੈ । ਮਹਾਰਾਜਾ ਇਹ ਭੇਟਾ ਦੇਣ ਵਿਚ ਆਪਣੀ ਬੜੀ ਇੱਜ਼ਤ ਸਮਝਦਾ ਸੀ । ਇਸ ਦਾ ਉਸ ਨੂੰ ਅਫਸੋਸ ਵੀ ਹੈ, ਤੇ ਉਸ ਨੂੰ ਦੋਬਾਰਾ ਆਪਣੇ ਕਬਜ਼ੇ ਵਿਚ ਲੈ ਕੇ ਬੜਾ ਖੁਸ ਹੁੰਦਾ, ਤਾਂ ਕਿ ਉਹ ਮਨ-ਮਰਜ਼ੀ ਨਾਲ ਹੀਰਾ ਮਲਕਾ ਦੀ ਭੇਟ ਕਰਦਾ । ਮਹਾਰਾਜੇ ਦੀ ਇੱਛਿਆ ਹੈ ਕਿ ਕੋਹਿਨੂਰ ਹਿੰਦੁਸਤਾਨ ਵਿਚ ਰਾਜ ਕਰਨ ਵਾਲੀ ਤਾਕਤ ਦੀ ਮਾਲਕੀ ਹੋਵੇ । ਖ਼ੈਰ, ਸਾਡਾ ਭਾਵ ਇਸ ਫਰਕ ਨੂੰ ਵੇਖਣਾ ਹੈ ਕਿ ਇਸ ਸ਼ਰਤ ਵਿਚ ਸ਼ਬਦ ‘ਭੇਟਾ’ (Surrender) ਵਰਤਿਆ ਗਿਆ ਹੈ, ਜਦੋਂ ਕਿ ਪਹਿਲੀਆਂ ਸ਼ਰਤਾਂ ਵਿਚ ਸ਼ਬਦ ‘ਜ਼ਬਤੀ’ (Confiscate) ਵਰਤਿਆ ਹੈ। ਜੇ ਕੋਹਿਨੂਰ ਰਾਜਸੀ ਜਾਇਦਾਦ ਹੁੰਦਾ, ਤਾਂ ਜ਼ਬਤੀ ਦੀ ਸ਼ਰਤ ਵਿਚ ਆ ਜਾਂਦਾ, ਤੇ ਇਸ ਸੂਰਤ ਵਿਚ ਇਸ ਦੇ ਭੇਟਾ ਕੀਤੇ ਜਾਣ ਦਾ ਸਮਾਂ ਹੀ ਨਾ ਆਉਂਦਾ । ਜੇ ਇਹ ਹੀਰਾ ਰਾਜਸੀ ਜਾਇਦਾਦ ਨਹੀਂ ਸੀ, ਤਾਂ ਸਾਫ਼ ਸਿੱਧ ਹੈ ਕਿ ਬਾਕੀ ਹੀਰੇ ਤੇ ਕੀਮਤੀ ਸਾਮਾਨ, ਜੋ ਮਹਾਰਾਜੇ ਦੀ ਮਾਲਕੀ ਸਨ, (ਜੋ ਬੇਅੰਤ ਲੱਖਾਂ ਹੀ ਰੁਪੈ ਦੇ ਸਨ) ਅਹਿਦਨਾਮੇ ਦੇ ਅਸਰ ਤੋਂ ਬਾਹਰ ਸਨ । ਏਹਾ ਸਮਝ ਕੇ ਲਾਰਡ ਡਲਹੌਜ਼ੀ ਨੇ ਆਪ-ਜਦੋਂ ਮਹਾਰਾਜਾ ਫਤਿਹਗੜ੍ਹ ਸੀ—ਇਕ ਕੀਮਤੀ ਸੰਜੋਅ ਮਹਾਰਾਜੇ ਵੱਲੋਂ ਇੰਗਲੈਂਡ ਦੇ ਸ਼ਹਿਜ਼ਾਦੇ ਨੂੰ ਭੇਟਾ ਕਰਨ ਦੀ ਇਛਿਆ ਪਰਗਟ ਕੀਤੀ ਸੀ, ਤੇ ਡਾਕਟਰ ਲਾਗਨ ਨੂੰ ਲਿਖਿਆ ਸੀ ਕਿ ਉਹ ਆਪਣੇ ਸ਼ਾਗਿਰਦ (ਮਹਾਰਾਜੇ) ਨੂੰ ਦੱਸੇ, ਕਿ ਡਲਹੌਜ਼ੀ ਨੇ ਇਹ ਕੁਛ ਕੀਤਾ ਹੈ । ਮਹਾਰਾਜਾ ਖੁਸ਼ ਸੀ ਕਿ ਉਹ ਪ੍ਰਿੰਸ ਆਫ ਵੇਲਜ਼ ਦੀ ਕੁਛ ਭੇਟਾ ਕਰਨ ਦੀ ਸਮਰੱਥਾ ਰੱਖਦਾ ਹੈ, ਅਤੇ ਇਹ ਘਟਨਾ ਏਸ ਗੱਲ ਦਾ ਪੱਕਾ ਸਬੂਤ ਹੈ ਕਿ ਬਾਕੀ ਦੇ ਜਵਾਹਰਾਤ—ਜੋ ਗੋਰਮਿੰਟ ਦੇ ਕਬਜ਼ੇ ਵਿਚ ਹਨ—ਉੱਤੇ ਮਹਾਰਾਜੇ ਦਾ ਪੂਰਾ ਹੱਕ ਹੈ, ਤੇ ਉਹ ਉਹਨਾਂ ਨੂੰ ਸਕਦਾ ਹੈ। ਜੋ ਵੇਚ ਦਿੱਤੇ ਗਏ ਸਨ, ਉਹਨਾਂ ਦਾ ਮੁੱਲ ਦਿੱਤਾ ਜਾਵੇਗਾ । ‘ ਵਾਪਸ ਲੈ
“ਮਹਾਰਾਜੇ ਕੋਲ ਇਕ ਜਰਮਨ ਮੁਸੱਵਰ ਦੀ ਬਣਾਈ ਹੋਈ ਮਹਾਰਾਜਾ ਸ਼ੇਰ ਸਿੰਘ ਦੀ ਤਸਵੀਰ ਹੈ, ਜੋ ਮਹਾਰਾਜਾ ਸ਼ੇਰ ਸਿੰਘ ਦੀ ਜ਼ਿੰਦਗੀ ਵਿਚ ਬਣੀ ਸੀ। ਮਹਾਰਾਜਾ ਬਾਦਸ਼ਾਹੀ ਤਖਤ ਉੱਤੇ ਸਸ਼ੋਭਤ ਹੈ ਤੇ ਆਪਣੇ ਸਭ ਜਵਾਹਰਾਤ ਨਾਲ ਸਜਿਆ ਹੋਇਆ ਹੈ । ਬਾਕੀ ਹੀਰਿਆਂ ਵਿਚੋਂ ਕੋਹਿਨੂਰ ਸੱਜੇ ਡੌਲੇ ਉਤੇ ਬੱਧਾ ਹੋਇਆ ਹੈ । ਗਲ ਵਿਚ ਸੁੱਚੇ ਮੋਤੀਆਂ ਦੀ ਦੂਹਰੀ ਮਾਲਾ ਹੈ, ਜੋ ਧੁੰਨੀ ਤਕ ਅੱਪੜੀ ਹੋਈ ਹੈ, ਗਲ ਕੋਲ ਤਿੰਨ ਵੱਡੇ-ਵੱਡੇ ਲਾਲ ਦਿੱਸਦੇ ਹਨ। ਕਈ ਵੱਡੇ-ਵੱਡੇ ਹੀਰੇ ਮੋਤੀ ਉਸ ਦੀ ਪਗੜੀ ਵਿਚ ਤੇ ਡੌਲਿਆਂ ‘ਤੇ ਲਟਕ ਰਹੇ ਸਨ । ਹੀਰਿਆਂ ਜੜੀ ਇਕ ਤਲਵਾਰ ਉਸ ਦੇ ਹੱਥ ਵਿਚ ਹੈ, ਤੇ ਇਕ ਹੋਰ ਓਹੇ ਜੇਹੀ ਗਾਤਰੇ ਵਿਚ ਹੈ, ਤੇ ਬੇਗਿਣਤ ਅਜੇਹੇ ਹੋਰ ਜ਼ੇਵਰ । ਲਾਰਡ ਡਲਹੌਜ਼ੀ ਨੇ ਥੋੜ੍ਹੇ ਜੇਹੇ ਗਹਿਣੇ ਮਹਾਰਾਜੇ ਦੇ ਪਹਿਨਣ ਵਾਸਤੇ ਫਤਿਹਗੜ੍ਹ ਲੈ ਜਾਣ ਦੀ ਆਗਿਆ ਦਿੱਤੀ । ਮਹਾਰਾਜੇ ਦੇ ਬਾਕੀ ਦੇ ਹੀਰੇ ਗਵਰਨਰ-ਜੈਨਰਲ ਨੇ ਆਪਣੇ ਕਬਜ਼ੇ ਵਿਚ ਰੱਖੇ । ਇਸ ਗੱਲ ‘ਤੇ ਯਕੀਨ ਕੀਤਾ ਜਾਂਦਾ ਹੈ ਕਿ ਉਹ ਸਾਰੇ ਵੇਚ ਦਿੱਤੇ ਗਏ ਸਨ । ਫਿਰ ਉਹਨਾਂ ਦਾ ਕਦੇ ਵੀ ਕੋਈ ਹਿਸਾਬ ਨਹੀਂ ਦਿਤਾ ਗਿਆ ।”
ਏਹਾ ਸੱਜਣ ਇਕ ਥਾਂ ਹੋਰ ਲਿਖਦਾ ਹੈ, “ਜੇ ਅਸਲ ਵਿਚ ਅਹਿਦਨਾਮੇ ਪਿੱਛੋਂ ਮਹਾਰਾਜੇ ਤੇ ਉਸ ਦੇ ਆਉਣ ਵਾਲੇ ਹੱਕਦਾਰਾਂ ਨੂੰ ਸਿਰਫ਼ ਸਰਕਾਰ ਅੰਗਰੇਜ਼ੀ ਦੇ ਰਹਿਮ ਉੱਤੇ ਛੱਡ ਦੇਣ ਦਾ ਇਰਾਦਾ ਸੀ, ਜੇ ਗੌਰਮਿੰਟ ਉਸ ਦੀ ਜ਼ਾਤੀ ਤੇ ਘਰੋਗੀ ਜਾਇਦਾਦ ਹਜ਼ਮ ਕਰ ਕੇ ਉਹਦੀ ਆਜ਼ਾਦੀ ਖੋਹਣਾ ਚਾਹੁੰਦੀ ਸੀ, ਤਾਂ ਉਸ ਨੂੰ ਅਹਿਦਨਾਮੇ ਉੱਤੇ ਦਸਤਖ਼ਤ ਕਰਨ ਵਾਸਤੇ ਕਿਹਾ ਹੀ ਕਿਉਂ ਗਿਆ ? ਮਹਾਰਾਜਾ ਤੇ ਉਹਦਾ ਸਭ ਕੁਛ ਸਰਕਾਰ ਅੰਗਰੇਜ਼ੀ ਦੇ ਕਾਬੂ ਵਿਚ ਸਨ, ਜੋ ਦੋਹਾਂ ਨੂੰ—ਜਿਵੇਂ ਚਾਹੁੰਦੀ—ਬਿਲੇ ਲਾ ਸਕਦੀ ਸੀ ।
“ਅਸੀਂ ਖ਼ਿਆਲ ਨਹੀਂ ਕਰ ਸਕਦੇ ਕਿ ਇੰਡੀਆ ਆਫ਼ਸ ਨੇ ਉਸ ਅਹਿਦਨਾਮੇ ਦੀ ਬੋਲੀ ਤੇ ਅਰਥਾਂ ਨੂੰ ਠੀਕ ਸਮਝਿਆ ਹੋਵੇ । ਪਰ ਅਸੀਂ ਬਿਨਾਂ ਕਿਸੇ ਡਰ, ਕਹਿ ਸਕਦੇ ਹਾਂ ਕਿ ਜੇ ਅਹਿਦਨਾਮੇ ਦਾ ਠੀਕ ਓਹਾ ਅਰਥ ਹੈ, ਜੋ ਸਰ ਚਾਰਲਸ ਵੁੱਡ Sir Charles Wood ਨੇ ਆਪਣੇ ਬਿਆਨ ਵਿਚ ਪਰਗਟ ਕੀਤਾ ਹੈ, ਤਾਂ ਉਹ ਅਹਿਦਨਾਮਾ ਇਕ ਐਹੋ ਜੇਹੀ ਲਿਖਤ ਹੈ, ਜਿਸ ਤੋਂ ਹਰ ਈਮਾਨਦਾਰ ਆਦਮੀ ਦੇ ਦਿਲ ਵਿਚ ਗੁੱਸਾ ਤੇ ਘਿਰਨਾ ਪੈਦਾ ਹੋਣਾ ਚਾਹੀਏ ।”
ਅੱਗੇ ਚੱਲ ਕੇ ਇਹ ਸੱਜਣ ਬੜੀਆਂ ਖਰੀਆਂ ਖਰੀਆਂ ਤੇ ਸੱਚੀਆਂ ਲਿਖਦਾ ਹੈ । ਉਹ ਅੰਗਰੇਜ਼ਾਂ ਨੂੰ ਸੰਬੋਧਨ ਕਰ ਕੇ ਕਹਿੰਦਾ ਹੈ : “ਸਾਨੂੰ ਪੰਜਾਬ ਦੀ ਲੋੜ ਸੀ, ਕਿਉਂਕਿ ਹਿੰਦੁਸਤਾਨ ਦੀ ਉੱਤਰ ਪੱਛਮੀ ਹੱਦ ਦੀ ਰਾਖੀ ਕਰਨ ਵਾਸਤੇ ਸਾਨੂੰ ਇਸ ਦੀ ਲੋੜ ਸੀ । ਸਾਨੂੰ ਇਸ ਦੇ ਵਾਸੀਆਂ ਦੀ ਲੋੜ ਸੀ, ਕਿਉਂਕਿ ਅਸੀਂ ਉਹਨਾਂ ਨੂੰ ਸਿਪਾਹੀ ਤੇ ਪਰਜਾ ਬਣਾਉਣਾ ਚਾਹੁੰਦੇ ਸਾਂ । ਇਸਦਾ ਮਾਮਲਾ ਵੀ ਸਾਡੇ ਖਜ਼ਾਨੇ ਵਾਸਤੇ ਘੱਟ ਲਾਭਵੰਦਾ ਨਹੀਂ ਸੀ ।
“ਜੋ ਕੁਛ ਸਾਨੂੰ ਚਾਹੀਦਾ ਸੀ, ਸੋ ਮਿਲ ਗਿਆ ਸੀ । (ਪੰਜਾਬ ਦੇ) ਸਿਪਾਹੀ ਬੜੇ ਬਹਾਦਰ ਹਨ, ਹਰ ਔਕੜ ਸਮੇਂ ਉਹਨਾਂ ਸਾਡੀ ਰੱਖਿਆ ਕੀਤੀ । ਲੋਕ ਬੜੇ ਆਗਿਆਕਾਰ ਹਨ, ਤੇ ਉਹਨਾਂ ਸਾਡੀ ਬਾਦਸ਼ਾਹੀ ਨੂੰ ਪੱਕਿਆਂ ਕੀਤਾ ਹੈ । ਮਾਮਲਾ ਸਾਨੂੰ ਆਸ ਨਾਲੋਂ ਵੱਧ ਵਸੂਲ ਹੋਇਆ ਹੈ, ਜਿਸਦੀ ਬੱਚਤ ਹਰ ਸਾਲ ਸਾਡੇ ਦੂਜੇ ਇਲਾਕਿਆਂ ਵਿਚ ਖਰਚ ਹੁੰਦੀ ਹੈ ।
“ਸਾਨੂੰ ਮਹਾਰਾਜੇ ਦੀ ਲੋੜ ਨਹੀਂ ਸੀ । ਅਸਾਂ ਉਹਦਾ ਕੀ ਕਰਨਾ ਸੀ ? ਅਸੀਂ ਉਸਨੂੰ ਹਿੰਦੁਸਤਾਨ ਵਿਚ ਨਹੀਂ ਚਾਹੁੰਦੇ ਸਾਂ । ਅਸੀਂ ਉਸ ਨੂੰ ਇੰਗਲੈਂਡ ਵਿਚ ਵੀ ਨਹੀਂ ਚਾਹੁੰਦੇ ਸਾਂ । ਜੇ ਉਹ ਸਾਡਾ ਵੈਰੀ ਵੀ ਹੁੰਦਾ, ਜੇ ਉਸ ਨੇ ਸਾਡੀ ਤਾਕਤ ਦੇ ਵਿਰੁਧ ਬਗ਼ਾਵਤ ਕੀਤੀ ਹੁੰਦੀ, ਤਾਂ ਅਸੀਂ ਉਸਨੂੰ ਜ਼ਰੂਰ ਜਾਨੋਂ ਮਾਰ ਦੇਂਦੇ, ਪਰ ਉਹ ਸਾਡਾ ਰੱਖਿਆਧੀਨ (Ward) ਸੀ। ਗਵਰਨਰ-ਜੈਨਰਲ ਦੇ ਐਲਾਨ ਅਨੁਸਾਰ ਸਰਕਾਟ ਅੰਗਰੇਜ਼ੀ ਉਸ (ਮਹਾਰਾਜਾ) ਦੀ ਰਖਵਾਲੀ (ਸਰਪ੍ਰਸਤੀ) ਦੇ ਫਰਜ਼ ਪੂਰੇ ਕਰਨ ਦੀ ਜ਼ਿੰਮੇਵਾਰ ਸੀ ।
“ਸਰਪ੍ਰਸਤੀ (Guardianship) ਇਕ ਪਵਿੱਤਰ ਧਰਮ ਹੈ। ਇਸ ਦਾ ਅਰਥ ਵਿੱਦਿਆ ਦੇਣਾ ਹੈ, ਸਜ਼ਾ ਦੇਣਾ ਨਹੀਂ । ਇਸ ਦਾ ਅਰਥ ਜੀਵਨ ਤੇ ਜਾਇਦਾਦ ਦੀ ਰਾਖੀ ਕਰਨਾ ਹੈ । ਇਸ ਦਾ ਅਰਥ ਆਪਣੇ ਰੱਖਿਆਧੀਨ ਦੀਆਂ ਧਾਰਮਕ ਤੇ ਦੁਨਿਆਵੀ ਲੋੜਾਂ ਨੂੰ ਚੰਗੀ ਤਰ੍ਹਾਂ ਪੂਰਿਆਂ ਕਰਨਾ ਹੈ । ਆਪਣੇ ਰੱਖਿਆਧੀਨ ਦੇ ਹੱਕਾਂ ਤੇ ਲਾਭਾਂ ਦੀ ਪੂਰੇ ਧਿਆਨ ਨਾਲ ਸੰਭਾਲ ਰੱਖਣੀ ਇਸ ਦਾ ਅਰਥ ਹੈ ।
“ਜਦੋਂ ਉਸ ਦੇ ਹੱਕ ਤੇ ਲਾਭ ਸਰਪ੍ਰਸਤ ਦੇ ਲਾਭ ਨਾਲ ਟੱਕਰ ਖਾਣ, ਤਾਂ ਸਰਪ੍ਰਸਤ ਇਸ ਮਾਮਲੇ ਦਾ ਠੀਕ ਫੈਸਲਾ ਨਹੀਂ ਕਰ ਸਕਦਾ, ਤੇ ਨਾ ਹੀ ਉਸ ਨੂੰ ਫੈਸਲਾ ਕਰਨ ਦਾ ਹੱਕ ਹੁੰਦਾ ਹੈ, ਸਗੋਂ ਆਮ ਹਾਲਤ ਵਿਚ ਉਸ ਨੂੰ ਅਜਿਹਾ ਮਾਮਲਾ ਕਿਸੇ ਤਰਫੈਣ ਅਦਾਲਤ ਵਿਚ ਫੈਸਲੇ ਵਾਸਤੇ ਪੇਸ਼ ਕਰਨਾ ਪੈਂਦਾ ਹੈ ।
“ਸਰਕਾਰ ਅੰਗਰੇਜ਼ੀ ਤੇ ਮਹਾਰਾਜੇ ਵਿਚ ਇਹ ਝਗੜਾ ਕਿਸ ਕਿਸਮ ਦਾ ?
“ਇਹ ਜ਼ਰੂਰੀ ਸਮਝਿਆ ਗਿਆ ਕਿ ਉਹਦਾ ਰਾਜ ਜ਼ਬਤ ਕਰ ਲਿਆ ਜਾਵੇ, ਪਰ ਇਹ ਇਨਸਾਫ ਜਾਂ ਧਰਮ ਨਹੀਂ ਸੀ ।
“ਸਮੇਂ ਦੇ ਹਾਲਾਤ ਅਨੁਸਾਰ, ਮਹਾਰਾਜੇ ਦੀ ਜ਼ਾਤੀ ਤੇ ਘਰੋਗੀ ਜਾਇਦਾਦ ਦੀ ਸੰਭਾਲ ਰੱਖਣੀ ਤੇ ਉਸ ਦੇ ਜੁਆਨ ਹੋਣ ਉਤੇ ਜਿਉਂ ਦੀ ਤਿਉਂ (ਉਹ ਜਾਇਦਾਦ) ਉਸ ਦੇ ਹਵਾਲੇ ਕਰਨੀ, ਮੁਲਕ ਦੇ ਨਵੇਂ ਹਾਕਮਾਂ ਦਾ ਵਾਜਬ ਫਰਜ਼ ਸੀ, ਭਾਵੇਂ ਉਹ ਮਹਾਰਾਜੇ ਦੀ ਜ਼ਾਤ ਦੇ ਸਰਪ੍ਰਸਤ ਨਾ ਵੀ ਹੁੰਦੇ ।
“ਐਪਰ, ਇਹ ਜਾਗੀਰਾਂ ਤੇ ਜਾਇਦਾਦ ਸਭ ਕੁਛ ਹਜ਼ਮ ਕਰ ਲਿਆ ਤੇ ਗੌਰਮਿੰਟ ਦੇ ਕਿਸੇ ਆਦਮੀ ਨੇ ਕੋਈ ਸਵਾਲ, ਇਤਰਾਜ਼ ਜਾਂ ਝਿਜਕ ਪਰਗਟ ਨਾ ਕੀਤੀ, ਹਾਲਾਂ ਕਿ ਪੰਜਾਬ ਦੀ ਨਵੀਂ ਹਕੂਮਤ ਵਿਚ ਸਮੇਂ-ਸਮੇਂ ਸਿਰ ਬੜੇ ਲਾਇਕ ਤੇ ਜ਼ਿੰਮੇਵਾਰ ਹਾਕਮ ਰਹੇ ।
“ਇਸ ਸਭ ਕਾਸੇ ਨਾਲ ਲੁੱਟ ਦੇ ਮਾਲ ਵਾਲਾ ਵਰਤਾਉ ਕੀਤਾ ਗਿਆ । “ਅਸੀਂ ਜਾਣਦੇ ਹਾਂ, ਕਿ ਇਹਨਾਂ ਜਾਗੀਰਾਂ ਦਾ ਅਹਿਦਨਾਮੇ ਨਾਲ ਕੋਈ ਵਾਸਤਾ ਨਹੀਂ, ਪਰ ਅਹਿਦਨਾਮੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਿਚ ਅਸਾਂ ਮਹਾਰਾਜੇ ਨਾਲ ਕੇਹਾ ਵਰਤਾਉ ਕੀਤਾ ਹੈ ?”੧
ਕਰਤਾ ਦੀ ਰਾਏ
ਹੁਣ ਇਕ ਦੋ ਹੋਰ ਗੱਲਾਂ ਲਿਖ ਕੇ ਇਸ ਕਾਂਡ ਨੂੰ ਖ਼ਤਮ ਕਰਦੇ ਹਾਂ । ੧੮੪੯ ਦੀ ਸੁਲ੍ਹਾ ਅਨੁਸਾਰ ਘੱਟ ਤੋਂ ਘੱਟ ਚਾਰ ਲੱਖ ਤੇ ਵੱਧ ਤੋਂ ਵੱਧ ੫ ਲੱਖ ਰੁਪੈ ਮਹਾਰਾਜੇ ਨੂੰ ਮਿਲਣੇ ਸਨ । ਚਾਰ ਤੇ ਪੰਜ ਦਾ ਅਰਥ ਹੈ ਸਾਢੇ ਚਾਰ ਲੱਖ । ਜੇ ਸਿਰਫ ਚਾਰ ਲੱਖ ਹੀ ਮਿਲਣੇ ਹੁੰਦੇ, ਤਾਂ ਪੰਜ ਲੱਖ ਦਾ ਜ਼ਿਕਰ ਕਰਨ ਦੀ ਕੀ ਲੋੜ ਸੀ ? ਸਿਰਫ਼ ਚਾਰ ਲੱਖ ਲਿਖਦੇ । ਗੌਰਮਿੰਟ ਇਸ ਤੋਂ ਘੱਟ ਕਿਸੇ ਸੂਰਤ ਵੀ ਦੇਣ ਦਾ ਹੱਕ ਨਹੀਂ ਸੀ ਰਖਦੀ । ਪਰ ਵਰਤੋਂ ਵਿਚ ਇਹ ਸ਼ਰਤ ਕਦੇ ਵੀ ਪੂਰੀ ਨਹੀਂ ਕੀਤੀ ਗਈ। ੧੮੪੯ ਤੋਂ ਲੈ ਕੇ ਕਿਸੇ ਸਾਲ ਵਿਚ ਵੀ ਪੂਰਾ ਚਾਰ ਲੱਖ ਨਹੀਂ ਦਿੱਤਾ ਗਿਆ, ਅਜੇ ਨਿਆਇ ਅਨੁਸਾਰ ਸਾਢੇ ਚਾਰ ਲੱਖ ਦੇਣਾ ਚਾਹੀਦਾ ਸੀ । ਤਾਂ ਬਚੀ ਰਕਮ ਦਾ ਹੱਕਦਾਰ ਕੌਣ ਸੀ ? ਮਹਾਰਾਜ ਦਲੀਪ ਸਿੰਘ, ਨਾ ਕਿ ਗੌਰਮਿੰਟ ?
ਪੈਨਸ਼ਨ ਬਾਰੇ ਇਕ ਗੱਲ ਹੋਰ ਵੀ ਸੋਚਣ ਵਾਲੀ ਹੈ । ਮਹਾਰਾਜੇ ਨਾਲ ਸੁਲ੍ਹਾ ਹੁੰਦੀ ਹੈ, ਤੇ ਉਹ ਰਾਜ ਦੇ ਸਾਰੇ ਹੱਕ ਤਿਆਗਦਾ ਹੈ, ਉਹ ਆਪਣੇ ਹੱਕ ਹੀ ਨਹੀਂ ਤਿਆਗਦਾ, ਸਗੋਂ ਆਪਣੀ ਹੋਣ ਵਾਲੀ ਔਲਾਦ ਤੇ ਹੋਰ ਹਰ ਤਰ੍ਹਾਂ ਦੇ ਹੱਕਦਾਰਾਂ ਦੇ ਹੱਕ ਵੀ ਤਿਆਗਦਾ ਹੈ । ਇਸ ਸੌਦੇ ਵਿਚ ਰਾਜ ਦੇ ਹੱਕ ਤਿਆਗਣ ਬਦਲੇ ਮਿਲਦੀ ਹੈ। ਪੈਨਸ਼ਨ । ਤਾਂ ਸਵਾਲ ਇਹ ਹੈ ਕਿ ਇਹ ਪੈਨਸ਼ਨ ਕਿਸ-ਕਿਸ ਨੂੰ ਤੇ ਕਦੋਂ ਤਕ ਮਿਲਣੀ ਹੈ । ਸੁਲ੍ਹਾ ਦੀ ਪੰਜਵੀਂ ਸ਼ਰਤ ਕੇਵਲ ਮਹਾਰਾਜੇ ਵਾਸਤੇ ਹੈ ਕਿ ਉਸਨੂੰ ਉਸਦੀ ਜ਼ਿੰਦਗੀ ਵਿਚ ਕਿੰਨਾ ਮਿਲਣਾ ਚਾਹੀਦਾ ਹੈ । ਇਸ ਸ਼ਰਤ ਬਾਰੇ ਅਸੀਂ ਕੁਛ ਨਹੀਂ ਕਹਿੰਦੇ । ਪੈਨਸ਼ਨ ਦੀ ਅਸਲੀ ਸ਼ਰਤ ਹੈ ਚੌਥੀ, ਤੇ ਉਸ ਵਿਚ ਇਹ ਨਹੀਂ ਲਿਖਿਆ ਹੋਇਆ ਕਿ ਇਹ ਪੈਨਸ਼ਨ (ਜਿਸ ਦਾ ਮਾਲਕ ਇਕੱਲਾ ਦਲੀਪ ਸਿੰਘ ਹੀ ਨਹੀਂ) ਦਲੀਪ ਸਿੰਘ ਦੇ ਮਰਨ ਨਾਲ ਖਤਮ ਹੋ ਜਾਵੇਗੀ। ਸਹੀ ਅਰਥਾਂ ਵਿਚ ਇਹ ਪੈਨਸ਼ਨ ਉਹਨਾਂ ਵਾਸਤੇ ਹੈ, ਜਿਨ੍ਹਾਂ ਕੋਲੋਂ ਰਾਜ ਦੇ ਹੱਕ ਲਏ ਗਏ ਹਨ । ਅਹਿਦਨਾਮਾ ਇਕ ਸੌਦਾ ਹੈ । ਜਿਸ ਕੋਲੋਂ ਕੋਈ ਚੀਜ਼ ਲਈ ਹੈ, ਉਸਨੂੰ ਕੁਛ ਜ਼ਰੂਰ ਦੇਣਾ ਹੈ । ਲਿਆ ਹੈ ਰਾਜ, ਤੇ ਦੇਣੀ ਹੈ ਪੈਨਸ਼ਨ । ਸੋ ਝਗੜਾ ਬਿਲਕੁਲ ਸਾਫ਼ ਹੈ। ਜਿਸ-ਜਿਸ ਕੋਲੋਂ ਰਾਜ ਦੇ ਹੱਕ ਲਏ ਹਨ, ਉਸ-ਉਸ ਨੂੰ ਪੈਨਸ਼ਨ ਦੇਣੀ ਹੈ । (ਜਾਂ ਜਿਸ-ਜਿਸ ਦਾ ਰਾਜ ਉਤੇ ਹੱਕ ਹੈ, ਉਸ-ਉਸ ਦਾ ਪੈਨਸ਼ਨ ਲੈਣ ਦਾ ਵੀ ਹੱਕ ਹੈ ।) ਰਾਜ ਦੇ ਹੱਕ ਲਏ ਹਨ ਦਲੀਪ ਸਿੰਘ ਕੋਲੋਂ, ਉਸਦੀ ਹੋਣ ਵਾਲੀ ਔਲਾਦ ਕੋਲੋਂ ਤੇ ਉਸ ਦੇ ਬਾਕੀ ਹੱਕਦਾਰਾਂ ਕੋਲੋਂ, ਸੋ ਪੈਨਸ਼ਨ ਵੀ ਦਲੀਪ ਸਿੰਘ ਨੂੰ, ਉਸਦੀ ਔਲਾਦ ਨੂੰ ਤੇ ਬਾਕੀ ਹੱਕਦਾਰਾਂ ਨੂੰ (ਘੱਟ ਤੋਂ ਘੱਟ ਚਾਰ ਲੱਖ ਸਾਲਾਨਾ) ਮਿਲਣੀ ਚਾਹੀਦੀ ਹੈ । ਇਹ ਕੋਈ ਸ਼ਰਤ ਜਾਂ ਇਨਸਾਫ ਨਹੀਂ ਕਿ ਮਹਾਰਾਜੇ ਦੇ ਪਿੱਛੋਂ ਉਸਦੇ ਵਾਰਸਾਂ ਨੂੰ ਪੈਨਸ਼ਨ ਨਾ ਮਿਲੇ । ਰਾਜ ਦਲੀਪ ਸਿੰਘ ਦਾ ਨਹੀਂ ਸੀ, ਉਸਦਾ ਜੱਦੀ ਹੱਕ ਸੀ, ਜੋ ਉਸ ਤੋਂ ਪਹਿਲਾਂ ਦਾ ਚਲਿਆ ਆਉਂਦਾ ਸੀ, ਤੇ ਉਸਦੇ ਪਿਛੋਂ ਵੀ ਕਾਇਮ ਰਹਿਣਾ ਸੀ। ਸੋ ਉਸ ਰਾਜ ਬਦਲੇ ਮਿਲੀ ਹੋਈ ਪੈਨਸ਼ਨ ‘ਤੇ ਵੀ ਦਲੀਪ ਸਿੰਘ ਦਾ ਹੀ ਨਿਰਾ ਹੱਕ ਨਹੀਂ, ਉਹਦੇ ਵਾਰਸਾਂ ਦਾ ਵੀ ਹੱਕ ਸੀ । ਜੇ ਰਾਜ ਰਹਿੰਦਾ, ਤਾਂ ਮਹਾਰਾਜਾ ਦਲੀਪ ਸਿੰਘ ਪਿਛੋਂ ਉਸਦੇ ਪੁਤਰ, ਫਿਰ ਪੋਤਰੇ, ਫਿਰ ਪੜੋਤਰੇ ਆਦਿ (ਜਾਂ ਕਿਸੇ ਹੋਰ ਹੱਕਦਾਰ) ਨੂੰ ਮਿਲਣਾ ਸੀ । ਏਸੇ ਤਰ੍ਹਾਂ ਪੈਨਸ਼ਨ (ਚਾਰ ਲੱਖ) ਵੀ ਉਸ ਪਿਛੋਂ ਉਸ ਦੇ ਪੁਤਰ ਪੋਤਰੇ ਨੂੰ ਮਿਲਣੀ ਚਾਹੀਦੀ ਸੀ । ਹਾਂ, ਜੇ ਦਲੀਪ ਸਿੰਘ ਕੇਵਲ ਆਪਣੇ ਹੱਕ ਹੀ ਤਿਆਗਦਾ, ਆਪਣੇ ਵਾਰਸਾਂ ਦੇ ਹੱਕ ਤਿਆਗਣ ਬਾਰੇ ਸ਼ਰਤ ਨਾ ਲਿਖਦਾ, (ਇਸ ਤਰ੍ਹਾਂ ਉਹਦੇ ਵਾਰਸ ਰਾਜ ਦੇ ਹੱਕਦਾਰ ਹੁੰਦੇ) ਤਾਂ ਪੈਨਸ਼ਨ ਉੱਤੇ ਉਸਦੀ ਔਲਾਦ ਦਾ ਕੋਈ ਹੱਕ ਨਾ ਹੁੰਦਾ । ਪਰ ਹੱਕ ਸਾਰਿਆਂ ਦੇ ਤਿਆਗੇ ਗਏ ਸਨ, ਸੋ ਪੈਨਸ਼ਨ ਵੀ ਸਾਰਿਆਂ ਨੂੰ ਮਿਲਣੀ ਚਾਹੀਦੀ ਸੀ । ਜਿਸ-ਜਿਸ ਨੂੰ ਰਾਜ ਦਾ ਹੱਕ ਪੁੱਜਦਾ ਸੀ, ਉਸ-ਉਸ ਨੂੰ ਪੈਨਸ਼ਨ ਦਾ ਹੱਕ ਵੀ ਪੁੱਜਣਾ ਚਾਹੀਦਾ ਸੀ । ਜਦੋਂ ਤਕ ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਵਿਚੋਂ ਕੋਈ ਵੀ ਰਹਿੰਦਾ, ਉਸ ਨੂੰ ਘੱਟ ਤੋਂ ਘੱਟ ਚਾਰ ਲੱਖ ਸਾਲਾਨਾ ਪੈਨਸ਼ਨ ਮਿਲਣੀ ਚਾਹੀਦੀ ਸੀ । ਇਹ ਇਨਸਾਫ ਕਰਨ ਨਾਲ ਕਦੇ ਕੋਈ ਝਗੜਾ ਖੜਾ ਨਾ ਹੁੰਦਾ, ਤੇ ਨਾ ਹੀ ਕੋਈ ਬੇਇਨਸਾਫ਼ੀ ਦਾ ਉਲ੍ਹਾਮਾ ਦੇਂਦਾ ।
ਇਹ ਸਾਰਾ ਕਾਂਡ ਪੜ੍ਹ ਕੇ ਅਸੀਂ ਇਸ ਵਿਚਾਰ ਉੱਤੇ ਪੁਜਦੇ ਹਾਂ :
੧. ਮਹਾਰਾਜਾ ਦਲੀਪ ਸਿੰਘ ਦਾ ਹੱਕ ਸੀ ਕਿ ਉਹ ਪੈਨਸ਼ਨ ਦਾ ਹਿਸਾਬ ਮੰਗਦਾ । ਤੇ ਇਹ ਇਨਸਾਫ ਸੀ ਕਿ ਸਰਕਾਰ ਅੰਗਰੇਜ਼ੀ-ਸਾਢੇ ਚਾਰ ਲੱਖ ਦੇ * ਹਿਸਾਬ-ਖਰਚ ਹੋਣ ਤੋਂ ਬਚੀ ਰਕਮ ਮਹਾਰਾਜੇ ਦੇ ਹਵਾਲੇ ਕਰਦੀ ।
੨. ਮਹਾਰਾਜਾ ਦਲੀਪ ਸਿੰਘ ਦੇ ਸੁਰਗਵਾਸ ਹੋਣ ਪਿਛੋਂ ਪੂਰੀ ਪੈਨਸ਼ਨ ਉਸਦੀ ਔਲਾਦ ਤੇ ਬਾਕੀ ਹੱਕਦਾਰਾਂ (ਜਿਨ੍ਹਾਂ ਨੂੰ ਮਹਾਰਾਜੇ ਦੇ ਰਾਜ ਦਾ ਹੱਕ ਪਹੁੰਚਦਾ ਸੀ) ਨੂੰ ਮਿਲਦੀ ਰਹਿੰਦੀ ।
੩. ਸੁਲ੍ਹਾ ਵਿਚ ਦਲੀਪ ਸਿੰਘ ਦੀ ਜ਼ਾਤੀ ਤੇ ਘਰੋਗੀ ਜਾਇਦਾਦ ਜ਼ਬਤ ਨਹੀਂ ਸੀ ਕੀਤੀ ਗਈ, ਇਸ ਵਾਸਤੇ ਉਹ ਸਾਰੀ ਜਾਇਦਾਦ ਮਹਾਰਾਜੇ ਦੇ ਬਾਲਗ਼ ਹੋਣ ਉਤੇ ਉਸਦੇ ਹਵਾਲੇ ਕਰ ਦੇਣੀ ਚਾਹੀਦੀ ਸੀ, ਨਾਲ ਹੀ ੧੬ ਦਸੰਬਰ, ੧੮੪੬ ਤੋਂ ਲੈ ਕੇ ਉਸਦੀ ਜਾਇਦਾਦ ਦੀ ਆਮਦਨ ਦਾ ਸਾਰਾ ਹਿਸਾਬ ਮਹਾਰਾਜੇ ਨੂੰ ਮਿਲਣਾ ਚਾਹੀਦਾ ਸੀ । ਕਿਉਂਕਿ ਉਸ ਦਿਨ ਤੋਂ (ਭਰੋਵਾਲ ਦੀ ਸੁਲ੍ਹਾ ਅਨੁਸਾਰ) ਸਰਕਾਰ ਅੰਗਰੇਜ਼ੀ ਮਹਾਰਾਜੇ ਦੀ ਕੁੱਲ ਜਾਇਦਾਦ ਦੀ ਰਖਵਾਲੀ ਤੇ ਮੋਦੀ (Guardian & trustee) ਸੀ । ਲਾਹੌਰ ਦੇ ਕਿਲ੍ਹੇ ਵਿਚੋਂ ਵੇਚਿਆ ਸਾਮਾਨ (ਹੀਰੇ, ਜਵਾਹਰਾਤ, ਬਰਤਨ, ਕੀਮਤੀ ਕੱਪੜੇ ਤੇ ਹੋਰ ਬਹੁਤ ਕੁਝ) ਤੇ ਫਹਿਤਗੜ੍ਹ ਵਿਚ ਲੁਟਿਆ ਗਿਆ ਮਾਲ, ਸਭ ਦਾ ਪੂਰਾ-ਪੂਰਾ ਮੁੱਲ ਮਹਾਰਾਜੇ ਨੂੰ ਮਿਲਣਾ ਚਾਹੀਦਾ ਸੀ, ਕਿਉਂਕਿ ਉਹਦੇ ਹਰ ਤਰ੍ਹਾਂ ਦੇ ਘਾਟੇ ਵਾਧੇ ਦੀ ਜ਼ਿੰਮੇਵਾਰ ਗੌਰਮਿੰਟ ਸੀ ।
ਪਰ ਇਹ ਇਨਸਾਫ ਮਹਾਰਾਜੇ ਨਾਲ ਕਦੇ ਵੀ ਨਹੀਂ ਕੀਤਾ ਗਿਆ । ਉਸ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਗੌਰਮਿੰਟ ਉਸ ਦੀਆਂ ਹੱਕੀ ਤੇ ਵਾਜਬ ਮੰਗਾਂ ਕਦੇ ਵੀ ਪੂਰੀਆਂ ਨਹੀਂ ਕਰੇਗੀ । ਸੋ ਉਸਦਾ ਇਹ ਝਗੜਾ ਕਦੇ ਵੀ ਨਜਿਠਿਆ ਨਾ ਗਿਆ।
ਅੰਤ ਗੌਰਮਿੰਟ ਦੀ ਇਸ ਬੇਇਨਸਾਫੀ ਨੇ ਮਹਾਰਾਜੇ ਦਾ ਦਿਲ ਤੋੜ ਦਿੱਤਾ, ਤੇ ਉਹ ਸਦਾ ਵਾਸਤੇ ਨਿਆਇ ਦੀ ਆਸ ਲਾਹ ਬੈਠਾ ।
ਪੰਜਵਾਂ ਕਾਂਡ
ਭਾਰਤ ਜਾਣ ਦੀ ਤਾਂਘ
ਮਹਾਰਾਜਾ ਦਲੀਪ ਸਿੰਘ ਨੂੰ ਹੁਣ ਪਤਾ ਲੱਗਾ ਕਿ ਜਿਨ੍ਹਾਂ ਨੂੰ ਉਹ ਆਪਣੇ ਸਮਝਦਾ ਸੀ, ਉਹ ਕਿੰਨੇ ਬਿਗਾਨੇ ਨਿਕਲੇ । ਉਸਦੀ ਇਹ ਸੱਧਰ—ਕਿ ‘ਉਹ ਇੰਗਲੈਂਡ ਵਿਚ ਇਕ ਐਹੋ ਜੇਹਾ ਖਾਨਦਾਨ ਬਣਾਵੇ, ਜੋ ਪੀਹੜੀਆਂ ਤਕ ਉਹਦੀ ਜਾਇਦਾਦ ਦਾ ਮਾਲਕ ਰਹੇ ਤੇ ਉਹਦੀ ਗਿਣਤੀ ਓਥੋਂ ਦੇ ਅਮੀਰਾਂ ਵਿਚ ਹੋਵੇ—ਮਿੱਟੀ ਵਿਚ ਮਿਲ ਗਈ। ਉਹਦੀ ਇਹ ਆਸ ਵੀ ਪੰਜਾਬ ਦੇ ਰਾਜ ਵਾਂਗ ਸੁਫਨਾ ਹੋ ਗਈ । ਜੇ ਉਹ ਆਪਣੀ ਪੰਜਾਬ ਵਿਚਲੀ ਜ਼ਾਤੀ ਤੇ ਘਰੋਗੀ ਜਾਇਦਾਦ ਦਾ ਹੀ ਮਾਲਕ ਬਣਿਆ ਰਹਿੰਦਾ, ਤਾਂ ਹੁਣ ਉਹ ਬੜਾ ਵੱਡਾ ਅਮੀਰ ਤੇ ਉੱਚੀ ਹੈਸੀਅਤ ਵਾਲਾ ਆਦਮੀ ਹੁੰਦਾ ।’
ਉਸ ਨੇ ਫ਼ੈਸਲਾ ਕਰ ਲਿਆ ਕਿ ਇੰਗਲੈਂਡ ਦੀ ਜਾਇਦਾਦ ਵੇਚ ਕੇ ਸਣੇ ਬਾਲ ਬੱਚਿਆਂ ਦੇ ਹਿੰਦੁਸਤਾਨ ਚਲਾ ਜਾਏ । ਉਸ ਨੂੰ ਇਹ ਡਰ ਭਾਸਿਆ ਕਿ ਸ਼ਾਇਦ ਸਰਕਾਰ ਉਸਨੂੰ ਪੰਜਾਬ ਜਾਣ ਤੋਂ ਰੋਕੇ । ਉਹਨੇ ੧੫ ਸਤੰਬਰ ੧੮੮੨ ਨੂੰ ਲਾਰਡ ਹਾਰਟਿੰਗਟਨ (Hartington) ਨੂੰ ਚਿੱਠੀ ਲਿਖੀ, ਤੇ ਪੁੱਛਿਆ ਕਿ ਮੇਰੇ ਇਸ ਸਫਰ ਵਿਚ ਕੋਈ ਕਾਨੂੰਨੀ ਰੁਕਾਵਟ ਤਾਂ ਨਹੀਂ ?
ਹਾਰਟਿੰਗਟਨ ਨੇ ੨੩ ਅਕਤੂਬਰ ਨੂੰ ਉੱਤਰ ਦਿੱਤਾ, “ਜੇ ਮਹਾਰਾਜਾ ਸਾਹਿਬ ਹਿੰਦੋਸਤਾਨ ਜਾਣਾ ਚਾਹੁਣ, ਤਾਂ ਉਹਨਾਂ ਨੂੰ ਪੂਰੀ ਖੁੱਲ੍ਹ ਹੈ । ਪਰ ਜਿਵੇਂ ਪਿਛਲੀ ਵਾਰ ੧੮੬੧ ਵਿਚ ਆਪ ਹਿੰਦੁਸਤਾਨ ਗਏ ਸੀ, ਓਸੇ ਤਰ੍ਹਾਂ ਇਹ ਜ਼ਰੂਰੀ ਹੋਵੇਗਾ ਕਿ ਵਾਇਸਰਾਏ ਦੇ ਹੁਕਮ ਅਨੁਸਾਰ ਹੀ ਕਿਤੇ ਆ ਜਾ ਸਕਣਗੇ, ਪਰ ਇਹ ਕਦੇ ਨਹੀਂ ਹੋ ਸਕੇਗਾ ਕਿ ਆਪ ਨੂੰ ਪੰਜਾਬ ਜਾਣ ਦੀ ਆਗਿਆ ਮਿਲ ਸਕੇ ।”
ਹਿੰਦੁਸਤਾਨ ਜਾਣ ਦੀ ਆਗਿਆ ਮਿਲ ਗਈ । ਹੁਣ ਮਹਾਰਾਜਾ ਇੰਗਲੈਂਡ ਛੱਡਣ ਦੀਆਂ ਤਿਆਰੀਆਂ ਕਰਨ ਲੱਗਾ । ਜੁਲਾਈ, ੧੮੮੩ ਵਿਚ ਉਹ ਲੇਡੀ ਲਾਗਨ ਨੂੰ ਮਿਲਿਆ । ਇਸ ਵੇਲੇ ਉਹ ਇੰਡੀਆ ਆਫਸ ਨਾਲ ਨਾਰਾਜ਼ ਸੀ । ਉਸ ਨੇ ਲੇਡੀ ਨੂੰ ਕਿਹਾ, “ਇਹ ਕਿੰਨੀ ਸ਼ਰਮ ਵਾਲੀ ਗੱਲ ਹੈ, ਕਿ ਮੇਰੇ ਮਰਨ ਪਿੱਛੋਂ ਮੇਰੇ ਵੱਡੇ ਪੁੱਤਰ ਨੂੰ ਸਿਰਫ ੩੦ ਹਜ਼ਾਰ ਰੁਪੈ ਸਾਲਾਨਾ ਮਿਲਣਗੇ । ਮੈਂ ਦਸੰਬਰ ਵਿਚ ਹਿੰਦੁਸਤਾਨ ਨੂੰ ਤੁਰ ਪਵਾਂਗਾ ।” ਸਦਾ ਵਾਸਤੇ ਘਰ ਨੂੰ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ । ਮਹਾਰਾਜੇ ਨੂੰ ਤਿਆਰੀ ਕਰਦਿਆਂ ਕੁਛ ਹੋਰ ਸਮਾਂ ਲੱਗ ਗਿਆ । ਅੰਤ ਦੀ ਵਾਰੀ ਲੇਡੀ ਲਾਗਨ ਰਾਹੀਂ ਮਲਕਾ ਕੋਲ ਬੇਨਤੀ ਕੀਤੀ, ਪਰ ਕੋਈ ਲਾਭ ਨਾ ਹੋਇਆ । ਪੰਜ ਜੁਲਾਈ, ੧੮੮੪ ਨੂੰ ਮਹਾਰਾਜੇ ਨੇ ਫਿਰ ਲੇਡੀ ਲਾਗਨ ਨੂੰ ਲਿਖਿਆ ਕਿ ਹੁਣ ਮੈਂ ਜਾਣ ਵਾਸਤੇ ਬਿਲਕੁਲ ਤਿਆਰ ਹੋ ਗਿਆ ਹਾਂ ।
ਮਹਾਰਾਜੇ ਨੇ ਆਪਣੀ ਮਾਤਾ ਨਾਲ ਸਿੱਖ ਧਰਮ ਧਾਰਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ । ਉਹਦਾ ਇਹ ਇਰਾਦਾ ਸੀ ਕਿ ਉਹ ਦੇਸ ਜਾ ਕੇ (ਸ਼ਾਇਦ ਅੰਮ੍ਰਿਤਸਰ ?) ਹੀ ਅੰਮ੍ਰਿਤ ਛਕੇ । ਇਸ ਵੇਲੇ ਉਹਦਾ ਮਨ ਬੜਾ ਡੋਲਿਆ ਹੋਇਆ ਸੀ। ਇਸ ਸਮੇਂ ਉਸ ਨੂੰ ਸ: ਸੰਤ ਸਿੰਘ (ਪਿੰਡ ਐਮਾ, ਜ਼ਿਲ੍ਹਾ ਅੰਮ੍ਰਿਤਸਰ) ਦੀ ਚਿੱਠੀ ਮਿਲੀ। ਇਹ ਸਰਦਾਰ ਸਾਹਿਬ ਮਹਾਰਾਜੇ ਦੀ ਮਾਤਾ ਜਿੰਦ ਕੌਰ ਦੀ ਭੂਆ ਦੇ ਪੁੱਤਰ ਸਨ । ਮਹਾਰਾਜੇ ਨੇ ਇਸ ਚਿੱਠੀ ਦੇ ਉੱਤਰ ਵਿਚ ਲਿਖਿਆ ।
ਦਲੀਪ ਸਿੰਘ ਦੀਆਂ ਚਿੱਠੀਆਂ ਸੰਤ ਸਿੰਘ ਨੂੰ
“ਐਲਵੇਡਨ ਹਾਲ,
“ਥੈਟਫੋਰਡ, ਸਫੋਕ
ਮੇਰੇ ਪਿਆਰ ਸ: ਸੰਤ ਸਿੰਘ !
ਆਪ ਦੀ ਚਿੱਠੀ ਪੁੱਜਣ ’ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ । ਮੈਂ ਆਪ ਦਾ ਧੰਨਵਾਦੀ ਹਾਂ ਕਿ ਆਪ ਨੇ ਆਪਣੀ ਕ੍ਰਿਪਾਲਤਾ ਭਰੀ ਸੇਵਾ ਪੇਸ਼ ਕੀਤੀ ਹੈ, ਪਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ । ਕਿਉਂਕਿ ਸਰਕਾਰ ਅੰਗਰੇਜ਼ੀ ਮੇਰੇ ਨਾਲ ਇਨਸਾਫ ਕਰਨੋਂ ਨਾਂਹ ਕਰਦੀ ਹੈ। ਇਸ ਲਈ ਮੈਂ ਆਉਣ ਵਾਲੀ ਇਕ ਦਸੰਬਰ ਨੂੰ ਇੰਗਲੈਂਡ ਤੋਂ ਤੁਰ ਪਵਾਂਗਾ, ਤੇ ਚੁੱਪ ਚਾਪ ਦਿੱਲੀ ਰਹਾਂਗਾ, ਕਿਉਂਕਿ ਮੈਂ ਹੁਣ ਗਰੀਬ ਹਾਂ ।
“ਮੈਂ ਆਪ ਜੀ ਨੂੰ ਆਪਣੀ ਪਿਆਰੀ ਸੁਰਗਵਾਸੀ ਮਾਤਾ ਜੀ ਦਾ ਰਿਸ਼ਤੇਦਾਰ ਜਾਣ ਕੇ ਬਹੁਤ ਪ੍ਰਸੰਨ ਹੋਇਆ ਹਾਂ” ।
ਮੈਂ ਹਾਂ ਤੁਹਾਡਾ ਪਿਆਰਾ ਸੰਬੰਧੀ
੭ ਅਕਤੂਬਰ, ੧੮੮੫,
ਦਲੀਪ ਸਿੰਘ”
ਦਸੰਬਰ, ੧੮੮੫ ਵਿਚ ਉਹ ਇੰਗਲੈਂਡ ਤੋਂ ਨਾ ਤੁਰ ਸਕਿਆ। ਹੋ ਸਕਦਾ ਹੈ, ਉਸ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਪੂਰਾ ਸ਼ੱਕ ਪੈ ਗਿਆ ਹੋਵੇ । ਜੋ ਸਨੇ ਦੂਜੀ ਚਿੱਠੀ ਸ: ਸੰਤ ਸਿੰਘ ਨੂੰ ਲਿਖੀ, ਉਸ ਤੋਂ ਏਹਾ ਪਰਗਟ ਹੁੰਦਾ ਹੈ :
“ਕਾਲਟਨ ਕਲੱਬ
“ਪਾਲ-ਮਾਲ, ਐਸ. ਡਬਲਯੂ,
“ਮੇਰੇ ਪਿਆਰ ਸਰਦਾਰ ਜੀ !
“ਵਾਹਿਗੁਰੂ ਜੀ ਕੀ ਫਤਿਹ ॥
“ਤੁਹਾਡੀ ਚਿੱਠੀ ਮਿਲਣ ‘ਤੇ ਮੈਨੂੰ ਬੜੀ ਖੁਸ਼ੀ ਹੋਈ ਹੈ, ਪਰ ਮੈਂ ਤੁਹਾਨੂੰ ਸਲਾਹ ਦੇਂਦਾ ਹਾਂ ਕਿ ਤੁਸੀਂ ਸਰਕਾਰ ਦੀ ਆਗਿਆ ਤੋਂ ਬਿਨਾਂ ਮੇਰੇ ਲਾਗੇ ਨਾ ਆਓ, ਕਿਉਂਕਿ ਸ਼ਾਇਦ ਤੁਹਾਨੂੰ ਸਰਕਾਰੀ ਕਰਮਚਾਰੀਆਂ ਵੱਲੋਂ ਕੋਈ ਤਕਲੀਫ ਪੁੱਜੇ ।
“ਮੈਂ ਆਪਣੇ ਪਰਿਵਾਰ ਸਮੇਤ ਇਸ ਮਹੀਨੇ ਦੀ ੩੧ ਤਾਰੀਖ਼ ਨੂੰ ਇੰਗਲੈਂਡ ਤੋਂ ਤੁਰ ਪਵਾਂਗਾ, ਪਰ ਹੋ ਸਕਦਾ ਹੈ, ਥੋੜ੍ਹੀ ਬਹੁਤ ਦੇਰ ਹੋ ਜਾਵੇ ।
“ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਨੂੰ ਕਿਤਨੀ ਕੁ ਖੁਸ਼ੀ ਹੋਵੇਗੀ, ਤੁਹਾਡੇ (ਜੇ ਸਰਕਾਰ ਆਗਿਆ ਦੇ ਦੇਵੇਂ) ਮੇਰੇ ਅੰਮ੍ਰਿਤ ਛਕਣ ਵੇਲੇ ਪੁੱਜਣ ‘ਤੇ ਜੋ ਕਿ ਮੈਨੂੰ ਭਰੋਸਾ ਹੈ, ਮੇਰੇ ਚਚੇਰੇ ਵੀਰ ਠਾਕਰ ਸਿੰਘ ਸੰਧਾਵਾਲੀਏ ਛਕਾਉਣਗੇ ।
“ਮੈਂ ਹੁਣ ਹਿੰਦੁਸਤਾਨ ਪੁੱਜਣ ਲਈ ਤਾਂਘ ਰਿਹਾ ਹਾਂ, ਭਾਵੇਂ ਸਰਕਾਰ ਮੈਨੂੰ ਸ਼ਮਾਲ ਮਗਰਬੀ ਸੂਬਿਆਂ (ਪੰਜਾਬ) ਵਿਚ ਰਹਿਣ ਦੇਣ ਤੋਂ ਡਰਦੀ ਹੈ ਤੇ ਚਾਹੁੰਦੀ ਹੈ ਕਿ ਮੈਂ ਓਟਾਕਮੰਡ ਵਿਚ ਰਹਾਂ, ਪਰ ਮੈਂ ਆਪਣਾ ਪੂਰਾ ਨਿਸਚਾ ਸਤਿਗੁਰੂ ‘ਤੇ ਰਖਿਆ ਹੈ, ਤੇ ਮੈਂ ਜਾਣਦਾ ਹਾਂ ਕਿ ਜਦ ਮੈਂ ਮਾਫੀ ਲਈ ਉਹਨਾਂ ਦੇ ਚਰਨੀਂ ਪੈ ਗਿਆ ਹਾਂ, ਉਹ ਮੈਨੂੰ ਨਹੀਂ ਵਿਸਾਰਨਗੇਂ ।
੯ ਮਾਰਚ, ੧੮੮੬,
ਤੁਹਾਡਾ ਸੱਚਾ ਮਿੱਤਰ ਤੇ ਸ਼ੁਭ ਚਿੰਤਕ ਦਲੀਪ ਸਿੰਘ ਮਹਾਰਾਜਾ”
ਮਹਾਰਾਜੇ ਨੇ ਕਈ ਵਾਰ ਗੌਰਮਿੰਟ ਨੂੰ ਕਿਹਾ ਸੀ ਕਿ ਉਹ ਇੰਗਲੈਂਡ ਵਿਚੋਂ ਸਭ ਕੁਛ ਛੱਡ ਕੇ ਹਿੰਦੁਸਤਾਨ ਨੂੰ ਤੁਰ ਪਵੇਗਾ, ਪਰ ਗੌਰਮਿੰਟ ਨੇ ਇਸ ਗੱਲ ਨੂੰ ਕਦੇ ਸੱਚ ਨਾ ਮੰਨਿਆ। ਉਹ ਸਮਝਦੀ ਸੀ ਕਿ ਮਹਾਰਾਜਾ ਇਹ ਫੋਕੀ ਧਮਕੀ ਹੀ ਦੇਂਦਾ ਹੈ । ਪਰ ਜਦ ਉਹ ਸਭ ਕੁਛ ਗੌਰਮਿੰਟ ਗੋਚਰਾ ਛੱਡ ਕੇ ਤੁਰਨ ਵਾਸਤੇ ਤਿਆਰ ਹੋ ਪਿਆ, ਤਾਂ ਸਰਕਾਰ ਨੂੰ ਕੁਛ ਭੈ ਹੋਇਆ । ਉਸ ਵੇਲੇ ਇੰਡੀਆ ਕੌਂਸਲ ਦਾ ਇਕ ਮੈਂਬਰ ਮਹਾਰਾਜੇ ਨੂੰ ਆ ਕੇ ਮਿਲਿਆ, ਤੇ ਬੇਨਤੀ ਕੀਤੀ ਕਿ ਜੇ ਮਹਾਰਾਜਾ ਇੰਗਲੈਂਡ ਵਿਚ ਹੀ ਰਹੇ, ਤਾਂ ਗੌਰਮਿੰਟ ਵੱਲੋਂ ਉਸ ਨੂੰ ਪੰਜ ਲੱਖ ਰੁਪੈ ਮਿਲਿਆ ਕਰਨਗੇ । ਮਹਾਰਾਜੇ ਨੇ ਇਸ ਗੱਲ ਨੂੰ ਨਾ ਮੰਨਿਆ, ਤੇ ਹਿੰਦੁਸਤਾਨ ਜਾਣ ਦਾ ਇਰਾਦਾ ਕਾਇਮ ਰੱਖਿਆ । ਉਸ ਮੈਂਬਰ ਨੇ ਬੜਾ ਸਮਝਾਇਆ, ਪਰ ਹੁਣ ਸਮਝਣਾ ਤਾਂ ਕਿਤੇ ਰਿਹਾ, ਮਹਾਰਾਜੇ ਨੂੰ ਇਹਨਾਂ ਬਹੁਤੀ ਸਮਝ ਵਾਲਿਆਂ ਤੋਂ ਹੀ ਘ੍ਰਿਣਾ ਹੋ ਗਈ ਸੀ ।
ਦਹਿਸ਼ਤ ਹੈ ਖਿਰਦਮੰਦੋਂ ਕੀ ਸੁਹਬਤ ਸੇ ਮੁਝੇ ‘ਮੀਰ’ ਅਬ ਜਾ ਰਹੂੰਗਾ ਵਾਂ ਕੋਈ ਦੀਵਾਨਾ ਜਹਾਂ ਹੋ ।
ਮਾਰਚ ਦੇ ਅਖੀਰ ਵਿਚ ਮਹਾਰਾਜਾ ਸਣੇ ਪਰਿਵਾਰ ਹਿੰਦੁਸਤਾਨ ਨੂੰ ਤੁਰ ਪਿਆ । ਜਿਸ ਇੰਗਲੈਂਡ ਵਿਚ ਉਹ ਸਾਰੀ ਉਮਰ ਵੱਸਣਾ ਚਾਹੁੰਦਾ ਸੀ, ਉਸਨੂੰ ਸਦਾ ਵਾਸਤੇ ਛੱਡ ਕੇ ਤੁਰ ਪਿਆ । ਆਪਣੇ ਅੰਗਰੇਜ਼ ਮਿੱਤਰਾਂ ਨੂੰ ਸਦਾ ਵਾਸਤੇ ਨਮਸਕਾਰ ਕੀਤੀ, ਤੇ ਅੰਤ ਦੀ ਵਾਰ ਇਹ ਕਹਿੰਦਾ ਹੋਇਆ ਮਹਾਰਾਜਾ ਉਹਨਾਂ ਤੋਂ ਵਿਛੜਿਆ:
ਜਿਸ ਲੀਏ ਆਏ ਥੇ ਸੋ ਹਮ ਕਰ ਚਲੇ
ਤੁਹਮਤੇਂ ਚੰਦ ਅਪਨੇ ਜ਼ਿੰਮੇ ਧਰ ਚਲੇ
ਦੋਸਤੋ ! ਦੇਖਾ ਤਮਾਸ਼ਾ ਯਾਂ ਕਾ ਬਸ
ਤੁਮ ਰਹੋ, ਅਬ ਹਮ ਤੋ ਅਪਨੇ ਘਰ ਚਲੇ
ਸ਼ਮ੍ਹਾਂ ਕੀ ਮਾਨਿੰਦ ਹਮ ਇਸ ਬਜ਼ਮ ਮੇਂ
ਚਸ਼ਮ ਤਰ ਆਏ ਥੇ, ਦਾਮਨ ਤਰ ਚਲੇ
ਪੰਜਾਬੀਆਂ ਦੇ ਨਾਮ ਚਿੱਠੀ
ਜਹਾਜ਼ ਚੜ੍ਹਨ ਤੋਂ ਕੁਛ ਦਿਨ ਪਹਿਲਾਂ ਮਹਾਰਾਜੇ ਨੇ ਪੰਜਾਬੀਆਂ ਦੇ ਨਾਮ ਇਕ ਚਿੱਠੀ ਲਿਖੀ :
“ਲੰਡਨ
“ਮੇਰੇ ਪਿਆਰੇ ਦੇਸ ਵਾਸੀਓ ।
“੨੫ ਮਾਰਚ ੧੮੮੬,
“ਹਿੰਦ ਵਿਚ ਆ ਕੇ ਵੱਸਣ ਦੀ ਮੇਰੀ ਕਦੇ ਇੱਛਿਆ ਨਹੀਂ ਸੀ, ਪਰ ਸਤਿਗੁਰੂ ਸਭ ਦੇ ਵਿਧਾਤਾ ਹਨ । ਉਹ ਅਸਾਂ ਸਾਰਿਆਂ ਨਾਲੋਂ ਵਧੇਰੇ ਸ਼ਕਤੀ ਵਾਲੇ ਹਨ । ਮੈਂ ਉਹਨਾਂ ਦਾ ਤੁੱਛ ਜੀਵ ਹਾਂ । ਮੇਰੀ ਇੱਛਿਆ ਨਾ ਹੋਣ ‘ਤੇ ਵੀ ਉਹਨਾਂ ਦੀ ਇੱਛਿਆ ਨਾਲ ਇੰਗਲੈਂਡ ਛੱਡਕੇ, ਭਾਰਤ ਵਿਚ ਆ ਕੇ ਸਾਧਾਰਣ ਰੂਪ ਵਿਚ ਵੱਸਾਂਗਾ। ਮੈਂ ਸਤਿਗੁਰੂ ਦੀ ਇੱਛਿਆ ਸਾਹਮਣੇ ਸਿਰ ਝੁਕਾਉਂਦਾ ਹਾ । ਜੋ ਇੱਛਿਆ ਹੈ, ਓਹਾ ਹੋਵੇਗਾ ।
“ਖਾਲਸਾ ਜੀ ! ਮੈਂ ਆਪਣੇ ਵੱਡਿਆਂ ਦਾ ਧਰਮ ਛੱਡਕੇ, ਪਰਾਇਆ ਧਰਮ ਧਾਰਨ ਕਰਨ ਲਈ, ਆਪ ਸੱਜਣਾਂ ਪਾਸੋਂ ਖਿਮਾਂ ਮੰਗਦਾ ਹਾਂ, ਪਰ ਜਿਸ ਵੇਲੇ ਮੈਂ ਈਸਾਈ ਮੱਤ ਧਾਰਨ ਕੀਤਾ ਸੀ, ਓਦੋਂ ਮੇਰੀ ਉਮਰ ਬਹੁਤ ਛੋਟੀ ਸੀ ।
“ਮੇਰੀ ਪਰਬਲ ਇੱਛਿਆ ਹੈ ਕਿ ਬੰਬਈ ਪਹੁੰਚਕੇ ਅੰਮ੍ਰਿਤ ਛਕਾਂਗਾ । ਮੈਨੂੰ ਪੂਰਨ ਆਸ ਹੈ ਕਿ ਤੁਸੀਂ ਉਸ ਵੇਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿਚ ਅਰਦਾਸ ਕਰੋਗੇ ।
“ਮੇਰੀ ਪਰਬਲ ਇੱਛਿਆ ਹੋਣ ‘ਤੇ ਵੀ ਮੈਂ ਪੰਜਾਬ ਵਿਚ ਆ ਕੇ ਆਪ ਸੱਜਣਾਂ ਨੂੰ ਨਹੀਂ ਮਿਲ ਸਕਾਂਗਾ । ਇਸ ਕਰਕੇ ਆਪ ਲੋਕਾਂ ਨੂੰ ਇਹ ਚਿੱਠੀ ਲਿਖਣ ਵਾਸਤੇ ਲਾਚਾਰ ਹੋਇਆ ਹਾਂ ।
“ਸਰਕਾਰ ਹਿੰਦ ਦੀ ਮਹਾਰਾਣੀ ਵਿਚ ਜੋ ਮੇਰੀ ਪਰਮ ਭਗਤੀ ਹੈ, ਉਸਦਾ ਯੋਗ ਫਲ ਮੈਂ ਪਾ ਲਿਆ ਹੈ । ਸਤਿਗੁਰੂ ਦੀ ਇੱਛਿਆ ਪੂਰੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।
“ਪਿਅਰੇ ਦੇਸ ਵਾਸੀਓ !
“ਮੈਂ ਤੁਹਾਡਾ ਮਾਸ ਤੇ ਲਹੂ,
“ਦਲੀਪ ਸਿੰਘ ਹਾਂ”
ਇਹ ਚਿੱਠੀ ਛਪਦਿਆਂ ਸਾਰੇ ਪੰਜਾਬੀਆਂ (ਖਾਸ ਕਰ ਸਿੱਖਾਂ) ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਪੰਜਾਬ ਇਸ ਖੁਸ਼ੀ ਨੂੰ ਪਚਾ ਨਾ ਸਕਿਆ । ਕਿਸੇ ਸੱਜਣ ਨੇ ਮਹਾਰਾਜੇ ਨੂੰ ਮੋੜਵੀਂ ਚਿੱਠੀ ਲਿਖ ਭੇਜੀ :
“ਪਿਆਰੇ ਮਹਾਰਾਜ !
“ਭਾਵੇਂ ਮੈਂ ਆਪ ਦੇ ਦੇਸ ਵਾਸੀਆਂ ਵਿਚੋਂ ਇਕ ਗੁੰਮਨਾਮ ਆਦਮੀ ਹਾਂ, ਪਰ ਆਪ ਦੇ ਇੰਗਲੈਂਡ ਛੱਡਣ ਤੇ ਸਿੱਖ ਧਰਮ ਧਾਰਨ ਕਰਨ ਦੀ ਦ੍ਰਿੜ੍ਹ ਪ੍ਰਤਿਗਿਆ ਵੇਖ ਕੇ, ਜੋ ਆਨੰਦ ਮੈਨੂੰ ਹੋਇਆ ਹੈ, ਉਸ ਦਾ ਪਰਗਟ ਕਰਨਾ ਅਸੰਭਵ ਹੈ । ਸਰਕਾਰ ਅੰਗਰੇਜ਼ੀ ਨੇ ਜੋ ਅਤਿਆਚਾਰ ਆਪ ਉਪਰ ਕੀਤਾ ਹੈ, ਉਸ ਬਦਲੇ ਪੰਜਾਬ ਹੀ ਨਹੀਂ, ਸਾਰਾ ਹਿੰਦੁਸਤਾਨ ਰੋ ਰਿਹਾ ਹੈ ।
“ਪਿਆਰੇ ਮਹਾਰਾਜ ! ਇਸ ਵੇਲੇ ਕੋਈ ਆਦਮੀ ਅਜੇਹਾ ਨਹੀਂ, ਜਿਸ ਨੂੰ ਆਪ ਨਾਲ ਹਮਦਰਦੀ ਨਾ ਹੋਵੇ । ਪਰ ਸੱਖਣੀ ਹਮਦਰਦੀ ਨਾਲ ਅਸੀਂ ਆਪਦੀ ਕੀ ਭੁਲਾਈ ਕਰ ਸਕਦੇ ਹਾਂ ? ਆਪ ਨੂੰ ਅਸੀਂ ਆਪਣੇ ਵਿਚ ਵੇਖ ਕੇ ਬੜੇ ਪਰਸੰਨ ਹੋਵਾਂਗੇ । ਜਦ ਗੌਰਮਿੰਟ ਆਪ ਨੂੰ ਸਾਰੇ ਸੁੱਖਾਂ ਤੋਂ ਵਾਂਝੇ ਰੱਖਣ ਲਈ ਤਿਆਰ ਹੈ, ਤਾਂ ਆਪ ਨੂੰ ਆਪਣੇ ਦੇਸ ਵਾਸੀਆਂ ਦੀ ਹਮਦਰਦੀ ਤੇ ਪ੍ਰੀਤ ਤੋਂ ਸ਼ਾਂਤੀ ਪਰਾਪਤ ਹੋਵੇਗੀ। ਆਪਨੇ ਸਾਨੂੰ ਆਪਣੇ ਦੇਸ ਵਾਸੀ ਤੇ ਸ਼ੁਭ ਚਿੰਤਕ ਕਹਿ ਕੇ ਯਾਦ ਕੀਤਾ ਹੈ, ਇਸ ਨਾਲੋਂ ਵਧ ਕੇ ਸਾਡਾ ਹੋਰ ਕੀ ਸੁਭਾਗ ਹੋ ਸਕਦਾ ਹੈ ? ਆਪ ਦੇ ਅਨੇਕਾਂ ਦੇਸ ਵਾਸੀ ਆਪ ਦਾ ਸਵਾਗਤ ਕਰਨ ਲਈ ਦਿਲੋਂ ਤਿਆਰ ਹਨ । ਪਰ ਜਿਸ ਗੌਰਮਿੰਟ ਨੇ ਆਪ ਨੂੰ ਏਥੋਂ ਤਕ ਆਉਣ ਲਈ ਮਜਬੂਰ ਕਰ ਦਿੱਤਾ ਹੈ, ਉਹ ਗੌਰਮਿੰਟ ਹੋਰ ਕਿਸੇ ਤਰ੍ਹਾਂ ਦੀ ਰੋਕ ਨਾ ਪਾ ਦੇਵੇ । ਏਹਾ ਡਰ ਸਾਨੂੰ ਲੱਗ ਰਿਹਾ ਹੈ ।
“ਪਿਆਰੇ ਮਹਾਰਾਜਾ !
ਆਪ ਦਾ ਵਿਸ਼ਵਾਸੀ, ਸ਼ੁਭ ਚਿੰਤਕ ਤੇ ਸੁਦੇਸੀ ਇਕ ਦਾਸ ਪੰਜਾਬੀ ।”
ਦਲੀਪ ਸਿੰਘ ਅਦਨ ਵਿਚ ਗ੍ਰਿਫ਼ਤਾਰ
ਮਹਾਰਾਜਾ ਦਲੀਪ ਸਿੰਘ ਦੇ ਵਲਾਇਤ ਤੋਂ ਤੁਰਨ ਤੋਂ ਹੀ ਗੌਰਮਿੰਟ ਸੋਚਾਂ ਵਿਚ ਪਈ ਹੋਈ ਸੀ । ਉਸਨੂੰ ਡਰ ਸੀ ਕਿ ਮਹਾਰਾਜੇ ਦੇ ਹਿੰਦ ਪੁੱਜਣ ‘ਤੇ ਸਿੱਖ ਫੌਜਾਂ ਕੋਈ ਗੜਬੜ ਨਾ ਮਚਾ ਦੇਣ । ਪੰਜਾਬੀਆਂ ਦੇ ਨਾਮ ਮਹਾਰਾਜੇ ਦੀ ਚਿੱਠੀ ਤੇ ਉਸ ਦਾ ਇਕ ਪੰਜਾਬੀ ਵੱਲੋਂ ਜਵਾਬ ਪੜ੍ਹਕੇ ਗੌਰਮਿੰਟ ਘਬਰਾ ਗਈ । ਜਿਸ ਵੇਲੇ ਮਹਾਰਾਜੇ ਦਾ ਜਹਾਜ਼ ‘ਅਦਨ’ ਪੁੱਜਾ, ਅਪ੍ਰੈਲ, ੧੮੮੩ ਵਿਚ ਲਾਰਡ ਡਫਰਿਨ (Dufferin) ਦੇ ਹੁਕਮ ਨਾਲ ਮਹਾਰਾਜੇ ਨੂੰ ਓਥੇ ਗ੍ਰਿਫਤਾਰ ਕਰ ਲਿਆ ਗਿਆ । ਯਾਦ ਰਹੇ ਕਿ ਗ੍ਰਿਫਤਾਰੀ ਵਾਰੰਟ ਤੋਂ ਬਿਨਾਂ ਹੀ ਕੀਤੀ ਗਈ ਸੀ । ਕੁਛ ਚਿਰ ਪਿੱਛੋਂ ਕਾਨੂੰਨੀ ਤੌਰ ‘ਤੇ ਵਾਰੰਟ ਜਾਰੀ ਕੀਤਾ ਗਿਆ ।
ਏਥੇ ਮਹਾਰਾਜਾ ਨੇ ਮਲਕਾ ਨੂੰ ਇੰਗਲੈਂਡ ਵਿਚ ਤੇ ਵਾਇਸਰਾਏ ਨੂੰ ਹਿੰਦੁਸਤਾਨ ਵਿਚ ਆਪਣੀ ਗ੍ਰਿਫਤਾਰੀ ਬਾਰੇ ਤਾਰਾਂ ਦਿਤੀਆਂ, ਪਰ ਦੋਹਾਂ ਥਾਵਾਂ ‘ਚੋਂ ਕਿਤੇ ਵੀ ਉਸ ਦੀ ਫਰਯਾਦ ਸੁਣੀ ਨਾ ਗਈ । ਹਿੰਦੁਸਤਾਨ ਵਿਚ ਜਾਣ ਤੋਂ ਰੋਕ ਦਿੱਤਾ ਗਿਆ । ਹੁਣ ਉਹਦੇ ਰਹਿਣ ਵਾਸਤੇ ਹਿੰਦੁਸਤਾਨ ਜਾਂ ਇੰਗਲੈਂਡ ਵਿਚ ਕਿਤੇ ਵੀ ਥਾਂ ਨਹੀਂ ਸੀ ।
ਦੌਰੇ ਹਰਮ ਮੇਂ ਕਿਉਂ ਕਰ ਕਦਮ ਰਖ ਸਕੇਗਾ ‘ਮੀਰ’ ਇਧਰ ਤੋ ਹਮ ਸੇ ਬੁਤ ਫਿਰੇ ਉਧਰ ਖੁਦਾ ਫਿਰਾ
ਅਦਨ ਵਿਚ ਅੰਮ੍ਰਿਤ ਛਕਿਆ
ਮਹਾਰਾਜੇ ਦੀ ਇਹ ਇਛਿਆ ਕਿ ਹਿੰਦੁਸਤਾਨ, ਆਪਣੇ ਭਰਾਵਾਂ ਵਿਚ ਜਾ ਕੇ ਅੰਮ੍ਰਿਤ ਛਕਾਂਗਾ, ਪੂਰੀ ਨਾ ਹੋਈ । ਅੰਤ ਉਸ ਨੇ ‘ਅਦਨਾ’ ਵਿਚ ਹੀ ਅੰਮ੍ਰਿਤ ਛਕ ਲਿਆ । ਇਸ ਦਾ ਹਵਾਲਾ ਮਹਾਰਾਜਾ ਆਪ ਆਪਣੀ ‘ਟਾਈਮਜ਼ ਆਫ ਇੰਡੀਆ’ ਵਿਚ ਛਪੀ ਚਿੱਠੀ ਵਿਚ ਦੇਂਦਾ ਹੈ :
“I re-embraced Sikhism while staying at Aden. तर ਮੈਂ ਅਦਨ ਠਹਿਰਿਆ ਹੋਇਆ ਸਾਂ, ਮੈਂ ਸਿੱਖ ਧਰਮ ਧਾਰਨ ਕੀਤਾ।”੧
ਏਸੇ ਤਰ੍ਹਾਂ ਮਹਾਰਾਜੇ ਨੇ ਆਪਣੀ ਮਾਤਾ ਨਾਲ ਕੀਤਾ ਹੋਇਆ ਪ੍ਰਣ ਪੂਰਾ ਕੀਤਾ, ਤੇ ਫਿਰ ਅੰਤਮ ਸਵਾਸ ਤਕ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ।
ਫਿਰ ਵਲਾਇਤ ਵਿਚ
ਮਹਾਰਾਣੀ ਬੰਬਾ ਮੂਲਰ ਬੱਚਿਆਂ ਨੂੰ ਨਾਲ ਲੈ ਕੇ ਇੰਗਲੈਂਡ ਚਲੀ ਗਈ । ਮਹਾਰਾਜੇ ਨੇ ਓਥੇ ਜਾਣ ਤੋਂ ਨਾਂਹ ਕਰ ਦਿੱਤੀ । ਪਿੱਛੋਂ ਉਸ ਨੂੰ ਧੱਕੇ ਨਾਲ ਫੜ ਕੇ ਇੰਗਲੈਂਡ ਲੈ ਗਏ । ਇਸ ਵੇਲੇ ਉਹ ਗੁੱਸੇ ਨਾਲ ਆਪਣੇ ਆਪ ਤੋਂ ਬਾਹਰ ਹੋਇਆ ਹੋਇਆ ਸੀ । ਰੋਸ ਵਜੋਂ ਉਹਨੇ ਸਰਕਾਰ ਕੋਲੋਂ ਪੈਨਸ਼ਨ ਲੈਣੀ ਬੰਦ ਕਰ ਦਿੱਤੀ । ਉਸ ਵੇਲੇ ਉਹਦੇ ਦਿਲ ਦੀ ਅਨੋਖੀ ਹਾਲਤ ਹੋ ਗਈ ਸੀ । ਕਿਸੇ ਵੀ ਸਿਆਣੂੰ ਜਾਂ ਅਜਾਣੂ ਅੰਗਰੇਜ਼ ਨੂੰ ਵੇਖ ਕੇ ਉਹ ਕ੍ਰੋਧ ਨਾਲ ਭਰ ਜਾਂਦਾ ਸੀ । ਉਹਨੇ ਖੁੱਲ੍ਹਮ-ਖੁੱਲ੍ਹਾ ਕਹਿਣਾ ਆਰੰਭ ਕਰ ਦਿੱਤਾ : “ਮੇਰੀ ਯਾਰਾਂ ਸਾਲਾਂ ਦੀ ਉਮਰ ਵਿਚ ਅੰਗਰੇਜ਼ ਕਰਮਚਾਰੀਆਂ ਨੇ ਮੈਥੋਂ ਧੱਕੇ ਨਾਲ ਅਹਿਦਨਾਮੇ ‘ਤੇ ਦਸਤਖ਼ਤ ਕਰਾ ਕੇ ਪੰਜਾਬ ਦਾ ਰਾਜ ਖੋਹ ਲਿਆ ਸੀ । ਹੁਣ ਉਹ ਅਹਿਦਨਾਮਾ ਮੈਨੂੰ ਪ੍ਰਵਾਨ ਨਹੀਂ ।”
ਇਹ ਓਹਾ ਦਲੀਪ ਸਿੰਘ ਹੈ, ਜਿਸ ਨੇ ਇਕ ਵਾਰ ਆਪਣੇ ਹੱਥ ਵਿਚ ਕੋਹਿਨੂਰ ਲੈ ਕੇ ਬੜੀ ਖੁਸ਼ੀ ਨਾਲ ਮਲਕਾ ਨੂੰ ਮੋੜ ਦਿੱਤਾ ਸੀ । ਤੇ ਇਸ ਸਮੇਂ ਇਕ ਦਿਨ ਮਲਕਾ ਨੂੰ ਕੋਹਿਨੂਰ ਪਹਿਨਿਆ ਹੋਇਆ ਵੇਖ ਕੇ, ਉਹਦੇ ਮੂੰਹ ‘ਤੇ ਮਹਾਰਾਜੇ ਨੇ ਉੱਚੀ-ਉੱਚੀ ਆਖਣਾ ਆਰੰਭ ਦਿੱਤਾ, “ਇਹ ਹੀਰਾ ਮੇਰੇ ਪਿਤਾ ਦਾ ਹੈ । ਇਹਦੇ ਉੱਤੇ ਮਲਕਾ ਦਾ ਕੋਈ ਹੱਕ ਨਹੀਂ ਹੈ ।”
ਮਹਾਰਾਜਾ ਫਰਾਂਸ ਵਿਚ
ਹੁਣ ਅੰਗਰੇਜ਼ਾਂ ਦੇ ਦਿਲ ਵਿਚ ਵੀ ਮਹਾਰਾਜੇ ਵਾਸਤੇ ਘਿਰਣਾ ਹੋ ਗਈ । ਮਹਾਰਾਜੇ ਨੂੰ ਇਸ ਵੇਲੇ ਇੰਗਲੈਂਡ ਰਹਿਣਾ, ਨਰਕਾਂ ਨਾਲੋਂ ਵੀ ਭਾਰੀ ਸੀ । ਕਿਸੇ ਨਾ ਕਿਸੇ ਢੰਗ ਨਾਲ ਏਥੋਂ ਨੱਸ ਕੇ ਉਹ ਫਰਾਂਸ ਚਲਾ ਗਿਆ । ਪੈਰਸ ਜਾ ਕੇ ਫਰਾਂਸ ਦੇ ਵੱਡੇ ਵਜ਼ੀਰ ਨੂੰ ਮਿਲਿਆ ਤੇ ਪ੍ਰਾਰਥਨਾ ਕੀਤੀ ਕਿ ਫੌਜ ਦੀ ਮਦਦ ਨਾਲ ਮੈਨੂੰ ਹਿੰਦੋਸਤਾਨ ਵਿਚ ਪਾਂਡੀਚਰੀ ਪੁਚਾ ਦਿਓ । ਵਿਚਾਰੇ ਨਿਥਾਂਵੇਂ ਦਲੀਪ ਸਿੰਘ ਵਾਸਤੇ ਕੌਣ ਝਗੜਾ ਮੁੱਲ ਲੈਂਦਾ ? ਫਰਾਂਸ ਦੇ ਕਰਮਚਾਰੀਆਂ ਨੇ ਇਹ ਬੇਨਤੀ ਮੰਨਣੋਂ ਇਨਕਾਰ ਕਰ ਦਿੱਤਾ, ਕਿਉਂਕਿ ਮਹਾਰਾਜੇ ਵਾਸਤੇ ਉਹ ਅੰਗਰੇਜ਼ਾਂ ਨਾਲ ਨਹੀਂ ਵਿਗਾੜਨੀ ਚਾਹੁੰਦੇ ਸਨ ।
ਜਰਮਨੀ ਵਿਚ
ਪੈਰਸ ਵਿਚ ਰਹਿੰਦਿਆਂ ਹੋਇਆਂ ਮਹਾਰਾਜੇ ਨੇ ਇਕ ਬਨਾਉਟੀ ਆਇਰਿਸ਼ ਨਾਮ ਰੱਖ ਕੇ ਰੂਸ ਜਾਣ ਵਾਸਤੇ ਪਾਸਪੋਰਟ (ਰਾਹਦਾਰੀ) ਬਣਾ ਲਿਆ । ਏਥੋਂ ਕਿਵੇਂ ਨਾ ਕਿਵੇਂ ਉਹ ਬਰਲਨ (ਜਰਮਨੀ ਵਿਚ) ਪੁੱਜਾ । ਏਥੇ ਉਸਦਾ ਸਾਰਾ ਸਾਮਾਨ ਤੇ ਪਾਸਪੋਰਟ ਚੋਰੀ ਹੋ ਗਿਆ । ਮੁਸੀਬਤ ਉੱਤੇ ਮੁਸੀਬਤ ।
ਮਾਸਕੋ (ਰੂਸ) ਵਿਚ
ਬਰਲਨ ਤੋਂ ਦਲੀਪ ਸਿੰਘ ਨੇ ਆਪਣਾ ਅਸਲੀ ਨਾਮ ਤੇ ਸਭ ਹਾਲਾਤ ਲਿਖ ਕੇ ‘ਮਾਸਕੋ ਗਜ਼ਟ’ ਦੇ ਐਡੀਟਰ ਨੂੰ ਭੇਜੇ । ਐਡੀਟਰ ਨੇ ਮਹਾਰਾਜੇ ਦਾ ਮਾਸਕੋ ਪੁੱਜਣ ਦਾ ਪ੍ਰਬੰਧ ਕਰ ਦਿੱਤਾ । ਮਹਾਰਾਜਾ ਅਪ੍ਰੈਲ, ੧੮੮੭ ਵਿਚ ਮਾਸਕੋ ਪੁੱਜਾ । ਏਸੇ ਸਾਲ ਜੂਨ ਮਹੀਨੇ ਵਿਚ ਮਹਾਰਾਜਾ ਮਾਸਕੋ ਦੇ ਗਵਰਨਰ ਨੂੰ ਮਿਲਿਆ, ਤੇ ਉਹਦੇ ਸਾਮ੍ਹਣੇ ਆਪਣਾ ਦੁੱਖ ਰੋਇਆ । ਉਸ ਅਫਸਰ ਰਾਹੀਂ ਮਹਾਰਾਜੇ ਨੇ ਇਕ ਦਰਖ਼ਾਸਤ ਸੇਂਟ ਪੀਟਰਸ ਬਰਗ ਵਿਚ ਰੂਸ ਦੇ ਬਾਦਸ਼ਾਹ ਦੀ ਸੇਵਾ ਵਿਚ ਭੇਜੀ । ਇਸ ਵੇਲੇ ਮਹਾਰਾਜਾ ਆਪਣੇ ਆਪ ਨੂੰ ਇੰਗਲੈਂਡ ਦਾ ਵੱਡਾ ਵੈਰੀ ਸਮਝਦਾ ਸੀ । ਉਸਨੂੰ ਆਸ ਸੀ ਕਿ ਰੂਸ ਉਸਦੀ ਫੌਜੀ ਮਦਦ ਕਰੇਗਾ ਤੇ ਉਹ ਫਿਰ ਪੰਜਾਬ ਦਾ ਮਾਲਕ ਬਣ ਸਕੇਗਾ । ਇਸ ਤਰ੍ਹਾਂ ਉਹ ਅੰਗਰੇਜ਼ਾਂ ਤੋਂ ਕੀਤੀਆਂ ਵਧੀਕੀਆਂ ਦਾ ਬਦਲਾ ਲੈ ਸਕੇਗਾ । ਉਹਦੇ ਦਿਲ ਵਿਚ ਕਈ ਦੀਆਂ ਕਈ ਆਉਂਦੀਆਂ ਸਨ ।
ਰੂਸ ਵਿੱਚੋਂ ਚਿੱਠੀਆਂ
ਇਸ ਵੇਲੇ ਮਹਾਰਾਜੇ ਦੇ ਦਿਲ ਦੀ ਹਾਲਤ ਬੜੀ ਅਨੋਖੀ ਹੋ ਗਈ ਸੀ । ਇਸ ਗੱਲ ਦਾ ਪਤਾ ਉਸ ਦੇ ਹੇਠ ਲਿਖੇ ਪੱਤਰਾਂ ਤੋਂ ਲੱਗ ਸਕਦਾ ਹੈ । ਜਿਸ ਲੇਡੀ ਲਾਗਨ ਨੂੰ ਉਹ ਹੱਦ ਤੋਂ ਵੱਧ ਪਿਆਰ ਕਰਦਾ ਸੀ, ਜਿਸ ਦੀ ਉਸ ਦੇ ਦਿਲ ਵਿਚ ਬੜੀ ਇੱਜ਼ਤ ਸੀ, ਉਸ ਨੂੰ ਲਿਖਦਾ ਹੈ,..“ਦਲੀਪ ਸਿੰਘ ਨੂੰ ਹੁਣ ਕਦੇ ਵੀ ਯਾਦ ਨਾ ਕਰਨਾ, ਜਿਸਨੂੰ ਤੁਸੀਂ ਕਦੇ ਜਾਣਦੇ ਸੀ, ਕਿਉਂਕਿ ਉਹ ਹੁਣ ਮਰ ਚੁੱਕਾ ਹੈ, ਤੇ ਉਹਦੀ ਥਾਂ ਕੋਈ ਹੋਰ ਜਿਊਂਦਾ ਹੈ ।”੧
ਫਿਰ ਇਕ ਖ਼ਤ ਵਿਚ ਮਹਾਰਾਜਾ ਲੇਡੀ ਲਾਗਨ ਨੂੰ ਲਿਖਦਾ ਹੈ,“….ਇਹ ਬੜੀ ਹਾਸੋ-ਹੀਣੀ ਗੱਲ ਹੋਵੇਗੀ, ਜੇ ਮੈਂ ਆਪਣੇ ਆਪ ਵੱਲੋਂ ‘ਮੇਰੀ ਪਿਆਰੀ ਲੇਡੀ ਲਾਗਨ !’ ਕਹਿ ਕੇ ਆਪ ਨੂੰ ਸੰਬੋਧਨ ਕਰਾਂ, ਜਾਂ ਆਪਣੇ ਆਪ ਨੂੰ ‘ਆਪ ਦਾ ਆਗਿਆਕਾਰ ਕਹਿ ਕੇ ਲਿਖਾਂ । ਇਹ ਇਸ ਵਾਸਤੇ ਕਿ ਮੈਦਾਨਿ ਜੰਗ ਵਿਚ ਮੈਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਵੀ ਉਸ ਤਰ੍ਹਾਂ ਬਿਨਾਂ ਝਿਜਕ ਗੋਲੀ ਮਾਰ ਦਿਆਂਗਾ, ਜਿਵੇਂ ਕਿਸੇ ਹੋਰ ਅੰਗਰੇਜ਼ ਨੂੰ । ਨਹੀਂ ਸ੍ਰੀਮਤੀ ਜੀ ! ਪੈਸੇ ਦੀ ਥੁੜ ਪੂਰੀ ਕਰਨ ਬਦਲੇ, ਮੈਂ ਆਪਣੀ ਪਤ ਆਬਰੂ ਦੀ ਕੁਰਬਾਨੀ ਨਹੀਂ ਦੇ ਸਕਦਾ । ਮੈਂ ਦੋ ਬੇੜੀਆਂ ‘ਤੇ ਪੈਰ ਧਰ ਕੇ ਨਹੀਂ ਖਲੋ ਸਕਦਾ । ਇਸ ਵਾਸਤੇ ਅੱਜ ਤੋਂ ਮੈਂ ਤੁਹਾਡੇ ਨਾਲ ਹਰ ਤਰ੍ਹਾਂ ਦਾ ਪੱਤਰ ਵਿਹਾਰ ਬੰਦ ਕਰਦਾ ਹਾਂ । ਇਕ ਵਾਰ ਫਿਰ ਅਦਬ ਨਾਲ,
ਆਪ ਦਾ ਧੰਨਵਾਦੀ ਦਲੀਪ ਸਿੰਘ”
ਏਸੇ ਸਮੇਂ ਮਹਾਰਾਜੇ ਨੇ ਆਪਣੇ ਹਾਣੀ ਤੇ ਬਾਲ-ਮਿੱਤਰ ਕਰਨਲ ਬੋਇਲੀਊ (Colonel Boileau) ਨੂੰ ਲਿਖਿਆ :
“ਮੇਰੇ ਬਹਾਦਰ ਕਰਨਲ !
“ਸ਼ਾਇਦ ਮੈਂ ਤੇ ਤੁਸੀਂ ਮੈਦਾਨਿ-ਜੰਗ ਵਿਚ ਮਿਲੀਏ, ਕਿਉਂਕਿ ਇਸ ਅਨਹੋਣੀ ਦੇ ਹੋਣ ਦੀ ਆਸ ਹੈ । ਵਿਚਾਰਾ ਜੌਹਨ ਲਾਗਨ ! ਜੇ ਉਹ ਹੁਣ ਜ਼ਿੰਦਾ ਹੋ ਜਾਵੇ, ਤਾਂ ਮੇਰਾ ਖਿਆਲ ਹੈ, ਉਹ ਅਗਲੇ ਪਲ ਫਿਰ ਕਬਰ ਵਿਚ ਹੋਵੇ ।…ਆਹ ! ਕਿਉਂਕਿ ਇਕ ਆਮ ਯੂਰਪ-ਯੁੱਧ ਕੀ ਤੁਸੀਂ ਇਸ ਗੱਲ ‘ਤੇ ਭਰੋਸਾ ਕਰੋਗੇ ਕਿ ਮੈਂ ਆਪਣੀ ਛੋਟੀ ਜਿਹੀ ਫੌਜ ਭਰਤੀ ਕਰ ਕੇ ਹਿੰਦੋਸਤਾਨ ਜਾ ਰਿਹਾ ਹਾਂ ? ਕੀ ਮੇਰੇ ਵਾਸਤੇ ਇਹ ਇਕ ਬੁਝਾਰਤ ਨਹੀਂ ? ਮੇਰੀਆਂ ਸ਼ੁਭ ਇਛਾਵਾਂ, ਜੇ ਤੁਸੀਂ ਇਕ ਅਣਖੀ ਬਾਗ਼ੀ ਕੋਲੋਂ ਸਵੀਕਾਰ ਕਰੋ ਤਾਂ !
–ਆਪ ਦਾ
ਦਲੀਪ ਸਿੰਘ… ਦਾ ਬਾਦਸ਼ਾਹ”੨
ਇਸ ਤਰ੍ਹਾਂ ਦੀਆਂ ਚਿੱਠੀਆਂ ਮਹਾਰਾਜਾ ਅਕਤੂਬਰ, ੧੮੮੯ ਤਕ ਲਿਖਦਾ ਰਿਹਾ । ਇਹ ਉਹਦੇ ਟੁੱਟੇ ਦਿਲ ਦੀ ਹਾਲਤ ਸੀ ।
ਅਕਤੂਬਰ, ੧੮੮੭ ਵਿਚ ਮਹਾਰਾਜੇ ਨੇ ਹਿੰਦੁਸਤਾਨ ਦੇ ਪਰਸਿੱਧ ਅਖ਼ਬਾਰਾਂ ਵਿਚ ਇਕ ਚਿੱਠੀ ਛਪਵਾਈ, ਜਿਸ ਦਾ ਭਾਵ ਸੀ, “ਯਾਰਾਂ ਸਾਲ ਦੀ ਉਮਰ ਵਿਚ ਅੰਗਰੇਜ਼ਾਂ ਨੇ ਮੈਥੋਂ ਪੰਜਾਬ ਖੋਹ ਲਿਆ, ਤੇ ਧੱਕੇ ਨਾਲ ਅਹਿਦਨਾਮੇ ਉੱਤੇ ਮੈਥੋਂ ਦਸਤਖਤ ਕਰਾ ਲਏ । ਹੁਣ ਉਹ ਅਹਿਦਨਾਮਾ ਮੈਨੂੰ ਪਰਵਾਨ ਨਹੀਂ । ਮੈਂ ਸੁਤੰਤਰ ਬਾਦਸ਼ਾਹ ਵਾਂਗ ਰੂਸ ਦੀਆਂ ਫੌਜਾਂ ਦੀ ਮਦਦ ਨਾਲ ਆਪਣਾ ਰਾਜ ਵਾਪਸ ਲੈਣ ਵਾਸਤੇ ਹਿੰਦੁਸਤਾਨ ਆਉਣ ਵਾਲਾ ਹਾਂ” ।” ਨਾਲ ਹੀ ਉਹਨੇ ੨੫ ਕਰੋੜ ਹਿੰਦੋਸਤਾਨੀਆਂ ਕੋਲ ਧਨ ਦੀ ਸਹਾਇਤਾ ਵਾਸਤੇ ਬੇਨਤੀ ਕੀਤੀ ਕਿ ‘ਹਰ ਇਕ ਪੰਜਾਬੀ ਇਕ ਆਨਾ ਜੀ ਪ੍ਰਤੀ ਤੇ ਬਾਕੀ ਹਰ ਇਕ ਹਿੰਦੁਸਤਾਨੀ ਇਕ ਪੈਸਾ ਜੀ ਪ੍ਰਤੀ ਮਾਹਵਾਰ ਦੇਵੇ ।’ ਲੋਕ ਬਜ਼ਾਰਾਂ ਵਿਚ ਬੈਠਿਆਂ ਮੰਗਤਿਆਂ ਨੂੰ ਪੈਸਾ ਪੈਸਾ ਦੇ ਸਕਦੇ ਹਨ, ਪਰ ਬੇਵਤਨ ਤੇ ਗਰੀਬ ਮਹਾਰਾਜੇ ਨੂੰ ਇਕ ਪੈਸਾ ਨਾ ਦੇ ਸਕੇ । ਉਸ ਵੇਲੇ ਉਹ ਬੜਾ ਦੁਖੀ ਸੀ । ਢਿੱਡੋਂ ਭੁੱਖਾ ਤੇ ਜੇਬੋਂ ਖਾਲੀ ਉਹ ਮਾਸਕੋ (ਰੂਸ) ਦੇ ਬਜ਼ਾਰਾਂ ਵਿਚ ਫਿਰ ਰਿਹਾ ਸੀ। ਮੰਗਣਾ ਉਸ ਨੂੰ ਆਉਂਦਾ ਨਹੀਂ ਸੀ, ਤੇ ਆਪਣੇ ਆਪ ਦੇਣ ਵਾਲਾ ਕੋਈ ਨਹੀਂ ਸੀ । ਜਿਨ੍ਹਾਂ ਸਦਾ ਪੁੱਠਾ ਹੱਥ ਕਰਨਾ ਸਿੱਖਿਆ ਹੋਵੇ, ਉਹਨਾਂ ਵਾਸਤੇ ਸਿੱਧਾ ਹੱਥ ਅੱਡਣਾ ਮੌਤ ਨਾਲ਼ੋਂ ਵੀ ਔਖਾ ਹੁੰਦਾ ਹੈ । ਉਹ ! ਦੁਖੀਏ ਦਲੀਪ ਸਿੰਘ ! ਤੇਰੀ ਕਿਸਮਤ ਵਿਚ ਇਹ ਦਿਨ ਵੇਖਣੇ ਵੀ ਲਿਖੇ ਸਨ ? ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰ ਜਨਮ ਲੈ ਕੇ, ਤੇ ਪੰਜਾਬ ਦਾ ਮਹਾਰਾਜਾ ਹੋ ਕੇ, ਅੱਜ ਤੂੰ ਰੂਸ ਵਿਚ ਪੈਸੇ-ਪੈਸੇ ਨੂੰ ਭਟਕਦਾ ਫਿਰਦਾ ਹੈਂ। ਤੇਰਾ ਹੀ ਦਿਲ ਹੈ ਕਿ ਤੂੰ ਕੋਹਿਨੂਰ ਭੇਟਾ ਕਰ ਦੇਵੇਂ ਪਰ ਤੇਰੇ ਹੱਥ ਉਤੇ ਅੱਜ ਚਾਰ ਕੌਡੀਆਂ ਧਰਨ ਵਾਲਾ ਵੀ ਕੋਈ ਨਹੀਂ । ਨਾ ਜਾਣਾ, ਬਾਦਸ਼ਾਹਾਂ ਨੂੰ ਭਿਖਾਰੀ ਬਣਾ ਕੇ ਤਕਦੀਰ ਦੇ ਹੱਥ ਕੀ ਆਉਂਦਾ ਹੈ ? ਬੁਰੀ ਕਿਸਮਤ ਨੇ ਸਭ ਕੁਛ ਕਰ ਵਿਖਾਇਆ, ਪਰ ਤੇਰੀ ਪਦਵੀ ਤੈਥੋਂ ਨਾ ਖੋਹ ਸਕੀ । ਕਦੇ ਤੂੰ ਪੰਜਾਬ ਦੇ ਸ਼ੇਰਾਂ ਦਾ ਬਾਦਸ਼ਾਹ ਸੈਂ, ਅੱਜ ਦੁਨੀਆਂ ਦੇ ਬਰਬਾਦ ਹੋਇਆਂ ਦਾ ਸਿਰਤਾਜ ਹੈਂ ।
ਮ. ਬੰਬਾ ਮੂਲਰ ਸੁਰਗਵਾਸ
ਜਦ ਕਿਸੇ ‘ਤੇ ਦੁੱਖ ਬਣਦੈਂ ਨੇ, ਹੱਦੋਂ ਟੱਪ ਜਾਂਦੇ ਹਨ । ਭਾਗਾਂ ਦੇ ਚਿੱਟੇ ਦਿਨ ਵਿਚ ਜੋ ਪਰਛਾਵੇਂ ਪੈਰਾਂ ਹੇਠ ਆਸਰਾ ਲੈਂਦੇ ਨੇ, ਬਦਕਿਸਮਤੀ ਦੀਆਂ ਕਾਲੀਆਂ ਰਾਤਾਂ ਵਿਚ ਉਹ ਸਿਰ ਉੱਤੇ ਛਾ ਜਾਂਦੇ ਹਨ । ਮਹਾਰਾਜੇ ਦੇ ਟੁੱਟੇ ਦਿਲ ਉੱਤੇ, ਇਕ ਹੋਰ ਬੜੀ ਮਾਰੂ ਸੱਟ ਵੱਜੀ । ੧੫ ਦਸੰਬਰ, ੧੮੮੭ ਨੂੰ ਮਹਾਰਾਣੀ’ ਲੰਡਨ ਵਿਚ ਚਲਾਣਾ ਕਰ ਗਈ । ਜਿਸ ਵੇਲੇ ਉਹਦੀ ਮੌਤ ਦੀ ਖਬਰ ਮਹਾਰਾਜੇ ਨੂੰ · ਬੰਬਾ ਮੂਲਰ ਰੂਸ ਵਿਚ ਪੁੱਜੀ, ਉਹਦਾ ਹੌਸਲਾ ਅਸਲੋਂ ਜਾਂਦਾ ਰਿਹਾ । ਕੱਲ੍ਹ ਤਕ ਤਾਂ ਇਕ ਦਿਲ ਉਹਦੀਆਂ ਦੁੱਖ ਸੁੱਖ ਦੀਆਂ ਸੁਣਨ ਵਾਲਾ ਉਹਦੇ ਕੋਲ ਸੀ, ਪਰ ਅੱਜ ਉਹ ਵੀ ਨਾ ਰਿਹਾ । ਉਹਦੇ ਦਿਲ ਵਿਚੋਂ ਆਹੀਂ ਵਰੋਲੇ ਬਣਕੇ, ਸ਼ਬਦਾਂ ਦਾ ਰੂਪ ਧਾਰਕੇ ਨਿਕਲ ਰਹੀਆਂ ਸਨ :
ਨਹੀਂ ਕੋਈ ਦੋਸਤ ਅਪਨਾ, ਯਾਰ ਅਪਨਾ ਮਿਹਰਬਾਂ ਅਪਨਾ ਸੁਨਾਉਂ ਕਿਸਕੋ ਗਮ ਅਪਨਾ, ਅਲਮ ਅਪਨਾ, ਬਿਆਂ ਅਪਨਾ ਓਧਰੋਂ ਰੂਸ ਵੱਲੋਂ ਵੀ ਸਹਾਇਤਾ ਦੀ ਆਸ ਟੁੱਟ ਗਈ । ਨਾ ਤਾਂ ਓਥੋਂ ਦੇ ਬਾਦਸ਼ਾਹ ਨੇ ਮਿਲਣਾ ਪਰਵਾਨ ਕੀਤਾ, ਤੇ ਨਾ ਹੀ ਮਹਾਰਾਜ ਦੇ ਬੇਨਤੀ ਪੱਤਰ ਵੱਲ ਕੋਈ ਧਿਆਨ ਦਿੱਤਾ । ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਤੜਪ ਮਹਾਰਾਜੇ ਦੇ ਦਿਲ ਦੀ ਦਿਲ ਵਿਚ ਰਹਿ ਗਈ ।
ਫਿਰ ਫਰਾਂਸ ਵਿਚ
ਦੋ ਸਾਲ ਉਹ ਏਧਰ ਦੇ ਮੁਲਕਾਂ ਵਿਚ ਭਟਕਦਾ ਫਿਰਿਆ, ਤੇ ਫੇਰ ੧੮੯੦ ਵਿਚ ਪੈਰਸ (ਫਰਾਂਸ ਵਿਚ) ਆ ਗਿਆ ।
ਇਸ ਵੇਲੇ ਉਸਦੀ ਅਰੋਗਤਾ ਉਸਦਾ ਸਾਥ ਛੱਡ ਗਈ ਸੀ । ਮਹਾਰਾਜੇ ਦਾ ਵੱਡਾ ਲੜਕਾ ਪਿਤਾ ਦੀ ਬੀਮਾਰੀ ਸੁਣ ਕੇ ਪੈਰਸ ਪੁੱਜਾ । ਪਿਓ ਪੁੱਤਰ ਵਿਚ ਕੀ-ਕੀ ਗੱਲਾਂ ਹੋਈਆਂ ? ਇਸ ਬਾਰੇ ਸਿਰਫ ਅਨੁਮਾਨ ਹੀ ਲਾਇਆ ਜਾ ਸਕਦਾ ਹੈ । ਹਾਂ, ਇਹ ਪਰਗਟ ਹੈ ਕਿ ਪੁੱਤਰ ਦੀ ਬੇਨਤੀ ਮੰਨਕੇ ਤੇ ਉਸਦੀ ਆਉਣ ਵਾਲੀ ਜ਼ਿੰਦਗੀ ‘ਤੇ ਤਰਸ ਖਾ ਕੇ, ਬਾਗੀ ਪਿਤਾ, ਅੰਗਰੇਜ਼ ਮਲਕਾ ਕੋਲੋਂ ਮਾਫੀ ਮੰਗਣ ਲਈ ਤਿਆਰ ਹੋ ਗਿਆ । ਆਸ ਤਾਂ ਨਹੀਂ ਸੀ, ਪਰ ਮਲਕਾ ਨੇ ਮਹਾਰਾਜੇ ਨੂੰ ਮਾਫ ਕਰ ਦਿੱਤਾ ।
ਇਹ ਸਾਰੀ ਘਟਨਾ ਦਾ ਹਾਲ ਮਹਾਰਾਜਾ ਲੇਡੀ ਲਾਗਨ ਨੂੰ ਲਿਖਦਾ ਹੈ :
“ਗਰਾਂਡ ਹੋਟਲ, ਪੈਰਸ
“੧੯ ਜੁਲਾਈ, ੧੮੯੦
“ਪਿਆਰੀ ਲੇਡੀ ਲਾਗਨ !
“ਮੈਂ ਤਕਦੀਰ ਦੇ ਹੱਥੋਂ ਤਬਾਹ ਹੋ ਚੁੱਕਾ ਹਾਂ । ਮੈਂ ਏਥੇ ਲਕਵੇ ਨਾਲ ਬੀਮਾਰ ਪਿਆ ਹਾਂ । ਜੇ ਇਹ ਬੀਮਾਰੀ ਮੌਤ ਵਿਚ ਬਦਲ ਗਈ, ਤਾਂ ਮੇਰੀ ਪ੍ਰਾਰਥਨਾ ਹੈ ਕਿ ਮੈਨੂੰ ਸਭ ਬੋਲਿਆ-ਚੱਲਿਆ ਮਾਫ ਕਰਨਾ ।
“ਮੈਂ ਮਲਕਾ ਕੋਲੋਂ ਖਿਮਾਂ ਮੰਗਣ ਵਾਸਤੇ ਵੀ ਲਿਖਿਆ ਹੈ । ਅਤੇ ਜੇ ਮੈਂ ਬਿਮਾਰੀ ਤੋਂ ਰਾਜ਼ੀ ਹੋ ਗਿਆ, ਤਾਂ ਮੇਰੇ ਪੁੱਤਰ ਨੇ ਪੱਕਾ ਇਰਾਦਾ ਕਰ ਲਿਆ ਹੈ, ਕਿ ਉਹ ਮੈਨੂੰ ਇੰਗਲੈਂਡ ਵਿਚ ਖਿੱਚ ਲਿਆਵੇਗਾ, ਜਿਥੇ-ਮੈਂ ਆਸ ਕਰਦਾ ਹਾਂ-ਆਪਾਂ ਇਕ ਵਾਰ ਫਿਰ ਮਿਲ ਸਕਾਂਗੇ । “ਅੱਛਾ ! ਜੋ ਬੀਤ ਗਈ, ਸੋ ਬੀਤ ਗਈ ।
ਆਪ ਦਾ ਆਗਿਆਕਾਰ
“ਦਲੀਪ ਸਿੰਘ”
ਮਹਾਰਾਣੀ ਦੀ ਕਬਰ ਉੱਤੇ
ਏਸ ਸਾਲ ਦੇ ਅਗਸਤ ਮਹੀਨੇ ਵਿਚ ਉਹ ਇੰਗਲੈਂਡ ਵਿਚ ਐਲਵੇਡਨ ਗਿਆ, ਜਿੱਥੇ ਉਹਦੀ ਪ੍ਰਾਣ ਪਿਆਰੀ ਮਹਾਰਾਣੀ ਬੰਬਾ ਉਹਦੀ ਉਡੀਕ ਵਿਚ ਸੁੱਤੀ ਪਈ ਸੀ । ਮਹਾਰਾਜਾ ਉਸ ਸਤਵੰਤੀ ਦੇਵੀ ਦੀ ਕਬਰ ‘ਤੇ ਬੈਠਾ ਅੱਖਾਂ ਦੇ ਮੋਤੀ ਰੋਲ ਰਿਹਾ ਸੀ, ਪਰ ਕੀ ਇਸ ਤਰ੍ਹਾਂ ਉਹਦੇ ਅੰਦਰ ਦੀ ਲੱਗੀ ਬੁਝ ਸਕਦੀ ਸੀ ?
ਮੁਮਕਿਨ ਨਹੀਂ ਕਿ ਦਿਲ ਕੀ ਲਗੀ ਆਗ ਬੁਝ ਸਕੇ ਸੌ ਬਾਰ ਇਸ ਕੋ ਦੀਦਾਇ ਤਰ ਸੇ ਬੁਝਾ ਕੇ ਦੇਖ ਏਸੇ ਸਮੇਂ ਮਹਾਰਾਜੇ ਦਾ ਛੋਟਾ ਲੜਕਾ ਐਡਵਰਡ (Prince Edward) ਮਰ ਗਿਆ, ਤੇ ਮਹਾਰਾਣੀ ਬੰਬਾ ਦੇ ਖੱਬੇ ਹੱਥ ਦਫਨਾਇਆ ਗਿਆ ।
ਰੋ ਧੋ ਕੇ ਕੁਛ ਦਿਲ ਹੌਲਾ ਕਰਕੇ ਮਹਾਰਾਜਾ ਫਿਰ ਪੈਰਸ ਚਲਾ ਗਿਆ, ਤੇ ਮੌਤ ਦੀ ਉਡੀਕ ਕਰਨ ਲੱਗਾ । ਪੈਂਦੀ ’ਤੇ ਪੈਂਦੀ ਗਈ, ਤੇ ਇਹਨਾਂ ਅਸਹਿ ਗ਼ਮਾਂ ਦੇ ਭਾਰ ਹੇਠਾਂ ਉਸਦੀ ਆਤਮਾ ਕੁਚਲੀ ਗਈ । ਆਤਮਕ ਦੁੱਖ ਦਾ ਅਸਰ ਸਰੀਰ ‘ਤੇ ਵੀ ਹੋ ਗਿਆ, ਮਹਾਰਾਜਾ ਬੀਮਾਰ ਪੈ ਗਿਆ । ਅੰਤ ਇਸ ਰੋਗ ਨੇ ਬੜਾ ਭਿਆਨਕ ਰੂਪ ਧਾਰ ਲਿਆ । ਡਾਕਟਰਾਂ ਨੇ ਦੱਸਿਆ ਕਿ ਤਪਦਿਕ ਹੋ ਗਿਆ ਹੈ ।
ਆਪਣੇ ਪਿਤਾ ਦੀ ਸੇਵਾ ਵਾਸਤੇ ਮਹਾਰਾਜੇ ਦਾ ਜੇਠਾ ਪੁੱਤਰ ਵਿਕਟਰ ਦਲੀਪ ਸਿੰਘ ਪੈਰਸ ਆ ਗਿਆ । ਉਹਨੇ ਜ਼ੋਰ ਲਾਇਆ ਕਿ ਮਹਾਰਾਜਾ ਇੰਗਲੈਂਡ ਵਿਚ ਐਲਵੇਡਨ ਚਲਾ ਚੱਲੇ, ਪਰ ਮਹਾਰਾਜਾ ਨਾ ਮੰਨਿਆ । ਮਹਾਰਾਜਾ ਉਹਨਾਂ ਲੋਕਾਂ ਦੇ ਦੇਸ ਨਹੀਂ ਸੀ ਮਰਨਾ ਚਾਹੁੰਦਾ, ਜਿਨ੍ਹਾਂ ਨੇ ਮਿੱਤਰ ਬਣ ਕੇ ਉਹਦੇ ਨਾਲ ਐਨਾ ਧਰੋਹ ਕੀਤਾ ਸੀ ।
ਮੌਤ ਦੀ ਉਡੀਕ
ਮਹਾਰਾਜਾ ਹੁਣ ਮੌਤ ਦੀ ਉਡੀਕ ਕਰ ਰਿਹਾ ਸੀ । ਮੌਤ ਆਉਂਦੀ, ਮਹਾਰਾਜੇ ਦੀ ਕੁੰਡੀ ਖੜਕਾਉਂਦੀ, ਪਰ ਜਦੋਂ ਉਹ ਮੌਤ ਦੇ ਸਵਾਗਤ ਵਾਸਤੇ ਉਠ ਕੇ ਬੂਹਾ ਖੋਲ੍ਹਦਾ, ਉਹ ਪਰਤ ਗਈ ਹੁੰਦੀ ਸੀ ।
ਕਰੂੰ ਮੈਂ ਵਾਅਦਾ ਖਿਲਾਫੀ ਕਾ ਸ਼ਿਕਵਾ ਕਿਸ ਕਿਸ ਸੇ ਅਜ਼ਲ ਭੀ ਰਹਿ ਗਈ ਜ਼ਾਲਮ ਸੁਨਾ ਕੇ ਆਨੇ ਕੀ ।
ਕਦੇ ਚਾਰ ਦਿਨ ਹਾਲਤ ਜ਼ਰਾ ਚੰਗੀ ਹੋ ਜਾਂਦੀ, ਤੇ ਕਦੇ ਦਸ ਦਿਨ ਉਸ ਨਾਲੋਂ ਵੀ ਭੈੜੀ । ਏਸੇ ਤਰ੍ਹਾਂ ਸਮਾਂ ਬੀਤਦਾ ਗਿਆ, ਪਰ ਇਸ ਸਮੇਂ ਦੀਆਂ ਘੜੀਆਂ ਸਾਲਾਂ ਨਾਲੋਂ ਵੀ ਲੰਮੀਆਂ ਸਨ । ਅੰਤ ਥੱਕੇ ਹੋਏ ਰਾਹੀ ਦਾ ਪੜਾ ਨੇੜੇ-ਨੇੜੇ ਆਉਣ ਲੱਗਾ । ਹੁਣ ਮੌਤ ਬਿਲਕੁਲ ਨੇੜੇ ਭਾਸਣ ਲੱਗੀ । ਦਲੀਪ ਸਿੰਘ ਦੀ ਮੌਤ ਨਾ ਬਾਦਸ਼ਾਹਾਂ ਵਰਗੀ ਸੀ, ਨਾ ਫਕੀਰਾਂ ਵਰਗੀ । ਫਕੀਰ ਦੀ ਮੌਤ ਤਕੀਏ ਦੇ ਧੂੰਏਂ ਉੱਤੇ ਹੁੰਦੀ ਹੈ, ਤੇ ਬਾਦਸ਼ਾਹ ਦੀ ਸ਼ਾਹੀ ਤਖਤ ਉੱਤੇ । ਪਰ ਦਲੀਪ ਸਿੰਘ ਦੀ ?…
ਇਸ ਵੇਲੇ ਮਹਾਰਾਜੇ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਵਿਚ ਸਾਰੀ ਦੁਨੀਆਂ ਘੁੰਮ ਰਹੀ ਸੀ । ਉਹਦੇ ਛੋਟੇ ਜੇਹੇ ਦਿਲ ਵਿਚ ਜ਼ਮਾਨੇ ਭਰ ਦੇ ਖਿਆਲ ਚੱਕਰ ਲਾ ਰਹੇ ਸਨ । ਉਸ ਨੂੰ ਬੀਤਿਆ ਬਚਪਨ ਯਾਦ ਆਉਂਦਾ : ਓਹਾ ਪੰਜਾਂ ਪਾਣੀਆਂ ਵਾਲਾ ਦੇਸ਼, ਓਹਾ ਪੰਜਾਬ ਦੇ ਸ਼ੇਰ ਦਾ ਤਖਤ। ਕਦੇ ਉਹਦੀ ਰੂਹ ਲਾਹੌਰ ਦੇ ਸ਼ਾਹੀ ਮਹਿਲ ਵਿਚ ਤੇ ਕਦੇ ਸ਼ਾਲਾਮਾਰ ਬਾਗ਼ ਦੇ ਝਰਨਿਆਂ ਵਿਚ ਹੁੰਦੀ । ਜਦੋਂ ਕਿਤੇ ਫਿਰਦਾ- ਫਿਰਦਾ ਉਹ ਪਿਤਾ ਦੀ ਸਮਾਧ ‘ਤੇ ਅਪੜਦਾ, ਤਾਂ ਉਹਦੇ ਭਰੇ ਹੋਏ ਨੇਤਰ ਡੁੱਲ੍ਹ पैंरे।
ਹੁਣ ਉਸ ਦੀ ਹੋਸ਼ ਬੇਹੋਸ਼ੀ ਵਿਚ ਬਦਲਣ ਲੱਗੀ । ਪਰ ਗੁੰਮ ਹੋਈ ਸੁਰਤ ਅਜੇ ਵੀ ਓਸੇ ਟਿਕਾਣੇ ਟਿਕੀ ਹੋਈ ਸੀ । ਉਹਦਾ ਖੱਬਾ ਹੱਥ ਮੁੜ-ਮੁੜ ਸੱਜੇ ਡੌਲੇ ਉੱਤੇ ਜਾਂਦਾ । ਉਹ ਬੜੇ ਧਿਆਨ ਨਾਲ ਡੌਲੇ ਉੱਤੇ ਕੁਛ ਟੋਹ ਰਿਹਾ ਸੀ । ਜਿਸ ਦੀ ਮਹਾਰਾਜਾ ਭਾਲ ਕਰ ਰਿਹਾ ਸੀ, ਉਹ ‘ਕੋਹਿਨੂਰ ਸੀ।
ਸੁਰਗਵਾਸ
ਪੈਰਸ ਦੇ ਗਰੈਂਡ ਹੋਟਲ (Grand Hotel) ਵਿਚ ਇਹ ਮੌਤ ਤੇ ਜ਼ਿੰਦਗੀ ਦਾ ਘੋਲ ਹੋ ਰਿਹਾ ਸੀ, ਪਰ ਦੁਨੀਆਂ ਭਰ ਵਿਚ ਅਨੋਖਾ ਘੋਲ । ਜ਼ਿੰਦਗੀ ਮੌਤ ਕੋਲੋਂ ਹਾਰ ਮੰਨ ਕੇ ਮੈਦਾਨ ਛੱਡ ਕੇ ਨੱਸਣਾ ਚਾਹੁੰਦੀ ਸੀ । ਪਰ ਮੌਤ ਉਸ ਨੂੰ ਨੱਸਣ ਦੀ ਆਗਿਆ ਨਹੀਂ ਦੇਂਦੀ ਸੀ । ਇਸ ਤਰ੍ਹਾਂ ਮਹਾਰਾਜੇ ਦੀ ਜਾਨ ਲੁੱਛ ਰਹੀ ਸੀ । ਅੰਤ ਜਿਸ ਦੁਖੀਏ ਦਲੀਪ ਸਿੰਘ ਉੱਤੇ ਦੁਨੀਆਂ ਵਿਚ ਕਿਸੇ ਨੂੰ ਤਰਸ ਨਹੀਂ ਸੀ ਆਇਆ, ਉਸ ‘ਤੇ ਮੌਤ ਨੂੰ ਤਰਸ ਆ ਗਿਆ । ਉਸ ਨੇ ਮਹਾਰਾਜੇ ਨੂੰ ਮਾਂ ਵਾਂਗ ਗੋਦ ਵਿਚ ਲੈ ਲਿਆ, ਤੇ ਉਹਦੇ ਦੁੱਖਾਂ ਦਰਦਾਂ ਦਾ ਅੰਤ ਕਰ ਦਿੱਤਾ । ੨੩ ਅਕਤੂਬਰ, ੧੮੯੩ ਈ: ਨੂੰ ਮਹਾਰਾਜੇ ਦੀ ਰੂਹ ਇਸ ਦੇਸ ਨੂੰ ਛੱਡ ਕੇ ਅਗਲੀ ਦੁਨੀਆਂ ਵਿਚ ਰੱਬੀ ਅਦਾਲਤ ਅੰਦਰ ਇਨਸਾਫ ਲਈ ਫਰਯਾਦ ਕਰਨ ਵਾਸਤੇ ਚਲੀ ਗਈ । ੫੫ ਸਾਲ, ੧ ਮਹੀਨਾ ਤੇ ੨੦ ਦਿਨ ਦੀ ਉਮਰ ਭੋਗ ਕੇ ਮਹਾਰਾਜਾ ਦਲੀਪ ਸਿੰਘ ਸੱਚੀ ਦਰਗਾਹ ਵਿਚ ਜਾ ਵੱਸਿਆ ।
ਏਥੋਂ ਮਹਾਰਾਜੇ ਦੀ ਅਰਥੀ ਇੰਗਲੈਂਡ ਪੁਚਾਈ ਗਈ । ਮਲਕਾ ਵਿਕਟੋਰੀਆ, ਪ੍ਰਿੰਸ ਆਫ ਵੇਲਜ਼ ( ਜੋ ਪਿਛੋਂ ਬਾਦਸ਼ਾਹ ਐਡਵਰਡ ਸੱਤਵਾਂ ਬਣਿਆ), ਫਰਾਂਸ ਦਾ ਵੱਡਾ ਵਜ਼ੀਰ ਆਦਿ ਵੱਡਿਆਂ-ਵੱਡਿਆਂ ਬੰਦਿਆਂ ਨੇ ਮਹਾਰਾਜੇ ਦੀ ਅਰਥੀ ਸਜਾਉਣ ਵਾਸਤੇ ਮਾਤਮ ਵਜੋਂ ਫੁੱਲਾਂ ਦੀਆਂ ਮਾਲਾਂ ਭੇਜੀਆਂ । ਇਹਨਾਂ ‘ਸ਼ਿਬਲੀ’ ਦੇ ਫੁੱਲਾਂ ਦੇ ਭਾਰ ਹੇਠ ਮਹਾਰਾਜੇ ਦੀ ਰੂਹ ਸਗੋਂ ਤੜਪ ਉਠੀ । ਅੰਤ ਆਪਣੇ ਪਿਆਰੇ ਘਰ ਐਲਵੇਡਨ ਮਹਿਲ ਦੇ ਨੇੜੇ ਦੇ ਗਿਰਜੇ ਦੇ ਕਬਰਸਤਾਨ ਅੰਦਰ, ੨੯ ਅਕਤੂਬਰ ੧੮੯੩ ਨੂੰ ਮਹਾਰਾਜਾ ਆਪਣੀ ਪ੍ਰਾਣ ਪਿਆਰੀ ਮਹਾਰਾਣੀ ਬੰਬਾ ਮੂਲਰ ਦੇ ਲਾਗੇ ਦਫਨਾ ਦਿੱਤਾ ਗਿਆ ।
ਬਰਸੋਂ ਰਹਾ ਜਿਨ ਕੇ ਸਰ ਪਰ ਛਤਰਿ ਜ਼ਰੀਂ
ਤੁਰਬਤ ਪੇ ਨਾ ਉਨ ਕੀ ਸ਼ਾਮਿਆਨਾ ਦੇਖਾ
ਕਾਦੀਵਿੰਡ (ਕਸੂਰ)
੧ ਜਨਵਰੀ, ੧੮੪੬ ਈ:
(ਹੁਣ ਸੀਤਲ ਭਵਨ, ਮਾਡਲ ਗਰਾਮ, ਲੁਧਿਆਣਾ-2)
ਸੋਹਣ ਸਿੰਘ ‘ਸੀਤਲ’
ਨੋਟ :- ੧੯੭੭ ਈ: ਵਿਚ ਲੇਖਕ ਉਹ ਥਾਂ ਵੇਖ ਕੇ ਆਇਆ ਹੈ । ਗਿਰਜੇ ਦੇ ਕਬਰਸਤਾਨ ਵਿਚ; ਆਮ ਕਬਰਾਂ ਵਿਚ ਘਿਰੀਆਂ ਹੋਈਆਂ ਤਿੰਨ ਕਬਰਾਂ ਹਨ, ਜਿਨ੍ਹਾਂ ਵਿਚ ਮ: ਦਲੀਪ ਸਿੰਘ, ਮਾਹਾਰਾਣੀ ਬੰਬਾ ਮੂਲਰ ਤੇ ਉਹਨਾਂ ਦਾ ਗਿਆਰਾਂ ਸਾਲ ਦਾ ਛੋਟਾ ਪੁੱਤਰ ਐਡਵਰਡ ਸੁੱਤੇ ਪਏ ਹਨ ।
ਅੰਤਕਾ ਨੰ: ੩
ਮ. ਜਿੰਦ ਕੌਰ ਦੀਆਂ ਚਿੱਠੀਆਂ
ਪਹਿਲੀ ਚਿੱਠੀ
“ਲਿਖ ਤੁਮ ਬੀਬੀ ਸਾਹਿਬ, ਅਲਾਰਨ (ਲਾਰੰਸ) ਸਾਹਿਬ ਜੋਗ,
“ਅਸਾਂ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ, ਤੁਸੀਂ ਨਿਮਕ-ਹਰਾਮਾਂ ਦੇ ਪੈਰਾਂ ਵਿਚ ਦੇ ਦਿਤਾ ਸੁ । ਤੁਸੀਂ ਸਾਡੀ ਮੁਨਸਬੀ ਨਾ ਪਾਈ । ਤੁਹਾਨੂੰ ਜੋ ਚਾਹੀਦਾ ਸੀ, ਸੋ ਦਰਆਫਤੀ ਕਰ ਕੇ ਸਾਡੇ ਜੁੰਮੇ ਲਗਦਾ, ਸੋ ਲਾਂਦੇ । ਨਿਮਕਹਰਾਮਾਂ ਦੇ ਕਹੇ ਨਹੀਂ ਸੀ ਲਗਣਾ । ਤੁਸਾਂ ਵੱਡੇ ਮਹਾਰਾਜ ਦੀ ਦੋਸਤੀ ਵੱਲ ਬੀ ਨਹੀਂ ਡਿਠਾ। ਤੁਸਾਂ ਮੇਰੀ ਆਬਰੂ ਲੋਕਾਂ ਤੋਂ ਲੁਹਾਈ ਏ । ਤੁਸਾਂ ਕਾਰਨਾਮਿਆਂ ਤੇ ਅਹਿਦਨਾਮਿਆਂ ਉਪਰ ਬੀ ਕੁਝ ਅਮਲ ਨਹੀਂ ਕੀਤਾ ।
“ਰਾਜਾ ਲਾਲ ਸਿੰਘ ਮੇਰਾ ਮੋਹਤਬਰ ਤੇ ਖੈਰਖਾਹ ਤੇ ਨਿਮਕਹਲਾਲ ਸੀ । ਸੋ ਤੁਸਾਂ ਤਕਸੀਰੀ ਕਰਕੇ ਭੇਜ ਦਿਤਾ, ਤਾਂ ਅਸਾਂ ਕੁਝ ਨਹੀਂ ਤੁਸਾਂ ਨੂੰ ਆਖਿਆ । ਸਾਡੇ ਦਿਲ ਵਿਚ ਏਹ ਗੱਲ ਸੀ, ਜੋ ਆਪ ਸਾਹਿਬ ਸਾਡੇ ਪਾਸ ਨੇ, ਸਾਨੂੰ ਡਰ ਕਿਸਦਾ ਏ। ਸਾਨੂੰ ਏਸ ਗੱਲ ਦੀ ਖਬਰ ਨਹੀਂ ਸੀ, ਝੂਠੀਆਂ ਗੱਲਾਂ ਸਾਡੇ ਜੁੰਮੇ ਲਾ ਕੇ ਤੇ ਕੈਦ ਚਹਾ ਕੀਤਾ ।
“ਕੋਈ ਸਾਡੀ ਲਿਖਤ ਦੱਸੋ, ਵ ਕੁਝ ਸਾਡੇ ਜੁੰਮੇ ਲਾਓ ਆ, ਫੇਰ ਜੋ ਤੁਹਾਡੀ ਮਰਜੀ ਹੁੰਦੀ ਸੋ ਕਰਦੇ । ਇਕ ਮੈਂ ਤੇ ਮਹਾਰਾਜਾ ਤੇ ਬਾਈ ਟਹਿਲਣਾਂ ਅਸੀਂ ਸੰਮਨ (ਬੁਰਜ) ਵਿਚ ਕੈਦ ਵਾਂ । ਹੋਰ ਨੌਕਰ ਸਭ ਕਢ ਦਿਤੇ ਨੇ । ਅਸੀਂ ਬਹੁਤ ਲਾਚਾਰ ਹੋਏ ਆਂ । ਪਾਣੀ ਤੇ ਰੋਟੀ ਨਹੀਂ ਔਣ ਦਿੰਦੇ । ਏਸ ਤਰ੍ਹਾਂ ਜੁ ਸਾਨੂੰ ਤੰਗ ਕਰਦੇ ਹੋ, ਇਸ ਗੱਲ ਕੋਲੋਂ ਫਾਂਸੀ ਲਗਾ ਦਿਉ ।
“ਜੇ ਤੁਸਾਂ ਸਾਡੀ ਅਦਾਲਤ ਕੀਤੀ, ਤਾਂ ਹੱਛੀ ਗੱਲ, ਨਹੀਂ ਤਾ ਨੰਦਨ ਸਤਰ ਵਿਚ ਫਰਆਦ ਕਰਾਂਗੇ । ਹੋਰ ਜੇਹੜਾ ਡੂਢ ਲੱਖ ਲਾਇਆ ਸੀ, ਉਹ ਬੀ ਨਹੀਂ ਕਿਸੇ ਦਿਤਾ । ਹੋਰ ਜੇਹੜਾ ਚਾਰ ਮਹੀਨਿਆਂ ਵਿਚ ਖਰਚ ਕੀਤਾ ਸੀ, ਇਕਵੰਜਾ ਹਜ਼ਾਰ, ਸੋ ਬੀ ਗਹਿਣੇ ਵੇਚਕੇ ਮਿਸਰ ਮੇਘਰਾਜ ਨੂੰ ਦੇ ਦਿਤਾ । ਕਿਸੇ ਕੋਲੋਂ ਕੁਝ ਮੰਗਦੇ ਨਹੀਂ ਸਾਂ । ਆਪਣੇ ਗਹਿਣੇ ਵੇਚਕੇ ਗੁਜਰਾਨ ਕਰਦੇ ਸਾਂ । ਬੇਨਿਹੱਕ ਸਾਡੀ ਆਬਰੂ ਕਿਉਂ ਲਾਹੀ। ਮੰਗਲਾਂ ਕੀ ਤਕਸੀਰ ਕੀਤੀ, ਉਸਨੂੰ ਬੀ ਕਢ ਦਿਤਾ ।
“ਅੱਜ ਮਹਾਰਾਜ ਸਾਡੇ ਪਾਸ ਆ ਕੇ ਬਹੁਤ ਰੋਂਦੇ ਰਹੇ ਨੇ । ਆਖਣ ਲੱਗੇ, ਸਾਨੂੰ ਬਿਸ਼ਨ ਸਿੰਘ ਤੇ ਗੁਲਾਬ ਸਿੰਘ ਡਰਾਂਦੇ ਨੇ । ਜੇ ਤਾਂ ਮਹਾਰਾਜ ਨੂੰ ਡਰ ਨਾਲ ਕੁਝ ਹੋ ਗਿਆ, ਤਾਂ ਫਿਰ ਮੈਂ ਕੀ ਕਰਾਂਗੀ । ਉਨ੍ਹਾਂ ਨੂੰ ਆਖਿਆ ਨੇ ਤੁਹਾਨੂੰ ਸਾਹਿਬ ਦਾ ਹੁਕਮ ਹੈ, ਸੋ ਸ਼ਾਲਾ ਬਾਗ ਜਾ * ਕੇ ਉਤਰੋ । ਉਹ ਸੁਣਕੇ ਬਹੁਤ ਰੋਂਦੇ ਰਹੇ ।
“ਏਹ ਜੇਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ, ਕਿਸੇ ਰਜਵਾੜੇ ਨਾਲ ਨਹੀਂ ਹੋਈਆਂ । ਤੁਸੀਂ ਗੁਝੇ ਰਾਜ ਕਿਉਂ ਸਾਂਭਦੇ ਹੋ । ਜ਼ਾਹਰਾ ਹੋ ਕੇ ਕਿਉਂ ਨਹੀਂ ਕਰਦੇ। ਨਾਲੇ ਵਿਚ ਦੋਸਤੀ ਦਾ ਹਰਫ ਰਖਦੇ ਓ, ਨਾਲੇ ਕੈਦ ਕਰਦੇ ਓ । ਮੇਰੀ ਅਦਾਲਤ ਕਰੋ, ਨਹੀਂ ਤਾਂ ਨੰਦਣ ਫਰਆਦ ਕਰਾਂਗੀ । ਤਿੰਨਾਂ ਚਹੂੰ ਨਿਮਕਹਰਾਮਾਂ ਨੂੰ ਰੱਖ ਲਓ, ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦਿਓ ਇਨ੍ਹਾਂ ਦੇ ਆਖੇ ਲਗਕੇ ਤੇ ।”
(ਮੋਹਰ) ਅਕਾਲ ਸਹਾਏ, ਬੀਬੀ ਜਿੰਦ ਕੌਰ
(ਇਹ ਚਿੱਠੀ ਸ਼ੇਖੂਪੁਰ ਜਾਣ ਤੋਂ ਕੁਛ ਦਿਨ ਹੀ ਪਹਿਲਾਂ ਦੀ ਲਿਖੀ ਪਰਤੀਤ ਹੁੰਦੀ ਹੈ । ਉਪਰ ਤਾਰੀਖ ਕੋਈ ਨਹੀਂ)
ਦੂਸਰੀ ਚਿੱਠੀ
“ਸਤਿਗੁਰ ਪ੍ਰਸਾਦਿ ।
ਲਿਖਤੁਮ ਬੀਬੀ ਸਾਹਿਬ ਜੀ, ਲਾਰਨ (ਲਾਰੰਸ) ਸਾਹਿਬ ਜੋਗ,
“ਅਸੀਂ ਰਾਜੀ ਬਾਜੀ ਸ਼ੇਖੂਪੁਰੇ ਆਨ ਪਹੁੰਚੇ । ਤੁਸਾਂ ਸਾਡਾ ਅਸਬਾਬ ਸਾਂਭਕੇ ਭੇਜਣਾ । ਹੋਰ ਜੈਸੇ ਸੰਮਨ (ਬੁਰਜ) ਵਿਚ ਬੈਠੇ ਸੇ, ਤੈਸੇ ਸ਼ੇਖੂਪੁਰੇ ਬੇਠੇ ਹਾਂ । ਦੋਵੇਂ ਥਾਂ ਇਕੋ ਜੇਹੇ ਸਾਨੂੰ ਹਨ । ਤੁਸਾਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਏ । ਮੇਰਾ ਪੁੱਤਰ ਖੋਹ ਲਿਆ । ਦਸ ਮਹੀਨੇ ਮੈਂ ਢਿਡ ਵਿਚ ਰਖਿਆ, ਤੇ ਮੰਨ ਮੰਨ ਪਾਲਿਆ ਈ । ਬਿਨਾ ਗੱਲ ਮੇਰੇ ਨਾਲੋਂ ਵਿਛੋੜਿਆ । ਮੈਨੂੰ ਤੇ ਕੈਦ ਰਖਦੇ, ਮੇਰੇ ਆਦਮੀ ਕੱਢ ਦਿੰਦੇ, ਮੇਰੀਆਂ ਟਹਿਲਣਾਂ ਕਢ ਦਿੰਦੇ, ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਚਾਹੁੰਦੀ, ਉਸ ਤਰ੍ਹਾਂ ਮੇਰੇ ਨਾਲ ਕਰਦੇ । ਵਾਸਤਾ ਈ ਰੱਬ ਦਾ, ਵਾਸਤਾ ਈ ਆਪਣੇ ਬਾਦਸ਼ਾਹ ਦਾ ਜਿਸਦਾ ਨਿਮਕ ਖਾਂਦੇ ਹੋ, ਮੇਰਾ ਪੁੱਤਰ ਮੈਨੂੰ ਮਿਲੇ । ਇਹ ਦੁੱਖ ਮੈਤੋਂ ਸਹਿਆ ਨਹੀਂ ਜਾਂਦਾ, ਨਹੀਂ ਤਾਂ ਮੈਨੂੰ ਮਰਵਾ ਦਿੰਦੇ ।
“ਪੁੱਤਰ ਮੇਰਾ ਬਹੁਤ ਅਯਾਣਾ ਏ, ਕੁਝ ਕਰਨੇ ਜੋਗਾ ਨਹੀਂ । ਮੈਂ ਬਾਦਸ਼ਾਹੀ ਛੋੜੀ । ਮੈਨੂੰ ਬਾਦਸ਼ਹੀ ਦੀ ਕੋਈ ਲੋੜ ਨਹੀਂ । ਵਾਸਤੇ ਰੱਬ ਦੇ ਮੇਰੀ ਅਰਜ ਮੰਨੋ । ਏਸ ਵੇਲੇ ਮੇਰਾ ਕੋਈ ਨਹੀਂ । ਮੈਂ ਅੱਗੇ ਵੀ ਕੋਈ ਉਜਰ ਨਹੀਂ । ਜੋ ਆਖੋਗੇ, ਸੋ ਮੈਂ ਮੰਨਾਂਗੀ । ਮੇਰੇ ਪੁਤਰ ਕੋਲ ਕੋਈ ਨਹੀਂ । ਭੈਣ ਭਾਈ ਨਹੀਂ, ਕੋਈ ਚਾਚਾ ਤਾਯਾ ਨਹੀਂ, ਬਾਪ ਇਸਦਾ ਨਹੀਂ । ਇਸ ਨੂੰ ਕੀਹਦੇ ਹਵਾਲੇ ਕੀਤਾ ਜੇ । ਮੇਰੇ ਨਾਲ ਏਡੀ ਜੁਲਮੀ ਐਵੇਂ ਜੇ । ਹੋਰ ਮੈਂ ਸ਼ੇਖੂਪੁਰੇ ਰਹਾਂਗੀ, ਮੈਂ ਲਾਹੌਰ ਨਹੀਂ ਜਾਵਾਂਗੀ । ਮੇਰੇ ਪੁੱਤਰ ਨੂੰ ਮੇਰੇ ਕੋਲ ਭੇਜ ਦੇਵੋ । ਮੈਂ ਉਹਨੀਂ ਦਿਨੀਂ ਤੁਸਾਂ ਪਾਸ ਆਵਾਂਗੀ, ਜਿਸ ਦਿਨ ਦਰਬਾਰ ਲਾਉਣਾ ਹੋਸੀ । ਉਸ ਦਿਨ ਉਸ ਨੂੰ ਮੈਂ ਭੇਜ ਦਿਆਂਗੀ । ਹੋਰ ਮੇਰੇ ਨਾਲ ਬਹੁਤ ਸੀ ਹੋਈ ਹੈ । ਮੇਰੇ ਪੁੱਤਰ ਨਾਲ ਵੀ ਬਹੁਤ ਸੀ ਹੋਈ ਹੈ । ਤੇ ਲੋਕਾਂ ਦਾ ਕਿਹਾ ਮੰਨ ਲਿਆ । ਹੁਣ ਬੱਸ ਕਰੋ, ਬਹੁਤ ਹੋਈ ਹੈਗੀ।”
(ਇਹ ਚਿੱਠੀ ਸ਼ੇਖੂਪੁਰੇ ਭੇਜੇ ਜਾਣ ਤੋਂ ਪਿਛੋਂ ਛੇਤੀ ਹੀ ਲਿਖੀ ਗਈ ਹੈ ।)
ਤੀਸਰੀ ਚਿੱਠੀ
“ਸਤਿਗੁਰ ਪ੍ਰਸਾਦਿ “
ਲਿਖਤੁਮ ਮਹਾਰਾਣੀ ਸਾਹਿਬਾ ।
ਮੁਰਾਸਲਾ ਆਪ ਕਾ ਪਹੁੰਚਾ, ਬਹੁਤ ਖੁਸ਼ੀ ਹੋਈ, ਕਿ ਮੈਂ ਤੁਮ ਕੋ ਯਾਦ ਹੂੰ । ਤੁਮ ਨੇ ਜੋ ਲਿਖਾ ਹੈ ਮਹਾਰਾਜਾ ਖੁਸ਼ੀ, ਸੁਨ ਕਰ ਬਹੁਤ ਦਿਲ ਖੁਸ਼ੀ ਹੂਆ ਹੈ ।
ਜਿਸ ਦਿਨ ਸੇ ਹਮ ਲਾਹੌਰ ਸੇ ਚਲੇ ਆਏ ਹੈਂ, ਉਸ ਦਿਨ ਸੇ ਆਜ ਹਮ ਨੇ ਮਹਾਰਾਜਾ ਕੀ ਖੁਸ਼ੀ ਕੀ ਖਬਰ ਸੁਨੀ ਹੈ । ਜੋ ਤੁਮ ਨੇ ਲਿਖਾ ਹੈ, ਸੋ ਸਭ ਸੱਚ ਹੋਵੇਗਾ । ਔਰ ਮੇਰਾ ਦਿਲ ਗਵਾਹੀ ਨਹੀਂ ਦੇਤਾ ਕਿ ਮਹਾਰਾਜਾ ਰਾਜੀ ਹੋਵੇ । ਜਿਨ ਕੀ ਮਾਂ ਬਿਛੜ ਗਈ ਹੋਵੇ, ਉਹ ਕਿਉਂ ਕਰ ਰਾਜੀ ਹੋਵੇਂਗੇ । ਮਹਾਰਾਜਾ ਤੋਂ ਬਿਨਾਂ, ਇਹ ਫਲ ਦੇਤੇ ਹੋ । ਏਕ ਤੋ ਨਾਦਾਨ, ਔਰ ਏਕ ਕਬੀ ਬਿਛੜੇ ਨਹੀਂ ਥੇ। ਆਪ ਸਿਯਾਨੇ ਹੋ, ਬੁਧਵਾਨ ਹੋ, ਅਪਨੇ ਦਿਲ ਮੇਂ ਸਮਝੋ, ਕਿ ਮਹਾਰਾਜਾ ਕਿਸ ਤਰ੍ਹਾਂ ਰਾਜੀ ਹੋਂਗੇ ।
“ਇਹ ਜੋ ਤੁਮ ਨੇ ਲਿਖਾ ਹੈ, ਨਜਰ ਉਪਰ ਦੋਸਤੀ ਦੋਨੋਂ ਸਰਕਾਰ ਕੇ ਬਹੁਤ ਖਿਆਲ ਖੁਸ਼ੀ ਖਾਤਰ ਮਹਾਰਾਜਾ ਕਾ ਹੈ । ਜੋ ਤੁਮ ਨੇ ਮਹਾਰਾਜ ਕੀ ਖੁਸ਼ੀ ਖਾਤਰ ਰਖੀ ਹੈ, ਉਹ ਸਾਰੇ ਜਮਾਨੇ ਮੇਂ ਮਸ਼ਹੂਰ ਹੋਈ ਹੈ, ਕਿ ਰੋਤੇ ਹੂਏ ਕੋ ਛੀਨ ਕਰ ਸ਼ਾਲਾ ਬਾਗ ਕੋ ਲੈ ਗਏ ਔਰ ਮਾਂ ਕੋ ਬਾਲ ਪਕੜ ਕਰ ਬਾਹਰ ਨਿਕਾਲ ਦੀਆ । ਤੁਮਹਾਰੇ ਦਿਲ ਮੇਂ ਇਤਨਾ ਦਰੇਗ ਨਾ ਆਇਆ, ਕਿ ਮਹਾਰਾਜ ਨਾਦਾਨ ਹੈ, ਕਿਉਂ ਕਰ ਰਹੇਗਾ ।
“ਤੁਮਹਾਰੇ ਤਈਂ ਇਸੀ ਇੱਜਤ ਆਬਰੂ ਕੇ ਤਈਂ ਰੱਖਾ ਥਾ, ਸੋ ਨਮਕਹਰਾਮੋਂ ਨੇ ਉਹ ਇੱਜਤ ਆਬਰੂ ਬੀ ਨਹੀਂ ਰਹਿਨੇ ਦੀ । ਏਕ ਅਫਸੋਸ ਹੈ, ਕਿ ਤੁਮ ਨੇ ਹਮਾਰੇ ਜੁੰਮੇ ਸਮਝ ਕਰ ਤਕਸੀਰ ਨਹੀਂ ਲਗਾਈ, ਨਿਮਕਹਰਾਮੀਓਂ ਕੇ ਕਹਿਨੇ ਪਰ ਅਮਲ ਕਰ-ਕਰ ਦੇਸ ਨਿਕਾਲਾ ਦੇ ਦੀਆ । ਜੋ ਕੀਆ ਸੋ ਸਭ ਆਪ ਕੀ ਨੇਕਨਾਮੀ ਹੂਈ ਹੈ । ਮੇਰੀ ਇੱਜਤ ਆਬਰੂ ਔਰ ਤੁਮਹਾਰਾ ਜਬਾਨ ਕਾ ਸੁਖਨ ਗਿਆ । ਔਰ ਜੋ ਤੁਮ ਨੇ ਮੇਰੇ ਸਾਥ ਕੀਆ ਹੈ, ਐਸਾ ਖੂਨੀ ਕੇ ਸਾਥ ਬੀ ਨਹੀਂ ਗੁਜਰਤਾ ਹੈ । ਮੈਂ ਸਭ ਕੁਝ ਛੋੜ ਕਰ ਫਕੀਰ ਹੂਈ ਥੀ, ਸੋ ਤੁਮਨੇ ਫਕੀਰ ਬੀ ਨਹੀਂ ਰਹਿਨੇ ਦੀਏ । ਔਰ ਖਰਚ ਸੇ ਹਮ ਬਹੁਤ ਤੰਗ ਹੈ ।
“ਔਰ ਬੰਧੂਜੀਤ ਕੋ ਤੁਮਹਾਰੇ ਪਾਸ ਭੇਜਾ ਹੈ । ਇਸ ਕੋ ਆਪਨੇ ਪਾਸ ਰਖਨਾ। ਔਰ ਆਧਾ ਅਸਬਾਬ ਹਮਾਰੇ ਪਾਸ ਪਹੁੰਚ ਗਿਆ ਹੈ, ਆਧਾ ਨਹੀਂ ਦੇਤੇ । ਹਮ ਕੋ ਦਿਲਵਾਦੋ, ਔਰ ਖਰਚ ਲੇ ਕਰ ਭੇਜੋ ।”
(ਇਸ ਚਿੱਠੀ ਦੇ ਅੰਗਰੇਜ਼ੀ ਉਲਥੇ ਉਤੇ ੧੬ ਭਾਦੋਂ, ੩੦ ਅਗਸਤ ੧੮੪੭ ਦੀ ਤਾਰੀਖ਼ ਦਰਜ ਹੈ । ਇਸ ਦੀ ਬੋਲੀ ਵੀ ਪਹਿਲੀਆਂ ਚਿੱਠੀਆਂ ਨਾਲੋਂ ਵੱਖਰੀ ਤੇ ਓਪਰੀ ਹੈ । ਸ਼ਾਇਦ ਇਹ ਸਰਕਾਰੀ ਚਿੱਠੀ ਦੇ ਉੱਤਰ ਵਿਚ ਲਿਖੀ
Credit – ਗਿਆਨੀ ਸੋਹਣ ਸਿੰਘ ਸੀਤਲ