ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ

ਉਸਤਤ ਨਿਰੰਕਾਰ ਦੀ 

ਸਦਕੇ ਜਾਂ ਮੈਂ ਤੇਰੀਆਂ ਕੁਦਰਤਾਂ ਤੋਂ,

ਲੀਲਾ ਦੇਖੀ ਮੈਂ ਤੇਰੀ ਅਪਾਰ ਪਿਆਰੇ।

ਔਗਣਹਾਰ ਹਾਂ ਬਖਸ਼ ਦੇਈਂ ਔਗਣਾਂ ਨੂੰ,

ਤੈਨੂੰ ਆਖਦੇ ਨੇ ਬਖਸ਼ਨ ਹਾਰ ਪਿਆਰੇ।

ਦੇਖ ਦੇਖ ਮਹਿਮਾ ਤੇਰੀ ਹੈਰਾਨ ਹੋਇਆ,

ਕੀਤੇ ਕੌਤਕ ਜੋ ਵਿਚ ਸੰਸਾਰ ਪਿਆਰੇ।

ਉਲਟ ਪੁਲਟ ਕਰ ਦੇਵੇ ਜਹਾਨ ਸਾਰਾ,

ਤੇਰੇ ਹਥ ਦਾ ਖੇਲ ਨਿਰੰਕਾਰ ਪਿਆਰੇ।

ਪਾਪ ਹੁੰਦਿਆਂ ਵੇਖ ਕੇ ਉਲਟ ਦੇਵੇਂ,

ਤਖਤਾ ਜ਼ੁਲਮ ਦਾ ਆਨ ਕਰਤਾਰ ਪਿਆਰੇ ।

ਰਾਜ ਮਾਣਦੇ ਜੋ ਸੁਖਾਂ ਵਿਚ ਸੀਗੇ,

ਕਰੇਂ ਪਲ ਦੇ ਵਿਚ ਖਵਾਰ ਪਿਆਰੇ।

ਪਲ ਵਿਚ ਵਸਦੇ ਸ਼ੈਹਰ ਉਜਾੜ ਦੇਵੇਂ,

ਪਲ ਵਿਚ ਰੌਣਕਾਂ ਕਰੇਂ ਹਜ਼ਾਰ ਪਿਆਰੇ।

ਤਖਤੋਂ ਲਾਹੇਂ ਪਲ ਵਿਚ ਕਈ ਰਾਜੇ,

ਧਕੇ ਖਾਂਵਦੇ ਸ਼ਾਹ ਸਵਾਰ ਪਿਆਰੇ।

ਮੌਜਾਂ ਮਾਣਦੇ ਜੇਹੜੇ ਸੀ ਸੇਜ ਉਤੇ,

ਭੀਖ ਮੰਗਦੇ ਫਿਰਨ ਬਜ਼ਾਰ ਪਿਆਰੇ।

ਅਵਤਾਰ ਸਿੰਘ ਨੂੰ ਓਟ ਹੈ ਇਕ ਤੇਰੀ,

ਕਰਾਂ ਨਵਾਂ ਪ੍ਰਸੰਗ ਤਿਆਰ ਪਿਆਰੇ।

ਵਾਕ ਕਵੀ

ਲਿਖਾਂ ਕੀ ਪਰ ਲਿਖੇ ਨ ਕਲਮ ਮੇਰੀ,

ਜੋ ਜੋ ਹੋ ਗਿਆ ਏ ਪਾਕਿਸਤਾਨ ਅੰਦਰ ।

ਅਖਾਂ ਰੋਂਦੀਆਂ ਦੇਖ ਕੇ ਇਹ ਕੌਤਕ,

ਹੋਇਆ ਜ਼ੁਲਮ ਜੇੜ੍ਹਾ ਇਸ ਜਹਾਨ ਅੰਦਰ।

ਸੁਤੇ ਸੌਂ ਗਏ ਕਈ ਨੇ ਵੀਰ ਮੇਰ,

ਕਈ ਕਾਫਲੇ ਰੋਹੜੇ ਤੂਫਾਨ ਅੰਦਰ ।

ਭਾਂਬੜ ਮਚੇ ਕਈ ਅਗ ਦੇ ਆਨ ਐਸੇ,

ਜਿਉਂਦੇ ਸੜ ਗਏ ਕਈ ਮਕਾਨ ਅੰਦਰ ।

ਹਾ ਹਾ ਕਾਰ ਸੰਸਾਰ ਦੇ ਵਿਚ ਪੈ ਗਈ,

ਹੋ ਗਿਆ ਕੀ ਅਜ ਹਿੰਦੁਸਤਾਨ ਅੰਦਰ ।

ਭੂਤ ਮਜ਼੍ਹਬ ਦਾ ਚਮੜਿਆ ਆਨ ਐਸਾ,

ਹਿੰਦੂ ਸਿਖ ਤੇ ਮੁਸਲਮਾਨ ਅੰਦਰ ।

ਵੈਰੀ ਬਣ ਗਏ ਜਾਨ ਦੇ ਆਨ ਐਸੇ,

ਜਿਹੜੇ ਰਹਿੰਦੇ ਸਨ ਇਕ ਮਕਾਨ ਅੰਦਰ ।

ਇਕੋ ਮੁਲਕ ਵਿਚ ਸਦੀਆਂ ਦੇ ਰਹਿਣ ਵਾਲੇ,

ਰੋਹੜੇ ਪਲ ਵਿਚ ਮਜ਼ਬ ਤੂਫਾਨ ਅੰਦਰ ।

ਆਖੇ ਲਗ ਕੇ ਮਜ਼ਬ ਪ੍ਰਸਤਾਂ ਦੇ,

ਝੁਗੇ ਚੌੜ ਕੀਤੇ ਐਸੇ ਮਾਨ ਅੰਦਰ।

ਹਿੰਦੂ ਹਿੰਦ ਦੇ ਵਿਚ ਅਵਤਾਰ ਸਿੰਘਾ,

ਮੁਸਲਮਾਨ ਟੁਰ ਗਏ ਪਾਕਿਸਤਾਨ ਅੰਦਰ ।

ਇਨਕਲਾਬ ਆਇਆ 

ਕਈਆਂ ਮੁਦਤਾਂ ਤੋਂ ਅਸੀਂ ਕੂਕਦੇ ਸਾਂ,

ਇਨਕਲਾਬ ਆਵੇ ਹਿੰਦੁਸਤਾਨ ਦੇ ਵਿਚ ।

ਟੁਟ ਜਾਨ ਏਹ ਸੰਗਲ ਗੁਲਾਮੀਆਂ ਦੇ,

ਵਸੀਏ ਅਸੀਂ ਆਜ਼ਾਦ ਜਹਾਨ ਦੇ ਵਿਚ ।

ਹੋਵੇ ਵਿਚ ਜਹਾਨ ਦੇ ਮਾਣ ਸਾਡਾ,

ਝੁਲੇ ਸਾਡਾ ਨਿਸ਼ਾਨ ਫਿਰ ਸ਼ਾਨ ਦੇ ਵਿਚ

‘ਅਮਰ’ ਮੁਦਤਾਂ ਤੋਂ ਸੀ ਉਡੀਕ ਜਿਸਦੀ,

ਵਾਹ੨ ਆਯਾਇਨਕਲਾਬ ਇਨਸਾਨ ਦੇ ਵਿਚ

ਐਸੇ ਆਨ ਜ਼ਮਾਨੇ ਦੇ ਤੋਰ ਬਦਲੇ,

ਬਦਲੀ ਜਿਮੀਂ ਤੇ ਬਦਲ ਅਸਮਾਨ ਗਿਆ ।

ਜਜ਼ਬੇ ਬਦਲ ਗਏ ਹਰ ਇਨਸਾਨ ਵਾਲੇ,

ਇਹ ਇਨਸਾਨ ਫਿਰ ਬਣ ਸ਼ੈਤਾਨ ਗਿਆ ।

ਭੜਕੀ ਆਨ ਜਵਾਲਾ ਸੀ ਮਜ਼ਬ ਵਾਲੀ,

ੳਡੀ ‘ਸ਼ਰਮ ਹਯਾ’ ਤੇ ਇਮਾਨ ਗਿਆ।

ਭਾਰਤ ਮਾਂ ਦੀ ਛਾਤੀ ਤੇ ਪੈਰ ਰਖ ਕੇ,

‘ਅਮਰ’ ਲੰਘ ਓਹ ਮਜ਼੍ਹਬੀ ਇਨਸਾਨ ਗਿਆ।

ਪਹਿਲੋਂ ਕੂਕਦੇ ਰਹੇ ਇਨਕਲਾਬ ਆਵੇ,

ਜਦੋਂ ਆਇਆ ਤੇ ਵੰਡੀਆਂ ਪਾਨ ਲਗਪਏ।

ਸਮਝੀ ਨਹੀਂ ਅੰਗ੍ਰੇਜ਼ ਦੀ ਚਾਲ ਦੋਹਾਂ,

ਭਾਈ ਭਾਈ ਨੂੰ ਕਿਸ ਤਰ੍ਹਾਂ ਖਾਨ ਲਗ ਪਏ ।

‘ਮੁਲਾਂ’ ਅਤੇ ਬ੍ਰਹਮਣ ਤੇ ਭਾਈ ਤਿੰਨੇ,

ਰੌਲਾ ਮਜ਼ਬ ਕਮਬਖਤ ਦਾ ਪਾਨ ਲਗ ਪਏ।

‘ਅਮਰ’ ਇਸ ਫਰੰਗੀ ਦੇ ਲਗ ਕਹਿਣੇ,

ਖਲਕਤ ਰਬ ਦੀ ਕਿਵੇਂ ਮੁਕਾਣ ਲਗ ਪਏ ।

ਭਰੇ ਈਰਖਾ ਮਜ਼ਬ ਪ੍ਰਸਤੀਆਂ ਦੇ,

ਇਕ ਦੂਸਰੇ ਤਾਈਂ ਭੜਕਾਨ ਲਗ ਪਏ ।

ਲੰਬੂ ਲਾਕੇ ਤੇ ਸ਼ਹਿਰ ਸ਼ਹਿਰ ਅੰਦਰ,

ਕਈ ਮਸਜਦਾਂ ਮੰਦ੍ਰ ਸੀ ਢਾਹਨ ਲਗ ਪਏ।

ਰਾਹ ਜਾਂਦਿਆਂ ਰਬ ਦਿਆਂ ਬੰਦਿਆਂ ਨੂੰ,

ਛੁਰੇ ਮਾਰ ਨਾਹੱਕ ਗਿਰਾਨ ਲਗ ਪਏ ।

‘ਅਮਰ’ਛਿੜ ਗਈ ਮਜ਼ਬ ਦੀ ਜੰਗ ਐਸੀ,

ਆਪਸ ਵਿਚ ਹਿੰਦੂ ਮੁਸਲਮਾਨ ਲਗ ਪਏ ।

ਸਾਡੇ ਦੇਸ ਪੰਜਾਬ ਦੀ ਧਰਤ ਉਤੇ,

ਕਦੇ ਦੇਖਿਆ ਨਾ ਜੋ ਇਨਕਲਾਬ ਆਯਾ ।

ਐਸੀ ਮਜ਼ਹਬ ਦਰਿਆ ਨੇ ਢਾਹ ਲਾਈ,

ਰੁੜਿਆ ਹਰ ਕੋਈ ਜਦੋਂ ਸਿਲਾਬ ਆਯਾ ।

ਘਾਤਕ ਬਣ ਇਨਸਾਨ ਨੇ ਛੁਰਾ ਫੜਿਆ,

ਇਕ ਰਬ ਨੂੰ ਦਿਲੋਂ ਜਵਾਬ ਆਇਆ।

‘ਅਮਰ’ ਅੰਤ ਨੂੰ ਭਾਈ ਭਾਈ ਬਣਸਨ,

ਜਦੋਂ ਦਿਲਾਂ ਤੇ ਫੇਰ ਇਨਕਲਾਬ ਆਯਾ।

ਅੰਗ੍ਰੇਜ਼ ਦੀ ਚਾਲ

ਅੱਖੀਂ ਦੇਖ ਸੁਭਾਸ਼ ਦੇ ਕਾਰਨਾਮੇ,

 

 

 

 

ਤਖਤ ਡੋਲਿਆ ਸੀ ਇੰਗਲਸਤਾਨ ਵਾਲਾ।

ਜਿਤ ਲੈਣਗੇ ਹਿੰਦ ਦਾ ਰਾਜ ਹਿੰਦੀ,

ਹੋਇਆ ਪਿਆਰ ਜੇ ਮੁਸਲਮਾਨ ਵਾਲਾ।

ਵੇਖ ਲਿਆ ਅਜ਼ਾਦ ਹਿੰਦ ਫੌਜ ਤਾਈਂ,

ਰਤਾ ਫਰਕ ਨਹੀਂ ‘ਰਾਮ’ ਰਹਿਮਾਨ ਵਾਲਾ ।

ਲੜਦੇ ਮਜ਼ਹਬ ਦੋਨੋਂ ਸੀ ਇਕ ਜਾਨ ਹੋਕੇ,

ਚੜ੍ਹਿਆ ਰੰਗ ਆਜ਼ਾਦੀ ਦੀ ਪਾਣ ਵਾਲਾ।

ਭਾਰਤ ਮਾਂ ਦੇ ਲਾਡਲਿਆਂ ਵਿਚ ‘ਅਮਫਲ’,

ਲਾਇਆ ਮੋਰਚਾ ਮੂੰਹ ਭਵਾਨ ਵਾਲਾ।

ਇਧਰ ਮੰਨ ਤਬਾਹੀ ਨੂੰ ਹਿੰਦੀਆਂ ਨੇ,

ਕੀਤਾ ਹੁਕਮ ਅੰਗਰੇਜ਼ਾਂ ਨੂੰ ਜਾਨ ਵਾਲਾ।

ਓਧਰ ਗਾਂਧੀ ਬੰਬਈ ਦੇ ਵਿਚ ਆਖੇ,

ਰਾਜ ਰਹੇਗਾ ਨਹੀਂ ਸ਼ੈਤਾਨ ਵਾਲਾ ।

ਉਠ ਕੇ ਸ਼ੇਰ ਜਵਾਹਰ ਨੇ ਦਮਕ ਮਾਰੀ,

ਝੱਖੜ ਝੁਲਿਆ ਆਨ ਤੂਫਾਨ ਵਾਲਾ।

ਤਾਰਾਂ ਖੜਕੀਆਂ ਜਾ ਬਰਤਾਨੀਆਂ ਨੂੰ,

ਰਾਜ ਚਲਿਆ ਜੇ ਹਿੰਦੁਸਤਾਨ ਵਾਲਾ।

ਸੋਚਾਂ ਵਿਚ ਫਰੰਗੀ ਦੀ ਜਾਨ ਪੈ ਗਈ,

ਟੋਲਾ ਘਲਿਆ ਇਕ ਸ਼ੈਤਾਨ ਵਾਲਾ।’

ਸੀਟੀ ਮੇਲ ਜਿਨਾਹ ਦੇ ਨਾਲ ਯਾਰੋ,

ਸੋਸ਼ਾ ਛਡਿਆ ਸੀ ਪਾਕਿਸਤਾਨ ਵਾਲਾ।

ਚਲਿਆ ਆਯਾ ਜੋ ਸਦੀਆਂ ਦਾ ਮੇਲ ਸਾਡਾ,

ਹਿੰਦੂ ਸਿਖ ਤੇ ਮੁਸਲਮਾਨ ਵਾਲਾ ।

ਇਕੋ ਸਾਲ ਵਿਚ ਕਰ ਤਬਾਹ ਦਿਤਾ,

ਅਮਨ ਏਸ ਸਾਡੇ ਹਿੰਦੁਸਤਾਨ ਵਾਲਾ ।

ਦੇਖੇ ਆਪ ਤਮਾਸ਼ਾ ਅਵਤਾਰ ਸਿੰਘਾ,

ਚੰਦਰੀ ਚਾਲ ਚਲ ਇੰਗਲਿਸਤਾਨ ਵਾਲਾ ।

ਮੁਸਲਮ ਲੀਗ ਦਾ ਪ੍ਰਚਾਰ

ਲਗੀ ਲੈਣ ਸੁਫਨੇ ਮੁਸਲਮ ਲੀਗ ਯਾਰੋ,

ਕਿਵੇਂ ਹਿੰਦ ਦਾ ਰਾਜ ਸੰਭਾਲ ਲਈਏ।

ਸੁਤੇ ਕੌਮ ਦੇ ਫਿਰ ਮੁਲਾਣਿਆਂ ਨੂੰ,

ਝੂਲ ਝੂਲ ਕੇ ਨਾਲ ਉਠਾਲ ਲਈਏ।

ਸਭੇ ਰਲ ਕੇ ਮਜ਼ਹਬ ਦੇ ਤਖਤ ਉਤੇ,

ਤਾਜ਼ ਰਖ ਜਿਨਾਹ ਸੰਭਾਲ ਲਈਏ।

ਦੇ ਕੇ ਡਰ ਹਲਾਕ’ ‘ਚੰਗੇਜ਼’ ਵਾਲਾ,

ਕਰ ਹਿੰਦੂਆਂ ਤਾਈਂ ਹਲਾਲ ਲਈਏ।

ਕਲਮਾ ਸ਼ਰਾ ਦਾ ਰਖ ਜ਼ਬਾਨ ਉਤੇ,

ਕਾਫਰ ਕੁਫਰ ਦੇ ਸਚੇ ਵਿਚ ਢਾਲ ਲਈਏ।

ਕਾਬੂ ਕਰਕੇ ਹਿੰਦ ਦੀ ਬਾਦਸ਼ਾਹੀ,

ਫਿਰ ਦਿੱਲੀ ਦਾ ‘ਕਿਲ੍ਹਾ ਲਾਲ’ ਲਈਏ।

ਪਿਛੋਂ ਕਰਾਂਗੇ ਹਿੰਦ ਤੇ ਹੁਕਮਰਾਨੀ,

ਪਹਿਲੋਂ ਮਜ਼੍ਹਬ ਦੇ ਭਾਂਬੜ ਨੂੰ ਬਾਲ ਲਈਏ।

ਇਹ ਪ੍ਰਚਾਰ ਕਰ ਲੀਗ ਅਵਤਾਰ ਸਿੰਘਾ,

ਸਾਰੀ ਕੀਤੀ ਹੋਈ ਖੂਹ ਵਿਚ ਡਾਲ ਲਈਏ।

ਛਡਕੇ ਖਿਜ਼ਰ ਵਜ਼ਾਰਤ ਨੂੰ ਪਰੇ ਹੋਇਆ,

ਲੀਗੀ ਕੁਰਸੀਆਂ ਤੇ ਧਰਨਾਂ ਮਾਰ ਬੈਠੇ ।

ਰਲ ਨਾਲ ਗਵਰਨਰ ਦੇ ਮਤਾ ਕੀਤਾ,

ਮਿਲ ਗਿਆ ਪੰਜਾਬ ਲਲਕਾਰ ਬੈਠੇ।

ਦੀਵੇ ਜਗ ਪਏ ਖੁਸ਼ੀ ਦੇ ਘਰਾਂ ਅੰਦਰ,

ਮੁਸਲਮਲੀਗ ਦੇ ਅਜ ਸਰਦਾਰ ਬੈਠੇ।

ਕਈ ਵੰਡ ਸ਼ਰੀਨੀਆਂ ਕਹਿਣ ਲਗੇ,

ਪਾਕਿਸਤਾਨ ਦੇ ਅਜ ਦਰਬਾਰ ਬੈਠੇ।

ਝੰਡਾ ਲੀਗ ਦਾ ਚਾੜ੍ਹ ਅਸੈਂਬਲੀ ਤੇ,

ਅਲੀ ਅਲੀ ਦੇ ਨਾਹਰੇ ਮਾਰ ਬੈਠੇ।

ਗੁਸਾ ਖਾ ਕੇ ਹਿੰਦੂ ਤੇ ਸਿਖ ਉਠੇ,

ਆਖਣ ਦੇਖਨ ਕੀ ਹੁਣ ਯਾਰ ਬੈਠੇ।

ਕਬਜ਼ਾ ਕਰ ਪੰਜਾਬ ਅਸੈਂਬਲੀ ਤੇ,

ਮੁਸਲਮ ਲੀਗ ਨੂੰ ਦੇ ਕੇ ਹਾਰ ਬੈਠੇ।

ਸੀਨੇ ਲੇਟਦਾ ਰਹੇਗਾ ਸਪ ਸਾਡੇ,

ਇਹ ਦਿਲ ‘ਚ ਸੋਚ ਵਿਚਾਰ ਬੈਠੇ।

ਗੁਸਾ ਖਾਕੇ ਉਤਾਰਿਆ ਜਾ ਝੰਡਾ,

ਜੇਹੜਾ ਚਹਾੜ ਕੇ ਲੀਗ ਸਰਦਾਰ ਬੈਠੇ ।

ਲੁਟ ਮਚ ਗਈ ਆਨ ਪੰਜਾਬ ਅੰਦਰ,

‘ਅਮਰ’ ਮਜ਼੍ਹਬ ਦੀ ਚੁਕ ਤਲਵਾਰ ਬੈਠੇ ।

ਸੂਬਾ ਸਰਹਦ ਦਾ ਹਾਲ

ਰਾਵਲਪਿੰਡੀ ਹਜ਼ਾਰੇ ਦੇ ਵਿਚ ਬੀਤੀ,

ਕਰਾਂ ਖੋਹਲ ਕੇ ਹਾਲ ਬਿਆਨ ਭਾਈ ।

ਝਖੜ ਝੁਲਿਆ ਆਣਕੇ ਜ਼ੁਲਮ ਵਾਲਾ,

ਡੋਲ ਗਿਆ ਸੀ ਰਬੀ ਅਸਮਾਨ ਭਾਈ ਕੋਈ

ਪਿੰਡ ਨ ਸ਼ਹਿਰ ਗਿਰਾਂ ਛਡਿਆ,

ਜਿਥੇ ਮਚਿਆ ਨਹੀਂ ਤੂਫਾਨ ਭਾਈ।

ਰਹੀ ਕੋਈ ਸਰਕਾਰ ਨਾ ਸਿਰ ਉਤੇ,

ਗੁੰਡੇ ਕਰਨ ਹਕੂਮਤਾਂ ਆਨ ਭਾਈ।

ਪਿੰਡ ਪਿੰਡ ਤੇ ਸ਼ਹਿਰ ਗਿਰਾਂ ਸਾੜੇ,

ਭਾਂਬੜ ਅਗ ਦੇ ਪਏ ਮਚਾਨ ਭਾਈ ।

ਹਰੀ ਪੁਰ ਤੇ ਐਬਟਾ ਬਾਦ ਸਾਰਾ,

ਗੁਜਰਖਾਨ ਤੇ ਚੜ੍ਹੇ ਪਠਾਨ ਭਾਈ।

ਹਿੰਦੂ ਸਿਖਾਂ ਦੀ ਕਤਲੇ ਆਮ ਹੋ ਗਈ,

ਲੁਟੇ ਘਰਾਂ ਦੇ ਨੁਲ ਸਮਾਨ ਭਾਈ।

ਦੁਧ ਪੀਂਦੀਆਂ ਬੱਚਿਆਂ ਤਾਈਂ ਫੜਕੇ,

ਤੇਗਾਂ ਨੇਜ਼ਿਆਂ ਉਪਰ ਲਟਕਾਨ ਭਾਈ।

ਘਰਾਂ ਵਿਚ ਲਖਾਂ ਜੀਅ ਬੰਦ ਕਰਕੇ,

ਸਾੜੇ ਜੀਂਵਦੇ ਕਈ ਇਨਸਾਨ ਭਾਈ।

ਲੈ ਗਏ ਲੜਕੀਆਂ ਚੁਕ ਸ਼ੈਤਾਨ ਆਕੇ,

ਹਾ ਹਾ ਕਾਰ ਮਚ ਗਈ ਜਹਾਨ ਭਾਈ ।

ਐਸੀ ਚਾਲ ਅੰਗ੍ਰੇਜ਼ ਦੀ ਚਲ ਗਈ,

ਪਿਛੋਂ ਲੀਗ ਦੇ ਹਿੰਦ ਖੂਨਖਾਰ ਬਣਿਆ।

ਪਹਿਲੋਂ ਵਿਚ ਨਵਾਖਲੀ ਸ਼ੁਰੂ ਹੋਈ,

ਇਹੋ ਖੇਲ ਫਿਰ ਸੂਬਾ ਬਿਹਾਰ ਬਣਿਆ ।

ਅੱਗ ਧੁਖਦੀ ਧੁਖ ਦੀ ਮਚ ਪਈ,

ਅਡਾ ਆ ਪੰਜਾਬ ਵਿਚਕਾਰ ਬਣਿਆ।

ਇਕ ਸਾਥ ਹਮਸਾਏ ਰਹਿਣ ਵਾਲੇ,

ਗੂੜਾ ਸਦੀਆਂ ਦਾ ਜੋ ਪਿਆਰ ਬਣਿਆ ।

ਵੈਰੀ ਬਣ ਗਏ ਆਂਢ ਗੁਵਾਂਢ ਵਾਲੇ,

ਵਿਚੋਂ ਪਿਆਰ ਤਲਵਾਰ ਦੀ ਧਾਰ ਬਣਿਆ ।

ਐਸੀ ਆਨ ਕੇ ਮਜ਼ਬ ਦੀ ਅੱਗ ਭੜਕੀ,

ਵੈਰੀ ਹੋ ਗਿਆ ਜੋ ਕਲ ਯਾਰ ਬਣਿਆ।

ਅਖੋਂ ਉਡ ਗਈ ਸ਼ਰਮ ਹਯਾ ਸਾਰੀ,

ਖੋਟ ਦਿਲ ਦਾ ਆਨ ਵਿਚਾਰ ਬਣਿਆ।

ਕੀਤੀ ਮੁਲਕ ਦੀ ਕਦਰ ਨ ਜ਼ਾਲਮਾਂ ਨੇ,

ਦੁਸ਼ਟ ਪਾਪੀ ਅੰਗ੍ਰੇਜ਼ ਦਾ ਯਾਰ ਬਣਿਆ ।

ਯਾਰੋ ਮਜ਼ਬ ਪ੍ਰਸਤੀ ਦੀ ਕਰੇ ਪੂਜਾ,

ਮੁਸਲਮ ਲੀਗ ਦਾ ਇਹ ਪ੍ਰਚਾਰ ਬਣਿਆ ।

ਲਾਕੇ ਮਜ਼ਬ ਦੀ ਅਗ ਅਵਤਾਰ ਸਿੰਘਾ,

ਪਾਕਿਸਤਾਨ ਦਾ ਜਾ ਸਰਦਾਰ ਬਣਿਆ ।

ਕਵਿਓ ਵਾਚ

ਮੁਸਲਮਲੀਗ ਦੇ ਦਸਾਂ ਮੈਂ ਕਾਰਨਾਮੇ,

ਜੋ ਜੋ ਹਿੰਦ ਦੇ ਵਿਚ ਗੁਜ਼ਾਰੀਆਂ ਨੇ।

ਆਖੇ ਲਗ ਅੰਗ੍ਰੇਜ਼ ਸ਼ੈਤਾਨ ਦੇ ਜੀ,

ਸਤੀਆਂ ਘੇਰ ਕੇ ਦੁਸ਼ਟਾਂ ਮਾਰੀਆਂ ਨੇ ।

ਸੁਖੀ ਵਸਦੇ ਹਿੰਦ ਦੇ ਹਿੰਦੀਆਂ ਨੂੰ,

ਪਾਈਆਂ ਆਨ ਮੁਸੀਬਤਾਂ ਭਾਰੀਆਂ ਨੇ ।

ਭਾਰਤ ਮਾਂ ਦੇ ਟੁਕੜੇ ਕਰ ਦਿਤੇ,

ਜੜ੍ਹੋਂ ਫੇਰ ਕੇ ਤੇਜ਼ ਕਟਾਰੀਆਂ ਨੇ।

ਲਗੇ ਹੋਏ ਪਿਆਰ ਨੂੰ ਤੋੜ ਸਿਟਿਆ,

ਵੇਖੋ ਇਹਨਾਂ ਅੰਗ੍ਰੇਜ਼ ਮਦਾਰੀਆਂ ਨੇ।

ਹੋਏ ਖੂਨ ਨੇ ਆਨ ਬੇਦੋਸ਼ਿਆਂ ਦੇ,

ਰੋਂਦੇ ਕਰਨ ਲੋਕੀ ਗਿਰੀਆ ਜ਼ਾਰੀਆਂ ਨੇ।

ਇਸ ਮਜ਼੍ਹਬ ਦੀ ਜੰਗ ਵਿਚ ਕਈ ਮਰ ਗਏ,

ਫਿਰਨ ਰੰਡੀਆਂ ਲਖਾਂ ਹੀ ਨਾਰੀਆਂ ਨੇ ।

ਮਾਵਾਂ ਰੋਂਦੀਆਂ ਪੁਤਰਾਂ ਬਾਹਝ ਸੈਆਂ,

ਵੀਰ ਵੇਖਦੇ ਭੈਣਾਂ ਪਿਆਰੀਆਂ ਨੇ ।

ਆਨ ਪਿਆ ਏ ਵਖਤ ਅਵਤਾਰ ਸਿੰਘਾ,

ਕੀਤਾ ਜ਼ੁਲਮ ਹੈ ਬਹੁਤ ਹਤਿਆਰਿਆਂ ਨੇ।

ਸ਼ਿਮਲੇ ਦੀ ਕਾਨਫੰਸ

ਪੰਜਾਬ ਦੀ ਧਰਤੀ ਤੇ ਅਜ,

ਖੂਨ ਦੀ ਹੋਲੀ ਖਿਡਾਈ ਗਈ।

ਅੰਗਰੇਜ਼ ਬਈਮਾਨ ਵਲੋਂ

ਚਾਲ ਸੀ ਐਸੀ ਚਲਾਈ ਗਈ।

ਮੁੜ ਸਿੱਕਾ ਜਮਾਵਨ ਵਾਸਤੇ,

ਸਕੀਮ ਲੰਡਨ ਬਣਾਈ ਗਈ।

ਮੋਹਰ ਘੜ ਪਾਕਿਸਤਾਨ ਦੀ,

ਮੱਥੇ ਜਿਨਾਹ ਦੇ ਲਾਈ ਗਈ।

ਇਹ ਚਾਲ ਸੀ ਅੰਗਰੇਜ਼ ਦੀ,

ਜਿਸ ਵੰਡਿਆ ਹਿੰਦੁਸਤਾਨ ਨੂੰ ।

ਪੰਜਾਬ ਦੀ ਧਰਤੀ ਦੇ ਉਤੇ,

ਖੜਾ ਕੀਤਾ ਆ ਪਾਕਿਸਤਾਨਨੂੰ।

ਸੋਚਿਆ ਅੰਗਰੇਜ਼ ਨੇ ਹੁਣ ਹਿੰਦ ਤੇ,

ਸਿੱਕਾ ਮੇਰਾ ਚਲ ਸਕਦਾ ਨਹੀਂ ।

ਆਜ਼ਾਦੀ ਦੇ ਆਉਂਦੇ ਵਹਿਣ ਨੂੰ,

ਮੈਂ ਜ਼ੋਰ ਸੰਗ ਠਲ੍ਹ ਸਕਦਾ ਨਹੀਂ ।

ਇਹ ਹਿੰਦ ਹੋਇਆ ਹਿੰਦੀਆਂ ਦਾ,

ਇਕ ਪਲ ਵੀ ਇਥੇ ਖਲ ਸਕਦਾ ਨਹੀਂ ।

ਹੋ ਗਏ ਮਤਵਾਲੇ ਆਜ਼ਾਦੀ ਦੇ ਇਹ,

ਕਿਸੇ ਵਲ ਵਿਚ ਹਣ ਵਲ ਸਕਦਾ ਨਹੀਂ ।

ਲੰਡਨ ਦੇ ਅੰਦਰ ਬੈਠਿਆਂ,

ਸੋਚ ਆਈ ਸੀ ਸ਼ੈਤਾਨ ਨੂੰ ।

ਪੰਜਾਬ ਦੀ ਧਰਤੀ ਦੇ ਉਤੇ,

ਖੜਾ ਕੀਤਾ ਆ ਪਾਕਿਸਤਾਨ ਨੂੰ ।

ਆਈ ਸੀ ਸ਼ਿਮਲੇ ਦੇ ਅੰਦਰ

ਇਕ ਪਾਰਟੀ ਸ਼ੈਤਾਨ ਦੀ ।

ਬਦਲਨੀ ਸੀ ਉਸ ਬੇਈਮਾਨ ਨੇ,

ਤਕਦੀਰ ਹਿੰਦੁਸਤਾਨ ਦੀ ।

ਲੀਡਰ ਬੁਲਾ ਕੇ ਹਿੰਦ ਦੇ,

ਰਖੀ ਸਕੀਮ ਇੰਗਲਸਤਾਨ ਦੀ ।

ਸਭ ਲੀਡਰ ਹੋਏ ਹੈਰਾਨ ਸਨ,

ਵੰਡ ਪੜ੍ਹ ਕੇ ਹਿੰਦੁਸਤਾਨ ਦੀ ।

ਅੰਗਰੇਜ਼ ਭੇਜੀ ਸਕੀਮ ਇਹ,

“ਅਮਰ” ਅੱਗ ਫਿਰਕੂ ਲਾਣ ਨੂੰ ।

ਪੰਜਾਬ ਦੀ ਧਰਤੀ ਦੇ ਉਤੇ,

ਖੜਾ ਕੀਤਾ ਆ ਪਾਕਿਸਤਾਨ ਨੂੰ ।

ਚਰਚਲ ਦਾ ਖਤ

ਖਤ ਪੜ੍ਹ ਕੇ ਚਰਚਲ ਸ਼ੈਤਾਨ ਵਾਲਾ

ਸੀਨੇ ਨਾਲ ਜਿਨਾਹ ਸੀ ਲਾਣ ਲਗਾ ।

ਉਹ ਸਕੀਮ ਅੰਗ੍ਰੇਜ਼ ਦੀ ਬਣੀ ਹੋਈ ਨੂੰ,

ਕਿਵੇਂ ਅੱਗ ਲਾ ਸਿਰੇ ਚੜ੍ਹਾਣ ਲਗਾ ।

ਮੁਸਲਿਮ ਲੀਗ ਜਮਾਤ ਤਿਆਰ ਕਰਕੇ,

ਹੱਥ ਜ਼ੁਲਮ ਦਾ ਖੰਜਰ ਉਠਾਨ ਲਗਾ ।

ਆਉਂਦੀ ਵੇਖ ਆਜ਼ਾਦੀ ਨੂੰ ਹਿੰਦ ਅੰਦਰ,

ਰੋੜਾ ਸਿੱਟ ਜਿਨਾਹ ਅੜਕਾਣ ਲਗਾ ।

ਮੁਸਲਮਾਨ ਤੇ ਹਿੰਦੂ ਵਿਚ ਫਰਕ ਪਾ ਕੇ,

ਪਾ ਕੇ ਮਜ਼ਬ ਪਰੱਸਤੀ ਲੜਾਣ ਲਗਾ।

ਅਕਲਮੰਦਾਂ ਦੀ ਅਕਲ ਵੀ ਗੁੰਮ ਹੋ ਗਈ,

ਐਸੀ ਬਾਜ਼ੀ ਸ਼ਤਰੰਜ ਦੀ ਲਾਣ ਲਗਾ ।

ਪੜ੍ਹ ਕੇ ਖਤ ਨੂੰ ਹਿੰਦ ਦੇ ਖਤ ਉਤੇ,

ਪੁਠੀ ਕਲਮ ਜਿਨਾਹ ਚਲਾਨ ਲਗਾ।

ਵਸਦੇ ਹੋਏ ਭਰਾਵਾਂ ਨੂੰ ਆਪ ਹੱਥੀਂ,

ਫੜ ਕੇ ਥਾਂ ਥਾਂ ਵੇਖੋ ਰਲਾਣ ਲਗਾ।

ਪਾਕਿਸਤਾਨ ਲੈਣਾ ਮੁਸਲਮਾਨ ਤਾਂਈ,

ਇਹੋ ਸ਼ਬਦ ਜਿਨਾਹ ਪੜ੍ਹਾਣ ਲੱਗਾ ।

ਵਸਦੇ ਦੇਸ ਦੀ ਖਿੜੀ ਗੁਲਜ਼ਾਰ ਤਾਈਂ,

ਵੰਡ ਵੰਡ ਕੇ ਵੰਡੀਆਂ ਪਾਣ ਲਗਾ।

ਚੇਲਾ ਬਣ ਅੰਗਰੇਜ਼ ਦਾ ਹਿੰਦ ਅੰਦਰ,

ਹਿਟਲਰ ਸ਼ਾਹੀ ਹਕੂਮਤ ਬਨਾਣ ਲੱਗਾ।

ਜਿਨਾਹ ਤੇ ਸਵਾਲ 

ਦਸ ਖਾਂ ਜਿਨਾਹ ਨਿਹੱਥਿਆਂ ਦੇ ਕਾਤਲ,

ਮਾਸੂਮ ਦੇ ਲਹੂ ਬਹਾਨ ਵਾਲਿਆ।

ਜ਼ੁਲਮ ਦੀ ਸ਼ਮਸ਼ੀਰ ਫੜ ਕੇ ਤੂੰ ਹੱਥੀਂ,

ਬੇ ਜ਼ਬਾਨ ਉਪਰ ਚਲਾਨ ਵਾਲਿਆ ।

ਅਬਲਾ ਬੇਦੋਸ਼ਾਂ ਉਹਨਾਂ ਦੇਵੀਆਂ ਤੇ,

ਇਜ਼ਤ ਤੇ ਡਾਕੇ ਪੁਆਨ ਵਾਲਿਆ।

ਭੁਲ ਕੇ ਤੂੰ ਰੱਬ ਨੂੰ ਮਦਹੋਸ਼ ਬੈਠੋਂ,

ਓ ਪਾਪ ਦੀ ਨਗਰੀ ਵਸਾਨ ਵਾਲਿਆ।

ਕੀ ਹਿੰਦ ਤੇਰਾ ਇਹ ਤੇਰਾ ਨਹੀਂ ਸੀ,

ਓ ਕਾਫਲੇ ਬਨ ਬਨ ਕੇ ਜਾਨ ਵਾਲਿਆ।

ਤੈਨੂੰ ਕਿਨਾਰਾ ਕੋਈ ਮਿਲ ਸਕਦਾ ਨਹੀਂ,

ਵਤਨ ਦਾ ਘਾਤਕ ਕਹਾਨ ਵਾਲਿਆ ।

ਤੈਨੂੰ ਖੁਦਾ ਵੀ ਮੁਆਫ ਕਰ ਸਕਦਾ ਨਹੀਂ,

ਵੀਰਾਂ ਦੇ ਲਹੂ ਵਿਚ ਨਾਨ ਵਾਲਿਆ ।

ਚੇਲਿਆ ਅੰਗ੍ਰੇਜ਼ ਦਿਆ ਚਰਚਲ ਦਿਆ ਮਤਵਾਲਿਆ,

ਸੋਚਿਆ ਨਾ ਟੁਕੜੇ ਕਰਾਨ ਵਾਲਿਆ ।

ਹੁਣ ਵੀ ਸਮਝ ਜਾ ਦੇਸ ਨੂੰ ਤੂੰ ਇਕ ਕਰਕੇ,

‘ਅਮਰ’ ਭਾਰਤ ਦੇ ਵਾਸੀ ਕਹਾਨ ਵਾਲਿਆ!

ਹਾਲ ਪੰਜ ਮਾਰਚ ਅੰਮ੍ਰਿਤਸਰ

ਅੰਮ੍ਰਿਤਸਰ ਦਾ ਦਸਾਂ ਹਾਲ ਮੈਂ ਸਭੋ ਖੋਲ੍ਹ ਸੁਣਾਏ।

ਪੰਜ ਮਾਰਚ ਨੂੰ ਦਿਨ ਸੀ ਚੜ੍ਹਿਆ, ਖੂਨੀ ਜੋ ਅਖਵਾਏ।

ਮੁਸਲਿਮ ਲੀਗ ਬਜ਼ਾਰਾਂ ਅੰਦਰ, ਨਾਰ੍ਹੇ ਪਈ ਲਗਾਵੇ।

ਪਾਕਿਸਤਾਨ ਨੂੰ ਲੈਣਾ ਅਸਾਂ, ਇਹੋ ਆਖ ਸੁਣਾਵੇ ।

ਸੁਣ ਸੁਣ ਕੇ ਸਭ ਗੁਸਾ ਖਾਂਦੇ ਹਿੰਦੂ ਸਿਖ ਹਿੰਦੂ ਸਿਖ ਪਿਆਰੇ ।

ਪਾਟਣ ਸੀਨੇ ਜਦੋਂ ਵਜਦੇ ਮੁਸਲਿਮ ਲੀਗ ਦੇ ਨਾਰ੍ਹੇ ।

ਬਰਛੇ ਤੇ ਕ੍ਰਿਪਾਨਾਂ ਲੈ ਕੇ ਫਿਰਦੇ ਵਿਚ ਬਜ਼ਾਰੇ ।

ਅੱਗ ਮਚੀ ਆ ਫਿਰ ਕੇ ਵੇਖੋ ਸ਼ਹਿਰ ਦੇ ਅੰਦਰ ਸਾਰੇ । ਟਕਰ ਹੋਈ ਆ ਕੇ।

ਮੁਸਲਿਮ ਲੀਗ ਨੇ ਗੁੰਡਾ ਗਰਦੀ ਦੱਸੀ ਖੂਬ ਬਣਾ ਕੇ ।

ਘੜੀ ਪਲ ਵਿਚ ਨਦੀ ਖੂਨ ਦੀ ਬਹਿ ਗਈ ਓਥੇ ਆਕੇ ।

ਕਈ ਮਾਵਾਂ ਦੇ ਪੁਤਰ ਮਰ ਗਏ ਏਵੇਂ ਜਿੰਦ ਗਵਾ ਕੇ। `

ਜ਼ੁਲਫ ਖਾਂ ਸੀ ਪੁਲਸ ਦਾ ਵਡਾ ਜਿਨ੍ਹੇ ਅੱਤ ਮਚਾਈ ।

ਮੁਸਲਮਾਨਾਂ ਤੇ ਹਿੰਦੂਆਂ ਅੰਦਰ ਅੱਗ ਮਜ਼ਬ ਦੀ ਲਾਈ।

ਹਿੰਦੂਆਂ ਉਤੇ ਪੁਲਸ ਕੋਲੋਂ ਸੀ ਗੋਲੀ ਉਸ ਚਲਵਾਈ।

ਸਾਰੇ ਸ਼ਹਿਰ ਸ਼ਰਾਰਤ ਉਸ ਦੀ ਕੀਤੀ ਆਣ ਲੜਾਈ ।

ਥਾਣੇਦਾਰ ਉਸ ਮਲਕ ਨੇ ਵੇਖੋ ਅੱਗਾਂ ਆਣ ਲੁਵਾਈਆਂ।

ਮਾਰ ਮਾਰ ਕੇ ਬੰਬ ਉਸਨੇ ਗਲੀਆਂ ਕਈ ਢੁਹਾਈਆਂ।

ਕਰਮ ਸਿੰਘ ਦੇ ਕਟੜੇ ਅੰਦਰ ਪੁਠੀਆਂ ਉਸ ਨੇ ਚਾਈਆਂ ।

ਜਾਂਦੇ ਆਉਂਦੇ ਰਾਹੀਆਂ ਉਤੇ ਗੋਲੀਆਂ ਉਸ ਚਲਾਈਆਂ।

ਅੱਗਾਂ ਲਗੀਆਂ ਹਾਲ ਬਜ਼ਾਰੇ ਢਠੇ ਕਈ ਮੁਨਾਰੇ।

ਜੈਮਲ ਸਿੰਘ ਘਨਈਆਂ ਕਟੜਾ ਮੁਸਲਿਮ ਲੀਗ ਨੇ ਸਾੜੇ।

ਹਿੰਦੂ ਸਿੱਖ ਨਿਹੱਥੇ ਜਾਂਦੇ ਛੁਰੀਆਂ ਨਾਲ ਸੀ ਪਾੜੇ।

ਕਈ ਬਾਜ਼ਾਰ ਤੇ ਗਲੀਆਂ ਹੋਈਆਂ ਢਹਿ ਢੇਰੀਆਂ ਸਾਰੇ।

ਡੈਮ ਗੰਜ ਤੇ ਸ਼ਰਫ ਪੁਰੇ ਨੂੰ ਅੱਡਾ ਇਹਨਾਂ ਬਣਾਇਆ ।

ਹਿੰਦੂ ਸਿੱਖ ਜੋ ਜਾਏ ਉਥੇ ਬਚ ਕੇ ਕਦੇ ਨਾ ਆਇਆ ।

ਭਗਤਾਂ ਵਾਲੇ ਮਿਲ ਸ਼ੇਖਾਂ ਦੀ ਮੋਰਚਾ ਜਿਥੇ ਲਾਇਆ।

ਸਾਰੇ ਸ਼ਹਿਰ ਜ਼ਾਲਮਾਂ ਵੇਖੋ ਡਾਢਾ ਖੂਨ ਬਹਾਇਆ।

ਮੋਇਆ ਪੁਤ ਕਿਸੇ ਦਾ ਯਾਰੋ ਚਲੇ ਉਹ ਉਠਾ ਕੇ ।

ਡੈਮ ਗੰਜ ਤੋਂ ਗੁਜ਼ਰਨ ਲਗੇ ਗੁੰਡੇ ਪੈ ਗਏ ਆ ਕੇ । `

ਈਦਗਾਹ ਦੇ ਅੰਦਰ ਮਾਰੇ ਵਾਰੋ ਵਾਰ ਉਠਾ ਕੇ ।

ਦਿਤੇ ਨਿਹੱਥੇ ਸਾਰੇ ਤੇਲ ਮਿੱਟੀ ਦਾ ਪਾਕੇ ।

ਪਾਕਿਸਤਾਨੀ ਗੁੰਡਿਆਂ ਵੇਖੋ ਕਿੰਨਾ ਕਹਿਰ ਕਮਾਇਆ।

ਵਸਦੇ ਵਸਦੇ ਸ਼ਹਿਰਾਂ ਤਾਈਂ ਪਲ ਵਿਚ ਖਾਕ ਬਨਾਇਆ ।

ਖਲਕਤ ਰੱਬ ਦੀ ਦਏ ਦੁਹਾਈ, ਰਤਾ ਤਰਸ ਨਹੀਂ ਆਇਆ ।

ਅਮਰ’ ਦੋਜ਼ਖਾਂ ਅੰਦਰ ਜਾਵੇ, ਜਿਨ੍ਹ ਪੁਆੜਾ ਪਾਇਆ।

ਹਾਲ ਲਾਹੌਰ ਸ਼ਹਿਰ

ਲਾਹੌਰ ਸ਼ਹਿਰ ਦਾ ਕਿੱਸਾ ਸੁਣ ਲਉ, ਓਥੇ ਜੋ ਕੁਝ ਹੋਈ।

ਜ਼ਾਲਮ ਮੁਲਸਮ ਲੀਗ ਨੇ ਉਥੇ, ਸਿਰ ਤੋਂ ਲਾਹੀ ਲੋਈ।

ਖਲਕਤ ਉਥੇ ਰੱਬ ਦੀ ਯਾਰੋ, ਜਿਸ ਮੌਤੇ ਸੀ ਮੋਈ।

ਸੱਚ ਕਹੀਏ ਇਸ ਜ਼ਾਲਮ ਤਾਈਂ, ਕਦੀ ਨਾ ਮਿਲਸੀ ਢੋਈ।

ਵਾਣ ਵਟਾਂ ਤੇ ਮੋਤੀ ਮਹਿਲ ਵਿਚ, ਭਾਂਬੜ ਮਚੇ ਆ ਕੇ ।

ਦਿੱਲੀ ਤੇ ਲਾਹੌਰੀ ਸ਼ਹਾਲਮੀ, ਹੋਇਆ ਜੰਗ ਬਣਾ ਕੇ ।

ਉੱਚੇ ਉੱਚੇ ਮਹਿਲ ਸੀ ਜਿਹੜੇ, ਸਿਟੇ ਖਾਕ ਬਣਾ ਕੇ।

ਵਸਦੇ ਸ਼ਹਿਰ ਲਾਹੌਰ ਦੇ ਤਾਈਂ, ਫੂਕਿਆ ਪਲ ਵਿਚ ਆ ਕੇ ।

ਜੱਜ ਚੀਮੇ ਨੇ ਜੋ ਜੋ ਕੀਤੀ, ਸਾਰਾ ਹਾਲ ਸੁਣਾਂਦਾ ।

ਹੱਥੀਂ ਆਪਣੀ ਸ਼ਾਹਲਮੀ ਅੰਦਰ, ਭਾਂਬੜ ਅੱਗ ਦਾ ਲਾਂਦਾ ।

ਹਿੰਦੂ ਕਰ ਇਕ ਥਾਂ ਇਕੱਠੇ, ਉਪਰੋਂ ਬੰਬ ਸੁਟਾਂਦਾ ।

ਰੱਬ ਜ਼ੁਲਮ ਇਹ ਵੇਖ ਕੇ ਯਾਰੋ, ਆਪਣਾ ਮੂੰਹ ਛਪਾਂਦਾ ।

ਬੱਚੇ ਖੋਹ ਕੇ ਝੋਲੀਆਂ ਵਿਚੋਂ,

ਨਾਲ ਸੰਗੀਨਾਂ ਮਾਰੇ।

ਕਈ ਨਿਰਦੋਸ਼ ਪਕੜ ਕੇ ਹੱਥੀਂ, ਜੇਲ੍ਹਾਂ ਅੰਦਰ ਵਾੜੇ।

ਹੱਥੀਂ ਏਸ ਚੀਮੇ ਨੇ ਯਾਰੋ,

ਕਈ ਮਕਾਨ ਸੀ ਸਾੜੇ।

ਕਈ ਖਾ ਪਿਸਤੌਲ ਦੀ ਗੋਲੀ,

ਤੜਫਨ ਪਏ ਵਿਚਾਰੇ ।

ਟੁਟੇ ਕਈ ਅੱਧ ਖਿੜੇ ਬਾਗ ਤੋਂ,

ਰੁਲੇ ਕਈ ਬਜ਼ਾਰਾਂ ।

ਮਰੇ ਜਿਨ੍ਹਾਂ ਦੇ ਸਿਰ ਦੇ ਸਾਈਂ,

ਰੋਵਨ ਪਈਆਂ ਨਾਰਾਂ ।

ਸ਼ਹਿਰ ਲਾਹੌਰ ਸਾੜਿਆ ਸਾਰਾ, ਲੀਗ ਦੀਆਂ ਇਹ ਕਾਰਾਂ ।

‘ਅਮਰ’ ਰੱਬ ਇਹ ਬਦਲਾ ਲੈਸੀ, ਕਹਿੰਦੇ ਲੋਕ ਹਜ਼ਾਰਾਂ ।

ਸ਼ੇਖੂਪੁਰੇ ਦੀ ਆਪਬੀਤੀ

ਸੁਖੀ ਬੈਠਿਆਂ ਚੜ੍ਹੀ ਆ ਹਨੇਰੀ,

ਸ਼ੇਖੂਪੁਰੇ ਦੀ ਨਗਰੀ ਸੀ ਘੇਰੀ,

ਫਨਾਹ ਕਰਨ ਵਿਚ ਲਾਈ ਨਾ ਦੇਰੀ,

ਉਹ ਦਰਦਾਂ ਦਾ ਕਿੱਸਾ ਬਣਿਆ ਕਹਾਣੀ ।

ਸੁਣ ਸੁਣ ਕੇ ਅੱਖਾਂ ਚੋਂ ਵਹਿੰਦਾ ਏ ਪਾਣੀ ।

ਨਸਣ ਲਈ ਕੋਈ ਥਾਂ ਨਹੀਂ ਸੀ,

ਡਿੱਗੇ ਹੋਏ ਬੱਚੇ ਦੀ ਮਾਂ ਨਹੀਂ ਸੀ,

ਲੁਕਣ ਦੀ ਕਿਤੇ ਲੁਕਵੀਂ ਛਾਂ ਨਹੀਂ ਸੀ,

ਗੋਲੀ ਤੇ ਬੰਬਾਂ ਦੀ ਭਰਮਾਰ ਵੇਖੀ।

ਬਿਨਾਂ ਆਸਰੇ ਉਥੇ ਨਰ ਨਾਰ ਵੇਖੀ।

ਮਾਸਮਾਂ ਦੇ ਕਾਤਲ ਲੈ ਛੁਰੀ ਸੀ ਆਏ,

ਗੁੰਡੇ ਓ ਲੀਗੀ ਚੜ੍ਹ ਘੇਰਾ ਪਾਏ,

ਤਲਵਾਰ ਬਰਛੇ ਸੀ ਹੱਥੀਂ ਉਠਾਏ,

ਫੜ ਲਓ ਬਚਾਵੋ ਅਵਾਜ਼ਾਂ ਇਹ ਆਵਣ ।

ਕੋਈ ਬਰਛੇ ਟੰਗੇ ਕੋਈ ਗੋਲੀ ਖਾਵਨ ।

ਅੱਗਾਂ ਦੇ ਭਾਂਬੜ ਮਚੇ ਸ਼ਹਿਰ ਸਾਰੇ,

ਢਹਿ ਗਏ ਕਿਲ੍ਹੇ ਦੇ ਉਚੇ ਮੁਨਾਰੇ,

“ਮਾਂ ਪੁਤ ਨੂੰ” “ਪੁਤ ਮਾਂ ਨੂੰ” ਪੁਕਾਰੇ,

ਕਿਸੇ ਭੈਣ ਦਾ ਵੀਰ ਲਭੇ ਪਿਆਰਾ ।

ਕਿਸੇ ਨਾਰ ਦਾ ਲਭੇ ਖਾਵੰਦ ਸਹਾਰਾ ।

ਕਈ ਸਹਿਕਨ ਸੜਕਾਂ ਤੇ ਪਾਣੀ ਤਿਹਾਏ,

ਕਈ ਡਿਗੇ ਗੋਲੀ ਬਲੋਚਾਂ ਦੀ ਖਾਏ,

ਕਿਤੇ ਮਾਂ ਪੁਤ ਨੂੰ ਪਈ ਝੋਲੀ ਲੁਕਾਏ,

ਨਸਣ ਤੇ ਭੱਜਨ ਤੇ ਚੀਕਨ ਪੁਕਾਰਨ ।

ਗੁੰਡੇ ਉਹ ਲੀਗੀ ਦਿਰੰਦੇ ਪਏ ਮਾਰਨ।

ਕੋਈ ਰਾਹ ਨਸਣ ਨੂੰ ਨਜ਼ਰ ਨਾ ਆਵੇ,

ਡਰਦਾ ਤੇ ਕੰਬਦਾ ਪਿਆ ਸਿਰ ਲੁਕਾਵੇ,

ਉਜੜੀ ਹਾਏ ਨਗਰੀ ਨੂੰ ਕਿਹੜਾ ਬਚਾਵੇ,

ਉਹ“ਜਨਾਹੀਤ” ਦੇ ਚੇਲੇ ਮਾਸੂਮਾਂ ਦੇ ਖੂਨੀ।

ਪਾਕਿਸਤਾਨ ਦੇ ਆਸ਼ਕਓ ਪਾਗਲ ਜਨੂਨੀ ।

ਨੌਜਵਾਂ ਲੜਕੀਆਂ ਚੁਣ ਚੁਣ ਕੇ ਉਠਾਈਆਂ,

ਓਹ ਅਸਮਤ ਦੀਆਂ ਦੇਵੀਆਂ ਹੱਥ ਜ਼ਾਲਮ ਦੇ ਆਈਆਂ!

ਉਹਨਾਂ ਮਾਸੂਮਾਂ ਤੇ ਛੁਰੀਆਂ ਚਲਾਈਆਂ,

ਲਾਹਨਤ ਪਾਏਗਾ ਜਹਾਂ ਵੇਖੀਂ ਸਾਰਾ ।

ਜਿਨਾਹ ਦੇ ਸ਼ਾਗਿਰਦੋ ਜੋ ਕੀਤਾ ਜੇ ਕਾਰਾ ।

ਸ਼ੇਖੂਪੁਰੇ ਦੀ ਜੋ ਬੀਤੀ ਸੁਣਾਈ ਮੈਂ ਸਾਰੀ,

ਸੁਣ ਸੁਣ ਕੇ ਦਿਲ ਤੇ ਹੋਯਾ ਜ਼ਖਮ ਕਾਰੀ,

ਪੁਰਨਮ ਕਹਾਣੀ ਸੀ ਦਰਦਾਂ ਦੀ ਮਾਰੀ,

ਹੋਸੀ ਖਤਾ ਨਾ ਤੇਰੀ ਮਾਫ ਵੇਖੀਂ।

‘ਅਮਰ’ ਕੁਝ ਦਿਨਾਂ ਨੂੰ ਇਨਸਾਫ ਵੇਖੀਂ।

ਅਜ ਮੈਂ ਸ਼ਰਨਾਰਥੀ

ਉਜੜੇ ਹੋਏ ਘਰ ਦਾ ਇਨਸਾਨ ਮੈਂ ਹਾਂ,

ਮਿੱਟ ਗਈ ਜੋ ਸ਼ਾਨ ਉਹ ਸ਼ਾਨ ਮੈਂ ਹਾਂ,

ਜ਼ਬਾਂ ਹੁੰਦਿਆਂ ਵੀ ਬੇ ਜ਼ਬਾਂ ਮੈਂ ਹਾਂ,

(ਕਿਉਂ) ਅਜ ਮੈਂ ਹਾਂ ਸ਼ਰਨਾਰਥੀ।

ਜ਼ਾਲਮ ਨੇ ਮੈਨੂੰ ਬੇ ਸਾਮਾਨ ਕੀਤਾ,

ਘਰੋਂ ਕਡਿਆ ਤੇ ਪਰੇਸ਼ਾਨ ਕੀਤਾ,

ਮੇਰੇ ਵੱਸਦੇ ਗੁਲਸ਼ਨ ਨੂੰ ਵੈਰਾਨ ਕੀਤਾ,

ਅਜ ਮੈਂ ਹਾਂ ਸ਼ਰਨਾਰਥੀ ।

ਮੇਰੇ ਸਾਮ੍ਹਣੇ ਲੁਟਿਆ ਜ਼ਾਲਮ ਨੇ ਆ ਕੇ,

ਬੱਚਿਆਂ ਨੂੰ ਕੋਹਿਆ ਛੁਰੀਆਂ ਚਲਾ ਕੇ,

ਡਾਕੂ ਸੀ ਲੈ ਗਏ ਧੀਆਂ ਉਠਾ ਕੇ,

ਅਜ ਮੈਂ ਹਾਂ ਸ਼ਰਨਾਰਥੀ ।

ਅੱਖਾਂ ਚੋਂ ਹੰਝੂ ਵਹਿੰਦੇ ਜਾ ਰਹੇ ਨੇ,

ਸ਼੍ਰਨਾਰਥੀ ਨਾਰਥੀ ਕਹਿੰਦੇ ਜਾ ਰਹੇ ਨੇ,

ਪ੍ਰਬਤ ਮੁਸੀਬਤ ਦੇ ਢਹਿੰਦੇ ਜਾ ਰਹੇ ਨੇ,

ਅਜ ਮੈਂ ਹਾਂ ਸ਼ਰਨਾਰਥੀ ।

ਕਿਸੇ ਅਗੇ ਵੀ ਹੱਥ ਫੈਲਇਆ ਨਹੀਂ ਜਾਂਦਾ

ਦਿਲਦਾ ਦਰਦਕਿਸੇ ਨੂੰਸੁਣਾਇਆ ਨਹੀਂ ਜਾਂਦਾ

ਕੀ ਕਰਾਂ ਮਾਨ ਕੁਲਦਾ ਗਵਾਇਆਨਹੀਂ ਜਾਂਦਾ

ਅਜ मैं ਹਾਂ ਸ਼ਰਨਾਰਥੀ ।

ਕੈਂਪਾਂ ਵਿਚ ਰੁਲਦਾ ਹਾਂ ਪੂੰਜੀ ਲੁਟਾ ਕੇ,

ਮੰਗਦਾਂ ਹਾਂ ਰੋਟੀ ਸੀਨੇ ਸੱਟ ਖਾ ਕੇ,

‘ਅਮਰ’ ਦੁਖੀਆ ਇਹ ਕਹਿੰਦਾ ਸੁਣਾ ਕੇ,

ਅੱਜ ਮੈਂ ਹਾਂ ਸ਼ਰਨਾਰਥੀ ।

ਗੁਜਰਾਤ ਦੀ ਕਹਾਣੀ 

ਬੰਨੂੰ ਤੋਂ ਚੱਲੀ ਸੀ ਆਸਾਂ ਦੀ ਗੱਡੀ।

ਓ ਹਿੰਦੀਓ ਹਿੰਦ ਦੇ ਅਭਲਾਸਾਂ ਦੀ ਗੱਡੀ ।

ਗੁਜਰਾਤ ਵਿਚ ਖੜੀ ਹੋਈ ਨਿਰਾਸਾਂ ਦੀ ਗਡੀ।

ਭੁੱਖੇ ਉਹ ਡਾਕੂ ਕਬਾਇਲੀ ਸੀ ਪੈ ਗਏ।

ਸੀ ਮੁੱਕੇ ਬਹੁਤੇ ਤੇ ਥੋੜੇ ਸੀ ਰਹਿ ਗਏ।

ਮੁਸਲਮਾਨੀ ਇੰਜਨ ਤੋਂ ਪਾ ਕੇ ਅਸ਼ਾਰਾ।

ਰੋਕੀ ਸੀ ਗੱਡੀ ਸਟੇਸ਼ਨ ਤੇ ਯਾਰਾਂ ।

ਜ਼ਾਲਮ ਜ਼ੁਲਮ ਦਾ ਲਗਾ ਕਰਨ ਕਾਰਾ ।

ਭੁੱਖੇ ਓਹ ਡਾਕੂ ਗੱਡੀ ਵੱਲ ਆਏ।

ਹਿੰਦੀ ਫੌਜ ਨੇ ਝਟ ਮੋਰਚੇ ਲਾਏ ।

ਚੌਤਰਫੀ ਗੱਡੀ ਨੂੰ ਘੇਰਾ ਸੀ ਪਾਇਆ।

ਠਾ ਠਾ ਬਰੂਦ ਦਾ ਆਵਾਜ਼ ਸੀ ਆਇਆ।

ਜ਼ੁਲਮ ਆ ਗਰੀਬਾਂ ਤੇ ਰਬ ਨੇ ਸੀ ਢਾਇਆ।

ਬੂਹੇ ਬੰਦ ਗੱਡੀ ਦੇ ਸਾਰੇ ਸੀ ਹੋਏ।

ਸੁਣ ਸੁਣ ਕੇ ਹਮਲਾ ਜੀਉਂਦੇ ਸੀ ਮੋਏ।

ਲੜੀ ਫ਼ੌਜ ਹਿੰਦੀ ਤੇ ਲੜ ਲੜ ਕੇ ਰਹਿ ਗਈ।

ਮੁਕ ਗਿਆ ਬਰੂਦ ਆਖਰ ਉਹ ਢਹਿ ਗਈ।

ਭੁੱਖੇ ਕਬਾਇਲੀ ਆ ਗੱਡੀ ਨੂੰ ਪੈ ਗਏ।

ਲੜ ਕੇ ਉਹ ਫ਼ੌਜੀ ਬਹਾਦਰ ਸੀ ਮਰ ਗਏ।

ਕਰਬਾਨ ਹੋ ਨਾਮ ਪੈਦਾ ਸੀ ਕਰ ਗਏ ।

ਉਹ ਭੁੱਖੇ ਕਬਾਇਲੀ ਫਿਰ ਗੱਡੀ ਵਲ ਹੋਏ।

ਬਰਛਿਆਂ ਉਤੇ ਨਿਹੱਥੇ ਪਰੋਏ ।

ਨਿਰਦੋਸ਼ ਓਥੇ ਹਜ਼ਾਰਾਂ ਹੀ ਮੋਏ ।

ਚਲਦੇ ਲਹੂ ਦੇ ਹੜ੍ਹ ਲਾਲ ਪਏ ਸੀ ।

ਨਰ ਨਾਰ ਬੁੱਡੇ ਕਈ ਬਾਲ ਪਏ ਸੀ।

ਉਹ ਖੂੰਖਾਰ ਕਾਤਲ ਤਰਸ ਨਹੀਂ ਸੀ ਖਾਂਦੇ।

ਮਾਸੂਮ ਬਚਿਆਂ ਨੂੰ ਟੁਕੜੇ ਬਨਾਂਦੇ।

ਪਕੜ ਦੇਵੀਆਂ ਦੀ ਉਹ ਅਸਮਤ ਸੀ ਲਾਂਹਦੇ ।

ਪਾਕਿਸਤਾਂ ਦੀ ਖ਼ੂਨੀ ਹਕੂਮਤ ਦੇ ਕਾਰੇ।

‘ਅਮਰ’ ਤਵਾਰੀਖ ਦਸੇ ਇਹ ਸਾਰੇ ।

ਕਸ਼ਮੀਰ ਦੀ ਲੜਾਈ

ਵਿਚ ਕਸ਼ਮੀਰ ਦੇ ਜੋ ਜੋ ਗੁਜ਼ਰੀ,

ਸ਼ਾਇਰ ਕਲਮ ਉਠਾਵੇ ।

ਲੈ ਕੇ ਨਾਲ ਪਠਾਣਾਂ ਤਾਂਈ,

ਹਮਲਾ ਲੀਗ ਕਰਾਵੇ ।

ਜ਼ੁਲਮ ਦੀ ਹਥੀਂ ਤੇਗ਼ ਉਠਾ ਕੇ,

ਚੜ ਕਸ਼ਮੀਰ ਤੇ ਆਵੇ । ਅਗ ਲੌਂਦੇ ਤੇ ਫੂਕਦੇ ਔਂਦੇ,

ਤਰਸ ਜ਼ਰਾ ਨਾ ਖਾਵੇ ਪਿੰਡ ਸ਼ਹਿਰ ਕਈ ਫੂਕ ਦਿਤੇ ਸੀ,

ਜੀਊਂਦੇ ਨਰ ਤੇ ਨਾਰੀ । ਅਜ ਉਹ ਉਜੜੀ ਨਜ਼ਰ ਪਈ ਔਂਦੀ,

ਸੋਹਣੇ ਕਸ਼ਮੀਰ ਦੀ ਵਾਦੀ ਪਿਆਰੀ ।

ਰਬ ਵੇਂਹਦਾ ਜ਼ੁਲਮ ਇਨ੍ਹਾਂ ਦੇ, ਜੋ ਜੋ ਕਹਿਰ ਗੁਜ਼ਾਰੇ।

ਫੜ ਨਿਰਦੋਸ਼ ਨਿਹੱਥਾਂ ਤਾਈਂ,  ਬਕਰੇ ਵਾਂਗ ਕੋਹ ਕੇ ਮਾਰੇ।

ਬਰਛਿਆਂ ਉਤੇ ਟੰਗੇ ਬੱਚੇ, ਕਈਆਂ ਦੇ ਸਨ ਸੀਸ ਉਤਾਰੇ।

ਜ਼ੁਲਮ ਦੇ ਬਦਲ ਛਾ ਗਏ ਓਥੇ, ਲੁਕ ਗਏ ਸੂਰਜ ਚੰਦ ਤੇ ਤਾਰੇ ।

ਸੋਹਣੀ ਉਹ ਕਸ਼ਮੀਰ ਦੀ ਦੁਨੀਆਂ, ਪਲ ਵਿਚ ਫੂਕ ਗਵਾਈ।

ਪਾਕਿਸਤਾਨ ਸ਼ਤਾਨ ਦਾ ਪੁਤਲਾ, ਜਿਨ ਹਿੰਦ ਵਿਚ ਅੱਗ ਲਗਾਈ ।

ਸਾਡੀਆਂ ਫੌਜਾਂ ਮੂੰਹ ਸੀ ਭੰਨੇ, गेले ਤੋਪ ਦੇ ਮਾਰੇ ।

ਤੋਬਾ ਤੋਬਾ ਕਰਨ ਪਏ ਜ਼ਾਲਮ, ਹਿੰਦ ਦੀ ਫੌਜ਼ ਪਛਾੜੇ।

ਵਿਚ ਮਦਾਨ ਦੇ ਲੜਨ ਨ ਜੋਗੇ, ਗੁੰਡੇ ਡਾਕੂ ਕਬਾਇਲੀ ਸਾਰੇ ।

ਮੂੰਹ ਲੁਕਾਂਦੇ ਵਿਚ ਪਹਾੜਾਂ, ਹਿੰਦ ਦੇ ਹਮਲੇ ਵੇਖ ਕਰਾਰੇ।

ਬਰੂਦ ਤੇ ਸਿੱਕਾ ਡਾਕੂਆਂ ਤਾਈਂ, ਪਿਆ ਪਾਕਿਸਤਾਨ ਪੁਚਾਂਦਾ

ਕਾਲਖ ਖਟ ਦਾਗ਼ ਜਹਾਨ ਦੀ ਸਾਰੀ, ਮੱਥੇ ਤੇ ਲਾਂਦਾ ।

ਵਿਚ ਇਤਹਾਦੀ ਕੌਂਸਲ ਜਾ ਕੇ, ਰੋਵੇ ਤੇ ਕੁਰਲਾਵੇ ।

ਝੂਠਾ ਕਰ ਪਰਾਪੇਗੰਡਾ ਦੁਨੀਆਂ ਤਾਈਂ ਸੁਣਾਵੇ ।

ਆਪੇ ਛੇੜ ਛੇੜ ਕੇ ਜ਼ਾਲਮ, ਸ਼ਰਮ ਰਤਾ ਨਾ ਖਾਵੇ ।

ਹੱਦ ਜ਼ੁਲਮ ਦੀ ਪਾਕਿਸਤਾਂ ਨੇ, ਕੀਤੀ ‘ਅਮਰ’ ਸੁਣਾਵੇ ।

ਇਹ ਹਕੂਮਤ ਤੋੜ ਗੁੰਡਿਆਂ ਵਾਲੀ, ਨਾ ਚੜ੍ਹਨੀ ਆ ਕੇ।

ਕਿਸੇ ਵਾਸਤੇ ਖਾਈ ਜੋ ਪਟੇ, ‘ਅਮਰ’ ਖੂਹ ਵਿਚ ਪੜਨੀ ਆ ਕੇ।

ਜਿਨਾਹ ਨੂੰ ਗੱਡੀਆਂ ਤੇ ਹਮਲੇ ਕੈਂਪਾਂ ਤੇ ਹਮਲੇ,

ਜ਼ੁਲਮ ਦੀ ਹੈ ਇਹ ਤੇਰੀ ਪੱਕੀ ਨਿਸ਼ਾਨੀ।

ਬਲੋਚਾਂ ਸਿਪਾਹੀਆਂ ਜ਼ੁਲਮ ਜੋ ਸੀ ਢਾਏ,

ਸੁਣੀ ਇਹ ਅਸਾਂ ਸਾਰੀ ਦਰਦੀ ਕਹਾਣੀ।

ਹਜ਼ਾਰਾਂ ਤਿਹਾਏ ਮਰੇ ਬਾਲ ਬੱਚੇ,

ਭਰਨ ਨਹੀਂ ਸੈਂ ਦੇਂਦਾ ਤੂੰ ਇਕ ਘੁਟ ਪਾਣੀ ।

ਸਦਾ ਨਹੀਂ ਤੂੰ ਰਹਿਣਾ ਜਿਨਾਹ ਯਾਦ ਰਖੀਂ,

ਚੰਦ ਰੋਜ਼ਾ ਦੁਨੀਆ ਇਹ ਦਿਸਦੀ ਹੈ ਫਾਨੀ।

ਹੋਣ ਨਾ ਗੁੰਡੇ ਕਦੇ ਵਸ ਜਿਸ ਦੇ,

ਹਕੂਮਤ ਕਦੇ ਉਹ ਚਲਾ ਨਹੀਂ ਸਕਦਾ।

ਪਾਪੀ ਦਾ ਝੰਡਾ ਹੋਏ ਦਾਗ ਵਾਲਾ,

ਦੁਨੀਆ ਦੇ ਵਿਚ ਉਹ ਝੁਲਾ ਨਹੀਂ ਸਕਦਾ ।

ਜ਼ੁਲਮ ਤੇ ਕਹਿਰ ਦੀ ਹੱਦ ਜਿਸ ਕੀਤੀ,

ਜਗ ਵਿਚ ਮੂੰਹ ਉਹ ਵਿਖਾ ਨਹੀਂ ਸਕਦਾ।

ਸ਼ਕਲ ਮੋਮਨਾਂ ਦਿਲ ਕਾਫਰ ਸਦਾਵੇ,

ਉਹ ਇਨਸਾਨ ਦਾ ਰੁਤਬਾ ਪਾ ਨਹੀਂ ਸਕਦਾ ।

ਪਾਕਿਸਤਾਨ ਵਿਚ ਗੁੰਡਿਆਂ ਦਾ ਕਬਜ਼ਾ,

ਮਾਰੇ ਗਏ ਜਿਥੇ ਕਈ ਹਜ਼ਾਰਾਂ ।

ਕੋਹ ਕੋਹ ਕੇ ਸਟੇ ਮਾਸੂਮ ਬੱਚੇ,

ਮੁਸਲਮ ਲੀਗ ਦੀਆਂ ਇਹ ਸਭ ਕਾਰਾਂ।

ਦੁਨੀਆ ਵਾਲੋ ਜ਼ੁਲਮ ਇਨ੍ਹਾਂ ਦਾ ਵੇਖੋ,

ਕਰਨਾ ਜ਼ਰਾ ਤੁਸੀਂ ਨਤਾਰਾ ।

ਜ਼ਿਮੀ ਅਸਮਾਨ ਵੀ ਵੇਖ ਕੇ ਹਿਲੇ,

ਜ਼ੁਲਮ ਜੋ ਹੋਇਆ ਸੀ ਭਾਰਾ ।

ਸ਼ੁਭਾਸ਼ ਦੀ ਯਾਦ

ਓ ਜੰਗੇ ਅਜ਼ਾਦੀ ਦੇ ਸ਼ੇਰਾ।

ਵਤਨ ਤੋਂ ਕੁਰਬਾਨ ਹੋਇਓਂ ਦਲੇਰਾ।

ਤੇਰੀ ਦਲੇਰੀ ਲਿਆ ਦਿਲ ਮੇਰਾ

ਚੰਨਾ ਆਜ਼ਾਦੀ ਦੀ ਦੇਵੀ ਪੁਕਾਰੇ ।

ਬਖੇਰੇ ਨੇ ਮੋਤੀ ਮਜ਼ਬਾਂ ਨੇ ਸਾਰੇ।

ਤੂੰ ਹਿੰਦੂ ਤੇ ਮੁਸਲਮ ਮਿਲਾਏ ਸਨ ਦੋਵੇਂ।

ਭਾਰਤ ਦੇ ਤਾਰੇ ਦਬਾਏ ਸਨ ਦੋਵੇਂ ।

ਤੂੰ ਅਮਫਲ ਦੀ ਜੰਗ ਵਿਚ ਲੜਾਏ ਸਨ ਦੋਵੇਂ ।

ਆ ਵੇਖ ਫ਼ਰੰਗੀ ਨੇ ਪਾਏ ਪਵਾੜੇ।

ਬਖੇਰੇ ਨੇ ਮੋਤੀ……………

ਤੇਰੇ ਵਤਨ ਦੀਆਂ ਵੰਡੀਆਂ ਨੇ ਪਾਈਆਂ।

ਵੀਰਾਂ ਤੇ ਛੁਰੀਆਂ ਨੇ ਚਲ ਚਲ ਕੇ ਰਹੀਆਂ ।

ਆਂ ਵੇਖ ਪਿਆਰ ਦੀਆਂ ਕੰਧਾਂ ਨੇ ਢਹੀਆਂ ।

ਅਜ ਕਿਵੇਂ ਵੀਰ ਵੀਰਾਂ ਨੂੰ ਮਾਰੇ ।

ਬਖੇਰੇ ਨੇ ਮੋਤੀ……………….

ਓ ਵੀਰਾ ਬੰਗਾਲੀਆ ਇਕ ਵਾਰ ਆ ਜਾ ।

ਹੋਯਾ ਦੇਸ਼ ਟੁਕੜੇ ਤੂੰ ਫਿਰ ਆ ਮਿਲਾ ਜਾ ।

ਭਾਰਤ ਦੀ ਬਿਗੜੀ ਹੋਈ ਨੂੰ ਬਨਾ ਜਾ ।

ਅੰਗਰੇਜ਼ਾਂ ਦੇ ਪਾਏ ਨੇ ਸਭੇ ਪੁਆੜੇ ।

ਬਖੇਰੇ ਨੇ ਮੋਤੀ ……………..

ਮਗਰ ਬੀ ਪੰਜਾਬ ਦੀ ਤਬਾਹੀ

ਤਰਜ਼-ਤੇਰੀ ਸਵਾਰੀ ਐ ਸਤਿਗੁਰੂ

ਕੀਤਾ ਜ਼ੁਲਮ ਜੋ ਪਾਕਿਸਤਾਨੀਆਂ ਨੇ,

ਕਰਾਂ ਖੋਹਲ ਕੇ ਹਾਲ ਬਿਆਨ ਜੀ।

ਇਹ ਕਰਤੂਤ ਸਾਰੀ ਅੰਗਰੇਜ਼ ਦੀ ਜੇ,

ਜਿਨ ਵੰਡਿਆ ਹਿੰਦੁਸਤਾਨ ਜੀ।

ਵਾਹ ਸੋਹਣੀ ਆਜ਼ਾਦੀ ਆਈ ਜੇ

ਪਾਈਆਂ ਵੰਡੀਆਂ ਹੋਈ ਤਬਾਹੀ ਜੇ

ਐਸੀ ਚਾਲ ਫਰੰਗੀ ਚਲਾਈ ਜੇ

ਹੋਯਾ ਖੂਨ ਖਰਾਬਾ ਆਨ ਜੀ । ਕੀਤਾ ਜ਼ੁਲਮ…

ਬਾਂਦ ਵਾਂਗ ਪਾਈਆਂ ਏਸ ਵੰਡੀਆਂ ਜੀ

ਖੋਲਨ ਲਈ ਫਰੰਗੀ ਨੇ ਮੰਡੀਆਂ ਜੀ

ਆਪ ਮਾਣਦਾ ਛਾਵਾਂ ਠੰਡੀ ਜੀ

ਲਖਾਂ ਮੋਏ ਹਿੰਦੂ ਮੁਸਲਮਾਨ ਜੀ, ਕੀਤਾਜ਼ੁਲਮ…

ਪਾਕਿਸਤਾਨ ਦੀ ਕਰ ਇਮਦਾਦ ਯਾਰੋ

ਹਿੰਦੂ ਸਿਖਾਂ ਨੂੰ ਕਰ ਬਰਬਾਦ ਯਾਰੋ

ਇਹਵੀ ਰਹੇਗਾ ਨਹੀਂ ਹੁਣ ਸ਼ਾਦ ਯਾਰੋ

ਸਿਧਾ ਘਲਾਂਗੇ ਇੰਗਲਸਤਾਨ ਜੀ,ਕੀਤਾ ਜ਼ੁਲਮ

ਪਾਕਸਤਾਨ ਅੰਦਰ ਹੋਏ ਹਾਲ ਜੋ

ਹਿੰਦੂ ਸਿਖਾਂ ਈਸਾਈਆਂ ਦੇ ਨਾਲ ਜੋ

ਰੋਣ ਆਂਵਦਾ ਸੁਣੇ ਹਵਾਲ ਜੋ

ਕਿਵੇਂ ਕਢਣ ਤੜਫਾਕੇ ਜਾਨ ਜੀ, ਕੀਤਾ ਜ਼ੁਲਮ

ਸਖੀ ਬੈਠਿਆਂ ਤੇ ਕੀਤੇ ਵਾਰ ਨੇ

ਹਿੰਦੂ ਸਿਖਾਂ ਦੇ ਮਾਰੇ ਪਰਵਾਰ ਨੇ

ਮਹਿਲ ਮਾੜੀਆਂ ਦਿਤੀਆਂ ਸਾੜ ਨੇ

ਲੁਟੇ ਘਰਾਂ ਦੇ ਸਭ ਸਾਮਾਨ ਜੀ,

ਸ਼ਖੂ ਪੁਰੇ ਨੂੰ ਘੇਰ ਕੇ ਮਾਰਿਆ

ਨਾਲ ਮਿਲਟਰੀ ਪੁਲਸ ਉਜਾੜਿਆ

ਹਿੰਦੂ ਸਿਖਾਂ ਨੂੰ ਜੀਊਂਦਿਆਂ ਸਾੜਿਆ

ਉਥੇ ਮੋਏ ਹਜ਼ਾਰਾਂ ਇਨਸਾਨ ਜੀ, ਕੀਤਾ ਜ਼ੁਲਮ

ਮੇਹਨਤ ਨਾਲ ਵਸਾਈ ਬਾਰ ਨੂੰ

ਲੈਲਪੁਰ ਜਹੀ ਸੋਹਣੀ ਗੁਲਜ਼ਾਰ ਨੂੰ

ਖੋਹਕੇ ਦਿਤੀ ਫਰੰਗੀ ਨੇ ਯਾਰ ਨੂੰ

ਖੁਸ਼ ਹੋਣ ਲੈ ਕੇ ਮੁਸਲਮਾਨ ਜੀ, ਕੀਤਾ ਜ਼ੁਲਮ

ਮਿੰਟਗੁਮਰੀ ਸ਼ਹਿਰਾਂ ਦੇ ਆਹੂ ਲਾਹੇ

ਮਾਰ ਮਾਰ ਲਖਾਂ ਹਿੰਦੂ ਸਿਖ ਢਾਹੇ

ਦਸਨ ਰੋ ਕੇ ਦਿਸੇ ਜੋ ਬਚ ਆਹੇ

ਬੁਰੇ ਹਾਲ ਪਏ ਸਾਡੇ ਬਨਾਣ ਜੀ, ਕੀਤਾ ਜ਼ੁਲਮ

ਜੇਹੜੇ ਬਚ ਖਚ ਕੇ ਏਧਰ ਆਂਵਦੇ ਨੇ

ਹੈਡ ਬਲੋਕੀ ਤੇ ਘੇਰੇ ਜਾਂਵਦੇ ਨੇ

ਗੁੰਡੇ ਲੜਕੀਆਂ ਚੁਕ ਲੈ ਜਾਂਵਦੇ ਨੇ

ਫੜੀ ਉਨਾਂ ਬੇਸ਼ਰਮੀ ਦੀ ਤਾਨ ਜੀ, ਕੀਤਾ ਜ਼ੁਲਮ

ਹਮਲੇ ਗੱਡੀਆਂ ਉਤੇ ਇਹ ਕਰਨ ਯਾਰੋ

ਪਾਣੀ ਬਾਝੋਂ ਮਸੂਮ ਪਏ ਮਰਨ ਯਾਰੋ

ਜੇੜਾ ਜਾਵੇ ਘੁਟਪਾਣੀ ਦਾ ਭਰਨ ਯਾਰੋ

ਛੁਰਾ ਮਾਰਕੇ ਲੈਂਦੇ ਜਾਨ ਜੀ, ਕੀਤਾ ਜ਼ੁਲਮ

ਹਿੰਦੂ ਸਿਖਾਂ ਦੀ ਗਡੀ ਜਦ ਆਏ ਯਾਰੋ

ਨਲਕੇ ਪਾਣੀ ਦੇ ਬੰਦ ਕਰਾਏ ਯਾਰੋ

ਜ਼ੁਲਮ ਲਖਾਂ ਮਾਸੂਮ ਤੜਫਾਏ ਯਾਰੋ

ਪਾਣੀ ਥਾਂ ਪਿਸ਼ਾਬ ਪਲਾਨ ਜੀ, ਕੀਤਾ ਜ਼ੁਲਮ

ਕਈ ਲੜਕੀਆਂ ਲੈ ਗਏ ਉਠਾਕੇ ਤੇ

ਕਈ ਸੜ ਗਈਆਂ ਅਗਾਂ ਲਗਾ ਕੇ ਤੇ

ਕਈ ਡੁਬੀਆਂ ਨਹਿਰ ਵਿਚ ਜਾ ਕੇ ਤੇ

ਹੋਈਆਂ ਕੌਮ ਤੋਂ ਸਭ ਕੁਰਬਾਨ ਜੀ,

ਕੀਤਾਜ਼ੁਲਮ ਮਾਵਾਂ ਰੋਂਦੀਆਂ ਪੁਤਰਾ ਬਾਝ ਤੇਰੇ

ਨਾਰਾਂ ਕਹਿੰਦੀਆਂ ਕਿਥੇ ਨ ਲਾਏ ਡੇਰੇ

ਭੈਣਾਂ ਲਭਦੀਆਂ ਕਿਥੇ ਨੇ ਵੀਰ ਮੇਰੇ

ਪਾਇਆ ਰਬ ਵਛੋੜਾ ਆਨ ਜੀ, ਕੀਤੇ ਜ਼ੁਲਮ

ਮਾਲਦਾਰ ਜੋ ਮੌਜਾਂ ਉੜਾਂਵਦੇ ਸੀ

ਭੰਜੇ ਪੈਰ ਨ ਮੰਜੇ ਤੋਂ ਲਾਂਹਵਦੇ ਸੀ

ਚੰਗਾ ਖਾਂਵਦੇ ਚੰਗਾ ਹੰਡਾਂਵਦੇ ਸੀ।

ਵਖਤ ਪੈਗਿਆ ਉਨਾਂ ਨੂੰ ਆਨ ਜੀ, ਕੀਤਾਜ਼ੁਲਮ

ਗੁਜਰਾਂ ਵਾਲਾ ਲਹੌਰ ਮੁਲਤਾਨ ਯਾਰੋ

ਪਿੰਡੀ ਜੇਹਲਮ ਗੁਜਰਾਤ ਵੀਆਨ ਯਾਰੋ

ਸਾੜ ਫੂਕ ਕੇ ਹੋਏ ਵੈਰਾਨ ਯਾਰੋ

ਮੁਸਲਮਲੀਗ ਮਚਾਯਾ ਤੂਫਾਨ ਜੀ,ਕੀਤਾਜ਼ੁਲਮ

ਕਲ ਬੈਠੇ ਸੀ ਜੇਹੜੇ ਅਮੀਰ ਜੀ

ਭੌਂਦੇ ਬਣ ਕੇ ਅਜ ਫਕੀਰ ਜੀ

ਹੋਏ ਕੱਪੜੇ ਲੀਰੋ ਲੀਰ ਜੀ

ਬੈਠੇ ਸੜਕਾਂ ਤੇ ਰਖ ਸਮਾਨ ਜੀ, ਕੀਤਾ ਜ਼ੁਲਮ

ਲੀਡਰ ਘੜੀ ਨਾ ਪਲ ਅਰਾਮ ਕਰਦੇ

ਇਹੋ ਮੀਟਿੰਗਾਂ ਸੁਬਾ ਤੇ ਸ਼ਾਮ ਕਰਦੇ

ਅਮਨ ਲਈ ਤਕਰੀਰਾਂ ਤਮਾਮ ਕਰਦੇ

ਕਢਣਵਿਚ ਅਖਬਾਰਾਂ ਬਿਆਨ ਜੀ,

ਕੀਤਾਜ਼ੁਲਮ ਥਾਂ ਥਾਂ ਕੈਂਪ ਹਕੂਮਤ ਲਵਾਏ ਯਾਰੋ

ਦੁਖੀ ਵੀਰਾਂ ਲਈ ਲੰਗਰ ਚਲਾਏ ਯਾਰੋ

ਯੂਪੀ, ਸੀਪੀ, ਇਮਦਾਦ ਪੁਚਾਏ ਯਾਰੋ

ਦੁਖੀ ਵੀਰਾਂ ਦਾ ਦਰਦ ਵੰਡਾਨ ਜੀ,ਕੀਤਾਜ਼ੁਲਮ

ਬੇਦੀ ਦੇਸ਼ ਨੂੰ ਛਡ ਪਰਦੇਸ ਆਏ

ਐਸੇ ਵਖਤ ਫਰੰਗੀ ਨੇ ਆਨ ਪਾਏ

ਕਾਗਜ਼ ਜਦੋਂ ਅਜ਼ਾਦੀ ਦੇ ਹੱਥ ਆਏ

ਮਚ ਰਿਹਾ ਹੈ ਇਕ ਤੂਫਾਨ ਜੀ । ਕੀਤਾ ਜ਼ੁਲਮ

ਪਿਆਰਾ ਕਸ਼ਮੀਰ

ਵਿਚ ਕਸ਼ਮੀਰ ਪਾਕਸਤਾਨੀਆਂ, ਕਿੰਨੇ ਜ਼ੁਲਮ ਕਮਾਏ ਨੇ ।

ਰਲਕੇ ਨਾਲ ਫਰੰਗੀ ਯਾਰੋ, ਉਥੇ ਮੋਰਚੇ ਲਾਏ ਨੇ ।

ਨਕੁਝ ਸੋਚਿਆਨ ਕੁਝ ਸਮਝਿਆ, ਐਵੇਂ ਹਮਲਾ ਕੀਤਾ ਏ ।

ਹਮਲਾਕਰਨ ਦਾ ਮਜਾਇਨ੍ਹਾਂ ਓਥੇ, ਚੰਗਾ ਚਖ ਲੀਤਾ ਏ।

ਹਥੀਂ ਆਪਣੀ ਏਹਨਾਂ ਯਾਰੋ, ਜ਼ਹਿਰ ਪਿਆਲਾ ਪੀਤਾ ਏ ।

ਸਰਹਦੀ ਪਠਾਣਾਂ ਤਾਈਂ, ਚੜ੍ਹ ਕਸ਼ਮੀਰ ਤੇ ਆਏ ਨੇ।

ਵਿਚ ਕਸ਼ਮੀਰ ਦੇ ਪਾਕਸਤਾਨੀਆਂ…

ਫੂਕੇ ਪਿੰਡ ਕਸ਼ਮੀਰ ਦੇ ਸਾਰੇ

ਖਾਲਕਤੇ ਉਥੋਂ ਦੀ ਹਾਈਆਂ ਮਾਰੇ

ਲੁਟਣ ਆ ਗਏ ਦਿਨ ਦਿਹਾੜੇ ਲਖਾਂ ਮਾਰ ਮੁਕਾਏ ਨੇ । ਵਿਚ ਕਸ਼ਮੀਰ ਦੇ..

ਪਾਈ ਲੁਟ ਪਠਾਣਾਂ ਆ ਕੇ

ਫੂਕੇ ਸ਼ਹਿਰ ਪਿੰਡ ਕਈ ਜਾ ਕੇ

ਲੈ ਗਏ ਲੜਕੀਆਂ ਕਈ ਉਠਾ ਕੇ

ਪੜਦੇ ਸ਼ਰਮ ਦੇ ਲਾਹੇਨੇ । ਵਿਚ ਕਸ਼ਮੀਰ…

ਛਡਿਆ ਮੁਸਲਮ ਨਾ ਈਸਾਈ

ਕੋਂਹਦੇ ਬਕਰੇ ਵਾਂਗ ਕਸਾਈ

ਐਸੀ ਇਹਨਾਂ ਲੁਟ ਮਚਾਈ

ਜਿਮੀ ਅਸਮਾਨ ਹਲਾਏ ਨੇ । ਵਿਚ ਕਸ਼ਮੀਰ…

ਸਾਡੀ ਫੌਜ ਨੇ ਮੂੰਹ ਭਵਾਏ

ਜਦੋਂ ਮੋਰਚੇ ਜਾ ਕੇ ਲਾਏ

ਉਤੋਂ ਬੰਬ ਸੀ ਆਨ ਗਿਰਾਏ

ਐਸੇ ਮਜੇ ਚਖਾਏ ਨੇ । ਵਿਚ ਕਸ਼ਮੀਰ ਦੇ..

ਇਹ ਅੰਗਰੇਜ਼ ਦੇ ਸਿਖੇ ਹੋਏ

ਆ ਕੇ ਵਿਚ ਕਸ਼ਮੀਰ ਦੇ ਮੋਏ

ਕਿਸਮਤ ਆਪਣੀ ਤਾਈਂ ਰੋਏ

ਆਖਣ ਦਿਨ ਮਾੜੇ ਆਏ ਨੇ। ਵਿਚ ਕਸ਼ਮੀਰ…

ਸਾਡੀ ਫੌਜ ਦੇ ਛੈਲ ਛਬੀਲੇ

ਡੰਕਾ ਮਾਰ ਚੜੇ ਅਣਖੀਲੇ

ਹੋ ਗਏ ਦੁਸ਼ਮਨ ਦੇ ਰੰਗ ਪੀਲੇ

ਹਥ ਹੁਣ ਕੰਨਾਂ ਨੂੰ ਲਾਏ ਨੇ।ਵਿਚ ਕਸ਼ਮੀਰ ਦੇ…

ਅਸਾਂ ਛਡਨਾ ਨਹੀਂ ਕਸ਼ਮੀਰ

ਇਵੇਂ ਹੋਵੇਂਗਾ ਦਿਲਗੀਰ

ਕਰਨਾ ਫਤੇ ਫੜ ਸ਼ਮਸ਼ੀਰ

ਇੰਨਾ ਚਿਰ ਲਾਡ ਲਡਾਏਨੇ। ਵਿਚ ਕਸ਼ਮੀਰ…

ਪਾਕਿਸਤਾਨ ਵਿਚ ਰਹੀਆਂ

ਦੇਵੀਆਂ ਦੀ ਪੁਕਾਰ

ਤਰਜ਼- ਸਾਡੀ ਗਰੀਬਾਂ ਦੀ ਦੁਨੀਆਂ ਨਿਰਾਲੀ

ਆ ਜਾਓ ਬਚਾ ਲਵੋ ਉਹ ਹਿੰਦੀ ਭਰਾਵੋ,

ਭੈਣਾਂ ਨੂੰ ਭੁਲਕੇ ਨਾ ਖੁਸ਼ੀਆਂ ਮਨਾਵੋ

ਜ਼ਾਲਮ ਦੇ ਹਥ ਆਈਆਂ ਓਹ ਸੋਹਲ ਕਲੀਆਂ

ਖਾ ਖਾ ਕੇ ਮਖਣ ਜੋ ਮੁਟਿਆਰਾਂ ਪਲੀਆਂ

ਸਾਡੇ ਵੀਰਾਂ ਨੂੰ ਜਾ ਕੇ ਸੁਨਾਵੋ,

ਭੈਣਾਂ ਨੂੰ ਭੁਲਕੇ ਨਾ ਖੁਸ਼ੀਆਂ ਮਨਾਵੋ,

ਅਸਮਤ ਨੇ ਲੁਟਦੇ ਓਹ ਜ਼ਾਲਮ ਦਰਿੰਦੇ,

ਇਹ ਸਭੇ ਨੇ ਪਾਕਿਸਤਾਨੀ ਕਾਰਿੰਦੇ,

ਆਉ ਤੇ ਆਕੇ ਬਦਲਾ ਚੁਕਾਵੋ ।ਭੈਣਾਂ ਨੂੰ…

ਸੁਣਦਾ ਨਹੀਂ ਕੋਈ ਰੋਣਾ ਚਿਲਾਵਾਂ,

ਫਰਜ਼ ਦਿਲੋਂ ਹੈ ਭੁਲਾਇਆ ਭਰਾਵਾਂ,

ਸੁਣਕੇ ਪੁਕਾਰਾਂ ਤੇ ਆਕੇ ਬਚਾਵੋ ।ਭੈਣਾਂ ਨੂੰ…

ਇਹ ਸੰਦੇਸ਼ ਸਾਡਾ ਹਿੰਦੁਸਤਾਨ ਜਾਵੇ,

ਸੁਤੇ ਹੋਏ ਵੀਰਾਂ ਨੂੰ ਜਾ ਕੇ ਜਗਾਵੇ,

ਅਮਰ ਹੁਣ ਤਾਂ ਦੇਰੀ ਨਾ ਮੂਲ ਲਾਵੋ ।

ਚੰਗੀ ਅਜ਼ਾਦੀ ਆਈ

ਮੁਦਤਾਂ ਹੋਈਆਂ ਅਸੀਂ ਸਾਂ ਕਹਿੰਦੇ, ਕਦੋਂ ਆਜ਼ਾਦੀ ਆਵੇ ।

ਭਾਰਤ ਮਾਂ ਕੈਦ ਦੇ ਅੰਦਰ, ਆ ਕੇ ਕੋਈ ਛੁਡਾਵੇ।

ਜੇਹਲਾਂ ਕਟੀਆਂ ਫਾਂਸੀ ਚੜ੍ਹ ਗਏ, ਰਤਾ ਖੌਫ ਨਾ ਖਾਵੇ।

‘ਅਮਰ’ ਆਜ਼ਾਦੀ ਖਾਤਰ ਹਿੰਦੀ, ਜਿੰਦੜੀ ਘੋਲ ਘੁਮਾਵੇ।

ਕਈ ਮਾਵਾਂ ਦੇ ਪੁਤਰ ਮਰ ਗਏ, ਵਤਨ ਆਜ਼ਾਦ ਕਰੌਂਦੇ ।

ਬਣਿਆ ਮਹਲ ਗੁਲਾਮੀ ਵਾਲਾ, ਹੇਠਾਂ ਆ ਗਏ ਚੌਂਦੇ ।

ਏਸ ਵਤਨ ਦੀ ਖਾਤਰ ਗਭਰੂ, ਗਲ ਵਿਚ ਫਾਂਸੀ ਪੌਂਦੇ ।

‘ਅਮਰ’ ਅਜ਼ਾਦੀ ਆਵੇ ਛੇਤੀ, ਮਰ ਗਏ ਜ਼ੋਰ ਲਗੌਂਦੇ ।

ਆਈ ਆਜ਼ਾਦੀ ਜਦੋਂ ਦੇਸ਼ ਦੀ, ਦੇਖੀ ਜਦ ਰੁਸ਼ਨਾਈ ।

ਮਜ਼ਹਬ ਦੀ ਛੁਰੀ ਫੜਕੇ ਹਿੰਦੀਆਂ, ਕੀਤੀ ਖੂਬ ਲੜਾਈ।

ਹਿੰਦੂ ਮੁਸਲਮ ਦੁਸ਼ਮਨ ਬਣ ਗਏ, ਅਗ ਫਰੰਗੀ ਲਾਈ ।

ਘਰ ਘਾਟ ਛਡ ਰਿਫਊਜੀ ਹੋ ਗਏ, ਚੰਗੀ ਅਜ਼ਾਦੀ ਆਈ।

ਗੱਡੀ

ਗੱਡੀ ਭਰ ਅੰਗਰੇਜ਼ਾਂ ਨੇ ਤੋਰੀ, ਹਿੰਦ ਵਿਚ ਮਾਰ ਧਾੜ ਦੀ। ਸੁਣੋ ਸਜਣੋਂ ਧਿਆਨ ਦੇਕੇ ਗਲ ਨੂੰ, ਮੈਂ ਭੇਤ ਸਾਰਾ ਦਸਾਂ ਖੋਲ੍ਹਕੇ। ਕਿਵੇਂ ਹਿੰਦ ਨੂੰ ਤਬਾਹ ਕਰ ਸੁਟਿਆ, ਗੋਰੇ ਕਾਲੇ ਦਿਲ ਵਾਲਿਆਂ। ਮੰਗੀ ਮੰਗ ਜਾਂ ਮਹਾਤਮਾ ਗਾਂਧੀ,ਹਿੰਦ ਨੂੰ ਅਜ਼ਾਦ ਕਰਦੇ। ਗੋਰੇ ਸੋਚਿਆ ਚਲਾਕੀ ਕਰੀਏ, ਹਿੰਦ ਨਾ ਅਜ਼ਾਦ ਹੋ ਸਕੇ। ਗਾਂਧੀ ਆਖਿਆ ਜਾਓ ਅੰਗਰੇਜ਼ੋ, ਛੇਤੀ ਸਾਡਾ ਦੇਸ਼ ਛਡਕੇ । ਅਗੇ ਰਾਜ ਜੇ ਬਥੇਰਾ ਕੀਤਾ, ਹੁਣ ਜਾਵੋ ਦੇਸ਼ ਆਪਣੇ । ਗੋਰੇ ਆਖਿਆ ਸੰਭਾਲੋ ਰਾਜ ਆਪਣਾ, ਸਾਲ ਵਿਚ ਚਲੇ ਜਾਵਾਂਗੇ। ਜਦ ਆਉਣਾ ਏ ਸੰਨ ਅਠਤਾਲੀ, ਨਾਲਹੀ ਮਹੀਨਾ ਜੂਨ ਦਾ। ਓਸ ਦਿਨ ਹੈ ਅਸਾਂ ਟੁਰ ਜਾਣਾ, ਗਲ ਸਾਡੀ ਪਕੀ ਜਾਣ ਲੌ । ਜੇ ਨਾ ਪਰਜਾ ਤੁਸਾਂ ਨੇ ਸੰਭਾਲੀ, ਫਿਰ ਰਾਜ ਅਸਾਂ ਕਰਨਾ । ਗੋਰੇ ਸੋਚਿਆ ਰਾਜ ਸਾਥੋਂ ਚਲਿਆ, ਹੁਣ ਕੋਈ ਸੋਚ ਕਰੀਏ । ਝਟ ਜਿਨਾਹ ਨੂੰ ਗੋਰਿਆਂ ਆਖਿਆ, ਅਸੀਂ ਤੇਰਾ ਪਖ ਪੂਰੀਏ । ਪਾਕਿਸ- > ਤਾਨ ਬਣਾ ਲਵੋ ਆਪਣਾ, ਵਖ ਰਹਿਕੇ ਸੁਖ ਪਾਵੋਗੇ । ਜੇ ਸਿਖ ਤੇ ਹਿੰਦੂ ਸਭ ਰਲ ਗਏ, ਮੋਮਨਾਂ ਨੂੰ ਦੁਖ ਦੇਣਗੇ । ਸੁਨ ਕੇ ਜਿਨਾਹ ਨੇ ਲੀਗ ਨੂੰ ਇਹ ਆਖਿਆ, ਮਿਤਰ ਸਾਡੇ ਅੰਗ੍ਰੇਜ਼ ਨੇ । ਪਾਕਿਸਤਾਨ ਜੇ ਬਣਾ ਲਈਏ ਆਪਣਾ, ਕਿਸੇ ਦੀ ਨਾ ਸਾਂਝ ਰਖੀਏ । ਸੁਣ ਕੇ ਲੀਗ ਨੇ ਇਹ ਰੌਲਾ ਪਾਇਆ, ਸ਼ਹਿਰਾਂ ਵਿਚ ਨਾਹਰੇ ਮਾਰਦੇ । ਸੁਣਕੇ ਸਿਖ ਵੀ ਜੈਕਾਰੇ ਛਡਦੇ, ਹਿੰਦੂ ਵੀ ਜੈ ਜੈ ਆਖਦੇ । ਰੌਲਾ ਪੈ ਗਿਆ ਮੁਲਕ ਵਿਚ ਸਾਰੇ, ਝਗੜੇ ਹੋ ਗਏ ਮਜ਼੍ਹਬੀ । ਸ਼ੈਹਰੀ ਥਾਂ ਥਾਂ ਸ਼ੋਰ ਬਹੁਤ ਮਚਿਆ, ਅਗ ਲੌਣ ਮੰਦਰਾਂ ਨੂੰ । ਨਾਲੇ ਹਟੀਆਂ ਬਜ਼ਾਰ ਜਾਣ ਸਾੜਦੇ, ਵਿਚ ਸੁਟ ਬੰਦਿਆਂ ਨੂੰ। ਬੁਰਾ ਹਾਲ ਦੁਨੀਆਂ ਦਾ ਹੋਇਆ, ਕੇਹੜੀ ਕੇਹੜੀ ਗਲ ਦਸੀਏ। ਲੱਗੇ ਕਰਫੂ ਚਵੀ ਚਵੀ ਘੰਟੇ, ਦੁਨੀਆਂ ਸੀ ਤੰਗ ਆ ਗਈ। ਸ਼ਹਿਰ ਛਡਕੇ ਪਿੰਡਾਂ ਨੂੰ ਕਈ ਆ ਗਏ, ਕਈ ਲੜ ਵਿਚ ਮਰ ਗਏ। ਬੁਰਾ < ਹਾਲ ਦੁਨੀਆਂ ਦਾ ਹੋਇਆ, ਅਜ਼ਾਦੀ ਮਿਲੀ ਹਿੰਦੂਆਂ ਨੂੰ । ਇਕ ਪਾਸੇ ਸੀ ਪਾਕਿਸਤਾਨ ਬਣਿਆ,ਪੰਜਾਬ ਸਾਰਾ ਵੰਡਿਆ ਗਿਆ। ਜੇਹੜੇ ਮੋਮਨ ਪੰਜਾਬ ਵਿਚ ਰਹਿ ਗਏ,ਸਿੰਘ ਕਈ ਸੱਜ ਵੀ ਗਏ। ਕੁਝ ਨਸ ਕੇ ਨਿਕਲ ਗਏ ਰਾਤੀਂ, ਲੀਗ ਤਾਈਂ ਜਾ ਆਖਿਆ । ਸਾਡਾ ਹਾਲ ਜੀ ਸਿਖਾਂ ਬੁਰਾ ਕੀਤਾ, ਮਾਲ ਸਾਰਾ ਲੁਟ ਹੈ ਲਿਆ। ਕੀਤੇ ਫਟੜ ਤੇ ਕਈ ਸਾਡੇ ਮਰ ਗਏ, ਤੁਸੀਂ ਬੈਠੇ ਚੁਪ ਕਰਕੇ । ਸੁਣ ਲੀਗੀਅ ਨੂੰ ਜੋਸ਼ ਬੜਾ ਆਇਆ, ਇਕੱਠ ਓਹ ਤਾਂ ਨਿਤ ਕਰਦੇ । ਕੱਲਾ ਸਿੰਘ ਜੇ ਨਜ਼ਰ ਕਿਤੇ ਅ ਵੇ, ਉਹਨੂੰ ਉਥੇ ਮਾਰ ਛਡਦੇ। ਲਗੇ ਲੁਟਣ ਲੁਟੇਰੇ ਬਣਕੇ, ਪਿੰਡਾਂ ਵਿਚ ਰੌਲਾ ਪੈ ਗਿਆ । ਪਹਿਰੇ ਲਗਦੇ ਪਿੰਡਾਂ ਦੇ ਦੁਆਲੇ, ਸਾਰੀ ਰਾਤ ਰਹਿੰਦੇ ਜਾਗਦੇ। ਦਿਨ ਪੰਦਰਾਂ ਸ਼ੋਰ ਬਹੁਤਾ ਮਚਿਆ, ਅਨ ਜਲ ਮੁਕ ਜੀ ਗਿਆ । ਕੀਤੇ ਤੰਗ ਲੀਗੀਆਂ ਨੇ ਬਹੁਤੇ, ਮਿਲਟਰੀ ਤੇ ਜ਼ੋਰ ਪਾ ਲਿਆ। ਪਈਆਂ ਭਾਜੜਾਂ ਸਿੰਘਾਂ ਨੂੰ ਓਥੋਂ, ਪਿੰਡ ਸਭਸਾੜਜੀਦਿਤੇ। ਘਰ ਬਾਰ ਵੀ ਛਡ ਦਿਤੇ ਸਾਰੇ, ਭਾਂਡਾ ਟੀਂਡਾ ਲੁਟਿਆ ਗਿਆ । ਸਾਰੇ ਚਲ ਪਏ ਜਿੰਦਾਂ ਨੂੰ ਬਚਾਕੇ, ਕਿਸੇ ਦੀ ਨਾ ਸ਼ੁਧ ਜੀ ਲਈ। ਕਈ ਰਹਿ ਗਏ ਕਈ ਰਾਹੇ ਮਰ ਗਏ, ਕਈ ਹੈਡ ਟਪ ਆ ਗਏ। ਬੁਰਾ ਹਾਲ ਸੀ ਲੀਗੀਆਂ ਕੀਤਾ, ਇਜ਼ਤਾਂ ਵੀ ਖੋਹ ਨੇ ਲਈਆਂ। ਕੀਤੀ ਬਿਜ਼ਤੀ ਹਿੰਦੂਆਂ ਦੀ ਬਹੁਤ ਹੀ, ਦਾੜੀ ਮੁਛਾਂ ਮੁਨ ਸੁਟੀਆਂ । ਬਚੇ ਮਰ ਰਏ ਤੇ ਧੀਆਂ ਰੁਲ ਆਂ, ਭਰਾਵਾਂ ਨਾਲੋਂ ਨਿਖੜ ਗਈਆਂ । ਮਾਂ ਪਿਓ ਹੀ ਜਿਨਾਂ ਦੇ ਮਰ ਗਏ, ਰੋਂਵਦੇ ਵਿਚ ਰੇ ਰਹਿ ਗਏ। ਪੁਛੇ ਬਾਤ ਨਾ ਕਿਸੇ ਦੀ ਕੋਈ, ਟੇਸ਼ਨਾਂ ਤੇ ਪਏ ਰੁਲਦੇ। ਜਿਨ੍ਹੇ ਕੰਮ ਨਾ ਕਦੇ ਵੀ ਕੀਤਾ ਸੜਕਾਂ ਤੇ ਢੋਣ ਟੋਕਰੀ। ਪਾਂਡੀ ਬਣਕੇ ਗੁਜ਼ਾਰਾ ਕਰਦੇ ਕੇਹੜਾ ਕੇਹੜਾ ਦੁਖ ਦਸੀਏ। ਜਾਣੇ ਰੱਬ ਜੀ ਜ਼ੁਲਮ ਕੀ ਕੀਤਾ ਜੇਹੜੇ ਬ੍ਰਬਾਦ ਹੋ ਗਏ ।ਮਿਠਾ ਕਰਕੇ ਭਾਣੇ ਨੂੰ ਮੰਨਣਾ ਪੰਜਵੇਂ ਗੁਰੂ ਜੀ ਆਖ ਗਏ । ਸਜਣਾ ਸਜਣਾ ਸਦਾ ਨਾ ਨਗਾਰਾ ਕਿਸੇ ਦਾ ਜੱਗ ਵਜਣਾ। ॥ ਬੈਂਤ ॥

ਕਰਾਂ ਸਿਫਤ ਕੀ ਤੇਰੀ ਪ੍ਰਮਾਤਮਾ ਜੀ,

ਤੇਰਾ ਅੰਤ ਹਿਸਾਬ ਨਾ ਆਉਣ ਵਾਲਾ ।

ਆਪੇ ਜੀਵ ਨੂੰ ਜੱਗ ਤੇ ਭੇਜਦਾ ਏਂ,

ਆਪੇ ਸਦਕੇ ਫੇਰ ਬੁਲਾਣ ਵਾਲਾ।

ਆਪੇ ਕਿਸੇ ਨੂੰ ਦੇਂਵਦਾ ਮੱਤ ਬਹੁਤੀ,

ਆਪੇ ਕਿਸੇ ਦੀ ਹੋਸ਼ ਭੁਲਾਣ ਵਾਲਾ।

ਸਤਿਨਾਮ ਸਿੰਘ ਦੇ ਰਿਦੇ ਵਿਚ ਬੈਹਕੇ,

ਕਿੱਸਾ ਲਿਖਣ ਦੀ ਜਾਚ ਸਿਖਾਣ ਵਾਲਾ ।

॥ ਸਮਾਪਤੰ ॥

 

ਤਸਵੀਰਾਂ 

ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ

 

 

Credit – ਸ੍ਰ: ਅਵਤਾਰ ਸਿੰਘ ਜੀ ਬੇਦੀ

 

Leave a comment