ਛਪਾਰ ਦਾ ਮੇਲਾ

ਛਪਾਰ ਦਾ ਮੇਲਾ

ਜ਼ਿਲ੍ਹਾ ਲੁਧਿਆਣੇ ਦਾ ਇਕ ਪਿੰਡ ਹੈ ਛਪਾਰ । ਇਸ ਪਿੰਡ ਦੀ ਦੱਖਣੀ ਗੁੱਠ ਨੂੰ ਜਿਤਨੀ ਇਸ ਪਿੰਡ ਤੋਂ ਦੂਰ ਉਤਨੀ ਹੀ ਦੂਜੇ ਪਿੰਡਾਂ ਤੋਂ ਨੇੜੇ ਟਾਹਲੀਆਂ ਦੇ ਝੁੰਡ ਵਿਚ ਇਕ ਉੱਚੀ ਮਾੜੀ ਹੈ ਜਿੱਥੇ ਭਾਦੋਂ ਦੀ ਚਾਨਣੀ ਚੌਦਸ ਨੂੰ ਪੰਜਾਬ ਦਾ ਇਹ ਸਭ ਤੋਂ ਪ੍ਰਸਿੱਧ ਮੇਲਾ ਲਗਦਾ ਹੈ।

ਚੌਦਸ ਦੇ ਪੂਰਨ ਹੋਏ ਚੰਦ ਦੀ ਚਾਨਣੀ ਵਿਚ ਟਿੱਬਿਆਂ ਉੱਤੇ ਲੱਗੀਆਂ ਤੰਬੋਟੀਆਂ, ਦੁਕਾਨਦਾਰਾਂ ਦੀਆਂ ਰੰਗ-ਬਰੰਗੀਆਂ ਹੱਟੀਆਂ, ਰਾਜਸੀ ਪਾਰਟੀਆਂ ਅਤੇ ਸਰਕਾਰ ਦੇ ਕਈ ਮਹਿਕਮਿਆਂ ਦੇ ਚੰਦੋਏ, ਸਰਕਸ ਪਾਰਟੀਆਂ ਦੇ ਸਾਏਬਾਨ, ਜੰਗਲ ਵਿਚ ਮੰਗਲ ਦੇ ਉਹ ਨਜ਼ਾਰੇ ਪੇਸ਼ ਕਰਦੇ ਹਨ ਕਿ ਵੱਡੇ ਵੱਡੇ ਸ਼ਹਿਰ ਵੀ ਭੁੱਲ ਜਾਂਦੇ ਹਨ। ਬਹੁਤ ਸਾਰੇ ਲੋਕ ਤਾਂ ਇਹ ਮੇਲਾ ਦੇਖਣ ਕਈ ਵੱਡੇ ਸ਼ਹਿਰਾਂ ਨੂੰ ਛੱਡ ਕੇ ਆਉਂਦੇ ਹਨ। ਵੱਡੇ ਸ਼ਹਿਰਾਂ ਵਿਚ ਗਰਮੀ ਦੇ ਜਾ ਰਹੇ ਮੌਸਾਲਾ ਵਿਚ ਸਰਦੀ ਦੀ ਆ ਰਹੀ ਰੁੱਤ ਦੀ ਗੁਲਾਬੀ ਠੰਢ ਦੇ ਬੁੱਲੇ ਕਿੱਥੇ ? ਚਾਲੀਆਂ ਚਾਲੀਆਂ ਪੰਜਾਬ ਪੰਜਾਹਾਂ ਕੋਹਾਂ ਤੋਂ ਲੋਕੀ ਦੇ ਦਿਨਾਂ ਜੋਗੀ ਚੂਰੀ, ਪੰਜੀਰੀ ਜਾਂ ਮਿੱਠੀਆਂ ਰੋਟੀਆਂ ਲੜ ਬੰਨ੍ਹ ਕੇ ਆਪੋ ਆਪਣੀ ਕਿਸਮ ਦੇ ਸਾਥੀਆਂ ਦੀਆਂ ਢਾਣੀਆਂ ਬਣਾ ਕੇ ਇਉਂ ਆਉਂਦੇ ਹਨ ਜਿਵੇਂ ਉਨ੍ਹਾਂ ਨੂੰ ਇੱਥੇ ਦੁਰਲੱਭ ਚੀਜ਼ ਲੱਭਣ ਦੀ ਆਸ ਹੁੰਦੀ ਹੈ। ਦੁਰਲੱਭ ਚੀਜ਼ਾਂ ਏਥੇ ਲਭਦੀਆਂ ਵੀ ਹਨ। ਮਨ ਦੀ ਮੌਜ ਤੇ ਖੁਸ਼ੀਆਂ ਨਾਲੋਂ ਹੋਰ ਦੁਰਲੱਭ ਚੀਜ਼ਾਂ ਕੀ ਹਨ ? ਤੇ ਇਨ੍ਹਾਂ ਦੇ ਤਾਂ ਇੱਥੇ ਅੰਬਾਰ ਲੱਗ ਮਿਲਦੇ ਹਨ। ਮੇਲੇ ਦੀ ਹੱਦ ਵਿਚ ਅੱਪੜਿਆਂ ਹੀ ‘ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼’ ਵਾਲੀ ਗੋਲ ਬਣ ਜਾਂਦੀ ਹੈ। ਸਭ ਤੋਂ ਪਹਿਲਾਂ ਜਿਨ੍ਹਾਂ ਦੀ ਭਾਉ-ਭਗਤੀ ਦੀ-ਉਪਜ ਇਹ ਮੇਲਾ ਹੈ, ਗੁੱਗੇ ਦੇ ਭਗਤਾਂ ਦੇ ਦਰਸ਼ਨ ਹੁੰਦੇ ਹਨ ਜਿਹੜੇ ਚੁਲੀ ਪਾਣੀ ਦੀ ਤੇ ਬੁਰਕੀ ਟੁਕ ਦੀ ਓਨਾ ਚਿਰ ਸੰਘਾਂ ਹੇਠ ਨਹੀਂ ਲੰਘਾਉਂਦੇ ਜਿੰਨਾ ਚਿਰ ਗੁੱਗੇ ਪੀਰ ਦੀ ਮਾੜੀ ਤੇ ਜਾ ਕੇ ਮਿੱਟੀ ਨਾ ਕੱਢ ਲੈਣ।

ਗੁੱਗਾ ਇਕ ਚੌਹਾਨ ਰਾਜਪੂਤ ਸੀ ਜੋ ਗੁਰੂ ਗੋਰਖਨਾਥ ਦੇ ਵਰ ਨਾਲ ਜੰਮਿਆ। ਗੁੱਗੇ ਨੂੰ ਪਹਿਲਾਂ ਇਸ ਦੇ ਪਿਉ, ਬੀਕਾਨੇਰ ਨਗਰ ਦੇ ਇਕ ਜੈਮਲ ਨਾਂ ਦੇ ਰਾਜੇ, ਨੇ ਮਹਿਲਾਂ ਵਿਚ ਇਸ ਲਈ ਨਹੀਂ ਸੀ ਵੜਨ ਦਿੱਤਾ ਕਿ ਉਸ ਨੂੰ ਇਸ ਦੀ ਮਾਂ, ਜਿਹੜੀ ਪੁੱਤਰ-ਪ੍ਰਾਪਤੀ ਲਈ ਬਾਰਾਂ ਵਰ੍ਹੇ ਗੁਰੂ ਗੋਰਖਨਾਥ ਦੀ ਤਪੱਸਿਆ ਕਰਦੀ ਰਹੀ ਸੀ, ਆਪਣੀ ਇਸਤ੍ਰੀ ਤੇ ਸ਼ੱਕ ਪੈ ਗਿਆ ਸੀ। ਗੁੱਗੇ ਦੀ ਮਾਂ ‘ਬਾਛਲ’ ਨੇ ਬੜੀਆਂ ਬੇਨਤੀਆਂ ਕੀਤੀਆਂ ਪਰ ਗੁੱਗੇ ਦੀ ਦਾਦੀ ਅਜਿਹੀ ਪੱਕੀ ਸੀ ਕਿ ਨਾ ਹੀ ਮੰਨੀ । ਅੰਤ ਗੁੱਗਾ ਜਵਾਨ ਹੋ ਕੇ ਮਹਿਲਾਂ ਵਿਚ ਧੱਕੇ ਨਾਲ ਹੀ ਆ ਵੜਿਆ । ਇਸ ਦੀ ਕੁੜਮਾਈ ਸਿਲੀਅਰ ਨਾਂ ਦੀ ਸੁੰਦਰੀ ਨਾਲ ਹੋ ਗਈ। ਉਧਰ ਗੁੱਗੇ ਦੀ ਮਾਸੀ ਦੇ ਪੁੱਤ ਅਰਜਨ ਤੇ ਸੁਰਜਨ ਇਸ ਗੱਲੋਂ ਖਾਰ ਖਾਣ ਲੱਗੇ ਕਿ ਇਸ ਸੁੰਦਰਤਾ ਦਾ ਮਾਲਕ ਸਾਡੇ ਜੀਉਂਦਿਆਂ ਗੁੱਗਾ ਕਿਵੇਂ ਬਣ ਸਕਦਾ ਹੈ ।

ਗੁੱਗੇ ਦੀ ਮਾਂ ਰਾਣੀ ਬਾਛਲ ਨੇ ਬੜੀ ਕੋਸ਼ਿਸ਼ ਕੀਤੀ ਕਿ ਗੁੱਗੇ ਦੀ ਆਪਣੇ ਮਾਸੀ ਦੇ ਪੁੱਤਾਂ ਨਾਲ ਅਣ-ਬਣ ਨਾ ਹੋਵੇ ਪਰ ਗੁੱਗੇ ਨੇ ਸਾਫ ਆਖ ਦਿੱਤਾ ਕਿ ਸਿਲੀਅਰ ਛੱਡੀ ਨਹੀਂ ਜਾ ਸਕਦੀ! ਜਾਪਦਾ ਹੈ ਗੁੱਗੇ ਦੇ ਮਾਸੀ ਦੇ ਪੁੱਤਾਂ ਨੇ ਇਹ ਕੁੜਮਾਈ ਜ਼ੋਰ ਨਾਲ ਛੁਡਵਾ ਦਿੱਤੀ ਜਿਸ ਤੋਂ ਗੁੱਗੇ ਨੂੰ ਬਹੁਤ ਦੁੱਖ ਪੁਜਿਆ। ਇਸ ਵੇਦਨਾ ਭਰੀ ਹਾਲਤ ਵਿਚ ਉਸ ਨੇ ਅਰਾਧਨਾਂ ਕੀਤੀ ਤਾਂ ਉਸ ਦੀ ਸਹਾਇਤਾ ਲਈ ਨਾਗ ਆ ਗਏ।

ਇਕ ਨਾਗ ਨੇ ਸਹੇਲੀਆਂ ਵਿਚ ਖੇਲਦੀ ਗੁੱਗੇ ਦੀ ਮੰਗ ਤੱਕ ਕੇ ਡੰਗ ਮਾਰਿਆ ਤੇ ਆਪ ਨਾਲ ਬੰਦਾ (ਟੀਕੂ) ਬਣ ਦੇ ਬੈਠ ਗਿਆ। ਉਸ ਨੇ ਕਿਹਾ ਕਿ ਮੈਂ ਨਾਗਾਂ ਦੇ ਡੰਗੇ ਮਰੀਜ਼ ਰਾਜ਼ੀ ਕਰ ਲੈਂਦਾ ਹਾਂ। ਗੁੱਗੇ ਦੀ ਮੰਗੇਤਰ ਦੀ ਮਾਂ ਨੇ ਉਸ ਦੇ ਜੀਉ ਪੈਣ ਤੋਂ ਗੁੱਗੇ ਨਾਲ ਹੀ ਸ਼ਾਦੀ ਕਰਨ ਦਾ ਫ਼ੈਸਲਾ ਕਰ ਲਿਆ ਤੇ ਗੁੱਗੇ ਨੇ ਸਿਲੀਅਰ ਨੂੰ ਜਿਵਾ ਕੇ ਸ਼ਾਦੀ ਕਰ ਲਈ। ਅਰਜਨ ਤੇ ਸੁਰਜਨ, ਗੁੱਗੇ ਦੇ ਮਾਸੀ ਦੇ ਪੁੱਤ ਭਰਾਵਾਂ ਨੇ ਗੁੱਗੇ ਨੂੰ ਮਾਰ ਕੇ ਉਸ ਦੀ ਵਹੁਟੀ ਖੋਹਣ ਦੀ ਵਿਉਂਤ ਬਣਾਈ ਪਰ ਉਨ੍ਹਾਂ ਲੜਾਈ ਵਿਚ ਬੁਰੀ ਤਰ੍ਹਾਂ ਮਾਰ ਖਾਧੀ । ਉਹ ਸਿਲੀਅਰ ਨੂੰ ਲੱਭਦੇ ਆਪਣੀਆਂ ਜਾਨਾਂ ਵੀ ਗਵਾ ਬੈਠੇ।

ਇਸ ਗੱਲ ਦਾ ਪਤਾ ਲੱਗਣ ਤੋਂ ਗੁੱਗੇ ਦੀ ਮਾਂ ਸਖ਼ਤ ਨਰਾਜ਼ ਹੋਈ ਕਿ ਮੇਰੀ ਭੈਣ ਨੂੰ ਕਿਉਂ ਅੰਤ ਨਪੁੱਤੀ ਕਰ ਬਿਠਾਇਆ ਹੈ। ਮਾਂ ਦੇ ਵੈਣ ਗੁੱਗੇ ਦੇ ਦਿਲ ਨੂੰ ਅਜਿਹੇ ਪੋਹੇ ਕਿ ਉਸ ਨੇ ਨਮੋਸ਼ੀ ਨਾ ਝੱਲਦਿਆਂ ਧਰਤੀ ਵਿਚ ਗ਼ਰਕ ਹੋਣ ਦੀ ਠਾਣ ਲਈ। ਕਹਿੰਦੇ ਹਨ ਧਰਤੀ ਨੇ ਉਸ ਨੂੰ ਕਿਹਾ, ‘ਤੂੰ ਹਿੰਦੂ ਹੈਂ, ਮੈਂ ਤਾਂ ਮੁਸਲਮਾਨ ਨੂੰ ਹੀ ਥਾਂ ਦੇ ਸਕਦੀ ਹਾਂ।” ਤਾਅ ਵਿਚ ਆਏ ਗੁੱਗੇ ਨੇ ਹਾਜੀ ਰਤਨ (ਜਿਸ ਦਾ ਬਠਿੰਡੇ ਕੋਲ ਅਸਥਾਨ ਹੈ) ਪਾਸੋਂ ਇਸਲਾਮ ਮਤ ਧਾਰਨ ਕਰ ਲਿਆ। ਕਹਿੰਦੇ ਹਨ ਧਰਤੀ ਨੇ ਅਜਿਹੀ ਵਿਰਲ ਦਿੱਤੀ ਕਿ ਗੁੱਗਾ ਘੋੜੇ ਸਮੇਤ ਧਰਤੀ ਦੀ ਗੋਦੀ ਵਿਚ ਸਮਾ ਗਿਆ। ਇਸ ਸਾਰੀ ਕਥਾ ਨੂੰ ਪੰਜਾਬ ਦੇ ਕਈ ਲੋਕ-ਗੀਤਾਂ ਵਿਚ ਵੀ ਗਾਇਆ ਗਿਆ ਹੈ।

ਆਖਦੇ ਹਨ ਗੁੱਗੇ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ ਇਹ ਛਪਾਰ ਵਾਲੀ ਮਾੜੀ ਕਾਇਮ ਕੀਤੀ ਗਈ ਹੈ। ਆਮ ਲੋਕਾਂ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਗੁੱਗਾ ਕੌਣ ਸੀ ਅਤੇ ਉਸ ਦੀ ਪੂਜਾ ਕਿਉਂ ਹੁੰਦੀ ਹੈ। ਉਹ ਤਾਂ ਇਸ ਨੂੰ ਸੱਪਾਂ ਦਾ ਮਾਲਕ ਸਮਝ ਕੇ ਪੂਜਦੇ ਹਨ । ਲੋਕਾਂ ਦੇ ਖ਼ਿਆਲ ਵਿਚ ਜਿਤਨੇ ਸੱਪ ਹਨ ਸਭ ਦੇ ਅੰਦਰ ਗੁੱਗੇ ਪੀਰ ਦੀ ਰੂਹ ਕੰਮ ਕਰ ਰਹੀ ਹੈ। ਇਸੇ ਲਈ ਗੁੱਗੇ ਪੀਰ ਦੀ ਖੁਸ਼ੀ ਲਈ ਮਿੱਟੀ ਕੱਢੀ ਜਾਂਦੀ ਹੈ ਤੇ ਉਸ ਦੇ ਭਗਤਾਂ ਨੂੰ ਖੁਸ਼ ਕੀਤਾ ਜਾਂਦਾ ਹੈ। ਗੁੱਗੇ ਦੀ ਮਾੜੀ ਦੇ ਆਸ-ਪਾਸ ਦੀ ਜ਼ਮੀਨ ਮੇਲੇ ਵਾਲੇ ਦਿਨ ਮਿੱਟੀ ਕੱਢ ਕੱਢ ਕੇ ਪੋਲੀ ਕੀਤੀ ਪਈ ਹੁੰਦੀ ਹੈ। ਮਿੱਟੀ ਕੱਢਣਾ ਖ਼ਬਰੇ ਧਰਤੀ ਵਿਚ ਸਣੇ ਘੋੜੇ ਅਲੋਪ ਹੋਏ ਗੁੱਗੇ ਦੀ ਖੋਜ ਕਰਨਾ ਹੈ ਜਾਂ ਸੱਪਾਂ ਦੇ ਲੇਟਣ ਲਈ ਥਾਂ ਪੋਲੀ ਕਰਨਾ ਹੁੰਦਾ ਹੈ। ਇਹ ਵੀ ਰਵਾਇਤ ਹੈ ਕਿ ਸੱਪ ਖੁੱਡ ਨਹੀਂ ਪੁਟਦਾ ਸਗੋਂ ਪੁਟੀ ਪੁਟਾਈ ਖੁੱਡ ਦਾ ਮਾਲਕ ਬਣ ਜਾਂਦਾ ਹੈ। ਕੀ ਜਾਣੀਏ ਸੱਪ ਦੀ ਇਸ ਖੁਸ਼ੀ ਲਈ ਹੀ ਮਿੱਟੀ ਕੱਢੀ ਜਾਂਦੀ ਹੋਵੇ । ਇਹ ਵੀ ਇਕ ਖ਼ਿਆਲ ਹੈ ਕਿ ਜਿਥੇ ਚੰਗਾ ਕਲਾਧਾਰੀ ਸੱਪ ਰਹਿੰਦਾ ਹੋਵੇ ਉੱਥੇ ਧਰਤੀ ਉਸ ਨੂੰ ਰੱਖਣ ਲਈ ਉਪਰ ਨੂੰ ਉਭਰ ਉਭਰ ਕੇ ਵਰਮੀ ਬਣ ਜਾਂਦੀ ਹੈ। ਮਿੱਟੀ ਕੱਢਣ ਵਾਲੇ ਵੀ ਤਾਂ ਇਕ ਕਿਸਮ ਦੀਆਂ ਵਰਮੀਆਂ ਹੀ ਬਣਾ ਰਹੇ ਹੁੰਦੇ ਹਨ। ਕੁਝ ਵੀ ਹੋਵੇ ਗੁੱਗੇ ਦੀ ਮਿੱਟੀ ਕੱਢਣ ਲਈ ਇਸ ਮਾੜੀ ਦੇ ਚਾਰੇ ਪਾਸੀਂ ਮਿੱਟੀ ਕੱਢਣ ਵਾਲੇ ਭਗਤਾਂ ਲਈ ਮੇਲੇ ਸਮੇਂ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ । ਕਈ ਗਾਰੜੂ ਆਪਣੇ ਸੱਪਾਂ ਨੂੰ ਪਟਾਰੀ ਵਿਚ ਪਾ ਕੇ ਚੌਂਕੀ ਭਰ ਰਹੇ ਹੁੰਦੇ ਹਨ। ਕਈ ਸੇਵਕ ਟੱਬਰ ਤਾਂ ਸੁੱਖਣਾ ਲਾਹੁਣ ਵਾਲੇ ਵੀ ਆਏ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਗੱਲੇ ਖ਼ਿਆਲ ਹੋ ਗਿਆ ਹੁੰਦਾ ਹੈ ਕਿ ਮੇਰੇ ਸੱਪ ਤਾਂ ਲੜ ਗਿਆ ਸੀ ਪਰ ਗੁੱਗੇ ਪੀਰ ਦੀ ਸੁੱਖਣਾ ਸੁੱਖਣ ਤੋਂ ਜ਼ਹਿਰ ਨਹੀਂ ਸੀ ਚੜ੍ਹੀ। ਕੁਝ ਅਜਿਹੇ ਭਗਤ ਵੀ ਹੁੰਦੇ ਹਨ ਜਿਨ੍ਹਾਂ ਨੂੰ ਨਵਾਂ ਹੀ ਸੱਪ ਲੜਿਆ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਸ਼ਰਧਾ ਹੁੰਦੀ ਹੈ ਕਿ ਮਾੜੀ ਵਿਚ ਇਸ ਦਿਨ ਗੁੱਗਾ ਪੀਰ ਜਦੋਂ ਗੁਪਤ ਰੂਪ ਵਿਚ ਆਵੇਗਾ ਤਾਂ ਨਾਲ ਸੱਪਾਂ ਦੇ ਦਲ ਹੋਣਗੇ । ਜਿਹੜਾ ਭਗਤ ਇੱਥੇ ਪਿਆ ਹੋਵੇਗਾ, ਜਿਸ ਸੱਪ ਨੇ ਉਸ ਨੂੰ ਡੰਗ ਮਾਰਿਆ ਹੋਵੇਗਾ, ਉਸ ਦੀ ਵਿਹੁ ਉਹ ਆਪੇ ਹੀ ਚੂਸ ਲਵੇਗਾ।

ਮਾੜੀ ਦਾ ਮੁੱਖੀ ਪੁਜਾਰੀ ਇਸ ਦਿਨ ਆਪਣੇ ਆਪ ਨੂੰ ਖ਼ਾਸ ਵੇਸ ਵਿਚ ਸਜਾਉਂਦਾ ਹੈ। ਉਂਞ ਤਾਂ ਕਹਿੰਦੇ ਹਨ ਜਨਮ ਅਸ਼ਟਮੀਂ ਤੋਂ ਅਗਲੇ ਦਿਨ ਹੀ ਗੁੱਗੇ ਨੌਮੀਂ ਤੋਂ ਸਾਰੀ ਧਰਤੀ ਉੱਤੇ ਸੱਪਾਂ ਦਾ ਪਹਿਰਾ ਹੋ ਜਾਂਦਾ ਹੈ (ਸਾਉਣ ਦੇ ਮੀਹਾਂ ਕਾਰਨ ਖੱਡਾਂ ਭਰ ਜਾਂਦੀਆਂ ਤੇ ਭਾਦੋਂ ਦੇ ਗੁੰਮ੍ਹ ਕਾਰਨ ਖੱਡਾਂ ਅੰਦਰੋਂ ਜੀਵ ਨਿਕਲ ਕੇ ਬਾਹਰ ਘੁੰਮਦੇ ਹਨ।) ਇਸ ਦਿਨ ਤੋਂ ਪਿੰਡਾਂ ਦੇ ਬਾਲਮੀਕੀਏ ਲੱਕ- ਘੁੱਟਵੀਂ, ਤੇ ਲਾਮ੍ਹਾਂ ਤੇ ਚੌੜੀ ਢੱਡ (ਡਉਰੂ) ਅਤੇ ਮੋਰਾਂ ਦੇ ਖੰਭਾਂ ਵਾਲੇ ਝੰਡੇ ਲੈ ਕੇ ਪਿੰਡ ਪਿੰਡ ਉਗਰਾਹੀ ਲਈ ਫਿਰ ਜਾਂਦੇ ਹਨ ਪਰ ਮਾੜੀ ਉੱਤੇ ਤਾਂ ਇਨ੍ਹਾਂ ਝੰਡਿਆਂ ਤੇ ਢੱਡਾਂ ਵਾਲਿਆਂ ਨੇ ਮੋਰ ਦੇ ਖੰਭਾਂ ਨਾਲ ਸ਼ਿੰਗਾਰੇ ਝੰਡਿਆਂ ਦਾ ਆਪਣਾ ਹੀ ਰੰਗ ਬੰਨ੍ਹਿਆ ਹੁੰਦਾ ਹੈ ।

‘ਗੁੱਗੇ ਰਾਜੇ ਦੇ ਦਰਬਾਰ, ਜਿੱਥੇ ਧਰੇ ਨਗਾਰੇ ਚਾਰ, ਚੌਂਹੀ ਕੁੰਟੀਂ ਤੇਰਾ ਰਾਜ, ਪਰਜਾ ਵਸੇ ਸੁਖਾਲੀ ਹੋ ।”

ਇਕ ਪਾਸੇ ਇਨ੍ਹਾਂ ਦੀਆਂ, ‘ਭੇਟਾਂ, ਦੇ ਤਰਾਨੇ, ਡੂੰਘੇ ਹੁੰਘਾਰੇ-ਭਰੇ ਤੋੜਿਆਂ ਵਿਚ ਟੁੱਟ ਰਹੇ ਹੁੰਦੇ ਹਨ ਦੂਜੇ ਪਾਸੇ ਵੱਡਾ ਭਗਤ ਆਪਣੇ ਆਪ ਤੇ ਮਦਹੋਸ਼ੀ ਦੀ ਦਸ਼ਾ ਤਾਰੀ ਕਰ ਕੇ ‘ਹਾਲ ਪਿਆ’ ਦੀ ਅਗੰਮੀ ਪਹੁੰਚ ਦਿਖਾ ਰਿਹਾ ਹੁੰਦਾ ਹੈ। ਆਪਣੇ ਹੱਥਾਂ ਦੀਆਂ ਲੋਹੇ ਦੀਆਂ ਛੜੀਆਂ ਨਾਲ ਆਪ ਹੀ ਜਿਸਮ ਨੂੰ ਕਪਾਹ ਵਾਂਗ ਤੁੰਬ ਕੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੁੰਦਾ ਹੈ ਕਿ ਗੁੱਗੇ ਜ਼ਾਹਰ ਪੀਰ ਦੀ ਕਰਾਮਾਤ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਹੈ ਕਿ ਮੈਂ ਆਪਣੇ ਆਪ ਨੂੰ ਬਿਨਾਂ ਚੀਸ ਵੱਟੇ ਇਉਂ ਕੋਹ ਰਿਹਾ ਹਾਂ । ਗੁੱਗੇ ਦੇ ਭਗਤਾਂ ਦਾ ਅਸਲੀ ਮੇਲਾ ਤਾਂ ਇਹੋ ਹੁੰਦਾ ਹੈ ਪਰ ਇਸ ਨਾਲੋਂ ਵੱਧ ਪੰਜਾਬ ਦੇ ਸਭਿਆਚਾਰ ਦੇ ਰਸੀਏ, ਆਪਣੇ ਕਲਾਮਈ ਹੁਨਰਾਂ ਦੇ ਕਰਤੱਬ ਦੂਜੇ ਪਾਸੇ ਵੀ ਦਿਖਾ ਰਹੇ ਹੁੰਦੇ ਹਨ ।

ਗਿੱਧਾ ਪੰਜਾਬੀ ਸਭਿਆਚਾਰ ਨੂੰ ਛਪਾਰ ਦੇ ਮੇਲੇ ਦੀ ਦੇਣ ਹੈ। ਜਿਹੜੀਆਂ ਬੋਲੀਆਂ ਦੇ ਟੋਟਕੇ, ਲੜੀਦਾ, ਗਾਉਣ, ਪਿੰਡਾਂ ਦੇ ਵਿਆਹਾਂ ਸ਼ਾਦੀਆਂ ਦੀਆਂ ਖੁਸ਼ੀਆਂ ਦੀ ਨੱਚ ਟੱਪ ਤੱਕ ਹੀ ਸੀਮਤ ਸਨ ਤੇ ਜਿਨ੍ਹਾਂ ਗੀਤਾਂ ਨੂੰ ਪਿੰਡਾਂ ਵਿਚ ਜਿੱਥੋਂ ਆਵਾਜ਼ ਨਾ ਸੁਣੇ, ਇਤਨੀ ਦੂਰ ਜਾ ਕੇ ਗਾਉਣ ਦੇ ਪਰਹੇਜ਼ਾਂ ਨਾਲ ਵਰਤਦੇ ਸਨ, ਅੱਜ-ਕੱਲ੍ਹ ਉਹ ਗਿੱਧੇ ਦੇ ਗੀਤ ਅਤੇ ਬੋਲੀਆਂ ਗਿੱਧਿਆ ! ਪਿੰਡ ਵੜ ਵੇ, ਲਾਂਭ ਲਾਂਭ ਨਾ ਜਾਈਂ’ ਦੇ ਕਥਨ ਵਾਂਗ ਪਿੰਡਾਂ ਵਿਚ ਹੀ ਨਹੀਂ ਸਗੋਂ ਸ਼ਹਿਰਾਂ ਵਿਚ ਵੀ ਆ ਵੜੇ ਹਨ। ਕੇਸਰ ਦੀ ਖੁਸ਼ਬੋ ਦੀ ਵੰਨਗੀ ਵੇਖਣ ਲਈ ਤਾਂ ਪਨਸਾਰੀ ਤੋਂ ਲਿਆਂਦੀ ਇਕ ਪੁੜੀ ਹੀ ਕਾਫੀ ਹੁੰਦੀ ਹੈ ਪਰ ਜੇ ਕਿਸੇ ਨੇ ਕੇਸਰ-ਉਪਜਾਊ ਵਾਯੂ ਮੰਡਲ ਨੂੰ ਆਪਣੀ ਖੁਸ਼ਬੋ ਨਾਲ ਭਰਦੇ ਦੇਖਣਾ ਹੋਵੇ ਉਸ ਨੂੰ ਕਸ਼ਮੀਰ ਦੀਆਂ ਕੇਸਰ-ਕਿਆਰੀਆਂ ਦੇਖਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਜੇ ਕਿਸੇ ਨੇ ਪੰਜਾਬ ਦੇ ਗਿੱਧੇ ਦੀਆਂ ਬੋਲੀਆਂ ਦਾ ਅਸਲਾ ਦੇਖਣਾ ਹੋਵੇ, ਉਸ ਲਈ ਛਪਾਰ ਦੇ ਮੇਲੇ ਜਾਣਾ ਜਰੂਰੀ ਹੈ, ਜਿੱਥੇ ਪਿੰਡਾਂ ਦੀਆਂ ਢਾਣੀਆਂ ਤੇ ਜੱਥੇ ਆਪਣੇ ਵੱਖੋ ਵੱਖਰੇ ਕਿਸਮਾਂ ਵੇਲਲਿਬਾਸਾਂ ਤੇ ਸ਼ਿੰਗਾਰਾਂ ਅਤੇ ਸਾਜਾਂ ਨਾਲ ਸਜੇ ਮੇਲੇ ਦੀਆਂ ਭੀੜਾਂ ਨੂੰ ਚੀਰਦੇ ਤੇ ਬੱਕਰੇ

ਬੁਲਾਉਂਦੇ ਜੰਗਲ ਵਿਚ ਭੁੱਖੇ ਸ਼ੇਰ ਵਾਂਗ ਭਬਕਾਰਦੇ ਫਿਰ ਰਹੇ ਹੁੰਦੇ ਹਨ। ਦੀਜਿੱਥੇ ਕਿਤੇ ਟਾਹਲੀਆਂ ਦਾ ਝੁੰਡ ਦਿੱਸਿਆ ਜਾਂ ਬਜ਼ਾਰ ਚਾਹੇ ਕਦੇ ਆਇਆ ਜਾਂ ਕਿਧਰੇ ਦੂਜੇ ਪਿੰਡ ਦੀ ਢਾਣੀ ਲੰਘਦੀ ਦੇਖੀ ਉੱਥੇ ਹੀ ਆਪਣੀ ਕਲਾ ਦੀ ਪਰਦਰਸ਼ਨੀ ਕ ਲਈ ਅਖਾੜਾ ਗੱਡ ਦਿੱਤਾ।

ਪੀਰਾਂ ਫਕੀਰਾਂ, ਦੇਵੀ ਮਾਤਾ ਤੇ ਗੁਰੂਆਂ ਦੀ ਅਰਾਧਨਾ ਕਰਨ ਦੇ ਮੰਗਲਾਚਰਨ ਪਿੱਛੋਂ ਲੜੀਦਾਰ ਬੋਲੀਆਂ ਆਰੰਭ ਹੋ ਜਾਂਦੀਆਂ ਹਨ।

ਪਹਿਲਾਂ ਨਾਮ ਮੈਂ ਹਰੀ ਦਾ ਜਪਦਾ, ਹੋਰ ਪਿੱਛੋਂ ਕੰਮ ਕਰਦਾ

ਜਿਹੜਾ ਫਲ ਕੇਰਾਂ ਟੁੱਟਿਆ, ਉਹ ਫੇਰ ਨੀ ਬੇਲ ਤੇ ਚੜ੍ਹਦਾ

ਮੰਨ ਕਹਿਣਾ ਸੰਤਾਂ ਦਾ, ਮਾੜੇ ਬੰਦੇ ਕੋਲ ਨੀ ਖੜ੍ਹਦਾ

ਨਾਉਂ ਪਰਮੇਸਰ ਦਾ, ਲੈ ਕੇ ਗਿੱਧੇ ਵਿਚ ਵੜਦਾ

ਮੰਗਲਚਾਰਨ ਪਿੱਛੋਂ ਦੂਜੀ ਚੀਜ਼ ਹਰ ਢਾਣੀ ਦੇ ਸਾਹਮਣੇ ਆਪਣੇ ਪਿੰਡ ਦੇ ਮੁੰਡਿਆਂ ਦੀ ਸਿਫਤ ਦਾ ਮਸਲਾ ਹੈ, ਜਿਸ ਵਿਚ ਉਨ੍ਹਾਂ ਦੇ ਸੋਹਣੇ ਜਿਸਮ ਤੇ ਵੇਸ ਦਾ ਵੇਰਵਾ ਦੇ ਕੇ ਉਨ੍ਹਾਂ ਨੂੰ ਵਡਿਆਇਆ ਹੁੰਦਾ ਹੈ :-

ਸਾਡੇ ਪਿੰਡ ਦੇ ਮੁੰਡੇ ਵੇਖ ਲਉ, ਜਿਉਂ ਟਾਹਲੀ ਦੇ ਪਾਵੇ

ਕੰਨੀਦਾਰ ਮੋਢੇ ਬੰਨ੍ਹਦੇ ਚਾਦਰੇ, ਪਿੰਜਣੀ ਨਾਲ ਸੁਹਾਵੇ

ਦੁੱਧਾਕਾਸ਼ਨੀ ਬੰਨ੍ਹਦੇ ਸਾਵੇ,ਜਿਉਂ ਉਡਿਆ ਕਬੂਤਰ ਜਾਵੇ

ਮਲਮਲ ਦੇ ਤਾਂ ਕੁੜਤੇ ਸੋਂਹਦੇ, ਜਿਉਂ ਬਗਲਾ ਤਲਾ ਵਿਚ ਨ੍ਹਾਵੇ

ਗਿੱਧਾ ਪਾਉਂਦੇ ਮੁੰਡਿਆਂ ਦੀ, ਸਿਫਤ ਕਰੀ ਨਾ ਜਾਵੇ

ਫਿਰ ਛਪਾਰ ਦੇ ਮੇਲੇ ਦੇ ਜਸ ਦੀ ਬੋਲੀ ਚੱਕ ਲਈ ਜਾਂਦੀ ਹੈ ਜਿਸ ਵਿਚ ਇਲਾਕੇ ਦੇ ਵੈਲੀਆਂ ਤੇ ਮਚੀਆਂ ਲੁੱਟਾਂ ਦੀ ਸਥਾਨਕ ਛੋਹ ਵੀ ਦਿੱਤੀ ਗਈ ਹੁੰਦੀ ਹੈ।

ਆਰੀ ਆਰੀ ਆਰੀ

ਮੇਲਾ ਤਾਂ ਛਪਾਰ ਲਗਦਾ,

ਜਿਹੜਾ ਲਗਦਾ ਜਗਤ ਤੋਂ ਭਾਰੀ

ਕੱਠ ਮੁਸ਼ਟੰਡਿਆਂ ਦਾ, ਉੱਥੇ ਬੋਤਲਾਂ ਮੰਗਾ ਲੀਆਂ ਚਾਲੀ

ਤਿੰਨ ਸੇਰ ਸੋਨਾ ਚੁਕਿਆ, ਭਾਨ ਚੱਕ ਲੀ ਹੱਟੀ ਦੀ ਸਾਰੀ

ਰਤਨ ਸਿੰਘ ਕੱਕੜਾਂ ਦਾ, ਜੀਹ ਤੇ ਚਲ ਗੇ ਮੁਕੱਦਮੇਂ ਚਾਲੀ

ਠਾਣੇਦਾਰ ਤਿੰਨ ਚੜ੍ਹ ਗੇ, ਨਾਲੇ ਪੁਲਸ ਚੜ੍ਹੀ ਸਰਕਾਰੀ

ਈਸੂ ਧੂਰੀ ਦਾ, ਜਿਹੜਾ ਡਾਂਗ ਦਾ ਬਹਾਦਰ ਭਾਰੀ

ਮੰਗੂ ਖੇੜੀ ਦਾ, ਪੁੱਠੇ ਹੱਥ ਦੀ ਗੰਡਾਸੀ ਉਹਨੇ ਮਾਰੀ

ਠਾਣੇਦਾਰ ਇਉਂ ਡਿਗਿਆ, ਜਿਵੇਂ ਹਲਚੋਂ ਡਿਗੇ ਪੰਜਾਲੀ

ਕਾਹਨੂੰ ਛੇੜੀ ਸੀ, ਨਾਗਾਂ ਦੀ ਪਟਿਆਰੀ

ਅਖੀਰਲੀ ਤੁਕ ਨੂੰ ਦੁਹਰਾਉਂਦੀ ਇਹ ਗਿੱਧਾ ਪਾਰਟੀ ਬੱਕਰਾ ਬੁਲਾ ਕੇ ਆਸ ਪਾਸ ਖੜੇ ਹੋਏ ਲੋਕਾਂ ਦੀ ਭੀੜ ਕੇ ਅਗਲੇ ਪੜਾਉਂਦੀ ਇਹ ਖੜ੍ਹਦੀ ਹੈ । ਉਸ ਥਾਂ ਆਪਣੀ ਵਾਕਵੀ ਤੇ ਗਿਆਨ ਦੇ ਪ੍ਰਗਟਾਵੇ ਦੀ ਬੋਲੀ ਪਾਈ ਜਾਪੜਾ ਉ ਤੇ ਜਰਸਖਣੇ ਦੇ ਕਿਹੜੇ ਕਿਹੜੇ ਸੰਦ, ਟਕੂਏ ਅਤੇ ਛਵੀਆਂ ਕਿੱਥੇ ਕਿੱਥੇ ਵਧੀਆ ਬਣਦੇ ਹਨ ਤੇ ਬੋਤਾ ਕਿਹੜੀ ਥਾਂ ਦਾ ਚੰਗਾ ਹੁੰਦਾ ਹੈ :

 ਬੀਕਾਨੇਰ ਚੋਂ ਉੱਠ ਲਿਆਂਦਾ, ਦੇ ਕੇ ਰੋਕ ਪਚਾਸੀ

ਸ਼ਹਿਣੇ ਦੇ ਵਿਚ ਝਾਂਜਰ ਬਣਦੀ, ‘ਮੁਕਸਰ ਬਣਦੀ ਕਾਠੀ

ਭਾਈ ਬਖ਼ਤੌਰੇ ਬਣਦੇ ਟਕੂਏ, ਰੱਲੇ ਬਣੇ ਗੰਡਾਸੀ

ਰੌਂਤਿਆਂ ਦੇ ਵਿਚ ਬਣਦੇ ਕੂੰਡੇ, ਸ਼ਹਿਰ ਭਦੌੜ ਦੀ ਚਾਟੀ,

ਹਿੰਮਤਪੁਰੇ ਦੀਆਂ ਬਣੀਆਂ ਕਹੀਆਂ, ਕਾਸਾਪੁਰ ਦੀ ਦਾਤੀ

ਚੜ੍ਹ ਜਾ ਬੋਤੇ ਤੇ, ਮੰਨ ਲੈ ਭੌਰ ਦੀ ਆਖੀ

ਇਕ ਪਾਸੇ ਇਉਂ ਗੱਭਰੂਆਂ ਦੀਆਂ ਢਾਣੀਆਂ ਖੜਦੁੰਬ ਮਚਾ ਰਹੀਆਂ ਹੁੰਦੀਆਂ ਹਨ ਦੂਜੇ ਪਾਸੇ ਰਾਤਾਂ ਨੂੰ ਜਲਸਿਆਂ ਵਿਚ ਨਚਾਰ ਪੈਲਾਂ ਪਾ ਰਹੇ ਹੁੰਦੇ ਹਨ।

ਪੇਂਡੂ ਪੰਜਾਬੀਆਂ ਅੰਦਰ ਇਸਤਰੀ-ਭੁੱਖ ਦਾ ਵਰਤਿਆ ਭੱਖੜਾ ਇਨ੍ਹਾਂ ਨਚਾਰਾਂ ਦੇ ਜਲਸਿਆਂ ਤੋਂ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਜਿੱਥੇ ਇਕ ਜਾਂ ਦੋ ਮੁੰਡੇ ਜ਼ਨਾਨੀਆਂ ਵਾਲਾ ਵੇਸ ਕਰ ਕੇ, ਛਾਤੀਆਂ ਤੇ ਰੂੰ ਨਾਲ ਠੂਠੀਆਂ ਬੰਨ੍ਹ ਤੇ ਸਿਰ ਉੱਤੇ ਸੱਗੀ ਫੁੱਲ ਗੁੰਦ ਕੇ, ਕੁੜਤੀ, ਘੱਗਰੀ ਤੇ ਕੁਝ ਕੁ ਟੂੰਮਾਂ ਪਾ ਕੇ ਜਦੋਂ ਜਲਸੇ ਦੇ ਗੋਲ ਪਿੜ ਵਿਚ ਘੱਗਰੇ ਦੀ ਲੌਣ ਨੂੰ ਹੱਥ ਪਾ ਕੇ ਚੱਕਰ ਲਾਉਂਦੇ ਹਨ ਤਾਂ ਇਸ ਝੂਠੇ ਇਸਤਰੀ ਵੇਸ ਉੱਤੇ ਕਿਵੇਂ ਸੈਂਕੜੇ ਮਜਨੂੰ ਆਪਣੇ ਦਿਲ ਫ਼ਿਦਾ ਕਰ ਰਹੇ ਹੁੰਦੇ ਹਨ ਇਹ ਵੇਖਣ ਵਾਲਾ ਨਜ਼ਾਰਾ ਹੀ ਹੁੰਦਾ ਹੈ।

ਇਨ੍ਹਾਂ ਨਚਾਰਾਂ ਦੀ ਨੱਚਣ ਕਲਾ ਦੇ ਨਾਲ ਨਾਲ ਗੱਭਰੂਆਂ ਅੰਦਰ ਖ਼ਾਹਸ਼ ਨੂੰ ਭੜਕਾਉਣ ਵਾਲੇ ਹਾਵ ਭਾਵ ਤੇ ਆਪਣੀ ਕਿਸਮ ਦੀਆਂ ਬੋਲੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਨਚਾਰ ਆਪਣੇ ਆਪ ਨੂੰ ਇਸ਼ਕ ਵਿਚ ਵਿੰਨ੍ਹੀ, ਮਿਲਾਪ ਲਈ ਜਾਨ ਘੋਲ ਰਹੀ ਪ੍ਰੇਮਿਕਾ ਦਾ ਰੂਪਕ ਬੰਨ੍ਹ ਬੰਨ੍ਹ ਕੇ ਇਤਨਾ ਪਿਆਰ-ਜੋਸ਼ ਭੜਕਾ ਦਿੰਦਾ ਹੈ ਕਿ ਸੈਂਕੜੇ ਰੁਪਈਏ ਉਸ ਉੱਤੋਂ ਵਾਰੇ ਜਾਂਦੇ ਹਨ ।

ਦੁਕਾਨਾਂ ਵਾਲਿਆਂ ਨੂੰ ਇਸ ਮੇਲੇ ਤੇ ਚੋਖੀ ਖੱਟੀ ਕਰਾਈ ਜਾਂਦੀ ਹੈ। ਜਿਸ ਹੱਟੀ ਤੇ ਢਾਣੀ ਖੜ੍ਹ ਗਈ, ਜਲੇਬੀਆਂ ਦੇ ਥਾਲਾਂ ਦੇ ਥਾਲ ਹੂੰਝ ਸੁਟੇ। ਜੇ ਬਰਫ਼ੀ ਦਾ ਚੱਕਰ ਚੱਲਿਆ ਤਾਂ ਉਸ ਦਾ ਖ਼ਾਤਮਾ, ਜੇ ਗੋਲ ਗੱਪਿਆਂ ਵਾਲਾ ਟੱਕਰ ਗਿਆ ਤਾਂ ਉਸ ਦਾ ਸਾਰਾ ਲਟਾਪਟਾ ਕਿਉਂਟ ਛੱਡਿਆ; ਪਕੌੜੇ, ਦਹੀਂ, ਭੱਲੇ, ਬੱਤੇ, ਜੋ ਮਿਲਿਆ ਬਿਨਾਂ ਕਿਸੇ ਪਥ-ਪਰਹੇਜ਼ ਤੋਂ ਡਕਾਰ ਛੱਡਿਆ । ਚਾਹ ਦੀਆਂ ਬਾਟੀਆਂ ਵਿਚ ਡਬਲ ਰੋਟੀ ਭੋਰ ਕੇ ਚਮਚਿਆਂ ਨਾਲ ਖਾ ਕੇ ਸ਼ਹਿਰੀ ਕਿਸਮ ਦੀਆਂ ਚੀਜ਼ਾਂ ਖਾਣ ਦੀ ਪ੍ਰੈਕਟਿਸ ਵੀ ਕੀਤੀ ਜਾਂਦੀ ਹੈ। ਘਰਾਂ ਨੂੰ ਜਾਣ ਵੇਲੇ ਕੁਝ ਚੀਜ਼ਾਂ ਖਰੀਦਣ ਲਗਿਆਂ ਜਿੱਥੇ ਡੰਗਰਾਂ ਲਈ ਘੁੰਗਰਾਲਾਂ, ਬੋਤਿਆਂ ਦੀਆਂ ਝਾਂਜਰਾਂ, ਊਠਾਂ ਦੀਆਂ ਨਕੇਲਾਂ, ਕੁੱਤਿਆਂ ਲਈ ਪਟੇ, ਟਕੂਏ, ਖੇਤੀ ਬਾੜੀ ਤੇ ਆਪੋ ਆਪਣੇ ਪੇਸ਼ੇ ਲਈ ਲੋੜੀਂਦੇ ਸੰਦ ਬੇਤ ਦੀ ਖ਼ਰੀਦ ਕੀਤੀ ਜਾਂਦੀ ਹੈ ਉੱਥੇ ਆਪਣੇ ਮਹਿਰਮਾਂ ਲਈ ਮਠਿਆਈ ਦੀਆਂ ਨਿਸ਼ਾਨੀਆਂ ਵੀ ਲਈਆਂ ਜਾਂਦੀਆਂ ਹਨ। ਜੇ ਅਜਿਹਾ ਨਾ ਕੀਤਾ

ਤਾਂ ਪਿੰਡ ਜਾ ਕੇ ਸੁਣਨਾ ਪਵੇਗਾ :-

ਮੇਰੀ ਰੋਂਦੀ ਨਾ ਵਿਰਾਈ ਬੰਤੀ, ਵੇ ਕੀ ਲੱਪ ਰਿਉੜੀਆਂ ਦੀ !

ਇਉਂ ਤਿੰਨ ਦਿਨ ਗੁੱਗੇ ਪੀਰ ਦੀ ਮਿੱਟੀ ਕੱਢਣ ਦੇ ਨਾਲ ਨਾਲ ਪੰਜਾਂ ਸੱਤਾਂ ਮੀਲਾਂ ਵਿਚ ਮਿੱਟੀ ਘੁੱਟਾ ਉਡਾ ਕੇ ਛਪਾਰ ਦੇ ਮੇਲੇ ਤੋਂ ਆਉਂਦੇ ਸਾਲ ਤਕ ਇਹ ਕਹਿ ਕੇ ਰੁਖ਼ਸਤ ਲਈ ਜਾਂਦੀ ਹੈ –

ਜੀਉਂਦੇ ਰਹੇ ਤਾਂ ਮਿਲਾਂ ਗੇ ਸੋ ਵਾਰੀ, ਮਰ ਗਏ ਤਾਂ ਫੇਰ ਰੱਬ ਰਾਜ਼ੀ

Leave a comment

error: Content is protected !!