ਤੀਲੀ ਦਾ ਨਿਸ਼ਾਨ ਦਲੀਪ ਕੌਰ ਟਿਵਾਣਾ | Tili da Nishan Dalip kaur Tiwana

1

ਵੇਲਾ ਆਥਣ ਦਾ 

ਅਸਮਾਨ ਉਤੇ ਪਾਣੀ ਦੇ ਭਰੇ ਬੱਦਲ ਬਿਨ ਬਰਸਿਆਂ ਲੰਘੇ ਜਾ ਰਹੇ ਸਨ। 

ਸੁੱਕ ਕੇ ਤ੍ਰੇੜੋ ਤ੍ਰੇੜ ਹੋਏ ਮੜ੍ਹੀਆਂ ਵਾਲੇ ਟੋਭੇ ਦੇ ਕੰਢੇ ਖੜਾ ਇਕ ਬਗਲਾ ਅੱਖਾਂ ਫਾਤ ਫਾੜ ਉੱਡਦੇ ਜਾਂਦੇ ਬੱਦਲਾਂ ਵੱਲ ਵੇਖ ਰਿਹਾ ਸੀ। 

ਪਹੇ ਪਹੇ ਨਿੱਕੀਆਂ ਵੱਡੀਆਂ ਪਿੰਡ ਦੀਆਂ ਕੁੜੀਆਂ ਟੇਭੇ ਵੱਲ ਗੁੱਡੀ ਫੂਕਣ ਆ ਰਹੀਆਂ ਸਨ। 

“ਹੈ ਹੈ ਧੀਏ ਮੋਰਨੀਏ। 

ਤੇਰੇ ਗਜ ਗਜ ਲੰਬੇ ਵਾਲ ਧੀਏ ਮੋਰਨੀਏ, ਤੈਨੂੰ ਪਈ ‘ਸਮਾਨੇ ਬਿੱਜ 

ਨੀ ਧੀਏ ਮੋਰਨੀਏ।’ 

ਗੁੱਡੀ ਕਿਸੇ ਦੀ ਧੀ ਹੁੰਦੀ ਹੈ ਤੇ ਕਿਸੇ ਦੀ ਨੂੰਹ। ਉਸ ਦੀ ਮੌਤ ਉਤੇ ਜਣਦੇ ਸਹੇੜਦੇ ਰੁਦਨ ਕਰਦੇ ਹਨ। ਕੀਰਨੇ ਪਾਉਂਦੇ ਹਨ। ਸਿਆਪੇ ਹੁੰਦੇ ਹਨ। 

ਜਵਾਨ ਕੁੜੀ ਦੀ ਕਹਿਰ ਦੀ ਮੌਤ ਉਤੇ ਰੱਬ ਵੀ ਰੋਏਗਾ। ਇਹ ਉਹਨਾਂ ਦਾ ਵਿਸ਼ਵਾਸ ਹੈ। ਇਉਂ ਮੀਂਹ ਪੈ ਜਾਵੇਗਾ। 

‘ਧੀ ਬੇਸ਼ਕ ਮਰ ਜੇ, ਪਰ ਜਮਾਈ ਨਾ ਕਿਸੇ ਦਾ ਮਰੇ” ਬੰਨੇ ਉਤੇ ਖੜੋਤੀ ਦੂਰ ਨਹਿਰ ਦੀ ਪਟੜੀ ਚੜ੍ਹਦੀ ਕਾਰ ਵੱਲ ਤੱਕ ਕੇ ਇੰਦਕੁਰ ਬੁੜ੍ਹੀ ਨੇ ਜੀ ਵਿਚ ਕਿਹਾ। 

ਫਿਰ ਉਹ ਆਪਣੇ ਘਗਰੇ ਨਾਲੋਂ ਅਲੇਹਾ ਲਾਹੁਣ ਲਗ ਪਈ। 

“ਚਲ ਉਠ ਵੀ ਹੁਣ” ਖੂਹ ਵੱਲ ਹੋ ਕੇ ਮੁੜੇ ਆਉਂਦੇ ਸਰਦਾਰ ਉੱਤਮ ਸਿੰਘ ਨੇ ਤੁਰੇ ਜਾਂਦੇ ਨੇ ਹੀ ਇੰਦਕੁਰ ਨੂੰ ਕਿਹਾ। 

“ਮਖਾਂ ਗਲਾਬਕੁਰ ਕੇ ਬਾਪੂ ਜੀ ਕੁੜੀ ਦਾ ਕੀ ਬਣੂੰ ਹੁਣ ਮੈਨੂੰ ਤਾਂ ਦਿਨ ਰਾਤ ਏਹੀ ਸੋਚ ਵੱਢ ਵੱਢ ਖਾਈਂ ਜਾਂਦੀ ਐ” ਇੰਦਕੁਰ ਹਉਕਾ ਜਿਹਾ ਭਰ ਕੇ ਮਗਰ ਤੁਰੀ ਆਉਂਦੀ ਨੇ ਕਿਹਾ। 

“ਕੌਣ ਕੁੜੀ? ਕਿਰਨ? ਬਣਨਾ ਬਣੋਣਾ ਸਹੁਰੀ ਦਾ ਕੀ ਐ ਹੁਣ। ਸੁਖੇ ਦਾ ਵੀ ਤਾਂ ਵੇਲਾ ਲੰਘਿਆ ਈ ਸੀ ਏਮੇ ਏਸ ਦਾ ਲੰਘ ਜੂ।” 

“ਪਰ ਮਖਾਂ ਜੀ ਸੁਖੇ ਦੇ ਤਾਂ ਸੁੱਖ ਨਾਲ ਦੇ ਜੁਆਕ ਸੀ, ਦਿਨ ਟੁੱਟਗੇ ਓਨਾਂ ਦੇ ਆਸਰੇ, ਇਹ ਤਾਂ ਬਚਾਰੀ ਬਸ ਚਾਰ ਲਾਮਾਂ ਦੀ ਸਾਰੀ ਚੋਰ ਐ। ਨਾਲੇ ਉਹ ਤਾਂ ਜਮਾਨੇ ਹੋਰ ਸੀ।” 

“ਕੀ ਕਰੀਏ ਫੇਰ ਮਰਜੀਆਂ ਨੇ ਰੱਬ ਦੀਆਂ। ਮੈਂ ਆਖ ਰਿਹਾ ਜਸਵੰਤ ਸਿਉਂ ਨੂੰ ਬਈ ਨਾ ਕਰ ਫ਼ੌਜੀ ਨੂੰ ਸਾਕ। ਇਕ ਨਾ ਸੁਣੀ ਅਖੇ ਰੱਬ ਇਕੋ ਐ ਸਭ ਥਾਈਂ।” 

“ਉਸ ਨੂੰ ਕੀ ਪਤਾ ਸੀ ਏਸ ਭਾਣੇ ਦਾ। ਆਪ ਵੀ ਦੇਖ ਲੈ ਅੱਧਾ ਨੀ ਰਿਹਾ ਜਿੱਦਣ ਦੀ ਏਹ ਹੋਣੀ ਵਰਤੀ ਐ।” 

“ਤੈਂ ਮਸਾਲਾ ਦਵਾਤਾ ਸੀ ਘੋੜੇ ਨੂੰ?” 

“ਆਹੋ ਨੂਣ ਦੀ ਮੁੱਠੀ ਵੀ ਪਾਤੀ ਸੀ ਵਿਚ। ਕਮਲੀ ਰੰਗ ਬਰੰਗੇ ਲੀੜੇ ਪਾਈਂ ਫਿਰਦੀ, ਸੀ। ਏਥੇ ਪਿੰਡਾਂ ‘ਚ ਤਾਂ ਸੌ ਸੌ ਬਚਾਰਾਂ ਕਰਨ ਲਗ ਜਾਂਦੀਆਂ ਨੇ ਤੀਮੀਆਂ। ਏਹ ਤਾਂ ,ਮਾਂ ਨੂੰ ਚਾਹੀਦੈ ਓਸ ਦੀ ਨੂੰ, ਉਸ ਨੂੰ ਨਿਆਣੀ ਨੂੰ ਕੀ ਪਤੈ।” 

‘‘ਤੈਂ ਘਿਓ ਦੀ ਪੀਪੀ ਰਖਾ ਦਿਤੀ ਸੀ ਕਾਰ ‘ਚ?” 

“ਆਹੇ ਧੌਣ ਕੁ ਸੱਕਰ ਵੀ ਪਾਤੀ ਸੀ ਅਧੀਏ ਵਿਚ, ਕੁਸ਼ ਮੁੰਗਫ਼ਲੀ ਦੀਆਂ ਗਿਰੀਆਂ ਪਈਆਂ ਸੀ ਕਢੀਆਂ ਬੀ ਖ਼ਾਤਰ, ਉਹ ਬੰਨ੍ਹਤੀਆਂ ਨਾਲ, ਬੀ ਖ਼ਾਤਰ ਹੋਰ ਕਢ ਲਾਂ ਗੇ। ਪੰਜੀਰੀ ਰਲਾਤੀ ਸੀ। ਮੈਂ ਕਿਹਾ ਦਾਦੇ ਦਾਦੀ ਕੋਲੋਂ ਚੱਲੀ ਐ” ਇੰਦਕੁਰ ਨੇ ਦੱਸਿਆ। 

ਪਿੰਡ ਨੇੜੇ ਆ ਜਾਣ ਕਰ ਕੇ ਸਰਦਾਰ ਉੱਤਮ ਸਿੰਘ ਕਾਹਲੇ ਕਦਮੀਂ ਇੰਦਕੁਰ ਤੋਂ ਕਾਫ਼ੀ ਅੱਗੇ ਲੰਘ ਗਿਆ। ਇੰਦਕੁਰ ਰਾਹ ਵਿਚ ਜੀਊਣੇ ਝਿਉਰ ਤੋਂ ਟੋਕਰੇ ਪੁੱਛਣ ਲਈ ਖੜੋ ਗਈ। 

ਕਿਰਨ ਹੋਰਾਂ ਨੂੰ ਪਟਿਆਲੇ ਘਰ ਪਹੁੰਚਦਿਆਂ ਨੂੰ ਇਕ ਵਿਆਹ ਦਾ ਕਾਰਡ ਆਇਆ ਪਿਆ ਸੀ। 

ਅੱਜ ਹੀ ਕਿਰਨ ਦੀ ਸਹੇਲੀ ਦਾ ਵਿਆਹ ਸੀ। 

ਕਿਰਨ ਜਾਣ ਲਈ ਤਿਆਰ ਹੋਣ ਲਗੀ। 

ਉਸ ਨੇ ਪਿਆਜ਼ੀ ਸੁੱਚੇ ਰੇਸ਼ਮ ਦਾ ਸੂਟ ਪਾਇਆ। ਢੁਕਵੀਂ ਹਲਕੀ ਲਿਪਸਿਟਕ ਲਗਾਈ। ਉਤੇ ਗੋਟੇ ਵਾਲੀ ਚੁੰਨੀ ਸੀ। ਕੰਨੀਂ ਮੋਤੀਆਂ ਵਾਲ਼ੇ ਝੁਮਕੇ। ਨੱਕ ਹੀਰੇ ਦੀ ਤੀਲੀ। 

ਗੁਰੂ ਮਹਾਰਾਜ ਵਾਲੇ ਕਮਰੇ ਵਿਚ ਧੂਫ ਡੰਗ ਕੇ ਮੁੜੀ ਆਉਂਦੀ ਉਸ ਦੀ ਮਾਂ ਨੇ ਆਪਣੀ ਧੀ ਦੇ ਰੂਪ ਜਵਾਨੀ ਵੱਲ ਜਦੋਂ ਦੇਖਿਆ ਉਹ ਸਹਿਮ ਜਿਹੀ ਗਈ। 

ਆਖੇ ਤਾਂ ਉਹ ਕਿਰਨ ਨੂੰ ਕੀ ਆਖੇ। 

ਤੀਲੀ ਦਾ ਨਿਸ਼ਾਨ ਦਲੀਪ ਕੌਰ ਟਿਵਾਣਾ | Tili da Nishan Dalip kaur Tiwana

ਦੀਵਿਆਂ ਮਿਲਦਿਆਂ ਨਾਲ। 

ਇਕ ਧੁੰਦ ਜਿਹੀ ਵਿਚ ਲਪੇਟੇ ਸ਼ਹਿਰ ਦੇ ਮਹਿਲ ਮਾੜੀਆਂ ਕੋਲ ਦੀ ਕਿਰਨ ਕਾਰ ਵਿਚ ਤੇਜ਼ੀ ਨਾਲ ਲੰਘੀ ਜਾ ਰਹੀ ਸੀ। 

ਪਰਸ ਵਿਚੋਂ ਸ਼ੀਸ਼ਾ ਕਢ ਕੇ ਉਸ ਨੇ ਰਮਾਲ ਨਾਲ ਕੱਜਲ ਠੀਕ ਕੀਤਾ ਸ਼ੀਸ਼ੇ ਵਿਚ ਆਪਣੀ ਸ਼ਕਲ ਉਸ ਨੂੰ ਧੁੰਦਲੀ ਧੁੰਦਲੀ ਦਿਸੀ। 

‘ਸ਼ਰਨਜੀਤ ਦਾ ਵਿਆਹ ਹੋ ਰਿਹਾ ਏ।’ ਉਸ ਨੇ ਜਿਵੇਂ ਆਪਣੇ ਆਪ ਨੂੰ ਦਸਿਆ। ਵਿਆਹ ਤਾਂ ਉਸ ਦਾ ਵੀ ਹੋਇਆ ਸੀ, ਪਰ ਉਹ ਸਭ ਕੁਝ ਉਸ ਨੂੰ ਸੁਪਨੇ ਦੀ ਨਿਆਈਂ ਜਾਪਿਆ। 

ਕਿਸੇ ਫ਼ਿਲਮ ਦੇ ਸੀਨ ਵਾਂਗ ਇਕ ਫ਼ੌਜੀ ਅਫ਼ਸਰ ਨਾਲ ਉਸ ਨੇ ਚਾਰ ਭੁਆਟਣੀਆਂ ਲਈਆਂ ਸਨ। ਜਿਸ ਨੇ ਗੁਰੂ ਗ੍ਰੰਥ ਦੀ ਹਜ਼ੂਰੀ ਵਿਚ ਉਸ ਦਾ ਪੱਲਾ ਫੜਿਆ ਸੀ ਤੇ ਸਾਰੀ ਉਮਰ ਦਾ ਸਾਥ ਨਿਭਾਉਣ ਦੀ ਸਹੁੰ ਖਾਧੀ ਸੀ। 

ਕਿਰਨਜੀਤ ਨੂੰ ਸਿਰਫ ਏਨਾ ਕੁ ਹੀ ਯਾਦ ਹੈ ਕਿ ਬੜਾ ਕੱਠ ਵੱਠ ਸੀ ਉਸ ਦਿਨ ਤੇ ਗਾਣ ਵਜਾਣ ਹੋ ਰਿਹਾ ਸੀ। 

ਵਿਦਾ ਵੇਲੇ ਉਸ ਦੇ ਦਾਦੇ ਨੇ ਸਿਰ ਉਤੇ ਪਿਆਰ ਦਿਤਾ ਸੀ ਤੇ ਰੋ ਪਿਆ ਸੀ। ਪਹਿਲੀ ਵਾਰੀ ਉਸ ਨੇ ਆਪਣਾ ਦਾਦਾ ਰੋਂਦਾ ਦੇਖਿਆ ਸੀ। 

ਕਾਰ ਵਿਚ ਸਾਰਾ ਵੇਲਾ ਨੀਵੀਂ ਪਾਈ ਬੈਠੀ ਰਹੀ ਸੀ। ਗਰਦਨ ਵੀ ਦੁਖਣ ਲਗ ਪਈ ਸੀ। ਕਿਉਂਕਿ ਉਸ ਨੇ ਜਦੋਂ ਵੀ ਨਜ਼ਰਾਂ ਚੁੱਕੀਆਂ ਫ਼ੌਜੀ ਅਫ਼ਸਰ ਉਸੇ ਵਲ ਵੇਖ ਰਿਹਾ ਹੁੰਦਾ ਸੀ। 

ਉਸ ਦੀਆਂ ਨਜ਼ਰਾਂ ਦੀ ਤਾਬ ਕਿਹੜਾ ਝੱਲੀ ਜਾਂਦੀ ਸੀ। 

ਰਾਹ ਵਿਚ ਇਕ ਥਾਂ ਉਹ ਚਾਹ ਪੀਣ ਲਈ ਰੁਕੇ ਸੀ। 

ਇਕ ਮੰਗਤੀ ਆ ਕੇ ਅਸੀਸਾਂ ਦੇਣ ਲਗ ਪਈ ਸੀ। 

ਫ਼ੌਜੀ ਅਫ਼ਸਰ ਨੇ ਦਸਾਂ ਦਾ ਨੋਟ ਕਢ ਕੇ ਉਸ ਨੂੰ ਦੇ ਦਿਤਾ। 

ਮੰਗਤੀ ਨੂੰ ਇਕ ਪਲ ਤਾਂ ਜਿਵੇਂ ਇਤਬਾਰ ਜਿਹਾ ਨਾ ਆਇਆ ਫਿਰ ਉਹ ਖੜੀ ਲੱਖ ਲੱਖ ਅਸੀਸਾਂ ਦਿੰਦੀ ਰਹੀ। “ਜੁਗ ਜੁਗ ਜੀਓ। ਜੋੜੀ ਬਣੀ ਰਹੇ। ਦੁੱਧੀ ਨਾਮੋ। ਰੱਬ ਪੁੱਤ ਦੇਵੇ।” 

“ਰੱਬ ਪੁੱਤ ਦੇਵੇ” ਸੁਣ ਕੇ ਫ਼ੌਜੀ ਅਫ਼ਸਰ ਨੇ ਕਿਰਨ ਦੇ ਪੋਲੀ ਜਿਹੀ ਕੂਹਣੀ ਮਾਰੀ ਤੇ ਹੱਸ ਪਿਆ। 

ਰਾਹ ਵਿਚ ਲੁਧਿਆਣੇ ਦੇ ਉਚੇ ਪੁਲ ਕੋਲ ਉਹਨਾਂ ਦੀ ਕਾਰ ਨੂੰ ਫੇਰ ਇਕ ਵਾਰੀ ਰੁਕਣਾ ਪਿਆ। ਅਗੇ ਅਗੇ ਕਿਸੇ ਦੀ ਅਰਥੀ ਜਾ ਰਹੀ ਸੀ। 

ਇਸ ਪਲ ਫ਼ੌਜੀ ਅਫ਼ਸਰ ਨੇ ਕਿਰਨ ਦੇ ਨਾਲ ਬੈਠੀ ਲਾਗਣ ਤੇ ਅਗੇ ਬੈਠੇ ਉਸ ਦੇ ਚਾਚੇ ਦੇ ਪੁੱਤ ਭਰਾ ਦੇ ਸਾਹਮਣੇ ਹੀ ਕਿਰਨ ਦੇ ਮੋਢਿਆਂ ਉੱਪਰ ਦੀ ਬਾਂਹ ਵਲਾ ਲਈ ਤੇ ਆਪਣੇ ਨਾਲ ਜਿਹੇ ਲਾ ਲਿਆ। 

ਕਿਰਨਜੀਤ ਨੂੰ ਏਨਾ ਕੁ ਯਾਦ ਹੈ ਉਸ ਦਿਨ ਏਡਾ ਲੰਬਾ ਸਫ਼ਰ ਕਿੱਡੀ ਛੇਤੀ ਮੁੱਕ ਗਿਆ ਸੀ। 

ਡੋਲੀ ਫ਼ੌਜੀ ਅਫ਼ਸਰ ਦੇ ਘਰ ਪਹੁੰਚੀ ਤਾਂ ਇਕ ਚੁੱਪ ਚਾਂ ਜਿਹੀ ਵਰਤੀ ਪਈ ਸੀ। 

ਤਾਰ ਰਾਹੀਂ ਫ਼ੌਜੀ ਅਫ਼ਸਰ ਨੂੰ ਤੁਰਤ ਵਾਪਸ ਬੁਲਾਇਆ ਗਿਆ ਸੀ। 

ਜੰਗ ਲਗ ਗਈ ਸੀ। 

ਉਸੇ ਸ਼ਾਮ ਰਾਤ ਦੇ ਸਾਢੇ ਨੌ ਵਜੇ ਦੀ ਗੱਡੀ ਸਾਰੇ ਮਿੱਤਰਾ, ਸੰਬੰਧੀਆ ਤੇ ਘਰਦਿਆਂ ਦੇ ਨਾਲ ਕਿਰਨਜੀਤ ਵੀ ਤੇਜਵੰਤ ਨੂੰ ਸਟੇਸ਼ਨ ਉਤੇ ਛੱਡਣ ਗਈ। 

ਮਾਂ ਉਸ ਦੀ ਨੇ ਪਿਆਰ ਦਿਤਾ ਤੇ ਅੱਖਾਂ ਭਰ ਗਈਆਂ। ਪਿਓ ਉਸ ਦੇ ਨੇ ਕੰਬਦੇ ‘ ਹੱਥਾਂ ਨਾਲ ਥਾਪੀ ਦਿਤੀ। ਬਾਕੀ ਸਾਰਿਆਂ ਨਾਲ ਹੱਥ ਹੱਥ ਮਿਲਾ ਕੇ ਉਹ ਕਿਰਨਜੀਤ ਕੋਲ ਆਇਆ। ਉਸ ਦੇ ਦੋਵੇਂ ਮੋਢਿਆਂ ਉਤੇ ਹੱਥ ਰਖ ਕੇ ਬੋਲਿਆ, “ਛੇਤੀ ਆ ਜਾਵਾਂਗਾ।” 

ਪਰ ਆ ਨਹੀਂ ਸਕਿਆ। 

ਮਾਰਿਆ ਗਿਆ। 

ਫਿਰ ਇਕ ਹੋਰ ਸੀਨ ਵਾਂਗ ਜਿਵੇਂ ਪਹਿਲੇ ਘਰ ਵਿਚ ਗਾਣ ਵਜਾਣ ਹੋਇਆ, ਹੁਣ ਰੋਣ ਧੋਣ ਹੋਇਆ। 

ਕਿਰਨਜੀਤ ਨੂੰ ਨਾ ਇਸ ਵਿਆਹ ਦਾ ਇਤਬਾਰ ਆਇਆ ਸੀ ਤੇ ਨਾ ਇਸ ਮੌਤ ਦਾ। 

ਨਾ ਉਸ ਨੇ ਬਾਹਾਂ ਵਿਚੋਂ ਚੂੜੀਆਂ ਭੰਨੀਆਂ ਤੇ ਨਾ ਨੱਕ ਵਿਚੋਂ ਤੀਲੀ ਲਾਹੀ। 

ਕਿਸੇ ਨੇ ਉਸ ਨੂੰ ਕਿਹਾ ਵੀ ਨਾ। 

ਉਸ ਨੂੰ ਇਸ ਗੱਲ ਦਾ ਦੁੱਖ ਜ਼ਰੂਰ ਸੀ ਕਿ ਉਸ ਦਾ ਪਾਪਾ ਸੈਰ ਵੇਲੇ ਹੁਣ ਸੋਟੀ, ਲੈ ਕੇ ਜਾਂਦਾ ਸੀ। 

“ਹੈਂ ਬੀਬੀ, ਸ਼ਰਨਜੀਤ ਦਾ ਭਰਾ ਅਮਰੀਕਾ ਤੋਂ ਉਸ ਲਈ ਬੜੀਆਂ ਹੀ ਸੁਹਣੀਆਂ  ਂ ਸਾੜ੍ਹੀਆਂ ਲੈ ਕੇ ਆਇਆ ਸੀ। ਆਪਾਂ ਜਾਂਦੇ ਨੂੰ, ਪੈਸੇ ਦੇ ਦਿਆਂਗੇ ਉਹ ਮੇਰੇ ਲਈ ਵੀ ਭੇਜ ਦੁ” ਕੰਘਾ ਉਸ ` ਨੂੰ ਫੜਾ, ਵਾਲ ਵਹਾਣ ਲਈ ਆਪਣੀ ਮਾਂ ਦੇ ਅਗੇ ਬੈਠਦੀ ਕਿਰਨਜੀਤ ਬੋਲੀ। 

ਮਾਂ ਉਸ ਦੀ ਨੇ ਕੋਈ ਹੁੰਗਾਰਾ ਨਾ ਭਰਿਆ। 

ਅਸਮਾਨ ਉਤੋਂ ਦੀ ਇਕ ਕੂੰਜਾਂ ਦੀ ਡਾਰ ਲੰਘੀ ਜਾ ਰਹੀ ਸੀ। 

ਕਾਲੀ ਚਿੱਟੀ ਇਕ ਜੰਗਲੀ ਚਿੜੀ ਨਾ ਜਾਣੇ ਅੱਜ ਕਿਧਰੋਂ ਆ ਗਈ ਸੀ। ਹੁਣ ਬੋਚ ਬੋਚ ਕੇ ਪੈਰ ਧਰਦੀ ਆਲੇ ਦੁਆਲੇ ਦਾ ਬੜੇ ਧਿਆਨ ਨਾਲ ਨਿਰੀਖਣ ਕਰ ਰਹੀ ਸੀ। 

“ਮੈਨੂੰ ਇਉਂ ਲਗਦੈ ਬੀਬੀ ਜਿਵੇਂ ਇਸ ਚਿੜੀ ਦਾ ਨਾਉਂ ਵੀ ਕਿਰਨ ਹੋਵੇ” ਕਿਰਨਜੀਤ ਨੇ ਹੱਸ ਕੇ ਕਿਹਾ। 

“ਤੂੰ ਵਾਲਾਂ ਨੂੰ ਹੁਣ ਖ਼ਸ਼ਬੂ ਵਾਲਾ ਤੇਲ ਕਾਹਨੂੰ ਲਾਉਂਦੀ ਹੁੰਨੀ ਐਂ।” ਵਾਲ ਵਾਹੁੰਦੀ ਉਸ ਦੀ ਮਾਂ ਬੋਲੀ। 

‘‘ਤੂੰ ਤਾਂ ਬੀਬੀ ਹੁਣ ਬੁੱਢੀ ਹੋ ਗਈ ਸਮਝੋ। ਹਾਂ ਸੱਚ ਖ਼ੁਸ਼ਬੂ ਤੋਂ ਗੱਲ ਯਾਦ ਆ ਗਈ ਹੁਣ ਜਦੋਂ ਮਾਸੀ ਜੀ ਕੋਲ ਲਖਨਊ ਜਾਏਂਗੀ ਤਾਂ ਉਥੋਂ ਮੋਤੀਏ ਦਾ ਇਤਰ ਲੈ ਕੇ ਆਈਂ। ਉਥੇ ਆਖਦੇ ਨੇ ਸਭ ਤੋਂ ਚੰਗਾਂ ਬਣਦੈ।” 

“ਕਮਲੀ ਨੀ ਬਣੀਦਾ। ਤੈਨੂੰ ਤਾਂ ਹੁਣ ਫੂਕ ਫੂਕ ਕੇ ਪੈਰ ਧਰਨਾ ਚਾਹੀਦੈ।” ਧਰਤੀ ਛੂੰਹਦੇ ਭਾਰੇ ਵਾਲਾਂ ਦੇ ਥੱਬੇ ਦੀ ਗੁੱਤ ਕਰਦੀ ਉਹ ਬੋਲੀ। 

“ਪਿਛਲੇ ਜਨਮ ਵਿਚ ਤੂੰ ਭਲਾ ਕੀ ਹੁੰਦੀ ਹੋਵੇਂਗੀ ਬੀਬੀ? ਗਊ ਮਾਤਾ ਹੁੰਦੀ ਹੋਵੇਂਗੀ। ਘਾ ਚਰਨਾ ਤੇ ਦੁੱਧ ਦੇਣਾ ਹੋਰ ਕੋਈ ਸ਼ੌਕ ਨਹੀਂ ਬਸ।” 

“ਗਊ ਮਾਤਾ ਹੋਵੇ ਤੇਰੀ ਦਾਦੀ ਮੈਂ ਕਿਉਂ ਹੋਵਾਂ।” ਗੁੱਤ ਕਰ ਕੇ ਕੰਘਾ ਉਸ ਨੂੰ ਮੋੜਦੀ ਉਹ ਬੋਲੀ। 

“ਮੇਰੀ ਦਾਦੀ ਦੀਆਂ ਕੌਣ ਰੀਸਾਂ ਕਰ ਲੂ ਸੱਠਾਂ ਵਰ੍ਹਿਆਂ ਦੀ ਹੋ ਗਈ ਦਾਦਾ ਮੇਰਾ ਅਜੇ ਵੀ ਅਗੇ ਪਿਛੇ ਪੈਲਾਂ ਪਾਉਂਦਾ ਰਹਿੰਦੈ। ਅਜੇ ਵੀ ਕੱਢਮੀਂ ਜੁੱਤੀ ਪਾ ਕੇ ਰਖਦੀ ਐ, ਰਾਤ ਨੂੰ ਬਿਲਾ ਨਾਗਾ ਨਹਾ ਕੇ ਕਪੜੇ ਬਦਲ ਕੇ ਸੌਂਦੀ ਐ।” 

“ਆਂਟੀ ਹਮ ਆ ਜਾਏਂ?” ਗਵਾਂਢੀਆਂ ਦੇ ਨਿੱਕੇ ਜਿਹੇ ਬਿੰਟੂ ਨੇ ਦਰਵਾਜ਼ੇ ਵਿਚੋਂ ਅੰਦਰ ਝਾਕ ਕੇ ਕਿਰਨਜੀਤ ਨੂੰ ਪੁੱਛਿਆ। 

“ਓ ਵੈਰੀ ਗੁੱਡ। ਤੁਮ ਹੋ ਬਿੰਟੂ ਆ ਜਾਓ, ਆ ਜਾਓ।” ਕਿਰਨਜੀਤ ਨੇ ਮਾਂ ਦੇ ਅਗਿਉਂ ਉਠਦੀ ਨੇ ਬਹੁਤ ਖ਼ੁਸ਼ ਹੋ ਕੇ ਆਖਿਆ। 

“ਆਪ ਕੇ ਲੀਏ ਫੂਲ ਲਾਇਆ ਹੂੰ।” ਬਿੰਟੂ ਨੇ ਲਾਲ ਗੁਲਾਬਂ ਦਾ ਇਕ ਵਡਾ ਸਾਰਾ ਫੁੱਲ ਕਿਰਨਜੀਤ ਨੂੰ ਦਿੰਦਿਆਂ ਕਿਹਾ। 

‘“ਥੈਂਕਯੂ, ਥੈਂਕਯੂ ਵੈਰੀ ਮੱਚ’ ਕਿਰਨ ਨੇ ਫੁੱਲ ਫੜ ਕੇ ਬਿੰਟੂ ਨੂੰ ਪਿਆਰ ਕਰਦਿਆਂ ਕਿਹਾ। 

“ਬਾਲੋਂ ਮੇਂ ਲਗਾ ਲੋ।” ਬਿੰਟੂ ਬੋਲਿਆ। 

ਕਿਰਨ ਨੇ ਫੁੱਲ ਵਾਲਾਂ ਵਿਚ ਟੰਗ ਲਿਆ। 

ਮਾਂ ਉਸ ਦੀ ਨੇ ਤਿਊੜੀਆਂ ਪਾ ਕੇ ਕਿਰਨਜੀਤ ਵਲ ਦੇਖਿਆ ਤਾਂ ਸਹੀ, ਪਰ ਆਖਿਆ ਕੁਝ ਨਾ। 

“ਆਓ ਆਂਟੀ ਛੂਨ ਛੁਹਾਈ ਖੇਲੇਂ” ਬਿੰਟੂ ਬੋਲਿਆ। 

ਅਗਲੇ ਪਲ ਉਹ ਥਮਲਿਆਂ ਦੇ ਦੁਆਲੇ, ਮੰਜਿਆਂ ਕੁਰਸੀਆਂ ਦੇ ਦੁਆਲੇ, ਵੇਹੜੇ ਵਿਚ ਹੀ ਉਚੀ ਉਚੀ ਹੱਸਦੇ ਛੁਹ-ਛੁਹਾਈ ਖੇਡ ਰਹੇ ਸਨ। 

‘‘ਏਸ ਕੁੜੀ ਦੀ ਤਾਂ ਜਮਾਂਈ ਮੱਤ ਮਾਰੀ ਹੋਈ ਐ”। ਲੰਗਰ ਵਿਚ ਬੈਠੀ ਚੌਲ ਚੁਗਦੀ ਮਾਂ ਉਸ ਦੀ ਬੁੜ ਬੁੜ ਕਰਦੀ ਰਹੀ। 

ਬਾਪ ਉਸ ਦਾ ਪਰ੍ਹੇ ਬੈਠਾ ਅਖ਼ਬਾਰ ਪੜ੍ਹਦਾ ਕਦੇ ਕਦੇ ਉਹਨਾਂ ਵਲ ਵੇਖ ਲੈਂਦਾ। ਉਸ ਦੇ ਚਿਹਰੇ ਤੋਂ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ ਕਿ ਉਹ ਖ਼ੁਸ਼ ਹੈ ਜਾਂ ਉਦਾਸ। 

ਬਨੇਰੇ ਉਤੇ ਬੈਠਾ ਇਕ ਕਾਉਂ ਕੁਰਲਾ ਰਿਹਾ ਸੀ। 

ਮੌਸਮ ਬਦਲ ਰਿਹਾ ਸੀ। 

ਗਰਮੀ ਆਪਣਾ ਜ਼ੋਰ ਵਿਖਾ ਕੇ ਮੁੜ ਚੱਲੀ ਸੀ। ਦਿੱਲੀ ਤੋਂ ਕਿਰਨਜੀਤ ਦੇ ਨਾਂ ਇਕ ਚਿੱਠੀ ਆਈ। 

ਉਸ ਨੂੰ ਤਮਗ਼ਾ ਦੇਣ ਲਈ ਭਰੇ ਦਰਬਾਰ ਵਿਚ ਸੱਦਿਆ ਸੀ। 

“ਕੋਈ ਚਿੱਟੀ ਸਾੜ੍ਹੀ ਪਾ ਕੇ ਜਾਈਂ,” ਮਾਂ ਉਸ ਦੀ ਨੇ ਆਖਿਆ।- 

ਪਰ ਉਸ ਕੋਲ ਤਾਂ ਕੋਈ ਚਿੱਟੀ ਸਾੜ੍ਹੀ ਹੈ ਹੀ ਨਹੀਂ ਸੀ। 

“ਖ਼ਰੀਦ ਲੈ ਕੋਈ।” ਉਸ ਦੀ ਮਾਂ ਨੇ ਸਲਾਹ ਦਿਤੀ। 

“ਇਸ ਪਖੰਡ ਦੀ ਕੀ ਲੋੜ ਹੈ।” 

“ਰੱਬ ਜੱਗ ਵੀ ਤਾਂ ਰਖਣਾ ਹੁੰਦੈ।” 

‘ਜੱਗ ਦੀ ਸਾਨੂੰ ਪਰਵਾਹ ਨਹੀਂ ਤੇ ਰੱਬ ਨੂੰ ਸਾਡੀ ਪਰਵਾਹ ਨਹੀਂ। ਜਿਵੇਂ ਜੀ ਆਊ ਕਰਾਂਗੇ।” 

“ਆਹੋ ਖਲਣੇ ਕਿਹੜੇ ਦੀ ਐ ਕਰਨੀ ਤਾਂ ਆਪਣੀਓ ਮਰਜੀ ਐ,” ਆਖਦੀ ਉਸ ਦੀ ਮਾਂ ਮਿਰਚਾਂ ਦਾ ਆਚਾਰ ਪਾਉਣ ਬੈਠ ਗਈ। 

ਕਿਰਨਜੀਤ ਨੇ ਝਾਵੇਂ ਨਾਲ ਕੂਚ ਕੂਚ ਕੇ ਪੈਰ ਧੋਤੇ। ਕਰੀਮ-ਮਲੀ। ਨੈਚੁਰਲ ਰੰਗ ਦਾ ਨੇਲ ਪੌਲਿਸ਼ ਲਾਇਆ। 

ਨੀਲੇ ਰੰਗ ਦੀ ਸਾੜ੍ਹੀ ਪਾਈ। 

ਨੀਲਾ, ਜਿਹੜਾ ਅਨੰਤਤਾ ਦਾ ਰੰਗ ਹੈ। 

ਇਸ ਰੰਗ ਦੀ ਸਾੜ੍ਹੀ ਨਾਲ ਨੱਕ ਵਿਚਲੀ ਹੀਰੇ ਦੀ ਤੀਲੀ ਵਧੇਰੇ ਦਗਦੀ ਪਰਤੀਤ ਹੁੰਦੀ ਸੀ। 

ਆਪਣੇ ਬਾਪ ਨਾਲ ਉਹ ਦਿੱਲੀ ਆਈ। 

ਤਮਗੇ, ਇਨਾਮ, ਪੈਸੇ, ਸਿਲਾਈ ਮਸ਼ੀਨਾਂ ਲੈਣ ਵਾਲੀਆਂ ਇਸਤਰੀਆਂ ਦੀ ਕਤਾਰ ਵਿਚ ਬੈਠੀ ਦਾ ਜਦੋਂ ਉਸ ਦਾ ਕਿਸੇ ਨੇ ਨਾਉਂ ਬੋਲਿਆ ਤੇ ਕਿਹਾ, “ਮਿਸਿਜ਼ ਤੇਜਵੰਤ ਸਿੰਘ ਗਿੱਲ” ਤਾਂ ਉਹ ਆਪਣੀ ਥਾਂ ਤੋਂ ਕੋਈ ਨਾ ਉਠੀ। 

ਦੋ, ਕ ਵਾਰੀ ਨਾਂ ਬੋਲਣ ਤੋਂ ਪਿਛੋਂ ਹਾਰ ਕੇ ਅਗਲੇ ਨੇ ਕਿਹਾ, “ਮਿਸਿਜ਼ ਕਿਰਨਜੀਤ ਤੇਜਵੰਤ ਸਿੰਘ ਗਿੱਲ।” 

ਉਹ ਅਭੜਵਾਹੀ ਉਠ ਖੜੀ ਹੋਈ। 

ਜਾ ਕੇ ਤਮਗ਼ਾ ਲੈ ਆਈ। 

ਤਮਗ਼ਾ ਲੈਣ ਲੱਗੀ ਉਹ ਹੋਰਨਾਂ ਔਰਤਾਂ ਵਾਂਗ ਰੋਈ ਵੀ ਨਹੀਂ ਸੀ। 

ਇਸ ਗੱਲ ਦਾ ਜ਼ਿਕਰ ਪਿਛੋਂ ਪ੍ਰਧਾਨਗੀ ਭਾਸ਼ਨ ਵਿਚ ਪ੍ਰਧਾਨ ਜੀ ਨੇ ਵੀ ਕੀਤਾ ਤੇ · ਕਿਹਾ, ‘‘ਹਮਾਰੇ ਜੋ ਜੋ ਬਹਾਦਰ ਦੇਸ਼ ਔਰ ਕੌਮ ਕੇ ਲੀਏ ਸ਼ਹੀਦ ਹੂਏ ਹੈਂ ਵੋ ਮਰੇ ਨਹੀਂ। ਵੇ ਤੋਂ ਅਮਰ ਹੈਂ। ਉਨ ਕੇ ਲੀਏ ਹਮੇਂ ਰੋਨਾ ਨਹੀਂ ਚਾਹੀਏ। ਦੇਖੋ ਮਿਸਿਜ਼ ਤੇਜਵੰਤ ਸਿੰਘ ਕਿਤਨੀ ਬਹਾਦਰ ਹੈਂ।” 

ਪਰ ਕਿਰਨਜੀਤ ਨੂੰ ਲਗਿਆ ਇਹ ਸਭ ਗ਼ਲਤ ਹੈ। 

ਇਹ ਸਭ ਬਕਵਾਸ ਹੈ। 

ਪੱਖੇ ਦੀ ਹਵਾ ਨਾਲ ਉਡਦੀ ਪ੍ਰਧਾਨ ਜੀ ਦੀ ਬੋਦੀ ਵੀ ਉਸ ਨੂੰ ਇਹੀ ਕਹਿੰਦੀ ਲਗੀ। ਭਲੇ ਨੂੰ, ਉਸ ਨੂੰ ਹਾਸਾ ਆ ਚਲਿਆ ਸੀ, ਕਿਉਂਕਿ ਘੁੰਡ ਕੱਢੀ ਪੈਸੇ ਫੜੀ ਆ ਰਹੀ ਇਕ ਔਰਤ ਦਾ ਨਾਲਾ ਲਮਕ ਰਿਹਾ ਸੀ। 

ਤਮਗ਼ਾ ਲਿਆ ਕੇ ਉਸ ਨੇ ਤੇਜਵੰਤ ਦੀ ਮਾਂ ਨੂੰ ਫੜਾ ਦਿਤਾ, ਜਿਸ ਦੇ ਰੋਂਦੀ ਦੇ ਹੱਥ ਧੋਤੇ ਜਾ ਰਹੇ ਸਨ। 

ਤੇਜਵੰਤ ਦਾ ਬਾਰ੍ਹਵੀਂ ਫ਼ੇਲ ਛੋਟਾ ਭਰਾ ਕੋਲ ਖੜਾ ਸੀ। 

ਕਿਰਨਜੀਤ ਨੇ ਇਕ ਦੋ ਵਾਰੀ ਉਸ ਵਲ ਵੇਖਿਆ – ਉਸ ਦਾ ਮੜੰਗਾ ਕੁਝ ਕੁਝ ਤੇਜਵੰਤ ਵਰਗਾ ਸੀ। 

“ਵਿਆਹ ਨੂੰ ਆਈਂ ਜ਼ਰੂਰ। ਬੱਦੋਆਲ ਮੰਗਿਐ ਗੁਰਬਚਨ।” ਤੇਜਵੰਤ ਦੀ ਮਾਂ ਨੇ ਪਹਿਲਾਂ ਕਿਰਨਜੀਤ ਤੇ ਫਿਰ ਤੇਜਵੰਤ ਦੇ ਭਰਾ ਵਲ ਹੱਥ ਕਰ ਕੇ ਕਿਹਾ। 

ਕਿਰਨਜੀਤ ਨੇ ਕੋਈ ਜਵਾਬ ਨਾ ਦਿਤਾ। 

ਉਹ ਸਮਝ ਗਈ ਸੀ ਉਸ ਦੀ ਸੱਸ ਇਹ ਸਭ ਉਸ਼ ਨੂੰ ਕਿਉਂ ਦੱਸ ਰਹੀ ਹੈ। 

“ਚਲੋ ਬੇਟਾ ਚਲੀਏ,” ਉਸ ਦੇ ਬਾਪ ਨੇ ਕਿਹਾ ਤੇ ਉਹ ਪੰਡਾਲ ਤੋਂ ਬਾਹਰ ਆ ਗਏ। 

ਉਸ ਦੀ ਸੱਸ ਕਿੰਨਾ ਚਿਰ ਪਿਛੇ ਖੜੀ ਉਸ ਵਲ ਵੇਖਦੀ ਰਹੀ। 

ਸਮਾਗਮ ਤੋਂ ਤਿੰਨ ਚਾਰ ਦਿਨ ਮਗਰੋਂ। ਦਿਨ ਢਲੇ। 

ਕਿਰਨਜੀਤ ਨਵੀਂ ਸਾੜ੍ਹੀ ਨਾਲ ਦਾ ਬਲਾਉਜ਼ ਸਿਉਂ ਰਹੀ ਸੀ। 

ਟਾਂਗੇ ਵਾਲੇ ਨੂੰ ਖੋਏ ਵਾਲੀ ਪੀਪੀ ਤੇ ਟਰੰਕੀ ਚੁਕਵਾਈ ਉਸ ਦੀ ਦਾਦੀ ਆ ਪਹੁੰਚੀ। 

ਸਿਰ ਪਲੋਸਿਆ। 

ਕਿਰਨਜੀਤ ਦੀ ਮਾਂ ਨੇ ਆ ਕੇ ਸੱਸ ਦੇ ਪੈਰੀਂ ਹੱਥ ਲਾਏ। 

“ਤੇਰੀ ਖ਼ਬਾਰ ਵਿਚ ਫ਼ੋਟੂ ਛਪੀ ਤੀ ਨਾ ਤੇਰੇ ਬਾਬਾ ਜੀ ਨੇ ਲਿਆਂਦਾ ਤੀ ਖਬਾਰ ਮਲੌਟੋਂ। ਅਖੈ ਤਕਮਾ ਮਿਲਿਐ। ਨਾਲ ਰੁਪਈਏ ਵੀ ਮਿਲੇ ਹੋਣਗੇ? ਆਪਣੇ ਪਿੰਡ ਆਲੇ ਬਚਨੇ ਦੀ ਬਹੂ ਨੂੰ ਵੀ ਪੰਜ ਸੌ ਰੁਪਈਆ ਮਿਲਿਐ। ਪਰ ਰੁਪਈਆਂ ਦਾ ਸਹੁਰਿਆਂ ਦਾ ਕੀ ਹੁੰਦੈ ਬੰਦਾ ਤਾਂ ਲੱਖੀਂ ਹਜ਼ਾਰੀ ਨੀਂ ਥਿਆਉਂਦਾ,” ਉਸ ਦੀ ਦਾਦੀ ਬੋਲੀ। 

‘ਬਚਨਾ ਨਿਹਾਲਕੁਰ ਦਾ ਮੁੰਡਾ?” ਕਿਰਨਜੀਤ ਦੀ ਬੀਬੀ ਨੇ ਪੁੱਛਿਆ। 

“ਆਹੋ ਦੋ ਸਾਲ ਹੋਏ ਸੀ ਸਾਰੇ ਵਿਆਹੇ ਨੂੰ। ਨਾ ਕੋਈ ਜੁਆਕ ਜੱਲਾ ਐ। ਪੱਟ ਕੇ ਵਗਾਹ ਗਿਆ। ਜੱਟ ਦੀ ਮੂਰਤ ਅਰਗੀ ਧੀ ਨੂੰ। ਪਿਛਲੇ ਸਿਆਲ ‘ਚ ਛੁੱਟੀ ਆਇਆ, ਸਭ ਕੁਸ਼ ਵੰਡਾ ਕੇ ਦੇ ਗਿਆ ਸੀਬੋ ਨੂੰ, ਅਖੇ ਇੰਦਰ ਦੀ ਘਰ ਆਲੀ ਕਲਿਹਾਰੀ ਐ ਇਸ ਨੂੰ ਔਖੀ ਕਰੂਗੀ। ਰੋਂਦੀ ਝੱਲੀ ਕਿਹੜਾ ਜਾਂਦੀ ਐ ਸੀਬੋ।” 

“ਓਸ ਦਾ ਤਾਂ ਪਿਉ ਹੋਰਥੇ ਬਠਾਦੂ ਕਿਤੇ, ਪਹਿਲਾਂ ਵੀ ਤਾਂ ਪੈਸੇ ਦੇ ਕੇ ਹੀ ਵਿਆਹਿਆ ਸੀ ਬਚਨਾ,” ਕਿਰਨ ਦੀ ਬੀਬੀ ਬੋਲੀ। 

“ਏਸੇ ਗੱਲੋਂ ਤਾਂ ਉਹ ਡਰਦੀ ਐ। ਏਧਰ ਧਨਕੁਰ ਇੰਦਰ ਦੀ ਘਰ ਆਲੀ ਨੂੰ ਨੀ ਕੋਈ ਲੱਖਣ। ਨਹੀਂ ਤਾਂ ਆਖੇ ਬਈ ਲੈ ਭੈਣੇ, ਤੇਰਾ ਅੱਗਾ ਮੇਰਾ ਪਿੱਛਾ ਦੋਮੇ ਭੈਣਾਂ ਅੱਧੀ ਅੱਧੀ ਪਾ ਕੇ ਗੁਜ਼ਾਰਾ ਕਰਲਾਂਗੀਆਂ। ਪਰ ਉਹ ਤਾਂ ਪੈਰਾਂ ਤੇ ਪਾਣੀ ਕਿਹੜਾ ਪੈਣ ਦਿੰਦੀ ਐ, ਅਖੈ ਹੈ ਇੰਦਰ ਨੂੰ ਨਾ ਸੀਬੇ ਸਾਂਭ ਲੇ। ਬਈ ਕਮਲੀਏ ਤੇਰੇ ਸੁਖ ਨਾਲ ਪੁੱਤ ਨੇ, ਧੀਆਂ ਨੇ, ਰਾਮ ਰਾਮ ਕਰ। ਨਾਲੇ ਸੀਬੋ ਏਸ ਦੇ ਹੁਣ ਕੀ ਫੂਦੇ ਲਾਹ ਲੂ।” 

“ਪਰ ਆਪਣਾ ਆਦਮੀ ਉਹ ਕਿਸੇ ਹੋਰ ਨੂੰ ਕਿਵੇਂ ਸੰਭਾ ਦੇਵੇ,” ਕਿਰਨ ਬੋਲੀ। 

“ਪਰ ਸੀਬੋ ਨੇ ਤਾਂ ਸ਼ਾਬਾਸ਼ੇ ਜੱਟ ਦੀ ਧੀ ਦੇ ਏਥੋਂ ਤਕ ਆਖਤਾ ਸੀ ਬਈ ਮੈਂ ਨੀ ਇੰਦਰ ਨੂੰ ਆਪਣੀ ਦੇਲ੍ਹੀ ਚੜ੍ਹਨ ਦਿੰਦੀ, ਨਾ ਆਪ ਓਸ ਦੀ ਚੜ੍ਹਾਂ, ਬੇਬੇ ਧਨਕੁਰ ਮੈਨੂੰ ਏਸ ਖੇੜੇ ‘ਚੋਂ ਨਾ ਧੱਕੇ। ਮੈਨੂੰ ਇਕ ਮੁੰਡਾ ਦੇ ਦੇਵੇ। ਮੈਂ ਪਾਲ ਲੂੰ ਗੀ ਵਿਆਹ ਲੂੰ ਗੀ। ਉਸ ਦੇ ਸਹਾਰੇ ਮੇਰੇ ਦਿਨ ਟੁੱਟ ਜਾਣਗੇ। ਪਰ ਉਸ ਭੇਡ ਦੇ ਇਹ ਗੱਲ ਵੀ ਲੱਖਣ ‘ਚ ਨਾ ਆਈ। ਏਹੀ ਚਾਹੇ ਬਈ ਤੀਹੇ ਕਾਲ ਏਥੋਂ ਬਗਜੇ ਭਾਮੇ ਕਿਧਰੇ ਬਗਜੇ।” 

ਕਿਰਨਜੀਤ ਦਾਦੀ ਦੀਆਂ ਸਭ ਗੱਲਾਂ ਸੁਣੇ ਰਹੀ ਸੀ। 

ਬਲਾਊਜ਼ ਦੀ ਇਕ ਸੀਣ ਪੁੱਠੀ ਪੈ ਗਈ। 

“ਸੱਸ ਸਹੁਰਾ ਆਏ ਸੀ ਤੇਰੇ ਦਿੱਲੀ?” ਦਾਦੀ ਨੇ ਕਿਰਨਜੀਤ ਨੂੰ ਪੁੱਛਿਆ। 

ਕਿਰਨਜੀਤ ਨੇ ਕੋਈ ਉੱਤਰ ਨਾ ਦਿਤਾ। 

“ਪੈਸੇ ਕਿਨੇ ਮਿਲੇ ਨਾਲ?” 

ਕਿਰਨਜੀਤ ਫਿਰ ਵੀ ਨਹੀਂ ਬੋਲੀ। 

”ਪੈਸਿਆਂ ਦਾ ਕੀ ਐ ਮਾਣ ਇੱਜਤ ਈ ਹੁੰਦੈ,” ਦਾਦੀ ਉਸ ਦੀ ਆਪ ਹੀ ਬੋਲੀ। 

“ਫੇਰ ਕੀ ਬਣਿਆ ਬਚਨੇ ਦੀ ਬਹੂ ਦਾ?” ਕਿਰਨਜੀਤ ਨੇ ਗੱਲ ਮੋੜੀ। 

“ਕੀ ਬਣਨਾ ਸੀ ਖੋਟੇ ਕਰਮਾਂ ਆਲੀ ਦਾ। ਪਿਓ ਨੇ ਲੈ ਕੇ ਹਜ਼ਾਰ ਰੁਪਈਆ ਗੁਆਰੇ ਤੋਰ ਤੀ। ਜਿਹੜੇ ਪੰਦਰਾਂ ਰੁਪਈਏ ਪਿਨਸ਼ਨ ਲਗੇ ਤੀ ਉਹ ਵੀ ਬੰਦ ਹੋਗੇ। ਲੰਬੜਦਾਰਾਂ ਨੇ ਆਖਤਾ, ਬਈ ਉਹ ਤਾਂ ਏਥੋਂ ਉਠਗੀ। ਹੋਰ ਸਰਕਾਰ ਮੂਹਰੇ ਝੂਠ ਬੋਲ ਕੇ ਉਹਨਾਂ ਨੇ ਆਪ ਫਸਣਾ ਸੀ।” 

“ਲਓ ਚਾਹ ਪੀਓ,” ਕਿਰਨ ਦੀ ਮਾਂ ਨੇ ਚਾਹਦਾਨੀ ਵਿਚੋਂ ਕੱਚ ਦੇ ਗਲਾਸ ਵਿਚ ਚਾਹ ਪਾ ਕੇ ਉਸ ਦੇ ਅਗੇ ਕਰਦਿਆਂ ਕਿਹਾ। 

“ਕਿਰਨ ਨੂੰ ਵੀ ਦੇ,” ਉਹ ਗਲਾਸ ਫੜਦੀ ਬੋਲੀ। 

“ਦਿਆਂ ਕਿਰਨ?” 

“ਨਹੀਂ,” ਕਿਰਨ ਨੇ ਕਿਹਾ। 

“ਪੰਚਮੀ ਨਹਾਉਣ ਆਏ ਓ?” ਕਿਰਨਜੀਤ ਨੇ ਦਾਦੀ ਨੂੰ ਪੁੱਛਿਆ। 

“ਨਹੀਂ ਆਹੋ ਹਾਂ. ਮੈਂ ਕਿਹਾ ਤੇਰਾ ਬਾਬਾ ਜੀ ਵੀ ਕਹਿੰਦਾ ਸੀ ਬਈ ਤੇਰੀ ਭੂਆ ਜੀ ਦਾ ਛੋਟਾ ਕਾਕਾ ਰਖ ਲੋ ਕੋਲ। ਨਾਲੇ ਭਲਕੇ ਤੇਰੀ ਬਰਾਬਰ ਦੀ ਬਾਂਹ ਹੋਊ। ਮੁੰਡਾ ਹੈਗਾ ਵੀ ਬਹੁਤਾ ਹੀ ਲੈਕ। ਫੇਰ ਬਗਾਨਾ ਨੀ। ਤੂੰ ਆਪਣੇ ਘਰ ਹੁੰਦੀ, ਰੱਬ ਤੈਨੂੰ ਭਾਗ ਲਾ ਦਿੰਦਾ, ਬੇਸ਼ਕ ਜਿਮੇ ਮਰਜੀ ਕਰਦੇ। ਹੁਣ ਕਹਿੰਦੀ ਹੋਊ ਤੇਰੀ ਮਾਂ ਬਈ ਭਤੀਜੇ ਭਤੀਜੀਆਂ ਨੂੰ ਲੈ ਆਉ। ਇਹ ਕੋਈ ਰਾਹ ਐ।” ਚਾਹ ਪੀਂਦੀ ਬੁੜੀ ਗੁੱਭ ਗੁਭਾਟ ਕਢਦੀ ਰਹੀ।” 

“ਅਜੇ ਤਾਂ ਮੈਂ ਜੀਊਂਦੀ ਆਂ ਅਜੇ ਈ ਕੀ ਫ਼ਿਕਰ ਪੈ ਗਿਆ,” ਕਿਰਨ ਨੇ ਬਿਨਾਂ ਤਲਖੀ ਤੋਂ ਕਿਹਾ। 

“ਤੂੰ ਹੁਣ ਕਾਹਦੀ ਜੀਊਂਦੀ ਐਂ। ਰੱਬ ਨੇ ਭੁੰਜੇ ਲਾਹ ਤੇ। ਤੇਰੀ ਤਾਂ ਹੁਣ ਕਉਂ ਕੁੱਤੇ ਤੋਂ ਵੀ ਰਾਖੀ ਕਰਨੀ ਪੈਣੀ ਐ।” 

“ਛੱਡੇ ਇਹ ਗੱਲਾਂ ਦੱਸੇ ਮੈਨੂੰ ਕੀ ਲੈ ਕੇ ਦਿਓਗੇ ਤੀਆਂ ਆ ਰਹੀਆਂ ਨੇ?” ਕਿਰਨਜੀਤ ਨੇ ਹੱਸ ਕੇ ਕਿਹਾ। 

”ਜੋ ਆਖੇਂ ਲੈ ਦੂੰ, ਪਰ ਤੇਰਾ ਤਾਂ ਖਾਣ ਪਹਿਨਣ ਰੱਬ ਨੇ ਈ ਜੈ ਖਾਣੇ ਨੇ ਖੋਹ ਲਿਆ। ਓਸ ਦੇ ਕੀ ਡਾਂਗ ਮਾਰੀਏ।” 

“ਆਪਾਂ ਨੀ ਰੱਬ ਰੁੱਬ ਦੀ ਪਰਵਾਹ ਕਰਦੇ ਤੁਸੀਂ ਮੈਨੂੰ ਕੁੜਤੇ ਲਈ ਜੰਜੀਰ ਕਰਵਾ ਦਿਓ,” ਬਲਾਊਜ਼ ਦੀ ਤਹਿ ਕਰਦੀ ਕਿਰਨਜੀਤ ਬੋਲੀ। 

ਦਾਦੀ ਉਸ ਦੀ ਨੇ ਹਉਕਾ ਭਰਿਆ ਤੇ ਕਿੰਨਾ ਚਿਰ ਉਸ ਦੇ ਮੂੰਹ ਵਲ ਦੇਖਦੀ ਰਹੀ। ਫਿਰ ਡੱਬੀ ਕੱਢ ਕੇ ਨਸਵਾਰ ਲੈਣ ਲਗ ਪਈ। 

ਕਿਰਨਜੀਤ ਦੇ ਨਾਮ ਸਰਕਾਰ ਨੇ ਜਿਹੜੀ ਪੈਨਸ਼ਨ ਲਾਈ, ਉਹ ਵੀ ਉਸ ਨੇ ਮਰ ਗਏ ਦੇ ਮਾਪਿਆਂ ਵਲ ਭੇਜ ਦਿਤੀ। 

ਉਸ ਨੂੰ ਕੁਝ ਨਹੀਂ ਸੀ ਚਾਹੀਦਾ। 

ਸਕੂਲਾਂ ਕਾਲਜਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਸਨ। ਪਿਛਲੀਆਂ ਛੁੱਟੀਆਂ ਵਿਚ ਕਿਰਨਜੀਤ ਦਾ ਵਿਆਹ ਹੋਇਆ ਸੀ। 

ਇਹਨਾਂ ਛੁੱਟੀਆਂ ਵਿਚ ਹੀ ਉਸ ਦਾ ਪਤੀ ਮਰ ਗਿਆ ਸੀ। 

ਇਸ ਵਾਰੀ ਛੁੱਟੀਆਂ ਖੁਲ੍ਹਣ ਉਤੇ ਉਹ ਮੁੜ ਕਿਤਾਬਾਂ ਚੁੱਕੀ ਕਾਲਜ ਜਾ ਰਹੀ ਸੀ। 

ਕਾਲਜ ਉਸੇ ਤਰ੍ਹਾਂ ਸੀ ਸਿਰਫ਼ ਉਸ ਉਤੇ ਕਲੀ ਕਰ ਦਿਤੀ ਗਈ ਸੀ। 

ਵੱਡੇ ਗੇਟ ਦਾ ਸਿਰਫ਼ ਫਾਟਕ ਬਦਲਿਆ ਸੀ। ਪਹਿਲੇ ਉਥੇ ਲੱਕੜ ਦਾ ਫਾਟਕ ਹੁੰਦਾ ਸੀ ਹੁਣ ਲੋਹੇ ਦਾ ਲਗ ਗਿਆ ਸੀ। 

ਕਿਰਨਜੀਤ ਦੇ ਨਾਲ ਦੇ ਮੁੰਡੇ ਕੁੜੀਆਂ ਉਂਜ ਤਾਂ ਇਕ ਵਰ੍ਹਾ ਹੀ ਅੱਗੇ ਲੰਘੇ ਸਨ, ਪਰ ਕਿਰਨਜੀਤ ਨੂੰ ਲਗਿਆ ਉਹ ਕਿੰਨੇ ਹੀ ਵਰ੍ਹੇ ਪਿਛਾਂਹ ਨੂੰ ਮੁੜ ਆਈ ਹੈ। 

ਵਾਕਫ਼ਾਂ ਨਾਵਾਕਫ਼ਾਂ ਵਿਚੋਂ ਨਾ ਕਿਸੇ ਨੇ ਉਸ ਨੂੰ ਉਸ ਦੇ ਵਿਆਹ ਦੀ ਵਧਾਈ ਦਿਤੀ ਤੇ ਨਾ ਹੀ ਤੇਜਵੰਤ ਦੀ ਮੌਤ ਉਤੇ ਕਿਸੇ ਨੇ ਅਫ਼ਸੋਸ ਪਰਗਟ ਕੀਤਾ। 

ਉਂਜ ਪਤਾ ਸਾਰਿਆਂ ਨੂੰ ਸਭ ਕੁਝ ਸੀ। 

ਤੀਲੀ ਕਿਰਨਜੀਤ ਦੇ ਬੜੀ ਸਜਦੀ ਸੀ। ਕਾਲਜ ਵਿਚ ਸੁਹਣੀ ਮਹੀਂਵਾਲ ਦਾ ਡਰਾਮਾ ਹੋਣਾ ਸੀ। ਕਿਰਨਜੀਤ ਸੁਹਣੀ ਬਣੀ। 

ਡਰਾਮੇ ਵਾਲੀ ਸ਼ਾਮ ਕਿਰਨ ਦੇ ਸਦਕਾ ਨਾ ਜਾਣੇ ਕਿਸ ਕਿਸ ਨੇ ਆਪਣੇ ਆਪ ਨੂੰ ਮਹੀਂਵਾਲ ਚਿਤਵਿਆ। 

ਕਦੇ ਕਦੇ ਲੰਘੀ ਜਾਂਦੀ ਕਿਰਨਜੀਤ ਨੂੰ ਪਿੱਛਿਓਂ ਕੋਈ ਸੁਹਣੀ ਆਖ ਕੇ ਆਵਾਜ਼ ਮਾਰਦਾ। 

ਜਦੋਂ ਉਹ ਭਉਂ ਕੇ ਵੇਖਦੀ ਤਾਂ ਪਤਾ ਹੀ ਨਾ ਲਗਦਾ ਆਵਾਜ਼ ਕਿਸ ਨੇ ਦਿਤੀ ਹੈ। ਸਭ ਹੀ ਮੁੰਡੇ ਸਾਊ ਮੂੰਹ ਬਣਾਈ ਖੜ੍ਹੇ ਹੁੰਦੇ। ਉਹ ਹੱਸ ਕੇ ਅਗਾਂਹ ਤੁਰ ਜਾਂਦੀ। 

ਪ੍ਰੋ: ਅਵਤਾਰ ਨੂੰ ਲੋਕਾਂ ਦੀ ਇਸ ਕਿਸਮ ਦੀ ਬੇਹੂਦਗੀ ਬਿਲਕੁਲ ਪਸੰਦ ਨਹੀਂ ਸੀ। ਉਹ ਪਤਾ ਲਗਣ ਉਤੇ ਲੜਕਿਆਂ ਨੂੰ ਵੀ ਝਿੜਕਦਾ ਤੇ ਕਿੰਨਾ ਕਿੰਨਾ ਚਿਰ ਜਮਾਤ ਤੋਂ ਬਾਹਰ ਕਿਰਨਜੀਤ ਨੂੰ ਵੀ ਸਮਝਾਉਂਦਾ ਰਹਿੰਦਾ। 

ਕਿਰਨਜੀਤ ਨਾ ਹਾਂ ਕਹਿੰਦੀ ਨਾ ਨਾਂਹ ਕਹਿੰਦੀ। ਕਦੇ ਕਦੇ ਵਿਚੋਂ ਹੱਸ ਪੈਂਦੀ। 

ਪ੍ਰੋਫੈਸਰ ਸੀਤਾ ਰਾਮ ਨੂੰ ਤਾਂ ਉਹ ਜਾਣ ਬੁੱਝ ਕੇ ਤੰਗ ਕਰਦੀ ਸੀ। ਉਸ ਨੂੰ ਪਤਾ ਸੀ ਜਵਾਨੀ ਪਹਿਰੇ ਉਸ ਨੇ ਕਿਸੇ ਕੁੜੀ ਨੂੰ ਗੱਡੀ ਵਿਚ ਛੇੜਿਆ ਸੀ ਤੇ ਉਸ ਕੁੜੀ ਨੇ ਉਸ ਦੇ ਥੱਪੜ ਮਾਰਿਆ ਸੀ। ਜਿਸ ਕਰ ਕੇ ਹੁਣ ਹਰ ਕੁੜੀ ਉਸ ਨੂੰ ਇਕ ਥੱਪੜ ਤੋਂ ਵਧ ਕੁਝ ਨਹੀਂ ਸੀ ਲਗਦੀ। 

ਕਿਰਨਜੀਤ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਜਮਾਤ ਤੋਂ ਬਾਹਰ ਰੋਕ ਲੈਂਦੀ। 

ਮਾਰਿਆ ਘਬਰਾਹਟ ਦਾ ਉਹ ਦੇ ਮਿੰਟਾਂ ਵਿਚ ਦਸ ਵਾਰੀ ਜੇਬ ਵਿਚੋਂ ਰੁਮਾਲ ਕਢਦਾ ਤੇ ਮੂੰਹ ਪੂੰਝ ਕੇ ਦਸ ਵਾਰੀ ਜੇਬ ਵਿਚ ਪਾਉਂਦਾ। 

“ਏਸ ਨੇ ਤਾਂ ਜਮਾਂ ਈ ਸ਼ਰਮ ਲਾਹ ਛੱਡੀ ਐ।” ਸੰਸਕ੍ਰਿਤ ਵਾਲੀ ਅਧਖੜ ਜਿਹੀ ਪ੍ਰੋਫੈਸਰਨੀ ਆਖਦੀ। 

ਦੋ ਵਰ੍ਹੇ ਲੰਘ ਗਏ। 

ਕਿਰਨਜੀਤ ਐਮ.ਏ. ਕਰ ਕੇ ਉਸੇ ਕਾਲਜ ਵਿਚ ਪੜ੍ਹਾਣ ਲਗ ਪਈ। 

ਇਕ ਫ਼ਾਰਮ ਭਰਨਾ ਸੀ ਇਨਕਮ ਟੈਕਸ ਦਾ। ਕੁਮਾਰੀ, ਵਿਆਹੀ, ਬੱਚੇ ਸਭ ਕਾਸੇ ਦਾ ਵੇਰਵਾ ਦੇਣਾ ਸੀ। 

ਕਿਰਨਜੀਤ ਨੇ ਲਿਖਿਆ, “ਵਿਆਹੀ ਹੋਈ” ਪਰ ਲਿਖ ਕੇ ਕੱਟ ਦਿਤਾ। ਉਸ ਨੂੰ ਲਗਿਆ ਉਸ ਨੇ ਝੂਠ ਬੋਲਿਆ ਹੈ। 

ਫਿਰ ਉਸ ਨੇ ਲਿਖਿਆ ‘ਕੁਮਾਰੀ।’ ਇਹ ਵੀ ਲਿਖ ਕੇ ਕੱਟ ਦਿਤਾ। ਉਸ ਨੂੰ ਲਿਗਿਆ ਉਸ ਨੇ ਇਹ ਵੀ ਝੂਠ ਬੋਲਿਆ ਹੈ। 

”ਮੈਂ ਕੀ ਲਿਖਾਂ?” ਉਸ ਨੇ ਨੇੜੇ ਢੁੱਕ ਢੁੱਕ ਬਹਿੰਦੇ ਆਪਣੇ ਪ੍ਰੋਫ਼ੈਸਰ, ਪਰ ਹੁਣ ਕੁਲੀਗ ਅਵਤਾਰ ਨੂੰ ਪੁੱਛਿਆ। “ਤੂੰ ਕਿਸੇ ਹੋਰ ਮੁਲਕ ਚਲੀ ਜਾ।” ਅਵਤਾਰ ਨੇ ਕਿਹਾ। 

“ਕਿਉਂ?” ਇਸ ਚਾਲ੍ਹੀ ਕਰੋੜ ਦੇਵਤਿਆਂ ਦੇ ਮੁਲਕ ਵਿਚ ਮੇਰੇ ਜੇਗਾ ਕੁਝ ਨਹੀਂ?” 

“ਇਥੇ ਦੇਵਤਿਆਂ ਦੇ ਮੁਲਕ ਵਿਚ ਬੰਦਿਆਂ ਦਾ ਗੁਜ਼ਰ ਬਹੁਤ ਔਖਾ ਹੈ।” 

ਕਿਰਨਜੀਤ ਕੁਝ ਨਾ ਬੋਲੀ। 

“ਜਦੋਂ ਮੈਂ ਤੇਰੇ ਮੂੰਹ ਵੱਲ ਦੇਖਦਾ ਹਾਂ ਤਾਂ ਮੇਰਾ ਦਿਲ ਖੁੱਸਣ ਲਗ ਜਾਂਦਾ ਹੈ ਕਿ ਇਸ ਕੁੜੀ ਦੀ ਬਲੀ ਦਿਤੀ ਜਾ ਰਹੀ ਹੈ।” 

ਕਿਰਨਜੀਤ ਫਿਰ ਵੀ ਕੁਝ ਨਾ ਬੋਲੀ। ਪਰ ਉੱਚਾ ਲੰਮਾ ਸਾਬਤੇ ਦਾ ਸਾਬਤਾ ਮਰਦ ਅਵਤਾਰ ਉਸ ਨੂੰ ਨਾਨਕ ਸਿੰਘ ਦੇ ਕਿਸੇ ਨਾਵਲ ਦਾ ਇਕ ਪਾਤਰ ਲਗਿਆ, ਜਿਹੜਾ ਪਤਾ ਨਹੀਂ ਕਿਉਂ ਉਸ ਦੇ ਕੋਲ ਆ ਕੇ ਬੈਠ ਗਿਆ ਸੀ।” 

“ਤੂੰ ਵਿਆਹ ਕਿਉਂ ਨਹੀਂ ਕਰ ਲੈਂਦੀ?” 

“ਕਿਸ ਨਾਲ?” 

“ਹਾਂ ਕਿਸ ਨਾਲ। ਹੈ ਤਾਂ ਮਾੜੀ ਗੱਲ ਹੀ, ਪਰ ਕਦੇ ਕਦੇ ਮੇਰਾ ਮਨ ਕਰਦਾ ਹੈ ਕੋਈ ਅਜਿਹਾ ਭੁਚਾਲ ਆਵੇ, ਬੀਵੀ ਬੱਚੇ ਸਭ ਕਿਧਰੇ ਗ਼ਰਕ ਹੋ ਜਾਣ।” 

ਕਿਰਨਜੀਤ ਹੱਸ ਪਈ। 

ਕੋਲੋਂ ਲੰਘੇ ਜਾਂਦੇ ਰਾਜਨੀਤੀ ਦੇ ਪ੍ਰੋਫੈਸਰ ਮਿਸਟਰ ਕਾਲੀਆ ਨੇ ਕਿਰਨਜੀਤ ਤੋਂ ਅੱਖ ਬਚਾ ਕੇ ਬੜੇ ਰਾਜ਼ਦਾਰ ਤਰੀਕੇ ਨਾਲ ਅਵਤਾਰ ਨੂੰ ਅੱਖ ਮਾਰੀ। 

“ਮੇਮਸਾਬ ਜੀ ਆਪਕੋ ਪੀਰੰਸੀਪਲ ਸਾਬ ਬੂਲਾ ਰਹੇ ਹੈਂ” ਚਪੜਾਸੀ ਨੇ ਆ ਕੇ ਕਿਰਨਜੀਤ ਨੂੰ ਕਿਹਾ। 

ਸਟਾਫ਼ ਰੂਮ ਦੇ ਦੂਜੇ ਕੋਨੇ ਵਿਚ ਬੈਠੀ ਪੜ੍ਹਨ ਦਾ ਬਹਾਨਾ ਕਰ ਰਹੀ ਸੰਸਕ੍ਰਿਤ ਵਾਲੀ ਮੈਡਮ ਸਭ ਕੁਝ ਬੜੇ ਧਿਆਨ ਨਾਲ ਦੇਖ ਰਹੀ ਸੀ। 

“ਮੈਨੇ ਆਪਕੋ ਇਸ ਲੀਏ ਬੁਲਾ ਭੇਜਾ ਹੈ ਸਟੂਡੈਂਟਸ ਰਿਕੁਐਸਟ ਕਰਤੇ ਹੈਂ ਮੈਡਮ ਕਿਰਨਜੀਤ ਕੋ ਭੇਜੋ ਹਮਾਰੇ ਸਾਥ। ਕਸ਼ਮੀਰ ਟ੍ਰਿਪ ਜਾਨਾ ਹੈ। ਆਪ ਜਾ ਸਕੇਂਗੀ?’’ ਪ੍ਰਿੰਸੀਪਲ ਨੇ ਪੁੱਛਿਆ। 

“ਜਿਵੇਂ ਤੁਸੀਂ ਆਖੋ। ਚਲੀ ਜਾਵਾਂਗੀ।” 

“ਸਾਥ ਲੜਕੀਆਂ ਭੀ ਹੈਂ ਇਸ ਲੀਏ ਲੇਡੀ ਟੀਚਰ ਕਾ ਜਾਨਾ ਜ਼ਰੂਰੀ ਹੈ ਵੈਸੇ ਤੋਂ ਪ੍ਰੋਫ਼ੈਸਰ ਅਵਤਾਰ ਜਾ ਹੀ ਰਹੇ ਹੈਂ।” 

ਕਸ਼ਮੀਰ ਦੇ ਟ੍ਰਿਪ ਤੋਂ ਵਾਪਸ ਆ ਕੇ ਮੁੰਡੇ ਕੁੜੀਆਂ ਦਸਦੇ ਸਨ ਉਥੇ ਮੈਡਮ ਕਿਰਨ ਨੇ ਕਸ਼ਮੀਰੀ ਡਰੈੱਸ ਪਾਈ ਸੀ। ਬੜੀ ਹੀ ਸੁਹਣੀ ਲਗਦੀ ਸੀ। ਰਾਤ ਨੂੰ ਜਿਹਲਮ ਦਰਿਆ ਉਤੇ ਸ਼ਿਕਾਰੇ ਵਿਚ ਬੈਠ ਕੇ ਉਸ ਨੇ ਗੀਤ ਵੀ ਗਾਇਆ ਸੀ। 

ਉਹ ਇਹ ਵੀ ਦਸਦੇ ਸਨ : ਇਕ ਅੰਗਰੇਜ਼ ਯਾਤਰੀ ਮੈਡਮ ਕਿਰਨ ਸਦਕਾ ਆਪਣੇ ਸਾਰੇ ਕੰਮ ਛੱਡ ਕੇ ਸਾਡੇ ਨਾਲ ਹੀ ਘੁੰਮਦਾ ਰਿਹਾ। ਕਿੰਨੀਆਂ ਹੀ ਤਸਵੀਰਾਂ ਉਸ ਨੇ ਕਸ਼ਮੀਰ ਤੇ ਮੈਡਮ ਕਿਰਨ ਦੀਆਂ ਖਿੱਚੀਆਂ। ਇਕ ਬੜੀ ਹੀ ਖ਼ੂਬਸੂਰਤ ਕਿਤਾਬ ਆਉਣ ਲਗੀ ਮੈਡਮ ਕਿਰਨ ਨੂੰ ਉਸ ਨੇ ਦਿਤੀ। ਬੱਸ ਦੇ ਬੜੀ ਦੂਰ ਲੰਘ ਆਉਣ ਉਤੇ ਵੀ ਉਹ ਪਿਛੇ ਖੜਾ ਹੱਥ ਹਿਲਾ ਰਿਹਾ ਸੀ।  ਪ੍ਰੋਫ਼ੈਸਰ ਅਵਤਾਰ ਨੇ ਨਾ ਜਾਣੇ ਕਿਉਂ ਪਟਿਆਲੇ ਤੋਂ ਆਪਣੀ ਬਦਲੀ ਲੁਧਿਹਾਣੇ ਦੀ ਕਰਵਾ ਲਈ। 

ਚਿਲਕਵੀਂ ਜਿਹੀ ਧੁੱਪ ਨਿਕਲੀ ਹੋਈ ਸੀ। 

ਦਿਨ ਦਾ ਤੀਜਾ ਪਹਿਰ। 

ਸਾਹਮਣੀ ਕੋਠੀ ਵਿਚ ਨਵੇਂ ਕਿਰਾਏਦਾਰਾਂ ਦਾ ਸਾਮਾਨ ਆਉਣ ਲਗ ਪਿਆ। 

ਰਾਤ ਤੱਕ ਕਿਰਾਏਦਾਰ ਵੀ ਪਹੁੰਚ ਗਏ। 

ਤਿੰਨ ਬੱਚੇ। ਇਕ ਉਹਨਾਂ ਦਾ ਬਾਪ ਤੇ ਇਕ ਬੱਚਿਆਂ ਦੀ ਸਿਰ ਹਿਲਦੇ ਵਾਲੀ ਉੱਤਰੀ-ਬਹੱਤਰੀ ਦਾਦੀ। 

ਕਿਰਨਜੀਤ ਦੇ ਬਾਪ ਨੇ ਨਵੇਂ ਕਿਰਾਏਦਾਰ ਗਵਾਂਢੀਆਂ ਨੂੰ ਨੌਕਰ ਹੱਥ ਅਖਵਾ ਭੇਜਿਆ, ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸੰਗਣ ਨਾ। 

ਅਗਲੇ ਦਿਨ ਸਵੇਰੇ ਸਵੇਰੇ ਉਹਨਾਂ ਦਾ ਨੌਕਰ ਦੀਆ-ਸਲਾਈ ਮੰਗਣ ਆਇਆ। ਇਹਨਾਂ ਦੇ ਨੌਕਰ ਨੂੰ ਦਸ ਗਿਆ, ‘ਹਮਾਰਾ ਸਾਅਬ ਅਮੀਰ ਆਦਮੀ ਠਹਿਰਾ। ਚੰਡੀਗੜ੍ਹ ਮੇਂ ਬੜਾ ਭਾਰੀ ਕੋਠੀ ਹੈ। ਆਠ ਸੌ ਰੂਪਈਆ ਮਹੀਨਾ ਕਿਰਾਯਾ ਮੇਂ ਹੈ। ਕੁੱਲੂ ਮੇ ਸੇਬ ਕਾ ਬਾਗ਼ ਹੈ। ਬਹੂਤ ਬੜਾ ਬੜਾ ਸੇਬ ਠਹਿਰਾ। ਏਕ ਸਾਲ ਪਹਿਲੇ ਬੀਬੀ ਜੀ ਗੂਜਰ ਗਈ। ਬੂਖ਼ਾਰ ਠਹਿਰਾ। ਅਬ, ਸਾਅਬ ਮੇਰੀ ਜਾਚ ਔਰ ਸ਼ਾਦੀ ਕਰੇਗਾ।” 

ਆਥਣੇ ਨਵੇਂ ਕਿਰਾਏਦਾਰ ਗਵਾਂਢੀਆਂ ਦਾ ਸਭ ਤੋਂ ਛੋਟਾ ਬੱਚਾ ਬਿੰਟੂ ਦੇ ਨਾਲ ਕਿਰਨਜੀਤ ਹੋਰਾਂ ਵਲ ਖੇਡਣ ਵੀ ਆ ਗਿਆ। 

ਬੱਚੇ ਨੂੰ ਲੈਣ ਆਇਆ ਬੱਚੇ ਦਾ ਪਿਓ ਕਿੰਨਾ ਚਿਰ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਕਿਰਨਜੀਤ ਦੇ ਬਾਪ ਕੋਲ ਬੈਠਾ ਰਿਹਾ। 

ਕੁਝ ਦਿਨਾਂ ਮਗਰੋਂ ਉਸ ਨੇ ਕੁੱਲੂ ਦੇ ਸੇਬਾਂ ਦੀ ਇਕ ਪੇਟੀ ਕਿਰਨਜੀਤ ਹੋਰਾਂ ਵਲ डेन्नी।’ 

“ਆਪਾਂ ਉਹਨਾਂ ਨੂੰ ਰੋਟੀ ਉਤੇ ਤਾਂ ਸੱਦ ਲੋ ਕੀ ਆਖਣਗੇ, ਸਾਡੇ ਗਵਾਂਢੀ ਕਿਹੋ ਜੇ ਨੇ,” ਕਿਰਨਜੀਤ ਦੀ ਮਾਂ ਨੇ ਸੇਬ ਕੱਟਦੀ ਨੇ ਕਿਰਨਜੀਤ ਦੇ ਪਿਓ ਨੂੰ ਯਾਦ ਕਰਵਾਇਆ। 

ਰੋਟੀ ਉਤੇ ਆਇਆ ਉਹ ਗਵਾਂਢੀ ਕਿਰਾਏਦਾਰ ਕਿੰਨਾ ਚਿਰ ਪਿਛੋਂ ਤੱਕ ਬੈਠਾ ਕਿਰਨਜੀਤ ਦੇ ਬਾਪ ਨਾਲ ਕਿਰਨ ਦੇ ਵਿਆਹ, ਤੇਜਵੰਤ ਦੀ ਮੌਤ, ਫ਼ੌਜੀ ਨੌਕਰੀ ਕਿਰਨ ਦੀ ਭਰੀ ਉਮਰ ਬਾਰੇ ਬੜੇ ਹਮਦਰਦੀ ਭਰੇ ਲਹਿਜੇ ਵਿਚ ਗੱਲਾਂ ਕਰਦਾ ਰਿਹਾ। 

“ਪਰ ਮੇਰਾ ਬੇਟਾ ਕਿਰਨ, ਬੜੀ ਬਹਾਦਰ ਹੈ। ‘ਵੀਰ ਚੱਕਰ’ ਦਿੰਦੇ, ਪ੍ਰਧਾਨ ਜੀ ਨੇ ਕਿਹਾ ਸੀ, ਸਾਡੇ ਸਾਰੇ ਫ਼ੌਜੀਆਂ ਦੀਆਂ ਬੀਵੀਆਂ ਇਹੋ ਜਿਹੀਆਂ ਹੀ ਹੋਣੀਆਂ ਚਾਹੀਦੀਆਂ ठे।” 

“ਉਹ ਤਾਂ ਦਰੁਸਤ ਹੈ ਜਨਾਬ ਮਗਰ ਇਹ ਤਾਂ ਸਾਰੀ ਉਮਰ ਦੀ ਬਾਤ ਹੈ।”  “ਰੱਬ ਦਾ ਭਾਣਾ ਹੈ, ਕੀ ਕੀਤਾ ਜਾ ਸਕਦਾ ਹੈ। ਤੇਜਵੰਤ ਸਿੰਘ ਗਿੱਲ ਨੂੰ ਤੁਸੀਂ ਜੇ ਕਿਤੇ ਦੇਖਦੇ, ਏਹੋ ਜਿਹਾ ਦਰਸ਼ਨੀ ਜਵਾਨ ਕੋਈ ਵਿਰਲਾ ਹੀ ਹੁੰਦਾ ਹੈ।” 

“ਫਿਰ ਭੀ ਮਰ ਗਇਆਂ ਦੇ ਸਾਥ ਤਾਂ ਨਹੀਂ ਮਰਿਆ ਜਾਂਦਾ। ਤੁਸੀਂ ਕਿਰਨ ਦੇ ਸੰਬੰਧ ਵਿਚ ਬਿਹਤਰ ਹੈ ਜ਼ਰੂਰ ਕੁਝ ਸੋਚੋ। 

ਕਿਰਨ ਦਾ ਬਾਪ ਸੱਚਮੁੱਚ ਹੀ ਉਸ ਰਾਤ ਬੜੀ ਦੇਰ ਤਕ ਸੋਚਦਾ ਰਿਹਾ। 

ਇਹਨਾਂ ਗੱਲਾਂ ਤੋਂ ਮਗਰੋਂ ਉਸ ਦਾ ਬਾਪ ਬੜਾ ਚਿਰ ਸੋਚਾਂ ਵਿਚ ਡੁੱਬਿਆ ਰਿਹਾ। ਮਾਂ ਵੀ ਚੋਖੀ ਰਾਤ ਤੀਕ ਪਾਸੇ ਪਲਟਦੀ ਰਹੀ। 

ਅਜੇ ਮਹੀਨਾ ਵੀ ਨਹੀਂ ਸੀ ਗੁਜ਼ਰਿਆ ਨਵੇਂ ਕਿਰਾਏਦਾਰਾਂ ਆਏ ਨੂੰ ਜਦੋਂ ਉਸ ਨੇ ਬੜੇ ਹਮਦਰਦੀ ਭਟੇ ਲਹਿਜੇ ਵਿਚ ਕਿਰਨਜੀਤ ਨਾਲ ਵਿਆਹ ਕਰ ਲੈਣ ਹੀ ਮਰਜ਼ੀ ਦਸ ਭੇਜੀ। 

ਕਿਰਨਜੀਤ ਸੁਣ ਕੇ ਜਿਉਂ ਲਗੀ ਹੱਸਣ, ਹੱਸੀ ਹੀ ਜਾਵੇ। 

“ਬੰਦਾ ਤਾਂ ਮਾੜਾ ਨਹੀਂ,” ਕਿਰਨਜੀਤ ਦੀ ਮਾਂ ਨੇ ਝਕਦੀ ਝਕਦੀ ਨੇ ਕਿਹਾ। 

“ਦੇਖੀਂ ਬੀਬੀ ਕਿਤੇ ਮੇਰੇ ਮਾਪੇ ਦਾ ਘਰ ਪੱਟ ਜੇ, ਓਸ ਬਚਾਰੇ ਨੂੰ ਤਾਂ ਹੁਣ ਹੋਰ ਜਨਾਨੀ ਜੁੜਨੀ ਵੀ ਨਹੀਂ,” ਕਿਰਨਜੀਤ ਨੇ ਮਾਂ ਨੂੰ ਮਖ਼ੌਲ ਕੀਤਾ। ਤੇ ਹੱਸਦੀ ਕਿਤਾਬਾਂ ਚੁੱਕ ਕੇ ਕਾਲਜ ਨੂੰ ਤੁਰ ਪਈ। 

ਬਾਹਰਲਾ ਬਗ਼ੀਚੀ ਦਾ ਫ਼ਾਟਕ ਲੰਘ ਕੇ ਉਹ ਸੜਕ ਉਤੇ ਆ ਗਈ। 

ਸਾਹਮਣੀ ਕੋਠੀ ਵਾਲਾ ਤਿੰਨਾਂ ਬੱਚਿਆਂ ਦਾ ਬਾਪ ਨਵਾਂ ਕਿਰਾਏਦਾਰ ਪਤਾ ਨਹੀਂ ਕਦੋਂ ਦਾ ਤਾਕ ਲਾਈ ਬੈਠਾ ਸੀ। ਕਾਰ ਸਟਾਰਟ ਕਰ ਕੇ ਆ ਗਿਆ। ਬਰਾਬਰ ਵਾਲੀ ਤਾਕੀ ਖੋਹਲ ਕੇ, ਕਿਰਨ ਦੇ ਕੋਲ ਕਾਰ ਰੋਕ ਕੇ, ਉਸ ਨੇ ਨਿਹਾਇਤ ਸਭਿਆ ਤਰੀਕੇ ਨਾਲ ਉਸ ਨੂੰ ਕਾਲਜ ਤਕ ਛੱਡ ਆਉਣ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। 

“ਮਿਹਰਬਾਨੀ, ਅੰਕਲ ਜੀ ਬਹੁਤ ਸ਼ੁਕਰੀਆ, ਕਾਰ ਤਾਂ ਸਾਡੀ ਵੀ ਖੜ੍ਹੀ ਸੀ, ਪਰ ਮੈਨੂੰ ਕਾਲਜ ਪੈਦਲ ਜਾਣਾ ਹੀ ਚੰਗਾ ਲਗਦਾ ਹੈ,” ਆਖ ਉਹ ਅਗਾਂਹ ਲੰਘ ਗਈ। 

ਉਹ ਕਿੰਨਾ ਚਿਰ ਉਥੇ ਹੀ ਗੱਡਿਆ ਖੜਾ ਪਿੱਛਿਓਂ ਘੂਰਦਾ ਰਿਹਾ। 

ਅਸਮਾਨ ਉਤੇ ਤਾਰੇ ਡੁੱਬ ਡੁਬਾ ਰਹੇ ਸਨ। 

ਸਟੇਸ਼ਨ ਉਤੇ ਲੰਘੀ ਜਾ ਰਹੀ ਗੱਡੀ ਨੇ ਚੀਕ ਮਾਰੀ। ਰੇਡੀਉ ਉਤੇ ਬੜੇ ਗ਼ੁਲਾਮ ਅਲੀ ਖ਼ਾਂ ਦਾ ਸੰਗੀਤ ਚਲ ਰਿਹਾ ਸੀ। 

ਕਿਰਨਜੀਤ ਆਪਣੇ ਬਾਪ ਦਾ ਸਵੈਟਰ ਉਣ ਰਹੀ ਸੀ। 

“ਸੌਂਣ ਤੋਂ ਪਹਿਲਾਂ ਦੁੱਧ ਪੀਣਾ ਨਾ ਭੁੱਲ ਜਾਇਓ,” ਉਸ ਦੀ ਮਾਂ ਨੇ ਉਸ ਦੇ ਪਿਓ ਨੂੰ ਕਿਹਾ। 

”ਚੰਗਾ,” ਉਹ ਅਖ਼ਬਾਰ ਪੜ੍ਹਦਾ ਹੀ ਬੋਲਿਆ।  “ਪਾਪਾ ਸਾਡੇ ਕਾਲਜ ਵਿਚ ਫ਼ਿਲਾਸਫ਼ੀ ਦਾ ਇਕ ਨਵਾਂ ਪ੍ਰੋਫ਼ੈਸਰ ਆਇਐ, ਬਸ ਕੀ ਦਸਾਂ ਤੁਹਾਨੂੰ ਜਿਵੇਂ ਰੱਬ ਨੇ ਵਿਹਲਾ ਬੈਠ ਕੇ ਘੜਿਆ ਹੋਵੇ। ਸ਼ਰੀਫ਼ ਵੀ ਬੇਹੱਦ,” ਕਿਰਨਜੀਤ ਡਿੱਗ ਪਏ ਕੁੰਡੇ ਨੂੰ ਚੁੱਕਦੀ ਬੋਲੀ। 

“ਅੱਛਾ?” ਬਾਪ ਉਸ ਦਾ ਅਖ਼ਬਾਰ ਪਰ੍ਹੇ ਰਖ ਕੇ ਬੋਲਿਆ। 

ਮਾਂ ਉਸ ਦੀ ਦੇ ਸੱਤ ‘ਤਿਉੜੀਆਂ ਮੱਥੇ ਵਿਚ ਪੈ ਗਈਆਂ। 

”ਮੈਂ ਤੈਨੂੰ ਕਿੰਨੀ ਵਾਰੀ ਆਖਿਐ, ਬਈ ਵੇਲੇ ਕੁਵੇਲੇ ਪਾਠ-ਕਰਿਆ ਕਰ ਮਾੜਾ ਮੋਟਾ,” ਕਿਰਨ ਦੀ ਮਾਂ ਦੁੱਧ ਨੂੰ ਜਾਗ ਲਾਉਂਦੀ ਬੋਲੀ। 

“ਰੱਬ ਨਾਲ ਨਜਿੱਠਣ ਨੂੰ ਅਜੇ ਬਥੇਰੀ ਉਮਰ ਪਈ ਐ ਬੀਬੀ,” ਆਖ ਉਹ ਪੈਰ ਨਾਲ ਸਿਤਾਰ ਦੀ ਤਾਲ ਦੇਣ ਲਗੀ। 

“ਤੂੰ ਸਿਆਣੀ ਬਣ ਕੇ ਰਿਹਾ ਕਰ। ਦੇਖੇਂ ਨਾ ਤੇਰੇ ਪਾਪਾ ਜੀ ਨੂੰ ਸਾਰਾ ਸ਼ਹਿਰ ਜਾਣਦੈ ਤੇ….” ਅਗੋਂ ਉਸ ਤੋਂ ਕੁਝ ਆਖ ਨਾ ਹੋਇਆ। 

“ਅੱਛਾ, ਬੀਬੀ ਜੀ ਮਹਾਰਾਜ ਭਾਸ਼ਨ ਬੰਦ ਕਰੋ। ਹੈਂ ਪਾਪਾ ਉਹ ਜਿਹੜਾ ਪ੍ਰੋਫ਼ੈਸਰ ਹੈ ਨਾ ਫ਼ਿਲਾਸਫ਼ੀ ਵਾਲਾ ਜੇ ਮੈਂ ਓਸ ਨਾਲ ਕਦੇ ਭੱਜ ਜਾਂ ਭਲਾ?” ਕਿਰਨਜੀਤ ਨੇ ਹੱਸ ਕੇ ਕਿਹਾ। 

“ਭੱਜਣ ਦੀ ਕੀ ਲੋੜ ਹੈ, ਤੁਰ ਕੇ ਹੀ ਬਗ ਜੀ,” ਉਸ ਦੇ ਪਾਪਾ ਨੇ ਮਖ਼ੌਲ ਕੀਤਾ। 

“ਤੁਸੀਂ ਤਾਂ ਪਿਓ ਧੀ ਨੇ ਸ਼ਰਮ ਈ ਲਾਹ ਛੱਡੀ ਐ। ਕੋਈ ਸੁਣੇ ਤਾਂ ਕੀ ਆਖੇ। ਇਹੋ ਜੀਆਂ ਮਜਾਖ਼ਾਂ ਵੀ ਕਰੀ ਦੀਆਂ ਨੇ ਕੋਈ,” ਮਾਂ ਉਸ ਦੀ ਖਿਝ ਕੇ ਪਈ। 

“ਮਜਾਖ਼ਾਂ ਕੌਣ ਕਰਦਾ ਏ, ਮੈਂ ਤਾਂ ਸੱਚ ਮੁੱਚ ਹੀ ਆਖਦੀ ਹਾਂ।” 

ਤੇ ਸੱਚ ਮੁੱਚ ਹੀ ਉਸ ਫ਼ਿਲਾਸਫ਼ੀ ਦੇ ਪ੍ਰੋਫ਼ੈਸਰ ਨੇ ਇਕ ਦਿਨ ਕਿਰਨਜੀਤ ਨੂੰ ਖ਼ਤ लिभ रिंग…! 

ਕਿਰਨ ਦੀਆਂ ਅੱਖਾਂ ਵਿਚ ਦੋ ਦੀਵੇ ਜਗ ਪਏ। 

ਫਿਰ ਇਕ ਦਿਨ ਉਸ ਨੇ ਕਿਰਨਜੀਤ ਨੂੰ ਸਿਨਮਾ ਚਲਣ ਲਈ ਆਖਿਆ। 

“ਜਾਣਦੇ ਹੋ ਮੈਂ ਕੌਣ ਹਾਂ?” ਕਿਰਨਜੀਤ ਨੇ ਠਕੋਰਨਾ ਚਾਹਿਆ। 

“ਕੀ ਮਰ ਗਿਆਂ ਦੇ ਹੱਕ ਜੀਉਂਦਿਆਂ ਦੇ ਹੱਕਾਂ ਨਾਲੋਂ ਬਹੁਤ ਹੁੰਦੇ ਨੇ?” ਜਵਾਬ ਦੀ ਥਾਂ ਉਸ ਫ਼ਿਲਾਸਫ਼ੀ ਦੇ ਪ੍ਰੋਫ਼ੈਸਰ ਨੇ ਸਵਾਲ ਕੀਤਾ। 

ਕਿਰਨ ਆਪਦੇ ਬਾਪ ਨੂੰ ਦਸ ਕੇ ਉਸ ਨਾਲ ਸਿਨਮਾ ਚਲੀ ਗਈ। 

ਸਿਨਮਾ ਦੇਖਦੇ ਨੇ ਕੁਰਸੀ ਦੀ ਬਾਂਹ ਉਤੇ ਪਏ ਕਿਰਨ ਦੇ ਹੱਥ ਉਤੇ ਉਸ ਨੇ ਹੱਥ ਰਖ ਦਿਤਾ। 

ਕਿਰਨ ਦੀਆਂ ਅੱਖਾਂ ਵਿਚ ਜਗਦੇ ਦੀਵੇ ਸੂਰਜ ਬਣ ਗਏ। ਉਸ ਦੇ ਸਾਰੇ ਜਿਸਮ ਵਿਚੋਂ ਸੇਕ ਆਉਣ ਲਗ ਪਿਆ। 

ਫ਼ਿਲਮ ਦੀ ਉਸ ਨੂੰ ਕੱਖ ਸਮਝ ਨਹੀਂ ਸੀ ਆ ਰਹੀ। 

ਸਿਨਮਾ ਤੋਂ ਬਾਹਰ ਆ ਕੇ ਉਹ ਫ਼ਿਲਾਸਫ਼ੀ ਦਾ ਪ੍ਰੋਫ਼ੈਸਰ ਕਿਰਨ ਦੇ ਨਾਲ ਤੁਰਨੋਂ ਕੁਝ ਕਤਰਾਂਦਾ ਪ੍ਰਤੀਤ ਹੁੰਦਾ ਸੀ। ਸ਼ਾਇਦ ਜਾਣੂੰ ਲੋਕਾਂ ਤੋਂ ਘਬਰਾਂਦਾ ਸੀ! ਪਰ ਕਿਰਨ ਨੂੰ ਇਹ ਗੱਲ ਚੰਗੀ ਨਾ ਲਗੀ।  ਫਿਰ ਵੀ ਉਸ ਨੂੰ ਲਿਗਿਆ, ਇਹ ਚੰਗਾ ਮਾੜਾ ਸੋਚਣ ਦਾ ਵੇਲਾ ਨਹੀਂ। 

ਉਸ ਦਾ ਪਾਪਾ ਕਿਸੇ ਬਹਾਨੇ ਕਾਲਜ ਜਾ ਕੇ ਉਸ ਨੂੰ ਦੇਖ ਵੀ ਆਇਆ ਸੀ। 

ਇਕ ਦਿਨ ਉਸ ਨੇ ਕਿਰਨਜੀਤ ਨੂੰ ਆਗਰਾ ਦੇਖਣ ਚਲਣ ਲਈ ਕਿਹਾ। 

ਦੇ ਛੁੱਟੀਆਂ ਦੀਵਾਲੀ ਦੀਆਂ ਸਨ। ਉਹ ਜਾ ਤਾਂ ਸਕਦੇ ਸੀ, ਪਰ ਨਾ ਜਾਣੇ ਕਿਉਂ ਕਿਰਨਜੀਤ ਨੇ ਆਖ ਦਿਤਾ ਕਦੇ ਫੇਰ ਚਲਾਂਗੇ। 

ਫ਼ਿਲਾਸਫ਼ੀ ਦਾ ਪ੍ਰੋਫੈਸਰ ਦੀਵਾਲੀ ਮਨਾਉਣ ਆਪਣੇ ਸ਼ਹਿਰ ਚਲਿਆ ਗਿਆ। 

ਅਜ ਦੀਵਾਲੀ ਸੀ। 

ਕਈ ਸੌ ਸਾਲ ਪਹਿਲਾਂ ਅਜ ਦੇ ਦਿਨ ਰਾਮ ਰਾਵਣ ਨੂੰ ਹਰਾ ਕੇ, ਬਨਵਾਸ ਕੱਟ ਕੇ ਘਰ ਮੁੜਿਆ ਸੀ। 

ਕਿਰਨ ਦਾ ਮਨ ਕੀਤਾ “ਉਹ” ਜੋ ਆ ਜਾਵੇ।. 

ਸੂਰਜ ਦੇ ਦੁਆਲੇ ਚੱਕਰ ਕੱਟਦੀ ਕੱਟਦੀ ਧਰਤੀ ਇਕ ਦਿਨ ਮੁੜ ਉਸੇ ਦਿਨ ਉਤੇ ਪਹੁੰਚ ਜਾਂਦੀ ਹੈ, ਜਿਸ ਦਿਨ ਇਨਸਾਫ਼ ਨੇ ਬੇਇਨਸਾਫ਼ੀ ਉਤੇ ਜਿੱਤ ਪ੍ਰਾਪਤ ਕੀਤੀ ਸੀ। 

ਇਸੇ ਲਈ ਅਜ ਵੀ ਲੋਕ ਮਠਿਆਈਆਂ ਵੰਡਦੇ ਤੇ ਦੀਵੇ ਡੰਗਦੇ ਹਨ। 

ਲਕਸ਼ਮੀ ਪੂਜਾ ਹੁੰਦੀ ਹੈ। 

ਲੋਕ ਘਰ ਤੇ ਦੁਕਾਨਾਂ ਸਜਾਉਂਦੇ ਹਨ। ਬੱਚੇ ਫੁੱਲਝੜੀਆਂ ਪਟਾਕੇ ਚਲਾਉਂਦੇ ਨੇ। 

ਕਿਰਨ ਨੇ ਵੀ ਸਾਰੇ ਘਰ ਉਤੇ ਰੌਸ਼ਨੀ ਕੀਤੀ। ਸਾਰਾ ਸ਼ਹਿਰ ਜਗਮਗ ਜਗਮਗ ਕਰ ਰਿਹਾ ਸੀ। 

ਪਰ ਰਾਤ ਅਜੇ ਅੱਧੀ ਵੀ ਨਹੀਂ ਸੀ ਬੀਤੀ, ਗਲੀ ਮਹੱਲੇ ਦੇ ਟਪਦੇ ਨੱਚਦੇ ਬਾਲ ਸੌਂ ਚੁੱਕੇ ਸਨ। ਦੀਵੇ ਜਲ ਕੇ ਬੁਝ ਗਏ ਸਨ। 

ਪਹਾੜ ਜਿੱਡੀ ਮਹਾਂਕਾਲੀ ਰਾਤ ਦਾ ਰਾਜ ਮੁੜ ਸਥਾਪਤ ਹੋ ਗਿਆ ਸੀ। 

ਕਿਰਨ ਦਾ ਉਹ ਮਿੱਤਰ ਪ੍ਰੋਫ਼ੈਸਰ ਦੀਵਾਲੀ ਤੋਂ ਵੀ ਦੋ ਤਿੰਨ ਦਿਨ ਮਗਰੋਂ ਆਇਆ। 

ਕਿਰਨ ਬੜਾ ਫ਼ਿਕਰ ਕਰਦੀ ਰਹੀ ਕਿਧਰੇ ਬੀਮਾਰ ਹੀ ਨਾ ਹੋ ਗਿਆ ਹੋਵੇ। 

ਉਸ ਦੇ ਹੱਥ ਵਿਚ ਨਵਾਂ ਸੋਨੇ ਦਾ ਕੜਾ ਸੀ। 

ਉਹ ਬੜੀ ਉੱਚੀ ਉੱਚੀ ਹੱਸ ਕੇ ਗੱਲਾਂ ਕਰ ਰਿਹਾ ਕਿਰਨ ਨੂੰ ਕੁਝ ਓਪਰਾ ਲਗਿਆ। 

“ਬੜੇ ਦਿਨ ਲਾ ਆਏ ਕੀ ਕੜਾ ਘੜਵਾਉਂਦੇ ਰਹੇ?” ਕਿਰਨ ਨੇ ਮਜ਼ਾਕ ਕੀਤਾ।. 

“ਹਾਂ ਸੱਚ ਦੱਸਣਾ ਤਾਂ ਮੈਨੂੰ ਯਾਦ ਹੀ ਨਹੀਂ ਰਿਹਾ, ਇਸ ਵਾਰੀ ਘਰਦਿਆਂ ਨੇ ਜ਼ਬਰਦਸਤੀ ਮੇਰਾ ਮੰਗਣਾ ਕਰ ਦਿਤਾ ਹੈ। ਆਖਣ ਲਗੇ ਜੱਜ ਦੀ ਧੀ ਐ ਅਸੀਂ ਤਾਂ ਹਾਂ ਕਰ ਬੈਠੇ ਹਾਂ, ਉਂਜ ਹੈ ਤਾਂ ਦਸਮੀਂ ਪਾਸ ਹੀ। ਉਂਜ ਦੇਖਣ ਨੂੰ ਚੰਗੀ ਐ। ਪਰ ਛਡੋ ਇਹ ਫ਼ਜ਼ੂਲ ਗੱਲਾਂ, ਦਸੋ ਆਗਰਾ ਦੇਖਣ ਕਦੋਂ ਚਲਣਾ ਏ?” ਉਹ ਬੋਲਿਆ। 

ਕਿਰਨ ਦੀਆਂ ਅੱਖਾਂ ਵਿਚ ਜਗਦੇ ਦੀਵੇ ਜਿਵੇਂ ਕਿਸੇ ਨੇ ਇਕੋ ਫੂਕ ਨਾਲ ਬੁਝਾ ਦਿਤੇ ਹੋਣ 

ਪੀਰੀਅਡ ਮੁਕਾ ਕੇ ਉਹ ਅੰਨ੍ਹਿਆਂ ਵਾਂਗ ਥਾਂ ਕੁਥਾ ਟਿਕਦੇ ਕਦਮਾਂ ਨਾਲ ਘਰ ਨੂੰ ਮੁੜੀ ਆ ਰਹੀ ਸੀ। ਉਂਜ ਤਾਂ ਹੋਰਨਾਂ ਦਿਨਾਂ ਵਰਗਾ ਹੀ ਇਹ ਦਿਨ ਸੀ। 

ਪਰ ਰਾਤ ਦਿੱਲੀ ਤੋਂ ਆਉਂਦਿਆਂ ਡਰਾਈਵਰ ਦੀ ਕਿਤੇ ਅੱਖ ਲਗ ਗਈ ਤੇ ਕਿਰਨਜੀਤ ਦੇ ਬਾਪ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ ਸੀ। 

ਡਰਾਈਵਰ ਵੀ ਤੇ ਉਸ ਦਾ ਬਾਪ ਵੀ ਦੋਨੋਂ ਮਰ ਗਏ ਸਨ। 

ਕਿਰਨਜੀਤ ਦੇ ਸਾਹਮਣੇ ਉਸ ਦੀ ਮਾਂ ਨੇ ਆਪਣੀਆਂ ਬਾਹਵਾਂ ਵਿਚੋਂ ਚੂੜੀਆਂ ਭੰਨੀਆਂ। ਨੱਕ ਵਿਚੋਂ ਕੋਕਾ ਲਾਹਿਆ ਤੇ ਉੱਚੀ ਉੱਚੀ ਵੈਣ ਪਾ ਕੇ ਰੋਂਦੀ ਰਹੀ। 

ਕਿਰਨਜੀਤ ਨੇ ਆਪਣੀਆਂ ਬਾਹਾਂ ਵਿਚਲੀਆਂ ਚੂੜੀਆਂ ਵਲ ਦੇਖਿਆ। ਆਪਣੇ ਨੱਕ ਵਿਚ ਪਾਈ ਹੀਰੇ ਦੀ ਤੀਲੀ ਨੂੰ ਟੋਹਿਆ ਉਹ ਰੋ ਵੀ ਨਹੀਂ ਸੀ ਰਹੀ। 

ਮੁਕਾਣਾਂ ਆਉਂਦੀਆਂ ਰਹੀਆਂ ਜ਼ਨਾਨੀਆਂ ਉਸ ਦੀ ਮਾਂ ਨਾਲੋਂ ਬਹੁਤਾ ਉਸ ਦਾ ਕਿਰਨਜੀਤ ਦਾ ਨਾਉਂ ਲੈ ਕੇ ਰੋਂਦੀਆਂ ਸਨ। 

ਕਿਰਨਜੀਤ ਗੋਡਿਆਂ ਵਿਚ ਸਿਰ ਦੇਈ ਡੁੰਨ ਵੱਟਾ ਜਿਹਾ ਬਣੀ ਬੈਠੀ ਰਹਿੰਦੀ। 

ਕੋਈ ਕੋਈ ਜ਼ਨਾਨੀ ਜਦੋਂ ਉਸ ਦੇ ਵੀ ਗਲ ਨਾਲ ਆ ਚੰਬੜਦੀ ਤੇ ਵੈਣ ਪਾਉਣ ਲਗ ਜਾਂਦੀ ਤਾਂ ਉਹਨੂੰ ਬੜੀ ਅਕਲਕਾਨ ਜਿਹੀ ਆਉਂਦੀ। 

ਇਉਂ ਹਊ ਕਲਾਪ ਵਿਚ ਦਸ ਦਿਨ ਲੰਘ ਗਏ। 

ਭੋਗ ਪੈ ਗਿਆ। 

ਖੇਡ ਖ਼ਤਮ ਹੋ ਗਈ। 

ਮਰ ਗਏ ਦੇ ਪੈਂਦੇ ਭੁਚੱਕਿਆਂ ਤੋਂ ਬਿਨਾਂ ਉਸ ਦਾ ਕੁਝ ਬਾਕੀ ਨਹੀਂ ਸੀ ਰਹਿ ਗਿਆ। 

ਕਿਰਨਜੀਤ ਫਿਰ ਵੀ ਨਾ ਜਾਣੇ ਕਿਉਂ ਆਪਣੇ ਬਾਪ ਦਾ ਅਧ ਵਿਚਕਾਰ ਪਿਆ ਸਵੈਟਰ ਵੇਲੇ ਕੁਵੇਲੇ ਬੁਣਨ ਲਗ ਜਾਂਦੀ। 

‘ਬੰਦਾ ਊਈਂ ਮੇਰੀ ਮੇਰੀ ਕਰਦਾ ਫਿਰਦੈ ਊਂ ਬਿੰਦ ਦਾ ਵਸਾਹ ਨੀਂ” ਕਿਰਨਜੀਤ ਦੀ ਮਾਂ ਨੇ ਹਉਕਾ ਭਰਕੇ ਨਾ ਜਾਣੇ ਕਿਸ ਨੂੰ ਕਿਹਾ। 

“ਪਰ ਇਸ ਮੇਰੀ ਮੇਰੀ ਤੋਂ ਬਿਨਾਂ ਪਲ ਪੂਰੇ ਵੀ ਤਾਂ ਨਹੀਂ ਹੁੰਦੇ।” ਆਖ ਉਸ ਨੇ ਆਪਣੀ ਗੱਲ ਦਾ ਜਿਵੇਂ ਆਪ ਹੀ ਜਵਾਬ ਦਿਤਾ। 

“ਦੇਖ ਬਹੂ ਅਜ ਥਾਈਂ ਤੂੰ ਆਪਣੀਆਂ ਈ ਪੁਗਾਉਂਦੀ ਰਹੀ ਐਂ ਹੁਣ ਰਾਹ ਸਿਰ ਦੀ ਮੰਨਣੀ ਪਊ ਬਈ ਜਾਂ ਤਾਂ ਪਿੰਡ ਚੱਲ ਰਹੋ ਜਾਂ ਫੇਰ ਬੀਬੀ ਦਾ ਕਾਕਾ ਏਥੇ ਥੋਡੇ ਕੋਲ ਰਹੂ। ਅੱਠਮੀ ਜਮਾਤ ਵਿਚ ਪੜ੍ਹਦੈ ਨਾਲ ਘਰ ਦੇ ਨਿੱਕੇ ਮੋਟੇ ਕੰਮ ਕਾਰ ਕਰ ਦਿਆ ਕਰੂ। ਕੱਲਿਆਂ ਰਹਿਣ ਦੀ ਕਿਤੇ ਸਮੇਂ ਐ।” ਕਿਰਨਜੀਤ ਦੀ ਦਾਦੀ ਉਸ ਦੀ ਮਾਂ ਨੂੰ ਕਹਿਣ ਲਗੀ। 

“ਅਸੀਂ ਆਪਣਾ ਵਕਤ ਆਪ ਕੱਟਾਂਗੇ, ਕਿਸੇ ਦਾ ਧੀ ਪੁੱਤ ਲੈਕ ਨਿਕਲੇ ਨਲੈਕ ਨਿਕਲੇ ਮੈਂ ਜ਼ੁੰਮੇਵਾਰੀ ਨੀ ਲੈ ਸਕਦੀ।” ਕਿਰਨ ਦੀ ਮਾਂ ਬੋਲੀ। 

“ਸੁਣਲੈ ਜੀ ਸੁਣਦਾ ਐਂ ਏਸ ਕੜਮੀ ਨੇ ਆ ਕੇ ਮੇਰੀ ਤਾਂ ਕੁਲ ਡੋਬਤੀ। ਪੱਟਤੀ ਦੋਹਾਂ ਜਹਾਨਾਂ ਤੇ। ਅਗਾ ਖੜਾਤਾ। ਹੁਣ ਕਹਿੰਦੀ ਐ ਏਸ ਘਰ ਦੀਵਾ ਜਗਦਾ ਨਾ ਰਹਿ ਜੇ। ਆਖਦੀਐ ਮੁੰਡਾ ਨੀ ਰਖਣਾ। ਭਾਈਆਂ ਭਤੀਜਿਆਂ ਦੇ ਘਰ ਮੈਂ ਵੀ ਨੀ ਭਰਨ ਦੇਣੇ ਐਥੇ ਬਹਿ ਜੂੰ ਡੰਡਾ ਲੈ ਕੇ। ਹੈ ਨੀ ਲੋਹੜਾ ਏਸ ਨੇ ਗਏ ਖਲਣੇ ਦੀ ਨੇ ਸਾਨੂੰ ਸਾਰਿਆਂ ਨੂੰ ਮਰੇ ਈ ਭਾਲ ਲਿਆ।” ਉਹ ਕਿਰਨਜੀਤ ਦੇ ਦਾਦੇ ਵਲ ਮੂੰਹ ਕਰ ਕੇ ਬੋਲੀ ਗਈ। 

ਕਿਰਨਜੀਤ ਡਿਡਰਿਆਂ ਵਾਂਗ ਦਾਂਦੀ ਦੇ ਮੂੰਹ ਵਲ ਦੇਖ ਰਹੀ ਸੀ ਜਿਸ ਨੂੰ ਪੁੱਤਰ ਦੀ ਨਹੀਂ ਪੁੱਤਰ ਦੀ ਜਾਇਦਾਦ ਦੀ ਪੈ ਗਈ ਸੀ। 

‘”ਨਹੀਂ ਅਸੀਂ ਨਹੀਂ ਰਖਣਾ ਕਿਸੇ ਨੂੰ। ਮੈਂ ਅਜੇ ਜੀਊਂਦੀ ਹਾਂ ਮਰ ਨਹੀਂ ਗਈ।” ਕਿਰਨ ਦਾਦੀ ਨੂੰ ਝਿੜਕ ਕੇ ਪਈ। 

ਦਾਦੀ ਉਸ ਦੀ ਨੇ ਆਪਣਾ ਸਿਰ ਹੀ ਪਿੱਟ ਲਿਆ ਤੇ ਉੱਚੀ ਉੱਚੀ ਰੋਂਦੀ ਕੀਰਨੇ ਪਾਉਂਦੀ ਆਪਣੇ ਦੋਹਤੇ ਨੂੰ ਜਿਸ ਨੂੰ ਉਹ ਇਥੇ ਛਡਣਾ ਚਾਹੁੰਦੀ ਸੀ ਨਾਲ ਲੈ ਕੇ ਪਿੰਡ ਨੂੰ ਚਲੀ ਗਈ। 

ਦਾਦਾ ਉਸ ਦਾ ਜੱਕੋ ਤੱਕੋ ਵਿਚ ਸੀ ਕਿ ਉਹ ਕਰੇ ਤਾਂ ਕੀ ਕਰੇ। 

11 

ਹੌਲੀ ਹੌਲੀ ਤੁਰਦੇ ਦਿਨ ਲੰਘ ਰਹੇ ਸਨ। 

ਪਟਿਆਲੇ ਕਿਸੇ ਕੰਮ ਆਇਆ ਪ੍ਰੋਫ਼ੈਸਰ ਅਵਤਾਰ, ਕਿਰਨਜੀਤ ਨੂੰ ਘਰ ਮਿਲਣ ਆਇਆ। 

ਕੁਝ ਚਿਰ ਰਸਮੀ ਤੌਰ ਉਤੇ ਉਹ ਕਿਰਨਜੀਤ ਦੇ ਬਾਪ ਬਾਰੇ ਗੱਲਾਂ ਕਰਦਾ ਰਿਹਾ। 

ਕਿਵੇਂ ਐਕਸੀਡੈਂਟ ਹੋ ਗਿਆ? ਕਿਥੇ ਹੋਇਆ? ਸੱਟਾਂ ਕਿਥੇ ਕਿਥੇ ਲਗੀਆਂ? ਟਰੱਕ ਵਾਲਾ ਫੜਿਆ ਗਿਆ ਜਾਂ ਭੱਜ ਗਿਆ? 

ਫਿਰ ਉਹ ਕੁਝ ਪਲ ਧਿਆਨ ਨਾਲ ਕਿਰਨਜੀਤ ਵਲ ਦੇਖਦਾ ਰਿਹਾ। 

“ਚਾਹ ਪੀਓਗੇ?” ਕਿਰਨਜੀਤ ਨੇ ਪੁੱਛਿਆ। 

‘ਪੀ ਲਵਾਂਗਾ।” 

ਕਿਰਨਜੀਤ ਆਪਣੀ ਬੀਬੀ ਨੂੰ ਚਾਹ ਬਣਾਨ ਲਈ ਆਖ ਕੇ ਜਦੋਂ ਮੁੜੀ ਅਵਤਾਰ ਨੇ ਆਪਣਾ ਸੱਜਾ ਹੱਥ ਉਸ ਦੇ ਅਗੇ ਫੈਲਾ ਦਿਤਾ। 

ਕਿਰਨਜੀਤ ਘਬਰਾ ਜਿਹੀ ਗਈ ਤੇ ਪਰ੍ਹੇ ਕੁਰਸੀ ਉਤੇ ਜਾ ਬੈਠੀ। 

“ਇਕ ਗੱਲ ਆਖਾਂ। ਇਹ ਆਦਰਸ਼ਵਾਦ ਪੰਦਰ੍ਹਵੀਂ ਸਦੀ ਦੀਆਂ ਗੱਲਾਂ ਨੇ। ਇਹ ਜਨਮ ਮੁੜ ਕੇ ਨਹੀਂ ਮਿਲਣਾ ਕਿਉਂ ਗੰਵਾਇਆ ਜਾਵੇ।” ਕਿਰਨਜੀਤ ਨੇ ਕੋਈ ਉਤਰ ਨਾ ਦਿਤਾ। 

“ਇਸ ਤਰ੍ਹਾਂ ਭੁੱਖੀ ਤਿਹਾਈ ਬੈਠੀ ਰਹੇਂਗੀ ਤਾਂ ਕਿਸੇ ਨੇ ਕੀ ਦੇ ਦੇਣਾ ਐ ਤੇ ਦੂਜੀ ਤਰ੍ਹਾਂ ਕੀ ਖੋਹ ਲੈਣਾ ਐ, ਫਿਰ ਪਰਵਾਹ ਹੀ ਕਿਉਂ ਕੀਤੀ ਜਾਵੇ ਕਿਸੇ ਦੀ।” 

ਕਿਰਨਜੀਤ ਅਜੇ ਵੀ ਚੁਪ ਸੀ, ਪਰ ਉਸ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ। 

“ਤੇਰੇ ਕੋਲ ਏਨਾ ਪੈਸਾ ਐ ਕੀ ਕਰਨਾ ਐ, ਵਾਧੂ ਲੋਕ ਹੀ ਸਾਂਭਣਗੇ ਵਧੀਆ ਅੰਗ੍ਰੇਜੀ ਸ਼ਰਾਬ ਮੰਗਾ ਕੇ ਰਖ। ਸ਼ਾਮ ਨੂੰ ਆਰਾਮ ਨਾਲ ਪੀਤੀ। ਕਾਰ ਚਲਾਉਣੀ ਆਪ ਸਿਖ ਲੈ ਡਰਾਈਵਰ ਨੂੰ ਕਰ ਛੁੱਟੀ। ਕਿਸੇ ਦੀ ਪੂਰੇ ਤੌਰ ਤੇ ਹੋ ਕੇ ਦੇਖ। ਕਿਸੇ ਨੂੰ ਆਪਣਾ ਬਣਾ ਕੇ ਦੇਖ।” 

“ਫੇਰ ਫੇਰ ਨਹੀਂ ਤਾਂ ਪੰਜ ਸਤ ਸਾਲ ਨੂੰ ਜਦ ਉਮਰ ਲੰਘ ਗਈ ਪਛਤਾਏਂਗੀ। ਮੁੜ ਕੇ ਇਹ ਵੇਲਾ ਨਹੀਂ ਆਉਣਾ। ਨਹੀਂ ਤਾਂ ਵਲੈਤ ਚਲੀ ਜਾ। ਕਿਸੇ ਅੰਗਰੇਜ਼ ਨਾਲ ਵਿਆਹ ਕਰ ਲੈ। ਇਕ ਅੱਧਾ ਬੱਚਾ ਜਦੋਂ ਹੋ ਗਿਆ ਬੇਸ਼ਕ ਵਾਪਸ ਆ ਜਾਈਂ ਪਰ ਦੇ ਦਿਨ ਜੀਉ ਕੇ ਤਾਂ ਦੇਖ।” 

ਕਿਰਨਜੀਤ ਬਿਟ ਬਿਟ ਅਵਤਾਰ ਦੇ ਮੂੰਹ ਵਲ ਵੇਖ ਰਹੀ ਸੀ। 

‘‘ਮੈਂ ਸੱਚ ਕਹਿੰਦਾ ਹਾਂ ਇਉਂ ਅੰਦਰ ਵੜ ਕੇ ਬੈਠੀ ਰਹਿਣ ਨਾਲ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਹਿੰਮਤ ਕਰ ਹੋਰ ਨਾ ਸੀ ਚਾਰ ਦਿਨ ਜੀਊ ਤਾਂ ਚੱਜ ਨਾਲ ਲੈ। ਮੈਂ ਨਹੀਂ ਕਹਿੰਦਾ ਮੇਰੇ ਨਾਲ ਜਿਸ ਨਾਲ ਵੀ ਤੇਰਾ ਜੀ ਕਰੇ ਬੰਬਈ ਕਲਕੱਤੇ ਦਸ ਵੀਹ ਦਿਨ ਦੀ ਸੈਰ ਨੂੰ ਚਲੀ ਗਈ। ਇਹ ਦਸ ਵੀਹ ਦਿਨ ਹੀ ਸਹੀ ਆਪਣੇ। ਜੇ ਤੂੰ ਇਹ ਸੋਚਦੀ ਹੈਂ ਕਿ ਕੋਈ ਸੁਪਨਿਆਂ ਦਾ ਸ਼ਾਹਜ਼ਾਦਾ ਆਉ ਤੇ ਖੰਭਾਂ ਵਾਲੇ ਘੋੜੇ ਉਤੇ ਬਿਠਾ ਕੇ ਪਰੀ ਦੇਸ ਨੂੰ ਲੈ ਜਾਊ ਤਾਂ ਇਹ ਤੇਰੀ ਭੁੱਲ ਹੈ। ਹਿੰਦੁਸਤਾਨੀ ਤਾਂ ਜੀਊਂਦੇ ਹੀ ਬਹੁਤਾ ਭੂਤ ਵਿਚ ਹਨ। ਕੋਈ ਤੇਰੇ ਭੂਤ ਨੂੰ ਭੁਲਾ ਕੇ ਤੈਨੁੰ ਕਿਵੇਂ ਦੇਖ ਸਕਦਾ ਹੈ। ਸੋ ਅਜੇ ਵੀ ਵੇਲਾ ਹੈ ਜਾਗ ਪੈਣ ਦਾ।” 

“ਅੱਛਾ।” ਕਿਰਨਜੀਤ ਨੇ ਬੇਦਿਲੀ ਨਾਲ ਕਿਹਾ। 

ਚਾਹ ਆ ਗਈ। 

ਕਿਰਨਜੀਤ ਨੇ ਇਕ ਕੱਪ ਵਿਚ ਪਾ ਕੇ ਅਵਤਾਰ ਨੂੰ ਦੇ ਦਿਤੀ ਤੇ ਦੂਜੇ ਵਿਚ ਆਪਣੇ ਲਈ ਪਾ ਕੇ ਨੀਵੀਂ ਪਾਈ ਪੀਂਦੀ ਰਹੀ। 

ਮੇਰੀ ਬੀਵੀ ਬੱਚੇ ਅੱਜ ਕਲ੍ਹ ਮਹੀਨੇ ਲਈ ਨਾਨਕੀਂ ਗਏ ਹੋਏ ਹਨ। ਲੁਧਿਹਾਣੇ ਮੈਂ ਇਕੱਲਾ ਹੀ ਹਾਂ। ਸੀ-ਤੇਰਾਂ, ਮਾਡਲ ਟਾਊਨ, ਮੇਰੇ ਘਰ ਦਾ ਪਤਾ ਹੈ। ਹਾਂ ਸੱਚ ਫ਼ਿਲਾਸਫ਼ੀ ਵਾਲੇ ਪ੍ਰੋਫ਼ੈਸਰ ਨਾਲ ਸੁਣਿਆ ਹੈ ਤੇਰੀ ਬੜੀ ਬਣਦੀ ਹੈ।” 

ਕਿਰਨਜੀਤ ਨੇ ਕੋਈ ਉੱਤਰ ਨਾ ਦਿਤਾ। 

“ਅੱਛਾ ਮੈਂ ਚਲਦਾ ਹਾਂ ਕਈ ਲੋਕਾਂ ਨੂੰ ਮਿਲਣਾ ਹੈ।’ 

ਆਖਦਾ ਅਵਤਾਰ ਖ਼ਾਲੀ ਕੱਪ ਰਖ ਕੇ ਉੱਠ ਖੜ੍ਹਾ ਹੋਇਆ। 

ਕਿਰਨਜੀਤ ਨੇ ਹੱਥ ਜੋੜੇ। 

ਅਵਤਾਰ ਦੀਆਂ ਗੱਲਾਂ ਨਾ ਕਿਰਨਜੀਤ ਨੂੰ ਸੱਚ ਲਗਦੀਆਂ ਸਨ ਤੇ ਨਾ ਹੀ ਝੂਠ ਲਗਦੀਆਂ ਸਨ। 

ਸਾਰੀ ਰਾਤ ਉਸ ਨੂੰ ਨੀਂਦ ਨਾ ਆਈ। 

12 

ਦਿਨ ਲੰਘਦੇ ਗਏ। 

ਅੱਸੂ ਦਾ ਮਹੀਨਾ ਆ ਗਿਆ। 

ਸਰਾਧ ਚੜ੍ਹ ਪਏ। 

ਇਹਨਾਂ ਦਿਨਾਂ ਵਿਚ ਲੋਕ ਆਪਣੇ ਮੋਇਆਂ ਮੁਕਿਆਂ ਦੀ ਗਤੀ ਕਰਵਾਣ ਪਹੋਏ ਜਾਂਦੇ ਹਨ। 

‘ਮੱਸਿਆ ਵਾਲੇ ਦਿਨ ਆਪਾਂ ਵੀ ਪਹੋਏ ਚਲਣਾ ਏਂ।” ਕਿਰਨਜੀਤ ਦੀ ਮਾਂ ਨੇ ਉਸ ਨੂੰ ਦਸਿਆ। 

ਇਹਨੀਂ ਦਿਨੀਂ ਮਾਂ ਨਾਲ ਕੋਈ ਬਹਿਸ ਨਹੀਂ ਸੀ ਕੀਤੀ ਜਾ ਸਕਦੀ। 

ਚੌਦੇਂ ਦੀ ਰਾਤ ਨੂੰ ਦੋ ਵਜੇ ਉੱਠ ਕੇ ਉਸ ਦੀ ਮਾਂ ਨੇ ਖੀਰ, ਪਰਸ਼ਾਦ, ਆਲੂਆਂ ਦੀ ਭਾਜੀ ਤੇ ਭੜਥਾ ਤਿਆਰ ਕੀਤੇ। 

ਭੜਥਾ ਉਸ ਦੇ ਪਿਓ ਨੂੰ ਬੜਾ ਚੰਗਾ ਲਗਦਾ ਹੁੰਦਾ ਸੀ। 

ਦਿਨ ਚੜ੍ਹਦੇ ਨੂੰ ਉਹਨਾਂ ਨੇ ਅੱਡੇ ਵਿਚੋਂ ਪਹੋਏ ਨੂੰ ਜਾਣ ਵਾਲੀ ਬਸ ਫੜ ਲਈ। 

ਬਸ ਚੜ੍ਹਨ ਲਗਿਆਂ ਪੰਜ ਪੈਸੇ ਹੇਠਾਂ ਸੁਟ ਕੇ ਕਿਰਨਜੀਤ ਦੀ ਮਾਂ ਨੇ ਉਸ ਦੇ ਪਿਓ ਦੀ ਰੂਹ ਨੂੰ ਨਾਲ ਬਸ ਚੜ੍ਹ ਆਉਣ ਲਈ ਕਿਹਾ। 

ਸਾਰੇ ਰਾਹ ਉਸ ਦੀ ਮਾਂ ਪਾਠ ਕਰਦੀ ਗਈ। 

ਪਰ ਉਹ ਆਪ ਮਰਿਆਂ ਮੁੱਕਿਆਂ ਦੀ ਗਤ ਕਰਵਾਉਣ ਜਾ ਰਹੇ ਵਾਰਸਾਂ ਦੇ ਮੂੰਹਾਂ ਵਲ ਤੱਕਦੀ ਰਹੀ! 

ਪਲ ਦੇ ਪਲ ਲਈ ਉਸ ਨੂੰ ਲਗਿਆ ਪਹੋਏ ਤਾਂ ਰੂਹਾਂ ਦੀ ਬਸੰਤ ਪੰਚਮੀ ਦੇ ਮੇਲੇ ਜਿੰਨੀ ਭੀੜ ਹੋਣੀ ਹੈ। 

ਪਹੋਆ ਪੁਰਾਣੇ ਵੇਲਿਆਂ ਦਾ ਸ਼ਹਿਰ ਹੈ ਜਿਥੇ ਨਵੇਂ ਜਿਹੇ ਲੋਕ ਵਸਦੇ ਹਨ। 

ਕਿਰਨਜੀਤ ਹੋਰਾਂ ਦੇ ਆਪਣਾ ਸ਼ਹਿਰ ਤੇ ਗੋਤ ਦੱਸਣ ਪਿਛੋਂ ਕੁਲ ਪਰੋਹਤ ਨੇ ਧਰਮਰਾਜ ਦੇ ਖਾਤੇ ਵਰਗੀ ਮਣ ਸਵਾ ਮਣ ਦੀ ਵਹੀ ਵਿਚੋਂ ਫਟਾ ਫਟ ਕੁੱਲ-ਪੱਤਰਾ ਲਭਿਆ। 

ਇਸ ਪੱਤਰੇ ਨੂੰ ਉਠਾਲ ਕੇ ਉਹ ਹੋ ਹੋ ਤੁਰ ਗਏ ਪਿੱਤਰਾਂ ਦੇ ਨਾਉਂ ਪੜ੍ਹ ਪੜ੍ਹ ਸੁਣਾਉਂਦਾ ਰਿਹਾ। 

ਹੀਰੇ ਦਾ ਪੱਤਰ ਵਜ਼ੀਰਾ ਭਾਦੋਂ ਦੀ ਤੀਜ ਨੂੰ ਹੀਰੇ ਦੀ ਗਤ ਕਰਵਾਉਣ ਆਇਆ। ਵਹੀ ਉਤੇ ਵਜ਼ੀਰ ਦੇ ਆਪਣੇ ਹੱਥਾਂ ਨਾਲ ਕੀਤੇ ਦਸਖ਼ਤ ਪੰਡਤ ਨੇ ਨੇੜੇ ਹੋ ਕੇ ਦੇਖਣ ਲਈ ਕਿਹਾ। ਅੱਗੇ ਉਸੇ ਵਰਕੇ ਉਤੇ ਵਜ਼ੀਰੇ ਦੇ ਪੁੱਤਰ ਹਜ਼ੂਰਾ ਸਿੰਘ ਦੇ ਦਸਖ਼ਤ ਸਨ। ਫਿਰ ਹਜ਼ੂਰਾ ਸਿੰਘ ਦੇ ਪੁੱਤਰ ਉੱਤਮ ਸਿੰਘ ਦੇ ਜੋ ਆਪਣੇ ਬਾਪ ਹਜ਼ੂਰਾ ਸਿੰਘ ਦੀ ਗਤ ਕਰਵਾਉਣ ਕੁਝ ਵਰ੍ਹੇ ਹੋਏ ਆਇਆ ਸੀ। 

ਹੁਣ ਕਿਰਨਜੀਤ ਤੇ ਉਸ ਦੀ ਮਾਂ ਸਰਦਾਰ ਉੱਤਮ ਸਿੰਘ ਦੀ ਗਤ ਕਰਵਾਉਣ ਆਈਆਂ ਸਨ। 

ਕਿਰਨਜੀਤ ਦੇ ਇਕ ਹੌਲ ਜਿਹਾ ਪਿਆ। 

ਰੀਤ ਅਨੁਸਾਰ ਉਹ ਵੀ ਆਪਣੇ ਬਾਪ ਦੀ ਰੂਹ ਇਥੇ ਛੱਡਣ ਆਈ ਸੀ, ਪਹੋਏ। ਸਾਹਮਣੇ ਗੰਧਲੇ ਪਾਣੀ ਦਾ ਇਕ ਛੱਪੜ ਹੈ ਜਿਸ ਵਿਚ ਯਾਤਰੀ ਇਸ਼ਨਾਨ ਕਰ ਰਹੇ ਸਨ। 

ਛੱਪੜ ਕੰਢੇ ਨਿੱਕੀਆਂ ਇੱਟਾਂ ਦਾ ਭੀੜਾ ਜਿਹਾ ਮੰਦਰ ਹੈ। ਮੰਦਰ ਦੇ ਅੰਦਰ ਧੂਫ ਗੁੱਗਲ ਦੇ ਧੂੰਏਂ ਤੇ ਬੁੱਢੇ ਠੇਰੇ ਯਾਤਰੀਆਂ ਦੇ ਵਿਚਕਾਰ ਬੈਠਾ, ਪਾਟੇ ਗਲੇ ਵਾਲਾ ਪੰਡਤ ਸੰਸਕ੍ਰਿਤ ਦੇ ਸ਼ਲੋਕ ਪੜ੍ਹ ਰਿਹਾ ਹੈ। 

ਆਪਣੀ ਡਿਊਟੀ ਦਾ ਇਹ ਘੰਟਾ ਆਖ਼ਿਰ ਤਾਂ ਉਸ ਨੇ ਕਿਵੇਂ ਨਾ ਕਿਵੇਂ ਲੰਘਾਣਾ ਹੀ वै। 

ਬਾਹਰ ਮੈਲੇ ਕੁਚੈਲੇ ਮੰਗਤੇ ਮੰਗਤੀਆਂ ਯਾਤਰੀਆਂ ਦੇ ਮਗਰ ਹਰਲ ਹਰਲ ਕਰਦੇ ਫਿਰ ਰਹੇ ਹਨ। 

ਕੁੱਲ ਪਰੋਹਤ ਕਿਰਨਜੀਤ ਤੇ ਉਸ ਦੀ ਮਾਂ ਦੇ ਨਾਲ ਛੱਪੜ ਦੇ ਕੰਢੇ ਆ ਬੈਠਾ ਪੂਜਾ ਕਰਵਾਣ। 

ਪੂਜਾ ਕਰਨ ਵੇਲੇ ਉਸ ਨੇ ਆਪਣੀ ਜੁੱਤੀ ਚੁਕ ਕੇ ਹੀ ਸਮਗਰੀ ਦੇ ਕੋਲ ਰਖ ਲਈ ਮਤਾਂ ਕੋਈ ਚੁੱਕ ਕੇ ਹੀ ਲੈ ਜਾਏ। 

ਇੰਨੇ ਨੂੰ ਉਸ ਦਾ ਇਕ ਹੋਰ ਜਜਮਾਨ ਉਹਨੂੰ ਲੱਭਦਾ ਲੱਭਦਾ ਉਥੇ ਆ ਗਿਆ। ਉਸ ਨੇ ਵੀ ਕਿਸੇ ਦੀ ਗਤ ਕਰਵਾਉਣੀ ਸੀ। 

ਕੁੱਲ ਪਰੋਹਤ ਨੇ ਨਾਲ ਦੇ ਵਿਹਲੇ ਬੈਠੇ ਪੰਡਤ ਨੂੰ ਇਕ ਰੁਪਈਆ ਭਾੜਾ ਦੇ ਕੇ ਕਿਹਾ ਕਿ ਉਹ ਉਹਦੇ ਬੰਦਿਆਂ ਦੀ ਪੂਜਾ ਕਰਵਾ ਦੇਵੇ। ਪੂਜਾ ਦਾ ਸਾਰਾ ਮਾਲ ਉਸ ਨੇ ਕੁੱਲ ਪਰੋਹਤ ਨੂੰ ਲਿਆ ਕੇ ਦੇਣਾ ਹੁੰਦਾ ਹੈ। 

ਘਰੋਂ ਲਿਆਂਦੇ ਸੀਧੇ ਪੱਤੇ ਦੇ ਨਾਲ ਮਰ ਗਿਆਂ ਦੇ ਨਮਿਤ ਲਿਆਂਦੇ ਨਵੇਂ ਪੁਰਾਣੇ ਕਪੜਿਆਂ ਤੋਂ ਬਿਨਾਂ ਚਾਵਲ, ਸੰਧੂਰ, ਆਟਾ ਤੇ ਆਦਿ ਕੁਸ਼ ਪੰਡਤ ਤੁਹਾਡੇ ਕੋਲੋਂ ਪੈਸੇ ਲੈ ਕੇ ਨਾਲ ਲਗਦੀ ਦੁਕਾਨ ਤੋਂ ਖ਼ਰੀਦ ਲਿਆਉਂਦਾ ਹੈ। 

ਫਿਰ ਉਸ ਨੇ ਆਟੇ ਨਾਲ ਧਰਤੀ ਉਤੇ ਲੀਕਾਂ ਵਾਹ ਕੇ ਕੁੰਡਲੀ ਬਣਾਈ। ਕੁੰਡਲੀ ਵਿਚ ਹਰ ਘਰ ਵਿਚ ਕਿਸੇ ਨਾ ਕਿਸੇ ਦੇਵੀ ਦੇਵਤੇ ਦਾ ਚਿੰਨ੍ਹ ਬਣਾਇਆ। 

ਕਿਰਨਜੀਤ ਸਾਰਾ ਵੇਲਾ ਇਹੀ ਦੇਖਦੀ ਰਹੀ। ਪੰਡਤ ਨੇ ਕਿੱਡੀ ਫੁਰਤੀ ਨਾਲ ਤੇ ਕਿੰਨਾ ਠੀਕ, ਇਹ ਸਭ ਕੁਝ ਬਣਾ ਲਿਆ ਸੀ। 

ਫਿਰ ਮੰਤਰ ਪੜ੍ਹ ਕੇ, ਸੰਧੂਰ ਤੇ ਹਲਦੀ ਲਗੇ ਚਾਵਲ ਉਹ ਵਾਰੋ ਵਾਰੀ ਸਾਰੇ ਦੇਵੀ ਦੇਵਤਿਆਂ ਦੇ ਘਰਾਂ ਵਿਚ ਸੁਟਵਾ ਕੇ ਮੱਥਾ ਟਿਕਵਾਉਂਦਾ ਰਿਹਾ। ਅਖ਼ੀਰ ਆਟੇ ਦੀਆਂ ਗੋਲੀਆਂ ਉਸ ਛੱਪੜ ਵਿਚ ਸੁਟਵਾ ਦਿਤੀਆਂ ਤੇ ਸੂਰਜ ਨੂੰ ਪਾਣੀ ਦੇਣ ਨੂੰ ਕਿਹਾ। 

ਪਿੰਡ ਭਰੇ ਗਏ। ਪਿਤਰ ਪੂਜੇ ਗਏ। 

ਹੁਣ ਦੱਛਣਾ ਦੇਣੀ ਹੁੰਦੀ ਹੈ। ਉਹ ਗਾਹਕ ਦੀ ਹੈਸੀਅਤ ਅਨੁਸਾਰ ਲੈ ਲੈਣ ਦੀ ਪੰਡਤ ਨੂੰ ਬੜੀ ਜਾਚ ਆਉਂਦੀ ਹੁੰਦੀ ਹੈ। 

ਦਾਨ ਦੱਖਣਾ ਸਮੇਟਦੇ ਪੰਡਤ ਦੇ ਨਾਲ ਦੇ ਮੰਦਰ ਤੇਲ ਪਾ ਆਉਣ ਪਿਛੋਂ ਕੁਝ ਖਾ ਪੀ ਲੈਣ ਲਈ ਕਿਹਾ। ‘ਯੇ ਖਾਨਾ ਪੀਨਾ ਪਿਤਰੇਂ ਕੇ ਪਰਾਪਤ ਹੋਗਾ” ਉਸ ਨੇ ਦਸਿਆ। 

ਤੇਲ ਮੰਦਰ ਪਾ ਕੇ ਕਿਰਨਜੀਤ ਤੇ ਉਸ ਦੀ ਮਾਂ ਬਜ਼ਾਰ ਵਲ ਆ ਗਈਆਂ ਜੋ ਨਾਲ ਹੀ ਸੀ। 

“ਤੂੰ ਕੁਸ਼ ਖਾ ਪੀ ਲੈ” ਕਿਰਨਜੀਤ ਦੀ ਮਾਂ ਨੇ ਇਕ ਹੋਟਲ ਕਿਸਮ ਦੇ ਢਾਬੇ ਅੱਗੇ ਖੜੋਂਦੀ ਨੇ ਕਿਹਾ। 

ਕਿਰਨਜੀਤ ਨੇ ਦੁੱਧ ਵਿਚ ਜਲੇਬੀਆਂ ਪਵਾ ਲਈਆਂ। ਉਸ ਦੇ ਬਾਪ ਨੂੰ ਦੁੱਧ ਵਿਚ ਜਲੇਬੀਆਂ ਬਹੁਤ ਪਸੰਦ ਸਨ। 

ਮੰਗਤੇ ਮੰਗਤੀਆਂ ਇਥੇ ਵੀ ਆ ਉਹਨਾਂ ਦੇ ਦੁਆਲੇ ਹੋਏ। 

“ਦੇਜਾ ਏ ਬੀਬੀ ਦੇਜਾ ਉਹਨਾਂ ਦੀ ਨਮਿਤ ਜੀਨ੍ਹਾਂ ਆਪ ਆ ਕੇ ਕਦੇ ਕੁਸ਼ ਨੀ ਮੰਗਣਾ।” ਇਕ ਮੰਗਤੀ ਨੇ ਕਿਹਾ। 

‘ਨਾ ਜਾਣੇ ਕਿਸ ਕਿਸ ਦੀ ਰੂਹ ਨੇ ਇਹ ਮੰਗਤੇ ਮੰਗਤੀਆਂ ਵੀ।’ ਕਿਰਨਜੀਤ ਨੇ ਸੋਚਿਆ ਤੇ ਦੁੱਧ ਦੀ ਘੁੱਟ ਉਸ ਦੇ ਸੰਘ ਵਿਚ ਅੜੇਨ ਲਗ ਪਈ। 

ਉਸ ਨੂੰ ਆਪਣੇ ਬਾਪ ਦੀ ਰੂਹ ਵੀ ਇਹਨਾਂ ਮੰਗਤੇ ਮੰਗਤੀਆਂ ਦੇ ਨਾਲ ਤੁਰੀ ਫਿਰਦੀ ਲਗੀ। 

ਉਸ ਦਾ ਮਨ ਭਰ ਆਇਆ। 

“ਆਪਾਂ ਕਾਹਨੂੰ ਆਉਣਾ ਸੀ ਗਤ ਕਰਵਾਉਣ।” ਉਸ ਨੇ ਆਪਣੀ ਮਾਂ ਨੂੰ ਕਿਹਾ। 

“ਜੀਹਦੀ ਗਤ ਨਾ ਹੋਵੇ ਰੂਹ ਭੂਤ ਪਰੇਤ ਬਣੀ ਭਟਕਦੀ ਰਹਿੰਦੀ ਐ ਉਸ ਨੂੰ ਕੋਈ ਵੀ ਜੂਨ ਨਸੀਬ ਨੀ ਹੁੰਦੀ। ਇਹੋ ਤਾਂ ਇਕ ਕੰਮ, ਮਰ ਗਏ ਜੀਉਂਦਿਆਂ ਜ਼ਿੰਮੇ ਲਾ ਕੇ ਜਾਂਦੇ ਨੇ। ਹੋਰ ਦੁਨੀਆਂ ਆਸ ਉਲਾਦ ਕਾਹਦੇ ਪਿਛੇ ਭਾਲਦੀ ਐ। ਕਿਸੇ ਬੇਗਾਨੇ ਦੇ ਹੱਥੋਂ ਗਤ ਨਹੀਂ ਨਾ ਹੁੰਦੀ।” 

ਹੈ……ਤਾਂ…….ਫੇਰ……ਨਹੀਂ..ਚੰਗਾ…ਆਹੋ” ਕਿਰਨਜੀਤ ਨਾ ਜਾਣੇ ਮਨ ਹੀ ਮਨ ਕੀ ਕੀ ਗੱਲਾਂ ਕਹਿ ਗਈ। ਮਾਂ ਉਸ ਦੀ ਨੇ ਕੁਝ ਅੱਖਰ ਹੀ ਸੁਣੇ। 

ਦੁੱਧ ਤੇ ਜਲੇਬੀਆਂ ਦਾ ਗਲਾਸ ਉਸ ਨੇ ਇਕ ਮੰਗਤੇ ਦੀ ਬਾਟੀ ਵਿਚ ਪਾ ਦਿਤਾ ਜਿਹੜਾ ਕਿੰਨੇ ਚਿਰ ਤੋਂ ਪਰ੍ਹਾਂ ਖੜਾ ਉਸ ਵਲ ਬਿਟ ਬਿਟ ਤੱਕ ਰਿਹਾ ਸੀ। 

ਦੁੱਧ ਜਲੇਬੀਆਂ ਪਵਾਉਂਦਾ ਉਹ ਪਾਗਲਾਂ ਵਰਗਾ ਬੇਮਤਲਬ ਜਿਹਾ ਹਾਸਾ ਹੱਸਿਆ। 

ਦੁੱਧ ਜਲੇਬੀਆਂ ਦੇ ਪੈਸੇ ਦੇ ਕੇ ਕਿਰਨਜੀਤ ਦੀ ਮਾਂ ਉਥੋਂ ਤੁਰ ਪਈ ਸੀ, ਪਰ ਕਿਰਨਜੀਤ ਜੱਕੇ ਤੱਕੋ ਕਰਦੀ ਅਜੇ ਉਥੇ ਹੀ ਖੜੀ ਸੀ। 

“ਕੀ ਗੱਲ?” ਉਸ ਦੀ ਮਾਂ ਨੇ ਮੁੜ ਕੇ ਪੁੱਛਿਆ।  ਕਿਰਨਜੀਤ ਕੁਝ ਤਿਜਕੀ ਕੁਝ ਸਿਮਟੀ ਤੇ ਉਸ ਨੇ ਆਪਣੇ ਨੱਕ ਵਿਚ ਪਾਈ ਹੀਰੇ ਦੀ ਤੀਲੀ ਟੋਹੀ। 

ਮਾਂ ਬਿਟ ਬਿਟ ਉਸ ਦੇ ਮੂੰਹ ਵਲ ਤੱਕ ਰਹੀ ਸੀ। 

ਕਿਰਨਜੀਤ ਨੇ ਖੱਬੇ ਹੱਥ ਵਿਚ ਪਾਈਆਂ ਸੋਨੇ ਦੀਆਂ ਦੇ ਜੜਾਊ ਚੂੜੀਆਂ ਲਾਹ ਕੇ ਪਰਸ ਵਿਚ ਪਾ ਲਈਆਂ। 

ਮਾਂ ਉਸ ਦੀ ਕੁਝ ਨਹੀਂ ਸੀ ਸਮਝੀ। 

ਲੋਕ ਘਰਾਂ ਨੂੰ ਮੁੜਨ ਦੀ ਤਿਆਰੀ ਵਿਚ ਖਿੱਲਾਂ ਮਖਾਣੇ ਖ਼ਰੀਦ ਰਹੇ ਸਨ। ਪਹੁੰਚੀਆਂ ਗਾਨੀਆਂ ਪਸੰਦ ਕਰ ਰਹੇ ਸਨ। 

ਇਕ ਗਭਰੂ ਕਾਲੀ ਡੋਰ ਵਿਚ ਪਰੋਈ ਪਿੱਤਲ ਦੀ ਗਾਨੀ ਦਾ ਭਾਅ ਪੁੱਛ ਰਿਹਾ ਸੀ। 

“ਆਪਾਂ….ਆਪਾਂ ਗਿੱਲਾਂ ਦੇ ਪੰਡਤ ਨੂੰ ਵੀ ਲੱਭ ਲਈਏ।” ਕਿਰਨਜੀਤ ਨੇ ਝਕਦੇ ਜਿਹੇ ਕਿਹਾ। 

ਮਾਂ ਉਸ ਦੀ ਨੂੰ ਇਕ ਤਉਂਣੀ ਆ ਗਈ। 

ਉਹ ਧੀ ਦੇ ਮੂਹਰੇ ਲਗ ਤੁਰੀ। 

ਗਿੱਲਾਂ ਦੇ ਪੰਡਤ ਦੀ ਹੱਟ ਜਦੋਂ ਲੱਭੀ ਮਾਂ ਉਸ ਦੀ ਨੇ ਪਿਛੇ ਭਉਂ ਕੇ ਦੇਖਿਆ. 

ਕਿਰਨਜੀਤ ਨੇ ਚੁੰਨੀ ਨਾਲ ਸਿਰ ਢਕਿਆ ਹੋਇਆ ਸੀ ਤੇ ਨੱਕ ਵਿਚੋਂ ਹੀਰੇ ਦੀ ਤੀਲੀ ‘ਲਾਹ ਲਈ ਸੀ। ਬਸ ਤੀਲੀ ਦਾ ਨਿਸ਼ਾਨ ਹੀ ਬਾਕੀ ਸੀ। 

ਡਾਇਰੀ 

ਕੁਝ ਚਿਰ ਕਿਰਨਜੀਤ ਡਾਇਰੀ ਲਿਖਦੀ ਰਹੀ। ਉਹ ਇਸ ਤਰ੍ਹਾਂ ਸੀ : 

ਇਕ ਸਾਲ ਹੋ ਗਿਆ। 

” ਨਹੀਂ ਸੱਚ ਇਕ ਸਦੀ ਹੋ ਗਈ। ਕੌਣ ਵੇਲਿਆਂ ਦੀ ਤੁਰੀ ਹੋਈ ਹਾਂ। 

ਸੂਰਜ ਚੜ੍ਹੇ ਨੂੰ ਜੁਗੜੇ ਬੀਤ ਗਏ ਨੇ, ਨਾ ਜਾਣੇ ਕਦੋਂ ਢਲੇਗਾ। 

ਲੋਕ ਜਦੋਂ ਵੀ ਗੱਲ ਕਰਦੇ ਨੇ ਤੇਜਵੰਤ ਦੀ ਗੱਲ ਕਰਦੇ ਨੇ ਜਿਵੇਂ ਉਹ ਜੀਊਂਦਾ ਹੋਵੇ ਤੇ ਮੈਂ ਮਰ ਗਈ ਹੋਵਾਂ। 

ਸ਼ਾਇਦ ਇਹ ਠੀਕ ਹੀ ਹੋਵੇ। 

ਉਹ ਜੰਗ ਵਿਚ ਸ਼ਹੀਦ ਹੋਇਆ ਹੈ, ਪਰ ਅਸਲ ਵਿਚ ਤਾਂ ਮਰਿਆ ਹੀ ਹੈ ਨਾ। 

ਉਸ ਦੀਆਂ ਹੱਡੀਆਂ ਅਜੇ ਤਕ ਉਥੇ ਖਿਲਰੀਆਂ ਪਈਆਂ ਹੋਣਗੀਆਂ। 

ਮੈਂ ਕਦੇ ਜਾਵਾਂਗੀ ਉੱਥੇ। 

ਪਰ ਏਨੀਆਂ ਸਾਰੀਆਂ ਹੱਡੀਆਂ ਵਿਚੋਂ ਕਿਵੇਂ ਪਹਿਚਾਣਾਂਗੀ? 

ਰਾਤ ਹੈ। 

ਬੱਦਲ ਨੇ। 

ਬੇਚੈਨ ਜਿਹੀ ਹਵਾ ਬੂਹੇ ਬਾਰੀਆਂ ਵਿਚ ਵਜਦੀ ਲੰਘੀ ਜਾ ਰਹੀ ਹੈ  ਕਿਹੜੇ ਦੇਸ ਨੂੰ? 

ਹਵਾ ਨੂੰ ਆਖੇ ਜਦੋਂ ਉਹ ਉਸ ਦੇਸ ਵਿਚੋਂ ਦੀ ਲੰਘੇ….. 

ਕੀ ਸੂਰਜ ਅਜੇ ਵੀ ਨਿੱਤ ਚੜ੍ਹਦਾ ਹੈ? 

‘ਸਕਾਰਲੈਟ ਲੈਟਰ” ਦੀ ਹੈਸਟਰ ਲਈ ਮੈਂ ਰੋਣਾ ਚਾਹੁੰਦੀ ਹਾਂ। ਪਰ ਰੇ ਨਹੀਂ ਸਕਦੀ। 

ਅਸਮਾਨ ਉੱਤੇ ਕੂੰਜਾਂ ਦੀ ਡਾਰ ਲੰਘੀ ਜਾ ਰਹੀ ਹੈ। ਇਕ ਪਲ ਮਨ ਕੀਤਾ ਇਹਨਾਂ ਨੂੰ ਆਖਾਂ ਮੇਰਾ ਸੁਨੇਹਾ ਲੈ ਜਾਵੋ। ਬਿਨਾਂ ਪਰਮਿਟ ਇਹ ਸਰਹੱਦ ਤੋਂ ਕਿਵੇਂ ਲੰਘਣਗੀਆਂ? ‘ਮੋਰ ਕੂੰਜਾਂ ਨੂੰ ਆਖਦੇ ਥੋਡੀ ਰਹਿੰਦੀ ਨਿੱਤ ਤਿਆਰੀ ਜਾਂ ਕੂੰਜੋ ਥੋਡਾ ਦੇਸ ਕੁਚੱਜੜਾ ਜਾਂ ਕਿਸੇ ਨਾਲ ਯਾਰੀ ਸਟੇਸ਼ਨ ਉਤੇ ਗੱਡੀ ਨੇ ਚੀਕ ਮਾਰੀ ਹੈ। ਬਹੁਤ ਲੋਕ ਇਸ ਗੱਡੀ ਵਿਚ ਆਏ ਹੋਣਗੇ। ਬਹੁਤ ਲੋਕ ਇਸ ਗੱਡੀ ਵਿਚ ਚਲੇ ਜਾਣਗੇ। ਨਾ ਜਾਣੇ ਲੋਕ ਕਿਧਰੋਂ ਆਉਂਦੇ ਨੇ ਤੇ ਕਿਧਰ ਨੂੰ ਚਲੇ ਜਾਂਦੇ ਨੇ। ਰੇਡੀਓ ਉਤੇ ਪੱਕਾ ਰਾਗ ਵਜ ਰਿਹਾ ਹੈ ‘ਮੇਰੀ ਰੁਣ ਝੁਣ ਲਾਇਆ…. 

ਕੀ ਮੋਰਾਂ ਨੂੰ ਕਿਸੇ ਨੇ ਨਹੀਂ ਦਸਿਆ? 

1.8… 

ਅੱਜ ਇਕ ਸਾਡਾ ਰਿਸ਼ਤੇਦਾਰ ਲੜਕਾ ਆਇਆ। 

ਆਖਦਾ ਸੀ ਦਾਖ਼ਲੇ ਲਈ ਪ੍ਰਿੰਸੀਪਲ ਕੋਲ ਸਿਫ਼ਾਰਸ਼ ਕਰ ਦਿਓ। 

“ਅੱਛਾ” ਮੈਂ ਆਖਿਆ। ਪਰ ਮੁੜ ਮੁੜ ਸੋਚਣ ਉੱਤੇ ਵੀ ਮੈਨੂੰ ਉਸ ਦਾ ਨਾਂ ਯਾਦ ਨਾ ਆਇਆ। 

“ਤੇਰਾ ਨਾਂ ਕੀ ਹੈ?” ਮੈਂ ਪੁੱਛਿਆ। 

ਉਹ ਹੱਸਣ ਲੱਗ ਪੈਂਦਾ ਹੈ ਤੇ ਕਹਿੰਦਾ ਹੈ “ਕਲ੍ਹ ਨੂੰ ਕਿਸੇ ਤੋਂ ਆਪਣਾ ਨਾਂ ਨਾ ਪੁੱਛਣ ਲੱਗ ਜਾਇਓ।” 

ਉਹ ਬਿਨਾਂ ਨਾਂ ਦਸਿਆਂ ਹੀ ਚਲਿਆ ਗਿਆ ਹੈ। 

6.8… 

ਅੱਜ ਡਾਕਟਰ ਨੂੰ ਅੱਖਾਂ ਵਿਖਾਣ ਗਈ। 

ਕਦੇ ਕਦੇ ਧੁੱਪ ਜਿਵੇਂ ਬਹੁਤ ਜ਼ਿਆਦਾ ਚਮਕੀਲੀ ਹੋ ਕੇ ਮੇਰੀਆਂ ਅੱਖਾਂ ਵਿਚ ਚੂਭਣ ਲਗ ਜਾਂਦੀ ਹੈ। ਜਿਵੇਂ ਸੂਰਜ ਮੇਰੀਆਂ ਅੱਖਾਂ ਵਿਚ ਆ ਕੇ ਬੈਠ ਗਿਆ ਹੋਵੇ। — 

ਪਰ ਕਦੇ ਕਦੇ ਸਭ ਕੁਝ ਧੁੰਦਲਾ ਧੁੰਦਲਾ ਦਿਸਦਾ ਹੈ ਜਿਵੇਂ ਕਾਲੀ ਬੋਲੀ ਹਨੇਰੀ ਚੜ੍ਹ ਆਈ ਹੋਵੇ। 

“ਕਦੇ ਕਦੇ ਪੜ੍ਹਦੀ ਤੋਂ ਅੱਖਰ ਜਿਵੇਂ ਨੱਚਣ ਲਗ ਜਾਂਦੇ ਤੇ ਫਿਰ ਨੱਚਦੇ ਨੱਚਦੇ ਦਿਸਣੇਂ ਹੀ ਹਟ ਜਾਂਦੇ ਨੇ” ਮੈਂ ਡਾਕਟਰ ਨੂੰ ਦਸਿਆ। 

ਡਾਕਟਰ ਮੁਸਕ੍ਰਾਇਆ ਤੇ ਮੇਰੀਆ ਅੱਖਾਂ ਵਿਚ ਰੌਸ਼ਨੀ ਪਾ ਪਾ ਧਿਆਨ ਨਾਲ ਦੇਖਦਾ ਰਿਹਾ। ਫਿਰ ਉਸ ਨੇ ਅੱਖਰ ਪੜ੍ਹਾ ਕੇ ਵੇਖੇ। 

“ਨਿਗ੍ਹਾ ਤਾਂ ਠੀਕ ਹੈ। ਮੈਨੂੰ ਲਗਦਾ ਏ ਤੇਰੀਆਂ ਅੱਖਾਂ ਨੂੰ ਨਜ਼ਰ ਲਗ ਗਈ ਏ ਕਿਸੇ ਦੀ।” ਉਸ ਨੇ ਹੱਸ ਕੇ ਕਿਹਾ। 

ਉਸ ਦੇ ਹਾਸੇ ਤੋਂ ਮੈਨੂੰ ਯਾਦ ਆਇਆ ਉਹ ਮੁੰਡਾ ਤਾਂ ਦਸਵੀਂ ਵਿਚ ਮੇਰੇ ਨਾਲ ਪੜ੍ਹਦਾ ਹੁੰਦਾ ਸੀ। 

“ਹਥੌਲਾ ਕਰਵਾ ਕਿਸੇ ਸਿਆਣੇ ਤੋਂ” ਉਹ ਫਿਰ ਮਜ਼ਾਕ ਕਰਦਾ ਹੈ। 

“ਮੈਂ ਸੱਚ ਆਖਦੀ ਹਾਂ ਡਾਕਟਰ ਸਾਹਿਬ ਮੇਰੀਆਂ ਅੱਖਾਂ ਨੂੰ ਜ਼ਰੂਰ ਕੁਝ ਹੋ ਗਿਆ वै।” 

‘‘ਮੈਂ ਦਸਿਆ ਏ ਨਜ਼ਰ ਲਗ ਗਈ ਏ। ਫਿਰ ਵੀ ਦਵਾਈ ਲਿਖ ਦਿੰਦਾ ਹਾਂ ਸੌਂਣ ਲਗੀ ਖਾ ਲਿਆ ਕਰੀਂ।” 

ਦਵਾਈ ਵਾਲੀ ਪਰਚੀ ਫੜ ਮੈਂ ਪਰਸ ਵਿਚੋਂ ਪੈਸੇ ਕਢੇ। ‘‘ਪੈਸੇ ਨਹੀਂ ਫ਼ੀਸ ਵਿਚ ਮੈਂ ਤੈਨੂੰ ਹੀ ਰਖ ਲੈਣਾ ਏਂ।” 

ਮੈਂ ਕੋਈ ਜਵਾਬ ਨਹੀਂ ਦਿਤਾ। 

ਮੈਂ ਸੋਚ ਰਹੀ ਸੀ ਜਦੋਂ ਇਸ ਨੂੰ ਪਤਾ ਲਗੇਗਾ, ਫਿਰ ਇਹ ਮੇਰੀ ਵਲ ਹੋਰ ਹੀ ਤਰ੍ਹਾਂ ਵੇਖੇਗਾ। 

ਹੋਰ ਹੀ ਤਰ੍ਹਾਂ ਗੱਲ ਕਰੇਗਾ। 

ਮੇਰੀ ਮਾਮੀ ਇਕ ਗੀਤ ਗਾਉਂਦੀ ਹੁੰਦੀ ਏ : 

‘ਭਰਿਆ ਟੋਕਰਾ ਅੰਬੀਆਂ ਦਾ, 

ਨੀ ਕਿਥੇ ਲਾਹੇਂਗੀ। 

ਕਿਥੇ ਲਾਹੇਂਗੀ ਏਹ, ਰਾਜ ਫ਼ਰੰਗੀਆਂ ਦਾ। 

ਕਿਥੇ ਲਾਹੇਂਗੀ? 

ਅਮ੍ਰਿਤ ਦਾ ਖ਼ਤ ਆਇਆਂ ਤਿੰਨ ਮਹੀਨੇ ਹੋ ਗਏ ਨੇ। ਲਿਖਿਆ ਸੀ ਮਾਂ ਮਰ ਗਈ प्टे। 

ਇਹਨਾਂ ਮਹੀਨਿਆਂ ਵਿਚ ਨਾ ਮੈਂ ਉਸ ਨੂੰ ਖ਼ਤ ਲਿਖਿਆ ਹੈ ਤੇ ਨਾ ਹੀ ਅਫ਼ਸੋਸ ਕਰਨ ਗਈ ਹਾਂ। 

ਉਂਜ ਚੰਡੀਗੜ੍ਹ ਭਾਵੇਂ ਸਾਰਾ ਦੋ ਘੰਟਿਆਂ ਦਾ ਰਸਤਾ ਹੈ, ਪਰ ਇਹ ਦੋ ਘੰਟੇ ਮੇਰੇ ਕੋਲੋਂ ਤਿੰਨ ਮਹੀਨਿਆਂ ਵਿਚ ਵੀ ਲੰਘੇ ਨਹੀਂ ਗਏ। 

ਇਹ ਗੁਸਤਾਖ਼ੀ ਨਹੀਂ ਅੰਮ੍ਰਿਤ ਜਾਣਦੀ ਹੈ। 

ਉਹ ਮੇਰੇ ਨਾਲ ਨਾਰਾਜ਼ ਨਹੀਂ ਇਸੇ ਲਈ ਅੱਜ ਉਸ ਦਾ ਇਕ ਹੋਰ ਖ਼ਤ ਆਇਆ ਹੈ, ‘ਪੱਕੇ ਫਲ ਨੇ ਤਾਂ ਝੜਨਾ ਹੀ ਸੀ। ਜ਼ਿੰਦਗੀ ਇਸ ਰਾਹੇਂ ਹੀ ਗੁਜ਼ਰਦੀ ਹੈ’ ਉਸ ਨੇ ਲਿਖਿਆ ਹੈ। 

ਜਿਵੇਂ ਤਸੱਲੀ ਦੀ ਉਸ ਨਾਲੋਂ ਵਧ ਲੋੜ ਮੈਨੂੰ ਹੋਵੇ। 

ਮੈਂ ਉਸ ਨੂੰ ਲਿਖਣਾ ਚਾਹੁੰਦੀ ਹਾਂ “ਪਿਛਲਾ ਸਾਰਾ ਵਰ੍ਹਾ ਮੇਰੇ ਉਪਰ ਦੀ ਤੁਰ ਕੇ ਲੰਘਿਆ ਏ। ਮੈਨੂੰ ਆਪਣੇ ਆਪ ਦੀ ਵੀ ਕੋਈ ਖ਼ਬਰ ਨਹੀਂ ਆਉਂਦੀ ਰਹੀ।” 

20.8… 

ਉਹ ਇਕ ਲੇਖਕ ਹੈ। 

ਕਹਿੰਦਾ ਸੀ ਤੇਰੇ ਉਤੇ ਨਾਵਲ ਲਿਖਾਂਗਾ ਤੇ ਤੂੰ ਇੰਮੌਰਟਲ ਹੋ ਜਾਵੇਂਗੀ। 

ਉਸ ਨੂੰ ਕਹੋ ਜਾ ਕੇ ਅਸੂਰਸ ਨੂੰ ਹਮੇਸ਼ਾਂ ਜੀਊਂਦੇ ਰਹਿਣ ਦੇ ਸਰਾਪ ਦੀ ਕਹਾਣੀ ਮੈਨੂੰ ਯਾਦ ਹੈ। ਕੌਣ ਜਾਣੇਂ ਕਿੰਨੇ ਯਤਨਾਂ ਨਾਲ ਪਾਰ ਲਾਗਹ ਕਵਿਸਟ ਅਸੂਰਸ ਦੀ ਇਸ ਕਹਾਣੀ ਨੂੰ ਬਾਈਬਲ ਵਿਚੋਂ ਤੋਰ ਕੇ ਵੀਹਵੀਂ ਸਦੀ ਵਿਚ ਲਿਆਇਆ ਤਾਂ ਜੋ ਅਸੂਰਸ ਮਰ ਸਕੇ। 

1.9… 

ਤੇਜਵੰਤ ਦਾ ਭਰਾ ਅਤੇ ਉਸ ਦੀ ਵਹੁਟੀ ਮਿਲਣ ਆਏ। 

‘‘ਬੇ ਜੀ ਤੁਹਾਨੂੰ ਯਾਦ ਕਰਦੇ ਸੀ” ਉਹ ਬੋਲਿਆ। 

ਮੈਂ ਉਸ ਨੂੰ ਆਖਣਾ ਚਾਹੁੰਦੀ ਸੀ, ‘‘ਮੈਂ ਤੈਨੂੰ ਨਹੀਂ ਜਾਣਦੀ। ਤੇਰੀ ਬੇਜੀ ਨੂੰ ਵੀ ਨਹੀਂ ਜਾਣਦੀ। ਮੈਂ ਇਹ ਵੀ ਨਹੀਂ ਜਾਣਦੀ ਤੇਰਾ ਭਰਾ ਤੇਜਵੰਤ ਕੌਣ ਸੀ,” ਪਰ ਕੁਝ ਨਾ ਆਖਿਆ। 

“ਲੁਧਿਆਣੇ ਤੋਂ ਆਪਣੇ ਪਿੰਡ ਨੂੰ ਜਿਹੜੀ ਸੜਕ ਜਾਂਦੀ ਹੈ ਸਾਰੇ ਪਿੰਡ ਦੀਆਂ ਪੰਚੈਤਾਂ ਨੇ ਉਸ ਦਾ ਨਾਉਂ ਤੇਜਵੰਤ ਸਿੰਘ ਰੋਡ ਰਖ ਦਿਤਾ ਹੈ,” ਉਹ ਖ਼ੁਸ਼ ਹੋ ਕੇ ਦਸਦਾ ਹੈ। 

ਮੈਨੂੰ ‘ਰਾਈਡਰਜ਼ ਟੂ ਦੀ ਸੀ,” ਵਿਚਲੀ ਬੁੱਢੀ ਯਾਦ ਆਉਂਦੀ ਹੈ, ਜਿਹੜੀ ਸੋਚਦੀ ਹੈ, “ਹੁਣ ਜਦੋਂ ਸਮੁੰਦਰ ਵਿਚ ਤੂਫ਼ਾਨ ਆਇਆ ਕਰਨਗੇ ਹੋਰਨਾਂ ਔਰਤਾਂ ਵਾਂਗ ਮੈਂ ਪ੍ਰਾਰਥਨਾ ਨਹੀਂ ਕਰ ਰਹੀ ਹੋਇਆ ਕਰਾਂਗੀ। ਕਿਉਂਕਿ ਮੇਰਾ ਤਾਂ ਅਜ ਚੌਥਾ ਪੁੱਤਰ ਵੀ ਡੁੱਬ ਕੇ ਮਰ ਗਿਆ ਹੈ। ਮੈਂ ਹੁਣ ਕਿਸ ਲਈ ਪ੍ਰਾਰਥਨਾ ਕਰਨੀ ਹੈ। ਮੈਂ ਬੇਫ਼ਿਕਰ ਸੌਂ ਰਿਹਾ ਕਰਾਂਗੀ।’:. — 

“ਅੱਛਾ, ਮੇਰਾ ਤਾਂ ਕਾਲਜ ਜਾਣ ਦਾ ਵੇਲਾ ਹੋ ਗਿਆ ਹੈ” ਆਖ ਕੇ ਉਠ ਖੜੀ ਹੁੰਦੀ 

, ”ਚੰਗਾ ਮੈਂ ਛੱਡ ਆਉਂਦਾ ਹਾਂ,” ਪੈਂਟ ਦੀ ਜੇਬ ਵਿਚੋਂ ਕਾਰ ਦੀ ਚਾਬੀ ਟੋਂਹਦਾ ਬੋਲਿਆ। 

“ਮੈਂ ਵੀ ਨਾਲ ਚਲਦੀ ਹਾਂ,” ਉਸ ਦੀ ਜ਼ਨਾਨੀ ਉਠ ਖੜੀ ਹੋਈ। 

“ਤੂੰ ਬੈਠ ਮੈਂ ਹੁਣੇ ਆਇਆ-’ 

”ਲਓ ਚਾਹ,” ਬੀਬੀ ਨੇ ਕੱਪ ਉਸ ਦੇ ਅਗੇ ਕੀਤਾ ਕਿਉਂਕਿ ਉਸ ਨੇ ਸ਼ਰਬਤ ਨਹੀਂ ਸੀ ਪੀਤਾ, ਉਹ ਗਰਮੀਆਂ ਵਿਚ ਵੀ ਚਾਹ ਹੀ ਪੀਂਦੀ ਸੀ। 

“ਨਹੀਂ ਚਾਹ ਦੀ ਹੁਣ ਲੋੜ ਨਹੀਂ,” ਉਹ ਨਾਲ ਤੁਰ ਪਈ। 

“ਮੈਂ ਆਪੇ ਜਾਵਾਂਗੀ,” ਮੈਂ ਦੋਹਾਂ ਨੂੰ ਕਿਹਾ। 

“ਨਹੀਂ ਛੱਡ ਆਉਂਦਾ ਹਾਂ।” 

“ਮੈਂ ਤਾਂ ਨਾਲ ਹੀ ਚਲਾਂਗੀ,” ਉਹ ਤਕਰਾਰ ਕਰਦੀ ਹੈ। 

“ਤੁਸੀਂ ਦੋਵੇਂ ਰਹੋ ਮੈਂ ਤੁਹਾਡੇ ਨਾਲ ਨਹੀਂ ਜਾਣਾ,” ਆਖ ਮੈਂ ਪੌੜੀਆਂ ਉਤਰ ਜਾਂਦੀ ਹਾਂ  ਕਾਲਜ ਤਕ ਦਾ ਰਾਹ ਅੱਜ ਕਿੱਡਾ ਲੰਮਾ ਹੋ ਗਿਆ ਸੀ। “ਏਹਨੀਂ ਤਾਂ ਰਾਹੀ ਮਾਏ ਸਾਥੋਂ ਕਦਮ ਨਾ ਪੁੱਟਿਆ ਜਾਏ।’ 

6.9… 

ਮੈਨੂੰ ਕਿਸ ਨੇ ਆਵਾਜ਼ ਦਿਤੀ ਹੈ? ਰਾਤ ਨੇ? 

  1. ਏਡੀ ਰਾਤ ਗਈ ਦੀਵਾ ਕਿਸ ਦੇ ਘਰ ਬਲ ਰਿਹਾ ਏ? 
  2. ਉਹ ਜਿਹੜਾ ਜਾਗ ਰਿਹਾ ਏ, ਉਸ ਨੂੰ ਆਖੇ ਸੌਂ ਜਾਵੇ। ਜਿਹੜੇ ਲੋਕ ਰਾਤ ਨੂੰ ਜਾਗਦੇ ਨੇ ਦਿਨ ਦਾ ਚਾਨਣ ਉਹਨਾਂ ਨੂੰ ਢੋਈ ਨਹੀਂ ਦਿੰਦਾ। ਧਰਤੀਏ ਨੀ ਧਰਤੀਏ ਮੈਂ ਤੇਰੇ ਘਰ ਪਰਾਹੁਣੀ ਆਈ। ਤੂੰ ਇਹ ਕਿਹੀ ਕੀਤੀ। ਧਰਤੀ ਦੇ ਵਾਲਾਂ ਵਿਚ ਕੌਣ ਸੂਰਜ ਦਾ ਫੁੱਲ ਲਾ ਗਿਆ ਏ। ਮੇਰੇ ਵਾਲਾਂ ਵਿਚ ਇਕ ਸਫ਼ੈਦ ਵਾਲ ਉੱਗ ਆਇਆ ਹੈ। 

ਕੋਈ ਉਸ ਨੂੰ ਕਹੋ ਜਾ ਕੇ….. 

10.9… 

ਸ਼ਹਿਰ ਨੀਂਦ ਵਿਚ ਡੁੱਬਿਆ ਹੋਇਆ ਹੈ। ਦਰਵਾਜ਼ੇ ਵਿਚ ਖੜੀ ਮੈਂ ਕਿਸ ਨੂੰ ਉਡੀਕ ਰਹੀ ਹਾਂ? “ਦੂਰੋਂ ਤਾਂ ਆਈ ਮੈਂ ਚਲ ਕੇ, ਬੂਹੇ ਤਾਂ ਰਹੀਆਂ ਖਲੋ।” ਦੂਰ ਦੂਰ ਤਕ ਮਾਰੂਥਲ ਹੈ। ਇਹ ਮਾਰੂਥਲ ਰੁੱਖ ਉਪਰ ਵੀ ਚੜ੍ਹ ਆਇਆ ਹੈ ਹਰੇ ਹਰੇ ਦਰੱਖਤ ਮਾਰੂਥਲ ਹੇਠਾਂ ਦੱਬ ਗਏ ਨੇ। ਮੈਂ ਵੀ ਦੱਬ ਗਈ ਹਾਂ। ਤਦ ਹੀ ਮੇਰਾ ਦਮ ਘੁਟਦਾ ਹੈ। ਕੀ ਇਸ ਦੇਸ ਵਿਚ ਕਦੇ ਮੀਂਹ ਨਹੀਂ ਪੈਂਦਾ? 

ਮੋਰ ਫਿਰ ਆਪਣੀਆਂ ਪੈਲਾਂ ਦਾ ਕੀ ਕਰਦੇ ਹੋਣਗੇ। ਮੇਰਾ ਇਸ ਧਰਤੀ ਨੂੰ ਸਰਾਪ ਦੇਣ ਨੂੰ ਦਿਲ ਕਰਦਾ ਹੈ। ਪਰ ਧਰਤੀ ਤਾਂ ਸ਼ਾਇਦ ਮੈਂ ਆਪ ਹੀ ਹਾਂ। 

13.9… 

ਸੁਬ੍ਹ ਹੈ? 

ਦੁਪਹਿਰ ਹੈ? 

ਕਿ ਸ਼ਾਮ ਹੈ? 

ਕਿਥੋਂ ਤੁਰੇ ਸੀ? 

ਕਿਥੇ ਅਪੜਨਾ ਹੈ? 

ਇਹ ਕਿਹੜਾ ਮੁਕਾਮ ਹੈ? 

18.9… 

ਸਰਾਪ ਨਾਲ ਅਹੱਲਿਆ ਸਿੱਲ ਪੱਥਰ ਹੋ ਗਈ। ਉਹ ਗੁਨਾਹਗਾਰ ਕਦੋਂ ਸੀ?  ਸਿਖਰ ਦੁਪਹਿਰੇ ਸੂਰਜ ਨੂੰ ਗ੍ਰਹਿਣ ਲਗ ਗਿਆ ਹੈ। ਲਹਿਣੇਦਾਰਾਂ ਨੇ ਘੇਰ ਲਿਆ ਹੈ। 

ਕਰੋ ਵੀ ਕੋਈ ਪੁੰਨ ਦਾਨ ਏਸ ਦੀ ਖ਼ਲਾਸੀ ਹੋਵੇ। 

ਦੁਸ਼ਯੰਤ ਸ਼ਕੁੰਤਲਾ ਨੂੰ ਨਹੀਂ ਪਹਿਚਾਣਦਾ। ਉਹ ਕਿਹੜਾ ਪਾਕਿਸਤਾਨ ਰਹਿ ਆਈ ਔਰਤ ਹੈ ਜੋ ਪਹਿਚਾਨਣ ਲਗਿਆਂ ਸੰਗ ਲਗਦੀ ਹੈ। 

ਸੀਤਾ ਬਨਵਾਸ ਵਿਚ ਹੈ। 

ਨਹੀਂ, ਬਨਵਾਸ ਸੀਤਾ ਵਿਚ ਹੈ। 

ਦਰੋਪਤੀ ਦੇ ਚੀਰ ਨਾ ਹਰੋ ਕਿਸੇ ਕ੍ਰਿਸ਼ਨ ਨਹੀਂ ਬਹੁੜਨਾ। 

ਸਵੈਤਲਾਨਾ ਦੇ ਚੌਥੇ ਵਿਆਹ ਦੀ ਖ਼ਬਰ ਆਈ ਹੈ : ਬਿਧਮਾਤਾ ਦਾ ਕਸੂਰ ਹੈ। 

20.9… 

ਮੋਹ ਵਸ ਇਕ ਔਰਤ ਆਪਣਾ ਮਰਿਆ ਬੱਚਾ ਮਹਾਤਮਾ ਬੁੱਧ ਕੋਲ ਲੈ ਗਈ। ਰੋ ਰੋ ਆਖੇ ਇਸ ਵਿਚ ਜਾਨ ਪਾ ਦਿਓ। 

ਬੁੱਧ ਨੇ ਆਖਿਆ ਜਾਨ ਪਾ ਦਿੰਦਾ ਹਾਂ, ਪਰ ਇਸ ਲਈ ਮੁੱਠੀ ਭਰ ਰਾਈ ਦੇ ਦਾਣੇ ਚਾਹੀਦੇ ਹਨ, ਪਰ ਹੋਣ ਉਸ ਘਰੋਂ ਜਿਥੇ ਕਦੇ ਕੋਈ ਮਰਿਆ ਨਾ ਹੋਵੇ। 

ਦੁਖੀ ਮਾਂ ਘਰ ਘਰ ਮੁੱਠੀ ਭਰ ਰਾਈ ਦੇ ਦਾਣੇ ਮੰਗਦੀ ਫਿਰੀ। ਪਰ ਉਸ ਨੂੰ ਕੋਈ ਅਜਿਹਾ ਘਰ ਨਾ ਮਿਲਿਆ, ਜਿਥੇ ਕਦੇ ਕੋਈ ਮਰਿਆ ਨਾ ਹੋਵੇ। 

ਨਿਰਾਸ ਪਰਤ ਆਈ। 

ਮਹਾਤਮਾ ਬੁੱਧ ਨੇ ਸਮਝਾਇਆ, “ਮਾਤਾ ਜ਼ਿੰਦਗੀ ਇਸ ਰਾਹੋਂ ਹੀ ਲੰਘਦੀ ਹੈ।” 

ਹਾਂ ਜ਼ਿੰਦਗੀ ਇਸ ਰਾਹੋਂ ਹੀ ਲੰਘਦੀ ਹੈ। 

ਕੋਈ ਜਾ ਕੇ ਸਭ ਨੂੰ ਦਸੋ ਜ਼ਿੰਦਗੀ ਇਸ ਰਾਹੋਂ ਹੀ ਲੰਘਦੀ ਹੈ। 

ਪੰਛੀ ਵਸੀਹਤਾਂ ਨਹੀਂ ਕਰਦੇ। 

ਬੱਦਲ ਆਲ੍ਹਣੇ ਨਹੀਂ ਪਾਉਂਦੇ। 

ਕਿਉਂ ਬੰਨ੍ਹਦੇ ਹੋ ਪੰਛੀਆਂ ਦੀ ਜਿੰਦ ਮੇਰੀ। ਬੱਦਲਾਂ ਦੀ ਜਿੰਦ ਮੇਰੀ। ਸੂਰਜਾਂ ਦੀ ਜਿੰਦ ਮੇਰੀ। 

21.9… 

ਕੁਝ ਅਰਥ ਜੋ ਕਦੇ ਸ਼ਬਦ ਨਾ ਬਣਦੇ ਮਰ ਜਾਣਾ। 

ਕੁਝ ਸ਼ਬਦ ਨੇ ਜੋ ਅਰਥਾਂ ਤੋਂ ਖ਼ਾਲੀ 

ਤੇਰੀ ਥਾਵੇਂ ਮੇਰੀ ਥਾਵੇਂ 

ਤੇਰੇ ਰਾਹੀਂ ਮੇਰੇ ਰਾਹੀਂ 

ਇਸ ਜੱਗ ਉਤੇ ਜੀਊਂਦੇ 

ਤੂੰ ਮੈਂ ਬਿਨ ਜੀਉਇਆਂ 

ਆਪਣੀ ਛਾਵੇ ਕੋਈ ਬੈਠ ਨਾ ਸਕਦਾ। 

22,9… 

ਓਮ ਸ਼ਬਦ ਵਿਚ ਸਾਰੀ ਸ੍ਰਿਸ਼ਟੀ ਬੰਨ੍ਹੀ ਹੋਈ ਹੈ। ਅਕਲ ਤਾਂ ਅੰਨ੍ਹੀ ਹੈ। 

ਕੌਣ ਕਹਿੰਦਾ ਹੈ ਕਲ੍ਹ ਜ਼ਰੂਰ ਆਵੇਗਾ।. 

ਰੂਹ ਕਦੇ ਨਹੀਂ ਮਰਦੀ, ਬਸ ਕਪੜੇ ਬਦਲਦੀ ਹੈ। 

ਮਨੁੱਖ ਦੇ ਕਪੜਿਆਂ ਨੂੰ ਜਾਂ ਆਖੇ ਸਰੀਰ ਨੂੰ, ਨਾ ਜਾਣੇ ਕਿਸ ਕਿਸ ਦੀ ਰੂਹ ਹੰਢਾਂਦੀ ਹੈ : ਸੱਪ ਦੀ। ਸ਼ੇਰ ਦੀ। ਗਿੱਦੜ ਦੀ। ਲੂੰਬੜ ਦੀ। ਕੁੱਤੇ ਦੀ ਤੇ ਹੋਰ ਨਾ ਜਾਣੇ ਕਿਸ ਕਿਸ ਦੀ। 

ਤੇ ਰੱਬ ਦੀ ਰੂਹ ਵੀ ਤਾਂ। 

ਹਾਂ। ਪਰ ਗਿੱਦੜ ਦੀ ਰੂਹ ਕਦੇ ਸ਼ੇਰ ਦੀ ਇੱਛਾ ਨਹੀਂ ਹੰਢਾ ਸਕਦੀ, ਇਹ ਉਸ ਦੀ ਮਜਬੂਰੀ ਹੈ। 

ਅਸੀਂ ਸਭ ਪੰਚ ਤੰਤਰ ਦੀਆਂ ਕਹਾਣੀਆਂ ਵਿਚੋਂ ਭੱਜ ਕੇ ਆਏ ਹੋਏ ਹਾਂ। ਪੰਚ ਤੰਤਰ ਦੇ ਪਾਤਰਾਂ ਵਿਚ ਹੁਣ ਅਸੀਂ ਨਹੀਂ ਜੀਊਂਦੇ। ਪੰਚ ਤੰਤਰ ਦੇ ਪਾਤਰ ਸਾਡੇ ਅੰਦਰ ਜੀਊਂਦੇ ਹਨ। 

ਏਨੇ ਸੌ ਸਾਲਾਂ ਵਿਚ ਅਸੀਂ ਸਿਰਫ਼ ਕਰਵਟ ਹੀ ਬਦਲੀ ਹੈ। 

23.9… 

ਨਿੱਤ ਸੂਰਜ ਆ ਕੇ ਪੁੱਛਦਾ। ਅੱਜ ਦਾ ਦਿਨ ਕਿਸ ਅਰਥ ਲਾਉਣਾ? ਨਿੱਤ ਤਾਰਿਆਂ ਨੂੰ ਮੈਂ ਦਸਦੀ ਅੱਜ ਦਾ ਦਿਨ ਬੇਅਰਥ ਗੰਵਾਇਆ : ਅਰਥ ਤੋਂ ਬੇਅਰਥ ਤੱਕ ਦਾ ਪੈਂਡਾ ਨਿੱਤ ਹੰਢਾਵਾਂ ਹਰ ਰਾਹ ਵਿਚ ਵਿਸ਼ਵਾਸ ਹੈ। ਹਰ ਵਿਸ਼ਵਾਸ ਇਕ ਧੋਖਾ। ਆਪਣੀ ਛਾਵੇਂ ਕੋਈ ਬੈਠ ਨਾ ਸਕਦਾ। 

25.9… 

ਮੇਰੀਆਂ ਅੱਖਾਂ ਨੂੰ ਜ਼ਰੂਰ ਕੁਝ ਹੋ ਗਿਆ ਹੈ। ਹੁਣ ਇਹ ਸੈਂਕੜੇ, ਹਜ਼ਾਰਾਂ ਲੱਖਾਂ ਮੀਲਾਂ ਤੱਕ ਦੇਖ ਸਕਦੀਆਂ ਨੇ। ਕਦੇ ਕਦੇ ਇਹ ਇਤਿਹਾਸ ਤੋਂ ਵੀ ਪਾਰ ਲੰਘ ਜਾਂਦੀਆਂ ਨੇ। ਉਥੋਂ ਦੇ ਲੋਕ ਨਾ ਜਾਣੇ ਕਿਵੇਂ ਜਾਣ ਜਾਂਦੇ ਨੇ। ਉਹ ਮੇਰਾ ਹਾਲ ਪੁੱਛਦੇ ਹਨ। ਮੈਨੂੰ ਕੁਝ ਯਾਦ ਨਹੀਂ ਆਉਂਦਾ। ਫਿਰ ਉਹ ਧਰਤੀ ਉਤੇ ਮੇਰੇ ਘਰ ਬਾਰੇ ਪੁੱਛਦੇ ਨੇ। “ਉਸ ਨੂੰ ਤਾਂ ਇੱਲਾਂ ਚੁਕ ਕੇ ਲੈ ਗਈਆਂ ਨੇ,” ਮੈਂ ਦਸਦੀ ਹਾਂ।  ਉਹ ਸਮਝ ਜਾਂਦੇ ਨੇ। 

ਮੁੜਨ ਲਗੀ ਨੂੰ ਉਹ ਕੁਝ ਸੁਪਨੇ ਮੇਰੇ ਪੱਲੇ ਬੰਨ੍ਹ ਦਿੰਦੇ ਨੇ। 

ਮੈਂ ਬਥੇਰਾ ਆਖਦੀ ਹਾਂ, ਉਸ ਧਰਤੀ ਉਤੇ ਮੈਂ ਇਹਨਾਂ ਨੂੰ ਕਿਥੇ ਲੁਕੇ ਕੇ ਰਖਾਂਗੀ। ਇਹਨਾਂ ਨੂੰ ਵੀ ਇੱਲਾਂ ਚੁੱਕ ਕੇ ਲੈ ਜਾਣਗੀਆਂ। 

ਸੁਪਨਿਆਂ ਬਿਨਾਂ ਏਡੀ ਵੱਡੀ ਕਾਲੀ ਰਾਤ ਅੱਖਾਂ ਵਿਚੋਂ ਦੀ ਕਿਵੇਂ ਲੰਘੇਗੀ? ਉਹ ਪੁੱਛਦੇ ਨੇ। 

ਟਟਹਿਣਿਆਂ ਵਰਗੇ ਸੁਪਨਿਆਂ ਨਾਲ ਗੱਲਾਂ ਕਰਦੀ ਮੈਂ ਮੁੜ ਆਉਂਦੀ ਹਾਂ। 

ਪਰ ਇਹ ਕੀ, ਉਹ ਇਕ ਇਕ ਕਰ ਕੇ ਮਗਰ ਲਗ ਜਾਂਦੇ ਨੇ। ਜਾਂ ਖ਼ਬਰੇ ਕੋਈ ਉਹਨਾਂ ਨੂੰ ਮਾਰ ਜਾਂਦਾ ਹੈ। ਜਾਂ ਇਸ ਧਰਤੀ ਦਾ ਪੈਣ ਪਾਣੀ ਉਹਨਾਂ ਨੂੰ ਰਾਸ ਨਹੀਂ ਆਇਆ। 

ਮੈਂ ਇਕ ਇਕ ਕਰ ਕੇ ਦਫ਼ਨ ਕਰਦੀ ਰਹਿੰਦੀ ਹਾਂ। 

ਤੇ ਸੋਚਦੀ ਹਾਂ ਇਹਨਾਂ ਸਭਨਾਂ ਦੀਆਂ ਨਿੱਕੀਆਂ ਨਿੱਕੀਆਂ ਕਬਰਾਂ ਬਣਾਵਾਂਗੀ ਤੇ ਉਹਨਾਂ ਕਬਰਾਂ ਉਤੇ ਕਿਹੜੇ ਸ਼ਿਅਰ ਲਿਖਾਂਗੀ? 

ਬੀਬੀ ਹਰ ਰੋਜ਼ ਪਾਠ ਕਰਕੇ ਅਰਦਾਸ ਕਰਦੀ ਹੈ। 

ਕੀ ਮੰਗਦੀ ਹੋਵੇਗੀ ਰੱਬ ਕੋਲੋਂ? 

ਇਹ ਲੋਕ ਵਿਚਾਰੇ ਰੱਬ ਨੂੰ ਕਿਉਂ ਸ਼ਰਮਿੰਦਾ ਕਰਦੇ ਰਹਿੰਦੇ ਨੇ। ਉਹ ਕੋਈ ਦਾਲਮੀਆ ਬਿਰਲਾ ਥੋੜੇ ਹੀ ਹੈ। 

ਨਹੀਂ ਮੈਨੂੰ ਕੁਝ ਨਹੀਂ ਚਾਹੀਦਾ। ਕਣੀਆਂ ਉਤਰ ਆਈਆਂ ਨੇ। ਮੇਰੀ ਨਾਨੀ ਬਾਤ ਪੀਉਂਦੀ ਹੁੰਦੀ ਸੀ- “ਰੜੇ ਮੈਦਾਨ ਦੋ ਢਾਂਗੇ ਗੱਡੇ ਉਪਰ ਨੀਲੇ ਤਾਗੇ ਰਾਮ ਜੀ ਨੇ ਸੁਨੇਹੇ ਭੇਜੇ ਸੁੱਤੇ ਲੋਕ ਜਾਗੇ।” ਕੀ ਲੋਕ ਜਾਗ ਪਏ ਨੇ? 

ਨਹੀਂ ਤਾਂ ਰਾਮ ਜੀ ਦੇ ਭੇਜੇ ਸੁਨੇਹਿਆਂ ਦਾ ਕੀ ਬਣੇਗਾ? 

4.10… 

ਮੇਰਾ ਛੋਟੀ ਹੁੰਦੀ ਦਾ ਇਕ ਵਾਰੀ ਹੱਥ ਸੜ ਗਿਆ ਸੀ। ਸੋਚਦੀ ਹਾਂ ਸ਼ਾਇਦ ਹੱਥ ਉਪਰਲੀਆਂ ਰੇਖਾਵਾਂ ਵੀ ਸੜ ਗਈਆਂ ਸਨ। 

ਅੱਗ ਨਾਲ ਦੁਸ਼ਮਣੀ ਨਹੀਂ ਕੀਤੀ ਜਾ ਸਕਦੀ। ਆਖ਼ਰ ਨੂੰ ਤਾਂ ਇਸੇ ਨੇ ਪਨਾਹ ਦੇਣੀ ਹੈ  

ਅਗਨੀ ਨੂੰ ਮੇਰੀ ਨਮਸਕਾਰ। ਸਾਰੇ ਸੂਰਜਾਂ ਨੂੰ ਮੇਰੀ ਨਮਸਕਾਰ। ਹੁਕਮ ਬਿਨਾਂ ਪੱਤਾ ਨਹੀਂ ਝੂਲਦਾ। 

ਇਕ ਬਿਧ ਮਾਤਾ ਹੈ। ਉਹ ਇਕ ਦਰਿਆ ਦੇ ਕੰਢੇ ਬੈਠੀ ਦੋ ਦੋ ਪੱਤੇ ਇਕ ਇਕ ਸੂਲ ਵਿਚ ਪੁਰੋ ਦਰਿਆ ਵਿਚ ਹੜਾ ਰਹੀ ਹੈ। ਇਹ ਪੱਤੇ ਨਹੀਂ ਉਹ ਤਾਂ ਬੰਦਿਆਂ ਦੇ ਸੰਜੋਗ ਮੇਲ ਰਹੀ ਹੈ। ਵਿਆਹ ਸ਼ਾਦੀਆਂ ਰਚਾ ਰਹੀ ਹੈ। ਕਦੇ ਕਦੇ ਬੇਧਿਆਨੇ ਉਹ ਬੇਮੇਲ ਪੱਤੇ ਵੀ ਮੇਲ ਦਿੰਦੀ ਹੈ। ਕਦੇ ਕਦੇ ਚੰਗੇ ਭਲੇ ਪੱਤੇ ਵੀ ਨੇੜੇ ਹੀ ਜਾ ਕੇ ਅਲੱਗ ਅਲੱਗ ਹੋ ਜਾਂਦੇ ਹਨ। ਪਤਾ ਨਹੀਂ ਕਦੋਂ ਤੇ ਕਿੱਥੇ ਸੰਜੋਗਾਂ ਵਾਲੀ ਸੂਲ ਡਿੱਗ ਪੈਂਦੀ ਹੈ। ਦਗ਼ਾ ਦੇ ਜਾਂਦੀ ਹੈ। 

ਪੱਛਮੀ ਮੁਲਕਾਂ ਵਿਚ ਤਾਂ ਵਿਚਾਰੀ ਬਿਧਮਾਤਾ ਨੂੰ ਓਵਰ ਟਾਈਮ ਲਗਾਣਾ ਪੈਂਦਾ ਹੋਵੇਗਾ। ਨਿੱਤ ਨਿੱਤ ਵਿਆਹ ਜੁੜਨਾ ਤੇ ਨਿੱਤ ਨਿੱਤ ਵਿਆਹ ਟੁਟਣੇ ਜੋ ਹੋਏ। 

ਜੇ ਕਿਤੇ ਟੱਕਰੇ ਤਾਂ ਪੁੱਛਾਂ। 

7.10… 

ਤੇਜਵੰਤ ਨੇ ਅਖ਼ੀਰ ਵੇਲੇ ਕਿਸ ਨੂੰ ਯਾਦ ਕੀਤਾ ਸੀ? ਇਸ ਧਰਤੀ ਉਤੇ ਤਾਂ ਬੜੇ ਹਾੜ ਬੋਲਦੇ ਹੋਣੇ ਨੇ। 

ਕਦੇ ਕਦੇ ਪਰਲੇ ਪਾਰ ਦੇ ਭੂਤ ਉਰਲੇ ਪਾਰ ਦੇ ਭੂਤਾਂ ਨਾਲ ਉਲਝ ਵੀ ਪੈਂਦੇ ਹੋਣੇ ठे। 

ਮਿੱਟੀ ਵਿਚ ਰਲ ਗਿਆਂ ਨੂੰ ਕੌਣ ਦੱਸੇ…. ਨਹੀਂ ਮੈਂ ਕਿਸੇ ਨੂੰ ਯਾਦ ਨਹੀਂ ਕਰਦੀ। ਆਪਣੇ ਆਪ ਨੂੰ ਵੀ ਨਹੀਂ! ਅਸਮਾਨ ਉੱਤੇ ਇਕ ਤਾਰਾ ਉਗ ਆਇਆ ਹੈ। ਸ਼ੁਕਰ ਹੈ ਤਾਰਿਆਂ ਨੂੰ ਅਜੇ ਕਿਸੇ ਨੇ ਨਹੀਂ ਦੱਸਿਆ। 

15.10… 

ਇਹ ਤਾਰੇ ਕਦੇ ਕਦੇ ਮੇਰੀਆਂ ਅੱਖਾਂ ਵਿਚ ਆ ਕੇ ਬੈਠ ਜਾਂਦੇ ਨੇ। ਮੇਰਾ ਤਾਂ ਕੁਝ ਨਹੀਂ ਇਹ ਤਾਰੇ ਨਾ ਬੁਝਾਓ। ਏਨਾ ਧੂੰਆਂ ਕਿੱਥੋਂ ਆ ਗਿਆ ਹੈ? ਟੰਨ ਟੰਨ, ਟੰਨ ਘੜਿਆਲ ਨੇ ਬਾਰਾਂ ਵਜਾਏ ਨੇਂ। ਹੁਣ ਪਹਿਰਾ ਬਦਲੇਗਾ ਤੇ ਦੇਵਤਿਆਂ ਦਾ ਪਹਿਰਾ ਹੋ ਜਾਵੇਗਾ। ਪਰ ਰਾਤ ਅੱਧ ਵਿਚਕਾਰ ਕਿਉਂ ਖੜੋ ਗਈ ਹੈ? ਕਾਲ ਨੂੰ ਕਿਸ ਨੇ ਪਾਵੇ ਨਾਲ ਬੰਨ੍ਹ ਲਿਆ ਹੈ? ਕੀ ਹੁਣ ਕਦੇ ਪਹਿਰਾ ਨਹੀਂ ਬਦਲੇਗਾ? ਕੋਈ ਚੰਡੀ ਹੋਰ ਉਗਾਓ। ਕੋਈ ਰਾਮ ਹੋਰ ਲਿਆਓ। ਰਾਤ ਅੱਧ ਵਿਚਕਾਰ ਖੜੋ ਗਈ ਹੈ। 

18.10… 

ਜੇ ਬਿਰਖ ਤੁਰ ਸਕਦੇ ਹੁੰਦੇ। ਕੋਈ ਲੋੜ ਨਹੀਂ ਹੋਰ ਬਿਰਖ ਆਪਣੇ ਲਈ ਆਪ ਹੀ ਸੁਨੇਹੇ ਘੱਲਦਾ ਹੈ। 

ਰਾਤ ਕਿਸ ਨਾਲ ਗੱਲਾਂ ਕਰਦੀ ਹੈ? 

ਸੂਰਜ ਨੂੰ ਆਖੋ ਉਹ ਹੀ ਨਹੀਂ ਹਰ ਉਹ ਇਕੱਲਾ ਹੈ, ਜਿਸ ਦੇ ਅੰਦਰਲੀ ਅੱਗ ਕਿਸੇ ਨੂੰ ਨੇੜੇ ਨਹੀਂ ਢੁਕਣ ਦਿੰਦੀ। 

ਜਾਂ ਤਾਂ ਆਪਣੇ ਅੰਦਰਲੀ ਅੱਗ ਬੁਝਾ ਦਿਓ ਜਾਂ ਫਿਰ ਸੂਰਜ ਬਣ ਕੇ ਜੀਓ। ਕੱਲੇ ਕਾਰੇ। 

“ਹਮਾਰੇ ਨਾ ਹੋਨੇ ਪੇ ਕਿਸ ਕੋ ਗਿਲਾ ਹੈ?’’ 

ਦਾਦੀ ਆਖਦੀ ਸੀ, ‘ਵਖਤ ਡੰਗਰਾਂ ਪਸ਼ੂਆਂ ਉਤੇ ਨਹੀਂ, ਬੰਦਿਆਂ ਉਤੇ ਈ ਪੈਂਦਾ ਹੈ ਪਿਓ ਦੀ ਪੱਗ ਨੂੰ ਦਾਗ਼ ਨਾ ਲਾਈਂ।” 

ਮੈਂ ਪੁੱਛਣਾ ਹੀ ਭੁੱਲ ਗਈ ਕਿ ਮੇਰੇ ਪਿਓ ਦੀ ਉਹ ਪੱਗ ਹੈ ਕਿਥੇ? ਤੇ ਉਸ ਦਾ ਰੰਗ ਕਿਹੜਾ ਹੈ ? 

20.10… 

“ਆਥਣੇ ਭਾਸ਼ਨ ਹੈ ਅੱਜ ਘਰ ਨਾ ਹੀ ਜਾਓ,” ਉਹ ਆਖਦਾ ਹੈ। 

“ਇਥੇ ਵੀ ਕੀ ਕਰਾਂਗੀ,” ਮੈਂ ਕਿਹਾ। 

“ਉਥੇ ਵੀ ਕੀ ਕਰੋਗੇ,” ਉਸ ਨੇ ਦਸਿਆ।. 

“ਕਿਤੇ ਵੀ ਮੈਂ ਕੀ ਕਰਨਾ ਹੈ” ਮੈਂ ਸੋਚਦੀ ਹਾਂ। 

‘‘ਮੈਂ ਤੈਨੂੰ ਮੁਹੱਬਤ ਕਰਦਾ ਹਾਂ, ਪਰ ਤੂੰ ਬੜੀ ਜ਼ਾਲਿਮ ਔਰਤ ਹੈਂ ਤੈਨੂੰ ਕਿਸੇ ਦੀ ਪਰਵਾਹ ਨਹੀਂ। ਜੇ ਮੇਰੇ ਬੀਵੀ ਬੱਚੇ ਨਾ ਹੁੰਦੇ…” 

ਮੇਰੇ ਮਨ ਵਿੱਚੋਂ ਇਕ ਕਹਾਣੀ ਲੰਘੀ। 

ਇਕ ਟਿੱਡਾ ਪਰਵਾਨੇ ਨੂੰ ਆਖਣ ਲਗਿਆ ਮੈਂ ਸ਼ਮ੍ਹਾਂ ਨਾਲ ਸ਼ਾਦੀ ਕਰਨੀ ਚਾਹੁੰਦਾ ਹਾਂ। 

ਪਰਵਾਨੇ ਨੇ ਦਸਿਆ ਕਮਲਾ ਨਾ ਬਣ ਸ਼ਮ੍ਹਾਂ ਨੂੰ ਉਹੀ ਗਲ ਲਾ ਸਕਦਾ ਹੈ, ਜਿਹੜਾ ਜਲ ਜਾਣ ਤੋਂ ਨਾ ਡਰੇ। 

ਟਿੱਡਾ ਬੋਲਿਆ ਮੈਂ ਸ਼ਮ੍ਹਾਂ ਨੂੰ ਪਰਵਾਨਿਆਂ ਨਾਲੋਂ ਵੀ ਵਧ ਮੁਹੱਬਤ੍ਰ ਕਰਦਾ ਹਾਂ। 

ਪਰਵਾਨਾ ਬੋਲਿਆ ਚਲੋ ਮੰਨ ਲੈਂਦੇ ਹਾਂ। ਤੇਰੀ ਸਫ਼ਾਰਸ਼ ਸ਼ਮ੍ਹਾਂ ਕੋਲ ਕਰ ਦਿਆਂਗਾ। 

ਜਾ ਕੇ ਦੇਖ ਕੇ ਆ ਕਿ ਮਹਿਲ ਅੰਦਰ ਸ਼ਮ੍ਹਾਂ ਜਗ ਪਈ ਹੈ। 

ਟਿੱਡਾ ਜਾ ਕੇ ਦੇਖ ਆਇਆ ਤੇ ਆ ਕੇ ਬੋਲਿਆ, ਜਗ ਪਈ ਹੈ। 

‘ ਪਰਵਾਨੇ ਨੇ ਕਿਹਾ ਜੇ ਜਗ ਪਈ ਸੀ ਤੂੰ ਮੁੜ ਕਿਸ ਲਈ ਆਇਆ ਹੈਂ? 

ਮੈਂ ਉਸ ਭਲੇ ਪੁਰਸ਼ ਨੂੰ ਕਹਿਣਾ ਚਾਹੁੰਦੀ ਸੀ ਤੂੰ ਹੱਥ ਸੇਕਣ ਲਈ ਅੱਗ ਮੰਗਦਾ ਏਂ, ਅੱਗ ਦਾ ਹੱਥ ਫੜਨ ਜੋਗਾ ਤੂੰ ਨਹੀਂ। 

ਪਰ ਕੁਝ ਨਾ ਕਿਹਾ। 

25.10… 

ਇਕ ਬਹੁਤ ਬੜਾ ਦਰਿਆ ਹੈ। ਸ਼ਾਇਦ ਅੱਗ ਦਾ ਦਰਿਆ ਹੈ। ਪਾਰ ਲੰਘਣਾ ਹੈ। ਤਦ ਹੀ ਤਾਂ ਮਰਨ ਤੋਂ ਪਹਿਲਾਂ ਗਊ ਪੁੰਨ ਕਰਵਾਈ ਜਾਂਦੀ ਹੈ। 

ਲੇਖਾ ਪੱਤਾ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ। ਧਰਮ ਰਾਜ ਨੂੰ ਆਪਣਾ ਵਹੀ ਖ਼ਾਤਾ ਸਮਗਲਰਜ਼ ਤੋਂ ਬਚਾ ਕੇ ਰਖਣਾ ਚਾਹੀਦਾ ਹੈ। ਪਰ ਕਿਸੇ ਨੇਂ ਪਰਲੇ ਪਾਰ ਜਾਣਾ ਹੀ ਕਿਸ ਲਈ ਹੈ? ਜਾਣਾ ਤਾਂ ਹੈ ਹੀ। ਵਕਤ ਨੂੰ ਥੰਮਿਆ ਨਹੀਂ ਜਾ ਸਕਦਾ। ਹਵਾ ਨੂੰ ਕੌਣ ਗੰਢ ਮਾਰੇ। 

ਦੋ ਹਜ਼ਾਰ ਸਾਲ ਦੀ ਤੁਰੀ ਹੋਈ ਹਾਂ। 

ਤੁਰਦਿਆਂ ਪੈਰ ਵੀ ਹੰਭ ਗਏ ਨੇ। 

ਰਾਹ ਵਿਚ ਏਨੀਆਂ ਮੂਰਤੀਆਂ ਕਿਉਂ ਖੜੀਆਂ ਕੀਤੀਆਂ ਹੋਈਆਂ ਨੇ? ਰਾਹ ਦੱਸਣ ਲਈ? ਪਰ ਹੋਰ ਕਿੰਨਾ ਕੁ ਚਿਰ ਮੋਈਆਂ ਮੂਰਤੀਆਂ ਜੀਊਂਦੇ ਬੰਦਿਆਂ ਨੂੰ ਰਾਹ ਦਸਦੀਆਂ ਰਹਿਣਗੀਆਂ? 

ਇਹ ਜੋ ਦਿਸਦਾ ਹੈ ਸਭ ਮਾਇਆ ਹੈ। ਬਿਰਖ ਦੀ ਛਾਇਆ ਹੈ। ਪਰ ਬਿਰਖ ਵੀ ਕਿੱਥੇ ਹੈ ? 

1.11…. 

ਅੱਜ ਇਸ ਰਾਹੋਂ ਕੌਣ ਲੰਘਿਆ ਹੈ? ਫ਼ਿਜ਼ਾ ਵਿਚ ਬੇਚੈਨੀ ਜਿਹੀ ਘੁਲ ਗਈ ਹੈ। ਆਖਦੇ ਨੇ ਇਕ ਦਿਨ ਭੁਚਾਲ ਆਇਆ ਸੀ। ਕੀ ਮੈਂ ਮਲਬੇ ਹੇਠ ਦੱਬ ਗਈ ਹਾਂ? ਕੀ ਕੋਈ ਕੱਢਣ ਆਵੇਗਾ? 

ਪਰ ਕਿਸੇ ਨੂੰ ਪਤਾ ਹੀ ਨਹੀਂ ਲਗਣਾ। 

ਬੜੇ ਵਰ੍ਹਿਆਂ ਮਗਰੋਂ ਖੋਜ-ਵਿਦਿਆਰਥੀ ਥੇਹ ਪੁਟਣਗੇ। ਬੜਾ ਕੁਝ ਲੱਭੇਗਾ। ਖੰਡਰ, ਟੁੱਟੇ ਹੋਏ ਭਾਂਡੇ, ਗਹਿਣੇ, ਸਿੱਕੇ. ਹੱਡੀ ਤੇ ਮੈਂ ਵੀ। ਉਹਨਾਂ ਵਿਚੋਂ ਕਿਸੇ ਇਕ ਦੇ ਇਹਨਾਂ ਚੀਜ਼ਾਂ ਨੂੰ ਛੋਂਹਦਿਆਂ ਹੱਥ ਕੰਬਣਗੇ। ਅੱਖਾਂ ਦੇ ਕੋਇਆਂ ਵਿਚ ਸਿਲ੍ਹ ਉਤਰ ਆਵੇਗੀ। ਜਿਸ ਮਿੱਟੀ ਵਿਚ ਮੈਂ ਰਲੀ ਹੋਵਾਂਗੀ, ਉਸ ਮਿੱਟੀ ਵਿਚੋਂ ਭਲਾ ਕੀ ਉੱਗੇਗਾ। 

‘ਕਮਲਾ’ ਮਿੱਟੀ ਹੱਸੇਗੀ। 

ਲਾਲੜੀਆਂ ਦਾ ਬੂਟਾ। 

3.11… 

ਧੋਬੀ ਨੂੰ ਦਸ ਰੁਪਏ ਦਿਤੇ। ਸਭ ਲੈਣੇ ਦੇਣੇ ਦੇ ਸੰਬੰਧ ਨੇ। ਤਿੰਨ ਸਾੜੀਆਂ। ਦਰੋਪਤੀ ਦੀਆਂ ਨਹੀਂ ਮੇਰੀਆਂ। ਛੇ ਚੱਦਰਾਂ। ਕਫ਼ਨ ਲਈ ਤਾਂ ਦੋ ਹੀ ਕਾਫ਼ੀ ਹੁੰਦੀਆਂ ਨੇ। ਦੋ ਰਜ਼ਾਈਆਂ ਦੇ ਉਛਾੜ। ਨਹੀਂ ਬੰਦਿਆਂ ਦੇ ਨਹੀਂ। ਦਸ ਪਰਦੇ। ਦਸ ਹੀ ਕਿਉਂ ਅਨੇਕ ਪਰਦੇ। ਚਾਰ ਕਮੀਜ਼ ਜੋ.ਮੈਨੂੰ ਪਹਿਨਦੇ ਨੇ। 

ਹਨੇਰੀ ਵਗ ਰਹੀ ਹੈ। ਸੁੱਕੇ ਪੱਤੇ ਝੜ ਜਾਣਗੇ। ਪਰ ਹਨੇਰੀ ਨਾਲ ਕਦੇ ਕਦੇ ਹਰੇ ਪੱਤੇ ਵੀ ਝੜ ਜਾਂਦੇ ਨੇ। ਦਰੱਖ਼ਤ ਪੱਤਿਆਂ ਲਈ ਰੋਂਦਾ ਨਹੀਂ। ਝੜੇ ਪੱਤੇ ਮਿੱਟੀ ਵਿਚ ਰਲ ਜਾਂਦੇ ਨੇ। ਮਿੱਟੀ ਵਿਚੋਂ ਹੀ ਤਾਂ ਉਹ ਗਏ ਸੀ। ਨਹੀਂ ਮਿੱਟੀ ਹੀ ਪੱਤੇ ਬਣ ਗਈ ਸੀ! ਬਸ ਏਨੀ ਕੁ ਹੀ ਤਾਂ ਸਾਰੀ ਕਹਾਣੀ ਹੈ। ਮਿੱਟੀ ਦੇ ਪੱਤੇ ਤੇ ਪੱਤਿਆਂ ਦੀ ਮਿੱਟੀ ਬਣ ਜਾਣ ਦੀ। ਫਿਰ ਇਹ ਹੰਗਾਮਾ ਕਿਸ ਲਈ? 

ਸਭ ਬੂਹੇ ਬਾਰੀਆਂ ਬੰਦ ਕਰ ਦਿਓ ਮਤਾਂ ਪੌਣ ਕੋਈ ਸੁਨੇਹਾ ਲੈ ਆਵੇ। ਕਾਫ਼ਲੇ ਵਾਲਿਆਂ ਨੂੰ ਆਖੋ ਅਸੀਂ ਆ ਰਹੇ ਹਾਂ। 

ਰਾਧਾ ਦੀ ਗੱਲ ਨਾ ਕਰੋ ਉਹ ਜ਼ਮਾਨਾ ਹੋਰ ਸੀ। ਨਾਲੇ ਕ੍ਰਿਸ਼ਨ ਤਾਂ ਪ੍ਰਮੇਸ਼ਵਰ ਵੀ ਸੀ। 6.11….. 

ਮੈਂ ਆਪਣੇ ਆਪ ਨੂੰ ਕਿੱਥੇ ਭੁੱਲ ਆਈ ਹਾਂ? ਇਸ ਘਰ ਦੇ ਸਭ ਲੋਕ ਕਿੱਥੇ ਚਲੇ ਗਏ ਨੇ? ਏਡੀ ਸੁੰਨਸਾਨ ਕਿਸ ਲਈ ਹੈ? ਕੌਣ ਰੋ ਰਿਹਾ ਹੈ? ਕਿਤੇ ਮੈਂ ਤਾਂ ਨਹੀਂ ਮਰ ਗਈ? ਨਹੀਂ ਮੈਨੂੰ ਸਭ ਸੁਰਤ ਹੈ। ਇਹ ਕੌਣ ਦਰਵਾਜ਼ੇ ਉੱਤੇ ਦਸਤਕ ਦਿੱਤੇ ਬਿਨਾਂ ਪਰਤ ਗਿਆ ਹੈ? ਮੈਨੂੰ ਅਜੇ ਵੀ ਉਸ ਦੀ ਪੈੜ ਚਾਲ ਸੁਣਾਈ ਦੇ ਰਹੀ ਹੈ। 

5.11…. 

‘“ਸਾਨੂੰ ਤਾਂ ਇਕ ਸਾਥ ਚਲਦਿਆਂ ਡੰਡੀ ਨਗਰੀ ਹੋਈ।” ਨਹੀਂ ਆਖੋ ‘ਸਾਨੂੰ ਤਾਂ ਬਿਨ ਸਾਥ ਚਲਦਿਆਂ ਨਗਰੀ ਡੰਡੀ ਹੋਈ।” 

” ਬਠਿੰਡੇ ਵਾਲਾ ਹਰਭਜਨ ਹੱਸ ਪੈਂਦਾ ਹੈ। ਮੈਂ ਹੈਰਾਨ ਹੁੰਦੀ ਹਾਂ ਲੋਕ ਅਜੇ ਵੀ ਹੱਸ ਸਕਦੇ ਨੇ। ਮੈਂ ਧਿਆਨ ਨਾਲ ਉਸ ਵਲ ਵੇਖਿਆ। ਸ਼ਾਇਦ ਉਹ ਇਕ ਇਕ ਵਰ੍ਹੇ ਵਿਚ ਕਈ ਕਈ ਵਰ੍ਹੇ ਲੰਘ ਗਿਆ ਹੈ ਤਦ ਹੀ…….ਮੇਰਾ ਖ਼ਿਆਲ ਸੀ ਹੁਣ ਮੈਂ ਕਦੇ ਨਹੀਂ ਰੋਵਾਂਗੀ। 

ਮੇਰੀਆਂ ਅੱਖਾਂ ਦੇ ਕੋਇਆਂ ਵਿਚ ਪਾਣੀ ਸਿੰਮ ਆਇਆ। 

ਉਹ ਫਿਰ ਹੱਸ ਪਿਆ। 

“ਇਹ ਰੋਣ ਦਾ ਵੇਲਾ ਨਹੀਂ। ਰੋ ਕਦੇ ਫਿਰ ਲਵਾਂਗੇ ਜਦੋਂ ਵਿਹਲੇ ਹੋਏ। ਅਜੇ ਤਾਂ ਟੋਏ ਟਿੱਬੇ ਪੱਧਰੇ ਕਰਨ ਤੇ ਹਨੇਰੇ ਵਿਚ ਦੀਵੇ ਡੰਗਣ ਦਾ ਵੇਲਾ ਹੈ। 

“ਅਗੋਂ ਰਾਹ ਗੁਆਚ ਗਿਆ ਹੈ’” ਮੈਂ ਨਾ ਜਾਣੇ ਉਸਨੂੰ ਕਿ ਆਪਣੇ ਆਪ ਨੂੰ ਆਖਦੀ ال 

“ਗੱਲ ਤੁਰਦੇ ਜਾਣ ਦੀ ਹੈ। ਜਿੱਧਰ ਦੀ ਵੀ ਲੰਘੇਗੇ ਰਾਹ ਆਪ ਹੀ ਬਣਦਾ ਜਾਵੇਗਾ।’ ਆਖ ਉਹ ਤੁਰ ਜਾਂਦਾ ਹੈ। 18..11 

ਇਹ ਚੀਕ ਚਿਹਾੜੇ ਦੀਆਂ ਆਵਾਜ਼ਾਂ ਕਿੱਥੋਂ ਆ ਰਹੀਆਂ.ਨੇ? 

ਕੀ ਆਖਦੇ ਹੋ ਕੁਝ ਲੋਕ ਰੱਬ ਦੀਆਂ ਗ਼ਲਤੀਆਂ ਦਰੁਸਤ ਕਰ ਰਹੇ ਨੇ। ਅਣਭਾਰਤੀ “ਭਾਰਤੀਆਂ ਦਾ ਭਾਰਤੀਕਰਨ ਹੋ ਰਿਹਾ ਹੈ। 

– ਪਰ ਮੈਂ ਤਾਂ ਸੁਣਿਆ ਸੀ ਇਹ ਔਰੰਗਜ਼ੇਬ ਦਾ ਜ਼ਮਾਨਾ ਨਹੀਂ। ਕੋਹਲੂ ਦਾ ਬਲਦ ਸਾਰਾ ਦਿਨ ਤੁਰ ਕੇ ਵੀ ਕਿਤੇ ਨਹੀਂ ਅਪੜਦਾ। ਡੂਬ ਮਰੋ ਸਾਰੇ। ਇਹ ਨੀਰੋ ਦਾ ਜ਼ਮਾਨਾ ਤਾਂ ਨਹੀਂ ਕਿ ਖੜੇ ਤਮਾਸ਼ਾ ਦੇਖਦੇ ਰਹੋ। ਬੱਦਲ ਗਰਜਿਆ ਹੈ। ਨਹੀਂ ਅਮਰੀਕਨਾਂ ਨੇ ਵੀਅਤਨਾਮ ਵਿਚ ਬੱਚਿਆਂ ਦੇ ਸਕੂਲ ਉਤੇ ਬੰਬ ਸੁੱਟੇ ਨੇ। ਅੱਜ ਛੁੱਟੀ ਹੋਣ ਉਤੇ ਬੱਚੇ ਘਰ ਨਹੀਂ ਪਰਤਣਗੇ। ਉਹਨਾਂ ਨੂੰ ਆਪਣੀਆਂ ਟੰਗਾਂ-ਬਾਹਾਂ ਹੀ ਨਹੀਂ ਲਭਣੀਆਂ। ਸਭਨਾਂ ਦੀ ਸਾਂਝੀ ਕਬਰ ਹੋਵੇਗੀ। ਉਸ ਉਤੇ ਕਿਸ ਚੀਜ਼ ਦੇ ਫੁਲ ਉੱਗਿਆ ਕਰਨਗੇ। ਉਥੇ ਬੰਬ ਉਗਣਗੇ। 

21.11…. 

“ਨਾ ਮੋਰੋ ਸਾਡਾ ਦੇਸ ਕੁਚੱਜੜਾ ਨਾ ਕਿਸੇ ਨਾਲ ਯਾਰੀ, ਬਚੜੇ ਛੋੜ ਪਰਦੇਸਣਾਂ ਹੋਈਆਂ ਰੱਬ ਨੇ ਚੋਗ ਖਿਲਾਰੀ” ਕੂੰਜੇ ਕਿਉਂ ਝੂਠ ਬੋਲਦੀਆਂ ਹੋ? ਤੁਹਾਨੂੰ ਕਿਵੇਂ ਪਤਾ ਹੈ ਕਿ ਕਿਧਰੇ ਰੱਬ ਹੈ? ਜੇ ਹੈ ਤਾਂ ਵੀ ਤੁਹਾਨੂੰ ਕਿਵੇਂ ਪਤਾ ਹੈ ਕਿ ਤੁਹਾਡੀ ਚੋਗ ਖਿਲਾਰਨ ਵਰਗੇ ਨਿੱਕੇ ਮੋਟੇ ਕੰਮ ਕਰਨ ਦੀ ਉਸ ਨੂੰ ਵਿਹਲ ਹੈ? ਝੂਠ ਬੋਲਣਾ ਚੰਗਾ ਨਹੀਂ। ਤੁਹਾਡੀ ਕਸਮ ਉਹ ਕਿਤੇ ਨਹੀਂ। ਮੈਂ ਸੱਚ ਆਖਦੀ ਹਾਂ ਉਹ ਕਿਤੇ ਨਹੀਂ। ਜੇ ਕਿਧਰੇ ਹੁੰਦਾ ਤਾਂ….. 

29.11… 

ਟਿਕੀ ਰਾਤ ਹੈ। ਗੋਲੀ ਚਲਦੀ ਹੈ। ਪੰਛੀ ਤ੍ਰਭਕ ਕੇ ਉਡਦੇ ਨੇ। ਹਵਾ ਵਿਚ ਸਹਿਮ ਘੁਲ ਗਿਆ ਹੈ। ਗੋਲੀ ਕਿਸ ਨੇ ਚਲਾਈ ਹੈ? 

ਕਿਤੇ ਤੇਜਵੰਤ ਦੇ ਜਿਹੜੀ ਗੋਲੀ ਲੱਗੀ ਸੀ ਉਹ ਇਹ ਹੀ ਤਾਂ ਨਹੀਂ ਸੀ? ਕੀ ਸਿਲਾਈ ਮਸ਼ੀਨਾਂ ਦੀ ਵਿੱਕਰੀ ਲਈ ਹੀ ਤਾਂ ਨਹੀਂ ਗੋਲੀਆਂ ਚਲਾਈਆਂ ਜਾਂਦੀਆਂ? ਗੋਲੀਆਂ ਚਲਾਈਆਂ ਨਾ ਜਾਣ ਤਾਂ ਕੀ ਕੀਤਾ ਜਾਵੇ ਨਹੀਂ ਤਾਂ ਗੋਲੀਆਂ ਬਣਾਨ ਵਾਲਿਆਂ ਵਿਚਾਰਿਆਂ ਦਾ ਰੁਜ਼ਗਾਰ ਮਾਰਿਆ ਜਾਵੇਗਾ। 

“ਤੇਰੀਆਂ ਅੱਖਾਂ ਵਿਚ ਚਮਕ ਕਾਸਦੀ ਹੈ?” ਕੋਈ ਪੁੱਛਦਾ ਹੈ। ਮੈਂ ਦਸਣਾ ਚਾਹੁੰਦੀ ਹਾਂ ਉਹ ਜਿਹੜੇ ਜੰਗ ਵਿਚ ਮਰੇ ਸੀ ਉਹਨਾਂ ਨੂੰ ਜਲਾਇਆ ਨਹੀਂ ਸੀ ਗਿਆ। ਨਾ ਥਾਂ ਸੀ ਕਿਧਰੇ, ਨਾ ਵਕਤ ਸੀ। ਦੁਸ਼ਮਣ ਜੇ ਸਿਰ ‘ਤੇ ਸੀ। ਉਹਨਾਂ ਸਾਰਿਆਂ ਦਾ ਇਕ ਸਿਵਾ ਮੇਰੇ ਅੰਦਰ ਜਲ ਰਿਹਾ ਹੈ। ਇਹ ਉਸੇ ਦਾ ਚਾਨਣ ਹੋਣਾ ਏ। 

ਪਰ ਮੈਂ ਕੋਈ ਜਵਾਬ ਨਹੀਂ ਦਿੰਦੀ। ਬਹੁਤ ਗਰਮੀ ਹੈ। ਕੌਣ ਵੇਲਿਆਂ ਦਾ ਸੂਰਜ ਚੜ੍ਹਿਆ ਏ। ਨਾ ਜਾਣੇ ਕਦੋਂ ਢਲੇਗਾ। ਆਖਦੇ ਨੇ ਨਹਿਰ ਦਾ ਪਾਣੀ ਬੜਾ ਠੰਢਾ ਹੈ। ਸ਼ੁਕਰ ਹੈ ਪਾਣੀ ਨੂੰ ਅਜੇ ਪਤਾ ਨਹੀਂ ਲਗਿਆ। 

1.12…. 

ਹੁਣ ਗੋਲੀਆਂ ਖਾ ਕੇ ਵੀ ਨੀਂਦ ਨਹੀਂ ਆਉਂਦੀ। ਰਾਤ ਕੁੜੀ ਮੈਨੂੰ ਪੁੱਛਦੀ ਕਿੱਥੇ ਤਾਂ ਗਈਆਂ ਨੀ ਤੇਰੀਆਂ ਨੀਂਦਰਾਂ? ਦਿਹੁੰ ਵੀ ਉਲਾਂਭੇ ਦਿੰਦਾ ਕਿੱਥੇ ਤਾਂ ਗਈਆਂ ਨੀ ਤੇਰੀਆਂ ਸੁਰਤਾਂ? ਦੇਹ ਜਵਾਬ-ਨੀ ਮੇਰੀਏ ਜੰਮਣ ਵਾਲੀਏ ਮਾਏ। ਨਾ ਰੋ ਮੇਰੇ ਬਾਬਲਾ ਧੀਆਂ ਦੇ ਦੁੱਖ ਬੁਰੇ। ਮੈਂ ਕਦੋਂ ਨਦੀ ਸੀ ਜੋ ਮਾਰੂ ਥਲ ਵਲ ਤੁਰ ਪਈ। ਮੈਂ ਕਦੋਂ ਪੌਣ ਸੀ ਜੋ ਤੁਸੀਂ ਸਭ ਬੂਹੇ ਬਾਰੀਆਂ ਢੋ ਲਏ। ਮੈਂ ਕਦੋਂ ਤੇਰੀ ਕਾਇਨਾਤ ਮੰਗੀ ਸੀ ਜੋ ਤੂੰ ਘਬਰਾ ਗਿਆ। 

‘‘ਤੁਸੀਂ ਹੱਥ ਨਾ ਕਢਿਓ ਜੀ-ਔਤਾਂ ਪ੍ਰੇਤਾਂ ਦਾ ਨਉਂ ਕਿਸੇ ਨੀ ਲੈਣਾ” ਕਿਸ ਨੇ ਵੈਣ ਪਾਇਆ ਹੈ। 

ਮੈਂ ਕਦੋਂ ਹੱਥ ਕਢਿਆ ਸੀ। ਮੇਰੇ ਹੱਥ ਹੈਨ ਹੀ ਕਿੱਥੇ। ਦੀਵਾ ਜਗਾ ਦਿਓ ਬਹੁਤ ਹਨੇਰਾ ਹੈ। ਕੀ ਕੋਈ ਮਰਗ ਹੋ ਗਈ ਹੈ? ਮੈਂ ਮਰ ਗਈ? ਪਰ ਜੰਗ ਤਾਂ ਸਰਹੱਦ ਉਤੇ ਹੋਈ ਸੀ? 

5.12… 

ਸਭ ਬੂਹੇ ਬਾਰੀਆਂ ਬੰਦ ਕਰ ਦਿਓ ਮਤਾਂ ਪੌਣ ਕੋਈ ਸੁਨੇਹਾ ਲੈ ਆਵੇ। ਇਛਾ ਦੁਖ ਦਾ ਕਾਰਨ ਹੈ। ਅੱਖਾਂ ਵਿਚਲੇ ਸੂਰਜ ਬੁਝਾ ਦਿਓ। ਜੱਗ ਚਲੋ-ਚਲੀ ਦਾ ਮੇਲਾ ਹੈ। 

ਮੈਂ ਮਰਨਾ ਨਹੀਂ ਚਾਹੁੰਦੀ। 

ਮੇਰੇ ਮਰਨ ਨਾਲ ਮੇਰੇ ਪਿਓ ਦੇ ਘਰ ਨੂੰ ਪੱਥਰ ਦਾ ਜੰਦਰਾ ਲਗ ਜਾਣਾ ਏਂ। 

ਤੇ ਮੇਰੇ ਆਪਣੇ ਘਰ ਨੂੰ? 

ਉਸ ਨੂੰ ਤਾਂ ਇੱਲਾਂ ਚੁਕ ਕੇ ਲੈ ਗਈਆਂ ਸਨ। 

ਮੈਂ ਪਾਗਲ ਨਹੀਂ। 

ਕਿਤੋਂ ਕੁਝ ਉਧਾਰ ਨਹੀਂ ਮਿਲ ਜਾਵੇਗਾ? 

ਸੁਣਿਆ ਹੈ ਇਸ ਮੁਲਕ ਵਿਚ ਤਾਂ ਲੇਖੇ ਜਨਮਾਂ ਜਨਮਾਤਰਾਂ ਤਕ ਚਲੇ ਜਾਂਦੇ ਨੇ। 

10.12… 

ਦਰਵਾਜ਼ੇ ਉਤੇ ਦਸਤਕ ਹੋਈ। 

ਮੈਂ ਦਰਵਾਜ਼ਾ ਖੋਲ੍ਹਿਆ। 

ਬਾਹਰ ਕੋਈ ਨਹੀਂ ਸਿਰਫ਼ ਕਾਲੀ ਬੋਲੀ ਸਿਆਹ ਰਾਤ ਸੀ। 

ਸ਼ਾਇਦ ਕੋਈ ਉਹਨਾਂ ਵਿਚੋਂ ਆਇਆ ਹੋਵੇ ਜਿਹੜੇ ਬਹੁਤ ਸਾਲ ਪਹਿਲਾਂ ਏਥੇ ਰਹਿੰਦੇ ਸਨ ਤੇ ਹੁਣ ਦੁਨੀਆਂ ਵਿਚ ਨਹੀਂ। 

ਵਰਤਮਾਨ ਤੋਂ ਪਾਰ ਲੰਘ ਮੇਰੀਆਂ ਅੱਖਾਂ ਉਹਨਾਂ ਲੋਕਾਂ ਨੂੰ ਲਭ ਲੈਂਦੀਆਂ ਨੇ, ਮੇਰੇ ਵਾਂਗ ਹੀ ਜਿਹੜੇ ਕਦੇ ਇਸ ਘਰ ਵਿਚ ਰਹਿੰਦੇ ਸਨ ਤੇ ਇਸ ਘਰ ਨੂੰ ਆਪਣਾ ਘਰ ਕਹਿੰਦੇ ਸਨ। 

ਉਹ ਵੀ ਸਵੇਰੇ ਜਾਗਦੇ, ਦੁੱਧ ਚਾਹ ਪੀਂਦੇ। ਦਿਨ ਭਰ ਕੰਮ ਕਾਜ ਕਰਦੇ। ਰੋਟੀ ਖਾਂਦੇ। ਤੇ ਰਾਤ ਨੂੰ ਬਾਤਾਂ ਪਾਉਂਦੇ ਹੋਣਗੇ। 

ਤੇ ਫਿਰ ਇਕ ਇਕ ਕਰਕੇ ਪਤਾ ਨਹੀਂ ਉਹ ਸਭ ਕਿਧਰ ਚਲੇ ਗਏ। ਤੇ ਇਕ ਇਕ ਕਰਕੇ ਉਹਨਾਂ ਦੀ ਥਾਂ ਹੋਰ ਲੋਕ ਆਉਂਦੇ ਗਏ। 

ਕਦੇ ਕਦੇ ਕਿਸੇ ਦੇ ਤੁਰ ਜਾਣ ਉਤੇ ਘਰ ਵਿਚ ਦੋ ਚਾਰ ਦਿਨ ਹਊ-ਕਲਾਪ ਹੁੰਦਾ ਸੀ ਤੇ ਕਦੇ ਕਦੇ ਕਿਸੇ ਦੇ ਆ ਜਾਣ ਉਤੇ ਘਰ ਦੇ ਦਰਵਾਜ਼ੇ ਉਤੇ ਬੰਦਨਵਾਰ ਬੰਨ੍ਹ ਦਿੱਤਾ ਜਾਂਦਾ ਸੀ। 

ਘਰ ਹੈਰਾਨ ਪ੍ਰੇਸ਼ਾਨ ਦੇਖਦਾ ਰਹਿੰਦਾ ਕਿ ਜਾਣ ਵਾਲੇ ਕਿਧਰ ਚਲੇ ਜਾਂਦੇ ਨੇ ਤੇ ਆਉਣ ਵਾਲੇ ਕਿਧਰੋਂ ਆ ਜਾਂਦੇ ਨੇ। 

ਜਾਣ ਵਾਲਿਆਂ ਵਿਚੋਂ ਕਦੇ ਕਦੇ ਕਿਸੇ ਨੂੰ ਇਹ ਘਰ ਜਦੋਂ ਯਾਦ ਆਉਂਦਾ ਹੈ ਤਾਂ ਉਹ ਪਰਤਦਾ ਹੈ। 

ਆ ਕੇ ਦੇਖਦਾ ਹੈ ਕੋਈ ਹੋਰ ਹੀ ਲੋਕ ਵਸਦੇ ਨੇ ਹੁਣ ਇਸ ਘਰ ਵਿਚ। 

ਜਿਹੜਾ ਸਫ਼ੈਦੇ ਦਾ ਬੂਟਾ ਉਸ ਨੇ ਲਾਇਆ ਸੀ ਹੁਣ ਦਰੱਖ਼ਤ ਬਣ ਚੁੱਕਿਆ ਹੈ ਤੇ ਉਸ ਦਾ ਇਕ ਟਾਹਣ ਖਿੜਕੀ ਵਲ ਉੱਲਰ ਆਇਆ ਹੈ। 

ਉਦੋਂ ਸਭ ਤੋਂ ਉਪਰਲੀ ਛੱਤ ਉਤੇ ਕਮਰੇ ਨਹੀਂ ਸਨ ਤੇ ਉਥੇ ਖਲੋਤਿਆਂ ਤਾਰੇ ਦਿਸਿਆ ਕਰਦੇ ਸਨ। 

ਨਲਕੇ ਵਿਚੋਂ ਤ੍ਰਿਪ ਤ੍ਰਿਪ ਪਾਣੀ ਉਦੋਂ ਵੀ ਇਉਂ ਹੀ ਡਿਗਦਾ ਹੁੰਦਾ ਸੀ। ਬੂਹੇ ਬਾਰੀਆਂ ਦਾ ਰੰਗ ਬਦਲਿਆ ਹੋਇਆ ਹੈ। 

ਉਦੋਂ ਰੋਸ਼ਨਦਾਨ ਵਿਚ ਇਕ ਚਿੜੀ ਰਹਿੰਦੀ ਹੁੰਦੀ ਸੀ। 

ਪਰ ਇਸ ਘਰ ਵਿਚ ਕੋਈ ਹੋਰ ਵਸਦੇ ਹਨ। ਉਸ ਆਉਣ ਵਾਲੇ ਨੂੰ ਨਹੀਂ ਜਾਣਦੇ। 

ਉਹਨਾਂ ਨੂੰ ਕੀ ਪਤਾ ਹੈ ਕਿ ਇਹ ਘਰ ਕਦੇ ਉਸ ਦਾ ਸੀ। 

ਉਸ ਪਰਤਕੇ ਆਏ ਦੀ ਗੱਲ ਸੁਣਦੀ ਮੈਂ ਬੜੀ ਦੂਰ ਲੰਘ ਜਾਂਦੀ ਹਾਂ। 

ਦੇਖਦੀ ਹਾਂ ਕੋਈ ਹੋਰ ਸਮਾਂ ਹੈ। ਇਸ ਘਰ ਵਿਚ ਕੋਈ ਹੋਰ ਹੀ ਲੋਕ ਰਹਿੰਦੇ ਹਨ। 

ਵਿਹੜੇ ਵਿਚਲੀ ਦੀਵਾਰ ਉੱਤੇ ਗਿੱਲੇ ਗਿੱਲੇ ਪਲੱਸਤਰ ਵਿਚ ਲਿਖਿਆ ਕਿਰਨ ਅਜੇ ਵੀ ਸਾਫ਼ ਦਿਸਦਾ ਹੈ। 

“ਕਿਰਨ ਕੌਣ ਸੀ?” ਚਿੜੀਆਂ ਜਦੋਂ ਸਫ਼ੈਦੇ ਦੇ ਦਰੱਖ਼ਤ ਨੂੰ ਪੁੱਛਦੀਆਂ ਹਨ, ਤਾਂ ਉਹ ਦਸਦਾ ਹੈ, “ਉਹ ਇਕ ਕੁੜੀ ਸੀ, ਜਿਸ ਨੂੰ ਬੜੀ ਬੜੀ ਰਾਤ ਗਈ ਤੱਕ ਨੀਂਦ ਨਹੀਂ ਸੀ ਆਉਂਦੀ ਹੁੰਦੀ ਕਦੇ ਕਦੇ ਕੋਠੇ ਉਤੇ ਖਲੋ ਕੇ ਉਹ ਦੇਖਦੀ ਹੁੰਦੀ ਸੀ ਕਿ ਕੀ ਇਸ ਵੇਲੇ ਕਿਸੇ ਹੋਰ ਘਰ ਵੀ ਦੀਵਾ ਬਲ ਰਿਹਾ ਹੈ? 

ਚਿੜੀਆਂ ਉੱਡ ਜਾਂਦੀਆਂ ਨੇ। ਮੁਰਗ਼ਾ ਬਾਂਗ ਦਿੰਦਾ ਹੈ। ਇਹ ਬਾਂਗ ਕਿਸ ਗੌਤਮ ਲਈ ਹੈ।. 

ਮੈਂ ਬੂਹਾ ਭੀੜ ਕੇ ਮੰਜੇ ਉਤੇ ਪੈ ਜਾਂਦੀ ਹਾਂ। ਬੀਬੀ ਦੇ. ਉਠ ਕੇ ਪਾਠ ਕਰਨ ਦਾ ਵੇਲਾ ਹੋ ਗਿਆ ਹੈ। 

ਬਾਹਰ ਫਿਰ ਪੈੜ ਚਾਲ ਸੁਣਾਈ ਦਿੰਦੀ ਹੈ। ਮੈਂ ਉਠ ਕੇ ਬੂਹਾ ਖੋਹਲਦੀ ਹਾਂ। ਸੋਚਦੀ ਹਾਂ ਭਲਕੇ ਜਦੋਂ ਮੈਂ ਇਉਂ ਆਈ ਕੀ ਕੋਈ ਬੂਹਾ ਖੋਹਲੇਗਾ? ਦੂਰ ਸਟੇਸ਼ਨ ਉੱਤੇ ਗੱਡੀ ਨੇ ਚੀਕ ਮਾਰੀ। 

ਮੈਨੂੰ ਲਗਿਆ ਜਿਹੜਾ ਕੋਈ ਆਇਆ ਸੀ ਉਹ ਇਸ ਗੱਡੀ ਮੁੜ ਚਲਿਆ ਏ। 

21.12… 

ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ। ਕਿਹੜੇ ਦੇਸ? ਬਾਬਲ ਪੁੱਛੇਗਾ। ਪਤਾ ਨਹੀਂ ਕਿਹੜੇ ਦੇਸ! ਹਾਂ ਪਤਾ ਨਹੀਂ!! 

31.12… 

ਮੈਂ ਦਸਤਕ ਸੁਣ ਲਈ ਹੈ। ਇਸ ਤੋਂ ਅਗੇ ਡਾਇਰੀ ਵਿਚ ਕੁਝ ਨਹੀਂ ਸੀ ਲਿਖਿਆ ਹੋਇਆ। ਸਭ ਵਰਕੇ ਖ਼ਾਲੀ ਪਏ ਸਨ। ਤੇ ਸੁਣਦੇ ਹਾਂ ਇਕ ਦਿਨ ਦੁਪਹਿਰੇ ਕਿਰਨਜੀਤ ਘਰੋਂ ਗਈ। ਰਾਤ ਤੱਕ ਮੁੜ ਕੇ ਨਾ ਆਈ। 

ਰਾਤ ਨੂੰ ਵੀ ਨਾ ਆਈ। 

ਅਗਲੇ ਦਿਨ ਵੀ ਨਾ 

ਤੇ ਉਸ ਤੋਂ ਅਗਲੇ ਦਿਨ ਵੀ ਨਾ। 

ਹੁਣ ਤਾਂ ਬਹੁਤ ਦਿਨ ਲੰਘ ਗਏ ਨੇ, ਪਰ ਉਹ ਮੁੜ ਕੇ ਨਹੀਂ ਆਈ। 

ਕੋਈ ਆਖਦਾ ਹੈ, “ਉਹ ਸਿਖਰ ਦੁਪਹਿਰੇ ਭਾਖੜਾ ਨਹਿਰ ਵਲ ਤੁਰੀ ਜਾ ਰਹੀ ਸੀ।” 

ਕੋਈ ਦਸਦਾ, ‘ਗੱਡੀ ਚੜ੍ਹਦੀ ਮੈਂ ਆਪ ਦੇਖੀ ਹੈ। ਉਸ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ।” 

ਕੋਈ ਤੀਸਰਾ ਕਹਿੰਦਾ : “ਕਿਸੇ ਦੇ ਨਾਲ ਟੈਕਸੀ ਵਿਚ ਬੈਠੀ ਜਾਂਦੀ ਸੀ। ਜਵਾਨ ਜਿਹਾ ਆਦਮੀ ਸੀ ਨਾਲ।” 

ਕੋਈ ਦਸਦਾ, “ਨਾਂਗੇ ਸਾਧੂਆਂ ਦੇ ਟੋਲੇ ਨਾਲ ਤੁਰਗੀ। ਕੁਝ ਸਿਰ ਪਾ ਕੇ ਪਿਛੇ ਲਾ ਕੇ ਲੈਗੇ।” 

ਫ਼ਿਲਾਸਫ਼ੀ ਵਾਲੇ ਪ੍ਰੋਫ਼ੈਸਰ ਦਾ ਖ਼ਿਆਲ ਸੀ, “ਬੰਗਾਲ ਚਲੀ ਗਈ ਹੈ ਕਮਿਊਨਿਸਟਾਂ ਨਾਲ ਰਲ ਕੇ।” 

“ਨੀ ਰੰਡੇਪਾ ਕੱਟਣਾ ਕਿਤੇ ਸੁਖਾਲਾ ਐ ਤੁਰਗੀ ਕਿਧਰੇ ਨੂੰ ਕਰ ਕੇ ਮੂੰਹ-ਸਿਰ ਕਾਲਾ,” ਕੋਈ ਗਲੀ ਮਹੱਲੇ ਦੀ ਜ਼ਨਾਨੀ ਦੂਸਰੀ ਜ਼ਨਾਨੀ ਨੂੰ ਦਸਦੀ। 

“ਉਸ ਦੇ ਤਾਂ ਲੱਛਣ ਈ ਦੀਹਦੇ ਸੀ ਨੱਕ ‘ਚੋਂ ਤਾਂ ਓਸ ਨੇ ਤੀਲ੍ਹੀ ਨੀ ਸੀ ਲਾਹੀ ਆਦਮੀ ਮਰੇ ਤੋਂ।” ਅਗਲੀ ਜਵਾਬ ਦਿੰਦੀ। 

“ਰੱਬ ਵਖਤ ਨਾ ਪਾਵੇ ਕਿਸੇ ‘ਤੇ। ਭਾਮੇ ਕੁਸ਼ ਬੀਐ ਕੁਲ ਨੂੰ ਦਾਗ਼ ਲਗ ਗਿਆ,” ਕੋਈ ਸਿਆਣੀ ਬਿਆਣੀ ਕਹਿੰਦੀ। 

“ਨਹੀਂ ਨਹੀਂ ਨਹੀਂ, ਇਹ ਸਭ ਝੂਠ ਹੈ। ਇਹ ਬਕਵਾਸ ਹੈ। ਇਹ ਸਭ ਲੋਕਾਂ ਦੀਆਂ ਉਡਾਈਆਂ ਹੋਈਆਂ ਗੱਲਾਂ ਨੇ। ਕਿਰਨ ਇਹੋ ਜਿਹੀ ਨਹੀਂ ਹੋ ਸਕਦੀ। ਇਹ ਸਭ ਝੂਠ ਹੈ; ਮੇਰਾ ਦਿਲ ਆਖਦਾ ਹੈ।” ਕਿਰਨਜੀਤ ਦੀ ਮਾਂ. ਰੋਣਹਾਕੀ ਹੋ ਕੇ ਆਖਦੀ ਤੇ ਅੰਦਰ ਵੜ ਵੜ ਰੋਂਦੀ। 

 

Credit – ਦਲੀਪ ਕੌਰ ਟਿਵਾਣਾ  

Leave a comment

error: Content is protected !!