ਮੁੱਢਲੇ ਸ਼ਬਦ
ਸ਼ਕਤੀਸ਼ਾਲੀ ਵਿਚਾਰ ਸਾਡੀਆਂ ਸਮੱਸਿਆਵਾਂ ਦੇ ਹਲ ਹੋ ਨਿਬੜਦੇ ਹਨ।
ਹਰ ਨਵੇਂ ਚਿੰਤਕ, ਵਿਚਾਰ ਅਤੇ ਸੰਗ੍ਰਾਮ ਨੂੰ ਪ੍ਰਵਾਨਗੀ ਲਈ ਤਿੰਨ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ। ਮੁੱਢ ਵਿਚ ਉਸ ਦਾ ਮਖੌਲ ਉਡਾਇਆ ਜਾਂਦਾ ਹੈ, ਫਿਰ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਉਸ ਨੂੰ ਪ੍ਰਵਾਨ ਹੀ ਨਹੀਂ ਕੀਤਾ ਜਾਂਦਾ, ਉਸ ਦੀ ਪ੍ਰਸੰਸਾ ਵੀ ਕੀਤੀ ਜਾਂਦੀ ਹੈ।
ਸਾਧਾਰਨ ਮਨੁੱਖ ਦੀ ਇਹ ਆਦਤ ਹੈ ਕਿ ਉਹ ਅਤੀਤ ਪ੍ਰਤੀ ਪਛਤਾਵੇ, ਵਰਤਮਾਨ ਸਬੰਧੀ ਸ਼ਕਾਇਤਾਂ ਅਤੇ ਭਵਿਖ ਬਾਰੇ ਡਰ ਪ੍ਰਗਟਾਉਂਦਾ ਰਹਿੰਦਾ ਹੈ ਪਰ ਜੇ ਅਤੀਤ, ਵਰਤਮਾਨ ਅਤੇ ਭਵਿਖ ਨੂੰ ਇਕ ਲੜੀ ਵਿਚ ਪਛਾਣ ਲਿਆ ਜਾਵੇ ਤਾਂ ਇਸ ਯੋਗਤਾ ਨਾਲ ਹੀ ਜੀਵਨ ਦਾ ਰਾਹ ਪੱਧਰਾ ਹੋ ਜਾਂਦਾ ਹੈ ਅਤੇ ਅਸੀਂ ਆਪਣੇ ਅਤੀਤ ਦੇ ਅਨੁਭਵ ਨਾਲ ਆਪਣਾ ਭਵਿਖ ਵਿਉਂਤ ਸਕਦੇ ਹਾਂ।
ਕਈ ਲੋਕ ਉਦਾਸ, ਮਾਯੂਸ ਅਤੇ ਦੁੱਖੀ ਹੋਣ ਵਿਚ ਬੜੇ ਮਾਹਿਰ ਹੁੰਦੇ ਹਨ ਅਤੇ ਉਹ ਪ੍ਰਸੰਨ ਹੋਣ ਦਾ ਖਤਰਾ ਮੁਲ ਨਹੀਂ ਲੈਂਦੇ। ਸੌਖੀਆਂ ਜਿੱਤਾਂ ਦੇ ਪਿਛੇ ਦੌੜਨ ਕਾਰਨ, ਉਹ ਜਿਥੇ ਹੁੰਦੇ ਹਨ, ਉਥੇ ਹੀ ਘੁੰਮਦੇ ਰਹਿੰਦੇ ਹਨ। ਅਜਿਹੇ ਲੋਕਾਂ ਦੇ ਜੀਵਨ ਵਿਚ ਕੋਈ ਵਿਕਾਸ ਜਾਂ ਪਰਿਵਰਤਨ ਨਹੀਂ ਵਾਪਰਦਾ, ਕਿਉਂਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸ਼ਕਤੀ, ਦੂਜਿਆਂ ਦੇ ਸਾਥ ਅਤੇ ਸਹਿਯੋਗ ਦੀ ਤਾਕਤ ਨੂੰ ਨਹੀਂ ਜਾਣਦੇ।
ਔਖਿਆਈਆਂ, ਮੁਸ਼ਕਿਲਾਂ ਅਤੇ ਮੁਸੀਬਤਾਂ ਵਿਰੁਧ, ਅਸੀਂ ਆਪਣੇ ਗੁਣਾਂ ਦੇ ਆਧਾਰ ਉਤੇ ਹੀ, ਆਪਣੇ ਸਹਿਯੋਗੀਆਂ ਅਤੇ ਪਰਿਵਾਰ ਨਾਲ ਰਲ ਕੇ, ਜੂਝਣ ਨਾਲ, ਚੁਣੌਤੀਆਂ ਨੂੰ ਅਵਸਰਾਂ ਵਿਚ ਪਲਟਾ ਸਕਦੇ ਹਾਂ। ਅਜਿਹਾ ਨਾ ਕਰਨ ਦੀ ਸੂਰਤ ਵਿਚ ਨਿੱਕੀਆਂ-ਨਿੱਕੀਆਂ ਸਮੱਸਿਆਵਾਂ ਵੀ ਵੱਡੀਆਂ ਮੁਸੀਬਤਾਂ ਬਣ ਕੇ. ਸਾਡੀ ਸਾਰੀ ਯੋਗਤਾ ਅਤੇ ਸ਼ਕਤੀ ਨੂੰ ਨਕਾਰਾ ਕਰ ਦਿੰਦੀਆਂ ਹਨ।
ਜਿਹੜੇ ਜ਼ਿੰਦਗੀ ਦੀ ਜਦੋਜਹਿਦ ਵਿਚ ਸਫਲ ਹੁੰਦੇ ਹਨ, ਉਹ ਸਫਲ ਹੋਣ ਤੋਂ ਢੇਰ ਚਿਰ ਪਹਿਲਾਂ ਹੀ ਉਸਾਰੂ ਢੰਗ ਨਾਲ ਸੋਚਣ ਅਤੇ ਜ਼ਿੰਮੇਵਾਰੀ ਨਾਲ ਵਿਚਰਨ ਲਗ ਪੈਂਦੇ ਹਨ। ਜ਼ਿੰਮੇਵਾਰੀ ਵਾਲਾ ਕਾਰਜ ਸਾਡੇ ਨਿਰਬਾਹ ਦਾ ਸੁਖਾਵਾਂ ਵਸੀਲਾ ਹੀ ਨਹੀਂ ਬਣਦਾ, ਇਹ ਸਾਡੇ ਚਰਿਤਰ ਦਾ ਨਿਰਮਾਣ ਕਰਨ, ਸਾਡੀਆਂ ਆਦਤਾਂ ਨੂੰ ਢਾਲਣ, ਸਾਡੀ ਯੋਗਤਾ ਨੂੰ ਵਧਾਉਣ ਅਤੇ ਸਾਡੇ ਵਿਚਾਰਾਂ ਨੂੰ ਉਸਾਰਨ ਅਤੇ ਨਿਖਾਰਨ ਦਾ ਸਾਧਨ ਵੀ ਬਣਦਾ ਹੈ। ਜ਼ਿੰਮੇਵਾਰੀ ਨਾਲ ਹੀ ਸਾਡੀ ਪਛਾਣ ਉਸਰਦੀ ਹੈ। ਜ਼ਿੰਮੇਵਾਰੀ ਹੀ ਸਾਨੂੰ ਦੂਜਿਆਂ ਦੇ ਸੰਪਰਕ ਵਿਚ ਲਿਆਉਂਦੀ ਹੈ। ਸੋ ਲੋੜ ਹੈ, ਜਿਥੇ ਵੀ ਕੰਮ ਕਰੀਏ, ਜ਼ਿੰਮੇਵਾਰੀ ਨਾਲ ਕਰੀਏ ਅਤੇ ਉਸ ਸੰਸਥਾ ਦਾ ਮਾਣ ਬਣੀਏ । ਜ਼ਿੰਮੇਵਾਰੀ ਤੋਂ ਬਿਨਾ ਮਨੁੱਖ ਇਨਸਾਨ ਨਹੀਂ ਬਣਦਾ। ਜ਼ਿੰਮੇਵਾਰੀ ਚੁੱਕਣਾ ਹੀ ਪਰਿਵਾਰ, ਸਮਾਜ ਅਤੇ ਦੇਸ਼ ਦੀ ਸੇਵਾ ਹੈ। ਜਦੋਂ ਅਸੀਂ ਜ਼ਿੰਮੇਵਾਰੀ ਚੁਕਦੇ ਹਾਂ ਤਾਂ ਸਾਡੀ ਯੋਗਤਾ ਸਿਖਰ ਵਲ ਵੱਧਦੀ ਹੈ ਅਤੇ ਸਾਡੇ ਅਨੁਭਵ ਵਿਚ ਡੂੰਘਾਈ ਆਉਂਦੀ ਹੈ ਅਤੇ ਅਸੀਂ ਸਮਾਜ ਦੀਆਂ ਉਮੀਦਾਂ ਉਤੇ ਅਤੇ ਸਮਾਜ ਸਾਡੀਆਂ ਆਸਾਂ ਉਤੇ ਪੂਰਾ ਉਤਰਨ ਲਈ ਤਾਂਘਣ ਲਗ ਪੈਂਦਾ ਹੈ।
ਅਸੀਂ ਕਰਨ ਨਾਲ ਹੀ ਕੁਝ ਬਣਦੇ ਹਾਂ। ਜਿਵੇਂ ਕੋਈ ਖੇਡਣ ਨਾਲ ਹੀ ਖਿਡਾਰੀ ਬਣਦਾ ਹੈ, ਕੋਈ ਉਸਾਰੀ ਕਰਨ ਨਾਲ ਹੀ ਨਿਰਮਾਤਾ ਅਖਵਾਉਂਦਾ ਹੈ, ਕੋਈ ਨਿਪੁੰਨਤਾ ਨਾਲ ਹੀ ਉਸਤਾਦ ਕਹਿਲਾਉਂਦਾ ਹੈ, ਉਵੇਂ ਹੀ ਅਸੀਂ ਚੰਗੇ ਕਾਰਜਾਂ ਨੂੰ ਯੋਗਤਾ, ਹੌਸਲੇ ਅਤੇ ਸਫਲਤਾ ਨਾਲ ਕਰਨ ਨਾਲ ਹੀ ਯੋਗ, ਚੰਗੇ, ਬਹਾਦਰ ਅਤੇ ਸਫਲ ਅਖਵਾਉਂਦੇ ਹਾਂ।
ਆਪ ਸਿਖਣ ਅਤੇ ਬੱਚਿਆਂ ਨੂੰ ਸਿਖਾਉਣ ਅਤੇ ਪ੍ਰੇਰਨ ਦੀ ਲੋੜ ਹੈ ਕਿ ਸਾਡੇ ਇਰਾਦੇ ਉੱਚੇ, ਹੌਸਲੇ ਬੁਲੰਦ, ਬਿਰਤੀ ਖੁਸ਼ਹਾਲ, ਸੋਚ ਵਿਸ਼ਾਲ ਅਤੇ ਢੰਗ ਸ਼ਹਾਨਾ ਹੋਣਾ ਚਾਹੀਦਾ ਹੈ। ਸਿਖਾਉਣ ਅਤੇ ਸਿਖਣ ਦੀ ਲੋੜ ਹੈ ਕਿ ਸਹੂਲਤਾਂ ਪੈਸਿਆਂ ਨਾਲ ਉਪਜਦੀਆਂ ਹਨ ਪਰ ਸੁਖ ਮੁਫ਼ਤ ਹਨ, ਮੋਮਬੱਤੀ ਦੇ ਪੈਸੇ ਲਗਦੇ ਹਨ ਪਰ ਚੰਨ-ਚਾਨਣੀ ਮੁਫ਼ਤ ਹੈ। ਨਿਰਸੰਦੇਹ ਸਾਡੀ ਆਰਥਿਕ ਅਤੇ ਪਦਾਰਥਕ ਸਫਲਤਾ ਦਾ ਨਿਰਣਾ ਸੰਸਾਰ ਕਰਦਾ ਹੈ ਪਰ ਜੀਵਨ ਦੀ ਤਸੱਲੀ ਦਾ ਨਿਰਣਾ ਅਸੀਂ ਆਪ ਕਰਦੇ ਹਾਂ। ਇਨ੍ਹਾਂ ਦੋਹਾਂ ਪਖਾਂ ਤੋਂ ਸਫਲ ਹੋਣਾ ਜ਼ਰੂਰੀ ਹੈ।
ਸਫਲਤਾ ਨਾਲ ਆਤਮ ਵਿਸ਼ਵਾਸ ਅਤੇ ਆਤਮ-ਵਿਸ਼ਵਾਸ ਨਾਲ ਸਫਲਤਾ ਉਸਰਦੀ ਹੈ। ਅਸਫਲਤਾ ਦੇ ਅਰਥ ਇਹ ਹਨ ਕਿ ਅਜੇ ਅਸੀਂ ਸਫਲ ਹੋਣਾ ਹੈ ਅਤੇ ਹੋਰ ਯਤਨ ਕਰਨ ਦੀ ਲੋੜ ਹੈ। ਸੱਤ ਵਾਰ ਡਿੱਗਣਾ ਅਤੇ ਅੱਠ ਵਾਰ ਉੱਠਣਾ ਸਫਲ ਹੋਣ ਦਾ ਨੇਮ ਹੈ। ਜਿਵੇਂ ਮੋੜ-ਘੇੜ ਤੋਂ ਬਿਨਾ ਕੋਈ ਪਹਾੜ ਦੀ ਸਿਖਰ ਤੇ ਨਹੀਂ ਅਪੜਦਾ ਅਤੇ ਸੁੰਨੇ ਰਾਹਾਂ ਤੋਂ ਗੁਜ਼ਰੇ ਬਿਨਾ ਦਰਿਆ ਸਮੁੰਦਰ ਤਕ ਨਹੀਂ ਪਹੁੰਚਦਾ, ਉਵੇਂ ਹੀ ਅਸਫਲਤਾਵਾਂ ਅਤੇ ਹਾਰਾਂ ਵਿਚੋਂ ਲੰਘੇ ਬਿਨਾ ਸਫਲਤਾ ਕੀਮਤੀ, ਸੰਭਵ ਅਤੇ ਹੰਢਣਸਾਰ ਨਹੀਂ ਬਣਦੀ।
ਇਸ ਪੁਸਤਕ ਵਿਚਲੇ ਲੇਖਾਂ ਦਾ ਉਦੇਸ਼ ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਨਾਲ ਜੀਵਨ ਵਿਚ ਆਪ ਸਫਲ ਹੋਣਾ ਅਤੇ ਹੋਰਨਾਂ ਦੀ ਸਫਲਤਾ ਦਾ ਕਾਰਨ ਬਣਨਾ ਹੈ।
ਨਰਿੰਦਰ ਸਿੰਘ ਕਪੂਰ
ਸਾਬਕਾ ਪ੍ਰੋਫੈਸਰ,
ਜਰਨਲਿਜ਼ਮ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ ।
ਸਿਦਕ, ਸਿਰੜ ਅਤੇ ਦ੍ਰਿੜਤਾ
ਸਿਦਕ, ਸਿਰੜ ਅਤੇ ਦ੍ਰਿੜ੍ਹਤਾ, ਸਫਲ ਹੋਣ ਤਕ ਸਫਲਤਾ ਵਿਚ ਵਿਸ਼ਵਾਸ ਦੇ ਵੱਖ-ਵੱਖ ਨਾਂ ਹਨ।
ਜਿਹੜਾ ਹਾਰ ਕੇ ਹਾਰ ਨਾ ਮੰਨੇ, ਉਹ ਸਿਦਕਵਾਨ ਹੈ।
ਜੋ ਅਸਫਲ ਹੋ ਕੇ ਵੀ ਸਫਲਤਾ ਲਈ ਤਾਂਘ ਕਰੇ, ਉਹ ਸਿਰੜੀ ਹੈ।
ਜੋ ਆਪਣੇ ਉਦੇਸ਼ ਦੀ ਪੂਰਤੀ ਲਈ ਮੁਸ਼ਕਿਲਾਂ ਅਤੇ ਮੁਸੀਬਤਾਂ ਦੇ ਸਾਹਮਣੇ ਡਟਿਆ ਰਹੇ, ਉਹ ਦ੍ਰਿੜ੍ਹ ਇਰਾਦੇ ਵਾਲਾ ਹੈ।
ਸਿਦਕਵਾਨਾਂ ਦੀ ਉਨ੍ਹਾਂ ਕਾਰਜਾਂ ਵਿਚ ਦਿਲਚਸਪੀ ਹੁੰਦੀ ਹੈ ਜੋ ਸਾਧਾਰਨ ਲੋਕਾਂ ਲਈ ਅਸੰਭਵ ਹੁੰਦੇ ਹਨ।
ਜੇ ਕੋਈ ਕਾਰਜ ਜਿੱਤ ਦੇ ਭਰੋਸੇ ਨਾਲ ਆਰੰਭ ਕੀਤਾ ਜਾਵੇ ਤਾਂ ਅਸਫਲਤਾ ਜਾਂ ਹਾਰ ਵੀ ਜਿੱਤ ਵਰਗੀ ਹੁੰਦੀ ਹੈ, ਕਿਉਂਕਿ ਲੋਕ ਪ੍ਰਸੰਸਾ ਕਰਦੇ ਹਨ ਕਿ ਜੂਝਿਆ ਬੜੇ ਸਿਦਕ ਨਾਲ ਸੀ।
ਸਿਰੜ ਵਾਲੇ ਚਾਨਣੇ ਦੀ ਆਸ ਨਾਲ ਹਨੇਰਿਆਂ ਦਾ ਸਾਹਮਣੇ ਕਰਦੇ ਹਨ।
ਜਦੋਂ ਕੋਈ ਵਿਅਕਤੀ ਆਪਣੀ ਕਿਸੇ ਧਾਰਣਾ, ਆਦਰਸ਼ ਜਾਂ ਸਿਧਾਂਤ ਲਈ ਡੱਟ ਜਾਵੇ ਅਤੇ ਡੱਟਿਆ ਰਹੇ, ਕਿਸੇ ਕੀਮਤ ਤੇ ਨਾ ਵਿਕੇ ਅਤੇ ਨਿਜੀ ਪੱਧਰ ਉਤੇ ਵੱਡੇ ਵੱਡੇ ਘਾਟਿਆਂ ਦੇ ਬਾਵਜੂਦ ਆਪਣੇ ਉਦੇਸ਼ ਵਿਚ ਦ੍ਰਿੜ੍ਹ ਰਹੇ ਤਾਂ ਸੰਸਾਰ ਸੋਚਣ ਲਗ ਪੈਂਦਾ ਹੈ ਅਤੇ ਸੰਸਾਰ ਨੂੰ ਸੋਚਣਾ ਪੈਂਦਾ ਹੈ ਕਿ ਇਸ ਵਿਚ ਕੁਝ ਹੈ ਜੋ ਬਾਕੀਆਂ ਨਾਲੋਂ ਵੱਖਰਾ ਅਤੇ ਨਿਆਰਾ ਹੈ। ਗੁਰੂ ਗੋਬਿੰਦ ਸਿੰਘ ਨਾਲ ਇਵੇਂ ਹੀ ਵਾਪਰਿਆ ਸੀ ਕਿਉਂਕਿ ਉਨ੍ਹਾਂ ਵਿਚ ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਦੇ ਗੁਣ ਸਨ। ਉਨ੍ਹਾਂ ਦੇ ਹੱਥ ਵਿਚਲੀ ਤਲਵਾਰ ਜਦੋਂ ਲਲਕਾਰ ਬਣਕੇ ਉਠੀ ਸੀ ਤਾਂ ਕੁਰਬਾਨੀਆਂ ਦੇਣ ਵਾਲੇ ਸਿਰ ਵੀ ਉਚੇ ਹੋ ਗਏ ਸਨ।
ਸਿਦਕ ਤੋਂ ਬਿਨਾ ਚਾਂਦਨੀ ਚੌਕ ਦਾ ਥਾਣਾ ਮੱਥਾ ਟੇਕਣ ਵਾਲੀ ਥਾਂ ਨਹੀਂ ਸੀ ਬਣਨਾ। ਸਿਰੜ ਤੋਂ ਬਿਨਾ ਚਮਕੌਰ ਅਤੇ ਫਤਿਹਗੜ੍ਹ ਨਾਲ ਸਾਹਿਬ ਨਹੀਂ ਸੀ ਜੁੜਨਾ ਅਤੇ ਦ੍ਰਿੜ੍ਹਤਾ ਤੋਂ ਬਿਨਾ ਆਨੰਦਪੁਰ ਸਾਹਿਬ ਨੇ ਨਵਾਂ ਅਤੇ ਨਿਵੇਕਲਾ ਇਤਿਹਾਸ ਨਹੀਂ ਸੀ ਸਿਰਜਣਾ ।
ਸੁਪਨੇ ਅਤੇ ਆਦਰਸ਼ ਨੂੰ ਯਥਾਰਥ ਬਣਾਉਣਾ, ਦੁਚਿੱਤੀਆਂ ਵਿਚੋਂ ਰਾਹ ਲਭਣਾ ਅਤੇ ਮੰਜ਼ਿਲ ਤੇ ਪਹੁੰਚਣ ਲਈ ਹੌਸਲਾ ਬਣਾਈ ਰਖਣਾ, ਅਨੋਖੇ ਬੰਦਿਆਂ ਦਾ ਕੰਮ ਹੁੰਦਾ ਹੈ। ਇਨ੍ਹਾਂ ਵਿਚ ਹੀ ਕੁਝ ਨਵਾਂ ਸੋਚਣ ਅਤੇ ਕੁਝ ਨਵਾਂ ਸਿਰਜਣ ਦੀ ਹਿੰਮਤ ਹੁੰਦੀ ਹੈ।
ਸੰਸਾਰ ਨੂੰ ਬਦਲਣ ਵਾਲੇ ਸੰਕਲਪ ਅਤੇ ਕਰਾਮਾਤਾਂ ਵਰਗੀਆਂ ਚਮਤਕਾਰੀ ਕਾਢਾਂ, ਨਿਊਟਨ ਅਤੇ ਐਡੀਸਨ ਵਰਗੇ ਉਨ੍ਹਾਂ ਲੋਕਾਂ ਨੇ ਕਢੀਆਂ ਹਨ ਜਿਹੜੇ ਨਿਰੰਤਰ ਅਸਫਲ ਹੋਣ ਦੇ ਬਾਵਜੂਦ ਯਤਨ ਕਰਦੇ ਰਹੇ ਕਿਉਂਕਿ ਉਨ੍ਹਾਂ ਵਿਚ ਕੁਝ ਨਵਾਂ ਕਰ ਵਿਖਾਉਣ ਦਾ ਜੋਸ਼ ਅਤੇ ਉਤਸ਼ਾਹ ਸੀ।
ਉਤਸ਼ਾਹ ਸਾਨੂੰ ਥੱਕਣ ਨਹੀਂ ਦਿੰਦਾ, ਭਰੋਸਾ ਸਾਨੂੰ ਤਕੜਾ ਕਰਦਾ ਹੈ, ਦ੍ਰਿੜ੍ਹਤਾ ਸਾਨੂੰ ਅਜ ਦੇ ਯਤਨਾਂ ਨਾਲ, ਆਉਣ ਵਾਲੇ ਕਲ੍ਹ ਨੂੰ, ਲੰਘ ਗਏ ਕਲ੍ਹ ਨਾਲੋਂ, ਚੰਗੇਰਾ ਬਣਾਉਣ ਵਿਚ ਸਹਾਇਕ ਹੁੰਦੀ ਹੈ, ਅਸਫਲਤਾ ਸਾਨੂੰ ਆਪਣਾ ਢੰਗ-ਤਰੀਕਾ ਜਾਂ ਵਿਧੀ ਬਦਲਣ ਲਈ ਪ੍ਰੇਰਦੀ ਹੈ, ਮੁਸ਼ਕਿਲਾਂ ਸਾਨੂੰ ਮਜ਼ਬੂਤ ਕਰਦੀਆਂ ਹਨ, ਸਫਲਤਾ ਆਤਮ-ਵਿਸ਼ਵਾਸ ਵਧਾਉਂਦੀ ਹੈ ਅਤੇ ਆਸ ਸਾਨੂੰ ਅਗਲੇਰੇ ਯਤਨਾਂ ਲਈ ਪ੍ਰੇਰਦੀ ਹੈ।
ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਹਰੇਕ ਸਫਲਤਾ ਦੇ ਬੁਨਿਆਦੀ ਲੱਛਣ ਹੁੰਦੇ ਹਨ। ਇਹ ਲੱਛਣ ਸਾਧਾਰਨ ਵਿਅਕਤੀ ਨੂੰ ਵਿਸ਼ੇਸ਼ ਬਣਾ ਦਿੰਦੇ ਹਨ। ਜੇ ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਨਾਲ ਹਿੰਮਤ ਅਤੇ ਸਵੈ-ਵਿਸ਼ਵਾਸ ਜੁੜ ਜਾਣ ਤਾਂ ਇਹ ਯੋਧੇ ਦੇ ਗੁਣ ਬਣ ਜਾਂਦੇ ਹਨ। ਜੇ ਇਨ੍ਹਾਂ ਵਿਚ ਉਡੀਕ ਅਤੇ ਵਫਾਦਾਰੀ ਮਿਲ ਜਾਣ ਤਾਂ ਇਹ ਪ੍ਰੇਮੀ ਦੇ ਗੁਣ ਹੋ ਨਿਬੜਦੇ ਹਨ। ਜੇ ਇਨ੍ਹਾਂ ਵਿਚ ਸਬਰ ਅਤੇ ਸੰਤੋਖ ਘੁਲ ਜਾਣ ਤਾਂ ਇਹ ਸੰਤ ਦੇ ਗੁਣ ਅਖਵਾਉਂਦੇ ਹਨ। ਸਿਦਕ, ਸਿਰੜ, ਕੁਰਬਾਨੀ ਅਤੇ ਤਿਆਗ ਤੋਂ ਬਿਨਾ ਕੋਈ ਪ੍ਰਾਪਤੀ ਜਾਂ ਸਫਲਤਾ ਸਤਿਕਾਰਯੋਗ ਨਹੀਂ ਬਣਦੀ।
ਸੌਖੀਆਂ ਜਿੱਤਾਂ ਦਾ ਮਾਣ ਸਤਿਕਾਰ ਨਹੀਂ ਹੁੰਦਾ।
ਮੁਸ਼ਕਿਲਾਂ ਅਤੇ ਮੁਸੀਬਤਾਂ ਹੀ ਸਫਲਤਾ ਨੂੰ ਮਾਣਯੋਗ ਅਤੇ ਮਾਣਨਯੋਗ ਬਣਾਉਂਦੀਆਂ ਹਨ। ਦੁੱਖਾਂ ਤੋਂ ਬਿਨਾ ਸੁਖ ਦੇ ਕੋਈ ਅਰਥ ਨਹੀਂ ਹੁੰਦੇ।
ਜੀਵਨ ਵਿਚ ਦੁੱਖ ਹਨ, ਇਸੇ ਲਈ ਜੀਵਨ ਔਖਾ ਹੈ ਪਰ ਸੰਸਾਰ ਵਿਚ ਦੁੱਖਾਂ ਤੋਂ ਪਰ੍ਹੇ ਵੇਖਣ ਦੀ ਸ਼ਕਤੀ ਵੀ ਹੈ। ਇਸ ਸ਼ਕਤੀ ਨੂੰ ਹੀ ਸਿਦਕ ਕਹਿੰਦੇ ਹਨ। ਬਹੁਤੇ ਲੋਕ ਕੰਮ ਆਰੰਭ ਤਾਂ ਬੜੇ ਜੋਸ਼ ਨਾਲ ਕਰਦੇ ਹਨ ਪਰ ਅੱਧਵਾਟੇ ਪਹੁੰਚ ਕੇ ਹਿੰਮਤ ਹਾਰ ਜਾਂਦੇ ਹਨ। ਆਰੰਭੇ ਕੰਮ ਨੂੰ ਸਿਰੇ ਲਾਉਣਾ, ਨਿਸ਼ਾਨੇ ਤਕ ਪਹੁੰਚਣ ਲਈ ਸੰਘਰਸ਼ ਕਰਨਾ ਹੀ ਸਿਰੜ ਹੈ। ਵੱਡੇ ਵੱਡੇ ਡੈਮ, ਨਹਿਰਾਂ, ਇਮਾਰਤਾਂ ਅਤੇ ਪੁਲ ਆਦਿ ਦ੍ਰਿੜ੍ਹਤਾ ਤੋਂ ਬਿਨਾ ਨਹੀਂ ਉਸਰਦੇ ਅਤੇ ਚਮਤਕਾਰੀ ਪ੍ਰਾਪਤੀਆਂ ਨਿਰੰਤਰ ਯਤਨਾਂ ਤੋਂ ਬਿਨਾ ਸੰਭਵ ਨਹੀਂ ਹੁੰਦੀਆਂ।
ਆਪਣੇ ਕੰਮ ਵਿਚ ਨਿਪੁੰਨ ਹੋਣਾ, ਆਪਣੇ ਬੋਲਾਂ ਤੇ ਪਹਿਰਾ ਦੇਣਾ, ਆਪਣੇ ਵਾਅਦੇ ਨੂੰ ਮੁਸ਼ਕਿਲਾਂ ਦੇ ਬਾਵਜੂਦ ਪੂਰਾ ਕਰਨਾ ਅਤੇ ਸਰਬੱਤ ਦਾ ਭਲਾ ਸੋਚਣਾ ਦ੍ਰਿੜ੍ਹਤਾ ਤੋਂ ਬਿਨਾ ਸੰਭਵ ਨਹੀਂ ਹੁੰਦਾ।
ਜੇ ਕਿਸੇ ਖੇਡ ਵਿਚ ਰੈਫਰੀ ਫੈਸਲਾ ਕਰਨ ਉਪਰੰਤ, ਵਿਰੋਧ ਕਾਰਨ, ਆਪਣਾ ਫੈਸਲਾ ਬਦਲ ਲਵੇ ਤਾਂ ਉਹ ਰੈਫਰੀ ਨਹੀਂ ਰਹੇਗਾ। ਉਸ ਦਾ ਮੁਲ, ਠੀਕ ਫੈਸਲਾ ਦੇਣ ਅਤੇ ਉਸ ਫੈਸਲੇ ਉਤੇ ਦ੍ਰਿੜ੍ਹ ਰਹਿਣ ਦੇ ਆਧਾਰ ਤੇ ਹੀ ਪਵੇਗਾ।
ਦ੍ਰਿੜ੍ਹਤਾ ਨਾਲ ਮੁਸ਼ਕਿਲਾਂ ਬਰਦਾਸ਼ਤ ਕਰਨ ਦੀ ਸ਼ਕਤੀ ਉਪਜਦੀ ਹੈ। ਇਹ ਸ਼ਕਤੀ ਚਰਿਤਰ ਦਾ ਨਿਰਮਾਣ ਕਰਦੀ ਹੈ। ਜਿਤਨਾ ਉੱਚਾ ਚਰਿਤਰ ਹੋਵੇਗਾ, ਉਤਨੀ ਵੱਡੀ ਪ੍ਰਾਪਤੀ ਹੋਵੇਗੀ। ਸਿਰੜ ਅਤੇ ਸਿਦਕ ਤੋਂ ਬਿਨਾ ਮੁਸ਼ਕਿਲਾਂ ਅਤੇ ਸਮੱਸਿਆਵਾਂ, ਮੁਸੀਬਤਾਂ ਬਣ ਜਾਂਦੀਆਂ ਹਨ।
ਵਕਤ ਦੀ ਪਾਬੰਦੀ, ਮਿਹਨਤ ਅਤੇ ਸਿਦਕ ਨਾਲ, ਲੋਹਾਰ ਦੀ ਵਰਕਸ਼ਾਪ, ਕਾਰ ਦਾ ਕਾਰਖਾਨਾ ਬਣ ਸਕਦੀ ਹੈ, ਠੇਲ੍ਹੇ ਦਾ ਟਰੱਕ ਬਣ ਸਕਦਾ ਹੈ ਅਤੇ ਖੋਖੇ ਵਾਲੇ ਦੀ ਦੁਕਾਨ ਬਣ ਸਕਦੀ ਹੈ।
ਸਿਦਕ ਦਾ ਸੰਕਲਪ ਯਹੂਦੀ, ਇਸਲਾਮ ਅਤੇ ਸਿਖ ਧਰਮ ਦੇ ਇਤਿਹਾਸ ਵਿਚੋਂ ਉਪਜਿਆ ਹੈ। ਸਿਦਕ ਨੇ, ਦੋ ਹਜ਼ਾਰ ਸਾਲ ਬੇਵਤਨੇ ਹੋ ਕੇ ਭਟਕਣ ਦੇ ਬਾਵਜੂਦ ਯਹੂਦੀਆਂ ਦੇ ਮਨਾਂ ਵਿਚੋਂ ਆਪਣੇ ਦੇਸ਼, ਇਜ਼ਰਾਈਲ ਦਾ ਸੁਪਨਾ ਮਰਨ ਨਹੀਂ ਦਿਤਾ। ਸਿਰੜ ਦਾ ਸੰਕਲਪ ਕੁਦਰਤੀ ਆਫਤਾਂ ਨੂੰ ਬਰਦਾਸ਼ਤ ਕਰਨ ਦੇ ਸਮੁੱਚੇ ਮਨੁੱਖੀ ਵਿਹਾਰ ਦੀ ਦੇਣ ਹੈ ਜਦੋਂ ਕਿ ਦ੍ਰਿੜ੍ਹਤਾ ਦਾ ਸੰਕਲਪ ਮਹਾਨ ਵਿਅਕਤੀਆਂ ਦੇ ਕਾਰਨਾਮਿਆਂ ਵਿਚੋਂ ਉਘੜਿਆ ਹੈ ।
ਇਨ੍ਹਾਂ ਤਿੰਨ ਸੰਕਲਪਾਂ ਤੋਂ ਬਿਨਾ ਵਿਅਕਤੀ, ਸਮਾਜ ਅਤੇ ਕੌਮ ਜਾਂ ਦੇਸ਼ ਦਾ ਸਮਾਜਿਕ, ਰਾਜਨੀਤਕ ਅਤੇ ਆਰਥਿਕ ਪੱਧਰ ਉੱਚਾ ਨਹੀਂ ਹੁੰਦਾ।
ਪਹਾੜਾਂ ਉਤੇ ਚੜ੍ਹਨ ਵਾਲੇ ਮੁਸ਼ਕਿਲ, ਔਖ, ਖਤਰਨਾਕ ਅਤੇ ਸਖਤ ਦੀ ਪ੍ਰਵਾਹ ਨਹੀਂ ਕਰਦੇ।
ਦੁਨੀਆ ਉਨ੍ਹਾਂ ਨੂੰ ਹੀ ਸੁਣਦੀ, ਵੇਖਦੀ, ਮੰਨਦੀ ਅਤੇ ਸਲਾਹੁੰਦੀ ਹੈ ਜਿਨ੍ਹਾਂ ਨੇ ਔਖੇ ਕੰਮ ਕੀਤੇ ਹੁੰਦੇ ਹਨ।
ਜੇ ਪ੍ਰਬੰਧਕ ਮੁਸ਼ਕਿਲ ਵਿਚ ਨਾ ਹੋਣ ਤਾਂ ਜਨਤਾ ਨੂੰ ਉਨ੍ਹਾਂ ਦੀ ਹੋਂਦ ਅਤੇ ਮਹੱਤਵ ਦਾ ਪਤਾ ਹੀ ਨਹੀਂ ਲਗਦਾ।
ਹੇਮਕੁੰਟ ਅਤੇ ਅਮਰਨਾਥ ਦੀ ਯਾਤਰਾ ਸਿਦਕ ਅਤੇ ਸਿਰੜ ਨਾਲ ਹੀ ਪੂਰੀ ਹੁੰਦੀ ਹੈ। ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਤਨ ਦੀਆਂ ਨਹੀਂ, ਮਨ ਦੀਆਂ ਸ਼ਕਤੀਆਂ ਹਨ, ਜਿਹੜੀਆਂ ਉੱਚੇ ਚਰਿੱਤਰ ਦਾ ਨਿਰਮਾਣ ਕਰਦੀਆਂ ਹਨ।
ਸਿਦਕਵਾਨਾਂ ਦੇ ਰਾਹ ਅਤੇ ਨਿਸ਼ਾਨੇ ਹੋਰ ਹੀ ਹੁੰਦੇ ਹਨ।
ਉਦਾਹਰਣ ਵਜੋਂ ਤੁਰਕਾਂ, ਮੰਗੋਲਾਂ, ਪਠਾਣਾਂ, ਰੋਮਨਾਂ, ਰੂਸੀਆਂ, ਫਰਾਂਸੀਸੀਆਂ ਵਾਂਗ ਪੰਜਾਬੀ ਵੀ ਸਾਹਸੀ ਸੁਭਾਓ ਵਾਲੇ ਹਨ। ਇਸ ਸੁਭਾਓ ਕਾਰਨ ਹੀ ਇਨ੍ਹਾਂ ਵਿਚ ਖੁਸ਼ਹਾਲੀ ਦੀ ਬੇਪਨਾਹ ਰੁਚੀ ਹੈ, ਤੇਜ਼ ਪ੍ਰਵਾਸ ਦੀ ਭਾਵਨਾ ਹੈ, ਸਾਰੀਆਂ ਰੋਕਾਂ ਉਲੰਘ ਕੇ ਨਿਸ਼ਾਨੇ ਤੇ ਅਪੜਨ ਦੀ ਹਿੰਮਤ ਹੈ, ਵੰਗਾਰਾਂ ਸਵੀਕਾਰ ਕਰਨ ਦੀ ਬਿਰਤੀ ਹੈ, ਈਨ ਨਾ ਮੰਨਣ ਦਾ ਸਿਰੜ ਹੈ, ਮੁਸ਼ਕਿਲਾਂ ਅਤੇ ਮੁਸੀਬਤਾਂ ਨੂੰ ਖਿੜੇ ਮੱਥੇ ਸਹਿਣ ਦਾ ਜਿਗਰਾ ਹੈ, ਬਾਹਵਾਂ ਫੈਲਾ ਕੇ ਮਿਲਣ ਅਤੇ ਬੂਹੇ ਖੋਲ੍ਹ ਕੇ ਜਿਊਣ ਦੀ ਆਦਤ ਹੈ। ਇਹ ਸਭ ਕੁਝ ਪ੍ਰਕ੍ਰਿਤਕ ਚੌਗਿਰਦੇ, ਖੁਲ੍ਹੀ ਖੁਰਾਕ, ਪੀਡੇ ਜੁੱਸੇ ਅਤੇ ਭੈਅ-ਮੁਕਤ ਹੋਣ ਕਾਰਨ ਹੈ।
‘ਸਰਦਾਰ’ ਸ਼ਬਦ ਪੰਜਾਬੀਆਂ ਨੇ ਅਫਗਾਨਾਂ ਤੋਂ ਪ੍ਰਾਪਤ ਕੀਤਾ ਹੈ। ਮਿਸਲਾਂ ਦੇ ਸਮੇਂ ਤਕ ਸਿਖ ਨੂੰ ਭਾਈ ਕਿਹਾ ਜਾਂਦਾ ਸੀ । ਅਠਾਰਵੀਂ ਸਦੀ ਵਿਚ ਨਾਦਰ ਸ਼ਾਹ ਦੁਰਾਨੀ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਵਿਚ ਸਿਖਾਂ ਦੀਆਂ ਅਫਗਾਨਾਂ ਨਾਲ ਮੁੱਠ-ਭੇੜਾਂ ਹੁੰਦੀਆਂ ਰਹਿੰਦੀਆਂ ਸਨ । ਸਿਖ ਬਹਾਦਰ ਸਨ ਪਰ ਅਫਗਾਨ ਸਿਖਾਂ ਨਾਲੋਂ ਵੀ ਬਹਾਦਰ ਸਨ ਅਤੇ ਸਿਖ ਅਫਗਾਨਾਂ ਦੀ ਬਹਾਦਰੀ ਨੂੰ ਖਿੜ੍ਹੇ ਮੱਥੇ ਮੰਨਦੇ ਸਨ । ਅਫਗਾਨ ਆਪਣੀ ਟੁਕੜੀ ਦੇ ਮੁਖੀ ਨੂੰ ਸਰਦਾਰ ਕਹਿੰਦੇ ਸਨ, ਸਿਖਾਂ ਨੇ ਅਫ਼ਗਾਨਾਂ ਦਾ ਇਹ ਸ਼ਬਦ ਅਪਨਾ ਲਿਆ ਅਤੇ ਬਹਾਦਰ ਸਿਖ ਨੂੰ ਸਰਦਾਰ ਕਿਹਾ ਜਾਣ ਲਗਿਆ। ਅੰਗ੍ਰੇਜ਼ਾਂ ਨੇ ‘ਸਰਦਾਰ’ ਦਾ ਖਿਤਾਬ ਦੇਣਾ ਆਰੰਭ ਕੇ ਇਸ ਸ਼ਬਦ ਦਾ ਸਤਿਕਾਰ ਹੋਰ ਵੀ ਵਧਾ ਦਿਤਾ ਸੀ।
ਬਹਾਦਰਾਂ ਵਿਚ ਨਿਆਂ ਅਤੇ ਅਣਖ ਲਈ ਲੜਨ, ਮਰਨ ਅਤੇ ਜਾਬਰ ਨੂੰ ਲਲਕਾਰਨ ਦੀ ਦਲੇਰੀ ਹੁੰਦੀ ਹੈ ਇਸੇ ਕਰਕੇ ਇਨ੍ਹਾਂ ਵਿਚ ਜੀਵਨ ਨੂੰ ਭਰਪੂਰ ਰੂਪ ਵਿਚ ਮਾਣਨ ਦੀ ਤਾਂਘ ਅਤੇ ਸ਼ਿੱਦਤ ਵੀ ਹੁੰਦੀ ਹੈ।
ਸੋਹਣੀਆਂ ਇਸਤਰੀਆਂ ਬਹਾਦਰਾਂ ਦੀਆਂ ਪਤਨੀਆਂ ਹੋਣ ਵਿਚ ਮਾਣ ਮਹਿਸੂਸ ਕਰਦੀਆਂ ਹਨ। ਬਹਾਦਰ ਉਨ੍ਹਾਂ ਦਰਿਆਵਾਂ ਵਿਚਕਾਰ ਵੱਸਣ ਵਾਲੇ ਲੋਕ ਹੁੰਦੇ ਹਨ, ਜਿਨ੍ਹਾਂ ਦਰਿਆਵਾਂ ਦਾ ਪਾਣੀ ਸ਼ਰਾਬ ਵਰਗਾ ਹੁੰਦਾ ਹੈ।
ਸ਼ਰਾਬ ਹਮੇਸ਼ਾ ਸੋਹਣੀਆਂ, ਸਿਆਣੀਆਂ, ਬਹਾਦਰ ਅਤੇ ਖੁਸ਼ਹਾਲ ਕੌਮਾਂ ਨੇ ਪੀਤੀ ਹੈ। ਸ਼ਰਾਬ ਜਿੱਤ ਦੇ ਜਸ਼ਨ ਦਾ ਭਾਗ ਹੈ ਪਰ ਜਦੋਜਹਿਦ ਅਤੇ ਜਿੱਤ ਤੋਂ ਬਿਨਾ ਸ਼ਰਾਬ ਪੀਣੀ ਵਿਭਚਾਰ ਹੈ। ਜਦੋਜਹਿਦ ਅਤੇ ਸਫਲਤਾ ਤੋਂ ਬਿਨਾ ਸ਼ਰਾਬ ਪੀਣ ਵਾਲਾ ਵਿਅਕਤੀ ਹੀ ਨਹੀਂ, ਕੌਮ ਵੀ ਨਿਰੰਤਰ ਹਾਰਦੀ ਚਲੀ ਜਾਂਦੀ ਹੈ।
ਜਿੱਤ ਦਾ ਜਸ਼ਨ ਬਹਾਦਰਾਂ ਨੂੰ ਮਜ਼ਬੂਤ ਬਣਾਉਂਦਾ ਹੈ।
ਬਹਾਦਰ ਕੌਮਾਂ ਦੇ ਸਾਜ਼, ਸੰਗੀਤ ਅਤੇ ਨਾਚ ਵੀ ਮਜ਼ਬੂਤ ਹੁੰਦੇ ਹਨ।
ਬਹਾਦਰ ਵਿਅਕਤੀ ਇਕੱਲਾ ਹੀ ਬਹੁਸੰਮਤੀ ਵਾਲਾ ਵਾਤਾਵਰਣ ਅਤੇ ਵੱਡੀ ਫੌਜ ਵਾਲਾ ਹੌਸਲਾ ਸਿਰਜ ਲੈਂਦਾ ਹੈ।
ਜਿੱਤ ਦਾ ਜਸ਼ਨ ਮਨਾਉਣ ਦਾ ਫਰਾਂਸੀਸੀਆਂ ਦਾ ਅੰਦਾਜ਼ ਸ਼ਹਾਨਾ ਮੰਨਿਆ ਗਿਆ ਹੈ। ਫਰਾਂਸ ਨੇ ਹੀ ਸ਼ੈਮਪੇਨ ਨੂੰ ਜਿੱਤ ਅਤੇ ਸਫਲਤਾ ਦੇ ਜਸ਼ਨ ਦੀ ਸ਼ਰਾਬ ਵਜੋਂ ਸਥਾਪਤ ਕੀਤਾ ਹੈ।
ਜੋਸ਼ੀਲੇ ਜਸ਼ਨ, ਹਿੰਮਤ, ਆਸ ਅਤੇ ਉਮੀਦ ਦਾ ਪ੍ਰਗਟਾਵਾ ਹੁੰਦੇ ਹਨ।
ਜੋਸ਼ ਹੀ ਹੈ, ਜਿਹੜਾ ਅਸਫਲਤਾ ਨੂੰ ਸਫਲਤਾ ਵਿਚ ਪਲਟਾ ਦਿੰਦਾ ਹੈ।
ਜੋਸ਼ ਨਾਲ ਅਸੀਂ ਗਰੀਬੀ ਦੀਆਂ ਪੀੜਾਂ ਅਤੇ ਅਮੀਰੀ ਦੇ ਅਕੇਵੇਂ ਤੋਂ ਮੁਕਤ ਹੋ ਜਾਂਦੇ ਹਾਂ। ਜੋਸ਼ ਨਾਲ ਅਸੀਂ ਤਾਰਿਆਂ ਨੂੰ ਵੀ ਨੇੜੇ ਮਹਿਸੂਸ ਕਰਨ ਲਗ ਪੈਂਦੇ ਹਾਂ।
ਅੱਖਾਂ ਦੀ ਚਮਕ, ਚਾਲ ਦੀ ਮਟਕ, ਹੱਥ ਦੀ ਮਜ਼ਬੂਤ ਪਕੜ ਅਤੇ ਖਤਰੇ ਮੁਲ ਲੈਣ ਦੀ ਦਲੇਰੀ, ਜੋਸ਼ ਵਿਚੋਂ ਹੀ ਉਪਜਦੀ ਹੈ।
ਮੰਜ਼ਿਲ ਤੇ ਪਹੁੰਚਣਾ ਅਤੇ ਰਸਤੇ ਦੇ ਨਜ਼ਾਰੇ ਵੇਖਣੇ ਬਾਬਾ ਦੀਪ ਸਿੰਘ ਅਤੇ ਹਰੀ ਸਿੰਘ ਨਲੂਏ ਦੇ ਹਿੱਸੇ ਹੀ ਆਉਂਦੇ ਹਨ।
ਸਿਰੜ ਅਤੇ ਸਿਦਕ ਕਾਰਨ ਹੀ ਇਨ੍ਹਾਂ ਬਹਾਦਰਾਂ ਵਿਚ ਬਾਜ਼ਾਂ ਅਤੇ ਸ਼ੇਰਾਂ ਵਾਲੇ ਗੁਣ ਉਪਜੇ ਸਨ।
ਸ਼ੇਰ ਅਤੇ ਬਾਜ਼ ਬਲ ਅਤੇ ਸ਼ਕਤੀ, ਨਿਡਰਤਾ ਅਤੇ ਦ੍ਰਿੜ੍ਹਤਾ ਦੇ ਪ੍ਰੀਤਕ ਹਨ।
ਰੋਮ ਵਿਚ ਬਾਜ਼ਾਂ ਨੂੰ ਯੁੱਧ ਸਮੇਂ ਸ਼ੁਭ ਸ਼ਗਨ ਵਜੋਂ ਉਡਾਇਆ ਜਾਂਦਾ ਸੀ।
ਬਾਜ਼ ਦਾ ਦਿਸ ਜਾਣਾ ਲੜ ਰਹੀ ਫੌਜ ਦੇ ਹੌਸਲੇ ਚੁਕ ਦਿੰਦਾ ਸੀ।
ਖਾਲਸੇ ਦੀ ਸਿਰਜਣਾ ਵੇਲੇ ਵੀ, ਮੌਕੇ ਦੀ ਨਜ਼ਾਕਤ ਨੂੰ ਸਪਸ਼ਟ ਕਰਨ ਲਈ, ਬਾਜ਼ ਉਡਾਇਆ ਗਿਆ ਸੀ ।
ਬਾਜ਼ ਅਸਮਾਨ ਦਾ ਸ਼ੇਰ ਹੁੰਦਾ ਹੈ।
ਵੱਡੇ ਦਰਿਆ ਅਤੇ ਪਹਾੜ ਵਿਸ਼ਾਲਤਾ ਅਤੇ ਦ੍ਰਿੜ੍ਹਤਾ ਦੇ ਪ੍ਰਤੀਕ ਹੁੰਦੇ ਹਨ।
ਯੁੱਧ ਵਿਚ ਭਾਵੇਂ ਭਿੜਦੀ ਫੌਜ ਹੈ, ਪਰ ਲੜਦਾ ਕੌਮ ਦਾ ਸਿਦਕ ਹੈ।
ਸਿਦਕ ਅਤੇ ਸਿਰੜ ਦੇ ਪਖੋਂ ਇਕ ਛੋਟਾ ਜਿਹਾ ਪਿੰਡ ‘ਸਾਰਾਗੜ੍ਹੀ’ ਇਤਿਹਾਸ ਦੇ ਪੰਨਿਆਂ ਵਿਚ ਬੜੀ ਵੱਡੀ ਥਾਂ ਮਲੀ ਬੈਠਾ ਹੈ। ਇਹ ਪਿੰਡ ਅਜੋਕੇ ਪਾਕਿਸਤਾਨ ਵਿਚਲੇ ਕੁਹਾਟ ਜ਼ਿਲ੍ਹੇ ਦੀ ਸਰਹੱਦ ਉਤੇ ਸੀ ਜਿਥੇ ਛੇ ਹਜ਼ਾਰ ਫੁੱਟ ਦੀ ਉਚਾਈ ਉਤੇ ਬਣੀ ਛੋਟੀ ਜਿਹੀ ਗੜ੍ਹੀ ਫੌਜੀ ਨੁਕਤੇ ਤੋਂ ਬੜੀ ਮਹੱਤਵਪੂਨ ਸੀ ਅਤੇ ਅੰਗ੍ਰੇਜ਼ਾਂ ਨੇ ਇਥੇ ਲੋਕਹਾਰਟ ਅਤੇ ਗੁਲਸਤਾਨ ਦੇ ਕਿਲਿਆਂ ਵਿਚਾਲੇ ਹੋਣ ਕਰਕੇ ਵਜ਼ੀਰ ਕਬੀਲੇ ਦੇ ਲੜਾਕੇ ਕਬਾਇਲੀਆਂ ਤੇ ਨਜ਼ਰ ਰਖਣ ਲਈ ਸਿਖ ਰੈਜਮੈਂਟ ਦੇ ਸਿਪਾਹੀ ਨਿਯੁਕਤ ਕੀਤੇ ਹੋਏ ਸਨ । ਉਨੀਵੀਂ ਸਦੀ ਦੇ ਮੁੱਕਣ ਤੋਂ ਢਾਈ ਕੁ ਸਾਲ ਪਹਿਲਾਂ ਰਾਤੋ-ਰਾਤ ਦਸ ਹਜ਼ਾਰ ਕਬਾਇਲੀਆਂ ਨੇ ਇਹ ਗੜ੍ਹੀ ਘੇਰ ਲਈ ਅਤੇ ਗੜ੍ਹੀ ਵਿਚਲੇ ਸਿਪਾਹੀਆਂ ਦਾ ਮੁਖ ਰੱਖਿਆ ਦਸਤੇ ਨਾਲੋਂ ਸੰਪਰਕ ਟੁੱਟ ਗਿਆ। ਉਸ ਸਮੇਂ ਇਹ ਗੜ੍ਹੀ ਹਵਲਦਾਰ ਈਸ਼ਰ ਸਿੰਘ ਦੀ ਕਮਾਨ ਵਿਚ ਸੀ, ਜਿਸ ਨਾਲ ਇਕ ਨਾਇਕ, ਇਕ ਲਾਂਸ ਨਾਇਕ ਅਤੇ ਅਠਾਰ੍ਹਾਂ ਹੋਰ ਸਿਖ ਸੈਨਿਕ ਸਨ ਪਰ ਉਹ ਜਿਸ ਸੂਰਬੀਰਤਾ, ਸਿਦਕ ਅਤੇ ਸਿਰੜ ਨਾਲ ਲੜੇ ਉਹ ਸਿਖ ਰੈਜਮੈਂਟਾਂ ਲਈ ਇਕ ਸਦੀਵੀ ਯਾਦ ਬਣ ਗਈ। ਉਨ੍ਹਾਂ ਇੱਕੀਆਂ ਨੇ ਛੇ ਸੌ ਤੋਂ ਵੱਧ ਵੈਰੀਆਂ ਨੂੰ ਮਾਰ ਕੇ ਚੌਕੀ ਨੂੰ ਬਚਾਈ ਰਖਿਆ। ਉਨ੍ਹਾਂ ਦੀ ਬਹਾਦਰੀ ਦੇ ਵਿਸ਼ਵ ਭਰ ਵਿਚ ਚਰਚੇ ਹੋਏ, ਬਰਤਾਨਵੀ ਪਾਰਲੀਮੈਂਟ ਵਿਚ ਪ੍ਰਸੰਸਾ ਕੀਤੀ ਗਈ । ਸੂਰਬੀਰਤਾ ਅਤੇ ਦ੍ਰਿੜ੍ਹਤਾ ਦੇ ਪਖੋਂ ਯੁਨੇਸਕੋ ਵਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ ਮਹਾਨ ਉਦਾਹਰਣਾਂ ਵਿਚ ਗਿਣਿਆ ਗਿਆ ਹੈ। ਸਿਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫਰਾਂਸ ਦੇ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ।
ਇਸ ਅਤੇ ਅਜਿਹੀਆਂ ਹੋਰ ਉਦਾਹਰਣਾਂ ਕਰਕੇ ਸਿਖ ਰੈਜਮੈਂਟਾਂ ਬਾਰੇ ਮਸ਼ਹੂਰ ਹੈ ਕਿ ਇਨ੍ਹਾਂ ਵਿਚ ਅਸੰਭਵ ਨੂੰ ਸੰਭਵ ਕਰਨ ਦੀ ਯੋਗਤਾ ਹੈ।
ਖੇਤਰ ਕੋਈ ਹੋਵੇ, ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਤੋਂ ਬਿਨਾ ਕੁਝ ਵੀ ਮੁਲਵਾਨ ਨਹੀਂ ਉਪਜਦਾ। ਜੇ ਸਿਦਕ ਨਾਲ ਨਾ ਜੂਝਿਆ ਜਾਵੇ ਤਾਂ ਅਕਸਰ ਭੁਲੇਖਾ ਪੈਂਦਾ ਹੈ ਕਿ ਅਸੀਂ ਸ਼ਾਇਦ ਜਿੱਤ ਗਏ ਹਾਂ ਪਰ ਝਟ ਮਗਰੋਂ ਹੀ ਸਾਬਤ ਹੋ ਜਾਂਦਾ ਹੈ ਕਿ ਇਹ ਭੁਲੇਖਾ ਹੀ ਸੀ।
ਕਿਸਮਤ ਅਤੇ ਸਬੱਬ ਵੀ ਸਿਦਕਵਾਨਾਂ ਦੇ ਪੱਖ ਵਿਚ ਹੁੰਦੇ ਹਨ। ਸਿਦਕਵਾਨਾਂ ਦੇ ਇਰਾਦੇ ਹੀ ਤਲਵਾਰਾਂ ਅਤੇ ਤੋਪਾਂ ਹੁੰਦੀਆਂ ਹਨ।
ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਦਾ ਸਪਸ਼ਟ ਪ੍ਰਗਟਾਵਾ ਪਹਿਲਾਂ ਯੁੱਧ ਦੇ ਮੈਦਾਨ ਵਿਚ ਹੁੰਦਾ ਸੀ ਹੁਣ ਵਿਸ਼ਵ ਪੱਧਰ ਦੀਆਂ ਖੇਡਾਂ ਵਿਚ ਹੁੰਦਾ ਹੈ। ਕਈ ਖੇਡਾਂ ਮੁਹਾਰਤ ਦੀ ਪਰਖ ਕਰਦੀਆਂ ਹਨ, ਜਿਨ੍ਹਾਂ ਵਿਚ ਅੱਖ ਦੀ ਫੁਰਤੀ ਅਤੇ ਹੱਥ ਦੀ ਚੁਸਤੀ ਪਰਖੀ ਜਾਂਦੀ ਹੈ । ਕਈ ਖੇਡਾਂ ਸਾਡੀ ਸਰੀਰਕ ਸਮਰਥਾ ਨਾਲ ਸਬੰਧਤ ਹੁੰਦੀਆਂ ਹਨ, ਜਿਨ੍ਹਾਂ ਲਈ ਲੰਮੀ ਸਿਖਲਾਈ ਅਤੇ ਨਿਰੰਤਰ ਅਭਿਆਸ ਦੀ ਲੋੜ ਹੁੰਦੀ ਹੈ। ਨਿਸ਼ਾਨਾ ਲਾਉਣ, ਦੌੜਨ, ਛਾਲ ਮਾਰਨ, ਭਾਰ ਚੁੱਕਣ, ਨੇਜ਼ਾ ਸੁੱਟਣ ਆਦਿ ਦੇ ਮੁਕਾਬਲੇ ਖਿਡਾਰੀਆਂ ਦੇ ਸਿਦਕ ਅਤੇ ਸਿਰੜ ਤੋਂ ਇਲਾਵਾ ਇਕਾਗਰਤਾ, ਮਨੋਬਲ, ਸਵੈਕਾਬੂ ਆਦਿ ਦੀ ਪਰਖ ਵੀ ਕਰਦੇ ਹਨ।
ਖੇਤਰ ਕੋਈ ਹੋਵੇ ਸਿਖਰਾਂ ਨੂੰ ਛੋਹਣ ਦੇ ਯਤਨ ਜਾਰੀ ਹਨ।
ਸੋਲ੍ਹਾਂ ਸਾਲ ਦੀ ਉਮਰ ਵਿਚ ਐਵਰੇਸਟ ਫਤਹਿ ਕਰਨੀ, ਅਟਲਾਂਟਿਕ ਸਾਗਰ ਨੂੰ ਇਕੱਲਿਆਂ ਤੈਰ ਕੇ ਪਾਰ ਕਰਨਾ, ਗੁਬਾਰੇ ਵਿਚ ਨਿਰੰਤਰ ਚਾਲ੍ਹੀ ਹਜ਼ਾਰ ਕਿਲੋਮੀਟਰ ਉੱਡਣਾ, ਚੌਵੀਂ ਘੰਟਿਆਂ ਵਿਚ ਅੱਸੀ ਹਜ਼ਾਰ ਪੌਦੇ ਲਾਉਣੇ, ਇਕ ਦਿਨ ਵਿਚ ਡੇਢ ਸੌ ਕਿਲੋਮੀਟਰ ਪਿਛਲ ਪੈਰੀ ਦੌੜਨਾ, ਇਕੱਲਿਆਂ ਅਨਟਾਰਕਟਿਕਾ ਗਾਹੁਣਾ, ਇਕ ਸਾਲ ਵਿਚ ਪੰਝੀ ਹਜ਼ਾਰ ਕਿਲੋਮੀਟਰ ਦੌੜਨਾ, ਸਿਦਕ ਅਤੇ ਦ੍ਰਿੜ੍ਹਤਾ ਤੋਂ ਬਿਨਾ ਸੰਭਵ ਨਹੀਂ ਸਨ ਹੋ ਸਕਦੇ । ਉਸ ਦੇ ਸਿਰੜ੍ਹ ਨੂੰ ਕੀ ਕਹੀਏ, ਜਿਸ ਨੇ ਵੀਲ੍ਹ-ਚੇਅਰ ਵਿਚ ਸੰਸਾਰ ਦਾ ਚਕਰ ਲਾਇਆ ਹੈ।
ਧਰਮ ਦੇ ਵਿਸ਼ਾਲ ਖੇਤਰ ਵਿਚ ਵੀ ਸਿਦਕਵਾਨਾਂ ਦੀਆਂ ਕਈ ਵੰਨਗੀਆਂ ਹਨ। ਨਾਭਾ ਰਿਆਸਤ ਵਿਚ, ਮਹਾਨ ਕੋਸ਼ ਦੇ ਲੇਖਕ, ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ, ਬਾਬਾ ਨਾਰਾਇਣ ਸਿੰਘ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ ਅਤੇ ਉਹ ਬਿਨਾ ਉਠੇ, ਬਿਨਾ ਕੁਝ ਖਾਧੇ-ਪੀਤੇ, ਇਕ ਹੀ ਬੈਠਕ ਵਿਚ, ਸਤਾਈ ਘੰਟਿਆਂ ਵਿਚ ਸੰਪੂਰਣ ਅਖੰਡ-ਪਾਠ ਕਰਿਆ ਕਰਦੇ ਸਨ । ਇਸ ਨੂੰ ਅਤਿ ਅਖੰਡ-ਪਾਠ ਕਿਹਾ ਜਾਂਦਾ ਸੀ । ਉਹ ਹਰ ਮਹੀਨੇ ਨੇਮ ਨਾਲ ਚਾਰ ਪਾਠ ਕਰਦੇ ਸਨ।
ਵੇਖਣ ਵਾਲੀ ਗਲ ਇਹ ਹੈ ਕਿ ਉਨ੍ਹਾਂ ਨੇ ਕਿਤਨਾ ਲੰਮਾ ਅਭਿਆਸ ਕੀਤਾ ਹੋਵੇਗਾ ਅਤੇ ਉਨ੍ਹਾਂ ਦਾ ਆਪਣੇ ਆਪ ਉਤੇ, ਆਪਣੇ ਸਰੀਰ ਉਤੇ, ਆਪਣੇ ਮਨ ਉਤੇ, ਕਿਤਨਾ ਦ੍ਰਿੜ੍ਹ ਸਵੈ-ਕਾਬੂ ਸੀ।
ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਮਨੁੱਖੀ ਵਿਹਾਰ ਦੇ ਸਦਗੁਣ ਹਨ ਜਦੋਂ ਕਿ ਹੱਠ, ਜ਼ਿੱਦ ਅਤੇ ਅੜੀ ਇਨ੍ਹਾਂ ਹੀ ਗੁਣਾਂ ਦੇ ਕੋਹਜੇ ਰੂਪ ਹਨ। ਕੈਕਈ ਹੱਠ ਦੀ, ਹਰਣਾਖਸ਼ ਜ਼ਿੱਦ ਦਾ ਅਤੇ ਰਾਵਣ ਅੜੀ ਦੇ ਪ੍ਰਤੀਨਿਧ ਹਨ। ਅਜੇ ਤਕ ਕਿਸੇ ਨੇ ਆਪਣੀ ਧੀ ਦਾ ਨਾਂ ਕੈਕਈ ਜਾਂ ਪੁੱਤਰ ਦਾ ਨਾਂ ਹਰਣਾਖਸ਼ ਜਾਂ ਪੋਤੇ ਦਾ ਨਾਂ ਰਾਵਣ ਨਹੀਂ ਰਖਿਆ।
ਮਹਾਨ ਕਾਰਜ ਅਤੇ ਉੱਚੇ ਆਦਰਸ਼, ਸਿਦਕ ਅਤੇ ਸਿਰੜ ਨਾਲ ਹੀ ਸਿਰੇ ਚੜ੍ਹਦੇ ਹਨ, ਜਦੋਂ ਕਿ ਨੀਵੇਂ ਮਨਸੂਬਿਆਂ ਲਈ ਜ਼ਿੱਦ ਅਤੇ ਅੜੀ ਵਰਤੀ ਜਾਂਦੀ ਹੈ।
ਸਿਦਕ ਹਰੇਕ ਪਖਪਾਤ ਨੂੰ ਜਿੱਤ ਲੈਂਦਾ ਹੈ।
ਸਿਦਕਵਾਨਾਂ ਵਿਚ ਹੌਸਲਾ ਵਧੇਰੇ ਨਹੀਂ ਹੁੰਦਾ, ਡਰ ਘਟ ਹੁੰਦਾ ਹੈ ।
ਸੰਕਟ ਵਿਚ ਚਰਿਤਰ ਉਪਜਦਾ ਨਹੀਂ, ਉਘੜਦਾ ਹੈ।
ਸਮੁੰਦਰੀ ਤੂਫਾਨ ਵਿਚ ਘਿਰਿਆ ਹੋਇਆ ਜਹਾਜ਼ ਜਾਂ ਬੇੜਾ, ਸੰਕਟ ਦੀ ਅਤਿ ਗੰਭੀਰ ਉਦਾਹਰਣ ਹੈ ਪਰ ਮਲਾਹਾਂ ਦੇ ਸਿਦਕ ਅਤੇ ਸਿਰੜ ਨਾਲ ਜਹਾਜ਼ ਬਚ ਜਾਂਦੇ ਹਨ। ਇਸੇ ਲਈ ਅਖਾਣ ਬਣਿਆ ਹੈ : ਸਿਦਕ ਦੇ ਬੇੜੇ ਪਾਰ।
ਜਦੋਂ ਵੀ ਕੋਈ ਮਨੁੱਖ ਚੰਗਾ, ਸਰਬੱਤ ਦੇ ਭਲੇ ਵਾਲਾ, ਕੰਮ ਕਰਦਾ ਹੈ ਤਾਂ ਸਰੀਰ ਆਪ-ਮੁਹਾਰੇ ਵਧੇਰੇ ਸ਼ਕਤੀ ਉਪਜਾਉਂਦਾ ਹੈ ਅਤੇ ਚੰਗੇ ਕੰਮ ਲਈ ਸਾਡੀ ਤਾਕਤ ਵੱਧ ਜਾਂਦੀ ਹੈ।
ਉੱਚੇ ਇਰਾਦੇ ਸਾਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ ਜਦੋਂ ਕਿ ਨੀਵੇਂ ਇਰਾਦਿਆਂ ਵਿਚੋਂ ਥਕਾਵਟ ਅਤੇ ਪ੍ਰੇਸ਼ਾਨੀ ਹੀ ਉਪਜਦੀ ਹੈ। ਜਦੋਂ ਵੀ ਸਮੁੱਚੀ ਮਾਨਵਜਾਤੀ ਲਈ ਤੁਸੀਂ ਕੁਝ ਕਰੋਗੇ, ਕੰਮ ਹਲਕਾ, ਸੌਖਾ ਅਤੇ ਮਾਣਨਯੋਗ ਹੋ ਜਾਵੇਗਾ।
ਧਿਆਨ ਨਾਲ ਵੇਖੋਗੇ ਤਾਂ ਜਾਣਨ ਵਿਚ ਮੁਸ਼ਕਿਲ ਨਹੀਂ ਹੋਵੇਗੀ ਕਿ ਸਾਰੀ ਪ੍ਰਕ੍ਰਿਤੀ ਦੇਣ ਦੇ ਅਮਲ ਵਿਚ ਹੈ।
ਜੇ ਤੁਸੀਂ ਚਲਾਕੀ ਕਰੋਗੇ, ਝੂਠ ਬੋਲੋਗੇ, ਪਖੰਡ ਰਚੋਗੇ, ਕੰਮ-ਚੋਰ ਬਣੋਗੇ ਤਾਂ ਜੋ ਕੁਝ ਹੈ ਉਹ ਵੀ ਗੁਆਚਦਾ ਚਲਾ ਜਾਵੇਗਾ।
ਹੰਢਣਸਾਰ ਪਰਿਵਰਤਨ ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਤੋਂ ਬਿਨਾ ਨਹੀ ਵਾਪਰਦੇ। ਲਿੰਕਨ ਨੇ ਜੋ ਕੁਝ ਕੀਤਾ ਸੀ, ਉਹ ਕੇਵਲ ਉਹੀ ਕਰ ਸਕਦਾ ਸੀ।
ਬੂੰਦ ਵਿਚ ਸਾਗਰ ਹੋਣ ਦੀ ਇੱਛਾ, ਕਦੇ ਨਹੀਂ ਮਿਟੇਗੀ।
ਦੁਰਘਟਨਾਵਾਂ, ਸੰਕਟ ਅਤੇ ਹਾਦਸੇ ਵਾਪਰਦੇ ਰਹਿਣਗੇ ਕਿਉਂਕਿ ਇਹ ਸਾਡੇ ਸਿਦਕ ਅਤੇ ਸਿਰੜ ਨੂੰ ਨਿਰੰਤਰ ਪਰਖਦੇ ਰਹਿੰਦੇ ਹਨ।
ਵੱਡੇ ਫੈਸਲਿਆਂ ਲਈ ਵੱਡੇ ਸਿਰੜ ਦੀ ਲੋੜ ਪੈਂਦੀ ਹੈ ਕਿਉਂਕਿ ਵੱਡੇ ਨਿਰਣਿਆਂ ਅਤੇ ਪਰਿਵਰਤਨਾਂ ਦਾ ਵਿਰੋਧ ਹੁੰਦਾ ਹੈ। ਫੈਸਲਾ ਕਰਨ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਫੈਸਲੇ ਕਰਨ ਵਿਚ ਰੁਕਾਵਟ ਹੋਵੇ। ਫੈਸਲਾ ਅਤੇ ਕੁਝ ਕਰਨ ਦਾ ਇਕਰਾਰ ਕਰਨਾ ਹੀ ਨਹੀਂ ਹੁੰਦਾ, ਉਸ ਤੇ ਪਹਿਰਾ ਵੀ ਦੇਣਾ ਹੁੰਦਾ ਹੈ ਅਤੇ ਉਸ ਨੂੰ ਸਿਰੇ ਵੀ ਚੜ੍ਹਾਉਣਾ ਹੁੰਦਾ ਹੈ ਨਹੀਂ ਤਾਂ ਫੈਸਲੇ ਹੁੰਦੇ ਰਹਿੰਦੇ ਹਨ, ਕਾਨੂੰਨ ਬਣਦੇ ਰਹਿੰਦੇ ਹਨ ਪਰ ਅਮਲ ਨਾ ਹੋਣ ਕਰਕੇ ਸਮੱਸਿਆਵਾਂ ਹਲ ਨਹੀਂ ਹੁੰਦੀਆਂ।
ਸਮਾਜ ਨੂੰ ਬਦਲਣ ਵਾਸਤੇ ਬਹਾਦਰ ਅਤੇ ਦੂਰ-ਅੰਦੇਸ਼ ਸਿਦਕਵਾਨਾਂ ਦੀ ਲੋੜ ਪੈਂਦੀ ਹੈ। ਖੇਤਰ ਕੋਈ ਹੋਵੇ, ਉਤਮਤਾ ਦੀ ਕੀਮਤ ਜੀਵਨ ਭਰ ਦੀ ਮਿਹਨਤ ਹੁੰਦੀ ਹੈ, ਇਸ ਤੋਂ ਸਸਤੀ ਇਹ ਕਿਧਰੇ ਮਿਲਦੀ ਹੀ ਨਹੀਂ । ਹਰ ਤਬਦੀਲੀ ਵਾਸਤੇ ਅਤੇ ਵਿਕਾਸ ਵਾਸਤੇ ਜਦੋਜਹਿਦ ਕਰਨੀ ਅਤੇ ਲੜਨਾ ਪੈਂਦਾ ਹੈ।
ਮਿਹਨਤ ਲੜਨ ਦੀ ਹੀ ਇਕ ਕਿਸਮ ਹੈ।
ਮਨੁੱਖ ਨੇ ਜੋ ਕੁਝ ਮੁਲਵਾਨ ਪ੍ਰਾਪਤ ਕੀਤਾ ਹੈ ਉਹ ਮਿਹਨਤ ਨਾਲ ਹੀ ਕੀਤਾ ਹਾਂ । ਉਦਾਹਰਣ ਵਜੋਂ ਤੇਜ਼ ਚਲਣ ਦੀ ਇੱਛਾ ਵਿਚੋਂ ਸਾਈਕਲ ਦੀ ਕਾਢ ਨਿਕਲੀ। ਰਾਤਾਂ ਜਾਗਣ ਵਾਲਿਆਂ ਨੇ ਤਾਰਾ ਵਿਗਿਆਨ ਦਾ ਮੁੱਢ ਬੰਨ੍ਹਿਆ। ਦੋਹਾਂ ਹੱਥਾਂ ਨਾਲ ਲਿਖਣ ਦੇ ਉਦੇਸ਼ ਵਿਚੋਂ ਟਾਈਪਰਾਈਟਰ ਨਿਕਲੀ।
ਜੇ ਕੋਈ ਨਿਸ਼ਚਿਤ ਉਦੇਸ਼ ਨਾ ਹੋਵੇ ਤਾਂ ਮਨੁੱਖ ਦੀ ਕਿਸੇ ਕੰਮ ਵਿਚ ਰੁਚੀ ਜਾਂ ਦਿਲਚਸਪੀ ਹੀ ਨਹੀਂ ਉਪਜਦੀ।
ਉੱਚੇ ਉਦੇਸ਼ ਤੋਂ ਬਿਨਾ ਕੀਤੇ ਕੰਮ ਦਾ ਕੋਈ ਨਤੀਜਾ ਨਹੀਂ ਨਿਕਲਦਾ।
ਜੇ ਕੇਵਲ ਧਨ ਇਕੱਠਾ ਕਰਨਾ ਹੀ ਮਨੁੱਖ ਦਾ ਉਦੇਸ਼ ਬਣ ਜਾਵੇ ਤਾਂ ਉਹ ਉਦੇਸ਼ ਵਿਚ ਤਾਂ ਭਾਵੇਂ ਸਫਲ ਹੋ ਜਾਵੇ ਪਰ ਅਜਿਹਾ ਮਨੁੱਖ ਜੀਵਨ ਦੀਆਂ ਉੱਚੀਆਂ ਤਸੱਲੀਆਂ ਅਤੇ ਡੂੰਘੇ ਅਨੁਭਵਾਂ ਤੋਂ ਵਿਰਵਾ ਰਹਿ ਜਾਂਦਾ ਹੈ।
ਕੰਜੂਸੀ, ਸਾੜੇ, ਈਰਖਾ ਜਾਂ ਬੇਈਮਾਨੀ ਦੀ ਆਦਤ, ਅਤੀਤ ਦੀ ਕਿਸੇ ਘਾਟ ਕਰਕੇ ਅਤੇ ਭਵਿੱਖ ਵਿਚ ਵਿਸ਼ਵਾਸ ਦੀ ਅਣਹੋਂਦ ਕਾਰਨ ਉਪਜਦੀ ਹੈ।
ਕਈਆਂ ਨੇ ਅਤੀਤ ਨੂੰ ਇਤਨਾ ਘੁਟ ਕੇ ਫੜਿਆ ਹੋਇਆ ਹੈ ਕਿ ਉਨ੍ਹਾਂ ਦੇ ਹੱਥ ਵਰਤਮਾਨ ਨੂੰ ਪਕੜਨ ਅਤੇ ਭਵਿੱਖ ਨੂੰ ਛੋਹਣ ਲਈ ਖੁਲ੍ਹਦੇ ਹੀ ਨਹੀਂ । ਅਜਿਹੇ ਜੀਵਨ ਵਿਚ ਦੁਹਰਾਓ ਹੁੰਦਾ ਹੈ ਅਤੇ ਕੁਝ ਨਵਾਂ ਨਹੀਂ ਵਾਪਰਦਾ।
ਜਿਥੇ ਜੀਵਨ ਨੇਮਬਧ ਨਹੀਂ ਹੁੰਦਾ ਉਥੇ ਲੋਕਾਂ ਦੀ ਹੋਂਦ ਤਾਂ ਹੁੰਦੀ ਹੈ ਪਰ ਪਛਾਣ ਨਹੀਂ ਹੁੰਦੀ। ਅਫਰੀਕੀ ਮਹਾਂਦੀਪ ਨਾਲ ਇਵੇਂ ਹੀ ਵਾਪਰ ਰਿਹਾ ਹੈ।
ਅਜੋਕੇ ਯੁਗ ਵਿਚ ਮਨੁੱਖ ਨੂੰ ਡੇਗਣ ਅਤੇ ਨਿਤਾਣਾ ਬਣਾਉਣ ਵਾਲੀਆਂ, ਭਰਿਸ਼ਟ ਕਰਨ ਲਈ ਭਰਮਾਉਣ ਵਾਲੀਆਂ ਅਤੇ ਨਸ਼ਿਆਂ ਨਾਲ ਅਸਲੀ ਉਦੇਸ਼ ਤੋਂ ਭਟਕਾਉਣ ਵਾਲੀਆਂ ਸ਼ਕਤੀਆਂ ਬੜੀਆਂ ਬਲਵਾਨ ਹੋ ਗਈਆਂ ਹਨ ਸੋ ਸਿਦਕ ਅਤੇ ਸਿਰੜ ਤੋ ਬਿਨਾ ਜੀਵਨ ਨੂੰ ਸਾਰਥਕ ਢੰਗ ਨਾਲ ਜਿਊਣਾ ਸੰਭਵ ਨਹੀਂ ਰਿਹਾ। ਹੁਣ ਨਿੱਕੀ ਜਿਹੀ ਮੁਸ਼ਕਿਲ ‘ਤੇ ਆਤਮਘਾਤ ਕਰਨ, ਨਿਗੁਣੀ ਜਿਹੀ ਅਸਫਲਤਾ ‘ਤੇ ਢੇਰੀ ਢਾਹੁਣ ਅਤੇ ਪੜ੍ਹਾਈ ਵਿਚੇ ਛੱਡ ਦੇਣ ਅਤੇ ਨਿਕੇ ਜਿਹੇ ਬੋਲ-ਬੁਲਾਰੇ ‘ਤੇ ਤਲਾਕ ਲੈਣ ਦਾ ਰੁਝਾਨ ਨਿਰੰਤਰ ਵੱਧ ਰਿਹਾ ਹੈ।
ਨਸ਼ਿਆਂ ਦੀ ਉਪਜਾਈ ਨਿਰਾਸ਼ਤਾ, ਕੁਝ ਨਵਾਂ ਕਰਨ ਦੇ ਪੱਖੋਂ ਝਿਜਕ, ਅਸੰਭਵ ਨਿਸ਼ਾਨੇ ਮਿੱਥਣ ਅਤੇ ਅਸਫਲ ਹੋਣ ਵਿਚੋਂ ਉਪਜੀ ਉਦਾਸੀ ਸਾਡੇ ਵਿਹਾਰ ਦਾ ਭਾਗ ਬਣ ਗਈਆਂ ਹਨ। ਲੋੜ ਹੈ ਕਿ ਸੁਸਤ ਅਤੇ ਸੌਖੀ ਜ਼ਿੰਦਗੀ ਦੀ ਥਾਂ ਮਜ਼ਬੂਤ ਜੀਵਨ ਦੀ ਤਾਂਘ ਕੀਤੀ ਜਾਵੇ ਅਤੇ ਬੱਚਿਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਚੁਕਣ ਦੇ ਯੋਗ ਬਣਾਇਆ ਜਾਵੇ।
ਬੱਚਿਆਂ ਨੂੰ ਪਲੋਸ ਕੇ ਰਖਣ ਦੀ ਥਾਂ ਉਨ੍ਹਾਂ ਵਿਚ ਸਖਤ-ਜਾਨ ਬਣਨ ਦੀ ਰੀਝ ਅਤੇ ਜਦੋਜਹਿਦ ਕਰਨ ਦੀ ਆਦਤ ਪਾਉਣ ਦੀ ਲੋੜ ਹੈ। ਤਾਂ ਹੀ ਉਹ ਮੁਸ਼ਕਿਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰ ਸਕਣਗੇ।
ਇਕ ਵਾਰੀ ਇਕ ਵਿਅਕਤੀ ਨੇ ਤਿੱਤਲੀਆਂ ਨੂੰ ਕੋਇਆਂ ਵਿਚੋਂ ਨਿਕਲਣ ਦੀ ਔਖਿਆਈ ਵੇਖੀ ਤਾਂ ਉਸ ਨੇ ਆਪਣੇ ਅੰਗੂਠੇ ਨਾਲ ਉਨ੍ਹਾਂ ਨੂੰ ਕੋਇਆਂ ਵਿਚੋਂ ਬਾਹਰ ਕਢਿਆ ਪਰ ਉਸ ਨੇ ਵੇਖਿਆ ਕਿ ਜਿਨ੍ਹਾਂ ਤਿੱਤਲੀਆਂ ਨੇ ਕੋਇਆਂ ਵਿਚੋਂ ਆਪੇ ਨਿਕਲਣ ਦੀ ਜਦੋ ਜਹਿਦ ਨਹੀਂ ਸੀ ਕੀਤੀ, ਉਹ ਉੱਡ ਨਹੀਂ ਸੀ ਸਕਦੀਆਂ, ਉਨ੍ਹਾਂ ਵਿਚ ਉੱਡਣ ਦਾ ਸਾਹਸ, ਸਿਦਕ ਅਤੇ ਭਰੋਸਾ ਨਹੀਂ ਸੀ।
ਬੱਚਿਆਂ ਵਿਚ ਜਿੱਤ ਦਾ ਭਰੋਸਾ ਸਿਰਜਣ ਲਈ, ਉਨ੍ਹਾਂ ਨੂੰ ਦਸਣਾ ਜ਼ਰੂਰੀ ਹੈ ਕਿ ਖੇਡ ਵਿਚ ਜਿੱਤਣਾ ਮਹੱਤਵਪੂਰਨ ਨਹੀਂ, ਜਿੱਤ ਦੀ ਭਾਵਨਾ ਨਾਲ ਪੂਰਾ ਤਾਣ ਲਾ ਕੇ ਖੇਡਣਾ ਮਹੱਤਵਪੂਰਨ ਹੈ।
ਅਸੀਂ ਕੰਮ ਹੀ ਨਹੀਂ ਕਰਨਾ, ਚੰਗੇ ਕੰਮ ਨੂੰ ਚੰਗੇ ਢੰਗ ਨਾਲ ਕਰਕੇ ਆਪਣਾ ਸਮਾਂ ਵੀ ਮੁਲਵਾਨ ਬਣਾਉਣਾ ਹੈ। ਬੱਚਿਆਂ ਵਿਚ ਦੂਜਿਆਂ ਦੇ ਗੁਣਾਂ ਦੀ ਕਦਰ ਪਾਉਣ ਦੀ ਜਾਚ ਵੀ ਸਿਖਾਉਣ ਦੀ ਲੋੜ ਹੈ ਕਿਉਂਕਿ ਬਹਾਦਰ, ਕਾਬਲ ਅਤੇ ਲਾਇਕ ਦੂਜਿਆਂ ਲਈ ਪ੍ਰਸੰਸਾ ਨਾਲ ਭਰੇ ਹੁੰਦੇ ਹਨ।
ਵੇਖਿਆ ਗਿਆ ਹੈ ਕਿ ਸਿਦਕ ਅਤੇ ਸਿਰੜ ਵਾਲੇ ਵਿਅਕਤੀ ਥੋੜ੍ਹੀ ਜਿਹੀ ਸਮਰਥਾ ਨਾਲ ਵੀ ਬਹੁਤ ਕੁਝ ਕਰ ਲੈਂਦੇ ਹਨ ਜਦੋਂ ਕਿ ਬਹੁਤ ਸਮਰੱਥਾਵਾਨ ਵਿਅਕਤੀ ਵੀ, ਨਿਰਾਸ਼ਾਵਾਦੀ ਬਿਰਤੀ ਕਾਰਨ, ਕੁਝ ਵੀ ਨਹੀਂ ਕਰ ਸਕਦੇ।
ਭਾਵੇਂ ਸਥਿਤੀ ਬੜੀ ਗੰਭੀਰ ਹੈ ਪਰ ਸਾਰਾਗੜ੍ਹੀ ਦੇ ਬਹਾਦਰਾਂ ਵਾਂਗ ਅਸੀਂ ਆਪਣੀਆਂ ਸ਼ਕਤੀਆਂ ਨੂੰ ਪਛਾਣ ਕੇ, ਚੰਗਾ ਉਦੇਸ਼ ਮਿੱਥ ਦੇ, ਸਿਦਕ, ਸਿਰੜ ਅਤੇ ਦ੍ਰਿੜਤਾ ਨਾਲ, ਹਾਰ ਅਤੇ ਅਸਫਲਤਾ ਨੂੰ ਜ਼ਰੂਰ ਪਛਾੜ ਸਕਦੇ ਹਾਂ ਅਤੇ ਅਜਿਹਾ ਕਰਕੇ ਅਸੀਂ ਜੀਵਨ ਦੀ ਮੂਹਰਲੀ ਕਤਾਰ ਵਿਚ ਖਲੋਣ ਦੇ ਸਮਰੱਥ ਹੋ ਸਕਦੇ ਹਾਂ।
ਸੋਹਣੇ ਅਤੇ ਪਿਆਰੇ
ਸੋਹਣਿਆਂ ਨੂੰ ਵੇਖਦੀਆਂ ਅੱਖਾਂ ਹਨ ਪਰ ਖਿੱਚ ਦਿਲ ਨੂੰ ਪੈਂਦੀ ਹੈ, ਪ੍ਰਸੰਨ ਮਨ ਹੁੰਦਾ ਹੈ, ਭੱਖਦਾ ਸਰੀਰ ਹੈ ਅਤੇ ਰੱਜਦਾ ਦਿਮਾਗ ਹੈ।
ਲੋਕ ਸੋਹਣੇ, ਨੈਣ-ਨਕਸ਼ਾਂ ਕਰਕੇ ਲਗਦੇ ਹਨ ਪਰ ਪਿਆਰ ਉਨ੍ਹਾਂ ਦੇ ਗੁਣਾਂ ਨਾਲ ਕੀਤਾ ਜਾਂਦਾ ਹੈ।
ਪਿਆਰੇ ਸਾਨੂੰ ਚੰਗੇ ਲਗਣ ਕਰਕੇ ਸੋਹਣੇ ਪ੍ਰਤੀਤ ਹੁੰਦੇ ਹਨ ਅਤੇ ਸੋਹਣੇ ਆਪਣੀ ਸੁੰਦਰਤਾ ਕਰਕੇ ਸਾਨੂੰ ਪਿਆਰੇ ਲਗਦੇ ਹਨ।
ਕਿਸੇ ਦਾ ਸੋਹਣਾ ਜਾਂ ਪਿਆਰਾ ਲਗਣਾ ਸਾਡਾ ਨਿਜੀ ਫੈਸਲਾ ਹੁੰਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਕਿਸੇ ਨੂੰ ਨਿਰਪੱਖ ਹੋ ਕੇ ਪਸੰਦ ਨਹੀਂ ਕੀਤਾ ਜਾ ਸਕਦਾ । ਜੇ ਮਜਨੂੰ ਨਿਰਪੱਖ ਹੁੰਦਾ ਤਾਂ ਉਸ ਨੂੰ ਲੈਲਾ ਕਦੇ ਪਸੰਦ ਨਹੀਂ ਸੀ ਆਉਣੀ। ਕਿਸੇ ਨੂੰ ਪਸੰਦ ਕਰਨ ਵੇਲੇ ਮਨੁੱਖ ਮਨ-ਮਰਜ਼ੀ ਕਰਦਾ ਹੈ।
ਮਨੁੱਖ ਜਿਸ ਨੂੰ ਪਸੰਦ ਕਰਦਾ ਹੈ, ਉਸ ਦਾ ਵਿਰੋਧ ਜਾਂ ਉਸ ਨਾਲ ਬਹਿਸ ਨਹੀਂ ਕਰਦਾ, ਕਿਉਂਕਿ ਪਸੰਦ ਕਰਨਾ ਸਹਿਮਤ ਹੋਣ ਦਾ ਖੇਤਰ ਹੈ। ਬਹਿਸ ਉਨ੍ਹਾਂ ਨਾਲ ਕੀਤੀ ਜਾਂਦੀ ਹੈ, ਜਿਹੜੇ ਸਾਨੂੰ ਸੋਹਣੇ ਨਹੀਂ ਲਗਦੇ।
ਜਿਹੜਾ ਸਾਨੂੰ ਪਿਆਰਾ ਲਗਦਾ ਹੈ, ਉਸ ਨਾਲ ਗਲਬਾਤ ਕਦੇ ਵੀ ਬਹਿਸ ਨਹੀਂ ਬਣਦੀ ਪਰ ਜਿਹੜੇ ਸਾਨੂੰ ਚੰਗੇ ਨਹੀਂ ਲਗਦੇ, ਉਨ੍ਹਾਂ ਪ੍ਰਤੀ ਅਸੀਂ ਕਈ ਢੰਗਾਂ ਨਾਲ, ਜਿਵੇਂ ਆਉਣ ਵਿਚ ਦੇਰ ਕਰਕੇ, ਫਾਸਲੇ ਤੇ ਬਹਿ ਕੇ ਜਾਂ ਅਤਿ ਸੰਖੇਪ ਉੱਤਰ ਦੇ ਕੇ, ਵਿਰੋਧ ਪ੍ਰਗਟਾਉਂਦੇ ਹਾਂ।
ਕਿਸੇ ਵਿਅਕਤੀ, ਚੀਜ਼ ਜਾਂ ਥਾਂ ਵਿਚ ਕੋਈ ਸੁੰਦਰਤਾ ਨਹੀਂ ਹੁੰਦੀ । ਸੁੰਦਰਤਾ ਵੇਖਣਾ, ਵੇਖਣ ਵਾਲੇ ਦੇ ਮਨ ਦਾ ਗੁਣ ਹੈ।
ਜਦੋਂ ਕਿਸੇ ਚੀਜ਼ ਨੂੰ ਪਿਆਰ ਨਾਲ ਵੇਖਿਆ ਜਾਵੇ, ਉਹ ਸੋਹਣੀ ਵੀ ਲਗਦੀ ਹੈ, ਪਿਆਰੀ ਵੀ ਅਤੇ ਅਨੋਖੀ ਵੀ। ਇਸੇ ਆਧਾਰ ਉਤੇ ਮਾਂ ਨੂੰ ਆਪਣੀ ਸੰਤਾਨ, ਚਿੱਤਰਕਾਰ ਨੂੰ ਆਪਣਾ ਬਣਾਇਆ ਚਿੱਤਰ ਅਤੇ ਕਵੀ ਨੂੰ ਆਪਣੀ ਕਵਿਤਾ ਸੋਹਣੀ ਅਤੇ ਪਿਆਰੀ ਲਗਦੀ ਹੈ। ਇਸੇ ਆਧਾਰ ਤੇ ਪੱਥਰ ਹੀਰੇ ਨਜ਼ਰ ਆਉਂਦੇ ਹਨ ਅਤੇ ਗਹਿਣੇ ਸੋਹਣੇ ਲਗਦੇ ਹਨ।
ਜਦੋਂ ਅਸੀਂ ਕਿਸੇ ਚੀਜ਼ ਨੂੰ ਸੋਹਣੀ ਕਹਿੰਦੇ ਹਾਂ ਤਾਂ ਅਸਲ ਵਿਚ ਕਹਿ ਇਹ ਰਹੇ ਹੁੰਦੇ ਹਾਂ ਕਿ ਇਹ ਮੈਨੂੰ ਪਸੰਦ ਹੈ, ਮੇਰਾ ਦਿਲ ਇਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਮੈਂ ਇਸ ਦੇ ਨੇੜੇ ਹੋਣਾਂ ਚਾਹੁੰਦਾ ਹਾਂ।
ਅਸੀਂ ਦੂਜਿਆਂ ਨਾਲ ਕੇਵਲ ਵਿਹਾਰਕ ਗੱਲਾਂ ਹੀ ਕਰਦੇ ਹਾਂ ਪਰ ਹਰ ਮਨੁੱਖ ਨੂੰ ਕਿਸੇ ਅਜਿਹੇ ਪਿਆਰੇ ਦੀ ਲੋੜ ਹੁੰਦੀ ਹੈ, ਜਿਸ ਨਾਲ ਸਾਰੀਆਂ ਗੱਲਾਂ ਕੀਤੀਆਂ ਜਾ ਸਕਣ। ਇਸੇ ਕਰਕੇ ਜਿਉਂ ਜਿਉਂ ਕੋਈ ਸਾਡਾ ਪਿਆਰਾ ਹੋਈ ਜਾਂਦਾ ਹੈ, ਤਿਉਂ ਤਿਉਂ ਅਸੀਂ ਆਪਣੀ ਜ਼ਿੰਦਗੀ ਦੇ ਅੰਦਰਲੇ ਭੇਤ ਉਸ ਨੂੰ ਦਸੀ ਜਾਂਦੇ ਹਾਂ।
ਦੂਜੀ ਧਿਰ ਵਲੋਂ ਸਾਨੂੰ ਆਪਣੇ ਨਿੱਜੀ ਵੇਰਵੇ ਦਸਣੇ, ਉਸ ਦੇ ਸਾਡੇ ਵਿਚ ਵਿਸ਼ਵਾਸ ਦਾ ਪ੍ਰਗਟਾਵਾ ਹੁੰਦੇ ਹਨ।
ਕਿਸੇ ਨਾਲ ਵਾਪਰੀ ਦੁਰਘਟਨਾ ਦਾ ਦੁੱਖ ਸਾਨੂੰ ਉਸ ਨਾਲ ਆਪਣੀ ਨੇੜਤਾ ਦੇ ਅਨੁਪਾਤ ਵਿਚ ਮਹਿਸੂਸ ਹੁੰਦਾ ਹੈ।
ਪਿਆਰਿਆਂ ਅਤੇ ਸੋਹਣਿਆਂ ਨਾਲ ਨੱਚਣ ਅਤੇ ਟੁਰਨ ਵਿਚ ਕਦੇ ਥਕਾਵਟ ਨਹੀਂ ਹੁੰਦੀ।
ਆਪਣੇ ਪਿਆਰੇ ਨੂੰ ਆਉਂਦਾ ਵੇਖ ਕੇ ਅੱਖਾਂ ਭਜਨ ਗਾਉਣ ਲਗ ਪੈਂਦੀਆਂ ਹਨ। ਅਸੀਂ ਪਸੰਦ ਆਉਣ ਵਾਲੇ ਲੋਕਾਂ ਦੀ ਹਾਜ਼ਰੀ ਨੂੰ ਹੀ ਮਾਣਦੇ ਹਾਂ ਜਦੋਂ ਕਿ ਵਿਰੋਧੀਆਂ ਦੀ ਹਾਜ਼ਰੀ ਵਿਚ ਸਾਨੂੰ ਆਪਣਾ ਆਪ ਵੀ ਬੋਝਲ ਲਗਣ ਲਗ ਪੈਂਦਾ ਹੈ। ਦੁਸ਼ਮਣਾਂ ਵਿਚ ਹਉਮੈ ਹੁੰਦੀ ਹੈ, ਹਉਮੈ ਦਾ ਰੂਪ ਕੋਈ ਹੋਵੇ ਉਸ ਨੂੰ ਪਸੰਦ ਨਹੀਂ ਕੀਤਾ ਜਾਂਦਾ।
ਪਿਆਰ ਵਿਚ ਹਉਮੈ ਦਾ ਬੋਝ ਲਹਿ ਜਾਂਦਾ ਹੈ।
ਜੇ ਕਿਸੇ ਸੋਹਣੇ ਨੂੰ ਆਪਣੇ ਸੋਹਣੇ ਹੋਣ ਦਾ ਗੁਮਾਨ ਹੋਵੇ ਤਾਂ ਉਸ ਨੂੰ ਭੈੜੇ ਵਿਅਕਤੀ ਨਾਲੋਂ ਵੀ ਭੈੜਾ ਸਮਝਿਆ ਜਾਂਦਾ ਹੈ।
ਸਾਡੀ ਸੋਚ ਸਾਰੀ ਲੋਕਾਈ ਨੂੰ ਚੰਗਿਆਂ-ਮਾੜਿਆਂ ਵਿਚ ਵੰਡਦੀ ਹੈ। ਸਾਡੀ ਸੋਚ ਜਿਸ ਨੂੰ ਚੁਣ ਲੈਂਦੀ ਹੈ ਉਸ ਨੂੰ ਵਿਸ਼ੇਸ਼ ਬਣਾ ਦਿੰਦੀ ਹੈ। ਵਿਸ਼ੇਸ਼ ਬਣਾਉਣ ਦੀ ਇਸ ਪ੍ਰਕ੍ਰਿਆ ਨੂੰ ਹੀ ਪਿਆਰ ਕਹਿੰਦੇ ਹਨ । ਸਾਡਾ ਪਿਆਰਾ, ਇਕ ਅਜਿਹਾ ਵਿਅਕਤੀ ਹੁੰਦਾ ਹੈ, ਜਿਸ ਨਾਲ ਅਸੀਂ ਜ਼ਿੰਦਗੀ ਦੀਆਂ ਲੰਬਾਈਆਂ, ਚੌੜਾਈਆਂ, ਡੂੰਘਾਈਆਂ ਅਤੇ ਸਿਖਰਾਂ ਮਾਪਦੇ ਹਾਂ । ਪਿਆਰੇ ਵਾਂਗ ਦੁਸ਼ਮਣ ਵੀ ਵਿਸ਼ੇਸ਼ ਵਿਅਕਤੀ ਹੁੰਦਾ ਹੈ ਪਰ ਪਿਆਰੇ ਨੂੰ ਮੁਸਕ੍ਰਾਹਟਾਂ ਮਿਲਦੀਆਂ ਹਨ ਅਤੇ ਦੁਸ਼ਮਣ ਨੂੰ ਤਿਉੜੀਆਂ।
ਜਿਸ ਨਾਲ ਸਾਡਾ ਅਤੇ ਜਿਸ ਦਾ ਸਾਡੇ ਨਾਲ ਛੰਦ ਮਿਲ ਜਾਂਦਾ ਹੈ ਅਸੀਂ ਉਸ ਨੂੰ ਅਤੇ ਉਹ ਸਾਨੂੰ ਤਾਲ ਦੇਣ ਲਗ ਪੈਂਦਾ ਹੈ। ਦੋਹਾਂ ਦੀਆਂ ਲੋੜਾਂ ਹੀ ਕੁਝ ਇਸ ਪ੍ਰਕਾਰ ਦੀਆਂ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ, ਦੂਜੀ ਧਿਰ ਹੀ ਪੂਰਿਆਂ ਕਰ ਸਕਦੀ ਹੈ।
ਜਿਹੜਾ ਸਾਨੂੰ ਸੋਹਣਾ-ਪਿਆਰਾ ਲਗਦਾ ਹੈ, ਉਸ ਨੂੰ ਅਸੀਂ ਆਪਣੇ ਨਾਲੋਂ ਉਚੇਰਾ ਅਤੇ ਆਪਣੇ ਆਪ ਨੂੰ ਉਸ ਨਾਲੋਂ ਨੀਵਾਂ ਸਮਝਣ ਲਗ ਪੈਂਦੇ ਹਾਂ ਅਤੇ ਆਪਣੇ ਸੁਖ ਨਾਲੋਂ ਉਸਦਾ ਸੁਖ ਪਹਿਲਾਂ ਸੋਚਦੇ ਹਾਂ ਅਤੇ ਆਪਣੇ ਦੁੱਖ ਨਾਲੋਂ ਉਸ ਦਾ ਦੁੱਖ ਵੱਡਾ ਸਮਝਦੇ ਹਾਂ ਅਤੇ ਉਸ ਲਈ ਸਾਡੇ ਵਲੋਂ ਕੀਤੀ ਜਾਣ ਵਾਲੀ ਕੁਰਬਾਨੀ ਦਾ ਕੱਦ ਉੱਚਾ ਹੁੰਦਾ ਜਾਂਦਾ ਹੈ।
ਜੀਵਨ ਦੇ ਰਾਹ ਦੀਆਂ ਮੁਸੀਬਤਾਂ ਸਾਨੂੰ ਆਪਣੇ ਪਿਆਰਿਆਂ ਦੇ ਹੋਰ ਨੇੜੇ ਲੈ ਆਉਂਦੀਆਂ ਹਨ। ਪਿਆਰ ਦੀਆਂ ਮੁਸੀਬਤਾਂ ਆਪਣੀ ਗੰਭੀਰਤਾ ਅਤੇ ਖਤਰਿਆਂ ਕਾਰਨ ਸਾਨੂੰ ਉਦਾਸ ਕਰਦੀਆਂ ਹਨ ਪਰ ਪਿਆਰ ਵਿਚ ਉਦਾਸੀ ਗਹਿਣੇ ਵਾਂਗ ਪਹਿਨੀ ਜਾਂਦੀ ਹੈ।
ਪਿਆਰ ਵਿਚ ਪ੍ਰੇਮੀਆਂ ਨੂੰ ਦਰਦ ਹੰਢਾਉਣ ਦੀ ਮੌਜ ਮਿਲਦੀ ਹੈ। ਸੱਚ ਤਾਂ ਇਹ ਹੈ ਕਿ ਪਿਆਰ ਕਰਨਾ ਉਦਾਸੀ ਵਿਚੋਂ ਆਨੰਦ ਲੈਣ ਦਾ ਖੇਤਰ ਹੈ। ਉਦਾਸ ਵਿਅਕਤੀਆਂ ਵਿਚ ਅਖ਼ਲਾਕ ਦੀ ਪੱਧਰ ਉੱਚੀ ਹੁੰਦੀ ਹੈ, ਉਹ ਵਧੇਰੇ ਸਾਊ ਅਤੇ ਸਿਆਣੇ ਪ੍ਰਤੀਤ ਹੁੰਦੇ ਹਨ। ਨਿਮਰਤਾ ਦਾ ਗੁਣ, ਉਦਾਸੀ ਦੀ ਪੀੜ ਵਿਚੋਂ ਹੀ ਜਾਗਦਾ ਹੈ। ਜਦੋਂ ਸ਼ਬਦ, ਪੀੜ ਜਾਂ ਉਦਾਸੀ ਦਾ ਬੋਝ ਨਹੀਂ ਚੁਕ ਸਕਦੇ ਤਾਂ ਮਨੁੱਖ ਅਥਰੂਆਂ ਦੀ ਭਾਸ਼ਾ ਵਿਚ ਬੋਲਦਾ ਹੈ।
ਰੋਣਾ, ਇਸਤਰੀ ਦੀ ਪੁਰਸ਼ ਨਾਲੋਂ ਇਕ ਉਚੇਰੀ ਯੋਗਤਾ ਹੈ।
ਜੇ ਪੁਰਸ਼ ਵਿਚ ਵੀ ਰੋਣ ਦਾ ਗੁਣ ਹੁੰਦਾ ਤਾਂ ਸੰਸਾਰ ਵਿਚ ਪਿਆਰ ਵਧੇਰੇ ਅਤੇ ਨਫਰਤ-ਹਿੰਸਾ ਘਟ ਹੋਣੀ ਸੀ।
ਪ੍ਰਸੰਨਤਾ ਦੇ ਮੁਕਾਬਲੇ, ਉਦਾਸੀ ਵਧੇਰੇ ਡੂੰਘਾ ਅਨੁਭਵ ਹੈ।
ਉਦਾਸੀ ਵਿਚੋਂ ਹੀ ਮਹਾਨ ਕਲਾ ਦਾ ਜਨਮ ਹੁੰਦਾ ਹੈ । ਉਦਾਸੀ ਦੀ ਗਹਿਰਾਈ ਪਿਆਰੇ ਵਲੋਂ ਆਪਣੇ ਸੱਚੇ ਹੋਣ ਦੇ ਅਨੁਪਾਤ ਵਿਚ ਹੁੰਦੀ ਹੈ।
ਉਦਾਸੀ ਐਲਾਨ ਕਰਦੀ ਹੈ : ਹੁਣ ਤੇਰੇ ਬਿਨਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਹੈ।
ਕਈ ਗਲਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਸੰਖੇਪ ਵਿਚ ਨਹੀਂ ਕੀਤੀਆਂ ਜਾ ਸਕਦੀਆਂ, ਜਿਵੇਂ ਸੋਹਣਿਆਂ ਦੀ ਸੁੰਦਰਤਾ ਦੀ ਵਿਆਖਿਆ ਅਤੇ ਪਿਆਰੇ ਵਲੋਂ ਆਪਣੇ ਪਿਆਰ ਦਾ ਵਰਣਨ।
ਪਿਆਰ ਇਕ ਸੱਜਰਾ ਅਤੇ ਨਰੋਆ ਅਨੁਭਵ ਹੁੰਦਾ ਹੈ, ਇਸੇ ਕਰਕੇ ਇਸ ਦਾ ਨਰੋਈ ਉਮਰ ਜਾਂ ਜਵਾਨੀ ਨਾਲ ਸਬੰਧ ਹੈ। ਜਵਾਨੀ ਇਸ ਲਈ ਮਸਤਾਨੀ ਹੁੰਦੀ ਹੈ ਕਿਉਂਕਿ ਜਵਾਨੀ ਉਤੇ ਪ੍ਰੰਪਰਾਵਾਂ ਦੇ ਬੰਧਨ ਨਹੀਂ ਹੁੰਦੇ, ਤਜਰਬੇ ਦਾ ਬੋਝ ਨਹੀਂ ਹੁੰਦਾ, ਯਥਾਰਥ ਦੀ ਕਰੂਪਤਾ ਨਹੀਂ ਹੁੰਦੀ, ਬੀਤੇ ਦੀਆਂ ਨਫ਼ਰਤਾਂ, ਬਦਲੇ ਦੀ ਭਾਵਨਾ ਅਤੇ ਪਿਛੇ ਖਿੱਚਣ ਵਾਲੇ ਪਛਤਾਵੇ ਨਹੀਂ ਹੁੰਦੇ। ਜਵਾਨੀ ਵਿਚ ਤਾਕਤ ਹੁੰਦੀ ਹੈ ਅਤੇ ਜਿਤਨਾ ਚਿਰ ਤਾਕਤ ਰਹਿੰਦੀ ਹੈ ਉਤਨਾ ਚਿਰ ਮਨੁੱਖ ਆਪਣੇ ਆਪ ਨੂੰ ਜਵਾਨ ਸਮਝਦਾ ਹੈ। ਜਵਾਨੀ ਵਿਚ ਪਿਆਰ ਦਾ, ਕੁਰਬਾਨੀ ਦਾ, ਸੁਪਨਿਆਂ ਅਤੇ ਆਦਰਸ਼ਾਂ ਦਾ ਜ਼ੋਰ ਅਤੇ ਜੋਸ਼ ਹੁੰਦਾ ਹੈ।
ਕਮਜ਼ੋਰ ਨਾ ਆਪ ਸੋਹਣੇ ਹੁੰਦੇ ਹਨ, ਨਾ ਹੀ ਕੋਈ ਇਨ੍ਹਾਂ ਨੂੰ ਸੋਹਣਾ ਲਗਦਾ ਹੈ। ਜਦੋਂ ਉਮਰ ਜਵਾਨ ਹੋਵੇ, ਸੋਚਾਂ ਵਿਚ ਆਦਰਸ਼ਵਾਦ ਹੋਵੇ ਅਤੇ ਜਜ਼ਬਿਆਂ ਦਾ ਸੇਕ ਹੋਵੇ ਤਾਂ ਸੋਹਣੇ ਲੋਕ ਹੀ ਮਿਲਦੇ ਹਨ ਜਾਂ ਜੋ ਮਿਲਦੇ ਹਨ ਉਹ ਸੋਹਣੇ ਲਗਦੇ ਹਨ।
ਸੋਹਣੇ ਹੋਣ ਵਿਚ ਨੈਣ-ਨਕਸ਼ਾਂ ਦਾ ਯੋਗਦਾਨ ਬਹੁਤਾ ਨਹੀਂ ਹੁੰਦਾ, ਬਹੁਤਾ ਯੋਗਦਾਨ ਸੁੰਦਰਤਾ ਅਤੇ ਪਿਆਰ ਦੇ ਰਹੱਸ ਵਿਚ ਹੁੰਦਾ ਹੈ। ਮਿਲਣ ਵਾਲਾ ਆਨੰਦ ਇਸ ਰਹੱਸ ਵਿਚੋਂ ਉਪਜਦਾ ਹੈ। ਸੋਹਣੇ ਅਤੇ ਪਿਆਰੇ ਹੋਣਾ ਹੀ ਕਾਫੀ ਨਹੀਂ ਹੁੰਦਾ । ਸੁੰਦਰਤਾ ਅਤੇ ਪਿਆਰ ਦਾ ਰਹੱਸ ਉਪਜਣਾ ਵੀ ਜ਼ਰੂਰੀ ਲੋੜ ਹੈ। ਚੰਨ ਦੀ ਰੋਸ਼ਨੀ ਵਿਚ ਰਹੱਸ ਹੁੰਦਾ ਹੈ। ਇਸ ਰਹੱਸ ਕਾਰਨ ਹੀ ਚੰਨ ਸੋਹਣਾ ਲਗਦਾ ਹੈ। ਅਸੀਂ ਆਪਣੇ ਪਿਆਰੇ ਨੂੰ ਪਿਆਰ ਨਹੀਂ ਕਰਦੇ, ਉਸ ਦੇ ਰਹੱਸ ਨੂੰ ਪਿਆਰ ਕਰਦੇ ਹਾਂ! ਰਹੱਸ ਉਹ ਹੈ ਜੋ ਸਾਡੀ ਪਕੜ ਵਿਚ ਨਹੀਂ ਆਉਂਦਾ। ਇਸੇ ਲਈ ਪ੍ਰੇਮੀ ਇਕ-ਦੂਜੇ ਬਾਰੇ ਕਿਆਸ ਲਾਉਂਦੇ ਰਹਿੰਦੇ ਹਨ ਅਤੇ ਰਹੱਸ ਨੂੰ ਪਕੜਨ ਲਈ ਉਤਾਵਲੇ ਹੁੰਦੇ ਰਹਿੰਦੇ ਹਨ। ਇਹ ਰਹੱਸ ਅੰਦਰਲੇ ਗੁਣਾਂ ਨਾਲ ਉਪਜਦਾ ਹੈ।
ਸੋਚ ਸਮਝ ਕੇ ਕੀਤੇ ਪਿਆਰ ਸੁਆਰਥ ਤੋਂ ਪ੍ਰੇਰਿਤ ਹੁੰਦੇ ਹਨ, ਇਸ ਲਈ ਉਨ੍ਹਾਂ ਵਿਚ ਇਹ ਰਹੱਸ ਨਹੀਂ ਹੁੰਦਾ। ਇਸ ਰਹੱਸ ਨੂੰ ਹੀ ਆਦਰਸ਼ਵਾਦ ਕਹਿੰਦੇ ਹਨ।
ਪਿਆਰ ਆਦਰਸ਼ਵਾਦ ਦਾ ਖੇਤਰ ਹੈ।
ਜੇ ਰਹੱਸ ਜਾਂ ਆਦਰਸ਼ ਦੀ ਪੱਧਰ ਉੱਚੀ ਨਹੀਂ ਤਾਂ ਯਥਾਰਥ ਦੀ ਪੱਧਰ ਵੀ ਉੱਚੀ ਨਹੀਂ ਹੋ ਸਕਦੀ। ਇਸ ਰਹੱਸ ਨੂੰ ਹੀ ਆਨੰਦ, ਆਤਮਾ ਅਤੇ ਪ੍ਰਮਾਤਮਾ ਕਹਿੰਦੇ ਹਨ। ਇਸ ਰਹੱਸ ਨਾਲ ਪਿਆਰ ਕਾਰਨ ਹੀ ਸੂਫ਼ੀ ਦਰਵੇਸ਼ਾਂ, ਗੁਰੂਆਂ, ਸੰਤਾਂ ਅਤੇ ਭਗਤਾਂ ਆਦਿ ਨੂੰ ਰਹੱਸਵਾਦੀ ਕਿਹਾ ਜਾਂਦਾ ਹੈ ।
ਪਿਆਰ ਅਤੇ ਪ੍ਰਮਾਤਮਾ ਦਾ ਕੋਈ ਸਿਧਾਂਤ ਨਹੀਂ ਹੁੰਦਾ, ਇਹ ਦੋਵੇਂ ਆਪਣੇ ਰਹੱਸ ਕਾਰਨ ਮਹੱਤਵਪੂਰਨ ਹਨ। ਇਨ੍ਹਾਂ ਵਿਚ ਰਹੱਸ ਦੀ ਸਾਂਝ ਹੈ। ਰਹੱਸ ਉਸ ਭੇਤ ਨੂੰ ਕਹਿੰਦੇ ਹਨ, ਜਿਸ ਨੂੰ ਸਮਝਣ ਦਾ ਜਿਤਨਾ ਵਧੇਰੇ ਯਤਨ ਕੀਤਾ ਜਾਂਦਾ ਹੈ, ਉਹ ਉਤਨਾ ਵਧੇਰੇ ਗੁੰਝਲਦਾਰ ਹੋਈ ਜਾਂਦਾ ਹੈ। ਰਹੱਸ ਦਾ ਸਬੰਧ ਦਿਮਾਗ ਨਾਲ ਨਹੀਂ, ਦਿਲ ਨਾਲ ਹੈ; ਸਮਝ ਨਾਲ ਨਹੀਂ, ਮਹਿਸੂਸ ਕਰਨ ਨਾਲ ਹੈ।
ਪ੍ਰਮਾਤਮਾ ਅਤੇ ਪਿਆਰ ਦਿਸਦੇ ਨਹੀਂ ਪਰ ਅਸੀਂ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਤਾਂਘਦੇ ਹਾਂ । ਇਹੀ ਰਹੱਸ ਹੈ। ਜੇ ਪਿਆਰ ਵਿਚ ਰਹੱਸ ਨਾ ਹੋਵੇ ਤਾਂ ਕਿਹਾ ਜਾਂਦਾ ਹੈ : ਉਹ ਸੋਹਣਾ ਤਾਂ ਬੜਾ ਹੈ ਪਰ ਉਹ ਪਿਆਰੇ ਵਰਗਾ ਨਹੀਂ ਹੈ; ਉਸ ਦੀ ਸੁੰਦਰਤਾ ਖਿੱਚ ਤਾਂ ਪਾਉਂਦੀ ਹੈ ਪਰ ਉਹ ਭਰੋਸੇਯੋਗ ਨਹੀਂ ਹੈ।
ਜਦੋਂ ਕੋਈ ਸੋਹਣਾ ਵੀ ਹੋਵੇ ਤੇ ਪਿਆਰਾ ਵੀ ਹੋਵੇ ਤਾਂ ਉਸ ਦੇ ਲਾਰੇ ਵੀ ਵਾਅਦੇ ਪ੍ਰਤੀਤ ਹੁੰਦੇ ਹਨ, ਕਿਉਂਕਿ ਪਿਆਰਿਆਂ ਦੀਆਂ ਜਿਹੜੀਆਂ ਗਲਾਂ ਸਾਨੂੰ ਸੁਣਨ ਵਿਚ ਰਸ ਦਿੰਦੀਆਂ ਹਨ, ਉਹ ਸੱਚੀਆਂ ਵੀ ਲਗਦੀਆਂ ਹਨ। ਇਹ ਰਹੱਸ ਅਚਾਨਕ ਨਹੀਂ ਉਪਜਦਾ । ਤੂੰ ਕਿਤਨੀ ਸੋਹਣੀ ਹੈਂ ! ਜਾਂ ਤੂੰ ਬੜਾ ਪਿਆਰਾ ਹੈਂ! ਸੁਣਨ ਵਾਸਤੇ ਬੜੀ ਮਿਹਨਤ ਕਰਨੀ ਪੈਦੀ ਹੈ।
ਚੰਗੇ, ਪਿਆਰੇ ਅਤੇ ਸੋਹਣੇ, ਅਕਸਰ ਦੁੱਖ ਪਾਉਂਦੇ ਹਨ। ਦੁੱਖ ਤਾਂ ਸਾਰੇ ਪਾਉਂਦੇ ਹਨ ਪਰ ਆਪਣੇ ਪਿਆਰਿਆਂ ਦਾ ਦੁੱਖ ਸਾਡਾ ਧਿਆਨ ਵਧੇਰੇ ਖਿੱਚਦਾ ਹੈ । ਸਾਨੂੰ ਪਿਆਰਾ ਕੋਈ ਕੋਈ ਲਗਦਾ ਹੈ ਜਦੋਂ ਕਿ ਬਹੁਤਿਆਂ ਨਾਲ ਸਾਡੀ ਜਾਣ-ਪਛਾਣ ਹੀ ਹੁੰਦੀ ਹੈ। ਜਿਨ੍ਹਾਂ ਨਾਲ ਸਾਡੀ ਕੇਵਲ ਜਾਣ-ਪਛਾਣ ਹੁੰਦੀ ਹੈ, ਉਨ੍ਹਾਂ ਦੇ ਦੁੱਖ, ਸਾਨੂੰ ਦੁੱਖ ਨਹੀਂ, ਸਮੱਸਿਆਵਾਂ ਹੀ ਪ੍ਰਤੀਤ ਹੁੰਦੇ ਹਨ। ਦੁੱਖ ਪਿਆਰਿਆਂ ਦੀ ਚੰਗਿਆਈ ਨੂੰ ਦ੍ਰਿੜ੍ਹ ਕਰਦੇ ਹਨ। ਹੀਰੇ ਰਗੜ ਤੋਂ ਬਿਨਾ ਚਮਕਦੇ ਨਹੀਂ, ਰਗੜ ਹੀਰੇ ਲਈ ਦੁੱਖ ਹੈ। ਸੋਨਾ, ਅੱਗ ਤੋਂ ਬਿਨਾ ਸ਼ੁੱਧ ਨਹੀਂ ਹੁੰਦਾ, ਅੱਗ ਸੋਨੇ ਲਈ ਦੁੱਖ ਹੈ। ਵਿਛੋੜੇ ਤੋਂ ਬਿਨਾ ਪਿਆਰ ਮਿੱਠਾ ਅਤੇ ਤਿੱਖਾ ਨਹੀਂ ਹੁੰਦਾ, ਵਿਛੋੜਾ ਪ੍ਰੇਮੀ ਲਈ ਦੁੱਖ ਹੈ । ਚੰਗੇ ਅਤੇ ਪਿਆਰੇ ਬੰਦੇ ਦੁੱਖਾਂ ਵਿਚੋਂ ਲੰਘ ਕੇ ਹੀ ਚੰਗੇ ਅਖਵਾਉਂਦੇ ਹਨ। ਦੁੱਖ ਚੰਗੇ ਬੰਦਿਆਂ ਦਾ ਇਮਤਿਹਾਨ ਹੁੰਦੇ ਹਨ। ਜੇ ਅੰਦਰ ਪਿਆਰ ਹੋਵੇ ਤਾਂ ਦੁੱਖਾਂ ਨਾਲ ਜੀਵਨ ਭੈੜਾ ਨਹੀਂ ਸਗੋਂ ਹੋਰ ਡੂੰਘਾ ਹੋ ਜਾਂਦਾ ਹੈ ।
ਕਿਉਂਕਿ ਦੁੱਖ ਬਾਰੇ ਸਾਡਾ ਦ੍ਰਿਸ਼ਟੀਕੋਣ ਨਾਂਹ-ਪੱਖੀ ਹੁੰਦਾ ਹੈ, ਇਸ ਲਈ ਅਸੀਂ ਦੁੱਖੀ ਹੁੰਦੇ ਹਾਂ।
ਦੁੱਖਾਂ ਤੋਂ ਮੁਕਤ ਜੀਵਨ ਦੀ ਕੋਈ ਸੰਭਾਵਨਾ ਨਹੀਂ।
ਜਿਨ੍ਹਾਂ ਨੂੰ ਦੁੱਖਾਂ ਵਿਚੋਂ ਲੰਘਣਾ ਪੈਂਦਾ ਹੈ, ਉਹ ਵਿਸ਼ਾਲ ਅਤੇ ਮਿੱਠੇ ਹੋ ਜਾਂਦੇ ਹਨ। ਦੁੱਖਾਂ ਵਿਚੋਂ ਹੀ ਮਹਾਨ ਵਿਅਕਤੀਆਂ, ਅਮਰ ਰਚਨਾਵਾਂ, ਸਦਾ ਟੁੰਬਦੇ ਰਹਿਣ ਵਾਲੇ ਗੀਤਾਂ ਦਾ ਜਨਮ ਹੁੰਦਾ ਹੈ। ਹਰ ਦੁੱਖ ਦਾ ਇਕ ਲਾਭਕਾਰੀ ਪੱਖ ਵੀ ਹੁੰਦਾ ਹੈ। ਜੀਵਨ ਵਿਚ ਜੇ ਦੁੱਖ ਨਾ ਹੁੰਦੇ ਤਾਂ ਆਤਮਾ, ਪ੍ਰਮਾਤਮਾ, ਹਮਦਰਦੀ, ਸਹਿਯੋਗ, ਪਿਆਰ ਆਦਿ ਦੇ ਸੰਕਲਪ ਵੀ ਨਾ ਹੁੰਦੇ। ਵਿਛੋੜੇ ਦਾ ਵੀ ਲਾਭ ਹੁੰਦਾ ਹੈ। ਵਿਛੋੜੇ ਵਿਚ ਅਸੀਂ ਦੂਜੇ ਦੇ ਮਹੱਤਵ ਨੂੰ ਪਛਾਣਦੇ ਹਾਂ । ਸੰਕਟ ਦਾ ਵੀ ਲਾਭ ਹੁੰਦਾ ਹੈ, ਸੰਕਟ ਵਿਚ ਸਾਡੀ ਸੋਚਣ ਦੀ ਸਮਰਥਾ ਵੱਧਦੀ ਹੈ। ਸੰਕਟ ਵਿਚ ਸੋਚਣਾ ਹੀ ਸੰਕਟ ਦਾ ਹਲ ਹੋ ਨਿਬੜਦਾ ਹੈ। ਸੰਕਟ ਸਾਨੂੰ ਸਿਆਣਾ ਬਣਾ ਦਿੰਦੇ ਹਨ।
ਸੰਸਾਰ ਦਾ ਮਹਾਨ ਗਿਆਨ ਸੰਕਟਾਂ ਦੀ ਦੇਣ ਹੁੰਦਾ ਹੈ।
ਹਰ ਚੀਜ਼ ਦਾ ਮੁਲ ਉਸ ਦੀ ਵਿਰੋਧੀ ਸਥਿਤੀ ਵਿਚ ਜਾਗਦਾ ਹੈ, ਜਿਵੇਂ ਭੋਜਨ ਦਾ ਮਹੱਤਵ ਭੁੱਖ ਵਿਚ, ਪਾਣੀ ਦਾ ਮਹੱਤਵ ਪਿਆਸ ਵਿਚ ਅਤੇ ਆਰਾਮ ਦਾ ਮਹੱਤਵ ਥਕਾਵਟ ਵਿਚ ਜਾਗਦਾ ਹੈ।
ਪਿਆਰ ਵਿਚ ਦੋਹਾਂ ਧਿਰਾਂ ਦੇ ਇਕ ਹੋਣ ਦੇ ਅਹਿਸਾਸ ਨਾਲ ਸੰਕਟ ਅਤੇ ਮੁਸੀਬਤਾਂ ਸਹਿਣ ਦੀ ਹਿੰਮਤ ਵੱਧ ਜਾਂਦੀ ਹੈ ਅਤੇ ਇਹ ਸੰਕਟ ਅਤੇ ਮੁਸੀਬਤਾਂ ਹੀ ਸੋਹਣੀਆਂ ਅਤੇ ਪਿਆਰੀਆਂ ਯਾਦਾਂ ਬਣਦੀਆਂ ਹਨ।
ਅਸੀਂ ਅਤੀਤ ਦੀਆਂ ਯਾਦਾਂ ਨਾਲ ਭਵਿਖ ਦੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ।
ਜੇ ਪਿਆਰ ਸੱਚਾ ਰਿਹਾ ਹੋਵੇ ਤਾਂ ਵਿਛੜਨ ਮਗਰੋਂ ਵੀ ਦੋਵੇਂ ਧਿਰਾਂ ਇਕ ਦੂਜੇ ਦੇ ਸੰਪਰਕ ਵਿਚ ਰਹਿੰਦੀਆਂ ਹਨ ਅਤੇ ਇਕ-ਦੂਜੇ ਦੀ ਜ਼ਿੰਦਗੀ ਨੂੰ ਸਿੰਜਦੀਆਂ ਰਹਿੰਦੀਆਂ ਹਨ।
ਸੋਹਣੀ ਇਸਤਰੀ ਨੂੰ ਵੇਖਣ ਜਾਂ ਪਿਆਰੇ ਪੁਰਸ਼ ਨੂੰ ਮਿਲਣ ਪਿਛੇ ਉਦੇਸ਼ ਸਵਰਗ ਦੀ ਝਲਕ ਵੇਖਣਾ ਹੁੰਦਾ ਹੈ।
ਖੂਹ ਵਿਚ ਅਸੀਂ ਪਾਣੀ ਨਹੀਂ, ਡੂੰਘਾਈ ਵੇਖਦੇ ਹਾਂ।
ਪਿਆਰੇ ਨੂੰ ਅਸੀਂ ਵੇਖਦੇ-ਮਿਲਦੇ ਨਹੀਂ, ਉਸ ਅੰਦਰ ਉਤਰਦੇ ਹਾਂ।
ਪਿਆਰੇ ਭਰਾਵਾਂ ਦੀ ਤਾਕਤ, ਭੈਣਾਂ ਵਿਚ ਝਲਕਦੀ ਹੈ ਅਤੇ ਸੋਹਣੀਆਂ ਭੈਣਾਂ ਦੀ ਸੁੰਦਰਤਾ ਭਰਾਵਾਂ ਵਿਚੋਂ ਦਿਸਦੀ ਹੈ।
ਕਿਸੇ ਦੀ ਸੁੰਦਰਤਾ ਜਾਂ ਉਸਦਾ ਸਾਡੇ ਲਈ ਪਿਆਰ, ਸਾਡੀ ਉਸ ਬਾਰੇ ਚੰਗੀ ਰਾਇ ਉਸਾਰਨ ਵਿਚ ਸਹਾਇਕ ਹੁੰਦਾ ਹੈ। ਸੋਹਣਿਆਂ ਨਾਲ ਸਾਰੇ ਸਬੰਧ ਉਸਾਰਨਾ ਚਾਹੁੰਦੇ ਹਨ। ਹਰ ਕੋਈ ਉਨ੍ਹਾਂ ਨੂੰ ਉਡੀਕਦਾ ਹੈ। ਉਨ੍ਹਾਂ ਨਾਲ ਨੇੜਤਾ ਸਾਨੂੰ ਆਪਣੀ ਅਕਲ ਅਤੇ ਰੁੱਤਬੇ ਦੇ ਉੱਚੇ ਹੋਣ ਦਾ ਅਹਿਸਾਸ ਕਰਾਉਂਦੀ ਹੈ।
ਕਿਸੇ ਨੂੰ ਪਸੰਦ ਕਰਨਾ ਅਤੇ ਕਿਸੇ ਵਲੋਂ ਪਸੰਦ ਕੀਤੇ ਜਾਣਾ, ਸਾਡੇ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਹੋਣ ਦਾ ਪ੍ਰਮਾਣ ਹੁੰਦਾ ਹੈ।
ਜਦੋਂ ਕੋਈ ਸਾਨੂੰ ਝਾੜ ਪਾਉਂਦਾ ਹੈ ਤਾਂ ਸਾਡੀ ਆਪਣੇ ਸਰੀਰ ਅਤੇ ਆਪਣੇ ਆਪ ਬਾਰੇ ਰਾਇ ਨੀਵੀਂ ਹੋ ਜਾਂਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਕਰੂਪ ਸਮਝਣ ਲਗ ਪੈਂਦੇ ਹਾਂ ਪਰ ਜਦੋਂ ਕੋਈ ਪਿਆਰ ਜਾਂ ਸਤਿਕਾਰ ਦਿੰਦਾ ਹੈ ਤਾਂ ਸਾਨੂੰ ਆਪਣੇ ਸੋਹਣੇ ਹੋਣ ਦਾ ਅਹਿਸਾਸ ਹੁੰਦਾ ਹੈ।
ਪੁਰਸ਼ਾਂ ਦੇ ਪ੍ਰਸੰਸਾਮਈ ਧਿਆਨ ਨਾਲ ਉਦਾਸ ਅਤੇ ਥੱਕੀਆਂ ਹੋਈਆਂ ਇਸਤਰੀਆਂ ਵੀ ਸੋਹਣੀਆਂ ਅਤੇ ਚੁਸਤ ਹੋ ਜਾਂਦੀਆਂ ਹਨ।
ਸੱਚੇ ਪਿਆਰ ਨਾਲ ਦਿਲ ਜਵਾਨ ਅਤੇ ਹੌਸਲਾ ਬੁਲੰਦ ਰਹਿੰਦਾ ਹੈ। ਸੋਹਣੀ ਇਸਤਰੀ ਨੂੰ ਵੇਖ ਕੇ ਹਰ ਦਿਲ ਵਾਲੇ ਜਿਉਂਦੇ ਪੁਰਸ਼ ਨੂੰ ਆਪਣੀ ਉਮਰ ਵੀਹ ਸਾਲ ਘਟ ਗਈ ਪ੍ਰਤੀਤ ਹੁੰਦੀ ਹੈ।
ਇਕ ਪ੍ਰੇਮੀ ਨੂੰ ਕਈ ਵਰ੍ਹੇ ਮਗਰੋਂ ਮਿਲਣ ਉਤੇ ਵਿਸ਼ਵਾਸ ਹੀ ਨਹੀਂ ਸੀ ਆਇਆ ਕਿ ਉਸ ਤੋਂ ਵਿਛੜ ਕੇ ਉਸ ਦੀ ਪ੍ਰੇਮਿਕਾ ਕੌੜੇ ਤਜਰਬਿਆਂ ਵਿਚੋਂ ਸਬੂਤੀ ਲੰਘ ਗਈ ਸੀ ਅਤੇ ਉਹ ਅਜੇ ਵੀ ਉਸ ਨੂੰ ਪਿਆਰ ਕਰਦੀ ਸੀ । ਮਿਲਣ ਉਤੇ ਪ੍ਰੇਮਿਕਾ ਨੇ ਕਿਹਾ ਸੀ : ਤੂੰ ਤਾਂ ਮੇਰੇ ਕੋਲ ਹੈਂ, ਮੈਂ ਹੀ ਤੇਰੇ ਤੋਂ ਦੂਰ ਹਾਂ।
ਕੁਝ ਲੋਕ ਹੁੰਦੇ ਹਨ ਜਿਹੜੇ ਸਾਨੂੰ ਮਿਕਨਾਤੀਸ ਵਾਂਗ ਆਪਣੇ ਵਲ ਖਿੱਚ ਲੈਂਦੇ ਹਨ। ਇਹ ਲੋਕ ਸਾਡੀ ਜ਼ਿੰਦਗੀ ਵਿਚ ਰੌਣਕ ਭਰ ਦਿੰਦੇ ਹਨ। ਸਾਡੀ ਜ਼ਿੰਦਗੀ ਦੀਆਂ ਸੋਹਣੀਆਂ ਘੜੀਆਂ ਵਿਚ ਅਨੇਕਾਂ ਵਿਅਕਤੀ ਸ਼ਾਮਲ ਹੋਏ ਹੁੰਦੇ ਹਨ।
ਆਪਣੇ ਆਪ ਬਾਰੇ ਸਾਡੇ ਕੋਲ ਅੰਦਰਲੀ ਸੂਚਨਾ ਵੀ ਹੁੰਦੀ ਹੈ ਜਦੋਂ ਕਿ ਦੂਜਿਆਂ ਬਾਰੇ ਸਾਡੇ ਕੋਲ ਕੇਵਲ ਬਾਹਰਲੀ ਸੂਚਨਾ ਹੀ ਹੁੰਦੀ ਹੈ ਪਰ ਪਿਆਰ ਹੋਣ ਦੀ ਸੂਰਤ ਵਿਚ ਅਸੀਂ ਦੂਜੀ ਧਿਰ ਦੇ ਅੰਦਰ ਝਾਤ ਮਾਰਦੇ ਹਾਂ ।
ਹਰ ਕਿਸੇ ਦੇ ਆਲੇ-ਦੁਆਲੇ ਤਿੰਨ ਕੁ ਫੁੱਟ ਦਾ ਇਕ ਸੁਰੱਖਿਅਤ ਘੇਰਾ ਹੁੰਦਾ ਹੈ। ਇਸ ਘੇਰੇ ਵਿਚ ਅਸੀਂ ਉਸੇ ਨੂੰ ਪ੍ਰਵੇਸ਼ ਕਰਨ ਦਿੰਦੇ ਹਾਂ, ਜਿਹੜਾ ਸਾਡਾ ਪਿਆਰਾ ਹੋ ਜਾਂਦਾ ਹੈ।
ਆਪਣੀਆਂ ਅੱਖਾਂ ਨਾਲ ਸੋਹਣੇ ਲੋਕਾਂ ਦੀ ਅਸੀਂ ਫੋਟੋ ਖਿੱਚਦੇ ਹਾਂ ਪਰ ਜਿਹੜੇ ਪਿਆਰੇ ਵੀ ਲਗਦੇ ਹਨ, ਉਨ੍ਹਾਂ ਦੀ ਅਸੀਂ ਪੂਰੀ ਫਿਲਮ ਬਣਾ ਲੈਂਦੇ ਹਾਂ।
ਸਬੰਧ ਕਿਵੇਂ ਉਸਰਦੇ ਹਨ, ਪਿਆਰ ਕਿਵੇਂ ਪੈਂਦਾ ਹੈ?
ਸਮਾਜਿਕ ਪਿਛੋਕੜ ਦੀ ਸਾਂਝ, ਇਕੋ ਜਿਹੇ ਆਰਥਿਕ ਵਸੀਲੇ ਅਤੇ ਸਾਂਝੀਆਂ ਕਦਰਾਂ ਕੀਮਤਾਂ, ਮੁੱਢਲੀ ਸਹਿਮਤੀ ਕਾਰਨ, ਰਿਸ਼ਤਾ ਉਸਰਨ ਵਿਚ ਸਹਾਇਕ ਹੁੰਦੀਆਂ ਹਨ। ਸਹਿਮਤੀ ਨਾਲ ਰਿਸ਼ਤਾ ਸਾਵਾਂ-ਸੁਖਾਵਾਂ ਹੋ ਜਾਂਦਾ ਹੈ। ਸਹਿਮਤੀ ਨਾਲ ਅਸੀਂ ਦੂਜਿਆਂ ਦੇ ਨੇੜੇ ਹੋ ਕੇ ਸੁਰੱਖਿਅਤ ਮਹਿਸੂਸ ਕਰਦੇ ਹਾਂ ਅਤੇ ਸੰਸਾਰ ਦੀ ਵਿਰੋਧਤਾ ਸਹਿਣ ਦੇ ਸਮਰੱਥ ਹੋ ਜਾਂਦੇ ਹਾਂ। ਰਿਸ਼ਤੇ ਦੇ ਪੱਕਣ ਨਾਲ ਨੇੜਤਾ ਅਤੇ ਤਾਕਤ ਵੱਧਦੀ ਹੈ ਅਤੇ ਯਾਦ ਰਖਣਯੋਗ ਅਨੁਭਵ ਪ੍ਰਾਪਤ ਹੁੰਦੇ ਹਨ।
ਸਮੁੰਦਰ ਦੇ ਕਿਨਾਰੇ ਇਕੱਲਿਆਂ ਟੁਰਨਾ ਅਤੇ ਕਿਸੇ ਪਿਆਰੇ ਦਾ ਹੱਥ ਫੜ ਕੇ ਟੁਰਨਾ, ਉਂਜ ਤਾਂ ਦੋਵੇਂ ਅਨੁਭਵ ਨਹੀਂ ਭੁਲਣਗੇ ਪਰ ਜਦੋਂ ਦੂਜਾ ਅਨੁਭਵ ਯਾਦ ਆਵੇਗਾ ਤਾਂ ਮਨ ਵਿਚ ਵਾਜੇ ਵੀ ਵਜਣਗੇ।
ਪਿਆਰੇ ਦੇ ਸ਼ਬਦਾਂ ਦੇ ਮੁਕਾਬਲੇ, ਉਸ ਦੀ ਛੋਹ ਨੂੰ ਅਸੀਂ ਵਧੇਰੇ ਸ਼ਿੱਦਤ ਨਾਲ ਯਾਦ ਕਰਦੇ ਹਾਂ।
ਜਿਸ ਨੂੰ ਅਸੀਂ ਪਸੰਦ ਨਹੀਂ ਕਰਦੇ, ਉਸ ਨੂੰ ਸੋਹਣਾ ਵੀ ਨਹੀਂ ਸਮਝਿਆ ਜਾਂਦਾ । ਜੇ ਸ਼ਕਲ ਵੀ ਭੈੜੀ ਹੋਵੇ ਅਤੇ ਵਿਹਾਰ ਵੀ ਮਾੜਾ ਹੋਵੇ, ਤਾਂ ਸਮਝ ਹੀ ਨਹੀਂ ਆਉਂਦੀ ਕਿ ਦੋਸ਼ ਕਿਸ ਚੀਜ਼ ਨੂੰ ਦਿਤਾ ਜਾਵੇ।
ਆਪਣੇ ਪਿਆਰੇ ‘ਤੇ ਸਾਨੂੰ ਇਕ ਵਿਸ਼ੇਸ਼ ਪ੍ਰਕਾਰ ਦਾ ਭਰੋਸਾ ਹੁੰਦਾ ਹੈ ਕਿ ਉਹ ਜੋ ਕਰੇਗਾ ਚੰਗਾ ਹੀ ਕਰੇਗਾ।
ਪਿਆਰ ਦਾ ਰਿਸ਼ਤਾ ਪ੍ਰੇਮੀਆਂ ਵਿਚਕਾਰ ਹੀ ਨਹੀਂ ਹੁੰਦਾ, ਇਸ ਦੇ ਹੋਰ ਵੀ ਕਈ ਰੂਪ ਹਨ।
ਪਿਆਰ ਦੇ ਪੱਖੋਂ ਭਾਰਤ ਵਿਚ ਸਭ ਤੋਂ ਮਜ਼ਬੂਤ ਰਿਸ਼ਤਾ, ਪਤੀ-ਪਤਨੀ ਅਤੇ ਪ੍ਰੇਮੀਆਂ ਨਾਲੋਂ ਵੀ ਮਜ਼ਬੂਤ ਰਿਸ਼ਤਾ, ਮਾਂ ਅਤੇ ਪੁੱਤਰ ਵਿਚਕਾਰ ਹੁੰਦਾ ਹੈ।
ਮਹਾਨ ਵਿਅਕਤੀਆਂ ਪ੍ਰਤੀ ਪਿਆਰ ਵਿਚ ਪਿਆਰ ਦੇ ਨਾਲ ਸਤਿਕਾਰ ਵੀ ਹੁੰਦਾ ਹੈ ਕਿਉਂਕਿ ਉਹ ਪ੍ਰਮਾਤਮਾ ਦੀ ਮਿਹਰ ਦਾ ਦਰਿਆ ਬਣ ਕੇ ਸਾਡੇ ਜੀਵਨ ਨੂੰ ਹਰਿਆ-ਭਰਿਆ ਰਖਦੇ ਹਨ।
ਸ਼ਰਧਾ ਵਿਚ ਵੀ ਪਿਆਰ ਹੁੰਦਾ ਹੈ ਪਰ ਸ਼ਰਧਾ ਵਿਚ ਪਿਆਰੇ ਅਤੇ ਪਿਆਰ ਕਰਨ ਵਾਲੇ ਵਿਚਕਾਰ ਸ਼ਰਧਾ ਅਤੇ ਸਤਿਕਾਰ ਦੀ ਵਿੱਥ ਬਣੀ ਰਹਿੰਦੀ ਹੈ ਜਦੋਂ ਕਿ ਨਿਰੋਲ ਪਿਆਰ ਵਿਚ ਕਾਮ ਦੀ ਖਿੱਚ ਕਾਰਨ ਦੋਵੇਂ ਧਿਰਾਂ ਆਪਸੀ ਵਿੱਥ ਮੇਟਣ ਦਾ ਯਤਨ ਕਰਦੀਆਂ ਹਨ।
ਪਿਆਰ ਅਤੇ ਇਨਸਾਫ ਦੀ ਭਾਵਨਾ ਨਾਲ ਬੋਲੇ ਸ਼ਬਦ ਉਹ ਝਗੜੇ ਵੀ ਨਿਬੇੜ ਦਿੰਦੇ ਹਨ, ਜਿਨ੍ਹਾਂ ਨੂੰ ਤਲਵਾਰਾਂ ਅਤੇ ਤੋਪਾਂ ਨਾਲ ਵੀ ਨਹੀਂ ਸੁਲਝਾਇਆ ਜਾ ਸਕਦਾ।
ਖੁੱਲ੍ਹੀਆਂ ਥਾਵਾਂ ਸੋਹਣੀਆਂ ਲਗਦੀਆਂ ਹਨ ਕਿਉਂਕਿ ਖੁਲ੍ਹੀਆਂ ਥਾਵਾਂ ਵਿਚ ਸਾਡਾ ਹੌਸਲਾ ਉੱਚਾ ਹੋ ਜਾਂਦਾ ਹੈ।
ਆਮਦਨ ਨੀਵੀਂ ਹੋਣ ਦੇ ਬਾਵਜੂਦ ਪਹਾੜਾਂ ਵਿਚ ਅਤੇ ਝੀਲਾਂ, ਦਰਿਆਵਾਂ ਅਤੇ ਸਮੁੰਦਰਾਂ ਦੇ ਕਿਨਾਰਿਆਂ ਤੇ ਵੱਸਣ ਵਾਲੇ ਲੋਕਾਂ ਵਿਚ ਜੀਵਨ ਨੂੰ ਮਾਣਨ ਦੀ ਪੱਧਰ ਉਚੀ ਹੁੰਦੀ ਹੈ।
ਕਿਸੇ ਸ਼ਹਿਰ ਜਾਂ ਦੇਸ਼ ਜਾਂ ਘਰ ਦੀ ਅਸਲੀ ਅਮੀਰੀ ਉਸ ਦੀਆਂ ਖੁਲ੍ਹੀਆਂ ਥਾਵਾਂ ਨਾਲ ਮਾਪੀ ਜਾਂਦੀ ਹੈ। ਸੰਸਾਰ ਵਿਚ ਜਿਤਨੇ ਵੀ ਮਹਾਨ ਵਿਅਕਤੀ ਹੋਏ ਹਨ, ਉਹ ਖੁਲ੍ਹੇ ਦਿਮਾਗਾਂ ਅਤੇ ਉਦਾਰ ਵਿਚਾਰਾਂ ਵਾਲੇ ਹੋਣ ਕਰਕੇ ਸੋਹਣੇ ਅਤੇ ਪਿਆਰੇ ਲਗਦੇ ਹਨ। ਉਨ੍ਹਾਂ ਦੇ ਚਿਹਰੇ ਤੋਂ ਅਖ਼ਲਾਕ ਦਾ ਹੁਸਨ ਝਲਕਦਾ ਹੈ।
ਮਹਾਨ ਲੇਖਕਾਂ ਦੀਆਂ ਪੁਸਤਕਾਂ ਮਾਨਵਜਾਤੀ ਨੂੰ ਦਿਤੀਆਂ ਹੋਈਆਂ ਪਿਆਰੀਆਂ ਅਸੀਸਾਂ ਹੁੰਦੀਆਂ ਹਨ ਕਿਉਂਕਿ ਆਪਣੇ ਵਿਚਾਰਾਂ ਅਤੇ ਸ਼ਬਦਾਂ ਰਾਹੀਂ ਮਹਾਨ ਲੇਖਕ ਅਤੇ ਕਵੀ ਆਪਣੀ ਤਾਕਤ, ਪ੍ਰਸ਼ਾਦ ਵਾਂਗ ਵੰਡ ਜਾਂਦੇ ਹਨ।
ਸੰਗੀਤ ਵਰਗੀ ਕਲਾ ਪੈਦਾ ਵੀ ਪਿਆਰ ਵਿਚੋਂ ਹੁੰਦੀ ਹੈ ਅਤੇ ਸਮਝੀ ਵੀ ਪਿਆਰ ਨਾਲ ਜਾਂਦੀ ਹੈ।
ਕਲਾ ਨਾਲ ਸਾਡਾ ਆਤਮਕ ਸੁਹੱਪਣ ਨਿਖਰਦਾ ਹੈ।
ਸੋਹਣਾ ਉਹ ਹੈ, ਜਿਸ ਨੂੰ ਆਤਮਾ ਸਵੀਕਾਰ ਕਰੇ। ਜੇ ਆਤਮਾ ਪ੍ਰਸੰਨ ਹੋਵੇ ਤਾਂ ਸਾਰਾ ਸੰਸਾਰ ਸੋਹਣਾ ਅਤੇ ਪਿਆਰਾ ਲਗਦਾ ਹੈ।
ਸੰਸਾਰ ਇਤਨਾ ਵੱਡਾ ਅਤੇ ਵੰਨਾ-ਸੁਵੰਨਾ ਹੈ ਕਿ ਇਸ ਦਾ ਕੋਈ ਇਕ ਚਰਿਤਰ ਜਾਂ ਰੰਗ-ਰੂਪ ਨਹੀਂ ਹੈ। ਇਸੇ ਕਰਕੇ ਸੁੰਦਰਤਾ ਦਾ ਸੰਕਲਪ ਹਰੇਕ ਸਮਾਜ ਵਿਚ ਵੱਖਰਾ ਹੈ ਪਰ ਤੰਦਰੁਸਤੀ, ਸਫਾਈ ਅਤੇ ਅੱਖਾਂ ਦੀ ਚਮਕ ਸੁੰਦਰਤਾ ਦੇ ਸਦੀਵੀ ਗੁਣ ਹਨ। ਸੋਹਣਾ ਦਿਸਣਾ ਹਰੇਕ ਦੀ ਰੀਝ ਹੁੰਦੀ ਹੈ ਅਤੇ ਸੋਹਣਾ ਦਿਸਣ ਪਿਛੇ ਉਦੇਸ਼ ਪਿਆਰਾ ਲਗਣਾ ਹੁੰਦਾ ਹੈ ਪਰ ਕੋਈ ਪਿਆਰਾ ਤਾਂ ਹੀ ਲਗਦਾ ਹੈ ਜੇ ਉਸ ਵਿਚ ਗੁਣ ਵੀ ਹੋਣ।
ਕੋਇਲ ਵੀ ਕਾਲੀ ਹੈ ਅਤੇ ਕਾਂ ਵੀ ਕਾਲਾ ਹੈ ਪਰ ਕਾਲੀ ਹੋਣ ਦੇ ਬਾਵਜੂਦ ਕੋਇਲ ਆਪਣੇ ਗੁਣਾਂ ਕਰਕੇ ਪਿਆਰੀ ਲਗਦੀ ਹੈ।
ਨੈਣ-ਨਕਸ਼ ਮੁੱਢਲੀ ਜਾਣ-ਪਛਾਣ ਹੀ ਕਰਵਾਉਂਦੇ ਹਨ, ਪਿਆਰ ਗੁਣਾਂ ਨਾਲ ਹੀ ਕੀਤਾ ਜਾਂਦਾ ਹੈ।
ਸੋਚੋ ਅਤੇ ਵਿਸ਼ਵਾਸ ਕਰੋ ਕਿ ਤੁਹਾਡੇ ਵਿਚ ਵੀ ਗੁਣ ਹਨ। ਆਪਣੇ ਗੁਣ ਪਛਾਣੋ, ਆਪਣਾ ਮੁਲ ਆਪਣੀ ਯੋਗਤਾ ਅਤੇ ਆਪਣੇ ਗੁਣਾਂ ਨਾਲ ਪੁਆਓ। ਤੁਹਾਡੇ ਗੁਣ ਤੁਹਾਨੂੰ ਹਰਮਨ ਪਿਆਰਾ ਬਣਾਉਣਗੇ ਅਤੇ ਇਵੇਂ ਤੁਹਾਨੂੰ ਆਪਣੇ ਸੋਹਣੇ ਹੋਣ ਦਾ ਭਰਪੂਰ ਅਹਿਸਾਸ ਹੋਵੇਗਾ। ਅਜਿਹੀ ਹਾਲਤ ਵਿਚ ਪੈਸੇ ਹੋਣ, ਨਾ ਹੋਣ, ਤੁਸੀਂ ਆਪਣੇ ਆਪ ਨੂੰ ਭਰਿਆ ਹੋਇਆ, ਖੁਸ਼ਹਾਲ ਅਤੇ ਅਮੀਰ ਸਮਝੋਗੇ।
ਇਵੇਂ ਕਿਉਂ ਹੁੰਦਾ ਹੈ ?
ਝੂਠ ਇਸ ਲਈ ਬੋਲਿਆ ਜਾਂਦਾ ਹੈ ਕਿਉਂਕਿ ਝੂਠ ਸੱਚ ਨਾਲੋਂ ਵਧੇਰੇ ਦਿਲਚਸਪ ਅਤੇ ਰੌਣਕ ਵਾਲਾ ਹੁਦਾ ਹੈ।
ਅਸੀਂ ਬਹੁਤ ਕੁਝ ਅਜਿਹਾ ਕਰਦੇ ਹਾਂ ਅਤੇ ਕਰੀ ਜਾਂਦੇ ਹਾਂ ਪਰ ਅਸੀਂ ਆਪਣੇ ਕਾਰਜਾਂ ਦੇ ਕਾਰਨਾਂ ਪ੍ਰਤੀ ਸੁਚੇਤ ਨਹੀਂ ਹੁੰਦੇ।
ਸਾਡੇ ਬਹੁਤੇ ਕਾਰਜਾਂ ਦੇ ਕਾਰਨ ਜਾਂ ਤਾਂ ਮੱਧਕਾਲੀ ਵਿਸ਼ਵਾਸਾਂ ਵਿਚ ਹਨ ਜਾਂ ਇਹ ਕਾਰਨ ਸਾਡੇ ਅਚੇਤ ਮਨ ਵਿਚ ਲੁਕੇ ਹੁੰਦੇ ਹਨ।
ਉਦਾਹਰਣ ਵਜੋਂ, ਹਰ ਕੋਈ ਪਿਆਰ ਕਰਨਾ ਚਾਹੁੰਦਾ ਹੈ ਪਰ ਕਿਉਂ ਕਰਨਾ ਚਾਹੁੰਦਾ ਹੈ ? ਵਾਸਤਵ ਵਿਚ ਉਮਰ ਦੇ ਇਕ ਪੜਾਓ ਤੇ ਅਸੀਂ ਆਪਣੀ ਪਛਾਣ ਲਈ ਤਾਂਘਦੇ ਹਾਂ, ਇਹ ਤਾਂਘ ਸਾਨੂੰ ਦੂਜਿਆਂ ਦੇ ਸੰਪਰਕ ਵਿਚ ਲਿਆਉਂਦੀ ਹੈ।
ਪਿਆਰ ਅਸੀਂ ਆਪਣੇ ਆਪ ਨੂੰ ਹੀ ਕਰਦੇ ਹਾਂ ਪਰ ਕਰਦੇ ਦੂਜੀ ਧਿਰ ਰਾਹੀਂ ਹਾਂ। ਸਾਡੇ ਲਈ ਦੂਜੀ ਧਿਰ, ਸ਼ੀਸ਼ੇ ਦਾ ਕਾਰਜ ਕਰਦੀ ਹੈ, ਜਿਸ ਵਿਚੋਂ ਅਸੀਂ ਆਪਣੇ ਆਪ ਨੂੰ ਨੇੜੇ ਹੋ ਕੇ ਵੇਖਦੇ ਹਾਂ । ਆਪਣੇ ਸੋਹਣੇ, ਸਿਆਣੇ, ਬਹਾਦਰ, ਚੰਗੇ ਆਦਿ ਹੋਣ ਜਾਂ ਨਾ ਹੋਣ ਦੀ ਸੋਝੀ ਵੀ ਸਾਨੂੰ ਦੂਜੀ ਧਿਰ ਰਾਹੀਂ ਹੀ ਮਿਲਦੀ ਹੈ। ਪਿਆਰ ਇਸ ਲਈ ਹਰ ਕਿਸੇ ਨੂੰ ਖਿੱਚ ਪਾਉਂਦਾ ਹੈ, ਕਿਉਂਕਿ ਸੰਸਾਰ ਵਿਚ ਪਿਆਰ ਹੀ ਇਕ ਅਜਿਹਾ ਅਨੁਭਵ ਹੈ ਜਿਸ ਵਿਚ ਸਾਡੀਆਂ ਸਾਰੀਆਂ ਗਿਆਨ-ਇੰਦਰੀਆਂ ਕਾਰਜਸ਼ੀਲ ਹੁੰਦੀਆਂ ਹਨ। ਹੋਰਾਂ ਨੂੰ ਸਾਡੀਆਂ ਅੱਖਾਂ ਵੇਖਦੀਆਂ ਹੀ ਹਨ ਪਰ ਪਿਆਰੇ ਨੂੰ ਨਿਹਾਰਦੀਆਂ ਵੀ ਹਨ। ਹੋਰਾਂ ਨੂੰ ਅਸੀਂ ਸੁਣਦੇ ਹੀ ਹਾਂ ਪਰ ਪਿਆਰੇ ਨੂੰ ਅਸੀਂ ਸ਼ਰਧਾ ਅਤੇ ਧਿਆਨ ਨਾਲ ਸ੍ਰਵਣ ਕਰਦੇ ਹਾਂ । ਹੋਰ ਚੀਜ਼ਾਂ ਨੂੰ ਅਸੀਂ ਸੁੰਘਦੇ ਹਾਂ ਪਰ ਪਿਆਰੇ ਦੀ ਖੁਸ਼ਬੂ ਮਾਣਦੇ ਹਾਂ। ਹੋਰਾਂ ਨਾਲ ਅਸੀਂ ਖਾਂਦੇ ਹਾਂ ਪਰ ਪਿਆਰੇ ਨਾਲ ਖਾਣ ਦਾ ਸੁਆਦ ਵੀ ਲੈਂਦੇ ਹਾਂ। ਹੋਰਾਂ ਨਾਲ ਅਸੀਂ ਬੁਲ੍ਹਾਂ ਨਾਲ ਬੋਲਦੇ ਹਾਂ ਪਰ ਪਿਆਰੇ ਨੂੰ ਬੁਲ੍ਹਾਂ ਨਾਲ ਚੁੰਮ ਕੇ ਚੁੱਪ ਕਰਾਉਂਦੇ ਹਾਂ । ਹੋਰਾਂ ਦੀ ਛੋਹ ਸਾਨੂੰ ਪਰ੍ਹੇ ਕਰਦੀ ਹੈ ਪਰ ਪਿਆਰੇ ਦੀ ਛੋਹ, ਝਰਨਾਟ ਛੇੜ ਕੇ ਨੇੜੇ ਹੋਣ ਲਈ ਪ੍ਰੇਰਦੀ ਹੈ।
ਜੀਵਨ ਦਾ ਕੋਈ ਵੀ ਹੋਰ ਅਨੁਭਵ ਅਜਿਹਾ ਨਹੀਂ, ਜਿਸ ਵਿਚ ਸਾਡਾ ਸਮੁੱਚਾ ਵਜੂਦ ਸ਼ਿੱਦਤ ਨਾਲ ਵਿਚਰਦਾ ਹੋਵੇ। ਅਸੀਂ ਇਸ ਸ਼ਿੱਦਤ ਨੂੰ ਮਾਣਦੇ ਹਾਂ।
ਹਰ ਕੋਈ ਪਿਆਰ ਇਸ ਲਈ ਕਰਨਾ ਚਾਹੁੰਦਾ ਹੈ ਤਾਂ ਜੁ ਉਸ ਦੀ ਵੇਖਣ, ਸੁਣਨ, ਚੱਖਣ, ਸੁੰਘਣ, ਮਹਿਸੂਸਣ ਅਤੇ ਅਨੁਭਵ ਕਰਨ ਦੀ ਪੱਧਰ ਉੱਚੀ, ਵਿਸ਼ਾਲ ਅਤੇ ਅਮੀਰ ਹੋ ਜਾਵੇ। ਇਹ ਸ਼ਿੱਦਤ ਕਾਮ-ਸ਼ਕਤੀ ਵਿਚੋਂ ਉਪਜਦੀ ਹੈ ਅਤੇ ਮੋੜਵੇਂ ਰੂਪ ਵਿਚ ਇਹ ਕਾਮ-ਸ਼ਕਤੀ ਨੂੰ ਉਭਾਰਦੀ ਹੈ । ਪਿਆਰ ਦੀ ਸ਼ਿੱਦਤ ਨਾਲ ਸਾਡੇ ਨੈਣ- ਨਕਸ਼, ਚਾਲ-ਢਾਲ, ਉਠਣਾ-ਬੈਠਣਾ, ਬੋਲ-ਬੁਲਾਰਾ ਅਤੇ ਪਹਿਨਣਾ-ਵਰਤਣਾ ਲੀਕੇ ਵਾਲਾ ਅਤੇ ਉੱਚਾ ਹੋ ਜਾਂਦਾ ਹੈ।
ਪਿਆਰ ਸਾਨੂੰ ਕੋਰੇ ਲੱਠੇ ਤੋਂ ਰੰਗਦਾਰ ਰੇਸ਼ਮ ਬਣਾ ਦਿੰਦਾ ਹੈ ਅਤੇ ਸਾਡੇ ਸੁੱਤੇ ਅੰਗਾਂ ਨੂੰ ਅਤੇ ਛੁਪੀਆਂ ਰਮਜ਼ਾਂ ਨੂੰ ਜਗਾ ਦਿੰਦਾ ਹੈ।
ਪਹਿਲਾ ਪਿਆਰ ਨਵਾਂ ਹੋਣ ਕਰਕੇ ਤੀਬਰ ਹੁੰਦਾ ਹੈ ਅਤੇ ਪਹਿਲੇ ਪਿਆਰ ਵਿਚ ਇਹ ਭਰਮ ਹੁੰਦਾ ਹੈ ਕਿ ਇਹ ਪਿਆਰ ਕਦੇ ਵੀ ਮੁੱਕੇਗਾ ਨਹੀਂ, ਜਦੋਂ ਕਿ ਦੂਜੇ-ਤੀਜੇ ਪਿਆਰ ਵਿਚ ਇਹ ਭਰਮ ਨਹੀਂ ਹੁੰਦਾ। ਇਸ ਭਰਮ ਦਾ ਆਨੰਦ ਸਾਨੂੰ ਆਦਰਸ਼ਵਾਦੀ ਅਤੇ ਕਵੀ ਬਣਾ ਦਿੰਦਾ ਹੈ।
ਪਿਆਰ ਵਿਚ ਅਸੀਂ ਦਿਲ ਬਾਰੇ ਗੱਲਾਂ ਇਸ ਲਈ ਕਰਦੇ ਹਾਂ ਕਿਉਂਕਿ ਪਿਆਰ ਦਾ ਸਪਸ਼ਟ ਪ੍ਰਭਾਵ ਦਿਲ ਦੀ ਧੜਕਣ ਉਤੇ ਪੈਂਦਾ ਹੈ ਸੋ ਪ੍ਰੇਮੀ ਦਿਲ ਨੂੰ ਹੀ ਦਿਮਾਗ ਸਮਝਦੇ ਹਨ। ਪਿਆਰ ਨੂੰ ਸਦੀਵੀ ਬਣਾਉਣ ਲਈ ਪ੍ਰੇਮੀ ਵਿਆਹ ਕਰਨ ਲਈ ਤੜਪਦੇ ਹਨ ਪਰ ਵਿਆਹ ਹੁੰਦਿਆਂ ਹੀ ਸੁਪਨੇ ਦਾ ਯਥਾਰਥ ਨਾਲ ਸਾਹਮਣਾ ਹੋਣ ਉਤੇ ਅਕਸਰ ਇੰਜ ਲਗਦਾ ਹੈ ਕਿ ਜਿਸ ਨਾਲ ਪਿਆਰ ਕੀਤਾ ਸੀ, ਉਹ ਕੋਈ ਹੋਰ ਸੀ, ਜਿਸ ਨਾਲ ਵਿਆਹ ਹੋਇਆ ਹੈ, ਇਹ ਕੋਈ ਹੋਰ ਹੈ।
ਪਿਆਰ-ਵਿਆਹ ਅਕਸਰ ਇਸ ਲਈ ਅਸਫਲ ਹੁੰਦੇ ਹਨ ਕਿਉਂਕਿ ਰਿਸ਼ਤਾ ਪੁਰਾਣਾ ਹੋਣ ਕਰਕੇ ਇਸ ਵਿਚ ਨਵੀਨਤਾ, ਉਤਸੁਕਤਾ, ਅਚੰਭਾ ਜਾਂ ਦੂਜੇ ਨੂੰ ਖੋਜਣ-ਲੱਭਣ ਦੀ ਮੌਜ ਨਹੀਂ ਹੁੰਦੀ ਸੋ ਸਭ ਕੁਝ ਇਕ-ਦਮ ਪੁਰਾਣਾ ਅਤੇ ਥਕਾਊ ਹੋ ਜਾਂਦਾ ਹੈ। ਅਜਿਹੇ ਵਿਆਹ ਵਿਚ ਦੋਵੇਂ ਪਰਿਵਾਰਾਂ ਦੀ ਸਦਭਾਵਨਾ ਦਾ ਨਿੱਘ ਵੀ ਨਹੀਂ ਹੁੰਦਾ ਅਤੇ ਰਿਸ਼ਤੇਦਾਰਾਂ ਦੀ ਪ੍ਰਵਾਨਗੀ ਵੀ ਨਹੀਂ ਹੁੰਦੀ।
ਪ੍ਰੇਮ-ਵਿਆਹ ਵਾਲੇ ਆਪਣੇ ਗਿਲੇ-ਸ਼ਿਕਵੇ ਨਹੀਂ ਪ੍ਰਗਟਾ ਸਕਦੇ । ਪ੍ਰੇਮ- ਵਿਆਹ ਕਰਨ ਵਾਲੀ ਇਕ ਇਸਤਰੀ ਦਸ ਰਹੀ ਸੀ ਕਿ ਹਰ ਵੇਲੇ ਮੇਰਾ ਧਿਆਨ ਰਖਣ ਵਾਲਾ ਮੇਰਾ ਪ੍ਰੇਮੀ, ਮੇਰਾ ਪਤੀ ਬਣ ਕੇ ਹੁਣ ਮੇਰੀ ਨਿੱਕੀ-ਨਿੱਕੀ ਗੱਲ ਵਿਚ ਨੁਕਸ ਕਢਦਾ ਹੈ। ਮੈਂ ਬਹੁਤ ਦੁੱਖੀ ਹਾਂ। ਜੇ ਮੈਂ ਆਪਣੇ ਪਤੀ ਬਾਰੇ ਆਪਣੀ ਸੱਸ ਨੂੰ ਕੁਝ ਕਹਿੰਦੀ ਹਾਂ ਤਾਂ ਸੱਸ ਕਹਿੰਦੀ ਹੈ : ਨੁਕਸ ਤੇਰੇ ਵਿਚ ਹੀ ਹੈ। ਜੇ ਮੈਂ ਆਪਣੀ ਮਾਂ ਨੂੰ ਦੱਸਦੀ ਹਾਂ ਤਾਂ ਉਹ ਕਹਿੰਦੀ ਹੈ : ਤੈਨੂੰ ਸਮਝਾਇਆ ਸੀ ਤੂੰ ਸਮਝੀ ਨਹੀਂ, ਸੋ ਹੁਣ ਭੁਗਤ, ਜੇ ਸਾਡੀ ਸਹਿਮਤੀ ਨਾਲ ਜਾਂ ਰਸਮ-ਰੀਤ ਨਾਲ ਵਿਆਹ ਹੋਇਆ ਹੁੰਦਾ ਤਾਂ ਅਸੀਂ ਤੇਰੇ ਨਾਲ ਖੜ੍ਹਦੇ।
ਵਿਆਹ ਦੀਆਂ ਜਿਹੜੀਆਂ ਰਸਮਾਂ ਅਸੀਂ ਨਿਭਾਉਂਦੇ ਹਾਂ, ਉਨ੍ਹਾਂ ਦੀਆਂ ਜੜ੍ਹਾਂ ਮੱਧਕਾਲੀ ਕਬੀਲੇ ਯੁਗ ਵਿਚ ਪਈਆਂ ਹਨ।
ਸਮਾਜ ਕੋਈ ਹੋਵੇ, ਉਸ ਵਿਚ ਵਸਣ ਵਾਲੇ ਲੋਕਾਂ ਵਿਚ ਹਾਕਮ ਜਮਾਤ ਦੀ ਨਕਲ ਕਰਨ ਦੀ ਪ੍ਰਵਿਰਤੀ ਹੁੰਦੀ ਹੈ।
ਜਦੋਂ ਕੋਈ ਰਾਜਾ ਜਾਂ ਰਾਜਕੁਮਾਰ ਕਿਸੇ ਦੂਜੇ ਰਾਜ ਜਾਂ ਰਾਜੇ ਤੇ ਹਮਲਾ ਕਰਦਾ ਸੀ ਤਾਂ ਉਹ ਛੱਤਰ ਝੁਲਾ ਕੇ, ਮੁੱਕਟ ਸਜਾ ਕੇ, ਨਗਾਰਾ ਵਜਾ ਕੇ, ਘੋੜੇ ਤੇ ਸਵਾਰ ਹੋ ਕੇ, ਫੌਜ ਲੈ ਕੇ ਵਿਰੋਧੀ ਜਾਂ ਗੁਆਂਢੀ ਰਾਜੇ ਤੋਂ ਈਨ ਮਨਾਉਣ ਲਈ ਜਾਂ ਯੁੱਧ ਕਰਨ ਲਈ ਚਲਦਾ ਸੀ । ਦੂਜੇ ਰਾਜੇ ਸਾਹਮਣੇ ਦੋ ਰਾਹ ਹੁੰਦੇ ਸਨ : ਜਾਂ ਈਨ ਮੰਨੇ ਜਾਂ ਮੁਕਾਬਲਾ ਕਰੇ । ਅਜੋਕੇ ਯੁੱਗ ਦਾ ਦੂਜੇ ਸ਼ਹਿਰ ਜਾਂ ਮੁਹੱਲੇ ਦਾ ਰਾਜਾ ਜਾਂ ਲੜਕੀ ਦਾ ਪਿਤਾ, ਲੜਦਾ ਨਹੀਂ, ਈਨ ਮੰਨਦਾ ਹੈ ਅਤੇ ਹਮਲਾਵਰ ਰਾਜੇ ਦੀ ਫੌਜ ਜਾਂ ਬਾਰਾਤ ਦਾ ਸਵਾਗਤ ਕਰਦਾ ਹੈ ਅਤੇ ਉਸ ਦੇ ਗਲੇ ਵਿਚ ਜਿੱਤ ਦੀ ਜੈ ਮਾਲਾ ਪਾਉਂਦਾ ਹੈ ਅਤੇ ਆਪਣੀ ਸਭ ਤੋਂ ਕੀਮਤੀ ਚੀਜ਼, ਆਪਣੀ ਧੀ ਦਾ ਡੋਲਾ, ਨਜ਼ਰਾਨੇ ਵਜੋਂ ਪੇਸ਼ ਕਰਦਾ ਹੈ, ਦਾਜ ਰਾਹੀਂ ਹਰਜਾਨਾ ਭਰਦਾ ਹੈ ਅਤੇ ਸ਼ਗਨਾਂ ਰਾਹੀਂ ਸ਼ੁਕਰਾਨਾ ਕਰਦਾ ਹੈ ਅਤੇ ਇਵੇਂ ਜੁਰਮਾਨੇ ਅਤੇ ਤਹਿਖਾਨੇ ਤੋਂ ਬਚਦਾ ਹੈ।
ਜੇਤੂ ਫੌਜ ਦੀ ਪਕਵਾਨਾਂ ਨਾਲ ਝੁਕ ਝੁਕ ਕੇ ਸੇਵਾ ਕੀਤੀ ਜਾਂਦੀ ਹੈ।
ਸ਼ੁਕਰਾਨਾ, ਨਜ਼ਰਾਨਾ, ਜੁਰਮਾਨਾ, ਹਰਜਾਨਾ ਅਤੇ ਤਹਿਖਾਨਾ ਮੁਗ਼ਲ ਹਕੂਮਤ ਦੇ ਆਧਾਰ ਸਨ ।
ਕਿਸੇ ਨੇ ਪੁਛਿਆ ਸੀ ਕਿ ਦੁਲਹਨ ਦੇ ਘਰ ਪਹੁੰਚ ਕੇ ਬਾਰਾਤੀ ਨੱਚਦੇ ਕਿਉਂ ਹਨ, ਉੱਤਰ ਹੈ ਕਿ ਉਨ੍ਹਾਂ ਨੂੰ ਆਪਣੀ ਜਿੱਤ ਦਾ ਇਤਨਾ ਭਰੋਸਾ ਹੁੰਦਾ ਹੈ ਕਿ ਮੁੱਠ-ਭੇੜ ਜਾਂ ਮਿਲਣੀ ਤੋਂ ਪਹਿਲਾਂ ਹੀ, ਉਹ ਜਿੱਤ ਦਾ ਜਸ਼ਨ ਮਨਾਉਣ ਲਗ ਪੈਂਦੇ ਹਨ । ਲੜਾਈ ਵਾਲਾ ਨਗਾਰਾ, ਜਸ਼ਨ ਦਾ, ਜਿੱਤ ਦਾ (ਬੈਂਡ) ਵਾਜਾ ਬਣ ਜਾਂਦਾ ਹੈ ।
ਦੁਲਹਾ ਘੋੜੀ ਉਤੇ ਇਸ ਲਈ ਬੈਠਾਇਆ ਜਾਂਦਾ ਹੈ ਕਿਉਂਕਿ ਉਹ ਰਾਜਕੁਮਾਰ ਹੈ ਪਰ ਅਜੋਕੇ ਅਰਥਾਂ ਵਿਚ ਇਸ ਲਈ ਬੈਠਾਇਆ ਜਾਂਦਾ ਹੈ ਕਿ ਉਹ ਰਿਸ਼ਟ- ਪੁਸ਼ਟ ਹੈ, ਘੋੜੀ ਨੂੰ ਕਾਬੂ ਕਰ ਸਕਦਾ ਹੈ ਅਤੇ ਉਸ ਦੇ ਸਰੀਰ ਦੇ ਅੰਗ ਪੂਰੇ ਹਨ। ਜੇ ਉਸ ਦੇ ਸਰੀਰ ਵਿਚ ਕੋਈ ਨੁਕਸ ਹੋਵੇ ਤਾਂ ਉਹ ਧੜੱਮ ਕਰਕੇ ਡਿਗ ਪਵੇਗਾ। ਉਪਰੋਕਤ ਰਸਮਾਂ ਕਾਰਨ ਹੀ ਲੜਕੇ ਵਾਲਿਆਂ ਦਾ ਦਰਜਾ ਲੜਕੀ ਵਾਲਿਆਂ ਤੋਂ ਉਚੇਰਾ ਮਿੱਥਿਆ ਗਿਆ ਹੈ ਅਤੇ ਲੜਕੀ ਵਾਲੇ ਆਪਣੀ ਅਧੀਨਗੀ ਪ੍ਰਗਟਾਉਣ ਲਈ ਹਰ ਥਾਂ ਹੱਥ ਜੋੜਦੇ ਹਨ।
ਹੱਥ ਜੋੜ ਕੇ ਮਿਲਣ ਵੇਲੇ, ਆਹਮੋ-ਸਾਹਮਣੇ ਹੋਣ ਪਿਛੇ ਵੀ ਕਾਰਨ ਇਹ ਹੈ ਕਿ ਦੋਵੇਂ ਵਿਅਕਤੀ ਦਿਖਾਉਂਦੇ ਹਨ ਕਿ ਮੇਰੇ ਹੱਥ ਵਿਚ ਕੋਈ ਹਥਿਆਰ ਨਹੀਂ ਹੈ।
ਹੱਥ ਮਿਲਾਉਣ ਦੀ ਰਸਮ ਯੋਰਪ ਵਿਚੋਂ ਆਈ ਹੈ, ਜਿਥੇ ਦੋਵੇਂ ਵਿਰੋਧੀ ਧਿਰਾਂ, ਸਮਝੌਤੇ ਉਪਰੰਤ, ਹੱਥ ਮਿਲਾਉਂਦੀਆਂ ਅਤੇ ਇਕ-ਦੂਜੇ ਨੂੰ ਸਹਿਯੋਗ ਦੇਣ ਦਾ ਪ੍ਰਣ ਕਰਦੀਆਂ ਸਨ।
ਇਵੇਂ ਹੀ ਜਿੱਤਣ ਉਪਰੰਤ, ਬਾਂਹ ਉੱਚੀ ਕਰਕੇ ਹੱਥ ਹਿਲਾਉਣਾ ਆਪਣਾ ਕੱਦ ਵੱਡਾ ਜਾਂ ਉੱਚਾ ਕਰਨ ਦਾ ਉਪਰਾਲਾ ਹੁੰਦਾ ਹੈ।
ਪੈਰੀਂ ਹੱਥ ਲਾਉਣ ਪਿਛੇ ਕਾਰਨ ਇਹ ਹੈ ਕਿ ਛੋਟੀ ਧਿਰ ਜਾਂ ਯੁੱਧ ਵਿਚ ਹਾਰੀ ਹੋਈ ਧਿਰ, ਜਿੱਤੀ ਹੋਈ ਜਾਂ ਵੱਡੀ ਧਿਰ ਅਗੇ ਅਧੀਨਗੀ ਕਬੂਲਣ ਦੇ ਪ੍ਰਮਾਣ ਵਜੋਂ ਆਪਣੀ ਗਰਦਨ ਪੇਸ਼ ਕਰਦੀ ਹੈ ਤੇ ਸੰਕੇਤ ਦਿੰਦੀ ਹੈ ਕਿ ਤੁਹਾਡੀ ਮਰਜ਼ੀ ਹੈ, ਮੇਰਾ ਸਿਰ ਕਤਲ ਕਰ ਦਿਓ ਜਾਂ ਮੈਨੂੰ ਬਖ਼ਸ਼ ਦਿਓ, ਬਖਸ਼ ਦਿਓਗੇ ਤਾਂ ਸਾਰੀ ਉਮਰ ਗੁਲਾਮ ਰਹਾਂਗਾ। ਇਸੇ ਕਰਕੇ ਵੱਡੀ ਧਿਰ ਕਹਿੰਦੀ ਹੈ, ‘ਜਿਉਂਦਾ ਰਹਿ’ ਅਰਥਾਤ ਬਖਸ਼ ਦਿਤਾ ਹੈ।
ਕਿਸੇ ਵੱਡੇ ਦੇ ਆਉਣ ਤੇ ਅਸੀਂ ਇਸ ਲਈ ਖੜੇ ਹੋ ਜਾਂਦੇ ਹਾਂ ਕਿ ਦਸ ਸਕੀਏ ਕਿ ਤੁਸੀਂ ਸਾਡੇ ਸ਼ੁਭ-ਚਿੰਤਕ ਹੋ, ਅਸੀਂ ਤੁਹਾਡੀ ਮਿਹਰ ਦੇ ਅਭਿਲਾਸ਼ੀ ਹਾਂ, ਤੁਹਾਡੀ ਖਾਤਰ ਅਸੀਂ ਸਾਰੇ ਸੁਖ-ਸਾਧਨ ਜੁਟਾ ਦਿਆਂਗੇ ਅਤੇ ਤੁਹਾਡੇ ਲਈ ਅਸੀਂ ਸਾਰੇ ਆਰਾਮ ਤਿਆਗ ਕੇ ਸਰੀਰਕ ਕਸ਼ਟ ਸਹਿਣ ਲਈ ਵੀ ਤਿਆਰ ਹਾਂ।
ਸਲੂਟ ਮਾਰਨ ਦੀ ਰਸਮ ਡਾਕੂਆਂ ਅਤੇ ਬਦਮਾਸ਼ਾਂ ਤੋਂ ਯੋਰਪ ਵਿਚ ਆਰੰਭ ਹੋਈ ਸੀ। ਯੋਰਪ ਵਿਚ ਡਾਕੂ ਅਤੇ ਬਦਮਾਸ਼ ਅੱਖਾਂ ਉਤੇ ਝੁਕੇ ਹੋਏ ਅਜਿਹੇ ਹੈਟ ਪਹਿਨਦੇ ਸਨ, ਜਿਨ੍ਹਾਂ ਨਾਲ ਕੋਈ ਉਨ੍ਹਾਂ ਨੂੰ ਪਛਾਣ ਨਹੀਂ ਸੀ ਸਕਦਾ। ਦੁਸ਼ਮਣ ਦੇ ਇਲਾਕੇ ਵਿਚੋਂ ਉਹ ਇਸ ਵਿਧੀ ਨਾਲ ਲੰਘਦੇ ਸਨ। ਜਦੋਂ ਉਹ ਕਿਸੇ ਜਾਣੂ ਬਦਮਾਸ਼ ਦੇ ਇਲਾਕੇ ਵਿਚੋਂ ਲੰਘਦੇ ਸਨ ਤਾਂ ਆਪਣੀ ਪਛਾਣ ਕਰਵਾਉਣ ਲਈ ਉਹ ਸੱਜੇ ਹੱਥ ਦੇ ਚੱਪੇ ਨਾਲ ਆਪਣਾ ਹੈਟ ਅੱਖਾਂ ਤੋਂ ਥੋੜ੍ਹਾ ਜਿਹਾ ਉੱਚਾ ਕਰਦੇ ਸਨ। ਹੌਲੀ ਹੌਲੀ ਇਹ ਵਰਤਾਰਾ ਸਲੂਟ ਬਣ ਗਿਆ ਅਤੇ ਇਹ ਬਦਮਾਸ਼-ਡਾਕੂ ਰਾਜੇ-ਮਹਾਰਾਜੇ ਬਣ ਗਏ।
ਜਨਤਾ, ਹਾਕਮਾਂ ਜਾਂ ਸਰਕਾਰਾਂ ਦੀ ਨਿੰਦਾ ਇਸ ਲਈ ਕਰਦੀ ਹੈ ਕਿਉਂਕਿ ਹਕੂਮਤਾਂ ਅਤੇ ਸਰਕਾਰਾਂ, ਡਾਕੂਆਂ ਵਾਂਗ ਪੇਸ਼ ਆਉਂਦੀਆਂ ਹਨ ਤੇ ਜਨਤਾ ਦੀ ਕਮਾਈ ਖੋਹ ਲੈਂਦੀਆਂ ਹਨ।
ਅੱਖ-ਮਾਰਨੀ, ਇਕ ਗੁਪਤ ਭਾਸ਼ਾ ਵਜੋਂ ਵਰਤੀ ਜਾਂਦੀ ਰਹੀ ਹੈ, ਜਿਸ ਰਾਹੀਂ ਕਿਸੇ ਇਕੱਠ ਵਿਚ, ਦੂਜਿਆਂ ਤੋਂ ਗੁਪਤ, ਬੋਲਣ ਜਾਂ ਹਿਲਣ ਤੋਂ ਬਿਨਾ, ਆਪਣੇ ਹਮਾਇਤੀਆਂ ਨੂੰ ਇਸ਼ਾਰਾ ਕੀਤਾ ਜਾਂਦਾ ਹੈ। ਕਈ ਵਾਰੀ ਅਜਿਹਾ ਸੰਕੇਤ ਕਿਸੇ ਕਾਤਰ ਜਾਂ ਕਪੜੇ ਜਾਂ ਝੰਡੀ ਰਾਹੀਂ ਵੀ ਦਿਤਾ ਜਾਂਦਾ ਹੈ।
ਜੰਗ ਦੇ ਮੈਦਾਨ ਵਿਚ ਹਾਰ ਮੰਨਣ ਵਾਲੀ ਫੌਜ ਆਪਣੀ ਹਾਰ ਦੇ ਐਲਾਨ ਵਜੋਂ ਬੇਰੰਗ, ਚਿੱਟਾ ਕਪੜਾ (ਝੰਡਾ) ਲਹਿਰਾਉਂਦੀ ਹੈ।
ਵੇਖਣ ਨੂੰ ਤਾਂ ਲਗਦਾ ਹੈ ਕਿ ਕਪੜੇ ਸਰਦੀ-ਗਰਮੀ ਤੋਂ ਬਚਣ ਲਈ ਪਹਿਨੇ ਜਾਂਦੇ ਹਨ ਪਰ ਕਪੜੇ ਅਜੋਕੇ ਯੁੱਗ ਵਿਚ ਮੁਖ ਤੌਰ ਤੇ ਆਪਣਾ ਸਮਾਜਿਕ ਰੁਤਬਾ ਪ੍ਰਗਟਾਉਣ ਲਈ ਵਰਤੇ ਜਾਂਦੇ ਹਨ।
ਕਪੜਿਆਂ ਦਾ ਮੁੱਢ ਸ਼ਿਕਾਰ ਯੁੱਗ ਵਿਚ ਬੱਝਾ ਸੀ ਜਦੋਂ ਸ਼ਿਕਾਰੀ, ਸ਼ਿਕਾਰ ਕੀਤੇ ਜਾਨਵਰਾਂ ਨੂੰ ਬੰਨ੍ਹਣ-ਚੁੱਕਣ ਲਈ ਕਿਸੇ ਜਾਨਵਰ ਦੀ ਖੱਲ ਵਰਤਦੇ ਸਨ। ਹੱਥਾਂ ਵਿਚ ਡਾਂਗ-ਸੋਟੇ ਹੋਣ ਕਰਕੇ, ਖੱਲ ਉਹ ਆਪਣੇ ਲੱਕ ਦੁਆਲੇ ਬੰਨ੍ਹ ਲੈਂਦੇ ਸਨ । ਲੱਕ ਦੁਆਲੇ ਬੰਨ੍ਹੀ ਇਹ ਖੱਲ, ਕੱਛਾ ਬਣ ਗਈ।
ਹੌਲੀ ਹੌਲੀ ਸ਼ਿਕਾਰੀ ਦਾ ਰੁਤਬਾ ਇਸ ਗੱਲ ਤੇ ਨਿਰਭਰ ਹੋ ਗਿਆ ਕਿ ਖੱਲ ਕਿਹੜੇ ਜਾਨਵਰ ਦੀ ਹੈ, ਜਿਵੇਂ ਹੁਣ ਰੁਤਬਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਪੜਾ ਜਾਂ ਸੂਟ ਕਿਹੜੀ ਕੰਪਨੀ ਦਾ ਹੈ। ਅਜੋਕੇ ਯੁੱਗ ਵਿਚ ਕਪੜੇ ਆਪਣੀ ਸਮਾਜਿਕ ਸਥਿਤੀ, ਜਾਤੀ, ਗੋਤ, ਕਬੀਲਾ, ਕੰਮ-ਧੰਦਾ, ਧਰਮ, ਸਭਿਆਚਾਰ ਆਦਿ ਪ੍ਰਗਟਾਉਣ ਲਈ ਪਹਿਨੇ ਜਾਂਦੇ ਹਨ।
ਸਾਡਾ ਬੁਨਿਆਦੀ ਲਿਬਾਸ ਸਾਡਾ ਧਰਮ ਨਿਰਧਾਰਤ ਕਰਦਾ ਹੈ, ਜਿਹੜਾ ਅਸੀਂ ਅਕਸਰ ਘਰ ਵਿਚ ਪਹਿਨਦੇ ਹਾਂ । ਸਾਡਾ ਵਿਹਾਰਕ ਲਿਬਾਸ ਸਾਡਾ ਕੰਮ- ਧੰਦਾ ਨਿਰਧਾਰਤ ਕਰਦਾ ਹੈ।
ਪੈਂਟ-ਕਮੀਜ਼ ਦਾ ਰਿਵਾਜ ਉਦਯੋਗਿਕ ਕ੍ਰਾਂਤੀ ਵੇਲੇ ਇੰਗਲੈਂਡ ਵਿਚ ਪਿਆ ਕਿਉਂਕਿ ਖੁਲ੍ਹੇ ਕਪੜੇ ਮਸ਼ੀਨ ਦੇ ਪੱਟੇ ਵਿਚ ਫਸ ਜਾਂਦੇ ਸਨ।
ਇਸਤਰੀਆਂ ਨੂੰ ਪਤਾ ਨਹੀਂ ਕਿ ਉਹ ਨਹੁੰ ਕਿਉਂ ਵਧਾਉਂਦੀਆਂ ਹਨ। ਨਹੁੰ ਵਧਾਉਣ ਦਾ ਰਿਵਾਜ ਵੀ ਉਦਯੋਗਿਕ ਕ੍ਰਾਂਤੀ ਵੇਲੇ ਪਿਆ ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਪੇਂਡੂ ਮਜ਼ਦੂਰ, ਸ਼ਹਿਰਾਂ ਵਿਚ ਆ ਕੇ, ਸ਼ਹਿਰੀਆਂ ਵਾਂਗ ਰਹਿਣ ਲਗ ਪਏ। ਉਸ ਸਮੇਂ ਕਾਰਖਾਨਿਆਂ ਦੇ ਮਾਲਕਾਂ ਨੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਨਹੁੰ ਵਧਾ ਕੇ ਦਸਿਆ ਕਿ ਉਹ ਹੱਥੀਂ ਕੰਮ ਕਰਨ ਵਾਲੇ ਮਜ਼ਦੂਰ ਨਹੀਂ, ਮਾਲਕ ਹਨ।
ਹੱਥੀਂ ਕੰਮ ਕਰਨ ਵਾਲਿਆਂ ਦੇ ਨਹੁੰ ਨਹੀਂ ਵਧਦੇ।
ਲਿਪਸਟਿਕ ਲਗਾਉਣ ਦਾ ਰਿਵਾਜ ਵੀ ਇਸੇ ਸਮੇਂ ਵਿਆਹੀਆਂ ਇਸਤਰੀਆਂ ਨੂੰ ਕੰਵਾਰੀਆਂ ਤੋਂ ਨਿਖੇੜਨ ਲਈ ਪਿਆ ਸੀ।
ਭਾਰਤ ਵਿਚ ਮਾਂਗ ਵਿਚ ਸੰਧੂਰ ਪਾਉਣ ਪਿਛੇ ਕਾਰਨ ਇਹ ਸੀ ਕਿ ਵਹਿਮ ਕੀਤਾ ਜਾਂਦਾ ਸੀ ਕਿ ਵਿਆਹ ਉਪਰੰਤ ਕਾਮ ਦੀ ਵਧੇਰੇ ਗਰਮੀ ਕਾਰਨ ਲੋਕ ਪਾਗਲ ਹੋ ਜਾਂਦੇ ਸਨ ਸੋ ਇਸਤਰੀਆਂ ਦੇ ਮੱਥੇ ਤੇ ਸੰਧੂਰ ਅਤੇ ਪੁਰਸ਼ਾਂ ਦੇ ਮੱਥੇ ਤੇ ਗਾਚਨੀ ਆਦਿ ਦਾ ਲੇਪ ਕੀਤਾ ਜਾਂਦਾ ਸੀ, ਜਿਸ ਨਾਲ ਉਨ੍ਹਾਂ ਦੇ ਸਰੀਰ ਵਿਚਲੀ ਗਰਮੀ ਘਟਦੀ ਸੀ।
ਅਜੋਕੇ ਯੁੱਗ ਵਿਚ ਆਪਣਾ ਸਮਾਜਿਕ-ਆਰਥਿਕ ਮਹੱਤਵ ਉਘਾੜਨ ਲਈ ਕਪੜਿਆਂ ਦੇ ਨਾਲ ਗਹਿਣੇ ਪਹਿਨੇ ਜਾਂਦੇ ਹਨ।
ਇਸਤਰੀਆਂ ਉਥੇ ਉਥੇ ਗਹਿਣੇ ਪਹਿਨਦੀਆਂ ਹਨ, ਜਿਥੇ ਅੰਧ-ਵਿਸ਼ਵਾਸ ਅਧੀਨ ਸਮਝਿਆ ਜਾਂਦਾ ਸੀ ਕਿ ਭੂਤ ਨਾੜੀ ਦੱਬ ਕੇ ਮਾਂ ਬਣਨ ਵਾਲੀ ਇਸਤਰੀ ਦੀ ਜਾਨ ਕੱਢਦੇ ਸਨ।
ਗਹਿਣਿਆਂ ਨਾਲ ਸਜੀਆਂ, ਮੰਦਰਾਂ ਵਿਚ ਦੇਵੀਆਂ, ਭਾਰਤੀ ਇਸਤਰੀਆਂ ਲਈ ਪਹਿਰਾਵੇ ਅਤੇ ਗਹਿਣਿਆਂ ਦੇ ਪੱਖੋਂ ਮਾਡਲ ਹਨ।
ਗਹਿਣੇ ਇਸਤਰੀ ਨੂੰ ਕਿਸੇ ਕੀਮਤੀ ਚੀਜ਼ ਦੀ ਮਾਲਕ ਹੋਣ ਦਾ ਅਹਿਸਾਸ ਕਰਵਾਉਂਦੇ ਹਨ।
ਗਹਿਣੇ ਅਜਿਹੀਆਂ ਧਾਤਾਂ ਦੇ ਬਣਦੇ ਹਨ, ਜਿਹੜੀਆਂ ਆਮ ਨਹੀਂ। ਵਿਗਿਆਨ ਦਸਦਾ ਹੈ ਕਿ ਇਕ ਕਿਲੋ ਲੋਹਾ, ਮੌਸਮ ਦੇ ਪ੍ਰਭਾਵ ਕਾਰਨ ਸੌ ਕੁ ਸਾਲ ਵਿਚ ਅੱਧਾ ਕਿਲੋ ਰਹਿ ਜਾਂਦਾ ਹੈ ਜਦੋਂ ਕਿ ਸੋਨੇ ਨੂੰ ਅੱਧਾ ਹੋਣ ਵਿਚ ਪੰਜ-ਛੇ ਹਜ਼ਾਰ ਸਾਲ ਲਗਦੇ ਹਨ ਅਤੇ ਹੀਰੇ ਨੂੰ ਅੱਧਾ ਹੋਣ ਵਿਚ ਲਗਭਗ ਪੰਜਾਹ ਹਜ਼ਾਰ ਸਾਲ ਲਗਦੇ ਹਨ। ਅੱਧੇ ਹੋਣ ਦੇ ਸਮੇਂ ਦੇ ਆਧਾਰ ਤੇ ਧਾਤਾਂ ਦੀ ਕੀਮਤ ਨਿਰਧਾਰਤ ਹੁੰਦੀ ਹੈ। ਇਹ ਧਾਤਾਂ ਆਮ ਨਹੀਂ, ਇਸ ਲਈ ਕੀਮਤੀ ਹਨ।
ਭਾਰਤ ਵਿਚ ਧਾਤਾਂ ਵੀ ਜਾਤ-ਪਾਤ ਦੇ ਆਧਾਰ ਤੇ ਵੰਡੀਆਂ ਗਈਆਂ ਹਨ। ਬ੍ਰਾਹਮਣ ਸੋਨਾ ਪਹਿਨਦੇ ਹਨ ਇਸੇ ਲਈ ਸਵਰਨ ਜਾਤੀ ਕਹਿਲਾਉਂਦੇ ਹਨ, ਕਸ਼ੱਤਰੀ ਚਾਂਦੀ ਪਹਿਨਦੇ ਹਨ। ਵੈਸ਼ ਕਾਂਸੀ ਦੇ ਗਹਿਣੇ ਜਾਂ ਭਾਂਡੇ ਵਰਤਦੇ ਹਨ ਜਦੋਂ ਕਿ ਸ਼ੂਦਰ ਲੋਹੇ ਦੇ ਬਰਤਨ ਹੀ ਵਰਤਣ ਦੇ ਅਧਿਕਾਰੀ ਮੰਨੇ ਗਏ ਹਨ।
ਕਿਸੇ ਚੀਜ਼ ਦਾ ਮਹੱਤਵ ਵਧਾਉਣ ਲਈ ਉਸ ਦੀ ਆਮ ਵਰਤੋਂ ਤੇ ਪਾਬੰਦੀ ਲਾਈ ਜਾਂਦੀ ਹੈ ਜਾਂ ਉਹ ਮਹਿੰਗੀ ਕਰ ਦਿਤੀ ਜਾਂਦੀ ਹੈ ਜਾਂ ਉਸ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਕਰ ਦਿਤਾ ਜਾਂਦਾ ਹੈ।
ਸੁੰਦਰਤਾ ਦੀ, ਬਹਾਦਰੀ ਦੀ, ਗਿਆਨ ਆਦਿ ਦੀ ਪ੍ਰਸੰਸਾ ਵੀ ਇਸ ਲਈ ਹੈ, ਕਿਉਂਕਿ ਇਹ ਆਮ ਨਹੀਂ, ਮੰਗ ਵਧੇਰੇ ਹੈ ਅਤੇ ਪੂਰਤੀ ਘਟ ਹੈ।
ਇਸਤਰੀ ਚਾਹੁੰਦੀ ਹੈ ਉਹ ਸਦਾ ਜਵਾਨ ਰਹੇ ਅਤੇ ਪੁਰਸ਼ ਦੀ ਇੱਛਾ ਬਣੀ ਰਹੇ ਅਤੇ ਉਸ ਦੀ ਸੁੰਦਰਤਾ ਹੀਰੇ ਵਾਂਗ ਚਮਕੇ ਅਤੇ ਸੋਨੇ ਵਾਂਗ ਲਿਸ਼ਕੇ ਸੋ ਉਹ ਅਕਸਰ ਗਹਿਣੇ ਪਹਿਨਦੀ ਹੈ ਅਤੇ ਆਪਣੀ ਉਮਰ ਦਸਣ ਵੇਲੇ ਝੂਠ ਬੋਲਦੀ ਹੈ ਪਰ ਉਸ ਦਾ ਇਹ ਝੂਠ ਪਿਆਰਾ ਲਗਦਾ ਹੈ।
ਇਸਤਰੀ ਦਾ ਮੁਖ ਉਦੇਸ਼ ਅਤੇ ਗੁਣ ਸੋਹਣੇ ਲਗਣਾ ਹੈ।
ਪੁਰਸ਼ ਆਪਣੀ ਆਮਦਨ-ਜਾਇਦਾਦ ਬਾਰੇ ਝੂਠ ਬੋਲਦੇ ਹਨ।
ਝੂਠ ਕੇਵਲ ਮਨੁੱਖ ਬੋਲਦੇ ਹਨ।
ਝੂਠ ਬੋਲਣਾ, ਧੋਖਾ ਦੇਣਾ, ਬੇਈਮਾਨੀ ਆਦਿ ਕਰਨ ਦੀਆਂ ਪ੍ਰਵਿਰਤੀਆਂ ਸ਼ਿਕਾਰ ਯੁਗ ਦੀ ਦੇਣ ਹਨ।
ਈਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ।
ਜਾਨਵਰ ਨੂੰ ਫੜਨ ਜਾਂ ਮਾਰਨ ਲਈ ਮਨੁੱਖ ਫਰੇਬ ਜਾਂ ਧੋਖੇ ਦਾ ਸਹਾਰਾ ਲੈਂਦਾ ਹੈ। ਜਾਲ ਵਿਛਾ ਕੇ, ਚੋਗਾ ਪਾ ਕੇ, ਪੰਛੀਆਂ ਨੂੰ ਫੜਿਆ ਜਾਂਦਾ ਹੈ। ਮੱਛੀ ਫੜਨ ਵੇਲੇ ਕੁੰਡੀ ਰਾਹੀਂ ਦੋਸਤੀ ਦੀ ਵਿਧੀ ਵਰਤ ਕੇ ਧੋਖਾ ਕੀਤਾ ਜਾਂਦਾ ਹੈ। ਦੁਕਾਨਦਾਰ ਹਰ ਵਿਧੀ ਵਰਤ ਕੇ ਗਾਹਕ ਨੂੰ ਉਵੇਂ ਹੀ ਭਰਮਾਉਂਦਾ ਹੈ, ਜਿਵੇਂ ਕੁੰਡੀ ਨੂੰ ਆਟਾ ਲਾ ਕੇ ਮੱਛੀ ਨੂੰ ਭਰਮਾਇਆ ਜਾਂਦਾ ਹੈ। ਅਜੋਕੇ ਯੁਗ ਵਿਚ ਕੰਪਨੀਆਂ, ਵਪਾਰੀ ਆਦਿ ਸ਼ਿਕਾਰੀ ਵਿਧੀ ਵਰਤ ਕੇ ਭਾਂਤ-ਭਾਂਤ ਦੇ ਲਾਲਚ ਦੇ ਕੇ, ਗਾਹਕਾਂ ਦਾ ਸ਼ਿਕਾਰ ਕਰਦੇ ਹਨ ਇਸੇ ਲਈ ਫਸ ਜਾਣ ਉਪਰੰਤ ਅਸੀਂ ਵਪਾਰੀਆਂ ਨੂੰ ਧੋਖੇਬਾਜ਼, ਬੇਈਮਾਨ ਆਦਿ ਕਹਿੰਦੇ ਹਾਂ।
ਸਾਨੂੰ ਬਾਜ਼ਾਰ ਜਾਣਾ ਇਸ ਲਈ ਚੰਗਾ ਲਗਦਾ ਹੈ ਕਿਉਂਕਿ ਬਾਜ਼ਾਰ ਵਿਚ ਮਾਹੌਲ ਮੇਲੇ ਵਾਲਾ ਹੁੰਦਾ ਹੈ। ਮੱਧਕਾਲ ਵਿਚ ਮੇਲਾ ਕੁਝ ਦਿਨ ਚਲਦਾ ਸੀ ਜਦੋਂ ਕਿ ਬਾਜ਼ਾਰ ਹਰ ਰੋਜ਼ ਸਵੇਰ ਤੋਂ ਸ਼ਾਮ ਤਕ ਚਲਣ ਵਾਲਾ ਪੱਕਾ ਮੇਲਾ ਬਣ ਗਿਆ ਹੈ।
ਸਾਡੇ ਦੇਸ਼ ਵਿਚ ਬਾਜ਼ਾਰ ਦੀ ਐਤਵਾਰ ਦੀ ਛੁੱਟੀ ਦਾ ਸੰਕਲਪ ਅੰਗ੍ਰੇਜ਼ ਲੈ ਕੇ ਆਏ । ਬਾਈਬਲ ਦੇ ਮੁੱਢ ਵਿਚ ਦਰਜ ਹੈ ਕਿ ਪ੍ਰਮਾਤਮਾ ਨੇ ਇਹ ਸੰਸਾਰ ਛੇ ਦਿਨ ਵਿਚ ਬਣਾਇਆ ਅਤੇ ਸੱਤਵੇਂ ਦਿਨ ਆਰਾਮ ਕੀਤਾ ਸੋ ਜਿਥੇ ਈਸਾਈ ਕੈਲੰਡਰ ਦੀ ਮਾਨਤਾ ਹੈ, ਉਥੇ ਐਤਵਾਰ ਦੀ ਛੁੱਟੀ ਹੁੰਦੀ ਹੈ।
ਮੁਸਲਮਾਨਾਂ ਲਈ ਸੱਤਵਾਂ ਦਿਨ ਸ਼ੁਕਰਵਾਰ (ਜੁੱਮਾ) ਹੈ ਅਤੇ ਯਹੂਦੀਆਂ ਲਈ ਇਹ ਦਿਨ ਸ਼ਨਿਚਰਵਾਰ ਹੈ।
ਵਪਾਰ ਵਿਚ ਅਤੇ ਪਿਆਰ ਵਿਚ ਸ਼ਿਕਾਰੀ ਵਿਧੀ ਦੀ ਪ੍ਰਧਾਨਤਾ ਕਾਰਨ ਝੂਠ ਬੋਲਿਆ ਜਾਂਦਾ ਹੈ ਅਤੇ ਬਹਾਨੇ ਲਾਏ ਜਾਂਦੇ ਹਨ।
ਲਾਰੇ ਅਤੇ ਫੜ੍ਹਾਂ ਵੀ ਝੂਠ ਦੇ ਹੀ ਰੂਪ ਹਨ।
ਜਦੋਂ ਸਾਡਾ ਯਤਨ ਸਫਲ ਹੋ ਜਾਂਦਾ ਹੈ ਤਾਂ ਅਸੀਂ ਹੱਥ ਉਤੇ ਹੱਥ ਮਾਰ ਕੇ ਖੁਸ਼ੀ ਮਨਾਉਂਦੇ ਹਾਂ। ਇਹ ਵਿਧੀ ਵਕਤ ਦੇ ਬੀਤਣ ਨਾਲ ਤਾੜੀ ਬਣ ਗਈ।
ਹੱਥ ਨੂੰ ਜੋਤਸ਼ੀ ਇਸ ਲਈ ਵੇਖਦੇ ਹਨ, ਕਿਉਂਕਿ ਦਿਮਾਗ ਢਕਿਆ ਹੁੰਦਾ ਹੈ ਅਤੇ ਹੱਥ ਨੰਗੇ ਹੁੰਦੇ ਹਨ। ਮਨੁੱਖ ਦਾ ਦਿਮਾਗ ਜੋ ਕੁਝ ਸੋਚਦਾ ਹੈ, ਉਸ ਨੂੰ ਅਮਲ ਵਿਚ ਹੱਥ ਲਿਆਉਂਦੇ ਹਨ ਸੋ ਜੋਤਸ਼ੀ ਸਾਡੇ ਹੱਥ ਰਾਹੀਂ, ਸਾਡੇ ਸੋਚਣ-ਢੰਗ ਨੂੰ ਸਮਝਣ ਦਾ ਯਤਨ ਕਰਦਾ ਹੈ।
ਹੱਥ ਦੇ ਰੰਗ-ਰੂਪ, ਆਕਾਰ, ਸਾਫ-ਸਫਾਈ ਆਦਿ ਤੋਂ ਕਿਸੇ ਵਿਅਕਤੀ ਦੀ ਆਰਥਿਕ ਸਥਿਤੀ, ਕੰਮ-ਕਾਜ ਅਤੇ ਸਮਾਜਿਕ ਰੁਤਬੇ ਦਾ ਪਤਾ ਲਗ ਜਾਂਦਾ ਹੈ।
ਜੋਤਸ਼ੀ ਘੋਖਦੇ-ਪਰਖਦੇ ਸਾਡਾ ਚਿਹਰਾ ਅਤੇ ਸਰੀਰ ਹਨ ਪਰ ਹੱਥ ਵੇਖਣ ਦਾ ਬਹਾਨਾ ਕਰਦੇ ਹਨ।
ਹੱਥ ਵਿਖਾਉਣ ਵਾਲਾ, ਆਪਣੀ ਸਰੀਰਕ ਭਾਸ਼ਾ ਨਾਲ ਜੋਤਸ਼ੀ ਨੂੰ ਆਪ ਹੀ ਬੜਾ ਕੁਝ ਦਸ ਦਿੰਦਾ ਹੈ, ਸੋ ਜੋਤਸ਼ੀ ਹੱਥ ਵਿਖਾਉਣ ਵਾਲੇ ਦੀ ਉਮਰ ਨੂੰ ਧਿਆਨ ਵਿਚ ਰਖ ਕੇ ਅਤੇ ਪੁੱਛਣ ਵਾਲੇ ਦੇ ਇਸਤਰੀ, ਪੁਰਸ਼ ਹੋਣ ਅਨੁਸਾਰ, ਨਿਰਾਸ਼ ਜਾਂ ਪ੍ਰੇਸ਼ਾਨ ਵਿਅਕਤੀ ਨੂੰ ਹੌਸਲਾ ਦਿੰਦੇ ਹਨ।
ਜੋਤਸ਼ੀ ਹੱਥ ਵੇਖਦੇ ਹਨ ਜਦੋਂ ਕਿ ਡਾਕਟਰ ਮਰੀਜ਼ ਦੀ ਜੀਭ, ਨਬਜ਼ ਜਾਂ ਅੱਖ ਵੇਖਦੇ ਹਨ। ਦੁਰਘਟਨਾ ਹੋਣ ਦੀ ਸੂਰਤ ਵਿਚ ਡਾਕਟਰ ਮਰੀਜ਼ ਦੀ ਅੱਖ ਖੋਲ੍ਹ ਕੇ ਇਸ ਲਈ ਵੇਖਦੇ ਹਨ ਕਿ ਕਿਧਰੇ ਦਿਮਾਗ ਵਿਚ ਸੱਟ ਤਾਂ ਨਹੀਂ ਲਗੀ।
ਦਿਮਾਗੀ ਸੱਟ ਲਗਣ ਦੀ ਸੂਰਤ ਵਿਚ ਤਿੰਨ ਗੱਲਾਂ ਵਾਪਰਦੀਆਂ ਹਨ, ਅਜਿਹਾ ਵਿਅਕਤੀ ਸਿੱਧਾ ਵੇਖ ਨਹੀਂ ਸਕਦਾ, ਸਿੱਧਾ ਬੋਲ ਨਹੀਂ ਸਕਦਾ ਅਤੇ ਸਿੱਧਾ ਟੁਰ ਨਹੀਂ ਸਕਦਾ।
ਕਿਸੇ ਸ਼ਰਾਬੀ ਦੇ ਵਿਹਾਰ ਵਿਚ ਵੀ ਇਹ ਤਿੰਨ ਗੱਲਾਂ ਹੁੰਦੀਆਂ ਹਨ ਕਿਉਂਕਿ ਸ਼ਰਾਬੀ ਨੇ ਸ਼ਰਾਬ ਵਿਚ ਡੁੱਬਣ ਦਾ ਇਕ ਪ੍ਰਕਾਰ ਦਾ ਆਪਣੇ ਨਾਲ ਹਾਦਸਾ ਹੀ ਕੀਤਾ ਹੁੰਦਾ ਹੈ। ਸੋ ਸ਼ਰਾਬੀ ਨਾ ਸਿੱਧਾ ਬੋਲ ਸਕਦਾ ਹੈ, ਨਾ ਸਿੱਧਾ ਵੇਖ ਸਕਦਾ ਹੈ ਅਤੇ ਨਾ ਹੀ ਸਿੱਧਾ ਟੁਰ ਸਕਦਾ ਹੈ।
ਹਾਦਸੇ ਜੀਵਨ ਦੀ ਰਫਤਾਰ ਤੇਜ਼ ਹੋਣ ਕਾਰਨ ਵਾਪਰਦੇ ਹਨ ਜਦੋਂ ਕਿ ਹਿੰਸਾ ਪਰਿਵਰਤਨ ਦੇ ਵਿਰੋਧ ਵਿਚੋਂ ਵਾਪਰਦੀ ਹੈ।
ਅੱਧਾ ਸੰਸਾਰ ਪਰਿਵਰਤਨ ਦੇ ਪੱਖ ਵਿਚ ਹੈ, ਅੱਧਾ ਬਦਲਣ ਦੇ ਵਿਰੁੱਧ ਹੈ।
ਆਤੰਕਵਾਦ ਪੁਰਾਣੇ ਅਤੇ ਨਵੇਂ, ਅਤੀਤ ਅਤੇ ਭਵਿੱਖ, ਧਰਮ ਅਤੇ ਵਿਗਿਆਨ, ਕੱਟੜਤਾ ਅਤੇ ਉਦਾਰਤਾ, ਵਿਚਲੇ ਪਾੜੇ ਵਿਚੋਂ ਉਪਜਦਾ ਹੈ।
ਆਤੰਕਵਾਦੀਆਂ ਕੋਲ ਹਥਿਆਰ ਨਵੇਂ ਹੁੰਦੇ ਹਨ ਪਰ ਸੋਚ ਪੁਰਾਣੀ ਹੁੰਦੀ ਹੈ।
ਪੁਰਾਣੀ ਸੋਚ, ਧਰਮ ਨਾਲ ਸਬੰਧਤ ਹੋਣ ਕਾਰਨ, ਆਤੰਕਵਾਦੀ ਅਕਸਰ ਧਾਰਮਕ ਕੱਟੜਵਾਦ ਦੇ ਧਾਰਣੀ ਹੁੰਦੇ ਹਨ।
ਹਿੰਸਾ, ਮਨੁੱਖੀ ਜੀਵਨ ਦਾ ਜ਼ਰੂਰੀ ਅੰਗ ਹੈ । ਕਾਮ-ਸੰਭੋਗ ਇਸ ਹਿੰਸਾ ਦਾ ਹੀ ਇਕ ਰੂਪ ਹੈ।
ਸਹਿਯੋਗੀ ਕਾਮਿਕ ਹਿੰਸਾ ਨੂੰ ਸੰਭੋਗ ਕਹਿੰਦੇ ਹਨ ਜਦੋਂ ਕਿ ਵਿਰੋਧੀ ਕਾਮਿਕ ਹਿੰਸਾ ਨੂੰ ਬਲਾਤਕਾਰ ਕਿਹਾ ਜਾਂਦਾ ਹੈ।
ਚਾਕੂ, ਤਲਵਾਰ, ਡਾਂਗ, ਸੋਟਾ, ਪਿਸਤੌਲ, ਬੰਦੂਕ, ਮਿਜ਼ਾਈਲ ਆਦਿ ਸਾਰੇ ਹਥਿਆਰ ਪੁਰਸ਼-ਲਿੰਗ ਦਾ ਪ੍ਰਤੀਕ ਹਨ ਸੋ ਇਹ ਸਾਰੇ ਹਥਿਆਰ ਪੁਰਸ਼ ਦੀ ਹਿੰਸਕ ਪ੍ਰਵਿਰਤੀ ਦਾ ਪ੍ਰਗਟਾਵਾ ਹਨ।
ਕਾਮ ਦੇ ਪੱਖੋਂ ਅਤ੍ਰਿਪਤ ਵਿਅਕਤੀ ਹਿੰਸਕ ਹੁੰਦਾ ਹੈ।
ਇਸੇ ਆਧਾਰ ਉਤੇ ਸਾਰੇ ਧਰਮ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀ ਨਿੰਦਾ ਕਰਦੇ ਹਨ ਪਰ ਜੇ ਜੀਵਨ ਵਿਚੋਂ ਇਹ ਪੰਜੇ ਤੱਤ ਕੱਢ ਦਿਤੇ ਜਾਣ ਤਾਂ ਮਨੁੱਖ ਬੁੱਢਾ-ਬਾਬਾ ਮਹਿਸੂਸ ਕਰਨ ਲਗ ਜਾਵੇਗਾ।
ਕਾਮ-ਕਰੋਧ ਵਿਚੋਂ ਹੀ ਮੁਕਾਬਲੇ ਦੀ ਬਿਰਤੀ, ਬਹਾਦਰੀ ਅਤੇ ਯੁੱਧ-ਬਿਰਤੀ ਉਪਜਦੀ ਹੈ।
ਹੁਣ ਵਪਾਰ ਵਿਚ ਵੀ ਯੁੱਧ ਵਾਲੇ ਪੈਂਤੜੇ ਵਰਤੇ ਜਾ ਰਹੇ ਹਨ।
ਚੰਗੀ ਗਲ ਹੈ ਕਿ ਹੁਣ ਖੇਡਾਂ ਦੇ ਮੈਦਾਨ ਅਤੇ ਵਿਧੀਆਂ ਜੰਗ ਦੇ ਮੋਰਚਿਆਂ ਦੀ ਥਾਂ ਲੈਂਦੀਆਂ ਜਾ ਰਹੀਆਂ ਹਨ। ਬੱਲੇ ਨਾਲ ਚੌਕਾ-ਛੱਕਾ ਮਾਰਨਾ ਜਾਂ ਮੋਰਚੇ ਉਤੇ ਤੋਪ ਦਾਗਣੀ ਇਕ ਹੀ ਵਰਤਾਰੇ ਦੇ ਦੋ ਰੂਪ ਹਨ।
ਹੁਣ ਹਰ ਚਾਰ ਸਾਲ ਮਗਰੋਂ ਉਲਿੰਪਕਸ ਦੇ ਰੂਪ ਵਿਚ ਅਨੇਕਾਂ ਦੇਸ਼ਾਂ ਵਿਚਕਾਰ ਵਿਸ਼ਵ-ਯੁੱਧ ਹੁੰਦਾ ਹੈ।
ਮਨੁੱਖ ਖੇਡਾਂ ਇਸ ਲਈ ਖੇਡਦਾ ਹੈ ਕਿਉਂਕਿ ਸਮੱਸਿਆਵਾਂ ਨੂੰ ਸੁਲਝਾਉਣਾ, ਆਪ ਜਿੱਤਣਾ ਅਤੇ ਵਿਰੋਧੀਆਂ ਨੂੰ ਹਰਾਉਣਾ ਦਿਮਾਗ ਦਾ ਮਨੋਰੰਜਨ ਹੁੰਦਾ ਹੈ। ਅਸਲੀ ਸਮੱਸਿਆਵਾਂ ਦੀ ਥਾਂ ਅਸੀਂ, ਖੇਡਾਂ ਦੇ ਰੂਪ ਵਿਚ, ਬਨਾਵਟੀ ਸਮੱਸਿਆਵਾਂ ਅਤੇ ਲੜਾਈਆਂ ਉਪਜਾਉਂਦੇ ਹਾਂ ਅਤੇ ਜਦੋਜਹਿਦ ਦਾ ਆਨੰਦ ਮਾਣਦੇ ਹਾਂ।
ਹਰੇਕ ਮੁਕਾਬਲੇ ਵਿਚ ਸਮਾਂ, ਤਾਕਤ ਅਤੇ ਪੈਸਾ ਲਗਦਾ ਹੈ ਸੋ ਅਜੋਕੇ ਯੁਗ ਵਿਚ ਸਮਾਂ, ਤਾਕਤ ਅਤੇ ਪੈਸਾ ਸਾਡੇ ਹਥਿਆਰ ਹਨ। ਮੁਕਾਬਲੇ ਵਿਚ ਇਕ ਚੈਂਪੀਅਨ ਬਣਦਾ ਹੈ, ਅਨੇਕਾਂ ਹਾਰਦੇ ਹਨ ਅਤੇ ਲੱਖਾਂ ਵੇਖਦੇ ਅਤੇ ਤਾੜੀਆਂ ਮਾਰ ਕੇ, ਜਦੋਜਹਿਦ ਵਿਚ ਸ਼ਾਮਲ ਹੋਣ ਦਾ ਆਨੰਦ ਲੈਂਦੇ ਹਨ।
ਅਜੋਕੇ ਮਨੁੱਖ ਕੋਲ ਖਾਣ ਲਈ ਭੋਜਨ, ਪਹਿਨਣ ਲਈ ਕਪੜੇ, ਖਰਚਣ ਲਈ ਪੈਸੇ ਆਦਿ ਪਹਿਲੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਹਨ ਪਰ ਅਜੋਕਾ ਮਨੁੱਖ ਪਹਿਲੇ ਕਿਸੇ ਵੀ ਸਮੇਂ ਦੇ ਮੁਕਾਬਲੇ ਵਧੇਰੇ ਅਸੰਤੁਸ਼ਟ ਇਸ ਲਈ ਹੈ ਕਿਉਂਕਿ ਉਸ ਦੀਆਂ ਇੱਛਾਵਾਂ ਅਤੇ ਪ੍ਰਾਪਤੀਆਂ ਵਿਚਕਾਰ ਪਾੜਾ ਵੱਧ ਗਿਆ ਹੈ।
ਆਪਣੀਆਂ ਵਧੀਆਂ ਹੋਈਆਂ ਇੱਛਾਵਾਂ ਅਤੇ ਆਸ ਨਾਲੋਂ ਨੀਵੀਆਂ ਪ੍ਰਾਪਤੀਆਂ ਕਾਰਨ ਮਨੁੱਖ ਪਰੇਸ਼ਾਨ ਹੈ ਸੋ ਇਨ੍ਹਾਂ ਕਾਰਨਾਂ ਕਰਕੇ ਤਲਾਕ ਵੱਧਣਗੇ, ਰਿਸ਼ਤੇ ਟੁੱਟਣਗੇ, ਮੁਕੱਦਮੇਬਾਜ਼ੀ ਵੱਧੇਗੀ, ਹਸਪਤਾਲ, ਪਾਗਲਖਾਨੇ ਆਦਿ ਵਧੇਰੇ ਖੁਲ੍ਹਣਗੇ, ਜੁਰਮ ਵੱਧਣਗੇ, ਪੁਲਿਸ ਵੱਧੇਗੀ ਅਤੇ ਪੁਲਿਸ ਦੇ ਵੱਧਣ ਨਾਲ ਜੁਰਮ ਹੋਰ ਵੱਧਣਗੇ ਕਿਉਂਕਿ ਮੁਜਰਿਮਾਂ ਅਤੇ ਪੁਲਿਸ ਵਿਚਕਾਰ ਵੀ ਮੁਕਾਬਲਾ ਚਲਦਾ ਹੈ।
ਡਰਿਆ, ਘਬਰਾਇਆ ਅਤੇ ਪ੍ਰੇਸ਼ਾਨ ਮਨੁੱਖ ਅਸ਼ਾਂਤ ਕਰਨ ਵਾਲੇ ਸਾਰੇ ਸਾਧਨ ਪੈਦਾ ਕਰਕੇ ਹੁਣ ਸ਼ਾਂਤੀ ਲਈ ਤਾਂਘ ਰਿਹਾ ਹੈ ਸੋ ਉਹ ਕਦੀ ਧਰਮ ਵਲ ਉਲਰੇਗਾ, ਕਦੇ ਮਨੋਰੰਜਨ ਜਾਂ ਕਾਮ ਵਲ ਅਤੇ ਕਦੀ ਯੋਗ-ਅਭਿਆਸ ਵਲ ਪਰ ਉਹ ਸੰਤੁਸ਼ਟ ਅਤੇ ਸ਼ਾਂਤ ਤਾਂ ਹੀ ਹੋਵੇਗਾ ਜੇ ਉਹ ਆਪਣੇ ਜੀਵਨ ਨੂੰ ਸਾਦਾ ਬਣਾਵੇਗਾ ਅਤੇ ਆਪਣੇ ਕਾਰ-ਵਿਹਾਰ ਨੂੰ ਨੇਮ-ਬੱਧ ਕਰੇਗਾ।
ਯੋਗਤਾ ਅਤੇ ਸਮਰੱਥਾ
ਯੋਗਤਾ ਜੇ ਵਰਤੀ ਨਾ ਜਾਵੇ ਤਾਂ ਇਹ ਗੁਆਚ ਜਾਂਦੀ ਹੈ।
ਅਣਵਰਤੀ ਯੋਗਤਾ ਪਛਤਾਵੇ ਦਾ ਕਾਰਨ ਬਣਦੀ ਹੈ।
ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ। ਇਸ ਨੂੰ ਵਰਤਣ ਨਾਲ ਗਰੀਬ ਖੁਸ਼ਹਾਲ ਹੋ ਜਾਂਦੇ ਹਨ।
ਵਿਕਾਸ ਕਰਨ ਦੀ ਯੋਗਤਾ ਅਤੇ ਮਿਹਨਤ ਦੀ ਸਮਰੱਥਾ ਤੋਂ ਬਿਨਾ ਅਮੀਰ ਨਹੀਂ ਹੋਇਆ ਜਾ ਸਕਦਾ।
ਗਿਆਨ ਵਾਂਗ, ਧਨ ਨੂੰ ਸੰਭਾਲਣ ਦੀ ਵੀ ਯੋਗਤਾ ਹੁੰਦੀ ਹੈ। ਕਈਆਂ ਕੋਲ ਸੰਭਾਲਣ ਦੀ ਯੋਗਤਾ ਘਟ ਹੁੰਦੀ ਹੈ ਪਰ ਵਿਰਸੇ ਵਿਚੋਂ ਜਾਂ ਮਾਪਿਆਂ ਕੋਲੋਂ ਧਨ ਮਿਲ ਵੱਧ ਜਾਂਦਾ ਹੈ। ਅਜਿਹੇ ਲੋਕਾਂ ਕੋਲੋਂ ਬਹੁਤਾ ਧਨ ਚਲਾ ਜਾਂਦਾ ਹੈ ਅਤੇ ਉਤਨਾ ਕੁ ਹੀ ਬਚਦਾ ਹੈ, ਜਿਤਨੇ ਨੂੰ ਸੰਭਾਲਣ ਦੀ ਯੋਗਤਾ ਅਤੇ ਸਮਰੱਥਾ ਹੁੰਦੀ ਹੈ।
ਲੋੜ ਯੋਗਤਾ ਅਤੇ ਸਮਰੱਥਾ ਨੂੰ ਵਧਾਉਣ ਦੀ ਹੈ। ਬਾਣੀਏ ਕੋਲ ਬਹੁਤ ਧਨ ਹੁੰਦਾ ਹੈ ਕਿਉਂਕਿ ਉਸ ਵਿਚ ਬਚਾਉਣ ਦੀ ਯੋਗਤਾ ਅਤੇ ਸੰਭਾਲਣ ਦੀ ਸਮਰੱਥਾ ਹੁੰਦੀ ਹੈ ਪਰ ਬਾਣੀਏ ਕੋਲ ਜ਼ਮੀਨ-ਖੇਤ ਦੀ ਰਾਖੀ ਕਰਨ ਦੀ ਯੋਗਤਾ ਨਹੀਂ ਹੁੰਦੀ।
ਕਿਸਾਨ ਹਮੇਸ਼ਾਂ ਥੁੜ੍ਹਿਆ ਹੀ ਰਹਿੰਦਾ ਹੈ, ਕਿਉਂਕਿ ਉਸ ਦਾ ਧਿਆਨ ਖਰਚਣ ਤੇ ਹੁੰਦਾ ਹੈ ਅਤੇ ਕਈ ਵਾਰੀ ਉਧਾਰ ਲੈ ਕੇ ਵੀ ਖਰਚਿਆ ਜਾਂਦਾ ਹੈ। ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਤਾਂ ਹੁੰਦੀ ਹੈ ਪਰ ਧਨ ਸੰਭਾਲਣ ਦੀ ਨਹੀਂ, ਸੋ ਉਸ ਕੋਲ ਧਨ ਅਮੁੱਕ ਹੋਣ ਦੇ ਬਾਵਜੂਦ ਬੱਚਦਾ ਨਹੀਂ।
ਸਹੀ ਅਰਥਾਂ ਵਿਚ ਜਿਹੜਾ ਵਿਅਕਤੀ ਅਮੀਰ ਹੁੰਦਾ ਹੈ, ਉਸ ਦੀ ਨਿਸ਼ਾਨੀ ਇਹ ਹੋਵੇਗੀ ਕਿ ਉਹ ਅਪਣੀ ਅਮੀਰੀ ਨੂੰ ਛੁਪਾਉਣ ਦਾ ਯਤਨ ਕਰੇਗਾ ਜਦੋਂ ਕਿ ਹੋਛਾ ਵਿਅਕਤੀ ਆਪਣੀ ਅਸਲੀਅਤ ਨਾਲੋਂ ਵੱਧ ਅਮੀਰ ਪ੍ਰਤੀਤ ਹੋਣ ਦੇ ਯਤਨ ਵਿਚ ਹੀ ਡੁੱਬ ਜਾਵੇਗਾ।
ਕਿਸਮਤ ਨਾਲ ਜਾਂ ਸਿਫਾਰਸ਼ ਨਾਲ ਤੁਹਾਨੂੰ ਕੋਈ ਨੌਕਰੀ ਜਾਂ ਅਵਸਰ ਮਿਲ ਸਕਦਾ ਹੈ ਪਰ ਇਹ ਨੌਕਰੀ ਤੁਹਾਡੇ ਕੋਲ ਰਹੇਗੀ ਤਾਂ ਹੀ ਜੇ ਰਖਣ ਦੀ ਸਮਰੱਥਾ ਅਤੇ ਮਿਲੇ ਅਵਸਰ ਦੇ ਹਾਣ ਦੇ ਹੋਣ ਦੀ ਯੋਗਤਾ ਹੋਵੇਗੀ।
ਦੁਕਾਨ ਖੋਲ੍ਹਣੀ ਸੌਖੀ ਹੈ, ਕੰਮ ਧੰਦਾ ਆਰੰਭ ਕਰਨ ਦਾ ਚਾਅ ਹੁੰਦਾ ਹੈ, ਕਿਸੇ ਦੀ ਨਕਲ ਕਰਨੀ ਔਖੀ ਨਹੀਂ ਲਗਦੀ ਪਰ ਦੁਕਾਨ ਖੁਲ੍ਹੀ ਰਖਣੀ ਔਖੀ ਹੈ, ਕੰਮ ਧੰਦੇ ਨੂੰ ਚਲਾਉਣਾ ਸੌਖਾ ਨਹੀਂ।
ਯੋਗਤਾ ਨਾ ਹੋਵੇ ਤਾਂ ਨਕਲ ਕਰਨੀ ਬੜੀ ਮਹਿੰਗੀ ਪੈਂਦੀ ਹੈ।
ਲੱਖਾਂ ਹੀ ਨਹੀਂ ਕਰੋੜਾਂ ਲੋਕ ਆਪਣੀ ਯੋਗਤਾ-ਸਮਰੱਥਾ ਸਮਝੇ ਬਿਨਾ ਜ਼ਿੰਦਗੀ ਦਾ ਜੁਰਮਾਨਾ ਭਰ ਰਹੇ ਹਨ। ਇੱਛਾ ਤਾਂ ਹੁੰਦੀ ਹੈ ਪਰ ਯੋਗਤਾ ਨਹੀਂ ਹੁੰਦੀ, ਅਵਸਰ ਤਾਂ ਮਿਲਦਾ ਹੈ ਪਰ ਸਮਰੱਥਾ ਜਵਾਬ ਦੇ ਜਾਂਦੀ ਹੈ।
ਸਕੂਲ, ਕਾਲਜ, ਵਪਾਰ, ਸਮਾਜ ਅਤੇ ਸੰਸਾਰ ਵਿਚ ਮਿਹਨਤ ਤੋਂ ਬਿਨਾ ਕੋਈ ਵੱਡੀ ਪ੍ਰਾਪਤੀ ਸੰਭਵ ਨਹੀਂ ਹੁੰਦੀ। ਖੇਤਰ ਕੋਈ ਵੀ ਹੋਵੇ ਉਸ ਵਿਚ ਥੋੜ੍ਹੇ ਜਿਹੇ ਵਿਅਕਤੀ ਹੀ ਮਿਹਨਤ ਦੇ ਉਦੇਸ਼ ਨਾਲ ਦਾਖਲ ਹੁੰਦੇ ਹਨ, ਬਾਕੀ ਅਪਣਾ ਦਾਓ ਲਾਉਣ ਦਾ ਯਤਨ ਕਰਦੇ ਹਨ ਪਰ ਥੋੜ੍ਹੇ ਜਿਹੇ ਅਰਸੇ ਵਿਚ ਹੀ ਉਨ੍ਹਾਂ ਦੇ ਜਿੱਤਣ- ਹਾਰਨ ਦਾ ਨਿਰਣਾ ਹੋ ਜਾਂਦਾ ਹੈ ਅਤੇ ਬਹੁਤੇ ਕੇਵਲ ਸੁਪਨੇ ਵੇਖਣ ਵਾਲਿਆਂ ਦੀ ਭੀੜ ਵਿਚ ਗੁਆਚ ਜਾਂਦੇ ਹਨ।
ਪੌੜੀ ਦੇ ਸਿਖਰਲੇ ਡੰਡੇ ਤੇ ਪਹੁੰਚਣ ਲਈ ਭੀੜ ਵਿਚੋਂ ਲੰਘਣਾ ਪਵੇਗਾ, ਭੀੜ ਲੰਘਣ ਨਹੀਂ ਦੇਵੇਗੀ, ਆਪਣੀ ਯੋਗਤਾ ਦੇ ਜ਼ੋਰ ਨਾਲ ਲੰਘਣਾ ਪਵੇਗਾ।
ਜਦੋਂ ਤੁਹਾਡੀ ਯੋਗਤਾ ਨਿਰਵਿਵਾਦ ਢੰਗ ਨਾਲ ਸਥਾਪਤ ਹੋ ਜਾਵੇਗੀ ਤਾਂ ਭੀੜ ਤੁਹਾਡੇ ਲਈ ਆਪੇ ਰਾਹ ਛਡੇਗੀ।
ਜੇਤੂਆਂ ਨੂੰ ਰੋਕਿਆ ਨਹੀਂ ਜਾਂਦਾ, ਉਨ੍ਹਾਂ ਉਤੇ ਫੁੱਲ ਵਰਸਾਏ ਜਾਂਦੇ ਹਨ।
ਸਥਾਪਤ ਹੋ ਚੁੱਕੀ ਯੋਗਤਾ ਨੂੰ ਸਮਰੱਥਾ ਕਹਿੰਦੇ ਹਨ, ਜਦੋਂ ਕਿ ਅਮਲ ਵਿਚ ਲਿਆਂਦੀ ਸਮਰੱਥਾ, ਯੋਗਤਾ ਅਖਵਾਉਂਦੀ ਹੈ। ਯੋਗਤਾ ਅਤੇ ਸਮਰੱਥਾ ਦੋਹਾਂ ਦਾ ਆਧਾਰ, ਸਿਆਣਪ ਨਾਲ ਅਤੇ ਸਪਸ਼ਟ ਉਦੇਸ਼ ਅਧੀਨ ਕੀਤੀ ਮਿਹਨਤ ਹੁੰਦੀ ਹੈ।
ਇਨ੍ਹਾਂ ਗੁਣਾਂ ਵਿਚੋਂ ਸਫਲਤਾ ਉਪਜਦੀ ਹੈ।
ਸਫਲ ਵਿਅਕਤੀ ਜਦੋਂ ਕਿਸੇ ਕੰਮ ਨੂੰ ਵੇਖਦਾ ਹੈ ਤਾਂ ਸੋਚਦਾ ਹੈ : ਸਾਰੇ ਕਹਿੰਦੇ ਹਨ ਕਿ ਇਹ ਕੰਮ ਔਖਾ ਹੈ, ਇਸੇ ਕਰਕੇ ਮੈਂ ਇਹ ਕਰਾਂਗਾ। ਉਹ ਸੋਚੇਗਾ: ਮੈਂ ਇਹ ਕਰ ਸਕਦਾ ਹਾਂ, ਇਹ ਮੈਨੂੰ ਹੀ ਕਰਨਾ ਚਾਹੀਦਾ ਹੈ।
ਜਿਨ੍ਹਾਂ ਨੇ ਅਸਫਲ ਹੀ ਹੋਣਾ ਹੁੰਦਾ ਹੈ, ਉਹ ਗੁਸੇ ਨਾਲ ਬਹਿਸ ਕਰਕੇ ਇਹ ਸਾਬਤ ਕਰਨਗੇ : ਇਹ ਕੰਮ ਮੇਰਾ ਨਹੀਂ ਹੈ। ਮੈਂ ਇਹ ਕਿਉਂ ਕਰਾਂ?
ਗੁੱਸਾ ਕਦੇ ਵੀ ਤਰਕ ਨਹੀਂ ਬਣਦਾ।
ਗੁੱਸਾ ਤਾਕਤ ਵਿਚੋਂ ਨਹੀਂ, ਕਮਜ਼ੋਰੀ ਵਿਚੋਂ ਉਪਜਦਾ ਹੈ।
ਬਹਿਸ ਗਲਬਾਤ ਦੀ ਸਭ ਤੋਂ ਨੀਵੀਂ ਵੰਨਗੀ ਹੁੰਦੀ ਹੈ। ਬਹਿਸ ਨੂੰ ਜਿੱਤਣ ਅਤੇ ਹਾਰਨ ਦੋਹਾਂ ਵਿਚ ਨੁਕਸਾਨ ਹੁੰਦਾ ਹੈ।
ਬਹਿਸ ਨੂੰ ਜਿੱਤਣ ਅਤੇ ਹਾਰਨ ਵਾਲੇ ਦੋਵੇਂ ਕੰਮ ਨਹੀਂ ਕਰਨਗੇ।
ਧਿਆਨ ਨਾਲ ਵੇਖਣਾ, ਬਹਿਸ ਕਰਦਿਆਂ ਕੋਈ ਸੋਹਣਾ ਨਹੀਂ ਲਗਦਾ।
ਸਿਆਣੇ ਸਹਿਮਤ ਹੁੰਦੇ ਹਨ, ਮੂਰਖ ਬਹਿਸ ਕਰਦੇ ਹਨ।
ਸਿਆਣੇ ਕੰਮ ਕਰਦੇ ਹਨ, ਮੂਰਖ ਬਹਾਨੇ ਲਾਉਂਦੇ ਹਨ।
ਸਿਆਣੇ ਅਤੇ ਯੋਗ ਵਿਅਕਤੀ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਅਸਪਸ਼ਟ ਅਤੇ ਅਧੂਰੇ ਤੱਥਾਂ ਦੇ ਆਧਾਰ ਤੇ ਵੀ ਠੀਕ ਅਨੁਮਾਨ ਲਾ ਸਕਦਾ ਹੈ। ਵਾਸਤਵ ਵਿਚ ਯੋਗਤਾ ਨਵੀਆਂ, ਅਣਕਿਆਸੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਦਾ ਦੂਜਾ ਨਾਂ ਹੈ। ਇਕ ਵਾਰੀ ਪਹਾੜੀ ਢਲਾਨ ਉਤੇ ਇਕ ਵਿਅਕਤੀ ਨੇ ਪੰਚਰ ਹੋਏ ਟਾਇਰ ਦੇ ਚਾਰ ਨੱਟ ਖੋਲ੍ਹ ਕੇ ਰਖੇ ਪਰ ਉਹ ਢਲਾਨ ਕਾਰਨ ਰੁੜ੍ਹ ਗਏ। ਉਹ ਬੜਾ ਪ੍ਰੇਸ਼ਾਨ ਸੀ । ਉਸ ਨੂੰ ਵੇਖ ਕੇ ਇਕ ਲੰਘਦੇ ਯੋਗ ਵਿਅਕਤੀ ਨੇ ਕਿਹਾ: ਜਿਹੜੇ ਤਿੰਨ ਪਹੀਏ ਠੀਕ ਹਨ, ਉਨ੍ਹਾਂ ਦਾ ਇਕ-ਇਕ ਨੱਟ ਖੋਲ੍ਹ ਕੇ ਕੰਮ ਚਲਾ ਲਓ, ਪ੍ਰੇਸ਼ਾਨ ਨਾ ਹੋਵੋ।
ਜੇ ਸਮਰੱਥਾ ਨੇਮਬਧ ਹੋ ਜਾਵੇ ਤਾਂ ਇਹ ਯੋਗਤਾ ਬਣ ਕੇ ਵਿਅਕਤੀ ਦੇ ਮਾਹਿਰ ਹੋਣ ਦੀ ਵਿਸ਼ੇਸ਼ ਪਛਾਣ ਬਣ ਜਾਂਦੀ ਹੈ। ਜਿਹੜਾ ਵਿਅਕਤੀ ਆਪਣੀ ਨਿਪੁੰਨ ਕਾਰਗੁਜ਼ਾਰੀ ਨੂੰ ਦਹੁਰਾਅ ਨਹੀਂ ਸਕਦਾ, ਉਹ ਯੋਗ ਨਹੀਂ ਹੈ।
ਕਿਸੇ ਮੁਲਾਕਾਤ ਵੇਲੇ ਉਮੀਦਵਾਰਾਂ ਦੇ ਸਰਟੀਫਿਕੇਟ ਇਸ ਉਦੇਸ਼ ਨਾਲ ਵੇਖੇ ਜਾਂਦੇ ਹਨ ਕਿ ਉਨ੍ਹਾਂ ਵਿਚ ਨਿਰੰਤਰ ਮਿਹਨਤ ਕਰਨ ਦੀ ਯੋਗਤਾ ਹੈ ਕਿ ਨਹੀਂ।
ਯੋਗ ਵਿਅਕਤੀਆਂ ਦੀ ਕਾਰਗੁਜ਼ਾਰੀ ਵਿਚ ਇਕਸੁਰਤਾ ਅਤੇ ਨਿਰੰਤਰਤਾ ਹੁੰਦੀ ਹੈ, ਬਾਕੀਆਂ ਦੀ ਕਾਰਗੁਜ਼ਾਰੀ ਵਿਚ ਜਾਂ ਟੋਏ ਹੁੰਦੇ ਹਨ ਜਾਂ ਟਿੱਬੇ।
ਯੋਗ ਵਿਅਕਤੀ ਗੰਭੀਰ ਅਤੇ ਸ਼ਾਂਤ ਹੁੰਦੇ ਹਨ। ਉਹ ਸਮੱਸਿਆ ਨੂੰ ਹੱਲ ਕਰਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ।
ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ, ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਵਿਚ ਇਕ ਤਾਕਤ ਹੈ।
ਅਜੇ ਤਕ ਕੋਈ ਵੀ ਵਿਅਕਤੀ ਸਬੱਬ ਨਾਲ ਜਾਂ ਅਚਾਨਕ ਹੀ ਸਮਰੱਥਾਵਾਨ ਅਤੇ ਯੋਗ ਨਹੀਂ ਬਣਿਆ।
ਹੰਢਣਸਾਰ ਯੋਗਤਾ ਅਤੇ ਚਰਿਤਰ ਨੀਵੀਆਂ ਆਦਤਾਂ ਨਾਲ ਨਹੀਂ ਉਸਰਦੇ।
ਆਲੇ-ਦੁਆਲੇ ਵਿਚ ਕਿਸੇ ਖੁਸ਼ਹਾਲ, ਅਮੀਰ ਪਰਿਵਾਰ ਨੂੰ ਵੇਖਣ ਤੇ ਪਤਾ ਲਗੇਗਾ ਕਿ ਇਕ ਪੀੜ੍ਹੀ ਸੰਘਣੀ ਮਿਹਨਤ, ਯੋਗਤਾ ਅਤੇ ਕੁਰਬਾਨੀ ਨਾਲ ਖੁਸ਼ਹਾਲੀ ਉਸਾਰਦੀ ਹੈ। ਨਾਲ ਚਲ ਰਹੀ ਦੂਜੀ ਪੀੜ੍ਹੀ ਉਸ ਦਾ ਫ਼ਲ ਖਾਂਦੀ ਹੈ, ਜਦੋਂ ਕਿ ਅਕਸਰ ਅਗਲੇਰੀ ਪੀੜ੍ਹੀ ਉਸ ਖੁਸ਼ਹਾਲੀ ਨੂੰ ਇਸ ਲਈ ਉਜਾੜਦੀ ਹੈ ਕਿਉਂਕਿ ਉਸ ਵਿਚ ਮਿਹਨਤ ਦੀ ਯੋਗਤਾ ਅਤੇ ਖੁਸ਼ਹਾਲੀ ਸੰਭਾਲਣ ਦੀ ਸਮਰੱਥਾ ਨਹੀਂ ਹੁੰਦੀ । ਤੀਜੀ ਪੀੜ੍ਹੀ ਆਪਣੇ ਚਰਿੱਤਰ ਦੇ ਹਨੇਰੇ ਪੱਖ ਹੀ ਰੋਸ਼ਨ ਕਰਦੀ ਹੈ।
ਮੁਸੀਬਤ ਅਤੇ ਸੰਕਟ ਵਿਚ ਚਰਿਤਰ ਬਣਦਾ ਨਹੀਂ, ਪ੍ਰਗਟ ਹੁੰਦਾ ਹੈ।
ਕਿਸੇ ਨਾ ਕਿਸੇ ਪੱਖੋਂ ਹਰੇਕ ਵਿਅਕਤੀ ਯੋਗ ਹੁੰਦਾ ਹੈ ਪਰ ਉਸ ਵਾਸਤੇ ਆਪਣੀ ਯੋਗਤਾ ਦੀ ਆਪ ਪਛਾਣ ਕਰਨੀ ਸੌਖੀ ਨਹੀਂ ਹੁੰਦੀ। ਇਸ ਪਛਾਣ ਲਈ ਅਸੀਂ ਸਕੂਲਾਂ-ਕਾਲਜਾਂ ਵਿਚ ਦਾਖਲ ਹੁੰਦੇ ਹਾਂ।
ਜਿਹੜੇ ਆਪਣੀ ਯੋਗਤਾ ਦਾ ਕੱਦ-ਕਾਠ ਸਮਝ ਜਾਂਦੇ ਹਨ ਉਹ ਆਪਣਾ ਕਾਰਜ-ਖੇਤਰ ਸੌਖਿਆਂ ਨਿਰਧਾਰਤ ਕਰ ਲੈਂਦੇ ਹਨ, ਜਿਹੜੇ ਨਹੀਂ ਸਮਝਦੇ ਉਹ ਆਪਣੀ ਸ਼ਕਤੀ ਅਜਾਈਂ ਗੁਆਂਉਂਦੇ ਰਹਿੰਦੇ ਹਨ।
ਜਦੋਂ ਉਦੇਸ਼ ਮਿਲ ਜਾਵੇ ਤਾਂ ਰਾਹ ਖੁਲ੍ਹ ਜਾਂਦੇ ਹਨ। ਜਦੋਂ ਰਾਹ ਖੁਲ੍ਹ ਜਾਵੇ ਤਾਂ ਛੁਪੀ ਸਮਰੱਥਾ ਜਾਗ ਪੈਂਦੀ ਹੈ ਅਤੇ ਰੁਕਾਵਟਾਂ ਲੋਪ ਹੋ ਜਾਂਦੀਆਂ ਹਨ। ਇਕ ਡਾਕਟਰ ਨੇ ਦਸਿਆ ਕਿ ਉਹ ਡਾਕਟਰ ਕਿਵੇਂ ਬਣਿਆ : ਇਕ ਵਾਰੀ ਮੇਰਾ ਵੱਡਾ ਭਰਾ ਬੜਾ ਸਖਤ ਬੀਮਾਰ ਪੈ ਗਿਆ, ਅਸੀਂ ਉਸ ਦੇ ਬਚਣ ਦੀ ਉਮੀਦ ਲਾਹ ਬੈਠੇ ਸਾਂ । ਇਹ ਉਹ ਦਿਨ ਸਨ ਜਦੋਂ ਖੇਤਾਂ ਵਿਚ ਬੜਾ ਕੰਮ ਹੁੰਦਾ ਹੈ । ਸਾਰਾ ਪਰਿਵਾਰ ਖੇਤਾਂ ਵਿਚ ਸੀ। ਪੁੱਜਤ ਨਾ ਹੋਣ ਦੇ ਬਾਵਜੂਦ ਮੇਰਾ ਪਿਤਾ ਸ਼ਹਿਰ ਵਲ ਭਜਿਆ ਅਤੇ ਡਾਕਟਰ ਨੂੰ ਪਿੰਡ ਲਿਆਇਆ। ਡਾਕਟਰ ਨੇ ਮੇਰੇ ਭਰਾ ਦੀਆਂ ਅੱਖਾਂ ਵੇਖੀਆਂ, ਨਬਜ਼ ਵੇਖੀ ਅਤੇ ਉਹ ਸਭ ਕੁਝ ਕੀਤਾ ਜੋ ਇਕ ਯੋਗ ਡਾਕਟਰ ਨੂੰ ਕਰਨਾ ਚਾਹੀਦਾ ਸੀ। ਅਸੀਂ ਸਾਰੇ ਮਰੀਜ਼ ਦੇ ਆਲੇ-ਦੁਆਲੇ, ਉਸ ਨੂੰ ਜ਼ਿੰਦਗੀ-ਮੌਤ ਵਿਚ ਲਟਕਦਿਆਂ ਵੇਖ ਰਹੇ ਸਾਂ । ਮੈਂ ਆਪਣੇ ਮਾਪਿਆਂ ਦੇ ਚਿਹਰੇ ਤੇ ਇਤਨੀ ਡੂੰਘੀ ਚਿੰਤਾ ਪਹਿਲਾਂ ਕਦੇ ਨਹੀਂ ਸੀ ਵੇਖੀ। ਇਹ ਚਿੰਤਾ ਉਹ ਮਾਪੇ ਹੀ ਸਮਝ ਸਕਦੇ ਹਨ ਜਿਨ੍ਹਾਂ ਦੇ ਹਥੋਂ ਉਨ੍ਹਾਂ ਦਾ ਜਵਾਨ ਪੁੱਤਰ ਤਿਲ੍ਹਕ ਰਿਹਾ ਹੋਵੇ। ਜਾਂਚ ਉਪਰੰਤ ਡਾਕਟਰ ਨੇ ਕਿਹਾ : ਚਿੰਤਾ ਵਾਲੀ ਕੋਈ ਗਲ ਨਹੀਂ, ਤੁਹਾਡਾ ਬੇਟਾ ਜਲਦੀ ਹੀ ਠੀਕ ਹੋ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਮੇਰੇ ਮਾਤਾ-ਪਿਤਾ ਦੇ ਚਿਹਰੇ ਤੇ ਇਤਨਾ ਸੁਖਾਵਾਂ ਅਸਰ ਹੋਇਆ ਕਿ ਮੈਂ ਉਸੇ ਵੇਲੇ ਫੈਸਲਾ ਕਰ ਲਿਆ ਕਿ ਮੈਂ ਡਾਕਟਰ ਬਣਾਂਗਾ ਅਤੇ ਕਈਆਂ ਦੀ ਚਿੰਤਾ ਦਾ ਪ੍ਰਸੰਨਤਾ ਵਿਚ ਅਨੁਵਾਦ ਕਰਾਂਗਾ।
ਅਧਿਆਪਕਾਂ ਨੂੰ ਇਸ ਗਲ ਦਾ ਪਤਾ ਹੁੰਦਾ ਹੈ ਕਿ ਵਿਦਿਆਰਥੀ ਲਾਇਕ ਜਾਂ ਨਾਲਾਇਕ ਨਹੀਂ ਹੁੰਦੇ, ਜਿਨ੍ਹਾਂ ਦੀ ਯੋਗਤਾ ਜਾਗ ਪੈਂਦੀ ਹੈ ਜਾਂ ਜਗਾ ਦਿਤੀ ਜਾਂਦੀ ਹੈ, ਉਹ ਲਾਇਕ ਹੋ ਜਾਂਦੇ ਹਨ, ਪੱਥਰਾਂ ਤੋਂ ਹੀਰੇ ਬਣ ਜਾਂਦੇ ਹਨ ਪਰ ਜਿਨ੍ਹਾਂ ਦੀ ਸਮਰੱਥਾ ਸੁਤੀ ਰਹਿੰਦੀ ਹੈ, ਉਹ ਸਕੂਲ ਬਦਲਦੇ ਹਨ, ਜਮਾਤ ਨਹੀਂ ਬਦਲਦੇ।
ਵਿਦਿਆਰਥੀ ਮਾਲ-ਗੱਡੀ ਦੇ ਡਬਿਆਂ ਵਰਗੇ ਹੁੰਦੇ ਹਨ, ਅਧਿਆਪਕ ਇੰਜਣ ਦਾ ਕਾਰਜ ਕਰਦੇ ਹਨ, ਖਾਲੀ ਡੱਬੇ ਬੜਾ ਖੜਾਕ ਕਰਦੇ ਹਨ, ਜਿਹੜੇ ਭਰੇ ਹੁੰਦੇ ਹਨ ਉਹ ਚੁੱਪ ਕਰਕੇ ਲੰਘ ਜਾਂਦੇ ਹਨ।
ਜਿਹੜੇ ਜਾਗਦੇ ਹਨ, ਉਹੀ ਪਹੁੰਚਦੇ ਹਨ।
ਜਿਹੜੇ ਰਾਤਾਂ ਜਾਗ ਕੇ ਮਿਹਨਤਾਂ ਕਰਦੇ ਹਨ, ਇਕ ਦਿਨ ਅਚਾਨਕ ਸਵੇਰੇ, ਸਾਰੇ ਲੋਕ ਉਨ੍ਹਾਂ ਦੇ ਘਰ ਵਧਾਈ ਦੇਣ ਆ ਰਹੇ ਹੁੰਦੇ ਹਨ।
ਇਕ ਵਾਰੀ ਕਿਸੇ ਥਾਂ ਵਿਸ਼ਾਲ ਸਤਿਸੰਗ ਹੋ ਰਿਹਾ ਸੀ। ਪੰਡਾਲ ਤੋਂ ਬਾਹਰ ਇਕ ਪੰਡਤ ਨੇ ਇਕ ਸ਼ਰਧਾਲੂ ਨੂੰ ਪੁੱਛਿਆ: ਜਿਹੜੇ ਬੋਲ ਰਹੇ ਹਨ, ਤੁਸੀਂ ਉਨ੍ਹਾਂ ਨੂੰ ਭਗਵਾਨ ਕਿਉਂ ਕਹਿੰਦੇ ਹੋ ? ਸ਼ਰਧਾਲੂ ਨੇ ਕਿਹਾ : ਭਗਵਾਨ ਤਾਂ ਤੁਸੀਂ ਵੀ ਹੋ ਪਰ ਉਹ ਜਾਗੇ ਹੋਏ ਹਨ, ਉਨ੍ਹਾਂ ਨੇ ਆਪਣੇ ਆਪ ਨੂੰ ਜਾਣ ਲਿਆ ਹੈ ਅਤੇ ਸਾਧ ਲਿਆ ਹੈ, ਉਹ ਚਲ ਪਏ ਹਨ।
ਜੇ ਘੋੜਾ ਜੋੜਿਆ ਨਾ ਜਾਵੇ, ਉਹ ਚਲਦਾ ਨਹੀਂ, ਜੇ ਪਾਣੀ ਕਿਨਾਰਿਆਂ ਵਿਚ ਨਾ ਰਹੇ ਤਾਂ ਉਹ ਕਿਸੇ ਕੰਮ ਨਹੀਂ ਆਉਂਦਾ। ਕੋਈ ਵੀ ਜੀਵਨ ਉਦੋਂ ਤਕ ਕੁਝ ਨਹੀਂ ਬਣਦਾ ਜਦੋਂ ਤਕ ਸਾਧਿਆ ਨਾ ਜਾਵੇ।
ਸਾਧਣ ਦੇ ਇਸ ਕਾਰਜ ਨੂੰ ਕਲਾ ਕਹਿੰਦੇ ਹਨ।
ਚੰਗੇ ਬੁਲਾਰੇ ਬਣਨ ਵਾਸਤੇ ਸੁਣਨ ਦੀ ਕਲਾ ਸਿਖਣੀ ਪਵੇਗੀ। ਚੰਗੇ ਲੇਖਕ ਬਣਨ ਵਾਸਤੇ ਪੜ੍ਹਨ ਦਾ ਵਿਸ਼ਾਲ ਅਭਿਆਸ ਕਰਨਾ ਪਵੇਗਾ।
ਕਿਸੇ ਨੇ ਇਕ ਵਿਦਵਾਨ ਨੂੰ ਪੁਛਿਆ : ਮੈਂ ਚੰਗੀ ਗਲਬਾਤ ਕਰਨੀ ਕਿਵੇਂ ਸਿਖ ਸਕਦਾ ਹਾਂ ? ਉੱਤਰ ਮਿਲਿਆ : ਸੁਣੋ, ਪਹਿਲਾਂ ਦੂਜੇ ਦੀ ਗੱਲ ਸੁਣੋ, ਦੂਜੇ ਦੀ ਪੂਰੀ ਗੱਲ ਸੁਣੋ, ਦੂਜੇ ਦੀ ਪੂਰੀ ਗੱਲ ਪਹਿਲਾਂ ਸੁਣੋ।
ਪੜ੍ਹਨ ਅਤੇ ਸੁਣਨ ਨਾਲ ਮਨੁੱਖ ਚੁੱਪ ਅਤੇ ਸਿਆਣਾ ਹੋ ਜਾਂਦਾ ਹੈ।
ਪਛਤਾਵਾ ਹਮੇਸ਼ਾ ਕੁਝ ਬੋਲਣ ਕਰਕੇ ਹੁੰਦਾ ਹੈ, ਚੁੱਪ ਰਹਿਣ ਨਾਲ ਕੋਈ ਤੁਹਾਡੀ ਗੱਲ ਦੇ ਗਲਤ ਅਰਥ ਨਹੀਂ ਕੱਢ ਸਕਦਾ।
ਗੱਲਾਂ ਕਰਨ ਦੀ ਥਾਂ ਵਿਚਾਰਵਾਨ ਬਣੋ।
ਪੜ੍ਹਨ ਨਾਲ ਵਿਚਾਰ ਮਿਲਦੇ ਹਨ। ਸਮਾਚਾਰ ਪੱਤਰ ਕੇਵਲ ਸੂਚਨਾ ਦਿੰਦੇ ਹਨ। ਵਿਚਾਰ ਪੁਸਤਕਾਂ ਵਿਚ ਹੁੰਦੇ ਹਨ। ਵਿਚਾਰਾਂ ਨਾਲ ਪਦਾਰਥਕ ਸਹੂਲਤਾਂ ਦੀ ਹੋਂਦ-ਅਣਹੋਂਦ ਦੋਹਾਂ ਨੂੰ ਮਾਣਨ ਦੀ ਯੋਗਤਾ ਵੱਧ ਜਾਦੀ ਹੈ। ਸਿਆਣਿਆਂ ਦੇ ਵਿਚਾਰਾਂ ਨੂੰ ਸੁਹਿਰਦਤਾ ਨਾਲ ਸੁਣਨ ਨਾਲ ਬੋਲਣ ਵਾਲਾ ਸਾਡਾ ਸ਼ੁਭ-ਚਿੰਤਕ ਬਣ ਜਾਂਦਾ ਹੈ। ਕਿਸੇ ਵਿਦਵਾਨ ਤੋਂ ਲਾਭ ਉਠਾਉਣ ਲਈ ਆਪਣੀ ਅਗਿਆਨਤਾ ਪ੍ਰਤੀ ਸੁਚੇਤ ਅਤੇ ਸੁਹਿਰਦ ਹੋਣਾ ਜ਼ਰੂਰੀ ਹੈ।
ਵਿਦਵਾਨ ਸਾਡੇ ਵਿਚ ਅਦਿਖ ਨੂੰ ਵੇਖਣ ਦੀ ਯੋਗਤਾ-ਸਮਰੱਥਾ ਉਪਜਾਉਂਦੇ ਹਨ। ਜਿਹੜਾ ਵਿਅਕਤੀ ਅਦਿਖ ਨੂੰ ਵੇਖ ਸਕਦਾ ਹੈ, ਉਹੀ ਵਿਅਕਤੀ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ।
ਉਹ ਅਤਿਅੰਤ ਸਿਆਣੇ ਹੁੰਦੇ ਹਨ, ਜਿਨ੍ਹਾਂ ਕੋਲ ਕਿਸੇ ਸਮੇਂ ਕਹਿਣ ਲਈ ਕੁਝ ਨਹੀਂ ਹੁੰਦਾ ਤੇ ਉਹ ਕੁਝ ਨਹੀਂ ਕਹਿੰਦੇ। ਅਜਿਹੇ ਵਿਦਵਾਨ ਪੁਸਤਕਾਂ ਵਰਗੇ ਹੁੰਦੇ ਹਨ, ਸ਼ਾਂਤ ਅਤੇ ਸਥਿਰ । ਪੁਸਤਕਾਂ ਸਾਡੇ ਸੋਚਣ, ਮਹਿਸੂਸ ਕਰਨ ਅਤੇ ਕੰਮ ਕਰਨ ਦਾ ਢੰਗ ਬਦਲ ਦਿੰਦੀਆਂ ਹਨ। ਇਕ ਅਨਪੜ੍ਹ ਅਤੇ ਮਾਹਿਰ ਵਿਚਲਾ ਅੰਤਰ ਪੁਸਤਕਾਂ ਕਾਰਨ ਹੁੰਦਾ ਹੈ। ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਮਜਬੂਰ ਨਾ ਕਰੋ, ਆਪ ਪੁਸਤਕਾਂ ਪੜ੍ਹੋ ਅਤੇ ਬੱਚਿਆਂ ਦੀ ਹਾਜ਼ਰੀ ਵਿਚ ਪੁਸਤਕਾਂ ਦੀ ਸਿਫਤ ਕਰੋ, ਉਹ ਪੁਸਤਕਾਂ ਲੱਭ ਲੱਭ ਕੇ ਪੜ੍ਹਨਗੇ।
ਜਿਨ੍ਹਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ, ਉਨ੍ਹਾਂ ਵਿਚ ਕੋਈ ਪਛਾਣਨਯੋਗ ਯੋਗਤਾ ਵੀ ਨਹੀਂ ਉਸਰਦੀ। ਪੁਸਤਕਾਂ ਸਾਡੇ ਵਿਚ ਜ਼ਿੰਮੇਵਾਰੀ ਦੀ ਭਾਵਨਾ ਸਿਰਜਦੀਆਂ ਹਨ, ਇਹ ਸਰਬੱਤ ਦਾ ਭਲਾ ਸੋਚਣਾ ਸਿਖਾਉਂਦੀਆਂ ਹਨ।
ਤੁਹਾਨੂੰ ਮਹੱਤਵ ਉਦੋਂ ਹੀ ਮਿਲੇਗਾ, ਜਦੋਂ ਕੋਈ ਜ਼ਿੰਮੇਵਾਰੀ ਮਿਲੇਗੀ। ਜੇ ਕੋਈ ਜ਼ਿੰਮੇਵਾਰੀ ਨਹੀਂ ਮਿਲ ਰਹੀ ਤਾਂ ਆਪ ਹੀ ਕੋਈ ਜ਼ਿੰਮੇਵਾਰੀ ਲੈ ਲਵੋ |
ਮਹੱਤਵ ਸਦਾ ਜ਼ਿੰਮੇਵਾਰੀ ਦੇ ਅਨੁਪਾਤ ਵਿਚ ਮਿਲੇਗਾ। ਜ਼ਿੰਮੇਵਾਰੀ ਤੋਂ ਬਿਨਾ ਯੋਗਤਾ-ਸਮਰੱਥਾ ਦੇ ਕੋਈ ਅਰਥ ਨਹੀਂ ਹੁੰਦੇ। ਜ਼ਿੰਮੇਵਾਰੀ ਦੀ ਆਦਤ ਜੇ ਬਚਪਨ ਵਿਚ ਪੈ ਜਾਵੇ ਤਾਂ ਇਹ ਵਰਦਾਨ ਸਿੱਧ ਹੁੰਦੀ ਹੈ ਪਰ ਜੇ ਆਦਤ ਨਾ ਹੋਵੇ ਤੇ ਜ਼ਿੰਮੇਵਾਰੀ ਪੈ ਜਾਵੇ ਤਾਂ ਇਹ ਸਥਿਤੀ ਮੁਸੀਬਤ ਬਣ ਜਾਂਦੀ ਹੈ।
ਮਾਪਿਆਂ ਨੂੰ ਆਪਣੇ ਵਿਹਾਰ ਨਾਲ ਬੱਚਿਆਂ ਲਈ ਜ਼ਿੰਮੇਵਾਰੀ ਦੀਆਂ ਉਦਾਹਰਣਾਂ ਸਿਰਜਣੀਆਂ ਪੈਣਗੀਆਂ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਦੇਣੀਆਂ ਪੈਣਗੀਆਂ ।
ਬੱਚੇ ਉਦਾਹਰਣਾਂ ਤੋਂ ਸਿਖਦੇ ਹਨ, ਉਪਦੇਸ਼ਾਂ ਤੋਂ ਨਹੀਂ।
ਬੱਚਿਆਂ ਨੂੰ ਜਿਤਨੀਆਂ ਮਰਜ਼ੀ ਆਦਤਾਂ ਸਿਖਾਉਣ ਦਾ ਯਤਨ ਕਰੋ, ਉਹ ਕਰਨਗੇ ਉਵੇਂ ਹੀ ਜਿਵੇਂ ਉਨ੍ਹਾਂ ਦੇ ਮਾਪੇ ਕਰਦੇ ਹਨ।
ਚੰਗੀਆਂ ਉਦਾਹਰਣਾਂ ਨਾਲ ਬੱਚਿਆਂ ਨੂੰ ਆਸ਼ਾਵਾਦੀ ਬਣਾਓ, ਉਨ੍ਹਾਂ ਵਿਚ ਜ਼ਿੰਦਗੀ ਦੀ ਹਾਂ ਭਰੋ ਨਹੀਂ ਤਾਂ ਉਹ ਨਿਰਾਸ਼ਾਵਾਦੀ ਹੋ ਨਿਬੜਨਗੇ ।
ਨਿਰਾਸ਼ਾਵਾਦੀ ਕਦੇ ਵੀ ਮਹੱਤਵਪੂਰਨ ਵਿਅਕਤੀ ਨਹੀਂ ਹੁੰਦੇ ਅਤੇ ਮਹੱਤਵਪੂਰਨ ਵਿਅਕਤੀ ਕਦੇ ਨਿਰਾਸ਼ਾਵਾਦੀ ਨਹੀਂ ਹੁੰਦੇ।
ਪਿਛੇ ਜਿਹੇ, ਆਪਣੇ ਇਕ ਮਿੱਤਰ ਕੋਲ, ਇਕ ਪਿੰਡ ਜਾਣ ਦਾ ਅਵਸਰ ਮਿਲਿਆ। ਦਰੱਖਤਾਂ ਦੇ ਇਕ ਝੁੰਡ ਦੀ ਛਾਂ ਵਿਚ ਬੈਠੇ ਪੁਰਾਣੀਆਂ ਯਾਦਾਂ ਨੂੰ ਸਜਰਾ ਕਰ ਰਹੇ ਸਾਂ। ਇਕ ਕੋਇਲ ਸਮੁੱਚੇ ਵਾਤਾਵਰਨ ਨੂੰ ਆਪਣੀ ਮਿੱਠੀ ਆਵਾਜ਼ ਨਾਲ ਰੰਗ ਰਹੀ ਸੀ। ਨੇੜੇ ਹੀ ਮੇਰੇ ਮਿੱਤਰ ਦਾ ਵੱਡਾ ਭਰਾ ਦਿਨ ਵੇਲੇ ਸੌਣ ਦਾ ਯਤਨ ਕਰ ਰਿਹਾ ਸੀ। ਉਸ ਦਾ ਵਿਆਹ ਨਹੀਂ ਸੀ ਹੋਇਆ। ਕੁਝ ਚਿਰ ਮਗਰੋਂ ਕੋਇਲ ਤੜਫਦੀ ਹੋਈ ਸਾਡੇ ਮੰਜੇ ਦੇ ਨੇੜੇ ਆ ਡਿਗੀ। ਮੇਰੇ ਮਿੱਤਰ ਨੇ ਆਪਣੇ ਭਰਾ ਨੂੰ ਕਿਹਾ : ਕਾਹਨੂੰ ਮਾਰਨੀ ਸੀ ! ਭਰਾ ਨੇ ਕਿਹਾ : ਕੰਨ ਖਾਈ ਜਾਂਦੀ ਸੀ ।
ਜ਼ਿੰਦਗੀ ਦੀ ਇਕ ਹੋਰ ਝਾਕੀ ਵਿਚ ਇਕ ਹਾਦਸੇ ਵਿਚ ਕਈ ਵਿਅਕਤੀ ਫੱਟੜ ਹੋ ਗਏ ਸਨ। ਜਿਸ ਨੂੰ ਸਭ ਤੋਂ ਵੱਧ ਸੱਟਾਂ ਲਗੀਆਂ ਸਨ, ਉਹ ਬਾਕੀਆਂ ਨੂੰ ਕਹਿ ਰਿਹਾ ਸੀ : ਘਬਰਾਓ ਨਾ, ਆਪਾਂ ਸਭ ਠੀਕ ਹੋ ਜਾਵਾਂਗੇ।
ਆਸ਼ਾਵਾਦੀ ਉਸ ਰੋਸ਼ਨੀ ਨੂੰ ਵੀ ਵੇਖ ਲੈਂਦਾ ਹੈ, ਜਿਹੜੀ ਉਥੇ ਹੁੰਦੀ ਹੀ ਨਹੀਂ ਅਤੇ ਨਿਰਾਸ਼ਾਵਾਦੀ ਜਗਦੇ ਦੀਵੇ ਨੂੰ ਵੀ ਫੂਕ ਮਾਰ ਕੇ ਬੁਝਾ ਦਿੰਦਾ ਹੈ। ਆਸ਼ਾਵਾਦੀ ਨੂੰ ਅਵਸਰ ਹੀ ਅਵਸਰ ਦਿਸਦੇ ਹਨ। ਕਿਸੇ ਨੇ ਕਿਹਾ : ਮੈਨੂੰ ਕੋਈ ਵਿਸ਼ੇਸ਼ ਅਵਸਰ ਨਹੀਂ ਮਿਲਿਆ। ਸੁਣਨ ਵਾਲੇ ਨੇ ਕਿਹਾ : ਵਿਸ਼ੇਸ਼ ਅਵਸਰ ਕਿਥੇ ਹਨ? ਕੋਈ ਅਵਸਰ ਵਿਸ਼ੇਸ਼ ਨਹੀਂ ਹੁੰਦਾ। ਅਵਸਰ ਮਨੁੱਖ ਦੀ ਯੋਗਤਾ ਅਤੇ ਸਮਰੱਥਾ ਵਿਚ ਹੁੰਦੇ ਹਨ। ਜਿਨ੍ਹਾਂ ਵਿਚ ਕੁਝ ਕਰਨ ਦਾ ਚਾਅ ਹੁੰਦਾ ਹੈ, ਉਹ ਜਿਹੜਾ ਵੀ ਅਵਸਰ ਮਿਲੇ, ਉਸ ਨੂੰ ਘੁਟ ਕੇ ਜੱਫੀ ਪਾ ਲੈਂਦੇ ਹਨ।
ਜਿਹੜੇ ਸੂਰਜ ਨਿਕਲੇ ਤੇ ਵੀ ਸੁਤੇ ਰਹਿੰਦੇ ਹਨ, ਉਹ ਆਪ ਤੰਗ ਹੁੰਦੇ ਹਨ ਅਤੇ ਦੂਜਿਆਂ ਨੂੰ ਤੰਗ ਕਰਦੇ ਰਹਿੰਦੇ ਹਨ।
ਅਵਸਰ ਜਦੋਂ ਹੱਥੋਂ ਨਿਕਲ ਜਾਂਦਾ ਹੈ ਤਾਂ ਉਹ ਆਪਣੇ ਅਸਲੀ ਆਕਾਰ ਤੋਂ ਵੀ ਵੱਡਾ ਲਗਣ ਲਗ ਪੈਂਦਾ ਹੈ। ਅਵਸਰ ਮਾਣਨ ਵਾਸਤੇ ਸਵੇਰੇ ਉੱਠਣਾ ਪਵੇਗਾ। ਸਵੇਰੇ ਉੱਠਣਾ, ਯੋਗ ਵਿਅਕਤੀਆਂ ਦਾ ਇਕ ਮੁੱਢਲਾ ਲੱਛਣ ਹੁੰਦਾ ਹੈ। ਸਵੇਰੇ ਉੱਠਣ ਕਰਕੇ ਉਨ੍ਹਾਂ ਕੋਲ ਖੁਲ੍ਹਾ ਸਮਾਂ ਹੁੰਦਾ ਹੈ ਅਤੇ ਉਨ੍ਹਾਂ ਦੀ ਪਹੁੰਚ ਹਾਂ-ਪੱਖੀ ਹੁੰਦੀ ਹੈ। ਅਜਿਹੇ ਵਿਅਕਤੀਆਂ ਵਿਚ ਸਾਹਸ ਹੁੰਦਾ ਹੈ, ਜੋਸ਼ ਹੁੰਦਾ ਹੈ।
ਇਕ ਵਿਅਕਤੀ ਕਿਸੇ ਦਫਤਰ ਗਿਆ। ਚਾਹ ਪੀਤੀ ਜਾ ਰਹੀ ਸੀ। ਉਸ ਵਿਅਕਤੀ ਨੇ ਇਕ ਕਰਮਚਾਰੀ ਨੂੰ ਆਪਣਾ ਕੰਮ ਦਸਿਆ। ਕੰਮ ਕਰਨ ਉਪਰੰਤ ਉਸ ਕਰਮਚਾਰੀ ਨੇ ਪੁਛਿਆ, ਤੁਸੀਂ ਪਹਿਲੀ ਵਾਰ ਆਏ ਹੋ, ਤੁਸੀਂ ਆਪਣਾ ਕੰਮ ਮੈਨੂੰ ਹੀ ਕਿਉਂ ਦਸਿਆ? ਉੱਤਰ ਮਿਲਿਆ : ਕਈ ਚਿਹਰੇ ਹੁੰਦੇ ਹਨ, ਜਿਨ੍ਹਾਂ ਉਤੇ ਨਾਂਹ ਲਿਖੀ ਹੁੰਦੀ ਹੈ, ਤੁਹਾਡੇ ਚਿਹਰੇ ਤੇ ਮੈਨੂੰ ਹਾਂ ਵਿਖਾਈ ਦਿਤੀ ਸੀ।
ਅਸੀਂ ਉਸ ਦੁਕਾਨਦਾਰ ਕੋਲ ਹੀ ਜਾਂਦੇ ਹਾਂ, ਜਿਸ ਦੇ ਚਿਹਰੇ ਤੇ ਹਾਂ ਲਿਖੀ ਹੁੰਦੀ ਹੈ। ਦੁਕਾਨਦਾਰਾਂ ਨੂੰ ਆਪਣੀ ਯੋਗਤਾ ਤੇ ਵਿਸ਼ਵਾਸ ਹੁੰਦਾ ਹੈ।
ਰੇੜ੍ਹੀਆਂ ਵਾਲੇ ਕੀਮਤ ਪਹਿਲਾਂ ਦਸਦੇ ਹਨ, ਦੁਕਾਨਦਾਰ ਕੀਮਤ ਮਗਰੋਂ ਦਸਦੇ ਹਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਉਨ੍ਹਾਂ ਕੋਲ ਗਾਹਕ ਦੀ ਤਸੱਲੀ ਕਰਵਾਉਣ ਦੀ ਯੋਗਤਾ ਅਤੇ ਸਮਰੱਥਾ ਹੈ।
ਅਜ ਅਸੀਂ ਪਿਛਲੀਆਂ ਸਾਰੀਆ ਸਦੀਆਂ ਦੌਰਾਨ ਲਗਭਗ ਦੋ ਹਜ਼ਾਰ ਯੋਗ, ਸਮਰੱਥ, ਸੁਘੜ, ਸਿਆਣੇ, ਸਨੇਹੀ, ਸਹਿਯੋਗੀ ਅਤੇ ਅਨੁਭਵੀ ਵਿਅਕਤੀਆਂ ਦੇ ਯੋਗਦਾਨ ਸਦਕਾ ਹੀ ਜੀਵਨ ਦੇ ਸੁਖ ਮਾਣ ਰਹੇ ਹਾਂ। ਜੇ ਇਹ ਯੋਗ ਅਤੇ ਸਮਰੱਥਾਵਾਨ ਵਿਅਕਤੀ ਨਾ ਹੁੰਦੇ ਤਾਂ ਅਸੀਂ ਹੁਣ ਵੀ ਗੁਫਾਵਾਂ ਵਿਚ ਰਹਿੰਦਿਆਂ, ਜੰਗਲਾਂ ਵਿਚ ਸ਼ਿਕਾਰ ਹੁੰਦੇ ਅਤੇ ਸ਼ਿਕਾਰ ਕਰਦੇ ਹੋਣਾ ਸੀ।
ਸੰਸਾਰ ਨੂੰ ਜਿੱਤਣ ਵਾਲੇ ਤੈਮੂਰ ਲਿੰਗ, ਚੰਗੇਜ਼ ਖਾਨ ਜਾਂ ਹਿਟਲਰ ਨਹੀਂ ਸਨ, ਸੰਸਾਰ ਨੂੰ ਜਿਤਿਆ ਹੈ ਸੁਕਰਾਤ ਨੇ, ਬੁੱਧ ਨੇ, ਨਿਊਟਨ ਅਤੇ ਲਿੰਕਨ ਵਰਗਿਆਂ ਨੇ।
ਯੋਗਤਾ ਅਤੇ ਸਮਰੱਥਾ ਸਾਹਮਣੇ ਹੱਦਾਂ-ਸਰਹੱਦਾਂ ਦੇ ਕੋਈ ਅਰਥ ਨਹੀਂ ਹੁੰਦੇ। ਇਹ ਜਾਤ-ਪਾਤ ਨੂੰ ਉਲੰਘ ਕੇ ਸਮੁੱਚੀ ਮਾਨਵਜਾਤੀ ਦਾ ਸਰਮਾਇਆ ਬਣ ਜਾਂਦੀਆਂ ਹਨ। ਬਹੁਤੇ ਵਿਅਕਤੀ ਸਿਖਿਆ ਦੀ ਘਾਟ ਕਰਕੇ ਨਹੀਂ, ਦ੍ਰਿੜ੍ਹ ਇਰਾਦੇ ਦੀ ਅਣਹੋਂਦ ਕਰਕੇ, ਯੋਗਤਾ ਦੇ ਬਾਵਜੂਦ, ਕਿਸੇ ਮੰਜ਼ਿਲ ਨੂੰ ਨਹੀਂ ਅਪੜਦੇ ।
ਦ੍ਰਿੜ੍ਹ ਇਰਾਦਾ ਯੋਗਤਾ ਦਾ ਇਕ ਲੱਛਣ ਹੈ। ਜੀਵਨ ਵਿਚ ਦ੍ਰਿੜ੍ਹ ਇਰਾਦੇ ਤੋਂ ਬਿਨਾ ਸਫਲਤਾ ਦੀ ਆਸ ਨਹੀਂ ਕਰਨੀ ਚਾਹੀਦੀ।
ਯੋਗਤਾ ਅਤੇ ਸਮਰੱਥਾ ਉਪਜਾਉਣ ਲਈ ਵਿਅਕਤੀ ਨੂੰ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ । ਉਦਾਹਰਣ ਵਜੋਂ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ, ਸਿਖਦੇ ਹਾਂ ਅਤੇ ਇਨ੍ਹਾਂ ਦੇ ਆਧਾਰ ਤੇ ਕਾਰਜ ਕਰਦੇ ਹਾਂ।
ਸਾਡੀ ਯੋਗਤਾ ਦੇ ਸਾਰੇ ਪੱਖ ਸਾਡੇ ਕਾਰਜਾਂ ਵਿਚ ਪ੍ਰਗਟ ਹੁੰਦੇ ਹਨ।
ਕਾਰਜਾਂ ਰਾਹੀਂ ਅਸੀਂ ਜ਼ਿੰਦਗੀ ਦੇ ਨੇਮ ਸਮਝਦੇ ਹਾਂ ਅਤੇ ਤਜਰਬੇ ਰਾਹੀਂ ਅਸੀਂ ਉਹ ਕੰਮ ਕਰਦੇ ਹਾਂ, ਜਿਨ੍ਹਾਂ ‘ਤੇ ਇਹ ਨੇਮ ਲਾਗੂ ਹੁੰਦੇ ਹਨ। ਇਸ ਅਮਲ ਵਿਚੋਂ ਸਫਲਤਾਵਾਂ ਅਤੇ ਜਿੱਤਾਂ ਉਪਜਦੀਆਂ ਹਨ।
ਜਿੱਤਾਂ ਅਤੇ ਸਫਲਤਾਵਾਂ ਯੋਗਤਾ ਅਤੇ ਸਮਰੱਥਾ ਨੂੰ ਵਧਾਉਂਦੀਆਂ ਹਨ।
ਜਿੱਤਾਂ ਸਾਡੀਆਂ ਮੁਸ਼ਕਿਲਾਂ ਅਤੇ ਕੁਰਬਾਨੀਆਂ ਦੇ ਅਨੁਪਾਤ ਵਿਚ ਹੀ ਮਹੱਤਵ ਗ੍ਰਹਿਣ ਕਰਦੀਆਂ ਹਨ। ਮੁਸ਼ਕਿਲਾਂ ਅਤੇ ਕੁਰਬਾਨੀਆਂ ਨਾਇਕ ਸਿਰਜਦੀਆਂ ਹਨ। ਅਸੀਂ ਉਨ੍ਹਾਂ ਨੂੰ ਹੀ ਆਪਣੇ ਨਾਇਕ ਸਮਝਦੇ ਹਾਂ, ਜਿਹੜੇ ਸਾਨੂੰ ਮੁਸ਼ਕਿਲਾਂ ਅਤੇ ਮੁਸੀਬਤਾਂ ਸਾਹਮਣੇ ਡੱਟਣਾ ਸਿਖਾਉਂਦੇ ਹਨ। ਨਾਇਕ ਹੀ ਯੋਗਤਾ ਅਤੇ ਮਨੁੱਖੀ ਵਿਹਾਰ ਦੇ ਨਵੇਂ ਸੰਕਲਪ ਅਤੇ ਵਿਚਾਰ ਸਿਰਜਦੇ ਹਨ।
ਜੇ ਵਿਚਾਰ ਜਾਂ ਸੰਕਲਪ ਪਿਛੇ ਯੋਗਤਾ ਅਤੇ ਤਾਕਤ ਨਾ ਹੋਵੇ ਤਾਂ ਅਜਿਹੇ ਵਿਚਾਰ ਜਾਂ ਸੰਕਲਪ ਦੀ ਦੁਰਵਰਤੋਂ ਹੀ ਹੁੰਦੀ ਹੈ।
ਅਯੋਗ ਵਿਅਕਤੀਆਂ ਦਾ ਕੋਈ ਨਾਇਕ ਨਹੀਂ ਹੁੰਦਾ।
ਅਯੋਗ ਵਿਅਕਤੀ ਸੁਸਤੀ ਨੂੰ ਆਰਾਮ ਕਹਿੰਦੇ ਹਨ।
ਜਿਸ ਲਈ ਸਜ਼ਾ ਨਾਲੋਂ ਪਛਤਾਵਾ ਵੱਡੀ ਗੱਲ ਹੈ, ਉਹੀ ਵਿਅਕਤੀ ਯੋਗ ਹੈ। ਉਸੇ ਵਿਚ ਸਫਲ ਹੋਣ ਦੀਆਂ, ਕਿਸੇ ਲਈ ਉਦਾਹਰਣ ਬਣਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ।
ਮਹਾਨ ਵਿਅਕਤੀਆਂ ਵਿਚ ਅਤੇ ਸਫਲ ਉਦਾਹਰਣਾਂ ਵਿਚ, ਗਿਣੇ ਜਾਣ ਦੀ ਇੱਛਾ ਹੀ ਸਾਡੇ ਤੋਂ ਵੱਡੇ ਵੱਡੇ ਕੰਮ ਕਰਾਉਂਦੀ ਹੈ। ਦਰਵੇਸ਼ ਅਤੇ ਵਿਗਿਆਨੀ ਸਮੁੱਚੀ ਮਾਨਵਜਾਤੀ ਦੇ ਸੰਦਰਭ ਵਿਚ ਸੋਚਦੇ ਹਨ, ਇਸੇ ਲਈ ਉਹ ਮਹਾਨ ਹਨ। ਪਰ ਇਹ ਇੱਛਾ ਕਿ ਕੇਵਲ ਮੈਂ ਹੀ ਮਹਾਨ ਹੋਵਾਂ, ਗਰਕ ਜਾਣ ਦੀ ਸੂਚਕ ਹੈ। ਕੇਵਲ ਗੱਲਾਂ ਕਰਨ ਵਾਲੇ ਅਤੇ ਦੂਜਿਆਂ ਵਿਚ ਦੋਸ਼ ਕਢਣ ਵਾਲੇ ਕਦੀ ਵੀ ਕਿਸੇ ਲਈ ਉਦਾਹਰਣ ਨਹੀਂ ਬਣਦੇ। ਜਿਹੜੇ ਮੋਮਬਤੀਆਂ ਵੇਚਦੇ ਹਨ ਜੇ ਉਨ੍ਹਾਂ ਨੂੰ ਸੂਰਜ ਦੀ ਰੋਸ਼ਨੀ ਚੰਗੀ ਨਹੀਂ ਲਗਦੀ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਮੋਮਬਤੀ ਜਿਤਨਾ ਹੀ ਚਾਨਣਾ ਹੋਵੇਗਾ। ਜੇ ਝੋਲੀ ਛੋਟੀ ਹੈ ਤਾਂ ਦਾਤਾਂ ਵੱਡੀਆਂ ਨਹੀਂ ਹੋ ਸਕਦੀਆਂ।
ਗੜਵੀ ਵਿਚ ਬਾਲਟੀ ਨਹੀਂ ਉਲਟਾਈ ਜਾ ਸਕਦੀ।
ਯੂਨਾਨ ਦੇ ਮਹਾਨ ਕਵੀ ਹੋਮਰ ਨੇ ਆਪਣੇ ਮਹਾਂਕਾਵਿ ਵਿਚ ਅਜਿਹੇ ਸੂਰਬੀਰਾਂ ਅਤੇ ਬਹਾਦਰਾਂ ਨੂੰ ਨਾਇਕ ਬਣਾਇਆ ਕਿ ਨਾਇਕ ਵਰਗਾ ਬਣਨਾ ਹਰੇਕ ਯੂਨਾਨੀ ਜਵਾਨ ਦਾ ਆਦਰਸ਼ ਬਣ ਗਿਆ।
ਜਦੋਂ ਇਹ ਹੋ ਗਿਆ ਤਾਂ ਯੂਨਾਨ ਚਲ ਨਿਕਲਿਆ ਅਤੇ ਨਿੱਕੇ ਨਿੱਕੇ ਕਸਬਿਆਂ ਵਾਲਾ ਯੂਨਾਨ, ਵਿਸ਼ਵ ਦੀ ਮਹਾਨ ਸਭਿਅਤਾ ਬਣਿਆ।
ਇਕ ਯੋਗ ਅਤੇ ਸਮਰੱਥਾਵਾਦ ਕਾਰੀਗਰ ਮਿੱਟੀ ਨੂੰ ਮੂਰਤੀ ਅਤੇ ਇੱਟਾਂ ਨੂੰ ਇਮਾਰਤ ਬਣਾ ਦਿੰਦਾ ਹੈ।
ਪੁਰਾਤਨ ਕਾਲ ਵਿਚ ਅਗਸਟਸ ਨੇ ਜਦੋਂ ਰੋਮ ਦਾ ਰਾਜਭਾਗ ਸੰਭਾਲਿਆ ਤਾਂ ਰੋਮ ਇੱਟਾਂ ਦਾ ਬਣਿਆ ਹੋਇਆ ਸੀ। ਵੇਖਦਿਆਂ ਵੇਖਦਿਆਂ, ਅਗਸਟਸ ਦੇ ਯਤਨਾਂ ਸਦਕਾ ਸਭ ਪਾਸੇ ਸੰਗਮਰਮਰ ਹੀ ਸੰਗਮਰਮਰ ਹੋ ਗਿਆ।
ਸਾਡੇ ਆਪਣੇ ਜ਼ਮਾਨੇ ਵਿਚ, ਬਰਤਾਨੀਆ ਦੀ ਸ਼ਾਹੀ ਹਕੂਮਤ ਨੂੰ, ਇਕ ਗਰੀਬੜੇ ਦੇਸ਼ ਦੇ ਗਾਂਧੀ ਨੇ ਮੁਲਕ ਵਿਚੋਂ ਚਲੇ ਜਾਣ ਲਈ ਮਜਬੂਰ ਕੀਤਾ ਸੀ।
ਵੀਹਵੀਂ ਸਦੀ ਵਿਚ ਤੁਰਕੀ ਵਿਚ ਅਜਿਹਾ ਹੀ ਕਮਾਲ, ਅਤਾਤੁੱਰਕ ਨੇ ਕਰ ਵਿਖਾਇਆ। ਅਤਾਰਕ ਤੋਂ ਪਹਿਲਾਂ ਤੁਰਕੀ ਏਸ਼ੀਆ ਦਾ ਪਛੜਿਆ ਹੋਇਆ ਅੰਤਲਾ ਦੇਸ਼ ਸੀ, ਅਤਾਰਕ ਦੇ ਯਤਨਾਂ ਸਦਕਾ ਤੁਰਕੀ ਯੋਰਪ ਦਾ ਪਹਿਲਾ ਖੁਸ਼ਹਾਲ ਮੁਲਕ ਬਣ ਗਿਆ।
ਜਦੋਂ ਤੇਜਸਵੀ ਦ੍ਰਿਸ਼ਟੀ ਅਤੇ ਸਪਸ਼ਟ ਦਿਸ਼ਾ, ਕਿਕਲੀ-ਕਲੀਰ ਪਾਉਂਦੀਆਂ ਹਨ ਤਾਂ ਕਰਾਮਾਤਾਂ ਵਾਪਰਦੀਆਂ ਹਨ। ਜੇ ਦਿਸ਼ਾ ਠੀਕ ਹੋਵੇ ਤਾਂ ਇਕ ਲੰਗੜਾ ਵੀ, ਗਲਤ ਸੇਧ ਵਿਚ ਦੌੜ ਰਹੇ, ਇਕ ਨਿਪੁੰਨ ਦੌੜਾਕ ਨੂੰ ਹਰਾ ਦਿੰਦਾ ਹੈ ।
ਬਹਾਦਰੀ, ਅਸੂਲ, ਸੁਹਿਰਦਤਾ ਅਤੇ ਚਰਿਤਰ ਆਦਿ ਯੋਗ ਅਤੇ ਸਮਰੱਥਾਵਾਨ ਵਿਅਕਤੀਆਂ ਦੇ ਸਦੀਵੀ ਗੁਣ ਹੁੰਦੇ ਹਨ।
ਮੁਸੀਬਤਾਂ ਅਤੇ ਮਾਯੂਸੀਆਂ ਵੇਲੇ ਇਨ੍ਹਾਂ ਗੁਣਾਂ ਦੀ ਹੀ ਲੋੜ ਪੈਂਦੀ ਹੈ।
ਆਪਣੀ ਹੋਂਦ ਦਾ ਸਬੂਤ ਅਸੀਂ ਆਪ ਹੀ ਹਾਂ।
ਆਪਣੀ ਯੋਗਤਾ ਅਤੇ ਸਮਰੱਥਾ ਦਾ ਸਬੂਤ ਅਸੀਂ ਆਪ ਹੀ ਦੇਣਾ ਹੈ, ਜਿਵੇਂ ਬੀਜ ਆਪਣੀ ਯੋਗਤਾ ਦਾ ਸਬੂਤ ਦਰੱਖਤ ਬਣ ਕੇ ਦਿੰਦਾ ਹੈ।
ਅਸੀਂ ਗੁਆਚ ਗਏ ਅਵਸਰਾਂ ਨੂੰ ਵਾਪਸ ਨਹੀਂ ਲਿਆ ਸਕਦੇ, ਅਸੀਂ ਵਕਤ ਨੂੰ ਪੈਦਾ ਨਹੀਂ ਕਰ ਸਕਦੇ ਪਰ ਆਪਣੀ ਯੋਗਤਾ ਅਤੇ ਸਮਰੱਥਾ ਨਾਲ ਅਸੀਂ ਆਉਣ ਵਾਲੇ ਸਮੇਂ ਨੂੰ ਅਤੇ ਉਪਜਣ ਵਾਲੇ ਅਵਸਰਾਂ ਨੂੰ ਮੁਲਵਾਨ ਜ਼ਰੂਰ ਬਣਾ ਸਕਦੇ ਹਾਂ।
ਪੈਸਾ, ਧਨ ਅਤੇ ਦੌਲਤ
ਧਰਤੀ ਉਤੇ ਜੀਵਨ ਨੂੰ ਚਲਾਉਂਦਾ ਤਾਂ ਸੂਰਜ ਹੈ ਪਰ ਘੁਮਾਉਂਦਾ ਪੈਸਾ ਹੈ।
ਜਦੋਂ ਪੈਸਾ ਬੋਲਦਾ ਹੈ, ਸਾਰੇ ਧਿਆਨ ਨਾਲ ਸੁਣਦੇ ਹਨ।
ਸਮਾਜਿਕ ਜੀਵਨ ਲਈ ਪੈਸਾ ਆਕਸੀਜਨ ਹੈ।
ਪੈਸਾ ਮਨੁੱਖ ਦਾ ਤੀਜਾ ਨੇਤਰ ਹੈ, ਜਦੋਂ ਤਕ ਇਹ ਨਹੀਂ ਖੁਲ੍ਹਦਾ, ਬਾਕੀ ਦੋ ਨੇਤਰ ਵੀ ਕੰਮ ਨਹੀਂ ਕਰਦੇ । ਪੈਸੇ ਨੂੰ ਪ੍ਰਾਪਤ ਕਰਨ ਲਈ ਅਸੀਂ ਇਸ ਬਾਰੇ ਪੜ੍ਹਦੇ ਹਾਂ, ਇਸ ਬਾਰੇ ਸੋਚਦੇ ਹਾਂ, ਇਸ ਨਾਲ ਹੀ ਵਸਤਾਂ ਨੂੰ ਆਪਣੀ ਪਹੁੰਚ ਵਿਚ ਲਿਆਉਂਦੇ ਹਾਂ। ਪੈਸੇ ਨਾਲ ਹੀ ਅਸੀਂ ਆਪਣੇ ਰਿਸ਼ਤੇਦਾਰਾਂ, ਸੰਗੀ-ਸਾਥੀਆਂ, ਆਂਢੀਆਂ-ਗੁਆਂਢੀਆਂ ਨੂੰ ਮਿਣਦੇ-ਤੋਲਦੇ ਹਾਂ। ਪੈਸਾ ਸਾਡੇ ਸਾਰੇ ਨਿਰਣਿਆਂ ਦੀ ਹੱਦ ਨਿਰਧਾਰਤ ਕਰਦਾ ਹੈ। ਗਿਣਤੀ ਦਾ ਸਿੱਧਾ-ਸਬੰਧ ਪੈਸੇ ਨਾਲ ਹੈ। ਸਕੂਲਾਂ ਵਿਚ ਜਿਹੜੇ ਪਹਾੜੇ ਸਿਖਾਏ ਜਾਂਦੇ ਹਨ, ਉਹ ਮਗਰੋਂ ਪੈਸੇ ਗਿਣਨ ਵਿਚ ਹੀ ਸਹਾਈ ਹੁੰਦੇ ਹਨ। ਗਿਣਤੀ ਵਾਂਗ ਹੀ ਪੈਸੇ ਦਾ ਵੀ ਕੋਈ ਅੰਤ ਨਹੀਂ । ਅਧਿਆਪਕ ਬੱਚਿਆਂ ਨੂੰ ਪੈਸਿਆਂ ਦੇ ਰੁਪਏ ਬਣਾਉਣੇ ਸਿਖਾਉਂਦੇ ਹਨ ਅਤੇ ਹਜ਼ਾਰਾਂ, ਲੱਖਾਂ, ਕਰੋੜਾਂ ਨਾਲ ਵਿਦਿਆਰਥੀਆਂ ਦੀ ਜਾਣ-ਪਛਾਣ ਕਰਾਉਂਦੇ ਹਨ।
ਪੈਸਾ ਸਮੁੰਦਰ ਦੇ ਪਾਣੀ ਵਾਂਗ ਹੈ, ਜਿਤਨਾ ਪੀਓ ਉਤਨੀ ਇਸ ਲਈ ਪਿਆਸ ਵੱਧਦੀ ਜਾਂਦੀ ਹੈ।
ਕਰਦੇ ਸਾਰੇ ਹਨ, ਪਰ ਮੰਨਦਾ ਕੋਈ ਨਹੀਂ ਕਿ ਉਹ ਪੈਸੇ ਨੂੰ ਪਿਆਰ ਕਰਦਾ ਹੈ। ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਧਰਮ ਨੇ ਗਰੀਬੀ ਨੂੰ ਸਲਾਹਿਆ ਹੈ ਅਤੇ ਅਮੀਰੀ ਨੂੰ ਲਾਲਚ ਅਤੇ ਪਾਪ ਕਹਿ ਕੇ, ਮਾਇਆ ਕਹਿ ਕੇ ਭੰਡਿਆ ਹੈ ਅਤੇ ਇਸ ਨੂੰ ਸਾਰੇ ਝਗੜਿਆਂ, ਚਿੰਤਾਵਾਂ ਦਾ ਕਾਰਨ ਦਸਿਆ ਹੈ।
ਧਰਮ ਨੇ ਕੇਵਲ ਉਸ ਪੈਸੇ ਨੂੰ ਸਲਾਹਿਆ ਹੈ ਜਿਹੜਾ ਧਾਰਮਿਕ ਸਥਾਨਾਂ ਜਾਂ ਧਾਰਮਿਕ ਕਾਰਜਾਂ ਤੇ ਖਰਚਿਆ ਜਾਵੇ।
ਧਰਮ ਅਤੇ ਗਰੀਬੀ ਦਾ ਸਿੱਧਾ ਸਬੰਧ ਹੈ। ਜਿਹੜੇ ਸਮਾਜ ਵਧੇਰੇ ਧਾਰਮਿਕ ਹਨ, ਉਹੀ ਵਧੇਰੇ ਗਰੀਬ ਹਨ। ਜਿਹੜੇ ਵਧੇਰੇ ਗਰੀਬ ਹਨ, ਉਹੀ ਵਧੇਰੇ ਧਾਰਮਿਕ ਹਨ । ਲੋਕਾਂ ਨੂੰ ਗਰੀਬ ਰਖੋ, ਉਹ ਧਰਮ ਨੂੰ ਜਿਉਂਦਾ ਰਖਣਗੇ । ਵਾਸਤਵ ਵਿਚ ਧਰਮ ਨੇ ਲੋਭ ਨੂੰ ਨਿੰਦ ਕੇ ਪੈਸੇ ਨੂੰ ਹਰਮਨ ਪਿਆਰਾ ਬਣਾ ਦਿਤਾ ਹੈ।
ਅਸੀਂ ਭਾਰਤੀ ਪੈਸੇ ਦੇ ਲੋਭੀ ਵੀ ਹਾਂ ਅਤੇ ਪੈਸੇ ਨੂੰ ਨਿੰਦਦੇ ਵੀ ਹਾਂ।
ਜੇ ਸੰਸਾਰ ਵਿਚ ਪੈਸਾ ਨਾ ਹੁੰਦਾ ਤਾਂ ਕੋਈ ਸਾਂਝ ਜਾਂ ਰਿਸ਼ਤੇਦਾਰੀ ਵੀ ਨਾ ਹੁੰਦੀ। ਵਿਆਹ ਸਾਰੇ ਰਿਸ਼ਤਿਆਂ ਦਾ ਆਧਾਰ ਹੈ ਅਤੇ ਪੈਸੇ ਬਿਨਾ ਵਿਆਹ ਦੇ ਕੋਈ ਅਰਥ ਨਹੀਂ। ਵਿਆਹ ਨਾਲ ਇਸਤਰੀ ਨੂੰ ਪੁਰਸ਼ ਦੇ ਪੈਸੇ ਵਰਤਣ ਦਾ ਹੱਕ ਮਿਲਦਾ ਹੈ ਅਤੇ ਬਦਲ ਵਿਚ ਪੁਰਸ਼ ਨੂੰ ਘਰ ਦੇ ਸੁਖ-ਸਾਧਨ ਮਿਲਦੇ ਹਨ। ਇਸਤਰੀ ਉਤੇ ਖਰਚ ਕੀਤਾ ਪੈਸਾ ਵਿਖਾਈ ਦਿੰਦਾ ਹੈ। ਕੋਈ ਵੀ ਰਿਸ਼ਤਾ ਜਿਸ ਵਿਚ ਇਕ ਕੇਵਲ ਕਮਾਏ ਤੇ ਦੂਜਾ ਕੇਵਲ ਖਰਚ ਕਰੇ, ਚਲ ਨਹੀਂ ਸਕਦਾ।
ਕਮਾਈ ਤੋਂ ਅਰਥ ਉਸ ਪੈਸੇ ਤੋਂ ਹਨ, ਜਿਸ ਨੂੰ ਖਰਚਣ ਦਾ ਸਾਨੂੰ ਅਧਿਕਾਰ ਹੈ। ਜੇ ਇਹ ਅਧਿਕਾਰ ਨਹੀਂ ਤਾਂ ਇਹ ਕਮਾਈ ਨਹੀਂ, ਸੰਭਾਲਣ ਦੀ ਜ਼ਿੰਮੇਵਾਰੀ ਹੈ।
ਬੈਂਕਾਂ ਨੇ ਇਸ ਜ਼ਿੰਮੇਵਾਰੀ ਨੂੰ ਰੁਜ਼ਗਾਰ ਬਣਾਇਆ ਹੋਇਆ ਹੈ।
ਪੈਸੇ ਕਮਾਉਣ ਵਿਚ ਪਸੀਨਾ ਵਹਾਉਣਾ ਪੈਂਦਾ ਹੈ ਪਰ ਪੈਸੇ ਮਿਲਦਿਆਂ ਹੀ ਠੰਡੀ ਹਵਾ ਲਗਣ ਲਗ ਪੈਂਦੀ ਹੈ।
ਜੇ ਪੈਸੇ ਦੀ ਇਕ ਹੀ ਚੀਜ਼ ਖਰੀਦੀ ਜਾ ਸਕਦੀ ਹੁੰਦੀ ਤਾਂ ਉਸ ਚੀਜ਼ ਦਾ ਮਹੱਤਵ ਹੋਣਾ ਸੀ, ਪੈਸੇ ਦਾ ਨਹੀਂ । ਪੈਸਾ ਇਸ ਲਈ ਮੁਲਵਾਨ ਹੈ ਕਿਉਂਕਿ ਇਸ ਨੂੰ ਲੱਖਾਂ ਢੰਗਾਂ ਨਾਲ, ਅਣਗਿਣਤ ਵਸਤਾਂ ਖਰੀਦਣ ਲਈ ਖਰਚਿਆ ਜਾ ਸਕਦਾ ਹੈ।
ਖਰਚਣ ਦੇ ਢੰਗ ਅਨੇਕ ਹਨ, ਕਮਾਉਣ ਦੇ ਢੰਗ ਇਕ-ਦੋ ਹੀ ਹੁੰਦੇ ਹਨ।
ਪੈਸੇ ਨਾਲ ਸਾਰੇ ਜਿੰਦਰੇ ਖੁਲ੍ਹ ਜਾਂਦੇ ਹਨ।
ਪੈਸਾ ਇਕ ਸਾਂਝੀ ਵਟਾਂਦਰਾ-ਦਰ ਹੈ। ਕਿਸੇ ਵਿਅਕਤੀ ਦੇ ਵਿਹਾਰ ਅਤੇ ਚਰਿਤਰ ਬਾਰੇ ਜਾਣਨ ਲਈ ਵੇਖੋ ਉਹ ਕਮਾਉਂਦਾ ਕਿਵੇਂ ਹੈ ਅਤੇ ਉਹ ਖਰਚਦਾ ਕਿਵੇਂ ਹੈ। ਹਰ ਕੋਈ ਪੈਸੇ ਬਾਰੇ ਸੁਚੇਤ ਹੈ ਅਤੇ ਹਰੇਕ ਨੂੰ ਇਸ ਦੀ ਲੋੜ ਹੈ।
ਕੋਈ ਵੀ ਯੁਗ ਅਜਿਹਾ ਨਹੀਂ ਹੋਇਆ ਜਿਸ ਵਿਚ ਕਮਾਉਣ ਦੀਆਂ ਮੁਸ਼ਕਿਲਾਂ ਨਹੀਂ ਸਨ ਜਾਂ ਜਿਸ ਵੇਲੇ ਪੈਸੇ ਦੀ ਘਾਟ ਨਹੀਂ ਸੀ।
ਕਮਾਉਣ ਦੀਆਂ ਮੁਸ਼ਕਿਲਾਂ ਪੈਸੇ ਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਹਨ।
ਚੋਰ ਵੀ ਪੈਸੇ ਦਾ ਸਤਿਕਾਰ ਕਰਦੇ ਹਨ, ਇਸੇ ਲਈ ਉਹ ਦੂਜਿਆਂ ਦੇ ਪੈਸੇ ਨੂੰ ਆਪਣਾ ਬਣਾਉਣ ਲਈ ਰਾਤ ਭਰ ਮਿਹਨਤ ਕਰਦੇ ਹਨ।
ਪੈਸੇ ਦੀ ਖਿੱਚ ਕਾਰਨ ਹੀ ਧਾਰਮਿਕ ਸਥਾਨ ‘ਤੇ ਅਮੀਰ ਵੀ ਗਰੀਬ ਬਣ ਕੇ ਜਾਂਦੇ ਹਨ ਅਤੇ ਵਾਹਿਗੁਰੂ ਨੂੰ ਜਚਾ ਦਿੰਦੇ ਹਨ ਕਿ ਮੈਨੂੰ ਹੀ ਤੇਰੀਆਂ ਬਖਸ਼ਿਸ਼ਾਂ ਦੀ ਲੋੜ ਸਭ ਤੋਂ ਵੱਧ ਹੈ।
ਗਰੀਬੀ ਕਵਿਤਾਵਾਂ, ਮੁਹਾਵਰਿਆਂ ਵਿਚ ਹੀ ਵਡਿਆਈ ਗਈ ਹੈ, ਅਸਲੀ ਜੀਵਨ ਵਿਚ ਇਹ ਬੜੀ ਦੁੱਖਦਾਈ ਹੈ। ਜੀਵਨ ਵਿਚ ਸਭ ਤੋਂ ਮੰਦਭਾਗੀ ਚੀਜ਼ ਗਰੀਬੀ ਹੈ। ਗਰੀਬੀ ਹਰ ਪ੍ਰਕਾਰ ਦੀ ਕਰੂਪਤਾ ਅਤੇ ਥਕਾਵਟ ਦਾ ਸਰੋਤ ਹੈ।
ਗਰੀਬਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ।
ਗਰੀਬੀ ਕਾਰਨ ਥੱਕੇ ਹੋਏ ਸਰੀਰ, ਬੌਧਿਕ ਵਿਕਾਸ ਦੇ ਰਾਹ ਨਹੀਂ ਪੈਂਦੇ।
ਨਰਕ ਦੇ ਅਰਥ ਗਰੀਬੀ ਤੋਂ ਹਨ, ਗੁਲਾਮੀ ਦਾ ਦੂਜਾ ਨਾਂ ਗਰੀਬੀ ਹੈ।
ਗਰੀਬੀ, ਗਰੀਬਾਂ ਕੋਲੋਂ ਗਰੀਬੀ ਵਿਚੋਂ ਉਭਰਨ ਦੀ ਹਿੰਮਤ ਖੋਹ ਲੈਂਦੀ ਹੈ। ਵਿਆਹੀਆਂ ਅਤੇ ਅਣਵਿਆਹੀਆਂ ਗਰੀਬ ਧੀਆਂ ਦੇ ਜੀਵਨ ਵਿਚ ਕੁਝ ਵੀ ਮਾਣਯੋਗ ਨਹੀਂ ਹੁੰਦਾ । ਗਰੀਬਾਂ ਦੇ ਕਪੜਿਆਂ ਦਾ ਕੋਈ ਮੇਚ ਜਾਂ ਖਾਣ-ਪੀਣ ਦਾ ਕੋਈ ਵਕਤ ਨਹੀਂ ਹੁੰਦਾ। ਗਰੀਬਾਂ ਦਾ ਅਸਮਾਨ ਨੀਵਾਂ ਹੁੰਦਾ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਮੀਂਹ ਦੇ ਪਾਣੀ ਨਾਲ ਗਰੀਬਾਂ ਦੇ ਘਰ ਵੀ ਟੁਰ ਪੈਂਦੇ ਹਨ। ਗਰੀਬਾਂ ਲਈ ਨਿਆਂ ਦੇ ਕੋਈ ਅਰਥ ਨਹੀਂ ਕਿਉਂਕਿ ਨਿਆਂ ਕਦੀ ਮੁਫ਼ਤ ਨਹੀਂ ਮਿਲਦਾ। ਪੁਲੀਸ ਵੀ ਗਰੀਬ ਜਾਂ ਮਜ਼ਲੂਮ ਨਾਲ ਨਹੀਂ ਖੜ੍ਹਦੀ, ਅਮੀਰ ਜਾਂ ਮੁਜਰਿਮ ਨਾਲ ਮਿਲ ਜਾਂਦੀ ਹੈ। ਮਜ਼ਲੂਮ ਵਿਚ ਪੁਲੀਸ ਨੂੰ ਕੁਝ ਦੇਣ ਦੀ ਸਮਰਥਾ ਨਹੀਂ ਹੁੰਦੀ, ਮੁਜਰਿਮ ਕੋਲ ਹੁੰਦੀ ਹੈ। ਗਰੀਬਾਂ ਦੇ ਦੀਵੇ ਵਿਚ ਤੇਲ ਮੁੱਕਿਆ ਹੀ ਰਹਿੰਦਾ ਹੈ।
ਪੈਸੇ ਦੀ ਸਭ ਤੋਂ ਵੱਧ ਲੋੜ ਗਰੀਬਾਂ ਨੂੰ ਹੁੰਦੀ ਹੈ।
ਜਿਨ੍ਹਾਂ ਕੋਲ ਪੈਸੇ ਜਾਂ ਵਸੀਲੇ ਨਹੀਂ ਹੁੰਦੇ, ਉਨ੍ਹਾਂ ਦੀ ਕਿਸੇ ਵੀ ਜਗ੍ਹਾ ਵਾਰੀ ਹੀ ਨਹੀਂ ਆਉਂਦੀ।
ਆਪਣੇ ਦੇਸ਼ ਵਿਚ ਅਸੀਂ ਪੈਸੇ ਨੂੰ ਬਹੁਤ ਭੰਡ ਚੁਕੇ ਹਾਂ ਪਰ ਹੁਣ ਇਸ ਦੀ ਤਾਕਤ ਨੂੰ ਸਮਝਣ ਅਤੇ ਇਸ ਦੀ ਸ਼ਕਤੀ ਨੂੰ ਵਰਤਣ ਦੀ ਲੋੜ ਹੈ। ਪੈਸਾ ਉਸ ਦੀ ਪ੍ਰਵਾਹ ਕਰਦਾ ਹੈ, ਜੋ ਪੈਸੇ ਦੀ ਪ੍ਰਵਾਹ ਕਰਦਾ ਹੈ। ਪੈਸਾ ਸਾਰੀਆਂ ਸਮੱਸਿਆਵਾਂ ਹਲ ਨਹੀਂ ਕਰਦਾ ਪਰ ਪੈਸੇ ਬਿਨਾ ਕੋਈ ਵੀ ਸਮੱਸਿਆ ਹਲ ਨਹੀਂ ਹੁੰਦੀ। ਬਾਜ਼ਾਰ ਵਿਚ ਅਸੀਂ ਪੈਸੇ ਕੁਰਬਾਨ ਕਰਕੇ ਵਸਤਾਂ ਜਿੱਤ ਲਿਆਉਂਦੇ ਹਾਂ । ਆਮਦਨ ਅਜਿਹਾ ਵਰਤਾਰਾ ਹੈ ਜਿਸ ਬਿਨਾ ਰਹਿਣਾ ਮੁਸ਼ਕਿਲ ਹੁੰਦਾ ਹੈ।
ਵਾਸਤਵ ਵਿਚ ਸਾਰੇ ਰਿਸ਼ਤੇ ਪੈਸੇ ਦੇ ਰਿਸ਼ਤੇ ਹਨ, ਮਹੱਤਵ ਪੈਸੇ ਦਾ ਹੈ ਸੋ ਜਿਸ ਕੋਲ ਪੈਸਾ ਹੁੰਦਾ ਹੈ, ਉਸ ਦਾ ਮਹੱਤਵ ਬਣ ਜਾਂਦਾ ਹੈ। ਜਿਸ ਕੋਲ ਪੈਸਾ ਨਹੀਂ ਹੁੰਦਾ ਉਹ ਭਾਵੇਂ ਕਿਤਨੀਆਂ ਹੀ ਸਿਆਣੀਆਂ ਗੱਲਾਂ ਕਰੇ, ਕੋਈ ਨਹੀਂ ਸੁਣਦਾ।
ਜੇ ਇਕ ਥਾਂ ਪੈਸੇ ਮਿਲ ਰਹੇ ਹੋਣ ਅਤੇ ਇਕ ਥਾਂ ਗਿਆਨ ਮਿਲ ਰਿਹਾ ਹੋਵੇ ਤਾਂ ਦਸਣ ਦੀ ਲੋੜ ਨਹੀਂ ਕਿ ਭੀੜ ਕਿਥੇ ਹੋਵੇਗੀ।
ਗਿਆਨ ਦਾ ਉਦੇਸ਼ ਵੀ ਪੈਸੇ ਕਮਾਉਣ ਦੀ ਸਮਰਥਾ-ਯੋਗਤਾ ਨੂੰ ਵਧਾਉਣਾ ਹੁੰਦਾ ਹੈ। ਕਲਪਨਾ ਦੀ ਪੱਧਰ ਵੀ ਪੈਸੇ ਨਾਲ ਨਿਰਧਾਰਤ ਹੁੰਦੀ ਹੈ। ਹਰ ਕਿਸੇ ਕੋਲ ਖਰਚਣ ਦੀਆਂ ਵਿਉਂਤਾਂ ਹਨ, ਖਰੀਦੀਆਂ ਜਾਣ ਵਾਲੀਆਂ ਵਸਤਾਂ ਦੀਆਂ ਸੂਚੀਆਂ ਹਨ ਪਰ ਪੈਸਾ ਨਹੀਂ ਸੋ ਹਰ ਕੋਈ ਪੈਸੇ ਨੂੰ ਉਡੀਕ ਰਿਹਾ ਹੈ।
ਪੈਸੇ ਨੂੰ ਕਿਸੇ ਬੇਇਜ਼ਤੀ ਦੀ ਪ੍ਰਵਾਹ ਨਹੀਂ ਹੁੰਦੀ ਕਿਉਂਕਿ ਪੈਸਾ ਆਪ ਹਰੇਕ ਇਜ਼ਤ-ਸਨਮਾਨ ਦਾ ਆਧਾਰ ਹੈ।
ਜੇ ਪੈਸੇ ਦੀ ਕੀਮਤ ਜਾਣਨਾ ਚਾਹੁੰਦੇ ਹੋ ਤਾਂ ਕਿਸੇ ਅਜਨਬੀ ਕੋਲੋਂ ਪੈਸੇ ਮੰਗ ਕੇ ਵੇਖ ਲਵੋ| ਜੇ ਜਾਣ-ਪਛਾਣ ਤੇ ਰਿਸ਼ਤੇਦਾਰੀਆਂ ਨਾ ਹੁੰਦੀਆਂ ਤਾਂ ਹਰ ਕਿਸੇ ਨੂੰ ਅਪਣੀ ਆਮਦਨ ਵਿਚ ਗੁਜ਼ਾਰਾ ਕਰਨਾ ਪੈਣਾ ਸੀ । ਜੇ ਅਮੀਰਜ਼ਾਦਿਆਂ ਨੂੰ ਪੈਸੇ ਦੀ ਕੀਮਤ ਪਤਾ ਹੁੰਦੀ ਤਾਂ ਉਨ੍ਹਾਂ ਦੀਆਂ ਹਵੇਲੀਆਂ ਖੰਡਰ ਨਾ ਬਣਦੀਆਂ।
ਪੈਸਾ ਮਨੁੱਖ ਦੀ ਚਿੰਤਾ ਸੀ, ਹੈ ਅਤੇ ਰਹੇਗੀ।
ਪੈਸੇ ਦਾ ਰੂਪ ਬਦਲਦਾ ਰਿਹਾ ਹੈ ਪਰ ਇਸ ਦਾ ਮਹੱਤਵ ਸਦੀਵੀ ਹੈ।
ਨੋਟਾਂ ਦਾ ਚਲਨ ਪਿਛਲੀਆਂ ਦੋ ਸਦੀਆਂ ਵਿਚ ਹੋਇਆ ਹੈ, ਉਸ ਤੋਂ ਪਹਿਲਾਂ ਸਿੱਕੇ ਹੁੰਦੇ ਸਨ । ਆਮ ਸਿੱਕੇ ਲੋਹੇ, ਪਿੱਤਲ, ਕਾਂਸੀ ਆਦਿ ਦੇ ਸਨ ਜਦੋਂ ਕਿ ਕੀਮਤੀ ਸਿੱਕੇ ਸੋਨੇ ਅਤੇ ਚਾਂਦੀ ਦੇ ਸਨ । ਇਨ੍ਹਾਂ ਸੋਨੇ-ਚਾਂਦੀ ਦੇ ਸਿੱਕਿਆਂ ਨੂੰ ਅਸ਼ਰਫੀਆਂ ਜਾਂ ਮੋਹਰਾਂ ਦੇ ਰੂਪ ਵਿਚ ਵੱਡੇ ਲੈਣ-ਦੇਣ ਲਈ ਵਰਤਿਆ ਜਾਂਦਾ ਰਿਹਾ ਹੈ। ਸਿੱਕਿਆਂ ਤੋਂ ਵੀ ਪਹਿਲਾਂ ਸਾਰਾ ਵਪਾਰ ਵਸਤਾਂ ਨਾਲ, ਵਸਤਾਂ ਦੇ ਵਟਾਂਦਰੇ ਨਾਲ ਹੁੰਦਾ ਸੀ : ਜਿਵੇਂ ਕਣਕ ਦੇ ਬਦਲੇ ਚਾਵਲ ਲਏ ਜਾਂਦੇ ਸਨ। ਹਰ ਚੀਜ਼ ਦੀ ਵਟਾਂਦਰਾ ਦਰ ਹੁੰਦੀ ਸੀ। ਵਪਾਰ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਸਾਡੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਉਪਰੰਤ ਵਿਕਣਯੋਗ ਵਾਧੂ ਵਸਤ ਹੋਵੇ। ਵਿਕਣਯੋਗ ਵਸਤਾਂ ਕਾਰਨ ਵੇਚਣ ਅਤੇ ਖਰੀਦਣ ਵਾਲੇ ਇਕ ਨਿਸ਼ਚਿਤ ਥਾਂ ਤੇ ਇਕ-ਦੂਜੇ ਦੇ ਸੰਪਰਕ ਵਿਚ ਆਉਂਦੇ ਸਨ। ਇਸ ਨਿਸ਼ਚਿਤ ਥਾਂ ਨੂੰ ਮੰਡੀ ਜਾਂ ਬਾਜ਼ਾਰ ਕਿਹਾ ਜਾਣ ਲਗ ਪਿਆ। ਇਸ ਅਵਸਥਾ ਵਿਚ ਵਿਅਕਤੀ ਨੂੰ ਦੋਵੇਂ ਪਾਸੇ ਭਾਰ ਚੁਕਣਾ ਪੈਂਦਾ ਸੀ। ਜਦੋਂ ਸਿੱਕੇ ਚਲ ਪਏ ਤਾਂ ਮੰਡੀ ਦਾ ਸੁਭਾਓ ਹੀ ਬਦਲ ਗਿਆ । ਵਸਤਾਂ ਨੂੰ ਸਿੱਕਿਆਂ ਨਾਲ ਅਤੇ ਸਿੱਕਿਆਂ ਨੂੰ ਵਸਤਾਂ ਨਾਲ ਵਟਾਇਆ ਜਾਣ ਲਗਾ ਅਤੇ ਦੋਵੇਂ ਪਾਸੇ ਭਾਰ ਚੁਕਣ ਦੀ ਥਾਂ ਇਕ ਪਾਸੇ ਹੀ ਭਾਰ ਚੁਕਿਆ ਜਾਣ ਲਗਾ ਅਤੇ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੇ ਆਹਮੋ-ਸਾਹਮਣੇ ਹੋਣ ਦੀ ਮਜਬੂਰੀ ਮੁੱਕ ਗਈ।
ਸਿੱਕਿਆਂ ਕਾਰਨ ਮੰਡੀ ਦਾ ਆਕਾਰ ਵਧਿਆ, ਵਿਕਣ ਵਾਲੀਆਂ ਵਸਤਾਂ ਦੀ ਗਿਣਤੀ ਵੱਧੀ, ਜੀਵਨ-ਪੱਧਰ ਉੱਚਾ ਹੋਣ ਲਗਾ ਅਤੇ ਵਪਾਰ ਇਕ ਧੰਦਾ ਹੋ ਨਿਬੜਿਆ ਅਤੇ ਵਪਾਰੀ ਜਾਂ ਮਹਾਜਨ ਵਰਗ ਹੋਂਦ ਵਿਚ ਆਇਆ, ਜਿਹੜਾ ਵੇਚਣ ਵਾਲਿਆਂ ਤੋਂ ਖਰੀਦ ਕੇ, ਖਰੀਦਣ ਵਾਲਿਆਂ ਨੂੰ ਵੇਚਣ ਲਗ ਪਿਆ।
ਇਸ ਤੋਂ ਅਗਲੇਰਾ ਵਿਕਾਸ ਨੋਟਾਂ ਨਾਲ ਸੰਭਵ ਹੋਇਆ।
ਮੱਧਕਾਲ ਵਿਚ ਜਦੋਂ ਲੋਕ ਤੀਰਥ ਯਾਤਰਾ ਜਾਂ ਕਿਸੇ ਦੂਰ-ਦੁਰਾਡੀ ਥਾਂ ਤੇ ਜਾਂਦੇ ਸਨ ਤਾਂ ਆਪਣੇ ਗਹਿਣੇ ਜਾਂ ਸਿੱਕੇ ਸ਼ਾਹੂਕਾਰ ਕੋਲ ਰਖ ਦਿੰਦੇ ਸਨ, ਜਿਹੜਾ ਇਨ੍ਹਾਂ ਦੀ ਰਸੀਦ ਦਿਆ ਕਰਦਾ ਸੀ । ਸ਼ਾਹੂਕਾਰਾਂ ਵਿਚਕਾਰ ਗੋਤਾਂ ਅਤੇ ਰਿਸ਼ਤੇਦਾਰੀਆਂ ਦੇ ਆਧਾਰ ਤੇ ਸਬੰਧ ਪੈਦਾ ਹੋਏ ਅਤੇ ਇਕ ਥਾਂ ਜਮ੍ਹਾਂ ਕਰਵਾਏ ਸਿੱਕੇ ਦੂਜੀ ਥਾਂ ਉਸੇ ਗੋਤ ਦੇ ਸ਼ਾਹੂਕਾਰ ਜਾਂ ਉਸ ਦੇ ਰਿਸ਼ਤੇਦਾਰ ਤੋਂ ਲਏ ਜਾਣੇ ਸੰਭਵ ਹੋਏ ਅਤੇ ਰਸੀਦਾਂ ਜਾਂ ਪਰਚੀਆਂ ਹੁੰਡੀਆਂ ਕਹਾਉਣ ਲਗ ਪਈਆਂ, ਜਿਨ੍ਹਾਂ ਦਾ ਰੰਗ ਅਤੇ ਆਕਾਰ ਨਿਸ਼ਚਿਤ ਹੋ ਗਿਆ। ਵਕਤ ਦੇ ਬੀਤਣ ਨਾਲ ਇਹ ਹੁੰਡੀਆਂ ਨੋਟ ਬਣ ਗਏ ਅਤੇ ਸ਼ਾਹੂਕਾਰਾਂ ਦੀ ਥਾਂ ਬੈਂਕਾਂ ਨੇ ਲੈ ਲਈ।
ਪੈਸੇ ਦੇ ਵਿਸਥਾਰ ਨਾਲ, ਪਿੰਡ ਕਸਬਿਆਂ ਨਾਲ, ਕਸਬੇ ਸ਼ਹਿਰਾਂ ਨਾਲ, ਸ਼ਹਿਰ ਰਾਜਧਾਨੀਆਂ ਨਾਲ ਅਤੇ ਰਾਜਧਾਨੀਆਂ ਬੰਦਰਗਾਹਾਂ ਰਾਹੀਂ ਸਾਰੇ ਸੰਸਾਰ ਨਾਲ ਜੁੜ ਗਈਆਂ। ਰੇਲਗੱਡੀ ਨੇ ਵਪਾਰ ਨੂੰ ਸੌਖਾ, ਸਰਲ ਅਤੇ ਤੇਜ਼ ਕਰ ਦਿਤਾ ਅਤੇ ਹਰ ਕਿਸੇ ਦਾ ਪੈਸੇ ਨਾਲ ਵਾਹ ਪੈਣ ਲਗ ਪਿਆ ਅਤੇ ਸਮਾਜ ਵਿਚ ਹਰੇਕ ਪੱਧਰ ਤੇ ਪਰਿਵਰਤਨ ਵਾਪਰਨ ਲਗ ਪਿਆ।
ਪੈਸੇ ਨਾਲ ਮਨੁੱਖ ਦਾ ਸਮਾਜਿਕ ਮਹੱਤਵ ਜੁੜਿਆ ਹੁੰਦਾ ਹੈ। ਕਪੜੇ, ਭੋਜਨ, ਮਕਾਨ, ਰੁਜ਼ਗਾਰ ਆਦਿ ਸਭ ਦਾ ਸੰਦਰਭ ਪੈਸਾ ਹੈ ਅਤੇ ਇਨ੍ਹਾਂ ਨਾਲ ਹੀ ਅਸੀਂ ਆਪਣੀ ਸਮਾਜਿਕ ਸਥਿਤੀ ਦਾ ਐਲਾਨ ਕਰਦੇ ਹਾਂ ਅਤੇ ਦਸਦੇ ਹਾਂ ਕਿ ਅਸੀਂ ਕਿਸ ਪ੍ਰਕਾਰ ਦੇ ਵਿਹਾਰ ਦੀ ਆਸ ਕਰਦੇ ਹਾਂ ।
ਸਮਾਜਿਕ ਪੱਖ ਤੋਂ ਪੈਸੇ ਦੇ ਸਬੰਧ ਵਿਚ ਵਿਕਾਸ ਦੇ ਕਈ ਪੜਾਓ ਹੁੰਦੇ ਹਨ। ਅਤੇ ਹਰ ਵਿਅਕਤੀ ਇਨ੍ਹਾਂ ਪੜਾਵਾਂ ਵਿਚੋਂ ਜਿਸ ਪੜਾਓ ਤੇ ਹੁੰਦਾ ਹੈ, ਉਸ ਤੋਂ ਅਗਲੇਰੇ ਪੜਾਓ ਤਕ ਵਿਕਾਸ ਕਰਨ ਵਿਚ ਰੁਝਿਆ ਰਹਿੰਦਾ ਹੈ।
ਸਭ ਤੋਂ ਥੱਲਵੇਂ ਪੜਾਓ ਤੇ ਮੰਗਤੇ, ਘਰੇਲੂ ਨੌਕਰ ਆਦਿ ਹੁੰਦੇ ਹਨ, ਜਿਨ੍ਹਾਂ ਦੀ ਚਿੰਤਾ ਜਿਉਂਦੇ ਰਹਿਣ ਦੀ ਹੁੰਦੀ ਹੈ। ਇਹ ਬਹੁਤਾ ਕੁਝ ਦੂਜਿਆਂ ਦਾ ਦਿਤਾ ਹੋਇਆ ਖਾਂਦੇ-ਹੰਢਾਉਂਦੇ ਹਨ ਅਤੇ ਲੋੜ ਪੈਣ ਤੇ ਕੁਝ ਮੁੱਢਲੀਆਂ ਵਸਤਾਂ ਖੋਖਿਆਂ ਜਾਂ ਰੇੜ੍ਹੀਆਂ ਆਦਿ ਤੋਂ ਖਰੀਦਦੇ ਹਨ।
ਦੂਜੇ ਪੜਾਓ ਤੇ ਉਹ ਹੁੰਦੇ ਹਨ ਜਿਨ੍ਹਾਂ ਕੋਲ ਡੰਗ-ਟਪਾਊ ਆਮਦਨ ਹੁੰਦੀ ਹੈ, ਜਿਵੇਂ ਦਿਹਾੜੀਦਾਰ ਜਾਂ ਰੇੜ੍ਹੀਆਂ-ਰਿਕਸ਼ਿਆਂ ਵਾਲੇ । ਇਹ ਆਪਣੀਆਂ ਲੋੜਾਂ ਨੇੜੇ ਦੀਆਂ ਛੋਟੀਆਂ ਦੁਕਾਨਾਂ ਤੋਂ ਖਰੀਦਦੇ ਹਨ।
ਤੀਜੇ ਪੜਾਓ ਤੇ ਉਹ ਲੋਕ ਆ ਜਾਂਦੇ ਹਨ ਜਿਨ੍ਹਾਂ ਕੋਲ ਖੁਲ੍ਹੀ ਆਮਦਨ ਨਹੀਂ ਹੁੰਦੀ ਪਰ ਨਿਸ਼ਚਿਤ ਅਤੇ ਗੁਜ਼ਾਰੇ ਜੋਗੀ ਹੁੰਦੀ ਹੈ । ਇਹ ਲੋਕ ਕੁਝ ਪੜ੍ਹੇ ਲਿਖੇ ਅਤੇ ਪੱਕੀ ਨੌਕਰੀ ਤੇ ਲਗੇ ਹੁੰਦੇ ਹਨ। ਚੰਗਾ ਖਾਣਾ-ਪਹਿਨਣਾ ਇਨ੍ਹਾਂ ਦੀ ਇੱਛਾ ਹੁੰਦੀ ਹੈ। ਇਹ ਆਪਣਾ ਮਕਾਨ ਉਸਾਰਨਾ ਚਾਹੁੰਦੇ ਹਨ, ਸਮਾਜਿਕ ਲੈਣ-ਦੇਣ ਵੀ ਕਰਦੇ ਹਨ ਅਤੇ ਬੱਚਤ ਕਰਕੇ ਆਪਣਾ ਜੀਵਨ ਪੱਧਰ ਸੁਧਾਰਦੇ ਹਨ। ਇਨ੍ਹਾਂ ਕੋਲ ਗਿਣਤੀ ਕਰਨ, ਵਿਉਂਤਣ ਅਤੇ ਬੱਚਤ ਕਰਨ ਦੀ ਸਿਆਣਪ ਹੁੰਦੀ ਹੈ। ਸਮਾਜ ਵਿਚ ਇਹ ਵਰਗ ਸਭ ਤੋਂ ਵੱਡਾ ਹੁੰਦਾ ਹੈ ਅਤੇ ਇਸ ਕੋਲ ਥੋੜ੍ਹੇ ਪੈਸਿਆਂ ਨਾਲ ਵੀ ਚੰਗਾ, ਸ਼ਾਂਤ, ਸੁਖਾਵਾਂ ਜੀਵਨ ਜਿਊਣ ਦੀ ਸਮਰਥਾ ਹੁੰਦੀ ਹੈ। ਇਨ੍ਹਾਂ ਲੋਕਾਂ ਨੂੰ ਸਮਾਜਿਕ-ਆਰਥਿਕ ਭਾਸ਼ਾ ਵਿਚ ਮੱਧ-ਸ਼੍ਰੇਣੀ ਕਹਿੰਦੇ ਹਨ। ਜਿਉਂ ਜਿਉਂ ਮੱਧ- ਸ਼੍ਰੇਣੀ ਸ਼ਕਤੀਸ਼ਾਲੀ ਹੁੰਦੀ ਹੈ, ਤਿਉਂ ਤਿਉਂ ਆਰਥਿਕ ਵਿਕਾਸ ਵਾਪਰਦਾ ਹੈ। ਇਹ ਵਰਗ ਆਪਣੀ ਆਮਦਨ ਵਧਾਉਣ ਵਾਸਤੇ ਨਿਰੰਤਰ ਯਤਨ ਕਰਦਾ ਹੈ ਅਤੇ ਬੱਚਤ ਕਰਨਾ ਇਸ ਵਰਗ ਦਾ ਖਾਸਾ ਹੁੰਦਾ ਹੈ । ਇਹ ਲੋਕ ਸ਼ਹਿਰ ਦੀ ਮੁਖ ਮਾਰਕੀਟ ਵਿਚੋਂ ਚੀਜ਼ਾਂ ਖਰੀਦਦੇ ਹਨ। ਇਸ ਵਰਗ ਦੇ ਆਦਰਸ਼-ਉਦੇਸ਼ ਸਮੁੱਚੇ ਸਮਾਜਿਕ ਜੀਵਨ ਨੂੰ ਨਿਰਧਾਰਤ ਕਰਦੇ ਹਨ। ਨਾਵਲਾਂ, ਫਿਲਮਾਂ, ਅਖਬਾਰਾਂ ਆਦਿ ਵਿਚ ਅਕਸਰ ਇਸ ਵਰਗ ਦੀਆਂ ਸਮੱਸਿਆਵਾਂ ਪੇਸ਼ ਹੁੰਦੀਆਂ ਹਨ।
ਚੌਥੇ ਪੜਾਓ ਤੇ ਉਹ ਲੋਕ ਹੁੰਦੇ ਹਨ ਜਿਹੜੇ ਆਪਣੀ ਬੱਚਤ ਨੂੰ ਹੋਰ ਪੈਸੇ ਕਮਾਉਣ ਦੇ ਕਾਰਜ ਵਿਚ ਲਾਉਂਦੇ ਹਨ। ਇਹ ਲੋਕ ਰੁਤਬੇ ਅਤੇ ਮਾਨਤਾ ਦੇ ਅਭਿਲਾਸ਼ੀ ਹੁੰਦੇ ਹਨ, ਵੱਡੇ ਮਕਾਨਾਂ ਵਿਚ ਰਹਿੰਦੇ ਹਨ ਅਤੇ ਹਾਕਮ ਜਮਾਤ ਦੇ ਨੇੜੇ ਹੁੰਦੇ ਹਨ। ਇਹ ਹਰ ਪੱਖੋਂ ਆਪਣੇ-ਆਪ ਨੂੰ ਆਮ-ਸਾਧਾਰਨ ਲੋਕਾਂ ਨਾਲੋਂ ਵੱਖਰਿਆਉਣ ਵਿਚ ਰੁਝੇ ਰਹਿੰਦੇ ਹਨ। ਇਹ ਲੋਕ ਰਾਜਧਾਨੀਆਂ ਵਿਚੋਂ ਚੀਜ਼ਾਂ ਖਰੀਦਦੇ ਹਨ।
ਪੰਜਵੇਂ ਪੜਾਓ ਤੇ ਕਾਰਖਾਨੇਦਾਰ, ਵੱਡੇ ਵਪਾਰੀ, ਠੇਕੇਦਾਰ, ਪੂੰਜੀਪਤੀ ਆਦਿ ਦਾ ਬੋਲਬਾਲਾ ਹੁੰਦਾ ਹੈ। ਇਨ੍ਹਾਂ ਕੋਲ ਪੈਸੇ ਦੀ ਥੁੜ੍ਹ ਨਹੀਂ ਹੁੰਦੀ । ਇਨ੍ਹਾਂ ਕੋਲ ਰਾਜਸੀ ਤਾਕਤ ਵੀ ਹੁੰਦੀ ਹੈ ਅਤੇ ਪੈਸਾ ਵੀ । ਇਹ ਪੈਸੇ ਦੇ ਸਰੋਤਾਂ ਤੇ ਕਾਬਜ਼ ਹੁੰਦੇ ਹਨ। ਅਸਲ ਵਿਚ ਕਿਸੇ ਦੇਸ਼ ਨੂੰ ਚਲਾਉਣ ਵਾਲੇ ਇਹੀ ਲੋਕ ਹੁੰਦੇ ਹਨ। ਇਨ੍ਹਾਂ ਕੋਲ ਵਿਸ਼ਵ ਭਰ ਵਿਚੋਂ ਖਰੀਦੀਆਂ ਚੀਜ਼ਾਂ ਹੁੰਦੀਆਂ ਹਨ।
ਪੈਸੇ ਦੀ ਆਪਣੀ ਵਿਆਕਰਣ ਹੁੰਦੀ ਹੈ, ਜਿਸ ਨੂੰ ਸਮਝੇ ਬਿਨਾ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਸਕਦੀ। ਜਿਵੇਂ ਕਿਸੇ ਭਾਸ਼ਾ ਨੂੰ ਸਿਖਣ ਦੇ ਚਾਰ ਪੜਾਓ ਹੁੰਦੇ ਹਨ : ਸਮਝ ਸਕਣਾ, ਬੋਲ ਸਕਣਾ, ਪੜ੍ਹ ਸਕਣਾ ਅਤੇ ਲਿਖ ਸਕਣਾ, ਇਵੇਂ ਹੀ ਪੈਸੇ ਦੇ ਚਾਰ ਪੜਾਓ ਹੁੰਦੇ ਹਨ : ਕਮਾਉਣਾ, ਖਰਚਣਾ, ਬਚਾਉਣਾ ਅਤੇ ਲਾਉਣਾ। ਅਨਪੜ੍ਹ ਵਿਅਕਤੀ ਭਾਸ਼ਾ ਨੂੰ ਸਮਝਦਾ ਤਾਂ ਹੈ ਅਤੇ ਬੋਲਦਾ ਵੀ ਹੈ ਪਰ ਉਹ ਪੜ੍ਹ ਨਹੀਂ ਸਕਦਾ, ਲਿਖ ਨਹੀਂ ਸਕਦਾ । ਇਵੇਂ ਹੀ ਗਰੀਬ ਵਿਅਕਤੀ ਕਮਾਉਂਦਾ ਹੈ ਅਤੇ ਖਰਚਦਾ ਹੈ ਪਰ ਬਚਾਉਂਦਾ ਨਹੀਂ ਅਤੇ ਪੈਸੇ ਲਾਉਣ ਦਾ ਤਾਂ ਪ੍ਰਸ਼ਨ ਹੀ ਨਹੀਂ ਉਠਦਾ। ਭਾਸ਼ਾ ਦੇ ਪੱਖੋਂ ਅਨਪੜ੍ਹ ਵਿਅਕਤੀ ਅਤੇ ਪੈਸੇ ਦੇ ਪੱਖੋਂ ਗਰੀਬ ਵਿਅਕਤੀ ਦੇ ਇਕ ਹੀ ਅਰਥ ਹਨ। ਜਿਵੇਂ ਕੋਈ ਭਾਸ਼ਾ ਪੜ੍ਹਨੀ ਅਤੇ ਲਿਖਣੀ ਸਿਖਣ ਵਾਸਤੇ ਸਕੂਲ ਜਾਣਾ ਪਵੇਗਾ, ਉਵੇਂ ਹੀ ਬੱਚਤ ਕਰਨ ਵਾਸਤੇ ਅਤੇ ਪੈਸੇ ਲਾਉਣ ਵਾਸਤੇ ਬੈਂਕ ਜਾਣਾ ਪਵੇਗਾ। ਪੈਸੇ ਦੇ ਪੱਖੋਂ ਬੈਂਕ ਦਾ ਉਹੀ ਦਰਜਾ ਹੈ ਜੋ ਕ ਭਾਸ਼ਾ ਦੇ ਪੱਖੋਂ ਸਕੂਲ ਦਾ ਹੈ। ਜਿਵੇਂ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੜ੍ਹਾਈ ਦੇ ਵੱਖ ਵੱਖ ਖਾਤੇ ਹਨ ਉਵੇਂ ਹੀ ਬੈਂਕ ਵਿਚ ਵਿਭਿੰਨ ਖਾਤੇ ਸਾਡੀ ਮਾਇਕ ਪੱਧਰ ਅਤੇ ਵਿਕਾਸ ਦੇ ਸੂਚਕ ਹੁੰਦੇ ਹਨ।
ਵਿਕਾਸ ਮੁਖ ਤੌਰ ਤੇ ਚਾਰ ਕਿਸਮ ਨਾਲ ਵਾਪਰਦਾ ਹੈ : ਸਰੀਰਕ ਵਿਕਾਸ, ਭਾਵਕ-ਬੌਧਿਕ ਵਿਕਾਸ, ਸਮਾਜਿਕ ਵਿਕਾਸ ਅਤੇ ਆਰਥਿਕ ਵਿਕਾਸ।
ਆਰਥਿਕ ਵਿਕਾਸ ਸਭ ਪ੍ਰਕਾਰ ਦੇ ਵਿਕਾਸ ਦਾ ਧੁਰਾ ਹੁੰਦਾ ਹੈ।
ਸਰੀਰਕ ਵਿਕਾਸ ਦਾ ਵਾਪਰਨਾ ਸਮੇਂ ਨਾਲ ਸਬੰਧਤ ਹੈ ਜਦੋਂ ਕਿ ਬਾਕੀ ਸਾਰੇ ਵਿਕਾਸ ਪੈਸੇ ਨਾਲ ਜੁੜੇ ਹੁੰਦੇ ਹਨ।
ਗਿਆਨ, ਯੋਗਤਾ ਅਤੇ ਪੈਸਾ ਖੁਸ਼ਹਾਲੀ ਦੇ ਸੰਦ ਹਨ।
ਮੰਜੇ ਦੀ ਥਾਂ ਪਲੰਘ ਵਿਛਾਉਣ ਵਿਚ, ਥਾਲੀਆਂ ਦੀ ਥਾਂ ਪਲੇਟਾਂ ਰਖਣ ਵਿਚ ਅਤੇ ਕੁੜਤੇ-ਪਜਾਮੇ ਦੀ ਥਾਂ ਕੋਟ-ਪੈਂਟ ਪਾਉਣ ਲਈ ਜੇ ਯਤਨ ਕੀਤਾ ਜਾਵੇ ਤਾਂ ਤੀਹ ਸਾਲ ਲਗ ਜਾਂਦੇ ਹਨ। ਮਿਹਨਤ ਅਤੇ ਬੱਚਤ ਤੋਂ ਬਿਨਾ ਇਹ ਵਿਕਾਸ ਵਾਪਰਦਾ ਹੀ ਨਹੀਂ । ਮਿਹਨਤ ਅਤੇ ਈਮਾਨਦਾਰੀ ਦੀ ਖੁਸ਼ਹਾਲੀ ਪੀੜ੍ਹੀ ਦਰ ਪੀੜ੍ਹੀ ਚਲਦੀ ਹੈ ਜਦੋਂ ਕਿ ਭਰਿਸ਼ਟ ਢੰਗ ਨਾਲ ਕਮਾਇਆ ਪੈਸਾ ਵਿਭਚਾਰ ਉਪਜਾਉਂਦਾ ਹੈ ਅਤੇ ਸਮੁੱਚੇ ਰੂਪ ਵਿਚ ਇਸ ਵਿਚੋਂ ਨਿਰਾਸਤਾ ਉਪਜਦੀ ਹੈ।
ਪੈਸਾ ਉਸ ਕਮਾਈ ਨੂੰ ਕਹਿੰਦੇ ਹਨ ਜਿਹੜਾ ਕਮਾਉਣ ਉਪਰੰਤ ਖਰਚ ਲਿਆ ਜਾਵੇ। ਬਚਾਏ ਹੋਏ ਪੈਸੇ ਨੂੰ ਜਾਂ ਬੱਚਤ ਨੂੰ ਧਨ ਕਹਿੰਦੇ ਹਨ। ਧਨ ਨਾਲ ਸਾਡੇ ਵਿਹਾਰ ਵਿਚ ਟਿਕਾਓ, ਮੇਲ-ਮਿਲਾਪ ਵਿਚ ਪਰਸਪਰ ਸਤਿਕਾਰ, ਸਵੈ-ਵਿਸ਼ਵਾਸ ਅਤੇ ਨਿਰਣਿਆਂ ਨੂੰ ਅਮਲ ਵਿਚ ਲਿਆਉਣ ਦੀ ਯੋਗਤਾ ਉਪਜਦੀ ਹੈ।
ਪੈਸੇ ਕਮਾਉਣ ਵਾਸਤੇ ਉਤਨੀ ਮਿਹਨਤ ਨਹੀਂ ਕਰਨੀ ਪੈਂਦੀ ਜਿਤਨੀ ਬੱਚਤ ਕਰਨ ਵਾਸਤੇ ਜਾਂ ਧਨ ਜੋੜਨ ਵਾਸਤੇ ਕਰਨੀ ਪੈਂਦੀ ਹੈ। ਪੁਰਾਣੇ ਜ਼ਮਾਨੇ ਵਿਚ ਪੈਸੇ ਬਚਾਉਣ ਵਾਲੇ ਨੂੰ ਕੰਜੂਸ ਕਹਿੰਦੇ ਸੀ, ਅਜ ਕਲ ਅਜੂਬਾ ਕਹਿੰਦੇ ਹਨ।
ਮੁੱਢਲੀ ਰਕਮ ਬਚਾਉਣੀ ਔਖੀ ਹੁੰਦੀ ਹੈ ਫਿਰ ਇਹ ਰਕਮ ਹੋਰ ਪੈਸੇ ਕਮਾਉਣ ਲਈ ਬੀਜ ਬਣ ਜਾਂਦੀ ਹੈ।
ਜਿਹੜੇ ਬੱਚਤ ਨਹੀਂ ਕਰਦੇ ਉਹ ਜਲਦੀ ਥੱਕ ਜਾਂਦੇ ਹਨ, ਵਧੇਰੇ ਬੀਮਾਰ ਪੈਂਦੇ ਹਨ, ਝੂਠ ਬੋਲਦੇ ਹਨ, ਬਹਾਨੇ ਲਾਉਂਦੇ ਹਨ।
ਇਹ ਲੋਕ ਵਕਤ ਦੇ ਪਾਬੰਦ ਨਹੀਂ ਹੁੰਦੇ । ਨਾ ਇਹ ਵਕਤ ਦੀ ਕਦਰ ਕਰਦੇ ਹਨ ਨਾ ਹੀ ਪੈਸੇ ਦੀ। ਇਹ ਹਮੇਸ਼ਾ ਥੁੜ੍ਹੇ ਰਹਿੰਦੇ ਹਨ।
ਲੋੜ ਬੱਚਤ ਦੀ ਨਹੀਂ, ਬੱਚਤ ਕਰਨ ਦੀ ਆਦਤ ਦੀ ਹੈ। ਬੱਚਤ ਲਈ ਵਾਧੂ ਕੰਮ ਕਰਨਾ ਪਵੇਗਾ ਅਤੇ ਵਾਧੂ ਆਮਦਨ ਦੀ ਬੱਚਤ ਕਰਨੀ ਚਾਹੀਦੀ ਹੈ। ਜਿਹੜੇ ਬੱਚਤ ਨਹੀਂ ਕਰਦੇ ਉਹ ਆਪਣੀ ਔਲਾਦ ਨੂੰ ਕਰਜ਼ੇ ਦੀ ਵਿਰਾਸਤ ਦਿੰਦੇ ਹਨ।
ਕਰਜ਼ੇ ਅਤੇ ਕਬਜ਼ੀ ਦੀ ਤਕਲੀਫ ਇਕੋ ਜਿਹੀ ਹੁੰਦੀ ਹੈ।
ਜਦੋਂ ਧਨ ਨੂੰ ਜਾਇਦਾਦੀ-ਇਮਾਰਤ, ਉੱਚ-ਸਿੱਖਿਆ ਜਾਂ ਵਪਾਰ ਵਿਚ ਲਾਇਆ ਜਾਵੇ ਤਾਂ ਇਹ ਦੌਲਤ ਅਖਵਾਉਂਦੀ ਹੈ।
ਦੌਲਤ ਨਾਲ ਹੋਰਾਂ ਲਈ ਰੁਜ਼ਗਾਰ ਉਪਜਦਾ ਹੈ।
ਜਿਨ੍ਹਾਂ ਨੂੰ ਤੁਸੀਂ ਰੁਜ਼ਗਾਰ ਦਿਓਗੇ, ਉਹ ਤੁਹਾਡੀ ਕਮਾਈ ਨੂੰ ਵਧਾਉਣਗੇ।
ਸਫਲ ਵਿਅਕਤੀ ਦੌਲਤ ਪੈਦਾ ਕਰਦੇ ਹਨ, ਦੌਲਤ ਸਫਲ ਵਿਅਕਤੀ ਪੈਦਾ ਨਹੀਂ ਕਰਦੀ। ਦੌਲਤਮੰਦ ਦੂਜਿਆਂ ਦੀ ਅਮੀਰੀ ਅਤੇ ਖੁਸ਼ਹਾਲੀ ਦਾ ਕਾਰਨ ਬਣਦੇ ਹਨ। ਮਿਹਨਤ, ਬੱਚਤ ਅਤੇ ਦੌਲਤ ਦਾ ਸੰਘਣਾ ਰਿਸ਼ਤਾ ਹੁੰਦਾ ਹੈ। ਸਫਲ ਵਿਅਕਤੀਆਂ ਕੋਲ ਸਫਲਤਾ ਦਾ ਭੇਤ ਹੁੰਦਾ ਹੈ, ਇਸੇ ਕਰਕੇ ਉਹ ਜੋ ਕਰਦੇ ਹਨ ਉਸ ਵਿਚ ਸਫਲ ਹੁੰਦੇ ਹਨ, ਸੋ ਉਨ੍ਹਾਂ ਨੂੰ ਪੈਸੇ ਦੀ ਕਦੀ ਘਾਟ ਨਹੀਂ ਆਉਂਦੀ।
ਦੌਲਤ ਹੋਣਾ ਅਤੇ ਮਾਣਨ ਲਈ ਵਕਤ ਵੀ ਹੋਣਾ ਖੁਸ਼ਹਾਲੀ ਦੀ ਉੱਚਤਮ ਅਵਸਥਾ ਹੁੰਦੀ ਹੈ। ਸਫਲਤਾ ਦਾ ਭੇਤ ਇਹ ਹੈ ਕਿ ਖੇਤਰ ਕੋਈ ਹੋਵੇ, ਰੁਤਬਾ ਕੋਈ ਹੋਵੇ, ਸਭ ਤੋਂ ਚੰਗਿਆਂ ਵਿਚੋਂ ਇਕ ਹੋਵੋ, ਪੈਸੇ ਮੀਂਹ ਵਾਂਗ ਵਰਸਣਗੇ। ਚੰਗਿਆਂ ਵਿਚੋਂ ਹੋਣ ਕਰਕੇ ਤੁਹਾਡਾ ਸਭ ਕੁਝ ਆਪ-ਮੁਹਾਰੇ ਚੰਗਾ ਹੋਵੇਗਾ । ਸਾਰੇ ਲੋਕ ਚੰਗੇ ਡਾਕਟਰ, ਚੰਗੇ ਮਕੈਨਿਕ, ਚੰਗੇ ਦਰਜ਼ੀ, ਚੰਗੇ ਦੁਕਾਨਦਾਰ, ਚੰਗੇ ਅਧਿਆਪਕ, ਚੰਗੇ ਵਕੀਲ ਕੋਲ ਹੀ ਜਾਂਦੇ ਹਨ। ਚੰਗੀ ਦੁਕਾਨ ਅਤੇ ਚੰਗੀ ਕੰਪਨੀ ਦੀਆਂ, ਚੰਗੀਆਂ ਚੀਜ਼ਾਂ ਲੋਕ ਕਤਾਰਾਂ ਵਿਚ ਖਲੋ ਕੇ ਲੈਂਦੇ ਹਨ।
ਚੰਗੀਆਂ ਚੀਜ਼ਾਂ ਨੂੰ ਪਸੰਦ ਕਰਨਾ ਚੰਗੇ ਸਭਿਆਚਾਰ ਦੀ ਅਤੇ ਚੰਗੀਆਂ ਚੀਜ਼ਾਂ ਨੂੰ ਖਰੀਦ ਸਕਣਾ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ।
ਅਸੀਂ ਪੈਸੇ ਤੋਂ ਲਾਭ ਤਾਂ ਉਠਾਉਣਾ ਚਾਹੁੰਦੇ ਹਾਂ ਪਰ ਇਸ ਦੀ ਕਦਰ ਕਰਨੀ ਨਹੀਂ ਜਾਣਦੇ। ਜਿਹੜੇ ਕੇਵਲ ਤਨਖਾਹ ਵਾਸਤੇ ਹੀ ਨੌਕਰੀ ਕਰਦੇ ਹਨ, ਉਹ ਚੰਗੇ ਬਣਨ ਦੇ ਅਵਸਰ ਨੂੰ ਭੈੜੇ ਬਣਨ ਵਿਚ ਰੋਲ ਰਹੇ ਹੁੰਦੇ ਹਨ। ਇਹ ਲੋਕ ਮਿਹਨਤੀ ਵਿਅਕਤੀ ਬਾਰੇ ਕਹਿਣਗੇ, ਉਹ ਅਮੀਰ ਕਿਵੇਂ ਬਣ ਗਿਆ, ਉਸ ਦੀ ਮਾਂ ਤਾਂ ਸਾਡੇ ਘਰੋਂ ਲੱਸੀ ਲੈ ਕੇ ਜਾਇਆ ਕਰਦੀ ਸੀ।
ਗੁਲਾਮਾਂ ਵਿਚ ਕਿਸੇ ਗੁਲਾਮ ਨੂੰ ਸੁਤੰਤਰ ਹੁੰਦੇ ਵੇਖਣ ਦੀ ਹਿੰਮਤ ਨਹੀਂ ਹੁੰਦੀ।
ਪੈਸੇ ਤੋਂ ਬਿਨਾ ਸੁਤੰਤਰਤਾ ਦੇ ਕੋਈ ਅਰਥ ਨਹੀਂ ਹੁੰਦੇ।
ਮਾਇਕ ਸੁਤੰਤਰਤਾ ਉਪਰੰਤ ਹੀ ਸੁਹਜਾਤਮਕ ਅਮੀਰੀ ਉਪਜਦੀ ਹੈ।
ਅਸੀਂ ਕੰਮ ਤੋਂ ਨਹੀਂ ਥੱਕਦੇ, ਥੁੜ੍ਹਾਂ ਵਿਚੋਂ ਉਪਜੀਆਂ ਮਜਬੂਰੀਆਂ ਕਾਰਨ ਥੱਕਦੇ ਹਾਂ। ਆਮ ਕਿਹਾ ਜਾਂਦਾ ਹੈ ਕਿ ਜਿਥੇ ਧਨ ਹੈ ਉਥੇ ਕਲੇਸ਼ ਹੈ ਪਰ ਕਲੇਸ਼ ਧਨ ਕਾਰਨ ਨਹੀਂ ਹੁੰਦਾ, ਬਿਨਾ ਕਮਾਏ ਧਨ ਨੂੰ ਹਥਿਆਉਣ ਕਾਰਨ ਹੁੰਦਾ ਹੈ। ਚਰਿਤਰ ਦਾ ਨਿਰਮਾਣ ਈਮਾਨਦਾਰੀ ਦੀ ਕਮਾਈ ਕਰਦੀ ਹੈ, ਇਸੇ ਕਰਕੇ ਜਿਨ੍ਹਾਂ ਦੀਆਂ ਵੱਡੀਆਂ ਲਾਟਰੀਆਂ ਨਿਕਲਦੀਆਂ ਹਨ, ਉਨ੍ਹਾਂ ਦੀ ਮਗਰੋਂ ਕੋਈ ਚਰਚਾ ਨਹੀਂ ਹੁੰਦੀ । ਧੋਖੇ ਨਾਲ ਉਸਰੀ ਅਮੀਰੀ ਦੀ ਬੁਨਿਆਦ ਵਿਚ ਦੁੱਖ ਅਤੇ ਅਨਿਆਂ ਹੁੰਦਾ ਹੈ। ਇਸੇ ਕਰਕੇ ਚੋਰਾਂ-ਸਮੱਗਲਰਾਂ ਕੋਲ ਜੀਵਨ ਦੀ ਤਸੱਲੀ ਨਹੀਂ ਹੁੰਦੀ।
ਜਦੋਂ ਪੈਸਾ ਹੋ ਜਾਵੇ ਤਾਂ ਕਦੀ ਕਦੀ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਮੇਰੇ ਕੋਲ ਉਹ ਚੀਜ਼ਾਂ ਵੀ ਹਨ, ਜਿਨ੍ਹਾਂ ਨੂੰ ਪੈਸਾ ਨਹੀਂ ਖਰੀਦ ਸਕਦਾ? ਪੈਸਾ ਸਭ ਕੁਝ ਖਰੀਦ ਸਕਦਾ ਹੈ ਪਰ ਪੈਸਾ ਜੀਵਨ ਦੀ ਤਸੱਲੀ, ਤੰਦਰੁਸਤੀ, ਮਨ ਦੀ ਸ਼ਾਂਤੀ, ਚੰਗੀ ਨੀਂਦਰ, ਸੱਚੀ ਦੋਸਤੀ, ਵਫਾਦਾਰੀ, ਪ੍ਰਸੰਨਤਾ, ਹਮਦਰਦੀ, ਚੰਗਾ ਹਾਜ਼ਮਾ, ਸੱਚੀ ਪ੍ਰਸੰਸਾ ਆਦਿ ਨਹੀਂ ਖਰੀਦ ਸਕਦਾ।
ਤਜਰਬਾ ਦਸਦਾ ਹੈ ਕਿ ਆਪਣੀ ਮਿਹਨਤ ਨਾਲ ਕਮਾਏ ਪੈਸੇ ਸਭ ਤੋਂ ਵੱਧ ਬਰਕਤ ਵਾਲੇ ਹੁੰਦੇ ਹਨ ਕਿਉਂਕਿ ਮਿਹਨਤ ਕਰਦਿਆਂ ਸਾਡੇ ਵਿਚ ਸਰਵਪੱਖੀ ਵਿਕਾਸ ਵੀ ਵਾਪਰਦਾ ਹੈ। ਵਿਰਸੇ ਵਿਚ ਮਿਲੇ ਪੈਸੇ ਫਜ਼ੂਲ ਚੀਜ਼ਾਂ ਤੇ ਖਰਚ ਹੁੰਦੇ ਹਨ । ਦੋਸਤ ਜਾਂ ਭਰਾ ਤੋਂ ਹਥਿਆਏ ਜਾਂ ਕਿਸੇ ਦਾ ਹੱਕ ਮਾਰ ਕੇ ਲਏ ਪੈਸੇ ਨੁਕਸਾਨ ਕਰਦੇ ਹਨ। ਕਿਸੇ ਇਸਤਰੀ ਤੋਂ ਧੋਖੇ ਨਾਲ ਲਏ ਪੈਸੇ ਕਦੇ ਸੁੱਖ ਨਹੀਂ ਦਿੰਦੇ।
ਜੇ ਬੁਧੀ ਤੋਂ ਕੇਵਲ ਗਿਣਨ ਦਾ ਹੀ ਕੰਮ ਲਵੋਗੇ ਅਤੇ ਜੇ ਪੈਸੇ ਨੂੰ ਹੀ ਆਪਣਾ ਰੱਬ ਬਣਾ ਲਵੋਗੇ ਤਾਂ ਇਹ ਇਕ ਸ਼ੈਤਾਨੀ ਤਾਕਤ ਬਣ ਜਾਵੇਗਾ । ਪੈਸਾ ਸਾਧਨ ਹੈ
ਉਦੇਸ਼ ਪੂਰਤੀ ਦਾ। ਨਿਰਣਾ ਤੁਹਾਡੇ ਚਰਿੱਤਰ ਨੇ ਕਰਨਾ ਹੈ।
ਪੈਸੇ ਸਬੰਧੀ ਵਿਹਾਰਕ ਦ੍ਰਿਸ਼ਟੀਕੋਣ ਉਸਾਰਨ ਦੀ ਲੋੜ ਹੈ।
ਆਪਣੀ ਕਮਾਈ ਵਿਚੋਂ ਬੱਚਤ ਦੀ ਆਦਤ ਤੋਂ ਬਿਨਾ ਕਿਸੇ ਪ੍ਰਕਾਰ ਦੀ ਚੰਗੀ ਆਦਤ ਦਾ ਹੋਣਾ ਸੰਭਵ ਨਹੀਂ ਹੁੰਦਾ।
ਇਸਤਰੀਆਂ ਵਿਚ ਬੱਚਤ ਕਰਨ ਦੀ ਸੁਭਾਵਕ ਆਦਤ ਹੁੰਦੀ ਹੈ।
ਇਸਤਰੀ ਕੋਲ ਪੈਸੇ ਵੀ ਹੁੰਦੇ ਹਨ, ਪਰਿਵਾਰਕ ਸੁਖ ਦੀ ਅਮੀਰੀ-ਖੁਸ਼ਹਾਲੀ ਵੀ ਹੁੰਦੀ ਹੈ ਅਤੇ ਬੱਚਿਆਂ ਦੇ ਰੂਪ ਵਿਚ ਹੀਰੇ-ਜਵਾਹਰਾਤ ਵੀ ਹੁੰਦੇ ਹਨ।
ਬੌਧਿਕ ਵਿਕਾਸ ਲਈ ਪੁਸਤਕਾਂ ਤੇ ਖਰਚੇ ਪੈਸੇ ਵਿਅਰਥ ਨਹੀਂ ਜਾਂਦੇ।
ਖਰਚਣ ਤੋਂ ਪਹਿਲਾਂ ਪੈਸੇ ਕਮਾਉਣੇ ਸਿਆਣਪ ਦੀ ਨਿਸ਼ਾਨੀ ਹੁੰਦੇ ਹਨ।
ਵਕਤ ਨਾਲ ਹਰ ਕੋਈ ਜਾਣ ਜਾਂਦਾ ਹੈ ਕਿ ਰਿਸ਼ਤੇਦਾਰ ਨੂੰ ਪੈਸੇ ਉਧਾਰ ਦੇਣੇ ਜਾ ਉੱਕਾ ਹੀ ਦੇ ਦੇਣੇ, ਇਕ ਹੀ ਗਲ ਹੈ ਕਿਉਂਕਿ ਦੋਹਾਂ ਦੀ ਲਾਗਤ ਬਰਾਬਰ ਹੈ।
ਬਹੁਤੇ ਹਨ, ਜਿਹੜੇ ਨਾ ਮੂਲ ਮੋੜਨਗੇ ਨਾ ਵਿਆਜ। ਕੁਝ ਹੋਣਗੇ ਜਿਹੜੇ ਮੂਲ ਨਹੀਂ ਮੋੜਨਗੇ, ਵਿਆਜ ਦੇਣ ਦਾ ਵਾਅਦਾ ਕਰਨਗੇ, ਮੁਕਰਨਗੇ ਨਹੀਂ, ਪਰ ਮਿਲੇਗਾ ਕੁਝ ਨਹੀਂ।
ਸਾਡਾ ਦੁਰਭਾਗ ਇਹ ਹੈ ਕਿ ਅਜੋਕੇ ਸੰਸਾਰ ਵਿਚ ਪੈਸੇ ਅਤੇ ਸਫਲਤਾ ਦੇ ਇਕ ਹੀ ਅਰਥ ਹੋ ਗਏ ਹਨ।
ਅਸੀਂ ਪੈਸੇ ਦੇ ਪੱਖੋਂ ਇਸ ਲਈ ਸਫਲ ਹੋਣਾ ਚਾਹੁੰਦੇ ਹਾਂ ਕਿਉਂਕਿ ਸਫਲਤਾ ਹੀ ਅਕਸਰ ਪ੍ਰਸਿੱਧੀ, ਪ੍ਰਸੰਸਾ, ਖੁਸ਼ਹਾਲੀ, ਬਹੁਤਾਤ, ਸੰਪੂਰਣਤਾ ਅਤੇ ਪ੍ਰਵਾਨਗੀ ਦਾ ਪ੍ਰਤੀਕ ਹੁੰਦੀ ਹੈ।
ਪੈਸੇ ਦੇ ਪੱਖੋਂ ਪ੍ਰਸੰਨ ਅਤੇ ਸੰਤੁਸ਼ਟ ਵਿਅਕਤੀ ਆਪਣੀ ਸਫਲਤਾ ਲੋਕਾਂ ਨਾਲ ਸਾਂਝੀ ਕਰਨ ਵਾਸਤੇ ਜਨਤਕ-ਹਿੱਤ ਦੇ ਕਾਰਜ ਕਰਦੇ ਹਨ।
ਲੋੜ ਹੈ ਕਿ ਪੈਸੇ ਪ੍ਰਤੀ ਸਹੀ, ਉਸਾਰੂ, ਵਿਹਾਰਕ, ਯਥਾਰਥਕ ਅਤੇ ਹਾਂ-ਪੱਖੀ ਦ੍ਰਿਸ਼ਟੀਕੋਣ ਅਪਨਾਇਆ ਜਾਵੇ।
ਪੈਸੇ ਲਈ ਪਾਗਲ ਹੋਣ ਦੀ ਲੋੜ ਨਹੀਂ ਪਰ ਪੈਸੇ ਪ੍ਰਤੀ ਅਵੇਸਲਾ ਅਤੇ ਲਾਪ੍ਰਵਾਹ ਹੋਣਾ ਵੀ ਯੋਗ ਨਹੀਂ ਕਿਉਂਕਿ ਪਿਆਰ ਅਤੇ ਪੈਸਾ ਜ਼ਿੰਦਗੀ ਦੀਆਂ ਮੁੱਢਲੀਆਂ ਤਾਂਘਾਂ ਹਨ ਅਤੇ ਇਹੀ ਮਨੁੱਖ ਦੀਆਂ ਬੁਨਿਆਦੀ ਭੁੱਖਾਂ ਹਨ।
ਸੇਵਾ, ਸਹਿਯੋਗ ਅਤੇ ਸਹਾਇਤਾ
ਜਦੋਂ ਤੁਸੀਂ ਕਿਸੇ ਦੀ ਸਹਾਇਤਾ ਕਰਦੇ ਹੋ ਤਾਂ ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਤੁਸੀਂ ਆਪ ਸਫਲ ਹੋ ਚੁਕੇ ਹੋ।
ਭਰੇ ਹੋਏ ਹੀ ਡੁਲ੍ਹਦੇ ਹਨ।
ਆਪਣੇ ਆਪ ਨਾਲ ਸੰਤੁਸ਼ਟ, ਪ੍ਰਸੰਨ ਅਤੇ ਹਮਦਰਦ ਵਿਅਕਤੀ ਹੀ ਦੂਜਿਆਂ ਲਈ ਦਿਆਲੂ-ਕ੍ਰਿਪਾਲੂ ਹੋ ਸਕਦਾ ਹੈ।
ਅੰਤ ਨੂੰ ਹਰ ਵਿਅਕਤੀ ਨੇ ਆਪਣਾ ਕੰਮ ਆਪ ਕਰਨਾ ਹੁੰਦਾ ਹੈ ਸੋ ਤੁਹਾਡਾ ਵਿਕਾਸ, ਸਫਲਤਾ ਅਤੇ ਖੁਸ਼ਹਾਲੀ ਤੁਹਾਡੀ ਜ਼ਿੰਮੇਵਾਰੀ ਹੈ, ਦੂਜੇ ਸਹਿਯੋਗੀ ਅਤੇ ਸਹਾਇਕ ਹੋ ਸਕਦੇ ਹਨ ਪਰ ਜ਼ਿੰਮੇਵਾਰੀ ਤੁਹਾਡੀ ਹੀ ਰਹੇਗੀ। ਸੇਵਾ, ਸਹਿਯੋਗ ਅਤੇ ਸਹਾਇਤਾ ਸਭ ਆਰਜ਼ੀ ਸਥਿਤੀਆਂ ਹਨ। ਕਿਸੇ ਕੋਲ ਵੀ ਅਥਾਹ ਸੋਮੇ ਜਾਂ ਅਮੁੱਕ ਸਾਧਨ ਨਹੀਂ ਹੁੰਦੇ, ਇਸੇ ਕਰਕੇ ਸਾਨੂੰ ਸੋਚਣਾ ਪੈਂਦਾ ਹੈ।
ਸੋਚ ਅਕਸਰ ਥੁੜ੍ਹ ਨਾਲ ਸਬੰਧਤ ਹੁੰਦੀ ਹੈ। ਜਿਸ ਚੀਜ਼ ਦੀ ਥੁੜ੍ਹ ਨਹੀਂ ਹੁੰਦੀ, ਉਸ ਬਾਰੇ ਅਸੀਂ ਸੋਚਦੇ ਵੀ ਨਹੀਂ।
ਮਦਦ ਦੀ ਲੋੜ ਇਸ ਕਰਕੇ ਵੀ ਪੈਂਦੀ ਹੈ, ਕਿਉਂਕਿ ਜੀਵਨ ਨਿਆਂਪੂਰਣ ਨਹੀਂ ਹੈ। ਸਰਦਿਆਂ-ਪੁਜਦਿਆਂ ਦੇ ਡਾਢੇ ਔਖੇ ਕੰਮ ਵੀ ਆਪੇ ਹੋਈ ਜਾਂਦੇ ਹਨ ਜਦੋਂ ਕਿ ਨਿਆਸਰਿਆਂ ਅਤੇ ਨਿਊਟਿਆਂ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਵੀ ਘੁੰਮਣ- ਘੇਰੀ ਵਿਚ ਉਲਝ ਜਾਂਦੀਆਂ ਹਨ।
ਲਛਮਣ ਗੁਆਚ ਜਾਣ ਕਰਕੇ ਕਈ ਅਜੋਕੇ ਰਾਮ ਇਕੱਲੇ ਭਟਕ ਰਹੇ ਹਨ ਅਤੇ ਆਪਣੇ ਆਪਣੇ ਹਨੂਮਾਨ ਨੂੰ ਲਭ ਰਹੇ ਹਨ। ਮਦਦ ਦਾ ਮਿਲਣਾ ਉਵੇਂ ਹੀ ਹੈ ਜਿਵੇਂ ਸਾਵਣ ਮਹੀਨੇ ਦੇ ਬਰਸਾਤੀ ਅਤੇ ਸਲ੍ਹਾਬੇ ਹਨੇਰੇ ਵਿਚ ਜਾਂ ਪੋਹ-ਮਾਘ ਦੀਆਂ ਠੰਡੀਆਂ ਰਾਤਾਂ ਦੀ ਸੁੰਨ ਵਿਚ ਅਸੀਂ ਰਾਹ ਭੁਲ ਜਾਈਏ ਤੇ ਕੋਈ ਸਾਨੂੰ ਸਾਡਾ ਨਾਂ ਲੈ ਕੇ ਬੁਲਾਵੇ।
ਗਰੀਬੀ ਵਿਚ ਘਿਰੇ, ਬਿਮਾਰੀ ਨਾਲ ਗ੍ਰਸੇ ਜਾਂ ਉਦਾਸੀ ਵਿਚ ਡੁੱਬੇ ਵਿਅਕਤੀ ਕੋਲ ਇਤਨੀ ਹਿੰਮਤ ਨਹੀਂ ਹੁੰਦੀ ਕਿ ਉਹ ਕੇਵਲ ਆਪਣੇ ਯਤਨਾਂ ਅਤੇ ਸਾਧਨਾਂ ਨਾਲ ਆਪਣੀ ਮੁਸ਼ਕਿਲ ਹਲ ਕਰ ਸਕੇ ਅਤੇ ਵਿਗੜੀ ਸਥਿਤੀ ਉਤੇ ਇਕੱਲਿਆਂ ਹੀ ਕਾਬੂ ਪਾ ਸਕੇ ।
ਜਿਨ੍ਹਾਂ ਦੇ ਖੇਤ ਅਤੇ ਘਰ ਇਕੋ ਵੇਲੇ ਉਜੜਦੇ ਹਨ, ਜਿਹੜੇ ਭੂਚਾਲ, ਤੂਫਾਨ ਅਤੇ ਹੜ੍ਹ ਦਾ ਸ਼ਿਕਾਰ ਹੁੰਦੇ ਹਨ, ਜੇ ਉਨ੍ਹਾਂ ਦੀ ਬਾਂਹ ਨਾ ਫੜੀ ਜਾਵੇ ਤਾਂ ਉਹ ਜ਼ਿੰਦਗੀ ਵਿਚੋਂ ਖਾਰਜ ਹੋ ਜਾਂਦੇ ਹਨ ਪਰ ਮਦਦ ਨਾਲ ਉਨ੍ਹਾਂ ਨੂੰ ਮੁੜ ਜੀਵਨ ਦੀ ਲੀਹ ਉਤੇ ਵਾਪਸ ਲਿਆਂਦਾ ਜਾ ਸਕਦਾ ਹੈ । ਸਹਾਇਤਾ ਨਾਲ ਅਸੀਂ ਡੁੱਬ ਰਹਿਆਂ ਨੂੰ ਨਦੀ ਪਾਰ ਕਰਨ ਦੀ ਸਹੂਲਤ ਅਤੇ ਹਿੰਮਤ ਪ੍ਰਦਾਨ ਕਰਦੇ ਹਾਂ। ਜੋ ਗੱਲ ਅਜ ਉਨ੍ਹਾਂ ਨਾਲ ਹੋਈ ਹੈ, ਉਹ ਕਲ ਸਾਡੇ ਨਾਲ ਵੀ ਵਾਪਰ ਸਕਦੀ ਹੈ।
ਇਕ ਸਦੀ ਪਹਿਲਾਂ ਮਨੁੱਖ ਕੋਲ ਅਜ ਵਰਗੇ ਅਧਿਕਾਰ ਅਤੇ ਸਹੂਲਤਾਂ ਨਹੀਂ ਸਨ, ਉਸ ਕੋਲ ਲੋੜ ਵਾਲੀ ਹਰ ਵਸਤ ਦੀ ਘਾਟ ਸੀ ਪਰ ਅਨੇਕਾਂ ਘਾਟਾਂ ਦੇ ਬਾਵਜੂਦ ਉਸ ਦਾ ਜੀਵਨ ਭਰਪੂਰ ਅਤੇ ਤਸੱਲੀ ਵਾਲਾ ਸੀ ਕਿਉਂਕਿ ਉਸ ਨੂੰ ਦੂਜਿਆਂ ਉਤੇ ਵਿਸ਼ਵਾਸ ਅਤੇ ਉਨ੍ਹਾਂ ਦੀ ਸਹਿਯੋਗੀ ਬਿਰਤੀ ਉਤੇ ਭਰੋਸਾ ਸੀ । ਹੁਣ ਇਹ ਦੋਵੇਂ ਗੁਣ ਧੁੰਦਲੇ ਪੈਂਦੇ ਜਾ ਰਹੇ ਹਨ।
ਭਾਵੇਂ ਹੁਣ ਹਰ ਚੀਜ਼ ਦੀ ਬਹੁਤਾਤ ਹੈ ਪਰ ਬਿਰਤੀ ਸਹਿਯੋਗੀ ਹੋਣ ਦੀ ਥਾਂ ਮੁਕਾਬਲੇ ਵਾਲੀ ਹੋ ਗਈ ਹੈ, ਇਸੇ ਕਰਕੇ ਆਧੁਨਿਕ ਮਨੁੱਖ ਅਸ਼ਾਂਤ ਹੈ। ਸ਼ਾਂਤੀ ਤਾਂ ਸੇਵਾ, ਸਹਿਯੋਗ ਅਤੇ ਸਹਾਇਤਾ ਵਿਚੋਂ ਹੀ ਮਿਲਣੀ ਹੈ। ਅਭਿਮਾਨ, ਆਡੰਬਰ ਅਤੇ ਵਿਖਾਵੇ ਨੇ ਮਾਨਵੀ ਗੁਣ ਕੁਚਲ ਦਿਤੇ ਹਨ। ਸਾਥ ਦੀ ਈਮਾਨਦਾਰੀ, ਮਿਲਵਰਤਣ ਦੀ ਪ੍ਰਸੰਨਤਾ ਅਤੇ ਸਹਿਯੋਗ ਦੀ ਉਦਾਰਤਾ ਲੋਪ ਹੋ ਰਹੀ ਹੈ।
ਦਿਆਲੂ ਬੰਦਿਆਂ ਦੇ ਢੰਗ-ਤਰੀਕੇ ਹੋਰ ਹੀ ਹੁੰਦੇ ਸਨ, ਕਿਉਂਕਿ ਉਨ੍ਹਾਂ ਦੀਆਂ ਮੰਜ਼ਿਲਾਂ ਹੋਰ ਸਨ । ਉਹ ਵਿਸ਼ਾਲ ਨਿਸ਼ਾਨਿਆਂ ‘ਤੇ ਭੀੜੇ ਰਸਤਿਆਂ ਵਿਚੋਂ ਲੰਘ ਕੇ ਨਹੀਂ ਸਨ ਪਹੁੰਚੇ।
ਵੇਖਿਆ ਗਿਆ ਹੈ ਕਿ ਕਈ ਵੱਡੇ ਵੱਡੇ ਬੱਦਲ ਐਵੇਂ ਗਰਜ ਕੇ ਲੰਘ ਜਾਂਦੇ ਹਨ ਜਦੋਂ ਕਿ ਨਿਕੀਆਂ ਨਿਕੀਆਂ ਬੱਦਲੀਆਂ ਥੋੜ੍ਹੀ ਦੇਰ ਵਿਚ ਹੀ ਜਲ-ਥਲ ਕਰ ਦਿੰਦੀਆਂ ਹਨ। ਅੰਤਰ ਆਕਾਰ ਦਾ ਨਹੀਂ, ਸੇਵਾ ਅਤੇ ਤਿਆਗ ਦਾ ਹੈ।
ਸਾਡੇ ਮਾਪੇ, ਆਂਢੀ-ਗੁਆਂਢੀ, ਸੰਗੀ-ਸਾਥੀ, ਸਹਿਕਰਮੀ, ਮਿਤਰ-ਪਿਆਰੇ ਆਦਿ ਸਾਰੇ ਸਾਡੀ ਕਾਰਗੁਜ਼ਾਰੀ ਵਿਚ ਸਹਾਇਕ ਹੁੰਦੇ ਹਨ। ਇਨ੍ਹਾਂ ਦੀਆਂ ਸ਼ੁੱਭ- ਇੱਛਾਵਾਂ ਸਾਨੂੰ ਅੱਗੇ ਲੰਘਾਉਣ ਲਈ ਹੁੰਦੀਆਂ ਹਨ। ਜਦੋਂ ਮਾਂ ਕਹਿੰਦੀ ਹੈ: ਤੁਸੀਂ ਸਾਰੇ ਖਾਓ, ਮੈਂ ਪਰੋਸਦੀ ਹਾਂ, ਤਾਂ ਉਸ ਵਿਚ ਸੇਵਾ ਵੀ ਹੁੰਦੀ ਹੈ ਅਤੇ ਤਿਆਗ ਵੀ।
ਮੁਖ ਤੌਰ ਉਤੇ ਸੇਵਾ ਧਾਰਮਿਕ ਸੰਕਲਪ ਹੈ, ਸਹਿਯੋਗ ਰਾਜਨੀਤਕ-ਆਰਥਿਕ ਸੰਕਲਪ ਹੈ ਅਤੇ ਸਹਾਇਤਾ ਇਕ ਸਮਾਜਿਕ ਸੰਕਲਪ ਹੈ। ਵੱਖਰੇਵਿਆਂ ਦੇ ਬਾਵਜੂਦ ਇਨ੍ਹਾਂ ਵਿਚ ਸਾਂਝਾਂ ਹਨ। ਆਮ ਕਰਕੇ ਅਸੀਂ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ, ਬਰਾਬਰ ਦਿਆਂ ਨੂੰ ਸਹਿਯੋਗ ਦਿੰਦੇ ਹਾਂ ਅਤੇ ਹੇਠਲਿਆਂ ਦੀ ਸਹਾਇਤਾ ਕਰਦੇ ਹਾਂ।
ਸੇਵਾ, ਸਹਿਯੋਗ ਅਤੇ ਸਹਾਇਤਾ ਇਨਸਾਨੀ ਗੁਣ ਹਨ। ਪੰਛੀਆਂ, ਜਾਨਵਰਾਂ ਵਿਚ ਇਹ ਬਿਰਤੀ ਬਲਵਾਨ ਨਹੀਂ ਹੁੰਦੀ । ਧਰਮ ਨੇ ਸੇਵਾ, ਸਹਿਯੋਗ ਅਤੇ ਸਹਾਇਤਾ ਦੇ ਸੰਕਲਪਾਂ ਨੂੰ ਦ੍ਰਿੜ੍ਹ ਕਰਵਾਇਆ ਹੈ। ਇਨ੍ਹਾਂ ਕਾਰਜਾਂ ਨਾਲ ਮਨੁੱਖੀ ਮਨ ਵਿਚ ਸ਼ਾਂਤੀ ਉਪਜਦੀ ਹੈ। ਧਰਤੀ, ਸੂਰਜ, ਨਦੀ, ਦਰਿਆ ਸਾਰੇ ਸੇਵਾ-ਭਾਵਨਾ ਦੇ ਪ੍ਰਤੀਕ ਹਨ। ਜਿਵੇਂ ਨਦੀ ਦੇ ਕੰਢੇ, ਪਾਣੀ ਨੂੰ ਵਗਣ ਵਿਚ ਸਹਿਯੋਗ ਦਿੰਦੇ ਹਨ, ਇਵੇਂ ਹੀ ਮਦਦ ਕਰਨ ਵਾਲੇ ਸਾਡੇ ਕਿਨਾਰੇ ਬਣ ਜਾਂਦੇ ਹਨ ਤਾਂ ਜੁ ਅਸੀਂ ਵਗਦੇ ਰਹੀਏ। ਨਦੀ ਦੇ ਕੰਢੇ ਪਾਣੀ ਨੂੰ ਅੱਗੇ ਕਰਕੇ ਆਪ ਪਿਛੇ ਰਹਿ ਜਾਂਦੇ ਹਨ।
ਵਿਦਿਅਕ ਸੰਸਥਾਵਾਂ, ਸਿਖਲਾਈ ਕੇਂਦਰ ਆਦਿ ਵਿਦਿਆਰਥੀਆਂ ਨੂੰ ਬੰਨ੍ਹ ਕੇ ਨਹੀਂ ਰਖਦੇ, ਸਗੋਂ ਕਹਿੰਦੇ ਹਨ : ਆਪਣਾ ਅਸਮਾਨ ਲੱਭੋ ਅਤੇ ਦੂਜਿਆਂ ਲਈ ਸਹਾਇਕ ਸਿੱਧ ਹੋਵੋ।
ਭੋਜਨ, ਪਿਆਰ ਅਤੇ ਸੁਰੱਖਿਆ ਮਨੁੱਖ ਦੀਆਂ ਪ੍ਰਮੁੱਖ ਲੋੜਾਂ ਹਨ, ਇਨ੍ਹਾਂ ਸਰਬਵਿਆਪਕ ਬੁਨਿਆਦੀ ਲੋੜਾਂ ਦੇ ਸੰਦਰਭ ਵਿਚ ਹੀ ਮਦਦ ਕੀਤੀ ਜਾਂਦੀ ਹੈ ।
ਇਨ੍ਹਾਂ ਲੋੜਾਂ ਦੀ ਪੂਰਤੀ ਦੇ ਕਾਰਜਾਂ ਵਿਚੋਂ ਹੀ ਰਿਸ਼ਤੇ ਉਪਜਦੇ ਹਨ।
ਜੋ ਕੁਝ ਵੀ ਅਸੀਂ ਖਾਂਦੇ-ਪੀਂਦੇ-ਪਹਿਨਦੇ-ਵਰਤਦੇ ਹਾਂ ਉਹ ਕਿਸੇ ਦੀ ਮਿਹਨਤ ਦਾ ਸਿੱਟਾ ਹੁੰਦਾ ਹੈ, ਸੋ ਧੰਨਵਾਦੀ ਬਿਰਤੀ ਲੋੜੀਂਦੀ ਹੈ।
ਧੰਨਵਾਦੀ ਹੋਣਾ ਸਿੱਖੋ, ਇਹ ਅਜਿਹੀ ਨੀਤੀ ਹੈ, ਜਿਸ ਵਿਚ ਸਫਲਤਾ ਹੀ ਸਫਲਤਾ ਹੈ। ਧੰਨਵਾਦ ਆਮ ਕਰਕੇ ਵਡੇਰੀਆਂ ਮਿਹਰਬਾਨੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਉਦੇਸ਼ ਵਿਚੋਂ ਉਪਜੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ।
ਦਰਖਤਾਂ ਦੇ ਪੱਤੇ ਧੰਨਵਾਦ ਦੀ ਭਾਵਨਾ ਨਾਲ ਧਰਤੀ ਨੂੰ ਖੁਸ਼ਹਾਲ, ਅਮੀਰ ਅਤੇ ਨਰੋਆ ਬਣਾਉਣ ਲਈ ਡਿਗਦੇ ਹਨ। ਪੱਤਿਆਂ ਦਾ ਡਿਗਣਾ ਦਰਖਤ ਵਲੋਂ ਧੰਨਵਾਦ ਦਾ ਪ੍ਰਗਟਾਵਾ ਹੈ।
ਪਰਸਪਰ ਧੰਨਵਾਦ ਦੀ ਭਾਵਨਾ ਵਿਕਾਸ ਦਾ ਪ੍ਰਤੀਕ ਹੁੰਦੀ ਹੈ।
ਮਦਦ ਕਰਨ ਦੇ ਖੇਤਰ ਤਾਂ ਕਈ ਹਨ ਪਰ ਵਸੀਲਿਆਂ-ਵਿਹੁਣੇ ਕਿਸੇ ਲਾਇਕ ਵਿਦਿਆਰਥੀ ਦੀ ਪੜ੍ਹਾਈ ਵਿਚ ਮਾਇਕ ਮਦਦ ਅਤੇ ਕਿਸੇ ਮਿਹਨਤੀ ਵਿਅਕਤੀ ਦੀ ਬੀਮਾਰੀ ਵਿਚ ਸਹਾਇਤਾ ਸਭ ਤੋਂ ਵੱਧ ਤਸੱਲੀ ਦਿੰਦੀ ਹੈ, ਕਿਉਂਕਿ ਇਹ ਨਿਰੰਤਰ ਧੰਨਵਾਦੀ ਰਹਿੰਦੇ ਹਨ। ਜਿਵੇਂ ਦਲਦਲ ਵਿਚ ਫਸੀ ਕਿਸੇ ਗਾਂ-ਮੱਝ ਦੀ ਬਾਹਰ ਨਿਕਲਣ ਵਿਚ ਮਦਦ ਮੁਲਤਵੀ ਨਹੀਂ ਕੀਤੀ ਜਾ ਸਕਦੀ ਅਤੇ ਡੁੱਬਦੇ ਵਿਅਕਤੀ ਦਾ ਬਚਾਉਣਾ ਟਾਲਿਆ ਨਹੀਂ ਜਾ ਸਕਦਾ, ਇਵੇਂ ਹੀ ਕਈ ਖੇਤਰ ਹੁੰਦੇ ਹਨ ਜਿਥੇ ਫੌਰੀ ਮਦਦ ਦੀ ਲੋੜ ਪੈਂਦੀ ਹੈ।
ਪੰਜਾਬੀਆਂ ਦਾ ਇਹ ਸੁਭਾਓ ਹੈ ਕਿ ਇਹ ਕਿਸੇ ਨਿਆਸਰੇ ਦੀ ਮਦਦ ਕਰਨ ਵਿਚ ਸੰਕੋਚ ਨਹੀਂ ਕਰਦੇ। ਰੋਂਦੀ ਹੋਈ ਇਸਤਰੀ ਦੀ ਮਦਦ ਲਈ ਪੰਜਾਬੀ ਪੁਰਸ਼ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ। ਇਹ ਉਸ ਦਾ ਸੁਭਾਵਕ ਵਿਹਾਰ ਹੈ ਅਤੇ ਅਜਿਹਾ ਕਰਨ ਲਈ ਪੰਜਾਬੀਆਂ ਦਾ ਇਤਿਹਾਸ ਉਨ੍ਹਾਂ ਨੂੰ ਪ੍ਰੇਰਦਾ ਹੈ।
ਪਾਟੇ ਨੂੰ ਸਿਉਣ ਨਾਲ, ਡਿਗੇ ਨੂੰ ਚੁੱਕਣ ਨਾਲ ਅਤੇ ਨਿਆਸਰੇ ਨੂੰ ਸਹਾਰਾ ਦੇਣ ਨਾਲ ਅਸੀਂ ਆਤਮਕ ਅਤੇ ਭਾਵਕ ਪੱਖੋਂ ਖੁਸ਼ਹਾਲ ਹੁੰਦੇ ਹਾਂ। ਹਰੇਕ ਧਰਮ ਦਾ ਕੇਂਦਰੀ ਉਪਦੇਸ਼ ਨਿਆਸਰਿਆਂ ਦੀ ਸੇਵਾ ਕਰਨਾ ਹੈ ਅਤੇ ਹਰ ਕੋਈ ਕਿਸੇ ਨਾ ਕਿਸੇ ਪੱਖੋਂ ਨਿਆਸਰਾ ਹੁੰਦਾ ਹੈ। ਉਦਾਹਰਣ ਵਜੋਂ ਜਦੋਂ ਦਰੋਪਦੀ ਦਾ ਅਪਮਾਨ ਕੀਤਾ ਜਾ ਰਿਹਾ ਸੀ ਤਾਂ ਉਹ ਬੇਸ਼ਰਮਾਂ ਦੇ ਭਰੇ ਦਰਬਾਰ ਵਿਚ ਨਿਆਸਰੀ ਖਲੋਤੀ ਸੀ। ਉਸ ਦੀ ਨਿਆਸਰੀ ਸਥਿਤੀ ਨਿਰਲੱਜ ਮਰਦਾਂ ਦੀ ਅਣਖ ਨੂੰ ਵੰਗਾਰ ਸੀ। ਆਪਣੀ ਇਜ਼ਤ ਬਚਾਉਣ ਲਈ ਉਸ ਹਰ ਹੀਲਾ ਵਰਤਿਆ ਪਰ ਸਫਲ ਨਾ ਹੋਈ ਪਰ ਜਿਉਂ ਹੀ ਉਸ ਨੇ ਅੰਤਲੀ ਆਸ, ਕ੍ਰਿਸ਼ਨ ਨੂੰ ਧਿਆ ਕੇ ਮਦਦ ਲਈ ਹੱਥ ਫੈਲਾਏ, ਰਹਿਮ ਅਤੇ ਮਿਹਰ ਦੀ ਬਖਸ਼ਿਸ਼ ਹੋ ਗਈ ਅਤੇ ਕ੍ਰਿਸ਼ਨ ਨੇ ਦਰੋਪਦੀ ਦੀ ਇਜ਼ਤ ਨੂੰ ਆਪਣੀ ਜ਼ਿੰਮੇਵਾਰੀ ਬਣਾ ਲਿਆ ।
ਜਦੋਂ ਕੋਈ ਹਾਦਸਾ ਜਾਂ ਦੁਰਘਟਨਾ ਵਾਪਰਦੀ ਹੈ ਤਾਂ ਬਹੁਤੀ ਚਿੰਤਾ ਮਰ ਗਿਆਂ ਸਬੰਧੀ ਨਹੀਂ, ਪਿਛੇ ਰਹਿ ਗਿਆਂ ਸਬੰਧੀ ਹੁੰਦੀ ਹੈ, ਮਦਦ ਪਿਛੇ ਰਹਿ ਗਿਆਂ ਦੀ ਹੁੰਦੀ ਹੈ। ਮਦਦ ਦਾ ਉਦੇਸ਼ ਮਦਦ ਲੈਣ ਵਾਲੇ ਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਸੁਤੰਤਰ ਕਰਨਾ ਹੁੰਦਾ ਹੈ।
ਕਈ ਵਾਰੀ ਕਿਸੇ ਨੂੰ ਸੁਣਨਾ ਹੀ ਮਦਦ ਹੈ, ਕਈ ਵਾਰੀ ਕਿਸੇ ਕੋਲ ਬਹਿਣਾ ਅਤੇ ਹਲਾਸ਼ੇਰੀ ਦੇਣਾ ਹੀ ਸਹਾਇਤਾ ਹੈ। ਜੋ ਕੁਝ ਲੋਕ ਆਪ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ, ਉਹ ਕੁਝ ਕਰਨਾ ਮਦਦ ਨਹੀਂ ਹੁੰਦੀ।
ਮਦਦ ਦਾ ਉਦੇਸ਼ ਡੁਲ੍ਹ ਗਏ ਜਾਂ ਖਾਲੀ ਹੋਏ ਨੂੰ ਭਰਨਾ ਹੈ।
ਮਦਦ ਉਸ ਦੀ ਹੀ ਕੀਤੀ ਜਾਣੀ ਚਾਹੀਦੀ ਹੈ ਜੋ ਆਰਜ਼ੀ ਤੌਰ ਤੇ ਆਪਣਾ ਕੰਮ ਕਰਨ ਵਿਚ ਅਸਮਰਥ ਹੋਵੇ। ਕੁਝ ਖੇਤਰ ਹਨ ਜਿਨ੍ਹਾਂ ਵਿਚ ਮਦਦ ਨਹੀਂ ਕੀਤੀ ਜਾਣੀ ਚਾਹੀਦੀ, ਜਿਵੇਂ ਦੂਜਾ ਮਕਾਨ ਜਾਂ ਦੂਜੀ ਕਾਰ ਖਰੀਦਣ ਲਈ, ਮਹਿੰਗੇ ਸ਼ੌਕ ਪਾਲਣ ਲਈ, ਮਨੋਰੰਜਨ ਵਾਸਤੇ ਵਿਦੇਸ਼ ਦੌਰੇ ਲਈ। ਸਹਾਇਤਾ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਹੁੰਦੀ ਹੈ, ਇੱਛਾਵਾਂ ਦੀ ਪੂਰਤੀ ਲਈ ਨਹੀਂ । ਜੋ ਮਦਦ ਕਰਦੇ ਹਨ, ਉਨ੍ਹਾਂ ਨੇ ਮਦਦ ਲਈ ਦਿਤੇ ਜਾਣ ਵਾਲੇ ਧਨ ਨੂੰ ਮਿਹਨਤ ਅਤੇ ਕੁਰਬਾਨੀਆਂ ਕਰਕੇ, ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਵਿਰਵੇ ਰਖ ਕੇ, ਇਕੱਤਰ ਕੀਤਾ ਹੁੰਦਾ ਹੈ ਅਤੇ ਉਸ ਉਤੇ ਟੈਕਸ ਵੀ ਅਦਾ ਕੀਤਾ ਹੁੰਦਾ ਹੈ।
ਮਦਦ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮਦਦ ਲੈਣ ਵਾਲੇ ਨੇ ਆਪਣੇ ਵਸੀਲੇ ਕਿਵੇਂ ਵਰਤੇ ਹਨ ਅਤੇ ਆਪਣੇ ਜੀਵਨ ਨੂੰ ਜੀਵਿਆ ਕਿਵੇਂ ਹੈ।
ਲੋਕ ਅਕਸਰ ਕਹਿੰਦੇ ਹਨ ਕਿ ਲੋੜ ਵੇਲੇ ਰਿਸ਼ਤੇਦਾਰ ਮਦਦ ਨਹੀਂ ਕਰਦੇ ਜਦੋਂ ਕਿ ਵਾਸਤਵਿਕਤਾ ਇਹ ਹੈ ਕਿ ਜੇ ਤੁਹਾਨੂੰ ਮਦਦ ਦੀ ਲੋੜ ਹੈ ਅਤੇ ਤੁਸੀਂ ਮਦਦ ਕੀਤੇ ਜਾਣ ਦੇ ਯੋਗ ਹੋ ਤਾਂ ਰਿਸ਼ਤੇਦਾਰ ਵੀ ਮਦਦ ਕਰਨਗੇ । ਉਹ ਅਕਸਰ ਮਦਦ ਇਸ ਲਈ ਨਹੀਂ ਕਰਦੇ, ਕਿਉਂਕਿ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ, ਉਨ੍ਹਾਂ ਨੇ ਤੁਹਾਡੇ ਆਡੰਬਰ ਅਤੇ ਫਜ਼ੂਲ-ਖਰਚੀਆਂ ਵੇਖੀਆਂ ਹੁੰਦੀਆਂ ਹਨ, ਉਹ ਤੁਹਾਡੇ ਗੈਰ-ਜ਼ਿੰਮੇਵਾਰ ਵਿਹਾਰ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ।
ਗੈਰ-ਜ਼ਿੰਮੇਵਾਰ ਵਿਹਾਰ, ਪਰਿਵਾਰ ਵਿਚ ਹੀ ਨਹੀਂ ਸਗੋਂ ਸਮੁੱਚੇ ਸਮਾਜ ਵਿਚ ਵੀ ਅਸ਼ਾਂਤੀ ਹੀ ਫੈਲਾਉਂਦਾ ਹੈ।
ਲੰਮੇ ਰਿਸ਼ਤੇ ਇਸ ਆਧਾਰ ਤੇ ਨਹੀਂ ਚਲਦੇ ਕਿ ਕਹਿਣ ਉਤੇ ਸਹਾਇਤਾ ਕਰੋਗੇ ਜਾਂ ਸਹਾਇਤਾ ਮਿਲੇਗੀ ਸਗੋਂ ਇਸ ਵਿਸ਼ਵਾਸ ‘ਤੇ ਚਲਦੇ ਹਨ ਕਿ ਜੇ ਲੋੜ ਪਈ ਤਾਂ ਸਹਾਇਤਾ ਲਈ ਕਹਿਣਾ ਨਹੀਂ ਪਵੇਗਾ।
ਜਿਹੜੇ ਵਿਅਕਤੀ ਆਪਣੇ ਆਪ ਦੀ ਚੰਗੀ ਦੇਖਭਾਲ ਕਰਦੇ ਹਨ, ਉਹ ਸੰਜਮੀ ਹੁੰਦੇ ਹਨ ਅਤੇ ਉਹ ਹੀ ਦੂਜਿਆਂ ਦਾ ਕੁਝ ਸੰਵਾਰ ਸਕਦੇ ਹਨ।
ਲਾਪ੍ਰਵਾਹ ਅਤੇ ਸੁਸਤ ਵਿਅਕਤੀ ਆਪਣਾ ਤਾਂ ਨੁਕਸਾਨ ਕਰਦੇ ਹੀ ਹਨ ਉਹ ਦੂਜਿਆਂ ਨੂੰ ਵੀ ਵੱਡੇ ਘਾਟੇ ਪਾਉਂਦੇ ਹਨ। ਜੇ ਅਜਿਹੇ ਵਿਅਕਤੀ ਦੀ ਤੁਸੀਂ ਇਕ ਵਾਰੀ ਮਦਦ ਕਰੋਗੇ ਤਾਂ ਉਹ ਕੁਝ ਹੀ ਦਿਨਾਂ ਵਿਚ ਫਿਰ ਬੇਵਕਤੇ ਆ ਕੇ ਕੋਈ ਨਵਾਂ ਬਹਾਨਾ ਲਾ ਕੇ ਹੋਰ ਮਦਦ ਮੰਗੇਗਾ ਅਤੇ ਧੰਨਵਾਦੀ ਹੋਣ ਵਾਲੀ ਖੁਸ਼ੀ ਦੇਣ ਦੀ ਥਾਂ ਸਿਰਦਰਦੀ ਬਣ ਜਾਵੇਗਾ।
ਬਹੁਤੇ ਰਿਸ਼ਤੇਦਾਰ ਪਹਿਲਾਂ ਸਲਾਹ ਮਸ਼ਵਰੇ ਲਈ ਆਉਂਦੇ ਹਨ, ਮਾਇਕ ਸਹਾਇਤਾ ਉਹ ਦੂਜੀ ਜਾਂ ਤੀਜੀ ਮਿਲਣੀ ਵਿਚ ਮੰਗਦੇ ਹਨ। ਜਿਵੇਂ ਪਹਿਲੀ ਮਿਲਣੀ ਵਿਚ ਕਹਿਣਗੇ : ਮੇਰੀ ਕਾਰ ਠੀਕ ਨਹੀਂ ਚਲਦੀ, ਬਦਲਣੀ ਚਾਹੁੰਦਾ ਹਾਂ, ਨਵੀਂ ਲਈਏ ਕਿ ਪੁਰਾਣੀ ? ਦੂਜੀ ਮਿਲਣੀ ਵਿਚ ਪੁੱਛਣਗੇ, ਲੈਣੀ ਤਾਂ ਨਵੀਂ ਹੀ ਹੈ ਪਰ ਲਈਏ ਕਿਹੜੀ? ਤੀਜੀ ਮਿਲਣੀ ਵੇਲੇ ਤੁਹਾਨੂੰ ਪੁੱਛਣਾ ਪਵੇਗਾ : ਤੁਹਾਨੂੰ ਸਲਾਹ ਚਾਹੀਦੀ ਹੈ ਜਾਂ ਪੈਸੇ? ਅਤੇ ਉਹ ਉਵੇਂ ਹੱਸਣਗੇ ਜਿਵੇਂ ਉਧਾਰ ਲੈਣ ਵਾਲਾ ਗਾਹਕ, ਦੁਕਾਨਦਾਰ ਦੀ ਗਲ ਤੇ ਹੱਸਦਾ ਹੈ। ਅਜਿਹਿਆਂ ਦੀ ਸਹਾਇਤਾ ਕਰੋਗੇ ਤਾਂ ਵੀ ਅਤੇ ਜੇ ਨਹੀਂ ਕਰੋਗੇ, ਤਾਂ ਵੀ, ਰਿਸ਼ਤੇ ਵਿਚੋਂ ਨਿੱਘ ਮੁੱਕ ਜਾਵੇਗਾ।
ਲਾਪ੍ਰਵਾਹ ਬੰਦੇ ਦੀ ਸਹਾਇਤਾ ਜਾਂ ਦੇਖਭਾਲ ਕਰਨੀ ਬੜਾ ਔਖਾ ਕਾਰਜ ਹੈ।
ਨਾਲਾਇਕ ਬੱਚੇ ਪਾਲਣੇ ਬੜੇ ਮੁਸ਼ਕਿਲ ਹੁੰਦੇ ਹਨ।
ਅਕ੍ਰਿਤਘਣ ਦੀ ਅਕ੍ਰਿਤਘਣਤਾ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਕ ਵਾਰੀ ਇਕ ਕਿਸਾਨ ਨੇ ਖੇਤ ਵਾਹੁਣ ਲਈ ਇਕ ਬਲਦ ਅਤੇ ਸਵਾਰੀ ਲਈ ਇਕ ਘੋੜਾ ਰਖਿਆ ਹੋਇਆ ਸੀ। ਇਕ ਦਿਨ ਬਲਦ ਨੇ ਘੋੜੇ ਨੂੰ ਕਿਹਾ: ਮੈਂ ਥੱਕ ਗਿਆ ਹਾਂ, ਆਰਾਮ ਕਰਨਾ ਚਾਹੁੰਦਾ ਹਾਂ, ਕਲ ਸਵੇਰੇ ਮੈਂ ਚਾਰਾ ਨਹੀਂ ਖਾਵਾਂਗਾ, ਕਿਸਾਨ ਸਮਝ ਜਾਵੇਗਾ ਕਿ ਮੈਂ ਬੀਮਾਰ ਹਾਂ, ਉਹ ਤੈਨੂੰ ਜੋਤ ਲਵੇਗਾ। ਇਕ ਦਿਨ ਲਈ ਮੈਨੂੰ ਤੇਰੀ ਮਦਦ ਦੀ ਲੋੜ ਹੈ। ਘੋੜਾ ਮੰਨ ਗਿਆ। ਅਗਲੀ ਸਵੇਰ ਨੂੰ ਘੋੜਾ ਜੋਤਿਆ ਗਿਆ। ਅਗਲੇ ਤੋਂ ਅਗਲੇ ਦਿਨ ਵੀ ਬਲਦ ਨੇ ਚਾਰਾ ਨਾ ਖਾਧਾ। ਬਲਦ ਇਧਰੋਂ ਉਧਰੋਂ ਖਾਣ ਦਾ ਕੰਮ ਸਾਰ ਲੈਂਦਾ ਸੀ ਪਰ ਚਾਰਾ ਨਹੀਂ ਸੀ ਖਾਂਦਾ । ਚਲਾਕ ਬਲਦ, ਸ਼ਰੀਫ ਘੋੜੇ ਪ੍ਰਤੀ ਧੰਨਵਾਦੀ ਹੋਣ ਦੀ ਥਾਂ ਅਕ੍ਰਿਤਘਣ ਸਾਬਤ ਹੋ ਰਿਹਾ ਸੀ। ਪੰਜਵੇਂ ਦਿਨ ਅੱਕ ਕੇ ਘੋੜੇ ਨੇ ਬਲਦ ਨੂੰ ਕਿਹਾ, ਅਜ ਕਿਸਾਨ ਆਪਣੇ ਗੁਆਂਢੀ ਨੂੰ ਕਹਿ ਰਿਹਾ ਸੀ ਕਿ ਜੇ ਸਵੇਰ ਤਕ ਬਲਦ ਠੀਕ ਨਾ ਹੋਇਆ ਤਾਂ ਕਸਾਈ ਨੂੰ ਵੇਚ ਦਿਆਂਗਾ । ਕਸਾਈ ਕੋਲ ਵੇਚੇ ਜਾਣ ਦੇ ਡਰ ਕਾਰਨ ਬੀਮਾਰੀ ਦਾ ਪਾਖੰਡ ਕਰਨ ਵਾਲਾ ਘੋੜੇ ਦਾ ਰਿਸ਼ਤੇਦਾਰ-ਬਲਦ ਅਗਲੀ ਸਵੇਰ ਤੋਂ ਚਾਰਾ ਖਾਣ ਲਗ ਪਿਆ।
ਉਸ ਤੋਂ ਮਗਰੋਂ ਘੋੜਾ ਬਲਦ ਦੀਆਂ ਤਕਲੀਫਾਂ ਅਤੇ ਦੁੱਖਾਂ ਦੀ ਕਹਾਣੀ ਸੁਣ ਲੈਂਦਾ ਸੀ ਪਰ ਮਦਦ ਦੀ ਕੋਈ ਪੇਸ਼ਕਸ਼ ਨਹੀਂ ਸੀ ਕਰਦਾ।
ਦੋਸਤੀ ਜਾਂ ਰਿਸ਼ਤੇਦਾਰੀ ਘੋੜੇ ਦੀ ਘੋੜੇ ਨਾਲ ਅਤੇ ਬਲਦ ਦੀ ਬਲਦ ਨਾਲ ਚਲ ਸਕਦੀ ਹੈ, ਘੋੜੇ ਦੀ ਬਲਦ ਨਾਲ ਨਹੀਂ।
ਰਿਸ਼ਤੇ ਪਰਸਪਰ ਸਹਿਯੋਗ ਅਤੇ ਸੁਹਿਰਦਤਾ ਨਾਲ ਚਲਦੇ ਹਨ, ਇਕ- ਪਾਸੜ ਸਹਿਯੋਗ ਨਾਲ ਨਹੀਂ।
ਰਿਸ਼ਤੇਦਾਰਾਂ ਤੋਂ ਮਦਦ ਮੰਗਣ ਵਾਲਿਆਂ ਨੂੰ ਸੁਚੇਤ, ਸਪਸ਼ਟ ਅਤੇ ਸਾਵਧਾਨ ਹੋਣ ਦੀ ਲੋੜ ਹੈ।
ਕੋਈ ਵੀ ਵਿਅਕਤੀ ਸਵੈ-ਸਿਰਜਿਆ ਨਹੀਂ ਹੁੰਦਾ, ਉਸ ਦੇ ਜੀਵਨ ਵਿਚ ਅਨੇਕਾਂ ਵਿਅਕਤੀਆਂ ਦਾ ਯੋਗਦਾਨ ਹੁੰਦਾ ਹੈ।
ਉਂਜ ਤਾਂ ਜੀਵਨ ਵਿਚ ਹਰ ਪੜਾਓ ਉਤੇ, ਹਰ ਕਿਸੇ ਨੂੰ, ਕਿਸੇ ਨਾ ਕਿਸੇ ਪ੍ਰਕਾਰ ਦੇ ਸਹਿਯੋਗ ਜਾਂ ਕਿਸੇ ਨਾ ਕਿਸੇ ਦੀ ਸਹਾਇਤਾ ਦੀ ਲੋੜ ਪੈਂਦੀ ਰਹਿੰਦੀ ਹੈ ਪਰ ਜੇ ਤੁਸੀਂ ਚੰਗੀ ਕਾਰਗੁਜ਼ਾਰੀ ਦਾ ਸਬੂਤ ਦਿੰਦੇ ਰਹੋਗੇ ਤਾਂ ਨਾ ਕੇਵਲ ਤੁਹਾਡੀ ਅੱਗੋਂ ਵੀ ਮਦਦ ਹੋਵੇਗੀ ਸਗੋਂ ਨਵੇਂ ਮਦਦ ਕਰਨ ਵਾਲੇ ਵੀ ਉਪਜਦੇ ਰਹਿਣਗੇ।
ਮਨੁੱਖ ਨੂੰ ਮਿਹਨਤੀ ਵਿਅਕਤੀਆਂ ਦੀ ਮਦਦ ਕਰਨ ਵਿਚੋਂ ਆਨੰਦ ਮਿਲਦਾ ਹੈ । ਲੈਣ ਵਾਲਾ ਮਦਦ ਮਾਣਦਾ ਹੈ, ਦੇਣ ਵਾਲਾ ਆਨੰਦ ਮਾਣਦਾ ਹੈ। ਇਵੇਂ ਦੋਵੇਂ ਵਿਕਾਸ ਕਰਦੇ ਹਨ।
ਸੰਸਾਰ ਦੇ ਮਹਾਨ ਵਿਅਕਤੀ ਵੀ ਕਿਸੇ ਨਾ ਕਿਸੇ ਦੀ ਸਹਾਇਤਾਂ ਅਤੇ ਸਹਿਯੋਗ ਨਾਲ ਹੀ ਸਫਲ ਹੋਏ ਸਨ।
ਉਦਾਹਰਣ ਵਜੋਂ ਸੇਵਾ ਅਤੇ ਸਹਿਯੋਗ ਵਿਚ ਹਨੂਮਾਨ ਲੱਛਮਣ ਨੂੰ ਵੀ ਪਿਛੇ ਛੱਡ ਗਿਆ ਅਤੇ ਹਨੂਮਾਨ ਰਾਮ ਦੀ ਮਦਦ ਕਰਨ ਕਾਰਨ, ਪੂਜਣਯੋਗ ਹੋ ਗਿਆ।
ਅਧਿਆਪਕ ਉਹੀ ਯਾਦ ਰਹਿੰਦਾ ਹੈ, ਜਿਸ ਨੇ ਵਿਦਿਆਰਥੀ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੋਵੇ।
ਸਹਾਇਤਾ ਮਿਲਦੀ ਹਰੇਕ ਨੂੰ ਹੈ ਪਰ ਮਿਲੀ ਹੋਈ ਸਹਾਇਤਾ ਤੋਂ ਲਾਭ ਉਠਾਉਣ ਦੀ ਹਿੰਮਤ ਕੋਈ ਕੋਈ ਕਰਦਾ ਹੈ।
ਇਕ ਵਾਰੀ ਇਕ ਸਕੂਲ ਅਧਿਆਪਕ ਨੇ ਇਕ ਅਨਪੜ੍ਹ ਗਰੀਬ ਪਰਿਵਾਰ ਦੇ ਇਕ ਹੋਣਹਾਰ ਵਿਦਿਆਰਥੀ ਵਲ ਵਿਸ਼ੇਸ਼ ਧਿਆਨ ਦੇਣਾ ਆਰੰਭ ਕੀਤਾ ਪਰ ਉਸ ਅਧਿਆਪਕ ਦੀ ਨੇੜਲੇ ਪਿੰਡ ਵਿਚ ਬਦਲੀ ਹੋ ਗਈ। ਅਧਿਆਪਕ ਨੇ ਗਰੀਬ ਮਾਪਿਆਂ ਨੂੰ, ਉਸ ਵਿਦਿਆਰਥੀ ਨੂੰ, ਆਪਣੇ ਕੋਲ, ਆਪਣੇ ਪਰਿਵਾਰ ਵਿਚ, ਰਖ ਕੇ ਪੜ੍ਹਾਉਣ ਦੀ ਪੇਸ਼ਕਸ਼ ਕੀਤੀ ਪਰ ਸ਼ਰੀਕ ਨੇ ਵਿਦਿਆਰਥੀ ਦੇ ਪਿਤਾ ਨੂੰ ਕਿਹਾ, ਮਾਸਟਰ ਤੇਰੀ ਮਜਬੂਰੀ ਵੇਖ ਗਿਆ ਹੈ, ਤੇਰੇ ਮੁੰਡੇ ਨੂੰ ਆਪਣੇ ਘਰ ਰਖ ਕੇ, ਆਪਣੀ ਧੀ ਉਸ ਨਾਲ ਵਿਆਹ ਦੇਵੇਗਾ। ਇਵੇਂ ਸਹਿਯੋਗ ਦਾ ਸੱਚਾ ਅਵਸਰ ਅਜਾਈਂ ਚਲਾ ਗਿਆ। ਵਿਦਿਆ ਦਾ ਦਾਨ ਮਿਲ ਰਿਹਾ ਸੀ ਪਰ ਲੈਣ ਵਾਲਾ ਅਕਲ ਦਾ ਕਟੋਰਾ ਛੋਟਾ ਸੀ।
ਮੈਲੇ ਕਟੋਰੇ ਵਿਚ ਸਵੱਛ ਵਸਤ ਵੀ ਮੈਲੀ ਹੋ ਜਾਂਦੀ ਹੈ।
ਦਾਨ ਵੀ ਸਹਿਯੋਗ ਅਤੇ ਸਹਾਇਤਾ ਨਾਲ ਮਿਲਦਾ ਜੁਲਦਾ ਸੰਕਲਪ ਹੈ ਪਰ ਤਾਨ ਵੱਖਰੇ ਸੁਭਾਓ ਵਾਲਾ ਸੰਕਲਪ ਹੈ। ਦਾਨ ਕਰਨਾ ਇਕ ਧਾਰਮਿਕ ਬਿਰਤੀ ਹੈ ਪਰ ਅਕਸਰ ਇਸ ਵਿਚ ਕੋਈ ਗਰਜ਼ ਲੁਕੀ ਹੁੰਦੀ ਹੈ।
ਦਾਨ ਦਾ ਸਬੰਧ ਅਗਲੇ ਜਨਮ ਨੂੰ ਸੁਧਾਰਨ ਨਾਲ ਹੈ। ਸੱਚੇ ਦਾਨ ਦੀ ਇਹ ਸ਼ਰਤ ਹੈ ਕਿ ਇਹ ਉਸ ਨੂੰ ਦਿਤਾ ਜਾਂਦਾ ਹੈ, ਜਿਸ ਨੂੰ ਅਸੀਂ ਜਾਣਦੇ ਨਹੀਂ ਹੁੰਦੇ।
ਦਾਨ ਉਹ ਸਹਾਇਤਾ ਹੈ ਜੋ ਦੇ ਕੇ ਭੁਲਾ ਦਿਤੀ ਜਾਂਦੀ ਹੈ।
ਦਾਨ ਦਾ ਗੁਪਤ ਹੋਣਾ ਇਸ ਦਾ ਬੁਨਿਆਦੀ ਗੁਣ ਹੈ।
ਦਸ ਕੇ, ਵਿਖਾ ਕੇ ਕੀਤਾ ਦਾਨ, ਦਾਨ ਨਹੀਂ ਭਿਖਿਆ ਹੈ।
ਦਾਨ ਲੈਣ ਵਾਲੇ ਨੂੰ ਦਾਨ ਦੇਣ ਵਾਲੇ ਦਾ ਪਤਾ ਹੁੰਦਾ ਹੈ ਪਰ ਦਾਨ ਦੇਣ ਵਾਲੇ ਨੂੰ ਲੈਣ ਵਾਲੇ ਦਾ ਪਤਾ ਨਹੀਂ ਹੁੰਦਾ।
ਦਾਨ ਅਕਸਰ ਮੰਗਤਿਆਂ ਲਈ ਹੁੰਦਾ ਹੈ।
ਹਿੰਦੂ ਧਰਮ ਵਿਚ ਦਾਨ ਦੀ ਮਹਿਮਾ ਹੈ।
ਵੈਦਿਕ ਕਾਲ ਦੀ ਇਕ ਕਥਾ ਹੈ ਕਿ ਇਕ ਵਾਰੀ ਇਕ ਰਿਸ਼ੀ ਦੀ ਤਪਸਿਆ ਤੋਂ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਕਿਹਾ : ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਹਾਂ। ਰਿਸ਼ੀ ਨੇ ਕਿਹਾ : ਸਭ ਕੁਝ ਹੈ, ਕਿਸੇ ਚੀਜ਼ ਦੀ ਲੋੜ ਨਹੀਂ, ਸੋਚਿਆ ਹੀ ਨਹੀਂ ਕਿ ਕਦੀ ਕਿਸੇ ਤੋਂ ਕੁਝ ਮੰਗਣਾ ਹੈ । ਪ੍ਰਮਾਤਮਾ ਨੇ ਕਿਹਾ: ਮੈਂ ਤੈਨੂੰ ਵਰ ਦਿੰਦਾ ਹਾਂ ਕਿ ਤੂੰ ਜਿਸ ਦੇ ਸਿਰ ਤੇ ਹੱਥ ਰਖੇਂਗਾ, ਉਸ ਦੀ ਮਨੋ-ਕਾਮਨਾ ਪੂਰੀ ਹੋਵੇਗੀ। ਰਿਸ਼ੀ ਨੇ ਸੋਚਿਆ, ਇਵੇਂ ਤਾਂ ਮੇਰੇ ਵਿਚ ਹੰਕਾਰ ਆ ਜਾਵੇਗਾ। ਸੋ ਉਸ ਨੇ ਪ੍ਰਮਾਤਮਾ ਨੂੰ ਕਿਹਾ : ਕਿਰਪਾ ਕਰਕੇ ਇਹ ਵਰ ਦਿਓ ਕਿ ਜਿਸ ਉਤੇ ਮੇਰਾ ਪ੍ਰਛਾਵਾਂ ਪਵੇ ਉਸ ਦੀ ਮਨੋ- ਕਾਮਨਾ ਪੂਰੀ ਹੋਵੇ ਪਰ ਮੈਨੂੰ ਉਸ ਦਾ ਚਿਹਰਾ ਵਿਖਾਈ ਨਾ ਦੇਵੇ ਤਾਂ ਕਿ ਮੈਨੂੰ ਪਤਾ ਹੀ ਨਾ ਲਗੇ ਕਿ ਮੈਂ ਕਿਸ ਕਿਸ ਦੀ ਕਾਮਨਾ ਪੂਰੀ ਕੀਤੀ ਹੈ ਅਤੇ ਕਿਸ ਕਿਸ ਉਤੇ ਪਰਉਪਕਾਰ ਕੀਤਾ ਹੈ।
ਸਹਿਯੋਗ-ਸਹਾਇਤਾ ਦੀ ਸਭ ਤੋਂ ਉੱਚੀ ਸਥਿਤੀ ਪਰਉਪਕਾਰ ਹੈ।
ਦਾਨ ਦਾ ਸਬੰਧ ਅਗਲੇ ਜਨਮ ਨਾਲ ਹੈ ਜਦੋਂ ਕਿ ਪਰਉਪਕਾਰ ਦਾ ਸਬੰਧ ਇਸੇ ਸੰਸਾਰ ਨਾਲ ਹੈ। ਪਰਉਪਕਾਰ ਦਾ ਸਬੰਧ ਅਕਸਰ ਅਗਲੀ ਪੀੜ੍ਹੀ ਜਾਂ ਭਵਿਖ ਨਾਲ ਹੁੰਦਾ ਹੈ।
ਪਰਉਪਕਾਰ ਕਰਨ ਵਾਲੇ ਆਪ ਕੁਝ ਅਰਸੇ ਮਗਰੋਂ ਚਲੇ ਜਾਂਦੇ ਹਨ ਪਰ ਉਨ੍ਹਾਂ ਦੇ ਪਰਉਪਕਾਰ ਦਾ ਫਲ ਆਉਣ ਵਾਲੀਆਂ ਕਈ ਪੀੜ੍ਹੀਆਂ ਮਾਣਦੀਆਂ ਹਨ। ਧਰਮਸ਼ਾਲਾਵਾਂ, ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ ਆਦਿ ਖੋਲ੍ਹਣਾ ਪਰਉਪਕਾਰੀ ਬਿਰਤੀ ਦਾ ਪ੍ਰਗਟਾਵਾ ਹਨ।
ਪਰਉਪਕਾਰ ਤਾਂ ਸਭ ਨੂੰ ਦਿਸਦਾ ਹੈ ਪਰ ਪਰਉਪਕਾਰ ਕਰਨਾ ਅਤੇ ਨਾ ਦਸਣਾ, ਖੁਦਾਈ ਹੈ, ਕਿਉਂਕਿ ਪ੍ਰਮਾਤਮਾ ਇਵੇਂ ਹੀ ਕਰਦਾ ਹੈ।
ਪਰਉਪਕਾਰ ਪ੍ਰਮਾਤਮਾ ਨੂੰ ਅਰਪਣ ਕੀਤੀ ਸੌਗਾਤ ਹੁੰਦੀ ਹੈ।
ਦਾਨ ਵਿਚ ਸੁਆਰਥ ਹੈ, ਮੰਗ ਹੈ ਪਰ ਪਰਉਪਕਾਰ, ਅਕਸਰ ਨਿਰਸੁਆਰਥ ਹੁੰਦਾ ਹੈ। ਬਹੁਤੇ ਲੋਕ ਪਰਉਪਕਾਰ ਆਰੰਭ ਕਰਕੇ ਦਾਨ ਕਰਨ ਲਗ ਪੈਂਦੇ ਹਨ।
ਦਾਨ ਦਾ ਆਕਾਰ ਛੋਟਾ ਹੈ, ਪਰਉਪਕਾਰ ਵੱਡੇ ਆਕਾਰ ਵਾਲਾ ਹੁੰਦਾ ਹੈ। ਵੱਡੇ ਆਕਾਰ ਦਾ ਹੋਣ ਕਰਕੇ ਪਰਉਪਕਾਰ ਦਾ ਪ੍ਰਭਾਵ ਵੀ ਵੱਡਾ ਅਤੇ ਵਿਸ਼ਾਲ ਹੁੰਦਾ ਹੈ। ਪਰਉਪਕਾਰ ਆਲੇ-ਦੁਆਲੇ ਵਿਚ ਖੁਸ਼ਹਾਲੀ ਫੈਲਾਉਣ ਦਾ ਉਪਰਾਲਾ ਹੁੰਦਾ ਹੈ।
ਅਸੀਂ ਉਤਨੇ ਹੀ ਖੁਸ਼ਹਾਲ ਹੋ ਸਕਦੇ ਹਾਂ, ਜਿਤਨੇ ਸਾਡੇ ਆਲੇ-ਦੁਆਲੇ ਦੇ ਲੋਕ ਖੁਸ਼ਹਾਲ ਹੋਣਗੇ।
ਵੇਖਿਆ ਗਿਆ ਹੈ ਕਿ ਅਸੀਂ ਆਪਣੀ ਕਮਾਈ ਨੂੰ ਸੰਜਮ ਨਾਲ ਖਰਚਦੇ ਹਾਂ ਜਦੋਂ ਕਿ ਦੂਜਿਆਂ ਤੋਂ ਮਿਲੇ ਧਨ ਨੂੰ ਖਰਚਣ ਵੇਲੇ ਬੜੇ ਉਦਾਰ ਹੋ ਜਾਂਦੇ ਹਾਂ।
ਬਹੁਤੇ ਲੋਕ ਮਦਦ ਵਿਚ ਮਿਲੀ ਰਾਸ਼ੀ ਨੂੰ ਉਨ੍ਹਾਂ ਚੀਜ਼ਾਂ ਉਤੇ ਖਰਚ ਕਰਦੇ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਵਿਖਾਉਣ ਲਈ ਖਰਚ ਕਰਦੇ ਹਨ, ਜਿਹੜੇ ਉਨ੍ਹਾਂ ਨੂੰ ਚੰਗੇ ਨਹੀਂ ਲਗਦੇ।
ਹਰ ਕੰਮ ਲਈ ਮਦਦ ਉਡੀਕਣਾ ਭੈੜੀ ਗਲ ਹੈ।
ਕੋਈ ਮਦਦ ਲੈਣ ਦੇ ਯੋਗ ਹੈ ਕਿ ਨਹੀਂ, ਜਾਣਨ ਵਾਸਤੇ ਇਕ ਸਾਦਾ ਜਿਹਾ ਢੰਗ ਹੈ ਕਿ ਵੇਖੋ ਉਹ ਜਾਗਦਾ ਕਿਸ ਵੇਲੇ ਹੈ ਅਤੇ ਆਪਣੇ ਸਮੇਂ ਨੂੰ ਵਰਤਦਾ ਕਿਵੇਂ ਹੈ। ਸੌਣ ਅਤੇ ਜਾਗਣ ਦਾ ਸਾਧਾਰਨ ਸਮਾਂ ਸਾਧਾਰਨ ਵਿਅਕਤੀਆਂ ਲਈ ਹੁੰਦਾ ਹੈ। ਜਿਹੜੇ ਸਵਖਤੇ ਜਾਗ ਕੇ ਮਿਹਨਤ ਰਾਹੀਂ ਵਕਤ ਦੀ ਸ਼ੁਭ ਵਰਤੋਂ ਕਰਦੇ ਹਨ ਉਹ ਹੀ ਮਦਦ ਦੇ ਹੱਕਦਾਰ ਹੁੰਦੇ ਹਨ।
ਜਿਹੜੇ ਧੁੱਪ ਚੜ੍ਹੀ ਤਕ ਸੁਤੇ ਰਹਿੰਦੇ ਹਨ, ਉਨ੍ਹਾਂ ਦੀ ਸਥਿਤੀ ਮਦਦ ਦੇ •ਬਾਵਜੂਦ ਨਹੀਂ ਸੁਧਰੇਗੀ।
ਅਜਿਹੇ ਵਿਅਕਤੀ ਦੀ ਮਦਦ ਕਰ ਕੇ ਪਛਤਾਵਾ ਹੋਵੇਗਾ।
ਬਚਪਨ, ਬੁਢਾਪਾ, ਬੀਮਾਰੀ, ਕਮਜ਼ੋਰੀ, ਇਕੱਲਤਾ, ਹਾਦਸਾ ਆਦਿ ਜ਼ਿੰਦਗੀ ਦਾ ਭਾਗ ਹਨ। ਅਸੀਂ ਇਨ੍ਹਾਂ ਸਾਰੀਆਂ ਸਥਿਤੀਆਂ ਵਿਚੋਂ ਲੰਘਣਾ ਹੈ, ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੁ ਜਦੋਂ ਸਾਨੂੰ ਲੋੜ ਪਵੇ ਤਾਂ ਸਹਿਯੋਗ ਮਿਲੇ ।
ਹਰ ਕਿਸੇ ਕੋਲ ਦੇਣ ਲਈ ਕੁਝ ਨਾ ਕੁਝ ਹੁੰਦਾ ਹੈ।
ਇਕ ਸਹਿਯੋਗੀ ਭਾਵਨਾ ਵਾਲਾ ਵਿਅਕਤੀ ਹਸਪਤਾਲ ਵਿਚ ਮਰੀਜ਼ਾਂ ਨੂੰ ਉਪਰੇਸ਼ਨ ਲਈ ਅੰਦਰ ਭੇਜਣ ਦਾ ਕੰਮ ਕਰਦਾ ਸੀ । ਜਿਸ ਨੂੰ ਅੰਦਰ ਭੇਜਦਾ ਸੀ, ਉਸ ਦੀ ਘਬਰਾਹਟ ਨੂੰ ਦੂਰ ਕਰਨ ਲਈ ਉਹ ਉਸ ਦੇ ਕੰਨ ਵਿਚ ਕਹਿੰਦਾ ਸੀ: ਜਿਹੋ ਜਿਹਾ ਤੁਹਾਡਾ ਉਪਰੇਸ਼ਨ ਹੋਣਾ ਹੈ, ਉਹੋ ਜਿਹਾ ਪਿਛਲੇ ਮਹੀਨੇ ਮੇਰਾ ਹੋਇਆ ਸੀ, ਵੇਖੋ, ਮੈਂ ਠੀਕ ਹੋ ਗਿਆ ਹਾਂ, ਤੁਸੀਂ ਵੀ ਠੀਕ ਹੋ ਜਾਵੋਗੇ।
ਅਨੁਭਵ ਕਹਿੰਦਾ ਹੈ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਸ ਵੇਲੇ ਸਾਡੇ ਵਿਚ ਕੋਈ ਲਾਲਚ, ਲਾਲਸਾ ਜਾਂ ਤਣਾਓ ਨਹੀਂ ਹੁੰਦਾ।
ਗਾਉਣ ਵਾਲੇ ਆਪਣੀ ਆਵਾਜ਼ ਨਾਲ, ਲਿਖਣ ਵਾਲੇ ਆਪਣੀ ਕਲਮ ਨਾਲ ਅਤੇ ਵਿਗਿਆਨੀ ਆਪਣੀਆਂ ਕਾਢਾਂ ਨਾਲ ਮਾਨਵ ਜਾਤੀ ਦੀ ਸੇਵਾ ਵੀ ਕਰਦੇ ਹਨ ਅਤੇ ਆਪਣੀ ਉਪਜੀਵਕਾ ਵੀ ਕਮਾਉਂਦੇ ਹਨ।
ਜੇ ਕੰਮ ਸੇਵਾ ਦੀ ਭਾਵਨਾ ਨਾਲ ਕੀਤਾ ਜਾਵੇ ਤਾਂ ਉਸ ਨਾਲ ਆਮਦਨ ਵੀ ਹੋਵੇਗੀ ਅਤੇ ਮਨ ਨੂੰ ਸ਼ਾਂਤੀ ਵੀ ਮਿਲੇਗੀ।
ਸੰਸਾਰ ਵਿਚ ਜੋ ਕੁਝ ਵੀ ਚੰਗਾ ਹੈ ਅਤੇ ਜਿਤਨੀ ਵੀ ਖੁਸ਼ੀ ਹੈ, ਉਹ ਦੂਜਿਆਂ ਵਲੋਂ ਰਖੇ ਧਿਆਨ, ਕੀਤੀਆਂ ਕੁਰਬਾਨੀਆਂ ਅਤੇ ਦਿਤੇ ਸਹਿਯੋਗ ਦਾ ਸਿੱਟਾ ਹੈ ਅਤੇ ਸੰਸਾਰ ਵਿਚ ਜਿਤਨਾ ਦੁੱਖ ਹੈ ਉਹ ਸੇਵਾ-ਸਹਾਇਤਾ ਦੀ ਅਣਹੋਂਦ ਵਿਚੋਂ ਉਪਜੇ ਸੁਆਰਥ ਕਾਰਨ ਹੈ।
ਸੇਵਾ, ਸਹਿਯੋਗ ਅਤੇ ਸਹਾਇਤਾ ਖੁਸ਼ਹਾਲੀ ਦੇ ਸੰਦੇਸ਼ ਹਨ।
ਆਵਾਜ਼ ਅਤੇ ਗੂੰਜ
ਪੁਰਸ਼ ਉਦੋਂ ਤਕ ਇਸਤਰੀ ਦਾ ਪਿੱਛਾ ਕਰਦਾ ਹੈ ਜਦੋਂ ਤਕ ਉਹ ਉਸ ਨੂੰ ਫੜ ਨਹੀਂ ਲੈਂਦੀ।
ਇਸਤਰੀਆਂ ਜਾਣਦੀਆਂ ਹਨ ਕਿ ਪੁਰਸ਼ਾਂ ਨੂੰ ਧਿਆਨ ਨਾਲ ਸੁਣਨਾ, ਆਪਣੀ ਗਲ ਮਨਵਾਉਣ ਵਿਚ ਸਹਾਈ ਹੁੰਦਾ ਹੈ।
ਪੁਰਸ਼ ਅੰਦਰ ਇਸਤਰੀ ਲਈ ਤਾਂਘ ਅਤੇ ਇਸਤਰੀ ਵਿਚ ਪੁਰਸ਼ ਲਈ ਖਿੱਚ ਵਾਸਤਵ ਵਿਚ ਜ਼ਿੰਦਗੀ ਦੀ ਤਾਂਘ ਦੇ ਰੰਗ ਹਨ।
ਇਹ ਤਾਂਘ ਹਰ ਜੀਵ-ਜੰਤੂ ਵਿਚ ਹੁੰਦੀ ਹੈ।
ਅਸੀਂ ਜ਼ਿੰਦਗੀ ਨਹੀਂ ਜਿਉਂਦੇ, ਜ਼ਿੰਦਗੀ ਸਾਡੇ ਰਾਹੀਂ ਜਿਉਂਦੀ ਹੈ ਅਤੇ ਇਵੇਂ ਜ਼ਿੰਦਗੀ ਅਤੇ ਸੰਸਾਰ ਦਾ ਪਹੀਆ ਅਗੇ ਚਲਦਾ ਹੈ।
ਜਿਸ ਨਾਲ ਸਾਨੂੰ ਪਿਆਰ ਹੋ ਜਾਂਦਾ ਹੈ, ਉਸ ਦਾ ਚਿਹਰਾ ਸਾਡੇ ਲਈ ਸਾਰਾ ਸੰਸਾਰ ਬਣ ਜਾਂਦਾ ਹੈ, ਉਹ ਇਕ ਵਿਅਕਤੀ ਨਹੀਂ ਰਹਿੰਦਾ, ਉਹ ਇਕ ਖਿਆਲ ਬਣ ਜਾਂਦਾ ਹੈ, ਜਿਸ ਨੂੰ ਅਸੀਂ ਸੋਚਦੇ-ਚਿਤਵਦੇ ਰਹਿੰਦੇ ਹਾਂ।
ਉਹ ਇਕ ਦ੍ਰਿਸ਼ ਬਣ ਜਾਂਦਾ ਹੈ, ਜਿਸ ਨੂੰ ਅਸੀਂ ਕਲਪਨਾ ਦੀ ਅੱਖ ਨਾਲ ਨਿਹਾਰਦੇ ਰਹਿੰਦੇ ਹਾਂ।
ਉਹ ਹਵਾ ਵਿਚ ਘੁਲ ਜਾਂਦਾ ਹੈ, ਜਿਸ ਦਾ ਅਸੀਂ ਸਾਹ ਲੈਂਦੇ ਹਾਂ।
ਪਿਆਰ ਵਾਂਗ ਹੀ ਹਰੇਕ ਚੀਜ਼ ਪ੍ਰਤੀ ਇਸਤਰੀ ਅਤੇ ਪੁਰਸ਼ ਦੇ ਦ੍ਰਿਸ਼ਟੀਕੋਣਾਂ ਵਿਚ ਵੱਖਰੇਵਾਂ ਹੁੰਦਾ ਹੈ।
ਇਹ ਵੱਖਰੇਵਾਂ ਆਵਾਜ਼ ਅਤੇ ਗੂੰਜ ਵਰਗਾ ਹੈ।
ਸਾਡੀ ਆਪਣੀ ਖੁਸ਼ੀ ਸਾਡੀ ਜ਼ਿੰਦਗੀ ਦਾ ਉਦੇਸ਼ ਨਹੀਂ ਹੋਣੀ ਚਾਹੀਦੀ। ਇਸਤਰੀਆਂ ਇਸ ਨੇਮ ਤੇ ਨਿਪੁੰਨਤਾ ਨਾਲ ਅਮਲ ਕਰਦੀਆਂ ਹਨ।
ਇਸਤਰੀ ਇਤਨੀ ਮੁਹੱਬਤ ਕਰਦੀ ਹੈ ਕਿ ਪੁਰਸ਼ ਇਕੱਲਾ ਰਹਿਣ ਜੋਗਾ ਹੀ ਨਹੀਂ ਰਹਿੰਦਾ। ਪ੍ਰੇਮਿਕਾ ਦੀ ਮੁਸਕ੍ਰਾਹਟ ਤੋਂ ਪਹਿਲਾਂ ਉਹ ਆਮ ਜਿਹਾ ਆਦਮੀ, ਮੁਸਕ੍ਰਾਹਟ ਉਪਰੰਤ ਆਪਣੇ ਆਪ ਨੂੰ ਸੰਸਾਰ ਦਾ ਕੇਂਦਰ ਸਮਝਣ ਲਗ ਪੈਂਦਾ ਹੈ।
ਭਾਵੇਂ ਕਾਨੂੰਨ ਨੇ ਇਸਤਰੀਆਂ ਨੂੰ ਬਹੁਤੇ ਹੱਕ ਨਹੀਂ ਦਿਤੇ ਪਰ ਕੁਦਰਤ ਨੇ ਇਸਤਰੀ ਨੂੰ ਸਾਰੇ ਅਧਿਕਾਰ ਦਿਤੇ ਹੋਏ ਹਨ।
ਇਸਤਰੀ ਨੂੰ ਜਦੋਂ ਕਿਸੇ ਪੁਰਸ਼ ਨਾਲ ਪਿਆਰ ਹੋ ਜਾਵੇ ਤਾਂ ਉਹ ਚੁੱਪ ਹੋ ਜਾਂਦੀ ਹੈ ਜਦੋਂ ਕਿ ਪੁਰਸ਼ ਚੁੱਪ ਹੀ ਨਹੀਂ ਕਰਦਾ।
ਇਸਤਰੀ ਦੇ ਪਿਆਰ ਦਾ ਆਕਾਰ ਇਕ ਮਹਾਂਕਾਵਿ ਜਿਤਨਾ ਹੁੰਦਾ ਹੈ, ਜਦੋਂ ਕਿ ਪੁਰਸ਼ ਦੇ ਪਿਆਰ ਦਾ ਆਕਾਰ ਇਕ ਮੁਹਾਵਰੇ ਜਿਤਨਾ ਹੁੰਦਾ ਹੈ। ਪਿਆਰ ਇਕ ਅਜਿਹੀ ਖੇਡ ਹੈ ਜਿਸ ਵਿਚ ਦੋਵੇਂ ਜਿੱਤਦੇ ਹਨ ਜਾਂ ਦੋਵੇਂ ਹਾਰਦੇ ਹਨ।
ਜਦੋਂ ਪਿਆਰ ਹੁੰਦਾ ਹੈ ਤਾਂ ਚਮਕੀਲੀ ਦੁਨੀਆ ਦੇ ਦਰਵਾਜ਼ੇ ਖੁਲ੍ਹ ਜਾਂਦੇ ਹਨ।
ਅਸੀਂ ਪਿਆਰ ਇਸ ਲਈ ਕਰਦੇ ਹਾਂ ਤਾਂ ਕਿ ਕੋਈ ਮਿਲ ਜਾਵੇ ਜਿਸ ਨਾਲ ਹਰੇਕ ਗਲ ਕੀਤੀ ਜਾ ਸਕੇ।
ਸਾਨੂੰ ਮਿਲਣ ਵਾਲੇ ਬਹੁਤੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨਾਲ ਅਸੀਂ ਸਿਆਣੀਆਂ ਗਲਾਂ ਹੀ ਕਰ ਸਕਦੇ ਹਾਂ, ਜਦੋਂ ਕਿ ਸਾਰੀਆਂ ਗਲਾਂ ਕਰਨ ਵਾਸਤੇ ਕਿਸੇ ਹੋਰ ਦੀ ਲੋੜ ਹੁੰਦੀ ਹੈ।
ਸੰਸਾਰ ਭਰ ਦੀਆਂ ਇਸਤਰੀਆਂ ਕੋਲ ਅੱਖਾਂ ਦੀ ਇਕ ਸ਼ਾਰਟ-ਹੈਂਡ ਹੁੰਦੀ ਹੈ ਜਿਸ ਰਾਹੀਂ ਉਹ ਇਕੋ ਝਾਤ ਨਾਲ ਸਭ ਕੁਝ ਦਰਜ ਕਰ ਲੈਂਦੀਆਂ ਹਨ।
ਇਸਤਰੀ ਦਾ ਬਾਹਰੀ ਰੂਪ ਦ੍ਰਿਸ਼ਮਈ ਅਤੇ ਵਿਹਾਰ ਨਾਟਕੀ ਹੁੰਦਾ ਹੈ, ਜਦੋਂ ਕਿ ਪੁਰਸ਼ ਬਾਹਰੋਂ ਸਾਧਾਰਨ ਅਤੇ ਅੰਦਰੋਂ ਗੁੰਝਲਦਾਰ ਹੁੰਦਾ ਹੈ।
ਇਸਤਰੀ ਕਵਿਤਾ ਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਵਿਆਹ ਕਿਸੇ ਨਾਵਲ ਨਾਲ ਹੋ ਜਾਵੇ ਪਰ ਵਿਆਹ ਉਸ ਦਾ ਅਕਸਰ ਕਿਸੇ ਪਹਾੜੇ ਜਾਂ ਅਲਜਬਰੇ ਨਾਲ ਹੋ ਜਾਂਦਾ ਹੈ।
ਇਸਤਰੀ ਨੂੰ ਆਪਣੀ ਭਰਮਾਉਣ ਦੀ ਸ਼ਕਤੀ ‘ਤੇ ਬੜਾ ਮਾਣ ਹੁੰਦਾ ਹੈ ਪਰ ਜਦੋਂ ਚਾਹੁਣ ਦੇ ਬਾਵਜੂਦ ਉਹ ਕਿਸੇ ਪੁਰਸ਼ ਨੂੰ ਭਰਮਾ ਨਹੀਂ ਸਕਦੀ ਤਾਂ ਅਜਿਹੇ ਪੁਰਸ਼ ਨੂੰ ਉਹ ਅਕਸਰ ਨਫ਼ਰਤ ਕਰਦੀ ਹੈ।
ਇਸਤਰੀਆਂ ਦੇ ਮੁਕਾਬਲੇ ਪੁਰਸ਼ ਬਹਿਸ ਅਤੇ ਵਿਸ਼ਲੇਸ਼ਣ ਕਰਨ ਵਿਚ ਵਧੇਰੇ ਮਾਹਿਰ ਹੁੰਦੇ ਹਨ ਜਦੋਂ ਕਿ ਇਸਤਰੀਆਂ ਨਿਚੋੜ ਕੱਢਣ ਵਿਚ ਨਿਪੁੰਨ ਹੁੰਦੀਆਂ ਹਨ।
ਗੰਭੀਰ ਇਸਤਰੀ, ਖੁਸ਼ ਰਹਿਣੇ ਪੁਰਸ਼ ਨਾਲ ਵਿਆਹੇ ਜਾਣ ਤੇ ਦੁੱਖੀ ਹੁੰਦੀ ਹੈ ਕਿਉਂਕਿ ਅਜਿਹਾ ਪਤੀ ਬਾਹਰਲਿਆਂ ਲਈ ਹੁੰਦਾ ਹੈ, ਘਰ ਲਈ ਨਹੀਂ। ਦੂਜੇ ਪਾਸੇ ਗੰਭੀਰ ਪੁਰਸ਼ ਘਰ ਵਿਚ ਸਦਾ ਹਾਜ਼ਰ ਅਤੇ ਖੁਸ਼-ਰਹਿਣੀ ਪਤਨੀ ਨਾਲ ਮੌਜਾਂ ਮਾਣਦਾ ਹੈ।
ਪੁਰਸ਼ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਹਨ ਪਰ ਘਰ ਦੇ ਅੰਦਰ ਉਨ੍ਹਾਂ ਦਾ ਵਿਹਾਰ ਅਕਸਰ ਮੂਰਖਾਂ ਵਾਲਾ ਹੁੰਦਾ ਹੈ।
ਘਰੋਂ ਬਾਹਰ, ਇਸਤਰੀ ਨੂੰ ਅਕਸਰ ਕਿਸੇ ਪੁਰਸ਼ ਦੀ ਅਗਵਾਈ ਦੀ ਲੋੜ ਪੈਂਦੀ ਹੈ। ਘਰੋਂ ਬਾਹਰ, ਪੁਰਸ਼ਾਂ ਨੂੰ ਇਸਤਰੀਆਂ ਵਲ ਵੇਖਣ ਦੀ ਆਦਤ ਹੁੰਦੀ ਹੈ।
ਪਿਆਰ ਕਰਨ ਅਤੇ ਪਿਆਰ ਕੀਤੇ ਜਾਣ ਦੀ ਇੱਛਾ ਸਾਡੀ ਸਿਹਤ ਦੇ ਠੀਕ ਹੋਣ ਦੀ ਨਿਸ਼ਾਨੀ ਹੁੰਦੀ ਹੈ।
ਪਿਆਰ ਦਾ ਜਵਾਨੀ ਨਾਲ ਸਿੱਧਾ ਸਬੰਧ ਹੈ, ਕਿਉਂਕਿ ਪਿਆਰ ਕਰਨਾ ਅਤੇ ਆਪਣੇ ਆਪ ਨੂੰ ਜਵਾਨ ਮਹਿਸੂਸ ਨਾ ਕਰਨਾ ਅਸੰਭਵ ਜਿਹੀ ਗਲ ਹੈ। ਅੰਦਰੋਂ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਨ ਦੀ ਤਾਂਘ ਹੀ ਸਾਨੂੰ ਇਕ ਦੂਜੇ ਦੇ ਸੰਪਰਕ ਵਿਚ ਲਿਆਉਂਦੀ ਹੈ।
ਪਿਆਰ ਵਿਚ ਕੰਵਾਰੇ ਵੀ ਵਿਆਹੇ ਹੋਏ ਮਹਿਸੂਸ ਕਰਦੇ ਹਨ।
ਪਿਆਰ ਵਿਚ ਅਸੂਲ ਨਹੀਂ ਹੁੰਦੇ ਕਿਉਂ ਕਿ ਪਿਆਰ ਸਾਰੇ ਅਸੂਲ ਤੋੜ ਕੇ ਕੀਤਾ ਜਾਂਦਾ ਹੈ। ਇਸਤਰੀ ਅਤੇ ਪੁਰਸ਼ ਦੋਹਾਂ ਲਈ ਪਹਿਲਾ ਪਿਆਰ ਇਸ ਲਈ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਪਹਿਲੇ ਪਿਆਰ ਵਿਚ ਹਰ ਕੋਈ ਇਹ ਭਰਮ ਪਾਲਦਾ ਹੈ ਕਿ ਇਹ ਪਿਆਰ ਸਦੀਵੀ ਹੈ, ਇਹ ਕਦੇ ਨਹੀਂ ਮੁੱਕੇਗਾ। ਦੂਜੇ ਜਾਂ ਤੀਜੇ ਪਿਆਰ ਵਿਚ ਇਹ ਭਰਮ ਨਹੀਂ ਹੁੰਦਾ।
ਪਿਆਰ ਇਸਤਰੀ ਦਾ ਖੇਤਰ ਹੈ, ਇਸ ਉਦੇਸ਼ ਅਧੀਨ ਹੀ ਉਹ ਬਣਦੀ- ਸੰਵਰਦੀ ਹੈ। ਇਸਤਰੀ ਜਾਣਦੀ ਹੈ ਕਿ ਪੁਰਸ਼ ਉਸ ਲਈ ਤਾਂਘਦਾ ਹੈ ਅਤੇ ਉਹ ਚਾਹੁੰਦੀ ਹੈ ਕਿ ਪੁਰਸ਼ ਉਸ ਲਈ ਤਾਂਘਦਾ ਰਹੇ।
ਜਦੋਂ ਪ੍ਰਸੰਨ-ਚਿਤ ਵਾਲੀ ਇਸਤਰੀ ਬਣ-ਸੰਵਰ ਕੇ ਆਪਣੇ ਆਪ ਨੂੰ ਸ਼ੀਸ਼ੇ ਵਿਚ ਵੇਖਦੀ ਹੈ ਤਾਂ ਆਪਣੇ ਆਪ ਨੂੰ ਵੇਖ ਕੇ ਆਪ ਵੀ ਹੈਰਾਨ ਹੁੰਦੀ ਹੈ ਪਰ ਇਹ ਵੀ ਸੱਚ ਹੈ ਕਿ ਜਿਹੜੀ ਇਸਤਰੀ ਆਪਣੇ ਆਪ ਬਾਰੇ ਅਤੇ ਆਪਣੇ ਚਿਹਰੇ ਬਾਰੇ ਵਧੇਰੇ ਸੁਚੇਤ ਹੋਵੇਗੀ, ਉਹ ਘਰ ਬਾਰੇ ਉਤਨੀ ਹੀ ਲਾਪ੍ਰਵਾਹ ਹੋਵੇਗੀ । ਘਰ ਨੂੰ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਵਿਚੋਂ ਇਕ, ਘਰ ਨੂੰ ਆਪਣੀ ਜ਼ਿੰਮੇਵਾਰੀ ਅਤੇ ਕਰਮਭੂਮੀ ਮੰਨੇ ਪਰ ਅਜੋਕੀ ਇਸਤਰੀ ਘਰ ਨੂੰ ਆਪਣੀ ਕਰਮਭੂਮੀ ਮੰਨਣ ਦੀ ਥਾਂ ਆਪਣੀ ਹੇਠੀ ਸਮਝਣ ਲਗ ਪਈ ਹੈ, ਇਸੇ ਕਰਕੇ ਘਰ ਟੁੱਟ ਰਹੇ ਹਨ ਅਤੇ ਬੱਚੇ ਕੁਰਾਹੇ ਪੈ ਰਹੇ ਹਨ। ਨਿਰਸੰਦੇਹ ਘਰ ਦਾ ਕੰਮ ਅਕਾਊ, ਬਕਾਊ ਅਤੇ ਦੁਹਰਾਊ ਹੋਣ ਦੇ ਨਾਲ ਨਾਲ ਇਸਤਰੀ ਦੇ ਮਹੱਤਵ ਨੂੰ ਵੀ ਘਟਾਉਂਦਾ ਹੈ। ਇਹ ਇਕ ਸਮਾਜਿਕ ਸਚਾਈ ਹੈ ਕਿ ਜੋ ਕੁਝ ਵੀ ਇਸਤਰੀ ਨਾਲ ਜੁੜ ਜਾਂਦਾ ਹੈ ਉਹ ਸਮਾਜਿਕ ਅਤੇ ਆਰਥਿਕ ਪਖੋਂ ਨੀਵਾਂ ਹੋ ਜਾਂਦਾ ਹੈ। ਗਲਤ ਜਾਂ ਠੀਕ, ਇਸਤਰੀ ਨੇ ਆਪਣੀ ਸੋਚ ਵਿਚ ਇਹ ਗਲ ਬੈਠਾ ਲਈ ਹੈ ਕਿ ਸਫਲ ਹੋਣ ਲਈ ਪੁਰਸ਼ ਜਾਂ ਪੁਰਸ਼ ਵਰਗਾ ਹੋਣਾ ਜ਼ਰੂਰੀ ਹੈ, ਇਸੇ ਲਈ ਅਜੋਕੀ ਇਸਤਰੀ ਪੁਰਸ਼ ਦੇ ਬਰਾਬਰ ਹੋਣ ਦਾ ਸਿਰਤੋੜ ਯਤਨ ਕਰ ਰਹੀ ਹੈ।
ਰਾਜਨੀਤੀ ਜਾਂ ਵਪਾਰ ਵਿਚ ਉੱਚੀਆਂ ਪਦਵੀਆਂ ਵਾਲੇ ਪੁਰਸ਼ ਸਫਲ ਵਿਆਹਿਆ ਜੀਵਨ ਗੁਜ਼ਾਰ ਰਹੇ ਹਨ ਜਦੋਂ ਕਿ ਉੱਚੀਆਂ ਪਦਵੀਆਂ ਤੇ ਲਗੀਆਂ ਇਸਤਰੀਆਂ ਵਿਚੋਂ ਬਹੁਤੀਆਂ ਜਾਂ ਅਣਵਿਆਹੀਆਂ ਹਨ ਜਾਂ ਤਲਾਕਸ਼ੁਦਾ ਜਾਂ ਵਿਧਵਾਵਾਂ ਹਨ। ਅਜੋਕੇ ਸਮਾਜ ਵਿਚ ਇਸਤਰੀ-ਪੁਰਸ਼ ਸਬੰਧਾਂ ਦੀ ਸਮੱਸਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਸਮੱਸਿਆ ਤਾਂ ਹਮੇਸ਼ਾ ਰਹੀ ਹੈ ਪਰ ਇਸ ਦੀ ਚਰਚਾ ਹੁਣ ਹੋਣ ਲਗੀ ਹੈ।
ਕਿਹਾ ਜਾਂਦਾ ਹੈ ਰੋਂਦਾ ਪੁਰਸ਼ ਅਤੇ ਹੱਸਦੀ ਇਸਤਰੀ ਵਿਸ਼ਵਾਸਯੋਗ ਨਹੀਂ ਹੁੰਦੇ। ਰੋਣਾ ਇਸਤਰੀ ਦਾ ਖੇਤਰ ਸਮਝਿਆ ਜਾਂਦਾ ਹੈ।
ਹੱਸਮੁਖ ਹੋਣਾ, ਹੱਸਣ ਨਾਲੋਂ ਵਖਰੀ ਗਲ ਹੈ।
ਪੁਰਸ਼ ਇਤਨਾ ਨਿਆਸਰਾ ਕਦੇ ਨਹੀਂ ਹੁੰਦਾ ਕਿ ਉਹ ਰੋਣ ਲਗ ਪਵੇ ਅਤੇ ਇਸਤਰੀ ਇਤਨੀ ਖੁਸ਼ ਕਦੇ ਨਹੀਂ ਹੁੰਦੀ ਕਿ ਉਹ ਅਜਨਬੀਆਂ ਦੇ ਸਾਹਮਣੇ ਹੱਸਣ ਲਗ ਪਵੇ। ਇਸਤਰੀ-ਪੁਰਸ਼ ਸਬੰਧਾਂ ਵਿਚ ਇਕ ਪੜਾਓ ਆਉਂਦਾ ਹੈ ਜਦੋਂ ਪੁਰਸ਼ ਚਾਹੁੰਦਾ ਹੈ ਕਿ ਇਸਤਰੀ ਉਸ ਸਾਹਮਣੇ ਖੁਲ੍ਹ ਜਾਵੇ ਤੇ ਬੇਪ੍ਰਵਾਹ ਹੋ ਜਾਵੇ ਪਰ ਇਸ ਪੜਾਓ ਤੇ ਹੀ ਇਸਤਰੀ ਸੁੰਗੜ ਜਾਂਦੀ ਹੈ ਅਤੇ ਆਪਣੇ ਆਪ ਬਾਰੇ ਸੁਚੇਤ ਹੋ ਜਾਂਦੀ ਹੈ ਅਤੇ ਹਰ ਗਲ ਨੂੰ ਨਾਪਣ-ਤੋਲਣ ਲਗ ਪੈਂਦੀ ਹੈ।
ਇਸਤਰੀ ਦੇ ਜੀਵਨ ਦਾ ਨਿਸ਼ਾਨਾ ਕੋਈ ਹੋਵੇ, ਉਸ ਲਈ ਵਿਆਹ ਇਕ ਮਹੱਤਵਪੂਰਨ ਉਦੇਸ਼ ਹੁੰਦਾ ਹੈ। ਇਸਤਰੀ ਚਾਹੁੰਦੀ ਹੈ ਕਿ ਜਿਸ ਨਾਲ ਉਸ ਨੇ ਰਹਿਣਾ ਹੈ ਉਹ ਉਸ ਨੂੰ ਮਿਲ ਜਾਵੇ ।
ਇਕ ਵਾਰੀ ਕਲਾਸ ਵਿਚ ਬਹਿਸ ਕਰਵਾਈ ਗਈ ਸੀ ਕਿ ਪ੍ਰੇਮ-ਵਿਆਹ ਜਾਂ ਵਿਉਂਤੇ ਗਏ ਵਿਆਹ ਵਿਚੋਂ ਕਿਹੜਾ ਚੰਗੇਰਾ ਹੈ ਤਾਂ ਇਕ ਵਿਦਿਆਰਥਣ ਨੇ ਕਿਹਾ ਸੀ: ਭਾਵੇਂ ਪ੍ਰੇਮ-ਵਿਆਹ ਹੋਵੇ ਭਾਵੇਂ ਵਿਉਂਤਿਆ ਵਿਆਹ, ਮੈਂ ਚਾਹੁੰਦੀ ਹਾਂ ਕਿ ਮੇਰਾ ਵਿਆਹ ਹੋ ਜਾਵੇ।
ਪਿਆਰ ਵਿਚ ਇਸਤਰੀ ਅਤੇ ਪੁਰਸ਼ ਦੋਵੇਂ ਵਿਸ਼ੇਸ਼ਣਾਂ ਵਾਲੀ ਭਾਸ਼ਾ ਬੋਲਦੇ ਹਨ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਤੋਹਫੇ ਦਿੰਦੀਆਂ ਹਨ, ਵਧੇਰੇ ਲੰਮੇ ਖ਼ਤ ਲਿਖਦੀਆਂ ਹਨ, ਗਿਲੇ ਸ਼ਿਕਵੇ ਬਹੁਤੇ ਅਤੇ ਗਲਬਾਤ ਲੰਮੀ ਕਰਦੀਆਂ ਹਨ।
ਪਿਆਰ ਵਿਚ ਦੋਵੇਂ ਧਿਰਾਂ ਨੂੰ ਉਦਾਸ ਹੋਣ ਦੀ ਜਾਚ ਆ ਜਾਂਦੀ ਹੈ ਅਤੇ ਦੋਵੇਂ ਧਿਰਾਂ ਕਾਵਿਕ ਹੋ ਜਾਂਦੀਆਂ ਹਨ।
ਕਿਸੇ ਨੇ ਕਿਹਾ ਸੀ: ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ ਤਾਂ ਇਤਨੀ ਨਿੱਕੀ ਜਿਹੀ ਗਲ ਤੇ ਕਿਉਂ ਨਾਰਾਜ਼ ਕਰੀਏ।
ਪਿਆਰ ਵਿਚ ਕੁਰਬਾਨੀ ਅਤੇ ਤਿਆਗ ਦੀ ਭਾਵਨਾ ਬਲਵਾਨ ਹੋ ਜਾਂਦੀ ਹੈ।
ਪੁਰਸ਼ ਦੇ ਮੁਕਾਬਲੇ ਇਸਤਰੀ ਦਾ ਮਨੋਵਿਸ਼ਲੇਸ਼ਣ ਕਰਨਾ ਵਧੇਰੇ ਮੁਸ਼ਕਿਲ ਹੁੰਦਾ ਹੈ। ਪਿਆਰ ਵਿਚ ਪੁਰਸ਼ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਚਾਹੁੰਦੀ ਕੀ ਹੈ। ਸਮਝਣ ਵਾਲੀ ਗਲ ਇਹ ਹੈ ਕਿ ਇਸਤਰੀ ਦੀਆਂ ਸਰੀਰਕ ਸਮੱਸਿਆਵਾਂ ਅਤੇ ਸਮਾਜਿਕ ਦਬਾਓ ਉਸ ਦੇ ਵਿਹਾਰ ਵਿਚ ਸੰਤੁਲਨ ਵਿਗਾੜ ਦਿੰਦੇ ਹਨ। ਇਸਤਰੀ ਚਾਹੁੰਦੀ ਕੀ ਹੈ? ਇਸ ਸਮੱਸਿਆ ਨੂੰ ਅਜੇ ਮਨੋਵਿਗਿਆਨੀ ਵੀ ਨਹੀਂ ਨਜਿੱਠ ਸਕੇ। ਇਕ ਲੋਕ-ਕਥਾ ਅਨੁਸਾਰ, ਇਕ ਵਾਰੀ ਇਕ ਰਾਜੇ ਨੇ ਉਸ ਵਿਅਕਤੀ ਨੂੰ ਇਨਾਮ ਦੇਣ ਦਾ ਐਲਾਨ ਕੀਤਾ, ਜਿਹੜਾ ਦਸ ਸਕੇ ਕਿ ਆਖਰ ਇਸਤਰੀ ਚਾਹੁੰਦੀ ਕੀ ਹੈ? ਇਕ ਕੈਦੀ ਨੇ ਕਿਹਾ : ਮੇਰੀ ਕੈਦ ਮੁਆਫ਼ ਕਰਕੇ ਇਕ ਸਾਲ ਦਾ ਸਮਾਂ ਦਿਤਾ ਜਾਵੇ ਮੈਂ ਜਵਾਬ ਦੇਵਾਂਗਾ। ਮੋਹਲਤ ਦੇ ਦਿਤੀ ਗਈ । ਉਸ ਕੈਦੀ ਨੇ ਸਭ ਢੰਗਾਂ ਨਾਲ ਜਾਣਨ ਦਾ ਯਤਨ ਕੀਤਾ ਪਰ ਕੋਈ ਸੰਤੋਖਜਨਕ ਉੱਤਰ ਨਾ ਮਿਲਿਆ। ਆਖਰ ਜਦੋਂ ਸਾਲ ਮੁੱਕਣ ਵਿਚ ਕੁਝ ਦਿਨ ਹੀ ਰਹਿ ਗਏ ਤਾਂ ਉਸ ਨੂੰ ਕਿਸੇ ਨੇ ਇਕ ਚੁੜੇਲ ਦੀ ਦਸ ਪਾਈ, ਜਿਹੜੀ ਇਸ ਗੱਲ ਦਾ ਜਵਾਬ ਦੇ ਸਕਦੀ ਸੀ । ਉਹ ਉੱਥੇ ਗਿਆ, ਚੁੜੇਲ ਨੇ ਸ਼ਰਤ ਰਖੀ ਕਿ ਜਵਾਬ ਲੈਣ ਲਈ ਉਸ ਨੂੰ ਉਸ ਨਾਲ ਵਿਆਹ ਕਰਵਾਉਣਾ ਪਵੇਗਾ। ਉਹ ਸੋਚੀਂ ਪੈ ਗਿਆ, ਸਾਰੀ ਰਾਤ ਸੋਚਦਾ ਰਿਹਾ ਕਿ ਚੁੜੇਲ ਨਾਲ ਵਿਆਹ ਕਰਵਾਵਾਂ ਕਿ ਕੈਦ ਭੁਗਤਾਂ! ਆਖਰ ਉਸ ਨੇ ਨਿਰਣਾ ਕੀਤਾ ਕਿ ਉਹ ਵਿਆਹ ਕਰਵਾਏਗਾ। ਇਹ ਫੈਸਲਾ ਜਦੋਂ ਉਸ ਚੁੜੇਲ ਨੂੰ ਦਸਣ ਲਈ ਪਹੁੰਚਿਆ ਤਾਂ ਅਗੇ ਪਰੀ ਵਰਗੀ ਇਕ ਇਸਤਰੀ ਬੈਠੀ ਹੋਈ ਸੀ । ਉਸੇ ਨੇ ਦਸਿਆ ਕਿ ਉਹ ਉਹੀ ਚੁੜੇਲ ਸੀ। ਪੁਰਸ਼ ਵਲੋਂ ਵਿਆਹ ਕਰਵਾਉਣ ਦਾ ਫੈਸਲਾ ਸੁਣ ਕੇ ਚੁੜੇਲ ਨੇ ਕਿਹਾ: ਮੈਂ ਬਾਰ੍ਹਾਂ ਘੰਟੇ ਪਰੀ ਵਾਂਗ ਹੋਇਆ ਕਰਾਂਗੀ ਅਤੇ ਬਾਰ੍ਹਾਂ ਘੰਟੇ ਚੁੜੇਲ, ਤੂੰ ਦਸ ਮੈਂ ਕਦੋਂ ਪਰੀ ਹੋਇਆ ਕਰਾਂ ਅਤੇ ਕਦੋਂ ਚੁੜੇਲ ? ਉਹ ਵਿਅਕਤੀ ਫਿਰ ਸੋਚਾਂ ਵਿਚ ਪੈ ਗਿਆ ਕਿ ਜੇ ਦਿਨ ਵੇਲੇ ਪਰੀ ਹੋਈ ਤਾਂ ਰਾਤ ਔਖੀ ਗੁਜ਼ਰੇਗੀ ਜੇ ਰਾਤ ਵੇਲੇ ਪਰੀ ਹੋਈ ਤਾਂ ਦਿਨ ਕਿਵੇਂ ਗੁਜ਼ਰੇਗਾ? ਆਖਰ ਉਹ ਚੁੜੇਲ ਕੋਲ ਗਿਆ ਤੇ ਉਸ ਨੂੰ ਕਿਹਾ : ਤੂੰ ਆਪਣੀ ਮਰਜ਼ੀ ਕਰ, ਜਦੋਂ ਤੇਰਾ ਦਿਲ ਕਰੇ ਚੁੜੇਲ ਬਣ ਜਾਈਂ, ਜਦੋਂ ਤੇਰਾ ਦਿਲ ਕਰੇ ਤੂੰ ਪਰੀ ਬਣ ਜਾਈਂ। ਉਸ ਇਸਤਰੀ ਨੇ ਕਿਹਾ : ਤੂੰ ਮੈਨੂੰ ਆਪਣੀ ਮਰਜ਼ੀ ਕਰਨ ਦੀ ਖੁਲ੍ਹ ਦਿਤੀ ਹੈ ਸੋ ਮੈਂ ਫੈਸਲਾ ਕੀਤਾ ਹੈ ਕਿ ਮੈਂ ਦਿਨ-ਰਾਤ ਪਰੀ ਬਣ ਕੇ ਹੀ ਰਿਹਾ ਕਰਾਂਗੀ। ਤੇਰੀ ਗਲ ਦਾ, ਰਾਜੇ ਦੇ ਸਵਾਲ ਦਾ, ਜਵਾਬ ਇਹ ਹੈ ਕਿ ਇਸਤਰੀ ਆਪਣੀ ਮਰਜ਼ੀ ਕਰਨਾ ਚਾਹੁੰਦੀ ਹੈ।
ਇਸਤਰੀਆਂ ਸ਼ਾਂਤੀ ਅਤੇ ਸੁਰੱਖਿਆ ਦੌਰਾਨ ਸਿਆਣੀਆਂ ਗਲਾਂ ਕਰਦੀਆਂ ਹਨ ਪਰ ਸੰਕਟ ਨਾਲ ਨਜਿਠਣ ਵਿਚ ਪੁਰਸ਼ ਵਧੇਰੇ ਮਾਹਿਰ ਹੁੰਦੇ ਹਨ।
ਜਦੋਂ ਪੁਰਸ਼ ਇਸਤਰੀ ਦੀ ਸਿਫਤ ਕਰੇ ਤਾਂ ਸਮਝੋ ਸਭ ਕੁਝ ਠੀਕ ਹੋ ਜਾਵੇਗਾ।
ਜਦੋਂ ਇਸਤਰੀ ਪੁਰਸ਼ ਦੀ ਪ੍ਰਸੰਸਾ ਕਰੇ ਤਾਂ ਸਮਝੋ ਸਭ ਕੁਝ ਠੀਕ ਹੈ।
ਪੁਰਸ਼ਾਂ ਕਾਰਨ ਇਸਤਰੀਆਂ ਇਕ ਦੂਜੀ ਨਾਲ ਸਾੜਾ ਕਰਦੀਆਂ ਹਨ ਜਦੋਂਕਿ ਇਸਤਰੀਆਂ ਕਾਰਨ ਪੁਰਸ਼ ਇਕ ਦੂਜੇ ਨਾਲ ਮੁਕਾਬਲਾ ਕਰਦੇ ਹਨ।
ਮਾਂ ਬਣਨ ਲਈ ਇਸਤਰੀ ਨੂੰ ਆਪਣੀ ਸੁੰਦਰਤਾ ਦੀ ਕੁਰਬਾਨੀ ਦੇਣੀ ਪੈਂਦੀ ਹੈ ਜਦੋਂਕਿ ਪਿਤਾ ਬਣਨ ਲਈ ਪੁਰਸ਼ ਨੂੰ ਆਪਣੀ ਕਮਾਈ ਪਰਿਵਾਰ ਦੇ ਸਾਰੇ ਜੀਆਂ ਨਾਲ ਵੰਡਣੀ ਪੈਂਦੀ ਹੈ।
ਪਿਆਰ ਭਾਵੇਂ ਕੋਈ ਕਰੇ ਇਸ ਵਿਚ ਬਹੁਤਾ ਅੰਸ਼ ਕਲਪਨਾ ਦਾ ਹੁੰਦਾ ਹੈ।
ਹਰ ਕਿਸੇ ਨੂੰ ਆਪਣੇ ਮਹਿਬੂਬ ਵਿਚ ਇਕ ਨਿਵੇਕਲਾਪਣ ਵਿਖਾਈ ਦਿੰਦਾ ਹੈ ਪਰ ਇਹ ਨਿਰੋਲ ਕਲਪਨਾ ਹੁੰਦੀ ਹੈ।
ਜੇ ਕਲਪਨਾ ਨਾ ਹੁੰਦੀ ਤਾਂ ਪੁਰਸ਼ ਨੂੰ ਨੌਕਰਾਣੀ ਜਾਂ ਮਹਾਰਾਣੀ ਦੀਆਂ ਬਾਹਵਾਂ ਵਿਚ ਹੋਣ ਵੇਲੇ ਕੋਈ ਅੰਤਰ ਨਹੀਂ ਸੀ ਲਭਣਾ।
ਇਥੇ ਦੋਸਤੀ ਅਤੇ ਪਿਆਰ ਵਿਚ ਵੀ ਅੰਤਰ ਸਮਝਣ ਦੀ ਲੋੜ ਹੈ। ਪੁਰਸ਼- ਪੁਰਸ਼ ਵਿਚਕਾਰ ਅਤੇ ਇਸਤਰੀ-ਇਸਤਰੀ ਵਿਚਕਾਰ ਦੋਸਤੀ ਹੋ ਸਕਦੀ ਹੈ, ਪਿਆਰ ਨਹੀਂ । ਉਹ ਦੋਸਤੀ ਨੂੰ ਪਿਆਰ ਸਮਝਦੇ ਹਨ ਪਰ ਇਹ ਹੁੰਦੀ ਦੋਸਤੀ ਹੈ। ਇਸਤਰੀ- ਪੁਰਸ਼ ਵਿਚਕਾਰ ਦੋਸਤੀ ਨਹੀਂ ਹੁੰਦੀ, ਪਿਆਰ ਹੀ ਹੋ ਸਕਦਾ ਹੈ। ਕਈ ਮੰਨਦੇ ਨਹੀਂ ਪਰ ਹੁੰਦਾ ਇਵੇਂ ਹੀ ਹੈ ਕਿਉਂਕਿ ਜਿਹੜੇ ਨਹੀਂ ਮੰਨਦੇ, ਉਨ੍ਹਾਂ ਵਿਚ ਦੋਸਤੀ ਦੇ ਓਹਲੇ ਜਾਂ ਪਰਦੇ ਥਲੇ ਹੀ ਪਿਆਰ ਕਰਨ ਦੀ ਹਿੰਮਤ ਹੁੰਦੀ ਹੈ।
ਦੋਸਤੀ ਪ੍ਰਗਟ ਹੋਣ ਤੇ ਹੋਰ ਸ਼ਕਤੀਸ਼ਾਲੀ ਹੋ ਜਾਂਦੀ ਹੈ ਜਦੋਂ ਕਿ ਪਿਆਰ ਨਸ਼ਰ ਹੋਣ ਤੇ ਉਸ ਦਾ ਨਿੱਘ ਘਟ ਜਾਂਦਾ ਹੈ।
ਸੱਚਾ ਪਿਆਰ ਸੁਪਨਾ ਹੈ, ਆਦਰਸ਼ ਹੈ, ਵਾਸਤਵਿਕਤਾ ਨਹੀਂ, ਕਿਉਂਕਿ ਸੱਚਾ ਪਿਆਰ ਕਵਿਤਾਵਾਂ ਅਤੇ ਕਿੱਸਿਆਂ ਵਿਚ ਹੀ ਹੁੰਦਾ ਹੈ। ਵਾਸਤਵ ਵਿਚ ਇਹ ਅਨੇਕਾਂ ਦਬਾਵਾਂ ਕਾਰਨ ਸੱਚਾ ਨਹੀਂ ਰਹਿੰਦਾ, ਰਹਿ ਨਹੀਂ ਸਕਦਾ। ਜਿਨ੍ਹਾਂ ਪ੍ਰੇਮੀਆਂ ਦੇ ਅਸੀਂ ਕਿੱਸੇ ਸੁਣਦੇ ਹਾਂ ਉਹ ਆਪਣੇ ਪਿਆਰ ਦੇ ਮੁੱਢਲੇ ਪੜਾਓ ਵਿਚ ਹੀ ਮਰ ਗਏ ਸਨ। ਉਹ ਜਲਦੀ ਮਰਨ ਕਰਕੇ ਮਹਾਨ ਪ੍ਰਤੀਤ ਹੁੰਦੇ ਹਨ।
ਪ੍ਰੇਮੀਆਂ ਦਾ ਉਦੇਸ਼ ਪਤੀ-ਪਤਨੀ ਵਾਂਗ ਰਹਿਣਾ ਹੁੰਦਾ ਹੈ ਪਰ ਪਿਆਰ ਵਿਚ ਸਫਲਤਾ ਅਤੇ ਅਸਫਲਤਾ ਦੋਵੇਂ ਦੁੱਖਾਂਤ ਬਣਦੇ ਹਨ। ਪਤਨੀ ਚਾਹੁੰਦੀ ਹੈ ਕਿ ਜਦੋਂ ਮੈਂ ਚਾਹਵਾਂ ਪਤੀ ਘਰ ਆ ਜਾਵੇ ਅਤੇ ਜਿਤਨਾ ਚਿਰ ਮੈਂ ਚਾਹਵਾਂ ਉਹ ਮੇਰੇ ਕੋਲ ਰਹੇ ਜਦੋਂ ਕਿ ਪਤੀ ਚਾਹੁੰਦਾ ਹੈ ਕਿ ਜਦੋਂ ਮੈਂ ਚਾਹਵਾਂ ਮੈਂ ਘਰੋਂ ਬਾਹਰ ਜਾ ਸਕਾਂ ਅਤੇ ਜਿਤਨਾ ਚਿਰ ਚਾਹਵਾਂ ਘਰੋਂ ਬਾਹਰ ਰਹਿ ਸਕਾਂ।
ਕਿਸੇ ਵੀ ਸਮਾਜ ਵਿਚ ਪਿਆਰ ਦੀ ਤਿਕੋਨ ਨੂੰ ਪ੍ਰਵਾਨਗੀ ਨਹੀਂ ਪਰ ਹਰ ਸਮਾਜ ਵਿਚ ਇਹ ਤਿਕੋਨ ਹਾਜ਼ਰ ਹੈ। ਜਦੋਂ ਨਾਜਾਇਜ਼ ਸਬੰਧ ਉਸਰਦੇ ਹਨ ਤਾਂ ਪੁਰਸ਼ ਇਸਤਰੀ ਨੂੰ ਕਦੇ ਨਹੀਂ ਕਹਿੰਦਾ ਕਿ ਉਹ ਆਪਣੇ ਪਤੀ ਤੋਂ ਤਲਾਕ ਲੈ ਕੇ ਉਸ ਨਾਲ ਵਿਆਹ ਕਰਵਾਏ ਜਦੋਂ ਕਿ ਇਸਤਰੀ ਪੁਰਸ਼ ਨੂੰ ਕਹਿੰਦੀ ਹੈ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਵਾਏ। ਇਸ ਦਾ ਕਾਰਨ ਇਹ ਹੈ ਕਿ ਪਿਤਾ ਦੇ ਘਰ ਤੋਂ ਬਾਹਰ ਇਸਤਰੀ ਵਿਆਹ ਦੀ ਸੁਰੱਖਿਆ ਵਿਚ ਹੀ ਵਿਚਰਨਾ ਚਾਹੁੰਦੀ ਹੈ।
ਤਲਾਕ ਲੈਣਾ ਮੁਖ ਰੂਪ ਵਿਚ ਇਕ ਇਸਤਰੀ-ਸੰਕਲਪ ਹੈ। ਪੁਰਸ਼ ਆਪਣੀ ਪਤਨੀ ਨਾਲ ਦੁਰਵਿਹਾਰ ਭਾਵੇਂ ਕਰੇ ਪਰ ਤਲਾਕ ਦੇਣ-ਲੈਣ ਬਾਰੇ ਗਲ ਨਹੀਂ ਕਰਦਾ ਪਰ ਇਸਤਰੀ ਖਹਿੜਾ ਛੁਡਾਉਣ ਲਈ ਤਲਾਕ ਲੈਂਦੀ ਹੈ ਸੋ ਤਲਾਕ ਅਕਸਰ ਸ਼ਾਂਤੀ ਦੇ ਉਦੇਸ਼ ਅਧੀਨ ਲਿਆ ਜਾਂਦਾ ਹੈ। ਤਲਾਕ ਉਪਰੰਤ ਇਸਤਰੀ ਨੂੰ ਪੁਰਸ਼ ਦੇ ਮੁਕਾਬਲੇ ਵਧੇਰੇ ਮਾਯੂਸੀ ਅਤੇ ਉਦਾਸੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੁਰਸ਼ ਸੋਚ ਅਤੇ ਵਿਹਾਰ ਦੇ ਪਖੋਂ ਘੁਮੱਕੜ ਹੈ ਜਦੋਂ ਕਿ ਹਰੇਕ ਇਸਤਰੀ ਨੂੰ ਇਕ ਘਰ ਚਾਹੀਦਾ ਹੁੰਦਾ ਹੈ, ਜਿਥੇ ਉਹ ਟਿਕ ਕੇ ਰਹਿ ਸਕੇ, ਜਿਥੇ ਉਹ ਕਪੜੇ ਬਦਲ ਸਕੇ, ਜਿਥੇ ਉਹ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕੇ।
ਜਿਹੜੇ ਜੀਅ ਘਰ ਹੁੰਦੇ ਹਨ, ਇਸਤਰੀ ਉਨ੍ਹਾਂ ਨੂੰ ਬਾਹਰ ਜਾਣ ਜੋਗਾ ਬਣਾਉਂਦੀ ਰਹਿੰਦੀ ਹੈ, ਜਿਹੜੇ ਬਾਹਰ ਹੁੰਦੇ ਹਨ, ਉਨ੍ਹਾਂ ਨੂੰ ਉਹ ਉਡੀਕਦੀ ਰਹਿੰਦੀ ਹੈ।
ਮਾਂ ਆਪਣੇ ਪੁੱਤਰ ਨੂੰ ਬੋਲਣਾ ਸਿਖਾਉਂਦੀ ਹੈ ਪਰ ਇਸਤਰੀ ਆਪਣੀ ਸੱਸ ਦੇ ਪੁੱਤਰ ਨੂੰ ਚੁੱਪ ਰਹਿਣਾ ਸਿਖਾਉਂਦੀ ਹੈ। ਕੋਈ ਵੀ ਇਸਤਰੀ, ਸੱਸ ਕਹਾਉਣਾ ਨਹੀਂ ਚਾਹੁੰਦੀ ਪਰ ਚਾਅ ਚਾਅ ਵਿਚ ਬਣ ਜਾਂਦੀ ਹੈ।
ਇਸ ਚਾਅ ਦੇ ਮੁੱਕਣ ਕਾਰਨ ਹੀ ਉਹ ਅਕਸਰ ਆਪਣੀ ਨੂੰਹ ਨਾਲ ਲੜਦੀ ਹੈ ਅਤੇ ਪੁੱਤਰ ਤੋਂ ਨਿਰਾਸ਼ ਹੁੰਦੀ ਹੈ।
ਸਾਧਾਰਨ ਪੁਰਸ਼ ਆਪਣੀਆਂ ਸੱਸਾਂ ਤੋਂ ਤੰਗ ਹੁੰਦੇ ਹਨ ਅਤੇ ਸਿਆਣੇ ਪੁਰਸ਼ ਆਪਣੀਆਂ ਸਾਲੀਆਂ ਤੋਂ ।
ਹਰ ਸਿਆਣਾ ਪੁਰਸ਼ ਇਸਤਰੀ ਦਾ ਸਤਿਕਾਰ ਕਰਦਾ ਹੈ। ਉਹ ਸਿਆਣਾ ਹੋਣ ਕਰਕੇ ਸਤਿਕਾਰ ਨਹੀਂ ਕਰਦਾ, ਸਤਿਕਾਰ ਕਰਨ ਕਰਕੇ ਸਿਆਣਾ ਹੁੰਦਾ ਹੈ।
ਜਿਹੜਾ ਪੁਰਸ਼ ਇਸਤਰੀਆਂ ਦਾ ਅਤਿ ਅਧਿਕ ਸਤਿਕਾਰ ਕਰਦਾ ਹੈ, ਇਸਤਰੀਆਂ ਉਸ ਨੂੰ ਸਿਆਣਾ ਨਹੀਂ ਸਮਝਦੀਆਂ, ਸਗੋਂ ਉਸ ਉਤੇ ਹੱਸਦੀਆਂ ਹਨ ਅਤੇ ਉਸ ਨੂੰ ਕਮਜ਼ੋਰ ਸਮਝਦੀਆਂ ਹਨ।
ਇਸਤਰੀ ਚਾਹੁੰਦੀ ਹੈ ਕਿ ਪੁਰਸ਼ ਫੈਸਲੇ ਲਏ ਅਤੇ ਅਗਵਾਈ ਕਰੇ ।
ਇਸਤਰੀ ਦੀ ਸਭ ਤੋਂ ਵੱਡੀ ਸੁਰੱਖਿਆ ਉਸ ਦੀ ਜਵਾਨੀ ਅਤੇ ਸੁੰਦਰਤਾ ਹੁੰਦੀ ਹੈ। ਪੁਰਸ਼ ਅਜਿਹੀ ਸੁਰੱਖਿਆ ਆਪਣੇ ਅਹੁਦੇ ਅਤੇ ਜਾਇਦਾਦ ਵਿਚੋਂ ਲਭਦਾ ਹੈ। ਜਵਾਨ ਅਤੇ ਸੁੰਦਰ ਰਹਿਣ ਦੀ ਸਦੀਵੀ ਇੱਛਾ ਕਾਰਨ ਹੀ ਇਸਤਰੀਆਂ ਅਕਸਰ ਆਪਣੀ ਉਮਰ ਸਹੀ ਨਹੀਂ ਦਸਦੀਆਂ।
ਇਸਤਰੀਆਂ ਵਲੋਂ ਸਹੀ ਉਮਰ ਨਾ ਦਸਣ ਦਾ ਇਕ ਕਾਰਨ ਇਹ ਹੈ ਕਿ ਇਸਤਰੀਆਂ ਆਪਣੀ ਉਮਰ ਜਨਮ ਦਿਨ ਤੋਂ ਨਹੀਂ, ਵਿਆਹ ਦੇ ਦਿਨ ਤੋਂ ਮਾਪਦੀਆਂ ਹਨ ਕਿਉਂਕਿ ਵਿਆਹ ਉਨ੍ਹਾਂ ਲਈ ਨਵੇਂ ਜਨਮ ਵਾਂਗ ਹੁੰਦਾ ਹੈ।
ਇਸਤਰੀ ਆਪਣੀ ਉਮਰ ਦਸਣ ਵੇਲੇ ਉਸ ਵਿਚੋਂ ਜਿਤਨੇ ਸਾਲ ਘਟਾਉਂਦੀ ਹੈ, ਉਤਨੇ ਸਾਲ ਉਹ ਕਿਸੇ ਉਸ ਇਸਤਰੀ ਦੀ ਉਮਰ ਵਿਚ ਜੋੜ ਦਿੰਦੀ ਹੈ ਜਿਸ ਨੂੰ ਉਹ ਪਸੰਦ ਨਹੀਂ ਕਰਦੀ।
ਜੇ ਕੋਈ ਪੰਜਾਹ ਸਾਲ ਦਾ ਪੁਰਸ਼ ਕਿਸੇ ਤੀਹ ਸਾਲ ਦੀ ਇਸਤਰੀ ਨਾਲ ਵਿਆਹ ਕਰਾਏ ਤਾਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਉਹ ਦੋਵੇਂ ਚਾਲ੍ਹੀ-ਚਾਲ੍ਹੀ ਸਾਲ ਦੇ ਲਗਣ ਲਗ ਪੈਣਗੇ।
ਪੁਰਸ਼ਾਂ ਦੀ ਪਹੁੰਚ ਵਿਚ ਕਈ ਚੀਜ਼ਾਂ ਦਾਜ ਰਾਹੀਂ ਹੀ ਆਉਂਦੀਆਂ ਹਨ।
ਇਸਤਰੀ ਨੂੰ ਪਤੀ ਦੀ ਆਮਦਨ ਨਾਲ ਖਰੀਦੇ ਗਹਿਣਿਆਂ ਦਾ ਮਾਣ ਹੁੰਦਾ ਹੈ ਪਰ ਉਸ ਨੂੰ ਗਹਿਣੇ ਜੇ ਆਪਣੀ ਕਮਾਈ ਨਾਲ ਖਰੀਦਣੇ ਪੈਣ ਤਾਂ ਉਨ੍ਹਾਂ ਦੀ ਚਮਕ ਘਟ ਜਾਂਦੀ ਹੈ।
ਸਹਿਮਤ ਹੋਣ ਨੂੰ ਮਨ ਤਾਂ ਨਹੀਂ ਕਰਦਾ ਪਰ ਸੱਚ ਇਹ ਹੈ ਕਿ ਜੇ ਦਾਜ ਨਾ ਹੁੰਦਾ ਤਾਂ ਲਗਭਗ ਹਰ ਕਿਸੇ ਨੇ ਉਧਲ ਜਾਣਾ ਸੀ।
ਦਾਜ ਦੀ ਧਰਵਾਸ ਨਾਲ ਵਿਆਹ ਉਡੀਕਣਯੋਗ ਅਤੇ ਬਰਦਾਸ਼ਤ ਕਰਨਯੋਗ ਬਣਾਏ ਜਾਂਦੇ ਹਨ।
ਸੁੰਦਰ ਇਸਤਰੀਆਂ ਅਤੇ ਸ਼ਕਤੀਸ਼ਾਲੀ ਪੁਰਸ਼ ਇਕ ਪਿਆਰ ਜਾਂ ਇਕ ਵਿਆਹ ਨਾਲ ਸੁੰਤਸ਼ਟ ਨਹੀਂ ਹੁੰਦੇ।
ਅਜਿਹਾ ਵਾਪਰਨ ਵਿਚ ਕਿਸੇ ਦਾ ਦੋਸ਼ ਨਹੀਂ ਹੁੰਦਾ।
ਸੁੰਦਰ ਇਸਤਰੀਆਂ ਵਿਚ ਦੂਜੇ ਪੁਰਸ਼ ਦਿਲਚਸਪੀ ਲੈਂਦੇ ਹਨ ਅਤੇ ਸ਼ਕਤੀਸ਼ਾਲੀ ਪੁਰਸ਼ਾਂ ਵਿਚ ਦੂਜੀਆਂ ਇਸਤਰੀਆਂ ਦੀ ਦਿਲਚਸਪੀ ਵੱਧ ਜਾਂਦੀ ਹੈ।
ਜਿਹੜਾ ਪੁਰਸ਼ ਇਸਤਰੀ ਦੀ ਸੁੰਦਰਤਾ ਦੀ ਪ੍ਰਸੰਸਾ ਨਹੀਂ ਕਰ ਸਕਦਾ, ਇਸ ਦਾ ਅਰਥ ਹੈ ਕਿ ਉਸ ਨੂੰ ਇਸਤਰੀ ਦੀਆਂ ਭਾਵਨਾਵਾਂ ਦੀ ਕਦਰ ਨਹੀਂ।
ਅਜੇ ਤਕ ਸਾਰੇ ਸੰਸਾਰ ਵਿਚ ਇਕ ਵੀ ਮਿਸਾਲ ਅਜਿਹੀ ਨਹੀਂ ਮਿਲਦੀ ਜਦੋਂ ਭਾਂਡੇ ਮਾਂਜਦੇ ਜਾਂ ਕਪੜੇ ਧੋਂਦੇ ਪਤੀ ਨੂੰ ਪਤਨੀ ਨੇ ਬੁਰਾ ਭਲਾ ਕਿਹਾ ਹੋਵੇ।
ਇਸਤਰੀ ਚਾਹੁੰਦੀ ਹੈ ਕਿ ਪਤੀ ਯਾਦ ਰਖੇ ਕਿ ਉਸ ਦਾ ਪਰਿਵਾਰ ਉਸਾਰਨ ਲਈ ਉਹ ਆਪਣੇ ਪਰਿਵਾਰ ਦਾ ਤਿਆਗ ਕਰਕੇ ਆਈ ਹੈ।
ਪੁਰਸ਼ਾਂ ਅਤੇ ਇਸਤਰੀਆਂ ਦੇ ਸਮਝਣ ਦੇ ਢੰਗ-ਤਰੀਕੇ ਵਿਚ ਵੀ ਅੰਤਰ ਹੁੰਦਾ ਹੈ। ਇਸਤਰੀਆਂ ਭਾਵੇਂ ਜਾਣਦੀਆਂ ਕੁਝ ਨਹੀਂ ਹੁੰਦੀਆਂ ਪਰ ਸਮਝਦੀਆਂ ਸਭ ਕੁਝ ਹੁੰਦੀਆਂ ਹਨ, ਜਦੋਂ ਕਿ ਪੁਰਸ਼ ਜਾਣਦੇ ਸਭ ਕੁਝ ਹੁੰਦੇ ਹਨ ਪਰ ਸਮਝਦੇ ਕੁਝ ਨਹੀਂ।
ਇਸਤਰੀ ਸੰਕੇਤਾਂ ਵਿਚ ਅਤੇ ਸੰਕੇਤਕ ਭਾਸ਼ਾ ਵਿਚ ਗਲ ਕਰਦੀ ਹੈ, ਜਦੋਂ ਕਿ ਪੁਰਸ਼ ਹਰ ਗਲ ਨੂੰ ਸਪਸ਼ਟ ਕਰਨ ਦਾ ਯਤਨ ਕਰਦਾ ਹੈ।
ਇਸਤਰੀ ਜਦੋਂ ਪੁਰਸ਼ ਨੂੰ ਚੁੰਮਦੀ ਹੈ ਤਾਂ ਸੰਕੇਤ ਵੀ ਦਿੰਦੀ ਹੈ ਕਿ ਮੇਰੇ ਦਿਲ ਦੇ ਬੂਹੇ ਖੁਲ੍ਹੇ ਹਨ।
ਜਦੋਂ ਇਸਤਰੀ ਬੱਚੇ ਨੂੰ ਚੁੰਮਦੀ ਹੈ ਤਾਂ ਸਮਝਦੀ ਹੈ ਕਿ ਬੱਚਾ ਉਸ ਦੇ ਚੁੰਮਣਾਂ ਨਾਲ ਹੋਰ ਵੀ ਸੋਹਣਾ ਹੋ ਗਿਆ ਹੋਵੇਗਾ, ਸੋ ਚੁੰਮਣ ਉਪਰੰਤ ਉਹ ਬੱਚੇ ਦਾ ਮੂੰਹ ਜ਼ਰੂਰ ਵੇਖਦੀ ਹੈ।
ਜੇ ਪੁਰਸ਼ ਨੂੰ ਇਸਤਰੀ-ਪਿਆਰ ਨਾ ਮਿਲੇ ਤਾਂ ਉਹ ਮੂਰਖ ਅਤੇ ਗੈਰ-ਜ਼ਿੰਮੇਵਾਰ ਮੁੰਡਾ ਹੀ ਰਹਿੰਦਾ ਹੈ, ਸੁਚੱਜਾ ਪੁਰਸ਼ ਨਹੀਂ ਬਣਦਾ।
ਜੇ ਇਸਤਰੀ ਨੂੰ ਪੁਰਸ਼-ਪਿਆਰ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਸੋਹਣੀ ਨਹੀਂ ਸਮਝਦੀ ਅਤੇ ਆਪਣੇ ਆਪ ਨੂੰ ਕੋਸਦੀ ਰਹਿੰਦੀ ਹੈ।
ਜੇ ਘਰ ਵਿਚ ਧੀ ਨਾ ਹੋਵੇ ਤਾਂ ਪੁਰਸ਼ ਕੁਝ ਵੀ ਹੋਵੇ ਉਸ ਵਿਚ ਪਿਤਾ ਵਾਲੇ ਚੰਗੇ ਗੁਣ-ਲੱਛਣ ਨਹੀਂ ਉਪਜਦੇ।
ਜੇ ਘਰ ਵਿਚ ਪੁੱਤਰ ਨਾ ਹੋਵੇ ਤਾਂ ਇਸਤਰੀ ਡਰੀ-ਡਰੀ ਰਹਿੰਦੀ ਹੈ।
ਜਿਸ ਪੁਰਸ਼ ਨੂੰ ਕਿਸੇ ਵੀ ਮਨੁੱਖ ਵਿਚ ਵਿਸ਼ਵਾਸ ਨਹੀਂ ਹੁੰਦਾ, ਉਹ ਵੀ ਚਾਹੁੰਦਾ ਹੈ ਕਿ ਕੋਈ ਇਸਤਰੀ ਉਸ ‘ਤੇ ਵਿਸ਼ਵਾਸ ਕਰੇ।
ਪੁਰਸ਼ ਸੰਖੇਪ ਗਲ ਕਰਦੇ ਹਨ ਤੇ ਗਲ ਮੁਕਾ ਕੇ ਚਲ ਪੈਂਦੇ ਹਨ ਜਦੋਂ ਕਿ ਇਸਤਰੀਆਂ ਨੇ ਗੇਟ ਦੇ ਕੋਲ ਖਲੋ ਕੇ ਕੀਤੀਆਂ ਗੱਲਾਂ ਦੁਹਰਾਉਣੀਆਂ ਹੁੰਦੀਆਂ ਹਨ।
ਸੁਖ ਅਤੇ ਸੁਤੰਤਰਤਾ ਦੀ ਚੋਣ ਵਿਚ, ਪੁਰਸ਼ ਸੁਤੰਤਰਤਾ ਦੀ ਅਤੇ ਇਸਤਰੀਆਂ ਸੁਖ ਦੀ ਚੋਣ ਕਰਦੀਆਂ ਹਨ।
ਇਹ ਇਕ ਵਿਸ਼ਵਵਿਆਪੀ ਸੱਚ ਹੈ ਕਿ ਸਾਦਗੀ ਅਤੇ ਸਾਦੇ ਜੀਵਨ ਦੀਆਂ ਸਾਰੀਆਂ ਗਲਾਂ ਪੁਰਸ਼ਾਂ ਨੇ ਕੀਤੀਆਂ ਹਨ ਜਦੋਂ ਕਿ ਇਸਤਰੀਆਂ ਸੁਭਾਵਕ ਹੀ ਸ਼ਹਾਨਾ ਅਤੇ ਚਮਕੀਲੇ ਜੀਵਨ, ਜਸ਼ਨ ਅਤੇ ਰੌਣਕ ਦੀਆਂ ਅਭਿਲਾਸ਼ੀ ਹੁੰਦੀਆਂ ਹਨ । ਦੂਜੇ ਪਾਸੇ ਸੋਗ ਮਨਾਉਣ ਅਤੇ ਦੁੱਖ ਪ੍ਰਗਟਾਉਣ ਵਿਚ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਨਿਪੁੰਨ ਹੁੰਦੀਆਂ ਹਨ।
ਪੁਰਸ਼ ਦੁਰੇਡੀਆਂ ਚੀਜ਼ਾਂ, ਥਾਵਾਂ, ਵਿਅਕਤੀਆਂ ਆਦਿ ਵਿਚ ਦਿਲਚਸਪੀ ਲੈਂਦੇ ਹਨ ਜਦੋਂ ਕਿ ਇਸਤਰੀਆਂ ਦੀ ਵਧੇਰੇ ਦਿਲਚਸਪੀ ਨੇੜੇ ਦੀਆਂ ਚੀਜ਼ਾਂ ਵਿਚ, ਆਪਣੇ ਆਪ ਵਿਚ, ਆਪਣੇ ਪਰਿਵਾਰ ਦੇ ਜੀਆਂ ਵਿਚ, ਗਵਾਂਢੀਆਂ ਵਿਚ, ਰਿਸ਼ਤੇਦਾਰਾਂ ਆਦਿ ਵਿਚ ਹੁੰਦੀ ਹੈ।
ਪੁਰਸ਼ਾਂ ਦੀ ਦਿਲਚਸਪੀ ਹਥਿਆਰਾਂ, ਜੰਗਾਂ, ਜਿੱਤਾਂ ਅਤੇ ਲਾਭਾਂ ਵਿਚ ਹੁੰਦੀ ਹੈ ਜਦੋਂਕਿ ਇਸਤਰੀਆਂ ਦੀ ਦਿਲਚਸਪੀ ਰਿਸ਼ਤਿਆਂ ਦੀ ਸਮਾਜਿਕ-ਸਭਿਆਚਾਰਕ ਉਧੇੜ-ਬੁਣ ਵਿਚ ਹੁੰਦੀ ਹੈ।
ਜੋ ਆਨੰਦ ਪੁਰਸ਼ ਨੂੰ ਪੈਸੇ ਕਮਾਉਣ ਅਤੇ ਆਮਦਨ ਵਧਾਉਣ ਨਾਲ ਮਿਲਦਾ ਹੈ। ਇਸਤਰੀਆਂ ਨੂੰ ਉਹੀ ਆਨੰਦ ਕੀਮਤੀ ਗਹਿਣੇ ਪਾ ਕੇ, ਚੰਗੇ, ਨਵੇਂ, ਫੱਬਵੇਂ ਅਤੇ ਪੁਰਸ਼ਾਂ ਦਾ ਧਿਆਨ ਖਿਚਣ ਵਾਲੇ ਕਪੜੇ ਪਹਿਨ ਕੇ ਮਿਲਦਾ ਹੈ।
ਪੁਰਸ਼ ਨੂੰ ਪੈਸੇ ਕਮਾ ਕੇ ਖੁਸ਼ੀ ਮਿਲਦੀ ਹੈ, ਇਸਤਰੀ ਨੂੰ ਖਰਚ ਕੇ ।
ਬੱਚੇ ਦੇ ਰੋਣ ਨਾਲ ਮਾਂ ਥੱਕ ਜਾਂਦੀ ਹੈ ਜਦੋਂ ਕਿ ਪਿਤਾ ਚਿੜ੍ਹ ਜਾਂਦਾ ਹੈ।
ਇਸਤਰੀਆਂ ਦੀ ਹਾਜ਼ਰੀ ਨਾਲ ਪੁਰਸ਼ ਚੁਸਤ ਹੋ ਜਾਂਦੇ ਹਨ ਅਤੇ ਪੁਰਸ਼ਾਂ ਦੀ ਹਾਜ਼ਰੀ ਵਿਚ ਇਸਤਰੀਆਂ ਜਵਾਨ ਹੋ ਜਾਂਦੀਆਂ ਹਨ।
ਜਦੋਂ ਵੀ ਇਸਤਰੀਆਂ-ਪੁਰਸ਼ਾਂ ਦੀ ਗਲ ਹੋਵੇਗੀ ਤਾਂ ਪਿਆਰ ਦੀ ਗਲ ਤਾਂ ਹੋਵੇਗੀ ਹੀ। ਹਰੇਕ ਪੁਰਸ਼ ਅਤੇ ਇਸਤਰੀ ਦੀ ਮੁੱਢਲੀ ਇੱਛਾ ਪ੍ਰੇਮ ਕਰਨ ਦੀ ਅਤੇ ਪ੍ਰੇਮੀ ਬਣਨ ਦੀ ਹੁੰਦੀ ਹੈ।
ਪਿਆਰ ਨੂੰ ਪਾਗਲਪਣ ਤਾਂ ਨਹੀਂ ਕਹਿਣਾ ਚਾਹੀਦਾ ਪਰ ਪਾਗਲਪਣ ਨਾਲ ਇਸ ਦੀਆਂ ਸਾਂਝਾਂ ਅਨੇਕ ਹਨ।
ਸਮਾਜ ਕੋਈ ਹੋਵੇ, ਇਸਤਰੀਆਂ, ਪੁਰਸ਼ਾਂ ਦੇ ਪਰਸਪਰ ਵਿਹਾਰ ਦੇ ਨੇਮ ਲਗਭਗ ਇਕੋ ਜਿਹੇ ਹੁੰਦੇ ਹਨ।
ਜਦੋਂ ਪ੍ਰੇਮੀ, ਪ੍ਰੇਮਿਕਾ ਕੋਲ ਹੁੰਦਾ ਹੈ ਤਾਂ ਉਹ ਦੋਵੇਂ ਸਾਰੀ ਰਾਤ ਸੌਂਦੇ ਨਹੀਂ, ਜਦੋਂ ਉਹ ਦੂਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਸੋ ਇਸ ਵਰਤਾਰੇ ਦਾ ਨਿਚੋੜ ਇਹ ਹੈ ਕਿ ਪ੍ਰੇਮੀਆਂ ਨੇ ਤਾਂ ਜਾਗਣਾ ਹੀ ਹੁੰਦਾ ਹੈ।
ਪ੍ਰੇਮੀ ਬਹੁਤ ਕੁਝ ਕਹਿਣਾ ਚਾਹੁੰਦਾ ਹੈ ਪਰ ਪ੍ਰੇਮਿਕਾ ਦੀਆਂ ਅੱਖਾਂ ਗਲ ਹੀ ਨਹੀਂ ਕਰਨ ਦਿੰਦੀਆਂ, ਜਿਵੇਂ ਕਹਿ ਰਹੀਆਂ ਹੋਣ ਗਲਾਂ ਹੀ ਕਰੀ ਜਾਵੇਂਗਾ! ਪ੍ਰੇਮਿਕਾ ਸਭ ਕੁਝ ਸਮਝਾਉਣ ਦੇ ਬਾਵਜੂਦ ਸਮਝਦੀ ਹੈ ਕਿ ਪ੍ਰੇਮੀ ਨੂੰ ਸਮਝ ਨਹੀਂ ਪਈ।
ਪ੍ਰੇਮੀ ਕਹਿੰਦਾ ਹੈ : ਸਾਰੀ ਰਾਤ ਚੰਨ ਵੇਖਦੇ ਰਹੇ, ਸੋਚਿਆ ਤੁਸੀਂ ਸਾਹਮਣੇ ਹੀ ਹੋ। ਪ੍ਰੇਮਿਕਾ ਕਹਿੰਦੀ ਹੈ : ਤੁਸੀਂ ਸਾਹਮਣੇ ਹੋ ਪਰ ਪਤਾ ਨਹੀਂ ਕਿਉਂ, ਫਿਰ ਵੀ ਤੁਹਾਡੀ ਉਡੀਕ ਹੈ।
ਇਸਤਰੀ ਅਤੇ ਪੁਰਸ਼ ਇਕ-ਦੂਜੇ ਦੀ ਆਵਾਜ਼ ਅਤੇ ਇਕ-ਦੂਜੇ ਦੀ ਗੂੰਜ ਹਨ। ਇਹ ਦੋਵੇਂ ਇਕ-ਦੂਜੇ ਲਈ ਬੁਝਾਰਤ ਹਨ। ਇਸ ਬੁਝਾਰਤ ਨੂੰ ਬੁੱਝਣ ਦਾ ਯਤਨ ਹਰ ਕੋਈ ਕਰਦਾ ਹੈ ਪਰ ਇਕ ਸਦੀਵੀ ਬੁਝਾਰਤ ਹੋਣ ਕਾਰਨ ਹਰ ਕੋਈ ਇਸ ਬੁਝਾਰਤ ਨੂੰ ਆਪਣੀ ਸਮਰਥਾ ਅਨੁਸਾਰ ਨਵੇਂ ਸਿਰਿਓਂ ਬੁਝਣ ਦਾ ਯਤਨ ਸਾਰਾ ਜੀਵਨ ਕਰਦਾ ਰਹਿੰਦਾ ਹੈ।
ਇਸ ਬੁਝਾਰਤ ਕਾਰਨ ਹੀ ਜੀਵਨ ਵਿਚ ਦਿਲਚਸਪੀ ਬਣੀ ਰਹਿੰਦੀ ਹੈ।
ਮਿਲਣਾ ਅਤੇ ਵਿਛੜਨਾ
ਦਿਲ ਦੀ ਸਿਆਣਪ ਨੂੰ ਸਲੀਕਾ ਕਹਿੰਦੇ ਹਨ ਅਤੇ ਸਿਆਣਪ ਅਤੇ ਪਿਆਰ ਨਾਲ ਕੀਤੇ ਕੰਮ ਨੂੰ ਹੁਨਰ ਕਿਹਾ ਜਾਂਦਾ ਹੈ ।
ਸਲੀਕੇ ਨਾਲ ਕੀਤੇ ਕਾਰਜ ਸਾਨੂੰ ਦੂਜਿਆਂ ਦੇ ਸੰਪਰਕ ਵਿਚ ਲਿਆਉਂਦੇ ਹਨ ਅਤੇ ਇਹ ਸੰਪਰਕ ਗੂੜ੍ਹੇ ਰਿਸ਼ਤੇ ਹੋ ਨਿਬੜਦੇ ਹਨ।
ਜਿਵੇਂ ਕੋਈ ਵੀ ਰੱਸੀ ਇਕ ਸਿਰੇ ਵਾਲੀ ਨਹੀਂ ਹੁੰਦੀ, ਉਵੇਂ ਹੀ ਕੋਈ ਵੀ ਰਿਸ਼ਤਾ ਅਜਿਹਾ ਨਹੀਂ ਹੁੰਦਾ ਜਿਸ ਦੀ ਕੇਵਲ ਇਕ ਧਿਰ ਹੋਵੇ।
ਦੋਸਤੀ ਅਤੇ ਦੁਸ਼ਮਣੀ ਰਿਸ਼ਤਿਆਂ ਦੇ ਮੁਖ ਨਾਂ ਹਨ।
ਪਿਆਰ ਵਿਚ ਹਰੇਕ ਚੀਜ਼ ਪਿਆਰੀ ਲਗਣ ਲਗ ਪੈਂਦੀ ਹੈ ਜਦੋਂ ਕਿ ਦੁਸ਼ਮਣੀ, ਗੁੱਸਾ ਜਾਂ ਨਫ਼ਰਤ ਕਿਸੇ ਇਕ ਵਿਅਕਤੀ ਤੇ ਕੇਂਦਰਿਤ ਹੁੰਦਾ ਹੈ।
ਸੰਸਾਰ ਵਿਚ ਦੋਸਤ ਸਭ ਥਾਵਾਂ ‘ਤੇ ਮਿਲ ਜਾਂਦੇ ਹਨ, ਲੋਕ ਆਪ-ਮੁਹਾਰੇ ਮਿੱਤਰ ਬਣ ਜਾਂਦੇ ਹਨ, ਜਦੋਂ ਕਿ ਦੁਸ਼ਮਣ ਬਣਾਉਣੇ ਪੈਂਦੇ ਹਨ।
ਮਿਲਣਾ ਅਤੇ ਵਿਛੜਨਾ ਜ਼ਿੰਦਗੀ ਦੇ ਬੁਨਿਆਦੀ ਅਨੁਭਵ ਹਨ।
ਮਿਲਾਪ ਵਿਚ ਲੋਹਾ ਵੀ ਚਮਕਦਾ ਹੈ, ਵਿਛੋੜੇ ਉਪਰੰਤ ਚਮਕਣ ਵਾਲੇ ਹੀਰੇ ਵੀ ਧੁੰਦਲੇ ਲਗਦੇ ਹਨ।
ਦੋਸਤੀ ਮਿਲਾਪ ਦੀ ਉਦਾਹਰਣ ਹੈ, ਦੁਸ਼ਮਣੀ ਵਿਛੋੜੇ ਦੀ ਮਿਸਾਲ ਹੈ।
ਅਸੀਂ ਆਪਣੇ ਦੋਸਤਾਂ ਬਾਰੇ ਡੂੰਘਾਈ ਨਾਲ ਨਹੀਂ ਸੋਚਦੇ ਕਿਉਂਕਿ ਡੂੰਘਾਈ ਨਾਲ ਸੋਚਣ ਵਿਚ ਨਫ਼ੇ-ਨੁਕਸਾਨ ਦੀ ਬਿਰਤੀ ਹੁੰਦੀ ਅਤੇ ਦੋਸਤੀ ਇਸ ਬਿਰਤੀ ਤੋਂ ਮੁਕਤ ਹੋ ਕੇ ਹੀ ਸੰਭਵ ਹੁੰਦੀ ਹੈ। ਵਫਾਦਾਰੀ ਦੇ ਅਰਥ ਵੱਡੀ ਮੁਸੀਬਤ ਵਿਚ ਵਫਾਦਾਰ ਰਹਿਣ ਤੋਂ ਹਨ। ਕਰ ਭਾਵੇਂ ਕੋਈ ਕੁਝ ਨਾ ਸਕੇ ਪਰ ਕਰਨ ਦੀ ਭਾਵਨਾ ਵਫਾਦਾਰੀ ਦੀ ਸੂਚਕ ਹੁੰਦੀ ਹੈ। ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਉਸਰਦੀਆਂ, ਮਿਹਰਬਾਨੀਆਂ ਬੰਦ ਕਰ ਦਿਓ ਸਭ ਤੋਂ ਵੱਡੇ ਵਫਾਦਾਰ ਸਭ ਤੋਂ ਪਹਿਲਾਂ ਵਿਛੜਨਗੇ। ਵਪਾਰ ਅਤੇ ਰਾਜਨੀਤੀ ਵਿਚ ਇਵੇਂ ਹੀ ਹੁੰਦਾ ਹੈ।
ਰਾਜਨੀਤੀ ਵਿਚ ਲੋਕ ਜਾਣ-ਪਛਾਣ ਤੋਂ ਬਿਨਾ ਜਫੀਆਂ ਪਾਉਂਦੇ ਹਨ, ਦੋਸਤੀ ਤੋਂ ਬਿਨਾ ਹੀ ਇਕ ਦੂਜੇ ਦੇ ਵਫਾਦਾਰ ਹੋਣ ਦੀਆਂ ਸੌਹਾਂ ਖਾਂਦੇ ਹਨ ਅਤੇ ਇਕ ਦੂਜੇ ਨੂੰ ਜਾਣੇ ਬਿਨਾ ਧੋਖਾ ਦਿੰਦੇ ਹਨ। ਰਾਜਨੀਤਕ ਅਤੇ ਵਪਾਰਕ ਬਿਰਤੀ ਸਮਾਜਿਕ-ਸਭਿਆਚਾਰਕ ਰਿਸ਼ਤਿਆਂ ਵਿਚ ਵੀ ਪ੍ਰਵੇਸ਼ ਕਰ ਗਈ ਹੈ। ਮਿਲਣਾ- ਵਿਛੜਨਾ ਜਾਰੀ ਹੈ ਪਰ ਰਫਤਾਰ ਤੇਜ਼ ਹੋ ਗਈ ਹੈ ਅਤੇ ਮਿਲਣ ਅਤੇ ਵਿਛੜਨ ਦੇ ਢੰਗ-ਤਰੀਕੇ ਅਤੇ ਉਦੇਸ਼ ਬਦਲ ਗਏ ਹਨ।
ਹੁਣ ਸ਼ਹਿਰ ਉਨ੍ਹਾਂ ਲੋਕਾਂ ਨਾਲ ਭਰੇ ਪਏ ਹਨ, ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ, ਮਿਲਣਾ ਪੈਂਦਾ ਹੈ, ਪਰ ਉਨ੍ਹਾਂ ਨੂੰ ਅਸੀਂ ਆਪਣੇ ਘਰ ਨਹੀਂ ਬੁਲਾਉਂਦੇ, ਨਾ ਹੀ ਉਨ੍ਹਾਂ ਦੇ ਘਰ ਆਪ ਜਾਣਾ ਚਾਹੁੰਦੇ ਹਾਂ। ਇਹ ਮਰਿਯਾਦਾ-ਵਿਹੂਣੇ ਰਿਸ਼ਤੇ ਹਨ।
ਅਸੀਂ ਗਊ ਨੂੰ ਘੋੜੇ ਤੋਂ, ਘੋੜੇ ਨੂੰ ਊਠ ਤੋਂ, ਊਠ ਨੂੰ ਹਾਥੀ ਤੋਂ ਇਸ ਆਧਾਰ ਉਤੇ ਵੱਖਰਿਆਉਂਦੇ ਹਾਂ ਕਿਉਂਕਿ ਹਰੇਕ ਦੇ ਵਿਹਾਰ ਦਾ ਇਕ ਦਾਇਰਾ ਹੁੰਦਾ ਹੈ, ਜਿਸ ਅੰਦਰ ਰਹਿਣ ਦੀ ਪਾਬੰਦੀ ਅਤੇ ਮਰਿਯਾਦਾ ਹੁੰਦੀ ਹੈ।
ਮਨੁੱਖੀ ਸਮਾਜ ਵਿਚ ਵੀ ਇਵੇਂ ਹੀ ਹੈ। ਮਾਸੀ, ਭੂਆ, ਮਾਮਾ, ਚਾਚਾ, ਗੁਆਂਢੀ, ਦੋਸਤ, ਭਤੀਜਾ, ਭਾਣਜਾ ਆਦਿ ਸਾਰੇ ਦਾਇਰਿਆਂ ਦੇ ਨਾਂ ਹਨ ਅਤੇ ਜਦੋਂ ਕੋਈ ਆਪਣੇ ਦਾਇਰੇ ਦੀ ਮਰਿਯਾਦਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਪਛਾਣ ਵਿਗੜ ਜਾਂਦੀ ਹੈ ਅਤੇ ਉਹ ਵਿਛੜ ਜਾਂਦਾ ਹੈ।
ਇਹ ਕਦੇ ਵੀ ਨਹੀਂ ਹੋਵੇਗਾ ਕਿ ਸਾਨੂੰ ਚੰਗੇ ਬੰਦੇ ਹੀ ਮਿਲਣ ਜਾਂ ਸਾਡੀ ਬਾਰੀ ਵਿਚੋਂ ਕੇਵਲ ਠੰਡੀ ਹਵਾ ਹੀ ਆਵੇ ਜਾਂ ਸਾਨੂੰ ਚੰਗੇ ਨਜ਼ਾਰੇ ਹੀ ਵੇਖਣ ਨੂੰ ਮਿਲਣ।
ਜੀਵਨ ਦੀਆਂ ਸਥਿਤੀਆਂ ਦਾ ਬਦਲਣਾ ਸੁਭਾਵਕ ਹੈ।
ਹਰ ਸਖਤ ਚੀਜ਼ ਵਕਤ ਪਾ ਕੇ ਢਿਲੀ ਹੋ ਜਾਂਦੀ ਹੈ ਅਤੇ ਹਰ ਢਿਲੀ ਚੀਜ਼ ਸਮੇਂ ਦੇ ਬੀਤਣ ਨਾਲ ਸਖਤ ਹੋ ਜਾਂਦੀ ਹੈ।
ਜਦੋਂ ਰਿਸ਼ਤੇ ਉਸਰਦੇ ਹਨ ਤਾਂ ਉਹ ਲਚਕਦਾਰ ਅਤੇ ਮਜ਼ਬੂਤ ਹੁੰਦੇ ਹਨ, ਉਨ੍ਹਾਂ ਵਿਚ ਵਿਰੋਧਾਂ ਨੂੰ ਬਰਦਾਸ਼ਤ ਕਰਨ ਦੀ ਸਮਰਥਾ-ਯੋਗਤਾ ਹੁੰਦੀ ਹੈ ਪਰ ਜਦੋਂ ਟੁੱਟਦੇ ਹਨ ਤਾਂ ਕੌੜੇ ਹੋ ਜਾਂਦੇ ਹਨ ਜਾਂ ਸਖਤ ਹੋ ਕੇ ਟੁੱਟ ਜਾਂਦੇ ਹਨ।
ਹਰਕੇ ਭਾਈਵਾਲੀ ਦਾ ਆਰੰਭ ਪਰਸਪਰ ਸਦਭਾਵਨਾ ਨਾਲ ਹੁੰਦਾ ਹੈ ਪਰ ਕਿਉਂਕਿ ਕੰਮ ਅਤੇ ਜ਼ਿੰਮੇਵਾਰੀਆਂ ਦੀ ਵੰਡ ਅੱਧ ਵਿਚੋਂ ਨਹੀਂ ਕੀਤੀ ਗਈ ਹੁੰਦੀ ਸੋ ਇਕ ਦਿਨ ਭਾਈਵਾਲੀ ਨੇ ਟੁੱਟਣਾ ਹੀ ਹੁੰਦਾ ਹੈ।
ਸਮੁੰਦਰ ਵਿਚ ਲਹਿਰਾਂ ਉਠਦੀਆਂ ਹਨ, ਮਿਟ ਜਾਂਦੀਆਂ ਹਨ, ਸਮੁੰਦਰ ਉਥੇ ਹੀ ਰਹਿੰਦਾ ਹੈ। ਇਵੇਂ ਹੀ ਇਸ ਸੰਸਾਰ ਵਿਚ ਲੋਕ ਸਾਨੂੰ ਮਿਲਦੇ ਹਨ, ਨਾਲ ਚਲਦੇ ਹਨ ਪਰ ਫਿਰ ਅਸੀਂ ਵਿਛੜ ਜਾਂਦੇ ਹਾਂ ਪਰ ਸੰਸਾਰ ਉਥੇ ਹੀ ਰਹਿੰਦਾ ਹੈ।
ਰੇਲ ਗੱਡੀ ਵਿਚੋਂ ਜਿਨ੍ਹਾਂ ਨੇ ਉਤਰਨਾ ਹੁੰਦਾ ਹੈ ਉਹ ਕਹਿੰਦੇ ਹਨ : ਸਟੇਸ਼ਨ ਆ ਗਿਆ ਹੈ। ਜਿਨ੍ਹਾਂ ਨੇ ਗਡੀ ਵਿਚ ਚੜ੍ਹਨਾ ਹੁੰਦਾ ਹੈ, ਉਹ ਕਹਿੰਦੇ ਹਨ : ਗਡੀ ਆ ਗਈ ਹੈ।
ਹਰ ਕਾਰਜ, ਵਰਤਾਰਾ ਜਾਂ ਸਬੰਧ ਇਕ ਸੀਮਾ ਵਿਚ ਵਿਚਰਦਾ ਹੈ। ਆਦਿ, ਮੱਧ ਅਤੇ ਅੰਤ ਹਰੇਕ ਵਰਤਾਰੇ ਦੇ ਭਾਗ ਹਨ। ਮਨੁੱਖੀ ਰਿਸ਼ਤਿਆਂ ਵਿਚ ਵੀ ਇਵੇਂ ਹੀ ਵਾਪਰਦਾ ਹੈ। ਹਰ ਸਬੰਧ ਨੇ ਅੰਤ ਨੂੰ ਟੁੱਟਣਾ ਹੈ। ਜਿਨ੍ਹਾਂ ਨੇ ਸੰਸਾਰ ਨੂੰ ਘੁਟ ਕੇ ਫੜਿਆ ਹੁੰਦਾ ਹੈ, ਉਨ੍ਹਾਂ ਤੋਂ ਵੀ ਸੰਸਾਰ ਇਵੇਂ ਛੁੱਟ ਜਾਂਦਾ ਹੈ, ਜਿਵੇਂ ਸੌਂ ਰਹੇ ਬੱਚੇ ਦੇ ਹਥੋਂ ਉਸ ਦਾ ਪਿਆਰਾ ਖਿਡੌਣਾ ਡਿਗ ਪੈਂਦਾ ਹੈ। ਜਦੋਂ ਕੋਈ ਫਲ ਦਰੱਖਤ ਤੋਂ ਡਿਗਦਾ ਹੈ ਤਾਂ ਉਹ ਮੁੜ ਦਰੱਖਤ ਦਾ ਭਾਗ ਨਹੀਂ ਬਣ ਸਕਦਾ। ਇਸੇ ਕਰਕੇ ਕਹਿੰਦੇ ਹਨ ਕਿ ਸੰਸਾਰ ਵਿਚ ਹਰ ਚੀਜ਼ ਜਾਂ ਉਸਰ ਰਹੀ ਹੈ ਜਾਂ ਨਿਘਰ ਰਹੀ ਹੈ, ਜਾਂ ਪੱਕ ਰਹੀ ਹੈ ਜਾਂ ਸੜ ਰਹੀ ਹੈ। ਕੋਈ ਸੰਸਾਰ ਵਿਚ ਪ੍ਰਵੇਸ਼ ਕਰ ਰਿਹਾ ਹੈ ਅਤੇ ਕੋਈ ਸੰਸਾਰ ਤੋਂ ਵਿਦਾ ਹੋ ਰਿਹਾ ਹੈ। ਹਰ ਵੇਲੇ ਸੰਸਾਰ ਵਿਚ ਕਿਸੇ ਥਾਂ ਸੂਰਜ ਚੜ੍ਹ ਰਿਹਾ ਅਤੇ ਕਿਸੇ ਥਾਂ ਡੁਬ ਰਿਹਾ ਹੁੰਦਾ ਹੈ।
ਕਈ ਅਨੁਭਵ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਮਿਲਣਾ ਅਤੇ ਵਿਛੜਨਾ ਇਕੋ-ਵੇਲੇ ਵਾਪਰਦਾ ਹੈ। ਜਦੋਂ ਕਿਸੇ ਮੁਟਿਆਰ ਦਾ ਵਿਆਹ ਹੁੰਦਾ ਹੈ ਤਾਂ ਉਹ ਮਾਪਿਆਂ ਤੋਂ ਵਿਛੜ ਰਹੀ ਹੁੰਦੀ ਹੈ ਅਤੇ ਪਤੀ ਨਾਲ ਮਿਲ ਰਹੀ ਹੁੰਦੀ ਹੈ।
ਘਰਾਂ ਵਿਚ ਬੱਚੇ ਆਉਂਦੇ ਹਨ ਪਰ ਅਰਥੀਆਂ ਜਾਂਦੀਆਂ ਹਨ।
ਧਰਮ ਕਹਿੰਦਾ ਹੈ ਕਿ ਇਸ ਜਗਤ ਵਿਚ ਇਕ ਹੀ ਸਬੰਧ ਸਦੀਵੀ ਹੈ, ਇਹ ਸਬੰਧ ਪਰਮਾਤਮਾ ਨਾਲ ਹੈ, ਬਾਕੀ ਰਿਸ਼ਤੇ ਬਣਦੇ ਹਨ, ਮਿਟ ਜਾਂਦੇ ਹਨ। ਰਿਸ਼ਤਿਆਂ ਵਿਚ ਆਸ ਸੁਖ ਦੀ ਕੀਤੀ ਜਾਂਦੀ ਹੈ ਪਰ ਮਿਲਦੇ ਦੁੱਖ ਹਨ। ਹਰੇਕ ਰਿਸ਼ਤਾ ਸੁਖ ਦੇ ਨਾਲ ਦੁੱਖ ਵੀ ਦਿੰਦਾ ਹੈ। ਦੋਸਤ ਵਿਛੜ ਕੇ ਦੁੱਖ ਦਿੰਦੇ ਹਨ, ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ। ਸੁਖ-ਦੁੱਖ ਸਥਾਨ ਬਦਲਦੇ ਰਹਿੰਦੇ ਹਨ।
ਜਿਸ ਨੂੰ ਅਸੀਂ ਦੁਰਭਾਗ ਸਮਝਦੇ ਹਾਂ ਕਈ ਵਾਰੀ ਉਹ ਹੀ ਸੁਭਾਗ ਹੋ ਨਿਬੜਦਾ ਹੈ। ਇਸ ਪੱਖ ਤੋਂ ਮੀਰਾ ਦੀ ਕਹਾਣੀ ਬੜੀ ਦਿਲਚਸਪ ਹੈ। ਇਕ ਵਾਰੀ ਗੁਆਂਢ ਵਿਚ ਵਿਆਹ ਦੌਰਾਨ, ਹੱਥ ਵਿਚ ਕ੍ਰਿਸ਼ਨ ਦੀ ਮੂਰਤੀ ਲੈ ਕੇ, ਅੱਠ ਸਾਲ ਦੀ ਮੀਰਾ ਨੇ ਆਪਣੀ ਮਾਂ ਤੋਂ ਪੁੱਛਿਆ : ਸਭ ਦਾ ਕਿਸੇ ਨਾਲ ਵਿਆਹ ਹੋ ਰਿਹਾ ਹੈ, ਮੇਰਾ ਵਿਆਹ ਕਿਸ ਨਾਲ ਹੋਵੇਗਾ। ਮਾਂ ਨੇ ਧੀ ਨੂੰ ਬੱਚੀ ਸਮਝ ਕੇ ਕਿਹਾ, ਤੇਰਾ ਵਿਆਹ ਇਸ ਕ੍ਰਿਸ਼ਨ ਨਾਲ ਹੋਵੇਗਾ ਪਰ ਮੀਰਾ ਨੇ ਇਸ ਗਲ ਨੂੰ ਅਖਾਂ ਦੀ ਝੋਲੀ, ਦਿਲ ਦੀ ਬੁੱਕਲ ਅਤੇ ਪੈਰਾਂ ਦੀ ਚਾਲ ਵਿਚ ਸਾਂਭ ਲਿਆ। ਉਸੇ ਪਲ ਮੀਰਾ ਲਈ ਕ੍ਰਿਸ਼ਨ ਪਤੀ ਹੋ ਗਿਆ। ਬਚਪਨ ਵਿਚ ਹੀ ਮੀਰਾ ਦੀ ਮਾਂ ਮਰ ਗਈ। ਬਾਬੇ ਨੇ ਪਾਲਿਆ, ਬਾਬਾ ਵੀ ਮਰ ਗਿਆ। ਵਿਆਹ ਹੋਇਆ, ਪਤੀ ਵੀ ਮਰ ਗਿਆ। ਸਹੁਰੇ ਨੇ ਸੰਭਾਲਿਆ, ਸਹੁਰਾ ਵੀ ਗੁਜ਼ਰ ਗਿਆ। ਪਿਤਾ ਦੇ ਘਰ ਮੁੜੀ, ਪਿਤਾ ਵੀ ਚਲ ਵਸੇ। ਉਮਰ ਦੇ ਤਿੰਨ ਦਹਾਕੇ ਪੂਰੇ ਹੋਣ ਤੋਂ ਪਹਿਲਾਂ ਮੀਰਾ ਦੇ ਸਾਰੇ ਸਹਾਰੇ ਵਿਛੜ ਗਏ। ਕਹਿਣ ਵਾਲੇ ਕਹਿਣਗੇ ਕਿ ਮੀਰਾ ਨਾਲ ਦੁਰਭਾਗ ਵਾਪਰਿਆ ਪਰ ਡੂੰਘੀ ਨੀਝ ਨਾਲ ਵੇਖੀਏ ਤਾਂ ਇਹ ਸੁਭਾਗ ਹੀ ਸੀ, ਕਿਉਂਕਿ ਮੀਰਾ ਅਤੇ ਕ੍ਰਿਸ਼ਨ ਵਿਚਕਾਰ ਰਿਸ਼ਤਿਆਂ ਦੀਆਂ ਜਿਤਨੀਆਂ ਰੁਕਾਵਟਾਂ ਸਨ, ਉਹ ਦੂਰ ਹੋ ਗਈਆਂ। ਦੁਰਭਾਗ ਵਿਚ ਵੀ ਸੁਭਾਗ ਸੀ। ਮੀਰਾ ਦਾ ਸੰਸਾਰ ਵਿਚਲੇ ਰਿਸ਼ਤਿਆਂ ਪ੍ਰਤੀ ਜਿਤਨਾ ਵੀ ਪ੍ਰੇਮ ਸੀ, ਸਾਰਾ ਸੁੰਗੜਦਾ ਗਿਆ। ਮੀਰਾ ਨੇ ਮਾਂ ਪ੍ਰਤੀ ਪ੍ਰੇਮ, ਬਾਬੇ ਪ੍ਰਤੀ ਸ਼ਰਧਾ, ਪਤੀ ਪ੍ਰਤੀ ਮੋਹ, ਸਹੁਰੇ ਪ੍ਰਤੀ ਸਤਿਕਾਰ ਅਤੇ ਪਿਤਾ ਪ੍ਰਤੀ ਧੰਨਵਾਦ, ਸਭ ਕ੍ਰਿਸ਼ਨ ਦੇ ਪੈਰਾਂ ਤੇ ਰਖ ਦਿਤੇ। ਜਿਉਂ ਜਿਉਂ ਮੀਰਾ ਦਾ ਸੰਸਾਰ ਸੁੰਗੜਦਾ ਗਿਆ, ਤਿਉਂ ਤਉਂ ਕ੍ਰਿਸ਼ਨ ਨੇੜੇ ਆਉਂਦਾ ਗਿਆ । ਦੁਰਭਾਗ ਸੁਭਾਗ ਹੋ ਨਿਬੜਿਆ ।
ਕਈ ਸਮੇਂ ਅਜਿਹੇ ਹੁੰਦੇ ਹਨ ਜਦੋਂ ਵਿਛੜਨ ਦੀ ਰਫਤਾਰ ਤੇਜ਼ ਹੋ ਜਾਂਦੀ ਹੈ ਜਿਵੇਂ ਭੂਚਾਲ ਜਾਂ ਤੂਫਾਨ ਜਾਂ ਯੁੱਧ ਦੌਰਾਨ।
ਜੰਗ ਜਵਾਨੀ ਦੀ ਬਲੀ ਲੈਣ ਵਾਲਾ ਯੱਗ ਹੋ ਨਿਬੜਦੀ ਹੈ।
ਕਈ ਥਾਵਾਂ ਅਜਿਹੀਆਂ ਹੁੰਦੀਆਂ ਹਨ, ਜਿਥੇ ਮਿਲਣ ਦੇ ਮੌਕੇ ਵੱਧ ਹੁੰਦੇ ਹਨ ਅਤੇ ਦੋਸਤੀਆਂ ਜਲਦੀ ਪੈਂਦੀਆਂ ਹਨ, ਜਿਵੇਂ ਸਕੂਲ ਵਿਚ, ਖੇਡ ਦੇ ਮੈਦਾਨ ਵਿਚ, ਗਲੀ-ਮੁਹਲੇ ਵਿਚ।
ਮਨੁੱਖ ਜਿਥੇ ਵੀ ਹੁੰਦਾ ਹੈ ਉਹ ਆਲੇ-ਦੁਆਲੇ ਨਾਲ ਲੋੜ ਅਨੁਸਾਰ ਸਬੰਧ ਉਸਾਰ ਲੈਂਦਾ ਹੈ। ਹਸਪਤਾਲ ਵਰਗੀ ਸੋਗੀ ਥਾਂ ਵਿਚ ਵੀ ਕਈ ਵਾਰੀ ਮਰੀਜ਼ਾਂ ਦੀ ਆਪਸੀ ਜਾਣ-ਪਛਾਣ ਮਾਣ-ਭਰੀਆਂ ਰਿਸ਼ਤੇਦਾਰੀਆਂ ਦਾ ਰੂਪ ਧਾਰ ਲੈਂਦੀ ਹੈ। ਕੈਦੀ ਇਕ ਦੂਜੇ ਲਈ ਜਾਨ ਵਾਰਨ ਲਈ ਤਿਆਰ ਹੋ ਜਾਂਦੇ ਹਨ । ਹੋਸਟਲਾਂ ਵਿਚ ਵਿਦਿਆਰਥੀ ਦੋਸਤ ਅਤੇ ਦੁਸ਼ਮਣ ਦੋਵੇਂ ਉਸਾਰ ਲੈਂਦੇ ਹਨ।
ਮੇਰੀ ਇਕ ਵਿਦਿਆਰਥਣ ਸੀ, ਉਹ ਆਪਣੀਆਂ ਸਹੇਲੀਆਂ ਨੂੰ ਇਤਨਾ ਪਿਆਰ ਕਰਦੀ ਸੀ ਕਿ ਉਹ ਚਾਹੁੰਦੀ ਸੀ ਕਿ ਉਹ ਸਾਰੀਆਂ ਦਰਿਆ ਵਿਚ ਡੁੱਬ ਰਹੀਆਂ ਹੋਣ ਅਤੇ ਉਹ ਇਕ-ਇਕ ਨੂੰ ਬਚਾਵੇ।
ਹੁਣ ਸੋਚਦਾ ਹਾਂ ਕਿ ਸਕੂਲ ਵਿਚ ਵਾਕਾਂ ਵਿਚ ਸਾਨੂੰ ਜਿਹੜੇ ਖਾਲੀ ਸਥਾਨ ਭਰਨੇ ਸਿਖਾਏ ਜਾਂਦੇ ਸਨ, ਉਹ ਵਾਸਤਵ ਵਿਚ ਜ਼ਿੰਦਗੀ ਦੇ ਕਾਰ-ਵਿਹਾਰ ਵਿਚ ਖਾਲੀ ਥਾਵਾਂ ਨੂੰ ਭਰਨ ਦੀ ਹੀ ਸਿਖਿਆ ਸਨ, ਇਸੇ ਕਰਕੇ ਅਸੀਂ ਜੀਵਨ ਦੇ ਖਾਲੀ ਸਥਾਨ ਭਰਦੇ ਰਹਿੰਦੇ ਹਾਂ।
ਜਦੋਂ ਸਾਨੂੰ ਪਛਾਣਨ ਵਾਲੇ ਵਿਛੜ ਜਾਂਦੇ ਹਨ ਤਾਂ ਅਸੀਂ ਇਸ ਲਈ ਉਦਾਸ ਹੋ ਜਾਂਦੇ ਹਾਂ ਕਿਉਂਕਿ ਇਹ ਸਥਾਨ ਖਾਲੀ ਹੋ ਜਾਂਦੇ ਹਨ। ਪਤਨੀ ਦੇ ਵਿਛੋੜੇ ਉਪਰੰਤ ਖਾਲੀ ਘਰ ਪਤੀ ਨੂੰ ਬੜਾ ਉਦਾਸ ਕਰਦਾ ਹੈ। ਕਈ ਖਾਲੀ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਦੀ ਵੀ ਭਰਨ ਵਿਚ ਨਹੀਂ ਆਉਂਦੀਆਂ, ਜਿਵੇਂ ਜਵਾਨੀ ਵਿਚ ਪੁੱਤਰ ਦੀ ਮੌਤ, ਅੱਧਖੜ ਉਮਰ ਵਿਚ ਪਤੀ ਜਾਂ ਪਤਨੀ ਦਾ ਵਿਛੋੜਾ ਅਤੇ ਬੁਢਾਪੇ ਵਿਚ ਸਹਾਰੇ ਦੀ ਅਣਹੋਂਦ। ਬਚਪਨ ਸਾਨੂੰ ਇਸ ਕਰਕੇ ਯਾਦ ਆਉਂਦਾ ਹੈ ਕਿਉਂਕਿ ਇਹ ਪਿਆਰ ਨਾਲ ਭਰਿਆ ਹੁੰਦਾ ਹੈ ਅਤੇ ਸਾਡੀ ਹਰ ਗਲਤੀ ਖਿੜੇ ਮਥੇ ਮੁਆਫ਼ ਕੀਤੀ ਗਈ ਹੁੰਦੀ ਹੈ। ਮਾਂ ਦਾ ਵਿਛੜਨਾ ਇਤਨਾ ਵੱਡਾ ਘਾਟਾ ਹੁੰਦਾ ਹੈ ਕਿ ਹਮਦਰਦੀ ਅਤੇ ਦਿਲਾਸਿਆਂ ਦਾ ਕੋਈ ਅਸਰ ਨਹੀਂ ਹੁੰਦਾ।
ਪਿਤਾ ਨਾਲ ਆਮਦਨ ਅਤੇ ਮਾਂ ਨਾਲ ਘਰ ਦਾ ਸੰਕਲਪ ਜੁੜਿਆ ਹੁੰਦਾ ਹੈ।
ਘਰ ਦੌੜ ਰਹੇ ਮਨੁੱਖ ਲਈ ਬੈਠਣ ਦੀ ਥਾਂ ਹੁੰਦੀ ਹੈ।
ਪਿਤਾ ਕੋਈ ਵੀ ਬਣ ਸਕਦਾ ਹੈ ਪਰ ‘ਪਿਤਾ ਜੀ’, ‘ਮੇਰੇ ਪਿਆਰੇ ਪਿਤਾ ਜੀ’, ਬਣਨ ਵਾਸਤੇ ਬੜੀ ਕੁਰਬਾਨੀ ਅਤੇ ਮਿਹਨਤ ਕਰਨੀ ਪੈਂਦੀ ਹੈ।
ਸਭ ਤੋਂ ਵੱਧ ਦੁਖਦਾਈ ਵਿਛੋੜਾ ਗਭਰੂ ਦੀ ਮੌਤ ਹੁੰਦੀ ਹੈ। ਮਿਹਨਤ ਅਤੇ ਸਿਰਜਣਾ ਦੀ ਸਾਕਾਰ ਮੂਰਤੀ, ਮਾਂ, ਜਾਬਰ ਮੌਤ ਦੀ ਖੁਲ੍ਹੀ ਵੰਗਾਰ ਸਾਹਮਣੇ ਨਿਹੱਥੀ ਹੋ ਕੇ ਰਹਿ ਜਾਂਦੀ ਹੈ। ਗਭਰੂ ਦੀ ਮੌਤ ਨਾਲ ਪਰਿਵਾਰ ਦੀਆਂ ਆਸਾਂ, ਸੁਪਨੇ ਅਤੇ ਤਾਂਘਾ ਦੇ ਬੁਰਜ-ਮੁਨਾਰੇ ਢਹਿ-ਢੇਰੀ ਹੋ ਜਾਂਦੇ ਹਨ। ਜਦੋਂ ਸ਼ਬਦ ਸਾਡੇ ਦੁੱਖਾਂ ਦਾ ਬੋਝ ਨਹੀਂ ਚੁੱਕ ਸਕਦੇ ਤਾਂ ਦੁੱਖ ਦੇ ਅੰਨ੍ਹੇ ਵੇਗ ਨੂੰ ਆਦਿਮ ਚੀਕਾਂ, ਹਉਕਿਆਂ, ਹਿਚਕੀਆਂ ਅਤੇ ਵੈਣਾਂ ਵਾਲਾ ਤਿਹੱਥੜਾ ਸਿਆਪਾ ਪਾ ਕੇ ਪ੍ਰਗਟ ਕੀਤਾ ਜਾਂਦਾ ਹੈ । ਪਾਗਲ ਵੀ ਉਤਨੇ ਪਾਗਲ ਨਹੀਂ ਹੁੰਦੇ, ਜਿਤਨੀ ਮਾਂ ਆਪਣੇ ਗਭਰੂ ਪੁੱਤਰ ਦੀ ਮੌਤ ਨਾਲ ਪਾਗਲ ਹੋ ਜਾਂਦੀ ਹੈ। ਭੈਣ ਦੀ ਡੋਲੀ ਨੂੰ ਟੋਰਨ ਵਾਲਾ ਸ਼ਗਨਾਂ ਵਾਲਾ ਬੂਹਾ, ਭਰਾ ਦੀ ਅਰਥੀ ਨੇ ਮਲਿਆ ਹੁੰਦਾ ਹੈ। ਪਿਤਾ ਮਗਰੋਂ ਪਤੀ ਦਾ ਚਲੇ ਜਾਣਾ, ਕਈ ਵਾਰੀ ਭਰਾ ਵੀ ਚਲਾ ਜਾਂਦਾ ਹੈ, ਇਸਤਰੀ ਲਈ ਅਸਹਿ ਹੋ ਜਾਂਦਾ ਹੈ। ਮਾਵਾਂ ਮੱਸਿਆ ਵਿਚ ਚੰਨ ਲਭਦੀਆਂ ਰਹਿੰਦੀਆਂ ਹਨ ਅਤੇ ਪਤਨੀਆਂ ਦੇ ਜੀਵਨ ਵਿਚ ਅਥਰੂ, ਹੌਕੇ ਅਤੇ ਪਛਤਾਵੇ ਹੀ ਰਹਿ ਜਾਂਦੇ ਹਨ।
ਵਕਤ ਚਲਦਾ ਰਹਿੰਦਾ ਹੈ। ਵਕਤ ਦਾ ਗੁਣ ਇਹ ਹੈ ਕਿ ਇਹ ਰੁਕਦਾ ਨਹੀਂ । ਮਰ ਗਿਆ ਦੂਰ ਚਲਾ ਜਾਂਦਾ ਹੈ। ਇਹ ਨਹੀਂ ਕਿ ਉਸ ਨੂੰ ਭੁਲਾ ਦਿਤਾ ਜਾਂਦਾ ਹੈ ਪਰ ਉਸ ਦੀ ਥਾਂ ਜਾਂ ਉਸ ਦਾ ਪਾਇਆ ਖੱਪਾ ਕਿਵੇਂ ਨਾ ਕਿਵੇਂ ਪੂਰਿਆ ਜਾਂਦਾ ਹੈ ।
ਧਰਤੀ ਉਤੇ ਮਾਰੂਥਲ ਵੀ ਹਨ ਅਤੇ ਸਮੁੰਦਰ ਵੀ ਹਨ।
ਤਾਂਘਾਂ ਦੀ ਥਾਂ ਸਬਰ-ਸੰਤੋਖ ਮਲ ਲੈਂਦਾ ਹੈ ਅਤੇ ਰੰਗ ਤਮਾਸ਼ਿਆਂ ਦੀ ਥਾਂ ਗੰਭੀਰਤਾ ਲੈ ਲੈਂਦੀ ਹੈ। ਹੌਲੀ ਹੌਲੀ ਜ਼ਿੰਦਗੀ ਦੀ ਰੌਣਕ ਮੌਤ ਦੀ ਉਦਾਸੀ ਨੂੰ ਢਕ ਲੈਂਦੀ ਹੈ। ਦਰਦ ਤਿਖੇ ਨਹੀਂ ਰਹਿੰਦੇ ਅਤੇ ਰੱਬ ਪ੍ਰਤੀ ਗਿਲੇ-ਸ਼ਿਕਵੇ ਉਸ ਦੀਆਂ ਹੋਰ ਬਖਸ਼ਿਸ਼ਾਂ ਕਾਰਨ ਢਿਲੇ ਹੋ ਜਾਂਦੇ ਹਨ। ਆਲੇ-ਦੁਆਲੇ ਵਿਚ ਨਿੱਤ-ਦਿਨ ਵਿਛੜਦਿਆਂ ਨੂੰ ਵੇਖ ਕੇ, ਆਪਣਾ ਵਿਛੋੜਾ ਸਹਿਣਯੋਗ ਹੋ ਨਿਬੜਦਾ ਹੈ।
ਜਿਵੇਂ ਪਿਛੇ ਮੁੜ ਕੇ ਵੇਖਦੇ ਰਹਿਣ ਨਾਲ ਗਰਦਨ ਦੁਖਣ ਲਗ ਪੈਂਦੀ ਹੈ, ਇਵੇਂ ਹੀ ਅਤੀਤ ਨੂੰ ਯਾਦ ਕਰਕੇ ਝੂਰਦੇ ਰਹਿਣ ਨਾਲ ਅਸੀਂ ਥੱਕ ਜਾਂਦੇ ਹਾਂ।
ਸਹਿਜ ਹੋਣ ਦੀ ਆਦਤ ਪੈ ਜਾਂਦੀ ਹੈ । ਹੌਲੀ ਹੌਲੀ ਮਨੁੱਖ ਦੇ ਅੰਦਰੋਂ ਹਿੰਮਤ ਜਾਗਦੀ ਹੈ ਅਤੇ ਜ਼ਿੰਦਗੀ ਉਤੇ ਢਿੱਲੀ ਹੋਈ ਉਸ ਦੀ ਪਕੜ ਪੀਡੀ ਹੋ ਜਾਂਦੀ ਹੈ। ਇਹ ਜ਼ਿੰਦਗੀ ਦਾ ਨੇਮ ਹੈ।
ਅਸਹਿ ਵਿਛੋੜੇ ਤੋਂ ਮਗਰੋਂ ਜਦੋਂ ਅਸੀਂ ਕਿਸੇ ਵਿਸ਼ਵਾਸਯੋਗ ਵਿਅਕਤੀ ਨੂੰ ਮਿਲਦੇ ਹਾਂ ਤਾਂ ਸਾਡੀ ਅਕਲ ਬਹਾਦਰ ਹੋ ਜਾਂਦੀ ਹੈ ਅਤੇ ਸਾਡਾ ਦਿਲ ਸਿਆਣਾ ਹੋ ਜਾਂਦਾ ਹੈ। ਨਿਰਸੰਦੇਹ ਪਾਲੇ-ਪੋਸੇ ਰਿਸ਼ਤਿਆਂ ਦੇ ਟੁੱਟਣ ਨਾਲ ਸਾਡੇ ਅੰਦਰ ਪਛਤਾਵਿਆਂ ਦਾ ਮਲਬਾ ਇਕਠਾ ਹੁੰਦਾ ਰਹਿੰਦਾ ਹੈ ਪਰ ਨਿਤਾਣੇਪਣ ਵਿਚੋਂ ਵੀ ਸਬਰ ਅਤੇ ਧੀਰਜ ਨਾਲ ਹਿੰਮਤਾਂ ਜਾਗਦੀਆਂ ਵੇਖੀਆਂ ਗਈਆਂ ਹਨ। ਮੇਰੇ ਇਕ ਮਿੱਤਰ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਛਾਂਟੀ ਕੀਤੇ ਕਰਮਚਾਰੀਆਂ ਦੇ ਹੁਕਮ ਜਾਰੀ ਕਰਨਾ ਸੀ। ਉਹ ਆਪਣੇ ਕੰਮ ਨਾਲ ਮਾਨਸਿਕ ਅਤੇ ਭਾਵਕ ਪਖੋਂ ਇਹ ਸੋਚ ਕੇ ਥੱਕ ਜਾਂਦੇ ਸਨ ਕਿ ਛਾਂਟੀ ਕੀਤੇ ਕਰਮਚਾਰੀਆਂ ਨਾਲ ਕੀ ਵਾਪਰੇਗੀ, ਉਹ ਬੇਰੋਜ਼ਗਾਰ ਹੋ ਕੇ ਕੀ ਕਰਨਗੇ, ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚਿਆਂ ਨਾਲ ਕੀ ਗੁਜ਼ਰੇਗੀ। ਉਹ ਛਾਂਟੀ ਉਪਰੰਤ ਕਿਸੇ ਨੂੰ ਰਵਾਨਾ ਹੁਦਿਆਂ ਨਹੀਂ ਸੀ ਵੇਖ ਸਕਦੇ ਅਤੇ ਰਾਤ ਨੂੰ ਰਜਾਈ ਵਿਚ ਮੂੰਹ ਲੁਕੋ ਕੇ ਰੋਂਦੇ ਰਹਿੰਦੇ ਸਨ। ਜਦੋਂ ਉਨ੍ਹਾਂ ਨੇ ਨਵੇਂ ਭਰਤੀ ਹੋਣ ਵਾਲਿਆਂ ਦੇ ਉਤਸ਼ਾਹ ਨੂੰ ਵੇਖਿਆ ਤਾਂ ਉਨ੍ਹਾਂ ਦੇ ਵਿਹਾਰ ਦਾ ਵਿਗੜਿਆ ਸੰਤੁਲਨ ਬਹਾਲ ਹੋ ਗਿਆ। ਰਿਸ਼ਤੇ ਟੁੱਟਦੇ ਹਨ ਪਰ ਨਵੇਂ ਉਸਰਦੇ ਵੀ ਹਨ।
ਜੇ ਮੌਤ ਵਿਛੜਨ ਦੀ ਸਿਖਰਲੀ ਉਦਾਹਰਣ ਹੈ ਤਾਂ ਜਨਮ ਜਾਂ ਵਿਆਹ ਮਿਲਾਪ ਦੀ ਸਭ ਤੋਂ ਨਿਘੀ ਮਿਸਾਲ ਹੈ। ਜਦੋਂ ਵਿਆਹ ਧਰਿਆ ਜਾਵੇ ਤਾਂ ਵਿਆਹ ਤੋਂ ਪਹਿਲਾਂ ਕੋਈ ਸਮੱਸਿਆ ਨਹੀਂ ਉਪਜਦੀ ਕਿਉਂਕਿ ਵਿਆਹ ਦੀ ਤਾਂਘ ਇਤਨੀ ਬਲਵਾਨ ਹੁੰਦੀ ਹੈ ਕਿ ਕੋਈ ਸਮੱਸਿਆ ਰੁਕਾਵਟ ਨਹੀਂ ਬਣ ਸਕਦੀ ਪਰ ਵਿਆਹ ਤਾਂ ਹੀ ਸਫਲ ਹੁੰਦਾ ਹੈ ਜੇ ਨਿਤ-ਦਿਨ ਮਿਲਣ ਦੀ ਨਵੀਂ ਅਤੇ ਸਜਰੀ ਤਾਂਘ ਉਪਜਦੀ ਰਹੇ ਨਹੀਂ ਤਾਂ ਸ਼ਗਨਾਂ ਅਤੇ ਵਧਾਈਆਂ ਉਪਰੰਤ ਨਿਕੀਆਂ ਨਿਕੀਆਂ ਗਲਾਂ ਵਿਛੜਨ ਦਾ ਕਾਰਨ ਬਣ ਜਾਂਦੀਆਂ ਹਨ।
ਅਸੀਂ ਜ਼ਿੰਦਗੀ ਵਿਚ ਵਿਛੜਨ ਵਾਲਿਆਂ ਨੂੰ ਵੀ ਮਿਲਣ ਵਾਲੇ ਦਿਨਾਂ ਦੇ ਸੰਦਰਭ ਵਿਚ, ਰਲ ਕੇ ਗੁਜ਼ਾਰੇ ਦਿਨਾਂ ਦੇ ਮਾਣ ਨਾਲ ਯਾਦ ਕਰਦੇ ਹਾਂ।
ਜਿਉਂ ਜਿਉਂ ਉਮਰ ਵੱਧਦੀ ਹੈ, ਅਸੀਂ ਬਚਪਨ ਦੇ ਸਾਥੀਆਂ ਨੂੰ, ਪੁਰਾਣੇ ਜਮਾਤੀਆਂ ਨੂੰ, ਮੁੜ ਮਿਲਣ ਲਈ ਤਰਸਣ ਲਗ ਪੈਂਦੇ ਹਾਂ।
ਮੀਂਹ ਦੇ ਪਾਣੀ ਵਿਚ ਚਲਾਈਆਂ ਕਾਗਜ਼ ਦੀਆਂ ਬੇੜੀਆਂ, ਚੁਰਾ ਕੇ ਖਾਧੇ ਅਮਰੂਦ, ਜਾਮਨ, ਜਲੇਬੀਆਂ ਅਤੇ ਲੱਡੂ, ਕੰਧਾਂ ਟੱਪ ਕੇ ਕਿਸੇ ਨੂੰ ਮਿਲਣ ਦੇ ਯਤਨਾਂ ਦੀਆਂ ਯਾਦਾਂ ਦੀ ਦੱਬੀ ਹੋਈ ਦੌਲਤ, ਉਮਰ ਅਤੇ ਤਜਰਬੇ ਨਾਲ ਵਧੇਰੇ ਮੁਲਵਾਨ ਹੋ ਜਾਂਦੀ ਹੈ। ਉਹ ਸਾਥਣਾਂ ਯਾਦ ਆਉਂਦੀਆਂ ਹਨ, ਜਿਹੜੀਆਂ ਹਾਰ ਕੇ ਵੀ ਹਸਦੀਆਂ ਸਨ। ਉਹ ਬੇਲੀ ਯਾਦ ਆਉਂਦੇ ਹਨ, ਜਿਨ੍ਹਾਂ ਕੋਲ ਪਤੰਗ ਕੱਟਣ ਦਾ ਹੁਨਰ ਸੀ ਅਤੇ ਪਤੰਗ ਕਟਵਾਉਣ ਦਾ ਸਲੀਕਾ ਸੀ ।
ਜ਼ਿੰਦਗੀ ਵਿਚ ਕਈ ਰਿਸ਼ਤੇ ਟੁੱਟ ਕੇ ਮੁੜ ਵੀ ਗੰਢੇ ਜਾਂਦੇ ਹਨ। ਕਈ ਸਾਲਾਂ ਦੇ ਵਿਛੋੜੇ ਉਪਰੰਤ ਕਈ ਪਤੀ-ਪਤਨੀ ਫਿਰ ਰਲ ਕੇ ਰਹਿਣ ਲਗ ਪੈਂਦੇ ਹਨ।
ਚਾਲ੍ਹੀ ਮੁਕਤਿਆਂ ਨੇ ਵੀ ਗੁਰੂ ਦੇ ਪਿਆਰੇ ਬਣ ਕੇ ਅੰਮ੍ਰਿਤ ਛਕਿਆ ਸੀ ਪਰ ਉਹ ਵਿਛੋੜਾ ਦੇ ਗਏ ਸਨ । ਮੁਕਤਿਆਂ ਉਤੇ ਗੁਰੂ ਦਾ ਸਿਰਾਂ ਦਾ ਕਰਜ਼ਾ ਸੀ ਜਿਹੜਾ ਸਿਰ ਦੇ ਕੇ ਹੀ ਲਹਿ ਸਕਦਾ ਸੀ । ਮੁਕਤਿਆਂ ਨੂੰ ਗੁਰੂ-ਗੋਦ ਦਾ ਨਿੱਘ ਸਿਰ ਦੇ ਕੇ ਹੀ ਮਿਲਿਆ ਸੀ। ਕਰਜ਼ਾ ਲਾਹ ਕੇ ਉਹ ਚਾਲ੍ਹੀ, ਉਨ੍ਹਾਂ ਪੰਜਾਂ ਨਾਲ ਜਾ ਖਲੋਤੇ ਸਨ ਜਿਥੇ ਮਗਰੋਂ ਚਾਰ ਹੋਰ ਆ ਕੇ ਖਲੋਣੇ ਸਨ ।
ਮੁਆਫ਼ ਕਰਨ ਦੇ ਗੁਣ ਤੋਂ ਬਿਨਾ ਵਿਛੋੜੇ, ਮਿਲਾਪ ਨਹੀਂ ਬਣਦੇ।
ਆਪਣੇ ਪਿਆਰਿਆਂ ਦਾ ਵਿਛੋੜਾ ਬਰਦਾਸ਼ਤ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਤੋਂ ਵਿਛੜਨਾ ਬਰਦਾਸ਼ਤ ਨਹੀਂ ਹੁੰਦਾ।
ਵਿਛੜਨਾ ਕਿਸੇ ਵੀ ਪਖੋਂ ਸੁਖਦਾਈ ਨਹੀਂ ਹੁੰਦਾ। ਇਸੇ ਕਰਕੇ ਵਿਦਾਇਗੀ ਸਮੇਂ ਅਸੀਂ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਵਿਛੜਨ ਵਾਲੇ ਨਾਲ ਮੁੜ ਮਿਲਣ ਦੀ ਥਾਂ ਰਖ ਕੇ ਵਿਛੜਦੇ ਹਾਂ। ਮਿਲਣ ਵਿਚ ਨਿੱਘ ਹੈ, ਜ਼ਿੰਦਗੀ ਦੀ ਰੌਣਕ ਹੈ। ਜਿਨ੍ਹਾਂ ਲੋਕਾਂ ਵਿਚ ਮਿਲਣ ਦਾ ਹੁਨਰ ਹੁੰਦਾ ਹੈ ਉਹ ਵਧੇਰੇ ਆਸਵੰਦ, ਉਸਾਰੂ ਸੋਚ ਵਾਲੇ, ਭਵਿਖਮੁਖੀ ਅਤੇ ਨਿਘੇ ਵਿਅਕਤੀ ਹੁੰਦੇ ਹਨ। ਜਿਤਨਾ ਵਧੇਰੇ ਲੋਕਾਂ ਨਾਲ ਸਾਡਾ ਮੇਲ-ਮਿਲਾਪ ਹੁੰਦਾ ਹੈ, ਉਤਨੀ ਹੀ ਸਾਡੀ ਸਿਹਤ ਠੀਕ ਰਹਿੰਦੀ ਹੈ, ਉਮਰ ਵੱਧਦੀ ਹੈ, ਬੀਮਾਰ ਹੋਣ ਲਈ ਵਕਤ ਹੀ ਨਹੀਂ ਲਭਦਾ। ਮਿਲਣ ਨਾਲ ਭਰਮ-ਭੁਲੇਖੇ ਦੂਰ ਹੁੰਦੇ ਹਨ, ਆਤਮ-ਵਿਸ਼ਵਾਸ ਵੱਧਦਾ ਹੈ, ਖੁਸ਼ਹਾਲੀ ਆਉਂਦੀ ਹੈ। ਸਦਭਾਵਨਾ ਨਾਲ, ਆਮਦਨ ਅਤੇ ਵਸੀਲਿਆਂ ਦੀ ਘਾਟ ਦੇ ਬਾਵਜੂਦ ਜੀਵਨ ਸੁਖਾਲਾ ਹੋ ਜਾਂਦਾ ਹੈ, ਹਿੰਮਤ ਬਣੀ ਰਹਿੰਦੀ ਹੈ। ਮੇਲ-ਮਿਲਾਪ ਨਾਲ ਉਤਸ਼ਾਹ ਮਿਲਦਾ ਹੈ। ਸਵੇਰੇ ਸਾਡੇ ਦਿਲ ਵਿਚ ਲੋਕਾਂ ਨੂੰ ਮਿਲਣ ਦਾ ਉਤਸ਼ਾਹ ਹੁੰਦਾ ਹੈ, ਇਸ ਉਤਸ਼ਾਹ ਕਾਰਨ ਨਾਸ਼ਤਾ ਸਾਦਾ ਹੋਣ ਦੇ ਬਾਵਜੂਦ ਭਰਪੂਰ ਤਸਲੀ ਵਾਲਾ ਹੁੰਦਾ ਹੈ ਜਦੋਂ ਕਿ ਰਾਤ ਨੂੰ ਦਿਨ ਦੇ ਵਿਛੋੜਿਆਂ ਦੇ ਸੰਤਾਪ ਕਰਕੇ ਸਭ ਕੁਝ ਕਾਹਲੀ ਨਾਲ ਖਾ ਜਾਣ ਦੀ ਭਾਰੀ ਭੁੱਖ ਹੁੰਦੀ ਹੈ । ਸਾਨੂੰ ਮਿਲਣ-ਗਿਲਣ ਵਾਲੇ ਸਾਡਾ ਧਿਆਨ ਰਖਦੇ ਹਨ, ਬਿਨ ਬੁਲਾਏ ਮਦਦ ਲਈ ਬਹੁੜਦੇ ਹਨ। ਅਸੀਂ ਵੀ ਅਨੇਕਾਂ ਭੈੜੇ ਕੰਮ ਇਸ ਲਈ ਨਹੀਂ ਕਰਦੇ ਕਿ ਸਾਡੇ ਮਿਲਣ-ਗਿਲਣ ਵਾਲਿਆਂ ਨੂੰ ਚੰਗੇ ਨਹੀਂ ਲਗਣਗੇ।
ਅਸੀਂ ਆਪਣੇ ਆਪ ਨੂੰ ਕਿਤਨਾ ਵੀ ਵਿਸ਼ੇਸ਼ ਜਾਂ ਅਨੋਖਾ ਸਮਝ ਲਈਏ ਪਰ ਸੱਚ ਇਹ ਹੈ ਕਿ ਅਸੀਂ ਦੂਜਿਆਂ ਵਰਗੇ ਹੀ ਹੁੰਦੇ ਹਾਂ ਸੋ ਸਬੰਧ ਤਾਂ ਹੀ ਵਿਗਸਦੇ ਹਨ ਜੇ ਬਰਾਬਰੀ, ਸਤਿਕਾਰ ਅਤੇ ਮੁਆਫ ਕਰਨ ਦੀ ਭਾਵਨਾ ਤੇ ਉਸਰੇ ਹੋਣ। ਉਚੇਚ ਵਾਲੇ ਰਿਸ਼ਤੇ ਅਤੇ ਅਸਾਵੇਂ ਰਿਸ਼ਤੇ ਨਿਘ ਨਹੀਂ ਦਿੰਦੇ, ਬੋਝ ਬਣ ਜਾਂਦੇ ਹਨ।
ਆਪਣੇ ਸ਼ਹਿਰ ਜਾਂ ਆਪਣੇ ਕਾਰਜ-ਖੇਤਰ ਵਿਚੋਂ ਬਾਹਰ ਨਿਕਲ ਕੇ ਅਸੀਂ ਸਾਰੇ ਇਕੋ ਜਿਹੇ ਹੋ ਜਾਂਦੇ ਹਾਂ । ਧਾਰਮਕ ਸਥਾਨ ਤੇ ਅਸੀਂ ਸਾਰਿਆਂ ਨੂੰ ਆਪਣੇ ਵਰਗਾ ਸਮਝ ਕੇ ਹੀ ਮਿਲਦੇ ਹਾਂ, ਇਥੇ ਸਾਨੂੰ ਝੁਕਣ ਵਿਚ ਔਖ ਨਹੀਂ ਹੁੰਦੀ, ਇਥੇ ਕਿਸੇ ਦੇ ਮਿਲ ਪੈਣ ਤੇ ਖੁਸ਼ੀ ਹੁੰਦੀ ਹੈ। ਧਾਰਮਕ ਸਥਾਨ ਬਰਾਬਰੀ ਦੇ ਆਧਾਰ ਤੇ ਮਿਲਣ ਦੇ ਪਖ ਤੋਂ ਹੀ ਮਹੱਤਵਪੂਰਨ ਹੁੰਦੇ ਹਨ। ਜਦੋਂ ਸਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਸਾਡਾ ਪਿਆਰ ਸਾਡੀ ਸੋਚ, ਕਲਪਨਾ ਅਤੇ ਹਿਰਦੇ ਨੂੰ ਇਤਨਾ ਵਿਸ਼ਾਲ ਕਰ ਦਿੰਦਾ ਹੈ ਕਿ ਉਥੇ ਹਰ ਕਿਸੇ ਲਈ ਖੁਲ੍ਹੀ ਥਾਂ ਪੈਦਾ ਹੋ ਜਾਂਦੀ ਹੈ ਅਤੇ ਸਾਡੇ ਦਿਲ ਵਿਚ ਗਲੀਚੇ ਅਤੇ ਦਰੀਆਂ ਵਿਛ ਜਾਂਦੀਆਂ ਹਨ। ਕਿਸੇ ਨੂੰ ਕਿਸੇ ਵੇਲੇ ਪਿਆਰ ਕੀਤਾ ਹੋਵੇ, ਜਿਸ ਕਿਸੇ ਨਾਲ ਕਿਸੇ ਵੇਲੇ ਦੋਸਤੀ ਰਹੀ ਹੋਵੇ ਉਹ ਸਾਡੀ ਜ਼ਿੰਦਗੀ ਦੀ ਕਿਤਾਬ ਵਿਚ ਇਕ ਕਾਂਡ ਬਣ ਜਾਂਦਾ ਹੈ। ਕਿਉਂਕਿ ਉਸ ਨੇ ਸਾਡੇ ਆਮ-ਸਾਧਾਰਨ ਦਿਨਾਂ ਵਿਚ ਤਿਉਹਾਰਾਂ ਵਾਲੀ ਰੌਣਕ ਭਰੀ ਹੁੰਦੀ ਹੈ, ਉਸ ਪ੍ਰਤੀ, ਵਿਛੜਨ ਉਪਰੰਤ ਵੀ, ਸਤਿਕਾਰ ਦੀ ਭਾਵਨਾ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਕਿਸੇ ਵੇਲੇ ਤਾਂ ਉਹ ਸਾਡਾ ਪਿਆਰਾ ਦੋਸਤ ਸੀ।
ਨਿਰਸੰਦੇਹ ਕਈਆਂ ਦੇ ਵਿਛੜਨ ਨਾਲ ਜ਼ਿੰਦਗੀ ਦੀ ਰੌਣਕ ਹੀ ਗੁਆਚ ਜਾਂਦੀ ਹੈ ਪਰ ਕਬਰਾਂ ਤੋਂ ਦੀਵੇ ਲਿਆ ਕੇ ਘਰਾਂ ਵਿਚ ਰੌਸ਼ਨੀ ਨਹੀਂ ਕੀਤੀ ਜਾ ਸਕਦੀ । ਲੋੜ ਆਸਵੰਦ ਹੋਣ ਅਤੇ ਸ਼ਕਤੀਸ਼ਾਲੀ ਬਣਨ ਦੀ ਹੈ। ਕੁਝ ਵੀ ਪਹਿਲੀ ਵਾਰ ਜਾਂ ਕੇਵਲ ਸਾਡੇ ਨਾਲ ਹੀ ਨਹੀਂ ਵਾਪਰਦਾ। ਸ਼ਕਤੀਸ਼ਾਲੀ ਵਿਅਕਤੀ ਸ਼ਿਕਾਇਤਾਂ ਤੋਂ ਬਿਨਾ ਦੁੱਖ ਬਰਦਾਸ਼ਤ ਕਰਨ ਦੀ ਹਿੰਮਤ ਜੁਟਾਉਂਦੇ ਹਨ ਜਦੋਂ ਕਿ ਕਮਜ਼ੋਰ ਵਿਅਕਤੀ ਬਿਨਾ ਕਿਸੇ ਦੁੱਖ ਦੇ ਹੀ ਸ਼ਿਕਾਇਤਾਂ ਕਰੀ ਜਾਂਦੇ ਹਨ। ਸਿਆਣੇ, ਡੂੰਘੇ ਅਤੇ ਗੰਭੀਰ ਵਿਅਕਤੀਆਂ ਲਈ ਦੁੱਖ ਸਹਿਣੇ ਸਹਿਜ ਅਨੁਭਵ ਹੁੰਦਾ ਹੈ।
ਜਿਵੇਂ ਬਦਲਾਂ ਵਾਲੀ ਰਾਤ ਨੂੰ ਪਤਾ ਹੀ ਨਹੀਂ ਲਗਦਾ ਕਿ ਚੰਨ ਬਦਲਾਂ ਨਾਲ ਖੇਡ ਰਿਹਾ ਹੈ ਜਾਂ ਬਦਲ ਚੰਨ ਨਾਲ ਖੇਡ ਰਹੇ ਹਨ, ਇਵੇਂ ਹੀ ਜੀਵਨ ਵਿਚ, ਹਰੇਕ ਵਿਅਕਤੀ ਦੇ ਜੀਵਨ ਵਿਚ, ਮਿਲਣ-ਵਿਛੜਨ ਦਾ ਇਕ ਸਿਲਸਿਲਾ ਚਲਦਾ ਹੈ। ਹਰ ਬੰਦੇ ਵਿਚ ਨਾਇਕ ਅਤੇ ਖਲਨਾਇਕ ਦੋਵੇਂ ਹਾਜ਼ਰ ਹੁੰਦੇ ਹਨ।
ਨੀਵੀਆਂ ਸਥਿਤੀਆਂ ਤੋਂ ਉਠੇ ਲੋਕ ਅਕਸਰ ਜਲਦੀ ਚਿੜ੍ਹ ਜਾਂਦੇ ਹਨ।
ਅਸੀਂ ਸਾਰੇ ਆਪਣੀ ਆਪਣੀ ਹਉਮੈ ਦੇ ਮਜ਼ਦੂਰ ਹਾਂ, ਅਸੀਂ ਵੀ ਚਿੜ੍ਹ ਜਾਂਦੇ ਹਾ, ਗੁਸੇ ਹੋ ਜਾਂਦੇ ਹਾਂ।
ਸਲੀਕੇ ਤੋਂ ਬਿਨਾ ਜ਼ਿੰਦਗੀ ਦਾ ਸੁਹਜ ਵਿਖਾਈ ਨਹੀਂ ਦਿੰਦਾ।
ਸਲੀਕੇ ਨਾਲ ਵਿਛੜਨਾ ਵੀ ਮਿਹਰਬਾਨੀ ਦੀ ਇਕ ਕਿਸਮ ਹੁੰਦੀ ਹੈ।
ਇਹ ਸਲੀਕਾ ਅਤੇ ਹੁਨਰ ਅਕਸਰ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਿਚ ਵਧੇਰੇ ਹੁੰਦਾ ਹੈ। ਉਹ ਕਿਸੇ ਰਿਸ਼ਤੇ ਨੂੰ ਸੁੱਟਦੀਆਂ ਨਹੀਂ, ਸਾਂਭਣਯੋਗ ਨੂੰ ਸਾਂਭਦੀਆਂ ਹਨ ਅਤੇ ਆਪਣੇ ਮਨ ਦੀ ਪੜਛੱਤੀ ਵਿਚ ਟਿਕਾ ਦਿੰਦੀਆਂ ਹਨ।
ਕਈ ਵਾਰੀ ਇਕ ਸੰਖੇਪ ਜਿਹੀ ਮਿਲਣੀ ਜਾਂ ਮੁਲਾਕਾਤ ਨਿੱਘੀ ਅਤੇ ਰੱਜਵੀਂ ਦੋਸਤੀ ਦੇ ਬੂਹੇ ਖੋਲ੍ਹ ਦਿੰਦੀ ਹੈ।
ਵੇਖਿਆ ਗਿਆ ਹੈ ਕਿ ਜੇ ਮੁਖ ਗਲਾਂ ‘ਤੇ ਸਹਿਮਤੀ ਹੋਵੇ ਤਾਂ ਵੇਰਵਿਆਂ ਦੇ ਵੱਖਰੇਵਿਆਂ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ।
ਅਜਨਬੀਆਂ ਨੂੰ ਮਿਲਣ ਦੇ ਸਾਡੇ ਢੰਗ ਤੋਂ ਪਤਾ ਲਗਦਾ ਹੈ ਕਿ ਅਸੀਂ ਸੰਸਾਰ ਦੇ ਵਸਨੀਕ ਹਾਂ ਜਾਂ ਇਕ ਦੇਸ਼ ਜਾਂ ਪ੍ਰਾਂਤ ਦੇ ਜਾਂ ਇਕ ਪਿੰਡ ਦੇ।
ਪਿੰਡ ਵਿਚ ਰਹਿ ਕੇ ਵੀ ਸੰਸਾਰ ਦੇ ਸੰਦਰਭ ਵਿਚ ਸੋਚਿਆ ਜਾ ਸਕਦਾ ਹੈ ਅਤੇ ਮਹਾਂਨਗਰ ਵਿਚ ਵੀ ਬੰਦ ਦਿਮਾਗਾਂ ਵਾਲੇ ਬੜੇ ਬੰਦੇ ਮਿਲ ਜਾਂਦੇ ਹਨ।
ਹੁਨਰ, ਸਲੀਕਾ, ਸੂਝ ਅਤੇ ਸਿਆਣਪ, ਇਹ ਸਾਰੇ ਗੁਣ ਮਿਹਨਤ ਕਰਕੇ ਅਤੇ ਵਕਤ ਪਾ ਕੇ ਉਸਰਦੇ ਹਨ।
ਬ੍ਰਹਿਮੰਡ ਵਿਚ ਕੁਝ ਵੀ ਨਿਖੜਿਆ-ਵਿਛੜਿਆ ਹੋਇਆ ਨਹੀਂ, ਸਭ ਕੁਝ ਸਭ ਕੁਝ ਨਾਲ ਜੁੜਿਆ ਹੋਇਆ ਹੈ ਸੋ ਜੀਵਨ ਜਿਊਣ ਵਾਸਤੇ ਹਰ ਕਿਸੇ ਨੂੰ ਹਰ ਕਿਸੇ ਦੀ ਲੋੜ ਹੁੰਦੀ ਹੈ।
ਦੂਜਿਆਂ ਨੂੰ ਸਤਿਕਾਰ ਨਾਲ ਮਿਲਣਾ, ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ ਅਤੇ ਅਜਨਬੀਆਂ ਨੂੰ ਧੀਰਜ ਨਾਲ ਸੁਣਨਾ, ਸਭਿਅਕ, ਸਾਊ ਅਤੇ ਸੋਹਣੇ ਵਿਅਕਤੀਆਂ ਦੀ ਆਦਤ ਹੁੰਦੀ ਹੈ।
ਜਿਹੜੇ ਦੂਜਿਆਂ ਬਾਰੇ ਫ਼ਤਵੇ ਦੇਣ ਅਤੇ ਆਪਣੇ ਮੂੰਹ-ਫੱਟ ਹੋਣ ਦਾ ਮਾਣ ਕਰਦੇ ਹਨ ਜੇ ਉਹ ਥੋੜ੍ਹਾ ਜਿਹਾ ਵੀ ਸੋਚ ਕੇ ਬੋਲਣ ਤਾਂ ਸਿਆਣੀਆਂ ਗਲਾਂ ਵੀ ਕਰ ਸਕਦੇ ਹਨ ਅਤੇ ਖੁਸ਼ਹਾਲ ਵੀ ਹੋ ਸਕਦੇ ਹਨ।
ਮੇਲ-ਮਿਲਾਪ ਦੇ ਪਖੋਂ ਅਸੰਤੁਸ਼ਟ ਵਿਅਕਤੀ ਕੋਲ ਨਿੰਦਾ ਹੀ ਨਿੰਦਾ ਹੁੰਦੀ ਹੈ ਅਤੇ ਜਿਨ੍ਹਾਂ ਕੋਲ ਰਿਸ਼ਤਿਆਂ ਦਾ ਰੱਜ ਹੁੰਦਾ ਹੈ, ਪ੍ਰਸੰਸਾ ਉਹੀ ਕਰ ਸਕਦੇ ਹਨ।
ਆਸ਼ਾਵਾਦੀਆਂ ਜਾਂ ਆਪਣੇ ਕੰਮ ਵਿਚ ਨਿਪੁੰਨ ਅਤੇ ਆਪਣੇ ਖੇਤਰ ਦੇ ਮਾਹਿਰ ਅਤੇ ਪੁਸਤਕਾਂ ਪੜ੍ਹਨ ਦੇ ਸ਼ੌਕੀਨ ਵਿਕਅਤੀਆਂ ਵਿਚ ਦੂਜਿਆਂ ਦੇ ਸੰਪਰਕ ਵਿਚ ਆਉਣ ਦੀ ਸੁਭਾਵਕ ਸਮਰਥਾ ਅਤੇ ਇੱਛਾ ਹੁੰਦੀ ਹੈ। ਉਹ ਹਰ ਕਿਸੇ ਨੂੰ ਸੌਖ ਨਾਲ ਮਿਲਦੇ ਹਨ ।
ਮੇਲ-ਮਿਲਾਪ ਨਾਲ ਜੀਵਨ ਦੀ ਤਸੱਲੀ ਵੱਧਦੀ ਹੈ, ਮੁਸੀਬਤਾਂ ਸਹਿਣ ਦੀ ਹਿੰਮਤ ਜਾਗਦੀ ਹੈ, ਸਾਡਾ ਜੀਵਨ ਪੱਧਰ ਸੁਧਰਦਾ ਹੈ ਅਤੇ ਅਸੀਂ ਅੰਦਰੋਂ ਸੁਖਾਲੇ ਅਤੇ ਭਰੇ ਹੋਏ ਮਹਿਸੂਸ ਕਰਦੇ ਹਾਂ।
ਭੋਜਨ ਅਤੇ ਕਪੜੇ ਹੀ ਜ਼ਿੰਦਗੀ ਦੀਆਂ ਲੋੜਾਂ ਨਹੀਂ, ਚੰਗੇ ਲੋਕਾਂ ਨਾਲ ਸੰਪਰਕ ਵਿਚ ਰਹਿਣਾ ਵੀ ਜ਼ਿੰਦਗੀ ਦੀ ਅਸੀਸ ਹੁੰਦੀ ਹੈ।
ਮਿਲਣਾ ਜ਼ਿੰਦਗੀ ਦੀ ਸ਼ਾਬਾਸ਼ ਹੈ। ਵਿਛੋੜਾ ਜ਼ਿੰਦਗੀ ਦਾ ਯਥਾਰਥ ਹੈ ਪਰ ਵਿਛੜਨ ਵਿਚ ਵੀ ਸਲੀਕਾ ਹੋਣਾ ਚਾਹੀਦਾ ਹੈ।
ਇਕ ਹੀ ਮੌਸਮ ਪੱਤਝੜ ਦਾ !
ਪਰਾਇਆ ਦੇਸ਼, ਕਿਤਨਾ ਵੀ ਵਿਸ਼ਾਲ ਹੋਵੇ, ਆਪਣੇ ਘਰ ਨਾਲੋਂ ਸੌੜਾ ਹੀ ਲਗਦਾ ਹੈ।
ਜਿਵੇਂ ਉਖੜੇ ਹੋਏ ਦਰੱਖਤ ਦੀ ਕੋਈ ਛਾਂ ਨਹੀਂ ਹੁੰਦੀ ਉਵੇਂ ਹੀ ਉਖੜੇ ਹੋਏ ਮਨ ਦੀ, ਉਦਾਸੇ ਹੋਏ ਦਿਲ ਦੀ ਕੋਈ ਧਰਵਾਸ ਨਹੀਂ ਹੁੰਦੀ।
ਜਿਉਂ ਜਿਉਂ ਕੋਈ ਵਧੇਰੇ ਵਿਦਵਾਨ, ਯਥਾਰਥਵਾਦੀ, ਸੂਖਮ ਅਤੇ ਤਜਰਬੇਕਾਰ ਹੋਈ ਜਾਂਦਾ ਹੈ, ਤਿਉਂ ਤਿਉਂ ਉਹ ਉਦਾਸ ਹੋਈ ਜਾਂਦਾ ਹੈ ।
ਨਿਰਾਸ਼ਤਾ ਤੋਂ ਉਪਜੀ ਉਦਾਸੀ, ਵੀਹਵੀਂ ਸਦੀ ਦੀ ਕਾਢ ਹੈ।
ਜੇ ਕਿਸੇ ਨਿਰਾਸ਼ਾਵਾਦੀ ਨੂੰ ਕਿਸੇ ਆਸ਼ਾਵਾਦੀ ਨਾਲ ਰਹਿਣਾ ਪੈ ਜਾਵੇ ਤਾਂ ਦਸਿਆ ਨਹੀਂ ਜਾ ਸਕਦਾ ਕਿ ਸਜ਼ਾ ਕੌਣ ਭੁਗਤ ਰਿਹਾ ਹੋਵੇਗਾ।
ਕੋਈ ਕਹਿ ਰਿਹਾ ਸੀ : ਕਈ ਲੋਕ ਬਿਨਾ ਕੁਝ ਦਸੇ ਹੀ ਆਤਮਘਾਤ ਕਰ ਲੈਂਦੇ ਹਨ। ਸੁਣਨ ਵਾਲੇ ਨੇ ਕਿਹਾ : ਕੀ ਆਤਮਘਾਤ ਕਰਨਾ ਦਸਣਾ ਨਹੀਂ ?
ਉਦਾਸੀ ਸਮੁੱਚੀ ਮਾਨਵਜਾਤੀ ਦਾ ਸਾਂਝਾ ਅਨੁਭਵ ਹੈ, ਕੋਈ ਵੀ ਇਸ ਤੋਂ ਮੁਕਤ ਨਹੀਂ। ਮਾਨਵਜਾਤੀ ਦੀ ਸਾਂਝੀ ਸ਼ਿਕਾਇਤ ਸਰੀਰਕ ਦਰਦ ਹੈ, ਇਸੇ ਕਰਕੇ ਦਵਾਈਆਂ ਵਿਚ ਸਭ ਤੋਂ ਵੱਧ ਗਿਣਤੀ ਦਰਦ-ਨਿਵਾਰਕ ਦਵਾਈਆਂ ਦੀ ਹੈ।
ਸਰੀਰਕ ਦਰਦ ਨੂੰ ਕਸ਼ਟ ਵੀ ਕਹਿੰਦੇ ਹਨ।
ਮਨੁੱਖ ਸਰੀਰਕ ਦਰਦ ਜਾਂ ਕਸ਼ਟ ਦਾ ਇਲਾਜ ਭਾਵੇਂ ਲਭ ਲਵੇ ਪਰ ਮਾਨਸਿਕ ਦਰਦ ਦਾ ਇਲਾਜ ਸੌਖਾ ਨਹੀਂ।
ਮਾਨਸਿਕ ਦਰਦ ਨੂੰ ਉਦਾਸੀ ਕਹਿੰਦੇ ਹਨ।
ਇਹ ਵੀ ਸੱਚ ਹੈ ਕਿ ਦਰਦ ਹੀ ਮਨੁੱਖ ਨੂੰ ਇਨਸਾਨ ਬਣਾਉਂਦਾ ਹੈ। ਦੁੱਖ, ਦਰਦ ਅਤੇ ਉਦਾਸੀ ਸਾਡੇ ਵਿਕਾਸ ਦੀਆਂ ਲੋੜਾਂ ਹਨ। ਜੇ ਦਰਦ ਅਤੇ ਉਦਾਸੀ ਨਾ ਹੁੰਦੇ ਤਾਂ, ਉਮਰ ਕੋਈ ਵੀ ਹੁੰਦੀ, ਅਸੀਂ ਬੱਚੇ ਹੀ ਰਹਿਣਾ ਸੀ ਅਤੇ ਤਰਸ, ਹਮਦਰਦੀ ਅਤੇ ਸਹਿਯੋਗ ਜਿਹੇ ਲੱਛਣ ਸਾਡੇ ਵਿਚ ਪ੍ਰਗਟ ਨਹੀਂ ਸਨ ਹੋਣੇ।
ਇਸਤਰੀਆਂ ਵਿਚਲੇ ਬਹੁਤੇ ਗੁਣ ਉਨ੍ਹਾਂ ਦੇ ਸਰੀਰਕ ਅਤੇ ਭਾਵਕ ਦਰਦਾਂ ਨਾਲ ਰਿਸ਼ਤੇ ਕਾਰਨ ਹੁੰਦੇ ਹਨ।
ਜਾਨਵਰਾਂ, ਪੰਛੀਆਂ ਆਦਿ ਨੂੰ ਵੀ ਸਰੀਰਕ ਕਸ਼ਟ ਤਾਂ ਮਨੁੱਖਾਂ ਵਾਂਗ ਹੀ ਹੁੰਦਾ ਹੈ ਪਰ ਮਾਨਸਿਕ ਕਸ਼ਟ ਕੇਵਲ ਮਨੁੱਖ ਦਾ ਅਨੁਭਵ ਹਨ ਸੋ ਉਦਾਸੀ ਕੇਵਲ ਮਨੁੱਖ ਦਾ ਅਨੁਭਵ-ਖੇਤਰ ਹੈ।
ਮਾਨਸਿਕ ਦਰਦ ਜਾਂ ਉਦਾਸੀ ਮਨੁੱਖ ਦੇ ਸਮਾਜੀਕਰਣ ਕਰਕੇ ਹੈ।
ਸਾਡੀ ਉਦਾਸੀ ਲਈ ਕੋਈ ਹੋਰ ਜ਼ਿੰਮੇਵਾਰ ਹੁੰਦਾ ਹੈ । ਹਰ ਕੋਈ ਸਾਨੂੰ ਉਦਾਸ ਕਰਦਾ ਹੈ, ਕੋਈ ਮਿਲ ਕੇ ਉਦਾਸ ਕਰਦਾ ਹੈ, ਕੋਈ ਵਿਛੜ ਕੇ।
ਕਈ ਲੋਕਾਂ ਵਿਚ ਉਦਾਸ ਹੋਣ ਦੀ ਤਾਂਘ ਹੁੰਦੀ ਹੈ।
ਉਹ ਇਤਨੇ ਮਜ਼ਬੂਤ ਨਹੀਂ ਹੁੰਦੇ ਕਿ ਖੁਸ਼ੀ ਮਾਣ ਸਕਣ ਸੋ ਉਹ ਪ੍ਰਸੰਨ ਹੋਣ ਵਾਲੀਆਂ ਹਾਲਤਾਂ ਵਿਚ ਵੀ ਉਦਾਸ ਹੁੰਦੇ ਹਨ । ਕਈ ਲੋਕ ਉਦਾਸੀ ਨੂੰ ਸਿਆਣਪ ਨਾਲ ਜੋੜਦੇ ਹਨ, ਅਜਿਹੇ ਲੋਕਾਂ ਨੂੰ ਮਾਣ ਹੁੰਦਾ ਹੈ ਕਿ ਉਹ ਉਦਾਸ ਨਹੀਂ ਸਿਆਣੇ ਹਨ ਸੋ ਉਹ ਇਕੱਲੇ ਹੀ ਵਿਚਰਦੇ ਹਨ।
ਇਕੱਲਤਾ ਉਦਾਸੀ ਨੂੰ ਅਤੇ ਉਦਾਸੀ ਇਕੱਲਤਾ ਨੂੰ ਵਧਾਉਂਦੀ ਹੈ।
ਫੌਜੀਆਂ ਦੀ ਉਦਾਸੀ ਅਤੇ ਦੁੱਖ-ਦਰਦ ਯੁੱਧ ਮੁੱਕਣ ਉਪਰੰਤ ਸ਼ੁਰੂ ਹੁੰਦੇ ਹਨ ਕਿਉਂਕਿ ਯੁੱਧ ਮਗਰੋਂ ਲੜਾਈ ਜਾਂ ਮੁੱਠ-ਭੇੜ ਵਿਚ ਮਾਰੇ ਗਏ ਸਾਥੀਆਂ ਦੇ ਚਿਹਰੇ ਅੱਖਾਂ ਅਗੋਂ ਹਟਦੇ ਹੀ ਨਹੀਂ।
ਲੜਾਈ ਦੌਰਾਨ ਸੋਚਣ-ਮਹਿਸੂਸ ਕਰਨ ਦੀ ਵਿਹਲ ਨਹੀਂ ਹੁੰਦੀ ਪਰ ਯੁੱਧ ਉਪਰੰਤ, ਵਿਹਲ ਮਿਲਦਿਆਂ ਹੀ, ਪਏ ਘਾਟਿਆਂ ਦੀ ਯਾਦ, ਉਦਾਸੀ ਉਪਜਾਉਂਦੀ ਹੈ ਅਤੇ ਥਾਲੀ ਵਿਚੋਂ ਵਿਛੜ ਗਏ ਸਾਥੀ ਦਾ ਚਿਹਰਾ ਨਜ਼ਰ ਆਉਂਦਾ ਹੈ।
ਕਿਸੇ ਦੇ ਮਰਨ ਉਪਰੰਤ ਉਦਾਸੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਭੋਗ ਉਪਰੰਤ ਸਾਕ-ਸਬੰਧੀ ਚਲੇ ਜਾਂਦੇ ਹਨ ਅਤੇ ਸਾਡਾ ਸਥਿਤੀ ਦੇ ਯਥਾਰਥ ਨਾਲ ਸਾਹਮਣਾ ਹੁੰਦਾ ਹੈ। ਪਤੀ ਦੇ ਮਰਨ ਨਾਲ ਘਰ ਹੀ ਨਹੀਂ ਆਪਣਾ ਆਪ ਵੀ ਖਾਲ੍ਹੀ-ਖਾਲ੍ਹੀ ਲਗਦਾ ਹੈ। ਇਵੇਂ ਹੀ ਪ੍ਰੀਖਿਆ ਉਪਰੰਤ ਸਵਾਲਾਂ ਦੇ ਦਿਤੇ ਗਲਤ ਉੱਤਰਾਂ ਦੀ ਗਿਣਤੀ ਵੱਧਣ ਲਗਦੀ ਹੈ ਅਤੇ ਇਮਤਿਹਾਨ ਮੁੱਕਣ ਦੀ ਖੁਸ਼ੀ, ਨਤੀਜਾ ਚੰਗਾ ਨਾ ਆਉਣ ਦੀ ਚਿੰਤਾ ਵਿਚ ਬਦਲ ਜਾਂਦੀ ਹੈ।
ਵਿਆਹ ਵੇਲੇ ਕਿਸੇ ਨੇ ਵੀ ਸੋਚਿਆ ਨਹੀਂ ਹੁੰਦਾ ਕਿ ਤਲਾਕ ਲੈਣਾ ਪਵੇਗਾ।
ਤਲਾਕ, ਦੋਹਾਂ ਧਿਰਾਂ ਨੂੰ ਅਸਫਲ ਹੋਣ ਕਾਰਨ, ਉਦਾਸ ਕਰਦਾ ਹੈ।
ਅਸੀਂ ਪਰਿਵਾਰਕ ਮਾਣ-ਸਤਿਕਾਰ ਵਾਸਤੇ, ਬੱਚਿਆਂ ਵਾਸਤੇ ਅਤੇ ਸਮਾਜ ਵਿਚ ਆਪਣੀ ਪਛਾਣ ਬਣਾਈ ਰਖਣ ਵਾਸਤੇ ਵੱਡੀਆਂ ਮੁਸੀਬਤਾਂ ਵੀ ਖਿੜੇ-ਮੱਥੇ ਜਰ ਲੈਂਦੇ ਹਾਂ ਪਰ ਤਲਾਕ ਦਾ ਮੁਕੱਦਮਾ ਅਤੇ ਪਰਿਵਾਰਕ ਪ੍ਰੇਸ਼ਾਨੀਆਂ ਸਾਨੂੰ ਨਿਤਾਣਾ ਕਰ ਦਿੰਦੀਆਂ ਹਨ ਅਤੇ ਸਾਡੇ ਅੰਦਰ-ਬਾਹਰ ਉਦਾਸੀ ਪਸਰ ਜਾਂਦੀ ਹੈ।
ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਉਦੋਂ ਉਪਜਦੀਆਂ ਹਨ ਜਦੋਂ ਉਹ ਬੇਮੁਹਾਰ ਹੋ ਕੇ ਮਨਮਰਜ਼ੀ ਕਰਨ ਲਗ ਪੈਂਦਾ ਹੈ।
ਜਦੋਂ ਅਸੀਂ ਦੂਜਿਆਂ ਦੀ ਪ੍ਰਵਾਹ ਕਰਨੀ ਬੰਦ ਕਰ ਦਿੰਦੇ ਹਾਂ ਤਾਂ ਆਪ- ਹੁਦਰੇਪਣ ਕਾਰਨ ਅਸੀਂ ਵਿਕਾਸ ਨਹੀਂ ਕਰਦੇ, ਸਗੋਂ ਨਿਘਰਦੇ ਹਾਂ।
ਹੁਣ ਜਦੋਂ ਇਕੱਠੇ ਰਹਿਣ ਲਈ ਸਮਾਜਿਕ ਦਬਾਓ ਘਟ ਰਹੇ ਹਨ, ਹੁਣ ਪਰਿਵਾਰ ਵਿਚ ਰਹਿੰਦਿਆਂ ਵੀ ਹਰ ਕੋਈ ਇਕੱਲਾ ਹੈ, ਹਰ ਕੋਈ ਆਪਣੇ ਬਾਰੇ ਹੀ ਸੋਚਣ ਲਗ ਪਿਆ ਹੈ, ਜਦੋਂ ਕਿ ਵਿਆਹ ਅਤੇ ਪਰਿਵਾਰ, ਦੂਜੇ ਦਾ ਧਿਆਨ ਰਖਣ ਅਤੇ ਦੂਜੇ ਬਾਰੇ ਸੋਚਣ ਨਾਲ ਸਫਲ ਹੁੰਦੇ ਹਨ।
ਸਤੀ ਦੀ ਰਸਮ ਵਾਸਤਵ ਵਿਚ ਇਸਤਰੀ ਦਾ ਇਹ ਵਿਰਲਾਪ ਸੀ ਕਿ ਪਤੀ ਪ੍ਰਤੀ ਉਸ ਦੇ ਪਿਆਰ ਵਿਚ, ਸੇਵਾ ਵਿਚ, ਧਿਆਨ ਵਿਚ ਜ਼ਰੂਰ ਕੋਈ ਘਾਟ ਰਹਿ ਗਈ ਹੋਵੇਗੀ ਅਤੇ ਪਤੀ ਦੀ ਗੈਰਹਾਜ਼ਰੀ ਵਿਚ ਉਹ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਸੀ ਕਰ ਸਕਦੀ।
ਪਹਿਲਾਂ ਇਕ ਵਿਆਹ ਹੀ ਪ੍ਰਵਾਨ ਸੀ, ਹੁਣ ਦੋ ਵੀ ਪ੍ਰਵਾਨ ਹਨ ਸੋ ਸਮਾਜ ਇਕ ਤਲਾਕ ਨੂੰ ਪ੍ਰਵਾਨ ਕਰਨ ਲਗ ਪਿਆ ਹੈ। ਨੇੜ ਭਵਿਖ ਵਿਚ ਤਿੰਨ ਵਿਆਹ ਵੀ ਪ੍ਰਵਾਨ ਹੋਣ ਲਗ ਪੈਣਗੇ । ਇਸ ਨਾਲ ਸਮਾਜਿਕ ਟੁੱਟ-ਭਜ ਵਧੇਗੀ, ਕਿਉਂਕਿ ਜਦੋਂ ਰਿਸ਼ਤੇ ਹੰਢਣਸਾਰ ਨਾ ਰਹਿਣ ਤਾਂ ਕੁਝ ਵੀ ਸਥਾਈ ਨਹੀਂ ਰਹਿੰਦਾ।
ਟੁੱਟੇ ਘਰ ਸਬੂਤੇ ਬੰਦੇ ਪੈਦਾ ਨਹੀਂ ਕਰ ਸਕਦੇ।
ਜਿਹੜੇ ਸਮਝਦੇ ਹਨ ਕਿ ਤਲਾਕ ਲੈਣ ਉਪਰੰਤ ਉਹ ਆਜ਼ਾਦ ਹੋ ਜਾਣਗੇ, ਉਨ੍ਹਾਂ ਦਾ ਭਰਮ ਜਲਦੀ ਹੀ ਟੁੱਟ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਬਨਾਵਟੀ ਅਤੇ ਖੋਖਲਾ ਜੀਵਨ ਜਿਊਣ ਦੀ ਮਜਬੂਰੀ ਆਣ ਬਣਦੀ ਹੈ। ਤਲਾਕ ਦਾ ਮਾਰਗ ਤਾਂ ਰੋਸ਼ਨ ਹੋ ਰਿਹਾ ਹੈ ਪਰ ਪਰਿਵਾਰਕ ਰਿਸ਼ਤਿਆਂ ਵਿਚ ਹਨੇਰਾ ਵੱਧ ਰਿਹਾ ਹੈ।
ਇਵੇਂ ਹੀ ਧਾਰਮਿਕ ਸਥਾਨਾਂ ਦੀ ਗਿਣਤੀ ਵੱਧਣ ਦਾ ਕਾਰਨ ਇਹ ਨਹੀਂ ਕਿ ਲੋਕਾਂ ਵਿਚ ਸ਼ਰਧਾ-ਭਾਵਨਾ ਵੱਧ ਗਈ ਹੈ ਸਗੋਂ ਇਹ ਹੈ ਕਿ ਲੋਕ ਵਧੇਰੇ ਝੂਠੇ, ਬੇਈਮਾਨ ਤੇ ਧੋਖੇਬਾਜ਼ ਹੋ ਗਏ ਹਨ ਸੋ ਆਪਣੇ ਪਾਪ ਬਖਸ਼ਾਉਣ ਲਈ ਉਨ੍ਹਾਂ ਨੂੰ ਵਧੇਰੇ ਅਰਦਾਸਾਂ ਕਰਨੀਆਂ ਪੈ ਰਹੀਆਂ ਹਨ।
ਜਿਉਂ ਜਿਉਂ ਸਮਾਜ ਖੇਤੀਬਾੜੀ ਤੋਂ ਉਦਯੋਗਿਕ, ਪੇਂਡੂ ਤੋਂ ਸ਼ਹਿਰੀ, ਸਾਧਾਰਨ ਤੋਂ ਤੜਕ-ਭੜਕ ਵਾਲਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਸੁਆਰਥੀ ਸੋਚ ਪ੍ਰਧਾਨ ਹੁੰਦੀ ਜਾਂਦੀ ਹੈ। ਹਰ ਕਿਸੇ ਵਲੋਂ ਕੇਵਲ ਲਾਭ ਸੋਚਿਆ ਜਾਂਦਾ ਹੈ। ਨੁਕਸਾਨ ਦੂਜਿਆਂ ਨੇ ਉਠਾਉਣਾ ਹੈ, ਸਾਨੂੰ ਲਾਭ ਹੀ ਹੋਣਾ ਚਾਹੀਦਾ ਹੈ।
ਨਿਕੀਆਂ ਨਿਕੀਆਂ ਗਲਾਂ ਵੱਡੀਆਂ ਸਮੱਸਿਆਵਾਂ ਬਣਦੀਆਂ ਜਾ ਰਹੀਆਂ ਹਨ। ਘਰਾਂ ਵਿਚ ਬਜ਼ੁਰਗਾਂ ਦੇ ਹਾਜ਼ਰ ਨਾ ਹੋਣ ਕਾਰਨ ਝਗੜੇ ਸੁਲਝਦੇ ਹੀ ਨਹੀਂ, ਕੋਈ ਸਮਝਾਉਣ ਵਾਲਾ ਹੀ ਨਹੀਂ, ਹਰ ਕੋਈ ਸੋਚ ਰਿਹਾ ਹੈ, ਮੈਂ ਕਿਉਂ ਝੁਕਾਂ। ਇਸਤਰੀ-ਪੁਰਸ਼ ਦੋਹਾਂ ਦਾ ਵਿਹਾਰ ਬਦਲ ਰਿਹਾ ਹੈ।
ਅਜੋਕੀ ਪੜ੍ਹੀ-ਲਿਖੀ ਇਸਤਰੀ, ਪੁਰਸ਼ ਦੀ ਮੈਂ ਅਤੇ ਮੂਰਖਤਾ, ਅਤੇ ਪੁਰਸ਼, ਇਸਤਰੀ ਦੀ ਨੀਵੀਂ ਕਾਰਗੁਜ਼ਾਰੀ ਅਤੇ ਆਪ-ਹੁਦਰਾਪਣ ਇਕ ਹੱਦ ਤਕ ਹੀ ਬਰਦਾਸ਼ਤ ਕਰਦੇ ਹਨ।
ਸਫਰ ਦੀ ਥਕਾਵਟ, ਕੰਮ ਦਾ ਬੋਝ, ਵੱਧਦੀਆਂ ਕੀਮਤਾਂ ਅਤੇ ਆਰਾਮ ਦੀ ਘਾਟ ਸਾਡੀ ਸਹਿਣਸ਼ੀਲਤਾ ਨੂੰ ਘਟਾਉਂਦੇ ਹਨ।
ਮਜ਼ਦੂਰ ਜਮਾਤ ਵਸੀਲਿਆਂ ਦੀ ਘਾਟ ਕਾਰਨ ਦੁੱਖੀ ਹੈ ਜਦੋਂ ਕਿ ਸਹਿਣਸ਼ੀਲਤਾ ਦੀ ਘਾਟ ਮੱਧ-ਸ਼੍ਰੇਣਿਕ ਸ਼ਹਿਰੀ ਜੀਵਨ ਦਾ ਰੋਗ ਹੈ ਸੋ ਇਹ ਵਰਗ ਮਾਨਸਿਕ ਪਖੋਂ ਸਭ ਤੋਂ ਵੱਧ ਪੀੜਤ ਹੈ ਅਤੇ ਦੂਜੇ ਵਰਗ ਇਸ ਵਰਗ ਦੀ ਨਕਲ ਕਰਨ ਕਰਕੇ ਦੁੱਖੀ ਹਨ।
ਬਹੁਤਾ ਚਿਰ ਇਕਠੇ ਰਹਿਣ ਨਾਲ, ਜੇ ਪਿਆਰ ਹੋਵੇ ਤਾਂ, ਪਿਆਰ ਵਧਦਾ ਹੈ ਪਰ ਜੇ ਪਿਆਰ ਨਾ ਹੋਵੇ ਅਤੇ ਮਜਬੂਰੀ ਕਾਰਨ ਇਕਠੇ ਰਹਿਣਾ ਪੈ ਰਿਹਾ ਹੋਵੇ ਤਾਂ ਥਕਾਵਟ, ਸਨਕੀਪਣ, ਗੁੱਸਾ ਅਤੇ ਨਫ਼ਰਤ ਵੱਧਦੀ ਹੈ।
ਰਿਸ਼ਤਾ ਤਾਂ ਹੁੰਦਾ ਹੈ ਪਰ ਕਿਸੇ ਪ੍ਰਕਾਰ ਦੀ ਤਸੱਲੀ ਨਹੀਂ ਮਿਲਦੀ।
ਇਸ ਸਥਿਤੀ ਵਿਚੋਂ ਹੀ ਨਜਾਇਜ਼ ਰਿਸ਼ਤੇ ਉਸਰਦੇ ਹਨ ਅਤੇ ਜਦੋਂ ਸਥਿਤੀ ਗੰਭੀਰ ਹੋ ਜਾਂਦੀ ਹੈ ਤਾਂ ਇਹ ਕਤਲ ਅਤੇ ਆਤਮਘਾਤ ਵਿਚ ਪ੍ਰਗਟ ਹੁੰਦੀ ਹੈ। ਅਜਿਹੇ ਵਰਤਾਰੇ ਨਾਲ ਕਈ ਪਰਿਵਾਰ ਪ੍ਰੇਸ਼ਾਨੀ ਅਤੇ ਉਦਾਸੀ ਵਿਚ ਘਿਰ ਜਾਂਦੇ ਹਨ।
ਅਜੋਕੇ ਜੀਵਨ ਵਿਚ ਉਦਾਸੀ ਦੇ ਕਾਰਨ ਨਿਰੰਤਰ ਵੱਧ ਰਹੇ ਹਨ।
ਘਰ ਅਤੇ ਪਰਿਵਾਰ ਦੇ ਅਰਥ ਬਦਲ ਰਹੇ ਹਨ।
ਇਸਤਰੀਆਂ ਘਰ ਨਾਲ ਜੁੜੀਆਂ ਹੁੰਦੀਆਂ ਹਨ, ਕੰਮ-ਕਾਜੀ ਇਸਤਰੀਆਂ ਦੀ ਵੀ ਪਹਿਲੀ ਵਫਾਦਾਰੀ ਘਰ ਨਾਲ ਹੀ ਹੁੰਦੀ ਹੈ।
ਪੁਰਸ਼ ਕੁਝ ਵੀ ਕਰੇ ਉਹ ਅਕਸਰ ਕੰਮ ਵਾਲੀ ਥਾਂ ਨਾਲ ਜੁੜਿਆ ਹੁੰਦਾ ਹੈ। ਅਸਫਲ ਪੁਰਸ਼ ਜਾਂ ਸੇਵਾਮੁਕਤ ਵਿਅਕਤੀ ਹੀ ਬਹੁਤਾ ਸਮਾਂ ਘਰ ਗੁਜ਼ਾਰਦੇ ਹਨ।
ਪ੍ਰੇਸ਼ਾਨ ਪੁਰਸ਼, ਘਰ ਰਹਿਣਾ ਪਸੰਦ ਕਰਦੇ ਹਨ ਅਤੇ ਬਹੁਤਾ ਚਿਰ ਘਰ ਰਹਿਣ ਕਰਕੇ ਘਰ ਰਹਿਣ ਵਾਲਿਆਂ ਨੂੰ ਪ੍ਰੇਸ਼ਾਨ ਕਰਦੇ ਹਨ।
ਕੰਮ-ਕਾਜੀ ਥਾਵਾਂ ਤੇ ਪੁਰਸ਼ਾਂ ਦਾ ਵਿਹਾਰ ਅਕਸਰ ਵਿਰੋਧਾਭਾਸੀ ਹੁੰਦਾ ਹੈ, ਉਹ ਆਪਣੇ ਸਾਥੀਆਂ ਨਾਲੋਂ ਅਗੇ ਵੀ ਲੰਘਣਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਸਾਥ ਵੀ ਮਾਣਨਾ ਚਾਹੁੰਦੇ ਹਨ ਸੋ ਇਕੋ ਵੇਲੇ ਮੁਕਾਬਲੇ ਅਤੇ ਸਹਿਯੋਗ ਦੀ ਸਥਿਤੀ ਵਿਚ ਵਿਚਰਨ ਕਾਰਨ ਉਹ ਤਣਾਓ ਵਿਚ ਰਹਿੰਦੇ ਹਨ ਅਤੇ ਜੀਵਨ ਬੋਝ ਬਣ ਜਾਂਦਾ ਹੈ ।
ਜੀਵਨ ਦਾ ਭਾਵ ਸਾਡਾ ਆਲੇ-ਦੁਆਲੇ ਦੇ ਸਬੰਧਾਂ ਤੋਂ ਹੁੰਦਾ ਹੈ, ਕਿਉਂਕਿ ਅਸੀਂ ਆਪਣੇ-ਆਪ ਨੂੰ ਆਪਣੇ ਆਲੇ-ਦੁਆਲੇ ਦਾ ਭਾਗ ਹੀ ਸਮਝਦੇ ਹਾਂ ਅਤੇ ਜਿਨ੍ਹਾਂ ਨਾਲ ਸਾਡੇ ਸਬੰਧ ਹੁੰਦੇ ਹਨ, ਉਨ੍ਹਾਂ ਦੇ ਸੰਦਰਭ ਵਿਚ ਹੀ ਸਾਡਾ ਮਾਣ- ਅਪਮਾਨ ਹੋਣਾ ਹੁੰਦਾ ਹੈ। ਇਨ੍ਹਾਂ ਸਬੰਧਾਂ ਦੇ ਸੁਖਾਵੇਂ ਜਾਂ ਅਣਸੁਖਾਵੇਂ ਹੋਣ ਕਾਰਨ ਅਸੀਂ ਪ੍ਰਸੰਨ ਜਾਂ ਉਦਾਸ ਹੁੰਦੇ ਰਹਿੰਦੇ ਹਾਂ।
ਉਦਾਸ ਹੋਣ ਤੋਂ ਪਹਿਲਾਂ ਸਾਨੂੰ ਕਈ ਅਣਸੁਖਾਵੇਂ ਅਨੁਭਵਾਂ ਦੇ ਅਨੇਕਾਂ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ।
ਜਿਹੜਾ ਇਕ-ਦਮ ਚੜ੍ਹੇ ਅਤੇ ਇਕ-ਦਮ ਉਤਰ ਜਾਵੇ ਅਤੇ ਪਛਤਾਵਾ ਵੀ ਹੋਵੇ, ਉਸ ਨੂੰ ਗੁੱਸਾ ਕਹਿੰਦੇ ਹਨ।
ਜਦੋਂ ਸਾਡਾ ਆਲੇ-ਦੁਆਲੇ ਉਤੇ ਕਾਬੂ ਨਾ ਰਹੇ, ਤਾਂ ਇਸ ਸਥਿਤੀ ਨੂੰ ਮਾਯੂਸੀ ਕਹਿੰਦੇ ਹਨ।
ਜਦੋਂ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਕੰਮ ਠੀਕ ਨਾ ਹੋਵੇ ਤਾਂ ਅਜਿਹੀ ਹਾਲਤ ਪ੍ਰੇਸ਼ਾਨੀ ਕਹਾਉਂਦੀ ਹੈ।
ਜਦੋਂ ਸਾਡੀ ਕੋਈ ਪਾਲੀ-ਪੋਸੀ ਆਸ ਪੂਰੀ ਨਾ ਹੋਵੇ ਤਾਂ ਸਾਨੂੰ ਹਾਰ ਜਾਂ ਅਸਫਲਤਾ ਦਾ ਅਹਿਸਾਸ ਹੁੰਦਾ ਹੈ। ਜਿਹੜੇ ਗਿਲੇ-ਸ਼ਿਕਵਿਆਂ ਦਾ ਇਤਿਹਾਸ ਹੋਵੇ ਅਤੇ ਜਿਹੜੇ ਲੰਮਾ ਅਰਸਾ ਰਹਿਣ ਉਹ ਉਦਾਸੀ ਸਿਰਜਦੇ ਹਨ।
ਕਈਆਂ ਵਿਚ ਗੁੱਸੇ ਹੋਣ ਦੀ ਹਿੰਮਤ ਨਹੀਂ ਹੁੰਦੀ ਸੋ ਉਹ ਰੁਸ ਜਾਂਦੇ ਹਨ। ਜੇ ਕੋਈ ਵੀ ਸਥਿਤੀ ਦੋ ਹਫਤਿਆਂ ਤੋਂ ਵਧੇਰੇ ਰਹੇ ਤਾਂ ਸਮਝੋ ਸਮੱਸਿਆ ਗੰਭੀਰ ਹੈ।
ਜੇ ਮਾਯੂਸੀ ਅਤੇ ਉਦਾਸੀ ਸੰਘਣੀ ਹੋ ਜਾਵੇ ਤਾਂ ਇਨ੍ਹਾਂ ਵਿਚੋਂ ਆਤਮਘਾਤ ਦੀ ਇੱਛਾ ਉਪਜਦੀ ਹੈ।
ਉਦਾਸੀ ਇਕੱਲਤਾ ਦਾ ਰੋਗ ਹੈ।
ਇਸ ਸੰਸਾਰ ਵਿਚ ਅਸੀਂ ਸਾਰੇ ਬਿਲਕੁਲ ਇਕੱਲੇ ਹਾਂ, ਕੋਈ ਵੀ ਹੋਰ ਸਾਡੇ ਵਰਗਾ ਨਹੀਂ ਪਰ ਫਿਰ ਵੀ ਅਸੀਂ ਆਪਣੇ ਵਰਗਿਆਂ ਨੂੰ ਲਭਦੇ ਰਹਿੰਦੇ ਹਾਂ ਪਰ ਸਫਲ ਨਹੀਂ ਹੁੰਦੇ।
ਇਕੱਲੇ ਹੋਣ ਕਰਕੇ ਹਰ ਕੋਈ ਅਸੁਰੱਖਿਤ ਹੈ ਅਤੇ ਦੂਜਿਆਂ ਵਿਚ ਨੁਕਸ ਕਢ ਕੇ ਹਰ ਕੋਈ ਆਪਣੇ ਚੰਗੇ ਹੋਣ ਦਾ ਭਰਮ ਸਿਰਜਦਾ ਹੈ। ਅਜਿਹਾ ਕਰਦੇ ਤਾਂ ਅਸੀਂ ਪ੍ਰਸੰਨ ਹੋਣ ਵਾਸਤੇ ਹਾਂ ਪਰ ਅੰਦਰੋਂ ਅਸੀਂ ਹੋਰ ਉਦਾਸ ਹੀ ਹੁੰਦੇ ਹਾਂ।
ਦੂਜਿਆਂ ਦੀ ਬੁਰਾਈ ਕਰਨੀ ਸੌਖੀ ਹੁੰਦੀ ਹੈ, ਪਹਾੜ ਤੋਂ ਥਲ੍ਹੇ ਉਤਰਨ ਵਾਂਗ, ਮਨ ਵੀ ਸਾਥ ਦਿੰਦਾ ਹੈ ਕਿਉਂਕਿ ਮਨ ਦੂਜਿਆਂ ਦੀ ਬੁਰਾਈ ਨੂੰ ਮਾਣਦਾ ਹੈ।
ਪ੍ਰਸੰਸਾ ਕਰਨੀ ਔਖੀ ਹੁੰਦੀ ਹੈ, ਜਦੋਜਹਿਦ ਕਰਨ ਵਾਂਗ, ਮਨ ਵਿਰੋਧ ਕਰਦਾ ਹੈ ਪਰ ਜੇ ਬੁਰਾਈ ਹੀ ਲਭੋਗੇ, ਨੁਕਸ ਕਢੋਗੇ, ਕਿਸੇ ਨੂੰ ਨਿਰੰਤਰ ਭੰਡੋਗੇ ਤਾਂ ਤੁਹਾਡੀ ਸੋਚ ਦੀ ਪੱਧਰ ਨੀਵੀਂ ਹੁੰਦੀ ਜਾਵੇਗੀ।
ਨੀਵੀਂ ਸੋਚ ਕੇਵਲ ਬੁਰਾਈ ਹੀ ਵੇਖਦੀ ਹੈ। ਬੁਰਾਈ ਵੇਖਣ ਦੀ ਆਦਤ’ ਥਕਾਉਂਦੀ ਤਾਂ ਹੈ ਹੀ, ਉਦਾਸ ਵੀ ਕਰਦੀ ਹੈ। ਜੇ ਚੰਗਿਆਈ ਵੇਖੋਗੇ, ਪ੍ਰਸੰਸਾ ਭਾਵੇਂ ਨਾ ਕਰੋ, ਪਰ ਜੇ ਪ੍ਰਵਾਨ ਕਰੋਗੇ ਤਾਂ ਸੋਚ ਦੀ ਪੱਧਰ ਉੱਚੀ ਹੋਵੇਗੀ, ਸ਼ਕਤੀ ਵਧੇਗੀ। ਉੱਚੀ ਸੋਚ ਨਾਲ ਕੇਵਲ ਚੰਗਿਆਈ ਹੀ ਵੇਖੀ ਜਾ ਸਕਦੀ ਹੈ।
ਸੰਤ ਉਹ ਹੁੰਦਾ ਹੈ ਜੋ ਬੁਰਾਈ ਵੇਖਣੀ ਤਿਆਗ ਦੇਵੇ, ਮਹਾਂਪੁਰਸ਼ ਉਹ ਹੁੰਦਾ ਹੈ ਜੋ ਕੇਵਲ ਚੰਗਿਆਈ ਹੀ ਵੇਖੇ।
ਕਹਿੰਦੇ ਹਨ ਚੋਣ ਕਰਨ ਵੇਲੇ ਚੰਗੇ ਜਾਂ ਮਾੜੇ ਵਲ ਧਿਆਨ ਦੇਣ ਦੀ ਥਾਂ, ਉਹ ਚੁਣੋ ਜੋ ਠੀਕ ਹੈ।
ਠੀਕ, ਚੰਗਾ ਵੀ ਹੁੰਦਾ ਹੈ। ਠੀਕ ਜਾਂ ਸਹੀ ਦੀ ਚੋਣ ਕਰਦੇ ਕਰਦੇ ਸਹੀ ਦੀ ਚੋਣ ਕਰਨ ਦੀ ਆਦਤ ਪੈ ਜਾਵੇਗੀ, ਫਿਰ ਚੋਣ ਕਰਨ ਵੇਲੇ ਸੰਸਾ ਨਹੀਂ ਹੋਵੇਗਾ, ਜੋ ਚੁਣੋਗੇ ਉਹ ਠੀਕ ਅਤੇ ਸਹੀ ਹੋਵੇਗਾ।
ਯੋਗ-ਅਭਿਆਸ ਦਾ ਸੰਦੇਸ਼ ਹੈ ਕਿ ਚੁੱਪ ਅਤੇ ਸ਼ਾਂਤ ਮਨ ਤੋਂ ਬਿਨਾ ਨਾ ਹੀ ਚੰਗਿਆਈ ਵਿਖਾਈ ਦਿੰਦੀ ਹੈ, ਨਾ ਹੀ ਸਹੀ ਚੋਣ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਉਦਾਸੀ ਤੋਂ ਮੁਕਤ ਹੋਇਆ ਜਾ ਸਕਦਾ ਹੈ।
ਇਛਾਵਾਂ ਅਤੇ ਚਿੰਤਾਵਾਂ ਦੇ ਵੱਧਣ ਕਾਰਨ ਪੇਂਡੂ ਅਤੇ ਸ਼ਹਿਰੀ ਦੋਵੇਂ ਪ੍ਰਕਾਰ ਦੀ ਜੀਵਨ-ਜਾਚ ਵਿਚ ਉਦਾਸੀ ਦੇ ਕਾਰਨ ਵੱਧ ਰਹੇ ਹਨ।
ਅਜੋਕੇ ਯੁੱਗ ਵਿਚ ਹਰ ਕਿਸੇ ਦੀ ਬੇਇਜ਼ਤੀ ਹੋ ਰਹੀ ਹੈ।
ਮੇਰੇ ਇਕ ਅਧਿਆਪਕ ਕਿਹਾ ਕਰਦੇ ਸਨ ਕਿ ਸੁਖਾਲਾ ਜੀਵਨ ਜਿਊਣ ਲਈ ਥੋੜ੍ਹੀ ਜਿਹੀ ਬੇਇਜ਼ਤੀ ਬਰਦਾਸ਼ਤ ਕਰਨੀ ਸਿਖ ਲਵੋ, ਕਿਉਂਕਿ ਬੇਇਜ਼ਤੀ ਤਾਂ ਹੋਣੀ ਹੀ ਹੈ। ਉਹ ਕਿਹਾ ਕਰਦੇ ਸਨ ਕਿ ਸਾਧਾਰਨ ਰੂਪ ਵਿਚ ਜਦੋਂ ਕਿਸੇ ਦੇ ਸਵੈਮਾਣ ਨੂੰ ਸੱਟ ਲਗਦੀ ਹੈ ਤਾਂ ਉਹ ਮੋੜਵੀਂ ਸੱਟ ਮਾਰੇਗਾ ।
ਉਪਰਲਿਆਂ ਅਤੇ ਨੀਵਿਆਂ ਵਿਚ ਜਦੋਂ ਝਗੜਾ ਹੁੰਦਾ ਹੈ ਤਾਂ ਉਪਰਲਿਆਂ ਦੀ ਬੇਇਜ਼ਤੀ ਹੁੰਦੀ ਹੈ ਅਤੇ ਨਿਚਲਿਆਂ ਨੂੰ ਸਜ਼ਾ ਮਿਲਦੀ ਹੈ।
ਉਹ ਇਹ ਵੀ ਕਹਿੰਦੇ ਸਨ ਕਿ ਲੜਨ-ਝਗੜਨ ਵੇਲੇ ਆਪਣੀ ਪੱਧਰ ਦਾ ਹਮੇਸ਼ਾ ਧਿਆਨ ਰਖੋ|
ਉਪਰਲਿਆਂ ਨਾਲ ਨਾ ਲੜੋ ਕਿਉਂਕਿ ਨੀਵੇਂ ਹੋਣ ਕਾਰਨ ਤੁਹਾਨੂੰ ਹੀ ਸਜ਼ਾ ਮਿਲੇਗੀ। ਨਿਚਲਿਆਂ ਨਾਲ ਨਾ ਲੜੋ ਕਿਉਂਕਿ ਉਨ੍ਹਾਂ ਦੇ ਹਥੋਂ ਅਪਮਾਨ ਹੀ ਹੋਵੇਗਾ ਸੋ ਲੜਨ ਵੇਲੇ ਆਪਣੀ ਪੱਧਰ ਦਾ ਹਮੇਸ਼ਾ ਧਿਆਨ ਰਖੋ।
ਇਕ ਵਾਰੀ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਗੁੱਸੇ ਵਿਚ ਆ ਕੇ ਹੋਸਟਲ ਦਾ ਬਹਿਰਾ ਕੁੱਟ ਦਿਤਾ ਅਤੇ ਹੜਤਾਲ ਕਰ ਦਿਤੀ ਕਿ ਬਹਿਰੇ ਨੂੰ ਬਰਖਾਸਤ ਕੀਤਾ ਜਾਵੇ। ਜਾਂਚ-ਪੜਤਾਲ ਵਾਲੀ ਕਮੇਟੀ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਜਿਹੜੀ ਪੜ੍ਹਾਈ ਤੁਸੀਂ ਕਰ ਰਹੇ ਹੋ, ਇਹ ਕਰਕੇ ਤੁਸੀਂ ਕੀ ਲਗੋਗੇ? ਕਾਨੂੰਨ ਦੇ ਵਿਦਿਆਰਥੀ ਸਨ, ਕਹਿਣ ਲਗੇ ਅਸੀਂ ਜੱਜ ਲਗਾਂਗੇ, ਕਮੇਟੀ ਨੇ ਕਿਹਾ : ਤੁਸੀਂ ਜੱਜ ਕਿਵੇਂ ਲਗੋਗੇ, ਤੁਹਾਡੀ ਪੱਧਰ ਤਾਂ ਬਹਿਰਿਆਂ ਨਾਲ ਲੜਨ ਵਾਲੀ ਹੈ ?
ਜੀਵਨ ਵਿਚ ਬਹੁਤ ਅਰਸੇ ਮਗਰੋਂ ਅਤੇ ਅਨੇਕਾਂ ਸਬਕ ਸਿਖਣ ਉਪਰੰਤ ਪਤਾ ਲਗਦਾ ਹੈ ਕਿ ਬਹੁਤੇ ਲੋਕ ਚੰਗੇ ਹੁੰਦੇ ਹਨ ਪਰ ਕੁਝ ਕਦੀ ਕਦੀ ਮਾੜਾ ਵਿਹਾਰ ਵੀ ਕਰਦੇ ਹਨ । ਬਹੁਤੇ ਲੋਕ ਮਿਹਰਬਾਨ ਹੁੰਦੇ ਹਨ ਪਰ ਕਦੀ ਕਦੀ ਕੋਈ ਕਮੀਨਾਪਣ ਵੀ ਵਿਖਾਉਂਦਾ ਹੈ। ਲਗਭਗ ਸਾਰੇ ਲੋਕ ਵੱਡੇ ਦਿਲ ਵਾਲੇ ਹੁੰਦੇ ਹਨ ਪਰ ਕਦੀ ਕਦੀ ਕੁਝ ਦਿਲ ਬੜਾ ਹੀ ਛੋਟਾ ਕਰ ਲੈਂਦੇ ਹਨ। ਬਹੁਤੇ ਲੋਕ ਮੈਨੂੰ ਪਸੰਦ ਕਰਦੇ ਹਨ ਪਰ ਕੁਝ ਮੈਨੂੰ ਨਫ਼ਰਤ ਵੀ ਕਰਦੇ ਹਨ। ਬਹੁਤੇ ਲੋਕ ਪ੍ਰੇਸ਼ਾਨੀਆਂ ਦੇ ਬਾਵਜੂਦ ਜੀਵਨ ਨਾਲ ਇਕ-ਸੁਰ ਹੁੰਦੇ ਹਨ ਪਰ ਕਈ ਬੜੇ ਉਦਾਸ ਵੀ ਹੁੰਦੇ ਹਨ।
ਬਹੁਤੇ ਲੋਕ ਝਗੜੇ ਉਪਜਾਉਂਦੇ ਹਨ ਪਰ ਕੁਝ ਸਮੱਸਿਆਵਾਂ ਸੁਲਝਾਉਂਦੇ ਵੀ ਹਨ।
ਬਹੁਤੇ ਲੋਕ ਆਪਣੇ ਮਾਪਿਆਂ ਦੀ ਚਿੰਤਾ ਹੁੰਦੇ ਹਨ ਪਰ ਕੁਝ ਆਪਣੇ ਮਾਪਿਆਂ ਦੀ ਪ੍ਰਸੰਨਤਾ ਵੀ ਹੁੰਦੇ ਹਨ।
ਨਿਰਸੰਦੇਹ ਉਦਾਸ ਹੋਣਾ ਕਿਸੇ ਦੀ ਚੋਣ ਜਾਂ ਮਰਜ਼ੀ ਨਹੀਂ ਹੁੰਦੀ ਪਰ ਫਿਰ ਵੀ ਹਰ ਕੋਈ ਕਦੀ ਨਾ ਕਦੀ ਉਦਾਸ ਹੁੰਦਾ ਹੈ। ਕਾਰਨ ਇਹ ਹੈ ਕਿ ਅਸੀਂ ਜਿਊਣਾ ਤਰਕ ਨਾਲ ਚਾਹੁੰਦੇ ਹਾਂ ਪਰ ਜਿਉਂਦੇ ਭਾਵਨਾਵਾਂ ਨਾਲ ਹਾਂ।
ਸਾਡੇ ਬਹੁਤੇ ਨਿਰਣੇ, ਭਾਵਨਾਵਾਂ ਕਾਰਨ, ਤਰਕ ਉਤੇ ਪੂਰੇ ਨਹੀਂ ਉਤਰਦੇ ਅਤੇ ਉਦਾਸੀ ਸਿਰਜਦੇ ਹਨ।
ਇਕ ਵਾਰੀ ਇਕ ਇਸਤਰੀ ਨੇ ਲੜਕੇ ਅਤੇ ਲੜਕੀ ਦੇ ਜੁੜੇ ਸਰੀਰ ਨੂੰ ਜਨਮ ਦਿਤਾ। ਉਪਰੇਸ਼ਨ ਨਾਲ ਬੱਚੇ ਵੱਖ ਕੀਤੇ ਜਾਣੇ ਸਨ। ਜੁੜੇ ਸਰੀਰਾਂ ਦੀਆਂ ਕੁਲ ਤਿੰਨ ਲੱਤਾਂ ਸਨ। ਰਿਸ਼ਤੇਦਾਰਾਂ ਦੇ ਦਬਾਓ ਕਾਰਨ ਮਾਪਿਆਂ ਨੇ ਡਾਕਟਰਾਂ ਨੂੰ ਕਿਹਾ ਕਿ ਲੜਕੇ ਨੂੰ ਦੋ ਲੱਤਾਂ ਦਿਓ। ਡਾਕਟਰਾਂ ਨੇ ਸਮਝਾਇਆ ਕਿ ਲੜਕੇ ਦੇ ਸਰੀਰ ਵਿਚੋਂ ਕੇਵਲ ਇਕ ਲੱਤ ਨੂੰ ਖੂਨ ਜਾਂਦਾ ਹੈ ਸੋ ਦੋ ਲੱਤਾਂ ਲੜਕੀ ਨੂੰ ਮਿਲਣੀਆਂ ਚਾਹੀਦੀਆਂ ਹਨ ਪਰ ਮਾਪੇ ਲੜਕੇ ਨੂੰ ਦੋ ਲੱਤਾਂ ਦੇਣ ਲਈ ਜ਼ੋਰ ਪਾਉਂਦੇ ਰਹੇ। ਉਪਰੇਸ਼ਨ ਸ਼ੁਰੂ ਕਰ ਦਿਤਾ ਗਿਆ। ਦੋ ਲੱਤਾਂ ਵਾਲਾ ਲੜਕਾ ਮਰ ਗਿਆ, ਇਕ ਲੱਤ ਵਾਲੀ ਲੜਕੀ ਜਿਉਂਦੀ ਰਹੀ। ਹੁਣ ਮਾਪੇ ਜਦੋਂ ਵੀ ਧੀ ਨੂੰ ਵੇਖਦੇ ਹਨ ਤਾਂ ਆਪਣੇ ਕੀਤੇ ਗਲਤ ਨਿਰਣੇ ਕਾਰਨ ਉਦਾਸੀ ਵਿਚ ਡੁੱਬ ਜਾਂਦੇ ਹਨ।
ਉਦਾਸੀ ਨੂੰ ਤਰਕ ਨਾਲ ਨਹੀਂ ਸਮਝਿਆ ਜਾ ਸਕਦਾ।
ਇਹ ਮਨ ਦਾ ਰੋਗ ਹੈ ਇਸ ਦਾ ਸਬੰਧ ਸਾਡੀਆਂ ਭਾਵਨਾਵਾਂ ਨਾਲ ਹੈ।.
ਰਾਤੀਂ ਭੈੜੇ ਭੈੜੇ ਸੁਪਨੇ ਵੇਖਣ ਉਪਰੰਤ ਉਦਾਸ ਵਿਅਕਤੀ ਜਦੋਂ ਸਵੇਰੇ ਅਖ਼ਬਾਰ ਪੜ੍ਹਦਾ ਹੈ ਤਾਂ ਹੋਰ ਉਦਾਸ ਹੋ ਜਾਂਦਾ ਹੈ।
ਉਦਾਸ ਹੋਣ ਦੀ ਸਥਿਤੀ ਵਿਚ ਉਹ ਕੁਝ ਪੜ੍ਹਨਾ ਚਾਹੀਦਾ ਹੈ ਜਿਸ ਦੇ ਅਰਥ ਸਦੀਵੀ ਹੋਣ।
ਸਾਰੇ ਪ੍ਰਸਿੱਧ ਗੀਤ, ਉਦਾਸੀ ਦੇ ਗੀਤ ਹੁੰਦੇ ਹਨ, ਸਾਰੀਆਂ ਡੂੰਘੀਆਂ ਗਲਾਂ ਉਦਾਸੀ ਵਿਚੋਂ ਉਪਜਦੀਆਂ ਹਨ, ਸਾਰੀਆਂ ਮਹਾਨ ਪੁਸਤਕਾਂ ਗੰਭੀਰ ਅਨੁਭਵ ਦੀ ਦੇਣ ਹਨ।
ਕਲਾ ਕਿਰਤਾਂ ਵਿਚ ਪ੍ਰਗਟ ਹੋਈ ਵਡੇਰੀ ਉਦਾਸੀ ਦੇ ਸੰਦਰਭ ਵਿਚ ਸਾਡੀ ਆਪਣੀ ਉਦਾਸੀ ਘਟ ਜਾਂਦੀ ਹੈ।
ਉਦਾਸੀ ਦੌਰਾਨ ਵਿਹਾਰਕ ਪੱਖ ਵਲ ਵੀ ਧਿਆਨ ਦੇਣ ਦੀ ਲੋੜ ਹੈ।
ਜੇ ਤੁਸੀਂ ਉਦਾਸ ਹੋ ਅਤੇ ਆਪਣੇ ਕੋਲ ਪੈਸੇ ਨਹੀਂ ਤਾਂ ਕਿਸੇ ਰਿਸ਼ਤੇਦਾਰ ਦੇ ਘਰ ਨਹੀਂ ਜਾਣਾ ਚਾਹੀਦਾ, ਉਹ ਸਮਝਣਗੇ ਪੈਸੇ ਮੰਗਣ ਆਇਆ ਹੈ। ਉਨ੍ਹਾਂ ਦਾ ਵਿਹਾਰ ਤੁਹਾਨੂੰ ਹੋਰ ਉਦਾਸ ਕਰੇਗਾ।
ਉਦਾਸੀ ਦੀ ਹਾਲਤ ਵਿਚ ਸਾਂਝੀਆਂ ਖੁਲ੍ਹੀਆਂ ਥਾਵਾਂ ‘ਤੇ ਜਾਣ ਨਾਲ, ਮਨ ਟਿਕ ਜਾਂਦਾ ਹੈ ਅਤੇ ਵਗਦੇ ਸਾਫ਼ ਪਾਣੀ ਦੇ ਕਿਨਾਰੇ ਬਹਿਕੇ ਮਨ ਸ਼ਾਂਤ ਹੋ ਜਾਂਦਾ ਹੈ ।
ਜੇ ਰੋਣ ਨੂੰ ਮਨ ਕਰਦਾ ਹੈ ਤਾਂ ਰੋਵੋ, ਇਕਾਂਤ ਵਿਚ ਬਹਿ ਕੇ ਰੋਣ ਨਾਲ ਮਨ ਹਲਕਾ ਹੋਵੇਗਾ।
ਅੱਖੀਆਂ ਦੇ ਸੁੱਕੇ ਖਾਲ ਭਰ ਕੇ ਵਗਣ ਦਿਓ, ਪ੍ਰਤੀਤ ਹੋਵੇਗਾ ਦਿਲ ਇਸ਼ਨਾਨ ਕਰ ਰਿਹਾ ਹੈ। ਰੋ ਸਕਣ ਦੀ ਸਮਰਥਾ ਅਤੇ ਯੋਗਤਾ ਕਾਰਨ ਹੀ ਇਸਤਰੀਆਂ ਬੜੇ ਵਡੇ ਘਾਟੇ ਸਹਿਜੇ ਹੀ ਬਰਦਾਸ਼ਤ ਕਰ ਲੈਂਦੀਆਂ ਹਨ।
ਜੇ ਕਿਸੇ ਵਿਛੜੇ ਨਾਲ ਗਲਾਂ ਕਰਨ ਨੂੰ ਮਨ ਕਰਦਾ ਹੋਵੇ ਤਾਂ ਇਕਾਂਤ ਵਿਚ ਬਹਿ ਕੇ ਕਰੋ, ਵਿਛੜੇ ਹੋਏ ਤੋਂ ਹੌਸਲਾ ਅਤੇ ਦਿਲਾਸਾ ਮਿਲੇਗਾ।
ਰੋਣ ਨਾਲ ਸਾਡਾ ਦਿਲ ਨਿਰਮਲ, ਮਨ ਕੋਮਲ ਅਤੇ ਸਾਡੀ ਬਿਰਤੀ ਸਵੱਛ ਹੋ ਜਾਂਦੀ ਹੈ, ਇਹੀ ਕਾਰਨ ਹੈ ਕਿ ਰੋਣ ਨਾਲ ਮਨ ਤੋਂ ਬੋਝ ਉਤਰ ਜਾਂਦਾ ਹੈ ਅਤੇ ਸਾਨੂੰ ਸਾਫ ਦਿਖਾਈ ਦੇਣ ਲਗ ਪੈਂਦਾ ਹੈ ਅਤੇ ਜ਼ਿੰਦਗੀ ਦੇ ਉਹ ਰੰਗ ਵੀ ਵਿਖਾਈ ਦੇਣ ਲਗ ਪੈਂਦੇ ਹਨ ਜਿਹੜੇ ਅਸੀਂ ਪਹਿਲਾਂ ਵੇਖੇ ਨਹੀਂ ਹੁੰਦੇ।
ਸੋਗ ਸਮੇਂ ਜਿਹੜੇ ਲੋਕ ਸਾਡੇ ਨਾਲ ਦੁੱਖ ਵੰਡਾਉਣ ਆਉਂਦੇ ਹਨ, ਉਹ ਜ਼ਿੰਦਗੀ ਦੀ ਰੌਣਕ ਅਤੇ ਜੀਵਨ ਦੇ ਸੁਭਾਵਕ ਪ੍ਰਵਾਹ ਵਿਚੋਂ ਆਏ ਹੁੰਦੇ ਹਨ, ਉਹ ਆਪਣੀ ਥੋੜ੍ਹੀ ਜਿਹੀ ਰੌਣਕ ਦੇ ਜਾਂਦੇ ਹਨ ਅਤੇ ਥੋੜ੍ਹੀ ਜਿਹੀ ਸਾਡੀ ਉਦਾਸੀ ਲੈ ਜਾਂਦੇ ਹਨ।
ਨਿਰਸੰਦੇਹ ਸਫੈਦੀ ਦਾ ਰੰਗ ਪੀਲਾ ਪੈ ਜਾਂਦਾ ਹੈ, ਸਾਨੂੰ ਪਤਾ ਲਗ ਜਾਂਦਾ ਹੈ ਕਿ ਬਹਾਰ ਸਦਾ ਨਹੀਂ ਰਹਿੰਦੀ, ਪੱਤਝੜ ਆਉਂਦੀ ਹੈ ਅਤੇ ਇਵੇਂ ਲਗਦਾ ਹੈ, ਜਿਵੇਂ ਇਕ ਹੀ ਮੌਸਮ ਹੋਵੇ ਉਦਾਸੀ ਦਾ ਪਰ ਇਵੇਂ ਨਹੀਂ ਹੁੰਦਾ।
ਲੰਮੀ ਉਦਾਸੀ ਨਾਲ ਅਕਸਰ ਜੀਵਨ ਵਿਚ ਦਿਲਚਸਪੀ ਘਟਦੀ ਹੈ, ਨੱਚਣ- ਗਾਉਣ ਨਾਲ ਚਿੜ੍ਹ ਹੋ ਜਾਂਦੀ ਹੈ, ਥਕਾਵਟ ਜਕੜ ਲੈਂਦੀ ਹੈ, ਨੀਂਦ ਵਿਚ ਵਿਘਨ ਪੈਂਦਾ ਹੈ, ਭੁੱਖ ਨਹੀਂ ਲਗਦੀ, ਦਿਲ ਡੁੱਬਦਾ ਹੈ, ਸਰੀਰ ਦਰਦ ਕਰਦਾ ਹੈ, ਸਭ ਪਾਸੇ ਤੋਂ ਘਿਰ ਜਾਣ ਦਾ ਅਹਿਸਾਸ ਹੁੰਦਾ ਹੈ ਅਤੇ ਮੁਸੀਬਤਾਂ ਉਪਰੋਥਲੀ ਵੱਧਣ ਲਗ ਪੈਂਦੀਆਂ ਹਨ।
ਇਕ ਵਾਰੀ ਇਕ ਵਿਧਵਾ ਇਸਤਰੀ ਦੀ ਮਾਂ ਮਰ ਗਈ, ਇਕਲੌਤੀ ਧੀ ਉਤੇ ਤਲਾਕ ਦਾ ਮੁਕੱਦਮਾ ਸ਼ੁਰੂ ਹੋ ਗਿਆ, ਮਾਲਕ-ਮਕਾਨ ਵਲੋਂ ਮਕਾਨ ਖਾਲੀ ਕਰਨ ਦਾ ਨੋਟਿਸ ਮਿਲ ਗਿਆ, ਵਿਹਲੇ ਪੁੱਤਰ ਨੇ ਪ੍ਰੇਮ-ਵਿਆਹ ਕਰਵਾ ਲਿਆ, ਜਿਹੜੀ ਸਹੇਲੀ ਦੁੱਖ-ਸੁਖ ਵੇਲੇ ਬਹੁੜਦੀ ਸੀ ਉਹ ਅਮਰੀਕਾ ਚਲੀ ਗਈ।
ਅਜੋਕੇ ਜੀਵਨ ਵਿਚ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ।
ਮੇਰੇ ਇਕ ਮਿੱਤਰ ਹਨ, ਜਦੋਂ ਉਨ੍ਹਾਂ ਕੋਲ ਸਾਧਨ ਸਨ ਤਾਂ ਉਹ ਨਿਤ-ਦਿਨ ਪਰਿਵਾਰ ਸਹਿਤ ਮਹਿੰਗੇ ਸੈਰ-ਸਪਾਟੇ ਤੇ ਨਿਕਲਦੇ ਸਨ, ਹੁਣ ਜਦੋਂ ਵਸੀਲੇ ਨਹੀਂ ਰਹੇ ਉਹ ਮਾਨਸਿਕ ਸੰਤੁਲਨ ਗੁਆ ਬੈਠੇ ਹਨ, ਪਤਨੀ ਕਹਿੰਦੀ ਹੈ ਕੋਈ ਰਿਸ਼ਤੇਦਾਰ ਮਦਦ ਹੀ ਨਹੀਂ ਕਰਦਾ।
ਉਦਾਸੀ ਵੇਲੇ, ਦੂਜਿਆਂ ਪ੍ਰਤੀ ਕੀਤੇ ਅਹਿਸਾਨ ਜਤਲਾਉਣ ਨਾਲ ਜਾਂ ਲੋਕਾਂ ਨੂੰ ਅਕ੍ਰਿਤਘਣ ਸਾਬਤ ਕਰਨ ਨਾਲ ਸਥਿਤੀ ਨਹੀਂ ਬਦਲਦੀ।
ਆਪਣੀ ਉਦਾਸੀ ਦਾ, ਆਪਣੀਆਂ ਮੁਸੀਬਤਾਂ ਵਾਂਗ, ਆਪਣਾ ਬੋਝ ਹਰ ਕਿਸੇ ਨੇ ਆਪ ਹੀ ਚੁਕਣਾ ਹੁੰਦਾ ਹੈ।
ਜਦੋਂ ਅਸੀਂ ਉਦਾਸ ਹੁੰਦੇ ਹਾਂ ਤਾਂ ਉਹ ਵਿਚਾਰ ਅਤੇ ਡਰ ਵੀ ਸਾਨੂੰ ਗ੍ਰਿਫਤਾਰ ਕਰ ਲੈਂਦੇ ਹਨ ਜਿਨ੍ਹਾਂ ਬਾਰੇ ਅਸੀਂ ਸੋਚਿਆ ਹੁੰਦਾ ਹੈ ਕਿ ਅਸੀਂ ਉਹ ਫਤਹਿ ਕਰ ਲਏ ਹਨ। ਮਨੁੱਖ ਦੀ ਸੰਸਾਰਿਕ, ਸਮਾਜਿਕ ਅਤੇ ਆਰਥਿਕ ਪ੍ਰਸੰਨਤਾ ਵਲ ਕਿਸੇ ਧਰਮ ਨੇ ਧਿਆਨ ਨਹੀਂ ਦਿਤਾ। ਜੇ ਕਿਸੇ ਧਰਮ ਨੇ ਆਰਥਿਕਤਾ ਦੇ ਪਖੋਂ ਕੁਝ ਕੀਤਾ ਹੈ ਤਾਂ ਉਤਨਾ ਕੁ ਹੀ, ਜਿਤਨੇ ਨਾਲ ਉਸ ਧਰਮ ਦੀਆਂ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ।
ਬਹੁਤੇ ਲੋਕ ਉਦਾਸੀ ਵੇਲੇ ਕੰਮ-ਕਾਜ ਛੱਡ ਕੇ, ਅਤੇ ਕਈ ਛੁੱਟੀ ਲੈ ਕੇ, ਬਹਿ ਜਾਂਦੇ ਹਨ। ਇਵੇਂ ਕਰਨ ਨਾਲ ਉਦਾਸੀ ਵੱਧਦੀ ਹੈ।
ਉਦਾਸੀ ਵੇਲੇ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ ਕਿ ਨਾ ਕੋਈ ਮੇਰੇ ਨਾਲੋਂ ਉੱਚਾ ਹੈ, ਨਾ ਹੀ ਨੀਵਾਂ, ਮੈਂ ਵੀ ਹੋਰਾਂ ਵਾਂਗ ਇਕ ਸਾਧਾਰਨ ਵਿਅਕਤੀ ਹਾਂ ਅਤੇ ਜੋ ਕੁਝ ਵੀ ਵਾਪਰਿਆ ਹੈ, ਪਹਿਲੀ ਵਾਰ ਨਹੀਂ ਵਾਪਰਿਆ, ਲੱਖਾਂ ਨਾਲ ਵਾਪਰ ਚੁਕਿਆ ਹੈ, ਕਰੋੜਾਂ ਨਾਲ ਵਾਪਰੇਗਾ।
ਗਰੀਬੀ, ਲੰਮੀ ਬੀਮਾਰੀ, ਸਮਾਜਿਕ ਹੇਠੀ, ਹਾਰ, ਅਸਫਲਤਾ ਆਦਿ ਉਦਾਸੀ ਦੇ ਸਰਵ-ਵਿਆਪਕ ਕਾਰਨ ਹਨ।
ਤੰਗ ਘਰ, ਭੀੜੀਆਂ ਗਲੀਆਂ, ਮੈਲੇ ਕਪੜੇ, ਸਫਾਈ ਦੀ ਅਣਹੋਂਦ, ਭੋਜਨ ਅਤੇ ਪਾਣੀ ਦੀ ਘਾਟ ਆਦਿ ਸਭ ਨਿਰਾਸ਼ਾਜਨਕ ਹਾਲਤਾਂ ਹਨ।
ਉਦਾਹਰਣ ਵਜੋਂ ਇਕ ਪਰਿਵਾਰ ਵਿਚ ਗਰੀਬੀ ਕਾਰਨ ਸਲਾਬ੍ਰੇ ਘਰ ਵਿਚ ਰਹਿਣ ਕਰਕੇ ਬੱਚੇ ਨੂੰ ਦਮੇ ਦੀ ਸ਼ਕਾਇਤ ਹੈ ਅਤੇ ਹਸਪਤਾਲ ਦੇ ਡਾਕਟਰ ਦੇ ਬਿਲ ਅਤੇ ਦਵਾਈਆਂ ਲਈ ਪੈਸੇ ਨਹੀਂ, ਉਧਾਰ ਲੈਣੇ ਪੈਂਦੇ ਹਨ, ਵਿਆਜ ਦੀ ਅਦਾਇਗੀ ਵਿਚ ਸਾਈਕਲ ਵੀ ਵਿਕ ਜਾਂਦੀ ਹੈ, ਕੰਮ ਵਾਲੀ ਥਾਂ ਤੇ ਵਕਤ ਸਿਰ ਪਹੁੰਚਿਆ ਨਹੀਂ ਜਾ ਸਕਦਾ, ਨੌਕਰੀ ਖਤਮ ਕਰਨ ਦੀ ਚਿਤਾਵਨੀ ਮਿਲਦੀ ਹੈ, ਅਜਿਹੀ ਹਾਲਤ ਕਾਰਨ ਭੈੜੇ ਘਰ ਵਿਚ ਰਹਿੰਦੇ ਰਹਿਣ ਦੀ ਮਜਬੂਰੀ ਹੈ, ਜਿਸ ਨਾਲ ਬੱਚੇ ਦੀ ਦਮੇ ਦੀ ਸਮੱਸਿਆ ਹੋਰ ਵਿਗੜ ਜਾਂਦੀ ਹੈ।
ਜਿਨ੍ਹਾਂ ਨੂੰ ਇਹ ਮਜਬੂਰੀ ਨਹੀਂ ਹੁੰਦੀ, ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀਆਂ ਹੁੰਦੀਆਂ ਹਨ। ਮੇਰੀ ਇਕ ਸਤਿਕਾਰਯੋਗ ਅਧਿਆਪਕਾ ਸੀ, ਬੜੀ ਉਦਾਸ। ਧਰਮ ਅਤੇ ਜਾਤ ਦੇ ਵੱਖਰੇਵੇਂ ਕਾਰਨ ਉਸਦਾ ਵਿਆਹ ਨਹੀਂ ਸੀ ਹੋਇਆ। ਉਸ ਨੇ ਸਮਾਜ ਅਤੇ ਧਰਮ ਦੀ ਮਰਿਯਾਦਾ ਦੀ ਈਨ ਮੰਨ ਲਈ ਸੀ ਕਿਉਂਕਿ ਉਹ ਉਸ ਜ਼ਮਾਨੇ ਦੀ ਸੀ ਜਦੋਂ ਸੁੱਚੀਆਂ ਕਦਰਾਂ-ਕੀਮਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆਂ ਸਨ ਅਤੇ ਜਦੋਂ ਇਕ ਜਨਮ ਵਿਚ ਇਕ ਨੂੰ ਹੀ ਪਿਆਰ ਕਰਨ ਅਤੇ ਉਸੇ ਦੀ ਯਾਦ ਵਿਚ ਜਿਊਣ ਅਤੇ ਮਰਨ ਦੀ ਪ੍ਰੰਪਰਾ ਸੀ। ਉਸ ਦੀ ਉਦਾਸੀ ਨੂੰ ਵੇਖ ਕੇ ਅਸੀਂ ਕਿਹਾ ਕਰਦੇ ਸਾਂ ਕਿ ਚੰਗਾ ਹੁੰਦਾ ਜੇ ਉਸ ਨੂੰ ਉਹ ਨਾ ਹੀ ਮਿਲਿਆ ਹੁੰਦਾ।
ਹਰ ਵਿਅਕਤੀ ਵੱਖਰੇ ਕਾਰਨ ਕਰਕੇ ਉਦਾਸ ਹੈ ਪਰ ਹਰ ਕੋਈ ਉਦਾਸ ਹੈ। ਹੱਸਮੁਖ ਲੋਕਾਂ ਨਾਲੋਂ ਉਦਾਸ ਲੋਕਾਂ ਨੇ ਸੰਸਾਰ ਨੂੰ ਵਧੇਰੇ ਯੋਗਦਾਨ ਦਿਤਾ ਹੈ । ਉਦਾਸੀ ਹੁੰਦੀ ਦੁੱਖਦਾਈ ਹੈ ਪਰ ਇਸ ਦਾ ਸਿੱਟਾ ਸੁਖਦਾਈ ਹੁੰਦਾ ਹੈ।
ਉਦਾਸੀ ਨਾਲ ਸਾਡੀ ਤੱਕਣੀ ਵਿਚ ਹਮਦਰਦੀ ਜਾਗਦੀ ਹੈ, ਸਾਡੇ ਵਿਹਾਰ ਵਿਚ ਡੂੰਘਾਈ ਆਉਂਦੀ ਹੈ, ਅਸੀਂ ਧਿਆਨ ਨਾਲ ਸੁਣਨ ਦਾ ਸਲੀਕਾ ਸਿਖਦੇ ਹਾਂ, ਅਸੀਂ ਕਾਹਲ ਤੋਂ ਮੁਕਤ ਹੋ ਜਾਂਦੇ ਹਾਂ, ਸਾਡੀ ਸੋਚ ਵਿਸ਼ਾਲ ਹੁੰਦੀ ਹੈ, ਅਨੁਭਵ ਦੀ ਸ਼ਕਤੀ ਅਤੇ ਸਮਝਣ ਦੀ ਸਮਰਥਾ ਵੱਧ ਜਾਂਦੀ ਹੈ।
ਉਦਾਸ ਵਿਅਕਤੀ ਨੂੰ ਉਦਾਸੀ ਵਿਚੋਂ ਮਿਤਰਾਂ-ਪਿਆਰਿਆਂ ਅਤੇ ਸਾਕ- ਸਬੰਧੀਆਂ ਦੀ ਉਹ ਭਾਵਨਾ ਕਢਦੀ ਹੈ ਜਿਸ ਵਿਚ ਉਦਾਸ ਵਿਅਕਤੀ ਨੂੰ ਜੀਵਨ ਦੇ ਪ੍ਰਵਾਹ ਵਿਚ ਮੁੜ ਲਿਆਉਣ ਦੀ ਕਾਮਨਾ ਕੀਤੀ ਗਈ ਹੁੰਦੀ ਹੈ।
ਜੇ ਹਮਦਰਦੀ ਦੀ ਤ੍ਰੇਲ ਪੈਂਦੀ ਰਹੇ ਤਾਂ ਮੁਰਝਾਏ ਹੋਏ ਗੁਲਾਬ ਵੀ ਖਿੜ ਪੈਂਦੇ ਹਨ। ਹੌਲੀ ਹੌਲੀ ਸਾਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਪੱਤਝੜ ਵਿਚ ਵੀ ਫੁੱਲ ਖਿੜਦੇ ਹਨ, ਗੁਲਮੋਹਰ ਤਾਂ ਖਿੜਦਾ ਹੀ ਜੇਠ-ਹਾੜ ਦੀਆਂ ਧੁੱਪਾਂ ਵਿਚ ਹੈ।
ਉਦਾਸੀ ਦੇ ਡੂੰਘੇ ਅਨੁਭਵ ਸਭ ਪ੍ਰਕਾਰ ਦੀ ਕਲਾ ਅਤੇ ਵਿਸ਼ੇਸ਼ ਕਰਕੇ ਕਵਿਤਾ ਦੀ ਜਨਮਭੂਮੀ ਹੁੰਦੇ ਹਨ। ਕਵਿਤਾ ਸਾਡੀ ਆਤਮਾ ਨੂੰ ਸਿੰਜਦੀ ਹੈ।
ਅਜੋਕੇ ਸਮੇਂ ਵਿਚ ਸਾਨੂੰ ਸੈਂਕੜੇ-ਹਜ਼ਾਰਾਂ ਕਵੀਆਂ ਦੀ ਲੋੜ ਹੈ, ਜਿਹੜੇ ਉਦਾਸੀ ਨੂੰ ਗੀਤਾਂ ਵਿਚ ਸਮੋ ਸਕਣ।
ਪੁਲ ਅਤੇ ਪੌੜੀਆਂ
ਜੇ ਖੁਸ਼ਬੂ ਨੇ ਫੈਲਣਾ ਹੈ ਤਾਂ ਫੁਲਾਂ ਨੂੰ ਹਵਾ ਨਾਲ ਸਮਝੌਤਾ ਕਰਨਾ ਪਵੇਗਾ। ਸਮਝੌਤੇ ਨਾਲ ਅਸੀਂ ਫੈਲਦੇ ਹਾਂ ਜਦੋਂ ਕਿ ਵਿਰੋਧ ਵਿਚ ਮਨੁੱਖ ਟੁੱਟਦਾ-ਟੁੱਟਦਾ ਅੰਤ ਵਿਚ ਇਕੱਲਾ ਰਹਿ ਜਾਂਦਾ ਹੈ।
ਦਰਖਤ ਉਦੋਂ ਹੀ ਚੰਗਾ ਲਗਦਾ ਹੈ ਜਦੋਂ ਖਿੜਿਆ ਹੋਵੇ, ਭਰਿਆ ਹੋਵੇ, ਝੁਕਿਆ ਹੋਵੇ ਅਤੇ ਕੁਦਰਤ ਨਾਲ ਇਕ-ਸੁਰ ਹੋਵੇ। ਇਹ ਸਾਰੇ ਸਮਝੌਤੇ ਦੇ ਲੱਛਣ ਹਨ। ਦਰਖਤ ਨੂੰ ਧਰਤੀ ਤੇ ਅਸਮਾਨ ਦੋਹਾਂ ਦੀ ਲੋੜ ਹੁੰਦੀ ਹੈ। ਇਵੇਂ ਹੀ ਪੰਛੀ ਉਡਦਾ ਅਸਮਾਨ ਵਿਚ ਹੈ ਪਰ ਆਲ੍ਹਣਾ ਧਰਤੀ ਤੇ ਪਾਉਂਦਾ ਹੈ, ਕਵੀ ਖਲੋਤਾ ਧਰਤੀ ‘ਤੇ ਹੁੰਦਾ ਹੈ ਪਰ ਗੱਲਾਂ ਤਾਰਿਆਂ ਦੀਆਂ ਕਰਦਾ ਹੈ, ਸਮਝੌਤਾ ਕੀਤਾ ਵਰਤਮਾਨ ਵਿਚ ਜਾਂਦਾ ਹੈ ਪਰ ਧਿਆਨ ਭਵਿੱਖ ਦਾ ਰਖਿਆ ਜਾਂਦਾ ਹੈ।
ਅਸੀਂ ਵਿਰੋਧਾਂ ਦੇ ਉਜਾੜੇ ਵੇਖ ਲਏ ਹਨ, ਹੁਣ ਸਮਝੌਤਿਆਂ ਦੀ ਖੁਸ਼ਹਾਲੀ ਵੇਖਣ ਦੀ ਲੋੜ ਹੈ। ਤਾਜ ਮਹਿਲ, ਇਸ਼ਕ ਦੇ ਹੁਸਨ ਨਾਲ ਸਮਝੌਤੇ ਦਾ ਪ੍ਰਤੀਕ ਹੈ। ਜਦੋਂ ਹਉਕੇ ਕਲਪਨਾ ਦੇ ਗਲ ਲਗਦੇ ਹਨ ਤਾਂ ਗੀਤਾਂ ਦਾ ਜਨਮ ਹੁੰਦਾ ਹੈ। ਜਦੋਂ ਅਨੁਭਵ ਦੀ ਡੂੰਘਾਈ ਕਲਪਨਾ ਦੀ ਸਿਖਰ ਨਾਲ ਕਿੱਕਲੀ-ਕਲੀਰ ਪਾਉਂਦੀ ਹੈ ਤਾਂ ਮਹਾਨ ਸਾਹਿਤ ਉਪਜਦਾ ਹੈ। ਨਦੀ, ਸਾਗਰ ਵਿਚ ਡੁੱਬਣ ਵਾਸਤੇ ਜਾਂਦੀ ਹੈ ਅਤੇ ਡੁੱਬ ਕੇ ਸਾਗਰ ਹੀ ਬਣ ਜਾਂਦੀ ਹੈ।
ਵਿਰੋਧ ਸਾਨੂੰ ਇਕਲਿਆਂ ਹੀ ਨਹੀਂ ਕਰਦੇ, ਇਹ ਸਾਨੂੰ ਨਿਤਾਣਾ ਵੀ ਕਰ ਦਿੰਦੇ ਹਨ, ਜਿਵੇਂ ਦਰਿਆ ਦੇ ਵਿਰੁਧ ਵਹਿ ਕੇ ਅਸੀਂ ਥੱਕ-ਟੁੱਟ ਜਾਂਦੇ ਹਾਂ, ਜਦੋਂ ਕਿ ਵਹਿਣ ਦੇ ਵਿਚ ਵਹਿ ਕੇ ਤਰ ਜਾਂਦੇ ਹਾਂ । ਸਮਝੌਤੇ ਨਾਲ ਅਸੀਂ ਸੌਖੇ-ਸੌਖੇ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਆਪਣੇ ਫੈਲਣ ਦਾ ਅਹਿਸਾਸ ਹੁੰਦਾ ਹੈ।
ਸਮਝੌਤੇ ਦੀ ਮੁੱਢਲੀ ਸਿਖਿਆ ਅਤੇ ਸਿਖਲਾਈ ਆਪਣੇ ਪਰਿਵਾਰ ਵਿਚੋਂ ਮਿਲਦੀ ਹੈ। ਪਰਿਵਾਰ ਤੋਂ ਬਾਹਰ ਸਾਡਾ ਵਿਹਾਰ ਹਰ ਥਾਂ ਲਾਭ ਦੀ ਬਿਰਤੀ ਕਾਰਨ ਪੂੰਜੀਵਾਦੀ ਲੀਹਾਂ ਤੇ ਚਲਦਾ ਹੈ ਜਦੋਂ ਕਿ ਪਰਿਵਾਰ ਅੰਦਰ ਅਸੀਂ ਬਰਾਬਰੀ ਦੇ ਆਧਾਰ ਤੇ ਸਮਾਜਵਾਦੀ ਕਦਰਾਂ-ਕੀਮਤਾਂ ਅਨੁਸਾਰ ਵਿਚਰਦੇ ਹਾਂ।
ਪਰਿਵਾਰ ਵਿਚ ਹਰੇਕ ਦਾ ਮਹੱਤਵ ਹੁੰਦਾ ਹੈ ਅਤੇ ਹਰੇਕ ਦੀ ਜ਼ਿੰਮੇਵਾਰੀ, ਅਧਿਕਾਰ ਅਤੇ ਕਰਤੱਵ ਹੁੰਦੇ ਹਨ। ਇਥੇ ਹੀ ਸਾਡੇ ਵਿਚ ਤਿਆਗ, ਕੁਰਬਾਨੀ ਅਤੇ ਹਮਦਰਦੀ ਜਿਹੇ ਗੁਣ ਉਪਜਦੇ ਹਨ, ਇਹੀ ਗੁਣ ਵਿਰੋਧਾਂ ਨੂੰ ਸਮਝੌਤਿਆਂ ਵਿਚ ਪਲਟਦੇ ਹਨ। ਪਰਿਵਾਰਕ ਮਾਣ-ਸਤਿਕਾਰ ਦੀ ਪ੍ਰਵਾਹ ਨਾ ਰਹੇ ਤਾਂ ਪਰਿਵਾਰ ਦੇ ਜੀਆਂ ਲਈ ਵੀ, ਪਰਿਵਾਰ ਸਹਿਯੋਗੀ ਸ਼ਕਤੀ ਦੀ ਥਾਂ ਇਕ ਵਿਰੋਧੀ ਸ਼ਕਤੀ ਹੋ ਨਿਬੜਦਾ ਹੈ। ਪਰਿਵਾਰ ਵਿਚ ਵਿਕਾਸ ਕਰਨ ਦੀ ਇਕ ਸਾਂਝੀ ਤਾਂਘ ਹੁੰਦੀ ਹੈ, ਜਿਹੜੀ ਸਾਨੂੰ ਆਪਸ ਵਿਚ ਅਤੇ ਹੋਰ ਪਰਿਵਾਰਾਂ ਨਾਲ ਜੋੜਦੀ ਹੈ। ਜੇ ਹਰੇਕ ਪਰਿਵਾਰ ਜਾਂ ਵਿਅਕਤੀ ਨੂੰ ਆਪਣੀ ਆਮਦਨ ਵਿਚ ਹੀ ਗੁਜ਼ਾਰਾ ਕਰਨ ਦੀ ਮਜਬੂਰੀ ਹੁੰਦੀ ਤਾਂ ਕੋਈ ਵਿਕਾਸ ਵੀ ਨਾ ਵਾਪਰਦਾ।
ਵਿਕਾਸ ਆਪਣੀ ਵਰਤਮਾਨ ਸਥਿਤੀ ਨੂੰ ਸੁਧਾਰਨ ਅਤੇ ਆਪਣੀ ਆਮਦਨ ਨਾਲੋਂ ਵਧੇਰੇ ਖਰਚ ਕਰਨ ਦੀ ਤਾਂਘ ਵਿਚੋਂ ਉਪਜਦਾ ਹੈ, ਇਸ ਤਾਂਘ ਕਾਰਨ ਹੀ ਅਸੀਂ ਮਿਹਨਤ ਕਰਦੇ ਹਾਂ, ਵਧੇਰੇ ਲੋਕਾਂ ਦੇ ਸੰਪਰਕ ਵਿਚ ਆਉਂਦੇ ਹਾਂ ਅਤੇ ਉਨ੍ਹਾਂ ਦੀ ਯੋਗਤਾ ਅਤੇ ਤਾਕਤ ਨੂੰ ਆਪਣੇ ਵਿਕਾਸ ਲਈ ਵਰਤਦੇ ਹਾਂ।
ਜੇ ਪਰਿਵਾਰ ਵਿਚ ਸਮਝੌਤੇ ਦੀ ਬਿਰਤੀ ਜਾਂ ਵਿਸ਼ਵਾਸ ਹੀ ਨਾ ਹੋਵੇ ਅਤੇ ਹਰੇਕ ਨੂੰ ਹਰੇਕ ਦੇ ਵਿਰੋਧ ਦਾ ਸਾਹਮਣਾ ਹੋਵੇ ਤਾਂ ਅਨੁਮਾਨ ਲਾਉਣਾ ਔਖਾ ਨਹੀਂ ਕਿ ਜੀਵਨ ਕਿਹੋ ਜਿਹਾ ਹੋਵੇਗਾ। ਨਿਰਸੰਦੇਹ ਅਨੇਕਾਂ ਪਰਿਵਾਰ ਸਮਝੌਤੇ ਦੀ ਬਿਰਤੀ ਦੀ ਅਣਹੋਂਦ ਕਾਰਨ ਦੁੱਖੀ ਹਨ।
ਅਨੇਕਾਂ ਪਰਿਵਾਰਾਂ ਵਿਚ ਪੋਤਾ-ਪੋਤੀ ਤਾਂ ਪਿਆਰੇ ਲਗਦੇ ਹਨ ਪਰ ਨੂੰਹ ਚੰਗੀ ਨਹੀਂ ਲਗਦੀ, ਫੁੱਲ ਤਾਂ ਚੰਗੇ ਲਗਦੇ ਹਨ ਪਰ ਮਾਲੀ ਨਾਲ ਦੁਸ਼ਮਣੀ ਹੈ।
ਸਮਝੌਤਾ ਅਤੇ ਪ੍ਰਸੰਨਤਾ ਦੂਜਿਆਂ ਨਾਲ ਸਹਿਮਤ ਹੋਣ ਦੀ ਉਦਾਰਤਾਂ ਵਿਚੋਂ ਉਪਜਦੇ ਹਨ। ਉਦਾਰਤਾ ਆਪਣੇ ਆਪ ਵਿਚ ਹੀ ਇਕ ਗੁਣ ਨਹੀਂ, ਇਹ ਹਰੇਕ ਗੁਣ ਦਾ ਭਾਗ ਵੀ ਹੈ। ਸਹਿਮਤੀਆਂ ਜੀਵਨ ਨੂੰ ਸੁਖਾਲਾ ਅਤੇ ਸੁਰੱਖਿਅਤ ਬਣਾਉਂਦੀਆਂ ਹਨ। ਸਮਝਣ ਅਤੇ ਸੋਚਣ ਦਾ ਸਬੰਧ ਸਹਿਮਤ ਹੋਣ ਨਾਲ ਹੈ।
ਜਦੋਂ ਮਨੁੱਖ ਸੋਚਣਾ ਬੰਦ ਕਰ ਦਿੰਦਾ ਹੈ ਤਾਂ ਉਹ ਡੱਟ ਜਾਂਦਾ ਹੈ, ਇਸੇ ਨੂੰ ਕੱਟੜਵਾਦ ਕਹਿੰਦੇ ਹਨ। ਜਦੋਂ ਬਦਲੇ ਦਾ ਖਿਆਲ ਆਉਂਦਾ ਹੈ ਤਾਂ ਸੋਚ ਰੁਕ ਜਾਂਦੀ ਹੈ, ਇਸੇ ਨੂੰ ਸੰਕੀਰਣਤਾ ਕਹਿੰਦੇ ਹਨ। ਕੱਟੜ ਵਿਚਾਰਾਂ ਕਾਰਨ ਹੀ ਕੱਟੜ ਵਿਰੋਧ ਉਪਜਦੇ ਹਨ, ਇਸੇ ਨੂੰ ਅਤਿਵਾਦ ਕਹਿੰਦੇ ਹਨ। ਕੱਟੜਵਾਦ ਜਾਂ ਸੰਕੀਰਣਤਾ ਜਾਂ ਅਤਿਵਾਦ ਦਾ ਅਰਥ ਵਿਚਾਰਾਂ ਦੀ ਅਣਹੋਂਦ ਨਹੀਂ, ਆਪ ਸੋਚਣ ਤੋਂ ਅਤੇ ਕਿਸੇ ਨੂੰ ਸੁਣਨ ਤੋਂ ਇਨਕਾਰ ਹੈ।
ਜਦੋਂ ਵਿਰੋਧ ਬੇਅਸੂਲੇ ਹੋ ਜਾਂਦੇ ਹਨ ਤਾਂ ਇਹ ਦੁਸ਼ਮਣੀਆਂ ਬਣ ਕੇ ਜੰਗਾਂ ਅਤੇ ਲੜਾਈਆਂ ਹੋ ਨਿਬੜਦੇ ਹਨ। ਵਿਰੋਧਾਂ ਜਾਂ ਦੁਸ਼ਮਣੀਆਂ ਵਿਚ ਲੋਕ ਉਹ ਗਿਲੇ-ਸ਼ਿਕਵੇ ਵੀ ਜੋੜ ਲੈਂਦੇ ਹਨ, ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਹੁੰਦਾ । ਵਾਸਤਵ ਵਿਚ ਲੜਨਾ ਮਨੁੱਖ ਦਾ ਸੁਭਾਵਕ ਵਰਤਾਰਾ ਹੈ, ਗੁੱਸੇ ਜਾਂ ਲੜਨ ਵਿਚੋਂ ਉਸ ਨੂੰ ਆਪਣੇ ਸ਼ਕਤੀਸ਼ਾਲੀ ਹੋਣ ਦੇ ਭਰਮ ਦਾ ਆਨੰਦ ਮਿਲਦਾ ਹੈ। ਅਜੋਕੇ ਮਨੁੱਖ ਨੂੰ ਸਿਆਣੇ ਹੋਣ ਵਿਚੋਂ ਆਨੰਦ ਨਹੀਂ ਮਿਲ ਰਿਹਾ, ਚਲਾਕ ਹੋਣ ਵਿਚੋਂ ਮਿਲ ਰਿਹਾ ਹੈ।
ਇਸੇ ਕਰਕੇ ਕਹਿੰਦੇ ਹਨ, ਜਿਹੋ ਜਿਹਾ ਮਨੁੱਖ ਹੋਵੇਗਾ, ਉਹੋ ਜਿਹਾ ਪਰਿਵਾਰ, ਸਮਾਜ ਹੋਵੇਗਾ ਅਤੇ ਉਹੋ ਜਿਹਾ ਹੀ ਦੇਸ਼ ਅਤੇ ਸੰਸਾਰ ਹੋਵੇਗਾ।
ਇਮਾਰਤ ਦੀ ਅੱਠਵੀਂ ਜਾਂ ਦੱਸਵੀਂ ਮੰਜ਼ਿਲ ਤੋਂ ਥਲ੍ਹੇ ਆਉਣ ਦੇ ਦੋ ਢੰਗ ਹਨ, ਇਕ ਛਾਲ ਮਾਰਨ ਦਾ ਅਤੇ ਦੂਜਾ ਪੌੜੀਆਂ ਰਾਹੀਂ ਥਲ੍ਹੇ ਉਤਰਨ ਦਾ। ਹਰੇਕ ਢੰਗ ਨਾਲ ਦੁਖਾਵੇਂ ਜਾਂ ਸੁਖਾਵੇਂ ਸਿੱਟੇ ਜੁੜੇ ਹੋਏ ਹਨ । ਤੁਸੀਂ ਕਿਹੜਾ ਢੰਗ ਅਪਨਾਵੋਗੇ ?
ਕਈ ਚੰਗੇ ਬੰਦੇ ਵੀ ਗਲਤ ਢੰਗ ਅਪਨਾਉਂਦੇ ਵੇਖੇ ਗਏ ਹਨ, ਜਿਵੇਂ ਮਹਾਂਭਾਰਤ ਚੰਗੇ ਬੰਦਿਆਂ ਦੇ ਮਾੜੇ ਕੰਮਾਂ ਦੀ ਕਹਾਣੀ ਹੈ । ਰਮਾਇਣ ਦੇ ਮੁਕਾਬਲੇ ਮਹਾਂਭਾਰਤ ਯਥਾਰਥ ਦੇ ਵਧੇਰੇ ਨੇੜੇ ਹੈ ਅਤੇ ਇਸ ਦੇ ਨਿੱਕੇ-ਨਿੱਕੇ ਦ੍ਰਿਸ਼ ਸਾਡੇ ਨਿਤਾ-ਪ੍ਰਤੀ ਦੇ ਜੀਵਨ ਵਿਚ ਵਾਪਰਦੇ ਹਨ। ਜ਼ਮਾਨਾ ਭਾਵੇਂ ਮਹਾਂਭਾਰਤ ਵਾਲਾ ਨਹੀਂ, ਪਰ ਮਹਾਂਭਾਰਤ ਜਾਰੀ ਹੈ। ਮਹਾਂਭਾਰਤ ਜ਼ਿੱਦ ਅਤੇ ਅਣਖ ਦਾ ਦੁੱਖਾਂਤ ਹੈ।
ਅਜੋਕੇ ਯੁਗ ਵਿਚ ਅਣਖ ਦਾ ਦੂਜਾ ਨਾਉਂ ਅਫਗਾਨਿਸਤਾਨ ਹੈ।
ਅਫਗਾਨਾਂ ਨੇ ਕਦੇ ਕਿਸੇ ਨਾਲ ਸਮਝੌਤਾ ਨਹੀਂ ਕੀਤਾ, ਕੋਈ ਗਿਆਨ ਗ੍ਰਹਿਣ ਵੀ ਨਹੀਂ ਕੀਤਾ। ਸਭ ਪਾਸੇ ਤਬਾਹੀ ਹੈ ਪਰ ਅਫਗਾਨਿਸਤਾਨ ਵਿਚ ਅਣਖ ਦੇ ਅੰਬਾਰ ਲਗੇ ਪਏ ਹਨ। ਹਰੇਕ ਇਸਤਰੀ ਨੂੰ ਦੋ ਦੋ ਬੁਰਕੇ ਪੁਆ ਕੇ ਹਰੇਕ ਪਠਾਣ ਨੇ ਦੋ ਦੋ ਬੰਦੂਕਾਂ ਲਟਕਾ ਲਈਆਂ ਹਨ। ਜੇ ਕਿਸੇ ਨਾਲ ਸਹਿਯੋਗ- ਸਮਝੌਤਾ ਨਹੀਂ ਕਰਨਾ ਤਾਂ ਅਕਲ ਦੀ, ਸੂਝ ਦੀ ਕੋਈ ਲੋੜ ਹੀ ਨਹੀਂ। ਅਫਗਾਨ ਆਪਣੀ ਅਨਪੜ੍ਹਤਾ ਵਿਚ ਪ੍ਰਸੰਨ ਹਨ। ਇਹ ਜਦੋਂ ਵਿਦੇਸ਼ੀਆਂ ਨੂੰ ਕਢ ਲੈਂਦੇ ਹਨ ਤਾਂ ਆਪਸ ਵਿਚ ਲੜਦੇ ਹਨ। ਹਰੇਕ ਗੁਜ਼ਰਦੇ ਸਾਲ ਨਾਲ ਅਫਗਾਨਿਸਤਾਨ ਇਕ-ਦੋ ਸਦੀਆਂ ਹੋਰ ਪਿਛੇ ਚਲਾ ਜਾਂਦਾ ਹੈ ।
ਅਣਖ ਸਾਮੰਤਵਾਦੀ ਯੁਗ ਦਾ ਸੰਕਲਪ ਹੈ। ਆਪਣੀ ਗੱਲ ਮਨਵਾਉਣ ਦੀ ਜ਼ਿੱਦ ਅਤੇ ਦੂਜੇ ਨੂੰ ਜਾਂ ਦੂਜੇ ਦੀ ਗਲ ਨਾ ਮੰਨਣ ਦਾ ਹੱਠ, ਸਾਮੰਤਵਾਦੀ ਯੁਗ ਦਾ ਖਾਸਾ ਰਹੇ ਹਨ। ਵਾਸਤਵ ਵਿਚ ਸਰੀਰਕ ਬਲ ਨੂੰ ਹੀ ਸਭ ਕੁਝ ਸਮਝਣ ਵਾਲੇ ਧੱਕੜ ਕਿਸਮ ਦੇ ਲੋਕ ਜਦੋਂ ਜ਼ਮੀਨਾਂ ਮਲ ਲੈਂਦੇ ਸਨ ਤਾਂ ਉਨ੍ਹਾਂ ਦੀ ਰਾਖੀ ਲਈ ਉਹ ਆਪਣੀ ਹੋਂਦ ਕਿਸੇ ਚੰਦਰਵੰਸ਼ੀ ਜਾਂ ਸੂਰਜਵੰਸ਼ੀ ਖਾਨਦਾਨ, ਧਰਮ, ਵਿਚਾਰਧਾਰਾ ਜਾਂ ਪਰੰਪਰਾ ਨਾਲ ਜੋੜ ਲੈਂਦੇ ਸਨ ਅਤੇ ਜਦੋਂ ਕੋਈ ਵਿਰੋਧੀ ਉਪਜਦਾ ਸੀ ਤਾਂ ਉਹ ਆਪਣੀ ਅਣਖ ਨੂੰ ਸਾਹਮਣੇ ਰਖ ਕੇ ਲੜਦੇ ਸਨ । ਅੜ੍ਹਬ ਅਤੇ ਮੂੜ ਕਿਸਮ ਦੇ ਅਣਖੀਲੇ ਲੋਕ ਸਮਝੌਤੇ ਦੇ ਵਿਰੋਧੀ ਹੁੰਦੇ ਸਨ, ਕਿਉਂਕਿ ਸਮਝੌਤੇ ਨੂੰ ਉਹ ਈਨ- ਮੰਨਣ ਜਾਂ ਗੁਲਾਮੀ ਦੇ ਅਰਥਾਂ ਵਿਚ ਲੈਂਦੇ ਸਨ ਅਤੇ ਗੁਲਾਮ ਹੋਣ ਨਾਲੋਂ ਮਰ ਜਾਣ ਨੂੰ ਤਰਜੀਹ ਦਿੰਦੇ ਸਨ । ਇਹ ਸੰਕਲਪ ਸਾਰੇ ਮੱਧਯੁਗ ਵਿਚ, ਸਾਰੇ ਸੰਸਾਰ ਵਿਚ ਵਿਆਪਕ ਸੀ। ਮੱਧਕਾਲ ਵਿਚ ਸਭ ਤੋਂ ਵੱਡੀ ਦਲੇਰੀ ਭਾਵੇਂ ਮਰ ਜਾਣ ਦੀ ਯੋਗਤਾ ਸੀ ਪਰ ਉਦੇਸ਼ ਵਿਰੋਧੀ ਨੂੰ ਮਾਰ ਦੇਣ ਦਾ ਹੀ ਹੁੰਦਾ ਸੀ । ਜਦੋਂ ਮੱਧਕਾਲ ਵਿਚ ਲੜਾਈ ਹੁੰਦੀ ਸੀ ਤਾਂ ਵੱਡੇ ਤੋਂ ਵੱਡਾ ਹਥਿਆਰ ਤਲਵਾਰ ਸੀ, ਦੁਸ਼ਮਣ ਦੇ ਆਹਮੋ- ਸਾਹਮਣੇ ਹੋਣ ਦੀ ਦਲੇਰੀ ਨੂੰ ਬਹਾਦਰੀ ਕਿਹਾ ਜਾਂਦਾ ਸੀ ।
ਹੁਣ ਸਥਿਤੀ ਬਦਲ ਗਈ ਹੈ, ਹਥਿਆਰਾਂ ਦੀ ਕਿਸਮ-ਪਹੁੰਚ ਬਦਲ ਗਈ ਹੈ, ਹੁਣ ਵਿਰੋਧੀਆਂ ਨਾਲ ਅੱਖਾਂ ਮਿਲਾਉਣ ਤੋਂ ਬਿਨਾ, ਉਨ੍ਹਾਂ ਉਤੇ ਹਮਲਾ ਕੀਤਾ ਜਾ ਸਕਦਾ ਹੈ। ਪੁਰਾਣੇ ਸਮੇਂ ਵਿਚ ਉਦੇਸ਼ ਦੂਜੇ ਦੇ ਇਲਾਕੇ ਤੇ ਕਬਜ਼ਾ ਕਰਨਾ ਹੁੰਦਾ ਸੀ, ਹੁਣ ਉਦੇਸ਼ ਇਲਾਕੇ ਉਤੇ ਉਸਾਰੀਆਂ ਨੂੰ ਤਬਾਹ ਕਰਨਾ ਹੁੰਦਾ ਹੈ। ਜਿੱਤੇ ਹੋਏ ‘ਇਲਾਕੇ ਵਾਪਸ ਕਰਨੇ ਪੈਂਦੇ ਹਨ।
ਅਜੋਕਾ ਯੁਗ ਅਣਖ ਦਾ ਨਹੀਂ, ਅਕਲ ਦਾ ਯੁਗ ਹੈ। ਅਕਲ ਦਾ ਸਬੰਧ ਸਮਝਣ ਨਾਲ ਹੈ, ਸਮਝਣ ਦਾ ਉਦੇਸ਼ ਸਥਿਤੀ ਨੂੰ ਆਪਣੇ ਪੱਖ ਵਿਚ ਕਰਨ ਤੋਂ ਹੈ। ਅਜੋਕੀਆਂ ਜਿੱਤਾਂ ਅਕਲ ਦੀਆਂ ਜਿੱਤਾਂ ਹਨ, ਹੁਣ ਹਥਿਆਰਾਂ ਦੀ ਥਾਂ ਰਾਜਨੀਤਕ ਅਤੇ ਵਪਾਰਕ ਪੈਂਤੜਿਆਂ ਨਾਲ ਲੜਿਆ ਜਾਂਦਾ ਹੈ। ਅਜੋਕੀਆਂ ਹਥਿਆਰਬੰਦ ਲੜਾਈਆਂ ਵਿਚ ਜਿੱਤ-ਹਾਰ ਨਹੀਂ ਹੁੰਦੀ, ਮਰ ਗਏ ਅਤੇ ਬਚ ਗਏ ਹੁੰਦੇ ਹਨ ਅਤੇ ਜਦੋਂ ਦੋਵੇਂ ਧਿਰਾਂ ਸਮਝੌਤੇ ਲਈ ਬੈਠਦੀਆਂ ਹਨ ਤਾਂ ਬੈਠਦਿਆਂ ਹੀ ਮਰ ਗਿਆਂ ਨੂੰ ਵਿਸਾਰ ਦਿਤਾ ਜਾਂਦਾ ਹੈ ਸੋ ਹਰ ਝਗੜੇ ਦਾ ਅੰਤ ਸਮਝੌਤੇ ਵਿਚ ਹੁੰਦਾ ਹੈ।
ਭਾਵੇਂ ਸਦੀਆਂ ਲੜਦੇ ਰਹੋ ਪਰ ਅੰਤ ਨੂੰ ਸਮਝੌਤਾ ਕਰਨਾ ਪਵੇਗਾ।
ਨਿਰਸੰਦੇਹ ਸਮਝੌਤੇ ਦੀ ਮੁੱਢਲੀ ਸਿਖਲਾਈ ਪਰਿਵਾਰ ਵਿਚ ਮਿਲਦੀ ਹੈ ਪਰ ਇਸ ਦਾ ਅਭਿਆਸ ਸਕੂਲ, ਗੁਆਂਢ, ਖੇਡ, ਰੋਜ਼ਗਾਰ ਅਤੇ ਵਪਾਰ ਵਿਚ ਹੁੰਦਾ ਹੈ।
ਵਾਸਤਵ ਵਿਚ ਇਕਲੇ ਰਹਿ ਜਾਣ ਦਾ ਤੌਖਲਾ ਹੀ ਸਾਰੇ ਸਮਝੌਤਿਆਂ, ਸੰਧੀਆਂ, ਜਥੇਬੰਦੀਆਂ ਅਤੇ ਸੰਸਥਾਵਾਂ ਦਾ ਆਧਾਰ ਹੈ।
ਅਤੀਤ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਹੈ ਪਰ ਪਾਗਲਪਣ ਨਹੀਂ।
ਕਹਿੰਦੇ ਹਨ ਮੁਆਫ ਕਰਨ ਦੀ ਭਾਵਨਾ ਤੋਂ ਬਿਨਾ ਸ਼ਾਂਤ ਨਹੀਂ ਹੋਇਆ ਜਾ ਸਕਦਾ ਅਤੇ ਨਿਆਂ ਕਰਨ ਦੀ ਬਿਰਤੀ ਤੋਂ ਬਿਨਾ ਸਮਝੌਤਾ ਸੰਭਵ ਨਹੀਂ ਹੁੰਦਾ।
ਜੇ ਸਵੈ-ਵਿਸ਼ਵਾਸ ਹੈ ਤਾਂ ਸਹਿਣਸ਼ੀਲਤਾ ਵੀ ਹੋਵੇਗੀ, ਜੇ ਸਹਿਣਸ਼ੀਲਤਾ ਹੈ ਤਾਂ ਸਮਝੌਤਾ ਵੀ ਹੋਵੇਗਾ, ਜੇ ਸਮਝੌਤਾ ਹੋਵੇਗਾ ਤਾਂ ਸ਼ਾਂਤੀ ਵੀ ਹੋਵੇਗੀ।
ਸਮਝੌਤਾ ਬਰਾਬਰੀ ਦੇ ਆਧਾਰ ਤੇ ਹੀ ਹੁੰਦਾ ਹੈ।
ਉਦਾਹਰਣ ਵਜੋਂ ਜੇ ਇਕ ਮੁਆਫ ਕਰੇ ਅਤੇ ਦੂਜਾ ਮੁਆਫ ਕੀਤਾ ਜਾਵੇ ਤਾਂ ਇਹ ਨਾ-ਬਰਾਬਰੀ ਹੈ। ਸਮਝੌਤੇ ਵਿਚ ਦੋਵੇਂ ਧਿਰਾਂ ਇਕ-ਦੂਜੇ ਨੂੰ ਮੁਆਫ ਕਰਦੀਆਂ ਹਨ, ਦੋਵੇਂ ਧਿਰਾਂ ਅੱਧਾ-ਅੱਧਾ ਚਲ ਕੇ ਇਕ ਦੂਜੇ ਨੂੰ ਮਿਲਦੀਆਂ ਹਨ।
ਜਦੋਂ ਸ਼ਤਰੰਜ ਦੀ ਖੇਡ ਮੁੱਕ ਜਾਂਦੀ ਹੈ ਤਾਂ ਬਾਦਸ਼ਾਹ ਅਤੇ ਪਿਆਦਾ ਇਕ ਹੀ ਡੱਬੇ ਵਿਚ ਰਹਿੰਦੇ ਹਨ । ਫੁਟਬਾਲ ਦੇ ਮੈਚ ਤੋਂ ਮਗਰੋਂ ਅਜੇ ਤਕ ਕਿਧਰੇ ਫੁਟਬਾਲ ਦੀ ਸੰਭਾਲ ਸਬੰਧੀ ਕੋਈ ਵਿਵਾਦ ਨਹੀਂ ਹੋਇਆ।
ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਬਦਲਣ ਦਾ ਕਾਰਜ ਵਿਗਿਆਨ ਨੇ ਕੀਤਾ ਹੈ। ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਵਿਚੋਂ ਨਵੀਨਤਾ ਉਪਜਦੀ ਹੈ। ਹਰੇਕ ਸਮਾਜ ਵਿਚ ਛੋਟੇ-ਛੋਟੇ ਫਿਰਕੇ ਹਨ, ਹਰੇਕ ਫਿਰਕੇ ਦੇ ਆਪਣੇ ਸੰਕਲਪ ਹਨ, ਹਰੇਕ ਸਮੂਹ ਦੇ ਧਰਮ ਸਥਾਨ ਹਨ, ਹਰੇਕ ਧਰਮ ਵਿਚ ਅਨੇਕਾਂ ਧੜੇ ਜਾਂ ਸੰਪਰਦਾਵਾਂ ਹਨ, ਵੱਖ-ਵੱਖ ਪੂਜਾ-ਵਿਧੀਆਂ ਹਨ ਪਰ ਵਿਗਿਆਨ ਵਿਸ਼ਵ-ਵਿਆਪੀ ਹੈ,
ਇਸ ਦੇ ਸੰਕਲਪ ਸਮੇਂ ਜਾਂ ਸਥਾਨ ਨਾਲ ਬਦਲਦੇ ਨਹੀਂ, ਇਹ ਹਰੇਕ ਉਤੇ ਇਕ ਸਾਰ ਲਾਗੂ ਹੁੰਦੇ ਹਨ। ਸਾਡੇ ਕੋਲ ਰਾਸ਼ਟਰੀ ਵਿਗਿਆਨ ਜਾਂ ਭਾਰਤੀ ਵਿਗਿਆਨ ਜਾਂ ਈਸਾਈ ਵਿਗਿਆਨ ਦਾ ਕੋਈ ਸੰਕਲਪ ਨਹੀਂ। ਵਿਗਿਆਨ ਵਿਚ ਕੋਈ ਧੜੇਬੰਦੀ ਨਹੀਂ। ਵਿਗਿਆਨ ਦੇ ਆਦਾਨ-ਪ੍ਰਦਾਨ ਵਿਚ ਕੌਮੀ ਗੌਰਵ ਜਾਂ ਦੇਸ਼ਭਗਤੀ ਜਾਂ ਸੰਕੀਰਣਤਾ ਦੀਆਂ ਕੰਧਾਂ ਨੇ ਅੰਤ ਨੂੰ ਢਹਿਣਾ ਹੀ ਹੈ ਅਤੇ ਇਸ ਕਰਕੇ ਵੱਖਰੇਵਿਆਂ ਜਾਂ ਵਿਰੋਧਾਂ ਨੇ ਅੰਤ ਨੂੰ ਮਿਟਣਾ ਹੀ ਹੈ ਸੋ ਇਕ ਦਿਨ ਵਿਗਿਆਨ ਨੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਸੱਚ ਕਰ ਵਿਖਾਉਣਾ ਹੈ।
ਵਿਗਿਆਨ ਨੇ ਮਨੁੱਖ ਦੀਆਂ ਸਮੱਸਿਆਵਾਂ ਹਲ ਕਰਨ ਦਾ, ਸੁਖ-ਸਾਧਨ ਦੇਣ ਦਾ, ਜੀਵਨ ਨੂੰ ਸੁਖਾਲਾ ਬਣਾਉਣ ਦਾ ਵਾਅਦਾ ਕੀਤਾ ਹੈ, ਸ਼ਾਂਤੀ ਦੇਣ ਦਾ ਵਾਅਦਾ ਨਹੀਂ ਕੀਤਾ। ਸ਼ਾਂਤੀ, ਖੁਸ਼ਹਾਲ ਮਨੁੱਖ ਨੇ ਆਪ ਉਸਾਰਨੀ ਹੈ। ਸ਼ਾਂਤੀ ਧਰਮ ਅਤੇ ਸਮਾਜ ਦਾ ਖੇਤਰ ਹੈ। ਜੇ ਅਜੋਕਾ ਮਨੁੱਖ ਸ਼ਾਂਤ ਨਹੀਂ ਤਾਂ ਧਰਮ ਅਤੇ ਸਮਾਜ ਨੂੰ ਨਵੀਂਆਂ ਵਿਧੀਆਂ ਦਾ ਨਿਰਮਾਣ ਕਰਨਾ ਪਵੇਗਾ।
ਵਿਗਿਆਨ ਅਤੇ ਤਕਨਾਲੋਜੀ ਨੇ ਸਾਰੇ ਸੰਸਾਰ ਨੂੰ ਇਕ-ਦੂਜੇ ਦੇ ਨੇੜੇ ਲੈ ਆਂਦਾ ਹੈ ਸੋ ਪਰਸਪਰ ਨਿਰਭਰਤਾ ਅਜੋਕੇ ਯੁਗ ਦਾ ਮੁਖ ਵਰਤਾਰਾ ਹੈ । ਹੁਣ ਅਸੀਂ ਰਲ ਕੇ ਹੀ ਸਫਲ ਹੋਵਾਂਗੇ ਸੋ ਆਪਸੀ ਵਿਰੋਧ ਤਿਆਗਣੇ ਸਮੇਂ ਦੀ ਲੋੜ ਹਨ। ਜਦੋਂ ਤਕ ਮਨੁੱਖੀ ਮਨ ਨੂੰ ਜ਼ਿੱਦਾਂ, ਸਾੜਿਆਂ, ਈਰਖਾਵਾਂ ਤੋਂ ਮੁਕਤੀ ਨਹੀਂ ਮਿਲਦੀ, ਗੁਆਂਢੀਆਂ ਨਾਲ ਸਾਡੇ ਸਬੰਧ ਸੁਖਾਵੇਂ ਨਹੀਂ ਹੋ ਸਕਦੇ। ਜਦੋਂ ਤਕ ਦੇਸ਼-ਭਗਤੀ ਦੀ ਹਉਮੈ ਹੈ ਉਦੋਂ ਤਕ ਸੰਸਾਰ ਵਿਚ ਅਮਨ ਨਹੀਂ ਹੋ ਸਕਦਾ।
ਅਸੀਂ ਵਿਸ਼ਾਲ ਸੰਸਾਰ ਦੇ ਵਸਨੀਕ ਹਾਂ ਇਸ ਲਈ ਸਾਨੂੰ ਸਮੁੱਚੇ ਸੰਸਾਰ ਦੇ ਸੰਦਰਭ ਵਿਚ ਸੋਚਣਾ ਪਵੇਗਾ।
ਇਹ ਸੰਸਾਰ ਭਾਵੇਂ ਚੰਗੇ ਲੋਕਾਂ ਦਾ ਨਹੀਂ ਪਰ ਇਨ੍ਹਾਂ ਤੋਂ ਚੰਗੇ ਹੋਰ ਕਿਧਰੇ ਮਿਲਦੇ ਵੀ ਤਾਂ ਨਹੀਂ, ਸੋ ਸਾਨੂੰ ਇਹ ਸਥਿਤੀ ਸਵੀਕਾਰ ਕਰਨੀ ਪਵੇਗੀ ਅਤੇ ਆਪਣੇ ਦ੍ਰਿਸ਼ਟੀਕੋਣ ਬਦਲਣੇ ਪੈਣਗੇ। ਜਿਹੜੇ ਦੇਸ਼ ਅਤੇ ਸਮਾਜ ਪਰਿਵਰਤਨ ਨੂੰ ਸਵੀਕਾਰ ਕਰ ਰਹੇ ਹਨ, ਉਹੀ ਵਿਕਾਸ ਕਰ ਰਹੇ ਹਨ। ਸਾਨੂੰ ਆਪਣੀ ਸਿਖਿਆ- ਪ੍ਰਣਾਲੀ ਵਿਚ ਵੀ ਪਰਿਵਰਤਨ ਲਿਆਉਣਾ ਪਵੇਗਾ। ਪਰਿਵਰਤਨ ਦੀਆਂ ਸੈਨਤਾਂ ਸਾਡੇ ਸਭਿਆਚਾਰ ਵਿਚ ਪਹਿਲਾਂ ਹੀ ਮੌਜੂਦ ਹਨ।
ਸਾਡੀਆਂ ਲੋਕ ਕਹਾਣੀਆਂ ਸਮਝੌਤੇ ਉਪਰ ਮੁਕਦੀਆਂ ਹਨ ਅਤੇ ਸੂਝ- ਸਿਆਣਪ ਦੀ ਜਿੱਤ ਨਾਲ ਸਮਾਪਤ ਹੁੰਦੀਆਂ ਹਨ।
ਬੱਚਿਆਂ ਨੂੰ ਉਹ ਕਹਾਣੀਆਂ ਸੁਣਾਈਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਸਹਿਯੋਗ ਅਤੇ ਸਮਝੌਤੇ ਦੀ ਤੰਦ ਮਜ਼ਬੂਤ ਹੋਵੇ ਅਤੇ ਲੋਕਤੰਤਰਕ ਕਦਰਾਂ- ਕੀਮਤਾਂ ਦੀ ਜਿੱਤ ਹੋਵੇ।
ਪਰਜਾ-ਤੰਤਰ ਵਿਚ ਨਵੇਂ ਵਿਚਾਰ ਅਤੇ ਸੰਕਲਪਾਂ ਨੂੰ ਪ੍ਰਵਾਨ ਕਰਨ ਦੀ ਦਲੇਰੀ ਹੁੰਦੀ ਹੈ ਜਦੋਂ ਕਿ ਸਾਮੰਤਵਾਦ, ਪਰੰਪਰਾ ਨੂੰ ਦ੍ਰਿੜ੍ਹ ਕਰਦਾ ਹੈ। ਪਰਜਾ- ਤੰਤਰ ਬਹੁ-ਗਿਣਤੀ ਦੀ ਸਹਿਮਤੀ ਦਾ ਸਿਧਾਂਤ ਹੈ। ਸਹਿਮਤੀ ਜਾਂ ਸਮਝੌਤੇ ਦੀ ਬੁਨਿਆਦ ਇਹ ਸਿਧਾਂਤ ਹੈ ਕਿ ਦੂਜਿਆਂ ਦੀ ਸੋਚ ਵੱਖਰੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਵੱਖਰੇ ਢੰਗ ਨਾਲ ਸੋਚਣ ਦੀ ਖੁਲ੍ਹ ਹੈ। ਜੇ ਦੂਜਿਆਂ ਨੂੰ ਅਸੀਂ ਆਪਣੀ ਗਲ ਸੁਣਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਦੀ ਗਲ ਸੁਣਨ ਦੀ ਲੋੜ ਹੈ। ਅਣਖ ਜਾਂ ਦੇਸ਼ਭਗਤੀ ਵਿਕਾਸ ਦੇ ਰਾਹ ਦੀ ਰੁਕਾਵਟ ਨਹੀਂ ਬਣਨੇ ਚਾਹੀਦੇ। ਦੂਜਿਆਂ ਦੇ ਵਿਚਾਰਾਂ ਨੂੰ ਯੋਗ ਸਥਾਨ ਦਿਤੇ ਬਿਨਾ ਕੋਈ ਵੀ ਸਮਝੌਤਾ ਸੰਭਵ ਨਹੀਂ ਹੁੰਦਾ। ਸੋਚਣਾ ਅਤੇ ਵੱਖਰੇ ਢੰਗ ਨਾਲ ਸੋਚਣਾ ਹੀ ਸਾਡੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ।
ਸਾਮੰਤਵਾਦ ਵਿਚ ਵਿਰੋਧ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਜਾਂਦਾ, ਵਿਰੋਧੀ ਨੂੰ ਦੁਸ਼ਮਣ ਸਮਝਿਆ ਜਾਂਦਾ ਸੀ ਪਰ ਲੋਕ-ਤੰਤਰ ਵਿਚ ਦੁਸ਼ਮਣੀ ਨਹੀਂ ਹੁੰਦੀ, ਵਿਰੋਧ ਹੁੰਦਾ ਹੈ। ਜਦੋਂ ਅਸੀਂ ਸਹੀ ਅਰਥਾਂ ਵਿਚ ਲੋਕ-ਤੰਤਰਕ ਹੋ ਜਾਵਾਂਗੇ ਤਾਂ ਲੜਨ-ਭਿੜਨ ਲਈ ਕੋਈ ਥਾਂ ਨਹੀਂ ਬਚੇਗੀ ਅਤੇ ਸਾਰੇ ਨਿਰਣੇ ਅਕਲ ਦੇ ਆਧਾਰ ਤੇ ਲਏ ਜਾਣਗੇ।
ਯੋਰਪ ਵਿਚ ਇਵੇਂ ਹੀ ਹੋ ਰਿਹਾ ਹੈ।
ਦੂਜਿਆਂ ਨਾਲ ਸਬੰਧਤ ਹੋਣਾ ਜਾਂ ਤਾਲਮੇਲ ਰਖਣਾ ਮੁੱਢਲੀ ਮਨੁੱਖੀ ਲੋੜ ਹੈ।
ਖੇਡਾਂ ਵਿਚ ਅਸੀਂ ਨਿਘਾ ਵਿਰੋਧ ਕਰਨ ਦਾ ਸਮਝੌਤਾ ਕਰਦੇ ਹਾਂ।
ਚੋਣਾਂ ਵਿਚ, ਵਪਾਰ ਵਿਚ ਵੀ ਇਵੇਂ ਹੀ ਹੁੰਦਾ ਹੈ।
ਜਿਹੜੇ ਚਿੜ੍ਹ ਕੇ ਖੜੇ ਹੋ ਜਾਂਦੇ ਹਨ, ਉਨ੍ਹਾਂ ਦੇ ਬੈਠਣ ਤੋਂ ਪਹਿਲਾਂ ਉਨ੍ਹਾਂ ਦਾ ਨੁਕਸਾਨ ਹੋ ਚੁਕਾ ਹੁੰਦਾ ਹੈ ਕਿਉਂਕਿ ਜਦੋਂ ਕਿਸੇ ਚੀਜ਼ ਵਿਚ ਤਰੇੜ ਪੈਂਦੀ ਹੈ ਤਾਂ ਉਹ ਚੀਜ਼ ਤਰੇੜ ਦੇ ਕਾਰਨ ਆਪਣਾ ਮਹੱਤਵ ਅਤੇ ਸਥਾਨ ਵੀ ਗੁਆ ਬੈਠਦੀ ਹੈ ਇਸੇ ਕਰਕੇ ਤਰੇੜੀ ਹੋਈ ਚੀਜ਼ ਨੂੰ ਹਟਾ ਦਿਤਾ ਜਾਂਦਾ ਹੈ।
ਵੇਖਿਆ ਗਿਆ ਹੈ ਕਿ ਜਿਥੇ ਸਾਰੇ ਹੀ ਬਾਂਗ ਦੇਣ ਵਾਲੇ ਹੋਣ ਉਥੇ ਨਾ ਰਾਤ ਪੈਂਦੀ ਹੈ ਨਾ ਸਵੇਰ ਚੜ੍ਹਦੀ ਹੈ। ਜਿਥੇ ਸਾਰੇ ਹੀ ਬਹਿਸਣ ਵਾਲੇ ਹੋਣ ਉਥੇ ਸਮਝੌਤਾ ਨਹੀਂ ਹੁੰਦਾ। ਗਲਤ ਰਸਤੇ ਤੇ ਜਿਤਨੀ ਮਰਜ਼ੀ ਤੇਜ਼ ਚਲੀਏ ਅਸੀਂ ਕਿਧਰੇ ਨਹੀਂ ਪਹੁੰਚਦੇ, ਕਿਸੇ ਨੂੰ ਸਾਡੀ ਪ੍ਰਵਾਹ ਜਾਂ ਸਾਡੀ ਉਡੀਕ ਨਹੀਂ ਹੋਵੇਗੀ। ਜੇ ਸਾਡੀ ਕਿਸੇ ਨਾਲ ਸਹਿਮਤੀ ਹੀ ਨਹੀਂ ਤਾਂ ਅਸੀਂ ਪਹੁੰਚ ਕੇ ਵੀ ਕੀ ਕਰਾਂਗੇ!
ਦੋਸਤਾਂ ਨਾਲ ਸਮਝੌਤੇ ਦੀ ਕੋਈ ਔਖ ਨਹੀਂ ਹੁੰਦੀ। ਸਮਝੌਤਾ ਕਰਨ ਦੀ ਪਰਖ ਵਿਰੋਧੀਆਂ ਨਾਲ ਸਮਝੌਤਾ ਕਰਨ ਤੋਂ ਹੈ। ਮਨੁੱਖ ਕੋਲ ਸਮਝੌਤੇ ਦੀਆਂ ਦੋ ਭਾਸ਼ਾਵਾਂ ਹਨ, ਇਕ ਗਣਿਤ ਦੀ ਭਾਸ਼ਾ, ਦਲੀਲ ਜਾਂ ਗਿਣਨ-ਮਾਪਣ ਜਾਂ ਲਾਭ-ਨੁਕਸਾਨ ਦੀ ਭਾਸ਼ਾ ਅਤੇ ਦੂਜੀ ਪ੍ਰੇਮ ਦੀ ਭਾਸ਼ਾ, ਸੁਹਿਰਦਤਾ ਜਾਂ ਸਨੇਹ ਜਾਂ ਤਿਆਗ ਦੀ ਭਾਸ਼ਾ। ਜਿਹੜੀ ਭਾਸ਼ਾ ਅਸੀਂ ਵਰਤਾਂਗੇ ਉਹੋ ਜਿਹੇ ਹੀ ਨਤੀਜੇ ਨਿਕਲਣਗੇ।
ਕਹਿੰਦੇ ਹਨ ਜੇ ਸਮਝੌਤਾ ਕਰਨਾ ਹੈ ਤਾਂ ‘ਮੈਂ’ ਅਤੇ ‘ਨਾਂਹ’ ਨੂੰ ਘਰ ਛਡ ਕੇ ਜਾਓ, ‘ਹਾਂ’ ਅਤੇ ‘ਅਸੀਂ’ ਦੀ ਵਰਤੋਂ ਕਰੋ। ਵੇਖਿਆ ਗਿਆ ਹੈ ਕਿ ਜਿਥੇ ਦੋ ਧਿਰਾਂ ਵਿਚ ਪਿਛੋਕੜ, ਭਾਸ਼ਾ ਅਤੇ ਸਭਿਆਚਾਰ ਦੀ ਸਾਂਝ ਹੋਵੇ, ਉਥੇ ਵਿੱਥ ਪੈਂਦੀ ਵੀ ਜਲਦੀ ਹੈ ਅਤੇ ਵਿੱਥ ਮਿਟਦੀ ਵੀ ਜਲਦੀ ਹੈ। ਜਦੋਂ ਦੋ ਧਿਰਾਂ ਵਿਚਕਾਰ ਵਿੱਥ ਮਿਟ ਜਾਂਦੀ ਹੈ ਤਾਂ ਵਿਆਹ ਹੋਣ ਲਗ ਪੈਂਦੇ ਹਨ।
ਵਿਆਹ ਜਾਂ ਘਰ ਸਮਝੌਤੇ ਦੀ ਵਿਸ਼ਵ-ਵਿਆਪੀ ਉਦਾਹਰਣ ਹੈ।
ਜਿਸ ਦੇ ਘਰ ਵਿਚ ਸੁਖ ਨਹੀਂ, ਉਸ ਲਈ ਕਿਧਰੇ ਵੀ ਸੁਖ ਨਹੀਂ।
ਉਹ ਲੋਕ ਗਰੀਬ ਹੁੰਦੇ ਹਨ ਅਤੇ ਗਰੀਬ ਹੀ ਰਹਿੰਦੇ ਹਨ, ਜਿਹੜੇ ਘਰ ਵਿਚ ਹੀ ਝਗੜਾ ਆਰੰਭ ਕਰ ਲੈਂਦੇ ਹਨ ਕਿਉਂਕਿ ਇਨ੍ਹਾਂ ਨੂੰ ਕਿਧਰੇ ਵੀ ਪ੍ਰਵਾਨਗੀ ਨਹੀਂ ਮਿਲਦੀ। ਜਿਸ ਦਾ ਪਰਿਵਾਰ ਨਹੀਂ ਜਾਂ ਜਿਸ ਪਤੀ-ਪਤਨੀ ਦੇ ਆਪਸੀ ਸਬੰਧ ਸੁਖਾਵੇਂ ਨਹੀਂ, ਉਹ ਉਖੜੇ-ਉਖੜੇ ਵਿਖਾਈ ਦਿੰਦੇ ਹਨ।
ਕੋਈ ਪੁਰਸ਼ ਕਿਤਨਾ ਵੀ ਅਮੀਰ ਹੋਵੇ, ਵਿਦਵਾਨ ਹੋਵੇ, ਭਾਵੇਂ ਮਹਿਲ ਵਿਚ ਰਹਿੰਦਾ ਹੋਵੇ, ਪਤਨੀ ਤੋਂ ਬਿਨਾ ਉਹ ਠੀਕ ਨਹੀਂ ਲਗਦਾ।
ਇਸਤਰੀ ਭਾਵੇਂ ਕਿਤਨੀ ਵੀ ਸੁੰਦਰ ਹੋਵੇ ਅਤੇ ਗੁਣਵਾਨ ਹੋਵੇ ਪਰ ਜੇ ਉਸ ਦਾ ਪਰਿਵਾਰ ਨਹੀਂ ਹੈ ਤਾਂ ਉਸ ਦਾ ਸਤਿਕਾਰ ਵੀ ਨਹੀਂ ਹੋਵੇਗਾ। L
ਜੇ ਦੋਵੇਂ ਇਕ ਹੀ ਬੇੜੀ ਵਿਚ ਸਵਾਰ ਹੋਣ ਤਾਂ ਜ਼ਿੰਦਗੀ ਦੇ ਤੂਫਾਨ ਵੀ ਕਿਸ਼ਤੀ ਨੂੰ ਚਲਾਉਂਦੇ ਅਗੇ ਲੈ ਜਾਂਦੇ ਹਨ।
ਜਿਹੜੇ ਕਹਿੰਦੇ ਹਨ ਗੁੱਸਾ ਚੜ੍ਹ ਹੀ ਜਾਂਦਾ ਹੈ, ਉਨ੍ਹਾਂ ਨੇ ਅਨੁਭਵ ਦੀਆਂ ਨੀਵੀਆਂ ਸਥਿਤੀਆਂ ਹੀ ਵੇਖੀਆਂ ਹੁੰਦੀਆਂ ਹਨ, ਉਨ੍ਹਾਂ ਲਈ ਡਰ, ਗੁੱਸਾ, ਨਫਰਤ ਆਦਿ ਹੀ ਜੀਵਨ ਦੇ ਡੂੰਘੇ ਅਤੇ ਆਨੰਦਮਈ ਅਨੁਭਵ ਹੁੰਦੇ ਹਨ।
ਈਰਖਾ, ਸਾੜਾ ਆਦਿ ਅਧੂਰੇ ਮਨੁੱਖ ਦੀਆਂ ਨਿਸ਼ਾਨੀਆਂ ਹਨ ਜਦੋਂ ਕਿ ਸੰਪੂਰਣ ਮਨੁੱਖਾਂ ਜਾਂ ਮਹਾਂਪੁਰਸ਼ਾਂ ਵਿਚ ਇਤਨੀ ਵਿਸ਼ਾਲਤਾ ਅਤੇ ਉਦਾਰਤਾ ਹੁੰਦੀ ਹੈ ਕਿ ਉਹ ਸਭ ਵਿਰੋਧ ਅਤੇ ਉਜਾਂ ਸਮੇਟ ਲੈਂਦੇ ਹਨ।
ਵਿਚਾਰਾਂ ਦੀ ਲੜਾਈ ਵਿਚ ਕਤਲ ਲੋਕਾਂ ਦਾ ਹੁੰਦਾ ਹੈ, ਵਿਚਾਰਾਂ ਦਾ ਨਹੀਂ।
ਹੰਕਾਰ, ਹਉਮੈ ਅਤੇ ਅਣਖ ਤੋਂ ਉਪਜੀ ਸੋਚ ਨਾ ਤਾਂ ਆਪ ਬਹੁਤੀ ਦੂਰ ਜਾਂਦੀ ਹੈ ਅਤੇ ਨਾ ਹੀ ਕਿਸੇ ਹੋਰ ਸੋਚ ਨਾਲ ਇਕ-ਸੁਰ ਹੋਣ ਦੀ ਸਿਆਣਪ ਕਰਦੀ ਹੈ। ਸੁਲਝੇ ਹੋਏ ਲੋਕਾਂ ਕੋਲ ਵਿਸ਼ਾਲ ਸੋਚਾਂ ਹੁੰਦੀਆਂ ਹਨ ਜਦੋਂ ਕਿ ਆਮ-ਸਾਧਾਰਨ ਲੋਕਾਂ ਕੋਲ ਪੱਖਪਾਤ ਹੀ ਹੁੰਦੇ ਹਨ।
ਵਿਚਾਰ ਮਹਾਨ ਵਿਅਕਤੀਆਂ ਦੀ ਪਕੜ ਵਿਚ ਹੁੰਦੇ ਹਨ ਜਦੋਂ ਕਿ ਆਮ ਸਾਧਾਰਨ ਲੋਕ ਵਿਚਾਰਾਂ ਦੀ ਪਕੜ ਵਿਚ ਹੁੰਦੇ ਹਨ। ਮਹਾਨ ਵਿਅਕਤੀਆਂ ਵਿਚ ਵਿਥਾਂ ਨੂੰ ਮੇਟਣ ਲਈ ਪੁਲ ਉਸਾਰਨ ਵਾਲੀ ਸਮਝੌਤਾ-ਬਿਰਤੀ ਹੁੰਦੀ ਹੈ ਕਿਉਂਕਿ ਉਹ ਸਰਬੱਤ ਦੇ ਭਲੇ ਦੀ ਗਲ ਕਰਦੇ ਹਨ।
ਪੁਲ ਦੋ ਪਾਸਿਆਂ ਨੂੰ, ਦੋ ਸ਼ਹਿਰਾਂ ਨੂੰ ਅਤੇ ਕਈ ਵਾਰੀ ਦੋ ਦੇਸ਼ਾਂ ਨੂੰ ਆਪਸ ਵਿਚ ਜੋੜਦੇ ਅਤੇ ਉਨ੍ਹਾਂ ਦੀ ਗਲਬਾਤ ਕਰਵਾਉਂਦੇ ਹਨ।
ਪੌੜੀਆਂ ਥਲੜਿਆਂ ਨੂੰ ਉਪਰਲਿਆਂ ਨਾਲ ਅਤੇ ਉਪਰਲਿਆਂ ਨੂੰ ਹੇਠਲਿਆਂ ਨਾਲ ਮਿਲਾਉਂਦੀਆਂ ਹਨ।
ਪੌੜੀਆਂ ਅਤੇ ਪੁਲ, ਸਮਝੌਤੇ ਅਤੇ ਸਾਂਝ, ਸਦਭਾਵਨਾ ਅਤੇ ਸਹਿਯੋਗ, ਲੈਣ ਅਤੇ ਦੇਣ ਦੇ ਪ੍ਰਤੀਕ ਹਨ।
ਯਾਦਾਂ ਦੇ ਪੁਲਾਂ ਰਾਹੀਂ ਮਰੇ ਹੋਏ, ਵਿਛੜੇ ਹੋਏ ਵੀ ਵਾਪਸ ਪਰਤ ਆਉਂਦੇ ਹਨ ਅਤੇ ਕਲਪਨਾ ਦੀਆਂ ਪੌੜੀਆਂ ਨਾਲ ਅਸੀਂ ਅਣਕਿਆਸੀਆਂ, ਅਣਜਾਣੀਆਂ ਥਾਂਵਾਂ ਤੇ ਵੀ ਘੁੰਮ ਆਉਂਦੇ ਹਾਂ।
ਕੀ ਸਾਡੀ, ਸੰਸਾਰ ਵਿਚ ਦਿਲਚਸਪੀ ਹੈ? ਕੀ ਅਸੀਂ ਵਿਸ਼ਵ-ਸ਼ਾਂਤੀ ਚਾਹੁੰਦੇ ਹਾਂ ? ਨਿਰਸੰਦੇਹ ਅਸੀਂ ਸਾਰੇ ਚਾਹੁੰਦੇ ਹਾਂ ਕਿ ਸੰਸਾਰ ਵਿਚ ਸ਼ਾਂਤੀ ਹੋਵੇ ਪਰ ਜੇ ਸੰਸਾਰ ਵਿਚ ਸ਼ਾਂਤੀ ਹੋ ਗਈ ਅਤੇ ਜੰਗ ਖਤਮ ਹੋ ਗਈ ਤਾਂ ਸਾਡੇ ਨਾਇਕ ਕੌਣ ਹੋਣਗੇ ? ਸਾਡੀ ਬਹਾਦਰੀ ਦਾ ਸੰਕਲਪ ਕੀ ਹੋਵੇਗਾ, ਸਾਡੀ ਅਣਖੀਲੀ ਸ਼ਬਦਾਵਲੀ ਦਾ ਕੀ ਬਣੇਗਾ, ਅਸੀਂ ਹਥਿਆਰਾਂ ਦਾ ਕੀ ਕਰਾਂਗੇ?
ਨਿਰਸੰਦੇਹ ਸ਼ਾਂਤੀ ਅਤੇ ਸਮਝੌਤੇ ਨਾਲ ਸਭ ਕੁਝ ਬਦਲ ਜਾਵੇਗਾ।
ਵੱਡੇ ਹੋਣ, ਵਿਸ਼ਾਲ ਹੋਣ ਦੀ ਲੋੜ ਹੈ, ਨਹੀਂ ਤਾਂ ਆਪਣੇ ਦੇਸ਼ ਵਿਚ ਹੀ ਸੁੰਗੜਨ ਕਾਰਨ ਸੰਸਾਰ ਵਿਚ ਅਸੀਂ ਇਕ ਨਿੱਕਾ ਜਿਹਾ ਰੇਲਵੇ ਸਟੇਸ਼ਨ ਬਣ ਕੇ ਰਹਿ ਜਾਵਾਂਗੇ। ਨਿੱਕੇ ਸਟੇਸ਼ਨਾਂ ਨੂੰ ਆਪਣੇ ‘ਤੇ ਮਾਣ ਹੁੰਦਾ ਹੈ ਕਿ ਵੱਡੀਆਂ ਅਤੇ ਤੇਜ਼ ਗੱਡੀਆਂ ਨੂੰ ਉਨ੍ਹਾਂ ਕੋਲ ਰੁਕਣ ਦੀ ਹਿੰਮਤ ਹੀ ਨਹੀਂ ਹੁੰਦੀ।
ਨਿਰਸੰਦੇਹ ਜੋ ਕੁਝ ਬਦਲੇਗਾ ਜਾਂ ਵਾਪਰੇਗਾ ਉਹ ਯਤਨ ਨਾਲ, ਉਪਰਾਲਿਆਂ ਨਾਲ, ਤਿਆਰੀ ਨਾਲ ਹੀ ਵਾਪਰੇਗਾ ।
ਪਰਿਵਰਤਨ ਵਕਤ ਨਾਲ ਆਪੇ ਨਹੀਂ ਆਉਂਦਾ, ਇਹ ਵਿਅਕਤੀਆਂ ਨਾਲ, ਸਮਝੌਤਿਆਂ ਨਾਲ, ਯਤਨਾਂ ਨਾਲ ਆਉਂਦਾ ਹੈ।
ਪੱਤਝੜ ਵਿਚ ਪੱਤੇ ਝੜਦੇ ਹਨ, ਦਰਖਤ ਨਹੀਂ ਡਿਗਦੇ, ਪੱਤਿਆਂ ਦੇ ਝੜਨ ਵਿਚ ਨਵੇਂ ਪੱਤਿਆਂ ਦਾ, ਨਵੀਂ ਬਹਾਰ ਦਾ ਸੁਨੇਹਾ ਹੁੰਦਾ ਹੈ।
ਪਰਿਵਰਤਨ ਕੋਈ ਹੋਵੇ ਇਹ ਵਿਅਕਤੀ ਤੋਂ ਪਰਿਵਾਰ ਵਲ, ਸਮਾਜ ਵਲ, ਦੇਸ਼ ਅਤੇ ਵਿਸ਼ਵ ਵਲ ਫੈਲਦਾ ਹੈ।
ਜਿਵੇਂ ਅਸੀਂ ਮੇਲੇ ਵਿਚ, ਦੂਜਿਆਂ ਨੂੰ ਰਾਹ ਦੇ ਕੇ ਆਪ ਲੰਘ ਜਾਂਦੇ ਹਾਂ, ਇਸੇ ਵਿਧੀ ਨਾਲ ਦੂਜਿਆਂ ਨਾਲ, ਸੰਸਾਰ ਨਾਲ, ਵਿਚਰਨ ਦੀ ਲੋੜ ਹੈ।
ਸਾਨੂੰ ਡਰ ਕੇ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਪਰ ਸਾਨੂੰ ਸਮਝੌਤਾ ਕਰਨ ਤੋਂ ਡਰਨਾ ਵੀ ਨਹੀਂ ਚਾਹੀਦਾ।
ਨਿੱਕੀਆਂ ਕਣੀਆਂ ਦਾ ਮੀਂਹ
ਨਿੱਕੀਆਂ-ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ।
ਜੀਵਨ ਦੀਆਂ ਖੁਸ਼ੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਵਿਚ ਹਨ, ਜਿਵੇਂ ਘਰ ਦੀ ਸੁਰੱਖਿਆ ਵਿਚ, ਸਰਦੀ ਦੀ ਧੁੱਪ ਵਿਚ, ਗਰਮੀਆਂ ਦੇ ਮੀਂਹ ਵਿਚ, ਕਿਸੇ ਸੋਹਣੇ ਚਿਹਰੇ ਦੀ ਮੁਸਕਰਾਹਟ ਵਿਚ, ਕਿਸੇ ਹਮਦਰਦ ਦੇ ਬੋਲਾਂ ਵਿਚ।
ਨਿੱਕੇ-ਨਿੱਕੇ ਧਿਆਨ, ਨਿੱਕੀਆਂ-ਨਿੱਕੀਆਂ ਕੁਰਬਾਨੀਆਂ ਅਤੇ ਤਿਆਗ ਹਰ ਪ੍ਰਕਾਰ ਦੇ ਅਨੁਭਵ ਦੀ ਸ਼ਿੱਦਤ ਨੂੰ ਵਧਾ ਦਿੰਦੇ ਹਨ।
ਨਿੱਕੇ-ਨਿੱਕੇ ਯਤਨ ਵੱਡੀਆਂ ਪ੍ਰਾਪਤੀਆਂ ਹੋ ਨਿਬੜਦੇ ਹਨ ਅਤੇ ਅਸੀਂ ਨਿੱਕੇ-ਨਿੱਕੇ ਯਤਨਾਂ ਨਾਲ ਵੱਡੇ-ਵੱਡੇ ਹੋ ਨਿਬੜਦੇ ਹਾਂ।
ਇਕ ਦਿਨ ਆਪਣੇ ਘਰ ਦੇ ਵਰਾਂਡੇ ਵਿਚ ਬੈਠਾ ਸਾਂ । ਕਈ ਦਿਨਾਂ ਤੋਂ ਘਰ ਵਿਚ ਇਕੱਲਾ ਹੋਣ ਕਰਕੇ ਮੈਂ ਉਦਾਸੀ ਨੂੰ ਘੁਟ ਕੇ ਫੜਿਆ ਹੋਇਆ ਸੀ । ਨਿੱਕੀਆਂ- ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਸੀ। ਅਚਾਨਕ ਇਕ ਲਹੂ-ਲੁਹਾਣ ਚਿੜੀ ਮੇਰੇ ਨੇੜੇ ਆਣ ਡਿੱਗੀ। ਮੇਰੇ ਚਾਹੁਣ ਦੇ ਬਾਵਜੂਦ ਪਤਾ ਨਾ ਲਗਿਆ ਕਿ ਉਹ ਉਥੇ ਆ ਕਿਵੇਂ ਗਈ। ਮੈਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹ ਚਿੜਾ ਸੀ ਕਿ ਚਿੜੀ ਪਰ ਜ਼ਖਮੀ ਸੀ, ਦੁੱਖੀ ਵੀ ਸੀ, ਪ੍ਰੇਸ਼ਾਨ ਅਤੇ ਮਜਬੂਰ ਵੀ ਸੀ, ਸੋ ਮੈਂ ਸੋਚਿਆ ਚਿੜੀ ਹੀ ਹੋਵੇਗੀ ਕਿਉਂਕਿ ਕੁਝ ਤਾਂ ਉਹ ਉਂਜ ਵੀ ਕਮਜ਼ੋਰ ਸੀ ਅਤੇ ਕੁਝ ਕੀਤਾ ਗਿਆ ਵਾਰ ਵੀ ਭਰਪੂਰ ਸੀ। ਜਿਵੇਂ ਕਿਵੇਂ ਹੋਇਆ, ਉਸ ਨੂੰ ਮੈਂ ਅੰਦਰ ਲੈ ਗਿਆ ਤਾਂ ਜੁ ਉਸ ਨੂੰ ਫੱਟੜ ਕਰਨ ਵਾਲਾ ਜਾਨਵਰ-ਪੰਛੀ ਕਿਧਰੇ ਫਿਰ ਨਾ ਆ ਜਾਵੇ। ਪਾਣੀ ਦੀ ਕੌਲੀ ਕੋਲ ਰਖੀ, ਰੋਟੀ ਦੇ ਕੁਝ ਟੁਕੜੇ ਵੀ ਕੋਲ ਰਖੇ । ਮਨ ਦੁਚਿਤੀ ਵਿਚ ਸੀ, ਬਚੇਗੀ ਕਿ ਨਹੀਂ। ਮੈਨੂੰ ਨੇੜੇ ਵੇਖ ਕੇ ਵੀ ਉਹ ਡਰੀ ਹੋਈ ਸੀ। ਉਹ ਮੇਰੀ ਮੁੱਠੀ ਜਿਤਨੀ ਵੀ ਨਹੀਂ ਸੀ ਅਤੇ ਮੈਨੂੰ ਸੁਝ ਨਹੀਂ ਸੀ ਰਿਹਾ ਕਿ ਮੈਂ ਕੀ ਕਰਾਂ ਪਰ ਮੈਂ ਸਭ ਕੁਝ ਕਰਨ ਲਈ ਤਿਆਰ ਸਾਂ । ਆਪਣਾ ਜ਼ਖਮੀ ਦਿਲ-ਦਰਵਾਜ਼ਾ ਖੋਲ੍ਹ ਕੇ ਉਸ ਨੇ ਮੇਰੇ ਵਲ ਵੇਖਿਆ, ਸ਼ਾਇਦ ਉਸ ਨੇ ਮੇਰੀ ਸੇਵਾ ਪ੍ਰਵਾਨ ਕਰਨ ਦਾ ਮਨ ਬਣਾ ਲਿਆ ਸੀ। ਇਸ ਵੇਲੇ ਮੇਰੀ ਸਾਰੀ ਅਕਲ, ਸਾਰਾ ਤਜਰਬਾ, ਸਾਰਾ ਧਿਆਨ ਅਤੇ ਸਾਰੇ ਯਤਨ ਉਸ ਉਤੇ ਡੁਲ੍ਹੇ ਹੋਏ ਸਨ ਅਤੇ ਮੈਂ ਬੌਂਦਲਿਆ ਹੋਇਆ ਸਾਂ ਕਿ ਕੀ ਕਰਾਂ । ਜ਼ਖਮੀ ਉਹ ਸੀ, ਵਿਆਕੁਲ ਮੈਂ ਸਾਂ । ਡੂੰਘੇ ਅਹਿਸਾਸਾਂ ਵਿਚੋਂ ਅਰਦਾਸ ਆਪ ਮੁਹਾਰੇ ਉਪਜਦੀ ਹੈ, ਅੰਦਰੋਂ ਆਵਾਜ਼ ਆਈ : ਹੇ ਵਾਹਿਗੁਰੂ ਇਸ ਨੂੰ ਬਚਾ ਲਵੀਂ।
ਇਵੇਂ ਲਗਿਆ, ਜਿਵੇਂ ਕੁਦਰਤ ਕਹਿ ਰਹੀ ਸੀ : ਯਤਨ ਤੂੰ ਕਰੀਂ, ਮਦਦ ਮੈਂ ਕਰਾਂਗੀ। ਕੋਲ ਬਹਿ ਕੇ ਧਿਆਨ ਨਾਲ ਵੇਖਦਾ ਰਿਹਾ ਕਿ ਉਹ ਸਾਹ ਲੈ ਰਹੀ ਸੀ।
ਪਤਾ ਹੀ ਨਾ ਲਗਿਆ ਕਦੋਂ ਸ਼ਾਮ ਤੋਂ ਬਾਅਦ ਰਾਤ ਪੈ ਗਈ । ਰਾਤ ਦੀ ਵੰਗਾਰ ਮੇਰੇ ਸਾਹਮਣੇ ਸੀ।
ਇਹ ਰਾਤ ਮੈਨੂੰ ਕਦੇ ਨਹੀਂ ਭੁਲੇਗੀ।
ਸੋਚਦਾ ਰਿਹਾ ਕਿ ਸਾਨੂੰ ਜਿਉਂਦਾ ਰਖਣ ਲਈ ਬਿਰਛ-ਬੂਟੇ ਰਾਤ ਨੂੰ ਵੀ ਨਹੀਂ ਸੌਂਦੇ, ਜੇ ਦਿਨ ਵੇਲੇ ਸੂਰਜ ਧੁੱਪ ਦੇਣੀ ਨਹੀਂ ਭੁਲਦਾ, ਤਾਂ ਰਾਤ ਵੇਲੇ ਚੰਨ ਚਾਨਣੀ ਦੇਣੀ ਯਾਦ ਰਖਦਾ ਹੈ, ਪੌਣ ਪਲ ਭਰ ਵੀ ਨਹੀਂ ਰੁਕਦੀ, ਧਰਤੀ ਘੁੰਮਦੀ ਰਹਿੰਦੀ ਹੈ, ਦਰਿਆ ਵਗਦੇ ਰਹਿੰਦੇ ਹਨ।
ਅਗਲੀ ਸਵੇਰ ਨੂੰ ਚਿੜੀ ਦੀ ਹਾਲਤ ਤਾਂ ਪਹਿਲਾਂ ਵਰਗੀ ਹੀ ਸੀ, ਪਰ ਦੁਪਹਿਰ ਵੇਲੇ ਉਸ ਨੇ ਪਾਣੀ ਵਿਚ ਆਪਣੀ ਚੁੰਝ ਡਬੋਈ, ਜਿਸ ਨਾਲ ਮੈਂ ਰੱਜ ਗਿਆ। ਤੀਜੇ ਦਿਨ ਉਸ ਨੇ ਬਿਸਕੁਟ ਦਾ ਟੋਟਾ ਵੀ ਮੂੰਹ ਵਿਚ ਪਾ ਲਿਆ।
ਜੇ ਮਰੀਜ਼ ਦਾ ਸਬੰਧ ਅੰਨ ਜਾਂ ਭੋਜਨ ਨਾਲ ਜੁੜ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਚੌਥੇ ਕੁ ਦਿਨ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਬਚ ਜਾਵੇਗੀ।
ਮੇਰੇ ਯਤਨਾਂ ਵਿਚੋਂ ਸਫਲਤਾ ਅਤੇ ਖੁਸ਼ੀ ਦੇ ਫੁੱਲ ਉਗ ਆਏ ਸਨ।
ਫਰਜ਼, ਯਤਨ ਜਾਂ ਕਰਤੱਵ ਦਾ ਹੁਕਮ ਸਾਨੂੰ ਸਮਾਜ ਜਾਂ ਪਰੰਪਰਾ ਵਿਚੋਂ ਮਿਲਦਾ ਹੈ ਪਰ ਆਨੰਦਮਈ ਕਾਰਜਾਂ ਲਈ ਆਦੇਸ਼ ਆਤਮਾ ਦਿੰਦੀ ਹੈ। ਮਾਤਾ- ਪਿਤਾ ਦੀ ਸੇਵਾ ਦਾ ਫਰਜ਼ ਨਿਭਾ ਰਿਹਾ ਸਾਂ ਪਰ ਚਿੜੀ ਦੀ ਸੇਵਾ ਦਾ ਮੈਂ ਆਨੰਦ ਲੈ ਰਿਹਾ ਸਾਂ । ਪਤਨੀ ਦੇ ਘਰ ਨਾ ਹੋਣ ਕਰਕੇ ਰਸੋਈ ਵਿਚ ਬੇਰੌਣਕੀ ਸੀ ਪਰ ਮੇਰਾ ਦਿਲ ਚਿੜੀ ਦੀ ਸੰਗਤ ਕਾਰਨ ਅਨੂਠੇ ਵਿਸਮਾਦ ਨਾਲ ਆਬਾਦ ਮੀ।
ਇਨ੍ਹਾਂ ਦਿਨਾਂ ਵਿਚ ਮੈਂ ਆਪਣੇ ਮਨ ਅੰਦਰ ਭਰਮ-ਭੁਲੇਖਿਆਂ ਦੀਆਂ ਅਨੇਕਾਂ ਜ਼ੰਜੀਰਾਂ ਟੁੱਟਦੀਆਂ ਸੁਣੀਆਂ ਅਤੇ ਆਪਣੇ ਮਨ ਦੀ ਕੈਦ ਵਿਚੋਂ ਹਉਮੈ ਅਤੇ ਅਣਖ ਦੇ ਪਰਿੰਦੇ ਰਿਹਾ ਹੁੰਦੇ ਵੇਖੇ ਅਤੇ ਆਪਣੇ ਆਪ ਨੂੰ ਮੁਕਤੀ ਦੇ ਇਕ ਅਨਹਦ ਰਾਗ ਵਿਚ ਗੂੰਜਦਿਆਂ ਇਹ ਮਹਿਸੂਸ ਕੀਤਾ ਕਿ ਸੁਹਿਰਦ ਯਤਨਾਂ ਵਿਚ ਕਰਾਮਾਤ ਵਸਦੀ ਹੈ।
ਮਹਿਸੂਸ ਹੋਇਆ ਕਿ ਪੰਛੀ ਦੀ ਉਡਾਣ ਨਾ ਉਸ ਦੇ ਖੰਭਾਂ ਵਿਚ ਹੁੰਦੀ ਹੈ ਨਾ ਹੀ ਅਸਮਾਨ ਵਿਚ, ਖੰਭ ਅਤੇ ਅੰਬਰ ਬਾਹਰਲੀਆਂ ਸ਼ਰਤਾਂ ਹਨ, ਪੰਛੀ ਦੀ ਉਡਾਣ ਉਸ ਦੇ ਅੰਦਰ ਹੁੰਦੀ ਹੈ।
ਮੈਂ ਚਿੜੀ ਦੀ ਉਡਾਣ ਵਿਚ ਪਏ ਵਿਘਨ ਨੂੰ ਦੂਰ ਕਰਨ ਦਾ ਯਤਨ ਕਰ ਰਿਹਾ ਸਾਂ। ਲਗਭਗ ਇਕ ਹਫਤੇ ਮਗਰੋਂ ਚਿੜੀ ਹਿਲਣ-ਜੁਲਣ ਲਗ ਪਈ ਅਤੇ ਸਾਡਾ ਰਿਸ਼ਤਾ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਘਰ ਉਸ ਦਾ ਸੀ ਅਤੇ ਮੈਂ ਮਹਿਮਾਨ ਸਾਂ। ਮੈਨੂੰ ਆਨੰਦ ਆ ਰਿਹਾ ਸੀ । ਵੇਖਿਆ ਹੈ, ਜੇ ਕੰਮ ਵਿਚੋਂ ਆਨੰਦ ਲਵੋ ਤਾਂ ਕੰਮ ਆਪੇ ਨਿਬੜ ਜਾਂਦਾ ਹੈ ਅਤੇ ਜਦੋਂ ਕਿਸੇ ਕੰਮ ਵਿਚੋਂ ਆਨੰਦ ਮਿਲਣ ਲਗ ਜਾਵੇ ਤਾਂ ਅਸੀਂ ਕਿਸੇ ਕਿਸਮ ਦੇ ਇਨਾਮ ਜਾਂ ਫਲ ਜਾਂ ਧੰਨਵਾਦ ਦੀ ਆਸ ਹੀ ਨਹੀਂ ਕਰਦੇ। ਕੁਝ ਦਿਨਾਂ ਵਿਚ ਸਥਿਤੀ ਸਹਿਜ ਹੋ ਗਈ ਸੀ ਜਿਵੇਂ ਉਚਾਣਾਂ-ਨਿਵਾਣਾਂ ਵਿਚੋਂ ਲੰਘ ਕੇ ਦਰਿਆ ਸਹਿਜ ਹੋ ਜਾਂਦਾ ਹੈ। ਮੈਨੂੰ ਉਸ ਦਾ ਧਿਆਨ ਰਖਣ ਦੀ, ਉਸ ਨਾਲ ਗੱਲਾਂ ਕਰਨ ਦੀ ਆਦਤ ਪੈ ਗਈ ਸੀ।
ਚੰਗੀ ਚੀਜ਼ ਛੋਟੀ ਹੋਣ ਕਰਕੇ ਹੋਰ ਚੰਗੀ ਲਗਣ ਲਗ ਪੈਂਦੀ ਹੈ।
ਉਹ ਨਿੱਕੀਆਂ-ਨਿੱਕੀਆਂ ਉਡਾਣਾਂ ਭਰਨ ਲਗ ਪਈ ਸੀ ਜਿਵੇਂ ਮੇਰੀ ਧੀ ਪ੍ਰਾਇਮਰੀ ਸਕੂਲ ਤੋਂ ਹਾਈ ਸਕੂਲ ਪਹੁੰਚ ਗਈ ਹੋਵੇ। ਲਗਭਗ ਦੋ ਹਫਤਿਆਂ ਮਗਰੋਂ ਮੈਂ ਉਸ ਨੂੰ ਵਿਦਾ ਕਰਨ ਦਾ ਦਿਨ ਮਿੱਥ ਲਿਆ ਸੀ । ਮਿੱਥੇ ਹੋਏ ਦਿਨ ਉਹ ਨਿਮਾਣੀ ਜਿਹੀ ਹੋ ਕੇ ਉੱਡ ਗਈ, ਦਿਲ ਕੀਤਾ ਉਸ ਦੇ ਨਾਲ ਉੱਡ ਜਾਵਾਂ । ਬਿਲਕੁਲ ਉਵੇਂ ਲਗਿਆ ਜਿਵੇਂ ਧੀ ਨੂੰ ਵਿਦਾ ਕਰਨ ਵੇਲੇ ਲਗਿਆ ਸੀ । ਉਸ ਦੇ ਵਿਦਾ ਹੋਣ ਨਾਲ ਮੇਰੀ ਝੋਲੀ ਧੰਨਵਾਦ ਅਤੇ ਆਨੰਦ ਨਾਲ ਭਰ ਗਈ ਸੀ।
ਉਦਾਸੀ ਦੀ ਡੂੰਘਾਈ ਵਿਚ, ਇਹ ਪ੍ਰਸੰਨਤਾ ਵਾਲੀ ਸਿਖਰ ਸੀ।
ਜਦੋਂ ਅਸੀਂ ਕਿਸੇ ਅਜਨਬੀ ਨੂੰ ਮਿਲਦੇ ਹਾਂ ਤਾਂ ਅਸੀਂ ਉਸ ਨੂੰ ਅਧੂਰਾ ਸਮਝਦੇ ਹਾਂ ਅਤੇ ਆਪਣੇ ਆਪ ਨੂੰ ਪੂਰਾ ਪਰ ਜਦੋਂ ਉਸ ਨਾਲ ਸਾਂਝਾਂ ਉਸਾਰਨ ਉਪਰੰਤ ਵਿਛੜਦੇ ਹਾਂ ਤਾਂ ਉਸ ਨੂੰ ਪੂਰਾ ਸਮਝਦੇ ਹਾਂ ਅਤੇ ਆਪਣੇ ਆਪ ਨੂੰ ਅਧੂਰਾ।
ਚਿੜੀ ਨਾਲ ਗੁਜ਼ਾਰੇ ਨਿੱਕੇ-ਨਿੱਕੇ ਪਲ ਮੇਰੇ ਕਈ ਵੱਡੇ ਸਵਾਲਾਂ ਦੇ ਜਵਾਬ ਦੇ ਗਏ। ਜਿਵੇਂ ਹਰ ਚੀਜ਼ ਦਾ ਤੰਦਰੁਸਤ ਰੂਪ ਹੁੰਦਾ ਹੈ, ਉਵੇਂ ਹੀ ਹਰ ਚੀਜ਼ ਦਾ ਬੀਮਾਰ ਰੂਪ ਵੀ ਹੁੰਦਾ ਹੈ, ਚੋਣ ਅਸੀਂ ਕਰਨੀ ਹੁੰਦੀ ਹੈ।
ਜਦੋਂ ਸਾਨੂੰ ਕਿਸੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਤਾਂ ਅਸੀਂ ਜਵਾਬ ਅਤੇ ਸਵਾਲ ਦੋਵੇਂ ਤਿਆਗ ਦਿੰਦੇ ਹਾਂ ਅਤੇ ਸਾਡੀ ਸੂਝ ਇਕ ਕਦਮ ਅਗੇ ਹੋ ਜਾਂਦੀ ਹੈ।
ਵੇਖਿਆ ਹੈ ਕਿ ਆਪਣੇ ਝੂਠ-ਛਲਾਵਿਆਂ ਵਿਚ ਉਲਝੀ ਸਾਡੀ ਬਿਰਤੀ ਸਾਡੀ ਦ੍ਰਿਸ਼ਟੀ ਨੂੰ ਨਿਖਰਨ ਨਹੀਂ ਦਿੰਦੀ। ਮਨੁੱਖ ਕੋਲ ਸਭ ਕੁਝ ਹੋਣ ਦੇ ਬਾਵਜੂਦ ਉਸ ਦੇ ਦੁੱਖੀ ਹੋਣ ਦਾ ਇਹੀ ਕਾਰਨ ਹੈ।
ਚਿੜੀ ਨਾਲ ਵਿਚਰਦਿਆਂ ਮੈਂ ਆਪ ਗੁਆਚ ਗਿਆ, ਮੇਰੀ ਮੈਂ ਮਿੱਟ ਗਈ ਅਤੇ ਉਹ ਤੇ ਮੈਂ, ਅਸੀਂ ਹੋ ਗਏ।
ਉਸ ਦੀਆਂ ਮੁਸ਼ਕਿਲਾਂ ਵੇਖ ਕੇ ਮੇਰੀਆਂ ਆਪਣੀਆਂ ਮੁਸ਼ਕਿਲਾਂ ਪੁਲ ਥਲੋਂ ਪਾਣੀ ਵਾਂਗ ਲੰਘ ਗਈਆਂ।
ਚਿੜੀ ਦੀਆਂ ਪਰੇਸ਼ਾਨੀਆਂ ਵਿਚ ਮੇਰੀਆਂ ਉਦਾਸੀਆਂ ਗੁਆਚ ਗਈਆਂ।
ਮਹਿਸੂਸ ਕੀਤਾ ਹੈ ਕਿ ਸਬਰ ਸੰਤੋਖ ਨਾਲ ਕੀਤੀ ਮਿਹਨਤ ਦਾ ਰਾਹ ਲੰਮਾ ਹੈ ਪਰ ਇਸ ਉਤੇ ਫਲਾਂ ਦੇ ਰੁੱਖ ਬਹੁਤ ਹਨ।
ਜਿਹੜੇ ਰਸਤੇ ਛੋਟੇ ਲਗਦੇ ਹਨ, ਉਹ ਰਸਤੇ ਨਹੀਂ ਹੁੰਦੇ, ਰਸਤਿਆਂ ਦਾ ਕੇਵਲ ਛਲਾਵਾ ਅਤੇ ਭਰਮ ਹੁੰਦੇ ਹਨ।
ਜਦੋਂ ਕੁਦਰਤ ਦੇਣ ਲਗਦੀ ਹੈ ਤਾਂ ਕਿਸੇ ਹੋਰ ਵਲੋਂ ਦਿਤੇ ਜਾਣ ਲਈ ਜਗ੍ਹਾ ਹੀ ਨਹੀਂ ਬਚਦੀ। ਕੁਦਰਤ ਦਿੰਦੀ ਹੀ ਹੈ, ਮੀਂਹ ਵਾਂਗ; ਲੈਣਾ ਸਿਖਣ ਦੀ ਲੋੜ ਹੈ, ਧਰਤੀ ਵਾਂਗ। ਜਦੋਂ ਕੁਦਰਤ ਦਿੰਦੀ ਹੈ ਤਾਂ ਇਹ ਨਹੀਂ ਪੁੱਛਦੀ ਕਿ ਤੂੰ ਕਿਸ ਦਾ ਪੁੱਤਰ ਹੈ, ਤੂੰ ਕਿਸ ਦੀ ਧੀ ਹੈਂ।
ਅਸੀਂ ਉਹ ਨਹੀਂ ਗਿਣਦੇ ਜੋ ਮਿਲਿਆ ਹੋਇਆ ਹੈ, ਉਹ ਹੀ ਗਿਣਦੇ ਹਾਂ ਜੋ ਮਿਲਿਆ ਨਹੀਂ। ਅਸੀਂ ਪਰਮਾਤਮਾ ਦਾ ਅਤੀਤ ਹਾਂ, ਪਰਮਾਤਮਾ ਸਾਡਾ ਭਵਿੱਖ ਹੈ।
ਜਿਥੇ ਸਾੜਾ-ਈਰਖਾ ਅਤੇ ਵੈਰ-ਵਿਰੋਧ ਸਭ ਗੁਆਚ ਜਾਂਦੇ ਹਨ, ਉਸ ਅਵਸਥਾ ਨੂੰ ਆਨੰਦ ਕਹਿੰਦੇ ਹਨ।
ਧੰਨਵਾਦ ਅਤੇ ਆਨੰਦ ਨਾਲ ਹਿਰਦਾ ਕੋਮਲ ਹੁੰਦਾ ਹੈ, ਕੋਮਲਤਾ ਹੀ ਹਿਰਦੇ ਦੀ ਮਜ਼ਬੂਤੀ ਹੈ।
ਪਰਮਾਤਮਾ ਦੇ ਹੱਥ ਸਦਾ ਦੇਣਾ ਚਾਹੁੰਦੇ ਹਨ, ਉਸ ਨੂੰ ਸਾਡੀ ਕਿਸੇ ਚੀਜ਼ ਦੀ ਲੋੜ ਨਹੀਂ। ਸਾਡੇ ਚਿਹਰਿਆਂ ਉਤੇ ਚਿੰਤਾ ਦੀ ਉਦਾਸੀ ਇਸ ਲਈ ਹੈ ਕਿਉਂਕਿ ਸਾਡੇ ਲੈਣ ਵਾਲੇ ਹੱਥ ਬੰਦ ਹਨ, ਇਸ ਲਈ ਰੱਬ ਵਲੋਂ ਦੇਣ ਦਾ ਉਪਾਅ ਨਹੀਂ ਬਣ ਰਿਹਾ। ਜਿਸ ਦਿਨ ਸਾਡਾ ਹਿਰਦਾ ਖੁਲ੍ਹੇਗਾ ਉਸੇ ਪਲ ਉਸ ਦਾ ਦਾਨ ਆਰੰਭ ਹੋ ਜਾਵੇਗਾ। ਸ਼ਿਕਾਇਤਾਂ ਨਹੀਂ, ਧੰਨਵਾਦ ਕਰਨ ਦੀ ਲੋੜ ਹੈ।
ਕੋਈ ਨਿੱਕਾ ਜਿਹਾ ਹਾਦਸਾ ਵਾਪਰਨ ਤੇ ਵੀ ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਰੱਬ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ।
ਇਕ ਵਾਰੀ ਲਾਅਨ ਟੈਨਿਸ ਦੇ ਇਕ ਵਿਸ਼ਵ-ਚੈਂਪੀਅਨ ਨੂੰ ਇਕ ਮਾਰੂ ਰੋਗ ਨੇ ਗ੍ਰਸ ਲਿਆ। ਉਸ ਦੇ ਪ੍ਰੇਮੀਆਂ ਦੇ ਲਖਾਂ ਖ਼ਤ ਆਏ, ਜਿਨ੍ਹਾਂ ਵਿਚੋਂ ਕਈਆਂ ਨੇ ਲਿਖਿਆ ਕਿ ਆਖਰ ਪ੍ਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ? ਉਸ ਚੈਂਪੀਅਨ ਦੇ ਜਵਾਬ ਵਿਚ ਡੂੰਘੀ ਸੂਝ ਦੇ ਝਲਕਾਰੇ ਸਨ । ਉਸ ਨੇ ਕਿਹਾ ਕਿ ਹਰ ਸਾਲ ਪੰਜ ਲੱਖ ਨਵੇਂ ਲੋਕ ਟੈਨਿਸ ਖੇਡਣ ਦਾ ਯਤਨ ਕਰਦੇ ਹਨ, ਪੰਜਾਹ ਹਜ਼ਾਰ ਖੇਡਦੇ ਰਹਿੰਦੇ ਹਨ, ਪੰਜ ਹਜ਼ਾਰ ਖੇਡਣ ਵਿਚ ਨਿਪੁੰਨ ਹੋ ਜਾਂਦੇ ਹਨ, ਪੰਜ ਸੌ ਮੁਕਾਬਲਿਆਂ ਲਈ ਚੁਣੇ ਜਾਂਦੇ ਹਨ, ਪੰਜਾਹ ਅੰਤਰ-ਰਾਸ਼ਟਰੀ ਪੱਧਰ ਤੇ ਪਹੁੰਚਦੇ ਹਨ, ਪੰਜ ਅੰਤਲੇ ਮੁਕਾਬਲੇ ਵਿਚ ਭਿੜਦੇ ਹਨ ਅਤੇ ਇਕ ਵਿਸ਼ਵ-ਚੈਂਪੀਅਨ ਬਣਦਾ ਹੈ। ਜਦੋਂ ਮੈਂ ਵਿਸ਼ਵ-ਚੈਂਪੀਅਨ ਬਣਿਆ ਸਾਂ ਤਾਂ ਉਸ ਵੇਲੇ ਵੀ ਪੁੱਛਣ ਦੀ ਲੋੜ ਸੀ ਕਿ ਆਖਰ ਰੱਬ ਨੇ ਮੈਨੂੰ ਹੀ ਵਿਸ਼ਵ-ਚੈਂਪੀਅਨ ਕਿਉਂ ਬਣਾਇਆ ? ਜੇ ਰੱਬ ਉਦੋਂ ਠੀਕ ਸੀ ਤਾਂ ਹੁਣ ਵੀ ਠੀਕ ਹੈ।
ਜੇ ਦ੍ਰਿਸ਼ਟੀ ਵਿਸ਼ਾਲ ਕਰ ਲਵੋ ਤਾਂ ਸਾਰੇ ਵਿਰੋਧਾਂ ਦੇ ਰਲ ਕੇ ਬੈਠਣ ਦੀ ਥਾਂ ਬਣ ਜਾਂਦੀ ਹੈ, ਜਿਵੇਂ ਵਿਸ਼ਾਲ ਸਟੇਡੀਅਮ ਵਿਚ ਵਿਰੋਧੀ ਟੀਮਾਂ ਅਤੇ ਉਨ੍ਹਾ ਦੇ ਹਮਾਇਤੀਆਂ ਲਈ ਵੀ ਖੁੱਲ੍ਹੀ ਥਾਂ ਹੁੰਦੀ ਹੈ।
ਜਿੱਤਾਂ ਹਾਰਾਂ ਜ਼ਿੰਦਗੀ ਦੀ ਹਰੇਕ ਖੇਡ ਦਾ ਲਾਜ਼ਮੀ ਅੰਗ ਹਨ ਪਰ ਕੋਈ ਵੀ ਹਾਰ ਜਾਂ ਮੁਸੀਬਤ ਸਦੀਵੀ ਨਹੀਂ ਹੁੰਦੀ।
ਮੁਸੀਬਤ ਦੀ ਵੀ, ਬਦਕਿਸਮਤੀ ਵਾਂਗ, ਮਿਆਦ ਹੁੰਦੀ ਹੈ। ਢਾਹੂ ਸੋਚ ਕਾਰਨ ਨਿੱਕੀ ਜਿਹੀ ਮੁਸੀਬਤ ਵੀ ਦੁੱਖ ਬਣ ਜਾਂਦੀ ਹੈ । ਜੇ ਉਸਾਰੂ ਸੋਚਾਂ ਦੇ ਸੰਗ ਰਿਹਾ ਜਾਵੇ ਤਾਂ ਮੁਸੀਬਤ ਵੀ ਵਰਦਾਨ ਬਣ ਜਾਂਦੀ ਹੈ। ਮਿਲਟਨ ਨੇ ਅੰਨ੍ਹੇਪਣ ਵਿਚ ਵੀ ਵਿਸ਼ਾਲ ਨਜ਼ਾਰੇ ਵੇਖੇ ਸਨ, ਬੀਥੋਵਨ ਨੇ ਆਪਣੇ ਬੋਲੇਪਣ ਵਿਚੋਂ ਵੀ ਰੂਹਾਨੀ ਸੰਗੀਤ ਦੀਆਂ ਗੂੰਜਾਂ ਸੁਣੀਆਂ ਸਨ।
ਕਦੇ ਵੀ ਹੌਸਲਾ ਨਾ ਛਡੋ ਕਿਉਂਕਿ ਕਈ ਵਾਰੀ ਜੰਦਰਾ, ਗੁੱਛੇ ਦੀ ਅਖੀਰਲੀ ਕੁੰਜੀ ਨਾਲ ਹੀ ਖੁਲ੍ਹਦਾ ਹੈ।
ਕਦਮ ਭਾਵੇਂ ਨਿੱਕੇ ਹੀ ਹੋਣ ਪਰ ਜੇ ਚਲਦੇ ਰਹਿਣ ਤਾਂ ਮਨੁੱਖ ਉਲਝਣਾਂ ਦੇ ਜੰਗਲ ਵਿਚੋਂ ਬਾਹਰ ਨਿਕਲ ਜਾਂਦਾ ਹੈ।
ਇਕੋ ਕਦਮ ਨਾਲ ਸਿਖਰ ਤੇ ਪਹੁੰਚ ਜਾਣ ਦੀ ਕਾਹਲ ਹਮੇਸ਼ਾ ਨਿਰਾਸ਼ਤਾ ਉਪਜਾਉਂਦੀ ਹੈ। ਨਿਰਾਸ਼ਤਾ ਦੇ ਅਨੇਕਾਂ ਰੂਪ ਹਨ, ਜਿਵੇਂ ਪਾਣੀਆਂ ਤੋਂ ਬਿਨਾ ਦਰਿਆ, ਫਸਲਾਂ ਤੋਂ ਬਿਨਾ ਖੇਤ, ਸਾਂਝ ਤੋਂ ਬਿਨਾ ਰਿਸ਼ਤੇ, ਆਸ-ਉਮੀਦ ਤੋਂ ਬਿਨਾ ਜੀਵਨ, ਹਮਦਰਦੀ ਤੋਂ ਬਿਨਾ ਸੇਵਾ ਅਤੇ ਪਿਆਰ ਤੋਂ ਸੱਖਣੇ ਘਰ ।
ਹਰੇਕ ਨਿੱਛ ਨਾਲ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਹਰੇਕ ਬੋਲ-ਬੁਲਾਰੇ ਨਾਲ ਵਕੀਲ ਵਲ ਭਜਣ ਦੀ ਜ਼ਰੂਰਤ ਨਹੀਂ।
ਪਰਿਵਾਰ ਦੀ ਇਕ-ਮੁੱਠ ਸ਼ਕਤੀ ਨਾਲੋਂ ਕੋਈ ਮਜ਼ਬੂਤੀ ਵੱਡੀ ਨਹੀਂ ਹੁੰਦੀ।
ਵੱਡਿਆਂ ਦਾ ਹੁਕਮ ਮੰਨੋ, ਛੋਟੇ ਤੁਹਾਡਾ ਹੁਕਮ ਮੰਨਣਗੇ।
ਜੇ ਕਾਰ ਵਿਚ ਹਰੇਕ ਸਵਾਰੀ ਦੇ ਅਗੇ ਹੈਂਡਲ ਹੋਵੇ ਤਾਂ ਅਨੁਮਾਨ ਲਾਓ ਕਿ ਉਹ ਕਿਵੇਂ ਚਲੇਗੀ ਅਤੇ ਕਿਥੇ ਪਹੁੰਚੇਗੀ।
ਸਬਰ, ਧੀਰਜ, ਖਿਮਾ ਅਤੇ ਕੁਰਬਾਨੀ ਬਿਨਾ, ਪਰਿਵਾਰ ਸ਼ਕਤੀਸ਼ਾਲੀ ਨਹੀਂ ਬਣਦੇ। ਸਮਾਜ, ਦੇਸ਼ ਅਤੇ ਸੰਸਾਰ, ਪਰਿਵਾਰ ਦਾ ਹੀ ਵਿਸਥਾਰ ਹਨ।
ਪਰਿਵਾਰ ਵਿਚ ਪਿਤਾ ਪਾਣੀਆਂ ਵਾਂਗ ਲੰਮੇ ਵਹਿਣਾ ਵਿਚ ਬੋਲਦਾ ਹੈ ਅਤੇ ਮਾਂ ਹਵਾ ਦੇ ਨਿੱਕੇ-ਨਿੱਕੇ ਹਵਾਲਿਆਂ ਨਾਲ ਗਲ ਕਰਦੀ ਹੈ।
ਪਰਿਵਾਰਾਂ ਅੰਦਰ ਜਦੋਂ ਸਾੜੇ, ਵਿਰੋਧ ਅਤੇ ਈਰਖਾ ਕਾਰਨ ਸੁੰਨ ਵਰਤ ਜਾਂਦੀ ਹੈ ਤਾਂ ਅਸੀਂ ਆਲੇ-ਦੁਆਲੇ ਨੂੰ ਮਹਿੰਗੀਆਂ ਚੀਜ਼ਾਂ ਦੀ ਆਰਜ਼ੀ ਰੌਣਕ ਨਾਲ ਭਰਨ ਦਾ ਅਸਫਲ ਉਪਰਾਲਾ ਕਰਦੇ ਹਾਂ।
ਦੁਰਭਾਗਵਸ, ਬੇਸਬਰਾ ਅਜੋਕਾ ਮਨੁੱਖ, ਰੱਬ ਤੋਂ ਨਹੀਂ ਡਰਦਾ, ਨਿੱਕੀਆਂ- ਨਿੱਕੀਆਂ ਬੀਮਾਰੀਆਂ ਤੋਂ ਡਰਦਾ ਹੈ।
ਨਿਰਸੰਦੇਹ ਸਬਰ ਆਪਣਿਆਂ ਤੋਂ ਨੀਵਿਆਂ ਨੂੰ ਵੇਖ ਕੇ ਹੀ ਆਵੇਗਾ। ਹਰੇਕ ਵਿਅਕਤੀ ਇਕੋ ਵੇਲੇ ਕਿਸੇ ਤੋਂ ਉੱਚਾ ਵੀ ਹੁੰਦਾ ਹੈ ਅਤੇ ਕਈਆਂ ਤੋਂ ਨੀਂਵਾਂ ਵੀ ਹੁੰਦਾ ਹੈ। ਵਾਸਤਵ ਵਿਚ ਛੋਟੇ ਤੇ ਵੱਡੇ ਦਾ ਅੰਤਰ ਸਾਡੀ ਕਲਪਨਾ ਵਿਚ ਹੈ। ਬੂੰਦ ਅਤੇ ਸਾਗਰ ਇਕ ਹੀ ਹਨ, ਕੰਕਰ ਅਤੇ ਪਹਾੜ ਇਕ ਹੀ ਹਨ, ਕਣੀ ਅਤੇ ਮੀਂਹ ਇਕ ਹੀ ਹਨ। ਨਿਰਸੰਦੇਹ ਸਭ ਤੋਂ ਵੱਡਾ ਬੋਝ ਦੁੱਖ ਅਤੇ ਉਦਾਸੀ ਦਾ ਹੁੰਦਾ ਹੈ ਪਰ ਜ਼ਿੰਦਗੀ ਵਿਚ ਸਭ ਤੋਂ ਵੱਡੀ ਵੰਗਾਰ ਇਹ ਸਵੀਕਾਰ ਕਰਨ ਵਿਚ ਹੈ ਕਿ ਅਨਿਆਇ ਜੀਵਨ ਦਾ ਭਾਗ ਹੈ ਅਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਯਥਾਰਥ ਹਨ।
ਗਰੀਬੀ ਛੋਟੇ ਘਰ ਵਿਚ ਰਹਿਣ ਨੂੰ ਨਹੀਂ, ਛੋਟੀ ਦੁਨੀਆ ਵਿਚ ਛੋਟੀਆਂ ਸੋਚਾਂ ਨਾਲ ਰਹਿਣ ਨੂੰ ਕਹਿੰਦੇ ਹਨ। ਵੱਖਰੇਵਿਆਂ ਨੂੰ ਸਵੀਕਾਰ ਕਰਨ ਨਾਲ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈ। ਕੁਝ ਅਰਸਾ ਪਹਿਲਾਂ ਸੰਯੁਕਤ ਰਾਸ਼ਟਰ ਵਲੋਂ ਇਕ ਸਰਵੇਖਣ ਲਈ ਵੱਖਰੇ-ਵੱਖਰੇ ਮਹਾਂਦੀਪਾਂ ਵਿਚ ਵਸਦੇ ਲੋਕਾਂ ਤੋਂ ਪ੍ਰਸ਼ਨ ਪੁਛਿਆ ਗਿਆ ਸੀ: ਕੀ ਤੁਸੀਂ ਬਾਕੀ ਦੇ ਸੰਸਾਰ ਵਿਚ ਭੋਜਨ ਦੀ ਥੁੜ੍ਹ ਬਾਰੇ ਆਪਣਾ ਮੱਤ ਪ੍ਰਗਟਾਉਣ ਦੀ ਕਿਰਪਾ ਕਰੋਗੇ? ਅਫਰੀਕਾ ਵਿਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਭੋਜਨ ਕੀ ਹੁੰਦਾ ਹੈ? ਪੱਛਮੀ ਯੋਰਪ ਵਿਚ ਕਿਸੇ ਨੂੰ ਪਤਾ ਹੀ ਨਹੀਂ ਸੀ, ਥੁੜ੍ਹ ਕੀ ਹੁੰਦੀ ਹੈ ? ਪੂਰਬੀ ਯੋਰਪ ਵਿਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮੱਤ ਪ੍ਰਗਟਾਉਣਾ ਕੀ ਹੁੰਦਾ ਹੈ। ਏਸ਼ੀਆ ਵਿਚ ਲੋਕਾਂ ਨੇ ਕਿਹਾ ਕਿ ਕਿਰਪਾ ਕੀ ਹੁੰਦੀ ਹੈ ? ਅਮਰੀਕਾ ਵਿਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਬਾਕੀ ਦਾ ਸੰਸਾਰ ਕੀ ਹੁੰਦਾ ਹੈ?
ਹਰ ਵਰਤਾਰੇ ਸਬੰਧੀ ਹਰ ਮਹਾਂਦੀਪ ਦੀ ਸਥਿਤੀ ਵੱਖਰੀ ਹੈ।
ਵੱਖਰੇਵੇਂ ਜ਼ਿੰਦਗੀ ਨੂੰ ਦਿਲਚਸਪ ਬਣਾਉਂਦੇ ਹਨ ਅਤੇ ਵੱਖਰੇਵਿਆਂ ਕਾਰਨ ਹੀ ਪਰਿਵਰਤਨ ਵਾਪਰਦੇ ਹਨ। ਲੋੜ ਇਸ ਗੱਲ ਦੀ ਹੈ ਕਿ ਪਰਿਵਰਤਨ ਵਾਪਰੇ ।
ਜਿਨ੍ਹਾਂ ਸਮਾਜਾਂ ਅਤੇ ਦੇਸ਼ਾਂ ਵਿਚ ਪਰਿਵਰਤਨ ਵਾਪਰਦਾ ਹੈ ਉਹੀ ਵਿਕਾਸ ਕਰਦੇ ਹਨ, ਉਹੀ ਖੁਸ਼ਹਾਲ ਹੁੰਦੇ ਹਨ। ਜੇ ਮਨ ਖੁੱਲ੍ਹਾ ਰਖਿਆ ਜਾਵੇ ਤਾਂ ਕਈ ਵਾਰੀ ਪਰਿਵਰਤਨ ਕਰਾਮਾਤ ਵਾਂਗ ਵਾਪਰਦਾ ਹੈ। ਮੇਰੀ ਇਕ ਜਮਾਤਣ ਸੀ ਜਿਹੜੀ ਪੜ੍ਹਾਈ ਮੁਕਾਉਂਦਿਆਂ ਹੀ ਇਕ ਵੱਡੀ ਕੰਪਨੀ ਵਿਚ ਬੜੀ ਚੰਗੀ ਤਨਖਾਹ ਤੇ ਲਗ ਗਈ ਸੀ ਪਰ ਉਸ ਬਾਰੇ ਇਹ ਗੱਲ ਬੜੀ ਅਜੀਬ ਸੀ ਕਿ ਉਹ ਕਦੇ ਖੁਸ਼ ਨਜ਼ਰ ਨਹੀਂ ਸੀ ਆਈ । ਉਸ ਨੂੰ ਮਿਲ ਕੇ ਹਰ ਕੋਈ ਉਦਾਸ ਹੋ ਜਾਂਦਾ ਸੀ । ਉਹ ਜਦੋਂ ਕਲਾਸ ਵਿਚ ਆਉਂਦੀ ਸੀ ਤਾਂ ਵਾਤਾਵਰਣ ਪੂਰਨ ਭਾਂਤ ਸੋਗੀ ਹੋ ਜਾਂਦਾ ਸੀ । ਉਸ ਦੀ ਸਨਕੀ ਬਿਰਤੀ ਅਤੇ ਸੋਗੀ ਦ੍ਰਿਸ਼ਟੀ ਗਿੱਧੇ ਨੂੰ ਸਿਆਪਾ ਬਣਾ ਦਿੰਦੀ ਸੀ । ਲਗਦਾ ਸੀ ਉਸ ਕੋਲ ਪ੍ਰਸੰਨ ਕਰਨ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ। ਉਹ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਅਤੇ ਇਕਲੌਤੀ ਸੰਤਾਨ ਵਾਂਗ ਉਸ ਵਿਚ ਬਚਪਨ ਵਿਚ ਹੀ ਹਰੇਕ ਚੀਜ਼ ਬਾਰੇ ਸ਼ਿਕਾਇਤਾਂ ਲਾਉਣ ਅਤੇ ਨੁਕਸ ਕੱਢਣ ਦੀ ਆਦਤ ਪੈ ਗਈ ਸੀ। ਕੋਈ ਉਸ ਦੇ ਘਰ ਨਹੀਂ ਸੀ ਜਾਂਦਾ ਨਾ ਹੀ ਕੋਈ ਉਸ ਨੂੰ ਆਪਣੇ ਘਰ ਬੁਲਾਉਂਦਾ ਸੀ, ਸੋ ਉਸ ਦੀ ਦ੍ਰਿਸ਼ਟੀ ਹੋਰ ਸੁੰਗੜਦੀ ਗਈ। ਸਮਝੌਤੇ ਦੀ ਬਿਰਤੀ ਤੋਂ ਬਿਨਾ ਵਿਆਹ ਸੰਭਵ ਨਹੀਂ ਹੁੰਦਾ ਸੋ ਉਹ ਇਕਲੀ ਹੀ ਰਹਿੰਦੀ ਸੀ। ਇਕ ਵਾਰੀ ਮੈਂ ਉਸ ਦੇ ਵੱਡੇ ਸ਼ਹਿਰ ਗਿਆ, ਜਿਥੇ ਮੀਂਹ ਕਾਰਨ ਇਕ ਵੱਡੀ ਦੁਕਾਨ ਦੇ ਬਾਹਰ ਖਲੋਤਾ ਸਾਂ ਅਤੇ ਮੀਂਹ ਬੰਦ ਹੋਣ ਦੀ ਉਡੀਕ ਕਰ ਰਿਹਾ ਸਾਂ । ਪਤਾ ਨਹੀਂ ਕਿਵੇਂ ਅਤੇ ਕਿਥੋਂ ਉਹ ਜਮਾਤਣ ਆ ਗਈ। ਉਸ ਨੂੰ ਵੇਖਦਿਆਂ ਹੀ ਮੇਰਾ ਪਹਿਲਾ ਯਤਨ ਉਥੋਂ ਭੱਜ ਜਾਣ ਦਾ ਸੀ ਕਿਉਂਕਿ ਉਸ ਨੇ ਢਹਿੰਦੀ ਕਲਾ ਦਾ ਦਾਜ ਵਿਖਾਉਣ ਲਗ ਪੈਣਾ ਸੀ ਪਰ ਮੈਂ ਦੌੜ ਨਾ ਸਕਿਆ। ਉਸ ਨੇ ਪੁਰਾਣੇ ਰਿਸ਼ਤੇ ਦੇ ਦਾਅਵੇ ਅਤੇ ਦਾਈਏ ਨਾਲ ਮੇਰਾ ਹੱਥ ਫੜ ਲਿਆ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਉਸ ਨੂੰ ਖੁਸ਼ੀ ਨਾਲ ਖਿੜੀ ਹੋਈ ਵੇਖਿਆ। ਮੈਂ ਕਿਹਾ, ਇਕ ਕੰਮ ਆਇਆ ਸਾਂ, ਕਹਿਣ ਲਗੀਂ, ਕੰਮ ਫੇਰ ਕਰ ਲਈਂ, ਆ ਰਲ ਕੇ ਖਾਣਾ ਖਾਈਏ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਇੰਜ ਲਗਿਆ ਜਿਵੇਂ ਕੋਈ ਮਲਬਾ ਮੁੜ ਮਹਿਲ ਬਣ ਗਿਆ ਹੋਵੇ । ਉਸ ਦੇ ਚਿਹਰੇ ਤੇ ਖੁਸ਼ੀ ਵੇਖਣ ਦਾ ਇਹ ਮੇਰਾ ਪਹਿਲਾ ਤਜਰਬਾ ਸੀ । ਮੈਂ ਕਿਹਾ ਮੀਂਹ ਪੈ ਰਿਹਾ ਹੈ, ਕਹਿਣ ਲਗੀ ਇਸੇ ਦੁਕਾਨ ਤੋਂ ਛੱਤਰੀ ਖਰੀਦ ਲੈਂਦੇ ਹਾਂ। ਮੈਂ ਕਿਹਾ, ਇਥੇ ਕੋਈ ਟੈਕਸੀ ਨਹੀਂ, ਕਹਿਣ ਲਗੀ ਤਾਂ ਕੀ ਹੋਇਆ, ਪੈਦਲ ਚਲ ਪਵਾਂਗੇ। ਮੈਂ ਹੈਰਾਨ ਸਾਂ ਕਿ ਇਸ ਸਦਾ-ਸੋਗੀ ਜਮਾਤਣ ਵਿਚ ਇਹ ਪਰਿਵਰਤਨ ਕਿਵੇਂ ਵਾਪਰਿਆ । ਮੈਂ ਪੁਛਿਆ, ਤੂੰ ਇਤਨਾ ਬਦਲ ਕਿਵੇਂ ਗਈ, ਤੇਰੀ ਜ਼ਿੰਦਗੀ ਵਿਚ ਇਤਨਾ ਜੋਸ਼ ਕਿਵੇਂ ਉਪਜ ਪਿਆ। ਉਸ ਨੇ ਕਿਹਾ ਇਕ ਮੰਗਤੇ ਨੇ ਮੇਰੀ ਜ਼ਿੰਦਗੀ ਬਦਲ ਦਿਤੀ ਹੈ। ਇਕ ਮੰਗਤੇ ਨੇ ? ਹਾਂ, ਹਾਂ ਇਕ ਮੰਗਤੇ ਨੇ ! ਉਸ ਨੇ ਦਸਿਆ : ਇਕ ਬੁੱਢਾ ਮੰਗਤਾ ਮੇਰੇ ਘਰ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਪੰਜ ਸਾਲ ਦੀ ਆਪਣੀ ਦੋਹਤੀ ਨਾਲ ਰਹਿੰਦਾ ਸੀ । ਮੈਂ ਆਪਣੀ ਬਚੀ ਹੋਈ ਦਾਲ-ਰੋਟੀ ਉਸ ਨੂੰ ਦੇ ਦਿਆ ਕਰਦੀ ਸਾਂ । ਮੈਂ ਉਸ ਨਾਲ ਕਦੇ ਗੱਲ ਨਹੀਂ ਸੀ ਕੀਤੀ। ਮੌਨਸੂਨ ਦੇ ਆਰੰਭ ਵਿਚ ਇਕ ਦਿਨ ਸਵੇਰੇ ਜਦੋਂ ਮੈਂ ਆਪਣੇ ਸੌਣ ਵਾਲੇ ਕਮਰੇ ਦੀ ਬਾਰੀ ਵਿਚੋਂ ਵੇਖਿਆ ਤਾਂ ਪੈਂਦੇ ਮੀਂਹ ਨੂੰ ਕੋਸਣ ਲਗ ਪਈ। ਮੈਂ ਮੀਂਹ ਵਿਚ ਭਿਜ ਨਹੀਂ ਸਾਂ ਰਹੀ ਪਰ ਫਿਰ ਵੀ ਮੀਂਹ ਨੂੰ ਕੋਸੀ ਜਾ ਰਹੀ ਸਾਂ । ਉਸ ਤੋਂ ਪਹਿਲੀ ਰਾਤ ਦੇਰ ਨਾਲ ਘਰ ਪਹੁੰਚਣ ਕਰਕੇ ਰੋਜ਼ ਵਾਂਗ ਮੈਂ ਉਨ੍ਹਾਂ ਮੰਗਤਿਆਂ ਨੂੰ ਖਾਣ-ਪੀਣ ਵਾਲੀ ਕੋਈ ਚੀਜ਼ ਵੀ ਨਾ ਦੇ ਸਕੀ, ਮੇਰਾ ਖਿਆਲ ਹੈ ਉਸ ਰਾਤ ਉਹ ਭੁੱਖੇ ਹੀ ਸੁੱਤੇ ਹੋਣਗੇ ਪਰ ਜੋ ਮੈਂ ਆਪਣੀ ਬਾਰੀ ਵਿਚੋਂ ਵੇਖਿਆ ਉਸ ਨੇ ਮੈਨੂੰ ਹੈਰਾਨ ਹੀ ਕਰ ਦਿਤਾ। ਮੀਂਹ ਕਾਰਨ ਸੜਕ ਉਤੇ ਆਵਾਜਾਈ ਨਾ ਹੋਣ ਕਰਕੇ ਨਾਨਾ-ਦੋਹਤੀ ਖਾਲੀ ਸੜਕ ਤੇ ਖੇਡ ਰਹੇ ਸਨ, ਉਹ ਹੱਸ ਰਹੇ ਸਨ, ਤਾੜੀਆਂ ਮਾਰ ਰਹੇ ਸਨ, ਕਿਲਕਾਰੀਆਂ ਪਾ ਰਹੇ ਸਨ, ਜਿਵੇਂ ਮੀਂਹ ਉਨ੍ਹਾਂ ਦੇ ਨੱਚਣ ਵਾਸਤੇ ਹੀ ਪੈ ਰਿਹਾ ਸੀ । ਪੂਰੀ ਤਰ੍ਹਾਂ ਭਿਜੇ, ਮਸਤੀ ਨਾਲ ਨੱਚਦੇ ਉਹ ਜ਼ਿੰਦਗੀ ਮਾਣ ਰਹੇ ਸਨ । ਉਨ੍ਹਾਂ ਦੀ ਰੀਝ ਨਾਲ ਮੈਨੂੰ ਸਾੜਾ ਹੋ ਰਿਹਾ ਸੀ। ਇਸ ਨਜ਼ਾਰੇ ਨੇ ਮੈਨੂੰ ਆਪਣੇ ਜੀਵਨ ਤੇ ਝਾਤ ਮਾਰਨ ਲਈ ਮਜਬੂਰ ਕੀਤਾ। ਮੇਰੇ ਕੋਲ ਜੀਵਨ ਮਾਣਨ ਦੇ ਸਾਰੇ ਸੁਖ-ਸਾਧਨ ਸਨ, ਉਨ੍ਹਾਂ ਕੋਲ ਕੁਝ ਵੀ ਨਹੀਂ ਸੀ ਪਰ ਉਨ੍ਹਾਂ ਕੋਲ ਜੀਵਨ ਮਾਣਨ ਦੀ ਭਰਪੂਰ ਖੁਸ਼ੀ ਸੀ, ਅਮਿੱਟਵਾਂ ਜੋਸ਼ ਸੀ ਅਤੇ ਦ੍ਰਿਸ਼ਟੀ ਵਿਚ ਖੁਸ਼ਹਾਲੀ ਸੀ । ਮੈਨੂੰ ਆਪਣੇ ਆਪ ਤੇ ਸ਼ਰਮ ਆਈ। ਮੈਂ ਉਸੇ ਵੇਲੇ ਪ੍ਰਣ ਲਿਆ ਕਿ ਅਜ ਤੋਂ ਮਗਰੋਂ ਮੇਰੀ ਜ਼ਿੰਦਗੀ ਨਵੇਂ ਰਾਹਾਂ ਤੇ, ਨਵੇਂ ਦਿਸਹੱਦਿਆਂ ਵੱਲ, ਖੁਸ਼ੀਆਂ-ਮਾਣਦੀ, ਖੁਸ਼ੀਆਂ-ਵੰਡਦੀ, ਚਲੇਗੀ। ਇਸ ਮੰਗਤੇ ਨੂੰ ਮੈਂ ਜ਼ਿੰਦਗੀ ਜਿਊਣ ਦੀ ਜਾਚ ਦੇ ਪੱਖੋਂ ਆਪਣਾ ਹੀਰੋ ਮਿੱਥ ਲਿਆ ਸੀ। ਹੁਣ ਮੈਨੂੰ ਹਰ ਚੀਜ਼ ਵਿਚੋਂ, ਹਰ ਹਾਲਤ ਵਿਚੋਂ, ਹਰ ਵਿਅਕਤੀ ਵਿਚੋਂ ਖੁਸ਼ੀ ਲਭਣ ਦਾ ਹੁਨਰ ਆ ਗਿਆ ਹੈ। ਮੇਰਾ ਹੀਰੋ ਮੰਗਤਾ ਤਾਂ ਮਰ ਗਿਆ ਹੈ ਪਰ ਜ਼ਿੰਦਗੀ ਜਿਊਣ ਸਬੰਧੀ ਉਸ ਦਾ ਸਿਖਾਇਆ ਮੂਲ ਮੰਤਰ ਮੇਰੇ ਜੀਵਨ ਦੇ ਹਰ ਪਲ ਵਿਚ ਵਸਿਆ ਹੋਇਆ ਹੈ। ਉਸ ਦੀ ਦੋਹਤੀ ਨੂੰ ਮੈਂ ਇਕ ਸਕੂਲ ਵਿਚ ਦਾਖਲ ਕਰਵਾ ਦਿਤਾ ਹੈ।
ਕੁਦਰਤ ਦੇ ਰੰਗ ਅਨੇਕ ਹਨ, ਉਸ ਦੇ ਢੰਗ ਨਿਆਰੇ ਹਨ। ਜੇ ਪਰਿਵਰਤਨ ਦੀ ਇੱਛਾ ਹੋਵੇ ਤਾਂ ਮੌਕੇ ਲਭਣੇ ਨਹੀਂ ਪੈਂਦੇ, ਆਪੇ ਲਭ ਪੈਂਦੇ ਹਨ।
ਇਕ ਵਾਰੀ ਇਕ ਹਾਦਸੇ ਕਾਰਨ ਇਕ ਸਮੁੰਦਰੀ ਜਹਾਜ਼ ਦਾ ਸਾਰਾ ਅਮਲਾ ਜਹਾਜ਼ ਨਾਲ ਹੀ ਡੁੱਬ ਗਿਆ। ਕੇਵਲ ਇਕ ਵਿਅਕਤੀ ਤਰ ਕੇ ਇਕ ਬੇਆਬਾਦ ਛੋਟੇ ਜਿਹੇ ਟਾਪੂ ਦੇ ਕਿਨਾਰੇ ਲਗਾ। ਥਕਾਵਟ ਅਤੇ ਇਕਲਤਾ ਕਾਰਨ ਉਹ ਭੈਭੀਤ ਸੀ । ਭੈਭੀਤ ਤੇ ਬਿਲਕੁਲ ਇਕਲਾ ਵਿਅਕਤੀ ਅਸਮਾਨ ਵਲ ਵੇਖ ਕੇ ਰੱਬ ਨਾਲ ਸਬੰਧ ਜੋੜਨ ਦਾ ਯਤਨ ਕਰਦਾ ਹੈ।
ਜਦੋਂ ਮਨੁੱਖ ਵੱਡੇ ਸੰਕਟ ਵਿਚ ਹੁੰਦਾ ਹੈ ਤਾਂ ਉਸ ਵਿਚ ਸੂਝ ਅਤੇ ਵਿਸ਼ਵਾਸ ਦੇ ਸੁੱਤੇ ਸਰੋਤ ਜਾਗ ਪੈਂਦੇ ਹਨ।
ਉਹ ਰੱਬ ਤੋਂ ਮਦਦ ਮੰਗਦਾ ਰਿਹਾ। ਕਈ ਦਿਨ ਉਡੀਕਣ ਮਗਰੋਂ ਉਸ ਨੇ ਨੇੜੇ ਦੇ ਜੰਗਲ ਵਿਚੋਂ ਨਿੱਕ-ਸੁੱਕ ਲਿਆ ਕੇ ਮੀਂਹ-ਧੁੱਪ ਤੋਂ ਬਚਣ ਲਈ ਇਕ ਝੁੱਗੀ ਬਣਾਈ। ਇਕ ਦਿਨ ਜਦੋਂ ਉਹ ਨਿੱਕਾ ਮੋਟਾ ਸਾਮਾਨ ਇਕੱਠਾ ਕਰਕੇ ਹਨੇਰਾ ਪੈਣ ਵੇਲੇ ਵਾਪਸ ਮੁੜਿਆ ਤਾਂ ਵੇਖਿਆ ਝੁੱਗੀ ਨੂੰ ਅੱਗ ਲਗੀ ਹੋਈ ਸੀ । ਉਸ ਨੇ ਰੱਬ ਨੂੰ ਕੋਸਿਆ, ਇਹ ਕੀ ਕੀਤਾ, ਮੰਗੀ ਮਦਦ ਸੀ ਪਰ ਤੂੰ ਤਾਂ ਮੇਰੀ ਝੁਗੀ ਵੀ ਸਾੜ ਦਿਤੀ ਹੈ! ਸਾਰੀ ਰਾਤ ਉਹ ਰੱਬ ਨੂੰ ਕੋਸਦਾ ਰਿਹਾ। ਜਦੋਂ ਸਵੇਰ ਹੋਈ ਤਾਂ ਵੇਖਿਆ ਇਕ ਜਹਾਜ਼ ਉਸ ਵਲ ਆ ਰਿਹਾ ਸੀ, ਇਹ ਜਹਾਜ਼ ਉਸ ਨੂੰ ਬਚਾਉਣ ਆਇਆ ਸੀ। ਉਸ ਨੇ ਜਹਾਜ਼ ਵਾਲਿਆਂ ਨੂੰ ਪੁਛਿਆ, ਤੁਹਾਨੂੰ ਕਿਵੇਂ ਪਤਾ ਲਗਿਆ ਕਿ ਮੈਂ ਇਥੇ ਹਾਂ । ਉਹਨਾਂ ਨੇ ਕਿਹਾ, ਅਸੀਂ ਅੱਗ ਵੇਖ ਲਈ ਸੀ, ਅਸੀਂ ਸਮਝ ਗਏ ਸਾਂ ਕਿ ਮਦਦ ਦੀ ਫੌਰੀ ਲੋੜ ਹੈ। ਜਿਹੜਾ ਸਾਰੀ ਰਾਤ ਰੱਬ ਨੂੰ ਕੋਸਦਾ ਰਿਹਾ ਸੀ, ਉਹ ਇਬਾਦਤ ਵਿਚ ਗੋਡਿਆਂ ਤੇ ਝੁਕ ਗਿਆ।
ਉਸ ਦਿਨ ਉਸ ਨੂੰ ਗਿਆਨ ਹੋਇਆ ਜੇ ਰੱਬ ਸਾਡੀ ਮਦਦ ਨਹੀਂ ਕਰ ਰਿਹਾ ਤਾਂ ਕਾਰਨ ਇਹ ਹੈ ਕਿ ਅਜੇ ਮਦਦ ਕਰਨ ਦਾ ਵੇਲਾ ਨਹੀਂ ਆਇਆ।
ਸੁਣਨ ਵਾਲੇ ਕੰਨ ਚਾਹੀਦੇ ਹਨ, ਉਸ ਦੀ ਚੁੱਪ ਵਿਚ ਵੀ ਸੁਨੇਹੇ ਹਨ।
ਜੇ ਥੱਲੇ ਹਿੰਮਤ ਹੋਵੇ ਤਾਂ ਉਪਰੋਂ ਰਹਿਮਤ ਹੋਣ ਵਿਚ ਦੇਰ ਨਹੀਂ ਲਗਦੀ।
ਨਿੱਕੀਆਂ ਕਣੀਆਂ ਦੇ ਮੀਂਹ ਵਿਚ ਵੀ ਵਿਸ਼ਾਲ ਧਰਤੀ ਨੂੰ ਹਰਾ-ਭਰਾ ਕਰਨ ਦੀ ਸਮਰਥਾ ਹੁੰਦੀ ਹੈ।
ਨਿੱਕੀਆਂ-ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ।
ਯਾਦ ਕਰਦਿਆਂ…
ਤੂੰ ਰੱਬ ਦੀ ਹੋਂਦ ਦਾ ਸਬੂਤ ਹੈਂ।
ਜਦੋਂ ਤੇਰੀ ਯਾਦ ਆਉਂਦੀ ਹੈ ਤਾਂ ਵਕਤ ਬੜਾ ਕੀਮਤੀ ਲਗਣ ਲਗ ਪੈਂਦਾ ਹੈ ਅਤੇ ਉਦਾਸ ਹੋਣਾ ਚੰਗਾ ਚੰਗਾ ਲਗਦਾ ਹੈ।
ਤੇਰੀ ਯਾਦ ਆਉਂਦਿਆਂ ਹੀ ਦਿਲ ਕਹਿੰਦਾ ਹੈ, ਤੂੰ ਤਾਂ ਇਥੇ ਹੀ ਕਿਧਰੇ ਹੈਂ ਅਤੇ ਹੁਣੇ ਆਵਾਜ਼ ਮਾਰ ਕੇ ਬੁਲਾ ਲਵੇਂਗੀ। ਤੈਨੂੰ ਉਡੀਕਦਿਆਂ ਥੱਕੀਆਂ ਅੱਖਾਂ ਵਿਚੋਂ ਆਸਾਂ ਦੇ ਸੁਪਨੇ ਘਰਾਂ ਨੂੰ ਮੁੜਦੇ ਪੰਛੀਆਂ ਦੀਆਂ ਡਾਰਾਂ ਵਾਂਗ ਲੰਘਦੇ ਹਨ।
ਤੇਰੇ ਨਾ ਆਉਣ ਦੀ ਸੂਰਤ ਵਿਚ ਇਕ ਮਹਿਕ ਦੀ ਢੂੰਡ ਜਿਹੀ ਰਹਿੰਦੀ ਹੈ ਅਤੇ ਇਕ ਦੀਵਾ, ਤੇਰੀ ਯਾਦ ਦਾ, ਦਿਲ ਦੀ ਧੁਰ-ਅੰਦਰਲੀ ਦਰਗਾਹ ਵਿਚ, ਦਿਨ ਰਾਤ ਬਲਦਾ ਹੈ। ਅਕਸਰ ਜਦੋਂ ਹਨੇਰੇ ਸੰਘਣੇ ਹੋ ਜਾਂਦੇ ਹਨ ਤਾਂ ਵਿਛੜਨ ਦੀਆਂ ਪੀੜਾਂ ਢਾਣੀਆਂ ਬੰਨ੍ਹ ਕੇ ਆਣ ਪਹੁੰਚਦੀਆਂ ਹਨ ਅਤੇ ਕਿਉਂਕਿ ਇਹ ਪੀੜਾਂ ਤੇਰੀ ਸੌਗਾਤ ਹਨ ਸੋ ਇਹ ਵਿਛੋੜਾ ਹੰਢਾਉਣ ਅਤੇ ਬਿਰਹਾ ਮਾਣਨ ਦਾ ਮੌਸਮ ਬਣ ਜਾਂਦੀਆਂ ਹਨ।
ਸਬੱਬ ਕੋਈ ਹੋਵੇ, ਦਿਲ ਤੇਰਾ ਧੰਨਵਾਦ ਕਰਨੋਂ ਨਹੀਂ ਰੁਕਦਾ।
ਦਿਲ ਕਹਿੰਦਾ ਹੈ, ਕਿਸੇ ਨੂੰ ਪਤਾ ਨਹੀਂ ਲਗਣਾ ਚਾਹੀਦਾ, ਆ, ਅਜ ਚਲੀਏ, ਇਕ ਪੁਰਾਣੀ ਯਾਤਰਾ ‘ਤੇ, ਉਨ੍ਹਾਂ ਗਲੀਆਂ-ਮੁਹੱਲਿਆਂ ਅਤੇ ਬਾਗਾਂ- ਬਗੀਚਿਆਂ ਵਿਚ, ਜਿਥੇ ਅਸੀਂ ਜਵਾਨ ਹੋਏ ਸਾਂ ਤੇ ਸਾਡੇ ਨਾਲ ਹੀ ਸਾਰਾ ਜਹਾਨ ਜਵਾਨ ਹੋ ਗਿਆ ਸੀ। ਸਾਡੀ ਮੁਹੱਬਤ ਤ੍ਰੇਲ ਵਾਂਗ ਸੁੱਚੀ ਸੀ । ਉਦੋਂ ਵੀ ਅਸੀਂ ਇਕ ਯਾਤਰਾ ਤੇ ਨਿਕਲੇ ਸਾਂ, ਜਿਸ ਦਾ ਨਾ ਕੋਈ ਆਰੰਭ ਸੀ ਨਾ ਹੀ ਅੰਤ, ਇਹ ਦਰਦ ਦੀ ਯਾਤਰਾ ਸੀ, ਜਿਸ ਵਿਚ ਸਾਨੂੰ ਹਉਕੇ ਲੈਣ ਦੀ ਜਾਚ ਆਈ ਸੀ।
ਉਸ ਵੇਲੇ ਤੂੰ ਪਿਆਰ ਦੇ ਰਸੀਲੇ ਰਸ ਅਤੇ ਹਰਿਆਵਲ ਦੀ ਖੁਸ਼ਬੂ ਨਾਲ ਭਰੀ ਹੋਈ ਸੀ ਅਤੇ ਹਰ ਚੀਜ਼ ਸਾਡੀ ਪਹੁੰਚ ਵਿਚ ਲਗਦੀ ਸੀ।
ਤੂੰ ਚੰਨ ਵਰਗੀ ਨਹੀਂ ਸੀ, ਚੰਨ ਤੇਰੇ ਵਰਗਾ ਸੀ ਅਤੇ ਮੈਂ ਸਮਝਦਾ ਸਾਂ ਰੱਬ ਮੇਰੇ ਗੁਆਂਢ ਵਿਚ ਰਹਿੰਦਾ ਸੀ, ਪਰ…
ਜਵਾਨੀ ਵਿਚ ਸਾਡੇ ਤੋਂ ਇਕ ਗਲਤ ਕਦਮ ਚੁਕਿਆ ਗਿਆ ਸੀ, ਫਿਰ ਅਸੀਂ ਉਮਰ ਭਰ ਠੀਕ ਰਸਤਾ ਲਭਦੇ ਰਹੇ ਪਰ ਲਭ ਨਾ ਸਕੇ, ਕਿਉਂਕਿ ਸਾਰੇ ਰਸਤੇ ਗੁਆਚ ਗਏ ਸਨ ਅਤੇ ਮਜਬੂਰੀਆਂ ਵਿਚਕਾਰ ਆ ਕੇ ਬਹਿ ਗਈਆਂ ਸਨ।
ਅਸੀਂ ਮਿਲਣ ਦੇ ਚਾਵਾਂ ਵਿਚ ਵਿਛੜ ਗਏ ਸਾਂ ਤੇ ਵੱਸਣ ਦੀਆਂ ਤਿਆਰੀਆਂ ਵਿਚ ਉਜੜ ਗਏ ਸਾਂ। ਰੂਹ ਦੇ ਵਿਹੜੇ ਦਾ ਚੰਨ ਕਿਸੇ ਬਦਲ ਦੇ ਓਹਲੇ ਕੈਦ ਹੋ ਗਿਆ ਸੀ। ਉਦੋਂ ਤੋਂ ਸਜਣ ਦੀ ਯਾਦ ਅੱਗੇ-ਅੱਗੇ ਅਤੇ ਪਿਛੇ-ਪਿਛੇ ਜਿੰਦ ਨਿਮਾਣੀ ਟੁੱਰਦੀ ਰਹੀ ਹੈ।
ਅਸੀਂ ਕੋਸ਼ਿਸ਼ ਤਾਂ ਕੀਤੀ ਕਿ ਖੁਸ਼ਬੂ ਦੇ ਧਾਗਿਆਂ ਨੂੰ ਮੁੜ ਗੰਢ ਮਾਰ ਲਈਏ ਪਰ ਵਿਛੜਿਆਂ ਨੂੰ ਕੌਣ ਮਿਲਾਉਂਦਾ ਹੈ? ਵਿਛੜੇ ਹੋਏ ਕਿਸੇ ਮੁਲ ਨਹੀਂ ਮਿਲਦੇ, ਜੇ ਸੰਭਵ ਹੁੰਦਾ ਤਾਂ ਮੁਲ ਤਾਰਨ ਵਾਸਤੇ ਅਸੀਂ ਆਪ ਵਿਕ ਜਾਣਾ ਸੀ। ਤੇਰੇ ਜਾਣ ਨਾਲ ਜਿਹੜੀ ਧੂੜ ਉਡੀ ਸੀ ਉਹ ਮੇਰੀਆਂ ਅੱਖਾਂ ਦਾ ਸੁਰਮਾ ਬਣ ਗਈ ਸੀ ਅਤੇ ਝੋਲੀ ਆਪਣੀ ਵਿਚ ਤੇਰੀਆਂ ਯਾਦਾਂ ਮੈਂ ਸਾਂਭ ਲਈਆਂ ਸਨ।
ਤੇਰੀਆਂ ਇਹ ਯਾਦਾਂ ਰੁਖਾਂ ਦੀ ਚੁੱਪ ਵਿਚੋਂ, ਵਗਦੀ ਪੌਣ ਵਿਚੋਂ, ਪੰਛੀਆਂ ਦੇ ਗੀਤਾਂ ਵਿਚੋਂ ਅਤੇ ਵਗਦੇ ਪਾਣੀਆਂ ਵਿਚੋਂ ਨਵੇਂ ਨਵੇਂ ਰੂਪ ਧਾਰ ਕੇ ਜ਼ਿੰਦਗੀ ਦੇ ਹਰ ਮੋੜ ਤੇ ਮਿਲਦੀਆਂ ਹਨ।
ਵਕਤ ਦੀ ਵਿਥ ਨਾਲ ਜਦੋਂ ਉਦਾਸੀ ਦੀ ਰੌਣਕ ਵਾਲੇ, ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਹਾਂ ਤਾਂ ਸੋਚਦਾ ਹਾਂ ਘਾਟੇ ਤਾਂ ਬੜੇ ਪਏ ਪਰ ਤੇਰੀ ਯਾਦ ਕੋਲ ਹੋਣ ਕਾਰਨ, ਦੀਵਾਲਾ ਨਹੀਂ ਨਿਕਲਿਆ। ਤੈਨੂੰ ਯਾਦ ਕਰਨ ਅਤੇ ਉਡੀਕਣ ਵਿਚੋਂ ਮੈਨੂੰ ਆਨੰਦ ਮਿਲਦਾ ਹੈ। ਰਸਤੇ ਵਲ ਵੇਖੀ ਜਾਣਾ ਚੰਗਾ ਲਗਦਾ ਹੈ, ਕਿਉਂਕਿ ਇਕ ਵਿਸ਼ਵਾਸ ਜਿਹਾ ਹੈ ਕਿ ਜੇ ਉਡੀਕਦਾ ਰਿਹਾ ਤਾਂ ਤੂੰ ਜ਼ਰੂਰ ਆਵੇਂਗੀ, ਕਿਉਂਕਿ ਹਵਾਵਾਂ ਵਿਚ ਤੇਰੇ ਆਉਣ ਦਾ ਇਕਰਾਰ ਹੈ।
ਤੇਰੀ ਯਾਦ ਵਿਚ ਮੇਰੀਆਂ ਬੰਦ ਅੱਖਾਂ ਸੁਪਨੇ ਵਿਚ ਵੇਖੀ ਤੇਰੀ ਮੁਸਕ੍ਰਾਹਟ ਨਾਲ ਹੀ ਖੁਲ੍ਹ ਜਾਣਗੀਆਂ।
ਤੇਰੀ ਯਾਦ ਗੁਝੀਆਂ ਰਮਜ਼ਾਂ ਨਾਲ ਸਮਝਾਉਂਦੀ ਹੈ, ਹਾਰੀਦਾ ਨਹੀਂ ਹੁੰਦਾ, ਉਦਾਸ ਨਾ ਹੋ, ਆਸ ਰਖ, ਚੰਗੇ ਅਤੇ ਚਮਕੀਲੇ ਦਿਨ ਫਿਰ ਆਉਣਗੇ, ਜਿਵੇਂ ਬਹੁਤ ਪਹਿਲਾਂ ਆਏ ਸਨ।
ਜਦੋਂ ਤੂੰ ਸੁਪਨੇ ਵਿਚ ਆਈ ਸੀ ਤਾਂ ਮਨ ਵਿਚ ਆਇਆ, ਨਿਸ਼ਾਨੀ ਕੋਲ ਰਖਣ ਲਈ, ਤੇਰੇ ਗੱਲ ਵਿਚ ਪਈ ਮੋਤੀਆਂ ਦੀ ਗਾਨੀ ਮੰਗ ਲਵਾਂ ਪਰ ਫਿਰ ਤੇਰਾ ਕਿਹਾ ਯਾਦ ਆਇਆ ਕਿ ਪਿਆਰਿਆਂ ਦੀ ਸਭ ਤੋਂ ਵੱਡੀ ਪ੍ਰੇਮ-ਨਿਸ਼ਾਨੀ ਉਨ੍ਹਾਂ ਦੀ ਸੁੱਚੀ ਯਾਦ ਹੁੰਦੀ ਹੈ।
ਇਕ ਵਾਰੀ ਤੂੰ ਕਿਹਾ ਸੀ, ਮੇਰੇ ਜੀਵਨ-ਯੁੱਧ ਵਿਚ ਹੁਣ ਜਿੱਤ ਹੀ ਜਿੱਤ ਹੈ, ਹੁਣ ਤੇਰੀ ਯਾਦ ਮੇਰੀ ਸਭ ਤੋਂ ਵੱਡੀ ਤਾਕਤ ਹੋਵੇਗੀ, ਜਿਹੜੀ ਸ਼ੁਧ-ਪਵਿੱਤਰ ਲਾਟ ਵਾਂਗ ਚਮਕੇਗੀ, ਹੁਣ ਮੈਨੂੰ ਡੁੱਬਣ ਦੀ ਵੀ ਕੋਈ ਪ੍ਰਵਾਹ ਨਹੀਂ ਕਿਉਂਕਿ ਕਿਧਰੇ ਨਾ ਕਿਧਰੇ ਕਿਨਾਰੇ ਤੇ ਤੂੰ ਹੋਵੇਂਗਾ।
ਅਸੀਂ ਇਕ-ਦੂਜੇ ਦਾ ਕਿਨਾਰਾ ਹਾਂ, ਵਿਚਕਾਰ ਯਾਦਾਂ ਦਾ ਪੁਲ ਹੈ।
ਯਾਦਾਂ ਤਾਂ ਹੀ ਉਸਰਦੀਆਂ ਹਨ ਜੇ ਸਬੰਧਤ ਵਿਅਕਤੀ ਯਾਦ-ਰਹਿਣ ਯੋਗ ਹੋਵੇ । ਜੇ ਕੋਈ, ਕਿਸੇ ਵੀ ਪਖੋਂ, ਸਾਡੇ ਜੀਵਨ ਉਤੇ ਡੂੰਘਾ ਪ੍ਰਭਾਵ ਪਾਉਂਦਾ ਹੈ, ਤਾਂ ਉਹ ਆਪਣੇ ਪ੍ਰਭਾਵ ਸਦਕਾ ਯਾਦ ਰਹਿੰਦਾ ਹੈ। ਕੋਈ ਕਿਤਨਾ ਚਿਰ ਯਾਦ ਰਹਿੰਦਾ ਹੈ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਦਾ ਸਾਡੇ ਉਤੇ ਪ੍ਰਭਾਵ ਕਿਤਨਾ ਡੂੰਘਾ ਅਤੇ ਵਿਸ਼ਾਲ ਹੈ। ਉਦਾਹਰਣ ਵਜੋਂ ਵਿਦਿਆਰਥੀਆਂ ਨੂੰ ਉਹ ਅਧਿਆਪਕ ਜੀਵਨ-ਭਰ ਯਾਦ ਰਹਿੰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਪੱਥਰਾਂ ਤੋਂ ਹੀਰੇ ਬਣਾਇਆ ਹੁੰਦਾ ਹੈ। ਪ੍ਰੇਮੀ-ਪ੍ਰੇਮਿਕਾ ਇਸ ਲਈ ਯਾਦ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਸਾਡੇ ਲਈ ਅਨੁਭਵ ਅਤੇ ਸੋਚ ਦੇ ਨਵੇਂ-ਨਿਵੇਕਲੇ ਪਾਸਾਰ ਸਿਰਜੇ ਹੁੰਦੇ ਹਨ। ਪਿਆਰ ਦਾ ਅਨੁਭਵ ਇਸ ਲਈ ਸਭ ਤੋਂ ਵੱਧ ਯਾਦ ਰਹਿੰਦਾ ਹੈ ਕਿਉਂਕਿ ਇਸ ਨੇ ਸਾਡੇ ਸਮੁੱਚ ਨੂੰ ਨਵੇਂ ਰੰਗ ਵਿਚ ਰੰਗਿਆ ਹੁੰਦਾ ਹੈ। ਅੱਖਾਂ ਉਸ ਦੇ ਦਰਸ਼ਨ-ਦੀਦਾਰਿਆਂ ਨਾਲ ਨਿਹਾਲ ਹੋਈਆਂ ਹੁੰਦੀਆਂ ਹਨ, ਕੰਨਾਂ ਨੇ ਉਸ ਦੀ ਆਵਾਜ਼ ਦੇ ਰਾਗ ਨੂੰ ਅਤੇ ਬੋਲਾਂ ਦੀ ਬਾਣੀ ਦੇ ਰਸ ਨੂੰ ਮਾਣਿਆ ਹੁੰਦਾ ਹੈ, ਨੱਕ ਨੇ ਅੰਗਾਂ ਦੀ ਰੌਣਕ ਵਿਚੋਂ ਉਠਦੀਆਂ ਸੁਗੰਧੀਆਂ ਨੂੰ ਜੀਵਿਆ ਹੁੰਦਾ ਹੈ, ਜੀਭ ਅਤੇ ਬੁਲ੍ਹ ਚੁੰਮਣ ਨਾਲ ਸੁਆਦ-ਸੁਆਦ ਹੋਏ ਹੁੰਦੇ ਹਨ ਅਤੇ ਛੋਹ ਲਈ ਸਾਰਾ, ਸਾਰੇ ਲਈ ਤਾਂਘਿਆ ਹੁੰਦਾ ਹੈ। ਦੂਜੀ ਧਿਰ ਰਾਹੀਂ ਅਸੀਂ ਆਪਣੇ ਅਨੁਭਵ ਨੂੰ ਮਾਣਦੇ ਹਾਂ ਅਤੇ ਇਹ ਮਾਣੀਆਂ ਹੋਈਆਂ ਘੜੀਆਂ ਕੀਮਤੀ ਯਾਦਾਂ ਬਣ ਜਾਂਦੀਆਂ ਹਨ। ਇਸ ਸ਼ਿੱਦਤ ਕਾਰਨ ਹੀ ਅਸੀਂ ਸਾਧਾਰਨ ਤੋਂ ਵਿਸ਼ੇਸ਼ ਬਣ ਜਾਂਦੇ ਹਾਂ । ਉਡੀਕ ਅਤੇ ਯਾਦ, ਇਸ ਅਨੁਭਵ ਨੂੰ ਹੋਰ ਗੂੜ੍ਹਾ ਕਰਨ ਦੀ ਤਾਂਘ ਵਿਚੋਂ ਉਪਜਦੀ ਹੈ।
ਪਿਆਰ ਦੀ ਸ਼ਿੱਦਤ ਕਾਰਨ ਇੱਛਾਵਾਂ, ਤਾਂਘਾਂ ਬਣ ਜਾਂਦੀਆਂ ਹਨ ਅਤੇ ਦੋਵੇਂ ਧਿਰਾਂ ਸੋਚਦੀਆਂ ਹਨ, ਜਿਤਨਾ ਪਿਆਰ ਕੀਤਾ ਜਾਣਾ ਚਾਹੀਦਾ ਹੈ, ਉਤਨਾ ਕੀਤਾ ਨਹੀਂ, ਹੋਰ ਕਰਨ ਦੀ ਲੋੜ ਹੈ। ਇਹੀ ਹਾਲ ਕਲਾਕਾਰਾਂ ਅਤੇ ਕਵੀਆਂ ਦਾ ਹੁੰਦਾ ਹੈ, ਉਹ ਮਹਿਸੂਸ ਕਰਦੇ ਹਨ ਕਿ ਹੋਰ ਮਿਹਨਤ ਦੀ, ਨਿਖਾਰ ਅਤੇ ਡੂੰਘਾਈ ਦੀ ਲੋੜ ਹੈ। ਪ੍ਰੇਮੀ ਵੀ ਆਪਣੇ ਆਪ ਨੂੰ ਕਲਾਕਾਰ ਅਤੇ ਕਵੀ ਸਮਝਦੇ ਹਨ।
ਪਿਆਰ ਦੀ ਸ਼ਿੱਦਤ ਵਿਚੋਂ ਮਿਹਨਤ ਦੀ ਹਿੰਮਤ ਜਾਗਦੀ ਹੈ ਅਤੇ ਸਭ ਵਿਰੋਧਾਂ ਨੂੰ ਸਹਿਣ ਅਤੇ ਮੁਆਫ ਕਰਨ ਦੀ ਬਿਰਤੀ ਉਪਜਦੀ ਹੈ ਇਸੇ ਕਰਕੇ ਪ੍ਰੇਮੀਆਂ ਦੇ ਰੋਸਿਆਂ ਅਤੇ ਝਗੜਿਆਂ ਨਾਲ ਡੂੰਘੇ ਰਿਸ਼ਤੇ ਜ਼ਖਮੀ ਨਹੀਂ ਹੁੰਦੇ।
ਆਪਣੀ ਪ੍ਰੇਮਿਕਾ ਬਾਰੇ ਸਾਡੀ ਰਾਇ ਉਸ ਦੇ ਰਿਸ਼ਤੇਦਾਰਾਂ ਦੇ ਆਧਾਰ ਤੇ ਨਹੀਂ, ਉਸ ਦੀ ਆਪਣੀ ਹਸਤੀ ਦੇ ਆਧਾਰ ਤੇ ਉਸਰਦੀ ਹੈ। ਪਿਆਰ ਜਿਤਨਾ ਵਧੇਰੇ ਸੁਹਿਰਦ ਹੁੰਦਾ ਹੈ, ਉਤਨਾ ਵਧੇਰੇ ਹੰਢਣਸਾਰ ਹੁੰਦਾ ਹੈ।
ਮੱਮਟੀਆਂ ਦਸਦੀਆਂ ਹਨ ਕਿ ਨੀਹਾਂ ਕਿਤਨੀਆਂ ਡੂੰਘੀਆਂ ਹਨ ਅਤੇ ਕਿਤਨੀ ਜਦੋਜਹਿਦ ਨਾਲ ਉਸਰੀਆਂ ਹਨ ਅਤੇ ਨੀਹਾਂ ਤੋਂ ਪਤਾ ਲਗਦਾ ਹੈ ਕਿ ਇਹ ਕਿਤਨਾ ਬੋਝ ਚੁੱਕ ਸਕਦੀਆਂ ਹਨ।
ਜਦੋਜਹਿਦ ਤੋਂ ਬਿਨਾ ਕੀਤੇ ਪਿਆਰ ਦੀਆਂ ਯਾਦਾਂ ਨਹੀਂ ਬਣਦੀਆਂ। ਪਿਆਰ ਕਰਦਿਆਂ ਅਸੀਂ ਦੂਜੇ ਨੂੰ ਉਹ ਭੇਤ ਅਤੇ ਸ਼ਕਤੀ ਦਿੰਦੇ ਹਾਂ, ਜਿਸ ਨਾਲ ਜੇ ਉਹ ਚਾਹੇ ਤਾਂ ਸਾਨੂੰ ਬਰਬਾਦ ਕਰ ਸਕਦਾ ਹੈ ਪਰ ਪਿਆਰ ਇਸ ਭਰੋਸੇ ਅਤੇ ਸਿਦਕ ਨਾਲ ਕੀਤਾ ਜਾਂਦਾ ਹੈ ਕਿ ਜੇ ਸੰਸਾਰ ਵਿਚ ਮੇਰੀ ਕੋਈ ਧਿਰ ਹੈ ਤਾਂ ਉਹ ਹੀ ਹੈ। ਇਹ ਸਾਂਝ ਇਤਨੀ ਪੀਡੀ ਹੋ ਜਾਂਦੀ ਹੈ ਕਿ ਇੰਜ ਲਗਦਾ ਹੈ ਕਿ ਉਸ ਦੇ ਅਥਰੂ ਮੇਰੀਆਂ ਅੱਖਾਂ ਵਿਚੋਂ ਟਪਕੇ ਹਨ ਅਤੇ ਉਸ ਦੇ ਬੁਲ੍ਹਾਂ ਨਾਲ ਮੈਂ ਮੁਸਕਾਇਆ ਹਾਂ।
ਹਰੇਕ ਰਿਸ਼ਤੇ ਦਾ ਮਹੱਤਵ ਵਿਸ਼ਵਾਸ ਦੇ ਘੱਟ-ਵੱਧ ਹੋਣ ਦੇ ਅਨੁਪਾਤ ਵਿਚ ਹੁੰਦਾ ਹੈ। ਕੀਮਤੀ ਚੀਜ਼ਾਂ ਦਾ ਮੂਲ, ਉਨ੍ਹਾਂ ਦੀ ਘਾਟ ਕਾਰਨ ਹੁੰਦਾ ਹੈ।
ਕਿਉਂਕਿ ਪਿਆਰ ਵਿਚ ਮਿਲਾਪ ਦੀ ਸਦਾ ਥੁੜ੍ਹ ਰਹਿੰਦੀ ਹੈ, ਸੋ ਮਿਲਾਪ ਦੀ ਤਾਂਘ ਕਦੇ ਸ਼ਾਂਤ ਨਹੀਂ ਹੁੰਦੀ। ਜੇ ਵਿਆਹ ਹੋ ਜਾਵੇ ਜਾਂ ਥੁੜ੍ਹ ਮੁੱਕ ਜਾਵੇ ਤਾਂ ਥੁੜ੍ਹ ਮੁੱਕਣ ਨਾਲ, ਮਿਲਣ ਵਾਲੀ ਤਸੱਲੀ ਵੀ ਮੁੱਕ ਜਾਂਦੀ ਹੈ ।
ਜਿਸ ਨੇ ਵਾਪਸ ਜਾਣਾ ਹੀ ਨਾ ਹੋਵੇ, ਉਸ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ।
ਉਡੀਕ ਉਨ੍ਹਾਂ ਦੀ ਕੀਤੀ ਜਾਂਦੀ ਹੈ, ਜਿਹੜੇ ਸਾਡੀਆਂ ਨਜ਼ਰਾਂ ਵਿਚ ਕੀਮਤੀ ਅਤੇ ਦੁਰਲੱਭ ਹੁੰਦੇ ਹਨ।
ਉਡੀਕਣਾ ਬੜਾ ਥਕਾਊ ਕਾਰਜ ਹੈ ਪਰ ਉਪਜਾਊ ਇਹ ਉਦੋਂ ਬਣਦਾ ਹੈ ਜਦੋਂ ਉਡੀਕਣਯੋਗ ਦੀ ਉਡੀਕ ਕੀਤੀ ਜਾਵੇ । ਉਡੀਕ ਵਿਚੋਂ ਕਲਪਨਾ, ਕਲਪਨਾ ਵਿਚੋਂ ਕਲਾ, ਕਲਾ ਵਿਚੋਂ ਸੁਹਜ, ਸੁਹਜ ਵਿਚੋਂ ਸਲੀਕਾ, ਸਲੀਕੇ ਵਿਚੋਂ ਸੁੰਦਰਤਾ ਆਦਿ ਦਾ ਇਕ ਸਿਲਸਿਲਾ ਚਲਦਾ ਹੈ।
ਕਿਥੇ ਮਿਲਣਾ ਹੈ, ਕਿਵੇਂ ਮਿਲਣਾ ਹੈ, ਕਦੋਂ ਮਿਲਣਾ ਹੈ, ਮਿਲਣਾ ਵੀ ਹੈ ਕਿ ਨਹੀਂ, ਇਹ ਹਰ ਕਿਸੇ ਦੀ ਆਪਣੀ ਪਿਆਰ-ਕਹਾਣੀ ਦੇ ਪੱਖ ਹੁੰਦੇ ਹਨ।
ਆਪਣੀ ਪਿਆਰ-ਕਹਾਣੀ ਇਸ ਲਈ ਚੰਗੀ ਲਗਦੀ ਹੈ ਕਿਉਂਕਿ ਅਸੀਂ ਆਪ ਇਸ ਦੇ ਕੇਂਦਰ ਵਿਚ ਹੁੰਦੇ ਹਾਂ।
ਪ੍ਰੇਮੀ ਉਦਾਸ ਭਾਵੇਂ ਹੋਣ ਪਰ ਨਿਰਾਸ਼ ਨਹੀਂ ਹੁੰਦੇ । ਯਾਦਾਂ ਉਹਨਾ ਪਿਆਰਾਂ ਦੀਆਂ ਹੀ ਹੁੰਦੀਆਂ ਹਨ ਜਿਹੜੇ ਪ੍ਰਵਾਨ ਚੜ੍ਹਨੇ ਚਾਹੀਦੇ ਸਨ ਪਰ ਚੜ੍ਹੇ ਨਹੀਂ ਹੁੰਦੇ।
ਸਮੁੱਚੇ ਸੰਸਾਰ ਵਿਚ ਸਾਰੀਆਂ ਪ੍ਰਸਿੱਧ ਪ੍ਰੇਮ-ਕਹਾਣੀਆਂ ਅਸਫਲ ਪ੍ਰੇਮ ਦੀਆਂ ਕਹਾਣੀਆਂ ਹਨ।
ਅਮਰੀਕਨ ਕਾਵਿਤਰੀ ਐਮਿਲੀ ਡਿਕਨਸਨ ਨੂੰ ਕੋਈ ਇਕ ਵਾਰੀ ਮਿਲਿਆ ਸੀ ਪਰ ਵਿਛੋੜੇ ਦਾ ਇਕ ਸਦੀਵੀ ਕਾਵਿਕ ਦਰਦ ਦੇ ਗਿਆ ਸੀ । ਡਿਕਨਸਨ ਨੇ ਉਸ ਦੀ ਯਾਦ ਵਿਚ ਸੈਂਕੜੇ ਕਵਿਤਾਵਾਂ ਲਿਖੀਆਂ ਪਰ ਜਿਉਂਦੇ ਜੀ ਛਪਵਾਈ ਇਕ ਵੀ ਨਾ, ਸਾਂਭਦੀ ਰਹੀ । ਗਰੀਬੀ ਕਾਰਨ ਉਸ ਪੁਰਸ਼ ਵਿਚ ਪਿਆਰ ਪ੍ਰਗਟਾਉਣ ਦੀ ਦਲੇਰੀ ਨਾ ਉਪਜੀ ਪਰ ਕਾਵਿਤਰੀ ਦੀਆਂ ਅੱਖਾਂ ਉਸ ਨੂੰ ਉਡੀਕਦੀਆਂ ਰਹੀਆਂ ਸਨ। ਅੰਤ ਵਿਚ ਉਸ ਦੀ ਇਕੋ-ਇਕ ਟੇਕ ਕਵਿਤਾ ਰਹਿ ਗਈ ਸੀ। ਉਸ ਨੇ ਜ਼ਿੰਦਗੀ ਭਰ ਉਡੀਕਿਆ। ਜਿਉਂ-ਜਿਉਂ ਤਾਂਘ ਵੱਧਦੀ ਗਈ ਤਿਉਂ ਤਿਉਂ ਉਸ ਦੀ ਕਵਿਤਾ ਸੂਖਮ ਹੁੰਦੀ ਗਈ। ਉਸ ਨੇ ਲਿਖਿਆ: ਤੈਨੂੰ ਪਿਆਰ ਕਰਨਾ ਮੇਰੇ ਨਸੀਬਾਂ ਵਿਚ ਸੀ ਪਰ ਤੇਰਾ ਮਿਲਣਾ ਮੇਰੀ ਕਿਸਮਤ ਤੋਂ ਬਾਹਰ ਸੀ। ਮੈਂ ਚਾਨਣ ਤੋਂ ਵਿਛੜੀ ਹੋਈ ਦੀਵੇ ਦੀ ਇਕ ਲਾਟ ਹਾਂ। ਅੱਧਾ ਦਿਨ ਤੈਨੂੰ ਉਡੀਕਦਿਆਂ ਅਤੇ ਸਾਰੀ ਸ਼ਾਮ ਤੈਨੂੰ ਯਾਦ ਕਰਦਿਆਂ ਲੰਘਦੀ ਹੈ। ਅਜੇ ਤਕ ਤੇਰੇ ਖ਼ਤਾਂ ਵਿਚੋਂ ਤੇਰੀ ਖੁਸ਼ਬੂ ਨਹੀਂ ਗਈ। ਜੇ ਤੇਰੀ ਯਾਦ ਨਾ ਆਵੇ ਤਾਂ ਰੰਗ ਵੀ, ਨੂਰ ਵੀ, ਹਵਾ ਵੀ, ਮੈਂ ਵੀ ਉਦਾਸ ਰਹਿੰਦੇ ਹਾਂ । ਮੇਰੀਆਂ ਸੋਚਾਂ ਅਤੇ ਮੇਰੇ ਅਮਲਾਂ ਉਪਰ, ਮੇਰੀ ਨੀਂਦ ਅਤੇ ਸੁਪਨਿਆਂ ਉਤੇ ਤੂੰ ਰਾਜ ਕੀਤਾ ਹੈ। ਮੈਂ ਤੈਨੂੰ ਹਰ ਰਸਤੇ ਤੇ ਉਡੀਕਿਆ ਹੈ। ਤੇਰਾ ਮੁੜ ਆਉਣਾ ਪੱਤਝੜ ਵਿਚ ਬਹਾਰ ਹੋਵੇਗੀ, ਤੇਰੀ ਆਵਾਜ਼ ਸੁਣਨੀ ਸੁੰਨਸਾਨ ਵਿਚ ਪੰਛੀਆਂ ਦੇ ਟਹਿਕਣ ਵਾਂਗ ਹੋਵੇਗੀ। ਜੇ ਮੇਰੇ ਕੋਲ ਤੇਰੀ ਯਾਦ ਵਿਚ ਕਵਿਤਾ ਲਿਖਣ ਦੀ ਧਰਵਾਸ ਨਾ ਹੁੰਦੀ ਤਾਂ ਮੈਂ ਆਪਣੀਆਂ ਭਾਵਨਾਵਾਂ ਦੇ ਸੇਕ ਨਾਲ ਹੀ ਸੜ ਜਾਣਾ ਸੀ।
ਐਮਿਲੀ ਡਿਕਨਸਨ ਆਪਣੀਆਂ ਸੂਖਮ ਪਿਆਰ-ਕਵਿਤਾਵਾਂ ਕਾਰਨ ਅਮਰੀਕਾ ਦੀ ਇਕ ਸਨਮਾਨਿਤ ਕਾਵਿਤਰੀ ਹੈ।
ਅਸੀਂ ਯਾਦਾਂ ਸਿਰਜਦੇ ਹਾਂ, ਜਿਹੜੀਆਂ ਮਗਰੋਂ ਸਾਡਾ ਸਰਮਾਇਆ ਬਣਦੀਆਂ ਹਨ। ਪ੍ਰੇਮੀ ਸਮਝਦੇ ਹਨ ਜਿਹੜਾ ਵਕਤ ਇਕ-ਦੂਜੇ ਦੀ ਹਾਜ਼ਰੀ ਵਿਚ ਨਹੀਂ ਲੰਘਦਾ, ਉਹ ਵਿਅਰਥ ਜਾ ਰਿਹਾ ਹੈ।
ਪਿਆਰ ਬਹੁਤ ਬੋਲਣ ਵਾਲਿਆਂ ਨੂੰ ਚੁੱਪ ਅਤੇ ਚੁੱਪ ਰਹਿਣ ਵਾਲਿਆਂ ਨੂੰ ਬੋਲਣ ਲਾ ਦਿੰਦਾ ਹੈ।
ਉਂਜ ਤਾਂ ਪਿਆਰ ਹੀ ਪਿਆਰ ਕਰਨ ਵਾਲਿਆਂ ਨੂੰ ਸੁੰਦਰ ਬਣਾ ਦਿੰਦਾ ਹੈ ਪਰ ਜੇ ਕੋਈ ਕਿਸੇ ਸਾਧਾਰਨ ਇਸਤਰੀ ਨੂੰ ਪਿਆਰ ਕਰਦਾ ਹੈ ਤਾਂ ਇਹ ਬੜਾ ਭਾਵਕ ਪਿਆਰ ਹੀ ਹੋ ਸਕਦਾ ਹੈ ਕਿਉਂਕਿ ਜਾਂ ਤਾਂ ਇਸ ਇਸਤਰੀ ਦਾ ਆਪਣੇ ਪ੍ਰੇਮੀ ਉਤੇ ਪ੍ਰਭਾਵ ਬੜਾ ਤੀਖਣ ਹੁੰਦਾ ਹੈ ਜਾਂ ਉਸ ਵਿਚ ਕੁਝ ਅਜਿਹੇ ਗੁਣ ਹੁੰਦੇ ਹਨ ਜਿਹੜੇ ਸੁੰਦਰਤਾ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੁੰਦੇ ਹਨ।
ਇਹ ਯਥਾਰਥ ਉਤੇ ਕਲਪਨਾ ਦੀ ਜਿੱਤ ਦਾ ਪ੍ਰਮਾਣ ਹੈ।
ਯਾਦਾਂ ਇਸ ਲਈ ਚੰਗੀਆਂ ਲਗਦੀਆਂ ਹਨ ਕਿਉਂਕਿ ਵਰਤਮਾਨ ਯਥਾਰਥ- ਆਧਾਰਿਤ ਹੋਣ ਕਰਕੇ ਕਰੂਪ ਲਗਦਾ ਹੈ।
ਜੇ ਯਾਦਾਂ ਨਿਘੀਆਂ ਹੋਣ ਤਾਂ ਇਕਾਂਤ ਚੰਗਾ ਲਗਦਾ ਹੈ।
ਯਾਦਾਂ ਲਈ ਇਕੱਲ ਦੇ ਨਾਲ ਵਿਹਲ ਦੀ ਵੀ ਲੋੜ ਪੈਂਦੀ ਹੈ।
ਯਾਦਾਂ ਦਾ ਕਰਤੱਵ ਹੈ ਮਨੁੱਖ ਦੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਅਮੀਰ ਅਤੇ ਵਿਸ਼ਾਲ ਕਰਨਾ। ਨਿੱਘੀਆਂ ਯਾਦਾਂ ਕਾਰਨ ਅਸੀਂ ਵਧੇਰੇ ਨਿਪੁੰਨ ਅਤੇ ਉਦਾਰ ਹੀ ਨਹੀਂ ਹੁੰਦੇ ਸਗੋਂ ਵਧੇਰੇ ਪ੍ਰਵਾਨ ਵੀ ਹੁੰਦੇ ਹਾਂ।
ਯਾਦਾਂ ਅਤੇ ਚਿੰਤਨ ਦਾ ਵੀ ਸਬੰਧ ਹੈ। ਯਾਦਾਂ ਦਾ ਮੋਹ ਸਾਨੂੰ ਚਿੰਤਨ ਲਈ ਪ੍ਰੇਰਦਾ ਹੈ। ਭਾਵੇਂ ਅਸੀਂ ਬਹੁਤ ਅਮੀਰ ਨਾ ਹੋਈਏ ਪਰ ਯਾਦਾਂ ਦੀ ਅਮੀਰੀ ਕਾਰਨ ਆਪਣੇ ਆਪ ਨੂੰ ਅਸੀਂ ਗਰੀਬ ਕਦੇ ਵੀ ਨਹੀਂ ਸਮਝਦੇ।
ਯਾਦਾਂ ਕਾਰਨ ਸਾਡੇ ਵਿਚ ਧੰਨਵਾਦੀ ਬਿਰਤੀ ਉਪਜਦੀ ਹੈ ਅਤੇ ਅਸੀਂ ਆਪਣੇ ਵੇਲਿਆਂ ਨੂੰ ਯਾਦ ਕਰਕੇ ਅਗਲੀ ਪੀੜ੍ਹੀ ਦੀਆਂ ਕੋਤਾਹੀਆਂ ਨੂੰ ਖਿੜੇ-ਮੱਥੇ ਅਣਡਿੱਠ ਕਰ ਦਿੰਦੇ ਹਾਂ।
ਵਿਦਿਅਕ ਸੰਸਥਾਵਾਂ ਵਿਚ ਛੁੱਟੀਆਂ ਇਸ ਲਈ ਹੁੰਦੀਆਂ ਹਨ ਤਾਂ ਜੁ ਵਿਦਿਆਰਥੀ ਪੜ੍ਹੇ, ਸੁਣੇ, ਸਮਝਾਏ ਅਤੇ ਹੰਢਾਏ ਨੂੰ ਆਪਣੀਆਂ ਯਾਦਾਂ ਵਿਚ ਟਿਕਾ ਲੈਣ ਅਤੇ ਭਾਂਤ-ਭਾਂਤ ਦੇ ਅਨੁਭਵਾਂ ਦੀਆਂ ਇਹ ਯਾਦਾਂ ਹੀ ਉਨ੍ਹਾਂ ਦੇ ਵਿਹਾਰ ਵਿਚ ਮਗਰੋਂ ਬੋਲਣ, ਲਿਖਣ ਅਤੇ ਵਰਤੋਂ-ਵਿਹਾਰ ਵਿਚ ਪ੍ਰਗਟ ਹੁੰਦੀਆਂ ਹਨ। ਜਿਨ੍ਹਾਂ ਨੂੰ ਅਸੀਂ ਅਕਲ ਜਾਂ ਗਿਆਨ ਕਹਿੰਦੇ ਹਾਂ ਉਹ ਵੀ ਯਾਦਾਂ ਹੀ ਹੁੰਦੀਆਂ ਹਨ ਕਿਉਂਕਿ ਅਸੀਂ ਨਿਤਾ-ਪ੍ਰਤੀ ਦੀਆਂ ਸਮੱਸਿਆਵਾਂ ਨੂੰ ਯਾਦ ਰਹਿ ਗਏ ਅਨੁਭਵਾਂ ਦੇ ਆਧਾਰ ਤੇ ਹੀ ਸੁਲਝਾਉਂਦੇ ਹਾਂ।
ਕਿਸੇ ਦੁਰਘਟਨਾ ਕਾਰਨ ਜਦੋਂ ਕੋਈ ਵਿਅਕਤੀ ਆਪਣੀ ਯਾਦ-ਸ਼ਕਤੀ ਗੁਆ ਬੈਠਦਾ ਹੈ ਤਾਂ ਉਸ ਲਈ ਕਿਸੇ ਨਾਲ ਕੋਈ ਵੀ ਸਬੰਧ ਜੋੜਨਾ ਸੰਭਵ ਨਹੀਂ ਹੁੰਦਾ। ਇਕੋ-ਜਿਹੇ ਨੈਣ-ਨਕਸ਼ ਹੋਣ ਦੇ ਬਾਵਜੂਦ ਜੇ ਅਸੀਂ ਵੱਖਰੇ ਹਾਂ ਤਾਂ ਕਾਰਨ ਇਹ ਹੈ ਕਿ ਹਰੇਕ ਦੀਆਂ ਯਾਦਾਂ ਵੱਖਰੀਆਂ ਹਨ। ਉਂਜ ਅਸੀਂ ਹਾਂ ਸਾਰੇ ਅਧੂਰੇ ਪਰ ਯਾਦਾਂ ਸਾਨੂੰ ਆਪਣੇ ਸੰਪੂਰਨ ਹੋਣ ਦਾ ਭਰਮ ਸਿਰਜਦੀਆਂ ਹਨ।
ਪਿਆਰ, ਆਪਣੇ ਅਤੇ ਦੂਜੇ ਦੇ ਅਧੂਰੇਪਣ ਨੂੰ ਪੂਰਨ ਦਾ ਅਮਲ ਹੁੰਦਾ ਹੈ।
ਪ੍ਰੇਮੀ ਇਕ-ਦੂਜੇ ਲਈ ਅਜਨਬੀ ਹੁੰਦੇ ਹਨ, ਦੋਵੇਂ ਆਪਣੇ-ਆਪਣੇ ਦੇਸ਼ ਦੀਆਂ ਗੱਲਾਂ ਕਰਦੇ, ਇਕ ਸਾਂਝਾ ਦੇਸ਼ ਉਸਾਰ ਲੈਂਦੇ ਹਨ, ਇਵੇਂ ਉਹ ‘ਮੈਂ’ ਅਤੇ ‘ਤੂੰ’ ਨੂੰ ਤਿਆਗ ਕੇ ‘ਅਸੀਂ’ ਵਿਚ ਪ੍ਰਵੇਸ਼ ਕਰਦੇ ਹਨ। ਪਿਆਰੇ ਦੀ ਹਾਜ਼ਰੀ ਨਾਲ ਪਿਆਰ ਮਜ਼ਬੂਤ ਅਤੇ ਗੈਰ-ਹਾਜ਼ਰੀ ਨਾਲ ਇਹ ਤਿੱਖਾ ਹੋ ਜਾਂਦਾ ਹੈ।
ਪਿਆਰ ਵਿਚ ਇਸਤਰੀ ਦਾ ਰੋਲ ਵਧੇਰੇ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਉਸ ਨੇ ਵਧੇਰੇ ਬੰਧਨਾਂ ਨੂੰ ਤੋੜ ਕੇ ਆਪਾ ਪ੍ਰਗਟਾਉਣਾ ਹੁੰਦਾ ਹੈ।
ਇਹੀ ਕਾਰਨ ਹੈ ਕਿ ਸਮਾਜ ਜਿਹੜੀਆਂ ਸਜ਼ਾਵਾਂ ਇਸਤਰੀ ਨੂੰ ਦਿੰਦਾ ਹੈ, ਉਹ ਪੁਰਸ਼ ਨੂੰ ਨਹੀਂ ਦਿੰਦਾ।
ਪ੍ਰੇਮੀ ਨੂੰ ਪ੍ਰਭਾਵਿਤ ਤਾਂ ਪ੍ਰੇਮਿਕਾ ਦਾ ਚਿਹਰਾ ਕਰਦਾ ਹੈ ਪਰ ਜੋ ਯਾਦ ਰਹਿੰਦਾ ਹੈ, ਉਹ ਉਸ ਦੀ ਸ਼ਖਸੀਅਤ ਹੁੰਦੀ ਹੈ।
ਜਦੋਂ ਪਿਆਰਾ ਗੁਆਚ ਜਾਵੇ ਤਾਂ ਅੱਖਾਂ ਕਮਲੀਆਂ ਜਿਹੀਆਂ ਹੋ ਕੇ ਉਸ ਨੂੰ ਲਭਦੀਆਂ ਰਹਿੰਦੀਆਂ ਹਨ ਅਤੇ ਇੰਜ ਲਗਦਾ ਹੈ ਜਿਵੇਂ ਦੂਜੇ ਨੇ ਸਾਡੇ ਸਰੀਰ ਦੀਆਂ ਨਾੜਾਂ ਖਿੱਚ ਲਈਆਂ ਹੋਣ।
ਇਕ ਪ੍ਰੇਮਿਕਾ ਨੇ ਲਿਖਿਆ: ਰਾਤੀਂ ਤੇਰਾ ਸੁਪਨਾ ਆਇਆ ਸੀ ਅਤੇ ਪਹਿਲਾਂ ਵਾਂਗ ਹੀ ਰੱਬ ਕਹਿਣ ਲਗਾ, ਮੰਗ ਜੋ ਮੰਗਣਾ ਹੈ । ਮੈਂ ਕਿਹਾ ਤੂੰ ਜਾਣੀ-ਜਾਣ ਹੈਂ, ਤੈਨੂੰ ਪਤਾ ਹੈ ਮੈਂ ਕੀ ਮੰਗਦੀ ਹਾਂ, ਫਿਰ ਬਾਰ ਬਾਰ ਕਿਉਂ ਪੁਛਦਾ ਹੈਂ? ਰੱਬ ਨੇ ਕਿਹਾ:
ਬਾਰ-ਬਾਰ ਮੈਂ ਇਸ ਲਈ ਪੁਛਦਾ ਹਾਂ ਕਿ ਸ਼ਾਇਦ ਭੁਲ-ਭੁਲੇਖੇ ਤੂੰ, ਉਸ ਦੀ ਥਾਂ, ਮੈਨੂੰ ਮੰਗ ਲਵੇਂ।
ਪ੍ਰੇਮਿਕਾ ਦਾ ਦੁਨੀਆ ਦੇ ਕਿਸੇ ਵੀ ਰਿਸ਼ਤੇ ਵਿਚ ਤਰਜਮਾ ਨਹੀਂ ਹੋ ਸਕਦਾ। ਇਹੀ ਇਸ ਅਨੁਭਵ ਦੀ ਵਿਲੱਖਣਤਾ ਹੈ।
ਜੇ ਪ੍ਰੇਮਿਕਾ ਦਾ ਸਾਥ ਹੋਵੇ ਤਾਂ ਸਾਰੇ ਰਸਤੇ ਆਪਣੇ ਅਤੇ ਸਾਰੀਆਂ ਮੰਜ਼ਲਾਂ ਨੇੜੇ ਲਗਣ ਲਗ ਪੈਂਦੀਆਂ ਹਨ।
ਪਿਆਰ ਵਿਚ ਅਸੀਂ ਪਹੁੰਚਣ ਦੀ ਥਾਂ ਚਲਣ ਵਿਚ ਅਤੇ ਖੁਸ਼ ਹੋਣ ਨਾਲੋਂ ਉਦਾਸ ਹੋਣ ਵਿਚ ਵਧੇਰੇ ਆਨੰਦ ਲੈਂਦੇ ਹਾਂ।
ਕਈ ਵਾਰੀ ਨਾ ਕੋਈ ਵਾਅਦਾ ਹੁੰਦਾ ਹੈ ਨਾ ਹੀ ਮਿਲਣ ਦੀ ਕੋਈ ਉਮੀਦ ਪਰ ਫਿਰ ਵੀ ਯਾਦਾਂ ਉਸ ਦੀ ਉਡੀਕ ਕਰਨ ਲਈ ਪ੍ਰੇਰਦੀਆਂ ਹਨ।
ਉਡੀਕਣ ਦੀ ਆਦਤ ਕਾਰਨ ਅਕਸਰ, ਪ੍ਰੇਮੀ, ਪ੍ਰੇਮਿਕਾ ਕੋਲ ਬਹਿ ਕੇ ਵੀ ਉਸ ਦੀ ਉਡੀਕ ਕਰੀ ਜਾਂਦਾ ਹੈ।
ਜਦੋਂ ਆਸ ਹੋਵੇ ਉਸ ਦੇ ਸੁਪਨੇ ਵਿਚ ਆਉਣ ਦੀ ਤਾਂ ਪ੍ਰੇਮੀ ਨੀਂਦ ਨਾ ਆਉਣ ਦੇ ਬਾਵਜੂਦ ਸੌਣ ਦਾ ਯਤਨ ਕਰਦਾ ਹੈ।
ਇਕ ਵਾਰ ਉਹ ਸੁਪਨੇ ਵਿਚ ਆਈ ਸੀ ਅਤੇ ਆ ਕੇ ਬੈਠੀ ਰਹੀ, ਕੁਝ ਚਿਰ ਮਗਰੋਂ ਅੰਗੜਾਈ ਲੈ ਕੇ ਕਹਿਣ ਲਗੀ, ਅਛਾ! ਮੈਂ ਚਲਦੀ ਹਾਂ।
ਉਹ ਵਿਛੜੀ ਕੁਝ ਇਸ ਤਰ੍ਹਾਂ ਕਿ ਰੁੱਤ ਹੀ ਬਦਲ ਗਈ, ਰਾਹ ਗੁਆਚ ਗਿਆ ਅਤੇ ਜ਼ਿੰਦਗੀ ਵੀਰਾਨ ਹੋ ਗਈ।
ਦੁਸ਼ਮਣਾਂ ਦੀ ਯਾਦ ਨਾਲ ਕਦਮ ਬੋਝਲ ਹੋ ਜਾਂਦੇ ਹਨ, ਪਿਆਰਿਆਂ ਦੀ ਯਾਦ ਨਾਲ ਥਕਾਵਟ ਲਹਿ ਜਾਂਦੀ ਹੈ।
ਪਿਆਰਾ-ਪਿਆਰਾ ਲਗਦਾ ਹੈ ਉਹ ਥਾਂ, ਜਿਥੇ ਆਪਣਾ ਪਿਆਰਾ ਵਸਦਾ ਹੋਵੇ ਕਿਉਂਕਿ ਉਥੇ ਹੀ ਵਸਦਾ ਹੈ ਸਾਰਾ ਜਹਾਨ।
ਉਹ ਸਾਰੇ ਘਰ ਆਪਣੇ ਹੀ ਹਨ, ਜਿਥੇ ਆਪਣਿਆਂ ਦਾ ਡੇਰਾ ਹੋਵੇ।
ਦੂਰੀਆਂ ਕੁਝ ਵੀ ਨਹੀਂ ਹੁੰਦੀਆਂ ਜੇ ਦਿਲ ਨੇੜੇ ਹੋਣ।
ਇਸੇ ਕਰਕੇ ਕਹਿੰਦੇ ਹਨ ਕਿ ਪ੍ਰੇਮੀਆਂ ਦਾ ਵਿਆਹ ਜਿਥੇ ਮਰਜ਼ੀ ਹੋ ਜਾਵੇ, ਉਹ ਆਪਣੀ ਮੁਹੱਬਤ ਨੂੰ ਯਾਦ ਰਖਦੇ ਹਨ।
ਸੁਤੰਤਰਤਾ ਤੋਂ ਕੁਝ ਵਰ੍ਹੇ ਪਹਿਲਾਂ ਗਲੈਂਸੀ ਨਾਂ ਦਾ ਇਕ ਅੰਗ੍ਰੇਜ਼ ਪੰਜਾਬ ਦਾ ਗਵਰਨਰ ਸੀ, ਜਿਸ ਨੇ ਲੰਮਾ ਅਰਸਾ ਇਸ ਕਰਕੇ ਵਿਆਹ ਨਹੀਂ ਸੀ ਕਰਵਾਇਆ ਕਿਉਂਕਿ ਕੋਈ ਉਸ ਦੇ ਸੁਪਨਿਆਂ ਦੇ ਮੇਚ ਨਹੀਂ ਸੀ ਆਈ।
ਇਹੋ ਜਿਹੇ ਜਦੋਂ ਪਿਆਰ ਕਰਦੇ ਹਨ ਤਾਂ ਸਿਰ ਭਾਰ ਡਿਗਦੇ, ਪਹਿਲੀ ਹੀ ਛੱਲ ਵਿਚ ਡੁੱਬ ਜਾਂਦੇ ਹਨ।
ਗਲੈਂਸੀ ਨਾਲ ਵੀ ਇਵੇਂ ਹੀ ਹੋਇਆ। ਜੂਲੀਆ ਨਾਂ ਦੀ ਇਕ ਅੰਗ੍ਰੇਜ਼ ਕਾਲਜ ਅਧਿਆਪਕਾ ਨਾਲ ਲਾਹੌਰ ਕਾਲਜ ਵਿਚ ਜਦੋਂ ਉਸ ਦਾ ਮੇਲ ਹੋਇਆ ਤਾਂ ਗਲੈਂਸੀ ਨੇ ਝਟ ਹੀ ਵਿਆਹ ਵੀ ਕਰਵਾ ਲਿਆ। ਇਸ ਕਾਰਨ ਉਹ ਦੋਵੇਂ ਚਰਚਾ ਦਾ ਵਿਸ਼ਾ ਬਣੇ ਸਨ। ਜੂਲੀਆ ਸੋਹਣੀ ਤਾਂ ਹੈ ਹੀ ਸੀ ਪਰ ਉਹ ਮਸ਼ਹੂਰ ਆਪਣੀ ਆਜ਼ਾਦ ਤਬੀਅਤ ਕਰਕੇ ਹੋਈ। ਉਰਦੂ ਅਖਬਾਰਾਂ ਨੇ ਉਸ ਦਾ ਨਾਂ ਨੂਰ ਜਹਾਨ ਰਖਿਆ ਹੋਇਆ ਸੀ ਕਿਉਂਕਿ ਗਵਰਨਰ ਉਤੇ ਉਸ ਦਾ ਉਹੀ ਪ੍ਰਭਾਵ ਸੀ, ਜਿਹੋ ਜਿਹਾ ਜਹਾਂਗੀਰ ਉਤੇ ਨੂਰ ਜਹਾਨ ਦਾ ਸੀ। ਇਕ ਵਾਰੀ ਸ਼ਿਮਲੇ, ਖੁੱਲ੍ਹੀ ਕਾਰ ਵਿਚ ਘੁੰਮਦਿਆਂ, ਉਹ ਇਕੋ-ਇਕ ਪੈਟਰੋਲ ਪੰਪ ਤੇ ਗਏ ਤਾਂ ਪੈਟਰੋਲ ਪੰਪ ਦਾ ਮਾਲਕ ਉਹ ਅੰਗਰੇਜ਼ ਸੀ ਜਿਸ ਨੂੰ ਚੜ੍ਹਦੀ ਜਵਾਨੀ ਵਿਚ ਜੂਲੀਆ ਨੇ ਪਿਆਰ ਕੀਤਾ ਸੀ। ਉਹ ਸਬੱਬ ਨਾਲ ਮਿਲੇ ਸਨ। ਪੈਟਰੋਲ ਪੰਪ ਦੇ ਮਾਲਕ ਨੇ ਕਿਹਾ: ਜੂਲੀਆ ਤੈਨੂੰ ਯਾਦ ਹੈ ਅਸੀਂ ਪੜ੍ਹਦਿਆਂ ਇਕ-ਦੂਜੇ ਨੂੰ ਬੜਾ ਪਿਆਰ ਕਰਦੇ ਸਾਂ । ਜੂਲੀਆ ਨੇ ਕਿਹਾ: ਹਾਂ ਚੰਗੀ ਤਰ੍ਹਾਂ ਯਾਦ ਹੈ, ਸਭ ਕੁਝ, ਹਰ ਗੱਲ ਯਾਦ ਹੈ। ਇਹ ਗਲਬਾਤ ਗਵਰਨਰ-ਪਤੀ ਨੇ ਵੀ ਸੁਣ ਲਈ ਤੇ ਉਸ ਨੇ ਆਪਣੀ ਪਤਨੀ ਨੂੰ ਕਿਹਾ : ਤੂੰ ਇਸ ਨੂੰ ਦਸ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਕੇ ਕਿਤਨੀ ਖੁਸ਼ ਹੈਂ। ਜੂਲੀਆ ਨੇ ਕਿਹਾ : ਅਜਿਹਾ ਦਸਣ ਦੀ ਕੀ ਲੋੜ ਹੈ? ਗਵਰਨਰ-ਪਤੀ ਨੇ ਕਿਹਾ : ਇਹ ਕੇਵਲ ਪੈਟਰੋਲ ਪੰਪ ਦਾ ਮਾਲਕ ਹੈ, ਮੈਂ ਤੇਰਾ ਪਤੀ, ਪੰਜਾਬ ਦਾ ਗਵਰਨਰ ਹਾਂ! ਜੂਲੀਆ ਨੇ ਕਿਹਾ : ਜੇ ਮੈਂ ਇਸ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਇਸ ਨੇ ਵੀ ਗਵਰਨਰ ਬਣ ਜਾਣਾ ਸੀ ।
ਕੁਝ ਦਿਨ ਹੁੰਦੇ ਹਨ ਜਦੋਂ ਯਾਦਾਂ ਦਾ ਝੁਰਮਟ ਸੰਘਣਾ ਹੋ ਜਾਂਦਾ ਹੈ ਅਤੇ ਸਾਡੇ ਸਾਰੇ ਦਰਦ ਡੁੱਬ ਜਾਂਦੇ ਹਨ ਅਤੇ ਬਿਰਹਾ ਜਾਗ ਪੈਂਦੀ ਹੈ।
ਪ੍ਰੇਮੀ ਲਈ ਬਿਰਹਾ ਹੀ ਉਸ ਦੀ ਪ੍ਰਾਰਥਨਾ ਹੈ।
ਪਿਆਰੇ ਨੂੰ ਯਾਦ ਕਰਦਿਆਂ ਅਸੀਂ ਆਪਣਾ ਆਪ ਦਾਨ ਕਰ ਦਿੰਦੇ ਹਾਂ ਅਤੇ ਇਥੋਂ ਸ਼ੁਰੂ ਕਰਦੇ ਹਾਂ ਮਨ ਦੀ ਅੰਦਰਲੀ ਯਾਤਰਾ ਜਿਹੜੀ ਆਰੰਭ ਅਤੇ ਅੰਤ ਤੋਂ ਮੁਕਤ ਹੁੰਦੀ ਹੈ।
ਯਾਦਾਂ ਵਿਚ ਵਿਚਰਦਿਆਂ, ਅਸੀਂ ਆਪਣੇ ਪਿਆਰਿਆਂ ਨੂੰ ਇਵੇਂ ਮਿਲਦੇ ਹਾਂ ਜਿਵੇਂ ਮਿਲਦਾ ਹੈ, ਸੁੱਕੀਆਂ ਵੇਲਾਂ ਨੂੰ ਪਾਣੀ।
ਇਕੱਤੀ ਐਤਵਾਰਾਂ ਵਾਲਾ ਮਹੀਨਾ
ਇਕ ਦਿਨ ਆਉਂਦਾ ਹੈ ਜਦੋਂ ਸੂਰਜ ਦੇ ਢਲਣ ਨਾਲ ਲੰਮੀ ਨੌਕਰੀ ਮੁੱਕ ਜਾਂਦੀ ਹੈ ਅਤੇ ਬੰਧਨਾਂ ਤੋਂ ਮੁਕਤ ਇਕ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ।
ਜਿਨ੍ਹਾਂ ਦਿਨਾਂ ਲਈ ਅਸੀਂ ਲੰਮਾ ਅਰਸਾ ਔਖੇ ਹੁੰਦੇ ਰਹੇ ਹੁੰਦੇ ਹਾਂ, ਸੌਖੇ ਹੋਣ ਵਾਲੇ ਉਹ ਦਿਨ ਆ ਜਾਂਦੇ ਹਨ।
ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਜੇ ਵਧੇਰੇ ਧਿਆਨ ਨਾਲ ਚਲੇ ਹੁੰਦੇ ਤਾਂ ਜੀਵਨ ਹੋਰ ਵੀ ਚੰਗਾ ਹੋਣਾ ਸੀ ਪਰ ਇਹ ਵਿਚਾਰ ਵੀ ਆਉਣਾ ਚਾਹੀਦਾ ਹੈ ਕਿ ਅਜ ਤੋਂ ਮੈਂ ਚੰਗੇਰੇ ਜੀਵਨ ਲਈ ਵਧੇਰੇ ਧਿਆਨ ਨਾਲ ਚਲਾਂਗਾ।
ਪਤਾ ਲਗਦਾ ਹੈ ਕਿ ਅਸੀਂ ਤਾਂ ਸਦਾ ਦੂਜਿਆਂ ਦੇ ਹੁਕਮ ਹੀ ਮੰਨਦੇ ਰਹੇ, ਉਨ੍ਹਾਂ ਦੇ ਪਿਛੇ ਪਿਛੇ ਹੀ ਟੁਰਦੇ ਰਹੇ, ਆਪ ਤਾਂ ਚਲੇ ਹੀ ਨਹੀਂ ਪਰ ਹੁਣ ਅਸੀਂ ਆਪਣੀ ਮੌਜ ਨਾਲ ਚਲਾਂਗੇ ।
ਜੀਵਨ ਵਿਚ ਬੜਾ ਕੁਝ ਵਾਪਰਦਾ ਹੈ ਪਰ ਜਨਮ, ਵਿਆਹ, ਸੇਵਾ-ਮੁਕਤੀ ਅਤੇ ਮੌਤ ਜੀਵਨ ਦੇ ਚਾਰ ਮੁਖ ਪੜਾਓ ਹਨ।
ਜਨਮ ਅਤੇ ਮਰਨ ਸਮੇਂ ਅਸੀਂ ਸੁਚੇਤ ਨਹੀਂ ਹੁੰਦੇ, ਵਿਆਹ ਸਮੇਂ ਅੱਖਾਂ ਸੁਪਨਿਆਂ ਕਾਰਨ ਅਧ-ਮੀਟੀਆਂ ਹੁੰਦੀਆਂ ਹਨ, ਜਿਹੜੀਆਂ ਢਲਦੀ ਉਮਰ ਵਿਚ ਸੇਵਾ- ਮੁਕਤੀ ਸਮੇਂ ਹੀ ਪੂਰੀ ਤਰ੍ਹਾਂ ਖੁੱਲ੍ਹਦੀਆਂ ਹਨ।
ਸੇਵਾ-ਮੁਕਤੀ ਦਾ ਸਿੱਧਾ ਸਬੰਧ ਨੌਕਰੀ ਨਾਲ ਹੈ। ਜਿਹੜੇ ਨੌਕਰੀ ਨਹੀਂ ਵੀ ਕਰਦੇ, ਉਹ ਵੀ ਇਕ ਦਿਨ ਆਪਣੇ ਵਹੀ-ਖਾਤਿਆਂ ਜਾਂ ਸੰਦਾਂ ਨੂੰ ਮੱਥਾ ਟੇਕ ਦਿੰਦੇ ਹਨ ਅਤੇ ਇਥੋਂ ਹੀ ਜੀਵਨ ਦੇ ਦੂਜੇ ਅੱਧ ਦੀ ਯਾਤਰਾ ਆਰੰਭ ਹੁੰਦੀ ਹੈ, ਜਿਸ ਵਿਚ ਅਸੀਂ ਆਪਣਾ ਸਾਰਾ ਗਿਆਨ, ਤਜਰਬਾ ਅਤੇ ਅਨੁਭਵ ਵਰਤਣਾ ਹੁੰਦਾ ਹੈ।
ਸੇਵਾ-ਮੁਕਤੀ ਨੂੰ ਖਿੜੇ-ਮੱਥੇ ਅਤੇ ਧੰਨਵਾਦੀ ਬਿਰਤੀ ਨਾਲ ਸਵੀਕਾਰ ਕਰਨ ਦੀ ਲੋੜ ਹੈ, ਕਿਉਂਕਿ ਸੈਂਕੜੇ ਵਿਅਕਤੀ ਇਹ ਅਵਸਰ ਨਸੀਬ ਹੋਣ ਤੋਂ ਪਹਿਲਾਂ ਹੀ ਸੰਸਾਰ ਨੂੰ ਫਤਹਿ ਬੁਲਾ ਜਾਂਦੇ ਹਨ।
ਅਨੇਕਾਂ ਹਨ ਜਿਹੜੇ ਆਪਣੀ ਸੇਵਾ-ਨਿਵਿਰਤੀ ਨੂੰ ਸਵੀਕਾਰ ਨਹੀਂ ਕਰਦੇ, ਉਹ ਸਮਝਦੇ ਹਨ ਕਿ ਉਨ੍ਹਾਂ ਨਾਲ ਅਣਹੋਣੀ ਹੋਈ ਹੈ। ਉਹ ਜਾ ਜਾ ਕੇ ਵੇਖਦੇ ਹਨ ਅਤੇ ਵੇਖ ਵੇਖ ਕੇ ਪ੍ਰੇਸ਼ਾਨ ਹੁੰਦੇ ਹਨ ਕਿ ਸਭ ਕੁਝ ਪਹਿਲੇ ਵਾਂਗ ਹੀ ਚਲ ਰਿਹਾ ਹੈ। ਉਹ ਭੁਲ ਜਾਂਦੇ ਹਨ ਕਿ ਉਨ੍ਹਾਂ ਤੋਂ ਪਹਿਲਾਂ ਵੀ ਬੜੇ ਮਹੱਤਵਪੂਰਨ ਵਿਅਕਤੀ ਸੇਵਾ-ਮੁਕਤ ਹੋ ਚੁਕੇ ਹਨ ਅਤੇ ਉਨ੍ਹਾਂ ਨੇ ਆਪ ਵੀ ਦੂਜਿਆਂ ਦੀ ਸੇਵਾ-ਨਿਵਿਰਤੀ ਦੀਆਂ ਮਿਤੀਆਂ ਆਪਣੀ ਡਾਇਰੀ ਵਿਚ ਲਿਖੀਆਂ ਹੋਈਆਂ ਸਨ। ਕਈਆਂ ਦੇ ਚਿਤ-ਚੇਤੇ ਵਿਚ ਹੀ ਨਹੀਂ ਆਉਂਦਾ ਕਿ ਇਕ ਦਿਨ ਅਹੁਦਾ, ਦਫਤਰ ਜਾਂ ਸਹੂਲਤਾਂ ਛਡਣੀਆਂ ਪੈਣਗੀਆਂ, ਇਸ ਲਈ ਉਹ ਆਪਣੇ ਸੇਵਾਕਾਲ ਵਿਚ ਵਾਧਾ ਕਰਾਉਣ ਲਈ ਪਾਇਦਾਨ ਵੀ ਬਣ ਜਾਂਦੇ ਹਨ।
ਭਾਗਾਂ ਵਾਲੇ ਅਨੇਕਾਂ ਉਹ ਵੀ ਹਨ, ਜਿਹੜੇ ਪ੍ਰਸੰਨ-ਚਿਤ ਨਾਲ ਸੇਵਾ- ਮੁਕਤ ਹੁੰਦੇ ਹਨ। ਉਨ੍ਹਾਂ ਨੇ ਪਹਿਲਾਂ ਵੀ ਕੰਮ ਕੀਤਾ ਹੁੰਦਾ ਹੈ ਅਤੇ ਮਗਰੋਂ ਵੀ ਸੇਵਾ-ਭਾਵ ਨਾਲ ਕਰਨਾ ਹੁੰਦਾ ਹੈ। ਅਜਿਹਿਆਂ ਦਾ ਮਾਣ-ਸਤਿਕਾਰ ਅਹੁਦੇ ਕਾਰਨ ਨਹੀਂ, ਉਨ੍ਹਾਂ ਦੇ ਚਰਿਤਰ ਦੇ ਗੁਣਾਂ ਕਰਕੇ ਹੁੰਦਾ ਹੈ ਅਤੇ ਉਨ੍ਹਾਂ ਵਿਚ ਇਕ ਡੂੰਘੀ ਨਿਘੀ ਸੂਝ ਹੁੰਦੀ ਹੈ, ਜਿਹੜੀ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰਖਦੀ ਹੈ।
ਸੇਵਾ-ਮੁਕਤੀ ਉਪਰੰਤ ਦੂਜਿਆਂ ਦਾ ਕਹਿਣਾ: ‘ਚੰਗਾ ਆਦਮੀ ਸੀ’, ਜ਼ਿੰਦਗੀ ਭਰ ਦੀ ਕਮਾਈ ਹੁੰਦੀ ਹੈ। ਕਈਆਂ ਬਾਰੇ ਤਾਂ ਇਹ ਵੀ ਸੁਣਿਆ ਜਾਂਦਾ ਹੈ : ‘ਉਸ ਵਰਗਾ ਕੌਣ ਹੋ ਸਕਦਾ ਹੈ!’ ਅਜਿਹੇ ਵਿਅਕਤੀ ਦੋ ਵਾਰੀ ਸੇਵਾ-ਮੁਕਤ ਹੁੰਦੇ ਹਨ, ਇਕ ਵਾਰੀ ਕਰਮਚਾਰੀ ਵਜੋਂ ਅਤੇ ਦੂਜੀ ਵਾਰੀ ਚੰਗੇ ਅਤੇ ਯਾਦ ਰਹਿਣ ਵਾਲੇ ਪਿਆਰੇ ਇਨਸਾਨ ਵਜੋਂ।
ਜਿਨ੍ਹਾਂ ਨੇ ਕੰਮ ਵਿਚੋਂ ਆਨੰਦ ਲਿਆ ਹੁੰਦਾ ਹੈ, ਉਨ੍ਹਾਂ ਨੂੰ ਕਿਸੇ ਹੋਰ ਫਲ ਦੀ ਕੋਈ ਇੱਛਾ ਨਹੀਂ ਹੁੰਦੀ । ਅਜਿਹੇ ਮਨੁੱਖ ਮਿਲਾਪੜੇ ਪਰ ਗੰਭੀਰ, ਖਾਮੋਸ਼, ਲੱਜਾਵਾਨ, ਗੁਣਾਂ ਅਗੇ ਝੁਕਣ ਵਾਲੇ, ਸਖੀ, ਸਹਿਯੋਗੀ, ਇਕਾਂਤ-ਪ੍ਰੇਮੀ, ਸੰਗਾਊ, ਪ੍ਰਸੰਨ, ਵੈਰਾਗੀ ਅਤੇ ਤਿਆਗੀ ਹੁੰਦੇ ਹਨ, ਉਨ੍ਹਾਂ ਦੀ ਬਿਰਤੀ ਵਿਚ ਸੰਨਿਆਸ ਹੁੰਦਾ ਹੈ ਅਤੇ ਵਰਤਾਰੇ ਵਿਚ ਸਰਬੱਤ ਦੇ ਭਲੇ ਦੀ ਭਾਵਨਾ।
ਉਹ ਆਪ ਸਮੱਸਿਆਵਾਂ ਉਪਜਾਉਂਦੇ ਨਹੀਂ, ਦੂਜਿਆਂ ਦੀਆਂ ਮੁਸ਼ਕਿਲਾਂ ਹਲ ਕਰਦੇ ਹਨ। ਉਨ੍ਹਾਂ ਲਈ ਸੇਵਾ-ਨਿਵਿਰਤੀ ਨਵੇਂ, ਨਰੋਏ ਅਤੇ ਉਚੇਰੇ ਸ਼ੌਕ ਪਾਲਣ ਦਾ ਅਵਸਰ ਹੁੰਦੀ ਹੈ।
ਸੇਵਾ-ਮੁਕਤੀ ਉਪਰੰਤ ਜੀਵਨ ਨਵੀਆਂ ਲੀਹਾਂ ‘ਤੇ ਚਲਣਾ ਹੁੰਦਾ ਹੈ। ਕਈ ਟੁੱਟੀਆਂ ਨੂੰ ਗੰਢਦੇ ਹਨ ਅਤੇ ਕਈ ਵਿਛੜਨ ਵੇਲੇ ਕੌੜੇ ਵਿਹਾਰ ਨਾਲ ਮੋਹ-ਮਮਤਾ ਦੇ ਰਿਸ਼ਤੇ ਤੋੜ ਕੇ ਅੰਦਰ ਜ਼ਖਮ ਇਕਠੇ ਕਰਦੇ ਹਨ। ਕਈ ਗੁਆਚੇ-ਗੁਆਚੇ ਲਗਦੇ ਹਨ, ਜਿਵੇਂ ਰਸਤਾ ਭੁਲ ਗਏ ਹੋਣ। ਕਈ ਜੀਵਨ ਸਾਥੀ ਦੇ ਪਹਿਲੇ ਚਲੇ ਜਾਣ ਕਾਰਨ ਇਕੱਲਤਾ ਤੋਂ ਭੈਭੀਤ ਹੋ ਜਾਂਦੇ ਹਨ, ਕਿਉਂਕਿ ਮਨ ਦੀ ਖੁਸ਼ੀ ਅਤੇ ਸਵੈਮਾਣ ਦੇ ਨਖਰੇ ਜੀਵਨ ਸਾਥੀ ਦੇ ਚਲੇ ਜਾਣ ਨਾਲ ਚਲੇ ਜਾਂਦੇ ਹਨ ਅਤੇ ਅੰਦਰ ਇਕ ਝਿਜਕ ਜਿਹੀ ਬਹਿ ਜਾਂਦੀ ਹੈ। ਆਪਣੇ ਕਾਰਜਾਂ ਦਾ ਅਸੀਂ ਭਾਵੇਂ ਹਿਸਾਬ ਨਾ ਰਖੀਏ, ਕੁਦਰਤ ਰਖਦੀ ਹੈ। ਕਈਆਂ ਦੀਆਂ ਨਿੱਕੀਆਂ ਨਿੱਕੀਆਂ ਚਤੁਰਾਈਆਂ, ਜਿਨ੍ਹਾਂ ਨੂੰ ਉਹ ਸਿਆਣਪਾਂ ਸਮਝਦੇ ਹਨ, ਸੁਖਾਵੇਂ ਅਤੇ ਨਿਘੇ ਸਬੰਧਾਂ ਦੀਆਂ ਤੰਦਾਂ ਇੰਜ ਤੋੜ ਜਾਂਦੀਆਂ ਹਨ ਕਿ ਦੁੱਖ-ਸੁਖ ਵਿਚ ਕਿਸੇ ਤਕ ਆਵਾਜ਼ ਹੀ ਨਹੀਂ ਅਪੜਦੀ । ਇਹ ਘਾਟੇ ਪੁਸ਼ਤਾਂ ਤਕ ਸਤਾਉਂਦੇ ਰਹਿੰਦੇ ਹਨ।
ਜਿਥੇ ਪਤੀ-ਪਤਨੀ ਜਾਂ ਸੰਤਾਨ ਅਤੇ ਮਾਪਿਆਂ ਵਿਚਕਾਰ ਸਬੰਧ ਸੁਖਾਵੇਂ ਨਹੀਂ ਹੁੰਦੇ, ਉਥੇ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਵਿਚ ਵੀ ਨਿਘ ਨਹੀਂ ਹੁੰਦਾ।
ਮਾਪਿਆਂ ਦੀ ਦੇਖ-ਭਾਲ ਹੀ ਸੰਤਾਨ ਲਈ ਤਸੱਲੀ-ਭਰਿਆ ਰੁਝੇਵਾਂ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਮਾਪਿਆਂ ਦੀ ਲੋੜ ਹੈ, ਉਨ੍ਹਾਂ ਦੀਆਂ ਅਸੀਸਾਂ ਦੀ ਵੀ, ਨਸੀਹਤਾਂ ਦੀ ਵੀ, ਝਿੜਕਾਂ ਦੀ ਵੀ ਅਤੇ ਸਾਵਧਾਨੀਆਂ ਦੀ ਵੀ। ਉਨ੍ਹਾਂ ਦੇ ਆਖਰੀ ਸਮੇਂ ਵਿਚੋਂ ਉਦਾਸੀਆਂ ਕੱਢ ਕੇ ਤਸੱਲੀਆਂ ਭਰਨ ਦੀ ਲੋੜ ਹੈ। ਜਿਹੜੇ ਆਪਣੇ ਮਾਪਿਆਂ ਦੀ ਪ੍ਰਸੰਨ-ਚਿਤ ਹੋ ਕੇ ਦੇਖ-ਭਾਲ ਕਰਦੇ ਹਨ, ਉਨ੍ਹਾਂ ਦੇ ਮਾਪੇ ਵੀ ਤੇ ਉਹ ਆਪ ਵੀ ਪ੍ਰਸੰਨ ਲੰਮੀ ਜ਼ਿੰਦਗੀ ਜਿਉਂਦੇ ਹਨ।
ਸੇਵਾ-ਮੁਕਤੀ ਉਪਰੰਤ ਭਰਪੂਰ ਜ਼ਿੰਦਗੀ ਲਈ ਗਿਆਨ ਅਤੇ ਸੇਵਾ ਦੋਹਾਂ ਦੀ ਲੋੜ ਹੈ । ਗਿਆਨ ਸਾਨੂੰ ਆਪੇ ਦੀ ਸੋਝੀ ਦਿੰਦਾ ਹੈ ਜਦੋਂ ਕਿ ਸੇਵਾ ਅਤੇ ਮੁਹੱਬਤ ਦਾ ਜਜ਼ਬਾ ਦੂਜਿਆਂ ਨੂੰ ਸਾਡੇ ਨੇੜੇ ਲਿਆਉਂਦਾ ਹੈ।
ਰੋਜ਼ ਲੱਖਾਂ ਥਾਂਵਾਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਰਾਹੀਂ ਸਾਡੇ ਭਲੇ ਦੀ ਵੀ ਅਰਦਾਸ ਹੁੰਦੀ ਹੈ। ਜਿਹੜੇ ਸੋਚਦੇ ਹਨ, ਉਨ੍ਹਾਂ ਕੋਲ ਸਭ ਕੁਝ ਹੈ, ਉਨ੍ਹਾਂ ਨੂੰ ਸੰਸਾਰ ਵੀ ਭਰਿਆ-ਭਰਿਆ ਲਗਦਾ ਹੈ। ਭਰੇ ਹੋਣਾ, ਖਾਲੀ ਹੋਣਾ, ਪ੍ਰਸੰਨ ਹੋਣਾ, ਉਦਾਸ ਹੋਣਾ, ਸਾਡੀ ਸੋਚ ਉਤੇ ਨਿਰਭਰ ਕਰਦਾ ਹੈ।
ਸੇਵਾ ਅਤੇ ਵਿਸ਼ਵਾਸ ਵਿਚ ਆਸ ਹੁੰਦੀ ਹੈ। ਜਦੋਂ ਵਿਸ਼ਵਾਸ ਉਪਜਦਾ ਹੈ ਤਾਂ ਮੁਆਫ ਕੀਤੇ ਜਾਣ ਦੀ ਇਛਾ ਅਤੇ ਮੁਆਫ ਕਰਨ ਦੀ ਦਲੇਰੀ ਵੀ ਉਪਜਦੀ ਹੈ। ਇਨ੍ਹਾਂ ਭਾਵਨਾਵਾਂ ਵਿਚੋਂ ਕੁਦਰਤ ਜਾਂ ਪਰਮਾਤਮਾ ਵਿਚ ਵਿਸ਼ਵਾਸ ਉਪਜਦਾ ਹੈ ਜਿਹੜਾ ਅਰਦਾਸ ਵਿਚ ਪ੍ਰਗਟ ਹੁੰਦਾ ਹੈ। ਅਰਦਾਸ ਰਾਹੀਂ ਅਸੀਂ ਰੱਬ ਨੂੰ ਸੂਚਨਾ ਦਿੰਦੇ ਹਾਂ ਕਿ ਸਾਨੂੰ ਤੇਰੇ ਸੋਹਣੇ ਦਰ-ਦਰਵਾਜ਼ੇ ਲਭ ਪਏ ਹਨ। ਜੇ ਅੰਦਰ ਸ਼ਰਧਾ ਹੋਵੇ ਤਾਂ ਤਾਰੇ ਪਰਿਕਰਮਾ ਅਤੇ ਪੰਛੀ ਕੀਰਤਨ ਕਰਦੇ ਪ੍ਰਤੀਤ ਹੋਣਗੇ।
ਅਰਦਾਸ ਵਿਚ ਹਿਲਦੇ ਬੁੱਲ੍ਹ ਹਨ ਪਰ ਬੋਲਦੀ ਆਤਮਾ ਹੈ।
ਪਿਆਰ, ਦਇਆ ਅਤੇ ਖਿਮਾ ਰੂਹਾਨੀ ਗੁਣ ਹਨ, ਇਨ੍ਹਾਂ ਗੁਣਾਂ ਤੋਂ ਬਿਨਾ ਸੇਵਾ-ਮੁਕਤ ਵਿਅਕਤੀ ਸਨਕੀ ਬਣ ਜਾਂਦੇ ਹਨ ਅਤੇ ਜੀਵਨ ਵਿਚੋਂ ਖਾਰਜ ਹੋ ਜਾਂਦੇ ਹਨ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਇਸੇ ਲਈ ਲੰਮੇਰਾ ਅਤੇ ਸੰਤੁਸ਼ਟ ਜੀਵਨ ਜਿਉਂਦੀਆਂ ਹਨ, ਕਿਉਂਕਿ ਉਹ ਧਾਰਮਿਕ ਹੁੰਦੀਆਂ ਹਨ ਅਤੇ ਉਨ੍ਹਾਂ ਵਿਚ ਉਪਰੋਕਤ ਰੂਹਾਨੀ ਗੁਣ ਹੁੰਦੇ ਹਨ।
ਪੁਰਸ਼ਾਂ ਨੂੰ ਆਪਣੇ ਕੰਮ ਵਾਲੀ ਥਾਂ ਨਾਲ ਲਗਾਓ ਹੁੰਦਾ ਹੈ ਜਦੋਂ ਕਿ ਕੰਮ- ਕਾਜੀ ਇਸਤਰੀ ਦੀ ਵੀ ਪਹਿਲੀ ਵਫਾਦਾਰੀ ਘਰ ਨਾਲ ਹੁੰਦੀ ਹੈ। ਇਸਤਰੀਆਂ ਸੇਵਾ-ਮੁਕਤੀ ਨੂੰ ਉਤਸ਼ਾਹ ਨਾਲ ਉਡੀਕਦੀਆਂ ਹਨ, ਜਦੋਂ ਕਿ ਪੁਰਸ਼ਾਂ ਨੂੰ ਇਸ ਸਥਿਤੀ ਨਾਲ ਸਮਝੌਤਾ ਕਰਨਾ ਪੈਂਦਾ ਹੈ, ਸੋ ਪੁਰਸ਼ਾਂ ਨੂੰ ਆਪਣੇ ਦ੍ਰਿਸ਼ਟੀਕੋਣ ਵਿਚ ਤਬਦੀਲੀ ਕਰਨੀ ਪੈਂਦੀ ਹੈ। ਪਤੀ-ਪਤਨੀ ਰਿਸ਼ਤਿਆਂ ਦੇ ਨਹੀਂ, ਜ਼ਿੰਮੇਵਾਰੀਆਂ ਦੇ ਨਾਂ ਹਨ, ਇਵੇਂ ਹੀ ਘਰ ਮੰਜਾ-ਬਿਸਤਰਾ, ਰਸੋਈ ਤੇ ਗੁਸਲਖਾਨਾ ਹੀ ਨਹੀਂ ਹੁੰਦਾ,
ਇਹ ਸਾਡੀ ਸਭ ਪ੍ਰਕਾਰ ਦੀ ਸੁਰੱਖਿਆ ਅਤੇ ਤਸੱਲੀ ਦਾ ਕੇਂਦਰ ਵੀ ਹੁੰਦਾ ਹੈ।
ਸੇਵਾ-ਮੁਕਤੀ ਵਾਲੇ ਦਿਹਾੜੇ ਸਾਡਾ ਅਹੁਦਾ-ਰੁਤਬਾ ਦਫਤਰ ਹੀ ਰਹਿ ਜਾਂਦਾ ਹੈ ਅਤੇ ਅਸੀਂ ਬਾਕੀ ਦਾ ਜੀਵਨ ਗੁਜ਼ਾਰਨ ਲਈ ਆਪਣੇ ਘਰ ਪਹੁੰਚ ਜਾਂਦੇ ਹਾਂ ।
ਘਰ ਵਿਚ ਸੇਵਾ-ਮੁਕਤ ਵਿਅਕਤੀ ਦੀ ਦੇਖ-ਭਾਲ ਉਸ ਦੇ ਸਾਬਕਾ ਅਹੁਦੇ ਕਾਰਨ ਨਹੀਂ, ਉਸ ਦੇ ਵਰਤਮਾਨ ਵਿਹਾਰ ਦੇ ਆਧਾਰ ਤੇ ਹੋਵੇਗੀ।
ਘਰ ਵਿਚ ਪਤੀ ਨੂੰ ਇਕ ਆਗਿਆਕਾਰੀ ਲਾਇਕ ਵਿਦਿਆਰਥੀ ਵਾਂਗ ਵਿਚਰਨਾ ਪਵੇਗਾ। ਇਸੇ ਲਈ ਕਹਿੰਦੇ ਹਨ ਕਿ ਜੇ ਅਜੇ ਤਕ ਨਹੀਂ ਸਿਖੇ ਤਾਂ ਆਪਣੇ ਘਰ ਵਿਚ ਪ੍ਰਸੰਨ ਹੋ ਕੇ ਰਹਿਣਾ ਸਿਖੋ।
ਜਿਹੜਾ ਹਰ ਵੇਲੇ ਘਰ ਰਹਿੰਦਾ ਹੈ ਉਹ ਘਰ ਤੋਂ ਸਿਵਾਇ ਕੁਝ ਨਹੀਂ ਵੇਖਦਾ, ਉਸ ਨੂੰ ਬੀਮਾਰੀ ਨਹੀਂ, ਉਹ ਬੀਮਾਰੀ ਨੂੰ ਲਗ ਜਾਂਦਾ ਹੈ ਅਤੇ ਦਵਾਈਆਂ ਦੀ ਗਿਣਤੀ ਵੱਧਣ ਲਗ ਪੈਂਦੀ ਹੈ।
ਬਿਸਤਰੇ ਤੋਂ ਗੁਸਲਖਾਨੇ ਤਕ ਜਾਣ ਨੂੰ ਸੈਰ ਨਹੀਂ ਕਹਿੰਦੇ, ਸੈਰ ਘਰੋਂ ਬਾਹਰ, ਘਰੋਂ ਦੂਰ ਜਾਣ ਦਾ ਨਾਂ ਹੈ।
ਜਿਤਨੀ ਲੰਮੀ ਸੈਰ ਹੋਵੇਗੀ ਉਤਨੀ ਚੰਗੀ ਸਿਹਤ ਹੋਵੇਗੀ।
ਅਸੀਂ ਸੈਰ ਨਾਲ ਤੰਦਰੁਸਤ ਨਹੀਂ ਹੁੰਦੇ, ਸਗੋਂ ਤੰਦਰੁਸਤ ਹੋਣ ਕਰਕੇ ਸੈਰ ਕੀਤੀ ਜਾਂਦੀ ਹੈ।
ਪੁਰਸ਼ਾਂ ਲਈ ਘਰੋਂ ਬਾਹਰ ਜਾਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਜੁ ਪਤਨੀ ਨੂੰ ਕੁਝ ਚਿਰ ਸੌਖਾ ਸਾਹ ਆਵੇ। ਜਿਹੜੇ ਸੇਵਾ-ਮੁਕਤੀ ਉਪਰੰਤ ਘਰ ਦੇ ਚੌਕੀਦਾਰ ਅਤੇ ਪਤਨੀ ਦੇ ਪਹਿਰੇਦਾਰ ਬਣ ਜਾਂਦੇ ਹਨ, ਉਹ ਜਿਥੇ ਵੀ ਹੁੰਦੇ ਹਨ, ਉਥੇ ਹੀ ਨਰਕ ਸਿਰਜ ਲੈਂਦੇ ਹਨ।
ਸੇਵਾ-ਮੁਕਤੀ ਉਪਰੰਤ ਪਤੀ ਦੇ ਹਰ ਵੇਲੇ ਘਰ ਰਹਿਣ ਨਾਲ ਤਣਾਓ ਉਪਜਦਾ ਹੈ ਅਤੇ ਪਤਨੀ ਵਿਚ ਖਿਝਣ ਦੀ ਬਿਰਤੀ ਵੱਧਦੀ ਹੈ। ਪਤਨੀ ਨਾਲ, ਸਾਰਾ ਜੀਵਨ, ਪੁਰਸ਼ ਨੇ ਜੋ ਚੰਗਾ-ਮਾੜਾ ਵਿਹਾਰ ਕੀਤਾ ਹੁੰਦਾ ਹੈ, ਉਸ ਦਾ ਸੇਵਾ- ਮੁਕਤੀ ਸਮੇਂ ਪਤਨੀ ਆਲੋਚਨਾਤਮਕ ਮੁਲਾਂਕਣ ਕਰਦੀ ਹੈ।
ਯਾਦ ਰਖਣ ਦੀ ਲੋੜ ਹੈ ਕਿ ਸੇਵਾ-ਮੁਕਤੀ, ਇਕ ਨਵੀਂ ਨਿਯੁਕਤੀ ਹੁੰਦੀ ਹੈ।
ਹੁਣ ਤੁਹਾਡਾ ਕੁਝ ਵੀ ਵੇਖ ਕੇ ਅਣਡਿੱਠ ਨਹੀਂ ਕੀਤਾ ਜਾਵੇਗਾ। ਟੂਟੀ ਖੁਲ੍ਹੀ ਛੱਡਣ ਅਤੇ ਬੱਤੀ ਜਗਦੀ ਰਹਿਣ ਤੇ ਟਿੱਪਣੀ ਕੀਤੀ ਜਾਵੇਗੀ। ਸੇਵਾ-ਮੁਕਤੀ ਉਪਰੰਤ ਤੁਹਾਡੀ ਪ੍ਰਸੰਸਾ ਘਟ ਅਤੇ ਆਲੋਚਨਾ ਵਧੇਰੇ ਹੋਵੇਗੀ।
ਪਤੀ ਨੇ ਘਰ ਨੂੰ ਬਾਹਰੋਂ ਮਜ਼ਬੂਤ ਕਰਨਾ ਹੁੰਦਾ ਹੈ ਜਦੋਂ ਕਿ ਪਤਨੀ ਨੇ ਘਰ ਨੂੰ ਅੰਦਰੋਂ ਸੁਖਾਵਾਂ ਬਣਾਉਣਾ ਹੁੰਦਾ ਹੈ। ਘਰ ਵਿਚ ਲਗਭਗ ਸਾਰਾ ਸਾਮਾਨ ਇਸਤਰੀ ਨੇ ਆਪਣੀ ਤਰਤੀਬ ਨਾਲ ਟਿਕਾਇਆ ਹੁੰਦਾ ਹੈ, ਉਹ ਵਿਘਨ ਬਰਦਾਸ਼ਤ ਨਹੀਂ ਕਰਦੀ ਸੋ ਸ਼ੁਰੂ ਵਿਚ ਪਤੀ, ਪਤਨੀ ਲਈ, ਘਰ ਵਿਚ ਅਜਿਹੇ ਮਹਿਮਾਨ ਵਰਗਾ ਹੁੰਦਾ ਹੈ ਜਿਹੜਾ ਵਾਪਸ ਜਾਣਾ ਭੁਲ ਗਿਆ ਹੋਵੇ।
ਜੇ ਪਤਨੀ ਵੀ ਸੇਵਾ-ਮੁਕਤ ਹੋਈ ਹੋਵੇ ਤਾਂ ਉਹ ਪਤੀ ਤੋਂ ਅਨੁਸ਼ਾਸਨ ਵਿਚ ਰਹਿਣ ਦੀ ਆਸ ਕਰਦੀ ਹੈ। ਪਤੀ ਦਾ ਰਸੋਈ ਵਿਚ ਜਾਣਾ, ਚੀਜ਼ਾਂ ਤੋੜਨਾ ਅਤੇ ਡੋਲ੍ਹਣਾ, ਇਸਤਰੀ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਹੁੰਦੀ ਹੈ । ਯਾਦ ਰਖਣ ਵਾਲੀ ਗੱਲ ਇਹ ਹੈ ਕਿ ਘਰ ਅੰਦਰ ਪਤਨੀ ਦੇ ਅਧਿਕਾਰ ਹੁੰਦੇ ਹਨ ਅਤੇ ਪਤੀ ਦੇ ਫਰਜ਼।
ਅਕਸਰ, ਪਤਨੀ ਲਈ, ਪਤੀ ਦੀ ਸੇਵਾ-ਮੁਕਤੀ, ਅੱਧੀ-ਤਨਖਾਹ ਅਤੇ ਦੁਗਣੀ ਪ੍ਰੇਸ਼ਾਨੀ ਹੋ ਨਿਬੜਦੀ ਹੈ। ਕਈ ਸੇਵਾ-ਮੁਕਤੀ ਉਪਰੰਤ ਚਾਦਰ ਨਾਲੋਂ ਪੈਰ ਵਧੇਰੇ ਪਸਾਰ ਲੈਂਦੇ ਹਨ ਸੋ ਉਨ੍ਹਾਂ ਨੂੰ ਹੱਥ ਵੀ ਪਸਾਰਨੇ ਪੈ ਜਾਂਦੇ ਹਨ।
ਉਂਜ ਤਾਂ ਬਹੁਤੇ ਵਿਅਕਤੀਆਂ ਦੀ ਉਮਰ ਵੱਧਣ ਨਾਲ ਸਿਆਣਪ ਵੀ ਵੱਧਦੀ ਹੈ ਪਰ ਕਈਆਂ ਦੀ ਕੇਵਲ ਉਮਰ ਹੀ ਵੱਧਦੀ ਹੈ, ਕਈਆਂ ਦਾ ਤਜਰਬਾ ਤਾਂ ਵੱਧਦਾ ਹੈ ਪਰ ਮੂਰਖਤਾ ਘਟਦੀ ਨਹੀਂ।
ਕਿਸੇ ਵੀ ਇਸਤਰੀ ਨੂੰ ਨਿਕੰਮਾ ਬੰਦਾ ਚੰਗਾ ਨਹੀਂ ਲਗਦਾ, ਭਾਵੇਂ ਉਹ ਉਸ ਦਾ ਪਤੀ ਹੀ ਕਿਉਂ ਨਾ ਹੋਵੇ।
ਇਹ ਸਮਝਣਾ ਜ਼ਰੂਰੀ ਹੈ ਕਿ ਜਿਸ ਸੋਚ ਨਾਲ ਸਮੱਸਿਆਵਾਂ ਉਪਜਦੀਆਂ ਹਨ ਉਸੇ ਸੋਚ ਨਾਲ ਉਹ ਹਲ ਨਹੀਂ ਹੁੰਦੀਆਂ। ਉਨ੍ਹਾਂ ਨੂੰ ਹਲ ਕਰਨ ਵਾਸਤੇ ਉਚੇਰੀ ਸੋਚ ਦੀ ਲੋੜ ਪੈਂਦੀ ਹੈ।
ਸੇਵਾ-ਮੁਕਤੀ ਉਪਰੰਤ ਤਸੱਲੀ ਸੰਜਮ ਵਿਚੋਂ ਮਿਲੇਗੀ।
ਸੰਜਮ ਆਪਣੇ ਆਪ ਵਿਚ ਹੀ ਇਕ ਚੰਗੀ ਆਦਤ ਨਹੀਂ, ਇਹ ਹਰ ਚੰਗੀ ਆਦਤ ਦਾ ਭਾਗ ਵੀ ਹੁੰਦਾ ਹੈ।
ਸੇਵਾ-ਮੁਕਤ ਹੋ ਕੇ ਹੀ ਪਤਾ ਲਗਦਾ ਹੈ ਕਿ ਅਸੀਂ ਨੌਕਰੀ ਦੇ ਸੌੜੇ ਜਿਹੇ ਦਾਇਰੇ ਨੂੰ ਕਿਤਨਾ ਵੱਡਾ ਪਸਾਰਾ ਸਮਝਣ ਦਾ ਭਰਮ ਸਿਰਜਿਆ ਹੋਇਆ ਸੀ।
ਅਹੁਦਾ, ਸਰਦਾਰੀ, ਚੌਧਰ ਆਦਿ ਜੇ ਨਿਮਰਤਾ ਅਤੇ ਹਮਦਰਦੀ-ਵਿਹੂਣੇ ਹੋਣ ਤਾਂ ਇਹ ਕਈਆਂ ਦੀ ਨਫਰਤ ਦਾ ਨਿਸ਼ਾਨਾ ਬਣਦੇ ਹਨ।
ਮੁਹੱਬਤ ਅਤੇ ਹਾਂ-ਪੱਖੀ ਅਨੁਭਵਾਂ ਜਾਂ ਕਾਰਨਾਂ ਨਾਲ ਅਸੀਂ ਸਮੁੱਚੀ ਕਾਇਨਾਤ
ਨਾਲ ਜੁੜਦੇ ਹਾਂ। ਇਸ ਅਵਸਥਾ ਵਿਚ ਸਾਨੂੰ ਕਿਸੇ ਉਪਦੇਸ਼ ਜਾਂ ਨਸੀਹਤ ਦੀ ਲੋੜ ਨਹੀਂ ਪੈਂਦੀ ਅਤੇ ਨਾ ਕੇਵਲ ਅਸੀਂ ਆਪਣੀਆਂ ਸਮੱਸਿਆਵਾਂ ਸੁਲਝਾਉਂਦੇ ਹਾਂ ਸਗੋਂ ਦੂਜਿਆਂ ਦੀਆਂ ਸਮੱਸਿਆਵਾਂ ਸੁਲਝਾਉਣ ਵਿਚ ਵੀ ਸਹਿਯੋਗੀ ਹੁੰਦੇ ਹਾਂ।
ਇਸ ਹਾਲਤ ਵਿਚ ਤੁਸੀਂ ਜੋ ਕੁਝ ਵੀ ਕਰੋਗੇ ਉਹ ਠੀਕ ਹੋਵੇਗਾ, ਕਿਉਂਕਿ ਠੀਕ ਅਤੇ ਸਹੀ ਤੋਂ ਸਿਵਾਇ ਤੁਸੀਂ ਕੁਝ ਕਰ ਹੀ ਨਹੀਂ ਸਕੋਗੇ।
ਵੱਡੇ ਵਰਤਾਰੇ ਨਾਲ ਜੁੜ ਕੇ ਅਸੀਂ ਹਉਮੈ ਮੁਕਤ ਹੋ ਜਾਂਦੇ ਹਾਂ ਅਤੇ ਹਉਮੈ ਮੁਕਤ ਹੋਣ ਕਰਕੇ ਅਸੀਂ ਸ਼ਾਂਤ ਹੋ ਜਾਂਦੇ ਹਾਂ।
ਸੇਵਾ-ਮੁਕਤੀ ਉਪਰੰਤ ਅਸੀਂ ਜਿਤਨੀ ਹਉਮੈ ਤਿਆਗਦੇ ਜਾਂਦੇ ਹਾਂ, ਉਤਨੇ ਸ਼ਾਂਤ ਹੁੰਦੇ ਜਾਂਦੇ ਹਾਂ । ਇਹ ਇਕ ਢੰਗ ਹੈ ਆਪਣੇ ਅੰਤਲੇ ਅਹੁਦੇ ਜਾਂ ਰੁਤਬੇ ਤੋਂ ਵੀ ਵੱਡੇ ਹੋਣ ਦਾ। ਸੰਸਾਰ ਸਾਡੇ ਛੋਟੇ ਜਿਹੇ ਮਨ ਦਾ ਹੀ ਵੱਡਾ ਪਸਾਰਾ-ਵਰਤਾਰਾ ਹੈ।
ਸਹਿਯੋਗ ਨਾਲ ਅਸੀਂ ਦੂਜਿਆਂ ਨਾਲ ਜੁੜਦੇ ਹਾਂ ਅਤੇ ਅਗੋਂ ਹੋਰਾਂ ਨਾਲ ਜੁੜਦੇ ਜਾਂਦੇ ਹਾਂ।
ਸਹਿਯੋਗ ਵੀ ਇਕ ਦਾਨ ਹੈ ਅਤੇ ਕੋਈ ਵੀ ਦਾਨ ਦੇਣਾ ਦਿਲ ਦਾ ਗੁਣ ਹੁੰਦਾ ਹੈ, ਹੱਥਾਂ ਦੀ ਤਾਕਤ ਨਹੀਂ।
ਸਾਡੀ ਸਭ ਤੋਂ ਵੱਡੀ ਤਾਕਤ ਕਿਸੇ ਦੀ ਲੋੜ ਬਣੇ ਰਹਿਣਾ ਹੁੰਦੀ ਹੈ।
ਨੌਕਰੀ ਦੌਰਾਨ ਅਸੀਂ ਕਿਸੇ ਨੂੰ ਆਪਣੇ ਸੁਆਰਥ ਅਧੀਨ ਅਤੇ ਉਸ ਦੇ ਰੁਤਬੇ ਅਤੇ ਅਧਿਕਾਰਾਂ ਦੀ ਸ਼ਕਤੀ ਕਾਰਨ ਮਿਲਣ ਜਾਂਦੇ ਹਾਂ, ਜਦੋਂ ਕਿ ਸੇਵਾ-ਮੁਕਤੀ ਉਪਰੰਤ ਰਿਸ਼ਤੇ ਅੰਦਰਲੇ ਗੁਣਾਂ, ਮਿਲਣੀ ਦੇ ਨਿਘ, ਉਦਾਰਤਾ ਅਤੇ ਸਹਿਯੋਗੀ ਬਿਰਤੀ ਉਤੇ ਆਧਾਰਿਤ ਹੁੰਦੇ ਹਨ।
ਸੰਸਾਰ ਨੇ, ਸਮਾਜ ਨੇ, ਨੌਕਰੀ ਅਤੇ ਅਹੁਦੇ ਨੇ, ਸਾਨੂੰ ਬਹੁਤ ਕੁਝ ਦਿਤਾ ਹੁੰਦਾ ਹੈ, ਧੰਨਵਾਦੀ ਹੋਣ ਅਤੇ ਵਾਪਸ ਕਰਨ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ।
ਜਦੋਂ ਤਕ ਕੋਈ ਸੇਵਾ-ਮੁਕਤ ਹੁੰਦਾ ਹੈ, ਉਸ ਨੇ ਭੋਜਨ, ਪੈਸਾ, ਸਫਲਤਾ, ਰੁਤਬਾ, ਸੁਰੱਖਿਆ, ਪਿਆਰ, ਕਾਮ ਆਦਿ ਸਭ ਕੁਝ ਹੰਢਾ ਲਿਆ ਹੁੰਦਾ ਹੈ ਪਰ ਇਸ ਦੇ ਬਾਵਜੂਦ ਕਈ ਵਿਅਕਤੀ ਗਿਲੇ-ਸ਼ਿਕਵੇ ਹੀ ਕਰਦੇ ਰਹਿੰਦੇ ਹਨ ਜਿਹੜੇ ਇਸ ਗੱਲ ਦੇ ਸੂਚਕ ਹੁੰਦੇ ਹਨ ਕਿ ਉਨ੍ਹਾਂ ਵਲੋਂ ਜੀਵਨ ਚੰਗੀ ਤਰ੍ਹਾਂ ਜੀਵਿਆ ਨਹੀਂ ਗਿਆ, ਜਿਸ ਕਾਰਨ ਦਿਲ ਅਤੇ ਦਿਮਾਗ ਵਿਚਕਾਰ, ਮਨੁੱਖ ਅਤੇ ਕੁਦਰਤ ਵਿਚਕਾਰ ਵਿੱਥ ਬਣੀ ਰਹਿੰਦੀ ਹੈ।
ਮੌਤ ਦਾ ਡਰ, ਖੁਸ਼ੀ ਜਾਂ ਉਦਾਸੀ ਵੀ ਜੀਵਨ ਨੂੰ ਚੰਗੇ ਜਾਂ ਮਾੜੇ ਢੰਗ ਨਾਲ ਜਿਉਣ ਦੇ ਅਨੁਪਾਤ ਵਿਚ ਹੁੰਦੀ ਹੈ।
ਮੇਰਾ ਇਕ ਮਿੱਤਰ ਦਸ ਰਿਹਾ ਸੀ: ਜਦੋਂ ਮੈਂ ਸੇਵਾ-ਮੁਕਤ ਹੋਇਆ ਤਾਂ ਉਸ ਤੋਂ ਪਹਿਲੇ ਵੀ ਮੇਰੇ ਦਫਤਰ ਦੇ ਦਰਖਤ ਤੋਂ ਕਿਤਨੇ ਹੀ ਪੱਤੇ ਝੜ ਚੁਕੇ ਸਨ। ਮੈਨੂੰ ਖਿਆਲ ਸੀ ਕਿ ਮੇਰੀ ਉਮਰ ਦਾ ਕਿਸੇ ਨੂੰ ਪਤਾ ਨਹੀਂ ਸੀ ਅਤੇ ਇਸ ਕਾਰਨ ਹੀ ਸੇਵਾ-ਮੁਕਤੀ ਤੋਂ ਪਹਿਲੇ ਮੈਂ ਕੁਝ ਮਹੀਨੇ ਦੀ ਰਵਾਇਤੀ ਛੁੱਟੀ ਵੀ ਨਾ ਲਈ ਪਰ ਜਦੋਂ ਮੈਨੂੰ ਦਿਤੀ ਜਾਣ ਵਾਲੀ ਵਿਦਾਇਗੀ ਪਾਰਟੀ ਦਾ ਸੱਦਾ-ਪੱਤਰ ਮਿਲਿਆ ਤਾਂ ਪਤਾ ਲਗਿਆ ਕਿ ਮੇਰੇ ਕਮਰੇ ਨੂੰ ਲੈਣ ਲਈ ਤਾਂ ਕਈ ਮਹੀਨਿਆਂ ਤੋਂ ਸਿਫਾਰਸ਼ਾਂ ਦਾ ਸਿਲਸਿਲਾ ਚਲ ਰਿਹਾ ਸੀ । ਮੇਰਾ ਵਿਸ਼ਵਾਸ ਸੀ ਕਿ ਮੈਨੂੰ ਸੇਵਾ-ਮੁਕਤ ਕਰਕੇ ਮਹਿਕਮੇ ਨੂੰ ਸਖਤ ਅਫਸੋਸ ਹੋਵੇਗਾ ਪਰ ਮੈਨੂੰ ਵਿਦਾ ਕਰਨ ਲਈ ਵਿਖਾਇਆ ਜਾ ਰਿਹਾ ਚਾਅ ਮੈਨੂੰ ਖੁਸ਼ੀ ਵੀ ਦੇ ਰਿਹਾ ਸੀ ਪਰ ਨਾਲ ਹੀ ਪ੍ਰੇਸ਼ਾਨ ਵੀ ਕਰ ਰਿਹਾ ਸੀ। ਕਈਆਂ ਨੇ ਮੇਰਾ ਦਿਲ ਰਖਣ ਲਈ ਕਿਹਾ, ਤੁਸੀਂ ਮਹਿਕਮੇ ਦੀ ਯਾਦਗਾਰੀ ਸੇਵਾ ਕੀਤੀ ਹੈ। ਮੈਨੂੰ ਪਤਾ ਲਗਿਆ ਕਿ ਮੈਨੂੰ ਵਿਦਾ ਕਰਨ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਚਲ ਰਹੀਆਂ ਸਨ ਅਤੇ ਇਸ ਅਰਸੇ ਦੌਰਾਨ ਮੇਰੇ ਪ੍ਰਤੀ ਅਣਗਹਿਲੀ ਸ਼ੁਰੂ ਹੋ ਗਈ ਸੀ। ਜਿਹੜਾ ਸੇਵਾਦਾਰ ਬਿਨਾ ਬੁਲਾਏ ਹੀ ਕਈ ਵਾਰੀ ਪੁਛਦਾ ਸੀ : ਕੋਈ ਸੇਵਾ ਦਸੋ, ਉਹ ਵੀ ਹੁਣ ਤਿੰਨ-ਚਾਰ ਵਾਰੀ ਬੁਲਾਉਣ ਮਗਰੋਂ ਆ ਕੇ ਕਹਿਣ ਲਗ ਪਿਆ ਸੀ: ਕੀ ਹੈ ?
ਜਿਵੇਂ ਮਰਨ ਵਾਲੇ ਦੀਆਂ ਗਲਤੀਆਂ ਮੁਆਫ ਕਰ ਦਿਤੀਆਂ ਜਾਂਦੀਆਂ ਹਨ ਅਤੇ ਕੇਵਲ ਨੇਕੀਆਂ ਯਾਦ ਰਖੀਆਂ ਜਾਂਦੀਆਂ ਹਨ, ਉਂਵੇਂ ਵਿਦਾਇਗੀ ਪਾਰਟੀ ਵਿਚ ਮੈਨੂੰ ਵੀ ਚੰਗਾ ਇਨਸਾਨ ਸਾਬਤ ਕੀਤਾ ਜਾ ਰਿਹਾ ਸੀ। ਇੰਜ ਲਗਦਾ ਸੀ ਕਿ ਮੇਰੇ ਇਹ ਗੁਣ ਉਨ੍ਹਾਂ ਨੂੰ ਨੌਕਰੀ ਦੇ ਅਖੀਰਲੇ ਦਿਨ ਦੀ ਦੁਪਹਿਰ ਮਗਰੋਂ ਹੀ ਵਿਖਾਈ ਦੇਣ ਲਗੇ ਸਨ । ਜਿਹੜੇ ਉਂਜ ਕੰਜੂਸ ਸਨ, ਉਹ ਵੀ ਅਜ ਮੇਰੀ ਪ੍ਰਸੰਸਾ ਵਿਚ ਸ਼ਬਦਾਂ-ਵਿਸ਼ੇਸ਼ਣਾਂ ਨੂੰ ਖੁੱਲ੍ਹ ਕੇ ਖਰਚ ਰਹੇ ਸਨ।
ਮੇਰੀ ਆਪਣੀ ਸੇਵਾ-ਮੁਕਤੀ ਵੇਲੇ ਕਈਆਂ ਨੇ ਤਾਂ ਅਜਿਹੇ ਜਜ਼ਬਾਤ ਪ੍ਰਗਟਾਏ ਕਿ ਜਿਵੇਂ ਮੈਂ ਮਹਿਕਮੇ ਤੋਂ ਨਹੀਂ ਇਸ ਦੁਨੀਆ ਤੋਂ ਹੀ ਜਾ ਰਿਹਾ ਸਾਂ ।
‘ਸ਼ਰਧਾਂਜਲੀਆਂ’ ਉਪਰੰਤ ਜਦੋਂ ਚੰਦਾ ਇਕਠਾ ਕਰਕੇ ਖਰੀਦੇ ਤੋਹਫੇ ਮੇਰੀ ਕਾਰ ਵਿਚ ਰਖ ਦਿਤੇ ਗਏ ਤਾਂ ਮੇਰੀ ਕਾਰ ਸਟਾਰਟ ਹੀ ਨਾ ਹੋਈ । ਸ਼ਾਇਦ ਮੇਰੀ ਕਾਰ ਨੇ ਮੇਰੀ ਸੇਵਾ-ਮੁਕਤੀ ਸਵੀਕਾਰ ਨਹੀਂ ਸੀ ਕੀਤੀ ਪਰ ਮੇਰੇ ਸਹਿਕਰਮੀਆਂ ਨੇ ਧੱਕਾ ਮਾਰ ਮਾਰ ਕੇ ਹੀ ਮੇਰੀ ਕਾਰ ਯੂਨੀਵਰਸਿਟੀ ਤੋਂ ਬਾਹਰ ਪਹੁੰਚਾ ਦਿਤੀ। ਪ੍ਰਗਟਾਏ ਜਜ਼ਬਾਤਾਂ ਵਿਚ ਰੁੜ੍ਹ ਜਾਣ ਕਾਰਨ ਮੈਨੂੰ ਪਤਾ ਹੀ ਨਹੀਂ ਸੀ ਲਗਿਆ ਕਿ ਮੈਂ ਕਾਰ ਨੂੰ ਸਕੂਟਰ ਵਾਲੀ ਚਾਬੀ ਲਾਈ ਹੋਈ ਸੀ ।
ਘਰ ਵਲ ਆਉਂਦਿਆਂ ਸੋਚਿਆ ਪਤਾ ਨਹੀਂ ਪਤਨੀ ਦਾ ਵਿਹਾਰ ਕਿਹੋ ਜਿਹਾ ਹੋਵੇਗਾ ਪਰ ਉਹ ਝਟ ਚਾਹ ਬਣਾ ਲਿਆਈ ਅਤੇ ਬੋਲੀ : ਅਜ ਤੁਸੀਂ ਗੈਰ- ਪ੍ਰੋਫੈਸਰੀ ਚਿਹਰੇ ਨਾਲ ਘਰ ਆਏ ਹੋ।
ਘਰ ਪਹੁੰਚ ਕੇ ਮੈਨੂੰ ਦਫਤਰ ਸੌੜਾਂ ਅਤੇ ਘਰ ਖੁੱਲ੍ਹਾ-ਖੁੱਲ੍ਹਾ ਲਗ ਰਿਹਾ ਸੀ।
ਸੇਵਾ-ਮੁਕਤੀ ਉਪਰੰਤ ਇਕ ਮਜਬੂਰੀ ਇਹ ਬਣਦੀ ਹੈ ਕਿ ਸਾਨੂੰ ਆਪਣੀ ਅਕਲ ਵਾਂਗ ਹੀ ਆਪਣੀ ਆਮਦਨ-ਪੈਨਸ਼ਨ ਵਿਚ ਗੁਜ਼ਾਰਾ ਕਰਨਾ ਪੈਂਦਾ ਹੈ।
ਕਿਉਂਕਿ ਝੂਠੀ ਪ੍ਰਸੰਸਾ ਕਰਨ ਵਾਲੇ ਨਹੀਂ ਰਹਿੰਦੇ ਸੋ ਆਪਣੇ ਆਪ ਨਾਲ ਜਾਣ- ਪਛਾਣ ਦੀ ਇਹ ਪਹਿਲੀ ਵੰਗਾਰ ਹੁੰਦੀ ਹੈ ਅਤੇ ਦੂਜਿਆਂ ਬਾਰੇ ਹੀ ਨਹੀਂ ਸਾਨੂੰ ਆਪਣੇ ਆਪ ਬਾਰੇ ਵੀ ਰਾਇ ਬਦਲਣੀ ਪੈਂਦੀ ਹੈ। ਕਈਆਂ ਵਿਚ ਜਦੋਂ ਕੁਰੀਤੀਆਂ ਦੀ ਹਿੰਮਤ ਨਹੀਂ ਰਹਿੰਦੀ ਤਾਂ ਕਹਿੰਦੇ ਹਨ : ਸਭ ਕੁਝ ਤਿਆਗ ਦਿਤਾ ਹੈ।
ਚਾਲ੍ਹੀ ਸਾਲ ਨੌਕਰੀ ਕਰਨ ਉਪਰੰਤ ਸੋਝੀ ਹੁੰਦੀ ਹੈ ਕਿ ਉਹ ਸਮਾਂ ਤਾਂ ਆਇਆ ਹੀ ਨਹੀਂ, ਜਿਸ ਦੀ ਉਡੀਕ ਸੀ । ਉਹ ਆਰਾਮ, ਸੁਖ ਅਤੇ ਸ਼ਾਂਤੀ ਤਾਂ ਮਿਲੀ ਹੀ ਨਹੀਂ, ਜਿਸ ਦਾ ਮੈਂ ਹੱਕਦਾਰ ਸੀ। ਸੇਵਾ-ਮੁਕਤ ਹੋਣ ਉਪਰੰਤ ਹੀ ਪਤਾ ਲਗਦਾ ਹੈ ਕਿ ਸ਼ਾਂਤੀ ਅਤੇ ਖੁਸ਼ੀ ਦਾ ਹੱਕਦਾਰ ਨਹੀਂ ਹੋਣਾ ਹੁੰਦਾ, ਖੁਸ਼ੀ ਅਤੇ ਸ਼ਾਂਤੀ ਦੀ ਚੋਣ ਕਰਨੀ ਹੁੰਦੀ ਹੈ। ਇਹ ਵੀ ਪਤਾ ਲਗਦਾ ਹੈ ਕਿ ਪ੍ਰਸੰਨ ਹੋਣ ਅਤੇ ਸ਼ਾਂਤ ਹੋਣ ਵਿਚ ਕਿਸੇ ਵਲੋਂ ਕੋਈ ਰੁਕਾਵਟ ਤਾਂ ਹੈ ਨਹੀਂ ਪਰ ਖੁਸ਼ ਜਾਂ ਸ਼ਾਂਤ ਹੋਣ ਦੀ ਪਹਿਲੀ ਸ਼ਰਤ ਹੈ, ਦੂਜਿਆਂ ਨਾਲ ਆਪਣਾ ਮੁਕਾਬਲਾ ਕਰਨ ਤੋਂ ਮੁਕਤ ਹੋਣਾ।
ਮੁਕਾਬਲੇ ਵਿਚੋਂ ਵਿਰੋਧ ਉਪਜਦਾ ਹੈ ਅਤੇ ਵਿਰੋਧ ਵਿਚੋਂ ਨਿਰਾਸ਼ਤਾ ਪੈਦਾ ਹੁੰਦੀ ਹੈ। ਇਹ ਕਹਿਣ ਦੀ ਵੀ ਲੋੜ ਨਹੀਂ ਕਿ ਮੇਰੀ ਯੋਗਤਾ ਦਾ ਸਹੀ ਮੁਲ ਨਹੀਂ ਪਿਆ ਕਿਉਂਕਿ ਜੋ ਕੁਝ ਮਿਲਿਆ ਹੁੰਦਾ ਹੈ ਅਤੇ ਜੋ ਕੁਝ ਕੋਲ ਹੁੰਦਾ ਹੈ ਜਾਂ ਜਿਸ ਪੜਾਅ ਤੇ ਅਸੀਂ ਸੇਵਾ-ਮੁਕਤ ਹੋਏ ਹੁੰਦੇ ਹਾਂ, ਉਹ ਵੀ ਘਟ ਨਹੀਂ ਹੁੰਦਾ।
ਵਾਸਤਵ ਵਿਚ ਮਨੁੱਖ ਦੂਜਿਆਂ ਦੀ ਨਿੰਦਾ ਕਰਨ ਦੇ ਬਹਾਨੇ ਲਭਦਾ ਰਹਿੰਦਾ ਹੈ ਅਤੇ ਆਪ ਦੁੱਖੀ ਹੁੰਦਾ ਰਹਿੰਦਾ ਹੈ।
ਦੁੱਖ ਦਾ ਕੋਈ ਲਾਭ ਜਾਂ ਉਦੇਸ਼ ਨਹੀਂ ਹੁੰਦਾ, ਇਸੇ ਲਈ ਇਹ ਪ੍ਰੇਸ਼ਾਨ ਕਰਦਾ ਹੈ।
ਨਿੰਦਾ ਤੋਂ ਮੁਕਤ ਹੋਏ ਬਿਨਾ ਸੰਤੁਸ਼ਟ ਹੋਣਾ ਅਸੰਭਵ ਹੈ।
ਜੇ ਭੁੱਖ ਲਗਦੀ ਹੈ, ਜੇ ਭੋਜਨ ਸੁਆਦ ਲਗਦਾ ਹੈ, ਜੇ ਕਦੇ ਕਦੇ ਕੋਈ ਇਸਤਰੀ ਸੋਹਣੀ ਲਗਦੀ ਹੈ, ਕਿਧਰੇ ਕੋਈ ਪੁਰਸ਼ ਸਿਆਣਾ ਪ੍ਰਤੀਤ ਹੁੰਦਾ ਹੈ ਤਾਂ ਇਹ ਸਭ ਜੀਵਨ ਨੂੰ ਮਾਣਨ ਦੇ ਅਵਸਰ ਹਨ।
ਸੇਵਾ-ਮੁਕਤੀ ਉਪਰੰਤ ਨੀਂਦਰ ਸਭ ਤੋਂ ਵੱਡੀ ਨਿਆਮਤ ਹੈ ਅਤੇ ਸਿਹਤ ਪਖੋਂ ਤੰਦਰੁਸਤ ਹੋਣ ਦੀ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ। ਇਹ ਸਭ ਦਰਦਾਂ ਦਾ ਇਲਾਜ ਤਾਂ ਹੈ ਹੀ, ਇਹ ਸਭ ਤੋਂ ਵੱਡਾ ਮਨੋਰੰਜਨ ਅਤੇ ਸਭ ਤੋਂ ਉੱਚੀ ਮੌਜ ਵੀ ਹੈ। ਜਦੋਂ ਨੀਂਦਰ ਆਈ ਹੋਵੇ, ਵਕਤ ਕੋਈ ਹੋਵੇ, ਲਗਦਾ ਹੈ ਰਾਤ ਪੈਣ ਵਾਲੀ ਹੈ।
ਜੇ ਤੁਸੀਂ ਬੱਚਿਆਂ ਵਾਂਗ ਸੌਂ ਸਕਦੇ ਹੋ ਤਾਂ ਤੁਸੀਂ ਬਾਦਸ਼ਾਹ ਹੋ।
ਨਿਰਸੰਦੇਹ ਚੰਗੀਆਂ ਕਦਰਾਂ-ਕੀਮਤਾਂ ਘਟ ਰਹੀਆਂ ਹਨ ਪਰ ਤਸੱਲੀ ਵਾਲੀ ਗੱਲ ਹੈ ਕਿ ਇਹ ਲੋਪ ਨਹੀਂ ਹੋਈਆਂ। ਪ੍ਰਸੰਨ ਹੋਵੋਗੇ, ਇਹ ਘਾਟ ਵੀ ਨਹੀਂ ਦਿਸੇਗੀ। ਵਾਸਤਵ ਵਿਚ ਬੁਨਿਆਦੀ ਕਦਰਾਂ-ਕੀਮਤਾਂ ਉਂਵੇਂ ਹੀ ਰਹਿੰਦੀਆਂ ਹਨ, ਇਹ ਸਾਡਾ, ਆਪਣੇ ਜਜ਼ਬਿਆਂ ਦੇ ਠੰਡੇ ਹੋ ਜਾਣ ਕਾਰਨ, ਭਰਮ ਹੁੰਦਾ ਹੈ ਕਿ ਕਦਰਾਂ-ਕੀਮਤਾਂ ਬਦਲ ਗਈਆਂ ਹਨ ਜਾਂ ਡਿਗ ਰਹੀਆਂ ਹਨ।
ਸੇਵਾ-ਮੁਕਤੀ ਉਪਰੰਤ ਝਗੜੇ ਜਾਂ ਦੁਸ਼ਮਣੀ ਦਾ ਸਿਲਸਿਲਾ ਦੂਰ ਤਕ ਨਹੀਂ ਚਲਦਾ ਕਿਉਂਕਿ ਆਰਾਮ ਜ਼ਿੰਦਗੀ ਦੀ ਮੁਢਲੀ ਲੋੜ ਬਣ ਜਾਂਦੀ ਹੈ । ਸੇਵਾ-ਮੁਕਤੀ ਉਪਰੰਤ ਸਾਡੇ ਸ਼ੁਭ-ਚਿੰਤਕਾਂ ਦੀ ਵੀ ਇਹੀ ਇਛਾ ਹੁੰਦੀ ਹੈ ਕਿ ਅਸੀਂ ਸਾਵਾਂ- ਸੰਤੁਲਤ ਅਤੇ ਉਸਾਰੂ ਜੀਵਨ ਜੀਵੀਏ, ਇਸੇ ਕਰਕੇ ਵਿਦਾਇਗੀ ਸਮਾਗਮ ਵਿਚ ਸਾਰੇ ਚੰਗੇ ਤੇ ਸੋਹਣੇ ਬਣ ਜਾਂਦੇ ਹਨ। ਉਹ ਸੋਹਣੇ ਇਸ ਲਈ ਲਗਦੇ ਹਨ, ਕਿਉਂਕਿ ਉਨ੍ਹਾਂ ਤੋਂ ਸਾਡੇ ਵਿਦਾ ਹੋਣ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਹੁੰਦੀ । ਕਈ ਨਚਦੇ ਗਾਉਂਦੇ ਵਿਦਾ ਹੁੰਦੇ ਹਨ, ਕਈ ਵਿਦਾ ਹੁੰਦਿਆਂ ਹੀ ਮੁਕੱਦਮੇ ਕਰਨ ਲਗ ਪੈਂਦੇ ਹਨ। ਜੇ ਕੋਈ ਮੂਰਖਤਾ ਕਰਨ ਤੋਂ ਹਟਦਾ ਹੀ ਨਹੀਂ ਤਾਂ ਸੋਚੋ ਕਿ ਜਿਸ ਨੂੰ ਰੱਬ ਨੇ ਮੂਰਖਤਾ ਦੀ ਦਾਤ ਦਿਤੀ ਹੈ ਉਸ ਨੂੰ ਅਸੀਂ ਕਿਵੇਂ ਵਿਰਵਾ ਕਰ ਸਕਦੇ ਹਾਂ।
ਵੇਖਿਆ ਗਿਆ ਹੈ ਕਿ ਕੁਦਰਤ ਜਦੋਂ ਕਿਸੇ ਨੂੰ ਮੂਰਖ ਬਣਾਉਂਦੀ ਹੈ ਤਾਂ ਕੋਈ ਸੰਸਾ ਜਾਂ ਸੰਦੇਹ ਨਹੀਂ ਰਹਿਣ ਦਿੰਦੀ। ਮੇਰੇ ਇਕ ਮਿੱਤਰ ਹਨ, ਜਿਹੜੇ ਹਰ ਵੇਲੇ ਝਰਦੇ ਰਹਿੰਦੇ ਹਨ, ਕਿਧਰੇ ਭੁਰ ਨਾ ਜਾਵਾਂ, ਕਿਧਰੋਂ ਖੁਰ ਨਾ ਜਾਵਾਂ, ਕਦੀ ਥੁੜ੍ਹ ਨਾ ਵਾਂ। ਉਹ ਨਿੱਕੇ ਜਿਹੇ ਦਰਦ ਨਾਲ ਖਬਰ ਫੈਲਾ ਦਿੰਦੇ ਹਨ ਕਿ ਦਿਲ ਦਾ ਦੌਰਾ ਪੈਣਾ ਵਾਲਾ ਹੈ।
ਚੰਗੇ ਉਹੀ ਲਗਦੇ ਹਨ, ਜਿਹੜੇ ਸੇਵਾ-ਮੁਕਤੀ ਉਪਰੰਤ, ਮਸਤੀ ਭਰਿਆ, ਭਰਪੂਰ ਜੀਵਨ ਜਿਉਂਦੇ ਹਨ। ਮੇਰੇ ਗੁਆਂਢ ਵਿਚ ਲੰਮੀ ਸੇਵਾ-ਮੁਕਤੀ ਹੰਢਾਉਣ ਵਾਲੇ ਇਕ ਹੈਡਮਾਸਟਰ ਸਾਹਿਬ ਰਹਿੰਦੇ ਹਨ, ਜਿਹੜੇ ਆਪਣੇ ਜੀਵਨ ਨੂੰ ਇਕੱਤੀ ਐਤਵਾਰਾਂ ਵਾਲਾ ਮਹੀਨਾ ਦਸਦੇ ਹਨ ਅਤੇ ਰੱਬ ਨੂੰ ਆਪਣਾ ਦੋਸਤ ਕਹਿੰਦੇ ਹਨ ਅਤੇ ਦਸਦੇ ਹਨ ਕਿ ਪਹਿਲਾਂ ਕੰਮ ਕਰਨ ਦਾ ਇਨਾਮ ਹਰ ਮਹੀਨੇ ਮਿਲਦਾ ਸੀ, ਹੁਣ ਆਰਾਮ ਕਰਨ ਦੀ ਤਨਖਾਹ ਮਿਲਦੀ ਹੈ। ਇਕ ਦਿਨ ਕਹਿਣ ਲਗੇ ਦੰਦ ਚਲੇ ਗਏ ਹਨ, ਨਜ਼ਰ ਵੀ ਚਲੀ ਗਈ ਹੈ, ਗੋਡੇ ਤੇ ਮੋਢੇ ਵੀ ਨਹੀਂ ਰਹੇ, ਸਾਮਾਨ ਰੱਬ ਕੋਲ ਭੇਜ ਦਿਤਾ ਹੈ, ਅਸੀਂ ਵੀ ਤਿਆਰ ਹਾਂ। ਉਨ੍ਹਾਂ ਦਾ ਫਲਸਫਾ ਹੈ : ਡਿਗਣ ਦੀ ਚਿੰਤਾ ਹੁੰਦੀ ਹੈ ਮੀਨਾਰਾਂ ਨੂੰ, ਸਾਨੂੰ ਬੁਨਿਆਦਾਂ ਦੇ ਪੱਥਰਾਂ ਨੂੰ ਕੀ ਡਰ । ਉਹ ਪ੍ਰਸੰਨ- ਚਿਤ ਹੋ ਕੇ ਕਹਿੰਦੇ ਹਨ ਕਿ ਲੋਕਾਂ ਨੇ ਤਾਂ ਸ਼ਮਸ਼ਾਨ ਘਾਟ ਤਕ ਹੀ ਨਾਲ ਜਾਣਾ ਹੈ, ਉਸ ਮਗਰੋਂ ਸਫਰ ਇਕਲਿਆਂ ਹੀ ਕਰਨਾ ਹੈ, ਇਸੇ ਕਰਕੇ ਅਭਿਆਸ ਵਾਸਤੇ, ਮੈਂ ਇਕੱਲਿਆਂ ਹੀ ਸੈਰ ਲਈ ਜਾਂਦਾ ਹਾਂ ।
ਇਕੱਲਿਆਂ ਜਾਂ ਰਲ ਕੇ ਸੈਰ ਕਰਨ ਵਾਲਿਆਂ ਦਾ, ਖੁੱਲ੍ਹੀਆਂ ਥਾਂਵਾਂ ਤੇ ਮਿਲ ਬੈਠਣ ਵਾਲਿਆਂ ਦਾ, ਕਿਸੇ ਸਾਂਝੀ ਥਾਂ ਜਾਂ ਧਾਰਮਿਕ ਸਥਾਨ ਤੇ ਰੋਜ਼ ਜਾਣ ਵਾਲਿਆਂ ਦਾ, ਇਕ ਭਾਈਚਾਰਾ ਬਣ ਜਾਂਦਾ ਹੈ।
ਸੇਵਾ-ਮੁਕਤਾ, ਸੇਵਾ-ਮੁਕਤੇ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ। ਕਿਉਂਕਿ ਇਸ ਸਮੇਂ ਕੋਈ ਸੁਆਰਥ ਨਹੀਂ ਹੁੰਦਾ, ਸੋ ਸਬੰਧ ਉਸਾਰਨੇ ਸੌਖੇ ਹੁੰਦੇ ਹਨ।
ਜੇ ਸਮੁੱਚੇ ਰੂਪ ਵਿਚ ਸਿਹਤ ਠੀਕ ਹੈ ਤਾਂ ਨਿੱਕੀਆਂ ਮੋਟੀਆਂ ਤਕਲੀਫਾਂ ਆਪੇ ਠੀਕ ਹੋ ਜਾਂਦੀਆਂ ਹਨ। ਵਕਤ ਦੇ ਬਦਲਣ ਨਾਲ ਸਾਡੇ ਦ੍ਰਿਸ਼ਟੀਕੋਣ ਵਾਂਗ ਸਾਡੀਆਂ ਆਦਤਾਂ ਵੀ ਬਦਲ ਜਾਂਦੀਆਂ ਹਨ ਜਿਵੇਂ ਜਵਾਨੀ ਵਿਚ ਵਿਦਰੋਹੀ ਅਤੇ ਜੋਸ਼ੀਲੀ ਬਿਰਤੀ ਕਾਰਨ ਅਸੀਂ ਤਿਖਾ-ਤਿਖਾ ਸੋਚਦੇ ਹਾਂ ਅਤੇ ਕਾਹਲਾ-ਕਾਹਲਾ ਕਰਦੇ ਹਾਂ ਪਰ ਸੇਵਾ-ਮੁਕਤੀ ਉਪਰੰਤ ਸਮਝੌਤੇ ਅਤੇ ਸ਼ਾਂਤੀ ਵਾਲੀ ਬਿਰਤੀ ਕਾਰਨ ਅਤੇ ਟਿਕਾਓ ਕਰਕੇ ਅਸੀਂ ਵਧੇਰੇ ਕਰਕੇ ਸੁਣਦੇ ਅਤੇ ਵੇਖਦੇ ਹੀ ਹਾਂ।
ਸੇਵਾ-ਮੁਕਤ ਹੋ ਕੇ ਬੁਢੇ ਹੋਣ ਦੀ ਮਾਨਸਿਕਤਾ ਤੋਂ ਬਚਣਾ ਚਾਹੀਦਾ ਹੈ ਅਤੇ ਜ਼ਿੰਦਗੀ ਦੇ ਸਾਦੇ ਅਤੇ ਸਾਊ ਸੁਆਦ ਅਤੇ ਸ਼ੌਕ ਕਾਇਮ ਰਖਣੇ ਚਾਹੀਦੇ ਹਨ ਅਤੇ ਸੰਜਮ ਅਤੇ ਸਬਰ ਨਾਲ ਇਹ ਕਾਇਮ ਰਹਿੰਦੇ ਹਨ।
ਉਨ੍ਹਾਂ ਨੂੰ ਸਨੇਹ ਨਾਲ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸਾਡੇ ਉਤੇ ਮਿਹਰਬਾਨੀਆਂ ਕੀਤੀਆਂ ਸਨ । ਜੇ ਵਧੀਕੀਆਂ ਯਾਦ ਕਰਨੀਆਂ ਹਨ ਤਾਂ ਉਹ ਕਰੋ ਜੋ ਤੁਸੀਂ ਦੂਜਿਆਂ ਨਾਲ ਕੀਤੀਆਂ ਸਨ।
ਸੇਵਾ-ਮੁਕਤੀ ਉਪਰੰਤ ਆਪਣੇ ਸਰੀਰ ਦੇ ਸੰਕੇਤਾਂ ਅਤੇ ਬਿਰਤੀਆਂ ਅਨੁਸਾਰ ਨਿਤਨੇਮ ਸਿਰਜਣ ਦੀ ਲੋੜ ਹੁੰਦੀ ਹੈ। ਇਹ ਉਮਰ ਗੁਜ਼ਰੇਗੀ ਤਾਂ ਤੁਹਾਡੀ ਸਮੁੱਚੀ ਜੀਵਨ-ਜਾਚ ਅਨੁਸਾਰ ਹੀ ਪਰ ਤਜਰਬੇ ਅਤੇ ਅਨੁਭਵ ਨੂੰ ਧਿਆਨ ਵਿਚ ਰਖ ਕੇ ਆਨੰਦ ਲਿਆ ਜਾ ਸਕਦਾ ਹੈ।
ਕਈ ਵਿਹਲ ਨੂੰ ਹੀ ਆਨੰਦ ਸਮਝਦੇ ਹਨ। ਆਨੰਦ ਵਿਚ ਬੁਧੀ ਅਤੇ ਦਿਲ, ਸੋਚ ਅਤੇ ਕਾਰਜ ਵਿਚ ਇਕਸੁਰਤਾ ਹੁੰਦੀ ਹੈ, ਜਿਹੜੀ ਵਿਹਲ ਵਿਚ ਨਹੀਂ ਹੁੰਦੀ।
ਆਪਣੇ ਨਿੱਕੇ-ਨਿੱਕੇ ਰੁਝੇਵੇਂ ਆਪ ਸਿਰਜੋ, ਸਵੇਰੇ ਨੇਮ ਨਾਲ ਤਿਆਰ ਹੋਵੋ, ਕੋਈ ਘਰ ਆਵੇ ਧੰਨਭਾਗ ਸਮਝੋ।
ਨਿਰਸੰਦੇਹ ਖੁੱਲ੍ਹੀਆਂ ਥਾਂਵਾਂ ਸਾਨੂੰ ਸੱਦਦੀਆਂ ਰਹਿੰਦੀਆਂ ਹਨ, ਪਾਣੀ ਵਾਲੀਆਂ ਥਾਂਵਾਂ ਵਿਚ ਮਨ ਨੂੰ ਸ਼ਾਂਤ ਕਰਨ ਦੀ ਸ਼ਕਤੀ ਹੁੰਦੀ ਹੈ।
ਪੁਸਤਕਾਂ ਜਿਹਾ ਕੋਈ ਸਾਥ ਨਹੀਂ, ਇਹ ਸਾਡੀ ਬੁਧੀ ਦਾ ਮਨੋਰੰਜਨ ਕਰਦੀਆਂ ਹਨ ਅਤੇ ਸਾਡੀਆਂ ਅੰਦਰਲੀਆਂ ਖੁਸ਼ਹਾਲੀਆਂ ਨੂੰ ਜਗ੍ਹਾ ਦਿੰਦੀਆਂ ਹਨ।
ਚੰਗੇ ਬੰਦਿਆਂ ਜਿਹੀ ਕੋਈ ਸੰਗਤ ਨਹੀਂ ਹੁੰਦੀ। ਕਿਸੇ ਸਭਾ-ਸੰਸਥਾ ਵਿਚ ਸ਼ਾਮਲ ਹੋ ਕੇ ਅਸੀਂ ਆਪਣੇ ਖਾਲੀਪਣ ਨੂੰ ਭਰ ਸਕਦੇ ਹਾਂ।
ਚੰਗਿਆਂ ਦੀ ਸੰਗਤ ਵਿਚ ਮਨੁੱਖ ਨਿਰਸੁਆਰਥ ਹੋ ਜਾਂਦਾ ਹੈ ਅਤੇ ਸਾਧਾਰਨ, ਸਾਦੇ ਅਤੇ ਸਰਲ ਹੋਣ ਵਿਚੋਂ ਆਨੰਦ ਆਉਂਦਾ ਹੈ।
ਰੱਬ ਨੂੰ ਆਪਣਾ ਸਾਥੀ ਬਣਾਓ ਕਿਉਂਕਿ ਇਹ ਸਾਥ ਬੜਾ ਨਿਘਾ ਹੈ। ਇਸ
ਸਾਥ ਵਿਚੋਂ ਕਰੁਣਾ, ਦਇਆ ਅਤੇ ਹਮਦਰਦੀ ਦੇ ਭਾਵ ਉਪਜਣਗੇ ਜਿਹੜੇ ਸਾਨੂੰ
ਨਿੱਕੇ ਦਾਇਰਿਆਂ ਵਿਚੋਂ ਕੱਢ ਕੇ ਵੱਡੇ-ਵਿਸ਼ਾਲ ਵਰਤਾਰਿਆਂ ਵਿਚ ਲੈ ਆਉਣਗੇ।
ਇਵੇਂ ਸੇਵਾ-ਮੁਕਤੀ ਉਪਰੰਤ ਜੀਵਨ ਦੀ ਚਾਲ ਭਾਵੇਂ ਹੌਲੀ ਹੋ ਜਾਵੇਗੀ ਪਰ ਜੀਵਨ ਦੀ ਤਸੱਲੀ ਉਚੀ ਹੋ ਜਾਵੇਗੀ।
ਸੇਵਾ-ਮੁਕਤ ਜੀਵਨ ਦੀ ਸੇਵਾ ਇਹੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਪ੍ਰਸੰਨਤਾ ਦੇ ਰੰਗ ਅਤੇ ਮੁਹੱਬਤ ਦੀ ਰੌਣਕ ਭਰਨ ਦੇ ਹਰੇਕ ਅਵਸਰ ਤੋਂ ਲਾਭ ਉਠਾਈਏ ਅਤੇ ਅਜਿਹਾ ਕਰਨ ਵਿਚ ਹੋਰਾਂ ਦੀ ਮਦਦ ਕਰੀਏ।
ਚੰਗਿਆਂ ਨੂੰ ਚੰਗੇ ਲਗਣ ਦੀ ਰੀਝ
ਚੰਗਿਆਂ ਦੀ ਸੰਗਤ ਵਿਚ ਅਸੀਂ ਛੋਟੇ ਹੋਣ ਦੇ ਬਾਵਜੂਦ ਵੱਡੇ-ਵੱਡੇ, ਚੰਗੇ- ਚੰਗੇ ਸੁਪਨੇ ਵੇਖਣ ਲਗ ਪੈਂਦੇ ਹਾਂ।
ਜਿਹੜੇ ਚੰਗੇ ਹੁੰਦੇ ਹਨ, ਉਨ੍ਹਾਂ ਕੋਲ ਸਭ ਕੁਝ ਨਹੀਂ ਹੁੰਦਾ ਅਤੇ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ ਉਹ ਅਕਸਰ ਚੰਗੇ ਨਹੀਂ ਹੁੰਦੇ। ਚੰਗਿਆਂ ਕੋਲ ਜੋ ਕੁਝ ਹੁੰਦਾ ਹੈ, ਉਨ੍ਹਾਂ ਕੋਲ ਉਸੇ ਨਾਲ ਪ੍ਰਸੰਨ ਹੋਣ ਦਾ ਹੁਨਰ ਹੁੰਦਾ ਹੈ।
ਚੰਗਿਆਂ ਦੀ ਸੰਗਤ ਵਿਚ ਅਸੀਂ ਨਿਰਸੁਆਰਥ ਹੋ ਜਾਂਦੇ ਹਾਂ ਅਤੇ ਸਾਡੇ ਅਨੇਕਾਂ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ।
ਹਮਦਰਦੀ, ਦਇਆ ਆਦਿ ਜਿਹੇ ਗੁਣ ਸਾਨੂੰ ਦੂਜਿਆਂ ਦੇ ਸੰਪਰਕ ਵਿਚ ਲਿਆ ਕੇ ਅਮੀਰ, ਵਿਸ਼ਾਲ ਅਤੇ ਖੁਸ਼ਹਾਲ ਬਣਾ ਦਿੰਦੇ ਹਨ।
ਮੁਹੱਬਤ ਇਸ ਲਈ ਯਾਦ ਰਹਿੰਦੀ ਹੈ, ਕਿਉਂਕਿ ਇਹੋ ਜਿਹਾ ਚੰਗਾ ਵਕਤ ਜੀਵਨ ਵਿਚ ਫਿਰ ਨਹੀਂ ਆਉਂਦਾ। ਅਸੀਂ ਜਾਣਦੇ ਹੁੰਦੇ ਹਾਂ ਕਿ ਹਰ ਕੋਈ ਅਧੂਰਾ ਹੈ ਪਰ ਪਿਆਰ ਸਾਨੂੰ ਇਸ ਕਰਕੇ ਚੰਗਾ ਲਗਦਾ ਹੈ ਕਿਉਂਕਿ ਜਿਹੜਾ ਸਾਨੂੰ ਚੰਗਾ ਅਤੇ ਪਿਆਰਾ ਲਗਦਾ ਹੈ, ਉਹ ਸਾਨੂੰ ਸੰਪੂਰਣ ਵਿਖਾਈ ਦੇਣ ਲਗ ਪੈਂਦਾ ਹੈ। ਪਿਆਰ ਵਿਚ ਅਸੀਂ ਇਵੇਂ ਵਿਚਰਦੇ ਹਾਂ, ਜਿਵੇਂ ਪਿਆਰੇ ਨੇ ਸਾਡੇ ਤੇ ਕੋਈ ਜਾਦੂ- ਟੂਣਾ ਕਰ ਦਿਤਾ ਹੋਵੇ। ਪਿਆਰ ਅਤੇ ਜਾਦੂ ਵਿਚ ਕਈ ਸਾਂਝਾਂ ਹਨ। ਸਾਡੇ ਉਤੇ ਜਾਦੂ ਹੋਣ ਕਾਰਨ ਆਪਣੇ ਪਿਆਰੇ ਨੂੰ ਅਸੀਂ ਦਿਲ ਦੀਆਂ ਅੱਖਾਂ ਨਾਲ ਵੇਖਦੇ ਹਾਂ ਅਤੇ ਆਪਣੇ ਗਗਨ ਦਾ ਚੰਨ ਲਾਹ ਕੇ ਉਸ ਨੂੰ ਦੇ ਦਿੰਦੇ ਹਾਂ, ਇਵੇਂ ਉਹ ਸਾਨੂੰ ਚੰਨ ਵਰਗਾ ਅਤੇ ਚੰਨ ਉਸ ਵਰਗਾ ਵਿਖਾਈ ਦੇਣ ਲਗ ਪੈਂਦਾ ਹੈ। ਦਿਲ ਕਰਦਾ ਹੈ ਉਸੇ ਦੀਆਂ ਗੱਲਾਂ ਕਰਦੇ ਰਹੀਏ ਅਤੇ ਉਸ ਨਾਲ ਗੱਲਾਂ ਕਰਦੇ ਰਹੀਏ।
ਚੰਗਿਆਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਚੰਗੇ ਹੋਣ ਦਾ ਪ੍ਰਮਾਣ ਦਿੰਦੇ ਹਨ ਅਤੇ ਚੰਗੇ ਨੂੰ ਹੋਰ ਚੰਗਾ ਸਿੱਧ ਕਰਨ ਲਈ ਲੋਕ ਆਪਣੀ ਕਲਪਨਾ ਨਾਲ ਅਨੇਕਾਂ ਚੰਗੀਆਂ ਕਹਾਣੀਆਂ ਉਨ੍ਹਾਂ ਨਾਲ ਆਪ ਜੋੜ ਲੈਂਦੇ ਹਨ।
ਅਸੀਂ ਦੂਜਿਆਂ ਦੀਆਂ ਚੰਗਿਆਈਆਂ ਨਾਲ ਆਪਣੇ ਚੰਗੇਪਣ ਨੂੰ ਮਾਪਦੇ ਹਾਂ, ਜਿਵੇਂ ਧੀ ਸਹੁਰੇ ਘਰ ਨਾਲ ਆਪਣੇ ਪੇਕੇ ਘਰ ਨੂੰ ਮਾਪਦੀ ਹੈ, ਜਿਵੇਂ ਅਸੀਂ ਬਚਪਨ ਨੂੰ ਜਵਾਨੀ ਨਾਲ ਅਤੇ ਜਵਾਨੀ ਨੂੰ ਬੁਢਾਪੇ ਨਾਲ ਮਾਪਦੇ ਹਾਂ।
ਪੇਕੇ, ਵਿਆਹ ਤੋਂ ਮਗਰੋਂ ਹੀ ਯਾਦ ਆਉਂਦੇ ਹਨ। ਭਰਾ ਨੂੰ ਭੈਣ ਦਾ ਚੰਗਾਪਣ ਉਦੋਂ ਹੀ ਪਤਾ ਲਗਦਾ ਹੈ ਜਦੋਂ ਉਹ ਸਹੁਰੇ ਘਰ ਜਾ ਚੁਕੀ ਹੁੰਦੀ ਹੈ। ਪਿਤਾ, ਵਿਆਹੀ ਧੀ ਨੂੰ ਇਵੇਂ ਵੇਖਦਾ ਹੈ ਜਿਵੇਂ ਉਸ ਦੇ ਸਭ ਤੋਂ ਮਹਿੰਗੇ ਗਹਿਣੇ ਨੂੰ ਕਿਸੇ ਹੋਰ ਨੇ ਪਹਿਨਿਆ ਹੋਇਆ ਹੋਵੇ।
ਵਿਆਹ ਉਪਰੰਤ ਰਿਸ਼ਤੇ ਸਤਿਕਾਰਯੋਗ ਹੋ ਜਾਂਦੇ ਹਨ ਅਤੇ ਰਿਸ਼ਤਿਆਂ ਵਿਚਲਾ ਨਿਘ, ਰਿਸ਼ਤਿਆਂ ਨੂੰ ਗੂੜ੍ਹਾ ਕਰ ਦਿੰਦਾ ਹੈ। ਜਿਉਂ ਜਿਉਂ ਕੋਈ ਰਿਸ਼ਤਾ ਗੂੜਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਰਿਸ਼ਤੇ ਦੀਆਂ ਨਵੀਆਂ ਪਰਤਾਂ ਅਤੇ ਰੰਗ ਉਘੜਦੇ ਹਨ। ਜਿਥੇ ਪਿਆਰ ਅਤੇ ਪ੍ਰੇਰਨਾ ਹੁੰਦੀ ਹੈ, ਜਿਥੇ ਚੰਗਿਆਂ ਨੂੰ ਚੰਗੇ ਲਗਣ ਦੀ ਰੀਝ ਹੁੰਦੀ ਹੈ, ਉਥੇ ਗਲਤੀਆਂ ਨਹੀਂ ਹੁੰਦੀਆਂ ਅਤੇ ਜੇ ਹੋਣ ਵੀ ਤਾਂ ਵੀ ਖਿੜੇ ਮੱਥੇ ਮੁਆਫ ਕੀਤੀਆਂ ਜਾਂਦੀਆਂ ਹਨ। ਜਿਥੇ ਰਿਸ਼ਤਿਆਂ ਵਿਚ ਨਿਘ ਹੁੰਦਾ ਹੈ, ਉਥੇ ਸਭ ਕੁਝ ਵੰਡਿਆ ਜਾਂਦਾ ਹੈ। ਵੰਡੀਆਂ ਹੋਈਆਂ ਜ਼ਿੰਮੇਵਾਰੀਆਂ, ਖੁਸ਼ੀਆਂ ਅਤੇ ਖੁਸ਼ਹਾਲੀਆਂ, ਆਦਿ ਨਾਲ ਸਾਂਝੀਆਂ ਕਦਰਾਂ-ਕੀਮਤਾਂ ਉਪਜਦੀਆਂ ਹਨ।
ਚੰਗਿਆਂ ਵਿਚ ਪਿਆਰ, ਬਰਕਤ ਅਤੇ ਖਿਮਾ ਹੁੰਦੀ ਹੈ।
ਜਿਹੜੇ ਖਿਮਾ ਕਰਨ ਦੀ ਖੁਸ਼ੀ ਨਹੀਂ ਮਾਣਦੇ ਉਹ ਆਪਣੀ ਸਥਿਤੀ ਦੀ ਕਠੋਰਤਾ ਅਤੇ ਕਰੂਪਤਾ ਨੂੰ ਉਦੋਂ ਸਮਝਦੇ ਹਨ ਜਦੋਂ ਉਹ ਮੁਆਫ ਕੀਤਾ ਜਾਣਾ ਚਾਹੁਣਗੇ ਪਰ ਮੁਆਫ ਨਹੀਂ ਕੀਤੇ ਜਾਣਗੇ।
ਦੱਖਣੀ ਅਫਰੀਕਾ ਦਾ ਗਾਂਧੀ ਵਰਗਾ, ਨੈਲਸਨ ਮੰਡੇਲਾ ਜਦੋਂ ਅਠਾਈ ਸਾਲ ਦੀ ਕੈਦ ਉਪਰੰਤ ਬਾਹਰ ਆਇਆ ਤਾਂ ਉਸ ਦੇ ਸੰਗੀ-ਸਾਥੀਆਂ ਨੇ ਜਦੋਂ ਕਿਹਾ, ਅਸੀਂ ਬਦਲਾ ਲਵਾਂਗੇ, ਤਾਂ ਮੰਡੇਲਾ ਨੇ ਕਿਹਾ, ਨਹੀਂ ਮੈਂ ਹੁਣ ਬਦਲੇ ਦੀ ਕੈਦ ਨਹੀਂ ਭੁਗਤਣਾ ਚਾਹੁੰਦਾ।
ਮੁਆਫ ਕਰਨਾ ਚੰਗੇ, ਬਹਾਦਰ, ਲਾਇਕ ਅਤੇ ਸੁਤੰਤਰ ਵਿਅਕਤੀ ਦਾ ਗੁਣ ਹੁੰਦਾ ਹੈ, ਜਦੋਂ ਕਿ ਨਾਲਾਇਕ, ਭੈੜੇ ਅਤੇ ਡਰਪੋਕ ਵਿਅਕਤੀ ਨਿੰਦਾ, ਗੁੱਸਾ ਅਤੇ ਹਿੰਸਾ ਪ੍ਰਗਟਾਉਂਦੇ ਹਨ। ਕਿਸੇ ਨੂੰ ਚੰਗਾ ਕਹਿ ਕੇ ਅਸੀਂ ਉਸ ਵਿਚ ਵਿਸ਼ਵਾਸ ਅਤੇ ਭਰੋਸਾ ਪ੍ਰਗਟਾਉਂਦੇ ਹਾਂ ਅਤੇ ਅਜਿਹਾ ਵਿਅਕਤੀ ਚੰਗੀ ਕਾਰਗੁਜ਼ਾਰੀ ਨਾਲ ਆਪਣੇ ਚੰਗੇ ਹੋਣ ਦਾ ਸਬੂਤ ਦਿੰਦਾ ਹੈ।
ਜਿਵੇਂ ਰੁਖਾਂ ਨਾਲ ਰਾਹ ਰੌਣਕ ਵਾਲੇ ਹੋ ਜਾਂਦੇ ਹਨ, ਉਂਵੇਂ ਹੀ ਚੰਗਿਆਂ ਨਾਲ ਰਲ ਕੇ ਕੀਤੇ ਕੰਮ ਸੌਖੇ ਹੋ ਜਾਂਦੇ ਹਨ। ਚੰਗਾ ਰਿਸ਼ਤਾ ਉਹ ਹੁੰਦਾ ਹੈ ਜਿਸ ਵਿਚ ਦੋਵੇਂ ਧਿਰਾਂ ਉੱਨਤ ਅਤੇ ਖੁਸ਼ਹਾਲ ਹੁੰਦੀਆਂ ਹਨ। ਚੰਗੀਆਂ ਆਦਤਾਂ ਵਾਲੇ ਲੋਕ ਸਹਿਜੇ ਹੀ ਸਭ ਕੁਝ ਠੀਕ ਕਰੀ ਜਾਂਦੇ ਹਨ ।
ਚੰਗਿਆਂ ਦੀ ਸਾਰੇ ਸੰਸਾਰ ਨਾਲ ਸਾਂਝ ਹੁੰਦੀ ਹੈ ਜਦੋਂ ਕਿ ਭੈੜਿਆਂ ਦਾ ਘੇਰਾ ਤੰਗ ਹੁੰਦਾ ਹੈ ਅਤੇ ਘੇਰਾ ਤੰਗ ਹੋਣ ਕਰਕੇ ਹੀ ਉਹ ਭੈੜੇ ਹੁੰਦੇ ਹਨ।
ਜਿਹੜੇ ਸਾਨੂੰ ਚੰਗੇ ਅਤੇ ਪਿਆਰੇ ਲਗਦੇ ਹਨ, ਉਨ੍ਹਾਂ ਸਾਹਮਣੇ ਸਾਡੀ ਵੱਡੇ ਬਣਨ ਦੀ ਇਛਾ ਨਹੀਂ ਹੁੰਦੀ, ਚੰਗੇ ਬਣਨ ਦੀ ਰੀਝ ਹੁੰਦੀ ਹੈ। ਜਿਨ੍ਹਾਂ ਨੂੰ ਅਸੀਂ ਚੰਗੇ ਲਗਣਾ ਚਾਹੁੰਦੇ ਹਾਂ ਉਨ੍ਹਾਂ ਨੂੰ ਅਸੀਂ ਧਿਆਨ ਨਾਲ ਸੁਣਦੇ ਹਾਂ।
ਠੀਕ ਹੋਣਾ ਚੰਗੀ ਗਲ ਹੈ ਪਰ ਠੀਕ ਹੋਣ ਤੇ ਪ੍ਰਮਾਣ ਵਜੋਂ ਕੁਝ ਚੰਗਾ ਅਤੇ ਔਖਾ ਕਰਕੇ ਵੀ ਵਿਖਾਉਣਾ ਪਵੇਗਾ।
ਵਿਸ਼ਵ ਸੁੰਦਰੀ ਚੁਣੇ ਜਾਣ ਉਪਰੰਤ ਭਾਰਤ ਦੀ ਸੁਸ਼ਮਿਤਾ ਸੈਨ ਨੇ ਚੌਵ੍ਹੀ ਸਾਲ ਦੀ ਉਮਰ ਵਿਚ ਇਕ ਨਿਆਸਰੀ ਲੜਕੀ ਜਦੋਂ ਗੋਦ ਲੈ ਲਈ ਤਾਂ ਮਿੱਤਰਾਂ ਨੇ ਰੋਕਿਆ। ਰਿਸ਼ਤੇਦਾਰਾਂ ਨੇ ਕਿਹਾ, ਪਾਗਲ ਹੋ ਗਈ ਹੈਂ! ਸਹੇਲੀਆਂ ਨੇ ਕਿਹਾ ਤੇਰਾ ਵਿਆਹ ਨਹੀਂ ਹੋਣਾ, ਕੌਣ ਕਰੇਗਾ ਵਿਆਹ ਤੇਰੇ ਨਾਲ!
ਜੱਜ ਨੇ ਗੋਦ ਲੈਣ ਦੀ ਕਾਨੂੰਨੀ ਆਗਿਆ ਦੇਣ ਤੋਂ ਪਹਿਲਾਂ ਉਸ ਦੇ ਪਿਤਾ ਨੂੰ ਪੁਛਿਆ : ਤੁਹਾਨੂੰ ਆਪਣੀ ਧੀ ਦੇ ਇਸ ਫੈਸਲੇ ਦੀ ਕੋਈ ਚਿੰਤਾ ਨਹੀਂ? ਪਿਤਾ ਨੇ ਕਿਹਾ ਮੇਰੀ ਧੀ ਦੇ ਇਸ ਨਿਰਣੇ ਨਾਲ ਮੇਰੀ ਚਿੰਤਾ ਦੂਰ ਹੋ ਗਈ ਹੈ ਕਿਉਂਕਿ ਇਸ ਹਾਲਤ ਵਿਚ ਹੁਣ ਚੰਗਾ ਬੰਦਾ ਹੀ ਮੇਰੀ ਧੀ ਨਾਲ ਵਿਆਹ ਕਰਨ ਬਾਰੇ ਸੋਚੇਗਾ, ਭੈੜੇ ਦੂਰ ਹੀ ਰਹਿਣਗੇ।
ਇਵੇਂ ਹੀ ਸਿਕੰਦਰ ਦੇ ਪ੍ਰਸ਼ਨ ਦਾ ਚੰਗੀ ਬਹਾਦਰੀ ਨਾਲ ਉੱਤਰ ਦੇ ਕੇ ਪੋਰਸ ਨੇ ਸਿਕੰਦਰ ਨੂੰ ਇਕ ਬਾਦਸ਼ਾਹ ਵਾਂਗ ਵਿਹਾਰ ਕਰਨ ਦਾ ਅਵਸਰ ਦਿਤਾ ਸੀ।
ਮਹਾਰਾਜਾ ਰਣਜੀਤ ਸਿੰਘ, ਮੁਨਸ਼ਾ ਸਿੰਘ ਰਾਗੀ ਦਾ ਕੀਰਤਨ ਸੁਣਿਆ
ਕਰਦਾ ਸੀ ਪਰ ਮੁਨਸ਼ਾ ਸਿੰਘ ਕੋਈ ਭੇਟਾ ਸਵੀਕਾਰ ਨਹੀਂ ਸੀ ਕਰਦਾ । ਮਹਾਰਾਜੇ ਨੂੰ
ਪਤਾ ਲਗਿਆ ਕਿ ਉਸ ਦੇ ਘਰ ਰੋਟੀ ਪਕਾਉਣ ਲਈ ਤਵਾ ਤਕ ਨਹੀਂ ਸੀ।
ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ ਉਸ ਦੇ ਘਰ ਗਿਆ। ਮਹਾਰਾਜਾ ਆਪ ਆਵਾਜ਼ਾਂ ਮਾਰਦਾ ਰਿਹਾ ਪਰ ਮੁਨਸ਼ਾ ਸਿੰਘ ਨੇ ਬੂਹਾ ਹੀ ਨਹੀਂ ਸੀ ਖੋਲ੍ਹਿਆ।
ਸੰਨ 1932 ਦੀਆਂ ਉਲੰਪਿਕ ਦੌੜਾਂ ਵਿਚ ਤਿੰਨ ਹਜ਼ਾਰ ਮੀਟਰ ਦੀ ਦੌੜ ਵਿਚ ਪ੍ਰਬੰਧਕਾਂ ਨੇ ਗਲਤੀ ਨਾਲ ਸਟੇਡੀਅਮ ਦਾ ਇਕ ਗੇੜਾ ਵੱਧ ਦੌੜ ਲਗਵਾ ਦਿਤੀ। ਪਤਾ ਲਗਣ ਉਤੇ ਵੀ ਠੀਕ ਗੇੜਿਆਂ ਵਿਚ ਅਵਲ ਆਉਣ ਵਾਲੇ ਦੌੜਾਕ ਨੇ ਵਾਧੂ ਗੇੜੇ ਵਿਚ ਹੋਰਾਂ ਤੋਂ ਪਛੜ ਜਾਣ ਦੇ ਬਾਵਜੂਦ ਰੋਸ ਨਹੀਂ ਸੀ ਪ੍ਰਗਟਾਇਆ। ਚੰਗਿਆਂ ਕੋਲ ਚਰਿਤਰ ਦੀ ਸ਼ਕਤੀ ਹੁੰਦੀ ਹੈ ਅਤੇ ਜਿਨ੍ਹਾਂ ਕੋਲ ਚਰਿਤਰ ਦੀ ਸ਼ਕਤੀ ਹੁੰਦੀ ਹੈ ਉਹ ਮਿਹਰਬਾਨੀਆਂ ਹੀ ਕਰਦੇ ਹਨ।
ਜਿਹੜੇ ਮਨੁੱਖ ਚੰਗੀ ਤਰ੍ਹਾਂ ਜੀਵਨ ਜੀਉਂਦੇ ਹਨ, ਉਹ ਕਦੇ ਨਹੀਂ ਪੁਛਦੇ, ਜੀਵਨ ਕੀ ਹੈ? ਰੱਬ ਕਿਥੇ ਹੈ? ਜੀਵਨ ਦਾ ਉਦੇਸ਼ ਕੀ ਹੈ ?
ਜਿਨ੍ਹਾਂ ਕੋਲ ਤਲਵਾਰ ਨਹੀਂ ਹੁੰਦੀ, ਉਹ ਵੀ ਸੰਸਾਰ ਨੂੰ ਜਿੱਤ ਲੈਂਦੇ ਹਨ।
ਦਰਵੇਸ਼ਾਂ ਦਾ ਰਾਜ ਉਨ੍ਹਾਂ ਦੇ ਆਪਣੇ ਮਨ ਅਤੇ ਆਪਣੇ ਸਰੀਰ ਉਤੇ ਹੁੰਦਾ ਹੈ।
ਸ਼ਾਇਰ ਆਪਣੇ ਗੁਸੇ ਅਤੇ ਵਿਰੋਧ ਨੂੰ ਤਹਿਜ਼ੀਬ ਦੇ ਦਾਇਰੇ ਵਿਚ ਰਹਿ ਕੇ ਪ੍ਰਗਟ ਕਰਦਾ ਹੈ ਜਦੋਂ ਕਿ ਸਾਧਾਰਨ ਮਨੁੱਖ ਹਿੰਸਕ ਹੋ ਜਾਂਦਾ ਹੈ।
ਦਰਵੇਸ਼ ਉਹ ਹੈ ਜਿਸ ਨੂੰ ਗੁੱਸਾ ਆਵੇ ਹੀ ਨਾ । ਕੋਈ ਦਰਵੇਸ਼ ਵੱਡੇ-ਵੱਡੇ ਕੰਮ ਨਹੀਂ, ਚੰਗੇ-ਚੰਗੇ ਕੰਮ ਕਰਦਾ ਹੈ ਅਤੇ ਚੰਗੇ-ਚੰਗੇ ਕੰਮ ਕਰਨ ਕਰਕੇ ਉਹ ਵੱਡਾ ਹੋ ਜਾਂਦਾ ਹੈ। ਇਵੇਂ ਉਹ ਸਾਡਾ ਆਦਰਸ਼ ਬਣ ਜਾਂਦਾ ਹੈ ਅਤੇ ਅਸੀਂ ਉਸ ਵਾਂਗ ਜਿਊਣਾ ਚਾਹੁੰਦੇ ਹਾਂ।
ਜਿਹੋ ਜਿਹਾ ਜੀਵਨ ਅਸੀਂ ਆਪ ਜਿਊਣਾ ਚਾਹੁੰਦੇ ਹਾਂ, ਉਸ ਜੀਵਨ ਨੂੰ ਜਿਊਣ ਵਾਲਾ ਜਦੋਂ ਕੋਈ ਮਰਦਾ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ, ਅਸੀਂ ਸੋਗ ਮਨਾਉਂਦੇ ਹਾਂ । ਸੋਗ ਉਸ ਦਾ ਹੀ ਹੁੰਦਾ ਹੈ ਜੋ ਚੰਗਾ ਸੀ ਜਾਂ ਜਿਸ ਵਿਚ ਚੰਗੇ ਬਣਨ ਦੀਆਂ ਸੰਭਾਵਨਾਵਾਂ ਸਨ। ਵੱਡੀਆਂ ਮੁਸੀਬਤਾਂ ਨੇ ਸਾਨੂੰ ਪ੍ਰੇਸ਼ਾਨ ਕੀਤਾ ਹੁੰਦਾ ਹੈ ਪਰ ਉਨ੍ਹਾਂ ਤੇ ਪਾਈਆਂ ਜਿੱਤਾਂ ਨੂੰ ਯਾਦ ਕਰਨਾ ਚੰਗਾ ਲਗਦਾ ਹੈ।
ਜਦੋਜਹਿਦ ਕਰਨ ਵਾਲਿਆਂ ਦੇ ਕੰਮ, ਕਾਰਨਾਮੇ ਅਖਵਾਉਂਦੇ ਹਨ, ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਅਸੀਂ ਕਰਾਮਾਤਾਂ ਕਹਿੰਦੇ ਹਾਂ।
ਪ੍ਰਸਿੱਧ ਰੂਸੀ ਲੇਖਕ, ਗੋਰਕੀ ਬਚਪਨ ਵਿਚ ਹੀ ਯਤੀਮ ਹੋ ਗਿਆ ਸੀ। ਉਹ ਦਸਦਾ ਹੈ : ਮੇਰਾ ਕੋਈ ਘਰ ਨਹੀਂ ਸੀ, ਜਿਸ ਨੂੰ ਲੋਕ ਮੇਰਾ ਘਰ ਕਹਿੰਦੇ ਸਨ, ਉਹ ਇਕ ਕੋਠਾ ਸੀ ਜਿਹੜਾ ਨਿਰਾਸ਼ਤਾ, ਮਾਯੂਸੀ ਅਤੇ ਧੂਏਂ ਨਾਲ ਭਰਿਆ ਪਿਆ ਸੀ । ਮੈਂ ਇਸ ਕੋਠੇ ਵਿਚ ਨਹੀਂ ਸੀ ਜਾਂਦਾ ਤੇ ਕੋਈ ਮੈਨੂੰ ਲਭਣ ਨਹੀਂ ਸੀ ਆਉਂਦਾ। ਰਸਤੇ ਵਿਚ ਮੈਨੂੰ ਕੋਈ ਚੋਰ ਵੀ ਨਹੀਂ ਸੀ ਮਿਲਿਆ, ਸ਼ਾਇਦ ਮੇਰੇ ਕਪੜੇ ਵੀ ਲਾਹੁਣ ਜੋਗੇ ਨਹੀਂ ਸਨ, ਕੋਈ ਕੁੱਤਾ ਵੀ ਨਹੀਂ ਸੀ ਭੌਂਕਦਾ, ਸ਼ਾਇਦ ਕੁੱਤੇ ਸੋਚਦੇ ਸਨ ਕਿ ਇਹ ਭੌਂਕਣ ਜੋਗਾ ਹੀ ਨਹੀਂ। ਮੇਰਾ ਰਾਹ ਬੜਾ ਸੁੰਨਾ ਸੀ ਪਰ ਮੈਂ ਜਾਣਦਾ ਸਾਂ ਕਿ ਉਚੀਆਂ ਮੰਜ਼ਲਾਂ ਤੇ ਪਹੁੰਚਣ ਲਈ, ਦਰਿਆ ਵਾਂਗ ਬੜੇ ਸੁੰਨੇ ਰਾਹਾਂ ਵਿਚੋਂ ਲੰਘਣਾ ਪੈਂਦਾ ਹੈ। ਮੈਂ ਸੁੰਨੇ ਰਾਹਾਂ, ਕਾਲੀਆਂ ਰਾਤਾਂ ਅਤੇ ਮਜਬੂਰੀਆਂ ਦੀ ਤਸਵੀਰ ਸਾਂ ਪਰ ਮੈਂ ਪ੍ਰਤਿਗਿਆ ਕੀਤੀ ਹੋਈ ਸੀ ਕਿ ਮੈਂ ਸੰਸਾਰ ਲਈ ਜਦੋਜਹਿਦ ਦੇ ਨਵੇਂ ਅਰਥ ਸਿਰਜਾਂਗਾ ਅਤੇ ਆਪਣੇ ਵਰਗਿਆਂ ਲਈ ਭਰਪੂਰ ਅਤੇ ਉਸਾਰੂ ਜੀਵਨ ਦਾ ਨਵਾਂ ਸੁਨੇਹਾ ਬਣਾਂਗਾ।
ਪੁਰਾਣੇ ਵੇਲਿਆਂ ਵਿਚ ਬੱਚਿਆਂ ਦੇ ਨਾਂ ਸੋਚ-ਸਮਝ ਕੇ ਰਖੇ ਜਾਂਦੇ ਸਨ ਅਤੇ ਲਗਭਗ ਸਾਰੇ ਨਾਂ ਪ੍ਰਮਾਤਮਾ ਦੇ ਨਾਂ ਹੁੰਦੇ ਸਨ, ਕਿਉਂਕਿ ਇਹ ਪ੍ਰਮਾਤਮਾ ਨੂੰ ਚੰਗੇ ਲਗਣ ਦੀ ਰੀਝ ਵਿਚੋਂ ਰਖੇ ਜਾਂਦੇ ਸਨ । ਉਦੋਂ ਚੰਗੇ ਹੋਣ ਦਾ ਪ੍ਰਮਾਣ ਪ੍ਰਮਾਤਮਾ ਦੇ ਰਾਹ ਤੇ ਚਲਣਾ ਸੀ। ਜਿਹੜਾ ਕੋਈ ਇਸ ਰਾਹ ਤੇ ਚਲ ਪੈਂਦਾ ਸੀ ਉਸ ਦੇ ਜੀਵਨ ਦੇ ਪੈਮਾਨੇ ਬਦਲ ਜਾਂਦੇ ਸਨ । ਉਦੋਂ ਜੀਵਨ ਦਾ ਉਦੇਸ਼ ਆਪ ਸਾਦੇ ਰਹਿ ਕੇ ਦੂਜਿਆਂ ਨੂੰ ਭਰਪੂਰ ਕਰਨਾ ਹੁੰਦਾ ਸੀ।
ਸੂਰਜ ਅਤੇ ਦੀਵੇ ਨੂੰ ਆਪਣੀ ਰੋਸ਼ਨੀ ਦਾ ਕੋਈ ਲਾਭ ਨਹੀਂ ਹੁੰਦਾ, ਲਾਭ ਦੂਜਿਆਂ ਨੂੰ ਹੀ ਹੁੰਦਾ ਹੈ।
ਪੁਰਾਣੇ ਸਮਿਆਂ ਵਿਚ ਛੱਤੀ ਪ੍ਰਕਾਰ ਦੇ ਪਕਵਾਨ ਨਹੀਂ ਸਨ ਹੁੰਦੇ। ਮਾਮੀਆਂ, ਮਾਸੀਆਂ, ਸਰਦਾ-ਪੁੱਜਦਾ ਪਕਾ ਕੇ ਬਾਕੀ ਦੀ ਘਾਟ ਆਪਣੇ ਪਿਆਰ, ਪ੍ਰਸੰਨਤਾ ਅਤੇ ਚਾਵਾਂ ਨਾਲ ਪੂਰੀ ਕਰਦੀਆਂ ਸਨ।
ਕੋਈ ਭੂਆ, ਮਾਸੀ ਜਾਂ ਚਾਚੀ ਅਜਿਹੀ ਹੁੰਦੀ ਹੈ ਕਿ ਉਸ ਦੀਆਂ ਚੰਗਿਆਈਆਂ ਕਾਰਨ ਸਾਨੂੰ ਆਪਣੀ ਮਾਂ ਵੀ ਭੁਲ ਜਾਂਦੀ ਹੈ। ਮਨੁੱਖ ਦਾ ਘਰ ਜਾਂ ਦੇਸ਼ ਉਹ ਨਹੀਂ ਹੁੰਦਾ, ਜਿਥੇ ਉਹ ਰਹਿੰਦਾ ਹੈ, ਸਗੋਂ ਉਹ ਹੁੰਦਾ ਹੈ ਜਿਥੇ ਉਹ ਪਿਆਰ ਕਰਦਾ ਹੈ ਅਤੇ ਉਸ ਨੂੰ ਪਿਆਰ ਕੀਤਾ ਜਾਂਦਾ ਹੈ। ਬਚਪਨ ਇਸ ਲਈ ਚੰਗਾ ਲਗਦਾ ਹੈ ਕਿਉਂਕਿ ਬਚਪਨ ਵਿਚ ਸਾਰੇ ਘਰ ਆਪਣੇ ਹੁੰਦੇ ਹਨ ਪਰ ਵਡੇ ਹੋ ਕੇ ਅਸੀਂ ਵਿਤਕਰੇ ਕਰਨ ਅਤੇ ਵੰਡੀਆਂ ਪਾਉਣ ਲਗ ਪੈਂਦੇ ਹਾਂ।
ਦੇਸ਼ ਜਾਂ ਕੌਮ ਜਾਂ ਪਰਿਵਾਰ ਕਿਉਂ ਵੰਡੇ ਜਾਂਦੇ ਹਨ? ਜ਼ਿੱਦ ਕਾਰਨ, ਸਹਿਣਸ਼ੀਲਤਾ ਦੀ ਘਾਟ ਕਾਰਨ, ਕੁਰਬਾਨੀ ਦੀ ਕੰਜੂਸੀ ਕਾਰਨ, ਤਿਆਗ ਦੀ ਗਰੀਬੀ ਕਾਰਨ । ਜਦੋਂ ਤਾਕਤ ਖਿੰਡ ਜਾਂਦੀ ਹੈ ਤਾਂ ਚੰਗੇ ਵਿਹਾਰ ਦੀਆਂ ਸੰਭਾਵਨਾਵਾਂ ਵੀ ਮੁੱਕ ਜਾਂਦੀਆਂ ਹਨ ਅਤੇ ਅਜਿਹੀ ਹਾਲਤ ਵਿਚ ਗਦਾਰ, ਅਕ੍ਰਿਤਘਣ ਅਤੇ ਮੁਜਰਿਮ ਹੀ ਉਪਜਦੇ ਹਨ।
ਚੰਗੇ ਬੰਦਿਆਂ ਤੋਂ ਬਿਨਾ ਖੁਸ਼ਹਾਲੀ ਦਾ ਸੁਪਨਾ ਲੈਣਾ ਸੰਭਵ ਨਹੀਂ ਹੁੰਦਾ।
ਹਰੇਕ ਦੀ ਜ਼ਿੰਦਗੀ ਵਿਚ ਚੰਗੇ ਅਤੇ ਭੈੜੇ ਦੋਵੇਂ ਪ੍ਰਕਾਰ ਦੇ ਅਨੇਕਾਂ ਵਿਅਕਤੀ ਆਉਂਦੇ ਹਨ।
ਅਜੋਕੇ ਮਨੁੱਖ ਦਾ ਸੁਭਾਓ ਹੈ ਕਿ ਉਹ ਚੰਗਿਆਂ ਵਲ ਘਟ ਤੇ ਭੈੜਿਆਂ ਵਲ ਵੱਧ ਧਿਆਨ ਦਿੰਦਾ ਹੈ।
ਅਸੀਂ ਕਿਸੇ ਦੀਆਂ ਕਈ ਚੰਗੀਆਂ ਗੱਲਾਂ ਭੁਲਾ ਕੇ ਉਸ ਦੀ ਕੋਈ ਇਕ ਭੈੜੀ ਗੱਲ ਘੁੱਟ ਕੇ ਪਕੜ ਲੈਂਦੇ ਹਾਂ।
ਮਹਾਤਮਾ ਬੁੱਧ ਨਾਲ ਸਬੰਧਤ ਇਕ ਕਥਾ ਹੈ। ਇਕ ਵਾਰੀ ਸਤਿਸੰਗ ਵਿਚ ਬੁੱਧ ਦਾ ਇਕ ਸ਼ਰਧਾਲੂ ਗਾਲ੍ਹਾਂ ਕਢ ਕੇ ਦੌੜ ਗਿਆ । ਕੁਝ ਅਰਸੇ ਮਗਰੋਂ ਜਦੋਂ ਉਹ ‘ ਮੁੜ ਆਇਆ ਤਾਂ ਸਾਰਿਆਂ ਨੇ ਉਸ ਨੂੰ ਫੜ ਲਿਆ। ਬੁੱਧ ਨੇ ਕਿਹਾ, ਛੱਡ ਦਿਓ। ਛੱਡਣ ਉਤੇ ਸ਼ਰਧਾਲੂ ਨੇ ਪੁਛਿਆ, ਬੁੱਧ ਨੇ ਮੇਰੀਆਂ ਗਾਲ੍ਹਾਂ ਵਾਲੇ ਦਿਨ ਕੀ ਪ੍ਰਵਚਨ ਕੀਤਾ ਸੀ? ਕਿਸੇ ਨੂੰ ਯਾਦ ਨਹੀਂ ਸੀ ਪਰ ਉਸ ਦੀਆਂ ਗਾਲ੍ਹਾਂ ਸਭ ਨੂੰ ਯਾਦ ਸਨ। ਉਸ ਨੇ ਕਿਹਾ, ਤੁਸੀਂ ਪ੍ਰਵਚਨ ਸੁਣਨ ਹੀ ਨਹੀਂ ਸੀ ਆਏ, ਤੁਸੀਂ ਗਾਲ੍ਹਾਂ ਸੁਣਨ ਹੀ ਆਏ ਸੀ । ਜੇ ਤੁਸੀਂ ਪ੍ਰਵਚਨ ਸੁਣਿਆ ਹੁੰਦਾ ਤਾਂ ਤੁਹਾਨੂੰ ਗਾਲ੍ਹਾਂ ਯਾਦ ਨਹੀਂ ਸੀ ਰਹਿਣੀਆਂ । ਭੈੜੀਆਂ ਗਲਾਂ ਨੂੰ ਪਕੜਣ ਦੀ ਇਸ ਬਿਰਤੀ ਕਾਰਨ ਹੀ ਤਲਾਕ, ਵੈਰ-ਵਿਰੋਧ, ਝਗੜੇ ਅਤੇ ਮੁਕੱਦਮੇ ਉਪਜਦੇ ਹਨ ਅਤੇ ਸਾਡੀ ਚੰਗੇ ਬਣਨ ਦੀ ਸਾਰੀ ਸ਼ਕਤੀ ਅਜਾਈਂ ਚਲੀ ਜਾਂਦੀ ਹੈ। ਇਸ ਘੁੰਮਣਘੇਰੀ ਵਿਚੋਂ ਨਿਕਲਣਾ ਮੁਸ਼ਕਿਲ ਤਾਂ ਹੈ ਪਰ ਅਸੰਭਵ ਨਹੀਂ।
ਚੰਗੇ ਬਣਨ ਲਈ ਪਹਿਲੀ ਲੋੜ ਹੈ ਇਹ ਮੰਨਣਾ ਕਿ ਮੈਂ ਚੰਗਾ ਹਾਂ ਨਹੀਂ ਪਰ ਮੈਂ ਚੰਗਾ ਬਣਨਾ ਹੈ ਅਤੇ ਅਜ ਤੋਂ ਮੈਂ ਦੂਜਿਆਂ ਨਾਲ ਚੰਗੇ ਵਿਹਾਰ ਨਾਲ ਵਰਤਣਾ ਹੈ। ਸਮਾਜ ਨੂੰ ਅਣਗਿਣਤ ਚੰਗੇ ਬੰਦਿਆਂ ਦੀ ਲੋੜ ਹੈ, ਉਨ੍ਹਾਂ ਵਿਚੋਂ ਮੈਂ ਇਕ ਹੋਣਾ ਹੈ। ਮੈਂ ਆਪਣੇ ਸਮਾਜ ਅਤੇ ਆਪਣੀ ਕੌਮ ਨੂੰ ਟੋਇਆਂ ਵਿਚੋਂ ਕੱਢ ਕੇ ਪਹਾੜਾਂ ਦੇ ਰਾਹ ਪਾਉਣਾ ਹੈ, ਅਜ ਤੋਂ ਚੰਗਾ ਵਿਹਾਰ, ਚੰਗੀ ਬੋਲ-ਬਾਣੀ ਅਤੇ ਤੰਦਰੁਸਤੀ ਮੇਰੀ ਸੁੰਦਰਤਾ ਹੋਵੇਗੀ । ਨਾ ਨਿੰਦਾ ਕਰਨੀ ਹੈ, ਨਾ ਸੁਣਨੀ ਹੈ। ਮੈਂ ਸਿਆਣਾ ਹੀ ਨਹੀਂ ਹੋਣਾ, ਦੂਜਿਆਂ ਦੀ ਸਿਆਣਪ ਦੀ ਪ੍ਰਸੰਸਾ ਵੀ ਕਰਨੀ ਹੈ, ਠੰਡੇ ਦਿਮਾਗ ਨਾਲ ਸੋਚਣਾ ਹੈ ਅਤੇ ਨਿਘੇ ਦਿਲ ਨਾਲ ਵਰਤਣਾ ਹੈ।
ਹੌਸਲਾ, ਚਰਿਤਰ, ਈਮਾਨਦਾਰੀ, ਸੁਹਿਰਦਤਾ, ਹਮਦਰਦੀ, ਨਿਆਂ ਅਤੇ ਸਫਾਈ ਠੰਡੇ ਦਿਮਾਗ ਅਤੇ ਨਿਘੇ ਦਿਲ ਵਾਲੇ ਵਿਅਕਤੀ ਦੇ ਗੁਣ ਹੁੰਦੇ ਹਨ।
ਚੰਗੇ ਕੰਮਾਂ ਨਾਲ ਸਿਹਤ ਚੰਗੀ ਰਹਿੰਦੀ ਹੈ, ਚਰਿਤਰ ਉਸਰਦਾ ਹੈ ਅਤੇ ਸਤਿਕਾਰ ਵੱਧਦਾ ਹੈ।
ਸੰਸਾਰ ਵਿਚ ਚੰਗੇ ਵਿਅਕਤੀਆਂ ਦੀ ਸਦਾ ਘਾਟ ਰਹੀ ਹੈ।
ਨਿਰਸੰਦੇਹ ਅਸੀਂ ਵਕਤ ਨੂੰ ਪੈਦਾ ਨਹੀਂ ਕਰ ਸਕਦੇ ਪਰ ਚੰਗੇ ਕੰਮਾਂ ਨਾਲ ਆਪਣੇ ਵਕਤ ਨੂੰ ਮੁਲਵਾਨ ਜ਼ਰੂਰ ਬਣਾ ਸਕਦੇ ਹਾਂ।
ਮਿਹਨਤ, ਚੰਗੇ ਵਿਅਕਤੀ ਦੀ ਪਛਾਣ ਹੁੰਦੀ ਹੈ।
ਮਿਹਨਤ ਨਾਲ ਮਨ ਸਾਫ, ਸਰੀਰ ਅਰੋਗ, ਦਿਲ ਮਜ਼ਬੂਤ, ਪਹੁੰਚ ਉਸਾਰੂ, ਸੋਚ ਤਕੜੀ ਅਤੇ ਬਿਰਤੀ ਪਰਉਪਕਾਰੀ ਹੋ ਜਾਂਦੀ ਹੈ।
ਜੇ ਲੋਕ ਤੁਹਾਡੇ ਤੇ ਇਤਬਾਰ ਕਰਦੇ ਹਨ, ਜੇ ਤੁਹਾਡੀ ਗੱਲ ਧਿਆਨ ਨਾਲ ਸੁਣੀ ਜਾਂਦੀ ਹੈ ਅਤੇ ਤੁਸੀਂ ਜੇ ਕੋਈ ਵਿਚਾਰ ਦਿੰਦੇ ਹੋ ਅਤੇ ਉਹ ਮੰਨਿਆ ਜਾਂਦਾ ਹੈ ਤਾਂ ਨਿਰਸੰਦੇਹ ਤੁਸੀਂ ਚੰਗੇ ਅਤੇ ਚਰਿਤਰਵਾਨ ਬਣ ਚੁਕੇ ਹੋ, ਸਮਝ ਲਵੋ ਤੁਹਾਡੇ ਕੋਲ ਸਭ ਥਾਂਵਾਂ ਤੇ ਜਾਣ ਦਾ ਵੀਜ਼ਾ ਹੈ।
ਜੇ ਸਮਾਜ ਵਿਚ ਚੰਗੇ ਵਿਅਕਤੀ ਪੈਦਾ ਹੋ ਜਾਣ ਤਾਂ ਬਾਕੀ ਸਭ ਕੁਝ ਆਪੇ ਹੋਈ ਜਾਂਦਾ ਹੈ।
ਚੰਗਾ ਵਿਅਕਤੀ ਵਿਛੜਨ ਉਪਰੰਤ ਹੋਰ ਵੀ ਚੰਗਾ ਲਗਦਾ ਹੈ।
ਚੰਗੀਆਂ ਗੱਲਾਂ ਕਰੋਗੇ, ਚੰਗੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ।
ਵੱਖ-ਵੱਖ ਥਾਂਵਾਂ ਚੰਗੇ ਲੋਕਾਂ ਦੀ ਹਾਜ਼ਰੀ ਜਾਂ ਗੈਰ-ਹਾਜ਼ਰੀ ਕਾਰਨ ਚੰਗੀਆਂ- ਸੋਹਣੀਆਂ ਜਾਂ ਭੈੜੀਆਂ-ਕੋਝੀਆਂ ਲਗਦੀਆਂ ਹਨ।
ਮੇਰੇ ਇਕ ਅਧਿਆਪਕ ਸਨ ਉਹ ਇਤਨੇ ਚੰਗੇ ਸਨ ਕਿ ਉਨ੍ਹਾਂ ਵਿਚ ਆਪਣੇ ਵਿਦਿਆਰਥੀਆਂ ਦੀਆਂ ਗਲਤੀਆਂ ਦੀ ਵੀ ਪ੍ਰਸੰਸਾ ਕਰਨ ਦੀ ਉਦਾਰਤਾ ਸੀ।
ਇਕ ਵਾਰੀ ਇਕ ਵਿਦਿਆਰਥੀ ਅੜ ਗਿਆ ਕਿ ਉਹ ਦੂਜੀ ਸੈਕਸ਼ਨ ਵਿਚ ਬੈਠੇਗਾ। ਉਸ ਕ੍ਰਿਪਾਲੂ ਅਧਿਆਪਕ ਨੇ ਕਿਹਾ, ਮੈਂ ਤੇਰੀ ਇਸ ਗੱਲ ਦੀ ਪ੍ਰਸੰਸਾ ਕਰਦਾ ਹਾਂ ਕਿ ਕਿਉਂਕਿ ਤੇਰੇ ਵਿਚ ਆਪਣੀ ਮੰਗ ਅਤੇ ਪਸੰਦ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਦਲੇਰੀ ਹੈ।
ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਜਿਹੜੇ ਵਿਦਿਆਰਥੀ ਸਕੂਲੋਂ, ਕਾਲਜੋਂ ਦੌੜ ਜਾਂਦੇ ਹਨ ਉਹ ਵਾਸਤਵ ਵਿਚ ਗੁਆਚ ਗਏ ਚੰਗੇ ਅਧਿਆਪਕਾਂ ਨੂੰ ਲੱਭਣ ਲਈ ਜਾਂਦੇ ਹਨ।
ਚੰਗੇ ਵਿਅਕਤੀਆਂ ਨੂੰ ਮਹਿੰਗੀਆਂ ਨਹੀਂ ਚੰਗੀਆਂ, ਸਾਦੀਆਂ ਅਤੇ ਗੁਣਕਾਰੀ ਵਸਤਾਂ ਦੀ ਤਾਂਘ ਹੁੰਦੀ ਹੈ।
ਚੰਗੇ ਵਿਅਕਤੀਆਂ ਦੇ ਸ਼ੌਕ ਸਾਦੇ ਪਰ ਪ੍ਰਸੰਨਤਾ ਉਪਜਾਉਣ ਵਾਲੇ ਹੁੰਦੇ ਹਨ। ਗੀਤ, ਸੰਗੀਤ ਚਿਤਰਕਲਾ ਆਦਿ ਵਿਚ ਸਾਂਝ ਇਹ ਹੈ ਕਿ ਇਹ ਸਾਧਨਾ, ਤਪੱਸਿਆ, ਰਿਆਜ਼ ਅਤੇ ਅਭਿਆਸ ਦੇ ਖੇਤਰ ਹਨ।
ਕਲਾ ਸਾਨੂੰ ਖੋਟ ਤੋਂ ਮੁਕਤ ਕਰਦੀ ਹੈ। ਇਹ ਸਾਨੂੰ ਜੀਵ ਤੋਂ ਮਨੁੱਖ, ਮਨੁੱਖ ਤੋਂ ਇਨਸਾਨ ਬਣਾਉਂਦੀ ਹੈ।
ਕਲਾ ਕੋਈ ਹੋਵੇ ਉਦੇਸ਼ ਆਨੰਦ ਹੈ, ਆਨੰਦ ਤੋਂ ਵੀ ਅਗੇ ਪਰਮ-ਆਨੰਦ ਦੀ ਅਵਸਥਾ ਹੈ। ਇਹੀ ਕਾਰਨ ਹੈ ਕਿ ਜਿਹੜੇ ਕਲਾ ਦੀ ਪੂਜਾ ਲਈ ਨਿਕਲੇ, ਉਹ ਆਪ ਪੂਜਣਯੋਗ ਹੋ ਗਏ।
ਬੋਧੀਆਂ ਵਿਚ ਸ਼ਿਸ਼ ਆਪਣੇ ਗੁਰੂ ਅਗੇ ਡੰਡੋਤ ਕਰਦਾ ਹੈ ਤਾਂ ਕਿ ਉਸ ਵਿਚੋਂ ਹਉਮੈ ਮੁੱਕ ਜਾਵੇ। ਇਕ ਸ਼ਿਸ਼ ਆਇਆ, ਜਿਹੜਾ ਇਤਨਾ ਨਿਮਰ ਸੀ ਕਿ ਉਹ ਆਪਣੇ ਗੁਰੂ ਅਗੇ ਹੀ ਨਹੀਂ, ਜਿਹੜਾ ਵੀ ਅਗੋਂ ਮਿਲਿਆ ਉਸੇ ਅਗੇ ਡੰਡੋਤ ਕਰਨ ਲਗ ਪਿਆ। ਉਸ ਦੀ ਨਿਮਰਤਾ ਅਤੇ ਸ਼ਰਧਾ ਨੂੰ ਵੇਖ ਕੇ ਉਸ ਦਾ ਗੁਰੂ, ਉਸ ਦਾ ਸ਼ਿਸ਼ ਬਣ ਗਿਆ।
ਜਦੋਂ ਕੋਈ ਸ਼ਰਧਾਵਾਨ ਪ੍ਰਾਰਥਨਾ-ਅਰਦਾਸ ਵਿਚ ਪ੍ਰਮਾਤਮਾ ਅਗੇ ਝੁੱਕਦਾ ਹੈ ਤਾਂ ਪਤਾ ਹੀ ਨਹੀਂ ਲਗਦਾ ਕਿ ਕੌਣ ਕਿਸ ਅਗੇ ਝੁਕਿਆ ਪਿਆ ਹੈ।
ਪ੍ਰਮਾਤਮਾ ਸੰਤ ਅਗੇ ਝੁਕਦਾ ਹੈ, ਸੰਤ ਪ੍ਰਮਾਤਮਾ ਅਗੇ ਝੁਕਦਾ ਹੈ।
ਅਸੀਂ ਚੰਗੇ ਜਾਂ ਮਾੜੇ ਦੂਜਿਆਂ ਦੇ ਸੰਪਰਕ ਵਿਚ ਆ ਕੇ ਬਣਦੇ ਹਾਂ।
ਕੰਮ ਲੋਕਾਂ ਨੂੰ ਮਿਲਣ ਦਾ ਵਸੀਲਾ ਹੁੰਦਾ ਹੈ।
ਦੂਜਿਆਂ ਦੇ ਚੰਗੇ ਕੰਮਾਂ ਨੂੰ ਵੇਖ ਕੇ ਅਸੀਂ ਆਪ ਮਿਹਨਤੀ ਹੋ ਜਾਂਦੇ ਹਾਂ।
ਮਿਹਨਤ ਰਾਹੀਂ ਅਸੀਂ ਨਿਪੁੰਨ ਵਿਅਕਤੀਆਂ ਦੇ ਸਾਥ ਵਿਚ ਵਿਚਰਦੇ ਹਾਂ ਅਤੇ ਨਿਪੁੰਨ ਵਿਅਕਤੀ ਸਾਨੂੰ ਆਮ ਤੋਂ ਵਿਸ਼ੇਸ਼ ਬਣਾ ਦਿੰਦੇ ਹਨ ਅਤੇ ਸਾਡੀ ਸਮੁੱਚੀ ਪੱਧਰ ਨੂੰ ਉੱਚਾ ਚੁੱਕ ਦਿੰਦੇ ਹਨ। ਇਸੇ ਕਰਕੇ ਜਿਤਨੇ ਵੀ ਪ੍ਰਸਿੱਧ ਡਾਕਟਰ, ਸੰਗੀਤਕਾਰ, ਚਿੱਤਰਕਾਰ, ਵਿਦਵਾਨ ਆਦਿ ਹੋਏ ਹਨ, ਉਹ ਆਪਣੇ ਉਸਤਾਦ ਦਾ ਨਾਂ ਵੀ ਸਤਿਕਾਰ ਨਾਲ ਝੁਕ ਕੇ ਲੈਂਦੇ ਹਨ।
ਇਸਤਰੀ-ਪੁਰਸ਼ ਦੇ ਇਕ-ਦੂਜੇ ਦੇ ਸੰਪਰਕ ਵਿਚ ਆਉਣ ਤੋਂ ਬਿਨਾ ਉਨ੍ਹਾਂ ਦੀ ਸ਼ਖਸੀਅਤ ਦੇ ਗੁਣ ਨਹੀਂ ਉਘੜਦੇ।
ਵੇਖਿਆ ਗਿਆ ਹੈ ਕਿ ਜਿਸ ਪਰਿਵਾਰ ਨੇ ਵੀ ਆਪਣੀ ਨੂੰਹ ਨੂੰ ਆਪਣੀ ਧੀ ਸਮਝਿਆ ਹੈ, ਉਹ ਪਰਿਵਾਰ ਖੁਸ਼ਹਾਲ ਹੋਇਆ ਹੈ।
ਚੰਗਿਆਈ ਦਾ ਪ੍ਰਭਾਵ ਸੁੰਦਰਤਾ ਦੇ ਪ੍ਰਭਾਵ ਨਾਲੋਂ ਵੀ ਸ਼ਕਤੀਸ਼ਾਲੀ ਹੁੰਦਾ ਹੈ।
‘ਮੈਂ’ ਨਾਲ ਪਰਿਵਾਰ ਟੁੱਟਦੇ ਹਨ, ‘ਅਸੀਂ’ ਨਾਲ ਸ਼ਕਤੀਸ਼ਾਲੀ ਹੁੰਦੇ ਹਨ।
ਪੁਰਸ਼ ਇਸਤਰੀਆਂ ਤੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਕੰਮ ਕਿਵੇਂ ਹੁੰਦੇ ਹਨ ਪਰ ਸੱਚ ਇਹ ਹੈ ਕਿ ਕੰਮ ਉਵੇਂ ਹੋਣੇ ਚਾਹੀਦੇ ਹਨ ਜਿਵੇਂ ਇਸਤਰੀਆਂ ਆਪਣੀ ਨਿਰਛੱਲ ਅਤੇ ਭੋਲੀ ਸਿਆਣਪ ਨਾਲ ਆਸ ਕਰਦੀਆਂ ਹਨ।
ਚੰਗੇ ਬਣਨ ਲਈ ਸਵੇਰੇ ਉਠਣਾ ਪਵੇਗਾ, ਅਗੇ ਹੋਣਾ ਪਵੇਗਾ।
ਅਗੇ ਹੋਣ ਕਰਕੇ ਹੀ ਨਵੇਂ ਵਿਚਾਰ ਮਿਲਣਗੇ, ਅਗੇ ਹੋਣ ਕਰਕੇ ਸੋਚਣਾ ਪਵੇਗਾ, ਸੋਚਾਂ ਹੀ ਅਗੇ ਲੈ ਕੇ ਜਾਣਗੀਆਂ।
ਮੁੱਢ ਵਿਚ ਕੋਈ ਵੀ ਯਤਨ ਸਫਲ ਨਹੀਂ ਹੁੰਦਾ ਪਰ ਜਿਹੜਾ ਹਾਰ ਨਹੀਂ ਮੰਨਦਾ, ਸੱਤ ਵਾਰੀ ਡਿਗਦਾ ਹੈ ਅਤੇ ਅੱਠ ਵਾਰੀ ਉਠਦਾ ਹੈ, ਉਸਨੂੰ ਸਫਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ।
ਹਰ ਖੇਤਰ ਦੇ ਚੰਗੇਪਣ ਦੀ ਕਿਸਮ ਵੱਖਰੀ ਹੁੰਦੀ ਹੈ, ਇਸੇ ਕਰਕੇ ਕਹਿੰਦੇ ਹਨ ਕਿ ਹਰ ਥਾਂ ਇਕੋ ਨੇਮ ਲਾਗੂ ਨਹੀਂ ਹੁੰਦਾ।
ਦੌੜ ਵਿਚ ਫੁਰਤੀਲੇਪਣ ਦਾ ਨੇਮ ਲਾਗੂ ਹੁੰਦਾ ਹੈ, ਯੁੱਧ ਵਿਚ ਬਹਾਦਰੀ ਦਾ, ਪੜ੍ਹਾਈ ਵਿਚ ਧਿਆਨ ਦਾ, ਅਧਿਆਪਨ ਵਿਚ ਨਿਪੁੰਨਤਾ ਦਾ, ਪਿਆਰ ਵਿਚ ਕੁਰਬਾਨੀ ਦਾ, ਵਪਾਰ ਵਿਚ ਮਿਹਨਤ ਦਾ, ਕਵਿਤਾ ਵਿਚ ਸੰਖੇਪਤਾ ਦਾ, ਦਰਵੇਸ਼ ਵਿਚ ਗਿਆਨ ਦਾ, ਸੰਤ ਵਿਚ ਸਹਿਣਸ਼ੀਲਤਾ ਦਾ ਨੇਮ ਲਾਗੂ ਹੁੰਦਾ ਹੈ।
ਨੇਮਾਂ ਤੋਂ ਬਿਨਾ ਕੋਈ ਖੇਡ ਖੇਡੀ ਨਹੀਂ ਜਾ ਸਕਦੀ ਅਤੇ ਹਰ ਖੇਡ ਦੇ ਆਪਣੇ ਨੇਮ ਅਤੇ ਗੁਣ ਹੁੰਦੇ ਹਨ।
ਪਰਿਵਾਰਕ ਵਿਅਕਤੀ ਦੇ ਗੁਣ, ਸੰਤ ਦੇ ਔਗੁਣ ਬਣ ਜਾਂਦੇ ਹਨ।
ਆਪਣੇ ਖੇਤਰ ਦੇ ਗੁਣਾਂ ਤੋਂ ਬਿਨਾ ਪ੍ਰਾਪਤੀਆਂ ਪ੍ਰਸੰਸਾ ਨਹੀਂ ਉਪਜਾਉਂਦੀਆਂ।
ਕਈ ਕੰਮ ਇਸ ਲਈ ਭੈੜੇ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਚੰਗੇ ਬੰਦਿਆਂ ਨੇ ਨਹੀਂ ਕੀਤਾ ਹੁੰਦਾ।
ਜੇ ਅੰਦਰ ਚੰਗਿਆਈ ਹੈ ਤਾਂ ਉਸ ਨੇ ਬਾਹਰ ਆਉਣਾ ਹੀ ਆਉਣਾ ਹੈ, ਇਹ ਨੇਮ ਬੁਰਾਈ ਉਤੇ ਵੀ ਲਾਗੂ ਹੁੰਦਾ ਹੈ।
ਕਿਤਨੀ ਅਜੀਬ ਗੱਲ ਹੈ ਕਿ ਅਸੀਂ ਦੂਜਿਆਂ ਦੀ ਨਿੰਦਾ ਕਰਕੇ ਆਸ ਕਰਦੇ ਹਾਂ ਕਿ ਹੁਣ ਉਹ ਸਾਡੀ ਪ੍ਰਸੰਸਾ ਕਰਨਗੇ।
ਜੇ ਤੁਹਾਡੇ ਕਿਸੇ ਸਮਾਗਮ ਜਾਂ ਦੁੱਖ-ਸੁਖ ਵਿਚ ਤੁਹਾਡੇ ਗੁਆਂਢੀ ਸ਼ਾਮਲ ਨਹੀਂ ਹੁੰਦੇ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਗੁਆਂਢੀ ਭੈੜੇ ਹਨ ਸਗੋਂ ਸੱਚ ਇਹ ਹੈ ਕਿ ਤੁਸੀਂ ਚੰਗੇ ਨਹੀਂ।
ਵੇਖਿਆ ਗਿਆ ਹੈ ਕਿ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ, ਉਨ੍ਹਾਂ ਨੂੰ ਅਸੀਂ ਕਦੇ ਵੀ ਚੰਗਾ ਨਹੀਂ ਕਹਿੰਦੇ ਅਤੇ ਉਨ੍ਹਾਂ ਨੂੰ ਚੰਗੇ ਲਗਣ ਦਾ ਅਸੀਂ ਯਤਨ ਵੀ ਨਹੀਂ ਕਰਦੇ।
ਅਸੀਂ ਚੰਗਿਆਂ ਨੂੰ ਹੀ ਚੰਗੇ ਲਗਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਆਪ ਚੰਗੇ ਹੋ ਜਾਂਦੇ ਹਾਂ ਤਾਂ ਸਾਨੂੰ ਹਰ ਕੋਈ ਚੰਗਾ ਲਗਣ ਲਗ ਪੈਂਦਾ ਹੈ।
ਜਦੋਂ ਕੋਈ ਚੰਗਾ ਅਤੇ ਪਿਆਰਾ ਵਿਅਕਤੀ ਕਮਰੇ ਅੰਦਰ ਬੈਠਾ ਹੁੰਦਾ ਹੈ ਤਾਂ ਉਸ ਦੀ ਹਾਜ਼ਰੀ ਨਾਲ ਪਰਦਿਆਂ ਉਤਲੇ ਫੁੱਲ ਵੀ ਖੁਸ਼ਬੂ ਦੇਣ ਲਗ ਪੈਂਦੇ ਹਨ।
ਔਖੇ ਕੰਮ ਸਾਨੂੰ ਚੰਗੇ ਹੀ ਨਹੀਂ, ਮਹੱਤਵਪੂਰਨ ਵੀ ਬਣਾ ਦਿੰਦੇ ਹਨ।
ਚੰਗੇ ਵਿਚਾਰ ਸਾਡੀਆਂ ਸਮੱਸਿਆਵਾਂ ਦੇ ਹਲ ਹੋ ਨਿਬੜਦੇ ਹਨ।
ਨਵੀਆਂ ਥਾਂਵਾਂ ਤੇ ਜਾ ਕੇ ਚੰਗੇ ਸਾਬਤ ਹੋਣਾ ਆਸਾਨ ਨਹੀਂ ਪਰ ਚੰਗੇ ਸਾਬਤ ਹੋਣ ਵਾਸਤੇ ਅਜਨਬੀਆਂ ਵਿਚ ਵਿਚਰਨਾ ਪਵੇਗਾ।
ਵਿਕਾਸ ਲਈ ਪਿੰਡ -ਕਸਬੇ ਤੋਂ ਬਾਹਰ ਜਾਣਾ ਪਵੇਗਾ ।
ਪਿੰਡ ਵਿਚ ਰਹਿਣ ਵਾਲਾ ਪਹਿਲਵਾਨ, ਵਿਸ਼ਵ-ਚੈਂਪੀਅਨ ਨਹੀਂ ਬਣ ਸਕਦਾ। ਆਪਣੀ ਪਹਿਲਵਾਨੀ ਦੇ ਕਮਾਲ ਦਸਣ ਲਈ ਉਸ ਨੂੰ ਵਡੇ ਘੇਰਿਆਂ ਵਿਚ ਵਿਚਰਨਾ ਪਵੇਗਾ ਕਿਉਂਕਿ ਅਸੀਂ ਆਪਣੇ ਜਾਣੂਆਂ ਵਿਚ ਰਹਿੰਦਿਆਂ ਕੁਝ ਬਣਨ ਦਾ, ਕੁਝ ਕਰ ਵਿਖਾਉਣ ਦਾ ਯਤਨ ਹੀ ਨਹੀਂ ਕਰਦੇ।
ਲੋੜ ਕਦਰਦਾਨਾਂ ਤੋਂ ਕਦਰ ਪੁਆਉਣ ਦੀ ਹੈ।
ਚੰਗੇ ਬਣਨ ਦਾ ਰਾਹ ਸੌਖਾ ਨਹੀਂ ਹੈ ਪਰ ਜੇ ਚੰਗਿਆਂ ਨੂੰ ਚੰਗੇ ਲਗਣ ਦੀ ਰੀਝ ਹੋਵੇ ਅਤੇ ਜੇ ਅਸੀਂ ਚੰਗੇ ਬਣਨ ਲਈ ਜਾਗ ਪਈਏ ਅਤੇ ਚੰਗੇ ਬਣਨ ਦਾ ਉਪਰਾਲਾ ਕਰੀਏ ਤਾਂ ਕੋਈ ਵੀ ਰਾਹ ਔਖਾ ਨਹੀਂ ਹੈ।
ਜ਼ਿੰਦਗੀ ਵਿਚੋਂ ਗੁਜ਼ਰਦਿਆਂ…
ਜ਼ਿੰਦਗੀ ਵਿਚੋਂ ਗੁਜ਼ਰਦਿਆਂ ਕੀਤੀਆਂ ਗਲਤੀਆਂ ਦੇ ਕੁਲ-ਜੋੜ ਨੂੰ ਤਜਰਬਾ ਕਹਿੰਦੇ ਹਨ। ਅਸੀਂ ਹਰ ਉਮਰ ਵਿਚ ਗਲਤੀਆਂ ਕਰਦੇ ਹਾਂ । ਕੁਝ ਸਾਡੇ ਨਾ ਚਾਹੁਣ ਦੇ ਬਾਵਜੂਦ ਵਾਪਰ ਜਾਂਦਾ ਹੈ, ਜਿਵੇਂ ਜੋੜੇ ਬੱਚੇ ਹੋ ਜਾਂਦੇ ਹਨ, ਚਾਹੇ ਨਹੀਂ ਜਾਂਦੇ। ਕੁਝ ਗਲਤੀਆਂ ਕਰਨੀਆਂ ਪੈਂਦੀਆਂ ਹਨ, ਜਿਵੇਂ ਵਿਆਹ ਤੋਂ ਮਗਰੋਂ ਕਈ ਵਾਰ ਤਲਾਕ ਦੇਣਾ ਜਾਂ ਲੈਣਾ ਪੈਂਦਾ ਹੈ।
ਆਪਣੀ ਅਕਲ ਉਤੇ ਜਿਤਨਾ ਮਾਣ ਦਸ ਤੋਂ ਵੀਹ ਸਾਲ ਦੀ ਉਮਰ ਵਿਚਕਾਰ ਹੁੰਦਾ ਹੈ, ਉਤਨਾ ਮਗਰੋਂ ਕਦੇ ਨਹੀਂ ਹੁੰਦਾ। ਇਨ੍ਹਾਂ ਸਾਲਾਂ ਵਿਚ ਕੀਤੀਆਂ ਗਲਤੀਆਂ ਸਮੁੱਚੇ ਜੀਵਨ ਉਤੇ ਪ੍ਰਭਾਵ ਪਾਉਂਦੀਆਂ ਹਨ।
ਵੀਹ ਤੋਂ ਚਾਲ੍ਹੀ ਤਕ ਸਾਨੂੰ ਆਪਣੀਆਂ ਸ਼ਕਤੀਆਂ ਦਾ ਹੀ ਗਿਆਨ ਹੁੰਦਾ ਹੈ, ਇਸ ਉਪਰੰਤ ਹੀ ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਜਾਣੂ ਹੁੰਦੇ ਹਾਂ।
ਸੋਚਣਾ, ਅਸੀਂ ਪੰਜਾਹ ਤੋਂ ਮਗਰੋਂ ਆਰੰਭ ਕਰਦੇ ਹਾਂ, ਉਸ ਤੋਂ ਪਹਿਲਾਂ ਅਸੀਂ ਮਹਿਸੂਸ ਹੀ ਕਰਦੇ ਹਾਂ।
ਤਜਰਬਾ ਦਸਦਾ ਹੈ ਕਿ ਜਿਹੜਾ ਦਸ ਸਾਲ ਦੀ ਉਮਰ ਵਿਚ ਚੁਸਤ ਨਹੀਂ, ਵੀਹ ਸਾਲ ਦੀ ਉਮਰ ਵਿਚ ਸੋਹਣਾ ਨਹੀਂ, ਤੀਹ ਸਾਲ ਦੀ ਉਮਰ ਵਿਚ ਤਕੜਾ ਨਹੀਂ, ਚਾਲ੍ਹੀ ਸਾਲ ਦੀ ਉਮਰ ਵਿਚ ਅਮੀਰ ਨਹੀਂ ਅਤੇ ਪੰਜਾਹ ਸਾਲ ਦੀ ਉਮਰ ਵਿਚ ਸਿਆਣਾ ਨਹੀਂ, ਉਸ ਨੂੰ ਕੋਈ ਵੀ ਚੁਸਤ, ਸੋਹਣਾ, ਤਕੜਾ, ਅਮੀਰ ਅਤੇ ਸਿਆਣਾ ਨਹੀਂ ਕਹੇਗਾ।
ਪੰਜਾਹ ਤੋਂ ਮਗਰੋਂ ਜੋ ਕੁਝ ਕੀਤਾ ਜਾਂਦਾ ਹੈ ਉਹ ਪਹਿਲੇ ਕੀਤੇ ਦਾ ਦਹਰਾਓ ਹੀ ਹੁੰਦਾ ਹੈ, ਕੁਝ ਨਵਾਂ ਸਿਰਜਣ ਦੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ।
ਸਾਡੇ ਜੀਵਲ ਵਿਚ ਪੰਜਾਹ ਸਾਲ ਦੀ ਉਮਰ ਜਵਾਨੀ ਦਾ ਬੁਢਾਪਾ ਅਤੇ ਬੁਢਾਪੇ ਦੀ ਜਵਾਨੀ ਹੁੰਦੀ ਹੈ।
ਸੋਚਣਾ ਅਤੇ ਕਰਨਾ ਮਨੁੱਖੀ ਜੀਵਨ ਦੇ ਦੋ ਮੁਖ ਖੇਤਰ ਹਨ। ਦੋਹਾਂ ਦੇ ਮੇਲ ਵਿਚੋਂ ਚਰਿਤਰ, ਸ਼ਖ਼ਸੀਅਤ, ਰੁਤਬਾ ਅਤੇ ਖੁਸ਼ਹਾਲੀ ਜਨਮਦੇ ਹਨ।
ਜੇ ਸੋਚਣ ਅਤੇ ਕਰਨ ਵਿਚ ਇਕ-ਸੁਰਤਾ ਨਾ ਹੋਵੇ ਤਾਂ ਗਲਤੀਆਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਜ਼ਿੰਦਗੀ ਵਿਚ ਘਾਟੇ ਪੈਂਦੇ ਹਨ।
ਜਵਾਨੀ ਦੀਆਂ ਗਲਤੀਆਂ ਆਪਣੇ ਆਪ ਨੂੰ ਸਿਆਣੇ ਸਮਝਣ ਅਤੇ ਬੁਢਾਪੇ ਦੀਆਂ ਗਲਤੀਆਂ ਹਰੇਕ ਵਲੋਂ ਆਪਣੇ ਆਪ ਨੂੰ ਜਵਾਨ ਸਮਝਣ ਦੇ ਭੁਲੇਖੇ ਵਿਚੋਂ ਉਪਜਦੀਆਂ ਹਨ।
ਗਲਤੀਆਂ ਅਤੇ ਯੋਗਤਾ ਰਾਹੀਂ ਅਸੀਂ ਜ਼ਿੰਦਗੀ ਦੇ ਨੇਮ ਸਮਝਦੇ ਹਾਂ ਅਤੇ ਤਜਰਬੇ ਰਾਹੀਂ ਅਸੀਂ ਜਾਣਦੇ ਹਾਂ ਕਿ ਕਿਥੇ ਇਹ ਨੇਮ ਲਾਗੂ ਹੁੰਦੇ ਹਨ ਅਤੇ ਕਿਥੇ ਇਹ ਨੇਮ ਲਾਗੂ ਨਹੀਂ ਹੁੰਦੇ।
ਰੋਮਨ ਬਾਦਸ਼ਾਹ ਜੂਲੀਅਸ ਸੀਜ਼ਰ ਸਿਆਣਾ ਹੋ ਗਿਆ ਸੀ, ਸੋ ਉਹ ਦੁਨੀਆ ਨੂੰ ਜਿੱਤਣ ਲਈ ਨਹੀਂ ਸੀ ਨਿਕਲਿਆ। ਇਹ ਕੰਮ ਸਿਕੰਦਰ ਨੇ ਕੀਤਾ, ਕਿਉਂਕਿ ਉਹ ਜਵਾਨ ਸੀ ਅਤੇ ਉਸ ਨੇ ਅਜੇ ਸੋਚਣਾ ਆਰੰਭ ਨਹੀਂ ਸੀ ਕੀਤਾ। ਸਿਕੰਦਰ ਨੇ ਵੀ ਗਲਤੀਆਂ ਤੋਂ ਜਾਣ ਲਿਆ ਸੀ ਕਿ ਯੁੱਧ ਵਿਚ ਇਕ ਗਲਤੀ ਦੋ ਵਾਰ ਕਰਨ ਦੀ ਸਹੂਲਤ ਨਹੀਂ ਹੁੰਦੀ ਅਤੇ ਤਜਰਬੇ ਨੇ ਉਸ ਨੂੰ ਦਸ ਦਿਤਾ ਸੀ ਕਿ ਮੌਤ ਤੋਂ ਸਿਵਾਇ ਮਨੁੱਖ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ।
ਗਲਤੀਆਂ ਇਸ ਲਈ ਹੋ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਕਰਨਾ ਸੌਖਾ ਹੁੰਦਾ ਹੈ। ਇਹ ਵਧੇਰੇ ਖਿੱਚ ਪਾਉਂਦੀਆਂ ਹਨ ਅਤੇ ਸਾਡੇ ਸੁਭਾਵਕ ਵਿਹਾਰ ਦੇ ਨੇੜੇ ਹੁੰਦੀਆਂ ਹਨ। ਗਲਤੀਆਂ ਨਾਲ ਘਾਟਾ ਪੈਂਦਾ ਹੈ ਪਰ ਯੋਗਤਾ ਵੀ ਉਪਜਦੀ ਹੈ ਅਤੇ ਅਸੀਂ ਸਹੀ ਅਤੇ ਗਲਤ ਵਿਚਕਾਰ ਅੰਤਰ ਜਾਣ ਜਾਂਦੇ ਹਾਂ।
ਯੋਗਤਾ ਸਾਨੂੰ ਸਿਆਣਾ ਬਣਾਉਂਦੀ ਹੈ ਪਰ ਖੁਸ਼ਹਾਲ ਅਸੀਂ ਕਾਰਜਾਂ ਨਾਲ ਅਤੇ ਮਿਹਨਤ ਨਾਲ ਹੀ ਹੁੰਦੇ ਹਾਂ। ਅਗਿਆਨਤਾ ਨੂੰ ਕੇਵਲ ਸਿੱਖਿਆ ਨਾਲ ਦੂਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਿਹਨਤ ਨਾਲ ਕੰਮ ਕਰਨ ਤੋਂ ਬਿਨਾ ਸਿਖਿਆ ਵੀ ਅਗਿਆਨਤਾ ਨੂੰ ਦੂਰ ਨਹੀਂ ਕਰ ਸਕਦੀ।
ਸੁਸਤੀ ਦੀ ਸਜ਼ਾ ਅਸਫਲਤਾ ਹੀ ਨਹੀਂ ਹੁੰਦੀ, ਗਰੀਬੀ, ਸਾੜਾ, ਈਰਖਾ ਅਤੇ ਦੁਸ਼ਮਣੀ ਵੀ ਹੁੰਦੀ ਹੈ।
ਕੁਝ ਕਰਨ ਤੋਂ ਪਹਿਲੇ ਆਰਾਮ ਕਰਨ ਦੀ ਆਦਤ ਨੂੰ ਸੁਸਤੀ ਕਹਿੰਦੇ ਹਨ।
ਸੁਸਤ ਵਿਅਕਤੀ ਉਤੇ ਨਾ ਕੋਈ ਗਿਆਨ ਅਸਰ ਕਰਦਾ ਹੈ, ਨਾ ਹੀ ਕੋਈ ਦਵਾਈ। ਸੁਸਤ ਵਿਅਕਤੀ ਪਰਿਵਰਤਨ ਦੇ ਵਿਰੋਧੀ ਹੁੰਦੇ ਹਨ।
ਤਜਰਬਾ ਦਸਦਾ ਹੈ ਕਿ ਠੀਕ ਸੋਚ ਵਾਲੇ ਵਿਅਕਤੀ ਇਨਕਲਾਬ ਨਹੀਂ ਲਿਆ ਸਕਦੇ, ਉਹ ਚਿੰਤਕ ਹੋਣ ਕਰਕੇ ਸੁਧਾਰ ਹੀ ਲਿਆ ਸਕਦੇ ਹਨ। ਗਲਤ ਸੋਚ ਵਾਲੇ ਲੋਕ ਧੀਰਜਵਾਨ ਅਤੇ ਸਹਿਣਸ਼ੀਲ ਨਹੀਂ ਹੁੰਦੇ ਸੋ ਉਹ ਆਤੰਕਵਾਦੀ ਜਾਂ ਅਤਿਵਾਦੀ ਹੋ ਨਿਬੜਦੇ ਹਨ।
ਇਨਕਲਾਬ ਉਹੀ ਲਿਆਉਂਦੇ ਹਨ ਜਿਨ੍ਹਾਂ ਦੇ ਕਾਰਜਾਂ ਪਿਛੇ ਇਕ ਸ਼ਕਤੀਸ਼ਾਲੀ ਵਿਚਾਰਧਾਰਾ ਹੁੰਦੀ ਹੈ।
ਇਨਕਲਾਬੀ ਵੀ ਵਕਤ ਦੇ ਬੀਤਣ ਨਾਲ ਪਰਿਵਰਤਨ ਦਾ ਵਿਰੋਧ ਅਤੇ ਵਿਰੋਧੀਆਂ ਨੂੰ ਕਤਲ ਕਰਨ ਦਾ ਪਾਪ ਕਰਨ ਲਗ ਪੈਂਦੇ ਹਨ।
ਅਜਿਹੇ ਵਿਅਕਤੀ ਰੱਬ ਨਾਲ ਵੀ ਵਧੀਕੀ ਕਰਦੇ ਹਨ, ਉਸ ਨੂੰ ਕੁਝ ਕਰਨ ਹੀ ਨਹੀਂ ਦਿੰਦੇ, ਸਾਰੇ ਪਾਪ ਆਪ ਹੀ ਕਰੀ ਜਾਂਦੇ ਹਨ ।
ਅਜੇ ਮਨੁੱਖ ਨੂੰ ਅਜਿਹਾ ਕੋਈ ਝਰਨਾ ਨਹੀਂ ਲਭਿਆ, ਜਿਥੇ ਉਸ ਦੀ ਸਾਰੀ ਪਿਆਸ ਬੁਝ ਜਾਵੇ।
ਅਧੂਰੇਪਣ ਦਾ ਅਹਿਸਾਸ ਮਨੁੱਖ ਨੂੰ ਟਿਕਣ ਨਹੀਂ ਦਿੰਦਾ। ਇਸੇ ਲਈ ਹਰੇਕ ਮਨੁੱਖ ਅਸ਼ਾਂਤ ਹੈ।
ਗਰੀਬਾਂ, ਮਰੀਜ਼ਾਂ, ਕਮਜ਼ੋਰਾਂ, ਅਨਪੜ੍ਹਾਂ ਆਦਿ ਲਈ ਕੋਈ ਆਜ਼ਾਦੀ ਨਹੀਂ ਹੁੰਦੀ ਸੋ ਜਦੋਂ ਤਕ ਪੇਟ ਭੁੱਖਾ ਹੈ, ਗਿਆਨ ਦੀ ਭੁੱਖ ਜਾਗ ਨਹੀਂ ਸਕਦੀ।
ਸੰਸਾਰ ਦੇ ਅਰਥ ਹੀ ਇਹ ਹਨ, ਜਿਹੜਾ ਸਾਡੀ ਇੱਛਾ ਅਨੁਸਾਰ ਨਾ ਹੋਵੇ ।
ਸੱਚੇ ਗਿਆਨ ਅਤੇ ਸਾਧਾਰਨ ਗਿਆਨ ਵਿਚ ਅੰਤਰ ਸਮਝਣ ਦੀ ਲੋੜ ਹੈ।
ਜੇ ਜਾਣ ਲਿਆ ਕਿ ਬੇਈਮਾਨੀ ਪਾਪ ਹੈ ਅਤੇ ਬੇਈਮਾਨੀ ਦਾ ਤਿਆਗ ਕਰ ਦਿਤਾ, ਇਹ ਸੱਚਾ ਗਿਆਨ ਹੈ। ਜੇ ਜਾਣ ਲਿਆ ਕਿ ਬੇਈਮਾਨੀ ਬੁਰਾਈ ਹੈ ਪਰ ਇਸ ਦੇ ਬਾਵਜੂਦ ਅਸੀਂ ਬੇਈਮਾਨ ਬਣੇ ਰਹੀਏ, ਇਹ ਸਾਧਾਰਨ ਗਿਆਨ ਹੈ।
ਜ਼ਿੰਦਗੀ ਦੀ ਪੱਧਰ ਉੱਚੀ, ਸੱਚੇ ਗਿਆਨ ਨਾਲ ਹੀ ਹੋਵੇਗੀ ਜਦੋਂ ਕਿ ਸਾਧਾਰਨ ਗਿਆਨ ਨਾਲ ਗਿਆਨਵਾਨ ਹੋਣ ਅਤੇ ਪੱਧਰ ਉੱਚੀ ਹੋਣ ਦੇ ਭਰਮ ਅਤੇ ਭੁਲੇਖੇ ਹੀ ਪੈਣਗੇ।
ਮਨੁੱਖ ਤਜਰਬੇ ਤੋਂ ਸਿਖਦਾ ਹੈ ਕਿ ਵਿਆਹ, ਪਿਆਰ ਦੀ ਘਾਟ ਕਰਕੇ ਨਹੀਂ, ਸਮਝ-ਸੂਝ ਦੀ ਘਾਟ ਕਰਕੇ ਟੁੱਟਦੇ ਹਨ।
ਖੁਸ਼ੀ ਮਾਣਨ ਲਈ ਕਿਸੇ ਨੂੰ ਭਾਈਵਾਲ ਬਣਾਉਣਾ ਪਵੇਗਾ।
ਸਤਰੰਗੀ ਪੀਂਘ ਵੇਖਣ ਵਾਸਤੇ ਮੀਂਹ ਦੀ ਬੇਆਰਾਮੀ ਸਹਿਣੀ ਪਵੇਗੀ।
ਸੂਰਜ ਤੋਂ ਚਾਨਣ ਮੰਗਣ ਦੀ ਲੋੜ ਨਹੀਂ, ਉਹ ਬਿਨਾ ਮੰਗੇ ਹੀ ਦੇਈ ਜਾਂਦਾ ਹੈ, ਤੁਸੀਂ ਵੀ ਦਿਓ। ਕੁਦਰਤ ਵਿਚ ਕਿਸੇ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਪਰ ਜੀਵਨ ਵਿਚ ਮੁਕਾਬਲੇ ਕਾਰਨ ਅਸੀਂ ਭਟਕਦੇ ਹਾਂ। ਵਿਰੋਧ ਅਤੇ ਜਿੱਤਣ ਦੀ ਮ੍ਰਿਗਤ੍ਰਿਸ਼ਨਾ ਭਟਕਾਉਂਦੀ ਹੈ। ਭਟਕਣ ਸਹਿਯੋਗੀ ਹੋ ਕੇ ਹੀ ਮਿੱਟਦੀ ਹੈ।
ਯਾਦ ਰਖਣ ਦੀ ਲੋੜ ਹੈ ਕਿ ਹਰ ਕਿਸੇ ਦੀ ਸੋਚ ਵੱਖਰੀ ਹੈ ਅਤੇ ਹਰ ਕਿਸੇ ਦਾ ਸਵਰਗ ਵੱਖਰਾ ਹੈ। ਬੱਚੇ ਵਾਸਤੇ ਖਿਡੌਣਿਆਂ ਦੀ ਦੁਕਾਨ ਸਵਰਗ ਹੈ, ਜਿਥੇ ਚਾਕਲੇਟ ਸਮੇਤ ਹਰ ਚੀਜ਼ ਮੁਫਤ ਹੈ। ਇਸਤਰੀ ਲਈ ਹੀਰਿਆਂ ਦਾ ਭੰਡਾਰ ਸਵਰਗ ਹੈ, ਜਿਥੇ ਭੋਜਨ ਵੀ ਪਕਿਆ-ਪਕਾਇਆ ਮਿਲਦਾ ਹੈ; ਪੁਰਸ਼ ਲਈ ਵੱਡਾ ਵਪਾਰ ਹੀ ਸਵਰਗ ਹੈ ਜਿਥੇ ਸਾਰੇ ਗਾਹਕ ਖਰੀਦਣ ਲਈ ਹੀ ਆਉਂਦੇ ਹਨ।
ਹਰੇਕ ਦੇ ਸਵਰਗ ਵਾਂਗ ਹਰੇਕ ਦਾ ਰਾਹ ਵੀ ਵੱਖਰਾ ਹੈ। ਜਿਥੇ ਮਹਾਂਵੀਰ ਵਰਤ ਰਖ ਕੇ ਪਹੁੰਚੇ, ਉਥੇ ਬੁੱਧ ਗਿਆਨ ਨਾਲ ਪਹੁੰਚੇ, ਸੁਕਰਾਤ ਜ਼ਹਿਰ ਪੀ ਕੇ ਪਹੁੰਚਿਆ, ਈਸਾ ਸੂਲੀ ਉਤੇ ਲਟਕ ਕੇ ਪਹੁੰਚਿਆ, ਨਾਨਕ ਗਾ ਕੇ ਪਹੁੰਚੇ ਅਤੇ ਮੀਰਾ ਨੱਚ ਕੇ ਪਹੁੰਚੀ।
ਵੱਖਰੇ ਰਾਹ ਵਾਂਗ ਹਰ ਚੀਜ਼ ਦਾ ਨੇਮ ਵੀ ਵਖਰਾ ਹੈ। ਅੱਗ ਗਰਮ ਹੈ, ਪਾਣੀ ਠੰਡਾ ਹੈ; ਅੱਗ ਸਾੜਦੀ ਹੈ, ਉਪਰ ਵਲ ਜਾਂਦੀ ਹੈ, ਪਾਣੀ ਬੁਝਾਉਂਦਾ ਹੈ ਥੱਲੇ ਵਲ ਆਉਂਦਾ ਹੈ। ਦੋਹਾਂ ਬਾਰੇ ਸੋਚੀਏ ਤਾਂ ਹੀ ਗਲ ਸਮਝ ਆਉਂਦੀ ਹੈ।
ਸੰਸਾਰ ਵਿਚ ਚੰਗੇ ਵੀ ਹਨ, ਮਾੜੇ ਵੀ, ਸੰਸਾਰ ਵਿਚ ਹੀ ਹਨ।
ਸੰਪੂਰਣ ਗਿਆਨ ਮੁਕਤ ਕਰਦਾ ਹੈ, ਅਧੂਰਾ ਗਿਆਨ ਥਕਾਉਂਦਾ-ਅਕਾਉਂਦਾ ਹੈ। ਇਵੇਂ ਹੀ ਸੰਸਾਰ ਵਿਚ ਕੁਝ ਵੀ ਅੰਤਿਮ ਨਹੀਂ, ਨਾ ਸਫਲਤਾ, ਨਾ ਅਸਫਲਤਾ, ਨਾ ਅਮੀਰੀ, ਨਾ ਗਰੀਬੀ, ਨਾ ਸਮਝੌਤਾ, ਨਾ ਝਗੜਾ, ਨਾ ਤੁਸੀਂ ਅਤੇ ਨਾ ਹੀ ਮੈਂ।
ਸੰਸਾਰ ਵਿਚ ਕੁਝ ਵੀ ਪਹਿਲੀ ਵਾਰ ਨਹੀਂ ਹੋ ਰਿਹਾ ਅਤੇ ਕੁਝ ਵੀ ਅੰਤਿਮ ਵਾਰ ਨਹੀਂ ਹੋਵੇਗਾ।
ਤਜਰਬਾ ਦਸਦਾ ਹੈ ਕਿ ਜਿਸ ਦਾ ਆਪਣਿਆਂ ਨਾਲ ਝਗੜਾ ਨਹੀਂ ਹੁੰਦਾ ਉਸ ਨੂੰ ਅੱਧੀ ਮਾਨਵਜਾਤੀ ਦੀਆਂ ਆਦਤਾਂ ਦਾ ਪਤਾ ਹੀ ਨਹੀਂ ਲਗਦਾ।
ਜਿਸ ਨੇ ਵਿਆਹ ਨਹੀਂ ਕੀਤਾ, ਉਹ ਜਾਣ ਹੀ ਨਹੀਂ ਸਕਦਾ ਕਿ ਸੰਸਾਰ ਕੀ ਹੈ। ਜਿਸ ਨੇ ਪ੍ਰੇਮ ਨਹੀਂ ਕੀਤਾ, ਉਹ ਸਾੜੇ ਅਤੇ ਈਰਖਾ ਤੋਂ ਜਾਣੂ ਨਹੀਂ ਹੋ ਸਕਦਾ। ਵੇਖਿਆ ਗਿਆ ਹੈ ਕਿ ਵਸਤਾਂ ਅਤੇ ਪ੍ਰੇਮੀ ਫਾਸਲੇ ਕਰਕੇ ਸੋਹਣੇ ਲਗਦੇ ਹਨ। ਪ੍ਰੇਮੀਆਂ ਵਿਚਕਾਰ ਉਮਰਾਂ ਦਾ ਜਾਂ ਰਸਤਿਆਂ ਦਾ ਫਾਸਲਾ ਹੁੰਦਾ ਹੈ, ਜਦੋਂ ਉਹ ਵਿਆਹੇ ਜਾਂਦੇ ਹਨ ਤਾਂ ਫਾਸਲੇ ਦੀ ਉਪਜਾਈ ਸੁੰਦਰਤਾ ਮੁੱਕ ਜਾਂਦੀ ਹੈ। ਬਹੁਤ ਨੇੜਿਉਂ ਸ਼ੀਸ਼ੇ ਵਿਚ ਵੇਖਿਆਂ ਚਿਹਰੇ ਦੇ ਨੁਕਸ ਹੀ ਵਿਖਾਈ ਦਿੰਦੇ ਹਨ।
ਪਹਾੜ ਦੂਰੋਂ ਬੜੇ ਸੋਹਣੇ ਲਗਦੇ ਹਨ, ਨੇੜੇ ਪਹੁੰਚ ਕੇ ਮਿਟੀ ਹੀ ਨਜ਼ਰ ਆਉਂਦੀ ਹੈ। ਸਾਨੂੰ ਪੁਰਾਣੇ ਥਕਾਉਣ ਲਗ ਪੈਂਦੇ ਹਨ ਅਤੇ ਨਵਿਆਂ ਵਿਚ ਦਿਲਚਸਪੀ ਉਪਜ ਪੈਂਦੀ ਹੈ ਅਤੇ ਭਰਮ-ਭੁਲੇਖਿਆਂ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ, ਇਵੇਂ ਸੰਸਾਰ ਸਾਨੂੰ ਚਲਾਕੀ ਨਾਲ ਪਕੜ ਲੈਂਦਾ ਹੈ।
ਆਦਿਵਾਸੀ ਕਬੀਲਿਆਂ ਵਿਚ ਬਾਂਦਰ ਫੜਨ ਦਾ ਸਦੀਆਂ ਪੁਰਾਣਾ ਢੰਗ ਇਹ ਹੈ ਕਿ ਗਿਰੀਆਂ ਨਾਲ ਭਰੇ ਸੌੜੇ ਮੂੰਹ ਵਾਲੇ ਭਾਰੇ ਭਾਂਡੇ ਵਿਚ ਬਾਂਦਰ ਆਪਣੀ ਬਾਂਹ ਪਾ ਕੇ ਗਿਰੀਆਂ ਨਾਲ ਭਰੀ ਮੁੱਠ ਮੀਚ ਲੈਂਦਾ ਹੈ, ਛੱਡਦਾ ਨਹੀਂ ਅਤੇ ਫੜਿਆ ਜਾਂਦਾ ਹੈ। ਆਪਣੀਆਂ ਸਮੱਸਿਆਵਾਂ ਲਈ ਅਸੀਂ ਆਪ ਜ਼ਿੰਮੇਵਾਰ ਹੁੰਦੇ ਹਾਂ।
ਜੀਵਨ ਦਾ ਦਸਤੂਰ ਦਸਦਾ ਹੈ ਕਿ ਜੇ ਤੁਸੀਂ ਕਰਜ਼ਾ ਲਵੋਗੇ ਤਾਂ ਲੈਣ ਵੇਲੇ ਵੀਹ ਮਿੰਟ ਹੀ ਲਗਣਗੇ ਪਰ ਕਰਜ਼ਾ ਮੋੜਨ ਵੇਲੇ ਵੀਹ ਸਾਲ ਲਗਣਗੇ।
ਉਮਰ ਕੋਈ ਹੋਵੇ ਕਰਜ਼ਾ ਲੈ ਕੇ ਲਗੇਗਾ ਕਿ ਤੁਸੀਂ ਸੱਠ ਸਾਲ ਦੇ ਹੋ ਗਏ ਹੋ।
ਕਰਜ਼ਾ ਲੈਣਾ ਸੌਖਾ ਹੈ, ਬੱਚਤ ਕਰਕੇ ਕੁਝ ਖਰੀਦਣਾ ਔਖਾ ਹੈ ਪਰ ਕਦਰ ਤਾਂ ਹੀ ਪੈਂਦੀ ਹੈ ਜੇ ਔਖੇ ਕੰਮ ਕੀਤੇ ਜਾਣ।
ਧਾਰਮਿਕ ਅਤੇ ਪਰੰਪਰਾਗਤ ਸੋਚ ਵਾਲੇ ਵਿਅਕਤੀ ਆਪਣੇ ਜੀਵਨ ਵਿਚ ਕੁਝ ਔਖਾ ਜਾਂ ਨਵਾਂ ਨਹੀਂ ਕਰਦੇ, ਇਸੇ ਲਈ ਉਹ ਜੀਵਨ ਦੇ ਵਿਚਕਾਰ ਜਿਹੇ ਵਿਚਰ ਕੇ ਸੰਤੁਸ਼ਟ ਹੋ ਜਾਂਦੇ ਹਨ।
ਯੋਗ ਤਿਆਰੀ ਕਰਨੀ, ਔਖੇ ਕੰਮ ਕਰਨ ਦੀ ਸਫਲਤਾ ਦਾ ਭੇਤ ਹੈ, ਕਿਉਂਕਿ ਤਿਆਰੀ ਹੀ ਸਫਲਤਾ ਅਤੇ ਅਸਫਲਤਾ ਨੂੰ ਨਿਖੇੜਦੀ ਹੈ।
ਜੇ ਤਿਆਰੀ ਨਾ ਕੀਤੀ ਜਾਵੇ ਤਾਂ ਮੌਕਾ, ਕਿਸੇ ਦੀ ਮਦਦ ਜਾਂ ਕਿਸਮਤ ਵੀ ਕੁਝ ਨਹੀਂ ਕਰ ਸਕਦੀ।
ਸੈਰ ਜਾਂ ਕਸਰਤ ਕਰਨੀ ਔਖਾ ਕੰਮ ਹੈ ਪਰ ਇਨ੍ਹਾਂ ਨਾਲ ਜੀਵਨ ਸੌਖਾ ਹੋ ਜਾਂਦਾ ਹੈ। ਸੈਰ ਜਾਂ ਕਸਰਤ ਦਾ ਉਦੇਸ਼ ਸਰੀਰ ਦੀ ਤੰਦਰੁਸਤੀ ਹੀ ਨਹੀਂ ਹੁੰਦਾ, ਮਨ ਦੀ ਸ਼ਾਂਤੀ ਅਤੇ ਸਫਲਤਾ ਦਾ ਅਹਿਸਾਸ ਵੀ ਹੁੰਦਾ ਹੈ।
ਹਰੇਕ ਸਫਲ ਵਿਅਕਤੀ ਪਿਛੇ ਅਸਫਲਤਾ ਦੇ ਅਨੇਕਾਂ ਵਰ੍ਹੇ ਹੁੰਦੇ ਹਨ।
ਸਫਲ ਵਿਅਕਤੀ ਉਹ ਅਕਾਊ ਅਤੇ ਥਕਾਊ ਕੰਮ ਵੀ ਕਰਦੇ ਹਨ, ਜਿਨ੍ਹਾਂ ਨੂੰ ਸੁਸਤ ਜਾਂ ਅਸਫਲ ਵਿਅਕਤੀ ਪਸੰਦ ਨਹੀਂ ਕਰਦੇ। ਇਨ੍ਹਾਂ ਔਖੇ ਕੰਮਾਂ ਨੂੰ ਪਸੰਦ ਤਾਂ ਸਫਲ ਵਿਅਕਤੀ ਵੀ ਨਹੀਂ ਕਰਦੇ ਪਰ ਆਪਣੇ ਉਦੇਸ਼ ਦੀ ਪੂਰਤੀ ਲਈ ਸਫਲ ਵਿਅਕਤੀ ਆਪਣੀ ਪਸੰਦ ਜਾਂ ਨਾ-ਪਸੰਦ ਨੂੰ ਰੁਕਾਵਟ ਨਹੀਂ ਬਣਨ ਦਿੰਦੇ।
ਕਈ ਕੰਮ ਇਕ ਵਾਰੀ ਹੀ ਕਰਨਯੋਗ ਹੁੰਦੇ ਹਨ ਅਤੇ ਠੀਕ ਢੰਗ ਨਾਲ ਕਰਨ ਯੋਗ ਹੁੰਦੇ ਹਨ, ਜਿਵੇਂ ਜਨਮ ਲੈਣਾ, ਵਿਆਹ ਕਰਵਾਉਣਾ ਅਤੇ ਮਰਨਾ ।
ਠੀਕ ਢੰਗ ਅਪਨਾਉਣ ਕਰਕੇ ਅਸੀਂ ਨਿਆਂਪੂਰਣ ਹੋ ਜਾਂਦੇ ਹਾਂ।
ਇਹ ਰਾਹ ਔਖਾ ਹੈ ਪਰ ਇਹ ਤਸੱਲੀ ਵਾਲਾ ਰਾਹ ਹੈ।
ਸੰਸਾਰ ਨਿਆਂਪੂਰਣ ਨਹੀਂ ਹੈ, ਅਸੀਂ ਹੀ ਸੰਸਾਰ ਹਾਂ, ਅਸੀਂ ਵੀ ਨਿਆਂਪੂਰਣ ਨਹੀਂ ਹਾਂ। ਮੇਰੇ ਇਕ ਗੁਆਂਢੀ ਨੇ ਜਦੋਂ ਮਕਾਨ ਬਦਲਿਆ ਤਾਂ ਨਵੇਂ ਮਕਾਨ ਵਿਚ ਨੇੜੇ ਦੇ ਕਸਬੇ ਵਿਚੋਂ ਬਣਦੇ ਮਸ਼ਹੂਰ ਗਮਲੇ ਖਰੀਦਣ ਦਾ ਮਨ ਬਣਾਇਆ। ਪਤਾ ਲਗਣ ਤੇ ਆਂਢੀਆਂ-ਗੁਆਂਢੀਆਂ ਨੇ ਵੀ ਦੋ-ਦੋ, ਤਿੰਨ-ਤਿੰਨ ਦਰਜਨ ਗਮਲੇ ਮੰਗਵਾਉਣ ਦੀ ਬੇਨਤੀ ਕੀਤੀ । ਜਦੋਂ ਗਮਲੇ ਆਏ ਤਾਂ ਤੀਹ ਦਰਜਨ ਗਮਲਿਆਂ ਵਿਚੋਂ ਡੇਢ ਦਰਜਨ ਗਮਲੇ ਟੁੱਟ ਗਏ ਸਨ । ਸਾਰੇ ਗੁਆਂਢੀ ਆਏ ਅਤੇ ਛਾਂਟ-ਛਾਂਟ ਕੇ ਸਬੂਤੇ ਗਮਲੇ ਲੈ ਗਏ ਅਤੇ ਟੁੱਟੇ ਗਮਲੇ ਉਥੇ ਹੀ ਪਏ ਰਹੇ। ਇਵੇਂ ਗੁਆਂਢੀ ਨੂੰ ਸੇਵਾ ਦਾ ਫਲ ਟੁੱਟੇ ਗਮਲਿਆਂ ਵਿਚ ਮਿਲਿਆ ।
ਸੰਸਾਰ ਨਿਆਂਪੂਰਣ ਨਹੀਂ ਹੈ, ਇਸੇ ਕਰਕੇ ਲੋਕ ਦੁੱਖੀ ਹਨ।
ਜਦੋਂ ਕੋਈ ਬੇਈਮਾਨ ਕਿਸੇ ਸਾਊ ਜਾਂ ਈਮਾਨਦਾਰ ਬੰਦੇ ਨੂੰ ਤੰਗ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਦਿਲ ਸਖ਼ਤ, ਵਿਉਂਤ ਪੱਕੀ ਅਤੇ ਇਰਾਦਾ ਦ੍ਰਿੜ੍ਹ ਹੁੰਦਾ ਹੈ, ਸੋ ਈਮਾਨਦਾਰ ਬੰਦਾ ਬੇਈਮਾਨ ਦਾ ਸ਼ਿਕਾਰ ਹੋਣੋ ਬਚ ਨਹੀਂ ਸਕਦਾ।
ਜਦੋਂ ਕੋਈ ਈਮਾਨਦਾਰ ਜੇ ਕਦੀ ਕਿਸੇ ਬੇਈਮਾਨ ਨੂੰ ਸਜ਼ਾ ਦੇਣ ਲਗਦਾ ਹੈ ਤਾਂ ਉਸ ਦਾ ਹਿਰਦਾ ਕੋਮਲ, ਉਸ ਦੀ ਵਿਉਂਤ ਅਧੂਰੀ ਅਤੇ ਉਹ ਇਕ ਸੀਮਾ ਤੋਂ ਵਧੇਰੇ ਸਖ਼ਤ ਹੋ ਹੀ ਨਹੀਂ ਸਕਦਾ ਇਸ ਲਈ ਉਸ ਦੇ ਪੋਲੇ ਯਤਨਾਂ ਕਾਰਨ ਬੇਈਮਾਨ ਬਚ ਨਿਕਲਦਾ ਹੈ।
ਅਜੋਕੇ ਸੰਸਾਰ ਵਿਚ ਸਾਊ-ਈਮਾਨਦਾਰ ਦੇ ਅਰਥ ਦੁੱਖੀ ਹੋਣ ਤੋਂ ਹਨ। ਸਾਰ ਵਿਚ ਰੌਣਕ ਪਾਪ ਅਤੇ ਬੇਈਮਾਨੀ ਦੀ ਹੈ। ਵੇਖਿਆ ਗਿਆ ਹੈ ਕਿ ਜਦੋਂ ਕੋਈ ਭੈੜਾ ਵਿਅਕਤੀ ਆਰਾਮ ਕਰ ਰਿਹਾ ਹੁੰਦਾ ਹੈ ਤਾਂ ਉਦੋਂ ਹੀ ਉਹ ਕਿਸੇ ਨੂੰ ਤੰਗ ਨਹੀਂ ਕਰਦਾ। ਕਿਸੇ ਨੂੰ ਤੰਗ ਨਾ ਕਰਨਾ ਹੀ ਉਸ ਲਈ ਆਰਾਮ ਹੁੰਦਾ ਹੈ।
ਚਲਾਕ ਅਤੇ ਬੇਈਮਾਨ ਵਿਅਕਤੀ ਸੰਸਾਰ ਵਿਚ ਇਸ ਲਈ ਸਫਲ ਹਨ, ਕਿਉਂਕਿ ਉਹ ਜੀਵਨ ਦੀ ਮੁਖ-ਧਾਰਾ ਦੇ ਨੇੜੇ ਰਹਿੰਦੇ ਹਨ, ਉਹ ਪ੍ਰਵਾਹ ਨਹੀਂ ਕਰਦੇ ਕਿ ਲੋਕ ਉਨ੍ਹਾਂ ਬਾਰੇ ਕੀ ਕਹਿੰਦੇ ਹਨ ਜਦੋਂ ਕਿ ਸਿਆਣੇ ਅਤੇ ਸਾਊ ਲੋਕ ਮੁਖ-ਧਾਰਾ ਵਿਚ ਸ਼ਾਮਲ ਨਹੀਂ ਹੁੰਦੇ, ਉਹ ਕਿਨਾਰੇ ਤੇ ਖਲੋਤੇ ਰਹਿੰਦੇ ਹਨ।
ਸਿਆਣੇ ਅਤੇ ਸਾਊ ਲੋਕ ਵੋਟਾਂ ਨਾ ਪਾ ਕੇ ਭੈੜੇ ਅਤੇ ਬੇਈਮਾਨ ਉਮੀਦਵਾਰਾਂ ਨੂੰ ਜਿਤਾ ਦਿੰਦੇ ਹਨ।
ਚੰਗੇ ਲੋਕ, ਦੁੱਖੀ ਇਸਤਰੀਆਂ ਵਾਂਗ, ਚੰਗੇ ਭਵਿੱਖ ਦੀ ਆਸ ਵਿਚ ਵਰਤਮਾਨ ਵਿਚ ਦੁੱਖੀ ਹੁੰਦੇ ਰਹਿੰਦੇ ਹਨ।
ਇਸਤਰੀਆਂ ਇਸ ਲਈ ਦੁੱਖ ਪਾਉਂਦੀਆਂ ਹਨ ਕਿਉਂਕਿ ਉਨ੍ਹਾਂ ਦਾ ਯਥਾਰਥ ਕਮਜ਼ੋਰ ਅਤੇ ਕਲਪਨਾ ਬੜੀ ਤਿੱਖੀ ਹੁੰਦੀ ਹੈ।
ਉਹ ਕਿਸੇ ਵਲੋਂ ਕੀਤੀ ਪ੍ਰਸੰਸਾ ਨੂੰ ਪਿਆਰ ਅਤੇ ਪਿਆਰ ਨੂੰ ਵਿਆਹ ਸਮਝਣ ਲਗ ਪੈਂਦੀਆਂ ਹਨ।
ਇਸਤਰੀ ਵਿਧੀ ਅਨੁਸਾਰ ਨਹੀਂ ਸੋਚਦੀ, ਉਸ ਨੂੰ ਇਲਹਾਮ ਹੁੰਦੇ ਹਨ ਅਤੇ ਉਹ ਸਿੱਧੀ ਛਾਲ ਲਾਉਂਦੀ ਹੈ ਅਤੇ ਸਿੱਟਿਆਂ ਤੇ ਪਹੁੰਚ ਜਾਂਦੀ ਹੈ, ਜਿਹੜੇ ਅਕਸਰ ਗਲਤ ਹੁੰਦੇ ਹਨ।
ਇਸਤਰੀਆਂ ਚਾਹੁੰਦੀਆਂ ਹਨ ਕਿ ਪਤੀ ਗੂੰਗੇ ਹੋਣ ਪਰ ਦੁਰਭਾਗਵਸ ਪਤੀ ਬੋਲੇ ਨਿਕਲ ਆਉਂਦੇ ਹਨ।
ਪੁਰਸ਼ ਕਹੇ ਕੁਝ ਵੀ ਪਰ ਉਹ ਹਰ ਵੇਲੇ ਨਫੇ-ਨੁਕਸਾਨ ਬਾਰੇ ਹੀ ਸੋਚਦਾ ਹੈ।
ਸਾਡੇ ਸਮਾਜ ਵਿਚ ਹਰੇਕ ਇਸਤਰੀ ਲਈ ਉਸ ਦਾ ਪਤੀ ਸ਼ਨਾਖਤੀ ਕਾਰਡ ਹੁੰਦਾ ਹੈ। ਪੁਰਸ਼ ਦੀ ਤਾਕਤਵਰ ਸਮਾਜਿਕ ਹੈਸੀਅਤ ਕਾਰਨ ਉਸ ਦੇ ਔਗੁਣ ਗਲਬਾਤ ਦਾ ਵਿਸ਼ਾ ਨਹੀਂ ਬਣਦੇ ਅਤੇ ਇਸਤਰੀ ਦੀ ਕਮਜ਼ੋਰ ਸਮਾਜਿਕ ਸਥਿਤੀ ਕਾਰਨ ਉਸ ਦੀ ਨਿੱਕੀ ਨਿੱਕੀ ਗਲ ਤਮਾਸ਼ਾ ਬਣ ਜਾਂਦੀ ਹੈ।
ਜਿੱਤ ਦੇ ਸਾਰੇ ਹਥਿਆਰ ਪੁਰਸ਼ ਕੋਲ ਹਨ ਸੋ ਜ਼ਮਾਨਾ ਇਸਤਰੀ ਨੂੰ ਹਾਰਨ ਲਈ ਮਜਬੂਰ ਕਰਦਾ ਹੈ। ਇਸਤਰੀ ਦਾ ਆਪਣਾ ਕੋਈ ਘਰ ਨਹੀਂ ਹੁੰਦਾ ਪਰ ਘਰ ਦੀਆਂ ਜ਼ਿੰਮੇਵਾਰੀਆਂ ਉਸ ਦੀਆਂ ਸਮਝੀਆਂ ਜਾਂਦੀਆਂ ਹਨ।
ਨਿੱਕੀ-ਨਿੱਕੀ ਗਲ ਤੇ ਨਿੰਦਾ ਹੋਣ ਕਾਰਨ ਇਸਤਰੀ ਵਿਚ ਪ੍ਰਸੰਸਾ ਦੀ ਭੁੱਖ ਵਧੇਰੇ ਹੁੰਦੀ ਹੈ।
ਪ੍ਰਤੀਤ ਹੁੰਦਾ ਹੈ ਕਿ ਕਿਸੇ ਛੜੇ ਨੇ ਹੀ ਕਿਹਾ ਹੋਵੇਗਾ ਕਿ ‘ਜੋ ਸੁਖ ਛਜੂ ਦੇ ਚੁਬਾਰੇ ਉਹ ਨਾ ਬਲਖ਼ ਨਾ ਬੁਖਾਰੇ ।’
ਵੇਖਿਆ ਗਿਆ ਹੈ ਕਿ ਅਕਸਰ ਵਿਆਹੀਆਂ ਇਸਤਰੀਆਂ ਅਤੇ ਕੰਵਾਰੇ ਪੁਰਸ਼ ਸਮਾਗਮ ਦੇ ਵਾਤਾਵਰਣ ਨੂੰ ਬਹੁਤ ਸੁਹਾਵਣਾ ਬਣਾ ਦਿੰਦੇ ਹਨ, ਕਿਉਂਕਿ ਦੋਵੇਂ ਡਰ ਤੋਂ ਮੁਕਤ ਹੁੰਦੇ ਹਨ।
ਤਜਰਬਾ ਦਸਦਾ ਹੈ ਕਿ ਜਿਨ੍ਹਾਂ ਕੋਲ ਅਧਿਕ ਕਪੜੇ ਜਾਂ ਗਹਿਣੇ ਹੁੰਦੇ ਹਨ, ਉਨ੍ਹਾਂ ਨੇ ਕੁਝ ਵੀ ਪਾਇਆ ਹੋਵੇ, ਅਤੇ ਕਿਤਨਾ ਵੀ ਠੀਕ ਪਾਇਆ ਹੋਵੇ, ਉਨ੍ਹਾਂ ਨੂੰ ਲਗਦਾ ਰਹਿੰਦਾ ਹੈ ਕਿ ਜੇ ਉਹ ਦੂਜੀ ਅਲਮਾਰੀ ਵਾਲੇ ਕਪੜੇ ਜਾਂ ਗਹਿਣੇ ਪਾ ਲੈਂਦੇ ਤਾਂ ਉਨ੍ਹਾਂ ਨੂੰ ਵਧੇਰੇ ਜੱਚਣੇ ਸਨ।
ਅਸੀਂ ਸਮਝਦੇ ਹਾਂ ਕਿ ਸੰਸਾਰ ਬਦਲ ਰਿਹਾ ਹੈ ਪਰ ਇਹ ਬਾਹਰੀ ਚਮਕ ਦਾ ਉਪਜਾਇਆ ਇਕ ਭੁਲੇਖਾ ਹੁੰਦਾ ਹੈ।
ਹਰੇਕ ਸਵੇਰ ਅਸੀਂ ਸੋਚਦੇ ਹਾਂ ਕਿ ਅਜ, ਕੱਲ੍ਹ ਨਾਲੋਂ, ਚੰਗੇਰਾ ਦਿਨ ਹੈ ਪਰ ਸ਼ਾਮ ਨੂੰ ਮਹਿਸੂਸ ਕਰਦੇ ਹਾਂ ਕਿ ਕੱਲ੍ਹ ਵਰਗਾ ਹੀ ਹੈ।
ਸੰਸਾਰ ਵਿਚ ਸਾਰੀ ਜਦੋਜਹਿਦ ਜਿਉਂਦੇ ਰਹਿਣ ਲਈ ਹੈ ਅਤੇ ਸਾਡੇ ਉਤੇ ਜੰਗਲ ਦਾ ਕਾਨੂੰਨ ਅਜ ਵੀ ਲਾਗੂ ਹੈ। ਜਿਵੇਂ ਹੁਣ ਵੀ ਜੇ ਕੋਈ ਸੱਪ ਦਿਸ ਜਾਵੇ, ਅੱਗ ਲਗ ਜਾਵੇ ਜਾਂ ਲੜਾਈ ਛਿੜ ਪਵੇ ਤਾਂ ਅਸੀਂ ਉਵੇਂ ਹੀ ਵਿਹਾਰ ਕਰਦੇ ਹਾਂ, ਜਿਵੇਂ ਹਜ਼ਾਰਾਂ ਸਾਲ ਪਹਿਲਾਂ ਕਰਦੇ ਸਾਂ ।
ਮੈਨੂੰ ਸ਼ਮਸ਼ਾਨ ਘਾਟ ਜਾਣ ਦਾ ਮੌਕਾ ਮਿਲਦਾ ਹੀ ਰਹਿੰਦਾ ਹੈ। ਇਕ ਵਾਰੀ ਅਰਥੀਆਂ ਦਾ ਲੰਮੇ ਅਰਸੇ ਤੋਂ ਸੰਸਕਾਰ ਕਰਨ ਵਾਲੇ ਨੂੰ ਮੈਂ ਪੁਛਿਆ: ਤੁਹਾਡੀ ਜ਼ਿੰਦਂਗੀ ਦਾ ਤਜਰਬਾ ਕੀ ਕਹਿੰਦਾ ਹੈ, ਤਾਂ ਉਸ ਨੇ ਕਿਹਾ, ਮੈਨੂੰ ਤਾਂ ਇੰਜ ਲਗਦਾ ਹੈ ਜਿਵੇਂ ਹਰ ਵਾਰੀ ਇਕ ਹੀ ਬੰਦਾ ਨਾਂ ਬਦਲ-ਬਦਲ ਕੇ ਆਈ ਜਾਂਦਾ ਹੈ ।
ਰਾਜ ਭਵਨ ਦੇ ਮਾਲੀ ਨੇ ਇਸੇ ਪ੍ਰਸ਼ਨ ਦਾ ਉਤਰ ਦਿੰਦਿਆਂ ਕਿਹਾ, ਸਰਕਾਰ ਕਿਸੇ ਪਾਰਟੀ ਦੀ ਬਣੇ, ਹਾਰ ਪਾਉਣ ਵਾਲੇ ਉਹੀ ਰਹਿੰਦੇ ਹਨ।
ਅਖਬਾਰ ਦੇ ਸੰਪਾਦਕ ਨੇ ਕਿਹਾ, ਕੁਝ ਵਾਪਰੀ ਜਾਵੇ ਸਾਡਾ ਕੰਮ ਉਸ ਦੀ ਦਿਲਚਸਪ ਖ਼ਬਰ ਬਣਾਉਣਾ ਹੈ।
ਇਕ ਵਿਉਂਤਕਾਰ ਨੇ ਕਿਹਾ, ਕੁਝ ਵੀ ਵਿਉਂਤ ਅਨੁਸਾਰ ਨਹੀਂ ਵਾਪਰਦਾ ਪਰ ਫਿਰ ਵੀ ਲੋਕ ਵਿਉਂਤਾਂ ਬਣਾਉਂਦੇ ਹਨ।
ਜੀਵਨ ਨੂੰ ਭਾਵੇਂ ਕਿਤਨਾ ਹੀ ਵਿਉਂਤ ਲਿਆ ਜਾਵੇ ਪਰ ਘਰ ਦੇ ਖਰਚੇ, ਕਰਜ਼ੇ ਦੀ ਰਕਮ ਅਤੇ ਦੁਸ਼ਮਣਾਂ ਦੀ ਗਿਣਤੀ ਹਮੇਸ਼ਾ ਅਨੁਮਾਨ ਤੋਂ ਵੱਧ ਜਾਂਦੀ ਹੈ।
ਇਹ ਵੀ ਭੁਲੇਖਾ ਹੈ ਕਿ ਦੂਜੇ ਸੁਖੀ ਹਨ ਅਤੇ ਅਸੀਂ ਦੁੱਖੀ ਹਾਂ।
ਅਸਲੀਅਤ ਇਹ ਹੈ ਕਿ ਅਸੀਂ ਜ਼ਿੰਦਗੀ ਭਰ ਦੂਜਿਆਂ ਨੂੰ ਆਪਣੇ ਉਨ੍ਹਾਂ ਗੁਣਾਂ ਅਤੇ ਉਨ੍ਹਾਂ ਦੁੱਖਾਂ ਨਾਲ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਰਹਿੰਦੇ ਹਾਂ, ਜਿਹੜੇ ਵਾਸਤਵ ਵਿਚ ਸਾਡੇ ਵਿਚ ਹੁੰਦੇ ਹੀ ਨਹੀਂ।
ਇਹ ਵਿਸ਼ਵ-ਵਿਆਪੀ ਤਜਰਬਾ ਹੈ ਕਿ ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਕੁਝ ਨਹੀਂ ਸਿਖਦੇ।
ਮੇਰੇ ਇਕ ਬੜੇ ਤਜਰਬੇਕਾਰ ਬਜ਼ੁਰਗ ਵਾਕਫ ਹਨ, ਉਨ੍ਹਾਂ ਨੇ ਆਪਣੇ ਸਿਆਣੇ ਅਤੇ ਹੋਣਹਾਰ ਪੁੱਤਰ ਨੂੰ ਆਪਣੀ ਬਣਾਈ ਜਾਇਦਾਦ ਅਤੇ ਸਮੁੱਚੇ ਜੀਵਨ ਦੀ ਬੱਚਤ ਸੰਭਾਲ ਦਿਤੀ। ਦੋਸਤਾਂ-ਮਿਤਰਾਂ ਨੇ ਕਿਹਾ ਇਵੇਂ ਆਪਣੀ ਜਾਇਦਾਦ ਤੇ ਆਪਣਾ ਹੱਕ ਨਾ ਤਿਆਗੋ ਪਰ ਉਨ੍ਹਾਂ ਨੂੰ ਕਿਸੇ ਦੀ ਸਲਾਹ ਪਸੰਦ ਨਾ ਆਈ।
ਗਲਤੀ ਕਰਨ ਵੇਲੇ ਅਸੀਂ ਨਾ ਕਿਸੇ ਨਾਲ ਸਲਾਹ ਕਰਦੇ ਹਾਂ ਅਤੇ ਨਾ ਹੀ ਕਿਸੇ ਦੀ ਸਲਾਹ ਪਸੰਦ ਕਰਦੇ ਹਾਂ।
ਕੁਝ ਹੀ ਮਹੀਨਿਆਂ ਵਿਚ ਨੂੰਹ-ਪੁੱਤਰ ਨੇ ਬਜ਼ੁਰਗਾਂ ਨੂੰ ਘਰੋਂ ਕਢ ਦਿਤਾ। ਹੁਣ ਉਹ ਬਿਰਧ-ਆਸ਼ਰਮ ਵਿਚ ਸਾਰਿਆਂ ਨੂੰ ਆਪਣੀ ਹੱਡ-ਬੀਤੀ ਸੁਣਾਉਂਦੇ ਹਨ।
ਤੁਸੀਂ ਵੀ ਕਈ ਅਜਿਹੇ ਮਾਤਾ-ਪਿਤਾ ਵੇਖੇ ਹੋਣਗੇ। ਅਜਿਹਾ ਵਾਪਰਨ ਦਾ ਕਾਰਨ ਇਹ ਹੈ ਕਿ ਜਦੋਂ ਸੰਤਾਨ ਨੂੰ ਅਣਕਮਾਇਆ ਧਨ ਮਿਲ ਜਾਂਦਾ ਹੈ ਤਾਂ ਉਨ੍ਹਾਂ ਦਾ ਜੀਵਨ ਬੇਲੋੜੇ ਹੀ ਸੁਖਦਾਈ ਹੋ ਜਾਂਦਾ ਹੈ, ਉਨ੍ਹਾਂ ਨੂੰ ਉਹ ਸਹੂਲਤਾਂ ਮਿਲ ਜਾਂਦੀਆਂ ਹਨ, ਜਿਨ੍ਹਾਂ ਦੇ ਉਹ ਯੋਗ ਨਹੀਂ ਹੁੰਦੇ। ਪਤਨੀਆਂ ਵਿਚ ਵਿਖਾਵੇ ਦੀ ਬਿਰਤੀ ਵਧੇਰੇ ਹੁੰਦੀ ਹੈ ਸੋ ਉਹ ਅਚਾਨਕ ਮਿਲੇ ਧਨ ਨਾਲ ਘਰ ਨੂੰ ਦੂਜਿਆਂ ਨੂੰ ਵਿਖਾਈਆਂ ਜਾਣ ਵਾਲੀਆਂ ਵਸਤਾਂ ਨਾਲ ਭਰ ਦਿੰਦੀਆਂ ਹਨ ਅਤੇ ਇਸ ਚਮਕੀਲੇ ਵਾਤਾਵਰਣ ਵਿਚ ਬੇਰੰਗ ਬਜ਼ੁਰਗ ਬੈਠੇ-ਵਿਚਰਦੇ ਜੱਚਦੇ ਨਹੀਂ, ਸੋ ਬਜ਼ੁਰਗਾਂ ਦਾ ਉਥੇ ਰਹਿਣਾ ਸੰਭਵ ਨਹੀਂ ਰਹਿੰਦਾ।
ਮਿਹਨਤ ਤੋਂ ਬਿਨਾ ਨਾ ਜ਼ਿੰਮੇਵਾਰੀ ਆਉਂਦੀ ਹੈ ਨਾ ਹੀ ਪਕਿਆਈ । ‘
ਜ਼ਿੰਮੇਵਾਰੀ, ਸੁਹਿਰਦਤਾ ਅਤੇ ਪਕਿਆਈ ਤੋਂ ਬਿਨਾ ਮਾਪਿਆਂ ਦੀ ਦੇਖ- ਭਾਲ ਕਰਨੀ ਸੰਭਵ ਨਹੀਂ ਹੁੰਦੀ।
ਮਨੁੱਖ ਲਈ ਅਤੇ ਵਿਸ਼ੇਸ਼ ਕਰਕੇ ਬਜ਼ੁਰਗਾਂ ਲਈ ਜਾਇਦਾਦ ਦਾ ਹੋਣਾ ਔਖੇ ਵੇਲਿਆਂ ਨੂੰ ਬਰਦਾਸ਼ਤ ਕਰਨ ਦੀ ਸਮਰਥਾ ਉਪਜਾਉਂਦਾ ਹੈ।
ਜਾਇਦਾਦ ਮੁੜ ਗਰੀਬੀ ਵਿਚ ਤਿਲ੍ਹਕਣ ਵਿਰੁਧ ਬੀਮਾ ਹੁੰਦੀ ਹੈ।
ਇਵੇਂ ਹੀ ਜੇ ਮਾਂ ਦੀ ਜਾਇਦਾਦ ਹੋਵੇ ਤਾਂ ਉਸ ਦਾ ਬੱਚਿਆਂ ਦੀ ਦੇਖ-ਭਾਲ ਉਤੇ, ਪਿਓ ਦੀ ਜਾਇਦਾਦ ਨਾਲੋਂ ਵੀ, ਚੰਗੇਰਾ ਪ੍ਰਭਾਵ ਪੈਂਦਾ ਹੈ।
ਤਜਰਬਾ ਦਸਦਾ ਹੈ ਕਿ ਲੋਕ ਮਿਲੇ ਮੌਕਿਆਂ ਤੋਂ ਲਾਭ ਨਹੀਂ ਉਠਾਉਂਦੇ, ਕਿਉਂਕਿ ਮੌਕਾ ਕੰਮ ਦੇ ਵਸਤਰ ਪਹਿਨ ਕੇ ਆਉਂਦਾ ਹੈ।
ਕਿਸਮਤ ਪੋਲੀ ਜਿਹੀ ਦਸਤਕ ਹੀ ਦਿੰਦੀ ਹੈ ਜਦੋਂ ਕਿ ਮੁਸੀਬਤ ਦਰਵਾਜ਼ਾ ਭੰਨ ਕੇ ਅੰਦਰ ਲੰਘ ਆਉਂਦੀ ਹੈ।
ਇਵੇਂ ਹੀ ਅਸੀਂ ਗਲਬਾਤ ਦੇ ਅਵਸਰਾਂ ਨੂੰ ਗੱਪਾਂ ਵਿਚ ਗੁਆ ਦਿੰਦੇ ਹਾਂ।
ਗਲਬਾਤ ਅਤੇ ਗੱਪ ਵਿਚ ਅੰਤਰ ਇਹ ਹੈ ਕਿ ਗੱਪਾਂ ਅਤੀਤ ਸਬੰਧੀ ਹੁੰਦੀਆਂ ਹਨ, ਜਦੋਂਕਿ ਗਲਬਾਤ ਭਵਿੱਖ ਸਬੰਧੀ ਹੁੰਦੀ ਹੈ।
ਗੱਪ ਵਿਚ ਮਨੋਰੰਜਨ ਹੁੰਦਾ ਹੈ, ਗੱਲਬਾਤ ਵਿਚ ਵਿਕਾਸ ਹੁੰਦਾ ਹੈ।
ਗਲਬਾਤ ਵਿਚ ਅਰਥ ਹੁੰਦੇ ਹਨ, ਅਰਥਾਂ ਨਾਲ ਵਿਕਾਸ ਵਾਪਰਦਾ ਹੈ।
ਕਿਸੇ ਦੀ ਯੋਗਤਾ ਜਾਂ ਗੁਣਾਂ ਸਬੰਧੀ ਗੱਪਾਂ ਨਹੀਂ ਮਾਰੀਆਂ ਜਾ ਸਕਦੀਆਂ। ਗੱਪਾਂ ਦਾ ਵਿਸ਼ਾ ਕਿਸੇ ਦੀ ਸਿਆਣਪ ਨਹੀਂ, ਕਿਸੇ ਦੀ ਮੂਰਖਤਾ ਹੁੰਦੀ ਹੈ।
ਬਹੁਤੇ ਭੁੱਖੇ ਅਤੇ ਬਹੁਤੇ ਰੱਜੇ ਹੋਏ ਲੋਕ ਠੀਕ ਨਿਰਣਾ ਨਹੀਂ ਕਰ ਸਕਦੇ।
ਇਕ ਵਾਰੀ ਇਕ ਕਮੇਟੀ ਨੇ ਸਕੂਲ ਉਸਾਰਨ ਲਈ ਅੱਠ ਥਾਵਾਂ ਵੇਖਣੀਆਂ ਸਨ । ਚਾਰ ਵੇਖ ਕੇ ਮੈਂਬਰ ਥੱਕ ਗਏ, ਰੱਜ ਕੇ ਭੋਜਨ ਖਾ ਲਿਆ, ਪੰਜਵੀਂ ਥਾਂ ਵੇਖ ਕੇ ਕਿਹਾ, ਇਹੀ ਠੀਕ ਹੈ, ਬਾਕੀ ਥਾਵਾਂ ਵੇਖੀਆਂ ਹੀ ਨਹੀਂ।
ਸੁਆਦਲਾ ਭੋਜਨ ਵਧੇਰੇ ਖਾਧਾ ਜਾਂਦਾ ਹੈ ਕਿਉਂਕਿ ਜੀਭ ਨੇ ਹਜ਼ਮ ਨਹੀਂ ਕਰਨਾ ਹੁੰਦਾ, ਕੇਵਲ ਸੁਆਦ ਲੈਣਾ ਹੁੰਦਾ ਹੈ।
ਤਜਰਬਾ ਦਸਦਾ ਹੈ ਕਿ ਜਿਹੜੇ ਤਜਰਬੇ ਤੋਂ ਨਹੀਂ ਸਿਖਦੇ, ਉਹ ਪੁਰਾਣੀਆਂ ਗਲਤੀਆਂ ਦਹੁਰਾਉਂਦੇ ਰਹਿੰਦੇ ਹਨ।
ਜਿਹੜੇ ਸਿਖਦੇ ਹਨ, ਉਹੀ ਵਿਕਾਸ ਕਰਦੇ ਹਨ।
ਗਲਤੀਆਂ ਸਾਨੂੰ ਬੰਨ੍ਹ ਲੈਦੀਆਂ ਹਨ ਪਰ ਤਜਰਬਾ ਬਾਹਰ ਨਿਕਲਣ ਦਾ ਰਾਹ ਵਿਖਾਉਂਦਾ ਹੈ ਅਤੇ ਸਫਲਤਾ ਸਾਨੂੰ ਸੁਤੰਤਰ ਕਰਦੀ ਹੈ।
ਮੁਸਕ੍ਰਾਹਟ ਦੀ ਵਿਆਕਰਣ
ਮੁਸਕ੍ਰਾਹਟ ਸੁਨੇਹਾ ਦਿੰਦੀ ਹੈ ਕਿ ਦਿਲ ਦੇ ਪੱਖੋਂ ਸੁਖ-ਸਾਂਦ ਹੈ।
ਮੁਸਕ੍ਰਾਹਟ ਹੁੰਦੀ ਕਮਾਨ ਵਾਂਗ ਟੇਢੀ ਹੈ ਪਰ ਇਸ ਦਾ ਅਸਰ ਤੀਰ ਵਾਂਗ ਸਿੱਧਾ ਹੁੰਦਾ ਹੈ। ਜਿਸ ਦੀ ਮੁਸਕ੍ਰਾਹਟ ਸੋਹਣੀ ਹੈ, ਉਸ ਨੂੰ ਕਿਸੇ ਪ੍ਰਕਾਰ ਦੇ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ।
ਮੁਸਕ੍ਰਾਹਟ ਦਾ ਅਭਿਆਸ ਬਚਪਨ ਵਿਚ ਹੀ ਆਰੰਭ ਹੋ ਜਾਂਦਾ ਹੈ। ਬੱਚਾ ਜਦੋਂ ਮੁਸਕਰਾ ਕੇ ਮਾਂ ਵਲ ਵੇਖਦਾ ਹੈ ਤਾਂ ਮਾਂ ਦੇ ਅੰਗਾਂ ਵਿਚ ਰੌਣਕ ਪਸਰ ਜਾਂਦੀ ਹੈ ਅਤੇ ਉਸ ਨੂੰ ਚਾਅ ਚੜ੍ਹ ਜਾਂਦਾ ਹੈ ਅਤੇ ਮਾਂ ਬੱਚੇ ਨੂੰ ਚੁੰਮ ਲੈਂਦੀ ਹੈ।
ਸੁੱਤੇ ਹੋਏ ਬੱਚੇ ਦੇ ਚਿਹਰੇ ਤੇ ਹਲਕੀ ਜਿਹੀ ਮੁਸਕ੍ਰਾਹਟ ਹੁੰਦੀ ਹੈ, ਜਿਸ ਨੂੰ ਵੇਖ ਕੇ, ਵੇਖਣ ਵਾਲੇ ਨੂੰ ਵੀ ਆਪਣੇ ਸੁੰਦਰ ਹੋਣ ਦਾ ਅਹਿਸਾਸ ਹੁੰਦਾ ਹੈ।
ਜਾਗਦੇ ਬੱਚੇ ਉਪਰ ਵਲ ਵੇਖਦੇ ਹਨ ਅਤੇ ਉਪਰ ਵਲ ਵੇਖਿਆਂ ਪਤਾ ਲਗਦਾ ਹੈ ਕਿ ਬਹੁਤੇ ਵਿਅਕਤੀਆਂ ਦੇ ਚਿਹਰੇ ਲਟਕੇ ਹੋਏ ਹੁੰਦੇ ਹਨ ਅਤੇ ਲਟਕੇ ਹੋਏ ਚਿਹਰੇ ਵੇਖ ਕੇ ਬੱਚੇ ਰੋ ਪੈਂਦੇ ਹਨ।
ਮੁਸਕ੍ਰਾਉਣ ਵਾਲੇ ਚਿਹਰੇ ਵਿਚ ਗੋਲਾਈ ਆ ਜਾਂਦੀ ਹੈ ਅਤੇ ਮੁਸਕ੍ਰਾਹਟ ਦੀ ਉਪਜਾਈ ਗੋਲਾਈ ਵਿਚ ਸੁੰਦਰਤਾ ਹੁੰਦੀ ਹੈ।
ਮੁਸਕ੍ਰਾਹਟ ਚਿਹਰੇ ਦਾ ਪਹਿਰਾਵਾ ਹੁੰਦੀ ਹੈ ਅਤੇ ਦਿਲ ਦਾ ਗਹਿਣਾ।
ਜੋ ਮਰਜ਼ੀ ਪਹਿਨੋ, ਪ੍ਰਭਾਵ ਚਿਹਰੇ ਦਾ ਹੀ ਪਵੇਗਾ।
ਚਿਹਰੇ ਉਤੇ ਵੀ ਜੋ ਮਰਜ਼ੀ ਲਾਓ ਜੇ ਚਿਹਰੇ ਉਤੇ ਮੁਸਕ੍ਰਾਹਟ ਨਹੀਂ ਤਾਂ ਲਾਇਆ-ਮਲਿਆ ਕਿਸੇ ਲੇਖੇ ਨਹੀਂ ਲਗਦਾ। ਜੇ ਚਿਹਰੇ ਤੇ ਮੁਸਕ੍ਰਾਹਟ ਹੋਵੇ ਤਾਂ ਸਾਧਾਰਨ ਕਪੜੇ ਵੀ ਫੁਲਕਾਰੀ ਵਾਂਗ ਲਗਦੇ ਹਨ।
ਇਸਤਰੀਆਂ ਪੁਰਸ਼ਾਂ ਨਾਲੋਂ ਇਸ ਲਈ ਵਧੇਰੇ ਮੁਸਕਾਉਂਦੀਆਂ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਪੁਰਸ਼ਾਂ ਤੋਂ ਆਪਣੀ ਗਲ ਮਨਵਾਉਣੀ ਹੁੰਦੀ ਹੈ।
ਜਿਨ੍ਹਾਂ ਨੂੰ ਅਸੀਂ ਸੋਹਣਾ ਸਮਝਦੇ ਹਾਂ, ਉਨ੍ਹਾਂ ਵਿਚ ਸਾਡੀ ਦਿਲਚਸਪੀ ਆਪ-ਮੁਹਾਰੇ ਜਾਗ ਪੈਂਦੀ ਹੈ।
ਜਿਹੜੀ ਚੀਜ਼ ਸਾਨੂੰ ਚੰਗੀ ਲਗਦੀ ਹੈ ਉਸ ਬਾਰੇ ਅਸੀਂ ਨਿਰਪੱਖ ਨਹੀਂ ਹੋ ਸਕਦੇ ਕਿਉਂਕਿ ਸੁੰਦਰਤਾ ਨੂੰ ਵੇਖ ਕੇ ਅਸੀਂ ਆਪਣੀ ਅਕਲ ਨੂੰ ਪਰ੍ਹੇ ਰਖ ਦਿੰਦੇ ਹਾਂ।
ਮੁਸਕ੍ਰਾਉਣ ਨਾਲ ਦੋ ਵਿਅਕਤੀਆਂ ਵਿਚਕਾਰ ਫਾਸਲਾ ਘਟ ਜਾਂਦਾ ਹੈ ਅਤੇ ਕਈ ਵਾਰੀ ਇਹ ਫਾਸਲਾ ਮਿਟ ਵੀ ਜਾਂਦਾ ਹੈ।
ਜਿਹੜਾ ਮੁਸਕ੍ਰਾਹਟ ਨਾਲ ਸਾਨੂੰ ਹਰਾਉਂਦਾ ਹੈ, ਉਸ ਦਾ ਅਸੀਂ ਵਿਰੋਧ ਜਾਂ ਰੋਸ ਨਹੀਂ ਕਰਦੇ ਸਗੋਂ ਉਸ ਦਾ ਧੰਨਵਾਦ ਕਰਦੇ ਹਾਂ।
ਉਂਜ ਤਾਂ ਹਰ ਥਾਂ ਅਸੀਂ ਆਜ਼ਾਦੀ ਲਈ ਤਾਂਘਦੇ ਹਾਂ ਪਰ ਸੁੰਦਰਤਾ ਦੀ ਅਸੀਂ ਗੁਲਾਮੀ ਕਰਨੀ ਪਸੰਦ ਕਰਦੇ ਹਾਂ ਅਤੇ ਆਪਣੇ ਪਿਆਰੇ ਦੀ ਕੈਦ ਵਿਚ ਹੀ ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ।
ਜੇ ਕੋਈ ਸੋਹਣਾ ਵੀ ਹੋਵੇ ਤੇ ਮੁਸਕਰਾਵੇ ਵੀ, ਤਾਂ ਉਸ ਦੀ ਸੁੰਦਰਤਾ ਵਿਚੋਂ ਖੁਸ਼ਬੂ ਵੀ ਆਉਣ ਲਗ ਪੈਂਦੀ ਹੈ।
ਮੁਸਕ੍ਰਾਹਟ ਨਾ ਉਪਜੇ ਤਾਂ ਪਿਆਰ ਦੀ ਗਲਬਾਤ ਰੁਕ ਜਾਂਦੀ ਹੈ, ਹੰਝੂ ਨਾ ਵਗਣ ਤਾਂ ਪ੍ਰੇਮ ਦੀ ਵੇਲ ਸੁੱਕ ਜਾਂਦੀ ਹੈ।
ਹੱਸਣ ਦਾ ਢੰਗ ਹਰ ਸਮਾਜ ਦਾ ਵੱਖਰਾ ਹੁੰਦਾ ਹੈ ਜਦੋਂ ਕਿ ਮੁਸਕਾਉਣ ਦਾ ਢੰਗ ਸਭ ਥਾਵਾਂ ਤੇ ਇਕੋ-ਜਿਹਾ ਹੁੰਦਾ ਹੈ।
ਧਰਤੀ ਦੇ ਜਿਸ ਭਾਗ ਵਿਚ ਲੋਕ ਵਸਦੇ ਹਨ, ਉਨ੍ਹਾਂ ਦੀ ਮੁਸਕ੍ਰਾਹਟ ਉਸ ਥਾਂ ਦੀ ਧਰਤੀ ਵਰਗੀ ਹੁੰਦੀ ਹੈ।
ਮੁਸਕ੍ਰਾਹਟ ਗਲੋਬਲ ਭਾਸ਼ਾ ਹੈ, ਇਸ ਦੀ ਵਿਆਕਰਣ ਸਭਨੀ ਥਾਈਂ ਇਕੋ ਹੈ।
ਮੁਸਕਾਉਣ ਵਾਲੇ ਦੀ ਹਾਜ਼ਰੀ ਵਿਚ ਅਸੀਂ ਸੌਖੇ ਮਹਿਸੂਸ ਕਰਦੇ ਹਾਂ, ਸਾਡਾ ਡਰ ਮੁੱਕ ਜਾਂਦਾ ਹੈ ਅਤੇ ਅਸੀਂ ਪ੍ਰਵਾਨਗੀ ਨੂੰ ਮਾਣਦੇ ਹਾਂ ।
ਕਿਸੇ ਮੁਲਵਾਨ ਗੱਲ ਦੇ ਸਮਝ ਆ ਜਾਣ ਤੇ ਵੀ ਮੁਸਕ੍ਰਾਹਟ ਉਪਜਦੀ ਹੈ ਅਤੇ ਇਹ ਸਾਡੇ ਸਫਲ ਹੋ ਜਾਣ ਦਾ ਵੀ ਐਲਾਨ ਕਰਦੀ ਹੈ।
ਮੁਸਕਾਉਂਦਾ ਚਿਹਰਾ ਹਰੇ ਸੇਬਾਂ ਵਿਚ ਲਾਲ ਸੇਬ ਵਾਂਗ ਲਗਦਾ ਹੈ।
ਦੁੱਧ ਉਤੇ ਆਈ ਮਲਾਈ, ਦੁੱਧ ਦੀ ਮੁਸਕ੍ਰਾਹਟ ਹੁੰਦੀ ਹੈ।
ਧੋਤੇ ਹੋਏ ਕਪੜੇ ਜਾਂ ਮਾਂਜੇ ਹੋਏ ਭਾਂਡੇ ਮੁਸਕਾਉਂਦੇ ਹਨ।
ਕੰਮ ਵਾਲੀ ਥਾਂ ਤੇ ਸਵੇਰੇ ਸਾਰੇ ਇਕ ਦੂਜੇ ਨੂੰ ਮੁਸਕਰਾ ਕੇ ਮਿਲਦੇ ਹਨ।
ਮੇਰੇ ਇਕ ਸਰਜਨ-ਡਾਕਟਰ ਮਿੱਤਰ ਹਨ, ਉਹ ਦੱਸ ਰਹੇ ਸਨ ਕਿ ਉਪਰੇਸ਼ਨ ਤੋਂ ਮਗਰੋਂ, ਹਾਲ-ਚਾਲ ਪੁੱਛਣ ‘ਤੇ ਜਦੋਂ ਮਰੀਜ਼ ਮੁਸਕਰਾਵੇ ਤਾਂ ਡਾਕਟਰ ਨੂੰ ਯਕੀਨ ਹੋ ਜਾਂਦਾ ਹੈ ਕਿ ਉਪਰੇਸ਼ਨ ਕਾਮਯਾਬ ਹੋਇਆ ਹੈ।
ਅਧਿਆਪਕਾਂ ਦੀਆਂ ਸਮਝਾਈਆਂ ਗੁਝੀਆਂ ਗੱਲਾਂ, ਵਿਦਿਆਰਥੀਆਂ ਦੇ ਚਿਹਰਿਆਂ ਤੇ ਮੁਸਕ੍ਰਾਹਟਾਂ ਉਪਜਾਉਂਦੀਆਂ ਹਨ।
ਨਵੇਂ ਵਿਦਿਆਰਥੀ ਮੁਸਕਾਉਂਦੇ-ਮੁਸਕਾਉਂਦੇ ਇਕ ਦੂਜੇ ਦੇ ਨੇੜੇ ਆ ਜਾਂਦੇ ਹਨ । ਜਮਾਤੀ ਹੋਣ ਦੇ ਅਧਿਕਾਰ ਨਾਲ ਇਕ ਨਵੇਂ ਦਾਖਲ ਹੋਏ ਲੜਕੇ ਨੇ ਆਪਣੀ ਜਮਾਤਣ ਲੜਕੀ ਨੂੰ ਪੁਛਿਆ, ਕਿਤਨੇ ਦਿਨ ਹੋ ਗਏ ਹਨ, ਤੂੰ ਕਾਲਜ ਨਹੀਂ ਆਈ ? ਲੜਕੀ ਨੇ ਘਬਰਾ ਕੇ ਸ਼ਰਮਾਉਂਦਿਆਂ, ਮੁਸਕਰਾ ਕੇ ਕਿਹਾ, ਤੂੰ ਕਦੋਂ ਤੋਂ ਦਿਨ ਗਿਣਨੇ ਸ਼ੁਰੂ ਕਰ ਦਿਤੇ ਹਨ?
ਜੇ ਪ੍ਰਸੰਨਤਾ ਵੱਡੀ ਹੋਵੇ ਤਾਂ ਚਿਹਰੇ ਤੇ ਮੁਸਕ੍ਰਾਹਟਾਂ ਦੀਆਂ ਤਹਿਆਂ ਲਗ ਜਾਂਦੀਆਂ ਹਨ। ਜਦੋਂ ਕੋਈ ਭੀੜ ਵਿਚੋਂ ਵੇਖ ਕੇ ਮੁਸਕ੍ਰਾਏ ਤਾਂ ਅਨੇਕਾਂ ਬੱਤੀਆਂ ਵਿਚੋਂ ਉਹੀ ਬੱਤੀ ਜਗ ਰਹੀ ਪ੍ਰਤੀਤ ਹੁੰਦੀ ਹੈ।
ਚੋਰ, ਜੰਦਰਿਆਂ ਨੂੰ ਵੇਖ ਕੇ ਮੁਸਕਾਉਂਦੇ ਹਨ।
ਈਰਖਾਲੂ ਦੀ ਮੁਸਕ੍ਰਾਹਟ ਵਿਚ ਚੁਣੌਤੀ ਹੁੰਦੀ ਹੈ ਅਤੇ ਦੁਸ਼ਮਣ ਦੀ ਮੁਸਕ੍ਰਾਹਟ ਵਿਚ ਵੰਗਾਰ । ਪਾਗਲ, ਸ਼ਰਾਬੀ ਜਾਂ ਬਦਮਾਸ਼ ਦੀ ਮੁਸਕ੍ਰਾਹਟ ਆਪਣੀ ਥਾਂ ਤੋਂ ਹਿਲੀ ਹੋਈ ਹੁੰਦੀ ਹੈ।
ਹਰ ਕਿਸੇ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਆਉਂਦਾ ਹੈ, ਜਿਸ ਦੀਆਂ ਮੁਸਕ੍ਰਾਹਟਾਂ ਚੇਤਿਆਂ ਵਿਚ ਵੱਸ ਜਾਂਦੀਆਂ ਹਨ।
ਅਜਿਹੇ ਅਨੋਖੇ ਅਤੇ ਅਨਮੋਲ ਅਨੁਭਵ ਅਕਸਰ ਵਿਆਹ ਤੋਂ ਪਹਿਲਾਂ ਹੁੰਦੇ ਹਨ ਜਦੋਂ ਸਾਡੇ ਵਿਚ ਕੁਰਬਾਨ ਹੋਣ ਅਤੇ ਖਤਰੇ ਮੁਲ ਲੈਣ ਅਤੇ ਵੱਡੇ ਘਾਟੇ ਬਰਦਾਸ਼ਤ ਕਰਨ ਦੀ ਹਿੰਮਤ ਅਤੇ ਦਲੇਰੀ ਹੁੰਦੀ ਹੈ।
ਵਿਆਹ ਪਾਣੀ ਦਾ ਘੜਾ ਹੁੰਦਾ ਹੈ ਜਦੋਂ ਕਿ ਆਪੇ ਲਭੇ ਪਿਆਰ ਦਾ ਸੁਭਾਓ. ਚਸ਼ਮੇ ਵਾਲਾ ਹੁੰਦਾ ਹੈ।
ਤੁਹਾਡੀ ਜ਼ਿੰਦਗੀ ਵਿਚ ਵੀ ਕੋਈ ਆਇਆ ਹੋਵੇਗਾ! ਮੇਰੇ ਜੀਵਨ ਵਿਚ ਵੀ ਇਕ ਆਈ ਸੀ, ਜਿਸ ਤੋਂ ਪਤਾ ਲਗਿਆ ਸੀ ਕਿ ਸੁੰਦਰਤਾ ਉਹ ਹੈ, ਜਿਸ ਨੂੰ ਅਸੀਂ ਵੇਖਦੇ ਹਾਂ, ਸੋਹਣਾ ਉਹ ਹੈ ਜਿਹੜਾ ਸਾਨੂੰ ਵੇਖਦਾ ਹੈ।
ਉਹ ਮੇਰੀ ਜਮਾਤਣ ਸੀ । ਹੋਰਾਂ ਲਈ ਉਹ ਚਾਨਣ-ਮੁਨਾਰਾ ਸੀ, ਮੇਰੇ ਲਈ ਉਹ ਬੰਦਰਗਾਹ ਵੀ ਸੀ।
ਉਸ ਦੇ ਦਰਸ਼ਨ ਕਰਨਾ ਮੇਰੀਆਂ ਅੱਖਾਂ ਦਾ ਨਿਤ-ਨੇਮ ਸੀ।
ਮੈਨੂੰ ਉਸ ਦਾ ਪ੍ਰਛਾਵਾਂ ਵੀ ਮੁਸਕਾਉਂਦਾ ਵਿਖਾਈ ਦਿੰਦਾ ਸੀ। ਉਸ ਦੀ ਆਵਾਜ਼ ਵਿਚ ਜਲਤਰੰਗ ਸੀ । ਉਸ ਦੀ ਤਕਣੀ ਆਲੇ-ਦੁਆਲੇ ਨੂੰ ਚਿੱਤਰ ਬਣਾ ਦਿੰਦੀ ਸੀ। ਉਹ ਇਕੱਲੀ ਹੀ ਬਹੁ-ਸੰਮਤੀ ਸੀ। ਉਸ ਦੇ ਕਲਾਸ ਵਿਚ ਆਉਣ ਨਾਲ ਵਿਆਹ ਵਾਲੀ ਰੌਣਕ ਹੋ ਜਾਂਦੀ ਸੀ । ਉਹ ਆਪਣੀ ਰੋ ਰਹੀ ਸਹੇਲੀ ਨੂੰ ਚੁੱਪ ਕਰਾਉਂਦੀ-ਕਰਾਉਂਦੀ ਆਪ ਰੋਣ ਲਗ ਪੈਂਦੀ ਸੀ।
ਉਸ ਦੀ ਹਰ ਚੀਜ਼ ਚੋਰੀ ਕਰਕੇ ਸਾਂਭਣਯੋਗ ਸੀ।
ਉਸ ਦੀ ਅਮੀਰੀ ਇਹ ਸੀ ਕਿ ਉਹ ਹਰ ਵੇਲੇ ਮੁਸਕ੍ਰਾਉਂਦੀ ਰਹਿੰਦੀ ਸੀ; ਉਸ ਨੂੰ ਮੁਸਕ੍ਰਾਉਣ ਵਾਸਤੇ ਕੋਈ ਕਾਰਨ ਨਹੀਂ ਸੀ ਲਭਣਾ ਪੈਂਦਾ। ਕਈ ਕਹਿੰਦੇ ਸਨ ਕਿ ਉਹ ਆਪਣਾ ਚਿਹਰਾ ਦਰਿਆ ਦੀਆਂ ਛੱਲਾਂ ਵਿਚ ਧੋਂਦੀ ਸੀ । ਉਹ ਸਾਡੇ ਸਾਰਿਆਂ ਦੀ ਸੋਚ ਉਤੇ ਰਾਜ ਕਰਦੀ ਸੀ।
ਉਸ ਦੀ ਸੂਰਤ ਵੇਖ ਕੇ ਸਾਨੂੰ ਸਾਰਿਆਂ ਨੂੰ ਆਪਣੀ ਸ਼ਕਲ ਭੁਲ ਜਾਂਦੀ ਸੀ। ਜਿਤਨੀ ਸੁੰਦਰਤਾ ਕਿਸੇ ਵਿਚ ਵੇਖਣ ਦੀ ਹਿੰਮਤ ਹੁੰਦੀ ਸੀ, ਉਹ ਉਤਨੀ ਹੀ ਸੁੰਦਰ ਲਗਦੀ ਸੀ । ਕਿਸੇ ਵੀ ਤਸਵੀਰ ਵਿਚ ਉਸ ਦੀ ਸੁੰਦਰਤਾ ਦੇ ਸਾਰੇ ਪੱਖ ਨਹੀਂ ਸਨ ਆ ਸਕਦੇ।
ਚਿੱਤਰਕਾਰ ਜਿਹੜੀ ਸੁੰਦਰਤਾ ਨੂੰ ਚਿੱਤਰ ਵਿਚ ਨਹੀਂ ਢਾਲ ਸਕਦੇ, ਸ਼ਾਇਰ ਉਸ ਨੂੰ ਗਜ਼ਲ ਵਿਚ ਪੇਸ਼ ਕਰਦੇ ਹਨ। ਉਸ ਨੇ ਸਾਰੀ ਕਲਾਸ ਨੂੰ ਕਵੀ ਬਣਾਇਆ ਹੋਇਆ ਸੀ। ਉਹ ਆਉਂਦੀ ਸੀ, ਤਾਂ ਹੀ ਕਲਾਸ ਲਗਦੀ ਸੀ।
ਪਹਿਲੀ ਵਾਰ ਉਸ ਨੂੰ ਵੇਖ ਕੇ ਮੈਂ ਆਪਣੇ ਮਿਤਰ ਨੂੰ ਲਿਖਿਆ ਸੀ, ਮੈਂ ਅਜ ਬਹੁਤ ਸੋਹਣਾ ਚਿਹਰਾ ਵੇਖਿਆ ਹੈ, ਦਿਲ ਕਰਦਾ ਹੈ ਤੈਨੂੰ ਆਪਣੀਆਂ ਅੱਖਾਂ ਭੇਜ ਦੇਵਾਂ । ਉਸ ਵਿਚ ਆਪਣੀ ਮੁਸਕ੍ਰਾਹਟ ਨਾਲ ਹਨੇਰਿਆਂ ਨੂੰ ਰੁਸ਼ਨਾਉਣ ਦੀ ਤਾਕਤ ਸੀ । ਉਸ ਨੂੰ ਵੇਖ ਕੇ ਇੰਜ ਲਗਦਾ ਸੀ ਜਿਵੇਂ ਕਿਸੇ ਬੇਘਰੇ ਨੂੰ ਘਰ ਅਤੇ ਕਿਸੇ ਡੁੱਬਦੇ ਨੂੰ ਕਿਨਾਰਾ ਮਿਲ ਗਿਆ ਹੋਵੇ।
ਉਸ ਦਾ ਦਿਸੀ ਜਾਣਾ ਹੀ ਸਾਡੀ ਪੂਰਨਤਾ ਸੀ।
ਦੁਰਭਾਗਵਸ ਇਤਨੀ ਵੱਡੀ ਦੁਨੀਆ ਵੀ ਉਸ ਲਈ ਛੋਟੀ ਹੀ ਸਾਬਤ ਹੋਈ। ਫਿਰ ਉਵੇਂ ਹੀ ਹੋਇਆ ਜਿਵੇਂ ਸੋਹਣੇ ਗੁਲਾਬ ਦੇ ਫੁੱਲਾਂ ਨਾਲ ਹੁੰਦਾ ਹੈ। ਦੂਰੋਂ ਇਕ ਸੌਦਾਗਰ ਆਇਆ ਜਿਹੜਾ ਮਹੀਨਿਆਂ ਵਿਚ ਹੀ ਉਸ ਨੂੰ ਵਿਧਵਾ ਕਰ ਗਿਆ ਅਤੇ ਬੱਚੇ ਨੂੰ ਜਨਮ ਦਿੰਦਿਆਂ ਉਹ ਆਪ ਮੁਕ ਗਈ।
ਸੁਣਿਆ ਸੀ, ਪਰੀਆਂ ਮਾਵਾਂ ਨਹੀਂ ਬਣਦੀਆਂ।
ਮਨੁੱਖ ਦੀ ਜ਼ਿੰਦਗੀ ਵਿਚ ਜਿਉਂ ਜਿਉਂ ਵਕਤ ਬੀਤਦਾ ਹੈ, ਖੁਸ਼ੀ ਦੀ ਥਾਂ ਦੁਰਘਟਨਾਵਾਂ ਦੀ ਗਿਣਤੀ ਵੱਧਣ ਕਾਰਨ, ਮੁਸਕ੍ਰਾਹਟਾਂ ਅਤੇ ਵੈਣਾਂ ਦਾ ਅਨੁਪਾਤ ਬਦਲਦਾ ਰਹਿੰਦਾ ਹੈ।
ਮੁਸਕ੍ਰਾਹਟ ਅਤੇ ਹਾਸੇ ਵਿਚ ਅਨੇਕਾਂ ਸਾਂਝਾਂ ਦੇ ਬਾਵਜੂਦ ਇਕ ਬੁਨਿਆਦੀ ਅੰਤਰ ਇਹ ਹੈ ਕਿ ਹਾਸੇ ਦਾ ਸ਼ੋਰ ਹੁੰਦਾ ਹੈ ਅਤੇ ਮੁਸਕ੍ਰਾਹਟ ਦੀ ਤਾਕਤ ਉਸ ਦੀ ਖਾਮੋਸ਼ੀ ਵਿਚ ਹੁੰਦੀ ਹੈ।
ਪੜ੍ਹੇ-ਲਿਖੇ, ਚੁੱਪ, ਸਾਊ-ਸਲੀਕੇ ਵਾਲੇ ਹੱਸਣ ਦੀ ਥਾਂ ਮੁਸਕਰਾਉਂਦੇ ਹਨ।
ਸਾਡੇ ਧਾਰਮਕ ਸਥਾਨ ਹੱਸਣ ਦੀ ਆਗਿਆ ਨਹੀਂ ਦਿੰਦੇ ਪਰ ਮੁਸਕ੍ਰਾਉਣ ਉਤੇ ਕੋਈ ਰੋਕ ਨਹੀਂ।
ਮੁਸਕਾਉਂਦੇ ਅਸੀਂ ਸਤਿਕਾਰ ਵਜੋਂ ਬਰਾਬਰੀ ਦੇ ਆਧਾਰ ਤੇ ਹਾਂ ਜਦੋਂ ਕਿ ਹੱਸਿਆ ਕਿਸੇ ਦੀ ਮੂਰਖਤਾ ਜਾਂ ਕਿਸੇ ਕਮਜ਼ੋਰੀ ਤੇ ਹੀ ਜਾਂਦਾ ਹੈ। ਇਹ ਕਮਜ਼ੋਰੀ ਸਰੀਰ ਵਿਚ, ਬੁਧੀ ਵਿਚ, ਵਿਹਾਰ ਆਦਿ ਵਿਚ ਕਈ ਪੱਖਾਂ ਤੋਂ ਹੋ ਸਕਦੀ ਹੈ।
ਜੇ ਹੱਸਿਆ ਕਿਸੇ ਦੀ ਕਮਜ਼ੋਰੀ ਉਤੇ ਜਾਂਦਾ ਹੈ ਤਾਂ ਮੁਸਕਾਇਆ ਕਿਸੇ ਦੀ ਸ਼ਕਤੀ ਜਾਂ ਗੁਣ ਉਤੇ ਜਾਂਦਾ ਹੈ।
ਅਸੀਂ ਦੂਜਿਆਂ ਵਿਚ ਉਨ੍ਹਾਂ ਗੁਣਾਂ ਦੀ ਹੀ ਪ੍ਰਸੰਸਾ ਕਰਦੇ ਹਾਂ, ਜਿਹੜੇ ਅਸੀਂ ਸਮਝਦੇ ਹਾਂ ਸਾਡੇ ਵਿਚ ਵੀ ਹਨ। ਮੁਸਕਾਉਣਾ, ਪ੍ਰਸ਼ੰਸਾ ਦਾ ਸੰਕੇਤ ਹੁੰਦਾ ਹੈ।
ਪ੍ਰਸੰਸਾ ਮਨੁੱਖ ਦੀ ਬੁਨਿਆਦੀ ਭੁੱਖ ਹੈ। ਜਿਸ ਤੋਂ ਪ੍ਰਸੰਸਾ ਮਿਲਦੀ ਹੈ, ਸਾਨੂੰ ਉਹ ਆਪ ਵੀ ਚੰਗਾ ਲਗਣ ਲਗ ਪੈਂਦਾ ਹੈ।
ਸਿਆਣੇ ਲੋਕਾਂ ਦੇ ਚਿਹਰੇ ਤੇ ਉਦਾਸੀ ਦੀ ਇਕ ਝਲਕ ਹੁੰਦੀ ਹੈ, ਇਸ ਲਈ ਉਨ੍ਹਾਂ ਦੀ ਮੁਸਕ੍ਰਾਹਟ ਇਸ ਉਦਾਸੀ ਦੀ ਛਾਂ ਕਾਰਨ ਡੂੰਘੀ ਹੋ ਜਾਂਦੀ ਹੈ।
ਉਨ੍ਹਾਂ ਦੀ ਮੁਸਕ੍ਰਾਹਟ ਵਿਚ ਉਦਾਰਤਾ ਹੁੰਦੀ ਹੈ ਅਤੇ ਉਦਾਰਤਾ ਵਿਚ ਮੁਆਫ ਕਰਨ ਅਤੇ ਪ੍ਰਵਾਨ ਕਰਨ ਦੀ ਬਿਰਤੀ ਹੁੰਦੀ ਹੈ।
ਉਮਰ ਕੋਈ ਹੋਵੇ ਮੁਸਕ੍ਰਾਉਂਦਿਆਂ ਅਸੀਂ ਜਵਾਨ ਲਗਦੇ ਹੀ ਨਹੀਂ, ਜਵਾਨੀ ਨੂੰ ਮਹਿਸੂਸ ਵੀ ਕਰਦੇ ਹਾਂ।
ਇਸਤਰੀਆਂ ਮੁਸਕਰਾ ਕੇ ਆਪਣੇ ਨੈਣ-ਨਕਸ਼ਾਂ ਨੂੰ ਤਿੱਖਾ ਅਤੇ ਪੁਰਸ਼ ਆਪਣੀ ਅਕਲ ਨੂੰ ਕੂਲਾ ਕਰ ਲੈਂਦੇ ਹਨ।
ਮੁਸਕ੍ਰਾਉਣਾ ਬੁੱਲ੍ਹਾਂ ਦੀ ਦੂਜੀ ਉਤਮ ਵਰਤੋਂ ਦਾ ਸੰਕੇਤ ਹੈ। ਬੁਲ੍ਹਾਂ ਦੀ ਪਹਿਲੀ ਅਤੇ ਉੱਚਤਮ ਵਰਤੋਂ ਤਾਂ ਚੁੰਮਣਾ ਹੈ । ਤੀਜੀ ਵਰਤੋਂ ਚੰਗਾ ਬੋਲਣਾ ਹੈ ਅਤੇ ਦੁਰਵਰਤੋਂ ਗਾਲ੍ਹਾਂ ਕੱਢਣਾ ਹੈ।
ਸਿਆਣੀ ਅਤੇ ਸੋਹਣੀ ਇਸਤਰੀ ਇਕ ਹੀ ਚੁੰਮਣ ਨਾਲ ਜਾਣ ਜਾਂਦੀ ਹੈ ਕਿ . ਪੁਰਸ਼ ਕਿਤਨੇ ਕੁ ਪਿਆਰ ਵਿਚ ਹੈ।
ਪਿਆਰ ਵਿਚ ਕਿਸੇ ਨੂੰ ਚੁੰਮਣ ਉਪਰੰਤ ਅੱਗੇ ਹੀ ਜਾਇਆ ਜਾ ਸਕਦਾ ਹੈ, ਪਿਛੇ ਨਹੀਂ ਮੁੜਿਆ ਜਾਦਾ।
ਇਸਤਰੀ ਨੂੰ ਚੁੰਮਣ ਉਪਰੰਤ ਪੁਰਸ਼ ਦੇ ਵਿਹਾਰ ਵਿਚ ਕਾਹਲ ਪੈਦਾ ਹੋ ਜਾਂਦੀ ਹੈ, ਜਦੋਂ ਕਿ ਇਸਤਰੀ ਚਾਹੁੰਦੀ ਹੈ ਕਿ ਪੁਰਸ਼ ਜਲਦੀ ਤਾਂ ਕਰੇ ਪਰ ਕਾਹਲੀ ਨਾ ਕਰੇ । ਉਹ ਸੁਨੇਹਾ ਦਿੰਦੀ ਹੈ ਕਿ ਪਿਆਰ ਮਿਲੇਗਾ ਪਰ ਇਕ ਦਮ ਨਹੀਂ ਮਿਲੇਗਾ।
ਚੁੰਮਣ ਵਿਚ ਭਵਿਖ ਦਾ ਸੁਨੇਹਾ ਹੁੰਦਾ ਹੈ, ਇਸ ਨਾਲ ਵਿਰੋਧਤਾ ਮੁਕ ਜਾਂਦੀ ਹੈ ਅਤੇ ਆਸ ਵੱਧ ਜਾਂਦੀ ਹੈ ਅਤੇ ਸੁਤੀਆਂ ਹਿੰਮਤਾਂ ਜਾਗ ਪੈਂਦੀਆਂ ਹਨ।
ਵਿਸ਼ਰਾਮ ਚਿੰਨ੍ਹਾਂ ਦੀ ਭਾਸ਼ਾ ਵਿਚ ਚੁੰਮਣ ਕਈ ਵਾਰੀ ਪ੍ਰਸ਼ਨ ਚਿੰਨ੍ਹ ਅਤੇ ਕਈ ਵਾਰੀ ਵਿਸਮਕ ਚਿੰਨ੍ਹ ਹੁੰਦਾ ਹੈ।
ਚੁੰਮਣਾ ਸਦੀਵਤਾ ਦਾ ਅਹਿਸਾਸ ਕਰਾਉਂਦਾ, ਅਤੀਤ ਦੇ ਦੁੱਖ ਭੁਲਾਉਂਦਾ ਅਤੇ ਭਵਿਖ ਦੀ ਚਿੰਤਾ ਮਿਟਾਉਂਦਾ ਹੈ।
ਅਕਸਰ ਪੁਰਸ਼ ਇਸਤਰੀ ਨੂੰ ਚੁੰਮਦਾ ਹੈ ਪਰ ਜਦੋਂ ਇਸਤਰੀ ਪੁਰਸ਼ ਨੂੰ ਚੁੰਮਦੀ ਹੈ ਤਾਂ ਉਹ ਐਲਾਨ ਵੀ ਕਰਦੀ ਹੈ ਕਿ ਤੂੰ ਮੈਨੂੰ ਪ੍ਰਵਾਨ ਹੈਂ।
ਇਕ ਇਸਤਰੀ ਦਸ ਰਹੀ ਸੀ ਕਿ ਇਕ ਵਾਰੀ ਜਦੋਂ ਉਸ ਦੇ ਪ੍ਰੇਮੀ ਨੇ ਚਾਹਿਆ ਸੀ ਕਿ ਮੈਂ ਉਸ ਨੂੰ ਚੁੰਮ ਲਵਾਂ ਤਾਂ ਮੈਂ ਕਿਹਾ ਸੀ, ਨਹੀਂ, ਮੈਂ ਅਜਿਹਾ ਨਹੀਂ ਕਰ ਸਕਦੀ, ਕਿਉਂ ਕਿ ਮੇਰੀ ਮਾਂ ਨੇ ਰੋਕਿਆ ਸੀ ਕਿ ਪੁਰਸ਼ਾਂ ਨਾਲ ਅਜਿਹਾ ਵਿਹਾਰ ਨਹੀਂ ਕਰਨਾ। ਉਹ ਉਦਾਸ ਹੋ ਗਿਆ ਸੀ ਪਰ ਮੈਂ ਉਸ ਨੂੰ ਜਾਣ ਨਾ ਦਿਤਾ। ਜਦੋਂ ਉਹ ਹੋਰ ਉਦਾਸ ਹੋ ਗਿਆ ਤਾਂ ਮੈਂ ਕਿਹਾ, ਮੇਰੀ ਨੇ ਮੈਨੂੰ ਰੋਕਿਆ ਸੀ, ਤੈਨੂੰ ਤਾਂ ਨਹੀਂ ਰੋਕਿਆ, ਅਤੇ ਮੇਰੀ ਗਲ ਸੁਣ ਕੇ ਉਹ ਪੋਰਸ ਤੋਂ ਸਿਕੰਦਰ ਬਣ ਗਿਆ ਸੀ।
ਉਸ ਦਾ ਪਿਆਰ ਮੇਰੇ ਲਈ ਬੜਾ ਕੀਮਤੀ ਸੀ, ਕਿਉਂਕਿ ਵਿਹਾਰ ਦੇ ਪਖੋਂ ਉਹ ਬਾਦਸ਼ਾਹ ਸੀ, ਇਰਾਦਿਆਂ ਦੇ ਪੱਖੋਂ ਉਹ ਜਰਨੈਲ ਸੀ, ਗਿਆਨ ਦੇ ਪਖੋਂ ਉਹ ਸੰਤ ਸੀ, ਉਹ ਇਕ ਫਿਲਾਸਫਰ ਵਾਂਗ ਸਾਊ ਸੀ ਅਤੇ ਤਿਆਗ ਦੇ ਪਖੋਂ ਉਹ ਸਨਿਆਸੀ ਸੀ ਅਤੇ ਉਸ ਵਿਚ ਉਹ ਸਭ ਕੁਝ ਸੀ ਜੋ ਇਸਤਰੀ ਨੂੰ ਪੁਰਸ਼ ਵਿਚ ਚੰਗਾ ਲਗਦਾ ਹੈ। ਉਸ ਨੇ ਮੇਰੀ ਜ਼ਿੰਦਗੀ ਵਿਚ ਇਕ ਟਿਕਾਉ ਲੈ ਆਂਦਾ ਸੀ । ਗਲ ਅਜੇ ਨੈਣਾਂ ਵਿਚ ਹੀ ਸੀ, ਬੁਲ੍ਹਾਂ ਤੇ ਨਹੀਂ ਸੀ ਆਈ, ਮੈਂ ਅਚਾਨਕ ਹੀ ਉਸ ਦੀ ਮੁਸਕ੍ਰਾਹਟ ਵਿਚ ਡਿਗ ਪਈ ਤੇ ਮੇਰੀ ਜ਼ਿੰਦਗੀ ਸੰਵਰ ਗਈ। ਮੈਂ ਉਸ ਦੀ ਲੋਅ ਨਾਲ ਲਿਸ਼ਕ ਪਈ ਸਾਂ ।
ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੋਹਫਾ, ਆਪਣਾ ਕੁਆਰਾਪਣ, ਉਸ ਨੂੰ ਭੇਟ ਕੀਤਾ ਸੀ, ਮੈਨੂੰ ਆਪਣੇ ਫੈਸਲੇ ਤੇ ਅਜ ਵੀ ਮਾਣ ਹੈ।
ਉਸ ਨੂੰ ਮਿਲ ਕੇ ਮੈਂ ਆਪਣੇ ਆਪ ਨੂੰ ਲਭ ਲਿਆ ਸੀ ।
ਉਹ ਹਨੇਰੀ ਸੀ ਤੇ ਮੈਂ ਰੇਡ ਦਾ ਟਿੱਬਾ ਸਾਂ। ਉਸ ਦੀ ਜ਼ਿੰਦਗੀ ਵਿਚ ਦੁੱਖ, ਮਜਬੂਰੀਆਂ ਅਤੇ ਮਾਯੂਸੀਆਂ ਸਨ ਪਰ ਉਸ ਤੋਂ ਸੋਹਣੀ ਅਤੇ ਭਰਪੂਰ ਜ਼ਿੰਦਗੀ ਜਿਊਣ ਦਾ ਸੁਨੇਹਾ ਮਿਲਦਾ ਸੀ। ਉਸ ਦੇ ਮੁਸਕਾਉਂਦੇ ਚਿਹਰੇ ਨੂੰ ਤਾਂ ਮੈਂ ਹਨੇਰੇ ਵਿਚ ਵੀ ਪਛਾਣ ਸਕਦੀ ਸਾਂ।
ਮੁਸਕ੍ਰਾਹਟ ਵਿਚ ਸੰਜੀਦਗੀ ਹੁੰਦੀ ਹੈ, ਇਹ ਸੰਜੀਦਗੀ ਮੁਸਕ੍ਰਾਹਟ ਨੂੰ ਦਿਲਕਸ਼ ਬਣਾਉਂਦੀ ਹੈ। ਸਿਆਣੀਆਂ ਅਤੇ ਸੋਹਣੀਆਂ ਇਸਤਰੀਆਂ ਨੇ ਸੰਜੀਦਗੀ ਦਾ ਵੱਟਣਾ ਮਲਿਆ ਹੁੰਦਾ ਹੈ।
ਹਾਸੇ ਨੂੰ ਸੁਣਿਆ ਜਾਂਦਾ ਹੈ, ਮੁਸਕ੍ਰਾਹਟ ਵੇਖੀ ਜਾਂਦੀ ਹੈ।
ਪੈਂਤੀ ਕੁ ਸਾਲ ਦੀ ਉਮਰ ਵਿਚ ਮੁਸਕ੍ਰਾਹਟ ਦਾ ਜੋਬਨ ਸਿਖਰ ਤੇ ਹੁੰਦਾ ਹੈ।
ਸੁੰਦਰਤਾ ਕੁਦਰਤ ਦਿੰਦੀ ਹੈ, ਅਕਲ ਨੂੰ ਮਨੁੱਖ ਮਿਹਨਤ ਕਰਕੇ ਆਪ ਕਮਾ ਲੈਂਦੇ ਹਨ। ਸਿਆਣੇ ਪੁਰਸ਼ ਥੋੜ੍ਹੇ ਜਿਹੇ ਗਵਾਚੇ ਜਿਹੇ ਲਗਦੇ ਹਨ ਜਿਵੇਂ ਉਨ੍ਹਾਂ ਦਾ ਕੋਈ ਕੀਮਤੀ ਵਿਚਾਰ ਗੁੰਮ ਗਿਆ ਹੋਵੇ।
ਵਿਦਵਾਨਾਂ ਵਿਚ ਕੁਝ ਪੜ੍ਹਦਿਆਂ ਕੋਈ ਅੰਤਰਝਾਤ ਮਿਲਣ ਉਤੇ ਇਕੱਲਿਆਂ ਮੁਸਕਾਉਣ ਦੀ ਆਦਤ ਪੈ ਜਾਂਦੀ ਹੈ ਅਤੇ ਕਲਾਕਾਰਾਂ ਅਤੇ ਕਵੀਆਂ ਵਿਚ ਮੁਸਕ੍ਰਾਉਣ ਅਤੇ ਰੋਣ ਦੋਹਾਂ ਦੀ ਬਿਰਤੀ ਭਾਰੂ ਹੋ ਜਾਂਦੀ ਹੈ ।
ਮੁਸਕਾਉਣਾ ਅਤੇ ਰੋਣਾ ਵੱਖਰੇ ਕਾਰਜ ਹਨ ਪਰ ਇਨ੍ਹਾਂ ਵਿਚ ਕੋਈ ਵਿਰੋਧ ਨਹੀਂ, ਅੰਦਰੋਂ ਇਹ ਇਕ-ਦੂਜੇ ਨਾਲ ਜੁੜੇ ਹੋਏ ਹਨ। ਰੋਣ ਦੇ ਸਰੋਤ ਅਤੇ ਕੇਂਦਰ ਵੱਖਰੇ ਹਨ, ਅੰਦਾਜ਼, ਉਦੇਸ਼ ਅਤੇ ਪ੍ਰਭਾਵ ਵੀ ਵੱਖਰੇ ਹਨ ਪਰ ਫਿਰ ਵੀ ਇਹ ਇਕ- ਦੂਜੇ ਦੇ ਨੇੜੇ ਹਨ, ਇਨ੍ਹਾਂ ਦਾ ਰਿਸ਼ਤਾ ਸਿੱਧ-ਪੁੱਠ ਵਾਲਾ ਹੈ।
ਹੱਸਣ-ਮੁਸਕ੍ਰਾਉਣ ਨਾਲ ਸਿਹਤ ਠੀਕ ਰਹਿੰਦੀ ਹੈ, ਰੋਣ ਨਾਲ ਦਿਲ ਦੇ ਜ਼ਖਮ ਭਰ ਜਾਂਦੇ ਹਨ।
ਜਿਹੜੇ ਮੁਸਕਾਉਂਦੇ ਰਹਿੰਦੇ ਹਨ ਉਹ ਬੀਮਾਰ ਨਹੀਂ ਪੈਂਦੇ, ਜਿਹੜੇ ਰੋ ਲੈਂਦੇ ਹਨ ਉਹ ਜਲਦੀ ਠੀਕ ਹੋ ਜਾਂਦੇ ਹਨ ।
ਰੋਣਾ ਕਮਜ਼ੋਰੀ ਨਹੀਂ ਇਹ ਸੁਹਿਰਦਤਾ ਦੀ ਤਾਕਤ ਦਾ ਪ੍ਰਗਟਾਵਾ ਹੈ।
ਇਕ ਲੇਖਿਕਾ ਦਸ ਰਹੀ ਸੀ ਕਿ ਉਹ ਦਿਨ ਵਿਚ ਇਕ ਵਾਰੀ ਤਾਂ ਜ਼ਰੂਰ ਰੋਂਦੀ ਹੈ, ਇਸ ਕਰਕੇ ਨਹੀਂ ਕਿ ਉਹ ਉਦਾਸ ਹੁੰਦੀ ਹੈ ਸਗੋਂ ਇਸ ਕਰਕੇ ਕਿ ਕੁਦਰਤ ਕਿਤਨੀ ਸੋਹਣੀ ਹੈ ਅਤੇ ਜ਼ਿੰਦਗੀ ਕਿਤਨੀ ਛੋਟੀ ਹੈ।
ਹੱਸਣ ਅਤੇ ਰੋਣ ਵਿਚ ਅੰਦਰੋਂ ਹਵਾ ਅਤੇ ਪਾਣੀ ਦਾ ਵਹਾਓ ਤੇਜ਼ ਹੋ ਜਾਂਦਾ ਹੈ । ਹਵਾ ਅਤੇ ਪਾਣੀ ਜ਼ਿੰਦਗੀ ਦਾ ਆਧਾਰ ਹਨ।
ਕੁਦਰਤ ਵਿਚ ਵੀ ਕਈ ਵਾਰੀ ਧੁੱਪ ਵੀ ਨਿਕਲੀ ਹੁੰਦੀ ਹੈ ਅਤੇ ਮੀਂਹ ਵੀ ਪੈ ਰਿਹਾ ਹੁੰਦਾ ਹੈ।
ਫਰਾਂਸ ਵਿਚ ਬੁੱਤ ਵੀ ਮੁਸਕਾਉਂਦੇ ਹਨ।
ਫਰਾਂਸ ਨੇ ਇਸਤਰੀ ਜਾਤੀ ਨੂੰ ਲਿਪਸਟਿਕ ਦਾ ਤੋਹਫਾ ਦੇ ਕੇ ਮੁਸਕ੍ਰਾਹਟ ਵਿਚ ਰੌਣਕ ਭਰ ਦਿਤੀ ਹੈ।
ਥਾਈਲੈਂਡ ਦੇ ਵਾਸੀ ਸੰਸਾਰ ਵਿਚ ਸਭ ਤੋਂ ਵੱਧ ਮੁਸਕਾਉਂਦੇ ਹਨ ਕਿਉਂਕਿ ਉਥੇ ਨਾ ਮੁਸਕਾਉਣਾ ਧਰਮ ਦੇ ਵਿਰੁਧ ਅਤੇ ਬਦਸ਼ਗਨੀ ਸਮਝਿਆ ਜਾਂਦਾ ਹੈ।
ਚੀਨੀ-ਜਾਪਾਨੀ ਇਸਤਰੀਆਂ ਨੂੰ ਗੁੱਸੇ ਵਿਖਾਈ ਦੇਣ ਵਾਸਤੇ ਉਚੇਚ ਕਰਨਾ ਪੈਂਦਾ ਹੈ, ਉਨ੍ਹਾਂ ਦੀਆਂ ਅੱਖਾਂ ਹਰ ਵੇਲੇ ਮੁਸਕਾਉਂਦੀਆਂ ਰਹਿੰਦੀਆਂ ਹਨ। ਯੋਰਪ ਅਤੇ ਅਮਰੀਕਾ ਵਿਚ ਅਜਨਬੀਆਂ ਨੂੰ ਮੁਸਕਰਾ ਕੇ ਮਿਲਣ ਦਾ ਰਿਵਾਜ ਹੈ।
ਭਾਰਤ ਵਿਚ ਮੁਸਕ੍ਰਾਹਟ ਕੇਵਲ ਜਾਣ ਨੂੰ ਹੀ ਪਰੋਸੀ ਜਾਂਦੀ ਹੈ।
ਜਦੋਂ ਹਰ ਵੇਲੇ ਮੁਸਕਾਉਂਦੇ ਚਿਹਰੇ ਨੂੰ ਕਿਸੇ ਵੇਲੇ ਬਿਨਾ ਮੁਸਕ੍ਰਾਹਟ ਵੇਖਿਆ ਜਾਵੇ ਤਾਂ ਉਹ ਦੋ ਵੱਖਰੇ ਚਿਹਰੇ ਪ੍ਰਤੀਤ ਹੁੰਦੇ ਹਨ।
ਮੁਸਕ੍ਰਾਹਟ ਵਿਚ ਪਛਾਣਨ ਦਾ ਜਾਦੂ ਹੈ। ਪਿਆਰੇ ਵਲੋਂ ਪਛਾਣ ਲਏ ਜਾਣ ਨਾਲ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ।
ਇਕ ਵਾਰੀ ਇਕ ਫਿਲਮ ਵਿਚ ਬੇਘਰੇ, ਨਿਰਾਸ਼, ਉਦਾਸ, ਗਰੀਬ ਲੋਕਾਂ ਦਾ ਦ੍ਰਿਸ਼ ਫਿਲਮਾਇਆ ਜਾਣਾ ਸੀ । ਡਾਇਰੈਕਟਰ ਦਾ ਨੁਮਾਇੰਦਾ ਬਸਤੀ ਦੇ ਗਰੀਬ, ਮਾਯੂਸ, ਉਦਾਸ ਲੋਕਾਂ ਨੂੰ ਅਗਲੀ ਸਵੇਰ ਤਿਆਰ ਰਹਿਣ ਲਈ ਦਸ ਆਇਆ। ਜਦੋਂ ਸਵੇਰੇ ਫਿਲਮੀ ਅਮਲਾ ਪਹੁੰਚਿਆਂ ਤਾਂ ਅਮਲੇ ਵਾਲੇ ਵੇਖ ਕੇ ਹੈਰਾਨ ਹੋ ਗਏ ਕਿਉਂਕਿ ਉਹ ਗਏ-ਗੁਆਚੇ ਲੋਕ, ਰਾਤੋ-ਰਾਤ ਧੋਤੇ, ਕਪੜੇ ਪਹਿਨੀ, ਸਾਫ-ਸੁਥਰੇ ਬਣ ਕੇ, ਮੁਸਕਾਉਂਦੇ ਚਿਹਰਿਆਂ ਨਾਲ, ਉਡੀਕ ਕਰ ਰਹੇ ਸਨ। ਫਿਲਮ ਵਿਚ ਉਨ੍ਹਾਂ ਨੂੰ ਪਛਾਣ ਮਿਲਣੀ ਸੀ ਅਤੇ ਪਛਾਣ ਨੇ ਉਨ੍ਹਾਂ ਦੇ ਚਿਹਰੇ ਮੁਸਕ੍ਰਾਹਟਾਂ ਨਾਲ ਚਮਕਾ ਦਿਤੇ ਸਨ । ਪਛਾਣ ਮਿਲ ਜਾਣ ਦੀ ਆਸ ਨਾਲ ਉਨ੍ਹਾਂ ਨੂੰ ਆਪਣੀ ਗਰੀਬੀ ਦਾ ਨਹੀਂ ਆਪਣੇ ਇਨਸਾਨ ਹੋਣ ਦਾ ਅਹਿਸਾਸ ਹੋ ਰਿਹਾ ਸੀ।
ਮੁਸਕ੍ਰਾਹਟ ਵਿਚ ਇਨਸਾਨੀਅਤ ਦੀ ਝਲਕ ਹੁੰਦੀ ਹੈ। ਇਨਸਾਨੀਅਤ ਹੀ ਮੁਸਕ੍ਰਾਹਟ ਉਪਜਾਉਂਦੀ ਹੈ। ਇਕ ਵਾਰੀ ਇਕ ਮਜ਼ਦੂਰ ਦਾ ਸਾਈਕਲ ਦੇ ਪਿਛੇ ਟਿਕਾਇਆ ਰੋਟੀ ਦਾ ਡੱਬਾ ਡਿਗ ਪਿਆ। ਉਹ ਸੜਕ ਉਤੇ ਆਪਣਾ ਡੁਲ੍ਹਿਆ ਨਿਕ-ਸੁੱਕ ਇਕੱਠਾ ਕਰ ਹੀ ਰਿਹਾ ਸੀ ਕਿ ਟਰੱਕ ਆਉਂਦਾ ਵੇਖ ਕੇ ਉਹ ਪਰ੍ਹੇ ਹੋ ਗਿਆ। ਟਰੱਕ ਦੇ ਡਰਾਈਵਰ ਨੇ ਵੇਖ ਲਿਆ ਸੀ, ਉਸ ਨੇ ਟਰੱਕ ਰੋਕਿਆ ਅਤੇ ਮੁਸਕਰਾ ਕੇ ਮਜ਼ਦੂਰ ਨੂੰ ਇਸ਼ਾਰਾ ਕੀਤਾ ਕਿ ਉਹ ਆਪਣੀਆਂ ਚੀਜ਼ਾਂ ਸਾਂਭ ਲਵੇ। ਜਿਹੜੇ ਵੇਖ ਰਹੇ ਸਨ, ਉਹ ਮਹਿਸੂਸ ਕਰ ਰਹੇ ਸਨ ਕਿ ਡਿਗਿਆ ਡੱਬਾ ਸੀ ਪਰ ਚੁੱਕੀ ਇਨਸਾਨੀਅਤ ਗਈ ਸੀ।
ਇਸ ਸੰਸਾਰ ਵਿਚ ਤੁਹਾਡੀ ਸਭ ਤੋਂ ਚੰਗੀ ਸੇਵਾ ਇਹ ਹੈ ਕਿ ਨਿੰਦਾ ਤੋਂ ਮੁਕਤ ਹੋਵੋ, ਸਰਬੱਤ ਦਾ ਭਲਾ ਸੋਚੋ ਅਤੇ ਮੁਸਕਾਓ।
ਹਰ ਕੋਈ ਪ੍ਰਸੰਨ-ਮੁਸਕਾਉਂਦੇ ਵਿਅਕਤੀ ਨੂੰ ਮਿਲਣਾ ਚਾਹੁੰਦਾ ਹੈ, ਕਿਉਂਕਿ ਪਨ-ਮੁਸਕ੍ਰਾਉਂਦੇ ਵਿਅਕਤੀ ਚੰਗੀਆਂ ਸੂਚਨਾਵਾਂ ਹੀ ਦਿੰਦੇ ਹਨ।
ਜ਼ਿੰਦਗੀ ਦਾ ਉਦੇਸ਼ ਅਮੀਰ ਹੋਣਾ ਨਹੀਂ, ਪ੍ਰਸੰਨ ਹੋਣਾ ਹੈ। ਇਹ ਸੋਝੀ ਬਹੁਤ ਧਨ ਕਮਾਉਣ ਮਗਰੋਂ ਉਪਜੀ ਨਿਰਾਸਤਾ ਵਿਚੋਂ ਪ੍ਰਾਪਤ ਹੁੰਦੀ ਹੈ।
ਮੁਸਕ੍ਰਾਹਟ ਚੰਗੀ ਸਿਹਤ ਦਾ ਸੰਕੇਤ ਹੈ ਅਤੇ ਜਿਸ ਦੀ ਸਿਹਤ ਚੰਗੀ ਹੈ, ਉਸ ਦਾ ਹਰ ਦਿਨ ਤਿਉਹਾਰ ਹੁੰਦਾ ਹੈ।
ਕਹਿੰਦੇ ਹਨ, ਬੱਚਾ ਮਿਲੇ ਮੁਸਕਰਾ ਕੇ ਵੇਖੋ, ਬੱਚੇ ਪਿਆਰ ਦੀ ਭਾਸ਼ਾ ਸਮਝਦੇ ਹਨ; ਬਜ਼ੁਰਗ ਮਿਲੇ ਧਿਆਨ ਦਿਓ, ਉਹ ਮੁਸਕਰਾ ਕੇ ਅਸੀਸ ਦੇਣਗੇ; ਬੀਮਾਰ ਮਿਲੇ, ਹਾਲ ਪੁਛੋ, ਬੀਮਾਰ ਆਪਣਾ ਹਾਲ ਦਸ ਕੇ ਅਰੋਗ ਮਹਿਸੂਸ ਕਰਦੇ ਹਨ ਅਤੇ ਮੁਸਕ੍ਰਾਹਟ ਨਾਲ ਧੰਨਵਾਦ ਕਰਦੇ ਹਨ।
ਕੋਈ ਇਕੱਲਾ ਹੈ, ਉਸ ਕੋਲ ਬੈਠੋ, ਤੁਹਾਡੀ ਮੁਸਕ੍ਰਾਹਟ ਉਸ ਦੀ ਉਦਾਸੀ ਨੂੰ ਧੋ ਦੇਵੇਗੀ। ਕੋਈ ਕਮਜ਼ੋਰ ਹੈ ਉਸ ਨੂੰ ਮੁਸਕਰਾ ਕੇ ਹਲਾ-ਸ਼ੇਰੀ ਦਿਓ, ਬਾਕੀ ਸਭ ਕੁਝ ਉਸ ਕੋਲ ਪਹਿਲਾਂ ਹੀ ਹੁੰਦਾ ਹੈ।
ਮੁਸਕ੍ਰਾਹਟ ਬਾਰੇ ਸਭ ਤੋਂ ਚੰਗੀ ਗਲ ਇਹ ਹੈ ਕਿ ਇਸ ਦੀ ਕੋਈ ਲਾਗਤ ਨਹੀਂ ਪਰ ਇਸ ਦਾ ਸਭਨੀਂ ਥਾਈਂ ਲਾਭ ਹੀ ਲਾਭ ਹੈ।
ਤੁਸੀਂ ਮੁਸਕ੍ਰਾਉਣ ਦੇ ਪਹਿਲਾਂ ਹੀ ਅਨੇਕਾਂ ਅਵਸਰ ਗੁਆ ਚੁਕੇ ਹੋ, ਮੁਸਕਰਾਓ, ਹੋ ਸਕਦਾ ਹੈ ਕਲ ਮੁਸਕ੍ਰਾਉਣ ਦਾ ਮੌਕਾ ਹੀ ਨਾ ਮਿਲੇ ਅਤੇ ਪਛਤਾਉਣਾ ਪਵੇ।
ਵਿਦਿਆ ਅਤੇ ਵਿਦਿਆਰਥੀ
ਜੇ ਕਿਸੇ ਅਨਪੜ੍ਹ ਨੂੰ ਪੁਛੋ ਕਿਸ ਗੱਲ ਦਾ ਪਛਤਾਵਾ ਹੈ ਤਾਂ ਉਹ ਇਹ ਹੀ ਕਹੇਗਾ ਕਿ ਪੜ੍ਹਿਆ ਨਹੀਂ ਹੋਇਆ।
ਵਿਦਿਆ ਨੇ ਅਜੇ ਤਕ ਕਿਸੇ ਦਾ ਨੁਕਸਾਨ ਨਹੀਂ ਕੀਤਾ।
ਵਿਦਿਆ ਦਾ ਮੁਖ ਉਦੇਸ਼ ਸਾਨੂੰ ਗਿਆਨ ਦੇਣਾ ਵੀ ਹੈ ਅਤੇ ਸਾਨੂੰ ਆਪਣੀ ਅਗਿਆਨਤਾ ਤੋਂ ਜਾਣੂ ਕਰਵਾਉਣਾ ਵੀ ਹੈ। ਨਵਾਂ ਜਾਣਨ ਦੀ ਜਗਿਆਸਾ ਦਾ ਨਾਂ ਵਿਦਿਆ ਹੈ। ਵਿਦਿਆ ਨਾਲ ਮਨੁੱਖ ਮੋਮਬੱਤੀ ਤੋਂ ਮਸ਼ਾਲ ਬਣ ਜਾਂਦਾ ਹੈ ਅਤੇ ਜਿਉਂ ਜਿਉਂ ਕੋਈ ਪੜ੍ਹਦਾ ਜਾਂਦਾ ਹੈ, ਤਿਉਂ ਤਿਉਂ ਉਹ ਦਰੱਖਤ ਵਾਂਗ ਵੱਧਣ ਦੇ ਨਾਲ ਨਾਲ ਫੈਲਦਾ ਵੀ ਜਾਂਦਾ ਹੈ। ਪੜ੍ਹੇ-ਲਿਖੇ ਵਿਅਕਤੀ ਦਾ ਸੁਭਾਓ ਇਕ ਵੱਡੇ ਦਰੱਖਤ ਵਾਲਾ ਹੁੰਦਾ ਹੈ।
ਸਕੂਲਾਂ ਵਿਚ ਵਿਦਿਆਰਥੀਆਂ ਨੂੰ ਚੁੱਪ ਕਰਕੇ ਬਹਿਣ ਲਈ ਕਿਹਾ ਜਾਂਦਾ ਹੈ ਤਾਂ ਕਿ ਉਹ ਜਲਦੀ ਬੋਲਣਾ ਸਿਖ ਜਾਣ । ਬੋਲਣ ਦੇ ਅਰਥ ਗੱਲਬਾਤ ਤੋਂ ਹਨ।
ਗਲਬਾਤ ਇਸ ਲਈ ਜੀਵਨ ਦਾ ਸ਼ਿੰਗਾਰ ਹੁੰਦੀ ਹੈ, ਕਿਉਂਕਿ ਇਸ ਰਾਹੀਂ ਸਾਡੀ ਯੋਗਤਾ ਪ੍ਰਗਟ ਹੁੰਦੀ ਹੈ। ਕਾਲਜਾਂ ਵਿਚ ਵਿਦਿਆਰਥੀਆਂ ਨੂੰ ਦੂਜਿਆਂ ਦੇ ਵਿਚਾਰਾਂ ਅਤੇ ਸੰਕਲਪਾਂ ਨੂੰ ਸੁਣਨਾ, ਸਮਝਣਾ ਅਤੇ ਗ੍ਰਹਿਣ ਕਰਨਾ ਸਿਖਾਇਆ ਜਾਂਦਾ ਹੈ। ਅਸੀਂ ਸੁਣੇ-ਪੜ੍ਹੇ ਵਿਚਾਰਾਂ ਅਨੁਸਾਰ ਆਪਣੀ ਰਾਇ ਉਸਾਰਦੇ ਅਤੇ ਪ੍ਰਤੀਕਰਮ ਪ੍ਰਗਟਾਉਂਦੇ ਹਾਂ। ਯੂਨੀਵਰਸਿਟੀ ਵਿਚ ਯਤਨ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਬੋਲਣ ਅਤੇ ਸੁਣਨ ਦੇ ਨਾਲ ਨਾਲ, ਸੋਚਣ ਵੀ ਲਗ ਜਾਣ। ਇਥੇ ਵਿਦਿਆਰਥੀਆਂ ਨੂੰ ਸਾਂਝਾਂ ਉਸਾਰਨ ਅਤੇ ਵੱਖਰੇਵਿਆਂ ਨੂੰ ਸਹਿਣ ਦੀ ਸਿਖਲਾਈ ਦਿਤੀ ਜਾਂਦੀ ਹੈ।
ਸੋਚਣ ਦਾ ਕਾਰਜ ਪੜ੍ਹਨ, ਸੁਣਨ ਨਾਲੋਂ ਔਖਾ ਹੁੰਦਾ ਹੈ। ਜੇ ਸੋਚਣ ਦੀ ਯੋਗਤਾ ਨਾ ਹਵੇ ਤਾਂ ਇਹ ਆਦਤ ਯੂਨੀਵਰਸਿਟੀ ਵੀ ਨਹੀਂ ਪਾ ਸਕਦੀ।
ਸੋਚਣ ਤੋਂ ਬਿਨਾ ਨਵੇਂ ਵਿਚਾਰ ਨਹੀਂ ਉਪਜਦੇ ਅਤੇ ਸਮਾਜ ਜਿਥੇ ਹੁੰਦਾ ਹੈ ਉਥੇ ਹੀ ਘੁੰਮੀ ਜਾਦਾ ਹੈ, ਅਗੇ ਨਹੀਂ ਵੱਧਦਾ। ਯੋਰਪ ਦੀ ਉੱਨਤੀ ਦਾ ਕਾਰਨ ਇਹ ਹੈ ਕਿ ਯੋਰਪ ਨੇ ਸਭ ਵਿਚਾਰਾਂ ਨੂੰ ਸੁਣਿਆ, ਵਿਰੋਧੀ ਵਿਚਾਰਾਂ ਨੂੰ ਵਧੇਰੇ ਧਿਆਨ ਨਾਲ ਸੁਣਿਆ ਅਤੇ ਜਿਥੇ ਲੋੜ ਪਈ ਉਥੇ ਆਪਣੀ ਸੋਚ ਨਾਲ ਵਿਰੋਧ ਕੀਤਾ।
ਯੋਰਪ ਵਿਚ ਇਹ ਕਦੇ ਨਹੀਂ ਵਾਪਰਿਆ ਕਿ ਕਿਸੇ ਨੇ ਔਰੰਗਜ਼ੇਬ ਵਾਂਗ ਭਰਾਵਾਂ ਨੂੰ ਮਾਰ ਕੇ ਅਤੇ ਪਿਓ ਨੂੰ ਕੈਦ ਕਰਕੇ ਗੱਦੀ ਮਲੀ ਹੋਵੇ।
ਸੋਚਣ ਦੀ ਯੋਗਤਾ ਨਾਲ ਅਸੀਂ ਕਿਸੇ ਸਮੱਸਿਆ ਨੂੰ ਸੰਕਟ ਬਣਨ ਤੋਂ ਪਹਿਲਾਂ ਪਛਾਣ ਲੈਂਦੇ ਹਾਂ।
ਅਧਿਆਪਕ ਉਸ ਗਿਆਨ ਨੂੰ ਪਛਾਣਦੇ ਹਨ, ਜਿਸ ਦੀ ਸਾਨੂੰ ਲੋੜ ਹੁੰਦੀ ਹੈ। ਅਧਿਆਪਕਾਂ ਦੇ ਹੱਥਾਂ ਵਿਚ ਵਿਦਿਆਰਥੀ ਕੱਚੀ ਮਿਟੀ ਤੋਂ ਭਾਂਤ-ਭਾਂਤ ਦੇ ਬਰਤਨ ਬਣ ਜਾਂਦੇ ਹਨ। ਜਿਹੜਾ ਅਧਿਆਪਕ ਵਿਦਿਆਰਥੀਆਂ ਨੂੰ ਚੰਗਾ ਲਗਦਾ ਹੈ, ਉਸ ਦੇ ਵਿਸ਼ੇ ਨੂੰ ਸਮਝਣ ਵਿਚ ਔਖ ਨਹੀਂ ਹੁੰਦੀ।
ਚੰਗੇ ਅਧਿਆਪਕ ਦੀ ਜੇ ਕਿਸੇ ਢਾਣੀ ਵਿਚ ਗਲ ਚਲ ਪਵੇ ਤਾਂ ਮੁੱਕਣ ਵਿਚ ਹੀ ਨਹੀਂ ਆਉਂਦੀ।
ਹਰ ਕਿਸੇ ਨੂੰ ਇਕ ਚੰਗੇ ਅਧਿਆਪਕ ਦੀ ਲੋੜ ਹੁੰਦੀ ਹੈ। ਪਲੇਟੋ ਦਾ ਅਧਿਆਪਕ ਸੁਕਰਾਤ ਸੀ, ਵਿਵੇਕਾਨੰਦ ਦਾ ਅਧਿਆਪਕ ਸਵਾਮੀ ਰਾਮ ਤੀਰਥ ਸੀ। ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਪ੍ਰਸਿੱਧ ਕੀਤੇ ਸਨ।
ਅਧਿਆਪਕ ਉਹੀ ਯਾਦ ਰਹਿੰਦੇ ਹਨ ਜਿਨ੍ਹਾਂ ਨੇ ਸਿਲੇਬਸ ਤੋਂ ਬਾਹਰਲੀਆਂ ਗੱਲਾਂ ਦਸੀਆਂ ਹੁੰਦੀਆਂ ਹਨ ਅਤੇ ਜ਼ਿੰਦਗੀ ਦੇ ਫਾਰਮੂਲੇ ਸਮਝਾਏ ਹੁੰਦੇ ਹਨ।
ਵਿਦਵਾਨ ਅਧਿਆਪਕਾਂ ਨੂੰ ਸੁਣ ਕੇ ਗਿਆਨ ਦੀ ਭੁੱਖ ਜਾਗਦੀ ਹੈ।
ਮੇਰੇ ਇਕ ਪਿਆਰੇ ਅਧਿਆਪਕ ਸਨ ਜਿਨ੍ਹਾਂ ਦੀਆਂ ਗੱਲਾਂ ਅਤੇ ਦਲੀਲਾਂ ਇਤਨੀਆਂ ਨਵੀਆਂ ਅਤੇ ਮੌਲਿਕ ਹੁੰਦੀਆਂ ਸਨ ਕਿ ਸ਼ੁਰੂ ਵਿਚ ਸਾਨੂੰ ਉਹ ਗਲਤ ਹੀ ਨਹੀਂ, ਝੂਠੀਆਂ ਵੀ ਜਾਪਦੀਆਂ ਸਨ । ਪਰ ਉਨ੍ਹਾਂ ਦਾ ਸੱਚ ਹੌਲੀ ਹੌਲੀ ਉਘੜਦਾ ਰਹਿੰਦਾ ਸੀ। ਉਨ੍ਹਾਂ ਨੇ ਹੀ ਦਸਿਆ ਸੀ ਕਿ ਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਸੀ : ਵੇਖਣ ਨੂੰ ਲਗਦਾ ਹੈ ਕਿ ਧਰਮ ਅਤੇ ਵਿਗਿਆਨ ਇਕ-ਦੂਜੇ ਦੇ ਵਿਰੋਧੀ ਹਨ ਪਰ ਧਿਆਨ ਨਾਲ ਵੇਖਿਆਂ ਇਹ ਵੀ ਜੁੜੇ ਹੋਏ ਹਨ ਕਿਉਂਕਿ ਧਰਮ ਅਤੇ ਵਿਗਿਆਨ ਦੋਹਾਂ ਦਾ ਸਬੰਧ – ਮਨੁੱਖ ਦੇ ਭਵਿੱਖ ਨਾਲ ਹੈ, ਦੋਵੇਂ ਮਨੁੱਖ ਲਈ ਸਵਰਗ ਦੀ ਕਲਪਨਾ ਕਰਦੇ ਹਨ। ਧਰਮ ਇਸ ਧਰਤੀ ਤੋਂ ਪਰ੍ਹੇ ਦੇ ਸਵਰਗ ਦੀ ਅਤੇ ਵਿਗਿਆਨ ਇਸ ਧਰਤੀ ਉਤੇ ਹੀ ਸਵਰਗ ਉਸਾਰਨ ਦੀ ਗਲ ਕਰਦਾ ਹੈ। ਇਕ ਕੁਦਰਤ ਨੂੰ ਪੂਜਦਾ ਹੈ ਦੂਜਾ ਕੁਦਰਤ ਨੂੰ ਖੋਜਦਾ ਹੈ।
ਇਕ ਹੋਰ ਪ੍ਰੋਫੈਸਰ ਸਨ ਉਹ ਕਿਹਾ ਕਰਦੇ ਸਨ ਭਾਵੇਂ ਗੁੱਸੇ ਹੋਵੋ ਭਾਵੇਂ ਮੰਦਾ ਬੋਲੋ ਪਰ ਰਹੋ ਤਹਿਜ਼ੀਬ ਦੇ ਘੇਰੇ ਵਿਚ ਅਤੇ ਧਿਆਨ ਰਖੋ ਕਿ ਗਾਲ੍ਹਾਂ ਕੱਢਣ ਵੇਲੇ ਵੀ ਵਿਆਕਰਣ ਠੀਕ ਹੋਵੇ।
ਉਨ੍ਹਾ ਦੀ ਵਿਸ਼ਾਲ ਸੋਚਣੀ ਸਾਹਮਣੇ ਸਾਨੂੰ ਖੁਲ੍ਹੀ ਯੂਨੀਵਰਸਿਟੀ ਵੀ ਭੀੜੀ- ਭੀੜੀ ਲਗਦੀ ਸੀ। ਉਹ ਵਿਸ਼ਵ ਦੇ ਸੰਦਰਭ ਵਿਚ ਸੋਚਦੇ ਸਨ । ਉਨ੍ਹਾਂ ਤੋਂ ਸਾਨੂੰ ਗਿਆਨ ਹੋਇਆ ਕਿ ਯੂਨੀਵਰਸਿਟੀ ਦੇ ਅਰਥ ਕੀ ਹੁੰਦੇ ਹਨ। ਉਨ੍ਹਾਂ ਨੂੰ ਸੁਣ ਕੇ ਅਸੀਂ ਸੋਚਦੇ ਸਾਂ ਕਿ ਉਹ ਕਿਹੜੀਆਂ ਕਿਤਾਬਾਂ ਪੜ੍ਹਦੇ ਹੋਣਗੇ ਕਿਉਂਕਿ ਗਿਆਨ ਉਤੇ ਉਨ੍ਹਾਂ ਦੀ ਪਕੜ ਬੜੀ ਪੀਡੀ ਸੀ।
ਵਿਦਿਆ ਨਾਲ ਮਨੁੱਖ ਦੀ ਜੀਵਨ ਦੇ ਹਰ ਵਰਤਾਰੇ ਉਤੇ ਪਕੜ ਪੀਡੀ ਹੋ ਜਾਂਦੀ ਹੈ, ਕਿਉਂਕਿ ਵਿਦਿਆ ਜ਼ਿੰਦਗੀ ਦੇ ਉਨ੍ਹਾਂ ਰੰਗਾਂ, ਭੇਤਾਂ ਅਰਥਾਂ ਆਦਿ ਨੂੰ ਜਾਣਨ ਦਾ ਵਸੀਲਾ ਹੁੰਦੀ ਹੈ ਜਿਹੜੇ ਉਂਜ ਸਾਡੀ ਪਕੜ ਵਿਚ ਨਹੀਂ ਆਉਂਦੇ।
ਮਨੁੱਖ ਉਸ ਦਿਨ ਬਾਂਦਰ ਨਹੀਂ ਸੀ ਰਿਹਾ, ਜਿਸ ਦਿਨ ਉਸ ਨੇ ਕਿਤਾਬ ਫੜ ਲਈ ਸੀ । ਬਾਂਦਰ ਨੂੰ ਕਿਤਾਬ ਦਿਓ, ਝੱਟ ਪਾੜ ਦੇਵੇਗਾ। ਬਾਂਦਰਾਂ ਅਤੇ ਮਨੁੱਖਾਂ ਵਿਚਕਾਰ ਅੰਤਰ ਕਿਤਾਬ ਨੂੰ ਪਾੜਨ ਅਤੇ ਪੜ੍ਹਨ ਦਾ ਹੈ।
ਵਿਦਿਅਕ ਸੰਸਥਾਵਾਂ ਵਿਚ ਕਿਤਾਬਾਂ ਰਾਹੀਂ ਮੁਖ ਤੌਰ ਤੇ ਸਮਝਣ, ਬੋਲਣ, ਪੜ੍ਹਨ, ਲਿਖਣ ਦਾ ਅਨੁਸ਼ਾਸਨ ਅਤੇ ਸੰਜਮ ਸਿਖਾਇਆ ਜਾਂਦਾ ਹੈ।
ਜੇ ਵਿਦਿਆਰਥੀ ਅਨੁਸ਼ਾਸਨ ਅਤੇ ਸੰਜਮ ਨਾ ਸਿਖਣ ਤਾਂ ਕੁਝ ਵੀ ਸਿਖਣ ਦਾ ਕੋਈ ਲਾਭ ਨਹੀਂ ਹੁੰਦਾ।
ਮਨੁੱਖ ਨੂੰ ਮੁੱਢਲਾ ਗਿਆਨ ਆਪਣੇ ਘਰ ਪਰਿਵਾਰ ਤੋਂ, ਵਿਸ਼ਵਵਿਆਪੀ ਗਿਆਨ ਵਿਦਿਅਕ-ਸੰਸਥਾਵਾਂ ਤੋਂ ਅਤੇ ਵਿਹਾਰਕ ਗਿਆਨ, ਸੰਸਾਰ ਤੋਂ ਪ੍ਰਾਪਤ ਹੁੰਦਾ ਹੈ। ਗਿਆਨ ਪ੍ਰਾਪਤੀ ਦਾ ਕਾਰਜ ਸਾਰਾ ਜੀਵਨ ਚਲਦਾ ਹੈ ਅਤੇ ਇਹ ਭਾਵਕਤਾ ਤੋਂ ਬੌਧਿਕਤਾ ਵਲ, ਵਿਖਾਵੇ ਤੋਂ ਸਾਦਗੀ ਵਲ, ਜੋਸ਼ ਤੋਂ ਹੋਸ਼ ਵਲ, ਬੋਲਣ ਤੋਂ ਚੁੱਪ ਵਲ, ਲੈਣ ਤੋਂ ਦੇਣ ਵਲ ਚਲਦਾ ਹੈ। ਕੋਈ ਵੀ ਜਮਾਂਦਰੂ ਲਾਇਕ ਨਹੀਂ ਹੁੰਦਾ, ਨਾ ਹੀ ਕੋਈ ਆਪੇ ਵਿਦਵਾਨ ਬਣ ਜਾਂਦਾ ਹੈ, ਨਾ ਹੀ ਕੋਈ ਦੇਸ਼ ਆਪੇ ਖੁਸ਼ਹਾਲ ਬਣਦਾ ਹੈ। ਇਹ ਗੁਣ ਯਤਨ ਨਾਲ, ਪੜ੍ਹਨ ਨਾਲ ਹੋਂਦ ਵਿਚ ਆਉਂਦੇ ਹਨ। ਜਿਵੇਂ ਜਵਾਨਾਂ ਨੂੰ ਜ਼ਿੰਮੇਵਾਰ ਬਣਾਉਣ ਲਈ ਬਜ਼ੁਰਗਾਂ ਦਾ ਇਸ ਸੰਸਾਰ ਤੋਂ ਰਵਾਨਾ ਹੋਣਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਨਵੇਂ ਵਿਚਾਰਾਂ ਲਈ ਥਾਂ ਬਣਾਉਣ ਵਾਸਤੇ ਥੱਕ ਚੁਕੇ ਵਿਚਾਰਾਂ ਨੂੰ ਵਿਦਾ ਕਰਨਾ ਲਾਜ਼ਮੀ ਹੁੰਦਾ ਹੈ।
ਮੌਲਿਕਤਾ, ਪਰੰਪਰਾ ਨੂੰ ਸਜਰਾ ਰਖਦੀ ਹੈ। ਮੌਲਿਕਤਾ ਤੋਂ ਬਿਨਾ, ਪਰੰਪਰਾ ਬੋਝ ਬਣ ਜਾਂਦੀ ਹੈ। ਜਦੋਂ ਜਾਤਪਾਤ ਵਿਚ ਮੌਲਿਕਤਾ ਸੀ ਤਾਂ ਲੋਹਾਰਾਂ-ਤਰਖਾਣਾਂ ਨੇ ਕਮਾਲ ਦੀ ਕਲਾ ਦੇ ਨਮੂਨੇ ਸਿਰਜੇ ਸਨ, ਉਹ ਕਲਾਕਾਰ ਸਨ ਪਰ ਜਦੋਂ ਮੌਲਿਕਤਾ ਮੁੱਕ ਗਈ ਤਾਂ ਜਾਤਪਾਤ ਬੋਝ ਬਣਨ ਕਰਕੇ ਨਿੰਦਣਯੋਗ ਹੋ ਗਈ।
ਛਾਪੇਖਾਨੇ ਨੇ ਸ਼ਹਿਰੀ ਸਭਿਅਤਾ ਦੀ ਨੀਂਹ ਰੱਖੀ ਹੈ ਅਤੇ ਵਿਦਿਆ ਦੇ ਪੱਖੋਂ ਛਾਪੇਖਾਨੇ ਨੇ ਪਰੰਪਰਾਵਾਂ, ਰਸਮਾਂ, ਰੀਤਾਂ ਆਦਿ ਦੇ ਪ੍ਰਭਾਵਾਂ ਅਧੀਨ ਉਪਰਾਮ, ਉਦਾਸ ਅਤੇ ਥੱਕੇ ਹੋਏ ਸਮਾਜਾਂ ਨੂੰ ਮੁੜ ਜਵਾਨ ਕਰਕੇ ਵਿਕਾਸ ਦੇ ਰਾਹ ਪਾਇਆ ਹੈ।
ਭਾਰਤ ਦੀ ਮਹਿਮਾ ਇਸ ਕਰਕੇ ਹੈ ਕਿਉਂਕਿ ਭਾਰਤ ਨੇ ਸਦੀਵੀ ਅਤੇ ਡੂੰਘੇ ਪ੍ਰਸ਼ਨਾਂ ਦੇ ਡੂੰਘੇ ਅਤੇ ਸਦੀਵੀ ਉੱਤਰ ਦਿਤੇ ਹਨ । ਜਿਹੜੇ ਪ੍ਰਸ਼ਨ ਸਾਡੇ ਗੁਰੂ-ਕੁਲਾਂ, ਨਾਲੰਦਾ ਅਤੇ ਟੈਕਸਲਾ ਵਿਚ ਵਿਚਾਰੇ ਗਏ ਉਹ ਵਿਸ਼ਵ ਵਿਚ ਹੋਰ ਕਿਧਰੇ ਨਹੀਂ ਵਿਚਾਰੇ ਗਏ। ਭਾਰਤ ਵਿਚ ਹਰ ਪ੍ਰਸ਼ਨ ਨੂੰ ਆਤਮਾ-ਪ੍ਰਮਾਤਮਾ ਦੀ ਸਿਖਰ ਤਕ ਸੋਚਿਆ ਗਿਆ ਹੈ। ਪੁਰਾਤਨ ਭਾਰਤ ਵਿਚ ਅਧਿਆਪਕ ਨੂੰ ਰਿਸ਼ੀ ਕਿਹਾ ਜਾਂਦਾ ਸੀ। ਇਕ ਵਾਰੀ ਇਕ ਸ਼ਿਸ਼ ਨੇ ਪੁਛਿਆ : ਉਹ ਕਿਹੜੀ ਸ਼ਕਤੀ ਹੈ, ਜਿਸ ਨਾਲ ਅਸੀਂ ਇਧਰ-ਉਧਰ ਜਾਂਦੇ ਅਤੇ ਕਾਰਜ ਕਰਦੇ ਹਾਂ? ਰਿਸ਼ੀ ਨੇ ਕਿਹਾ: ਸੂਰਜ ਉਹ ਸ਼ਕਤੀ ਹੈ ਜਿਹੜੀ ਜੀਵਾਂ ਨੂੰ ਚਲਾਉਂਦੀ ਅਤੇ ਕਾਰਜਸ਼ੀਲ ਬਣਾਉਂਦੀ ਹੈ। ਸ਼ਿਸ਼ ਨੇ ਪੁਛਿਆ ਜਦੋਂ ਸੂਰਜ ਨਹੀਂ ਹੁੰਦਾ ਤਾਂ ਉਦੋਂ ਜੀਵ ਕਿਵੇਂ ਕਾਰਜ ਕਰਦੇ ਹਨ? ਰਿਸ਼ੀ ਨੇ ਕਿਹਾ, ਉਦੋਂ ਜੀਵ, ਚੰਦਰਮਾ ਦੀ ਰੋਸ਼ਨੀ ਨਾਲ ਕਾਰਜ ਸਾਧਦੇ ਹਨ। ਸ਼ਿਸ਼ ਨੇ ਪੁਛਿਆ : ਜਦੋਂ ਸੂਰਜ ਅਤੇ ਚੰਦਰਮਾ ਦੋਵੇਂ ਨਹੀਂ ਹੁੰਦੇ ਉਦੋਂ ਕਿਵੇਂ ਹੁੰਦਾ ਹੈ ਤਾਂ ਰਿਸ਼ੀ ਨੇ ਕਿਹਾ, ਉਦੋਂ ਅਸੀਂ ਅੱਗ ਬਾਲ ਕੇ ਕਾਰਜ ਕਰਦੇ ਹਾਂ, ਜਦੋਂ ਅੱਗ ਬੁਝਾ ਦਿਤੀ ਜਾਂਦੀ ਹੈ ਤਾਂ ਅਸੀਂ ਬੋਲ ਕੇ ਕਾਰਜ ਕਰਦੇ ਹਾਂ ਅਤੇ ਬੋਲਣ ਨਾਲ ਦੂਜਿਆਂ ਨੂੰ ਪਛਾਣਦੇ ਹਾਂ। ਸ਼ਿਸ਼ ਨੇ ਪੁਛਿਆ ਜਦੋਂ ਸੂਰਜ ਡੁੱਬ ਜਾਵੇ, ਮੱਸਿਆ ਦੀ ਰਾਤ ਹੋਵੇ, ਅੱਗ ਬੁਝ ਗਈ ਹੋਵੇ, ਚੁੱਪ ਪਸਰ ਗਈ ਹੋਵੇ, ਜੀਵ ਇਕੱਲਾ ਹੋਵੇ ਤਾਂ ਜੀਵ ਕਿਵੇਂ ਨਿਰਬਾਹ ਕਰਦੇ ਹਨ? ਰਿਸ਼ੀ ਨੇ ਕਿਹਾ ਫਿਰ ਅਸੀਂ ਅੰਦਰਲੇ ਸਰੋਤਾਂ ਨਾਲ, ਮਨ ਦੇ ਬਲ ਨਾਲ, ਬੁੱਧੀ ਦੀ ਸ਼ਕਤੀ ਨਾਲ ਅਤੇ ਅੰਤ ਵਿਚ ਆਤਮਾ ਦੀ ਰੋਸ਼ਨੀ ਨਾਲ ਕਾਰਜ ਕਰਦੇ ਹਾਂ। ਇਸ ਉਪਰੰਤ ਕਿਸੇ ਹੋਰ ਰੋਸ਼ਨੀ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਆਤਮਾ ਪਰਦੇ ਵਾਂਗ ਹੈ ਜਿਸ ਉਤੇ ਭਾਂਤ-ਭਾਂਤ ਦੇ ਵਿਚਾਰ ਅਤੇ ਪ੍ਰਛਾਵੇਂ ਉਪਜਦੇ ਹਨ। ਜਦੋਂ ਹੜ ਆਉਂਦਾ ਹੈ ਆਤਮਾ ਦਾ ਪਰਦਾ ਗਿਲਾ ਨਹੀਂ ਹੁੰਦਾ, ਜਦੋਂ ਅੱਗ ਦਾ ਦ੍ਰਿਸ਼ ਉਭਰਦਾ ਹੈ ਤਾਂ ਇਹ ਪਰਦਾ ਸੜਦਾ ਨਹੀਂ । ਆਤਮਾ ਸਭ ਕਾਰਜਾਂ ਵਿਚ ਭਾਗ ਲੈਂਦੀ ਹੈ ਪਰ ਆਪ ਅਭਿਜ ਰਹਿੰਦੀ ਹੈ।
ਅਜੋਕੇ ਯੁੱਗ ਵਿਚ ਅਸੀਂ ਡੂੰਘੇ ਪ੍ਰਸ਼ਨ ਪੁੱਛਦੇ ਨਹੀਂ ਇਸੇ ਲਈ ਅਸੀਂ ਡੂੰਘੇ ਗਿਆਨ ਨੂੰ ਨਹੀਂ ਅਪੜਦੇ । ਬੁੱਧ ਡੂੰਘੇ ਗਿਆਨ ਨੂੰ ਅਪੜਿਆ ਸੀ ।
ਜਦੋਂ ਬੁੱਧ ਨੂੰ ਗਿਆਨ ਹੋ ਗਿਆ ਤਾਂ ਸ਼ਰਧਾਲੂਆਂ ਨੇ ਪੁਛਿਆ, ਸਾਨੂੰ ਦਸੋ ਤੁਸੀਂ ਭਗਵਾਨ ਹੋ ਕਿ ਗੁਰੂ ਹੋ, ਦੇਵਤਾ ਹੋ ਜਾਂ ਸੰਤ ਹੋ ? ਬੁੱਧ ਨੇ ਇਤਨਾ ਹੀ ਕਿਹਾ ਸੀ : ਮੈਂ ਜਾਗ ਪਿਆ ਹਾਂ। ਵਿਦਿਆ ਦਾ ਉਦੇਸ਼ ਜਾਗਣਾ ਹੈ।
ਭਾਰਤ ਵਿਚ ਸਵਾਮੀ, ਸਾਧੂ, ਰਿਸ਼ੀ, ਮੁਨੀ ਆਦਿ ਗਿਆਨ ਦੇ ਪੜਾਉ ਹਨ ਅਤੇ ਸੰਤ, ਗੁਰੂ, ਮਹਾਤਮਾ ਆਦਿ ਗਿਆਨ ਦੀਆਂ ਸਿਖਰਲੀਆਂ ਪੌੜੀਆਂ ਦੇ ਨਾਂ ਹਨ। ਭਾਰਤ ਵਿਚ ਮਹਾਤਮਾ ਦੀ ਪਦਵੀ ਬੜੀ ਮਹੱਤਵਪੂਰਨ ਹੈ। ਮਹਾਤਮਾ ਬੁੱਧ ਤੋਂ ਮਗਰੋਂ, ਗਾਂਧੀ ਜੀ ਨੂੰ ਮਹਾਤਮਾ ਬਣਨ ਲਈ ਢਾਈ ਹਜ਼ਾਰ ਸਾਲ ਲਗੇ ਸਨ।
ਜਿਤਨਾ ਗੂੜਾ, ਗੰਭੀਰ ਅਤੇ ਡੂੰਘਾ ਚਿੰਤਨ ਬੁੱਧ ਨੇ ਕੀਤਾ ਸੀ, ਉਤਨਾ ਹੀ ਵਿਸ਼ਾਲ ਚਿੰਤਨ ਅਜੋਕੇ ਯੁਗ ਵਿਚ ਮਾਰਕਸ ਨੇ ਕੀਤਾ ਹੈ। ਮਾਰਕਸ ਸਮਾਜਵਾਦ ਦਾ ਬੁੱਧ ਹੈ। ਬੁੱਧ ਅਤੇ ਮਾਰਕਸ ਦੋਹਾਂ ਨੇ ਸਮੁੱਚੇ ਸੰਸਾਰ ਦੇ ਸੰਦਰਭ ਵਿਚ ਸੋਚਿਆ ਹੈ। ਬੁੱਧ ਨੇ ਬੁੱਧੀ ਨਾਲ ਨਿਮਰਤਾ ਜੋੜੀ ਅਤੇ ਖਿਮਾ ਦਾ ਗੁਣ ਉਜਾਗਰ ਕੀਤਾ ਪਰ ਮਾਰਕਸ ਨੇ ਬੁੱਧੀ ਨਾਲ ਵਿਰੋਧ ਜੋੜ ਕੇ ਹਿੰਸਾ ਵਧਾਈ ਹੈ।
ਬੁੱਧ ਸੰਸਾਰ ਦਾ ਪਹਿਲਾ ਤੇਜਸਵੀ ਚਿੰਤਕ ਸੀ, ਸੁਕਰਾਤ ਸੰਸਾਰ ਦਾ ਪਹਿਲਾ ਮਹਾਨ ਅਧਿਆਪਕ ਸੀ, ਪਲੇਟੋ ਸੰਸਾਰ ਦਾ ਪਹਿਲਾ ਆਦਰਸ਼ ਵਿਦਿਆਰਥੀ ਸੀ, ਮਾਰਕਸ ਸੰਸਾਰ ਦਾ ਪਹਿਲਾ ਵਿਹਾਰਕ ਫਿਲਾਸਫਰ ਸੀ। ਇਹ ਸਾਰੇ ਸੰਕਟਾਂ ਵਿਚੋਂ ਲੰਘ ਕੇ ਵਿਦਵਾਨ ਬਣੇ ਸਨ। ਹੁਣ ਵੀ ਜਦੋਂ ਯੋਰਪ ਵਿਚ ਕੋਈ ਸੰਕਟ ਉਪਜਦਾ ਹੈ ਤਾਂ ਯੋਰਪ, ਯੂਨਾਨ ਵਲ ਵੇਖਦਾ ਹੈ। ਭਾਰਤ ਵਿਚ ਸੰਕਟ ਦੀ ਹਾਲਤ ਵਿਚ ਬੁੱਧ ਦੀ ਚਰਚਾ ਹੁੰਦੀ ਹੈ ਅਤੇ ਗੀਤਾ ਦਾ ਹਵਾਲਾ ਦਿਤਾ ਜਾਂਦਾ ਹੈ।
ਗੀਤਾ ਵਿਸ਼ਵਾਸ-ਆਧਾਰਿਤ ਨਹੀਂ, ਗਿਆਨ ਆਧਾਰਿਤ ਹੈ।
ਵਿਸ਼ਵਾਸ ਕਰਨ ਵਾਲੇ ਕੇਵਲ ਧਰਮ ਦੇ ਖੇਤਰ ਵਿਚ ਸਫਲ ਹੁੰਦੇ ਹਨ, ਬਾਕੀ ਖੇਤਰਾਂ ਵਿਚ ਵਿਸ਼ਵਾਸ ਦਾ ਕੋਈ ਮਹੱਤਵਪੂਰਣ ਰੋਲ ਨਹੀਂ ਹੈ।
ਸਮਾਜ ਵਿਚ ਵੱਖ ਵੱਖ ਕਿੱਤਿਆਂ ਦਾ ਮਹੱਤਵ ਇਸ ਆਧਾਰ ਤੇ ਉਸਰਦਾ ਹੈ ਕਿ ਉਸ ਕਿੱਤੇ ਵਿਚ ਲਗੇ ਲੋਕ ਦੂਜਿਆਂ ਲਈ ਕੀ ਕਰਦੇ ਹਨ। ਇਸੇ ਆਧਾਰ ਉਤੇ ਸਾਡੇ ਸਮਾਜ ਵਿਚ ਅਧਿਆਪਕ, ਡਾਕਟਰ ਅਤੇ ਫੌਜ ਦਾ ਮਹੱਤਵ ਵਕੀਲ, ਪੁਲੀਸ ਅਤੇ ਰਾਜਨੀਤੀ ਨਾਲੋਂ ਵਧੇਰੇ ਹੈ। ਅਮਰੀਕਾ ਵਿਚ ਅੱਗ ਬੁਝਾਉਣ ਵਾਲਿਆਂ ਦਾ ਮਹੱਤਵ ਸਭ ਤੋਂ ਉੱਚਾ ਹੈ ਕਿਉਂਕਿ ਉਹ ਆਪ ਭਾਵੇਂ ਸੜ ਜਾਣ ਕਿਸੇ ਨੂੰ ਝੁਲਸਣ ਨਹੀਂ ਦਿੰਦੇ। ਇਵੇਂ ਹੀ ਵਿਸ਼ਿਆਂ ਦਾ ਮਹੱਤਵ ਹੁੰਦਾ ਹੈ। ਫਿਲਾਸਫੀ, ਮੈਥੇਮੈਟਿਕਸ ਅਤੇ ਇਤਿਹਾਸ ਬੁਨਿਆਦੀ ਵਿਸ਼ੇ ਹਨ।
ਫਿਲਾਸਫੀ ਸਦੀਵੀ ਸਮੱਸਿਆਵਾਂ ਸਬੰਧੀ ਚਿੰਤਨ ਕਰਦੀ ਹੈ। ਇਤਿਹਾਸ ਰਾਹੀਂ ਅਤੀਤ ਦੀ ਸਮਝ ਨਾਲ ਅਸੀਂ ਆਪਣਾ ਭਵਿੱਖ ਵਿਉਂਤਦੇ ਹਾਂ। ਮੈਥੇਮੈਟਿਕਸ ਨਾਲ ਵਿਗਿਆਨੀ ਦਸਦੇ ਹਨ ਕਿ ਕੁਦਰਤ ਚਲਦੀ ਕਿਵੇਂ ਹੈ। ਪੁਸਤਕਾਂ ਵੀ ਇਸ ਆਧਾਰ ਤੇ ਪੜ੍ਹੀਆਂ ਅਤੇ ਪ੍ਰਵਾਨ ਕੀਤੀਆਂ ਜਾਂਦੀਆਂ ਹਨ ਕਿ ਉਹ ਸਾਨੂੰ ਨਵੀਂ ਸੂਝ ਕਿਤਨੀ ਦਿੰਦੀਆਂ ਹਨ। ਸਾਹਿਤ ਸਬੰਧੀ ਪੁਸਤਕ ਕੋਈ ਹੋਵੇ ਉਹ ਨੇਕੀ ਅਤੇ ਬਦੀ ਦਾ ਸੰਘਰਸ਼ ਪੇਸ਼ ਕਰਦੀ ਹੈ। ਕਲਾ ਸਬੰਧੀ ਪੁਰਾਣੀ ਤੋਂ ਪੁਰਾਣੀ ਅਤੇ ਵਿਗਿਆਨ ਸਬੰਧੀ ਨਵੀਨਤਮ ਪੁਸਤਕ ਪੜ੍ਹਨੀ ਚਾਹੀਦੀ ਹੈ। ਜਿਥੇ ਅਮੀਰੀ ਹੁੰਦੀ ਹੈ ਉਥੇ ਕਲਾ ਅਤੇ ਸੰਗੀਤ ਹੁੰਦਾ ਹੈ ਜਦੋਂ ਕਿ ਗਰੀਬ ਸਮਾਜਾਂ ਦੇ ਲੋਕਾਂ ਦਾ ਉਦੇਸ਼ ਕੇਵਲ ਪੈਸਾ ਕਮਾਉਣਾ ਹੁੰਦਾ ਹੈ, ਪੁਸਤਕਾਂ ਪੜ੍ਹਨਾ ਨਹੀਂ।
ਚੰਗੀਆਂ ਪੁਸਤਕਾਂ ਸਾਨੂੰ ਨਵੇਂ ਅਤੇ ਸ਼ਕਤੀਸ਼ਾਲੀ ਵਿਚਾਰ ਦਿੰਦੀਆਂ ਹਨ। ਦਰਿਆਵਾ ਵਾਂਗ ਵਿਚਾਰ ਸਾਨੂੰ ਅੱਗੇ ਹੀ ਲੈ ਜਾ ਸਕਦੇ ਹਨ।
ਕਿਸੇ ਸਮਾਜ ਵਿਚ ਉਪਜਣ ਵਾਲੀਆਂ ਪੁਸਤਕਾਂ ਤੋਂ ਪਤਾ ਲਗਦਾ ਹੈ ਕਿ ਉਹ ਸਮਾਜ ਕਿਹੋ ਜਿਹਾ ਹੈ ਅਤੇ ਕਿਤਨਾ ਕੁ ਸੁਤੰਤਰ ਹੈ। ਸੁਤੰਤਰ ਸਮਾਜ ਉਹ ਹੁੰਦਾ ਹੈ ਜਿਥੇ ਕੋਈ ਵਿਦਵਾਨ ਵਿਰੋਧੀ ਵਿਚਾਰ ਪ੍ਰਗਟਾ ਕੇ ਵੀ ਆਪਣੇ ਆਪ ਨੂੰ ਸੁਤੰਤਰ ਅਤੇ ਸੁਰੱਖਿਅਤ ਮਹਿਸੂਸ ਕਰੇ। ਇਹ ਸੁਤੰਤਰਤਾ ਅਜੋਕੇ ਯੁਗ ਵਿਚ ਕੇਵਲ ਯੋਰਪ ਵਿਚ ਹੈ ਅਤੇ ਇਸ ਪੱਖ ਤੋਂ ਅਮਰੀਕਾ ਵੀ ਸੁਤੰਤਰ ਨਹੀਂ ਹੈ ਜਿਥੇ ਲਾਇਕ ਜਾਂ ਵਿਰੋਧੀ ਹੋਣਾ ਖਤਰੇ ਤੋਂ ਖਾਲੀ ਨਹੀਂ ਹੈ।
ਉਹੀ ਵਿਦਿਆਰਥੀ ਨਾਲਾਇਕ ਹੁੰਦੇ ਹਨ, ਜਿਹੜੇ ਲਾਇਕ ਹੋਣ ਦਾ ਖਤਰਾ ਮੁਲ ਨਹੀਂ ਲੈਂਦੇ ਅਤੇ ਲਾਇਕ ਉਹੀ ਬਣਦੇ ਹਨ ਜਿਹੜੇ ਨਾਲਾਇਕ ਹੋਣ ਤੋਂ ਇਨਕਾਰ ਕਰਦੇ ਹਨ।
ਨਾਲਾਇਕ, ਸਮਝਣ ਦੀ ਥਾਂ, ਰੱਟਣ ਕਾਰਨ ਪੜ੍ਹਾਈ ਨੂੰ ਸਜ਼ਾ ਬਣਾ ਲੈਂਦੇ ਹਨ ਅਤੇ ਉਹ ਕੰਮ ਟਾਲਣ ਅਤੇ ਬਹਾਨੇ ਲਾਉਣ ਵਿਚ ਹੀ ਲਾਇਕ ਰਹਿੰਦੇ ਹਨ।
ਵੇਖਿਆ ਗਿਆ ਹੈ ਕਿ ਯਾਤਰਾ ਵਿਚ, ਨੀਂਦਰ ਟੁੱਟਦੇ ਰਹਿਣ ਕਾਰਨ, ਕੇਵਲ ਪੰਜ ਕੁ ਘੰਟੇ ਹੀ ਸੁੱਤਾ ਜਾਂਦਾ ਹੈ । ਵਪਾਰੀ ਅੱਠ ਘੰਟੇ ਤੋਂ ਵੱਧ ਸੌਂ ਹੀ ਨਹੀਂ ਸਕਦੇ । ਲਾਇਕ ਵਿਦਿਆਰਥੀ ਲਗਭਗ ਸੱਤ ਘੰਟੇ ਹੀ ਸੌਂਦੇ ਹਨ ਜਦੋਂ ਕਿ ਨਾਲਾਇਕਾਂ ਦਾ ਗਿਆਰ੍ਹਾਂ ਘੰਟੇ ਤੋਂ ਘੱਟ ਸੌਣ ਨਾਲ ਸਰਦਾ ਹੀ ਨਹੀਂ।
ਨਾਲਾਇਕ ਇਮਤਿਹਾਨਾਂ ਤੋਂ ਨਹੀਂ, ਨਤੀਜਿਆਂ ਤੋਂ ਡਰਦੇ ਹਨ। ਆਤਮਘਾਤ ਨਤੀਜੇ ਉਪਰੰਤ ਹੀ ਕੀਤੇ ਜਾਂਦੇ ਹਨ।
ਖੁਲ੍ਹੇ ਪੈਸਿਆਂ ਕਾਰਨ ਲਾਇਕ ਵੀ ਨਾਲਾਇਕ ਬਣ ਜਾਂਦੇ ਹਨ।
ਜਿਹੜੇ ਪੜ੍ਹਦੇ ਹਨ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਹਨ ਪਰ ਜਿਹੜੇ ਭੈੜੇ ਕੰਮ ਕਰਦੇ ਹਨ, ਉਹ ਪੜ੍ਹਨ ਤੋਂ ਬਚਦੇ ਰਹਿੰਦੇ ਹਨ।
ਜਿਵੇਂ ਅਦਾਲਤਾਂ ਵਿਚ ਬਜ਼ੁਰਗ ਜੱਜ ਅਤੇ ਫੌਜ ਵਿਚ ਦਰਸ਼ਨੀ ਜਵਾਨ ਫੱਬਦੇ ਹਨ, ਉਵੇਂ ਹੀ ਵਿਦਿਅਕ ਸੰਸਥਾਵਾਂ ਵਿਚ ਲਾਇਕ ਵਿਦਿਆਰਥੀ ਅਤੇ ਗਿਆਨ ਨਾਲ ਭਰੇ ਹੋਏ ਵਿਦਵਾਨ ਫੱਬਦੇ ਹਨ।
ਗਿਆਨ ਦਾ ਬੋਝ ਨਹੀਂ ਹੁੰਦਾ, ਪ੍ਰਭਾਵ ਹੁੰਦਾ ਹੈ।
ਗਿਆਨ, ਦੇਣ ਵਾਲੇ ਅਤੇ ਲੈਣ ਵਾਲੇ ਦੋਹਾਂ ਦਾ, ਬੋਝ ਘਟਾਉਂਦਾ ਹੈ।
ਗਿਆਨ ਦੋ ਪ੍ਰਕਾਰ ਦਾ ਹੁੰਦਾ ਹੈ, ਪੁਸਤਕਾਂ ਦਾ ਉਪਜਾਇਆ ਅਤੇ ਕਾਰਜਾਂ ਦਾ ਸਿਰਜਿਆ। ਗਿਆਨ ਦੀ ਭੁੱਖ ਤੋਂ ਬਿਨਾ ਕੋਈ ਵਿਦਿਆਰਥੀ ਨਹੀਂ ਬਣਦਾ, ਲੜਕਾ ਜਾਂ ਲੜਕੀ ਹੀ ਰਹਿੰਦੀ ਹੈ। ਆਪਣੇ ਲੰਮੇ ਅਧਿਆਪਨ ਦੇ ਅਨੁਭਵ ਦੇ ਆਧਾਰ ਉਤੇ ਮੈਂ ਵੇਖਿਆ ਹੈ ਕਿ ਵਿਦਿਆਰਥੀ ਤਿੰਨ ਪ੍ਰਕਾਰ ਦੇ ਹੁੰਦੇ ਹਨ : ਜਾਗੇ ਹੋਏ, ਜਾਗ ਰਹੇ ਅਤੇ ਸੁੱਤੇ ਹੋਏ। ਜਾਗੇ ਹੋਏ, ਜਾਗੇ ਹੋਇਆਂ ਨੂੰ ਲੱਭਦੇ ਹਨ। ਇਹ ਵੱਖਰੇਪਣ ਅਤੇ ਨਿਆਰੇਪਣ ਦੀ ਭਾਲ ਵਿਚ ਕਿਤਾਬਾਂ ਨੂੰ ਡੀਕ ਲਾ ਕੇ ਪੀ ਜਾਂਦੇ ਹਨ। ਜਾਗ ਰਹੇ ਕੁਝ, ਜਾਗ ਲਗਣ ਉਤੇ, ਜਾਗ ਪੈਂਦੇ ਹਨ, ਬਾਕੀ ਸੁੱਤਿਆਂ ਨੂੰ ਵੇਖ ਕੇ, ਜਾਗਣ ਦੀ ਲੋੜ ਦੇ ਬਾਵਜੂਦ, ਸੁੱਤੇ ਰਹਿੰਦੇ ਹਨ। ਤੀਜੀ ਕਿਸਮ ਦੇ ਉਹ ਹੋਣਹਾਰ ਵਿਦਿਆਰਥੀ ਹੁੰਦੇ ਹਨ ਜਿਹੜੇ ਸੁਤੇ ਹੋਏ ਹੀ ਵਿਦਿਆਰਥੀ ਲਗਦੇ ਹਨ। ਉਂਜ ਇਹ ਬੜੇ ਸਿਆਣੇ ਹੁੰਦੇ ਹਨ ਪਰ ਦਾਖਲਾ ਲੈਂਦਿਆਂ ਹੀ ਮੂਰਖ ਬਣ ਜਾਂਦੇ ਹਨ। ਇਹ ਬੇਸੁਰੇ ਸਾਜ਼ਾਂ ਵਾਂਗ ਵਜਦੇ ਹਨ। ਇਨ੍ਹਾਂ ਗੁਬਾਰਿਆਂ ਵਿਚ ਹੋਰ ਹਵਾ ਨਹੀਂ ਭਰੀ ਜਾ ਸਕਦੀ। ਇਹ ਮੋਰੀ ਵਾਲੇ ਘੜੇ ਹੁੰਦੇ ਹਨ, ਇਨ੍ਹਾਂ ਵਿਚ ਕੁਝ ਵੀ ਸਾਂਭਣ ਦੀ ਸਮਰਥਾ ਨਹੀਂ ਹੁੰਦੀ। ਇਹ ਸਾਬਤ ਕਰ ਦਿੰਦੇ ਹਨ ਕਿ ਸਿਆਣਪ ਤੋਂ ਬਿਨਾ ਚੁੱਪ ਰਹਿਣਾ ਸੰਭਵ ਨਹੀਂ ਹੁੰਦਾ।
ਵਿਦਿਅਕ ਸੰਸਥਾਵਾਂ ਵਿਚ ਸਾਡੇ ਗੁਣ-ਦੋਸ਼ ਦੋਵੇਂ ਉਘੜ ਆਉਂਦੇ ਹਨ।
ਇਥੇ ਮੂਰਖ ਹੋਣ ਦਾ ਨਾਟਕ ਤਾਂ ਚਲ ਜਾਂਦਾ ਹੈ ਪਰ ਸਿਆਣੇ ਹੋਣ ਦਾ ਪਾਖੰਡ ਬਿਲਕੁਲ ਨਹੀਂ ਚਲਦਾ।
ਮੂਰਖਾਂ ਅਤੇ ਨਾਲਾਇਕਾਂ ਵਿਚ ਅੰਤਰ ਇਹ ਹੁੰਦਾ ਹੈ ਕਿ ਨਾਲਾਇਕ ਕੁਝ ਚਿਰ ਆਰਾਮ ਵੀ ਕਰਦੇ ਹਨ। ਕਈ ਅਧਿਆਪਕ ਵੀ ਅਧਿਆਪਕਾਂ ਵਜੋਂ ਬੜੀਆਂ ਵੇਖਿਆ ਗਿਆ ਹੈ ਕਿ ਯਾਤਰਾ ਵਿਚ, ਨੀਂਦਰ ਟੁੱਟਦੇ ਰਹਿਣ ਕਾਰਨ, ਕੇਵਲ ਪੰਜ ਕੁ ਘੰਟੇ ਹੀ ਸੁੱਤਾ ਜਾਂਦਾ ਹੈ । ਵਪਾਰੀ ਅੱਠ ਘੰਟੇ ਤੋਂ ਵੱਧ ਸੌਂ ਹੀ ਨਹੀਂ ਸਕਦੇ । ਲਾਇਕ ਵਿਦਿਆਰਥੀ ਲਗਭਗ ਸੱਤ ਘੰਟੇ ਹੀ ਸੌਂਦੇ ਹਨ ਜਦੋਂ ਕਿ ਨਾਲਾਇਕਾਂ ਦਾ ਗਿਆਰ੍ਹਾਂ ਘੰਟੇ ਤੋਂ ਘੱਟ ਸੌਣ ਨਾਲ ਸਰਦਾ ਹੀ ਨਹੀਂ।
ਨਾਲਾਇਕ ਇਮਤਿਹਾਨਾਂ ਤੋਂ ਨਹੀਂ, ਨਤੀਜਿਆਂ ਤੋਂ ਡਰਦੇ ਹਨ। ਆਤਮਘਾਤ ਨਤੀਜੇ ਉਪਰੰਤ ਹੀ ਕੀਤੇ ਜਾਂਦੇ ਹਨ।
ਖੁਲ੍ਹੇ ਪੈਸਿਆਂ ਕਾਰਨ ਲਾਇਕ ਵੀ ਨਾਲਾਇਕ ਬਣ ਜਾਂਦੇ ਹਨ।
ਜਿਹੜੇ ਪੜ੍ਹਦੇ ਹਨ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਹਨ ਪਰ ਜਿਹੜੇ ਭੈੜੇ ਕੰਮ ਕਰਦੇ ਹਨ, ਉਹ ਪੜ੍ਹਨ ਤੋਂ ਬਚਦੇ ਰਹਿੰਦੇ ਹਨ।
ਜਿਵੇਂ ਅਦਾਲਤਾਂ ਵਿਚ ਬਜ਼ੁਰਗ ਜੱਜ ਅਤੇ ਫੌਜ ਵਿਚ ਦਰਸ਼ਨੀ ਜਵਾਨ ਫੱਬਦੇ ਹਨ, ਉਵੇਂ ਹੀ ਵਿਦਿਅਕ ਸੰਸਥਾਵਾਂ ਵਿਚ ਲਾਇਕ ਵਿਦਿਆਰਥੀ ਅਤੇ ਗਿਆਨ ਨਾਲ ਭਰੇ ਹੋਏ ਵਿਦਵਾਨ ਫੱਬਦੇ ਹਨ।
ਗਿਆਨ ਦਾ ਬੋਝ ਨਹੀਂ ਹੁੰਦਾ, ਪ੍ਰਭਾਵ ਹੁੰਦਾ ਹੈ।
ਗਿਆਨ, ਦੇਣ ਵਾਲੇ ਅਤੇ ਲੈਣ ਵਾਲੇ ਦੋਹਾਂ ਦਾ, ਬੋਝ ਘਟਾਉਂਦਾ ਹੈ।
ਗਿਆਨ ਦੋ ਪ੍ਰਕਾਰ ਦਾ ਹੁੰਦਾ ਹੈ, ਪੁਸਤਕਾਂ ਦਾ ਉਪਜਾਇਆ ਅਤੇ ਕਾਰਜਾਂ ਦਾ ਸਿਰਜਿਆ। ਗਿਆਨ ਦੀ ਭੁੱਖ ਤੋਂ ਬਿਨਾ ਕੋਈ ਵਿਦਿਆਰਥੀ ਨਹੀਂ ਬਣਦਾ, ਲੜਕਾ ਜਾਂ ਲੜਕੀ ਹੀ ਰਹਿੰਦੀ ਹੈ। ਆਪਣੇ ਲੰਮੇ ਅਧਿਆਪਨ ਦੇ ਅਨੁਭਵ ਦੇ ਆਧਾਰ ਉਤੇ ਮੈਂ ਵੇਖਿਆ ਹੈ ਕਿ ਵਿਦਿਆਰਥੀ ਤਿੰਨ ਪ੍ਰਕਾਰ ਦੇ ਹੁੰਦੇ ਹਨ : ਜਾਗੇ ਹੋਏ, ਜਾਗ ਰਹੇ ਅਤੇ ਸੁੱਤੇ ਹੋਏ। ਜਾਗੇ ਹੋਏ, ਜਾਗੇ ਹੋਇਆਂ ਨੂੰ ਲੱਭਦੇ ਹਨ। ਇਹ ਵੱਖਰੇਪਣ ਅਤੇ ਨਿਆਰੇਪਣ ਦੀ ਭਾਲ ਵਿਚ ਕਿਤਾਬਾਂ ਨੂੰ ਡੀਕ ਲਾ ਕੇ ਪੀ ਜਾਂਦੇ ਹਨ। ਜਾਗ ਰਹੇ ਕੁਝ, ਜਾਗ ਲਗਣ ਉਤੇ, ਜਾਗ ਪੈਂਦੇ ਹਨ, ਬਾਕੀ ਸੁੱਤਿਆਂ ਨੂੰ ਵੇਖ ਕੇ, ਜਾਗਣ ਦੀ ਲੋੜ ਦੇ ਬਾਵਜੂਦ, ਸੁੱਤੇ ਰਹਿੰਦੇ ਹਨ। ਤੀਜੀ ਕਿਸਮ ਦੇ ਉਹ ਹੋਣਹਾਰ ਵਿਦਿਆਰਥੀ ਹੁੰਦੇ ਹਨ ਜਿਹੜੇ ਸੁਤੇ ਹੋਏ ਹੀ ਵਿਦਿਆਰਥੀ ਲਗਦੇ ਹਨ। ਉਂਜ ਇਹ ਬੜੇ ਸਿਆਣੇ ਹੁੰਦੇ ਹਨ ਪਰ ਦਾਖਲਾ ਲੈਂਦਿਆਂ ਹੀ ਮੂਰਖ ਬਣ ਜਾਂਦੇ ਹਨ। ਇਹ ਬੇਸੁਰੇ ਸਾਜ਼ਾਂ ਵਾਂਗ ਵਜਦੇ ਹਨ। ਇਨ੍ਹਾਂ ਗੁਬਾਰਿਆਂ ਵਿਚ ਹੋਰ ਹਵਾ ਨਹੀਂ ਭਰੀ ਜਾ ਸਕਦੀ। ਇਹ ਮੋਰੀ ਵਾਲੇ ਘੜੇ ਹੁੰਦੇ ਹਨ, ਇਨ੍ਹਾਂ ਵਿਚ ਕੁਝ ਵੀ ਸਾਂਭਣ ਦੀ ਸਮਰਥਾ ਨਹੀਂ ਹੁੰਦੀ। ਇਹ ਸਾਬਤ ਕਰ ਦਿੰਦੇ ਹਨ ਕਿ ਸਿਆਣਪ ਤੋਂ ਬਿਨਾ ਚੁੱਪ ਰਹਿਣਾ ਸੰਭਵ ਨਹੀਂ ਹੁੰਦਾ।
ਵਿਦਿਅਕ ਸੰਸਥਾਵਾਂ ਵਿਚ ਸਾਡੇ ਗੁਣ-ਦੋਸ਼ ਦੋਵੇਂ ਉਘੜ ਆਉਂਦੇ ਹਨ।
ਇਥੇ ਮੂਰਖ ਹੋਣ ਦਾ ਨਾਟਕ ਤਾਂ ਚਲ ਜਾਂਦਾ ਹੈ ਪਰ ਸਿਆਣੇ ਹੋਣ ਦਾ ਪਾਖੰਡ ਬਿਲਕੁਲ ਨਹੀਂ ਚਲਦਾ।
ਮੂਰਖਾਂ ਅਤੇ ਨਾਲਾਇਕਾਂ ਵਿਚ ਅੰਤਰ ਇਹ ਹੁੰਦਾ ਹੈ ਕਿ ਨਾਲਾਇਕ ਕੁਝ ਚਿਰ ਆਰਾਮ ਵੀ ਕਰਦੇ ਹਨ। ਕਈ ਅਧਿਆਪਕ ਵੀ ਅਧਿਆਪਕਾਂ ਵਜੋਂ ਬੜੀਆਂ ਸਿਆਣੀਆਂ ਗੱਲਾਂ ਕਰਦੇ ਹਨ ਪਰ ਪ੍ਰਿੰਸੀਪਲ ਜਾਂ ਮੁਖੀ ਲਗਦਿਆਂ ਹੀ ਮੂਰਖਾਂ ਵਾਲਾ ਵਿਹਾਰ ਕਰਨ ਲਗ ਪੈਂਦੇ ਹਨ। ਵਿਦਿਆ ਦਾ ਉਦੇਸ਼ ਮੂਰਖਾਂ ਦੀ ਮੂਰਖਤਾ ਨੂੰ ਰੋਕਣਾ ਵੀ ਹੁੰਦਾ ਹੈ, ਨਹੀਂ ਤਾਂ ਮੂਰਖਤਾ ਸਮਾਜ, ਦੇਸ਼ ਅਤੇ ਮੂਰਖਾਂ ਲਈ ਵੀ ਇਕ ਖਤਰਾ ਬਣ ਜਾਂਦੀ ਹੈ। ਵਿਦਵਾਨ ਅਧਿਆਪਕ ਦਾ ਗਿਆਨ ਖਿਮਾ ਦੀ ਭਾਵਨਾ ਵਾਲਾ ਉਦਾਰ ਅਤੇ ਵਿਸ਼ਾਲ ਹੁੰਦਾ ਹੈ ਜਦੋਂ ਕਿ ਥੋੜ੍ਹੇ ਗਿਆਨ ਵਾਲੇ ਅਧਿਆਪਕ ਦੇ ਸ਼ਬਦਾਂ ਵਿਚ ਚੋਭਾਂ ਹੁੰਦੀਆਂ ਹਨ।
ਕਈ ਅਧਿਆਪਕਾਂ ਨਾਲ ਵਿਦਿਆਰਥੀ ਸਾਰਾ ਜੀਵਨ ਰਿਸ਼ਤਾ ਬਣਾਈ ਰਖਦੇ ਹਨ। ਮੈਨੂੰ ਉਹ ਅਧਿਆਪਕ ਕਦੇ ਨਹੀਂ ਭੁਲਦੇ ਜਿਨ੍ਹਾਂ ਨੇ ਆਪਣੀ ਪੁਰਾਣੀ ਡਿਕਸ਼ਨਰੀ ਮੈਨੂੰ ਦਿਤੀ ਸੀ ਅਤੇ ਵਿਸ਼ਵਕੋਸ਼ ਵੇਖਣਾ ਸਿਖਾਇਆ ਸੀ।
ਸਮੁੱਚਾ ਵਿਦਿਆਰਥੀ ਜੀਵਨ, ਚਿੰਤਾ ਅਤੇ ਲਾਪਰਵਾਹੀ ਦੋਹਾਂ ਨਾਲ ਰੰਗਿਆ ਹੋਣ ਕਰਕੇ ਯਾਦ ਰਹਿੰਦਾ ਹੈ । ਅਸੀਂ ਪੜ੍ਹਾਈ ਦੌਰਾਨ ਸਿਖੇ ਗਿਆਨ ਨੂੰ ਯਾਦ ਨਹੀਂ ਰਖਦੇ, ਯਾਦ ਰਖਦੇ ਹਾਂ ਆਪਣੀਆਂ ਸ਼ਰਾਰਤਾਂ ਅਤੇ ਮੂਰਖਤਾਵਾਂ।
ਵਿਸ਼ਵ ਵਾਂਗ ਸਾਡੇ ਦੇਸ਼ ਵਿਚ ਵੀ ਵਿਦਿਆ ਪ੍ਰਾਪਤੀ ਦੇ ਤਿੰਨ ਪੜਾਓ ਹਨ: ਸਕੂਲ, ਕਾਲਜ ਅਤੇ ਯੂਨੀਵਰਸਿਟੀ। ਇਨ੍ਹਾਂ ਤਿੰਨਾਂ ਦਾ ਯੋਗਦਾਨ ਵੱਖਰਾ ਵੱਖਰਾ ਹੁੰਦਾ ਹੈ।
ਸਕੂਲ ਸਾਡੀ ਘਰ ਤੋਂ ਬਾਹਰਲੀ ਦੁਨੀਆ ਨਾਲ ਜਾਣ-ਪਛਾਣ ਕਰਵਾਉਂਦਾ ਹੈ। ਮੁੱਢਲੇ ਕੁਝ ਦਿਨ ਬਾਲ, ਰੋਂਦੇ-ਪਿਟਦੇ ਸਕੂਲ ਜਾਂਦੇ ਹਨ ਪਰ ਉਹ ਜਾਣ ਜਾਂਦੇ ਹਨ ਕਿ ਇਕ ਦਿਨ ਤਾਂ ਆਲ੍ਹਣਾ ਛੱਡਣਾ ਹੀ ਪੈਂਦਾ ਹੈ । ਸਕੂਲ ਵਿਚ ਕੁਝ ਵਿਸ਼ੇ ਪੜ੍ਹਾਏ ਜਾਂਦੇ ਹਨ ਜਦੋਂ ਕਿ ਬਹੁਤੇ ਵਿਸ਼ੇ ਅਸੀਂ ਬਿਨਾ ਪੜ੍ਹਾਏ ਹੀ ਪੜ੍ਹ ਜਾਂਦੇ ਹਾਂ ਜਿਵੇਂ ਲੜਨਾ ਕਿਵੇਂ ਹੈ, ਕਿਸੇ ਨੂੰ ਕੁੱਟਣਾ ਕਿਵੇਂ ਹੈ, ਕਿਸੇ ਦੇ ਡੱਬੇ ਵਿਚੋਂ ਪਰੋਂਠੇ- ਬਿਸਕੁਟ ਕਿਵੇਂ ਕਢਣੇ ਹਨ, ਝੂਠੇ ਸਿਰ ਦਰਦ ਅਤੇ ਫੋਕੀ ਢਿੱਡ ਪੀੜ ਦਾ ਬਹਾਨਾ ਕਿਵੇਂ ਲਾਉਣਾ ਹੈ।
ਘਰ ਆ ਕੇ ਵਿਦਿਆਰਥੀ ਅਧਿਆਪਕਾਂ ਦੀਆਂ ਨਕਲਾਂ ਉਤਾਰਦੇ ਹਨ।
ਸੱਚ ਤਾਂ ਇਹ ਹੈ ਕਿ ਮੁੱਢਲੀਆਂ ਕਲਾਸਾਂ ਵਿਚ ਅਸੀਂ ਸਭ ਕੁਝ ਸਿਖਦੇ ਆਪਣੇ ਜਮਾਤੀਆਂ ਤੋਂ ਹਾਂ ਪਰ ਮਾਪੇ ਸ਼ਾਇਦ ਫੀਸ ਇਸ ਲਈ ਤਾਰਦੇ ਹਨ ਕਿਉਂਕਿ ਸਕੂਲ ਦੇ ਸਮੇਂ ਦੌਰਾਨ ਅਧਿਆਪਕ, ਮਾਪਿਆਂ ਨੂੰ ਸਾਡੇ ਤੋਂ ਬਚਾ ਕੇ ਰਖਦੇ ਹਨ। ਛੇਵੀਂ-ਸਤਵੀਂ-ਅੱਠਵੀਂ ਤਕ ਪਿਛੋਂ ਉੱਤਰ ਵੇਖ ਕੇ ਪ੍ਰਸ਼ਨ ਹੱਲ ਕਰਨੇ ਅਤੇ ਕਿਸੇ ਦੀ ਕਾਪੀ ਵਿਚੋਂ ਲੇਖ ਨਕਲ ਕਰਨ ਦੀ ਜਾਚ ਆ ਜਾਂਦੀ ਹੈ। ਅਗਲੀਆਂ ਜਮਾਤਾਂ ਵਿਚ ਸਾਨੂੰ ਗੰਦੀਆਂ ਗੱਲਾਂ ਕਰਨੀਆਂ ਅਤੇ ਡਿਕਸ਼ਨਰੀ ਵਿਚੋਂ ਗੁਪਤ ਅੰਗਾਂ ਦੇ ਅਰਥ ਵੇਖਣੇ ਵੀ ਆ ਜਾਂਦੇ ਹਨ।
ਸਕੂਲ ਵਿਚ ਕਲਾਸ-ਇਨਚਾਰਜ ਜਾਂ ਮਾਨੀਟਰ ਸਮਝਣ ਲਗ ਪੈਂਦਾ ਹੈ ਕਿ ਇਕ ਦਿਨ ਉਹ ਮਹਾਨ ਵਿਅਕਤੀ ਬਣ ਜਾਵੇਗਾ।
ਕਈ ਸਕੂਲ ਵਿਚ ਹੀ ਸਮਝਣ ਲਗ ਪੈਂਦੇ ਹਨ ਕਿ ਉਨ੍ਹਾਂ ਨੇ ਗਿਆਨ ਦੀ ਸਿਖਰ ਛੋਹ ਲਈ ਹੈ ਜਾਂ ਗਿਆਨ ਫਜ਼ੂਲ ਚੀਜ਼ ਹੈ ਸੋ ਸਕੂਲ ਵਾਲੀ ਉਮਰ ਵਿਚ ਸਭ ਤੋਂ ਵੱਧ ਵਿਦਿਆਰਥੀ ਪੜ੍ਹਾਈ ਛਡਦੇ ਹਨ।
ਸਕੂਲ ਵਿਚ ਸੋਹਣੀ ਲਿਖਾਈ ਨਾਲ ਪੜ੍ਹਾਈ ਸੌਖੀ ਹੋ ਜਾਂਦੀ ਹੈ ।
ਵੇਖਿਆ ਗਿਆ ਹੈ ਕਿ ਲਾਡ ਪਿਆਰ ਨਾਲ ਪਲਿਆ ਬੱਚਾ ਸਕੂਲ ਵਿਚ ਚੁਸਤ ਅਤੇ ਤਿੱਖਾ ਵਿਦਿਆਰਥੀ ਨਹੀਂ ਬਣਦਾ।
ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ ਪਰ ਵਿਦਿਆਰਥੀ ਅਧਿਆਪਕਾਂ ਦਾ ਚਰਿਤਰ ਪੜ੍ਹਦੇ ਹਨ। ਮਾਪਿਆਂ ਨੂੰ ਪੁੱਤਰਾਂ ਨਾਲੋਂ ਵੀ ਧੀਆਂ ਦੇ ਲਾਇਕ ਹੋਣ ਦੀ ਤਸੱਲੀ ਵਧੇਰੇ ਹੁੰਦੀ ਹੈ।
ਫਰਾਂਸ ਵਿਚ ਸਾਰੇ ਸਕੂਲਾਂ ਦਾ ਖੁਲ੍ਹਣ-ਬੰਦ ਹੋਣ ਦਾ ਸਮਾਂ, ਟਾਈਮ-ਟੇਬਲ, ਸਿਲੇਬਸ ਅਤੇ ਅਧਿਆਪਨ ਦਾ ਪੱਧਰ ਇਕ ਹੈ। ਉਥੇ ਵਿਦਿਆਰਥੀ ਨੇੜੇ ਦੇ ਸਕੂਲ ਵਿਚ ਹੀ ਪੜ੍ਹਦੇ ਹਨ । ਟਾਈਮ-ਟੇਬਲ ਇਕ ਹੋਣ ਕਰਕੇ ਟੈਲੀਵਿਜ਼ਨ ਵੀ ਅਧਿਆਪਕ ਦਾ ਰੋਲ ਅਦਾ ਕਰਦਾ ਹੈ। ਉੱਥੇ ਕੋਈ ਜਿਤਨੀਆਂ ਵੱਧ ਭਾਸ਼ਾਵਾਂ ਜਾਣਦਾ ਹੁੰਦਾ ਹੈ, ਉਹ ਉਤਨਾ ਵਧੇਰੇ ਲਾਇਕ ਹੁੰਦਾ ਹੈ। ਯੋਰਪ ਵਿਚ ਤਿੰਨ ਭਾਸ਼ਾਵਾਂ ਪੜਨ-ਪੜ੍ਹਾਉਣ ਦਾ ਰਿਵਾਜ ਹੈ। ਉਦਾਹਰਣ ਵਜੋਂ ਫਰਾਂਸ ਵਿਚ ਬੱਚੇ ਭਾਸ਼ਾ ਬੋਲਣ ਦੇ ਅਭਿਆਸ ਵਜੋਂ ਮਾਪਿਆਂ ਨਾਲ ਮਾਤਭਾਸ਼ਾ ਬੋਲਦੇ ਹਨ, ਜਰਮਨ ਨੌਕਰਾਂ ਨਾਲ ਜਰਮਨ ਭਾਸ਼ਾ ਬੋਲਦੇ ਹਨ ਅਤੇ ਅੰਗ੍ਰੇਜ਼ੀ ਆਯਾ ਨਾਲ ਅੰਗ੍ਰੇਜ਼ੀ ਬੋਲਦੇ ਹਨ। ਨੌਕਰਾਂ ਨੂੰ ਇਸੇ ਆਧਾਰ ਤੇ ਚੁਣਿਆ ਜਾਂਦਾ ਹੈ ।
ਕਾਲਜ, ਉਸ ਥਾਂ ਨੂੰ ਕਹਿੰਦੇ ਹਨ ਜਿਥੇ ਸਾਨੂੰ ਪਰ ਲਗਦੇ ਹਨ ਅਤੇ ਸਾਡਾ ਭੋਲਾਪਣ ਗੁਆਚ ਜਾਂਦਾ ਹੈ। ਇਥੇ ਸਾਊ ਚਲਾਕ ਬਣਨ ਦੀ ਅਤੇ ਚਲਾਕ ਸਾਊ ਵਿਖਾਈ ਦੇਣ ਦੀ ਸਿਖਲਾਈ ਲੈਂਦੇ ਹਨ। ਇਥੇ ਹੀ ਹਰ ਕਿਸੇ ਨੂੰ ਆਪਣੀ ਸ਼ਕਲ ਵਿਗਾੜਨ ਦਾ ਸ਼ੌਕ ਜਾਗਦਾ ਹੈ, ਜਿਸ ਕਾਰਨ ਪੜ੍ਹਨ ਦਾ ਸਮਾਂ ਘਟਦਾ ਜਾਂਦਾ ਹੈ ਅਤੇ ਹੋਰ ਕੰਮਾਂ ਲਈ ਸਮਾਂ ਵੱਧਦਾ ਜਾਂਦਾ ਹੈ। ਵਿਦਿਆਰਥੀ ਜਾਣ ਕੇ ਨਿਰਾਸ਼ ਹੁੰਦੇ ਹਨ ਕਿ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਇਲਾਵਾ ਕੁਝ ਵੀ ਨਹੀਂ ਆਉਂਦਾ ਇਸੇ ਕਾਰਨ ਵਿਦਿਆਰਥੀ ਕਦੇ ਵੀ ਪੜ੍ਹਾਈ ਸਬੰਧੀ ਕੋਈ ਮੰਗ ਨਹੀਂ ਕਰਦੇ। ਉਹ ਪੁੱਛਦੇ ਹਨ ਕਿ ਕਲਾਸ ਕੰਟੀਨ ਵਿਚ ਕਿਉਂ ਨਹੀਂ ਲਗਦੀ ਜਾਂ ਕਲਾਸ ਵਿਚ ਕੰਟੀਨ ਕਿਉਂ ਨਹੀਂ ਬਣ ਸਕਦੀ। ਵਿਦਿਆਰਥੀਆਂ ਕੋਲ ਸਮੇਂ ਦੀ ਘਾਟ ਹੁੰਦੀ ਹੈ ਕਿਉਂਕਿ ਚਾਰ-ਪੰਜੇ ਘੰਟਿਆਂ ਵਿਚ ਹੀ ਅਨੀਤਾ ਨਾਲ ਲਾਇਬਰੇਰੀ ਵਿਚ ਗੱਲ ਵੀ ਕਰਨੀ ਹੁੰਦੀ ਹੈ ਅਤੇ ਗੀਤਾ ਨੂੰ ਕੰਟੀਨ ਕੋਲ ਚਿਠੀ ਵੀ ਦੇਣੀ ਹੁੰਦੀ ਹੈ, ਫੀਸ ਵੀ ਭਰਨੀ ਹੈ ਅਤੇ ਨਾਹਰੇ ਵੀ ਲਾਉਣੇ ਹੁੰਦੇ ਹਨ, ਜੇ ਬੱਬਲੀ ਕਲਾਸ ਲਾਵੇ ਤਾਂ ਕਲਾਸ ਵੀ ਲਾਉਣੀ ਪੈ ਜਾਂਦੀ ਹੈ।
ਕਾਲਜ ਵਿਚ ਦੋਸਤਾਂ ਦਾ ਘੇਰਾ ਬੜਾ ਵਿਸ਼ਾਲ ਹੁੰਦਾ ਹੈ। ਦੋਸਤੀ ਉਹ, ਜਿਹੜੀ ਇਮਤਿਹਾਨ ਵਿਚ ਕੰਮ ਆਵੇ। ਹਰ ਵਿਦਿਅਕ ਸੈਸ਼ਨ ਵਿਚ, ਫਸਲੀ ਚੱਕਰ ਵਾਂਗ, ਵਿਦਿਆਰਥੀ ਮੰਗਾਂ ਰਖਦੇ ਹਨ ਅਤੇ ਕਹਿੰਦੇ ਹਨ, ਸਾਡੀਆਂ ਮੰਗਾਂ ਮੰਨੋ, ਜਦੋਂ ਕਿ ਬਹੁਤੇ ਕਹਿੰਦੇ ਹਨ, ਨਾ ਮੰਨੋ ਤਾਂ ਹੋਰ ਵੀ ਚੰਗਾ ਹੈ। ਸਭ ਤੋਂ ਸੁਹਾਵਣਾ ਸਮਾਂ, ਖੇਡ ਮੁਕਾਬਲਿਆਂ ਵਾਲੇ ਜਾਂ ਯੂਥ ਫੈਸਟੀਵਲ ਵਾਲੇ ਦਿਨ ਹੁੰਦੇ ਹਨ ਜਦੋਂ ਲੜਨ-ਭਿੜਨ ਦਾ ਹੁਨਰ ਪੂਰੇ ਜੋਬਨ ਵਿਚ ਚਮਕਦਾ ਹੈ । ਕਾਲਜ ਵਿਚਲੇ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੇ ਨਾਂ ਨਹੀਂ ਚਿਹਰੇ ਯਾਦ ਰਹਿੰਦੇ ਹਨ ਅਤੇ ਯਾਦ ਵੀ ਉਹ ਰਹਿੰਦੇ ਹਨ ਜਿਹੜੇ ਬਹੁਤ ਲਾਇਕ ਹੋਣ ਜਾਂ ਬਹੁਤ ਨਾਲਾਇਕ ਹੋਣ ਜਾਂ ਉਨ੍ਹਾਂ ਵਿਚ ਕੋਈ ਉਘੜਵਾਂ ਗੁਣ-ਔਗੁਣ ਹੋਵੇ। ਇਕ ਵਾਰੀ ਮੇਰੇ ਪਿਆਰੇ ਅਧਿਆਪਕ ਲੰਮੇ ਅਰਸੇ ਮਗਰੋਂ ਜਦੋਂ ਮਿਲੇ ਤਾਂ ਕਹਿਣ ਲਗੇ : ਤੇਰਾ ਨਾਂ ਮੈਨੂੰ ਯਾਦ ਨਹੀਂ ਆ ਰਿਹਾ ਪਰ ਤੇਰੀਆਂ ਕਰਤੂਤਾਂ ਮੈਨੂੰ ਯਾਦ ਹਨ।
ਯੂਨੀਵਰਸਿਟੀ ਵਿਚ ਕੁਝ ਪੜ੍ਹਨ ਆਉਂਦੇ ਹਨ, ਬਾਕੀ ਘੁੰਮਣ ਆਉਂਦੇ ਹਨ । ਹਰ ਸਾਲ ਪ੍ਰੋਫੈਸਰ ਆਸ ਲਾਉਂਦੇ ਹਨ, ਸ਼ਾਇਦ ਅਗਲੇ ਸਾਲ ਵਿਦਿਆਰਥੀਆਂ ਦੀ ਚੰਗੀ ਫਸਲ ਆਵੇ। ਦਾਖਲਿਆਂ ਦੌਰਾਨ ਬੜੀ ਰੌਣਕ ਹੁੰਦੀ ਹੈ।
ਹਰ ਇਕ ਦਾਖਲ ਹੋਣ ਵਾਲੇ ਨਾਲ ਕਈ ਦਾਖਲ ਕਰਾਉਣ ਵਾਲੇ ਆਉਂਦੇ ਹਨ ਸੋ ਬਹੁਤੀ ਰੌਣਕ ਦਾਖਲ ਹੋਣ ਵਾਲਿਆਂ ਦੀ ਘਬਰਾਹਟ ਕਾਰਨ ਹੁੰਦੀ ਹੈ।
ਦਾਖਲ ਹੋਣ ਵੇਲੇ ਹਰ ਵਿਦਿਆਰਥੀ ਦਸਦਾ ਹੈ : ਮੇਰੀ ਰਾਜਨੀਤੀ ਵਿਚ ਕੋਈ ਦਿਲਚਸਪੀ ਨਹੀਂ ਅਤੇ ਮੇਰੀਆਂ ਬਾਕੀ ਆਦਤਾਂ ਵੀ ਠੀਕ ਹਨ । ਮਗਰੋਂ ਪਤਾ ਲਗਦਾ ਹੈ ਕਿ ਉਸ ਦੀ ਪੜ੍ਹਨ ਤੋਂ ਸਿਵਾਇ ਹਰ ਚੀਜ਼ ਵਿਚ ਦਿਲਚਸਪੀ ਹੈ। ਕਲਾਸਾਂ ਛੋਟੀਆਂ ਹੁੰਦੀਆਂ ਹਨ, ਮੇਲ-ਜੋਲ ਖੁਲ੍ਹਾ ਹੁੰਦਾ ਹੈ ਸੋ ਕੁਝ ਦਿਨਾਂ ਵਿਚ ਹੀ ਜੋੜੀਆਂ ਸੱਜ ਜਾਂਦੀਆਂ ਹਨ। ਕਲਾਸ ਵਿਚ ਵਿਦਿਆਰਥੀ ਸੋਲ਼ਾਂ ਹੁੰਦੇ ਹਨ ਅਤੇ ਧੜ੍ਹੇ ਅਠਾਰ੍ਹਾਂ ਬਣ ਜਾਂਦੇ ਹਨ, ਇਵੇਂ ਹਰੇਕ ਵਿਦਿਆਰਥੀ ਸੁਤੰਤਰ ਸ਼ਖਸੀਅਤ ਹੋਣ ਦਾ ਪ੍ਰਮਾਣ ਦਿੰਦਾ ਹੈ। ਭਾਂਤ ਭਾਂਤ ਦੇ ਤਰਕ ਅਤੇ ਵਿਚਾਰ ਉਭਰਦੇ ਹਨ।
ਜਦੋਂ ਮੈਂ ਕਾਨੂੰਨ ਦਾ ਵਿਦਿਆਰਥੀ ਸਾਂ ਤਾਂ ਕਲਾਸ ਵਿਚ ਨਬੇ ਵਿਦਿਆਰਥੀ ਸਨ ਪਰ ਕਲਾਸਰੂਮ ਵਿਚ ਕੁਰਸੀਆਂ ਪੈਂਤੀ ਸਨ, ਕਾਰਨ ਇਹ ਦਸਿਆ ਗਿਆ ਕਿ ਕਲਾਸਾਂ ਲਾਉਣ ਵਾਲੇ ਵਿਦਿਆਰਥੀ ਚੰਗੇ ਵਕੀਲ ਨਹੀਂ ਬਣਦੇ।
ਕਈ ਪ੍ਰੋਫੈਸਰ ਖਬਰਾਂ ਦੇ ਬੁਲੇਟਿਨ ਵਾਂਗ ਬੋਲੀ ਹੀ ਜਾਂਦੇ ਹਨ।
ਵਿਦਿਆਰਥੀ ਉਨ੍ਹਾਂ ਅਧਿਆਪਕਾਂ ਨੂੰ ਜਾਣ ਜਾਂਦੇ ਹਨ ਜਿਹੜੇ ਪੜ੍ਹਾਉਂਦੇ ਹਨ, ਬਾਕੀ ਕੇਵਲ ਨੁਸਖੇ ਹੀ ਦਸਦੇ ਹਨ।
ਹਰ ਕਲਾਸ ਵਿਚ ਇਕ ਅੰਕਲ-ਵਿਦਿਆਰਥੀ ਹੁੰਦਾ ਹੈ ਜਿਸ ਤੋਂ ਲੜਕੀਆਂ ਨਿਕੇ-ਮੋਟੇ ਕੰਮ ਕਰਵਾਉਂਦੀਆਂ ਹਨ।
ਇਵੇਂ ਹੀ ਹਰ ਕਲਾਸ ਵਿਚ ਇਕ ਆਂਟੀ-ਵਿਦਿਆਰਥਣ ਹੁੰਦੀ ਹੈ ਜਿਹੜੀ ਹੋਰ ਵਿਦਿਆਰਥੀਆਂ ਨੂੰ ਬੱਚੇ ਹੀ ਸਮਝਦੀ ਹੈ।
ਕਈ ਲੋਹਾ ਹੁੰਦੇ ਹਨ, ਡਿਗਰੀਆਂ ਬੜੀਆਂ ਲੈਂਦੇ ਹਨ, ਪਰ ਸੋਨਾ ਨਹੀਂ ਬਣਦੇ। ਕਈ ਖਾਨਦਾਨੀ ਵਿਦਿਆਰਥੀ ਹੁੰਦੇ ਹਨ, ਉਹ ਕਲਾਸਾਂ ਬਦਲ ਬਦਲ ਕੇ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਚਲਾਉਂਦੇ ਹਨ।
ਹੋਸਟਲਾਂ ਦੀ ਰਾਜਨੀਤੀ ਵਿਚੋਂ ਉਹ ਮੋਢੇ ਉਭਰਦੇ ਹਨ ਜਿਹੜੇ ਮਗਰੋਂ ਸਮੁੱਚੇ ਅਤੇ ਵਿਸ਼ਾਲ ਦੇਸ਼ ਦਾ ਬੋਝ ਚੁਕਦੇ ਹਨ।
ਹੋਸਟਲ ਵਿਚ ਹਰ ਭਾਂਤ ਦਾ ਮਾਹਿਰ ਅਤੇ ਨਮੂਨਾ ਮਿਲ ਜਾਂਦਾ ਹੈ ।
ਲੜਨ ਦੇ ਮਾਹਿਰਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਕੁਟ ਖਾ ਕੇ ਗਏ ਹਨ, ਉਹ ਕਲ ਰਾਤ ਨੂੰ ਮੁੜ ਕੇ ਆਉਣਗੇ ਅਤੇ ਜਿਹੜੇ ਚੁੱਪ ਕਰਕੇ ਚਲੇ ਗਏ ਹਨ ਉਹ ਪਰਸੋਂ ਪਰਤਣਗੇ ਅਤੇ ਵੱਡਾ ਹਮਲਾ ਕਰਨਗੇ।
ਹਰ ਯੂਨੀਵਰਸਿਟੀ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਅਜਿਹੀਆਂ ਢਾਣੀਆਂ ਹੁੰਦੀਆਂ ਹਨ ਜਿਹੜੀਆਂ ਯੂਨੀਵਰਸਿਟੀ ਨੂੰ ਅਖਬਾਰਾਂ ਵਿਚੋਂ ਗੈਰਹਾਜ਼ਰ ਨਹੀਂ ਹੋਣ ਦਿੰਦੀਆਂ।
ਸਾਡੇ ਦੇਸ਼ ਵਿਚ ਸਾਡੀਆਂ ਵੱਡੀਆਂ ਯੂਨੀਵਰਸਿਟੀਆਂ ਦੇਸ਼ ਦੇ ਲੋਕ-ਤੰਤਰ ਦਾ ਨਮੂਨਾ ਪੇਸ਼ ਕਰਦੀਆਂ ਹਨ, ਜਿਨ੍ਹਾਂ ਵਿਚ ਕਦੇ ਕਦੇ ਕੋਈ ਨਵਾਂ ਵਿਚਾਰ ਵੀ ਉਪਜ ਪੈਂਦਾ ਹੈ ਪਰ ਵਿਰੋਧ ਬਰਦਾਸ਼ਤ ਕਰਨਾ ਅਜੇ ਅਸੀਂ ਸਿਖ ਨਹੀਂ ਸਕੇ। ਸੋਚਣ-ਬੋਲਣ ਦੀ ਸੁਤੰਤਰਤਾ ਹੀ ਕਿਸੇ ਯੂਨੀਵਰਸਿਟੀ ਦੀ ਪਛਾਣ ਉਸਾਰਦੀ ਹੈ।
ਯੂਨੀਵਰਸਿਟੀ ਵਿਚ ਜੇ ਵਿਰੋਧੀ ਵਿਚਾਰਾਂ ਨੂੰ ਪ੍ਰਗਟਾਉਣ ਦੀ ਸੁਤੰਤਰਤਾ ਨਾ ਹੋਵੇ ਤਾਂ ਇਹ ਇਕ ਵੱਡਾ ਕਾਲਜ ਹੀ ਪ੍ਰਤੀਤ ਹੁੰਦੀ ਹੈ।
ਆਕਸਫੋਰਡ, ਪੈਰਿਸ ਅਤੇ ਹਾਰਵਰਡ ਆਦਿ ਸੰਸਾਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਯੋਗ ਅਧਿਆਪਕਾਂ ਦੀ ਭਰਤੀ ਅਤੇ ਲਾਇਕ ਵਿਦਿਆਰਥੀਆਂ ਦੀ ਚੋਣ, ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਜਾਂ ਕਿਸੇ ਵੀ ਦੇਸ਼ ਦੇ ਹੋਣ, ਨਿਰਪੱਖਤਾ ਨਾਲ ਕੀਤੀ ਜਾਣ ਕਰਕੇ ਇਨ੍ਹਾਂ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰ ਦੇ ਮਾਡਲ ਮੰਨਿਆ ਜਾਂਦਾ ਹੈ।
ਯੂਨੀਵਰਸਿਟੀ ਵਿਚ ਜਿਤਨੀਆਂ ਵੱਖ ਵੱਖ ਸੋਚਾਂ ਹੋਣਗੀਆਂ ਉਤਨੀ ਹੀ ਉਹ ਯੂਨੀਵਰਸਿਟੀ ਬਲਵਾਨ ਹੋਵੇਗੀ।
ਵਿਦਿਆ ਪ੍ਰਾਪਤੀ ਲਈ ਵਿਦਿਆਰਥੀ ਹੋਣਾ ਜੀਵਨ ਦਾ ਇਕ ਮਹੱਤਵਪੂਰਣ ਪੜਾਓ ਹੁੰਦਾ ਹੈ। ਕਿਉਂਕਿ ਅਸੀਂ ਆਪਣੇ ਜੀਵਨ ਦਾ ਲਗਭਗ ਇਕ ਤਿਹਾਈ ਭਾਗ ਇਸ ਦੇ ਲੇਖੇ ਲਾ ਦਿੰਦੇ ਹਾਂ।
ਪਹਿਲਾਂ ਪੜ੍ਹਾਈ ਜੀਵਨ ਦੀ ਤਿਆਰੀ ਸਮਝੀ ਜਾਂਦੀ ਸੀ, ਹੁਣ ਪੜ੍ਹਾਈ ਨੂੰ ਹੀ ਜੀਵਨ ਸਮਝਿਆ ਜਾਂਦਾ ਹੈ ।
ਸਾਡੇ ਵਿਦਿਆਰਥੀ-ਜੀਵਨ ਵਿਚ ਜੋ ਕੁਝ ਵਾਪਰਦਾ ਹੈ, ਉਸ ਦੀਆਂ ਅਸੀਂ ਜੀਵਨ-ਭਰ ਗੱਲਾਂ ਕਰਦੇ ਹਾਂ।
ਅਨਪੜ੍ਹਾਂ ਅਤੇ ਅਨਪੜ੍ਹਤਾ ਦਾ ਯੁਗ ਲੰਘ ਗਿਆ ਹੈ।
ਭਵਿੱਖ ਦੀਆਂ ਸਭਿਅਤਾਵਾਂ ਗਿਆਨ ਦੀਆਂ ਸਭਿਅਤਾਵਾਂ ਹੋਣਗੀਆਂ।
ਜੀਵਨ ਦਾ ਵਿਹਾਰਕ ਪੱਖ
ਜੀਵ-ਜੰਤੂ ਆਪਣੇ ਨਾਂ ਤੋਂ ਨਹੀਂ ਆਪਣੇ ਵਿਹਾਰ ਤੋਂ ਪਛਾਣੇ ਜਾਂਦੇ ਹਨ।
ਦੁੱਖ ਸਾਰੇ ਜੀਵ-ਜੰਤੂ-ਜਗਤ ਵਿਚ ਹੈ ਪਰ ਸ਼ਿਕਾਇਤ ਕੇਵਲ ਮਨੁੱਖ ਕਰਦਾ ਹੈ। ਸ਼ਿਕਾਇਤ ਵੀ ਇਹ ਹੈ ਕਿ ਮੈਂ ਕਿਉਂ ਦੁੱਖੀ ਹਾਂ। ਜਵਾਬ ਨਹੀਂ ਮਿਲਦਾ, ਜਿਸ ਕਾਰਨ ਮਨੁੱਖ ਹੋਰ ਦੁੱਖੀ ਹੁੰਦਾ ਹੈ।
ਦੂਜਿਆਂ ਦੀਆਂ ਸ਼ਿਕਾਇਤਾਂ ਲਾਉਣਾ ਅਤੇ ਆਪਣੇ ਆਪ ਨੂੰ ਸਹੀ ਦਸਣਾ ਮਨੁੱਖ ਦਾ ਵਿਸ਼ਵ-ਵਿਆਪੀ ਵਿਹਾਰ ਹੈ। ਅਸੀਂ ਜੀਵਨ ਭਰ ਆਪਣੇ ਉਨ੍ਹਾਂ ਗੁਣਾਂ ਦੀ ਚਰਚਾ ਕਰਦੇ ਹਾਂ ਜਿਹੜੇ ਸਾਡੇ ਵਿਚ ਹੁੰਦੇ ਹੀ ਨਹੀਂ। ਇਸ ਵਿਹਾਰ ਕਾਰਨ ਹੀ ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਸਮਝਣ ਦਾ ਭਰਮ ਪਾਲਦੇ ਹਾਂ ਪਰ ਵਾਸਤਵ ਵਿਚ ਅਸੀਂ ਵੀ ਦੂਜਿਆਂ ਵਾਂਗ ਆਮ-ਸਾਧਾਰਨ ਵਿਅਕਤੀ ਹੀ ਹੁੰਦੇ ਹਾਂ।
ਇਸ ਵਿਚ ਤਾਂ ਕੋਈ ਸੰਦੇਹ ਨਹੀਂ ਕਿ ਜਿਹੜੇ ਵਿਸ਼ੇਸ਼ ਸਨ ਅਤੇ ਜਿਨ੍ਹਾਂ ਨੂੰ ਆਪਣੇ ਆਪ ‘ਤੇ ਬੜਾ ਮਾਣ ਸੀ ਉਹ ਸਾਰੇ ਸ਼ਮਸ਼ਾਨਘਾਟ ਪਹੁੰਚ ਚੁਕੇ ਹਨ ਅਤੇ ਸਾਨੂੰ ਉਡੀਕ ਰਹੇ ਹਨ । ਦੇਰ ਸਾਡੇ ਵਲੋਂ ਹੀ ਹੋ ਰਹੀ ਹੈ।
ਅਸੀਂ ਕਹਿੰਦੇ ਹਾਂ ਕਿ ਮਨੁੱਖ ਨੂੰ ਪਿਆਰ ਕਰਨਾ ਚਾਹੀਦਾ ਹੈ, ਮਨੁੱਖ ਪਿਆਰ ਕਰਦਾ ਵੀ ਹੈ, ਪਰ ਮੁਸ਼ਕਿਲ ਇਹ ਹੈ ਕਿ ਉਹ ਆਪਣੇ ਆਪ ਨੂੰ ਹੀ ਪਿਆਰ ਕਰਦਾ ਹੈ। ਅਜਿਹਾ ਪਿਆਰ ਹੀ ਅੰਨ੍ਹਾ ਹੁੰਦਾ ਹੈ ਜਦੋਂ ਕਿ ਅੱਖਾਂ ਖੁਲ੍ਹਦਿਆਂ ਹੀ ਮੁਸ਼ਕਿਲਾਂ ਅਤੇ ਮੁਸੀਬਤਾਂ ਉਪਜ ਪੈਂਦੀਆਂ ਹਨ।
ਜ਼ਿੰਦਗੀ ਦਾ ਯਥਾਰਥ ਅਤੇ ਜੀਵਨ ਦਾ ਵਿਹਾਰ ਦਸਦਾ ਹੈ ਕਿ ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਕੁਝ ਵੀ ਮੁਸ਼ਕਿਲ ਨਹੀਂ ਪਰ ਕਈ ਕੰਮ ਬਹੁਤ ਮੁਸ਼ਕਿਲ ਹੀ ਨਹੀਂ, ਅਸੰਭਵ ਵੀ ਹੁੰਦੇ ਹਨ। ਤਲਾਕ ਲਈ ਜੂਝ ਰਹੇ ਪਤੀ-ਪਤਨੀ ਵਿਚਕਾਰ ਸਮਝੌਤਾ ਕਰਵਾਉਣਾ ਮੁਸ਼ਕਿਲ ਹੈ, ਪੜ੍ਹਾਈ ਛੱਡ ਚੁਕੇ ਨੂੰ ਮੁੜ ਸਕੂਲ ਦਾਖਲ ਕਰਵਾਉਣਾ ਮੁਸ਼ਕਿਲ ਹੈ, ਬਦਨਾਮ ਨੂੰ ਮੁੜ ਇਜ਼ਤਦਾਰ ਬਣਾਉਣਾ ਸੌਖਾ ਨਹੀਂ, ਜਿਸ ਨੂੰ ਨਫਰਤ ਹੀ ਕੀਤੀ ਹੋਵੇ, ਉਸ ਨੂੰ ਪਿਆਰ ਕਰਨਾ ਅਸੰਭਵ ਹੁੰਦਾ ਹੈ।
ਸਭ ਤੋਂ ਵੱਧ ਮੁਸ਼ਕਿਲ ਹੁੰਦਾ ਹੈ, ਬੇਈਮਾਨ ਨੂੰ ਈਮਾਨਦਾਰ ਅਤੇ ਮੂਰਖ ਨੂੰ ਸਿਆਣਾ ਬਣਾਉਣਾ।
ਮੁਸ਼ਕਿਲਾਂ ਵਿਹਾਰ ਵਿਚ ਕਾਹਲ ਉਪਜਾਉਂਦੀਆਂ ਹਨ। ਕਾਹਲੇ ਵਿਅਕਤੀ ਆਪ ਪ੍ਰੇਸ਼ਾਨ ਹੁੰਦੇ ਅਤੇ ਦੂਜਿਆਂ ਨੂੰ ਪ੍ਰੇਸ਼ਾਨ ਕਰਦੇ ਹਨ।
ਜੀਵਨ ਦਾ ਵਿਹਾਰ ਦਸਦਾ ਹੈ ਕਿ ਕਾਹਲੇ ਵਿਅਕਤੀ ਸਭ ਤੋਂ ਵੱਧ ਅਸਫਲ ਹੁੰਦੇ ਹਨ। ਇਹ ਆਰੰਭ ਸਭ ਕੁਝ ਕਰਦੇ ਹਨ ਪਰ ਮੁਕਾਉਂਦੇ ਕੁਝ ਨਹੀਂ। ਕਾਹਲ ਕਾਰਨ ਗਲਤੀਆਂ ਵਧੇਰੇ ਹੁੰਦੀਆਂ ਹਨ ਅਤੇ ਹਰੇਕ ਗਲਤੀ ਨਾਲ ਕੋਈ ਨਾ ਕੋਈ ਰਿਸ਼ਤਾ ਤਿੜ੍ਹਕਦਾ ਹੈ। ਅਜਿਹੇ ਅਸਫਲ ਵਿਅਕਤੀ ਹੀ ਕਹਿੰਦੇ ਹਨ : ਮੇਰੀ ਕਿਸਮਤ ਹੀ ਮਾੜੀ ਸੀ ਜਾਂ ਮੇਰੇ ਹਾਲਾਤ ਹੀ ਵਿਗੜੇ ਹੋਏ ਸਨ ਜਾਂ ਮੇਰੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ। ਇਹ ਨਾ ਕਿਸੇ ਦੀ ਕਦਰ ਕਰਦੇ ਹਨ ਅਤੇ ਨਾ ਕੋਈ ਇਨ੍ਹਾਂ ਦੀ ਕਦਰ ਕਰਦਾ ਹੈ।
ਕਾਹਲੇ ਵਿਅਕਤੀ ਨਾਲਾਇਕ ਹੁੰਦੇ ਹਨ। ਉਹ ਬਣਾਉਂਦੇ ਘਟ ਹਨ ਅਤੇ ਤੋੜਦੇ ਵਧੇਰੇ ਹਨ, ਉਸਾਰਦੇ ਕੁਝ ਨਹੀਂ ਢਾਹੁੰਦੇ ਸਭ ਕੁਝ ਹਨ।
ਨਾਲਾਇਕ ਨਾਲਾਇਕ ਹੋਣ ਕਰਕੇ ਸਿਆਣਿਆਂ ਦੀ ਕਦਰ ਨਹੀਂ ਕਰਦੇ।
ਜੀਵਨ ਦਾ ਵਿਹਾਰ ਦਸਦਾ ਹੈ ਕਿ ਆਪਣੇ ਵਿਚ ਨੁਕਸ ਹੋਏ ਬਿਨਾ ਕਿਸੇ ਦੀ ਬੁਰਾਈ ਕੀਤੀ ਹੀ ਨਹੀਂ ਜਾ ਸਕਦੀ। ਨਾਲਾਇਕ ਵਿਅਕਤੀ ਉੱਚਾ ਬੋਲਦਾ ਹੈ ਅਤੇ ਰੋਹਬ ਪਾਉਂਦਾ ਹੈ। ਖੁਸ਼ਹਾਲ ਅਤੇ ਸਿਆਣੇ ਵਿਅਕਤੀ ਉੱਚਾ ਨਹੀਂ ਬੋਲਦੇ।
ਧੀਮੀ ਆਵਾਜ਼ ਵਿਚ ਗੱਲ ਕਰਨ ਨਾਲ ਖੁਸ਼ਹਾਲੀ ਆਉਂਦੀ ਹੈ। ਖੁਸ਼ਹਾਲੀ ਦਾ ਸਰੋਤ ਕੰਮ ਹੈ, ਜਦੋਂ ਕਿ ਵਿਹਲਾਪਣ ਸ਼ੱਕ, ਸੰਸੇ ਅਤੇ ਸਮੱਸਿਆਵਾਂ ਹੀ ਉਪਜਾਉਂਦਾ ਹੈ। ਕੰਮ ਸਾਰੀਆਂ ਸਮੱਸਿਆਵਾਂ ਦਾ ਸ਼ਰਤੀਆ ਇਲਾਜ ਹੈ।
ਜੇ ਗਰੀਬ ਹੋ ਤਾਂ ਕੰਮ ਕਰੋ। ਸਿਹਤ ਠੀਕ ਨਹੀਂ, ਕੰਮ ਕਰੋ। ਉਦਾਸ ਹੋ, ਕੰਮ ਕਰੋ । ਅਮੀਰ ਹੋ, ਹੋਰ ਵੀ ਵੱਧ ਕੰਮ ਕਰੋ।
ਸੁਸਤ ਕਦੀ ਖੁਸ਼ਹਾਲ ਨਹੀਂ ਹੁੰਦੇ ਅਤੇ ਖੁਸ਼ਹਾਲ ਕਦੀ ਸੁਸਤ ਨਹੀਂ ਹੁੰਦੇ। ਜਿਹੜੇ ਕੰਮ ਨਹੀਂ ਕਰਦੇ ਉਹ ਵਿਕਾਸ ਵੀ ਨਹੀਂ ਕਰਦੇ। ਵੇਖਿਆ ਗਿਆ ਹੈ ਕਿ ਜੇ ਕਿਸੇ ਕੰਮ ਨੂੰ ਅਸੀਂ ਲੰਮੇ ਅਰਸੇ ਤੋਂ ਇਕ ਹੀ ਢੰਗ ਨਾਲ ਕਰੀ ਜਾ ਰਹੇ ਹਾਂ ਤਾਂ ਇਸ ਦਾ ਅਰਥ ਹੈ ਕਿ ਇਹ ਢੰਗ ਗਲਤ ਹੈ। ਕਿਸੇ ਕੰਮ ਨੂੰ ਕਰਨ ਦੇ ਠੀਕ ਢੰਗ ਦਾ ਪ੍ਰਮਾਣ ਇਹ ਹੈ ਕਿ ਕੰਮ ਵਿਚ, ਕੰਮ ਕਰਨ ਦੀ ਵਿਧੀ ਵਿਚ ਅਤੇ ਕਾਮੇ ਵਿਚ ਨਿਰੰਤਰ ਪਰਿਵਰਤਨ, ਵਿਕਾਸ ਅਤੇ ਸੁਧਾਰ ਵਾਪਰਦਾ ਰਹਿੰਦਾ ਹੈ।
ਕਿਸੇ ਨਿਪੁੰਨ, ਅਮੀਰ ਅਤੇ ਖੁਸ਼ਹਾਲ ਵਿਅਕਤੀ ਨੂੰ ਵੇਖੋ, ਉਹ ਕਿਵੇਂ ਕੰਮ ਕਰਦਾ ਹੈ, ਕਿਤਨੇ ਘੰਟੇ ਕੰਮ ਕਰਦਾ ਹੈ ਅਤੇ ਕਿਹੜਾ ਕੰਮ ਕਰਦਾ ਹੈ ਅਤੇ ਕਿਹੜਾ ਕੰਮ ਮੁਲਤਵੀ ਕਰਦਾ ਹੈ।
ਉਸ ਨੂੰ ਵੇਖਣ ਨਾਲ ਤੁਹਾਨੂੰ ਸਫਲਤਾ ਦਾ ਨੇਮ ਲਭ ਜਾਵੇਗਾ।
ਕੰਮ ਨੂੰ ਤਾਂ ਹੀ ਮੁਲਤਵੀ ਕਰਨਾ ਚਾਹੀਦਾ ਹੈ ਜੇ ਉਸ ਨੂੰ ਹੁਣ ਨਾਲੋਂ ਚੰਗੇਰੇ ਢੰਗ ਨਾਲ ਕਰਨਾ ਹੋਵੇ ਜਾਂ ਉਸ ਕੰਮ ਨੂੰ ਮੁਲਤਵੀ ਕਰੋ, ਜਿਹੜਾ ਤੁਸੀਂ ਕਦੇ ਵੀ ਨਹੀਂ ਕਰਨਾ। ਕੰਮ ਨੂੰ ਚੰਗੇਰੇ ਢੰਗ ਨਾਲ ਕਰਨ ਦੇ ਉਦੇਸ਼ ਨਾਲ ਮੁਲਤਵੀ ਕੀਤੇ ਕੰਮ ਬਾਰੇ ਸਾਡਾ ਮਨ ਸੋਚਦਾ ਰਹਿੰਦਾ ਹੈ ਅਤੇ ਸੋਚਣ ਕਰਕੇ ਕਈ ਪੱਖਾਂ ਬਾਰੇ ਅਸੀਂ ਵਧੇਰੇ ਸਪਸ਼ਟ ਹੋ ਜਾਦੇ ਹਾਂ ਸੋ ਮੁਲਤਵੀ ਕੀਤੇ ਕੰਮ ਵਿਚ ਵਧੇਰੇ ਲਗਨ ਅਤੇ ਸੁਹਿਰਦਤਾ ਕਾਰਨ ਉਸ ਦੀ ਪੱਧਰ ਉਚੀ ਹੋ ਜਾਂਦੀ ਹੈ ਪਰ ਮੁਲਤਵੀ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਦੀ ਪੱਧਰ ਸੁਧਾਰਨੀ ਹੋਵੇ।
ਇਕ ਲੇਖਕ ਦੀ ਇਕ ਪੁਸਤਕ ਪੜ ਕੇ ਇਕ ਇਸਤਰੀ ਨੇ ਬੜਾ ਕੌੜਾ ਖ਼ਤ ਲਿਖਿਆ, ਜਿਸ ਦੇ ਜਵਾਬ ਵਿਚ ਲੇਖਕ ਨੇ ਖ਼ਤ ਮਿਲਦਿਆਂ ਹੀ ਬੜਾ ਕਾਟਵਾਂ ਉੱਤਰ ਲਿਖਿਆ। ਪੱਤਰ ਨੂੰ ਡਾਕ ਵਿਚ ਸਵੇਰੇ ਪਾਇਆ ਜਾਣਾ ਸੀ । ਸਾਰੀ ਰਾਤ ਉਹ ਲੇਖਕ ਆਪਣੇ ਲਿਖੇ ਪੱਤਰ ਬਾਰੇ ਸੋਚਦਾ ਰਿਹਾ ਅਤੇ ਸਵੇਰੇ ਉਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਲਿਖਿਆ ਜਵਾਬ ਲੋੜ ਨਾਲੋਂ ਵਧੇਰੇ ਗੁੱਸੇ ਵਾਲਾ ਸੀ । ਫਿਰ ਉਸ ਨੇ ਸੋਚਿਆ ਕਿ ਜੇ ਇਕ ਰਾਤ ਵਿਚ ਮੇਰੀ ਸੋਚ ਬਦਲ ਗਈ ਹੈ ਤਾਂ ਉੱਤਰ ਦੇਣ ਵਿਚ ਹੋਰ ਦੇਰ ਕਰਨੀ ਯੋਗ ਹੋਵੇਗੀ । ਲਗਭਗ ਇਕ ਸਪਤਾਹ ਮਗਰੋਂ ਲੇਖਕ ਨੇ ਨਵੇਂ ਸਿਰਿਓਂ ਲਿਖਿਆ : ਤੁਸੀਂ ਮੇਰੀ ਪੁਸਤਕ ਵਿਚ ਜਿਹੜੇ ਦੋਸ਼ ਕਢੇ ਹਨ, ਉਨ੍ਹਾਂ ਲਈ ਧੰਨਵਾਦੀ ਹਾਂ ਅਤੇ ਭਵਿੱਖ ਵਿਚ ਮੈਂ ਤੁਹਾਡੀਆਂ ਉੱਚੀਆਂ ਆਸਾਂ ਤੇ ਪੂਰਾ ਉਤਰਨ ਦਾ ਯਤਨ ਕਰਾਂਗਾ। ਬੇਨਤੀ ਹੈ ਕਿ ਅੱਗੋਂ ਵੀ ਮੈਨੂੰ ਮੇਰੇ ਦੋਸ਼ਾਂ ਤੋਂ ਜਾਣੂ ਕਰਵਾਉਂਦੇ ਰਹਿਣਾ। ਲੇਖਕ ਦਾ ਖ਼ਤ ਪ੍ਰਾਪਤ ਕਰਕੇ ਕੌੜਾ ਖ਼ਤ ਲਿਖਣ ਵਾਲੀ ਉਹ ਇਸਤਰੀ ਆਪਣੇ ਵਿਹਾਰ ਦਾ ਪਛਤਾਵਾ ਕਰਨ ਅਤੇ ਲੇਖਕ ਦਾ ਧੰਨਵਾਦ ਕਰਨ, ਆਪ ਆਈ।
ਭੈੜਾ ਵਿਹਾਰ ਚਿੰਤਾ ਉਪਜਾਉਂਦਾ ਹੈ ਅਤੇ ਬਦਲੇ ਦੀ ਭਾਵਨਾ ਪੈਦਾ ਕਰਦਾ ਹੈ ਪਰ ਜੇ ਥੋੜ੍ਹਾ ਜਿਹਾ ਸੋਚ ਲਿਆ ਜਾਵੇ ਅਤੇ ਬਦਲਾ ਲੈਣਾ ਮੁਲਤਵੀ ਕਰ ਦਿਤਾ ਜਾਵੇ ਤਾਂ ਬਦਲਾ ਲੈਣ ਦੀ ਲੋੜ ਹੀ ਨਹੀਂ ਰਹਿੰਦੀ।
ਜੀਵਨ ਦਾ ਵਿਹਾਰ ਦਸਦਾ ਹੈ ਕਿ ਅਕਸਰ ਚਿੰਤਾ, ਜੋ ਕੁਝ ਅਸੀਂ ਹੁੰਦੇ ਹਾਂ ਅਤੇ ਜੋ ਕੁਝ ਅਸੀਂ ਹੋਣਾ-ਬਣਨਾ ਚਾਹੁੰਦੇ ਹਾਂ, ਉਸ ਫਾਸਲੇ ਵਿਚੋਂ ਉਪਜਦੀ ਹੈ।
ਅਜੇ ਤਕ ਕੋਈ ਕੰਮ ਨਾਲ ਨਹੀਂ ਮਰਿਆ ਪਰ ਚਿੰਤਾ ਨਾਲ ਲੱਖਾਂ ਮਰੇ ਹਨ।
ਮਨੁੱਖ ਕੰਮ ਘਟ ਅਤੇ ਚਿੰਤਾ ਵਧੇਰੇ ਕਰਦਾ ਹੈ ਅਤੇ ਕਈ ਤਾਂ ਚਿੰਤਾ ਕਰਨ ਵਾਸਤੇ ਛੁੱਟੀ ਲੈ ਲੈਂਦੇ ਹਨ ਜਾਂ ਕੰਮ ਤਿਆਗ ਦਿੰਦੇ ਹਨ।
ਜੇ ਚਿੰਤਾ, ਚਿੰਤਨ ਬਣ ਜਾਵੇ ਤਾਂ ਔਖੇ ਰਾਹ ਸੌਖੇ ਹੋ ਜਾਂਦੇ ਹਨ। ਸ਼ਾਂਤ ਮਨ ਨਾਲ ਕੀਤੀ ਚਿੰਤਾ, ਚਿੰਤਨ ਬਣ ਜਾਂਦੀ ਹੈ। ਨੀਵੇਂ ਚਿੰਤਨ ਨੂੰ ਚਿੰਤਾ ਕਹਿੰਦੇ ਹਨ ਜਦੋਂ ਕਿ ਉੱਚੀ ਚਿੰਤਾ ਨੂੰ ਚਿੰਤਨ ਕਿਹਾ ਜਾਂਦਾ ਹੈ । ਵਿਗਿਆਨੀ ਅਤੇ ਫਿਲਾਸਫਰ ਚਿੰਤਨ ਕਰਦੇ ਹਨ। ਚਿੰਤਨ ਵਿਚ ਜ਼ਿੰਮੇਵਾਰੀ ਹੁੰਦੀ ਹੈ।
ਜ਼ਿੰਮੇਵਾਰੀ ਦੀ ਘਾਟ ਕਾਰਨ ਅਸੀਂ ਸ਼ਿਕਾਇਤਾਂ ਲਾਉਂਦੇ ਹਾਂ।
ਜਦੋਂ ਮਨੁੱਖ ਲੋੜ ਨਾਲੋਂ ਵੱਧ ਗੁੱਸੇ ਹੋ ਕੇ ਗੈਰ-ਜ਼ਿੰਮੇਵਾਰ ਹੋ ਜਾਂਦਾ ਹੈ ਤਾਂ ਹੀ ਉਹ ਸ਼ਿਕਾਇਤਾਂ ਲਾਉਂਦਾ ਹੈ । ਸਾਰੀਆਂ ਸ਼ਿਕਾਇਤਾਂ ਇਕ-ਪਾਸੜ ਹੁੰਦੀਆਂ ਹਨ। ਸ਼ਿਕਾਇਤਾਂ ਦਾ ਦੂਜਾ ਮੁਖ ਸਰੋਤ ਸੁਸਤੀ ਹੈ।
ਲੋਕ ਸੁਸਤ ਇਸ ਲਈ ਹੁੰਦੇ ਹਨ ਕਿਉਂਕਿ ਮਿਹਨਤ ਦਾ ਫਲ ਦੇਰ ਨਾਲ ਮਿਲਦਾ ਹੈ ਅਤੇ ਸੁਸਤੀ ਦਾ ਸੁਖ ਹੁਣੇ ਪ੍ਰਾਪਤ ਹੋ ਜਾਂਦਾ ਹੈ।
ਸੁਸਤੀ ਅਤੇ ਸਫਾਈ ਕਦੇ ਨਹੀਂ ਨਿਭਦੀਆਂ।
ਸੁਸਤ ਵਿਅਕਤੀ ਕਹਿੰਦੇ ਹਨ ਕਿ ਪੈਸਾ ਸਭ ਕੁਝ ਕਰ ਸਕਦਾ ਹੈ ਪਰ ਧਿਆਨ ਰਖਣਾ ਇਹੀ ਉਹ ਲੋਕ ਹੋਣਗੇ ਜਿਹੜੇ ਪੈਸੇ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਣਗੇ । ਸੁਸਤ ਬੰਦਿਆਂ ਦੇ ਸਾਰੇ ਝਗੜੇ ਪੈਸੇ ਬਾਰੇ ਹੀ ਹੁੰਦੇ ਹਨ।
ਸੁਸਤ ਬੰਦੇ, ਚੰਗੇ ਕੰਮਾਂ ਵਿਚ ਹੀ ਸੁਸਤ ਹੁੰਦੇ ਹਨ, ਭੈੜੇ ਕੰਮਾਂ ਵਿਚ ਉਨ੍ਹਾਂ ਦੀ ਚੁਸਤੀ ਵੇਖਣ ਵਾਲੀ ਹੁੰਦੀ ਹੈ।
ਸੁਸਤ ਬੰਦੇ ਝਗੜਾਲੂ ਹੁੰਦੇ ਹਨ।
ਝਗੜੇ ਛੋਟੀਆਂ ਗੱਲਾਂ ਬਾਰੇ ਹੀ ਹੁੰਦੇ ਹਨ। ਵੱਡੀਆਂ ਗੱਲਾਂ, ਵੱਡੀਆਂ ਹੋਣ ਕਰਕੇ, ਨੀਵੇਂ ਵਿਹਾਰ ਤੋਂ, ਝਗੜਿਆਂ ਤੋਂ ਮੁਕਤ ਹੁੰਦੀਆਂ ਹਨ।
ਅਸਮਾਨ ਵਿਚ ਸਤਰੰਗੀ ਪੀਂਘ ਵੇਖ ਕੇ ਅਸੀਂ ਧਰਤੀ ਉਪਰਲਾ ਚਿੱਕੜ ਭੁੱਲ ਜਾਂਦੇ ਹਾਂ, ਸਮੁੰਦਰ ਤੇ ਪਹੁੰਚ ਕੇ ਅਸੀਂ ਨਦੀਆਂ ਦੀਆਂ ਗੱਲਾਂ ਨਹੀਂ ਕਰਦੇ।
ਆਦਰਸ਼ ਉੱਚਾ ਹੋਵੇ ਤਾਂ ਵਿਚਾਰ ਨੀਂਵੇਂ ਰਹਿ ਹੀ ਨਹੀਂ ਸਕਦੇ।
ਉਚੇ ਆਦਰਸ਼ ਉਸਾਰਨ ਲਈ ਸਾਨੂੰ ਆਪਣਾ ਵਿਹਾਰ ਬਦਲਣਾ ਪਵੇਗਾ।
ਆਪਣਾ ਵਿਹਾਰ ਬਦਲਣ ਲਈ ਦੂਜਿਆਂ ਨੂੰ ਧਿਆਨ ਨਾਲ ਸੁਣੋ, ਸੁਣਨ ਨਾਲ ਮਨੁੱਖ ਸਿਆਣਾ ਬਣਦਾ ਹੈ। ਪੜ੍ਹੋ, ਪੜ੍ਹਨ ਕਾਰਨ ਮਨੁੱਖ, ਸਭਨੀ ਥਾਈਂ ਪ੍ਰਵਾਨ ਚੜ੍ਹਦਾ ਹੈ। ਪੜ੍ਹਾਈ, ਅਮੀਰ ਦੀ ਸ਼ਾਨ, ਗਰੀਬ ਦੀ ਦੌਲਤ, ਜਵਾਨ ਦੀ ਤਾਕਤ, ਇਸਤਰੀ ਦੀ ਆਜ਼ਾਦੀ ਅਤੇ ਬੁਢਾਪੇ ਦੀ ਧਰਵਾਸ ਹੁੰਦੀ ਹੈ।
ਚੰਗਾ ਬੋਲੋ, ਚੰਗੇ ਬੋਲਾਂ ਨਾਲ ਦੂਜੇ ਸਾਡੀ ਤਾਕਤ ਬਣ ਜਾਂਦੇ ਹਨ। ਲਿਖੋ, ਲਿਖਣ ਨਾਲ ਸੁਣਿਆ, ਪੜ੍ਹਿਆ, ਸਮਝਿਆ, ਵੇਖਿਆ ਸਭ ਪੁਸ਼ਟ ਹੋ ਜਾਂਦਾ ਹੈ।
ਲਿਖਣ ਨਾਲ ਜ਼ਿੰਮੇਵਾਰੀ ਆਉਂਦੀ ਹੈ।
ਆਪਣੇ ਕੰਮ ਨੂੰ ਮਹੱਤਵਪੂਰਣ ਸਮਝਣ ਅਤੇ ਜ਼ਿੰਮੇਵਾਰੀ ਨਾਲ ਕਰਨ ਨਾਲ ਅਸੀਂ ਮਾਹਿਰ ਅਖਵਾਉਂਦੇ ਹਾਂ।
ਹਰ ਕੰਮ, ਹਰੇਕ ਦਾ ਕੰਮ, ਮਹੱਤਵਪੂਰਨ ਹੁੰਦਾ ਹੈ।
ਉਦਾਹਰਣ ਵਜੋਂ ਜੇ ਭਾਂਡੇ ਨਾ ਮਾਂਜੇ ਜਾਣ, ਕਪੜੇ ਨਾ ਧੋਤੇ ਜਾਣ ਜਾਂ ਸਫਾਈ ਨਾ ਕੀਤੀ ਜਾਵੇ ਤਾਂ ਘਰ ਵਿਚਲਾ ਹਰੇਕ ਜੀਅ ਬੀਮਾਰ ਪੈ ਜਾਵੇਗਾ।
ਦੂਜੇ ਲੋਕ ਉਤਨੇ ਹੀ ਸਿਆਣੇ ਹੋ ਜਾਂਦੇ ਹਨ, ਜਿਤਨਾ ਸਿਆਣਾ ਤੁਸੀਂ ਉਨ੍ਹਾਂ ਨੂੰ ਸਮਝਦੇ ਹੋ।
ਵਾਸਤਵ ਵਿਚ ਜਦੋਂ ਅਸੀਂ ਆਪ ਸਿਆਣੇ ਹੋ ਜਾਂਦੇ ਹਾਂ ਤਾਂ ਸਾਨੂੰ ਸਾਰਾ ਸੰਸਾਰ ਸਿਆਣਾ ਹੋ ਗਿਆ ਪ੍ਰਤੀਤ ਹੁੰਦਾ ਹੈ। ਜਦੋਂ ਮੈਂ ਪੰਦਰਾਂ ਸਾਲਾਂ ਦਾ ਸੀ ਤਾਂ ਮੈਨੂੰ ਆਪਣਾ ਪਿਤਾ ਬੜਾ ਅਗਿਆਨੀ ਅਤੇ ਪੱਛੜਿਆ ਹੋਇਆ ਲਗਦਾ ਸੀ। ਜਦੋਂ ਮੈਂ ਪੰਝੀ ਸਾਲਾਂ ਦਾ ਹੋਇਆ ਤਾਂ ਮੈਂ ਉਨ੍ਹਾਂ ਦੀ ਸਿਆਣਪ ਤੇ ਹੈਰਾਨ ਹੁੰਦਾ ਸੀ ਕਿ ਉਨ੍ਹਾਂ ਨੇ ਦਸਾਂ ਸਾਲਾਂ ਵਿਚ ਕਿਤਨਾ ਕੁਝ ਸਿਖ ਲਿਆ ਸੀ। ਉਸ ਉਪਰੰਤ ਸਾਰਾ ਜੀਵਨ ਮੇਰੀ ਇਹੀ ਇੱਛਾ ਰਹੀ ਹੈ ਕਿ ਆਪਣੇ ਪਿਤਾ ਦੇ ਮੁਕਾਬਲੇ ਜੇ ਮੈਂ ਅੱਧਾ ਵੀ ਸਿਆਣਾ ਹੋ ਜਾਵਾਂ ਤਾਂ ਮੈਂ ਆਪਣੇ ਆਪਣੇ ਧੰਨਭਾਗ ਸਮਝਾਂਗਾ।
ਗਿਆਨ ਪਹਾੜਾਂ ਵਾਂਗ ਹੁੰਦਾ ਹੈ, ਹਰ ਪਹਾੜ ਦੇ ਪਿਛੇ ਉਚੇਰੇ ਪਹਾੜ ਹੁੰਦੇ। ਹਨ । ਸਾਡੇ ਆਲੇ-ਦੁਆਲੇ ਵਿਸ਼ਾਲ ਧਰਤੀ ਹੈ, ਧਰਤੀ ਤੋਂ ਵਿਸ਼ਾਲ ਸਮੁੰਦਰ ਹੈ, ਸਮੁੰਦਰ ਤੋਂ ਵੀ ਵਿਸ਼ਾਲ ਅਸਮਾਨ ਹੈ, ਅਸਮਾਨ ਤੋਂ ਵੀ ਵਿਸ਼ਾਲ ਕਲਪਨਾ ਹੈ, ਕਲਪਨਾ ਤੋਂ ਵੀ ਵਿਸ਼ਾਲ ਪ੍ਰਮਾਤਮਾ ਹੈ। ਇਵੇਂ ਹਰ ਅਸੂਲ ਜਾਂ ਵਰਤਾਰਾ ਕਿਸੇ ਵਡੇਰੇ ਵਰਤਾਰੇ ਦਾ ਭਾਗ ਹੁੰਦਾ ਹੈ।
ਕੁਦਰਤ ਵਿਚ ਜਿਹੜੀ ਚੀਜ਼ ਨੇਮਾਂ ਦੀ ਉਲੰਘਣਾ ਕਰਦੀ ਹੈ ਉਹ ਨਸ਼ਟ ਹੋ ਜਾਂਦੀ ਹੈ। ਸਮਾਜ ਵਿਚ ਵੀ ਹਰ ਚੀਜ਼ ਅਸੂਲ ਜਾਂ ਅਨੁਪਾਤ ਵਿਚ ਹੀ ਠੀਕ ਲਗਦੀ ਹੈ। ਕੰਮ ਅਤੇ ਆਰਾਮ ਦਾ ਵੀ ਅਨੁਪਾਤ ਹੁੰਦਾ ਹੈ।
ਇਕ ਤੋਂ ਬਿਨਾ ਦੂਜਾ ਸਜ਼ਾ ਜਾਂ ਬੋਝ ਹੋ ਨਿਬੜਦਾ ਹੈ।
ਕੇਵਲ ਕੰਮ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ, ਕੇਵਲ ਆਰਾਮ, ਮਨੁੱਖ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ। ਕੰਮ ਅਤੇ ਆਰਾਮ ਵਿਚ, ਵਚਨ ਅਤੇ ਕਰਮ ਵਿਚ, ਸੰਤੁਲਨ ਦੀ ਲੋੜ ਪੈਂਦੀ ਹੈ। ਜ਼ਿੰਦਗੀ ਵਿਚ ਜਿਸ ਚੀਜ਼ ਦੀ ਘਾਟ ਹੁੰਦੀ ਹੈ, ਉਹੀ ਮੁਲਵਾਨ ਹੁੰਦੀ ਹੈ। ਅਮੀਰ ਕਹਿੰਦੇ ਹਨ ਸਭ ਤੋਂ ਮੁਲਵਾਨ ਚੀਜ਼ ਮਨ ਦੀ ਸ਼ਾਂਤੀ ਹੈ। ਜਦੋਂ ਕਿ ਗਰੀਬ ਕਹਿੰਦੇ ਹਨ ਕਿ ਸਭ ਤੋਂ ਮੁਲਵਾਨ ਚੀਜ਼ ਪੈਸਾ ਹੈ।
ਕੁਦਰਤ ਕਿਸੇ ਨੂੰ ਵੀ ਸਭ ਕੁਝ ਨਹੀਂ ਦਿੰਦੀ।
ਜੇ ਸੰਸਾਰ ਵਿਚ ਹਰ ਕਿਸੇ ਕੋਲ ਸਭ ਕੁਝ ਹੁੰਦਾ ਤਾਂ ਹਰੇਕ ਨੇ ਆਪਣਾ ਨਾਂ ਪ੍ਰਮਾਤਮਾ ਰਖ ਲੈਣਾ ਸੀ ।
ਵਿਹਾਰਕ ਪਖੋਂ ਅਸੀਂ ਜੀਵਨ ਵਿਚ ਇਸ ਲਈ ਪੱਛੜ ਜਾਂਦੇ ਹਾਂ, ਕਿਉਂਕਿ ਅਸੀਂ ਸਥਿਤੀ ਅਨੁਸਾਰ ਲੱਚਕਦਾਰ ਨਹੀਂ ਹੁੰਦੇ । ਕਈ ਵਾਰੀ ਆਪਣੇ ਆਪ ਨੂੰ ਧੋਖਾ ਦੇਣਾ ਪੈਂਦਾ ਹੈ ਅਤੇ ਕਈ ਵਾਰੀ ਪਾਗਲ ਹੋਣਾ ਹੀ ਸਿਆਣਪ ਹੁੰਦੀ ਹੈ।
ਸਾਰੀਆਂ ਚੀਜ਼ਾਂ ਇਕ-ਦੂਜੀ ਨਾਲ ਜੁੜੀਆਂ ਹੋਈਆਂ ਹਨ। ਜਿਵੇਂ ਸਿਆਣਪ ਅਤੇ ਪਾਗਲਪਣ ਦਾ ਬੜਾ ਡੂੰਘਾ ਸਬੰਧ ਹੈ । ਨਾਟਕ ਵਿਚ ਪਾਗਲ ਦਾ ਰੋਲ ਹਮੇਸ਼ਾ ਬੜੇ ਸਿਆਣੇ ਅਤੇ ਸੁਲਝੇ ਹੋਏ ਅਦਾਕਾਰ ਨੂੰ ਦਿਤਾ ਜਾਂਦਾ ਹੈ। ਇਵੇਂ ਹੀ ਸੱਚ ਅਤੇ ਝੂਠ ਦਾ ਸਬੰਧ ਹੈ। ਮਨੁੱਖ ਸੱਚ ਨੂੰ ਠੰਡਾ ਅਤੇ ਝੂਠ ਨੂੰ ਨਿਘਾ ਸਮਝਦਾ ਹੈ।
ਅਸੀਂ ਸੁਣਦੇ ਅਕਸਰ ਝੂਠ ਹਾਂ ਪਰ ਯਾਦ ਹਮੇਸ਼ਾ ਸੱਚ ਨੂੰ ਹੀ ਰਖਦੇ ਹਾਂ।
ਮਿਲਾਪ ਅਤੇ ਵਿਛੋੜਾ ਵੀ ਇਕ-ਦੂਜੇ ਵਿਚੋਂ ਉਪਜਦੇ ਹਨ। ਇੱਛਾ ਸੁਖ ਦੀ ਹੀ ਕੀਤੀ ਜਾਂਦੀ ਹੈ ਪਰ ਮਿਲਦੇ ਦੁੱਖ ਹਨ। ਦੁੱਖ ਵਾਸਤਵ ਵਿਚ ਜੀਵਨ ਜਿਊਣ ਦੀ ਕੀਮਤ ਹਨ ਅਤੇ ਇਹ ਕੀਮਤ ਦਿਤੇ ਬਿਨਾ ਜੀਵਨ ਮੁਲਵਾਨ ਨਹੀਂ ਬਣਦਾ।
ਔਖੇ ਕੰਮ ਹੀ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ।
ਸੰਸਾਰ ਨੂੰ ਉਨ੍ਹਾਂ ਵਿਚਾਰਾਂ ਨਾਲ ਹੀ ਲਾਭ ਹੋਇਆ ਹੈ, ਜਿਨ੍ਹਾਂ ਨੂੰ ਪ੍ਰਗਟਾਉਣ ਵਾਲਿਆਂ ਨੂੰ ਨੁਕਸਾਨ ਹੋਇਆ ਸੀ।
ਇਵੇਂ ਹੀ ਉਡੀਕ ਤੋਂ ਬਿਨਾ ਹੰਢਣਸਾਰ ਸਿੱਟੇ ਨਹੀਂ ਨਿਕਲਦੇ। ਜੀਵਨ ਵਿਚ ਕੁਝ ਵੀ ਅਚਾਨਕ ਨਹੀਂ ਵਾਪਰਦਾ । ਭੂਚਾਲ ਵੀ ਅਚਾਨਕ ਨਹੀਂ ਵਾਪਰਦੇ। ਭੂਚਾਲ ਵਾਸਤੇ ਧਰਤੀ ਹਜ਼ਾਰਾਂ ਸਾਲ ਤਿਆਰੀ ਕਰਦੀ ਰਹਿੰਦੀ ਹੈ।
ਜੀਵਨ ਦਾ ਵਿਹਾਰ ਦਸਦਾ ਹੈ ਕਿ ਹਰ ਵਰਤਾਰੇ ਪਿਛੇ ਲੰਮੀ ਉਡੀਕ ਹੁੰਦੀ ਹੈ। ਬੱਚੇ ਦੇ ਜਨਮ ਪਿਛੇ ਕਈ ਮਹੀਨਿਆਂ ਦੀ ਉਡੀਕ ਹੁੰਦੀ ਹੈ। ਪ੍ਰੀਖਿਆ ਦਾ ਨਤੀਜਾ ਉਡੀਕਣਾ ਪੈਂਦਾ ਹੈ। ਪਿਆਰ ਵੀ ਅਚਾਨਕ ਨਹੀਂ ਵਾਪਰਦਾ, ਇਸ ਪਿਛੇ ਵੀ ਜਵਾਨੀ ਤਕ ਦੀ ਉਡੀਕ ਹੁੰਦੀ ਹੈ। ਉਡੀਕ ਪਿਆਰ ਅਤੇ ਗਿਆਨ ਦੀ ਬੁਨਿਆਦੀ ਸ਼ਰਤ ਹੈ। ਰਾਤੋ-ਰਾਤ ਪ੍ਰਸਿੱਧ ਹੋਣ ਵਾਸਤੇ ਚਾਰ ਦਹਾਕਿਆਂ ਦੀ ਮਿਹਨਤ ਅਤੇ ਚਾਲ੍ਹੀ ਸਾਲ ਦੀ ਉਡੀਕ ਕਰਨੀ ਪਵੇਗੀ । ਜਿਨ੍ਹਾਂ ਨੂੰ ਸਵੇਰੇ ਵਧਾਈਆਂ ਮਿਲਦੀਆਂ ਹਨ, ਉਹ ਰਾਤੀਂ ਸੁਤੇ ਹੀ ਨਹੀਂ ਹੁੰਦੇ।
ਅੱਧੀਆਂ ਕੁਰਬਾਨੀਆਂ, ਸੰਪੂਰਣ ਜਿੱਤਾਂ ਨਹੀਂ ਸਿਰਜ ਸਕਦੀਆਂ।
ਖੁਸ਼ੀ, ਮਨ ਦੀ ਸ਼ਾਂਤੀ ਅਤੇ ਸੁਤੰਤਰਤਾ ਦੂਜਿਆਂ ਨੂੰ ਦੇ ਕੇ ਹੀ ਆਪਣੇ ਲਈ ਪ੍ਰਾਪਤ ਹੁੰਦੀਆਂ ਹਨ।
ਇਹ ਯਾਦ ਰਖਣ ਦੀ ਲੋੜ ਹੈ ਕਿ ਦੂਜੇ ਲੋਕ ਵਧੀਕੀਆਂ ਨਹੀਂ ਕਰਦੇ, ਜ਼ਿੰਦਗੀ ਵਿਚ ਹੀ ਵਧੀਕੀਆਂ ਹਨ।
ਅਸੀਂ ਵੀ ਦੂਜਿਆਂ ਨਾਲ ਵਧੀਕੀਆਂ ਕਰਦੇ ਹਾਂ। ਸਬਕ ਸਿਖਾਉਣ ਦੀ ਇੱਛਾ ਜਾਂ ਬਦਲਾ ਲੈਣ ਦੀ ਭਾਵਨਾ ਵਧੀਕੀਆਂ ਹਨ। ਜਿਨ੍ਹਾਂ ਨੂੰ ਆਪਣੇ ਵਕਤ ਦੀ ਕਦਰ ਹੁੰਦੀ ਹੈ, ਉਹ ਬਦਲਾ ਨਹੀਂ ਲੈਂਦੇ ਅਤੇ ਮੁਆਫ ਕਰਕੇ ਉਹ ਭੈੜੀ ਸਥਿਤੀ ਵਿਚ ਪੈਣ ਤੋਂ ਇਨਕਾਰ ਕਰਦੇ ਹਨ। ਵਿਰੋਧੀ ਦੇ ਔਗੁਣਾਂ ਦੇ ਨਾਲ ਨਾਲ ਗੁਣ ਵੀ ਵੇਖੇ ਜਾਣ ਤਾਂ ਵਿਰੋਧ ਕਰਨ ਦੀ ਲੋੜ ਹੀ ਨਹੀਂ ਪੈਂਦੀ।
ਹਰੇਕ ਵਿਅਕਤੀ ਆਪਣੇ ਪਰਿਵਾਰ ਦਾ ਪ੍ਰਤੀਨਿਧ ਹੁੰਦਾ ਹੈ ਸੋ ਵਿਅਕਤੀ ਨੂੰ ਸਮਝਣ ਲਈ, ਪਰਿਵਾਰ ਨੂੰ ਸਮਝੋ। ਰਿਸ਼ਤਾ ਕਰਨ ਵੇਲੇ ਪਰਿਵਾਰ ਨੂੰ ਸਮਝਣ ਦਾ ਉਪਰਾਲਾ ਕੀਤਾ ਜਾਂਦਾ ਹੈ।
ਵੇਖਿਆ ਗਿਆ ਹੈ ਕਿ ਇਕੱਲਿਆਂ ਖਾਧੀ ਜਾਣ ਵਾਲੀ ਖੁਰਾਕ ਭਾਵੇਂ ਕਿਤਨੀ ਵੀ ਪੌਸ਼ਟਿਕ ਹੋਵੇ, ਇਸਦੇ ਮੁਕਾਬਲੇ ਰਲ ਕੇ ਖਾਧੀ ਜਾਣ ਵਾਲੀ ਖੁਰਾਕ ਪ੍ਰੇਮ, ਦਇਆ ਅਤੇ ਵੰਡਣ ਦੀ ਉਦਾਰਤਾ ਰਲੀ ਹੋਣ ਕਰਕੇ, ਵਧੇਰੇ ਗੁਣਕਾਰੀ ਹੁੰਦੀ ਹੈ।
ਰਲ ਕੇ ਕੀਤੇ ਪ੍ਰੀਤੀ ਭੋਜਾਂ ਨਾਲ ਜਾਂ ਪੰਗਤ ਵਿਚ ਬਹਿ ਕੇ ਛਕੇ ਲੰਗਰ ਨਾਲ, ਸਰੀਰ ਦੇ ਬਰਤਨ ਸਵੱਛ ਹੋ ਜਾਂਦੇ ਹਨ, ਕਿਉਂਕਿ ਇਨ੍ਹਾਂ ਨੂੰ ਵਰਤਾਉਣ ਵਿਚ ਮਰਯਾਦਾ ਅਤੇ ਖਾਣ ਦੇ ਭਾਵ ਵਿਚ ਪਵਿਤਰਤਾ ਹੁੰਦੀ ਹੈ।
ਜਿਨ੍ਹਾਂ ਘਰਾਂ ਵਿਚ ਸਾਰੇ ਰਲ ਕੇ ਭੋਜਨ ਖਾਂਦੇ ਹਨ, ਉਥੇ ਸਾਰਿਆਂ ਦੀ ਸਿਹਤ ਠੀਕ ਰਹਿੰਦੀ ਹੈ। ਇਵੇਂ ਹੀ ਇਕੱਠੇ ਕੀਰਤਨ ਕਰਦਿਆਂ ਜਾਂ ਭਜਨ ਗਾਉਂਦਿਆਂ, ਅਸੀਂ ਲਾਲਚ, ਸਵਾਰਥ ਅਤੇ ਮੰਦਭਾਵਨਾ ਅਤੇ ਭੈੜੇ ਵਿਚਾਰਾਂ ਤੋਂ ਮੁਕਤ ਹੋ ਜਾਂਦੇ ਹਾਂ । ਇਸ ਭਾਵਨਾ ਵਿਚੋਂ ਹੀ ਸਬਰ, ਸੰਤੋਖ ਅਤੇ ਆਨੰਦ ਮਿਲਦਾ ਹੈ। ਸਕੂਲਾਂ ਵਿਚ ਸਵੇਰ ਦੀ ਪ੍ਰਾਰਥਨਾ ਦਾ ਵੀ ਇਹੀ ਉਦੇਸ਼ ਹੁੰਦਾ ਹੈ। ਰਲ ਕੇ ਕੀਤੇ ਕਾਰਜ ਅਤੇ ਜੀਵਿਆ ਜੀਵਨ ਸਾਨੂੰ ਦੂਜਿਆਂ ਦਾ ਧਿਆਨ ਰਖਣ ਦੀ ਜਾਚ ਸਿਖਾਉਂਦਾ ਹੈ। ਇਵੇਂ ਵਿਰੋਧ ਮੁੱਕਦੇ ਹਨ ਅਤੇ ਸਦਭਾਵਨਾ ਉਪਜਦੀ ਹੈ।
ਆਮ ਤੌਰ ਤੇ ਵੇਖਣ ਵਿਚ ਆਇਆ ਹੈ ਕਿ ਜਦੋਂ ਪਤੀ, ਪਤਨੀ ਇਕ-ਦੂਜੇ ਨੂੰ ਧਿਆਨ ਨਾਲ ਨਹੀਂ ਸੁਣਦੇ ਜਾਂ ਉਹ ਇਕ-ਦੂਜੇ ਦੇ ਗੁਣ ਅਣਗੌਲੇ ਕਰ ਦਿੰਦੇ ਹਨ ਤਾਂ ਨਾਜਾਇਜ਼ ਰਿਸ਼ਤਿਆਂ ਦਾ ਰਾਹ ਖੁਲ੍ਹ ਜਾਂਦਾ ਹੈ ।
ਹਰ ਝਗੜੇ ਦੀ ਬੁਨਿਆਦ ਵਿਚ ਜਾਂ ਸੁਆਰਥ ਹੁੰਦਾ ਹੈ ਜਾਂ ਹਉਮੈ।
ਜਿਹੜੇ ਕੇਵਲ ਆਪਣੇ ਵਿਚਾਰਾਂ ਨੂੰ ਸਹੀ ਸਮਝਦੇ ਹਨ, ਉਨ੍ਹਾਂ ਦੀ ਕਿਸੇ ਵੀ ਸਮੱਸਿਆ ਨੂੰ ਹਲ ਕਰਨ ਵਿਚ ਦਿਲਚਸਪੀ ਨਹੀਂ ਹੁੰਦੀ। ਆਪਣੇ ਆਪ ਨੂੰ ਹੀ ਸਿਆਣਾ ਸਮਝਣਾ, ਮੂਰਖਤਾ ਹੈ। ਸਿਆਣਪ ਸਦੀਵੀ ਹੁੰਦੀ ਹੈ ਜਦੋਂ ਕਿ ਮੂਰਖਤਾ ਸਮਕਾਲੀ ਹੁੰਦੀ ਹੈ। ਇਵੇਂ ਹੀ ਪਰੰਪਰਾ ਨੂੰ ਰੱਦ ਕਰਨਾ ਸਿਆਣਪ ਨਹੀਂ ਹੁੰਦੀ। ਪਰੰਪਰਾ ਵਿਚੋਂ ਅਸੀਂ ਸਭ ਤੋਂ ਉਤਮ ਅਤੇ ਵਰਤਮਾਨ ਵਿਚੋਂ ਅਸੀਂ ਸਭ ਤੋਂ ਢੁਕਵੇਂ ਦੀ ਚੋਣ ਕਰਦੇ ਹਾਂ। ਸੋ ਇਨ੍ਹਾਂ ਦੋਹਾਂ ਦਾ ਮਹੱਤਵ ਹੈ। ਹਰ ਵਕਤ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਹਰ ਵਿਅਕਤੀ ਮਹੱਤਵਪੂਰਨ ਹੁੰਦਾ ਹੈ।
ਵਕਤ ਦੇ ਬਦਲਣ ਨਾਲ ਚੀਜ਼ਾਂ, ਰਿਸ਼ਤਿਆਂ ਅਤੇ ਵਿਹਾਰ ਦੇ ਅਰਥ ਬਦਲ ਜਾਂਦੇ ਹਨ। ਤਾਰੇ ਵਿਛੋੜੇ ਦੀ ਰਾਤ ਵਿਚ ਹੀ ਗਿਣੇ ਜਾਂਦੇ ਹਨ, ਜਦੋਂ ਕਿ ਮਿਲਾਪ ਦੀ ਰਾਤ ਵਿਚ ਕੋਈ ਚੰਨ ਨੂੰ ਵੀ ਨਹੀਂ ਵੇਖਦਾ। ਕਿਸੇ ਵੀ ਵਿਚਾਰ ਜਾਂ ਸਿਧਾਂਤ ਦੇ ਮਹੱਤਵਪੂਰਨ ਜਾਂ ਨਿਗੁਣੇ ਹੋਣ ਦਾ ਨਿਰਣਾ ਵਕਤ ਕਰਦਾ ਹੈ।
ਕਿਸੇ ਨੂੰ ਮਿਲਣ ਵੇਲੇ ਅਸੀਂ ਮੌਲਿਕ ਹੁੰਦੇ ਹਾਂ ਪਰ ਵਕਤ ਦੇ ਬੀਤਣ ਨਾਲ ਅਸੀਂ ਕਿਸੇ ਦੀ ਨਕਲ ਬਣ ਜਾਂਦੇ ਹਾਂ। ਇਵੇਂ ਹੀ ਹਰ ਉਮਰ ਦੀਆਂ ਆਪਣੀਆਂ ਦਿਲਚਸਪੀਆਂ ਹੁੰਦੀਆਂ ਹਨ, ਜਿਵੇਂ ਮੱਧ ਉਮਰ ਵਿਚ ਸਾਡੀ ਦਿਲਚਸਪੀ ਗੈਰ- ਕਾਨੂੰਨੀ, ਅਨੈਤਿਕ ਕਾਰਜਾਂ ਅਤੇ ਮੋਟੀਆਂ ਕਰਨ ਵਾਲੀਆਂ ਖੁਰਾਕਾਂ ਵਿਚ ਵੱਧ ਜਾਂਦੀ ਹੈ। ਮਨੁੱਖ ਜੋ ਕਰਦਾ ਹੈ ਅਤੇ ਜੋ ਖਾਂਦਾ ਹੈ, ਉਹੋ ਜਿਹਾ ਹੋ ਜਾਂਦਾ ਹੈ। ਮੇਰੇ ਇਕ ਮਿੱਤਰ ਹਨ ਉਹ ਸੂਰ ਦਾ ਮਾਸ ਸੂਰ ਵਾਂਗ ਖਾਂਦੇ ਹਨ, ਉਨ੍ਹਾਂ ਨੂੰ ਨਾ ਜਾਣਨ ਵਾਲੇ ਵੀ ਉਨ੍ਹਾਂ ਨੂੰ ਸੂਰ ਕਹਿ ਕੇ ਬੁਲਾਉਂਦੇ ਹਨ। ਫੋਟੋ ਉਹ ਆਪਣੀ ਖਿਚਵਾਉਂਦੇ ਹਨ ਪਰ ਖਿਚੀ ਸੂਰ ਦੀ ਜਾਂਦੀ ਹੈ।
ਸੁਚੇਤ ਰਹਿਣ ਦੀ ਲੋੜ ਹੈ ਕਿ ਜਿਹੜਾ ਤੁਹਾਨੂੰ ਬੇਲੋੜਾ ਵਡਿਆਉਂਦਾ ਹੈ, ਉਹ ਜਾਂ ਧੋਖਾ ਦੇ ਰਿਹਾ ਹੈ ਜਾਂ ਦੇਵੇਗਾ।
ਇਵੇਂ ਹੀ ਜਿਥੇ ਵੀ ਤਿੰਨ ਵਿਅਕਤੀ ਰਲ ਕੇ ਸ਼ਰਾਬ ਪੀਂਦੇ ਹਨ, ਜੂਆ ਖੇਡਦੇ ਹਨ ਜਾਂ ਵਪਾਰ ਕਰਦੇ ਹਨ, ਉਨ੍ਹਾਂ ਵਿਚੋਂ ਇਕ ਅਜਿਹਾ ਹੋਵੇਗਾ ਜਿਹੜਾ ਦੋਹਾਂ ਨੂੰ ਵਰਤੇਗਾ। ਇਕ ਦੁਕਾਨਦਾਰ ਹੈ, ਬਾਕੀ ਦੋ ਉਸ ਦੇ ਗਾਹਕ ਹਨ।
ਮਿਲਣ ਵੇਲੇ, ਰਿਸ਼ਤਾ ਕਰਨ ਵੇਲੇ, ਅਜਨਬੀ ਚੰਗਾ ਵਿਹਾਰ ਕਰਦੇ ਹਨ। ਉਨ੍ਹਾਂ ਦਾ ਮਾੜਾ ਵਿਹਾਰ ਉਨ੍ਹਾਂ ਦੇ ਚੰਗੇ ਵਿਹਾਰ ਪਿਛੇ ਛੁਪਿਆ ਹੁੰਦਾ ਹੈ।
ਇਵੇਂ ਹੀ ਜਿਹੜੇ ਨਸ਼ੇ ਕਰਦੇ ਹਨ, ਉਹ ਹੁਣ ਭਾਵੇਂ ਸੁਖ ਮਾਣਨ ਪਰ ਉਨ੍ਹਾਂ ਦੇ ਅਜੋਕੇ ਸੁਖਾਂ ਦੇ ਪਿਛੇ ਉਨ੍ਹਾਂ ਦੇ ਭਵਿੱਖੀ ਦੁੱਖ ਛੁਪੇ ਹੋਏ ਹੁੰਦੇ ਹਨ।
ਜੇ ਰਿਸ਼ਤਾ ਕਰਨ ਉਪਰੰਤ ਥੋੜ੍ਹੇ ਅਰਸੇ ਵਿਚ ਹੀ ਵਿਆਹ ਹੋ ਜਾਵੇ, ਤਾਂ ਹੋ ਜਾਵੇ, ਨਹੀਂ ਤਾਂ ਰਿਸ਼ਤਾ ਟੁੱਟਣ ਦੇ ਰਾਹ ਪੈ ਜਾਂਦਾ ਹੈ। ਕਾਰਨ ਇਹ ਹੈ ਕਿ ਰਿਸ਼ਤਾ ਕਰਨ ਵੇਲੇ ਦੋਵੇਂ ਧਿਰਾਂ ਆਪਣੇ ਕਮਜ਼ੋਰ ਅਤੇ ਮਾੜੇ ਪੱਖ ਛੁਪਾ ਕੇ ਕੇਵਲ ਚੰਗੇ ਪੱਖਾਂ ਦੀ ਨੁਮਾਇਸ਼ ਲਾਉਂਦੀਆਂ ਹਨ ਪਰ ਜੇ ਵਿਆਹ ਹੋਣ ਵਿਚ ਵਕਫ਼ਾ ਹੋਵੇ ਤਾਂ ਭੈੜੇ ਪੱਖ ਹੌਲੀ ਹੌਲੀ ਉਘੜਨ ਲਗ ਪੈਂਦੇ ਹਨ, ਜਿਵੇਂ ਪਤਾ ਲਗਦਾ ਹੈ ਕਿ ਲੜਕੇ ਦਾ ਚਾਚਾ ਕਤਲ ਕਰਨ ਕਰਕੇ ਉਮਰ ਕੈਦ ਭੁਗਤ ਰਿਹਾ ਹੈ ਅਤੇ ਪਿਤਾ ਦਾ ਆਪਣੇ ਭਰਾ ਨਾਲ ਜਾਇਦਾਦ ਦਾ ਮੁਕੱਦਮਾ ਚਲ ਰਿਹਾ ਹੈ ਜਾਂ ਲੜਕੀ ਦਾ ਭਰਾ ਨਸ਼ੇ ਕਰਦਾ ਹੈ ਜਾਂ ਲੜਕੀ ਨੂੰ ਦੌਰੇ ਪੈਂਦੇ ਹਨ।
ਤੁਸੀਂ ਜਿਤਨਾ ਮਰਜ਼ੀ ਦੇਵੋ, ਕੋਈ ਨਾ ਕੋਈ ਹੋਵੇਗਾ ਜਿਹੜਾ ਕਹੇਗਾ ਮੈਨੂੰ ਕੁਝ ਨਹੀਂ ਮਿਲਿਆ। ਜਿਥੇ ਪੰਦਰਾਂ-ਵੀਹ ਵਿਅਕਤੀ ਹੁੰਦੇ ਹਨ, ਉਥੇ ਮਨੁੱਖੀ ਵਿਹਾਰ ਦੀ ਹਰੇਕ ਵੰਨਗੀ ਮਿਲ ਜਾਂਦੀ ਹੈ।
ਮਨੁੱਖੀ ਵਿਹਾਰ ਦੇ ਕੁਝ ਪੱਖਾਂ ਬਾਰੇ ਹਰੇਕ ਸਮਾਜ ਵਿਚ ਤੱਤ ਕਢੇ ਗਏ ਹਨ।
ਉਦਾਹਰਣ ਵਜੋਂ ਦੋਸਤ ਨੂੰ ਕਦੀ ਨੌਕਰ ਨਹੀਂ ਰਖਣਾ ਚਾਹੀਦਾ ਅਤੇ ਦੋਸਤ ਦਾ ਕਦੀ ਨੌਕਰ ਨਹੀਂ ਬਣਨਾ ਚਾਹੀਦਾ। ਇਹ ਰਿਸ਼ਤੇ ਨਿਭ ਹੀ ਨਹੀਂ ਸਕਦੇ । ਇਵੇਂ ਹੀ ਸਾਲੇ ਨਾਲ ਭਾਈਵਾਲੀ ਅਤੇ ਸਹੁਰੇ ਨਾਲ ਵਪਾਰ ਕਦੇ ਲਾਭਕਾਰੀ ਨਹੀਂ ਹੁੰਦਾ। ਇਹ ਢੰਗ ਲੱਖਾਂ ਲੋਕਾਂ ਨੇ ਵਰਤ ਕੇ ਹੀ ਸਿੱਟੇ ਕੱਢੇ ਹੋਏ ਹਨ।
ਸਾਰੇ ਅਖਾਣ-ਮੁਹਾਵਰੇ ਅਜਿਹੇ ਸਿੱਟਿਆਂ ਉਤੇ ਹੀ ਉਸਰੇ ਹੋਏ ਹਨ।
ਜੀਵਨ ਦਾ ਵਿਹਾਰ ਦਸਦਾ ਹੈ ਕਿ ਤੁਸੀਂ ਜੋ ਸੋਚੋਗੇ, ਉਹੋ ਜਿਹੇ ਹੋ ਨਿਬੜੋਗੇ, ਜੇ ਆਪਣੇ ਆਪ ਨੂੰ ਨਿਤਾਣਾ ਸਮਝੋਗੇ, ਨਿਤਾਣੇ ਹੀ ਰਹੋਗੇ, ਜੇ ਸ਼ਕਤੀਸ਼ਾਲੀ ਸਮਝੋਗੇ, ਸਰੀਰ ਅਤੇ ਸੋਚ ਵਿਚੋਂ ਸ਼ਕਤੀ ਹੀ ਉਪਜੇਗੀ। ਜੇ ਤੁਸੀਂ ਉਹੀ ਕੁਝ ਕਰੋਗੇ ਜੋ ਪਹਿਲਾਂ ਕਰਦੇ ਰਹੇ ਹੋ ਤਾਂ ਤੁਹਾਨੂੰ ਉਹੀ ਕੁਝ ਮਿਲੇਗਾ ਜੋ ਪਹਿਲਾਂ ਹੀ ਤੁਹਾਡੇ ਕੋਲ ਹੈ। ਕੁਝ ਨਵਾਂ ਸਿਰਜਣ ਵਾਸਤੇ ਕੁਝ ਨਵਾਂ ਕਰਨਾ ਪਵੇਗਾ ਜਾਂ ਜੋ ਕਰਦੇ ਹੋ ਉਸ ਨੂੰ ਨਵੇਂ ਢੰਗ ਨਾਲ ਕਰਨਾ ਪਵੇਗਾ। ਜੇ ਕੰਮ ਕਰਨ ਦੇ ਢੰਗ ਵਿਚ ਦ੍ਰਿੜ੍ਹਤਾ ਆ ਜਾਵੇ ਤਾਂ ਸਾਡਾ ਕਾਇਆ-ਕਲਪ ਹੋਣ ਲਗ ਪੈਂਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਸਵੇਰੇ ਉਠਣਾ ਹੈ, ਉਠੋ, ਉਠ ਕੇ ਆਪਣੇ ਆਪ ਨੂੰ ਸ਼ਾਬਾਸ਼ ਦਿਓ। ਕੰਮ ਨਿਪਟਾਉਣਾ ਹੈ, ਨਿਪਟਾਓ, ਪ੍ਰਸੰਨਤਾ ਮਿਲੇਗੀ, ਸਵੈ-ਮਾਣ ਵਧੇਗਾ। ਬੀਮਾਰ ਹੋ, ਹਿੰਮਤ ਕਰਕੇ ਠੀਕ ਹੋਵੋ, ਸਾਰਾ ਸੰਸਾਰ ਸਹਿਯੋਗੀ ਪ੍ਰਤੀਤ ਹੋਵੇਗਾ। ਖਾਣ ਵਿਚ ਸੰਜਮ ਕਰਨਾ ਹੈ, ਕਰੋ, ਆਤਮ-ਵਿਸ਼ਵਾਸ ਵਧੇਗਾ। ਮੇਰੇ ਇਕ ਜਾਣੂ ਹਨ, ਉਹ ਦਸ ਰਹੇ ਸਨ : ਮੈਂ ਪ੍ਰਣ ਕੀਤਾ ਹੋਇਆ ਹੈ ਕਿ ਜਿਸ ਦਿਨ ਸੈਰ ਕਰਨ ਨਹੀਂ ਜਾਵਾਂਗਾ। ਉਸ ਦਿਨ ਨਾਸ਼ਤਾ ਨਹੀਂ ਕਰਾਂਗਾ। ਉਹ ਹਰ ਰੋਜ਼ ਨਾਸ਼ਤਾ ਕਰਦੇ ਹਨ।
ਗਰੀਬੀ ਨੂੰ ਖੁਸ਼ਹਾਲੀ ਵਿਚ ਪਲਟਾਉਣਾ ਸਾਡੇ ਹੱਥ ਵਿਚ ਹੈ। ਚੰਗੇ ਕੰਮ ਕਰਨੇ ਸਾਡੀ ਯੋਗਤਾ ਵਿਚ ਸਨ । ਆਸ਼ਾਵਾਦੀ ਹੋਣਾ ਸਾਡੇ ਉਤੇ ਨਿਰਭਰ ਕਰਦਾ ਹੈ। ਆਪਣੇ ਵਿਹਾਰ ਨੂੰ ਉਸਾਰੂ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ।
ਮਨੁੱਖੀ ਵਿਹਾਰ ਦੀਆਂ ਕੁਝ ਗੱਲਾਂ ਸਦੀਵੀ ਹਨ ਜਿਵੇਂ ਪਿਆਰ ਕਰਨਾ ਮਨੁੱਖ ਨੂੰ ਚੰਗਾ ਲਗਦਾ ਹੈ, ਨਫਰਤਾਂ ਦੇ ਵਾਤਾਵਰਣ ਵਿਚ ਵੀ ਮਨੁੱਖ ਪਿਆਰ ਕਰਦਾ ਰਹੇਗਾ। ਪ੍ਰਸੰਨ ਹੋਣਾ, ਮਨੁੱਖ ਦਾ ਉਦੇਸ਼ ਹੈ, ਭਾਵੇਂ ਮਨੁੱਖ ਉਦਾਸ ਹੋਵੇ ਪਰ ਉਦਾਸ ਹੋਣਾ ਉਸ ਦਾ ਕਦੇ ਵੀ ਉਦੇਸ਼ ਨਹੀਂ ਬਣੇਗਾ। ਸੁਪਨੇ ਵੇਖਣਾ, ਕਲਪਨਾ ਕਰਨੀ, ਮਨੁੱਖ ਦੀ ਆਦਤ ਹੈ, ਸੋ ਨਵੀਆਂ ਕਾਢਾਂ ਨਿਕਲਦੀਆਂ ਰਹਿਣਗੀਆਂ, ਪਰਿਵਰਤਨ ਵਾਪਰਦੇ ਰਹਿਣਗੇ । ਆਸਵੰਦ ਹੋਣਾ ਜੀਵਨ ਦੀ ਬੁਨਿਆਦ ਹੈ, ਮਨੁੱਖ ਆਸਵੰਦ ਹੋਣ ਕਰਕੇ ਅੱਗੇ ਹੀ ਜਾਵੇਗਾ।
ਨਿਰਸੰਦੇਹ ਕਈ ਲੋਕ ਖਤਰੇ ਦੇ ਨਿਸ਼ਾਨ ਵਰਗੇ ਹੁੰਦੇ ਹਨ ਜਿਹੜੇ ਕੇਵਲ ਚਿਤਾਵਨੀਆਂ ਹੀ ਦਿੰਦੇ ਹਨ।
ਜਦੋਂ ਅਮਰੀਕਾ ਵਿਚ ਗੁਲਾਮੀ ਖ਼ਤਮ ਕੀਤੀ ਗਈ ਸੀ ਤਾਂ ਮਾਲਕਾਂ ਨੇ ਕਿਹਾ ਸੀ ਕਿ ਅਜਿਹਾ ਕਰਨ ਨਾਲ ਖੇਤੀ ਤਬਾਹ ਹੋ ਜਾਵੇਗੀ ਪਰ ਨਹੀਂ ਹੋਈ।
ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਕਿਹਾ ਗਿਆ ਸੀ, ਦੇਸ਼ ਨਿਘਰ ਜਾਵੇਗਾ ਪਰ ਨਹੀਂ ਨਿਘਰਿਆ।
ਜਦੋਂ ਇਸਤਰੀਆਂ, ਪੁਰਸ਼ਾਂ ਵਾਂਗ ਕੰਮ ਕਰਨ ਲਗੀਆਂ ਸਨ ਤਾਂ ਕਿਹਾ ਗਿਆ ਸੀ ਕਿ ਬੱਚੇ ਰੁਲ ਜਾਣਗੇ, ਨਹੀਂ ਰੁਲੇ।
ਧਰਮ ਅਤੇ ਵਿਗਿਆਨ ਦੋਹਾਂ ਦਾ ਸਬੰਧ ਮਨੁੱਖ ਦੇ ਭਵਿੱਖ ਨਾਲ ਹੈ, ਦੋਹਾਂ ਦਾ ਉਦੇਸ਼ ਮਨੁੱਖੀ ਜੀਵਨ ਨੂੰ ਸੁਧਾਰਨਾ-ਸੰਵਾਰਨਾ ਹੈ।
ਜੇ ਭਵਿੱਖ ਧੁੰਦਲਾ ਲਗਦਾ ਹੈ ਤਾਂ ਇਹ ਸਾਡੀ ਕਲਪਨਾ ਦੀ ਗਰੀਬੀ ਕਾਰਨ ਹੈ। ਜੀਵਨ ਦਾ ਵਿਹਾਰਕ ਪੱਖ ਦਸਦਾ ਹੈ ਕਿ ਜਿਹੋ ਜਿਹਾ ਅਸੀਂ ਸੋਚਾਂਗੇ, ਉਹੋ ਜਿਹੇ ਅਸੀਂ ਬਣ ਜਾਵਾਂਗੇ ।
ਜਿਹੋ ਜਿਹੇ ਅਸੀਂ ਹੋਵਾਂਗੇ, ਉਹੋ ਜਿਹਾ ਸਾਡਾ ਸੰਸਾਰ ਹੋਵੇਗਾ।
ਜਗਤ ਮੇਲੇ ਨੂੰ ਬੇਦਾਵਾ
ਅਸੀਂ ਸਾਰਿਆਂ ਨੇ ਪਾਗਲ ਹੋਣਾ ਹੈ। ਕੁਝ ਹੋ ਗਏ ਹਾਂ, ਬਾਕੀ ਹੋਣ ਦੀ ਤਿਆਰੀ ਕਰ ਰਹੇ ਹਾਂ।
ਪਾਗਲ ਵਿਅਕਤੀ ਮਨੁੱਖ ਹੋਣ ਦੇ ਦਰਦ ਤੋਂ ਬਚ ਜਾਂਦਾ ਹੈ।
ਇਕੱਲਤਾ ਦੇ ਰੋਗ ਦੀ ਸਭ ਤੋਂ ਨਿਘਰੀ ਹੋਈ ਹਾਲਤ ਨੂੰ ਪਾਗਲਪਣ ਕਹਿੰਦੇ ਹਨ। ਕਿਸੇ ਨਾਲ ਮਿਲ ਕੇ ਰਹਿਣਾ ਅਸੰਭਵ ਹੁੰਦਾ ਜਾ ਰਿਹਾ ਹੈ। ਇਸ ਕਾਰਨ ਹਰ ਕਿਸੇ ਦੀ ਸ਼ਿਕਾਇਤ ਹੈ ਕਿ ਦੂਜੇ ਉਸ ਨੂੰ ਤੰਗ ਕਰ ਰਹੇ ਹਨ।
ਕੋਈ ਵੀ ਇਕ ਪਾਗਲ ਕਿਸੇ ਹੋਰ ਪਾਗਲ ਵਰਗਾ ਨਹੀਂ ਹੁੰਦਾ। ਪਾਗਲਾਂ ਦੀਆਂ ਜਥੇਬੰਦੀਆਂ ਸੰਭਵ ਨਹੀਂ, ਨਾ ਹੀ ਪਾਗਲਾਂ ਦੇ ਗ੍ਰੰਥ ਹੁੰਦੇ ਹਨ।
ਪਾਗਲ ਕਿਸੇ ਪਾਗਲ ਨਾਲ ਵੀ ਕਿਸੇ ਪ੍ਰਕਾਰ ਦਾ ਸੰਚਾਰ ਜਾਂ ਲੈਣ-ਦੇਣ ਨਹੀਂ ਕਰ ਸਕਦਾ।
ਸਰੀਰ ਦਾ ਕੋਈ ਅੰਗ ਖ਼ਰਾਬ ਹੋ ਜਾਵੇ, ਗੁਜ਼ਾਰਾ ਹੋ ਜਾਂਦਾ ਹੈ ਪਰ ਜਦੋਂ ਦਿਮਾਗ ਹੀ ਵਿਗੜ ਜਾਵੇ ਤਾਂ ਕੁਝ ਵੀ ਠੀਕ ਨਹੀਂ ਰਹਿੰਦਾ। ਕਿਸੇ ਸਮਾਜ ਦੀ ਖੁਸ਼ਹਾਲੀ ਜਾਂ ਮੰਦਹਾਲੀ ਦਾ ਅਨੁਮਾਨ ਉਸ ਸਮਾਜ ਦੇ ਆਪਣੇ ਪਾਗਲਾਂ ਪ੍ਰਤੀ ਵਿਹਾਰ ਤੋਂ ਸਹਿਜੇ ਹੀ ਲਇਆ ਜਾ ਸਕਦਾ ਹੈ। ਪਾਗਲਾਂ ਦਾ ਚੰਗਾ ਧਿਆਨ ਤਾਂ ਹੀ ਰਖਿਆ ਜਾ ਸਕਦਾ ਹੈ, ਜੇ ਕੋਈ ਕੋਈ ਪਾਗਲ ਹੋਵੇ ਪਰ ਅਜੋਕੇ ਮਨੁੱਖ ਨੇ ਪਾਗਲ ਹੋਣ ਅਤੇ ਦੂਜਿਆਂ ਨੂੰ ਪਾਗਲ ਕਰਨ ਦੇ ਅਥਾਹ ਮੌਕੇ ਅਤੇ ਹਾਲਤਾਂ ਉਪਜਾ ਲਈਆਂ ਹਨ ਸੋ ਪਾਗਲਖਾਨਿਆਂ ਜਾਂ ਮਾਨਸਿਕ ਹਸਪਤਾਲਾਂ ਵਿਚ ਸਮਰਥਾ ਨਾ ਹੋਣ ਕਾਰਨ, ਪਾਗਲਾਂ ਦੀ ਸਾਂਭ-ਸੰਭਾਲ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਕੋਈ ਪਰਿਵਾਰ ਆਪਣੇ ਸਾਰੇ ਵਸੀਲੇ ਜੁਟਾ ਕੇ ਇਕ ਪਾਗਲ ਦਾ ਵੀ ਪੂਰਾ ਧਿਆਨ ਨਹੀਂ ਰਖ ਸਕਦਾ।
ਵੱਡੇ ਸ਼ਹਿਰਾਂ ਵਿਚ ਲੱਖਾਂ ਲੋਕ ਇਕੱਠੇ ਹੋ ਕੇ ਇਕੱਲਤਾ ਤੋਂ ਉਪਜਿਆ ਪਾਗਲਪਣ ਹੰਢਾ ਰਹੇ ਹਨ।
ਯਥਾਰਥ ਉਹੀ ਹੁੰਦਾ ਹੈ, ਜਿਸ ਵਿਚੋਂ ਅਸੀਂ ਗੁਜ਼ਰਦੇ ਹਾਂ, ਬਾਕੀ ਸਭ ਆਦਰਸ਼ਵਾਦ ਹੁੰਦਾ ਹੈ।
ਅਸੀਂ ਗੱਲਾਂ ਭਾਵੇਂ ਸਾਰੇ ਸੰਸਾਰ ਦੀਆਂ ਜਾਂ ਸਮੁੱਚੀ ਮਨੁੱਖਤਾ ਦੀਆਂ ਕਰਦੇ ਹਾਂ ਪਰ ਅਸੀਂ ਜਿਉਂਦੇ ਵਿਅਕਤੀਗਤ ਪੱਧਰ ਤੇ ਹਾਂ ਅਤੇ ਧੁਰ ਅੰਦਰੋਂ ਅਸੀਂ ਸਾਰੇ ਇਕੱਲੇ ਹਾਂ। ਸਾਡੀ ਸੋਚ, ਸਾਡੀ ਸਿਆਣਪ ਅਤੇ ਮੂਰਖਤਾ ਦਾ ਮਿਲਗੋਭਾ ਹੁੰਦੀ ਹੈ।
ਆਪਣੀਆਂ ਨਜ਼ਰਾਂ ਵਿਚ ਅਸੀਂ ਸਿਆਣੇ ਹੁੰਦੇ ਹਾਂ ਅਤੇ ਦੂਜਿਆਂ ਦੀਆਂ ਨਜ਼ਰਾਂ ਵਿਚ ਮੂਰਖ। ਮਨੁੱਖ ਦੀ ਆਪਣੇ ਆਪ ਬਾਰੇ ਭਰਮ ਉਪਜਾਉਣ ਦੀ ਸ਼ਕਤੀ ਅਸੀਮ ਹੈ। ਭਰਮ ਉਪਜਾਉਣ ਦਾ ਕਾਰਜ ਜੀਵਨ ਭਰ ਚਲਦਾ ਹੈ। ਜਦੋਂ ਕਿਸੇ ਤੋਂ ਸਾਰੇ ਭਰਮ ਖੋਹ ਲਏ ਜਾਣ ਤਾਂ ਉਹ ਜਾਂ ਆਤਮਘਾਤ ਕਰੇਗਾ ਜਾਂ ਪਾਗਲ ਹੋ ਜਾਵੇਗਾ।
ਪਾਗਲ ਦਾ ਸਵਰਗ ਸਾਧਾਰਨ ਵਿਅਕਤੀਆਂ ਲਈ ਨਰਕ ਹੋ ਜਾਂਦਾ ਹੈ।
ਪਾਗਲ ਦੀ ਮੌਤ ਉਡੀਕੀ ਜਾਂਦੀ ਹੈ ਪਰ ਉਹ ਮਰਦਾ ਨਹੀਂ, ਕਿਉਂਕਿ ਪਾਗਲਾਂ ਨੂੰ ਕੈਂਸਰ, ਖੂਨ ਦਾ ਵੱਧ ਦਬਾਓ, ਸ਼ੱਕਰ ਰੋਗ ਜਾਂ ਦਿਲ ਦਾ ਦੌਰਾ ਆਦਿ ਨਹੀਂ ਪੈਂਦੇ। ਇਹ ਰੋਗ ਚਿੰਤਾ ਅਤੇ ਤਣਾਓ ਤੋਂ ਉਪਜਦੇ ਹਨ ਪਰ ਪਾਗਲ ਤਣਾਓ ਅਤੇ ਚਿੰਤਾ ਤੋਂ ਮੁਕਤ ਹੁੰਦਾ ਹੈ, ਉਹ ਆਪਣੇ ਮਨ ਉਤੇ ਬੋਝ ਨਹੀਂ ਪਾਉਂਦਾ, ਜੋ ਉਸ ਦੇ ਮਨ ਵਿਚ ਆਉਂਦਾ ਹੈ, ਕਰਦਾ ਹੈ ਅਤੇ ਕਹਿ ਦਿੰਦਾ ਹੈ।
ਪਾਗਲ ਸਹੀ ਅਰਥਾਂ ਵਿਚ ਵਰਤਮਾਨ ਵਿਚ ਜਿਉਂਦੇ ਹਨ।
ਹਰ ਨਵਾਂ ਪਲ ਪਾਗਲ ਲਈ ਚੁਣੌਤੀ ਅਤੇ ਅਵਸਰ ਹੁੰਦਾ ਹੈ।
ਇਲਾਜ ਦੇ ਪੱਖੋਂ ਪਾਗਲ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ।
ਪਾਗਲ ਸਾਧਾਰਨ ਢੰਗ ਨਾਲ ਨਾ ਬਹਿ ਸਕਦਾ ਹੈ, ਨਾ ਖਲੋ ਸਕਦਾ ਹੈ, ਨਾ ਵੇਖ ਸਕਦਾ ਹੈ, ਨਾ ਚੁੱਪ ਰਹਿ ਸਕਦਾ ਹੈ, ਨਾ ਖਾ ਸਕਦਾ ਹੈ, ਨਾ ਅੰਦਰ ਆ ਸਕਦਾ ਹੈ, ਨਾ ਬਾਹਰ ਜਾ ਸਕਦਾ ਹੈ। ਇਵੇਂ ਉਹ ਘਟ ਤੋਂ ਘਟ ਸਮੇਂ ਵਿਚ ਆਪਣੀਆਂ ਹਰਕਤਾਂ ਨਾਲ ਆਪਣੀ ਪੂਰੀ ਜਾਣ-ਪਛਾਣ ਕਰਵਾ ਦਿੰਦਾ ਹੈ।
ਪਾਗਲ ਦੇ ਵਿਹਾਰ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ।
ਅਸੀਂ ਸਵਰਗ ਗੁਆ ਕੇ ਹੀ ਇਸ ਸੰਸਾਰ ਨੂੰ ਪ੍ਰਾਪਤ ਕਰਦੇ ਹਾਂ ਪਰ ਪਾਗਲ ਤਾਂ ਇਸ ਸੰਸਾਰ ਨੂੰ ਵੀ ਗੁਆ ਦਿੰਦਾ ਹੈ, ਕਿਉਂਕਿ ਇਸ ਸੰਸਾਰ ਵਿਚ ਵੀ ਉਹ ਹਾਜ਼ਰ ਹੋ ਕੇ ਗੈਰ-ਹਾਜ਼ਰ ਹੋ ਜਾਂਦਾ ਹੈ।
ਪਾਗਲ ਸਾਬਤ ਕਰ ਦਿੰਦਾ ਹੈ ਕਿ ਜੇ ਕਹਿਣ ਲਈ ਕੁਝ ਨਾ ਹੋਵੇ ਤਾਂ ਚੁੱਪ ਰਹਿਣਾ ਬੜਾ ਔਖਾ ਹੁੰਦਾ ਹੈ।
ਪਾਗਲਾਂ ਲਈ ਆਪਣੀ ਅਕਲ ਦੇ ਘੇਰੇ ਵਿਚ ਰਹਿਣਾ ਸੰਭਵ ਨਹੀਂ ਹੁੰਦਾ।
ਪਾਗਲਾਂ ਕੋਲ ਕਲਪਨਾ ਹੁੰਦੀ ਹੈ ਪਰ ਸੁਹਜ ਨਹੀਂ ਹੁੰਦਾ।
ਸੁਹਜ ਤੋਂ ਬਿਨਾ, ਕਲਪਨਾ ਸਜ਼ਾ ਹੋ ਨਿਬੜਦੀ ਹੈ। ਇਵੇਂ ਅਸਫਲ ਕਲਾਕਾਰ ਨੂੰ ਪਾਗਲ ਕਹਿੰਦੇ ਹਨ। ਫਿਲਮ ਜਗਤ ਵਿਚ ਸਫਲ ਕਲਾਕਾਰਾਂ ਦੇ ਪਾਗਲਪਣ ਨੂੰ ਸਿਰਜਣਾਤਮਕਤਾ ਕਿਹਾ ਜਾਂਦਾ ਹੈ। ਪਾਗਲ ਦਾ ਮਨ ਦੂਰ ਦੂਰ ਦੌੜਦਾ ਹੈ, ਉਸ ਦੇ ਮਸਤਕ ਵਿਚ ਵਿਚਾਰਾਂ ਅਤੇ ਕਲਪਨਾ ਦਾ ਘੜਮੱਸ ਹੁੰਦਾ ਹੈ, ਉਹ ਰੁਕ ਨਹੀਂ ਸਕਦਾ ਅਤੇ ਕੋਈ ਉਸ ਨੂੰ ਰੋਕ ਨਹੀਂ ਸਕਦਾ। ਇਸੇ ਕਰਕੇ ਪਾਗਲ ਸਾਧਾਰਨ ਵਿਅਕਤੀਆਂ ਨਾਲੋਂ ਵਧੇਰੇ ਸ਼ਿੱਦਤ ਨਾਲ, ਜ਼ੋਰ ਨਾਲ, ਜੋਸ਼ ਨਾਲ ਅਤੇ ਇਕਾਗਰਤਾ ਨਾਲ ਵਿਚਰਦਾ ਹੈ। ਪਾਗਲ ਆਪਣੇ ਆਪ ਬਾਰੇ ਸੁਚੇਤ ਨਹੀਂ ਹੁੰਦਾ, ਇਸੇ ਲਈ ਉਹ ਹੱਸਦਾ ਹੱਸਦਾ, ਅਚਾਨਕ ਰੋਣ ਲਗ ਪੈਂਦਾ ਹੈ ਅਤੇ ਰੋਂਦਾ-ਰੋਂਦਾ ਅਚਾਨਕ ਨੱਚਣ ਲਗ ਪੈਂਦਾ ਹੈ।
ਸਵੈਵਿਰੋਧੀ ਵਿਹਾਰ ਨੂੰ ਹੀ ਪਾਗਲਪਣ ਕਹਿੰਦੇ ਹਨ। ਕਈ ਪਾਗਲਾਂ ਦਾ ਸਰੀਰ ਚਾਲ੍ਹੀ ਸਾਲ ਦਾ ਅਤੇ ਉਨ੍ਹਾਂ ਦੀ ਬੁੱਧੀ ਦੋ ਸਾਲ ਦੇ ਬੱਚੇ ਵਾਲੀ ਹੁੰਦੀ ਹੈ।
ਕਈ ਪਾਗਲ ਆਪਣੇ ਦਿਮਾਗ ਨੂੰ ਇਤਨਾ ਅਧਿਕ ਵਰਤਦੇ ਹਨ ਕਿ ਉਨ੍ਹਾਂ ਦੀ ਬੁਧੀ ਦਾ ਉਨ੍ਹਾਂ ਦੇ ਸਰੀਰ ਨਾਲ ਤਾਲ-ਮੇਲ ਹੀ ਵਿਗੜ ਜਾਦਾ ਹੈ ਸੋ ਪਾਗਲ ਵਿਅਕਤੀ ਨਿਰੰਤਰ ਕਸ਼ਟ ਵਿਚ ਰਹਿੰਦੇ ਹਨ।
ਸਰੀਰਕ ਕਸ਼ਟ ਤਾਂ ਸਮੁੱਚੇ ਜੀਵ-ਜੰਤੂ ਜਗਤ ਨੂੰ ਹੁੰਦੇ ਹਨ ਪਰ ਮਾਨਸਿਕ ਕਸ਼ਟ ਕੇਵਲ ਮਨੁੱਖਾਂ ਨੂੰ ਹੀ ਹੁੰਦੇ ਹਨ । ਮਾਨਵਜਾਤੀ ਦੇ ਸਾਂਝੇ ਅਨੁਭਵਾਂ ਵਿਚੋਂ ਦੁੱਖ ਸਰਵੋਤਮ ਹੈ ਅਤੇ ਪਾਗਲਪਣ ਦੁੱਖ ਦੀ ਇਕ ਦੁਖਦਾਈ ਵੰਨਗੀ ਹੈ।
ਪਾਗਲ ਆਪਣੇ ਪਾਗਲਪਣ ਦੀ ਹਾਲਤ ਕਰਕੇ ਆਪ ਸੌਖਾ ਹੋ ਜਾਂਦਾ ਹੈ ਪਰ ਉਸ ਨਾਲ ਸਬੰਧਤ ਵਿਅਕਤੀ ਅੰਤਾਂ ਦਾ ਦੁੱਖ ਭੋਗਦੇ ਹਨ।
ਕੋਈ ਵਿਅਕਤੀ ਅੰਦਰੋਂ ਕਿਵੇਂ ਟੁੱਟਦਾ ਹੈ ਉਸ ਦਾ ਧੁੰਦਲਾ ਜਿਹਾ ਅਨੁਮਾਨ ਪਾਗਲ ਦੇ ਘਰ ਦੇ ਜੀਆਂ ਨੂੰ ਵੇਖ ਕੇ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਹਰੇਕ ਪਾਗਲ ਦੇ ਪਾਗਲ ਹੋਣ ਦਾ ਢੰਗ ਅਤੇ ਕਾਰਨ ਵੱਖਰਾ ਹੁੰਦਾ ਹੈ ਇਸੇ ਕਰਕੇ ਹਰ ਪਾਗਲ ਮੌਲਿਕ ਅਤੇ ਨਿਆਰਾ ਹੁੰਦਾ ਹੈ।
ਇਕੱਲਤਾ, ਪਿਆਰ ਵਿਚ ਅਸਫਲਤਾ, ਵਪਾਰ ਵਿਚ ਵੱਡਾ ਘਾਟਾ, ਅਸਹਿ ਸਦਮਾ, ਜਮਾਂਦਰੂ ਸਰੀਰਕ ਨੁਕਸ, ਦਿਮਾਗੀ ਸੱਟ, ਵਿਛੋੜਾ, ਲੰਮੀ ਉਮਰ ਕਾਰਨ ਐਲਜ਼ੀਮਰ ਦਾ ਰੋਗ ਆਦਿ ਪਾਗਲ ਹੋਣ ਦੇ ਕੁਝ ਉਘੜਵੇਂ ਕਾਰਨ ਹਨ।
ਪਾਗਲਪਣ ਇਕ ਚੱਕਰਦਾਰ ਭਟਕਣ ਹੈ, ਕਿਉਂਕਿ ਪਾਗਲ ਚਲਦਾ ਹੈ, ਪਰ ਪਹੁੰਚਦਾ ਕਿਧਰੇ ਨਹੀਂ।
ਪਿਛੇ ਜਿਹੇ ਸੜਕ ਉਤੇ ਵਾਹੋ-ਦਾਹੀ ਜਾਂਦੇ ਇਕ ਵਿਅਕਤੀ ਨੂੰ ਸਹਿਯੋਗ ਦੀ ਭਾਵਨਾ ਨਾਲ ਮੈਂ ਆਪਣੇ ਸਕੂਟਰ ਤੇ ਬੈਠਾ ਲਿਆ। ਹਰ ਮੋੜ ਤੇ ਪੁਛਦਾ ਸਾਂ ਕਿ ਕਿਥੇ ਜਾਣਾ ਹੈ ਤਾਂ ਉਹ ਹਰ ਵਾਰੀ ਇਹੀ ਕਹਿੰਦਾ ਸੀ ‘ਅਗੇ’। ਕਾਫੀ ਦੂਰ ਲੰਘ ਆਉਣ ਉਪਰੰਤ ਮੈਂ ਰੁਕ ਕੇ ਉਸ ਨੂੰ ਪੁਛਿਆ ਕਿ ਉਸ ਨੇ ਜਾਣਾ ਕਿਥੇ ਹੈ, ਤਾਂ ਮੈਨੂੰ ਸੋਝੀ ਹੋਈ ਕਿ ਉਹ ਤਾਂ ਪਾਗਲ ਸੀ । ਪਾਗਲ ਕੋਲ ਜਾਂ ਤਾਂ ਕਿਸੇ ਸਵਾਲ ਦਾ ਜਵਾਬ ਨਹੀਂ ਹੁੰਦਾ ਜਾਂ ਹਰੇਕ ਸਵਾਲ ਦਾ ਇਕ ਹੀ ਜਵਾਬ ਹੁੰਦਾ ਹੈ। ਜਦੋਂ ਟਿਕਾਣਾ ਨਾ ਪਤਾ ਹੋਵੇ ਤਾਂ ਸਭ ਰਾਹ ਠੀਕ ਜਾਂ ਸਭ ਰਾਹ ਗਲਤ ਹੋ ਜਾਂਦੇ ਹਨ।
ਪਾਗਲ ਕੋਲ ਠੀਕ-ਗਲਤ ਦੀ ਪਛਾਣ ਨਹੀਂ ਹੁੰਦੀ। ਠੀਕ-ਗਲਤ ਦਾ ਧੁੰਦਲਾਪਣ ਪਾਗਲ ਹੋਣ ਤੋਂ ਪਹਿਲਾਂ ਹੀ ਪ੍ਰਗਟ ਹੋਣ ਲਗ ਪੈਂਦਾ ਹੈ।
ਨਸ਼ੇ ਕਰਨ ਵਾਲੇ ਨੀਮ-ਪਾਗਲ ਅਵਸਥਾ ਵਿਚ ਹੁੰਦੇ ਹਨ।
ਇਕ ਕੰਪਨੀ ਵਿਚ ਚੰਗੇ ਅਹੁਦੇ ਤੇ ਲਗੇ ਇਕ ਵਿਅਕਤੀ ਨੇ ਚੰਗੀ ਆਮਦਨ ਦੇ ਬਾਵਜੂਦ ਕੋਈ ਬਚਤ ਨਾ ਕੀਤੀ ਅਤੇ ਸਭ ਕੁਝ ਨਸ਼ਿਆਂ ਉਤੇ ਲਾ ਦਿਤਾ।
ਢਲਦੇ ਸਾਲਾਂ ਵਿਚ ਕੰਪਨੀ ਨੇ ਤਿਆਗ ਦਿਤਾ, ਪਤਨੀ ਛੱਡ ਗਈ, ਬੱਚੇ ਪਹਿਲਾਂ ਹੀ ਛੱਡ ਚੁਕੇ ਸਨ, ਉਹ ਪਾਗਲ ਹੋ ਕੇ ਖੁਲ੍ਹੇ ਵਾਲਾਂ ਨਾਲ ਸ਼ਹਿਰ ਦੇ ਵੱਡੇ ਬਾਜ਼ਾਰਾਂ ਵਿਚ ਘੁੰਮਣ ਲਗ ਪਿਆ ।
ਇਕ ਇਸਤਰੀ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਸੀ ਜਾਣ ਦਿੰਦੀ, ਬੱਚੇ ਵਖਰੀ ਥਾਂ ਤੇ ਰਖੇ ਜਾਣ ਲਗੇ, ਉਹ ਪਾਗਲਾਂ ਵਾਂਗ ਬੱਚਿਆਂ ਵਲ ਦੌੜਦੀ ਸੀ, ਬੱਚੇ ਉਸਦੇ ਪਾਗਲਪਣ ਕਰਕੇ ਨੇੜੇ ਨਹੀਂ ਸਨ ਆਉਂਦੇ । ਇਹ ਦੁੱਖਦਾਈ ਨਾਟਕ ਰੋਜ਼ ਹੁੰਦਾ ਸੀ। ਇਕ ਅਮੀਰ ਪਰਿਵਾਰ ਦਾ ਵਿਅਕਤੀ ਜਮਾਂਦਰੂ ਬੌਧਿਕ-ਊਣੇਪਣ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਬੱਸ ਅੱਡੇ ਪਹੁੰਚ ਕੇ ਮੰਗਣ ਲਗ ਪੈਂਦਾ ਸੀ । ਉਸ ਦਾ ਅਜਿਹਾ ਵਿਹਾਰ ਉਸ ਦੇ ਸਮੁੱਚੇ ਪਰਿਵਾਰ ਲਈ ਨਮੋਸ਼ੀ ਦਾ ਕਾਰਨ ਸੀ।
ਇਕ ਫੌਜੀ ਯੁੱਧ ਵਿਚੋਂ ਤਾਂ ਬਚ ਆਇਆ ਪਰ ਕੁਝ ਚਿਰ ਪਿਛੋਂ ਇਸ ਭਰਮ ਨਾਲ ਕਿ ਜੰਗ ਚਲ ਰਹੀ ਹੈ ਪਰ ਉਹ ਭਜ ਆਇਆ ਹੈ, ਉਹ ਪਾਗਲ ਹੋ ਗਿਆ।
ਪਾਗਲ ਹੋ ਕੇ ਮਰੀ ਮਾਂ ਦੀ ਇਕ ਲੜਕੀ ਦਾ ਵਿਆਹ ਨਹੀਂ ਸੀ ਹੋ ਰਿਹਾ, ਆਪਣੇ ਪਿਤਾ ਕੋਲ ਰਹਿੰਦੀ ਸੀ, ਪਿਤਾ ਦੀ ਹਾਦਸੇ ਵਿਚ ਮੌਤ ਹੋ ਗਈ, ਉਹ ਇਸ ਚਿੰਤਾ ਨਾਲ ਪਾਗਲ ਹੋ ਗਈ ਕਿ ਹੁਣ ਉਸ ਦਾ ਕੀ ਬਣੇਗਾ।
ਇਕ ਇਸਤਰੀ ਪਤੀ ਤੋਂ ਤੰਗ ਆ ਕੇ ਬੱਚਿਆਂ ਸਮੇਤ ਨਹਿਰ ਵਿਚ ਕੁੱਦ ਪਈ, ਬੱਚੇ ਮਰ ਗਏ, ਪਰ ਆਪ ਬਚ ਗਈ, ਪਾਗਲ ਹੋ ਗਈ।
ਪਾਗਲ ਵਿਅਕਤੀ ਦਾ ਬੇਨੇਮਾ ਵਿਹਾਰ ਪਾਗਲਪਣ ਦਾ ਸਭ ਤੋਂ ਵੱਧ ਅਕਾਊ ਲੱਛਣ ਹੁੰਦਾ ਹੈ, ਜਿਸ ਕਾਰਨ ਪਾਗਲ ਦੀ ਦੇਖ-ਭਾਲ ਕਰਨੀ ਬੜੀ ਥਕਾਊ ਹੋ ਜਾਂਦੀ ਹੈ। ਪਾਗਲ ਕੋਲ ਵਕਤ ਦੀ ਸੋਝੀ ਨਹੀਂ ਹੁੰਦੀ ਸੋ ਉਸ ਦੇ ਜਾਗਣ-ਸੌਣ ਦਾ ਕੋਈ ਨੇਮ ਨਹੀਂ ਰਹਿੰਦਾ।
ਲੰਮੇ ਅਰਸੇ ਤਕ ਹੰਢਾਈ ਉਦਾਸੀ ਜਾਂ ਮਾਯੂਸੀ ਜਾਂ ਢਹਿੰਦੀ ਕਲਾ, ਆਪਣੇ ਅੰਤਲੇ ਰੂਪ ਵਿਚ ਪਾਗਲਪਣ ਬਣ ਜਾਂਦੀ ਹੈ।
ਜਿਹੜੇ ਆਤਮਘਾਤ ਕਰਨ ਵਿਚ ਅਸਫਲ ਹੁੰਦੇ ਹਨ, ਉਹ ਅਕਸਰ ਪਾਗਲ ਹੋ ਜਾਂਦੇ ਹਨ । ਪਾਗਲਾਂ ਦਾ ਆਪਾ ਦੋਫਾੜ ਹੋ ਜਾਂਦਾ ਹੈ।
ਲਗਾਤਾਰ ਸੋਚਾਂ ਦੇ ਬੋਝ, ਪਛਤਾਵੇ ਅਤੇ ਚਿੰਤਾ ਕਾਰਨ ਇੰਜ ਲਗਦਾ ਹੈ ਜਿਵੇਂ ਦਿਮਾਗ ਦਾ ਜੋੜ ਖੁਲ੍ਹ ਗਿਆ ਹੋਵੇ।
ਪਾਗਲ ਕਿਸੇ ਦਾ ਜਾਣ ਬੁਝ ਕੇ ਨੁਕਸਾਨ ਨਹੀਂ ਕਰਦਾ। ਉਹ ਲਾਭ- ਨੁਕਸਾਨ ਤੋਂ ਅਭਿਜ ਹੁੰਦਾ ਹੈ ਪਰ ਸਰੀਰ ਅਤੇ ਸੋਚ ਵਿਚ ਤਾਲ-ਮੇਲ ਨਾ ਹੋਣ ਕਾਰਨ ਉਸ ਤੋਂ ਨੁਕਸਾਨ ਹੋ ਜਾਂਦਾ ਹੈ, ਜਿਸ ਕਾਰਨ ਉਹ ਕਈ ਵਾਰੀ ਕੁੱਟ ਵੀ ਖਾਂਦਾ ਹੈ ਅਤੇ ਹੋਰ ਇਕੱਲਾ ਹੋ ਜਾਦਾ ਹੈ। ਉਸ ਦਾ ਦਿਲ ਕਰਦਾ ਹੈ, ਕੋਈ ਕੋਲ ਹੋਵੇ, ਕਿਸੇ ਦੇ ਕੋਲ ਹੋਣ ਤੇ ਉਸ ਦਾ ਦਿਲ ਕਰਦਾ ਹੈ ਕਿ ਉਹ ਚਲਾ ਜਾਵੇ।
ਥਕਾਵਟ, ਝੁੰਜਲਾਹਟ, ਅਨੀਂਦਰੇਪਣ ਅਤੇ ਦਰਦ ਕਾਰਨ ਪਾਗਲ ਦਾ ਚਿਹਰਾ ਬੁਝ ਜਾਂਦਾ ਹੈ।
ਘਰ ਦੇ ਜਾਂ ਪਰਿਵਾਰ ਦੇ ਜੀਅ ਅਕਸਰ ਚਾਹੁੰਦੇ ਹਨ ਕਿ ਵਿਚਾਰਾ ਪਾਗਲ ਵਿਅਕਤੀ ਆਤਮਘਾਤ ਹੀ ਕਰ ਲਵੇ, ਕਈ ਵਾਰੀ ਮਰਨ ਦੇ ਸਾਧਨ ਵੀ ਨੇੜੇ ਹੁੰਦੇ ਹਨ ਪਰ ਸਫਲਤਾ ਨਹੀਂ ਮਿਲਦੀ।
ਪਾਗਲ ਵਿਅਕਤੀ ਨੂੰ ਜਿਤਨਾ ਮਰਜ਼ੀ ਨੁਹਾ-ਧੁਆ ਕੇ ਸਾਫ ਕਪੜੇ ਪਹਿਨਾ ਦਿਓ, ਸਿਰ ਦੇ ਵਾਲ ਵਾਹ ਦਿਓ, ਕੁਝ ਚਿਰ ਵਿਚ ਹੀ ਉਹ ਆਪਣਾ ਬੁਰਾ ਹਾਲ ਕਰ ਲੈਂਦਾ ਹੈ, ਸੋ ਇਸ ਕਾਰਨ ਕਰਕੇ ਉਸ ਦੀ ਸਫਾਈ ਵਲ ਬਹੁਤਾ ਧਿਆਨ ਨਹੀਂ ਦਿਤਾ ਜਾਂਦਾ। ਪਾਗਲ ਦੀ ਬੁਰੀ ਹਾਲਤ ਕਾਰਨ ਇਹੀ ਸੁਣਨ ਨੂੰ ਮਿਲਦਾ ਹੈ : ਅਜ ਤਾਂ ਹਾਲਤ ਕਲ ਨਾਲੋਂ ਵੀ ਭੈੜੀ ਹੈ।
ਪਾਗਲਪਣ ਕਿਸੇ ਕਾਹਲੇ ਇਲਾਜ ਨੂੰ ਪ੍ਰਵਾਨ ਨਹੀਂ ਕਰਦਾ। ਘਰ ਵਾਲਿਆਂ ਨੂੰ ਰਾਹਤ ਦਿਵਾਉਣ ਅਤੇ ਹੋਰਾਂ ਦੇ ਪਾਗਲ ਹੋਣ ਦਾ ਬਚਾਓ ਕਰਨ ਲਈ, ਪਾਗਲ ਵਿਅਕਤੀ ਨੂੰ ਕਿਧਰੇ ਦਾਖਲ ਕਰਵਾਉਣ ਬਾਰੇ ਅਕਸਰ ਸੋਚਿਆ ਜਾਂਦਾ ਹੈ।
ਪਿਛੇ ਜਿਹੇ ਇਕ ਪਾਗਲ ਵਿਅਕਤੀ ਨੂੰ ਮਾਨਸਿਕ ਰੋਗਾਂ ਦੇ ਇਲਾਜ ਲਈ ਦੂਰ ਇਕ ਕੇਂਦਰ ਵਿਚ ਦਾਖਲ ਕਰਵਾਉਣ ਲਈ ਇਕ ਜਾਣੁ ਨਾਲ ਮੈਨੂੰ ਜਾਣਾ ਪਿਆ । ਉਥੋਂ ਆ ਕੇ ਮੈਨੂੰ ਆਪਣਾ ਜੀਵਨ ਵਧੇਰੇ ਮੁਲਵਾਨ ਲਗਣ ਲਗ ਪਿਆ ਹੈ। ਵੇਖੀ ਹੋਈ ਸਥਿਤੀ ਭੁਲਦੀ ਹੀ ਨਹੀਂ।
ਜਦੋਂ ਕਿਸੇ ਪਾਗਲ ਨੂੰ ਦਾਖਲ ਕਰਵਾਇਆ ਜਾਂਦਾ ਹੈ ਤਾਂ ਪਤਾ ਲਗਣ ਉਤੇ ਹਰ ਪਾਗਲ ਵੱਖਰੇ ਢੰਗ ਨਾਲ ਪ੍ਰਤੀਕਰਮ, ਵਿਰੋਧ ਜਾਂ ਸਵਾਗਤ ਕਰਦਾ ਹੈ।
ਜਦੋਂ ਅਸੀਂ ਪਹੁੰਚੇ ਤਾਂ ਇਕ ਪਾਗਲ ਝਾੜੂ ਮਾਰ ਰਿਹਾ ਸੀ। ਉਸ ਨੇ ਝਾੜੂ ਨੂੰ ਬੰਦੂਕ ਬਣਾ ਕੇ ਸਲੂਟ ਮਾਰਿਆ। ਇਕ ਹੋਰ, ਇਕ ਪੈਰ ਤੇ ਖਲੋ ਕੇ ਭੰਬੀਰੀ ਵਾਂਗ ਘੁੰਮਣ ਲਗ ਪਿਆ। ਇਕ ਹੋਰ ਨੇ ਮੈਨੂੰ ਕਿਹਾ, ਤੁਸੀਂ ਮੰਤਰੀ ਹੋ? ਫਿਕਰ ਨਾ ਕਰੋ, ਇਥੇ ਰਹੋਗੇ ਤਾਂ ਠੀਕ ਹੋ ਜਾਵੋਗੇ । ਇਕ ਇਸਤਰੀ ਬੋਲੀ: ਬਚਿਓ ਰੌਲਾ ਨਾ ਪਾਓ, ਇਮਤਿਹਾਨ ਦੀ ਤਿਆਰੀ ਕਰੋ, ਨਹੀਂ ਤਾਂ ਪਾਸ ਹੋ ਜਾਵੋਗੇ । ਇਕ ਨੇ ਸੀਟੀ ਮਾਰ ਕੇ ਕਿਹਾ, ਪਰ੍ਹੇ ਹੋ ਜਾਵੋ, ਗੱਡੀ ਆਣ ਵਾਲੀ ਹੈ। ਇਕ ਇਸਤਰੀ ਕਹਿ ਰਹੀ ਸੀ: ਮੇਰੇ ਪੇਟ ਵਿਚ ਬੰਬ ਹੈ, ਜਿਹੜਾ ਕਲ੍ਹ ਫੱਟ ਜਾਵੇਗਾ।
ਵਾਤਾਵਰਣ ਗੁਆਚੇ ਹੋਏ ਲੋਕਾਂ ਦੇ ਹੋਸਟਲ ਵਰਗਾ ਅਤੇ ਆਲਾ-ਦੁਆਲਾ ਇਕ ਉਜੜੇ ਹੋਏ ਰੰਗ-ਮੰਚ ਵਰਗਾ ਸੀ। ਇੰਜ ਲਗਦਾ ਸੀ ਜਿਵੇਂ ‘ਤਿੜ੍ਹਕੇ ਹੋਏ ਤਾਜ ਅਤੇ ਟੁਟੇ ਹੋਏ ਤਖਤ’ ਨਾਂ ਦਾ ਨਾਟਕ ਚਲ ਰਿਹਾ ਹੋਵੇ। ਕਿਸੇ ਵਿਚੋਂ ਮੈਨੂੰ ਆਪਣੀ ਮਾਂ ਦਾ ਝਾਵਲਾ ਪੈਂਦਾ ਸੀ, ਕਿਸੇ ਵਿਚੋਂ ਭੈਣ ਦਾ, ਕੋਈ ਭਰਾ ਦਿਸਦਾ ਸੀ, ਕੋਈ ਪਿਤਾ। ਵਾਤਾਵਰਣ ਬੜਾ ਸੋਗੀ ਅਤੇ ਦੁਖਾਂਤਕ ਸੀ ।
ਕਈ ਸੰਗਲੀਆਂ ਨਾਲ ਬੰਨ੍ਹੇ ਹੋਏ ਸਨ ਕਿਉਂਕਿ ਉਹ ਹਿੰਸਕ ਹੋ ਜਾਂਦੇ ਸਨ ਅਤੇ ਬਾਹਰ ਵਲ ਭਜਣ ਦਾ ਯਤਨ ਕਰਦੇ ਸਨ । ਪਾਗਲਾਂ ਦੀ ਦੇਖ-ਭਾਲ ਲਈ ਰਖਿਆ ਅਮਲਾ ਥੱਕਿਆ ਅਤੇ ਹਾਰਿਆ ਹੋਇਆ ਲਗਦਾ ਸੀ।
ਸ਼ੁਰੂ ਵਿਚ ਦਾਖਲ ਹੋਇਆ ਨਵਾਂ ਪਾਗਲ ਕੁਝ ਦਿਨ ਉਦਾਸ ਰਹਿੰਦਾ ਹੈ, ਨਵੇਂ ਵਾਤਾਵਰਣ ਨੂੰ ਸਵੀਕਾਰ ਨਹੀਂ ਕਰਦਾ ਪਰ ਹੌਲੀ ਹੌਲੀ ਸਾਰੇ, ਸੁਸਤ ਕਰਨ ਵਾਲੀਆਂ ਦਵਾਈਆਂ ਦੇ ਪ੍ਰਭਾਵ ਅਧੀਨ, ਇਸ ਥਾਂ ਦੇ ਨਿਤਨੇਮ ਨੂੰ ਪ੍ਰਵਾਨ ਕਰ ਲੈਂਦੇ ਹਨ। ਕਿਉਂਕਿ ਪਾਗਲ, ਪਾਗਲਖਾਨੇ ਦੇ ਪੱਕੇ ਜਾਂ ਲੰਮੇ ਅਰਸੇ ਲਈ ਵਾਸੀ ਹੁੰਦੇ ਹਨ ਸੋ ਅੰਦਰਖਾਤੇ ਪਾਗਲਾਂ ਦੀਆਂ ਵੀ ਦੋਸਤੀਆਂ-ਦੁਸ਼ਮਣੀਆਂ ਹੁੰਦੀਆਂ ਹਨ। ਕਿਸੇ ਦੇ ਜਾਣ ਸਮੇਂ ਜਾਂ ਉਸ ਦਾ ਮ੍ਰਿਤਕ ਸਰੀਰ ਲੈ ਜਾਣ ਸਮੇਂ, ਸਾਰਿਆਂ ਦਾ ਵਿਹਾਰ ਬੱਚਿਆਂ ਵਾਲਾ ਹੋ ਜਾਂਦਾ ਹੈ।
ਸਭ ਕੁਝ ਵੇਖ ਕੇ ਖ਼ਿਆਲ ਆਇਆ ਅਤੇ ਮੈਂ ਸੋਚਿਆ ਕਿ ਜੇ ਮੈਨੂੰ ਇਥੇ ਰਹਿਣਾ ਪਵੇ ਤਾਂ ਕੀ ਰਹਿ ਲਵਾਂਗਾ?
ਪਾਗਲਾਂ ਦੇ ਦੁੱਖ ਇਤਨੇ ਸੰਘਣੇ ਅਤੇ ਗੁੰਝਲਦਾਰ ਹੁੰਦੇ ਹਨ ਕਿ ਸਵੇਰੇ ਦੇ ਦੁੱਖ ਸ਼ਾਮ ਹੋਣ ਤਕ ਪੁਰਾਣੇ ਹੋ ਜਾਂਦੇ ਹਨ।
ਰੌਣਕਾਂ ਨਾਲ ਭਰੇ, ਜਗਤ ਮੇਲੇ ਨੂੰ ਬੇਦਾਵਾ ਦੇ ਕੇ ਆਏ ਲੋਕ, ਇਥੇ ਆਪਣੇ ਆਪ ਨੂੰ ਲਭ ਰਹੇ ਸਨ।
ਕਿਸੇ ਜਾਣੂ ਨੂੰ ਇਥੇ ਦਾਖਲ ਕਰਵਾ ਕੇ ਆ ਜਾਣਾ ਅਤੇ ਆਮ ਸਾਧਾਰਨ ਜੀਵਨ ਜਿਊਣਾ ਬੜਾ ਮੁਸ਼ਕਿਲ ਅਤੇ ਦੁੱਖਦਾਈ ਕਾਰਜ ਹੈ, ਇੰਜ ਲਗਦਾ ਹੈ ਜਿਵੇਂ ਉਹ ਮੈਨੂੰ ਆਵਾਜ਼ਾਂ ਮਾਰ ਰਿਹਾ ਹੈ। ਉਸ ਦੇ ਸੁਪਨੇ ਆਉਂਦੇ ਹਨ, ਉਸ ਦੀ ਯਾਦ ਸਤਾਉਂਦੀ ਹੈ। ਲਗਦਾ ਹੈ ਉਹ ਮੈਂ ਹੀ ਹਾਂ ਜਾਂ ਅਗਲੀ ਵਾਰੀ ਮੇਰੀ ਹੈ।
ਕਈ ਪਾਗਲ ਹੋ ਜਾਂਦੇ ਹਨ, ਕਈਆਂ ਨੂੰ ਪਾਗਲ ਕੀਤਾ ਵੀ ਜਾਂਦਾ ਹੈ। ਯੁੱਧ ਵਿਚ ਫੜੇ ਗਏ ਫੌਜੀ ਜਾਂ ਜਾਸੂਸ ਜੇ ਦੁਸ਼ਮਣ ਲਈ ਲਾਭਕਾਰੀ ਸਾਬਤ ਨਾ ਹੋਣ ਤਾਂ ਉਨ੍ਹਾਂ ਨਾਲ ਅਜਿਹਾ ਵਿਹਾਰ ਕੀਤਾ ਜਾਂਦਾ ਹੈ ਕਿ ਉਹ ਅਕਸਰ ਪਾਗਲ ਹੋ ਜਾਂਦੇ ਹਨ। ਲਗਾਤਾਰ ਇਕੱਲਿਆਂ ਬੰਦ ਰਖਣ ਨਾਲ ਵਿਅਕਤੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ। ਅੱਖਾਂ ਸਾਹਮਣੇ ਚਮਕਦੀਆਂ ਰੋਸ਼ਨੀਆਂ ਕਾਰਨ ਕਈ ਦਿਨ ਨਾ ਸੌਣ ਕਾਰਨ, ਮਨੁੱਖ ਨੀਮ-ਪਾਗਲ ਹੋ ਜਾਂਦਾ ਹੈ । ਮੂੰਹ ਵਿਚ ਪਾਈਪ ਪਾ ਕੇ ਤੇਜ਼ ਪਾਣੀ ਛੱਡਣ ਨਾਲ, ਡੁੱਬਣ ਅਤੇ ਗੋਤੇ ਖਾਣ ਦਾ ਅਹਿਸਾਸ ਹੁੰਦਾ ਹੈ। ਮਿਰਚਾਂ ਵਾਲੇ ਚਾਵਲ ਖੁਆ ਕੇ, ਪਾਣੀ ਵਲੋਂ ਪਿਆਸੇ ਰਖਣ ਨਾਲ ਹਰ ਵੇਲੇ ਉਲਟੀ ਆਉਣ ਵਾਲੀ ਕੱਚਿਆਣ ਹੁੰਦੀ ਹੈ।
ਮਨੁੱਖ ਵਲੋਂ ਜਾਨਵਰਾਂ ਨਾਲ ਹੀ ਨਹੀਂ, ਮਨੁੱਖਾਂ ਨਾਲ ਵੀ ਅਣ-ਮਨੁੱਖੀ ਵਿਹਾਰ ਦੀਆਂ ਵੰਨਗੀਆਂ ਅਨੇਕ ਹਨ। ਦੂਜੇ ਵਿਸ਼ਵ ਯੁੱਧ ਵਿਚ ਹਿਟਲਰ ਹਰ ਰੋਜ਼ ਔਸਤਨ ਛੇ ਹਜ਼ਾਰ ਯਹੂਦੀਆਂ ਨੂੰ ਇਕ ਵੱਡੇ ਹਾਲ ਵਿਚ ਇਕੱਠੇ ਕਰਕੇ, ਗੈਸ ਛੱਡਣ ਨਾਲ ਮਾਰਦਾ ਸੀ । ਕਈ ਪਹਿਲਾਂ ਹੀ ਪਾਗਲ ਹੋ ਜਾਂਦੇ ਸਨ।
ਕਈ ਵਾਰੀ ਕਿਸੇ ਨੂੰ ਮਿੱਥ ਕੇ ਵੀ ਪਾਗਲ ਕੀਤਾ ਜਾਂਦਾ ਹੈ। ਇਕ ਵਾਰੀ ਜਾਪਾਨ ਵਿਚ ਦਰਬਾਰੀਆਂ ਨੇ ਬਾਦਸ਼ਾਹ ਨੂੰ ਪਾਗਲ ਕਰਨ ਦੀ ਵਿਉਂਤ ਬਣਾਈ। ਘੋੜ ਸਵਾਰਾਂ ਦੀ ਸਲਾਮੀ ਵੇਲੇ ਇਕ ਊਠ-ਸਵਾਰ ਖੜਾ ਕਰ ਦਿਤਾ ਗਿਆ।
ਬਾਦਸ਼ਾਹ ਨੇ ਪੁੱਛਿਆ: ਘੋੜਿਆਂ ਵਿਚ ਇਹ ਉੱਠ ਕਿਉਂ ਹੈ? ਦਰਬਾਰੀਆਂ ਨੇ ਕਿਹਾ: ਨਹੀਂ, ਬਾਦਸ਼ਾਹ ਸਲਾਮਤ, ਤੁਹਾਨੂੰ ਭੁਲੇਖਾ ਲਗਿਆ ਹੈ, ਇਹ ਊਠ ਨਹੀਂ ਘੋੜਾ ਹੈ। ਇਵੇਂ ਹੀ ਇਕ ਪ੍ਰੀਤੀ ਭੋਜ ਵਿਚ ਸ਼ਾਹੀ ਲਿਬਾਸ ਵਾਲੇ ਪਤਵੰਤਿਆਂ ਵਿਚ, ਇਕ ਚੀਥੜਿਆਂ ਵਾਲਾ ਵਿਅਕਤੀ ਖੜਾ ਕਰ ਦਿਤਾ ਗਿਆ । ਬਾਦਸ਼ਾਹ ਨੇ ਪੁਛਿਆ: ਇਹ ਇਥੇ ਕਿਉਂ ਹੈ? ਕਹਿਣ ਲਗੇ, ਨਹੀਂ, ਬਾਦਸ਼ਾਹ ਸਲਾਮਤ, ਇਹ ਰਾਜਕੁਮਾਰ ਹੈ, ਤੁਹਾਡੀ ਤਬੀਅਤ ਠੀਕ ਨਹੀਂ, ਸੋ ਤੁਹਾਨੂੰ ਭੁਲੇਖਾ ਲਗਿਆ ਹੈ। ਹਰ ਵਾਰੀ ਅਜਿਹੀ ਵਿਸੰਗਤੀ ਨਾਲ ਦਰਬਾਰੀਆਂ ਨੇ ਬਾਦਸ਼ਾਹ ਨੂੰ ਆਤਮਘਾਤ ਕਰਨ ਲਈ ਮਜਬੂਰ ਕਰ ਦਿਤਾ।
ਇਵੇਂ ਹੀ, ਏਕਾ ਕਰਕੇ, ਇਕ ਛੋਟੇ ਦਫਤਰ ਦੇ ਭਰਿਸ਼ਟ ਕਰਮਚਾਰੀਆਂ ਨੇ ਬਦਲ ਕੇ ਆਏ ਇਕ ਈਮਾਨਦਾਰ ਅਫਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਪਾਗਲ ਹੋਣ ਦੀ ਅਫਵਾਹ ਫੈਲਾ ਦਿਤੀ । ਉਹ ਹਰ ਰੋਜ਼ ਕਹਿਣ ਲਗ ਪਏ, ਤੁਸੀਂ ਆਪਣਾ ਇਲਾਜ ਕਰਵਾਓ । ਉਹ ਅਫਸਰ ਕਹੇ, ਕਿਉਂ, ਮੈਨੂੰ ਕੀ ਹੋਇਆ ਹੈ ? ਤਾਂ ਕਰਮਚਾਰੀ ਆਪ ਹੀ ਫਾਈਲਾਂ ਪਾੜ ਕੇ ਕਹਿਣ ਲਗੇ, ਤੁਸੀਂ ਫਾਈਲਾਂ ਪਾੜ ਦਿੰਦੇ ਹੋ, ਸਵੇਰੇ ਛੇ ਵਜੇ ਹੀ ਦਫਤਰ ਆ ਜਾਂਦੇ ਹੋ, ਤੁਸੀਂ ਹੈ ਸ਼ਰਮਾ ਜੀ ਹੋ ਪਰ ਦਸਤਖਤ ਮਲਹੋਤਰਾ ਦੇ ਕਰਦੇ ਹੋ, ਕਈ ਵਾਰੀ ਤੁਸੀਂ ਦਫਤਰ ਵਿਚ ਸਲਵਾਰ ਪਾ ਕੇ ਹੀ ਆ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲਗਦਾ, ਤੁਸੀਂ ਕੀ ਬੋਲਦੇ ਰਹਿੰਦੇ ਹੋ। ਇਵੇਂ ਅਧੀਨ ਅਮਲੇ ਨੇ ਆਪਣੇ ਅਫਸਰ ਦਾ ਮਾਨਸਿਕ ਸੰਤੁਲਨ ਵਿਗਾੜ ਦਿਤਾ।
ਸਹੁਰੇ ਪਰਿਵਾਰ ਦੇ ਜੀਆਂ ਵਲੋਂ ਰਲ ਕੇ, ਨੂੰਹਾਂ ਨੂੰ ਪਾਗਲ ਕਰਨ ਦੀਆਂ ਅਨੇਕਾਂ ਉਦਾਹਰਣਾਂ ਹਨ।
ਮੂਰਖਤਾ, ਵਹਿਮ ਅਤੇ ਖ਼ਬਤ ਆਦਿ ਦੇ ਕਈ ਲੱਛਣ, ਪਾਗਲਪਣ ਨਾਲ ਸਾਂਝੇ ਹਨ। ਇਕ ਮੂਰਖ, ਫੈਸਲੇ ਠੀਕ ਕਰਦਾ ਸੀ ਪਰ ਕਹਿੰਦਾ ਸੀ ਕਿ ਉਹ ਆਪਣੇ ਗੋਡੇ ਨਾਲ ਸੋਚਦਾ ਹੈ। ਇਕ ਨੂੰ ਵਹਿਮ ਸੀ ਕਿ ਉਸ ਦੀ ਪਤਨੀ ਉਸ ਨੂੰ ਭੋਜਨ ਵਿਚ ਜ਼ਹਿਰ ਮਿਲਾ ਕੇ ਮਾਰ ਦੇਵੇਗੀ। ਜਦੋਂ ਕਿਹਾ ਜਾਂਦਾ, ਇਹ ਉਸ ਦਾ ਵਹਿਮ ਸੀ ਤਾਂ ਉਹ ਕਹਿੰਦਾ ਸੀ, ਤੁਸੀਂ ਵੀ ਉਸ ਨਾਲ ਮਿਲੇ ਹੋਏ ਹੋ।
ਹਰ ਵੇਲੇ ਹੱਥ ਧੋਣਾ, ਚੜ੍ਹਨ ਵੇਲੇ ਪੌੜੀਆਂ ਗਿਣਨੀਆਂ, ਹਰ ਨੋਟ ਦਾ ਨੰਬਰ ਵੇਖਣਾ, ਕੁੰਡੀਆਂ-ਜਿੰਦਰੇ ਪਰਖਦੇ ਰਹਿਣਾ ਆਦਿ ਖ਼ਬਤ ਹਨ।
ਇਕ ਖ਼ਬਤੀ ਫੋਟੋਗ੍ਰਾਫਰ ਨੂੰ ਫੋਟੋ ਖਰਾਬ ਹੋ ਜਾਣ ਦਾ ਵਹਿਮ ਸੀ ਸੋ ਹਰੇਕ ਸਮਾਗਮ ‘ਤੇ ਫੋਟੋ ਖਿੱਚਣ ਲਈ ਉਹ ਇਤਨਾ ਪੁੱਠਾ-ਸਿੱਧਾ ਹੁੰਦਾ ਸੀ ਕਿ ਸਮਾਗਮ ਮੁੱਕ ਜਾਂਦਾ ਸੀ ਪਰ ਉਸ ਤੋਂ ਫੋਟੋ ਨਾ ਖਿਚੀ ਜਾਂਦੀ । ਉਹ ਮੂਰਖ ਤਾਂ ਸੀ ਹੀ, ਉਹ ਵਹਿਮੀ ਅਤੇ ਖ਼ਬਤੀ ਵੀ ਸੀ।
ਪਾਗਲ ਹਰ ਯੁਗ ਵਿਚ ਹੋਏ ਹਨ ਅਤੇ ਹੋਣਗੇ।
ਪਾਗਲ ਵਿਅਕਤੀ ਦੀਆਂ ਸਮੱਸਿਆਵਾਂ ਦੇ ਦੋ ਮੁਖ ਕਾਰਨ ਹੁੰਦੇ ਹਨ, ਕਿਸੇ ਕਾਰਨ ਯਾਦ-ਸ਼ਕਤੀ ਦਾ ਲੋਪ ਹੋ ਜਾਣਾ ਅਤੇ ਵਸਤਾਂ ਵਿਚਕਾਰ ਸਬੰਧਾਂ ਦਾ ਗੁਆਚ ਜਾਣਾ। ਅਸੀਂ ਨਿਤਾ-ਪ੍ਰਤੀ ਦੇ ਕੰਮ ਯਾਦ ਸ਼ਕਤੀ ਦੇ ਆਧਾਰ ਤੇ ਕਰਦੇ ਹਾਂ। ਸਾਡੀ ਚੇਤਨਾ ਇਕ ਗੱਠੜੀ ਵਾਂਗ ਹੈ। ਪਾਗਲਪਣ ਦੀ ਸਥਿਤੀ ਉਵੇਂ ਹੈ ਜਿਵੇਂ ਗੱਠੜੀ ਖੁਲ੍ਹ ਜਾਵੇ ਜਾਂ ਮਾਲਾ ਦੇ ਮਣਕੇ ਖਿਲਰ ਜਾਣ।
ਫੁਲਕਾ ਬਣਾਉਣ ਲਈ ਆਟਾ ਗੁੰਨ੍ਹਣਾ, ਪੇੜਾ ਬਣਾਉਣਾ, ਪਲੇਥਣ ਲਾਉਣਾ, ਫੁਲਕਾ ਵੇਲਣਾ, ਤਵੇ ਤੇ ਪਾਉਣਾ, ਫੁਲਾਉਣਾ, ਲਾਹੁਣਾ ਅਤੇ ਚੋਪੜਨਾ ਆਦਿ ਸਾਰੇ ਪੜਾਓ ਇਕ ਦੂਜੇ ਨਾਲ ਜੁੜੇ ਹੁੰਦੇ ਹਨ। ਪਾਗਲ ਇਸ ਅੰਤਰ- ਸਬੰਧਤਾ ਦੀ ਸੋਝੀ ਗੁਆ ਬੈਠਦਾ ਹੈ । ਸਾਡੇ ਦਿਮਾਗ ਦਾ ਜਿਹੜਾ ਭਾਗ ਮਰ ਜਾਂਦਾ ਹੈ, ਉਸ ਨਾਲ ਸਬੰਧਤ ਸਰੀਰ ਦਾ ਭਾਗ ਨਕਾਰਾ ਹੋ ਜਾਂਦਾ ਹੈ।
ਪਾਗਲ ਦੇ ਖਿੰਡਰੇ ਅਤੇ ਬੇਤਰਤੀਬੇ ਦਿਮਾਗ ਵਿਚ ਜਿਹੜੀ ਤਾਰ ਜਿਸ ਨਾਲ ਜੁੜ ਜਾਂਦੀ ਹੈ, ਪਾਗਲ ਉਸ ਅਨੁਸਾਰ ਕਾਰਜ ਕਰਨ ਲਗ ਪੈਂਦਾ ਹੈ।
ਪੁਰਾਤਨ ਯੁਗ ਵਿਚ ਪਾਗਲਪਣ ਨੂੰ ਪਾਪ ਦੀ ਸਜ਼ਾ ਕਿਹਾ ਜਾਂਦਾ ਸੀ।
ਮੱਧਕਾਲ ਵਿਚ ਭੂਤਾਂ ਅਤੇ ਚੁੜੇਲਾਂ ਵਲੋਂ ਪਾਗਲ ਕੀਤੇ ਜਾਣ ਦੀ ਗਲ ਚਲੀ । ਮੱਧਕਾਲ ਤੋਂ ਹੀ ਮੜ੍ਹੀਆਂ ਉਤੇ ਦੀਵੇ ਇਸ ਲਈ ਬਾਲੇ ਜਾਂਦੇ ਹਨ ਤਾਂ ਕਿ ਭੂਤ ਉਥੇ ਹੀ ਰਹਿਣ, ਸਾਡੇ ਘਰਾਂ ਵਲ ਨਾ ਆਉਣ।
ਸ਼ਰਾਧ ਇਸ ਲਈ ਕੀਤੇ ਜਾਂਦੇ ਹਨ ਤਾਂ ਕਿ ਮਰ ਗਏ ਪੁਰਖਿਆਂ ਨੂੰ ਦਸਿਆ ਜਾਵੇ ਕਿ ਅਸੀਂ ਤੁਹਾਨੂੰ ਭੁਲੇ ਨਹੀਂ ਪਰ ਤੁਸੀਂ ਸਾਨੂੰ ਤੰਗ ਨਾ ਕਰਨਾ।
ਪੁਰਾਤਨ ਲੋਕ ਆਪਣੀ ਵਿੱਤ ਅਤੇ ਸਮਝ ਅਨੁਸਾਰ ਆਪਣੇ ਵਹਿਮਾਂ- ਭਰਮਾਂ ਦੇ ਆਧਾਰ ਤੇ ਪਾਗਲਪਣ ਦਾ ਇਲਾਜ ਕਰਦੇ ਸਨ।
ਢਾਈ ਹਜ਼ਾਰ ਸਾਲ ਪਹਿਲਾਂ, ਆਧੁਨਿਕ ਚਕਿਤਸਾ ਪ੍ਰਣਾਲੀ ਦੇ ਬਾਨੀ ਹਿਪੋਕਰੇਟੱਸ ਨੇ ਕਿਹਾ ਸੀ ਕਿ ਪਾਗਲਪਣ ਦਿਮਾਗ ਵਿਚ ਪਏ ਵਿਘਨ ਕਾਰਨ ਹੁੰਦਾ ਹੈ। ਇਸ ਵਿਘਨ ਨੂੰ ਸਮਝਣ ਦੇ ਉਪਰਾਲੇ ਜਾਰੀ ਹਨ।
ਭਾਰਤ ਵਿਚ ਅੰਗ੍ਰੇਜ਼ੀ ਇਲਾਜ ਦਾ ਸੰਕਲਪ ਅੰਗ੍ਰੇਜ਼ ਲੈ ਕੇ ਆਏ ਅਤੇ ਇਲਾਜ ਦੀ ਇਸ ਪ੍ਰਣਾਲੀ ਅਨੁਸਾਰ ਪਾਗਲ ਨੂੰ ਮਾਨਸਿਕ ਰੋਗੀ ਕਿਹਾ ਜਾਣ ਲਗਾ। ਇਸ ਰੋਗ ਦੇ ਸਬੰਧ ਵਿਚ ਵੱਡੀਆਂ ਪੁਲਾਂਘਾਂ ਮਨੋਵਿਗਿਆਨ ਦੇ ਵਿਕਾਸ ਨਾਲ ਪੁੱਟੀਆਂ ਗਈਆਂ ਹਨ । ਪਾਗਲਪਨ ਦੇ ਕਾਰਨ ਲਭੇ ਗਏ ਹਨ ਅਤੇ ਇਲਾਜ ਵੀ ਸੋਚੇ ਗਏ ਹਨ।
ਪਾਗਲਾਂ ਕੋਲ ਤਰਕ ਜਾਂ ਸੋਚਣ ਦੀ ਸੰਗਲੀ ਨਹੀਂ ਹੁੰਦੀ ਸੋ ਉਨ੍ਹਾਂ ਨੂੰ ਕਿਸੇ ਕੰਮ-ਰੋਜ਼ਗਾਰ ਤੇ ਨਹੀਂ ਲਾਇਆ ਜਾ ਸਕਦਾ।
ਘਰ ਵਿਚ ਪਾਗਲ ਦੀ ਹਾਜ਼ਰੀ ਕਾਰਨ, ਸਮੁੱਚੇ ਪਰਿਵਾਰ ਦੀਆਂ ਪ੍ਰੇਸ਼ਾਨੀਆਂ ਵੱਧ ਜਾਂਦੀਆਂ ਹਨ।
ਕਿਸੇ ਨੂੰ ਘਰ ਨਹੀਂ ਬੁਲਾਇਆ ਜਾਂਦਾ । ਬੱਚਿਆਂ ਦੇ ਵਿਆਹ ਔਖੇ ਹੋ ਜਾਂਦੇ ਹਨ। ਜੇ ਪਾਗਲ ਦੀ ਹਾਲਤ ਵਿਚ ਸੁਧਾਰ ਦੀ ਕੋਈ ਆਸ ਨਾ ਹੋਵੇ ਤਾਂ ਸਮੁੱਚਾ ਵਾਤਾਵਰਣ ਸੋਗੀ ਅਤੇ ਢਹਿੰਦੀ ਕਲਾ ਵਾਲਾ ਹੋ ਜਾਂਦਾ ਹੈ।
ਜਿਨ੍ਹਾਂ ਘਰਾਂ ਵਿਚ ਪਾਗਲ ਨੂੰ ਰਖਣ ਦੀ ਮੁਸੀਬਤ ਹੈ, ਉਥੇ ਹੋਰ ਕੋਈ ਮੁਸੀਬਤ, ਮੁਸੀਬਤ ਪ੍ਰਤੀਤ ਨਹੀਂ ਹੁੰਦੀ।
ਜਿਵੇਂ ਖੂਹ ਵਿਚ ਡਿਗਿਆ ਬੰਦਾ ਆਪੇ ਬਾਹਰ ਨਿਕਲਣ ਵਿਚ ਅਸਮਰਥ ਹੁੰਦਾ ਹੈ, ਉਸ ਨੂੰ ਕਢਣਾ ਪੈਂਦਾ ਹੈ, ਇਵੇਂ ਹੀ ਪਾਗਲ ਨਾਲ ਵਿਹਾਰ ਕਰਨ ਦੀ ਲੋੜ ਹੈ।
ਪਾਗਲ ਤਾਂ ਜਾਨਵਰ ਵੀ ਹੁੰਦੇ ਹਨ ਪਰ ਪਾਗਲ ਜਾਨਵਰ ਨੂੰ ਮਾਰ ਦਿਤਾ ਜਾਂਦਾ ਹੈ ਜਦੋਂ ਕਿ ਮਨੁੱਖ ਨੂੰ ਉਸ ਦੇ ਠੀਕ ਹੋ ਜਾਣ ਦੀ ਉਮੀਦ ਨਾਲ ਸਾਂਭਿਆ ਜਾਂਦਾ ਹੈ।
ਪਾਗਲ ਆਪਣੀ ਦੇਖਭਾਲ ਵੀ ਨਹੀਂ ਕਰਨ ਦਿੰਦਾ, ਸੋ ਉਸ ਦੀ ਦੇਖਭਾਲ ਕਰਨੀ ਅਕਾਊ ਕਾਰਜ ਹੈ।
ਨਿਰਸੰਦੇਹ ਸਥਿਤੀ ਗੰਭੀਰ ਹੈ ਪਰ ਖੋਜ ਜਾਰੀ ਹੈ ਅਤੇ ਇਲਾਜ ਦੀਆਂ ਨਵੀਆਂ ਲੱਭਤਾਂ ਅਤੇ ਵਿਧੀਆਂ ਨੇ ਆਸ ਉਪਜਾਈ ਹੈ ਕਿ ਹੋਰ ਗੰਭੀਰ ਰੋਗਾਂ ਵਾਂਗ ਇਸ ਰੋਗ ਦਾ ਵੀ ਇਲਾਜ ਲਭ ਲਿਆ ਜਾਵੇਗਾ।
ਜਿਹੜੇ ਪਾਗਲ ਨਹੀਂ ਹੋਏ, ਉਨ੍ਹਾਂ ਨੂੰ ਪਾਗਲਾਂ ਨਾਲ ਵਿਹਾਰ ਕਰਦਿਆਂ ਭੁਲਣਾ ਨਹੀਂ ਚਾਹੀਦਾ ਕਿ ਕਿਸੇ ਵੇਲੇ ਇਹ ਪਾਗਲ ਸਾਡੇ ਵਰਗਾ ਹੀ ਸੀ।
ਲੰਮੇ ਇਤਿਹਾਸ ਦੀ ਸੰਖੇਪ ਕਹਾਣੀ
ਪਰਿਵਰਤਨ ਲਈ ਤਾਂਘਣਾ ਮਨੁੱਖ ਦਾ ਬੁਨਿਆਦੀ ਸੁਭਾਓ ਹੈ। ਇਸ ਤਾਂਘ ਵਿਚ ਵਿਕਾਸ ਦੀ ਉਮੰਗ ਹੁੰਦੀ ਹੈ।
ਮਨੁੱਖ ਲੜਦਾ ਹੈ ਤਾਂ ਕਿ ਸ਼ਾਂਤੀ ਨਾਲ ਰਹਿ ਸਕੇ, ਦੁੱਖ ਸਹਿੰਦਾ ਹੈ ਤਾਂ ਕਿ ਸੁੱਖ ਮਾਣ ਸਕੇ, ਦੂਜਿਆਂ ਨਾਲ ਰਲ ਕੇ ਰਹਿੰਦਾ ਹੈ ਤਾਂ ਕਿ ਸ਼ਾਂਤ ਮਨ ਨਾਲ ਇਕਲਿਆਂ ਮਰ ਸਕੇ । ਮਨੁੱਖ ਇਕ ਹੀ ਸਥਿਤੀ ਵਿਚ ਨਿਰੰਤਰ ਰਹਿਣਾ ਪਸੰਦ ਨਹੀਂ ਕਰਦਾ ਅਤੇ ਨਾ ਹੀ ਕੋਈ ਇਕ ਸਥਿਤੀ ਸਦਾ ਰਹਿੰਦੀ ਹੈ।
ਜੇ ਮਨੁੱਖ ਯੁੱਧ ਵਿਚ ਸ਼ਾਂਤੀ ਲਈ ਤਾਂਘਦਾ ਹੈ ਤਾਂ ਸ਼ਾਂਤੀ ਦੌਰਾਨ ਯੁੱਧ ਦੀ ਤਿਆਰੀ ਵੀ ਕਰਦਾ ਹੈ। ਮਨੁੱਖ ਦਾ ਅਜਿਹਾ ਸੁਭਾਓ ਕੁਦਰਤ ਨੇ ਨਿਰਧਾਰਤ ਕੀਤਾ ਹੈ, ਜਿਹੜੀ ਆਪ ਹਰ ਪਲ ਬਦਲਦੀ ਹੋਈ ਬ੍ਰਹਿਮੰਡ ਵਿਚਲੇ ਹਰੇਕ ਕਿਣਕੇ ਨੂੰ ਵੀ ਨਿਰੰਤਰ ਬਦਲਦੀ ਹੈ।
ਕੇਵਲ ਮਨੁੱਖ ਹੀ ਸਮਝਦਾ ਹੈ ਕਿ ਪਰਵਿਰਤਨ ਕਿਵੇਂ ਵਾਪਰਦਾ ਹੈ । ਪਰਿਵਰਤਨ ਨੂੰ ਸਮਝਣ ਲਈ ਸਮੇਂ ਦੀ ਸਮਝ ਜ਼ਰੂਰੀ ਹੈ। ਘੁੰਮਣ ਵਾਲੇ ਸਮੇਂ ਨੂੰ ਕਾਲ-ਚੱਕਰ ਕਿਹਾ ਜਾਂਦਾ ਹੈ ਜਦੋਂ ਕਿ ਲਕੀਰੀ ਸਮੇਂ ਦੀ ਸਮਝ ਨੂੰ ਇਤਿਹਾਸ ਕਹਿੰਦੇ ਹਨ। ਸਾਡੇ ਕੋਲ ਕਾਲ-ਚਕਰ ਦਾ ਸੰਕਲਪ ਸੀ, ਸੋ ਸਾਡੇ ਦੇਸ਼ ਵਿਚ ਸੱਤਵੀਂ ਸਦੀ ਜਾਂ ਤੇਰ੍ਹਵੀਂ ਸਦੀ ਵਿਚਕਾਰ ਕੋਈ ਅੰਤਰ ਪ੍ਰਤੀਤ ਨਹੀਂ ਹੁੰਦਾ। ਭਾਰਤ ਵਿਚ ਇਤਿਹਾਸ ਦਾ ਸੰਕਲਪ ਅੰਗ੍ਰੇਜ਼ ਲੈ ਕੇ ਆਏ ਕਿਉਂਕਿ ਉਨ੍ਹਾਂ ਕੋਲ ਸਮੇਂ ਦਾ ਲਕੀਰੀ ਸੰਕਲਪ ਸੀ । ਘਟਨਾਵਾਂ ਵਾਪਰਨ ਉਪਰੰਤ ਅਕਸਰ ਇਵੇਂ ਲਗਦਾ ਹੈ ਕਿ ਇਵੇਂ ਹੀ ਵਾਪਰਨਾ ਸੀ ਪਰ ਜੋ ਕੁਝ ਵੀ ਵਾਪਰਦਾ ਹੈ, ਉਸ ਪਿਛੇ ਕੁਝ ਸਿਧਾਂਤ ਅਤੇ ਨੇਮ ਕਾਰਜਸ਼ੀਲ ਹੁੰਦੇ ਹਨ। ਜਿਵੇਂ ਕਿਸੇ ਭਾਸ਼ਾ ਦੀ ਸਮਝ ਨਾਲ ਵਿਆਕਰਣ ਸਿਰਜੀ ਜਾਂਦੀ ਹੈ ਉਵੇਂ ਹੀ ਅਤੀਤ ਦੀ ਸਮਝ ਨਾਲ ਅਸੀਂ ਘਟਨਾਵਾਂ ਦੇ ਵਾਪਰਨ ਦੇ ਨੇਮ ਜਾਣਦੇ ਹਾਂ ਅਰਥਾਤ ਅਸੀਂ ਸਮੇਂ ਦੀ ਵਿਆਕਰਣ ਸਮਝਦੇ ਹਾਂ ਅਤੇ ਇਸ ਸਮਝ ਨਾਲ ਅਸੀਂ ਆਪਣਾ ਭਵਿੱਖ ਸਿਰਜਦੇ ਹਾਂ, ਨਹੀਂ ਤਾਂ ਮਨੁੱਖ ਨੂੰ ਅਤੀਤ ਵਾਲੀਆਂ ਮੁਸ਼ਕਿਲਾਂ-ਮੁਸੀਬਤਾਂ ਦਾ ਮੁੜ ਮੁੜ ਸਾਹਮਣਾ ਕਰਨਾ ਪੈਂਦਾ ਹੈ।
ਮਨੁੱਖ ਉਨ੍ਹਾਂ ਮੁਸ਼ਕਿਲਾਂ ਨੂੰ ਹੀ ਬਰਦਾਸ਼ਤ ਕਰਦਾ ਹੈ, ਜਿਨ੍ਹਾਂ ਤੋਂ ਬਚਣ ਦਾ ਉਸ ਕੋਲ ਕੋਈ ਰਾਹ ਨਹੀਂ ਹੁੰਦਾ।
ਮਨੁੱਖ ਕੋਲ ਤਰਕ ਅਤੇ ਸੋਚ ਦੀ ਯੋਗਤਾ ਹੈ ਸੋ ਮੁਸ਼ਕਿਲਾਂ ਵਿਚੋਂ ਰਾਹ ਲਭਣਾ ਉਸ ਦਾ ਖਾਸਾ ਹੈ।
ਮਨੁੱਖ ਦੇ ਸੁਭਾਓ, ਸੋਚ ਅਤੇ ਸੂਝ ਨੂੰ ਬਦਲਣ ਦੇ ਪਖੋਂ ਪੜਾਓ ਤਾਂ ਕਈ ਹੋਏ ਹਨ ਪਰ ਪਿਛਲੇ ਲਗਭਗ ਦਸ ਹਜ਼ਾਰ ਸਾਲਾਂ ਵਿਚ ਮਨੁੱਖ ਤਿੰਨ ਵੱਡੇ ਯੁੱਗਾਂ ਵਿਚੋਂ ਲੰਘਿਆ ਹੈ। ਸ਼ਿਕਾਰ ਯੁੱਗ, ਖੇਤੀਬਾੜੀ ਯੁੱਗ ਅਤੇ ਉਦਯੋਗਿਕ ਯੁੱਗ ਨੇ ਮਨੁੱਖ ਵਲੋਂ ਸੰਸਾਰ ਨੂੰ ਨਿਰਖਣ, ਪਰਖਣ, ਸਮਝਣ ਅਤੇ ਸਮਝਾਉਣ ਦੇ ਢੰਗਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਯੁੱਗ ਤਿੰਨ ਕਿਉਂ ਹੋਏ ਹਨ, ਦੋ ਜਾਂ ਚਾਰ ਕਿਉਂ ਨਹੀਂ ਹੋਏ ? ਉੱਤਰ ਇਹ ਹੈ ਕਿ ਹਰ ਨਵਾਂ ਯੁੱਗ, ਬਲ ਜਾਂ ਊਰਜਾ ਦੇ ਨਵੇਂ ਸਰੋਤ ਨਾਲ ਹੀ ਹੋਂਦ ਵਿਚ ਆਉਂਦਾ ਹੈ। ਸ਼ਿਕਾਰ ਯੁੱਗ ਵਿਚ ਮਨੁੱਖ ਕੋਲ ਕੇਵਲ ਆਪਣਾ ਸਰੀਰਕ-ਬਲ ਹੀ ਸੀ । ਖੇਤੀਬਾੜੀ ਯੁੱਗ ਤਾਂ ਹੀ ਆਇਆ ਜਦੋਂ ਮਨੁੱਖ ਨੇ ਆਪਣੇ ਸ਼ਰੀਰਕ-ਬਲ ਨਾਲ ਪਸ਼ੂ-ਬਲ ਵੀ ਵਰਤਣਾ ਆਰੰਭਿਆ ਅਤੇ ਉਦਯੋਗਿਕ ਯੁੱਗ ਤਾਂ ਹੀ ਸੰਭਵ ਹੋਇਆ ਜਦੋਂ ਸਰੀਰਕ-ਬਲ ਅਤੇ ਪਸ਼ੂ-ਬਲ ਨਾਲ ਉਸ ਦੇ ਮਸ਼ੀਨੀ-ਬਲ ਵਰਤਣ ਦੀ ਯੋਗਤਾ ਉਪਜਾਈ । ਸੂਰਜੀ ਊਰਜਾ ਦੇ ਬਲ ਦੀ ਸੰਭਾਵੀ ਵਰਤੋਂ ਨਾਲ ਮਨੁੱਖ ਵਿਕਾਸ ਦੇ ਚੌਥੇ ਯੁਗ ਦੀਆਂ ਬਰੂਹਾਂ ਤੇ ਖਲੋਤਾ ਹੈ, ਜਿਸ ਵਿਚ ਅਸੀਂ ਲਗਭਗ ਇਕ ਸਦੀ ਵਿਚ ਪ੍ਰਵੇਸ਼ ਕਰ ਜਾਵਾਂਗੇ।
ਮਨੁੱਖ ਆਪਣਾ ਜੀਵਨ ਗਿਣਦਾ ਭਾਵੇਂ ਸਾਲਾਂ ਵਿਚ ਹੈ ਪਰ ਜਿਉਂਦਾ ਦਿਨਾਂ ਵਿਚ ਹੈ। ਮਨੁੱਖ ਨੇ ਲਗਭਗ ਹਰ ਰੋਜ਼ ਘਰੋਂ ਜਾ ਕੇ, ਸ਼ਾਮ ਨੂੰ ਵਾਪਸ ਮੁੜਨਾ ਹੁੰਦਾ ਹੈ। ਕੇਵਲ ਸਰੀਰਕ-ਬਲ ਨਾਲ, ਪੈਦਲ ਚਲਣ ਕਾਰਨ, ਸ਼ਿਕਾਰ ਯੁੱਗ ਵਿਚ ਮਨੁੱਖ ਦਾ ਜੀਵਨ ਅੱਠ-ਦਸ ਮੀਲ ਦੇ ਅਨੁਭਵ-ਘੇਰੇ ਵਿਚ ਗੁਜ਼ਰਦਾ ਸੀ । ਖੇਤੀਬਾੜੀ ਯੁੱਗ ਵਿਚ, ਘੋੜੇ ਦੀ ਸਵਾਰੀ ਨਾਲ, ਉਸ ਦਾ ਅਨੁਭਵ-ਘੇਰਾ ਤੀਹ-ਚਾਲ੍ਹੀ ਮੀਲ ਹੋ ਗਿਆ ਅਤੇ ਉਦਯੋਗਿਕ ਯੁੱਗ ਵਿਚ ਵਾਹਣਾਂ ਅਤੇ ਜਹਾਜ਼ਾਂ ਨਾਲ ਮਨੁੱਖ ਦਾ ਅਨੁਭਵ-ਘੇਰਾ ਵਿਸ਼ਵਵਿਆਪੀ ਹੋ ਗਿਆ ਹੈ। ਕਿਉਂਕਿ ਹੁਣ ਧਰਤੀ ਦੀ ਹਰੇਕ ਥਾਂ ਤੇ ਇਕ ਹੀ ਦਿਨ ਵਿਚ ਲਗਭਗ ਸੋਲ੍ਹਾਂ ਘੰਟਿਆਂ ਵਿਚ ਅਪੜਿਆ ਜਾ ਸਕਦਾ ਹੈ।
ਸ਼ਿਕਾਰ ਯੁੱਗ ਵਿਚ ਮਿਥਿਹਾਸ ਅਤੇ ਅੰਧ-ਵਿਸ਼ਵਾਸ ਹੀ ਗਿਆਨ ਸਨ, ਖੇਤੀਬਾੜੀ ਯੁੱਗ ਵਿਚ ਧਰਮ ਅਤੇ ਆਦਰਸ਼ਵਾਦ ਗਿਆਨ ਦੇ ਆਧਾਰ ਬਣੇ ਅਤੇ ਉਦਯੋਗਿਕ ਯੁੱਗ ਵਿਚ ਵਿਗਿਆਨ ਅਤੇ ਯਥਾਰਥਵਾਦ ਦਾ ਬੋਲ-ਬਾਲਾ ਹੈ।
ਸ਼ਿਕਾਰ ਯੁਗ ਵਿਚ ਕੇਵਲ ਦੇਵਤੇ ਦਾ ਸੰਕਲਪ ਸੀ ਅਤੇ ਹਰੇਕ ਵਸਤੂ ਲਈ ਇਕ ਹੀ ਸ਼ਬਦ ਸੀ, ਖੇਤੀ ਯੁੱਗ ਵਿਚ ਦੇਵਤੇ ਨਾਲ ਦੈਂਤ ਦਾ, ਪੁੰਨ ਨਾਲ ਪਾਪ ਦਾ, ਦੁੱਖ ਨਾਲ ਸੁਖ ਦਾ ਸੰਕਲਪ ਉਪਜਿਆ ਅਤੇ ਹਰ ਸ਼ਬਦ ਦਾ ਵਿਰੋਧੀ ਸ਼ਬਦ, ਉਪਜਣ ਨਾਲ ਸ਼ਬਦ ਭੰਡਾਰ ਦੁੱਗਣਾ ਹੋ ਗਿਆ।
ਉਦਯੋਗਿਕ ਯੁੱਗ ਵਿਚ ਊਰਜਾ ਦੇ ਸਰੋਤ ਤਿੰਨ ਹੋਣ ਕਰਕੇ, ਹਰੇਕ ਗਲ ਦੇ ਤਿੰਨ ਪੱਖ ਉਪਜੇ ਹਨ, ਜਿਵੇਂ ਕਾਲਾ-ਗੋਰਾ-ਕਣਕਵੰਨਾ, ਲੰਮਾ-ਮੱਧਰਾ- ਦਰਮਿਆਨਾ, ਅਮੀਰ-ਗਰੀਬ-ਮੱਧਵਰਗੀ, ਇਵੇਂ ਮਨੁੱਖੀ ਅਨੁਭਵ ਦੇ ਵਿਸ਼ਾਲ ਹੋਣ ਨਾਲ ਸ਼ਬਦ-ਭੰਡਾਰ ਵੀ ਹੋਰ ਵਿਸ਼ਾਲ ਹੋਇਆ ਹੈ।
ਜੁਮੈਟਰੀ ਦੀ ਭਾਸ਼ਾ ਵਿਚ ਦਸਣਾ ਹੋਵੇ ਤਾਂ ਸ਼ਿਕਾਰ ਯੁੱਗ ਵਿਚ ਸਾਡੇ ਕੋਲ ਬਿੰਦੂ ਹੀ ਸੀ, ਖੇਤੀਬਾੜੀ ਯੁੱਗ ਵਿਚ ਦੋ ਬਿੰਦੂਆਂ ਵਿਚਕਾਰ ਲਕੀਰ ਉਪਜੀ ਅਤੇ ਉਦਯੋਗਿਕ ਯੁੱਗ ਵਿਚ ਤਿੰਨ ਬਿੰਦੂਆਂ ਵਾਲੀ ਤਿਕੋਨ ਉਪਜੀ।
ਸ਼ਿਕਾਰਯੁਗ ਵਿਚ ਨਾਇਕ ਜਾਂ ਦੇਵਤੇ ਦਾ ਸੰਕਲਪ ਸੀ, ਖੇਤੀਬਾੜੀ ਯੁਗ ਵਿਚ ਦੈਂਤ ਅਤੇ ਖਲਨਾਇਕ ਦਾ ਸੰਕਲਪ ਅਤੇ ਉਦਯੋਗਿਕ ਯੁੱਗ ਵਿਚ ਨਾਇਕ- ਨਾਇਕਾ ਅਤੇ ਖਲਨਾਇਕ ਦੀ ਤਿਕੋਨ ਉਪਜੀ ਹੈ।
ਰਿਸ਼ਤਿਆਂ ਦੀ ਤਿਕੋਨ ਉਦਯੋਗਿਕ ਯੁੱਗ ਦਾ ਖਾਸਾ ਹੈ ਅਤੇ ਰਿਸ਼ਤਿਆਂ ਦੀ ਚੌਪੜ ਅਗਲੇਰੇ ਯੁਗ ਦੀ ਪਛਾਣ ਬਣੇਗੀ।
ਪਹਿਲੇ ਯੁੱਗ ਵਿਚ ਸੰਚਾਰ ਮੌਖਿਕ ਸੀ, ਦੂਜੇ ਯੁੱਗ ਵਿਚ ਮੌਖਿਕ ਨਾਲ ਲਿਖਤੀ ਸੰਚਾਰ ਸੰਭਵ ਹੋਇਆ ਅਤੇ ਅਜੋਕੇ ਯੁੱਗ ਵਿਚ ਮੌਖਿਕ, ਲਿਖਤੀ ਅਤੇ ਛਪਿਆ ਸੰਚਾਰ ਹੈ। ਪ੍ਰਦਰਸ਼ਤ ਸੰਚਾਰ, ਕੰਪਿਊਟਰ ਸਕਰੀਨ ਉਤੇ, ਅਗਲੇਰੇ ਯੁੱਗ ਦਾ ਸੰਚਾਰ ਹੋਵੇਗਾ। ਸ਼ਿਕਾਰ ਕਰਨਾ ਸ਼ਿਕਾਰ ਯੁੱਗ ਦਾ ਧੰਦਾ ਸੀ ਜਿਹੜਾ ਖੇਤੀਬਾੜੀ ਯੁੱਗ ਦਾ ਮਨੋਰੰਜਨ ਬਣਿਆ ਅਤੇ ਸ਼ਿਕਾਰੀਆਂ ਦਾ ਛਾਲ ਮਾਰਨਾ, ਦੌੜਨਾ, ਟੱਪਣਾ, ਤੀਰ ਚਲਾਉਣਾ, ਨੇਜ਼ਾ ਮਾਰਨਾ, ਉਦਯੋਗਿਕ ਯੁੱਗ ਦੀਆਂ ਖੇਡਾਂ ਹਨ।
ਜਦੋਂ ਤਕ ਕੁਝ ਬੁਨਿਆਦੀ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਕੋਈ ਵੀ ਯੁੱਗ ਨਹੀਂ ਬਦਲਦਾ।
ਮਨੁੱਖ ਸੋਚਣ ਅਤੇ ਸੰਦਾਂ ਦਾ ਨਿਰਮਾਣ ਕਰਨ ਵਾਲਾ ਜੀਵ ਹੈ।
ਸੋਚਣਾ ਅਤੇ ਹੱਥਾਂ ਨੂੰ ਸੰਦਾਂ ਵਜੋਂ ਵਰਤਣਾ ਅਤੇ ਹੋਰ ਸੰਦ ਬਣਾਉਣਾ ਮਨੁੱਖ ਦੀਆਂ ਵੱਡੀਆਂ ਯੋਗਤਾਵਾਂ ਹਨ।
ਸੋਚਣ ਨਾਲ ਮਨੁੱਖ ਨੂੰ ਕਾਰਨ-ਕਾਰਜ ਦੇ ਸਬੰਧਾਂ ਦਾ ਪਤਾ ਲਗਿਆ ।
ਲੱਕੜ ਅਤੇ ਅੱਗ, ਬੱਦਲ ਅਤੇ ਮੀਂਹ, ਬੀਜ ਅਤੇ ਦਰੱਖਤ ਦੇ ਸਬੰਧਾਂ ਦੀ ਸਮਝ ਕੇਵਲ ਮਨੁੱਖ ਕੋਲ ਹੈ। ਇਹ ਸਮਝ ਹੀ ਵਿਗਿਆਨ ਦਾ ਆਧਾਰ ਬਣੀ ਹੈ।
ਸਮਝ ਅਤੇ ਸੋਚ ਨਾਲ ਮਨੁੱਖ ਨੇ ਜੀਵ-ਜੰਤੂਆਂ ਨੂੰ ਲਾਭਕਾਰੀ ਅਤੇ ਹਾਨੀਕਾਰਕ ਵੰਨਗੀਆਂ ਵਿਚ ਵੰਡਿਆ ਅਤੇ ਲਾਭਕਾਰੀ ਜੀਵਾਂ ਨੂੰ ਪਾਲਣਾ ਅਤੇ ਹਾਨੀਕਾਰਕ ਜੀਵਾਂ ਨੂੰ ਮਾਰਨਾ ਆਰੰਭ ਕੀਤਾ।
ਸ਼ਿਕਾਰ ਯੁਗ ਦੌਰਾਨ ਜੀਵਨ ਝਰਨਿਆਂ, ਝੀਲਾਂ, ਦਰਿਆਵਾਂ, ਸਮੁੰਦਰਾਂ ਆਦਿ ਕਿਨਾਰੇ ਹੀ ਸੀ। ਮਨੁੱਖ ਨੇ ਧਰਤੀ ਹੇਠਲਾ ਪਾਣੀ ਲਭ ਕੇ ਖੂਹ ਰਾਹੀਂ, ਪਿੰਡ ਦੀ ਕਲਪਨਾ ਕੀਤੀ ਅਤੇ ਝੀਲਾਂ ਦਰਿਆਵਾਂ ਤੋਂ ਪਰ੍ਹੇ ਦੂਰ-ਦੁਰਾਡੀਆਂ ਥਾਵਾਂ ਤੇ ਜਾਣਾ ਆਰੰਭਿਆ ਅਤੇ ਪਿੰਡ ਵਸਣੇ ਆਰੰਭ ਹੋਏ। ਮਨੁੱਖ ਨੇ ਅੱਗ ਬਾਲਣੀ ਸਿਖੀ ਅਤੇ ਘਰ ਦਾ ਸੰਕਲਪ ਉਸਰਿਆ। ਮਨੁੱਖ ਉਸ ਪਾਣੀ ਜਾਂ ਅੱਗ ਨੂੰ ਹੀ ਵਰਤ ਸਕਦਾ ਹੈ ਜਿਹੜੀ ਉਸ ਦੇ ਕਾਬੂ ਵਿਚ ਹੋਵੇ। ਹੜ੍ਹ ਦੇ ਪਾਣੀ ਜਾਂ ਜੰਗਲ ਦੀ ਅੱਗ ਤੋਂ ਲਾਭ ਨਹੀਂ ਉਠਾਇਆ ਜਾ ਸਕਦਾ । ਅੱਗ ਬਾਲਣ ਅਤੇ ਪਾਣੀ ਸਾਂਭਣ ਰਾਹੀਂ ਮਨੁੱਖ ਨੇ ਪ੍ਰਕ੍ਰਿਤਕ ਸ਼ਕਤੀਆਂ ਉਤੇ ਨਿਯੰਤਰਣ ਕਰਨਾ ਸਿੱਖਿਆ।
ਕੁਦਰਤ ਨੇ ਹਰੇਕ ਜੀਵ-ਜਾਤੀ ਲਈ ਖੁਰਾਕ ਨਿਰਧਾਰਤ ਕੀਤੀ ਹੋਈ ਹੈ। ਇਸ ਨੂੰ ਭੋਜਨ-ਸੰਗਲੀ ਕਹਿੰਦੇ ਹਨ। ਗਊ ਘਾਹ ਖਾਂਦੀ ਹੈ, ਸ਼ੇਰ ਗਊ ਖਾਂਦਾ ਹੈ। ਸ਼ੇਰ ਭੁੱਖਾ ਮਰ ਜਾਵੇਗਾ ਪਰ ਘਾਹ ਨਹੀਂ ਖਾਵੇਗਾ, ਗਊ ਭੁੱਖੀ ਮਰ ਜਾਵੇਗੀ ਪਰ ਮਾਸ ਨਹੀਂ ਖਾਵੇਗੀ। ਤਿੰਨ ਪ੍ਰਕਾਰ ਦੀ ਖੁਰਾਕ ਹੈ : ਬਨਸਪਤੀ, ਅਨਾਜ ਅਤੇ ਮਾਸ। ਜੀਵ-ਜੰਤੂ ਤਾਂ ਹੀ ਜਿਉਂਦੇ ਰਹਿ ਸਕਦੇ ਹਨ ਜੇ ਉਨ੍ਹਾਂ ਨੂੰ ਨਿਰਧਾਰਤ ਖੁਰਾਕ ਮਿਲੇ ਪਰ ਮਨੁੱਖ ਤਿੰਨੇ ਪ੍ਰਕਾਰ ਦੀ ਖੁਰਾਕ ਖਾ ਸਕਦਾ ਹੈ। ਇਸ ਯੋਗਤਾ ਕਾਰਨ ਮਨੁੱਖ ਸਭਨੀ ਥਾਈਂ; ਪਹਾੜਾਂ, ਮੈਦਾਨਾਂ ਰੇਗਿਸਤਾਨਾਂ ਆਦਿ ਵਿਚ ਰਹਿਣ ਯੋਗ ਹੋਇਆ ਹੈ। ਇਸੇ ਕਾਰਨ ਹੀ ਮਨੁੱਖੀ ਜਨਸੰਖਿਆ ਵੱਧੀ ਹੈ ਅਤੇ ਵੱਧ ਰਹੀ ਹੈ।
ਆਪਣੀ ਬੁੱਧੀ ਨਾਲ ਮਨੁੱਖ ਨੇ ਮਾਪਣਾ-ਤੋਲਣਾ-ਗਿਣਨਾ ਸਿਖ ਕੇ ਆਲੇ- ਦੁਆਲੇ ਨੂੰ ਕਾਬੂ ਕਰਨਾ ਅਤੇ ਵਸਤਾਂ-ਸਰੋਤਾਂ ਨੂੰ ਸਾਂਭਣਾ-ਵਰਤਣਾ ਸਿਖਿਆ।
ਉਪਰੋਕਤ ਵੇਰਵਿਆਂ ਤੋਂ ਸਪਸ਼ਟ ਹੈ ਕਿ ਹੱਥਾਂ ਨੂੰ ਸੰਦਾਂ ਵਜੋਂ ਵਰਤਣਾ, ਸੰਦ ਸਿਰਜਣਾ, ਧਰਤੀ ਹੇਠਲਾ ਪਾਣੀ ਲਭਣਾ, ਅੱਗ ਬਾਲਣੀ ਸਿਖਣੀ, ਭੋਜਨ- ਸੰਗਲੀ ਦਾ ਤੋੜਨਾ, ਕਾਰਨ-ਕਾਰਜ ਦਾ ਸਬੰਧ ਸਮਝਣਾ, ਗਿਣਤੀ-ਮਿਣਤੀ ਸਿਖਣੀ ਅਤੇ ਪਸ਼ੂ-ਬਲ ਵਰਤਣਾ ਆਦਿ ਉਹ ਯੋਗਤਾਵਾਂ-ਸ਼ਰਤਾਂ ਹਨ ਜਿਹੜੀਆਂ ਸ਼ਿਕਾਰ ਯੁਗ ਨੂੰ ਖੇਤੀਬਾੜੀ ਯੁੱਗ ਵਿਚ ਪਲਟ ਦਿੰਦੀਆਂ ਹਨ।
ਖੇਤੀਬਾੜੀ ਵਾਲੇ ਸਮਾਜ ਵਿਚ ਜੀਵਨ ਦੇ ਟਿਕ ਜਾਣ ਨਾਲ ਸੰਚਾਰ ਲਈ ਸਾਂਝੀ ਬੋਲੀ ਦਾ ਨਿਰਮਾਣ ਹੁੰਦਾ ਹੈ। ਖੇਤੀਬਾੜੀ ਦੇ ਕੁਦਰਤੀ ਸ਼ਕਤੀਆਂ ਉਤੇ ਨਿਰਭਰ ਹੋਣ ਕਾਰਨ ਪਹਿਲਾਂ ਕੁਦਰਤ ਅਤੇ ਮਗਰੋਂ ਕਾਦਰ ਦੇ ਸੰਕਲਪ ਉਸਰਦੇ ਹਨ। ਜ਼ਮੀਨ ਅਤੇ ਫਸਲ ਨਾਲ ਜਾਇਦਾਦ ਦਾ ਵਿਚਾਰ ਉਪਜਦਾ ਹੈ ਅਤੇ ਜਾਇਦਾਦ ਲਈ ਵਾਰਿਸ ਉਪਜਾਉਣ ਵਾਸਤੇ ਵਿਆਹ ਦੀ ਪਰੰਪਰਾ ਸਥਾਪਤ ਹੁੰਦੀ ਹੈ। ਇਸਤਰੀ ਉਤੇ ਰੋਕਾਂ ਲਗਦੀਆਂ ਹਨ ਤਾਂ ਕਿ ਬੱਚੇ ਦੀ ਵਲਦੀਅਤ ਸਬੰਧੀ ਕੋਈ ਸੰਦੇਹ ਨਾ ਰਹੇ । ਜਾਇਦਾਦ ਦੇ ਆਧਾਰ ਉਤੇ ਦਰਜੇਬੰਦੀ ਜਾਂ ਜਾਤਪਾਤ ਉਪਜਦੀ ਹੈ। ਚੰਗੇ-ਮਾੜੇ ਵਿਹਾਰ ਅਨੁਸਾਰ ਇਨਾਮ ਅਤੇ ਦੰਡ ਰਾਹੀਂ ਨਿਆਂ- ਪ੍ਰਣਾਲੀ ਉਸਰਦੀ ਹੈ। ਮੌਸਮ ਅਤੇ ਚੌਗਿਰਦੇ ਅਨੁਸਾਰ ਲਿਬਾਸ, ਆਹਾਰ, ਵਿਹਾਰ ਆਦਿ ਨਿਰਧਾਰਤ ਹੁੰਦੇ ਹਨ। ਇਨ੍ਹਾਂ ਸਾਰੇ ਸੰਕਲਪਾਂ ਅਤੇ ਆਦਰਸ਼ਾਂ ਨੂੰ ਦ੍ਰਿੜ੍ਹ ਕਰਵਾਉਣ ਲਈ ਰਾਮਾਇਣ, ਮਹਾਂਭਾਰਤ ਜਿਹੇ ਗ੍ਰੰਥ ਉਪਜਦੇ ਹਨ ਜਿਨ੍ਹਾਂ ਰਾਹੀਂ ਸਮੁੱਚੇ ਜੀਵਨ-ਵਿਹਾਰ ਨੂੰ ਨਿਰਧਾਰਤ ਕੀਤਾ ਜਾਂਦਾ ਹੈ।
ਜਿਉਂ ਜਿਉਂ ਮਨੁੱਖ ਸਮਰੱਥਾਵਾਨ ਹੁੰਦਾ ਗਿਆ ਹੈ ਤਿਉਂ ਤਿਉਂ ਉਸ ਦੀ ਆਪਣੇ ਆਪ ਬਾਰੇ ਸੋਝੀ ਬਲਵਾਨ ਹੁੰਦੀ ਗਈ ਹੈ। ਇਸ ਨਾਲ ਮਨੁੱਖ ਵਿਚ ਆਪਣੀ ਯੋਗਤਾ ਵਿਚ ਵਿਸ਼ਵਾਸ ਵੱਧਿਆ ਹੈ ਜਿਹੜਾ ਮਨ, ਬੁਧੀ ਅਤੇ ਆਤਮਾ ਰਾਹੀਂ ਪ੍ਰਗਟ ਹੋਇਆ ਹੈ। ਮਨੁੱਖ ਨੇ ਖੇਤੀਬਾੜੀ ਯੁਗ ਵਿਚ ਆਪਣੀ ਆਤਮਾ ਦੀ ਗਲ ਕੀਤੀ ਅਤੇ ਕੁਦਰਤ ਨੂੰ ਪਰਮ-ਆਤਮਾ ਕਹਿਣਾ ਆਰੰਭਿਆ।
ਦੇਸ਼ ਕੋਈ ਹੋਵੇ, ਖੇਤੀਬਾੜੀ ਯੁਗ ਧਰਮ-ਕੇਂਦਰਿਤ ਹੁੰਦਾ ਹੈ।
ਧਰਮ ਦਾ ਸਭ ਤੋਂ ਵੱਡਾ ਯੋਗਦਾਨ ਆਦਰਸ਼ਵਾਦ ਨੂੰ ਸਥਾਪਤ ਕਰਨਾ ਅਤੇ ਆਤਮਾ ਅਤੇ ਪ੍ਰਮਾਤਮਾ ਦੇ ਸੰਕਲਪਾਂ ਦੀ ਸਿਰਜਣਾ ਹੈ।
ਖੇਤੀਬਾੜੀ ਯੁੱਗ ਦਾ ਇਕ ਹੋਰ ਵਿਕਾਸੀ ਯੋਗਦਾਨ ਲਿਪੀ ਦਾ ਨਿਰਮਾਣ ਸੀ, ਜਿਸ ਨਾਲ ਸੁਨੇਹਾ ਦੇਣ-ਲੈਣ ਵਾਲੇ ਦੋਹਾਂ ਵਿਅਕਤੀਆਂ ਦੇ ਆਹਮੋ- ਸਾਹਮਣੇ ਹੋਣ ਅਤੇ ਸਭ ਕੁਝ ਯਾਦ ਰਖਣ ਦੀ ਮਜਬੂਰੀ ਤੋਂ ਮੁਕਤੀ ਮਿਲ ਗਈ।
ਇਸ ਨਾਲ ਗਿਆਨ ਅਤੇ ਸੁਨੇਹਿਆਂ ਦੇ ਲਿਖਤੀ ਰੂਪ ਵਿਚ ਹੋਣ ਕਾਰਨ ਪ੍ਰਗਟਾਵੇ ਅਤੇ ਸਮਝ ਵਿਚ ਸੌਖ ਅਤੇ ਸਪਸ਼ਟਤਾ ਆ ਗਈ ਅਤੇ ਮਨੁੱਖ ਆਪਣੇ ਵਿਚਾਰਾਂ, ਅਨੁਭਵਾਂ ਆਦਿ ਨੂੰ ਲਿਖਤੀ ਰੂਪ ਵਿਚ ਸਾਂਭਣ ਦੇ ਯੋਗ ਹੋ ਗਿਆ ਅਤੇ ਇਵੇਂ ਗਿਆਨ ਦਾ ਜਨਮ ਹੋਇਆ।
ਇਹੋ ਜਿਹਾ ਹੀ ਮਹੱਤਵਪੂਰਣ ਵਿਕਾਸ ਉਦਯੋਗਿਕ ਯੁਗ ਵਿਚ ਕਰੰਸੀ ਦਾ ਨਿਰਮਾਣ ਕਰਨਾ ਸੀ ਜਿਸ ਨਾਲ ਵੇਚਣ ਅਤੇ ਖਰੀਦਣ ਵਾਲੇ ਦੋਹਾਂ ਵਲੋਂ ਬੋਝ ਚੁੱਕਣ ਦੇ ਪਖੋਂ ਇਕ ਨੂੰ ਮੁਕਤੀ ਮਿਲ ਗਈ ਅਤੇ ਖਰੀਦਣਾ-ਵੇਚਣਾ ਸੁਖਾਲਾ ਹੋ ਗਿਆ ਅਤੇ ਵਸਤਾਂ ਦੇ ਬਦਲੇ ਵਸਤਾਂ ਦੇ ਵਟਾਂਦਰੇ ਦੀ ਥਾਂ ਚੀਜ਼ਾਂ ਨੂੰ ਧਨ ਨਾਲ ਅਤੇ ਧਨ ਨੂੰ ਚੀਜ਼ਾਂ ਨਾਲ ਵਟਾਇਆ ਜਾਣ ਲਗਾ।
ਮਨੁੱਖੀ ਸਮਾਜ ਦੇ ਲੰਮੇ ਪ੍ਰਵਾਹ ਵਿਚ ਤਿੰਨ ਮਹਾਨ ਵਟਾਂਦਰੇ ਵਾਪਰੇ ਹਨ : ਇਸਤਰੀਆਂ ਦਾ ਵਟਾਂਦਰਾ, ਵਸਤਾਂ ਦਾ ਵਟਾਂਦਰਾ ਅਤੇ ਸੁਨੇਹਿਆਂ ਦਾ ਵਟਾਂਦਰਾ।
4 ਸ਼ਿਕਾਰ ਯੁੱਗ ਵਿਚ ਮੁਟਿਆਰ ਨੂੰ ਹਥਿਆਉਣ ਲਈ ਲੜਾਈ ਹੁੰਦੀ ਸੀ ਜਿਸ ਦਾ ਹਲ ਖੇਤੀਬਾੜੀ ਯੁੱਗ ਵਿਚ ਧੀਆਂ ਦੇ ਵਟਾਂਦਰੇ ਰਾਹੀਂ ਅਰਥਾਤ ਧੀਆਂ ਟੋਰਨ ਅਤੇ ਨੂੰਹਾਂ ਲਿਆਉਣ ਰਾਹੀਂ ਕੀਤਾ ਗਿਆ। ਵਟਾਂਦਰੇ ਦੀ ਇਸ ਰੀਤ ਨਾਲ ਸਮਾਜ ਵਿਚ ਹਿੰਸਾ ਘਟੀ। ਅਜਿਹੇ ਵਟਾਂਦਰੇ ਨਾਲ ਹੀ ਸਮੁੱਚਾ ਰਿਸ਼ਤਾ-ਨਾਤਾ ਪ੍ਰਬੰਧ ਹੋਂਦ ਵਿਚ ਆਉਂਦਾ ਹੈ ਅਤੇ ਹਰ ਰਿਸ਼ਤੇ ਦੇ ਕਰਤਵ ਅਤੇ ਅਧਿਕਾਰ ਨਿਸ਼ਚਿਤ ਹੁੰਦੇ ਹਨ। ਖੁਸ਼ਹਾਲ ਅਤੇ ਸਭਿਅਕ ਸਮਾਜਾਂ ਵਿਚ ਇਹ ਵਟਾਂਦਰਾ ਸੁਖਾਵਾਂ ਅਤੇ ਰਸਮਾਂ-ਰੀਤਾਂ-ਸ਼ਗਨਾਂ ਨਾਲ ਪੂਰਾ ਕੀਤਾ ਜਾਣ ਵਾਲਾ ਹੁੰਦਾ ਹੈ।
ਸਭਨੀ ਥਾਈਂ ਇਸ ਵਟਾਂਦਰੇ ਉਤੇ ਧਰਮ ਨੇ ਪ੍ਰਵਾਨਗੀ ਦੀ ਮੋਹਰ ਲਾ ਕੇ ਇਸ ਨੂੰ ਸਮਾਜ ਵਿਚ ਸਨਮਾਨਿਤ ਅਤੇ ਪਵਿਤਰ ਬਣਾ ਦਿਤਾ ਹੈ।
ਦੂਜਾ ਮਹਾਨ ਵਟਾਂਦਰਾ ਵਸਤਾਂ ਦਾ ਹੈ, ਜਿਸ ਨਾਲ ਸਾਰੇ ਕੰਮ-ਧੰਦੇ ਅਤੇ ਲੈਣ-ਦੇਣ ਹੋਂਦ ਵਿਚ ਆਉਂਦੇ ਹਨ ਅਤੇ ਵਾਪਰਕ ਬਿਰਤੀ ਉਪਜਦੀ ਹੈ। ਧਰਮ ਵਾਂਗ ਵਪਾਰ ਵੀ ਮਨੁੱਖ ਦੇ ਨੈਤਿਕ-ਅਨੈਤਿਕ ਵਿਹਾਰ ਦੇ ਮਾਪ-ਤੋਲ ਨਿਰਧਾਰਤ ਕਰਦਾ ਹੈ। ਉਦਾਹਰਣ ਵਜੋਂ, ਆਪਣੇ ਹੱਕ ਨਾਲੋਂ ਵੱਧ ਲੈਣ ਵਾਲੇ ਨੂੰ ਸੁਆਰਥੀ, ਭ੍ਰਿਸ਼ਟ ਅਤੇ ਨੀਚ ਕਿਹਾ ਜਾਣ ਲਗਿਆ ਅਤੇ ਯੋਗ ਹਿੱਸਾ ਲੈਣ ਵਾਲਾ ਸਾਊ ਅਤੇ ਈਮਾਨਦਾਰ ਕਹਾਉਣ ਲਗਿਆ।
ਤੀਜਾ ਮੁਖ ਵਟਾਂਦਰਾ ਸੁਨੇਹਿਆਂ ਦਾ ਸੀ। ਅਸੀਂ ਜਿਤਨਾ ਚਿਰ ਜਾਗਦੇ ਹਾਂ, ਸੁਨੇਹੇ ਦਿੰਦੇ-ਲੈਂਦੇ, ਖਰੀਦਦੇ-ਵੇਚਦੇ ਰਹਿੰਦੇ ਹਾਂ। ਸਿਖਿਆ ਅਤੇ ਸਾਹਿਤ ਸੁਨੇਹਿਆਂ ਦੀਆਂ ਵੰਨਗੀਆਂ ਹਨ। ਇਨ੍ਹਾਂ ਵਟਾਂਦਰਿਆਂ ਨਾਲ ਸਮਾਜ ਦਾ ਆਕਾਰ ਵੱਡਾ ਹੁੰਦਾ ਹੁੰਦਾ ਕੌਮ ਅਤੇ ਦੇਸ਼ ਦੇ ਸੰਕਲਪਾਂ ਵਿਚ ਪ੍ਰਗਟ ਹੋਇਆ ਹੈ।
ਮਨੁੱਖੀ ਸਮਾਜ ਦੀ ਉਸਾਰੀ ਵਿਅਕਤੀਗਤ ਤਾਂਘਾਂ-ਉਮੰਗਾਂ ਨੂੰ ਕੁੱਚਲ ਕੇ ਹੋਈ ਹੈ। ਸਭ ਤੋਂ ਵੱਧ ਰੋਕਾਂ ਮਨੁੱਖ ਦੀ ਕਾਮ-ਇੱਛਾ ਦੀ ਤ੍ਰਿਪਤੀ ਉਤੇ ਲਗੀਆਂ ਹਨ । ਕਾਮ-ਊਰਜਾ ਨੂੰ ਸਿਰਜਣਾਤਮਕ ਉਦੇਸ਼ਾਂ ਲਈ ਵਰਤਣ ਵਾਸਤੇ ਵੱਖ-ਵੱਖ ਕਲਾਵਾਂ ਦਾ ਵਿਕਾਸ ਆਰੰਭ ਹੋਇਆ ਅਤੇ ਕੁਰਬਾਨੀ, ਦੇਸ਼ਭਗਤੀ, ਤਿਆਗ, ਸ਼ਹੀਦੀ ਆਦਿ ਦੇ ਉੱਚੇ ਟੀਚੇ-ਨਿਸ਼ਾਨੇ ਮਿਥੇ ਗਏ। ਉਂਜ ਤਾਂ ਹਰ ਸਮਾਜ ਵਿਚਲੇ ਬਹੁਤੇ ਲੋਕ ਸਮਾਜਿਕ ਨੇਮਾਂ-ਬੰਧਨਾਂ ਨੂੰ ਸਵੀਕਾਰ ਕਰ ਲੈਂਦੇ ਹਨ ਪਰ ਕੁਝ ਵਿਅਕਤੀ ਸਮਾਜ ਨੂੰ ਆਪਣੇ ਢੰਗ ਨਾਲ ਬਦਲਣ ਦਾ ਉਪਰਾਲਾ ਕਰਦੇ ਹਨ। ਖੇਤੀਬਾੜੀ ਸਮਾਜ ਵਿਚ ਵਿਆਹ ਪ੍ਰਵਾਨ ਹੈ ਪਰ ਇਸ਼ਕ ਪ੍ਰਵਾਨ ਨਹੀਂ ਪਰ ਜਿਹੜੇ ਕਿਸੇ ਪਰੰਪਰਾ ਨੂੰ, ਰਾਂਝੇ ਜਾਂ ਮਨਸੂਰ ਵਾਂਗ ਤੋੜਦੇ ਹਨ ਉਹ ਬਾਗੀ ਅਖਵਾਉਂਦੇ ਹਨ।
ਹਰ ਸਮਾਜ ਵਿਚ ਬਾਗੀ ਉਪਜਦੇ ਹਨ, ਜਿਨ੍ਹਾਂ ਨੂੰ ਗੁਰੂ, ਸੰਤ, ਫਕੀਰ, ਪ੍ਰੇਮੀ, ਯੋਧੇ ਆਦਿ ਕਿਹਾ ਜਾਂਦਾ ਹੈ। ਆਪਣੇ ਆਦਰਸ਼ਾਂ ਲਈ ਸਿਰਧੜ ਦੀ ਬਾਜ਼ੀ ਲਾਉਣ ਕਾਰਨ ਇਹ ਬਾਗੀ ਸਮਾਜ ਦੇ ਨਾਇਕ ਅਖਵਾਉਂਦੇ ਹਨ।
ਖੇਤੀਬਾੜੀ ਯੁਗ ਵਿਚ ਹੀ ਮਨੁੱਖ ਅੰਦਰ ਕੁਦਰਤੀ ਵਰਤਾਰਿਆਂ ਨੂੰ ਸਮਝਣ ਦੀ ਜਗਿਆਸਾ ਜਾਗੀ। ਇਸ ਪਖੋਂ ਯੂਨਾਨ ਦਾ ਯੋਗਦਾਨ ਮਹੱਤਵਪੂਰਨ ਹੈ।
ਯੂਨਾਨ ਨੇ ਕੁਦਰਤ ਦੇ ਨੇਮਾਂ ਦੀ ਤਰਕ-ਆਧਾਰਿਤ ਸਮਝ ਵਿਚੋਂ ਫਲਸਫਾ ਉਸਾਰਿਆ, ਜਿਸ ਵਿਚੋਂ ਮਗਰੋਂ ਵਿਗਿਆਨ ਉਪਜਿਆ।
ਭਾਰਤ ਦਾ ਮੁਖ ਯੋਗਦਾਨ ਧਰਮ ਦੇ ਖੇਤਰ ਵਿਚ ਰਿਹਾ ਹੈ।
ਪਹੀਆ, ਵਿਗਿਆਨਕ ਪਖੋਂ ਮਨੁੱਖ ਦੀ ਪਹਿਲੀ ਵੱਡੀ ਕਾਢ ਹੈ। ਪ੍ਰਕਿਰਤੀ ਦੇ ਸਰਬ ਵਿਆਪੀ ਨੇਮ ਲਭ ਕੇ ਮਨੁੱਖ ਨੇ ਮਸ਼ੀਨ ਦਾ, ਮਕਾਨਕੀ ਊਰਜਾ ਦਾ ਨਿਰਮਾਣ ਕੀਤਾ ਹੈ। ਮਸ਼ੀਨ ਉਦਯੋਗਿਕ ਯੁੱਗ ਦਾ ਆਧਾਰ ਹੈ ਅਤੇ ਬਿਜਲੀ ਮਸ਼ੀਨ ਨੂੰ ਚਲਾਉਣ ਵਾਲੀ ਊਰਜਾ ਹੈ।
ਮਨੁੱਖ ਨੂੰ ਆਜ਼ਾਦ, ਸੁਤੰਤਰਤਾ-ਅੰਦੋਲਨਾਂ ਨੇ ਨਹੀਂ, ਬਿਜਲੀ ਨੇ ਅਤੇ ਹੋਰ ਵਿਗਿਆਨਕ ਕਾਢਾਂ ਨੇ ਕਰਵਾਇਆ ਹੈ।
ਆਧੁਨਿਕ ਯੁਗ ਦੇ ਪੱਖੋਂ ਛਾਪੇਖਾਨੇ ਦੀ ਮਸ਼ੀਨ ਨੇ ਸੰਸਾਰ ਦੇ ਹਰ ਕੋਨੇ ਵਿਚ ਮਨੁੱਖੀ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਦਾ ਰਾਹ ਖੋਲ੍ਹਿਆ ਹੈ। ਛਾਪੇਖਾਨੇ ਨੇ ਗਿਆਨ, ਗਿਆਨ ਨੇ ਵਿਗਿਆਨ ਅਤੇ ਵਿਗਿਆਨ ਨੇ ਉਦਯੋਗ ਸੰਭਵ ਬਣਾਏ। ਉਦਯੋਗਾਂ ਨਾਲ ਸ਼ਹਿਰ ਵਸੇ, ਸ਼ਹਿਰਾਂ ਵਿਚ ਨਵੇਂ ਧੰਦਿਆਂ ਨੇ ਜਾਤਪਾਤ ਤੋੜੀ; ਨਵੇਂ ਆਰਥਿਕ, ਰਾਜਨੀਤਕ, ਸਮਾਜਿਕ ਸਬੰਧ ਅਤੇ ਰਿਸ਼ਤੇ ਉਸਰੇ; ਨਵੀਂ ਸ਼ਬਦਾਵਲੀ ਉਪਜੀ; ਵਾਰਤਕ ਨੇ ਕਵਿਤਾ ਦੀ ਥਾਂ ਲਈ; ਭਾਵਕਤਾ ਦੀ ਥਾਂ ਬੁਧੀ, ਜਾਤ ਦੀ ਥਾਂ ਜਮਾਤ, ਧਰਮ ਦੀ ਥਾਂ ਵਿਗਿਆਨ, ਮੰਦਰ-ਮਸਜਿਦ ਦੀ ਥਾਂ ਮਾਰਕੀਟ ਅਤੇ ਸਾਮੰਤਵਾਦ ਦੀ ਥਾਂ ਲੋਕ-ਤੰਤਰ ਨੇ ਲਈ। ਇਨ੍ਹਾਂ ਤਬਦੀਲੀਆਂ ਨਾਲ ਮਨੁੱਖ ਦਾ ਅਨੁਭਵ ਘੇਰਾ ਵਿਸ਼ਵਵਿਆਪੀ ਹੋ ਗਿਆ ਹੈ।
ਮਨੁੱਖ ਦੀ ਥਕਾਵਟ ਨੂੰ ਮਸ਼ੀਨ ਨੇ ਘਟਾਇਆ ਹੈ ਅਤੇ ਮਸ਼ੀਨ ਦੀ ਵਰਤੋਂ ਨਾਲ ਮਨੁੱਖ ਦੀ ਆਮਦਨ ਵੱਧੀ ਹੈ।
ਸਾਰੀਆਂ ਮਸ਼ੀਨਾਂ ਮਨੁੱਖ ਦੀਆਂ ਸਰੀਰਕ ਕ੍ਰਿਆਵਾਂ ਦੇ ਬਦਲ ਹਨ।
ਕੰਪਿਊਟਰ ਨਵੀ ਮਸ਼ੀਨ ਹੈ ਜਿਹੜੀ ਮਨੁੱਖ ਦੀਆਂ ਬੌਧਿਕ ਕ੍ਰਿਆਵਾਂ ਦਾ ਬਦਲ ਹੈ ਕਿਉਂਕਿ ਇਸ ਨੇ ਮਨੁੱਖ ਦੀ ਯਾਦ ਰਖਣ, ਗਿਣਨ, ਸੂਚਨਾ ਨੂੰ ਨੇਮਬਧ ਕਰਨ ਦੀ ਜ਼ਿੰਮੇਵਾਰੀ ਲੈ ਲਈ ਹੈ।
ਹਰ ਨਵੀਂ ਕਾਢ ਪਹਿਲੀਆਂ ਘਟੋ-ਘੱਟ ਦੋ ਕਾਢਾਂ ਦਾ ਬਦਲ ਬਣਦੀ ਹੈ, ਜਿਵੇਂ ਬਾਲ-ਪੈਨ, ਪੈਂਨਸਿਲ ਅਤੇ ਪੈਨ ਦਾ ਬਦਲ ਹੈ; ਪਲਾਸਟਿਕ, ਲੋਹੇ ਅਤੇ ਲਕੜ ਦਾ ਬਦਲ ਹੈ ਅਤੇ ਟੈਲੀਵਿਜ਼ਨ, ਰੇਡੀਓ ਅਤੇ ਸਿਨੇਮੇ ਦਾ ਬਦਲ ਹੈ। ਕੰਪਿਊਟਰ ਮਨੁੱਖ ਦੀ ਗਿਣਤੀ-ਮਿਣਤੀ ਕਰਨ ਅਤੇ ਯਾਦ ਰਖਣ ਦੀ ਯੋਗਤਾ ਦਾ ਬਦਲ ਹੈ। ਮਨੁੱਖੀ ਇਤਿਹਾਸ ਵਿਚ ਪਹਿਲੀ ਵਾਰ ਗਿਣਤੀ-ਮਿਣਤੀ, ਮਨੁੱਖੀ ਦਿਮਾਗ ਤੋਂ ਬਾਹਰ ਕੀਤੀ ਜਾ ਰਹੀ ਹੈ, ਇਸ ਨਾਲ ਮਨੁੱਖ ਦੀ ਸਿਰਜਣਾਤਮਕ ਸ਼ਕਤੀ ਵੱਧੀ ਹੈ। ਇਸੇ ਸ਼ਕਤੀ ਨਾਲ ਮਨੁੱਖ ਪੁਲਾੜਾਂ ਨੂੰ ਫਰੋਲ ਰਿਹਾ ਹੈ।
ਉਨ੍ਹੀਵੀਂ ਸਦੀ ਦੇ ਅੰਤ ਉਤੇ ਸਾਡੇ ਕੋਲ ਸੂਚਨਾ ਦੇ ਸਰੋਤ ਵਜੋਂ ਕੇਵਲ ਸਮਾਚਾਰ ਪੱਤਰ ਸਨ, ਫਿਰ ਵੀਹ-ਵੀਹ ਸਾਲ ਮਗਰੋਂ ਪਹਿਲਾਂ ਸਿਨੇਮਾ, ਫਿਰ ਰੇਡੀਓ, ਫਿਰ ਟੈਲੀਵਿਜ਼ਨ, ਫਿਰ ਕੰਪਿਊਟਰ, ਫਿਰ ਮੋਬਾਈਲ ਫੋਨ ਆਦਿ ਹੋਂਦ ਵਿਚ ਆਏ। ਤਕਨਾਲੋਜੀ ਰਾਹੀਂ ਇਹ ਵਿਕਾਸ ਜਾਰੀ ਹੈ।
ਹੁਣ ਤਾਂ ਮਨੁੱਖ ਕੋਲ ਸਾਧਨ ਹੀ ਇਤਨੇ ਹਨ ਕਿ ਕੋਈ ਸਮੱਸਿਆ ਜਾਂ ਮੁਸ਼ਕਿਲ ਉਸ ਅੱਗੇ ਟਿਕ ਹੀ ਨਹੀਂ ਸਕਦੀ।
ਜਦੋਂ ਨਵੀਂ ਤਕਨਾਲੋਜੀ ਉਪਜਦੀ ਹੈ ਤਾਂ ਜੀਵਨ ਦਾ ਹਰ ਖੇਤਰ ਪ੍ਰਭਾਵਿਤ ਹੁੰਦਾ ਹੈ। ਤਕਨਾਲੋਜੀ ਨੇ ਹਰ ਵਰਤਾਰੇ ਦੀ ਰਫਤਾਰ ਤੇਜ਼ ਕਰ ਦਿਤੀ ਹੈ ਅਤੇ ਜੀਵਨ ਦੇ ਹਰ ਖੇਤਰ ਵਿਚ ਵੰਨ-ਸੁਵੰਨਤਾ ਆਈ ਹੈ।
ਮਨੁੱਖੀ ਰਿਸ਼ਤਿਆਂ ਵਿਚ ਵੀ ਵੰਨ-ਸੁਵੰਨਤਾ ਆਈ ਹੈ। ਹੁਣ ਵੰਨ ਸੁਵੰਨਤਾ ਦੇ ਇਸ ਨਵੇਂ ਨੇਮ ਕਾਰਨ ਵੰਨ-ਸੁਵੰਨੇ ਅਨੁਭਵਾਂ ਲਈ ਹਰ ਪੁਰਸ਼ ਕਈ ਇਤਸਰੀਆਂ ਅਤੇ ਹਰ ਇਸਤਰੀ ਕਈ ਪੁਰਸ਼ਾਂ ਦੇ ਸੰਪਰਕ ਵਿਚ ਆਵੇਗੀ। ਗਹਿਣਿਆਂ, ਭੋਜਨਾਂ, ਕੰਮਾਂ-ਧੰਦਿਆਂ, ਕਪੜਿਆਂ, ਕਾਰਾਂ, ਘੜੀਆਂ ਆਦਿ ਹਰ ਖੇਤਰ ਵਿਚ ਰੰਗੀਨੀ ਅਤੇ ਵੰਨ-ਸੁਵੰਨਤਾ ਪ੍ਰਤੱਖ ਹੈ।
ਬਹੁਤਾਤ, ਅਜੋਕੇ ਯੁੱਗ ਦਾ ਇਕ ਹੋਰ ਲੱਛਣ ਹੈ।
ਵਿਗਿਆਨ ਵਿਚ ਨਵੇਂ ਦੀ ਮਹਿਮਾ ਹੈ, ਧਰਮ ਵਿਚ ਪੁਰਾਤਨ ਦੀ ਪੂਜਾ ਹੈ।
ਨਿਰਸੰਦੇਹ ਉਪਰੋਕਤ ਦੇ ਨਾਲ ਨਾਲ ਸ਼ੋਰ-ਸ਼ਰਾਬਾ, ਹਾਦਸੇ, ਰੋਗ, ਝਗੜੇ, ਬੇਈਮਾਨੀ, ਨਫਰਤ, ਮੁਕੱਦਮੇਬਾਜ਼ੀ, ਈਰਖਾ, ਗੁੱਸਾ, ਆਤਮਘਾਤ, ਤਲਾਕ ਆਦਿ ਵੀ ਵੱਧੇ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਜੇ ਇਕ ਚੀਜ਼ ਵਧੇਗੀ ਤਾਂ ਉਸ ਦੀ ਵਿਰੋਧੀ ਚੀਜ਼ ਵੀ ਵਧੇਗੀ। ਜਿਹੜਾ ਸਮਾਜ ਸਭ ਤੋਂ ਵੱਧ ਨੋਬੇਲ ਵਿਜੇਤਾ ਪੈਦਾ ਕਰੇਗਾ, ਉਹੀ ਸਮਾਜ ਸਭ ਤੋਂ ਵੱਡੇ ਮੁਜਰਿਮ ਅਤੇ ਧੱਕੜ ਵੀ ਪੈਦਾ ਕਰੇਗਾ।
ਹੁਣ ਕੇਵਲ ਖੇਤੀ ਆਧਾਰਿਤ ਧੰਦਿਆਂ ਵਾਲੇ ਪੇਂਡੂ ਸਮਾਜ ਵਿਚ ਵਿਕਾਸ ਸੰਭਵ ਨਹੀਂ। ਪੇਂਡੂ ਸਮਾਜ ਵਿਚ ਹੁਣ ਇਸਤਰੀ ਦਾ ਤਾਂ ਕੀ, ਪੁਰਸ਼ ਦਾ ਵੀ ਵਿਕਾਸ ਸੰਭਵ ਨਹੀਂ। ਭਾਰਤ ਦੇ ਪਿੰਡਾਂ ਦੀ ਤਿੰਨ-ਚੌਥਾਈ ਵਸੋਂ ਨੂੰ ਵਿਕਾਸ ਕਰਨ ਵਾਸਤੇ ਪਿੰਡ ਵਿਚ ਸ਼ਹਿਰ ਲਿਆਉਣਾ ਪਵੇਗਾ।
ਵਿਕਾਸ ਅਤੇ ਖੁਸ਼ਹਾਲੀ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਤੁਸੀਂ ਪ੍ਰਾਂਤ ਜਾਂ ਦੇਸ਼ ਜਾਂ ਵਿਸ਼ਵ ਦੀ ਰਾਜਧਾਨੀ ਵਲ ਕਿਤਨਾ ਵੱਧਦੇ ਹੋ । ਪੱਕੇ ਤੌਰ ‘ਤੇ ਜੇ ਰਾਜਧਾਨੀ ਵਲ ਨਹੀਂ ਵੱਧ ਸਕਦੇ ਤਾਂ ਪੜ੍ਹਨ ਲਈ ਰਾਜਧਾਨੀ ਵਲ ਜਾਓ, ਜੇ ਇਹ ਵੀ ਸੰਭਵ ਨਹੀਂ ਤਾਂ ਆਪਣੇ ਬੱਚੇ ਰਾਜਧਾਨੀ ਵਿਚ ਵਿਆਹੋ।
ਉਚੇਰੀ ਸਿੱਖਿਆ ਅਤੇ ਵੱਡੇ ਵਪਾਰ ਦੇ ਅਵਸਰ ਸ਼ਹਿਰਾਂ ਵਿਚ ਹੀ ਹਨ ਸੋ ਖੁਸ਼ਹਾਲੀ ਵੀ ਸ਼ਹਿਰਾਂ ਵਿਚ ਹੋਵੇਗੀ।
ਸਿੱਖਿਆ ਤੋਂ ਬਿਨਾ ਪਰਜਾਤੰਤਰ ਦੇ ਕੋਈ ਅਰਥ ਨਹੀਂ । ਜਿਉਂ ਜਿਉਂ ਸਿਖਿਆ ਫੈਲੇਗੀ ਤਿਉਂ ਤਿਉਂ ਪਰਜਾਤੰਤਰ ਬਲਵਾਨ ਹੋਵੇਗਾ, ਜੀਵਨ ਦਾ ਪੱਧਰ ਉੱਚਾ ਹੋਵੇਗਾ, ਸਰਕਾਰਾਂ ਵਧੇਰੇ ਜ਼ਿੰਮੇਵਾਰ ਹੋਣਗੀਆਂ।
ਪਰਜਾਤੰਤਰ ਦੇ ਫੈਲਣ ਨਾਲ ਯੁੱਧ ਘਟਦੇ ਹਨ ਕਿਉਂਕਿ ਪਰਜਾਤੰਤਰ ਆਪਸ ਵਿਚ ਨਹੀਂ ਲੜਦੇ ।
ਲੋਕਾਂ ਦੀਆਂ ਚੁਣੀਆਂ ਸਰਕਾਰਾਂ ਵਧੇਰੇ ਜ਼ਿੰਮੇਵਾਰ ਹੁੰਦੀਆਂ ਹਨ ਸੋ ਪਰਜਾਤੰਤਰ ਵਿਚ ਕਾਲ ਵੀ ਨਹੀਂ ਪੈਂਦੇ ।
ਯੋਰਪ ਦੇ ਦੇਸ਼ ਗਵਾਹ ਹਨ ਕਿ ਪਰਜਾਤੰਤਰ ਵਿਚ ਪਰਿਵਰਤਨ ਸਹਿਜ ਗਤੀ ਨਾਲ ਖੂਨ-ਖਰਾਬੇ ਤੋਂ ਬਿਨਾ ਵਾਪਰਦੇ ਹਨ।
ਆਤੰਕਵਾਦ ਦਾ ਸਾਹਮਣਾ ਵੀ ਪਰਜਾਤੰਤਰ ਹੀ ਕਰ ਸਕੇਗਾ। ਆਤੰਕਵਾਦ ਵਾਸਤਵ ਵਿਚ ਸਾਮੰਤੀ, ਧਰਮ-ਕੇਂਦਰਿਤ ਸਮਾਜਾਂ ਦੇ ਆਧੁਨਿਕ, ਵਿਗਿਆਨ- ਕੇਂਦਰਿਤ ਸਮਾਜਾਂ ਵਿਚ ਤਬਦੀਲ ਹੋਣ ਦੀਆਂ ਪ੍ਰਸੂਤ ਪੀੜਾਂ ਹਨ।
ਵਿਸ਼ਵੀਕਰਨ ਅਜੋਕਾ ਵਰਤਾਰਾ ਨਹੀਂ। ਇਹ ਵਿਗਿਆਨ ਦੇ ਵਿਕਾਸ ਨਾਲ ਸੈਂਕੜੇ ਸਾਲਾਂ ਤੋਂ ਚਲ ਰਿਹਾ ਹੈ ਪਰ ਹੁਣ ਤਕਨਾਲੋਜੀ ਨੇ ਇਸ ਦੀ ਰਫਤਾਰ ਤੇਜ਼ ਕਰ ਦਿਤੀ ਹੈ। ਹੁਣ ਅਜੋਕੀਆਂ ਸਮੱਸਿਆਵਾਂ ਸਾਰੇ ਸੰਸਾਰ ਦੀਆਂ ਸਮੱਸਿਆਵਾਂ ਹਨ, ਸੋ ਹੁਣ ਸੰਸਾਰ ਤੋਂ ਅਲਗ ਹੋ ਕੇ ਨਹੀਂ ਰਿਹਾ ਜਾ ਸਕਦਾ, ਕਿਉਂਕਿ ਅਲਗ ਹੋ ਕੇ ਅਸੀਂ ਆਪਣੇ ਲਈ ਰੁਕਾਵਟਾਂ ਅਤੇ ਮੁਸ਼ਕਿਲਾਂ ਹੀ ਉਪਜਾਵਾਂਗੇ।
ਦਰਿਆ ਦਾ ਉਹੀ ਪਾਣੀ ਸਾਗਰ ਤਕ ਅਪੜਦਾ ਹੈ, ਜਿਹੜਾ ਦਰਿਆ ਦੀ ਮੁਖ-ਧਾਰਾ ਵਿਚ ਹੁੰਦਾ ਹੈ ਸੋ ਲੋੜ ਹੈ ਕਿ ਅਸੀਂ ਸੰਸਾਰ ਦੀ ਮੁਖ-ਧਾਰਾ ਵਿਚ ਹੋਈਏ।
ਮਨੁੱਖ ਦਾ ਇਤਿਹਾਸ ਦਸਦਾ ਹੈ ਕਿ ਕੋਈ ਰੁਕਾਵਟ ਮਨੁੱਖ ਦੇ ਵਿਕਾਸ ਨੂੰ ਰੋਕ ਨਹੀਂ ਸਕੀ। ਇਵੇਂ ਲਗਦਾ ਹੈ ਜਿਵੇਂ ਅਜੋਕੇ ਯੁੱਗ ਵਿਚ ਦੁਰਘਟਨਾਵਾਂ ਅਤੇ ਸਮੱਸਿਆਵਾਂ ਵੱਧ ਗਈਆਂ ਹਨ । ਵਾਸਤਵ ਵਿਚ ਆਫਤਾਂ ਅਤੇ ਦੁਰਘਟਨਾਵਾਂ ਉਤਨੀਆਂ ਨਹੀਂ ਵਧੀਆਂ, ਜਿਤਨੀ ਉਨ੍ਹਾਂ ਦੀ ਅਖਬਾਰਾਂ ਜਾਂ ਟੈਲੀਵਿਜ਼ਨ ਉਤੇ ਸਮਾਚਾਰਾਂ ਦੇ ਰੂਪ ਵਿਚ ਪੇਸ਼ਕਾਰੀ ਵੱਧ ਗਈ ਹੈ।
ਕਈ ਨਿਰਾਸ਼ਵਾਦੀ ਕਹਿੰਦੇ ਸੁਣੇ ਗਏ ਹਨ ਕਿ ਪਰਲੋ ਆਉਣ ਵਾਲੀ ਹੈ, ਉਪਜਾਊ ਧਰਤੀ ਰੇਗਿਸਤਾਨ ਬਣਨ ਵਾਲੀ ਹੈ, ਮਨੁੱਖੀ ਨਸਲ ਦਾ ਵਿਨਾਸ਼ ਹੋਣ ਵਾਲਾ ਹੈ, ਅਗਲੇ ਯੁੱਧ ਨਾਲ ਸਭ ਕੁਝ ਮੁੱਕਣ ਵਾਲਾ ਹੈ ।
ਇਹੀ ਲੋਕ ਕੁਝ ਦਹਾਕੇ ਪਹਿਲਾਂ ਕਹਿੰਦੇ ਸਨ, ਧਰਤੀ ਠੰਡੀ ਹੋ ਰਹੀ ਹੈ, ਹੁਣ ਕਹਿ ਰਹੇ ਹਨ, ਧਰਤੀ ਗਰਮ ਹੋ ਰਹੀ ਹੈ।
ਇਹ ਵੀ ਤਾਂ ਸੱਚ ਹੈ ਕਿ ਮਨੁੱਖ ਦੀ ਉਮਰ ਲੰਮੀ ਹੋਈ ਹੈ, ਬੀਮਾਰੀਆਂ ਦੇ ਇਲਾਜ ਲੱਭੇ ਗਏ ਹਨ, ਜੀਵਨ ਪਹਿਲੇ ਨਾਲੋਂ ਸੁਖਾਲਾ ਹੈ, ਆਵਾਜਾਈ ਦੇ ਸਾਧਨ ਵਧੇ ਹਨ ਪਰ ਨਿਰਾਸ਼ਵਾਦੀ ਆਪਣੀਆਂ ਅੱਖਾਂ ਬੰਦ ਕਰਕੇ ਭਵਿੱਖ ਦੇ ਹਨੇਰੇ ਹੋਣ ਦੀਆਂ ਹੀ ਗੱਲਾਂ ਕਰ ਰਹੇ ਹਨ।
ਅਜੋਕੀਆਂ ਸਮੱਸਿਆਵਾਂ ਇਸ ਕਾਰਨ ਵੀ ਹਨ ਕਿ ਅੱਧਾ ਸੰਸਾਰ ਖੁਸ਼ਹਾਲ ਹੈ ਅਤੇ ਅੱਧਾ ਗਰੀਬ; ਅੱਧਾ ਪੜ੍ਹਿਆ ਲਿਖਿਆ ਹੈ ਅਤੇ ਅੱਧਾ ਅਨਪੜ੍ਹ; ਅੱਧਾ ਅੰਧ-ਵਿਸ਼ਵਾਸੀ ਹੈ ਅਤੇ ਅੱਧਾ ਸੁਚੇਤ; ਅੱਧਾ ਪਿਛਾਂਹਖਿਚੂ ਹੈ ਅਤੇ ਅੱਧਾ ਅਗਾਂਹਵਧੂ ਪਰ ਇਹ ਵੱਖਰੇਵੇਂ ਹੁਣ ਬਹੁਤਾ ਚਿਰ ਨਹੀਂ ਰਹਿਣਗੇ ਕਿਉਂਕਿ ਗਿਆਨ-ਵਿਗਿਆਨ ਦੇ ਫੈਲਣ ਦੀਆਂ ਰੁਕਾਵਟਾਂ ਦੂਰ ਹੋ ਰਹੀਆਂ ਹਨ।
ਹੁਣ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੇ ਵਿਕਾਸ ਵਿਚ ਦਿਲਚਸਪੀ ਹੈ।
ਸੰਸਾਰ ਵਿਚ ਸਿਖਿਆ-ਸਿਖਲਾਈ, ਖਾਣ-ਪੀਣ, ਪਹਿਨਣ-ਵਰਤਣ, ਕੰਮ- ਧੰਦੇ ਆਦਿ ਇਕ-ਸਾਰ ਹੁੰਦੇ ਜਾ ਰਹੇ ਹਨ।
ਨਿਰਸੰਦੇਹ ਸਮੱਸਿਆਵਾਂ ਹਨ ਪਰ ਸਮੱਸਿਆਵਾਂ ਹਰ ਯੁੱਗ ਵਿਚ ਜੀਵਨ ਦਾ ਭਾਗ ਰਹੀਆਂ ਹਨ, ਸਮੱਸਿਆਵਾਂ ਨੂੰ ਸੁਲਝਾਉਣਾ ਹੀ ਜੀਵਨ ਹੈ।
ਸਮੱਸਿਆਵਾਂ ਸੁਲਝਾਉਣਾ ਹੁਣ ਕਰੋੜਾਂ ਲੋਕਾਂ ਦਾ ਰੁਜ਼ਗਾਰ ਹੈ।
ਹੁਣ ਕਦਰ ਉਨ੍ਹਾਂ ਦੀ ਪਵੇਗੀ ਜਿਹੜੇ ਜ਼ਿੰਮੇਵਾਰੀ ਨਿਭਾਉਣਗੇ, ਕੰਮ ਦੀ ਪੱਧਰ ਸੁਧਾਰਨਗੇ, ਵਕਤ ਦਾ ਮੁਲ ਪਾਉਣਗੇ ਅਤੇ ਪਰਿਵਰਤਨ ਦੇ ਨਾਲ ਬਦਲਣਗੇ । ਸੁਸਤਾਂ, ਢਿੱਲੜਾਂ ਅਤੇ ਕੰਮਚੋਰਾਂ ਦਾ ਯੁਗ ਲੰਘ ਗਿਆ ਹੈ।
ਲੋੜ ਜ਼ਿੰਮੇਵਾਰ ਅਤੇ ਆਸ਼ਾਵਾਦੀ ਹੋਣ ਦੀ ਹੈ।
ਲੋੜ ਇਹ ਵੀ ਹੈ ਕਿ ਸਫਲਤਾ ਦੇ ਭਰੋਸੇ ਨਾਲ ਅੱਗੇ ਵੱਧਿਆ ਜਾਵੇ।
ਡੂੰਘੀਆਂ ਸਿਖਰਾਂ
ਅਨੁਭਵ ਦੀਆਂ ਡੂੰਘਾਈਆਂ ਹੁੰਦੀਆਂ ਹਨ ਤੇ ਗਿਆਨ ਦੀਆਂ ਸਿਖਰਾਂ।
ਜਦੋਂ ਤਕ ਅਸੀਂ ਦਿਲ ਰਾਹੀਂ ਡੂੰਘੇ ਨਹੀਂ ਉਤਰਦੇ, ਉਦੋਂ ਤਕ ਅਸੀਂ ਸੋਚ ਰਾਹੀਂ ਉੱਚੇ ਵੀ ਨਹੀਂ ਉਠ ਸਕਦੇ। ਉਤੋਂ ਵੇਖਿਆਂ ਸਭ ਕੁਝ ਅਥਾਹ ਪ੍ਰਤੀਤ ਹੁੰਦਾ ਹੈ ਅਤੇ ਥਲੋਂ ਵੇਖਿਆਂ ਸਭ ਕੁਝ ਵਿਸ਼ਾਲ ਅਤੇ ਅਨੰਤ ਵਿਖਾਈ ਦਿੰਦਾ ਹੈ।
ਸਾਗਰ ਡੂੰਘਾ ਹੈ ਅਤੇ ਅਸਮਾਨ ਉੱਚਾ ਹੈ।
ਧਰਤੀ ਅਤੇ ਅਸਮਾਨ ਤੋਂ ਹੀ ਮਨੁੱਖ ਨੇ ਸਰੀਰ ਅਤੇ ਆਤਮਾ, ਯਥਾਰਥ ਅਤੇ ਆਦਰਸ਼, ਇਸ ਸੰਸਾਰ ਅਤੇ ਉਸ ਸੰਸਾਰ ਦੇ ਸੰਕਲਪ ਉਸਾਰੇ ਹਨ।
ਸੁਕਰਾਤ ਅਤੇ ਸਿਕੰਦਰ ਦੋਵੇਂ ਯਾਤਰਾ ਤੇ ਨਿਕਲੇ ਸਨ।
ਇਕ ਸੰਸਾਰ ਨੂੰ ਸਮਝਣ ਦੀ ਯਾਤਰਾ ਸੀ, ਦੂਜੀ ਸੰਸਾਰ ਨੂੰ ਜਿੱਤਣ ਦੀ ਜਦੋਜਹਿਦ ਸੀ । ਨਿਸ਼ਾਨਾ ਇਕ ਸੀ, ਰਾਹ ਵੱਖਰੇ ਸਨ। ਇਸੇ ਲਈ ਦੋਹਾਂ ਦੀਆਂ ਪ੍ਰਾਪਤੀਆਂ ਵਿਸ਼ਵ ਪੱਧਰ ਦੀਆਂ ਹਨ।
ਜਦੋਂ ਮਹਾਂਭਾਰਤ ਵਿਚ ਅਰਜਨ ਨੂੰ ਗਿਆਨ ਹੋ ਗਿਆ ਤਾਂ ਉਸ ਨੇ ਸੁੱਟੇ ਹੋਏ ਹਥਿਆਰ ਚੁੱਕ ਲਏ ਸਨ ਅਤੇ ਜਦੋਂ ਕਾਲਿੰਗਾ ਵਿਚ ਅਸ਼ੋਕ ਨੂੰ ਗਿਆਨ ਹੋ ਗਿਆ ਤਾਂ ਉਸ ਨੇ ਚੁੱਕੇ ਹੋਏ ਹਥਿਆਰ ਸੁੱਟ ਦਿਤੇ ਸਨ।
ਸਿਕੰਦਰ ਆਪਣੇ ਉਦੇਸ਼ ਵਿਚ ਸਫਲ ਨਹੀਂ ਸੀ ਹੋਇਆ ਪਰ ਉਸ ਦੀ ਮਹਾਨਤਾ ਸਾਰੇ ਸੰਸਾਰ ਨੂੰ ਜਿੱਤਣ ਦੇ ਉਸ ਦੇ ਸੁਪਨੇ ਵਿਚ ਸੀ।
ਸੁਕਰਾਤ ਨੂੰ ਜ਼ਹਿਰ ਦੇਣ ਵਾਲੇ ਦਿਨ ਯੂਨਾਨ ਦੇ ਹਾਕਮ ਸਮਝੇ ਸਨ ਕਿ ਸੁਕਰਾਤ ਮਰ ਗਿਆ ਸੀ ਪਰ ਉਸ ਦਿਨ ਉਸ ਮਹਾਨ ਸੁਕਰਾਤ ਦਾ ਜਨਮ ਹੋਇਆ ਸੀ, ਜਿਸ ਨੇ ਕਦੇ ਨਹੀਂ ਮਰਨਾ।
ਜਦੋਂ ਸੁਪਨਾ ਵੱਡਾ ਹੋ ਜਾਵੇ ਤਾਂ ਸੰਸਾਰ ਛੋਟਾ ਰਹਿ ਜਾਂਦਾ ਹੈ ।
ਗੁਰੂ ਗੋਬਿੰਦ ਸਿੰਘ ਨੇ ਸਹਿਮੇ ਹੋਏ, ਡਰਿਆਂ ਹੋਇਆਂ ਨੂੰ ਸ਼ੇਰ ਵਾਲਾ ਦਿਲ ਦਿਤਾ ਅਤੇ ਬੇ-ਪਛਾਣ ਲੋਕਾਂ ਨੂੰ ਉਹ ਪਹਿਰਾਵਾ ਦਿਤਾ, ਜਿਸ ਨਾਲ ਉਹ ਦੂਰੋਂ ਪਹਿਚਾਣੇ ਜਾਣ। ਗੁਰੂ ਗੋਬਿੰਦ ਸਿੰਘ ਲੜਾਈਆਂ ਲੜੇ ਹੀ ਨਹੀਂ ਸਗੋਂ ਉਨ੍ਹਾਂ ਨੇ ਕਦੇ ਵੀ ਨਾ ਹਾਰਨ ਵਾਲੀ ਫੌਜ ਵੀ ਪੈਦਾ ਕੀਤੀ। ਉਨ੍ਹਾਂ ਨੇ ਇਕ ਆਦਰਸ਼ ਮਨੁੱਖ ਦਾ ਸੰਕਲਪ ਪੈਦਾ ਕੀਤਾ ਕਿਉਂਕਿ ਉਹ ਆਪ ਆਦਰਸ਼ ਮਨੁੱਖ ਸਨ।
ਯਥਾਰਥ ਸਮਕਾਲੀ ਹੁੰਦਾ ਹੈ ਅਤੇ ਆਦਰਸ਼ ਸਦੀਵੀ।
ਕਲਪਨਾ ਅਤੇ ਸੋਚਾਂ ਵਿਚ ਯਥਾਰਥ ਨੂੰ ਬਦਲਣ ਦੀ ਸ਼ਕਤੀ ਹੁੰਦੀ ਹੈ।
ਮਹਾਨ ਵਿਅਕਤੀ ਯਥਾਰਥਵਾਦੀ ਨਹੀਂ ਹੁੰਦੇ, ਉਹ ਆਦਰਸ਼ਵਾਦੀ ਅਤੇ ਸੁਪਨਸਾਜ਼ ਹੁੰਦੇ ਹਨ। ਉਨ੍ਹਾਂ ਦੀ ਟੇਕ ਵਰਤਮਾਨ ਉਤੇ ਨਹੀਂ, ਭਵਿਖ ਉਤੇ ਹੁੰਦੀ ਹੈ। ਉਹ ਵਰਤਮਾਨ ਦੇ ਅੰਤਰ-ਵਿਰੋਧਾਂ ਨੂੰ ਹੰਢਾਉਂਦੇ ਤਾਂ ਹਨ ਪਰ ਉਹ ਯਥਾਰਥਵਾਦੀ ਨਹੀਂ ਹੁੰਦੇ। ਉਹ ਆਪਣੇ ਸੁਪਨਿਆਂ ਦੇ ਚਲਾਏ ਚਲਦੇ ਹਨ।
ਸਿਧਾਰਥ ਸਭ ਕੁਝ ਛੱਡ ਕੇ ਚਲ ਪਿਆ ਸੀ, ਉਹ ਯਥਾਰਥਵਾਦੀ ਨਹੀਂ ਸੀ । ਰਾਮ ਚੁੱਪ ਕਰਕੇ ਬਨਵਾਸ ਲਈ ਰਵਾਨਾ ਹੋ ਗਏ ਸਨ, ਉਹ ਯਥਾਰਥਵਾਦੀ ਨਹੀਂ ਸਨ। ਨਾਨਕ ਸੱਚਾ ਸੌਦਾ ਕਰਨ ਨਿਕਲੇ ਸਨ, ਉਹ ਯਥਾਰਥਵਾਦੀ ਨਹੀਂ ਸਨ । ਸਾਡੇ ਆਪਣੇ ਯੁਗ ਵਿਚ ਗਾਂਧੀ ਜੀ ਨੂੰ ਆਪਣੇ ਸੁਪਨੇ ਵਿਚ ਵਿਸ਼ਵਾਸ ਸੀ ਕਿ ਉਹ ਅਹਿੰਸਾ ਅਤੇ ਅਖ਼ਲਾਕ ਦੀ ਨਿਮਰਤਾ ਨਾਲ ਸ਼ਕਤੀਸ਼ਾਲੀ ਅੰਗ੍ਰੇਜ਼ੀ ਸਲਤਨਤ ਦੀ ਤਾਕਤ ਦਾ ਸਾਹਮਣਾ ਕਰਕੇ ਭਾਰਤ ਲਈ ਆਜ਼ਾਦੀ ਲੈ ਲੈਣਗੇ।
ਅਜਿਹਾ ਪਹਿਲਾਂ ਕਿਸੇ ਵੀ ਭਾਰਤੀ ਨੇ ਨਹੀਂ ਸੀ ਸੋਚਿਆ, ਉਹ ਯਥਾਰਥਵਾਦੀ ਨਹੀਂ ਸਨ, ਪਰ ਉਹ ਸਹੀ ਨਿਕਲੇ।
ਮਹਾਨ ਵਿਅਕਤੀਆਂ ਸਾਹਮਣੇ ਉਦਾਹਰਣਾਂ ਨਹੀਂ ਹੁੰਦੀਆਂ, ਉਹ ਜੋ ਕਰਦੇ ਹਨ, ਪਹਿਲੀ ਵਾਰ ਕਰਦੇ ਹਨ, ਇਸੇ ਲਈ ਉਹ ਨਿਵੇਕਲੇ, ਸੱਜਰੇ, ਮੌਲਿਕ, ਵਿਲੱਖਣ ਅਤੇ ਅਨੋਖੇ ਹੁੰਦੇ ਹਨ।
ਮਹਾਨ ਵਿਅਕਤੀਆਂ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।
ਇਹ ਦਸਣਾ ਸੰਭਵ ਨਹੀਂ ਕਿ ਰਾਮ ਵੱਡੇ ਸਨ ਜਾਂ ਕ੍ਰਿਸ਼ਨ, ਈਸਾ ਵੱਡੇ ਸਨ ਜਾਂ ਮੁਹੰਮਦ । ਮਹਾਨ ਵਿਅਕਤੀ ਸੁਤੰਤਰ ਹੁੰਦੇ ਹਨ, ਉਹ ਇਕ ਦੂਜੇ ਦੇ ਪਿਛੇ ਨਹੀਂ ਚਲਦੇ, ਉਹ ਆਪਣਾ ਰਾਹ ਆਪ ਚੁਣਦੇ ਹਨ।
ਇਕ ਤਾਰੇ ਦੇ ਰਾਹ ਤੇ ਕੋਈ ਦੂਜਾ ਤਾਰਾ ਨਹੀਂ ਚਲਦਾ।
ਜੋ ਕੂੰਜ ਡਾਰ ਤੋਂ ਅੱਡਰੀ ਹੋ ਕੇ ਉਡਦੀ ਹੈ, ਉਹੀ ਉਕਾਬ ਬਣਦੀ ਹੈ।
ਸੰਸਾਰ ਦੇ ਸੰਕਟ, ਸ਼ੰਕੇ ਅਤੇ ਸੰਸੇ ਸਦਾ ਇਕੋ ਜਿਹੇ ਨਹੀਂ ਰਹਿੰਦੇ।
ਸੰਸਾਰ ਦੀਆਂ ਲੋੜਾਂ ਅਨੁਸਾਰ ਹੀ ਕੁਦਰਤ ਮਹਾਨ-ਵਿਅਕਤੀ, ਮਹਾਂ- ਪੁਰਸ਼, ਮਹਾਨ ਚਿੰਤਕ ਅਤੇ ਮਹਾਨ ਵਿਗਿਆਨੀ ਉਪਜਾਉਂਦੀ ਹੈ।
ਇਸੇ ਕਰਕੇ ਇਕ ਦੀ ਬਾਣੀ ਦੂਜੇ ਨਾਲੋਂ ਵੱਖਰੀ ਹੁੰਦੀ ਹੈ।
ਹਰੇਕ ਮਹਾਨ ਵਿਅਕਤੀ ਸੋਚ ਅਤੇ ਅਨੁਭਵ ਦੀਆਂ ਨਵੀਆਂ ਅਤੇ ਨਿਵੇਕਲੀਆਂ ਡੂੰਘੀਆਂ ਸਿਖਰਾਂ ਸਿਰਜਦਾ ਹੈ।
ਉੱਚੇ ਤਾਰੇ, ਉੱਚੇ ਦਰੱਖਤ ਅਤੇ ਉੱਚੀਆਂ ਇਮਾਰਤਾਂ, ਆਸ਼ਾਵਾਦ ਦੇ ਸੁਨੇਹੇ ਹੁੰਦੀਆਂ ਹਨ। ਅਸੀਂ ਅਸਮਾਨ ਵਲ ਵੇਖ ਕੇ ਉਤਸ਼ਾਹ ਪ੍ਰਾਪਤ ਕਰਦੇ ਹਾਂ ਅਤੇ ਸਮੁੰਦਰ ਵਲ ਵੇਖਣ ਨਾਲ ਵਿਸ਼ਾਲਤਾ ਦੀ ਸੋਝੀ ਮਿਲਦੀ ਹੈ ਅਤੇ ਖੁਲ੍ਹੀਆਂ ਥਾਵਾਂ ਸੁਤੰਤਰਤਾ ਦਾ ਅਹਿਸਾਸ ਕਰਵਾਉਂਦੀਆਂ ਹਨ।
ਮਹਾਨ ਵਿਅਕਤੀ ਵਿਸ਼ਾਲ ਰਸਤਿਆਂ ਤੇ ਟੁਰਨ ਲਈ ਤਾਂਘਦੇ ਹਨ, ਜਦੋਂ 1
ਕਿ ਸਮਾਜ ਦੀਆਂ ਗਲੀਆਂ ਤੰਗ ਹੁੰਦੀਆਂ ਹਨ।
ਸਾਰੇ ਮਹਾਨ ਵਿਅਕਤੀ ਗਰੀਬੀ ਵਿਚੋਂ ਉਠੇ ਸਨ ਅਤੇ ਜਿਹੜੇ ਮਹਾਂਵੀਰ ਅਤੇ ਬੁੱਧ ਵਾਂਗ ਸ਼ਾਹੀ ਪਰਿਵਾਰਾਂ ਵਿਚੋਂ ਸਨ, ਉਨ੍ਹਾਂ ਨੂੰ ਵੀ ਮਹਾਨਤਾ ਰਾਜ ਮਹਿਲਾਂ ਨੂੰ ਤਿਆਗ ਕੇ ਹੀ ਪ੍ਰਾਪਤ ਹੋਈ ਸੀ । ਮਹਾਨ ਵਿਅਕਤੀ ਆਪਣਾ ਘਰ ਤਿਆਗਦੇ ਹਨ ਅਤੇ ਸਾਰਾ ਸੰਸਾਰ ਉਨ੍ਹਾਂ ਦਾ ਹੋ ਜਾਂਦਾ ਹੈ।
ਸਰਬੱਤ ਦੇ ਭਲੇ ਦੇ ਅਭਿਲਾਸ਼ੀ ਨਾਨਕ ਨੂੰ ਆਪਣਾ ਘਰ ਛੋਟਾ ਲਗਦਾ ਸੀ ।
ਜਿਤਨੇ ਵੱਡੇ ਕਿਸੇ ਦੇ ਨਿਸ਼ਾਨੇ ਹੁੰਦੇ ਹਨ, ਕੁਰਬਾਨੀਆਂ ਅਤੇ ਹੌਸਲੇ ਵੀ ਉਤਨੇ ਹੀ ਵੱਡੇ ਹੋ ਜਾਂਦੇ ਹਨ।
ਭਗਵਾਨ ਰਾਮ ਨੇ ਚੌਦਾਂ ਸਾਲ ਦਾ ਬਨਵਾਸ ਕਟਿਆ ਪਰ ਪਿਆਰੇ ਨਾਨਕ ਸਰਬੱਤ ਦੇ ਭਲੇ ਲਈ ਇਸ ਤੋਂ ਵੀ ਦੁਗਣਾ ਸਮਾਂ ਆਪਣੀ ਮਰਜ਼ੀ ਨਾਲ ਘਰੋਂ ਬਾਹਰ ਰਹੇ ਅਤੇ ਗੁਰੂ ਗੋਬਿੰਦ ਸਿੰਘ ਲਈ ਯੁੱਧ ਦਾ ਮੈਦਾਨ ਹੀ ਘਰ ਸੀ।
ਜਦੋਂ ਮਨੁੱਖ ਮਹਾਨ ਆਦਰਸ਼ ਮਿਥ ਲੈਂਦਾ ਹੈ ਤਾ ਉਸ ਦੀਆਂ ਪ੍ਰੇਸ਼ਾਨੀਆਂ ਛੋਟੀਆਂ ਹੋ ਜਾਂਦੀਆਂ ਹਨ।
ਕੁਦਰਤ ਨੇ ਕਿਸੇ ਵੀ ਮਹਾਨ ਵਿਅਕਤੀ ਨੂੰ ਮਿਹਨਤ, ਤਿਆਗ ਅਤੇ ਕੁਰਬਾਨੀ ਤੋਂ ਬਿਨਾ ਮਹਾਨ ਨਹੀਂ ਬਣਨ ਦਿਤਾ।
ਮਹਾਨ ਵਿਅਕਤੀਆਂ ਨੇ ਜੋ ਕੁਝ ਪ੍ਰਾਪਤ ਕੀਤਾ ਹੈ, ਉਹ ਨਾ ਕਿਸਮਤ ਨੇ ਦਿਤਾ ਹੈ ਨਾ ਅਰਦਾਸਾਂ ਰਾਹੀਂ ਪ੍ਰਾਪਤ ਹੋਇਆ ਹੈ, ਉਹ ਉਨ੍ਹਾਂ ਨੇ ਕੁਰਬਾਨੀਆਂ, ਹਿੰਮਤ ਅਤੇ ਸੰਘਰਸ਼ ਰਾਹੀਂ ਹੀ ਪ੍ਰਾਪਤ ਕੀਤਾ ਹੈ।
ਖੇਤਰ ਕੋਈ ਹੋਵੇ, ਸਫਲ ਹੋਣ ਵਾਲੇ ਵਿਅਕਤੀ ਆਪਣੀ ਧੁੰਨ ਵਿਚ ਚਲਦੇ ਹਨ, ਮੁਸੀਬਤਾਂ ਵਿਰੁਧ ਜੂਝਦੇ ਹਨ, ਹਾਰਦੇ ਹਨ ਪਰ ਹਾਰਨ ਤੋਂ ਡਰਦੇ ਨਹੀਂ, ਹਾਰ ਕੇ ਉਹ ਬਹਿ ਨਹੀਂ ਜਾਂਦੇ ।
ਜਿਨ੍ਹਾਂ ਨੂੰ ਆਪਣੀ ਜਿੱਤ ਵਿਚ ਨਿਸ਼ਚਾ ਹੁੰਦਾ ਹੈ, ਉਹ ਹਾਰ ਨੂੰ ਵੀ ਸਫ਼ਲਤਾ ਦਾ ਇਕ ਪੜਾਓ ਬਣਾ ਲੈਂਦੇ ਹਨ ਅਤੇ ਉਨ੍ਹਾਂ ਦੀਆਂ ਮੁਸੀਬਤਾਂ ਅਤੇ ਮੁਸ਼ਕਿਲਾਂ ਦੀਆਂ ਸਾਰਾ ਸੰਸਾਰ, ਸ਼ਰਧਾ, ਪ੍ਰੇਮ ਅਤੇ ਸਤਿਕਾਰ ਨਾਲ ਸਾਖੀਆਂ- ਕਹਾਣੀਆਂ ਸੁਣਦਾ ਅਤੇ ਸੁਣਾਉਂਦਾ ਹੈ।
ਬੁੱਧ ਨਾਲ ਅਤੇ ਰਾਮ ਨਾਲ ਇਵੇਂ ਹੀ ਹੋਇਆ ਸੀ।
ਮਨੁੱਖ ਜਾਣਦਾ ਹੈ ਕਿ ਜਿਸ ਵਲ ਕ੍ਰਿਸ਼ਨ ਹੋਵੇਗਾ, ਉਸ ਦੀ ਹੀ ਜਿੱਤ ਹੋਵੇਗੀ, ਜਿੱਤ ਕ੍ਰਿਸ਼ਨ ਕਰਕੇ ਨਹੀਂ ਹੋਵੇਗੀ, ਕ੍ਰਿਸ਼ਨ ਹੀ ਜਿੱਤ ਹੈ।
ਇਵੇਂ ਹੀ ਗੁਰੂ ਗੋਬਿੰਦ ਸਿੰਘ ਹਿੰਮਤ ਅਤੇ ਸੰਘਰਸ਼ ਦਾ ਚਸ਼ਮਾ ਹਨ।
ਮਹਾਨ ਵਿਅਕਤੀ, ਹੋਰ ਮਹਾਨ ਵਿਅਕਤੀ ਉਪਜਾਉਂਦੇ ਹਨ। ਇਹੀ ਮਹਾਨਤਾ ਦਾ ਉਦੇਸ਼ ਹੁੰਦਾ ਹੈ। ਜੇ ਬੁੱਧ ਨਾ ਹੁੰਦਾ ਤਾਂ ਅਸ਼ੋਕ ਦਾ ਹੋਣਾ ਸੰਭਵ ਨਹੀਂ ਸੀ। ਜੇ ਈਸਾ ਨਾ ਹੁੰਦਾ, ਮਦਰ ਟਰੇਸਾ ਨਹੀਂ ਸੀ ਹੋਣੀ, ਜੇ ਸਿਕੰਦਰ ਨਾ ਹੁੰਦਾ, ਨੈਪੋਲੀਅਨ ਨਹੀਂ ਸੀ ਹੋਣਾ, ਜੇ ਮਾਰਕਸ ਨਾ ਹੁੰਦਾ ਤਾਂ ਲੈਨਿਨ ਦਾ ਹੋਣਾ ਸੰਭਵ ਨਹੀਂ ਸੀ।
ਸੂਰਜ, ਚੰਨ, ਤਾਰੇ ਉੱਚੇ ਹਨ, ਅਸਲ ਵਿਚ ਇਹ ਉੱਚੇ ਨਹੀਂ, ਦੂਰ ਹਨ ਅਤੇ ਦੂਰ ਹੋਣ ਕਰਕੇ ਉੱਚੇ ਲਗਦੇ ਹਨ ਅਤੇ ਸਾਡੇ ਲਈ ਹਿੰਮਤ ਨਾਲ ਉੱਚੇ ਹੋਣ ਦਾ ਪ੍ਰੇਰਨਾ ਸਰੋਤ ਹਨ।
ਹੰਸ ਦਾ ਧਰਤੀ ਵਲੋਂ ਅਸਮਾਨ ਵਲ ਉੱਡਣਾ ਆਤਮਾ ਦੀ ਉਡਾਰੀ ਨੂੰ ਰੂਪਮਾਨ ਕਰਦਾ ਹੈ। ਇਸੇ ਕਰਕੇ ਅਸਮਾਨ ਵਿਚ ਉਡਦੇ ਪੰਛੀ ਚੰਗੇ ਲਗਦੇ ਹਨ।
ਮਹਾਨ ਵਿਅਕਤੀ ਸਾਬਤ ਕਰ ਦਿੰਦੇ ਹਨ ਕਿ ਸਿਦਕ ਅਤੇ ਸਿਰੜ ਨਾਲ, ਭਰੋਸੇ ਅਤੇ ਵਿਸ਼ਵਾਸ ਨਾਲ, ਇਕ ਵਿਅਕਤੀ ਵੀ ਜੇ ਕਰਨ ਤੇ ਆ ਜਾਵੇ, ਤਾਂ ਕੀ ਹੈ ਜੋ ਉਹ ਨਹੀਂ ਕਰ ਸਕਦਾ। ਮਾਨਵ ਜਾਤੀ ਨੂੰ ਮਹਾਨ ਵਿਅਕਤੀਆਂ, ਮਹਾਨ ਕਾਰਨਾਮਿਆਂ, ਮਹਾਨ ਇਮਾਰਤਾਂ, ਮਹਾਨ ਵਰਤਾਰਿਆਂ, ਮਹਾਨ ਕਾਢਾਂ ਅਤੇ ਮਹਾਨ ਕਲਾਕਾਰਾਂ ਦੀ ਲੋੜ ਹੁੰਦੀ ਹੈ ਕਿਉਂਕਿ ਇਨ੍ਹਾਂ ਨਾਲ ਨਾਇਕ ਉਪਜਦੇ ਹਨ, ਜਿਹੜੇ ਨਵੀਆਂ ਮਿਸਾਲਾਂ ਸਿਰਜਦੇ ਹਨ।
ਟਰਾਇ ਨਾਂ ਦਾ ਬਹਾਦਰ ਯੋਧਾ, ਹੋਮਰ ਦੇ ਮਹਾਂਕਾਵਿ ‘ਇਲੀਅਡ’ ਦਾ ਨਾਇਕ ਸੀ, ਜਿਸ ਦੀ ਕਬਰ ਤੇ ਸਿਜਦਾ ਕਰਨਾ ਸਿਕੰਦਰ ਦੇ ਬਚਪਨ ਦਾ ਸੁਪਨਾ ਸੀ । ਸਿਜਦਾ ਕਰਦਿਆਂ ਹੀ ਸਿਕੰਦਰ ਨੂੰ ਸੰਸਾਰ ਫਤਹਿ ਕਰਨ ਦਾ ਫੁਰਨਾ ਫੁਰਿਆ ਸੀ । ਜੇ ਮਨੁੱਖ ਨੇ ਮਾਉਂਟ ਐਵਰੇਸਟ ਫਤਹਿ ਨਾ ਕੀਤੀ ਹੁੰਦੀ ਤਾਂ ਉਸ ਨੂੰ ਚੰਨ ਤੇ ਉਤਰਨ ਦਾ ਖਿਆਲ ਹੀ ਨਹੀਂ ਸੀ ਆਉਣਾ। ਜੇ ਲਿੰਕਨ ਨੇ ਅਮਰੀਕਾ ਵਿਚੋਂ ਗੁਲਾਮੀ ਦੂਰ ਨਾ ਕੀਤੀ ਹੁੰਦੀ ਤਾਂ ਅਮਰੀਕਾ ਦੀ ਬੰਦਰਗਾਹ ਉਤੇ ਆਜ਼ਾਦੀ ਦੀ ਦੇਵੀ ਦੀ ਮੂਰਤੀ ਸੰਭਵ ਨਹੀਂ ਸੀ ਹੋਣੀ। ਜੇ ਗੁਟਨਬਰਗ ਨੇ ਛਾਪੇਖਾਨੇ ਦੀ ਕਾਢ ਨਾ ਕਢੀ ਹੁੰਦੀ ਤਾਂ ਵਿਗਿਆਨ ਦਾ ਯੁੱਗ ਹੀ ਨਹੀਂ ਸੀ ਆਉਣਾ।
ਨਵੇਂ ਰਾਹ ਲਭਣੇ ਸੌਖੇ ਨਹੀਂ ਹੁੰਦੇ।
ਨਵੇਂ ਰਾਹਾਂ ਨੂੰ ਮਹਾਨ ਵਿਅਕਤੀ ਹੀ ਲਭਦੇ ਹਨ।
ਮਹਾਨ ਵਿਅਕਤੀ ਜਿਨ੍ਹਾਂ ਰਾਹਾਂ ਤੋਂ ਲੰਘਦੇ ਹਨ ਉਹ ਉਨ੍ਹਾਂ ਦੇ ਲੰਘਣ ਕਾਰਨ ਵਿਸ਼ਾਲ ਹੀ ਨਹੀਂ ਹੁੰਦੇ, ਤੀਰਥ-ਯਾਤਰਾ ਦਾ ਮਾਰਗ ਵੀ ਬਣ ਜਾਂਦੇ ਹਨ।
ਅਮਰ ਨਾਥ ਅਤੇ ਹੇਮਕੁੰਟ ਦੇ ਮਾਰਗ ਇਵੇਂ ਹੀ ਬਣੇ ਹਨ।
ਬਹੁਤੇ ਲੋਕ ਸੰਸਾਰ ਨੂੰ ਜਿਉਂ ਦਾ ਤਿਉਂ ਪ੍ਰਵਾਨ ਕਰ ਲੈਂਦੇ ਹਨ ਪਰ ਜਿਹੜੇ ਸਮੁੱਚੇ ਸੰਸਾਰ ਦੇ ਸੰਦਰਭ ਵਿਚ ਸੋਚਦੇ ਹਨ, ਉਨ੍ਹਾਂ ਨੂੰ ਆਪਣਾ ਪਰਿਵਾਰ ਅਤੇ ਆਪਣਾ ਘਰ ਬੰਨ੍ਹ ਨਹੀਂ ਸਕਦਾ ਕਿਉਂਕਿ ਉਨ੍ਹਾਂ ਦਾ ਪੈਮਾਨਾ ਸਾਰਾ ਸੰਸਾਰ ਹੁੰਦਾ ਹੈ। ਇਹੀ ਹੁੰਦੇ ਹਨ ਜਿਹੜੇ ਸੰਸਾਰ ਨੂੰ ਬਦਲਣ ਦਾ ਬੀੜਾ ਚੁੱਕਦੇ ਹਨ।
ਮਹਾਨ ਵਿਅਕਤੀਆਂ ਕੋਲ ਇਕ ਅਜਿਹੀ ਨੀਝ ਹੁੰਦੀ ਹੈ ਜਿਹੜੀ ਰੁਕਾਵਟਾਂ, ਹਨੇਰਿਆਂ ਅਤੇ ਮੁਸ਼ਕਿਲਾਂ ਤੋਂ ਪਾਰ ਵੇਖਣ ਲਗ ਪੈਂਦੀ ਹੈ। ਨਵੀਆਂ ਧਰਤੀਆਂ ਨੂੰ ਲਭਣ ਦੇ ਪ੍ਰਤੀਕ ਕੋਲੰਬਸ ਨੂੰ ਸਮੁੰਦਰ ਤੋਂ ਪਾਰ ਧਰਤੀ ਦਿਸਦੀ ਸੀ ਜਦੋਂ ਕਿ ਉਸ ਦੇ ਸਾਥੀਆਂ ਨੂੰ ਸਮੁੰਦਰ ਦਾ ਕੇਵਲ ਪਾਣੀ ਹੀ ਦਿਸਦਾ ਸੀ।
ਮਨੁੱਖ ਨੂੰ ਭੋਜਨ ਨਾਲੋਂ ਵੀ ਵਧੇਰੇ ਉਤਸ਼ਾਹ ਅਤੇ ਹੌਸਲੇ ਦੀ ਲੋੜ ਹੁੰਦੀ ਹੈ।
ਜਦੋਂ ਵੀ ਤੁਸੀਂ ਹੌਸਲਾ ਵਿਖਾਓਗੇ ਕੁਝ ਨਵਾਂ ਸਿਰਜੇ ਜਾਣਾ ਯਕੀਨੀ ਹੋ ਜਾਵੇਗਾ।
ਨਵਾਂ, ਆਤਮ-ਵਿਸ਼ਵਾਸ ਦਾ ਨਰੋਆ ਪ੍ਰਗਟਾਵਾ ਹੁੰਦਾ ਹੈ।
ਨਵੇਂ ਨੂੰ, ਨਵੇਂ ਵਿਚਾਰਾਂ ਨੂੰ, ਵਿਰੋਧਤਾ ਸਹਿਣੀ ਪੈਂਦੀ ਹੈ।
ਗਲੇਲੀਓ ਅਤੇ ਕਾਪਰਨੀਕਸ ਨਾਲ ਇਵੇਂ ਹੀ ਹੋਇਆ ਸੀ।
ਗਾਂਧੀ, ਮਾਰਟਿਨ ਲੂਥਰ ਕਿੰਗ ਅਤੇ ਨੈਲਸਨ ਮੰਡੇਲਾ ਨੇ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ, ਸਬੰਧੀ ਫੈਸਲਾ ਉਨ੍ਹਾਂ ਘੜੀਆਂ ਵਿਚ ਕੀਤਾ ਸੀ ਜਦੋਂ ਉਨ੍ਹਾਂ ਦੀ ਅਤਿ ਦਰਜੇ ਦੀ ਬੇਇਜ਼ਤੀ ਹੋ ਰਹੀ ਸੀ। ਹਰੇਕ ਮਹਾਨ ਵਿਅਕਤੀ ਨੂੰ ਦੁੱਖ ਝਲਣੇ ਪਏ ਹਨ। ਅੱਗ ਵਿਚ ਪਏ ਬਿਨਾ ਸੋਨਾ ਚਮਕਦਾ ਨਹੀਂ, ਰਗੜ ਤੋਂ ਬਿਨਾ ਹੀਰੇ ਲਿਸ਼ਕਦੇ ਨਹੀਂ। ਮਰੇ ਬਿਨਾ ਅਜੇ ਤਕ ਕੋਈ ਅਮਰ ਨਹੀਂ ਹੋਇਆ।
ਵਕਤ ਤੋਂ ਅਗੇ ਲੰਘਣ ਵਾਲਿਆਂ ਨੂੰ ਇਕਲਾਪਾ ਹੰਢਾਉਣਾ ਪੈਂਦਾ ਹੈ।
ਜੋ ਵੀ ਆਪਣੇ ਵਿਚਾਰਾਂ ਅਤੇ ਕਾਰਜਾਂ ਕਾਰਨ ਭੀੜ ਤੋਂ ਵੱਖਰਾ ਹੋਵੇਗਾ, ਵੱਖਰਾ ਹੋਣ ਕਾਰਨ ਭੀੜ ਉਸ ਦਾ ਵਿਰੋਧ ਕਰੇਗੀ।
ਸੋਚ ਅਤੇ ਸੱਚ ਵਿਅਕਤੀਗਤ ਹੁੰਦੇ ਹਨ।
ਮਹਾਨ ਵਿਅਕਤੀ ਦੁੱਖਾਂ ਅਤੇ ਅਸਫਲਤਾਵਾਂ ਨੂੰ ਚੁੱਪ ਕਰਕੇ ਸਹਿੰਦੇ ਹਨ ਇਸੇ ਕਰਕੇ ਉਹ ਉਤਮ ਹੁੰਦੇ ਹਨ। ਉਤਮਤਾ ਗੁਣ ਦੀ ਹੁੰਦੀ ਹੈ, ਗਿਣਤੀ ਦੀ ਨਹੀਂ। ਜੋ ਵੀ ਉਤਮ ਹੈ ਜਾਂ ਮਹਾਨ ਹੈ, ਉਹ ਗਿਣਤੀ ਵਿਚ ਥੋੜ੍ਹਾ ਹੋਵੇਗਾ।
ਮਹਾਨ ਵਿਅਕਤੀ ਦਾ ਜੱਸ ਇਸ ਕਰਕੇ ਗਾਇਆ ਜਾਂਦਾ ਹੈ ਕਿਉਂਕਿ ਜਿਤਨੇ ਮਹਾਨ ਵਿਅਕਤੀਆਂ ਦੀ ਸੰਸਾਰ ਨੂੰ ਲੋੜ ਹੁੰਦੀ ਹੈ, ਉਤਨੇ ਹੁੰਦੇ ਨਹੀਂ, ਜਿਤਨੇ ਮਹਾਨ ਸਾਹਿਤ ਦੀ ਲੋੜ ਹੁੰਦੀ ਹੈ, ਉਤਨਾ ਉਪਜਦਾ ਨਹੀਂ, ਜਿਤਨੇ ਮਹਾਨ ਚਿੰਤਕ ਸੰਸਾਰ ਨੂੰ ਲੋੜੀਂਦੇ ਹਨ, ਉਤਨੇ ਹਨ ਨਹੀਂ।
ਮਹਾਨ ਸਾਹਿਤ ਨਾਲ ਅਸੀਂ ਉੱਚੇ ਵੀ ਉਠਦੇ ਹਾਂ ਅਤੇ ਡੂੰਘੇ ਵੀ ਉਤਰਦੇ ਹਾਂ। ਅਨੇਕਾਂ ਲੋਕ ਮਹਾਨ ਪੁਸਤਕਾਂ ਪੜ੍ਹਨ ਦੇ ਬਾਵਜੂਦ ਜਿਥੇ ਉਹ ਹੁੰਦੇ ਹਨ, ਉਥੇ ਹੀ ਰਹਿੰਦੇ ਹਨ ਕਿਉਂਕਿ ਉਹ ਇਹ ਨਹੀਂ ਜਾਣਦੇ ਕਿ ਮਹਾਨ ਸਾਹਿਤ ਪੜ੍ਹਨ ਅਤੇ ਸੌਂ ਜਾਣ ਲਈ ਨਹੀਂ। ਜਾਗਣ ਅਤੇ ਪਾਰ ਜਾਣ ਦਾ ਵਸੀਲਾ ਹੈ, ਹਉਮੈ ਤੋਂ ਨਿਮਰਤਾ ਵਲ, ਨਿੱਜ ਤੋਂ ਸਰਬੱਤ ਵਲ, ਅਗਿਆਨਤਾ ਤੋਂ ਗਿਆਨ ਵਲ।
ਮਹਾਨ ਸਾਹਿਤ ਵਿਚ ਫਤਹਿ ਦੇ ਭਰੋਸੇ ਦਾ ਨੂਰ ਹੁੰਦਾ ਹੈ। ਇਹ ਸਾਨੂੰ ਅੰਦਰੋਂ-ਬਾਹਰੋਂ ਵਿਸ਼ਾਲ-ਖੁਸ਼ਹਾਲ ਕਰਦਾ ਹੈ। ਮਹਾਨ ਲੇਖਕ, ਸ਼ੇਖ ਸਾਅਦੀ, ਸ਼ੈਕਸਪੀਅਰ, ਜਿਬਰਾਨ ਆਦਿ ਸੰਸਾਰ ਨੂੰ ਜਿਵੇਂ ਵੇਖਦੇ-ਪ੍ਰਗਟਾਉਂਦੇ ਹਨ, ਉਵੇਂ ਪਹਿਲਾਂ ਕਿਸੇ ਨੇ ਵੇਖਿਆ-ਪ੍ਰਗਟਾਇਆ ਨਹੀਂ ਹੁੰਦਾ।
ਮਹਾਨ ਸਾਹਿਤ ਵਿਚ ਕੋਈ ਰਾਜਨੀਤੀ ਨਹੀਂ ਹੁੰਦੀ, ਉਸ ਵਿਚ ਸਮਾਜ- ਸੁਧਾਰ ਦੀਆਂ ਵੀ ਬਹੁਤੀਆਂ ਗਲਾਂ ਨਹੀਂ ਹੁੰਦੀਆਂ। ਮਹਾਨ ਪੁਸਤਕਾਂ ਵਿਸ਼ਵ ਦਾ ਸਦੀਵੀ ਗਿਆਨ ਅਤੇ ਸਰਬਕਾਲੀ ਡੂੰਘੇ ਅਨੁਭਵ ਪੇਸ਼ ਕਰਦੀਆਂ ਹਨ। ਇਹ ਪੁਸਤਕਾਂ ਪਰਮਤੱਤ ਨਾਲ, ਸਮੁੱਚੀ ਮਾਨਵਜਾਤੀ ਨਾਲ, ਸਾਰੇ ਸਮਿਆਂ ਨਾਲ ਇਕ-ਸੁਰ ਹੁੰਦੀਆਂ ਹਨ, ਇਸੇ ਲਈ ਇਹ ਪੁਰਾਣੀਆਂ ਨਹੀਂ ਹੁੰਦੀਆਂ।
ਮਹਾਨ ਸੰਗੀਤ ਉਹ ਹੈ ਜਿਹੜਾ ਪੁਰਾਣਾ ਹੋਵੇ ਪਰ ਹਰ ਵੇਲੇ ਨਵਾਂ ਲਗੇ।
ਕਲਾਸੀਕਲ ਭਾਰਤੀ ਸੰਗੀਤ ਹਜ਼ਾਰਾਂ ਸਾਲ ਪੁਰਾਣਾ ਹੈ। ਇਸੇ ਗੁਣ ਕਰਕੇ ਹਜ਼ਾਰਾਂ ਸਾਲ ਇਹ ਨਵਾਂ ਰਹੇਗਾ।
ਜੋ ਕਲਾ-ਕ੍ਰਿਤ ਮਹਾਨ ਹੈ ਉਹ ਸਾਨੂੰ ਚੁੱਪ ਕਰਨ, ਡੂੰਘੇ ਉਤਰਨ ਅਤੇ ਸ਼ਾਂਤ ਹੋਣ ਦੀ ਪ੍ਰੇਰਨਾ ਦਿੰਦੀ ਹੈ।
ਮਹਾਨ ਸਾਹਿਤ ਤਾਂ ਮਹਾਨ ਹੈ ਹੀ, ਇਸ ਦੀ ਵਿਆਖਿਆ ਕਰਨ ਜਾਂ ਕਥਾ ਸੁਣਾਉਣ ਵਾਲੇ ਵੀ ਪੂਜੇ ਗਏ ਹਨ।
ਵੇਦ ਅਤੇ ਉਪਨਿਸ਼ਦ ਰਿਸ਼ੀਆਂ-ਮੁਨੀਆਂ ਨੇ ਲਿਖੇ ਕਿਉਂਕਿ ਉਨ੍ਹਾਂ ਨੂੰ ਮਨੁੱਖ ਦੀ ਆਤਮਾ ਦੀ ਚਿੰਤਾ ਸੀ।
ਭਾਰਤ ਵਿਚ ਜਿਸ ਜਿਸ ਨੇ ਮਨੁੱਖੀ ਆਤਮਾ ਦੀ ਚਿੰਤਾ ਕੀਤੀ ਹੈ ਉਸ ਦੇ ਚਿੰਤਨ ਨੂੰ ਪੂਜਿਆ ਗਿਆ ਹੈ।
ਰਿਸ਼ੀ-ਮੁਨੀ ਆਪਣੀਆਂ ਨਿਜੀ ਚਿੰਤਾਵਾਂ ਤੋਂ ਮੁਕਤ ਹੋ ਕੇ ਚਿੰਤਨ ਕਰਨ ਲਈ ਸੰਨਿਆਸੀ ਬਣੇ ਸਨ।
ਉਹ ਜ਼ਿੰਦਗੀ ਤੋਂ ਦੌੜੇ ਨਹੀਂ ਸਨ, ਉਨ੍ਹਾਂ ਨੇ ਜੋ ਚਿੰਤਨ ਕੀਤਾ ਉਹ ਵੱਡੇ ਅਤੇ ਸੰਪੂਰਣ ਤਿਆਗ ਤੋਂ ਬਿਨਾ ਸੰਭਵ ਨਹੀਂ ਸੀ।
ਉਹ ਸੰਨਿਆਸੀ ਬਣ ਕੇ ਪਹਾੜਾਂ ਵਿਚ ਲੁਕਣ ਲਈ ਨਹੀਂ ਸਨ ਗਏ।
ਪਹਾੜ ਉਨ੍ਹਾਂ ਦੀ ਪਾਠਸ਼ਾਲਾ ਸਨ, ਜਿਥੇ ਉਨ੍ਹਾਂ ਨੇ ਜ਼ਿੰਦਗੀ ਦੇ ਉੱਚੇ ਅਤੇ ਸੁੱਚੇ ਨਵੇਂ ਪ੍ਰਯੋਗ ਕੀਤੇ ਅਤੇ ਸਦੀਵੀ ਗਿਆਨ ਸਿਰਜਿਆ। ਗਿਆਨ ਰਿਸ਼ੀਆਂ- ਮੁਨੀਆਂ ਵਿਚ ਸੀ, ਪਹਾੜ ਉਨ੍ਹਾਂ ਦੇ ਗਿਆਨ ਦੀਆਂ ਉਚਾਈਆਂ ਨਾਲ ਇਕ- ਸੁਰ ਸਨ। ਉਨ੍ਹਾਂ ਦੇ ਇਰਾਦੇ ਉੱਚੇ ਸਨ, ਉਨ੍ਹਾਂ ਦੀ ਲਗਨ ਡੂੰਘੀ ਸੀ। ਇਰਾਦਿਆਂ ਨੇ ਉਨ੍ਹਾਂ ਨੂੰ ਥੱਕਣ ਨਾ ਦਿਤਾ, ਲਗਨ ਨੇ ਉਨ੍ਹਾਂ ਨੂੰ ਹਾਰਨ ਨਾ ਦਿਤਾ।
ਮਹਾਨਤਾ ਦਾ ਦਰਜਾ ਕੁਝ ਚੋਣਵੇਂ ਵਿਅਕਤੀਆਂ ਨੂੰ ਹੀ ਮਿਲਦਾ ਹੈ।
ਮਨੁੱਖੀ ਜੀਵਨ ਦੇ ਤਿੰਨ ਆਧਾਰ ਹਨ, ਸਰੀਰ, ਬੁਧੀ ਅਤੇ ਆਤਮਾ । ਸਰੀਰ ਦੀ ਜਣਨੀ ਹੋਣ ਕਰਕੇ ਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਬੌਧਿਕ ਪਖੋਂ ਸਾਡਾ ਵਿਕਾਸ ਕਰਕੇ ਅਧਿਆਪਕ ਸਨਮਾਨੇ ਜਾਂਦੇ ਹਨ ਪਰ ਮਹਾਨਤਾ ਉਨ੍ਹਾਂ ਨੂੰ ਹੀ ਮਿਲੀ ਹੈ ਜਿਨ੍ਹਾਂ ਨੇ ਸਾਡੀ ਆਤਮਾ ਦੇ ਵਿਕਾਸ ਦੀ ਚਿੰਤਾ ਕੀਤੀ ਹੈ।
ਮੱਧਕਾਲ ਧਰਮ ਦਾ ਯੁੱਗ ਸੀ, ਬੌਧਿਕ ਪਖੋਂ ਅਸੀਂ ਅਜੇ ਵੀ ਮੱਧਕਾਲ ਵਿਚ ਹਾਂ ਸੋ ਸਾਡੇ ਦੇਸ਼ ਦੇ ਬਹੁਤੇ ਮਹਾਨ ਵਿਅਕਤੀ ਧਰਮ ਨਾਲ ਸਬੰਧਤ ਹਨ। ਯੋਰਪ ਵਿਚ ਧਰਮ ਦੇ ਨਾਲ ਨਾਲ ਵਿਗਿਆਨ ਦੇ ਖੇਤਰ ਦੇ ਮਹਾਨ ਵਿਅਕਤੀ ਵੀ ਸਨਮਾਨੇ ਜਾਂਦੇ ਹਨ। ਜਿਨ੍ਹਾਂ ਨੇ ਪੈਨਿਸਲੀਨ ਦੀ ਕਾਢ ਕਢੀ ਜਾਂ ਤਪਦਿਕ ਦਾ ਇਲਾਜ ਲਭਿਆ, ਉਹ ਮਹਾਨ ਸਨ। ਨਿਊਟਨ ਨੇ ਸਮਝਾਇਆ ਕਿ ਕੁਦਰਤ ਦੇ ਨੇਮ ਕੀ ਹਨ, ਆਈਨਸਟੀਨ ਨੇ ਦਸਿਆ ਕਿ ਸੰਸਾਰ ਚਲਦਾ ਕਿਵੇਂ ਹੈ।
ਐਡੀਸਨ, ਮਾਰਕਸ, ਫਰਾਇਡ, ਡਾਰਵਿਨ ਆਦਿ ਸਾਰੇ ਮਹਾਨ ਸਨ ਕਿਉਂਕਿ ਉਨ੍ਹਾਂ ਦੇ ਵਿਚਾਰਾਂ ਨਾਲ ਸੰਸਾਰ ਬਦਲਿਆ ਹੈ।
ਮਹਾਨ ਵਿਅਕਤੀ ਸਮੁੱਚੇ ਸੰਸਾਰ ਨੂੰ ਆਪਣੀ ਸੋਚ ਪਹਿਨਾ ਦਿੰਦੇ ਹਨ। ਇਵੇਂ ਹੀ ਕਲਾਕਾਰ ਅਸੰਭਵ ਨੂੰ ਸੰਭਵ ਕਰ ਵਿਖਾਉਂਦੇ ਹਨ।
ਜੋ ਕੁਝ ਕਲਾਕਾਰ ਲਈ ਵੀ ਅਸੰਭਵ ਹੁੰਦਾ ਹੈ, ਉਹ ਕਰ ਵਿਖਾਉਣ ਵਾਲੇ ਨੂੰ ਜੀਨੀਅਸ ਕਹਿੰਦੇ ਹਨ।
ਜੋ ਜੀਨੀਅਸ ਕਰਦਾ ਹੈ, ਉਸ ਨੂੰ ਸਾਰੀ ਮਾਨਵਜਾਤੀ ਅਪਨਾ ਲੈਂਦੀ ਹੈ।
ਵੀਹਵੀਂ ਸਦੀ ਦੇ ਅੱਧ ਨੇੜੇ ਜਦੋਂ ਰੋਜਰ ਬੇਨਿਸਟਰ ਨੇ ਇਕ ਮੀਲ ਦੀ ਦੌੜ ਚਾਰ ਮਿੰਟ ਨਾਲੋਂ ਘਟ ਸਮੇਂ ਵਿਚ ਦੌੜੀ ਤਾਂ ਸੈਂਕੜੇ ਸਾਲਾਂ ਤੋਂ ਜਿਸ ਕਾਰਜ ਨੂੰ ਅਸੰਭਵ ਸਮਝਿਆ ਜਾਂਦਾ ਸੀ, ਉਹ ਯਥਾਰਥ ਬਣ ਗਿਆ ਅਤੇ ਉਸੇ ਸਾਲ ਸੈਂਤੀ ਹੋਰ ਵਿਅਕਤੀਆਂ ਨੇ ਇਹੀ ਕਮਾਲ ਕਰ ਵਿਖਾਇਆ।
ਜਿਥੇ ਲੀਹ ਪੈ ਜਾਵੇ ਉਥੇ ਸੜਕ ਬਣਨ ਵਿਚ ਦੇਰ ਨਹੀਂ ਲਗਦੀ।
ਲੰਮੇ ਅਰਸੇ ਤੋਂ ਯੋਰਪ ਵਿਚ ਇਹ ਭਰਮ ਪਾਲਿਆ ਜਾ ਰਿਹਾ ਸੀ ਕਿ ਚਿੱਟੀ ਚਮੜੀ ਨੂੰ ਹਰਾਉਣਾ ਅਸੰਭਵ ਹੈ ਪਰ ਵੀਹਵੀਂ ਸਦੀ ਦੇ ਆਰੰਭ ਵਿਚ ਪੀਲੀ ਚਮੜੀ ਵਾਲੇ ਜਾਪਾਨੀਆਂ ਨੇ ਚਿੱਟੀ ਚਮੜੀ ਵਾਲੇ ਰੂਸੀਆਂ ਨੂੰ ਹਰਾ ਕੇ ਇਹ ਭਰਮ ਤੋੜ ਦਿਤਾ ਅਤੇ ਨਤੀਜੇ ਵਜੋਂ ਸਾਰੇ ਵਿਸ਼ਵ ਵਿਚ ਸੁਤੰਤਰਤਾ ਅੰਦੋਲਨ ਚਲੇ ਜਿਨ੍ਹਾਂ ਕਰਕੇ ਹੁਣ ਸਾਰਾ ਸੰਸਾਰ ਸੁਤੰਤਰ ਹੈ।
ਮਹਾਨ ਤਾਂ ਤੈਮੂਰ ਲਿੰਗ, ਚੰਗੇਜ਼ ਖਾਨ ਅਤੇ ਹਿਟਲਰ ਵੀ ਸਨ ਪਰ ਉਹ ਨਫਰਤ ਦੇ ਪ੍ਰੇਰੇ ਹੋਣ ਕਰਕੇ ਜਿੱਤਣ ਦੇ ਲਾਲਚ ਵਿਚ ਹਾਰ ਗਏ ਅਤੇ ਪ੍ਰਸਿੱਧ ਹੋਣ ਦੀ ਲਾਲਸਾ ਵਿਚ ਬਦਨਾਮ ਹੋ ਗਏ ।
ਚੰਗੇ ਉਦੇਸ਼ ਲਈ ਲੜੇ ਯੁੱਧ ਤੋਂ ਬਿਨਾ ਕੋਈ ਯੋਧਾ ਨਹੀਂ ਬਣਦਾ।
ਯੁੱਧ ਵਿਚ ਤਬਾਹੀ ਹੁੰਦੀ ਹੈ ਪਰ ਕਈ ਵੱਡੇ ਨਿਰਣੇ, ਵੱਡੀਆਂ ਕੁਰਬਾਨੀਆਂ ਕਰਕੇ, ਵੱਡੀਆਂ ਤਬਾਹੀਆਂ ਵਿਚੋਂ ਲੰਘ ਕੇ ਹੀ ਸੰਭਵ ਹੁੰਦੇ ਹਨ। ਯੁੱਧ, ਮਨੁੱਖ ਦੇ ਹੌਸਲੇ, ਸੂਰਬੀਰਤਾ, ਹੱਠ, ਅੜੇ ਰਹਿਣ ਦੀ ਯੋਗਤਾ, ਦ੍ਰਿੜ੍ਹਤਾ, ਸਵੈਮਾਣ ਅਤੇ ਅਣਖ ਨੂੰ ਉਘਾੜਦੇ ਹਨ ਅਤੇ ਮਨੁੱਖੀ ਵਿਹਾਰ ਦੇ ਨਵੇਂ ਮਾਪ-ਤੋਲ ਸਿਰਜਦੇ ਹਨ।
ਮੌਲਿਕਤਾ ਜਾਂ ਨਵੀਨਤਾ ਮਹਾਨਤਾ ਦਾ ਬੁਨਿਆਦੀ ਲੱਛਣ ਹੈ ਇਸੇ ਕਰਕੇ ਬੀਰਤਾ ਦੀ ਇਕ ਵੀ ਉਦਾਹਰਣ ਕਿਸੇ ਹੋਰ ਉਦਾਹਰਣ ਨਾਲ ਨਹੀਂ ਮਿਲਦੀ।
ਬੀਰਤਾ ਕਾਰਨ ਹੀ ਕਿਸੇ ਦੇਸ਼ ਦਾ ਝੰਡਾ ਝੁਲਦਾ ਹੈ।
ਝੰਡਾ, ਕਪੜੇ ਦਾ ਟੋਟਾ ਹੀ ਨਹੀਂ ਹੁੰਦਾ। ਇਸ ਦੀ ਹਰੇਕ ਤੰਦ ਵਿਚ ਉਦਮੀ ਲੋਕਾਂ ਦੀ ਮਿਹਨਤ, ਸੂਰਬੀਰਾਂ ਦਾ ਸਾਹਸ, ਸ਼ਹੀਦਾਂ ਦੀਆਂ ਕੁਰਬਾਨੀਆਂ, ਜਰਨੈਲਾਂ ਦੀ ਦਲੇਰੀ, ਮਾਵਾਂ ਦੇ ਦਿਲ ਦੀਆਂ ਧੜਕਣਾਂ ਅਤੇ ਅਰਦਾਸਾਂ, ਕੌਮ ਦਾ ਸਵੈਮਾਣ, ਸਿਆਣਿਆਂ ਦੀ ਸੂਝ ਅਤੇ ਦੇਸ਼ ਦਾ ਇਤਿਹਾਸ ਪਰੋਏ ਹੁੰਦੇ ਹਨ।
ਮਹਾਨਤਾ ਦੀ ਪ੍ਰਸੰਸਾ ਵਿਚ ਬੋਲੇ ਗਏ ਸਾਰੇ ਸ਼ਬਦ ਅਤੇ ਵਿਸ਼ੇਸ਼ਣ ਪ੍ਰਮਾਤਮਾ ਦੇ ਗੁਣਾਂ ਦੇ ਨਾਂ ਹੁੰਦੇ ਹਨ।
ਮਹਾਨ ਵਿਅਕਤੀਆਂ ਨੇ ਜੋ ਕੁਝ ਵੀ ਕੀਤਾ ਹੈ ਉਹ ਉਨ੍ਹਾਂ ਨੇ ਆਪਣੇ ਇਕ ਹੀ ਜਨਮ ਵਿਚ ਕੀਤਾ ਹੈ।
ਮਹਾਨ, ਮਹਾਨ ਹੋਣ ਕਰਕੇ ਨਿੰਦਾ ਕਰਨ-ਸੁਣਨ ਤੋਂ ਮੁਕਤ ਅਤੇ ਸਾੜੇ- ਈਰਖਾ ਤੋਂ ਅਭਿਜ ਹੁੰਦੇ ਹਨ।
ਮਹਾਨ ਵਿਅਕਤੀਆਂ ਵਿਚਕਾਰ ਭਾਵੇਂ ਸਦੀਆਂ ਦਾ ਅੰਤਰ ਹੋਵੇ, ਉਹ ਸਾਰੇ ਇਕ-ਦੂਜੇ ਦੇ ਸਮਕਾਲੀ ਲਗਦੇ ਹਨ।
ਹਰੇਕ ਨਵੀਂ ਕਾਢ, ਪ੍ਰਮਾਤਮਾ ਦੀ ਹੋਂਦ ਦਾ ਨਵਾਂ ਸਬੂਤ ਹੁੰਦੀ ਹੈ ਕਿਉਂਕਿ ਮਹਾਨ ਵਿਅਕਤੀ ਪ੍ਰਮਾਤਮਾ ਦਾ ਸੌਂਪਿਆ ਕੰਮ ਹੀ ਕਰਦੇ ਹਨ।
ਪ੍ਰਮਾਤਮਾ ਦੇ ਕਿਸੇ ਪਿਆਰੇ ਨੇ ਹੀ ਪਿਆਰ ਦਾ ਸੰਕਲਪ ਸਿਰਜਿਆ ਹੋਵੇਗਾ।
ਵਾਹਿਗੁਰੂ ਵਰਗੇ ਨੇ ਹੀ, ਵਾਹਿਗੁਰੂ ਉਚਾਰਿਆ ਹੋਵੇਗਾ। ਕਿਸੇ ਰੱਬ ਵਰਗੇ ਨੇ ਹੀ ਰੱਬ ਨੂੰ, ਰੱਬ ਕਹਿ ਕੇ ਬੁਲਾਇਆ ਹੋਵੇਗਾ।
ਕਿਸੇ ਬ੍ਰਹਮ ਨੇ ਹੀ ਬ੍ਰਹਮ ਦੀ ਕਲਪਨਾ ਕੀਤੀ ਹੋਵੇਗੀ।
ਮਹਾਨ ਵਿਅਕਤੀਆਂ ਅਗੇ ਝੁਕਣ ਵਿਚ ਸਾਨੂੰ ਆਨੰਦ ਮਿਲਦਾ ਹੈ।
ਮਹਾਨਤਾ ਦੀਆਂ ਅਨੇਕਾਂ ਪੱਧਰਾਂ ਹਨ, ਜਿਵੇਂ ਸਥਾਨਕ, ਪ੍ਰਾਂਤਿਕ, ਰਾਸ਼ਟਰੀ ਅਤੇ ਵਿਸ਼ਵ-ਵਿਆਪੀ । ਵਿਸ਼ਵ ਪੱਧਰ ਤੇ ਮਹਾਨ ਬਣਨ ਵਾਲੇ ਸਾਰੀਆਂ ਪੱਧਰਾਂ ਵਿਚੋਂ ਗੁਜ਼ਰਦੇ ਹਨ। ਜਿਉਂ ਜਿਉਂ ਕਿਸੇ ਦੀ ਕੁਰਬਾਨੀ ਅਤੇ ਮਿਹਨਤ ਵੱਡੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਉਸ ਵਿਚ ਗੁਣ ਵਧਦੇ ਜਾਂਦੇ ਹਨ ਅਤੇ ਉਸ ਦਾ ਦਰਜਾ ਉੱਚਾ ਹੁੰਦਾ ਜਾਂਦਾ ਹੈ। ਕਲਪਨਾ ਅਤੇ ਸੋਚਾਂ ਉਤੇ ਸਮਾਜ ਜਾਂ ਸੰਸਾਰ ਦੇ ਨਿਯਮ ਜਾਂ ਬੰਧਨ ਲਾਗੂ ਨਹੀਂ ਹੁੰਦੇ, ਇਹ ਹਰੇਕ ਦੇ ਨਿਜੀ ਖੇਤਰ ਹਨ।
ਮਹਾਨ ਵਿਅਕਤੀਆਂ ਦੇ ਸ਼ਬਦਾਂ ਵਿਚ ਗਿਆਨ, ਉਨ੍ਹਾਂ ਦੀ ਚੁੱਪ ਵਿਚ ਸੰਤੋਖ ਅਤੇ ਉਨ੍ਹਾਂ ਦੀ ਤਕਣੀ ਵਿਚ ਦਇਆ ਹੁੰਦੀ ਹੈ।
ਕੀ ਸੰਸਾਰ ਦਾ ਕੋਈ ਅਜਿਹਾ ਦੇਸ਼ ਹੈ ਜਿਹੜਾ ਮਹਾਨ ਵਿਅਕਤੀਆਂ ਤੋਂ ਬਿਨਾ ਮਹਾਨ ਬਣਿਆ ਹੈ ?
ਅਫਰੀਕਾ ਨੂੰ ਵਿਸ਼ਵ ਪੱਧਰ ‘ਤੇ ਉਭਰਨ ਵਾਸਤੇ ਹਰ ਖੇਤਰ ਵਿਚ ਮਹਾਨ ਵਿਅਕਤੀਆਂ ਦੀ ਉਡੀਕ ਹੈ । ਪੈਸਾ, ਅਹੁਦਾ, ਜਾਇਦਾਦ ਆਦਿ ਮਹਾਨ ਵਿਅਕਤੀਆਂ ਨੂੰ ਖਿਚ ਨਹੀਂ ਪਾਉਂਦੇ।
ਮਹਾਨ ਵਿਅਕਤੀ ਸਾਨੂੰ ਦੌਲਤ ਨਹੀਂ ਦਿੰਦੇ, ਉਹ ਸਾਨੂੰ ਆਪਣੀਆਂ ਦੌਲਤਾਂ ਤੋਂ ਜਾਣੂ ਕਰਵਾਉਂਦੇ ਹਨ।
ਵਿਰਲਾਪ ਨਾ ਕਰੋ ਕਿ ਉਹ ਚਲੇ ਗਏ, ਸਗੋਂ ਪ੍ਰਸੰਨ ਹੋਵੋ ਕਿ ਉਹ ਕਿਸੇ ਵੇਲੇ । ਇਸ ਧਰਤੀ ਉੱਤੇ ਸਾਡੇ ਕੋਲ ਸਨ।
ਸਾਡੇ ਅਨੁਭਵ ਅਤੇ ਸਾਡੇ ਵਿਚਾਰ ਹੀ ਸਾਡਾ ਸੰਸਾਰ ਸਿਰਜਦੇ ਹਨ।
ਜੇਕਰ ਕੋਈ ਵਿਅਕਤੀ ਪ੍ਰਸੰਨ ਹੈ ਤਾਂ ਉਹ ਇਸ ਲਈ ਪ੍ਰਸੰਨ ਹੋਵੇਗਾ ਕਿਉਂਕਿ ਉਸ ਕੋਲ ਉਸ ਦੇ ਹੌਸਲੇ ਨੂੰ ਉੱਚਾ ਚੁੱਕਣ ਵਾਲੇ ਵਿਚਾਰ ਹਨ।
ਤੁਹਾਡੇ ਉਤੇ ਪੈਣ ਵਾਲੀਆਂ ਮੁਸ਼ਕਿਲਾਂ ਅਤੇ ਮੁਸੀਬਤਾਂ ਉਹੀ ਪ੍ਰਭਾਵ ਪਾਉਣਗੀਆਂ, ਜਿਹੜਾ ਪ੍ਰਭਾਵ ਤੁਸੀਂ ਕਬੂਲੋਗੇ ।
ਮੁਸੀਬਤ ਹਰ ਕਿਸੇ ਤੇ ਇਕੋ ਜਿਹਾ ਅਸਰ ਨਹੀਂ ਕਰਦੀ।
ਜੇ ਅਸਫਲਤਾ ਜਾਂ ਮੁਸੀਬਤ ਤੁਹਾਨੂੰ ਡੇਗਦੀ ਹੈ ਤਾਂ ਇਸ ਲਈ ਡੇਗਦੀ ਹੈ ਕਿਉਂਕਿ ਤੁਸੀਂ ਮੁਸੀਬਤ ਨੂੰ ਡੇਗਣ ਦੀ ਸ਼ਕਤੀ ਦਿੰਦੇ ਹੋ।
ਦ੍ਰਿੜ੍ਹ ਹੋਣ ਨਾਲ, ਮਹਾਨ ਵਿਚਾਰਾਂ ਦੇ ਲੜ ਲਗਣ ਨਾਲ, ਮਹਾਨ ਨਾਇਕ ਨੂੰ ਧਿਆਉਣ ਨਾਲ, ਮਹਾਨ ਉਦੇਸ਼ ਅਪਨਾਉਣ ਨਾਲ, ਹਰ ਮੈਦਾਨ ਫਤਹਿ ਹੋ ਸਕਦੀ ਹੈ।
ਜੂਏ ਵਿਚੋਂ ਕੁਝ ਨਹੀਂ ਲਭਦਾ, ਨਸ਼ਿਆਂ ਵਿਚ ਹਾਰ ਹੀ ਹਾਰ ਹੈ।
ਨੀਵੀਆਂ ਲੜਾਈਆਂ, ਜਾਇਦਾਦ ਦੇ ਝਗੜਿਆਂ, ਤਲਾਕ ਦੇ ਮੁਕੱਦਮਿਆਂ ਨਾਲ ਅਜੇ ਤਕ ਕੋਈ ਪ੍ਰਸਿੱਧ ਨਹੀਂ ਹੋਇਆ, ਇਹ ਹਨੇਰੇ ਰਾਹ ਹਨ।
ਇਨ੍ਹਾਂ ਹਨੇਰੇ ਰਾਹਾਂ ਤੇ ਕੇਵਲ ਭਟਕਣ ਹੈ।
ਮੇਰੇ ਪਿਆਰੇ ਅਧਿਆਪਕ ਕਿਹਾ ਕਰਦੇ ਸਨ ਕਿ ਹਰੇਕ ਕੰਮ ਇਵੇਂ ਕਰੋ, ਇਹ ਸੋਚ ਕੇ ਕਰੋ ਕਿ ਇਹ ਕੰਮ ਜੇ ਭਗਵਾਨ ਰਾਮ ਜਾਂ ਗੁਰੂ ਗੋਬਿੰਦ ਸਿੰਘ ਕਰਦੇ ਤਾਂ ਕਿਵੇਂ ਕਰਦੇ, ਤੁਸੀਂ ਵੀ ਉਵੇਂ ਕਰੋ।
Credit – ਨਰਿੰਦਰ ਸਿੰਘ ਕਪੂਰ