ਮੂਲ ਪਾਠ
1
ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,
ਜਿਹੜਾ ਕੁਦਰਤੀ ਖੇਲ ਬਣਾਂਵਦਾ ਈ ।
ਚੌਦਾਂ ਤਬਕਾਂ ਦਾ ਨਕਸ਼ੋ ਨਗਾਰ ਕਰਕੇ।
ਰੰਗ ਰੰਗ ਦੇ ਬਾਗ਼ ਲਗਾਂਵਦਾ ਈ।
ਸਫ਼ਾਂ ਪਿੱਛਲੀਆਂ ਸਭ ਲਪੇਟ ਲੈਂਦਾ,
ਅੱਗੋਂ ਹੋਰ ਹੀ ਹੋਰ ਵਛਾਂਵਦਾ ਈ।
ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ,
ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ।
2
ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ,
ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ।
ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,
ਸਦਾ ਨਹੀਂ ਜੇ ਬਾਲ ਵਰੇਸ ਮੀਆਂ।
ਸਦਾ ਨਹੀਂ ਜੇ ਦੋਲਤਾਂ ਫ਼ੀਲ ਘੋੜੇ,
ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ।
ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ,
ਸਦਾ ਰਹਿਣ ਨਾ ਕਾਲੜੇ ਕੇਸ ਮੀਆਂ।
3
ਇਕ ਰੋਜ਼ ਵਟਾਲੇ ਦੇ ਵਿਚ ਬੈਠੇ,
ਚਲੀ ਆਣ ਫ਼ਿਰੰਗੀ ਦੀ ਬਾਤ ਆਈ।
ਸਾਨੂੰ ਆਖਿਆ ਹੀਰੇ ਤੇ ਨੂਰ ਖ਼ਾਂ ਨੇ,
ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉੱਤੇ ਆਫ਼ਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।
4
ਇਹ ਜਗ ਸਰਾਇ ਮੁਸਾਫ਼ਰਾਂ ਦੀ,
ਏਥੇ ਜ਼ੋਰ ਵਾਲੇ ਕਈ ਆਇ ਗਏ।
ਸਦਾਦ, ਨਮਰੂਦ, ਫ਼ਿਰਊਨ ਜੇਹੇ,
ਦਾਵਾ ਬੰਨ੍ਹ ਖੁਦਾਇ ਕਹਾਇ ਗਏ ।
ਅਕਬਰ ਸ਼ਾਹ ਜੇਹੇ ਵਿਚ ਦਿੱਲੀ ਦੇ ਜੀ।
ਫੇਰੀ ਵਾਂਗ ਵਣਜਾਰਿਆਂ ਪਾਇ ਗਏ।
ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,
ਵਾਜੇ ਕੂੜ ਦੇ ਕਈ ਵਜਾਇ ਗਏ।
5
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ, ਜੰਮੂ,
ਕਾਂਗੜਾ, ਕੋਟ ਨਿਵਾਇ ਗਿਆ।
ਹੋਰ ਦੇਸ਼ ਲਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
6
ਜਦੋਂ ਹੋਏ ਸਰਕਾਰ ਦੇ ਸ੍ਵਾਸ ਪੂਰੇ,
ਜਮ੍ਹਾ ਹੋਏ ਨੀ ਸਭ ਸਰਦਾਰ ਮੀਆਂ।
ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।
ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,
ਮੋਇਆ ਮੁੱਢ ਕਦੀਮ ਦਾ ਯਾਰ ਮੀਆਂ।
ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,
ਸਾਡਾ ਇਹੋ ਹੀ ਕੌਲ ਕਰਾਰ ਮੀਆਂ।
7
ਮੇਰੇ ਬੈਠਿਆਂ ਇਨ੍ਹਾਂ ਨੇ ਖੂਨ ਕੀਤਾ,
ਇਹ ਤਾਂ ਗਰਕ ਜਾਵੇ ਦਰਬਾਰ ਮੀਆਂ।
ਪਿੱਛੇ ਸਾਡੇ ਭੀ ਕੌਰ ਨਾ ਰਾਜ ਕਰਸੀ,
ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ।
ਨਾਹੱਕ ਦਾ ਇਨ੍ਹਾਂ ਨੇ ਖੂਨ ਕੀਤਾ,
ਇਹ ਤਾਂ ਮਰਨਗੇ ਸਭ ਸਰਦਾਰ ਮੀਆਂ।
ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,
ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ।
8
ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ
ਬਰਸ ਇਕ ਪਿੱਛੋਂ ਵੱਸ ਕਾਲ ਹੋਇਆ।
ਆਈ ਮੌਤ ਨਾ ਅਟਕਿਆ ਇਕ ਘੜੀ,
ਚੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ।
ਕੌਰ ਸਾਹਿਬ ਮਹਾਰਾਜ ਦੀ ਗੱਲ ਸੁਣ ਕੇ,
ਜ਼ਰਾ ਗ਼ਮ ਦੇ ਨਾਲ ਨਾ ਮੂਲ ਰੋਇਆ।
ਸ਼ਾਹ ਮੁਹੰਮਦਾ ਕਈਆਂ ਦੇ ਬੰਨ੍ਹਣੇ ਨੂੰ,
ਵਿਚ ਕੌਂਸਲ ਦੇ ਕੌਰ ਨੂੰ ਫ਼ਿਕਰ ਹੋਇਆ।
9
ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ,
ਦੇਖੋ ਸਾੜਨੇ ਨੂੰ ਹੁਣ ਲੈ ਚੱਲੇ।
ਧਰਮਰਾਜ ਨੂੰ ਜਦੋਂ ਇਹ ਖ਼ਬਰ ਹੋਈ,
ਕੌਰ ਮਾਰਨੇ ਨੂੰ ਉਸ ਦੂਤ ਘੱਲੇ।
ਮਾਰੋ ਮਾਰ ਕਰਦੇ ਦੂਤ ਆਣ ਵੜੇ,
ਜਦੋਂ ਮੌਤ ਦੇ ਹੋਏ ਨੀ ਆਣ ਹੱਲੇ।
ਸ਼ਾਹ ਮੁਹੰਮਦਾ ਦੇਖ ਰਜਾਇ ਰੱਬ ਦੀ,
ਊਧਮ ਸਿੰਘ ਤੇ ਕੌਰ ਦੇ ਸ੍ਵਾਸ ਚੱਲੇ।
10
ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,
ਪਲਕ ਵਿਚ ਦਰਵਾਜ਼ੇ ਦੇ ਆਇਆ ਈ।
ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ,
ਦੇਖੋ ਉਸ ਨੂੰ ਖੂਬ ਬਜਾਇਆ ਈ।
ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ,
ਛੱਜਾ ਢਾਹ ਦੋਹਾਂ ਉੱਤੇ ਪਾਇਆ ਈ।
ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,
ਕੌਰ ਸਾਹਿਬ ਜੋ ਸਹਿਕਦਾ ਆਇਆ ਈ।
11
ਅੱਠ ਪਹਿਰ ਲੁਕਾਇ ਕੇ ਰਖਿਓ ਨੇ,
ਦੂਜੇ ਦਿਨ ਰਾਣੀ ਚੰਦ ਕੌਰ ਆਈ।
ਖੜਕ ਸਿੰਘ ਦਾ ਮੂਲ ਦਰੇਗ ਨਾਹੀਂ,
ਕੌਰ ਸਾਹਿਬ ਤਾਈਂ ਉਥੇ ਰੋਣ ਆਈ ।
ਹੁਣ ਮੋਇਆ ਤੇ ਕਰੋ ਸੰਸਕਾਰ ਇਸ ਦਾ,
ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ।
ਸ਼ਾਹ ਮੁਹੰਮਦਾ ਰੋਂਦੀ ਏ ਚੰਦ ਕੌਰਾਂ,
ਜਿਸ ਦਾ ਮੋਇਆ ਪੁੱਤਰ ਸੋਹਣਾ, ਸ਼ੇਰ ਸਾਈਂ।
12
ਸ਼ੇਰ ਸਿੰਘ ਨੂੰ ਕਿਸੇ ਜਾ ਖ਼ਬਰ ਦਿੱਤੀ,
ਜਿਸ ਦਾ ਮੋਇਆ ਭਤੀਜਾ ਤੇ ਵੀਰ ਯਾਰੋ।
ਉਸ ਨੇ ਤੁਰਤ ਵਟਾਲਿਉਂ ਕੂਚ ਕੀਤਾ,
ਰਾਹੀਂ ਆਂਵਦਾ ਘੱਤ ਵਹੀਰ ਯਾਰੋ ।
ਜਦੋਂ ਆਣ ਕੇ ਹੋਇਆ ਲਾਹੌਰ ਦਾਖ਼ਲ,
ਅੱਖੀਂ ਰੋਇ ਪਲਟਦਾ ਨੀਰ ਯਾਰੋ।
ਸ਼ਾਹ ਮੁਹੰਮਦਾ ਲੋਕ ਦਿਲਬਰੀ ਕਰਦੇ,
ਚੰਦ ਕੌਰ ਹੋਈ ਦਿਲਗੀਰ ਯਾਰੋ ।
13
ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀ,
ਸ਼ੇਰ ਸਿੰਘ ਅੱਜ ਅੰਦਰ ਆਵਣਾ ਜੇ ।
ਤੁਰਤ ਫੂਕ ਦਿਉ ਤੁਸੀਂ ਕਰਾਬੀਨਾਂ,
ਇਕ ਘੜੀ ਵਿਚ ਮਾਰ ਮੁਕਾਵਣਾ ਜੇ ।
ਸ਼ੇਰ ਸਿੰਘ ਨੂੰ ਰਾਜੇ ਨੇ ਖ਼ਬਰ ਦਿੱਤੀ,
ਅੰਦਰ ਅੱਜ ਜ਼ਰੂਰ ਨਹੀਂ ਆਵਣਾ ਜੇ।
ਸ਼ਾਹ ਮੁਹੰਮਦਾ ਅਜੇ ਨਾ ਜ਼ੋਰ ਤੇਰਾ,
ਤੈਨੂੰ ਅਸਾਂ ਹੀ ਅੰਤ ਸਦਾਵਣਾ ਜੇ।
14
ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ,
ਦਗ਼ ਬਾਜ਼ੀਆਂ ਹੋਰ ਬਥੇਰੀਆਂ ਨੀਂ।
ਉਸ ਨੇ ਤੁਰਤ ਲਾਹੌਰ ਥੀਂ ਕੂਚ ਕੀਤਾ,
ਬੈਠਾ ਜਾਇਕੇ ਵਿਚ ਮੁਕੇਰੀਆਂ ਨੀ।
ਪਿਛੇ ਤਖਤ ਬੈਠੀ ਰਾਣੀ ਚੰਦ ਕੌਰਾਂ,
ਦੇਂਦੇ ਆਣ ਮੁਸਾਹਿਬ ਦਲੇਰੀਆਂ ਨੀ।
ਸ਼ਾਹ ਮੁਹੰਮਦਾ ਕੌਰ ਨਾ ਜੰਮਣਾ ਈਂ,
ਕਿਲ੍ਹੇ ਕੋਟ ਤੇ ਰਈਅਤਾਂ ਤੇਰੀਆਂ ਨੀਂ।
15
ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,
ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ।
ਉਹ ਤਾਂ ਪੁੱਤਰ ਸਰਕਾਰ ਦਾ ਫ਼ਤਿਹ ਜੰਗੀ,
ਗੱਦੀ ਉਸ ਨੂੰ ਚਾਇ ਬਹਾਈਏ ਜੀ।
ਸਿੰਘਾਂ ਆਖਿਆ! ਰਾਜਾ ਜੀ, ਹੁਕਮ ਤੇਰਾ,
ਜਿਸ ਨੂੰ ਕਹੇ ਸੋ ਫਤਹਿ ਬੁਲਾਈਏ ਜੀ।
ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕੱਢੋ,
ਏਸੇ ਵਖਤ ਹੀ ਚਾਇ ਪੁਗਾਈਏ ਜੀ।
16
ਬਾਈ ਦਿਨਾਂ ਦੀ ਰਾਜੇ ਦੇ ਲਈ ਰੁਖਸਤ,
ਤੁਰਤ ਜੰਮੂ ਨੂੰ ਹੋਏ ਨੀ ਕੂਚ ਡੇਰੇ।
ਸ਼ੇਰ ਸਿੰਘ ਤਾਈਂ ਲਿਖ ਘੱਲੀ ਚਿੱਠੀ,
ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ।
ਧੌਂਸਾ ਮਾਰ ਕੇ ਪਹੁੰਚ ਲਾਹੋਰ ਜਲਦੀ,
ਅੱਗੋਂ ਆਇ ਮਿਲਸਣ ਤੈਨੂੰ ਸਭ ਬੇੜੇ।
ਸ਼ਾਹ ਮੁਹੰਮਦਾ ਮਿਲਣਗੇ ਫੇਰ ਅਫ਼ਸਰ,
ਜਿਸ ਵੇਲੜੇ ਸ਼ਹਿਰ ਦੇ ਗਿਉਂ ਨੇੜੇ।
17
ਸ਼ੇਰ ਸਿੰਘ ਨੇ ਰਾਜੇ ਦਾ ਖੱਤ ਪੜ੍ਹ ਕੇ,
ਫੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ।
ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ,
ਧੂੜਾਂ ਉੱਡ ਕੇ ਘਟਾ ਹੋ ਚੱਲੀਆਂ ਨੀ।
ਆਵੇ ਬੁੱਧੂ ਦੇ ਲਾਏ ਨੀ ਪਾਸ ਡੇਰੇ,
ਫੌਜਾਂ ਲੱਬੀਆਂ ਆਣ ਇਕੱਲੀਆਂ ਨੀ ।
ਸ਼ਾਹ ਮੁਹੰਮਦਾ ਆਣ ਜਾਂ ਰੱਥ ਪਹੁੰਚੇ,
ਗੱਲਾਂ ਵਿਚ ਲਾਹੌਰ ਦੇ ਚੱਲੀਆਂ ਨੀ।
18
ਸ਼ੇਰ ਸਿੰਘ ਤਾਂ ਬੁੱਧੂ ਦੇ ਆਵਿਉਂ ਜੀ,
ਕਰ ਤੁਰਮ ਲਾਹੌਰ ਵੱਲ ਧਾਇਆ ਈ।
ਵਲੇ ਪੜਤਲਾਂ ਦੇ ਅੱਗੋਂ ਪਾੜ ਕੇ ਜੀ,
ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ।
ਓਸ ਬਲੀ ਸ਼ਾਹਜ਼ਾਦੇ ਦਾ ਤੇਜ ਭਾਰੀ,
ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ।
ਸ਼ਾਹ ਮੁਹੰਮਦਾ ਹਾਰਕੇ ਵਿਚਲਿਆਂ ਨੇ,
ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ।
19
ਸ਼ੇਰ ਸਿੰਘ ਗੱਦੀ ਉੱਤੇ ਬੈਠ ਕੇ ਜੀ,
ਰਾਣੀ ਕੈਦ ਕਰਕੇ ਕਿਲ੍ਹੇ ਵਿਚ ਪਾਈ।
ਘਰ ਬੈਠਿਆਂ ਰੱਬ ਨੇ ਰਾਜ ਦਿੱਤਾ,
ਦੇਖੋ ਮੁੱਲ ਬੈਠਾ ਸਾਰੀ ਪਾਤਸ਼ਾਹੀ।
ਬਰਸ ਹੋਇਆ ਜਾ ਉਸ ਨੂੰ ਕੈਦ ਅੰਦਰ,
ਰਾਣੀ ਦਿਲ ਦੇ ਵਿਚ ਜੋ ਜਿੱਚ ਆਹੀ।
ਸ਼ਾਹ ਮੁਹੰਮਦਾ ਮਾਰ ਕੇ ਚੰਦ ਕੌਰਾਂ,
ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ।
20
ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ,
ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ।
ਸੰਧਾਵਾਲੀਏ ਦੇ ਦੇਸੋਂ ਪੈਰ ਖਿਸਕੇ,
ਜਾ ਕੇ ਪੁੱਛ ਲੈ ਰਾਹ ਪਧਾਣੀਆਂ ਬੀ।
ਮੁੜ ਕੇ ਫੇਰ ਅਜੀਤ ਸਿੰਘ ਲਈ ਬਾਜ਼ੀ,
ਪੈਦਾ ਹੋਇਆ ਸੀ ਅਸਲ ਸਵਾਣੀਆਂ ਬੀ।
ਸ਼ਾਹ ਮੁਹੰਮਦਾ ਜੰਮਿਆ ਅਲੀ ਅਕਬਰ,
ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ।
21
ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ,
ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ।
ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ,
ਨੱਕ ਕੰਨ ਚਾ ਉਨ੍ਹਾਂ ਦਾ ਵੱਢਿਆ ਈ।
ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ,
ਉਹਨਾਂ ਅੰਦਰੋਂ ਬਾਹਰ ਕੱਢਿਆ ਈ।
ਸ਼ਾਹ ਮੁਹੰਮਦਾ ਲਾਹ ਕੇ ਸਭ ਜ਼ੇਵਰ,
ਕਾਲਾ ਮੂੰਹ ਕਰਕੇ ਫੇਰ ਛੱਡਿਆ ਈ।
22
ਬਰਸ ਹੋਇਆ ਜਾ ਹਾਜ਼ਰੀ ਲੈਣ ਬਦਲੇ,
ਤੇਰਾ ਬਾਹ ਬਿਲਾਵਲ ਲਗਾਂਵਦਾ ਈ।
ਅਜੀਤ ਸਿੰਘ ਗੁੱਝੀ ਕਰਾਬੀਨ ਲੈ ਕੇ,
ਸ਼ੇਰ ਸਿੰਘ ਨੂੰ ਆਣ ਵਿਖਾਂਵਦਾ ਈ।
ਸਿੱਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ,
ਜਲਦੀ ਨਾਲ ਚਾ ਕਲਾ ਦਬਾਂਵਦਾ ਈ।
ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫੇ,
ਤੇਗ਼ ਮਾਰ ਕੇ ਸੀਸ ਉਡਾਂਵਦਾ ਈ।
23
ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਇਆ,
ਅੱਗੋਂ ਕੌਰ ਜੋ ਹੋਮ ਕਰਾਂਵਦਾ ਈ।
ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ,
ਅੱਗੋਂ ਰੱਬ ਦਾ ਵਾਸਤਾ ਪਾਂਵਦਾ ਈ।
ਮੈਂ ਤਾਂ ਕਰਾਂਗਾ ਬਾਬਾ ਜੀ ਟਹਿਲ ਤੇਰੀ,
ਹੱਥ ਜੋੜ ਕੇ ਸੀਸ ਨਿਵਾਂਵਦਾ ਈ।
ਸ਼ਾਹ ਮੁਹੰਮਦਾ ਓਸ ਨਾ ਇਕ ਮੰਨੀ,
ਤੇਗ ਮਾਰ ਕੇ ਸੀਸ ਲੈ ਜਾਂਵਦਾ ਈ।
24
ਸ਼ੇਰ ਸਿੰਘ ਪਰਤਾਪ ਸਿੰਘ ਮਾਰ ਕੇ ਜੀ,
ਸੰਧਾਵਾਲੀਏ ਸ਼ਹਿਰ ਨੂੰ ਉੱਠ ਧਾਏ।
ਰਾਜਾ ਮਿਲਿਆ ਤਾਂ ਕਿਹਾ ਅਜੀਤ ਸਿੰਘ ਨੇ,
ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ।
ਗੱਲੀਂ ਲਾਇ ਕੇ ਕਿਲ੍ਹੇ ਦੇ ਵਿਚ ਆਂਦਾ,
ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ।
ਜਿਨ੍ਹਾਂ ਮਾਰੀ ਸੀ ਰਾਜਾ ਜੀ ਚੰਦ ਕੌਰਾਂ,
ਸ਼ਾਹ ਮੁਹੰਮਦਾ ਉਨ੍ਹਾਂ ਦੇ ਸੀਸ ਲਾਹੇ।
25
ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ,
ਤੁਸਾਂ ਇਹ ਕਿਉਂ ਜੀਂਵਦਾ ਛੱਡਿਆ ਜੇ ।
ਮਗਰੋਂ ਮਹਿਰ ਘਸੀਟਾ ਤਾ ਬੋਲਿਆ ਈ,
ਇਹ ਸੁਖਨ ਸਲਾਹ ਦਾ ਕੱਢਿਆ ਜੇ ।
ਇਕ ਅੜਦਲੀ ਨੇ ਕਰਾਬੀਨ ਮਾਰੀ,
ਰੱਸਾ ਆਸ ਉਮੈਦ ਦਾ ਵੱਢਿਆ ਜੇ।
ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫੇ,
ਦਲੀਪ ਸਿੰਘ ਤਾਈਂ ਫੇਰ ਸੱਦਿਆ ਜੇ।
26
ਪਹਿਲਾਂ ਰਾਜੇ ਦੇ ਖੂਨ ਦਾ ਲਾਇ ਟਿੱਕਾ,
ਪਿੱਛੋਂ ਦਿੱਤੀਆਂ ਚਾਰ ਪ੍ਰਦੱਖਣਾਂ ਈ।
ਤੇਰੇ ਵਾਸਤੇ ਹੋਏ ਨੇ ਸਭ ਕਾਰੇ,
ਅੱਗੇ ਸਾਹਿਬ ਸੱਚੇ ਤੈਨੂੰ ਰੱਖਣਾ ਈ।
ਸਾਨੂੰ ਘੜੀ ਦੀ ਕੁਝ ਉਮੈਦ ਨਾਹੀਂ,
ਅੱਜ ਰਾਤ ਪ੍ਰਸ਼ਾਦ ਕਿੰਨ ਚੱਖਣਾ ਈ।
ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ,
ਸ਼ਾਹ ਮੁਹੰਮਦਾ ਕਰਾਂਗੇ ਸੱਖਣਾ ਈ।
27
ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਸੂਬੇਦਾਰ ਨੂੰ ਸੱਦ ਕੇ ਤੁਰਤ ਚੜ੍ਹਿਆ।
ਧੋਸਾ ਮਾਰ ਕੇ ਫ਼ੌਜ ਲੈ ਨਾਲ ਸਾਰੀ,
ਗੁੱਸੇ ਨਾਲ ਉਹ ਸ਼ਹਿਰ ਦੇ ਵਿਚ ਵੜਿਆ।
ਰਾਜਪੂਤ ਸੀ ਡੋਗਰਾ ਬਹੁਤ ਚੰਗਾ,
ਸੰਧਾਵਾਲੀਆਂ ਦੇ ਨਾਲ ਖੂਬ ਲੜਿਆ।
ਸ਼ਾਹ ਮੁਹੰਮਦਾ ਅਜੀਤ ਸਿੰਘ ਮੋਇਆ ਲੱਧਾ,
ਲਹਿਣਾ ਸਿੰਘ ਜੇ ਜੀਵਦਾ ਆਣ ਫੜਿਆ।
28
ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ,
ਖੰਡਾ ਵਿਚ ਮੈਦਾਨ ਵਜਾਇ ਗਏ ।
ਸ਼ੇਰ ਸਿੰਘ ਨਾ ਕਿਸੇ ਨੂੰ ਵਧਣ ਦੇਂਦਾ,
ਸਾਰੇ ਮੁਲਕ ਥੀਂ ਕਲਾ ਮਿਟਾਇ ਗਏ।
ਰਾਜਾ ਕਰਦਾ ਸੀ ਮੁਲਖ ਦੀ ਬਾਦਸ਼ਾਹੀ,
ਪਿੱਛੇ ਰਈਅਤਾਂ ਨੂੰ ਵਖ਼ਤ ਪਾਇ ਗਏ।
ਸ਼ਾਹ ਮੁਹੰਮਦਾ ਮਾਰ ਕੇ ਮੋਏ ਦੋਵੇਂ।
ਚੰਗੇ ਸੂਰਮੇ ਹੱਥ ਵਿਖਾਏ ਗਏ।
29
ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ
ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ।
ਮੀਰ ਦਾਦ ਚੌਹਾਨ ਦੇ ਸਤਰ ਅੰਦਰ,
ਮੋਈਆਂ ਰਾਣੀਆਂ ਮਾਰ ਕਟਾਰੀਆਂ ਨੀ।
ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,
ਤੇਗਾਂ ਵਿਚ ਦਰਬਾਰ ਦੇ ਮਾਰੀਆਂ ਨੀ।
ਸ਼ਾਹ ਮੁਹੰਮਦਾ ਮੋਏ ਨੀ ਬੀਰ ਹੋ ਕੇ,
ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀਂ।
30
ਪਿੱਛੋਂ ਆ ਕੇ ਸਭਨਾਂ ਨੂੰ ਫ਼ਿਕਰ ਹੋਇਆ,
ਸੋਚੀਂ ਪਏ ਨੀ ਸਭ ਸਰਦਾਰ ਮੀਆਂ।
ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ,
ਪਈ ਖੜਕਦੀ ਨਿੱਤ ਤਲਵਾਰ ਮੀਆਂ।
ਗੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ,
ਹੋਰ ਕਹੋ ਕਿਸ ਦੇ ਪਾਣੀ ਹਾਰ ਮੀਆਂ।
ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵਗਦੀ,
ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ।
31
ਮਹਾਂ ਬਲੀ ਸਰਦਾਰ ਸੀ ਪੰਥ ਵਿਚੋਂ’,
ਡਿੱਠੀ ਬਣੀ ਕੁਚੱਲਣੀ ਚਾਲ ਮੀਆਂ।
ਦਿਲ ਆਪਣੇ ਬੈਠ ਵਿਚਾਰ ਕਰਦਾ,
ਏਥੇ ਕਈਆਂ ਦੇ ਹੋਣਗੇ ਕਾਲ ਮੀਆਂ।
ਲਹਿਣਾ ਸਿੰਘ ਸਰਦਾਰ ਮਜੀਠੀਆ ਸੀ,
ਵੱਡਾ ਅਕਲ ਦਾ ਕੋਟ ਕਮਾਲ ਮੀਆਂ।
ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ,
ਸੱਭੋ ਛੱਡ ਕੇ ਦੰਗ-ਦਵਾਲ ਮੀਆਂ।
32
ਦਲੀਪ ਸਿੰਘ ਗੱਦੀ ਉੱਤੇ ਰਹੇ ਬੈਠਾ,
ਹੀਰਾ ਸਿੰਘ ਜੋ ਰਾਜ ਕਮਾਂਵਦਾ ਈ।
ਜੱਲ੍ਹਾ ਉਸ ਦਾ ਖ਼ਾਸ ਵਜ਼ੀਰ ਹੈਸੀ,
ਖ਼ਾਤਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ।
ਅੰਦਰ ਬਾਹਰ ਸਰਕਾਰ ਨੂੰ ਪਿਆ ਘੁਰੇ,
ਕਹੇ ਕੁਝ ਤੇ ਕੁਝ ਕਮਾਂਵਦਾ ਈ ।
ਸ਼ਾਹ ਮੁਹੰਮਦਾ ਪੰਥ ਨੂੰ ਦੁੱਖ ਦੇਂਦਾ,
ਹੀਰਾ ਸਿੰਘ ਦਾ ਨਾਸ ਕਰਾਂਵਦਾ ਈ।
33
ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ,
ਬੁਰਾ ਕਰਨ ਹਾਰਾ ਜੱਲ੍ਹਾ ਠੀਕ ਦਾ ਈ।
ਜਲਦੀ ਪਹੁੰਚ ਵਜ਼ੀਰ ਬਣਾ ਲਈਏ,
ਤੈਨੂੰ ਖਾਲਸਾ ਪਿਆ ਉਡੀਕਦਾ ਈ।
ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ,
ਹੀਰਾ ਸਿੰਘ ਤਾਂ ਪੁੱਤ ਸ਼ਰੀਕ ਦਾ ਈ।
ਸ਼ਾਹ ਮੁਹੰਮਦਾ ਜੱਲ੍ਹੇ ਦਾ ਨੱਕ ਵੱਢੋ,
ਭੱਜ ਜਾਇਗਾ ਮਾਰਿਆ ਲੀਕ ਦਾ ਈ।
34
ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ,
ਜਾਮੇ ਵਿਚ ਨਾ ਮੂਲ ਸਮਾਂਵਦਾ ਈ।
ਵਗਾ-ਤੱਗ ਲਾਹੌਰ ਨੂੰ ਅਸਾਂ ਜਾਣਾ,
ਡੇਰੇ ਕਾਠੀਆਂ ਚਾਇ ਪਵਾਂਵਦਾ ਈ।
ਮੰਜੀ ਕਾਕੜੀ ਫ਼ੌਜ ਉਤਾਰ ਕੇ ਜੀ,
ਬਾਈ ਆਦਮੀ ਨਾਲ ਲੈ ਆਂਵਦਾ ਈ।
ਸ਼ਾਹ ਮੁਹੰਮਦਾ ਆਣ ਲਾਹੌਰ ਪਹੁੰ ਚਾ,
ਮੀਆਂ ਮੀਰ ਡੇਰਾ ਆਣ ਲਾਂਵਦਾ ਈ।
35
ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਤੁਰਤ ਪੜਤਲਾਂ ਸਭ ਲਪੇਟੀਆਂ ਨੀ।
ਸਿੰਘਾਂ ਆਖਿਆ, ‘ਰਾਜਾ ਜੀ! ਜਾਓ ਮੁੜ ਕੇ,
ਫ਼ੌਜਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ।’
ਸਿੰਘੋ ! ਜੀਵਦਾ ਜਾਣ ਮੁਹਾਲ ਜੰਮੂ,
ਤਾਨ੍ਹੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ।
ਸ਼ਾਹ ਮੁਹੰਮਦਾ ਆਇਆ ਵਜ਼ੀਰੀ ਲੈ ਕੇ,
ਆਖਣ ਸਭ ਪਹਾੜ ਡੁਮੇਟੀਆਂ ਨੀ।
36
ਤੋਪਾਂ ਜੋੜ ਕੇ ਪੜਤਲਾਂ ਨਾਲ ਲੈ ਕੇ,
ਚਾਚੇ ਸੱਕੇ ਤੇ ਹੀਰਾ ਸਿੰਘ ਜਾ ਚੜ੍ਹਦਾ।
ਜਦੋਂ ਫ਼ੌਜ ਨੇ ਘੱਤਿਆ ਆਣ ਘੇਰਾ,
ਖੰਡਾ ਖਿੱਚ ਕੇ ਸਾਰ ਦਾ ਹੱਥ ਫੜਦਾ।
ਭੀਮ ਸਿੰਘ ਤੇ ਕੇਸਰੀ ਸਿੰਘ ਸਾਰੋ,
ਲੈ ਕੇ ਦੋਹਾਂ ਨੂੰ ਕਟਕ ਦੇ ਵਿਚ ਵੜਦਾ।
ਸ਼ਾਹ ਮੁਹੰਮਦਾ ਟਿੱਕੇ ਦੀ ਲਾਜ ਰੱਖੀ,
ਮੱਥੇ ਸਾਮ੍ਹਣੇ ਹੋਇ ਕੇ ਖੂਬ ਲੜਦਾ।
37
ਸਿੰਘ ਜੱਲ੍ਹੇ ਦੇ ਹੱਥੋਂ ਜੋ ਤੰਗ ਆਏ,
ਦਿਲਾਂ ਵਿਚ ਕਚੀਚੀਆਂ ਖਾਂਵਦੇ ਨੀ।
ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ,
ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ।
ਕਈ ਆਖਦੇ ਦਿਉ ਇਨਾਮ ਸਾਨੂੰ,
ਲੈ ਕੇ ਬੁਤਕੀਆਂ ਚਾ ਗੱਲ ਪਾਂਵਦੇ ਨੀ।
ਸ਼ਾਹ ਮੁਹੰਮਦਾ ਜੱਲ੍ਹੇ ਦੇ ਮਾਰਨੇ ਨੂੰ,
ਪੰਚ ਕੌਂਸਲੀ ਚਾਇ ਬਣਾਂਵਦੇ ਨੀ।
38
ਹੋਇਆ ਹੁਕਮ ਜਾਂ ਬਹੁਤ ਮਹਾਵਤਾਂ ਨੂੰ,
ਹੋਦੇ ਸੋਨੇ ਦੇ ਚਾਇ ਕਸਾਂਵਦੇ ਨੀ।
ਤਰਫ਼ ਜੰਮੂ ਦੀ ਮੂੰਹ ਮੋੜ ਚੱਲੇ,
ਸਾਨੂੰ ਆਇ ਕੇ ਸਿੰਘ ਮਨਾਂਵਦੇ ਨੀ।
ਘੋਰੇ ਅਜ਼ਲ ਦੇ ਅਕਲ ਨਾ ਮੂਲ ਆਈ,
ਬੁਰਾ ਆਪਣਾ ਆਪ ਕਰਾਂਵਦੇ ਨੀ।
ਸ਼ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ,
ਅੱਗੋਂ ਗੋਲਿਆਂ ਨਾਲ ਉਡਾਂਵਦੇ ਨੀ।
39
ਹੀਰਾ ਸਿੰਘ ਤੇ ਜੱਲ੍ਹੇ ਨੂੰ ਮਾਰ ਕੇ ਜੀ,
ਜਵਾਹਰ ਸਿੰਘ ਵਜ਼ੀਰ ਬਣਾਂਵਦੇ ਨੀ।
ਤਰਫ਼ ਜੰਮੂ ਪਹਾੜ ਦੀ ਹੋ ਚੱਲੇ,
ਰਾਹੀਂ ਸ਼ੋਰ ਖਰੂਦ ਮਚਾਂਵਦੇ ਨੀ।
ਉਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ,
ਕੈਂਠੇ ਫੇਰ ਲੈ ਕੇ ਗਲੀ ਪਾਂਵਦੇ ਨੀ।
ਸ਼ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ,
ਜਵਾਹਰ ਸਿੰਘ ਨੂੰ ਆਖ ਸੁਣਾਂਵਦੇ ਨੀ।
40
ਕੇਹਾ ਬੁਰਛਿਆਂ ਆਣ ਅੰਧੇਰ ਪਾਇਆ,
ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ।
ਕੜੇ ਕੈਂਠੇ ਇਨਾਮ ਰੁਪਏ ਬਾਰਾਂ,
ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ,
ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ,
ਕਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ ।
ਸ਼ਾਹ ਮੁਹੰਮਦਾ ਚੜ੍ਹ ਮਝੈਲ ਭੂਹੇ,
ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ ।
41
ਪਿੱਛੇ ਇਕ ਸਰਕਾਰ ਦੇ ਖੇਡ ਚੱਲੀ
ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,
ਸਭ ਕਤਲ ਹੋਏ ਵਾਰੋ ਵਾਰ ਮੀਆਂ।
ਸਿਰ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ,
ਹੋਏ ਬੁੱਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ ਮੰਡਲੀ ਹੋਈ ਤਿਆਰ ਮੀਆਂ ।
42
ਜਵਾਹਰ ਸਿੰਘ ਦੇ ਉੱਤੇ ਨੀ ਚੜ੍ਹੇ ਸਾਰੇ,
ਮੱਥਾ ਖ਼ੂਨੀਆਂ ਦੇ ਵਾਂਗ ਵੱਟਿਓ ਨੇ।
ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ,
ਅੱਗੋਂ ਨਾਲ ਸੰਗੀਨ ਦੇ ਫੱਟਿਓ ਨੇ।
ਸੀਖਾਂ ਨਾਲ ਅਤੁੰਬ ਕੇ ਫ਼ੀਲ ਉਤੋਂ,
ਕੱਢ ਹੋਦਿਉਂ ਜ਼ਿਮੀ ਤੇ ਸੱਟਿਓ ਨੇ ।
ਸ਼ਾਹ ਮੁਹੰਮਦਾ ਵਾਸਤੇ ਪਾਇ ਰਿਹਾ,
ਸਿਰ ਨਾਲ ਤਲਵਾਰ ਦੇ ਕੱਟਿਓ ਨੇ।
43
ਰਾਣੀ ਕੈਦ ਕਨਾਤ ਦੇ ਵਿਚ ਕੀਤੀ,
ਕਿਸ ਨੂੰ ਰੋਇ ਕੇ ਪਈ ਸੁਣਾਵਣੀ ਹੈਂ?
ਤੇਰਾ ਕੌਣ ਹਮਾਇਤੀ ਸੁਣਨ ਵਾਲਾ,
ਜਿਸ ਨੂੰ ਪਾਇ ਕੇ ਵੈਣ ਦਿਖਾਵਣੀ ਹੈਂ।
ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,
ਜਿਹੜੇ ਡੂੰਘੜੇ ਵੈਣ ਤੂੰ ਪਾਵਣੀ ਹੈਂ।
ਸ਼ਾਹ ਮੁਹੰਮਦਾ ਦੇਹ ਇਨਾਮ ਸਾਨੂੰ,
ਸਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ।
44
ਪਈ ਝੁਰਦੀ ਏ ਰਾਣੀ ਜਿੰਦ ਕੌਰਾਂ,
ਕਿੱਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ।
ਮੇਰੇ ਸਾਹਮਣੇ ਕੋਹਿਆ ਏ ਵੀਰ ਮੇਰਾ,
ਜਿਸ ਦੀ ਤਾਬਿਆ ਲੱਖ ਹਜ਼ਾਰ ਘੋੜੇ।
ਕਿੱਥੋਂ ਕੱਢਾਂ ਮੈਂ ਦੇਸ਼ ਫ਼ਰੰਗੀਆਂ ਦਾ,
ਕੋਈ ਮਿਲੇ ਜੋ ਇਨ੍ਹਾਂ ਦਾ ਗਰਬ ਤੋੜੇ।
ਸ਼ਾਹ ਮੁਹੰਮਦਾ ਓਸ ਥੀਂ ਜਾਨ ਵਾਰਾਂ,
ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ।
45
ਮੈਨੂੰ ਆਣ ਚੁਫੇਰਿਓਂ ਘੁਰਦੇ ਨੀ,
ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ।
ਜੱਟੀ ਹੋਵਾਂ ਤੇ ਕਰਾਂ ਪੰਜਾਬ ਰੰਡੀ,
ਸਾਰੇ ਦੇਸ਼ ਦੇ ਵਿਚ ਚਾ ਤੁਰਨ ਵਾਰਾਂ ।
ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,
ਸਣੇ ਵੱਡਿਆਂ ਅਫ਼ਸਰਾਂ ਜਮਾਂਦਾਰਾਂ।
ਪਏ ਰੁਲਣਗੇ ਵਿਚ ਪਰਦੇਸ ਮੁਰਦੇ,
ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ ।
46
ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,
ਮੈਂ ਤਾਂ ਖੁਹਾਉਂਗੀ, ਉਨ੍ਹਾਂ ਦੀ ਜੁੱਡੀਆਂ ਨੀ।
ਧਾਕਾਂ ਜਾਣ ਵਲਾਇਤੀ ਦੇਸ ਸਾਰੇ,
ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,
ਨੱਥ, ਚੌਂਕ, ਤੇ ਵਾਲੀਆਂ ਡੰਡੀਆਂ ਨੀ
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
47
ਅਰਜ਼ੀ ਲਿਖੀ ਫ਼ਰੰਗੀ ਨੂੰ ਕੁੰਜ ਗੋਸ਼ੇ,
ਪਹਿਲੇ ਆਪਣਾ ਸੁਖ ਅਨੰਦ ਵਾਰੀ।
ਤੇਰੀ ਵੱਲ ਮੈਂ ਫ਼ੌਜ ਨੂੰ ਘੱਲਣੀ ਆਂ,
ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।
ਜਿਹੜਾ ਜ਼ੋਰ ਤੂੰ ਆਪਣਾ ਸਭ ਲਾਵੀਂ,
ਪਿੱਛੇ ਖ਼ਰਚ ਮੈਂ ਕਰਾਂਗੀ ਬੰਦ ਵਾਰੀ।
ਸ਼ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,
ਮੈਨੂੰ ਏਤਨੀ ਬਾਤ ਪਸੰਦ ਵਾਰੀ।
48
ਪਹਿਲੇ ਪਾਰ ਦਾ ਮੁਲਖ ਤੂੰ ਮੱਲ ਸਾਡਾ,
ਆਪੇ ਖਾ ਗੁੱਸਾ ਤੈਬੀ ਆਵਣੀਗੇ।
ਸੇਈ ਲੜਨਗੇ ਹੋਣ ਬੇ ਖ਼ਬਰ ਜਿਹੜੇ,
ਮੱਥਾ ਕਦੀ ਸਰਦਾਰ ਨਾ ਡਾਹਵਣੀਗੇ।
ਏਸੇ ਵਾਸਤੇ ਫੌਜ ਮੈਂ ਪਾੜ ਛੱਡੀ,
ਕਈ ਭਾਜ ਅਚਾਨਕੀ ਪਾਵਣੀਗੇ।
ਸ਼ਾਹ ਮੁਹੰਮਦਾ ਲਾਟ ਜੀ ਕਟਕ ਤੇਰੇ,
ਮੇਰੇ ਗਲੋਂ ਤਗਾਦੜੀ ਲਾਹਵਣੀਗੇ।
49
ਲੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ,
ਇਨ੍ਹਾਂ ਲਾਟਾਂ ਵਿਚੋਂ ਕੌਣ ਲੜੇਗਾ ਜੀ।
ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ,
ਹਮ ਸਿੱਖ ਸਿਉ ਜਾਇ ਕੇ ਲੜੇਗਾ ਜੀ।
ਘੜੀ ਤੀਨ ਮੈਂ ਜਾਇ ਲਾਹੌਰ ਮਾਰਾਂ,
ਐਸੀ ਬਾਤ ਮੇਂ ਫਰਕ ਨਾ ਪੜੇਗਾ ਜੀ
ਸ਼ਾਹ ਮੁਹੰਮਦਾ ਫੱਗਣ ਤੇਰ੍ਹਵੀਂ ਨੂੰ,
ਹਮ ਸ਼ਹਿਰ ਲਾਹੌਰ ਵਿਚ ਵੜੇਗਾ ਜੀ।
50
ਵੱਜੀ ਤੁਰਮ ਤੰਬੂਰ ਕਰਨੈਲ ਸ਼ੁਤਰੀ,
ਤਬੂ ਬੈਰਕਾਂ ਨਾਲ ਨਿਸ਼ਾਨ ਮੀਆਂ,
ਕੇਤਲ ਬੱਘੀਆ ਪਾਲਕੀ ਤੋਪਖਾਨੇ,
ਦੂਰਬੀਨ ਚੰਗੀ, ਸਾਇਬਾਨ ਮੀਆਂ।
ਚੜਿਆ ਲੰਦਨੋਂ ਲਾਟ ਉਠਾਇ ਬੀੜਾ,
ਡੇਰਾ ਪਾਂਵਦਾ ਵਿਚ ਮੈਦਾਨ ਮੀਆਂ,
ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ,
ਮੁਲਕ ਪਾਰ ਦਾ ਮੱਲਿਆ ਆਣ ਮੀਆਂ।
51
ਫ਼ਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਇਆ,
ਤੁਸੀਂ ਜਾਓ ਖਾਂ ਤਰਫ਼ ਕਸ਼ਮੀਰ ਨੂੰ ਜੀ।
ਉਨ੍ਹਾਂ ਰੱਬ ਦਾ ਵਾਸਤਾ ਪਾਇਆ ਈ,
ਮਾਈ ਫੜੀ ਨਾ ਕੁਝ ਤਕਸੀਰ ਨੂੰ ਜੀ।
ਪਾਰੋ ਮੁਲਕ ਫਰੰਗੀਆਂ ਮੱਲ ਲਿਆ,
ਅਸੀਂ ਮਾਰਾਂਗੇ ਓਸ ਦੇ ਪੀਰ ਨੂੰ ਜੀ।
ਸ਼ਾਹ ਮੁਹੰਮਦਾ ਆਏ ਨੀ ਹੋਰ ਪਰਿਓ,
ਅਸਾਂ ਡੱਕਣਾ ਓਸ ਵਹੀਰ ਨੂੰ ਜੀ।
52
ਮਾਈ ਆਖਿਆ ਸਭ ਚੜ੍ਹ ਜਾਣ ਫ਼ੌਜਾਂ,
ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ।
ਮੁਸਲਮਾਨੀਆਂ ਪੜਤਾਲਾਂ ਰਹਿਣ ਏਥੇ,
ਘੋੜ-ਚੜ੍ਹੇ ਨਾਹੀਂ ਏਥੇ ਰੱਖਣੇ ਜੀ,
ਕਲਗੀ ਵਾਲੜੇ ਖ਼ਾਲਸਾ ਹੋਣ ਮੋਹਰੇ,
ਅੱਗੇ ਹੋਰ ਗ਼ਰੀਬ ਨਾ ਧੱਕਣੇ ਜੀ,
ਸ਼ਾਹ ਮੁਹੰਮਦਾ ਜਿਨ੍ਹਾਂ ਦੀ ਤਲਬ ਤੇਰਾਂ,
ਮਜ਼ੇ ਤਿਨ੍ਹਾਂ ਲੜਾਈਆਂ ਦੇ ਚੱਖਣੇ ਜੀ।
53
ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,
ਮੈਥੋਂ ਗਏ ਖ਼ਜ਼ਾਨੇ ਨਿਖੁੱਟ ਵਾਰੀ।
ਜਮਨਾਂ ਤੀਕਰਾਂ ਪਿਆ ਜੋ ਦੇਸ ਸੁੰਞਾ,
ਖਾਓ ਦੇਸ ਫ਼ਰੰਗੀ ਦਾ ਲੁੱਟ ਵਾਰੀ।
ਮਾਰੋ ਸ਼ਹਿਰ ਫੀਰੋਜ਼ਪੁਰ, ਲੁਧਿਆਣਾ,
ਸੁੱਟੋ ਛਾਵਣੀ ਓਸ ਦੀ ਪੁੱਟ ਵਾਰੀ।
ਸ਼ਾਹ ਮੁਹੰਮਦਾ ਲਵੋ ਇਨਾਮ ਮੈਥੋਂ,
ਕੜੇ, ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ।
54
ਸਿੰਘਾਂ ਆਖਿਆ ਲੜਾਂਗੇ ਹੋ ਟੋਟੇ,
ਸਾਨੂੰ ਖ਼ਬਰ ਘੱਲੀ ਦਿਨੇ ਰਾਤ ਮਾਈ।
ਤੇਰੀ ਨੌਕਰੀ ਵਿਚ ਨਾ ਫ਼ਰਕ ਕਰਸਾਂ,
ਭਾਵੇਂ ਖੂਹ ਘੱਤੀ ਭਾਵੇਂ ਖਾਤ ਮਾਈ।
ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤੀ,
ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ।
ਸ਼ਾਹ ਮੁਹੰਮਦਾ ਅਜੇ ਨਾ ਜਾਣਿਓ ਨੇ,
ਖ਼ਾਲੀ ਪਈ ਏ ਚੋਪੜੀ ਪ੍ਰਾਤ ਮਾਈ।
55
ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ,
ਸਿੰਘ ਬੈਠੇ ਨੀ ਹੋਏ ਸੁਚੇਤ ਮੀਆਂ।
ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ,
ਕਿਸੇ ਹਾਰ ਦੇਵੇ ਕਿਸੇ ਜੇਤ ਮੀਆਂ।
ਇਕ ਲੱਖ ਬੇਟਾ ਸਵਾ ਲੱਖ ਪੋਤਾ,
ਰਾਵਣ ਮਾਰਿਆ ਘਰ ਦੇ ਭੇਤ ਮੀਆਂ।
ਸ਼ਾਹ ਮੁਹੰਮਦਾ ਜਾਣਦਾ ਜੱਗ ਸਾਰਾ,
ਕਈ ਸੂਰਮੇ ਆਉਣਗੇ ਖੇਤ ਮੀਆਂ।
56
ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,
ਚਲੋ ਜਾਏ ਫਰੰਗੀ ਨੂੰ ਮਾਰੀਏ ਜੀ।
ਇਕ ਵਾਰ ਜੇ ਸਾਹਮਣੇ ਹੋਇ ਸਾਡੇ,
ਇਕ ਘੜੀ ਵਿਚ ਮਾਰ ਉਤਾਰੀਏ ਜੀ।
ਭਾਈ ਵੀਰ ਸਿੰਘ ਜੇਹੇ ਅਸਾਂ ਨਹੀਂ ਛੱਡੇ,
ਅਸੀਂ ਕਦੀ ਨਾ ਓਸ ਤੋਂ ਹਾਰੀਏ ਜੀ ।
ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ,
ਫੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ।
57
ਜ਼ਬਤ ਕਰਾਂਗੇ ਮਾਲ ਫ਼ਰੰਗੀਆਂ ਦੇ,
ਉਥੋਂ ਲਿਆਵਾਂਗੇ ਦੋਲਤਾਂ ਬੋਰੀਆਂ ਨੀ।
ਪਿੱਛੋਂ ਵੜਾਂਗੇ ਉਹਨਾਂ ਦੇ ਸਤਰ-ਖਾਨੇ,
ਬੰਨ੍ਹ ਲਿਆਵਾਂਗੇ ਉਹਨਾਂ ਦੀਆਂ ਗੋਰੀਆਂ ਨੀਂ।
ਕਾਬਲ ਵਿਚ ਪਠਾਣ ਜਿਉਂ ਅਲੀ ਅਕਬਰ
ਮਾਰ ਵੱਢ ਕੇ ਕੀਤੀਆਂ ਪੋਰੀਆਂ ਨੀ ।
ਸ਼ਾਹ ਮੁਹੰਮਦਾ ਲਵਾਂਗੇ ਫੇਰ ਕੰਠੇ,
ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ।
58
ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ।
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ।
ਚੜ੍ਹੇ ਸਭ ਮਝੈਲ, ਦੁਆਬੀਏ ਜੀ,
ਜਿਨ੍ਹਾਂ ਕਿਲ੍ਹੇ ਨਿਵਾਏ ਨੇ ਢੇਰ ਮੀਆਂ।
ਸ਼ਾਹ ਮੁਹੰਮਦਾ ਚੜ੍ਹੇ ਜਮੂਰ-ਖਾਨੇ,
ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ।
59
ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ,
ਜੱਲ੍ਹੇ ਵਾਲੀਏ ਬਣਤ ਬਣਾਂਵਦੇ ਨੀ।
ਆਏ ਹੋਰ ਪਹਾੜ ਦੇ ਸਭ ਰਾਜੇ,
ਜਿਹੜੇ ਤੇਗ ਦੇ ਧਨੀ ਕਹਾਂਵਦੇ ਨੀ।
ਆਏ ਸਭ ਮਝੈਲ ਦੁਆਬੀਏ ਜੀ,
ਸੰਧਾਵਾਲੀਏ ਕਾਠੀਆਂ ਪਾਂਵਦੇ ਨੀ।
ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰਜਮੰਟ,
ਖੰਡੇ ਸਾਰ ਦੇ ਸ਼ਿਕਲ ਕਰਾਂਵਦੇ ਨੀ।
60
ਮਜ਼ਰ ਅਲੀ ਤੇ ਮਾਖੇ ਖਾਂ ਕੂਚ ਕੀਤਾ।
ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ
ਤੋਪਾਂ ਨਾਲ ਇਮਾਮ ਸ਼ਾਹ ਵਾਲੀਆਂ ਨੀ।
ਇਲਾਹੀ ਬਖ਼ਸ਼ ਪਟੋਲੀ ਨੇ ਮਾਂਜ ਕੇ ਜੀ,
ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ।
ਸ਼ਾਹ ਮੁਹੰਮਦਾ ਐਸੀਆਂ ਲਿਸ਼ਕ ਆਈਆਂ,
ਬਿਜਲੀ ਵਾਂਗ ਜੋ ਦੇਣ ਵਖਾਲੀਆਂ ਨੀ।
61
ਸੁਣ ਕੇ ਖ਼ਬਰ ਫਰੰਗੀ ਦੀ ਚੜ੍ਹੇ ਸੱਭੇ,
ਫ਼ੌਜਾਂ ਬੇਮੁਹਾਰੀਆਂ ਹੋਇ ਤੁਰੀਆਂ।
ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ,
ਇਕ ਦੂਸਰੇ ਦੇ ਅੱਗੇ ਲੱਗ ਟੁਰੀਆਂ।
ਅੱਗੇ ਤੋਪਾਂ ਦੇ ਧਨੀ ਵੀ ਹੈਨ ਗੋਰੇ,
ਵੰਗਾਂ ਪਹਿਣ ਖਲੋਤੀਆਂ ਨਹੀਂ ਕੁੜੀਆਂ।
ਸ਼ਾਹ ਮੁਹੰਮਦਾ ਵਰਜ ਨਾ ਜਾਂਦਿਆਂ ਨੂੰ,
ਫ਼ੌਜਾਂ ਹੋਇ ਮੁਹਾਣੀਆਂ ਕਦੋਂ ਮੁੜੀਆਂ।
62
ਚੜ੍ਹੇ ਸ਼ਹਿਰ ਲਾਹੌਰ ਥੀ ਮਾਰ ਧੱਸੇ
ਸਭੇ ਗਰਬ ਹੰਕਾਰ ਦੇ ਨਾਲ ਤੁਰਦੇ ।
ਉਰੇ ਦੋਹਾ ਦਰਿਆਵਾਂ ਤੇ ਨਹੀਂ ਅਟਕੇ,
ਪੱਤਨ ਲੰਘੇ ਨੀ ਜਾਇ ਫ਼ੀਰੋਜ਼ਪੁਰ ਦੇ।
ਅੱਗੇ ਛੇੜਿਆਂ ਨਹੀਂ ਫ਼ਰੰਗੀਆਂ ਨੇ,
ਦੁਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ ।
ਸ਼ਾਹ ਮੁਹੰਮਦਾ ਭੱਜਣਾ ਰਣੇ ਭਾਰੀ,
ਜੁਣੇ ਸੂਰਮੇ ਆਖ ਤੂੰ ਕਦੋਂ ਮੁੜਦੇ।
63
ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,
ਦਿੱਲੀ, ਆਗਰੇ, ਹਾਂਸੀ, ਹਸਾਰ ਮੀਆਂ।
ਬੀਕਾਨੇਰ, ਲਖਨਊ, ਅਜਮੇਰ, ਜੈਪੁਰ,
ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ।
ਚੜ੍ਹੀ ਸਭ ਪੰਜਾਬ ਦੀ ਬਾਦਸ਼ਾਹੀ,
ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ।
ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈ,
ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।
64
ਅਰਜ਼ੀ ਲਿਖੀ ਫ਼ਰੰਗੀਆਂ ਖਾਲਸੇ ਨੂੰ,
ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ।
ਮਹਾਰਾਜਾ ਦੇ ਨਾਲ ਸੀ ਨੇਮ ਸਾਡਾ,
ਤੁਸੀਂ ਸੁੱਤੀਆਂ ਕਲਾ ਜਗਾਂਵਦੇ ਹੋ।
ਕਈ ਲੱਖ ਰੁਪਈਆ ਲੈ ਜਾਉ ਸਾਥੋਂ,
ਦਿਆਂ ਹੋਰ ਜੋ ਤੁਸੀਂ ਫਰਮਾਂਵਦੇ ਹੋ।
ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ,
ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ।
65
ਸਿੰਘਾਂ ਲਿਖਿਆ ਖ਼ਤ ਫ਼ਰੰਗੀਆਂ ਨੂੰ,
ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ।
ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ,
ਭਾਵੇਂ ਦੇ ਤੂੰ ਢੇਰ ਉਸਾਰ ਕੇ ਜੀ।
ਉਹ ਪੰਥ ਤੇਰੇ ਉਤੇ ਆਣ ਚੜ੍ਹਿਆ,
ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ।
ਸ਼ਾਹ ਮੁਹੰਮਦਾ ਸਾਮ੍ਹਣੇ ਡਾਹ ਤੋਪਾਂ,
ਸੂਰੇ ਕੱਢ ਮੈਦਾਨ ਨਿਤਾਰ ਕੇ ਜੀ।
66
ਪੈਂਚ ਲਿਖਦੇ ਸਾਰੀਆਂ ਪੜਤਲਾਂ ਦੇ,
ਸਾਡੀ ਅੱਜ ਹੈ ਵੱਡੀ ਚਲੰਤ ਮੀਆਂ।
ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।
ਅਸਾਂ ਮਾਰੇ ਚੌਫੇਰ ਦੇ ਕਿਲ੍ਹੇ ਭਾਰੇ,
ਅਸਾਂ ਮਾਰਿਆ ਕੁਲੂ ਭੁਟੰਤ ਮੀਆਂ।
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,
ਜਿਹੜੀ ਕਰੇਗਾ ਖਾਲਸਾ ਪੰਥ ਮੀਆਂ।
67
ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ,
ਕੀਤਾ ਫ਼ੌਜ ਦਾ ਸਭ ਸ਼ੁਮਾਰ ਮੀਆਂ।
ਜਿਨ੍ਹਾਂ ਬਾਈਂ ਸੀ ਜਮ੍ਹਾਂ ਜਮੂਰਖਾਨੇ,
ਕੀਤੇ ਸਾਹਿਬ ਮਲੂਮ ਹਜ਼ਾਰ ਮੀਆਂ।
ਦਾਰੂ ਵੰਡਿਆ ਸੁਰਿਆਂ ਜੰਗੀਆਂ ਨੂੰ,
ਦੇ ਦੋ ਬੋਤਲਾਂ ਕੌਫ਼ ਖੁਮਾਰ ਮੀਆਂ।
ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ,
ਹੋਏ ਜੰਗ ਨੂੰ ਤੁਰਤ ਤਿਆਰ ਮੀਆਂ।
68
ਇਕ ਪਿੰਡ ਦਾ ਨਾਮ ਜੋ ਮੁਦਕੀ ਸੀ,
ਉਥੇ ਭਰੀ ਸੀ ਪਾਣੀ ਦੀ ਖੱਡ ਮੀਆਂ।
ਘੋੜ-ਚੜ੍ਹੇ ਅਕਾਲੀਏ ਨਵੇਂ ਸਾਰੇ,
ਝੰਡੇ ਦਿੱਤੇ ਨੀ ਜਾਇ ਕੇ ਗੱਡ ਮੀਆਂ।
ਤੋਪਾਂ ਚੱਲੀਆਂ ਕਟਕ ਫ਼ਰੰਗੀਆਂ ਦੇ,
ਗੋਲੇ ਤੋੜਦੇ ਮਾਸ ਤੇ ਹੱਡ ਮੀਆਂ।
ਸ਼ਾਹ ਮੁਹੰਮਦਾ ਪਿੰਡ ਨੂੰ ਉੱਠ ਨੱਠੇ,
ਤੋਪਾਂ ਸਭ ਆਏ ਉਥੇ ਛੱਡ ਮੀਆਂ।
69
ਡੇਰੇ ਆਣ ਕੇ ਬੈਠ ਸਲਾਹ ਕਰਦੇ,
ਐਤਵਾਰ ਅਸੀਂ ਖੰਡਾ ਫੜਾਂਗੇ ਜੀ।
ਤੇਜਾ ਸਿੰਘ ਦੀ ਵੱਡੀ ਉਡੀਕ ਸਾਨੂੰ,
ਉਸ ਦੇ ਆਏ ਬਗੈਰ ਨਾ ਲੜਾਂਗੇ ਜੀ।
ਸਰਫ਼ਾ ਜਾਨ ਦਾ ਨਹੀਂ ਜੇ ਤਦੋਂ ਕਰਨਾ,
ਜਦੋਂ ਵਿਚ ਮੈਦਾਨ ਦੇ ਵੜਾਂਗੇ ਜੀ।
ਸ਼ਾਹ ਮੁਹੰਮਦਾ ਅੰਦਰੋਂ ਇਕ ਹੋ ਕੇ,
ਡੇਰੇ ਚਲ ਫ਼ਰੋਗੀ ਦੇ ਵੜਾਂਗੇ ਜੀ।
70
ਤੇਜਾ ਸਿੰਘ ਭੀ ਲਸ਼ਕਰੀ ਆਣ ਵੜਿਆ,
ਹੁੱਦੇਦਾਰ ਸੱਭੇ ਉਥੇ ਆਂਵਦੇ ਨੀ।
ਕਰੋ ਹੁਕਮ ਤੇ ਤੇਗ਼ ਉਠਾਈਏ ਜੀ,
ਪਏ ਸਿੰਘ ਕਚੀਚੀਆਂ ਖਾਂਵਦੇ ਨੀ।
ਕੂੰਜਾਂ ਨਜ਼ਰ ਆਈਆਂ ਬਾਜਾਂ ਭੁੱਖਿਆਂ ਨੂੰ,
ਚੋਟਾਂ ਕੈਸੀਆਂ ਵੇਖੋ ਚਲਾਂਵਦੇ ਨੀ।
ਸ਼ਾਹ ਮੁਹੰਮਦਾ ਉਸ ਬੀ ਹੁਕਮ ਲੈ ਕੇ,
ਹਲਾ ਕਰਨ ਦੀ ਡੋਲ ਬਣਾਂਵਦੇ ਨੀ।
71
ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁਧੋ,
ਤੋਪਾਂ ਚੱਲੀਆਂ ਨੀਂ ਵਾਂਗ ਤੋੜਿਆਂ ਦੇ।
ਸਿੰਘ ਸੂਰਮੇ ਆਣ ਮੈਦਾਨ ਲੱਥੇ,
ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ।
ਟੁੰਡੇ ਲਾਟ ਨੇ ਅੰਤ ਨੂੰ ਖਾਇ ਗੁੱਸਾ,
ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ।
ਸ਼ਾਹ ਮੁਹੰਮਦਾ ਰੋਡ ਬੈਠਾਇ ਨੰਦਨ,
ਸਿੰਘ ਜਾਨ ਲੈਂਦੇ ਨਾਲ ਜ਼ੋਰਿਆਂ ਦੇ।
72
ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,
ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ।
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,
ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ।
ਨੰਦਨ ਟਾਪੂਆਂ ਵਿਚ ਕੁਰਲਾਟ ਹੋਈ,
ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ।
ਸ਼ਾਹ ਮੁਹੰਮਦਾ ਲਾਟ ਹੁਣ ਕਹਿਣ ਲੱਗਾ,
ਰੱਤ ਸਿੰਘ ਸਿਪਾਹੀ ਦੀ ਦੱਖਣੀ ਜੀ।
73
ਹੋਇਆ ਹੁਕਮ ਅੰਗਰੇਜ਼ ਦਾ ਤੁਰੰਤ ਜਲਦੀ,
ਤੋਪਾਂ ਸਾਰੀਆਂ ਨੀਰ ਦੇ ਆਇ ਪੱਲੇ।
ਫੂਕ ਸੁੱਟੀਆਂ ਸਾਰੀਆਂ ਮੈਗਜੀਨਾਂ,
ਸਿੰਘ ਉੱਡ ਕੇ ਪੱਤਰਾ ਹੋਇ ਚੱਲੇ ।
ਛੌਲਦਾਰੀਆਂ ਤੰਬੂਆਂ ਛੱਡ ਦੌੜੇ,
ਕੋਈ ਚੀਜ਼ ਨਾ ਲਈ ਮੂਲ ਪੱਲੇ।
ਓੜਕ ਲਿਆ ਮੈਦਾਨ ਫ਼ਰੰਗੀਆਂ ਨੇ,
ਸ਼ਾਹ ਮੁਹੰਮਦਾ ਰਣੋਂ ਨਾ ਮੂਲ ਹੱਲੇ।
74
ਉਧਰ ਆਪ ਫ਼ਰੰਗੀ ਨੂੰ ਭਾਂਜ ਆਈ,
ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ।
ਚੱਲੇ ਤੋਪਖਾਨੇ ਸਾਰੇ ਗੋਰਿਆਂ ਦੇ,
ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ।
ਕਿਨੇ ਜਾਇ ਕੇ ਲਿਆਇਕੇ ਖ਼ਬਰ ਦਿੱਤੀ,
ਨੰਦਨ ਹੋਇ ਬੈਠੀ ਤੇਰੀ ਰੰਡ ਮੀਆਂ।
ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,
ਰੁਲਦੀ ਗੋਰਿਆਂ ਦੀ ਉਥੇ ਝੰਡ ਮੀਆਂ।
75
ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ,
ਸਿੰਘਾਂ ਨਾਲ ਸੀ ਉਸ ਦੀ ਗੈਰ ਸਾਲੀ।
ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ
ਗੱਲ ਜਾਇ ਦੱਸੀ ਸਾਰੀ ਭੇਤ ਵਾਲੀ।
ਉਥੋਂ ਹੋ ਗਿਆ ਹਰਨ ਹੈ ਖ਼ਾਲਸਾ ਜੀ,
ਚੌਦਾਂ ਹੱਥਾਂ ਦੀ ਮਾਰ ਕੇ ਮਿਰਗ-ਛਾਲੀ।
ਸ਼ਾਹ ਮੁਹੰਮਦਾ ਸਾਂਭ ਲੈ ਸਿਲ੍ਹੇ ਖਾਨੇ,
ਛੱਡ ਗਏ ਨੇ ਸਿੰਘ ਮੈਦਾਨ ਖ਼ਾਲੀ।
76
ਮੁੜ ਕੇ ਫੇਰ ਫ਼ਰੰਗੀਆਂ ਜ਼ੋਰ ਕੀਤਾ,
ਲਾਟਾਂਦਾਰ ਗੋਲੇ ਜਦੋਂ ਆਣ ਛੁੱਟੇ।
ਉਡੀ ਰਾਲ ਤੇ ਚਾਦਰਾਂ ਕੜਕੀਆਂ ਨੀ,
ਕੋਰਵਾਂ ਪਾਂਡਵਾਂ ਦੇ ਜੈਸੇ ਬਾਣ ਛੁੱਟੇ।
ਜਦੋਂ ਡਿੱਠੇ ਨੀ ਹੱਥ ਫ਼ਰੰਗੀਆਂ ਦੇ,
ਉਥੇ ਕਈਆਂ ਦੇ ਆਣ ਪ੍ਰਾਣ ਫੁੱਟੇ।
ਬਾਹ ਮੁਹੰਮਦਾ ਇਕ ਸੋ ਤੇਈ ਤੋਪਾਂ,
ਤੋਸ਼ੇਖ਼ਾਨੇ ਫ਼ਰੰਗੀਆਂ ਆਣ ਲੁੱਟੇ।
77
ਜਦੋਂ ਪਿਆ ਹਰਾਸ ਤੇ ਕਰਨ ਗੱਲਾਂ,
ਮੁੰਡੇ ਘੋੜ-ਚੜ੍ਹੇ ਨਵੇਂ ਟੋਕਰੇ ਜੀ।
ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ,
ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ।
ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,
ਅਸੀਂ ਕਿਨ੍ਹਾਂ ਦੇ ਹਾਂ ਪੁੱਤ ਪੋਤਰੇ ਜੀ।
ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖਵਾਲੇ,
ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ।
78
ਜਿਹੜੇ ਜੀਵਦੇ ਰਹੇ ਸੋ ਪਏ ਸੋਚੀਂ,
ਹੋਏ ਭੁੱਖ ਦੇ ਨਾਲ ਜ਼ਹੀਰ ਮੀਆਂ।
ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,
ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ।
ਅਸਾਂ ਸ਼ਹਿਦ ਦੇ ਵਾਸਤੇ ਹੱਥ ਪਾਇਆ,
ਅੱਗੋਂ ਭੂਮਣਾ ਛਿੜੇ ਮਖੀਰ ਮੀਆਂ।
ਸ਼ਾਹ ਮੁਹੰਮਦਾ ਰਾਹ ਨਾ ਕੋਈ ਲੱਭੇ,
ਜਿੱਥੇ ਚਲੀਏ ਘੱਤ ਵਹੀਰ ਮੀਆਂ।
79
ਘਰੋਂ ਗਏ ਫ਼ਰੰਗੀ ਦੇ ਮਾਰਨੇ ਨੂੰ,
ਬੇੜੇ ਤੋਪਾਂ ਦੇ ਸਭ ਖੁਹਾਇ ਆਏ।
ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,
ਸਗੋਂ ਆਪਣਾ ਆਪ ਗਵਾਇ ਆਏ।
ਸੁਖੀ ਵੱਸਦਾ ਸ਼ਹਿਰ ਲਾਹੌਰ ਸਾਰਾ,
ਸਗੋਂ ਕੁੰਜੀਆਂ ਹੱਥ ਫੜਾਇ ਆਏ।
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,
ਤੁਸੀਂ ਚੰਗੀਆਂ ਪੂਰੀਆਂ ਪਾਇ ਆਏ।
80
ਘਰੀਂ ਜਾਇ ਕੇ ਕਿਸੇ ਆਰਾਮ ਕੀਤਾ,
ਕਿਸੇ ਰਾਤ ਕਿਸੇ ਦੋਇ ਰਾਤ ਮੀਆਂ।
ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੋ,
ਜੇ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ।
ਕਿੱਥੇ ਲੁਕੋਗੇ ਜਾਇ ਕੇ ਖ਼ਾਲਸਾ ਜੀ,
ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ।
ਸ਼ਾਹ ਮੁਹੰਮਦਾ ਫੇਰ ਇਕੱਠ ਕਰੋ ।
ਲੱਗੀ ਚਾਨਣੀ ਹੋਰ ਕਨਾਤ ਮੀਆਂ।
81
ਕੰਡੇ ਪਾਰ ਦੇ ਜਮ੍ਹਾਂ ਜਾਂ ਹੋਏ ਡੇਰੇ,
ਇਹ ਤਾਂ ਨੌਕਰੀ ਘਰੀਂ ਨ ਮਿਲਣ ਜਾਣੇ।
ਡੇਰੀ ਆਣ ਕੇ ਬਹੁਤ ਵਿਰਲਾਪ ਹੋਇਆ,
ਹੋਈਆਂ ਭਰਤੀਆਂ ਬੰਦ ਨਾ ਵਿਕਣ ਦਾਣੇ।
ਡਹੀਆਂ ਕੱਢ ਕੇ ਮੋਰਚੀਂ ਆਏ ਬਹਿੰਦੇ,
ਡੇਰੀ ਆਇ ਕੇ ਫੇਰ ਪ੍ਰਸ਼ਾਦਿ ਖਾਣੇ।
ਸ਼ਾਹ ਮੁਹੰਮਦਾ ਸਭ ਮਾਲੂਮ ਕੀਤੀ,
ਕੀਕੂੰ ਹੋਈ ਸੀ ਦੱਸ ਖਾਂ ਲੁਧਿਆਣੇ।
82
ਸਰਦਾਰ ਰਣਜੋਧ ਸਿੰਘ ਫ਼ੌਜ ਲੈ ਕੇ,
ਤਰਫ ਲਾਡੂਏ ਵਾਲੇ ਦੀ ਚੱਲਿਆ ਈ।
ਉਥੇ ਸਭ ਕਬੀਲੇ ਸੀ ਕੈਦ ਹੋਏ,
ਕੋਈ ਲਾਟ ਫ਼ਰੰਗੀ ਨੇ ਘੱਲਿਆ ਈ।
ਉਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ,
ਉਸ ਦਾ ਜ਼ੋਰ ਨਾ ਕਿਸੇ ਨੇ ਝੱਲਿਆ ਈ।
ਸ਼ਾਹ ਮੁਹੰਮਦਾ ਛਾਵਣੀ ਫੂਕ ਦਿੱਤੀ,
ਵਿਚੋਂ ਜੀਉ ਫਰੰਗੀ ਦਾ ਹੱਲਿਆ ਈ।
83
ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ,
ਸਿੰਘ ਆਪਣੇ ਹੱਥ ਹਥਿਆਰ ਲੈਂਦੇ ।
ਇਨ੍ਹਾਂ ਬਹੁਤ ਫ਼ਰੰਗੀ ਦੀ ਫ਼ੌਜ ਮਾਰੀ,
ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ।
ਤੋਪਾਂ ਊਠ, ਹਾਥੀ ਮਾਲ ਲਾਖ ਘੋੜੇ,
ਡੇਰੇ ਆਪਣੇ ਸਿੰਘ ਉਤਾਰ ਲੈਂਦੇ।
ਸ਼ਾਹ ਮੁਹੰਮਦਾ ਸਿੰਘ ਜੋ ਜ਼ੋਰ ਕਰਦੇ।
ਭਾਵੇਂ’ ਲੁਧਿਆਣਾ ਤਦੋਂ ਮਾਰ ਲੈਂਦੇ।
84
ਮੁਹਕਮਦੀਨ ਸਰਦਾਰ ਨੇ ਲਿਖੀ ਅਰਜ਼ੀ,
ਤੁਸਾਂ ਰਸਦ ਲੁੱਟੇ ਚੰਗੇ ਸ਼ਾਨ ਦੇ ਜੀ।
ਦੇਂਹ ਭੇਜ ਉਰਾਰ ਸਭ ਕਾਰਖਾਨੇ,
ਪਾਇਉ ਗੱਜਿਉ ਵਿਚ ਮੈਦਾਨ ਦੇ ਜੀ।
ਤੈਨੂੰ ਅੱਜ ਹਜੂਰ ਥੀ ਫ਼ਤਹਿ ਆਈ,
ਖ਼ਬਰਾਂ ਉਡੀਆਂ ਵਿਚ ਜਹਾਨ ਦੇ ਜੀ।
ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ,
ਸਦਾ ਰੱਖੀਏ ਵਿਚ ਧਿਆਨ ਦੇ ਜੀ।
85
ਸੱਠਾਂ ਕੋਹਾਂ ਦਾ ਪੰਧ ਸੀ ਲੁਧਿਆਣਾ,
ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ।
ਉਹ ਵੀ ਲੁੱਟਿਆ ਲਾਟ ਨੇ ਆਇ ਡੇਰਾ,
ਤੱਲੀ ਅਬੂਤਬੇਲੇ ਦੀ ਪੜਤਲਾਂ ਨੇ,
ਅੱਧੀ ਘੜੀ ਲੜਾਈ ਦੀ ਸੋੜ ਮੀਆਂ।
ਸ਼ਾਹ ਮੁਹੰਮਦਾ ਸਿੰਘਾਂ ਲੁਟਾਇ ਡੇਰੇ,
ਕਰ ਆਏ ਨੇ ਤਰੱਕੀਆਂ ਚੌੜ ਮੀਆਂ।
ਤੋਪਾਂ ਸਭ ਖੋਹੀਆਂ ਕੀਤੀ ਰੋੜ ਮੀਆਂ।
86
ਪਹਿਲੇ ਹੱਲਿਉ ਸਿੰਘ ਜੋ ਨਿਕਲ ਸਾਰੇ,
ਪਏ ਔਭੜੇ ਔਝੜੇ ਜਾਂਵਦੇ ਨੀ।
ਲੀੜੇ ਗਏ ਸਾਰੇ ਰਹੀ ਇਕ ਕੁੜਤੀ,
ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ।
ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ,
ਜੀਭ ਹੇਠਾਂ ਥੀਂ ਖੋਲ੍ਹ ਦਿਖਾਂਵਦੇ ਨੀਂ।
ਸ਼ਾਹ ਮੁਹੰਮਦਾ ਆਣ ਕੇ ਘਰਦਿਆਂ ਤੋਂ,
ਨਵੇਂ ਕਪੜੇ ਹੋਰ ਸਿਵਾਂਵਦੇ ਨੀਂ।
87
ਕਹਿੰਦੇ ਜਿਉਂਦੇ ਫੇਰ ਨਾ ਕਦੇ ਜਾਣਾ,
ਮੂੰਹ ਨਾ ਲੱਗਣਾ ਉਸ ਚੰਡਾਲ ਦੇ ਜੀ।
ਕਿਤੇ ਜਾਇਕੇ ਚਾਰ ਦਿਨ ਕੱਟ ਲਈਏ,
ਢੂੰਡਣ ਆਉਣਗੇ ਸਾਡੇ ਭੀ ਨਾਲ ਦੇ ਜੀ।
ਤੁਸਾਂ ਆਖਿਆ ਮਾਰਿਆ ਲੁਧਿਆਣਾ,
ਅਸੀਂ ਫਿਰਦੇ ਹਾਂ ਢੂੰਡਦੇ ਭਾਲਦੇ ਜੀ।
ਸ਼ਾਹ ਮੁਹੰਮਦਾ ਰਹੇ ਹੁਸ਼ਿਆਰ ਉਥੇ,
ਲੜੇ ਨਹੀਂ ਅਜੇ ਸਾਡੇ ਨਾਲ ਦੇ ਜੀ।
88
ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ,
ਕੋਈ ਅਕਲ ਦਾ ਕਰੋ ਇਲਾਜ ਯਾਰੋ ।
ਹੇੜ ਬੁਰਛਿਆਂ ਦੀ ਸਾਡੇ ਪੇਸ਼ ਆਈ,
ਪੱਗਾਂ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।
ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ,
ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ।
ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,
ਕਦੀ ਰਾਜ ਨਾ ਹੋਇ ਮੁਹਤਾਜ ਯਾਰੋ।
89
ਤੀਜੀ ਵਾਰ ਲਲਕਾਰ ਕੇ ਪਏ ਗੋਰੇ,
ਪਏ ਵੱਜਦੇ ਢੋਲ ਤੰਬੂਰ ਮੀਆਂ।
ਕੱਸ ਲਈਆਂ ਨੇ ਸਿੰਘਾਂ ਨੇ ਤੁਰਤ ਕਮਰਾਂ,
ਕਾਇਮ ਜੰਗ ਨੂੰ ਹੋਏ ਜ਼ਰੂਰ ਮੀਆਂ।
ਪਹਿਲਾਂ ਬਾਵਿਉਂ ਆਣ ਕੇ ਜ਼ੋਰ ਦਿੱਤਾ,
ਪਿਆ ਦਿਲਾਂ ਦੇ ਵਿਚ ਫ਼ਤੂਰ ਮੀਆਂ।
ਸ਼ਾਹ ਮੁਹੰਮਦਾ ਦੌੜ ਕੇ ਜਾਣ ਕਿਥੇ,
ਏਥੋਂ ਸ਼ਹਿਰ ਲਾਹੌਰ ਹੋ ਦੂਰ ਮੀਆਂ।
90
ਆਈਆਂ ਪਲਟਨਾਂ ਬੀੜ ਕੇ ਤੋਪਖਾਨੇ,
ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਬੰਨ੍ਹ ਬਸਤ੍ਰੀ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
91
ਪਏ ਬਾਵਿਉਂ ਹੋਇ ਕੇ ਫੇਰ ਗੋਰੇ,
ਫਰਾਂਸੀਸ ਤੇ ਜਿੱਥੇ ਸੀ ਚਾਰ ਯਾਰੀ ।
ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ,
ਬਣੀ ਆਣ ਸਰਦਾਰ ਨੂੰ ਬਹੁਤ ਭਾਰੀ।
ਤੇਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ,
ਘਰੀਂ ਨਸ ਨਾ ਜਾਇ ਇਹ ਫ਼ੌਜ ਸਾਰੀ।
ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,
ਅਤੇ ਜਾਨ ਨਾ ਕਰਨਗੇ ਫੇਰ ਪਿਆਰੀ ।
92
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜੇੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਸਣੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ
93
ਕਈ ਸੂਰਮੇ ਮਾਰ ਕੇ ਮੋਏ ਉਥੇ,
ਜਿਨ੍ਹਾਂ ਹੱਥ ਕੀਤੇ ਤੇਗਾਂ ਨੰਗੀਆਂ ਦੇ,
ਰਹਿੰਦੇ ਘੇਰ ਕੇ ਵਿਚ ਦਰਿਆਉ ਡੋਬੇ,
ਸ਼ੱਰੇ ਮਾਰਿਉ ਨੇ ਤੋਪਾਂ ਚੰਗੀਆਂ ਦੇ
ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ,
ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ।
ਸ਼ਾਹ ਮੁਹੰਮਦਾ ਰੱਬ ਨਾ ਫੇਰ ਲਿਆਵੇ,
ਵਿਚ ਜੰਗ ਦੇ ਨਾਲ ਫ਼ਰੰਗੀਆਂ ਦੇ।
94
ਕਈ ਮਾਵਾਂ ਦੇ ਪੁੱਤਰ ਨੇ ਮੋਏ ਉਥੇ,
ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਕੁਆਰੀਆਂ ਨੀ
ਚੰਗੇ ਜਿਨ੍ਹਾਂ ਦੇ ਸਿਰ ਦੇ ਮੋਟੇ ਵਾਲੀ,
ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ।
ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,
ਪਈਆਂ ਰਾਜ ਦੇ ਵਿਚ ਖੁਆਰੀਆਂ ਨੀ।
95
ਲਿਖਿਆ ਤੁਰਤ ਪੈਗਾਮ ਰਾਣੀ ਜਿੰਦ ਕੌਰਾਂ,
ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ।
ਰਹਿੰਦੀ ਫ਼ੌਜ ਦਾ ਕਰੋ ਇਲਾਜ ਕੋਈ,
ਕਾਬੂ ਤੁਸਾਂ ਬਗੈਰ ਨਾ ਆਵਣੀ ਜੀ।
ਮੇਰੀ ਜਾਨ ਦੇ ਰੱਬ ਜਾਂ ਤੁਸੀਂ ਰਾਖੇ,
ਪਾਉ ਵਿਚ ਲਾਹੌਰ ਦੇ ਛਾਵਣੀ ਜੀ।
ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ,
ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ।
96
ਪੁਲ ਬੱਧਾ ਫ਼ਰੰਗੀ ਨੇ ਖ਼ਬਰ ਸੁਣ ਕੇ,
ਲਾਂਘੇ ਪਾਏ ਨੀ ਵਿਚ ਪਲਕਾਰਿਆਂ ਦੇ।
ਆਏ ਸ਼ਹਿਰ ਲਾਹੌਰ ਨੂੰ ਖੁਸ਼ੀ ਕਰਦੇ,
ਵਾਜੇ ਵੱਜਦੇ ਨਾਲ ਨਗਾਰਿਆਂ ਦੇ।
ਅੱਗੋਂ ਸਭ ਪਠਾਣ ਲੈ ਮਿਲੇ ਨਜ਼ਰਾਂ,
ਪਿੱਛੋਂ ਪੈਂਚ ਆਏ ਮੁਲਖਾਂ ਸਾਰਿਆਂ ਦੇ।
ਸ਼ਾਹ ਮੁਹੰਮਦਾ ਆਣ ਲੁਹਾਣ ਲੱਥੇ,
ਅੱਡੇ ਦੇਸ ਤੇ ਥਾਉਂ ਟਿਕਾਣਿਆਂ ਦੇ।
97
ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ,
ਬਾਹੋਂ ਪਕੜ ਲਾਹੌਰ ਲਿਆਂਵਦਾ ਈ।
ਸਾਹਿਬ ਲੋਕ ਜੀ! ਅਸਾਂ ਪਰ ਦਇਆ ਕਰਨੀ,
ਉਹ ਤਾਂ ਆਪਣਾ ਕੰਮ ਬਣਾਂਵਦਾ ਈ ।
ਦਿੱਤੇ ਕੱਢ ਮਲਵਈ ਦੁਆਬੀਏ ਜੀ,
ਵਿਚੋਂ ਸਿੰਘਾਂ ਦੀ ਫ਼ੌਜ ਖਿਸਕਾਂਵਦਾ ਈ।
ਸ਼ਾਹ ਮੁਹੰਮਦਾ ਤਰਫ ਪਹਾੜ ਲੈ ਕੇ,
ਤੁਰਤ ਜੰਮੂ ਨੂੰ ਕੂਚ ਕਰਾਂਵਦਾ ਈ।
98
ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ,
ਪਈ ਛਾਵਣੀ ਵਿਚ ਲਾਹੌਰ ਦੇ ਜੀ।
ਰੋਹੀ ਮਾਲਵਾ ਪਾਰ ਦਾ ਮੁਲਕ ਸਾਰਾ,
ਠਾਣਾ ਘੱਤਿਆ ਵਿਚ ਫ਼ਿਲੌਰ ਦੇ ਜੀ।
ਲਿਆ ਸ਼ਹਿਰ ਹੁਸ਼ਿਆਰਪੁਰ ਤਲਕ ਸਾਰਾ,
ਜਿਹੜੇ ਟਕੇ ਆਵਣ ਨੰਦਾਚੌਰ ਦੇ ਜੀ।
ਸ਼ਾਹ ਮੁਹੰਮਦਾ ਕਾਂਗੜਾ ਮਾਰ ਲੀਤਾ,
ਉਹਦੇ ਕੰਮ ਗਏ ਸਭੇ ਸੌਰਦੇ ਜੀ ।
99
ਰਹਿੰਦਾ ਮੁਲਕ ਫ਼ਰੰਗੀ ਦੇ ਪਿਆ ਪੇਟੇ,
ਕੀਤਾ ਹੁਕਮ ਫ਼ਰੰਗੀਆਂ ਸਾਰਿਆਂ ਨੇ।
ਮਾਈ ਫੌਜ ਨੂੰ ਚਾਇ ਜਵਾਬ ਦਿੱਤਾ,
ਦਿੱਤੀ ਨੌਕਰੀ ਛੱਡ ਵਿਚਾਰਿਆਂ ਨੇ ।
ਪਿੱਛੋਂ ਸਾਂਭ ਲੀਤਾ ਮੁਲਕ ਕਾਰਦਾਰਾਂ,
ਬਖਤਾਵਰਾਂ ਤੇ ਨੇਕ ਸਤਾਰਿਆਂ ਨੇ।
ਸ਼ਾਹ ਮੁਹੰਮਦਾ ਲੋਕ ਵਿਰਾਨ ਹੋਏ,
ਤੋੜ ਸੁੱਟਿਆ ਮੁਲਕ ਉਜਾੜਿਆਂ ਨੇ।
100
ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ
ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ।
ਗੁੱਝੀ ਰਮਜ਼ ਕਰਕੇ ਆਪ ਰਹੀ ਸੱਚੀ,
ਬਦਲਾ ਤੁਰਤ ਭਰਾਉ ਦਾ ਮੋੜਿਆ ਈ।
ਲਏ ਤੁਰਤ ਮੁਸਾਹਿਬ ਲਪੋਟ ਰਾਣੀ,
ਲਸ਼ਕਰ ਵਿਚ ਦਰਿਆ ਦੇ ਰੋੜ੍ਹਿਆ ਈ।
ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ,
ਉਨ੍ਹਾਂ ਕੁਫਰ ਮੁਦਈ ਦਾ ਤੋੜਿਆ ਈ,
101
ਪਿੱਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ,
ਕੋਹੀ ਚੜ੍ਹੀ ਹੈ ਜ਼ਹਿਰ ਦੀ ਸਾਣ ਮਾਈ।
ਕਿੰਨ੍ਹਾਂ ਖੁੰਦਰਾਂ ਵਿਚ ਫਸਾਇ ਕੇ ਜੀ,
ਸਾਡੇ ਲਾਹ ਸੁੱਟੇ ਤੂੰ ਤਾਂ ਘਾਣ ਮਾਈ।
ਹੱਥ ਧੋਇ ਕੇ ਮਗਰ ਕਿਉਂ ਪਈ ਸਾਡੇ,
ਘਰੀਂ ਅਜੇ ਨਾ ਦੇਨੀ ਹੈਂ ਜਾਣ ਮਾਈ।
ਸ਼ਾਹ ਮੁਹੰਮਦਾ ਖੋਹ ਹਥਿਆਰ ਬੈਠੇ,
ਨਾਲ ਕੁੜਤੀਆਂ ਲਏ ਪਛਾਣ ਮਾਈ।
102
ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,
ਲੰਕਾ ਵਿਚ ਤਾਂ ਰਾਵਣ ਕੁਹਾਇ ਦਿੱਤਾ।
ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ,
ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ।
ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ,
ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ।
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,
ਸਾਰੇ ਦੇਸ਼ ਦਾ ਫਰਸ਼ ਉਠਾਇ ਦਿੱਤਾ।
103
ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,
ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ।
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,
ਖੁਦੀ ਆਪਣੀ ਨਾਲ ਮਹਾਸਤਾ ਈ।
ਸ਼ਾਹ ਮੁਹੰਮਦਾ ਦੋਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰਾਂ ਦਾ ਪੁੱਤ ਗੁਮਾਸਤਾ ਵੀ।
104
ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,
ਅੱਗੇ ਹੋਰ ਕੀ ਬਣਤ ਬਣਾਵਣੀ ਜੀ।
ਇਕ ਘੜੀ ਦੀ ਕੁਝ ਉਮੈਦ ਨਾਹੀਂ,
ਕਿਸੇ ਲਈ ਹਾੜੀ ਕਿਸੇ ਲਈ ਸਾਵਣੀ ਜੀ।
ਨਿੱਕੇ ਪੰਚ ਹੁਣ ਬੈਠ ਕੇ ਕਰਨ ਗੱਲਾਂ,
ਅਸਾਂ ਡਿੱਠੀ ਫ਼ਰੰਗੀ ਦੀ ਛਾਵਣੀ ਜੀ।
ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,
ਅੱਗੇ ਹੋਰ ਕੀ ਖੇਡ ਖਿਡਾਵਣੀ ਜੀ।
105
ਸੰਮਤ ਉਨੀਂ ਸੈ ਦੂਸਰਾ ਉਤਰਦਾ ਸੀ,
ਜਦੋਂ ਹੋਇਆ ਫਰੰਗੀ ਦਾ ਜੰਗ ਮੀਆਂ।
ਹੈਸੀ ਖੂਨ ਦੀ ਉਹ ਜ਼ਮੀਨ ਪਿਆਸੀ,
ਹੋਇਆ ਸੁਰਖ ਸ਼ਰਾਬ ਦੇ ਰੰਗ ਮੀਆਂ।
ਧਰਤੀ ਵੱਢ ਕੇ ਧੂੜ ਦੇ ਬਣੇ ਬੱਦਲ,
ਜੈਸੇ ਚੜ੍ਹੋ ਅਕਾਸ਼ ਪਤੰਗ ਮੀਆਂ।
ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜੀ
ਨਹੀਂ ਮੋੜਦੇ ਸੂਰਮੇ ਅੰਗ ਮੀਆਂ।
ਆਲੋਚਨਾਤਮਕ ਅਧਿਐਨ (ਜੰਗਨਾਮਾ ਹਿੰਦ-ਪੰਜਾਬ)
ਸ਼ਾਹ ਮੁਹੰਮਦ
ਸ਼ਾਹ ਮੁਹੰਮਦ ਰਣਜੀਤ ਸਿੰਘ ਕਾਲ ਦਾ ਪ੍ਰਮੁੱਖ ਤੇ ਪ੍ਰਸਿੱਧ ਕਵੀ ਹੋਇਆ ਹੈ। ਜਿਸ ਨੇ ਜੰਗਨਾਮਾ ਹਿੰਦ ਪੰਜਾਬ ਦਾ ਲਿਖ ਕੇ ਸਿੱਖ ਰਾਜ ਦੇ ਅੰਗਰੇਜ਼ਾਂ ਅਧੀਨ ਆ ਜਾਣ ਦੇ ਇਤਿਹਾਸਕ ਵੇਰਵਿਆਂ ਨੂੰ ਸਾਹਿਤਕ ਸੰਦਰਭ ਪ੍ਰਦਾਨ ਕੀਤਾ। ਸ਼ਾਹ ਮੁਹੰਮਦ ਦਾ ਜਨਮ 1780-82 ਦੇ ਦਰਮਿਆਨ ਬਟਾਲੇ ਵਿਚ ਹੋਇਆ, ਜਿਸ ਦੀ ਗਵਾਹੀ ਜੰਗਨਾਮੇ ਵਿਚੋਂ ਪ੍ਰਾਪਤ ਹੋ ਜਾਂਦੀ ਹੈ। ਸ਼ਾਹ ਮੁਹੰਮਦ ਦੇ ਵਡੇਰੇ ਕਾਜ਼ੀ ਅਤੇ ਕਾਰਦਾਰ ਸਨ ਤੇ ਇਹ ਕੁਰੈਸ਼ੀ ਖਾਨਦਾਨ ਵਿਚੋਂ ਸਨ। ਇਹਨਾਂ ਦੇ ਸੰਬੰਧੀ ਮਹਾਰਾਜੇ ਦੀ ਫੌਜ ਵਿਚ ਮੁਲਾਜ਼ਿਮ ਸਨ। ਬਾਹ ਮੁਹੰਮਦ ਦੇ ਦੋ ਪੁੱਤਰ ਮੁਹੰਮਦ ਬਖਸ਼ ਅਤੇ ਹਾਸ਼ਮ ਸ਼ਾਹ ਮੁਖਲਸ ਸਨ । ਹਾਸ਼ਮ ਸ਼ਾਹ ਮੁਖਲਸ ਕਵੀ ਸਨ ਅਤੇ ਉਨ੍ਹਾਂ ਕਿੱਸਾ ਸੱਸੀ-ਪੁੰਨੂੰ ਲਿਖਿਆ ਸੀ । ਸ਼ਾਹ ਮੁਹੰਮਦ ਦੀ ਮੌਤ 1862 ਵਿਚ ਹੋਈ। ਸ਼ਾਹ ਮੁਹੰਮਦ ਦੀਆਂ ਦੇ ਸਾਹਿਤਕ ਕਿਰਤਾਂ-ਜੰਗਨਾਮਾ ਹਿੰਦ ਪੰਜਾਬ ਜਾਂ ਵਾਰ ਸ਼ਾਹ ਮੁਹੰਮਦ ਅਤੇ ਕਿੱਸਾ ਸੱਸੀ ਪੁੰਨੂੰ ਸਨ । ਵਾਰ ਸ਼ਾਹ ਮੁਹੰਮਦ ਜਾਂ ਜੰਗਨਾਮਾ ਉਨ੍ਹਾਂ ਨੇ 1846 ਤੋਂ 1848 ਦਰਮਿਆਨ ਲਿਖਿਆ ਦੱਸਿਆ ਜਾਂਦਾ ਹੈ । ਸ਼ਾਹ ਮੁਹੰਮਦ ਭਾਂਵੇ ਇਸਲਾਮ ਦਾ ਪੈਰੋਕਾਰ ਸੀ ਪਰ ਉਹ ਮਜ਼੍ਹਬੀ ਰੰਗਣ ਤੋਂ ਮੁੱਕਤ ਸੀ। ਉਹ ਪੰਜਾਬ ਪ੍ਰਸਤ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਧਾਰਨੀ ਸੀ। ਆਪਣੇ ਪੰਜਾਬੀ ਬੋਧ ਸਦਕੇ ਸਹੀ ਅਰਥਾਂ ਵਿਚ ਉਹ ਮੱਧਕਾਲ ਦਾ ਆਖਰੀ ਕਿੱਸਾਕਾਰ ਅਤੇ ਆਧੁਨਿਕ ਯੁੱਗ ਦਾ ਪਹਿਲਾ ਕਵੀ ਅਖਵਾਉਣ ਦਾ ਹੱਕਦਾਰ ਹੈ। ਸ਼ਾਹ ਮੁਹਮਦ ਨੇ ਆਪਣੇ ਜੰਗਨਾਮੇ ਵਿਚ ਹੇਠ ਲਿਖੇ ਇਤਿਹਾਸਕ ਵੇਰਵਿਆਂ ਨੂੰ ਤੱਥਾਂ ਤੇ ਅੰਕੜਿਆਂ ਅਨੁਸਾਰ ਪੇਸ਼ ਕੀਤਾ ਤੇ ਆਪਣੇ ਜੰਗਨਾਮੇ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਮਾਨਤਾ ਦਿਵਾਈ।
ਮਹਾਰਾਜਾ ਰਣਜੀਤ ਸਿੰਘ – 13 ਨਵੰਬਰ 1780 ਤੋਂ 27 ਜੂਨ 1839
ਕੰਵਰ ਨੌਨਿਹਾਲ ਸਿੰਘ – ਜਨਮ 23 ਫਰਵਰੀ 1822, ਡਾਟ ਹੇਠ ਆਉਣਾ-5 ਨਵੰਬਰ 1840, ਮੌਤ-7 ਨਵੰਬਰ 1840, ਸਸਕਾਰ-8 ਨਵੰਬਰ 1840
ਚੇਤ ਸਿੰਘ ਦਾ ਕਤਲ – 8 ਅਕਤੂਬਰ 1839
ਖੜਕ ਸਿੰਘ ਦੀ ਮੌਤ – 5 ਨਵੰਬਰ 1840
ਰਾਣੀ ਚੰਦ ਕੌਰ ਦੀ ਹਕੂਮਤ – 12 ਨਵੰਬਰ 1840 ਤੋਂ 18 ਜਨਵਰੀ 1841
ਧਿਆਨ ਸਿੰਘ ਦੀ ਛੁੱਟੀ – 29 ਦਸੰਬਰ 1840 ਤੋਂ 18 ਜਨਵਰੀ 1841
ਲਾਹੌਰ ਦੇ ਕਿਲ੍ਹੇ ਦਾ ਘੇਰਾ – 16-18 ਜਨਵਰੀ 1841
ਰਾਣੀ ਚੰਦ ਕੌਰ ਦੀ ਮੌਤ – 12 ਜੂਨ 1842
ਅਜੀਤ ਸਿੰਘ ਦੀ ਲਾਹੌਰ ਵਾਪਸੀ – ਨਵੰਬਰ 1842 ਦੇ ਅੰਤ ‘ਚ
ਸ਼ੇਰ ਸਿੰਘ ਕਤਲ – 15 ਸਤੰਬਰ 1843
ਕੰਵਰ ਪ੍ਰਤਾਪ ਸਿੰਘ ਦਾ ਕਤਲ – 15 ਸਤੰਬਰ 1843
ਰਾਜਾ ਧਿਆਨ ਸਿੰਘ ਦਾ ਕਤਲ – 15 ਸਤੰਬਰ 1843
ਲਾਹੌਰ ਦੇ ਕਿਲ੍ਹੇ ਦਾ ਘੇਰਾ – 16 ਸਤੰਬਰ 1843
ਦਲੀਪ ਸਿੰਘ ਦਾ ਰਾਜ ਤਿਲਕ – 16 ਸਤੰਬਰ 1843
ਅਜੀਤ ਸਿੰਘ ਦਾ ਕਤਲ – 16 ਸਤੰਬਰ 1843
ਲਹਿਣਾ ਸਿੰਘ ਮਜੀਠੀਏ ਦਾ ਤੀਰਥਾਂ ਪਰਵਾਸ – ਮਾਰਚ 1844
ਸੁਚੇਤ ਸਿੰਘ ਦਾ ਕਤਲ – 27 ਮਾਰਚ 1844
ਹੀਰਾ ਸਿੰਘ ਤੇ ਜੱਲ੍ਹੇ ਪੰਡਤ ਦਾ ਕਤਲ – 21 ਦਸੰਬਰ 1849
ਜਵਾਹਰ ਸਿੰਘ ਦਾ ਕਤਲ ਟੁੰਡੇ ਲਾਟ (ਲਾਰਡ ਹਾਰਡਿੰਗ) ਦਾ – 21 ਸਤੰਬਰ 1845
ਗਵਰਨਰ ਜਨਰਲ ਬਣ ਕੇ ਆਉਣਾ – ਜੁਲਾਈ 1845
ਅੰਗਰੇਜ਼ਾਂ ਦਾ ਸਤਲੁਜ ਪਾਰ ਦੇ ਇਲਾਕਿਆਂ ‘ਤੇ ਕਬਜ਼ਾ – 13 ਸਤੰਬਰ 1845
ਸਿੱਖ ਫੌਜ ਦਾ ਸਤਲੁਜ ਪਾਰ ਹੋਣਾ – 18-16 ਦਸੰਬਰ 1845
ਮੁਦਕੀ ਦੀ ਲੜਾਈ ਫੇਰੂ ਸ਼ਹਿਰ ਦੀ ਲੜਾਈ ਤੇ – 18 ਦਸੰਬਰ 1845
ਅੰਗਰੇਜ਼ਾਂ ਦੀ ਜਿੱਤ ਬੱਦੋਵਾਲ ਦੀ ਲੜਾਈ, ਰਣਜੋਧ ਸਿੰਘ ਦਾ ਹਮਲਾ ਤੇ ਆਲੀਵਾਲ ਦੀ ਜੰਗ – 23 ਦਸੰਬਰ 1845 – 25-28 ਜਨਵਰੀ 1846
ਸਭਰਾਉਂ ਦੀ ਜੰਗ – 10 ਫਰਵਰੀ 1846
ਜੇਤੂ ਅੰਗਰੇਜ਼ੀ ਫੌਜ ਦਾ ਲਾਹੌਰ ਨੂੰ ਕੂਚ – 13 ਫਰਵਰੀ 1846
ਕਸੂਰ ਤੇ ਪੜਾ – 15 ਫਰਵਰੀ 1846
ਗੁਲਾਬ ਸਿੰਘ ਦਾ ਗਵਰਨਰ ਕੋਲ ਆਉਣਾ – 15 ਫਰਵਰੀ 1846
ਗਵਰਨਰ ਜਨਰਲ ਦਾ ਲਾਹੌਰ ਪੁੱਜਣਾ – 18 ਫਰਵਰੀ 1846
ਸੁਲ੍ਹਾ ਦੀ ਸੰਧੀ – 9 ਮਾਰਚ 1846
ਅੰਗਰੇਜ਼ ਫੌਜ ਦੀ ਲਾਹੌਰ ਵਿਚ ਛਾਉਣੀ ਪਾਉਣੀ – 11 ਮਾਰਚ 1846
ਗੁਲਾਬ ਸਿੰਘ ਨਾਲ ਸੰਧੀ – 16 ਮਾਰਚ 1846
ਕਿੱਸਾ, ਵਾਰ ਜਾਂ ਜੰਗਨਾਮਾ
ਜੰਗਨਾਮਾ ਹਿੰਦ-ਪੰਜਾਬ ਸ਼ਾਹ ਮੁਹੰਮਦ ਦੀ ਇਕ ਸੰਪੂਰਨ ਰਚਨਾ ਹੈ। ਵਿਦਵਾਨਾਂ/ ਸੰਪਾਦਕਾਂ ਨੇ ਇਸ ਨੂੰ ਵੱਖ-ਵੱਖ ਨਾਵਾਂ ਹੇਠਾਂ ਪ੍ਰਕਾਸ਼ਿਤ ਕਰਵਾਇਆ ਹੈ, ਜਿਨ੍ਹਾਂ ਵਿਚ ਕੁਝ ਪ੍ਰਮੁੱਖ ਨਾਂ ਇਸ ਤਰ੍ਹਾਂ ਹਨ: ਬੈਂਤਾਂ ਸ਼ਾਹ ਮੁਹੰਮਦ, ਕਿੱਸਾ ਸ਼ਾਹ ਮੁਹੰਮਦ, ਵਾਰ ਸ਼ਾਹ ਮੁਹੰਮਦ, ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਜੰਗਨਾਮਾ ਸ਼ਾਹ ਮੁਹੰਮਦ ਅਤੇ ਜੰਗ ਹਿੰਦ ਪੰਜਾਬ ਦਾ ਆਦਿ। ਮੱਧਕਾਲ ਦੇ ਸਾਹਿਤਕ ਰੂਪ ਦੀ ਦ੍ਰਿਸ਼ਟੀ ਤੋਂ ਵੇਖਿਆਂ ਇਹ ਮਸਲਾ ਸਾਹਮਣੇ ਆਉਂਦਾ ਹੈ ਕਿ ਸ਼ਾਹ ਮੁਹੰਮਦ ਦੀ ਇਹ ਰਚਨਾ ਕਿੱਸਾ ਹੈ, ਵਾਰ ਹੈ ਜਾਂ ਜੰਗਨਾਮਾ ਹੈ।
ਸ਼ਾਹ ਮੁਹੰਮਦ ਦੀ ਇਸ ਰਚਨਾ ਨੂੰ ਵਿਚਾਰਦਿਆਂ ਸਭ ਤੋਂ ਪਹਿਲਾਂ ਇਸ ਗੱਲ ਉਪਰ ਧਿਆਨ ਕੇਂਦਰਿਤ ਹੁੰਦਾ ਕਿ ਵਾਰ ਅਤੇ ਜੰਗਨਾਮੇ ਦੀ ਸਾਮਗਰੀ ਵਿਚ ਸਮਰੂਪਤਾ ਹੁੰਦੀ ਹੈ।ਇਨ੍ਹਾਂ ਵਿਚ ਰਚਨਾ ਦਾ ਕੇਂਦਰੀ ਬਿੰਦੂ ਦੇ ਵਿਰੋਧੀ ਧਿਰਾਂ ਦਰਮਿਆਨ ਜੰਗ ਹੁੰਦੀ . है।
ਵਾਰ ਵਿਚ ਨਾਇਕ ਦਾ ਜੱਸ ਗਾਇਆ ਜਾਂਦਾ ਹੈ। ਕਿੱਸੇ ਵਿਚ ਵੀ ਨਾਇਕ/ ਨਾਇਕਾ ਨੂੰ ਜੰਗ/ਪ੍ਰੇਮ ਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੁੰਦਾ ਹੈ। ਵਾਰ ਤੇ ਕਿੱਸੇ ਵਿਚ ਨਾਇਕ/ਨਾਇਕਾ ਕੇਂਦਰੀ ਬਿੰਦੂ ਹੁੰਦੇ ਹਨ ਅਰਥਾਤ ਵਿਅਕਤੀਗਤ ਪ੍ਰਾਪਤੀਆਂ ਨਾਇਕ/ ਨਾਇਕਾ ਨੂੰ ਇਕ ਦ੍ਰਿਸ਼ਟੀ ਅਧੀਨ ਲਿਆ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਉਭਾਰਦੀਆਂ ਹਨ ਪਰ ਜੰਗਨਾਮੇ ਵਿਚ ਨਾਇਕ ਜਾਂ ਨਾਇਕਾ ਵਿਅਕਤੀ ਵਿਸ਼ੇਸ਼ ਨਹੀਂ ਹੁੰਦੇ ਸਗੋਂ ਦੋ ਵਿਰੋਧੀ ਧਿਰਾਂ ਦੀ ਜੰਗ ਦੌਰਾਨ ਸਮੁੱਚੀ ਘਟਨਾ ਨੂੰ ਬਿਰਤਾਂਤ ਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਜਾਂਦਾ ਹੈ। ਜੰਗਨਾਮਾ ਆਪਣੀ ਰੂਪਕ ਵਿਸ਼ੇਸ਼ਤਾ ਵਿਚ ਸਮੂਹਕ ਚਰਿੱਤਰ ਨੂੰ ਪੇਸ਼ ਕਰਨ ਵਲੋਂ ਜਤਨਸ਼ੀਲ ਹੁੰਦਾ ਹੈ ਨਾ ਕਿ ਵਿਅਕਤੀਗਤ ਚਰਿੱਤਰ ਨੂੰ। ਸ਼ਾਹ ਮੁਹੰਮਦ ਦੀ ਇਹ ਰਚਨਾ ਵੀ ਕਿੱਸੇ ਜਾਂ ਵਾਰ ਵਾਂਗ ਵਿਸ਼ੇਸ਼ ਵਿਅਕਤੀ ਚਰਿੱਤਰ ਨੂੰ ਨਹੀਂ ਉਘਾੜਦੀ ਸਗੋਂ ਸਮੂਹਕ ਚਰਿੱਤਰ ਦੀ ਪੇਸ਼ਕਾਰੀ ਦੀ ਧਾਰਨਾ ਨੂੰ ਆਪਣਾ ਮਸਲਾ ਬਣਾਉਂਦੀ ਹੈ। ਇਸ ਲਈ ਇਹ ਜੰਗਨਾਮੇ ਦੇ ਮਿਆਰਾਂ ਦੇ ਅਨੁਕੂਲ ਠੀਕ ਬੈਠਦੀ ਹੈ।
ਕਿੱਸੇ ਵਿਚ ਵਿਅਕਤੀ ਅਤੇ ਸਮਾਜ ਦੀ ਟੱਕਰ ਨੂੰ ਭਾਵਕ, ਸੁਤੰਤਰ ਅਤੇ ਮਨੋਵਿਗਿਆਨਕ ਪ੍ਰਸੰਗ ਵਿਚ ਪੇਸ਼ ਕੀਤਾ ਗਿਆ ਹੁੰਦਾ ਹੈ। ਪਰ ਜੰਗਨਾਮੇ ਅਤੇ ਵਾਰ ਵਿਚ ਦੋ ਰਾਜਸੀ ਸ਼ਕਤੀਆਂ ਦੀ ਟੱਕਰ ਨੂੰ ਇਤਿਹਾਸਕ ਪਰਿਪੇਖ ਵਿਚ ਪੇਸ਼ ਕੀਤਾ ਗਿਆ ਹੁੰਦਾ ਹੈ। ਵਾਰ ਦੀ ਰੂਪਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਸ ਵਿਚ ਨਾਇਕ ਦੀ ਜਿੱਤ ਯਕੀਨੀ ਹੁੰਦੀ ਹੈ। ਪਰ ਜੰਗਨਾਮੇ ਵਿਚ ਇਹ ਜ਼ਰੂਰੀ ਨਹੀਂ ਹੁੰਦਾ। ਇਸ ਵਿਚ ਜਿੱਤ ਜਾਂ ਹਾਰ ਵਿਅਕਤੀ ਵਿਸ਼ੇਸ਼ ਦੀ ਨਹੀਂ ਹੁੰਦੀ ਸਗੋਂ ਜਿੱਤ ਜਾਂ ਹਾਰ ਸਮੂਹ ਦੀ ਹੁੰਦੀ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆਂ ਵੀ ਸ਼ਾਹ ਮੁਹੰਮਦ ਦੀ ਇਹ ਰਚਨਾ ਜੰਗਨਾਮਾ ਰੂਪ ਦੇ ਵਧੇਰੇ ਨੇੜੇ ਹੈ; ਕਿਉਂਕਿ ਇਸ ਵਿਚ ਜਿੱਤ/ਹਾਰ ਸਮੂਹਕ ਦ੍ਰਿਸ਼ਟੀ ਅਧੀਨ ਅਰਥ ਗ੍ਰਹਿਣ ਕਰ ਰਹੀ ਹੈ ਨਾ ਕਿ ਵਿਅਕਤੀਗਤ। ਜੰਗਨਾਮੇ ਵਿਚ ਵਿਅਕਤੀਗਤ ਸੂਰਮਗਤੀ ਨੂੰ ਤਾਂ ਪੇਸ਼ ਕੀਤਾ ਗਿਆ ਹੁੰਦਾ ਹੈ ਪਰ ਇਹ ਵਿਅਕਤੀਗਤ ਸੂਰਮਗਤੀ ਸਮੂਹਕ ਸੂਰਮਗਤੀ ਦੇ ਇਕ ਹਿੱਸੇ ਵਜੋਂ ਹੀ ਪੇਸ਼ ਹੋ ਰਹੀ ਹੁੰਦੀ ਹੈ। ਕਿੱਸੇ ਵਿਚ ਕਿਉਂਕਿ ਵਿਅਕਤੀ ਅਤੇ ਸਮਾਜ ਦੀ ਟੱਕਰ ਹੁੰਦੀ ਹੈ। ਇਸ ਨੁਕਤੇ ਤੋਂ ਵੇਖਿਆਂ ਵੀ ਸ਼ਾਹ ਮੁਹੰਮਦ ਦੀ ਰਚਨਾ ਕਿੱਸਾ ਰੂਪ ਦੀਆਂ ਵਿਸ਼ੇਸ਼ਤਾਵਾਂ ਦੇ ਨੇੜੇ ਨਹੀਂ ਢੁੱਕਦੀ; ਕਿਉਂਕਿ ਜੰਗਨਾਮਾ ਰਚਨਾ ਵਿਚ ਦੋ ਸਮਾਜਾਂ/ ਧਿਰਾਂ ਦੀ ਟੱਕਰ ਹੈ।
ਵਾਰ ਵਿਚ ਵਿਸ਼ੇਸ਼ ਕਰਕੇ ਬੀਰ ਰਸੀ ਭਾਵਨਾ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਦੋਂ ਕਿ ਜੰਗਨਾਮੇ ਵਿਚ ਦੋਵਾਂ ਧਿਰਾਂ ਨੂੰ ਬੀਰ ਰਸ ਦੇ ਅੰਤਰਗਤ ਪੇਸ਼ ਕਰਦਿਆਂ ਕਰੁਣਾ ਰੱਸ ਤੇ ਹਾਰ ਦਾ ਜ਼ਿਕਰ ਵੀ ਸਮੂਹਕ ਚਰਿੱਤਰ ਦੇ ਅਨੁਕੂਲ ਪੇਸ਼ ਹੋ ਰਿਹਾ ਹੁੰਦਾ ਹੈ। ਵਾਰ ਪਾਉੜੀਆਂ ਵਿਚ ਲਿਖੀ ਗਈ ਹੁੰਦੀ ਹੈ ਜਿਸ ਵਿਚ ਨਾਇਕ ਦੀ ਜਿੱਤ ਨਿਸ਼ਚਿਤ ਹੁੰਦੀ ਹੈ। ਇਹ ਬਾਹਰਮੁਖੀ ਕਵਿਤਾ ਹੁੰਦੀ ਹੈ ਜਿਸ ਵਿਚ ਯੁੱਧ ਦੇ ਬੀਰਤਾ ਬਿਰਤਾਂਤ ਨੂੰ ਨਾਇਕ ਦੀ ਬਹਾਦਰੀ ਦੇ ਸੰਦਰਭ ਵਿਚ ਗਾਇਆ ਜਾਂਦਾ ਹੈ। ਵਾਰ ਵਿਚ ਨਾਇਕ ਦੀ ਬਹਾਦਰੀ ਦੀ ਪ੍ਰਸੰਸਾ ਤੇ ਸ਼ਖ਼ਸੀਅਤ ਨੂੰ ਨਾਟਕੀ ਹੁਨਰ ਰਾਹੀਂ ਉਸਾਰਿਆ ਗਿਆ ਹੁੰਦਾ ਹੈ। ਵਾਰ ਵਿਚ ਜ਼ਾਲਮ, ਜਾਬਰ ਤੇ ਅਪਰਾਧੀ ਦੀ ਪ੍ਰਸੰਸਾ ਨਹੀਂ ਕੀਤੀ ਜਾਂਦੀ, ਸਗੋਂ ਉਹਨੂੰ ਹਾਰ ਦੀ ਦ੍ਰਿਸ਼ਟੀ ਤੋਂ ਹੀ ਵੇਖਿਆ ਤੇ ਪੇਸ਼ ਕੀਤਾ ਜਾਂਦਾ ਹੈ । ਵਾਰ ਦੀ ਬੋਲੀ ਠੇਠ, ਜ਼ੋਰਦਾਰ, ਖੜਕਵੀਂ, ਸਰਲ ਪਰ ਪੰਡਤਾਉਪੁਣੇ ਤੋਂ ਰਹਿਤ ਹੁੰਦੀ ਹੈ । ਸੁੱਤੀ ਪਈ ਅਣਖ ਨੂੰ ਜਗਾਉਣਾ ਵਾਰ ਦਾ ਮੂਲ ਉਦੇਸ਼ ਹੁੰਦਾ ਹੈ। ਇਸ ਦ੍ਰਿਸ਼ਟੀ ਦੇ ਅੰਤਰਗਤ ਵੇਖਿਆਂ ਸ਼ਾਹ ਮੁਹੰਮਦ ਦੀ ਇਹ ਰਚਨਾ ਵਾਰ ਦੇ ਮੁੱਲ-ਵਿਧਾਨ ਦੇ ਨੇੜੇ ਨਜ਼ਰ ਨਹੀਂ ਆਉਂਦੀ।
ਸ਼ਾਹ ਮੁਹੰਮਦ ਦੇ ਇਸ ਜੰਗਨਾਮੇ ਵਿਚ ਬੈਂਤ ਛੰਦ ਅਤੇ ਮਸਨਵੀ ਸ਼ੈਲੀ ਨੂੰ ਵਰਤਿਆ ਗਿਆ ਹੈ। ਵਾਰ ਦੇ ਨਾਇਕ ਵਾਂਗ ਜੰਗਨਾਮੇ ਦਾ ਨਾਇਕ ਯੁੱਧ ਵਿਚ ਜਿੱਤ ਪ੍ਰਾਪਤ ਨਹੀਂ ਕਰਦਾ, ਸਗੋਂ ਹਾਰਦਾ ਹੈ। ਇਹ ਹਾਰ ਵੀ ਵਿਅਕਤੀਗਤ ਨਾ ਹੋ ਕੇ ਸਮੂਹਕ ਨਾਇਕ ਦੀ ਧਾਰਨਾ ਨੂੰ ਪੇਸ਼ ਕਰਦੀ ਹੈ। ਜੰਗਨਾਮੇ ਵਿਚ ਵਾਰ ਵਾਂਗ ਕੇਵਲ ਬੀਰ ਰਸ ਨੂੰ ਹੀ ਪੇਸ਼ ਨਹੀਂ ਕੀਤਾ ਗਿਆ ਹੁੰਦਾ, ਸਗੋਂ ਕਰੁਣਾ ਰਸ ਦੀ ਭਾਵਨਾ ਵੀ ਮਨ ਨੂੰ ਟੁੰਬਣ ਵਾਲੀ ਹੁੰਦੀ ਹੈ। ਵਾਰ ਵਾਂਗ ਜੰਗਨਾਮੇ ਵਿਚ ਆਸ਼ਾਵਾਦੀ ਸੁਰ ਨਹੀਂ ਹੁੰਦੀ ਸਗੋਂ ਇਸ ਵਿਚ ਯੁੱਧ ਵਿਚ ਹਾਰ ਜਾਣ ਕਰਕੇ ਨਿਰਾਸ਼ਾਵਾਦ ਕਈ ਵਾਰ ਭਾਰੂ ਹੋ ਜਾਂਦਾ ਹੈ। ਜੰਗਨਾਮੇ ਵਿਚ ਵਾਰ ਦੀ ਤਰ੍ਹਾਂ ਯੁੱਧ ਦੇ ਬੀਰਤਾ ਬਿਰਤਾਂਤ ਵਿਚ ਨਾਇਕ ਦੀ ਬਹਾਦਰੀ ਦੀ ਪ੍ਰਸੰਸਾ ਤੇ ਸ਼ਖ਼ਸੀਅਤ ਨੂੰ ਨਹੀਂ ਉਸਾਰਿਆ ਜਾਂਦਾ ਸਗੋਂ ਦੋ ਧਿਰਾਂ ਦੀ ਬਹਾਦਰੀ ਤੇ ਪ੍ਰਸੰਸਾ ਨੂੰ ਬੀਰਤਾ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦਿਆਂ ਉਨ੍ਹਾਂ ਦੀ ਸਮੂਹਕ ਸ਼ਖ਼ਸੀਅਤ ਨੂੰ ਉਸਾਰਿਆ ਜਾਂਦਾ ਹੈ। ਵਾਰ ਵਾਂਗ ਜੰਗਨਾਮੇ ਵਿਚ ਵਿਰੋਧੀ ਧਿਰ ਦੇ ਜ਼ੁਲਮ, ਜਬਰ ਤੇ ਅਪਰਾਧੀਪਣ ਨੂੰ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਸੰਤੁਲਨ ਦ੍ਰਿਸ਼ਟੀ ਦੇ ਅੰਤਰਗਤ ਉਨ੍ਹਾਂ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਤੱਥ ਤੇ ਅੰਕੜਿਆਂ ਤਹਿਤ ਕਾਵਿ-ਜ਼ੁਬਾਨ ਦਿੱਤੀ ਜਾਂਦੀ ਹੈ। ਜੰਗਨਾਮੇ ਵਿਚ ਵਾਰ ਵਾਂਗ ਸੁੱਤੀ ਪਈ ਅਣਖ ਨੂੰ ਜਗਾਉਣ ਦਾ ਮਸਲਾ ਦਰਪੇਸ਼ ਨਹੀਂ ਹੁੰਦਾ ਸਗੋਂ ਨਿਰਾਸ਼ਾਵਾਦੀ ਸੁਰ, ਅਪਸਾਰਤਾ ਤੇ ਨਿਸਲਤਾ ਤੇ ਨਿਸ਼ਕਿਰਿਅਤਾ ਨੂੰ ਵੀ ਸਮੂਹਕਤਾ ਦਾ ਮਸਲਾ ਬਣਾਇਆ ਜਾਂਦਾ ਹੈ।
ਉਪਰੋਕਤ ਸਮੁੱਚੇ ਸੰਦਰਭ ਵਿਚ ਸ਼ਾਹ ਮੁਹੰਮਦ ਦੀ ਇਸ ਰਚਨਾ ਨੂੰ ਪਰਖਦਿਆਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਵਾਰ ਤੇ ਕਿੱਸੇ ਦੀ ਵਿਸ਼ੇਸ਼ਤਾਵਾਂ ਦੇ ਪ੍ਰਸੰਗ ਵਿਚ ਸ਼ਾਹ ਮੁਹੰਮਦ ਦੀ ਇਹ ਰਚਨਾ ਪੂਰੀ ਨਹੀਂ ਉਤਰਦੀ, ਸਗੋਂ ਜੰਗਨਾਮੇ ਦੀ ਵਿਸ਼ੇਸ਼ਤਾਵਾਂ ਦੇ ਅੰਤਰਗਤ ਵਾਚਿਆ ਇਹ ਇਸ ਰੂਪ ਦੇ ਵਧੇਰੇ ਨੇੜੇ ਜਾਪਦੀ ਹੈ ਇਸ ਲਈ ਇਸ ਨੂੰ ਜੰਗਨਾਮੇ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਦੀ ਗਵਾਹੀ ਸ਼ਾਹ ਮੁਹੰਮਦ ਦੀ ਇਸ ਰਚਨਾ ਵਿਚੋਂ ਵੀ ਮਿਲ ਜਾਂਦੀ ਹੈ :
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਜੰਗਨਾਮਾ ਹਿੰਦ-ਪੰਜਾਬ ‘ਚ ਵਿਸ਼ਵ ਚੇਤਨਾ
ਸ਼ਾਹ ਮੁਹੰਮਦ ਰਣਜੀਤ ਸਿੰਘ ਕਾਲ ਦਾ ਬਹੁਤ ਉੱਘਾ ਤੇ ਹਰਮਨ ਪਿਆਰਾ ਕਵੀ ਹੈ। ਉਸ ਦੀ ਪ੍ਰਸਿੱਧ ਰਚਨਾ ਨੂੰ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’, ‘ਹਿੰਦ ਪੰਜਾਬ ਦਾ ਜੰਗ’ ਅਤੇ ‘ਵਾਰ ਸ਼ਾਹ ਮੁਹੰਮਦ’ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ‘ਵਾਰ ਸ਼ਾਹ ਮੁਹੰਮਦ’ ਨਾਮ ਸਿੰਘਾਂ ਤੇ ਫਰੰਗੀਆਂ ਦੀ ਜੰਗ ਦੀ ਨਿਪੁੰਨ ਪੇਸ਼ਕਾਰੀ ਵਜੋਂ ਸ਼ਾਹ ਮੁਹੰਮਦ ਦੀ ਕੀਰਤੀ ਉਤੇ ਆਧਾਰਿਤ ਪੰਜਾਬੀ ਦੀ ਰਵਾਇਤੀ ਕਵਿਤਾ ਵਿਚ ਅਨੇਕ ਰਚਨਾਵਾਂ ਦੇ ਨਾਮ ਰਚਨਾਕਾਰਾਂ ਦੇ ਨਾਲ ਜੋੜ ਕੇ ਲਏ ਜਾਣ ਦੀ ਪਰੰਪਰਾ ਹੈ ਜਿਵੇਂ ਹੀਰ ਵਾਰਿਸ, ਮਿਰਜ਼ਾ ਪੀਲੂ, ਸੱਸੀ ਹਾਸ਼ਮ, ਸੋਹਣੀ ਫ਼ਜਲ ਸ਼ਾਹ ਆਦਿ। ਤਾਂ ਵੀ ਇਕ ਅੰਤਰ ਜ਼ਰੂਰ ਹੈ। ਕਿ ਰਵਾਇਤ ਵਿਚ ਆਮ ਤੌਰ ਤੇ ਕਵੀ ਦਾ ਨਾਮ ਕਿੱਸੇ ਦੀ ਨਾਇਕਾ ਜਾਂ ਨਾਇਕ ਅਥਵਾ ਇਕ ਵਿਅਕਤੀ ਪਾਤਰ ਨਾਲ ਹੋਇਆ ਹੈ। ਪਰ ‘ਵਾਰ ਸ਼ਾਹ ਮੁਹੰਮਦ’ ਵਿਚ ਕਵੀ ਦਾ ਨਾਮ ਕਿਸੇ ਨਾਇਕ ਜਾਂ ਨਾਇਕਾ ਨਾਲ ਨਹੀਂ ਸਗੋਂ ਸਮੁੱਚੀ ਅਣੱਖ ਦੇ ਬ੍ਰਿਤਾਂਤ ਨਾਲ ਜੁੜਿਆ ਹੋਇਆ ਹੈ ਅਤੇ ਇਸ ਘਟਨਾ ਦਾ ਚਰਿਤਰ ਸਮੂਹਿਕ ਹੈ।
ਇਸ਼ਕੀਆ ਕਿੱਸਿਆਂ ਵਿਚ ਵਿਅਕਤੀ ਅਤੇ ਸਮਾਜ ਦੀ ਟੱਕਰ ਨੂੰ ਭਾਵੁਕ ਸੁਤੰਤਰਤਾ ਦੇ ਮਨੋਵਿਗਿਆਨਕ ਪ੍ਰਸੰਗ ਵਿਚ ਪੇਸ਼ ਕਰਨ ਦੀ ਥਾਂ ਵਾਰ ਸ਼ਾਹ ਮੁਹੰਮਦ ਦੀ ਮੁਖ ਘਟਨਾ ਦੋ ਰਾਜਸੀ ਸ਼ਕਤੀਆਂ ਦੀ ਟੱਕਰ ਨੂੰ ਇਤਿਹਾਸਕ ਪਰਿਪੇਖ ਵਿਚ ਪ੍ਰਸਤੁਤ ਕਰਦੀ ਹੈ। ਇਸ ਦੇ ਬਾਕੀ ਦੇ ਨਾਮ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਅਤੇ ‘ਹਿੰਦ ਪੰਜਾਬ ਦਾ ਜੰਗ’ ਇਸ ਅੰਤਰ ਨੂੰ ਹੋਰ ਸਪੱਸ਼ਟ ਰੂਪ ਉਜਾਗਰ ਕਰਦੇ ਹਨ। ਕਵੀ ਇਸ ਗੱਲ ਬਾਰੇ ਸੁਚੇਤ ਹੈ ਕਿ ਇਸ ਜੰਗ ਵਿਚ ਸਿੰਘਾਂ ਤੇ ਫਰੰਗੀਆਂ ਅਥਵਾ ਹਿੰਦ ਤੇ ਪੰਜਾਬ ਦੀ ਟੱਕਰ ਹੋ ਰਹੀ ਹੈ। ਇਹ ਮੱਧ ਕਾਲ ਦੇ ਆਮ ਕਬੀਲਿਆਂ ਜਾਂ ਸਰਦਾਰਾਂ ਵਿਚਾਲੇ ‘ਜ਼ਰ, ਜ਼ੋਰੂ, ਜ਼ਮੀਨ’ ਅਥਵਾ ਗ਼ੈਰ ਦੇ ਧਨ, ਇਸਤਰੀ, ਜਾਂ ਇਲਾਕੇ ਉਤੇ ਕਬਜ਼ਾ ਕਰਨ ਵਾਲੀਆਂ ਨਿੱਕੀਆਂ-ਨਿੱਕੀਆਂ ਕਬੀਲਾਵਾਦੀ ਲੜਾਈਆਂ ਨਾਲੋਂ ਵੱਖਰੀ ਭਾਂਤ ਦੀ ਜੰਗ ਹੈ, ਜਿਸ ਦਾ ਸੰਬੰਧ ਉਨੀਵੀਂ ਸਦੀ ਦੇ ਭਾਰਤ ਦੀ ਸਮੁੱਚੀ ਕਿਸਮਤ ਨਾਲ ਹੈ। ਪੱਛਮੀ ਸੰਸਕ੍ਰਿਤੀ ਜੋ ਪਹਿਲਾਂ ਹਿੰਦ ਉਤੇ ਭਾਰੂ ਹੋਈ, ਇਸ ਜੰਗ ਦੇ ਸਿੱਟੇ ਵਜੋਂ ਪੰਜਾਬ ਉਤੇ ਗਾਲਿਬ ਹੁੰਦੀ ਦਿਸਦੀ ਹੈ। ਨਿਮਨ ਕਥਨ ਇਸ ਪ੍ਰਸੰਗ ਵਿਚ ਹੀ ਵਿਸ਼ੇਸ਼ ਰੂਪ ਵਿਚ ਸਾਰਥਿਕ ਹੈ: ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੇਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਬੇਸ਼ਕ ਇਸ ਜੰਗ ਤੋਂ ਪਹਿਲਾਂ ਹਿੰਦ ਉਤੇ ਅੰਗਰੇਜ਼ਾਂ ਦੀ ਪ੍ਰਭੁਸੱਤਾ ਮੁਕੰਮਲ ਹੋ ਚੁੱਕੀ ਸੀ ਅਤੇ ਇਸ ਜੰਗ ਦਾ ਪੰਜਾਬ ਦੀ ਸੁਤੰਤਰਤਾ ਨੂੰ ਹਥਿਆਉਣਾ ਅੰਗਰੇਜ਼ੀ ਸਰਕਾਰ ਦਾ ਸਪੱਸ਼ਟ ਤੇ ਗਿਣਿਆ ਮਿਥਿਆ ਨਿਸ਼ਾਨਾ ਸੀ।
ਜੰਗਨਾਮਾ ਹਿੰਦ-ਪੰਜਾਬ ‘ਚ ਰਾਸ਼ਟਰੀ ਚੇਤਨਾ
(ੳ) ਜੁਝਾਰੂ ਮਾਨਸਿਕਤਾ : ਰਣਜੀਤ ਸਿੰਘ ਦੇ ਪੰਜਾਹ ਸਾਲ ਦੇ ਰਾਜ ਕਾਲ ਵਿਚ ਯਕੀਨੀ ਤੌਰ ‘ਤੇ ਇਕ ਨਵੀਂ ਰਾਸ਼ਟਰੀ ਚੇਤਨਾ ਦਾ ਵਿਕਾਸ ਹੋ ਚੁੱਕਾ ਸੀ ਅਤੇ ਇਸ ਚੇਤਨਾ ਦੇ ਫਲਸਰੂਪ ਪੰਜਾਬ ਦੇ ਮੁਸਲਮਾਨ ਲੋਕ ਹੱਕੀ ਤੌਰ ਤੇ ਆਪਣੇ ਆਪ ਨੂੰ ਇਕ ਆਜ਼ਾਦ ਰਾਸ਼ਟਰ ਦੇ ਨਾਗਰਿਕ ਸਮਝਣ ਲੱਗ ਪਏ ਸਨ। ਬੇਸ਼ੱਕ ਮੁਹੰਮਦ ਦੀ ਰਚਨਾ ਪੰਜਾਬੀਆਂ ਦੀ ਇਸ ਸਾਂਝੀ ਰਾਸ਼ਟਰੀਅਤਾ ਤੋਂ ਪ੍ਰੇਰਿਤ ਹੈ:
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਆਫ਼ਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜਾਤ ਆਈ।
ਇਸ ਰਾਸ਼ਟਰੀ ਪਿਛੋਕੜ ਵਿਚ ਪੰਜਾਬੀਆਂ ਲਈ ‘ਹਿੰਦ ਪੰਜਾਬ ਦਾ ਜੰਗ’ ਨਿਸਚੇ ਹੀ ਆਪਣੀ ਸੁਤੰਤਰਤਾ ਦੀ ਕਰਨ ਦਾ ਸਾਮੂਹਿਕ ਮਸਲਾ ਸੀ, ਕਿਸੇ ਵਿਅਕਤੀ ਲਈ ਲੜ ਮਰਨ ਜਾਂ ਉਸ ਦੇ ਰਾਜ ਨੂੰ ਬਚਾਉਣ ਦਾ ਮਸਲਾ ਨਹੀਂ। ਸ਼ਾਹ ਮੁਹੰਮਦ ਨੇ ਇਸ ਜੰਗ ਨੂੰ ਇਸ ਰਾਸ਼ਟਰੀ ਭਾਵਨਾ ਅਤੇ ਚੇਤਨਾ ਦੇ ਪਿਛੋਕੜ ਵਿਚ ਪੇਸ਼ ਕੀਤਾ ਹੈ। ਇਸੇ ਲਈ ਉਹ ਰਣਜੀਤ ਸਿੰਘ ਦੇ ਵਾਰਸਾਂ, ਸਰਦਾਰਾਂ, ਵਜ਼ੀਰਾਂ, ਅਹਿਲਕਾਰਾਂ ਤੇ ਫੌਜੀ ਅਫਸਰਾਂ ਦੀ ਆਪੋ ਧਾਪੀ, ਖੁਦਗਰਜ਼ੀ ਕਾਇਰਤਾ, ਬੁਰਛਾਗਰਦੀ ਅਤੇ ਗ਼ਦਾਰੀ ਦਾ ਵਰਣਨ ਕਰਦਾ ਹੈ ਤਾਂ ਉਸ ਦੇ ਸ਼ਬਦਾਂ ਵਿਚੋਂ ਡੂੰਘੀ ਰਾਸ਼ਟਰੀ ਝਲਕਦੀ ਹੈ:-
ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,
ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,
ਸਭੋ ਕਤਲ ਹੋਏ ਵਾਰੋ ਵਾਰ ਮੀਆਂ।
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ,
ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ ਮੰਡਲੀ ਹੋਈ ਤਿਆਰ ਮੀਆਂ।
ਬੇਸ਼ਕ ਰਣਜੀਤ ਸਿੰਘ ਤੋਂ ਬਾਅਦ ਸਿੱਖ ਫੌਜ ਦਰਬਾਰ ਦੇ ਅਹਿਲਕਾਰਾਂ ਤੇ ਸਰਦਾਰਾਂ ਦੀਆਂ ਆਪਸੀ ਦੁਸ਼ਮਣੀ ਕਰਕੇ ਬੇਕਾਬੂ ਹੋ ਚੁੱਕੀ ਸੀ ਤੇ ਇਸ ਸਥਿਤੀ ਵਿਚ ਜੇ ਵੀ ਸਰਕਾਰ ਥੋੜ੍ਹੇ ਸਮੇਂ ਲਈ ਤਾਕਤ ਵਿਚ ਆਉਂਦੀ ਉਹ ਸਰਕਾਰ ਖਜ਼ਾਨ ਦਾ ਮੂੰਹ ਖੋਲ੍ਹ ਕੇ ਫੌਜ ਦੀ ਵਫਾਦਾਰੀ ਖਰੀਦਣ ਦੀ ਕੋਸ਼ਿਸ਼ ਕਰਦੀ। ਇਹ ਸ਼ਕਤੀਸ਼ਾਲੀ ਖ਼ਾਲਸਾ ਫੌਜ ਨਾ ਸਿਰਫ ਬੇਕਾਬੂ ਹੀ ਹੋ ਚੁੱਕੀ ਸੀ, ਸਗੋਂ ਇਸ ਨੂੰ ਇਸ ਗੱਲ ਦਾ ਵੀ ਪੂਰਾ ਗੁਮਾਨ ਹੋ ਚੁੱਕਾ ਸੀ ਕਿ ਜੋ ਵੀ ਗੱਦੀ ਉਤੇ ਬੈਠਦਾ ਹੈ, ਉਸ ਨੂੰ ਫੌਜ ਦੀ ਸ਼ਕਤੀ ਉਤੇ ਨਿਰਭਰ ਰਹਿਣਾ ਪੈਂਦਾ ਹੈ। ਜਵਾਹਰ ਸਿੰਘ ਨੂੰ ਕਤਲ ਕਰਕੇ, ਉਸ ਦੀ ਭੈਣ ਮਹਾਰਾਣੀ ਜਿੰਦਾਂ ਨੂੰ ਫੌਜੀ ਅਹੁਦੇਦਾਰ ਜੋ ਬੋਲੀਆਂ ਮਾਰਦੇ ਹਨ, ਉਹ ਇਸ ਤੱਥ ਨੂੰ ਹੋਰ ਉਜਾਗਰ ਕਰਦੀਆਂ ਹਨ:-
ਮਾਈ ਕੈਦ ਕਨਾਤ ਦੇ ਵਿਚ ਕੀਤੀ,
ਕਿਸ ਨੂੰ ਰੋਇ ਕੇ ਪਈ ਸੁਣਾਵਣੀ ਹੈ।
ਤੇਰਾ ਕੌਣ ਹਮਾਇਤੀ ਸੁਣਨ ਵਾਲਾ,
ਜਿਸ ਨੂੰ ਪਾਇ ਕੇ ਵੈਣ ਦਿਖਾਵਣੀ ਹੈ।
ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,
ਜਿਹੜੇ ਡੂੰਘੜੇ ਵੈਣ ਤੂੰ ਪਾਵਣੀ ਹੈ।
ਸ਼ਾਹ ਮੁਹੰਮਦਾ ਦੇ ਇਨਾਮ ਸਾਨੂੰ,
ਸਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ।
ਨਿਰਸੰਦੇਹ ਖ਼ਾਲਸਾ ਫੌਜ ਦੇ ਸਾਮੂਹਿਕ ਚਰਿੱਤਰ ਵਿਚ ਇਹ ਅਧੋਗਤੀ ਰਾਜ ਦੇ ਵਾਰਸਾਂ, ਸਰਦਾਰਾਂ ਤੇ ਅਹਿਲਕਾਰਾਂ ਦੀਆਂ ਅਨੀਤੀਆਂ ਕਰਕੇ ਪੈਦਾ ਹੋਈ ਸੀ ਤੇ ਇਹ ਅਧੋਗਤੀ ਮੁਖ ਰੂਪ ਵਿਚ ਉਸ ਰਾਸ਼ਟਰੀ ਸੰਕਟ ਦਾ ਕਾਰਣ ਬਣਦੀ ਦਿਸਦੀ ਸੀ ਜੋ ਅੰਗਰੇਜ਼ਾਂ ਹੱਥੋਂ ਪੰਜਾਬ ਦੀ ਹਾਰ ਦੇ ਰੂਪ ਵਿਚ ਸਾਕਾਰ ਹੋਣ ਵਾਲਾ ਸੀ।
ਲਾਹੌਰ ਦਰਬਾਰ ਦੇ ਆਗੂਆਂ, ਫੌਜ ਦੇ ਮੁਖੀਆਂ ਤੇ ਸਿਪਾਹੀਆਂ ਵਿਚ ਵਿਆਪ ਚੁੱਕੀ ਇਸ ਅਧੋਗਤੀ ਦਾ ਚਰਿੱਤਰ ਤੇ ਆਚਰਣਕ ਅਧੋਗਤੀ ਦੇ ਰੂਪ ਵਿਚ ਹੀ ਪੇਸ਼ ਕੀਤਾ ਗਿਆ ਹੈ ਅਤੇ ਮੁੱਖ ਤੌਰ ‘ਤੇ ਪੰਜਾਬੀਆਂ ਦੀ ਸਾਮੂਹਿਕ ਅਧੋਗਤੀ ਨੂੰ ਹੀ ਪੰਜਾਬੀਆਂ ਦੀ ਹਾਰ ਦਾ ਵੱਡਾ ਕਾਰਣ ਦਰਸਾਇਆ ਗਿਆ ਹੈ। ਇਸ ਪੱਖ ਤੋਂ ਸ਼ਾਹ ਮੁਹੰਮਦ ਦੀ ਇਤਿਹਾਸਕ ਚੇਤਨਾ ਤੇ ਦੂਰ ਦ੍ਰਿਸ਼ਟੀ ਮਧਕਾਲੀਨ ਜਾਗੀਰਦਾਰੀ ਸੰਵੇਦਨਾ ਤੋਂ ਉਪਰ ਉੱਠ ਕੇ ਇਸ ਜੰਗ ਵਿਚ ਜਾਗੀਰਦਾਰੀ ਤੇ ਪੂੰਜੀਵਾਦੀ ਸਮਾਜੀ ਪ੍ਰਬੰਧ ਦੀ ਟੱਕਰ ਨੂੰ ਜਿਸ ਵਿਚ ਜਾਗੀਰਦਾਰੀ ਪ੍ਰਬੰਧ ਦੀ ਹਾਰ ਅਨਿਵਾਰੀਯ ਸੀ, ਵੇਖ ਸਕਣ ਦੇ ਸਮਰੱਬ ਨਹੀਂ ਸੀ। ਇਸ ਲਈ ਉਹ ਨਵੇਂ ਉਸਰੇ ਪੰਜਾਬੀ ਰਾਸ਼ਟਰ ਦੇ ਵਿਗੜਨ ਦੀ ਇਤਿਹਾਸਕ ਘਟਨਾ ਦੇ ਪਿਛੋਕੜ ਵਿਚ ਪੰਜਾਬੀ ਕੌਮ ਦੀ ਬਚੀ ਖੁਚੀ ਸ਼ਕਤੀ ਦੀਆਂ ਅੰਤਿਮ ਕੋਸ਼ਿਸ਼ਾਂ ਦਾ ਇਕ ਸਫਲ ਕਰੁਣਾਮਈ ਬਿਰਤਾਂਤ ਪੇਸ਼ ਕਰਦਾ ਹੈ ਜ਼ਾਹਿਰ ਹੈ ਕਿ ਇਸ ਬਿਰਤਾਂਤ ਵਿਚ ਉਸ ਦੀ ਸੰਵੇਦਨਾ ਮੱਧ-ਕਾਲੀਨ ਸਾਮੰਤਵਾਦੀ ਦ੍ਰਿਸ਼ਟੀ ਦੀ ਪ੍ਰਤਿਨਿਧਤਾ ਕਰਦੀ ਹੈ ਅਤੇ ਸਾਮੰਤਵਾਦੀ ਦ੍ਰਿਸ਼ਟੀ ਦਾ ਸੁਭਾ, ਆਪਣੇ ਚਰਿੱਤਰ ਤੇ ਕਾਰਜ ਦੇ ਦੋਹਾਂ ਪੱਖਾਂ ਤੋਂ ਸਮੂਹਵਾਦੀ ਹੈ । ਸਮੰਤਵਾਦੀ ਯੁਗ ਵਿਚ ਸੂਰਮਗਤੀ ਦਾ ਸੰਕਲਪ ਵੀ ਆਮ ਕਰਕੇ ਸਾਮੂਹਿਕ ਹੁੰਦਾ ਹੈ ਅਤੇ ਇਸੇ ਤਰ੍ਹਾਂ ਜਿੱਤ ਤੇ ਹਾਰ ਵੀ ਕਿਸੇ ਵਿਅਕਤੀ ਵਿਸ਼ੇਸ਼ ਦੀ ਜਿੱਤ ਜਾਂ ਹਾਰ ਨਹੀਂ ਹੁੰਦੀ, ਸਮੂਹ ਦੀ ਜਿੱਤ ਜਾਂ ਹਾਰ ਹੀ ਹੁੰਦੀ ਹੈ।
ਇਸ ਵਿਚ ਕੋਈ ਸੰਦੇਹ ਨਹੀਂ ਕਿ ਸਾਮੂਹਿਕ ਸੂਰਮਗਤੀ ਕਿਸੇ ਨਾਇਕ ਦੀ ਪ੍ਰੇਰਨਾ ਨਾਲ ਹੀ ਆਂਦੋਲਤ ਹੁੰਦੀ ਹੈ ਤੇ ਨਾਇਕ ਤੋਂ ਬਿਨਾਂ ਸਾਮੂਹਿਕ ਸੂਰਮਗਤੀ ਖਿੰਡ ਪੁੰਡ ਜਾਂਦੀ ਹੈ। ਹਿੰਦ ਪੰਜਾਬ ਦੇ ਜੰਗ ਵਿਚ ਹਾਰ ਇਸ ਲਈ ਵੀ ਭਾਰੂ ਸੀ ਕਿ ਅੰਗਰੇਜ਼ੀ ਫੌਜਾਂ ਨੂੰ ਲਾਰਡ ਹਾਰਡਿੰਗ ਵਰਗੇ ਯੋਗ ਜਰਨੈਲ ਤੇ ਅਨੁਸ਼ਾਸਨ ਪ੍ਰਾਪਤ ਸੀ ਜਦ ਕਿ ਖਾਲਸਾ ਫੌਜਾਂ ‘ਇਕ ਸਰਕਾਰ ਬਾਝੋਂ” ‘ਬੇਮਾਲਕ’ ਹੀ ਨਹੀਂ ਸਗੋਂ ਪਾਟੋਧਾੜ ਟਕਾਪੰਥੀ ਗੱਦਾਰ ਜਰਨੈਲਾਂ ਤੇ ਅਹਿਲਕਾਰਾਂ ਦੀਆਂ ਗੁੱਝੀਆਂ ਚਾਲਾਂ ਦਾ ਵੀ ਸ਼ਿਕਾਰ ਸਨ। ਆਪਣੀ ਫੌਜੀ ਸ਼ਕਤੀ ਨੂੰ ਸਰਵੋਤਮ ਢੰਗ ਨਾਲ ਜਥੇਬੰਦ ਕਰ ਕੇ ਅਤੇ ਹਰ ਤਰ੍ਹਾਂ ਦੀ ਰਾਜਸੀ ਕੂਟ ਨੀਤ ਦਾ ਵਿਸ਼ਵਾਸ ਨਿਸਚੇ ਹੀ ਪੰਜਾਬ ਨੂੰ ਬਰਤਾਨਵੀ ਸਾਮਰਾਜ ਵਿਚ ਸ਼ਾਮਿਲ ਕਰਨਾ ਸੀ। ਜਦਕਿ ਇਸ ਦੇ ਵਿਪਰੀਤ ਖਾਲਸਾ ਫੌਜ ਤੇ ਲਾਹੌਰ ਦਰਬਾਰ ਵਿਚ ਇਕ ਅਜਬ ਜਿਹਾ ਸਵਾਰਥੀ ਮਨੋਰਥ ਫੌਜ ਨੂੰ ਜੰਗ ਦੀ ਭੱਠੀ ਵਿਚ ਝੋਕ ਕੇ ਇਸ ਨੂੰ ਸਬਕ ਸਿਖਾਣਾ ਤੇ ਪੰਜਾਬ ਨੂੰ ਅੰਗਰੇਜ਼ ਦੇ ਹਵਾਲੇ ਕਰਨ ਤਕ ਗਰਕਿਆ ਪਿਆ ਸੀ। ਸ਼ਾਹ ਮੁਹੰਮਦ ਨੇ ਦੋਹਾਂ ਪੱਖਾਂ ਦੇ ਮਨੋਰਥਾਂ ਨੂੰ ਬੜੀ ਸ਼ਿੱਦਤ ਅਤੇ ਨਿਰਪੱਖ ਦ੍ਰਿਸ਼ਟੀ ਨਾਲ ਜੰਗ ਦੇ ਅੰਤ ਤਕ ਬਿਆਨਿਆ ਹੈ। ਅੰਗਰੇਜ਼ੀ ਸਰਕਾਰ ਦਾ ਮਨੋਰਥ ਲਾਰਡ ਹਾਰਡਿੰਗ ਦੀ ਗੋਰਾ ਸ਼ਾਹੀ ਨੂੰ ਪੰਜਾਬ ‘ਚ ਸਥਾਪਿਤ ਕਰਨ ਨੂੰ ਸ਼ਾਹ ਮੁਹੰਮਦ ਨੇ ਇਸ ਤਰ੍ਹਾਂ ਪੇਸ਼ ਕੀਤਾ ਹੈ:
ਲੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ,
ਇਨ੍ਹਾਂ ਲਾਟਾਂ ਵਿਚੋਂ ਕੌਣ ਲੜੇਗਾ ਜੀ,
ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ,
ਹਮ ਸੀਖ ਸਿਉ ਜਾਇ ਕੇ ਲੜੇਗਾ ਜੀ।
ਘੰਟੇ ਤੀਨ ਮੇਂ ਜਾ ਲਾਹੌਰ ਮਾਰਾਂ,
ਇਸ ਬਾਤ ਮੇਂ ਫ਼ਰਕ ਨਾ ਪੜੇਗਾ ਜੀ।
ਸ਼ਾਹ ਮੁਹੰਮਦਾ ਫਗਣੋਂ ਤੇਰ੍ਹਵੀਂ ਨੂੰ,
ਹਮ ਸ਼ਹਿਰ ਲਾਹੌਰ ਵਿਚ ਵੜੇਗਾ ਜੀ।
ਇਸ ਸਪਸ਼ਟ ਮਨੋਰਥ ਦੀ ਪੂਰਤੀ ਲਈ,
ਵਜੀ ਤੁਰਮ ਤੰਬੂਰ ਕਰਨੈਲ ਸ਼ੁਤਰੀ,
ਤੰਬੂ ਬੈਰਕਾਂ ਨਾਲ ਨਿਸ਼ਾਨ ਮੀਆਂ।
ਕੋਤਲ ਬੱਘੀਆਂ ਪਾਲਕੀ ਤੋਪਖਾਨੇ,
ਦੂਰਬੀਨ ਚੰਗੀ, ਸਾਇਬਾਨ ਮੀਆਂ।
ਚੜ੍ਹਿਆ ਲੰਦਨੋਂ ਲਾਟ ਉਠਾਇ ਬੀੜਾ,
ਡੇਰਾ ਪਾਂਵਦਾ ਵਿਚ ਮੈਦਾਨ ਮੀਆਂ।
ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ,
ਮੁਲਕ ਪਾਰ ਦਾ ਮੱਲਿਆ ਆਣ ਮੀਆਂ।
ਦੂਜੇ ਪਾਸੇ ਲਾਹੌਰ ਦਰਬਾਰ ਤੇ ਖਾਲਸਾ ਫੌਜ ਦਾ ਆਸ਼ਾ, ਜਿਵੇਂ ਸ਼ਾਹ ਮੁਹੰਮਦ ਨੇ ਇਸ ਨੂੰ ਪੇਸ਼ ਕੀਤਾ ਵੇਖਣਯੋਗ ਹੈ:
ਤੇਰੀ ਵੱਲ ਮੈਂ ਫੌਜ ਨੂੰ ਘਲਣੀ ਆਂ,
ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।
1.
ਸ਼ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,
ਮੈਨੂੰ ਏਤਨੀ ਬਾਤ ਪਸੰਦ ਵਾਰੀ।
- ਜ਼ਬਤ ਕਰਾਂਗੇ ਮਾਲ ਫਰੰਗੀਆਂ ਦੇ,
ਉਥੋਂ ਲਿਆਵਾਂਗੇ ਦੋਲਤਾਂ ਬੋਰੀਆਂ ਨੀ।
ਪਿੱਛੋਂ ਵੜਾਂਗੇ ਉਨ੍ਹਾਂ ਦੇ ਸਿਤਰ-ਖਾਨੇ,
ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ ।
ਸ਼ਾਹ ਮੁਹੰਮਦਾ ਲਵਾਂਗੇ ਫੇਰ ਕੰਠੇ,
ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ।
ਇਕ ਪਾਸੇ ਫਰੰਗੀਆਂ ਦਾ ਸਪੱਸ਼ਟ ਸਾਮਰਾਜੀ ਮਨੋਰਥ ਹੈ, ਜਿਸ ਲਈ ਡੇਢ ਸਾਲ ਪਹਿਲਾਂ ਤੋਂ ਯੋਜਨਾਵਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਅਤੇ ਦੂਜੇ ਪਾਸੇ ਲਾਹੋਰ ਦਰਬਾਰ (ਜਿਸ ਨੂੰ ਸ਼ਾਹ ਮੁਹੰਮਦ ਨੇ ਰਾਣੀ ਜਿੰਦਾਂ ਦੀ ਬਦਲੇ ਦੀ ਭਾਵਨਾ ਦੇ ਰੂਪ ਵਿਚ ਪੇਸ਼ ਕੀਤਾ ਹੈ) ਦੀਆਂ ਫੌਜਾਂ ਨੂੰ ਮਰਵਾਣ ਦੀ ਯੋਜਨਾ ਹੈ ਅਤੇ ਫੌਜੀਆਂ ਵਿਚ ਅੰਗਰੇਜ਼ ਦਾ ਖਜ਼ਾਨਾ ਲੁੱਟਣ ਅਤੇ ‘ਉਨ੍ਹਾਂ ਦੀਆਂ ਗੋਰੀਆਂ’ ਬੰਨ੍ਹ ਲਿਆਉਣ ਦਾ ਸੁਆਰਥੀ ਉਮਾਹ ਹੈ। ਇਕ ਪਾਸੇ ਅੰਗਰੇਜ਼ ਦੀ ਯੋਜਨਾਬੱਧ ਸਾਮਰਾਜੀ ਚਾਲ, ਦੂਜੇ ਪਾਸੇ ਸਾਮੰਤਵਾਦੀ ਨਿਜ਼ਾਮ ਦੇ ਢਹਿ ਢੇਰੀ ਹੋ ਰਹੇ ਸੰਗਠਨ ਦੇ ਪ੍ਰਤੱਖ ਪ੍ਰਮਾਣ ਨਜ਼ਰ ਆ ਰਹੇ ਹਨ। ਦੋਹਾਂ ਧਿਰਾਂ ਦੇ ਆਸ਼ਿਆਂ ਵਿਚ ਹੀ ਏਨਾ ਅੰਤਰ ਹੈ ਕਿ ਇਸ ਵਿਚ ਪੰਜਾਬ ਦੀ ਭਾਵੀ ਸਪੱਸ਼ਟ ਝਲਕਾਂ ਮਾਰਦੀ ਦਿਸਦੀ ਹੈ, ਤਾਂ ਵੀ ਸ਼ਾਹ ਮੁਹੰਮਦ ਸਾਮੰਤੀ ਰਾਸ਼ਟਰਵਾਦੀ ਚੇਤਨਾ ਦੇ ਸੰਸਕਾਰਾਂ ਦੀ ਪਕੜ ਅਧੀਨ ਜਦ ਖ਼ਾਲਸਾ ਫੌਜਾਂ ਦੇ ਕੂਚ ਦਾ ਬਿਆਨ ਕਰਦਾ ਹੈ ਤਾਂ ਉਸ ਨੂੰ ਇਹ ਫੌਜਾਂ ਪੰਜਾਬ ਦੀ ਰਾਸ਼ਟਰੀ ਅਣਖ ਤੇ ਆਨ ਦੀਆਂ ਪ੍ਰਤੀਕ ਨਜ਼ਰ ਆਉਂਦੀਆਂ ਹਨ। ਫੌਜਾਂ ਦੀ ਚੜ੍ਹਤਲ ਦਾ ਭਾਵ ਭਰਪੂਰ ਬਿਆਨ ਪੰਜਾਬੀਆਂ ਦੀ ਸਾਮੂਹਿਕ ਸੂਰਮਗਤੀ ਦਾ ਤੇਜਸਵੀ ਪ੍ਰਭਾਵ ਸਿਰਜਦਾ ਹੈ:-
- ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ਬੇਲਿਓਂ ਨਿਕਦੇ ਸ਼ੇਰ ਮੀਆਂ।
ਚੜ੍ਹੇ ਸਭ ਮਝੈਲ ਦੁਆਬੀਏ ਜੀ,
ਜਿਨ੍ਹਾਂ ਕਿਲ੍ਹੇ ਨਿਵਾਏ ਨੇ ਢੇਰ ਮੀਆਂ।
ਸ਼ਾਹ ਮੁਹੰਮਦਾ ਚੜ੍ਹੇ ਜਮੂਰ-ਖ਼ਾਨੇ,
ਹੋਇਆ ਹੁਕਮ ਨਾ ਲਾਵਦੇ ਦੇਰ ਮੀਆਂ।
- ਮਜ਼ਹਰ ਅਲੀ ਤੇ ਮਾਖੇ ਖਾਂ ਕੂਚ ਕੀਤਾ,
ਤੋਪਾਂ ਸ਼ਹਿਰ ਥੀ ਬਾਹਰ ਨਿਕਾਲੀਆਂ ਨੀ।
ਬੇੜਾ ਚੜਿਆ ਸੁਲਤਾਨ ਮਹਿਮੂਦ ਵਾਲਾ,
ਤੋਪਾਂ ਨਾਲ ਇਮਾਮ ਸ਼ਾਹ ਵਾਲੀਆਂ ਨੀ।
ਇਲਾਹੀ ਬਖ਼ਸ਼ ਪਟੋਲੀ ਨੇ ਮਾਂਜ ਕੇ ਜੀ,
ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ,
ਸ਼ਾਹ ਮੁਹੰਮਦਾ ਐਸੀਆਂ ਲਿਸ਼ਕ ਆਈਆਂ,
ਬਿਜਲੀ ਵਾਂਗ ਜੋ ਦੇਣ ਵਿਖਾਲੀਆਂ ਜੀ।
- ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸੇ,
ਸਭੇ ਗੱਭਰੂ ਨਾਲ ਹੰਕਾਰ ਤੁਰਦੇ।
ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ,
ਪੱਤਣ ਲੰਘੇ ਨੀ ਜਾ ਫ਼ੀਰੋਜ਼ਪੁਰ ਦੇ।
- ਚੱਲੀ ਸਭ ਪੰਜਾਬ ਦੀ ਬਾਦਸ਼ਾਹੀ,
ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆ।
ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈ,
ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।
ਉਪਰੋਕਤ ਬੈਂਤਾਂ ਵਿਚ ਖਾਲਸਾ ਫੌਜ ਦੀ ਸਾਮੂਹਿਕ ਸੂਰਬੀਰਤਾ ਵਿਚ ਸ਼ਾਹ ਮੁਹੰਮਦ ਦਾ ਵਿਸ਼ਵਾਸ ਨਿਸਚੇ ਹੀ ਉਸ ਦੇ ਰਾਸ਼ਟਰੀ ਉਮਾਹ ਨਾਲ ਜੁੜਿਆ ਹੋਇਆ ਹੈ। ਉਸ ਦੀ ਰਾਸ਼ਟਰੀ ਚੇਤਨਾ ਤੇ ਇਤਿਹਾਸਕ ਚੇਤਨਾ ਵਿਚ ਇਕ ਅਜਬ ਜਿਹਾ ਵਿਰੋਧ ਨਜ਼ਰ ਆਉਂਦਾ ਹੈ। ਇਤਿਹਾਸਕ ਚੇਤਨਾ ਦੇ ਪੱਖ ਤੋਂ ਉਹ ਖਾਲਸਾ ਰਾਜ ਨੂੰ ਅੰਦਰੋਂ ਲੱਗ ਰਹੀ ਢਾਹ ਬਾਰੇ ਪੂਰੀ ਤਰ੍ਹਾਂ ਸੁਚੇਤ ਹੈ। ਪਰ ਰਾਸ਼ਟਰੀ ਚੇਤਨਾ ਦੇ ਪੈਂਤੜੇ ਉਤੇ ਉਹ ਅੰਗਰੇਜ਼ਾਂ ਤੇ ਸਿੰਘਾਂ ਦੀ ਜੰਗ ਦੀ ਫੈਸਲਾਕੁਨ ਲੜਾਈ ਦੇ ਅੰਤ ਤਕ ਪੰਜਾਬੀਆਂ ਦੀ ਸਾਮੂਹਿਕ ਸੁਰਬੀਰਤਾ ਵਿਚ ਆਪਣੇ ਵਿਸ਼ਵਾਸ ਉਤੇ ਕਾਇਮ ਰਹਿੰਦਾ ਹੈ। ਪਰ ਕਲਾਤਮਕ ਪੱਖ ਤੋਂ ਵਿਸ਼ੇਸ਼ ਗੌਰਵ ਤੇ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਤਿਹਾਸਕ ਅਤੇ ਰਾਸ਼ਟਰੀ ਚੇਤਨਾ ਵਿਚਲਾ ਇਹ ਦਵੰਦ ਘਟਨਾ ਦੇ ਵਰਣਨ ਵਿਚ ਕਿਸੇ ਪ੍ਰਕਾਰ ਦੀ ਉਲਾਰ ਭਾਵਨਾ ਜਾਂ ਪੱਖਪਾਤ ਦਾ ਪ੍ਰੇਰਕ ਨਹੀਂ ਬਣਦਾ, ਘਟਨਾ ਦਾ ਨਿਆਂ ਭਰਪੂਰ ਵਰਣਨ ਉਸ ਦੀ ਰਚਨਾ ਦੀ ਮੁਖ ਸ਼ਕਤੀ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਅਨੁਸਾਰ, “ਉਹ ਸਿੱਖ ਕਾਲ ਦਾ ਇਕੋ ਇਕ ਕਵੀ ਹੈ ਜੋ ਘੁਰਨ ਵੇਲੇ ਘੁਰਦਾ ਹੈ, ਥਾਪੜਨ ਵੇਲੇ ਥਾਪੜਦਾ ਹੈ-ਜੋ ਗੁਣਾਂ ਨੂੰ ਹੱਲਾ ਸ਼ੇਰੀ ਦੇਂਦਾ ਤੇ ਔਗੁਣਾਂ ਨੂੰ ਚੰਗੀ ਤਰ੍ਹਾਂ ਨੰਗਿਆ ਕਰਦਾ ਹੈ।” ਬੇਸ਼ਕ ਨਿਆਂਕਾਰੀ ਬਿਰਤਾਂਤ ਦਾ ਇਹ ਗੁਣ ਉਸ ਦੀ ਰਚਨਾ ਵਿਚ ਵਿਸ਼ੇ ਦੀ ਪੇਸ਼ਕਾਰੀ ਨੂੰ ਵਿਸ਼ੇਸ਼ ਮਹੱਤਵ ਅਤੇ ਸਾਰਥਿਕਤਾ ਪ੍ਰਦਾਨ ਕਰਦਾ ਹੈ।
ਪੰਜਾਬ-ਪੰਜਾਬੀ-ਪੰਜਾਬੀਅਤ ਦੀ ਭਾਵਨਾ
ਇੰਜ ਸ਼ਾਹ ਮੁਹੰਮਦ ਦੇ ਜੰਗਨਾਮੇ ਦਾ ਵਿਸ਼ਾ ਕੇਵਲ ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਤਕ ਸੀਮਿਤ ਨਹੀਂ। ਨਾ ਉਹ ਇਸ ਦੁਆਰਾ ਕੇਵਲ ਸਿੰਘਾਂ ਦੀ ਸੂਰਮਗਤੀ ਦੇ ਚਿਤਰ ਹੀ ਖਿੱਚਣ ਦਾ ਚਾਹਵਾਨ ਦਿਸਦਾ ਹੈ, ਸਗੋਂ ਡੂੰਘੀ ਰਾਸ਼ਟਰੀ ਭਾਵਨਾ ਦੀ ਪਕੜ ਅਧੀਨ ਉਸ ਨੇ ਇਸ ਜੰਗਨਾਮੇ ਵਿਚ ਪੰਜਾਬ ਦੇ ਇਤਿਹਾਸ ਦੇ ਇਨ੍ਹਾਂ ਕਾਲੇ ਪੰਨਿਆਂ ਵਿਚ ਲੁਕੇ ਅਤੀਤ ਨੂੰ ਆਪਣੀ ਸ਼ਕਤੀਸ਼ਾਲੀ ਕਲਮ ਰਾਹੀਂ ਪੁਨਰ ਸੁਰਜੀਤ ਕਰਨ ਦਾ ਯਤਨ ਕੀਤਾ ਹੈ। ਰਾਸ਼ਟਰੀ ਭਾਵਨਾ ਉਸ ਦੀ ਪ੍ਰੇਰਨਾ ਹੈ, ਇਤਿਹਾਸ ਦਾ ਪੁਨਰ-ਸਿਰਜਨ ਉਸ ਦਾ ਆਸ਼ਾ ਵੀ ਹੈ, ਪ੍ਰਾਪਤੀ ਵੀ । ‘ਘੁਰਨ ਵੇਲੇ ਘੂਰਨਾ ਅਤੇ ਥਾਪੜਨ ਵੇਲੇ ਥਾਪੜਨਾ’ ਦੇ ਪਿੱਛੇ ਤੱਥ ਦਾ ਕਾਵਿਕ ਰੂਪਾਂਤ੍ਰਣ ਕਰਨ ਵਾਲੀ ਰਚਨਾਤਮਕ ਦ੍ਰਿਸ਼ਟੀ ਕ੍ਰਿਆਸ਼ੀਲ ਨਜ਼ਰ ਆਉਂਦੀ ਹੈ। ਇਸ ਦ੍ਰਿਸ਼ਟੀ ਵਿਚੋਂ ਗੁਜ਼ਰ ਕੇ ਹੀ ਇਤਿਹਾਸਕ ਤੱਥ ਇਤਿਹਾਸਕ ਸੰਦ੍ਰਿਸ਼ (vision) ਦੇ ਰੂਪ ਵਿਚ ਪ੍ਰਜਵਲਿਤ ਹੋ ਉਠਦੇ ਹਨ । ਸ਼ਾਹ ਮੁਹੰਮਦ ਦੀ ਕਾਵਿ-ਕਲਾ ਦੀ ਸਭ ਤੋਂ ਵੱਡੀ ਪ੍ਰਾਪਤੀ ਇਸੇ ਗੱਲ ਵਿਚ ਹੈ ਕਿ ਉਸ ਨੇ ਆਪਣੀ ਡੂੰਘੀ ਰਾਸ਼ਟਰੀ ਵੇਦਨਾ ਦੇ ਬਾਵਜੂਦ ਜੰਗਨਾਮੇ ਦੀਆਂ ਇਤਿਹਾਸਕ ਘਟਨਾਵਾਂ ਨੂੰ ਨਿਰਪੱਖ ਦ੍ਰਿਸ਼ਟੀ ਨਾਲ ਪੇਸ਼ ਕੀਤਾ ਹੈ ਅਤੇ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਦੇ ਸੁਤੰਤਰ ਰਾਜ ਦੇ ਪਤਨ ਨੂੰ ਇਤਿਹਾਸਕ ਸੰਦ੍ਰਿਸ਼ ਦੇ ਰੂਪ ਵਿਚ ਪੁਨਰ ਸੁਰਜੀਤ ਕਰ ਵਿਖਾਇਆ ਹੈ।
ਇਸ ਭੂਮਿਕਾ ਵਿਚ ਸ਼ਾਹ ਮੁਹੰਮਦ ਨੇ ਤਤਕਲੀਨ ਇਤਿਹਾਸਕ ਯਥਾਰਥ ਦੇ ਮਾਨਸਿਕ ਅਥਵਾ ਅੰਤਰੀਵਪੱਖ ਨੂੰ ਪ੍ਰਸਤੁੱਤ ਕਰਨ ਉੱਤੇ ਜ਼ੋਰ ਦਿੱਤਾ ਹੈ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਦੇ ਵਿਗਠਨ ਦੀ ਇਤਿਹਾਸਕ ਪ੍ਰਕਿਰਿਆ ਨੂੰ ਸ਼ਾਹ ਮੁਹੰਮਦ ਨੇ ਬੜੀ ਤਿੱਖੀ ਇਤਿਹਾਸਕ ਸੋਝੀ ਅਤੇ ਕਲਾਤਮਕ ਨਿਪੁੰਨਤਾ ਨਾਲ ਚਿਤਰਨ ਦਾ ਯਤਨ ਕੀਤਾ ਹੈ।
ਅੱਲਾਹ ਦੀ ਹਮਦ ਅਤੇ ਸੰਸਾਰ ਦੀ ਨਾਸ਼ਮਾਨਤਾ ਦੇ ਵਰਣਨ ਵਿਚ ਹੀ ਕਵੀ ਆਉਣ ਵਾਲੀ ਘਟਨਾ ਦੇ ਭਾਵੀ ਇਤਿਹਾਸਕ ਦੁਖਾਂਤ ਦਾ ਸੁਝਾ ਦਿੰਦਾ ਅਤੇ ਆਪਣੇ ਪਾਠਕ ਸਰੋਤੇ ਨੂੰ ਘਟਨਾ ਦੇ ਬਿਰਤਾਂਤ ਵਿਚ ਲੁਕੇ ਦਰਦ ਨੂੰ ਗ੍ਰਹਿਣ ਕਰਨ ਲਈ ਮਨੋਵਿਗਿਆਨਕ ਤੌਰ ‘ਤੇ ਤਿਆਰ ਕਰਦਾ ਪ੍ਰਤੀਤ ਹੁੰਦਾ ਹੈ:-
ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ,
ਬਾਦਸ਼ਾਹਾਂ ਤੋਂ ਭੀਖ ਮੰਗਾਵਦਾ ਈ।
ਸਦਾ ਨਹੀਂ ਜੇ ਦੋਲਤਾਂ ਫੀਲ ਘੋੜੇ,
ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ।
ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ
ਸਦਾ ਰਹਿਣ ਨਾ ਕਾਲੜੇ ਕੇਸ ਮੀਆਂ।
ਇਹ ਜਗ ਸਰਾਇ ਮੁਸਾਫਰਾਂ ਦੀ,
ਏਥੇ ਜ਼ੋਰ ਵਾਲੇ ਕਈ ਆਇ ਗਏ।
ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,
ਵਾਜੇ ਕੂੜ ਦੇ ਕਈ ਵਜਾਇ ਗਏ।
ਹਮਦੇ ਸਨਾ ਅਰਥਾਤ ਰੱਬ ਦੀ ਉਸਤਤ, ਵਿਸ਼ੇ ਦੀ ਮਨੋਵਿਗਿਆਨਕ ਭੂਮਿਕਾ, ਰਚਨਾ ਦੀ ਪ੍ਰੇਰਨਾ ਆਦਿ ਦਾ ਵਰਣਨ ਜਿੱਥੇ ਸੰਖੇਪ ਹੈ, ਉੱਥੇ ਮੂਲ ਘਟਨਾ ਦੇ ਬਿਰਤਾਂਤ ਨਾਲ ਵੀ ਜੁੜਿਆ ਪ੍ਰਤੀਤ ਹੁੰਦਾ ਹੈ। ਸਾਰਾ ਵਰਣਨ ਇਕ ਰਚਨਾਤਮਕ ਸੰਗਠਨ ਵਿਚ ਬੱਝਾ ਨਜ਼ਰ ਆ ਰਿਹਾ ਹੈ। ਜੰਗਨਾਮੇ ਦੇ ਰਵਾਇਤੀ ਰੂਪਕ ਅੰਸ਼ ਵੀ ਘਟਨਾ ਦੇ ਯਥਾਰਥ ਦੀ ਮੂਲ ਪ੍ਰਕਿਰਤੀ ਵੱਲ ਸੰਕੇਤ ਕਰਦੇ ਹਨ। ਇਸ ਭੂਮਿਕਾ ਵਿਚ
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।
ਵਰਗੇ ਕਥਨ ਵਿਚ ਲੁਕੀ ਇਤਿਹਾਸਕ ਨੀਭ ਯਥਾਰਥ ਦੀਆਂ ਅੰਤਰੀਵ ਪਰਤਾਂ ਉਬਲਦੀ ਨਜ਼ਰ ਆਉਂਦੀ ਹੈ।
ਮੂਲ ਘਟਨਾ ਦਾ ਬਿਰਤਾਂਤ ‘ਮਹਾਂਬਲੀ ਰਣਜੀਤ ਸਿੰਘ’ ਦੀ ਇਤਿਹਾਸਕ ਕੀਰਤੀ ਦੇ ਸੰਖਿਪਤ ਵਰਣਨ ਨਾਲ ਆਰੰਭ ਹੁੰਦਾ ਹੈ। ਬੇਸ਼ਕ ਰਣਜੀਤ ਸਿੰਘ ਦਾ ਨਾਇਕਤਵ ਹੀ ਇਸ ਜੰਗਨਾਮੇ ਵਿਚ ਪੰਜਾਬੀਆਂ ਦੀ ਸਾਮੂਹਿਕ ਸੂਰਮਗਤੀ, ਸ਼ਾਹ ਮੁਹੰਮਦ ਦੀ ਰਾਸ਼ਟਰੀ ਭਾਵਨਾ ਅਤੇ ਇਤਿਹਾਸਕ ਚੇਤਨਾ ਨੂੰ ਰਚਨਾਤਮਕ ਸੰਗਠਨ ਦੇ ਸੂਤਰ ਵਿਚ ਇਕਾਗਰ ਕਰਨ ਦਾ ਜ਼ਾਮਨ ਹੈ। ਇਸ ਪੱਖ ਤੋਂ ਸ਼ਾਹ ਮੁਹੰਮਦ ਦੀ ਇਸ ਰਚਨਾ ਦੇ ਪੰਜਵੇਂ ਬੰਦ ਵਿਚ ਰਣਜੀਤ ਸਿੰਘ ਦੀ ਕੀਰਤੀ ਦਾ ਵਰਣਨ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਣ ਹੈ:-
ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ ਕਸ਼ਮੀਰ ਪਸ਼ੌਰ ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਨਿਰਸੰਦੇਹ ਰਣਜੀਤ ਸਿੰਘ ਦੁਆਰਾ ਇਨ੍ਹਾਂ ‘ਪਚਾਸ ਬਰਸਾਂ’ ਵਿਚ ਉਸਾਰੀ ਆਪਣੀ ਹਕੂਮਤ ਵਿਚ ਪਹਿਲੀ ਵਾਰ ਪੰਜਾਬੀਆਂ ਨੂੰ ਸੁਤੰਤਰ ਪੰਜਾਬੀ ਰਾਸ਼ਟਰੀ ਚੇਤਨਾ ਦਾ ਅਨੁਭਵ ਪ੍ਰਾਪਤ ਹੋਇਆ ਸੀ। ਪੰਜਾਬ ਦੇ ਹਿੰਦੂ, ਸਿੱਖ, ਮੁਸਲਮਾਨ ਇਸ ਰਾਸ਼ਟਰੀ ਭਾਵਨਾ ਨੂੰ ਇਕੋ ਜਿਹੀ ਸ਼ਿੱਦਤ ਨਾਲ ਮਹਿਸੂਸ ਕਰਦੇ ਸਨ। ਰਣਜੀਤ ਸਿੰਘ ਦੇ ਰਾਜ ਵਿਚ ਸਭ ਧਰਮਾਂ ਲਈ ਬਰਾਬਰੀ ਤੇ ਸੁਰੱਖਿਆ, ਧਾਰਮਿਕ ਆਜ਼ਾਦੀ, ਰਾਜ ਕਾਜ ਵਿਚ ਬਰਾਬਰ ਦੇ ਅਵਸਰ, ਨਿਆਂਸ਼ੀਲਤਾ ਅਤੇ ਰਾਜ ਪ੍ਰਬੰਧ ਦੀ ਨਿਪੁੰਨਤਾ ਤੇ ਇਸ ਦੇ ਫਲਸਰੂਪ ਪੰਜਾਬ ਵਿਚ ਪੈਦਾ ਹੋਈ ਖੁਸ਼ਹਾਲੀ ਇਸ ਰਾਸ਼ਟਰੀ ਭਾਵਨਾ ਨੂੰ ਸ਼ਕਤੀ ਪ੍ਰਧਾਨ ਕਰਨ ਵਾਲੇ ਮਹੱਤਵਪੂਰਣ ਕਾਰਨ ਸਨ।
ਇਤਿਹਾਸਕ ਯਥਾਰਥ
ਜ਼ੁਲਮ ਤੇ ਨਿਰਦੈਤਾ ਰਣਜੀਤ ਸਿੰਘ ਦੇ ਰਾਜ ਵਿਚ ਲੋਪ ਹੋ ਗਏ ਸਨ ਅਤੇ ਮੌਤ ਦੀ ਸਜ਼ਾ ਖ਼ਤਮ ਕਰ ਦਿੱਤੀ ਗਈ ਸੀ । ਜਿਸ ਯੁਗ ਵਿਚ ਬਾਕੀ ਦੁਨੀਆਂ ਵਿਚ ਜ਼ੁਲਮ, ਅਤਿਆਚਾਰ ਤੇ ਅਣਮਨੁੱਖੀ ਵਿਹਾਰ ਦਾ ਬੋਲ ਬਾਲਾ ਸੀ । ਰਣਜੀਤ ਸਿੰਘ ਦਿਆਲਤਾ, ਮਨੁੱਖੀ ਗੁਣਾਂ ਅਤੇ ਪਰਜਾ ਪਿਆਰ ਲਈ ਪ੍ਰਸਿੱਧ ਸੀ। ਅੰਗਰੇਜ਼ ਅਫਸਰ ਆਸਬਰਨ, ਜੋ ਕੁਝ ਸਮਾਂ ਰਣਜੀਤ ਸਿੰਘ ਦੇ ਕੋਲ ਰਿਹਾ, ਲਿਖਦਾ ਹੈ ਕਿ ਸਿਵਾਏ ਲੜਾਈ ਦੇ ਮੈਦਾਨ ਵਿਚ, ਰਣਜੀਤ ਸਿੰਘ ਦੁਆਰਾ ਕਿਸੇ ਨੂੰ ਮਾਰ ਮੁਕਾਣ ਦੀ ਇਕ ਵੀ ਉਦਾਹਰਣ ਨਹੀਂ ਮਿਲਦੀ। ਉਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਵਧੇਰੇ ਸਭਿਆ ਬਾਦਸ਼ਾਹਾਂ ਦੇ ਮੁਕਾਬਲੇ ਵਿਚ ਉਸ ਦੇ ਰਾਜ ਵਿਚ ਜਬਰ ਅਤੇ ਦਮਨ ਦੀ ਇਕ ਵੀ ਵਰਣਨਯੋਗ ਮਿਸਾਲ ਦੇਣੀ ਕਠਿਨ ਹੈ। ਆਪਣੀ ਸ਼ਕਤੀਸ਼ਾਲੀ ਹਕੂਮਤ ਅਤੇ ਫੌਜ ਦੇ ਬਾਵਜੂਦ ਉਹ ਖੂਨ ਖਰਾਬੇ ਨੂੰ ਪਸੰਦ ਨਹੀਂ ਸੀ ਕਰਦਾ। ਰਾਜ ਦੀ ਸ਼ਕਤੀ ਨੂੰ ਸੰਗਠਿਤ ਕਰਨ ਦੀ ਅਦੁੱਤੀ ਯੋਗਤਾ ਅਤੇ ਆਪਣੀ ਪਰਜਾ ਨੂੰ ਅਥਾਹ ਪਿਆਰ ਕਰਨ ਕਰਕੇ ਹੀ ਉਹ ਸੱਚ ਮੁੱਚ ਪੰਜਾਬੀਆਂ ਦੇ ਦਿਲਾਂ ਦਾ ਨਾਇਕ ਬਣ ਨਿਬੜਿਆ। ਪੰਜਾਬ ਦੇ ਰਾਸ਼ਟਰ ਦੀ ਉਸਾਰੀ ਬੇਸ਼ਕ ਉਸ ਦੀ ਹਰਮਨ ਪਿਆਰੀ ਸ਼ਖ਼ਸੀਅਤ ਦੇ ਦੁਆਲੇ ਹੋਈ ਸੀ ਅਤੇ ਇਤਿਹਾਸਕ ਦ੍ਰਿਸ਼ ਤੋਂ ਉਸ ਦੇ ਅਲੋਪ ਹੋਣ ਦੇ ਨਾਲ ਹੀ ਪੰਜਾਬੀ ਰਾਸ਼ਟਰ ਦਾ ਢਾਂਚਾ ਖੇਰੂੰ-ਖੇਰੂੰ ਹੋਣਾ ਸ਼ੁਰੂ ਹੋ ਗਿਆ। ਸ਼ਾਹ ਮੁਹਮਦ ਨੇ ਪੰਜਾਬ ਦੇ ਸੁਤੰਤਰ ਰਾਜ ਦੇ ਵਿਗਠਨ ਦਾ ਸੂਤਰ ਸਿਆਸੀ ਕਤਲਾਂ ਦੀ ਉਸ ਲੜੀ ਵਿਚ ਨਿਰਧਾਰਤ ਕੀਤਾ ਹੈ ਜੋ ਰਣਜੀਤ ਸਿੰਘ ਦੀ ਮੌਤ ਦੇ ਤੁਰੰਤ ਬਾਅਦ ਕੰਵਰ ਨੌਨਿਹਾਲ ਸਿੰਘ ਮਹਾਰਾਜਾ ਖੜਕ ਸਿੰਘ ਦੇ ਮਿੱਤਰ, ਸਲਾਹਕਾਰ ਦੁਆਰਾ ਅਤੇ ਚੇਤ ਸਿੰਘ ਦੇ ਕਤਲ ਨਾਲ ਲਾਹੌਰ ਦਰਬਾਰ ਵਿਚ ਸ਼ੁਰੂ ਹੋ ਗਈ ਸੀ:-
ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।
ਇਹ ਸੂਤਰ ਪੰਜਾਬ ਦੇ ਸਮਕਾਲੀ ਇਤਿਹਾਸ ਬਾਰੇ ਉਸ ਦੀ ਰਚਨਾਤਮਕ ਅੰਤਰ ਦ੍ਰਿਸ਼ਟੀ ਵੱਲ ਸੰਕੇਤ ਕਰਦਾ ਹੈ। ਪ੍ਰੋ. ਸੀਤਾ ਰਾਮ ਕੋਹਲੀ ਅਤੇ ਗਿਆਨੀ ਸੇਵਾ ਸਿੰਘ ਅਨੁਸਾਰ ਇਤਿਹਾਸਕ ਘਟਨਾਵਾਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਨੂੰ ਬਿਆਨ ਕਰਨ ਵਾਲੀ ਸੰਜਮ ਭਰਪੂਰ ਸ਼ੈਲੀ ਉੱਤੇ ਸ਼ਾਹ ਮੁਹੰਮਦ ਨੂੰ ਇੰਨਾ ਨਿਪੁੰਨ ਅਧਿਕਾਰ ਪ੍ਰਾਪਤ ਹੈ। ਕਿ ਉਸ ਨੇ ਕੁੱਜੇ ਵਿਚ ਸਮੁੰਦਰ ਬੰਦ ਕਰ ਵਿਖਾਇਆ ਹੈ । ਲਾਹੌਰ ਦਰਬਾਰ ਅਤੇ ਸਿੰਘਾਂ ਤੇ ਅੰਗਰੇਜ਼ਾਂ ਦੇ ਜੰਗ ਵਿਚ ਵਾਪਰੀਆਂ ਸੱਤ ਸਾਲਾਂ ਦੀਆਂ ਇਤਿਹਾਸਕ ਘਟਨਾਵਾਂ ਕਵੀ ਨੇ 95 ਬੰਦਾਂ ਅਰਥਾਤ ਚਾਰ ਕੁ ਹਜ਼ਾਰ ਸ਼ਬਦਾਂ ਵਿਚ ਬੜੀ ਪ੍ਰਬੀਨਤਾ ਨਾਲ ਅੰਕਿਤ ਕਰ ਦਿੱਤੀਆਂ ਹਨ। ਕਿਸੇ ਵੀ ਜਾਣਨ ਯੋਗ ਗੱਲ ਨੂੰ ਅੱਖੋਂ ਉਹਲੇ ਨਹੀਂ ਹੋਣ ਦਿੱਤਾ ਤੇ ਕਿਸੇ ਬੇਲੋੜੀ ਘਟਨਾ ਨੂੰ ਆਪਣੇ ਬਿਆਨ ਵਿਚ ਥਾਂ ਨਹੀਂ ਦਿੱਤੀ। ਇਸ ਤਰ੍ਹਾਂ ਦਾ ਰਚਨਾਤਮਕ ਸੰਜਮ ਕੇਵਲ ਉਸੇ ਲਿਖਾਰੀ ਨੂੰ ਨਸੀਬ ਹੋ ਸਕਦਾ ਹੈ ਜਿਸ ਨੂੰ ਆਪਣੇ ਵਿਸ਼ੇ ਦਾ ਪੂਰਾ ਗਿਆਨ ਹੋਵੇ ਅਤੇ ਭਾਸ਼ਾ ਉੱਤੇ ਪੂਰਾ ਪੂਰਾ ਅਧਿਕਾਰ ਪ੍ਰਾਪਤ ਹੋਵੇ। ਅਜੇਹੀ ਰਚਨਾਤਮਕ ਸਮਰਥਾ ਤੋਂ ਬਿਨਾਂ ਸੰਬੰਧਿਤ ਇਤਿਹਾਸਕ ਸਮਾਚਾਰਾਂ ਦਾ ਕਾਵਿਕ ਰੂਪਾਂਤ੍ਰਣ ਸੰਭਵ ਨਹੀਂ ਹੋ ਸਕਦਾ।
ਨਿਰਸੰਦੇਹ ਸ਼ਾਹ ਮੁਹੰਮਦ ਅਜਿਹਾ ਪ੍ਰਤਿਭਾਵਾਨ ਕਲਾਕਾਰ ਹੈ ਜਿਸ ਨੇ ਇਤਿਹਾਸਕਾਰੀ ਤੇ ਕਾਵਿ-ਰਚਨਾ ਦੇ ਆਦਰਸ਼ਕ ਪ੍ਰਮਾਣਾਂ ਨੂੰ ਆਪਣੀ ਰਚਨਾਤਮਕ ਦ੍ਰਿਸ਼ਟੀ ਵਿਚ ਰਖਦਿਆਂ ਆਪਣੇ ਜੰਗਨਾਮੇ ਦੀ ਰਚਨਾ ਕੀਤੀ ਹੈ। ਇਸ ਤਰ੍ਹਾਂ ਜੰਗਨਾਮੇ ਦੀ ਰਚਨਾ ਕਰਦਾ ਉਹ ਸਾਹਿਤਕਾਰੀ ਅਤੇ ਇਤਿਹਾਸਕਾਰੀ ਦੇ ਦੁਹਰੇ ਅਨੁਸ਼ਾਸਨ ਵਿਚੋਂ ਗੁਜ਼ਰਦਾ ਹੈ।
ਸ਼ਾਹ ਮੁਹੰਮਦ ਦੀ ਸਮੁੱਚੀ ਰਚਨਾ ਵਿਚ ਕਲਪਨਾ ਦੇ ਪੱਧਰਾਂ ਉੱਤੇ ਵਿਚਰਦੀ ਹੈ। ਇਕ ਪੱਧਰ ਉਸ ਕਠੋਰ ਇਤਿਹਾਸਕ ਯਥਾਰਥ ਦੀ ਹੈ, ਜਿਸ ਦੀ ਪਿੱਠ ਭੂਮੀ ਵਿਚੋਂ ਪੰਜਾਬੀ ਦੀ ਸੁਤੰਤਰਤਾ ਦੇ ਦੁਖਮਈ ਅੰਤ ਦਾ ਨਾਟਕ ਉਸਰਦਾ ਹੈ ਅਤੇ ਦੂਜੀ ਪੱਧਰ ਕਵੀ ਦੀ ਮਨ ਚਾਹੀ ਅਸਲੀਅਤ ਦੀ ਹੈ ਜਿਸ ਉੱਤੇ ਉਹ ਮਨ ਹੀ ਮਨ ਵਿਚ ਇਸ ਇਤਿਹਾਸਕ ਸਥਿਤੀ ਦੇ ਦੁਖਾਂਤ ਨੂੰ ਜਰਦਾ ਅਤੇ ਬੜੇ ਰਚਨਾਤਮਕ ਸੰਜਮ ਨਾਲ ਇਸ ਦੁਖਾਂਤਕ ਅਨੁਭਵ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰਦਾ ਹੈ। ਪਹਿਲਾ ਪੱਧਰ ਇਤਿਹਾਸਕ ਚੇਤਨਾ ਦਾ ਹੈ, ਦੂਜਾ ਕਾਵਿ ਸਿਰਜਨਾ ਦਾ। ਸ਼ਾਹ ਮੁਹੰਮਦ ਦੀ ਰਚਨਾ ਬਾਰੇ ਵਿਸ਼ੇਸ਼ ਤੌਰ ‘ਤੇ ਸੰਤੋਖ ਜਨਕ ਗੱਲ ਇਹ ਹੈ ਕਿ ਇਤਿਹਾਸ ਵਿਚ ਵਾਪਰ ਰਹੇ ਦੁਖਾਂਤ ਵਿਚ ਜਜ਼ਬਾਤੀ ਤੌਰ ‘ਤੇ ਸ਼ਾਮਲ ਹੋਣ ਦੇ ਬਾਵਜੂਦ ਉਸ ਵਿਚ ਇਨਾ ਸੰਜਮ ਹੈ ਕਿ ਉਹ ਆਪਣੀ ਭਾਵੁਕਤਾ ਨਾਲ ਇਤਿਹਾਸ ਦੇ ਸੱਚ ਨੂੰ ਗੰਧਲਾਉਣ ਦਾ ਯਤਨ ਨਹੀਂ ਕਰਦਾ ਸਗੋਂ ਆਪਣੀ ਸਮੁੱਚੀ ਭਾਵਕਤਾ ਨਾਲ ਇਤਿਹਾਸ ਦੇ ਸੱਚ ਨੂੰ ਆਉਣ ਵਾਲੀਆਂ ਪੀੜੀਆਂ ਲਈ ਨਿਤਾਰਨ ਦਾ ਯਤਨ ਕਰਦਾ ਹੈ।
ਜੰਗਨਾਮੇ ਵਿਚ ਅੰਗਰੇਜ਼ਾਂ ਅਤੇ ਸਿੰਘਾਂ ਦੇ ਰੂਪ ਵਿਚ ਜਿਹੜੀਆਂ ਦੇ ਧਿਰਾਂ ਆਪਸ ਵਿਚ ਟਕਰਾਉਂਦੀਆਂ ਵਿਖਾਈਆਂ ਗਈਆਂ ਹਨ ਉਨ੍ਹਾਂ ਵਿਚੋਂ ਇਕ ਨਾਲ ਸ਼ਾਹ ਮੁਹੰਮਦ ਦੀ ਹਮਦਰਦੀ ਬੜੀ ਸਪਸ਼ਟ ਹੈ ਪਰ ਉਸ ਦੇ ਰਚਨਾਤਮਕ ਸੰਜਮ ਦਾ ਕਮਾਲ ਇਹ ਹੈ ਕਿ ਉਹ ਇਸ ਸਹਾਨੁਭੂਤੀ ਨੂੰ ਆਪਣਾ ਅਨੁਭਵ ਤਾਂ ਬਣਾਉਂਦਾ ਹੈ, ਪੈਂਤੜਾ ਨਹੀਂ ਬਣਾਉਂਦਾ| ਅਰਥਾਤ ਇਹ ਹਮਦਰਦੀ ਕਿਤੇ ਵੀ ਇਤਿਹਾਸਕ ਸੱਚ ਦੇ ਵਿਵੇਕ ਨਾਲ ਥਾਂ ਬਦਲੀ ਦਾ ਅਧਿਕਾਰ ਨਹੀਂ ਮੰਗਦੀ। ਜਿੱਥੇ ਸਿੰਘ ਬਹਾਦਰੀ ਨਾਲ ਲੜਦੇ ਹਨ ਉੱਥੇ ਸ਼ਾਹ ਮੁਹੰਮਦ ਉਨ੍ਹਾਂ ਦੀ ਪਿੱਠ ਥਾਪੜਦਾ ਹੈ ਅਤੇ ਜਿੱਥੇ ਅੰਗਰੇਜ਼ ਬਾਹਦਰੀ ਦਿਖਾਉਂਦੇ ਹਨ ਉੱਥੇ ਉਨ੍ਹਾਂ ਦੀ ਬਹਾਦਰੀ ਨੂੰ ਛੁਟਿਆਉਣ ਦਾ ਯਤਨ ਨਹੀਂ ਕਰਦਾ ਸਗੋਂ ਉਨ੍ਹਾਂ ਦੀ ਯੋਗ ਪ੍ਰਸੰਸਾ ਕਰਦਾ ਹੈ। ਇਤਿਹਾਸ ਜਿਸ ਤਰ੍ਹਾਂ ਦਾ ਹੈ ਉਸੇ ਰੂਪ ਵਿਚ ਉਸ ਨੂੰ ਗ੍ਰਹਿਣ ਕਰਨਾ ਅਤੇ ਫਿਰ ਆਪਣੇ ਅਨੁਭਵ ਨਾਲ ਉਸੇ ਰੂਪ ਵਿਚ ਉਸ ਨੂੰ ਅਨੁਪ੍ਰਾਣਿਤ ਕਰਨਾ ਸ੍ਰੇਸ਼ਠ ਲੇਖਕ ਦੇ ਹੀ ਹਿੱਸੇ ਆਉਂਦਾ ਹੈ। ਇਤਿਹਾਸ ਜਿਸ ਨਿਰਪੱਖ ਦ੍ਰਿਸ਼ਟੀ ਅਤੇ ਸੰਤੁਲਨ ਭਰੀ ਸ਼ਖ਼ਸੀਅਤ ਦੀ ਮੰਗ ਕਰਦਾ ਹੈ, ਸ਼ਾਹ ਮੁਹੰਮਦ ਦੀ ਰਚਨਾ ਉਸ ਦਾ ਸਟੀਕ ਪ੍ਰਮਾਣ ਪੇਸ਼ ਕਰਦੀ ਹੈ।
ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਬਾਅਦ ਦੇ ਸੱਤ ਸਾਲਾਂ ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਲੜੀਵਾਰ ਇਤਿਹਾਸਕ ਕ੍ਰਮ ਵਿਚ ਪੇਸ਼ ਕੀਤਾ ਹੈ। ਇਕ ਤੋਂ ਬਾਅਦ ਦੂਜੀ ਘਟਨਾ ਇਤਿਹਾਸਕ ਪੱਧਰ ਉੱਤੇ ਜਿਸ ਰੂਪ ਵਿਚ ਵਾਪਰੀ, ਉਸੇ ਕ੍ਰਮ ਵਿਚ ਸ਼ਾਹ ਮੁਹੰਮਦ ਨੇ ਆਪਣੀ ਰਚਨਾ ਵਿਚ ਉਸ ਦਾ ਪੁਨਰ ਸਿਰਜਨ ਕੀਤਾ ਹੈ । ਸਾਰੀ ਉਥਲ ਪੁਥਲ ਜੰਗਨਾਮੇ ਵਿਚ ਘਟਨਾ ਭਰਪੂਰ ਫਿਲਮ ਵਾਂਗ ਬੜੀ ਤੇਜ਼ੀ ਨਾਲ ਪਾਠਕ ਦੇ ਸਾਹਮਣਿਓਂ ਗੁਜ਼ਰਦੀ ਹੈ।
ਖੜਕ ਸਿੰਘ ਤੋਂ ਬਾਅਦ ਕੰਵਰ ਨੌਨਿਹਾਲ ਸਿੰਘ ਦੀ ਅਚਾਨਕ ਮੌਤ ਨਾਲ ਤਖਤ ਦੇ ਦੋ ਦਾਅਵੇਦਾਰ ਉੱਠ ਖੜ੍ਹੇ ਹੋ ਜਾਂਦੇ ਹਨ ਅਤੇ ਸਿੱਟੇ ਵਜੋਂ ਲਾਹੌਰ ਦਰਬਾਰ ਸਿਆਸੀ ਚਾਲਾਂ ਤੇ ਕਤਲਾਂ ਦਾ ਅਖਾੜਾ ਬਣ ਕੇ ਰਹਿ ਜਾਂਦਾ ਹੈ। ਸ਼ੇਰ ਸਿੰਘ, ਵਜ਼ੀਰ ਧਿਆਨ ਸਿੰਘ ਤੇ ਫੌਜ ਦੀ ਸਹਾਇਤਾ ਨਾਲ ਆਪਣੀ ਸ਼ਰੀਕਣੀ ਚੰਦ ਕੌਰ ਨੂੰ ਹਰਾ ਕੇ ਤਖਤ ਤੇ ਕਬਜ਼ਾ ਕਰ ਲੈਂਦਾ ਹੈ। ਸ਼ੇਰ ਸਿੰਘ ਨੂੰ ਗੱਦੀ ਬਿਠਾਉਣ ਸੰਬੰਧੀ ਧਿਆਨ ਸਿੰਘ ਦੀ ਗੋਂਦ ਵੱਲ ਸ਼ਾਹ ਮੁਹੰਮਦ ਦਾ ਇਸ਼ਾਰਾ ਬੜਾ ਸਪਸ਼ਟ ਹੈ:
ਸ਼ੇਰ ਸਿੰਘ ਤਾਈਂ ਲਿਖ ਘੱਲੀ ਅਰਜ਼ੀ,
ਮੈਂ ਤਾਂ ਰਫੂ ਕਰ ਛਡੇ ਨੀ ਕੰਮ ਤੇਰੇ।
ਸ਼ੇਰ ਸਿੰਘ ਨੂੰ ਗੱਦੀ ਬਿਠਾਣ ਵਿਚ ਜਿਸ ਢੰਗ ਨਾਲ ਧਿਆਨ ਸਿੰਘ ਖਾਲਸਾ ਫੌਜ ਦੀ ਵਰਤੋਂ ਕਰਦਾ ਹੈ, ਉਸ ਤੋਂ ਉਸ ਨੂੰ ਆਪਣੀ ਰਾਜਨੀਤਕ ਤਾਕਤ ਅਤੇ ਮਹੱਤਵ ਦਾ ਜੋ ਅਹਿਸਾਸ ਮਿਲਦਾ ਹੈ, ਉਹ ਵੀ ਨਿਸ਼ਚੇ ਹੀ ਖਾਲਸਾ ਰਾਜ ਦੇ ਪਤਨ ਦਾ ਇਕ ਵੱਡਾ ਕਾਰਨ ਬਣਿਆ। ਬੇਸ਼ਕ ਇਸ ਦੀ ਜ਼ਿੰਮੇਵਾਰੀ ਫੌਜ ਨੂੰ ਸਿਆਸੀ ਮਨੋਰਥਾਂ ਲਈ ਵਰਤਣ ਵਾਲੇ ਸਰਦਾਰਾਂ ਤੇ ਅਹਿਲਕਾਰਾਂ ਦੇ ਸਿਰ ਹੀ ਆਉਂਦੀ ਹੈ। ਸ਼ੇਰ ਸਿੰਘ ਨੂੰ ਲਾਹੌਰ ਦੀ ਗੱਦੀ ਉਤੇ ਬਿਠਾਉਣ ਬਾਰੇ ਫੌਜੀ ਆਗੂਆਂ ਦਾ ਧਿਆਨ ਸਿੰਘ ਨੂੰ ਇਹ ਕਹਿਣਾ ਫੌਜੀ ਸਿਪਾਹੀਆਂ ਵਿਚ ਪੈਦਾ ਹੋਈ ਇਸ ਨਵੀਂ ਭਾਵਨਾ ਦਾ ਲਖਾਇਕ ਹੈ:-
ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ,
ਜਿਸ ਨੂੰ ਕਹੇਂ ਸੋ ਫ਼ਤਹ ਬੁਲਾਈਏ ਜੀ।
ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕੱਢ,
ਏਸੇ ਵਕਤ ਹੀ ਚਾ ਮੰਗਾਈਏ ਜੀ।
ਸ਼ੇਰ ਸਿੰਘ ਗੱਦੀ ਬੈਠਦਿਆਂ ਸਾਰ ਪਹਿਲਾਂ ਤਾਂ ਚੰਦ ਕੌਰ ਉਤੇ ਚਾਦਰ ਪਾਉਣ ਲਈ ਹੱਥ ਪੈਰ ਮਾਰਦਾ ਹੈ। ਪਰ ਜਦ ਉਹ ਸ਼ੇਰ ਸਿੰਘ ਦੀ ਇਹ ਪੇਸ਼ਕਸ਼ ਠੁਕਰਾ ਦਿੰਦੀ ਹੈ। ਤਾਂ ਸ਼ੇਰ ਸਿੰਘ ਉਸ ਨੂੰ ਰਾਹ ਦਾ ਰੋੜਾ ਸਮਝ ਕੇ ਧਿਆਨ ਸਿੰਘ ਰਾਹੀਂ ਮਹਿਲ ਦੀਆਂ ਦਾਸੀਆਂ ਪਾਸੋਂ ਮਰਵਾ ਦਿੰਦਾ ਹੈ। ਇਸ ਉਤੇ ਸੰਧਾਵਾਲੀਏ ਸਰਦਾਰ ਲਹਿਣਾ ਸਿੰਘ ਤੇ ਅਜੀਤ ਸਿੰਘ, ਜੋ ਚੰਦ ਕੌਰ ਦੇ ਪੱਖੀ ਸਨ, ਭੜਕ ਪੈਂਦੇ ਹਨ ਅਤੇ ਚੰਦ ਕੌਰ ਦਾ ਬਦਲਾ ਲੈਣ ਲਈ ਪਹਿਲਾਂ ਸ਼ੇਰ ਸਿੰਘ ਤੇ ਉਸ ਦੇ ਬਾਲ-ਸ਼ਹਿਜ਼ਾਦੇ ਕੰਵਰ ਪਰਤਾਪ ਸਿੰਘ ਨੂੰ ਕਤਲ ਕਰਦੇ ਹਨ ਅਤੇ ਫਿਰ ਧਿਆਨ ਸਿੰਘ ਨੂੰ ਪਾਰ ਉਤਾਰ ਦਿੰਦੇ ਹਨ:-
ਸ਼ੇਰ ਸਿੰਘ ਪਰਤਾਪ ਸਿੰਘ ਮਾਰ ਕੇ ਜੀ,
ਸੰਧਾਵਾਲੀਏ ਸ਼ਹਿਰ ਨੂੰ ਉਠ ਧਾਏ।
ਰਾਜਾ ਮਿਲਿਆ ਤਾਂ ਕਿਹਾ ਅਜੀਤ ਸਿੰਘ ਨੇ,
ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ।
ਗੱਲੀਂ ਲਾਇ ਕੇ ਕਿਲੇ ਦੇ ਵਿਚ ਆਂਦਾ,
ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ।
ਜਿਨ੍ਹਾਂ ਮਾਰੀ ਸੀ ਰਾਜਾ ਜੀ ਚੰਦ ਕੌਰਾਂ,
ਸ਼ਾਹ ਮੁਹੰਮਦਾ ਉਨ੍ਹਾਂ ਦੇ ਸੀਸ ਲਾਹੇ।
ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ,
ਤੁਸਾਂ ਇਹ ਕਿਉਂ ਜੀਵਦਾ ਛੱਡਿਆ ਜੇ।
ਇਕ ਅੜਦਲੀ ਨੇ ਕਰਾਬੀਨ ਮਾਰੀ,
ਰੱਸਾ ਆਸ ਉਮੈਦ ਦਾ ਵਢਿਆ ਜੇ।
ਸ਼ਾਹ ਮੁਹੰਮਦਾ ਜਿਮੀਂ ਤੇ ਪਿਆ ਤੜਫੇ,
ਦਲੀਪ ਸਿੰਘ ਤਾਈ ਫੇਰ ਸੱਦਿਆ ਜੇ।
ਧਿਆਨ ਸਿੰਘ ਦੀ ਮੌਤ ਪਿਛੋਂ ਉਸ ਦਾ ਪੁੱਤਰ ਹੀਰਾ ਸਿੰਘ ਫੌਜ ਦੇ ਸੂਬੇਦਾਰਾਂ ਨੂੰ ਆਪਣੇ ਨਾਲ ਗੰਢ ਕੇ ਵਜ਼ੀਰੀ ਸੰਭਾਲਦਾ ਹੈ ਅਤੇ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਂਦਾ ਹੈ:-
ਰਾਜਪੂਤ ਸੀ ਡੋਗਰਾ ਬਹੁਤ ਚੰਗਾ,
ਸੰਧਾਵਾਲੀਏ ਦੇ ਨਾਲ ਖੂਬ ਲੜਿਆ।
ਸ਼ਾਹ ਮੁਹੰਮਦਾ ਅਜੀਤ ਸਿੰਘ ਮੋਇਆ ਲਧਾ,
ਲਹਿਣਾ ਸਿੰਘ ਜੋ ਜੀਵਦਾ ਆਣ ਫੜਿਆ।
ਇਨ੍ਹਾਂ ਸਾਰੇ ਰਾਜਸੀ ਕਤਲਾਂ ਵਿਚ ਇਕ ਧਿਰ ਦੂਜੀ ਧਿਰ ਦੇ ਖ਼ਿਲਾਫ਼ ਫੌਜ ਨੂੰ ਆਪਣਾ ਹਥਿਆਰ ਬਣਾ ਕੇ ਵਰਤ ਰਹੀ ਸੀ । ਸੰਧਾਵਾਲੀਆਂ ਦੇ ਕਤਲ ਦੇ ਬਾਅਦ ਭਾਵੇਂ ਗੱਦੀ ਉਤੇ ਦਲੀਪ ਸਿੰਘ ਅਤੇ ਮੰਤਰੀ ਦੀ ਪਦਵੀ ਉਤੇ ਹੀਰਾ ਸਿੰਘ ਬਿਰਾਜਮਾਨ ਸਨ। ਪਰ ਇਸ ਸਮੇਂ ਤਕ ਅਸਲ ਸ਼ਕਤੀ ਫੌਜ ਦੇ ਹੱਥਾਂ ਵਿਚ ਆ ਚੁੱਕੀ ਸੀ। ਇਹ ਸੈਨਿਕ ਅਰਾਜਕਤਾ ਦਾ ਆਰੰਭ ਸੀ ਜਿਸ ਨੇ ਸਿੱਖ ਰਾਜ ਦਾ ਅੰਤ ਨੇੜੇ ਲੈ ਆਂਦਾ ਸੀ। ਰਾਜ ਦੇ ਵਫਾਦਾਰ ਦੇ ਦੂਰ ਅੰਦੇਸ਼ ਆਗੂਆਂ ਲਈ ਇਹ ਸਥਿਤੀ ਚਿੰਤਾਜਨਕ ਸੀ। ਇਸ ਸਥਿਤੀ ਬਾਰੇ ਸ਼ਾਹ ਮੁਹੰਮਦ ਦੀ ਟਿੱਪਣੀ ਬੜੀ ਅਰਥ ਭਰਪੂਰ ਹੈ:
ਪਿਛੋਂ ਆ ਕੇ ਸਭਨਾਂ ਨੂੰ ਫਿਕਰ ਹੋਇਆ,
ਸੋਚੀਂ ਪਏ ਨੀ ਸਭ ਸਰਦਾਰ ਮੀਆਂ।
ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ,
ਪਈ ਖੜਕਦੀ ਨਿੱਤ ਤਲਵਾਰ ਮੀਆਂ।
ਗੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ,
ਹੋਰ ਕਹੋ ਕਿਸੇ ਦੇ ਪਾਣੀ ਹਾਰ ਮੀਆਂ।
ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵਗਦੀ,
ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ।
ਆਖਰ ਜਦ ਸਾਰੇ ਯੋਗ ਅਤੇ ਦੂਰ ਦਰਸ਼ੀ ਆਗੂ ਇਕ ਇਕ ਕਰਕੇ ਖਤਮ ਹੋ ਜਾਂਦੇ ਹਨ ਤਾਂ ਹਕੂਮਤ ਦੀ ਵਾਗਡੋਰ ਘਟੀਆ ਬੁੱਧੀ ਦੇ ਤਿੰਨ ਚਾਰ ਬੰਦਿਆਂ ਦੇ ਹੱਥ ਵਿਚ ਆ ਜਾਂਦੀ ਹੈ। ਉਹ ਹਨ ਰਾਣੀ ਜਿੰਦਾਂ, ਉਸ ਦਾ ਭਰਾ ਜਵਾਹਰ ਸਿੰਘ, ਮਿਸਰ ਲਾਲ ਸਿੰਘ ਤੇ ਤੇਜ ਸਿੰਘ। ਜਦ ਜਵਾਹਰ ਸਿੰਘ ਨੇ ਆਪਣੇ ਭਾਣਜੇ ਦਲੀਪ ਸਿੰਘ ਦਾ ਰਸਤਾ ਸਾਫ ਕਰਨ ਲਈ ਕੰਵਰ ਪਿਸ਼ੋਰਾ ਸਿੰਘ ਨੂੰ ਮਰਵਾ ਦਿੱਤਾ ਤਾਂ ਖਾਲਸੇ ਨੇ ਜਵਾਹਰ ਸਿੰਘ ਨੂੰ ਵੀ, ਉਸ ਦੀ ਭੈਣ ਜਿੰਦਾਂ ਦੀ ਹਾਜ਼ਰੀ ਵਿਚ ਉਸੇ ਰਾਹ ਤੋਰ ਦਿੱਤਾ ਜਿਸ ਰਾਹ ਪਹਿਲੇ ਵਜ਼ੀਰ, ਸਰਦਾਰ ਤੇ ਸ਼ਹਿਜ਼ਾਦੇ ਤੋਰੇ ਗਏ ਸਨ।
ਸ਼ਾਹ ਮੁਹੰਮਦ ਨੇ ਇਸ ਸਾਰੇ ਇਤਿਹਾਸਕ ਵਾਤਾਵਰਣ ਨੂੰ ਉਸਾਰਦਿਆਂ ਰਾਣੀ ਜਿੰਦਾਂ ਦੇ ਚਰਿਤਰ ਨੂੰ ਪੇਸ਼ ਕਰਨ ਵਿਚ ਜ਼ਰੂਰ ਟਪਲਾ ਖਾਧਾ ਲਗਦਾ ਹੈ । ਡਾ. ਗੰਡਾ ਸਿੰਘ ਨੇ ਸ਼ਾਹ ਮੁਹੰਮਦ ਦੁਆਰਾ ਰਾਣੀ ਜਿੰਦਾਂ ਉਤੇ ਲਾਏ ਗਏ ਇਸ ਦੋਸ਼ ਨੂੰ ਤਰਕ ਪੂਰਨ ਨਹੀਂ ਮੰਨਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮਿਸਰ ਲਾਲ ਸਿੰਘ ਤੇ ਤੇਜ ਸਿੰਘ ਨੇ, ਜੋ ਅੰਦਰੋਂ ਅੰਗਰੇਜ਼ਾਂ ਨਾਲ ਰਲੇ ਹੋਏ ਸਨ, ਆਪਣੀ ਗੱਦਾਰੀ ਤੇ ਮਕਾਰੀ ਨੂੰ ਲੁਕਾਉਣ ਲਈ ਸਾਰਾ ਦੋਸ਼ ਰਾਣੀ ਜਿੰਦਾਂ ਦੇ ਸਿਰ ਥੱਪ ਦਿੱਤਾ ਅਤੇ ਲੋਕਾਂ ਵਿਚ ਇਹ ਧਾਰਣਾ ਪ੍ਰਚਲਿਤ ਕਰ ਦਿੱਤੀ ਕਿ ਰਾਣੀ ਨੇ ਆਪਣੇ ਭਰਾ ਦਾ ਬਦਲਾ ਲੈਣ ਲਈ ਫੌਜ ਨੂੰ ਜੰਗ ਦੀ ਭੱਠੀ ਵਿਚ ਝੋਕ ਦਿੱਤਾ ਹੈ। ਸ਼ਾਹ ਮੁਹੰਮਦ ਇਸੇ ਪਿਛੋਕੜ ਵਿਚ ਜਿੰਦਾਂ ਦੀ ਇਸ ਬਦਲੇ ਦੀ ਭਾਵਨਾ ਨੂੰ ਪੇਸ਼ ਕਰਦਾ ਹੋਇਆ ਲਿਖਦਾ ਹੈ:-
ਜੱਟੀ ਹੋਵਾਂ ਤੇ ਕਰਾਂ ਪੰਜਾਬ ਰੰਡੀ,
ਸਾਰੇ ਦੇਸ਼ ਦੇ ਵਿਚ ਚਾ ਤੁਰਨ ਵਾਰਾਂ।
ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,
ਜਿਨ੍ਹਾਂ ਮਾਰਿਆ ਕੋਹਿ ਕੇ ਵੀਰਾ ਮੇਰਾ,
ਮੈਂ ਤਾਂ ਖੁਹਾਉਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ।
ਧਾਕਾਂ ਜਾਣ ਵਲਾਇਤੀ ਦੇਸ਼ ਸਾਰੇ,
ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ।
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
ਇਸ ਤਰ੍ਹਾਂ ਬਦਲਾ ਲੈਣ ਲਈ ਉਹ ਅੰਗਰੇਜ਼ ਨਾਲ ਸਿੱਧੀ ਸਾਜ਼ ਬਾਜ਼ ਕਰਦੀ ਵਿਖਾਈ ਗਈ ਹੈ:-
ਅਰਜ਼ੀ ਲਿਖੀ ਫਰੰਗੀ ਨੂੰ ਕੁੰਜ ਗੋਸ਼ੇ, ਪਹਿਲੇ ਆਪਣਾ ਸੁਖ ਅਨੰਦ ਵਾਰੀ। ਤੇਰੀ ਵੱਲ ਮੈਂ ਫੌਜ ਨੂੰ ਘੱਲਣੀ ਆਂ, ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ। ਪਰ ਇਤਿਹਾਸਕ ਪੱਧਰ ਉੱਤੇ ਖਾਧੇ ਇਸ ਟਪਲੇ ਦੇ ਬਾਵਜੂਦ ਸ਼ਾਹ ਮੁਹੰਮਦ ਨੇ ਸੁਚੇਤ ਤੋਰ ਤੇ ਕਿਸੇ ਇਤਿਹਾਸਕ ਤੱਥ ਨੂੰ ਲੁਕਾਉਣ ਜਾਂ ਵਧਾਉਣ ਘਟਾਉਣ ਦਾ ਯਤਨ ਨਹੀਂ ਕੀਤਾ। ਜਿੰਦਾਂ ਬਾਰੇ ਉਸ ਦਾ ਰਵਈਆ ਨਿਸ਼ਚੇ ਹੀ ਲਾਹੌਰ ਦਰਬਾਰ ਦੇ ਗੱਦਾਰ ਸਰਦਾਰਾਂ ਤੇ ਅਹਿਲਕਾਰਾਂ ਵੱਲੋਂ ਲੋਕਾਂ ਵਿਚ ਉਸ ਬਾਰੇ ਪ੍ਰਚਲਿਤ ਕੀਤੇ ਗਏ ਵਿਚਾਰਾਂ ਉੱਤੇ ਆਧਾਰਿਤ ਹੈ ਜੋ ਖਾਲਸਾ ਫੌਜ ਦੁਆਰਾ ਉਸ ਦੇ ਭਰਾ ਜਵਾਹਰ ਸਿੰਘ ਦੇ ਕਤਲ ਦੀ ਪ੍ਰਿਸ਼ਠ ਭੂਮੀ ਵਿਚ ਲੋਕਾਂ ਨੂੰ ਗਲਤ ਨਹੀਂ ਸਨ ਪ੍ਰਤੀਤ ਹੁੰਦੇ। ਪਰ ਇਤਿਹਾਸਕ ਤੌਰ ਉੱਤੇ ਜਿੰਦਾਂ ਦੇ ਚਰਿਤਰ ਦੀ ਪੜਤਾਲ ਕੀਤਿਆਂ ਇਹੀ ਹੀ ਹੁੰਦਾ ਹੈ ਕਿ ਜਿੰਦਾਂ ਵੀ ਆਪ ਅੰਗਰੇਜ਼ੀ ਸਰਕਾਰ ਨਾਲ ਅੰਦਰੋਂ ਰਲੀ ਹੋਈ ਉਸ ਜੰਡਲੀ ਦੀਆਂ ਚਾਲਾਂ ਦਾ ਸ਼ਿਕਾਰ ਸੀ ਜੋ ਪੰਜਾਬ ਦੀ ਆਬਰੂ ਨੂੰ ਅੰਗਰੇਜ਼ਾਂ ਹੱਥ ਵੇਚਣ ਲਈ ਉਤਾਵਲੀ ਹੋ ਰਹੀ ਸੀ। ਜਿੰਦਾਂ ਬਾਰੇ ਸ਼ਾਹ ਮੁਹੰਮਦ ਦੇ ਦ੍ਰਿਸ਼ਟੀਕੋਣ ਨੂੰ ਇਸ ਭੂਮਿਕਾ ਵਿਚ ਸੁਹਿਰਦਤਾ ਨਾਲ ਹੀ ਕਵੀ ਦੀ ਇਤਿਹਾਸਕ ਸੋਝੀ ਬਾਰੇ ਸੰਤੁਲਿਤ ਰਾਏ ਕਾਇਮ ਕੀਤੀ ਜਾ ਸਕਦੀ ਹੈ। ਸ਼ਾਹ ਮੁਹੰਮਦ ਦੀ ਰਚਨਾ ਦਾ ਜਿੰਦਾਂ ਨੂੰ ਇਸ ਬਦਲੇ ਖੌਰ ਰੋਹ ਦੇ ਪ੍ਰਚੰਡ ਰੂਪ ਵਿਚ ਪੇਸ਼ ਕਰਨ ਦੇ ਬਾਵਜੂਦ ਉਸ ਦੀ ਰਚਨਾਤਮਕ ਚੇਤਨਾ ਸਮੁੱਚੀ ਪੰਜਾਬੀਅਤ ਨੂੰ ਇਤਿਹਾਸਕ ਪਰਿਪੇਖ ਵਿਚ ਅੰਕਿਤ ਕਰਨ ਲਈ ਯਤਨਸ਼ੀਲ ਹੈ। ਇਹੀ ਕਾਰਣ ਹੈ ਕਿ ਫੇਰੂ ਸ਼ਹਿਰ ਦੀ ਲੜਾਈ ਵਿਚ ਸਿੱਖਾਂ ਦੀ ਸੂਰਬੀਰਤਾ ਦਾ ਵਰਣਨ ਕਰਦਾ ਹੋਇਆ ਜਦ ਇਹ ਇਤਿਹਾਸਕ ਸੱਚ ਨੂੰ ਕਾਵਿਕ ਸੱਚ ਵਿਚ ਰੂਪਾਂਤ੍ਰਿਤ ਕਰਦਾ ਆਪਣੇ ਵੱਲੋਂ ਘਟਨਾ ਦੇ ਵਿਵੇਕ ਦੇ ਮੂਲ ਸੂਤਰ ਵੱਲ ਸੰਕੇਤ ਕਰਦਾ ਪ੍ਰਤੀਤ ਹੁੰਦਾ ਹੈ:-
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜੇੜ੍ਹੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ । ਇਥੇ ਹੀ ਬਸ ਨਹੀਂ ਘਟਨਾ ਦੇ ਬਿਰਤਾਂਤ ਵਿਚ ਨਾਵਾਂ, ਥਾਵਾਂ, ਤਿਥਾਂ ਅਤੇ ਤੱਥਾਂ ਦੇ ਜੋ ਵੇਰਵੇ ਉਸ ਨੇ ਪੇਸ਼ ਕੀਤੇ ਹਨ ਉਸ ਦੀ ਪੁਸ਼ਟੀ ਇਤਿਹਾਸਕਾਰਾਂ ਨੇ ਸਮਕਾਲੀ ਇਤਿਹਾਸਕਾਰਾਂ ਤੇ ਸਰਕਾਰੀ ਕਾਗਜ਼ਾਂ ਦੇ ਹਵਾਲਿਆਂ ਨਾਲ ਕੀਤੀ ਹੈ। ਇਹੀ ਕਾਰਣ ਹੈ ਕਿ ਇਤਿਹਾਸਕ ਘਟਨਾਵਾਂ ਦੇ ਅਨੇਕਾਂ ਵੇਰਵਿਆਂ ਦੀ ਪੁਸ਼ਟੀ ਲਈ ਸ਼ਾਹ ਮੁਹੰਮਦ ਦੇ ਕਥਨਾਂ ਨੂੰ ਇਤਿਹਾਸਕ ਪ੍ਰਮਾਣਾਂ ਅਤੇ ਹਵਾਲਿਆਂ ਵਜੋਂ ਵਰਤਿਆ ਜਾਂਦਾ ਹੈ।
ਜੰਗਨਾਮਾ ਹਿੰਦ-ਪੰਜਾਬ ਦਾ ਸਾਹਿਤਕ ਯਥਾਰਥ
ਨਿਰਸੰਦੇਹ ਸ਼ਾਹ ਮੁਹੰਮਦ ਮੂਲ ਰੂਪ ਵਿਚ ਕਵੀ ਹੈ। ਉਸ ਦਾ ਪ੍ਰਯੋਜਨ ਇਤਿਹਾਸ ਦੀ ਪੇਸ਼ਕਾਰੀ ਨਾਲੋਂ ਇਤਿਹਾਸ ਦਾ ਪੁਨਰ ਸਿਰਜਣ ਹੈ ਅਤੇ ਇਹੀ ਸ਼ਾਹ ਮੁਹੰਮਦ ਦੀ ਰਚਨਾ ਦੇ ਮੁਲੰਕਣ ਦੀ ਪ੍ਰਮਾਣਿਕ ਕਸਵੱਟੀ ਹੈ। ਉਸ ਪ੍ਰਾਪਤੀ ਤੱਥਾਂ, ਤਿੱਥਾਂ ਤੇ ਵੇਰਵਿਆਂ ਦਾ ਬਿਉਰਾ ਦੇਣ ਵਿਚ ਨਹੀਂ ਸਗੋਂ ਪੰਜਾਬ ਦੇ ਤਤਕਾਲੀਨ ਇਤਿਹਾਸ ਵਿਚ ਰਾਸ਼ਟਰੀ ਵੇਦਨਾ ਨੂੰ ਸਾਕਾਰ ਕਰਨ ਵਿਚ ਹੈ। ਇਸ ਦ੍ਰਿਸ਼ਟੀ ਤੋਂ ਰਾਜਾ ਗੁਲਾਬ ਸਿੰਘ ਬਾਰੇ ਉਸ ਦੀ ਟਿੱਪਣੀ ਉਸ ਤਿੱਖੀ ਇਤਿਹਾਸਕ ਸੂਝ ਤੋਂ ਇਲਾਵਾ ਉਸ ਦੀ ਰਾਸ਼ਟਰੀ ਚੇਤਨਾ ਤੇ ਮਨੋਵਿਗਿਆਨਕ ਕਲਾਤਮਕਤਾ ਦਾ ਪ੍ਰਮਾਣ ਵੀ ਕਰਦੀ ਹੈ:-
ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ
ਬਾਹੋਂ ਪਕੜ ਲਾਹੌਰ ਲਿਆਂਵਦਾ ਈ।
ਸਾਹਿਬ ਲੋਕ ਜੀ ਅਸਾਂ ਪਰ ਦਇਆ ਕਰਨੀ,
ਉਹ ਤਾਂ ਆਪਣਾ ਕੰਮ ਬਣਣਾਂਵਦਾ ਈ।
ਇਸ ਦ੍ਰਿਸ਼ਟੀ ਤੋਂ ਸ਼ਾਹ ਮੁਹੰਮਦ ਦੀ ਰਚਨਾ ਵਿਚ ਇਤਿਹਾਸ ਨੂੰ ਕਾਵਿ-ਅਨੁਭਵ ਦੇ ਰੂਪ ਵਿਚ ਪੁਨਰ ਸੁਰਜੀਤ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਇਸ ਇਤਿਹਾਸਕ ਘਟਨਾਵਾਂ ਦੇ ਪਿਛਕੋੜ ਵਿਚ ਲੁਕੀ ਰਾਸ਼ਟਰੀ ਵੇਦਨਾ ਅਤੇ ਭਾਵਨਾ ਨੂੰ ਕੌਮੀ ਗੌਰਵ ਦੇ ਰੂਪ ਵਿਚ ਅੰਕਿਤ ਕਰਨ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਫਲਸਰੂਪ ਸ਼ਾਹ ਮੁਹੰਮਦ ਦਾ ਜੰਗਨਾਮਾ ਵਿਸ਼ੇ ਦੀ ਕਲਾਤਮਕ ਪੇਸ਼ਕਾਰੀ ਦੇ ਪੱਖ ਤੋਂ ਇਤਿਹਾਸਕ ਘਟਨਾਵਾਂ ਦੇ ਕਾਵਿਕ ਰੂਪਾਂਣ ਦਾ ਗੌਰਵਸ਼ਾਲੀ ਪ੍ਰਮਾਣ ਬਣ ਕੇ ਉਘੜਦਾ ਹੈ।
ਇਤਿਹਾਸ ਆਮ ਤੌਰ ‘ਤੇ ਘਟਨਾਵਾਂ ਦਾ ਲੜੀਵਾਰ ਬਿਊਰਾ ਦੇ ਕੇ ਹੀ ਆਪਣਾ ਕੰਮ ਮੁਕਾ ਦਿੰਦਾ ਹੈ ਪਰ ਸ਼ਾਹ ਮੁਹੰਮਦ ਨੇ ਪੰਜਾਬ ਦੇ ਇਤਿਹਾਸ ਦੀਆਂ ਘਟਨਾਵਾਂ ਵਿਚ ਲੁਕੇ ਪੰਜਾਬੀਆਂ ਦੇ ਜਜ਼ਬਿਆਂ ਨੂੰ ਜ਼ਬਾਨ ਦਿੱਤੀ ਹੈ। ਉਸ ਦੀ ਕਲਾ ਦਾ ਨਿਸ਼ਚੇ ਹੀ ਇਹ ਵਿਸ਼ੇਸ਼ ਪ੍ਰਯਤਨ ਹੈ ਕਿ ਉਸ ਨੇ ਰਾਸ਼ਟਰੀ ਜਜ਼ਬਿਆਂ ਦੇ ਪ੍ਰਗਟਾਉ ਦਾ ਹੱਕ ਹੀ ਇਤਿਹਾਸ ਕੋਲੋਂ ਨਹੀਂ ਮੰਗਿਆ ਸਗੋਂ ਇਹ ਵੀ ਸਿੱਧ ਕਰ ਵਿਖਾਇਆ ਹੈ ਕਿ ਇਸ ਪ੍ਰਗਟਾਉ ਤੋਂ ਬਿਨਾਂ ਇਤਿਹਾਸ ਦਾ ਬਿਰਤਾਂਤ ਅਧੂਰਾ ਹੀ ਰਹਿੰਦਾ ਹੈ।
ਸਿਧੇ ਤੌਰ ‘ਤੇ ਜੰਗਨਾਮੇ ਵਿਚ ਟਕਰਾਉਣ ਵਾਲੀਆਂ ਹਾਕਮ ਤਾਕਤਾਂ ਨਾਲ ਸੰਬੰਧਤ ਨਾ ਹੋਣ ਕਾਰਣ ਸ਼ਾਹ ਮੁਹੰਮਦ ਆਪਣੇ ਬਿਰਤਾਂਤ ਵਿਚ ਆਮ ਤੌਰ ‘ਤੇ ਸੰਤੁਲਿਤ ਅਤੇ ਨਿਰਪੱਖ ਦ੍ਰਿਸ਼ਟੀ ਧਾਰਣ ਕਰਨ ਵਿਚ ਸਫਲ ਹੋਇਆ ਹੈ। ਇਹ ਸੰਤੁਲਤ ਨਿਰਪੱਖਤਾ ਉਸ ਦੀ ਕਾਵਿ ਸ਼ੈਲੀ ਵਿਚ ਪ੍ਰਗਟਾਉ ਦੀ ਨਿੱਗਰਤਾ ਅਤੇ ਸੰਜਮ ਦਾ ਮੁੱਖ ਪਾਤਰ ਬਣੀ ਹੈ।
ਸੰਜਮ ਸੰਕੇਤਕਤਾ ਦਾ ਮੂਲ ਹੈ ਅਤੇ ਸੰਕੇਤਕਤਾ ਕਲਾਤਮਕ ਅਭਿਵਿਅੰਜਨ ਦੀ ਆਤਮਾ ਹੈ। ਨਿਰਸੰਦੇਹ ਸੰਕੇਤਕਤਾ ਸ਼ਾਹ ਮੁਹੰਮਦ ਦੀ ਸ਼ੈਲੀ ਦਾ ਮੀਰੀ ਗੁਣ ਹੈ। ਉਸ ਦਾ ਬਿਰਤਾਂਤ ਅਜਿਹੀਆਂ ਅਨੇਕਾਂ ਸੰਕੇਤਮਈ ਉਕਤੀਆਂ ਅਤੇ ਪੰਕਤੀਆਂ ਨਾਲ ਭਰਪੂਰ ਹੈ ਜੋ ਆਪਣੇ ਸੰਖੇਪ ਆਕਾਰ ਵਿਚ ਅਰਥ ਅਤੇ ਭਾਵ ਦੀਆਂ ਅਨੇਕਾਂ ਸ੍ਰਿਸ਼ਟੀਆਂ ਲੁਕਾਈ ਬੈਠੀਆਂ ਹਨ। ਨਿਮਨ ਉਕਤੀਆਂ ਇਸ ਕਥਨ ਨੂੰ ਪ੍ਰਮਾਣਿਤ ਕਰਨ ਲਈ ਪੇਸ਼ ਕੀਤੀਆਂ ਜਾ ਸਕਦੀਆਂ ਹਨ:-
(ੳ) ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ, ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।
(ਅ ) ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
(ਈ ) ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ, ਬਾਹੋਂ ਪਕੜ ਲਾਹੌਰ ਲਿਆਂਵਦਾ ਈ।
(ਸ) ਨਿੱਕੇ ਪੋਚ ਹੁਣ ਬੈਠ ਕੇ ਕਰਨ ਲੱਗਾਂ, ਅਸਾਂ ਡਿੱਠੀ ਫਰੰਗੀ ਦੀ ਛਾਵਣੀ ਜੀ।
(ਹ) ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੇ। ਸੰਜਮਮਈ ਸ਼ੈਲੀ ਵਿਚ ਪ੍ਰਭਾਵ ਨੂੰ ਉਜਾਗਰ ਕਰਨ ਲਈ ਵਿਅੰਗ ਬਹੁਤ ਪ੍ਰਭਾਵਸ਼ਾਲੀ ਸਾਧਨ ਹੈ। ਸ਼ਾਹ ਮੁਹੰਮਦ ਨੇ ਇਸ ਸਾਧਨ ਨੂੰ ਬੜੀ ਕਲਾਤਮਕ ਪ੍ਰਬੀਨਤਾ ਨਾਲ ਵਰਤਿਆ ਅਤੇ ਨਿਭਾਇਆ ਹੈ। ਕਿਸੇ ਮੌਕੇ ਉੱਤੇ ਵੀ ਉਸ ਦਾ ਵਿਅੰਗ ਸਸਤੀ ਮਸ਼ਕਰੀ ਉੱਤੇ ਨਹੀਂ ਉਤਰਦਾ, ਸਗੋਂ ਨਿੱਗਰ ਅਤੇ ਗੁੱਝੀ ਚੋਟ ਕਰਦਾ ਹੈ। ਉਹ ਵਿਅੰਗ ਨੂੰ ਅਕਸਰ ਲੁੱਟ ਮਾਰ ਦੇ ਲਾਲਚ ਨਾਲ ਜੰਗ ਨੂੰ ਗਏ ਫ਼ੌਜੀਆਂ ਅਤੇ ਟਕਾਪੰਥੀ ਗੱਦਾਰ ਅਹਿਲਕਾਰਾਂ ਤੇ ਸਰਦਾਰਾਂ ਦੀ ਆਦਰਸ਼ ਹੀਣਤਾ ਦਾ ਪਾਜ ਖੋਲ੍ਹਣ ਦਾ ਸਾਧਨ ਬਣਾਉਂਦਾ ਹੈ। ਉਸ ਦੀਆਂ ਹੇਠ ਲਿਖੀਆਂ ਸਤਰਾਂ ਦਾ ਵਿਅੰਗਾਤਮਕ ਪ੍ਰਭਾਵ ਵੇਖਣਯੋਗ ਹੈ:-
(ੳ) ਲੁੱਟੇ ਗਏ ਸਾਰੇ ਰਹੀ ਇਕ ਕੁੜਤੀ,
ਬਾਹਾਂ ਹਿੱਕ ਦੇ ਨਾਲ ਲਗਾਂਵਦੇ ਜੀ।
ਸ਼ਾਹ ਮੁਹੰਮਦਾ ਆਣ ਕੇ ਘਰਦਿਆਂ ਤੋਂ,
ਨਵੇਂ ਕੱਪੜੇ ਹੋਰ ਸਿਵਾਂਵਦੇ ਨੀ।
(ਅ) ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ, ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ। ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ, ਅਸੀਂ ਕਿਨ੍ਹਾਂ ਦੇ ਹਾਂ ਪੁੱਤ ਪੋਤਰੇ ਜੀ।
(ਏ) ਖੁਸ਼ੀ ਵਸਦਾ ਸ਼ਹਿਰ ਲਾਹੌਰ ਸਾਰਾ, ਸਗੋਂ ਕੁੰਜੀਆਂ ਹਥ ਫੜਾਇ ਆਏ। ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾਇ ਆਏ। ਕਿਸੇ ਇਤਿਹਾਸਕ ਘਟਨਾ ਜਾਂ ਸਥਿਤੀ ਦੀ ਪੁਨਰ ਸਿਰਜਨਾ ਲਈ ਘਟਨਾ ਜਾਂ ਸਥਿਤੀ ਵਿਸ਼ੇਸ਼ ਦੇ ਪਾਤਰਾਂ ਦੀ ਆਪਸੀ ਵਾਰਤਾਲਾਪ ਵੀ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ। ਇਤਿਹਾਸਕ ਵਿਅਕਤੀਆਂ ਦੇ ਇਹ ਵਾਰਤਾਲਾਪ ਜਿੱਥੇ ਪਾਤਰਾਂ ਦੀ ਮਨੋਵਿਗਿਆਨਕ ਸਥਿਤੀ ਨੂੰ ਉਜਾਗਰ ਕਰਨ ਵਿਚ ਸਹਾਇਕ ਹੁੰਦੇ ਹਨ ਉਥੇ ਬਿਰਤਾਂਤ ਵਿਚ ਨਾਟਕੀ ਰੰਗ ਵਿਚ ਵੀ ਪੈਦਾ ਕਰਦੇ ਹਨ। ਸ਼ਾਹ ਮੁਹੰਮਦ ਸਥਿਤੀ ਵਿਚ ਪਏ ਪਾਤਰਾਂ ਦੀ ਮਨੋਵਿਗਿਆਨਕਤਾ ਅਨੁਸਾਰ ਚੁਸਤ ਵਾਰਤਾਲਾਪ ਦੀ ਰਚਨਾ ਕਰਕੇ ਆਪਣੇ ਬਿਰਤਾਂਤ ਵਿਚ ਨਾਟਕੀ ਰਸ ਪੈਦਾ ਕਰਨ ਵਿਚ ਪ੍ਰਬੀਨ ਹੈ:
ਖੜਕ ਸਿੰਘ :
ਮੇਰੇ ਬੈਠਿਆਂ ਇਨ੍ਹਾਂ ਨੇ ਖੂਨ ਕੀਤਾ, ਇਹ ਤਾਂ ਗਰਕ ਜਾਵੇ ਦਰਬਾਰ ਮੀਆਂ। ਪਿਛੇ ਸਾਡੇ ਭੀ ਕੌਰ ਨਾ ਰਾਜ ਕਰਸੀ, ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ ।
ਸੁਚੇਤ ਸਿੰਘ :
ਸਿੰਘੋ ਜੀਵਦਾ ਜਾਣ ਮੁਹਾਲ ਜੰਮੂ, ਤਾਨ੍ਹੇ ਦੇਣ ਰਾਜਪੂਤ ਦੀਆਂ ਬੇਟੀਆਂ ਨੀ। ਸ਼ਾਹ ਮੁਹੰਮਦਾ ਆਇਆ ਵਜ਼ੀਰੀ ਲੈ ਕੇ, ਆਖਣ ਸਭ ਪਹਾੜ ਡੁਮੇਟੀਆਂ ਨੀ।
ਸੰਧਾਵਾਲੀਏ :
(ਲਹਿਣਾ ਸਿੰਘ ਤੇ ਅਜੀਤ ਸਿੰਘ)
ਸਾਨੂੰ ਘੜੀ ਦੀ ਕੁਝ ਉਮੈਦ ਨਾਹੀਂ,
ਅੱਜ ਰਾਤ ਪ੍ਰਸਾਦ ਕਿਨ ਚੱਖਣਾ ਈ।
ਤੇਰੇ ਵਲ ਜੋ ਕਰੇਗਾ ਨਜ਼ਰ ਮੰਦੀ,
ਸ਼ਾਹ ਮੁਹੰਮਦਾ ਕਰਾਂਗੇ ਸੱਖਣਾ ਈ।
ਰਾਣੀ ਜਿੰਦਾਂ :
ਜ਼ਰਾ ਭਰਾ ਦੇ ਖੂਨ ਦੇ ਬਦਲੇ ਦੀ ਅੱਗ ਵਿਚ ਸ਼ੂਕਦੇ ਰੋਹ ਦਾ ਨਜ਼ਾਰਾ ਵੇਖੋ ਜੋ ਜਿੰਦਾਂ ਦੇ ਸਵੈ-ਅਲਾਪ ਵਿਚ ਬੰਨ੍ਹਿਆ ਗਿਆ ਹੈ:-
ਜੱਟੀ ਹੋਵਾਂ ਤੇ ਕਰਾਂ ਪੰਜਾਬ ਰੰਡੀ,
ਸਾਰੇ ਦੇਸ਼ ਦੇ ਵਿਚ ਜਾ ਤੁਰਨ ਵਾਰਾਂ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,
ਨੱਥ, ਚੌਂਕ ਤੇ ਵਾਲੀਆਂ ਡੰਡੀਆਂ ਨੀ।
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
ਟੁੰਡਾ ਲਾਟ :
ਲਾਰਡ ਹਾਰਡਿੰਗ ਦੀ ਗੋਰਾਸ਼ਾਹੀ ਪੰਜਾਬੀ ਆਪਣੀ ਪ੍ਰਕਾਰ ਦਾ ਇਕ ਵੱਖਰਾ
ਨਾਟਕੀ ਰੰਗ ਬੰਨ੍ਹਦੀ ਹੈ:-
ਟੁੰਡੇ ਲਾਟ ਨੇ ਚੁਕਿਆ ਆਣ ਬੀੜਾ,
ਹਮ ਸੀਖ ਸਿਉਂ ਜਾਇਕੇ ਲੜੇਗਾ ਜੀ।
ਘੰਟੇ ਤੀਨ ਮੇਂ ਜਾ ਲਾਹੌਰ ਮਾਰਾਂ,
ਇਸ ਬਾਤ ਮੇਂ ਫਰਕ ਨਾ ਪੜੇਗਾ ਜੀ।
ਬੇਸ਼ਕ ਇਸ ਤਰ੍ਹਾਂ ਦੀ ਗੋਰਾਸ਼ਾਹੀ ਪੰਜਾਬੀ ਤੋਂ ਇਲਾਵਾ ਫ਼ੌਜੀ ਤੇ ਪ੍ਰਸ਼ਾਸਨੀ ਖੇਤਰ ਦੀ ਅੰਗਰੇਜ਼ੀ ਸ਼ਬਦਾਵਲੀ ਨੂੰ ਪੰਜਾਬੀ ਭਾਸ਼ਾ ਵਿਚ ਵਰਤਣ ਵਾਲਾ ਸਭ ਤੋਂ ਪਹਿਲਾ ਕਵੀ ਸ਼ਾਹ ਮੁਹੰਮਦ ਹੀ ਹੈ। ਕੰਪਨੀ, ਲਾਟ, ਪੜਤਲਾਂ, ਕਰਾਬੀਨ, ਜੰਤਰੀ, ਅਫ਼ਸਰ, ਰਜਮੰਟ, ਮੇਖਜ਼ੀਨ, ਅਰਦਲੀ, ਕੌਂਸਲ, ਕਰਨੈਲ ਆਦਿ ਅਨੇਕਾਂ ਯੂਰਪੀ-ਅੰਗਰੇਜ਼ੀ ਪਿਛੋਕੜ ਦੇ ਸ਼ਬਦ ਸ਼ਾਹ ਮੁਹੰਮਦ ਨੇ ਪੰਜਾਬੀ ਲਹਿਜੇ ਅਨੁਸਾਰ ਆਪਣੀ ਕਵਿਤਾ ਵਿਚ ਵਰਤੇ ਹਨ।
ਇਸ ਤੋਂ ਬਿਨਾਂ ਅਰਬੀ, ਫਾਰਸੀ ਦੀ ਆਮ ਪ੍ਰਚਲਿਤ ਸ਼ਬਦਾਵਲੀ ਤੋਂ ਇਲਾਵਾ ਉਸ ਨੇ ਕਈ ਵਿਸ਼ੇਸ਼ ਖਾਲਸਈ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ, ਜੋ ਰਚਨਾ ਦੇ ਇਤਿਹਾਸਕ ਪਿਛੋਕੜ ਦੇ ਵਾਤਾਵਰਣ ਨੂੰ ਉਜਾਗਰ ਕਰਦੀ ਹੈ। ਭਰਮਤਾ, ਕਮਰਾਂ ਕਸਣੀਆਂ, ਪਰਸ਼ਾਦ ਚਖਣਾ; ਸਾਰ, ਕਾਲੜੇ ਕੇਸ ਆਦਿ ਸ਼ਬਦ ਉਦਾਹਰਣ ਵਜੋਂ ਪੇਸ਼ ਕੀਤੇ ਜਾ ਸਕਦੇ ਹਨ। ਵਿਸ਼ਾਲ ਤੇ ਬਹੁ-ਪੱਖੀ ਸ਼ਬਦਾਵਲੀ ਉਤੇ ਸ਼ਾਹ ਮੁਹੰਮਦ ਨੂੰ ਜੋ ਅਧਿਕਾਰ ਪ੍ਰਾਪਤ ਹੈ, ਉਹ ਉਸ ਦੀ ਰਚਨਾ ਵਿਚ ਅਨੇਕ ਚਮਤਕਾਰਾਂ ਦਾ ਆਧਾਰ ਵੀ ਬਣਿਆ। ਜ਼ਬਾਨ ਦੀ ਮੁਹਾਵਰਾ ਬੰਦੀ, ਸ਼ਬਦ ਨੂੰ ਲੋੜ ਅਨੁਸਾਰ ਘੜਨ ਤੇ ਬੀੜਨ ਦੀ ਅਟਕਲ ਸੁਭਾਵਕ ਅਲੰਕਾਰ ਸਿਰਜਣਾ ਅਤੇ ਮਨੋਵਿਗਿਆਨਕ ਸਥਿਤੀਆਂ ਨੂੰ ਸੰਖੇਪ ਛੂਹਾਂ ਨਾਲੋਂ ਉਜਾਗਰ ਕਰਨ ਦੀ ਯੋਗਤਾ ਪਿੱਛੇ ਉਸ ਦੀ ਜ਼ਬਾਨਦਾਨੀ ਅਤੇ ਮਨੋਵਿਗਿਆਨਕ ਕਲਾਤਮਕਤਾ ਕੰਮ ਕਰਦੀ ਨਜ਼ਰ ਆਉਂਦੀ ਹੈ।
ਜੰਗਨਾਮੇ ਦਾ ਰੂਪ-ਵਿਧਾਨ
ਸ਼ਾਹ ਮੁਹੰਮਦ ਦੀ ਪ੍ਰਸਿੱਧੀ ਸਿੰਘਾਂ ਤੇ ਅੰਗ੍ਰੇਜ਼ਾਂ ਦੀ ਲੜਾਈ (ਘੋਰ ਯੁਧ) ਦਾ ਜੰਗਨਾਮਾ ਲਿਖਣ ਤੇ ਆਧਾਰਤ ਹੈ, ਜੋ ਕਈ ਨਾਵਾਂ ਨਾਲ ਮਸ਼ਹੂਰ ਹੈ। ਇਸ ਜੰਗਨਾਮੇ ਨੂੰ ਉਸ ਨੇ ਸਿੱਧੇ ਅਤੇ ਸਰਲ ਬੈਂਤਾਂ ਵਿੱਚ ਲਿਖਤ-ਬੱਧ ਕੀਤਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਸੁਖਾਂ ਨੂੰ ਯਾਦ ਕੀਤਾ ਹੈ ਅਤੇ ਹਾਉਕੇ ਤੇ ਵਿਲਕਣੀਆਂ ਕੱਢੀਆਂ ਹਨ:-
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਕਿੱਸਾ (ਜੰਗਨਾਮਾ) 1846 ਤੋਂ 1848 ਈ: ਦੇ ਸਮੇਂ ਵਿੱਚ ਲਿਖਿਆ ਗਿਆ। ਇਸ ਵਿੱਚ ਸਿੱਖਾਂ ਦੇ ਰਾਜ ਵੇਲੇ (ਮਹਾਰਾਜਾ ਰਣਜੀਤ ਸਿੰਘ ਦਾ ਰਾਜ-ਕਾਲ) ਸੁਖਾਂ ਭਰਪੂਰ ਜੀਵਨ, ਹਿੰਦੂਆਂ ਤੇ ਸਿੱਖਾਂ ਵਿੱਚ ਪ੍ਰੇਮ-ਪਿਆਰ, ਮੁਸਲਮਾਨਾਂ ਨਾਲ ਭਰਾਤਰੀ ਭਾਵ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਦੇ ਪੰਜਾਬ ਦੀ ਹਾਲਤ ਤੇ ਫੌਜਾਂ ਵਿੱਚ ਫੁੱਟ ਦੇ ਨਕਸ਼ੇ ਬੜੇ ਹੀ ਸੁੰਦਰ ਢੰਗ ਨਾਲ ਖਿੱਚੇ ਹਨ। ਬਹੁਤ ਸਾਰੇ ਨਾਮ ਅਤੇ ਘਟਨਾਵਾਂ ਦੇ ਪੂਰੇ ਵੇਰਵੇ, ਸ਼ਾਹ ਮੁਹੰਮਦ ਦੀ ਉੱਚੀ ਤੇ ਸੁਲਝੀ ਹੋਈ ਸੂਝ-ਬੂਝ ਦਾ ਸਬੂਤ ਹਨ। ਇਸ ਕਵੀ ਨੇ ਇਸ ਕਿੱਸੇ ਵਿਚ ਬਹੁਤ ਸਾਰੇ ਪ੍ਰਚਲਿਤ ਅੰਗਰੇਜ਼ੀ ਦੇ ਸ਼ਬਦ ਪੰਜਾਬੀ ਬੋਲੀ ਵਿੱਚ ਸ਼ਾਮਲ ਕਰ ਦਿੱਤੇ ਹਨ। ਇਸ ਕਿੱਸੇ ਦੀ ਪੰਜਾਬੀ ਬੋਲੀ ਅਜੋਕੀ ਪੰਜਾਬੀ ਦੇ ਬਹੁਤ ਹੀ ਨੇੜੇ ਹੈ। ਕਿੱਸੇ ਦੀ ਸ਼ੈਲੀ ਬੜੀ ਹੀ ਸਰਲ ਅਤੇ ਸਾਦਾ ਹੈ। ਕੁਝ ਵਾਕ ਤੇ ਤੁਕਾਂ ਇਸ ਤਰ੍ਹਾਂ ਦੀਆਂ ਬਣ ਆਈਆਂ ਹਨ ਕਿ ਪਾਠਕ ਤੇ ਸ੍ਰੋਤੇ ਦੇ ਮਨ ਨੂੰ ਟੁੰਬਦੀਆਂ ਹਨ, ਦਿਲ ਨੂੰ ਹਲੂਣਦੀਆਂ ਹਨ ਤੇ ਗਭਰੂਆਂ ਦੇ ਮਨ ਵਿੱਚ ਸੁੱਤੀਆਂ ਅਣਖਾਂ ਨੂੰ ਜਗਾਉਂਦੀਆਂ ਹਨ। ਇਸ ਕਿੱਸੇ ਕਾਰਨ ਹੀ ਸ਼ਾਹ ਮੁਹੰਮਦ ਬਹੁਤ ਹੀ ਪ੍ਰਸਿੱਧ ਹੋਇਆ। ਇਸ ਕਿੱਸੇ ਦੇ ਵਿਸ਼ੇ ਪੱਖ ਨੂੰ ਮੁੱਖ ਰੱਖ ਕੇ ਜੇ ਅਸਾਂ ਸ਼ਾਹ ਮੁਹੰਮਦ ਨੂੰ ਬੀਰ-ਕਾਵਿ ਦਾ ਬਾਦਸ਼ਾਹ ਕਹੀਏ, ਤਦ ਕੋਈ ਅੱਤਕਥਨੀ ਨਹੀਂ ਹੋਵੇਗੀ। ਨਜਾਬਤ ਦੀ ਵਾਰ ਮਗਰੋਂ ਸ਼ਾਹ ਮੁਹੰਮਦ ਦਾ ਇਹ ਕਿੱਸਾ ਹੀ ਉੱਚ ਪਾਏ ਦਾ ਹੈ। ਇਸ ਨੂੰ “ਜੰਗਨਾਮੇ ਹਿੰਦ-ਪੰਜਾਬ” ਵੀ ਕਿਹਾ ਜਾਂਦਾ ਹੈ। ਇਸ ਦੇ ਹੋਰ ਨਾਮ ਕਿੱਸਾ ਸ਼ਾਹ ਮੁਹੰਮਦ, ਬੈਂਤ ਸ਼ਾਹ ਮੁਹੰਮਦ, ਜੰਗਨਾਮਾ ਸਿੰਘਾਂ ਤੇ ਫਰੰਗੀਆਂ ਹਨ। ਇਸ ਕਿੱਸੇ ਦੇ ਆਧਾਰ ਤੇ ਕਿੱਸਾਕਾਰ ਪੰਜਾਬ ਦਾ ਕੌਮੀ ਸ਼ਾਇਰ ਹੈ। ਇਸ ਕਿੱਸੇ ਵਿੱਚੋਂ ਪੰਜਾਬੀਅਤ ਝਲਕ ਰਹੀ ਹੈ। ਅਸੀਂ ਹੇਠ ਏਸ ਕਿੱਸੇ ਦੇ ਰੂਪ-ਪੱਖ ਨੂੰ ਵਿਆਖਿਆ ਸਹਿਤ ਪੇਸ਼ ਕਰ ਰਹੇ ਹਾਂ। ਜਿੱਥੇ ਇਹ ਕਿੱਸਾ ਵਿਸ਼ੇ-ਵਸਤੂ ਦੇ ਪੱਖੋਂ ਯਥਾਰਥ ਦੇ ਬਹੁਤ ਹੀ ਨੇੜੇ ਹੈ, ਤਿਵੇਂ ਰੂਪ ਪੱਖੋਂ ਵੀ ਇਸ ਵਿੱਚ ਪਰਪੱਕਤਾ ਦੇ ਦਰਸ਼ਨ ਹੁੰਦੇ ਹਨ। ਭਾਸ਼ਾ ਤੇ ਸ਼ੈਲੀ ਇਤਨੀ ਸੁੰਦਰ ਬਣ ਆਈ ਹੈ ਕਿ ਤਾਰੀਫ਼ ਕਰਦਿਆਂ ਦਿਲ ਭਰਦਾ ਹੀ ਨਹੀਂ।
(ੳ) ਛੰਦ: ਸ਼ਾਹ ਮੁਹੰਮਦ ਨੇ, ਜੰਗਨਾਮੇ ਦੀ ਰਚਨਾ ਵੇਲੇ, ਸੀ-ਹਰਫ਼ੀ ਦੀ ਪਰੰਪਰਾ
ਨੂੰ ਛੱਡ ਕੇ ਨਿਰੋਲ ਬੈਂਤ ਛੰਦ ਨੂੰ ਅਪਣਾਇਆ ਹੈ। ਇਹ ਛੰਦ ਇਸ ਕਾਲ ਦਾ ਹਰਮਨ ਪਿਆਰਾ ਛੰਦ ਸੀ । ਵਾਰਿਸ ਸ਼ਾਹ ਮਗਰੋਂ, ਬੈਂਤ ਪੰਜਾਬੀ ਸ਼ਾਇਰਾਂ ਦੀ ਰਾਸ਼ਟਰੀ ਸੰਪਤੀ ਬਣ ਗਈ ਸੀ। ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ 1750 ਈ. ਤੋਂ 1850 ਈ. ਤੱਕ ਦਾ ਸਮਾਂ ਬੈਂਤਾਂ ਦਾ ਸੁਨਹਿਰੀ ਕਾਲ ਖ਼ਿਆਲ ਕੀਤਾ ਜਾਂਦਾ ਹੈ। ਅਹਿਮਦ, ਮੁਕਬਲ ਤੇ ਵਾਰਿਸ ਤੋਂ ਪਿਛੋਂ ਸ਼ਾਹ ਮੁਹੰਮਦ ਨੇ ਆਪਣਾ ਜੰਗਨਾਮਾ ਬੈਂਤਾਂ ਵਿਚ ਲਿਖਿਆ ਪਰ ਜੇ ਅਸੀਂ ਇਨ੍ਹਾਂ ਬੈਂਤਾਂ ਨੂੰ ਧਿਆਨ ਨਾਲ ਦੇਖੀਏ, ਤਦ ਕਈ ਕਾਵਿ ਦੋਸ਼ ਵੀ ਦ੍ਰਿਸ਼ਟੀ ਗੋਚਰ ਹੋ ਜਾਂਦੇ ਹਨ। ਕਿਤੇ ਕਿਤੇ ਅਨੁਪ੍ਰਾਸ (ਕਾਫ਼ੀਆ) ਠੀਕ ਨਹੀਂ ਨਿਭਾ ਸਕਿਆ। ਇਕੋ ਸ਼ਬਦ ਇਕ ਤੋਂ ਵੱਧ ਚਰਨਾਂ ਵਿਚ ਕਾਫ਼ੀਆ ਵਜੋਂ ਵਰਤ ਗਿਆ ਹੈ। ਬੰਦ ਨੰਬਰ ਦਸ ਵਿਚ ਕਾਫ਼ਿਆ-ਆਇਆ ਈ ਤੇ ਬੰਦ ਗਿਆਰਾਂ ਵਿਚ-ਆਇਆ ਵਰਤਿਆ ਹੈ।
ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,
ਕੌਰ ਸਾਹਿਬ ਵੀ ਸਹਿਕਦਾ ਆਇਆ ਈ।
ਗਿਆਰਵੇਂ ਬੰਦ ਵਿਚ ਆਈ ਦੇ ਟਾਕਰੇ ਲਾਈ ਤੇ ਸਾਈਂ ਕਾਫੀਏ ਦੂਸ਼ਤ ਹਨ:
ਅੱਠ ਪਹਿਰ ਲੁਕਾਇ ਕੇ ਰਖਿਓ ਨੇ,
ਦੂਜੇ ਦਿਨ ਰਾਣੀ ਚੰਦ ਕੌਰ ਆਈ,
ਖੜਕ ਸਿੰਘ ਦਾ ਮੂਲ ਦਰੇਗ਼ ਨਾਹੀਂ
ਕੌਰ ਸਾਹਿਬ ਤਾਈਂ ਓਥੇ ਰੋਣ ਆਈ।
ਹੁਣ ਮੋਇਆਂ ਤੋਂ ਕਰੋ ਸੰਸਕਾਰ ਇਸ ਦਾ,
ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ।
ਸ਼ਾਹ ਮੁਹੰਮਦਾ ਰੋਂਦੀ ਏ ਚੰਦ ਕੌਰਾਂ,
ਜਿਸ ਦਾ ਮੋਇਆ ਪੁੱਤਰ ਸੋਹਣਾ ਸ਼ੇਰ ਸਾਈਂ।
ਇਕ ਬੰਦ ਵਿਚ ਪਹਿਲੀਆਂ ਤਿੰਨ ਤੁਕਾਂ ਵਿਚ “ਛੁੱਟੇ” ਨੂੰ ਬਤੌਰ ਰਦੀਫ ਵਰਤਿਆ ਗਿਆ ਹੈ ਅਤੇ ਆਨ, ਬਾਨ ਤੇ ਪ੍ਰਾਣ ਨੂੰ ਕਾਫ਼ੀਏ ਵਜੋਂ ਪ੍ਰਯੋਗ ਕੀਤਾ ਹੈ, ਪਰ ਅੰਤਲੀ ਤੁਕ, ਭਾਵ ਚੌਥੇ ਚਰਨ ਵਿਚ ਆਨ ਲੁਟੇ ਵਰਤ ਕੇ ਰਦੀਫ਼ ਦੇ ਨੇਮ ਦੀ ਉਲੰਘਣਾ ਕੀਤੀ ਹੈ-
ਮੁੜ ਕੇ ਫੇਰ ਫਰੰਗੀਆਂ ਜ਼ੋਰ ਕੀਤਾ,
ਲਾਟਾਂਦਾਰ ਗੋਲੇ ਜਦੋਂ ਆਣ ਛੁੱਟੇ।
ਉੱਡੀ ਰਾਲ ਤੇ ਚਾਦਰਾਂ ਕੜਕੀਆਂ ਨੀ,
ਕੋਰਵ ਪਾਡਵਾਂ ਦੇ ਜੈਸੇ ਬਾਣ ਛੁੱਟੇ
ਜਦੋਂ ਡਿੱਠੇ ਨੀ ਹੱਥ ਫਰੰਗੀਆਂ ਦੇ,
ਓਥੇ ਕਈਆਂ ਦੇ ਆਣ ਪ੍ਰਾਣ ਛੁੱਟੇ।
ਸ਼ਾਹ ਮੁਹੰਮਦਾ ਇਕ ਸੋ ਤੇਈ ਤੋਪਾਂ
ਤੋਸ਼ੇ ਖਾਨਾ ਫ਼ਰੰਗੀਆਂ ਆਣ ਲੁੱਟੇ।
ਬੰਦ ਸੰਤਾਲੀ ਤੇ ਤਰਵੰਜਾ ਵਿੱਚ “ਵਾਰੀ” ਦੀ ਰਦੀਫ਼ ਵਰਤੋਂ ਬਹੁਤੀ ਸਾਰਥਕ ਨਹੀਂ
ਅਰਜ਼ੀ ਲਿਖੀ ਫਰੰਗੀ ਨੂੰ ਕੁੰਜ ਗੋਏ,
ਪਹਿਲੇ ਆਪਣਾ ਸੁਖ ਅਨੰਦ ਵਾਰੀ।
ਤੇਰੀ ਵਲ ਮੈਂ ਫ਼ੌਜ ਨੂੰ ਘਲਨੀ ਆਂ,
ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।
ਜਿਹੜਾ ਜ਼ੋਰ ਤੂੰ ਆਪਣਾ ਸਭ ਲਾਵੀਂ,
ਪਿੱਛੇ ਖ਼ਰਚ ਮੈਂ ਕਰਾਂਗੀ ਬੰਦ ਵਾਰੀ।
ਸ਼ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,
ਮੈਨੂੰ ਇਤਨੀ ਬਾਤ ਪਸੰਦ ਵਾਰੀ।
ਇਕੀਵੇਂ ਬੰਦ ਵਿੱਚ ਕਾਫੀਏ ਦੀ ਵਰਤੋਂ ਠੀਕ ਨਹੀਂ ਹੈ, ਸਦਿਆ, ਵਢਿਆ, ਛਡਿਆ ਬੇਮੇਲ ਕਾਫੀਏ ਹਨ-
ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ,
ਉਨ੍ਹਾਂ ਤਾਂਈਂ ਹਜੂਰ ਚਾ ਸੱਦਿਆ ਈ।
ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ,
ਨੱਕ ਕੰਨ ਚਾ ਉਨ੍ਹਾਂ ਦਾ ਵੱਢਿਆ ਈ।
ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ,
ਉਹਨਾਂ ਅੰਦਰੋਂ ਬਾਹਰ ਚਾ ਕਢਿਆ ਈ।
ਸ਼ਾਹ ਮੁਹੰਮਦਾ ਲਾਹ ਕੇ ਸਭ ਜ਼ੇਵਰ,
ਕਾਲਾ ਮੂੰਹ ਕਰਕੇ ਫੇਰ ਛੱਡਿਆ ਈ।
ਬੰਦ ਸੋਲਾਂ ਵਿੱਚ “ਤੇਰੇ ਨਾਲ ਨੇੜੇ”, ਬਾਹਠ ਵਿਚ ਮੁਰਦੇ ਨਾਲ ਮੁੜਦੇ ਦੀ ਵਰਤੋਂ ਠੀਕ ਨਹੀਂ, ਬੰਦ ਇਕਹਤਰ ਵਿਚ ਤੋੜਿਆਂ ਨਾਲ ਗੋਰਿਆਂ ਦਾ ਕਾਫੀਆ ਠੀਕ ਨਹੀਂ- (1) ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ।
ਜਿਸ ਵੇਲੇ ਸ਼ਹਿਰ ਦੇ ਗਿਓਂ ਨੇੜੇ।
(2) ਦੁਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ। ਜੁਟੇ ਸੂਰਮੇ ਆਖ ਤੂੰ ਕਦੋਂ ਮੁੜਦੇ।
(3) ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ। ਗੰਜ ਲਾਹ ਸੁੱਟੇ ਓਹਨਾਂ ਗੋਰਿਆਂ ਦੇ।
ਇਨ੍ਹਾਂ ਕਾਵਿ ਦੋਸ਼ਾਂ ਦੇ ਹੁੰਦਿਆਂ ਵੀ ਸ਼ਾਹ ਮੁਹੰਮਦ ਨੇ ਜੋ ਬੈਂਤ ਛੰਦ ਵਰਤਿਆ ਹੈ, ਉਸ ਨੇ ਕਿੱਸੇ ਨੂੰ ਹਰਮਨ ਪਿਆਰਾ ਬਣਾ ਦਿੱਤਾ ਹੈ। ਬੈਂਤ ਛੰਦ ਅਪਣਾਉਣ ਦਾ ਸਭ ਤੋਂ ਵੱਡਾ ਕਾਰਣ ਇਹ ਲਗਦਾ ਹੈ ਕਿ ਇਸ ਦਵਾਰਾ ਪੰਜਾਬੀਆਂ ਦਾ ਭਰਵਾਂ ਭਰਪੂਰ ਤੇ ਲੰਮੇਰਾ ਉਚਾਰਣ ਤੇ ਉੱਚੀ ਲੰਮੀ ਹੇਕ ਨਾਲ ਗਾਉਣ ਦਾ ਚਾਅ ਪੂਰਾ ਹੋ ਸਕਦਾ ਹੈ। ਦਰਅਸਲ ਭਾਰਤੀ “ਗੁਰੂ ਛੰਦ ਦਿਵਾਕਰ” ਦਾ ਫ਼ਾਰਸੀ ਰੂਪ “ਬੈਂਤ” ਹੈ। ਪੰਜਾਬੀ ਕਵੀਆਂ ਨੇ ਇਹ ਛੰਦ 4 ਚਰਣ ਤੋਂ ਲੈ ਕੇ 22 ਚਰਣ ਤੱਕ ਦਾ ਰਚਿਆ ਹੈ ਅਤੇ ਥੋੜ੍ਹੀ ਜਿਹੀ ਕਮੀ-ਬੇਸ਼ੀ ਨਾਲ ਇਸ ਦਾ ਸਰੂਪ ਹਰੇਕ ਚਰਣ 40 ਮਾਤਾ, 20,20 ਤੇ ਦੋ ਵਿਸ਼ਾਮ ਅੰਤ ਦੋ ਗੁਰੂ ਰਖਿਆ ਹੈ। ਕਿੱਸੇ ਸਾਹਿਤ ਦੀ ਛੰਦਾ-ਬੰਦੀ ਵਿਚ ਬਾਕੀ ਸਾਰਿਆਂ ਛੰਦਾਂ ਨਾਲੋਂ ਬੈਂਤ-ਛੰਦ ਸਿਰ-ਕੱਢ ਤੇ ਅਹਿਮੀਅਤ ਭਰਪੂਰ ਮੰਨਿਆ ਗਿਆ ਸੀ। ਸ਼ਾਹ ਮੁਹੰਮਦ ਇਸ ਕਾਲ ਦੀ ਆਖਰੀ ਕਵੀ ਹੈ, ਜਿਸ ਦੇ ਹੱਥਾਂ ਵਿਚ ਬੈਂਤ ਪੰਜਾਬੀ ਕਾਵਿ ਦਾ ਸਿਰਤਾਜ ਬਣ ਗਿਆ। ਏਸ ਸਮੇਂ ਬੀਰ ਰਸੀ ਵਾਰਾਂ ਨੂੰ ਪਾਉੜੀਆਂ ਵਿਚ ਲਿਖਿਆ ਜਾਂਦਾ ਸੀ, ਪਰ ਸ਼ਾਹ ਮੁਹੰਮਦ ਨੇ ਇਸ ਬੀਰਰਸੀ ਕਿੱਸੇ ਨੂੰ ਬੈਂਤਾਂ ਵਿਚ ਲਿਖਿਆ, ਇਹੋ ਕਾਰਨ ਹੈ ਕਿ ਕਈ ਵਿਦਵਾਨ ਇਸ ਨੂੰ ਜੰਗਨਾਮਾ ਕਹਿਣ ਦੀ ਥਾਂ “ਵਾਰ-ਸ਼ਾਹ- ਮੁਹੰਮਦ” ਕਹਿਣਾ ਉੱਚਿਤ ਸਮਝਦੇ ਹਨ।
(ਅ) ਬਿੰਬਾਵਲੀ : ਫ਼ਾਰਸੀ ਕਾਵਿ-ਸ਼ਾਸਤ੍ਰ ਅਨੁਸਾਰ ਕਵਿਤਾ ਦੀਆਂ ਦੋ ਕਿਸਮਾਂ- ਤਖ਼ੱਯਲੀ ਤੇ ਮਹਾਕਾਤੀ ਸ਼ਾਇਰੀ-ਹੈ। ਤਖ਼ੱਯਲੀ ਸ਼ਾਇਰੀ ਤੋਂ ਭਾਵ ਇਹ ਹੈ ਕਿ ਬੁੱਧੀ ਅਤੇ ਕਲਪਣਾ ਦੇ ਆਧਾਰ ਉੱਪਰ ਰਚੀ ਸ਼ਾਇਰੀ ਫਰਸ਼ੋਂ ਉੱਠ ਕੇ ਅਰਸ਼ ਉੱਪਰ ਪੁੱਜ ਜਾਂਦੀ ਹੈ। ਕਵੀ ਕਲਪਣਾ-ਉਡਾਰੀ ਦੇ ਸਹਾਰੇ ਐਸੇ ਅਨੋਖੇ ਖ਼ਿਆਲ ਪੇਸ਼ ਕਰਦਾ ਹੈ, ਕਿ ਪਾਠਕ ਅਤੇ ਸਰੋਤੇ ਹੈਰਾਨ ਹੋ ਜਾਂਦੇ ਹਨ। ਮਹਾਕਾਤੀ ਸ਼ਾਇਰੀ ਤੋਂ ਭਾਵ ਹੈ ਕਿ ਬੁੱਧੀ ਸ਼ਕਤੀ ਦੀ ਸਹਾਇਤਾ ਨਾਲ ਸ਼ਾਇਰ ਘਟਨਾਵਾਂ ਦੀਆਂ ਲਫਜ਼ੀ ਤਸਵੀਰਾਂ ਖਿੱਚਦਾ ਹੈ ਅਤੇ ਇਸ ਵਿਚ ਨਿਜੀ ਸ਼ੈਲੀ ਦਾ ਰੰਗ ਭਰ ਕੇ ਨਕਲ ਨੂੰ ਅਸਲ ਨਾਲੋਂ ਚੰਗੇਰਾ ਬਣਾ ਦਿੰਦਾ ਹੈ। ਉਦਾਹਰਣ ਵਜੋਂ ਕੋਹੜ-ਕਿਰਲੀ ਇਕ ਐਸਾ ਜੀਵ ਹੈ, ਜਿਸ ਨੂੰ ਦੇਖਣ ਨੂੰ ਜੀ ਨਹੀਂ ਕਰਦਾ, ਪਰ ਜੇ ਕਵੀ ਆਪਣੇ ਰੰਗ ਵਿਚ ਆ ਕੇ ਉਸ ਦਾ ਨਕਸ਼ਾ ਖਿੱਚ ਦਵੇ, ਤਦ ਜਿਨ੍ਹਾਂ ਲੋਕਾਂ ਨੇ ਇਸ ਜੀਵ ਨੂੰ ਨਹੀਂ ਦੇਖਿਆ ਹੁੰਦਾ, ਉਹਨਾਂ ਦਾ ਦਿਲ ਕਰੇਗਾ ਕਿ ਇਸ ਜੀਵ ਨੂੰ ਦੇਖੀਏ। ਭਾਰਤੀ ਕਾਵਿ-ਸ਼ਾਸਤ੍ਰ ਅਨੁਸਾਰ (ਸ਼ਾਇਰ) ਕਵੀ ਜਦ ਕਿਸੇ ਘਟਨਾ ਨੂੰ ਸਪਸ਼ਟ ਕਰਨਾ ਚਾਹੁੰਦਾ ਹੈ, ਤਦ ਉਹ ਪ੍ਰਤੀਕਾਂ ਰਾਹੀਂ, ਉਪਮਾ ਤੇ ਰੂਪਕ ਤੋਂ ਕੰਮ ਲੈ ਕੇ ਆਪਣੇ ਜਜ਼ਬਾਤ ਤੇ ਵਿਚਾਰ ਸਪਸ਼ਟ ਕਰ ਦਿੰਦਾ ਹੈ। ਕਿਸੇ ਵੇਲੇ ਉਹ ਰੂਪਕਾਂ ਤੇ ਪ੍ਰਤੀਕਾਂ ਰਾਹੀਂ ਕਿਸੇ ਸਮੇਂ ਥਾਂ ਜਾਂ ਵਿਅਕਤੀ ਦਾ ਨਕਸ਼ਾ (ਤਸਵੀਰ) ਇਸ ਤਰ੍ਹਾਂ ਸ਼ਬਦਾਂ ਵਿਚ ਪੇਸ਼ ਕਰਦਾਹੈ ਕਿ ਘਟਨਾ ਦੀ ਤਸਵੀਰ ਅੱਖਾਂ ਅੱਗੇ ਫਿਰ ਜਾਂਦੀ ਹੈ, ਇਸ ਤਸਵੀਰ ਨੂੰ ਬਿੰਬ ਕਿਹਾ ਜਾਂਦਾ ਹੈ, ਸ੍ਰੀ ਗੁਰੂ ਨਾਨਕ ਦੇਵ ਨੇ ਕੁਝ ਫਿੱਕੇ ਸੁਭਾਅ ਦੇ ਲੋਕਾਂ ਨੂੰ ਦੇਖਿਆ, ਜੋ ਦੇਖਣ ਵਿਚ ਤੇ ਆਦਮੀ ਹਨ, ਪਰ ਅਸਲ ਵਿਚ ਉਹ ਆਦਮੀਅਤ (ਇਨਸਾਨੀਅਤ-ਮਾਨਵਤਾ) ਤੋਂ ਖ਼ਾਲੀ ਹਨ। ਉਹ ਸਮਾਜ ਜਾਂ ਕੌਮ ਲਈ ਲਾਭਦਾਇਕ ਨਹੀਂ ਹੁੰਦੇ। ਇਸ ਪ੍ਰਕਾਰ ਦੇ ਲੋਕਾਂ ਦੀ ਤਸਵੀਰ ਆਪ ਨੇ ਸਿੰਮਲ ਰੁਖ ਦੇ ਪ੍ਰਤੀਕ ਰਾਹੀਂ ਇਸ ਪ੍ਰਕਾਰ ਖਿੱਚੀ ਹੈ-
ਸਿਮਲੁ ਰੁਖ ਸਰਾਇਰਾ ਅਤਿ ਦੀਰਘ ਅਤਿ ਮੁਚ ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤੁ ॥
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥
ਅਜੋਕੀ ਸ਼ਾਇਰੀ ਨੂੰ ਖੂਬਸੂਰਤ, ਅਸਰਦਾਰ ਬਣਾਉਣ ਲਈ ਸ਼ਾਇਰ ਬਿੰਬਾਵਲੀ ਦੀ ਵਰਤੋਂ ਕਰਦਾ ਹੈ। ਸ਼ਾਹ ਮੁਹੰਮਦ ਜਿੱਥੇ ਆਪਣੀ ਭਾਸ਼ਾ ਤੇ ਸ਼ੈਲੀ ਲਈ ਮਸ਼ਹੂਰ ਹੈ, ਉੱਥੇ ਉਸਦੀ ਲੋਕ-ਪ੍ਰਿਯਤਾ ਉਸ ਦੀ ਪ੍ਰਯੋਗ ਕੀਤੀ ਬਿੰਬਾਵਲੀ ਉੱਪਰ ਆਧਾਰਤ ਹੈ। ਉਹ ਲੰਮੀਆਂ-ਲੰਮੀਆਂ ਤਸਵੀਰਾਂ ਖਿੱਚਣ ਦੇ ਗੇੜ ਤੇ ਚੱਕਰ ਵਿਚ ਨਹੀਂ ਫਸਦਾ। ਉਹ ਬੜੀ ਸਰਲਤਾ ਤੇ ਸਾਦਗੀ ਨਾਲ ਸਪਸ਼ਟ ਤੌਰ ‘ਤੇ, ਢੁੱਕਵੇਂ ਅਲੰਕਾਰਾਂ ਰਾਹੀਂ, ਰੂਪਕ ਤੇ ਉਪਮਾਂ ਦੇ ਆਧਾਰ ‘ਤੇ, ਤਸਵੀਰ ਇਸ ਤਰ੍ਹਾਂ ਖਿੱਚਦਾ ਹੈ ਕਿ ਸਾਰੀ ਘਟਨਾ ਅੱਖਾਂ ਗੋਚਰ ਹੋ ਜਾਂਦੀ ਹੈ। ਉਸ ਨੇ ਇਸ ਤਸਵੀਰ ਨੂੰ ਉਲੀਕਣ ਵਿਚ ਦ੍ਰਿਸ਼ ਚਿਤ੍ਰਾਂ ਤੇ ਨਾਦ ਚਿਤਾਂ ਦੀ ਸਹਾਇਤਾ ਲਈ ਹੈ। ਅੰਗ੍ਰੇਜ਼ਾਂ ਤੇ ਸਿੰਘਾਂ ਦੀ ਜਦ ਲੜਾਈ ਸ਼ੁਰੂ ਹੋਈ, ਤਦ ਸਿੰਘ ਸੂਰਮੇ ਫ਼ਰੰਗੀਆਂ ਦਾ ਟਾਕਰਾ ਕਰਨ ਲਈ ਇਸ ਤਰ੍ਹਾਂ ਅੱਗੇ ਵਧੇ ਜਿਵੇਂ ਸ਼ੇਰ ਜੰਗਲ ਵਿਚੋਂ ਗੱਜਦਾ ਹੋਇਆ ਸ਼ਿਕਾਰ ਖੇਡਣ ਲਈ ਨਿਕਲਦਾ ਹੈ-
ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ਬੇਲਿਉਂ ਨਿਕਲਦੇ ਸ਼ੇਰ ਮੀਆਂ।
ਸਿੰਘਾਂ ਦੀ ਲੜਾਈ ਸਮੇਂ ਤੋਪਾਂ ਦੀ ਵਰਤੋਂ ਕੀਤੀ ਗਈ। ਤੋਪਖਾਨੇ ਦੀ ਲੜਾਈ ਜਾ ਚਿੱਤ੍ਰ ਸ਼ਾਹ ਮੁਹੰਮਦ ਇਸ ਤਰ੍ਹਾਂ ਖਿੱਚਦਾ ਹੈ-
ਮਜ਼ਹਰ ਮਾਲੀ ਤੇ ਮਾਘੇ ਖਾਂ ਕੂਚ ਕੀਤਾ,
ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,
ਤੋਪਾਂ ਨਾਲ ਇਮਾਮਸ਼ਾਹ ਵਾਲੀਆਂ ਨੀ।
ਇਲਾਹੀ ਬਖ਼ਸ਼ ਪਟੋਲੀ ਨੇ ਮਾਂਜ ਕੇ ਜੀ,
ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ।
ਸ਼ਾਹ ਮੁਹੰਮਦਾ ਐਸੀਆਂ ਲਿਸ਼ਕ ਆਈਆਂ,
ਬਿਜਲੀ ਵਾਂਗ ਜੋ ਦੇਣ ਦਿਖਾਲੀਆਂ ਨੀ।
ਸਿੰਘਾਂ ਨੇ ਇਸ ਲੜਾਈ ਵਿਚ ਫ਼ਰੰਗੀਆਂ ਨੂੰ ਲੱਕ-ਤੋੜ ਸ਼ਿਕਸਤ ਦਿੱਤੀ। ਅੰਗ੍ਰੇਜ਼ ਲੋਕਾਂ ਦੇ ਚਿਹਰੇ ਪੀਲੇ ਪੈ ਗਏ। ਉਹਨਾਂ ਦੇ ਸ਼ਰੀਰ ਵਿਚ ਲਹੂ ਦੀ ਬੂੰਦ ਵੀ ਨਹੀਂ ਰਹੀ। ਇਸ ਤਸਵੀਰ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿਚ ਸ਼ਾਹ ਮੁਹੰਮਦ ਨੇ ਇਸ ਤਰ੍ਹਾਂ ਪੇਸ਼ ਕੀਤਾ ਹੈ—
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਮਹਾਰਾਜਾ ਰਣਜੀਤ ਸਿੰਘ ਮਗਰੋਂ ਫੌਜਾਂ ਵਿਚ ਫੁੱਟ ਪੈ ਗਈ ਤੇ ਸਭ ਨੂੰ ਆਪਾ ਧਾਪੀ ਪੈ ਗਈ। ਇਸ ਤਸਵੀਰ ਨੂੰ ਸ਼ਾਹ ਮੁਹੰਮਦ ਇਸ ਤਰ੍ਹਾਂ ਖਿੱਚਦਾ ਹੈ
ਸਿਰ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ,
ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ-ਮੰਡਲੀ ਹੋਈ ਤਿਆਰ ਮੀਆਂ।
(ੲ) ਭਾਸ਼ਾ ਤੇ ਸ਼ੈਲੀ : ਸ਼ਾਹ ਮੁਹੰਮਦ ਦੀ ਰਚਨਾ ਬੇ ਸ਼ੁਮਾਰ ਕਾਵਿ-ਗੁਣਾਂ ਦਾ ਕੀਮਤੀ ਖ਼ਜ਼ਾਨਾ ਹੈ, ਇਸ ਰਚਨਾ ਦੀ ਸਭ ਤੋਂ ਵੱਡੀ ਇਹ ਵਿਸ਼ੇਸ਼ਤਾ ਹੈ ਕਿ ਬਿਰਤਾਂਤ ਢੰਗ ਬੜਾ ਸੁੰਦਰ, ਆਕਰਸ਼ਕ ਤੇ ਦਿਲ-ਖਿੱਚੂ ਹੈ। ਸ਼ਬਦ ਭਾਵੇਂ ਥੋੜ੍ਹੇ ਹੁੰਦੇ ਹਨ ਪਰ ਭਾਵ ਸਪਸ਼ਟ ਹੋ ਜਾਂਦੇ ਹਨ । ਸ਼ਾਹ ਮੁਹੰਮਦ ਨੇ ਘਟਨਾਵਾਂ ਦੀਆਂ ਤਸਵੀਰਾਂ ਵਿਚ ਸ਼ਾਇਰਾਨਾ ਰੰਗ ਭਰਿਆ ਹੈ ਕਿ ਉਹ ਚਲਦੀਆਂ ਫਿਰਦੀਆਂ ਤੇ ਮੂੰਹ-ਬੋਲਦੀਆਂ ਤਸਵੀਰਾਂ ਜਾਪਣ ਲੱਗ ਜਾਂਦੀਆਂ ਹਨ। ਸੰਖੇਪਤਾ ਤੇ ਨਵੀਨਤਾ ਦੀ ਵਰਤੋਂ ਕਿਸੇ ਕਲਾਕਾਰ ਦੀ ਹੈਸੀਅਤ ਨਾਲ ਇਸ ਤਰ੍ਹਾਂ ਕੀਤੀ ਹੈ, ਕਿ ਉਹ ਇਕ ਲਾਸਾਨੀ (incomparable) ਕਵੀ ਸਾਬਤ ਹੁੰਦੀ ਹੈ:
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,
ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ,
ਜੈਸੇ ਬੇਲਿਉਂ ਨਿਕਲਦੇ ਸ਼ੇਰ ਮੀਆਂ।
ਸ਼ਾਹ ਮੁਹੰਮਦ ਦੀ ਦੂਜੀ ਖੂਬੀ ਇਹ ਹੈ ਕਿ ਉਸ ਦੀ ਭਾਸ਼ਾ ਬੜੀ ਰਸੀਲੀ ਹੁੰਦੀ ਹੈ। ਬੀਰ ਰਸੀ ਕਵਿਤਾ ਦੀ ਵੱਡੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਕਵੀ ਜੋਸ਼-ਭਰਪੂਰ ਸ਼ਬਦ ਚੁਣਦਾ ਹੈ ਤੇ ਕਵਿਤਾ ਨੂੰ ਜੋਸ਼ੀਲੀ ਤੇ ਅਸਰ ਭਰਪੂਰ ਬਣਾ ਦਿੰਦਾ ਹੈ, ਪਰ ਨਾਲ ਹੀ ਕਵੀ ਦੀ ਨਿਰਪੱਖਤਾ ਹੁੰਦੀ ਹੈ, ਜੋ ਦੋਹਾਂ ਧਿਰਾਂ ਦੀ ਬੀਰਤਾ ਬੇਲਾਗ ਤੇ ਨਿਰਪੱਖ ਹੋਕੇ ਬਿਆਨਦਾ ਹੈ। ਸੋ ਸ਼ਾਹ ਮੁਹੰਮਦ ਦੀ ਸ਼ਬਦਾਵਲੀ ਭਾਵੇਂ ਸਰਲ ਤੇ ਸਾਦਾ ਹੈ, ਪਰ ਸ਼ਕਤੀਸ਼ਾਲੀ ਹੈ। ਯੁੱਧ-ਚਿਤਾਂ ਨੂੰ ਭਾਸ਼ਾ ਰਾਹੀਂ ਇਸ ਤਰ੍ਹਾਂ ਪੇਸ਼ ਕਰਦੀ ਹੈ, ਕਿ ਇਹ ਚਿਤ੍ ਹੂ-ਬਹੂ ਲੜਾਈ ਦੇ ਨਕਸ਼ੇ ਹੋ ਨਿਬੜਦੇ ਹਨ।
ਮੁੜ ਕੇ ਫੇਰ ਫ਼ਰੰਗੀਆਂ ਜ਼ੋਰ ਕੀਤਾ, ਲਾਟਾਂਦਾਰ ਗੋਲੇ ਜਦੋਂ ਆਣ ਛੁੱਟੇ। ਉਡੀ ਰਾਲ ਤੇ ਚਾਦਰਾਂ ਕੜਕੀਆਂ ਨੀ, ਕੌਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ। ਕਰੁਣਾ ਰਸ ਪੇਸ਼ ਕਰਨ ਲਈ ਨਰਮ, ਕੋਮਲ ਤੇ ਅਸਰਦਾਰ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ, ਤੇ ਇਸ ਰੰਗ ਨੂੰ ਬੜੀ ਖੂਬੀ ਨਾਲ ਨਿਭਾਇਆ ਹੈ। ਬਿਆਨ ਇਤਨਾ ਦਰਦਨਾਕ ਹੁੰਦਾ ਹੈ ਕਿ ਰੰਜ-ਗ਼ਮ ਤੇ ਦੁੱਖ ਦੀਆਂ ਕਾਲੀਆਂ ਘਟਾਵਾਂ ਦਿਲ ਉੱਪਰ ਛਾ ਜਾਂਦੀਆਂ ਹਨ-
ਕਈ ਮਾਵਾਂ ਦੇ ਪੁੱਤਰ ਮੋਏ ਉਥੇ,
ਸੀਨੇ ਲਗੀਆਂ ਤੇਜ ਕਟਾਰੀਆਂ ਨੀ।
ਜਿਨ੍ਹਾਂ ਭੈਣਾਂ ਨੂੰ ਵੀਰ ਨ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ।
ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
ਖੁੱਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ।
ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,
ਪਈਆਂ ਰਾਜ ਦੇ ਵਿਚ ਖੁਆਰੀਆਂ ਨੀ ।
ਸ਼ਾਇਰ (ਕਵੀ) ਨੇ ਕ੍ਰੋਧ ਨੂੰ ਬਿਆਨ ਕਰਨ ਲਈ ਵੀ ਸ਼ਬਦ-ਚੋਣ ਵਿਚ ਕਮਾਲ ਕਰ ਵਿਖਾਇਆ ਹੈ ਅਤੇ ਵਾਕ ਬੜੇ ਪ੍ਰਭਾਵਸ਼ਾਲੀ ਬਣ ਆਏ ਹਨ-
ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,
ਮੈਂ ਤੇ ਖੁਹਾਊਂਗੀ ਉਨ੍ਹਾਂ ਦੀਆਂ ਜੂਡੀਆਂ ਨੀ।
ਧਾਕਾਂ ਜਾਣ ਵਲਾਇਤੀ ਦੇਸ ਸਾਰੇ,
ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,
ਨੱਥ ਚੌਂਕ ਤੇ ਵਾਲੀਆਂ ਡੰਡੀਆਂ ਨੀ।
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਗੇ,
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
ਸ਼ਾਹ ਮੁਹੰਮਦ ਨੇ ਆਪਣੀ ਭਾਸ਼ਾ ਤੇ ਸ਼ੈਲੀ ਰਾਹੀਂ ਵਿਅੰਗਾਤਮਕ ਰੰਗ ਵੀ ਅਪਣਾਇਆ ਹੈ। ਥਾਂ ਥਾਂ ਚੋਭਾਂ ਤੇ ਟਕੋਰਾਂ ਵੀ ਕਰੀ ਜਾਂਦਾ ਹੈ ਅਤੇ ਵਿਅੰਗ ਦੀ ਆਵਾਜ਼ ਬੁਲੰਦ ਕਰਦਾ ਹੈ। ਪਾਠਕ ਤੇ ਸਰੋਤਾ ਉਸ ਦੇ ਵਿਅੰਗਾਂ ਦਾ ਸੁਹਜ-ਸਵਾਦ ਵੀ ਮਾਣ ਲੈਂਦਾ ਹੈ, ਪਰ ਪਾਤਰਾਂ ਨਾਲ ਉਸ ਦੀ ਹਮਦਰਦੀ ਵੀ ਬਣੀ ਰਹਿੰਦੀ ਹੈ—
ਜਦੋਂ ਪਿਆ ਹਰਾਸ ਤੇ ਕਰਨ ਗੱਲਾਂ, ਮੁੰਡੇ ਘੋੜ-ਚੜ੍ਹੇ ਨਵੇਂ ਛੋਕਰੇ ਜੀ। ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ, ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ।
ਕਹਿੰਦੇ ਜੀਉਂਦੇ ਫੇਰ ਨਾ ਕਦੀ ਜਾਣਾ, ਮੂੰਹ ਨ ਲਗਣਾ ਉਸ ਚੰਡਾਲ ਦੇ ਜੀ। ਕਿਤੇ ਜਾਇ ਕੇ ਚਾਰ ਦਿਨ ਕੱਟ ਆਈਏ, ਢੂੰਡਣ ਆਉਣਗੇ ਸਾਡੇ ਵੀ ਨਾਲ ਦੇ ਜੀ। ਸ਼ਾਹ ਮੁਹੰਮਦ ਦੇ ਇਸ ਕਿੱਸੇ ਵਿਚ ਬਿਰਤਾਂਤ ਦੀ ਸ਼ੈਲੀ ਅਧਿਕਤਰ ਇਤਿਹਾਸਕ ਹੈ, ਪਰ ਕਿਤੇ ਕਿਤੇ ਕੁਟਿਲ ਰਾਜਨੀਤੀ ਵੀ ਇਸ ਖੂਬੀ ਨਾਲ ਨਿਭਾਈ ਹੈ, ਕਿ ਪਾਠਕ ਤੇ ਸਰੋਤੇ ਦਾ ਮਨ ਉੱਧਰ ਖਿੱਚਿਆ ਜਾਂਦਾ ਹੈ:-
ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ,
ਅੱਗੋਂ ਰੱਬ ਦਾ ਵਾਸਤਾ ਪਾਂਵਦਾ ਈ।
ਮੈਂ ਤੇ ਕਰਾਂਗਾ ਬਾਬਾ ਜੀ ਟਹਿਲ ਤੇਰੀ,
ਹੱਥ ਜੋੜ ਕੇ ਸੀਸ ਨਿਵਾਂਵਦਾ ਈ।
ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ,
ਹਮ ਸੀਖ ਸਿਉਂ ਜਾਏਕੇ ਲੜੇਗਾ ਜੀ।
ਘੰਟੇ ਤੀਨ ਮੈਂ ਜਾ ਲਾਹੌਰ ਮਾਰਾਂ
ਇਸ ਬਾਤ ਮੈਂ ਫ਼ਰਕ ਨਾ ਪੜੇਗਾ ਜੀ।
ਸ਼ਾਹ ਮੁਹੰਮਦ ਦਾ ਵੱਡਾ ਕਮਾਲ ਇਸ ਵਿਚ ਹੈ ਕਿ ਉਸ ਨੇ ਠੇਠ, ਸਰਲ, ਸਾਦਾ ਤੇ ਮੁਹਾਵਰੇਦਾਰ ਭਾਸ਼ਾ ਦੀ ਵਰਤੋਂ ਕੀਤੀ ਹੈ। ਇਹ ਠੀਕ ਹੈ ਕਿ ਵਾਰਿਸ ਸ਼ਾਹ ਨੇ ਪੰਜਾਬੀ ਬੋਲੀ ਦਾ ਠੁਕ ਬੰਨ੍ਹਿਆ ਸੀ ਤੇ ਸ਼ਾਹ ਮੁਹੰਮਦ ਨੇ ਉਸ ਦੀ ਪੈਰਵੀ ਵੀ ਕੀਤੀ ਹੈ, ਪਰ ਅੰਤਰ ਦੋਹਾਂ ਦੀ ਟਕਸਾਲੀ ਬੋਲੀ ਵਿਚ ਇਹ ਹੈ ਕਿ ਵਾਰਿਸ ਨੇ ਚੱਕੀ ਦੇ ਦਲੀਏ ਵਾਂਗ ਸ਼ਬਦਾਵਲੀ ਨੂੰ ਮਰਜ਼ੀ ਅਨੁਸਾਰ ਤਰੋੜ-ਮਰੋੜ ਲਿਆ ਹੈ, ਜਦ ਕਿ ਸ਼ਾਹ ਮੁਹੰਮਦ ਨੇ ਐਸਾ ਨਹੀਂ ਕੀਤਾ। ਸ਼ਾਹ ਮੁਹੰਮਦ ਨੇ ਸ਼ਬਦਾਂ ਨੂੰ ਇਕ ਸੁਘੜ ਕਲਾਕਾਰ ਦੀ ਤਰ੍ਹਾਂ ਘੜਿਆ ਹੈ। ਸ਼ਾਹ ਮੁਹੰਮਦ ਨੇ ਫ਼ਾਰਸੀ ਤੇ ਅਰਬੀ ਸ਼ਬਦਾਵਲੀ ਦੇ ਨਾਲ-ਨਾਲ ਅੰਗ੍ਰੇਜ਼ੀ ਦੇ ਪ੍ਰਚਲਿਤ ਤੇ ਲੋਕ-ਬੁਲ੍ਹਾਂ ਉੱਪਰ ਚਾਲੂ ਸ਼ਬਦ ਵੀ ਆਪਣੀ ਰਚਨਾ ਵਿਚ ਵਰਤ ਲਏ ਹਨ। ਇਹੋ ਸ਼ਬਦ ਤਤਸਮ ਤੇ ਤਦਭਵ ਦੋਹਾਂ ਰੂਪਾਂ ਵਿਚ ਪ੍ਰਯੁਕਤ ਹੋਏ ਹਨ। ਸ਼ਾਹ ਮੁਹੰਮਦ ਨੇ ਬੜੀ ਸੂਝ ਬੂਝ ਨਾਲ ਇਹਨਾਂ ਨੂੰ ਇਸ ਤਰ੍ਹਾਂ ਵਰਤਿਆ ਹੈ ਕਿ ਇਹ ਖਰੇ ਸਿੱਕੇ ਸਾਬਤ ਹੋਏ ਹਨ। ਮਤਲਬ ਇਹ ਹੈ ਕਿ ਇਹ ਵਿਦੇਸ਼ੀ ਸ਼ਬਦ ਕੰਨਾਂ ਨੂੰ ਓਪਰੇ ਨਹੀਂ ਜਾਪਦੇ, ਸਗੋਂ ਵਾਕ ਰੰਗ ਬਰੰਗੇ ਫੁੱਲਾਂ ਦਾ ਗੁਲਦਸਤਾ ਬਣ ਗਏ ਹਨ । ਏਥੋਂ ਤਕ ਕਿ ਜੇ ਇਕ ਸ਼ਬਦ ਵੀ ਏਧਰ ਦਾ ਓਧਰ ਕਰ ਦਿੱਤਾ ਜਾਵੇ, ਤਦ ਕਵਿਤਾ ਨੀਰਸ ਹੋ ਜਾਵੇਗੀ। ਹਰ ਸ਼ਬਦ ਕਵਿਤਾ ਵਿਚ ਸ਼ਾਹ ਮੁਹੰਮਦ ਨੇ ਇਸ ਤਰ੍ਹਾਂ ਜੋੜਿਆ ਹੈ, ਜਿਵੇਂ ਸੁਨਿਆਰਾ ਸੋਨੇ ਦੀ ਛਾਪ ਵਿਚ ਨਗੀਨਾ ਜੜ ਦਿੰਦਾ ਹੈ। ਇਸ ਕਿੱਸੇ ਦੀ ਭਾਸ਼ਾ ਵਿਚ ਜੋ ਸੰਜਮ, ਸਰਲਤਾ, ਸਾਦਗੀ ਤੇ ਸੁੰਦਰਤਾ ਦਾ ਸੁਮੇਲ ਹੋਇਆ ਹੈ ਉਹੋ ਜਿਹਾ ਸੁਮੇਲ ਬਹੁਤ ਹੀ ਘੱਟ ਕਵੀਆਂ ਦੀ ਰਚਨਾ ਵਿਚ ਹੋਇਆ ਹੈ। ਜਿਸ ਭਾਸ਼ਾ ਠੁਕ, ਭਾਸ਼ਾ ਸ਼ੈਲੀ ਤੇ ਪਧਤੀ ਦੀ ਨੀਂਹ ਵਾਰਿਸ ਦੇ ਹੱਥੋਂ ਰੱਖੀ ਗਈ ਸੀ, ਉਸ ਦਾ ਅਗਲੇਰਾ ਪੜਾਅ ਸ਼ਾਹ ਮੁਹੰਮਦ ਦੀ ਰਚਨਾ ਵਿਚ ਦੇਖਣ ਨੂੰ ਮਿਲਦਾ ਹੈ। ਸ਼ਾਹ ਮੁਹੰਮਦ ਦੀ ਇਹ ਪਿਰਤ ਏਸ ਕਿੱਸੇ ਨਾਲ ਹੀ ਖਤਮ ਨਹੀਂ ਹੁੰਦੀ ਸਗੋਂ ਆਧੁਨਿਕ ਕਾਲ ਵਿਚ, ਚਾਕ ਸ਼ਰਫ ਤੇ ਹੋਰ ਉਸਤਾਦ ਕਵੀਆਂ ਦੇ ਕਲਾਮ ਵਿਚ ਮੌਜੂਦ ਹੈ। ਸਾਡਾ ਵਿਚਾਰ ਹੈ ਕਿ ਸ਼ਾਹ ਮੁਹੰਮਦ ਪਹਿਲਾ ਪੰਜਾਬੀ ਦਾ ਕਵੀ ਹੈ, ਜਿਸ ਨੇ ਯੂਰਪੀ ਭਾਸ਼ਾ ਦੀ ਸ਼ਬਦਾਵਲੀ (ਅੰਗ੍ਰੇਜ਼ੀ) ਵਰਤੀ ਹੈ ਤੇ ਉਸ ਦੀਆਂ ਕੁਝ ਉਕਤੀਆਂ ਸੱਚਾਈ ਦੀ ਧਾਰਨੀ ਬਣ ਗਈਆਂ ਹਨ-
ਲੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ,
ਇਨ੍ਹਾਂ ਲਾਟਾਂ ਵਿਚੋਂ ਕੌਣ ਲੜੇਗਾ ਜੀ।
ਵੱਡੀ ਤੁਰਮ ਤੰਬੂਰ ਕਰਨੈਲ ਸ਼ੁਤਰੀ,
ਤੰਬੂ ਬੈਰਕਾਂ ਨਾਲ ਨਿਸ਼ਾਨ ਮੀਆਂ।
ਲੰਦਨ ਟਾਪੂਆਂ ਵਿਚ ਕੁਰਲਾਟ ਹੋਈ,
ਕੁਰਸੀ ਚਾਰ ਹਜ਼ਾਰ ਹੋ ਸਖਣੀ ਜੀ।
ਸ਼ਾਹ ਮੁਹੰਮਦ ਨੇ ਫਾਰਸੀ ਅਤੇ ਅਰਬੀ ਦੇ ਸ਼ਬਦ ਵੀ ਬੜੀ ਸੁਘੜਤਾ ਨਾਲ ਵਰਤੇ ਹਨ। ਇਹ ਸ਼ਬਦ ਵੀ ਪੰਜਾਬੀ ਦੇ ਵਿਕਾਸ ਵਿਚ ਆਪਣੇ ਯੋਗਦਾਨ ਦੇ ਰਹੇ ਹਨ। ਕੋਈ ਸ਼ਬਦ ਅਖਰਦਾ ਨਹੀਂ ਇਹ ਸ਼ਬਦ ਟਕਸਾਲੀ ਸਿੱਕੇ ਮਾਲੂਮ ਹੁੰਦੇ ਹਨ- ਹਮਦ (ਉਸਤਤ), ਨਕਸ਼ੇ ਨਗਾਰ (ਚਿਹਨ-ਚਕਰ), ਸਫ਼ਾਂ (ਕਤਾਰਾਂ), ਆਛਾਤ, ਮਾਂਦਾ, ਦਿਲਬਰੀ, ਮੁਸਾਹਿਬ, ਸੁਖਨ, ਅਜ਼ਲ (ਮੌਤ), ਸ਼ੁਤਰ, ਕੁੰਜ-ਗੋਸ਼ੇ ਤਕਸੀਰ, ਸਾਇਬਾਨ, ਕੈਫ਼-ਖੁਮਾਰ, ਤੋਸ਼ਾਖਾਨਾ, ਹਰਾਸ, ਜ਼ਹੀਰ (ਨਿਰਬਲ), ਮੁਦਈ, ਅਰਾਸਤਾ, ਗੁਮਾਸ਼ਤਾ ਆਦਿ।
ਸ਼ਾਹ ਮੁਹੰਮਦ ਨੇ ਸ਼ਬਦ ਚੋਣ ਇਕ ਸੁਘੜ ਕਲਾਕਾਰ ਵਾਂਗ ਕੀਤੀ ਹੈ। ਹਰ ਸ਼ਬਦ ਆਪਣੀ ਕੀਮਤ ਰਖਦਾ ਹੈ। ਹਰ ਸ਼ਬਦ ਵਿਚੋਂ ਪੰਜਾਬੀਅਤ ਤੇ ਵਤਨ ਪਰਸਤੀ ਦੀ ਖ਼ੁਸ਼ਬੂ ਆਉਂਦੀ ਹੈ। ਨਿਰਪੱਖਤਾ ਇਸ ਭਾਸ਼ਾ ਦੀ ਵੱਡੀ ਖੂਬੀ ਹੈ। ਸਾਨੂੰ ਤੇ ਸ਼ਾਹ ਮੁਹੰਮਦ ਦੀ ਭਾਸ਼ਾ ਵਿਚ ਪੰਜਾਬੀਅਤ ਦੇ ਨਾਲ ਨਾਲ ਪੰਜਾਬ ਪਿਆਰ ਦਾ ਦਰਸ਼ਨ ਵੀ ਹੁੰਦਾ ਹੈ
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ,
ਜੇੜ੍ਹੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
ਸਣੇ ਆਦਮੀ ਗੋਲੀਆਂ ਨਾਲ ਉਡਣ,
ਹਾਥੀ ਡਿਗਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਉਪਰੋਕਤ ਵਿਚਾਰ ਪਿਛੋਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ, ਕਿ ਜੰਗਨਾਮੇ ਵਿਚ ਸ਼ਬਦ-ਗੋਂਦ ਬਹੁਤ ਸੁਥਰੀ ਤੇ ਸਾਫ ਹੈ। ਸ਼ਬਦ ਬਿਲਕੁਲ ਟਕਸਾਲੀ ਹਨ। ਸ਼ਬਦਾਵਲੀ ਤੇ ਮਿਸਰੀਆਂ ਦੀਆਂ ਡਲੀਆਂ ਬਣ ਗਏ ਹਨ, ਜਿਨ੍ਹਾਂ ਵਿਚ ਦੇਸ਼ ਪਿਆਰ ਦੀ ਮਿਠਾਸ ਭਰੀ ਪਈ ਹੈ। ਬੰਦਸ਼ ਬਹੁਤ ਹੀ ਸੁੰਦਰ ਬਣ ਆਈ ਹੈ। ਭਾਸ਼ਾ ਪਖੋਂ ਇਹ ਰਚਨਾ ਪੰਜਾਬੀ ਦਾ ਅਮੋਲ ਸਾਂਝਾ ਵਿਰਸਾ ਹੈ । ਪੰਜਾਬੀ ਲੋਕ ਜਿੰਨਾ ਵੀ ਸ਼ਾਹ ਮੁਹੰਮਦ ਦੇ ਕਿੱਸੇ ਉੱਪਰ ਮਾਣ ਕਰਨ ਉਤਨਾ ਹੀ ਥੋੜ੍ਹਾ ਹੈ ।
(ਸ) ਬਿਰਤਾਂਤ-ਕਲਾ : ਸ਼ਾਹ ਮੁਹੰਮਦ ਦੀ ਇਹ ਰਚਨਾ ਭਾਵੇਂ ਮਹਾਕਾਵਿ ਨਹੀਂ ਪਰ ਇਹ ਮਹਾਂਕਾਵਿ ਨਾਲੋਂ ਘੱਟ ਵੀ ਨਹੀਂ ਹੈ। ਬਿਰਤਾਂਤ ਕਲਾ ਦੇ ਆਧਾਰ ‘ਤੇ ਕਈ ਵਿਦਵਾਨਾਂ ਨੂੰ ਇਹ ਰਚਨਾ ਵਾਰ ਹੀ ਪ੍ਰਤੀਤ ਹੁੰਦੀ ਹੈ ਅਤੇ ਉਹਨਾਂ ਨੇ ਇਸਦਾ ਨਾਂ ਵੀ* ਵਾਰ ਸ਼ਾਹ ਮੁਹੰਮਦ ਰੱਖ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਰਚਨਾ ਆਪਣੇ ਆਕਾਰ ਤੇ ਪ੍ਰਕਾਰ ਪਖੋਂ ਵਿਸ਼ੇ-ਵਸਤੂ ਤੇ ਵਰਣਨ ਰੂਪ ਵਜੋਂ ਜਾਂ ਬਿਰਤਾਂਤ-ਚਾਲ ਵਜੋਂ, ਨਾਦਰਸ਼ਾਹ ਦੀ ਵਾਰ ਨਾਲ ਬੜੀ ਨੇੜ ਦੀ ਸਾਂਝ ਰੱਖਦੀ ਹੈ। ਬੀਰਰਸੀ ਵਰਣਨ ਵਿਚ ਇਸ ਅੰਦਰ ਭਾਵੇਂ ਵਾਰ ਦਾ ਰੰਗ ਵੀ ਮੌਜੂਦ ਹੈ, ਪਰ ਇਹ ਸ਼ੁੱਧ ਰੂਪ ਵਿਚ ਵਾਰ-ਸਾਹਿਤ ਵਿਚ ਦਾਖ਼ਲ ਨਹੀਂ ਕੀਤੀ ਜਾ ਸਕਦੀ, ਹਾਂ ਇਸ ਵਿਚ ਮਹਾਂਕਾਵਿ ਦੇ ਕੁਝ ਗੁਣ ਝਲਕ ਰਹੇ ਹਨ। ਕਿਉਂਕਿ ਜੋ ਨਾ ਤੇ ਇਸ ਵਿਚ ਮਹਾਂ-ਕਾਵਿ ਦੀ ਸ਼ੈਲੀ ਵਾਲਾ ਪਸਾਰਾ ਤੇ ਨਾ ਹੀ ਸਰਗ-ਬਧ ਗਿਆਨ ਹੈ।
ਜੰਗਨਾਮੇ ਰਚਨਾ ਦਾ ਆਰੰਭਕ ਬਿਆਨ ਅਤੇ ਪਰਮਾਤਮਾ ਦੀ ਪ੍ਰਸੰਸਾ-ਵਿਧੀ ਅਤੇ ਰਚਨਾ ਦੇ ਅੰਤ ਵਾਲੇ ਇਸਤਰੀ ਜਾਤੀ ਦੀ ਨਿਖੇਧੀ ਵਾਚਕ ਬੰਦਾਂ ਤੋਂ, ਕਿਸੇ ਹੱਦ ਤੱਕ, ਇਹ ਰਚਨਾ, ਕਿੱਸਾ-ਸ਼ੈਲੀ ਦੀ ਵਲਗਣ ਵਿਚ ਆ ਜਾਂਦੀ ਹੈ । ਪਰ ਏਥੇ ਇਕ ਗੱਲ ਹੋਰ ਯਾਦ ਰੱਖਣ ਵਾਲੀ ਇਹ ਹੈ ਕਿ ਇਕ ਤੇ ਇਸ ਵਿਚ ਕੇਵਲ ਦੇਸ਼-ਪਿਆਰ ਦਾ ਧਿਆਨ ਰੱਖਿਆ ਗਿਆ ਹੈ, ਪਰ ਆਮ ਕਿੱਸਿਆਂ ਦੇ ਰੋਮਾਂਸ ਬਿਰਤਾਂਤ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ। ਆਮ ਕਿੱਸੇ, ਕਲਪਣਾ ਉੱਪਰ ਕਾਫੀ ਹੱਦ ਤੱਕ ਨਿਰਭਰ ਹੁੰਦੇ। ਹਨ, ਜਿਵੇਂ ਕਿੱਸਾ ਸ਼ੀਰੀਂ ਫਰਹਾਦ ਵਿਚ ਬੇਸਤੂਨ ਪਹਾੜ ਨੂੰ ਕੱਟ ਕੇ ਨਹਿਰ ਲਿਆਉਣਾ। ਕੇਵਲ ਕਲਪਨਾ ਸ਼ਕਤੀ ਦੀ ਉਡਾਰੀ ਹੈ, ਇਤਿਹਾਸ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ। ਪਰ ਇਸ ਦੇ ਉਲਟ ਸ਼ਾਹ ਮੁਹੰਮਦ ਦੀ ਰਚਨਾ ਦਾ ਆਧਾਰ ਇਤਿਹਾਸਕ ਤੱਥ ਹਨ। ਸੋ ਇਸ ਰਚਨਾ ਦੇ ਸ਼ੁਰੂ ਦੇ ਪਹਿਲੇ ਬੰਦਾਂ ਤੇ ਆਖ਼ਰੀ ਬੰਦਾਂ ਦੀ ਆਵਾਜ਼ ਤੇ ਰੀਤੀ ਨੂੰ ਮੁੱਖ ਰੱਖ ਕੇ ਇਸ ਨੂੰ ਜੰਗ-ਨਾਮਾ ਕਹਿਣਾ ਜ਼ਿਆਦਾ ਠੀਕ ਜਾਪਦਾ ਹੈ । ਸ਼ਾਹ ਮੁਹੰਮਦ ਦੀ ਇਹ ਰਚਨਾ ਕਾਵਿ ਰੂਪ ਦੇ ਪ੍ਰਮਾਣ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ। ਵਿਸ਼ੇ ਵਿਸਤਾਰ ਵਜੋਂ ਇਹ ਕਈ ਭਾਗਾਂ ਵਿਚ ਵੰਡਿਆ ਹੋਇਆ ਹੈ। ਪਹਿਲੇ ਆਰੰਭਕ ਬੰਦਾਂ ਨੂੰ ਉਥਾਨਿਕਾ ਦਾ ਨਾਮ ਦਿੱਤਾ ਜਾ ਸਕਦਾ ਹੈ ਤੇ ਦੂਜੇ ਬੰਦਾਂ ਨੂੰ ਅੰਤਕਾ ਕਿਹਾ ਜਾ ਸਕਦਾ ਹੈ। ਵਿਚਕਾਰਲੇ ਬਿਰਤਾਂਤ ਦੋ ਭਾਗਾਂ ਵਿਚ ਵਿਭਕਤ ਹਨ । ਪਹਿਲੋਂ ਕੁਝ ਸੰਕੇਤ ਜਿਹੇ ਪੇਸ਼ ਕਰਕੇ, ਕਵੀ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਭੁਤਾ ਦਾ ਵਰਣਨ ਕਰਦਾ ਹੈ, ਮਗਰੋਂ ਲਾਹੌਰ ਦਰਬਾਰ ਵਿਚ ਹੋਈਆਂ ਘਟਨਾਵਾਂ ਦਾ ਬਿਰਤਾਂਤ ਸ਼ੁਰੂ ਕਰ ਦਿੰਦਾ ਹੈ। ਇਹ ਬਿਰਤਾਂਤ ਲਗਪਗ ਰਚਨਾ ਦੇ ਅੱਧੇ ਭਾਗ ਤੱਕ ਚਲਦਾ ਹੈ। ਬਾਕੀ ਅੱਧੇ ਭਾਗ ਵਿਚ ਹਿੰਦ-ਪੰਜਾਬ ਦੇ ਜੰਗ ਨੂੰ ਬਿਰਤਾਂਤ ਦਾ ਵਿਸ਼ਾ ਬਣਾਇਆ ਹੈ, ਜਿਸ ਵਿਚ ਫ਼ੌਜ ਦੀ ਚੜ੍ਹਾਈ, ਸਤਲੁਜ ਤੋਂ ਪਾਰ ਜਾਣਾ, ਮੁਦਕੀ, ਫੇਰੂ, ਬਦੋਵਾਲ, ਆਲੀਵਾਲ ਤੇ ਅੰਤ ਵਿੱਚ ਸਭਰਾਵਾਂ ਦੀ ਫੈਸਲਾ-ਕੁਨ ਲੜਾਈ ਦਾ ਬਿਰਤਾਂਤ ਹੈ। ਸ਼ਾਹ ਮੁਹੰਮਦ ਰਚਨਾ ਦੇ ਵਿਸ਼ੇ ਵਸਤੂ ਦੀ ਚੋਣ, ਵਿਉਂਤਬੰਦੀ ਆਦਿ ਪੱਖਾਂ ਤੋਂ ਇਕ ਸੁਘੜ, ਸਿਆਣਾ ਚੇਤੰਨ ਕਵੀ ਸਾਬਤ ਹੁੰਦਾ ਹੈ।
ਇਸ ਰਚਨਾ ਦੇ ਅਧਿਐਨ ਤੋਂ ਪਤਾ ਚਲਦਾ ਹੈ, ਕਿ ਸ਼ਾਹ ਮੁਹੰਮਦ ਦੁਖਾਂਤ ਦਾ ਬਿਆਨ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਹੈ। ਥਾਂ-ਥਾਂ ਤੇ ਉਸ ਦੀ ਬਿਰਤਾਂਤ ਕਲਾ ਨਿਖਰੀ ਹੈ। ਰੌਦਰ ਰਸ ਦਾ ਬਿਆਨ ਕਰਨ ਵਿਚ ਉਹ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ
ਕਰੋ ਹੁਕਮ ਤੇ ਤੰਗ ਉਠਾਈਏ ਜੀ,
ਪਏ ਸਿੰਘ ਕਚੀਚੀਆਂ ਖਾਂਵਦੇ ਨੇ।
ਕੂੰਜਾਂ ਨਜ਼ਰ ਆਈਆਂ ਬਾਜਾਂ ਭੁੱਖਿਆਂ ਨੂੰ,
ਚੋਟਾਂ ਕੈਸੀਆਂ ਵੇਖੋ ਚਲਾਂਵਦੇ ਨੀ।
ਸ਼ਾਹ ਮੁਹੰਮਦਾ ਓਸ ਥੀਂ ਹੁਕਮ ਲੈ ਕੇ, ਹੱਲਾ ਕਰਨ ਦੀ ਡੌਲ ਬਣਾਂਵਦੇ ਨੀ। ਮਹਾਰਾਣੀ ਜਿੰਦਾਂ ਦੇ ਪਾਤਰ-ਚਿਤਰਣ ਵਿਚ ਕੁਝ ਇਤਿਹਾਸਕ ਤੱਥਾਂ ਦਾ ਦੋਸ਼ ਤੇ ਜ਼ਰੂਰ ਹੈ, ਪਰ ਕਲਾਤਮਿਕ ਤੌਰ ‘ਤੇ ਇਹ ਬਿਰਤਾਂਤ ਬਹੁਤ ਹੀ ਕਲਾਮਈ ਹੈ—
ਸਿੰਘ ਭੋਲਿਆਂ ਮੂਲ ਨਾ ਸਹੀ ਕੀਤਾ,
ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ।
ਸ਼ਾਹ ਮੁਹੰਮਦਾ ਅਜੇ ਨਾ ਜਾਇਉਂ ਨੇ, ਖ਼ਾਲੀ ਪਈ ਏ ਚੋਪੜੀ ਪ੍ਰਾਤ ਮਾਈ। ਸਰਦਾਰ ਲਹਿਣਾ ਸਿੰਘ ਮਜੀਠੀਆ ਤੇ ਸਰਦਾਰ ਸ਼ਾਮ ਸਿੰਘ ਬਾਰੇ ਉਸ ਦੇ ਬਿਰਤਾਂਤ ਬੜੀ ਅਨਮੋਲ ਸਚਾਈਆਂ ਨੂੰ ਉਘਾੜ ਰਹੇ ਹਨ ਪਰ ਉਸ ਦੇ ਉਹ ਬਿਰਤਾਂਤ ਜੋ ਸੈਨਾ ਦੇ ਮੁਖੀਆਂ ਬਾਰੇ ਪੇਸ਼ ਕੀਤੇ ਗਏ ਹਨ, ਬਹੁਤ ਹੀ ਪ੍ਰਭਾਵਸ਼ਾਲੀ ਹਨ। ਉਸ ਵੇਲੇ ਸਰਦਾਰ ਸੁਆਰਥ ਭਰਪੂਰ ਹੋ ਗਏ ਸਨ, ਇਸ ਲਈ ਉਹ ਹੁਕਮ ਸੂਝ-ਬੂਝ ਨਾਲ ਨਹੀਂ ਦੇ ਰਹੇ ਸਨ। ਗੁਲਾਬ ਸਿੰਘ ਬਾਰੇ ਉਸ ਦਾ ਇਹ ਸੰਖੇਪ ਬਿਰਤਾਂਤ ਬੜਾ ਹੀ ਕਲਾਮਈ ਹੈ—
ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ,
ਬਾਹੋਂ ਪਕੜ ਲਾਹੋਰ ਲਿਆਂਵਦਾ ਈ।
ਸਾਹਿਬ ਲੋਕ ਜੀ ਅਸਾਂ ਪਰ ਦਇਆ ਕਰਨੀ,
ਓਹ ਤਾਂ ਆਪਣਾ ਕੰਮ ਬਣਾਂਵਦਾ ਈ।
ਸ਼ਾਹ ਮੁਹੰਮਦ ਦੀ ਸਮੁੱਚੀ ਦੇਣ
ਸ਼ਾਹ ਮੁਹੰਮਦ ਦਾ ਇਹ ਕਿੱਸਾ, ਯਥਾਰਥ ਦੇ ਨੇੜੇ ਹੋਣ ਕਾਰਨ ਬਹੁਤ ਹੀ ਹਰਮਨਪਿਆਰਾ ਹੈ। ਲੋਕ ਇਸ ਕਿੱਸੇ ਨੂੰ ਦਰਦ ਭਰੇ ਲਹਿਜੇ ਵਿਚ ਗਾਉਂਦੇ ਹਨ ਅਤੇ ਉਹਨਾਂ ਦੇ ਦਿਲ ਬੇਤਾਬ ਤੇ ਬੇਕਰਾਰ ਹੋ ਜਾਂਦੇ ਹਨ। ਸ਼ਾਹ ਮੁਹੰਮਦ ਸੁਤੰਤਰ ਪੰਜਾਬ ਦੇ ਸੁਖਾਂ ਵਿਚ ਜੰਮਿਆ ਤੇ ਪਲਿਆ ਸੀ, ਇਸ ਲਈ ਪੰਜਾਬ ਦੀ ਸੁਤੰਤਰਤਾ ਖੁੱਸ ਜਾਣ ਤੇ ਆਪਣਾ ਪਿਆਰਾ ਦੇਸ਼ ਫ਼ਰੰਗੀਆਂ ਦੇ ਅਧੀਨ ਚਲੇ ਜਾਣ ਤੇ ਸ਼ਾਹ ਮੁਹੰਮਦ ਦਾ ਦਿਲ ਭਰ ਜਾਂਦਾ ਹੈ ਤੇ ਉਹ ਦੇਸ਼ ਵਾਸੀਆਂ ਨੂੰ ਪੰਜਾਬੀਅਤ ਦੇ ਰਾਜ-ਕਾਲ ਨੂੰ ਇਸ ਤਰ੍ਹਾਂ ਯਾਦ ਕਰਵਾਉਂਦਾ ਹੈ ਕਿ ਕੌਮੀ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਤਾਜ਼ਾ ਹੋ ਜਾਂਦੀ ਹੈ—
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰਾਂ ਦੋਹਾਂ ਦੇ ਉਤੇ ਆਫ਼ਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।
ਇਨ੍ਹਾਂ ਸਤਰਾਂ ਵਿਚ ਕਵੀ ਨੇ ਦੇਸ਼ ਵਾਸੀਆਂ ਦੀ ਸੁੱਤੀ ਅਣਖ ਨੂੰ ਜਗਾਇਆ ਤੇ ਦੇਸ਼ ਪਿਆਰ ਦਾ ਪਾਠ ਪੜ੍ਹਾਇਆ ਤੇ ਫਾੜੀਆਂ ਵਾਲੇ ਹਿੰਦ-ਪੰਜਾਬ ਦੀ ਦੁਰਗਤੀ ਉੱਪਰ ਚਾਨਣਾ ਪਾਇਆ ਹੈ, ਤਾ ਕਿ ਦੇਸ਼ ਵਾਸੀ ਸੁਤੰਤਰਤਾ-ਸੰਗ੍ਰਾਮ ਲਈ ਕਮਰ ਕੱਸੇ ਕਰ ਲੈਣ । ਇਨ੍ਹਾਂ ਬੰਦਾਂ ਨੂੰ ਪੜ੍ਹ ਕੇ ਪਾਠਕ ਤੇ ਸਰੋਤੇ ਦੀਆਂ ਅੱਖਾਂ ਅੱਜ ਵੀ ਹੰਝੂਆਂ ਨਾਲ ਭਰ ਜਾਂਦੀਆਂ ਹਨ। ਇਸ ਕਿੱਸੇ ਦੇ ਇੱਕ ਇੱਕ ਬਿਰਤਾਂਤ ਵਿਚ ਕਵੀ ਨੇ ਸੋਜ਼ ਤੇ ਦਰਦ ਭਰ ਦਿੱਤਾ ਹੈ, ਕਿਉਂਕਿ ਉਸ ਨੇ ਪੰਜਾਬ ਨੂੰ ਪੰਜਾਬੀਅਤ ਅਧੀਨ ਪ੍ਰਫੁਲਤ ਹੁੰਦਿਆਂ ਦੇਖਿਆ ਸੀ ਤੇ ਬਦੇਸ਼ੀਆਂ ਦੇ ਹੱਥੋਂ ਫੁੱਟ ਕਾਰਨ, ਉਜੜਦਿਆਂ ਵੀ ਵੇਖਿਆ ਸੀ। ਸ਼ਾਹ ਮੁਹੰਮਦ ਕਲਮ ਦਾ ਬੜਾ ਧਨੀ ਸੀ, ਮੁਢਲੇ ਬੰਦਾਂ ਵਿਚ ਇਕ ਖਾਸ ਸਮਾਂ ਬੰਨ੍ਹ ਦਿੰਦਾ ਹੈ।
ਪਹਿਲੋਂ ਰੱਬ ਨੂੰ ਯਾਦ ਕਰਦਾ ਹੈ ਮਗਰੋਂ ਦੁਨੀਆ ਦੀ ਨਸ਼ਵਰਤਾ ਦਾ ਜ਼ਿਕਰ ਕਰਦੇ ਹੋਇਆਂ ਇਸ ਨੂੰ-ਸਰਾਇ ਮੁਸਾਫਰਾਂ-ਮੁਸਾਫਰਖਾਨਾ ਕਹਿੰਦਾ ਹੈ ਅਤੇ ਗੁਜ਼ਰੇ ਹੋਏ ਹੰਕਾਰੀ ਰਾਜਿਆਂ ਨੂੰ ਵਣਜਾਰੇ ਦੱਸਦਾ ਹੈ। ਜਿਵੇਂ ਜਿਵੇਂ ਕਵੀ ਰਾਜ ਦੇ ਖੁੱਸ ਜਾਣ ਦੀ ਤਸਵੀਰ ਪੇਸ਼ ਕਰਦਾ ਹੈ, ਤਿਵੇਂ-ਤਿਵੇਂ ਵਾਰੋ ਵਾਰੀ ਦੇਸ਼ ਘਾਤਕਾਂ ਨੂੰ ਸਟੇਜ ‘ਤੇ ਲਿਆਉਂਦਾ ਹੈ, ਤਦ ਦੇਖਣ ਵਾਲਿਆਂ ਨੂੰ ਕੁਝ ਢਾਰਸ ਬਝਦੀ ਹੈ ਕਿ ਇਸ ਮੁਸੀਬਤ ਦਾ ਕਾਰਣ ਕੇਵਲ ਰੱਬੀ ਕਹਿਰ ਨਹੀਂ, ਸਗੋਂ ਸਾਡੇ ਆਪਣੇ ਲੋਕਾਂ ਦੀਆਂ ਸੁਆਰਥ ਭਰੀਆਂ ਰੁਚੀਆਂ ਹਨ। ਦੇਸ਼ ਉੱਪਰ ਕੁਰਬਾਨ ਹੋਣ ਵਾਲਿਆਂ ਨੂੰ ਕਵੀ ਦਾਦ ਦੇ ਕੇ ਪੰਜਾਬੀ ਗੱਭਰੂਆਂ ਨੂੰ ਸੁਤੰਤਰਤਾ-ਸੰਗ੍ਰਾਮ ਵਿਚ ਉਤਰਨ ਦੀ ਪ੍ਰੇਰਣਾ ਦਿੰਦਾ ਹੈ
ਸ਼ਾਹ ਮੁਹੰਮਦਾ ਸਿਰਾਂ ਦੀ ਲਾ ਬਾਜ਼ੀ,
ਨਹੀਂ ਮੋੜਦੇ ਸੂਰਮੇ ਅੰਗ ਮੀਆਂ।
ਸ਼ਾਹ ਮੁਹੰਮਦ ਪੰਜਾਬੀ ਸੂਰਮਿਆਂ ਨੂੰ ਲਲਕਾਰਦਾ ਤੇ ਵੰਗਾਰਦਾ ਹੈ ਕਿ ਤੁਸਾਂ ਹੀ ਪਿਆਰੇ ਦੇਸ਼ ਪੰਜਾਬ ਦੀ ਗਵਾਈ ਹੋਈ ਸੁਤੰਤਰਤਾ ਨੂੰ ਮੁੜ ਪ੍ਰਾਪਤ ਕਰਨਾ ਹੈ—
ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ,
ਕੀਰਤ ਸਿੰਘ ਸਿਪਾਹੀ ਦੀ ਰਖਣੀ ਜੀ।
ਕਵੀ ਨੇ ਇਸ ਕਿੱਸੇ ਵਿਚ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਜੋ ਕਲਪਣਾ ਤੇ ਆਧਾਰਤ ਨਹੀਂ ਹਨ, ਸਗੋਂ ਯਥਾਰਥ ਦੇ ਨੇੜੇ ਹਨ : ਜਦ ਤਾਕਤ ਫ਼ੌਜ ਦੇ ਹੱਥ ਆ ਜਾਂਦੀ ਹੈ, ਤਦ ਦੇਸ਼ ਵਿਚ ਬੁਰਛਾਗਰਦੀ ਸ਼ੁਰੂ ਹੋ ਜਾਂਦੀ ਹੈ । ਜਿਸ ਨੂੰ ਕਵੀ ਜੜ੍ਹੋਂ ਪੁੱਟ ਦੇਣਾ ਚਾਹੁੰਦਾ ਹੈ—
ਹੁਣ ਰਾਜ ਆਇਆ ਹੱਥ ਬੁਰਛਿਆਂ ਦੇ,
ਪਈ ਖੜਕਦੀ ਨਿੱਤ ਤਲਵਾਰ ਮੀਆਂ।
ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵਗਦੀ,
ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ।
ਸ਼ਾਹ ਮੁਹੰਮਦ ਦੀ ਇਹ ਰਚਨਾ ਆਪਣੇ ਸਮੇਂ ਦੀ ਮਸ਼ਹੂਰ ਇਤਿਹਾਸਕ ਘਟਨਾਵਾਂ ਉੱਪਰ ਆਧਾਰਤ ਹੈ। ਇਸ ਵਿਚ ਪੰਜਾਬ ਦੀ ਖੁੱਸ ਚੁੱਕੀ ਆਜ਼ਾਦੀ ਉਤੇ ਕਰੁਣਾਮਈ ਰੁਦਨ ਕੀਤਾ ਗਿਆ ਹੈ ਤੇ ਦੇਸ਼-ਪ੍ਰੇਮ ਦੇ ਹੰਝੂ ਕੇਰੇ ਗਏ ਹਨ, ਪਰ ਪੰਜਾਬ ਦੀ ਸਮੁੱਚੀ ਬੀਰਤਾ ਤੇ ਅਣਖ ਦੀ ਆਨ ਸ਼ਾਨ ਦਾ ਅਹਿਸਾਸ ਦੇਸ਼ ਵਾਸੀਆਂ ਨੂੰ ਕਰਵਾਇਆ ਗਿਆ ਹੈ। ਰਾਜਸੀ ਪ੍ਰਭੂ-ਸੱਤਾ ਦੇ ਹੱਥੋਂ ਖੁੱਸ ਜਾਣ ਦਾ ਕਾਰਣ ਤੇ ਦੇਸ਼ ਵਾਸੀਆਂ ਵਿਚਲੀ ਫੁੱਟ ਜਾਂ ਆਗੂਆਂ ਦੀ ਮੱਕਾਰੀ ਤੇ ਫ਼ਰੇਬ ਅਤੇ ਗੱਦਾਰੀ ਉੱਪਰ ਖੁੱਲ੍ਹ ਕੇ ਚਰਚਾ ਕੀਤੀ ਹੈ, ਤਾਕਿ ਪੰਜਾਬ ਵਾਸੀ ਆਪਣੀ ਘਾਟ ਨੂੰ ਦੂਰ ਕਰਕੇ ਸੁਤੰਤਰਤਾ ਲਈ ਇਕ ਮੁੱਠ ਹੋ ਜਾਣ। ਪੰਜਾਬੀਆਂ ਨੂੰ ਬਦੇਸ਼ੀ ਸਾਮਰਾਜੀ ਨੀਤੀ ਤੋਂ ਜਾਣੂ ਕਰਵਾਇਆ ਹੈ। ਵਾਸਤਵ ਵਿਚ ਇਹ ਕਾਵਿ ਰਚਨਾ ਦੇਸ਼ ਭਗਤੀ (ਕੌਮੀ-ਕਾਵਿ) ਸਾਹਿਤ ਦਾ ਇਕ ਨੀਂਹ ਪੱਥਰ ਹੈ, ਜਿਸ ਵਿਚ ਬਦੇਸ਼ੀ ਅੰਗ੍ਰੇਜ਼ੀ ਰਾਜ ਦੇ ਵਿਰੁੱਧ ਵਿਦ੍ਰੋਹ ਦੀ ਭਾਵਨਾ ਜਗਾਉਣਾ ਹੈ। ਇਹ ਰਚਨਾ ਸਦਾ ਤੋਂ ਪੰਜਾਬੀਆਂ ਦੀ ਅਣਖ ਨੂੰ ਹਲੂਣਦੀ ਚਲੀ ਆ ਰਹੀ ਹੈ। ਸ਼ਾਹ ਮੁਹੰਮਦ ਦੇ ਦੇਸ਼ ਪ੍ਰੇਮ ਤੇ ਪੰਜਾਬੀਅਤ ਦੀ ਭਾਵਨਾ ਨੇ ਲੋਕਾਂ ਦੇ ਦਿਲਾਂ ਵਿਚ ਸੁਤੰਤਰਤਾ ਪ੍ਰਾਪਤੀ ਲਈ ਪ੍ਰਚੰਡ ਅਗਨੀ ਬਾਲ ਰੱਖੀ ਹੈ। ਸ਼ਾਹ ਮੁਹੰਮਦ ਦੀ ਦੇਣ ਬਹੁਤ ਹੀ ਮਹੱਤਵਪੂਰਣ ਹੈ, ਜਿਸ ਲਈ ਪੰਜਾਬਵਾਸੀ ਸਦਾ ਉਸ ਦੇ ਰਿਣੀ ਰਹਿਣਗੇ। ਤੇ ਇਸ ਵਿਚ ਕੋਈ ਕਿੰਤੂ ਪ੍ਰੰਤੂ ਨਹੀਂ ਕਿ ਜੰਗਨਾਮਾ-ਹਿੰਦ-ਪੰਜਾਬ ਨੇ ਪੰਜਾਬੀ ਦੇ ਆਧੁਨਿਕ ਸਾਹਿਤ ਦਾ ਨੀਂਹ ਪੱਥਰ ਰੱਖਿਆ ਸੀ। ਸ਼ਾਹ ਮੁਹੰਮਦ ਜੇ ਰੂਪਕ ਪੱਖੋਂ ਮੱਧਕਾਲੀ ਪਰੰਪਰਾ ਦਾ ਆਖਰੀ ਕਵੀ ਹੈ ਤਾਂ ਵਿਚਾਰਧਾਰਾ ਚਿੰਤਨ ਦੇ ਪੱਖੋਂ ਉਹ ਆਧੁਨਿਕ ਕਾਲ ਦਾ ਪਹਿਲਾ ਕਵੀ ਹੋਣ ਦਾ ਸਬਲ-ਸਮਰੱਥ ਦਾਅਵੇਦਾਰ ਹੈ ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ ਸ਼ਾਹ ਮੁਹੰਮਦ ਤੋਂ ਮੰਨਿਆ ਜਾਣਾ ਚਾਹੀਦਾ ਹੈ। ਸ਼ਾਹ ਮੁਹੰਮਦ ਪਹਿਲਾ ਕਵੀ ਹੈ ਜਿਸ ਨੇ ਇਕ ਪੰਜਾਬ ਇਕ ਸਰਕਾਰ ਅਤੇ ਨਿਰਭਉ-ਨਿਰਵੈਰ ਰਾਜ ਦੀ ਚਾਹਤ ਦੇ ਬੋਲ ਪੰਜਾਬੀਆਂ ‘ਚ ਖਿਲਾਰੇ ।
Credit – ਸ਼ਾਹ ਮੁਹੰਮਦ